ਧਰਮ ’ਚ ਸਰਬ ਸਾਂਝੀਵਾਲਤਾ ਦਾ ਮਹੱਤਵ

0
289

ਧਰਮ ’ਚ ਸਰਬ ਸਾਂਝੀਵਾਲਤਾ ਦਾ ਮਹੱਤਵ

ਗਿਆਨੀ ਅਵਤਾਰ ਸਿੰਘ

ਧਰਮ ਦੇ ਨਾਂ ’ਤੇ ਤਣਾਅ ਪੂਰਨ ਬਣਾ ਦਿੱਤੇ ਗਏ ਅਜੋਕੇ ਸਮਾਜਿਕ ਮਹੌਲ ’ਚ ਜੇਕਰ ਕੋਈ ਕਹੇ ਕਿ ਧਰਮ; ਸਮਾਜ ਨੂੰ ਜੋੜਦਾ ਹੈ, ਤੋੜਦਾ ਨਹੀਂ ਤਾਂ ਸ਼ਾਇਦ ਹੀ ਕੋਈ ਇਸ ਸਚਾਈ ਉੱਤੇ ਯਕੀਨ ਕਰੇਗਾ ਕਿਉਂਕਿ ਧਰਮ ਦੇ ਨਾਂ ’ਤੇ ਹਰ ਦੇਸ਼; ਕਈ ਜਾਤਾਂ, ਕਈ ਧਰਮਾਂ, ਕਈ ਕਬੀਲਿਆਂ ’ਚ ਵੰਡਿਆ ਪਿਆ ਹੈ। ਮਨੁੱਖਤਾ ਦੇ ਵਿਚਾਰਾਂ ’ਚ ਪਈ ਇਸ ਪਾੜ ਦਾ ਮੂਲ ਕਾਰਨ; ਅਧਰਮ ਨੂੰ ਹੀ ਅਸਲੀ ਧਰਮ ਕਹਿ ਕੇ ਲੋਕਾਂ ’ਚ ਪ੍ਰਚਾਰਨਾ ਰਿਹਾ ਹੈ। ਜਦ ਚਾਰੋਂ ਤਰਫ਼ ਅਧਰਮ ਨੂੰ ਹੀ ਅਸਲ ਧਰਮ ਮੰਨਿਆ ਜਾਵੇ ਤਾਂ ਅਸਲ ਧਰਮ ਮਨੁੱਖਤਾ ਦੇ ਦਿਮਾਗ਼ ਵਿੱਚੋਂ ਅਲੋਪ ਹੋ ਜਾਂਦਾ ਹੈ। ਇਹੀ ਸਚਾਈ ਗੁਰੂ ਨਾਨਕ ਸਾਹਿਬ ਜੀ ਨੇ 16ਵੀਂ ਸਦੀ ’ਚ ਇਉਂ ਬਿਆਨ ਕੀਤੀ ‘‘ਸਰਮੁ ਧਰਮੁ ਦੁਇ ਛਪਿ ਖਲੋਏ; ਕੂੜੁ ਫਿਰੈ ਪਰਧਾਨੁ, ਵੇ ਲਾਲੋ !’’ (ਮਹਲਾ /੭੨੨) ਅਨੇਕਾਂ ਧੜਿਆਂ ’ਚ ਵੰਡਿਆ ਹੋਇਆ ਸਮਾਜ; ਆਪਣੇ ਆਪਣੇ ਧੜੇ ਨੂੰ ਉੱਤਮ ਮੰਨਦਾ ਹੋਇਆ ਦੂਸਰੇ ਧੜੇ ਨੂੰ ਖ਼ਤਮ ਕਰਨ ਲਈ ਹਰ ਹੱਥਕੰਡਾ ਅਪਣਾਉਂਦਾ ਹੈ। ਸੱਚੇ ਧਰਮ ਦੇ ਰਹਿਬਰ ਗੁਰੂ ਨਾਨਕ ਸਾਹਿਬ ਜੀ ਜਦ ਹੱਜ ਕਰਨ ਵਾਲ਼ਿਆਂ (ਕਾਜ਼ੀ, ਮੌਲਵੀਆਂ) ਨਾਲ਼ ਮੱਕੇ ਗਏ ਤਾਂ ਉਨ੍ਹਾਂ ਪਾਸੋਂ ਸਵਾਲ ਪੁੱਛਿਆ ਗਿਆ ਕਿ ਹਿੰਦੂ ਦਾ ਧਰਮ ਉੱਤਮ ਹੈ ਜਾਂ ਮੁਸਲਮਾਨ ਦਾ ਮਜ਼੍ਹਬ; ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਜੇਕਰ ਧਰਮੀ ਲੋਕਾਂ ਦਾ ਇਖ਼ਲਾਕ ਉੱਚਾ ਨਾ ਹੋਵੇ ਤਾਂ ਦੋਵੇਂ ਮਜ਼੍ਹਬਾਂ ਨੂੰ ਮੰਨਣ ਵਾਲ਼ੇ ਦੁਖੀ ਹਨ, ਰੌਂਦੇ ਰਹਿੰਦੇ ਹਨ ਤੇ ਅਕਾਲ ਪੁਰਖ ਦੇ ਦਰ ’ਤੇ ਵੀ ਪਨਾਹ ਨਹੀਂ ਲੈ ਸਕਦੇ ਭਾਵ ਭਟਕਦੇ ਰਹਿੰਦੇ ਹਨ। ਭਾਈ ਗੁਰਦਾਸ ਜੀ ਨੇ ਇਹ ਸਵਾਲ-ਜਵਾਬ ਇਉਂ ਕਲਮਬੰਦ ਕੀਤੇ ਹਨ ‘‘ਪੁਛਨਿ ਫੋਲਿ ਕਿਤਾਬ ਨੋ; ਹਿੰਦੂ ਵਡਾ ਕਿ ਮੁਸਲਮਾਨੋਈ? ਬਾਬਾ ਆਖੇ ਹਾਜੀਆ (ਨੂੰ); ਸੁਭਿ ਅਮਲਾ ਬਾਝਹੁ ਦੋਨੋ ਰੋਈ ਹਿੰਦੂ ਮੁਸਲਮਾਨ ਦੁਇ; ਦਰਗਹ ਅੰਦਰਿ ਲਹਨਿ ਢੋਈ (ਆਸਰਾ)’’ (ਭਾਈ ਗੁਰਦਾਸ ਜੀ/ਵਾਰ ਪਉੜੀ ੩੩) ਯਾਨੀ ਐਸੇ ਲੋਕਾਂ ਨੇ ਕੇਵਲ ਆਪਣਾ ਮਨੁੱਖਾ ਜਨਮ ਹੀ ਅਜਾਈਂ ਨਹੀਂ ਗਵਾਇਆ ਬਲਕਿ ਪ੍ਰਲੋਕ ਵੀ ਗਵਾ ਲਿਆ ਹੁੰਦਾ ਹੈ।

