ਸਵਾਲ ਜਵਾਬ (part-2)

0
85

ਸਵਾਲ ਜਵਾਬ (part-2)

ਸਵਾਲ : ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੰਨੇ ਅਤੇ ਕਿਹੜੇ ਕਿਹੜੇ ਗੁਰੂ ਸਾਹਿਬਾਨ, ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਦਰਜ ਹੈ।

ਜਵਾਬ : ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਾਹਿਬਾਨ – (1) ਗੁਰੂ ਨਾਨਕ ਸਾਹਿਬ ਜੀ (2) ਗੁਰੂ ਅੰਗਦ ਸਾਹਿਬ ਜੀ (3) ਗੁਰੂ ਅਮਰਦਾਸ ਜੀ (4) ਗੁਰੂ ਰਾਮਦਾਸ ਜੀ (5) ਗੁਰੂ ਅਰਜਨ ਸਾਹਿਬ ਜੀ (6) ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਇਲਾਵਾ 15 ਭਗਤ ਸਾਹਿਬਾਨ ਇਹ ਹਨ : (1) ਭਗਤ ਕਬੀਰ ਸਾਹਿਬ ਜੀ (2) ਭਗਤ ਰਵਿਦਾਸ ਸਾਹਿਬ ਜੀ (3) ਭਗਤ ਨਾਮਦੇਵ ਜੀ (4) ਬਾਬਾ ਸ਼ੇਖ਼ ਫ਼ਰੀਦ ਜੀ ਸ਼ੱਕਰਗੰਜ਼ (5) ਭਗਤ ਧੰਨਾ ਜੀ (6) ਭਗਤ ਬੇਣੀ ਜੀ (7) ਭਗਤ ਭੀਖਨ ਜੀ (8) ਭਗਤ ਸਧਨਾ ਜੀ (9) ਭਗਤ ਪੀਪਾ ਜੀ (10) ਭਗਤ ਤ੍ਰਿਲੋਚਨ ਜੀ (11) ਭਗਤ ਰਾਮਾਨੰਦ ਜੀ (12) ਭਗਤ ਜੈਦੇਵ ਜੀ (13) ਭਗਤ ਪਰਮਾਨੰਦ ਜੀ (14) ਭਗਤ ਸੂਰਦਾਸ ਜੀ (15) ਭਗਤ ਸੈਣ ਜੀ।

11 ਭੱਟ ਸਾਹਿਬਾਨ ਹਨ : (1) ਭੱਟ ਕਲਸਹਾਰ ਜੀ, ਜਿਨ੍ਹਾਂ ਦੇ ਕਲ ਤੇ ਟਲ ਨਾਂ ਵੀ ਹਨ (2) ਭੱਟ ਜਾਲਪ (3) ਭੱਟ ਕੀਰਤ (4) ਭੱਟ ਭਿੱਖਾ ਜੀ (5) ਭੱਟ ਸੱਲੵ (6) ਭੱਟ ਭਲੵ (7) ਭੱਟ ਨਲੵ (8) ਭੱਟ ਗਯੰਦ (9) ਭੱਟ ਮਥੁਰਾ (10) ਭੱਟ ਬਲੵ (11) ਭੱਟ ਹਰਿਬੰਸ।

3 ਗੁਰਸਿੱਖ ਇਹ ਹਨ : (1) ਬਾਬਾ ਸੁੰਦਰ ਜੀ (2) ਭਾਈ ਸੱਤਾ ਜੀ (3) ਭਾਈ ਬਲਵੰਡ ਜੀ

ਕੁਲ 35 ਮਹਾਂ ਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।

ਸਵਾਲ :  ਜਿਨ੍ਹਾਂ ਮਹਾਂਪੁਰਖਾਂ ਦੁਆਰਾ ਰਚੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ, ਉਨ੍ਹਾਂ ’ਚੋਂ ਕਿੰਨੇ ਗੁਰੂ ਸਾਹਿਬਾਨ ਅਤੇ ਗੁਰਸਿੱਖਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਅਤੇ ਸ਼ਹੀਦੀ ਪਰਾਪਤ ਕਰਨ ਦਾ ਕੀ ਕਾਰਨ ਸੀ ?

