ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਸਾਵਣ ਮਹੀਨਾ

0
379

ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਸਾਵਣ ਮਹੀਨਾ

ਕਿਰਪਾਲ ਸਿੰਘ ਬਠਿੰਡਾ

ਪਿਛਲੇ ਲੇਖਾਂ ਵਿੱਚ ਚੇਤ ਵੈਸਾਖ; ਦੋ ਮਹੀਨੇ ਬਸੰਤ ਰੁੱਤ ਅਤੇ ਜੇਠ ਹਾੜ; ਦੋ ਮਹੀਨੇ ਗਰਮੀ ਦੀ ਰੁੱਤ ਦਾ ਵਿਸਥਾਰ ਸਹਿਤ ਵਿਚਾਰ ਕੀਤੀ ਗਈ ਸੀ। ਹਾੜ ਮਹੀਨੇ ਦੀ ਵਿਆਖਿਆ ਕਰਦੇ ਸਮੇਂ ਅਸੀਂ ਇਹ ਵੀ ਭਲੀਭਾਂਤ ਸਮਝ ਚੁੱਕੇ ਹਾਂ ਕਿ ਜਦੋਂ ਹਾੜ ਦਾ ਮਹੀਨਾ ਭਰ-ਜੁਆਨੀ ਭਾਵ ਆਪਣੀ ਪੂਰੀ ਤਪਸ਼ ਦਾ ਜਲਵਾ ਵਿਖਾ ਰਿਹਾ ਹੁੰਦਾ ਹੈ ਤਾਂ ਸੂਰਜ ਦਾ ਰੱਥ ਫਿਰਦਾ ਹੈ, ਜਿਸ ਨਾਲ ਖਗੋਲ ਵਿਗਿਆਨ ਦੇ ਨਿਯਮਾਂ ਅਨੁਸਾਰ ਪੰਜਾਬ ’ਚ ਵਰਖਾ ਰੁੱਤ ਸ਼ੁਰੂ ਹੋ ਜਾਂਦੀ ਹੈ, ਜੋ ਬੜੀ ਸੁਹਾਵਣੀ ਹੁੰਦੀ ਹੈ। ਜੀਵ-ਜੰਤ ਸਮੇਤ ਧਰਤੀ ਦੀ ਸਾਰੀ ਬਨਸਪਤੀ  ਗਰਮੀ ਤੋਂ ਛੁਟਕਾਰਾ ਪਾ ਕੇ ਅਨੰਦ ਮਾਣਦੀ ਹੈ। ਰੁੱਤਾਂ ਦੀ ਵੰਡ ਅਨੁਸਾਰ ਸਾਵਣ ਅਤੇ ਭਾਦੋਂ ਦੋ ਮਹੀਨੇ ਵਰਖਾ ਰੁੱਤ ਦੇ ਹੁੰਦੇ ਹਨ। ਬਿਕ੍ਰਮੀ ਸੰਮਤ ’ਚ ਸਾਵਣ; ਚੌਥਾ ਮਹੀਨਾ ਤੇ ਨਾਨਕਸ਼ਾਹੀ ਸੰਮਤ ’ਚ ਪੰਜਵਾਂ ਮਹੀਨਾ ਹੁੰਦਾ ਹੈ। ਨਾਨਕਸ਼ਾਹੀ ਕੈਲੰਡਰ ’ਚ ਮਹੀਨੇ ਦਾ ਅਰੰਭ; ਹਰ ਸਾਲ ੧ ਸਾਵਣ 16 ਜੁਲਾਈ ਨੂੰ ਹੁੰਦਾ ਹੈ ਤੇ ਹੁੰਦਾ ਰਹੇਗਾ ਜਦੋਂ ਕਿ ਬਿਕ੍ਰਮੀ ਕੈਲੰਡਰ ਅਨੁਸਾਰ ਸੰਗਰਾਂਦ ਅੱਜ ਕੱਲ੍ਹ ਤਾਂ ਹਰ ਸਾਲ 16 ਜੁਲਾਈ ਨੂੰ ਹੁੰਦੀ ਹੈ, ਪਰ 4 ਸਾਲ ਪਿੱਛੋਂ 2027 ’ਚ 17 ਜੁਲਾਈ ਨੂੰ ਹੋਵੇਗੀ ਅਤੇ ਉਸ ਤੋਂ ਬਾਅਦ 3 ਸਾਲ 16 ਜੁਲਾਈ ਅਤੇ ਫਿਰ ਹਰ ਚੌਥੇ ਸਾਲ 17 ਜੁਲਾਈ ਨੂੰ ਹੋਇਆ ਕਰੇਗੀ।  43 ਸਾਲਾਂ ਬਾਅਦ ਭਾਵ 2066 ਤੋਂ ਪਿੱਛੋਂ ਦੋ ਸਾਲ 16 ਜੁਲਾਈ ਅਤੇ ਦੋ ਸਾਲ 17 ਜੁਲਾਈ ਕੁਝ ਹੋਰ ਸਮੇਂ ਪਿੱਛੋਂ 3 ਸਾਲ 17 ਜੁਲਾਈ ਅਤੇ ਇੱਕ ਸਾਲ 16 ਜੁਲਾਈ ਨੂੰ ਆਇਆ ਕਰੇਗੀ। ਅਗਾਂਹ ਹਰ ਸਾਲ 17 ਜੁਲਾਈ ਨੂੰ ਆਇਆ ਕਰੇਗੀ। ਇਸ ਤਰ੍ਹਾਂ ਹੌਲ਼ੀ ਹੌਲ਼ੀ ਸਮਾਂ ਪਾ ਕੇ ਜੁਲਾਈ ਦੀ ਬਜਾਏ ਅਗਸਤ ਮਹੀਨੇ ਅਤੇ ਫਿਰ ਕਦੀ ਸਤੰਬਰ ਮਹੀਨੇ ’ਚ ਪਹੁੰਚ ਜਾਵੇਗੀ।

