22.7 C
Jalandhar
Sunday, April 5, 2026
spot_img
Home Blog Page 14

ਥਾਲ ਵਿਚਿ ਤਿੰਨਿ ਵਸਤੂ ਪਈਓ

0

ਥਾਲ ਵਿਚਿ ਤਿੰਨਿ ਵਸਤੂ ਪਈਓ

ਗਿਆਨੀ ਅਵਤਾਰ ਸਿੰਘ

ਪੋਥੀ ਸਾਹਿਬ (ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਨਾਂ) ਦੀ ਸੰਪਾਦਨਾ ਕਰਦਿਆਂ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਸਮੁੱਚੀ ਗੁਰਬਾਣੀ ਦੇ ਅੰਤ ’ਚ ਆਪਣਾ ਇਹ ਸ਼ਬਦ ਦਰਜ ਕੀਤਾ, ‘‘ਮੁੰਦਾਵਣੀ ਮਹਲਾ ਥਾਲ ਵਿਚਿ ਤਿੰਨਿ ਵਸਤੂ ਪਈਓ’’, ‘ਮੁੰਦਾਵਣੀ’ ਸ਼ਬਦ; ਭਾਰਤੀ ਸਮਾਜ ’ਚ ਬੜਾ ਪ੍ਰਚਲਿਤ ਰਿਹਾ ਹੈ। ਇਸ ਦਾ ਅਰਥ ਹੈ ‘ਕਿਸੇ ਖ਼ਾਸ ਵਿਅਕਤੀ ਦੇ ਭੋਜਨ ਨੂੰ ਪੂਰਨ ਤਸੱਲੀ ਨਾਲ਼ ਚੈੱਕ ਕਰਨ ਉਪਰੰਤ ਸੀਲਬੰਦ ਕਰਨਾ’ ਭਾਵ ਕਿਸੇ ਖਾਣਯੋਗ ਵਸਤੂ ਨੂੰ ਠੀਕ-ਠਾਕ ਪਾਏ ਜਾਣ ਉਪਰੰਤ ਉਸ ਨੂੰ ਸੀਲਬੰਦ ਕਰਦਿਆਂ ਸਰਦਾਰ (ਮੋਦੀ ਖ਼ਾਨੇ ਦੇ ਮਾਲਕ) ਵੱਲੋਂ ਆਪਣੀ ਜ਼ਾਮਨੀ ਦੀ ਮੋਹਰ ਲਗਾਉਣਾ ਤਾਂ ਕਿ ਭੋਜਨ ਛਕਣ ਵਾਲ਼ੇ ਨੂੰ ਕੋਈ ਨੁਕਸਾਨ ਨਾ ਹੋਵੇ। ਅੱਜ ਬਾਜ਼ਾਰ ’ਚ ਭੀ ਜ਼ਿਆਦਾਤਰ ਚੀਜ਼ਾਂ ਸੀਲਬੰਦ ਹੁੰਦੀਆਂ ਹਨ। ਉਨ੍ਹਾਂ ਦੇ ਦੁਰਪ੍ਰਭਾਵ ਲਈ ਸੰਬੰਧਿਤ ਕੰਪਨੀ ਨੂੰ ਦੋਸ਼ੀ ਮੰਨਿਆ ਜਾਂਦਾ ਹੈ। ਸੋ ਕਿਸੇ ਵਸਤੂ ਨੂੰ ਸੀਲਬੰਦ ਕਰਨ ਦਾ ਨਾਂ ‘ਮੁੰਦਾਵਣੀ’ ਹੈ।

ਪੋਥੀ ਸਾਹਿਬ ਦੇ ਅੰਤ ’ਚ ਦਰਜ ‘ਮੁੰਦਾਵਣੀ’ ਤੋਂ ਭਾਵ ਹੈ ਕਿ ਸਮੁੱਚੀ ਗੁਰਬਾਣੀ ਨੂੰ ਸਿਧਾਂਤਿਕ ਅਤੇ ਤਰਤੀਬ ਪੱਖੋਂ ਗਹੁ ਨਾਲ਼ ਜਾਚ ਪੜਤਾਲ ਕੀਤਾ ਹੈ। ਹੁਣ ਇਸ ਨੂੰ ਹੋਰ ਸੋਧਣ ਦੀ ਲੋੜ ਨਹੀਂ। ਇਸ ਦੀ ਵਰਤੋਂ ਨਾਲ਼ ਕੋਈ ਮਾਨਸਿਕ ਜਾਂ ਸਰੀਰਕ ਨੁਕਸਾਨ ਨਹੀਂ ਹੋਵੇਗਾ, ਇਹ ਜ਼ਾਮਨੀ ਪੰਜਵੇਂ ਪਾਤਿਸ਼ਾਹ ਜੀ ਆਪ ਭਰਦੇ ਹਨ। ਆਪਣੀ ਵਿਚਾਰਧਾਰਾ ਬਾਰੇ ਦਿੱਤੀ ਐਸੀ ਗਵਾਹੀ; ਕਿਸੇ ਹੋਰ ਗ੍ਰੰਥ ’ਚੋਂ ਨਹੀਂ ਮਿਲ ਸਕਦੀ।

ਧਿਆਨ ਰਹੇ ਕਿ ਪੋਥੀ ਸਾਹਿਬ ਦਾ ਪਹਿਲਾ ਪ੍ਰਕਾਸ਼ ੧੭ ਭਾਦੋਂ ਬਿਕ੍ਰਮੀ ਸੰਮਤ ੧੬੬੧; ਨਾਨਕਸ਼ਾਹੀ ਸੰਮਤ ੧੩੬/16 ਅਗਸਤ 1604 ਨੂੰ ਦਰਬਾਰ ਸਾਹਿਬ (ਅੰਮ੍ਰਿਤਸਰ ਸਾਹਿਬ) ਵਿਖੇ ਹੋਇਆ ਸੀ, ਜੋ ਹੁਣ 1 ਸਤੰਬਰ ਨੂੰ ਹੁੰਦਾ ਹੈ, ਪਰ ਇਹ ਕੈਲੰਡਰ ਲਾਗੂ ਨਾ ਕਰਕੇ ਸ਼੍ਰੋਮਣੀ ਕਮੇਟੀ ਕਦੇ 1 ਸਤੰਬਰ ਤੇ ਕਦੇ 2 ਸਤੰਬਰ ਨੂੰ ਮਨਉਂਦੀ ਰਹਿੰਦੀ ਹੈ।

ਸੰਨ 1604 ਤੋਂ 74-75 ਸਾਲ ਬਾਅਦ ਯਾਨੀ ਕਿ ਸੰਨ 1678-79 ’ਚ ਗੁਰਦੁਆਰਾ ਦਮਦਮਾ ਸਾਹਿਬ (ਅਨੰਦਪੁਰ ਸਾਹਿਬ) ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਾਮਲ ਕੀਤੇ 116 ਸ਼ਬਦਾਂ ਵਿੱਚੋਂ ਇੱਕ ਭੀ ਸ਼ਬਦ; ਇਸ ‘ਮੁੰਦਾਵਣੀ’ ਸ਼ਬਦ ਤੋਂ ਬਾਅਦ ’ਚ ਦਰਜ ਨਹੀਂ ਕੀਤਾ ਤਾਂ ਜੋ ਪੋਥੀ ਸਾਹਿਬ ਦੀ ਅਰੰਭਕ (ਜਪੁ) ਅਤੇ ਅੰਤਮ (ਮੁੰਦਾਵਣੀ) ਤਰਤੀਬ ਜਿਉਂ ਦੀ ਤਿਉਂ ਬਣੀ ਰਹੇ।

ਸਰੀਰਕ ਭੋਜਨ ਗ੍ਰਹਿਣ ਕਰਨ ਸਮੇਂ ਵਸਤੂ ਨੂੰ ਇੱਕ ਥਾਲ (ਬਰਤਨ ਜਾਂ ਭਾਂਡੇ) ’ਚ ਪਾਇਆ ਜਾਂਦਾ ਹੈ; ਇਸੇ ਤਰ੍ਹਾਂ ਰੂਹ ਦੀ ਖ਼ੁਰਾਕ (ਸਮੁੱਚੀ ਗੁਰਬਾਣੀ) ਨੂੰ ਇੱਕ ਥਾਲ ਵਜੋਂ ਦਰਸਾਅ ਕੇ ਅੰਤਮ ਸ਼ਬਦ (ਮੁੰਦਾਵਣੀ) ’ਚ ਤਿੰਨ ਸੰਖੇਪ ਗੁਣਾਂ (ਸਤੁ, ਸੰਤੋਖੁ ਤੇ ਵੀਚਾਰੁ) ਦੀ ਅਹਿਮੀਅਤ ਬਿਆਨ ਕੀਤੀ ਹੈ; ਜਿਵੇਂ ਕਿ ‘ਜਪੁ’ ਬਾਣੀ ਦੀ ਅੰਤਮ ਪਉੜੀ (ਜਤੁ ਪਾਹਾਰਾ; ਧੀਰਜੁ ਸੁਨਿਆਰੁ ..੩੮ ਜਪੁ) ’ਚ ਸੋਨੇ ਦੀ ਘਾੜਤ-ਮਿਸਾਲ ਨਾਲ਼ ‘ਜਪੁ’ ਬਾਣੀ ’ਚ ਬਿਆਨ ਕੀਤੀ ਸਮੁੱਚੀ ਜੀਵਨ-ਘਾੜਤ ਨੂੰ ਸੰਖੇਪ ਸ਼ਬਦਾਂ ’ਚ ਤੁਲਨਾਤਮਿਕ ਵਿਚਾਰਿਆ ਹੈ। ਤਿੰਨੇ ਸ਼ਬਦ (ਸਤੁ, ਸੰਤੋਖੁ, ਵੀਚਾਰੁ) ਇੱਕ ਵਚਨ ਪੁਲਿੰਗ ਨਾਂਵ ਹਨ ਕਿਉਂਕਿ ਗੁਰਮਤਿ ਅਨੁਸਾਰ ਜਗਤ ਪਿਤਾ () ਭੀ ਪੁਰਖ (ਇੱਕ ਵਚਨ ਪੁਲਿੰਗ) ਹੈ; ਜਿਵੇਂ ਕਿ ਬਚਨ ਹਨ, ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ’’ (ਮਹਲਾ /੫੯੧) ਤਿੰਨੇ ਗੁਣਾਂ ਨੂੰ ਹੇਠਾਂ ਕਰਮਵਾਰ ਵਿਚਾਰਿਆ ਗਿਆ ਹੈ :

(). ਸਤੁ– ਗੁਰਬਾਣੀ ’ਚ ‘ਸਤੁ’ ਸ਼ਬਦ ਦੇ 7 ਅਰਥ ਹਨ, ਜਿਨ੍ਹਾਂ ’ਚੋਂ ਹੇਠਲੇ ਪਹਿਲੇ ਚਾਰ; ਸਰੀਰ ਨਾਲ਼ ਅਤੇ ਅਗਲੇ ਤਿੰਨ; ਰੂਹਾਨੀਅਤ ਨਾਲ਼ ਸੰਬੰਧਿਤ ਹਨ; ਜਿਵੇਂ ਕਿ

(1). ਰਜ ਗੁਣ, ਤਮ ਗੁਣ, ਸਤ ਗੁਣ ਕਹੀਐ; ਇਹ ਤੇਰੀ ਸਭ ਮਾਇਆ (ਭਗਤ ਕਬੀਰ/੧੧੨੩) ‘ਸਤ’ ਭਾਵ ਸਤੋ ਗੁਣ।

ਅਰਥ : ਹੇ ਪ੍ਰਭੂ ਜੀ ! ਮੰਨੇ ਜਾਂਦੇ ਮਾਇਆ ਦੇ ਤਿੰਨੇ ਗੁਣ (ਰਜੋ, ਤਮੋ ਤੇ ਸਤੋ); ਤੇਰੇ ਦੁਆਰਾ ਰਚੀ ਮਾਇਆ ਹੀ ਹਨ।

(2). ਚੰਦ ਸਤ ਭੇਦਿਆ, ਨਾਦ ਸਤ ਪੂਰਿਆ; ਸੂਰ ਸਤ ਖੋੜਸਾ, ਦਤੁ ਕੀਆ (ਭਗਤ ਜੈਦੇਵ/੧੧੦੬ ) ਸਤ’ ਭਾਵ ਪ੍ਰਾਣ, ਸੁਆਸ।

ਅਰਥ : (ਰੱਬ ਦੀ ਸਿਫ਼ਤ ਕਰਨ ਦੇ ਵਿੱਚ ਹੀ ਆ ਜਾਂਦੇ ਹਨ) ਚੰਦ ਭਾਵ ਖੱਬੀ ਨਾਸ ਰਾਹੀਂ ਸੁਆਸ ਅੰਦਰ ਖਿੱਚਣੇ, ਸੁਖਮਨਾ ਨਾੜੀ ’ਚ ਪ੍ਰਾਣ ਰੋਕਣੇ ਅਤੇ ਸੋਲ੍ਹਾਂ ਵਾਰੀ (‘ਓਂ’ ਜਪ ਕੇ) ਸੱਜੀ ਨਾਸ ਰਾਹੀਂ ਪ੍ਰਾਣ ਬਾਹਰ ਕੱਢਣੇ।

(3). ਰੇ ਜਿਹਬਾ ! ਕਰਉ ਸਤ ਖੰਡ ਜਾਮਿ ਉਚਰਸਿ; ਸ੍ਰੀ ਗੋਬਿੰਦ (ਭਗਤ ਨਾਮਦੇਵ/੧੧੬੩) ‘ਸਤ’ ਭਾਵ 100, ਸੈਂਕੜੇ।

ਅਰਥ : ਹੇ ਜੀਭ ! ਜੇਕਰ ਤੂੰ ਪ੍ਰਭੂ ਦਾ ਨਾਮ ਨਹੀਂ ਜਪੇਗੀ ਤਾਂ ਮੈਂ ਤੇਰੇ 100 ਟੁਕੜੇ ਕਰ ਦਿਆਂਗਾ।

(4). ਸਤਜੁਗਿ ਸਤੁ, ਤੇਤਾ ਜਗੀ; ਦੁਆਪਰਿ ਪੂਜਾਚਾਰ (ਭਗਤ ਰਵਿਦਾਸ/੩੪੬) ‘ਸਤ’ ਭਾਵ ਦਾਨ, ਪਰਉਪਕਾਰ।

ਅਰਥ : ਹੇ ਪੰਡਿਤ ! (ਤੇਰੇ ਕਥਨ ਅਨੁਸਾਰ) ਸਤਿਜੁਗ ’ਚ ਦਾਨ ਦੇਣਾ ਸਰਬੋਤਮ ਕੰਮ ਸੀ। ਤ੍ਰੇਤੇ ਜੁਗ ’ਚ ਜੱਗ ਕਰਨਾ ਅਤੇ ਦੁਆਪਰ ’ਚ ਪੂਜਾ ਪਾਠ ਕਰਨ ਨੂੰ ਵਧੇਰੇ ਮਹਾਨਤਾ ਸੀ।

(5). ਬਿਨੁ ਸਤ; ਸਤੀ ਹੋਇ ਕੈਸੇ ਨਾਰਿ ? ਪੰਡਿਤ  ! ਦੇਖਹੁ ਰਿਦੈ ਬੀਚਾਰਿ (ਭਗਤ ਕਬੀਰ/੩੨੮) ‘ਸਤ’ ਭਾਵ ਧਰਮ।

ਅਰਥ : ਹੇ ਪੰਡਿਤ ! ਹਿਰਦੇ ’ਚ ਵਿਚਾਰ ਕੇ ਵੇਖ ਕਿ ਧਰਮ (ਰੱਬ ਦਾ ਨਾਮ ਜਪਣ) ਤੋਂ ਬਿਨਾਂ ਔਰਤ; ਸਤੀ-ਧਰਮ ’ਚ ਕਿਵੇਂ ਪੂਰੀ ਹੋ ਸਕਦੀ ਹੈ ?

(6). ਸਤੀ ਪਾਪੁ ਕਰਿ; ਸਤੁ ਕਮਾਹਿ (ਮਹਲਾ /੯੫੧) ‘ਸਤ’ ਭਾਵ ਉੱਚਾ ਆਚਰਨ।

ਅਰਥ : ਧਰਮੀ ਅਖਵਾਉਣ ਵਾਲ਼ੇ ਬੰਦੇ ਭੀ ਪਾਪ ਕਰਕੇ ਧਰਮ (ਚੰਗਾ ਆਚਰਨ) ਵਿਖਾਉਣ ਦਾ ਯਤਨ ਕਰਦੇ ਹਨ।

(7). ਨਾਮ ਪਰਸੁ ਜਿਨਿ ਪਾਇਓ; ਸਤੁ ਪ੍ਰਗਟਿਓ ਰਵਿ ਲੋਇ (ਭਟ ਕਲ/੧੩੯੨) ਸਤ’ ਭਾਵ ਜਸ, ਸ਼ੋਭਾ, ਪ੍ਰਸਿੱਧੀ।

ਅਰਥ : ਜਿਨ੍ਹਾਂ ਨੇ (ਗੁਰੂ ਅੰਗਦ ਸਾਹਿਬ ਪਾਸੋਂ) ਨਾਮ ਦੀ ਛੋਹ ਪ੍ਰਾਪਤ ਕੀਤੀ, ਉਨ੍ਹਾਂ ਦੀ ਸ਼ੋਭਾ; ਸੂਰਜ ਵਾਙ ਤਿੰਨੇ ਲੋਕਾਂ (ਧਰਤੀ, ਆਕਾਸ਼ ਤੇ ਪਤਾਲ) ਅੰਦਰ ਫੈਲ ਗਈ।

ਉਕਤ ਵਿਚਾਰ ਤੋਂ ਸਾਫ਼ ਹੈ ਕਿ ਗੁਰਬਾਣੀ ਅਨੁਸਾਰ ‘ਸਤੁ’ ਦਾ ਰੂਹਾਨੀਅਤ ਅਰਥ ਹੈ ‘ਧਰਮ, ਉੱਚਾ ਆਚਰਨ ਤੇ ਦਾਨ’। ਵੈਸੇ ਧਰਮ ਨੂੰ ਅਮਲ ’ਚ ਲਿਆਉਣਾ ਹੀ ‘ਉੱਚਾ ਆਚਰਨ’ ਹੁੰਦਾ ਹੈ, ਜੋ ਮਾਨਵਤਾ ’ਚ ਪਰਉਪਕਾਰੀ ਗੁਣ ਵਜੋਂ ਜਾਣਿਆ ਜਾਂਦਾ ਹੈ। ਸੋ ‘ਸਤੁ’ ਦੇ ਇਹ ਤਿੰਨੇ ਅਰਥ; ਬਹੁਤੇ ਭਿੰਨ ਨਹੀਂ ਹਨ।

(). ਸੰਤੋਖੁ : ਸੰਤੋਖੀ ਬੰਦੇ ਅੰਦਰ ਵੱਡਾ ਗੁਣ ‘ਸਬਰ’ ਹੁੰਦਾ ਹੈ। ਉਸ ਦੀ ਜ਼ਿੰਦਗੀ ’ਚ ਤੇਜ਼ੀ ਯਾਨੀ ਕਿ ਕਤਾਰ ’ਚ ਅੱਗੇ ਲੱਗਣ ਦੀ ਕਾਹਲ਼ੀ, ਲਾਲ ਬੱਤੀ ਜੰਪ ਕਰਨ ’ਚ ਜਲਦਬਾਜ਼ੀ, ਦੂਜੇ ਨੂੰ ਨੀਵਾਂ ਵਿਖਾ, ਆਪ ਉੱਚਾ ਹੋਣ ਦੀ ਭਾਵਨਾ, ਆਦਿਕ ਤੇਜ਼ੀ ਨਹੀਂ ਹੁੰਦੀ। ਸੰਤੋਖੀ ਬੰਦਾ; ਲੰਗਰ ਹਾਲ ’ਚ ਸ਼ਾਂਤ-ਚਿੱਤ ਬੈਠਾ ਬੈਠੇਗਾ ਕਿਉਂਕਿ ਉਸ ਨੂੰ ਭਰੋਸਾ ਹੁੰਦਾ ਹੈ ਕਿ ਜੇ ਨਸੀਬ ’ਚ ਹੋਇਆ ਤਾਂ ਜ਼ਰੂਰ ਮਿਲ ਜਾਏਗਾ। ਜੇਕਰ ਕੋਈ ਵਸਤੂ ਉਸ ਕੋਲ਼ ਹੋਵੇ ਤਾਂ ਹੋਰਾਂ ਨਾਲ਼ ਵੰਡ ਛਕਣ ਨੂੰ ਪਹਿਲ ਦਿੰਦਾ ਹੈ; ਜਿਵੇਂ ਕਿ ਬਾਬਾ ਫ਼ਰੀਦ ਜੀ ਦੇ ਬਚਨ ਹਨ, ‘‘ਸਬਰੁ ਏਹੁ ਸੁਆਉ; ਜੇ ਤੂੰ ਬੰਦਾ ! ਦਿੜੁ ਕਰਹਿ ਵਧਿ ਥੀਵਹਿ ਦਰੀਆਉ; ਟੁਟਿ ਥੀਵਹਿ ਵਾਹੜਾ ’’ (ਭਗਤ ਫਰੀਦ/੧੩੮੪) ਅਰਥ : ਹੇ ਬੰਦੇ ! ਜ਼ਿੰਦਗੀ ਦਾ ਅਸਲ ਟੀਚਾ ਸਬਰ ਹੀ ਹੈ। ਜੇ ਤੂੰ (ਇਸ ਨੂੰ) ਦ੍ਰਿੜ੍ਹ ਕਰ ਲਵੇਂ ਤਾਂ ਵਧ ਕੇ ਦਰਿਆ-ਦਿਲ ਹੋ ਜਾਏਂਗਾ, ਘਟ ਕੇ ਛੋਟਾ ਜਿਹਾ ਨਾਲਾ (ਪ੍ਰਵਾਹ, ਵਾਟੜਾ) ਨਹੀਂ ਰਹੇਂਗਾ। ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ, ‘‘ਮਨਿ ਸੰਤੋਖੁ; ਸਰਬ ਜੀਅ ਦਇਆ ’’ (ਮਹਲਾ /੨੯੯) ਭਾਵ ਮਨ ’ਚ ਸਬਰ ਹੋਣ ’ਤੇ ਹੋਰਾਂ ਪ੍ਰਤੀ ਰਹਿਮ ਦਿਲੀ ਉਪਜਦੀ ਹੈ। ਅੰਦਰ ਕਠੋਰਤਾ ਤੇ ਸੰਕੀਰਨਤਾ ਨਹੀਂ ਰਹਿੰਦੀ। ਉਸ ਦੀ ਸੇਵਾ-ਭਾਵਨਾ ’ਚ ਪਿਆਰ ਹੋਏਗਾ, ‘‘ਸਹਜਿ+ਸੰਤੋਖਿ (ਨਾਲ਼) ਸੀਗਾਰੀਆ; ਮਿਠਾ ਬੋਲਣੀ ’’ (ਮਹਲਾ /੧੭), ਇਹ ਸਬਰ-ਸੰਤੋਖ; ਹਿਰਦੇ ’ਚ ‘ਸਤੁ’ ਗੁਣ ਹੋਣ ਉਪਰੰਤ ਹੀ ਉਪਜਦਾ ਹੈ, ‘‘ਸਤੀਆ ਮਨਿ ਸੰਤੋਖੁ ਉਪਜੈ; ਦੇਣੈ ਕੈ ਵੀਚਾਰਿ ’’ (ਮਹਲਾ /੪੬੬), ਜਿਸ ਹਿਰਦੇ ਅੰਦਰ (ਸਤੁ ਤੇ) ਸੰਤੋਖ ਨਾ ਉਪਜਿਆ, ਉਹ ਮਾਇਆਵੀ ਤ੍ਰਿਸਨਾ ਵੱਲੋਂ ਕਦੇ ਨਹੀਂ ਰੱਜਦਾ, ‘‘ਬਿਨਾ ਸੰਤੋਖ; ਨਹੀ ਕੋਊ ਰਾਜੈ (ਰਾੱਜੈ)’’ (ਸੁਖਮਨੀ/ਮਹਲਾ /੨੭੯), ਐਸੇ ਬੰਦੇ ਨੇ ਹੋਰਾਂ ਨਾਲ਼ ਕੀ ਵੰਡ ਛੱਕਣਾ ਹੈ। ਉਹ ਤਾਂ ਪਰਾਇਆ ਹੱਕ ਖਾਣ ਦੀ ਸਦਾ ਤਾਂਘ ’ਚ ਰਹੇਗਾ।

ਸੋ ‘ਸਤੁ’; ਜਿੱਥੇ ਉੱਚਾ ਆਚਰਨ ਤੇ ਰਹਿਮ ਦਿਲੀ ਪੈਦਾ ਕਰਦਾ ਹੈ; ਓਥੇ ‘ਸੰਤੋਖੁ’; ਇਨ੍ਹਾਂ ਗੁਣਾਂ ਨੂੰ ਮਾਨਵਤਾ ’ਚ ਜ਼ਾਹਰ ਕਰਦਾ ਹੈ। ਗੁਰੂ ਨਾਨਕ ਸਾਹਿਬ ਅਨੁਸਾਰ ‘ਸਤੁ’; ਰਥ ਵਾਹਕ (ਰਥ ਚਲਾਉਣ ਵਾਲ਼ਾ) ਹੈ ਤੇ ‘ਸੰਤੋਖੁ’; ਉਸ ਦੇ ਮਗਰ/ਪਿੱਛੇ ਚੱਲਦਾ ਰਥ (ਭਾਵ ਵਾਹਨ) ਹੈ, ‘‘ਸਤਜੁਗਿ () ਰਥੁ ਸੰਤੋਖ ਕਾ; ਧਰਮੁ ਅਗੈ ਰਥਵਾਹੁ ’’ (ਮਹਲਾ /੪੭੦) ਭਾਵ ਜਦ ਧਰਮ (-ਸਤੁ) ਟੀਚਾ ਹੋਵੇ ਤਾਂ ਹਿਰਦੇ ’ਚ ਸੰਤੋਖ ਉਪਜਦਾ ਹੈ। ਇਹੀ ਵਿਚਾਰ ਆਪ ਨੇ ‘ਜਪੁ’ ਬਾਣੀ ’ਚ ਇਉਂ ਬਿਆਨ ਕੀਤੇ, ‘‘ਧੌਲੁ ਧਰਮੁ; ਦਇਆ ਕਾ ਪੂਤੁ ਸੰਤੋਖੁ ਥਾਪਿ ਰਖਿਆ; ਜਿਨਿ ਸੂਤਿ ੧੬’’

ਸੰਤੋਖੀ ਬੰਦਾ; ਰੱਬ ਦੀ ਰਜ਼ਾ ਨੂੰ ਸਰਬੋਤਮ ਮੰਨਦਾ ਹੈ। ਇਸੇ ਭਰੋਸੇ ਮਨ ਸ਼ਾਂਤ (ਸਥਿਰ) ਰਹਿੰਦਾ ਹੈ। ਕੋਈ ਨੁਕਸਾਨ ਹੋਣ ’ਤੇ ਸ਼ਰਧਾਵਾਨ; ਇਸ ਨੂੰ ਮਾਲਕ ਦੀ ਰਜ਼ਾ ਸਮਝ ਮਨ ਨੂੰ ਬੇਚੈਨ ਨਹੀਂ ਹੋਣ ਦਿੰਦਾ ਜਦਕਿ ਅਸ਼ਰਧਕ ਬੰਦਾ; ਕਲਪਦਾ ਰਹੇਗਾ। ਮਾਲਕ ’ਤੇ ਕੀਤਾ ਭਰੋਸਾ; ਮਨ ਦੇ ਵੇਗ (ਦੌੜ-ਭੱਜ) ਨੂੰ ਸ਼ਾਂਤ ਕਰਦਾ ਹੈ ਅਤੇ ਬੇਸਬਰੀ; ਮਨ ਨੂੰ ਅਸ਼ਾਂਤ ਤੇ ਬੇਚੈਨ ਕਰਦੀ ਹੈ। ਜੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਕਿ ਡਰ ਤੇ ਵੈਰਨ ਬੇਚੈਨੀ ਕਿਵੇਂ ਖ਼ਤਮ ਹੋਵੇ ਤਾਂ ਕਿ ਡਰ ਰਹਿਤ ਘਰ (ਭਾਵ ਅਡੋਲਤਾ) ’ਚ ਟਿਕ ਸਕੀਏ, ‘‘ਕਾਲ ਕਾ ਠੀਗਾ ਕਿਉ ਜਲਾਈਅਲੇ ? ਕਿਉ ਨਿਰਭਉ ਘਰਿ ਜਾਈਐ ? ਸਹਜ ਸੰਤੋਖ ਕਾ ਆਸਣੁ ਜਾਣੈ; ਕਿਉ ਛੇਦੇ ਬੈਰਾਈਐ (ਵੈਰਨਬੇਚੈਨੀ ਨੂੰ) ?’’ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਗੁਰੂ ਉਪਦੇਸ਼ ਨਾਲ਼ ਮਾਲਕ ਦੀ ਰਜ਼ਾ ਨੂੰ ਪਹਿਚਾਣ ਕੇ (ਅਸ਼ਾਂਤੀ ਦਾ ਸ੍ਰੋਤ) ਅਹੰਕਾਰ ਮਰਦਾ ਹੈ ਤੇ ਮਨ ਸਥਿਰ ਹੁੰਦਾ ਹੈ। ਐਸੇ ਸ਼ਾਂਤ ਜੀਵਨ ਨੂੰ ਨਾਨਕ ਸਲਾਮ ਕਰਦਾ ਹੈ, ‘‘ਗੁਰ ਕੈ ਸਬਦਿ ਹਉਮੈ ਬਿਖੁ ਮਾਰੈ; ਤਾ ਨਿਜ ਘਰਿ ਹੋਵੈ ਵਾਸੋ ਜਿਨਿ ਰਚਿ ਰਚਿਆ, ਤਿਸੁ ਸਬਦਿ ਪਛਾਣੈ; ਨਾਨਕੁ ਤਾ ਕਾ ਦਾਸੋ ੨੧’’ (ਗੋਸਟਿ/ਮਹਲਾ /੯੪੦) ਯਾਨੀ ਰੱਬ ’ਤੇ ਕੀਤਾ ਭਰੋਸਾ ਹੀ ਮਨ ਨੂੰ ਸ਼ਾਂਤ ਕਰਦਾ ਹੈ, ‘‘ਸਹਜਿ+ਸੰਤੋਖਿ () ਸਦਾ ਤ੍ਰਿਪਤਾਸੇ; ਅਨਦੁ ਖਸਮ ਕੈ ਭਾਣੈ ਜੀਉ ’’ (ਮਹਲਾ /੧੦੬) ਐਸਾ ਭੀ ਸਮਝ ਸਕਦੇ ਹਾਂ ਕਿ ਗੁਰੂ ਉਪਦੇਸ਼ ਨਾਲ਼ ਸਤ ਤੇ ਸੰਤੋਖ ’ਚ ਟਿਕ ਕੇ ਅਨੰਦਿਤ ਰਿਹਾਂ ਸੁਤੇ ਹੀ ਪ੍ਰਭੂ ਨਾਲ਼ ਲਿਵ ਲੱਗ ਜਾਂਦੀ ਹੈ, ‘‘ਸਤ ਸੰਤੋਖਿ ਸਬਦਿ ਅਤਿ ਸੀਤਲੁ; ਸਹਜ ਭਾਇ ਲਿਵ ਲਾਇਆ ’’ (ਮਹਲਾ /੧੦੩੮)

ਦੇਣ ਵਾਲ਼ੇ ਅੰਦਰ ਉਦਾਰਤਾ (ਸਤੁ) ਅਤੇ ਲੈਣ ਵਾਲ਼ੇ ਅੰਦਰ ਸਬਰ ਹੋਣਾ ਜ਼ਰੂਰੀ ਹੈ ਤਾਂ ਕਿ ਥੋੜ੍ਹੀ ਵਸਤੂ ਮਿਲਣ ’ਤੇ ਭੀ ਸੰਤੁਸ਼ਟ ਰਹਿ ਕੇ ਧੰਨਵਾਦ ਕਰੇ। ਗੁਰੂ ਨਾਨਕ ਸਾਹਿਬ ਨੇ ਦੱਛਣਾ ਲੈਣ ਵਾਲ਼ੇ ਬ੍ਰਾਹਮਣ ਅੰਦਰ ਸਬਰ ਅਤੇ ਦੇਣ ਵਾਲ਼ੇ ਗ੍ਰਿਹਸਤੀ (ਜਜਮਾਨ/ਸਤਵਾਦੀ) ਅੰਦਰ ਉਦਾਰਪਣ ਹੋਣ ਦਾ ਇਉਂ ਸੰਕੇਤ ਦਿੱਤਾ, ‘‘ਬ੍ਰਹਮਣ ਚੁਲੀ ਸੰਤੋਖ ਕੀ; ਗਿਰਹੀ ਕਾ ਸਤੁ ਦਾਨੁ ’’ (ਮਹਲਾ /੧੨੪੦), ਸੱਚਾ ਬ੍ਰਾਹਮਣ ਭੀ ਓਹੀ ਹੈ, ਜੋ ਮਾਲਕ ਦੀ ਰਜ਼ਾ ’ਤੇ ਕੀਤੇ ਭਰੋਸੇ ਨਾਲ਼ ਮਨ ਨੂੰ ਸ਼ਾਂਤ ਕਰ ਹੋਰਾਂ ਪ੍ਰਤੀ ਨਰਮ ਦਿਲ ਰੱਖੇ, ‘‘ਸੋ ਬ੍ਰਹਮਣੁ; ਜੋ ਬਿੰਦੈ ਬ੍ਰਹਮੁ .. ਸੀਲ ਸੰਤੋਖ ਕਾ ਰਖੈ ਧਰਮੁ ’’ (ਮਹਲਾ /੧੪੧੧) ਮਾਲਕ ਦੀ ਰਜ਼ਾ ਨੂੰ ਸਵੀਕਾਰ ਕੀਤੇ ਬਿਨਾਂ ਸਤੁ, ਸੰਤੋਖੁ ਗੁਣ ਨਹੀਂ ਉਪਜ ਸਕਦੇ, ‘‘ਸਚ ਬਿਨੁ; ਸਤੁ ਸੰਤੋਖੁ ਪਾਵੈ ’’ (ਮਹਲਾ /੧੦੪੦), ਇਸੇ ਕਾਰਨ ਗੁਰਬਾਣੀ ’ਚ ‘ਸਤੁ, ਸੰਤੋਖੁ’ ਸ਼ਬਦਾਂ ਨੂੰ ਅਕਸਰ ਇੱਕ ਸਾਥ ਰੱਖਿਆ ਹੈ; ਜਿਵੇਂ ਕਿ ਹੇਠਲੇ ਵਾਕਾਂ ’ਚ ਦਰਜ ਹੈ :