ਉਕਤ ਜਵਾਬ ਵਿੱਚੋਂ ਦੋ ਪੱਖ ਸਾਮ੍ਹਣੇ ਆਉਂਦੇ ਹਨ (1). ਉੱਚੇ ਆਚਰਨ ਤੋਂ ਬਿਨਾਂ ਮਨੁੱਖ ਦੀ ਸੋਚ; ਸੌੜੀ (ਤੰਗਦਿਲ) ਹੁੰਦੀ ਹੈ ਤਾਹੀਓਂ ਦੂਸਰਿਆਂ ਪ੍ਰਤੀ ਹਿਰਦੇ ’ਚ ਹਮਦਰਦੀ ਨਹੀਂ ਉਪਜਦੀ। (2). ਅਸਲ ਮਾਲਕ (ਅਕਾਲ ਪੁਰਖ) ਦੀ ਸਮਝ ਤੋਂ ਬਿਨਾਂ ਇਖ਼ਲਾਕ ਵੀ ਉੱਚਾ ਨਹੀਂ ਹੁੰਦਾ ਤਾਹੀਓਂ ਉਸ ਮਾਲਕ ਦੇ ਦਰ ਤੋਂ ਕੋਈ ਸਹਾਰਾ ਨਹੀਂ ਮਿਲਦਾ, ਮਿਹਰ ਨਹੀਂ ਹੁੰਦੀ। ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਇੱਕੋ ਵਾਕ ’ਚ ਇਨ੍ਹਾਂ ਦੋਵੇਂ ਨੁਕਤਿਆਂ ਨੂੰ ਸ਼ਾਮਲ ਕੀਤਾ ਹੈ। ਪਾਵਨ ਬਚਨ ਹਨ ‘‘ਸਭੁ ਕੋ ਆਸੈ ਤੇਰੀ ਬੈਠਾ   ਘਟ ਘਟ ਅੰਤਰਿ; ਤੂੰ ਹੈ ਵੁਠਾ   ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ ’’ (ਮਹਲਾ /੯੭) ਅਰਥ : ਹੇ ਮਾਲਕ ਪ੍ਰਭੂ ਜੀ! ਤੂੰ ਹਰ ਸਰੀਰ ਅੰਦਰ ਵੱਸਦਾ ਹੈਂ। ਕਿਸੇ ਸਰੀਰ ਤੋਂ ਭੀ ਅਲੱਗ ਨਹੀਂ ਹੈਂ ਤਾਹੀਓਂ ਸਾਰੇ ਮਨੁੱਖ, ਜੀਵ-ਜੰਤ ਆਦਿ ਇੱਕੋ ਪਰਵਾਰਿਕ ਆਖੀਦੇ ਹਨ ਤੇ ਹਰ ਕੋਈ ਤੇਰੇ (ਮਾਲਕ) ਪਾਸੋਂ ਹੀ ਮਦਦ ਦੀ ਆਸ ਲਗਾ ਕੇ ਬੈਠਾ ਹੈ।

ਦਰਅਸਲ ਮਨੁੱਖ ਅੰਦਰ ਸੌੜੀ ਸੋਚ ਬਣਨਾ ਤੇ ਮਾਲਕ ਵੱਲੋਂ ਦੂਰੀ ਪੈਣਾ; ਦੋ ਅਲੱਗ ਅਲੱਗ ਵਿਸ਼ੇ ਨਹੀਂ ਬਲਕਿ ਇੱਕੋ ਸਿੱਕੇ ਦੇ ਦੋ ਪਾਸੇ ਹਨ। ਮਾਲਕ ਬਾਰੇ ਨਾਸਮਝੀ ਕਾਰਨ ਹੀ ਸੌੜੀ ਸੋਚ (ਤੰਗਦਿਲੀ) ਹੁੰਦੀ ਹੈ, ਜੋ ਹੋਰਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਦੀ ਅਤੇ ਮਾਲਕ ਨਾਲ਼ ਸੰਬੰਧ ਬਣਾਉਣ ਨਾਲ਼ ਮਨੁੱਖ ਉਦਾਰਵਾਦੀ ਹੁੰਦਾ ਹੈ, ਜੋ ਸਾਰਿਆਂ ਨਾਲ਼ ਪਿਆਰ-ਮੁਹੱਬਤ ਕਰਦਾ ਹੈ। ਸਾਰਿਆਂ ਨੂੰ ਆਪਣੇ ਸਮਝਦਾ ਹੈ। ਕਿਸੇ ਦਾ ਹੱਕ ਨਹੀਂ ਮਾਰਦਾ। ਕਿਸੇ ਨਾਲ਼ ਬੇਇਨਸਾਫ਼ੀ ਨਹੀਂ ਕਰਦਾ। ਕਿਸੇ ਪ੍ਰਤੀ ਕੌੜੇ ਬੋਲ ਨਹੀਂ ਬੋਲਦਾ। ਕਿਸੇ ਦਾ ਦਿਲ ਨਹੀਂ ਦੁਖਾਉਂਦਾ ਕਿਉਂਕਿ ਸਾਰਿਆਂ ਅੰਦਰ ਉਸ ਦਾ ਮਾਲਕ ਸੁਭਾਇਮਾਨ ਹੁੰਦਾ ਹੈ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ ‘‘ਫਰੀਦਾ ! ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ   ਮੰਦਾ ਕਿਸ ਨੋ ਆਖੀਐ ? ਜਾਂ ਤਿਸੁ ਬਿਨੁ ਕੋਈ ਨਾਹਿ ’’ (ਮਹਲਾ /੧੩੮੧) ਗੁਰਬਾਣੀ; ਸਮਾਜਿਕ ਧਰਮ ਹੈ ਕਿਉਂਕਿ ਇਹ ਜਿੱਥੇ ਮਨੁੱਖ ਨੂੰ ਤੰਗਦਿਲੀ ਤੋਂ ਖੁੱਲ੍ਹਦਿਲੀ ਵੱਲ ਲਿਜਾ ਕੇ ਅਕਾਲ ਪੁਰਖ ਨਾਲ਼ ਜੋੜਦੀ ਹੈ, ਓਥੇ ਸਮੁੱਚੀ ਕੁਦਰਤਿ ਨਾਲ਼ ਪਿਆਰ ਕਰਨਾ ਸਿਖਾਉਂਦੀ ਹੈ ਕਿਉਂਕਿ ਸਾਰੀ ਹੀ ਕੁਦਰਤਿ ’ਚ ਰੱਬ ਵੱਸਦਾ ਹੈ ‘‘ਕੁਦਰਤਿ ਕਰਿ ਕੈ ਵਸਿਆ ਸੋਇ   ਵਖਤੁ ਵੀਚਾਰੇ; ਸੁ ਬੰਦਾ ਹੋਇ ’’ (ਮਹਲਾ /੮੪) ਅਰਥ : ਉਹ ਸਿਰਜਣਹਾਰ ਮਾਲਕ; ਆਪਣੀ ਕੁਦਰਤਿ ਬਣਾ ਕੇ ਇਸ ਅੰਦਰ ਸਮਾਇਆ ਹੋਇਆ ਹੈ। ਜੋ ਮਨੁੱਖ ਸਮਾਂ ਰਹਿੰਦਿਆਂ ਭਾਵ ਇਸੇ ਜ਼ਿੰਦਗੀ ਦੌਰਾਨ ਉਸ ਦੀ ਵਿਚਾਰ ਕਰਦਾ ਹੈ, ਉਸ ਦੇ ਗੁਣ ਗਾਉਂਦਾ ਹੈ; ਓਹੀ ਉਸ ਦਾ ਬੰਦਾ ਹੈ, ਗ਼ੁਲਾਮ ਹੈ, ਅਸਲ ਸੇਵਕ ਹੈ।