ਗ੍ਰੈਗੋਰੀਅਨ ਕੈਲੰਡਰ ਰੁੱਤੀ ਸਾਲ ਹੋਣ ਕਰਕੇ ਵਰਖਾ ਰੁੱਤ ਹਰ ਸਾਲ 20-21 ਜੂਨ ਤੋਂ ਹੀ ਸ਼ੁਰੂ ਹੋਇਆ ਕਰੇਗੀ, ਪਰ ਇਸ ਹਿਸਾਬ ਮੁਤਾਬਕ ਇੱਕ ਦਿਨ ਐਸਾ ਵੀ ਆਵੇਗਾ ਜਦੋਂ ਬਿਕ੍ਰਮੀ ਸੰਮਤ ’ਚ ਇਹੀ ਵਰਖਾ ਰੁੱਤ ਸਾਵਣ ਭਾਦੋਂ ਦੀ ਬਜਾਏ ਪਹਿਲਾਂ ਜੇਠ ਹਾੜ ਮਹੀਨੇ ’ਚ ਹੀ ਆ ਜਾਇਆ ਕਰੇਗੀ। ਸਪਸ਼ਟ ਹੈ ਕਿ ਉਸ ਸਮੇਂ ਬਿਕ੍ਰਮੀ ਕੈਲੰਡਰ ਦੀਆਂ ਰੁੱਤਾਂ ਦਾ ਸੰਬੰਧ ਗੁਰਬਾਣੀ ਵਿੱਚ ਦਰਜ ਰੁੱਤਾਂ ਨਾਲੋਂ ਪੂਰੀ ਤਰ੍ਹਾਂ ਟੁੱਟ ਜਾਵੇਗਾ, ਇਸ ਲਈ ਸਾਨੂੰ ਜਲਦੀ ਤੋਂ ਜਲਦੀ ਰੁੱਤੀ (Tropical) ਨਾਨਕਸ਼ਾਹੀ ਕੈਲੰਡਰ ਅਪਣਾਅ ਲੈਣਾ ਚਾਹੀਦਾ ਹੈ ਤਾਂ ਜੋ ਸਿੱਖ ਇਤਿਹਾਸ ’ਚ ਦਰਜ ਹੋਣ ਵਾਲ਼ੀਆਂ ਤਾਰੀਖ਼ਾਂ ਅਤੇ ਗੁਰਬਾਣੀ ’ਚ ਦਰਜ ਰੁੱਤਾਂ; ਇੱਕ ਸਮਾਨ ਰਹਿਣ।

ਹੁਣ ਪਹਿਲਾਂ ਸਾਲ ਦੀ ਤੀਜੀ ਰੁੱਤ (ਵਰਖਾ ਰੁੱਤ) ਨਾਲ਼ ਸੰਬੰਧਿਤ ‘‘ਰਾਮਕਲੀ ਮਹਲਾ ੫ ਰੁਤੀ ਸਲੋਕ’’ ਸਿਰਲੇਖ ਹੇਠ ਬਾਣੀ ਦੇ ਛੰਦ ਨੰਬਰ 4 ਦੀ ਤਰਤੀਬਵਾਰ ਵਿਚਾਰ ਕਰਦੇ ਹਾਂ। ਭਾਦੋਂ ਦੇ ਮਹੀਨੇ ਦੀ ਵਿਚਾਰ ਅਗਲੇ ਅੰਕ ’ਚ ਕੀਤੀ ਜਾਵੇਗੀ। ਸਾਵਣ ਮਹੀਨੇ ਨਾਲ਼ ਸੰਬੰਧਿਤ ਦੋਵੇਂ ਬਾਰਹਮਾਹਾ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਝ ਹੋਰ ਸ਼ਬਦ ਵੀ ਹਨ। ਇਨ੍ਹਾਂ ਸਾਰਿਆਂ ਵਿੱਚ ਇੱਕੋ ਗੱਲ ਸਮਝਾਈ ਗਈ ਹੈ ਕਿ ਸਾਵਣ ਮਹੀਨੇ ਦੇ ਮੌਸਮ ਦਾ ਪ੍ਰਭਾਵ ਜ਼ਿੰਦਗੀ ਉੱਤੇ ਜਿਸ ਤਰ੍ਹਾਂ ਪੈਂਦਾ ਹੈ; ਵੈਸੇ ਹੀ ਮਨ ’ਤੇ ਚੰਗਾ ਮੰਦਾ ਪ੍ਰਭਾਵ ਨਾਲ਼ ਅਵਸਥਾ ਹੁੰਦੀ ਹੈ; ਜਿਵੇਂ ਕਿ ਸ਼ਬਦ ਹਨ :