ਜਵਾਬ : 1. ਗੁਰੂ ਅਰਜਨ ਸਾਹਿਬ ਜੀ : ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦਾ ਅਸਲ ਕਾਰਨ ਉਨ੍ਹਾਂ ਦੁਆਰਾ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸੀ। ਗੁਰਮਤਿ ਦੇ ਸਰਬ ਸਾਂਝੇ ਸਿਧਾਂਤਾਂ ਕਾਰਨ ਕਈ ਮੁਸਲਮਾਨ ਵੀ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਪ੍ਰਭਾਵਤ ਹੋ ਕੇ ਸਿੱਖੀ ਵਿੱਚ ਸ਼ਾਮਲ ਹੋ ਰਹੇ ਸਨ। ਸ਼ੇਖ਼ ਅਹਿਮਦ ਸਰਹਿੰਦੀ ਇਸਲਾਮ ਦੇ ਵਾਧੇ ਲਈ ਗੁਰੂ ਅਰਜਨ ਸਾਹਿਬ ਜੀ ਨੂੰ ਸਭ ਤੋਂ ਵੱਡੀ ਰੁਕਾਵਟ ਮੰਨਦਾ ਸੀ ਇਸ ਲਈ ਉਨ੍ਹਾਂ ਨੂੰ ਖ਼ਤਮ ਕਰਵਾਉਣ ਲਈ ਸ਼ੇਖ਼ ਫ਼ਰੀਦ ਬੁਖਾਰੀ (ਮੁਰਤਜ਼ਾ ਖਾਂ) ਰਾਹੀਂ ਬਾਦਸ਼ਾਹ ਜਹਾਂਗੀਰ ਕੋਲ ਝੂਠੀ ਸ਼ਿਕਾਇਤ ਕਰਵਾਈ ਕਿ ਉਨ੍ਹਾਂ ਦੇ ਬਾਗੀ ਪੁੱਤਰ ਖੁਸਰੋ ਦੀ ਗੋਇੰਦਵਾਲ ਵਿਖੇ ਪਹੁੰਚਣ ’ਤੇ ਗੁਰੂ ਸਾਹਿਬ ਨੇ ਉਸ ਦੀ ਸਹਾਇਤਾ ਕੀਤੀ ਤੇ ਅਸ਼ੀਵਾਦ ਦਿੱਤਾ। ਇਸ ਤੋਂ ਇਲਾਵਾ ਗੁਰਗੱਦੀ ਪ੍ਰਾਪਤ ਕਰਨ ’ਚ ਅਸਫਲ ਰਹਿਣ ਵਾਲੇ ਗੁਰੂ ਜੀ ਦੇ ਵੱਡੇ ਭਰਾ ਬਾਬਾ ਪ੍ਰਿਥੀ ਚੰਦ, ਬਾਦਸ਼ਾਹ ਦੇ ਦਰਬਾਰੀ ਚੰਦੂ, ਜਿਸ ਦੀ ਲੜਕੀ ਦਾ ਰਿਸ਼ਤਾ ਬਾਲਕ (ਗੁਰੂ) ਹਰਿਗੋਬਿੰਦ ਜੀ ਨੂੰ ਲੈਣ ਤੋਂ ਨਾ ਕਰ ਦਿੱਤੀ ਸੀ, ਲਾਹੌਰ ਦੇ 4 ਕਵੀ ਕਾਹਨਾ, ਛੱਜੂ, ਪੀਹਲੂ ਅਤੇ ਸ਼ਾਹ ਹੂਸੈਨ, ਜਿਨ੍ਹਾਂ ਦੀ ਰਚਨਾਵਾਂ ਨੂੰ ਸਿਧਾਂਤ ਦੇ ਉਲ਼ਟ ਹੋਣ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਨ ਤੋਂ ਨਾ ਕਰ ਦਿੱਤੀ ਸੀ, ਆਦਿ ਨੇ ਝੂਠੀਆਂ ਸ਼ਿਕਾਇਤਾਂ ਕਰਨ ’ਚ ਆਪਣਾ ਯੋਗਦਾਨ ਪਾਇਆ। ਆਪਣੇ ਆਪ ਨੂੰ ਪੱਕਾ ਮੁਸਲਮਾਨ ਅਖਵਾ ਕੇ ਆਪਣੀ ਬਾਦਸ਼ਾਹਤ ਪੱਕੀ ਕਰਨ ’ਚ ਉਤਾਵਲੇ ਜਹਾਂਗੀਰ ਨੇ ਇਨ੍ਹਾਂ ਸ਼ਿਕਾਇਤਾਂ ਨੂੰ ਆਧਾਰ ਬਣਾ ਕੇ ਤੁਜ਼ਕਿ ਜਹਾਂਗੀਰੀ ਵਿੱਚ ਲਿਖਿਆ ਹੈ ‘ਮੇਰੇ ਦਿਲ ਵਿਚ ਇਹ ਖਿਆਲ ਚੋਖੇ ਚਿਰ ਤੋਂ ਆ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ (ਭਾਵ ਸਿੱਖ ਧਰਮ) ਨੂੰ ਬੰਦ ਕਰ ਦਿੱਤਾ ਜਾਏ ਜਾਂ ਉਸ (ਗੁਰੂ ਅਰਜਨ ਦੇਵ ਜੀ) ਨੂੰ ਇਸਲਾਮ ਦੇ ਧਰਮ-ਮੰਡਲ ਵਿਚ ਦਾਖਲ ਕਰ ਲਿਆ ਜਾਏ। ਮੈਂ ਹੁਕਮ ਦਿੱਤਾ ਕਿ ਉਸ ਨੂੰ ਹਾਜ਼ਰ ਕੀਤਾ ਜਾਏ ਜਾਂ ਉਸ ਨੂੰ ਇਸਲਾਮ ਦੇ ਘੇਰੇ ਵਿਚ ਸ਼ਾਮਲ ਕਰ ਲਿਆ ਜਾਏ। ਉਸ ਦਾ ਘਰ-ਘਾਟ ਤੇ ਬੱਚੇ ਮੈਂ ਮੁਰਤਜ਼ਾ ਖ਼ਾਨ ਦੇ ਹਵਾਲੇ ਕੀਤੇ ਅਤੇ ਉਸ ਦਾ ਮਾਲ-ਅਸਬਾਬ, ਜ਼ਬਤ ਕਰ ਕੇ ਮੈਂ ਹੁਕਮ ਦਿੱਤਾ ਕਿ ਉਸ ਨੂੰ ਸਿਆਸਤ (ਵਿਧਾਨ) ਅਤੇ ਯਾਸਾ ਦੀ ਰਾਜ-ਡੰਡਾਵਲੀ ਅਨੁਸਾਰ, ਮਾਰ-ਮੁਕਾ ਦਿੱਤਾ ਜਾਏ।’ (ਤੁਜ਼ਕਿ ਜਹਾਂਗੀਰੀ, 1606 ਈ., ਪੰਨਾ 35), ਇਸ ਹੁਕਮ ਅਧੀਨ ਗੁਰੂ ਅਰਜਨ ਸਾਹਿਬ ਜੀ ਨੂੰ 2 ਹਾੜ ਬਿਕ੍ਰਮੀ ਸੰਮਤ 1663/ 30 ਮਈ 1606 ਜੂਲੀਅਨ ਨੂੰ ਲਾਹੌਰ ਵਿਖੇ ਤੱਤੀ ਤਵੀ ’ਤੇ ਬਿਠਾ ਆਪ ਉੱਪਰ ਗਰਮ ਰੇਤ ਪਾਇਆ ਗਿਆ ਅਤੇ ਖੌਲਦੇ ਪਾਣੀ ਦੀ ਦੇਗ ’ਚ ਉਬਾਲ ਕੇ ਅੰਤਾਂ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਸ਼ਹੀਦੀ ਪ੍ਰਾਪਤ ਕਰਨ ਵਾਲੇ ਗੁਰੂ ਅਰਜਨ ਸਾਹਿਬ ਜੀ ਬਾਣੀ ਦੇ ਪਹਿਲੇ ਰਚਨਹਾਰ ਹੋਣ ਤੋਂ ਇਲਾਵਾ ਸਿੱਖ ਇਤਿਹਾਸ ਦੇ ਵੀ ਪਹਿਲੇ ਸ਼ਹੀਦ ਹਨ, ਇਸੇ ਲਈ ਉਨ੍ਹਾਂ ਨੂੰ ਸ਼ਹੀਦਾਂ ਦੇ ਸਿਰਤਾਜ ਵੀ ਆਖਿਆ ਜਾਂਦਾ ਹੈ। ਤੱਤੀ ਤਵੀ ’ਤੇ ਬੈਠ ਕੇ ਵੀ ਆਪ ਨੇ ‘‘ਤੇਰਾ ਕੀਆ ਮੀਠਾ ਲਾਗੈ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ’’ (ਮਹਲਾ /੩੯੪) ਪੜ੍ਹਦੇ ਹੋਏ ਆਪਣੀ ਕਥਨੀ ਨੂੰ ਕਰਣੀ ਵਿੱਚ ਨਿਭਾ ਗਏ।