15 ਕੁ ਸਾਲ ਦੀ ਉਮਰ ’ਚ ਲਛਮਣ ਦੇਵ (ਮਾਧੋ ਦਾਸ); ਰਾਜੌਰੀ (ਜੰਮੂ-ਕਸ਼ਮੀਰ) ਵਿਖੇ ਆਪਣੇ ਇੱਕ ਤੀਰ ਨਾਲ਼ ਗਰਭਵਤੀ ਹਿਰਨ ਦਾ ਸ਼ਿਕਾਰ ਕਰ ਬੈਠਦਾ ਹੈ। ਅਫ਼ਸੋਸ ’ਚ ਵੈਰਾਗੀ ਬਣ ਗਿਆ ਤੇ ਉਹ, ਗੋਦਾਵਰੀ ਨਦੀ (ਨੰਦੇੜ, ਮਹਾਂਰਾਸ਼ਟਰਾ) ਵਿਖੇ 22 ਸਾਲ ਤਪੱਸਿਆ ਕਰਦਾ ਹੋਇਆ ਅਨੇਕਾਂ ਕਰਾਮਾਤੀ ਸ਼ਕਤੀਆਂ ਹਾਸਲ ਕਰਨ ਲੱਗਦਾ ਹੈ। ਸਤੰਬਰ 1708 ’ਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸ ਦੇ ਮੰਜੇ (ਚਾਰਪਾਈ) ਉੱਤੇ ਜਾ ਬੈਠਦੇ ਹਨ ਤਾਂ ਜੋ ਉਹ ਕ੍ਰੋਧਿਤ ਹੋ ਕੇ ਆਪਣੀਆਂ ਸ਼ਕਤੀਆਂ ਨੂੰ ਪ੍ਰਦਰਸ਼ਿਤ ਕਰੇ ਕਿਉਂਕਿ ਉਸ ਦੇ ਮੰਜੇ ’ਤੇ ਬੈਠਣ ਦੀ ਹਰ ਇੱਕ ਨੂੰ ਮਨਾਹੀ ਸੀ। ਜਦ ਮਾਧੋ ਦਾਸ ਨੂੰ ਪਤਾ ਲੱਗਾ ਕਿ ਉਸ ਦੇ ਮੰਜੇ ਉੱਤੇ ਕੋਈ ਆ ਬੈਠਿਆ ਹੈ ਤਾਂ ਉਹ ਤੁਰੰਤ ਵਾਪਸ ਆਇਆ ਤੇ ਕ੍ਰੋਧਿਤ ਹੋ ਕੇ ਕਰਾਮਾਤਾਂ ਵਿਖਾਉਣ ਲੱਗਿਆ, ਪਰ ਗੁਰੂ ਸਾਹਿਬ ਜੀ ਉੱਤੇ ਉਨ੍ਹਾਂ ਦਾ ਕੋਈ ਅਸਰ ਨਾ ਹੋਇਆ। ਮਾਧੋ ਦਾਸ ਨੂੰ ਆਪਣੀ ਕਰਣੀ ਉੱਤੇ ਦੂਸਰੀ ਵਾਰ ਫਿਰ ਅਫ਼ਸੋਸ ਹੋਇਆ ਤੇ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਉੱਤੇ ਢਹਿ ਪਿਆ। ਗੁਰੂ ਸਾਹਿਬ ਨੇ ਪੁੱਛਿਆ ਕਿ ਤੂੰ ਕੌਣ ਹੈਂ? ਤਾਂ ਉਸ ਨੇ ਜਵਾਬ ਦਿੱਤਾ ਕਿ ਤੇਰਾ ਬੰਦਾ ਯਾਨੀ ਤੇਰੀਆਂ ਸ਼ਕਤੀਆਂ ਦਾ ਗ਼ੁਲਾਮ, ਤੇਰਾ ਸੇਵਕ। ਗੁਰੂ ਸਾਹਿਬ ਜੀ ਨੇ ਉਸ ਨੂੰ ਅਰਥਹੀਣ ਕਰਮਕਾਂਡਾਂ ਤੋਂ ਵਰਜ ਕੇ ਇੱਕ ਅਕਾਲ ਪੁਰਖ (ਮਾਲਕ) ਨਾਲ਼ ਜੋੜਿਆ ਅਤੇ ਅੰਮ੍ਰਿਤ ਛਕਾ ਕੇ ਬੰਦਾ ਸਿੰਘ ਬਹਾਦਰ ਬਣਾ ਕੌਮ ਦੀ ਨੁਮਾਇੰਦਗੀ ਕਰਨ ਲਈ ਸਿੱਖਾਂ ਦਾ ਪਹਿਲਾ ਜਥੇਦਾਰ ਨਿਯੁਕਤ ਕੀਤਾ। ਜਿਸ ਨੇ 8 ਕੁ ਸਾਲਾਂ (1708-1716) ਵਿੱਚ ਹੀ ਸਿੱਖਾਂ ਅਤੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇਣ ਵਾਲ਼ਿਆਂ ਨੂੰ ਖ਼ਤਮ ਕਰ ਪੰਜਾਬ ਅੰਦਰ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ। ਅੱਜ ਕਿਸਾਨਾਂ ਕੋਲ਼ ਜਿੰਨੀ ਜ਼ਮੀਨ-ਜਾਇਦਾਦ ਹੈ, ਉਹ ਸਾਰੀ ਹੀ ਬਾਬਾ ਬੰਦਾ ਸਿੰਘ ਬਹਾਦਰ ਦੁਆਰਾ ਆਮ ਲੋਕਾਂ ਦੇ ਨਾਂ ਕੀਤੀ ਹੋਈ ਪੈਲ਼ੀ ਹੈ। ਅੰਤ 9 ਜੂਨ 1716 ਨੂੰ ਦਿੱਲੀ ਵਿਖੇ ਜਦ ਬੰਦਾ ਸਿੰਘ ਬਹਾਦਰ ਨੂੰ ਅਸਹਿ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਤਾਂ ਉਸ ਤੋਂ ਪਹਿਲਾਂ ਉਨ੍ਹਾਂ ਦੇ 3 ਸਾਲ ਦੇ ਪੁੱਤਰ ਅਜੈ ਸਿੰਘ ਦਾ ਕਲ਼ੇਜਾ ਕੱਢ ਕੇ ਉਨ੍ਹਾਂ ਦੇ ਮੂੰਹ ’ਚ ਤੁੰਨਿਆ ਗਿਆ, ਫਿਰ ਵੀ ਉਸ ਮਹਾਨ ਯੋਧੇ ਨੇ ਅਫ਼ਸੋਸ ਨਾ ਕੀਤਾ ਜਦੋਂ ਕਿ ਉਸੇ ਬਾਬਾ ਬੰਦਾ ਸਿੰਘ ਨੇ ਇੱਕ ਗਰਭਵਤੀ ਹਿਰਨ ਦੀ ਮੌਤ ਤੋਂ ਬਾਅਦ ਵੈਰਾਗ ਧਾਰ ਲਿਆ ਸੀ। ਇਸ ਘਟਨਾ ਤੋਂ ਸਪਸ਼ਟ ਹੈ ਕਿ ਕਿਵੇਂ ਸੱਚ ਦੀ ਭਾਲ਼ ’ਚ ਵਿਆਕੁਲ 46 ਕੁ ਸਾਲ (੧੬ ਕੱਤਕ ਸੰਮਤ ੧੭੨੭/27 ਅਕਤੂਬਰ 1670-੧੧ ਹਾੜ ਸੰਮਤ ੧੭੭੩/9 ਜੂਨ 1716) ਦੀ ਇੱਕ ਨਿੱਕੀ ਜਿਹੀ ਜ਼ਿੰਦਗੀ; ਜੋ ਸਮਾਜ ਅਤੇ ਗ੍ਰਿਹਸਤੀ ਜੀਵਨ ਨੂੰ ਤਿਆਗ ਚੁੱਕੀ ਸੀ ਤੇ ਕਰਾਮਾਤੀ ਸ਼ਕਤੀਆਂ ਨੂੰ ਹੀ ਅਸਲ ਜੀਵਨ ਸਮਝ ਬੈਠੀ ਸੀ, ਉਸ ਨੇ ਮਾਨਵਤਾ ਦੀ ਰੱਖਿਆ ਲਈ ਕਿਵੇਂ ਅੱਗੇ ਆ ਕੇ ਰੋਲ ਮਾਡਲ ਸਫਲ ਜ਼ਿੰਦਗੀ ਬਤੀਤ ਕੀਤੀ। ਗੁਰਬਾਣੀ ਦਾ ਓਟ ਆਸਰਾ ਲੈ ਕੇ ਤੰਗਦਿਲੀ ਤੋਂ ਵਿਸ਼ਾਲ ਉਦਾਰਤਾ ਵੱਲ ਵਧੀ ਛੋਟੀ ਜਿਹੀ ਜ਼ਿੰਦਗੀ ਦੀ ਇਹ ਇੱਕ ਪ੍ਰਤੱਖ ਮਿਸਾਲ ਹੈ।