(1). ਸਤ ਸੰਤੋਖ ਕਾ ਧਰਹੁ ਧਿਆਨ (ਭਗਤ ਕਬੀਰ/੩੪੪) ਭਾਵ (ਮਾਲਕ ਨੂੰ ਸਰਬ ਵਿਆਪਕ ਸਮਝ ਕੇ) ਮਾਨਵਤਾ ਦੀ ਸੇਵਾ ਤੇ ਸਬਰ-ਸੰਤੋਖ ਧਾਰਨ ਕਰੋ। ਕਬੀਰ ਜੀ ਖ਼ੁਦ ਭੀ ਆਪਣਾ ਤਜਰਬਾ ਦੱਸਦੇ ਹਨ ਕਿ ਮੈਂ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਨਾਲ਼ ‘ਸਤੁ, ਸੰਤੋਖ’ ਹਥਿਆਰਾਂ ਨਾਲ਼ ਦੋਵੇਂ (ਪਾਪ-ਪੁੰਨ) ਦਰਵਾਜ਼ੇ ਤੋੜ ਕੇ ਮਨ-ਰਾਜੇ ਨੂੰ ਕਾਬੂ ਕਰ ਲਿਆ, ‘‘ਸਤੁ ਸੰਤੋਖੁ ਲੈ ਲਰਨੇ ਲਾਗਾ; ਤੋਰੇ ਦੁਇ ਦਰਵਾਜਾ ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ; ਪਕਰਿਓ ਗਢ ਕੋ ਰਾਜਾ ’’ (ਭਗਤ ਕਬੀਰ/੧੧੬੧) ਗਢ ਕੋ ਰਾਜਾ ਭਾਵ ਸਰੀਰ ਕਿਲ੍ਹੇ ਦਾ ਮਾਲਕ (ਮਨ)।

(2). ਸਤ ਸੰਤੋਖਿ () ਰਹਹੁ; ਜਨ ਭਾਈ  ! ਖਿਮਾ ਗਹਹੁ; ਸਤਿਗੁਰ ਸਰਣਾਈ (ਮਹਲਾ /੧੦੩੦)

ਅਰਥ : ਹੇ ਭਾਈ ਜਨੋ ! ਗੁਰੂ ਦੀ ਸ਼ਰਨ ਪੈ ਕੇ ਮਾਨਵਤਾ ਦੀ ਸੇਵਾ ਤੇ ਰੱਬ ਦੀ ਰਜ਼ਾ ’ਚ ਸੰਤੁਸ਼ਟ ਰਹੋ। (ਸੇਵਾ ਕਰਦਿਆਂ ਮਨ ’ਚ) ਨਿਮਰਤਾ/ਪ੍ਰੇਮ ਭਾਵਨਾ ਰੱਖੋ।

(3). ਸਤੁ ਸੰਤੋਖੁ ਦਇਆ ਕਮਾਵੈ; ਏਹ ਕਰਣੀ ਸਾਰ (ਮਹਲਾ /੫੧)

ਅਰਥ : ਇਹੀ ਸਰਬੋਤਮ ਜੀਵਨਸ਼ੈਲੀ ਹੈ ਕਿ ਮਨੁੱਖਤਾ ਦੀ ਸੇਵਾ, ਸਬਰ ਤੇ ਨਰਮ ਦਿਲੀ ਧਾਰਨ ਕੀਤੀ ਜਾਵੇ।

ਸੋ ਸਤੁ ਸੰਤੋਖੀ ਜੀਵਨ; ਵਿਕਾਰਾਂ ਨੂੰ ਕਾਬੂ ਕਰ ਆਪਣੇ ਅੰਦਰ ਪ੍ਰਕਾਸ਼ਮਈ ਬਲ ਭਰ ਲੈਂਦਾ ਹੈ; ਜਿਵੇਂ ਕਿ ਬਚਨ ਹਨ, ‘‘ਕਾਮ ਕ੍ਰੋਧ ਮਾਇਆ ਮਦ ਮਤਸਰ; ਖੇਲਤ ਸਭਿ ਜੂਐ ਹਾਰੇ ਸਤੁ ਸੰਤੋਖੁ ਦਇਆ ਧਰਮੁ ਸਚੁ; ਇਹ ਅਪੁਨੈ ਗ੍ਰਿਹ ਭੀਤਰਿ ਵਾਰੇ ’’ (ਮਹਲਾ /੩੭੯) ਤਿੰਨ ਭੱਟ ਸਾਹਿਬਾਨ ਨੇ ਗੁਰੂ ਸਾਹਿਬਾਨ ਅੰਦਰ ਸਤੁ ਸੰਤੋਖ ਆਦਿਕ ਗੁਣ ਵੇਖ ਕੇ ਇਹ ਬਚਨ ਉਚਾਰੇ ਹਨ :

(1). ਗੁਰ ਗਮਿ ਪ੍ਰਮਾਣੁ ਤੈ ਪਾਇਓ; ਸਤੁ ਸੰਤੋਖੁ ਗ੍ਰਾਹਜਿ ਲਯੌ (ਭਟ ਕਲ/੧੩੯੨)

ਅਰਥ : (ਹੇ ਗੁਰੂ ਅੰਗਦ ਜੀ !) ਤੈਂ ਗੁਰੂ ਨਾਨਕ ਜੀ ਵਾਲ਼ਾ ਉੱਚਾ ਆਚਰਨ (ਸਤੁ), ਸਬਰ ਆਦਿ ਗ੍ਰਹਿਣ ਕਰ ਲਿਆ ਹੈ।

(2). ਜਪੁ ਤਪੁ ਸਤੁ ਸੰਤੋਖੁ; ਪਿਖਿ ਦਰਸਨੁ ਗੁਰ, ਸਿਖਹ (ਭਟ ਕੀਰਤ/੧੩੯੫)

ਅਰਥ : ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰ ਕੇ ਸਿੱਖਾਂ ਨੂੰ ਜਪ, ਤਪ, ਸਤ, ਸਬਰ (ਆਦਿਕ ਗੁਣ ਪ੍ਰਾਪਤ ਹੁੰਦੇ ਹਨ)।

(3). ਸੰਜਮੁ, ਸਤੁ, ਸੰਤੋਖੁ, ਸੀਲ ਸੰਨਾਹੁ ਮਫੁਟੈ (ਭਟ ਕਲ/੧੩੯੭)

ਅਰਥ : (ਗੁਰੂ ਰਾਮਦਾਸ ਜੀ ਦਾ) ਸੰਜਮ, ਸਤ, ਸਬਰ, ਮਿੱਠਾ ਸੁਭਾਅ ਰੂਪ ਸੰਜੋਅ (ਜੋ ਤਿੱਖੇ ਸ਼ਸਤਰਾਂ ਤੋਂ ਬਚਾ ਲਈ ਸਰੀਰ ’ਤੇ ਪਹਿਨਿਆ ਹੁੰਦਾ ਹੈ) ਕਦੇ ਟੁੱਟਦਾ ਨਹੀਂ, ਭੇਦਿਆ ਨਹੀਂ ਜਾਂਦਾ।

(4). ਗੁਰ ਗਮ ਪ੍ਰਮਾਣਿ ਅਜਰੁ ਜਰਿਓ; ਸਰਿ ਸੰਤੋਖ ਸਮਾਇਯਉ (ਭਟ ਕਲ/੧੪੦੮)

ਅਰਥ : (ਹੇ ਗੁਰੂ ਅਰਜਨ ਸਾਹਿਬ ਜੀ ! ਆਪ) ਗੁਰੂ ਪਦਵੀ ਵਾਲ਼ੀ ਅਸਹਿ ਅਵਸਥਾ ਨੂੰ ਪ੍ਰਾਪਤ ਕਰ ਸਬਰ ਦੇ ਸਮੁੰਦਰ ’ਚ ਸਮਾ ਗਏ ਹੋ।

(5). ਸਤਿ ਰੂਪੁ, ਸਤਿ ਨਾਮੁ; ਸਤੁ ਸੰਤੋਖੁ ਧਰਿਓ ਉਰਿ (ਭਟ ਮਥੁਰਾ/੧੪੦੮)

ਅਰਥ : ਗੁਰੂ ਅਰਜਨ ਸਾਹਿਬ ਨੇ ਸਦੀਵੀ ਸਥਿਰ ਹਰੀ ਅਤੇ ਉਸ ਦੇ ਸਥਿਰ ਨਾਮ ਨੂੰ ਹਿਰਦੇ ’ਚ ਧਾਰਨ ਕਰ ਉੱਚਾ ਆਚਰਨ ਅਤੇ ਸਬਰ ਧਾਰਨ ਕੀਤਾ ਹੋਇਆ ਹੈ।

(6). ਬਾਬਾ ਸੱਤਾ ਜੀ ਅਨੁਸਾਰ ਗੁਰੂ ਅਮਰਦਾਸ ਜੀ ਨੇ ਸੰਤੋਖ (ਸ਼ਾਂਤ ਮਨ, ਸਥਿਰਤਾ) ਨੂੰ ਘੋੜਾ ਬਣਾਇਆ, ਮਨ ਵੱਸ ਕਰਨ ਨੂੰ ਕਾਠੀ; (ਜਿਸ ਉੱਤੇ ਬੈਠ) ਉੱਚੇ ਆਚਰਨ (ਸਤੁ) ਰੂਪ ਧਨੁੱਸ਼ ਨਾਲ਼ ਰੱਬ ਦੀ ਸਿਫ਼ਤ-ਸਲਾਹ ਵਾਲ਼ਾ ਤੀਰ ਚਲਾ ਦਿੱਤਾ, ‘‘ਘੋੜਾ ਕੀਤੋ ਸਹਜ ਦਾ; ਜਤੁ ਕੀਓ ਪਲਾਣੁ ਧਣਖੁ ਚੜਾਇਓ ਸਤ ਦਾ; ਜਸ ਹੰਦਾ ਬਾਣੁ ..’’ (ਬਲਵੰਡ ਸਤਾ/੯੬੮)

ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਐਸੇ ਸਤ ਸੰਤੋਖ ਗੁਣਾਂ ਦਾ ਧਾਰਨੀ ਜਦ ਦਿਲੋਂ ਅਰਦਾਸ ਕਰਦਾ ਹੈ ਤਾਂ ਪ੍ਰਭੂ; ਉਸ ਨੂੰ ਸੁਣ ਕੇ ਆਪਣੇ ਆਸਣ ’ਤੇ ਬੈਠਾ ਲੈਂਦਾ ਹੈ, ‘‘ਸਤੁ ਸੰਤੋਖੁ ਹੋਵੈ ਅਰਦਾਸਿ ਤਾ ਸੁਣਿ, ਸਦਿ ਬਹਾਲੇ ਪਾਸਿ ’’ (ਮਹਲਾ /੮੭੮)

(). ਵੀਚਾਰੁ : ਪੋਥੀ ਸਾਹਿਬ ਰੂਪੀ ਥਾਲ ’ਚ ਤੀਜਾ ਮੂਲ ਗੁਣ ਹੈ ‘ਵੀਚਾਰੁ’। ਗੁਰਬਾਣੀ ਅਨੁਸਾਰ ‘ਵੀਚਾਰੁ’; ਅਲੌਕਿਕ ਸ਼ਕਤੀ (ੴ) ਨੂੰ ਜਾਣਨਾ ਹੈ, ਜੋ ਕਿ ਜੀਵਨ ਦਾ ਟੀਚਾ ਹੈ। ਗੁਰੂ ਨਾਨਕ ਸਾਹਿਬ ਨੇ ਰੂੜ੍ਹੀਵਾਦੀ ਪੰਡਿਤਾਂ ਬਾਰੇ ਉਚਾਰਿਆ, ‘‘ਪੰਡਿਤ ਵਾਚਹਿ ਪੋਥੀਆ; ਨਾ ਬੂਝਹਿ ਵੀਚਾਰੁ ’’ (ਮਹਲਾ /੫੬) ਸੋ ਧਾਰਮਿਕ ਸਿੱਖਿਆ ਸਮਝਣੀ ਹੋਰ ਵਿਸ਼ਾ ਹੈ ਤੇ ਉਸ ਅੰਦਰ ਦਰਜ ਨੈਤਿਕਤਾ ਨੂੰ ਪੜਚੋਲਣਾ ਭਿੰਨ ਵਿਸ਼ਾ ਹੈ।

ਕਿਸੇ ਲਿਖਤ ਦੇ ਸ਼ਾਬਦਿਕ ਅਰਥ ਕਰਨੇ, ਉਸ ਨੂੰ ਸਮਝਣਾ ਹੈ ਤੇ ਲਿਖਤ ਅੰਦਰਲੀ ਵਿਚਾਰਧਾਰਾ ਨੂੰ ਹੋਰਾਂ ਨਾਲ਼ ਤੁਲਨਾਤਮਿਕ ਪੜਚੋਲਣਾ, ਵਿਚਾਰਨਾ ਹੈ। ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਨੇ ਧਾਰਮਿਕ ਚਰਚਾਵਾਂ (ਗੋਸਟੀਆਂ) ਸਮੇਂ ਪ੍ਰਚਲਿਤ ਰਹੁ-ਰੀਤਾਂ (ਧਰਮਾਂ) ਨੂੰ ਸਮਝ ਕੇ ਆਪਣੇ ਗਿਆਨ ’ਚ ਵਾਧਾ ਨਹੀਂ ਕੀਤਾ ਬਲਕਿ ਆਪਣੀ ਵਿਚਾਰਧਾਰਾ ਨਾਲ਼ ਉਨ੍ਹਾਂ ਨੂੰ ਤੁਲਨਾਤਮਿਕ ਵਿਚਾਰ ਕੇ ਰੱਦ ਕੀਤਾ ਹੈ। ਗੁਰੂ ਗਿਆਨ-ਰੌਸ਼ਨੀ ’ਚ ਸਾਰਥਕ ਅਤੇ ਨਿਰਾਰਥਕ ਪੱਖ ਸਮਝ ਚੁੱਕਿਆ ਮਨੁੱਖ ਹੀ ਵਿਚਾਰ ਕਰਨਯੋਗ ਹੁੰਦਾ ਹੈ; ਜਿਵੇਂ ਕਿ ਬਚਨ ਹਨ ‘‘ਸੋ ਪੜਿਆ, ਸੋ ਪੰਡਿਤੁ ਬੀਨਾ; ਗੁਰ ਸਬਦਿ ਕਰੇ ਵੀਚਾਰੁ ’’ (ਮਹਲਾ /੬੫੦) ਭਾਵ ਗੁਰੂ ਦੇ ਸ਼ਬਦ ਰਾਹੀਂ ਜੋ ਮਨੁੱਖ (ਚੰਗੇ ਮੰਦੇ ਦੀ) ਵਿਚਾਰ ਕਰਦਾ ਹੈ, ਅਸਲ ’ਚ ਓਹੀ ਸਿਆਣਾ ਹੈ, ਵਿਦਵਾਨ ਹੈ, ਪੜ੍ਹਿਆ-ਲਿਖਿਆ ਹੈ। ਗੁਰੂ ਅਮਰਦਾਸ ਜੀ ਦੇ ਬਚਨ ਹਨ ‘‘ਰਤਨਾ ਪਾਰਖੁ ਜੋ ਹੋਵੈ; ਸੁ ਰਤਨਾ ਕਰੇ ਵੀਚਾਰੁ ’’ (ਮਹਲਾ /੫੮੯) ਯਾਨੀ ਜਿਵੇਂ ਸੁਨਿਆਰ (ਜੌਹਰੀ); ਅਸਲੀ ਤੇ ਨਕਲੀ ਸੋਨੇ ਨੂੰ ਪਰਖਦਾ ਹੈ; ਉਸੇ ਤਰ੍ਹਾਂ ਰੂਹਾਨੀਅਤ ਮਾਰਗ ’ਤੇ ਚੱਲਣ ਵਾਲ਼ਾ (ਸਿਆਣਾ ਮਨੁੱਖ); ਜੀਵਨ ਲਈ ਨਫ਼ਾ-ਨੁਕਸਾਨ ਸੁਤੇ ਹੀ ਪਰਖ ਲੈਂਦਾ ਹੈ। ਨਾਸਵਾਨ ਕੁਦਰਤ ਨਾਲ਼ ਸੰਬੰਧ; ਨੁਕਸਾਨ ਦਾਇਕ ਹੈ ਤੇ ਸਦੀਵੀ ਸਥਿਰ ਅਕਾਲ ਪੁਰਖ ਨਾਲ਼ ਸੰਬੰਧ; ਲਾਭ ਦਾਇਕ। ਇਨ੍ਹਾਂ ਦੋਵਾਂ ਦੀ ਤੁਲਨਾਤਮਿਕ ਵਿਚਾਰ ਇਉਂ ਕੀਤੀ ਹੈ :

(1). ਮਨ  ! ਤੇਰਾ ਕੋ ਨਹੀ; ਕਰਿ ਵੇਖੁ ਸਬਦਿ ਵੀਚਾਰੁ (ਮਹਲਾ /੪੨੯)

ਅਰਥ : ਹੇ ਮਨ ! ਗੁਰੂ ਸ਼ਬਦ ਰਾਹੀਂ ਆਪਣੇ ਆਪ ਨੂੰ ਪੜਚੋਲ; ਤੇਰਾ ਸਦਾ ਲਈ ਸਹਾਰਾ ਕੋਈ ਨਹੀਂ (ਜਿਨ੍ਹਾਂ ਲਈ ਤੈਂ ਕੀਮਤੀ ਜਨਮ ਗਵਾ ਦਿੱਤਾ)।

(2). ਏਹ ਕੂੜੈ ਕੀ ਮਲੁ ਕਿਉ ਉਤਰੈ ? ਕੋਈ ਕਢਹੁ ਇਹੁ ਵੀਚਾਰੁ (ਮਹਲਾ /੯੫੦)

ਅਰਥ : ਇਹ ਝੂਠ ਦੀ ਦੀਵਾਰ (ਜਿਸ ਨੂੰ ‘ਜਨਮ ਜਨਮ ਕੀ ਮਲੁ’ ਕਿਹਾ ਹੈ) ਕਿਵੇਂ ਦੂਰ ਹੋਵੇ, ਇਸ ਦਾ ਕੋਈ ਵਿਚਾਰ ਖੋਜੋ। ਐਸਾ ਹੀ ਸਵਾਲ ਗੁਰੂ ਨਾਨਕ ਜੀ ਨੇ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਕੀਤਾ ਹੈ, ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?’’ (ਜਪੁ)

(3). ਅੰਮ੍ਰਿਤ ਵੇਲਾ ਸਚੁ ਨਾਉ; ਵਡਿਆਈ ਵੀਚਾਰੁ (ਜਪੁ/ਮਹਲਾ /)

ਅਰਥ : (ਇਹੀ ਹੈ ਜਵਾਬ ਕਿ) ਅੰਮ੍ਰਿਤ ਵੇਲ਼ੇ (ਤੋਂ ਹੀ ਪ੍ਰਭੂ ਦਾ) ਸਥਿਰ ਨਾਮ (ਜਪੋ) ਤੇ ਉਸ ਦੇ ਗੁਣਾਂ (ਨੂੰ ਆਪਣੇ ਆਚਰਨ ਨਾਲ਼ ਤੁਲਨਾਤਮਿਕ) ਵਿਚਾਰੋ, ਪੜਚੋਲ ਕਰੋ (ਚੇਤੇ ਰਹੇ ਕਿ ਰੱਬ ਨੂੰ ਸਿਰਮੌਰ ਮੰਨਣਾ; ਆਪਣਾ ਅਹੰਕਾਰ (ਕੂੜੈ ਪਾਲਿ) ਨਾਸ ਕਰਨਾ ਹੈ। ਜਿਸ ਨੂੰ ‘‘ਨਾਨਕ  ! ਹੁਕਮੈ ਜੇ ਬੁਝੈ; ਹਉਮੈ ਕਹੈ ਕੋਇ ’’ ਜਾਂ ‘‘ਹੁਕਮਿ ਰਜਾਈ ਚਲਣਾ’’ ਭੀ ਕਿਹਾ ਹੈ)।

ਗੁਰਬਾਣੀ ’ਚ ‘ਵੀਚਾਰੁ’ ਦੀ ਮਹਾਨਤਾ ਐਨੀ ਪ੍ਰਬਲ ਹੈ ਕਿ ਕਰਤਾਰ; ਖ਼ੁਦ ਭੀ (ਜਗਤ-ਰਚਨਾ ਬਾਰੇ ਨਿਰੰਤਰ) ਵਿਚਾਰ ਕਰਦਾ ਹੈ; ਜਿਵੇਂ ਕਿ ਬਚਨ ਹਨ, ‘‘ਵੇਖੈ ਵਿਗਸੈ ਕਰਿ ਵੀਚਾਰੁ ’’ (ਜਪੁ) ਭਾਵ ਜਗਤ ਨੂੰ ਪੈਦਾ ਕਰ ਕੇ ਇਸ ਨੂੰ ਭੁੱਲਿਆ ਨਹੀਂ ਬਲਕਿ ਇਸ ਨੂੰ ਨਿਰੰਤਰ ਸੰਭਾਲ਼ਦਾ ਹੈ ਤੇ ਆਪਣੀ ਰਚੀ ਕਿਰਤ ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ (ਕਿਉਂਕਿ ਉਸ ਦੇ ਹੁਕਮ ਤੋਂ ਆਕੀ ਕੋਈ ਨਹੀਂ ਤਾਂ ਕਿ ਪ੍ਰੇਸ਼ਾਨ ਹੋਣਾ ਪਵੇ) ਤੇ ਅਗਾਂਹ ਕੁਦਰਤ ਦਾ ਫੈਲਾਅ ਕਿਵੇਂ ਕਰਨਾ ਹੈ, ਇਹ ਭੀ ਨਿਰੰਤਰ ਵਿਚਾਰਦਾ ਹੈ। ਕੁਦਰਤ ਦੇ ਇਸ ਵਿਕਾਸ ’ਚ ਹੀ ਹੈ ਕਿ ‘‘ਪੜਿਆ ਅਤੈ ਓਮੀਆ; ਵੀਚਾਰੁ ਅਗੈ ਵੀਚਾਰੀਐ ’’ (ਮਹਲਾ /੪੬੯) ਭਾਵ (ਜਗਤ ’ਚ) ਕੌਣ ਪੜ੍ਹਿਆ ਭਾਵ ਸਿਆਣਾ ਹੈ ਤੇ ਕੌਣ ਮੂਰਖ (ਅਣਪੜ੍ਹ) ਹੈ; ਇਸ ਦੀ ਵਿਚਾਰ, ਜੀਵਨ ਭੋਗਣ ਉਪਰੰਤ ਭੀ ਹੋਣੀ ਹੈ (ਤਾਂ ਤੇ ਦੰਡ ਭੀ ਨਿਰਧਾਰਿਤ ਹੋਣਾ ਹੈ। ਕਿੱਕਰ ਬੀਜ ਕੇ ਕੋਈ ਬਾਦਾਮ ਨਹੀਂ ਖਾ ਸਕਦਾ)।

ਜਿੰਦਗੀ ਇੱਕ ਜਾਨਦਾਰ ਵਜੂਦ ਹੈ। ਇਸ ਦੀ ਖ਼ੁਰਾਕ; ਕੋਈ ਨਿਰਜਿੰਦ ਵਸਤੂ ਨਹੀਂ ਹੋ ਸਕਦੀ, ਇਸ ਲਈ ਗੁਰੂ ਸਾਹਿਬਾਨ ਨੇ ਜੀਵਾਂ ਦੇ ਖਾਣ-ਪਾਣ ਨੂੰ ਜਾਨਦਾਰ ਵਸਤੂ ਐਲਾਨਿਆ ਹੈ; ਜਿਵੇਂ ਕਿ ਪਾਣੀ ਅਤੇ ਅੰਨ ਬਾਰੇ ਬਚਨ ਹਨ, ‘‘ਜੇਤੇ ਦਾਣੇ ਅੰਨ ਕੇ; ਜੀਆ (ਜਾਨ) ਬਾਝੁ ਕੋਇ ਪਹਿਲਾ ਪਾਣੀ ਜੀਉ (ਜਾਨ) ਹੈ; ਜਿਤੁ (ਜਿਸ ਨਾਲ਼) ਹਰਿਆ ਸਭੁ ਕੋਇ ’’ (ਆਸਾ ਕੀ ਵਾਰ/ਮਹਲਾ /੪੭੨), ਜਿਵੇਂ ਇਹ ਜਾਨਦਾਰ ਚੀਜ਼ਾਂ; ਜ਼ਿੰਦਗੀ ਲਈ ਅਹਿਮ ਹਨ; ਉਸੇ ਤਰ੍ਹਾਂ ਅਕਾਲ ਪੁਰਖ ਭੀ ਜਾਨਦਾਰ ਹੈ; ਉਸ ਪਾਸੋਂ ਭਗਤ ਨੂੰ ਪ੍ਰਾਪਤ ਹੁੰਦੀ ਵਿਸ਼ੇਸ਼ ਊਰਜਾ; ਰੂਹਾਨੀਅਤ ਖ਼ੁਰਾਕ ਬਣ ਰੂਹ (ਆਤਮ-ਪ੍ਰਕਾਸ) ਨੂੰ ਪ੍ਰਫੁਲਿਤ ਕਰਦੀ ਹੈ; ਜੈਸਾ ਕਿ ਜਾਨਦਾਰ ਪਾਣੀ; ਬਨਸਪਤੀ ਨੂੰ ਹਰਾ-ਭਰਾ ਰੱਖਦਾ ਹੈ। ਭਗਤ ਕਬੀਰ ਜੀ ਨੇ ਸਨਾਤਨੀ ਵਿਚਾਰਧਾਰਾ ਨੂੰ ਇਉਂ ਤੁਲਨਾਤਮਿਕ ਵਿਚਾਰਿਆ ਹੈ, ‘‘ਸਰਜੀਉ ਕਾਟਹਿ, ਨਿਰਜੀਉ ਪੂਜਹਿ; ਅੰਤ ਕਾਲ ਕਉ ਭਾਰੀ ਰਾਮ ਨਾਮ ਕੀ ਗਤਿ ਨਹੀ ਜਾਨੀ; ਭੈ ਡੂਬੇ ਸੰਸਾਰੀ ’’ (ਭਗਤ ਕਬੀਰ/੩੩੨) ਅਰਥ : (ਜੋ ਲੋਕ); ਜਾਨਦਾਰ ਪੱਤੇ, ਫੁੱਲ ਆਦਿ ਤੋੜਦੇ ਹੋਏ, ਨਿਰਜਿੰਦ (ਪੱਥਰ-ਮੂਰਤੀ) ਨੂੰ ਪੂਜਦੇ ਹਨ, ਉਨ੍ਹਾਂ ਦਾ ਅੰਤ ਸਮਾਂ (ਜਿੱਥੇ ਮੂਰਖ ਤੇ ਸਿਆਣੇ ਦੀ ਪਰਖ ਹੋਣੀ ਹੈ) ਮੁਸੀਬਤਾਂ ਭਰਿਆ ਹੋਣਾ ਹੈ (ਕਿਉਂਕਿ ਜਾਨਦਾਰ) ਰਾਮ ਨਾਮ ਜਪ ਕੇ ਉਪਜਣ ਵਾਲ਼ੀ ਅਵਸਥਾ ਦੀ ਕਦਰ ਨਾ ਕੀਤੀ ਤੇ ਸੰਸਾਰਕ ਰਹੁ-ਰੀਤਾਂ ਦੇ ਡਰ-ਭਰਮ ’ਚ ਡੁੱਬੇ ਰਹੇ।

ਸੋ ‘ਸਤੁ’ ਗੁਣ ਸਮੇਂ ਹਿਰਦੇ ’ਚ ‘ਧਰਮ, ਉੱਚਾ ਆਚਰਨ ਤੇ ਦਾਨ ਭਾਵਨਾ’ ਉਪਜਦੀ ਹੈ ਅਤੇ ‘ਸੰਤੋਖੁ’; ਇਹ ਗੁਣ (ਮਨੁੱਖਤਾ ’ਚ) ਜ਼ਾਹਰ ਕਰਦਾ ਹੈ, ਲੁਕਾਈ ’ਤੇ ਇਨ੍ਹਾਂ ਰਾਹੀਂ ਪ੍ਰਭਾਵ ਪਾਉਂਦਾ ਹੈ। ਗੁਰੂ ਸਿੱਖਿਆ ਕੇਵਲ ਮਨੁੱਖਤਾ ਦੀ ਸੇਵਾ ਭਾਵ ਸਮਾਜ ਤੱਕ ਸੀਮਤ ਨਹੀਂ। ਇਸ ਦਾ ਸੰਬੰਧ; ਅਦ੍ਰਿਸ਼ ਮਾਲਕ ਨਾਲ਼ ਭੀ ਹੈ। ਜੋ ਗਿਆਨ ਇੰਦ੍ਰਿਆਂ (ਅੱਖ, ਨੱਕ, ਕੰਨ, ਜੀਭ, ਚਮੜੀ) ਨਾਲ਼ ਨਹੀਂ ਜਾਣਿਆ ਜਾ ਸਕਦਾ। ਸਤਿਗੁਰੂ ਅਨੁਸਾਰ ਪ੍ਰਭੂ ਨੂੰ ਵੇਖਣਾ; ਗੁਰੂ ਸ਼ਬਦ ਨੂੰ ਵਿਚਾਰਨਾ ਹੈ। ਇਹੀ ਸਤਿਗੁਰੂ ਦੀ ਅਸਲ ਸੇਵਾ ਹੈ, ‘‘ਗੁਰ ਕੀ ਸੇਵਾ; ਸਬਦੁ ਵੀਚਾਰੁ (ਮਹਲਾ /੨੨੩), ਸਤਿਗੁਰ ਬਚਨ ਕਮਾਵਣੇ; ਸਚਾ ਏਹੁ ਵੀਚਾਰੁ ’’ (ਮਹਲਾ /੫੨), ਜਿਸ ਨੇ ਇਹ ਸੇਵਾ ਨਾ ਕੀਤੀ, ਉਹ ਐਸੀ ਵਿਚਾਰ ਕਰਨਯੋਗ ਭੀ ਨਹੀਂ ਹੁੰਦਾ, ‘‘ਸਤਿਗੁਰ ਕੀ ਸੇਵ ਕੀਨੀਆ; ਕਿਆ ਓਹੁ ਕਰੇ ਵੀਚਾਰੁ ? ’’ (ਮਹਲਾ /੫੮੯), ਇਸ ਲਈ ਰੂਹਾਨੀਅਤ ਥਾਲ (ਪੋਥੀ ਸਾਹਿਬ/ਸਬਦੁ ਗੁਰੂ) ਦੇ ਕੇਵਲ ਬਾਹਰੀ ਦਰਸ਼ਨ ਕਰਨ ਦਾ ਲਾਭ ਨਹੀਂ ਜਦ ਤੱਕ ਸ਼ਬਦ ਵਿਚਾਰ ਨਾ ਕੀਤੀ ਜਾਵੇ, ‘‘ਡਿਠੈ ਮੁਕਤਿ ਹੋਵਈ; ਜਿਚਰੁ ਸਬਦਿ (ਰਾਹੀਂ) ਕਰੇ ਵੀਚਾਰੁ ’’ (ਮਹਲਾ /੫੯੪) ਐਸੀ ਵਿਚਾਰਵਾਨ ਸੰਗਤ; ਹੰਸ ਬਿਰਤੀ ਰੱਖਦੀ ਹੈ ਤੇ ਸਾਥ ਨਾ ਦੇਣ ਵਾਲ਼ੇ ਬਗਲਿਆਂ ਤੋਂ ਦੂਰ ਰਹਿੰਦੀ ਹੈ, ‘‘ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ; ਤਾ ਬਗਾ ਨਾਲਿ ਜੋੜੁ ਕਦੇ ਆਵੈ ’’ (ਮਹਲਾ /੯੬੦)

ਗੁਰਬਾਣੀ ਅਨੁਸਾਰ ਹਰ ਸਰੀਰ ਅੰਦਰ ਨਾਮ-ਅੰਮ੍ਰਿਤ ਹੈ; ਜਿਵੇਂ ਕਿ ਬਚਨ ਹਨ, ‘‘ਨਾਨਕ  ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ਨਾਨਕ ! ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ (ਨਾਲ਼) (ਮਹਲਾ /੧੨੩੮), ਨਉ ਨਿਧਿ ਅੰਮ੍ਰਿਤੁ; ਪ੍ਰਭ ਕਾ ਨਾਮੁ ਦੇਹੀ ਮਹਿ; ਇਸ ਕਾ ਬਿਸ੍ਰਾਮੁ ’’ (ਸੁਖਮਨੀ/ਮਹਲਾ /੨੯੩), ਗੁਰੂ ਸ਼ਬਦ ਰੌਸ਼ਨੀ ਨਾਲ਼ ਸਵੈ ਪੜਚੋਲ ਕਰਨ ਨਾਲ਼ ਤੇ ਅਕਾਲ ਪੁਰਖ ਦਾ ਨਾਮ ਜਪਣ ਨਾਲ਼ ਤਿੰਨੇ ਗੁਣ (ਸਤੁ, ਸੰਤੋਖੁ, ਵੀਚਾਰੁ); ਹਿਰਦੇ ਅੰਦਰ ਪ੍ਰਕਾਸ਼-ਬਲ ਬਣ ਉਪਜਦੇ ਹਨ, ਪਰ ਕਿਵੇਂ ?

