ਆਖ਼ਿਰ ਸਿੱਖ ਰਹਿਤ ਮਰਯਾਦਾ ਨੂੰ ਕਿਉਂ ਰੱਦ ਕੀਤਾ ਜਾਂਦਾ ਹੈ ?

0
101

ਆਖ਼ਿਰ ਸਿੱਖ ਰਹਿਤ ਮਰਯਾਦਾ ਨੂੰ ਕਿਉਂ ਰੱਦ ਕੀਤਾ ਜਾਂਦਾ ਹੈ ?

ਬੀਬੀ ਹਰਜੀਤ ਕੌਰ (ਬਠਿੰਡਾ)-94645-01618

16 ਜੂਨ 2023 ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਪਤ ਏਜੰਡੇ ਨਾਲ ਸੱਦੀ ਹੰਗਾਮੀ ਮੀਟਿੰਗ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾ ਕੇ ਗਿਆਨੀ ਰਘਵੀਰ ਸਿੰਘ ਨੂੰ ਪੱਕੇ ਤੌਰ ’ਤੇ ਜਥੇਦਾਰ ਲਾਇਆ ਗਿਆ। ਇਸ ਵਿਸ਼ੇ ’ਤੇ ਇੱਕ ਟੀਵੀ ਚੈਨਲ ’ਤੇ ਹੋਈ ਡੀਬੇਟ ਦੌਰਾਨ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਸ੍ਰੋਮਣੀ ਕਮੇਟੀ ਦੇ ਨੁੰਮਾਇੰਦੇ ਨੂੰ ਪੁੱਛਿਆ ਕਿ ਜਿਸ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ‘ਫ਼ਖ਼ਰ-ਏ-ਕੌਮ ਪੰਥ ਰਤਨ’ ਦਾ ਖ਼ਿਤਾਬ ਦਿੱਤਾ ਗਿਆ ਸੀ, ਤੁਸੀਂ ਉਸ ਦੇ ਸਿਵੇ ਨੂੰ ਫਰੋਲਿਆ ਅਤੇ ਉਸ ਦੇ ਫੁੱਲ ਕੀਰਤਪੁਰ ਪਾ ਕੇ ਆਏ; ਕੀ ਇਹ ਸਿੱਖ ਰਹਿਤ ਮਰਯਾਦਾ ਅਨੁਸਾਰ ਠੀਕ ਹੈ ? ਸ੍ਰੋਮਣੀ ਕਮੇਟੀ ਵੱਲੋਂ ਡਿਬੇਟ ’ਚ ਭਾਗ ਲੈ ਰਹੇ ਸ੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਨੇ ਆਪਣੀ ਕਮੇਟੀ ਵੱਲੋਂ ਤਿਆਰ ਕੀਤੀ ਅਤੇ ਛਾਪ ਕੇ ਵੰਡੀ ਤੇ ਪ੍ਰਚਾਰੀ ਜਾ ਰਹੀ ਸਿੱਖ ਰਹਿਤ ਮਰਯਾਦਾ ਤੋਂ ਪੂਰੀ ਅਗਿਆਨਤਾ ਜਾਂ ਮੂਰਖਤਾ ਪ੍ਰਗਟ ਕਰਦਿਆਂ ਬੜੀ ਬੇਬਾਕੀ ਨਾਲ ਕਿਹਾ ਕਿ ‘ਸਿੱਖਾਂ ਦੀ ਕੋਈ ਸਿੱਖ ਰਹਿਤ ਮਰਯਾਦਾ ਨਹੀਂ ਹੈ, ਉਹ ਸਿਰਫ ਖਰੜਾ ਹੈ, ਜਿਸ ਨੂੰ ਕਦੀ ਵੀ ਪ੍ਰਵਾਨਗੀ ਨਹੀਂ ਮਿਲੀ।’ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਿਛਲੇ 70 ਸਾਲਾਂ ਤੋਂ ਹਰ ਸਾਲ ਲੱਖਾਂ ਦੀ ਗਿਣਤੀ ’ਚ ਛਾਪ ਕੇ ਮੁਫ਼ਤ ਵੰਡੀ ਜਾ ਰਹੀ ‘ਸਿੱਖ ਰਹਿਤ ਮਰਯਾਦਾ’ ਦੇ ਪਹਿਲੇ 4 ਪੰਨੇ ਪੜ੍ਹਨ ਨਾਲ ਹੀ ਹੇਠ ਲਿਖੀ ਸਚਾਈ ਸਾਹਮਣੇ ਆ ਜਾਂਦੀ ਹੈ।

ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਵਿਚ ਗੁਰ ਮਰਯਾਦਾ ਨੂੰ ਠੀਕ ਤਰ੍ਹਾਂ ਨਿਯਤ ਕਰਨ ਹਿਤ, ਰਹਿਤ ਮਰਯਾਦਾ ਦਾ ਇੱਕ ਖਰੜਾ ਤਿਆਰ ਕਰਨ ਲਈ 25 ਮੈਂਬਰੀ ਰਹੁ ਰੀਤ ਸਬ ਕਮੇਟੀ ਬਣਾਈ, ਜਿਸ ਦੇ ਕਨਵੀਨਰ ਪ੍ਰੋ: ਤੇਜਾ ਸਿੰਘ ਨੂੰ ਨਿਯੁਕਤ ਕੀਤਾ ਗਿਆ। (ਸਾਰੇ ਮੈਂਬਰਾਂ ਦੇ ਨਾਮ ਲਿਖੇ ਜਾਣ ਨਾਲ ਲੇਖ ਥੋੜ੍ਹਾ ਲੰਬਾ ਹੋ ਜਾਵੇਗਾ, ਪਾਠਕਾਂ ਨੂੰ ਬੇਨਤੀ ਹੈ ਕਿ ਉਹ ਮੈਂਬਰਾਂ ਦੇ ਨਾਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪ ਕੇ ਮੁਫਤ ਵੰਡੀਆਂ ਜਾ ਰਹੀਆਂ ਸਿੱਖ ਰਹਿਤ ਮਰਯਾਦਾ ਵਿੱਚੋਂ ਜ਼ਰੂਰ ਪੜ੍ਹ ਲੈਣ। ਕੇਵਲ ਨਾਮ ਹੀ ਨਹੀਂ ਬਲਕਿ ਹਰ ਸਿੱਖ ਨੂੰ ਸਮੇਂ ਸਮੇਂ ਸਿਰ ਸਾਰੀ ਸਿੱਖ ਰਹਿਤ ਮਰਯਾਦਾ, ਜਿਸ ਦੇ ਕੇਵਲ 32 ਪੰਨੇ ਹਨ; ਪੜ੍ਹਦੇ ਅਤੇ ਵਿਚਾਰਦੇ ਰਹਿਣਾ ਚਾਹੀਦਾ ਹੈ।) ਇਸ ਸਬ ਕਮੇਟੀ ਦੇ ਸਮਾਗਮ 4-5 ਅਕਤੂਬਰ 1931, 3 ਜਨਵਰੀ 1932 ਅਤੇ 31 ਜਨਵਰੀ 1932 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਏ। ਇਨ੍ਹਾਂ ਸਮਾਗਮਾਂ ਵਿੱਚ ਡੂੰਘੀ ਵਿਚਾਰ ਚਰਚਾ ਉਪਰੰਤ ਤਿਆਰ ਕੀਤਾ ਇੱਕ ਖਰੜਾ ਸ੍ਰੋਮਣੀ ਕਮੇਟੀ ਦੀ ਸੇਵਾ ਵਿੱਚ ਪੇਸ਼ ਕਰਦਿਆਂ ਲਿਖਿਆ: ਆਸ਼ਾ ਹੈ ਆਪ ਇਸ ਖਰੜੇ ਨੂੰ ਪੰਥ ਦੀ ਰਾਇ ਲੈਣ ਲਈ ਛਪਵਾ ਕੇ ਪ੍ਰਕਾਸ਼ਤ ਕਰੋਗੇ ਅਤੇ ਰਾਵਾਂ ਆਉਣ ’ਤੇ ਸ੍ਰੋਮਣੀ ਕਮੇਟੀ ਦੇ ਇਜਲਾਸ ਵਿੱਚ ਅੰਤਮ ਪ੍ਰਵਾਨਗੀ ਲਈ ਪੇਸ਼ ਕਰੋਗੇ।

ਇਸ ਉਪਰੰਤ ਸ੍ਰੋਮਣੀ ਕਮੇਟੀ ਦੀ ਆਗਿਆ ਅਨੁਸਾਰ 8 ਮਈ 1932 ਨੂੰ ਖਰੜੇ ਉੱਤੇ ਇਕ ਵਾਰੀ ਹੋਰ ਵਿਚਾਰ ਕੀਤੀ ਗਈ। ਇਸ ਸਮੇਂ ਕਈ ਸੱਜਣਾਂ ਦੇ ਜ਼ੋਰ ਦੇਣ ’ਤੇ ਖਰੜੇ ਉੱਤੇ ਮੁੜ ਵਿਚਾਰ ਕਰਨ ਲਈ ਰਹੁ ਰੀਤ ਕਮੇਟੀ ਦਾ ਇੱਕ ਹੋਰ ਸਮਾਗਮ 26 ਸਤੰਬਰ 1932 ਨੂੰ ਕੀਤਾ ਗਿਆ। ਹੁਣ ਤਿਆਰ ਕੀਤਾ ਖਰੜਾ 1 ਅਕਤੂਬਰ 1932 ਨੂੰ ਰਹੁ ਰੀਤ ਕਮੇਟੀ ਦੇ ਕਨਵੀਨਰ ਪ੍ਰੋ: ਤੇਜਾ ਸਿੰਘ ਦੇ ਦਸਤਖ਼ਤਾਂ ਹੇਠ ਸ੍ਰੋਮਣੀ ਕਮੇਟੀ ਦੀ ਸੇਵਾ ਵਿੱਚ ਭੇਜ ਕੇ ਬੇਨਤੀ ਕੀਤੀ ਕਿ ਇਸ ਖਰੜੇ ਨੂੰ ਛਪਵਾ ਕੇ ਸੰਗਤਾਂ ਦੀ ਸੇਵਾ ਵਿਚ ਅੰਤਮ ਵਾਰ ਰਾਏ ਦੇਣ ਲਈ ਭੇਜਿਆ ਜਾਵੇ ਅਤੇ ਨਾਲ ਹੀ ਇਸ ਖਰੜੇ ਨੂੰ ਵਿਚਾਰਨ ਅਤੇ ਅੰਤਮ ਪ੍ਰਵਾਨਗੀ ਦੇਣ ਲਈ ਸ੍ਰੋਮਣੀ ਕਮੇਟੀ ਦਾ ਖ਼ਾਸ ਇਜਲਾਸ ਬੁਲਾਇਆ ਜਾਵੇ।