  1. ਸ਼ਹੀਦ ਭਾਈ ਮਥਰਾ ਭੱਟ ਜੀ : ਭਾਈ ਮਥਰਾ ਭੱਟ ਜੀ ਨੇ ਲੋਹਗੜ੍ਹ ਸ੍ਰੀ ਅੰਮ੍ਰਿਤਸਰ ਦੀ ਲੜਾਈ ਵਿਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਮਾਨ ਹੇਠ ਜੰਗ ਕਰਦਿਆਂ ਮੁਗ਼ਲਾਂ ਦੇ ਜਰਨੈਲ ਬੈਰਮ ਖ਼ਾਂ ਤੇ ਈਮਾਮ ਬਖ਼ਸ਼ ਨੂੰ ਮਾਰ ਮੁਕਾਇਆ ਸੀ। ਉਨ੍ਹਾਂ ਨੇ ਇਸ ਜੰਗ ਵਿਚ ਬਹਾਦਰੀ ਵਿਖਾਉਂਦਿਆਂ ਸ਼ਹੀਦੀ ਪ੍ਰਾਪਤ ਕੀਤੀ। ਭਾਈ ਮਥਰਾ ਭੱਟ ਜੀ ਦੇ ਸੱਤ ਸਵੱਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਨ੍ਹਾਂ ਸਵਈਆਂ ਵਿਚ ਮਥਰਾ ਜੀ; ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਦੀ ਉਸਤਤਿ ਕਰਦੇ ਹਨ। ਭਾਵੇਂ ਉਸ ਜੰਗ ਵਿੱਚ ਹੋਰ ਸਿੱਖ ਸੂਰਮੇ ਵੀ ਸ਼ਹੀਦ ਹੋਏ, ਪਰ ਭੱਟ ਮਥਰਾ ਜੀ ਪਹਿਲੇ ਗੁਰਸਿੱਖ ਹਨ, ਜਿਨ੍ਹਾਂ ਨੇ ਸ਼ਹਾਦਤ ਵੀ ਪ੍ਰਾਪਤ ਕੀਤੀ ਅਤੇ ਉਨ੍ਹਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹੈ।
  2. ਭਾਈ ਕੀਰਤ ਭੱਟ ਜੀ : ਭਾਈ ਕੀਰਤ ਭੱਟ ਜੀ ਵੀ ਲੋਹਗੜ੍ਹ ਸ੍ਰੀ ਅੰਮ੍ਰਿਤਸਰ ਦੀ ਲੜਾਈ ਵਿਚ ਹੀ ਸ਼ਹੀਦ ਹੋਏ। ਭੱਟ ਕੀਰਤ ਜੀ ਆਪਣੇ ਭਰਾ ਭਾਈ ਮਥਰਾ ਜੀ ਸਮੇਤ ਦੂਸਰੇ ਗੁਰਸਿੱਖ ਹਨ, ਜਿਨ੍ਹਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਅਤੇ ਉਨ੍ਹਾਂ ਵੱਲੋਂ ਉਚਾਰਨ ਕੀਤੇ 8 ਸਵਈਏ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੁਸ਼ੋਭਿਤ ਹਨ, ਜਿਨ੍ਹਾਂ ਵਿੱਚੋਂ ਚਾਰ ਸਵਈਏ ਤੀਜੇ ਗੁਰੂ ਅਮਰਦਾਸ ਦੀ ਅਤੇ ਐਨੇ ਹੀ ਚੌਥੇ ਗੁਰੂ ਰਾਮਦਾਸ ਜੀ ਦੀ ਵਡਿਆਈ ਵਿੱਚ ਉਚਾਰੇ ਹਨ। ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਹਰ ਰੋਜ਼ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤੇ ਜਾਣ ਸਮੇਂ ਭੱਟ ਕੀਰਤ ਜੀ ਦਾ ਇਹ ਸਵੱਈਆ ‘‘ਇਕ ਅਰਦਾਸਿ ਭਾਟ ਕੀਰਤਿ ਕੀ; ਗੁਰ ਰਾਮਦਾਸ ! ਰਾਖਹੁ ਸਰਣਾਈ ॥੪॥੫੮॥’’ (ਸਵਈਏ ਮਹਲੇ ਚਉਥੇ ਕੇ/੧੪੦੬) ਦੇ ਗਾਇਣ ਕੀਤੇ ਜਾਣ ਦੀ ਰਿਵਾਇਤ ਪ੍ਰਚਲਿਤ ਹੈ।
  3. ਗੁਰੂ ਤੇਗ ਬਹਾਦਰ ਸਾਹਿਬ ਜੀ : ਔਰੰਗਜ਼ੇਬ ਵੱਲੋਂ ਕਸ਼ਮੀਰੀ ਪੰਡਿਤਾਂ ਦੇ ਜ਼ਬਰੀ ਜਨੇਊ ਅਤੇ ਟਿੱਕੇ ਉਤਾਰ ਕੇ ਮੁਸਲਮਾਨ ਬਣਾਏ ਜਾਣ ਦੇ ਜ਼ੁਲਮ ਨੂੰ ਠੱਲ ਪਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ੧੧ ਮੱਘਰ ਬਿਕ੍ਰਮੀ ਸੰਮਤ ੧੭੩੨/ 11 ਨਵੰਬਰ 1675 ਨੂੰ ਆਪਣੇ ਤਿੰਨ ਪਿਆਰੇ ਗੁਰਸਿੱਖਾਂ ਭਾਈ ਮਤੀਦਾਸ ਜੀ, ਭਾਈ ਦਿਆਲਾ ਜੀ ਅਤੇ ਭਾਈ ਸਤੀਦਾਸ ਸਮੇਤ ਚਾਂਦਨੀ ਚੌਕ (ਨਵੀਂ ਦਿੱਲੀ) ਵਿਖੇ ਸ਼ਹੀਦੀ ਦੇ ਕੇ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਸ਼ਾਂਤਮਈ ਸ਼ਹੀਦੀ ਦੇਣ ਦੀ ਲਾਮਿਸਾਲ ਉਦਾਹਰਨ ਕਾਇਮ ਕੀਤੀ ਅਤੇ ਆਪਣੇ ਬਚਨ ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ਕਹੁ ਨਾਨਕ ! ਸੁਨਿ ਰੇ ਮਨਾ ! ਗਿਆਨੀ ਤਾਹਿ ਬਖਾਨਿ ’’ (ਮਹਲਾ /੧੪੨੭) ’ਤੇ ਪਹਿਰਾ ਦੇ ਗਏ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤੇ ਸਨ ‘‘ਜੋ ਸਰਣਿ ਆਵੈ, ਤਿਸੁ ਕੰਠਿ ਲਾਵੈ; ਇਹੁ ਬਿਰਦੁ ਸੁਆਮੀ ਸੰਦਾ ’’ (ਮਹਲਾ /੫੪੪) ਇਨ੍ਹਾਂ ਬਚਨਾਂ ’ਤੇ ਅਮਲੀ ਰੂਪ ’ਚ ਪਹਿਰਾ ਦੇ ਦਿੱਤਾ। ਆਪ ਜੀ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦੇ ਪੋਤਰੇ, ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ, ਅੰਮ੍ਰਿਤ ਕੇ ਦਾਤੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ ਅਤੇ ਚਾਰ ਸ਼ਹੀਦ ਸਾਹਿਬਜ਼ਾਦਿਆਂ ਦੇ ਦਾਦਾ ਜੀ ਸਨ।

ਸਵਾਲ : ਜਲੰਧਰ ਵਿਖੇ ‘ਗੁਰਦੁਆਰਾ ਸਾਹਿਬ ਬਾਬਾ ਨਿਹਾਲ ਸਿੰਘ ਤੱਲਣ ਸਾਹਿਬ’ ਹੈ, ਲੋਕਾਂ ਦਾ ਵਿਸ਼ਵਾਸ ਹੈ ਕਿ ਜਿਨ੍ਹਾਂ ਦਾ ਵਿਦੇਸ਼ ਦਾ ਵੀਜ਼ਾ ਨਹੀਂ ਲੱਗਦਾ ਜਾਂ ਪਾਸਪੋਰਟ ਨਹੀ ਬਣਦਾ ਹੈ, ਉਹ ਉੱਥੇ ਜਾ ਕੇ ਖਿਡਾਉਣਾ ਜਹਾਜ਼ ਚੜ੍ਹਾੳਂੁਦੇ ਹਨ ਤੇ ਉਨ੍ਹਾਂ ਦੀ ਵਿਦੇਸ਼ ਜਾਣ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਹੈ। ਕੀ ਗੁਰਮਤਿ ਅਨੁਸਾਰ ਇਹ ਕਰਮ ਸਹੀ ਹੈ ?