ਜਵਾਬ : ਦਰਅਸਲ ਪ੍ਰਭੂ ਦਾ ਵਜੂਦ (ਹੋਂਦ) ਜਾਂ ਜੋਤਿ (ਚੇਤਨ ਸੱਤਾ) ਦਾ ਨਾਂ ਹੀ ਨਾਮ-ਅੰਮ੍ਰਿਤ ਹੈ, ਜੋ ਜ਼ਰਰੇ-ਜ਼ਰਰੇ ’ਚ ਹੈ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ਤਿਸ ਦੈ ਚਾਨਣਿ (ਨਾਲ਼); ਸਭ ਮਹਿ ਚਾਨਣੁ ਹੋਇ ’’ (ਮਹਲਾ /੧੩), ਇਹੀ ਆਤਮ-ਪ੍ਰਕਾਸ਼ ਹੈ, ਰੂਹ ਹੈ, ਆਤਮਾ ਹੈ, ਜੀਵਾਤਮਾ ਹੈ, ਜਿੰਦ ਹੈ, ਜੋ ਪ੍ਰਭੂ ਵਾਙ 100% ਪ੍ਰਕਾਸ਼ਮਈ ਹੈ। ਸਵਾਲ : ਫਿਰ ਹਰ ਇੱਕ ਦੇ ਦਿਮਾਗ਼ ’ਚ ਇੱਕ ਜੈਸੀ ਰੌਸ਼ਨੀ ਜਾਂ ਬੋਧ ਕਿਉਂ ਨਹੀਂ ਹੁੰਦਾ ? ਜਵਾਬ : ਗੁਰਬਾਣੀ ਅਨੁਸਾਰ ਆਤਮ-ਪ੍ਰਕਾਸ਼ ਅਤੇ ਅਹਿਸਾਸ ਕਰਾਉਣ ਵਾਲ਼ੇ ਦਿਮਾਗ਼ ਵਿਚਕਾਰ ਇੱਕ ਅੰਤਹਿਕਰਣ ਇੰਦ੍ਰੀ ਹੈ, ਜਿਸ ਨੂੰ ‘ਜਨਮ ਜਨਮ ਦੀ ਮੈਲ਼’ ਲੱਗੀ ਹੈ। ਇਸ ਰਾਹੀਂ ਆਤਮ-ਪ੍ਰਕਾਸ਼ ਦੀ ਮੱਧਮ ਜਿਹੀ ਰੌਸ਼ਨੀ ਦਿਮਾਗ਼ ਨੂੰ ਮਿਲਦੀ ਹੈ। ਜਿਸ ਨੂੰ ਸੁਰਤਿ ਕਿਹਾ ਹੈ। ਐਨੀ ਕੁ ਸਮਝ ਸਭ ਨੂੰ ਦੇਣੀ; ਕੁਦਰਤ ਦੇ ਵਿਕਾਸ ਲਈ ਜ਼ਰੂਰੀ ਹੈ; ਜਿਵੇਂ ਕਿ ਬਚਨ ਹਨ, ‘‘ਏਕਾ ਸੁਰਤਿ; ਜੇਤੇ ਹੈ ਜੀਅ ਸੁਰਤਿ ਵਿਹੂਣਾ; ਕੋਇ ਕੀਅ ਜੇਹੀ ਸੁਰਤਿ; ਤੇਹਾ ਤਿਨ ਰਾਹੁ ਲੇਖਾ ਇਕੋ; ਆਵਹੁ ਜਾਹੁ ’’ (ਮਹਲਾ /੨੫) ਅਰਥ : ਸਾਰੇ ਜੀਵਾਂ ਅੰਦਰ ਮਾਲਕ ਵੱਲੋਂ ਬਖ਼ਸ਼ੀ (ਘੱਟ-ਵੱਧ) ਸਮਝ ਹੈ। ਸਮਝ ਤੋਂ ਬਿਨਾਂ ਕੋਈ ਜੀਵ ਪੈਦਾ ਨਹੀਂ ਕੀਤਾ। ਪ੍ਰਭੂ; ਜੀਵਾਂ ਨੂੰ ਜੈਸੀ ਸੋਝੀ ਬਖ਼ਸ਼ਦਾ ਹੈ ਭਾਵ ਜਿੰਨਾ ਕੁ ਆਤਮ-ਪ੍ਰਕਾਸ਼ (ਬਲ); ਅੰਤਹਿਕਰਣ ਦੀ ਮਲ਼ੀਨਤਾ ਰਾਹੀਂ ਦਿਮਾਗ਼ ਤੱਕ ਭੇਜਦਾ ਹੈ; ਉਸੇ ਮੁਤਾਬਕ ਜੀਵਾਂ ਨੇ ਆਪਣਾ ਚੰਗਾ-ਮੰਦਾ ਰਾਹ ਅਖ਼ਤਿਆਰ ਕਰਨਾ ਹੁੰਦਾ ਹੈ।

ਅੰਤਹਿਕਰਣ ਰਾਹੀਂ ਦਿਮਾਗ਼ ਨੂੰ ਮਿਲਦੀ ਮੱਧਮ ਰੌਸ਼ਨੀ ਜਾਂ ਪਰਛਾਈ ਹੀ ‘ਸੁਰਤਿ, ਮਤਿ, ਮਨਿ+ਬੁਧਿ’ ਹੈ। ਜਿਨ੍ਹਾਂ ਨੂੰ ਘੜਨ ਬਾਬਤ ਗੁਰਬਾਣੀ ’ਚ ਕਈ ਉਪਦੇਸ਼ ਹਨ; ਜਿਵੇਂ ਕਿ ‘‘ਤਿਥੈ ਘੜੀਐ; ਸੁਰਤਿ, ਮਤਿ, ਮਨਿ+ਬੁਧਿ ..੩੬ (ਜਪੁ), ਘੜੀਐ ਸਬਦੁ (ਭਾਵ ਜੀਵਨ); ਸਚੀ ਟਕਸਾਲ ੩੮’’ (ਜਪੁ) ਧਿਆਨ ਰਹੇ ਕਿ ਗੁਰਬਾਣੀ ’ਚ ‘ਸਬਦੁ’ ਦਾ ਇੱਕ ਅਰਥ ‘ਕਿਰਦਾਰ, ਰਹਿਣੀ-ਬਹਿਣੀ’ ਭੀ ਹੈ; ਜਿਵੇਂ ਕਿ ‘‘ਅੰਦਰਹੁ ਜਿਨ ਕਾ ਮੋਹੁ ਤੁਟਾ; ਤਿਨ ਕਾ ਸਬਦੁ (ਰਹਿਣਸਹਿਣ) ਸਚੈ (ਨੇ) ਸਵਾਰਿਆ ’’ (ਅਨੰਦ/ਮਹਲਾ /੯੧੭) ਜਨਮ ਜਨਮ ਦੀ ਮੈਲ਼ ਭਰਪੂਰ ਅੰਦਰਲੀ ਇੰਦ੍ਰੀ (ਅੰਤਹਿਕਰਣ) ਨੂੰ ਘੜਨਾ ਹੀ ਚਾਰ ਬਾਹਰਲੀਆਂ ਇੰਦ੍ਰੀਆਂ (ਸੁਰਤਿ ਮਤਿ ਮਨਿ+ਬੁਧਿ) ਨੂੰ ਘੜਨਾ ਹੈ ਜਾਂ ਕਹਿ ਲਈਏ ਕਿ ‘ਸੁਰਤਿ, ਮਤਿ, ਮਨਿ+ਬੁਧਿ’ ਨੂੰ ਘੜਨਾ ਹੀ ਅੰਤਹਿਕਰਣ ਨੂੰ ਪਾਰਦਰਸ਼ੀ ਕਰਨਾ ਹੈ। ਦਿਮਾਗ਼ ਅਤੇ ਆਤਮ-ਪ੍ਰਕਾਸ਼ ਵਿਚਕਾਰ ਬਹੁਤ ਹੀ ਬਾਰੀਕ ਇਹ ਪਰਦਾ (ਮਲ਼ੀਨ ਅੰਤਹਿਕਰਣ) ਹੈ; ਜਿਵੇਂ ਕਿ ਬਚਨ ਹਨ, ‘‘ਹਉ ਹਉ ਭੀਤਿ ਭਇਓ ਹੈ ਬੀਚੋ; ਸੁਨਤ ਦੇਸਿ ਨਿਕਟਾਇਓ ਭਾਂਭੀਰੀ ਕੇ ਪਾਤ ਪਰਦੋ; ਬਿਨੁ ਪੇਖੇ ਦੂਰਾਇਓ ’’ (ਮਹਲਾ /੬੨੪) ਅਰਥ : ਹਿਰਦੇ (ਦਿਮਾਗ਼)-ਘਰ ਵਿੱਚ ਅਤੇ (ਰੱਬੀ ਜੋਤਿ ਭਾਵ ਆਤਮ-ਪ੍ਰਕਾਸ਼) ਵਿਚਕਾਰ ਬਹੁਤ ਹੀ ਬਾਰੀਕ ਯਾਨੀ ਤਿਤਲੀ ਦੇ ਪੰਖ ਵਰਗਾ ਪਤਲਾ ਕੂੜ-ਅਹੰਕਾਰ ਰੂਪ ਪਰਦਾ (ਦੀਵਾਰ) ਹੈ। ਜਿਸ ਕਾਰਨ (ਜ਼ਰਰੇ-ਜ਼ਰਰੇ ’ਚ ਵਿਆਪਕ ਪ੍ਰਭੂ) ਬਹੁਤ ਨੇੜੇ ਹੋਣ ਦੇ ਬਾਵਜੂਦ ਭੀ ਬਿਨਾਂ ਦਰਸ਼ਨ ਕੀਤਿਆਂ (ਭਾਵ ਸਤੁ, ਸੰਤੋਖ, ਵੀਚਾਰੁ ਵਾਲ਼ਾ ਪ੍ਰਕਾਸ਼-ਬਲ ਪ੍ਰਾਪਤ ਕਰਨ ਤੋਂ ਬਿਨਾਂ) ਬਹੁਤ ਦੂਰ ਜਾਪਦਾ ਹੈ।

ਸਮੁੱਚੀ ਗੁਰਬਾਣੀ; ਬਾਣੀਕਾਰਾਂ ਦੁਆਰਾ ਮਾਲਕ ਦੀ ਸਿਫ਼ਤ-ਸਾਲਾਹ ਕਰਨ ਉਪਰੰਤ ਅਤੇ ਸਵੈ ਪੜਚੋਲ ਕੀਤਿਆਂ ਅੰਦਰੋਂ ਉਪਜਿਆ ਸ਼ਬਦ-ਗਿਆਨ ਰੂਪ ਥਾਲ ਹੈ, ਇਸ ਲਈ ਇਸ (ਥਾਲ) ਵਿੱਚ ‘ਸਤੁ, ਸੰਤੋਖੁ, ਵੀਚਾਰੁ’ ਗੁਣਾਂ ਦੇ ਨਾਲ਼-ਨਾਲ਼ ‘ਠਾਕੁਰ ਕਾ ਨਾਮੁ’ ਭੀ ਹੈ, ਜੋ ਸੁਚੱਜਾ ਜੀਵਨ ਸਿਰਜਣ ਸਮੇਂ ਆਧਾਰ ਬਣਦਾ ਹੈ; ਜਿਵੇਂ ਕਿ ਬਚਨ ਹਨ ‘‘ਮੁੰਦਾਵਣੀ ਮਹਲਾ ਥਾਲ ਵਿਚਿ ਤਿੰਨਿ ਵਸਤੂ ਪਈਓ; ਸਤੁ ਸੰਤੋਖੁ ਵੀਚਾਰੋ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ; ਜਿਸ ਕਾ ਸਭਸੁ ਅਧਾਰੋ ’’, ‘‘ਜਿਸ ਕਾ ਸਭਸੁ ਅਧਾਰੋ’’ ਤੋਂ ਭਾਵ ਹੈ ਕਿ ਜਿਸ (ਨਾਮ-ਅੰਮ੍ਰਿਤ/ਆਤਮ-ਪ੍ਰਕਾਸ਼) ਦਾ ਸਭ (ਸਤੁ, ਸੰਤੋਖ, ਵੀਚਾਰੁ ਗੁਣ ਪਨਪਨ) ’ਚ ਸਹਿਯੋਗ ਹੁੰਦਾ ਹੈ।

ਸੋ ਜਿਨ੍ਹਾਂ ਨੇ ਭੀ ਇਸ (ਸਤੁ, ਸੰਤੋਖੁ, ਵੀਚਾਰੁ ਤੇ ਨਾਮ ਜਪਣ ਵਾਲ਼ੀ) ਯੁਕਤੀ ਨਾਲ਼ ਆਪਣੇ ਆਪ ਨੂੰ ਪੜਚੋਲਿਆ ਤੇ ਅੰਤਹਿਕਰਣ ਨੂੰ ਪਾਰਦਰਸ਼ੀ ਕਰ ਆਪਣਾ ਆਤਮ-ਪ੍ਰਕਾਸ਼; ਦਿਮਾਗ਼/ਸੁਰਤਿ ਤੱਕ 100% ਪਹੁੰਚਾਅ ਲਿਆ; ਉਨ੍ਹਾਂ ਅੰਦਰੋਂ ਕੂੜ ਦੀ ਕੰਧ ਢਹਿ ਗਈ। ਜਨਮ ਜਨਮ ਦੀ ਮੈਲ਼ ਲਹਿ ਗਈ। ਇਹੀ ਹੈ ‘ਪ੍ਰਭੂ ਦਾ ਦਰਸ਼ਨ’ ਯਾਨੀ ਦਿਮਾਗ਼ ਨੂੰ ਆਤਮ-ਪ੍ਰਕਾਸ਼ (ਬਲ) ਦਾ ਅਹਿਸਾਸ ਹੋ ਗਿਆ। ਗੁਰੂ ਅਮਰਦਾਸ ਜੀ ਦੇ ਬਚਨ ਹਨ, ‘‘ਆਪੁ (ਭਾਵ ਹੰਕਾਰ) ਛੋਡਹਿ ਤਾਂ ਸਹੁ ਮਿਲੈ; ਸਚਾ ਏਹੁ ਵੀਚਾਰੁ ’’ (ਮਹਲਾ /੧੪੨੦) ਗੁਰੂ ਰਾਮਦਾਸ ਜੀ ਅਨੁਸਾਰ ਐਸਾ ਵਿਰਲਾ ਹੀ ਹੁੰਦਾ ਹੈ, ‘‘ਕੋਈ ਗੁਰਮੁਖਿ ਹੋਵੈ, ਸੁ ਕਰੈ ਵੀਚਾਰੁ; ਹਰਿ ਧਿਆਵੈ ਮਨਿ () ਲਿਵ ਲਾਇ ’’ (ਮਹਲਾ /੭੬) ਪਰ ਜਿਨ੍ਹਾਂ ਨੇ ਇਹ ਮਾਰਗ ਨਾ ਅਪਣਾਇਆ, ਉਨ੍ਹਾਂ ਲਈ ਬਚਨ ਹਨ, ‘‘ਜਿਨਾ ਸਤਿਗੁਰੁ ਪੁਰਖੁ ਸੇਵਿਓ; ਸਬਦਿ ਕੀਤੋ ਵੀਚਾਰੁ ਓਇ ਮਾਣਸ ਜੂਨਿ ਆਖੀਅਨਿ; ਪਸੂ ਢੋਰ ਗਾਵਾਰ ਓਨਾ ਅੰਤਰਿ ਗਿਆਨੁ ਧਿਆਨੁ ਹੈ; ਹਰਿ ਸਉ ਪ੍ਰੀਤਿ ਪਿਆਰੁ ’’ (ਮਹਲਾ /੧੪੧੮)

ਵਿਚਾਰ ਅਧੀਨ ਸ਼ਬਦ ਦੇ ਅੰਤ ’ਚ ਗੁਰੂ ਸਾਹਿਬ ਜੀ ਫ਼ੁਰਮਾ ਰਹੇ ਹਨ ਕਿ ਇਨ੍ਹਾਂ ਰਤਨਾਂ ਨੂੰ ‘‘ਜੇ ਕੋ ਖਾਵੈ, ਜੇ ਕੋ ਭੁੰਚੈ; ਤਿਸ ਕਾ ਹੋਇ ਉਧਾਰੋ ਏਹ ਵਸਤੁ ਤਜੀ ਨਹ ਜਾਈ; ਨਿਤ ਨਿਤ ਰਖੁ ਉਰਿ ਧਾਰੋ ਤਮ ਸੰਸਾਰੁ ਚਰਨ ਲਗਿ ਤਰੀਐ; ਸਭੁ ਨਾਨਕ ਬ੍ਰਹਮ ਪਸਾਰੋ (ਮੁੰਦਾਵਣੀ/ਮਹਲਾ /੧੪੨੯) ਅਰਥ : (ਪੋਥੀ ਸਾਹਿਬ ’ਚ ਪ੍ਰੋਸੀ) ਇਹ ਕੀਮਤੀ ਸਮੱਗਰੀ; ਅਣਡਿੱਠ ਨਹੀਂ ਕਰਨੀ ਚਾਹੀਦੀ ਸਗੋਂ ਹਿਰਦੇ ’ਚ ਸਦਾ ਵਸਾ ਕੇ ਰੱਖਣੀ ਹੈ ਕਿਉਂਕਿ ਸੰਸਾਰ ਅੰਧਕਾਰ ਰੂਪ ਹੈ, ਇਸ ਵਿੱਚੋਂ ਓਹੀ ਤਰੇਗਾ, ਜੋ ਜ਼ਰਰੇ-ਜ਼ਰਰੇ ’ਚ ਮੌਜੂਦ (ਜੋਤਿ ਸਰੂਪ ਪ੍ਰਭੂ) ਦੇ ਚਰਨੀਂ ਲੱਗੇਗਾ। ਜਿਸ ਕਿਸੇ ਨੇ ਇਹ ਭੋਜਨ ਗ੍ਰਹਿਣ ਕੀਤਾ ਤੇ (ਛਕ ਕੇ ਅਨੰਦ) ਮਾਣਿਆ, ਉਹ ਇਸ ਅੰਧਕਾਰ (ਅਗਿਆਨਤਾ ਭਰੇ) ਸੰਸਾਰ ਤੋਂ ਤਰ ਗਿਆ।

ਗੁਰੂ ਅਰਜਨ ਸਾਹਿਬ ਜੀ ਦੇ ਇਸ (ਮੁੰਦਵਣੀ) ਸ਼ਬਦ ਤੋਂ ਤਕਰੀਬਨ 30-40 ਸਾਲ ਪਹਿਲਾਂ ਗੁਰੂ ਅਮਰਦਾਸ ਜੀ ਨੇ ਭੀ ਗੁਰਬਾਣੀ ਰੂਪੀ ਥਾਲ ਦਾ ਜ਼ਿਕਰ ਕੀਤਾ ਹੈ, ‘‘ਥਾਲੈ ਵਿਚਿ ਤੈ ਵਸਤੂ ਪਈਓ; ਹਰਿ ਭੋਜਨੁ ਅੰਮ੍ਰਿਤੁ ਸਾਰੁ ਜਿਤੁ ਖਾਧੈ ਮਨੁ ਤ੍ਰਿਪਤੀਐ; ਪਾਈਐ ਮੋਖ ਦੁਆਰੁ ਇਹੁ ਭੋਜਨੁ ਅਲਭੁ ਹੈ ਸੰਤਹੁ ! ਲਭੈ ਗੁਰ ਵੀਚਾਰਿ (ਕੇ) ਏਹ ਮੁਦਾਵਣੀ ਕਿਉ ਵਿਚਹੁ ਕਢੀਐ ? ਸਦਾ ਰਖੀਐ ਉਰਿ () ਧਾਰਿ ਏਹ ਮੁਦਾਵਣੀ ਸਤਿਗੁਰੂ (ਨੇ) ਪਾਈ; ਗੁਰਸਿਖਾ ਲਧੀ ਭਾਲਿ (ਕੇ) ਨਾਨਕ  ! ਜਿਸੁ ਬੁਝਾਏ, ਸੁ ਬੁਝਸੀ; ਹਰਿ ਪਾਇਆ ਗੁਰਮੁਖਿ ਘਾਲਿ (ਮਹਲਾ /੬੪੫) ਅਰਥ : ਹੇ ਸੰਤ ਜਨੋ ! (ਗੁਰਬਾਣੀ ਰੂਪੀ ਇਸ) ਥਾਲ ਵਿੱਚ ਤਿੰਨ ਵਸਤੂਆਂ ਹਨ ਅਤੇ ਹਰੀ ਦਾ ਸ੍ਰੇਸ਼ਟ ਨਾਮ-ਅੰਮ੍ਰਿਤ ਹੈ। ਜਿਸ ਦੇ ਖਾਣ ਨਾਲ਼ ਮਨ ਸ਼ਾਂਤ ਹੁੰਦਾ ਹੈ ਭਾਵ ਸੰਤੋਖ ਜਨਮ ਲੈਂਦਾ ਹੈ ਤੇ ਮੁਕਤੀ ਪ੍ਰਾਪਤ ਹੁੰਦੀ ਹੈ ਭਾਵ ਅੰਤਹਿਕਰਣ ਪਾਰਦਰਸ਼ੀ ਹੋ ਜਾਂਦਾ ਹੈ। ਇਹ ਖ਼ਜ਼ਾਨਾ ਭਾਵ ਮੁੰਦਾਵਣੀ ਹਿਰਦੇ ’ਚੋਂ ਨਹੀਂ ਭੁਲਾਉਣੀ ਚਾਹੀਦੀ ਸਗੋਂ ਮਨ ’ਚ ਸਦਾ ਟਿਕਾ ਕੇ ਰੱਖਣੀ ਹੈ ਕਿਉਂਕਿ ਇਹ ਅਲੱਭ ਸਮੱਗਰੀ ਹੈ ਭਾਵ ਆਤਮ ਮੰਥਨ ਕਰ (ਅਨੁਭਵ ’ਚੋਂ) ਪੈਦਾ ਹੋਇਆ ਅਭੁੱਲ-ਗਿਆਨ ਹੈ ਤੇ ਗੁਰੂ ਸਾਹਿਬ ਨੇ ਖ਼ੁਦ ਇਹ ਖ਼ਜ਼ਾਨੇ ਅੰਦਰ ਸੰਭਾਲ਼ਿਆ ਹੈ। ਜਿਸ ਨੂੰ ਪ੍ਰਭੂ ਸੋਝੀ ਦੇਵੇ, ਓਹੀ ਇਸ (ਵਸਤੂ) ਨੂੰ ਪ੍ਰਾਪਤ ਕਰੇਗਾ। ਹਰੀ ਦੀ ਮਿਹਰ ਨਾਲ਼ ਗੁਰਮੁਖਾਂ ਨੇ ਬੜੀ ਮਿਹਨਤ ਨਾਲ਼ ਭਾਵ ਗੁਰੂ ਸ਼ਬਦ-ਰੌਸ਼ਨੀ ਨਾਲ਼ ਅਦ੍ਰਿਸ਼-ਅਪਹੁੰਚ ਪ੍ਰਭੂ ਦੀ ਸਿਫ਼ਤ ਕਰਕੇ ਅਤੇ ਆਪਣੇ ਆਪ ਨੂੰ ਪਹਿਚਾਣ ਕੇ (ਆਪਣੇ ਅੰਦਰੋਂ ਹੀ ਇਹ ਆਤਮ-ਪ੍ਰਕਾਸ਼) ਲੱਭ ਲਿਆ।

ਗੁਰਬਾਣੀ ਅੰਦਰ ਵਾਰ-ਵਾਰ ਜ਼ਿਕਰ ਹੈ ਕਿ ਸੰਘਰਸ਼ ਕੀਤਿਆਂ, ਸਵੈ ਪੜਚੋਲ ਕਰਦਿਆਂ, ਵਿਕਾਰਾਂ ਨਾਲ਼ ਲੜਦਿਆਂ ਜੀਵਨ ਸੁੰਦਰ ਬਣਦਾ ਹੈ, ਸਫਲ ਹੁੰਦਾ ਹੈ; ਜਿਵੇਂ ਕਿ ਬਚਨ ਹਨ, ‘‘ਸਰਮਖੰਡ ਕੀ ਬਾਣੀ, ਰੂਪੁ ..੩੬ (ਜਪੁ) ਭਾਵ ਸੰਘਰਸ਼ਮਈ ਅਵਸਥਾ ਦੀ ਬਣਤਰ ਬੜੀ ਸੁੰਦਰ ਹੁੰਦੀ ਹੈ। ਇਸੇ ਮਸ਼ੱਕਤ/ਘਾਲਣਾ ਦਾ ਜ਼ਿਕਰ; ‘ਜਪੁ’ ਬਾਣੀ ਦੇ ਅੰਤ ’ਚ ਹੈ, ‘‘ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ਨਾਨਕ  ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ’’ (ਜਪੁ)

ਨਚੋੜ : ਸੰਖੇਪ ਸ਼ਬਦਾਂ ’ਚ ਕਹਿ ਸਕਦੇ ਹਾਂ ਕਿ ਸੰਤੋਖ; ਮਨ ਦਾ ਅਨੰਦ ਹੈ। ਸਤੁ; ਦਿਮਾਗ਼ ਦੀ ਸਥਿਰਤਾ ਭਾਵ ਅਕਲ ਦਾ ਦੁਬਿਧਾ ਮੁਕਤ ਹੋਣਾ ਅਤੇ ‘ਵੀਚਾਰੁ’ ਤੋਂ ਭਾਵ ਹੈ ਆਸ਼ਾਵਾਦੀ ਰਹਿਣਾ। ਮਨ ਦੀ ਸ਼ਾਂਤੀ, ਸਥਿਰ ਦਿਮਾਗ਼ ਤੇ ਉਸਾਰੂ ਸੋਚ; ਰੱਬੀ ਭਾਣੇ ਨੂੰ ਮੰਨਣ ਤੇ ਉਸ ਅੰਦਰ ਚੱਲਣ ਉਪਰੰਤ ਹੀ ਹਿਰਦੇ ਅੰਦਰ ਪਨਪਦੇ ਹਨ।

ਗੁਰਬਾਣੀ ਨੂੰ ਥਾਲ ਕਹਿਣ ਪਿੱਛੇ ਮੂਲ ਕਾਰਨ ਇਹ ਹੈ ਕਿ ਇਹ, ਉਸ ਸਚਾਈ ਨਾਲ਼ ਸੰਬੰਧਿਤ ਹੈ, ਜੋ ਹਰ ਜੀਵਨ ਅੰਦਰ ਮੌਜੂਦ ਹੈ ਅਤੇ ਬਾਣੀਕਾਰਾਂ ਨੂੰ ਪ੍ਰਤੱਖ ਮਹਿਸੂਸ ਹੋਣ ਤੋਂ ਬਾਅਦ ਪ੍ਰਗਟ ਹੋਈ ਹੈ। ਜਿਵੇਂ ਥਾਲ ਰੱਖਣ ਲਈ ਜਗ੍ਹਾ ਚਾਹੀਦੀ ਹੈ; ਵੈਸੇ ਗੁਰਬਾਣੀ ਪ੍ਰਗਟ ਕਰਨ ਲਈ ਹਿਰਦਾ ਅਤਿ ਜ਼ਰੂਰੀ ਹੈ।

ਨੋਟ : ਗੁਰੂ ਅਮਰਦਾਸ ਜੀ ਦੇ ਉਕਤ ਸ਼ਬਦ ’ਚ ਤਿੰਨ ਵਸਤੂਆਂ ਬਾਰੇ ਇਸ਼ਾਰੇ ਮਾਤਰ ਸੰਕੇਤ ਹੈ। ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਆਪਣੇ ਸ਼ਬਦ ’ਚ ਵਿਸਥਾਰ ਸਹਿਤ ਬਿਆਨ ਕੀਤਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਬਾਰਹਮਾਹਾ ਸ਼ਬਦ ’ਚ ਕਈ ਸੂਖਮ ਰਮਜ਼ਾਂ ਹਨ, ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਨੇ ਆਪਣੇ ਬਾਰਹਾਮਾਹਾ ਰਾਹੀਂ ਵਿਸਥਾਰ ਸਹਿਤ ਬਿਆਨ ਕੀਤਾ ਹੈ।

ਸਾਕਾ ਨਨਕਾਣਾ ਸਾਹਿਬ ਅਤੇ ਜੈਤੋ ਮੋਰਚਾ ਸ਼ਤਾਬਦੀ ਯਾਦਗਾਰੀ ਸਮਾਗਮ 21 ਫਰਵਰੀ ਨੂੰ

0

   ਪ੍ਰੈਸ ਨੋਟ : ਸਾਕਾ ਨਨਕਾਣਾ ਸਾਹਿਬ ਅਤੇ ਜੈਤੋ ਮੋਰਚਾ ਸ਼ਤਾਬਦੀ ਯਾਦਗਾਰੀ ਸਮਾਗਮ 21 ਫਰਵਰੀ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਜਲੰਧਰ ਵਿਖੇ : ਪੰਥਕ ਤਾਲਮੇਲ ਸੰਗਠਨ

ਵਰਤਮਾਨ ਪੰਥਕ ਸਰੋਕਾਰਾਂ ਤੇ ਹੋਵੇਗਾ ਵਿਚਾਰਵਟਾਂਦਰਾ

19 ਫਰਵਰੀ 2024 : (ਭਾਈ ਰਛਪਾਲ ਸਿੰਘ) ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੂਲ ਸਿਧਾਂਤ ਨੂੰ ਸਮਰਪਿਤ ਸਿੱਖ ਸੰਸਥਾਂਵਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਵੱਲੋਂ ਸਾਕਾ ਨਨਕਾਣਾ ਸਾਹਿਬ ਅਤੇ ਪਹਿਲੀ ਸ਼ਤਾਬਦੀ ਜੈਤੋ ਮੋਰਚਾ ਸਾਲਾਨਾ ਯਾਦਗਾਰੀ ਸਮਾਗਮ 21 ਫਰਵਰੀ ਦਿਨ ਬੁੱਧਵਾਰ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਅਰਬਨ ਅਸਟੇਟ, ਗੜ੍ਹਾ ਰੋਡ, ਜਲੰਧਰ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ।

ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ) ਨੇ ਜਾਣਕਾਰੀ ਦਿੱਤੀ ਹੈ ਕਿ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸਰਦਾਰ ਨਿਰਮਲ ਸਿੰਘ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਇਸ ਪ੍ਰੋਗਰਾਮ ਵਿਚ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਮਰਪਿਤ ਸੰਸਥਾਂਵਾਂ ਅਤੇ ਵਿਦਵਾਨ ਸ਼ਖ਼ਸੀਅਤਾਂ ਵੱਲੋਂ ਸਾਕੇ ਅਤੇ ਮੋਰਚੇ ਦੀ ਰੌਸ਼ਨੀ ਵਿਚੋਂ ਵਰਤਮਾਨ ਪੰਥਕ ਸਰੋਕਾਰਾਂ ’ਤੇ ਵਿਚਾਰਾਂ ਹੋਣਗੀਆਂ। ਸੰਗਠਨ ਦੀ ਕੋਰ ਕਮੇਟੀ ਦੇ ਮੈਂਬਰ ਜਸਵਿੰਦਰ ਸਿੰਘ (ਐਡਵੋਕੇਟ ਸਾਬਕਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ), ਸ: ਪਰਮਜੀਤ ਸਿੰਘ (ਸਿੱਖ ਮਿਸ਼ਨਰੀ ਕਾਲਜ), ਸ: ਅਮਰਜੀਤ ਸਿੰਘ (ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ), ਸ: ਰਾਣਾ ਇੰਦਰਜੀਤ ਸਿੰਘ (ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ), ਸ: ਸੁਲੋਚਨਬੀਰ ਸਿੰਘ (ਗਿਆਨ ਪਰਗਾਸ ਟਰੱਸਟ) ਅਤੇ ਡਾ: ਖੁਸ਼ਹਾਲ ਸਿੰਘ (ਕੇਂਦਰੀ ਸ੍ਰੀ ਗੁਰੂ ਸਿੰਘ ਸਭਾ) ਨੇ ਸੰਗਤਾਂ ਨੂੰ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਅਪੀਲ ਕੀਤੀ ਹੈ।

ਨਵਾਂ ਵਰ੍ਹਾ – ਔਰਤਾਂ ਲਈ ਨਵਾਂ ਕੀ ?

0

ਨਵਾਂ ਵਰ੍ਹਾਔਰਤਾਂ ਲਈ ਨਵਾਂ ਕੀ ?