ਸ਼੍ਰੋਮਣੀ ਕਮੇਟੀ ਦੀ ਰਹੁ-ਰੀਤ ਸਬ-ਕਮੇਟੀ ਦੇ ਇਸ ਰਹਿਤ ਮਰਯਾਦਾ ਦੇ ਖਰੜੇ ਨੂੰ ‘ਸਰਬ ਹਿੰਦ ਸਿੱਖ ਮਿਸ਼ਨ ਬੋਰਡ’ ਨੇ ਆਪਣੇ ਮਤਾ ਨੰਬਰ 1 ਮਿਤੀ 1.8.1936 ਰਾਹੀਂ ਪ੍ਰਵਾਨਗੀ ਦਿੱਤੀ। ਮਗਰੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਮਤਾ ਨੰਬਰ 149 ਮਿਤੀ 12.10.1936 ਰਾਹੀਂ ਇਸ ਨੂੰ ਪ੍ਰਵਾਨਗੀ ਦੇ ਦਿੱਤੀ ਸੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ ਮੁੜ ਆਪਣੀ ਇਕੱਤਰਤਾ ਮਿਤੀ 7.1.1945 ਵਿਖੇ ਇਸ ਨੂੰ ਵਿਚਾਰ ਕੇ ਇਸ ਵਿਚ ਕੁਝ ਵਾਧੇ ਘਾਟੇ ਕਰਨ ਦੀ ਸਿਫ਼ਾਰਸ਼ ਕੀਤੀ, ਜਿਸ ਦੀ ਪ੍ਰਵਾਨਗੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਇਕੱਤਰਤਾ ਮਿਤੀ 3.2.1945 ਨੂੰ ਮਤਾ ਨੰਬਰ 97 ਰਾਹੀਂ ਦੇ ਦਿੱਤੀ ਸੀ। ਇਹ ਸਾਰੇ ਤੱਥ ਸਿੱਖ ਰਹਿਤ ਮਰਯਾਦਾ ਦੇ ਪਹਿਲੇ 4 ਸਫ਼ਿਆਂ ਉੱਤੇ ਹੀ ਦਰਜ ਹਨ। ਇਸ ਲਈ ਕੋਈ ਇਹ ਨਹੀਂ ਕਹਿ ਸਕਦਾ ਕਿ ‘ਸਿੱਖ ਰਹਿਤ ਮਰਯਾਦਾ’ ਅਜੇ ਇਕ ਖਰੜਾ ਹੈ ਤੇ ਇਸ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਤੱਕ ਕੋਈ ਪ੍ਰਵਾਨਗੀ ਨਹੀਂ ਦਿਤੀ। ਖਰੜੇ ਅਤੇ ਮਗਰੋਂ ਦੇ ਵਾਧੇ ਘਾਟੇ ਦੋਨਾਂ ਦੀ ਪ੍ਰਵਾਨਗੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਪਰਲੇ ਹਵਾਲੇ ਮੁਤਾਬਕ ਸਾਲ 1936 ਅਤੇ 1945 ਵਿਚ ਦੇ ਦਿੱਤੀ ਹੋਈ ਹੈ। ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ ਛਾਪੀ ਜਾ ਰਹੀ ਸਿੱਖ ਰਹਿਤ ਮਰਯਾਦਾ ਦਾ ਟਾਈਟਲ ਪੰਨਾ ਵੇਖੋ, ਜਿਸ ’ਤੇ ਸਾਫ਼ ਲਿਖਿਆ ਹੈ ‘ਸਿੱਖ ਰਹਿਤ ਮਰਯਾਦਾ (ਪੰਥ ਪ੍ਰਵਾਣਿਤ)’।

ਐਨੇ ਸਬੂਤ ਹੋਣ ਦੇ ਬਾਵਜੂਦ ਜਿਸ ਸਿੱਖ ਰਹਿਤ ਮਰਯਾਦਾ ਨੂੰ ਤਿਆਰ ਅਤੇ ਪ੍ਰਵਾਣ ਕਰਨ ਲਈ ਚੌਦਾਂ ਸਾਲ ਲੱਗੇ; ਜਿਸ ਵਿੱਚ ਰਹੁ ਰੀਤ ਕਮੇਟੀ ਦੇ 25 ਮੈਂਬਰਾਂ ਤੋਂ ਇਲਾਵਾ ਸਮੇਂ ਸਮੇਂ ਸਿਰ ਹੋਰ ਵਿਦਵਾਨ ਵੀ ਮੀਟਿੰਗਾਂ ’ਚ ਹਿੱਸਾ ਲੈਂਦੇ ਰਹੇ, ਦੇਸ਼ ਵਿਦੇਸ਼ ’ਚ ਬੈਠੇ ਕਿੰਨੇ ਹੀ ਗੁਰਸਿੱਖਾਂ ਨੇ ਆਪਣੇ ਸੁਝਾਉ ਭੇਜੇ, ਉਨ੍ਹਾਂ ਸਾਰਿਆਂ ਦੇ ਸੁਝਾਵਾਂ ’ਤੇ ਦੀਰਘ ਵੀਚਾਰ ਉਪਰੰਤ ਇਹ ਸਿੱਖ ਰਹਿਤ ਮਰਯਾਦਾ ਪ੍ਰਵਾਨ ਹੋਈ, ਉਸ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਵੱਲੋਂ ਬੜੀ ਗ਼ੈਰ ਜ਼ਿੰਮੇਦਾਰੀ ਨਾਲ ਪ੍ਰਵਾਣ ਨਾ ਹੋਣ ਅਤੇ ਕੇਵਲ ਖਰੜਾ ਕਹਿਣ ਦੇ ਹੇਠ ਲਿਖੇ ਕਾਰਨ ਹਨ। ਸਾਰੇ ਨੁਕਤੇ ਲਿਖਣ ਨਾਲ ਤਾਂ ਇਹ ਲੇਖ ਬੜਾ ਲੰਬਾ ਹੋ ਜਾਵੇਗਾ, ਇਸ ਲਈ ਕੇਵਲ ਕੁਝ ਚੋਣਵੇਂ ਨੁਕਤੇ ਹੀ ਪਾਠਕਾਂ ਦੇ ਸਾਹਮਣੇ ਰੱਖੇ ਜਾ ਰਹੇ ਹਨ।