ਰੁਤਿ ਬਰਸੁ ਸੁਹੇਲੀਆ; ਸਾਵਣ ਭਾਦਵੇ ਆਨੰਦ ਜੀਉ ਅਰਥ : (ਹੇ ਸਹੇਲੀਏ ! ਜਿਵੇਂ) ਵਰਖਾ-ਰੁੱਤ ਬੜੀ ਸੁਖਦਾਈ ਹੁੰਦੀ ਹੈ, ਸਾਵਣ ਭਾਦਰੋਂ ਦੇ ਮਹੀਨਿਆਂ ’ਚ (ਵਰਖਾ ਦੇ ਕਾਰਨ) ਬੜਾ ਅਨੰਦ ਬਣਿਆ ਰਹਿੰਦਾ ਹੈ।  

ਘਣ ਉਨਵਿ ਵੁਠੇ; ਜਲ ਥਲ ਪੂਰਿਆ ਮਕਰੰਦ ਜੀਉ   ਅਰਥ : ਬੱਦਲ ਝੁਕ ਝੁਕ ਕੇ ਵਰ੍ਹਦੇ ਹਨ। ਤਲਾਬਾਂ-ਛੱਪੜਾਂ ’ਚ, ਧਰਤੀ ਦੇ ਟੋਇਆਂ ’ਚ ਭਾਵ ਹਰ ਥਾਂ ਸੁਗੰਧੀ-ਭਰਿਆ ਪਾਣੀ ਹੀ ਪਾਣੀ ਭਰਿਆ ਹੁੰਦਾ ਹੈ।

ਪ੍ਰਭੁ ਪੂਰਿ ਰਹਿਆ ਸਰਬ ਠਾਈ; ਹਰਿ ਨਾਮ ਨਵ ਨਿਧਿ ਗ੍ਰਿਹ ਭਰੇ ਅਰਥ : ਓਵੇਂ ਹੀ ਜਿਨ੍ਹਾਂ ਦੇ ਹਿਰਦੇ-ਘਰ ਪਰਮਾਤਮਾ ਦੇ ਨਾਮ ਦੇ ਨੌ ਖ਼ਜ਼ਾਨਿਆਂ ਨਾਲ ਨਕੋ-ਨੱਕ ਭਰ ਜਾਣ, ਉਨ੍ਹਾਂ ਨੂੰ ਪਰਮਾਤਮਾ ਸਭਨੀਂ ਥਾਈਂ ਵਿਆਪਕ ਜਾਪਦਾ ਹੈ।

ਸਿਮਰਿ ਸੁਆਮੀ ਅੰਤਰਜਾਮੀ; ਕੁਲ ਸਮੂਹਾ ਸਭਿ ਤਰੇ ਅਰਥ : ਸਭਨਾਂ ਦੇ ਦਿਲ ਦੀ ਜਾਣਨ ਵਾਲੇ ਮਾਲਕ-ਪ੍ਰਭੂ ਦਾ ਨਾਮ ਸਿਮਰ ਕੇ ਉਨ੍ਹਾਂ ਦੀਆਂ ਸਾਰੀਆਂ ਹੀ ਕੁਲਾਂ ਤਰ ਜਾਂਦੀਆਂ ਹਨ।

ਪ੍ਰਿਅ ਰੰਗਿ ਜਾਗੇ ਨਹ ਛਿਦ੍ਰ ਲਾਗੇ; ਕ੍ਰਿਪਾਲੁ ਸਦ ਬਖਸਿੰਦੁ ਜੀਉ ਬਿਨਵੰਤਿ ਨਾਨਕ ਹਰਿ ਕੰਤੁ ਪਾਇਆ; ਸਦਾ ਮਨਿ ਭਾਵੰਦੁ ਜੀਉ (ਰਾਮਕਲੀ/ਮਹਲਾ ੫ ਰੁਤੀ ਸਲੋਕ/੯੨੭) ਅਰਥ : ਹੇ ਸਹੇਲੀਏ ! ਜਿਹੜੇ ਵਡਭਾਗੀ ਪਿਆਰੇ, ਪ੍ਰਭੂ ਦੇ ਪ੍ਰੇਮ-ਰੰਗ ’ਚ (ਰੰਗ ਕੇ ਮਾਇਆ ਮੋਹ ਦੇ ਹੱਲਿਆਂ ਵੱਲੋਂ) ਸੁਚੇਤ ਰਹਿੰਦੇ ਹਨ, ਉਹਨਾਂ ਨੂੰ ਵਿਕਾਰਾਂ ਦੇ ਦਾਗ਼ ਨਹੀਂ ਲੱਗਦੇ, ਦਇਆ ਦਾ ਘਰ ਪ੍ਰਭੂ ਸਦਾ ਉਹਨਾਂ ਉੱਤੇ ਪ੍ਰਸੰਨ ਰਹਿੰਦਾ ਹੈ। ਨਾਨਕ ਬੇਨਤੀ ਕਰਦਾ ਹੈ, ਹੇ ਸਹੇਲੀਏ ! ਉਹਨਾਂ ਨੂੰ ਮਨ ਵਿਚ ਸਦਾ ਪਿਆਰਾ ਲੱਗਣ ਵਾਲਾ ਖਸਮ-ਪ੍ਰਭੂ ਮਿਲ ਪੈਂਦਾ ਹੈ।

ਹੁਣ ਗੁਰੂ ਅਰਜਨ ਸਾਹਿਬ ਜੀ ਦੁਆਰਾ ਮਾਝ ਰਾਗ ’ਚ ਉਚਾਰਨ ਕੀਤੇ ਬਾਰਹਮਾਹਾ ਦੇ 6ਵੇਂ ਪਦੇ ਦੀ ਵਿਚਾਰ ਕਰਦੇ ਹਾਂ, ਜੋ ਇਸ ਤਰ੍ਹਾਂ ਹੈ :

ਸਾਵਣਿ ਸਰਸੀ ਕਾਮਣੀ; ਚਰਨ ਕਮਲ ਸਿਉ ਪਿਆਰੁ ਅਰਥ : ਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ) ਤਿਵੇਂ ੳਹ ਜੀਵ-ਇਸਤ੍ਰੀ ਸਦਾ ਅਨੰਦ ਮਾਣਦੀ ਹੈ, ਜਿਸ ਦਾ ਪਿਆਰ; ਪ੍ਰਭੂ ਦੇ ਸੋਹਣੇ ਚਰਨਾਂ ਨਾਲ ਬਣ ਜਾਂਦਾ ਹੈ।  

ਮਨੁ ਤਨੁ ਰਤਾ ਸਚ ਰੰਗਿ; ਇਕੋ ਨਾਮੁ ਅਧਾਰੁ ਅਰਥ : ਉਸ ਦਾ ਮਨ ਤੇ ਤਨ; ਪਰਮਾਤਮਾ ਦੇ ਪਿਆਰ ’ਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ।

ਬਿਖਿਆ ਰੰਗ ਕੂੜਾਵਿਆ; ਦਿਸਨਿ ਸਭੇ ਛਾਰੁ ਅਰਥ : ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਜਾਪਦੇ ਹਨ।

ਹਰਿ ਅੰਮ੍ਰਿਤ ਬੂੰਦ ਸੁਹਾਵਣੀ; ਮਿਲਿ ਸਾਧੂ, ਪੀਵਣਹਾਰੁ ਅਰਥ : (ਸਾਵਣ ’ਚ ਜਿਵੇਂ ਵਰਖਾ ਦੀ ਬੂੰਦ ਪ੍ਰਭਾਵ ਕਰਦੀ ਹੈ; ਤਿਵੇਂ ਪ੍ਰਭੂ-ਚਰਨਾਂ ਦੇ ਪਿਆਰ ਵਾਲੇ ਬੰਦੇ ਨੂੰ) ਹਰੀ ਦੇ ਅੰਮ੍ਰਿਤ ਨਾਮ ਦੀ ਬੂੰਦ ਪਿਆਰੀ ਲੱਗਦੀ ਹੈ, ਗੁਰੂ ਨੂੰ ਮਿਲ ਕੇ ਉਹ, ਇਸ ਬੂੰਦ ਨੂੰ ਚੱਖ ਲੈਂਦਾ ਹੈ। (ਪ੍ਰਭੂ ਦੀ ਮਹਿਮਾ ਵਾਲ਼ੀਆਂ ਸੰਖੇਪ ਗੱਲਾਂ ਭੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ। ਸਤਿਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ)।

ਵਣੁ ਤਿਣੁ ਪ੍ਰਭ ਸੰਗਿ ਮਉਲਿਆ; ਸੰਮ੍ਰਥ ਪੁਰਖ ਅਪਾਰੁ ਅਰਥ : ਜਿਸ ਪ੍ਰਭੂ ਦੀ ਕਿਰਪਾ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ।

ਹਰਿ ਮਿਲਣੈ ਨੋ ਮਨੁ ਲੋਚਦਾ; ਕਰਮਿ ਮਿਲਾਵਣਹਾਰੁ ਅਰਥ : ਉਸ ਨੂੰ ਮਿਲਣ ਲਈ ਮੇਰਾ ਮਨ ਤਾਂਘਦਾ ਹੈ, (ਪਰ ਮੇਰੇ ਯਤਨਾਂ ਨਾਲ਼ ਮਿਲ ਨਹੀਂ ਸਕਦਾ ਕਿਉਂਕਿ) ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਉਣ ਦੇ ਸਮਰੱਥ ਹੈ।

ਜਿਨੀ ਸਖੀਏ ਪ੍ਰਭੁ ਪਾਇਆ; ਹੰਉ, ਤਿਨ ਕੈ ਸਦ ਬਲਿਹਾਰ ਅਰਥ : ਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ।

ਨਾਨਕ ! ਹਰਿ ਜੀ ਮਇਆ ਕਰਿ; ਸਬਦਿ ਸਵਾਰਣਹਾਰੁ ਅਰਥ : ਹੇ ਨਾਨਕ ! (ਬੇਨਤੀ ਕਰ ਤੇ ਆਖ ਕਿ) ਹੇ ਪ੍ਰਭੂ ! ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਆਪਣੇ ਗੁਣਾਂ ਨਾਲ਼ (ਮੇਰੀ ਜਿੰਦ ਨੂੰ) ਸੰਵਾਰਨਹਾਰ ਹੈਂ।