ਜਵਾਬ : ਗੁਰਬਾਣੀ ਦਾ ਫ਼ੁਰਮਾਨ ਹੈ ਕਿ ਦਾਤਾਂ ਦੇਣ ਵਾਲਾ ਇਕੋ ਪ੍ਰਮਾਤਮਾ ਹੈ, ਜੋ ਸਭਨਾਂ ਨੂੰ ਦਾਤਾਂ ਦਿੰਦਾ ਹੈ। ਉਸ ਦੇ ਦਰ ’ਤੇ ਬਖ਼ਸ਼ਸ਼ਾਂ ਦੇ ਅਣਗਿਣਤ ਭੰਡਾਰੇ ਭਰੇ ਪਏ ਹਨ, ਇਸ ਲਈ ਦਾਤਾਂ ਦੇਣ ਲੱਗਿਆਂ ਉਸ ਦੇ ਘਰ ਕਦੇ ਤੋਟ ਨਹੀਂ ਆਉਂਦੀ ‘‘ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ ਦੇਂਦੇ, ਤੋਟਿ ਆਵਈ; ਅਗਨਤ ਭਰੇ ਭੰਡਾਰ ’’ (ਮਹਲਾ /੨੫੭) ਉਸ ਅਕਾਲ ਪੁਰਖ ਤੋਂ ਸ਼ੁੱਧ ਭਾਵਨਾ ਨਾਲ ਜੋ ਵੀ ਇੱਛਾ ਕੀਤੀ ਜਾਂਦੀ ਹੈ, ਉਸ ਦੇ ਸੰਸਕਾਰਾਂ ਅਨੁਸਾਰ ਉਸ ਨੂੰ ਜ਼ਰੂਰ ਦਿੰਦਾ ਹੈ ‘‘ਜੋ ਇਛੈ ਸੋਈ ਫਲੁ ਪਾਵੈ ’’ ( ਸੁਖਮਨੀ, ਮਹਲਾ /੨੭੨) ਕਿਸ ਨੂੰ ਕੀ ਦੇਣਾ ਹੈ ਅਤੇ ਕੀ ਨਹੀਂ ਦੇਣਾ, ਇਸ ਬਾਰੇ ਉਹ ਆਪ ਹੀ ਜਾਣਦਾ ਅਤੇ ਗੁਰਮਤਿ ਅਨੁਸਾਰ ਉਸ ਨੂੰ ਆਪ ਹੀ ਦਿੰਦਾ ਹੈ ‘‘ਆਪੇ ਜਾਣੈ ਆਪੇ ਦੇਇ ’’  (ਜਪੁ, ਮਹਲਾ ੧/੫), ਪਰ ਜੇਕਰ ਗੁਰੂ ਦੀ ਬਖ਼ਸ਼ਸ਼ ਦਾ ਪਾਤਰ ਨਾ ਹੋਇਆ ਜਾਵੇ ਤਾਂ ਆਪਣੇ ਯਤਨਾਂ ਜਾਂ ਸੁੱਖਨਾ ਸੁੱਖਨ ਨਾਲ ਕੁਝ ਨਹੀਂ ਮਿਲਦਾ ਭਾਵੇਂ ਕਿੰਨੇ ਹੀ ਯਤਨ ਕਰ ਲਈਏ ‘‘ਵਿਣੁ ਕਰਮਾ ਕਿਛੁ ਪਾਈਐ ਨਾਹੀ; ਜੇ ਬਹੁਤੇਰਾ ਧਾਵੈ ’’ (ਮਹਲਾ /੭੨੨) ਸੁੱਖਨਾ ਸੁੱਖ ਕੇ ਭੇਟਾਵਾਂ ਚੜ੍ਹਾਉਣਾ ਤਾਂ ਗੁਰਮਤਿ ਵਿਰੋਧੀ ਹੈ ‘‘ਆਸਕੁ ਏਹੁ ਆਖੀਐ; ਜਿ ਲੇਖੈ ਵਰਤੈ ਸੋਇ ’’ (ਮਹਲਾ /੪੭੪) ਇੱਕ ਹੀ ਸਥਾਨ ਤੋਂ ਸਭ ਦਾਤਾਂ ਮਿਲਣ ਦੀ ਉਸ ਦੀ ਖ਼ੂਬੀ ਤੋਂ ਅਣਜਾਣ ਸੁਆਰਥੀ ਲੋਕਾਂ ਨੇ ਵੱਖ ਵੱਖ ਦਾਤਾਂ ਲਈ ਵੱਖ ਵੱਖ ਸਥਾਨ ਅਤੇ ਉੱਥੋਂ ਲਈ ਵੱਖ ਵੱਖ ਭੇਟਾਵਾਂ ਨਿਸ਼ਚਿਤ ਕਰ ਲਈਆਂ ਹਨ; ਜਿਵੇਂ ਕਿ ਪੁੱਤਰ ਦੀ ਦਾਤ ਲਈ ਬੀੜ ਬਾਬਾ ਬੁੱਢਾ ਜੀ, ਰਮਦਾਸ;  ਉੱਥੇ ਮਿੱਸੇ ਪ੍ਰਸ਼ਾਦੇ ਤੇ ਗੰਢੇ ਚੜ੍ਹਾਏ ਜਾਂਦੇ ਹਨ। ਵੀਜਾ ਲਗਵਾਉਣ ਲਈ ਤੱਲਣ੍ਹ; ਇੱਥੇ ਖਿਡਾਉਣੇ ਜਹਾਜ਼ ਚੜ੍ਹਾਏ ਜਾਂਦੇ ਹਨ। ਅੜੇ ਹੋਏ ਕੰਮ ਕਰਵਾਉਣ ਵਾਸਤੇ ਗੁਰਦੁਆਰਾ ਅੜੀਸਰ ਸਾਹਿਬ ਧੌਲ਼ਾ, ਇੱਥੇ ਲੱਡੂਆਂ ਦਾ ਪ੍ਰਸ਼ਾਦ ਚੜ੍ਹਾਇਆ ਜਾਂਦਾ ਹੈ। ਹੱਦ ਤਾਂ ਉਸ ਸਮੇਂ ਹੋ ਜਾਂਦੀ ਹੈ, ਜਿੱਥੇ ਇੱਕ ਗੁਰਦੁਆਰੇ ’ਚ ਵਰਜਿਤ ਨਸ਼ੇ ਅਫੀਮ/ਸ਼ਰਾਬ ਵੀ ਚੜ੍ਹਾਏ ਜਾਂਦੇ ਹਨ ਅਤੇ ਪ੍ਰਸ਼ਾਦ ਦੇ ਤੌਰ ’ਤੇ ਵਰਤਾਏ ਜਾਂਦੇ ਹਨ। ਅਜਿਹੇ ਲੋਕ, ਜਿਹੜੇ ਸਮਝਦੇ ਹਨ ਕਿ ਰੱਬ ਜਾਂ ਗੁਰੂ ਕੇਵਲ ਉਨ੍ਹਾਂ ਖਿਡਾਉਣਿਆਂ ਜਾਂ ਖਾਣ ਪੀਣ ਦੀਆਂ ਵਸਤਾਂ, ਜੋ ਸਾਨੂੰ ਪਸੰਦ ਹਨ, ਉਨ੍ਹਾਂ ਨਾਲ ਹੀ ਪ੍ਰਭੂ ਨੂੰ ਰੀਝਾਇਆ ਜਾ ਸਕਦਾ ਹੈ; ਬਾਰੇ ਭਗਤ ਕਬੀਰ ਜੀ ਦਾ ਇਹ ਸ਼ਬਦ ਬੜਾ ਢੁੱਕਦਾ ਹੈ ‘‘ਮਾਥੇ ਤਿਲਕੁ ਹਥਿ ਮਾਲਾ ਬਾਨਾਂ ਲੋਗਨ ਰਾਮੁ ਖਿਲਉਨਾ ਜਾਨਾਂ ’’ (ਭਗਤ ਕਬੀਰ ਜੀਉ/੧੧੫੮)