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- 0175-2216783

ਸੰਨ 2017 ਵਿਚ 86,001 ਕੇਸਾਂ ਵਿਚ ਭਾਰਤ ਵਿਚ ਔਰਤਾਂ ਦੀ ਬੇਪਤੀ ਜਾਂ ਬੇਇਜ਼ਤੀ ਕਰਨ ਦੇ ਕੇਸ ਸਾਮ੍ਹਣੇ ਆਏ। ਸੰਨ 2021 ਵਿਚ ਇਹ ਗਿਣਤੀ 89,200 ਕੇਸਾਂ ਤੱਕ ਪਹੁੰਚ ਗਈ। ਇਨ੍ਹਾਂ ਵਿੱਚੋਂ ਬੇਪਤੀ ਕਰਨ ਵਾਲਿਆਂ ਵਿੱਚੋਂ 2 ਫੀਸਦੀ ਔਰਤਾਂ ਸਨ ਅਤੇ 98 ਫੀਸਦੀ ਮਰਦ।

ਧਾਰਾ 354 ਵਿਚ ਸ਼ਾਮਲ ਤੱਥ :-

  1. ਬੇਪਤੀ ਕਿਸੇ ਔਰਤ ਦੀ ਹੋਈ ਹੋਵੇ।
  2. ਬੇਪਤੀ ਕਰਨ ਵਾਲਾ ਆਪਣਾ ਪੂਰਾ ਜ਼ੋਰ ਅਤੇ ਰੁਤਬਾ ਵਰਤ ਰਿਹਾ ਹੋਵੇ।
  3. ਔਰਤ ਨੂੰ ਬੇਇਜ਼ਤੀ ਮਹਿਸੂਸ ਹੋਈ ਹੋਵੇ।

ਇਹ ਬੇਪਤੀ ਭੱਦੀ ਜ਼ਬਾਨ ਵਰਤ ਕੇ ਜਾਂ ਜ਼ੋਰ ਜ਼ਬਰਦਸਤੀ ਨਾਲ ਕੀਤੀ ਜਾ ਸਕਦੀ ਹੈ। ਚਾਰ ਦਸੰਬਰ 2023 ਨੂੰ ਜਾਰੀ ਹੋਈ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਅਨੁਸਾਰ ਸੰਨ 2022 ਵਿਚ 31.4 ਫੀਸਦੀ ਔਰਤਾਂ ਵੱਲੋਂ ਮਾਰ ਕੁਟਾਈ ਸਹਿਣ ਸੰਬੰਧੀ, ਜੋ ਰਿਪੋਰਟਾਂ ਦਰਜ ਹੋਈਆਂ, ਉਹ ਜਾਂ ਤਾਂ ਪਤੀ ਵੱਲੋਂ ਜਾਂ ਉਸ ਦੇ ਰਿਸ਼ਤੇਦਾਰਾਂ ਵੱਲੋਂ ਔਰਤ ਦੀ ਮਾਰ ਕੁਟਾਈ ਦੀਆਂ ਕੀਤੀਆਂ ਗਈਆਂ, 19.2 ਫੀਸਦੀ ਉਧਾਲੇ ਜਾਂ ਚੁੱਕੇ ਜਾਣ ਦੀਆਂ, 18.7 ਫੀਸਦੀ ਔਰਤ ਦੀ ਬੇਪਤੀ ਦੀਆਂ ਅਤੇ 7.1 ਫੀਸਦੀ ਬਲਾਤਕਾਰ ਦੀਆਂ ਸ਼ਿਕਾਇਤਾਂ ਉੱਤੇ ਰਿਪੋਰਟਾਂ ਦਰਜ ਕੀਤੀਆਂ ਗਈਆਂ।

ਅਜਿਹੀਆਂ 4.45 ਲੱਖ ਐਫ.ਆਈ.ਆਰ. ਸੰਨ 2022 ਵਿਚ ਦਰਜ ਕੀਤੀਆਂ ਗਈਆਂ, ਜੋ ਅਸਲ ਨਾਲੋਂ ਲਗਭਗ 60 ਗੁਣਾ ਘੱਟ ਸਨ ਕਿਉਂਕਿ ਪੂਰੇ ਕੇਸ ਸ਼ਿਕਾਇਤ ਕਰਨ ਪਹੁੰਚੇ ਹੀ ਨਹੀਂ ਤੇ ਕੁੱਝ ਨੂੰ ਜ਼ੋਰ ਜ਼ਬਰਦਸਤੀ ਚੁੱਪ ਕਰਵਾ ਦਿੱਤਾ ਗਿਆ।

ਭਾਰਤ ਸਰਕਾਰ ਮੰਨ ਚੁੱਕੀ ਹੈ ਕਿ ਜੇ ਔਰਤਾਂ ਪ੍ਰਤੀ ਹੁੰਦੇ ਜੁਰਮਾਂ ਬਾਰੇ ਰਿਕਾਰਡ ਅਨੁਸਾਰ ਵੇਖੀਏ ਤਾਂ 51 ਐਫ.ਆਈ.ਆਰ. ਪ੍ਰਤੀ ਘੰਟਾ ਦਰਜ ਹੋ ਰਹੀਆਂ ਹਨ। ਪ੍ਰਤੀ ਲੱਖ ਲੋਕਾਂ ਵਿੱਚੋਂ 268 ਔਰਤਾਂ ਭਾਰੀ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਨੂੰ ਕਾਨੂੰਨ ਜਾਂ ਪੁਲਿਸ ਵੱਲੋਂ ਨਿਆਂ ਨਸੀਬ ਨਹੀਂ ਹੋਇਆ।

ਔਰਤਾਂ ਪ੍ਰਤੀ ਹੁੰਦੇ ਜੁਰਮਾਂ ਲਈ ਪੂਰੇ ਭਾਰਤ ਵਿੱਚੋਂ ਪਹਿਲੇ ਨੰਬਰ ਉੱਤੇ ਦਿੱਲੀ ਨੂੰ ਰੱਖਿਆ ਗਿਆ ਹੈ, ਜਿੱਥੇ 14,247 ਕੇਸ ਰਿਪੋਰਟ ਹੋਏ ਜੋ ਬਾਕੀ ਭਾਰਤ ਦੇ ਔਸਤਨ 66.4 ਦੀ ਥਾਂ 144.4 ਪ੍ਰਤੀ ਲੱਖ ਸਨ।

ਜਨਗਣਨਾ ਦੇ ਹਿਸਾਬ ਨਾਲ ਉੱਤਰ ਪ੍ਰਦੇਸ ਵਿਚ 66,743 ਕੇਸ, ਮਹਾਰਾਸ਼ਟਰ ਵਿਚ 43,331 ਕੇਸ, ਰਾਜਸਥਾਨ 45,058, ਬੰਗਾਲ, 34,738 ਅਤੇ ਮੱਧ ਪ੍ਰਦੇਸ਼ ਵਿਚ 32,765 ਕੇਸ। ਇਨ੍ਹਾਂ ਪੰਜਾਂ ਸੂਬਿਆਂ ਵਿਚਲੇ ਕੇਸ ਮਿਲਾ ਲਈਏ ਤਾਂ 2,23,635 ਔਰਤਾਂ ਉੱਤੇ ਜ਼ੁਲਮ ਹੋਏ, ਜੋ ਪੂਰੇ ਭਾਰਤ ਵਿਚਲੇ ਕੁੱਲ ਰਿਪੋਰਟ ਹੋਏ ਕੇਸਾਂ ਦਾ 50.2 ਫੀਸਦੀ ਹਿੱਸਾ ਬਣ ਜਾਂਦਾ ਹੈ। ਇਸ ਨੂੰ ਜੇ ਪ੍ਰਤੀ ਲੱਖ ਜਨਸੰਖਿਆ ਦੇ ਹਿਸਾਬ ਨਾਲ ਵੰਡੀਏ ਤਾਂ ਦਿੱਲੀ 144.4, ਹਰਿਆਣਾ 118.7, ਤੇਲੰਗਾਨਾ 117, ਰਾਜਸਥਾਨ 115.1, ਉੜੀਸਾ 103, ਆਂਧਰ ਪ੍ਰਦੇਸ 96.2, ਅੰਡਾਮਨ ਨਿਕੋਬਾਰ 93.7, ਕੇਰਲ 82, ਆਸਾਮ 81, ਮੱਧ ਪ੍ਰਦੇਸ 78.8, ਉਤਰਾਖੰਡ 77, ਮਹਾਰਾਸ਼ਟਰ 75.1, ਬੰਗਾਲ 71.8 ਅਤੇ ਉੱਤਰ ਪ੍ਰਦੇਸ 58.6 ਬਣ ਜਾਂਦੇ ਹਨ। ਐਸਾ ਜੁਰਮ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਕਿਉਂਕਿ ਸੰਨ 2020 ਵਿਚ 3,71,503 ਕੇਸ ਸਨ, ਜੋ ਸੰਨ 2021 ਵਿਚ 4,28,278 ਕੇਸ ਹੋ ਗਏ।

ਇਨ੍ਹਾਂ ਵਿੱਚੋਂ ਕੰਮ ਕਾਰ ਵਾਲੀ ਥਾਂ ਜਾਂ ਉੱਚੇ ਅਹੁਦਿਆਂ ਉੱਤੇ ਬੈਠੀਆਂ ਔਰਤਾਂ ਨਾਲ ਹੁੰਦੀ ਜਿਨਸੀ ਛੇੜਛਾੜ ਬਹੁਤੀ ਵਾਰ ਬਾਹਰ ਕੱਢੀ ਹੀ ਨਹੀਂ ਜਾਂਦੀ। ਜ਼ਿਆਦਾਤਰ ਔਰਤ ਆਪਣਾ ਅਹੁਦਾ ਬਰਕਰਾਰ ਰੱਖਣ, ਸਮਾਜਿਕ ਸ਼ਰਮ ਜਾਂ ਤਰੱਕੀ ਲੈਣ ਦੇ ਚੱਕਰ ਵਿਚ ਫਸ ਕੇ ਚੁੱਪ ਰਹਿੰਦੀ ਹੈ। ਕੁੱਝ ਔਰਤਾਂ ਆਪ ਹੀ ਉੱਚੇ ਅਹੁਦੇ ਉੱਤੇ ਬੈਠੇ ਮਰਦ ਨਾਲ ਤਾਕਤ ਦਾ ਆਨੰਦ ਮਾਨਣ ਲਈ ਸਰੀਰਕ ਸੰਬੰਧ ਕਾਇਮ ਕਰ ਲੈਂਦੀਆਂ ਹਨ ਤੇ ਫਿਰ ਵਕਤ ਨਿਕਲ ਜਾਣ ਉੱਤੇ ਝੂਠੇ ਇਲਜ਼ਾਮ ਲਾ ਦਿੰਦੀਆਂ ਹਨ।

ਗੱਲ ਕਰੀਏ ਸੰਨ 2023 ਦੀ ! ਨੌਂ ਦਸੰਬਰ 2023, ਦੀ ਰਾਤ ਨੂੰ ਇਕ 19 ਸਾਲਾ ਗ਼ਰੀਬ ਬੇਟੀ ਆਪਣੇ ਮਾਮੇ ਕੋਲ ਨੌਕਰੀ ਲੈਣ ਲਈ ਕਾਨਪਰ ਤੋਂ ਜੈਪੁਰ ਬਸ ਰਾਹੀਂ ਗਈ। ਰਾਹ ਵਿਚ ਚਲਦੀ ਬੱਸ ਵਿਚ ਹੀ ਕੰਡਕਟਰ ਨੇ ਉਸ ਨੂੰ ਲੇਟਣ ਵਾਲੀ ਸੀਟ ਉੱਤੇ ਆਰਾਮ ਕਰਨ ਲਈ ਕਿਹਾ।

ਬੇਟੀ ਨੇ ਟਿਕਟ ਮਹਿੰਗੀ ਹੋਣ ਕਾਰਨ ਸਿਰਫ਼ ਬੈਠਣ ਦੀ ਸੀਟ ਹੀ ਬੁੱਕ ਕੀਤੀ ਸੀ। ਕੰਡਕਟਰ ਨੇ ਆਪਣੀ ਕੇਬਿਨ ਵਿਚ ਲੱਗੇ ਬਿਸਤਰੇ ਉੱਤੇ ਉਸ ਨੂੰ ਕੁੱਝ ਦੇਰ ਆਰਾਮ ਕਰਨ ਲਈ ਕਿਹਾ ਕਿ ਉਹ ਤਾਂ ਬਾਹਰ ਹੀ ਬੈਠਾ ਹੈ। ਜਿਉਂ ਹੀ ਬੇਟੀ ਸੌਂ ਗਈ, ਵਾਰੋ ਵਾਰੀ ਦੋ ਡਰਾਈਵਰਾਂ ਅਤੇ ਕੰਡਕਟਰ ਨੇ ਉੱਚੀ ਗਾਣੇ ਲਾ ਕੇ, ਲੜਕੀ ਦਾ ਮੂੰਹ ਘੁੱਟ ਕੇ ਬੰਦ ਕਰ ਉਸ ਨਾਲ ਸਮੂਹਕ ਬਲਾਤਕਾਰ ਕਰ ਦਿੱਤਾ। ਸਾਰੀਆਂ ਸਵਾਰੀਆਂ ਅੱਧੀ ਰਾਤ ਹੋਣ ਕਾਰਨ ਘੂਕ ਸੁੱਤੀਆਂ ਰਹੀਆਂ। ਸਵੇਰੇ ਜੈਪੁਰ ਪਹੁੰਚ ਕੇ ਜਦੋਂ ਬੇਟੀ ਥੱਲੇ ਉਤਰੀ ਤਾਂ ਉਸ ਨੇ ਆਪਣੇ ਮਾਮੇ ਨੂੰ ਦੱਸਿਆ। ਉਸ ਤੋਂ ਬਾਅਦ ਹੀ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਤੇ ਇਹ ਮਾਮਲਾ ਮੀਡੀਆ ਦੀ ਨਜ਼ਰੀਂ ਆਇਆ।

ਨਿੱਕੀਆਂ ਬੱਚੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਭਾਵੇਂ ਬਹੁਤ ਜ਼ਿਆਦਾ ਹਨ, ਪਰ ਉਹ ਲੋਕਾਂ ਦੀਆਂ ਨਜ਼ਰਾਂ ਵਿਚ ਘੱਟ ਹੀ ਆਉਂਦੇ ਹਨ ਕਿਉਂਕਿ ਕੋਈ ਸ਼ਿਕਾਇਤ ਕਰਤਾ ਹੁੰਦਾ ਹੀ ਨਹੀਂ। ਜ਼ਿਆਦਾ ਮਾਮਲਿਆਂ ਵਿਚ ਘਰ ਦਾ ਹੀ ਕੋਈ ਰਿਸ਼ਤੇਦਾਰ ਜਾਂ ਜਾਣਕਾਰ ਇਹ ਕਾਰਾ ਕਰਦਾ ਲੱਭਦਾ ਹੈ। ਫਿਰ ਇਸ ਸ਼ੋਸ਼ਣ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ ਅਤੇ ਨਾਬਾਲਗ ਧੀ ਮਾਨਸਿਕ ਰੋਗੀ ਬਣ ਕੇ ਰਹਿ ਜਾਂਦੀ ਹੈ।

ਆਮ ਹੀ ਅਜਿਹੇ ਕੇਸ ਸੁਣਨ ਤੋਂ ਬਾਅਦ ਇਹ ਕਹਿ ਦਿੱਤਾ ਜਾਂਦਾ ਹੈ ਕਿ ਔਰਤ ਦਾ ਸਸ਼ਕਤੀਕਰਨ ਹੀ ਇਸ ਦਾ ਇਲਾਜ ਹੈ ! ਜੇ ਔਰਤ ਆਪ ਉੱਚੇ ਅਹੁਦੇ ਉੱਤੇ ਹੋਵੇ ਜਾਂ ਕਾਨੂੰਨ ਅਤੇ ਨਿਆਂ ਕਰਨ ਵਾਲਿਆਂ ਵਿਚ ਸ਼ਾਮਲ ਹੋਵੇ ਤਾਂ ਉਹ ਆਪਣੀ ਜਿਨਸ ਨੂੰ ਬਚਾ ਸਕਦੀ ਹੈ, ਪਰ ਇਸ ਖ਼ਬਰ ਬਾਰੇ ਕੀ ਕਹਿਣਾ ਚਾਹੋਗੇ ! ਸੰਨ 2014 ਵਿਚ ਖ਼ਬਰ ਛਪੀ ਕਿ ਉੁੱਤਰ ਪ੍ਰਦੇਸ ਵਿਚ ਇਕ ਮਹਿਲਾ ਜੱਜ ਨੂੰ ਜਬਰੀ ਨਸ਼ਾ ਦੇ ਕੇ ਉਸ ਦੇ ਸਰਕਾਰੀ ਮਕਾਨ ਅੰਦਰ ਹੀ ਉਸ ਦਾ ਸਮੂਹਕ ਬਲਾਤਕਾਰ ਕੀਤਾ ਗਿਆ। ਉਸ ਦੇ ਸਰੀਰ ਉੱਤੇ ਅਣਗਿਣਤ ਡੂੰਘੇ ਜ਼ਖ਼ਮ ਲੱਭੇ ਗਏ।

ਇਸ ਕਾਰੇ ਤੋਂ ਦੋ ਦਿਨ ਪਹਿਲਾਂ ਬਦੌਣ ਵਿਖੇ ਦੋ ਨਾਬਾਲਗ ਭੈਣਾਂ ਦਾ ਸਮੂਹਕ ਬਲਾਤਕਾਰ ਕਰ ਕਤਲ ਕਰ ਦੇਣ ਦੀ ਘਟਨਾ ਨੇ ਸਾਰੇ ਭਾਰਤ ਵਾਸੀਆਂ ਨੂੰ ਸ਼ਰਮਸਾਰ ਕਰ ਦਿੱਤਾ ਸੀ। ਕਾਰਨ ਇਹ ਸੀ ਕਿ ਜਿਸ ਬੇਹੂਦਗੀ ਨਾਲ ਉਨ੍ਹਾਂ ਧੀਆਂ ਨੂੰ ਮਾਰਿਆ ਗਿਆ ਸੀ, ਉਹ ਤਾਂ ਦਿਲ ਕੰਬਾਊ ਹੈ ਹੀ ਸੀ, ਪਰ ਉਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਦਰਖਤ ਉੱਤੇ ਟੰਗ ਦਿੱਤਾ ਗਿਆ ਸੀ। ਲਾਸ਼ਾਂ ਵਿੱਚੋਂ ਥੱਲੇ ਚੋਂਦੇ ਲਹੂ ਦੀਆਂ ਬੂੰਦਾਂ ਦਾ ਭਾਰ ਧਰਤੀ ਵੀ ਝੱਲਣ ਤੋਂ ਅਸਮਰਥ ਜਾਪਦੀ ਸੀ।

ਨਿਰਭਯਾ ਕਾਂਡ ਹੋਵੇ ਜਾਂ ਜੈਸਿਕਾ ਲਾਲ ਕਤਲ ਜਾਂ ਨੈਨਾ ਨੂੰ ਤੰਦੂਰ ਵਿਚ ਭੁੰਨ ਦੇਣ ਦੀ ਗੱਲ ਹੋਵੇ, ਇਨ੍ਹਾਂ ਮਾਮਲਿਆਂ ਵਿਚ ਕਦੇ ਵੀ ਕਮੀ ਨਹੀਂ ਆਈ, ਭਾਵੇਂ ਭਾਰਤ ਵਿਚ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਤੱਕ ਦੇ ਅਹੁਦਿਆਂ ਉੱਤੇ ਔਰਤ ਬਿਰਾਜਮਾਨ ਰਹੀ ਹੋਵੇ !

ਤਾਜ਼ੀ ਘਟਨਾ ਔਰਤ ਦੀ ਲਾਚਾਰਗੀ ਦੀ ਸਪਸ਼ਟ ਤਸਵੀਰ ਸਾਮ੍ਹਣੇ ਰੱਖ ਦਿੰਦੀ ਹੈ। ਕੇਰਲ ਵਿਖੇ ਵਕੀਲ ਮਨੂ ਬਾਰੇ ਜੋ ਸ਼ਿਕਾਇਤ ਦਰਜ ਕੀਤੀ ਗਈ, ਉਸ ਅਨੁਸਾਰ ਉਸ ਨੇ ਬਲਾਤਕਾਰ ਪੀੜਤ ਮਹਿਲਾ ਦਾ ਕੇਸ ਲੜਨ ਦੌਰਾਨ ਤਿੰਨ ਵਾਰ ਉਸ ਦਾ ਜਬਰਜ਼ਨਾਹ ਕੀਤਾ, ਜਿਸ ਵਿਚ ਦੋ ਵਾਰ ਕੋਰਟ ਅੰਦਰਲੇ ਆਪਣੇ ਹੀ ਕਮਰੇ ਵਿਚ  ! ਜਦੋਂ ਸ਼ਿਕਾਇਤ ਦਰਜ ਹੋ ਗਈ ਤਾਂ ਉਸ ਨੇ ਹੱਥ ਜੋੜ ਕੇ ਮਹਿਲਾ ਕੋਲ ਜਾ ਕੇ ਬੇਨਤੀ ਕੀਤੀ ਕਿ ਉਹ ਸ਼ਿਕਾਇਤ ਵਾਪਸ ਲੈ ਲਵੇ, ਕਿਉਂਕਿ ਉਸ ਦੀ ਜੱਜ ਬਣਨ ਦੀ ਵਾਰੀ ਆ ਚੱਲੀ ਹੈ ! ਸੋਚ ਕੇ ਵੇਖੀਏ ਕਿ ਇਹੋ ਜਿਹੇ ਲੋਕ ਜੱਜ ਬਣ ਕੇ ਅੱਗੋਂ ਕੀ ਨਿਆਂ ਕਰ ਸਕਦੇ ਹਨ !

ਲੁਧਿਆਣੇ ਵਿਖੇ (24 ਜੂਨ 2022 ਦੀ ਖ਼ਬਰ ਹੈ) 32 ਸਾਲਾ ਵਕੀਲ ਨੂੰ ਉਸ ਦੇ ਪਤੀ ਦੇ ਦੋਸਤ ਨੇ ਹੀ ਕੋਲਡ ਡਰਿੰਕ ਵਿਚ ਨਸ਼ਾ ਰਲਾ ਕੇ ਬੇਹੋਸ਼ ਕਰ ਕੇ ਆਪਣੇ ਸਾਥੀਆਂ ਨਾਲ ਸਮੂਹਕ ਬਲਾਤਕਾਰ ਕਰ ਕੇ ਵੀਡੀਓ ਬਣਾ ਲਈ। ਹੁਣ ਤਾਂ ਹੱਦ ਹੀ ਹੋ ਗਈ ਕਿ ਭਾਰਤ ਦੀ ਇਕ ਜੱਜ ਇੱਛਾ ਮੌਤ ਤੱਕ ਮੰਗਣ ਲੱਗ ਪਈ ਹੈ।

ਕਾਰਨ  ?

ਉਹ ਆਪਣੇ ਆਪ ਨੂੰ ਜ਼ਿੰਦਾ ਲਾਸ਼ ਤੋਂ ਵੱਧ ਕੁੱਝ ਮੰਨ ਹੀ ਨਹੀਂ ਰਹੀ। ਚੀਫ ਜਸਟਿਸ ਚੰਦਰਚੂੜ ਜੀ ਨੂੰ ਲਿਖੇ ਪੱਤਰ ਵਿਚ ਉਸ ਨੇ ਸਪਸ਼ਟ ਕੀਤਾ ਹੈ ਕਿ ਮੈਂ ਇਸ ਉੱਚੀ ਪਦਵੀ ਉੱਤੇ ਰਹਿ ਕੇ ਵੀ ਔਰਤ ਹੋਣ ਦੇ ਨਾ ਤੇ ਕੂੜੇ ਦੇ ਢੇਰ ਤੋਂ ਵੱਧ ਕੁੱਝ ਮੰਨੀ ਹੀ ਨਹੀਂ ਗਈ। ਉਸ ਨੂੰ ਹੋਰ ਸਾਥੀ ਅਤੇ ਉੱਪਰਲੇ ਜੱਜਾਂ ਨੇ ਰਾਤਾਂ ਨੂੰ ਮੀਟਿੰਗਾਂ ਵਾਸਤੇ ਸੱਦ ਕੇ, ਰੱਜ ਕੇ ਸਰੀਰਕ ਸ਼ੋਸ਼ਣ ਕੀਤਾ, ਜਿਸ ਦੀ ਕਿਤੇ ਸੁਣਵਾਈ ਨਹੀਂ ਹੋਈ !

ਉਸ ਨੇ ਬਾਕੀ ਔਰਤਾਂ ਲਈ ਵੀ ਸੁਨੇਹਾ ਛੱਡਿਆ ਹੈ ਕਿ ਤੁਸੀਂ ਵੀ ਕਿਤੋਂ ਨਿਆਂ ਦੀ ਉਮੀਦ ਨਾ ਰੱਖਿਓ ! ਜਿੱਥੇ ਭਾਰੀ ਗਿਣਤੀ ਜੱਜ ਹੀ ਬਲਾਤਕਾਰੀਏ ਹੋਣ ਤੇ ਔਰਤ ਜੱਜ ਵੀ ਸ਼ਿਕਾਰ ਬਣ ਰਹੀ ਹੋਵੇ, ਤਾਂ ਕਿਸ ਕੋਲੋਂ ਨਿਆਂ ਮੰਗਿਆ ਜਾ ਸਕਦਾ ਹੈ ? ਇਹ ਸੁਨੇਹਾ ਆਪਣੇ ਆਪ ਵਿਚ ਬਹੁਤ ਵੱਡਾ ਤੇ ਸਪਸ਼ਟ ਹੈ। ਨਿਤ ਵਧਦੇ ਜਾਂਦੇ ਔਰਤਾਂ ਪ੍ਰਤੀ ਜੁਰਮ ਕੁੱਝ ਗੱਲਾਂ ਸਪਸ਼ਟ ਕਰ ਰਹੇ ਹਨ :-

  1. ਔਰਤ ਨੂੰ ਸ਼ਕਤੀ ਦਾ ਪ੍ਰਤੀਕ ਜ਼ਰੂਰ ਮੰਨਿਆ ਜਾ ਰਿਹਾ ਹੈ, ਪਰ ਉਨ੍ਹਾਂ ਨੂੰ ਧਾਰਮਿਕ ਥਾਵਾਂ ਅੰਦਰ ਕੈਦ ਕਰ ਕੇ ਪੈਸੇ ਕਮਾਉਣ ਦੇ ਜ਼ਰੀਆ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ ਕਿਉਂਕਿ ਧਾਰਮਿਕ ਥਾਵਾਂ ਅੰਦਰ ਵੀ ਔਰਤ ਦੀ ਪੱਤ ਲੁੱਟੇ ਜਾਣ ਦੀਆਂ ਖ਼ਬਰਾਂ ਨਸ਼ਰ ਹੋ ਚੁੱਕੀਆਂ ਹਨ।
  2. ਹੱਕਾਂ ਬਾਰੇ ਆਵਾਜ਼ ਚੁੱਕਦੀ ਔਰਤ ਨੂੰ ਚਰਿੱਤਰਹੀਣ, ਚੁੜੈਲ, ਮਾਨਸਿਕ ਰੋਗੀ ਆਦਿ ਕਹਿ ਕੇ ਸਮਾਜਿਕ ਰੱਸਿਆਂ ਵਿਚ ਜਕੜ ਕੇ ਉਸ ਨੂੰ ਇਕੱਲਾ ਕਰ ਕੇ, ਉਸ ਦੇ ਹੱਕ ਵਿਚ ਉੱਠਦੀ ਹਰ ਆਵਾਜ਼ ਦੱਬ ਕੇ, ਮਰਨ ਲਈ ਛੱਡ ਦਿੱਤਾ ਜਾਂਦਾ ਹੈ।
  3. ਜ਼ਾਲਮ ਨੂੰ ਰਾਜਸੀ ਤਾਕਤ ਦੇ ਕੇ, ਆਪਣਾ ਆਗੂ ਮੰਨਣ ਦਾ ਰਿਵਾਜ਼ ਪਾ ਦਿੱਤਾ ਗਿਆ ਹੈ ਤਾਂ ਜੋ ਚੁਫ਼ੇਰੇ ਭੈਅ ਦਾ ਰਾਜ ਬਣੇ।
  4. ਨਿਆਂ ਪ੍ਰਣਾਲੀ ਕਮਜ਼ੋਰ ਕਰ ਕੇ ਪੂਰੀ ਉਮਰ ਕੋਰਟਾਂ ਦੇ ਧੱਕੇ ਖਾਂਦਿਆਂ ਮਾਨਸਿਕ ਤੌਰ ਉੱਤੇ ਲੋਕਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ।
  5. ਬਥੇਰੇ ਜ਼ੁਲਮ ਵਿਰੁੱਧ ਆਵਾਜ਼ ਚੁੱਕਣ ਵਾਲੇ ਤਾ-ਉਮਰ ਕੈਦਖ਼ਾਨਿਆਂ ਵਿਚ ਧੱਕ ਦਿੱਤੇ ਜਾਂਦੇ ਹਨ।
  6. ਆਪਸੀ ਵੈਰ ਭਾਵ ਜਗਾ ਕੇ, ਮਨਾਂ ਵਿਚ ਇੱਕ ਦੂਜੇ ਲਈ ਨਫ਼ਰਤ ਭਰ ਕੇ, ਆਮ ਲੋਕਾਂ ਵਿਚ ਫੁੱਟ ਪਾ ਕੇ, ਉਨ੍ਹਾਂ ਨੂੰ ਆਸਾਨ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਜਿਸ ਵਿਚ ਉਨ੍ਹਾਂ ਦੀਆਂ ਧੀਆਂ ਭੈਣਾਂ ਦੀਆਂ ਕਦਰਾਂ ਉੱਕਾ ਹੀ ਮੁਕਾ ਦਿੱਤੀਆਂ ਗਈਆਂ ਹਨ ਤੇ ਧੀਆਂ ਦੇ ਰਾਖੇ ਬਣਨ ਵਾਲੇ ਬਚੇ ਹੀ ਨਹੀਂ। ਪੁਲਿਸ ਕਰਮੀ ਵੀ ਆਪਣੀ ਧੀ ਦੀ ਪਤ ਬਚਾਉਣ ਗਿਆ ਤਾਂ ਜ਼ਾਲਮਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ।
  7. ਔਰਤ ਨੂੰ ਸਿਰਫ਼ ਅਹੁਦਿਆਂ ਦਾ ਸ਼ਿੰਗਾਰ ਹੀ ਬਣਾਇਆ ਜਾਂਦਾ ਹੈ, ਪਰ ਤਾਕਤ ਵਿਹੂਣੀ ਬਣਾ ਕੇ !
  8. ਔਰਤਾਂ ਦੇ ਥਾਣਿਆਂ ਵਿਚ ਵੀ ਔਰਤ ਅਫ਼ਸਰਾਂ ਦੇ ਉੱਤੇ ਬੈਠੇ ਮਰਦ ਅਫਸਰ ਜ਼ੁਲਮ ਜਾਂ ਘਰੇਲੂ ਹਿੰਸਾ ਸਹਿੰਦੀ ਔਰਤ ਦੇ ਹੱਕ ਵਿਚ ਆਵਾਜ਼ ਚੁੱਕਣ ਦੀ ਥਾਂ ਆਪਸੀ ਸਮਝੌਤਾ ਕੇਂਦਰ ਕਰਾਉਣ ਨੂੰ ਤਰਜੀਹ ਦਿੰਦੇ ਹਨ, ਜਿੱਥੇ ਔਰਤ ਨੂੰ ਦਿੱਤੇ ਜਾਂਦੇ ਕਾਨੂੰਨੀ ਹੱਕ ਦਰਕਿਨਾਰ ਕਰਕੇ ਉਸੇ ਘਰ ਵਿਚ ਮਰਨ ਤੱਕ ਪਤੀ ਵੱਲੋਂ ਮਾਰ ਕੁਟਾਈ ਸਹਿੰਦੀ ਰਹਿਣ ਲਈ ਧੱਕਿਆ ਜਾ ਰਿਹਾ ਹੈ।

ਇਸ ਸਾਰੇ ਵਰਤਾਰੇ ਨੂੰ ਵੇਖਦੇ, ਕੋਈ ਦੱਸਣ ਦੀ ਹਿਮਾਕਤ ਤਾਂ ਕਰੇ ਕਿ ਹੁਣ ਔਰਤ ਲਈ ਭਾਰਤ ਵਿਚ ਕਿਹੜੀ ਥਾਂ, ਹਿੱਕ ਤਾਣ ਕੇ, ਸੁਰੱਖਿਅਤ ਕਹਿ ਸਕਦੇ ਹੋ ? ਜੇ ਨਹੀਂ, ਤਾਂ ਕੀ ਇੱਕੋ ਰਾਹ ਬਚਿਆ ਹੈ-ਔਰਤ ਦੇ ਕੁੱਖੋਂ ਮਰਦ ਦੀ ਪੈਦਾਇਸ਼ ਹੋਣੀ ਬੰਦ ਹੋ ਜਾਏ ?

ਹਾਲੇ ਵੀ ਜੇ ਅਣਖੀ ਲੋਕ ਆਪਣੀ ਚੁੱਪੀ ਤੋੜ ਕੇ ਮੌਜੂਦਾ ਹਾਲਾਤ ਨੂੰ ਵੇਲੇ ਸਿਰ ਸਮਝ ਕੇ ਇਕਜੁੱਟ ਹੋ ਜਾਣ, ਤਾਂ ਆਉਣ ਵਾਲਾ ਸਮਾਂ ਸਹੀ ਕੀਤਾ ਜਾ ਸਕਦਾ ਹੈ ! ਉਮੀਦ ਉੱਤੇ ਦੁਨੀਆ ਖੜ੍ਹੀ ਹੈ ! ਔਰਤ ਨੂੰ ਕਦੇ ਤਾਂ ਇਸ਼ਤਿਹਾਰਾਂ ਵਿਚ ਸ਼ੈਅ ਵਿਖਾਉਣੀ ਬੰਦ ਕਰ ਕੇ ਰਿਸ਼ਤਿਆਂ ਦੇ ਨਿੱਘ ਦਾ ਆਧਾਰ ਮੰਨਣਾ ਸ਼ੁਰੂ ਕਰਕੇ ਘਰ ਵਿਚ ਸਹੀ ਅਰਥਾਂ ਵਿਚ ਬਰਾਬਰੀ ਦਾ ਦਰਜਾ ਮਿਲਣਾ ਚਾਹੀਦਾ ਹੈ !

‘ੴ’ ਦੀ ਪ੍ਰਮਾਣਿਤ ਬਣਤਰ ’ਚ ਆ ਚੁੱਕੀਆਂ ਉਕਾਈਆਂ

0

ਦੀ ਪ੍ਰਮਾਣਿਤ ਬਣਤਰ ਚੁੱਕੀਆਂ ਉਕਾਈਆਂ

ਪ੍ਰੋਫ਼ੈਸਰ ਮਨਮੋਹਨ ਸਿੰਘ (ਕੈਨੇਡਾ)

ਗੁਰਬਾਣੀ ਦਾ ਪਹਿਲਾ ਸ਼ਬਦ ਹੈ ‘ੴ’, ਜੋ ਗੁਰਬਾਣੀ ਅੰਦਰ 568 ਵਾਰ ਦਰਜ ਹੈ। ਗੁਰਬਾਣੀ ਦੇ ਇਸ ਅਰੰਭਕ ਸ਼ਬਦ ਦੇ ਅਰਥ ਅਤੇ ਉਚਾਰਨ ਬਾਰੇ ਅਕਸਰ ਸਿੱਖਾਂ ਅੰਦਰ ਆਮ ਰਾਇ ਨਹੀਂ ਹੈ। ਇਸ ਦਾ ਪ੍ਰਚਲਿਤ ਅਤੇ ਸਹੀ ਉਚਾਰਨ ‘ਇੱਕ ਓਅੰਕਾਰ’ ਹੈ ਕਿਉਂਕਿ ਅੰਕ ‘੧’ ਗਣਿਤ ਦਾ ਪਹਿਲਾ ਅੱਖਰ (ਇੱਕ) ਹੈ ਅਤੇ ‘ੳ’ ਵਰਣਮਾਲਾ ਦਾ ਪਹਿਲਾ ਅੱਖਰ ਹੈ, ਜੋ ਸਵਰ ਹੈ। ਗੁਰਮੁਖੀ ਲਿਪੀ ਵਿੱਚ ਤਿੰਨ ਅੱਖਰ (ੳ, ਅ, ੲ) ਸਵਰ ਧੁਨੀ ਦਿੰਦੇ ਹਨ ਅਤੇ ਬਾਕੀ 32 ਅੱਖਰ (ਸ ਤੋਂ ੜ ਤੱਕ) ਵਿਅੰਜਨ ਧੁਨੀ ਵਾਲ਼ੇ ਹਨ। ਇਨ੍ਹਾਂ ਨੂੰ ਉਚਾਰਦਿਆਂ ਮੂੰਹ ਵਿੱਚੋਂ ਬੁੱਲ, ਨੱਕ, ਤਾਲੂਆ, ਦੰਦ ਆਦਿਕ ਭੀ ਸਹਿਯੋਗ ਕਰਦੇ ਹਨ, ਪਰ ਸਵਰ ਅੱਖਰ ਉਹ ਧੁਨੀ ਹੈ, ਜਿਸ ਨੂੰ ਉਚਾਰਨ ਸਮੇਂ ਫੇਫੜਿਆਂ ਦੀ ਹਵਾ ਸਿੱਧੀ ਗਲੇ ਵਿੱਚੋਂ ਆਰ-ਪਾਰ ਹੁੰਦੀ ਹੋਈ ਆਪਣੀ ਸਵਰ ਧੁਨੀ ਪ੍ਰਗਟਾਅ ਜਾਂਦੀ ਹੈ, ਨਾ ਕਿ ਮੂੰਹ ਦੀ ਕੋਈ ਹਰਕਤ ਇਸ ਧੁਨੀ ਦੇ ਉਚਾਰਨ ’ਚ ਸਹਿਯੋਗ ਕਰਦੀ ਹੈ; ਜਿਵੇਂ ਕਿ ਵਿਅੰਜਨ ਅੱਖਰ ਧੁਨੀ ਦੌਰਾਨ ਕੀਤਾ ਸੀ।

‘ੴ’ ਦਾ ਅੱਜ ਕੱਲ੍ਹ ‘ਏਕੋ’ (ਏਕ+ਓ) ਜਾਂ ‘ਏਕੰਕਾਰ’ ਉਚਾਰਨ ਭੀ ਕੀਤਾ ਜਾਣ ਲੱਗਾ ਹੈ, ਜੋ ਕਿ ਸਹੀ ਨਹੀਂ ਕਿਉਂਕਿ ‘ਏਕੋ’ ਉਚਾਰਨ ਨਾਲ਼ ਇਸ ਦੇ ਪਿੱਛੇਤਰ ਲੱਗੀ ‘ਕਾਰ’ ਦਾ ਉਚਾਰਨ ਰਹਿ ਗਿਆ ਅਤੇ ‘ਏਕੰਕਾਰ’ ਉਚਾਰਨ ਸਮੇਂ ‘ਓ’ ਦਾ ਉਚਾਰਨ ਨਹੀਂ ਹੁੰਦਾ। ਵੈਸੇ ਭੀ ਸਮਝਣਾ ਬਣਦਾ ਹੈ ਕਿ ਗੁਰਬਾਣੀ ਦੀ ਮੂਲ ਲਿਪੀ ‘ਗੁਰਮੁਖੀ’ ਹੈ। ਜਿਸ ਅੰਦਰ ਅੰਕ ‘੧’ ਨੂੰ ‘ਇੱਕ’ ਪੜ੍ਹਿਆ ਜਾਂਦਾ ਹੈ, ‘ਏਕ’ ਨਹੀਂ। ‘ਏਕ’ ਉਚਾਰਨ ਹਿੰਦੀ ਲਿਪੀ ਜਾਂ ਸੰਸਿਤ ਆਦਿਕ ਲਿਪੀਆਂ ਦਾ ਹੈ, ਨਾ ਕਿ ਗੁਰਮੁਖੀ ਦਾ।