ਸਾਵਣੁ ਤਿਨਾ ਸੁਹਾਗਣੀ; ਜਿਨ ਰਾਮ ਨਾਮੁ ਉਰਿ ਹਾਰੁ (ਬਾਰਹਮਾਹਾ ਮਾਂਝ/ਮਹਲਾ /੧੩੪) ਅਰਥ : ਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ (ਜੀਵ-ਇਸਤ੍ਰੀਆਂ) ਵਾਸਤੇ (ਖੇੜਾ ਤੇ ਠੰਡ ਲਿਆਉਣ ਵਾਲਾ) ਹੈ, ਜਿਨ੍ਹਾਂ ਨੇ ਆਪਣੇ ਹਿਰਦੇ (ਭਾਵ ਗਲ਼) ’ਚ ਪਰਮਾਤਮਾ ਦਾ ਨਾਮ ਰੂਪ ਹਾਰ ਪਾਇਆ ਹੋਇਆ ਹੈ।

ਹੁਣ ਗੁਰੂ ਨਾਨਕ ਸਾਹਿਬ ਜੀ ਦੁਆਰਾ ਤੁਖਾਰੀ ਰਾਗ ਵਿੱਚ ਰਚੇ ਬਾਰਹਮਾਹਾ ਦੇ 9ਵੇਂ ਪਦੇ (ਸਾਵਣ ਮਹੀਨੇ) ’ਚ ਦਿੱਤੇ ਸੁਨੇਹੇ ਦੀ ਵਿਚਾਰ ਕਰਦੇ ਹਾਂ :

ਸਾਵਣਿ, ਸਰਸ ਮਨਾ; ਘਣ ਵਰਸਹਿ ਰੁਤਿ ਆਏ ਅਰਥ : (ਹਾੜ ਦੀ ਅੱਤ ਤਪਸ਼ ਵਿਚ ਘਾਹ ਆਦਿਕ ਸੁੱਕ ਜਾਂਦੇ ਹਨ, ਜਿਸ ਪਿੱਛੋਂ) ਸਾਵਨ ਮਹੀਨੇ ’ਚ ਘਟਾਂ ਛਾ ਜਾਂਦੀਆਂ ਹਨ। ਪਸ਼ੂ, ਪੰਛੀ, ਮਨੁੱਖ ਤਾਂ ਕਿਤੇ ਰਹੇ, ਸੁੱਕਾ ਹੋਇਆ ਘਾਹ ਭੀ ਹਰਾ ਹੋ ਜਾਂਦਾ ਹੈ। ਇਹ ਹਰਿਆਵਲ ਵੇਖ ਹਰੇਕ ਪ੍ਰਾਣੀ ਬੋਲਦਾ ਹੈ) ਹੇ ਮੇਰੇ ਮਨ ! ਸਾਵਣ ਮਹੀਨੇ ’ਚ (ਵਰਖਾ ਦੀ) ਰੁੱਤ ਆ ਗਈ ਹੈ, ਬੱਦਲ ਵਰ੍ਹ ਰਹੇ ਹਨ, ਹੁਣ ਤੂੰ ਭੀ ਹਰਾ ਹੋ ਜਾਹ (ਤੂੰ ਭੀ ਖਿੜ ਜਾਹ)।

ਮੈ ਮਨਿ ਤਨਿ ਸਹੁ ਭਾਵੈ; ਪਿਰ ਪਰਦੇਸਿ ਸਿਧਾਏ ਅਰਥ : (ਕਾਲੀਆਂ ਘਟਾਂ ਨੂੰ ਵੇਖ ਪਰਦੇਸ ਗਏ ਪਤੀ ਦੀ ਨਾਰ ਦਾ ਹਿਰਦਾ ਤੜਪ ਉੱਠਦਾ ਹੈ ਤੇ ਉਹ ਕੁਰਲਾਉਂਦੀ ਹੋਈ ਆਖਦੀ ਹੈ ਕਿ) ਮੈਨੂੰ ਆਪਣਾ ਪਤੀ ਅਤਿ ਪਿਆਰਾ ਲੱਗ ਰਿਹਾ ਹੈ ਭਾਵੇਂ ਉਹ ਪਰਦੇਸ ’ਚ ਹਨ।

ਪਿਰੁ ਘਰਿ ਨਹੀ ਆਵੈ, ਮਰੀਐ ਹਾਵੈ; ਦਾਮਨਿ ਚਮਕਿ ਡਰਾਏ ਸੇਜ ਇਕੇਲੀ, ਖਰੀ ਦੁਹੇਲੀ; ਮਰਣੁ ਭਇਆ ਦੁਖੁ ਮਾਏ ਅਰਥ : ਹੇ ਮਾਂ ! (ਜਦ ਤੱਕ) ਪਤੀ ਘਰ ’ਚ ਨਹੀਂ ਆਉਂਦਾ, ਮੈਂ ਹਾਹੁਕੇ ਭਰ ਰੌਂਦੀ ਹਾਂ, ਬਿਜਲੀ ਚਮਕ ਕੇ ਡਰਾ ਰਹੀ ਹੈ। (ਪਤੀ ਦੇ ਵਿਛੋੜੇ ਕਾਰਨ) ਮੇਰੀ ਸੱਖਣੀ ਸੇਜ ਦੁਖਦਾਈ ਬਣ ਗਈ ਹੈ। ਦੁੱਖ; ਮੌਤ ਸਮਾਨ ਜਾਪਦਾ ਹੈ।

ਹਰਿ ਬਿਨੁ, ਨੀਦ ਭੂਖ ਕਹੁ ਕੈਸੀ; ਕਾਪੜੁ ਤਨਿ ਸੁਖਾਵਏ ਅਰਥ : (ਜਿਸ ਤਰ੍ਹਾਂ ਪਤੀ ਤੋਂ ਵਿਛੁੜੀ ਦੁਨਿਆਵੀ ਪਤਨੀ ਦੁੱਖੀ ਰਹਿੰਦੀ ਹੈ; ਉਸੇ ਤਰ੍ਹਾਂ ਪ੍ਰਭੂ-ਪਤੀ ਤੋਂ ਵਿਛੁੜੀ ਜੀਵ-ਇਸਤ੍ਰੀ ਨੂੰ) ਪ੍ਰਭੂ ਦੇ ਮਿਲਾਪ ਤੋਂ ਬਿਨਾਂ ਨਾਹ ਨੀਂਦ, ਨਾਹ ਭੁੱਖ ਲੱਗਦੀ ਹੈ। ਕੱਪੜਾ ਭੀ ਸਰੀਰ ਉੱਤੇ ਨਹੀਂ ਸੁਖਾਂਦਾ।

ਨਾਨਕ  ! ਸਾ ਸੋਹਾਗਣਿ ਕੰਤੀ; ਪਿਰ ਕੈ ਅੰਕਿ ਸਮਾਵਏ (ਤੁਖਾਰੀ ਬਾਰਹਮਾਹਾ/ ਮਹਲਾ /੧੧੦੮) ਅਰਥ : ਪਰ ਹੇ ਨਾਨਕ ! ਉਹੀ ਭਾਗਾਂ ਵਾਲੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੇ ਪਿਆਰ ਦੀ ਹੱਕਦਾਰ ਹੈ, ਜੋ ਸਦਾ ਪ੍ਰਭੂ ਦੀ ਯਾਦ ’ਚ ਲੀਨ ਰਹਿੰਦੀ ਹੈ ਭਾਵ ਜੋ ਪਤੀ-ਪ੍ਰਮੇਸ਼ਰ ਨੂੰ ਯਾਦ ਨਹੀਂ ਕਰਦੀ ਉਸ ਅੰਦਰ ਸਾਵਣ ਦਾ ਮਹੀਨਾ ਵੀ ਤੜਫ ਪੈਦਾ ਨਹੀਂ ਕਰ ਸਕਦਾ।

ਉਕਤ ਕੀਤੀ ਬਾਰਹਮਾਹਾ ਦੀ ਵਿਚਾਰ ਤੋਂ ਇਲਾਵਾ ਗੁਰਬਾਣੀ ’ਚ ਹੋਰ ਥਾਂਵਾਂ ’ਤੇ ਭੀ ਸਾਵਣ ਮਹੀਨੇ ਦਾ ਜ਼ਿਕਰ ਹੈ; ਜਿਵੇਂ ਕਿ

ਨਾਨਕ ! ਸਾਵਣਿ, ਜੇ ਵਸੈ; ਚਹੁ ਓਮਾਹਾ ਹੋਇ ਨਾਗਾਂ ਮਿਰਗਾਂ ਮਛੀਆਂ ਰਸੀਆਂ ਘਰਿ ਧਨੁ ਹੋਇ (ਮਹਲਾ /੧੨੭੯) ਅਰਥ : ਹੇ ਨਾਨਕ ! ਜੇ ਸਾਵਣ ਦੇ ਮਹੀਨੇ ਮੀਂਹ ਪੈ ਜਾਏ ਤਾਂ ਚਾਰ ਧਿਰਾਂ ‘ਸੱਪਾਂ, ਹਿਰਨਾਂ, ਮੱਛੀਆਂ ਤੇ ਰਸਾਂ ਦੇ ਆਸ਼ਕਾਂ (ਯਾਨੀ ਐਸ਼ਪ੍ਰਸਤ ਧਨਾਢਾਂ, ਜਿਨ੍ਹਾਂ ਦੇ) ਘਰ ’ਚ ਧਨ ਹੁੰਦਾ ਹੈ’; ਅੰਦਰ ਚਾਉ ਉਪਜਦਾ ਹੈ।

ਨਾਨਕ ! ਸਾਵਣਿ, ਜੇ ਵਸੈ; ਚਹੁ ਵੇਛੋੜਾ ਹੋਇ ਗਾਈ ਪੁਤਾ ਨਿਰਧਨਾ; ਪੰਥੀ ਚਾਕਰੁ ਹੋਇ (ਮਹਲਾ /੧੨੭੯) ਅਰਥ : ਹੇ ਨਾਨਕ ! ਜੇ ਸਾਵਣ ਮਹੀਨੇ ’ਚ ਮੀਂਹ ਪੈ ਜਾਏ ਤਾਂ ਚਾਰ ਧਿਰਾਂ ਅੰਦਰ ਚਾਉ ਨਹੀਂ ਉਪਜਦਾ। ਉਹ ਹਨ ਗਾਈਆਂ ਦੇ ਵੱਛੜੇ (ਕਿਉਂਕਿ ਮੀਂਹ ਪਿਆਂ ਗਾਈਆਂ ਨੂੰ ਚਾਰਨ ਲਈ ਲੈ ਜਾਂਦੇ ਹਨ ਤੇ ਉਨ੍ਹਾਂ ਨੂੰ ਘਰ ਛੱਡ ਦਿੱਤਾ ਜਾਂਦਾ ਹੈ), ਗਰੀਬਾਂ (ਕਿਉਂਕਿ ਦਿਹਾੜੀ ਨਹੀਂ ਮਿਲਦੀ), ਰਾਹੀ ਤੇ ਨੌਕਰ (ਕਿਉਂਕਿ ਇਨ੍ਹਾਂ ਦਾ ਕੰਮ ਵਧ ਜਾਂਦਾ ਹੈ)। ਇਉਂ ਹੀ ਗੁਰੂ ਦੇ ਦਰ ਤੋਂ ਨਾਮ-ਵਰਖਾ ਹੋਣ ’ਤੇ ਗੁਰਮੁਖਾਂ ਅੰਦਰ ਖਿੜਾਅ ਉਪਜਦਾ ਹੈ, ਪਰ ਮਨਮੁਖ ਇਸ ਤੋਂ ਬਾਂਝੇ ਰਹਿ ਜਾਂਦੇ ਹਨ।

ਮੋਰੀ ਰੁਣ ਝੁਣ ਲਾਇਆ; ਭੈਣੇ ! ਸਾਵਣੁ ਆਇਆ (ਮਹਲਾ /੫੫੮) ਅਰਥ : ਹੇ ਭੈਣ ! ਸਾਵਨ (ਦਾ ਮਹੀਨਾ) ਆ ਗਿਆ ਹੈ (ਵਰਖਾ ਰੁੱਤ ਦਾ ਮੀਂਹ ਪੈਣ ਕਾਰਨ) ਮੋਰਾਂ ਨੇ ਖੁਸ਼ੀ ਦੇ ਮਿੱਠੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਹਨ।

ਸਾਵਣੁ ਆਇਆ ਹੇ ਸਖੀ ! ਜਲਹਰੁ ਬਰਸਨਹਾਰੁ ਨਾਨਕ ! ਸੁਖਿ ਸਵਨੁ ਸੋਹਾਗਣੀ; ਜਿਨ੍, ਸਹ ਨਾਲਿ ਪਿਆਰੁ (ਮਹਲਾ /੧੨੮੦) ਹੇ ਸਖੀ ! ਸਾਵਣ ਮਹੀਨਾ ਆ ਗਿਆ ਤੇ ਬੱਦਲ ਵਰ੍ਹਾਊ ਹੋ ਗਿਆ ਹੈ। (ਇਸ ਸੁਹਾਵਣੇ ਸਮੇਂ) ਜਿਨ੍ਹਾਂ (ਜੀਵ-ਇਸਤ੍ਰੀਆਂ ਦਾ) ਖਸਮ (ਪ੍ਰਭੂ) ਨਾਲ ਪਿਆਰ ਪੈ ਗਿਆ, ਉਹ ਭਾਗਾਂ ਵਾਲੀਆਂ ਬੇਫ਼ਿਕਰ ਹੋ ਕੇ ਸੌਂਦੀਆਂ ਹਨ।

ਭਗਤ ਨਾਮਦੇਵ ਜੀ ਦੇ ਬਚਨ ਹਨ ਕਿ ਜਿਸ ਅੰਦਰ ਪਤੀ-ਪਰਮੇਸ਼ਰ ਨਾਲ਼ ਪ੍ਰੀਤ ਪੈਦਾ ਹੋ ਗਈ, ਉਹ ਕੇਵਲ ਸਾਵਣ ਮਹੀਨੇ ਦੇ ਅਨੰਦ ਤੱਕ ਸੀਮਤ ਨਹੀਂ ਰਹਿੰਦਾ ਭਾਵ ਉਸ ਲਈ ਸਦਾ ਨਾਮ-ਅੰਮ੍ਰਿਤ ਦੀ ਵਰਖਾ ਹੋਣ ਲੱਗਦੀ ਹੈ ‘‘ਅਣਮੜਿਆ ਮੰਦਲੁ (ਢੋਲ) ਬਾਜੈ ਬਿਨੁ ਸਾਵਣ, ਘਨਹਰੁ (ਬੱਦਲ) ਗਾਜੈ ਬਾਦਲ ਬਿਨੁ, ਬਰਖਾ ਹੋਈ ਜਉ, ਤਤੁ ਬਿਚਾਰੈ ਕੋਈ ’’ (ਭਗਤ ਨਾਮਦੇਵ ਜੀ/੬੫੭), ਐਸੀ ਨਿਰੰਤਰ ਵਰਖਾ ਦਾ ਅਨੰਦ ਮਾਨਣ ਲਈ ਆਪਣੇ ਪਿਆਰੇ ਰਾਮ ਨਾਲ਼ ਇੱਕ-ਮਿੱਕ ਹੋਣਾ ਪੈਣਾ ਹੈ; ਜਿਵੇਂ ਕਿ ਭਗਤ ਨਾਮਦੇਵ ਜੀ ਦੇ ਬਚਨ ਹਨ ‘‘ਮੋ ਕਉ ਮਿਲਿਓ ਰਾਮੁ ਸਨੇਹੀ ਜਿਹ ਮਿਲਿਐ, ਦੇਹ ਸੁਦੇਹੀ ਰਹਾਉ ’’ ਭਾਵ ਮੈਨੂੰ ਪਿਆਰਾ ਰਾਮ ਮਿਲ ਪਿਆ। ਜਿਸ ਦੇ ਮਿਲਣ ਨਾਲ਼ ਮੇਰੀ ਦੇਹ ਸੁੰਦਰ ਬਣ ਗਈ। ਜੀਵਨ ਸਫਲ ਹੋ ਗਿਆ।