ਸਵਾਲ : ਕੀ ਗੁਰਸਿੱਖ ਬੀਬੀਆਂ ਅੰਮ੍ਰਿਤ ਛਕਾਉਣ ਸਮੇਂ ਪੰਜ ਪਿਆਰਿਆਂ ਵਿੱਚ ਸ਼ਾਮਲ ਹੋ ਸਕਦੀਆਂ ਹਨ ? ਅਤੇ ਕੀ ਕੜਾਹ ਪ੍ਰਸ਼ਾਦ ਸੰਗਤ ’ਚ ਵਰਤਾਉਣ ਸਮੇਂ ਉਨ੍ਹਾਂ ਨੂੰ ਪੰਜ ਪਿਆਰਿਆਂ ਦਾ ਗੱਫ਼ਾ ਵਰਤਾਇਆ ਜਾ ਸਕਦਾ ਹੈ।

ਜਵਾਬ : ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ’ਚ ਅੰਮ੍ਰਿਤ ਸੰਸਕਾਰ ਸਿਰਲੇਖ ਹੇਠ ਭਾਗ (ਅ) ’ਚ ਸਪਸ਼ਟ ਲਿਖਿਆ ਹੈ ਕਿ ਅੰਮ੍ਰਿਤ ਛਕਾਉਣ ਲਈ ਘੱਟ ਤੋਂ ਘੱਟ 6 ਤਿਆਰ ਬਰ ਤਿਆਰ ਸਿੰਘ ਹਾਜ਼ਰ ਹੋਣ, ਜਿਨ੍ਹਾਂ ’ਚੋਂ ਇੱਕ ਤਾਬਿਆ ਬੈਠੇ ਤੇ ਬਾਕੀ ਪੰਜ ਅੰਮ੍ਰਿਤ ਛਕਾਉਣ ਲਈ ਹੋਣ; ਜਿਨ੍ਹਾਂ ਵਿੱਚ ਸਿੰਘਣੀਆਂ ਵੀ ਹੋ ਸਕਦੀਆਂ ਹਨ।