ਧਰਮੀ ਮਨੁੱਖ ਅੰਦਰ ਅੱਜ ਜੇਕਰ ਕੱਟੜਤਾ ਜਾਂ ਬੁਜ਼ਦਿਲੀ ਹੈ ਤਾਂ ਇਸ ਦੇ ਦੋ ਕਾਰਨ ਹਨ (1). ਅਕਾਲ ਪੁਰਖ ਨਾਲ਼ ਸੰਬੰਧ ਨਹੀਂ ਬਣ ਸਕਿਆ। (2). ਤੰਗਦਿਲੀ ’ਚ ਗ੍ਰਸਤ ਹੋਣਾ। ਇੱਕ ਵਿਕਾਰੀ ਬੰਦਾ; ਜਿਸ ਢੰਗ ਨਾਲ਼ ਆਪਣੀ ਕਮਜ਼ੋਰੀ ਵਾਙ ਹੋਰਾਂ ਨੂੰ ਵਿਕਾਰੀ ਸਾਬਤ ਕਰ ਦਿੰਦਾ ਹੈ, ਉਸ ਤਰ੍ਹਾਂ ਦਾ ਛਲ-ਕਪਟ; ਸੰਸਕਾਰੀ (ਅਵਿਕਾਰੀ) ਬੰਦਾ ਨਹੀਂ ਕਰ ਸਕਦਾ। ਜਿਸ ਢੰਗ ਨਾਲ਼ ਇੱਕ ਤਾਨਾਸ਼ਾਹ; ਹੋਰਾਂ ਨੂੰ ਤਾਨਾਸ਼ਾਹ ਸਾਬਤ ਕਰ ਦਿੰਦਾ ਹੈ, ਵੈਸੀ ਕਲਾ ਕਿਸੇ ਸਧਾਰਨ ਬੰਦੇ ਕੋਲ਼ ਨਹੀਂ ਹੁੰਦੀ ਤਾਹੀਓਂ ਤਾਨਾਸ਼ਾਹ ਹਾਕਮ ਨੂੰ ਪਹਿਚਾਨਣ ’ਚ ਆਮ ਨਾਗਰਿਕ ਅਕਸਰ ਧੋਖਾ ਖਾਂਦਾ ਹੈ। ਜਿਸ ਤਰ੍ਹਾਂ ਝੂਠਾ ਬੰਦਾ; ਹੋਰਾਂ ਨੂੰ ਝੂਠਾ ਸਾਬਤ ਕਰਦਾ ਹੈ, ਵੈਸੀ ਚਲਾਕੀ ਕਿਸੇ ਸੱਚੇ ਬੰਦੇ ਕੋਲ਼ ਨਹੀਂ ਹੁੰਦੀ। ਇੱਕ ਭ੍ਰਿਸ਼ਟ ਬੰਦਾ; ਆਮ ਜਨਤਾ ’ਚ ਜਿਸ ਤਰ੍ਹਾਂ ਹੋਰਾਂ ਨੂੰ ਭ੍ਰਿਸ਼ਟ ਸਾਬਤ ਕਰ ਆਪ ਇਮਾਨਦਾਰ ਬਣ ਬੈਠਦਾ ਹੈ, ਵੈਸਾ ਕਥਨੀ ਅਤੇ ਕਰਨੀ ਦਾ ਅੰਤਰ ਇੱਕ ਇਮਾਨਦਾਰ ਕੋਲ਼ ਨਹੀਂ ਹੋ ਸਕਦਾ; ਬਿਲਕੁਲ ਇਸੇ ਤਰ੍ਹਾਂ ਉਦਾਰਵਾਦੀ ਭਗਤ ਅੰਦਰ ਜਿਸ ਤਰ੍ਹਾਂ ਦੀ ਸਚਾਈ ਬਾਰੇ ਸਮਝ ਹੁੰਦੀ ਹੈ, ਵੈਸਾ ਗਿਆਨ ਤੰਗਦਿਲ (ਅਧਰਮੀ, ਕਰਮਕਾਂਡੀ ਜਾਂ ਨਾਸਤਿਕ) ਬੰਦੇ ਕੋਲ਼ ਨਹੀਂ ਹੁੰਦਾ। ਲੋਕਾਂ ਦੀ ਬਦਕਿਸਮਤੀ ਕਹੀਏ ਕਿ ਝੂਠੇ ਬੰਦੇ ਨਾਲ਼ ਝੂਠਾ ਬੰਦਾ ਆ ਖੜ੍ਹਦਾ ਹੈ। ਪਾਪੀ ਨਾਲ਼ ਪਾਪੀ ਅਤੇ ਭ੍ਰਿਸ਼ਟ ਨਾਲ਼ ਭ੍ਰਿਸ਼ਟ ਬੰਦਾ ਆ ਮਿਲਦਾ ਹੈ, ਪਰ ਸੱਚੇ ਬੰਦੇ ਨਾਲ਼ ਅਕਸਰ ਧਰਮੀ ਅਖਵਾਉਣ ਵਾਲ਼ਾ ਬੰਦਾ ਨਹੀਂ ਖੜ੍ਹਦਾ। ਇਸ ਦੇ ਦੋ ਕਾਰਨ ਹਨ (1). ਧਰਮੀ ਬੰਦਾ ਅਜੇ ਵਿਖਾਵੇ ਮਾਤਰ ਹੈ, ਪੂਰਨ ਧਰਮੀ ਨਹੀਂ। ਉਹ ਸਮਾਜ ਅਤੇ ਮੌਤ ਤੋਂ ਡਰਦਾ ਹੈ ਭਾਵੇਂ ਕਿ ਗੁਰਬਾਣੀ ਦੇ ਬਚਨ ਹਨ ‘‘ਹਰਿ ਬਿਨੁ, ਕੋਈ ਮਾਰਿ ਜੀਵਾਲਿ ਸਕੈ; ਮਨ! ਹੋਇ ਨਿਚਿੰਦ, ਨਿਸਲੁ ਹੋਇ ਰਹੀਐ ’’ (ਮਹਲਾ /੫੯੪) ਅਰਥ : ਹੇ ਮਨ! ਅਕਾਲ ਪੁਰਖ ਤੋਂ ਬਿਨਾਂ ਕੋਈ ਵੀ ਹੋਰ ਕਿਸੇ ਨੂੰ ਨਾ ਮਾਰ ਸਕਦਾ ਹੈ ਤੇ ਨਾ ਜਨਮ ਦੇ ਸਕਦਾ ਹੈ, ਇਸ ਲਈ ਬੇਫ਼ਿਕਰ ਅਤੇ ਚਿੰਤਾ ਮੁਕਤ ਹੋ ਕੇ (ਸੱਚ ਬੋਲਦਾ) ਰਹਿ। ਇਸ ਦੀ ਇੱਕ ਮਿਸਾਲ ਹੈ ਕਿ ਜਦ 1521 ਈਸਵੀ ’ਚ ਬਾਬਰ ਨੇ ਏਮਨਾਬਾਦ (ਅਜੋਕਾ ਪਾਕਿਸਤਾਨ) ’ਤੇ ਹਮਲਾ ਕੀਤਾ ਤਾਂ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਜੀ (ਤਰਖਾਣ) ਦੇ ਘਰ ਠਹਿਰੇ ਹੋਏ ਸਨ। ਉਨ੍ਹਾਂ ਨੇ ਓਥੇ ਹੋਈ ਕਤਲੇਆਮ ਨੂੰ ਅੱਖੀਂ ਵੇਖਿਆ ਅਤੇ ਬਾਬਰ ਨੂੰ ਜਾਬਰ (ਜ਼ਾਲਮ) ਕਿਹਾ ਕਿਉਂਕਿ ਤੁਰੰਤ ਸੱਚ ਬੋਲਣ ਦਾ ਸਮਾਂ ਸੀ; ਜਿਵੇਂ ਕਿ ਆਪ ਜੀ ਦੇ ਬਚਨ ਹਨ ‘‘ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ ਸਚ ਕੀ ਬੇਲਾ ’’ (ਮਹਲਾ /੭੨੩), ਪਰ ਅੱਜ ਅਨੇਕਾਂ ਮਹਾਤਮਾ, ਗੁਰੂ, ਪੀਰ, ਸ਼੍ਰੀ ਸ਼੍ਰੀ 1008 ਅਤੇ ਧਰਮੀ ਅਖਵਾਉਣ ਵਾਲ਼ੇ ਘੁੰਮਦੇ ਫਿਰਦੇ ਹਨ, ਪਰ ਹੁੰਦੇ ਸਮਾਜਿਕ ਜ਼ੁਲਮ ਵਿਰੁਧ ਬੋਲਣ ਤੋਂ ਡਰਦੇ ਹਨ ਜਦਕਿ ਇਹੀ ਸਮਾਂ ਹੁੰਦਾ ਹੈ ਜਦੋਂ ਸਮਾਜ ’ਚ ਚੇਤਨਾ ਦੀ ਅਗਵਾਈ ਕੀਤੀ ਜਾਵੇ। ਚੁੱਪ ਰਹਿਣ ਤੋਂ ਭਾਵ ਬਾਬਾ ਬੰਦਾ ਸਿੰਘ ਬਹਾਦਰ ਵਰਗਾ ਜਜ਼ਬਾ ਪੈਦਾ ਹੋਣ ਲਈ ਕੋਈ ਠੋਸ/ਨਿੱਗਰ ਧਾਰਮਿਕ ਰਹਿਨੁਮਾਈ ਨਹੀਂ ਮਿਲੀ। ਫੋਕਟ ਕਰਮਕਾਂਡਾਂ ਦੇ ਇਰਦ-ਗਿਰਦ ਹੀ ਜੀਵਨ ਬੀਤਦਾ ਪਿਆ ਹੈ।