ਸਾਵਣ ਮਹੀਨੇ ਦੀਆਂ ਕੁੱਝ ਇਤਿਹਾਸਕ ਘਟਨਾਵਾਂ ਨੂੰ ਵੀ ਜਾਣਨਾ ਜ਼ਰੂਰੀ ਹੈ; ਜਿਵੇਂ ਕਿ ਭਾਈ ਤਾਰੂ ਸਿੰਘ ਜੀ ਨੂੰ ਸੰਘਰਸ਼ ਕਰ ਰਹੇ ਸਿੰਘਾਂ ਦੀ ਮਦਦ ਕਰਨ ਬਦਲੇ ੧ ਸਾਵਣ ਬਿਕ੍ਰਮੀ ਸੰਮਤ ੧੮੦੨ ਨੂੰ ਖੋਪਰੀ ਉਤਾਰ ਕੇ ਸ਼ਹੀਦ ਕਰ ਦਿੱਤਾ ਸੀ। ਉਹ, ਸਿੱਖੀ ਕੇਸਾਂ ਸੰਗ ਨਿਭਾਉਣ ਦਾ ਆਪਣਾ ਪ੍ਰਣ ਪੂਰਾ ਕਰ ਗਏ ਸਨ।

ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ੧੮ ਹਾੜ ਬਿਕ੍ਰਮੀ ਸੰਮਤ ੧੬੬੩ ਨੂੰ ਇੱਕ ਥੜ੍ਹੇ (ਜਿਸ ਨੂੰ ਹੁਣ ਅਕਾਲ ਤਖ਼ਤ ਸਾਹਿਬ ਕਿਹਾ ਜਾਂਦਾ ਹੈ) ਦੀ ਉਸਾਰੀ ਕੀਤੀ। ਇਸ ਤੋਂ 19 ਦਿਨ ਬਾਅਦ ਇਸੇ ਸਥਾਨ ’ਤੇ ਬੈਠ ਕੇ ੬ ਸਾਵਣ ਸੰਮਤ ੧੬੬੩ ਨੂੰ ਆਪ ਨੇ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਇਹ ਦਿਹਾੜਾ; ਹਰ ਸਾਲ ਮੀਰੀ-ਪੀਰੀ ਦਿਵਸ ਵਜੋਂ ੬ ਸਾਵਣ ਨੂੰ ਮਨਾਇਆ ਜਾਂਦਾ ਹੈ।

ਗੁਰੂ ਹਰਿਰਾਇ ਸਾਹਿਬ ਜੀ ਦੇ ਗ੍ਰਹਿ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ੮ ਸਾਵਣ ਬਿਕ੍ਰਮੀ ਸੰਮਤ ੧੭੧੩ ਨੂੰ ਸ਼ੀਸ਼ ਮਹਿਲ ਕੀਰਤਪੁਰ ਸਾਹਿਬ ਵਿਖੇ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦਾ ਜਨਮ ਹੋਇਆ।

ਅੰਮ੍ਰਿਤਸਰ ਤੋਂ 13 ਕਿਲੋਮੀਟਰ ਦੂਰ ਪਿੰਡ ਘੁੱਕੇਵਾਲ਼ੀ ਵਿਖੇ ਗੁਰਦੁਆਰਾ ਸਾਹਿਬ ਦੇ ਬਾਗ਼ ’ਚੋਂ ਗੁਰੂ ਕੇ ਲੰਗਰ ਲਈ ਲੱਕੜਾਂ ਕੱਟਣ ਗਏ ਪੰਜ ਸਿੰਘਾਂ ਵਿਰੁੱਧ ਮਹੰਤ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ, ਜਿਸ ਕਾਰਨ ਪੰਜੇ ਸਿੰਘਾਂ ਨੂੰ 6-6 ਮਹੀਨੇ ਦੀ ਕੈਦ ਅਤੇ 50-50 ਰੁਪਏ ਜਰਮਾਨਾ ਲਾਇਆ ਗਿਆ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਬਾਗ਼ ਉੱਤੇ ਆਪਣਾ ਹੱਕ ਜਤਾਉਣ ਲਈ ਅਤੇ ਸਰਕਾਰੀ ਧੱਕੇਸ਼ਾਹੀ ਵਿਰੁੱਧ ਮੋਰਚਾ ਲਾਇਆ, ਜੋ ੨੪ ਸਾਵਣ ਬਿਕ੍ਰਮੀ ਸੰਮਤ ੧੯੭੮ (8 ਅਗਸਤ 1921 ਈ:) ਤੋਂ ਲੈ ਕੇ ੨੨ ਕੱਤਕ ਬਿਕ੍ਰਮੀ ਸੰਮਤ ੧੯੭੯ (7 ਨਵੰਬਰ 1922) ਤੱਕ ਚੱਲਿਆ ਤੇ ਅੰਗਰੇਜ਼ ਸਰਕਾਰ ਨੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਸਪੁਰਦ ਕਰ ਦਿੱਤਾ। ਇਹ ਦਿਹਾੜਾ; ਹਰ ਸਾਲ ੨੪ ਸਾਵਣ ਨੂੰ ਗੁਰੂ ਕੇ ਬਾਗ ਮੋਰਚੇ ਦੀ ਯਾਦ ’ਚ ਮਨਾਇਆ ਜਾਂਦਾ ਹੈ।