ਗੁਰਬਾਣੀ ਅੰਦਰ ਮਰਦ ਅਤੇ ਇਸਤਰੀ ’ਚ ਕਿਸੇ ਪ੍ਰਕਾਰ ਦੇ ਵਿਤਕਰੇ ਦੀ ਗੱਲ ਨਹੀਂ ਕੀਤੀ ਗਈ ਅਤੇ ਇਸਤਰੀ ਨੂੰ ਪੁਰਸ਼ ਦੇ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਆਸਾ ਕੀ ਵਾਰ ਦੀ 19ਵੀਂ ਪਉੜੀ ਦੇ ਦੂਸਰੇ ਸਲੋਕ ‘‘ਭੰਡਿ ਜੰਮੀਐ, ਭੰਡਿ ਨਿੰਮੀਐ; ਭੰਡਿ ਮੰਗਣੁ ਵੀਆਹੁ ਭੰਡਹੁ ਹੋਵੈ ਦੋਸਤੀ; ਭੰਡਹੁ ਚਲੈ ਰਾਹੁ ਭੰਡੁ ਮੁਆ ਭੰਡੁ ਭਾਲੀਐ; ਭੰਡਿ ਹੋਵੈ ਬੰਧਾਨੁ ਸੋ ਕਿਉ ਮੰਦਾ ਆਖੀਐ; ਜਿਤੁ ਜੰਮਹਿ ਰਾਜਾਨ ਭੰਡਹੁ ਹੀ ਭੰਡੁ ਊਪਜੈ; ਭੰਡੈ ਬਾਝੁ ਕੋਇ ਨਾਨਕ ! ਭੰਡੈ ਬਾਹਰਾ; ਏਕੋ ਸਚਾ ਸੋਇ ਜਿਤੁ ਮੁਖਿ, ਸਦਾ ਸਾਲਾਹੀਐ; ਭਾਗਾ ਰਤੀ ਚਾਰਿ ਨਾਨਕ ! ਤੇ ਮੁਖ ਊਜਲੇ; ਤਿਤੁ ਸਚੈ ਦਰਬਾਰਿ ’’ (ਮਹਲਾ ੧/੪੭੩) ਰਾਹੀਂ ਸਮਾਜ ਅਤੇ ਮਨੁੱਖ ਦੇ ਜੀਵਨ ਵਿੱਚ ਇਸਤਰੀ ਦੀ ਮਹੱਤਤਾ ਨੂੰ ਬਹੁਤ ਚੰਗੀ ਤਰ੍ਹਾਂ ਬਿਆਨ ਕੀਤਾ ਗਿਆ ਹੈ। ਇਸ ਸਲੋਕ ਅਨੁਸਾਰ ਜਿਸ ਇਸਤਰੀ ਤੋਂ ਬਿਨਾਂ ਜੀਵਨ ਨਿਰਵਾਹ ਕਰਨਾ ਸੰਭਵ ਨਹੀਂ, ਜਿਸ ਨੇ ਮਹਾਂਪੁਰਸ਼ਾਂ ਅਤੇ ਰਾਜੇ ਮਹਾਂਰਾਜਿਆਂ ਨੂੰ ਜਨਮ ਦਿੱਤਾ ਹੈ, ਉਸ ਨੂੰ ਮੰਦਾ ਕਿਉਂ ਆਖਿਆ ਜਾਵੇ। ਗੁਰੂ ਨਾਨਕ ਸਾਹਿਬ ਜੀ ਨੇ ਵਜ਼ਨਦਾਰ ਸ਼ਬਦਾਂ ਰਾਹੀਂ ਇਸਤਰੀ ਨਿੰਦਕਾਂ ਨੂੰ ਸਵਾਲ ਕੀਤਾ ਕਿ ਜੇ ਇਸਤਰੀ ਨਾ ਹੁੰਦੀ ਤਾਂ ਉਨ੍ਹਾਂ ਦਾ ਇਸ ਸੰਸਾਰ ’ਚ ਜਨਮ ਕਿਵੇਂ ਸੰਭਵ ਹੁੰਦਾ ?