  1. ਗੁਰਦੁਆਰੇ ਸਿਰਲੇਖ ਹੇਠ ਭਾਗ (ਹ) ਵਿੱਚ ਇਉਂ ਲਿਖਿਆ ਹੈ : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਗੁਰਦੁਆਰੇ ਵਿੱਚ ਕੋਈ ਮੂਰਤੀ-ਪੂਜਾ ਜਾਂ ਹੋਰ ਗੁਰਮਤਿ ਦੇ ਵਿਰੁੱਧ ਕੋਈ ਰੀਤੀ ਜਾਂ ਸੰਸਕਾਰ ਨਾ ਹੋਵੇ, ਨਾ ਹੀ ਕੋਈ ਅਨਮਤਿ ਦਾ ਤਿਉਹਾਰ ਮਨਾਇਆ ਜਾਵੇ।
  2. ਅਖੰਡ ਪਾਠ ਸਿਰਲੇਖ ਹੇਠ ਭਾਗ (ੲ) : ਅਖੰਡਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ ਨਲੀਏਰ ਆਦਿ ਰੱਖਣਾ ਜਾਂ ਨਾਲ ਨਾਲ ਜਾਂ ਵਿੱਚ ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ।
  3. ਗੁਰਮਤਿ ਦੀ ਰਹਿਣੀ ਸਿਰਲੇਖ ਹੇਠ ਭਾਗ (ੳ) : ਇਕ ਅਕਾਲ ਪੁਰਖ਼ ਤੋਂ ਛੁੱਟ ਕਿਸੇ ਦੇਵੀ ਦੇਵਤੇ ਦੀ ਉਪਾਸ਼ਨਾ ਨਹੀਂ ਕਰਨੀ।
  4. ਮ੍ਰਿਤਕ ਸੰਸਕਾਰ ਸਿਰਲੇਖ ਹੇਠ ਭਾਗ (ਕ) : ਮ੍ਰਿਤਕ ਪ੍ਰਾਣੀ ਦਾ ‘ਅੰਗੀਠਾ’ ਠੰਡਾ ਹੋਣ ’ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਨੇੜੇ ਵਗਦੇ ਜਲ ਵਿਚ ਪ੍ਰਵਾਹ ਕਰ ਦਿੱਤੀ ਜਾਵੇ ਜਾਂ ਉੱਥੇ ਹੀ ਦੱਬ ਕੇ ਜ਼ਿਮੀ ਬਰਾਬਰ ਕਰ ਦਿੱਤੀ ਜਾਵੇ। ਸਸਕਾਰ ਵਾਲੀ ਥਾਂ ’ਤੇ ਮ੍ਰਿਤਕ ਪ੍ਰਾਣੀ ਦੀ ਯਾਦਗਰ ਬਣਾਉਣੀ ਮਨ੍ਹਾ ਹੈ। (ਖ) : ਅੱਧ ਮਾਰਗ ਸਿਆਪਾ, ਫੂਹੜੀ, ਦੀਵਾ ਪਿੰਡ, ਕਿਰਿਆ, ਸ਼ਰਾਧ, ਬੁੱਢਾ ਮਰਨਾ ਆਦਿ ਕਰਨਾ ਮਨਮਤਿ ਹੈ। ਅੰਗੀਠੇ ਵਿੱਚੋਂ ਫੁੱਲ ਚੁਗ ਕੇ ਗੰਗਾ ਪਤਾਲਪੁਰੀ, ਕਰਤਾਰਪੁਰ ਸਾਹਿਬ ਆਦਿਕ ਥਾਂਵਾਂ ’ਤੇ ਜਾ ਕੇ ਪਾਉਣਾ ਮਨਮੱਤ ਹੈ।
  5. ਅੰਮ੍ਰਿਤ ਸੰਸਕਾਰ ਸਿਰਲੇਖ ਹੇਠ ਭਾਗ (ਅ) : ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ। ਘੱਟ ਤੋਂ ਘੱਟ ਛੇ ਤਿਆਰ-ਬਰ-ਤਿਆਰ ਸਿੰਘ ਹੋਣ, ਜਿਨ੍ਹਾਂ ਵਿੱਚੋਂ ਇਕ ਤਾਬਿਆ ਬੈਠੇ ਤੇ ਬਾਕੀ ਪੰਜ ਅੰਮ੍ਰਿਤ ਛਕਾਣ ਲਈ ਹੋਣ। ਇਨ੍ਹਾਂ ਵਿੱਚ ਸਿੰਘਣੀਆਂ ਵੀ ਹੋ ਸਕਦੀਆਂ ਹਨ, ਆਦਿ।

ਇਹ ਉਕਤ ਲਿਖੇ ਕੁਝ ਨੁਕਤੇ ਹਨ, ਜਿਨ੍ਹਾਂ ਦੀ ਪ੍ਰਕਾਸ਼ ਸਿੰਘ ਬਾਦਲ, ਅਮਰਜੀਤ ਸਿੰਘ ਚਾਵਲਾ ਸਮੇਤ ਬਾਦਲ ਦੇ ਬਹੁਤਾਤ ਮੌਜੂਦਾ ਸਿਰਕੱਢ ਆਗੂ ਅਤੇ ਇਨ੍ਹਾਂ ਦੇ ਸਹਿਯੋਗੀ (ਸੰਤ) ਸਮਾਜ ਵਾਲੇ ਸ਼ਰੇਆਮ ਅਵੱਗਿਆ ਕਰਕੇ ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆਂ ਉਡਾਉਂਦੇ ਹਨ। ਅਮਰਜੀਤ ਸਿੰਘ ਚਾਵਲਾ ਵਰਗੇ ਜਿਹੜੇ ਗੋਟੇ ਵਾਲੀ ਲਾਲ ਚੁੰਨੀ ਲੈ ਕੇ ਜਗਰਾਤਿਆਂ ’ਚ ਮਾਤਾ ਦੀਆਂ ਭੇਟਾ ਗਾਉਂਦੇ ਰਹੇ ਹੋਣ, (ਸੰਤ) ਸਮਾਜ ਜਿਨ੍ਹਾਂ ਦੇ ਕੋਟੇ ’ਚੋਂ ਉਸ ਨੂੰ ਸ੍ਰੋਮਣੀ ਕਮੇਟੀ ਦੀ ਟਿਕਟ ਮਿਲੀ ਹੋਵੇ, ਉਹ ਸਿੱਖ ਰਹਿਤ ਮਰਯਾਦਾ ਦੀਆਂ ਬਹੁਤਾਤ ਮੱਦਾਂ ਦੀਆਂ ਧੱਜੀਆਂ ਉਡਾਉਂਦੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਗ੍ਰੰਥਾਂ ਦਾ ਪ੍ਰਕਾਸ਼ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੈਲੰਜ ਕਰਦੇ ਅਤੇ ਅਧੂਰਾ ਦੱਸਣ ਦਾ ਯਤਨ ਕਰਦੇ ਹਨ। ਬੀਬੀਆਂ ਦਾ ਅੰਮ੍ਰਿਤ ਛਕਾਉਣ ਸਮੇਂ ਪੰਜ ਪਿਆਰਿਆਂ ’ਚ ਸ਼ਾਮਲ ਕਰਨਾ ਤਾਂ ਇੱਕ ਪਾਸੇ ਰਿਹਾ ਦਰਬਾਰ ਸਾਹਿਬ ’ਚ ਧੁਲਾਈ, ਕੀਰਤਨ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਹੁਕਮਨਾਮਾ ਲੈਣ ਦੀ ਵੀ ਮਨਾਹੀ ਹੈ। ਪ੍ਰਕਾਸ਼ ਸਿੰਘ ਬਾਦਲ ਖ਼ੁਦ ਸਿਰ ’ਤੇ ਮੁਕਟ ਪਹਿਣ ਕੇ ਹਵਨ ਕਰਦਾ ਰਿਹਾ ਹੈ; ਸਿੱਖ ਵਿਰੋਧੀ ਕੋਈ ਐਸਾ ਡੇਰਾ ਨਹੀਂ, ਜਿੱਥੇ ਉਹ ਨਤਮਸਤਕ ਨਹੀਂ ਹੁੰਦਾ ਤੇ ਕਹਿੰਦਾ ਰਹਿੰਦਾ ਸੀ ਕਿ ਮੈਨੂੰ ਇੱਥੇ ਜੋ ਸਕੂਨ ਮਿਲਦਾ ਹੈ, ਉਹ ਹੋਰ ਕਿਧਰੇ ਨਹੀਂ ਮਿਲਦਾ ਭਾਵ ਗੁਰੂ ਗ੍ਰੰਥ ਸਾਹਿਬ ਜੀ ਅਤੇ ਅਕਾਲ ਪੁਰਖ ਨਾਲੋਂ ਇਨ੍ਹਾਂ ਪਾਖੰਡੀ ਸਾਧਾਂ ਵਿੱਚ ਉਸ ਦੀ ਵੱਧ ਸ਼ਰਧਾ ਰਹੀ ਹੈ। ਅਕਾਲੀ ਦਲ ਨੇ ਇਸ ਸਮੇਂ ਐਨਾ ਦਬਦਬਾ ਬਣਾਇਆ ਹੋਇਆ ਹੈ ਕਿ ਕਿਸੇ ਜਥੇਦਾਰ ਜਾਂ ਸਿੱਖ ਪ੍ਰਚਾਰਕ ਦੀ ਹਿੰਮਤ ਨਹੀਂ ਕਿ ਉਹ ਸਿੱਖ ਰਹਿਤ ਮਰਯਾਦਾ ਦੀ ਹੋ ਰਹੀ ਉਲੰਘਣਾ ਬਾਰੇ ਬੋਲ ਜਾਵੇ ਸਗੋਂ ਕਈ ਸਮੇਂ ਤਾਂ ਅਜਿਹੀ ਮਨਮਤ ਹੁੰਦੇ ਸਮੇਂ ਤਖ਼ਤਾਂ ਦੇ ਜਥੇਦਾਰ ਖ਼ੁਦ ਉੱਥੇ ਮੌਜੂਦ ਹੁੰਦੇ ਹਨ; ਜਿਵੇਂ ਕਿ 3 ਮਈ 2023 ਨੂੰ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਕੀਰਤਪੁਰ ਵਿਖੇ ਜਲ ਪ੍ਰਵਾਹ ਕਰਦੇ ਸਮੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਰਘਬੀਰ ਸਿੰਘ, ਜਿਹੜੇ ਅੱਜ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਪੱਕੇ ਜਥੇਦਾਰ ਬਣਾ ਦਿੱਤੇ ਗਏ ਹਨ; ਖ਼ੁਦ ਆਪ ਉੱਥੇ ਮੌਜੂਦ ਸਨ। ਇਸ ਸਥਿਤੀ ’ਚ ਜਿਹੜੇ ਬਿਆਨ ਇਸ ਤੋਂ ਪਹਿਲਾਂ ਉਨ੍ਹਾਂ ਨੇ ਸਿੱਖ ਰਹਿਤ ਮਰਯਾਦਾ ਲਾਗੂ ਕਰਨ ਲਈ ਦਿੱਤੇ ਸਨ ਜਾਂ ਆਉਣ ਵਾਲੇ ਸਮੇਂ ’ਚ ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਰਹਿਤ ਮਰਯਾਦਾ ਲਾਗੂ ਕਰਨ ਦਾ ਸੰਦੇਸ਼ ਕੌਮ ਨੂੰ ਦੇਣਗੇ; ਉਨ੍ਹਾਂ ਦਾ ਕੌਮ ’ਤੇ ਕਿੰਨਾਂ ਕੁ ਅਸਰ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ। ਅਜਿਹੇ ਪ੍ਰਸ਼ਨਾਂ ਦਾ ਉੱਤਰ ਅਮਰਜੀਤ ਸਿੰਘ ਚਾਵਲਾ ਕੋਲ ਕੇਵਲ ਇੱਕੋ ਹੈ ਕਿ ਉਹ ਸਿੱਖ ਰਹਿਤ ਮਰਯਾਦਾ ਨੂੰ ਪੰਥ ਪ੍ਰਵਾਣਿਤ ਨਾ ਹੋਣ ਅਤੇ ਕੇਵਲ ਖਰੜਾ ਹੀ ਕਹਿ ਕੇ ਇੱਕ ਪਰਵਾਰ ਦੀਆਂ ਖ਼ੁਸ਼ੀਆਂ ਹਾਸਲ ਕਰਨ। ਸਿੱਖ ਰਹਿਤ ਮਰਯਾਦਾ ਇੱਕ ਐਸਾ ਦਸਤਾਵੇਜ਼ ਹੈ, ਜਿਸ ਨੂੰ ਤਿਆਰ ਕਰਨ ਲਈ ਕੌਮ ਨੇ ਜਿੰਨਾ ਮੰਥਨ ਕੀਤਾ ਅਤੇ ਦੁਨੀਆਂ ਦੇ ਕਿਸੇ ਵੀ ਕੋਨੇ ’ਚ ਬੈਠੇ ਕਿਸੇ ਵੀ ਸਿੱਖ ਤੋਂ ਆਈ ਹਰ ਰਾਇ ’ਤੇ ਡੂੰਘੀ ਵਿਚਾਰ ਚਰਚਾ ਹੋਣ ਪਿੱਛੋਂ ਲੋੜੀਂਦੀ ਸੋਧ ਸੁਧਾਈ ਕੀਤੀ। 14 ਸਾਲ ਦੀ ਬੜੀ ਲੰਬੀ ਘਾਲਣਾ ਮਗਰੋਂ ਤਿਆਰ ਕੀਤੀ ਗਈ ਸਿੱਖ ਰਹਿਤ ਮਰਿਆਦਾ ਨੂੰ ਇੱਕ ਪਰਵਾਰ ਤੋਂ ਵਾਰਿਆ ਜਾ ਰਿਹਾ ਹੈ। ਜੇ ਕੌਮ ਨੇ ਅਜਿਹੇ ਮੈਂਬਰਾਂ ਵੱਲ ਧਿਆਨ ਨਾ ਦਿੱਤਾ ਤਾਂ ਜਿਸ ਤਰ੍ਹਾਂ 15 ਸਾਲਾਂ ਦੀ ਮਿਹਨਤ ਨਾਲ ਤਿਆਰ ਕੀਤਾ ਨਾਨਕਸ਼ਾਹੀ ਕੈਲੰਡਰ ਇਨ੍ਹਾਂ ਧੁੰਮਾ+ ਮੱਕੜ ਦੋ ਮੈਂਬਰੀ ਕਮੇਟੀ ਦੇ ਆਧਾਰ ’ਤੇ ਕੁਝ ਕੁ ਮਿੰਟ ਚੱਲੀ ਇਕ ਮੀਟਿੰਗ ’ਚ ਖਤਮ ਕਰ ਦਿੱਤਾ, ਉਸੇ ਤਰ੍ਹਾਂ ਸਿੱਖ ਰਹਿਤ ਮਰਯਾਦਾ ਦਾ ਵੀ ਭੋਗ ਪਾ ਦੇਣਾ ਹੈ, ਇਸ ਲਈ ਕੌਮ ਨੂੰ ਸੁਚੇਤ ਰਹਿਣ ਦੀ ਲੋੜ ਹੈ।

ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ (ਸੰਤ) ਹਰਚੰਦ ਸਿੰਘ ਲੌਂਗੋਵਾਲ ਦਾ ਕਤਲ ਹੋਇਆ ਸੀ ਉਸ ਸਮੇਂ ਸ੍ਰੋਮਣੀ ਕਮੇਟੀ ਦਾ ਪ੍ਰਚਾਰਕ ਗਿਆਨੀ ਮੇਵਾ ਸਿੰਘ, ਜਿਸ ਨੇ ਦਮਦਮੀ ਟਕਸਾਲ ਤੋਂ ਧਾਰਮਿਕ ਵਿਦਿਆ ਪ੍ਰਾਪਤ ਕੀਤੀ ਸੀ; ਉਹ ਬਠਿੰਡਾ ਸ਼ਹਿਰ ’ਚ ਇੱਕ ਹਫ਼ਤੇ ਦੇ ਪ੍ਰਚਾਰਕ ਦੌਰੇ ’ਤੇ ਸਨ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ (ਸੰਤ) ਲੌਂਗਵਾਲ ਦੀਆਂ ਅਸਥੀਆਂ ਚੁਗ ਕੇ ਕੀਰਤਪੁਰ ਜਲ ਪ੍ਰਵਾਹ ਕਰਨ ਲਈ ਰੂਟ ਪਲੈਨ ਬਣ ਗਿਆ ਹੈ ਤਾਂ ਉਨ੍ਹਾਂ ਝੱਟ ਪਿੰਡ ਲੌਂਗੋਵਾਲ ਪਹੁੰਚ ਕੇ ਇਸ ਦਾ ਸਖ਼ਤ ਵਿਰੋਧ ਕੀਤਾ। ਬਠਿੰਡਾ ਵਿਖੇ ਆਪਣੇ ਦੀਵਾਨਾਂ ’ਚ ਉਹ ਦੱਸਦੇ ਹੁੰਦੇ ਸਨ ਕਿ ਕੁਝ ਵੱਡੇ ਅਕਾਲੀ ਆਗੂ ਅਤੇ ਉਨ੍ਹਾਂ ਦੇ ਨੇੜਲੇ ਸਾਥੀ ਜ਼ੋਰ ਪਾਉਣ ਲੱਗੇ ਕਿ ਸਾਡਾ (ਸੰਤ) ਜੀ ਨਾਲ ਪਿਆਰ ਸੀ ਤੇ ਉਨ੍ਹਾਂ ਦੀ ਇੱਛਾ ਹੈ ਕਿ ਆਪਣੀਆਂ ਭਾਵਨਾਵਾਂ ਅਨੁਸਾਰ ਸਾਰੀਆਂ ਰਸਮਾਂ ਨਿਭਾ ਕੇ ਉਨ੍ਹਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਅਰਪਣ ਕਰੀਏ। ਗਿਆਨੀ ਮੇਵਾ ਸਿੰਘ ਜੀ ਨੇ ਉਨ੍ਹਾਂ ਨੂੰ ਬੜੀ ਹਲੀਮੀ ਤੇ ਦ੍ਰਿੜ੍ਹਤਾ ਨਾਲ ਕਿਹਾ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਕਿ ਉਨ੍ਹਾਂ ਨਾਲ ਮੇਰਾ ਪਿਆਰ ਤੁਹਾਡੇ ਨਾਲੋਂ ਕਿਤੇ ਵੱਧ ਸੀ, ਪਰ ਤੁਸੀਂ ਜ਼ਰਾ ਸੋਚੋ ਕਿ (ਸੰਤ) ਲੌਂਗੋਵਾਲ ਜੀ ਇੱਕ ਅੰਮ੍ਰਿਤਧਾਰੀ ਸਿੱਖ ਸਨ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਰਹੇ ਅਤੇ ਮੌਜੂਦਾ ਸਮੇਂ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਨ; ਜੇ ਉਨ੍ਹਾਂ ਦੀਆਂ ਹੀ ਅੰਤਮ ਰਸਮਾਂ ਸਮੇਂ ਸਿੱਖ ਰਹਿਤ ਮਰਿਯਾਦਾ ਦੀਆਂ ਧੱਜੀਆਂ ਉਡਾਈਆਂ ਜਾਣ ਤਾਂ ਇਹ ਉਨ੍ਹਾਂ ਦਾ ਸਤਿਕਾਰ ਨਹੀਂ ਬਲਕਿ ਤ੍ਰਿਸਕਾਰ ਹੋਵੇਗਾ। ਗਿਆਨੀ ਮੇਵਾ ਸਿੰਘ ਜੀ ਦੀਆਂ ਦਲੀਲਾਂ ਸੁਣ ਕੇ ਸਭ ਨੂੰ ਝੁਕਣਾ ਪਿਆ, ਉਨ੍ਹਾਂ ਦਾ ਅੰਗੀਠਾ ਉੱਥੇ ਹੀ ਦੱਬ ਕੇ ਜ਼ਿਮੀ ਬਰਾਬਰ ਕਰ ਦਿੱਤੀ ਗਈ। ਬਠਿੰਡਾ ਵਿਖੇ ਚੱਲੇ ਬਾਕੀ ਦੇ ਦੀਵਾਨਾਂ ’ਚ ਗਿਆਨੀ ਜੀ ਇਹ ਸਾਰੀ ਕਹਾਣੀ ਆਪਣੀ ਕਥਾ ਦੌਰਾਨ ਦੁਹਰਾਉਂਦੇ ਰਹਿੰਦੇ ਸਨ ਅਤੇ ਸੰਗਤਾਂ ਤੋਂ ਪ੍ਰਣ ਕਰਵਾਉਂਦੇ ਕਿ (1) ਮੈਂ ਵਾਅਦਾ ਕਰਦਾ ਹਾਂ ਕਿ ਆਪਣੇ ਕਿਸੇ ਵੀ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਦਾ ਅੰਗੀਠਾ ਨਹੀਂ ਫਰੋਲਾਂਗਾ ਅਤੇ ਨਾ ਹੀ ਉਨ੍ਹਾਂ ਦੀਆਂ ਅਸਥੀਆਂ ਕੀਰਤਪੁਰ, ਹਰਿਦੁਆਰ ਆਦਿਕ ਕਿਸੇ ਖ਼ਾਸ ਸਥਾਨਾਂ ’ਤੇ ਵਿਸ਼ੇਸ਼ ਤੌਰ ’ਤੇ ਪਾਉਣ ਲਈ ਜਾਵਾਂਗਾ। (2) ਆਪਣੇ ਪਰਵਾਰ ਨੂੰ ਤਾਕੀਦ ਕਰਕੇ ਜਾਵਾਂਗਾ ਕਿ ਮੇਰਾ ਅੰਤਮ ਸੰਸਕਾਰ ਸਿੱਖ ਰਹਿਤ ਮਰਯਾਦਾ ਅਨੁਸਾਰ ਕੀਤਾ ਜਾਵੇ। ਮੇਰਾ ਅੰਗੀਠਾ ਨਾ ਫਰੋਲਿਆ ਜਾਵੇ ਅਤੇ ਨਾ ਹੀ ਵਿਸ਼ੇਸ਼ ਤੌਰ ’ਤੇ ਮੇਰੀਆਂ ਅਸਥੀਆਂ ਕੀਰਤਪੁਰ ਆਦਿਕ ਕਿਸੇ ਖ਼ਾਸ ਸਥਾਨ ’ਤੇ ਪਾਉਣ ਲਈ ਜਾਇਆ ਜਾਵੇ। ਉਨ੍ਹਾਂ ਇੱਕ ਰਜਿਸਟਰ ਵੀ ਲਾਇਆ ਜਿਸ ਵਿੱਚ ਉਕਤ ਪ੍ਰਣ ਲਿਖੇ ਸਨ ਤੇ ਹੇਠਾਂ ਉਨ੍ਹਾਂ ਸਾਰੇ ਸਿੰਘ ਸਿੰਘਣੀਆਂ ਨੂੰ ਦਸਤਖ਼ਤ ਕਰਨ ਲਈ ਕਹਿੰਦੇ, ਜਿਹੜੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਆਪਣੇ ਇਸ ਪ੍ਰਣ ’ਤੇ ਪਹਿਰਾ ਦੇਣਗੇ। ਮੈਂ ਖ਼ੁਦ ਉਨ੍ਹਾਂ ’ਚ ਸ਼ਾਮਲ ਸੀ, ਜਿਨ੍ਹਾਂ ਨੇ ਇਸ ਪ੍ਰਣ ’ਤੇ ਆਪਣੀ ਸਵੈਇੱਛਾ ਨਾਲ ਦਸਤਖ਼ਤ ਕੀਤੇ ਸਨ। ਜਦ ਮੈਂ ਆਪਣੀ ਇਹ ਪੁਰਾਣੀ ਯਾਦਦਾਸਤ ਭਾਈ ਸੁਖਦੇਵ ਸਿੰਘ ਵਾਸੀ ਪਿੰਡ ਭਲਵਾਨ ਜ਼ਿਲ੍ਹਾ ਸੰਗਰੂਰ ਨਾਲ ਸਾਂਝੀ ਕੀਤੀ ਤਾਂ ਉਨ੍ਹਾਂ ਮੇਰੇ ਉਕਤ ਕਥਨ ’ਤੇ ਸਹੀ ਪਾਉਂਦਿਆਂ ਦੱਸਿਆ ਕਿ ਉਨ੍ਹਾਂ (ਭਾਈ ਸੁਖਦੇਵ ਸਿੰਘ) ਦਾ ਪਿੰਡ ਭਲਵਾਨ, ਲੌਂਗੋਵਾਲ ਤੋਂ 27 ਕੁ ਕਿਲੋਮੀਟਰ ਦੀ ਦੂਰੀ ’ਤੇ ਹੈ ਅਤੇ ਜਿਸ ਸਮੇਂ ਗਿਆਨੀ ਮੇਵਾ ਸਿੰਘ ਲੌਂਗੋਵਾਲ ਪਹੁੰਚੇ ਤੇ (ਸੰਤ) ਲੌਂਗੋਵਾਲ ਦੀਆਂ ਅਸਥੀਆਂ ਚੁਗਣ ਦੀ ਹੋਣ ਵਾਲੀ ਮਨਮਤਿ ਨੂੰ ਰੋਕਿਆ ਤਾਂ ਉਹ ਉਸ ਸਮੇਂ ਉਨ੍ਹਾਂ ਦੇ ਨਾਲ ਸੀ ।

ਸਿੱਖ ਰਹਿਤ ਮਰਿਆਦਾ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਲੱਖਾਂ ਦੀ ਗਿਣਤੀ ’ਚ ਛਾਪ ਕੇ ਵੰਡਦੀ ਹੈ ਤੇ ਪ੍ਰਚਾਰ ਰਹੀ ਹੈ। ਤਖਤਾਂ ਦੇ ਜਥੇਦਾਰ ਸਿੱਖ ਰਹਿਤ ਮਰਿਆਦਾ ’ਤੇ ਪਹਿਰਾ ਦੇਣ ਦੀ ਗੱਲ ਕਰਦੇ ਆ ਰਹੇ ਹਨ। ਉਸੇ ਸਿੱਖ ਰਹਿਤ ਮਰਿਆਦਾ ਨੂੰ ਸ੍ਰੋਮਣੀ ਕਮੇਟੀ ਮੈਂਬਰ ਹੀ ਜੇ ਖਰੜਾ ਦੱਸ ਕੇ ਰੱਦ ਕਰਦਾ ਹੈ ਤਾਂ ਉਸ ’ਤੇ ਭਾਈ ਗੁਰਦਾਸ ਜੀ ਦੀ 35ਵੀਂ ਵਾਰ ਦੀ 22ਵੀਂ ਪਉੜੀ ਪੂਰੀ ਤਰ੍ਹਾਂ ਢੁੱਕਦੀ ਹੈ  ‘‘ਜੇ, ਮਾਉ ਪੁਤੈ ਵਿਸੁ ਦੇ; ਤਿਸਤੇ ਕਿਸੁ ਪਿਆਰਾ। ਜੇ, ਘਰੁ ਭੰਨੈ ਪਾਹਰੂ; ਕਉਣੁ ਰਖਣਹਾਰਾ। ਬੇੜੀ ਡੋਬੈ ਪਾਤਣੀ; ਕਿਉ ਪਾਰਿ ਉਤਾਰਾ। ਆਗੂ ਲੈ ਉਝੜਿ ਪਵੈ; ਕਿਸੁ ਕਰੈ ਪੁਕਾਰਾ। ਜੇ ਕਰਿ, ਖੇਤੈ ਖਾਇ ਵਾੜਿ; ਕੋ ਲਹੈ ਨ ਸਾਰਾ। ਜੇ, ਗੁਰ ਭਰਮਾਏ ਸਾਂਗੁ ਕਰਿ; ਕਿਆ ਸਿਖੁ ਵਿਚਾਰਾ ॥22॥’’ ਭਾਵ ਜਿਵੇਂ ਅਗਰ ਮਾਂ ਹੀ ਪੁੱਤਰ ਨੂੰ ਜ਼ਹਰ ਦੇਵੇ। ਪਹਿਰੇਦਾਰ ਹੀ ਘਰ ਨੂੰ ਸੰਨ੍ਹ ਲਾ ਲਵੇ। ਮਲਾਹ ਹੀ ਬੇੜੀ ਡੋਬਣ ਲੱਗ ਜਾਵੇ। ਵਾੜ ਹੀ ਖੇਤ ਨੂੰ ਖਾਣ ਲੱਗ ਪਵੇ। ਆਗੂ ਹੀ ਕੌਮ ਨੂੰ ਔਝੜੇ ਪਾਵੇ ਤਾਂ ਪੁਕਾਰ ਕਿਸ ਅੱਗੇ ਕਰੀਏ ? ਇਸ ਲਈ ਪੰਥ ਦਰਦੀਆਂ ਨੂੰ ਹੀ ਚਾਹੀਦਾ ਹੈ ਕਿ ਅਜਿਹੇ ਆਗੂਆਂ ਤੋਂ ਜਿੰਨਾ ਛੇਤੀ ਹੋਵੇ ਛੁਟਕਾਰਾ ਪਾਉਣ।