(2). ਬੰਦਾ ਸਮਾਜਿਕ ਭਾਈਚਾਰੇ ਦੇ ਡਰ ਕਾਰਨ ਵੀ ਸੱਚ ਦਾ ਸਾਥ ਨਹੀਂ ਦਿੰਦਾ ਕਿਉਂਕਿ ਝੂਠੇ ਬੰਦੇ ਸਮਾਜ ’ਚ ਵੱਧ ਹੁੰਦੇ ਹਨ। ਗੁਰਬਾਣੀ ਦਾ ਫ਼ੁਰਮਾਨ ਹੈ ਕਿ ਜੋ ਮਨੁੱਖ; ਲੋਕਾਚਾਰੀ ਤੋਂ ਉੱਪਰ ਨਾ ਉੱਠ ਸਕਿਆ, ਉਹ ਰੱਬ ਦਾ ਬੰਦਾ (ਸੱਚਾ ਸੇਵਕ) ਨਹੀਂ ਬਣ ਸਕਦਾ। ਗੁਰੂ ਨਾਨਕ ਸਾਹਿਬ ਜੀ ਵਰਗਿਆਂ ਨੂੰ ਵੀ ਸਮਾਜ ਨੇ ਇਉਂ ਕੁਬੋਲ ਬੋਲੇ ਸਨ ‘‘ਕੋਈ ਆਖੈ ਭੂਤਨਾ; ਕੋ ਕਹੈ ਬੇਤਾਲਾ (ਪਾਗਲ)   ਕੋਈ ਆਖੈ ਆਦਮੀ; ਨਾਨਕੁ ਵੇਚਾਰਾ ’’ (ਮਹਲਾ /੯੯੧) ਤਾਂ ’ਤੇ ਸਿੱਖ ਨੂੰ ਵੀ ਸਮਾਜਿਕ ਵਿਰੋਧ ਨੂੰ ਅਣਡਿੱਠ ਕਰ ਸੱਚ ਲਈ ਅੱਗੇ ਆਉਣਾ ਚਾਹੀਦਾ ਹੈ; ਜਿਵੇਂ ਕਿ ਗੁਰੂ ਰਾਮਦਾਸ ਜੀ ਫ਼ੁਰਮਾ ਰਹੇ ਹਨ ‘‘ਲੋਕਨ ਕੀ ਚਤੁਰਾਈ ਉਪਮਾ; ਤੇ ਬੈਸੰਤਰਿ ਜਾਰਿ   ਕੋਈ ਭਲਾ ਕਹਉ ਭਾਵੈ ਬੁਰਾ ਕਹਉ; ਹਮ ਤਨੁ ਦੀਓ ਹੈ ਢਾਰਿ ’’ (ਮਹਲਾ /੫੨੮) ਅਰਥ : ਲੋਕਾਂ ਵੱਲੋਂ ਮਿਲਣ ਵਾਲ਼ੀ ਸਿਆਣਪ (ਕਿ ਸੱਚ ਦਾ ਸਾਥ ਦੇ ਕੇ ਬੁਰਾ ਨਾ ਬਣ) ਅਤੇ ਵਡਿਆਈ (ਕਿ ਤੈਂ ਸੱਚ ’ਤੇ ਪਹਿਰਾ ਦੇ ਕੇ ਚੰਗਾ ਕੀਤਾ) ਮੈਂ ਅੱਗ ’ਚ ਸਾੜ ਦਿੱਤੀ ਭਾਵ ਮੈਨੂੰ ਇਨ੍ਹਾਂ ਦੀ ਕੋਈ ਪ੍ਰਵਾਹ ਨਹੀਂ। ਕੋਈ ਮੈਨੂੰ ਭਾਵੇਂ ਚੰਗਾ ਕਹੇ ਜਾਂ ਮਾੜਾ ਕਹੇ; ਮੈ ਤਾਂ ਆਪਣੇ ਸਤਿਗੁਰੂ ਦੇ ਚਰਨਾਂ ’ਤੇ ਸੀਸ ਭੇਟ ਕਰ ਦਿੱਤਾ ਹੈ ਯਾਨੀ ਗੁਰੂ ਜੀ ਦੇ ਕਹੇ ਅਨੁਸਾਰ ਸੱਚ ’ਤੇ ਚੱਲਣਾ ਸਿੱਖ ਲਿਆ ਹੈ ਕਿ ‘‘ਨਾਨਕ ! ਦੁਨੀਆ ਕੀਆਂ ਵਡਿਆਈਆਂ; ਅਗੀ ਸੇਤੀ ਜਾਲਿ   ਏਨੀ ਜਲੀਈਂ ਨਾਮੁ ਵਿਸਾਰਿਆ; ਇਕ ਚਲੀਆ ਨਾਲਿ ’’ (ਮਹਲਾ /੧੨੯੦)