ਗੁਰੂ ਸਾਹਿਬਾਨ ਨੇ ਇਸਤਰੀ ਦੇ ਖ਼ਿਲਾਫ਼ ਹੋ ਰਹੇ ਵਿਤਕਰਿਆਂ ਦਾ ਸਖ਼ਤ ਸ਼ਬਦਾਂ ਰਾਹੀਂ ਵਿਰੋਧ ਕੀਤਾ। ਸਤੀ ਪ੍ਰਥਾ, ਘੁੰਡ ਕੱਢਣਾ ਆਦਿ ਨੂੰ ਸਮਾਜ-ਦੁਸ਼ਮਣ ਕਰਾਰ ਦਿੱਤਾ। ਗੁਰੂ ਸਾਹਿਬਾਨ ਦੀ ਇਨਕਲਾਬੀ ਸੋਚ ਕਰਕੇ ਹੀ ਸਿੱਖ ਇਸਤਰੀਆਂ ਗੁਰਦੁਆਰਾ ਸਾਹਿਬਾਨ ’ਚ ਸੇਵਾ ਕਰਨ ਅਤੇ ਧਰਮ ਪ੍ਰਚਾਰ ਦੇ ਮੈਦਾਨ ਵਿੱਚ ਨਿਤਰੀਆਂ। ਹੈਰਾਨੀ ਤਾਂ ਇਹ ਹੈ ਕਿ ਜਿਹੜੇ ਸੰਪ੍ਰਦਾਈ ਪ੍ਰਚਾਰਕ ਬੀਬੀਆਂ ਵੱਲੋਂ ਪੰਜ ਪਿਆਰਿਆਂ ’ਚ ਸ਼ਾਮਲ ਹੋਣ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੇਵਾ ਸੰਭਾਲ਼ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਕੇ ਪਾਠ ਕਰਨ ਦਾ ਵਿਰੋਧ ਕਰਦੇ ਹਨ, ਉਹ ਇਹ ਮਨਘੜਤ ਸਾਖੀਆਂ ਵੀ ਸੁਣਾਉਂਦੇ ਹਨ ਕਿ ਜਦੋਂ ਗੁਰੂ ਜੀ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਤਾਂ ਉਸ ਵਿੱਚੋਂ ਚਿੜਾ ਚਿੜੀ ਚੁੰਝ ਭਰ ਕੇ ਪੀ ਗਏ ਤਾਂ ਆਪਸ ’ਚ ਲੜ ਕੇ ਮਰ ਗਏ। ਇਹ ਵੇਖ ਮਾਤਾ ਸੁੰਦਰ ਕੌਰ ਜੀ ਨੇ ਅੰਮ੍ਰਿਤ ’ਚ ਮਿਠਾਸ ਭਰਨ ਲਈ ਉਸ ਵਿੱਚ ਪਤਾਸੇ ਪਾ ਦਿੱਤੇ। ਅਜਿਹੇ ਦੋਗਲੇ ਕਿਸਮ ਦੇ ਪ੍ਰਚਾਰਕਾਂ ਨੂੰ ਪੁੱਛਣਾ ਬਣਦਾ ਹੈ ਕਿ ਤੁਹਾਡੇ ਅਨੁਸਾਰ ਜੇ ਮਾਤਾ ਜੀ ਨੇ ਅੰਮ੍ਰਿਤ ਵਿੱਚ ਪਤਾਸੇ ਪਾਏ ਤਾਂ ਉਹ ਜ਼ਰੂਰ ਪੰਜ ਪਿਆਰਿਆਂ ਵਿੱਚ ਸ਼ਾਮਲ ਹੋਵੇਗੀ। ਫਿਰ ਹੁਣ ਬੀਬੀਆਂ ਦੀ ਸ਼ਮੂਲੀਅਤ ਦਾ ਵਿਰੋਧ ਕਰਕੇ ਆਪਣੀ ਪਿਛਾਂਹ ਖਿਚੂ ਸੋਚ ਦਾ ਪ੍ਰਗਟਾਵਾ ਕਿਉਂ ਕਰਦੇ ਹਨ। ਸਿੱਖ ਇਤਿਹਾਸ ਗਵਾਹ ਹੈ ਕਿ ਬੀਬੀਆਂ ਦਾ ਗੁਰਦੁਆਰਿਆਂ ’ਚ ਹਰ ਤਰ੍ਹਾਂ ਦੀ ਸੇਵਾ, ਜੰਗ ਵਿੱਚ ਜੂਝ ਕੇ ਸ਼ਹੀਦੀ ਪਾਉਣ ਅਤੇ ਅਕਹਿ ਤੇ ਅਸਹਿ ਕਸ਼ਟ ਸਹਾਰ ਕੇ ਸ਼ਹੀਦੀਆਂ ਪਾਉਣਾ ਲਾ-ਮਿਸਾਲ ਉਦਾਹਰਨਾਂ ਸਾਡੇ ਸਾਹਮਣੇ ਹਨ, ਜਿਨ੍ਹਾਂ ਦਾ ਜ਼ਿਕਰ ਅਸੀਂ ਹਰ ਰੋਜ਼ ਅਰਦਾਸ ’ਚ ਕਰਦੇ ਹਾਂ ਤਾਂ ਫਿਰ ਉਨ੍ਹਾਂ ਵੱਲੋਂ ਕਿਸੇ ਕਿਸਮ ਦੀ ਸੇਵਾ ’ਤੇ ਰੋਕ ਕਿਵੇਂ ਲਾਈ ਜਾ ਸਕਦੀ ਹੈ ?

ਸੋ ਸਪਸ਼ਟ ਹੈ ਕਿ

  1. ਅੰਮਿਤ ਸੰਚਾਰ ਵਿੱਚ ਸਿੱਖ ਬੀਬੀਆਂ ਉੱਤੇ ਪੰਜ ਪਿਆਰਿਆਂ ’ਚ ਸ਼ਾਮਲ ਹੋਣ ਦੀ ਕੋਈ ਮਨਾਹੀ ਨਹੀਂ।
  2. ਕੜਾਹ ਪ੍ਰਸ਼ਾਦ ਵਰਤਾਉਣ ਸਮੇਂ ਪੰਜ ਪਿਆਰਿਆਂ ਦਾ ਗੱਫਾ ਬੀਬੀਆਂ ’ਚ ਵੀ ਵਰਤਾਇਆ ਜਾ ਸਕਦਾ ਹੈ ਅਤੇ ਇਸ ਸੰਬੰਧੀ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ।