30.9 C
Jalandhar
Saturday, July 12, 2025
spot_img
Home Blog Page 17

ਗੁਰਮੁਖੀ ਅੱਖਰਾਂ ਦਾ ਸੰਦੇਸ਼

0

ਗੁਰਮੁਖੀ ਅੱਖਰਾਂ ਦਾ ਸੰਦੇਸ਼

ਡਾ. ਸਰਬਜੀਤ ਕੌਰ ਸੰਧਾਵਾਲੀਆ

ਗੁਰੂ ਜਾਈ ਤੇ ਗੁਰਾਂ ਤੋਂ ਵਰੋਸਾਈ, ਆਈ ਗੁਰਮੁਖੀ ਗੁਰੂ ਦੇ ਮੁੱਖ ਵਿੱਚੋਂ,

ਪਟੀ ਲਿਖੀ ਸੀ ਗੁਰਮੁਖੀ ਅੱਖਰਾਂ ਵਿਚ, ਪਰਗਟ ਹੋਈ ਇਹ ਗੁਰੂ ਦੀ ਕੁੱਖ ਵਿੱਚੋਂ।

ਅੱਖਰ ਸੱਚੀ ਸਰਕਾਰ ਦੀ ਸਿਫ਼ਤ ਕਰਦੇ, ਇਨ੍ਹਾਂ ਅੱਖਰਾਂ ਵਿਚ ਡੂੰਘੇ ਭੇਤ ਲੁਕੇ,

ਆਓ ਇਨ੍ਹਾਂ ਤੋਂ ਸੱਚ ਦੀ ਸੇਧ ਲਈਏ, ਇਨ੍ਹਾਂ ਵਿਚ ਰੂਹਾਨੀ ਸੰਕੇਤ ਛੁਪੇ।

ਪੂਜਣਯੋਗ ਅੱਖਰ ਲਿਪੀ ਗੁਰਮੁਖੀ ਦੇ, ਦਿਲੋਂ ਜਾਨ ਨਾਲ ਇਨ੍ਹਾਂ ਨੂੰ ਪਿਆਰ ਕਰੀਏ,

ਜਿਨ੍ਹਾਂ ਅੱਖਰਾਂ ਨੂੰ ਗੁਰੂਆਂ ਮਾਣ ਦਿੱਤਾ, ਆਓ ਉਨ੍ਹਾਂ ਦਾ ਆਪਾਂ ਸਤਿਕਾਰ ਕਰੀਏ।

 ੳ – ਓਅੰਕਾਰ ਦੀ ਉਸਤਤੀ ਸਦਾ ਕਰੀਏ, ਜਿਹੜਾ ਸਾਰਿਆਂ ਦਿਲਾਂ ਵਿਚ ਵੱਸਦਾ ਏ,

     ਕਿਧਰੇ ਪੰਖੀਆਂ ਅੰਦਰ ਪਰਵਾਜ਼ (ਉਡਾਰੀ) ਭਰਦਾ, ਕਿਧਰੇ ਫੁੱਲ ਕਲੀਆਂ ਅੰਦਰ ਹੱਸਦਾ ਏ।

ਅ- ਅਪਰੰਪਾਰ ਦੀ ਸਦਾ ਹੀ ਸਿਫ਼ਤ ਕਰੀਏ, ਜਿਹੜਾ ਸਾਰਿਆਂ ਨੂੰ ਏਨਾ ਪਿਆਰਦਾ ਏ,

    ਜਿਹੜਾ ਜਿਊਣ ਦੀ ਜਾਚ ਸਿਖਾਲਦਾ ਏ, ਜਿਹੜਾ ਡੁੱਬਿਆਂ ਹੋਇਆਂ ਨੂੰ ਤਾਰਦਾ ਏ।

ੲ- ਇਸ਼ਟ ਈਸ਼ਵਰ ਨੂੰ ਚੇਤੇ ਸਦਾ ਰੱਖੀਏ, ਜੋ ਹੈ ਪ੍ਰੇਮ ਸਰੂਪ ਕਮਾਲ ਸਾਹਿਬ,

    ਸਾਨੂੰ ਸਾਜ, ਸ਼ਿੰਗਾਰ ਸੰਭਾਲਦਾ ਏ, ਸਾਂਝਾ ਬਾਪ ਉਹ ਸਦਾ ਦਇਆਲ ਸਾਹਿਬ।

ਸ- ਸਿਰਜਣਹਾਰ ਨੂੰ ਸਦਾ ਸਲਾਮ ਕਰੀਏ, ਜੀਹਦਾ ਭੇਤ ਨਾ ਕੋਈ ਵੀ ਜਾਣਦਾ ਏ,

    ਜਿਹੜਾ ਸਿਰਜ ਕੇ ਆਪਣੀ ਸਲਤਨਤ ਨੂੰ, ਅੰਦਰ ਬੈਠ ਕੇ ਆਪ ਹੀ ਮਾਣਦਾ ਏ।

ਹ- ਹਰਦਮ ਹਰੀ ਪ੍ਰਮੇਸ਼ਰ ਨੂੰ ਯਾਦ ਕਰੀਏ, ਜੋ ਹੈ ਪਾਤਸ਼ਾਹ ਮਾਣ ਨਿਮਾਣਿਆਂ ਦਾ,

    ਲੱਜਪਾਲ ਬਖਸ਼ਿੰਦ ਕਿਰਪਾਲ ਸਾਹਿਬ, ਬਣਦਾ ਆਸਰਾ ਦੀਨਾਂ ਨਿਤਾਣਿਆਂ ਦਾ।

ਕ- ਕਰਤਾ ਪੁਰਖ ਕਰਤਾਰ ਦੇ ਗੁਣ ਗਾਈਏ, ਹਰ ਇਕ ਜ਼ੱਰੇ ਦੀ ਅੱਖ ਵਿਚ ਜ਼ਾਹਰ ਹੈ ਜੋ,

    ਉਹਦੇ ਕਰਮ ਦਾ ਅੰਤ ਨਾ ਪਾ ਸਕੀਏ, ਸਾਡੀ ਸੋਚ ਦੇ ਘੇਰੇ ਤੋਂ ਬਾਹਰ ਹੈ ਜੋ।

ਖ- ਖਿਮਾਸ਼ੀਲ ਸੁਭਾਉ ਪਰਮਾਤਮਾ ਦਾ, ਸਾਡੇ ਔਗੁਣਾਂ ਨੂੰ ਸਦਾ ਮਾਫ਼ ਕਰਦਾ,

    ਸਾਡੇ ਅੰਦਰੋਂ ਵਿਤਕਰੇ ਦੂਰ ਕਰ ਕੇ, ਸਾਡੇ ਦਿਲਾਂ ਨੂੰ ਪਾਕ ਸ਼ੱਫ਼ਾਫ਼ (ਪਾਰਦਰਸ਼ੀ) ਕਰਦਾ।

ਗ- ਗੈਬੁਲ ਗੈਬ ਹੈ ਜ਼ਾਹਿਰ ਜ਼ਹੂਰ ਵੀ ਹੈ, ਮਹਾਂ ਗਿਆਨ ਤੇ ਮਹਾਂਸੰਗੀਤ ਵੀ ਹੈ,

    ਮਹਾਂਰਾਗ ਤੇ ਮਹਾਂ ਅਨੁਰਾਗ ਵੀ ਹੈ, ਮਹਾਂ ਚਾਨਣਾ ਤੇ ਮਹਾਂ ਪ੍ਰੀਤ ਵੀ ਹੈ।

ਘ- ਘੜਨਹਾਰ ਸਾਡਾ, ਪਾਲਣਹਾਰ ਸਾਡਾ ਉਹਦੀਆਂ ਮਿਹਰਾਂ ਤੇ ਬਰਕਤਾਂ ਭਾਰੀਆਂ ਨੇ,

    ਜਿਹੋ ਜਿਹਾ ਉਹ ਸਾਨੂੰ ਪਿਆਰ ਕਰਦਾ, ਕਿੱਥੋਂ ਲੱਭਣੀਆਂ ਇਹ ਦਿਲਦਾਰੀਆਂ ਨੇ।

ਙ- ਙਿਆਨਵਾਨ ਸਮਰੱਥ ਅਗਾਧ ਹਸਤੀ, ਉਹਦੀ ਪਾ ਸਕਦਾ ਕੋਈ ਥਾਹ ਹੀ ਨਹੀਂ,

    ਜੁਗਾਂ ਜੁਗਾਂ ਤੋਂ ਦਾਤਾਂ ਵਰਤਾਈ ਜਾਂਦਾ, ਉਹਦੇ ਜਿਹਾ ਕੋਈ ਸ਼ਹਿਨਸ਼ਾਹ ਹੀ ਨਹੀਂ।

ਚ- ਚਿੱਤਰਕਾਰ ਚਿਤੇਰਾ ਉਹ ਬਹੁਤ ਸੁੰਦਰ, ਸਾਡੇ ਸਾਰਿਆਂ ਦਾ ਪੱਕਾ ਮੀਤ ਵੀ ਹੈ,

    ਬਣਿਆ ਤਾਲ ਉਹ ਸਾਡੀਆਂ ਧੜਕਣਾਂ ਦਾ, ਅਨਹਦ ਨਾਦ ਵੀ ਹੈ, ਮਹਾਂ ਗੀਤ ਵੀ ਹੈ।

ਛ- ਛਾਇਆਦਾਰ ਸੁਹਾਵਣਾ ਬਿਰਖ ਬਣ ਕੇ, ਸਾਡੇ ਸਾਰਿਆਂ ਦੇ ਸਿਰ ’ਤੇ ਛਾਂ ਕਰਦਾ,

    ਆਪਣੀ ਪ੍ਰੀਤ ਦੀ ਮਹਿਕ ਤੇ ਟਹਿਕ ਦੇ ਕੇ, ਆਪਣੇ ਪਿਆਰਿਆਂ ’ਚ ਸਾਡੀ ਥਾਂ ਕਰਦਾ।

ਜ- ਜਨਮ ਦੇਣ ਵਾਲਾ, ਸਿੱਖਿਆ ਦੇਣ ਵਾਲਾ, ਸਾਡੇ ਦਿਲਾਂ ’ਚ ਆਪ ਧੜਕਦਾ ਏ,

    ਜਦੋਂ ਉਸ ਸੁਖਦਾਤੇ ਨੂੰ ਯਾਦ ਕਰੀਏ, ਨੇੜੇ ਦੁਖ ਜਾਂ ਭੈਅ ਨਾ ਫੜਕਦਾ ਏ।

ਝ- ਝਾਲ ਝੱਲੀ ਨਾ ਜਾਵੇ ਮਹਾਂ ਨੂਰ ਵਾਲੀ, ਸਾਰੇ ਨੇਤਰਾਂ ਵਿਚ ਉਹੀ ਡਲ੍ਹਕਦਾ ਏ,

   ਉਹੀ ਫੈਲਿਆ ਮਹਾਂ ਅਨੁਰਾਗ ਬਣ ਕੇ, ਸਾਰੇ ਦਿਲਾਂ ਅੰਦਰ ਓਹੀ ਝਲਕਦਾ ਏ।

ਞ- ਞਾਣਨਹਾਰ ਉਹ ਦਿਲਾਂ ਦੀਆਂ ਜਾਣਦਾ ਏ, ਭਲੇ ਬੁਰੇ ਦੀ ਪੀੜ ਪਛਾਣਦਾ ਏ,

    ਹਰ ਵੇਲੇ ਉਹ ਸਾਡਾ ਖ਼ਿਆਲ ਰੱਖੇ, ਆਪਣੇ ਪਿਆਰ ਦਾ ਚਾਦਰਾ ਤਾਣਦਾ ਏ।

ਟ- ਟੁੱਟੀ ਗੰਢ ਲੈਂਦਾ, ਕੰਠ ਲਾ ਲੈਂਦਾ, ਉਹਦੇ ਕਰਮ ਦਾ ਆਦਿ ਨਾ ਅੰਤ ਕੋਈ,

    ਜੋ ਵੀ ਮੰਗਦੇ ਹਾਂ, ਓਹੀ ਦੇਈ ਜਾਂਦਾ, ਉਹਦੇ ਜਿਹਾ ਨਾ ਦਾਤਾ ਬੇਅੰਤ ਕੋਈ।

ਠ- ਠਾਰਨਹਾਰ ਮਿੱਠਬੋਲੜਾ ਸ਼ਾਂਤਸਾਗਰ, ਕੌੜਾ ਬੋਲ ਉਹ ਕਦੇ ਵੀ ਬੋਲਦਾ ਨਹੀਂ,

    ਉਹਦੀ ਮਿਹਰ ’ਤੇ ਜਿਹੜਾ ਵਿਸ਼ਵਾਸ ਰੱਖੇ, ਚਿੱਤ ਓਸਦਾ ਕਦੇ ਵੀ ਡੋਲਦਾ ਨਹੀਂ।

ਡ- ਡੇਰਾ ਢਾਹੁੰਦਾ ਉਦਾਸੀਆਂ ਪੱਤਝੜਾਂ ਦਾ, ਸਾਰੇ ਦੁੱਖਾਂ ਤੋਂ ਸਾਨੂੰ ਬਚਾਂਵਾਦਾ ਏ,

    ਸਾਰੀ ਦੁਨੀਆ ਵੀ ਸਾਨੂੰ ਜੇ ਤਿਆਗ ਦੇਵੇ, ਉਹ ਨਾ ਛੱਡ ਕੇ ਕਦੇ ਵੀ ਜਾਂਵਦਾ ਏ।

ਢ- ਢੋਲਾ ਛੈਲ ਛਬੀਲਾ ਉਹ ਕੰਤ ਸਾਡਾ, ਇੱਕੋ ਇਕ ਪੁਰਖੋਤਮ ਸੁਹਾਗ ਸਾਡਾ,

    ਅਸੀਂ ਸਾਰੀਆਂ ਉਹਦੀਆਂ ਦਾਸੀਆਂ ਹਾਂ, ਇੱਕੋ ਇਕ ਹੈ ਰਾਗ ਅਨੁਰਾਗ ਸਾਡਾ।

ਣ- ਣਾਮੀ ਨਾਮ ਦੇ ਨਾਲ ਇਕਸੁਰ ਹੋਇਆ, ਉਹਦਾ ਨਾਮ ਭਵ ਸਾਗਰੋਂ ਪਾਰ ਕਰਦਾ,

    ਬਣ ਕੇ ਮਹਾਂ ਆਸ਼ਕ ਸਾਨੂੰ ਇਸ਼ਕ ਕਰਦਾ, ਸਾਥੋਂ ਆਪਣਾ ਆਪ ਨਿਸਾਰ ਕਰਦਾ।

ਤ- ਤਾਰਨਹਾਰ ਨਿਰਭੈ ਨਿਰਵੈਰ ਹਸਤੀ, ਸਾਡੇ ਸਾਰਿਆਂ ਦਾ ਸਾਂਝਾ ਬਾਪ ਹੈ ਉਹ,

    ਉਹਦੇ ਬਿਨਾ ਤਾਂ ਹੋਰ ਕੋਈ ਹੈ ਹੀ ਨਹੀਂ, ਸਾਰਾ ਕੁਝ ਬਣਿਆ ਆਪੇ ਆਪ ਹੈ ਉਹ।

ਥ- ਥੰਮਣਹਾਰ ਉਹ ਥੰਮ ਹੈ ਨਿਰਬਲਾਂ ਦਾ, ਉਹ ਹੈ ਯਾਰ ਅਨਾਥਾਂ ਨਿਪੱਤਿਆਂ ਦਾ,

    ਉਹ ਕਰੀਮ ਹੈ ਬਹੁਤ ਹੀ ਤਰਸ ਵਾਲਾ, ਦਰਦ ਜਾਣਦਾ ਜਿਹੜਾ ਨਿਗੱਤਿਆਂ ਦਾ।

ਦ- ਦੇਵਣਹਾਰ ਭੰਡਾਰ ਨਿਆਮਤਾਂ ਦਾ, ਦਇਆਵੰਤ ਖ਼ਜ਼ਾਨੇ ਲੁਟਾਈ ਜਾਂਦਾ,

    ਭਰ ਭਰ ਕੇ ਮੁੱਠੀਆਂ ਨਦਰਿ ਦੀਆਂ, ਦਿਨੇ ਰਾਤ ਉਹ ਸਾਨੂੰ ਵਰਤਾਈ ਜਾਂਦਾ।

ਧ- ਧਿਆਵਣਯੋਗ ਬੱਸ ਇਕ ਪਰਮਾਤਮਾ ਹੈ, ਸਾਹਾਂ ਨਾਲ ਜੇ ਉਹਨੂੰ ਧਿਆ ਲਈਏ,

    ਉਹਦੇ ਚਰਨਾਂ ਦੀ ਮੌਜ ਨੂੰ ਮਾਣੀਏ ਫਿਰ, ਡੁਬਕੀ ਸਹਿਜ ਅਨੰਦ ’ਚ ਲਾ ਲਈਏ।

ਨ- ਨਿਰੰਕਾਰ ਨਾਰਾਇਣ ਨੂੰ ਸਿਮਰੀਏ ਜੇ, ਅੰਦਰ ਪਿਆਰ ਵਾਲੇ ਚਸ਼ਮੇ ਫੁੱਟਦੇ ਨੇ,

     ਉਹਦੀ ਗੋਦ ਦੇ ਨਿਘ ਨੂੰ ਮਾਣਦੇ ਹਾਂ, ਸਾਰੇ ਦੁੱਖ ਵਿਜੋਗ ਦੇ ਟੁੱਟਦੇ ਨੇ।

ਪ- ਪਰਵਦਿਗਾਰ ਅਪਾਰ ਗੁਣਤਾਸ ਕਾਦਰ, ਕਿਸੇ ਗੱਲੋਂ ਨਾ ਹੋਰ ਪਤੀਜਦਾ ਏ,

    ਸੁੱਚੀ ਪ੍ਰੀਤ, ਮਾਸੂਮੀਅਤ ਬੰਦਗੀ ’ਤੇ, ਸੱਚਾ ਪਾਤਸ਼ਾਹ ਬਹੁਤ ਹੀ ਰੀਝਦਾ ਏ।

ਫ- ਫਾਹੀਆਂ ਕੱਟ ਕੇ ਸਾਨੂੰ ਆਜ਼ਾਦ ਕਰਦਾ, ਐਸਾ ਮਿਹਰਦਾਤਾ ਬੰਦੀਛੋੜ ਸਾਹਿਬ,

    ਵਹਿਮਾਂ ਭਰਮਾਂ ਵਿਕਾਰਾਂ ਨੂੰ ਮੇਟ ਦਿੰਦਾ, ਸਾਡੇ ਸ਼ੰਕਿਆਂ ਨੂੰ ਦੇਂਦਾ ਰੋੜ੍ਹ ਸਾਹਿਬ।

ਬ- ਬਖ਼ਸ਼ਣਹਾਰ ਉਹ ਭੁੱਲਾਂ ਨੂੰ ਬਖ਼ਸ਼ ਦਿੰਦਾ, ਸਾਡੇ ਦੋਸ਼ ਉਹ ਕਦੇ ਚਿਤਾਰਦਾ ਨਾ,

    ਭਾਵੇਂ ਅਸੀਂ ਬਖ਼ਸ਼ਿੰਦ ਨੂੰ ਭੁੱਲ ਜਾਈਏ, ਪਰ ਉਹ ਕਦੇ ਵੀ ਸਾਨੂੰ ਵਿਸਾਰਦਾ ਨਾ।

ਭ- ਭੰਨਣਹਾਰ ਜਿਹੜਾ ਘੜਨਹਾਰ ਜਿਹੜਾ, ਉਹਦੀ ਬੰਦਗੀ ਹੀ ਸਾਡੀ ਜ਼ਿੰਦਗੀ ਏ,

    ਪੱਲਾ ਫੜ ਲਈਏ ਜੇਕਰ ਘੁੱਟ ਉਹਦਾ, ਫੇਰ ਕਿਸੇ ਦੀ ਕੀ ਮੁਹਛੰਦਗੀ ਏ।

ਮ- ਮਿਹਰਵਾਨ ਮਹਾਨ ਸੁਮੀਤ ਸਾਡਾ, ਸਾਡੇ ਨ੍ਹੇਰਿਆਂ ਨੂੰ ਵੀ ਰੁਸ਼ਨਾ ਦੇਵੇ,

    ਕਰੁਣਾਮਈ ਜਦ ਮਿਹਰ ਦਾ ਮੀਂਹ ਪਾਵੇ, ਤਪਦੇ ਹਿਰਦਿਆਂ ਨੂੰ ਠੰਢ ਪਾ ਦੇਵੇ।

ਯ- ਯਮ ਨਾਮ ਸੁਣ ਕੇ ਉਹਦਾ ਨੱਸ ਜਾਂਦੇ, ਸਾਡੀ ਜਿੰਦ ਦਾ ਸੱਚ ਰਖਵਾਰ ਹੈ ਉਹ,

    ਔਖੀ ਘੜੀ ਨਾ ਕਦੇ ਵੀ ਆਉਣ ਦੇਵੇ, ਸਦਾ ਆਜਿਜ਼ (ਨੀਵੇਂ) ਦਾ ਮਦਦਗਾਰ ਹੈ ਉਹ।

ਰ- ਰਾਵਣਹਾਰ ਰੰਗ ਰੱਤੜਾ ਰਾਮ ਸਾਡਾ, ਜੀਹਦੇ ਗੁਣਾਂ ਦਾ ਨਾ ਪਾਰਾਵਾਰ ਕੋਈ,

    ਹੋ ਕੇ ਅਰਸ਼ ਉਹ ਫ਼ਰਸ਼ ਨੂੰ ਗਲ ਲਾਉਂਦਾ, ਉਹਤੋਂ ਜਿੰਦ ਬਲਿਹਾਰ ਬਲਿਹਾਰ ਹੋਈ।

ਲ- ਲਾਲ ਲਾਲਾਂ ਦਾ ਤੇ ਹੀਰਾ ਹੀਰਿਆਂ ਦਾ, ਬੇਸ਼ਕੀਮਤੀ ਮੂਰਤ ਅਕਾਲ ਦੀ ਏ,

    ਉਹਦੀ ਆਰਤੀ ਗਗਨ ਦਾ ਥਾਲ ਕਰਦਾ, ਜੈ ਜੈਕਾਰ ਕਰੀਮੂਲ (ਮਿਹਰ) ਕਮਾਲ ਦੀ ਏ।

ਵ- ਵੇਪ੍ਰਵਾਹ ਨਿਰਲੰਭ ਅਗਾਧ ਸਾਹਿਬ, ਉਸ ਦਾ ਭੇਤ ਨਾ ਕੋਈ ਪਾ ਸਕਦਾ,

    ਗੁਰ ਪ੍ਰਸਾਦਿ ਨਿਰਮੋਲਕ ਅਕਸੀਰ ਇੱਕੋ, ਜਿਹੜਾ ਇਸ ਦੀ ਰਮਜ਼ ਸਮਝਾ ਸਕਦਾ।

ੜ- ੜਾੜ ਕਰਨ ਵਾਲੇ ਉਹਨੂੰ ਨਹੀਂ ਭਾਉਂਦੇ, ਸਭ ਨੂੰ ਪਿਆਰ ਕਰਨਾ ਉਹਨੂੰ ਭਾਂਵਦਾ ਹੈ,

    ਜਿਹੜਾ ਸਾਰਿਆਂ ਵਿਚ ਉਹਦੀ ਜੋਤ ਦੇਖੇ, ਹੋ ਕੇ ਸੁਰਖਰੂ ਜੱਗ ਤੋਂ ਜਾਂਵਦਾ ਹੈ।

ਆਓ, ਗੁਰਮੁਖੀ ਦੇ ਸਾਰੇ ਗੀਤ ਗਾਈਏ, ਸਦਕੇ ਏਸ ਤੋਂ ਹੋਈਏ, ਕੁਰਬਾਨ ਜਾਈਏ,

ਇਨ੍ਹਾਂ ਅੱਖਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ, ਆਓ ਇਨ੍ਹਾਂ ਨੂੰ ਪੜ੍ਹੀਏ ਤੇ ਮਾਣ ਪਾਈਏ।

ਪਦ ਅਰਥ : ਪਰਵਾਜ਼-ਉਡਾਰੀ।, ਸ਼ੱਫ਼ਾਫ਼-ਪਾਰਦਰਸ਼ੀ।, ਆਜਿਜ਼= ਨਿਮਰਤਾ।, ਕਰੀਮੂਲ- ਬਖ਼ਸ਼ਸ਼, ਮਿਹਰ।, ਅਕਸੀਰ- ਉਹ ਦਵਾ, ਜਿਸ ਦਾ ਅਸਰ ਵਿਅਰਥ ਨਾ ਜਾਵੇ।

ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ

0

ਭਾਰਤ ਵਿੱਚ ਆਰੀਆ ਲੋਕ ਬਾਹਰੋਂ ਹੀ ਆਏ ਸਨ

ਡਾ: ਵਿਦਵਾਨ ਸਿੰਘ ਸੋਨੀ, ਪੰਜਾਬੀ ਯੂਨੀਵਰਸਿਟੀ (ਪਟਿਆਲਾ)-98143-48697

ਇਤਿਹਾਸਕਾਰਾਂ ਵਿੱਚ ਬੜੇ ਚਿਰ ਤੋਂ ਇੱਕ ਬਹਿਸ ਚੱਲ ਰਹੀ ਹੈ ਕਿ ਕੀ ਆਰੀਆ ਲੋਕ ਭਾਰਤੀ ਉਪ ਮਹਾਂਦੀਪ ਵਿੱਚ ਬਾਹਰੋਂ ਆਏ ਸਨ ਜਾਂ ਕਿ ਮੁੱਢੋਂ ਸੁੱਢੋਂ ਇਥੋਂ ਦੇ ਹੀ ਮੂਲ ਵਾਸੀ ਹਨ ? ਕੁਝ ਇਤਿਹਾਸਕਾਰ, ਜੋ ਆਪਣੇ ਆਪ ਨੂੰ ‘ਮੂਲ-ਵਾਸੀ ਸਿਧਾਂਤ’ ਦੇ ਹਿਮਾਇਤੀ ਦੱਸਦੇ ਹਨ, ਉਹ ਕਈ ਦਹਾਕਿਆਂ ਤੋਂ ਇਹ ਪ੍ਰਚਾਰ ਕਰਨ ਲੱਗੇ ਹੋਏ ਹਨ ਕਿ ਕੋਈ ਬਾਹਰੋਂ ਨਹੀਂ ਅਇਆ, ਸਿੰਧੂ ਘਾਟੀ ਦੇ ਵਸਨੀਕ (ਹੜੱਪਨ) ਹੀ ਆਰੀਆ ਸਨ। ਦੂਜੇ ਪਾਸੇ ‘ਮੁੱਖ ਧਾਰਾ’ ਦੇ ਇਤਿਹਾਸਕਾਰ ਆਪਣੇ ਢੰਗ ਨਾਲ ਪ੍ਰਮਾਣ ਦੇ ਕੇ ਸਿੱਧ ਕਰਦੇ ਹਨ ਕਿ ਕਿਵੇਂ ਆਰੀਆਂ ਦੇ ਗ੍ਰੋਹ, ਈਸਾ ਪੂਰਵ 15-ਕੁ ਸੌ ਸਾਲ ਪਹਿਲਾਂ (ਤੇ ਕਈ ਗਰੁੱਪ ਉਸ ਤੋਂ ਵੀ ਪਹਿਲਾਂ) ਕੇਂਦਰੀ ਏਸ਼ੀਆ ’ਚੋਂ ਨਿਕਲ ਕੇ ਉੱਤਰ ਪੱਛਮੀ ਭਾਰਤ ਵਿੱਚ ਦਾਖਲ ਹੋਏ ਸਨ।

ਸਾਨੂੰ ਕੋਈ ਡੇਢ ਦਹਾਕੇ ਤੋਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਖੋਜ ਕਰਦਿਆਂ ਕੁਝ ਇਹ ਲੱਭਤਾਂ ਮਿਲੀਆਂ ਹਨ; ਪੱਥਰ-ਸੰਦ ਮਿਲੇ ਹਨ ਤੇ ਪੂਰਵ ਇਤਿਹਾਸਕ ਠੀਕਰਾਂ ਮਿਲੀਆਂ ਹਨ, ਜੋ ਇਸ ਬਹਿਸ ਵਿੱਚ ਫੈਸਲਾਕੁਨ ਰੋਲ ਅਦਾ ਕਰ ਸਕਦੀਆਂ ਹਨ, ਪਰ ਉਸ ਦਾ ਜ਼ਿਕਰ ਮੈਂ ਬਾਅਦ ਵਿੱਚ ਕਰਾਂਗਾ। ਪਹਿਲਾਂ ਇਹ ਵੇਖਾਂਗੇ ਕਿ ਦੋਵੇਂ ਪੱਖ ਆਪੋ ਆਪਣੀ ਚਰਚਾ ਵਿੱਚ ਕੀ ਸਬੂਤ ਪੇਸ਼ ਕਰ ਰਹੇ ਹਨ ਅਤੇ ਉਹ ਕਿਵੇਂ ਠੀਕ ਜਾਂ ਗ਼ਲਤ ਕਹੇ ਜਾ ਸਕਦੇ ਹਨ।

ਸੰਨ 1847 ਵਿੱਚ ਇੱਕ ਇਤਿਹਾਸਕਾਰ ਮੈਕਸ ਮੁੱਲਰ ਨੇ ਸੁਝਾ ਦਿੱਤਾ ਸੀ ਕਿ ਆਰੀਆ 1500 ਸਾਲ ਈਸਾ ਪੂਰਵ ਕੇਂਦਰੀ ਏਸ਼ੀਆ ’ਚੋਂ ਆਏ ਸਨ। ਉਨ੍ਹਾਂ ਨੇ ਹੜੱਪਨ ’ਤੇ ਹਮਲਾ ਕੀਤਾ ਤੇ ਹੜੱਪਨ ਤਬਾਹ ਹੋ ਗਏ। ਇਸ ਗੱਲ ਨੂੰ ਬੜਾ ਚਿਰ ਇਤਿਹਾਸ ਦੀਆਂ ਪੁਸਤਕਾਂ ਵਿੱਚ ਹੜੱਪਨਾਂ ਦੇ ਅੰਤ ਦਾ ਇੱਕ ਕਾਰਨ ਦੱਸਿਆ ਜਾਂਦਾ ਰਿਹਾ ਹੈ, ਪਰ ਵੀਹਵੀਂ ਸਦੀ ਵਿੱਚ ਮੁੱਖ-ਧਾਰਾ ਇਤਿਹਾਸਕਾਰਾਂ ਨੇ ਵਿਗਿਆਨਕ ਖੋਜ ਕਰਕੇ ਇਹ ਜਾਂਚਿਆ ਕਿ ਇਹ ਕੋਈ ਤੁਰੰਤ ਹਮਲਾ ਨਹੀਂ ਸੀ ਕਿਉਂਕਿ ਇਸ ਦੇ ਕੋਈ ਸਬੂਤ ਨਹੀਂ ਮਿਲਦੇ। ਆਰੀਆ ਲਗਾਤਾਰ ਗਰੁਪਾਂ ਵਿੱਚ ਹੀ ਏਧਰ ਆਏ ਤੇ ਹੜੱਪਨਾਂ ’ਤੇ ਕਾਬਜ਼ ਹੋ ਗਏ, ਪਰ ਆਏ ਬਾਹਰੋਂ ਹੀ ਸਨ। ਮੂਲ-ਵਾਸੀ ਪੱਖੀ ਕੇਵਲ ਇਸ ਗੱਲ ਨੂੰ ਵਿਰੋਧ ਕਰਨ ਦਾ ਆਧਾਰ ਬਣਾ ਰਹੇ ਹਨ ਕਿ ਹਮਲਾ ਵਗੈਰਾ ਤਾਂ ਹੋਇਆ ਨਹੀਂ, ਇਸ ਲਈ ਮੁੱਖ ਧਾਰਾ ਦੇ ਇਤਿਹਾਸਕਾਰ ਗਲਤ ਹਨ।

ਮੂਲਵਾਸੀ ਪੱਖੀ ਕਹਿੰਦੇ ਕੀ ਹਨ : ਸ਼ੁਰੂ ਸ਼ੁਰੂ ਵਿੱਚ ਲਿਖੇ ਰਿਗ ਵੇਦ ਵਿੱਚ ਸਰਸਵਤੀ ਨਦੀ ਦਾ ਜ਼ਿਕਰ ਹੈ। ਉਹ ਕਹਿੰਦੇ ਹਨ ਕਿ ਸਰਸਵਤੀ ਨਦੀ ਤਾਂ 1700-1300 ਸਾਲ ਈਸਾ ਪੂਰਵ ਹੌਲੀ ਹੌਲੀ ਸੁੱਕ ਗਈ ਸੀ (ਕਲਿਆਨਾਰਮਨ-ਜੋ ਕਿ ਮੂਲ-ਵਾਸੀ ਪੱਖੀ ‘ਸਰਸਵਤੀ ਸ਼ੋਧ ਪਰਾਕਲਪ’ ਦਾ ਡਾਇਰੈਕਟਰ ਹੈ, ਉਸ ਦੀ ‘ਪੁਸਤਕ ਰਿਗ ਵੇਦਾ ਐਂਡ ਸਰਸਵਤੀ-ਸਿੰਧੂ ਸਿਵਿਲਾਈਜ਼ੇਸ਼ਨ’, 1999 ਵਿੱਚ ਇਹੀ ਲਿਖਿਆ ਹੈ), ਤਾਂ ਫਿਰ ਇਹ ਵੇਦ ਉਸ ਸਮੇਂ ਤੋਂ ਬਹੁਤ ਪਹਿਲਾਂ ਰਚਿਆ ਗਿਆ ਹੋਊ। ਉਹ ਕਲੇਮ ਕਰਦੇ ਹਨ ਕਿ ਸਰਸਵਤੀ ਨਦੀ ਦੇ ਕਿਨਾਰੇ ਜੋ ਹੜੱਪਨ ਸੱਭਿਅਤਾ ਦਾ ਵਿਕਾਸ ਹੋਇਆ, ਉਹੀ ਆਰੀਆ ਸਨ ਤੇ ਵੈਦਿਕ ਸੱਭਿਅਤਾ 7-8 ਹਜਾਰ ਸਾਲ ਤੋਂ ਵੀ ਪੁਰਾਣੀ ਹੈ। ਇੰਟਰਨੈੱਟ ’ਤੇ ਉਨ੍ਹਾਂ ਦੀਆ ਦਲੀਲਾਂ ਦੀ ਭਰਮਾਰ ਹੈ। ਉਨ੍ਹਾਂ ਅਨੁਸਾਰ ਹੜੱਪਨ ਸੱਭਿਅਤਾ, ਜਿਸ ਨੂੰ ਉਹ ‘ਸਰਸਵਤੀ-ਸਿੰਧੂ ਸੱਭਿਅਤਾ’ ਕਹਿੰਦੇ ਹਨ (ਕਿਉਂਕਿ ਸੁੱਕ ਚੁੱਕੇ ਘੱਗਰ-ਹਕਰਾ ਦੇ ਕਿਨਾਰੇ ਬਹੁਤ ਸਾਰੀਆਂ ਹੜੱਪਨ ਸਾਈਟਾਂ ਮਿਲੀਆਂ ਹਨ) ਤੇ ਉਹ ਬੜੀ ਪ੍ਰਫੁਲਿਤ ਹੋ ਗਈ ਸੀ, ਉਹ ਵੈਦਿਕ ਸੱਭਿਅਤਾ ਹੀ ਸੀ ਤੇ ਜਦੋਂ ਕਰੀਬ 1900 ਤੋਂ 1700 ਸਾਲ ਈਸਾ ਪੂਰਵ ਉਨ੍ਹਾਂ ਤੇ ਔਕੁੜ ਆਈ (ਜਿਸ ਦੇ ਉਹ ਆਪਣੇ ਹੀ ਕਾਰਨ ਦੱਸਦੇ ਹਨ, ਪਰ ਕਹਿੰਦੇ ਹਨ ਕਿ ਅਜੇ ਵੀ ਉਹ ਨਦੀ ਧਰਤੀ ਹੇਠਾਂ ਕਾਇਮ ਹੈ) ਤਾਂ ਉਹ ਸਰਸਵਤੀ ਦਾ ਇਲਾਕਾ ਛੱਡ ਗਏ। ਉਹ ਹੜੱਪਨ ਸੱਭਿਅਤਾ ਦਾ ਖਤਮ ਹੋਣਾ ਨਹੀਂ ਮੰਨਦੇ, ਬਲਕਿ ਕਹਿੰਦੇ ਹਨ ਕਿ ਉਹ ਵਿਕਸਿਤ ਲੋਗ ਹੀ ਪੂਰਬ ਵੱਲ, ਜਮਨਾ-ਗੰਗਾ ਦੇ ਕਿਨਾਰਿਆਂ ’ਤੇ ਜਾ ਵਸੇ ਅਤੇ ਵੈਦਿਕ ਸੱਭਿਅਤਾ ਨੂੰ ਅੱਗੋਂ ਚਲਾਉਣ ਲੱਗੇ। ਉਨ੍ਹਾਂ ਵੱਲੋਂ ਕੁਝ ਮਿਥਿਹਾਸਕ ਰਚਨਾਵਾਂ ਨੂੰ ਉਸ ਸਮੇਂ ਵਿੱਚ ਵਾਪਰਦੀਆਂ ਘਟਨਾਵਾਂ ਦਰਸਾਇਆ ਜਾਂਦਾ ਹੈ (ਜਦੋਂ ਕਿ ਉਨ੍ਹਾਂ ਵਿੱਚ ਵਰਤੀਆਂ ਗਈਆਂ ਧਾਤਾਂ ਜਾਂ ਉਪਕਰਣ ਆਦਿ, ਧਰਤੀ ਤੇ ਓਦੋਂ ਅਜੇ ਉਪਲਭਦ ਹੀ ਨਹੀਂ ਹੋਏ ਸਨ)। ਮੂਲ-ਵਾਸੀ ਪੱਖੀਆਂ ਦਾ ਇੱਕ ਅਨੁਮਾਨ ਇਹ ਹੈ ਕਿ ਮਹਾਂਭਾਰਤ ਜੰਗ 3137 ਸਾਲ ਈਸਾ ਪੂਰਵ ਲੜੀ ਗਈ, ਪਰ ਪੁਰਾਤੱਤਵ ਦੀ ਖੋਜ ਅਨੁਸਾਰ ਉਹ ਤਾਂ ਅਜੇ ਮੁੱਢਲੇ ਹੜੱਪਾ ਕਾਲ ਦਾ ਸਮਾਂ ਸੀ।

 ਪੁਰਾਤੱਤਵ ਵਿਭਾਗ ਵੱਲੋਂ ਮਹਾਂਭਾਰਤ ਕਾਲ ਦਾ ਸਮਾਂ ਜਾਣਨ ਵਾਸਤੇ ਹਸਤਨਾਪੁਰ ਦੀ ਢੰਗ ਨਾਲ ਖੁਦਾਈ ਕੀਤੀ ਗਈ। ਉਸ ਖੁਦਾਈ ਵਿੱਚ ਸਭ ਤੋਂ ਪੁਰਣੇ ਯੁੱਗ (2000 ਤੋਂ 1500 ਬੀ ਸੀ) ਦੇ ਸਬੂਤ ਮਿਲੇ। ਉਸ ਵਿੱਚ ਗੇਰੂਏ ਰੰਗ ਦੀਆਂ ਠੀਕਰਾਂ, ਤਾਂਬੇ ਦੀਆਂ ਛੁਰੀਆਂ ਆਦਿਕ ਮਿਲੀਆਂ ਸਨ। ਇਹੀ ਵਸਤਾਂ ਜਾਂ ਨਿਸ਼ਾਨੀਆਂ ਉੱਤਰ-ਹੜੱਪਾ ਕਲਚਰ ਜਾਂ ਲੇਟ-ਹੜੱਪਾ ਕਾਲ ਦੇ ਬਾੜਾ ਕਲਚਰ (ਰੋਪੜ ਕੋਲ) ਵਿੱਚ ਵੀ ਮੌਜੂਦ ਹਨ। ਫਿਰ 4-ਕੁ ਸੌ ਸਾਲ ਦਾ ਹਨ੍ਹੇਰਾ ਕਾਲ ਆਉਂਦਾ ਹੈ (ਭਾਵ ਉਸ ਵਿੱਚ ਕੁਝ ਨਹੀਂ ਮਿਲਦਾ)। ਦੂਜੇ ਕਾਲ (1100-900 ਬੀ ਸੀ) ਦੀਆਂ ਪਰਤਾਂ ’ਚੋਂ ਇੱਕ ਖਾਸ ਕਿਸਮ ਦੀ ਪੌਟਰੀ ਮਿਲਦੀ ਹੈ, ਜਿਸ ਨੂੰ ਪੇਂਟਡ-ਗਰੇ-ਵੇਅਰ ਕਿਹਾ ਜਾਂਦਾ ਹੈ। ਇਹ ਹਲਕੇ ਜਾਂ ਗੂਹੜੇ ਸਲੇਟੀ ਰੰਗ ਦੀ ਹੁੰਦੀ ਹੈ ਅਤੇ ਇਸ ’ਤੇ ਕਾਲੇ ਰੰਗ ਦੀ ਮੀਨਾਕਾਰੀ ਕੀਤੀ ਹੁੰਦੀ ਹੈ। ਇਸ ਦੇ ਨਾਲ ਹੀ ਲੋਹੇ ਦਾ ਯੁੱਗ ਆਰੰਭ ਹੋ ਜਾਂਦਾ ਹੈ ਕਿਉਂਕਿ ਜੰਗਾਲੇ ਲੋਹੇ ਦੇ ਕੁਝ ਔਜਾਰ ਵੀ ਨਾਲ ਹੀ ਮਿਲੇ ਸਨ। ਘੋੜੇ ਤੇ ਹੋਰ ਪਸ਼ੂਆਂ ਦੀਆਂ ਹੱਡੀਆਂ ਦੇ ਅੰਸ਼ ਵੀ ਮਿਲੇ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਦੁਧਾਰੂ ਪਸ਼ੂਆਂ ਦੇ ਨਕਾਰਾ ਹੋਣ ਤੇ ਉਨ੍ਹਾਂ ਨੂੰ ਮਾਰ ਕੇ ਖਾ ਲੈਂਦੇ ਹੋਣਗੇ। ਗੰਗਾ ਵਿੱਚ ਆਏ ਹੜ੍ਹਾਂ ਕਾਰਨ ਇਹ ਵੱਸੋਂ ਤਬਾਹ ਹੋ ਗਈ।

ਫਿਰ ਤੀਜਾ ਕਾਲ ਛੇਵੀਂ ਸਦੀ ਈਸਾ ਪੂਰਵ ਦਾ ਕਾਲ ਹੈ। ਇਸ ਕਾਲ ਦੇ ਲੋਗ ਉੱਨਤ ਕਿਸਮ ਦੀ ਪੌਟਰੀ ਬਣਾਉਣ ਲੱਗ ਪਏ ਸਨ। ਇਹ ਕਾਲ ਬੁੱਧ ਧਰਮ, ਮਹਾਂਵੀਰ ਧਰਮ ਅਤੇ ਮਹਾਜਨਪਦਾਂ ਦਾ ਸਮਾਂ ਵੀ ਸੀ। ਖੁਦਾਈ ’ਚੋਂ ਸਭ ਕੁਝ ਮਿਲਦਾ ਹੈ। ਚੌਥੇ ਕਾਲ (ਦੂਜੀ ਸਦੀ ਪੂਰਵ ਈਸਾ ਤੋਂ ਤੀਜੀ ਸਦੀ ਈਸਾ ਬਾਅਦ) ਦੀਆਂ ਪਰਤਾਂ ’ਚੋਂ ਕਿਸਾਨਾਂ ਦੇ ਆਸਾਰ ਮਿਲਦੇ ਹਨ। ਸਭ ਖੁਦਾਈਆਂ ’ਚੋਂ ਸਮੇਂ ਅਨੁਸਾਰ ਲਗਭਗ ਇਹੋ ਜਿਹਾ ਕਲਚਰ ਹੀ ਮਿਲਦਾ ਹੈ। ਮਹਾਂਭਾਰਤ ਕਾਲ ਦੇ ਸਿੱਧੇ ਆਸਾਰ ਕਿਧਰੇ ਨਹੀਂ ਮਿਲੇ। ਪੁਰਾਤੱਤਵ ਸ਼ਾਸਤਰੀ ਬੀ ਬੀ ਲਾਲ ਨੇ ਸੰਨ 2012 ਵਿੱਚ ਦਰੁਪਦੀ ਟਰੱਸਟ ਦੇ ਇੱਕ ਅੰਤਰਰਾਸ਼ਟਰੀ ਸੈਮੀਨਾਰ ਵਿੱਚ ਕਿਹਾ ਸੀ ਕਿ ਮਹਾਂਭਾਰਤ ਦਾ ਕਾਲ 900 ਬੀ ਸੀ ਦੇ ਨੇੜੇ ਦਾ ਹੋ ਸਕਦਾ ਹੈ, ਜਦੋਂ ਕਿ ਪੇਂਟਡ ਗਰੇ ਵੇਅਰ ਦਾ ਸਮਾਂ ਵੀ ਸੀ। ਮੂਲ-ਵਾਸੀ ਪੱਖੀਆਂ ਦੇ ਕਈ ਕਥਨਾਂ ਵਿੱਚ ਵਿਰੋਧਾਭਾਸ ਹੈ, ਪਰ ਉਹ ਕੇਵਲ ਭਾਵਾਤਮਿਕ ਸੰਵੇਦਨਾ ਹੇਠ ਆਪਣੀ ਗੱਲ ਨੂੰ ਮਨਾਉਣਾ ਚਾਹੁੰਦੇ ਹਨ।

ਉਹ ਇਹ ਪੁੱਛਦੇ ਹਨ ਕਿ ਜੇ ਵੇਦ 1500 ਬੀ ਸੀ ਤੋਂ ਬਾਅਦ ਰਚਿਆ ਗਿਆ ਹੈ ਤਾਂ ਰਿਗ ਵੇਦ ਵਿੱਚ, ਜੋ ਵਾਰ ਵਾਰ ਸਰਸਵਤੀ ਦਾ ਜ਼ਿਕਰ ਆਉਂਦਾ ਹੈ, ਉਹ ਤਾਂ ਪਹਿਲਾਂ ਹੀ ਖਤਮ ਹੋ ਗਈ ਸੀ, ਉਸ ਦਾ ਕੀ ਜਵਾਬ ਹੈ ? ਵੈਸੇ ਜਿਵੇਂ ਕਿ ਕੈਂਬ੍ਰਿਜ ਯੂਨੀਵਰਸਿਟੀ ਦੇ ਭਾਰਤੀ ਪੂਰਵ ਇਤਿਹਾਸ ਦੇ ਮਾਹਰ ਇੱਕ ਪ੍ਰਸਿੱਧ ਪੁਰਾਤੱਤਵ ਵਿਗਿਆਨੀ ‘ਰੇਮਾਂਡ ਆਲਚਿਨ’ ਨੇ ਆਪਣੀ ਪੁਸਤਕ (ਦੀ ਰਾਈਜ਼ ਆਫ਼ ਸਿਵਿਲਾਈਜ਼ੇਸ਼ਨ ਇਨ ਇੰਡੀਆ ਐਂਡ ਪਾਕਿਸਤਾਨ) ਵਿੱਚ ਸਬੂਤਾਂ ਸਹਿਤ ਸਿੱਧ ਕੀਤਾ ਹੈ ਕਿ ਇੰਡੋ-ਏਰੀਅਨ ਭਾਸ਼ਾ ਬੋਲਣ ਵਾਲੇ ਆਰੀਆਂ ਦੇ ਪਹਿਲੇ ਗਰੁੱਪ 2000 ਬੀ ਸੀ ਤੋਂ ਪਹਿਲਾਂ ਹੀ ਉੱਤਰ-ਪੱਛਮੀ ਭਾਰਤ ਵਿੱਚ ਦਾਖਲ ਹੋਣੇ ਸ਼ੁਰੂ ਹੋ ਗਏ ਸਨ, ਵਿਸ਼ਾਲ ਰੂਪ ਵਿੱਚ ਵਗਦੀ ਸਰਸਵਤੀ (ਘੱਗਰ-ਹਕਰਾ) ਉਨ੍ਹਾਂ ਦੀ ਯਾਦ ਵਿੱਚ ਜ਼ਰੂਰ ਹੋਵੇਗੀ, ਇਸ ਲਈ ਰਿਗ ਵੇਦ ਵਿੱਚ ਉਸ ਦਾ ਜ਼ਿਕਰ ਹੋਣਾ ਮੁਮਕਿਨ ਹੀ ਹੈ !

ਹੜੱਪਨ ਸੱਭਿਅਤਾ ਦਾ ਭਾਰਤੀ ਉਪਮਹਾਂਦੀਪ ਵਿੱਚ ਪ੍ਰਫੁਲਿਤ ਹੋ ਕੇ ਖਤਮ ਹੋਣਾ : ਸਾਰੀ ਧਰਤੀ ਤੇ ਆਖਰੀ ਬਰਫਾਨੀ ਯੁੱਗ ਕੋਈ ਦਸ-ਕੁ ਹਜ਼ਾਰ ਸਾਲ ਪਹਿਲਾਂ ਖਤਮ ਹੋਇਆ ਸੀ। ਹਿਮਾਲਾ ਵਿੱਚ ਨੀਵੇਂ ਇਲਾਕਿਆਂ ਤੱਕ ਪੁੱਜ ਚੁੱਕੇ ਬਰਫਾਨੀ ਤੋਦੇ ਵੀ ਹੌਲੀ ਹੌਲੀ ਖਤਮ ਹੋ ਗਏ, ਜਿਨ੍ਹਾਂ ਨੇ ਵੱਡੇ ਵੱਡੇ ਹੜ੍ਹ ਵੀ ਲਿਆਂਦੇ ਅਤੇ ਧਰਤੀ ਤੇ ਲੰਬਾ ਸਮਾਂ ਪਾਣੀ ਵੀ ਵਗਦੇ ਰਹੇ, ਪਰ ਸਰਦੀ ਘੱਟਣ ਕਰਕੇ ਮਨੁੱਖ ਦਾ ਇਸ ਖੇਤਰ ਵਿੱਚ ਆਉਣ ਦਾ ਰਸਤਾ ਖੁੱਲ੍ਹ ਗਿਆ। ਓਦੋਂ ਨਿਓਲਿਥਿਕ ਕਾਲ ਸੀ, ਜਦੋਂ ਕਿ ਘਸੇ ਹੋਏ ਪੱਥਰ ਸੰਦ ਵਰਤਨੇ ਸ਼ੁਰੂ ਹੋ ਗਏ ਸਨ। ਉਹ ਨਿਓਲਿਥਿਕ ਲੋਗ ਸਾਰੇ ਭਾਰਤੀ ਉਪ-ਮਹਾਂਦੀਪ ਵਿੱਚ ਫੈਲ ਗਏ। ਬਲੋਚਿਸਥਾਨ, ਅਫਗਾਨਿਸਤਾਨ ਅਤੇ ਹੋਰ ਸਥਾਨਾਂ ਤੋਂ ਵੀ ਸ਼ੁਰੂ ਸ਼ੁਰੂ ਦੇ ਸਥਾਪਿਤ ਹੋਏ ਵਸਨੀਕਾਂ ਦੇ ਸਬੂਤ ਮਿਲੇ ਹਨ। ਇਹ ਸਾਰਾ ਕਾਲ ਅੱਜ ਤੋਂ 7-8 ਹਜ਼ਾਰ ਸਾਲ ਪਹਿਲਾਂ ਦਾ ਹੈ। ਸਿੰਧੂ ਘਾਟੀ ਦੀ ਪੱਛਮੀ ਸਰਹੱਦ ਦੇ ਨਾਲ ਨਾਲ ਪਹਾੜੀ ਇਲਾਕੇ ਵਿੱਚ ਵੱਸਦੇ ਇਨ੍ਹਾਂ ਖੇਤੀਕਾਰ ਕਬੀਲਿਆਂ ’ਚੋਂ ਮੁਢਲੀ ਹੜੱਪਨ ਸੱਭਿਅਤਾ ਉੱਭਰੀ ਤੇ ਲਗਭਗ 5200 ਸਾਲ ਤੋਂ 4500 ਸਾਲ ਪੂਰਵ ਤੱਕ ਕਈ ਪਾਸੇ ਫੈਲ ਗਈ। ਇਸ ਕਾਲ ਦੌਰਾਨ ਮਿੱਟੀ ਦੇ ਪਕਾਏ ਭਾਂਡਿਆਂ ਦੀ ਵਿਸ਼ੇਸ਼ਤਾ ਅਡਰੀ ਹੀ ਸੀ। ਉਹ ਤਾਂਬਾ ਵੀ ਵਰਤਣ ਲੱਗ ਪਏ ਸਨ। ਪੱਥਰ ਦੇ ਤਿੱਖੇ ਬਲੇਡ ਛੁਰੀਆਂ ਆਦਿ ਨਾਲੋ ਨਾਲ ਵਰਤੋਂ ਵਿੱਚ ਲਿਆਉਂਦੇ ਸਨ। ਓਦੋਂ ਕੱਚੇ ਘਰ ਬਣਨੇ ਸ਼ੁਰੂ ਹੋ ਗਏ ਸਨ। ਇਹ ਸੱਭਿਅਤਾ ਫਿਰ ਵਿਕਸਿਤ ਫੇਜ਼ ਵੱਲ ਵਧਣ ਲੱਗੀ, ਜੋ ਕਿ ਕਰੀਬ 4500 ਤੋਂ 3900 ਸਾਲ ਈਸਾ ਪੂਰਵ ਤੱਕ ਪੂਰੇ ਜੋਬਨ ਵਿੱਚ ਕਾਇਮ ਰਹੀ। ਬਹੁਤ ਸੋਹਣੀ ਬੁੱਤ ਕਲਾ, ਇਮਾਰਤੀ ਰਚਨਾ ਤੇ ਸਾਰਾ ਵਸਤੂ ਕਲਚਰ ਬਹੁਤ ਉੱਨਤ ਹੋ ਗਿਆ। ਇਹ ਸੱਭਿਅਤਾ ਸਿੰਧੂ ਘਾਟੀ ਅਤੇ ਘੱਗਰ-ਹਕਰਾ (ਹਕਰਾ ਘੱਗਰ ਦਾ ਹੀ ਪਾਕਿਸਤਾਨੀ ਨਾਮ ਹੈ) ਜਾਂ ਕਹਿ ਲਵੋ ਸਰਸਵਤੀ (ਜੋ ਕਿ ਘੱਗਰ-ਹਕਰਾ ਹੀ ਸਨ) ਤੇ ਦ੍ਰਿਸ਼ਟਾਵਦੀ (ਦੋਨੋ ਹੁਣ ਸੁੱਕ ਚੁੱਕੀਆਂ ਹਨ) ਦੇ ਕਿਨਾਰੇ ਹੀ ਵਿਕਸਿਤ ਹੋਈ, ਜਦੋਂ ਕਿ ਵੀਰਾਨੇ ਦਾ ਕਾਲ ਵੀ ਵਧ ਰਿਹਾ ਸੀ। ਫਿਰ ਕਰੀਬ 3900 ਸਾਲ ਪੂਰਵ ਘੋਰ ਕਾਲ ਪੈ ਗਏ ਤੇ ਨਦੀਆਂ ਸੁੱਕਣ ਲੱਗੀਆਂ। ਇਹ ਸਮਾਂ ਏਨੀ ਵਿਕਸਿਤ ਸੱਭਿਅਤਾ ਵਾਸਤੇ ਨਾਕਾਰਤਮਕ ਸਿੱਧ ਹੋਇਆ। ਇਹ ਲੋਗ ਉੱਜੜ ਗਏ ਤੇ ਆਪਣੇ ਇਲਾਕੇ ਛੱਡ ਕੇ ਪੂਰਬ/ਉੱਤਰ ਵੱਲ ਨਿਕਲ ਗਏ। ਉੱਨਤ ਕਲਚਰ ਖਤਮ ਹੋ ਗਿਆ। ਲੋਕਾਂ ਨੂੰ ਲਿਖਤ-ਲਿੱਪੀ ਵੀ ਭੁੱਲ ਗਈ, ਜੋ ਕਿ ਉੱਨਤ ਕਾਲ ਸਮੇਂ ਵਿਕਸਿਤ ਹੋਈ ਸੀ। ਵਿਸ਼ੇਸ਼ ਗੱਲ ਇਹ ਹੋਈ ਕਿ ਦੂਰ ਦਰਾਜ਼ ਦਾ ਵਪਾਰ ਬਿਲਕੁਲ ਖਤਮ ਹੋ ਗਿਆ ਤੇ ਲੇਟ ਹੜੱਪਨ ਆਪਣੇ ਪੁਰਾਣੇ ਸਥਾਨ ਛੱਡ ਕੇ ਓਧਰ ਚਲੇ ਗਏ, ਜਿੱਥੇ ਕਿ ਅਜੇ ਵੀ ਮੀਂਹ ਵਰ੍ਹਦੇ ਸਨ। ਇਸੇ ਕਾਰਨ ਸ਼ਿਵਾਲਿਕ ਪਹਾੜੀਆਂ ਜਾਂ ਉਨ੍ਹਾਂ ਦੇ ਦਾਮਨ ਵਿੱਚ ਪੁਰਾਤਨ ਨਦੀਆਂ (ਜੋ ਹੁਣ ਰਾਹ ਬਦਲ ਗਈਆਂ ਹਨ) ਕਿਨਾਰੇ ਲੇਟ-ਹੜੱਪਨ ਵਸੇਬਿਆਂ ਦੀਆਂ ਬਹੁਤ ਸਾਰੀਆਂ ਪੂਰਵ ਇਤਿਹਾਸਕ ਸਾਈਟਾਂ ਮਿਲਦੀਆਂ ਹਨ।

ਸਰਸਵਤੀ ਨਦੀ ਦਾ ਭੇਦ : ਕੀ ਸਰਸਵਤੀ ਹਿਮਾਲੀਆ ਦੇ ਗਲੇਸ਼ੀਅਰਾਂ ’ਚੋਂ ਨਿਕਲਦੀ ਸੀ ? ਮਿਥਹਾਸਕ ਰਚਨਾਵਾਂ ’ਚੋਂ ਇੱਕ ਵਿੱਚ ਇਸ ਨੂੰ ਬ੍ਰਹਮਾ ਦੇ ਸਰੀਰ ’ਚੋਂ ਨਿਕਲੀ ਉਸ ਦੀ ਧੀ ਦੱਸਿਆ ਜਾਂਦਾ ਹੈ। ਬ੍ਰਹਮਾ ਉਸ ਦੇ ਪਿੱਛੇ ਪੈ ਗਿਆ। ਉਹ ਬ੍ਰਹਮਾ ਤੋਂ ਡਰ ਕੇ ਜ਼ਮੀਨ ਦੋਜ਼ ਹੋ ਗਈ ਤੇ ਫਿਰ ਕਿਧਰੇ ਕਿਧਰੇ ਪਰਗਟ ਵੀ ਹੁੰਦੀ ਰਹੀ ਹੈ। ਇੱਕ ਦੰਦ ਕਥਾ ਅਨੁਸਾਰ ਬਦਰੀਨਾਥ ਤੋਂ ਕੁਝ ਕਿਲੋਮੀਟਰ ਦੂਰ ਮੰਨਾ ਪਿੰਡ ਕੋਲ ਸਰਸਵਤੀ ਉਪਜ ਕੇ ਜ਼ਮੀਨਦੋਜ਼ ਹੋ ਜਾਂਦੀ ਹੈ ਅਤੇ ਅਲਾਹਾਬਾਦ ਦੇ ਪਰਿਆਗ ਕੋਲ ਪਰਗਟ ਹੁੰਦੀ ਹੈ। ਕੁਝ ਲੋਕਾਂ ਦਾ ਕਲੇਮ ਹੈ ਕਿ ਸਰਸਵਤੀ ਰੁਪਿਨ-ਸੁਪਿਨ ਗਲੇਸ਼ੀਅਰ (ਸਤਲੁਜ ਤੇ ਜਮਨਾ ਦੇ ਸ੍ਰੋਤਾਂ ਵਿਚਾਲੇ) ’ਚੋਂ ਨਿਕਲਦੀ ਹੈ ਤੇ ਹੇਠਲੀਆਂ ਰੇਂਜਾਂ ’ਚੋਂ (ਸ਼ਾਇਦ ਜ਼ਮੀਨ ਹੇਠਾਂ ਹੀ) ਗੁਜ਼ਰ ਕੇ ਯਮੁਨਾਨਗਰ ਦੀ ਸ਼ਿਵਾਲਿਕ ਰੇਂਜ ਵਿੱਚ ਸਥਿਤ ਅਦੀ ਬਾਦਰੀ ਕੋਲ ਜਾ ਕੇ ਨਿਕਲਦੀ ਹੈ। ਜਮਨਾ ਪਹਿਲਾਂ ਸਰਸਵਤੀ ਦੀ ਸਹਾਇਕ ਨਦੀ ਸੀ ਤੇ ਫਿਰ ਟੈਕਟਾਨੀ ਕਿਰਿਆ ਕਰਕੇ ਗੰਗਾ ਵੱਲ ਮੂੰਹ ਮੋੜ ਗਈ ਤੇ ਸਤਲੁਜ ਨੇ ਵੀ ਇੰਜ ਹੀ ਕੀਤਾ। ਮੂਲ-ਵਾਸੀ ਪੱਖੀ ਕੁਝ ਜਿਆਲੋਜਿਸਟਾਂ ਦਾ ਇਹ ਵੀ ਕਲੇਮ ਹੈ ਤੇ ਉਨ੍ਹਾਂ ਨੇ ਸੈਟੇਲਾਈਟ ਇਮੇਜ ਪ੍ਰਾਪਤ ਕੀਤੇ ਹੋਏ ਹਨ, ਜੋ ਉਨ੍ਹਾਂ ਅਨੁਸਾਰ ਸਪਸ਼ਟ ਕਰਦੇ ਹਨ ਕਿ ਸਰਸਵਤੀ ਧਰਤੀ ਹੇਠਾਂ ਅਜੇ ਵੀ ਮੌਜੂਦ ਹੈ। ਸਰਸਵਤੀ ਬਾਰੇ ਇਹ ਵੀ ਤਾਂ ਮੰਨਿਆ ਜਾਂਦਾ ਹੈ ਕਿ ਘੱਗਰ-ਹਕਰਾ ਹੀ ਕਦੀ ਸਰਸਵਤੀ ਸਨ। ਸੈਟੇਲਾਈਟ ਇਮੇਜ ਤੋਂ ਉਨ੍ਹਾਂ ਨੇ ਜ਼ਮੀਨ ਦੋਜ਼ ਪਾਣੀ ਕਿਤੇ ਕਿਤੇ ਦੇਖਿਆ ਹੈ, ਘੱਗਰ-ਹਕਰਾ ਖਤਮ ਹੋ ਗਏ ਸਨ, ਫਿਰ ਇਮੇਜਜ਼ ਵਿੱਚ ਉਨ੍ਹਾਂ ਹੇਠ ਬਚਿਆ ਪਾਣੀ ਹੀ ਹੋਵੇਗਾ। ਵੈਸੇ ਅਜਿਹੇ ਜ਼ਮੀਨ ਦੋਜ਼ ਪਾਣੀ ਅਨੇਕਾਂ ਰਾਹ ਬਦਲ ਚੁੱਕੀਆਂ ਨਦੀਆਂ ਦੇ ਇਲਾਕਿਆਂ ਵਿੱਚ ਦੇਖੇ ਜਾ ਸਕਦੇ ਹਨ। ਜਿੱਥੋਂ ਵੀ ਧਰਤੀ ਪੁੱਟੋ, ਕਿਸੇ ਨਾ ਕਿਸੇ ਡੂੰਘਾਈ ਤੇ ਪਾਣੀ ਮਿਲ ਜਾਂਦਾ ਹੈ, ਪਰ ਸੈਟੇਲਾਈਟ ਤੋਂ ਉਸ ਦੀ ਉਮਰ ਨਹੀਂ ਕੱਢੀ ਜਾ ਸਕਦੀ।

ਮੂਲ-ਵਾਸੀ ਪੱਖੀ ਵਿਚਾਰਧਾਰਾ ਅਨੁਸਾਰ ਰਿਸ਼ੀ ਮਨੂੰ ਨੇ ਭਾਰਤ ਦੀ ਸਭ ਤੋਂ ਵਿਸ਼ਾਲ ਸਰਸਵਤੀ ਅਤੇ ਦ੍ਰਿਸ਼ਦਵਟੀ ਨਦੀ ਵਿਚਾਲੇ ਹੀ ਵੈਦਿਕ ਸੱਭਿਅਤਾ ਆਰੰਭ ਕੀਤੀ ਸੀ।