ਸੰਨ 1675 ਵਿੱਚ ਰਾਜਾ ਔਰੰਗਜ਼ੇਬ ਨੇ ਕਸ਼ਮੀਰੀ ਪੰਡਿਤਾਂ ਉੱਤੇ ਜ਼ੁਲਮ ਕਰਨਾ ਬਹੁਤ ਵਧਾ ਦਿੱਤਾ ਸੀ। ਬ੍ਰਾਹਮਣਾਂ ਨੇ ਹਰ ਪਾਸਿਓਂ ਮਦਦ ਮੰਗੀ ਪਰ ਕਿਸੇ ਨੇ ਉਨ੍ਹਾਂ ਦੀ ਬਾਂਹ ਨਾ ਫੜੀ। ਆਖ਼ਿਰ 25 ਮਈ 1675 ਨੂੰ ਗੁਰੂ ਘਰ ਦੇ ਨਿਡਰ ਯੋਧੇ ਬਾਬਾ ਕਿਰਪਾ ਰਾਮ ਜੀ ਦੀ ਅਗਵਾਈ ’ਚ 16 ਕਸ਼ਮੀਰੀ ਪੰਡਿਤਾਂ ਦਾ ਜਥਾ ਚੱਕ ਨਾਨਕੀ (ਅਜੋਕੇ ਅਨੰਦਪੁਰ ਸਾਹਿਬ) ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਦਰਬਾਰ ’ਚ ਆ ਫ਼ਰਿਆਦ ਕਰਦਾ ਹੈ ਕਿ ਔਰੰਗਜ਼ੇਬ ਨੇ ਸਾਨੂੰ ਮੁਸਲਮਾਨ ਬਣਨ ਲਈ ਜਾਂ ਮੌਤ ਕਬੂਲਣ ਲਈ ਕਿਹਾ ਹੈ। ਤਿਆਗ ਦੀ ਮੂਰਤੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਭਾਂਪ ਲਿਆ ਕਿ ਕਿਸੇ ਮਹਾਨ ਵਿਅਕਤੀ ਵੱਲੋਂ ਵੱਡੀ ਕੁਰਬਾਨੀ ਦੇ ਕੇ ਭਾਰਤੀ ਲੋਕਾਂ ਦੀ ਮਰ ਚੁੱਕੀ ਜ਼ਮੀਰ ਨੂੰ ਜਿਊਂਦਾ ਕਰਨਾ ਪੈਣਾ ਹੈ।  9 ਕੁ ਸਾਲ ਦੇ ਬਾਲਕ ਗੋਬਿੰਦ ਰਾਇ ਜੀ ਨੇ ਹੁੰਗਾਰਾ ਭਰ ਦਿੱਤਾ ਤਾਂ ਜੋ ਗੁਰੂ ਦਰ ਆਏ ਬ੍ਰਾਹਮਣ ਸ਼ਰਨਾਰਥੀਆਂ ਨੂੰ ਨਿਰਾਸ਼ ਨਾ ਹੋਣਾ ਪਵੇ । ਗੁਰੂ ਸਾਹਿਬ ਜੀ ਨੇ ਕਸ਼ਮੀਰੀ ਪੰਡਿਤਾਂ ਨੂੰ ਕਿਹਾ ਕਿ ਔਰੰਗਜ਼ੇਬ ਤੱਕ ਸੁਨੇਹਾ ਪਹੁੰਚਾ ਦਿਓ ਕਿ ਜੇਕਰ ਗੁਰੂ ਤੇਗ਼ ਬਹਾਦਰ ਸਾਹਿਬ ਜੀ; ਮੁਸਲਮਾਨ ਬਣ ਜਾਣ ਤਾਂ ਅਸੀਂ ਸਾਰੇ ਬ੍ਰਾਹਮਣ ਵੀ ਮੁਸਲਮਾਨ ਬਣ ਜਾਵਾਂਗੇ। ਇਸ ਹੱਲਾਸ਼ੇਰੀ ਨੇ ਕਸ਼ਮੀਰੀ ਪੰਡਿਤਾਂ ਅੰਦਰ ਖ਼ੁਸ਼ੀ ਦੀ ਲਹਿਰ ਪੈਦਾ ਕਰ ਦਿੱਤੀ ਕਿ ਕੋਈ ਤਾਂ ਬਾਂਹ ਫੜਨ ਲਈ ਅੱਗੇ ਆਇਆ। ਗੁਰੂ ਸਾਹਿਬ ਜੀ ਨੇ ਬਾਲਕ ਗੋਬਿੰਦ ਰਾਇ ਜੀ ਨੂੰ ਗੁਰੂ ਨਾਨਕ ਜੋਤਿ ਦਾ 10ਵਾਂ ਉੱਤਰਾਧਿਕਾਰੀ ਥਾਪ ਕੇ ਆਪ ਭਾਰਤ ਦੀ ਜਨਤਾ ’ਚ ਨਵੀਂ ਰੂਹ ਪੈਦਾ ਕਰਨ ਲਈ ਦਿੱਲੀ ਵੱਲ ਚੱਲ ਪਏ। ਜਿੱਥੇ ਆਪ ਨੇ ਆਪਣੇ ਤਿੰਨ ਗੁਰਸਿੱਖਾਂ (ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ) ਸਮੇਤ ਅਸਹਿ ਤਸੀਹੇ ਸਹਾਰਦਿਆਂ ਸ਼ਹੀਦੀ ਦੇ ਕੇ ਕਸ਼ਮੀਰੀ ਪੰਡਿਤਾਂ ਨਾਲ਼ ਕੀਤਾ ਆਪਣਾ ਬਚਨ ਪੂਰਾ ਕਰ ਦਿੱਤਾ ਤੇ ਔਰੰਗਜ਼ੇਬ ਦੀ ਹਾਰ ਹੋਈ ਤਾਹੀਓਂ ਆਪ ਜੀ ਦੇ ਇਨ੍ਹਾਂ ਬੋਲਾਂ ਨੂੰ ਅੱਜ ਵੀ ਬੜੇ ਫ਼ਖ਼ਰ ਨਾਲ਼ ਪੜ੍ਹਿਆ ਜਾਂਦਾ ਹੈ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ’’  (ਮਹਲਾ /੧੪੨੭) ਅਰਥ : ਅਸੀਂ ਨਾ ਕਿਸੇ ਜ਼ਾਲਮ ਦਾ ਡਰ ਸਹਿਣ ਕਰਦੇ ਹਾਂ ਅਤੇ ਨਾ ਹੀ ਕਿਸੇ ਨਿਮਾਣੇ ਨੂੰ ਡਰਾਉਂਦੇ ਹਾਂ।