‘ੴ’ ਦਾ ਅਰਥ ਹੈ ‘ਜਗਤ ਨੂੰ ਬਣਾਉਣ ਵਾਲ਼ਾ, ਰਿਜ਼ਕ ਦੇਣ ਵਾਲ਼ਾ ਅਤੇ ਨਾਸ ਕਰਨ ਵਾਲ਼ਾ ਇੱਕ (ਅਕਾਲ ਪੁਰਖ), ਜੋ ਇੱਕ ਰਸ ਸਰਬ ਵਿਆਪਕ ਹੈ। ਇਸ ਲਈ ‘ੴ’ ਵਾਹਿਗੁਰੂ ਜੀ ਦੀ ਹੋਂਦ ਨੂੰ ਪ੍ਰਗਟ ਕਰਨ ਵਾਲ਼ਾ ਅਹਿਮ ਸ਼ਬਦ ਹੈ। ਇਸ ਦੇ ਅਰਥ ਅਤੇ ਬਣਤਰ ਨੂੰ ਬਦਲਣ ਨਾਲ਼ ਗੁਰਮਤਿ ਦੇ ਮੁੱਢਲੇ ਸਿਧਾਂਤ ਨੂੰ ਹੀ ਨੁਕਸਾਨ ਪਹੁੰਚਦਾ ਹੈ, ਜਿਸ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ।

ਜਿਸ ਤਰ੍ਹਾਂ ‘ੴ’ ਦੇ ਉਚਾਰਨ ਅਤੇ ਅਰਥਾਂ ਵਿੱਚ ਉਕਤ ਵਿਰੋਧਾਭਾਸ ਵਿਚਾਰਿਆ ਹੈ, ਉਸੇ ਤਰ੍ਹਾਂ ਇਸ ਨੂੰ ਲਿਖਣ ਵਿੱਚ ਭੀ ਅਨੇਕਾਂ ਅੰਤਰ ਵੇਖੇ ਜਾ ਸਕਦੇ ਹਨ। ਜਿਨ੍ਹਾਂ ਨੂੰ ਜਾਣੇ ਅਣਜਾਣੇ ਜ਼ਿਆਦਾਤਰ ਸਿੱਖ ਹੀ ਵਿਆਹ, ਸ਼ਾਦੀਆਂ ਦੇ ਕਾਰਡਾਂ, ਗੁਰਦੁਆਰੇ ਦੇ ਬੋਰਡਾਂ, ਇਸਤਿਹਾਰਾਂ ਅਤੇ ਗੋਲਕਾਂ ਆਦਿ ਉੱਤੇ ਲਿਖਵਾ ਲੈਂਦੇ ਹਨ। ਆਧੁਨਿਕ ਯੁੱਗ; ਕੰਪਿਊਟਰ ਅਤੇ ਸੋਸ਼ਲ ਮੀਡੀਆ ਦਾ ਯੁੱਗ ਹੈ। ਇਸ ਸਮੇਂ ਕਈ ਅੱਖਰ ਫੌਂਟ ਵਰਤੇ ਜਾਂਦੇ ਹਨ; ਜਿਵੇਂ ਕਿ ਕਿਤਾਬਾਂ ਛਾਪਣ ਵਿੱਚ ‘ਗੁਰਬਾਣੀ ਅੱਖਰ, ਅਮਰਲਿਪੀ, ਅਨਮੋਲਲਿਪੀ, ਸਤਲੁਜ, ਅਸੀਸ’ ਆਦਿਕ ਜਦ ਕਿ ਸੋਸ਼ਲ ਮੀਡੀਆ ਉੱਤੇ ਕੋਈ ਡਾਟਾ ਅਪਲੋਡ ਕਰਨ ਲਈ ਯੂਨੀਕੋਡ (ਰਾਵੀ ਜਾਂ ਵੈੱਬ ਆਦਿ ਫੌਂਟ) ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਨਾ ਕਿ ਕੇਵਲ ਗੁਰਬਾਣੀ ਲਿਪੀ ਦੀ। ਲਿਪੀਆਂ ਦਾ ਅਨੁਵਾਦ (Translate) ਕਰਨ ਲਈ ਅੱਜ ਅਨੇਕਾਂ ਸਾਫਟਵੇਅਰ ਤਿਆਰ ਕੀਤੇ ਗਏ ਹਨ। ਜਿਨ੍ਹਾਂ ਵਿੱਚ ਗ਼ੈਰ ਸਿੱਖਾਂ ਨੇ ਭੀ ਆਪਣਾ ਬਣਦਾ ਯੋਗਦਾਨ ਪਾਇਆ ਹੈ।

ਇੱਕ ਓਅੰਕਾਰ ਦੇ ਗਲਤ ਰੂਪ

ਇਹੀ ਕੁੱਝ ਕਾਰਨ ਹਨ ਕਿ ‘ੴ’ ਦਾ ਗੁਰਬਾਣੀ ਵਾਲ਼ਾ ਅਸਲ ਰੂਪ; ਅੱਜ ਕਿਤਾਬਾਂ, ਸੋਸ਼ਲ ਮੀਡੀਆ ਜਾਂ ਛਪਾਏ ਜਾਂਦੇ ਕਾਰਡਾਂ ਉੱਤੇ ਵੇਖਣ ਨੂੰ ਨਹੀਂ ਮਿਲਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ਼ ਇਸ ਪਾਸੇ ਧਿਆਨ ਦੇਣ ਦਾ ਸਮਾਂ ਹੀ ਨਹੀਂ ਭਾਵੇਂ ਕਿ ਉਸ ਕੋਲ਼ ਅਰਬਾਂ ਦਾ ਬਜਟ ਭੀ ਹੈ। ਉਸ ਨੇ ਗੁਰਬਾਣੀ ਖੋਜ ਅਤੇ ਇਸ ਦੇ ਪ੍ਰਚਾਰ-ਪ੍ਰਸਾਰ ਲਈ ਨਾ ਕਦੇ ਕੋਈ ਸਾਫਟਵੇਅਰ ਤਿਆਰ ਕੀਤਾ ਹੈ ਅਤੇ ਨਾ ਹੀ ਗੁਰਬਾਣੀ ਅੱਖਰਾਂ ਦੇ ਵਿਗਾੜ ਗਏ ਰੂਪਾਂ ਬਾਰੇ ਕਦੇ ਕੋਈ ਇਤਰਾਜ਼ ਕੀਤਾ ਹੈ।

‘ੴ’ ਦੇ ਕੁੱਝ ਕੁ ਬਦਲਵੇਂ ਰੂਪ ਇੱਥੇ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨੂੰ ਵਾਚਣ ਦੀ ਲੋੜ ਹੈ ਕਿ ਕਿਤੇ ਕੋਈ ਸਾਜ਼ਸ਼ ਅਧੀਨ ਤਾਂ ਐਸਾ ਨਹੀਂ ਕਰ ਰਿਹਾ ਜਾਂ ਕੋਈ ਕਰਵਾ ਤਾਂ ਨਹੀਂ ਰਿਹਾ। ਅਕਸਰ ਕਾਰਡਾਂ ਵਿੱਚ ਛਾਪਿਆ ਜਾਣ ਵਾਲ਼ਾ ‘ੴ’ ਦਾ ਰੂਪ ਸੋਸ਼ਲ ਮੀਡੀਆ ਉੱਤੋਂ ਚੁੱਕਿਆ ਇਹੀ ਗ਼ਲਤ ਰੂਪ ਹੁੰਦਾ ਹੈ, ਜੋ ਕਿ ਯੂਨੀਕੋਡ ਵਿੱਚ ਅਨੁਵਾਦ ਕਰਦਿਆਂ ਆਪਣਾ ਅਸਲ ਰੂਪ ਬਹੁਤ ਪਹਿਲਾਂ ਹੀ ਛੱਡ ਚੁੱਕਿਆ ਹੁੰਦਾ ਹੈ।

ਗੁਰਬਾਣੀ ਲਿਖਤ ਅਤੇ ਖੋਜ ਨਾਲ਼ ਸੰਬੰਧਿਤ ‘ੴ’ ਕੋਈ ਪਹਿਲਾ ਸ਼ਬਦ ਨਹੀਂ, ਜਿਸ ਨਾਲ਼ ਬੇਇਨਸਾਫ਼ੀ ਹੋਈ ਹੈ ਬਲਕਿ ਗੁਰਬਾਣੀ ਅੱਖਰ ਲਿਪੀ ਵਿੱਚ ਛਾਪੇ ਜਾ ਰਹੇ ਗੁਰੂ ਗ੍ਰੰਥ ਸਾਹਿਬ ਵਿਖੇ ਦਰਜ ਕਈ ਹੋਰ ਭੀ ਸ਼ਬਦ ਹਨ, ਜਿਨ੍ਹਾਂ ਦਾ ਬਾਕੀ ਲਿਪੀਆਂ ’ਚ ਅਨੁਵਾਦ ਕਰਨ ਵੇਲ਼ੇ ਉਨ੍ਹਾਂ ਦਾ ਮੂਲ ਸਰੂਪ ਬਦਲ ਜਾਂਦਾ ਹੈ; ਜਿਵੇਂ ਕਿ ‘ਨ੍ਹਾਈ, ਸਾਮ੍ਣੇ, ਹਮ੍ਹਾਰਾ, ਸੰਮ੍ਲਾ’ ਆਦਿ ਸ਼ਬਦਾਂ ਦੇ ਹੇਠਾਂ ਲੱਗੀ ਹਲੰਤ ਗੁਰਬਾਣੀ ਅੱਖਰ ਲਿਪੀ ਮੁਤਾਬਕ ਅੱਧਾ ‘ਹ’ ਹੈ ਜਦ ਕਿ ਯੂਨੀਕੋਡ ਵਿੱਚ ਇਹ ਜਿਸ ਅੱਖਰ ਦੇ ਹੇਠਾਂ ਲੱਗੀ ਹੈ, ਉਸ ਨੂੰ ਅੱਧਾ ਅੱਖਰ ਕਰ ਦਿੰਦੀ ਹੈ। ਇਸ ਤਰ੍ਹਾਂ ‘ਸੰਮ੍ਲਾ’ ਸ਼ਬਦ ਕਿਸੇ ਹੋਰ ਲਿਪੀ ’ਚ ਕਈ ਵਾਰ ‘ਮ’ ਨੂੰ ਅੱਧਾ ਕਰ ਉਸ ਦੇ ਹੇਠਾਂ ‘ਲ’ ਨੂੰ ਲਗਾ ਕੇ ਲ ਦਾ ‘ਕੰਨ’; ਮ ਨੂੰ ਲੱਗ ਜਾਂਦਾ ਹੈ। ਗੁਰਬਾਣੀ ਦੇ ਕਈ ਵਿਅੰਜਨ ਅੱਖਰ, ਜੋ ਕਿਸੇ ਅੱਖਰ ਦੇ ਪੈਰ ’ਚ ਭਾਵ ਹੇਠਾਂ ਹੁੰਦੇ ਹਨ, ਉਹ ਕਿਸੇ ਯੂਨੀਕੋਡ ਆਦਿ ਲਿਪੀ ਵਿੱਚ ਲਿਖੇ ਹੀ ਨਹੀਂ ਜਾ ਸਕਦੇ; ਜਿਵੇਂ ਕਿ ਕਿਸੇ ਅੱਖਰ ਦੇ ਪੈਰ ’ਚ ਆਉਣ ਵਾਲ਼ਾ ‘ਯ, ਚ’ ਆਦਿ। ਗੁਰਬਾਣੀ ਵਿੱਚ ਦਰਜ ਦੋ ਲਗਾਂ ਵਾਲ਼ੇ ਸ਼ਬਦ; ਜਿਵੇਂ ਕਿ ‘ਗੁੋਬਿੰਦ, ਅਨਦਿਨੁੋ’ ਆਦਿ ਭੀ ਯੂਨੀਕੋਡ ਵਿੱਚ ਅਨੁਵਾਦ ਕਰਦਿਆਂ ਆਪਣਾ ਸਰੂਪ ਜਿਉਂ ਦਾ ਤਿਉਂ ਨਹੀਂ ਰੱਖਦੇ ਅਤੇ ਨਾ ਹੀ ਉਸ ਵਿੱਚ ਲਿਖੇ ਜਾ ਸਕਦੇ ਹਨ।

ਸੋ ਗੁਰਬਾਣੀ ਨਾਲ਼ ਪਿਆਰ ਕਰਨ ਵਾਲ਼ੀ ਸਮੂਹ ਸੰਗਤ ਨੂੰ ਇਸ ਬਾਰੇ ਜਿੱਥੇ ਸੁਚੇਤ ਹੋਣ ਦੀ ਲੋੜ ਹੈ, ਓਥੇ ‘ੴ’ ਸਮੇਤ ਕੌਮੀ ਵਿਰਸੇ ਨੂੰ ਸੰਭਾਲਣ ਲਈ ਨਿਯੁਕਤ ਕੀਤੀਆਂ ਪੰਥਕ ਜਥੇਬੰਦੀਆਂ ਸਾਮ੍ਹਣੇ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਾ ਚਾਹੀਦਾ ਹੈ। ਵੈਸੇ ਭੀ ਸੰਗਤਾਂ ਨੂੰ ਸਦਾ ਪੜ੍ਹੇ ਲਿਖੇ ਅਤੇ ਕੌਮੀ ਫ਼ਰਜ਼ਾਂ ਲਈ ਤਤਪਰ ਰਹਿਣ ਵਾਲ਼ੇ ਪ੍ਰਬੰਧਕ ਹੀ ਚੁਣਨੇ ਚਾਹੀਦੇ ਹਨ।

ਬਿਕ੍ਰਮੀ ਕੈਲੰਡਰ ਅਤੇ ਰੁੱਤਾਂ

0

ਬਿਕ੍ਰਮੀ ਕੈਲੰਡਰ ਅਤੇ ਰੁੱਤਾਂ

ਕਿਰਪਾਲ ਸਿੰਘ ਬਠਿੰਡਾ

 ਸੂਰਜ ਦੁਆਲੇ ਇੱਕ ਚੱਕਰ ਪੂਰਾ ਕਰਨ ਲਈ ਧਰਤੀ 3600 ਦਾ ਫ਼ਾਸਲਾ ਤੈਅ ਕਰਦੀ ਹੈ। ਧਰਤੀ ਜਿਸ ਰਾਹ ’ਤੇ ਘੁੰਮਦੀ ਹੈ ਜਾਂ ਦੂਸਰੇ ਸ਼ਬਦਾਂ ’ਚ ਜਿਸ ਤਰ੍ਹਾਂ ਸਾਨੂੰ ਵਿਖਾਈ ਦਿੰਦਾ ਹੈ; ਸੂਰਜ ਪਥ ਦੇ ਇਸ ਪੂਰੇ ਚੱਕਰ ਨੂੰ 300-300 ਦੇ ਬਰਾਬਰ 12 ਹਿੱਸਿਆਂ ’ਚ ਵੰਡਿਆ ਗਿਆ। ਜਿਨ੍ਹਾਂ ਨੂੰ 12 ਰਾਸ਼ੀਆਂ ਦਾ ਨਾਮ ਦਿੱਤਾ ਗਿਆ ਹੈ। ਇੱਕ ਰਾਸ਼ੀ ’ਚ ਸੂਰਜ ਇੱਕ ਮਹੀਨਾ ਰਹਿੰਦਾ ਹੈ ਅਤੇ ਜਿਸ ਸਮੇਂ ਸੂਰਜ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ’ਚ ਜਾਂਦਾ ਹੈ ਤਾਂ ਨਵਾਂ ਮਹੀਨਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਸਾਲ ’ਚ 12 ਰਾਸ਼ੀਆਂ ਅਤੇ 12 ਹੀ ਮਹੀਨੇ ਹੁੰਦੇ ਹਨ। ਸੂਰਜ ਦੁਆਲੇ ਧਰਤੀ ਪੂਰੇ ਗੋਲਾਕਾਰ ਚੱਕਰ ’ਚ ਨਹੀਂ ਬਲਕਿ ਅੰਡਾਕਾਰ ਚੱਕਰ ’ਚ ਘੁੰਮਦੀ ਹੈ, ਇਸ ਲਈ ਸਾਰੇ ਮਹੀਨੇ ਬਰਾਬਰ ਲੰਬਾਈ ਦੇ ਨਹੀਂ ਬਲਕਿ 29 ਤੋਂ 32 ਦਿਨਾਂ ਤੱਕ ਘਟਦੇ ਵਧਦੇ ਰਹਿੰਦੇ ਹਨ।

ਭਾਰਤ ਸਰਕਾਰ ਵੱਲੋਂ 1952 ਸੀਈ ’ਚ ਪ੍ਰੋ: ਐੱਮ.ਐੱਨ. ਸ਼ਾਹ ਦੀ ਪ੍ਰਧਾਨਗੀ ਹੇਠ 7 ਮੈਂਬਰੀ ਕੈਲੰਡਰ ਸੁਧਾਰ ਕਮੇਟੀ ਬਣਾਈ ਗਈ, ਜਿਸ ਨੇ 1956 ’ਚ ਭਾਰਤ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੀ। ਪੰਜਾਬੀ ਵਿਭਾਗ (ਪਟਿਆਲਾ, ਪੰਜਾਬ) ਵੱਲੋਂ ਇਸ ਰਿਪੋਰਟ ਦਾ ਪੰਜਾਬੀ ਅਨੁਵਾਦ 1962 ’ਚ ਛਾਪਿਆ ਗਿਆ; ਜਿਸ ਦੇ ਪੰਨਾ ਨੰ: 102-103 ’ਤੇ ਬਸੰਤੀ ਸਮਰਾਤ, ਉਤਰਾਇਣੰਤ, ਪਤਝੜੀ ਸਮਰਾਤ ਅਤੇ ਦਖਨਾਇਣੰਤ ਬਿੰਦੀਆਂ ਦੀਆਂ ਰਾਸ਼ੀਆਂ ਦੇ ਆਰੰਭ ਕੋਣਿਕ ਡਿਗਰੀਆਂ (Angular Degrees) ’ਚ ਦਿੱਤੇ ਹਨ। ਹੇਠ ਦਿੱਤੀ ਸਾਰਣੀ ’ਚ ਇਨ੍ਹਾਂ ਬਿੰਦੀਆਂ ਦੀ ਸਥਿਤੀ ਦਾ ਅਜੋਕੇ ਸਮੇਂ ਦੀਆਂ ਰਾਸ਼ੀਆਂ ਨਾਲ ਮਿਲਾਣ ਕੀਤਾ ਗਿਆ ਹੈ।

ਪ੍ਰਾਚੀਨ ਅਤੇ ਮੌਜੂਦਾ ਰਾਸ਼ੀਆਂ ਦੀ ਸਥਿਤੀ ਦਾ ਤੁਲਨਾਤਮਿਕ ਅਧਿਐਨ ਕੀਤਿਆਂ ਪਤਾ ਲੱਗਦਾ ਹੈ ਕਿ ਮੌਜੂਦਾ ਰਾਸ਼ੀਆਂ ਪ੍ਰਾਚੀਨ ਰਾਸ਼ੀਆਂ ਨਾਲੋਂ ਤਕਰੀਬਨ 24011-12’ ਅੱਗੇ ਨਿਕਲ ਚੁੱਕੀਆਂ ਹਨ।  ਸੂਰਜ ਦੁਆਲੇ ਇੱਕ ਚੱਕਰ ਪੂਰਾ ਕਰਨ ਲਈ ਧਰਤੀ 3600 ਦਾ ਫ਼ਾਸਲਾ ਤੈਅ ਕਰਦੀ ਹੈ, ਜਿਸ ਲਈ ਇਕ ਸਾਲ ਦਾ ਸਮਾਂ ਭਾਵ ਲਗਭਗ 365 ਦਿਨ ਲੱਗਦੇ ਹਨ। ਇਸ ਦਾ ਭਾਵ ਇਹ ਹੋਇਆ ਕਿ ਧਰਤੀ 10 ਦਾ ਫ਼ਾਸਲਾ ਤੈਅ ਕਰਨ ਲਈ 1 ਦਿਨ ਤੋਂ ਥੋੜ੍ਹਾ ਵੱਧ ਸਮਾਂ ਲੈਂਦੀ ਹੈ, ਜਿਸ ਨਾਲ਼ ਹੁਣ ਤੱਕ ਬਿਕ੍ਰਮੀ ਕੈਲੰਡਰ ਰੁੱਤਾਂ ਨਾਲੋਂ 24 ਦਿਨ ਅੱਗੇ ਨਿਕਲ ਚੁੱਕਾ ਹੈ ਅਤੇ ਇਹ ਫ਼ਰਕ ਲਗਭਗ 50’’.3 ਐਂਗੂਲਰ ਡਿਗਰੀ ਭਾਵ 20 ਮਿੰਟ 25 ਸਕਿੰਟ ਪ੍ਰਤੀ ਸਾਲ ਦੀ ਦਰ ਨਾਲ ਲਗਾਤਾਰ ਵਧ ਰਿਹਾ ਹੈ। ਇਸ ਤੱਥ ਨੂੰ ਸ਼੍ਰੀ ਮਾਰਤੰਡ ਪੰਚਾਂਗ ਸਮੇਤ ਸਭ ਪੰਚਾਂਗਾਂ, ਜਿਨ੍ਹਾਂ ਦੇ ਆਧਾਰ ’ਤੇ ਸ੍ਰੋਮਣੀ ਕਮੇਟੀ ਆਪਣਾ ਕੈਲੰਡਰ ਛਾਪਦੀ ਹੈ; ਤੋਂ ਵੀ ਤਸਦੀਕ ਕੀਤਾ ਜਾ ਸਕਦਾ ਹੈ। ਸ਼੍ਰੀ ਮਾਰਤੰਡ ਪੰਚਾਂਗ ਸੰਮਤ ੨੦੮੦ (2023-24) ਦੇ ਪੰਨਾ ਨੰ: 141 ’ਤੇ ੭ ਫੱਗਣ/19 ਫ਼ਰਵਰੀ ਦੇ ਸਾਮ੍ਹਣੇ ਲਿਖਿਆ ਹੈ ‘ਸੂਰਜ ਸਾਈਨ ਮੀਨ ਮੇਂ, ਬਸੰਤ ਰੁੱਤ ਸ਼ੁਰੂ’; ਜਦੋਂ ਕਿ ਪ੍ਰਾਚੀਨ ਗ੍ਰੰਥਾਂ ਅਤੇ ਗੁਰੂ ਗ੍ਰੰਥ ਸਾਹਿਬ ਮੁਤਾਬਕ ਬਸੰਤ ਰੁੱਤ ਦੇ ਦੋ ਮਹੀਨੇ ਚੇਤ ਤੇ ਵੈਸਾਖ ਹਨ ਅਤੇ ਬਿਕ੍ਰਮੀ ਕੈਲੰਡਰ ’ਚ ੧ ਚੇਤ/14 ਮਾਰਚ ਤੋਂ ਸ਼ੁਰੂ ਹੋਣਾ ਸੀ। ਪੰਨਾ ਨੰ: 125 ’ਤੇ ੭ ਹਾੜ/21 ਜੂਨ ਦੇ ਸਾਮ੍ਹਣੇ ਲਿਖਿਆ ਹੈ ‘ਸੂਰਜ ਸਾਈਨ ਕਰਕ ਮੇਂ, ਦਖ਼ਸ਼ਨਾਇਣ ਅਤੇ ਵਰਖਾ ਰੁੱਤ ਸ਼ੁਰੂ (ਉੱਤਰਾਇਣੰਤ)’; ਜਦੋਂ ਕਿ ਪ੍ਰਾਚੀਨ ਗ੍ਰੰਥਾਂ ਅਤੇ ਗੁਰੂ ਗ੍ਰੰਥ ਸਾਹਿਬ ਮੁਤਾਬਕ ਵਰਖਾ ਰੁੱਤ ੧ ਸਾਵਣ/16 ਜੁਲਾਈ ਤੋਂ ਸ਼ੁਰੂ ਹੋਣੀ ਸੀ। ਇਸੇ ਤਰ੍ਹਾਂ ਪਤਝੜੀ ਸਮਰਾਤ ਅਤੇ ਉੱਤਰਾਇਣ ਲੱਗਭਗ 24 ਦਿਨ ਪਹਿਲਾਂ ਅਰੰਭ ਹੋ ਜਾਂਦੇ ਹਨ। ਇਸ ਦਾ ਭਾਵ ਹੈ ਕਿ ਬਿਕ੍ਰਮੀ ਕੈਲੰਡਰ ਛਾਪਣ ਵਾਲੇ ਪੰਡਿਤ ਵੀ ਮੰਨਦੇ ਹਨ ਕਿ ਉਨ੍ਹਾਂ ਦਾ ਕੈਲੰਡਰ; ਰੁੱਤਾਂ ਦਾ ਸਾਥ ਛੱਡ ਰਿਹਾ ਹੈ। ਰੁੱਤਾਂ ਨਾਲ ਮਿਲਾਈ ਰੱਖਣ ਲਈ ਕੈਲੰਡਰ ਸੁਧਾਰ ਕਮੇਟੀ ਨੇ ਇਸ ਸੋਚ ਅਧੀਨ ਕਿ ਜੇ ਵੈਸਾਖ ਮਹੀਨੇ ਨੂੰ 240 11’ 38’’ (1956 ਸੀਈ ’ਚ 230 15’ 00’’) ਦੀ ਬਜਾਏ ਮੁੜ 00 ਤੋਂ ਸ਼ੁਰੂ ਕੀਤਾ ਗਿਆ ਤਾਂ ਇਹ ਸੋਧ ਬਹੁਤ ਵੱਡੀ ਹੋਵੇਗੀ, ਜੋ ਲੋਕਾਂ ਨੇ ਮੰਨਣੀ ਨਹੀਂ; ਇਸ ਲਈ ਬਸੰਤੀ ਸਮਰਾਤ ਤੋਂ ਮਹੀਨਾ ਵੈਸਾਖ ਸ਼ੁਰੂ ਕਰਨ ਦੀ ਬਜਾਏ ਚੇਤ ਮਹੀਨਾ ਸ਼ੁਰੂ ਕਰ ਦਿੱਤਾ। ਇਸ ਨਾਲ ਸਾਕਾ ਕੈਲੰਡਰ ਦਾ ਚੇਤ ਮਹੀਨਾ 14 ਮਾਰਚ ਤੋਂ ਅਰੰਭ ਹੋਣ ਦੀ ਥਾਂ 7-8 ਕੁ ਦਿਨਾਂ ਦਾ ਹੋਰ ਫ਼ਰਕ ਪਾ ਕੇ 21-22 ਮਾਰਚ ਨੂੰ ਅਰੰਭ ਕੀਤਾ ਜਾਂਦਾ ਹੈ ਅਤੇ ਅੱਗੇ ਤੋਂ ਰੁੱਤਾਂ ਦਾ ਸਾਥ ਨਾ ਛੱਡੇ, ਇਸ ਲਈ ਨਿਰਾਇਣ ਰਾਸ਼ੀਆਂ ਦਾ ਤਿਆਗ ਕਰ ਸਾਈਨ ਰਾਸ਼ੀਆਂ ਅਪਣਾਅ ਲਈਆਂ। ਇਸ ਹਿਸਾਬ ਨਾਲ਼ ਹੁਣ ਤੱਕ ਰੁੱਤਾਂ ’ਚ 24 ਦਿਨਾਂ ਦੇ ਪੈ ਚੁੱਕੇ ਅੰਤਰ ਨੂੰ ਘਟਾਉਣ ਦੀ ਬਜਾਏ ਸਾਕਾ ਕੈਲੰਡਰ ’ਚ 7-8 ਦਿਨਾਂ ਦਾ ਹੋਰ ਫ਼ਰਕ ਪਾ ਕੇ ਪੂਰੇ ਇੱਕ ਮਹੀਨੇ ਦਾ ਅੰਤਰ ਕਰ ਦਿੱਤਾ।

ਜੂਲੀਅਨ ਕੈਲੰਡਰ ਰੁੱਤਾਂ ਨਾਲੋਂ 10 ਦਿਨ ਅੱਗੇ ਨਿਕਲ ਜਾਣ ਕਾਰਨ ਕੈਥੋਲਿਕ ਚਰਚ ਦੇ ਪੋਪ ਗ੍ਰੈਗਰੀ VIII ਨੇ 1582 ’ਚ 4 ਅਕਤੂਬਰ ਦਿਨ ਵੀਰਵਾਰ ਤੋਂ ਅਗਲੇ ਦਿਨ ਸ਼ੁੱਕਰਵਾਰ ਨੂੰ 5 ਦੀ ਥਾਂ 15 ਅਕਤੂਬਰ ਐਲਾਨ ਦਿੱਤਾ ਭਾਵ  10 ਦਿਨਾਂ (10 ਤਾਰੀਖ਼ਾਂ ਖ਼ਤਮ ਕਰਨ) ਦੀ ਸੋਧ ਲਾ ਕੇ ਆਪਣੇ ਕੈਲੰਡਰ ਨੂੰ ਸਮਰਾਤਾਂ ਭਾਵ ਰੁੱਤਾਂ ਨਾਲ ਜੋੜ ਲਿਆ। ਨਾਨਕਸ਼ਾਹੀ ਕੈਲੰਡਰ ’ਚ ਦੋਵਾਂ ਨਾਲੋਂ ਵੱਖਰਾ ਤਰੀਕਾ ਵਰਤਿਆ ਗਿਆ ਹੈ। ਸਾਲ ਦੀ ਲੰਬਾਈ ਰੁੱਤੀ ਸਾਲ ਦੇ ਬਹੁਤ ਹੀ ਨੇੜੇ ਅਤੇ ਦੁਨੀਆਂ ਭਰ ’ਚ ਪ੍ਰਚਲਿਤ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਦੇ ਬਿਲਕੁਲ ਬਰਾਬਰ 365.2422 ਦਿਨ ਕਰ ਦਿੱਤੀ। ਸਾਲ ਦੇ ਪਹਿਲੇ ਪੰਜ ਮਹੀਨੇ ਚੇਤ, ਵੈਸਾਖ, ਜੇਠ ਹਾੜ ਅਤੇ ਸਾਵਣ 31-31 ਦਿਨਾਂ ਦੇ ਅਤੇ ਪਿਛਲੇ 7 ਮਹੀਨੇ 30-30 ਦਿਨਾਂ ਦੇ ਕਰਕੇ ਸਾਲ ਦੇ ਦਿਨਾਂ ਦੀ ਗਿਣਤੀ ਪੂਰੀ ਕੀਤੀ ਗਈ। ਲੀਪ ਦੇ ਸਾਲ ’ਚ ਅੰਤਲਾ ਮਹੀਨਾ ਫੱਗਣ 31 ਦਿਨਾਂ ਦਾ ਹੋਵੇਗਾ। ਸੰਨ 1999 ’ਚ ਬਿਕ੍ਰਮੀ ਕੈਲੰਡਰ ਦਾ ਚੇਤ 14 ਮਾਰਚ ਅਤੇ ਵੈਸਾਖ 14 ਅਪ੍ਰੈਲ; ਜੇਠ 15 ਮਈ, ਹਾੜ 15 ਜੂਨ; ਸਾਵਣ 16 ਜੁਲਾਈ, ਭਾਦੋਂ 16 ਅਗਸਤ; ਅੱਸੂ 15 ਸਤੰਬਰ, ਕੱਤਕ 15 ਅਕਤੂਬਰ; ਮੱਘਰ 14 ਨਵੰਬਰ, ਪੋਹ 14 ਦਸੰਬਰ; ਮਾਘ 13 ਫ਼ਰਵਰੀ ਅਤੇ ਫੱਗਣ 12 ਫ਼ਰਵਰੀ ਨੂੰ ਅਰੰਭ ਹੋਇਆ ਸੀ, ਜੋ ਅੱਗੇ ਤੋਂ ਸਾਰੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੂਰੀ ਕਰਨ ਪਿੱਛੋਂ ਚੇਤ ਮਹੀਨਾ ਹਰ ਸਾਲ 14 ਮਾਰਚ ਅਤੇ ਵੈਸਾਖ 14 ਅਪ੍ਰੈਲ ਨੂੰ ਹੀ ਅਰੰਭ ਹੋਵੇਗਾ। ਇਸ ਤਰ੍ਹਾਂ ਹੁਣ ਤੱਕ ਰੁੱਤਾਂ ਨਾਲੋਂ, ਜੋ ਫ਼ਰਕ ਪੈ ਚੁੱਕਾ ਹੈ, ਸੋ ਪੈ ਗਿਆ ਅੱਗੇ ਤੋਂ ਹਮੇਸ਼ਾਂ ਉਨ੍ਹਾਂ ਹੀ ਰੁੱਤਾਂ ’ਚ ਸਾਰੇ ਮਹੀਨੇ ਆਉਣਗੇ, ਜਿਨ੍ਹਾਂ ਰੁੱਤਾਂ ’ਚ ਅੱਜ ਕੱਲ੍ਹ ਆ ਰਹੇ ਹਨ ਅਤੇ ਗੁਰਬਾਣੀ ’ਚ ਦਰਜ ਹਨ। ਸਾਰੇ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਉਨ੍ਹਾਂ ਹੀ ਦੇਸੀ ਅਤੇ ਅੰਗਰੇਜ਼ੀ ਤਾਰੀਖ਼ਾਂ ਨੂੰ ਆਉਣਗੇ, ਜਿਨ੍ਹਾਂ ’ਚ ਨਾਨਕਸ਼ਾਹੀ ਸੰਮਤ ੫੩੧ (1999-2000) ਅਤੇ ਨਾਨਕਸ਼ਾਹੀ ਸੰਮਤ ੫੩੫ (2003-2004) ਦੌਰਾਨ ਆਏ ਸਨ। ਇਸ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਹੋਰ ਸਾਰੇ ਕੈਲੰਡਰਾਂ ਨਾਲੋਂ ਸਮਝਣ ’ਚ ਸੁਖਾਲਾ ਅਤੇ ਸਰਲ ਹੈ। ਭਾਰਤੀ ਖਗੋਲ ਵਿਗਿਆਨੀ ਵੀ ਮੰਨ ਰਹੇ ਹਨ ਕਿ ਉਨ੍ਹਾਂ ਦਾ ਕੈਲੰਡਰ ਰੁੱਤਾਂ ਦਾ ਸਾਥ ਛੱਡ ਰਿਹਾ ਹੈ, ਪਰ ਜੋਤਿਸ਼ ਵਿਦਿਆ ਨੂੰ ਆਪਣੀ ਰੋਜੀ ਰੋਟੀ ਦਾ ਸਾਧਨ ਬਣਾਉਣ ਵਾਲੇ ਪੰਡਿਤ;  ਕੇਂਦਰ ਸਰਕਾਰ ਵੱਲੋਂ 1957 ਤੋਂ ਲਾਗੂ ਕੀਤੀ ਸੋਧ ਮੰਨਣ ਤੋਂ ਇਨਕਾਰੀ ਹਨ।

ਗੁਰੂ ਸਾਹਿਬਾਨ ਨੇ ਪੰਡਿਤ ਦੀ ਵਿਦਿਅਕ ਯੋਗਤਾ ਅਤੇ ਕਰਮਕਾਂਡਾਂ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਰੱਦ ਕੀਤਾ ਹੈ :