ਕੇਂਦਰ ਸਰਕਾਰ ਨੇ 2002 ਵਿੱਚ ਤੇ ਬਾਅਦ ਵਿੱਚ ਹਰਿਆਣਾ ਸਰਕਾਰ ਨੇ ਵੀ ਕਰੋੜਾਂ ਰੁਪਏ ਸਰਸਵਤੀ ਨੂੰ ਨਵੇਂ ਸਿਰਿਓਂ ਖੋਦਣ ਲਈ ਸੈਂਕਸ਼ਨ ਕੀਤੇ ਹਨ। ਅਦੀ ਬਾਦਰੀ ਨੇੜੇ ਸਥਿਤ ਮੁਗਲਾਂਵਾਲੀ ਕੋਲ (ਇੱਕ ਛੋਟੀ ਜਿਹੀ ਪਹਾੜੀ ਦੇ ਦਾਮਨ ਵਿੱਚ) ਇੱਕ ਸਥਾਨ ਤੋਂ 7 ਤੋਂ 10 ਫੁੱਟ ਤੱਕ ਡੂੰਘੇ ਟੋਏ ਪੁੱਟ ਕੇ ਜ਼ਮੀਨ ਦੋਜ਼ ਪਾਣੀ ਲੱਭਾ ਹੈ ਤੇ ਕਲੇਮ ਕੀਤਾ ਜਾ ਰਿਹਾ ਹੈ ਕਿ ਇਹ ਮਿੱਠਾ ਪਾਣੀ ਹਜ਼ਾਰਾਂ ਸਾਲ ਪੁਰਾਣਾ ਹੈ। ਅਖਬਾਰਾਂ ਵਿੱਚ ਛਾ ਗਿਆ ਸੀ ਕਿ ਸਰਸਵਤੀ ਲੱਭ ਗਈ (ਵੈਸੇ ਤਦ ਬੜੇ ਮੀਂਹ ਪਏ ਸਨ ਤੇ ਇਹ ਪਾਣੀ ਉੱਪਰੋਂ ਸਿੰਮ ਕੇ ਵੀ ਹੇਠਾਂ ਆਇਆ ਹੋ ਸਕਦਾ ਹੈ ਤੇ ਨਾਲ ਹੀ ਇਹ 3-ਕੁ ਕਿਲੋਮੀਟਰ ਦੂਰ ਵਗਦੀ ਬਰਸਾਤੀ ਨਦੀ ‘ਸੋਮ’ ਦੀ ਪੁਰਾਣੀ ਚੈਨਲ ਦਾ ਸਥਾਨ ਵੀ ਹੈ)। ਉੱਥੇ ਹੁਣ ਬਣਾਉਟੀ ਸਰਸਵਤੀ ਨਦੀ ਪੁੱਟੀ ਜਾ ਰਹੀ ਹੈ, ਜਿਸ ਵੱਲ ਬਰਸਾਤਾਂ ਦੌਰਾਨ ਨਾਲ ਵਗਦੀ ਸੋਮ ਨਦੀ ਦੇ ਪਾਣੀ ਮੋੜਿਆ ਜਾਵੇਗਾ ਅਤੇ ਸੈਂਕੜੇ ਕਿਲੋਮੀਟਰ ਲੰਬੇ ਰਾਹ ਵਿੱਚ ਲੱਖਾਂ ਟਿਊਬਵੈਲ ਲਾ ਕੇ ਸਰਸਵਤੀ ਨੂੰ ਮੁੜ-ਸੁਰਜੀਤ ਕੀਤਾ ਜਾਵੇਗਾ (ਹਰਿਆਣੇ ਵਿੱਚ ਧਰਤੀ ਹੇਠਲੇ ਪਾਣੀ ਦੀ ਪਹਿਲਾਂ ਹੀ ਘਾਟ ਹੈ)। ਮੂਲ-ਵਾਸੀ ਪੱਖੀਆਂ ਦੇ ਪ੍ਰਭਾਵ ਅਧੀਨ ਬਹੁਤ ਸਾਰੇ ਪ੍ਰਾਜੈਕਟ ਬਣਾਏ ਜਾ ਰਹੇ ਹਨ, ਜੋ (ਉਨ੍ਹਾਂ ਦੇ ਕਹਿਣ ਅਨੁਸਾਰ) 7-8 ਹਜ਼ਾਰ ਸਾਲ ਪੁਰਾਣੀ ਭਾਰਤ ਦੀ ਵੈਦਿਕ ਸੱਭਿਅਤਾ ਨੂੰ ਸਰਸਵਤੀ ਦੇ ਨਾਲ ਹੀ ਲੋਕਾਂ ਸਾਹਮਣੇ ਪੇਸ਼ ਕੀਤਾ ਜਾਏਗਾ ਤੇ ਮੁੱਖ ਧਾਰਾ ਦੇ ਇਤਿਹਾਸਕਾਰਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਗਲਤ ਸਿੱਧ ਕੀਤਾ ਜਾਏਗਾ।

ਦੁਨੀਆ ਦੇ ਪ੍ਰਸਿੱਧ 15 ਵਿਗਿਆਨੀਆਂ ਨੇ (ਜਿਨ੍ਹਾਂ ਵਿੱਚ ਭੂ-ਵਿਗਿਆਨੀ, ਪੁਰਾਤੱਤਵ ਵਿਗਿਆਨੀ ਵੀ ਸ਼ਾਮਲ ਸਨ) ਸਰਸਵਤੀ ਨਾਲ ਸੰਬੰਧਿਤ ਇੱਕ ਤਾਜ਼ਾ ਖੋਜ ਕੀਤੀ ਹੈ, ਜੋ ਕਿ ਸੁਪ੍ਰਸਿੱਧ ਅੰਤਰਰਾਸ਼ਟਰੀ ਖੋਜ ਪੱਤ੍ਰਿਕਾ ‘ਪ੍ਰੋਸੀਡਿੰਗਜ਼ ਆਫ ਨੈਸ਼ਨਲ ਅਕੈਡਮੀ ਆਫ ਸਾਂਇਸਿਜ਼‘ ਵਿੱਚ ਸੰਨ 2012 ਵਿੱਚ ਛਪੀ ਸੀ। ਉਨ੍ਹਾਂ ਵਿਗਿਆਨੀਆਂ ਨੇ ਉੱਚ ਕੋਟੀ ਦੀਆਂ ਵਿਗਿਆਨਕ ਤਕਨੀਕਾਂ ਵਰਤ ਕੇ ਇਹ ਸਿੱਧ ਕੀਤਾ ਕਿ ਸਰਸਵਤੀ ਜਾਂ ਘੱਗਰ-ਹਕਰਾ ਵਾਕਈ ਇੱਕ ਬਹੁਤ ਵਿਸ਼ਾਲ ਨਦੀ ਸੀ, ਪਰ ਇਹ ਉੱਚ ਹਿਮਾਲਾ ਦੇ ਗਲੇਸ਼ੀਅਰਾਂ ’ਚੋਂ ਨਹੀਂ ਸੀ ਨਿਕਲਦੀ, ਬਲਕਿ ਲੰਬੇ ਸਮੇਂ ਲਈ ਵਗੀ ਇੱਕ ਬਰਸਾਤੀ ਨਦੀ ਸੀ, ਜੋ ਕਿ ਸ਼ਿਵਾਲਿਕ ਪਹਾੜੀਆਂ ’ਚੋਂ ਹੀ ਨਿਕਲਦੀ ਸੀ। ਜੇਕਰ ਉਹ (ਮੂਲ-ਵਾਸੀ ਪੱਖੀਆਂ ਦੇ ਕਹਿਣ ਅਨੁਸਾਰ) ਹਜ਼ਾਰਾਂ ਸਾਲਾਂ ਤੋਂ ਸਤਲੁਜ ਅਤੇ ਯਮੁਨਾ ਦੇ ਵਿਚਕਾਰ ਪੈਂਦੇ ਥਲਾਂ ਵਿੱਚ ਵਗੀ ਹੁੰਦੀ ਤਾਂ ਕਿਧਰੇ ਡੂੰਘੀਆਂ ਖੁਣੀਆਂ ਘਾਟੀਆਂ ਦੇ ਆਸਾਰ ਵੀ ਹੁੰਦੇ ! ਪ੍ਰਸਿੱਧ ਜਿਓ-ਆਰਕਿਆਲੋਜਿਸਟਾਂ, ਸੂਰਜ ਭਾਨ ਅਤੇ ਆਰ ਸੀ ਠਾਕੁਰਨ ਅਨੁਸਾਰ ਜੇਕਰ ਕੋਈ ਵੱਡਾ ਦਰਿਆ ਹਜ਼ਾਰਾਂ ਸਾਲ ਲਗਾਤਾਰ ਵਗਦਾ ਰਿਹਾ ਹੋਵੇ ਤਾਂ ਉਸ ਦੇ ਹੜ੍ਹ-ਸਥਲ ਹੇਠ ਕਈ ਫੁਟਾਂ ਤੱਕ ਰੇਤਾ ਮਿਲੇਗੀ, ਜੋ ਉਸ ਦਰਿਆ ਦੀ ਪ੍ਰਾਚੀਨ ਸਮੇਂ ਤੋਂ ਵਿਸ਼ਾਲਤਾ ਨੂੰ ਦਰਸਾਏਗੀ। ਚੌੜੀ ਘੱਗਰ ਵਾਦੀ ਵਿੱਚ ਅਜਿਹਾ ਕੁਝ ਵੀ ਨਹੀਂ। ਜੋ ਕੁਝ ਹੈ, ਉਹ ਲੰਬਾ ਸਮਾ ਵਗੀ ਵਿਸ਼ਾਲ ਨਦੀ ਕਰਕੇ ਹੀ ਹੈ। ਫਿਰ ਦਿੱਲੀ ਦੇ ਭੂ-ਵਿਗਿਆਨੀ ਜੇ ਕੇ ਤ੍ਰਿਪਾਠੀ ਤੇ ਸਾਥੀਆਂ ਨੇ ਕਰੰਟ ਸਾਇੰਸ ਦੇ ਸੰਨ 2004 ਦੇ ਅਕਤੂਬਰ ਅੰਕ ਵਿੱਚ ਛਪੇ ਖੋਜ ਪੱਤਰ ਅਨੁਸਾਰ ਘੱਗਰ-ਹਕਰਾ (ਸਰਸਵਤੀ) ਦੇ ਸੁੱਕ ਚੁੱਕੇ ਚੈਨਲਾਂ ਦੀ ਰੇਤਾ/ਮਿੱਟੀ ਦਾ ਵਿਗਿਆਨਕ ਵਿਸ਼ਲੇਸ਼ਨ ਕਰਕੇ ਦੇਖਿਆ ਹੈ ਉਨ੍ਹਾਂ ਵਿਚਲੇ ਕਣ ਸ਼ਿਵਾਲਿਕ ਪਹਾੜੀਆਂ ’ਚੋਂ ਹੀ ਆਏ ਹਨ, ਉੱਚੇ ਹਿਮਾਲਾ ਤੋਂ ਨਹੀਂ। ਮੂਲ-ਵਾਸੀ ਪੱਖੀ ਕੁਝ ਅਰਧ-ਜਿਆਲੋਜਿਸਟ ਕਹਿੰਦੇ ਸੀ ਕਿ ਉਨ੍ਹਾਂ ਨੇ ਅਦੀ ਬਾਦਰੀ ਨੇੜੇ ਹਿਮਾਲਾ ਦੀਆਂ ਚੱਟਾਨਾਂ ਦੇ ਬਾਰੀਕ ਟੁਕੜੇ ਦੇਖੇ ਹਨ, ਪਰ ਇਹ ਟੁਕੜੇ/ਗੀਟੇ ਸਾਰੇ ਹੀ ਗੰਗਾ-ਸਿੰਧ ਮੈਦਾਨ ਵਿੱਚ ਬਚੀਆਂ ਸੁੱਕ ਚੁੱਕੀਆਂ ਨਦੀਆਂ ਵਿੱਚ ਮੌਜੂਦ ਹਨ। ਲੱਖਾਂ ਕਰੋੜਾਂ ਸਾਲ ਪਹਿਲਾਂ ਜਦੋਂ ਸ਼ਿਵਾਲਿਕ ਤੋਂ ਪਹਿਲਾਂ ਹਿਮਾਲਾ ਉੱਪਰ ਉੱਠ ਰਿਹਾ ਸੀ ਤਾਂ ਬਰਫਾਨੀ ਤੋਦਿਆਂ ਨਾਲ ਉੱਪਰਲੀਆਂ ਚੱਟਾਨਾਂ ਦਾ ਖੋਰ ਨਾਲ ਰੁੜ੍ਹਿਆ ਤੇ ਮੈਦਾਨਾਂ ਵਿੱਚ ਆ ਗਿਆ ਸੀ। ਨਾਲ ਹੀ ਕਿਸੇ ਨਦੀ ਦਾ ਪਾਣੀ ਲੰਬੀ ਦੂਰੀ ਤੱਕ ਜ਼ਮੀਨ ਦੋਜ਼ ਨਹੀਂ ਵਗ ਸਕਦਾ, ਜਦ ਤੱਕ ਕਿ ਸਾਰੀਆਂ ਚਟਾਨਾਂ ਵਿੱਚ ਜਲਦੀ ਖੁਰਨ ਵਾਲੇ ਪਦਾਰਥ ਨਾ ਹੋਣ ਜਾਂ ਪਾਣੀ ਵਗਣ ਦਾ ਰਸਤਾ ਨਾ ਹੋਵੇ, ਪਰ ਸ਼ਿਵਾਲਿਕ ਤੋਂ ਲੈ ਕੇ (ਕਹਿ ਲਵੋ ਅਦੀ ਬਾਦਰੀ ਤੋਂ) ਬਰਫਾਨੀ ਪਰਬਤਾਂ ਤੱਕ ਸਾਰੇ ਪਹਾੜ ਹੀ ਕੱਚੀਆਂ ਪੱਕੀਆਂ ਰੇਤਲੀਆ ਤਲਛੱਟੀ ਜਾਂ ਰੂਪਾਂਤਰਿਤ ਕ੍ਰਿਸਟਲੀ ਚਟਾਨਾਂ ਦੇ ਬਣੇ ਹੋਏ ਹਨ। ਉਨ੍ਹਾਂ ਨੂੰ ਖੋਰ ਕੇ ਕੋਈ ਨਦੀ ਹੇਠਾਂ ਨਹੀਂ ਆ ਸਕਦੀ। ਜੇ 4-5 ਹਜ਼ਾਰ ਸਾਲ ਪਹਿਲਾਂ ਸਰਸਵਤੀ ਪਹਾੜਾਂ ’ਚੋਂ ਰਾਹ ਬਣਾ ਕੇ ਵਗੀ ਹੁੰਦੀ, ਤਾਂ ਏਨੇ ਲੰਬੇ ਘੁੰਮ ਘੁੰਮਾ ਕੇ ਬਣਦੇ ਰਸਤੇ ਵਿੱਚ ਉਸ ਦੀ ਪੁਰਾਣੀ ਚੈਨਲ ਦੇ ਬਹੁਤ ਸਾਰੇ ਅੰਸ਼ ਮਿਲਣੇ ਚਾਹੀਦੇ ਸਨ, ਪਰ ਅਜਿਹਾ ਕੁਝ ਵੀ ਨਹੀਂ ਮਿਲਦਾ। ਰਾਹ ਵਿੱਚ ਤਾਂ ਲੱਖਾਂ ਕਰੋੜਾਂ ਸਾਲ ਪੁਰਾਣੀਆਂ ਉੱਚੀਆਂ ਚਟਾਨਾਂ ਦੀਆਂ ਪਾਲਾਂ ਹੀ ਹਨ।

ਭਾਸ਼ਾਵਾਂ ਦੇ ਸ੍ਰੋਤ ਤੋਂ ਵੀ ਆਰੀਆਂ ਦੇ ਬਾਹਰੋਂ ਆਏ ਹੋਣ ਦੇ ਕਾਰਨਾਂ ਨੂੰ ਬਲ ਮਿਲਦਾ ਹੈ। ਉੱਤਰੀ ਭਾਰਤ ਦੀਆਂ ਭਾਸ਼ਾਵਾਂ ਪੁਰਾਤਨ ਸੰਸਕ੍ਰਿਤ ’ਚੋਂ ਉਪਜੀਆਂ ਹਨ ਜਦ ਕਿ ਦੱਖਣ ਦੀਆਂ ਭਾਸ਼ਾਵਾਂ ਦਾ ਸ੍ਰੋਤ ਅਰਧ-ਦਰਾਵੜੀ ਭਾਸ਼ਾ ਹੈ। ਸੰਸਕ੍ਰਿਤ ਖੁਦ ਇੰਡੋ-ਯੂਰਪੀ ਭਾਸ਼ਾ ਦੀ ਸੰਤਾਨ ਹੈ। ਰਿਗ ਵੇਦ ਵਿੱਚ ਵੀ ਘੋੜਿਆਂ ਤੇ ਰੱਥਾਂ ਦਾ ਵਰਣਨ 1500 ਬੀ ਸੀ ਤੋਂ ਬਾਅਦ ਦਾ ਹੀ ਹੈ। ਹੜੱਪਨ ਸੀਲਾਂ ਤੇ ਛਾਪ ਭਾਵੇਂ ਅਜੇ ਪੜ੍ਹੀ ਨਹੀਂ ਗਈ, ਪਰ ਉਹ ਵੀ ਕਿਸੇ ਵੀ ਇੰਡੋ-ਯੂਰਪੀ ਲਿੱਪੀ ਨਾਲ ਨਹੀਂ ਮਿਲਦੀ। ਹੜੱਪਣ ਖੁਦਾਈਆਂ ’ਚੋਂ ਜੋ ਕੁਝ ਵੀ ਮਿਲਿਆ ਹੈ, ਸੀਲਾਂ ਵਗੈਰਾ, ਰਿਗ ਵੇਦ ਵਿੱਚ ਉਨ੍ਹਾਂ ’ਚੋਂ ਕਿਸੇ ਦਾ ਵੀ ਜ਼ਿਕਰ ਨਹੀਂ ਹੈ। ਜੇਕਰ ਰਿਗ ਵੇਦ ਹੜੱਪਨਾਂ ਦਾ ਸਮਕਾਲੀ ਹੁੰਦਾ ਤਾਂ ਉਨ੍ਹਾਂ ਬਾਰੇ ਉਸ ਵਿੱਚ ਕੋਈ ਵਰਣਨ ਤਾਂ ਹੁੰਦਾ।

ਮੈਂ ਉੱਪਰ ਵੀ ਦੱਸਿਆ ਹੈ ਕਿ ਕਈ ਆਰੀਆ ਲੋਕਾਂ ਦੇ ਕਈ ਗਰੁੱਪ ਸਰਸਵਤੀ (ਘੱਗਰ) ਦੇ ਸੁੱਕਣ ਤੋਂ ਪਹਿਲਾਂ ਹੀ ਏਧਰ ਆਉਣ ਲੱਗ ਪਏ ਸਨ, ਉਨ੍ਹਾਂ ਦੀ ਯਾਦਦਾਸ਼ਤ ’ਚੋਂ ਹੀ ਵਿਸ਼ਾਲ ਵਗਦੀ ਸਰਸਵਤੀ ਦੀ ਮਹਾਨਤਾ ਰਿਗ ਵੇਦ ਵਿੱਚ ਸ਼ਾਮਲ ਹੋ ਗਈ ਹੋਵੇਗੀ, ਪਰ ਨਵੀਂ ਖੋਜ ਅਨੁਸਾਰ ਆਰੀਆਂ ਦੇ ਬਾਹਰੋਂ ਆਏ ਹੋਣ ਦਾ ਵੱਡਾ ਸਬੂਤ ਮੈਂ ਅੱਗੇ ਦੱਸ ਰਿਹਾ ਹਾਂ।

ਉੱਜੜ ਚੁੱਕੇ ਲੇਟਹੜੱਪਣ ਪੱਥਰ ਯੁੱਗ ਗਏ ਸਨ : ਸਭ ਪੁਸਤਕਾਂ, ਖੋਜ ਲੇਖਾਂ ਤੇ ਖੁਦਾਈ ਕੀਤੇ ਸਥਾਨਾਂ ਤੋਂ ਇਹ ਪ੍ਰਮਾਣ ਮਿਲਦੇ ਹਨ ਕਿ ਲੰਬੇ ਕਾਲ ਪੈਣ ’ਤੇ ਮੈਚਿਉਰ (ਉੱਨਤ) ਹੜੱਪਨ ਉੱਜੜ ਗਏ ਤੇ ਉੱਤਰ-ਪੂਰਬ ਵੱਲ ਚਲੇ ਗਏ। ਉਨ੍ਹਾਂ ਦੀ ਸਾਰੀ ਵਸਤੂ/ਪਦਾਰਥਕ ਸੱਭਿਅਤਾ ਖਤਮ ਹੋ ਗਈ। ਦੁਨੀਆ ਨਾਲ ਵਪਾਰਕ ਸੰਬੰਧ ਵੀ ਬਿਲਕੁਲ ਟੁੱਟ ਗਏ। ਫਿਰ ਉਹ ਨਿੱਤਾ ਪ੍ਰਤੀ ਦੀ ਵਰਤੋਂ ਵਿੱਚ ਕਿਹੜੇ ਔਜ਼ਾਰ ਵਰਤਦੇ ਹੋਣਗੇ ? ਇਹ ਕਦੀ ਕਿਸੇ ਨੇ ਸੋਚਿਆ ਹੀ ਨਹੀਂ। ਉਹ ਨਿੱਘਰ ਚੁੱਕੀ ਵੱਸੋਂ ਕਈ ਥਾਂਵਾਂ ’ਤੇ ਖਿੱਲਰ ਗਈ ਸੀ ਤੇ ਨਵੇਂ ਥਾਂਵਾਂ ’ਤੇ 800-900 ਸਾਲ ਤੱਕ ਚੱਲਦੀ ਵੀ ਰਹੀ। ਹਜ਼ਾਰਾਂ ਖੋਜੀ ਕਿੰਨੇ ਹੀ ਲੇਟ ਹੜੱਪਨ ਥਾਂਵਾਂ ਦੀ ਖੁਦਾਈ ਅਤੇ ਸਤ੍ਹਾ ਤੋਂ ਖੋਜ ਕਰ ਚੁੱਕੇ ਹਨ, ਕਿਸੇ ਨੇ ਵੀ ਇਹ ਨਹੀਂ ਜਾਂਚਿਆ ਕਿ ਉਹ ਸੰਦਾਂ ਤੋਂ ਬਿਨਾਂ ਕਿਵੇਂ ਜਿਊਂਦੇ ਹੋਣਗੇ। ਅਸੀਂ ਪਿਛਲੇ ਦਹਾਕੇ ਦੌਰਾਨ ਲੇਟ ਹੜੱਪਨ ਥਾਂਵਾਂ ਦੀ ਭਰਪੂਰ ਖੋਜ ਕੀਤੀ ਤੇ ਦੇਖਿਆ ਕਿ ਕਈ ਥਾਂਵਾਂ ਤੋਂ ਹੜੱਪਨ ਠੀਕਰਾਂ ਦੇ ਨਾਲ-ਨਾਲ ਪੱਥਰ ਦੇ ਸੰਦ ਵੀ ਮਿਲ ਰਹੇ ਹਨ। ਅਸੀਂ ਸੰਨ 2003-2004 ਵਿੱਚ ਹਿਮਾਚਲ ਦੇ ਪਿੰਡ ਜੰਡੋਰੀ ਕੋਲ ਇੱਕ ਖੁਦਾਈ ਕੀਤੀ। ਖੁਦਾਈ ਵਿੱਚੋਂ ਹਜ਼ਾਰਾਂ ਪੱਥਰ-ਸੰਦ ਮਿਲੇ ਤੇ ਹੈਰਾਨੀ ਵਾਲੀ ਗੱਲ ਇਹ ਕਿ ਵਿੱਚੋਂ ਬਹੁਤ ਸਾਰੀਆਂ ਲੇਟ-ਹੜੱਪਨ ਠੀਕਰਾਂ ਵੀ ਮਿਲ ਗਈਆਂ (ਵੇਖੋ ਚਿੱਤਰ)। ਉਨ੍ਹਾਂ ਦੀ ਆਯੂ ਨਿਰਧਾਰਣ ਕੀਤੀ ਤਾਂ ਉਹ 4000 ਸਾਲ ਪੂਰਵ ਦੇ ਨੇੜੇ ਤੇੜੇ ਹੀ ਨਿਕਲੀ। ਫਿਰ ਬਾੜਾ (ਰੋਪੜ) ਦੇ ਥੇਹ ਉੱਪਰੋਂ ਸੰਨ 2006 ਵਿੱਚ ਪੱਥਰ ਦੇ ਕਈ ਸੰਦ ਚੁੱਕੇ ਅਤੇ ਉਸ ਦੀ ਖੁਦਾਈ (ਜੋ ਕਿ ਪੁਰਾਤੱਤਵ ਵਿਭਾਗ ਦੇ ਆਰਿਆਲੋਜਿਸਟ ਨੇ 2007 ਵਿੱਚ ਕੀਤੀ) ਵਿੱਚੋਂ ਵੀ ਬਹੁਤ ਸਾਰੇ ਉਹੋ ਜਿਹੇ ਪੱਥਰ ਸੰਦ ਮਿਲ ਗਏ। ਲੇਟ ਹੜੱਪਨ ਸਾਈਟ ਢੇਰ-ਮਾਜਰਾ (ਰੋਪੜ) ਦੇ ਢਹਿ ਚੁੱਕੇ ਥੇਹ ਵਿੱਚੋਂ ਵੀ ਬਾੜਾ-ਟਾਈਪ ਠੀਕਰਾਂ ਦੇ ਨਾਲ-ਨਾਲ ਬਹੁਤ ਸਾਰੇ ਪੱਥਰ ਸੰਦ ਵੀ ਮਿਲੇ, ਜਿਨ੍ਹਾਂ ਨੂੰ ਹੁਣ ਤੱਕ ਲੱਖ ਤੋਂ ਵੱਧ ਸਾਲ ਪੁਰਾਣੇ ਸੋਆਨੀਅਨ ਟੂਲ ਹੀ ਸਮਝਿਆ ਜਾ ਰਿਹਾ ਸੀ ਕਿਉਂਕਿ ਆਯੂ-ਨਿਰਧਾਰਣ ਦਾ ਨਵਾਂ/ਸਹੀ ਢੰਗ ਕਿਸੇ ਨੇ ਨਹੀਂ ਸੀ ਵਰਤਿਆ। ਨੰਗਲ ਕੋਲ ਦਰਿਆ ਸਤਲੁਜ ਦੀਆਂ ਟੈਰੇਸਾਂ ਤੋਂ ਹੜੱਪਨ ਠੀਕਰਾਂ ਨਾਲ ਸਮਕਾਲੀ ਪੱਥਰ ਦੇ ਸੰਦ ਲੱਭ ਲਏ ਤੇ ਜਦੋਂ ਉਸ ਟੈਰੇਸ ਦਾ ਆਯੂ ਨਿਰਧਾਰਣ ਕਰਵਾਇਆ ਗਿਆ ਤਾਂ ਉਹ ਵੀ 4000 ਸਾਲ ਪੂਰਵ ਦੇ ਕਰੀਬ ਹੀ ਨਿਕਲਿਆ। ਉਹ ਸਮਾਂ ਲੇਟ ਹੜੱਪਨਾਂ ਦਾ ਹੀ ਸੀ। ਪੱਥਰ-ਸੰਦ ਏਨੇ ਨੇੜੇ ਦੇ ਕਾਲ ਵਿੱਚੋਂ ਮਿਲ ਗਏ ? ਸਾਨੂੰ (ਮੈਨੂੰ ਤੇ ਡਾ: ਅਨੁਜੋਤ ਸਿੰਘ ਨੂੰ) ਕਈ ਹੋਰ (ਕਰੀਬ 32) ਥਾਂਵਾਂ ਤੋਂ ਵੀ ਹੜੱਪਨ ਠੀਕਰਾਂ ਦੇ ਨਾਲ ਪੱਥਰ-ਸੰਦ ਮਿਲ ਚੁੱਕੇ ਹਨ। ਇਹ ਸਭ ਕੀ ਸਿੱਧ ਕਰਦਾ ਹੈ ? ਇਹ ਕਿ ਗਰਕ ਹੋ ਚੁੱਕੇ ਹੜੱਪਨ ਫਿਰ ਉੱਨਤੀ ਕਰਕੇ ਛੇਤੀ ਹੀ ਰੱਥਾਂ-ਘੋੜਿਆਂ ਵਾਲੇ ਬਲਵਾਨ ਆਰੀਆ ਨਹੀਂ ਬਣ ਸਕਦੇ ਸਨ।

ਮੂਲ-ਵਾਸੀ ਪੱਖੀ ਇਤਿਹਾਸਕਾਰ ਜੋ ਕਹਿੰਦੇ ਹਨ ਕਿ ਉੱਨਤ ਹੜੱਪਨ ਕਾਲ ਪੈਣ ’ਤੇ ਉਂਜ ਦੇ ਉਂਜ ਗੰਗਾ ਘਾਟੀ ਵੱਲ ਧਾ ਗਏ ਸਨ, ਉਹ ਇਸ ਖੋਜ ਉਪਰੰਤ ਬਿਲਕੁਲ ਪੱਕਾ ਗਲਤ ਸਿੱਧ ਹੋ ਜਾਂਦਾ ਹੈ। ਉਨ੍ਹਾਂ ’ਚ ਤਾਂ ਰਿਹਾ ਹੀ ਕੁਝ ਨਹੀਂ ਸੀ। ਤਾਂਬਾ ਮਿਲਨਾ ਬੰਦ ਹੋ ਗਿਆ (ਵਪਾਰ ਖਤਮ ਹੋ ਗਿਆ ਸੀ)। ਸਿਰਫ ਖਾਣ ਪੀਣ ਜੋਗਾ ਪ੍ਰਬੰਧ ਸ਼ਿਵਾਲਿਕ ਦੀਆਂ ਅਜੇ ਜੀਵਤ ਨਦੀਆਂ ਕਿਨਾਰੇ ਮਿਲਦਾ ਰਿਹਾ। ਉਹ ਫਿਰ ਹੰਟਰ-ਗੈਦਰਰ ਬਣ ਗਏ ਤੇ ਬੱਸ ਪੱਥਰ ਦੇ ਸੰਦ ਵਰਤਣ ਜੋਗੇ ਰਹਿ ਗਏ। ਗੰਗਾ ਜਮਨਾ ਕੰਢੇ ਉਨ੍ਹਾਂ ਨੂੰ ਧਾਤਾਂ ਤੇ ਹੋਰ ਸਮੱਗਰੀ ਕਿੱਥੋਂ ਮਿਲ ਜਾਣੀ ਸੀ ? ਓਦੋਂ ਹੀ ਬਾਹਰੋਂ ਆਏ ਆਰੀਆ ਲੋਕਾਂ ਨੇ ਉਨ੍ਹਾਂ ਦੇ ਬਚੇ ਖੁਚੇ ਸਥਾਨਾਂ ’ਤੇ ਕਬਜ਼ਾ ਕਰਕੇ ਆਪਣੇ ਅਧੀਨ ਕਰ ਲਿਆ। ਹਮਲਾ ਕੋਈ ਨਹੀਂ ਹੋਇਆ। ਸ਼ਾਇਦ ਕੋਈ ਖਾਸ ਲੜਾਈਆਂ ਵੀ ਨਾਂ ਹੋਈਆਂ ਹੋਣ। ਕਮਜੋਰ ਹੋ ਚੁੱਕੇ ਹੜੱਪਨਾਂ ਉੱਤੇ ਕਿਸੇ ਨੇ ਕੀ ਹਮਲਾ ਕਰਨਾ ਸੀ ? ਦੋਵਾਂ ਸਵੈ-ਵਿਰੋਧੀ ਬਹਿਸ ਕਰਨ ਵਾਲਿਆਂ ਨੂੰ ਸਾਡੀ ਨਵੀਂ ਖੋਜ ਦਾ ਤਾਂ ਪਤਾ ਹੀ ਨਹੀਂ, ਕਿ ਖੋਜ ਦੇ ਇਤਿਹਾਸ ਵਿੱਚ ਪਹਿਲੀ ਵਾਰ ਖੁਦਾਈ ’ਚੋਂ ਲੇਟ-ਹੜੱਪਨ ਠੀਕਰਾਂ ਦੇ ਨਾਲ ਪੱਕੇ ਪੱਥਰ-ਸੰਦ ਵੀ ਮਿਲ ਗਏ ਹਨ ! ਇਹ ਤੱਥ ਪੂਰਣ ਰੂਪ ਵਿੱਚ ਸਿੱਧ ਕਰਦਾ ਹੈ ਕਿ ਆਰੀਆ ਹੜੱਪਨਾਂ ’ਚੋਂ ਨਹੀਂ ਉਪਜੇ, ਨਾ ਹੀ ਉੱਨਤ ਹੜੱਪਨ ਆਰੀਆ ਸਨ ਕਿਉਂਕਿ ਹੜੱਪਨਾਂ ਦੀ ਤਾਕਤ ਤਾਂ ਲਗਭਗ ਖਤਮ ਹੀ ਹੋ ਗਈ ਸੀ। ਆਰੀਆ ਬਾਹਰੋਂ ਹੀ ਆਏ ਸਨ। ਮੈਨੂੰ ਜਾਪਦਾ ਹੈ ਕਿ ਸਾਰੇ ਲੇਟ ਹੜੱਪਨਾਂ ਨੂੰ ਆਉਣ ਵਾਲੀ ਵੈਦਿਕ ਸੱਭਿਅਤਾ ਨੇ ਪਛੜੇ ਕਮਜ਼ੋਰ ਵਰਗ ਬਣਾ ਦਿੱਤਾ ਹੋਊ। ਮਨੂੰ ਦੀ ਵਰਗ-ਵੰਡ ਸ਼ਾਇਦ ਏਦਾਂ ਹੀ ਕੀਤੀ ਗਈ ਹੋਵੇ !

ਮੈਂ ਵੇਦਾਂ ਦੀ ਮਹੱਤਤਾ ਤੇ ਮਹਾਨਤਾ ਦੀ ਬਹੁਤ ਕਦਰ ਕਰਦਾ ਹਾਂ ਕਿਉਂਕਿ ਉਹ ਗਿਆਨ ਭਰਪੂਰ ਗ੍ਰੰਥ ਹਨ, ਪਰ ਸਮੇਂ ਵਿੱਚ ਆਪਣੀ ਸੱਭਿਅਤਾ ਨੂੰ ਜ਼ਰੂਰਤ ਨਾਲੋਂ ਜ਼ਿਆਦਾ ਪੁਰਾਣੀ ਦੱਸ ਕੇ ਅਸੀਂ ਕੋਈ ਬਹੁਤੇ ਵੱਡੇ ਨਹੀਂ ਹੋ ਜਾਵਾਂਗੇ ਤੇ ਜੇ ਅਸੀਂ ਆਪਣੇ ਆਪ ਨੂੰ ਹਜ਼ਾਰਾਂ ਸਾਲ ਪਹਿਲਾਂ ਬਾਹਰੋਂ ਆਉਣ ਵਾਲੀ ਵਾਸਤਵਿਕਤਾ ਨੂੰ ਵੀ ਮੰਨ ਲਈਏ ਤਾਂ ਕੋਈ ਛੋਟੇ ਨਹੀਂ ਹੋ ਜਾਵਾਂਗੇ। ਆਖ਼ਿਰ ਸਾਰੀ ਮਨੁੱਖਤਾ ਲੱਖਾਂ ਸਾਲ ਪਹਿਲਾਂ ਅਫਰੀਕਾ ’ਚੋਂ ਹੀ ਨਿਕਲੀ ਸੀ। ਅਸੀਂ ਓਦੋਂ ਵੀ ਤਾਂ ਬਾਹਰੋਂ ਹੀ ਆਏ ਸਾਂ ! ਅਫਰੀਕਾ ਦੇ ਹੋਮੋਇਰੈਕਟਸ ਦੀ ਇੱਕ ਸ਼ਾਖਾ ’ਚੋਂ ਆਧੁਨਿਕ ਮਨੁੱਖ ਉਤਪੰਨ ਹੋਇਆ ਸੀ। ਓਥੋਂ ਹੀ ਸਾਰੇ ਵਿਸ਼ਵ ਵਿੱਚ ਫੈਲ ਗਿਆ ਸੀ। ਜੇ ਅਸੀਂ ਦਾਅਵਾ ਕਰਨ ਲੱਗੀਏ ਕਿ ਸਾਰੀ ਮਾਨਵਤਾ ਦਾ ਉਦਗਮ ਸਥਾਨ ਹੀ ਭਾਰਤ ਹੈ, ਤਾਂ ਕਿੱਡੀ ਹਾਸੋਹੀਣੀ ਗੱਲ ਹੋਵੇਗੀ, ਪਰ ਕੁਝ ਲੋਗ ਇਹ ਵੀ ਕਹਿ ਦਿੰਦੇ ਹਨ।

ਭਾਈ ਤਾਰੂ ਸਿੰਘ ਜੀ

0

ਭਾਈ ਤਾਰੂ ਸਿੰਘ ਜੀ

ਬਲਰਾਜ ਸਿੰਘ

ਭਾਈ ਤਾਰੂ ਸਿੰਘ ਪਿੰਡ ਪੂਹਲੇ ਦਾ ਰਹਿਣ ਵਾਲਾ ਸੰਧੂ ਗੋਤਰ ਦਾ ਇੱਕ ਭਜਨੀਕ ਗੁਰਸਿੱਖ ਸੀ, ਜੋ ਖੇਤੀਬਾੜੀ ਕਰ ਕੇ ਆਪਣਾ ਗੁਜ਼ਾਰਾ ਕਰਦਾ ਸੀ। ਆਉਂਦੇ ਜਾਂਦੇ ਸਿੱਖਾਂ ਦੇ ਜਥੇ ਉਸ ਕੋਲ ਲੰਗਰ ਪਾਣੀ ਛੱਕ ਜਾਂਦੇ ਸਨ। ਇਹ ਪਿੰਡ ਹੁਣ ਜਿਲ੍ਹਾ ਤਰਨਤਾਰਨ ਦੇ ਥਾਣਾ ਭਿੱਖੀਵਿੰਡ ਅਧੀਨ ਆਉਂਦਾ ਹੈ ਤੇ ਭਿੱਖੀਵਿੰਡ ਤੋਂ ਕਰੀਬ 5-6 ਕਿਲੋਮੀਟਰ ਲਹਿੰਦੇ ਵੱਲ ਹੈ। ਭਾਈ ਤਾਰੂ ਸਿੰਘ ਦੇ ਪਿਤਾ ਦਾ ਨਾਮ ਸ. ਜੋਧ ਸਿੰਘ ਸੀ ਤੇ ਮਾਤਾ ਦਾ ਨਾਮ ਬੀਬੀ ਧਰਮ ਕੌਰ ਸੀ।  ਇੱਕ ਛੋਟੀ ਭੈਣ ਸੀ, ਜਿਸ ਦਾ ਨਾਮ ਤਾਰੋ ਸੀ।  ਭਾਈ ਤਾਰੂ ਸਿੰਘ ਦੇ ਪਿਤਾ ਦੀ ਮੌਤ ਉਸ ਦੇ ਬਚਪਨ ਵਿੱਚ ਹੀ ਹੋ ਗਈ ਸੀ। ਭਾਈ ਤਾਰੂ ਸਿੰਘ ਦਾ ਪਾਲਣ ਪੋਸ਼ਣ ਉਸ ਦੀ ਮਾਤਾ ਨੇ ਗੁਰਬਾਣੀ ਦੇ ਮੁਤਾਬਕ ਕੀਤਾ ਸੀ। ਇਸ ਲਈ ਉਹ ਬਚਪਨ ਤੋਂ ਹੀ ਹਰੇਕ ਦੀ ਮਦਦ ਕਰਨ ਵਾਲਾ ਬੜਾ ਧਾਰਮਿਕ ਤੇ ਸੱਚਾ ਸੁੱਚਾ ਇਨਸਾਨ ਸੀ।  ਇੱਕ ਦਿਨ ਪੱਟੀ ਇਲਾਕੇ ਦਾ ਮਛੇਰਾ ਰਹੀਮ ਬਖ਼ਸ਼, ਬੜੀ ਆਸ ਲੈ ਕੇ ਉਸ ਕੋਲ ਆਇਆ ਤੇ ਰੋਣ ਲੱਗਾ ਕਿ ਪੱਟੀ ਦੇ ਫ਼ੌਜਦਾਰ ਨੇ ਜ਼ਬਰਦਸਤੀ ਉਸ ਦੀ ਜਵਾਨ ਬੇਟੀ ਆਪਣੇ ਘਰ ਪਾ ਲਈ ਹੈ, ਕੋਈ ਵੀ ਉਸ ਦੀ ਫ਼ਰਿਆਦ ਨਹੀਂ ਸੁਣ ਰਿਹਾ। ਭਾਈ ਤਾਰੂ ਸਿੰਘ ਨੇ ਸ਼ਰਨ ਪਏ ਦੀ ਮਦਦ ਕਰਨ ਲਈ ਸਿੰਘਾਂ ਦੇ ਜਥੇ ਨੂੰ ਬੁਲਾ ਕੇ ਪੱਟੀ ’ਤੇ ਹਮਲਾ ਕਰਵਾ ਦਿੱਤਾ। ਲੜਾਈ ਵਿੱਚ ਫ਼ੌਜਦਾਰ ਮਾਰਿਆ ਗਿਆ ਤੇ ਲੜਕੀ ਮਛੇਰੇ ਨੂੰ ਵਾਪਸ ਮਿਲ ਗਈ।  ਸਿੰਘ ਤਾਂ ਕੰਮ ਕਰ ਕੇ ਜੰਗਲ਼ਾਂ ਨੂੰ ਤੁਰ ਗਏ, ਪਰ ਜੰਡਿਆਲਾ ਗੁਰੂ ਦੇ ਬਦਨਾਮ ਸਰਕਾਰੀ ਚੁਗ਼ਲ ਆਕਿਲ ਦਾਸ (ਹਰਿਭਗਤ ਨਿਰੰਜਨੀਆਂ) ਨੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਕੋਲ ਚੁਗ਼ਲੀ ਕੀਤੀ ਕਿ ਇਸ ਸਾਰੇ ਕਾਂਡ ਦਾ ਕਰਤਾ ਧਰਤਾ ਭਾਈ ਤਾਰੂ ਸਿੰਘ ਹੈ।  ਜ਼ਕਰੀਆ ਖ਼ਾਨ ਨੇ ਉਸੇ ਵੇਲੇ ਇੱਕ ਹਜ਼ਾਰ ਫ਼ੌਜੀ ਮੋਮਨ ਖ਼ਾਨ ਫ਼ੌਜਦਾਰ ਦੀ ਕਮਾਨ ਹੇਠ ਪੂਹਲੇ ਪਿੰਡ ਵੱਲ ਨੂੰ ਤੋਰ ਦਿੱਤੇ। ਉਹ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਵੱਲ ਨੂੰ ਚੱਲ ਪਏ।

ਰਾਤ ਨੂੰ ਫ਼ੌਜ ਨੇ ਪਿੰਡ ਭੜਾਨੇ ਪੜਾਅ ਕੀਤਾ। ਪਿੰਡ ਵਾਸੀਆਂ ਨੇ ਭਾਈ ਤਾਰੂ ਸਿੰਘ ਨੂੰ ਮਿਲਣ ਦਾ ਪ੍ਰਬੰਧ ਕਰ ਲਿਆ। ਉਹਨਾਂ ਨੇ ਤਾਕਤ ਨਾਲ ਭਾਈ ਤਾਰੂ ਸਿੰਘ ਨੂੰ ਛੁਡਾਉਣ ਦੀ ਮੰਸ਼ਾ ਜ਼ਾਹਰ ਕੀਤੀ, ਪਰ ਭੜਾਣੀਏਂ ਸਿੱਖਾਂ ’ਤੇ ਸਰਕਾਰੀ ਕਹਿਰ ਟੁੱਟਣ ਦੇ ਖ਼ਤਰੇ ਕਾਰਨ ਉਹ ਨਾ ਮੰਨਿਆਂ। ਲਾਹੌਰ ਉਸ ਨੂੰ ਜ਼ਕਰੀਆ ਖ਼ਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਜ਼ਕਰੀਆ ਖ਼ਾਨ ਨੇ ਉਸ ਨੂੰ ਮੌਤ ਜਾਂ ਇਸਲਾਮ ਚੁਣਨ ਲਈ ਕਿਹਾ। ਅੱਗੇ ਕਿਸੇ ਸਿੱਖ ਨੇ ਧਰਮ ਛੱਡਿਆ ਸੀ, ਜੋ ਭਾਈ ਤਾਰੂ ਸਿੰਘ ਛੱਡ ਦਿੰਦੇ ? ਜਦੋਂ ਸੂਬੇ ਨੇ ਕਿਹਾ ਕਿ ਜੇ ਧਰਮ ਨਾ ਛੱਡਿਆ ਤਾਂ ਮਾਰ ਦਿੱਤਾ ਜਾਵੇਂਗਾ ਤਾਂ ਭਾਈ ਤਾਰੂ ਸਿੰਘ ਨੇ ਕਿਹਾ, ‘ਜੇ ਮੈਂ ਇਸਲਾਮ ਕਬੂਲ ਕਰ ਲਵਾਂ ਤਾਂ ਕੀ ਫਿਰ ਮੈਨੂੰ ਮੌਤ ਨਹੀਂ ਆਵੇਗੀ ?’  ਇਸ ’ਤੇ ਗੁਸੇ ਵਿੱਚ ਆ ਕੇ ਸੂਬੇ ਨੇ ਉਸ ਨੂੰ ਜੇਲ੍ਹ ਵਿੱਚ ਸੁੱਟ ਕੇ ਤਸੀਹੇ ਦੇਣੇ ਸ਼ੁਰੂ ਕਰ ਦਿੱਤੇ।  ਉਸ ਦੇ ਸਾਹਮਣੇ ਹੀ ਭਾਈ ਮਹਿਤਾਬ ਸਿੰਘ ਮੀਰਾਂਕੋਟੀਆ ਅਤੇ ਸ. ਦਿਆਲ ਸਿੰਘ ਸਹਿੰਸਰੇ ਵਾਲਾ ਚਰਖੜੀ ਉੱਤੇ ਅਤੇ ਸ. ਗਰਜਾ ਸਿੰਘ ਨੂੰ ਸੂਲੀ ’ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ। ਕਈ ਦਿਨਾਂ ਬਾਅਦ ਜਦੋਂ ਦੁਬਾਰਾ ਭਾਈ ਤਾਰੂ ਸਿੰਘ ਨੂੰ ਸੂਬੇ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਸ ਅਤੇ ਜ਼ਕਰੀਆ ਖ਼ਾਨ ਦਰਮਿਆਨ ਸਿੱਖ ਇਤਿਹਾਸ ਦਾ ਪ੍ਰਸਿੱਧ ਸੰਵਾਦ ਹੋਇਆ। ਜ਼ਕਰੀਆ ਖ਼ਾਨ ਦੇ ਬਾਰ ਬਾਰ ਕੇਸ ਕਤਲ ਕਰਾਉਣ ਲਈ ਕਹਿਣ ਤੋਂ ਬਾਅਦ ਵੀ ਭਾਈ ਤਾਰੂ ਸਿੰਘ ਨਾ ਮੰਨਿਆਂ ਤਾਂ ਸੂਬੇ ਨੇ ਖਿੱਝ ਕੇ ਕਿਹਾ, ਤੈਨੂੰ ਕੇਸਾਂ ਦਾ ਬੜਾ ਮਾਣ ਐ, ਮੈਂ ਤੇਰੇ ਕੇਸ ਜੁੱਤੀਆਂ ਨਾਲ ਉੱਡਾ ਦਿਆਂਗਾ। ਭਾਈ ਤਾਰੂ ਸਿੰਘ ਨੇ ਅੱਗੋਂ ਜਗਤ ਪ੍ਰਸਿੱਧ ਜਵਾਬ ਦਿੱਤਾ, ‘ਮੇਰੀ ਸਿੱਖੀ ਤਾਂ ਕੇਸਾਂ ਸਵਾਸਾਂ ਨਾਲ ਨਿਭ ਜਾਵੇਗੀ, ਪਰ ਤੈਨੂੰ ਖਾਲਸੇ ਦੀ ਜੁੱਤੀ ਅੱਗੇ ਲੱਗਣਾ ਪਵੇਗਾ।’  ਸੂਬੇ ਨੇ ਸੜ ਬਲ਼ ਕੇ ਹੁਕਮ ਦਿੱਤਾ ਕਿ ਇਸ ਦੇ ਕੇਸ ਸਣੇ ਖੋਪੜੀ ਲਾਹ ਦਿਓ ਤਾਂ ਜੋ ਦੁਬਾਰਾ ਕਦੇ ਵੀ ਇਸ ਦੇ ਸਿਰ ’ਤੇ ਕੇਸ ਨਾ ਆਉਣ। ਜ਼ਲਾਦ ਨੇ ਨਖਾਸ ਚੌਂਕ ਅੰਦਰ ਸਿਰ ਦੀ ਚਮੜੀ, ਸਣੇ ਕੇਸਾਂ ਦੇ ਤਿੱਖੀ ਛੁਰੀ ਨਾਲ ਖੁਰਚ ਕੇ ਉਤਾਰ ਦਿੱਤੀ। ਭਾਈ ਸਾਹਿਬ ਨੇ ਬੜੇ ਸਬਰ ਨਾਲ ਸਾਰਾ ਜ਼ੁਲਮ ਜਰ ਲਿਆ।

ਖੋਪੜੀ ਉਤਾਰਨ ਤੋਂ ਬਾਅਦ ਭਾਈ ਤਾਰੂ ਸਿੰਘ ਨੂੰ ਦੁਬਾਰਾ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਭਾਣਾ ਰੱਬ ਦਾ, ਜ਼ਕਰੀਆ ਖ਼ਾਨ ਨੂੰ ਪਿਸ਼ਾਬ ਦਾ ਬੰਨ੍ਹ ਪੈ ਗਿਆ। ਉਸ ਨੇ ਬੜੇ ਇਲਾਜ਼ ਕਰਵਾਏ ਪਰ ਬੰਨ੍ਹ ਨਾ ਖੁੱਲ੍ਹਿਆ। ਉਸ ਨੂੰ ਯਕੀਨ ਹੋ ਗਿਆ ਕਿ ਭਾਈ ਤਾਰੂ ਸਿੰਘ ਦੇ ਸਰਾਪ ਕਾਰਨ ਮੈਨੂੰ ਬੰਨ੍ਹ ਪਿਆ ਹੈ। ਉਸ ਨੇ ਸੁਬੇਗ ਸਿੰਘ ਨੂੰ ਭਾਈ ਤਾਰੂ ਸਿੰਘ ਦੀ ਮਿੰਨਤ ਕਰਨ ਲਈ ਭੇਜਿਆ। ਭਾਈ ਤਾਰੂ ਸਿੰਘ ਨੇ ਕਿਹਾ ਕਿ ਮੈਂ ਹੁਣ ਕੁਝ ਨਹੀਂ ਕਰ ਸਕਦਾ, ਪੰਥ ਨੂੰ ਬੇਨਤੀ ਕਰ ਕੇ ਵੇਖ ਲਓ।  ਸੁਬੇਗ ਸਿੰਘ ਨਜ਼ਰਾਨੇ ਲੈ ਕੇ ਅੰਮ੍ਰਿਤਸਰ ਪਹੁੰਚਿਆ। ਅੱਗੇ ਬੁੱਢਾ ਦਲ ਦਾ ਉਤਾਰਾ ਹੋਇਆ ਸੀ। ਉਸ ਨੇ ਨਵਾਬ ਕਪੂਰ ਸਿੰਘ ਨੂੰ ਬੇਨਤੀ ਕੀਤੀ।  ਪੰਥ ਦੇ ਇਕੱਠ ਵਿੱਚ ਫ਼ੈਸਲਾ ਹੋਇਆ ਕਿ ਸੰਤ ਸਰੂਪ ਭਾਈ ਤਾਰੂ ਸਿੰਘ ਨੂੰ ਕਸ਼ਟ ਦੇਣ ਵਾਲੇ ਸੂਬੇਦਾਰ ਦਾ ਅੱਵਲ ਤਾਂ ਭਲਾ ਹੋ ਨਹੀਂ ਸਕਦਾ, ਪਰ ਫਿਰ ਵੀ ਭਾਈ ਤਾਰੂ ਸਿੰਘ ਦੀ ਜੁੱਤੀ ਸੂਬੇਦਾਰ ਦੇ ਸਿਰ ਵਿੱਚ ਮਾਰ ਕੇ ਵੇਖ ਲਓ ਸ਼ਾਇਦ ਬੰਨ੍ਹ ਖੁਲ੍ਹ ਜਾਵੇ।  ਸੂਬੇਦਾਰ ਨੇ ਇਹੀ ਗ਼ਨੀਮਤ ਸਮਝੀ।  ਜਦੋਂ ਭਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਆ ਖ਼ਾਨ ਦੇ ਸਿਰ ਵਿੱਚ ਵੱਜਦੀ ਤਾਂ ਉਸ ਨੂੰ ਖੁਲ੍ਹ ਕੇ ਪਿਸ਼ਾਬ ਆ ਜਾਂਦਾ। ਇਸ ਉਪਕਾਰ ਬਦਲੇ ਸੁਬੇਗ ਸਿੰਘ ਨੂੰ ਲਾਹੌਰ ਦਾ ਕੋਤਵਾਲ ਨਿਯੁਕਤ ਕੀਤਾ ਗਿਆ। ਉਸ ਨੇ ਜਗ੍ਹਾ-ਜਗ੍ਹਾ ’ਤੇ ਲਟਕਾਏ ਸਿੱਖਾਂ ਦੇ ਸਿਰ ਉਤਾਰ ਕੇ ਅੰਤਿਮ ਸੰਸਕਾਰ ਕਰਵਾਏ ਅਤੇ ਸ਼ਹੀਦ ਗੰਜ ਬਣਵਾਇਆ।  ਅਖੀਰ ਆਪਣੇ ਪਾਪਾਂ ਦਾ ਫਲ਼ ਭੋਗ ਕੇ 30 ਜੂਨ ਨੂੰ ਸੂਬੇਦਾਰ ਜ਼ਕਰੀਆ ਖ਼ਾਨ ਨਰਕਾਂ ਨੂੰ ਤੁਰ ਗਿਆ। ਜਦ ਇਹ ਖ਼ਬਰ ਭਾਈ ਤਾਰੂ ਸਿੰਘ ਤੱਕ ਪਹੁੰਚੀ ਤਾਂ ਉਹ ਵੀ ਖੋਪਰੀ ਲੱਥਣ ਤੋਂ 6 ਦਿਨ ਬਾਅਦ ਪਹਿਲੀ ਜੁਲਾਈ 1745 ਈ. ਨੂੰ 25 ਸਾਲ ਦੀ ਉਮਰ ਵਿੱਚ ਗੁਰੂ ਚਰਨਾਂ ਵਿੱਚ ਜਾ ਬਿਰਾਜੇ।

1762 ਈ. ਵਿੱਚ ਜਦੋਂ ਭੰਗੀ ਸਰਦਾਰਾਂ ਨੇ ਲਾਹੌਰ ਉੱਤੇ ਕਬਜ਼ਾ ਕੀਤਾ ਤਾਂ ਉਹਨਾ ਨੇ ਭਾਈ ਸਾਹਿਬ ਦੀ ਯਾਦ ਵਿੱਚ ਉਸ ਜਗ੍ਹਾ ’ਤੇ (ਨੌ ਲੱਖਾ ਬਜ਼ਾਰ ਦੇ ਨਜ਼ਦੀਕ) ਗੁਰਦਵਾਰਾ ਸ਼ਹੀਦ ਗੰਜ ਭਾਈ ਤਾਰੂ ਸਿੰਘ ਉਸਾਰਿਆ। ਅੰਗਰੇਜ਼ ਰਾਜ ਸਮੇਂ ਇਸ ਜਗ੍ਹਾ ਦੀ ਮਲਕੀਅਤ ਲਈ ਬੜੇ ਮੁਕੱਦਮੇ ਚੱਲੇ ਪਰ 1940 ਵਿੱਚ ਲਾਹੌਰ ਹਾਈ ਕੋਰਟ ਦੀ ਡਬਲ ਬੈਂਚ ਨੇ ਹਮੇਸ਼ਾਂ ਲਈ ਇਸ ਗੁਰਦਵਾਰੇ ’ਤੇ ਸਿੱਖਾਂ ਦਾ ਅਧਿਕਾਰ ਮੰਨ ਲਿਆ।  ਹੁਣ ਇਹ  ਗੁਰੂ ਘਰ ਪਾਕਿਸਤਾਨੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ।  ਭਾਰਤ ਅਤੇ ਵਿਦੇਸ਼ਾਂ ਤੋਂ ਜਥੇ ਇੱਥੇ ਯਾਤਰਾ ਲਈ ਆਉਂਦੇ ਰਹਿੰਦੇ ਹਨ।

ਆਖ਼ਿਰ ਸਿੱਖ ਰਹਿਤ ਮਰਯਾਦਾ ਨੂੰ ਕਿਉਂ ਰੱਦ ਕੀਤਾ ਜਾਂਦਾ ਹੈ ?

0

ਆਖ਼ਿਰ ਸਿੱਖ ਰਹਿਤ ਮਰਯਾਦਾ ਨੂੰ ਕਿਉਂ ਰੱਦ ਕੀਤਾ ਜਾਂਦਾ ਹੈ ?

ਬੀਬੀ ਹਰਜੀਤ ਕੌਰ (ਬਠਿੰਡਾ)-94645-01618

16 ਜੂਨ 2023 ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਪਤ ਏਜੰਡੇ ਨਾਲ ਸੱਦੀ ਹੰਗਾਮੀ ਮੀਟਿੰਗ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਕੇ ਗਿਆਨੀ ਰਘਵੀਰ ਸਿੰਘ ਨੂੰ ਪੱਕੇ ਤੌਰ ’ਤੇ ਜਥੇਦਾਰ ਲਾਇਆ ਗਿਆ। ਇਸ ਵਿਸ਼ੇ ’ਤੇ ਇੱਕ ਟੀਵੀ ਚੈਨਲ ’ਤੇ ਹੋਈ ਡੀਬੇਟ ਦੌਰਾਨ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਸ੍ਰੋਮਣੀ ਕਮੇਟੀ ਦੇ ਨੁੰਮਾਇੰਦੇ ਨੂੰ ਪੁੱਛਿਆ ਕਿ ਜਿਸ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਫ਼ਖ਼ਰ-ਏ-ਕੌਮ ਪੰਥ ਰਤਨ’ ਦਾ ਖ਼ਿਤਾਬ ਦਿੱਤਾ ਗਿਆ ਸੀ, ਤੁਸੀਂ ਉਸ ਦੇ ਸਿਵੇ ਨੂੰ ਫਰੋਲਿਆ ਅਤੇ ਉਸ ਦੇ ਫੁੱਲ ਕੀਰਤਪੁਰ ਪਾ ਕੇ ਆਏ; ਕੀ ਇਹ ਸਿੱਖ ਰਹਿਤ ਮਰਯਾਦਾ ਅਨੁਸਾਰ ਠੀਕ ਹੈ ? ਸ੍ਰੋਮਣੀ ਕਮੇਟੀ ਵੱਲੋਂ ਡਿਬੇਟ ’ਚ ਭਾਗ ਲੈ ਰਹੇ ਸ੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਆਪਣੀ ਕਮੇਟੀ ਵੱਲੋਂ ਤਿਆਰ ਕੀਤੀ ਅਤੇ ਛਾਪ ਕੇ ਵੰਡੀ ਤੇ ਪ੍ਰਚਾਰੀ ਜਾ ਰਹੀ ਸਿੱਖ ਰਹਿਤ ਮਰਯਾਦਾ ਤੋਂ ਪੂਰੀ ਅਗਿਆਨਤਾ ਜਾਂ ਮੂਰਖਤਾ ਪ੍ਰਗਟ ਕਰਦਿਆਂ ਬੜੀ ਬੇਬਾਕੀ ਨਾਲ ਕਿਹਾ ਕਿ ‘ਸਿੱਖਾਂ ਦੀ ਕੋਈ ਸਿੱਖ ਰਹਿਤ ਮਰਯਾਦਾ ਨਹੀਂ ਹੈ, ਉਹ ਸਿਰਫ ਖਰੜਾ ਹੈ, ਜਿਸ ਨੂੰ ਕਦੀ ਵੀ ਪ੍ਰਵਾਨਗੀ ਨਹੀਂ ਮਿਲੀ।’ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 70 ਸਾਲਾਂ ਤੋਂ ਹਰ ਸਾਲ ਲੱਖਾਂ ਦੀ ਗਿਣਤੀ ’ਚ ਛਾਪ ਕੇ ਮੁਫ਼ਤ ਵੰਡੀ ਜਾ ਰਹੀ ‘ਸਿੱਖ ਰਹਿਤ ਮਰਯਾਦਾ’ ਦੇ ਪਹਿਲੇ 4 ਪੰਨੇ ਪੜ੍ਹਨ ਨਾਲ ਹੀ ਹੇਠ ਲਿਖੀ ਸਚਾਈ ਸਾਹਮਣੇ ਆ ਜਾਂਦੀ ਹੈ।

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਵਿਚ ਗੁਰ ਮਰਯਾਦਾ ਨੂੰ ਠੀਕ ਤਰ੍ਹਾਂ ਨਿਯਤ ਕਰਨ ਹਿਤ, ਰਹਿਤ ਮਰਯਾਦਾ ਦਾ ਇੱਕ ਖਰੜਾ ਤਿਆਰ ਕਰਨ ਲਈ 25 ਮੈਂਬਰੀ ਰਹੁ ਰੀਤ ਸਬ ਕਮੇਟੀ ਬਣਾਈ, ਜਿਸ ਦੇ ਕਨਵੀਨਰ ਪ੍ਰੋ: ਤੇਜਾ ਸਿੰਘ ਨੂੰ ਨਿਯੁਕਤ ਕੀਤਾ ਗਿਆ। (ਸਾਰੇ ਮੈਂਬਰਾਂ ਦੇ ਨਾਮ ਲਿਖੇ ਜਾਣ ਨਾਲ ਲੇਖ ਥੋੜ੍ਹਾ ਲੰਬਾ ਹੋ ਜਾਵੇਗਾ, ਪਾਠਕਾਂ ਨੂੰ ਬੇਨਤੀ ਹੈ ਕਿ ਉਹ ਮੈਂਬਰਾਂ ਦੇ ਨਾਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪ ਕੇ ਮੁਫਤ ਵੰਡੀਆਂ ਜਾ ਰਹੀਆਂ ਸਿੱਖ ਰਹਿਤ ਮਰਯਾਦਾ ਵਿੱਚੋਂ ਜ਼ਰੂਰ ਪੜ੍ਹ ਲੈਣ। ਕੇਵਲ ਨਾਮ ਹੀ ਨਹੀਂ ਬਲਕਿ ਹਰ ਸਿੱਖ ਨੂੰ ਸਮੇਂ ਸਮੇਂ ਸਿਰ ਸਾਰੀ ਸਿੱਖ ਰਹਿਤ ਮਰਯਾਦਾ, ਜਿਸ ਦੇ ਕੇਵਲ 32 ਪੰਨੇ ਹਨ; ਪੜ੍ਹਦੇ ਅਤੇ ਵਿਚਾਰਦੇ ਰਹਿਣਾ ਚਾਹੀਦਾ ਹੈ।) ਇਸ ਸਬ ਕਮੇਟੀ ਦੇ ਸਮਾਗਮ 4-5 ਅਕਤੂਬਰ 1931, 3 ਜਨਵਰੀ 1932 ਅਤੇ 31 ਜਨਵਰੀ 1932 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ। ਇਨ੍ਹਾਂ ਸਮਾਗਮਾਂ ਵਿੱਚ ਡੂੰਘੀ ਵਿਚਾਰ ਚਰਚਾ ਉਪਰੰਤ ਤਿਆਰ ਕੀਤਾ ਇੱਕ ਖਰੜਾ ਸ੍ਰੋਮਣੀ ਕਮੇਟੀ ਦੀ ਸੇਵਾ ਵਿੱਚ ਪੇਸ਼ ਕਰਦਿਆਂ ਲਿਖਿਆ: ਆਸ਼ਾ ਹੈ ਆਪ ਇਸ ਖਰੜੇ ਨੂੰ ਪੰਥ ਦੀ ਰਾਇ ਲੈਣ ਲਈ ਛਪਵਾ ਕੇ ਪ੍ਰਕਾਸ਼ਤ ਕਰੋਗੇ ਅਤੇ ਰਾਵਾਂ ਆਉਣ ’ਤੇ ਸ੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਅੰਤਮ ਪ੍ਰਵਾਨਗੀ ਲਈ ਪੇਸ਼ ਕਰੋਗੇ।

ਇਸ ਉਪਰੰਤ ਸ੍ਰੋਮਣੀ ਕਮੇਟੀ ਦੀ ਆਗਿਆ ਅਨੁਸਾਰ 8 ਮਈ 1932 ਨੂੰ ਖਰੜੇ ਉੱਤੇ ਇਕ ਵਾਰੀ ਹੋਰ ਵਿਚਾਰ ਕੀਤੀ ਗਈ। ਇਸ ਸਮੇਂ ਕਈ ਸੱਜਣਾਂ ਦੇ ਜ਼ੋਰ ਦੇਣ ’ਤੇ ਖਰੜੇ ਉੱਤੇ ਮੁੜ ਵਿਚਾਰ ਕਰਨ ਲਈ ਰਹੁ ਰੀਤ ਕਮੇਟੀ ਦਾ ਇੱਕ ਹੋਰ ਸਮਾਗਮ 26 ਸਤੰਬਰ 1932 ਨੂੰ ਕੀਤਾ ਗਿਆ। ਹੁਣ ਤਿਆਰ ਕੀਤਾ ਖਰੜਾ 1 ਅਕਤੂਬਰ 1932 ਨੂੰ ਰਹੁ ਰੀਤ ਕਮੇਟੀ ਦੇ ਕਨਵੀਨਰ ਪ੍ਰੋ: ਤੇਜਾ ਸਿੰਘ ਦੇ ਦਸਤਖ਼ਤਾਂ ਹੇਠ ਸ੍ਰੋਮਣੀ ਕਮੇਟੀ ਦੀ ਸੇਵਾ ਵਿੱਚ ਭੇਜ ਕੇ ਬੇਨਤੀ ਕੀਤੀ ਕਿ ਇਸ ਖਰੜੇ ਨੂੰ ਛਪਵਾ ਕੇ ਸੰਗਤਾਂ ਦੀ ਸੇਵਾ ਵਿਚ ਅੰਤਮ ਵਾਰ ਰਾਏ ਦੇਣ ਲਈ ਭੇਜਿਆ ਜਾਵੇ ਅਤੇ ਨਾਲ ਹੀ ਇਸ ਖਰੜੇ ਨੂੰ ਵਿਚਾਰਨ ਅਤੇ ਅੰਤਮ ਪ੍ਰਵਾਨਗੀ ਦੇਣ ਲਈ ਸ੍ਰੋਮਣੀ ਕਮੇਟੀ ਦਾ ਖ਼ਾਸ ਇਜਲਾਸ ਬੁਲਾਇਆ ਜਾਵੇ।

ਸ਼੍ਰੋਮਣੀ ਕਮੇਟੀ ਦੀ ਰਹੁ-ਰੀਤ ਸਬ-ਕਮੇਟੀ ਦੇ ਇਸ ਰਹਿਤ ਮਰਯਾਦਾ ਦੇ ਖਰੜੇ ਨੂੰ ‘ਸਰਬ ਹਿੰਦ ਸਿੱਖ ਮਿਸ਼ਨ ਬੋਰਡ’ ਨੇ ਆਪਣੇ ਮਤਾ ਨੰਬਰ 1 ਮਿਤੀ 1.8.1936 ਰਾਹੀਂ ਪ੍ਰਵਾਨਗੀ ਦਿੱਤੀ। ਮਗਰੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮਤਾ ਨੰਬਰ 149 ਮਿਤੀ 12.10.1936 ਰਾਹੀਂ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਮੁੜ ਆਪਣੀ ਇਕੱਤਰਤਾ ਮਿਤੀ 7.1.1945 ਵਿਖੇ ਇਸ ਨੂੰ ਵਿਚਾਰ ਕੇ ਇਸ ਵਿਚ ਕੁਝ ਵਾਧੇ ਘਾਟੇ ਕਰਨ ਦੀ ਸਿਫ਼ਾਰਸ਼ ਕੀਤੀ, ਜਿਸ ਦੀ ਪ੍ਰਵਾਨਗੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਇਕੱਤਰਤਾ ਮਿਤੀ 3.2.1945 ਨੂੰ ਮਤਾ ਨੰਬਰ 97 ਰਾਹੀਂ ਦੇ ਦਿੱਤੀ ਸੀ। ਇਹ ਸਾਰੇ ਤੱਥ ਸਿੱਖ ਰਹਿਤ ਮਰਯਾਦਾ ਦੇ ਪਹਿਲੇ 4 ਸਫ਼ਿਆਂ ਉੱਤੇ ਹੀ ਦਰਜ ਹਨ। ਇਸ ਲਈ ਕੋਈ ਇਹ ਨਹੀਂ ਕਹਿ ਸਕਦਾ ਕਿ ‘ਸਿੱਖ ਰਹਿਤ ਮਰਯਾਦਾ’ ਅਜੇ ਇਕ ਖਰੜਾ ਹੈ ਤੇ ਇਸ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਤੱਕ ਕੋਈ ਪ੍ਰਵਾਨਗੀ ਨਹੀਂ ਦਿਤੀ। ਖਰੜੇ ਅਤੇ ਮਗਰੋਂ ਦੇ ਵਾਧੇ ਘਾਟੇ ਦੋਨਾਂ ਦੀ ਪ੍ਰਵਾਨਗੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪਰਲੇ ਹਵਾਲੇ ਮੁਤਾਬਕ ਸਾਲ 1936 ਅਤੇ 1945 ਵਿਚ ਦੇ ਦਿੱਤੀ ਹੋਈ ਹੈ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਛਾਪੀ ਜਾ ਰਹੀ ਸਿੱਖ ਰਹਿਤ ਮਰਯਾਦਾ ਦਾ ਟਾਈਟਲ ਪੰਨਾ ਵੇਖੋ, ਜਿਸ ’ਤੇ ਸਾਫ਼ ਲਿਖਿਆ ਹੈ ‘ਸਿੱਖ ਰਹਿਤ ਮਰਯਾਦਾ (ਪੰਥ ਪ੍ਰਵਾਣਿਤ)’।

ਐਨੇ ਸਬੂਤ ਹੋਣ ਦੇ ਬਾਵਜੂਦ ਜਿਸ ਸਿੱਖ ਰਹਿਤ ਮਰਯਾਦਾ ਨੂੰ ਤਿਆਰ ਅਤੇ ਪ੍ਰਵਾਣ ਕਰਨ ਲਈ ਚੌਦਾਂ ਸਾਲ ਲੱਗੇ; ਜਿਸ ਵਿੱਚ ਰਹੁ ਰੀਤ ਕਮੇਟੀ ਦੇ 25 ਮੈਂਬਰਾਂ ਤੋਂ ਇਲਾਵਾ ਸਮੇਂ ਸਮੇਂ ਸਿਰ ਹੋਰ ਵਿਦਵਾਨ ਵੀ ਮੀਟਿੰਗਾਂ ’ਚ ਹਿੱਸਾ ਲੈਂਦੇ ਰਹੇ, ਦੇਸ਼ ਵਿਦੇਸ਼ ’ਚ ਬੈਠੇ ਕਿੰਨੇ ਹੀ ਗੁਰਸਿੱਖਾਂ ਨੇ ਆਪਣੇ ਸੁਝਾਉ ਭੇਜੇ, ਉਨ੍ਹਾਂ ਸਾਰਿਆਂ ਦੇ ਸੁਝਾਵਾਂ ’ਤੇ ਦੀਰਘ ਵੀਚਾਰ ਉਪਰੰਤ ਇਹ ਸਿੱਖ ਰਹਿਤ ਮਰਯਾਦਾ ਪ੍ਰਵਾਨ ਹੋਈ, ਉਸ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਵੱਲੋਂ ਬੜੀ ਗ਼ੈਰ ਜ਼ਿੰਮੇਦਾਰੀ ਨਾਲ ਪ੍ਰਵਾਣ ਨਾ ਹੋਣ ਅਤੇ ਕੇਵਲ ਖਰੜਾ ਕਹਿਣ ਦੇ ਹੇਠ ਲਿਖੇ ਕਾਰਨ ਹਨ। ਸਾਰੇ ਨੁਕਤੇ ਲਿਖਣ ਨਾਲ ਤਾਂ ਇਹ ਲੇਖ ਬੜਾ ਲੰਬਾ ਹੋ ਜਾਵੇਗਾ, ਇਸ ਲਈ ਕੇਵਲ ਕੁਝ ਚੋਣਵੇਂ ਨੁਕਤੇ ਹੀ ਪਾਠਕਾਂ ਦੇ ਸਾਹਮਣੇ ਰੱਖੇ ਜਾ ਰਹੇ ਹਨ।

  1. ਗੁਰਦੁਆਰੇ ਸਿਰਲੇਖ ਹੇਠ ਭਾਗ (ਹ) ਵਿੱਚ ਇਉਂ ਲਿਖਿਆ ਹੈ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤਿ ਦਾ ਤਿਉਹਾਰ ਮਨਾਇਆ ਜਾਵੇ।
  2. ਅਖੰਡ ਪਾਠ ਸਿਰਲੇਖ ਹੇਠ ਭਾਗ (ੲ) : ਅਖੰਡਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ ਨਲੀਏਰ ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ।
  3. ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਭਾਗ (ੳ) : ਇਕ ਅਕਾਲ ਪੁਰਖ਼ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ।
  4. ਮ੍ਰਿਤਕ ਸੰਸਕਾਰ ਸਿਰਲੇਖ ਹੇਠ ਭਾਗ (ਕ) : ਮ੍ਰਿਤਕ ਪ੍ਰਾਣੀ ਦਾ ‘ਅੰਗੀਠਾ’ ਠੰਡਾ ਹੋਣ ’ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਨੇੜੇ ਵਗਦੇ ਜਲ ਵਿਚ ਪ੍ਰਵਾਹ ਕਰ ਦਿੱਤੀ ਜਾਵੇ ਜਾਂ ਉੱਥੇ ਹੀ ਦੱਬ ਕੇ ਜ਼ਿਮੀ ਬਰਾਬਰ ਕਰ ਦਿੱਤੀ ਜਾਵੇ। ਸਸਕਾਰ ਵਾਲੀ ਥਾਂ ’ਤੇ ਮ੍ਰਿਤਕ ਪ੍ਰਾਣੀ ਦੀ ਯਾਦਗਰ ਬਣਾਉਣੀ ਮਨ੍ਹਾ ਹੈ। (ਖ) : ਅੱਧ ਮਾਰਗ ਸਿਆਪਾ, ਫੂਹੜੀ, ਦੀਵਾ ਪਿੰਡ, ਕਿਰਿਆ, ਸ਼ਰਾਧ, ਬੁੱਢਾ ਮਰਨਾ ਆਦਿ ਕਰਨਾ ਮਨਮਤਿ ਹੈ। ਅੰਗੀਠੇ ਵਿੱਚੋਂ ਫੁੱਲ ਚੁਗ ਕੇ ਗੰਗਾ ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਂਵਾਂ ’ਤੇ ਜਾ ਕੇ ਪਾਉਣਾ ਮਨਮੱਤ ਹੈ।
  5. ਅੰਮ੍ਰਿਤ ਸੰਸਕਾਰ ਸਿਰਲੇਖ ਹੇਠ ਭਾਗ (ਅ) : ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਘੱਟ ਤੋਂ ਘੱਟ ਛੇ ਤਿਆਰ-ਬਰ-ਤਿਆਰ ਸਿੰਘ ਹੋਣ, ਜਿਨ੍ਹਾਂ ਵਿੱਚੋਂ ਇਕ ਤਾਬਿਆ ਬੈਠੇ ਤੇ ਬਾਕੀ ਪੰਜ ਅੰਮ੍ਰਿਤ ਛਕਾਣ ਲਈ ਹੋਣ। ਇਨ੍ਹਾਂ ਵਿੱਚ ਸਿੰਘਣੀਆਂ ਵੀ ਹੋ ਸਕਦੀਆਂ ਹਨ, ਆਦਿ।

ਇਹ ਉਕਤ ਲਿਖੇ ਕੁਝ ਨੁਕਤੇ ਹਨ, ਜਿਨ੍ਹਾਂ ਦੀ ਪ੍ਰਕਾਸ਼ ਸਿੰਘ ਬਾਦਲ, ਅਮਰਜੀਤ ਸਿੰਘ ਚਾਵਲਾ ਸਮੇਤ ਬਾਦਲ ਦੇ ਬਹੁਤਾਤ ਮੌਜੂਦਾ ਸਿਰਕੱਢ ਆਗੂ ਅਤੇ ਇਨ੍ਹਾਂ ਦੇ ਸਹਿਯੋਗੀ (ਸੰਤ) ਸਮਾਜ ਵਾਲੇ ਸ਼ਰੇਆਮ ਅਵੱਗਿਆ ਕਰਕੇ ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆਂ ਉਡਾਉਂਦੇ ਹਨ। ਅਮਰਜੀਤ ਸਿੰਘ ਚਾਵਲਾ ਵਰਗੇ ਜਿਹੜੇ ਗੋਟੇ ਵਾਲੀ ਲਾਲ ਚੁੰਨੀ ਲੈ ਕੇ ਜਗਰਾਤਿਆਂ ’ਚ ਮਾਤਾ ਦੀਆਂ ਭੇਟਾ ਗਾਉਂਦੇ ਰਹੇ ਹੋਣ, (ਸੰਤ) ਸਮਾਜ ਜਿਨ੍ਹਾਂ ਦੇ ਕੋਟੇ ’ਚੋਂ ਉਸ ਨੂੰ ਸ੍ਰੋਮਣੀ ਕਮੇਟੀ ਦੀ ਟਿਕਟ ਮਿਲੀ ਹੋਵੇ, ਉਹ ਸਿੱਖ ਰਹਿਤ ਮਰਯਾਦਾ ਦੀਆਂ ਬਹੁਤਾਤ ਮੱਦਾਂ ਦੀਆਂ ਧੱਜੀਆਂ ਉਡਾਉਂਦੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਗ੍ਰੰਥਾਂ ਦਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੈਲੰਜ ਕਰਦੇ ਅਤੇ ਅਧੂਰਾ ਦੱਸਣ ਦਾ ਯਤਨ ਕਰਦੇ ਹਨ। ਬੀਬੀਆਂ ਦਾ ਅੰਮ੍ਰਿਤ ਛਕਾਉਣ ਸਮੇਂ ਪੰਜ ਪਿਆਰਿਆਂ ’ਚ ਸ਼ਾਮਲ ਕਰਨਾ ਤਾਂ ਇੱਕ ਪਾਸੇ ਰਿਹਾ ਦਰਬਾਰ ਸਾਹਿਬ ’ਚ ਧੁਲਾਈ, ਕੀਰਤਨ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਹੁਕਮਨਾਮਾ ਲੈਣ ਦੀ ਵੀ ਮਨਾਹੀ ਹੈ। ਪ੍ਰਕਾਸ਼ ਸਿੰਘ ਬਾਦਲ ਖ਼ੁਦ ਸਿਰ ’ਤੇ ਮੁਕਟ ਪਹਿਣ ਕੇ ਹਵਨ ਕਰਦਾ ਰਿਹਾ ਹੈ; ਸਿੱਖ ਵਿਰੋਧੀ ਕੋਈ ਐਸਾ ਡੇਰਾ ਨਹੀਂ, ਜਿੱਥੇ ਉਹ ਨਤਮਸਤਕ ਨਹੀਂ ਹੁੰਦਾ ਤੇ ਕਹਿੰਦਾ ਰਹਿੰਦਾ ਸੀ ਕਿ ਮੈਨੂੰ ਇੱਥੇ ਜੋ ਸਕੂਨ ਮਿਲਦਾ ਹੈ, ਉਹ ਹੋਰ ਕਿਧਰੇ ਨਹੀਂ ਮਿਲਦਾ ਭਾਵ ਗੁਰੂ ਗ੍ਰੰਥ ਸਾਹਿਬ ਜੀ ਅਤੇ ਅਕਾਲ ਪੁਰਖ ਨਾਲੋਂ ਇਨ੍ਹਾਂ ਪਾਖੰਡੀ ਸਾਧਾਂ ਵਿੱਚ ਉਸ ਦੀ ਵੱਧ ਸ਼ਰਧਾ ਰਹੀ ਹੈ। ਅਕਾਲੀ ਦਲ ਨੇ ਇਸ ਸਮੇਂ ਐਨਾ ਦਬਦਬਾ ਬਣਾਇਆ ਹੋਇਆ ਹੈ ਕਿ ਕਿਸੇ ਜਥੇਦਾਰ ਜਾਂ ਸਿੱਖ ਪ੍ਰਚਾਰਕ ਦੀ ਹਿੰਮਤ ਨਹੀਂ ਕਿ ਉਹ ਸਿੱਖ ਰਹਿਤ ਮਰਯਾਦਾ ਦੀ ਹੋ ਰਹੀ ਉਲੰਘਣਾ ਬਾਰੇ ਬੋਲ ਜਾਵੇ ਸਗੋਂ ਕਈ ਸਮੇਂ ਤਾਂ ਅਜਿਹੀ ਮਨਮਤ ਹੁੰਦੇ ਸਮੇਂ ਤਖ਼ਤਾਂ ਦੇ ਜਥੇਦਾਰ ਖ਼ੁਦ ਉੱਥੇ ਮੌਜੂਦ ਹੁੰਦੇ ਹਨ; ਜਿਵੇਂ ਕਿ 3 ਮਈ 2023 ਨੂੰ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਕੀਰਤਪੁਰ ਵਿਖੇ ਜਲ ਪ੍ਰਵਾਹ ਕਰਦੇ ਸਮੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ, ਜਿਹੜੇ ਅੱਜ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪੱਕੇ ਜਥੇਦਾਰ ਬਣਾ ਦਿੱਤੇ ਗਏ ਹਨ; ਖ਼ੁਦ ਆਪ ਉੱਥੇ ਮੌਜੂਦ ਸਨ। ਇਸ ਸਥਿਤੀ ’ਚ ਜਿਹੜੇ ਬਿਆਨ ਇਸ ਤੋਂ ਪਹਿਲਾਂ ਉਨ੍ਹਾਂ ਨੇ ਸਿੱਖ ਰਹਿਤ ਮਰਯਾਦਾ ਲਾਗੂ ਕਰਨ ਲਈ ਦਿੱਤੇ ਸਨ ਜਾਂ ਆਉਣ ਵਾਲੇ ਸਮੇਂ ’ਚ ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਰਹਿਤ ਮਰਯਾਦਾ ਲਾਗੂ ਕਰਨ ਦਾ ਸੰਦੇਸ਼ ਕੌਮ ਨੂੰ ਦੇਣਗੇ; ਉਨ੍ਹਾਂ ਦਾ ਕੌਮ ’ਤੇ ਕਿੰਨਾਂ ਕੁ ਅਸਰ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਅਜਿਹੇ ਪ੍ਰਸ਼ਨਾਂ ਦਾ ਉੱਤਰ ਅਮਰਜੀਤ ਸਿੰਘ ਚਾਵਲਾ ਕੋਲ ਕੇਵਲ ਇੱਕੋ ਹੈ ਕਿ ਉਹ ਸਿੱਖ ਰਹਿਤ ਮਰਯਾਦਾ ਨੂੰ ਪੰਥ ਪ੍ਰਵਾਣਿਤ ਨਾ ਹੋਣ ਅਤੇ ਕੇਵਲ ਖਰੜਾ ਹੀ ਕਹਿ ਕੇ ਇੱਕ ਪਰਵਾਰ ਦੀਆਂ ਖ਼ੁਸ਼ੀਆਂ ਹਾਸਲ ਕਰਨ। ਸਿੱਖ ਰਹਿਤ ਮਰਯਾਦਾ ਇੱਕ ਐਸਾ ਦਸਤਾਵੇਜ਼ ਹੈ, ਜਿਸ ਨੂੰ ਤਿਆਰ ਕਰਨ ਲਈ ਕੌਮ ਨੇ ਜਿੰਨਾ ਮੰਥਨ ਕੀਤਾ ਅਤੇ ਦੁਨੀਆਂ ਦੇ ਕਿਸੇ ਵੀ ਕੋਨੇ ’ਚ ਬੈਠੇ ਕਿਸੇ ਵੀ ਸਿੱਖ ਤੋਂ ਆਈ ਹਰ ਰਾਇ ’ਤੇ ਡੂੰਘੀ ਵਿਚਾਰ ਚਰਚਾ ਹੋਣ ਪਿੱਛੋਂ ਲੋੜੀਂਦੀ ਸੋਧ ਸੁਧਾਈ ਕੀਤੀ। 14 ਸਾਲ ਦੀ ਬੜੀ ਲੰਬੀ ਘਾਲਣਾ ਮਗਰੋਂ ਤਿਆਰ ਕੀਤੀ ਗਈ ਸਿੱਖ ਰਹਿਤ ਮਰਿਆਦਾ ਨੂੰ ਇੱਕ ਪਰਵਾਰ ਤੋਂ ਵਾਰਿਆ ਜਾ ਰਿਹਾ ਹੈ। ਜੇ ਕੌਮ ਨੇ ਅਜਿਹੇ ਮੈਂਬਰਾਂ ਵੱਲ ਧਿਆਨ ਨਾ ਦਿੱਤਾ ਤਾਂ ਜਿਸ ਤਰ੍ਹਾਂ 15 ਸਾਲਾਂ ਦੀ ਮਿਹਨਤ ਨਾਲ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਇਨ੍ਹਾਂ ਧੁੰਮਾ+ ਮੱਕੜ ਦੋ ਮੈਂਬਰੀ ਕਮੇਟੀ ਦੇ ਆਧਾਰ ’ਤੇ ਕੁਝ ਕੁ ਮਿੰਟ ਚੱਲੀ ਇਕ ਮੀਟਿੰਗ ’ਚ ਖਤਮ ਕਰ ਦਿੱਤਾ, ਉਸੇ ਤਰ੍ਹਾਂ ਸਿੱਖ ਰਹਿਤ ਮਰਯਾਦਾ ਦਾ ਵੀ ਭੋਗ ਪਾ ਦੇਣਾ ਹੈ, ਇਸ ਲਈ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ।

ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ (ਸੰਤ) ਹਰਚੰਦ ਸਿੰਘ ਲੌਂਗੋਵਾਲ ਦਾ ਕਤਲ ਹੋਇਆ ਸੀ ਉਸ ਸਮੇਂ ਸ੍ਰੋਮਣੀ ਕਮੇਟੀ ਦਾ ਪ੍ਰਚਾਰਕ ਗਿਆਨੀ ਮੇਵਾ ਸਿੰਘ, ਜਿਸ ਨੇ ਦਮਦਮੀ ਟਕਸਾਲ ਤੋਂ ਧਾਰਮਿਕ ਵਿਦਿਆ ਪ੍ਰਾਪਤ ਕੀਤੀ ਸੀ; ਉਹ ਬਠਿੰਡਾ ਸ਼ਹਿਰ ’ਚ ਇੱਕ ਹਫ਼ਤੇ ਦੇ ਪ੍ਰਚਾਰਕ ਦੌਰੇ ’ਤੇ ਸਨ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ (ਸੰਤ) ਲੌਂਗਵਾਲ ਦੀਆਂ ਅਸਥੀਆਂ ਚੁਗ ਕੇ ਕੀਰਤਪੁਰ ਜਲ ਪ੍ਰਵਾਹ ਕਰਨ ਲਈ ਰੂਟ ਪਲੈਨ ਬਣ ਗਿਆ ਹੈ ਤਾਂ ਉਨ੍ਹਾਂ ਝੱਟ ਪਿੰਡ ਲੌਂਗੋਵਾਲ ਪਹੁੰਚ ਕੇ ਇਸ ਦਾ ਸਖ਼ਤ ਵਿਰੋਧ ਕੀਤਾ। ਬਠਿੰਡਾ ਵਿਖੇ ਆਪਣੇ ਦੀਵਾਨਾਂ ’ਚ ਉਹ ਦੱਸਦੇ ਹੁੰਦੇ ਸਨ ਕਿ ਕੁਝ ਵੱਡੇ ਅਕਾਲੀ ਆਗੂ ਅਤੇ ਉਨ੍ਹਾਂ ਦੇ ਨੇੜਲੇ ਸਾਥੀ ਜ਼ੋਰ ਪਾਉਣ ਲੱਗੇ ਕਿ ਸਾਡਾ (ਸੰਤ) ਜੀ ਨਾਲ ਪਿਆਰ ਸੀ ਤੇ ਉਨ੍ਹਾਂ ਦੀ ਇੱਛਾ ਹੈ ਕਿ ਆਪਣੀਆਂ ਭਾਵਨਾਵਾਂ ਅਨੁਸਾਰ ਸਾਰੀਆਂ ਰਸਮਾਂ ਨਿਭਾ ਕੇ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਣ ਕਰੀਏ। ਗਿਆਨੀ ਮੇਵਾ ਸਿੰਘ ਜੀ ਨੇ ਉਨ੍ਹਾਂ ਨੂੰ ਬੜੀ ਹਲੀਮੀ ਤੇ ਦ੍ਰਿੜ੍ਹਤਾ ਨਾਲ ਕਿਹਾ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਕਿ ਉਨ੍ਹਾਂ ਨਾਲ ਮੇਰਾ ਪਿਆਰ ਤੁਹਾਡੇ ਨਾਲੋਂ ਕਿਤੇ ਵੱਧ ਸੀ, ਪਰ ਤੁਸੀਂ ਜ਼ਰਾ ਸੋਚੋ ਕਿ (ਸੰਤ) ਲੌਂਗੋਵਾਲ ਜੀ ਇੱਕ ਅੰਮ੍ਰਿਤਧਾਰੀ ਸਿੱਖ ਸਨ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਰਹੇ ਅਤੇ ਮੌਜੂਦਾ ਸਮੇਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ; ਜੇ ਉਨ੍ਹਾਂ ਦੀਆਂ ਹੀ ਅੰਤਮ ਰਸਮਾਂ ਸਮੇਂ ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾਈਆਂ ਜਾਣ ਤਾਂ ਇਹ ਉਨ੍ਹਾਂ ਦਾ ਸਤਿਕਾਰ ਨਹੀਂ ਬਲਕਿ ਤ੍ਰਿਸਕਾਰ ਹੋਵੇਗਾ। ਗਿਆਨੀ ਮੇਵਾ ਸਿੰਘ ਜੀ ਦੀਆਂ ਦਲੀਲਾਂ ਸੁਣ ਕੇ ਸਭ ਨੂੰ ਝੁਕਣਾ ਪਿਆ, ਉਨ੍ਹਾਂ ਦਾ ਅੰਗੀਠਾ ਉੱਥੇ ਹੀ ਦੱਬ ਕੇ ਜ਼ਿਮੀ ਬਰਾਬਰ ਕਰ ਦਿੱਤੀ ਗਈ। ਬਠਿੰਡਾ ਵਿਖੇ ਚੱਲੇ ਬਾਕੀ ਦੇ ਦੀਵਾਨਾਂ ’ਚ ਗਿਆਨੀ ਜੀ ਇਹ ਸਾਰੀ ਕਹਾਣੀ ਆਪਣੀ ਕਥਾ ਦੌਰਾਨ ਦੁਹਰਾਉਂਦੇ ਰਹਿੰਦੇ ਸਨ ਅਤੇ ਸੰਗਤਾਂ ਤੋਂ ਪ੍ਰਣ ਕਰਵਾਉਂਦੇ ਕਿ (1) ਮੈਂ ਵਾਅਦਾ ਕਰਦਾ ਹਾਂ ਕਿ ਆਪਣੇ ਕਿਸੇ ਵੀ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਦਾ ਅੰਗੀਠਾ ਨਹੀਂ ਫਰੋਲਾਂਗਾ ਅਤੇ ਨਾ ਹੀ ਉਨ੍ਹਾਂ ਦੀਆਂ ਅਸਥੀਆਂ ਕੀਰਤਪੁਰ, ਹਰਿਦੁਆਰ ਆਦਿਕ ਕਿਸੇ ਖ਼ਾਸ ਸਥਾਨਾਂ ’ਤੇ ਵਿਸ਼ੇਸ਼ ਤੌਰ ’ਤੇ ਪਾਉਣ ਲਈ ਜਾਵਾਂਗਾ। (2) ਆਪਣੇ ਪਰਵਾਰ ਨੂੰ ਤਾਕੀਦ ਕਰਕੇ ਜਾਵਾਂਗਾ ਕਿ ਮੇਰਾ ਅੰਤਮ ਸੰਸਕਾਰ ਸਿੱਖ ਰਹਿਤ ਮਰਯਾਦਾ ਅਨੁਸਾਰ ਕੀਤਾ ਜਾਵੇ। ਮੇਰਾ ਅੰਗੀਠਾ ਨਾ ਫਰੋਲਿਆ ਜਾਵੇ ਅਤੇ ਨਾ ਹੀ ਵਿਸ਼ੇਸ਼ ਤੌਰ ’ਤੇ ਮੇਰੀਆਂ ਅਸਥੀਆਂ ਕੀਰਤਪੁਰ ਆਦਿਕ ਕਿਸੇ ਖ਼ਾਸ ਸਥਾਨ ’ਤੇ ਪਾਉਣ ਲਈ ਜਾਇਆ ਜਾਵੇ। ਉਨ੍ਹਾਂ ਇੱਕ ਰਜਿਸਟਰ ਵੀ ਲਾਇਆ ਜਿਸ ਵਿੱਚ ਉਕਤ ਪ੍ਰਣ ਲਿਖੇ ਸਨ ਤੇ ਹੇਠਾਂ ਉਨ੍ਹਾਂ ਸਾਰੇ ਸਿੰਘ ਸਿੰਘਣੀਆਂ ਨੂੰ ਦਸਤਖ਼ਤ ਕਰਨ ਲਈ ਕਹਿੰਦੇ, ਜਿਹੜੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣੇ ਇਸ ਪ੍ਰਣ ’ਤੇ ਪਹਿਰਾ ਦੇਣਗੇ। ਮੈਂ ਖ਼ੁਦ ਉਨ੍ਹਾਂ ’ਚ ਸ਼ਾਮਲ ਸੀ, ਜਿਨ੍ਹਾਂ ਨੇ ਇਸ ਪ੍ਰਣ ’ਤੇ ਆਪਣੀ ਸਵੈਇੱਛਾ ਨਾਲ ਦਸਤਖ਼ਤ ਕੀਤੇ ਸਨ। ਜਦ ਮੈਂ ਆਪਣੀ ਇਹ ਪੁਰਾਣੀ ਯਾਦਦਾਸਤ ਭਾਈ ਸੁਖਦੇਵ ਸਿੰਘ ਵਾਸੀ ਪਿੰਡ ਭਲਵਾਨ ਜ਼ਿਲ੍ਹਾ ਸੰਗਰੂਰ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਮੇਰੇ ਉਕਤ ਕਥਨ ’ਤੇ ਸਹੀ ਪਾਉਂਦਿਆਂ ਦੱਸਿਆ ਕਿ ਉਨ੍ਹਾਂ (ਭਾਈ ਸੁਖਦੇਵ ਸਿੰਘ) ਦਾ ਪਿੰਡ ਭਲਵਾਨ, ਲੌਂਗੋਵਾਲ ਤੋਂ 27 ਕੁ ਕਿਲੋਮੀਟਰ ਦੀ ਦੂਰੀ ’ਤੇ ਹੈ ਅਤੇ ਜਿਸ ਸਮੇਂ ਗਿਆਨੀ ਮੇਵਾ ਸਿੰਘ ਲੌਂਗੋਵਾਲ ਪਹੁੰਚੇ ਤੇ (ਸੰਤ) ਲੌਂਗੋਵਾਲ ਦੀਆਂ ਅਸਥੀਆਂ ਚੁਗਣ ਦੀ ਹੋਣ ਵਾਲੀ ਮਨਮਤਿ ਨੂੰ ਰੋਕਿਆ ਤਾਂ ਉਹ ਉਸ ਸਮੇਂ ਉਨ੍ਹਾਂ ਦੇ ਨਾਲ ਸੀ ।

ਸਿੱਖ ਰਹਿਤ ਮਰਿਆਦਾ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਲੱਖਾਂ ਦੀ ਗਿਣਤੀ ’ਚ ਛਾਪ ਕੇ ਵੰਡਦੀ ਹੈ ਤੇ ਪ੍ਰਚਾਰ ਰਹੀ ਹੈ। ਤਖਤਾਂ ਦੇ ਜਥੇਦਾਰ ਸਿੱਖ ਰਹਿਤ ਮਰਿਆਦਾ ’ਤੇ ਪਹਿਰਾ ਦੇਣ ਦੀ ਗੱਲ ਕਰਦੇ ਆ ਰਹੇ ਹਨ। ਉਸੇ ਸਿੱਖ ਰਹਿਤ ਮਰਿਆਦਾ ਨੂੰ ਸ੍ਰੋਮਣੀ ਕਮੇਟੀ ਮੈਂਬਰ ਹੀ ਜੇ ਖਰੜਾ ਦੱਸ ਕੇ ਰੱਦ ਕਰਦਾ ਹੈ ਤਾਂ ਉਸ ’ਤੇ ਭਾਈ ਗੁਰਦਾਸ ਜੀ ਦੀ 35ਵੀਂ ਵਾਰ ਦੀ 22ਵੀਂ ਪਉੜੀ ਪੂਰੀ ਤਰ੍ਹਾਂ ਢੁੱਕਦੀ ਹੈ  ‘‘ਜੇ, ਮਾਉ ਪੁਤੈ ਵਿਸੁ ਦੇ; ਤਿਸਤੇ ਕਿਸੁ ਪਿਆਰਾ। ਜੇ, ਘਰੁ ਭੰਨੈ ਪਾਹਰੂ; ਕਉਣੁ ਰਖਣਹਾਰਾ। ਬੇੜੀ ਡੋਬੈ ਪਾਤਣੀ; ਕਿਉ ਪਾਰਿ ਉਤਾਰਾ। ਆਗੂ ਲੈ ਉਝੜਿ ਪਵੈ; ਕਿਸੁ ਕਰੈ ਪੁਕਾਰਾ। ਜੇ ਕਰਿ, ਖੇਤੈ ਖਾਇ ਵਾੜਿ; ਕੋ ਲਹੈ ਨ ਸਾਰਾ। ਜੇ, ਗੁਰ ਭਰਮਾਏ ਸਾਂਗੁ ਕਰਿ; ਕਿਆ ਸਿਖੁ ਵਿਚਾਰਾ ॥22॥’’ ਭਾਵ ਜਿਵੇਂ ਅਗਰ ਮਾਂ ਹੀ ਪੁੱਤਰ ਨੂੰ ਜ਼ਹਰ ਦੇਵੇ। ਪਹਿਰੇਦਾਰ ਹੀ ਘਰ ਨੂੰ ਸੰਨ੍ਹ ਲਾ ਲਵੇ। ਮਲਾਹ ਹੀ ਬੇੜੀ ਡੋਬਣ ਲੱਗ ਜਾਵੇ। ਵਾੜ ਹੀ ਖੇਤ ਨੂੰ ਖਾਣ ਲੱਗ ਪਵੇ। ਆਗੂ ਹੀ ਕੌਮ ਨੂੰ ਔਝੜੇ ਪਾਵੇ ਤਾਂ ਪੁਕਾਰ ਕਿਸ ਅੱਗੇ ਕਰੀਏ ? ਇਸ ਲਈ ਪੰਥ ਦਰਦੀਆਂ ਨੂੰ ਹੀ ਚਾਹੀਦਾ ਹੈ ਕਿ ਅਜਿਹੇ ਆਗੂਆਂ ਤੋਂ ਜਿੰਨਾ ਛੇਤੀ ਹੋਵੇ ਛੁਟਕਾਰਾ ਪਾਉਣ।

ਭਾਈ ਮਨੀ ਸਿੰਘ ਦੀ ਸ਼ਹੀਦੀ ਦੇ ਪਿਛੋਕੜ ਕਾਰਨ

0

ਭਾਈ ਮਨੀ ਸਿੰਘ ਦੀ ਸ਼ਹੀਦੀ ਦੇ ਪਿਛੋਕੜ ਕਾਰਨ

ਗਿਆਨੀ ਅਵਤਾਰ ਸਿੰਘ

ਜ਼ਮੀਨੀ ਸੰਘਰਸ਼ ਤੇ ਸ਼ਹਾਦਤਾਂ : ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ (9 ਜੂਨ 1716) ਤੋਂ ਬਾਅਦ ਵੀ ਦਿੱਲੀ ਦੇ ਬਾਦਸ਼ਾਹ ਫ਼ਾਰੁਖ਼ਸੀਅਰ ਨੇ ਸਿੱਖਾਂ ਨੂੰ ਖ਼ਤਮ ਕਰਨ ਲਈ ਲਹੌਰ ਦੇ ਸੂਬੇਦਾਰ ਅਬਦੁਸ ਸਮਦ ਖ਼ਾਨ ਨੂੰ ਵਧੇਰੇ ਅਧਿਕਾਰ ਦਿੱਤੇ ਸਨ; ਜਿਵੇਂ ਕਿ ਸਿੱਖਾਂ ਨੂੰ ਗ੍ਰਿਫ਼ਤਾਰ ਕਰਵਾਉਣ ਦੇ 10 ਰੁਪਏ, ਸਿਰ ਲਿਆਉਣ ਦੇ 25 ਰੁਪਏ ਤੇ ਜਿਊਂਦਾ ਫੜਨ ਦੇ 100 ਰੁਪਏ ਇਨਾਮ ਵਜੋਂ ਦੇ ਰਿਹਾ ਸੀ। ਚਾਪਲੂਸ ਮੁਸਲਮਾਨ ਤੇ ਹਿੰਦੂ ਇਹ ਇਨਾਮ ਪਾਉਣ ਲਈ ਰੋਜ਼ਾਨਾ ਸਿੱਖਾਂ ਦੀ ਭਾਲ ਵਿੱਚ ਰਹਿੰਦੇ ਸਨ। ਸਿੱਖਾਂ ਕੋਲ਼ ਪੰਜਾਬ ਨੂੰ ਛੱਡ ਕੇ ਲੱਖੀ ਜੰਗਲ਼ (ਜ਼ਿਲ੍ਹਾ ਕਰਾਚੀ) ’ਚ ਜਾਂ ਮਾਲਵੇ ਦੇ ਰੇਗਿਸਥਾਨ ’ਚ ਜਾਣ ਤੋਂ ਇਲਾਵਾ ਕੋਈ ਜਗ੍ਹਾ ਨਾ ਰਹੀ। ਮਾਤਾਵਾਂ ਨੂੰ ਪੁੱਛਣ ’ਤੇ ਕਿ ਤੁਹਾਡੇ ਕਿੰਨੇ ਬੱਚੇ ਹਨ, ਦਾ ਜਵਾਬ ਇਹੀ ਮਿਲਦਾ ਸੀ ਕਿ ਪਹਿਲਾਂ 4 ਸਨ ਪਰ ਹੁਣ 3 ਰਹਿ ਗਏ ਕਿਉਂਕਿ ਇੱਕ ਸਿੱਖ ਬਣ ਗਿਆ। ਅਜਿਹਾ ਜ਼ੁਲਮ ਦੁਨੀਆ ਦੇ ਇਤਿਹਾਸ ਵਿੱਚ ਸੰਨ 1939 ਤੋਂ 1945 ਤੱਕ ਯਹੂਦੀਆਂ ਵਿਰੁਧ ਹਿਟਲਰ ਦਾ ਵੀ ਨਹੀਂ ਸੀ। ਲਹੌਰ ਦੇ ਸੂਬੇਦਾਰ ਅਬਦੁਸ ਸਮਦ ਖ਼ਾਨ ਦੇ ਸਿੱਖਾਂ ਉੱਤੇ ਜ਼ੁਲਮ ਦਾ ਜ਼ਿਕਰ ਕਰਦਿਆਂ ਮੁੰਤਖ਼ਬੁ-ਉਲ-ਲੁਬਾਬ ਕਹਿੰਦਾ ਹੈ ਕਿ ‘ਉਸ ਨੇ ਪੰਜਾਬ ਦੀ ਧਰਤੀ ਨੂੰ (ਸਿੱਖਾਂ ਦੇ) ਖ਼ੂਨ ਨਾਲ਼ ਰੰਗ ਦਿੱਤਾ।’, ਹਕੀਕਤ ਦੇ ਲੇਖਕ ਅਨੁਸਾਰ ਸਿੱਖਾਂ ਦੇ ਕਤਲੇਆਮ ਬਦਲੇ ਅਬਦੁਸ ਸਮਦ ਖ਼ਾਨ ਨੂੰ 6000 ਦਾ ਮਨਸਬ (ਉਸ ਸਮੇਂ ਦਾ ਸਭ ਤੋਂ ਵੱਡਾ ਰੁਤਬਾ), ਜੜਾਊ ਪਾਲਕੀ, ਹਾਥੀ, ਘੋੜੇ, ਸੋਨੇ ਦੇ ਕਈ ਗਹਿਣੇ, ਸੋਨੇ ਦੀ ਪੱਟੀ ਵਾਲ਼ੀ ਜੜਾਊ ਦਸਤਾਰ, ਹੀਰਿਆਂ ਦਾ ਹਾਰ ਅਤੇ ਪੰਜਾਬ ਦੇ ਕਈ ਪਰਗਨੇ ਇਨਾਮ ਵਜੋਂ ਦਿੱਤੇ ਗਏ ਸਨ। ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ 2 ਸਾਲ 9 ਮਹੀਨੇ ਬਾਅਦ ਬਾਦਸ਼ਾਹ ਫ਼ਾਰੁਖ਼ਸੀਅਰ ਦਾ ਵੀ ਬਾਬਾ ਬੰਦਾ ਸਿੰਘ ਵਾਙ ਅੱਖਾਂ ਕੱਢ ਕੇ 28 ਫ਼ਰਵਰੀ 1719 ਨੂੰ ਕਤਲ ਕੀਤਾ ਸੀ। ਉਸ ਮਗਰੋਂ ਉਸ ਦਾ ਪੋਤਾ ਸ਼ਮਸ-ਉਦ-ਦੀਨ (ਰਫ਼ੀ-ਉਦ-ਅਰਜਾਤ) 8 ਮਈ 1719 ਨੂੰ ਇੱਕ ਧੜੇ ਵੱਲੋਂ ਦਿੱਲੀ ਦਾ ਬਾਦਸ਼ਾਹ ਬਣਾਇਆ ਗਿਆ, ਜਿਸ ਨੂੰ ਦੂਜੇ ਧੜੇ ਨੇ 13 ਦਿਨ ਬਾਅਦ 25 ਮਈ ਨੂੰ ਹਟਾ ਦਿੱਤਾ। 27 ਮਈ ਨੂੰ ਉਸ ਦੇ ਭਰਾ ਸ਼ਾਹ ਜਹਾਨ ਦੂਜਾ (ਰਫ਼ੀ-ਉਦ-ਦੌਲਾ) ਨੇ ਹਕੂਮਤ ਸੰਭਾਲੀ। ਇਸ ਨੂੰ ਵੀ ਤਿੰਨ ਮਹੀਨੇ ਬਾਅਦ 8 ਸਤੰਬਰ 1719 ਨੂੰ ਸਈਅਦ ਭਰਾਵਾਂ (ਜਰਨੈਲ ਹੁਸੈਨ ਅਲੀ ਖ਼ਾਨ ਤੇ ਜਰਨੈਲ ਅਬਦੁੱਲਾ ਖ਼ਾਨ) ਨੇ ਮਰਵਾ ਦਿੱਤਾ। ਔਰੰਗਜ਼ੇਬ ਦੇ ਪੋਤੇ ਨੇਕੁਸਿਆਰ (ਜੋ ਔਰੰਗਜ਼ੇਬ ਦੇ ਚੌਥੇ ਪੁੱਤਰ ਅਕਬਰ ਦਾ ਬੇਟਾ ਸੀ, ਜਿਸ ਦੀ ਮੌਤ 1704 ਨੂੰ ਹੋ ਚੁੱਕੀ ਸੀ) ਨੂੰ ਇੱਕ ਧੜੇ ਵੱਲੋਂ ਬਾਦਸ਼ਾਹ ਐਲਾਨਿਆ ਗਿਆ, ਪਰ ਉਹ ਤਖ਼ਤ ’ਤੇ ਨਾ ਬੈਠ ਸਕਿਆ। ਅੰਤ 28 ਸਤੰਬਰ 1719 ਨੂੰ ਔਰੰਗਜ਼ੇਬ ਦੇ ਦੂਜੇ ਪੁੱਤਰ ਬਹਾਦਰ ਸ਼ਾਹ ਦਾ ਪੋਤਾ ਰੌਸ਼ਨ ਅਖ਼ਤਰ (ਮੁਹੰਮਦ ਸ਼ਾਹ ਰੰਗੀਲਾ) ਬਾਦਸ਼ਾਹ ਬਣਾਇਆ ਗਿਆ। ਇਨ੍ਹਾਂ ਦਿਨਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫ਼ਤਾਰ ਕਰਨ ਵਾਲਾ ਮੁਹੰਮਦ ਅਮੀਨ ਖ਼ਾਨ ਦਿੱਲੀ ਦਾ ਦੂਜਾ ਬਖ਼ਸ਼ੀ (ਸੈਨਾਪਤੀ) ਸੀ, ਜਿਸ ਨੇ ਬਾਦਸ਼ਾਹ ਨੂੰ ਭਰੋਸੇ ਵਿੱਚ ਲੈ ਕੇ ਸਈਅਦ ਭਰਾਵਾਂ (ਹੁਸੈਨ ਅਲੀ ਖ਼ਾਨ ਨੂੰ ਧੋਖੇ ਨਾਲ਼ 8 ਅਕਤੂਬਰ 1720 ਨੂੰ ਅਤੇ ਅਬਦੁੱਲ ਖ਼ਾਨ ਨੂੰ ਇੱਕ ਯੁੱਧ ਵਿੱਚ 13 ਨਵੰਬਰ 1720 ਨੂੰ) ਕਤਲ ਕਰ ਦਿੱਤਾ।

ਮੁਹੰਮਦ ਸ਼ਾਹ ਰੰਗੀਲਾ ਅਤੇ ਸਿੱਖ : ਬਾਦਸ਼ਾਹ ਫ਼ਾਰੁਖ਼ਸੀਅਰ ਦੀ ਮੌਤ ਤੋਂ 7 ਮਹੀਨੇ ਬਾਅਦ ਬਣੇ ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲੇ ਨੇ ਸਿੱਖਾਂ ਨਾਲ਼ ਲੜਨਾ ਜ਼ਰੂਰੀ ਨਾ ਸਮਝਿਆ। ਦਿੱਲੀ ’ਚ 7 ਮਹੀਨੇ ਤੱਕ ਰਿਹਾ। ਸਿਆਸੀ, ਪਰਵਾਰਕ ਸੰਘਰਸ਼ ਅਤੇ ਦਿੱਲੀ ਵੱਲੋਂ ਸੂਬੇਦਾਰ ਲਹੌਰ ਨੂੰ ਕੋਈ ਫ਼ੰਡ ਨਾ ਮਿਲਣ ਕਾਰਨ ਲਹੌਰ ਦੇ ਸੂਬੇਦਾਰ ਅਬਦੁਸ ਸਮਦ ਖ਼ਾਨ ਨੂੰ ਵੀ ਕੁਝ ਸਮਾਂ ਚੁੱਪ ਰਹਿਣਾ ਪਿਆ। ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਨ ਹੇਠ 26 ਸਤੰਬਰ 1709 ਨੂੰ ਸਮਾਣਾ ਤੋਂ ਸ਼ੁਰੂ ਹੋਈ ਸਿੱਖਾਂ ਅਤੇ ਮੁਗ਼ਲਾਂ ਦੀ ਲੜਾਈ ’ਚ ਮਾਰਚ 1715 ਤੱਕ 25-30 ਹਜ਼ਾਰ ਸਿੱਖ ਸ਼ਹੀਦ ਹੋ ਚੁੱਕੇ ਸਨ। ਸੰਨ 1719 ਤੋਂ ਬਾਅਦ ਪਹਿਲੀ ਵਾਰ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਸਿੱਖ ਸੰਗਤ ਇਕੱਤਰ ਹੋਣੀ ਸ਼ੁਰੂ ਹੋਈ। ਭਾਈ ਮਨੀ ਸਿੰਘ ਜੀ ਨੂੰ ਅਪਰੈਲ 1698 ਤੋਂ ਇੱਥੇ ਬਤੌਰ ਗ੍ਰੰਥੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਨਿਯੁਕਤ ਕੀਤਾ ਹੋਇਆ ਸੀ ਕਿਉਂਕਿ ਪ੍ਰਿਥੀ ਚੰਦ ਦੇ ਵਾਰਸ ਦਰਬਾਰ ਸਾਹਿਬ ਦੀ ਸੇਵਾ ਛੱਡ ਗਏ ਸਨ। ਸੰਨ 1709 ’ਚ ਦਰਬਾਰ ਸਾਹਿਬ ’ਤੇ ਹੋਏ ਮੁਗ਼ਲ ਹਮਲੇ ਅਤੇ 1713 ਵਿੱਚ ਫ਼ਾਰੁਖ਼ਸੀਅਰ ਵੱਲੋਂ ਸਿੱਖਾਂ ਖ਼ਿਲਾਫ਼ ਲੰਬੀ ਮੁਹਿਮ ਛੇਡਣ ਸਮੇਂ ਕਈ ਵਾਰ ਭਾਈ ਮਨੀ ਸਿੰਘ ਜੀ ਨੂੰ ਦਰਬਾਰ ਸਾਹਿਬ ਛੱਡ ਕੇ ਮਾਝੇ ਦੇ ਪਿੰਡਾਂ ਵੱਲ ਵੀ ਜਾਣਾ ਪਿਆ ਸੀ।

ਤਾਰਾ ਸਿੰਘ ਡੱਲਵਾਂ ਦੀ ਸ਼ਹੀਦੀ : ਭਾਵੇਂ ਕਿ ਫ਼ਾਰੁਖ਼ਸੀਅਰ ਦੀ ਮੌਤ ਤੋਂ ਬਾਅਦ ਸਿੱਖਾਂ ਉੱਤੇ ਹਮਲੇ ਘਟ ਗਏ ਸਨ, ਪਰ ਫਿਰ ਵੀ ਕਦੇ ਕਦਾਈਂ ਮੁਗ਼ਲ ਸਰਕਾਰ; ਸਿੱਖਾਂ ਨੂੰ ਦਬਾਅ ਕੇ ਰੱਖਣ ਲਈ ਛੋਟੇ-ਮੋਟੇ ਹਮਲੇ ਕਰਵਾਉਂਦੀ ਰਹਿੰਦੀ ਸੀ। ਪੱਟੀ ਦੇ ਨਵਾਬ ਨੂੰ ਵੀ ਸਿੱਖਾਂ ਉੱਤੇ ਥੋੜ੍ਹੀ ਸਖ਼ਤੀ ਰੱਖਣ ਲਈ ਕਿਹਾ ਗਿਆ ਸੀ। ਭਾਈ ਤਾਰਾ ਸਿੰਘ ਦੇ ਪਿੰਡ ਡੱਲ ਅਤੇ ਵਾਂ; ਪੱਟੀ ਅਤੇ ਅੰਮ੍ਰਿਤਸਰ ਦੇ ਵਿਚਕਾਰ ਸਨ। ਇਨ੍ਹਾਂ ਪਿੰਡਾਂ ਦੇ ਨੇੜੇ ਹੀ ਪੰਨੂ ਜੱਟ ਮੁਸਲਮਾਨ ਦਾ ਪਿੰਡ ਨੌਸ਼ਹਿਰਾ ਸੀ, ਜਿਸ ਨੂੰ ਹੁਣ ਨੌਸ਼ਹਿਰਾ ਪੰਨੂਆਂ ਆਖਦੇ ਹਨ। ਇੱਥੋਂ ਦਾ ਚੌਧਰੀ ‘ਸਾਹਿਬ ਰਾਏ’ ਬੜਾ ਜਾਲਮ ਸੀ। ਉਸ ਦੇ ਘੋੜੇ ਚਰਦੇ-ਚਰਦੇ ਗ਼ਰੀਬ ਕਿਸਾਨਾਂ ਦੇ ਖੇਤਾਂ ’ਚ ਜਾ ਵੜਦੇ। ਭੜਾਣਾ ਪਿੰਡ ਦੇ ਦੋ ਸਿੱਖ (ਭਾਈ ਮਾਛੀ ਸਿੰਘ ਤੇ ਭਾਈ ਗੁਰਬਖ਼ਸ਼ ਸਿੰਘ) ਵੀ ਸਾਹਿਬ ਰਾਏ ਦੇ ਇਸ ਧੱਕੇ ਦਾ ਸ਼ਿਕਾਰ ਸਨ। ਆਪਣੀ ਫ਼ਸਲ ਦਾ ਨੁਕਸਾਨ ਵੇਖ ਉਨ੍ਹਾਂ ਨੇ ਸਾਹਿਬ ਰਾਏ ਅੱਗੇ ਘੋੜਿਆਂ ਨੂੰ ਬੰਨ੍ਹ ਕੇ ਰੱਖਣ ਲਈ ਬੇਨਤੀ ਕੀਤੀ, ਪਰ ਅਹੰਕਾਰੀ ਚੌਧਰੀ ਨੇ ਕਿਹਾ ਕਿ ਤੁਹਾਡੇ ਕੇਸ ਮੁੰਨ ਕੇ ਉਸ ਦੇ ਰੱਸੇ ਵੱਟ ਕੇ ਮੈਂ ਘੋੜਿਆਂ ਨੂੰ ਬੰਨ੍ਹਾਂਗਾ। ਦੋਵੇਂ ਸਿੱਖਾਂ ਨੇ ਇਹ ਗੱਲ ਪਿੰਡ ਭਸਿਓਂ (ਭੁੱਸਾ) ਦੇ ਸਰਦਾਰ ਬਘੇਲ ਸਿੰਘ ਤੇ ਅਮਰ ਸਿੰਘ ਢਿੱਲੋਂ ਸਮੇਤ ਭਾਈ ਤਾਰਾ ਸਿੰਘ ਡੱਲ-ਵਾਂ ਨਾਲ ਸਾਂਝੀ ਕੀਤੀ। ਤਾਰਾ ਸਿੰਘ ਜੀ ਮੁਸਾਫ਼ਰਾਂ ਲਈ ਲੰਗਰ ਤਿਆਰ ਕਰਿਆ ਕਰਦੇ ਸਨ। ਸਿੱਖਾਂ ਨੇ ਰਾਇ ਬਣਾਈ ਕਿ ਜਦ ਚੌਧਰੀ ਦੇ ਘੋੜੇ ਖੇਤਾਂ ’ਚ ਵੜਨ ਤਾਂ ਉਨ੍ਹਾਂ ਨੂੰ ਫੜ ਕੇ ਦੂਰ ਕਿਧਰੇ ਵੇਚ ਦਿੱਤਾ ਜਾਵੇ। ਅਗਲੇ ਦਿਨ ਜਦ ਸਾਹਿਬ ਰਾਏ ਦੀ ਇੱਕ ਘੋੜੀ; ਸਿੱਖਾਂ ਦੇ ਖੇਤ ਚਰ ਰਹੀ ਸੀ ਤਾਂ ਅਮਰ ਸਿੰਘ ਢਿੱਲੋਂ ਭਰਾਵਾਂ ਸਮੇਤ ਕੁਝ ਸਿੰਘਾਂ ਨੇ ਉਸ ਨੂੰ ਪਕੜ ਕੇ ਦੂਰ ਵੇਚ ਦਿੱਤਾ ਤੇ ਰਕਮ ਭਾਈ ਤਾਰਾ ਸਿੰਘ ਦੁਆਰਾ ਚਲਾਏ ਜਾਂਦੇ ਲੰਗਰ ’ਚ ਪਾ ਦਿੱਤੀ। ਸਾਹਿਬ ਰਾਏ ਨੂੰ ਪਤਾ ਲੱਗਣ ’ਤੇ ਉਹ ਕੁਝ ਬੰਦੇ ਲੈ ਕੇ ਤਾਰਾ ਸਿੰਘ ਕੋਲ਼ ਆ ਕੇ ਘੋੜੀ ਚੋਰਾਂ (ਸਿੱਖਾਂ) ਨੂੰ ਗ੍ਰਿਫ਼ਤਾਰ ਕਰਵਾਉਣ ਲਈ ਕਿਹਾ, ਪਰ ਤਾਰਾ ਸਿੰਘ ਨੇ ਚੌਧਰੀ ਦੀ ਗ਼ਲਤੀ ਚੇਤੇ ਕਰਵਾਈ ਤੇ ਉਹ ਆਪਣੀ ਤਾਕਤ ਘੱਟ ਵੇਖ ਵਾਪਸ ਚਲਾ ਗਿਆ। ਉਹ ਪੱਟੀ ਦੇ ਫ਼ੌਜਦਾਰ ਕੋਲ਼ ਗਿਆ ਤੇ ਤਾਰਾ ਸਿੰਘ ਕੋਲ ਬਾਗ਼ੀ ਸਿੱਖਾਂ ਦੇ ਆਉਣ ਦੀ ਰਿਪੋਰਟ ਕੀਤੀ। ਫ਼ੌਜਦਾਰ ਨੇ ਆਪਣੇ ਭਤੀਜੇ ਦੀ ਅਗਵਾਈ ’ਚ 80 ਪੈਦਲ ਸਿਪਾਹੀ ਤੇ 25 ਘੋੜ ਸਵਾਰ; ਸਾਹਿਬ ਰਾਏ ਨਾਲ਼ ਭੇਜੇ ਤਾਂ ਜੋ ਸਾਰੇ ਸਿੱਖ ਗ੍ਰਿਫ਼ਤਾਰ ਕੀਤੇ ਜਾ ਸਕਣ, ਪਰ ਰਸਤੇ ਵਿੱਚ ਹੀ ਬਘੇਲ ਸਿੰਘ ਸਮੇਤ ਕੁਝ ਸਿੰਘਾਂ ਨਾਲ ਹੋਈ ਲੜਾਈ ’ਚ ਫ਼ੌਜਦਾਰ ਦਾ ਭਤੀਜਾ ਮਾਰਿਆ ਗਿਆ ਤੇ ਸਾਹਿਬ ਰਾਏ ਜਾਨ ਬਚਾ ਕੇ ਭੱਜ ਗਿਆ। ਫ਼ੌਜਦਾਰ ਨੂੰ ਜਦ ਆਪਣੇ ਭਤੀਜੇ ਦੇ ਮਰਨ ਦੀ ਖ਼ਬਰ ਮਿਲੀ ਤਾਂ ਉਸ ਨੇ ਫ਼ੌਜੀ ਕਮਾਂਡਰ ਮੋਮਨ ਖ਼ਾਨ ਕਸੂਰੀ ਨੂੰ ਹਾਥੀ ਦੇ ਕੇ ਜਰਨੈਲ ਤਕੀ ਖ਼ਾਨ (ਜਿਸ ਨੇ ਜਿਸਮ ’ਤੇ ਸੰਜੋਅ ਪਹਿਨਿਆ ਹੋਇਆ ਸੀ) ਸਮੇਤ 900 ਸਿਪਾਹੀ ਦੇ ਕੇ 9 ਜੂਨ 1726 ਨੂੰ ਡੱਲ ਵਾਂ ਪਿੰਡ ਵੱਲ ਭੇਜ ਦਿੱਤਾ (ਕੇਸਰ ਸਿੰਘ ਛਿਬਰ 900 ਸਿਪਾਹੀ ਲਿਖਦਾ ਹੈ ਤੇ ਰਤਨ ਸਿੰਘ ਭੰਗੂ 2200)। ਅਗਾਂਹ ਤਾਰਾ ਸਿੰਘ ਸਮੇਤ ਕੁੱਲ 22 ਸਿੰਘ ਸਨ, ਜਿਨ੍ਹਾਂ ਨਾਲ਼ ਗਹਿ-ਗੱਚ ਲੜਾਈ ਹੋਈ। ਭੀਮ ਸਿੰਘ ਨੇ ਮੋਮਨ ਖ਼ਾਨ ਦੇ ਹਾਥੀ ਦੇ ਮਹਾਵਤ ਦਾ ਸਿਰ ਤਲਵਾਰ ਨਾਲ਼ ਵੱਡ ਦਿੱਤਾ ਤੇ ਤਾਰਾ ਸਿੰਘ ਨੇ ਸੰਜੋਅ ਪਹਿਨੇ ਜਰਨੈਲ ਤਕੀ ਖ਼ਾਨ ਦੇ ਮੂੰਹ ’ਚ ਨੇਜ਼ਾ ਮਾਰਿਆ (ਇੱਥੇ ਇੱਕ ਨਾਟਕੀ ਪ੍ਰਸੰਗ ਵੀ ਜੁੜਿਆ ਹੈ ਕਿ ਫ਼ੌਜ ਕਮਾਂਡਰ ਮੋਮਨ ਖ਼ਾਨ ਨੇ ਜਰਨੈਲ ਤਕੀ ਖ਼ਾਨ ਦੇ ਮੂੰਹੋਂ ਲਾਲ (ਖ਼ੂਨ) ਵੇਖ ਕਿਹਾ ਕਿ ਪਾਨ ਖਾ ਰਹੇ ਹੋ ਤਾਂ ਉਸ ਨੇ ਜਵਾਬ ਦਿੱਤਾ ਕਿ ਤਾਰਾ ਸਿੰਘ ਪਾਨ ਵੰਡ ਰਿਹਾ ਹੈ, ਆਪ ਵੀ ਲੈ ਲਓ। ‘ਵੰਡ ਰਿਹਾ ਹੈ’ ਸ਼ਬਦਾਂ ਤੋਂ ਸਪਸ਼ਟ ਹੈ ਕਿ ਤਾਰਾ ਸਿੰਘ ਮੁਸਾਫ਼ਰਾਂ ਲਈ ਲੰਗਰ ਵੰਡਦੇ ਸਨ)। ਦੋ ਦਿਨ ਤੱਕ ਚੱਲੀ ਇਸ ਲੜਾਈ ’ਚ ਸੈਂਕੜੇ ਮੁਗ਼ਲ ਸਿਪਾਹੀ ਮਾਰ ਕੇ ਸਾਰੇ ਸਿੰਘ ਸ਼ਹੀਦ ਹੋ ਗਏ। ਭਾਈ ਤਾਰਾ ਸਿੰਘ ਡੱਲ-ਵਾਂ ਦੀ ਇਸ ਸ਼ਹੀਦੀ ਨੇ ਸਿੱਖਾਂ ਨੂੰ ਮੁੜ ਸੰਘਰਸ਼ ਲਈ ਤਿਆਰ ਕਰ ਦਿੱਤਾ। ਸਿੱਖਾਂ ਨੇ ਗੁਰਮਤਾ ਕਰ 3 ਫ਼ੈਸਲੇ ਲਏ (1). ਸ਼ਾਹੀ ਖ਼ਜ਼ਾਨੇ ਲੁੱਟੇ ਜਾਣ (2). ਘੋੜੇ ਅਤੇ ਹਥਿਆਰ ਖੋਹੇ ਜਾਣ (3). ਮੁਗ਼ਲ ਹਕੂਮਤ ਦੇ ਮੁਖ਼ਬਰਾਂ ਅਤੇ ਮਦਦਗਾਰਾਂ ਨੂੰ ਸੋਧਿਆ ਜਾਵੇ।

ਜੁਲਾਈ-ਅਗਸਤ 1726 ਨੂੰ ਸਿੱਖਾਂ ਨੇ ਕਸੂਰ ਤੋਂ ਲਹੌਰ ਜਾਂਦਾ ਖ਼ਜ਼ਾਨਾ (5 ਲੱਖ ਰੁਪਏ) ਘੋੜੇ ਤੇ ਹਥਿਆਰ ਖੋਹ ਲਏ। ਸਤੰਬਰ 1726 ਨੂੰ ਸਿੱਖਾਂ ਨੇ ਮੁਰਤਜਾ ਖ਼ਾਨ ਦੇ ਘੋੜਿਆਂ ਦਾ ਕਾਫ਼ਲਾ ਲੁੱਟ ਲਿਆ। ਬੁੱਧ ਸਿੰਘ ਸੁਕਰਚੱਕੀਆ ਤੇ ਬਾਘ ਸਿੰਘ ਹੱਲੋਵਾਲੀਆ ਨੇ ਬਿਆਸ ਦਰਿਆ ਦੇ ਕੰਢੇ ’ਤੇ (ਗੋਇੰਦਵਾਲ ਕੋਲ਼) ਦਿੱਲੀ ਤੋਂ ਪਿਸ਼ਾਵਰ ਜਾਂਦਾ 700 ਘੋੜਿਆਂ ਦਾ ਕਾਫ਼ਲਾ ਲੁੱਟ ਲਿਆ, ਜਿਸ ਨਾਲ਼ ਸਿੱਖਾਂ ਦੇ ਹੱਥ ਸੋਨਾ, ਚਾਂਦੀ ਤੇ ਹੋਰ ਕੀਮਤੀ ਸਮਾਨ ਆ ਗਿਆ, ਆਦਿ।

ਸਿੱਖ, ਇਹ ਸਭ ਕੁਝ ਮੁਗ਼ਲ ਸਰਕਾਰ ਨੂੰ ਕਮਜ਼ੋਰ ਕਰਨ ਅਤੇ ਆਪਣਾ ਪ੍ਰਭਾਵ ਵਧਾਉਣ ਲਈ ਕਰ ਰਹੇ ਸਨ। ਸੰਨ 1727 ’ਚ ਸਿੱਖਾਂ ਨੇ ਹਰਿਗੋਬਿੰਦਪੁਰ ਕੋਲ ਇੱਕ ਸਰਕਾਰੀ ਕਾਫ਼ਲਾ ਸਮਝ ਕੇ ਲੁੱਟ ਲਿਆ ਜਦ ਕਿ ਉਹ ਸਮਾਨ ਮੁਗ਼ਲ ਸਰਕਾਰ ਨੂੰ ਅਜੇ ਵੇਚਣਾ ਸੀ। ਜਦ ਸਿੱਖਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਅਸਲ ਮਾਲਕ ਲਾਲਾ ਪਰਤਾਪ ਚੰਦ ਸਿਆਲਕੋਟ ਨੂੰ ਲੱਭ ਕੇ ਖੋਹਿਆ ਹੋਇਆ ਸਾਰਾ ਸਮਾਨ, ਉਸ ਦੇ ਘਰ ਪਹੁੰਚਾ ਦਿੱਤਾ। ਇਹ ਸਾਰੇ ਐਕਸ਼ਨ ਸੰਨ 1726-27 ਦਰਮਿਆਨ ਕੀਤੇ ਗਏ ਸਨ।

ਦਿੱਲੀ ਦੇ ਹਾਕਮਾਂ ਨੇ ਲਹੌਰ ਦੇ ਸੂਬੇਦਾਰ ਅਬਦੁਸ ਸਮਦ ਖ਼ਾਨ (ਜੋ 1713 ਤੋਂ ਇਸ ਪਦ ’ਤੇ ਸੀ) ਨੂੰ 1726 ’ਚ ਹਟਾ ਕੇ ਮੁਲਤਾਨ ਦਾ ਗਵਰਨਰ ਲਗਾ ਦਿੱਤਾ (ਜਿਸ ਕਾਰਨ ਉਹ; ਸਿੱਖਾਂ ਹੱਥੋਂ ਆਪਣੇ ਗੁਨਾਹਾਂ ਦੀ ਸਜ਼ਾ ਭੁਗਤਣੋ ਬਚ ਗਿਆ। ਸੰਨ 1737 ’ਚ ਮਰ ਗਿਆ)। ਉਸ ਦੀ ਥਾਂ ’ਤੇ ਉਸ ਦੇ ਪੁੱਤਰ ਜ਼ਕਰੀਆ ਖ਼ਾਨ (ਜੋ 1713 ਤੋਂ 1720 ਤੱਕ ਜੰਮੂ ਦਾ ਸੂਬੇਦਾਰ ਤੇ 1720 ਤੋਂ 1726 ਤੱਕ ਕਸ਼ਮੀਰ ਦਾ ਸੂਬੇਦਾਰ ਸੀ) ਨੂੰ ਲਹੌਰ ਦਾ ਸੂਬੇਦਾਰ ਬਣਾ ਦਿੱਤਾ। ਉਸ ਨੇ 20 ਹਜ਼ਾਰ ਫ਼ੌਜੀਆਂ ਦੀ ‘ਗਸ਼ਤੀ ਫ਼ੌਜ’ ਭਰਤੀ ਕੀਤੀ, ਜਿਨ੍ਹਾਂ ’ਚੋਂ 10 ਹਜ਼ਾਰ ਨੂੰ ਆਪਣੇ ਕੋਲ਼ ਰੱਖਿਆ ਅਤੇ 10 ਹਜ਼ਾਰ ਨੂੰ ਇੱਕ-ਇੱਕ ਹਜ਼ਾਰ ਦੀਆਂ ਟੁਕੜੀਆਂ ’ਚ ਵੰਡ ਕੇ ਉਨ੍ਹਾਂ ਲਈ 10 ਕਮਾਂਡਰ ਨਿਯੁਕਤ ਕਰ ਦਿੱਤੇ।