ਗੁਰੂ ਸਾਹਿਬਾਨ ਨੇ ਅਜਿਹੀ ਸਿੱਖ ਕੌਮ ਦੀ ਸਿਰਜਣਾ ਕੀਤੀ ਹੈ, ਜੋ ਅਕਾਲ ਪੁਰਖ ਤੋਂ ਇਲਾਵਾ ਕਿਸੇ ਹੋਰ ਦੀ ਪੂਜਾ ਨਹੀਂ ਕਰਦੀ ਅਤੇ ਆਪਣਾ ਮਾਲਕ; ਕਣ ਕਣ ’ਚ ਵਿਆਪਕ ਹੋਣ ਕਾਰਨ ਸਭ ਨਾਲ਼ ਪਿਆਰ ਭਾਵਨਾ ਨਾਲ਼ ਰਹਿਣਾ ਪਸੰਦ ਕਰਦੀ ਹੈ। ਕਿਸੇ ਲਿੰਗ, ਜਾਤਿ, ਰੰਗ, ਧਰਮ, ਫਿਰਕੇ, ਦੇਸ਼, ਭਾਸ਼ਾ, ਪਹਿਰਾਵੇ ਆਦਿ ਦਾ ਵਿਤਕਰਾ ਨਹੀਂ ਕਰਦੀ ਸਗੋਂ ਅੱਜ ਵੀ ਲੋੜਵੰਦਾਂ ਦੀ ਬਾਂਹ ਫੜ ਕੇ ਆਪਣੇ ਉੱਚੇ ਇਖ਼ਲਾਕ ਨੂੰ ਰੋਲ ਮਾਡਲ ਵਜੋਂ ਪੇਸ਼ ਕਰਦੀ ਹੈ। ਸਿੱਖ; ਰੱਬ ਦਾ ਬੰਦਾ (ਦਾਸ) ਹੈ। ਜਨਤਾ ਲਈ ਸਮਾਜ ਸੇਵਕ ਹੈ। ਲੋੜਵੰਦਾਂ ਲਈ ਦਾਤਾ ਹੈ। ਸੱਚ ਦਾ ਸਾਥ ਦਿੰਦਿਆਂ ਮੈਦਾਨੇ ਜੰਗ ’ਚ ਯੋਧਾ ਹੈ। ਕੁਦਰਤ ਦਾ ਦਸਤੂਰ (ਭਾਵ ਰੀਤ) ਵੀ ਇਹੀ ਸੰਘਰਸ਼ ਹੈ, ਖੇਲ ਹੈ; ਜਿਵੇਂ ਕਿ ਸ਼ਾਮ ਨੂੰ ਹਰ ਰੋਜ਼ ਪੜ੍ਹੀਦਾ ਹੈ ‘‘ਜੀਅ ਜੰਤ ਸਭਿ; ਤੇਰਾ ਖੇਲੁ ’’  (ਸੋ ਪੁਰਖੁ/ਮਹਲਾ /੧੧) ਗੁਰੂ ਸਾਹਿਬਾਨ ਨੇ ਗ੍ਰਿਹਸਤੀ ਅਤੇ ਸਮਾਜ ਤੋਂ ਭਗੌੜੇ ਲੋਕਾਂ, ਜੋ ਭਗਤੀ ਕਰਨ ਲਈ ਜੰਗਲ਼ਾਂ ’ਚ ਚਲੇ ਗਏ ਸਨ, ਦੇ ਜੀਵਨ ਨੂੰ ਨਿਹਫਲ਼ ਦੱਸਿਆ। ਜੇਕਰ ਕੋਈ ਸਿੱਖ ਪਾਠ ਕਰਦਾ ਹੈ, ਪਰ ਲੋੜਵੰਦਾਂ ਦੀ ਮਦਦ ਕਰਨ ਸਮੇਂ ਡਰਦਾ ਹੈ ਤਾਂ ਉਹ ਵੀ ਜੰਗਲ਼ ’ਚ ਜਾ ਕੇ ਭਗਤੀ ਕਰਨ ਵਾਲ਼ੇ ਲੋਕਾਂ ਵਰਗਾ ਹੈ। ਸੰਘਰਸ਼ ਕਰਨ ਦਾ ਇਹ ਮਤਲਬ ਨਹੀਂ ਕਿ ਤਲਵਾਰਾਂ ਨੂੰ ਹਵਾ ’ਚ ਲਹਿਰਾ ਕੇ ਲੋਕਾਂ ਨੂੰ ਡਰਾਇਆ ਜਾਵੇ। ਅਜੋਕੇ ਸਮੇਂ ਮੁਤਾਬਕ ਸੰਘਰਸ਼ ਦੇ ਦੋ ਨੁਕਤੇ ਸਫਲ ਹਨ :

(1). ਸਮਾਜਿਕ ਏਕਤਾ ਸਥਾਪਿਤ ਕਰਨਾ ਗੁਰੂ ਸਾਹਿਬਾਨ ਨੇ ਅਲੌਕਿਕ ਮਾਲਕ ਦੀ ਹੋਂਦ ਦੀ ਵਿਆਖਿਆ ਕਰਦਿਆਂ ਮਨੁੱਖਤਾ ਨੂੰ ਸਮਝਾਇਆ ਕਿ ਅਸੀਂ ਸਾਰੇ ਉਸ ਇੱਕੋ ਪਿਤਾ ਦੀ ਔਲਾਦ ਹਾਂ; ਜਿਵੇਂ ਕਿ ਬਚਨ ਹਨ ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ…. (ਮਹਲਾ /੬੧੧), ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ ’’ (ਮਹਲਾ /੯੭) ਜਦ ਮਨੁੱਖ ਸਾਰਿਆਂ ਨੂੰ ਆਪਣਾ ਪਰਵਾਰ ਮੰਨੇਗਾ ਤਾਂ ਵਿਤਕਰਾ, ਬੇਇਨਸਾਫ਼ੀ, ਕਰੂਰਤਾ (ਕਠੋਰਤਾ); ਆਪਣੇ ਆਪ ਖ਼ਤਮ ਹੋ ਕੇ ਪਿਆਰ, ਹਮਦਰਦੀ, ਸਬਰ ਆਦਿ ਹਿਰਦੇ ’ਚ ਜੰਮਣ ਲੱਗ ਪੈਂਦੇ ਹਨ।

(2). ਸਮੇਂ ਦਾ ਹਾਣੀ ਹੋਣਾ ਅੱਜ ਵਿਗਿਆਨਿਕ ਯੁੱਗ ਹੈ। ਪੜ੍ਹਿਆ ਲਿਖਿਆ ਸਮਾਜ ਹੋਣਾ ਸਮੇਂ ਦੀ ਮੁੱਖ ਮੰਗ ਹੈ। ਆਪਣੇ ਬੱਚਿਆਂ ਨੂੰ ਚੰਗੇ ਵਕੀਲ, ਚੰਗੇ ਜੱਜ, ਚੰਗੇ ਡਾਕਟਰ, ਚੰਗੇ ਇੰਜੀਨੀਅਰ, ਸੁਖਾਵਾਂ ਰਾਜ-ਪ੍ਰਬੰਧ ਸਥਾਪਿਤ ਕਰਨ ਲਈ ਚੰਗੇ ਅਫ਼ਸਰ (IAS, IPS, IFS ), ਦੀਰਘ ਸੋਚ ਰੱਖਣ ਵਾਲ਼ੇ ਸਿਆਸਦਾਨ, ਆਦਿ ਬਣਾ ਕੇ ਵੀ ਸਮਾਜ ਦੀ ਸੇਵਾ ਕੀਤੀ ਜਾ ਸਕਦੀ ਹੈ ਅਤੇ ਦੁਰਾਚਾਰੀ ਤੇ ਜ਼ਾਲਮ ਲੋਕਾਂ ਨੂੰ ਖ਼ਤਮ ਕੀਤਾ ਜਾ ਸਕਦਾ ਹੈ।