ਸਾਹਾ ਗਣਹਿ; ਕਰਹਿ ਬੀਚਾਰੁ   ਸਾਹੇ ਊਪਰਿ ਏਕੰਕਾਰੁ   ਜਿਸੁ ਗੁਰੁ ਮਿਲੈ; ਸੋਈ ਬਿਧਿ ਜਾਣੈ   ਗੁਰਮਤਿ ਹੋਇ; ਹੁਕਮੁ ਪਛਾਣੈ ਅਰਥ : ਹੇ ਪੰਡਿਤ ! (ਵਿਆਹ ਆਦਿਕ ਸਮੇਂ ਤੂੰ ਜਜਮਾਨਾਂ ਦੇ) ਸ਼ੁਭ ਲਗਨ ਮੁਹੂਰਤ ਗਿਣਦਾ ਹੈਂ, ਪਰ ਤੂੰ ਇਹ ਨਹੀਂ ਵਿਚਾਰਦਾ ਕਿ ਸ਼ੁਭ ਸਮਾਂ ਬਣਾਉਣ, ਨਾ ਬਣਾਉਣ ਵਾਲ਼ਾ ਪਰਮਾਤਮਾ (ਆਪ) ਹੈ। ਜਿਸ ਨੂੰ ਗੁਰੂ ਮਿਲ ਜਾਂਦਾ ਹੈ ਉਹ ਸਹੀ ਮਾਰਗ ਨੂੰ ਸਮਝਦਾ ਹੈ (ਉਸ ਨੂੰ ਇਸ ਪਾਖੰਡ ਦੀ ਲੋੜ ਨਹੀਂ ਕਿਉਂਕਿ ਜਿਹੜਾ) ਗੁਰਮੁਖ ਬਣ ਜਾਂਦਾ ਹੈ ਉਹ ਮਾਲਕ ਦੀ ਰਜ਼ਾ ਨੂੰ ਸਮਝਦਾ ਹੈ (ਕਿ ਕੁਦਰਤ ਵਿੱਚ ਕੋਈ ਸਮਾਂ ਚੰਗਾ ਜਾਂ ਮਾੜਾ ਨਹੀਂ ਹੁੰਦਾ ਬਲਕਿ ਬੰਦੇ ਦੇ ਕੰਮ; ਚੰਗੇ ਮਾੜੇ ਹੁੰਦੇ ਹਨ)।

ਝੂਠੁ ਬੋਲਿ, ਪਾਡੇ  ! ਸਚੁ ਕਹੀਐ   ਹਉਮੈ ਜਾਇ, ਸਬਦਿ ਘਰੁ ਲਹੀਐ ਰਹਾਉ ਅਰਥ : ਹੇ ਪੰਡਿਤ ! (ਆਪਣੀ ਆਜੀਵਕਾ ਦੀ ਖ਼ਾਤਰ ਜਜਮਾਨਾਂ ਨੂੰ ਪਤਿਆਉਣ ਲਈ ਵਿਆਹ ਆਦਿ ਵੇਲ਼ੇ ਸ਼ੁਭ ਮੁਹੂਰਤ ਲੱਭਣ ਦਾ) ਝੂਠ ਨਾ ਬੋਲ ਸਗੋਂ ਸੱਚ ਬੋਲ। ਜਦੋਂ ਗੁਰੂ ਦੇ ਸ਼ਬਦ ਨਾਲ਼ ਹਉਮੈ ਦੂਰ ਹੋ ਜਾਂਦੀ ਹੈ ਤਾਂ ਐਸਾ ਘਰ ਲੱਭ ਪੈਂਦਾ ਹੈ (ਜਿੱਥੋਂ ਆਤਮਕ ਤੇ ਸੰਸਾਰਕ ਸਾਰੇ ਪਦਾਰਥ ਮਿਲਦੇ ਹਨ)।

ਗਣਿ ਗਣਿ ਜੋਤਕੁ, ਕਾਂਡੀ ਕੀਨੀ   ਪੜੈ ਸੁਣਾਵੈ, ਤਤੁ ਚੀਨੀ   ਸਭਸੈ ਊਪਰਿ; ਗੁਰ ਸਬਦੁ ਬੀਚਾਰੁ   ਹੋਰ ਕਥਨੀ ਬਦਉ ; ਸਗਲੀ ਛਾਰੁ (ਮਹਲਾ /੯੦੫) ਅਰਥ : ਜੋਤਿਸ਼ (ਦੇ ਲੇਖੇ) ਗਿਣ ਗਿਣ ਕੇ (ਪੰਡਿਤ ਕਿਸੇ ਜਜਮਾਨ ਦੇ ਪੁੱਤਰ ਦੀ) ਜਨਮ ਪੱਤ੍ਰੀ ਬਣਾਉਂਦਾ ਹੈ, (ਜੋਤਿਸ਼ ਦਾ ਹਿਸਾਬ ਆਪ) ਪੜ੍ਹਦਾ ਹੈ ਤੇ (ਜਜਮਾਨ ਨੂੰ) ਸੁਣਾਉਂਦਾ ਹੈ, ਪਰ ਤੱਤ ਨਹੀਂ ਪਛਾਣਦਾ। (ਸ਼ੁਭ ਮੁਹੂਰਤ ਆਦਿਕ ਦੀਆਂ) ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ; ਗੁਰੂ ਦੇ ਸ਼ਬਦ ਨੂੰ ਮਨ ’ਚ ਵਸਾਏ। ਗੁਰੂ ਸਾਹਿਬ ਫ਼ੁਰਮਾ ਰਹੇ ਹਨ ਕਿ ਮੈਂ (ਗੁਰ-ਸ਼ਬਦ ਦੀ ਥਾਂ ਸ਼ੁਭ ਮੁਹੂਰਤ ਤੇ ਜਨਮ-ਪੱਤ੍ਰੀ ਆਦਿਕ ਕਿਸੇ) ਹੋਰ ਗੱਲ ਨੂੰ ਪ੍ਰਵਾਨ ਨਹੀਂ ਕਰਦਾ ਕਿਉਂਕਿ ਬਾਕੀ ਸਾਰੀ ਵਿਚਾਰ ਵਿਅਰਥ ਹੈ।

ਪੰਡਿਤ ਪੜਦੇ ਜੋਤਕੀ; ਨਾ ਬੂਝਹਿ ਬੀਚਾਰਾ ਸਭੁ ਕਿਛੁ ਤੇਰਾ ਖੇਲੁ ਹੈ; ਸਚੁ ਸਿਰਜਣਹਾਰਾ ਜਿਸੁ ਭਾਵੈ, ਤਿਸੁ ਬਖਸਿ ਲੈਹਿ; ਸਚਿ ਸਬਦਿ ਸਮਾਈ (ਮਹਲਾ /੯੪੮) ਅਰਥ : (ਹੇ ਪ੍ਰਭੂ !) ਪੰਡਿਤ; ਜੋਤਿਸ਼ ਦੀਆਂ ਪੁਸਤਕਾਂ ਪੜ੍ਹਦੇ ਹਨ, ਪਰ (ਤੇਰੇ ਇਸ ਕੌਤਕ ਦੀ) ਵੀਚਾਰ ਨਹੀਂ ਕਰਦੇ ਕਿ (ਜਗਤ-ਰਚਨਾ) ਸਾਰਾ ਹੀ ਤੇਰਾ (ਇਕ) ਖੇਲ ਹੈ। ਤੂੰ (ਇਸ ਖੇਲ ਨੂੰ) ਬਣਾਉਣ ਵਾਲਾ ਹੈਂ (ਤੇ ਮਿਟਾਉਣ ਵਾਲ਼ਾ ਹੈ ਕਿਉਂਕਿ) ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ। ਜੋ ਤੈਨੂੰ ਪਸੰਦ ਹੈ, ਉਸ ਉੱਤੇ ਬਖ਼ਸ਼ਸ਼ ਕਰਦਾ ਹੈ। ਉਹ, ਗੁਰੂ ਦੇ ਸ਼ਬਦ ਦੀ ਰਾਹੀਂ ਤੇਰੇ ਸੱਚੇ ਸਰੂਪ ਵਿੱਚ ਟਿਕਿਆ ਰਹਿੰਦਾ ਹੈ।

ਆਗਮ ਨਿਰਗਮ ਜੋਤਿਕ ਜਾਨਹਿ; ਬਹੁ ਬਹੁ ਬਿਆਕਰਨਾ ਤੰਤ ਮੰਤ੍ਰ ਸਭ ਅਉਖਧ ਜਾਨਹਿ; ਅੰਤਿ ਤਊ ਮਰਨਾ (ਭਗਤ ਕਬੀਰ ਜੀ/੪੭੭) ਅਰਥ : ਜੋ ਲੋਕ; ਸ਼ਾਸਤ੍ਰ, ਵੇਦ, ਜੋਤਿਸ਼ ਅਤੇ (ਕਈ ਭਾਸ਼ਾਵਾਂ ਦੀਆਂ) ਵਿਆਕਰਨਾਂ ਜਾਣਦੇ ਹਨ। ਕਈ ਜਾਦੂ, ਟੂਣੇ, ਮੰਤ੍ਰ ਤੇ ਦਵਾਈਆਂ ਆਦਿ ਬਾਰੇ ਜਾਣਦੇ ਹਨ, ਇਨ੍ਹਾਂ ਸਾਰਿਆਂ ਦਾ ਜਨਮ ਮਰਨ ਦਾ ਚੱਕਰ ਨਹੀਂ ਮੁੱਕਦਾ (ਭਾਵ ਇਹ ਵਿਦਿਆ ਰੂਹਾਨੀਅਤ ਉਨਤੀ ਲਈ ਨਹੀਂ)।

ਇਸੁ ਭਗਤੀ ਨੋ ਸੁਰਿ ਨਰ ਮੁਨਿ ਜਨ ਲੋਚਦੇ; ਵਿਣੁ ਸਤਿਗੁਰ ਪਾਈ ਜਾਇ ਪੰਡਿਤ ਪੜਦੇ ਜੋਤਿਕੀ; ਤਿਨ ਬੂਝ ਪਾਇ (ਮਹਲਾ /੪੨੫) ਅਰਥ : ਹੇ ਭਾਈ  ! ਦੇਵਤੇ ਤੇ ਰਿਸ਼ੀ-ਮੁਨੀ ਭੀ ਪ੍ਰਭੂ ਦੀ ਭਗਤੀ ਕਰਨ ਦੀ ਤਾਂਘ ਰੱਖਦੇ ਹਨ, ਪਰ ਗੁਰੂ ਦੀ ਸ਼ਰਨ ਤੋਂ ਬਿਨਾਂ ਇਹ ਦਾਤਿ ਨਹੀਂ ਮਿਲਦੀ। ਪੰਡਿਤ ਲੋਕ (ਵੇਦ, ਸ਼ਾਸਤ੍ਰ ਆਦਿ) ਪੜ੍ਹਦੇ ਰਹੇ, ਜੋਤਿਸ਼ੀ (ਜੋਤਿਸ਼ ਦੇ ਗ੍ਰੰਥ) ਪੜ੍ਹਦੇ ਰਹੇ, ਪਰ ਹਰਿ-ਭਗਤੀ ਦੀ ਸੂਝ ਉਨ੍ਹਾਂ ਨੂੰ ਭੀ ਨਾ ਪਈ।

ਸੋ ਗੁਰੂ ਸਾਹਿਬਾਨ ਦੇ ਪੰਡਿਤ ਦੀ ਜੋਤਿਸ਼ ਵਿਦਿਆ ਬਾਰੇ ਇੰਨੇ ਸਪਸ਼ਟ ਨਿਰਦੇਸ਼ਾਂ ਦੇ ਬਾਵਜੂਦ ਵੀ ਜਿਹੜੇ ਸਿੱਖ ਨਾਨਕਸ਼ਾਹੀ ਕੈਲੰਡਰ ਦਾ ਕੇਵਲ ਇਸ ਕਾਰਨ ਵਿਰੋਧ ਕਰ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੇਵਲ ਉਸ ਦਿਨ ਹੀ ਹੋ ਸਕਦਾ ਹੈ, ਜਿਸ ਰਾਤ ਨੂੰ ਪੂਰਾ ਚੰਦ੍ਰਮਾ ਆਕਾਸ਼ ’ਚ ਚਮਕ ਰਿਹਾ ਹੋਵੇ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮੱਸਿਆ ਤੋਂ 7 ਦਿਨ ਪਿੱਛੋਂ ਹੀ ਹੋ ਸਕਦਾ ਹੈ ਭਾਵ ਗੁਰਪੁਰਬਾਂ ਨੂੰ ਚੰਦ੍ਰਮਾ ਆਧਾਰਿਤ ਤਾਰੀਖ਼ਾਂ ਨਾਲ਼ ਜੋੜਨਾ ਚਾਹੁੰਦੇ ਹਨ, ਜੋ ਕਦੇ ਭੀ ਸਥਿਰ ਨਹੀਂ ਰਹਿੰਦੀਆਂ। ਐਸੇ ਲੋਕਾਂ ਦੀ ਪਹਿਚਾਣ ਕਰਨੀ ਬਣਦੀ ਹੈ ਕਿ ਇਨ੍ਹਾਂ ਪਿੱਛੇ ਕਿਹੜੀਆਂ ਸ਼ਕਤੀਆਂ ਹਨ, ਜੋ ਵਿਗਿਆਨ, ਭਾਰਤ ਸਰਕਾਰ ਅਤੇ ਦੁਨਿਆ ਭਰ ਦੇ ਬੁਧੀਜੀਵੀਆਂ ਦੀ ਵਿਚਾਰ ਨੂੰ ਇਹ ਮੰਨ ਕੇ ਰੱਦ ਕਰ ਰਹੇ ਹਨ ਕਿ ਅਸੀਂ ਪੰਡਿਤ ਦੀ ਵਿਦਿਆ ਤੋਂ ਬਾਹਰ ਨਹੀਂ ਜਾਣਾ ਅਤੇ ਨਾ ਕਿਸੇ ਨੂੰ ਜਾਣ ਦੇਣਾ ਹੈ ਜਦ ਕਿ ਬ੍ਰਾਹਮਣ ਬਾਰੇ ਗੁਰਬਾਣੀ ਦਾ ਸਪਸ਼ਟ ਫ਼ੁਰਮਾਨ ਹੈ ਕਿ ‘‘ਕਬੀਰ  ! ਬਾਮਨੁ ਗੁਰੂ ਹੈ ਜਗਤ ਕਾ; ਭਗਤਨ ਕਾ ਗੁਰੁ ਨਾਹਿ   ਅਰਝਿ ਉਰਝਿ ਕੈ ਪਚਿ ਮੂਆ; ਚਾਰਉ ਬੇਦਹੁ ਮਾਹਿ ’’ (ਭਗਤ ਕਬੀਰ/੧੩੭੭)

ਐਸੀ ਸੋਚ ਨੂੰ ਪ੍ਰਣਾਇ ਲੋਕਾਂ ਦੇ ਪੈਰੋਕਾਰ ਵੀ ਸਿੱਖ ਹੀ ਹਨ, ਜੋ ਅਜਿਹੀ ਮੰਗ ’ਤੇ ਅੜੇ ਹੋਏ ਹਨ, ਜਿਸ ’ਤੇ ਉਹ ਖ਼ੁਦ ਹੀ ਪੂਰੇ ਨਹੀਂ ਉਤਰਦੇ; ਕਿਉਂਕਿ ਜਰੂਰੀ ਨਹੀਂ ਕਿ ਗੁਰ ਪੁਰਬ ਮੱਸਿਆ ਤੋਂ 7 ਦਿਨ ਪਿੱਛੋਂ ਹੀ ਆਵੇ; ਕਦੀ ਇਹ 6 ਜਾਂ 8 ਦਿਨ ਪਿੱਛੋਂ ਵੀ ਆ ਸਕਦਾ ਹੈ; ਜਿਵੇਂ ਕਿ ਇਸ ਸਾਲ (ਸੰਨ 2024 ’ਚ) ਮੱਸਿਆ 11 ਜਨਵਰੀ 2024 ਨੂੰ ਸੀ ਅਤੇ ਗੁਰ ਪੁਰਬ 6 ਦਿਨ ਪਿੱਛੋਂ 17 ਜਨਵਰੀ ਨੂੰ ਮਨਾਇਆ ਗਿਆ। ਇਸ ਬਿਕ੍ਰਮੀ ਕੈਲੰਡਰ ’ਚ ਐਸਾ ਗੋਰਖ਼ ਧੰਦਾ ਹੈ ਕਿ ਜਿਵੇਂ ਕੋਈ ਥਿਤੀ ਖ਼ਸ਼ੈਯ ਭਾਵ ਖ਼ਤਮ ਹੋ ਜਾਂਦੀ ਹੈ, ਇਸੇ ਤਰ੍ਹਾਂ ਕਦੀ ਕਦੀ ਪੋਹ ਦਾ ਮਹੀਨਾ ਹੀ ਖ਼ਸ਼ੈਯ ਹੋ ਜਾਂਦਾ ਹੈ ਤਾਂ ਉਸ ਸਾਲ ਪ੍ਰਕਾਸ਼ ਪੁਰਬ; ਕਿਹੜੀ ਪੋਹ ਸੁਦੀ ੭ ਨੂੰ ਮਨਾਇਆ ਜਾਂਦਾ ਹੈ; ਇਹ ਲੋਕ ਐਨਾ ਭੀ ਨਹੀਂ ਸੋਚਦੇ ਅਤੇ ਨਾ ਕਿਸੇ ਨੂੰ ਹੋਰ ਸੋਚਣ ਯੋਗਾ ਛੱਡਦੇ ਹਨ।

ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਮਹੀਨਾ ਫੱਗਣ

0

ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਮਹੀਨਾ ਫੱਗਣ

ਕਿਰਪਾਲ ਸਿੰਘ ਬਠਿੰਡਾ

ਮਹੀਨਾ ਫੱਗਣ; ਬਰਫ਼ਾਨੀ ਰੁੱਤ ਦਾ ਦੂਸਰਾ, ਬਿਕ੍ਰਮੀ ਸੰਮਤ ਦਾ 11ਵਾਂ, ਨਾਨਕਸ਼ਾਹੀ ਸੰਮਤ ਦਾ 12ਵਾਂ ਅਤੇ ਸਾਲ ਦਾ ਆਖਰੀ ਮਹੀਨਾ ਹੈ। ਨਾਨਕਸ਼ਾਹੀ ਕੈਲੰਡਰ ’ਚ ਫੱਗਣ ਮਹੀਨੇ ਦਾ ਅਰੰਭ ਹਰ ਸਾਲ 12 ਫ਼ਰਵਰੀ ਨੂੰ ਹੁੰਦਾ ਹੈ। ਮਹੀਨਾ ਹਰ ਆਮ ਸਾਲ ’ਚ 30 ਦਿਨ ਅਤੇ ਲੀਪ ਦੇ ਸਾਲ ’ਚ 31 ਦਿਨ ਦਾ ਹੁੰਦਾ ਹੈ ਜਦੋਂ ਕਿ ਬਿਕ੍ਰਮੀ ਸੰਮਤ ’ਚ ਇਸ ਮਹੀਨੇ ਦਾ ਆਰੰਭ ਭਾਵ ਸੰਗਰਾਂਦ ਕਦੀ 12 ਫ਼ਰਵਰੀ, ਕਦੀ 13 ਫ਼ਰਵਰੀ ਨੂੰ ਅਤੇ ਮਹੀਨੇ ਦੀ ਲੰਬਾਈ ਕਦੀ 29 ਦਿਨ ਤੇ ਕਦੀ 30 ਦਿਨ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ’ਚ ਦੋ ਬਾਰਹਮਾਹਾ ਦਰਜ ਹਨ; ਇੱਕ ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਸਾਹਿਬ ਜੀ ਦਾ ਤੁਖਾਰੀ ਰਾਗ ’ਚ ਪਾਵਨ ਅੰਕ ੧੧੦੭ ਤੋਂ ੧੧੧੦ ਤੱਕ ਅਤੇ ਦੂਸਰਾ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਮਾਝ ਰਾਗ ’ਚ ਪਾਵਨ ਅੰਕ ੧੩੩ ਤੋਂ ੧੩੬ ਤੱਕ ਦਰਜ ਹੈ। ਆਓ ਪਹਿਲਾਂ ਤੁਖਾਰੀ ਰਾਗ ’ਚ ਦਰਜ ਬਾਰਹਮਾਹਾ ਦੇ ਫੱਗਣ ਮਹੀਨੇ ਦੀ ਰੁੱਤ ਅਤੇ ਉਸ ਰਾਹੀਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਦਿੱਤੇ ਉਪਦੇਸ਼ ਨੂੰ ਸਮਝਦੇ ਹਾਂ।

ਗੁਰੂ ਸਾਹਿਬ ਜੀ ਫੱਗਣ ਮਹੀਨੇ ’ਚ ਬਚਨ ਕਰਦੇ ਹਨ ਕਿ (ਸਿਆਲੀ ਰੁੱਤ ਦੀ ਕੜਕ ਸਰਦੀ ਪਿੱਛੋਂ ਬਹਾਰ ਫਿਰਨ ’ਤੇ ਇਸ ਮਹੀਨੇ (ਲੋਕ ਹੋਲੀਆਂ ਦੇ ਰੰਗ-ਤਮਾਸ਼ਿਆਂ ’ਚ) ਮਸਤ ਹੁੰਦੇ ਹਨ; ਇਉਂ ਜਿਸ ਜੀਵ-ਇਸਤ੍ਰੀ ਨੇ ਆਪਾ-ਭਾਵ ਗਵਾ ਲਿਆ ਉਹ ਹਰ ਵੇਲੇ ਖਿੜਾਅ ’ਚ ਰਹਿੰਦੀ ਹੈ। ਉਸ ਨੂੰ ਪ੍ਰਭੂ, ਮਨ ਤੋਂ ਪਿਆਰ ਲੱਗਦਾ ਹੈ। ਜਿਸ ਕਾਰਨ ਅਸਲ ਅਨੰਦ ਉਪਜਿਆ ਹੈ। (ਪਰ ਇਹ ਪਦ) ਜਦੋਂ ਪ੍ਰਭੂ ਆਪ ਮਿਹਰ ਕਰੇ, ਤਾਂ ਨਸੀਬ ਹੁੰਦਾ ਹੈ। ਉਹ ਮਾਇਆ ਮੋਹ ਮੁਕਾ ਲੈਂਦੀ ਹੈ। ਪ੍ਰਭੂ-ਮਿਲਾਪ ਤੋਂ ਬਿਨਾਂ ਭਾਵੇਂ ਬਾਹਰੋਂ ਬਥੇਰਾ ਸ਼ਿੰਗਾਰ ਕੀਤਾ ਜਾਵੇ ਤਾਂ ਭੀ ਉਸ ਦੇ ਚਰਨਾਂ ’ਚ ਥਾਂ ਨਹੀਂ ਮਿਲਦੀ। ਜਿਸ ਨੂੰ ਪਤੀ-ਪ੍ਰਭੂ ਨੇ ਪਸੰਦ ਕਰ ਲਿਆ, ਮਾਨੋ ਉਹ ਬਾਹਰੋਂ ਭੀ ਹਾਰ-ਸ਼ਿੰਗਾਰ, ਰੇਸ਼ਮੀ ਕੱਪੜਿਆਂ ਨਾਲ ਸ਼ਿੰਗਾਰੀ ਗਈ। ਇਉਂ ਜਿਸ ਜਿਸ ਨੂੰ ਭੀ ਪ੍ਰਭੂ-ਪਤੀ ਨੇ ਗੁਰੂ ਦੀ ਰਾਹੀਂ (ਆਪਣੇ ਨਾਲ) ਮਿਲਾ ਲਿਆ, ਉਹੀ ਆਪਣੇ ਅੰਦਰੋਂ (ਨਾ ਕਿ ਬਾਹਰੀ ਸ਼ਿੰਗਾਰ ਕੀਤਿਆਂ) ਖਸਮ-ਪ੍ਰਭੂ ਨਾਲ਼ ਮਿਲ ਪਿਆ, ‘‘ਫਲਗੁਨਿ (), ਮਨਿ ਰਹਸੀ, ਪ੍ਰੇਮੁ ਸੁਭਾਇਆ ਅਨਦਿਨੁ ਰਹਸੁ ਭਇਆ; ਆਪੁ ਗਵਾਇਆ ਮਨ ਮੋਹੁ ਚੁਕਾਇਆ, ਜਾ ਤਿਸੁ ਭਾਇਆ; ਕਰਿ ਕਿਰਪਾ ਘਰਿ ਆਓ ਬਹੁਤੇ ਵੇਸ ਕਰੀ ਪਿਰ ਬਾਝਹੁ, ਮਹਲੀ ਲਹਾ ਥਾਓ ਹਾਰ ਡੋਰ ਰਸ ਪਾਟ ਪਟੰਬਰ, ਪਿਰਿ (ਨੇ) ਲੋੜੀ ਸੀਗਾਰੀ ਨਾਨਕ  ! ਮੇਲਿ ਲਈ ਗੁਰਿ ਅਪਣੈ (ਰਾਹੀਂ); ਘਰਿ, ਵਰੁ ਪਾਇਆ ਨਾਰੀ ’’ (ਤੁਖਾਰੀ/ ਬਾਰਹਮਾਹਾ ਮਹਲਾ /੧੧੦੯)

ਉਕਤ ਉਪਦੇਸ਼ ਵਾਙ ਹੀ ਮਾਝ ਰਾਗ ’ਚ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਬਿਆਨ ਕੀਤਾ ਹੈ ਕਿ (ਸਿਆਲ ਦੀ ਕੜਕ ਸਰਦੀ ਪਿੱਛੋਂ ਬਹਾਰ ਫਿਰਨ ’ਤੇ ਫੱਗਣ ਦੇ ਮਹੀਨੇ ’ਚ ਲੋਕ; ਹੋਲੀਆਂ ਦੇ ਰੰਗ-ਤਮਾਸ਼ਿਆਂ ’ਚ ਮਗਨ ਹੁੰਦੇ ਹਨ; ਵੈਸਾ ਹੀ) ਫੱਗਣ ’ਚ (ਉਹ ਇਸਤਰੀਆਂ) ਅਨੰਦ ਮਾਣਦੀਆਂ ਹਨ, ਜਿਨ੍ਹਾਂ ਦੇ ਹਿਰਦੇ ’ਚ ਸੱਜਣ-ਹਰੀ ਵੱਸਦੇ ਹਨ। ਪਰਮਾਤਮਾ ਨੂੰ ਮਿਲਾਣ ’ਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ ਕਰ ਕੇ ਉਨ੍ਹਾਂ ਨੂੰ ਪ੍ਰਭੂ ਨਾਲ ਜੋੜਦੇ ਹਨ। ਉਨ੍ਹਾਂ ਦੀ ਹਿਰਦਾ-ਸੇਜ ਸੁੰਦਰ ਬਣ ਜਾਂਦੀ ਹੈ। ਉਨ੍ਹਾਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਫਿਰ (ਉਨ੍ਹਾਂ ਅੰਦਰ) ਦੁੱਖਾਂ ਲਈ ਰੱਤਾ ਭਰ ਥਾਂ ਨਹੀਂ ਰਹਿ ਜਾਂਦੀ। ਉਨ੍ਹਾਂ ਵਡਭਾਗਣ ਜੀਵ-ਇਸਤ੍ਰੀਆਂ ਦੀ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ। ਉਨ੍ਹਾਂ ਨੂੰ ਹਰੀ-ਪ੍ਰਭੂ ਖਸਮ ਮਿਲ ਪੈਂਦਾ ਹੈ। ਉਹ ਸਤਸੰਗੀ ਸਹੇਲੀਆਂ ਨਾਲ ਮਿਲ ਕੇ ਗੋਵਿੰਦ ਦੀ ਸਿਫ਼ਤ-ਸਾਲਾਹ ਦੇ ਗੀਤ ਅਲਾਪ ਕੇ ਅਨੰਦ ਭਰਪੂਰ ਗੁਰਬਾਣੀ ਗਾਉਂਦੀਆਂ ਹਨ। ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਪਰਮਾਤਮਾ ਵਰਗਾ ਸਾਥੀ ਕੋਈ ਹੋਰ ਨਹੀਂ ਹੈ। ਪਰਮਾਤਮਾ ਨੇ (ਉਨ੍ਹਾਂ ਦਾ) ਲੋਕ ਪਰਲੋਕ ਸਵਾਰ ਦਿੱਤਾ। ਉਨ੍ਹਾਂ ਲਈ ਐਸੀ ਅਵਸਥਾ ਬਖ਼ਸ਼ ਦਿੱਤੀ, ਜੋ ਕਦੇ ਨਹੀਂ ਡੋਲਣ ਦਿੰਦੀ।  ਉਨ੍ਹਾਂ ਦੇ ਜਨਮ-ਮਰਨ ਦੇ ਗੇੜ ਖ਼ਤਮ ਕਰ ਦਿੱਤੇ। ਗੁਰੂ ਸਾਹਿਬ ਆਪਣੇ ’ਤੇ ਗੱਲ ਢੁਕਾ ਕੇ ਬਿਆਨ ਕਰਦੇ ਹਨ ਕਿ ਸਾਡੇ ਕੋਲ਼ ਇਕ ਜੀਭ ਹੈ ਜਦ ਕਿ ਪ੍ਰਭੂ ਦੇ ਅਨੇਕਾਂ ਗੁਣ ਹਨ (ਇਸ ਲਈ ਉਸ ਨੂੰ ਪੂਰਾ ਕਿਵੇਂ ਬਿਆਨ ਕਰੀਏ। ਸੋ) ਜੋ ਜੋ ਜੀਵ ਪ੍ਰਭੂ ਦੇ ਚਰਨੀਂ ਪੈਂਦੇ ਹਨ, ਓਹੀ ਓਹੀ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ। ਫੱਗਣ ’ਚ (ਹੋਲੀਆਂ ਵਾਙ ਸਦੀਵੀ ਅਨੰਦ ਲੈਣ ਲਈ) ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ਭਾਵੇਂ ਕਿ (ਉਸ ਮਾਲਕ ਨੂੰ) ਰਤਾ ਭਰ ਭੀ (ਆਪਣੀ ਸਿਫ਼ਤ ਕਰਾਉਣ ਦਾ) ਲਾਲਚ ਨਹੀਂ,‘‘ਫਲਗੁਣਿ (’), ਅਨੰਦ ਉਪਾਰਜਨਾ; ਹਰਿ ਸਜਣ ਪ੍ਰਗਟੇ ਆਇ ਸੰਤ ਸਹਾਈ ਰਾਮ ਕੇ; ਕਰਿ ਕਿਰਪਾ ਦੀਆ ਮਿਲਾਇ ਸੇਜ ਸੁਹਾਵੀ ਸਰਬ ਸੁਖ; ਹੁਣਿ ਦੁਖਾ ਨਾਹੀ ਜਾਇ ਇਛ ਪੁਨੀ ਵਡਭਾਗਣੀ; ਵਰੁ ਪਾਇਆ ਹਰਿ ਰਾਇ ਮਿਲਿ ਸਹੀਆ, ਮੰਗਲੁ ਗਾਵਹੀ; ਗੀਤ ਗੋਵਿੰਦ ਅਲਾਇ ਹਰਿ ਜੇਹਾ ਅਵਰੁ ਦਿਸਈ; ਕੋਈ ਦੂਜਾ ਲਵੈ ਲਾਇ ਹਲਤੁ ਪਲਤੁ ਸਵਾਰਿਓਨੁ; ਨਿਹਚਲ ਦਿਤੀਅਨੁ ਜਾਇ ਸੰਸਾਰ ਸਾਗਰ ਤੇ ਰਖਿਅਨੁ; ਬਹੁੜਿ ਜਨਮੈ ਧਾਇ ਜਿਹਵਾ ਏਕ, ਅਨੇਕ ਗੁਣ; ਤਰੇ, ਨਾਨਕ  ! ਚਰਣੀ ਪਾਇ ਫਲਗੁਣਿ, ਨਿਤ ਸਲਾਹੀਐ; ਜਿਸ ਨੋ ਤਿਲੁ ਤਮਾਇ ੧੩’’ (ਮਾਝ ਬਾਰਹਮਾਹਾ/ਮਹਲਾ /੧੩੬)

ਬਸੰਤ ਰੁੱਤ ਭਾਵ ਫੱਗਣ ਦੇ ਮਹੀਨੇ ਨਾਲ਼ ਸੰਬੰਧਿਤ ਹੀ ਗੁਰੂ ਅਰਜਨ ਸਾਹਿਬ ਜੀ ਨੇ ਬਸੰਤੁ ਰਾਗੁ ’ਚ ਇਉਂ ਫ਼ੁਰਮਾਇਆ ਹੈ :

ਬਸੰਤ ਮਹਲਾ ਘਰੁ ਦੁਤੁਕੇ  ਸਤਿ ਗੁਰ ਪ੍ਰਸਾਦਿ

ਗੁਰੁ ਸੇਵਉ ਕਰਿ ਨਮਸਕਾਰ ਆਜੁ ਹਮਾਰੈ ਮੰਗਲਚਾਰ ਆਜੁ ਹਮਾਰੈ ਮਹਾ ਅਨੰਦ ਚਿੰਤ ਲਥੀ ਭੇਟੇ ਗੋਬਿੰਦ ਅਰਥ : ਹੇ ਭਾਈ ! (ਰੱਬੀ ਗੁਣ ਗਾਉਣ ਕਾਰਨ) ਮੈਨੂੰ ਗੋਬਿੰਦ ਜੀ ਮਿਲੇ ਹਨ। ਮੇਰੀ ਹਰੇਕ ਚਿੰਤਾ ਦੂਰ ਹੋ ਗਈ ਹੈ। ਮੇਰੇ ਹਿਰਦੇ ’ਚ ਬੜਾ ਅਨੰਦ ਬਣਿਆ ਹੈ, ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ। (ਪਰ ਇਹ ਤਬਦੀਲੀ ਗੁਰੂ ਦੀ ਕਿਰਪਾ ਨਾਲ਼ ਹੋਈ ਹੈ, ਇਸ ਲਈ) ਮੈਂ ਗੁਰੂ ਅੱਗੇ ਸਿਰ ਨਿਵਾ ਕੇ ਗੁਰੂ ਸਿੱਖਿਆ ਨੂੰ ਪ੍ਰਣਾਮ ਕਰਦਾ ਹਾਂ।

ਆਜੁ ਹਮਾਰੈ ਗ੍ਰਿਹਿ ਬਸੰਤ ਗੁਨ ਗਾਏ ਪ੍ਰਭ ਤੁਮ੍ ਬੇਅੰਤ ਰਹਾਉ ਅਰਥ : ਹੇ ਬੇਅੰਤ ਪ੍ਰਭੂ  ! ਜਦੋਂ ਤੋਂ ਮੈਂ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਉਣੇ ਸ਼ੁਰੂ ਕੀਤੇ ਹਨ, ਤਦੋਂ ਤੋਂ ਮੇਰੇ ਹਿਰਦੇ ਵਿਚ ਬਸੰਤ ਰੁੱਤ ਵਾਙ ਅਨੰਦ ਬਣਿਆ ਹੋਇਆ ਹੈ।