ਇਸ ਵੇਲ਼ੇ ਸਿੱਖ ਫ਼ੌਜਾਂ ਦੇ ਜਥੇਦਾਰ ਬਾਬਾ ਦਰਬਾਰਾ ਸਿੰਘ ਸਨ (ਜੋ ਭਾਈ ਨਾਨੂੰ ਸਿੰਘ ਦਿਲਵਾਲੀ ‘ਸ਼ਹੀਦ ਚਮਕੌਰ ਜੰਗ’ ਦੇ ਬੇਟੇ ਸਨ)। ਮੀਤ ਜਥੇਦਾਰ; ਸਰਦਾਰ ਕਪੂਰ ਸਿੰਘ ਫ਼ੈਜ਼ਲਾਪੁਰੀਆ ਨੂੰ ਬਣਾਇਆ ਗਿਆ। ਸਰਦਾਰ ਕਪੂਰ ਸਿੰਘ ਗੁਰੀਲਾ ਜੰਗ ’ਚ ਮਾਹਰ ਸਨ, ਜਿਸ ਕਾਰਨ ਉਨ੍ਹਾਂ ਨੇ ਪੰਜਾਬ ਦੀਆਂ ਸਾਰੀਆਂ ਮੁਗ਼ਲ ਕਾਰਵਾਈਆਂ ਨੂੰ ਬੇਅਸਰ ਕਰ ਕੇ ਰੱਖਿਆ। ਇਹ ਸੰਘਰਸ਼ 7 ਸਾਲ (1726-1732) ਤੱਕ ਚੱਲਦਾ ਰਿਹਾ। ਸਿੱਖਾਂ ਅਤੇ ਮੁਗ਼ਲਾਂ ਦੀ ਅਹਿਮ ਲੜਾਈ ਸੰਨ 1732 ’ਚ ਤਦ ਹੋਈ ਜਦ ਮੰਞ ਰਾਜਪੂਤ, ਮਲੇਰਕੋਟਲੇ ਦੇ ਪਠਾਨ ਜਮਾਲ ਖ਼ਾਨ ਅਤੇ ਜਲੰਧਰ ਦੁਆਬਾ ਦੇ ਫ਼ੌਜਦਾਰ ਸਈਅਦ ਅਸਦ ਅਲੀ ਖ਼ਾਨ ਨੇ ਮਿਲ ਕੇ ਬਰਨਾਲਾ ਵਿਖੇ ਆਲਾ ਸਿੰਘ ’ਤੇ ਹਮਲਾ ਕਰ ਦਿੱਤਾ। ਇਸ ਲੜਾਈ ਵਿੱਚ ਬਾਬਾ ਦੀਪ ਸਿੰਘ ਪਹੂਵਿੰਡੀਆ ਦੀ ਅਗਵਾਈ ’ਚ ਸਿੱਖ ਫ਼ੌਜਾਂ ਨੇ ਮੁਗ਼ਲਾਂ ਨੂੰ ਬੁਰੀ ਤਰ੍ਹਾਂ ਹਰਾਇਆ। ਇਸ ਯੁਧ ਤੋਂ ਬਾਅਦ ਦਿੱਲੀ ਹਕੂਮਤ ਸਿੱਖਾਂ ਤੋਂ ਮੁੜ ਡਰਨ ਲੱਗ ਪਈ; ਜਿਵੇਂ ਕਿ ਬਾਬਾ ਬੰਦਾ ਸਿੰਘ ਬਹਾਦਰ ਸਮੇਂ ਡਰਦੀ ਸੀ।

ਸਿੱਖਾਂ ਨੂੰ ਜਾਗੀਰ ਦੇਣ ਦੀ ਪੇਸ਼ਕਸ਼ : ਸਿੱਖਾਂ ਤੋਂ ਜ਼ਕਰੀਆ ਖ਼ਾਨ ਵੀ ਤੰਗ ਆ ਗਿਆ, ਉਸ ਨੇ ਸਿੱਖਾਂ ਨਾਲ਼ ਟੱਕਰ ਲੈਣ ਦੀ ਬਜਾਇ ਨਵਾਂ ਰਸਤਾ ਲੱਭਿਆ। ਉਸ ਦਾ ਮੰਨਣਾ ਸੀ ਕਿ ਜੇ ਕਿਸੇ ਨੂੰ ਸ਼ਰਬਤ ਪਿਆ ਕੇ ਮਾਰਿਆ ਜਾ ਸਕਦਾ ਹੈ ਤਾਂ ਜ਼ਹਰ ਪਿਲਾਉਣ ਲਈ ਸਾਰਾ ਜ਼ੋਰ ਕਿਉਂ ਲਾਇਆ ਜਾਵੇ ? ਲਹੌਰ ਦੇ ਫ਼ੌਜਦਾਰ ਅਸਲਮ ਖ਼ਾਨ ਨੇ ਵੀ ਸੂਬੇਦਾਰ ਜ਼ਕਰੀਆ ਖ਼ਾਨ ਨੂੰ ਸਿੱਖਾਂ ਨਾਲ਼ ਸੁਲ੍ਹਾ ਕਰਨ ਦੀ ਸਲਾਹ ਦਿੱਤੀ। ਸਿੱਖਾਂ ਨਾਲ਼ ਗੱਲਬਾਤ ਕਰਨ ਲਈ ਜ਼ਕਰੀਆ ਖ਼ਾਨ; ਹਿੰਦੂ ਵਜ਼ੀਰ ਲਖਪਤ ਰਾਏ ਨੂੰ ਭੇਜਣਾ ਚਾਹੁੰਦਾ ਸੀ, ਪਰ ਉਹ ਸਿੱਖਾਂ ਕੋਲ਼ ਜਾਣ ਤੋਂ ਡਰਦਾ ਸੀ। ਇਸ ਕੰਮ ਲਈ ਜੰਭਰ ਪਿੰਡ ਦੇ ਭਾਈ ਸੁਬੇਗ ਸਿੰਘ ਦੀ ਮਦਦ ਲਈ ਗਈ, ਜੋ ਮੁਗ਼ਲਾਂ ਬਾਰੇ ਨਰਮ ਦਿਲ ਸਨ।

ਭਾਈ ਸੁਬੇਗ ਸਿੰਘ ਨੂੰ ਸਿੱਖ ਸੰਗਤ ਨਾਲ਼ ਗੱਲਬਾਤ ਕਰਨ ਲਈ ਅੰਮ੍ਰਿਤਸਰ ਭੇਜਿਆ ਗਿਆ ਤਾਂ ਜੋ ਉਹ ਗੁਰੂ ਦਾ ਚੱਕ ਅਤੇ ਇਸ ਦੇ ਆਸ-ਪਾਸ ਦੇ ਸਾਰੇ ਪਰਗਨਿਆਂ ਦੀ ਜਾਗੀਰ ਲੈ ਲੈਣ, ਪਰ ਮੁਗ਼ਲ ਸਰਕਾਰ ਵਿਰੁਧ ਸੰਘਰਸ਼ ਨਾ ਕਰਨ। ਜਦ ਭਾਈ ਸੁਬੇਗ ਸਿੰਘ ਜੀ 29 ਮਈ 1733 ਨੂੰ ਦਰਬਾਰ ਸਾਹਿਬ ਪੁੱਜੇ ਤਾਂ ਦੀਵਾਨ ਲੱਗਿਆ ਹੋਇਆ ਸੀ। ਭਾਈ ਸੁਬੇਗ ਸਿੰਘ ਨੇ ਪਹਿਲਾਂ ਤਾਂ ਮੁਗ਼ਲਾਂ ਨਾਲ਼ ਨੇੜਤਾ ਰੱਖਣ ਦੀ ਤਨਖ਼ਾਹ ਲਵਾਈ, ਮਗਰੋਂ ਜ਼ਕਰੀਆ ਖ਼ਾਨ ਵੱਲੋਂ ਜਾਗੀਰ ਦੀ ਪੇਸ਼ਕਸ਼ ਬਾਰੇ ਦੱਸਿਆ ਤੇ ਇਸ ਨੂੰ ਕਬੂਲਣ ਲਈ ਕਿਹਾ। ਇਸ ਪੇਸ਼ਕਸ਼ ਬਾਰੇ ਬਾਬਾ ਦਰਬਾਰਾ ਸਿੰਘ ਦੇ ਬੋਲ, ਰਤਨ ਸਿੰਘ ਭੰਗੂ ਨੇ ਇਉਂ ਕਲਮਬੰਦ ਕੀਤੇ: ‘ਹਮ ਪਾਤਿਸ਼ਾਹੀ ਸਤਿਗੁਰ ਦਈ। ਹੰਨੈ ਹੰਨੈ ਲਾਇ। ਜਹਿਂ ਜਹਿਂ ਬਹੈਂ ਜ਼ਮੀਨ ਮਲ। ਤਹਿਂ ਤਹਿਂ ਤਖ਼ਤ ਬਨਾਇ।39॥ ਇਸੀ ਭਾਂਤ ਬਹੁ ਸਿੱਖਣ ਕਹੀ। ਹਮ ਕੋ ਲੋੜ ਨਿਬਾਬੀ ਨਹੀਂ। ਉਨ ਮਾਂਗੀ ਕਬ ਦਈ ਪਾਤਿਸ਼ਾਹੀ। ਪੰਥ ਛਡ ਬਹਿਯੋ, ਕਬ ਉਨ ਕੇ ਪਾਹੀ।40॥ ਪੰਥ ਤੁਰਕਨ ਕੋ ਐਸੋ ਮੇਲ। ਬਰੂਦ ਅਗਨ ਕੋ ਜੈਸੋ ਖੇਲ।’ (ਰਤਨ ਸਿੰਘ ਭੰਗੂ, ਸਫ਼ਾ 213)

ਸਿੰਘਾਂ ਦੀ ਐਸੀ ਸੋਚ ਹੋਣ ਦੇ ਬਾਵਜੂਦ ਭੀ ਵਿਚਾਰ-ਵਟਾਂਦਰੇ ਤੋਂ ਬਾਅਦ ਸਰਬੱਤ ਖ਼ਾਲਸਾ ਨੇ ਜਾਗੀਰ ਦੀ ਪੇਸ਼ਕਸ਼ ਕਬੂਲ ਕਰਨ ਦਾ ਗੁਰਮਤਾ ਪਾਸ ਕਰ ਲਿਆ। ਇਸ ਤੋਂ ਮਗਰੋਂ ਜਦ ਨਵਾਬੀ ਲਈ ਆਗੂ ਚੁਣਨ ਦਾ ਸਵਾਲ ਆਇਆ ਤਾਂ ਭਾਈ ਮਨੀ ਸਿੰਘ ਜੀ ਅਤੇ ਬਾਬਾ ਦਰਬਾਰਾ ਸਿੰਘ ਨੇ ਨਵਾਬੀ ਕਬੂਲ ਕਰਨ ਤੋਂ ਨਾ ਕਰ ਦਿੱਤੀ। ਅਖ਼ੀਰ ਜ਼ੋਰ ਦੇਣ ’ਤੇ ਖ਼ਾਲਸਾ ਫ਼ੌਜਾਂ ਦੇ ਡਿਪਟੀ ਚੀਫ਼ ਕਪੂਰ ਸਿੰਘ, ਜੋ ਇੱਕ ਤਕੜੇ ਜਰਨੈਲ ਅਤੇ ਜਥੇਬੰਦਕ ਆਗੂ ਸਨ, ਨੇ ਨਵਾਬੀ ਕਬੂਲ ਕਰਨਾ ਮੰਨ ਲਿਆ। ਮੁਗ਼ਲਾਂ ਵੱਲੋਂ ਆਈ ਦਸਤਾਰ, ਜਾਮਾ-ਜੋੜਾ ਤੇ ਕਮਰਕੱਸਾ ਉਨ੍ਹਾਂ ਨੂੰ ਭੇਂਟ ਕੀਤਾ ਗਿਆ, ਪਰ ਇਸ ਦੇ ਨਾਲ ਹੀ ਸਰਬੱਤ ਖ਼ਾਲਸਾ ਨੇ ਜਕਰੀਆ ਖ਼ਾਨ ਲਈ ਸੁਨੇਹਾ ਭੇਜਿਆ ਕਿ ਨਵਾਬ ਕਪੂਰ ਸਿੰਘ ਜਾਂ ਕੋਈ ਵੀ ਹੋਰ ਸਿੱਖ ਨੁਮਾਇੰਦਾ; ਮੁਗ਼ਲ ਦਰਬਾਰ ਵਿੱਚ ਪੇਸ਼ ਨਹੀਂ ਹੋਇਆ ਕਰੇਗਾ।

ਸਿੱਖਾਂ ਵੱਲੋਂ ਜਾਗੀਰ ਕਬੂਲਣ ਨਾਲ਼ ਮਾਲੀ ਹਾਲਤ ਕੁਝ ਬੇਹਤਰ ਹੋ ਗਈ, ਜੋ ਗੁਰੂ ਦਾ ਚੱਕ (ਅੰਮ੍ਰਿਤਸਰ) ਤੋਂ ਇਲਾਵਾ ਚੂਹਣੀਆਂ, ਝਬਾਲ, ਕੰਗਣਵਾਲ ਅਤੇ ਦੀਪਾਲਪੁਰ ਪਰਗਨਿਆਂ (18 ਪਿੰਡ) ’ਚੋਂ ਇੱਕ ਸਾਲ ਦਾ ਇੱਕ ਲੱਖ ਰੁਪਏ ਮਾਲੀਆ ਸਿੱਖਾਂ ਨੂੰ ਦਿੰਦੀ ਸੀ। ਉਸ ਸਮੇਂ ਇਹ ਰਕਮ ਬਹੁਤ ਵੱਡੀ ਸੀ।

ਖ਼ਾਲਸਾ ਫ਼ੌਜ ਨੂੰ ਤਰੁਣਾ ਦਲ ਅਤੇ ਬੁੱਢਾ ਦਲ ਵਿੱਚ ਵੰਡਣਾ: ਸਿੱਖ ਕੌਮ ਨੂੰ ਜਥੇਬੰਦ ਕਰਨ ਲਈ ਇੱਕ ਵੱਡਾ ਇਕੱਠ ਅਕਾਲ ਤਖ਼ਤ ਸਾਹਿਬ ’ਤੇ ਬੁਲਾਇਆ ਗਿਆ। ਸਾਰੀ ਸਿੱਖ ਕੌਮ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ। ਵਡੇਰੀ ਉਮਰ ਵਾਲ਼ੇ ਸਿੱਖਾਂ ਨੂੰ ਬੁੱਢਾ ਦਲ ਵਿੱਚ ਅਤੇ ਨੌਜਵਾਨ ਸਿੱਖਾਂ ਦਾ ਤਰੁਣਾ ਦਲ ਬਣਾਇਆ ਗਿਆ। ਜਿਨ੍ਹਾਂ ਦੇ ਅਗਾਂਹ 5-5 ਜਥੇ ਬਣਾ ਕੇ ਉਨ੍ਹਾਂ ਲਈ 5-5 ਮੁੱਖੀ ਥਾਪੇ। ਬੁੱਢਾ ਦਲ ਦੇ ਪੰਜ ਮੁੱਖੀ ਸਨ : (1). ਬਾਬਾ ਦੀਪ ਸਿੰਘ ਜੀ ਪਹੂਵਿੰਡੀਆ (2). ਜੀਵਨ ਸਿੰਘ ਤੇ ਬੀਰ ਸਿੰਘ (3). ਕਾਹਨ ਸਿੰਘ ਤੇ ਭਾਈ ਬਿਨੋਦ ਸਿੰਘ ਗੋਇੰਦਵਾਲ (4). ਧਰਮ ਸਿੰਘ ਤੇ ਕਰਮ ਸਿੰਘ ਗੁਰੂ ਦਾ ਚੱਕ ਅੰਮ੍ਰਿਤਸਰ ਵਾਲ਼ੇ (5). ਦਸੌਂਧਾ ਸਿੰਘ ਕੋਟ ਬੁੱਢਾ ਵਾਲ਼ਾ, ਇਨ੍ਹਾਂ ਪੰਜਾਂ ਦਾ ਡੇਰਾ ਦਰਬਾਰ ਸਾਹਿਬ ਅੰਮ੍ਰਿਤਸਰ ਕੰਪਲੈਕਸ ਵਿੱਚ ਰੱਖਿਆ ਗਿਆ।

ਤਰੁਣਾ ਦਲ ਦੇ ਪੰਜ ਜਥਿਆਂ ਦੇ ਮੁੱਖੀ ਸਨ : (1). ਸੁੱਖਾ ਸਿੰਘ ਮਾੜੀ ਕੰਬੋ (2). ਗੁਰਬਖ਼ਸ਼ ਸਿੰਘ ਰੋੜਾਂਵਾਲੀ (3). ਬਾਘ ਸਿੰਘ ਹਲੋਵਾਲੀਆ (4). ਗੁਰਦਿਆਲ ਸਿੰਘ ਡਲੇਵਾਲ (5). ਸ਼ਾਮ ਸਿੰਘ ਨਾਰੋਕੀ, ਇਨ੍ਹਾਂ ਪੰਜਾਂ ਦਾ ਡੇਰਾ ਪੰਜ ਸਰੋਵਰਾਂ (ਰਾਮਸਰ, ਬਿਬੇਕਸਰ, ਲਛਮਣਸਰ, ਸੰਤੋਖਸਰ, ਕੌਲਸਰ) ਵਾਲ਼ੀਆਂ ਥਾਂਵਾਂ ’ਤੇ ਰੱਖਿਆ ਗਿਆ। ਸਮੁੱਚੀ ਸਿੱਖ ਫ਼ੌਜ ਦੀ ਸਾਂਝੀ ਕਮਾਂਡ ਨਵਾਬ ਕਪੂਰ ਸਿੰਘ ਨੂੰ ਸੌਂਪੀ ਗਈ। ਸਿੱਖ ਫ਼ੌਜ ਦੇ ਮੁੱਖੀ ਬਾਬਾ ਦਰਬਾਰਾ ਸਿੰਘ ਜੀ ਦੀਆਂ ਸਰਗਰਮੀਆਂ ਕੁਝ ਘਟਾਈਆਂ ਗਈਆਂ ਕਿਉਂਕਿ ਉਹ ਕਾਫ਼ੀ ਬਜ਼ੁਰਗ ਹੋ ਚੁੱਕੇ ਸਨ, ਜੋ 16 ਕੁ ਮਹੀਨਿਆਂ ਬਾਅਦ ਜੁਲਾਈ-ਅਗਸਤ 1734 ਵਿੱਚ ਚੜ੍ਹਾਈ ਕਰ ਗਏ। ਗੁਰਮਤਿ ਪ੍ਰਚਾਰ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ਼ ਦਾ ਜ਼ਿੰਮਾ ਬੁੱਢਾ ਦਲ ਨੂੰ ਸੌਂਪਿਆ ਗਿਆ ਅਤੇ ਕੌਮੀ ਹਿਫ਼ਾਜ਼ਤ ਦਾ ਜ਼ਿੰਮਾ ਤਰੁਣਾ ਦਲ ਨੂੰ ਦਿੱਤਾ ਗਿਆ। ਇਸ ਸਮੇਂ ਸਿੱਖਾਂ ਵੱਲੋਂ ਨੀਲੇ ਰੰਗ ਦੇ ਪੰਜ ਨਿਸ਼ਾਨ ਸਾਹਿਬ ਅਕਾਲ ਤਖ਼ਤ ਸਾਹਿਬ ’ਤੇ ਲਹਿਰਾਏ ਗਏ ਸਨ।

ਭਾਵੇਂ ਕਿ ਜਾਗੀਰ ਦੀ ਰਕਮ ਨਾਲ਼ ਸਿੱਖ ਫ਼ੌਜਾਂ ਕੋਲ਼ ਕਾਫ਼ੀ ਘੋੜੇ ਅਤੇ ਅਸਲਾ ਆ ਚੁੱਕਾ ਸੀ, ਪਰ ਇਹ ਅਹਿਸਾਸ ਵੀ ਸਿੱਖਾਂ ਨੂੰ ਹੋਣ ਲਗਾ ਕਿ ਸ਼ਾਇਦ ਉਨ੍ਹਾਂ ਨੇ ਕੋਈ ਗ਼ਲਤੀ ਕਰ ਦਿੱਤੀ ਹੈ। ਉਨ੍ਹਾਂ ਮੁਤਾਬਕ ਜਾਗੀਰ; ਜ਼ਾਲਮ ਸਰਕਾਰ ਨਾਲ਼ ਭਾਈਵਾਲ ਪਾਉਣ ਵਾਲ਼ੀ ਹਰਕਤ ਹੈ। ਸੋ ਜਾਗੀਰ 4-5 ਮਹੀਨੇ (29 ਮਾਰਚ ਤੋਂ ਅਗਸਤ 1733 ਤੱਕ) ਹੀ ਰੱਖੀ ਗਈ।  ਗੁੱਸੇ ਤੇ ਪਛਤਾਵੇ ਦੀ ਹਾਲਤ ਵਿੱਚ ਤਰੁਣਾ ਦਲ ਫ਼ੌਜਾਂ ਨੇ ਫਿਰ ਸ਼ਾਹੀ ਇਲਾਕਿਆਂ ’ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ। ਜਦ ਇਹ ਖ਼ਬਰਾਂ ਲਹੌਰ ਦੇ ਸੂਬੇਦਾਰ ਕੋਲ਼ ਪਹੁੰਚੀਆਂ ਤਾਂ ਉਸ ਨੇ ਸਿੱਖਾਂ ਦੀ ਜਾਗੀਰ ਜ਼ਬਤ ਕਰਨ ਦਾ ਐਲਾਨ ਕਰ ਦਿੱਤਾ। ਕੁਝ ਇਤਿਹਾਸਕ ਸੋਮਿਆਂ ਦਾ ਮੰਨਣਾ ਹੈ ਕਿ ਜ਼ਕਰੀਆਂ ਖ਼ਾਨ ਨੂੰ ਇਹ ਉਮੀਦ ਸੀ ਕਿ ਸਿੱਖ ਜਾਗੀਰ ਮਿਲਣ ਨਾਲ਼ ਲਾਲਚੀ ਹੋ ਜਾਣਗੇ, ਇਸ ਲਈ ਥੋੜ੍ਹਾ ਅਮਨ ਹੁੰਦਾ ਵੇਖ ਸਿੱਖਾਂ ਨੂੰ ਕਿਹਾ ਗਿਆ ਕਿ ਹੁਣ ਅਮਨ-ਅਮਾਨ ਹੋ ਚੁੱਕਾ ਹੈ। ਤੁਸੀਂ ਆਪੋ-ਆਪਣੇ ਘਰੋ-ਘਰੀਂ ਜਾ ਕੇ ਖੇਤੀ ਕਰੋ, ਪਰ ਇਹ ਸੁਣ ਕੇ ਸਿੱਖਾਂ ਨੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ।

ਜ਼ਕਰੀਆ ਖ਼ਾਨ ਨੇ ਲਖਪਤ ਰਾਏ ਨੂੰ ਫ਼ੌਜ ਦੇ ਕੇ ਅੰਮ੍ਰਿਤਸਰ ’ਤੇ ਹਮਲਾ ਕਰਨ ਲਈ ਕਿਹਾ। ਇਸ ਹਮਲੇ ਨੇ ਬੁੱਢਾ ਦਲ ਨੂੰ ਦਰਬਾਰ ਸਾਹਿਬ ਛੱਡਣ ਲਈ ਮਜਬੂਰ ਕਰ ਦਿੱਤਾ। ਭਾਈ ਮਨੀ ਸਿੰਘ ਜੀ ਫਿਰ ਇੱਕ ਵਾਰ ਦਰਬਾਰ ਸਾਹਿਬ ਛੱਡ ਕੇ ਚਲੇ ਗਏ, ਜੋ ਕੁਝ ਸਮਾਂ ਮਾਝੇ ਦੇ ਪਿੰਡਾਂ ਵਿੱਚ ਧਰਮ ਪ੍ਰਚਾਰ ਕਰਦੇ ਰਹੇ। 26 ਅਕਤੂਬਰ 1733 ਨੂੰ ਦੀਵਾਲੀ ਦਾ ਦਿਨ ਸੀ। ਭਾਈ ਮਨੀ ਸਿੰਘ ਜੀ ਨੇ ਇਸ ਦਿਨ ਸਰਬੱਤ ਖ਼ਾਲਸਾ ਅੰਮ੍ਰਿਤਸਰ ਬੁਲਾਉਣ ਦਾ ਫ਼ੈਸਲਾ ਲਿਆ। ਇਸ ਇਕੱਠ ਲਈ 20 ਤੋਂ 26 ਤਾਰੀਕ ਮੁਕਰੱਰ ਕੀਤੀ ਗਈ। ਸਿੱਖਾਂ ਅਤੇ ਮੁਗ਼ਲ ਹਾਕਮਾਂ ਦਰਮਿਆਨ ਦਰਬਾਰ ਸਾਹਿਬ ਦੀ ਜਾਗੀਰ ਵਾਲ਼ਾ ਇਕਰਾਰ ਅਜੇ ਤਾਜ਼ਾ-ਤਾਜ਼ਾ ਹੀ ਟੁੱਟਿਆ ਸੀ। ਜ਼ਕਰੀਆ ਖ਼ਾਨ ਨੇ ਲਖਪਤ ਰਾਏ ਨੂੰ ਫ਼ੌਜ ਦੇ ਕੇ ਰਾਮ ਤੀਰਥ ਵਾਲ਼ੀ ਥਾਂ ’ਤੇ ਬਿਠਾ ਦਿੱਤਾ ਤਾਂ ਜੋ ਸਰਬੱਤ ਖ਼ਾਲਸਾ ’ਚ ਆਉਣ ਵਾਲ਼ੇ ਸਿੱਖਾਂ ’ਤੇ ਹਮਲਾ ਕੀਤਾ ਜਾ ਸਕੇ। ਦੂਸਰੇ ਪਾਸੇ ਭਾਈ ਮਨੀ ਸਿੰਘ ਤੋਂ ਸਰਬੱਤ ਖ਼ਾਲਸਾ ਇਕੱਠ ਕਰਨ ਬਦਲੇ 10 ਹਜ਼ਾਰ ਰੁਪਏ (ਜਜ਼ੀਏ/ਜਜ਼ੀਆ ਟੈਕਸ, ਜੋ ਗ਼ੈਰ ਇਸਲਾਮਿਕ ਧਾਰਮਿਕ ਸਥਾਨਾਂ ’ਤੇ ਲਗਾਇਆ ਜਾਂਦਾ ਹੈ) ਦੀ ਮੰਗ ਕੀਤੀ ਗਈ। ਮੁਗ਼ਲਾਂ ਦੇ ਦਖ਼ਲ ਦੇਣ ਕਾਰਨ ਦਰਬਾਰ ਸਾਹਿਬ ਵਿਖੇ ਸਿੱਖ ਬਹੁਤ ਘੱਟ ਪਹੁੰਚੇ । ਭਾਈ ਮਨੀ ਸਿੰਘ ਨੇ ਵੀ ਸਿੱਖਾਂ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ ਕਿ ਉਹ ਦਰਬਾਰ ਸਾਹਿਬ ਨਾ ਆਉਣ।

ਦੀਵਾਲੀ ਤੋਂ ਬਾਅਦ ਭਾਈ ਮਨੀ ਸਿੰਘ ਤੋਂ 10 ਹਜ਼ਾਰ ਦੀ ਮੰਗ ਕੀਤੀ ਗਈ, ਪਰ ਚੜ੍ਹਾਵਾ ਨਾ ਚੜ੍ਹਨ ਕਾਰਨ ਉਨ੍ਹਾਂ ਨੇ ਵਿਸਾਖੀ 1734 ਤੱਕ ਦੀ ਮੁਹਲਤ ਹੋਰ ਮੰਗ ਲਈ ਤੇ ਜ਼ਕਰੀਆ ਖ਼ਾਨ ਨੇ ਦੇ ਦਿੱਤੀ। ਦਰਅਸਲ ਮੁਗ਼ਲਾਂ ਲਈ 10 ਹਜ਼ਾਰ ਇੱਕ ਬਹਾਨਾ ਮਾਤਰ ਸੀ। ਮਾਰਚ 1734 (ਵਿਸਾਖੀ) ਨੂੰ ਵੀ ਮੁਗ਼ਲਾਂ ਨੇ ਫਿਰ ਸਿੱਖਾਂ ’ਤੇ ਹਮਲੇ ਦੀ ਵਿਓਂਤ ਬਣਾਈ। ਸੂਹੀਆਂ ਰਾਹੀਂ ਭਾਈ ਮਨੀ ਸਿੰਘ ਜੀ ਮਿਲੀ ਜਾਣਕਾਰੀ ਤੋਂ ਬਾਅਦ ਉਨ੍ਹਾਂ ਨੇ ਸਿੱਖਾਂ ਨੂੰ ਦਰਬਾਰ ਸਾਹਿਬ ਆਉਣ ਤੋਂ ਫਿਰ ਰੋਕ ਦਿੱਤਾ, ਜਿਸ ਕਾਰਨ ਚੜ੍ਹਾਵਾ ਫਿਰ ਨਾ ਚੜ੍ਹ ਸਕਿਆ।

ਭਾਈ ਮਨੀ ਸਿੰਘ ਜੀ ਨੂੰ ਸੂਹੀਏ ਰਾਹੀਂ ਮਿਲੀ ਜਾਣਕਾਰੀ ਨੂੰ ਕਵੀ ਸੇਵਾ ਸਿੰਘ ਇਉਂ ਲਿਖਦੇ ਹਨ : ‘ਸੂਹੀਏ ਪਹਿਲੋਂ ਖ਼ਬਰ ਪੁਚਾਈ। ਸੂਬੇ ਕੀ ਸਬ ਦੇਖ ਖੁਟਾਈ। ਲੱਖੂ ਭੇਜਿਆ ਓਸ ਵਜੀਰ। ਤੀਰਥ ਰਾਮ ਸੁਧਾ ਸਰ ਤੀਰ। ਦੋਖੀ ਦੁਸ਼ਟ ਜਿਸੀ ਮਨ ਮੈਲ। ਤੁਰਕ ਫ਼ੌਜ ਲੈ ਆਯੋ ਗੈਲ। ਕਾਰਣ ਇਸੀ, ਸਿੰਘ ਨਹੀਂ ਆਏ। ਮਨੀ ਸਿੰਘ ਦੀਏ ਬੰਦ ਕਰਾਏ। ਭਾਈ ਸਾਹਿਬ ਇਮ ਕਹਯੋ ਅਲਾਈ। ਹਮਰਾ ਸਮਾਂ ਪਹੁੰਚਯੋ ਆਈ। ਧਰਮ ਹੇਤ ਹਮ ਦੇਹੈਂ ਪ੍ਰਾਨ। ਨਹੀਂ ਤੁਰਕ ਕੀ, ਮਾਨੈ ਕਾਨ। ਸੇਵਾ ਹਰੀ ਗਾਥ ਇਹ ਭਈ। ਲੱਖੂ ਦੁਸ਼ਟ ਇਤ ਆਯੋ ਨਹੀਂ।’ (ਸੇਵਾ ਸਿੰਘ, ਸ਼ਹੀਦ ਬਿਲਾਸ, ਬੰਦ 188)

ਅਪਰੈਲ 1734 ਤੱਕ ਜਜ਼ੀਆ ਰਕਮ ਨਾ ਦੇਣ ਕਾਰਨ 90 ਸਾਲਾਂ ਦੇ ਬਜ਼ੁਰਗ ਭਾਈ ਮਨੀ ਸਿੰਘ ਜੀ ਨੂੰ ਗ੍ਰਿਫ਼ਤਾਰ ਕਰਨ ਲਈ ਲਖਪਤ ਰਾਏ ਫ਼ੌਜ ਲੈ ਕੇ ਅੰਮ੍ਰਿਤਸਰ ਆ ਗਿਆ ਤੇ ਭਾਈ ਸਾਹਿਬ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨਾਲ਼ ਉਨ੍ਹਾਂ ਦੇ ਭਰਾ ਭਾਈ ਜਗਤ ਸਿੰਘ, ਉਨ੍ਹਾਂ ਦੇ ਦੋਵੇਂ ਪੁੱਤਰ ਚਿੱਤਰ ਸਿੰਘ ਤੇ ਗੁਰਬਖ਼ਸ਼ ਸਿੰਘ; ਗੁਰਬਖ਼ਸ਼ ਸਿੰਘ ਦੀ ਸਿੰਘਣੀ ਬੀਬੀ ਬਸੰਤ ਕੌਰ, ਗੁਲਜ਼ਾਰ ਸਿੰਘ, ਰਣ ਸਿੰਘ, ਸੰਗਤ ਸਿੰਘ, ਭੂਪਤ ਸਿੰਘ ਆਦਿਕ ਸਾਰੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜੋ ਲਹੌਰ ਜ਼ਕਰੀਆ ਖ਼ਾਨ ਦੇ ਦਰਬਾਰ ਵਿੱਚ ਪੇਸ਼ ਕੀਤੇ ਗਏ। ਸੂਬੇਦਾਰ ਨੇ ਮਾਮਲਾ ਨਾ ਉਤਾਰਨ ਬਾਰੇ ਪੁੱਛਿਆ ਤਾਂ ਭਾਈ ਮਨੀ ਸਿੰਘ ਨੇ ਕਿਹਾ ਕਿ ਇਸ ਦਾ ਜ਼ਿੰਮੇਵਾਰ ਲਖਪਤ ਰਾਏ ਹੈ, ਜਿਸ ਨੇ ਸੰਗਤ ਇਕੱਠੀ ਨਾ ਹੋਣ ਦਿੱਤੀ। ਮੁਗ਼ਲਾਂ ਦਾ ਨਿਸ਼ਾਨਾ ਤਾਂ ਸਿੱਖਾਂ ਨੂੰ ਖ਼ਤਮ ਕਰਨਾ ਸੀ ਤੇ ਭਾਈ ਮਨੀ ਸਿੰਘ ਵਰਗਾ ਮੋਹਤਬਰ ਸਿੱਖ ਤਾਂ ਉਸ ਨੂੰ ਵਧੇਰੇ ਰੜਕਦਾ ਸੀ। ਭਾਵੇਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦਾ ਕਾਰਨ 10 ਹਜ਼ਾਰ ਰੁਪਏ ਨਾ ਦੇਣਾ ਕਿਹਾ ਗਿਆ, ਪਰ ਫਿਰ ਵੀ ਸਿੱਖਾਂ ਨੂੰ ਕਿਹਾ ਗਿਆ ਕਿ ਤੁਹਾਨੂੰ ਇਸਲਾਮ ਕਬੂਲ ਕਰਨ ਦੀ ਸੂਰਤ ਵਿੱਚ ਛੱਡ ਦਿੱਤਾ ਜਾਏਗਾ। ਇਹ ਸ਼ਰਤ ਕਿਸੇ ਸਿੱਖ ਨੇ ਸਵੀਕਾਰ ਨਾ ਕੀਤੀ। ਆਖ਼ਿਰ 24 ਜੂਨ 1734 ਨੂੰ ਭਾਈ ਮਨੀ ਸਿੰਘ ਜੀ ਦਾ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਗੁਲਜ਼ਾਰ ਸਿੰਘ ਦੀ ਪੁੱਠੀ ਖੱਲ ਲਾਹੀ ਗਈ। ਭੂਪਤ ਸਿੰਘ ਦੀਆਂ ਪਹਿਲਾਂ ਅੱਖਾਂ ਕੱਢੀਆਂ ਗਈਆਂ, ਫਿਰ ਚਰਖੜੀ ’ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ। ਬਾਕੀ ਸਾਰੇ ਪਰਵਾਰਿਕ ਮੈਂਬਰਾਂ ਨੂੰ ਵੀ ਅਸਹਿ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।

ਧਰਮ ’ਚ ਸਰਬ ਸਾਂਝੀਵਾਲਤਾ ਦਾ ਮਹੱਤਵ

0

ਧਰਮ ’ਚ ਸਰਬ ਸਾਂਝੀਵਾਲਤਾ ਦਾ ਮਹੱਤਵ

ਗਿਆਨੀ ਅਵਤਾਰ ਸਿੰਘ

ਧਰਮ ਦੇ ਨਾਂ ’ਤੇ ਤਣਾਅ ਪੂਰਨ ਬਣਾ ਦਿੱਤੇ ਗਏ ਅਜੋਕੇ ਸਮਾਜਿਕ ਮਹੌਲ ’ਚ ਜੇਕਰ ਕੋਈ ਕਹੇ ਕਿ ਧਰਮ; ਸਮਾਜ ਨੂੰ ਜੋੜਦਾ ਹੈ, ਤੋੜਦਾ ਨਹੀਂ ਤਾਂ ਸ਼ਾਇਦ ਹੀ ਕੋਈ ਇਸ ਸਚਾਈ ਉੱਤੇ ਯਕੀਨ ਕਰੇਗਾ ਕਿਉਂਕਿ ਧਰਮ ਦੇ ਨਾਂ ’ਤੇ ਹਰ ਦੇਸ਼; ਕਈ ਜਾਤਾਂ, ਕਈ ਧਰਮਾਂ, ਕਈ ਕਬੀਲਿਆਂ ’ਚ ਵੰਡਿਆ ਪਿਆ ਹੈ। ਮਨੁੱਖਤਾ ਦੇ ਵਿਚਾਰਾਂ ’ਚ ਪਈ ਇਸ ਪਾੜ ਦਾ ਮੂਲ ਕਾਰਨ; ਅਧਰਮ ਨੂੰ ਹੀ ਅਸਲੀ ਧਰਮ ਕਹਿ ਕੇ ਲੋਕਾਂ ’ਚ ਪ੍ਰਚਾਰਨਾ ਰਿਹਾ ਹੈ। ਜਦ ਚਾਰੋਂ ਤਰਫ਼ ਅਧਰਮ ਨੂੰ ਹੀ ਅਸਲ ਧਰਮ ਮੰਨਿਆ ਜਾਵੇ ਤਾਂ ਅਸਲ ਧਰਮ ਮਨੁੱਖਤਾ ਦੇ ਦਿਮਾਗ਼ ਵਿੱਚੋਂ ਅਲੋਪ ਹੋ ਜਾਂਦਾ ਹੈ। ਇਹੀ ਸਚਾਈ ਗੁਰੂ ਨਾਨਕ ਸਾਹਿਬ ਜੀ ਨੇ 16ਵੀਂ ਸਦੀ ’ਚ ਇਉਂ ਬਿਆਨ ਕੀਤੀ ‘‘ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ, ਵੇ ਲਾਲੋ !’’ (ਮਹਲਾ /੭੨੨) ਅਨੇਕਾਂ ਧੜਿਆਂ ’ਚ ਵੰਡਿਆ ਹੋਇਆ ਸਮਾਜ; ਆਪਣੇ ਆਪਣੇ ਧੜੇ ਨੂੰ ਉੱਤਮ ਮੰਨਦਾ ਹੋਇਆ ਦੂਸਰੇ ਧੜੇ ਨੂੰ ਖ਼ਤਮ ਕਰਨ ਲਈ ਹਰ ਹੱਥਕੰਡਾ ਅਪਣਾਉਂਦਾ ਹੈ। ਸੱਚੇ ਧਰਮ ਦੇ ਰਹਿਬਰ ਗੁਰੂ ਨਾਨਕ ਸਾਹਿਬ ਜੀ ਜਦ ਹੱਜ ਕਰਨ ਵਾਲ਼ਿਆਂ (ਕਾਜ਼ੀ, ਮੌਲਵੀਆਂ) ਨਾਲ਼ ਮੱਕੇ ਗਏ ਤਾਂ ਉਨ੍ਹਾਂ ਪਾਸੋਂ ਸਵਾਲ ਪੁੱਛਿਆ ਗਿਆ ਕਿ ਹਿੰਦੂ ਦਾ ਧਰਮ ਉੱਤਮ ਹੈ ਜਾਂ ਮੁਸਲਮਾਨ ਦਾ ਮਜ਼੍ਹਬ; ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਜੇਕਰ ਧਰਮੀ ਲੋਕਾਂ ਦਾ ਇਖ਼ਲਾਕ ਉੱਚਾ ਨਾ ਹੋਵੇ ਤਾਂ ਦੋਵੇਂ ਮਜ਼੍ਹਬਾਂ ਨੂੰ ਮੰਨਣ ਵਾਲ਼ੇ ਦੁਖੀ ਹਨ, ਰੌਂਦੇ ਰਹਿੰਦੇ ਹਨ ਤੇ ਅਕਾਲ ਪੁਰਖ ਦੇ ਦਰ ’ਤੇ ਵੀ ਪਨਾਹ ਨਹੀਂ ਲੈ ਸਕਦੇ ਭਾਵ ਭਟਕਦੇ ਰਹਿੰਦੇ ਹਨ। ਭਾਈ ਗੁਰਦਾਸ ਜੀ ਨੇ ਇਹ ਸਵਾਲ-ਜਵਾਬ ਇਉਂ ਕਲਮਬੰਦ ਕੀਤੇ ਹਨ ‘‘ਪੁਛਨਿ ਫੋਲਿ ਕਿਤਾਬ ਨੋ; ਹਿੰਦੂ ਵਡਾ ਕਿ ਮੁਸਲਮਾਨੋਈ? ਬਾਬਾ ਆਖੇ ਹਾਜੀਆ (ਨੂੰ); ਸੁਭਿ ਅਮਲਾ ਬਾਝਹੁ ਦੋਨੋ ਰੋਈ ਹਿੰਦੂ ਮੁਸਲਮਾਨ ਦੁਇ; ਦਰਗਹ ਅੰਦਰਿ ਲਹਨਿ ਢੋਈ (ਆਸਰਾ)’’ (ਭਾਈ ਗੁਰਦਾਸ ਜੀ/ਵਾਰ ਪਉੜੀ ੩੩) ਯਾਨੀ ਐਸੇ ਲੋਕਾਂ ਨੇ ਕੇਵਲ ਆਪਣਾ ਮਨੁੱਖਾ ਜਨਮ ਹੀ ਅਜਾਈਂ ਨਹੀਂ ਗਵਾਇਆ ਬਲਕਿ ਪ੍ਰਲੋਕ ਵੀ ਗਵਾ ਲਿਆ ਹੁੰਦਾ ਹੈ।

ਉਕਤ ਜਵਾਬ ਵਿੱਚੋਂ ਦੋ ਪੱਖ ਸਾਮ੍ਹਣੇ ਆਉਂਦੇ ਹਨ (1). ਉੱਚੇ ਆਚਰਨ ਤੋਂ ਬਿਨਾਂ ਮਨੁੱਖ ਦੀ ਸੋਚ; ਸੌੜੀ (ਤੰਗਦਿਲ) ਹੁੰਦੀ ਹੈ ਤਾਹੀਓਂ ਦੂਸਰਿਆਂ ਪ੍ਰਤੀ ਹਿਰਦੇ ’ਚ ਹਮਦਰਦੀ ਨਹੀਂ ਉਪਜਦੀ। (2). ਅਸਲ ਮਾਲਕ (ਅਕਾਲ ਪੁਰਖ) ਦੀ ਸਮਝ ਤੋਂ ਬਿਨਾਂ ਇਖ਼ਲਾਕ ਵੀ ਉੱਚਾ ਨਹੀਂ ਹੁੰਦਾ ਤਾਹੀਓਂ ਉਸ ਮਾਲਕ ਦੇ ਦਰ ਤੋਂ ਕੋਈ ਸਹਾਰਾ ਨਹੀਂ ਮਿਲਦਾ, ਮਿਹਰ ਨਹੀਂ ਹੁੰਦੀ। ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਇੱਕੋ ਵਾਕ ’ਚ ਇਨ੍ਹਾਂ ਦੋਵੇਂ ਨੁਕਤਿਆਂ ਨੂੰ ਸ਼ਾਮਲ ਕੀਤਾ ਹੈ। ਪਾਵਨ ਬਚਨ ਹਨ ‘‘ਸਭੁ ਕੋ ਆਸੈ ਤੇਰੀ ਬੈਠਾ   ਘਟ ਘਟ ਅੰਤਰਿ; ਤੂੰ ਹੈ ਵੁਠਾ   ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ ’’ (ਮਹਲਾ /੯੭) ਅਰਥ : ਹੇ ਮਾਲਕ ਪ੍ਰਭੂ ਜੀ! ਤੂੰ ਹਰ ਸਰੀਰ ਅੰਦਰ ਵੱਸਦਾ ਹੈਂ। ਕਿਸੇ ਸਰੀਰ ਤੋਂ ਭੀ ਅਲੱਗ ਨਹੀਂ ਹੈਂ ਤਾਹੀਓਂ ਸਾਰੇ ਮਨੁੱਖ, ਜੀਵ-ਜੰਤ ਆਦਿ ਇੱਕੋ ਪਰਵਾਰਿਕ ਆਖੀਦੇ ਹਨ ਤੇ ਹਰ ਕੋਈ ਤੇਰੇ (ਮਾਲਕ) ਪਾਸੋਂ ਹੀ ਮਦਦ ਦੀ ਆਸ ਲਗਾ ਕੇ ਬੈਠਾ ਹੈ।

ਦਰਅਸਲ ਮਨੁੱਖ ਅੰਦਰ ਸੌੜੀ ਸੋਚ ਬਣਨਾ ਤੇ ਮਾਲਕ ਵੱਲੋਂ ਦੂਰੀ ਪੈਣਾ; ਦੋ ਅਲੱਗ ਅਲੱਗ ਵਿਸ਼ੇ ਨਹੀਂ ਬਲਕਿ ਇੱਕੋ ਸਿੱਕੇ ਦੇ ਦੋ ਪਾਸੇ ਹਨ। ਮਾਲਕ ਬਾਰੇ ਨਾਸਮਝੀ ਕਾਰਨ ਹੀ ਸੌੜੀ ਸੋਚ (ਤੰਗਦਿਲੀ) ਹੁੰਦੀ ਹੈ, ਜੋ ਹੋਰਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੀ ਅਤੇ ਮਾਲਕ ਨਾਲ਼ ਸੰਬੰਧ ਬਣਾਉਣ ਨਾਲ਼ ਮਨੁੱਖ ਉਦਾਰਵਾਦੀ ਹੁੰਦਾ ਹੈ, ਜੋ ਸਾਰਿਆਂ ਨਾਲ਼ ਪਿਆਰ-ਮੁਹੱਬਤ ਕਰਦਾ ਹੈ। ਸਾਰਿਆਂ ਨੂੰ ਆਪਣੇ ਸਮਝਦਾ ਹੈ। ਕਿਸੇ ਦਾ ਹੱਕ ਨਹੀਂ ਮਾਰਦਾ। ਕਿਸੇ ਨਾਲ਼ ਬੇਇਨਸਾਫ਼ੀ ਨਹੀਂ ਕਰਦਾ। ਕਿਸੇ ਪ੍ਰਤੀ ਕੌੜੇ ਬੋਲ ਨਹੀਂ ਬੋਲਦਾ। ਕਿਸੇ ਦਾ ਦਿਲ ਨਹੀਂ ਦੁਖਾਉਂਦਾ ਕਿਉਂਕਿ ਸਾਰਿਆਂ ਅੰਦਰ ਉਸ ਦਾ ਮਾਲਕ ਸੁਭਾਇਮਾਨ ਹੁੰਦਾ ਹੈ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ ‘‘ਫਰੀਦਾ ! ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ   ਮੰਦਾ ਕਿਸ ਨੋ ਆਖੀਐ ? ਜਾਂ ਤਿਸੁ ਬਿਨੁ ਕੋਈ ਨਾਹਿ ’’ (ਮਹਲਾ /੧੩੮੧) ਗੁਰਬਾਣੀ; ਸਮਾਜਿਕ ਧਰਮ ਹੈ ਕਿਉਂਕਿ ਇਹ ਜਿੱਥੇ ਮਨੁੱਖ ਨੂੰ ਤੰਗਦਿਲੀ ਤੋਂ ਖੁੱਲ੍ਹਦਿਲੀ ਵੱਲ ਲਿਜਾ ਕੇ ਅਕਾਲ ਪੁਰਖ ਨਾਲ਼ ਜੋੜਦੀ ਹੈ, ਓਥੇ ਸਮੁੱਚੀ ਕੁਦਰਤਿ ਨਾਲ਼ ਪਿਆਰ ਕਰਨਾ ਸਿਖਾਉਂਦੀ ਹੈ ਕਿਉਂਕਿ ਸਾਰੀ ਹੀ ਕੁਦਰਤਿ ’ਚ ਰੱਬ ਵੱਸਦਾ ਹੈ ‘‘ਕੁਦਰਤਿ ਕਰਿ ਕੈ ਵਸਿਆ ਸੋਇ   ਵਖਤੁ ਵੀਚਾਰੇ; ਸੁ ਬੰਦਾ ਹੋਇ ’’ (ਮਹਲਾ /੮੪) ਅਰਥ : ਉਹ ਸਿਰਜਣਹਾਰ ਮਾਲਕ; ਆਪਣੀ ਕੁਦਰਤਿ ਬਣਾ ਕੇ ਇਸ ਅੰਦਰ ਸਮਾਇਆ ਹੋਇਆ ਹੈ। ਜੋ ਮਨੁੱਖ ਸਮਾਂ ਰਹਿੰਦਿਆਂ ਭਾਵ ਇਸੇ ਜ਼ਿੰਦਗੀ ਦੌਰਾਨ ਉਸ ਦੀ ਵਿਚਾਰ ਕਰਦਾ ਹੈ, ਉਸ ਦੇ ਗੁਣ ਗਾਉਂਦਾ ਹੈ; ਓਹੀ ਉਸ ਦਾ ਬੰਦਾ ਹੈ, ਗ਼ੁਲਾਮ ਹੈ, ਅਸਲ ਸੇਵਕ ਹੈ।

15 ਕੁ ਸਾਲ ਦੀ ਉਮਰ ’ਚ ਲਛਮਣ ਦੇਵ (ਮਾਧੋ ਦਾਸ); ਰਾਜੌਰੀ (ਜੰਮੂ-ਕਸ਼ਮੀਰ) ਵਿਖੇ ਆਪਣੇ ਇੱਕ ਤੀਰ ਨਾਲ਼ ਗਰਭਵਤੀ ਹਿਰਨ ਦਾ ਸ਼ਿਕਾਰ ਕਰ ਬੈਠਦਾ ਹੈ। ਅਫ਼ਸੋਸ ’ਚ ਵੈਰਾਗੀ ਬਣ ਗਿਆ ਤੇ ਉਹ, ਗੋਦਾਵਰੀ ਨਦੀ (ਨੰਦੇੜ, ਮਹਾਂਰਾਸ਼ਟਰਾ) ਵਿਖੇ 22 ਸਾਲ ਤਪੱਸਿਆ ਕਰਦਾ ਹੋਇਆ ਅਨੇਕਾਂ ਕਰਾਮਾਤੀ ਸ਼ਕਤੀਆਂ ਹਾਸਲ ਕਰਨ ਲੱਗਦਾ ਹੈ। ਸਤੰਬਰ 1708 ’ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਦੇ ਮੰਜੇ (ਚਾਰਪਾਈ) ਉੱਤੇ ਜਾ ਬੈਠਦੇ ਹਨ ਤਾਂ ਜੋ ਉਹ ਕ੍ਰੋਧਿਤ ਹੋ ਕੇ ਆਪਣੀਆਂ ਸ਼ਕਤੀਆਂ ਨੂੰ ਪ੍ਰਦਰਸ਼ਿਤ ਕਰੇ ਕਿਉਂਕਿ ਉਸ ਦੇ ਮੰਜੇ ’ਤੇ ਬੈਠਣ ਦੀ ਹਰ ਇੱਕ ਨੂੰ ਮਨਾਹੀ ਸੀ। ਜਦ ਮਾਧੋ ਦਾਸ ਨੂੰ ਪਤਾ ਲੱਗਾ ਕਿ ਉਸ ਦੇ ਮੰਜੇ ਉੱਤੇ ਕੋਈ ਆ ਬੈਠਿਆ ਹੈ ਤਾਂ ਉਹ ਤੁਰੰਤ ਵਾਪਸ ਆਇਆ ਤੇ ਕ੍ਰੋਧਿਤ ਹੋ ਕੇ ਕਰਾਮਾਤਾਂ ਵਿਖਾਉਣ ਲੱਗਿਆ, ਪਰ ਗੁਰੂ ਸਾਹਿਬ ਜੀ ਉੱਤੇ ਉਨ੍ਹਾਂ ਦਾ ਕੋਈ ਅਸਰ ਨਾ ਹੋਇਆ। ਮਾਧੋ ਦਾਸ ਨੂੰ ਆਪਣੀ ਕਰਣੀ ਉੱਤੇ ਦੂਸਰੀ ਵਾਰ ਫਿਰ ਅਫ਼ਸੋਸ ਹੋਇਆ ਤੇ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਉੱਤੇ ਢਹਿ ਪਿਆ। ਗੁਰੂ ਸਾਹਿਬ ਨੇ ਪੁੱਛਿਆ ਕਿ ਤੂੰ ਕੌਣ ਹੈਂ? ਤਾਂ ਉਸ ਨੇ ਜਵਾਬ ਦਿੱਤਾ ਕਿ ਤੇਰਾ ਬੰਦਾ ਯਾਨੀ ਤੇਰੀਆਂ ਸ਼ਕਤੀਆਂ ਦਾ ਗ਼ੁਲਾਮ, ਤੇਰਾ ਸੇਵਕ। ਗੁਰੂ ਸਾਹਿਬ ਜੀ ਨੇ ਉਸ ਨੂੰ ਅਰਥਹੀਣ ਕਰਮਕਾਂਡਾਂ ਤੋਂ ਵਰਜ ਕੇ ਇੱਕ ਅਕਾਲ ਪੁਰਖ (ਮਾਲਕ) ਨਾਲ਼ ਜੋੜਿਆ ਅਤੇ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾ ਕੌਮ ਦੀ ਨੁਮਾਇੰਦਗੀ ਕਰਨ ਲਈ ਸਿੱਖਾਂ ਦਾ ਪਹਿਲਾ ਜਥੇਦਾਰ ਨਿਯੁਕਤ ਕੀਤਾ। ਜਿਸ ਨੇ 8 ਕੁ ਸਾਲਾਂ (1708-1716) ਵਿੱਚ ਹੀ ਸਿੱਖਾਂ ਅਤੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇਣ ਵਾਲ਼ਿਆਂ ਨੂੰ ਖ਼ਤਮ ਕਰ ਪੰਜਾਬ ਅੰਦਰ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ। ਅੱਜ ਕਿਸਾਨਾਂ ਕੋਲ਼ ਜਿੰਨੀ ਜ਼ਮੀਨ-ਜਾਇਦਾਦ ਹੈ, ਉਹ ਸਾਰੀ ਹੀ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਆਮ ਲੋਕਾਂ ਦੇ ਨਾਂ ਕੀਤੀ ਹੋਈ ਪੈਲ਼ੀ ਹੈ। ਅੰਤ 9 ਜੂਨ 1716 ਨੂੰ ਦਿੱਲੀ ਵਿਖੇ ਜਦ ਬੰਦਾ ਸਿੰਘ ਬਹਾਦਰ ਨੂੰ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਉਸ ਤੋਂ ਪਹਿਲਾਂ ਉਨ੍ਹਾਂ ਦੇ 3 ਸਾਲ ਦੇ ਪੁੱਤਰ ਅਜੈ ਸਿੰਘ ਦਾ ਕਲ਼ੇਜਾ ਕੱਢ ਕੇ ਉਨ੍ਹਾਂ ਦੇ ਮੂੰਹ ’ਚ ਤੁੰਨਿਆ ਗਿਆ, ਫਿਰ ਵੀ ਉਸ ਮਹਾਨ ਯੋਧੇ ਨੇ ਅਫ਼ਸੋਸ ਨਾ ਕੀਤਾ ਜਦੋਂ ਕਿ ਉਸੇ ਬਾਬਾ ਬੰਦਾ ਸਿੰਘ ਨੇ ਇੱਕ ਗਰਭਵਤੀ ਹਿਰਨ ਦੀ ਮੌਤ ਤੋਂ ਬਾਅਦ ਵੈਰਾਗ ਧਾਰ ਲਿਆ ਸੀ। ਇਸ ਘਟਨਾ ਤੋਂ ਸਪਸ਼ਟ ਹੈ ਕਿ ਕਿਵੇਂ ਸੱਚ ਦੀ ਭਾਲ਼ ’ਚ ਵਿਆਕੁਲ 46 ਕੁ ਸਾਲ (੧੬ ਕੱਤਕ ਸੰਮਤ ੧੭੨੭/27 ਅਕਤੂਬਰ 1670-੧੧ ਹਾੜ ਸੰਮਤ ੧੭੭੩/9 ਜੂਨ 1716) ਦੀ ਇੱਕ ਨਿੱਕੀ ਜਿਹੀ ਜ਼ਿੰਦਗੀ; ਜੋ ਸਮਾਜ ਅਤੇ ਗ੍ਰਿਹਸਤੀ ਜੀਵਨ ਨੂੰ ਤਿਆਗ ਚੁੱਕੀ ਸੀ ਤੇ ਕਰਾਮਾਤੀ ਸ਼ਕਤੀਆਂ ਨੂੰ ਹੀ ਅਸਲ ਜੀਵਨ ਸਮਝ ਬੈਠੀ ਸੀ, ਉਸ ਨੇ ਮਾਨਵਤਾ ਦੀ ਰੱਖਿਆ ਲਈ ਕਿਵੇਂ ਅੱਗੇ ਆ ਕੇ ਰੋਲ ਮਾਡਲ ਸਫਲ ਜ਼ਿੰਦਗੀ ਬਤੀਤ ਕੀਤੀ। ਗੁਰਬਾਣੀ ਦਾ ਓਟ ਆਸਰਾ ਲੈ ਕੇ ਤੰਗਦਿਲੀ ਤੋਂ ਵਿਸ਼ਾਲ ਉਦਾਰਤਾ ਵੱਲ ਵਧੀ ਛੋਟੀ ਜਿਹੀ ਜ਼ਿੰਦਗੀ ਦੀ ਇਹ ਇੱਕ ਪ੍ਰਤੱਖ ਮਿਸਾਲ ਹੈ।

ਧਰਮੀ ਮਨੁੱਖ ਅੰਦਰ ਅੱਜ ਜੇਕਰ ਕੱਟੜਤਾ ਜਾਂ ਬੁਜ਼ਦਿਲੀ ਹੈ ਤਾਂ ਇਸ ਦੇ ਦੋ ਕਾਰਨ ਹਨ (1). ਅਕਾਲ ਪੁਰਖ ਨਾਲ਼ ਸੰਬੰਧ ਨਹੀਂ ਬਣ ਸਕਿਆ। (2). ਤੰਗਦਿਲੀ ’ਚ ਗ੍ਰਸਤ ਹੋਣਾ। ਇੱਕ ਵਿਕਾਰੀ ਬੰਦਾ; ਜਿਸ ਢੰਗ ਨਾਲ਼ ਆਪਣੀ ਕਮਜ਼ੋਰੀ ਵਾਙ ਹੋਰਾਂ ਨੂੰ ਵਿਕਾਰੀ ਸਾਬਤ ਕਰ ਦਿੰਦਾ ਹੈ, ਉਸ ਤਰ੍ਹਾਂ ਦਾ ਛਲ-ਕਪਟ; ਸੰਸਕਾਰੀ (ਅਵਿਕਾਰੀ) ਬੰਦਾ ਨਹੀਂ ਕਰ ਸਕਦਾ। ਜਿਸ ਢੰਗ ਨਾਲ਼ ਇੱਕ ਤਾਨਾਸ਼ਾਹ; ਹੋਰਾਂ ਨੂੰ ਤਾਨਾਸ਼ਾਹ ਸਾਬਤ ਕਰ ਦਿੰਦਾ ਹੈ, ਵੈਸੀ ਕਲਾ ਕਿਸੇ ਸਧਾਰਨ ਬੰਦੇ ਕੋਲ਼ ਨਹੀਂ ਹੁੰਦੀ ਤਾਹੀਓਂ ਤਾਨਾਸ਼ਾਹ ਹਾਕਮ ਨੂੰ ਪਹਿਚਾਨਣ ’ਚ ਆਮ ਨਾਗਰਿਕ ਅਕਸਰ ਧੋਖਾ ਖਾਂਦਾ ਹੈ। ਜਿਸ ਤਰ੍ਹਾਂ ਝੂਠਾ ਬੰਦਾ; ਹੋਰਾਂ ਨੂੰ ਝੂਠਾ ਸਾਬਤ ਕਰਦਾ ਹੈ, ਵੈਸੀ ਚਲਾਕੀ ਕਿਸੇ ਸੱਚੇ ਬੰਦੇ ਕੋਲ਼ ਨਹੀਂ ਹੁੰਦੀ। ਇੱਕ ਭ੍ਰਿਸ਼ਟ ਬੰਦਾ; ਆਮ ਜਨਤਾ ’ਚ ਜਿਸ ਤਰ੍ਹਾਂ ਹੋਰਾਂ ਨੂੰ ਭ੍ਰਿਸ਼ਟ ਸਾਬਤ ਕਰ ਆਪ ਇਮਾਨਦਾਰ ਬਣ ਬੈਠਦਾ ਹੈ, ਵੈਸਾ ਕਥਨੀ ਅਤੇ ਕਰਨੀ ਦਾ ਅੰਤਰ ਇੱਕ ਇਮਾਨਦਾਰ ਕੋਲ਼ ਨਹੀਂ ਹੋ ਸਕਦਾ; ਬਿਲਕੁਲ ਇਸੇ ਤਰ੍ਹਾਂ ਉਦਾਰਵਾਦੀ ਭਗਤ ਅੰਦਰ ਜਿਸ ਤਰ੍ਹਾਂ ਦੀ ਸਚਾਈ ਬਾਰੇ ਸਮਝ ਹੁੰਦੀ ਹੈ, ਵੈਸਾ ਗਿਆਨ ਤੰਗਦਿਲ (ਅਧਰਮੀ, ਕਰਮਕਾਂਡੀ ਜਾਂ ਨਾਸਤਿਕ) ਬੰਦੇ ਕੋਲ਼ ਨਹੀਂ ਹੁੰਦਾ। ਲੋਕਾਂ ਦੀ ਬਦਕਿਸਮਤੀ ਕਹੀਏ ਕਿ ਝੂਠੇ ਬੰਦੇ ਨਾਲ਼ ਝੂਠਾ ਬੰਦਾ ਆ ਖੜ੍ਹਦਾ ਹੈ। ਪਾਪੀ ਨਾਲ਼ ਪਾਪੀ ਅਤੇ ਭ੍ਰਿਸ਼ਟ ਨਾਲ਼ ਭ੍ਰਿਸ਼ਟ ਬੰਦਾ ਆ ਮਿਲਦਾ ਹੈ, ਪਰ ਸੱਚੇ ਬੰਦੇ ਨਾਲ਼ ਅਕਸਰ ਧਰਮੀ ਅਖਵਾਉਣ ਵਾਲ਼ਾ ਬੰਦਾ ਨਹੀਂ ਖੜ੍ਹਦਾ। ਇਸ ਦੇ ਦੋ ਕਾਰਨ ਹਨ (1). ਧਰਮੀ ਬੰਦਾ ਅਜੇ ਵਿਖਾਵੇ ਮਾਤਰ ਹੈ, ਪੂਰਨ ਧਰਮੀ ਨਹੀਂ। ਉਹ ਸਮਾਜ ਅਤੇ ਮੌਤ ਤੋਂ ਡਰਦਾ ਹੈ ਭਾਵੇਂ ਕਿ ਗੁਰਬਾਣੀ ਦੇ ਬਚਨ ਹਨ ‘‘ਹਰਿ ਬਿਨੁ, ਕੋਈ ਮਾਰਿ ਜੀਵਾਲਿ ਸਕੈ; ਮਨ! ਹੋਇ ਨਿਚਿੰਦ, ਨਿਸਲੁ ਹੋਇ ਰਹੀਐ ’’ (ਮਹਲਾ /੫੯੪) ਅਰਥ : ਹੇ ਮਨ! ਅਕਾਲ ਪੁਰਖ ਤੋਂ ਬਿਨਾਂ ਕੋਈ ਵੀ ਹੋਰ ਕਿਸੇ ਨੂੰ ਨਾ ਮਾਰ ਸਕਦਾ ਹੈ ਤੇ ਨਾ ਜਨਮ ਦੇ ਸਕਦਾ ਹੈ, ਇਸ ਲਈ ਬੇਫ਼ਿਕਰ ਅਤੇ ਚਿੰਤਾ ਮੁਕਤ ਹੋ ਕੇ (ਸੱਚ ਬੋਲਦਾ) ਰਹਿ। ਇਸ ਦੀ ਇੱਕ ਮਿਸਾਲ ਹੈ ਕਿ ਜਦ 1521 ਈਸਵੀ ’ਚ ਬਾਬਰ ਨੇ ਏਮਨਾਬਾਦ (ਅਜੋਕਾ ਪਾਕਿਸਤਾਨ) ’ਤੇ ਹਮਲਾ ਕੀਤਾ ਤਾਂ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਜੀ (ਤਰਖਾਣ) ਦੇ ਘਰ ਠਹਿਰੇ ਹੋਏ ਸਨ। ਉਨ੍ਹਾਂ ਨੇ ਓਥੇ ਹੋਈ ਕਤਲੇਆਮ ਨੂੰ ਅੱਖੀਂ ਵੇਖਿਆ ਅਤੇ ਬਾਬਰ ਨੂੰ ਜਾਬਰ (ਜ਼ਾਲਮ) ਕਿਹਾ ਕਿਉਂਕਿ ਤੁਰੰਤ ਸੱਚ ਬੋਲਣ ਦਾ ਸਮਾਂ ਸੀ; ਜਿਵੇਂ ਕਿ ਆਪ ਜੀ ਦੇ ਬਚਨ ਹਨ ‘‘ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ ਸਚ ਕੀ ਬੇਲਾ ’’ (ਮਹਲਾ /੭੨੩), ਪਰ ਅੱਜ ਅਨੇਕਾਂ ਮਹਾਤਮਾ, ਗੁਰੂ, ਪੀਰ, ਸ਼੍ਰੀ ਸ਼੍ਰੀ 1008 ਅਤੇ ਧਰਮੀ ਅਖਵਾਉਣ ਵਾਲ਼ੇ ਘੁੰਮਦੇ ਫਿਰਦੇ ਹਨ, ਪਰ ਹੁੰਦੇ ਸਮਾਜਿਕ ਜ਼ੁਲਮ ਵਿਰੁਧ ਬੋਲਣ ਤੋਂ ਡਰਦੇ ਹਨ ਜਦਕਿ ਇਹੀ ਸਮਾਂ ਹੁੰਦਾ ਹੈ ਜਦੋਂ ਸਮਾਜ ’ਚ ਚੇਤਨਾ ਦੀ ਅਗਵਾਈ ਕੀਤੀ ਜਾਵੇ। ਚੁੱਪ ਰਹਿਣ ਤੋਂ ਭਾਵ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਜਜ਼ਬਾ ਪੈਦਾ ਹੋਣ ਲਈ ਕੋਈ ਠੋਸ/ਨਿੱਗਰ ਧਾਰਮਿਕ ਰਹਿਨੁਮਾਈ ਨਹੀਂ ਮਿਲੀ। ਫੋਕਟ ਕਰਮਕਾਂਡਾਂ ਦੇ ਇਰਦ-ਗਿਰਦ ਹੀ ਜੀਵਨ ਬੀਤਦਾ ਪਿਆ ਹੈ।

(2). ਬੰਦਾ ਸਮਾਜਿਕ ਭਾਈਚਾਰੇ ਦੇ ਡਰ ਕਾਰਨ ਵੀ ਸੱਚ ਦਾ ਸਾਥ ਨਹੀਂ ਦਿੰਦਾ ਕਿਉਂਕਿ ਝੂਠੇ ਬੰਦੇ ਸਮਾਜ ’ਚ ਵੱਧ ਹੁੰਦੇ ਹਨ। ਗੁਰਬਾਣੀ ਦਾ ਫ਼ੁਰਮਾਨ ਹੈ ਕਿ ਜੋ ਮਨੁੱਖ; ਲੋਕਾਚਾਰੀ ਤੋਂ ਉੱਪਰ ਨਾ ਉੱਠ ਸਕਿਆ, ਉਹ ਰੱਬ ਦਾ ਬੰਦਾ (ਸੱਚਾ ਸੇਵਕ) ਨਹੀਂ ਬਣ ਸਕਦਾ। ਗੁਰੂ ਨਾਨਕ ਸਾਹਿਬ ਜੀ ਵਰਗਿਆਂ ਨੂੰ ਵੀ ਸਮਾਜ ਨੇ ਇਉਂ ਕੁਬੋਲ ਬੋਲੇ ਸਨ ‘‘ਕੋਈ ਆਖੈ ਭੂਤਨਾ; ਕੋ ਕਹੈ ਬੇਤਾਲਾ (ਪਾਗਲ)   ਕੋਈ ਆਖੈ ਆਦਮੀ; ਨਾਨਕੁ ਵੇਚਾਰਾ ’’ (ਮਹਲਾ /੯੯੧) ਤਾਂ ’ਤੇ ਸਿੱਖ ਨੂੰ ਵੀ ਸਮਾਜਿਕ ਵਿਰੋਧ ਨੂੰ ਅਣਡਿੱਠ ਕਰ ਸੱਚ ਲਈ ਅੱਗੇ ਆਉਣਾ ਚਾਹੀਦਾ ਹੈ; ਜਿਵੇਂ ਕਿ ਗੁਰੂ ਰਾਮਦਾਸ ਜੀ ਫ਼ੁਰਮਾ ਰਹੇ ਹਨ ‘‘ਲੋਕਨ ਕੀ ਚਤੁਰਾਈ ਉਪਮਾ; ਤੇ ਬੈਸੰਤਰਿ ਜਾਰਿ   ਕੋਈ ਭਲਾ ਕਹਉ ਭਾਵੈ ਬੁਰਾ ਕਹਉ; ਹਮ ਤਨੁ ਦੀਓ ਹੈ ਢਾਰਿ ’’ (ਮਹਲਾ /੫੨੮) ਅਰਥ : ਲੋਕਾਂ ਵੱਲੋਂ ਮਿਲਣ ਵਾਲ਼ੀ ਸਿਆਣਪ (ਕਿ ਸੱਚ ਦਾ ਸਾਥ ਦੇ ਕੇ ਬੁਰਾ ਨਾ ਬਣ) ਅਤੇ ਵਡਿਆਈ (ਕਿ ਤੈਂ ਸੱਚ ’ਤੇ ਪਹਿਰਾ ਦੇ ਕੇ ਚੰਗਾ ਕੀਤਾ) ਮੈਂ ਅੱਗ ’ਚ ਸਾੜ ਦਿੱਤੀ ਭਾਵ ਮੈਨੂੰ ਇਨ੍ਹਾਂ ਦੀ ਕੋਈ ਪ੍ਰਵਾਹ ਨਹੀਂ। ਕੋਈ ਮੈਨੂੰ ਭਾਵੇਂ ਚੰਗਾ ਕਹੇ ਜਾਂ ਮਾੜਾ ਕਹੇ; ਮੈ ਤਾਂ ਆਪਣੇ ਸਤਿਗੁਰੂ ਦੇ ਚਰਨਾਂ ’ਤੇ ਸੀਸ ਭੇਟ ਕਰ ਦਿੱਤਾ ਹੈ ਯਾਨੀ ਗੁਰੂ ਜੀ ਦੇ ਕਹੇ ਅਨੁਸਾਰ ਸੱਚ ’ਤੇ ਚੱਲਣਾ ਸਿੱਖ ਲਿਆ ਹੈ ਕਿ ‘‘ਨਾਨਕ ! ਦੁਨੀਆ ਕੀਆਂ ਵਡਿਆਈਆਂ; ਅਗੀ ਸੇਤੀ ਜਾਲਿ   ਏਨੀ ਜਲੀਈਂ ਨਾਮੁ ਵਿਸਾਰਿਆ; ਇਕ ਚਲੀਆ ਨਾਲਿ ’’ (ਮਹਲਾ /੧੨੯੦)

ਸੰਨ 1675 ਵਿੱਚ ਰਾਜਾ ਔਰੰਗਜ਼ੇਬ ਨੇ ਕਸ਼ਮੀਰੀ ਪੰਡਿਤਾਂ ਉੱਤੇ ਜ਼ੁਲਮ ਕਰਨਾ ਬਹੁਤ ਵਧਾ ਦਿੱਤਾ ਸੀ। ਬ੍ਰਾਹਮਣਾਂ ਨੇ ਹਰ ਪਾਸਿਓਂ ਮਦਦ ਮੰਗੀ ਪਰ ਕਿਸੇ ਨੇ ਉਨ੍ਹਾਂ ਦੀ ਬਾਂਹ ਨਾ ਫੜੀ। ਆਖ਼ਿਰ 25 ਮਈ 1675 ਨੂੰ ਗੁਰੂ ਘਰ ਦੇ ਨਿਡਰ ਯੋਧੇ ਬਾਬਾ ਕਿਰਪਾ ਰਾਮ ਜੀ ਦੀ ਅਗਵਾਈ ’ਚ 16 ਕਸ਼ਮੀਰੀ ਪੰਡਿਤਾਂ ਦਾ ਜਥਾ ਚੱਕ ਨਾਨਕੀ (ਅਜੋਕੇ ਅਨੰਦਪੁਰ ਸਾਹਿਬ) ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਦਰਬਾਰ ’ਚ ਆ ਫ਼ਰਿਆਦ ਕਰਦਾ ਹੈ ਕਿ ਔਰੰਗਜ਼ੇਬ ਨੇ ਸਾਨੂੰ ਮੁਸਲਮਾਨ ਬਣਨ ਲਈ ਜਾਂ ਮੌਤ ਕਬੂਲਣ ਲਈ ਕਿਹਾ ਹੈ। ਤਿਆਗ ਦੀ ਮੂਰਤੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਭਾਂਪ ਲਿਆ ਕਿ ਕਿਸੇ ਮਹਾਨ ਵਿਅਕਤੀ ਵੱਲੋਂ ਵੱਡੀ ਕੁਰਬਾਨੀ ਦੇ ਕੇ ਭਾਰਤੀ ਲੋਕਾਂ ਦੀ ਮਰ ਚੁੱਕੀ ਜ਼ਮੀਰ ਨੂੰ ਜਿਊਂਦਾ ਕਰਨਾ ਪੈਣਾ ਹੈ।  9 ਕੁ ਸਾਲ ਦੇ ਬਾਲਕ ਗੋਬਿੰਦ ਰਾਇ ਜੀ ਨੇ ਹੁੰਗਾਰਾ ਭਰ ਦਿੱਤਾ ਤਾਂ ਜੋ ਗੁਰੂ ਦਰ ਆਏ ਬ੍ਰਾਹਮਣ ਸ਼ਰਨਾਰਥੀਆਂ ਨੂੰ ਨਿਰਾਸ਼ ਨਾ ਹੋਣਾ ਪਵੇ । ਗੁਰੂ ਸਾਹਿਬ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ ਔਰੰਗਜ਼ੇਬ ਤੱਕ ਸੁਨੇਹਾ ਪਹੁੰਚਾ ਦਿਓ ਕਿ ਜੇਕਰ ਗੁਰੂ ਤੇਗ਼ ਬਹਾਦਰ ਸਾਹਿਬ ਜੀ; ਮੁਸਲਮਾਨ ਬਣ ਜਾਣ ਤਾਂ ਅਸੀਂ ਸਾਰੇ ਬ੍ਰਾਹਮਣ ਵੀ ਮੁਸਲਮਾਨ ਬਣ ਜਾਵਾਂਗੇ। ਇਸ ਹੱਲਾਸ਼ੇਰੀ ਨੇ ਕਸ਼ਮੀਰੀ ਪੰਡਿਤਾਂ ਅੰਦਰ ਖ਼ੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਕਿ ਕੋਈ ਤਾਂ ਬਾਂਹ ਫੜਨ ਲਈ ਅੱਗੇ ਆਇਆ। ਗੁਰੂ ਸਾਹਿਬ ਜੀ ਨੇ ਬਾਲਕ ਗੋਬਿੰਦ ਰਾਇ ਜੀ ਨੂੰ ਗੁਰੂ ਨਾਨਕ ਜੋਤਿ ਦਾ 10ਵਾਂ ਉੱਤਰਾਧਿਕਾਰੀ ਥਾਪ ਕੇ ਆਪ ਭਾਰਤ ਦੀ ਜਨਤਾ ’ਚ ਨਵੀਂ ਰੂਹ ਪੈਦਾ ਕਰਨ ਲਈ ਦਿੱਲੀ ਵੱਲ ਚੱਲ ਪਏ। ਜਿੱਥੇ ਆਪ ਨੇ ਆਪਣੇ ਤਿੰਨ ਗੁਰਸਿੱਖਾਂ (ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ) ਸਮੇਤ ਅਸਹਿ ਤਸੀਹੇ ਸਹਾਰਦਿਆਂ ਸ਼ਹੀਦੀ ਦੇ ਕੇ ਕਸ਼ਮੀਰੀ ਪੰਡਿਤਾਂ ਨਾਲ਼ ਕੀਤਾ ਆਪਣਾ ਬਚਨ ਪੂਰਾ ਕਰ ਦਿੱਤਾ ਤੇ ਔਰੰਗਜ਼ੇਬ ਦੀ ਹਾਰ ਹੋਈ ਤਾਹੀਓਂ ਆਪ ਜੀ ਦੇ ਇਨ੍ਹਾਂ ਬੋਲਾਂ ਨੂੰ ਅੱਜ ਵੀ ਬੜੇ ਫ਼ਖ਼ਰ ਨਾਲ਼ ਪੜ੍ਹਿਆ ਜਾਂਦਾ ਹੈ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’  (ਮਹਲਾ /੧੪੨੭) ਅਰਥ : ਅਸੀਂ ਨਾ ਕਿਸੇ ਜ਼ਾਲਮ ਦਾ ਡਰ ਸਹਿਣ ਕਰਦੇ ਹਾਂ ਅਤੇ ਨਾ ਹੀ ਕਿਸੇ ਨਿਮਾਣੇ ਨੂੰ ਡਰਾਉਂਦੇ ਹਾਂ।

ਗੁਰੂ ਸਾਹਿਬਾਨ ਨੇ ਅਜਿਹੀ ਸਿੱਖ ਕੌਮ ਦੀ ਸਿਰਜਣਾ ਕੀਤੀ ਹੈ, ਜੋ ਅਕਾਲ ਪੁਰਖ ਤੋਂ ਇਲਾਵਾ ਕਿਸੇ ਹੋਰ ਦੀ ਪੂਜਾ ਨਹੀਂ ਕਰਦੀ ਅਤੇ ਆਪਣਾ ਮਾਲਕ; ਕਣ ਕਣ ’ਚ ਵਿਆਪਕ ਹੋਣ ਕਾਰਨ ਸਭ ਨਾਲ਼ ਪਿਆਰ ਭਾਵਨਾ ਨਾਲ਼ ਰਹਿਣਾ ਪਸੰਦ ਕਰਦੀ ਹੈ। ਕਿਸੇ ਲਿੰਗ, ਜਾਤਿ, ਰੰਗ, ਧਰਮ, ਫਿਰਕੇ, ਦੇਸ਼, ਭਾਸ਼ਾ, ਪਹਿਰਾਵੇ ਆਦਿ ਦਾ ਵਿਤਕਰਾ ਨਹੀਂ ਕਰਦੀ ਸਗੋਂ ਅੱਜ ਵੀ ਲੋੜਵੰਦਾਂ ਦੀ ਬਾਂਹ ਫੜ ਕੇ ਆਪਣੇ ਉੱਚੇ ਇਖ਼ਲਾਕ ਨੂੰ ਰੋਲ ਮਾਡਲ ਵਜੋਂ ਪੇਸ਼ ਕਰਦੀ ਹੈ। ਸਿੱਖ; ਰੱਬ ਦਾ ਬੰਦਾ (ਦਾਸ) ਹੈ। ਜਨਤਾ ਲਈ ਸਮਾਜ ਸੇਵਕ ਹੈ। ਲੋੜਵੰਦਾਂ ਲਈ ਦਾਤਾ ਹੈ। ਸੱਚ ਦਾ ਸਾਥ ਦਿੰਦਿਆਂ ਮੈਦਾਨੇ ਜੰਗ ’ਚ ਯੋਧਾ ਹੈ। ਕੁਦਰਤ ਦਾ ਦਸਤੂਰ (ਭਾਵ ਰੀਤ) ਵੀ ਇਹੀ ਸੰਘਰਸ਼ ਹੈ, ਖੇਲ ਹੈ; ਜਿਵੇਂ ਕਿ ਸ਼ਾਮ ਨੂੰ ਹਰ ਰੋਜ਼ ਪੜ੍ਹੀਦਾ ਹੈ ‘‘ਜੀਅ ਜੰਤ ਸਭਿ; ਤੇਰਾ ਖੇਲੁ ’’  (ਸੋ ਪੁਰਖੁ/ਮਹਲਾ /੧੧) ਗੁਰੂ ਸਾਹਿਬਾਨ ਨੇ ਗ੍ਰਿਹਸਤੀ ਅਤੇ ਸਮਾਜ ਤੋਂ ਭਗੌੜੇ ਲੋਕਾਂ, ਜੋ ਭਗਤੀ ਕਰਨ ਲਈ ਜੰਗਲ਼ਾਂ ’ਚ ਚਲੇ ਗਏ ਸਨ, ਦੇ ਜੀਵਨ ਨੂੰ ਨਿਹਫਲ਼ ਦੱਸਿਆ। ਜੇਕਰ ਕੋਈ ਸਿੱਖ ਪਾਠ ਕਰਦਾ ਹੈ, ਪਰ ਲੋੜਵੰਦਾਂ ਦੀ ਮਦਦ ਕਰਨ ਸਮੇਂ ਡਰਦਾ ਹੈ ਤਾਂ ਉਹ ਵੀ ਜੰਗਲ਼ ’ਚ ਜਾ ਕੇ ਭਗਤੀ ਕਰਨ ਵਾਲ਼ੇ ਲੋਕਾਂ ਵਰਗਾ ਹੈ। ਸੰਘਰਸ਼ ਕਰਨ ਦਾ ਇਹ ਮਤਲਬ ਨਹੀਂ ਕਿ ਤਲਵਾਰਾਂ ਨੂੰ ਹਵਾ ’ਚ ਲਹਿਰਾ ਕੇ ਲੋਕਾਂ ਨੂੰ ਡਰਾਇਆ ਜਾਵੇ। ਅਜੋਕੇ ਸਮੇਂ ਮੁਤਾਬਕ ਸੰਘਰਸ਼ ਦੇ ਦੋ ਨੁਕਤੇ ਸਫਲ ਹਨ :

(1). ਸਮਾਜਿਕ ਏਕਤਾ ਸਥਾਪਿਤ ਕਰਨਾ ਗੁਰੂ ਸਾਹਿਬਾਨ ਨੇ ਅਲੌਕਿਕ ਮਾਲਕ ਦੀ ਹੋਂਦ ਦੀ ਵਿਆਖਿਆ ਕਰਦਿਆਂ ਮਨੁੱਖਤਾ ਨੂੰ ਸਮਝਾਇਆ ਕਿ ਅਸੀਂ ਸਾਰੇ ਉਸ ਇੱਕੋ ਪਿਤਾ ਦੀ ਔਲਾਦ ਹਾਂ; ਜਿਵੇਂ ਕਿ ਬਚਨ ਹਨ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ…. (ਮਹਲਾ /੬੧੧), ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ ’’ (ਮਹਲਾ /੯੭) ਜਦ ਮਨੁੱਖ ਸਾਰਿਆਂ ਨੂੰ ਆਪਣਾ ਪਰਵਾਰ ਮੰਨੇਗਾ ਤਾਂ ਵਿਤਕਰਾ, ਬੇਇਨਸਾਫ਼ੀ, ਕਰੂਰਤਾ (ਕਠੋਰਤਾ); ਆਪਣੇ ਆਪ ਖ਼ਤਮ ਹੋ ਕੇ ਪਿਆਰ, ਹਮਦਰਦੀ, ਸਬਰ ਆਦਿ ਹਿਰਦੇ ’ਚ ਜੰਮਣ ਲੱਗ ਪੈਂਦੇ ਹਨ।

(2). ਸਮੇਂ ਦਾ ਹਾਣੀ ਹੋਣਾ ਅੱਜ ਵਿਗਿਆਨਿਕ ਯੁੱਗ ਹੈ। ਪੜ੍ਹਿਆ ਲਿਖਿਆ ਸਮਾਜ ਹੋਣਾ ਸਮੇਂ ਦੀ ਮੁੱਖ ਮੰਗ ਹੈ। ਆਪਣੇ ਬੱਚਿਆਂ ਨੂੰ ਚੰਗੇ ਵਕੀਲ, ਚੰਗੇ ਜੱਜ, ਚੰਗੇ ਡਾਕਟਰ, ਚੰਗੇ ਇੰਜੀਨੀਅਰ, ਸੁਖਾਵਾਂ ਰਾਜ-ਪ੍ਰਬੰਧ ਸਥਾਪਿਤ ਕਰਨ ਲਈ ਚੰਗੇ ਅਫ਼ਸਰ (IAS, IPS, IFS ), ਦੀਰਘ ਸੋਚ ਰੱਖਣ ਵਾਲ਼ੇ ਸਿਆਸਦਾਨ, ਆਦਿ ਬਣਾ ਕੇ ਵੀ ਸਮਾਜ ਦੀ ਸੇਵਾ ਕੀਤੀ ਜਾ ਸਕਦੀ ਹੈ ਅਤੇ ਦੁਰਾਚਾਰੀ ਤੇ ਜ਼ਾਲਮ ਲੋਕਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਅੰਤ ’ਚ ਸਵਾਲ ਪੈਦਾ ਹੁੰਦਾ ਹੈ ਕਿ ਗੁਰਬਾਣੀ ਵਰਗਾ ਸਰਬ ਸਾਂਝਾ ਗੁਰੂ ਮੌਜੂਦ ਹੋਣ ਦੇ ਬਾਵਜੂਦ ਭੀ ਐਸਾ ਕੰਮ ਕਿਉਂ ਨਹੀਂ ਕੀਤਾ ਗਿਆ? ਜਵਾਬ : ਸਿੱਖਾਂ ਦੀਆਂ ਦੋ ਸਿਰਮੌਰ ਜਥੇਬੰਦੀਆਂ ਹਨ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਅਤੇ ‘ਸ਼੍ਰੋਮਣੀ ਅਕਾਲੀ ਦਲ’। ਸਿੱਖਾਂ ਨੇ ਬੇਧਿਆਨੇ ’ਚ ਇਨ੍ਹਾਂ ਉੱਤੇ ਮਾੜੇ ਬੰਦਿਆਂ ਦਾ ਕਬਜ਼ਾ ਕਰਾ ਦਿੱਤਾ, ਜੋ ਰੂੜ੍ਹੀਵਾਦੀ (ਪੁਰਾਤਨ ਸੱਭਿਅਤਾ) ਵਾਲ਼ੀ ਸੋਚ ਨੂੰ ਪ੍ਰਣਾਇ ਹਨ। ਸਮੇਂ ਦਾ ਹਾਣੀ ਹੋਣਾ ਇਨ੍ਹਾਂ ਨੂੰ ਮਾਫ਼ਕ ਨਹੀਂ। ਭਾਵੇਂ ਇਹ ਲੋਕਤੰਤਰੀ ਢੰਗ ਨਾਲ਼ ਚੁਣੇ ਗਏ, ਪਰ ਵੈਸੇ ਇਹ ਲੋਕਤੰਤਰੀ ਪ੍ਰਣਾਲੀ ਵਿਰੁੱਧ ਹਨ ਤਾਹੀਓਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ 10-10 ਸਾਲ ਜਾਂ 15-15 ਸਾਲ ਤੱਕ ਨਹੀਂ ਕਰਾਈ ਜਾਂਦੀ। ਇਸ ਰੂੜ੍ਹੀਵਾਦੀ ਸੋਚ ਨੇ ਸਦੀਆਂ ਤੋਂ ਆਮ ਜਨਤਾ ਨੂੰ ਗ਼ੁਲਾਮ ਰੱਖਣ ਲਈ ਉਨ੍ਹਾਂ ਅੱਗੇ ਅਖੌਤੀ ਦੇਵਤੇ, ਅਖੌਤੀ ਸੰਤ, ਅਖੌਤੀ ਬ੍ਰਹਮਗਿਆਨੀਆਂ ਨੂੰ ਉਭਾਰਿਆ ਹੈ। ਹੁਣ ਇਨ੍ਹਾਂ ਵਿੱਚ ਇੱਕੋ ਜਥੇਦਾਰ ਅਤੇ ਇੱਕੋ ਪਰਵਾਰ ਨੂੰ ਆਗੂ ਮੰਨਣਾ ਵੀ ਸ਼ਾਮਲ ਕਰ ਲਿਆ ਵਰਨਾ ਗੁਰੂ ਸਾਹਿਬ ਨੇ ਤਾਂ ਸਿੱਖਾਂ ਲਈ ਪੰਜਾਂ ਪਿਆਰਿਆਂ ਦੀ ਪੰਚਾਇਤ ਸਥਾਪਿਤ ਕੀਤੀ ਸੀ। ਇਸ ਸਭ ਦੇ ਪਿੱਛੇ ਉਹੀ ਅਧਾਰਮਿਕ ਸ਼ਕਤੀਆਂ ਕਾਰਜਸ਼ੀਲ ਹਨ, ਜਿਨ੍ਹਾਂ ਨੂੰ ਗੁਰਬਾਣੀ ਦਾ ਸਮਾਜ ਨੂੰ ਜੋੜਨ ਵਾਲ਼ਾ ਸਿਧਾਂਤ ਪਸੰਦ ਨਹੀਂ। ਸਦੀਆਂ ਤੋਂ ਉਨ੍ਹਾਂ ਨੇ ਮਨੁੱਖਤਾ ਨੂੰ ਵੰਡਿਆ ਹੈ ਤਾਹੀਓਂ ਅੱਜ ‘ਧਰਮ ਜੋੜਦਾ ਹੈ, ਤੋੜਦਾ ਨਹੀਂ’, ਵਾਲ਼ੀ ਅਸਲ ਸਚਾਈ ਵੀ ਕਿਸੇ ਦੇ ਹਜ਼ਮ ਨਹੀਂ ਹੋ ਰਹੀ।

ਸੋ ਅਯੋਗ ਬੰਦਿਆਂ ਤੋਂ ਆਪਹੁੰ ਬਣੇ ਇਨ੍ਹਾਂ ਫੋਕਟ ਮਹਾਂ ਮਾਨਵਾਂ ਨੇ ਆਪਣੇ ਭਾਈਚਾਰੇ ਨੂੰ ਅੱਗੇ ਵਧਣ ਨਹੀਂ ਦਿੱਤਾ ਤਾਂ ਜੋ ਇਨ੍ਹਾਂ ਦੀ ਪੁਰਖੀ ਪਰੰਪਰਾ ਨੂੰ ਕੋਈ ਚੁਣੌਤੀ ਨਾ ਦੇ ਸਕੇ ਸਗੋਂ ਕੌਮ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਦਿੱਤਾ ਤਾਹੀਓਂ ਅੱਜ ਉਹ ਹਰ ਇੱਕ ਦੇ ਮਗਰ ਲੱਗ ਤਲਵਾਰਾਂ ਲਹਿਰਾਉਣ ਲੱਗ ਜਾਂਦੀ ਹੈ ਭਾਵੇਂ ਉਸ ਦਾ ਕੋਈ ਲਾਭ ਹੋਵੇ ਜਾਂ ਨਾ ਹੋਵੇ। ਹੁਣ ਸਭ ਤੋਂ ਪਹਿਲਾਂ ਸਿੱਖਾਂ ਨੂੰ ਇਨ੍ਹਾਂ ਆਪਣਿਆਂ ਨਾਲ਼ ਸੰਘਰਸ਼ ਕਰਨਾ ਪੈਣਾ ਹੈ; ਜਿਵੇਂ ਮਸੰਦਾਂ ਨਾਲ਼ ਕੀਤਾ ਗਿਆ ਸੀ ਤਾਂ ਜੋ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਦੂਰਅੰਦੇਸ਼ੀ ਯੋਧੇ ਕੌਮ ਅੰਦਰ ਤਿਆਰ ਹੋਣ ਅਤੇ ਗੁਰਬਾਣੀ ਵਾਲ਼ੀ ਸਰਬ ਸਾਂਝੀਵਾਲਤਾ (ਸਮਾਜਿਕ ਏਕਤਾ) ਆਪਣੀ ਕੌਮ ਤੋਂ ਅਰੰਭ ਕੀਤੀ ਜਾਵੇ, ਜੋ ਹੁਣ ਇਨ੍ਹਾਂ ਨੇ ਅਨੇਕਾਂ ਵਰਗਾਂ ’ਚ ਵੰਡ ਦਿੱਤੀ ਜਾਂ ਪੰਥ ਦੋਖੀ ਸ਼ਕਤੀਆਂ ਤੋਂ ਵੰਡਾਅ ਦਿੱਤੀ ਹੈ।

ਯੂਨੀਫਾਰਮ ਸਿਵਲ ਕੋਡ (UCC)

0

ਯੂਨੀਫਾਰਮ ਸਿਵਲ ਕੋਡ (UCC)

ਕਿਰਪਾਲ ਸਿੰਘ ਬਠਿੰਡਾ 88378-13661

ਪੰਜਾਬ ਸਮੇਤ ਦੇਸ਼ ਭਰ ਵਿੱਚ ਯੂਨੀਫਾਰਮ ਸਿਵਲ ਕੋਡ (UCC) ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਿਤੇ ਇਸ ਦਾ ਸਮਰਥਨ ਹੋ ਰਿਹਾ ਹੈ ਤੇ ਕਿਤੇ ਵਿਰੋਧ ਕੀਤਾ ਜਾ ਰਿਹਾ ਹੈ। ਸਿਵਲ ਕੋਡ ਕਨੂੰਨ ਦਾ ਭਾਵ ਹੈ ਉਹ ਕਨੂੰਨ, ਜੋ ਨਾਗਰਿਕਾਂ ਦੇ ਨਿਜੀ ਅਤੇ ਪਰਵਾਰਿਕ ਸੰਬੰਧਾਂ ’ਤੇ ਲਾਗੂ ਹੁੰਦਾ ਹੈ; ਜਿਵੇਂ ਕਿ ਵਿਆਹ, ਤਲਾਕ, ਵਿਰਾਸਤ, ਗੋਦ ਲੈਣਾ ਅਤੇ ਸੰਪਤੀ ਦਾ ਉੱਤਰਾਧਿਕਾਰੀ ਬਣਨਾ, ਜੋ ਅਕਸਰ ਧਰਮ ’ਤੇ ਆਧਾਰਿਤ ਹੁੰਦਾ ਹੈ। ਯੂਨੀਫਾਰਮ ਸਿਵਲ ਕੋਡ ਨਿਯਮ ਬਣਨ ਦਾ ਮਤਲਬ ਹੈ ਕਿ ਸਮਾਜ ਦੇ ਸਾਰੇ ਵਰਗਾਂ ਉੱਤੇ, ਉਨ੍ਹਾਂ ਦੀਆਂ ਧਾਰਮਿਕ ਰਹੁ ਰੀਤਾਂ ਨੂੰ ਅਣਡਿੱਠ ਕਰ, ਰਾਸ਼ਟਰੀ ਸਿਵਲ ਕੋਡ ਇਕਸਾਰ ਲਾਗੂ ਕਰਨਾ।

ਸੰਨ 2020 ’ਚ ਵੀ ਲੰਮੀ ਬਹਿਸ, ਵਿਚਾਰ ਚਰਚਾ, ਅੰਦੋਲਨ ਅਤੇ ਕਨੂੰਨੀ ਰਾਵਾਂ ਤੋਂ ਬਾਅਦ ਸੁਪਰੀਮ ਕੋਰਟ ਦੇ ਸਾਬਕਾ ਜੱਜ ਬਲਬੀਰ ਸਿੰਘ ਚੌਹਾਨ ਦੀ ਅਗਵਾਈ ਵਾਲੇ ਭਾਰਤ ਦੇ 21ਵੇਂ ਲਾਅ ਕਮਿਸ਼ਨ ਨੇ ਇੱਕ-ਸਮਾਨ ਸਿਵਲ ਕੋਡ (ਯੂਨੀਫਾਰਮ ਸਿਵਲ ਕੋਡ) ਮਾਮਲੇ ਨੂੰ ਇਹ ਕਹਿ ਕੇ ਹਮੇਸ਼ਾਂ ਲਈ ਬੰਦ ਕਰਾ ਦਿੱਤਾ ਸੀ ਕਿ ‘ਇਸ ਪੜਾਅ ’ਤੇ ਇੱਕ ਯੂਨੀਫਾਰਮ ਸਿਵਲ ਕੋਡ ਬਣਾਉਣਾ; ਨਾ ਤਾਂ ਜ਼ਰੂਰੀ ਹੈ ਅਤੇ ਨਾ ਹੀ ਫ਼ਾਇਦੇਮੰਦ ਹੈ’। ਕਮਿਸ਼ਨ ਨੇ ਟਿੱਪਣੀ ਕੀਤੀ ਕਿ ‘ਸਿਰਫ਼ ਅੰਤਰ ਦੀ ਮੌਜੂਦਗੀ (ਵੰਨ ਸੁਵੰਨਤਾ) ਦਾ ਮਤਲਬ ਵਿਤਕਰਾ ਨਹੀਂ ਹੈ ਸਗੋਂ ਇੱਕ ਮਜ਼ਬੂਤ ਲੋਕਤੰਤਰ ਦੀ ਪਹਿਚਾਨ ਹੈ’। ਲਾ-ਕਮਿਸ਼ਨ ਦੀਆਂ ਇਹ ਸਿਫ਼ਾਰਸ਼ਾਂ ਦੂਰਗਾਮੀ ਸਨ।

ਕਰਨਾਟਕ ਹਾਈ ਕੋਰਟ ਦੇ ਸਾਬਕਾ ਚੀਫ਼ ਜਸਟਿਸ ਰਿਤੂ ਰਾਜ ਅਵਸਥੀ ਦੀ ਅਗਵਾਈ ਵਾਲੇ ਭਾਰਤ ਦੇ 22ਵੇਂ ਕਨੂੰਨ ਕਮਿਸ਼ਨ ਰਾਹੀਂ ਉਸੇ ਮਸਲੇ ਨੂੰ ਹੁਣ ਮੁੜ ਸੁਰਜੀਤ ਕਰ ਲੈਣਾ ਹੀ ਇਸ ਦੇ ਪਿੱਛੇ ਗਹਿਰੀ ਸਾਜ਼ਸ਼ ਨੂੰ ਜਨਮ ਦਿੰਦਾ ਹੈ।

ਇੱਕ ਜਨਤਕ ਨੋਟਿਸ ਵਿੱਚ ਭਾਰਤ ਦੇ 22ਵੇਂ ਕਨੂੰਨ ਕਮਿਸ਼ਨ ਨੇ ਯੂਨੀਫ਼ਾਰਮ ਸਿਵਲ ਕੋਡ (UCC) ਬਾਰੇ 14 ਜੂਨ 2023 ਨੂੰ ਆਮ ਜਨਤਾ ਅਤੇ ਮਾਨਤਾ ਪ੍ਰਾਪਤ ਧਾਰਮਿਕ ਸੰਸਥਾਵਾਂ ਦੇ ਵਿਚਾਰ ਮੰਗਣ ਦਾ ਫ਼ੈਸਲਾ ਕੀਤਾ ਹੈ। ਜਿਸ ਦੀ ਅੰਤਮ ਤਾਰੀਖ਼ ਵੀ ਨੇੜੇ ਹੀ 14 ਜੁਲਾਈ 2023 ਨਿਸ਼ਚਿਤ ਕੀਤੀ ਗਈ ਸੀ ਜਦਕਿ ਇਸ ਮੁੱਦੇ ਨਾਲ ਦੇਸ਼ ਦੀ 92% ਜਨਤਾ ਪ੍ਰਭਾਵਤ ਹੋਣੀ ਹੈ। ਇੰਨੇ ਵੱਡੇ ਸੰਵਿਧਾਨਿਕ ਮੁੱਦੇ ਲਈ ਇੰਨਾ ਘੱਟ ਸਮਾਂ ਦੇਣਾ, ਹੋਰ ਹੀ ਬਹੁਤ ਸਾਰੇ ਸ਼ੰਕੇ ਪੈਦਾ ਕਰਦਾ ਹੈ; ਜੋ ਹੇਠ ਲਿਖੇ ਹੋ ਸਕਦੇ ਹਨ।

ਆਪਣੇ 9 ਸਾਲ ਦੇ ਰਾਜ ਦੌਰਾਨ ਭਾਜਪਾ ਨੇ ਆਮ ਜਨਤਾ ਦੀ ਭਲਾਈ ਲਈ ਕੋਈ ਐਸਾ ਕੰਮ ਨਹੀਂ ਕੀਤਾ, ਜਿਸ ਨਾਲ਼ ਅਗਾਂਹ ਹੋਰ ਰਾਜਸੀ ਫਾਇਦਾ ਮਿਲਦਾ ਪ੍ਰਤੀਤ ਹੋਵੇ। ਇਨ੍ਹਾਂ 9 ਸਾਲਾਂ ’ਚ, ਜਿਸ ਤਰ੍ਹਾਂ ਚੁਣੀਆਂ ਹੋਈਆਂ ਵਿਰੋਧੀ ਸੂਬਾ ਸਰਕਾਰਾਂ ਦੇ ਵਿਧਾਇਕਾਂ ਨੂੰ ਈ.ਡੀ., ਸੀ.ਬੀ.ਆਈ. ਅਤੇ ਆਮਦਨ ਕਰ ਵਿਭਾਗ ਦੀ ਦੁਰਵਰਤੋਂ ਕਰਕੇ ਦਲ ਬਦਲੀ ਕਰਾ ਭਾਜਪਾ ਸਰਕਾਰ ਬਣਾ ਲੈਣੀ ਤੇ ਫਿਰ ਉਨ੍ਹਾਂ ਹੀ ਵਿਧਾਇਕਾਂ, ਜਿਨ੍ਹਾਂ ਨੂੰ ਪਹਿਲਾਂ ਭ੍ਰਿਸ਼ਟ ਦੱਸ ਕੇ ਉਨ੍ਹਾਂ ’ਤੇ ਕੇਂਦਰੀ ਏਜੰਸੀਆਂ ਰਾਹੀਂ ਛਾਪੇ ਮਰਵਾਏ ਗਏ, ਉਨ੍ਹਾਂ ਨੂੰ ਮੋਦੀ-ਮਾਰਕਾ ਵਾਸ਼ਿੰਗ ਮਸ਼ੀਨ ’ਚ ਧੋ ਕੇ ਆਪਣੀ ਸਰਕਾਰ ’ਚ ਅਹਿਮ ਅਹੁਦੇ ਦੇ ਕੇ ਨਿਵਾਜਿਆ ਗਿਆ।

2014 ਅਤੇ 2019 ਦੇ ਚੋਣ ਵਾਅਦਿਆਂ ਅਤੇ ਵਧ ਰਹੀ ਮਹਿੰਗਾਈ, ਹਿੰਡਨਬਰਗ ਰਿਪੋਰਟ, ਡਬਲ ਇੰਜਨ ਸਰਕਾਰ ਵਾਲੇ ਮਨੀਪੁਰ ’ਚ ਪਿਛਲੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਲਗਾਤਾਰ ਹੋ ਰਹੀ ਹਿੰਸਾ ਆਦਿਕ ਅਹਿਮ ਮਸਲਿਆਂ ਦੀ ਜਵਾਬਦੇਹੀ ਤੋਂ ਪ੍ਰਧਾਨ ਮੰਤਰੀ ਪੂਰੀ ਤਰ੍ਹਾਂ ਇਨਕਾਰੀ ਹੈ, ਜਿਸ ਨੇ ਪਿਛਲੇ 9 ਸਾਲਾਂ ਦੇ ਰਾਜ ਕਾਲ ’ਚ ਜਿਹੇ ਭਖਦੇ ਮਸਲਿਆਂ ’ਤੇ ਨਾ ਕਦੀ ਵਿਰੋਧੀ ਧਿਰ ਵੱਲੋਂ ਧਿਆਨ ਦਿਵਾਉਣ ’ਤੇ ਵੀ ਉਨ੍ਹਾਂ ਦਾ ਜਵਾਬ ਦਿੱਤਾ ਅਤੇ ਨਾ ਹੀ ਅੱਜ ਤੱਕ ਪ੍ਰੈੱਸ ਕਾਨਫਰੰਸ ਹੀ ਕੀਤੀ ਕਿਉਂਕਿ ਅੰਦਰ ਡਰ ਹੈ ਕਿ ਕੋਈ ਐਸਾ ਸਵਾਲ ਨਾ ਕਰ ਦੇਵੇ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਦੀ ਅਮਰੀਕਾ ਫੇਰੀ ਦੌਰਾਨ ਅਮਰੀਕੀ ਅਖ਼ਬਾਰ ‘ਦ ਵਾਲ ਸਟਰੀਟ ਜਰਨਲ’ ਦੀ ਪੱਤਰਕਾਰ ਸਬਰੀਨਾ ਸਿੱਦੀਕੀ ਨੇ ਭਾਰਤ ਦੀਆਂ ਘੱਟ ਗਿਣਤੀ ਸੰਬੰਧੀ ਕੀਤੇ ਇੱਕ ਸਵਾਲ ਨੇ ਸਾਰੀ ਭਾਜਪਾ ਵਿੱਚ ਬੁਖ਼ਲਾਹਟ ਪੈਦਾ ਕਰ ਦਿੱਤੀ ਸੀ। ਪ੍ਰਧਾਨ ਮੰਤਰੀ ਵੱਲੋਂ ਕੇਵਲ ਆਪਣੇ ਹੀ ਮਨ ਕੀ ਬਾਤ ਰੇਡੀਓ ’ਤੇ ਪ੍ਰਸਾਰਨ ਕਰ ਦਿੱਤੀ ਜਾਂਦੀ ਹੈ; ਜਿਸ ਨੇ ਲੋਕਾਂ ’ਚ ਇਹ ਧਾਰਨਾ ਪੈਦਾ ਕਰ ਦਿੱਤੀ ਹੈ ਕਿ ਜਿਹੜਾ ਆਗੂ ਲੋਕਾਂ ਦੀ ਬਾਤ ਨਾ ਸੁਣਦਾ ਹੈ ਅਤੇ ਨਾ ਹੀ ਕਰਦਾ ਹੈ ਤੇ ਕੇਵਲ ਆਪਣੇ ਹੀ ਮਨ ਕੀ ਬਾਤ ਸੁਣਾਉਂਦਾ ਹੈ, ਉਹ ਲੋਕਤੰਤਰ ਲਈ ਭਾਰੀ ਖ਼ਤਰਾ ਹੈ, ਜਿਸ ਨੂੰ ਬਦਲਿਆ ਜਾਣਾ ਚਾਹੀਦਾ ਹੈ।

ਅਜਿਹੇ ਵਰਤਾਰਿਆਂ ਕਾਰਨ ਭਾਜਪਾ ਦੀ ਇਮਾਨਦਾਰੀ ਦਾਗ਼ ਦਾਗ਼ ਹੋ ਚੁੱਕੀ ਹੈ, ਜਿਸ ਨਾਲ ਮੋਦੀ ਦਾ ਪ੍ਰਭਾਵ 2019 ਵਾਲਾ ਨਹੀਂ ਰਿਹਾ। ਗਰਾਫ਼ ਬੜੀ ਤੇਜ਼ੀ ਨਾਲ ਡਿੱਗ ਰਿਹਾ ਹੈ। ਤੀਜੀ ਵਾਰ ਕੇਂਦਰ ਸਰਕਾਰ ਬਣਾਉਣ ਦੀ ਸੰਭਾਵਨਾ ਬਹੁਤ ਘਟ ਹੈ। ਅਜਿਹੇ ’ਚ ਚੋਣਾਂ ਜਿੱਤਣ ਲਈ ਭਾਜਪਾ ਕੋਲ ਕੇਵਲ ਇੱਕ ਨੁਕਾਤੀ ਪ੍ਰੋਗਰਾਮ ਬਚਿਆ ਹੈ ਕਿ ਵੱਖ ਵੱਖ ਫਿਰਕਿਆਂ ’ਚ ਫਿਰਕੂ ਕੁੜੱਤਣ ਅਤੇ ਨਫ਼ਰਤ ਪੈਦਾ ਕਰ ਬਹੁਗਿਣਤੀ ਦੀਆਂ ਵੋਟਾਂ ਹਾਸਲ ਕੀਤੀਆਂ ਜਾਣ। ਹਿੰਦੂਆਂ ਵਿੱਚ ਉਨ੍ਹਾਂ ਇਹ ਧਾਰਨਾ ਬਣਾ ਲਈ ਕਿ ਮੁਸਲਮਾਨ 4-4 ਵਿਆਹ ਕਰਵਾ ਕੇ ਉਨ੍ਹਾਂ ’ਚੋਂ ਅਣਗਿਣਤ ਬੱਚੇ ਪੈਦਾ ਕਰ ਲੈਂਦੇ ਹਨ ਜਦੋਂ ਕਿ ਹਿੰਦੂਆਂ ’ਤੇ ਇੱਕ ਤੋਂ ਵੱਧ ਵਿਆਹ ਕਰਨ ’ਤੇ ਰੋਕ ਹੈ। ਜੇ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਭਾਰਤ ’ਚ ਮੁਸਲਮਾਨਾਂ ਦੀ ਅਬਾਦੀ ਇੱਕ ਦਿਨ ਵਧ ਜਾਵੇਗੀ ਤੇ ਹਿੰਦੂ ਧਰਮ ਖ਼ਤਰੇ ’ਚ ਪੈ ਜਾਵੇਗਾ।

ਭਾਰਤੀ ਚੋਣ ਕਮਿਸ਼ਨ ਦੇ ਸਾਬਕਾ ਮੁਖੀ ਐਸ.ਵਾਈ. ਕੁਰੈਸ਼ੀ ਇਸਲਾਮਿਕ ਮਾਮਲਿਆਂ ਦੀ ਜਾਣਕਾਰੀ ਰੱਖਦੇ ਹਨ। ਉਹ ਬਣਾਈ ਗਈ ਇਸ ਧਾਰਨਾ ਨੂੰ ਮੁੱਢੋਂ ਰੱਦ ਕਰਦੇ ਲਿਖਦੇ ਹਨ ਕਿ ‘ਇਹ ਸੱਚ ਨਹੀਂ ਹੈ ਕਿਉਂਕਿ ਭਾਰਤ ਦੀ 130 ਕਰੋੜ ਦੀ ਅਬਾਦੀ ਵਿੱਚੋਂ ਸਿਰਫ਼ 14% ਹੀ ਮੁਸਲਮਾਨ ਹਨ। ਬਹੁ-ਪਤਨੀ ਪ੍ਰਥਾ ਕੁਰਾਨ ਵਿੱਚ ਸੱਤਵੀਂ ਸਦੀ ਦੌਰਾਨ ਜੋੜੀ ਗਈ ਸੀ। ਉਸ ਸਮੇਂ ਅਰਬ ਵਿੱਚ ਜਾਰੀ ਕਬਾਇਲੀ ਲੜਾਈਆਂ ਕਾਰਨ ਮਰਦਾਂ ਦੀ ਮੌਤ; ਛੋਟੀ ਉਮਰ ਵਿੱਚ ਹੀ ਹੋ ਜਾਂਦੀ ਸੀ। ਇਸ ਲਈ ਵਿਧਵਾਵਾਂ ਅਤੇ ਅਨਾਥਾਂ ਦੀ ਮਦਦ ਲਈ ਇਹ ਈਜਾਦ ਕੀਤੀ ਗਈ ਸੀ। ਹਾਲਾਂਕਿ ਅਜਿਹਾ ਬੇਹੱਦ ਸਖ਼ਤ ਸ਼ਰਤਾਂ ਅਤੇ ਪਾਬੰਦੀਆਂ ਤਹਿਤ ਹੀ ਕੀਤਾ ਜਾ ਸਕਦਾ ਸੀ। ਕੁਰਾਨ ਮੁਤਾਬਕ ਹਰ ਮਰਦ; ਦੂਜੀ, ਤੀਜੀ ਜਾਂ ਚੌਥੀ ਪਤਨੀ ਰੱਖ ਸਕਦਾ ਹੈ, ਪਰ ਉਹ ਅਨਾਥਾਂ ਅਤੇ ਵਿਧਵਾਵਾਂ ਵਿੱਚੋਂ ਹੋਣੀਆਂ ਚਾਹੀਦੀਆਂ ਹਨ। ਜਿਨ੍ਹਾਂ ਨਾਲ ਕਿ ਉਹ ਬਰਾਬਰੀ ਵਾਲਾ ਵਤੀਰਾ ਰੱਖੇ। ਇਸ ਤੋਂ ਬਾਹਰ, ਜੋ ਕੁਝ ਵੀ ਹੈ ਉਹ ਉਲੰਘਣਾ ਹੈ। ਸਾਲ 2021 ਵਿੱਚ ਲਿਖੀ ਆਪਣੀ ਕਿਤਾਬ ‘ਦਿ ਪਾਪੂਲੇਸ਼ਨ ਮਿੱਥ: ਫੈਮਿਲੀ ਪਲੈਨਿੰਗ ਐਂਡ ਪੋਲੀਟਿਕਸ ਇਨ ਇੰਡੀਆ’ ਕੁਰੈਸ਼ੀ ਨੇ ਮੁਸਲਿਮ ਸਮਾਜ ਨੂੰ ਬਹੁ-ਪਤਨੀ ਪ੍ਰਥਾ ਖ਼ਤਮ ਕਰਨ ਦਾ ਸੱਦਾ ਦਿੱਤਾ ਸੀ ਹਾਲਾਂਕਿ ਉਨ੍ਹਾਂ ਦਾ ਸਵਾਲ ਹੈ ਕਿ ਜੇ ਕੋਈ ਪ੍ਰਥਾ ਤੁਹਾਡੇ ਇੱਥੇ ਬਹੁ-ਗਿਣਤੀ ਵਿੱਚ ਜਾਰੀ ਹੀ ਨਹੀਂ ਹੈ ਤਾਂ ਤੁਸੀਂ ਇਸ ਉੱਪਰ ਪਾਬੰਦੀ ਕਿਉਂ ਲਗਾਉਣਾ ਚਾਹੁੰਦੇ ਹੋ  ?’

ਬਹੁ-ਪਤਨੀ ਪ੍ਰਥਾ ਕੇਵਲ ਮੁਸਲਮਾਨਾਂ ’ਚ ਹੀ ਨਹੀਂ, ਸਾਰੇ ਹੀ ਧਰਮਾਂ ਵਿੱਚ ਹੈ।  1961 ਦੀ ਜਨਗਣਨਾ ਵਿੱਚ ਇਕ ਲੱਖ ਵਿਆਹਾਂ ਦੇ ਵੇਰਵਿਆਂ ਦਾ ਅਧਿਐਨ ਕੀਤਾ, ਜਿਸ ਤੋਂ ਸਾਹਮਣੇ ਆਇਆ ਕਿ ਮੁਸਲਮਾਨਾਂ ਵਿੱਚ ਬਹੁ-ਪਤਨੀ ਵਿਆਹ ਸਿਰਫ਼ 5.7% ਹਨ, ਜੋ ਕਿ ਸਾਰੇ ਫਿਰਕਿਆਂ ਵਿੱਚੋਂ ਸਭ ਤੋਂ ਘੱਟ ਹਨ ਅਤੇ ਆਦਿਵਾਸੀਆਂ ਵਿੱਚ ਸਭ ਤੋਂ ਜ਼ਿਆਦਾ ਯਾਨੀ ਲਗਭਗ 15.6%। ਉਸ ਤੋਂ ਬਾਅਦ ਦੀਆਂ ਜਨਗਣਨਾਵਾਂ ਵਿੱਚ ਇਸ ਮੁੱਦੇ ਦੀ ਕੋਈ ਚਰਚਾ ਨਹੀਂ ਸੀ। ਜੇ ਅਸੀਂ 1930 ਤੋਂ 1960 ਤੱਕ ਦੀਆਂ ਜਨਗਣਨਾਵਾਂ ਦੇ ਡੈਟੇ ਦਾ ਵਿਸ਼ਲੇਸ਼ਣ ਕਰੀਏ ਤਾਂ ਹਰ ਦਹਾਕੇ ਸਮੇਂ ਬਹੁ-ਪਤਨੀ ਪ੍ਰਥਾ ਦੀ ਹਰ ਫਿਰਕੇ ਵਿੱਚ ਕਮੀ ਆਈ ਹੈ। ਮੁਸਲਮਾਨ ਵੀ ਇਸ ਵਿੱਚ ਸ਼ਾਮਲ ਹਨ।

ਦੱਸਣਯੋਗ ਹੈ ਕਿ ਬਹੁ-ਪਤਨੀ ਵਿਆਹ ਰਿਵਾਜ ਤੋਂ ਇਲਾਵਾ ਦੇਸ਼ ਦੇ ਕੁਝ ਹਿੱਸਿਆਂ ’ਚ ਬਹੁ ਪਤੀ ਵਿਆਹ ਦਾ ਰਿਵਾਜ਼ ਵੀ ਪ੍ਰਚਲਿਤ ਹੈ। ਬਹੁ-ਪਤੀ ਵਿਆਹ ਵਿੱਚ ਇੱਕ ਪਤਨੀ ਦੇ ਇੱਕ ਤੋਂ ਵੱਧ ਪਤੀ ਹੁੰਦੇ ਹਨ ਭਾਵੇਂ ਇਸ ਤਰ੍ਹਾਂ ਦੇ ਵਿਆਹ ਬਹੁ-ਪਤਨੀ ਵਿਆਹ ਨਾਲੋਂ ਘੱਟ ਪ੍ਰਚਲਿਤ ਹਨ ਫਿਰ ਵੀ ਤਿੱਬਤ ਦੇ ਪੋਲੇਨੇਸ਼ੀਆ, ਉੱਤਰੀ ਭਾਰਤ ਦੇ ਕਾਂਗੜਾ, ਚੰਬਾ, ਕੁੱਲੂ ਆਦਿ ਪਹਾੜੀ ਇਲਾਕਿਆਂ ਵਿੱਚ ਇਸ ਤਰ੍ਹਾਂ ਦੇ ਵਿਆਹ ਹੁੰਦੇ ਰਹੇ ਹਨ। ਖ਼ਾਸ ਤੌਰ ’ਤੇ ਸਭ ਤੋਂ ਵੱਧ ਮੱਧ ਭਾਰਤ ਦੇ ਟੋਡਾ ਕਬੀਲਿਆਂ ਵਿੱਚ ਪ੍ਰਚਲਿਤ ਹਨ। ਪੰਜਾਬ ਵਿੱਚ ਇਸ ਤਰ੍ਹਾਂ ਦੇ ਵਿਆਹ ਰਸਮੀ ਤੌਰ ’ਤੇ ਭਾਵੇਂ ਨਹੀਂ ਪਰ ਗੈਰ-ਰਸਮੀ ਤੌਰ ’ਤੇ ਪ੍ਰਚਲਿਤ ਰਹੇ ਹਨ। ਪੰਜਾਬ ਵਿੱਚ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇੱਕ ਲੜਕੇ ਨੂੰ ਵਿਆਹ ਲੈਣ ਨਾਲ ਸਾਰੇ ਵਿਆਹੇ ਜਾਂਦੇ ਸਨ। ਬਹੁ-ਪਤੀ ਵਿਆਹ ਛੁਪੇ ਰੂਪ ਵਿੱਚ ਦੋ ਕਾਰਨਾਂ ਕਰ ਕੇ ਚੱਲਦੇ ਹਨ। ਪਹਿਲਾ ਇਹ ਕਿ ਇੱਥੇ ਮਰਦਾਂ ਦੇ ਮੁਕਾਬਲੇ ਔਰਤਾਂ ਦਾ ਅਨੁਪਾਤ ਘੱਟ ਹੈ। ਦੂਸਰਾ ਕਈ ਪਰਵਾਰਾਂ ਵਿੱਚ ਜ਼ਮੀਨ ਦੇ ਬਟਵਾਰੇ ਨੂੰ ਰੋਕਣ ਕਾਰਨ ਪਤੀ ਦੇ ਭਰਾ ਨੂੰ ਵਿਆਹ ਨਹੀਂ ਕਰਵਾਉਣ ਦਿੰਦੇ।

ਮਹਾਂਭਾਰਤ ਵਿੱਚ ਦਰੋਪਤੀ ਵੱਲੋਂ ਪੰਜਾਂ ਪਾਂਡਵਾਂ ਨਾਲ ਕਰਵਾਇਆ ਗਿਆ ਵਿਆਹ ਵੀ ਬਹੁ-ਪਤਨੀ ਦੀ ਇੱਕ ਉਦਾਹਰਨ ਹੈ। ਦੂਸਰੇ ਪਾਸੇ ਰਾਜਾ ਦਸਰਥ ਦੇ ਤਿੰਨ ਵਿਆਹ ਅਤੇ ਭਗਵਾਨ ਕ੍ਰਿਸ਼ਨ ਦੀਆਂ 16108 ਗੋਪੀਆਂ ਸਨ; ਇਨ੍ਹਾਂ ਵਿੱਚੋਂ ਅੱਠ- ਰੁਕਮਣੀ, ਜਾਮਵੰਤੀ, ਸਤਿਆਭਾਮਾ, ਕਾਲਿੰਦੀ, ਮਿੱਤਰਬ੍ਰਿੰਦਾ, ਸੱਤਿਆ, ਭਦਰਾ ਅਤੇ ਲਕਸ਼ਮਣਾ; ਉਸ ਦੀਆਂ ਪਟਰਾਣੀਆਂ ਸਨ, ਜਿਨ੍ਹਾਂ ਨਾਲ ਉਸ ਨੇ ਵਿਆਹ ਕੀਤਾ ਸੀ। ਬਾਕੀ 16100 ਗੋਪੀਆਂ ਨਾਲ ਕ੍ਰਿਸ਼ਨ ਜੀ ਨੇ ਵਿਆਹ ਨਹੀਂ ਕਰਵਾਇਆ ਪਰ ਉਨ੍ਹਾਂ ਨੂੰ ਪਤਨੀਆਂ ਦੇ ਬਰਾਬਰ ਦਾ ਦਰਜਾ ਦਿੱਤਾ ਸੀ। ਇਸ ਸੰਬੰਧ ਵਿੱਚ ਭਾਗਵਤ ਪੁਰਾਣ ਵਿੱਚ ਇਕ ਕਥਾ ਹੈ, ਜਿਸ ਅਨੁਸਾਰ 16100 ਗੋਪੀਆਂ ਅਸਲ ਵਿੱਚ ਰਾਜਕੁਮਾਰੀਆਂ ਸਨ; ਜਿਨ੍ਹਾਂ ਨੂੰ ਨਰਕਾਸੁਰ ਨਾਮ ਦੇ ਇੱਕ ਦੈਂਤ ਨੇ ਵਿਆਹ ਕਰਵਾਉਣ ਦੇ ਮਕਸਦ ਨਾਲ ਬੰਦੀ ਬਣਾ ਕੇ ਰੱਖਿਆ ਹੋਇਆ ਸੀ। ਕ੍ਰਿਸ਼ਨ ਜੀ ਨੇ ਨਰਕਾਸੁਰ ਨਾਲ ਯੁੱਧ ਕੀਤਾ ਅਤੇ ਉਨ੍ਹਾਂ ਸਾਰੀਆਂ ਨੂੰ ਮੁਕਤ ਕਰਾ ਲਿਆ ਕਿਉਂਕਿ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਇੱਕ ਰਾਖ਼ਸ਼ਸ਼ ਦੁਆਰਾ ਬੰਧਕ ਬਣਾਇਆ ਹੋਇਆ ਸੀ, ਇਸ ਲਈ ਕੋਈ ਵੀ ਰਾਜਕੁਮਾਰ ਉਨ੍ਹਾਂ ਨਾਲ ਵਿਆਹ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ ਕ੍ਰਿਸ਼ਨ ਜੀ ਨੇ ਉਨ੍ਹਾਂ ਨੂੰ ਆਪਣੀਆਂ ਪਤਨੀਆਂ ਬਣਾ ਕੇ ਰੱਖਿਆ।

ਸੋ ਵੇਖਿਆ ਜਾਵੇ ਤਾਂ ਹਰ ਪਰਵਾਰ, ਸਮਾਜ ਅਤੇ ਧਰਮ ’ਚ ਸਮੇਂ ਦੀ ਲੋੜ ਅਨੁਸਾਰ ਬਹੁ-ਪਤੀ ਅਤੇ ਬਹੁ-ਪਤਨੀ ਵਿਆਹ ਪ੍ਰਚਲਿਤ ਰਹੇ ਸਨ, ਜੋ ਅੱਜ ਵੀ ਹਨ ਭਾਵੇਂ ਵਿਦਿਆ ਅਤੇ ਸਭਿਅਤਾ ਦੇ ਪਾਸਾਰ ਨਾਲ ਅਜਿਹੇ ਕੇਸਾਂ ਦੀ ਗਿਣਤੀ ਦਿਨੋ ਦਿਨ ਘਟ ਰਹੀ ਹੈ। ਸੋ ਕਨੂੰਨ ਬਣਾਉਣ ਨਾਲੋਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਰਾਹੀਂ ਪੈਦਾ ਕੀਤੀ ਚੇਤਨਾ, ਇਸ ਪੁਰਾਤਨ ਪ੍ਰਥਾ ਦੇ ਖਾਤਮੇ ਲਈ ਵੱਧ ਕਾਰਗਰ ਸਿੱਧ ਹੋ ਸਕਦੀ ਹੈ, ਪਰ ਕਿਸੇ ਗਲਤ ਪ੍ਰਥਾ ਜਾਂ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਭਾਜਪਾ ਦਾ ਏਜੰਡਾ ਨਹੀਂ ਰਿਹਾ, ਉਨ੍ਹਾਂ ਤਾਂ ਦੇਸ਼ ਦੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ; ਮੁਸਲਮਾਨਾਂ ਨੂੰ ਦੱਸ ਕੇ ਉਨ੍ਹਾਂ ਵਿਰੁਧ ਨਫ਼ਰਤ ਫੈਲਾ ਕੇ ਬਹੁਗਿਣਤੀ ਹਿੰਦੂਆਂ ਦੀਆਂ ਵੋਟਾਂ ਲੈ ਆਪਣੀ ਕੁਰਸੀ ਹਾਸਲ ਕਰਨੀ ਹੈ। ਭਾਜਪਾ ਦੀ ਬਦਨੀਤੀ ਵੇਖੀ ਜਾਵੇ, ਉਸ ਨੇ ਸੰਭਾਵੀ ਕਨੂੰਨ ਦਾ ਕੋਈ ਖਰੜਾ ਪਬਲਿਕ ਤੌਰ ’ਤੇ ਜਾਰੀ ਨਹੀਂ ਕੀਤਾ; ਕੇਵਲ 14 ਜੁਲਾਈ ਤੱਕ ਇਹ ਸੁਝਾਅ ਮੰਗ ਲਏ ਕਿ ਲਾਗੂ ਕੀਤਾ ਜਾਣਾ ਚਾਹੀਦਾ ਹੈ ਜਾਂ ਨਹੀਂ ! ਦੱਸੋ ਜਦ ਕਿਸੇ ਨੂੰ ਪਤਾ ਹੀ ਨਹੀਂ ਕਿ ਕਨੂੰਨ ਕਿਸ ਤਰ੍ਹਾਂ ਦਾ ਬਣਨਾ ਹੈ ਤਾਂ ਬੁਧੀਜੀਵੀ ਸੁਝਾਅ ਕੀ ਦੇਣਗੇ ? ਇਸ ਸਮੇਂ ਘੱਟ ਗਿਣਤੀਆਂ ਨੂੰ ਇਹ ਮੰਗ ਕਰਨੀ ਚਾਹੀਦੀ ਹੈ ਕਿ ਬਣਾਏ ਜਾਣ ਵਾਲੇ ਸੰਭਾਵੀ ਕਨੂੰਨ ਦਾ ਪੂਰਾ ਖਰੜਾ ਹਰ ਭਾਸ਼ਾ ਵਿੱਚ ਤਿਆਰ ਕਰਕੇ ਸਰਕਾਰ ਇਸ ਨੂੰ ਵਿਆਪਕ ਪੱਧਰ ’ਤੇ ਸਰਕੂਲੇਟ ਕਰੇ ਤਾਂ ਕਿ ਹਰ ਵਿਅਕਤੀ ਇਸ ਦੇ ਗੁਣ ਔਗੁਣਾਂ ਦੇ ਆਧਾਰਿਤ ਵਿਚਾਰ ਕਰਕੇ ਆਪਣੀ ਰਾਇ ਦੇਣ ਦੇ ਕਾਬਲ ਹੋਵੇ।

ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ, ਜਿਸ ਵਿੱਚ ਵੱਖ ਵੱਖ ਧਰਮਾਂ, ਫਿਰਕਿਆ ਅਤੇ ਕਬੀਲਿਆਂ ਦੇ ਲੋਕ ਰਹਿੰਦੇ ਹਨ। ਉਨ੍ਹਾਂ ਨੂੰ ਸੰਵਿਧਾਨ ਅਤੇ ਆਪਣੇ ਧਰਮ ਅਨੁਸਾਰ ਜੀਵਨ ਜਿਊਣ ਦੀ ਅਜ਼ਾਦੀ ਹੈ। ਕਿਸੇ ਵਿਅਕਤੀ ਨੇ ਕੀ ਖਾਣਾ ਹੈ ? ਕੀ ਪਹਿਨਣਾ ਹੈ ? ਆਪਣੇ ਵਿਆਹ ਸਮੇਂ ਕਿਸ ਤਰ੍ਹਾਂ ਦੀਆਂ ਰਸਮਾਂ ਜਾਂ ਧਾਰਮਿਕ ਮਰਿਆਦਾ ਨਿਭਾਉਣੀਆਂ ਹਨ; ਇਹ ਹਰ ਵਿਅਕਤੀ ਦੀ ਆਪਣੀ ਨਿੱਜਤਾ ਦਾ ਸਵਾਲ ਹੈ। ਅਣਉਚਿਤ ਕਨੂੰਨ ਬਣਾ ਦੂਸਰੇ ਦੇ ਧਰਮ ’ਚ ਦਖਲਅੰਦਾਜ਼ੀ ਕਰਨੀ ਬਿਲਕੁਲ ਗਲਤ ਹੈ। ਹਰ ਧਰਮ ਅਤੇ ਹਰ ਖੇਤਰ ਦੀਆਂ ਆਪਣੀਆਂ-ਆਪਣੀਆਂ ਮਰਿਆਦਾਵਾਂ ਹੁੰਦੀਆਂ ਹਨ, ਇਸ ਵਾਸਤੇ ਸਾਰਿਆਂ ਲਈ ਇਕੋ ਸਾਂਝਾ ਕਨੂੰਨ ਬਣਾਉਣਾ ਹੀ ਨਿਜੀ ਆਜ਼ਾਦੀ ਅਤੇ ਮੌਲਿਕ ਅਧਿਕਾਰਾਂ ਦੇ ਵਿਰੁਧ ਹੈ। ਜਿਸ ਪ੍ਰਧਾਨ ਮੰਤਰੀ (ਮੋਦੀ ਜੀ) ਨੇ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬੜੇ ਨਾਟਕੀ ਅੰਦਾਜ਼ ’ਚ ਕਿਹਾ ‘ਜੇ ਇੱਕ ਪਰਵਾਰ ਦੇ ਇੱਕ ਮੈਂਬਰ ’ਤੇ ਕੋਈ ਹੋਰ ਕਨੂੰਨ ਲਾਗੂ ਹੋਵੇ, ਦੂਸਰੇ ’ਤੇ ਕੋਈ ਹੋਰ ਕਨੂੰਨ ਹੋਵੇ, ਤੀਸਰੇ ’ਤੇ ਕੋਈ ਹੋਰ, ਤੋ ਬਤਾਈਏ ਵੋਹ ਘਰ ਚੱਲ ਪਾਏਗਾ ਕਿਆ ?’ ਅੰਧ ਭਗਤਾਂ ਵੱਲੋਂ ਨਹੀਂ ਦੀ ਅਵਾਜ਼ ਸੁਣਦਿਆਂ ਦੁਬਾਰਾ ਕਿਹਾ ‘ਇਸੇ ਤਰ੍ਹਾਂ ਜੇ ਇਕ ਹੀ ਦੇਸ਼ ਦੇ ਵਿਅਕਤੀਆਂ ਲਈ ਵੱਖ ਵੱਖ ਕਨੂੰਨ ਲਾਗੂ ਹੋਣ ਤਾਂ ਦੇਸ਼ ਕੈਸੇ ਚੱਲੇਗਾ ? ਫਿਰ ਕਿਉਂ ਨਹੀਂ ਸਭੀ ਧਰਮੋਂ ਕੇ ਲੀਏ ਏਕ ਹੀ ਕਨੂੰਨ ਬਣਨਾ ਚਾਹੀਏ ?’

ਮੋਦੀ ਜੀ ਤੋਂ ਪੁੱਛਣਾ ਬਣਦਾ ਹੈ ਕਿ ਇੰਡੀਅਨ ਪੀਨਲ ਕੋਡ ਤਾਂ ਸਾਰੇ ਧਰਮਾਂ ਲਈ ਇੱਕ ਸਮਾਨ ਹੀ ਬਣਿਆ ਹੋਇਆ ਹੈ, ਕੀ ਉਹ ਸਭਨਾ ’ਤੇ ਇਕ ਸਮਾਨ ਲਾਗੂ ਹੋਤਾ ਹੈ ਕਿਆ  ? ਕਾਤਲਾਂ ਅਤੇ ਬਲਾਤਕਾਰਾਂ ਦੇ ਦੋਸ਼ ਅਧੀਨ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਨੂੰ ਸਾਲ ’ਚ ਚਾਰ ਵਾਰ ਪੈਰੋਲ ਮਿਲ ਜਾਂਦੀ ਹੈ। ਬਿਲਕੀਸ ਬਾਨੋ ਦੇ ਸਮੂਹਕ ਬਲਾਤਕਾਰੀ ਅਤੇ ਉਨ੍ਹਾਂ ਦੀ ਛੋਟੀ ਬੱਚੀ ਸਮੇਤ ਪਰਵਾਰ ਦੇ 7 ਮੈਂਬਰਾਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਜ਼ੇਲ੍ਹ ’ਚ ਚੰਗੇ ਚਾਲ ਚੱਲਣ ਦੇ ਆਧਾਰ ’ਤੇ ਸਜ਼ਾ ਮੁਆਫ਼ੀ ਕਰ ਰਿਹਾਅ ਕਰ ਦਿੱਤਾ ਜਾਂਦਾ ਹੈ; ਦੂਸਰੇ ਪਾਸੇ ਸਿੱਖ ਕੈਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਵੀ ਜੇਲ੍ਹਾਂ ’ਚ ਬੰਦ ਹਨ; ਉਨ੍ਹਾਂ ’ਚੋਂ ਕਈਆਂ ਨੂੰ ਤਾਂ ਇੱਕ ਦਿਨ ਵੀ ਪੈਰੋਲ ਨਹੀਂ ਮਿਲੀ। ਬਤਾਈਏ ਸਾਂਝਾ ਬਣਿਆ ਕਨੂੰਨ ਏਕ ਸਮਾਨ ਲਾਗੂ ਹੈ ਕਿਆ  ? ਗੋਦੀ ਮੀਡੀਆ ਦੇ ਪੱਤਰਕਾਰਾਂ ਨੂੰ ਤਾਂ ਤੁਸੀਂ ਆਪਣੇ ਨਾਲ ਜਹਾਜ਼ ’ਚ ਬਿਠਾ ਕੇ ਵਿਦੇਸ਼ਾਂ ਦੀ ਸੈਰ ਕਰਵਾ ਦਿੰਦੇ ਹੋ, ਪਰ ਅਮਰੀਕੀ ਪੱਤਰਕਾਰ ਸਬਰੀਨਾ ਸਿੱਦੀਕੀ ਦੇ ਇੱਕ ਸਵਾਲ ਨਾਲ ਸਾਰੀ ਭਾਜਪਾ ਵਿੱਚ ਬੁਖ਼ਲਾਹਟ ਪੈਦਾ ਹੋ ਜਾਂਦੀ ਹੈ। ਦੇਸ਼ ਲਈ ਮੈੱਡਲ ਜਿੱਤਣ ਵਾਲੀਆਂ ਮਹਿਲਾ ਪਹਿਲਵਾਨਾਂ ਦਾ ਜਿਨਸੀ ਸੋਸ਼ਣ ਕਰਨ ਵਾਲੇ ਬ੍ਰਿਜਭੂਸ਼ਨ ਸ਼ਰਨ ਸਿੰਘ ਵਿਰੁਧ ਚਾਰਜਸ਼ੀਟ ਦਾਖ਼ਲ ਹੋਣ ਦੇ ਬਾਵਜੂਦ ਵੀ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਪਰ ਸੱਚ ਬੋਲਣ ਅਤੇ ਸੱਚ ਲਿਖਣ ਵਾਲੇ ਪੱਤਰਕਾਰ ਜੇ ਹਾਥਰਸ ਵਰਗੇ ਘਿਨਾਉਣੇ ਕਾਂਡ ਦੀ ਰਿਪੋਰਟਿੰਗ ਕਰਨ ਜਾਂਦੇ ਹਨ ਤਾਂ ਦੇਸ਼ ਧ੍ਰੋਹੀ ਦੇ ਕੇਸ ਪਾ ਕੇ ਦੋ-ਦੋ ਸਾਲ ਜੇਲ੍ਹਾਂ ’ਚ ਬੰਦ ਰੱਖਦੇ ਹੋ; ਤੋ ਬਤਾਈਏ ਕਨੂੰਨ ਏਕ ਸਮਾਨ ਲਾਗੂ ਹੈ ਕਿਆ  ? ਵੈਸੇ ਯੂ.ਸੀ.ਸੀ. ਵੀ ਇੱਕ ਸਮਾਨ ਲਾਗੂ ਨਹੀਂ ਹੋਏਗਾ ਕਿਉਂਕਿ ਖ਼ਬਰਾਂ ਹਨ ਕਿ ਨਾਗਾਲੈਂਡ ਦੇ ਮੁੱਖ ਮੰਤਰੀ ਐੱਨ. ਰਾਓ ਦੀ ਅਗਵਾਈ ਹੇਠ 12 ਮੈਂਬਰੀ ਵਫਦ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਦਿੱਤਾ ਹੈ ਕਿ ਨਾਗਾਲੈਂਡ ਦੇ ਕਬੀਲਿਆਂ ਅਤੇ ਈਸਾਈ ਭਾਈਚਾਰੇ ਨੂੰ ਯੂ.ਸੀ.ਸੀ. ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇਗਾ। ਬਹੁਤ ਸਾਰੇ ਹੋਰ ਮੁੱਖ ਮੰਤਰੀਆਂ ਅਤੇ ਸਿਆਸੀ ਪਾਰਟੀਆਂ ਦੇ ਵਿਰੋਧ ਕਾਰਨ ਪਬਲਿਕ ਗ੍ਰੀਵੈਂਸਿਸਜ਼, ਲਾ ਐਂਡ ਜਸਟਿਸ ਸੰਬੰਧੀ ਪਾਰਲੀਮੈਂਟਰੀ ਪੈੱਨਲ ਦੇ ਮੁਖੀ ਸੁਸ਼ੀਲ ਮੋਦੀ ਨੇ ਆਦਿਵਾਸੀ ਕਬੀਲਿਆਂ ਅਤੇ ਉੱਤਰੀ-ਪੂਰਬੀ ਪ੍ਰਾਂਤਾਂ ਨੂੰ ਯੂ.ਸੀ.ਸੀ. ਦੇ ਘੇਰੇ ਤੋਂ ਬਾਹਰ ਰੱਖਣ ਦੀ ਮੰਗ ਦਾ ਸਮਰਥਨ ਕੀਤਾ ਹੈ। ਜੇ ਸੁਸ਼ੀਲ ਮੋਦੀ ਦੀ ਸਿਫ਼ਾਰਸ਼ ਮੰਨ ਲਈ ਗਈ ਤਾਂ ਇੱਕ ਸਮਾਨ ਸਿਵਲ ਕੋਡ ਕਿੱਥੇ ਰਹਿ ਜਾਵੇਗਾ ? ਕੀ ਇਹ ਸਮਝ ਲਿਆ ਜਾਵੇ ਕਿ ਜੋ ਈਸਾਈ ਉੱਤਰੀ-ਪੂਰਬੀ ਪ੍ਰਾਂਤਾਂ ਤੋਂ ਇਲਾਵਾ ਭਾਰਤ ਦੇ ਦੂਸਰੇ ਪ੍ਰਾਂਤਾਂ ’ਚ ਵੱਸਦੇ ਹਨ, ਉਨ੍ਹਾਂ ’ਤੇ ਲਾਗੂ ਹੋਵੇਗਾ ? ਜਾਂ ਸਿਰਫ ਮੁਸਲਮਾਨਾਂ ਅਤੇ ਸਿੱਖਾਂ ’ਤੇ ਹੀ ਜ਼ਬਰੀ ਹਿੰਦੂ ਸਿਵਲ ਕੋਡ ਥੋਪਿਆ ਜਾਣਾ ਹੈ, ਜਿਨ੍ਹਾਂ ’ਚੋਂ ਵਿਰੋਧ ਕਰਨ ਵਾਲੇ ਮੁਸਲਮਾਨਾਂ ਨੂੰ ਪਾਕਿਸਤਾਨੀ ਅਤੇ ਸਿੱਖਾਂ ਨੂੰ ਖ਼ਾਲਸਤਾਨੀ ਕਹਿ ਕੇ ਦੇਸ਼ ਵਿਰੋਧੀ ਸਿੱਧ ਕਰ ਉਨ੍ਹਾਂ ਵਿਰੁੱਧ ਨਫ਼ਰਤ ਫੈਲਾ ਕੇ ਹਿੰਦੂਆਂ ਦੀਆਂ ਵੋਟਾਂ ਹਾਸਲ ਕਰਨ ਦਾ ਹੀ ਇੱਕੋ ਇੱਕ ਟੀਚਾ ਹੈ ?

ਅਸਲ ਵਿੱਚ ਐਸਾ ਸੰਭਵ ਇਸ ਲਈ ਹੋ ਰਿਹਾ ਹੈ ਕਿਉਂਕਿ ਬਦਕਿਸਮਤੀ ਇਹ ਹੈ ਕਿ ਸਾਡੇ ਦੇਸ਼ ਦੇ ਬਹੁ ਗਿਣਤੀ ਲੋਕ ਧਾਰਮਿਕ ਘੱਟ ਪਰ ਧਰਮ ਦੇ ਨਾਂ ਤੇ ਕੱਟੜ ਫਿਰਕੂ ਵੱਧ ਹਨ। ਇਸ ਲਈ ਲੋਕਾਂ ਦੇ ਵਿਦਿਆ, ਸਿਹਤ, ਬੇਰੁਜ਼ਗਾਰੀ, ਵਧ ਰਹੇ ਨਸ਼ੇ, ਵਿਗੜ ਰਹੀ ਅਮਨ ਤੇ ਕਾਨੂੰਨ ਵਿਵਸਥਾ, ਭ੍ਰਿਸ਼ਟਾਚਾਰ, ਮਹਿੰਗਾਈ, ਗਰੀਬਾਂ ਅਤੇ ਅਮੀਰਾਂ/ ਕਾਰਪੋਰੇਟ ਘਰਾਣਿਆਂ ਦੀ ਜਾਇਦਾਦ ਤੇ ਆਮਦਨ ਵਿਚਕਾਰ ਵਧ ਰਹੇ ਪਾੜੇ ਵਰਗੇ ਅਹਿਮ ਮੁੱਦਿਆ ਵੱਲੋਂ ਧਿਆਨ ਹਟਾ ਕੇ ਵੱਧ ਤੋਂ ਵੱਧ ਵੋਟਾਂ ਹਾਸਲ ਕਰ ਜਿੱਤ ਪ੍ਰਾਪਤ ਕਰਨ ਵਾਸਤੇ ਘੱਟ ਗਿਣਤੀਆਂ ਦੇ ਸਮੂਹਿਕ ਕਤਲੇਆਮ ਰਾਹੀਂ ਫਿਰਕੂ ਪਾੜਾ ਪਾਉਣਾ ਸਭ ਤੋਂ ਵਧੀਆ ਹਥਿਆਰ ਹੈ।  ਸੰਨ 1984 ’ਚ ਸਿੱਖਾਂ ਦੇ ਕਤਲੇਆਮ ਦੇ ਸਹਾਰੇ ਰਾਜੀਵ ਗਾਂਧੀ ਨੇ ਆਪਣੇ ਨਾਨਾ ਜਵਾਹਰ ਲਾਲ ਨਹਿਰੂ ਦੇ ਸਮੇਂ ਨਾਲੋਂ ਵੀ ਵੱਧ ਵੋਟਾਂ ਹਾਸਲ ਕਰ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ; 2002 ’ਚ ਗੁਜਰਾਤ ’ਚ ਮੁਸਲਮਾਨਾਂ ਦੇ ਸਮੂਹਿਕ ਕਾਤਲਾਂ ਨੇ ਨਰਿੰਦਰ ਮੋਦੀ ਨੂੰ ਤਿੰਨ ਵਾਰ ਗੁਜਰਾਤ ਦੇ ਮੁੱਖ ਮੰਤਰੀ ਅਤੇ ਦੋ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣਾ ਦਿੱਤਾ ਅਤੇ ਹੁਣ ਤੀਜੀ ਵਾਰ ਬਣਨ ਲਈ ਗੁਜਰਾਤ ਦੀ ਤਰਜ ’ਤੇ ਮਨੀਪੁਰ ’ਚ ਪਿਛਲੇ ਤਿੰਨ ਮਹੀਨੇ ਤੋਂ ਘੱਟ ਗਿਣਤੀ ਕੁੱਕੀ ਸਮਾਜ ’ਤੇ ਜੋ ਕਹਿਰ ਢਾਹਿਆ ਜਾ ਰਿਹਾ ਹੈ ਇਸ ਦੀ ਹੋਰ ਕਿਧਰੇ ਮਿਸਾਲ ਨਹੀਂ ਮਿਲਦੀ। ਪ੍ਰਧਾਨ ਮੰਤਰੀ ਦੀ ਢੀਠਤਾਈ ਹੱਦਾਂ ਪਾਰ ਕਰਦੀ ਵੇਖੋ ਕਿ ਆਪਣੇ ਚੋਣ ਜਲਸਿਆਂ ਦੌਰਾਨ ਦੇਸ਼ ਦੀ ਤਰੱਕੀ ਲਈ ਯੂ.ਸੀ.ਸੀ. ਕਾਨੂੰਨ ਲਾਗੂ ਹੋਣਾ ਦੀ ਲੋੜ ’ਤੇ ਜ਼ੋਰ ਦਿੰਦਾ ਰਿਹਾ ਹੈ, ਪਰ ਮਨੀਪੁਰ ਅੱਗ ਦੀ ਲਪੇਟ ’ਚ ਸੜ ਰਿਹਾ ਹੈ, ਮਹਿਲਾਵਾਂ ਦੀਆ ਇੱਜ਼ਤਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ, 150 ਬੰਦੇ ਮਾਰੇ ਜਾ ਚੁੱਕੇ ਹਨ 60,000 ਤੋਂ ਵੱਧ ਲੋਕ ਬੇਘਰ ਹੋ ਕੇ ਅਸਮਾਨ ਦੀ ਛੱਤ ਹੇਠ ਰਾਹਤ ਕੈਂਪਾਂ ’ਚ ਬੈਠੇ ਸਹਾਇਤਾ ਲਈ ਪੁਕਾਰ ਰਹੇ ਹਨ, ਪਰ 77 ਦਿਨਾਂ ਦੇ ਉਸ ਸਮੇਂ ਤੱਕ ਮੂੰਹ ਨਹੀਂ ਖੋਲ੍ਹਿਆ ਜਦ ਤੱਕ ਉਹ ਵੀਡੀਓ ਜਨਤਕ ਨਹੀਂ ਹੋਈ; ਜਿਸ ਵਿੱਚ ਕੁੱਕੀ ਸਮਾਜ ਦੀਆਂ ਤਿੰਨ ਔਰਤਾਂ ਪੁਲਿਸ ਦੀ ਗੱਡੀ ’ਚੋਂ ਬਹੁ ਗਿਣਤੀ ਮੈਤਈ ਸਮਾਜ ਦੀ ਭੀੜ ਵੱਲੋਂ ਜਬਰਦਸਤੀ ਉਤਾਰ ਲਈਆਂ ਗਈਆਂ। ਉਨ੍ਹਾਂ ’ਚੋਂ ਇੱਕ, ਜਿਸ ਨੇ ਆਪਣੇ ਕੱਪੜੇ ਉਤਾਰਨ ਤੋਂ ਨਾਂ ਕੀਤੀ ਉਸ ਨੂੰ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਅਤੇ ਬਾਕੀ ਦੋ ਨੂੰ ਮੌਤ ਦੇ ਡਰ ਹੇਠ ਕੱਪੜੇ ਉਤਾਰਨ ਲਈ ਮਜਬੂਰ ਕੀਤਾ, ਨਗਨ ਅਵਸਥਾ ’ਚ ਪਰੇਡ ਕਰਵਾਈ ਗਈ ਅਤੇ ਉਨ੍ਹਾਂ ਨਾਲ ਸਮੂਹਿਕ ਤੌਰ ’ਤੇ ਬਲਾਤਕਾਰ ਕੀਤਾ ਗਿਆ। ਬੇਵੱਸ ਹੋਈ ਪੁਲਿਸ ਮੂਕ ਦਰਸ਼ਕ ਬਣ ਵੇਖਦੀ ਰਹੀ।  ਇਹ ਵੀਡੀਓ ਜਿਸ ਵਿੱਚ ਇਨਸਾਨੀਅਤ ਨਾਂ ਦੀ ਕੋਈ ਚੀਜ ਵਿਖਾਈ ਨਹੀਂ ਦਿੰਦੀ। ਜਿਨ੍ਹਾਂ ਨੂੰ ਇਹ ਲੋਕ ਰਾਖ਼ਸ਼ਸ਼ ਕਹਿੰਦੇ ਹਨ ਉਨ੍ਹਾਂ ਨੂੰ ਵੀ ਮਾਤ ਪਾ ਦਿੱਤਾ; ਵੀਡੀਓ ਜਨਤਕ ਹੋਣ ਪਿੱਛੋਂ ਜਦੋਂ ਚੀਫ ਜਸਟਿਸ ਆਫ ਇੰਡਿਆ ਨੇ ਸੂ-ਮਾਟੋ ਨੋਟਿਸ ਲਿਆ ਤਾਂ ਹੀ ਮਜਬੂਰੀ ਵੱਸ ਪ੍ਰਧਾਨ ਮੰਤਰੀ ਮੂੰਹ ਖੋਲ੍ਹਣ ਲਈ ਮਜਬੂਰ ਹੋਏ। ਜੇ ਬੋਲੇ ਤਾਂ ਵੀ ਉਸ ਵਿੱਚ ਸਿਸਟਾਚਾਰ ਤੇ ਰਾਜ ਧਰਮ ਕਿਧਰੇ ਵਿਖਾਈ ਨਹੀਂ ਦਿੱਤਾ। ਪਹਿਲਾਂ ਕਾਂਗਰਸ ਸਰਕਾਰ ਵਾਲੇ ਦੋ ਸੂਬੇ ਰਾਜਸਥਾਨ ਅਤੇ ਛੱਤੀਸਗੜ੍ਹ ਦਾ ਨਾਮ ਲੈਣ ਪਿੱਛੋਂ ਮਨੀਪੁਰ ਦਾ ਨਾਂ ਲਿਆ ਤੇ ਆਖਿਆ ਕਿ ਕਿਸੇ ਵੀ ਸੂਬੇ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਹੋਣ ਦਿੱਤੀਆਂ ਜਾਣਗੀਆਂ ਤੇ ਪੀੜਤ ਮਹਿਲਾਵਾਂ ਨੂੰ ਇਨਸਾਫ਼ ਦਿੱਤਾ ਜਾਵੇਗਾ। ਸੰਵਿਧਾਨ ਦੀ ਸਹੁੰ ਚੁੱਕ ਕੇ ਬਣੇ ਪ੍ਰਧਾਨ ਮੰਤਰੀ ਦੇ ਇਸ ਬਿਆਨ ਵਿੱਚ ਵੀ ਕੇਵਲ ਰਾਜਨੀਤੀ ਦਿੱਸੀ ਤੇ ਇਨਸਾਫ਼ ਵਾਲੀ ਕਿਧਰੇ ਕੋਈ ਗੱਲ ਨਾ ਨਜ਼ਰ ਆਈ ਕਿਉਂਕਿ ਮਨੀਪੁਰ ਦਾ ਨਾਂ ਲੈਣ ਤੋਂ ਪਹਿਲਾਂ ਕਾਂਗਰਸੀ ਸੱਤਾ ਅਧੀਨ ਦੋ ਸੂਬਿਆਂ ਦਾ ਨਾਂ ਲਿਆ ਪਰ ਜੰਮੂ ਕਸ਼ਮੀਰ ਦੇ ਕਠੂਆ, ਯੂ.ਪੀ. ਦੇ ਹਾਥਰਸ ਤੇ ਉਨਾਓ ਬਲਾਤਕਾਰ ਕੇਸ ਜਿਹੜੇ ਕਿ ਰਾਜਸਥਾਨ ਤੇ ਛੱਤੀਸਗੜ੍ਹ ਕੇਸਾਂ ਨਾਲੋਂ ਕਿਤੇ ਵੱਧ ਹੈਵਾਨੀਅਤ ਭਰਪੂਰ ਸਨ, ਦਾ ਜ਼ਿਕਰ ਤੱਕ ਨਾ ਕੀਤਾ। ਦੇਸ਼ ਦਾ ਮਾਣ ਵਧਾਉਣ ਵਾਲੀਆਂ ਜਿਨਸੀ ਸੋਸ਼ਨ ਤੋਂ ਪੀੜਤ ਪਹਿਲਵਾਨ ਮਹਿਲਾਂ ਜਿਹੜੀਆਂ ਇਨਸਾਫ਼ ਦੀ ਲਈ ਜੰਤਰ ਮੰਤਰ ਮੈਦਾਨ ਦਿੱਲੀ ਵਿਖੇ ਧਰਨੇ ’ਤੇ ਬੈਠੀਆਂ ਰਹੀਆਂ, ਪਰ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਿਨਾਂ ਅਰੋਪੀ ਭਾਜਪਾ ਸਾਂਸਦ ਬ੍ਰਿਜ ਭੂਸ਼ਨ ਸ਼ਰਨ ਸਿੰਘ ਵਿਰੁਧ ਕੇਸ ਦਰਜ ਨਾ ਹੋਇਆ। ਜੇ ਐੱਫ.ਆਈ.ਆਰ. ਦਰਜ ਵੀ ਹੋਈ ਤਾਂ ਵੀ ਲੰਬੀ ਪ੍ਰਕਿਰਿਆ ਉਪਰੰਤ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰਨ ਪਿੱਛੋਂ ਵੀ ਹਾਲੀ ਤੱਕ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਜਦੋਂ ਕਿ ਰਾਜਸਥਾਨ ’ਚ ਕੇਵਲ ਦੋ ਘੰਟੇ ਪਿੱਛੋਂ ਅਰੋਪੀ ਗ੍ਰਿਫ਼ਤਾਰ ਕਰ ਲਏ ਗਏ ਤੇ ਉਹ ਵੀ ਭਾਜਪਾ ਸਮਰਥਕ ਏ.ਬੀ.ਪੀ. ਦੇ ਨਿਕਲੇ। ਛੱਤੀਸਗੜ੍ਹ ਕੇਸ ਵਿੱਚ ਘਟਨਾ 24 ਜਨਵਰੀ 2023 ਦੀ ਰਾਤ ਦੀ ਸੀ, 25 ਜਨਵਰੀ ਨੂੰ ਕੇਸ ਦਰਜ ਕਰਨ ਉਪਰੰਤ 26 ਜਨਵਰੀ ਨੂੰ ਸਾਰੇ ਦੋਸ਼ੀ ਗ੍ਰਿਫ਼ਤਾਰ ਕਰ ਲਏ ਗਏ ਤੇ ਹੁਣ ਸਾਰੇ ਜੁਡੀਸ਼ਲ ਰਿਮਾਂਡ ’ਤੇ ਜੇਲ੍ਹ ਵਿੱਚ ਬੰਦ ਹਨ, ਪਰ ਮਨੀਪੁਰ ਦੀ ਘਟਨਾ 4 ਮਈ 2023 ਦੀ ਹੈ। ਸਾਰਾ ਕੁਝ ਪੁਲਿਸ ਕਰਮੀਆਂ ਦੇ ਸਾਹਮਣੇ ਵਾਪਰਨ ਦੇ ਬਾਵਜੂਦ ਕੇਸ 18 ਮਈ ਨੂੰ ਦਰਜ ਹੋਇਆ, ਜਿਨ੍ਹਾਂ ਦੀ ਗ੍ਰਿਫ਼ਤਾਰੀ ਢਾਈ ਮਹੀਨੇ ਪਿੱਛੋਂ ਸੁਪਰੀਮ ਕੋਰਟ ਵੱਲੋਂ ਸੂ-ਮਾਟੋ ਨੋਟਿਸ ਲੈਣ ਤੋਂ ਬਾਅਦ ਹੋਈ। ਤਾਂ ਫਿਰ ਇਸ ਕੇਸ ਨੂੰ ਰਾਜਸਥਾਨ ਅਤੇ ਛੱਤੀਸਗੜ੍ਹ ਨਾਲ ਮੇਲ ਕੇ ਕਿਵੇਂ ਵੇਖਿਆ ਜਾ ਸਕਦਾ ਹੈ ?

ਸੱਤਾਧਾਰੀ ਪਾਰਟੀ ਦੇ ਕਾਰਕੁਨ ਸੁਪਰੀਮ ਕੋਰਟ ’ਤੇ ਵੀ ਉਂਗਲ ਉਠਾ ਰਹੇ ਹਨ ਕਿ ਜੇ ਦੇਸ਼ ਵਿੱਚ ਹੋਰਨਾਂ ਥਾਵਾਂ ’ਤੇ ਵੀ ਬਲਾਤਕਾਰ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਤਾਂ ਕੇਵਲ ਮਨੀਪੁਰ ਕੇਸ ਦਾ ਹੀ ਸੂ-ਮਾਟੋ ਨੋਟਿਸ ਕਿਉਂ ਲਿਆ ਗਿਆ ? ਜਿਸ ਪਾਰਟੀ ਅਤੇ ਪ੍ਰਧਾਨ ਮੰਤਰੀ ਦਾ ਮਹਿਲਾਵਾਂ ਅਤੇ ਘੱਟ ਗਿਣਤੀਆਂ ਪ੍ਰਤੀ ਇਹ ਰਵੱਈਆ ਹੋਵੇ ਉਨ੍ਹਾਂ ਤੋਂ ਘੱਟ ਗਿਣਤੀਆਂ ਅਤੇ ਮਹਿਲਾਵਾਂ ਨੂੰ ਇਨਸਾਫ਼ ਦੀ ਉਮੀਦ ਕਿੱਥੋਂ ਤੱਕ ਰੱਖੀ ਜਾ ਸਕਦੀ ਹੈ ?, ਇਸ ਲਈ ਭਾਰਤ ਦੇ ਇਨਸਾਫ਼ ਪਸੰਦ ਹਰ ਸ਼ਹਿਰੀ ਖ਼ਾਸ ਕਰਕੇ ਘੱਟ ਗਿਣਤੀਆਂ ਨੂੰ ਸੰਸਥਾਗਤ ਪੱਧਰ ’ਤੇ ਡਟ ਕੇ ਯੂ.ਸੀ.ਸੀ. ਦਾ ਵਿਰੋਧ ਕਰਨਾ ਚਾਹੀਦਾ ਹੈ। ਮਹਿਲਾਵਾਂ ਤੇ ਘੱਟ ਗਿਣਤੀਆ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਰਕਾਰ ’ਤੇ ਜ਼ੋਰ ਪਾਉਣਾ ਚਾਹੀਦਾ ਹੈ। ਯੂ.ਸੀ.ਸੀ. ਬਾਰੇ ਜੇ ਲੋੜ ਸਮਝੀ ਜਾਵੇ ਤਾਂ ਵੀ ਲਾ-ਕਮਿਸ਼ਨ ’ਤੇ ਜ਼ੋਰ ਪਾਇਆ ਜਾਵੇ ਕਿ ਇਸ ਮੁੱਦੇ ’ਤੇ ਹਾਲ ਦੀ ਘੜੀ ਵਿਸਰਾਮ ਲਾ ਕੇ; ਵਿਚਾਰ ਲੋਕ ਸਭਾ ਚੋਣਾਂ ਤੋਂ ਬਾਅਦ ਕੀਤਾ ਜਾਵੇ ਅਤੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਰਕਾਰ ਵੱਲੋਂ ਸੰਭਾਵਤ ਕਨੂੰਨ ਦਾ ਖਰੜਾ ਪਬਲਿਕ ’ਚ ਵੱਡੀ ਪੱਧਰ ’ਤੇ ਵੰਡਿਆ ਜਾਵੇ ਤਾਂ ਕਿ ਇਸ ਦੇ ਹਰ ਪੱਖ ਨੂੰ ਚੰਗੀ ਤਰ੍ਹਾਂ ਘੋਖ ਕੇ ਇਸ ਵਿੱਚ ਲੋੜੀਂਦੇ ਬਦਲਾਅ ਲਈ ਆਪਣੇ ਸੁਝਾਅ ਦਿੱਤੇ ਜਾ ਸਕਣ।

ਸਵਾਲ ਜਵਾਬ (part-2)

0

ਸਵਾਲ ਜਵਾਬ (part-2)

ਸਵਾਲ : ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਅਤੇ ਕਿਹੜੇ ਕਿਹੜੇ ਗੁਰੂ ਸਾਹਿਬਾਨ, ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਦਰਜ ਹੈ।

ਜਵਾਬ : ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਾਹਿਬਾਨ – (1) ਗੁਰੂ ਨਾਨਕ ਸਾਹਿਬ ਜੀ (2) ਗੁਰੂ ਅੰਗਦ ਸਾਹਿਬ ਜੀ (3) ਗੁਰੂ ਅਮਰਦਾਸ ਜੀ (4) ਗੁਰੂ ਰਾਮਦਾਸ ਜੀ (5) ਗੁਰੂ ਅਰਜਨ ਸਾਹਿਬ ਜੀ (6) ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਇਲਾਵਾ 15 ਭਗਤ ਸਾਹਿਬਾਨ ਇਹ ਹਨ : (1) ਭਗਤ ਕਬੀਰ ਸਾਹਿਬ ਜੀ (2) ਭਗਤ ਰਵਿਦਾਸ ਸਾਹਿਬ ਜੀ (3) ਭਗਤ ਨਾਮਦੇਵ ਜੀ (4) ਬਾਬਾ ਸ਼ੇਖ਼ ਫ਼ਰੀਦ ਜੀ ਸ਼ੱਕਰਗੰਜ਼ (5) ਭਗਤ ਧੰਨਾ ਜੀ (6) ਭਗਤ ਬੇਣੀ ਜੀ (7) ਭਗਤ ਭੀਖਨ ਜੀ (8) ਭਗਤ ਸਧਨਾ ਜੀ (9) ਭਗਤ ਪੀਪਾ ਜੀ (10) ਭਗਤ ਤ੍ਰਿਲੋਚਨ ਜੀ (11) ਭਗਤ ਰਾਮਾਨੰਦ ਜੀ (12) ਭਗਤ ਜੈਦੇਵ ਜੀ (13) ਭਗਤ ਪਰਮਾਨੰਦ ਜੀ (14) ਭਗਤ ਸੂਰਦਾਸ ਜੀ (15) ਭਗਤ ਸੈਣ ਜੀ।

11 ਭੱਟ ਸਾਹਿਬਾਨ ਹਨ : (1) ਭੱਟ ਕਲਸਹਾਰ ਜੀ, ਜਿਨ੍ਹਾਂ ਦੇ ਕਲ ਤੇ ਟਲ ਨਾਂ ਵੀ ਹਨ (2) ਭੱਟ ਜਾਲਪ (3) ਭੱਟ ਕੀਰਤ (4) ਭੱਟ ਭਿੱਖਾ ਜੀ (5) ਭੱਟ ਸੱਲੵ (6) ਭੱਟ ਭਲੵ (7) ਭੱਟ ਨਲੵ (8) ਭੱਟ ਗਯੰਦ (9) ਭੱਟ ਮਥੁਰਾ (10) ਭੱਟ ਬਲੵ (11) ਭੱਟ ਹਰਿਬੰਸ।

3 ਗੁਰਸਿੱਖ ਇਹ ਹਨ : (1) ਬਾਬਾ ਸੁੰਦਰ ਜੀ (2) ਭਾਈ ਸੱਤਾ ਜੀ (3) ਭਾਈ ਬਲਵੰਡ ਜੀ

ਕੁਲ 35 ਮਹਾਂ ਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।

ਸਵਾਲ :  ਜਿਨ੍ਹਾਂ ਮਹਾਂਪੁਰਖਾਂ ਦੁਆਰਾ ਰਚੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਉਨ੍ਹਾਂ ’ਚੋਂ ਕਿੰਨੇ ਗੁਰੂ ਸਾਹਿਬਾਨ ਅਤੇ ਗੁਰਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਅਤੇ ਸ਼ਹੀਦੀ ਪਰਾਪਤ ਕਰਨ ਦਾ ਕੀ ਕਾਰਨ ਸੀ ?

ਜਵਾਬ : 1. ਗੁਰੂ ਅਰਜਨ ਸਾਹਿਬ ਜੀ : ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਅਸਲ ਕਾਰਨ ਉਨ੍ਹਾਂ ਦੁਆਰਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸੀ। ਗੁਰਮਤਿ ਦੇ ਸਰਬ ਸਾਂਝੇ ਸਿਧਾਂਤਾਂ ਕਾਰਨ ਕਈ ਮੁਸਲਮਾਨ ਵੀ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਤ ਹੋ ਕੇ ਸਿੱਖੀ ਵਿੱਚ ਸ਼ਾਮਲ ਹੋ ਰਹੇ ਸਨ। ਸ਼ੇਖ਼ ਅਹਿਮਦ ਸਰਹਿੰਦੀ ਇਸਲਾਮ ਦੇ ਵਾਧੇ ਲਈ ਗੁਰੂ ਅਰਜਨ ਸਾਹਿਬ ਜੀ ਨੂੰ ਸਭ ਤੋਂ ਵੱਡੀ ਰੁਕਾਵਟ ਮੰਨਦਾ ਸੀ ਇਸ ਲਈ ਉਨ੍ਹਾਂ ਨੂੰ ਖ਼ਤਮ ਕਰਵਾਉਣ ਲਈ ਸ਼ੇਖ਼ ਫ਼ਰੀਦ ਬੁਖਾਰੀ (ਮੁਰਤਜ਼ਾ ਖਾਂ) ਰਾਹੀਂ ਬਾਦਸ਼ਾਹ ਜਹਾਂਗੀਰ ਕੋਲ ਝੂਠੀ ਸ਼ਿਕਾਇਤ ਕਰਵਾਈ ਕਿ ਉਨ੍ਹਾਂ ਦੇ ਬਾਗੀ ਪੁੱਤਰ ਖੁਸਰੋ ਦੀ ਗੋਇੰਦਵਾਲ ਵਿਖੇ ਪਹੁੰਚਣ ’ਤੇ ਗੁਰੂ ਸਾਹਿਬ ਨੇ ਉਸ ਦੀ ਸਹਾਇਤਾ ਕੀਤੀ ਤੇ ਅਸ਼ੀਵਾਦ ਦਿੱਤਾ। ਇਸ ਤੋਂ ਇਲਾਵਾ ਗੁਰਗੱਦੀ ਪ੍ਰਾਪਤ ਕਰਨ ’ਚ ਅਸਫਲ ਰਹਿਣ ਵਾਲੇ ਗੁਰੂ ਜੀ ਦੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ, ਬਾਦਸ਼ਾਹ ਦੇ ਦਰਬਾਰੀ ਚੰਦੂ, ਜਿਸ ਦੀ ਲੜਕੀ ਦਾ ਰਿਸ਼ਤਾ ਬਾਲਕ (ਗੁਰੂ) ਹਰਿਗੋਬਿੰਦ ਜੀ ਨੂੰ ਲੈਣ ਤੋਂ ਨਾ ਕਰ ਦਿੱਤੀ ਸੀ, ਲਾਹੌਰ ਦੇ 4 ਕਵੀ ਕਾਹਨਾ, ਛੱਜੂ, ਪੀਹਲੂ ਅਤੇ ਸ਼ਾਹ ਹੂਸੈਨ, ਜਿਨ੍ਹਾਂ ਦੀ ਰਚਨਾਵਾਂ ਨੂੰ ਸਿਧਾਂਤ ਦੇ ਉਲ਼ਟ ਹੋਣ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਨ ਤੋਂ ਨਾ ਕਰ ਦਿੱਤੀ ਸੀ, ਆਦਿ ਨੇ ਝੂਠੀਆਂ ਸ਼ਿਕਾਇਤਾਂ ਕਰਨ ’ਚ ਆਪਣਾ ਯੋਗਦਾਨ ਪਾਇਆ। ਆਪਣੇ ਆਪ ਨੂੰ ਪੱਕਾ ਮੁਸਲਮਾਨ ਅਖਵਾ ਕੇ ਆਪਣੀ ਬਾਦਸ਼ਾਹਤ ਪੱਕੀ ਕਰਨ ’ਚ ਉਤਾਵਲੇ ਜਹਾਂਗੀਰ ਨੇ ਇਨ੍ਹਾਂ ਸ਼ਿਕਾਇਤਾਂ ਨੂੰ ਆਧਾਰ ਬਣਾ ਕੇ ਤੁਜ਼ਕਿ ਜਹਾਂਗੀਰੀ ਵਿੱਚ ਲਿਖਿਆ ਹੈ ‘ਮੇਰੇ ਦਿਲ ਵਿਚ ਇਹ ਖਿਆਲ ਚੋਖੇ ਚਿਰ ਤੋਂ ਆ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ (ਭਾਵ ਸਿੱਖ ਧਰਮ) ਨੂੰ ਬੰਦ ਕਰ ਦਿੱਤਾ ਜਾਏ ਜਾਂ ਉਸ (ਗੁਰੂ ਅਰਜਨ ਦੇਵ ਜੀ) ਨੂੰ ਇਸਲਾਮ ਦੇ ਧਰਮ-ਮੰਡਲ ਵਿਚ ਦਾਖਲ ਕਰ ਲਿਆ ਜਾਏ। ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਏ ਜਾਂ ਉਸ ਨੂੰ ਇਸਲਾਮ ਦੇ ਘੇਰੇ ਵਿਚ ਸ਼ਾਮਲ ਕਰ ਲਿਆ ਜਾਏ। ਉਸ ਦਾ ਘਰ-ਘਾਟ ਤੇ ਬੱਚੇ ਮੈਂ ਮੁਰਤਜ਼ਾ ਖ਼ਾਨ ਦੇ ਹਵਾਲੇ ਕੀਤੇ ਅਤੇ ਉਸ ਦਾ ਮਾਲ-ਅਸਬਾਬ, ਜ਼ਬਤ ਕਰ ਕੇ ਮੈਂ ਹੁਕਮ ਦਿੱਤਾ ਕਿ ਉਸ ਨੂੰ ਸਿਆਸਤ (ਵਿਧਾਨ) ਅਤੇ ਯਾਸਾ ਦੀ ਰਾਜ-ਡੰਡਾਵਲੀ ਅਨੁਸਾਰ, ਮਾਰ-ਮੁਕਾ ਦਿੱਤਾ ਜਾਏ।’ (ਤੁਜ਼ਕਿ ਜਹਾਂਗੀਰੀ, 1606 ਈ., ਪੰਨਾ 35), ਇਸ ਹੁਕਮ ਅਧੀਨ ਗੁਰੂ ਅਰਜਨ ਸਾਹਿਬ ਜੀ ਨੂੰ 2 ਹਾੜ ਬਿਕ੍ਰਮੀ ਸੰਮਤ 1663/ 30 ਮਈ 1606 ਜੂਲੀਅਨ ਨੂੰ ਲਾਹੌਰ ਵਿਖੇ ਤੱਤੀ ਤਵੀ ’ਤੇ ਬਿਠਾ ਆਪ ਉੱਪਰ ਗਰਮ ਰੇਤ ਪਾਇਆ ਗਿਆ ਅਤੇ ਖੌਲਦੇ ਪਾਣੀ ਦੀ ਦੇਗ ’ਚ ਉਬਾਲ ਕੇ ਅੰਤਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਸ਼ਹੀਦੀ ਪ੍ਰਾਪਤ ਕਰਨ ਵਾਲੇ ਗੁਰੂ ਅਰਜਨ ਸਾਹਿਬ ਜੀ ਬਾਣੀ ਦੇ ਪਹਿਲੇ ਰਚਨਹਾਰ ਹੋਣ ਤੋਂ ਇਲਾਵਾ ਸਿੱਖ ਇਤਿਹਾਸ ਦੇ ਵੀ ਪਹਿਲੇ ਸ਼ਹੀਦ ਹਨ, ਇਸੇ ਲਈ ਉਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਵੀ ਆਖਿਆ ਜਾਂਦਾ ਹੈ। ਤੱਤੀ ਤਵੀ ’ਤੇ ਬੈਠ ਕੇ ਵੀ ਆਪ ਨੇ ‘‘ਤੇਰਾ ਕੀਆ ਮੀਠਾ ਲਾਗੈ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ’’ (ਮਹਲਾ /੩੯੪) ਪੜ੍ਹਦੇ ਹੋਏ ਆਪਣੀ ਕਥਨੀ ਨੂੰ ਕਰਣੀ ਵਿੱਚ ਨਿਭਾ ਗਏ।

  1. ਸ਼ਹੀਦ ਭਾਈ ਮਥਰਾ ਭੱਟ ਜੀ : ਭਾਈ ਮਥਰਾ ਭੱਟ ਜੀ ਨੇ ਲੋਹਗੜ੍ਹ ਸ੍ਰੀ ਅੰਮ੍ਰਿਤਸਰ ਦੀ ਲੜਾਈ ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਮਾਨ ਹੇਠ ਜੰਗ ਕਰਦਿਆਂ ਮੁਗ਼ਲਾਂ ਦੇ ਜਰਨੈਲ ਬੈਰਮ ਖ਼ਾਂ ਤੇ ਈਮਾਮ ਬਖ਼ਸ਼ ਨੂੰ ਮਾਰ ਮੁਕਾਇਆ ਸੀ। ਉਨ੍ਹਾਂ ਨੇ ਇਸ ਜੰਗ ਵਿਚ ਬਹਾਦਰੀ ਵਿਖਾਉਂਦਿਆਂ ਸ਼ਹੀਦੀ ਪ੍ਰਾਪਤ ਕੀਤੀ। ਭਾਈ ਮਥਰਾ ਭੱਟ ਜੀ ਦੇ ਸੱਤ ਸਵੱਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਨ੍ਹਾਂ ਸਵਈਆਂ ਵਿਚ ਮਥਰਾ ਜੀ; ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਦੀ ਉਸਤਤਿ ਕਰਦੇ ਹਨ। ਭਾਵੇਂ ਉਸ ਜੰਗ ਵਿੱਚ ਹੋਰ ਸਿੱਖ ਸੂਰਮੇ ਵੀ ਸ਼ਹੀਦ ਹੋਏ, ਪਰ ਭੱਟ ਮਥਰਾ ਜੀ ਪਹਿਲੇ ਗੁਰਸਿੱਖ ਹਨ, ਜਿਨ੍ਹਾਂ ਨੇ ਸ਼ਹਾਦਤ ਵੀ ਪ੍ਰਾਪਤ ਕੀਤੀ ਅਤੇ ਉਨ੍ਹਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੈ।
  2. ਭਾਈ ਕੀਰਤ ਭੱਟ ਜੀ : ਭਾਈ ਕੀਰਤ ਭੱਟ ਜੀ ਵੀ ਲੋਹਗੜ੍ਹ ਸ੍ਰੀ ਅੰਮ੍ਰਿਤਸਰ ਦੀ ਲੜਾਈ ਵਿਚ ਹੀ ਸ਼ਹੀਦ ਹੋਏ। ਭੱਟ ਕੀਰਤ ਜੀ ਆਪਣੇ ਭਰਾ ਭਾਈ ਮਥਰਾ ਜੀ ਸਮੇਤ ਦੂਸਰੇ ਗੁਰਸਿੱਖ ਹਨ, ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਅਤੇ ਉਨ੍ਹਾਂ ਵੱਲੋਂ ਉਚਾਰਨ ਕੀਤੇ 8 ਸਵਈਏ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹਨ, ਜਿਨ੍ਹਾਂ ਵਿੱਚੋਂ ਚਾਰ ਸਵਈਏ ਤੀਜੇ ਗੁਰੂ ਅਮਰਦਾਸ ਦੀ ਅਤੇ ਐਨੇ ਹੀ ਚੌਥੇ ਗੁਰੂ ਰਾਮਦਾਸ ਜੀ ਦੀ ਵਡਿਆਈ ਵਿੱਚ ਉਚਾਰੇ ਹਨ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹਰ ਰੋਜ਼ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤੇ ਜਾਣ ਸਮੇਂ ਭੱਟ ਕੀਰਤ ਜੀ ਦਾ ਇਹ ਸਵੱਈਆ ‘‘ਇਕ ਅਰਦਾਸਿ ਭਾਟ ਕੀਰਤਿ ਕੀ; ਗੁਰ ਰਾਮਦਾਸ ! ਰਾਖਹੁ ਸਰਣਾਈ ॥੪॥੫੮॥’’ (ਸਵਈਏ ਮਹਲੇ ਚਉਥੇ ਕੇ/੧੪੦੬) ਦੇ ਗਾਇਣ ਕੀਤੇ ਜਾਣ ਦੀ ਰਿਵਾਇਤ ਪ੍ਰਚਲਿਤ ਹੈ।
  3. ਗੁਰੂ ਤੇਗ ਬਹਾਦਰ ਸਾਹਿਬ ਜੀ : ਔਰੰਗਜ਼ੇਬ ਵੱਲੋਂ ਕਸ਼ਮੀਰੀ ਪੰਡਿਤਾਂ ਦੇ ਜ਼ਬਰੀ ਜਨੇਊ ਅਤੇ ਟਿੱਕੇ ਉਤਾਰ ਕੇ ਮੁਸਲਮਾਨ ਬਣਾਏ ਜਾਣ ਦੇ ਜ਼ੁਲਮ ਨੂੰ ਠੱਲ ਪਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ੧੧ ਮੱਘਰ ਬਿਕ੍ਰਮੀ ਸੰਮਤ ੧੭੩੨/ 11 ਨਵੰਬਰ 1675 ਨੂੰ ਆਪਣੇ ਤਿੰਨ ਪਿਆਰੇ ਗੁਰਸਿੱਖਾਂ ਭਾਈ ਮਤੀਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਸਤੀਦਾਸ ਸਮੇਤ ਚਾਂਦਨੀ ਚੌਕ (ਨਵੀਂ ਦਿੱਲੀ) ਵਿਖੇ ਸ਼ਹੀਦੀ ਦੇ ਕੇ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਸ਼ਾਂਤਮਈ ਸ਼ਹੀਦੀ ਦੇਣ ਦੀ ਲਾਮਿਸਾਲ ਉਦਾਹਰਨ ਕਾਇਮ ਕੀਤੀ ਅਤੇ ਆਪਣੇ ਬਚਨ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ਕਹੁ ਨਾਨਕ ! ਸੁਨਿ ਰੇ ਮਨਾ ! ਗਿਆਨੀ ਤਾਹਿ ਬਖਾਨਿ ’’ (ਮਹਲਾ /੧੪੨੭) ’ਤੇ ਪਹਿਰਾ ਦੇ ਗਏ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤੇ ਸਨ ‘‘ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ ’’ (ਮਹਲਾ /੫੪੪) ਇਨ੍ਹਾਂ ਬਚਨਾਂ ’ਤੇ ਅਮਲੀ ਰੂਪ ’ਚ ਪਹਿਰਾ ਦੇ ਦਿੱਤਾ। ਆਪ ਜੀ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦੇ ਪੋਤਰੇ, ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ, ਅੰਮ੍ਰਿਤ ਕੇ ਦਾਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਅਤੇ ਚਾਰ ਸ਼ਹੀਦ ਸਾਹਿਬਜ਼ਾਦਿਆਂ ਦੇ ਦਾਦਾ ਜੀ ਸਨ।

ਸਵਾਲ : ਜਲੰਧਰ ਵਿਖੇ ‘ਗੁਰਦੁਆਰਾ ਸਾਹਿਬ ਬਾਬਾ ਨਿਹਾਲ ਸਿੰਘ ਤੱਲਣ ਸਾਹਿਬ’ ਹੈ, ਲੋਕਾਂ ਦਾ ਵਿਸ਼ਵਾਸ ਹੈ ਕਿ ਜਿਨ੍ਹਾਂ ਦਾ ਵਿਦੇਸ਼ ਦਾ ਵੀਜ਼ਾ ਨਹੀਂ ਲੱਗਦਾ ਜਾਂ ਪਾਸਪੋਰਟ ਨਹੀ ਬਣਦਾ ਹੈ, ਉਹ ਉੱਥੇ ਜਾ ਕੇ ਖਿਡਾਉਣਾ ਜਹਾਜ਼ ਚੜ੍ਹਾੳਂੁਦੇ ਹਨ ਤੇ ਉਨ੍ਹਾਂ ਦੀ ਵਿਦੇਸ਼ ਜਾਣ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ। ਕੀ ਗੁਰਮਤਿ ਅਨੁਸਾਰ ਇਹ ਕਰਮ ਸਹੀ ਹੈ ?

ਜਵਾਬ : ਗੁਰਬਾਣੀ ਦਾ ਫ਼ੁਰਮਾਨ ਹੈ ਕਿ ਦਾਤਾਂ ਦੇਣ ਵਾਲਾ ਇਕੋ ਪ੍ਰਮਾਤਮਾ ਹੈ, ਜੋ ਸਭਨਾਂ ਨੂੰ ਦਾਤਾਂ ਦਿੰਦਾ ਹੈ। ਉਸ ਦੇ ਦਰ ’ਤੇ ਬਖ਼ਸ਼ਸ਼ਾਂ ਦੇ ਅਣਗਿਣਤ ਭੰਡਾਰੇ ਭਰੇ ਪਏ ਹਨ, ਇਸ ਲਈ ਦਾਤਾਂ ਦੇਣ ਲੱਗਿਆਂ ਉਸ ਦੇ ਘਰ ਕਦੇ ਤੋਟ ਨਹੀਂ ਆਉਂਦੀ ‘‘ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ ਦੇਂਦੇ, ਤੋਟਿ ਆਵਈ; ਅਗਨਤ ਭਰੇ ਭੰਡਾਰ ’’ (ਮਹਲਾ /੨੫੭) ਉਸ ਅਕਾਲ ਪੁਰਖ ਤੋਂ ਸ਼ੁੱਧ ਭਾਵਨਾ ਨਾਲ ਜੋ ਵੀ ਇੱਛਾ ਕੀਤੀ ਜਾਂਦੀ ਹੈ, ਉਸ ਦੇ ਸੰਸਕਾਰਾਂ ਅਨੁਸਾਰ ਉਸ ਨੂੰ ਜ਼ਰੂਰ ਦਿੰਦਾ ਹੈ ‘‘ਜੋ ਇਛੈ ਸੋਈ ਫਲੁ ਪਾਵੈ ’’ ( ਸੁਖਮਨੀ, ਮਹਲਾ /੨੭੨) ਕਿਸ ਨੂੰ ਕੀ ਦੇਣਾ ਹੈ ਅਤੇ ਕੀ ਨਹੀਂ ਦੇਣਾ, ਇਸ ਬਾਰੇ ਉਹ ਆਪ ਹੀ ਜਾਣਦਾ ਅਤੇ ਗੁਰਮਤਿ ਅਨੁਸਾਰ ਉਸ ਨੂੰ ਆਪ ਹੀ ਦਿੰਦਾ ਹੈ ‘‘ਆਪੇ ਜਾਣੈ ਆਪੇ ਦੇਇ ’’  (ਜਪੁ, ਮਹਲਾ ੧/੫), ਪਰ ਜੇਕਰ ਗੁਰੂ ਦੀ ਬਖ਼ਸ਼ਸ਼ ਦਾ ਪਾਤਰ ਨਾ ਹੋਇਆ ਜਾਵੇ ਤਾਂ ਆਪਣੇ ਯਤਨਾਂ ਜਾਂ ਸੁੱਖਨਾ ਸੁੱਖਨ ਨਾਲ ਕੁਝ ਨਹੀਂ ਮਿਲਦਾ ਭਾਵੇਂ ਕਿੰਨੇ ਹੀ ਯਤਨ ਕਰ ਲਈਏ ‘‘ਵਿਣੁ ਕਰਮਾ ਕਿਛੁ ਪਾਈਐ ਨਾਹੀ; ਜੇ ਬਹੁਤੇਰਾ ਧਾਵੈ ’’ (ਮਹਲਾ /੭੨੨) ਸੁੱਖਨਾ ਸੁੱਖ ਕੇ ਭੇਟਾਵਾਂ ਚੜ੍ਹਾਉਣਾ ਤਾਂ ਗੁਰਮਤਿ ਵਿਰੋਧੀ ਹੈ ‘‘ਆਸਕੁ ਏਹੁ ਆਖੀਐ; ਜਿ ਲੇਖੈ ਵਰਤੈ ਸੋਇ ’’ (ਮਹਲਾ /੪੭੪) ਇੱਕ ਹੀ ਸਥਾਨ ਤੋਂ ਸਭ ਦਾਤਾਂ ਮਿਲਣ ਦੀ ਉਸ ਦੀ ਖ਼ੂਬੀ ਤੋਂ ਅਣਜਾਣ ਸੁਆਰਥੀ ਲੋਕਾਂ ਨੇ ਵੱਖ ਵੱਖ ਦਾਤਾਂ ਲਈ ਵੱਖ ਵੱਖ ਸਥਾਨ ਅਤੇ ਉੱਥੋਂ ਲਈ ਵੱਖ ਵੱਖ ਭੇਟਾਵਾਂ ਨਿਸ਼ਚਿਤ ਕਰ ਲਈਆਂ ਹਨ; ਜਿਵੇਂ ਕਿ ਪੁੱਤਰ ਦੀ ਦਾਤ ਲਈ ਬੀੜ ਬਾਬਾ ਬੁੱਢਾ ਜੀ, ਰਮਦਾਸ;  ਉੱਥੇ ਮਿੱਸੇ ਪ੍ਰਸ਼ਾਦੇ ਤੇ ਗੰਢੇ ਚੜ੍ਹਾਏ ਜਾਂਦੇ ਹਨ। ਵੀਜਾ ਲਗਵਾਉਣ ਲਈ ਤੱਲਣ੍ਹ; ਇੱਥੇ ਖਿਡਾਉਣੇ ਜਹਾਜ਼ ਚੜ੍ਹਾਏ ਜਾਂਦੇ ਹਨ। ਅੜੇ ਹੋਏ ਕੰਮ ਕਰਵਾਉਣ ਵਾਸਤੇ ਗੁਰਦੁਆਰਾ ਅੜੀਸਰ ਸਾਹਿਬ ਧੌਲ਼ਾ, ਇੱਥੇ ਲੱਡੂਆਂ ਦਾ ਪ੍ਰਸ਼ਾਦ ਚੜ੍ਹਾਇਆ ਜਾਂਦਾ ਹੈ। ਹੱਦ ਤਾਂ ਉਸ ਸਮੇਂ ਹੋ ਜਾਂਦੀ ਹੈ, ਜਿੱਥੇ ਇੱਕ ਗੁਰਦੁਆਰੇ ’ਚ ਵਰਜਿਤ ਨਸ਼ੇ ਅਫੀਮ/ਸ਼ਰਾਬ ਵੀ ਚੜ੍ਹਾਏ ਜਾਂਦੇ ਹਨ ਅਤੇ ਪ੍ਰਸ਼ਾਦ ਦੇ ਤੌਰ ’ਤੇ ਵਰਤਾਏ ਜਾਂਦੇ ਹਨ। ਅਜਿਹੇ ਲੋਕ, ਜਿਹੜੇ ਸਮਝਦੇ ਹਨ ਕਿ ਰੱਬ ਜਾਂ ਗੁਰੂ ਕੇਵਲ ਉਨ੍ਹਾਂ ਖਿਡਾਉਣਿਆਂ ਜਾਂ ਖਾਣ ਪੀਣ ਦੀਆਂ ਵਸਤਾਂ, ਜੋ ਸਾਨੂੰ ਪਸੰਦ ਹਨ, ਉਨ੍ਹਾਂ ਨਾਲ ਹੀ ਪ੍ਰਭੂ ਨੂੰ ਰੀਝਾਇਆ ਜਾ ਸਕਦਾ ਹੈ; ਬਾਰੇ ਭਗਤ ਕਬੀਰ ਜੀ ਦਾ ਇਹ ਸ਼ਬਦ ਬੜਾ ਢੁੱਕਦਾ ਹੈ ‘‘ਮਾਥੇ ਤਿਲਕੁ ਹਥਿ ਮਾਲਾ ਬਾਨਾਂ ਲੋਗਨ ਰਾਮੁ ਖਿਲਉਨਾ ਜਾਨਾਂ ’’ (ਭਗਤ ਕਬੀਰ ਜੀਉ/੧੧੫੮)

ਸਵਾਲ : ਕੀ ਗੁਰਸਿੱਖ ਬੀਬੀਆਂ ਅੰਮ੍ਰਿਤ ਛਕਾਉਣ ਸਮੇਂ ਪੰਜ ਪਿਆਰਿਆਂ ਵਿੱਚ ਸ਼ਾਮਲ ਹੋ ਸਕਦੀਆਂ ਹਨ ? ਅਤੇ ਕੀ ਕੜਾਹ ਪ੍ਰਸ਼ਾਦ ਸੰਗਤ ’ਚ ਵਰਤਾਉਣ ਸਮੇਂ ਉਨ੍ਹਾਂ ਨੂੰ ਪੰਜ ਪਿਆਰਿਆਂ ਦਾ ਗੱਫ਼ਾ ਵਰਤਾਇਆ ਜਾ ਸਕਦਾ ਹੈ।

ਜਵਾਬ : ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ’ਚ ਅੰਮ੍ਰਿਤ ਸੰਸਕਾਰ ਸਿਰਲੇਖ ਹੇਠ ਭਾਗ (ਅ) ’ਚ ਸਪਸ਼ਟ ਲਿਖਿਆ ਹੈ ਕਿ ਅੰਮ੍ਰਿਤ ਛਕਾਉਣ ਲਈ ਘੱਟ ਤੋਂ ਘੱਟ 6 ਤਿਆਰ ਬਰ ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ’ਚੋਂ ਇੱਕ ਤਾਬਿਆ ਬੈਠੇ ਤੇ ਬਾਕੀ ਪੰਜ ਅੰਮ੍ਰਿਤ ਛਕਾਉਣ ਲਈ ਹੋਣ; ਜਿਨ੍ਹਾਂ ਵਿੱਚ ਸਿੰਘਣੀਆਂ ਵੀ ਹੋ ਸਕਦੀਆਂ ਹਨ।

ਗੁਰਬਾਣੀ ਅੰਦਰ ਮਰਦ ਅਤੇ ਇਸਤਰੀ ’ਚ ਕਿਸੇ ਪ੍ਰਕਾਰ ਦੇ ਵਿਤਕਰੇ ਦੀ ਗੱਲ ਨਹੀਂ ਕੀਤੀ ਗਈ ਅਤੇ ਇਸਤਰੀ ਨੂੰ ਪੁਰਸ਼ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਆਸਾ ਕੀ ਵਾਰ ਦੀ 19ਵੀਂ ਪਉੜੀ ਦੇ ਦੂਸਰੇ ਸਲੋਕ ‘‘ਭੰਡਿ ਜੰਮੀਐ, ਭੰਡਿ ਨਿੰਮੀਐ; ਭੰਡਿ ਮੰਗਣੁ ਵੀਆਹੁ ਭੰਡਹੁ ਹੋਵੈ ਦੋਸਤੀ; ਭੰਡਹੁ ਚਲੈ ਰਾਹੁ ਭੰਡੁ ਮੁਆ ਭੰਡੁ ਭਾਲੀਐ; ਭੰਡਿ ਹੋਵੈ ਬੰਧਾਨੁ ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ਭੰਡਹੁ ਹੀ ਭੰਡੁ ਊਪਜੈ; ਭੰਡੈ ਬਾਝੁ ਕੋਇ ਨਾਨਕ ! ਭੰਡੈ ਬਾਹਰਾ; ਏਕੋ ਸਚਾ ਸੋਇ ਜਿਤੁ ਮੁਖਿ, ਸਦਾ ਸਾਲਾਹੀਐ; ਭਾਗਾ ਰਤੀ ਚਾਰਿ ਨਾਨਕ ! ਤੇ ਮੁਖ ਊਜਲੇ; ਤਿਤੁ ਸਚੈ ਦਰਬਾਰਿ ’’ (ਮਹਲਾ ੧/੪੭੩) ਰਾਹੀਂ ਸਮਾਜ ਅਤੇ ਮਨੁੱਖ ਦੇ ਜੀਵਨ ਵਿੱਚ ਇਸਤਰੀ ਦੀ ਮਹੱਤਤਾ ਨੂੰ ਬਹੁਤ ਚੰਗੀ ਤਰ੍ਹਾਂ ਬਿਆਨ ਕੀਤਾ ਗਿਆ ਹੈ। ਇਸ ਸਲੋਕ ਅਨੁਸਾਰ ਜਿਸ ਇਸਤਰੀ ਤੋਂ ਬਿਨਾਂ ਜੀਵਨ ਨਿਰਵਾਹ ਕਰਨਾ ਸੰਭਵ ਨਹੀਂ, ਜਿਸ ਨੇ ਮਹਾਂਪੁਰਸ਼ਾਂ ਅਤੇ ਰਾਜੇ ਮਹਾਂਰਾਜਿਆਂ ਨੂੰ ਜਨਮ ਦਿੱਤਾ ਹੈ, ਉਸ ਨੂੰ ਮੰਦਾ ਕਿਉਂ ਆਖਿਆ ਜਾਵੇ। ਗੁਰੂ ਨਾਨਕ ਸਾਹਿਬ ਜੀ ਨੇ ਵਜ਼ਨਦਾਰ ਸ਼ਬਦਾਂ ਰਾਹੀਂ ਇਸਤਰੀ ਨਿੰਦਕਾਂ ਨੂੰ ਸਵਾਲ ਕੀਤਾ ਕਿ ਜੇ ਇਸਤਰੀ ਨਾ ਹੁੰਦੀ ਤਾਂ ਉਨ੍ਹਾਂ ਦਾ ਇਸ ਸੰਸਾਰ ’ਚ ਜਨਮ ਕਿਵੇਂ ਸੰਭਵ ਹੁੰਦਾ ?

ਗੁਰੂ ਸਾਹਿਬਾਨ ਨੇ ਇਸਤਰੀ ਦੇ ਖ਼ਿਲਾਫ਼ ਹੋ ਰਹੇ ਵਿਤਕਰਿਆਂ ਦਾ ਸਖ਼ਤ ਸ਼ਬਦਾਂ ਰਾਹੀਂ ਵਿਰੋਧ ਕੀਤਾ। ਸਤੀ ਪ੍ਰਥਾ, ਘੁੰਡ ਕੱਢਣਾ ਆਦਿ ਨੂੰ ਸਮਾਜ-ਦੁਸ਼ਮਣ ਕਰਾਰ ਦਿੱਤਾ। ਗੁਰੂ ਸਾਹਿਬਾਨ ਦੀ ਇਨਕਲਾਬੀ ਸੋਚ ਕਰਕੇ ਹੀ ਸਿੱਖ ਇਸਤਰੀਆਂ ਗੁਰਦੁਆਰਾ ਸਾਹਿਬਾਨ ’ਚ ਸੇਵਾ ਕਰਨ ਅਤੇ ਧਰਮ ਪ੍ਰਚਾਰ ਦੇ ਮੈਦਾਨ ਵਿੱਚ ਨਿਤਰੀਆਂ। ਹੈਰਾਨੀ ਤਾਂ ਇਹ ਹੈ ਕਿ ਜਿਹੜੇ ਸੰਪ੍ਰਦਾਈ ਪ੍ਰਚਾਰਕ ਬੀਬੀਆਂ ਵੱਲੋਂ ਪੰਜ ਪਿਆਰਿਆਂ ’ਚ ਸ਼ਾਮਲ ਹੋਣ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੇਵਾ ਸੰਭਾਲ਼ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਪਾਠ ਕਰਨ ਦਾ ਵਿਰੋਧ ਕਰਦੇ ਹਨ, ਉਹ ਇਹ ਮਨਘੜਤ ਸਾਖੀਆਂ ਵੀ ਸੁਣਾਉਂਦੇ ਹਨ ਕਿ ਜਦੋਂ ਗੁਰੂ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤਾਂ ਉਸ ਵਿੱਚੋਂ ਚਿੜਾ ਚਿੜੀ ਚੁੰਝ ਭਰ ਕੇ ਪੀ ਗਏ ਤਾਂ ਆਪਸ ’ਚ ਲੜ ਕੇ ਮਰ ਗਏ। ਇਹ ਵੇਖ ਮਾਤਾ ਸੁੰਦਰ ਕੌਰ ਜੀ ਨੇ ਅੰਮ੍ਰਿਤ ’ਚ ਮਿਠਾਸ ਭਰਨ ਲਈ ਉਸ ਵਿੱਚ ਪਤਾਸੇ ਪਾ ਦਿੱਤੇ। ਅਜਿਹੇ ਦੋਗਲੇ ਕਿਸਮ ਦੇ ਪ੍ਰਚਾਰਕਾਂ ਨੂੰ ਪੁੱਛਣਾ ਬਣਦਾ ਹੈ ਕਿ ਤੁਹਾਡੇ ਅਨੁਸਾਰ ਜੇ ਮਾਤਾ ਜੀ ਨੇ ਅੰਮ੍ਰਿਤ ਵਿੱਚ ਪਤਾਸੇ ਪਾਏ ਤਾਂ ਉਹ ਜ਼ਰੂਰ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਵੇਗੀ। ਫਿਰ ਹੁਣ ਬੀਬੀਆਂ ਦੀ ਸ਼ਮੂਲੀਅਤ ਦਾ ਵਿਰੋਧ ਕਰਕੇ ਆਪਣੀ ਪਿਛਾਂਹ ਖਿਚੂ ਸੋਚ ਦਾ ਪ੍ਰਗਟਾਵਾ ਕਿਉਂ ਕਰਦੇ ਹਨ। ਸਿੱਖ ਇਤਿਹਾਸ ਗਵਾਹ ਹੈ ਕਿ ਬੀਬੀਆਂ ਦਾ ਗੁਰਦੁਆਰਿਆਂ ’ਚ ਹਰ ਤਰ੍ਹਾਂ ਦੀ ਸੇਵਾ, ਜੰਗ ਵਿੱਚ ਜੂਝ ਕੇ ਸ਼ਹੀਦੀ ਪਾਉਣ ਅਤੇ ਅਕਹਿ ਤੇ ਅਸਹਿ ਕਸ਼ਟ ਸਹਾਰ ਕੇ ਸ਼ਹੀਦੀਆਂ ਪਾਉਣਾ ਲਾ-ਮਿਸਾਲ ਉਦਾਹਰਨਾਂ ਸਾਡੇ ਸਾਹਮਣੇ ਹਨ, ਜਿਨ੍ਹਾਂ ਦਾ ਜ਼ਿਕਰ ਅਸੀਂ ਹਰ ਰੋਜ਼ ਅਰਦਾਸ ’ਚ ਕਰਦੇ ਹਾਂ ਤਾਂ ਫਿਰ ਉਨ੍ਹਾਂ ਵੱਲੋਂ ਕਿਸੇ ਕਿਸਮ ਦੀ ਸੇਵਾ ’ਤੇ ਰੋਕ ਕਿਵੇਂ ਲਾਈ ਜਾ ਸਕਦੀ ਹੈ ?

ਸੋ ਸਪਸ਼ਟ ਹੈ ਕਿ

  1. ਅੰਮਿਤ ਸੰਚਾਰ ਵਿੱਚ ਸਿੱਖ ਬੀਬੀਆਂ ਉੱਤੇ ਪੰਜ ਪਿਆਰਿਆਂ ’ਚ ਸ਼ਾਮਲ ਹੋਣ ਦੀ ਕੋਈ ਮਨਾਹੀ ਨਹੀਂ।
  2. ਕੜਾਹ ਪ੍ਰਸ਼ਾਦ ਵਰਤਾਉਣ ਸਮੇਂ ਪੰਜ ਪਿਆਰਿਆਂ ਦਾ ਗੱਫਾ ਬੀਬੀਆਂ ’ਚ ਵੀ ਵਰਤਾਇਆ ਜਾ ਸਕਦਾ ਹੈ ਅਤੇ ਇਸ ਸੰਬੰਧੀ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ-1)

0

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ-1)

ਪੰਥ ਦੇ ਵਿਚਾਰਨਯੋਗ ਮਸਲੇ ਤੇ ਸਮਾਧਾਨ

ਗਿਆਨੀ ਜਗਤਾਰ ਸਿੰਘ ਜਾਚਕ

ਗੁਰੂ ਕਾਲ ਸਮੇਤ 17ਵੀਂ ਤੇ 18ਵੀਂ ਸਦੀ ਦੀਆਂ ਪ੍ਰਾਪਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਾਚੀਨ ਹੱਥ-ਲਿਖਤੀ ਬੀੜਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸੰਨ 1952 ਵਿੱਚ ਛਾਪੀ ਪਾਵਨ ਬੀੜ, ਗੁਰਬਾਣੀ ਵਿਆਕਰਣ ਅਤੇ ਕਾਵਿਕ ਤੋਲ ਦੀ ਦ੍ਰਿਸ਼ਟੀ ਤੋਂ ਸ਼੍ਰੋਮਣੀ ਕਮੇਟੀ ਦੁਆਰਾ ਛਾਪੀ ਜਾ ਰਹੀ ਮੌਜੂਦਾ ਪ੍ਰਚਲਿਤ ਬੀੜ, ਸ਼੍ਰੋਮਣੀ ਕਮੇਟੀ ਦੁਆਰਾ ਸਿੰਘ ਸਾਹਿਬਾਨ ਦੀ ਅਗਵਾਈ ਵਿੱਚ ਪਾਠ-ਭੇਦਾਂ ਦੇ ਨਿਪਟਾਰੇ ਲਈ ਕਰਵਾਏ ਖੋਜ ਕਾਰਜਾਂ ਦੀਆਂ ਜਨਵਰੀ ਸੰਨ 1977 ਤੇ ਸੰਨ 2002 ਦੀਆਂ ਰਿਪੋਰਟਾਂ, ਦਮਦਮੀ ਟਕਸਾਲ ਦੇ ਨਾਂ ਹੇਠ ਛਾਪੀਆਂ ਜਾ ਰਹੀਆਂ ਸੰਥਾ ਪੋਥੀਆਂ, ਸਟੀਕ ਤੇ ਗੁਟਕੇ ਆਦਿਕ ਅਤੇ ਸਿੱਖ ਬੁੱਕ ਕਲੱਬ ਅਮਰੀਕਾ ਦੀ ਐਪ ਰਾਹੀਂ ਪ੍ਰਾਪਤ ਹੋ ਰਹੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਤੇ ਮਰਹੂਮ ਜਥੇਦਾਰ ਗਿ. ਜੋਗਿੰਦਰ ਸਿੰਘ ਵੇਦਾਂਤੀ ਜੀ ਅਤੇ ਭਾਈ ਜੋਗਿੰਦਰ ਸਿੰਘ ਤਲਵਾੜਾ ਦੀ 50 ਸਾਲਾ ਸਾਂਝੀ ਖੋਜ ’ਤੇ ਆਧਾਰਿਤ ਪਾਵਨ ਬੀੜ ਦੇ ਖਰੜੇ ਨੂੰ ਗੰਭੀਰਤਾ ਸਹਿਤ ਵਿਚਾਰਿਆਂ, ਜੋ ਹੁਣ ਸਭ ਤੋਂ ਪਹਿਲਾ, ਵੱਡਾ ਤੇ ਪਚੀਦਾ ਮਸਲਾ ਉਭਰਦਾ ਹੈ, ਉਹ ਹੈ 5000 ਦੇ ਲਗਭਗ ਲਫ਼ਜ਼ੀ, ਪਦ-ਛੇਦਕ, ਸਮਾਸੀ ਅਤੇ ਵਧੇਰੇ ਕਰਕੇ ਲਗਮਾਤ੍ਰੀ ਪਾਠ-ਭੇਦਾਂ ਦਾ ।

ਜਥੇਦਾਰ ਵੇਦਾਂਤੀ ਜੀ ਦੇ ਸਹਿਯੋਗ ਨਾਲ ਸਤੰਬਰ ਸੰਨ 1991 ਵਿੱਚ ਲਿਖੀ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ-ਭਾਗ 1’ ਦੀ ਦੂਜੀ ਐਡੀਸ਼ਨ (1996) ਦੇ ਪੰਨਾ 16 ’ਤੇ ਭਾਈ ਤਲਵਾੜਾ ਜੀ ਲਿਖਦੇ ਹਨ, ‘ਸ਼੍ਰੋ: ਗੁ: ਪ੍ਰ: ਕਮੇਟੀ ਰਾਹੀਂ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਬੀੜਾਂ/ਸੈਂਚੀਆਂ ਅਤੇ ਵਪਾਰੀ-ਪ੍ਰਕਾਸ਼ਕਾਂ ਦੁਆਰਾ ਪ੍ਰਕਾਸ਼ਤ ਕੀਤੀਆਂ ਜਾ ਰਹੀਆਂ ਬੀੜਾਂ/ਸੈਂਚੀਆਂ ਵਿੱਚ; ਅੱਖਰਾਂ ਅਤੇ ਲਗਾਂਮਾਤ੍ਰਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਫ਼ਰਕ ਦੇਖਣ ਵਿੱਚ ਆ ਰਹੇ ਹਨ। ਇਹ ਸਥਿਤੀ ਚਿੰਤਾਜਨਕ ਹੈ ਅਤੇ ਸਿੱਖ ਸੰਗਤਾਂ ਦੀ ਜ਼ੋਰਦਾਰ ਮੰਗ ਹੈ ਕਿ ਇਸ ਪਾਸੇ ਜ਼ਿਮੇਵਾਰ ਸਿੱਖ ਸੰਸਥਾਵਾਂ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾਵੇ ।’ ਗੁਰਬਾਣੀ ਦੀ ਉਚਾਰਨਕ ਤੇ ਪਦ-ਛੇਦਕ ਸਮਸਿਆ ਨੂੰ ਧਿਆਨ ਵਿੱਚ ਰੱਖ ਕੇ ਉਹ ‘ਸ੍ਰੀ ਗੁਰੂ ਗ੍ਰੰਥ ਸਾਹਿਬ ਬੋਧ- ਭਾਗ ਦੂਜਾ, ਪੰ. 94 ’ਤੇ ਲਿਖਦੇ ਹਨ, ‘ਜਿਹੜੇ ਗੁਰਬਾਣੀ ਦੇ ਸ਼ਬਦ-ਜੋੜਾਂ ਬਾਰੇ ਵਿਚਾਰ ਦਾ ਵਖਰੇਵਾਂ ਹੈ, ਅਜਿਹੇ ਸ਼ਬਦ ਸਮੱਗਰ ਗੁਰਬਾਣੀ ਵਿੱਚ 500 ਤੋਂ ਵਧ ਨਹੀਂ, ਇਨ੍ਹਾਂ ਦੇ ਦਰੁਸਤ ਸ਼ਬਦ-ਜੋੜਾਂ ਬਾਰੇ ਗੁਰਮਤੀ ਵਿਦਵਾਨ ਮੰਡਲੀ ਦੇ ਪਰਸਪਰ ਵਿਚਾਰ-ਵਟਾਂਦਰੇ ਮਗਰੋਂ ਪੰਥਕ ਤੌਰ ’ਤੇ ਨਿਰਣਾ ਲਏ ਜਾਣ ਦੀ ਲੋੜ ਹੈ ।’

ਪਾਵਨ ਬੀੜਾਂ ਦੇ ਪਾਠ-ਭੇਦਾਂ ਦੀ ਹੋਂਦ ਤੇ ਸੁਧਾਈ ਦੀ ਜ਼ਰੂਰਤ ਪੱਖੋਂ ਪ੍ਰਸਿੱਧ ਇਤਿਹਾਸਕਾਰ ਸ੍ਰ. ਕ੍ਰਿਪਾਲ ਸਿੰਘ ਦੀ ਪੁਸਤਕ ‘ਪੰਥਕ ਮਤੇ’ ਮੁਤਾਬਕ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦਾ ਸੰਨ 1952 ਵਾਲਾ ਉਹ ਮਤਾ ਵੀ ਬੜਾ ਮਹੱਤਵ ਪੂਰਨ ਹੈ, ਜਿਸ ਦੁਆਰਾ ਪਾਵਨ ਬੀੜਾਂ ਦੇ ਪ੍ਰਕਾਸ਼ਕ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਸੀ ਕਿ ਉਹ ਅੱਗੇ ਤੋਂ ਪਾਠ ਦੀ ਲਿਖਤ ਇਸ ਮਤੇ ਅਨੁਸਾਰ ਸੋਧਾਂ ਕਰਕੇ ਬੀੜਾਂ ਛਾਪਣ । ਸ਼੍ਰੋਮਣੀ ਕਮੇਟੀ ਵੱਲੋਂ ਜਨਵਰੀ 1977 ਵਿੱਚ ਵੱਖ ਵੱਖ ਬੀੜਾਂ ਦੇ ਵੇਰਵੇ ਸਹਿਤ 4784 ‘ਪਾਠ-ਭੇਦਾਂ ਦੀ ਸੂਚੀ’ ਪ੍ਰਕਾਸ਼ਤ ਹੋਈ ਸੀ । ਇਸ ਖੋਜ ਪੁਸਤਕ ਦਾ ਨਾਂ ਹੈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਾ ਪੋਥੀਆਂ ਅਤੇ ਪੁਰਾਤਨ ਹੱਥ-ਲਿਖਤਾਂ ਦੇ ਪਰਸਪਰ ਪਾਠ-ਭੇਦਾਂ ਦੀ ਸੂਚੀ’ । ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਦੇ ਤਤਕਾਲੀ ਹੈਡ-ਗ੍ਰੰਥੀ ਸਿੰਘ ਸਾਹਿਬ ਗਿ. ਕ੍ਰਿਪਾਲ ਸਿੰਘ ਜੀ ਨੇ ਉਸ ਦੀ ਭੂਮਿਕਾ ਵਿੱਚ ਲਿਖਿਆ ਹੈ :

‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਤੀ ਉਕਾਈਆਂ, ਜੋ ਲਿਖਾਰੀਆਂ ਜਾਂ ਛਾਪੇ ਵਾਲਿਆਂ ਦੀ ਅਣਗਹਿਲੀ ਕਾਰਨ ਆ ਗਈਆਂ ਹਨ, ਦੀ ਪਰਖ-ਪੜਤਾਲ ਕੀਤੀ ਜਾਣੀ ਅਤਿ ਜ਼ਰੂਰੀ ਭਾਸਦੀ ਹੈ। ਗੁਰੂ ਕਰਤਾਰ ਤਾਂ ਅਭੁੱਲ ਹੈ, ਪਰ ਲਿਖਾਰੀਆਂ ਕੋਲੋਂ ਏਡੇ ਵੱਡੇ ਅਕਾਰ ਦੇ ਗ੍ਰੰਥ ਦਾ ਉਤਾਰਾ ਕਰਨ ਵਿੱਚ ਉਕਾਈਆਂ ਜ਼ਰੂਰ ਰਹੀਆਂ ਹਨ ਤੇ ਸੋਧ-ਸੁਧਾਈ ਅਜਿਹੀਆਂ ਉਕਾਈਆਂ ਦੀ ਹੀ ਲੁੜੀਂਦੀ ਹੈ’। ਪਾਠ-ਭੇਦ ਸੂਚੀ-ਭੂਮਿਕਾ ਪੰਨਾ (ਸ)

ਜਿਵੇਂ ਛਾਪੇ ਦੀ ਪਾਵਨ ਬੀੜ ਦਾ ਵਾਕ ਹੈ : ‘‘ਦਹ ਦਿਸ ਬੂਡੀ ਪਵਨੁ ਝੁਲਾਵੈ; ਡੋਰਿ ਰਹੀ ਲਿਵ ਲਾਈ ’’ (ਭਗਤ ਕਬੀਰ/੩੩੩) ਇਸ ਵਾਕ ’ਚ ਭਗਤ ਕਬੀਰ ਸਾਹਿਬ ਜੀ ਨੇ ਗੁੱਡੀ (ਗੂਡੀ, ਪਤੰਗ), ਡੋਰ ਤੇ ਹਵਾ ਦੇ ਰੂਪਕ ਅਲੰਕਾਰਾਂ ਨਾਲ਼ ਸਮਝਾਇਆ ਹੈ ਕਿ ਜਿਵੇਂ ਕੋਈ ਵਿਅਕਤੀ ਡੋਰ ਦੇ ਸਹਾਰੇ ਅਕਾਸ਼ ’ਤੇ ਗੁੱਡੀ ਚੜ੍ਹਾਉਂਦਾ ਹੈ ਅਤੇ ਹਵਾ (ਪਵਨੁ) ਗੁੱਡੀ ਨੂੰ ਦਸਾਂ ਦਿਸ਼ਾਵਾਂ ਵਿੱਚ ਝੂਲਾਰਦੀ (ਉਡਾਉਂਦੀ) ਹੈ, ਪਰ ਗੁੱਡੀ ਉਡਾਉਣ ਵਾਲੇ ਦੀ ਸੁਰਤ ਦੀ ਡੋਰ (ਲਿਵ); ਗੁੱਡੀ ਵਿਚ ਲੱਗੀ ਰਹਿੰਦੀ ਹੈ ਤਾਹੀਓਂ ਹਵਾ ਦੇ ਧੱਕਿਆਂ ਕਾਰਨ ਉਹ ਡਿੱਗਦੀ ਨਹੀਂ; ਤਿਵੇਂ ਹੀ ਦੁਨਿਆਵੀ ਕੰਮ-ਕਾਰ ਰੂਪ ਮਾਇਕ ਹਵਾ ਸਾਡੀ ਦੇਹ ਰੂਪ ਗੁੱਡੀ ਨੂੰ ਭਾਵੇਂ ਇਧਰ ਉਧਰ ਦੜੌਂਦੀ ਹੈ ਭਾਵ ਸਰੀਰ ਕਰਕੇ ਕੰਮ-ਕਾਰ ਲਈ ਭਾਵੇਂ ਸਾਨੂੰ ਕਈ ਪਾਸੀਂ ਦੌੜ-ਭੱਜ ਕਰਨੀ ਪੈਂਦੀ ਹੈ, ਪਰ ਸਾਡੀ ਬਿਰਤੀ ਦੀ ਡੋਰੀ; ਰੱਬੀ ਯਾਦ ਵਿੱਚ ਲੱਗੀ ਹੋਣ ਕਰਕੇ ਮਾਇਆ ਸਾਨੂੰ ਪ੍ਰਭਾਵਤ ਨਹੀਂ ਕਰਦੀ।

ਭਗਤ ਬਾਬਾ ਨਾਮਦੇਵ ਜੀ ਨੇ ਵੀ ‘ਮਨੁ ਰਾਮ ਨਾਮਾ ਬੇਧੀਅਲੇ ॥’ (ਭਾਵ ਹੱਥ ਕਾਰ ਵੱਲ ਤੇ ਦਿਲ ਕਰਤਾਰ ਵੱਲ) ਦੀ ਗੱਲ ਸਮਝਾਉਣ ਲਈ ਮਹਾਂਰਾਸ਼ਟਰ ਦੀ ਮਰਹਟੀ ਭਾਸ਼ਾ ਵਿੱਚ ਵੀ ਉਦਾਹਰਨ ਵਜੋਂ ਉਪਰੋਕਤ ਅਲੰਕਾਰ ਹੀ ਵਰਤਿਆ ਹੈ; ਜਿਵੇਂ  ‘‘ਆਨੀਲੇ ਕਾਗਦੁ ਕਾਟੀਲੇ ਗੂਡੀ; ਆਕਾਸ ਮਧੇ ਭਰਮੀਅਲੇ   ਪੰਚ ਜਨਾ ਸਿਉ ਬਾਤ ਬਤਊਆ; ਚੀਤੁ ਸੁ ਡੋਰੀ ਰਾਖੀਅਲੇ ’’ (ਭਗਤ ਨਾਮਦੇਵ/੯੭੨)

ਸੋ ਅਸਲੀਅਤ ਇਹ ਹੈ ਕਿ ਜਿਵੇਂ ਬਾਬਾ ਨਾਮਦੇਵ ਜੀ ਨੇ ਸਪਸ਼ਟ ਤੌਰ ’ਤੇ ਹੇਂਦਵੀ ਲਫ਼ਜ਼ ‘ਗੂਡੀ’ ਵਰਤਿਆ ਹੈ; ਤਿਵੇਂ ਹੀ ਕਾਂਸ਼ੀ ਨਿਵਾਸੀ ਭਗਤ ਕਬੀਰ ਜੀ ਨੇ ਵੀ ਉਪਰੋਕਤ ਵਾਕ ਵਿੱਚ ‘ਗੂਡੀ’ ਲਫ਼ਜ਼ ਵਰਤਿਆ ਹੈ। ਪ੍ਰਸੰਗਕ ਤੌਰ ’ਤੇ ਵੀ ਇਹ ਸਹੀ ਹੈ, ਪਰ ਕਿਸੇ ਲਿਖਾਰੀ ਨੇ ਪੁਰਾਤਨ ਕਾਲ ਦੀ ਗੋਲਾਕਾਰ ਲਿਖਾਈ ਦੇ ‘ਗ’ ਅੱਖਰ ਨੂੰ ਭੁਲੇਖੇ ਨਾਲ ‘ਬ’ ਸਮਝ ਕੇ ‘ਬੂਡੀ’ ਲਿਖ ਦਿੱਤਾ । ਹਿੰਦੀ ਵਿੱਚ ‘ਬੂਡੀ’ ਪਦ ਦਾ ਅਰਥ ਹੈ – ਡੁੱਬੀ ਜਾਂ ਹੇ ਡੁਬੀਏ  ! ਜਿਵੇਂ ਗੁਰਵਾਕ ਹੈ ‘‘ਬੂਡੀਘਰੁ ਘਾਲਿਓ; ਗੁਰ ਕੈ ਭਾਇ ਚਲੋ ’’ (ਮਹਲਾ /੬੮੯) ਇਸ ਸੰਬੋਧਕ ‘ਬੂਡੀ’ ਪਦ ਤੋਂ ਹੀ ਬਹੁਵਚਨ ਕਿਰਿਆ ਬਣੀ ਹੈ – ‘ਬੂਡਤ’; ਜਿਵੇਂ ‘‘ਬੂਡਤ ਘੋਰ ਅੰਧ ਕੂਪ ਮਹਿ; ਨਿਕਸਿਓ ਮੇਰੇ ਭਾਈ ਰੇ ! ਰਹਾਉ ’’ (ਮਹਲਾ /੩੭੭)

ਸ਼੍ਰੋਮਣੀ ਕਮੇਟੀ ਦੀ ‘ਪਾਠ-ਭੇਦ ਸੂਚੀ’ ਦੇ ਖੋਜੀ ਵਿਦਵਾਨਾਂ ਨੇ ‘ਗੂਡੀ’ ਪਦ ਉਪਰੋਕਤ ਸਚਾਈ ਨੂੰ ਸਾਬਤ ਕਰਨ ਲਈ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਅੰਦਰਲੀ ਲਿਖਤ ਪੱਖੋਂ ਸਭ ਤੋਂ ਸ਼ੁਧ ਮੰਨੀ ਗਈ ਸਾਰਨ ਕੇ ਵਾਲੀ 5 ਨੰਬਰ ਬੀੜ ਤੋਂ ਇਲਾਵਾ ਪੁਸਤਕ ਵਿੱਚ 17 ਹੋਰ ਬੀੜਾਂ ਦਾ ਵੇਰਵਾ ਦਿੱਤਾ ਹੈ, ਜੋ ਉਸ ਵੇਲੇ ਲਾਇਬ੍ਰੇਰੀ ਵਿੱਚ ਮੌਜੂਦ ਸਨ; ਜਿਵੇਂ ਬੀੜ ਨੰਬਰ 5, 8/8, 11/4886, 21/34, 24/36, 29/79, 32/6281, 35/116 ਆਦਿ। ਪਾਠ-ਭੇਦ ਸੂਚੀ ਦੇ ਉਸ ਪੰਨੇ ਉਪਰਲਾ ਇਹ ਲਿਖਿਆ ਵਿਸ਼ੇਸ਼ ਨੋਟ ਵੀ ਪੜ੍ਹਨ ਯੋਗ ਹੈ ‘ਦਹ ਦਿਸਿ ਬੂਡੀ ਪਵਨੁ ਝਲਾਵੈ॥’ ਨੋਟ : ‘ਬੂਡੀ’ ਅਸ਼ੁਧ ਪਾਠ ਦਾ ਪਰਚਾਰ, ਅਰਥ ਬੋਧ ਤੋਂ ਅਣਜਾਣ ਤੇ ਖੋਜ-ਪੜਤਾਲ ਤੋਂ ਕੰਨੀ ਕਤਰਾਉਣ ਵਾਲੇ ਸੰਪ੍ਰਦਾਈ ਪਾਠੀਆਂ ਦੀ ਕਿਰਪਾ ਨਾਲ ਬਹੁਤ ਜ਼ਿਆਦਾ ਹੋਇਆ ਹੈ। ਟੀਕਾਕਾਰ ਵਿਦਵਾਨਾਂ ਨੇ ਭੀ ਗ਼ਲਤ ਛਪੇ ਪਾਠ ਦੇ ਅਰਥ ਭਾਵੇਂ ‘ਗੁੱਡੀ’ ਹੀ ਕਰ ਦਿੱਤੇ ਹਨ, ਪਰ ਸ਼ੁੱਧ ਪਦ ਖੋਜ-ਲੱਭਣ ਦੀ ਖੇਚਲ ਕਦੀ ਵੀ ਕਿਸੇ ਨਹੀਂ ਕੀਤੀ । ਇਸੇ ਕਰਕੇ, ਇਸ ਸਬੰਧ ਵਿਚ ਬਹੁਤੇ ਪੁਰਾਤਨ ਸੰਚਿਆ ਦੇ ਹਵਾਲੇ ਦੇਣੇ ਜ਼ਰੂਰੀ ਸਮਝੇ ਗਏ ਹਨ । (ਸੂਚੀ ਪੰ. 89)

ਗਿ. ਹਰਿਬੰਸ ਸਿੰਘ ਜੀ ਪਟਿਆਲਾ ‘ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਣੈ ਸਟੀਕ’ ਦੀ ਚੌਥੀ ਪੋਥੀ ਦੇ ਪੰਨਾ 471 ਦੀ ‘ਉਚਾਰਨ ਸੇਧ’ ਵਿੱਚ ਲਿਖਦੇ ਹਨ :

  1. ‘ਪੁਰਾਤਨ ਹਥ-ਲਿਖਤੀ ਸਰੂਪਾਂ ਵਿਚ ‘ਬੂਡੀ’ ਦੀ ਥਾਂ ‘ਗੂਡੀ’ ਪਾਠ ਮਿਲਦਾ ਹੈ, ਜੋ ਪ੍ਰਕਰਣ ਅਨੁਸਾਰ ਠੀਕ ਹੈ, ਪਰ ਇਸ ਨੂੰ ਬਦਲਣ ਦਾ ਅਧਿਕਾਰ ਕਿਸੇ ਇਕ ਵਿਅਕਤੀ ਨੂੰ ਨਹੀਂ ਹੈ। ਲਿਖਾਰੀਆਂ ਜਾਂ ਪ੍ਰੈਸ ਦੀਆਂ ਗ਼ਲਤੀਆਂ ਪੰਥਕ ਪੱਧਰ ’ਤੇ ਸੋਧਣੀਆਂ ਹੀ ਲਾਭਦਾਇਕ ਹੋ ਸਕਦੀਆਂ ਹਨ ।’ ਇੱਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਜੇ ਸਾਡੀ ਸ਼੍ਰੋਮਣੀ ਪੰਥਕ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਪਿਛਲੇ 70 ਸਾਲ ਤੋਂ ਅਜਿਹੇ ਮਹੱਤਵਪੂਰਨ ਮਸਲੇ ਪ੍ਰਤੀ ਰਾਜਨੀਤਕ ਆਗੂਆਂ ਦੀ ਪਿਛਲੱਗ ਬਣ ਕੇ ਟਾਲ-ਮਟੋਲਾ ਕਰਦੀ ਆ ਰਹੀ ਹੋਵੇ ਤਾਂ ਸ਼ਰਧਾਲੂ ਗੁਰਸਿੱਖ ਅਤੇ ਗੁਰਬਾਣੀ ਦੀ ਸੋਝੀ ਰੱਖਣ ਵਾਲੇ ਵਿਦਵਾਨ ਸੱਜਣ ਹੋਰ ਕਿਹੜਾ ਰਾਹ ਅਖ਼ਤਿਆਰ ਕਰਨ ?

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰਾਚੀਨ ਸਾਹਿਤ ਖੋਜੀ ਪ੍ਰੋ. ਪਿਆਰਾ ਸਿੰਘ ਪਦਮ ਨੇ ਵੀ ‘ਸ੍ਰੀ ਗੁਰੂ ਗ੍ਰੰਥ ਪ੍ਰਕਾਸ਼’ (ਸੰਨ 1977) ਨਾਮੀ ਪੁਸਤਕ ਵਿੱਚ ਉਦਾਹਰਣ ਵਜੋਂ ਪਾਠ-ਭੇਦਾਂ ਦੀ ਇੱਕ ਲੰਮੀ ਲਿਸਟ ਦਿੱਤੀ ਹੈ। ਉਨ੍ਹਾਂ ਇਹ ਵੀ ਲਿਖਿਆ ਕਿ ‘ਪ੍ਰਾਚੀਨ ਬੀੜਾਂ ਦੀ ਉਪਯੋਗਤਾ ਬਾਣੀ ਦੀ ਸੁਧਾਈ ਲਈ ਕਰਨੀ ਯੋਗ ਹੈ ਕਿਉਂਕਿ ਛਾਪੇ ਵਿੱਚ ਬਹੁਤ ਸਾਰੀਆਂ ਉਕਾਈਆਂ ਆ ਰਹੀਆਂ ਹਨ । ਸਿਹਾਰੀ ਔਂਕੜ ਦੀਆਂ (ਵਿਆਕਰਣਿਕ) ਭੁੱਲਾਂ ਤਾਂ ਸੋਚ ਵਿਚਾਰ ਕੇ ਲੱਭਣ ਵਾਲੀਆਂ ਹਨ, ਉਂਜ ਜੋ ਲਫ਼ਜ਼ੀ ਅਦਲਾ-ਬਦਲੀਆਂ ਹੋਈਆਂ, ਉਹ ਵੀ ਸੋਧ ਦੀਆਂ ਮੁਥਾਜ ਹਨ । ਮਿਸਾਲ ਲਈ ਭੱਟ ਦਾ ਨਾਮ ‘ਕਲ੍ਯ’ ਜਾਂ ‘ਕਲਸਹਾਰ’ ਸੀ, ਪਰ ਇਕ ਥਾਂ ਲਿਖਾਰੀ ਦੀ ਉਕਾਈ ਨਾਲ ‘ਕਲ’ ਤੋਂ ‘ਟਲ’ ਬਣ ਗਿਆ, ਹੁਣ ਇਹ ‘ਟਲ’ ਹੀ ਚੱਲ ਰਿਹਾ ਹੈ। (ਜਿਵੇਂ ਪਾਵਨ ਬੀੜ ਦੇ ਪੰਨਾ 1392 ਉੱਤੇ ‘ਸਵਈਏ ਮਹਲੇ ਦੂਜੇ ਕੇ’ ਦੇ ਸਿਰਲੇਖ ਹੇਠ ਤੁਕਾਂਸ਼ ਹੈ : ਸੁ ਕਹੁ ਟਲ ਗੁਰੁ ਸੇਵੀਐ॥) ਲੇਕਿਨ ਤਮਾਮ ਪ੍ਰਾਚੀਨ ਬੀੜਾਂ ਵਿੱਚ (‘ਟਲ’ ਦੀ ਥਾਂ) ਇਹ ਨਾਮ ‘ਕਲ੍ਯ’ ਕਰ ਕੇ ਹੀ ਆਉਂਦਾ ਹੈ।’ (ਸ੍ਰੀ ਗੁਰੂ ਗ੍ਰੰਥ ਪ੍ਰਕਾਸ਼, ਪੰਨਾ 108)

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਪ੍ਰੋ. ਮਨਜੀਤ ਸਿੰਘ ਦੇ ਆਦੇਸ਼ ਨਾਲ਼ ਸ਼੍ਰੋਮਣੀ ਕਮੇਟੀ ਵੱਲੋਂ ਸੰਨ 1996 ਵਿੱਚ ਅਤੇ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੇ ਆਦੇਸ਼ ਨਾਲ਼ ਸੰਨ 1998 ਵਿੱਚ ਸਥਾਪਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ (ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਜਥਾ) ਮੁਤਾਬਕ ਵੀ ਉਪਰੋਕਤ ਸਵਈਏ ਅੰਦਰਲੇ ਭੱਟ ਕਵੀ ਦੇ ਨਾਮ ਵਜੋਂ ‘ਟਲ’ ਦੀ ਥਾਂ ਸ਼ੁਧ ਪਾਠ ‘ਕਲ’ ਹੀ ਮੰਨਿਆ ਗਿਆ ਹੈ। ਇਸ ਟੀਮ ਵਿੱਚ ਮਰਹੂਮ ਜਥੇਦਾਰ ਗਿ. ਜੋਗਿੰਦਰ ਸਿੰਘ ਵੇਦਾਂਤੀ ਜੀ ਤੇ ਭਾਈ ਜੋਗਿੰਦਰ ਸਿੰਘ ‘ਤਲਵਾੜਾ’ ਜੀ ਤੋਂ ਇਲਾਵਾ ਹੋਰ ਚਾਰ ਮੈਂਬਰ ਸਨ ‘ਸਤਿਕਾਰਯੋਗ ਟੀਕਾਕਾਰ ਗਿ. ਹਰਿਬੰਸ ਸਿੰਘ ਪਟਿਆਲਾ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ ਦੇ ਮਰਹੂਮ ਪ੍ਰਿੰਸੀਪਲ ਪ੍ਰਕਾਸ਼ ਸਿੰਘ, ਗੁਰਮਤਿ ਕਾਲਜ ਪਟਿਆਲਾ ਦੇ ਮਰਹੂਮ ਪ੍ਰਿੰਸੀਪਲ ਬਿਕਰਮ ਸਿੰਘ ਤੇ ਗਿ. ਗੁਰਬਚਨ ਸਿੰਘ ਖ਼ਾਲਸਾ ਜੀ ਦੇ ਪੋਤਰੇ ਭਾਈ ਅਵਤਾਰ ਸਿੰਘ ਬਧਨੀ ਕਲਾਂ’। ਸ਼੍ਰੋਮਣੀ ਕਮੇਟੀ ਨੇ ਇਸ ਟੀਮ ਦੇ ਵਿਸ਼ੇਸ਼ ਸਹਾਇਕ ਲਗਾਏ ਸਨ ‘ਸ੍ਰੀ ਦਰਬਾਰ ਸਾਹਿਬ ਦੇ ਅਰਦਾਸੀਏ ਗਿ. ਭਰਪੂਰ ਸਿੰਘ ਜੀ, ਜੋ ਪ੍ਰਾਚੀਨ ਹੱਥ-ਲਿਖਤੀ ਬੀੜਾਂ ਦੇ ਪਾਠ ਬਾਰੇ ਵਿਸ਼ੇਸ਼ ਮੁਹਾਰਤ ਰੱਖਣ ਦੇ ਨਾਲ-ਨਾਲ ਗੁਰਬਾਣੀ ਵਿਆਕਰਣ ਦੇ ਵੀ ਚੰਗੇ ਵਿਦਵਾਨ ਹਨ । ਸਾਡੀ ਖੁਸ਼ ਕਿਸਮਤੀ ਹੈ ਕਿ ਉਪਰੋਕਤ ਟੀਮ ਵਿੱਚੋਂ ਇਹ ਇੱਕ ਖੋਜੀ ਵਿਦਵਾਨ ਹੁਣ ਵੀ ਸਾਡੇ ਵਿੱਚ ਮੌਜੂਦ ਹੈ। ਇਸ ਸਮੇਂ ਉਹ ਕਾਰ-ਸੇਵਾ ਵਾਲੇ ਬਾਬਾ ਸੇਵਾ ਸਿੰਘ ਜੀ ਦੁਆਰਾ ਸ੍ਰੀ ਖਡੂਰ ਸਾਹਿਬ ਵਿਖੇ ਚਲਾਏ ਜਾਂਦੇ ਗੁਰਮਤਿ ਵਿਦਿਆਲੇ ਵਿਖੇ ਗੁਰਬਾਣੀ ਦੀ ਸੰਥਿਆ ਦੇ ਰਿਹਾ ਹੈ’।

ਇਸ ਕਮੇਟੀ ਨੇ ਵੀ ਜਥੇਦਾਰ ਵੇਦਾਂਤੀ ਜੀ ਦੀ ਅਗਵਾਈ ਵਿੱਚ ਪਾਵਨ ਬੀੜ ਦੇ 1106 ਪੰਨਿਆ ਤੱਕ ਦੀ ਪਾਠ-ਭੇਦਾਂ ਬਾਰੇ ਆਪਣੇ ਕੀਮਤੀ ਸੁਝਾਵਾਂ ਸਹਿਤ ਅੰਤ੍ਰਿਮ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸਉਂਪੀ ਸੀ। ਸ਼ੁਕਰ ਹੈ ਅਕਾਲ ਪੁਰਖ ਜੀ ਦਾ ਕਿ ਇਸ ਕਮੇਟੀ ਦੇ ਚੇਅਰਮੈਨ ਜਥੇਦਾਰ ਵੇਦਾਂਤੀ ਜੀ ਸਨ, ਜਿਸ ਦੀ ਬਦੌਲਤ ਉਸ ਦੀ ਇਕ ਕਾਪੀ ਸਾਡੇ ਪਾਸ ਵੀ ਮੌਜੂਦ ਹੈ। ਉਸ ਵਿੱਚ ਸਪਸ਼ਟ ਲਿਖਿਆ ਹੈ ਕਿ ਪੁਰਾਤਨ ਹੱਥ ਲਿਖਤੀ ਬੀੜਾਂ ਦੀ ਗੱਲ ਤਾਂ ਦੂਰ, ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਤ ਲੜੀਦਾਰ ਤੇ ਪਦ-ਛੇਦ ਪਾਵਨ ਬੀੜਾਂ, ਸ਼ਬਦਾਰਥ ਤੇ ਸੰਥਾ ਸੈਂਚੀਆਂ ਅਤੇ ਗੁਟਕਿਆਂ ਦੀਆਂ ਐਡੀਸ਼ਨਾਂ ਵਿੱਚ ਵੀ ਸਿਰਲੇਖਾਂ, ਅੱਖਰਾਂ, ਲਗ-ਮਾਤ੍ਰਾਂ ਅਤੇ ਸ਼ਬਦਾਂ ਦੇ ਜੋੜ-ਅੰਕਾਂ ਤੇ ਪੈਰ ਚਿੰਨ੍ਹਾਂ ਵਿੱਚ ਪਰਸਪਰ ਭੇਦ ਹਨ। ਇਸ ਖੋਜ ਕਾਰਜ ਦੇ ਦਰਜਨ ਤੋਂ ਵਧੇਰੇ ਰਜਿਸਟਰ ‘ਸਿੱਖ ਰੈਫ਼ਰੈਂਸ ਲਾਇਬ੍ਰੇਰੀ ਸ੍ਰੀ ਅੰਮ੍ਰਿਤਸਰ’ ਦਾ ਸ਼ਿੰਗਾਰ ਬਣੇ ਪਏ ਹਨ। ਖੋਜੀ ਸੱਜਣਾਂ ਨੂੰ ਉਨ੍ਹਾਂ ਦੀ ਕਾਪੀ ਕਰਨ ਦਾ ਵੀ ਕੋਈ ਅਧਿਕਾਰ ਨਹੀਂ ।

ਭਾਈ ਜੋਗਿੰਦਰ ਸਿੰਘ ਤਲਵਾੜਾ ਜੀ ਨੇ ਉਸ ਅੰਤ੍ਰਿਮ ਰਿਪੋਰਟ ਦੇ ਪਹਿਲੇ ਪੰਨੇ ਉੱਤੇ ਆਪਣੇ ਹੱਥ ਨਾਲ ਵਿਸ਼ੇਸ਼ ਨੋਟ ਇੰਞ ਲਿਖਿਆ : ‘ਇਸ ਤੋਂ ਅਗਲਾ ਕਾਰਜ ਸ਼੍ਰੋ. ਗੁ. ਪ੍ਰੰ. ਕਮੇਟੀ ਦਾ ਇਸ ਰਿਪੋਰਟ ਪ੍ਰਤੀ ਪ੍ਰਤੀਕਰਮ ਜਾਣਨ ਮਗਰੋਂ ਹੀ ਅਰੰਭ ਕੀਤਾ ਜਾਵੇਗਾ ।’ ਤਲਵਾੜਾ ਜੀ ਰਿਪੋਰਟ ਪੇਸ਼ ਕਰਨ ਤੋਂ ਦੋ ਸਾਲ ਪਿੱਛੋਂ ਸੰਨ 2004 ਵਿੱਚ ਅਤੇ 19 ਸਾਲ ਪਿੱਛੋਂ ਮਈ, 2021 ’ਚ ਵੇਦਾਂਤੀ ਜੀ; ਦੋਵੇਂ ਵਿਦਵਾਨ ਕੂਕਦੇ ਤੁਰ ਗਏ ਕਿ ਪੰਥ ਪਾਵਨ ਬੀੜ ਦੇ ਪਾਠ-ਭੇਦ ਮੁਕਾ ਕੇ ਇਸ ਪੱਖੋਂ ਇਕਸਾਰਤਾ ਤੇ ਪ੍ਰਮਾਣਿਕਤਾ ਕਾਇਮ ਕਰੋ । ਇਸ ਦਰਮਿਆਨ ਸਤਿਕਾਰਯੋਗ ਪ੍ਰਿੰਸੀਪਲ ਪ੍ਰਕਾਸ਼ ਸਿੰਘ ਅੰਮ੍ਰਿਤਸਰ, ਪ੍ਰਿੰਸੀਪਲ ਬਿਕਰਮ ਸਿੰਘ ਤੇ ਟੀਕਾਕਾਰ ਗਿਆਨੀ ਹਰਿਬੰਸ ਸਿੰਘ ‘ਪਟਿਆਲਾ’ ਵਾਲੇ ਵੀ ਦੁਨੀਆ ਤੋਂ ਕੂਚ ਕਰ ਗਏ, ਪਰ ਅਫ਼ਸੋਸ ਕਿ ਉਨ੍ਹਾਂ ਦੁਆਰਾ 2002 ਵਿੱਚ ਪੇਸ਼ ਕੀਤੀ ਅੰਤ੍ਰਿਮ ਰਿਪੋਰਟ ਸੰਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਹੁਣ ਤੱਕ ਕੋਈ ਪ੍ਰਤੀਕਰਮ ਨਹੀਂ ਆਇਆ। ਅਜਿਹਾ ਪ੍ਰਾਪੇਗੰਡਾ ਬਿਲਕੁਲ ਝੂਠਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਜਨਵਰੀ 1977 ਅਤੇ ਸੰਨ 2002 ਵਾਲੀਆਂ ਪਾਠ-ਭੇਦਾਂ ਦੀਆਂ ਰਿਪੋਰਟਾਂ ਰੱਦ ਕਰ ਦਿੱਤੀਆਂ ਸਨ।

ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਕੇਂਦਰੀ ਸਿੰਘ ਸਭਾ ਸ੍ਰੀ ਅੰਮ੍ਰਿਤਸਰ ਦੁਆਰਾ ਸੰਨ 1974 ਵਿੱਚ ਕਰਵਾਏ ‘ਸ੍ਰੀ ਗੁਰੂ ਗ੍ਰੰਥ ਵਿਚਾਰ ਸੰਮੇਲਨ’ ਮੌਕੇ ਅਤੇ ਫਿਰ 1995 ਵਿੱਚ ਹੋਏ ‘ਵਿਸ਼ਵ ਸਿੱਖ ਸੰਮੇਲਨ’ ਵੇਲੇ ਜਥੇਦਾਰ ਵੇਦਾਂਤੀ ਜੀ ਨੇ ‘ਤੇਜਾ ਸਿੰਘ ਸਮੁੰਦਰੀ ਹਾਲ’ ਵਿਖੇ ਹੋਏ ਵਿਸ਼ੇਸ਼ ਸੈਮੀਨਾਰਾਂ ਵਿੱਚ ਪਾਠ-ਭੇਦਾਂ ਦੀਆਂ ਬਹੁਤ ਸਾਰੀਆਂ ਵੰਨਗੀਆਂ ਦੀ ਸੂਚੀ ਪੜ੍ਹ ਕੇ ਸੁਣਾਈ ਸੀ। ਸੰਨ 1995 ’ਚ ਉਹ ਸ੍ਰੀ ਦਰਬਾਰ ਸਾਹਿਬ ਦੇ ਸਤਿਕਾਰਤ ਗ੍ਰੰਥੀ ਸਨ। ਉਨ੍ਹਾਂ ਦਾ ਮਕਸਦ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ-ਭੇਦਾਂ ਦੀ ਸੁਧਾਈ ਅਤੇ ਪਾਵਨ ਬੀੜ ਦੀ ਇਕਸਾਰਤਾ ਸਥਾਪਤੀ ਲਈ ਪ੍ਰੇਰਨਾ ਸੀ। ਉਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਵਜੋਂ ਸੇਵਾ ਨਿਭਾ ਰਹੇ ਸਨ ਪ੍ਰੋ. ਮਨਜੀਤ ਸਿੰਘ ਜੀ, ਜਿਨ੍ਹਾਂ ਦੀ ਦੇਖ-ਰੇਖ ਵਿੱਚ ਇਹ ਮਹਾਨ ਸੰਮੇਲਨ ਹੋ ਰਿਹਾ ਸੀ। ਦਾਸ (ਜਾਚਕ) ਦੀ ਖੁਸ਼ਕਿਸਮਤੀ ਹੈ ਕਿ ਸੰਨ 1974 ਵਿੱਚ ਮੈਂ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਦੇ ਨਾਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਵਜੋਂ ਅਤੇ ਸੰਨ 1995 ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਵਜੋਂ ਉਪਰੋਕਤ ਸਮਾਗਮਾਂ ਵਿੱਚ ਹਾਜ਼ਰ ਸੀ। ਸੰਨ 1974 ਦੇ ਵਿਚਾਰ ਸੰਮੇਲਨ ਮੌਕੇ ਗਿ. ਵੇਦਾਂਤੀ ਜੀ ਨੇ ਜੋ ਵਿਸ਼ੇਸ਼ ਪਰਚਾ ਪੜ੍ਹਿਆ, ਉਸ ਸੂਚੀ ਪੱਤਰ ਦੀ ਇੱਕ ਫੱਟੀ ਪੁਰਾਣੀ ਫੋਟੋ ਕਾਪੀ ਮੇਰੀ ਨਿਜੀ ਲਾਇਬ੍ਰੇਰੀ ਵਿੱਚ ਮੌਜੂਦ ਹੈ।

ਗੁਰਬਾਣੀ ਦੇ ਰਸੀਏ ਖੋਜੀ ਅਤੇ ਅਖੰਡ ਕੀਰਤਨੀ ਜਥੇ ਦੇ ਪ੍ਰਮੁੱਖ ਵਿਦਵਾਨ ਗਿ. ਜੋਗਿੰਦਰ ਸਿੰਘ ਤਲਵਾੜਾ ਜੀ; ‘ਗੁਰਬਾਣੀ ਦਾ ਸਰਲ ਵਿਆਕਰਣ ਬੋਧ’ ਪੁਸਤਕ ਦੇ ਪਹਿਲੇ ਭਾਗ ਵਿੱਚ ਲਿਖਦੇ ਹਨ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮੂਲਕ-ਅੰਗੀ ਨਾਸਕੀ ਚਿੰਨ੍ਹਾਂ ਦੀ ਵੀ ਵਰਤੋਂ ਮਿਲਦੀ ਹੈ ਅਤੇ ਵਿਆਕਰਣਿਕ ਨਾਸਕੀ ਚਿੰਨਾਂ ਦੀ ਵੀ। ਗੁਰਬਾਣੀ ਦਾ ਪਾਠ ਕਰਦੇ ਸਮੇਂ ਵੇਖਣ ਵਿੱਚ ਆਉਂਦਾ ਹੈ ਕਿ ਛਾਪੇ ਦੀਆਂ ਬੀੜਾਂ ਵਿੱਚ ਓਹੀ ਸ਼ਬਦ ਕਿਧਰੇ ਨਾਸਕੀ-ਚਿੰਨ੍ਹਾਂ ਸਹਿਤ ਮਿਲਦੇ ਹਨ ਅਤੇ ਕਿਧਰੇ ਇਨ੍ਹਾਂ ਤੋਂ ਬਗੈਰ । ਮੂਲਕ-ਅੰਗੀ ਨਾਸਕੀ ਚਿੰਨ੍ਹ ਬਹੁਤ ਹੱਦ ਤਕ ਲੱਗੇ ਹੋਏ ਹਨ; ਬਾਕੀ ਸੰਭਵ ਹੈ ਕਿ ਛਾਪੇ ਦੀ ਉਕਾਈ ਕਾਰਨ ਲੱਗਣੋ ਰਹੇ ਹੋਣ । ਇਸ ਪੱਖ ਵੱਲ ਪੰਥਕ ਪੱਧਰ ’ਤੇ ਧਿਆਨ ਦੇ ਕੇ ਪੁਰਾਤਨ ਪ੍ਰਮਾਣਿਕ ਮੂਲ-ਬੀੜਾਂ ਤੋਂ ਅਗਵਾਈ ਲਏ ਜਾਣ ਦੀ ਲੋੜ ਭਾਸਦੀ ਹੈ।’ (ਪੰਨਾ 45)

ਕੇਂਦਰੀ ਸਿੰਘ ਸਭਾ ਦੇ ਜਨਰਲ ਸਕੱਤਰ ਤੇ ਸਿੰਘ ਸਭਾ ਪਤ੍ਰਕਾ ਦੇ ਸੁਘੜ ਐਡੀਟਰ ਗਿਆਨੀ ਗੁਰਦਿੱਤ ਸਿੰਘ ਜੀ ਹੁਰਾਂ ਨੇ ਵੀ ਦਸੰਬਰ 1978 ਦੀ ਮਾਸਿਕ ਪਤ੍ਰਕਾ ਵਿੱਚ ਉਪਰੋਕਤ ਸੱਚ ਦੀ ਗਵਾਹੀ ਭਰਦਿਆਂ ਪੰਥਕ ਆਗੂਆਂ ਨੂੰ ਇਉਂ ਸਲਾਹ ਦਿੱਤੀ ਸੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਧਿਐਨ ਲਈ ਪਹਿਲੀ ਤੇ ਬੁਨਿਆਦੀ ਗੱਲ ਸ਼ੁਧ ਪਠਨ-ਪਾਠ ਅਤੇ ਪ੍ਰਾਚੀਨ ਹੱਥ-ਲਿਖਤੀ ਬੀੜਾਂ ਦੇ ਆਧਾਰ ਉੱਤੇ ਬਾਣੀ ਦੇ ਠੀਕ ਭਾਵਾਂ ਤੱਕ ਪੁੱਜਣ ਦੀ ਹੈ। ਇਸ ਲਈ ਪਿਛਲੇ ਵੀਹ ਪੰਝੀ ਸਾਲਾਂ ਤੋਂ ਬੀੜਾਂ ਅਤੇ ਪ੍ਰਾਚੀਨ ਪੋਥੀਆਂ ਦੀ ਖੋਜ ਪੜਤਾਲ ਦਾਸ ਨੇ ਕੀਤੀ ਹੈ, ਜਿਸ ਤੋਂ ਬਹੁਤ ਕੁਝ ਉਹ ਪ੍ਰਗਟ ਹੁੰਦਾ ਹੈ, ਜਿਸ ਨੂੰ ਅਸੀਂ ਜਾਣਦੇ ਨਹੀਂ। ਪ੍ਰਗਟ ਹੋਣ ’ਤੇ ਅਜਨਬੀ ਲੱਗੇਗਾ। ਚਾਰ ਪੰਜ ਸਾਲ ਤੋਂ ਛਪੀਆਂ ਅਣਛਪੀਆਂ ਬੀੜਾਂ ਦੇ ਪਾਠ ਭੇਦ, ਸ਼ੁਧ ਅਸ਼ੁਧ ਪਦ-ਜੋੜਾਂ ਬਾਰੇ ਲਗਾਂ ਮਾਤਰਾਂ ਦਾ ਨਿਰਣਯ, ਸਿਦਕਵਾਨ ਭਾਈ ਜੋਗਿੰਦਰ ਸਿੰਘ (ਤਲਵਾੜਾ) ਜੀ ਕੁਝ ਸਾਥੀਆਂ ਸਮੇਤ ਮਿਲ ਕੇ ਕਰ ਰਹੇ ਹਨ। ਗੁਰਬਾਣੀ ਦੇ ਹੋਰ ਵਿਦਵਾਨ ਗੁਰਮੁਖਾਂ ਨਾਲ ਵੀ ਸਮੇਂ ਸਮੇਂ ਵਿਚਾਰਾਂ ਹੁੰਦੀਆਂ ਰਹੀਆਂ ਹਨ। ਮੁੱਢਲਾ ਲਕਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਧ ਪਾਠ ਨਿਰਧਾਰਿਤ ਕੀਤੇ ਜਾਣ ਦਾ ਹੈ, ਜਿਸ ਦੇ ਸੂਖਮ ਉਚਾਰਨਾਂ, ਪਾਠ ਭੇਦਾਂ ਦਾ ਵੱਧ ਤੋਂ ਵੱਧ ਵਿਦਵਾਨਾਂ ਦੇ ਮੇਲ ਨਾਲ ਨਿਰਣਾ ਹੋਵੇ।’

ਸ਼੍ਰੋਮਣੀ ਕਮੇਟੀ ਦੁਆਰਾ ਜਨਵਰੀ 1977 ਵਿੱਚ ਪ੍ਰਕਾਸ਼ਤ ਕੀਤੀ ‘ਪਾਠ-ਭੇਦ ਸੂਚੀ’ ਦੇ ਵਿਦਵਾਨਾਂ ਨੇ ਕਮੇਟੀ ਵੱਲੋਂ ਛਾਪੀਆਂ ਜਿਹੜੀਆਂ ਸੰਥਾ ਸੈਂਚੀਆਂ ਦੇ ਪਾਠ ਨੂੰ ਮੂਲ ਆਧਾਰ ਮੰਨ ਕੇ ਅਤੇ ਪ੍ਰਾਚੀਨ ਹੱਥ ਲਿਖਤੀ ਬੀੜਾਂ ਵਿੱਚੋਂ ਖੋਜ ਕੇ 5000 ਦੇ ਲਗਭਗ ਪਾਠ-ਭੇਦ ਲੱਭੇ ਅਤੇ ਕਮੇਟੀ ਨੂੰ ਸੁਧਾਈ ਲਈ ਦੱਸੇ ਸਨ, ਉਨ੍ਹਾਂ ਸੰਥਾ ਸੈਂਚੀਆਂ ਬਾਬਤ ਇੱਕ ਵਿਸ਼ੇਸ਼ ਨੋਟ ਇੰਞ ਲਿਖਿਆ ਹੈ :

ਨੋਟ : ਸੰਚੀਆਂ ਵਿੱਚ ਸਬਦਾਂਤਿਕ ਲਗਾਂ-ਮਾਤ੍ਰਾਂ ਦਾ ਬਹੁਤ ਘੱਟ ਖਿਆਲ ਰੱਖਿਆ ਗਿਆ ਹੈ। ਹਾਲਾਂ ਕਿ ਗੁਰਬਾਣੀ ਵਿੱਚ ਲਗ-ਮਾਤ੍ਰ (ਸਿਹਾਰੀ ਤੇ ਅਉਂਕੜ ਆਦਿ) ਵੀ ਸਾਰਥਕ ਹਨ, ਤੇ ਇਨ੍ਹਾਂ ਤੋਂ ਬਿਨਾਂ ਅਰਥਾਂ ਵਿੱਚ ਬਹੁਤ ਫਰਕ ਤੇ ਝਮੇਲਾ ਪੈ ਜਾਂਦਾ ਹੈ। ਇਹ ਘਾਟ, ਲਿਖਾਰੀਆਂ ਤੇ ਪ੍ਰਕਾਸ਼ਕਾਂ ਦੇ ਅਰਥ-ਬੋਧ ਅਗਿਆਨ ਦੀ ਸੂਚਕ ਹੈ। ਅਸਾਂ ਇਸ ਘਾਟ ਨੂੰ ਪੂਰਿਆਂ ਕਰਨ ਦਾ ਵਿਤੁ-ਅਨੁਸਾਰ ਜਤਨ ਕੀਤਾ ਹੈ। ਪੁਰਾਤਨ ਲਿਖਤਾਂ ਦੇ ਹਵਾਲੇ ਵੀ ਕਾਫੀ ਦਿੱਤੇ ਹਨ। (ਪਾਠ ਭੇਦ ਸੂਚੀ-ਪੰ. 17)

ਜਿਵੇਂ ਸੰਥਾ ਸੈਂਚੀਆਂ ਦੇ ਛਾਪੇ ਦਾ ਮੂਲ ਪਾਠ ਸੀ  ‘‘ਪੂਰੋ ਪੂਰੋ ਆਖੀਐ; ਪੂਰੈ ਤਖਤਿ ਨਿਵਾਸ ’’ (ਮਹਲਾ /੧੭) ਵਿਦਵਾਨ ਸੱਜਣਾਂ ਦੀ ਦ੍ਰਿਸ਼ਟੀ ਵਿੱਚ ‘ਨਿਵਾਸ’ ਪਾਠ ਅਸ਼ੁਧ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ 57 ਵਾਰ ਇੱਕ ਵਚਨ ਸਧਾਰਨ ਨਾਂਵ ਵਜੋਂ ‘ਨਿਵਾਸੁ’ ਪਦ ਅੰਤ ਔਂਕੜ ਸਹਿਤ ਵਰਤਿਆ ਮਿਲਦਾ ਹੈ। ਉਨ੍ਹਾਂ ਦੀ ਖੋਜ ਮੁਤਾਬਕ 5, 32/6281 ਅਤੇ 40/236 ਨੰਬਰ ਹੱਥ ਲਿਖਤ ਬੀੜਾਂ ‘ਨਿਵਾਸੁ’ ਪਾਠ ਦੀ ਪ੍ਰੋੜਤਾ ਕਰਦੀਆਂ ਹਨ ਕਿਉਂਕਿ ਉਪਰੋਕਤ ਬੀੜਾਂ ਵਿੱਚ ਅੰਤਕ ਔਂਕੜ ਲਿਖਿਆ ਹੈ।

ਛਾਪੇ ਦੀ ਮੌਜੂਦਾ ਬੀੜ ਵਿੱਚ ਜਪੁ-ਜੀ ਅੰਦਰ 5 ਵਾਰ ਕਨੌੜੇ ਦੀ ਵਰਤੋਂ ਮਿਲਦੀ ਹੈ। ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਤ ‘ਪਾਠ-ਭੇਦ ਸੂਚੀ’ ਅਨੁਸਾਰ ਪੁਰਾਤਨ ਹੱਥ ਲਿਖਤੀ ਬੀੜਾਂ ਮੁਤਾਬਕ ਚਉਥੀ ਪਉੜੀ ’ਚ (ਮੁਹੌ), 21ਵੀਂ (ਆਪੌ) ਤੇ 32ਵੀਂ ਪਉੜੀ ’ਚ (ਜੀਭੌ) ਵਿੱਚ ਹੋੜੇ ਤੋਂ ਪਹਿਲਾਂ ਬਿੰਦੀ ਸੀ, ਜੋ ਪੁਰਾਤਨ ਹੱਥ-ਲਿਖਤੀ ਬੀੜਾਂ ਦੀ ਲਿਖਣ ਸ਼ੈਲੀ ਤੋਂ ਨਾਵਾਕਫ਼ ਪ੍ਰਕਾਸ਼ਕਾਂ ਨੇ ਭੁਲੇਖੇ ਨਾਲ ਕਨੌੜਾ ਬਣਾ ਦਿੱਤਾ। ਗੁਰਬਾਣੀ ਵਿਆਕਰਣ ਅਨੁਸਾਰ ‘ਮੁਹੋਂ’ ਲਫ਼ਜ਼ ਅਪਾਦਾਨ ਕਾਰਕ ਨਾਂਵ ਹੈ, ਇਸ ਲਈ ਅੰਤ ਹੋੜਾ ਤੇ ਬਿੰਦੀ ਲੋੜੀਂਦੀ ਹੈ। ਪ੍ਰੋ. ਹਰਜਿੰਦਰ ਸਿੰਘ ਘਰਸਾਣਾ ਵੀ ਇਹੀ ਸ਼ੁਧ ਰੂਪ ਮੰਨਦੇ ਹਨ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਣੈ ਸਟੀਕ’ ਦੀਆਂ ਉਚਾਰਨ ਸੇਧਾਂ ਵਿੱਚ ਸ਼ੁਧ ਉਚਾਰਨ ‘ਮੁਹੋਂ’ ਹੀ ਮੰਨਿਆ ਹੈ। ਇਸੇ ਤਰ੍ਹਾਂ ‘ਪਾਠ ਭੇਦ ਸੂਚੀ’ ਮੁਤਾਬਕ 16ਵੀਂ ਪਉੜੀ ਦੇ ‘ਧੌਲੁ ਧਰਮੁ॥’ ਅਤੇ ‘ਜਾਣੈ ਕੌਣੁ ਕੂਤੁ ॥’ ਤੁਕਾਂਸ਼ਾਂ ਵਿਚਲੇ ‘ਧੌਲੁ’ ਤੇ ‘ਕੌਣੁ’ ਲਫ਼ਜ਼ਾਂ ਨੂੰ ਪੁਰਾਤਨ ਹੱਥ-ਲਿਖਤ ਬੀੜਾਂ ਵਿੱਚ ‘ਧਉਲੁ’ ਤੇ ‘ਕਉਣੁ’ ਲਿਖਿਆ ਮਿਲਦਾ ਹੈ ਕਿਉਂਕਿ ਉਸ ਸਮੇਂ ਕਨੌੜੇ ਦੀ ਵਰਤੋਂ ਬਹੁਤ ਘੱਟ ਹੁੰਦੀ ਸੀ। ਇਹੀ ਗੁਰਮੁਖੀ ਲਿਖਤ ਦੀ ਪੁਰਾਤਨਤਾ ਦਾ ਪ੍ਰਮਾਣ ਹੈ। ਜਪੁ ਜੀ ਤੋਂ ਇਲਾਵਾ ਸਮੱਗਰ ਗੁਰਬਾਣੀ ਵਿੱਚ ‘ਧੌਲ’ ਤੇ ‘ਕੌਣ’ ਲਫ਼ਜ਼ ਨਹੀਂ ਮਿਲਦੇ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰਣੈ ਸਟੀਕ’ ਦੇ ਪੰਨਾ 130 ’ਤੇ ਗਿਆਨੀ ਹਰਬੰਸ ਸਿੰਘ ਪਟਿਆਲਾ ਲਿਖਦੇ ਹਨ ‘ਗੁਰਬਾਣੀ ਵਿੱਚ ਕਉਣ, ਕਉਣੁ, ਕਉਨ, ਕਵਣ, ਕਵਨ, ਕਵਨੁ, ਸਰੂਪਾਂ ਦੀ ਵਰਤੋਂ ਆਮ ਮਿਲਦੀ ਹੈ। ਪੁਰਾਤਨ ਬੀੜਾਂ ਵਿੱਚ ਇਸ ਪੰਕਤੀ ਦਾ ‘ਕਉਣੁ’ ਸਰੂਪ ਉਪਲਬਧ ਹੈ।

ਜਥੇਦਾਰ ਵੇਦਾਂਤੀ ਜੀ ਦੁਆਰਾ ਸੋਧੇ ਅਤੇ ‘ਸਿੱਖ ਬੁੱਕ ਕਲੱਬ ਅਮਰੀਕਾ’ ਦੁਆਰਾ ਆਪਣੀ ਵੈਬਸਾਈਟ ਰਾਹੀਂ ਪੰਥਕ ਵਿਚਾਰ ਹਿੱਤ ਪ੍ਰਕਾਸ਼ਤ ਕੀਤੇ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਪਾਵਨ ਬੀੜ ਦੇ ਖਰੜੇ ਨੂੰ ਦਾਸ (ਜਾਚਕ) ਨੇ ਬਹੁਤ ਗੰਭੀਰਤਾ ਸਹਿਤ ਵਿਚਾਰਿਆ ਹੈ। ਉਸ ਦੇ ਪਾਠ-ਦਰਸ਼ਨ ਉਪਰੰਤ ਦਾਸ ਨੂੰ ਤਾਂ ਵੇਦਾਂਤੀ ਜੀ ਦੇ ਸੋਧੇ ਹੋਏ ਵਧੇਰੇ ਪਾਠਾਂਤਰ ਓਹੀ ਜਾਪੇ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬਾਨ ਦੀ ਅਗਵਾਈ ਵਿੱਚ ਸਥਾਪਿਤ ਕਮੇਟੀਆਂ (ਸੰਨ 1977 ਤੇ 1996) ਦੇ ਖੋਜੀ ਵਿਦਵਾਨਾਂ, ਸਿੰਘ ਸਾਹਿਬਾਨਾਂ, ਟੀਕਾਕਾਰਾਂ, ਸਿੱਖ ਮਿਸ਼ਨਰੀ ਸੰਸਥਾਵਾਂ ਦੇ ਸਤਿਕਾਰਤ ਅਧਿਆਪਕਾਂ ਅਤੇ ਗੁਰਬਾਣੀ ਦੇ ਕਈ ਹੋਰ ਸੂਝਵਾਨ ਤੇ ਰਸੀਏ ਸੱਜਣਾਂ ਨੇ ਗੁਰਬਾਣੀ ਦੀ ਨਿਯਮਾਵਲੀ ਤੇ ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਵਿੱਚ ਸ਼ੁਧ ਮੰਨਿਆ ਹੈ। ਇਸ ਖੋਜ-ਖਰੜੇ ਦੀ ਸੋਧ-ਸੁਧਾਈ ਨੂੰ ਧਿਆਨ ਪੂਰਵਕ ਵਾਚਦਿਆਂ ਸਹਿਜੇ ਹੀ ਸਪਸ਼ਟ ਹੁੰਦਾ ਹੈ ਕਿ ਜਥੇਦਾਰ ਵੇਦਾਂਤੀ ਜੀ ਦੀ ਟੀਮ ਦੁਆਰਾ ਟਕਸਾਲ ਭਿੰਡਰਾਂ ਦੇ ਸਤਿਕਾਰਯੋਗ ਮੁਖੀ ਗਿਆਨੀ ਗੁਰਬਚਨ ਸਿੰਘ ‘ਖ਼ਾਲਸਾ’ ਜੀ ਦੀ ‘ਗੁਰਬਾਣੀ ਪਾਠ ਦਰਸ਼ਨ’ ਨਾਂ ਦੀ ਪੁਸਤਕ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ ਹੈ। ਕਾਰਨ ਹੈ ਕਿ ਉਸ ਪੁਸਤਕ ਵਿੱਚ ਸ੍ਰੀ ਕਰਤਾਰਪੁਰੀ ਤੇ ਦਮਦਮੀ ਬੀੜ ਅੰਦਰਲੇ ਤਕਰੀਬਨ 1500 ਪਾਠਾਂਤ੍ਰਾਂ ਦਾ ਜ਼ਿਕਰ ਹੈ ਭਾਵੇਂ ਕਿ ਉਨ੍ਹਾਂ ’ਚੋਂ ਵਰਣਨ ਸੂਚੀ ਕੇਵਲ 86 ਪਾਠਾਂ ਦੀ ਹੀ ਲਿਖੀ ਗਈ ਹੈ।

ਜਥੇਦਾਰ ਵੇਦਾਂਤੀ ਜੀ ਨੇ ਸੰਨ 1974 ’ਚ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਹੋਏ ‘ਸ੍ਰੀ ਗੁਰੂ ਗ੍ਰੰਥ ਵਿਚਾਰ ਸੰਮੇਲਨ’ ਮੌਕੇ ਪ੍ਰਿੰਸੀਪਲ ਹਰਿਭਜਨ ਸਿੰਘ ਜੀ ਦੇ ਇੱਕ ਪ੍ਰਸ਼ਨ ਦੇ ਉੱਤਰ ਵਿੱਚ ਜਾਣਕਾਰੀ ਦਿੱਤੀ ਸੀ ਕਿ ‘ਗੁਰਬਾਣੀ ਪਾਠ ਦਰਸ਼ਨ’ ਪੁਸਤਕ ਵਾਲੇ ਉਪਰੋਕਤ ਪਾਠਾਂਤ੍ਰ ਦੋਹਾਂ ਬੀੜਾਂ ਦੇ ਮਿਲਾਨ ਤੋਂ ਨਹੀਂ ਸਨ ਉਪਜੇ, ਉਹ ਪਾਠਾਂਤ੍ਰ ਲਗਭਗ ਓਹੀ ਹਨ, ਜਿਹੜੇ ਸ਼੍ਰੋਮਣੀ ਕਮੇਟੀ ਦੁਆਰਾ ਸੰਨ 1952 ਵਿੱਚ ਛਾਪੀ ਬੀੜ ਰਾਹੀਂ ਉਭਰੇ। ਲਗਮਾਤ੍ਰੀ ਪਾਠਾਂਤ੍ਰ 733 ਤਾਂ ਉਹੀ ਬਣਦੇ ਹਨ, ਜੋ ਕਮੇਟੀ ਦੇ ਵਿਦਵਾਨਾਂ ਦੀ ਟੀਮ ਨੇ ਪਾਵਨ ਬੀੜ ਦੀ ਛਪਾਈ ਮੌਕੇ ਸੋਧੇ।  ਕੁੱਲ ਮੰਗਲਾਚਰਨ ਸਨ 567, ਜਿਨ੍ਹਾਂ ਚੋਂ 74 ਮੰਗਲ ਪਹਿਲਾਂ ਹੀ ਸਿਰਲੇਖਾਂ ਤੋਂ ਪਹਿਲੇ (ਭਾਵ ਆਦਿ ਵਿੱਚ) ਆਪਣੀ ਸਹੀ ਥਾਂ ਛਪ ਰਹੇ ਸਨ। ਬਾਕੀ ਦੇ 493 ਮੰਗਲ ਸਨ, ਜਿਹੜੇ ਸ਼੍ਰੋਮਣੀ ਕਮੇਟੀ ਦੀ ਵਿਦਵਾਨ ਮੰਡਲੀ ਨੇ ਹਰੇਕ ਥਾਂ ਸ਼ਬਦਾਂ ਦੇ ਸਿਰਲੇਖਾਂ ਤੋਂ ਪਹਿਲਾਂ (ਆਦਿ ਵਿੱਚ) ਕਰਕੇ ਛਾਪੇ । ਗੁਰਬਾਣੀ ਉਚਾਰਨ ਨਾਲ ਸੰਬੰਧਿਤ 250 ਦੇ ਲਗਭਗ ਉਹ ਪਦ-ਛੇਦਕ ਪਾਠਾਂਤ੍ਰ ਹਨ, ਜਿਨ੍ਹਾਂ ਦਾ ਵੇਰਵਾ ‘ਗੁਰਬਾਣੀ ਪਾਠ ਦਰਸ਼ਨ’ ਵਿੱਚੋਂ ਹੁਣ ਵੀ ਪੜ੍ਹਿਆ ਜਾ ਸਕਦਾ ਹੈ। ਇਸ ਪ੍ਰਕਾਰ ਅਜਿਹੇ ਪਾਠ-ਭੇਦਾਂ ਦੀ ਕੁੱਲ ਗਿਣਤੀ ਤਾਂ ਭਾਵੇਂ 1476 ਬਣਦੀ ਹੈ, ਪਰ ਕੁਝ ਵਾਧਾ-ਘਾਟਾ ਹੋਣ ਦੀ ਸੰਭਾਵਨਾ ਕਰਕੇ ਖ਼ਾਲਸਾ ਜੀ ਨੇ ‘ਗੁਰਬਾਣੀ ਪਾਠ ਦਰਸ਼ਨ’ ਵਿੱਚ ਤਕਰੀਬਨ 1500 ਲਿਖਵਾ ਦਿੱਤੇ।

ਇਸ ਮੌਕੇ ਕਿਸੇ ਹਾਜ਼ਰੀਨ ਸ੍ਰੋਤੇ ਦੇ ਮੂੰਹੋਂ ਸੁਭਾਵਕ ਸੁਆਲ ਖੜ੍ਹਾ ਹੋਇਆ ਕਿ ਪਾਠ-ਭੇਦਾਂ ਸੰਬੰਧੀ ਬਾਬਾ ਜੀ ਦਾ ਅਜਿਹਾ ਵਰਣਨ,  ਕੀ ਸ਼੍ਰੋਮਣੀ ਕਮੇਟੀ ਦੁਆਰਾ ਛਾਪੀ ਬੀੜ ਸੰਬੰਧੀ ਕੇਵਲ ਦੁਬਿਧਾ ਪੈਦਾ ਕਰਨ ਦਾ ਹੀ ਇੱਕ ਯਤਨ ਸੀ  ? ਗਿ. ਵੇਦਾਂਤੀ ਜੀ ਦਾ ਉੱਤਰ ਸੀ ‘ਇਸ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ, ਪਰ ਹੁਣ ਮਹਿਸੂਸ ਜ਼ਰੂਰ ਹੁੰਦਾ ਹੈ ਕਿ ਜੇ ਸੰਨ 1952 ਵਿੱਚ ਸ਼੍ਰੋਮਣੀ ਕਮੇਟੀ ਦੀ ਛਾਪੀ ਬੀੜ ਨੂੰ ਪੰਥਕ ਪੱਧਰ ’ਤੇ ਪ੍ਰਵਾਨ ਕਰ ਲਿਆ ਜਾਂਦਾ ਤਾਂ ਹੋ ਸਕਦਾ ਹੈ ਕਿ ਪਾਠ-ਭੇਦਾਂ ਦਾ ਹੁਣ ਵਾਲਾ ਖਿਲਾਰਾ ਨਾ ਹੀ ਪੈਂਦਾ।’

ਭਾਈ ਸਾਹਿਬ ਭਾਈ ਬਿਧੀਚੰਦ ਵਾਲੀ ‘ਸੁਰਸਿੰਘੀ ਬੀੜ’ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਅੰਦਰਲੇ ਕੁਝ ਸ਼ਬਦਾਂ ਦੇ ਸਿਰਲੇਖ ‘ਗਉੜੀ ਮਾਲਵਾ’ ਦੇ ਵੀ ਹਨ; ਜਿਵੇਂ ਛਾਪੇ ਦੀ ਮੌਜੂਦਾ ਬੀੜ ਦੇ ਪੰਨਾ 338 ਉਪਰਲੇ 68ਵੇਂ ਸ਼ਬਦ ‘ਗਉੜੀ ੧੨ ॥ ਮਨ ਰੇ ਛਾਡਹੁ ਭਰਮ॥’ ਦੇ ਸਿਰਲੇਖ ਦੀ ਥਾਂ ‘ਸੁਰਸਿੰਘੀ ਬੀੜ’ ਵਿੱਚ ਪਤਿ (ਪਤਰਾ) ਨੰ. 296 ਦੇ 68ਵੇਂ ਸ਼ਬਦ ਦਾ ਸਿਰਲੇਖ ਹੈ ‘ਗਉੜੀ ਮਾਲਵਾ ॥ ਮਨਰੇਛਾਡਹੁਭਰਮ॥’  ਜਦ ਕਿ ਛਾਪੇ ਦੀ ਮੌਜੂਦਾ ਬੀੜ ਵਿੱਚ ਭਗਤ ਬਾਣੀ ਅੰਦਰ ਐਸਾ ਕੋਈ ਸਿਰਲੇਖ ਹੀ ਨਹੀਂ ਹੈ। ਜਾਪਦਾ ਹੈ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਐਸੇ ਸਿਰਲੇਖਾਂ ਬਾਰੇ ਦੁਬਿਧਾ ਵਿੱਚ ਰਹੀ । ਦਾਸ (ਜਾਚਕ) ਦਾ ਖ਼ਿਆਲ ਹੈ ਕਿ ਜੇ ਗੁਰਮਤੇ ਦੀ ਪੰਥਕ ਜੁਗਤਿ ਅਨੁਸਾਰ ‘ਗਉੜੀ ਪੂਰਬੀ ਕਬੀਰ ਜੀ’ ਵਾਂਗ ‘ਗਉੜੀ ਮਾਲਵਾ ਕਬੀਰ ਜੀ’ ਸਿਰਲੇਖ ਹੇਠ ਇੱਕ ਵੱਖਰਾ ਸੰਗ੍ਰਹਿ ਬਣ ਜਾਵੇ ਤਾਂ ਗਉੜੀ ਦੇ ਸਾਰੇ ਸਿਰਲੇਖਾਂ ਦਾ ਮਸਲਾ ਹੀ ਹੱਲ ਹੋ ਸਕਦਾ ਹੈ। ਇਸ ਲਈ ਜਥੇਦਾਰ ਵੇਦਾਂਤੀ ਜੀ ਦੁਆਰਾ ਸੋਧੀ ਹੋਈ ਪਾਵਨ ਬੀੜ ਦੇ ਖਰੜੇ ਵਿਖੇ ‘ਗਉੜੀ ਪੂਰਬੀ ਕਬੀਰ ਜੀ’ ਦੇ ਸੰਗ੍ਰਹਿ ਨੂੰ ਛੱਡ ਕੇ ਬਾਕੀ ਦੇ ਸਾਰੇ ਮੰਗਲਾਂ, ਸਿਰਲੇਖਾਂ, ਸ਼ਬਦਾਂ ਦੀ ਤਰਤੀਬ ਅਤੇ ਜੋੜ-ਅੰਕਾਂ ਆਦਿਕ ਦੀ ਇਕਸਾਰਤਾ ਸਥਾਪਤੀ ਪੱਖੋਂ ਤਾਂ ਕੋਈ ਸੁਆਲ ਹੀ ਨਹੀਂ ਖੜ੍ਹਾ ਹੁੰਦਾ। ਬ-ਕਮਾਲ ਪੇਸ਼ਕਾਰੀ ਹੈ। ਕਾਰਨ ਹੈ ਕਿ ਉਨ੍ਹਾਂ ਦੀ ਟੀਮ ਦੇ ਸਾਰੇ ਮੈਂਬਰ ਇਹ ਮੰਨ ਕੇ ਚੱਲਦੇ ਸਨ ਕਿ ਗੁਰਬਾਣੀ ਵਿੱਚ ਆਏ ਗੁਰਮਤਿ ਸਿਧਾਂਤਾਂ, ਲਗ-ਮਾਤ੍ਰੀ ਨਿਯਮਾਵਲੀ ਅਤੇ ਅੰਕ-ਨਿਯਮਾਵਲੀ ਸੰਬੰਧੀ ਗੁਰੂ ਸਾਹਿਬਾਨ ਦੀ ਆਪਸੀ ਸਮਾਨਤਾ ਹੈ, ਪਰ ਵਿਆਕਰਣਿਕ ਦ੍ਰਿਸ਼ਟੀ ਤੋਂ ਅਜੇ ਵੀ ਪਾਠਾਂਤਰਾਂ ਦੀ ਲਿਖਤੀ ਤੇ ਉਚਾਰਨਕ ਸੁਧਾਈ ਤੇ ਸ਼ੁਧਤਾ ਦੀਆਂ ਬਹੁਤ ਸੰਭਾਵਨਾਵਾਂ ਹਨ। ਕਾਰਨ ਹੈ ਕਿ ਕੰਪਿਊਟਰੀ ਖੋਜ ਦੀ ਸਹੂਲਤ ਸਦਕਾ ਗੁਰਬਾਣੀ ਦੀ ਵਿਆਕਰਣ ਦਾ ਦਿਨ-ਬ-ਦਿਨ ਵਿਕਾਸ ਹੋ ਰਿਹਾ ਹੈ।

ਜਿਵੇਂ ਛਾਪੇ ਦੀ ਪ੍ਰਚਲਿਤ ਬੀੜ ਵਿਖੇ ਜਪੁ ਜੀ ਦੀ 20ਵੀਂ ਪਉੜੀ ਦੀਆਂ ਪਾਵਨ ਤੁਕਾਂ ਹਨ ‘‘ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥’’ ਸ਼੍ਰੋਮਣੀ ਕਮੇਟੀ ਵੱਲੋਂ ਸਥਾਪਿਤ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ ਦੇ ਪ੍ਰਮੁਖ ਮੈਂਬਰ ਅਤੇ ਪ੍ਰਸਿੱਧ ਟੀਕਾਕਾਰ ਗਿ. ਹਰਿਬੰਸ ਸਿੰਘ ਜੀ ਪਟਿਆਲੇ ਵਾਲੇ ‘ਸ੍ਰੀ ਗਰੁੂ ਗ੍ਰੰਥ ਸਾਹਿਬ ਦਰਸ਼ਨ ਨਿਰਣੈ ਸਟੀਕ’ ਵਿਖੇ ‘ਅਰਥ ਭੇਦ ਅਤੇ ਨਿਰਣੈ’ ਦੇ ਸਿਰਲੇਖ ਹੇਠ ‘‘ਪਾਣੀ ਧੋਤੈ ਉਤਰਸੁ ਖੇਹ ॥’’ ਤੁਕ ਬਾਰੇ (ਸਟੀਕ ਪੰ. 140) ਇੱਕ ਵਿਸ਼ੇਸ਼ ਨੋਟ ਇੰਞ ਲਿਖਿਆ ਹੈ :

‘ਭਿੰਡਰਾਂ ਵਾਲੀ ਟਕਸਾਲ ਅਤੇ ਹੋਰ ਸੰਪ੍ਰਦਾਵਾਂ ਦੇ ਵਿਦਿਆਰਥੀ ਉਤਰਸੁ ਪਦ ਨੂੰ ‘ਉਤਰ ਸੁ’ ਪਾਠ ਪਦ-ਛੇਦ ਕਰਦੇ ਹਨ, ਜੋ ਕਿ ਅਸ਼ੁਧ ਹੈ। ਨਿਰਣੈ ਗੁਰਬਾਣੀ ਦੀ ਸ਼ਬਦਾਵਲੀ ਮੁਤਾਬਕ ਇਹ ਜੁੜਤ ਪਦ ਹੈ। ਪੁਰਾਤਨ ਹਥ ਲਿਖਤੀ ਬੀੜਾਂ ਵਿੱਚ ਇਸ ਪਦ ਦਾ ਰੂਪ ਉਤਰਸਿ ਮਿਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕੇਵਲ ‘ਜਪੁ’ ਬਾਣੀ ਵਿਚ ਹੀ ‘ਉਤਰਸੁ’ ਸੱਸਾ ਔਂਕੜ ਸਹਿਤ ਅੰਕਿਤ ਹੈ। ਕਈ ਪੰਕਤੀਆਂ ਵਿੱਚ ਇਹ ਪਦ ਸੱਸੇ ਦੀ ਸਿਹਾਰੀ ਵਾਲੇ ਸਰੂਪ ਨਾਲ ‘ਉਤਰਸਿ’ ਹੀ ਅੰਕਿਤ ਹੈ। ਗੁਰਬਾਣੀ ਵਿਆਕਰਣ ਦੇ ਨੇਮਾਂ ਅਨੁਸਾਰ ਇਹ ਕਿਰਿਆ ਵਾਚਕ ਪਦ ਸਿਹਾਰੀ ਸਹਿਤ ਹੀ ਠੀਕ ਹੈ। ਲਿਖਾਰੀਆਂ ਪਾਸੋਂ ਉਤਾਰਾ ਕਰਨ ਵੇਲੇ ਕਈ ਥਾਂਵਾਂ ’ਤੇ ਲਗਮਾਤਰੀ ਉਕਾਈਆਂ ਰਹਿ ਗਈਆਂ ਹਨ, ਜੋ ਛਾਪੇ ਵਾਲੇ ਸਰੂਪਾਂ ਵਿੱਚ ਵੀ ਉਸੇ ਤਰ੍ਹਾਂ ਪ੍ਰਚਲਿਤ ਹੋ ਗਈਆਂ ਹਨ। ਇਹ ਪਦ ਸੱਸੇ ਸਿਹਾਰੀ ਸਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 199, 229, 326, 791, 838, 864, 901, 903 ਅਤੇ 972 ’ਤੇ ਵੇਖਿਆ ਜਾ ਸਕਦਾ ਹੈ। ਇਸ ਪਦ ਦੇ ਅਰਥ ਦੇ ਸੁਮੇਲ ਨੂੰ ਮੁੱਖ ਰੱਖੀਏ ਤਾਂ ਹੇਠ ਲਿਖੀਆਂ ਪੰਕਤੀਆਂ ਤੋਂ ਵੀ ਭਲੀ ਪ੍ਰਕਾਰ ਪ੍ਰੋੜ੍ਹਤਾ ਹੋ ਜਾਂਦੀ ਹੈ :

  1. ਗੁਨ ਗਾਵਤ ਤੇਰੀ ਉਤਰਸਿ ਮੈਲੁ ॥ (ਸੁਖਮਨੀ/ਮਹਲਾ ੫/੨੮੯)
  2. ਤੀਰਥ ਨਾਇ ਨ ਉਤਰਸਿ ਮੈਲੁ ॥ (ਮਹਲਾ ੫/੮੯੦)
  3. ਇੰਦ੍ਰੀ ਕੀ ਜੂਠਿ ਉਤਰਸਿ ਨਾਹੀ; ਬ੍ਰਹਮ ਅਗਨਿ ਕੇ ਲੂਠੇ ॥ (ਭਗਤ ਕਬੀਰ/੧੧੯੫)

ਪੁਰਾਤਨ ਹੱਥ ਲਿਖਤਾਂ ਦੇ ਅਭਿਆਸੀ ਅਤੇ ਗੁਰਬਾਣੀ ਵਿਆਕਰਣ ਦੇ ਪ੍ਰਮਾਣਿਕ ਵਿਦਵਾਨ ਗਿ. ਭਰਪੂਰ ਸਿੰਘ ਜੀ, ਜੋ ਸੰਨ 1996 ਵਿੱਚ ਸਥਾਪਿਤ ਹੋਈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਟੀਮ’ ਦੇ ਵਿਸ਼ੇਸ਼ ਸਹਾਇਕ ਸਨ, ਉਹ ਵੀ ਗਿ. ਹਰਿਬੰਸ ਸਿੰਘ ਪਟਿਆਲਾ ਵਾਲਿਆਂ ਨਾਲ ਪੂਰੀ ਤਰ੍ਹਾਂ ਸਹਿਮਤ ਹਨ। ਉਨ੍ਹਾਂ ਮੁਤਾਬਕ ਪ੍ਰਿੰਸੀਪਲ ਪ੍ਰਕਾਸ਼ ਸਿੰਘ, ਪ੍ਰਿੰਸੀਪਲ ਬਿਕਰਮ ਸਿੰਘ ਵੀ ਇਸੇ ਪਾਠ ਨੂੰ ਸ਼ੁਧ ਮੰਨਦੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਸਾਨੂੰ ਪ੍ਰਾਚੀਨ ਬੀੜਾਂ ਵਿੱਚ ਪਾਠ ਦਾ ਸ਼ੁਧ ਰੂਪ ‘ਉਤਰਸਿ’ ਮਿਲਦਾ ਹੈ ਤਾਂ ਅਰਥਾਂ ਦੀ ਖਿੱਚ-ਧੂ ਕਰਕੇ ਹੋਰ ਪਾਸੇ ਭਟਕਣ ਦੀ ਲੋੜ ਨਹੀਂ। ਸ਼੍ਰੋਮਣੀ ਕਮੇਟੀ ਦੁਆਰਾ ਪ੍ਰਕਾਸ਼ਤ ‘ਪਾਠ ਭੇਦ ਸੂਚੀ’ ਮੁਤਾਬਕ ਬੀੜ ਨੰ. 38/173, 40/236, 54 ਵਿੱਚ ਪਾਠ ‘ਉਤਰਸਿ’ ਹੈ ਜਦ ਕਿ ਬੀੜ ਨੰ. 48 ਵਿੱਚ ਪਾਠ ‘ਉਤਰਸ’ ਹੈ ਭਾਵ ‘ਸ’ ਔਂਕੜ ਰਹਿਤ ਹੈ। ਇਸ ਦਾ ਭਾਵ ਹੈ ਕਿ ਤਿੰਨ ਬੀੜਾਂ ਸਪਸ਼ਟ ਤੌਰ ’ਤੇ ‘ਉਤਰਸਿ’ ਪਾਠ ਦੀ ਹੀ ਪ੍ਰੋੜ੍ਹਤਾ ਕਰਦੀਆਂ ਹਨ ।

ਗੁਰਬਾਣੀ ਦੀ ਲਿਖਤ ਸ਼ੈਲੀ ਦੇ ਖੋਜੀ, ਮਾਸਕ ਪੱਤਰ ‘ਮਿਸ਼ਨਰੀ ਸੇਧਾਂ’ ਦੇ ਸੰਪਾਦਕ ਅਤੇ gurparsad.com ਵੈਬਸਾਈਟ ਦੇ ਸੰਚਾਲਕ ਵਿਦਵਾਨ ਗਿ. ਅਵਤਾਰ ਸਿੰਘ ਜਲੰਧਰ ਵਾਲੇ ਵੀ ‘ਉਤਰਸਿ’ ਪਾਠ ਨੂੰ ਹੀ ਸ਼ੁਧ ਮੰਨ ਕੇ ਚੱਲਦੇ ਹਨ ਕਿਉਂਕਿ ਵੈਬਸਾਈਟ ਦੀ ‘ਗੁਰਬਾਣੀ ਲਿਖਤ ਵੀਚਾਰ’ ਦੇ ਸਿਰਲੇਖ ਹੇਠ ਉਹ ਲਿਖਦੇ ਹਨ :

‘‘ਪਾਣੀ ਧੋਤੈ; ਉਤਰਸੁ ਖੇਹ॥’’ ਇਸ ਪੰਕਤੀ ’ਚ ਦਰਜ ‘ਉਤਰਸੁ’ (ਅੰਤ ਔਂਕੜ) ਸ਼ਬਦ ਕੇਵਲ ਇੱਥੇ ਹੀ ਦਰਜ ਹੈ ਜਦਕਿ ਇਸ ਦਾ ਦੂਸਰਾ ਸਰੂਪ ‘ਉਤਰਸਿ’ (ਅੰਤ ਸਿਹਾਰੀ) ਗੁਰਬਾਣੀ ਵਿੱਚ 16 ਵਾਰ ਦਰਜ ਹੈ; ਜਿਵੇਂ ਕਿ

ਵਿਣੁ ਕਰਮਾ; ਕੈਸੇ ‘ਉਤਰਸਿ’ ਪਾਰੇ  ? ॥ (ਮਹਲਾ ੧/ ੯੦੩)

ਤੀਰਥ ਨਾਇ; ਨ ‘ਉਤਰਸਿ’ ਮੈਲੁ ॥ (ਮਹਲਾ ੫/ ੮੯੦)

ਓਛੀ ਭਗਤਿ; ਕੈਸੇ ‘ਉਤਰਸਿ’ ਪਾਰੀ  ? ॥ (ਭਗਤ ਕਬੀਰ/ ੩੨੬)

ਨੋਟ : ਪੁਰਾਤਨ ਹੱਥ ਲਿਖਤ ਸਰੂਪਾਂ ਵਿੱਚ ਸੰਬੰਧਿਤ ਪੰਕਤੀ ਵਿੱਚ ਵੀ ‘ਉਤਰਸਿ’ (ਅੰਤ ਸਿਹਾਰੀ) ਸਰੂਪ ਮਿਲਦਾ ਹੈ, ਜੋ ਕਿ ਸਹੀ ਜਾਪਦਾ ਹੈ।

ਗਿਆਨੀ ਜੀ ਮੁਤਾਬਕ ਜਪੁ ਜੀ ਦੀਆਂ ਉਪਰੋਕਤ ਤੁਕਾਂ ਦਾ ਅਰਥ ਹੈ : (ਜਿਵੇਂ) ਹੱਥ, ਪੈਰ, ਸਰੀਰ, ਕਾਇਆਂ, ਆਦਿ ਮਿੱਟੀ ਨਾਲ਼ ਗੰਦੇ ਹੋ ਜਾਣ ਤਾਂ ਪਾਣੀ ਦੁਆਰਾ ਸਾਫ਼ ਕਰਨ ਨਾਲ਼ ਮਿੱਟੀ ਲਹਿ (ਖੇਹ ਉਤਰ) ਜਾਂਦੀ ਹੈ।

———-ਚੱਲਦਾ——-

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 2)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ -3)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 4)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 5)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 6)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 7)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਧ ਛਪਾਈ ਬਾਰੇ (ਭਾਗ 8)

ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਸਾਵਣ ਮਹੀਨਾ

0

ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਸਾਵਣ ਮਹੀਨਾ

ਕਿਰਪਾਲ ਸਿੰਘ ਬਠਿੰਡਾ

ਪਿਛਲੇ ਲੇਖਾਂ ਵਿੱਚ ਚੇਤ ਵੈਸਾਖ; ਦੋ ਮਹੀਨੇ ਬਸੰਤ ਰੁੱਤ ਅਤੇ ਜੇਠ ਹਾੜ; ਦੋ ਮਹੀਨੇ ਗਰਮੀ ਦੀ ਰੁੱਤ ਦਾ ਵਿਸਥਾਰ ਸਹਿਤ ਵਿਚਾਰ ਕੀਤੀ ਗਈ ਸੀ। ਹਾੜ ਮਹੀਨੇ ਦੀ ਵਿਆਖਿਆ ਕਰਦੇ ਸਮੇਂ ਅਸੀਂ ਇਹ ਵੀ ਭਲੀਭਾਂਤ ਸਮਝ ਚੁੱਕੇ ਹਾਂ ਕਿ ਜਦੋਂ ਹਾੜ ਦਾ ਮਹੀਨਾ ਭਰ-ਜੁਆਨੀ ਭਾਵ ਆਪਣੀ ਪੂਰੀ ਤਪਸ਼ ਦਾ ਜਲਵਾ ਵਿਖਾ ਰਿਹਾ ਹੁੰਦਾ ਹੈ ਤਾਂ ਸੂਰਜ ਦਾ ਰੱਥ ਫਿਰਦਾ ਹੈ, ਜਿਸ ਨਾਲ ਖਗੋਲ ਵਿਗਿਆਨ ਦੇ ਨਿਯਮਾਂ ਅਨੁਸਾਰ ਪੰਜਾਬ ’ਚ ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ, ਜੋ ਬੜੀ ਸੁਹਾਵਣੀ ਹੁੰਦੀ ਹੈ। ਜੀਵ-ਜੰਤ ਸਮੇਤ ਧਰਤੀ ਦੀ ਸਾਰੀ ਬਨਸਪਤੀ  ਗਰਮੀ ਤੋਂ ਛੁਟਕਾਰਾ ਪਾ ਕੇ ਅਨੰਦ ਮਾਣਦੀ ਹੈ। ਰੁੱਤਾਂ ਦੀ ਵੰਡ ਅਨੁਸਾਰ ਸਾਵਣ ਅਤੇ ਭਾਦੋਂ ਦੋ ਮਹੀਨੇ ਵਰਖਾ ਰੁੱਤ ਦੇ ਹੁੰਦੇ ਹਨ। ਬਿਕ੍ਰਮੀ ਸੰਮਤ ’ਚ ਸਾਵਣ; ਚੌਥਾ ਮਹੀਨਾ ਤੇ ਨਾਨਕਸ਼ਾਹੀ ਸੰਮਤ ’ਚ ਪੰਜਵਾਂ ਮਹੀਨਾ ਹੁੰਦਾ ਹੈ। ਨਾਨਕਸ਼ਾਹੀ ਕੈਲੰਡਰ ’ਚ ਮਹੀਨੇ ਦਾ ਅਰੰਭ; ਹਰ ਸਾਲ ੧ ਸਾਵਣ 16 ਜੁਲਾਈ ਨੂੰ ਹੁੰਦਾ ਹੈ ਤੇ ਹੁੰਦਾ ਰਹੇਗਾ ਜਦੋਂ ਕਿ ਬਿਕ੍ਰਮੀ ਕੈਲੰਡਰ ਅਨੁਸਾਰ ਸੰਗਰਾਂਦ ਅੱਜ ਕੱਲ੍ਹ ਤਾਂ ਹਰ ਸਾਲ 16 ਜੁਲਾਈ ਨੂੰ ਹੁੰਦੀ ਹੈ, ਪਰ 4 ਸਾਲ ਪਿੱਛੋਂ 2027 ’ਚ 17 ਜੁਲਾਈ ਨੂੰ ਹੋਵੇਗੀ ਅਤੇ ਉਸ ਤੋਂ ਬਾਅਦ 3 ਸਾਲ 16 ਜੁਲਾਈ ਅਤੇ ਫਿਰ ਹਰ ਚੌਥੇ ਸਾਲ 17 ਜੁਲਾਈ ਨੂੰ ਹੋਇਆ ਕਰੇਗੀ।  43 ਸਾਲਾਂ ਬਾਅਦ ਭਾਵ 2066 ਤੋਂ ਪਿੱਛੋਂ ਦੋ ਸਾਲ 16 ਜੁਲਾਈ ਅਤੇ ਦੋ ਸਾਲ 17 ਜੁਲਾਈ ਕੁਝ ਹੋਰ ਸਮੇਂ ਪਿੱਛੋਂ 3 ਸਾਲ 17 ਜੁਲਾਈ ਅਤੇ ਇੱਕ ਸਾਲ 16 ਜੁਲਾਈ ਨੂੰ ਆਇਆ ਕਰੇਗੀ। ਅਗਾਂਹ ਹਰ ਸਾਲ 17 ਜੁਲਾਈ ਨੂੰ ਆਇਆ ਕਰੇਗੀ। ਇਸ ਤਰ੍ਹਾਂ ਹੌਲ਼ੀ ਹੌਲ਼ੀ ਸਮਾਂ ਪਾ ਕੇ ਜੁਲਾਈ ਦੀ ਬਜਾਏ ਅਗਸਤ ਮਹੀਨੇ ਅਤੇ ਫਿਰ ਕਦੀ ਸਤੰਬਰ ਮਹੀਨੇ ’ਚ ਪਹੁੰਚ ਜਾਵੇਗੀ।

ਗ੍ਰੈਗੋਰੀਅਨ ਕੈਲੰਡਰ ਰੁੱਤੀ ਸਾਲ ਹੋਣ ਕਰਕੇ ਵਰਖਾ ਰੁੱਤ ਹਰ ਸਾਲ 20-21 ਜੂਨ ਤੋਂ ਹੀ ਸ਼ੁਰੂ ਹੋਇਆ ਕਰੇਗੀ, ਪਰ ਇਸ ਹਿਸਾਬ ਮੁਤਾਬਕ ਇੱਕ ਦਿਨ ਐਸਾ ਵੀ ਆਵੇਗਾ ਜਦੋਂ ਬਿਕ੍ਰਮੀ ਸੰਮਤ ’ਚ ਇਹੀ ਵਰਖਾ ਰੁੱਤ ਸਾਵਣ ਭਾਦੋਂ ਦੀ ਬਜਾਏ ਪਹਿਲਾਂ ਜੇਠ ਹਾੜ ਮਹੀਨੇ ’ਚ ਹੀ ਆ ਜਾਇਆ ਕਰੇਗੀ। ਸਪਸ਼ਟ ਹੈ ਕਿ ਉਸ ਸਮੇਂ ਬਿਕ੍ਰਮੀ ਕੈਲੰਡਰ ਦੀਆਂ ਰੁੱਤਾਂ ਦਾ ਸੰਬੰਧ ਗੁਰਬਾਣੀ ਵਿੱਚ ਦਰਜ ਰੁੱਤਾਂ ਨਾਲੋਂ ਪੂਰੀ ਤਰ੍ਹਾਂ ਟੁੱਟ ਜਾਵੇਗਾ, ਇਸ ਲਈ ਸਾਨੂੰ ਜਲਦੀ ਤੋਂ ਜਲਦੀ ਰੁੱਤੀ (Tropical) ਨਾਨਕਸ਼ਾਹੀ ਕੈਲੰਡਰ ਅਪਣਾਅ ਲੈਣਾ ਚਾਹੀਦਾ ਹੈ ਤਾਂ ਜੋ ਸਿੱਖ ਇਤਿਹਾਸ ’ਚ ਦਰਜ ਹੋਣ ਵਾਲ਼ੀਆਂ ਤਾਰੀਖ਼ਾਂ ਅਤੇ ਗੁਰਬਾਣੀ ’ਚ ਦਰਜ ਰੁੱਤਾਂ; ਇੱਕ ਸਮਾਨ ਰਹਿਣ।

ਹੁਣ ਪਹਿਲਾਂ ਸਾਲ ਦੀ ਤੀਜੀ ਰੁੱਤ (ਵਰਖਾ ਰੁੱਤ) ਨਾਲ਼ ਸੰਬੰਧਿਤ ‘‘ਰਾਮਕਲੀ ਮਹਲਾ ੫ ਰੁਤੀ ਸਲੋਕ’’ ਸਿਰਲੇਖ ਹੇਠ ਬਾਣੀ ਦੇ ਛੰਦ ਨੰਬਰ 4 ਦੀ ਤਰਤੀਬਵਾਰ ਵਿਚਾਰ ਕਰਦੇ ਹਾਂ। ਭਾਦੋਂ ਦੇ ਮਹੀਨੇ ਦੀ ਵਿਚਾਰ ਅਗਲੇ ਅੰਕ ’ਚ ਕੀਤੀ ਜਾਵੇਗੀ। ਸਾਵਣ ਮਹੀਨੇ ਨਾਲ਼ ਸੰਬੰਧਿਤ ਦੋਵੇਂ ਬਾਰਹਮਾਹਾ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਝ ਹੋਰ ਸ਼ਬਦ ਵੀ ਹਨ। ਇਨ੍ਹਾਂ ਸਾਰਿਆਂ ਵਿੱਚ ਇੱਕੋ ਗੱਲ ਸਮਝਾਈ ਗਈ ਹੈ ਕਿ ਸਾਵਣ ਮਹੀਨੇ ਦੇ ਮੌਸਮ ਦਾ ਪ੍ਰਭਾਵ ਜ਼ਿੰਦਗੀ ਉੱਤੇ ਜਿਸ ਤਰ੍ਹਾਂ ਪੈਂਦਾ ਹੈ; ਵੈਸੇ ਹੀ ਮਨ ’ਤੇ ਚੰਗਾ ਮੰਦਾ ਪ੍ਰਭਾਵ ਨਾਲ਼ ਅਵਸਥਾ ਹੁੰਦੀ ਹੈ; ਜਿਵੇਂ ਕਿ ਸ਼ਬਦ ਹਨ :

ਰੁਤਿ ਬਰਸੁ ਸੁਹੇਲੀਆ; ਸਾਵਣ ਭਾਦਵੇ ਆਨੰਦ ਜੀਉ ਅਰਥ : (ਹੇ ਸਹੇਲੀਏ ! ਜਿਵੇਂ) ਵਰਖਾ-ਰੁੱਤ ਬੜੀ ਸੁਖਦਾਈ ਹੁੰਦੀ ਹੈ, ਸਾਵਣ ਭਾਦਰੋਂ ਦੇ ਮਹੀਨਿਆਂ ’ਚ (ਵਰਖਾ ਦੇ ਕਾਰਨ) ਬੜਾ ਅਨੰਦ ਬਣਿਆ ਰਹਿੰਦਾ ਹੈ।  

ਘਣ ਉਨਵਿ ਵੁਠੇ; ਜਲ ਥਲ ਪੂਰਿਆ ਮਕਰੰਦ ਜੀਉ   ਅਰਥ : ਬੱਦਲ ਝੁਕ ਝੁਕ ਕੇ ਵਰ੍ਹਦੇ ਹਨ। ਤਲਾਬਾਂ-ਛੱਪੜਾਂ ’ਚ, ਧਰਤੀ ਦੇ ਟੋਇਆਂ ’ਚ ਭਾਵ ਹਰ ਥਾਂ ਸੁਗੰਧੀ-ਭਰਿਆ ਪਾਣੀ ਹੀ ਪਾਣੀ ਭਰਿਆ ਹੁੰਦਾ ਹੈ।

ਪ੍ਰਭੁ ਪੂਰਿ ਰਹਿਆ ਸਰਬ ਠਾਈ; ਹਰਿ ਨਾਮ ਨਵ ਨਿਧਿ ਗ੍ਰਿਹ ਭਰੇ ਅਰਥ : ਓਵੇਂ ਹੀ ਜਿਨ੍ਹਾਂ ਦੇ ਹਿਰਦੇ-ਘਰ ਪਰਮਾਤਮਾ ਦੇ ਨਾਮ ਦੇ ਨੌ ਖ਼ਜ਼ਾਨਿਆਂ ਨਾਲ ਨਕੋ-ਨੱਕ ਭਰ ਜਾਣ, ਉਨ੍ਹਾਂ ਨੂੰ ਪਰਮਾਤਮਾ ਸਭਨੀਂ ਥਾਈਂ ਵਿਆਪਕ ਜਾਪਦਾ ਹੈ।

ਸਿਮਰਿ ਸੁਆਮੀ ਅੰਤਰਜਾਮੀ; ਕੁਲ ਸਮੂਹਾ ਸਭਿ ਤਰੇ ਅਰਥ : ਸਭਨਾਂ ਦੇ ਦਿਲ ਦੀ ਜਾਣਨ ਵਾਲੇ ਮਾਲਕ-ਪ੍ਰਭੂ ਦਾ ਨਾਮ ਸਿਮਰ ਕੇ ਉਨ੍ਹਾਂ ਦੀਆਂ ਸਾਰੀਆਂ ਹੀ ਕੁਲਾਂ ਤਰ ਜਾਂਦੀਆਂ ਹਨ।

ਪ੍ਰਿਅ ਰੰਗਿ ਜਾਗੇ ਨਹ ਛਿਦ੍ਰ ਲਾਗੇ; ਕ੍ਰਿਪਾਲੁ ਸਦ ਬਖਸਿੰਦੁ ਜੀਉ ਬਿਨਵੰਤਿ ਨਾਨਕ ਹਰਿ ਕੰਤੁ ਪਾਇਆ; ਸਦਾ ਮਨਿ ਭਾਵੰਦੁ ਜੀਉ (ਰਾਮਕਲੀ/ਮਹਲਾ ੫ ਰੁਤੀ ਸਲੋਕ/੯੨੭) ਅਰਥ : ਹੇ ਸਹੇਲੀਏ ! ਜਿਹੜੇ ਵਡਭਾਗੀ ਪਿਆਰੇ, ਪ੍ਰਭੂ ਦੇ ਪ੍ਰੇਮ-ਰੰਗ ’ਚ (ਰੰਗ ਕੇ ਮਾਇਆ ਮੋਹ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ, ਉਹਨਾਂ ਨੂੰ ਵਿਕਾਰਾਂ ਦੇ ਦਾਗ਼ ਨਹੀਂ ਲੱਗਦੇ, ਦਇਆ ਦਾ ਘਰ ਪ੍ਰਭੂ ਸਦਾ ਉਹਨਾਂ ਉੱਤੇ ਪ੍ਰਸੰਨ ਰਹਿੰਦਾ ਹੈ। ਨਾਨਕ ਬੇਨਤੀ ਕਰਦਾ ਹੈ, ਹੇ ਸਹੇਲੀਏ ! ਉਹਨਾਂ ਨੂੰ ਮਨ ਵਿਚ ਸਦਾ ਪਿਆਰਾ ਲੱਗਣ ਵਾਲਾ ਖਸਮ-ਪ੍ਰਭੂ ਮਿਲ ਪੈਂਦਾ ਹੈ।

ਹੁਣ ਗੁਰੂ ਅਰਜਨ ਸਾਹਿਬ ਜੀ ਦੁਆਰਾ ਮਾਝ ਰਾਗ ’ਚ ਉਚਾਰਨ ਕੀਤੇ ਬਾਰਹਮਾਹਾ ਦੇ 6ਵੇਂ ਪਦੇ ਦੀ ਵਿਚਾਰ ਕਰਦੇ ਹਾਂ, ਜੋ ਇਸ ਤਰ੍ਹਾਂ ਹੈ :

ਸਾਵਣਿ ਸਰਸੀ ਕਾਮਣੀ; ਚਰਨ ਕਮਲ ਸਿਉ ਪਿਆਰੁ ਅਰਥ : ਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ) ਤਿਵੇਂ ੳਹ ਜੀਵ-ਇਸਤ੍ਰੀ ਸਦਾ ਅਨੰਦ ਮਾਣਦੀ ਹੈ, ਜਿਸ ਦਾ ਪਿਆਰ; ਪ੍ਰਭੂ ਦੇ ਸੋਹਣੇ ਚਰਨਾਂ ਨਾਲ ਬਣ ਜਾਂਦਾ ਹੈ।  

ਮਨੁ ਤਨੁ ਰਤਾ ਸਚ ਰੰਗਿ; ਇਕੋ ਨਾਮੁ ਅਧਾਰੁ ਅਰਥ : ਉਸ ਦਾ ਮਨ ਤੇ ਤਨ; ਪਰਮਾਤਮਾ ਦੇ ਪਿਆਰ ’ਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ।

ਬਿਖਿਆ ਰੰਗ ਕੂੜਾਵਿਆ; ਦਿਸਨਿ ਸਭੇ ਛਾਰੁ ਅਰਥ : ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਜਾਪਦੇ ਹਨ।

ਹਰਿ ਅੰਮ੍ਰਿਤ ਬੂੰਦ ਸੁਹਾਵਣੀ; ਮਿਲਿ ਸਾਧੂ, ਪੀਵਣਹਾਰੁ ਅਰਥ : (ਸਾਵਣ ’ਚ ਜਿਵੇਂ ਵਰਖਾ ਦੀ ਬੂੰਦ ਪ੍ਰਭਾਵ ਕਰਦੀ ਹੈ; ਤਿਵੇਂ ਪ੍ਰਭੂ-ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ) ਹਰੀ ਦੇ ਅੰਮ੍ਰਿਤ ਨਾਮ ਦੀ ਬੂੰਦ ਪਿਆਰੀ ਲੱਗਦੀ ਹੈ, ਗੁਰੂ ਨੂੰ ਮਿਲ ਕੇ ਉਹ, ਇਸ ਬੂੰਦ ਨੂੰ ਚੱਖ ਲੈਂਦਾ ਹੈ। (ਪ੍ਰਭੂ ਦੀ ਮਹਿਮਾ ਵਾਲ਼ੀਆਂ ਸੰਖੇਪ ਗੱਲਾਂ ਭੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ। ਸਤਿਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ)।

ਵਣੁ ਤਿਣੁ ਪ੍ਰਭ ਸੰਗਿ ਮਉਲਿਆ; ਸੰਮ੍ਰਥ ਪੁਰਖ ਅਪਾਰੁ ਅਰਥ : ਜਿਸ ਪ੍ਰਭੂ ਦੀ ਕਿਰਪਾ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ।

ਹਰਿ ਮਿਲਣੈ ਨੋ ਮਨੁ ਲੋਚਦਾ; ਕਰਮਿ ਮਿਲਾਵਣਹਾਰੁ ਅਰਥ : ਉਸ ਨੂੰ ਮਿਲਣ ਲਈ ਮੇਰਾ ਮਨ ਤਾਂਘਦਾ ਹੈ, (ਪਰ ਮੇਰੇ ਯਤਨਾਂ ਨਾਲ਼ ਮਿਲ ਨਹੀਂ ਸਕਦਾ ਕਿਉਂਕਿ) ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਉਣ ਦੇ ਸਮਰੱਥ ਹੈ।

ਜਿਨੀ ਸਖੀਏ ਪ੍ਰਭੁ ਪਾਇਆ; ਹੰਉ, ਤਿਨ ਕੈ ਸਦ ਬਲਿਹਾਰ ਅਰਥ : ਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।

ਨਾਨਕ ! ਹਰਿ ਜੀ ਮਇਆ ਕਰਿ; ਸਬਦਿ ਸਵਾਰਣਹਾਰੁ ਅਰਥ : ਹੇ ਨਾਨਕ ! (ਬੇਨਤੀ ਕਰ ਤੇ ਆਖ ਕਿ) ਹੇ ਪ੍ਰਭੂ ! ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਆਪਣੇ ਗੁਣਾਂ ਨਾਲ਼ (ਮੇਰੀ ਜਿੰਦ ਨੂੰ) ਸੰਵਾਰਨਹਾਰ ਹੈਂ।

ਸਾਵਣੁ ਤਿਨਾ ਸੁਹਾਗਣੀ; ਜਿਨ ਰਾਮ ਨਾਮੁ ਉਰਿ ਹਾਰੁ (ਬਾਰਹਮਾਹਾ ਮਾਂਝ/ਮਹਲਾ /੧੩੪) ਅਰਥ : ਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਵਾਸਤੇ (ਖੇੜਾ ਤੇ ਠੰਡ ਲਿਆਉਣ ਵਾਲਾ) ਹੈ, ਜਿਨ੍ਹਾਂ ਨੇ ਆਪਣੇ ਹਿਰਦੇ (ਭਾਵ ਗਲ਼) ’ਚ ਪਰਮਾਤਮਾ ਦਾ ਨਾਮ ਰੂਪ ਹਾਰ ਪਾਇਆ ਹੋਇਆ ਹੈ।

ਹੁਣ ਗੁਰੂ ਨਾਨਕ ਸਾਹਿਬ ਜੀ ਦੁਆਰਾ ਤੁਖਾਰੀ ਰਾਗ ਵਿੱਚ ਰਚੇ ਬਾਰਹਮਾਹਾ ਦੇ 9ਵੇਂ ਪਦੇ (ਸਾਵਣ ਮਹੀਨੇ) ’ਚ ਦਿੱਤੇ ਸੁਨੇਹੇ ਦੀ ਵਿਚਾਰ ਕਰਦੇ ਹਾਂ :

ਸਾਵਣਿ, ਸਰਸ ਮਨਾ; ਘਣ ਵਰਸਹਿ ਰੁਤਿ ਆਏ ਅਰਥ : (ਹਾੜ ਦੀ ਅੱਤ ਤਪਸ਼ ਵਿਚ ਘਾਹ ਆਦਿਕ ਸੁੱਕ ਜਾਂਦੇ ਹਨ, ਜਿਸ ਪਿੱਛੋਂ) ਸਾਵਨ ਮਹੀਨੇ ’ਚ ਘਟਾਂ ਛਾ ਜਾਂਦੀਆਂ ਹਨ। ਪਸ਼ੂ, ਪੰਛੀ, ਮਨੁੱਖ ਤਾਂ ਕਿਤੇ ਰਹੇ, ਸੁੱਕਾ ਹੋਇਆ ਘਾਹ ਭੀ ਹਰਾ ਹੋ ਜਾਂਦਾ ਹੈ। ਇਹ ਹਰਿਆਵਲ ਵੇਖ ਹਰੇਕ ਪ੍ਰਾਣੀ ਬੋਲਦਾ ਹੈ) ਹੇ ਮੇਰੇ ਮਨ ! ਸਾਵਣ ਮਹੀਨੇ ’ਚ (ਵਰਖਾ ਦੀ) ਰੁੱਤ ਆ ਗਈ ਹੈ, ਬੱਦਲ ਵਰ੍ਹ ਰਹੇ ਹਨ, ਹੁਣ ਤੂੰ ਭੀ ਹਰਾ ਹੋ ਜਾਹ (ਤੂੰ ਭੀ ਖਿੜ ਜਾਹ)।

ਮੈ ਮਨਿ ਤਨਿ ਸਹੁ ਭਾਵੈ; ਪਿਰ ਪਰਦੇਸਿ ਸਿਧਾਏ ਅਰਥ : (ਕਾਲੀਆਂ ਘਟਾਂ ਨੂੰ ਵੇਖ ਪਰਦੇਸ ਗਏ ਪਤੀ ਦੀ ਨਾਰ ਦਾ ਹਿਰਦਾ ਤੜਪ ਉੱਠਦਾ ਹੈ ਤੇ ਉਹ ਕੁਰਲਾਉਂਦੀ ਹੋਈ ਆਖਦੀ ਹੈ ਕਿ) ਮੈਨੂੰ ਆਪਣਾ ਪਤੀ ਅਤਿ ਪਿਆਰਾ ਲੱਗ ਰਿਹਾ ਹੈ ਭਾਵੇਂ ਉਹ ਪਰਦੇਸ ’ਚ ਹਨ।

ਪਿਰੁ ਘਰਿ ਨਹੀ ਆਵੈ, ਮਰੀਐ ਹਾਵੈ; ਦਾਮਨਿ ਚਮਕਿ ਡਰਾਏ ਸੇਜ ਇਕੇਲੀ, ਖਰੀ ਦੁਹੇਲੀ; ਮਰਣੁ ਭਇਆ ਦੁਖੁ ਮਾਏ ਅਰਥ : ਹੇ ਮਾਂ ! (ਜਦ ਤੱਕ) ਪਤੀ ਘਰ ’ਚ ਨਹੀਂ ਆਉਂਦਾ, ਮੈਂ ਹਾਹੁਕੇ ਭਰ ਰੌਂਦੀ ਹਾਂ, ਬਿਜਲੀ ਚਮਕ ਕੇ ਡਰਾ ਰਹੀ ਹੈ। (ਪਤੀ ਦੇ ਵਿਛੋੜੇ ਕਾਰਨ) ਮੇਰੀ ਸੱਖਣੀ ਸੇਜ ਦੁਖਦਾਈ ਬਣ ਗਈ ਹੈ। ਦੁੱਖ; ਮੌਤ ਸਮਾਨ ਜਾਪਦਾ ਹੈ।

ਹਰਿ ਬਿਨੁ, ਨੀਦ ਭੂਖ ਕਹੁ ਕੈਸੀ; ਕਾਪੜੁ ਤਨਿ ਸੁਖਾਵਏ ਅਰਥ : (ਜਿਸ ਤਰ੍ਹਾਂ ਪਤੀ ਤੋਂ ਵਿਛੁੜੀ ਦੁਨਿਆਵੀ ਪਤਨੀ ਦੁੱਖੀ ਰਹਿੰਦੀ ਹੈ; ਉਸੇ ਤਰ੍ਹਾਂ ਪ੍ਰਭੂ-ਪਤੀ ਤੋਂ ਵਿਛੁੜੀ ਜੀਵ-ਇਸਤ੍ਰੀ ਨੂੰ) ਪ੍ਰਭੂ ਦੇ ਮਿਲਾਪ ਤੋਂ ਬਿਨਾਂ ਨਾਹ ਨੀਂਦ, ਨਾਹ ਭੁੱਖ ਲੱਗਦੀ ਹੈ। ਕੱਪੜਾ ਭੀ ਸਰੀਰ ਉੱਤੇ ਨਹੀਂ ਸੁਖਾਂਦਾ।

ਨਾਨਕ  ! ਸਾ ਸੋਹਾਗਣਿ ਕੰਤੀ; ਪਿਰ ਕੈ ਅੰਕਿ ਸਮਾਵਏ (ਤੁਖਾਰੀ ਬਾਰਹਮਾਹਾ/ ਮਹਲਾ /੧੧੦੮) ਅਰਥ : ਪਰ ਹੇ ਨਾਨਕ ! ਉਹੀ ਭਾਗਾਂ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਪਿਆਰ ਦੀ ਹੱਕਦਾਰ ਹੈ, ਜੋ ਸਦਾ ਪ੍ਰਭੂ ਦੀ ਯਾਦ ’ਚ ਲੀਨ ਰਹਿੰਦੀ ਹੈ ਭਾਵ ਜੋ ਪਤੀ-ਪ੍ਰਮੇਸ਼ਰ ਨੂੰ ਯਾਦ ਨਹੀਂ ਕਰਦੀ ਉਸ ਅੰਦਰ ਸਾਵਣ ਦਾ ਮਹੀਨਾ ਵੀ ਤੜਫ ਪੈਦਾ ਨਹੀਂ ਕਰ ਸਕਦਾ।

ਉਕਤ ਕੀਤੀ ਬਾਰਹਮਾਹਾ ਦੀ ਵਿਚਾਰ ਤੋਂ ਇਲਾਵਾ ਗੁਰਬਾਣੀ ’ਚ ਹੋਰ ਥਾਂਵਾਂ ’ਤੇ ਭੀ ਸਾਵਣ ਮਹੀਨੇ ਦਾ ਜ਼ਿਕਰ ਹੈ; ਜਿਵੇਂ ਕਿ

ਨਾਨਕ ! ਸਾਵਣਿ, ਜੇ ਵਸੈ; ਚਹੁ ਓਮਾਹਾ ਹੋਇ ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ (ਮਹਲਾ /੧੨੭੯) ਅਰਥ : ਹੇ ਨਾਨਕ ! ਜੇ ਸਾਵਣ ਦੇ ਮਹੀਨੇ ਮੀਂਹ ਪੈ ਜਾਏ ਤਾਂ ਚਾਰ ਧਿਰਾਂ ‘ਸੱਪਾਂ, ਹਿਰਨਾਂ, ਮੱਛੀਆਂ ਤੇ ਰਸਾਂ ਦੇ ਆਸ਼ਕਾਂ (ਯਾਨੀ ਐਸ਼ਪ੍ਰਸਤ ਧਨਾਢਾਂ, ਜਿਨ੍ਹਾਂ ਦੇ) ਘਰ ’ਚ ਧਨ ਹੁੰਦਾ ਹੈ’; ਅੰਦਰ ਚਾਉ ਉਪਜਦਾ ਹੈ।

ਨਾਨਕ ! ਸਾਵਣਿ, ਜੇ ਵਸੈ; ਚਹੁ ਵੇਛੋੜਾ ਹੋਇ ਗਾਈ ਪੁਤਾ ਨਿਰਧਨਾ; ਪੰਥੀ ਚਾਕਰੁ ਹੋਇ (ਮਹਲਾ /੧੨੭੯) ਅਰਥ : ਹੇ ਨਾਨਕ ! ਜੇ ਸਾਵਣ ਮਹੀਨੇ ’ਚ ਮੀਂਹ ਪੈ ਜਾਏ ਤਾਂ ਚਾਰ ਧਿਰਾਂ ਅੰਦਰ ਚਾਉ ਨਹੀਂ ਉਪਜਦਾ। ਉਹ ਹਨ ਗਾਈਆਂ ਦੇ ਵੱਛੜੇ (ਕਿਉਂਕਿ ਮੀਂਹ ਪਿਆਂ ਗਾਈਆਂ ਨੂੰ ਚਾਰਨ ਲਈ ਲੈ ਜਾਂਦੇ ਹਨ ਤੇ ਉਨ੍ਹਾਂ ਨੂੰ ਘਰ ਛੱਡ ਦਿੱਤਾ ਜਾਂਦਾ ਹੈ), ਗਰੀਬਾਂ (ਕਿਉਂਕਿ ਦਿਹਾੜੀ ਨਹੀਂ ਮਿਲਦੀ), ਰਾਹੀ ਤੇ ਨੌਕਰ (ਕਿਉਂਕਿ ਇਨ੍ਹਾਂ ਦਾ ਕੰਮ ਵਧ ਜਾਂਦਾ ਹੈ)। ਇਉਂ ਹੀ ਗੁਰੂ ਦੇ ਦਰ ਤੋਂ ਨਾਮ-ਵਰਖਾ ਹੋਣ ’ਤੇ ਗੁਰਮੁਖਾਂ ਅੰਦਰ ਖਿੜਾਅ ਉਪਜਦਾ ਹੈ, ਪਰ ਮਨਮੁਖ ਇਸ ਤੋਂ ਬਾਂਝੇ ਰਹਿ ਜਾਂਦੇ ਹਨ।

ਮੋਰੀ ਰੁਣ ਝੁਣ ਲਾਇਆ; ਭੈਣੇ ! ਸਾਵਣੁ ਆਇਆ (ਮਹਲਾ /੫੫੮) ਅਰਥ : ਹੇ ਭੈਣ ! ਸਾਵਨ (ਦਾ ਮਹੀਨਾ) ਆ ਗਿਆ ਹੈ (ਵਰਖਾ ਰੁੱਤ ਦਾ ਮੀਂਹ ਪੈਣ ਕਾਰਨ) ਮੋਰਾਂ ਨੇ ਖੁਸ਼ੀ ਦੇ ਮਿੱਠੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹਨ।

ਸਾਵਣੁ ਆਇਆ ਹੇ ਸਖੀ ! ਜਲਹਰੁ ਬਰਸਨਹਾਰੁ ਨਾਨਕ ! ਸੁਖਿ ਸਵਨੁ ਸੋਹਾਗਣੀ; ਜਿਨ੍, ਸਹ ਨਾਲਿ ਪਿਆਰੁ (ਮਹਲਾ /੧੨੮੦) ਹੇ ਸਖੀ ! ਸਾਵਣ ਮਹੀਨਾ ਆ ਗਿਆ ਤੇ ਬੱਦਲ ਵਰ੍ਹਾਊ ਹੋ ਗਿਆ ਹੈ। (ਇਸ ਸੁਹਾਵਣੇ ਸਮੇਂ) ਜਿਨ੍ਹਾਂ (ਜੀਵ-ਇਸਤ੍ਰੀਆਂ ਦਾ) ਖਸਮ (ਪ੍ਰਭੂ) ਨਾਲ ਪਿਆਰ ਪੈ ਗਿਆ, ਉਹ ਭਾਗਾਂ ਵਾਲੀਆਂ ਬੇਫ਼ਿਕਰ ਹੋ ਕੇ ਸੌਂਦੀਆਂ ਹਨ।

ਭਗਤ ਨਾਮਦੇਵ ਜੀ ਦੇ ਬਚਨ ਹਨ ਕਿ ਜਿਸ ਅੰਦਰ ਪਤੀ-ਪਰਮੇਸ਼ਰ ਨਾਲ਼ ਪ੍ਰੀਤ ਪੈਦਾ ਹੋ ਗਈ, ਉਹ ਕੇਵਲ ਸਾਵਣ ਮਹੀਨੇ ਦੇ ਅਨੰਦ ਤੱਕ ਸੀਮਤ ਨਹੀਂ ਰਹਿੰਦਾ ਭਾਵ ਉਸ ਲਈ ਸਦਾ ਨਾਮ-ਅੰਮ੍ਰਿਤ ਦੀ ਵਰਖਾ ਹੋਣ ਲੱਗਦੀ ਹੈ ‘‘ਅਣਮੜਿਆ ਮੰਦਲੁ (ਢੋਲ) ਬਾਜੈ ਬਿਨੁ ਸਾਵਣ, ਘਨਹਰੁ (ਬੱਦਲ) ਗਾਜੈ ਬਾਦਲ ਬਿਨੁ, ਬਰਖਾ ਹੋਈ ਜਉ, ਤਤੁ ਬਿਚਾਰੈ ਕੋਈ ’’ (ਭਗਤ ਨਾਮਦੇਵ ਜੀ/੬੫੭), ਐਸੀ ਨਿਰੰਤਰ ਵਰਖਾ ਦਾ ਅਨੰਦ ਮਾਨਣ ਲਈ ਆਪਣੇ ਪਿਆਰੇ ਰਾਮ ਨਾਲ਼ ਇੱਕ-ਮਿੱਕ ਹੋਣਾ ਪੈਣਾ ਹੈ; ਜਿਵੇਂ ਕਿ ਭਗਤ ਨਾਮਦੇਵ ਜੀ ਦੇ ਬਚਨ ਹਨ ‘‘ਮੋ ਕਉ ਮਿਲਿਓ ਰਾਮੁ ਸਨੇਹੀ ਜਿਹ ਮਿਲਿਐ, ਦੇਹ ਸੁਦੇਹੀ ਰਹਾਉ ’’ ਭਾਵ ਮੈਨੂੰ ਪਿਆਰਾ ਰਾਮ ਮਿਲ ਪਿਆ। ਜਿਸ ਦੇ ਮਿਲਣ ਨਾਲ਼ ਮੇਰੀ ਦੇਹ ਸੁੰਦਰ ਬਣ ਗਈ। ਜੀਵਨ ਸਫਲ ਹੋ ਗਿਆ।

ਸਾਵਣ ਮਹੀਨੇ ਦੀਆਂ ਕੁੱਝ ਇਤਿਹਾਸਕ ਘਟਨਾਵਾਂ ਨੂੰ ਵੀ ਜਾਣਨਾ ਜ਼ਰੂਰੀ ਹੈ; ਜਿਵੇਂ ਕਿ ਭਾਈ ਤਾਰੂ ਸਿੰਘ ਜੀ ਨੂੰ ਸੰਘਰਸ਼ ਕਰ ਰਹੇ ਸਿੰਘਾਂ ਦੀ ਮਦਦ ਕਰਨ ਬਦਲੇ ੧ ਸਾਵਣ ਬਿਕ੍ਰਮੀ ਸੰਮਤ ੧੮੦੨ ਨੂੰ ਖੋਪਰੀ ਉਤਾਰ ਕੇ ਸ਼ਹੀਦ ਕਰ ਦਿੱਤਾ ਸੀ। ਉਹ, ਸਿੱਖੀ ਕੇਸਾਂ ਸੰਗ ਨਿਭਾਉਣ ਦਾ ਆਪਣਾ ਪ੍ਰਣ ਪੂਰਾ ਕਰ ਗਏ ਸਨ।

ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ੧੮ ਹਾੜ ਬਿਕ੍ਰਮੀ ਸੰਮਤ ੧੬੬੩ ਨੂੰ ਇੱਕ ਥੜ੍ਹੇ (ਜਿਸ ਨੂੰ ਹੁਣ ਅਕਾਲ ਤਖ਼ਤ ਸਾਹਿਬ ਕਿਹਾ ਜਾਂਦਾ ਹੈ) ਦੀ ਉਸਾਰੀ ਕੀਤੀ। ਇਸ ਤੋਂ 19 ਦਿਨ ਬਾਅਦ ਇਸੇ ਸਥਾਨ ’ਤੇ ਬੈਠ ਕੇ ੬ ਸਾਵਣ ਸੰਮਤ ੧੬੬੩ ਨੂੰ ਆਪ ਨੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਇਹ ਦਿਹਾੜਾ; ਹਰ ਸਾਲ ਮੀਰੀ-ਪੀਰੀ ਦਿਵਸ ਵਜੋਂ ੬ ਸਾਵਣ ਨੂੰ ਮਨਾਇਆ ਜਾਂਦਾ ਹੈ।

ਗੁਰੂ ਹਰਿਰਾਇ ਸਾਹਿਬ ਜੀ ਦੇ ਗ੍ਰਹਿ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ੮ ਸਾਵਣ ਬਿਕ੍ਰਮੀ ਸੰਮਤ ੧੭੧੩ ਨੂੰ ਸ਼ੀਸ਼ ਮਹਿਲ ਕੀਰਤਪੁਰ ਸਾਹਿਬ ਵਿਖੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਜਨਮ ਹੋਇਆ।

ਅੰਮ੍ਰਿਤਸਰ ਤੋਂ 13 ਕਿਲੋਮੀਟਰ ਦੂਰ ਪਿੰਡ ਘੁੱਕੇਵਾਲ਼ੀ ਵਿਖੇ ਗੁਰਦੁਆਰਾ ਸਾਹਿਬ ਦੇ ਬਾਗ਼ ’ਚੋਂ ਗੁਰੂ ਕੇ ਲੰਗਰ ਲਈ ਲੱਕੜਾਂ ਕੱਟਣ ਗਏ ਪੰਜ ਸਿੰਘਾਂ ਵਿਰੁੱਧ ਮਹੰਤ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ, ਜਿਸ ਕਾਰਨ ਪੰਜੇ ਸਿੰਘਾਂ ਨੂੰ 6-6 ਮਹੀਨੇ ਦੀ ਕੈਦ ਅਤੇ 50-50 ਰੁਪਏ ਜਰਮਾਨਾ ਲਾਇਆ ਗਿਆ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਬਾਗ਼ ਉੱਤੇ ਆਪਣਾ ਹੱਕ ਜਤਾਉਣ ਲਈ ਅਤੇ ਸਰਕਾਰੀ ਧੱਕੇਸ਼ਾਹੀ ਵਿਰੁੱਧ ਮੋਰਚਾ ਲਾਇਆ, ਜੋ ੨੪ ਸਾਵਣ ਬਿਕ੍ਰਮੀ ਸੰਮਤ ੧੯੭੮ (8 ਅਗਸਤ 1921 ਈ:) ਤੋਂ ਲੈ ਕੇ ੨੨ ਕੱਤਕ ਬਿਕ੍ਰਮੀ ਸੰਮਤ ੧੯੭੯ (7 ਨਵੰਬਰ 1922) ਤੱਕ ਚੱਲਿਆ ਤੇ ਅੰਗਰੇਜ਼ ਸਰਕਾਰ ਨੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਸਪੁਰਦ ਕਰ ਦਿੱਤਾ। ਇਹ ਦਿਹਾੜਾ; ਹਰ ਸਾਲ ੨੪ ਸਾਵਣ ਨੂੰ ਗੁਰੂ ਕੇ ਬਾਗ ਮੋਰਚੇ ਦੀ ਯਾਦ ’ਚ ਮਨਾਇਆ ਜਾਂਦਾ ਹੈ।

Most Viewed Posts