ਅੰਤ ’ਚ ਸਵਾਲ ਪੈਦਾ ਹੁੰਦਾ ਹੈ ਕਿ ਗੁਰਬਾਣੀ ਵਰਗਾ ਸਰਬ ਸਾਂਝਾ ਗੁਰੂ ਮੌਜੂਦ ਹੋਣ ਦੇ ਬਾਵਜੂਦ ਭੀ ਐਸਾ ਕੰਮ ਕਿਉਂ ਨਹੀਂ ਕੀਤਾ ਗਿਆ? ਜਵਾਬ : ਸਿੱਖਾਂ ਦੀਆਂ ਦੋ ਸਿਰਮੌਰ ਜਥੇਬੰਦੀਆਂ ਹਨ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ਅਤੇ ‘ਸ਼੍ਰੋਮਣੀ ਅਕਾਲੀ ਦਲ’। ਸਿੱਖਾਂ ਨੇ ਬੇਧਿਆਨੇ ’ਚ ਇਨ੍ਹਾਂ ਉੱਤੇ ਮਾੜੇ ਬੰਦਿਆਂ ਦਾ ਕਬਜ਼ਾ ਕਰਾ ਦਿੱਤਾ, ਜੋ ਰੂੜ੍ਹੀਵਾਦੀ (ਪੁਰਾਤਨ ਸੱਭਿਅਤਾ) ਵਾਲ਼ੀ ਸੋਚ ਨੂੰ ਪ੍ਰਣਾਇ ਹਨ। ਸਮੇਂ ਦਾ ਹਾਣੀ ਹੋਣਾ ਇਨ੍ਹਾਂ ਨੂੰ ਮਾਫ਼ਕ ਨਹੀਂ। ਭਾਵੇਂ ਇਹ ਲੋਕਤੰਤਰੀ ਢੰਗ ਨਾਲ਼ ਚੁਣੇ ਗਏ, ਪਰ ਵੈਸੇ ਇਹ ਲੋਕਤੰਤਰੀ ਪ੍ਰਣਾਲੀ ਵਿਰੁੱਧ ਹਨ ਤਾਹੀਓਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ 10-10 ਸਾਲ ਜਾਂ 15-15 ਸਾਲ ਤੱਕ ਨਹੀਂ ਕਰਾਈ ਜਾਂਦੀ। ਇਸ ਰੂੜ੍ਹੀਵਾਦੀ ਸੋਚ ਨੇ ਸਦੀਆਂ ਤੋਂ ਆਮ ਜਨਤਾ ਨੂੰ ਗ਼ੁਲਾਮ ਰੱਖਣ ਲਈ ਉਨ੍ਹਾਂ ਅੱਗੇ ਅਖੌਤੀ ਦੇਵਤੇ, ਅਖੌਤੀ ਸੰਤ, ਅਖੌਤੀ ਬ੍ਰਹਮਗਿਆਨੀਆਂ ਨੂੰ ਉਭਾਰਿਆ ਹੈ। ਹੁਣ ਇਨ੍ਹਾਂ ਵਿੱਚ ਇੱਕੋ ਜਥੇਦਾਰ ਅਤੇ ਇੱਕੋ ਪਰਵਾਰ ਨੂੰ ਆਗੂ ਮੰਨਣਾ ਵੀ ਸ਼ਾਮਲ ਕਰ ਲਿਆ ਵਰਨਾ ਗੁਰੂ ਸਾਹਿਬ ਨੇ ਤਾਂ ਸਿੱਖਾਂ ਲਈ ਪੰਜਾਂ ਪਿਆਰਿਆਂ ਦੀ ਪੰਚਾਇਤ ਸਥਾਪਿਤ ਕੀਤੀ ਸੀ। ਇਸ ਸਭ ਦੇ ਪਿੱਛੇ ਉਹੀ ਅਧਾਰਮਿਕ ਸ਼ਕਤੀਆਂ ਕਾਰਜਸ਼ੀਲ ਹਨ, ਜਿਨ੍ਹਾਂ ਨੂੰ ਗੁਰਬਾਣੀ ਦਾ ਸਮਾਜ ਨੂੰ ਜੋੜਨ ਵਾਲ਼ਾ ਸਿਧਾਂਤ ਪਸੰਦ ਨਹੀਂ। ਸਦੀਆਂ ਤੋਂ ਉਨ੍ਹਾਂ ਨੇ ਮਨੁੱਖਤਾ ਨੂੰ ਵੰਡਿਆ ਹੈ ਤਾਹੀਓਂ ਅੱਜ ‘ਧਰਮ ਜੋੜਦਾ ਹੈ, ਤੋੜਦਾ ਨਹੀਂ’, ਵਾਲ਼ੀ ਅਸਲ ਸਚਾਈ ਵੀ ਕਿਸੇ ਦੇ ਹਜ਼ਮ ਨਹੀਂ ਹੋ ਰਹੀ।

ਸੋ ਅਯੋਗ ਬੰਦਿਆਂ ਤੋਂ ਆਪਹੁੰ ਬਣੇ ਇਨ੍ਹਾਂ ਫੋਕਟ ਮਹਾਂ ਮਾਨਵਾਂ ਨੇ ਆਪਣੇ ਭਾਈਚਾਰੇ ਨੂੰ ਅੱਗੇ ਵਧਣ ਨਹੀਂ ਦਿੱਤਾ ਤਾਂ ਜੋ ਇਨ੍ਹਾਂ ਦੀ ਪੁਰਖੀ ਪਰੰਪਰਾ ਨੂੰ ਕੋਈ ਚੁਣੌਤੀ ਨਾ ਦੇ ਸਕੇ ਸਗੋਂ ਕੌਮ ਦੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕ ਦਿੱਤਾ ਤਾਹੀਓਂ ਅੱਜ ਉਹ ਹਰ ਇੱਕ ਦੇ ਮਗਰ ਲੱਗ ਤਲਵਾਰਾਂ ਲਹਿਰਾਉਣ ਲੱਗ ਜਾਂਦੀ ਹੈ ਭਾਵੇਂ ਉਸ ਦਾ ਕੋਈ ਲਾਭ ਹੋਵੇ ਜਾਂ ਨਾ ਹੋਵੇ। ਹੁਣ ਸਭ ਤੋਂ ਪਹਿਲਾਂ ਸਿੱਖਾਂ ਨੂੰ ਇਨ੍ਹਾਂ ਆਪਣਿਆਂ ਨਾਲ਼ ਸੰਘਰਸ਼ ਕਰਨਾ ਪੈਣਾ ਹੈ; ਜਿਵੇਂ ਮਸੰਦਾਂ ਨਾਲ਼ ਕੀਤਾ ਗਿਆ ਸੀ ਤਾਂ ਜੋ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਦੂਰਅੰਦੇਸ਼ੀ ਯੋਧੇ ਕੌਮ ਅੰਦਰ ਤਿਆਰ ਹੋਣ ਅਤੇ ਗੁਰਬਾਣੀ ਵਾਲ਼ੀ ਸਰਬ ਸਾਂਝੀਵਾਲਤਾ (ਸਮਾਜਿਕ ਏਕਤਾ) ਆਪਣੀ ਕੌਮ ਤੋਂ ਅਰੰਭ ਕੀਤੀ ਜਾਵੇ, ਜੋ ਹੁਣ ਇਨ੍ਹਾਂ ਨੇ ਅਨੇਕਾਂ ਵਰਗਾਂ ’ਚ ਵੰਡ ਦਿੱਤੀ ਜਾਂ ਪੰਥ ਦੋਖੀ ਸ਼ਕਤੀਆਂ ਤੋਂ ਵੰਡਾਅ ਦਿੱਤੀ ਹੈ।