ਆਜੁ ਹਮਾਰੈ ਬਨੇ ਫਾਗ ਪ੍ਰਭ ਸੰਗੀ ਮਿਲਿ ਖੇਲਨ ਲਾਗ ਹੋਲੀ ਕੀਨੀ ਸੰਤ ਸੇਵ ਰੰਗੁ ਲਾਗਾ; ਅਤਿ ਲਾਲ ਦੇਵ ਅਰਥ : ਹੇ ਭਾਈ ! (ਪਰਮਾਤਮਾ ਦੀ ਸਿਫ਼ਤ ਕਰਨ ਨਾਲ਼) ਮੇਰੇ ਅੰਦਰ (ਮਾਨੋ) ਫੱਗਣ ਮਹੀਨੇ ’ਚ ਖੇਡੀ ਜਾਣ ਵਾਲੀ ਹੋਲੀ ਬਣੀ ਹੋਈ ਹੈ। ਮੈਂ ਸੰਤ ਜਨਾਂ ਦੀ ਸੇਵਾ ਨੂੰ ਹੀ ਹੋਲੀ ਬਣਾਇਆ ਹੈ ਕਿਉਂਕਿ ਪ੍ਰਭੂ ਦੇ ਸੰਤ ਜਨ (ਸਾਧ ਸੰਗਤ ’ਚ) ਮਿਲ ਕੇ (ਆਪਸ ਵਿੱਚ ਇਹ ਹੋਲੀ) ਖੇਡ ਰਹੇ ਹਨ। (ਉਨ੍ਹਾਂ ਰਾਹੀਂ) ਮੇਰੇ ਅੰਦਰ ਭੀ ਪਰਮਾਤਮਾ ਦਾ ਪਿਆਰ ਭਰਪੂਰ ਗੂੜ੍ਹਾ ਰੰਗ ਚੜ੍ਹ ਗਿਆ ਹੈ।

ਮਨੁ ਤਨੁ ਮਉਲਿਓ ਅਤਿ ਅਨੂਪ   ਸੂਕੈ ਨਾਹੀ; ਛਾਵ ਧੂਪ   ਸਗਲੀ ਰੂਤੀ ਹਰਿਆ ਹੋਇ   ਸਦ ਬਸੰਤ; ਗੁਰ ਮਿਲੇ ਦੇਵ ਅਰਥ : ਹੇ ਭਾਈ ! (ਪ੍ਰਭੂ ਦੇ ਗੁਣ ਗਾਉਣ ਨਾਲ਼) ਮੇਰਾ ਮਨ ਤੇ ਤਨ ਬਹੁਤ ਸੁੰਦਰ ਖਿੜ ਗਏ ਹਨ। ਹੁਣ ਜ਼ਿੰਦਗੀ ’ਚ ਸੁੱਖ ਹੋਣ ਜਾਂ ਦੁੱਖ; ਮੈਂ ਮੁਰਝਾਉਂਦਾ ਨਹੀਂ। ਹਰ ਸਮੇਂ ਆਤਮਕ ਜੀਵਨ ਪ੍ਰਫੁਲਿਤ ਰਹਿੰਦਾ ਹੈ ਕਿਉਂਕਿ ਗੁਰਦੇਵ ਪਿਤਾ ਮਿਲੇ ਹਨ, ਮਾਨੋ ਬਸੰਤ ਚੜ੍ਹਿਆ ਰਹਿੰਦਾ ਹੈ।

ਿਰਖੁ ਜਮਿਓ ਹੈ ਪਾਰਜਾਤ ਫੂਲ ਲਗੇ ਫਲ ਰਤਨ ਭਾਂਤਿ ਤ੍ਰਿਪਤਿ ਅਘਾਨੇ, ਹਰਿ ਗੁਣਹ ਗਾਇ ਜਨ ਨਾਨਕ  ! ਹਰਿ ਹਰਿ, ਹਰਿ ਧਿਆਇ (ਬਸੰਤੁ/ਮਹਲਾ /੧੧੮੦) ਅਰਥ : ਹੇ ਭਾਈ ! (ਮਾਨੋ ਹਿਰਦੇ ’ਚ ਸਭ ਕਾਮਨਾਵਾਂ ਪੂਰੀਆਂ ਕਰਨ ਵਾਲਾ ਸਵਰਗੀ) ਪਾਰਜਾਤ ਰੁੱਖ ਉੱਗ ਪਿਆ ਹੈ। ਜਿਸ ਨੂੰ ਭਾਂਤ ਭਾਂਤ ਕਿਸਮ ਦੇ ਕੀਮਤੀ ਫੁੱਲ ਤੇ ਫਲ ਲੱਗੇ ਹੋਏ ਹਨ। ਗੁਰੂ ਸਾਹਿਬ ਜੀ ਅਨੁਸਾਰ ਇਸ ਤਰ੍ਹਾਂ ਪਰਮਾਤਮਾ ਦਾ ਸਦਾ ਨਾਮ ਸਿਮਰ ਕੇ, ਉਸ ਦੇ ਸਦਾ ਗੁਣ ਗਾ ਗਾ ਕੇ (ਮਨੁੱਖ ਮਾਇਆ ਤਿਸ਼ਨਾ ਵੱਲੋਂ) ਪੂਰਨ ਤੌਰ ’ਤੇ ਰੱਜ ਜਾਂਦੇ ਹਨ।

ਇਤਿਹਾਸਕ ਪੱਖੋਂ ਫੱਗਣ ਮਹੀਨੇ ’ਚ ਦੋ ਵੱਡੇ ਖੂਨੀ ਸਾਕੇ ਵਰਤੇ ਹਨ। ਪਹਿਲਾ ਸੰਨ 1921 ’ਚ ਸਾਕਾ ਨਨਕਾਣਾ ਸਾਹਿਬ ਅਤੇ ਦੂਸਰਾ 1924 ’ਚ ਗੰਗਸਰ ਜੈਤੋ।

ਨਨਕਾਣਾ ਸਾਹਿਬ ਉਹ ਇਤਿਹਾਸਕ ਸਥਾਨ ਹੈ, ਜਿੱਥੇ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਹੋਇਆ ਹੈ। ਅੰਗਰੇਜ਼ਾਂ ਦੀ ਮਦਦ ਨਾਲ਼ ਇਸ ਸਥਾਨ ’ਤੇ ਮਹੰਤ ਨਰਾਇਣ ਦਾਸ ਦਾ ਕਬਜ਼ਾ ਸੀ। ਜੋ ਅਤਿ ਦਰਜੇ ਦਾ ਸ਼ਰਾਬੀ ਤੇ ਵਿਭਚਾਰੀ ਸੀ। ਉਸ ਨੇ ਇਸ ਪਵਿੱਤਰ ਸਥਾਨ ਨੂੰ ਅਯਾਸ਼ੀ ਦਾ ਕੇਂਦਰ ਬਣਾ ਰੱਖਿਆ ਸੀ। ਸੰਨ 1917 ’ਚ ਗੁਰਦੁਆਰੇ ਦੀ ਹਦੂਦ ਅੰਦਰ ਉਸ ਨੇ ਵੇਸਵਾ ਦਾ ਨਾਚ ਕਰਾਇਆ। ਗੁਰਦੁਆਰੇ ਅੰਦਰ ਸ਼ਰੇਆਮ ਸ਼ਰਾਬ ਪੀਤੀ ਜਾਂਦੀ ਸੀ। ਉਸ ਨੇ ਅਪਰਾਧੀ ਕਿਸਮ ਦੇ ਲੋਕਾਂ ਨੂੰ ਆਪਣੇ ਨਾਲ਼ ਰੱਖਿਆ ਹੋਇਆ ਸੀ। ਸੰਨ 1918 ’ਚ ਇੱਕ ਰਿਟਾਇਰਡ ਸਿੰਧੀ ਅਫ਼ਸਰ ਆਪਣੇ ਪਰਵਾਰ ਸਮੇਤ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਤਾਂ ਰਾਤ ਸਮੇਂ ਉਸ ਦੀ 13 ਸਾਲਾ ਲੜਕੀ ਦਾ ਮਹੰਤ ਦੇ ਇੱਕ ਚੇਲੇ ਨੇ ਬਲਾਤਕਾਰ ਕੀਤਾ। ਉਸੇ ਸਾਲ ਪੂਰਨਮਾਸ਼ੀ ਨੂੰ ਜ਼ਿਲ੍ਹਾ ਲਾਇਲਪੁਰ ਦੇ ਇਲਾਕੇ ਦੀਆਂ ਛੇ ਬੀਬੀਆਂ ਗੁਰਦੁਆਰੇ ਦੇ ਦਰਸ਼ਨਾਂ ਨੂੰ ਆਈਆਂ ਤਾਂ ਮਹੰਤ ਦੇ ਚੇਲਿਆਂ ਨੇ ਉਨ੍ਹਾਂ ਦਾ ਵੀ ਇਹੋ ਹਸ਼ਰ ਕੀਤਾ। ਜਦ ਕੁਝ ਸਿੱਖਾਂ ਨੇ ਮਹੰਤ ਕੋਲ ਇਸ ਗੱਲ ਦਾ ਰੋਸ ਜਤਾਇਆ ਤਾਂ ਅੱਗੋਂ ਉਸ ਨੇ ਕਿਹਾ ਕਿ ਗੁਰਦੁਆਰਾ ਸਾਡੀ ਨਿੱਜੀ ਸੰਪੱਤੀ ਹੈ। ਇੱਥੇ ਤੁਸੀਂ ਆਪਣੀਆਂ ਇਸਤਰੀਆਂ ਨੂੰ ਨਾ ਭੇਜਿਆ ਕਰੋ। ਮਹੰਤ ਦੀ ਵਧ ਰਹੀ ਇਸ ਗੁੰਡਾਗਰਦੀ ਨੂੰ ਵੇਖਦਿਆਂ 26 ਜਨਵਰੀ 1921 ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਇੱਕ ਮਤਾ ਪਾਸ ਕੀਤਾ ਕਿ 4, 5 ਅਤੇ 6 ਮਾਰਚ 1921 ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਪੰਥ ਦਾ ਭਾਰੀ ਇਕੱਠ ਕੀਤਾ ਜਾਵੇ ਤਾਂ ਜੋ ਗੁਰਦੁਆਰਿਆਂ ਦੇ ਪ੍ਰਬੰਧ, ਖ਼ਾਸ ਕਰ ਸ੍ਰੀ ਨਨਕਾਣਾ ਸਾਹਿਬ ਦੇ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ਼ ਚਲਾਉਣ ਲਈ ਕੋਈ ਠੋਸ ਨੀਤੀ ਬਣਾ ਸਰਕਾਰ ਸਾਮ੍ਹਣੇ ਰੱਖੀ ਜਾਵੇ।

ਓਧਰ ਮਹੰਤ ਨੂੰ ਸਰਕਾਰੀ ਸ਼ਹਿ ਮਿਲੀ ਹੋਣ ਕਾਰਨ ਨਵੀਆਂ ਨਵੀਆਂ ਸਾਜ਼ਸ਼ਾਂ ਘੜਨ ਦਾ ਆਦੀ ਸੀ। ਉਹ ਇੱਕ ਪਾਸੇ ਇਹ ਕਹਿੰਦਾ ਕਿ ਮੈਂ ਸ੍ਰੋਮਣੀ ਕਮੇਟੀ ਦੀ ਹਰ ਸ਼ਰਤ ਮੰਨਣ ਲਈ ਤਿਆਰ ਹਾਂ, ਪਰ ਦੂਜੇ ਪਾਸੇ ਬਦਮਾਸ਼ਾਂ, ਗੁੰਡਿਆਂ ਨੂੰ ਇਕੱਠਾ ਕਰਨ ਲੱਗਾ ਤਾਂ ਕਿ ਸ੍ਰੀ ਨਨਕਾਣਾ ਸਾਹਿਬ ਵਿਖੇ ਇਕੱਠੇ ਹੋਏ ਪੰਥਕ ਆਗੂਆਂ ਨੂੰ ਹਮਲਾ ਕਰਕੇ ਖ਼ਤਮ ਕੀਤਾ ਜਾਵੇ । ਉਸ ਨੇ ਕਈ ਪਠਾਣਾਂ ਨੂੰ ਭੀ ਨੌਕਰੀ ’ਤੇ ਰੱਖ ਲਿਆ। ਬਹੁਤ ਸਾਰੇ ਤੇਜ਼ਧਾਰ ਹਥਿਆਰ, ਬੰਦੂਕਾਂ ਅਤੇ ਪਿਸਤੌਲਾਂ ਆਦਿ ਇਕੱਠੇ ਕਰ ਲਏ। ਭਾਰੀ ਗਿਣਤੀ ਵਿੱਚ ਗੋਲ਼ੀ ਸਿੱਕਾ, ਮਿੱਟੀ ਦਾ ਤੇਲ ਅਤੇ ਲੱਕੜਾਂ ਦਾ ਜਖ਼ੀਰਾ ਜਮ੍ਹਾ ਕਰ ਲਿਆ।

੧੦ ਫੱਗਣ ੧੯੭੭/20 ਫ਼ਰਵਰੀ 1921 ਨੂੰ ਸਵੇਰੇ 6 ਵਜੇ ਭਾਈ ਲਛਮਣ ਸਿੰਘ ਦਾ ਜਥਾ ਸ਼ਬਦ ਪੜ੍ਹਦਾ ਹੋਇਆ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋਇਆ। ਭਾਈ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ ਅਤੇ ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ। ਕੁਝ ਸਮੇਂ ਬਾਅਦ ਮਹੰਤ ਆਪਣੇ ਗੁੰਡਿਆਂ ਸਮੇਤ ਸ਼ਰਾਬੀ ਹਾਲਤ ’ਚ ਆਇਆ। ਉਸ ਨੇ ਪਹਿਲਾਂ ਹੀ ਪੂਰੀ ਤਿਆਰੀ ਕੀਤੀ ਹੋਈ ਸੀ। ਉਸ ਨੇ ਦਰਸ਼ਨੀ ਡਿਉਢੀ ਦਾ ਮੇਨ ਗੇਟ ਬੰਦ ਕਰਵਾ ਦਿੱਤਾ ਅਤੇ ਆਪਣੇ ਗੁੰਡਿਆਂ ਪਾਸੋਂ ਰੱਬੀ ਪਿਆਰ ਵਿੱਚ ਜੁੜੇ ਸ਼ਾਂਤਮਈ ਸਿੰਘਾਂ ਉੱਤੇ ਗੋਲ਼ੀਆਂ ਦੀ ਬੁਛਾੜ ਕਰਾ ਦਿੱਤੀ। ਗੋਲ਼ੀਆਂ ਚਲਾਉਣ ਤੋਂ ਬਾਅਦ ਗੁੰਡੇ ਟਕੂਏ, ਕ੍ਰਿਪਾਨਾਂ, ਛਵ੍ਹੀਆਂ ਤੇ ਗੰਡਾਸੇ ਆਦਿ ਲੈ ਕੇ ਸਿੰਘਾਂ ਉੱਪਰ ਵਾਰ ਕਰਨ ਲੱਗੇ। ਵੇਖਦਿਆਂ ਵੇਖਦਿਆਂ ਹੀ ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਜਾਂ ਜ਼ਖ਼ਮੀ ਹੋ ਗਏ। ਇਹ ਸਾਕਾ ਬੜਾ ਦਿਲ ਕੰਬਾਊ ਸੀ। ਭਾਈ ਲਛਮਣ ਸਿੰਘ ਨੂੰ ਜੰਡ ਨਾਲ ਪੁੱਠਾ ਲਟਕਾ ਕੇ ਅੱਗ ਲਗਾ ਕੇ ਸ਼ਹੀਦ ਕੀਤਾ ਗਿਆ।

ਇਸ ਤੋਂ ਬਾਅਦ ਭੀ ਲੱਕੜਾਂ ਦੇ ਢੇਰ ਲਗਾ ਉੱਪਰ ਮਿੱਟੀ ਦਾ ਤੇਲ ਪਾਇਆ ਗਿਆ ਅਤੇ ਸ਼ਹੀਦ ਹੋ ਚੁੱਕੇ ਜਾਂ ਜ਼ਖਮੀ ਹੋਏ ਸਿੰਘਾਂ ਨੂੰ ਵਿੱਚ ਸੁੱਟ ਕੇ ਅੱਗ ਲਗਾ ਦਿੱਤੀ, ਜੋ ਸ਼ਾਮ 4 ਵਜੇ ਤੱਕ ਲੱਗੀ ਰਹੀ। ਇਸ ਘਟਨਾ ਨਾਲ ਸੰਗਤਾਂ ਅੰਦਰ ਹੋਰ ਰੋਹ ਜਾਗ ਪਿਆ। ਅਖੀਰ ਅੰਗਰੇਜ਼ ਅਧਿਕਾਰੀਆਂ ਨੂੰ ਹਾਰ ਮੰਨਣੀ ਪਈ ਅਤੇ ਗੁਰਦੁਆਰੇ ਦਾ ਪ੍ਰਬੰਧ; ਸਿੱਖ ਪੰਥ ਦੇ ਹਵਾਲੇ ਕਰ ਦਿੱਤਾ ਗਿਆ।

ਸ੍ਰੋਮਣੀ ਕਮੇਟੀ ਆਪਣੇ ਕੈਲੰਡਰਾਂ ’ਚ ਸਾਕਾ ਨਨਕਾਣਾ ਸਾਹਿਬ 21 ਫ਼ਰਵਰੀ ਮੰਨਦੀ ਹੈ। ਜਿਸ ਦਿਨ ਕਦੀ ੧੦ ਫੱਗਣ ਅਤੇ ਕਦੀ ੯ ਫੱਗਣ ਹੁੰਦਾ ਹੈ। ਐਸਾ ਕਰਨ ਵਾਲੇ ਆਪਣੇ ਦਿਮਾਗ਼ ਦੀ ਇੰਨੀ ਵਰਤੋਂ ਵੀ ਨਹੀਂ ਕਰਦੇ ਕਿ ਜਦ 21 ਫ਼ਰਵਰੀ ੯ ਫੱਗਣ ਨੂੰ ਹੁੰਦੀ ਹੈ ਤਾਂ 21 ਫ਼ਰਵਰੀ ਅਤੇ ੯ ਫੱਗਣ ਦੋਵੇਂ ਸਹੀ ਨਹੀਂ ਹੁੰਦੇ। ਜੇ ਇੱਦਾਂ ਹੀ ਚੱਲਦਾ ਰਿਹਾ ਤਾਂ 600 ਸਾਲ ਬਾਅਦ 21 ਫ਼ਰਵਰੀ; ੩੦ ਮਾਘ ਨੂੰ ਹੋਵੇਗੀ। ਨਾਨਕਸ਼ਾਹੀ ਕੈਲੰਡਰ ’ਚ ੧੦ ਫੱਗਣ ਨਿਰਧਾਰਿਤ ਕੀਤਾ ਹੈ ਅਤੇ ਉਸ ਦਿਨ ਸਦਾ 21 ਫ਼ਰਵਰੀ ਹੀ ਰਹੇਗੀ।  ਸਿੱਖ ਸੰਗਤਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸ੍ਰੋਮਣੀ ਕਮੇਟੀ ਅੱਗੇ ਇਸ ਸੰਬੰਧੀ ਜ਼ਰੂਰ ਸਵਾਲ ਜਵਾਬ ਕਰਿਆ ਕਰਨ।

ਜੈਤੋ ਮੋਰਚੇ ਦਾ ਆਰੰਭ 8 ਜੂਨ 1923 ਨੂੰ ਉਸ ਵੇਲੇ ਹੋਇਆ ਜਦੋਂ ਅੰਗਰੇਜ਼ੀ ਹਕੂਮਤ ਨੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਨਾਭਾ ਦੀ ਗੱਦੀ ਤੋਂ ਲਾਹ ਕੇ ਰਿਆਸਤ ਵਿੱਚੋਂ ਕੱਢ ਦਿੱਤਾ। ਇਸ ਘਟਨਾ ਵਿਰੁੱਧ ਸਿੱਖ ਜਗਤ ਵਿੱਚ ਰੋਸ ਦੀ ਲਹਿਰ ਫੈਲ ਗਈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਗਰੇਜ਼ੀ ਹਕੂਮਤ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲਈ 5 ਅਗਸਤ, 1923 ਨੂੰ ਅੰਮ੍ਰਿਤਸਰ ਵਿੱਚ ਇੱਕ ਬੈਠਕ ਬੁਲਾਈ, ਜਿਸ ਵਿੱਚ ਮਹਾਰਾਜਾ ਪ੍ਰਤੀ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ ਅਤੇ 9 ਸਤੰਬਰ ਨੂੰ ਮਹਾਰਾਜਾ ਦੇ ਹੱਕ ’ਚ ‘ਨਾਭਾ ਦਿਵਸ’ ਮਨਾਉਣ ਦਾ ਐਲਾਨ ਕੀਤਾ। ਸਿੱਖਾਂ ਵੱਲੋਂ 9 ਸਤੰਬਰ ਨੂੰ ਪੰਜਾਬ ਭਰ ਵਿੱਚ ਧਰਨੇ ਅਤੇ ਮੁਜ਼ਾਹਰੇ ਕੀਤੇ ਗਏ। ਭਾਰਤ ਦੇ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ’ਚੋਂ ਵੀ ਜੱਥਿਆਂ ਨੇ ਇਸ ਮੋਰਚੇ ’ਚ ਭਾਗ ਲਿਆ।

ਸ੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੈਤੋ ਵਿਖੇ ਅਖੰਡ ਪਾਠ ਸ਼ੁਰੂ ਕਰਨ ਵਾਸਤੇ 500 ਸਿੰਘਾਂ ਦਾ ਸ਼ਹੀਦੀ ਜਥਾ ਭੇਜਿਆ ਜਾਵੇਗਾ। ਇਸ ਪਹਿਲੇ ਜੱਥੇ ਨੇ ੮ ਫੱਗਣ ਸੰਮਤ ੧੯੮੦/9 ਫ਼ਰਵਰੀ, 1924 ਦੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ ੧੦ ਫੱਗਣ/21 ਫ਼ਰਵਰੀ ਨੂੰ ਜੈਤੋ ਪੁੱਜਣਾ ਸੀ। ਜੈਤੋ ਪੁੱਜਣ ਦੀ ਤਾਰੀਖ਼ ਨਨਕਾਣੇ ਸਾਹਿਬ ਦੇ ਸ਼ਹੀਦਾਂ ਦੀ ਤਾਰੀਖ਼ ਨਾਲ ਮੇਲਣ ਲਈ ੧੦ ਫੱਗਣ ਰੱਖੀ ਗਈ।

21 ਫ਼ਰਵਰੀ ਨੂੰ ਜਦੋਂ ਜਥਾ ਜੈਤੋ ਪੁੱਜਾ ਤਾਂ ਵਿਲਸਨ ਜੌਹਨਸਟਨ ਨੇ ਫ਼ੌਜ ਨੂੰ ਜਥੇ ਉੱਪਰ ਗੋਲ਼ੀਆਂ ਚਲਾਉਣ ਦੇ ਹੁਕਮ ਦੇ ਦਿੱਤੇ, ਪਰ ਜਥਾ ਗੁਰਦੁਆਰਾ ਟਿੱਬੀ ਸਾਹਿਬ ਵੱਲ ਵਧਦਾ ਗਿਆ। ਅੰਤ ਗੋਲ਼ੀਆਂ ਦੀ ਬੁਛਾੜ ਨੇ ਉਨ੍ਹਾਂ ਨੂੰ ਰੋਕ ਲਿਆ। ਫਿਰ ਵੀ ਉਹ ਜਿੱਥੋਂ ਤੱਕ ਹੋ ਸਕਿਆ ਡਿੱਗਦੇ-ਢਹਿੰਦੇ ਅੱਗੇ ਵਧਦੇ ਗਏ। ਜੋ ਇਸ ਜਥੇ ਨੂੰ ਵੇਖ ਰਹੇ ਸਨ, ਉਨ੍ਹਾਂ ਲੋਕਾਂ ’ਤੇ ਭੀ ਲਾਠੀਚਾਰਜ ਕੀਤਾ ਗਿਆ। ਦੁਨੀਆਂ ਭਰ ਦੀਆਂ ਅਖ਼ਬਾਰਾਂ ਨੇ ਇਸ ਘਟਨਾ ਦੀਆਂ ਖ਼ਬਰਾਂ ਛਾਪੀਆਂ। ਆਗੂਆਂ ਨੇ ਵਿਲਸਨ ਜੌਹਨਸਟਨ ਨੂੰ ਜਨਰਲ ਡਾਇਰ ਦਾ ਵਾਰਸ ਐਲਾਨਿਆ।

26 ਫ਼ਰਵਰੀ 1924 ਨੂੰ ‘ਸਿਵਲ ਐਂਡ ਮਿਲਟਰੀ ਗਜ਼ਟ’ ਵਿੱਚ ਛਪੀ ਖ਼ਬਰ ਵਿੱਚ ਸ਼ਹੀਦਾਂ ਦੀ ਗਿਣਤੀ 18 ਤੇ ਜ਼ਖ਼ਮੀਆਂ ਦੀ 60 ਦੱਸੀ ਗਈ ਸੀ। ਸ੍ਰੋਮਣੀ ਕਮੇਟੀ ਅਨੁਸਾਰ ਇਸ ਘਟਨਾ ’ਚ 300 ਸਿੰਘ ਗੋਲ਼ੀ ਦਾ ਸ਼ਿਕਾਰ ਹੋਏ, ਜਿਨ੍ਹਾਂ ਵਿੱਚੋਂ 100 ਸਿੰਘ ਸ਼ਹਾਦਤ ਪਾ ਗਏ। ਇਸ ਜੈਤੋ ਗੋਲ਼ੀ ਕਾਂਡ ’ਚ ਕਿੰਨੇ ਸਿੰਘ ਸ਼ਹੀਦ ਹੋਏ, ਇਸ ਦਾ ਭੀ ਪੂਰਾ ਅਨੁਮਾਨ ਨਾ ਲੱਗ ਸਕਿਆ।  ਇਨ੍ਹਾਂ ਸ਼ਹੀਦ ਸਿੰਘਾਂ ਨੂੰ ਨਤਮਸਤਕ ਹੋਣ ਲਈ ਹਰ ਸਾਲ ੧੦ ਫ਼ੱਗਣ/ 21 ਫ਼ਰਵਰੀ ਨੂੰ ਸਮਾਗਮ ਕੀਤਾ ਜਾਂਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਸਾਹਿਤਕ ਵਿਸ਼ੇਸ਼ਤਾ

0

ਗੁਰੂ ਗ੍ਰੰਥ ਸਾਹਿਬ ਜੀ ਦੀ ਸਾਹਿਤਕ ਵਿਸ਼ੇਸ਼ਤਾ

ਗਿਆਨੀ ਬਲਜੀਤ ਸਿੰਘ ਜੀ

ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਵਿਆਪੀ ਸਾਹਿਤਕ ਰਚਨਾਵਾਂ ਵਿਚੋਂ ਸਰਬ ਉੱਚ ਰਚਨਾ ਹੈ। ਗੁਰਬਾਣੀ ਦੀ ਮੁੱਢਲੀ ਵਿਚਾਰਧਾਰਾ ਮਨੁੱਖੀ ਜੀਵਨ ਦੀ ਰਹੱਸਵਾਦੀ ਜਾਂ ਆਦਰਸ਼ਕ ਉਸਾਰੀ ਕਰਨ ਲਈ ਹੀ ਹੈ, ਪਰ ਨਾਲ ਹੀ ਸੰਗੀਤ ਕਾਵਿ ਅਤੇ ਦਰਸ਼ਨ ਦੇ ਸੁਮੇਲ ਰਾਹੀਂ ਜੋ ਵਿਗਿਆਨਕ ਤੇ ਮਨੋ ਵਿਗਿਆਨਕ ਪ੍ਰਗਟਾਅ ਇਸ ਗ੍ਰੰਥ ਵਿਚ ਅੰਕਿਤ ਹੈ, ਉਹ ਸ਼ਾਇਦ ਹੀ ਭਾਰਤੀ ਜਾਂ ਅਭਾਰਤੀ (ਵਿਦੇਸ਼ੀ) ਕਿਸੇ ਸਾਹਿਤਕ ਗ੍ਰੰਥ ਵਿੱਚ ਮਿਲੇ। ਧਾਰਮਿਕ ਸਾਹਿਤ ਅਤੇ ਦਰਸ਼ਨ ਦਾ ਸੁਮੇਲ; ਕੇਵਲ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਮੂਰਤੀਮਾਨ ਹੁੰਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਬੁਨਿਆਦੀ ਤੌਰ ’ਤੇ ਅਨੁਭਵੀ ਗਿਆਨ ਦਾ ਅਨੂਪਮ, ਅਮੁੱਕ ਭੰਡਾਰ ਹਨ। ਇਹ ਅਨੁਭਵ ਬ੍ਰਹਮ ਨੂੰ ਮਿਲਣ ਦਾ ਸੀ, ਉਨ੍ਹਾਂ ਅਨੁਭਵੀ ਆਤਮਾਵਾਂ ਵਿੱਚ ਸਫੁੱਟ ਹੋਇਆ ਅਮੁੱਕ ਅਤੇ ਅਮੁੱਲ ਕਾਵਿ ਪ੍ਰਕਾਸ਼ ਹੈ। ਗੁਰੂ ਨਾਨਕ ਦੇਵ ਜੀ; ਆਪਣੇ ਆਪ ਪ੍ਰਤੱਖ ਤੌਰ ’ਤੇ ਇਨ੍ਹਾਂ ਬਚਨਾਂ ‘‘ਨਾਨਕੁ ਸਾਇਰੁ ਏਵ ਕਹਤੁ ਹੈ; ਸਚੇ ਪਰਵਦਗਾਰਾ ’’ (ਮਹਲਾ /੬੬੦) ਰਾਹੀਂ ਕਵੀ ਮੰਨਦੇ ਹਨ। ਕਦੇ ਆਪਣੇ ਆਪ ਨੂੰ ‘‘ਹਉ ਢਾਢੀ ਕਾ ਨੀਚ ਜਾਤਿ.. ’’ (ਮਹਲਾ /੪੬੮) ਫੁਰਮਾਉਂਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ਕਵੀ; ਲੋਕ ਕਵੀ ਹਨ, ਲੋਕਾਂ ਵਿਚ ਰਹਿਣਾ, ਬਹਿਣਾ, ਖਲੋਣਾ, ਹੱਸਣਾ, ਖੇਡਣਾ, ਕੁਝ ਲੈਣਾ ਤੇ ਕੁਝ ਦੇਣਾ ‘‘ਜਬ ਲਗੁ ਦੁਨੀਆ ਰਹੀਐ; ਨਾਨਕ ! ਕਿਛੁ ਸੁਣੀਐ, ਕਿਛੁ ਕਹੀਐ ’’ (ਮਹਲਾ /੬੬੧) ਦੀ ਵਿਹਾਰਿਕ ਤੇ ਸੁਹਿਰਦ ਜ਼ਿੰਦਗੀ ਦੇ ਧਾਰਨੀ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ; ਲੋਕ ਜਜ਼ਬਿਆਂ ਦਾ ਕਾਵਿ ਪ੍ਰਕਾਸ਼ ਹੈ, ਲੋਕ ਜ਼ਿੰਦਗੀ ਦਾ ਕਾਵਿਕ ਇਤਿਹਾਸ ਹੈ ਕਿਉਂਕਿ ‘‘ਗੁਰ ਮਹਿ ਆਪੁ ਸਮੋਇ..’’ (ਮਹਲਾ /੧੨੭੯) ਬੋਲਾਂ ਮੁਤਾਬਕ ਪ੍ਰਮਾਤਮਾ ਨੇ ਗੁਰੂ ਦੁਆਰਾ ਪ੍ਰਗਟ ਕੀਤੀ ‘ਧੁਰ ਕੀ ਬਾਣੀ’ ਹੈ, ‘ਖ਼ਸਮ ਕੀ ਬਾਣੀ’ ਹੈ। ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭੱਟ ਸਾਹਿਬਾਨ ਆਦਿਕ ਸਾਰੇ ਪਿਆਰ-ਭਾਵਨਾ ਵਾਲੇ ਕਵੀ ਸਨ।

ਜਿੱਥੇ ਕਿੱਥੇ ਵੀ ਜ਼ਿੰਦਗੀ ਹੈ, ਉੱਥੇ ਪਿਆਰ ਦੀ ਹੋਂਦ ਜ਼ਰੂਰੀ ਹੈ, ਇਸ ਲਈ ਉਨ੍ਹਾਂ ਨੇ ਮਾਨਵ ਪਿਆਰ ਤੇ ਲੋਕਾਂ ਦੀ ਭਾਵਕ ਸਾਂਝ ਵੀ ਪਾਈ। ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ; ਪਿਆਰ ਪੱਧਰ ਅਤੇ ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ ਵਿਸ਼ਵ ਵਿਆਪੀ ਗ੍ਰੰਥ ਬਣੇ ਹਨ ਕਿਉਂਕਿ ਹਰ ਮਨੁੱਖ ਮਾਤਰ ਨੂੰ ਇਸ ਰਾਹੀਂ ‘‘ਸਤਿ ਸੁਹਾਣੁ; ਸਦਾ ਮਨਿ ਚਾਉ ’’ (ਜਪੁ) ਭਰਪੂਰ ਅਨੰਦ ਮਿਲਦਾ ਹੈ। ਇਸ ਦੇ ਰਚਨਹਾਰ ਕਵੀਆਂ ਦਾ ਇੱਕ ਵਿਸ਼ੇਸ਼ ਧਾਰਾ ਵੱਲ ਉਲਾਰ ਨਹੀਂ ਸੀ, ਇਸ ਲਈ ਇਹ ਇਲਾਹੀ ਬਾਣੀ ਮਨੁੱਖ ਮਾਤਰ ਨੂੰ ਬੌਧਿਕ ਤੇ ਭਾਵਕ ਦੋਹੀਂ ਪਾਸੀਂ ਟੁੰਬਦੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਸੰਪਾਦਿਤ ਕਰਨ ਸਮੇਂ ਇਕ ਵਿਸ਼ੇਸ਼ ਸ਼ੈਲੀ ਕੰਮ ਕਰ ਰਹੀ ਹੈ। ਸੰਗੀਤ, ਕਾਵਿ, ਰੂਪ ਰਸ, ਛੰਦ, ਅਲੰਕਾਰ, ਬੋਲੀ ਤੇ ਵਿਆਕਰਨ; ਇਸ ਸ਼ੈਲੀ ਦੇ ਮੁੱਖ ਤੱਤ ਹਨ।

(). ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸੰਗੀਤ ਪ੍ਰਣਾਲੀ : ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗੀਤ ਪ੍ਰਣਾਲੀ ਨਿਰੋਲ ਮੌਲਿਕ (ਅਸਲੀ) ਹੈ। ਇਸ ਨੂੰ ਕੇਵਲ ਗੁਰਮਤਿ ਸੰਗੀਤ ਪ੍ਰਣਾਲੀ ਹੀ ਕਹਿਣਾ ਬਣਦਾ ਹੈ। ਇਹ ਪ੍ਰਣਾਲੀ ਕੇਵਲ ਰਾਗ ਤਾਨਾ, ਸੁਰ, ਲੈਅ, ਤਾਲ ਤੱਕ ਹੀ ਸੀਮਿਤ ਨਹੀਂ ਸਗੋਂ ਵਿਸ਼ਵ ਲਈ ਪਸਰੀ ਇਕਾਗਰਤਾ ਹੈ। ਇਹ ਉਹ ਗਤੀ ਹੈ, ਜਿਸ ਦੀ ਤਾਲ ਤੇ ਲੈਅ ਵਿਚ ਸਾਰਾ ਵਿਸ਼ਵ ਵਿਚਰ ਰਿਹਾ ਹੈ। ਉਸ ਸਮੇਂ ਦੀ ਹਕੂਮਤ ਤੇ ਧਾਰਮਿਕ ਦਿਸ਼੍ਰਟੀ, ਜਿੱਥੇ ਰਾਗ ਨੂੰ ਹਰਾਮ ਕਹਿੰਦੀ ਹੈ, ਪਰ ਗੁਰੂ ਸਾਹਿਬਾਨ, ਭਗਤ ਸਾਹਿਬਾਨ ਆਦਿਕ ਬਾਣੀਕਾਰਾਂ ਨੇ ਇਸ ਰਾਹੀਂ ਰੱਬੀ ਤਾਲ ਨੂੰ ਸਮਝਣ ਦਾ ਸਰਬੋਤਮ ਸਾਧਨ ਮੰਨਿਆ ਹੈ।

ਸੰਗੀਤ ਅਤੇ ਰਾਗ ਭਾਵ; ਰੁੱਤ, ਸਮਾਂ ਤੇ ਸਥਾਨ ਦੀ ਸੀਮਾਂ ਵਿਚ ਬੱਧਾ ਹੁੰਦਾ ਹੈ। ਇਸ ਸੀਮਾਂ ਦੇ ਆਧਾਰ ’ਤੇ ਹੀ ਰਾਗਾਂ ਵਿਚ ਭਾਵਾਂ, ਸਮਿਆਂ, ਰੁੱਤਾਂ ਤੇ ਸਥਾਨਾਂ ਦਾ ਅੰਤਰ ਪ੍ਰਤੀਤ ਹੁੰਦਾ ਹੈ। ਮਿਸਾਲ ਵੱਜੋਂ ਸੂਹੀ ਰਾਗ ਮੰਗਲਚਾਰੀ, ਖੁਸ਼ੀਆਂ ਦਾ ਰਾਗ ਹੈ। ਬਸੰਤ ਅਤੇ ਮਲਾਰ ਰਾਗ; ਰੁੱਤਾਂ ਨਾਲ ਸੰਬੰਧਿਤ ਹਨ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਮੁੱਖ ਤੌਰ ’ਤੇ 31 ਰਾਗ ਹਨ। ਗੁਰੂ ਨਾਨਕ ਸਾਹਿਬ ਜੀ ਗੁਰਮਤਿ ਸੰਗੀਤ ਪ੍ਰਣਾਲੀ ਦੇ ਮੋਢੀ ਹਨ। ਗੁਰਬਾਣੀ ਦੀਆਂ ਹੇਠਲੀਆਂ ਪਾਵਨ ਪੰਕਤੀਆਂ ਹਰ ਗੁਰੂ ਦੇ ਰਾਗ ਪ੍ਰਤੀ ਸੰਕਲਪ ਨੂੰ ਉਜਾਗਰ ਕਰਦੀਆਂ ਹਨ :

(1). ਰਾਗਾ ਵਿਚਿ ਸ੍ਰੀਰਾਗੁ ਹੈ; ਜੇ, ਸਚਿ ਧਰੇ ਪਿਆਰੁ (ਮਹਲਾ /੮੩)

(2). ਗਉੜੀ ਰਾਗਿ ਸੁਲਖਣੀ; ਜੇ, ਖਸਮੈ ਚਿਤਿ ਕਰੇਇ (ਮਹਲਾ /੩੧੧) ਜਾਂ ਇੰਜ ਆਖ ਲਈਏ ‘‘ਸਭਨਾ ਰਾਗਾਂ ਵਿਚਿ ਸੋ ਭਲਾ ਭਾਈਜਿਤੁ, ਵਸਿਆ ਮਨਿ ਆਇ ’’ (ਮਹਲਾ /੧੪੨੩) ਇਹੀ ਗੁਰਮਤਿ ਸੰਗੀਤ ਪ੍ਰਣਾਲੀ ਦਾ ਸੰਕਲਪ ਹੈ। ਪੰਜਵੇਂ ਪਾਤਿਸ਼ਾਹ ਜੀ ਨੇ ਸਪਸ਼ਟ ਰੂਪ ਵਿਚ ਸੰਗੀਤ ਦਾ ਗੁਰਮਤਿ ਆਸ਼ਾ ਉਲੀਕ ਦਿੱਤਾ ਹੈ, ‘‘ਭਲੋ ਭਲੋ ਰੇ ਕੀਰਤਨੀਆ ਰਾਮ ਰਮਾ ਰਾਮਾ ਗੁਨ ਗਾਉ ਛੋਡਿ ਮਾਇਆ ਕੇ ਧੰਧ ਸੁਆਉ ਰਹਾਉ ਜੇ ਕੋ ਅਪਨੇ ਠਾਕੁਰ ਭਾਵੈ ਕੋਟਿ ਮਧਿ ਏਹੁ ਕੀਰਤਨੁ ਗਾਵੈ ..’’ (ਮਹਲਾ /੮੮੫)

ਗੁਰੂ, ਭਗਤ, ਭੱਟ ਆਦਿ, ਜਿਨ੍ਹਾਂ ਦੀ ਰਚਨਾ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ, ਭਗਤੀ ਮੰਡਲ ਦੇ ਵਾਸੀ ਸਨ, ਜਿਸ ਨੂੰ ਉਹ ‘‘ਬੇਗਮ ਪੁਰਾ ਸਹਰ ਕੋ ਨਾਉ ’’ (ਭਗਤ ਰਵਿਦਾਸ/੩੪੫) ਜਾਂ ‘‘ਨਾਨਕ ! ਬਧਾ ਘਰੁ ਤਹਾਂ; ਜਿਥੈ ਮਿਰਤੁ ਜਨਮੁ ਜਰਾ ’’ (ਮਹਲਾ /੪੪) ਆਖਦੇ ਹਨ।

ਭਗਤੀ ਭਾਵਾਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਰਾਗ ਦੀ ਵਰਤੋਂ ਜ਼ਰੂਰੀ ਸੀ। ਇਸ ਤਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗੀਤ ਪ੍ਰਣਾਲੀ ਨਾ ਕਿਸੇ ਪ੍ਰਣਾਲੀ ਦੀ ਨਕਲ ਹੈ, ਨਾ ਹੀ ਇਹ ਭਾਰਤੀ ਹਣਵੰਤ ਜਾਂ ਕ੍ਰਿਸ਼ਨਮਾਲਾ ਦੀ ਸੰਗੀਤ ਪ੍ਰਣਾਲੀ ਨਾਲ ਮੇਲ ਖਾਂਦੀ ਹੈ। ਇਹ ਨਿਰੋਲ ਮੌਲਿਕ ਹੈ, ਇਸ ਨੂੰ ਗੁਰਮਤਿ ਸੰਗੀਤ ਪ੍ਰਣਾਲੀ ਕਹਿਣਾ ਹੀ ਵਧੇਰੇ ਢੁੱਕਦਾ ਹੈ।

(). ਕਾਵਿ ਰੂਪ : ਸਤਿਗੁਰੂ ਜੀ ਲੋਕ ਜੀਵਨ ਨੂੰ ਉਤਸ਼ਾਹ ਜਨਕ ਤੇ ਗੌਰਵਮਈ ਬਣਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਸਾਰਿਆਂ ਨੇ ਪ੍ਰਚਲਿਤ ਕਾਵਿ ਰੂਪਾਂ ਤੇ ਭਾਵ ਭੇਦਾਂ ਵਿਚ ਹੀ ਰਚਨਾ ਕੀਤੀ; ਜਿਵੇਂ ਕਿ ਬਾਰ੍ਹਾਮਾਹਾ, ਪੱਟੀ, ਵਾਰ, ਤਿਥੀ, ਅਲਾਹਣੀਆਂ, ਗੋਸਟਿ, ਆਦਿ, ਜੋ ਉਸ ਸਮੇਂ ਦੇ ਪ੍ਰਚਲਿਤ ਕਾਵਿ ਰੂਪ ਹਨ। ਸਤਿਗੁਰੂ ਜੀ ਦੀ ਸਾਹਿਤਕ ਪਰੰਪਰਾ ਵੀ ਜੀਵਨ ਨੂੰ ਉਤਮ ਤੇ ਸ਼੍ਰੇਸਟ ਬਣਾਉਣ ਲਈ ਹੀ ਸੀ, ਇਸ ਲਈ ਉਨ੍ਹਾਂ ਸਾਰਿਆਂ ਨੇ ਆਪਣੇ ਭਾਵਾਂ ਤੇ ਵਿਚਾਰਾਂ ਨੂੰ ਮੂਰਤੀਮਾਨ ਕਰਨ ਲਈ ਉਹੀ ਕਾਵਿ ਰੂਪ ਵਰਤੇ, ਜੋ ਲੋਕਾਂ ਵਿਚ ਹਰਮਨ ਪਿਆਰੇ ਸਨ, ਲੋਕ ਜ਼ਿੰਦਗੀ ਦਾ ਹਿੱਸਾ ਸਨ। ਸੋ ਗੁਰੂ ਗ੍ਰੰਥ ਸਾਹਿਬ ਜੀ; ਭਾਰਤੀ ਤੇ ਪੰਜਾਬੀ ਕਾਵਿ ਰੂਪ ਦੀ ਪਰੰਪਰਾ ਨੂੰ ਵੀ ਆਪਣੇ ਵਿਚ ਸਾਂਭੀ ਬੈਠੇ ਹਨ, ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਸ਼ੇਸ਼ਤਾ ਹੈ।

(). ਗੁਰੂ ਗ੍ਰੰਥ ਸਾਹਿਬ ਜੀ ਅੰਦਰ ਛੰਦ ਰੂਪ : ਸਮੁੱਚੀ ਗੁਰਬਾਣੀ; ਛੰਦ ਬੱਧ ਰਚਨਾ ਹੈ। ਕਵਿਤਾ ਲਈ ਛੰਦ ਇਕ ਅਤਿ ਜ਼ਰੂਰੀ ਬੰਧਨ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਅੰਦਰ ਦੁਤੁਕੀਏ ਸਲੋਕ ਵੀ ਹਨ ਤੇ 20-20 ਤੁੱਕਾਂ ਵਾਲੇ ਸਲੋਕ ਵੀ ਲਿਖੇ ਹਨ। ਇਸ ਦੇ ਰਚੇਤੇ (ਬਾਣੀਕਾਰ); ਛੰਦ ਸ਼ਾਸਤ੍ਰ ਦੇ ਪੂਰਨ ਗਿਆਨੀ ਸਨ। ਉਦਾਹਰਨ ਵਜੋਂ ਝੋਲਨਾ, ਤਾਟੰਟ, ਤੋਮਰ, ਦੇਵਯਾ, ਦੋਹਰਾ, ਪ੍ਰਮਾਣਕਾ, ਪਉੜੀ, ਰਾਧਿਕਾ, ਨਿਸ਼ਾਨੀ, ਹੰਸਗਤਿ, ਕਜਲ  ਗੀਤਾ, ਗੀਤਕਾ, ਚਿਤ੍ਰਕਲਾ, ਘਨਾਛਰੀ, ਚੌਪਈ, ਛਪੈ ਸਿਰਖੰਡੀ, ਅੰਮ੍ਰਿਤ ਘਟ, ਸੋਰਠਾ, ਅਸਟਪਦੀ ਆਦਿ ਛੰਦ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਗਏ ਹਨ। ਉਦਾਹਰਨ ਵਜੋਂ ‘‘ਸੁਭ ਬਚਨ ਬੋਲਿ; ਗੁਨ ਅਮੋਲ   ਕਿੰਕਰੀ ਬਿਕਾਰ   ਦੇਖੁ ਰੀ ਬੀਚਾਰ   ਗੁਰ ਸਬਦੁ ਧਿਆਇ; ਮਹਲੁ ਪਾਇ   ਹਰਿ ਸੰਗਿ ਰੰਗ; ਕਰਤੀ ਮਹਾ ਕੇਲ ਰਹਾਉ ’’ (ਮਹਲਾ /੧੨੨੯) ਅਰਥ : ਹੇ ਵਿਕਾਰਾਂ ਦੀ ਦਾਸੀ (ਬਣ ਚੁੱਕੀ ਜੀਵ ਇਸਤ੍ਰੀ! ਰੱਬ ਦੇ) ਗੁਣ ਅਤੇ ਬਚਨ; ਬੜੇ ਅਮੋਲਕ ਤੇ ਸ਼ੁੱਭ ਹਨ (ਇਨ੍ਹਾਂ ਨੂੰ) ਜਪਿਆ ਕਰ। ਗਹੁ ਨਾਲ਼ ਵਿਚਾਰ ਕਰ ਵੇਖ। ਗੁਰੂ ਸ਼ਬਦ ਨੂੰ (ਮਨ ’ਚ) ਟਿਕਾ ਕੇ (ਪ੍ਰਭੂ ਚਰਨਾਂ ’ਚ) ਨਿਵਾਸ ਹੁੰਦਾ ਹੈ। (ਜੋ ਪ੍ਰਭੂ ਚਰਨਾਂ ’ਚ ਜੁੜ ਗਈ ਉਹ, ਉਸ ਦੇ) ਪ੍ਰੇਮ-ਰੰਗ ’ਚ ਰੰਗੀ ਹੋਈ ਸਦਾ ਅਨੰਦ ਮਾਣਦੀ ਹੈ। ਸੋ ਗੁਰਬਾਣੀ ਦੀ ਇਹ ਛੰਦ ਬੰਦੀ ਕਵੀਆਂ ਤੇ ਵਿਦਵਾਨਾਂ ਲਈ ਛੰਦ ਦਿਵਾਕਰ ਦਾ ਰੂਪ ਹੈ।

(). ਗੁਰੂ ਗ੍ਰੰਥ ਸਾਹਿਬ ਅੰਦਰ ਅਲੰਕਾਰ ਰੂਪ : ਗੁਰਬਾਣੀ ਰਚਨਾ ਅਲੰਕਾਰਾਂ ਨਾਲ ਜੜੀ ਤੇ ਸ਼ਿੰਗਾਰੀ ਹੋਈ ਹੈ। ਇਸ ਵਿਚ ਵਰਤੇ ਅਲੰਕਾਰ; ਵਿਸ਼ਾਲ ਅਨੁਭਵ ਨਾਲ ਸੰਬੰਧ ਰੱਖਦੇ ਹਨ। ਸਾਹਿਬ ਜੀ ਦੀ ਦ੍ਰਿਸ਼ਟੀ ਸਮੁੱਚੇ ਬ੍ਰਹਿਮੰਡ (ਆਕਾਰ) ’ਤੇ ਝਾਤ ਮਾਰਦੀ ਹੈ। ਉਨ੍ਹਾਂ ਨੇ ਆਪਣੇ ਭਾਵਾਂ ਜਾਂ ਵਿਚਾਰਾਂ ਨੂੰ ਸਪਸ਼ਟ, ਸੁਹਜਮਈ ਤੇ ਸੰਕੇਤਮਈ ਬਣਾਉਣ ਹਿਤ ਦ੍ਰਿਸ਼ਮਾਨ ਜਗਤ ਵਿੱਚੋਂ ਅਲੰਕਾਰਾਂ ਦੀ ਚੌਣ ਕੀਤੀ। ਵਿਸ਼ੇਸ਼ ਤੌਰ ’ਤੇ ਸਮਾਜਿਕ ਤੇ ਘਰੋਗੀ ਜ਼ਿੰਦਗੀ ਵਿਚੋਂ ਜਿਹੜੇ ਅਲੰਕਾਰ ਅਤੇ ਸੰਕੇਤ ਬਿੰਬ ਉਨ੍ਹਾਂ ਨੇ ਚੁਣੇ ਹਨ; ਉਹ, ਬਾਣੀਕਾਰਾਂ ਦੀ ਸਮਾਜ ਪ੍ਰਤੀ ਵਿਸ਼ਾਲ ਸੂਝ ਦੇ ਲਖਾਇਕ ਹਨ। ਉਦਾਹਰਨ ਵਜੋਂ ਮਨੁੱਖੀ ਹਿਰਦਾ ਜਦੋਂ ਪ੍ਰਭੂ ਪਤੀ ਨੂੰ ਆਪਣੇ ਘਰ ਆਇਆਂ ਅਨੁਭਵ ਕਰੇ ਤਾਂ ਉਸ ਅਵਸਥਾ ਨੂੰ ਸਾਹਿਬ ਜੀ ਨੇ ਇਉਂ ਸ਼ਿੰਗਾਰਿਆਂ ਹੈ, ‘‘ਆਂਗਨਿ ਮੇਰੈ; ਸੋਭਾ ਚੰਦ ਨਿਸਿ ਬਾਸੁਰ; ਪ੍ਰਿਅ ਸੰਗਿ ਅਨੰਦ ਬਸਤ੍ਰ ਹਮਾਰੇ ਰੰਗਿ ਚਲੂਲ ਸਗਲ ਆਭਰਣ; ਸੋਭਾ ਕੰਠਿ ਫੂਲ .. ’’ (ਮਹਲਾ /੩੭੨) ਅਰਥ : ਮੇਰੇ ਹਿਰਦੇ-ਘਰ ਅੰਦਰ ਪ੍ਰਤਿਸ਼ਠਾ ਵਾਲ਼ਾ ਚੰਦ ਚੜ੍ਹ ਗਿਆ (ਕਿਉਂਕਿ) ਦਿਨ ਰਾਤ ਪਿਆਰੇ-ਪਤੀ ਨਾਲ਼ ਅਨੰਦ ਮਾਣਦੀ ਹਾਂ। ਮੇਰੇ ਕੱਪੜੇ ਭੀ ਗੂੜ੍ਹੇ ਰੰਗ ’ਚ ਰੰਗੇ ਗਏ ਭਾਵ ਮੇਰਾ ਸਮਾਜਿਕ ਵਿਹਾਰ ਭੀ ਪਿਆਰ ਭਰਿਆ ਹੈ। ਮਾਨੋ ਸਾਰੇ ਹੀ ਗਹਿਣੇ ਅਤੇ ਸ਼ੋਭਨੀਕ ਫੁੱਲ; ਮੇਰੇ ਗਲ਼ ’ਚ ਪੈ ਗਏ ਹਨ। ਇਸ ਦੇ ਵਿਪਰੀਤ ਜੀਵਨ ਹੈ, ‘‘ਲਬੁ ਅਧੇਰਾ ਬੰਦੀਖਾਨਾ; ਅਉਗਣ ਪੈਰਿ ਲੁਹਾਰੀ   ਪੂੰਜੀ ਮਾਰ ਪਵੈ ਨਿਤ ਮੁਦਗਰ; ਪਾਪੁ ਕਰੇ ਕੁੋਟਵਾਰੀ ..’’ (ਮਹਲਾ /੧੧੯੧) ਅਰਥ : ਮਨੁੱਖ ਲਈ ਲੋਭ ਮਾਨੋ ਹਨ੍ਹੇਰਾ ਭਰਪੂਰ ਕੈਦਖ਼ਾਨਾ ਹੈ। ਇਸ ਦੇ ਪੈਰ ’ਚ ਪਾਪ ਰੂਪ ਲੋਹੇ ਦੀ ਬੇੜੀ ਹੈ। ਜਿਸ ਦਾ ਨਤੀਜਾ ਮਾਨੋ ਮੁਹਲਿਆਂ ਦੀ ਮਾਰ ਪੈਂਦੀ ਹੈ ਕਿਉਂਕਿ ਇਸ ਦਾ ਕਮਾਇਆ ਪਾਪ ਹੀ ਕੋਤਵਾਲ (ਦੰਡ ਦੇਣ ਵਾਲ਼ਾ) ਬਣਿਆ ਹੈ। ਸਾਡੀ ਐਸੀ ਹਾਲਤ ਨੂੰ ਅਲੰਕ੍ਰਿਤ (ਬਿਆਨ) ਕੀਤਾ ਹੈ। ਉਪਮਾ ਅਲੰਕਾਰ ਲਈ ਸਾਹਿਬ ਦੀ ਦ੍ਰਿਸ਼ਟੀ ਸਮੁੱਚੇ ਬ੍ਰਹਿਮੰਡ ਵੱਲ ਤੱਕਦੀ ਹੈ। ਕ੍ਰਿਸਾਨੀ ਜ਼ਿੰਦਗੀ ਵਿਚੋਂ ਕਿਵੇਂ ਸੁਚੱਜੀ ਜੀਵਨ ਜਾਚ ਬਖ਼ਸ਼ਦੇ ਹਨ, ‘‘ਕਰ ਹਰਿਹਟ ਮਾਲ ਟਿੰਡ ਪਰੋਵਹੁ; ਤਿਸੁ ਭੀਤਰਿ ਮਨੁ ਜੋਵਹੁ ਅੰਮ੍ਰਿਤੁ ਸਿੰਚਹੁ, ਭਰਹੁ ਕਿਆਰੇ; ਤਉ ਮਾਲੀ ਕੇ ਹੋਵਹੁ ’’ (ਮਹਲਾ /੧੧੭੧) ਅਰਥ : ਹੇ ਮਨੁੱਖ! ਮਿਹਨਤਕਸ਼ ਹੱਥਾਂ ਨੂੰ (ਖੂਹ ’ਚੋਂ ਪਾਣੀ ਕੱਢਣ ਵਾਲ਼ਾ) ਹਰ੍ਹਟ, ਹਰ੍ਹਟ ਦੀ ਮਾਲ੍ਹ ਅਤੇ ਉਸ ਮਾਲ੍ਹ ਵਿੱਚ ਜੁੜੀਆਂ ਟਿੰਡਾਂ ਬਣਾ ਭਾਵ ਹੱਥੀਂ ਕਮਾਈ ਕਰ। (ਸਰੀਰ ਰੂਪ ਖੂਹ ਵਿੱਚੋਂ) ਨਾਮ-ਅੰਮ੍ਰਿਤ ਪਾਣੀ ਕੱਢਣ ਲਈ ਮਨ (ਰੂਪ ਬਲਦ) ਨੂੰ ਜੋੜੋ, ਜੋਤੋ ਭਾਵ ਧਿਆਨ ਇਕਾਗਰ ਕਰ ਭਗਤੀ ਕਰੋ ਅਤੇ ਇਸ ਨਾਮ-ਅੰਮ੍ਰਿਤ ਪਾਣੀ ਨਾਲ਼ ਗਿਆਨ ਇੰਦ੍ਰੇ ਰੂਪ ਕਿਆਰੇ ਭਰ ਲੇਵੋ ਤਾਂ ਹੀ ਇਸ ਸਰੀਰ-ਬਾਗ਼ ਦੇ ਮਾਲਕ (ਪ੍ਰਭੂ) ਨਾਲ਼ ਪਿਆਰ ਵਧੇਗਾ।

ਅਕਾਸ਼ੀ ਅਲੰਕਾਰ ਦੀ ਸਮੱਗਰੀ ਰਾਹੀਂ ਫ਼ੁਰਮਾਇਆ ਹੈ ‘‘ਨਾਨਕ ! ਬਿਜੁਲੀਆ ਚਮਕੰਨਿ; ਘੁਰਨਿ੍ ਘਟਾ ਅਤਿ ਕਾਲੀਆ ਬਰਸਨਿ ਮੇਘ ਅਪਾਰ; ਨਾਨਕ ! ਸੰਗਮਿ ਪਿਰੀ ਸੁਹੰਦੀਆ ’’ (ਮਹਲਾ /੧੧੦੨) ਅਰਥ : (ਸਾਵਣ ਰੁੱਤ ’ਚ) ਬਹੁਤ ਕਾਲ਼ੀਆਂ ਘਟਾਵਾਂ ਡਰਾਉਣੀਆਂ ਹੁੰਦੀਆਂ ਹਨ। ਰਾਤ ਨੂੰ ਅਕਾਸ਼ੀ ਬਿਜਲੀਆਂ ਚਮਕਦੀਆਂ ਹਨ। ਬੜੇ ਬੱਦਲ ਵਰ੍ਹਦੇ ਹਨ। ਐਸਾ ਮੌਸਮ ਪਤੀ ਦੇ ਮਿਲਾਪ ਵਾਲ਼ੀ ਲਈ ਹੀ ਸੁਹਾਵਣਾ ਹੁੰਦਾ ਹੈ (ਕਿਉਂਕਿ ਉਸ ਦਾ ਪਤੀ ਕੋਲ਼ ਹੋਣ ਕਾਰਨ ਉਸ ਨੂੰ ਡਰ ਨਹੀਂ ਲੱਗਦਾ)। ਇਹ, ਸਤਿਗੁਰੂ ਜੀ ਦੀ ਪ੍ਰਕ੍ਰਿਤੀ ਪ੍ਰਤੀ ਵਿਸ਼ਾਲ ਦ੍ਰਿਸ਼ਟੀ ਵੱਲ ਸੰਕੇਤ ਹੈ; ਜਿਵੇਂ ਕਿ ਹੋਰ ਭੀ ਬਚਨ ਹਨ, ‘‘ਊਨਵਿ ਘਨਹਰੁ ਗਰਜੈ, ਬਰਸੈ; ਕੋਕਿਲ ਮੋਰ ਬੈਰਾਗੈ ਤਰਵਰ ਬਿਰਖ ਬਿਹੰਗ ਭੁਇਅੰਗਮ; ਘਰਿ ਪਿਰੁ ਧਨ ਸੋਹਾਗੈ ’’ (ਮਹਲਾ /੧੧੯੭) ਅਰਥ : (ਜਦੋਂ ਸਾਵਣ ਰੁੱਤ ’ਚ) ਬੱਦਲ ਝੁਕ ਝੁਕ ਕੇ ਬਹੁਤ ਗਰਜਦੇ ਹਨ, ਵਰ੍ਹਦੇ ਹਨ ਤਦੋਂ ਮੋਰ, ਕੋਇਲ, ਰੁੱਖ, ਪੌਦੇ, ਪੰਛੀ, ਸੱਪ (ਆਦਿਕ) ਹੁਲਾਰੇ ’ਚ ਭਾਵ ਮਸਤੀ ਵਿੱਚ ਹੁੰਦੇ ਹਨ; ਇਉਂ ਹੀ ਉਹ ਸੁਹਾਗਣ ਇਸਤਰੀ ਅਨੰਦ ਮਾਣਦੀ ਹੈ, ਜਿਸ ਦੇ ਹਿਰਦੇ-ਘਰ ਵਿੱਚ ਪਤੀ-ਪਰਮੇਸ਼ਰ ਵੱਸਦਾ ਹੈ। ਗੁਰੂ ਸਾਹਿਬਾਨ ਨੇ ਇਸ ਰੂਪਕ ਅਲੰਕਾਰ ਰਾਹੀਂ ਦ੍ਰਿਸ਼ਟਮਾਨ (ਬ੍ਰਹਿਮੰਡ) ਵਿਚੋਂ ਆਪਣੇ ਪਿਆਰੇ ਦੀ ਰਚਨਾ ਦਾ ਕਮਾਲ ਇੰਜ ਭੀ ਰੂਪਮਾਨ ਕੀਤਾ ਹੈ, ‘‘ਗਗਨ ਮੈ ਥਾਲੁ, ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ’’ (ਮਹਲਾ /੧੩) ਇਸ ਤਰ੍ਹਾਂ ਡਾ: ਗੋਪਾਲ ਸਿੰਘ ਜੀ ਦੇ ਸਬਦਾਂ ਵਿੱਚ ਪਰਮ ਸੱਚ ਹੈ ਕਿ ਗੁਰੂ ਜੀ ਨੇ ਰੂਪਕ ਅਲੰਕਾਰ; ਨਿਪਟ ਉਪਮਾਨ ਤੇ ਉਪਮੇਯ ਨੂੰ ਅਭੇਦ ਕਰਨ ਲਈ ਹੀ ਨਹੀਂ ਵਰਤਿਆ ਸਗੋਂ ਕਿਸੇ ਆਤਮਿਕ ਤਜਰਬੇ ਦਾ ਚਿਤਰ ਖਿੱਚਣ ਲਈ ਵਰਤਿਆ ਹੈ। ਅਜਿਹੀ ਅਲੰਕਾਰੀ ਵਿਸ਼ੇਸ਼ਤਾ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਵਿਚੋਂ ਹੀ ਲੱਭੀ ਜਾ ਸਕਦੀ ਹੈ।

(). ਗੁਰੂ ਗ੍ਰੰਥ ਸਾਹਿਬ ਅੰਦਰ ਅਖਾਣ ਜਾਂ ਮੁਹਾਵਰਾ ਭੰਡਾਰ : ਕਿਸੇ ਵੀ ਸਾਹਿਤ ਵਿੱਚ ਅਖਾਣ ਤੇ ਮੁਹਾਵਰੇ; ਵਿਸ਼ੇਸ਼ ਥਾਂ ਰੱਖਦੇ ਹਨ। ਅਖਾਣਾਂ, ਮੁਹਾਵਰਿਆਂ ਵਿੱਚ ਕਿਸੇ ਭਾਸ਼ਾ ਜਾਂ ਰਚਨਾ ਦਾ ਪੂਰਾ ਵਿਕਸਿਤ ਰੂਪ ਦਰਸ਼ਨ ਦਿੰਦਾ ਹੈ। ਅਖਾਣਾਂ ਦੀ ਸੰਖੇਪਤਾ ਤੇ ਸੁਚੱਜੀ ਸ਼ਬਦ ਚੋਣ ਅਤਿ ਕਲਾਤਮਿਕ ਹੁੰਦੀ ਹੈ। ਇਕ ਜਾਂ ਦੋ ਵਾਕਾਂ ਰਾਹੀਂ ਜੀਵਨ ਦੇ ਕਿਸੇ ਤਤਸਾਰ ਨੂੰ ਕੁੱਜੇ ਵਿਚ ਸਮੁੰਦਰ ਵਾਙ ਬੰਦ ਕੀਤਾ ਹੁੰਦਾ ਹੈ। ਪੜ੍ਹਨ, ਸੁਣਨ ਵਾਲਾ ਵੀ ਅਖਾਣ ਅੱਗੇ ਨਿਰੁੱਤਰ ਹੋ ਜਾਂਦਾ ਹੈ ਕਿਉਂਕਿ ਇਨ੍ਹਾਂ ਵਿੱਚ ਵਿਸ਼ਾਲ ਜੀਵਨ ਤਜਰਬੇ, ਸਿਆਣਪ ਅਤੇ ਦੂਰ ਦ੍ਰਿਸ਼ਟੀ ’ਤੇ ਆਧਾਰਿਤ ਅਨਮੋਲ ਸਚਾਈਆਂ ਭਰੀਆਂ ਹੁੰਦੀਆਂ ਹਨ, ਜੋ ਮਨੁੱਖਤਾ ਨੂੰ ਕਦਮ-ਕਦਮ ’ਤੇ ਸੇਧ ਪ੍ਰਦਾਨ ਕਰਦੀਆਂ ਹਨ। ਅਖਾਣ ਤੇ ਮੁਹਾਵਰੇ ਭਾਸ਼ਾ ਤੇ ਵਿਚਾਰ ਨੂੰ ਸ਼ਿੰਗਾਰਨ ਅਤੇ ਉਸ ਦੇ ਪ੍ਰਭਾਵ ਨੂੰ ਤੇਜ਼ ਕਰਨ ਵਿਚ ਸਹਾਈ ਹੁੰਦੇ ਹਨ। ਗੁਰਬਾਣੀ ਵਿਚੋਂ ਕੁਝ ਕੁ ਉਦਾਹਰਨਾਂ ਹਨ, ‘‘ਕਥਨਾ ਕਥੀ; ਆਵੈ ਤੋਟਿ (ਜਪੁ), ਸਚੈ ਮਾਰਗਿ ਚਲਦਿਆ; ਉਸਤਤਿ ਕਰੇ ਜਹਾਨੁ (ਮਹਲਾ /੧੩੬), ਪਰਮੇਸਰ ਤੇ ਭੁਲਿਆਂ; ਵਿਆਪਨਿ ਸਭੇ ਰੋਗ (ਮਹਲਾ /੧੩੫), ਮੂਰਖ ਗੰਢੁ ਪਵੈ; ਮੁਹਿ ਮਾਰ (ਮਹਲਾ /੧੪੩), ਮੂਰਖੈ ਨਾਲਿ ਲੁਝੀਐ (ਮਹਲਾ /੪੭੩), ਮਿਠਤੁ ਨੀਵੀ ਨਾਨਕਾ! ਗੁਣ ਚੰਗਿਆਈਆ ਤਤੁ (ਮਹਲਾ /੪੭੦), ਨਾਲਿ ਇਆਣੇ ਦੋਸਤੀ; ਕਦੇ ਆਵੈ ਰਾਸਿ (ਮਹਲਾ /੪੭੪), ਵਿਦਿਆ ਵੀਚਾਰੀ ਤਾਂ; ਪਰਉਪਕਾਰੀ (ਮਹਲਾ /੩੫੬), ਭਗਤਾ ਕੀ ਚਾਲ, ਨਿਰਾਲੀ (ਮਹਲਾ /੯੧੮), ਬਹੁਤਾ ਬੋਲਣੁ; ਝਖਣੁ ਹੋਇ ’’ (ਮਹਲਾ /੬੬੧) ਆਦਿਕ ਹਜ਼ਾਰਾਂ ਅਨਮੋਲ ਬਚਨ, ਇਸ ਰੂਪ ਵਿਚ ਸੁਭਾਇਮਾਨ ਹਨ, ਜੋ ‘‘ਜਿਥੈ ਬੋਲਣਿ ਹਾਰੀਐ; ਤਿਥੈ ਚੰਗੀ ਚੁਪ ’’ (ਮਹਲਾ /੧੪੯) ਜਾਂ ‘‘ਨਾਨਕ ! ਦੁਖੀਆ ਸਭੁ ਸੰਸਾਰੁ ’’ (ਮਹਲਾ /੯੫੪) ਦੇ ਰੂਪ ਵਿਚ ਬੋਲੀ ਦਾ ਹਿੱਸਾ ਬਣ ਚੁੱਕੇ ਹਨ। ਇਨ੍ਹਾਂ ਦੀ ਵਿਸ਼ੇਸ਼ਤਾ ਇਹ ਭੀ ਹੈ ਕਿ ਗੁਰਬਾਣੀ ਵਿਚ ਆਏ ਅਖਾਣਾ ਜਾਂ ਮੁਹਾਵਰਿਆਂ ਦੀ ਸਿਖਿਆ; ਵਿਸ਼ਵ ਪੱਧਰੀ ਹੈ। ਇਹ ਮਨੁੱਖਤਾ ਨੂੰ ਸੰਕੀਰਣ ਦ੍ਰਿਸ਼ਟੀਕੋਣ ਬਦਲ ਕੇ ਵਿਸ਼ਵ ਦ੍ਰਿਸ਼ਟੀਕੋਣ ਬਣਾ ਕੇ ‘‘ਕੁਦਰਤਿ ਕੇ ਸਭ ਬੰਦੇ ’’ (ਭਗਤ ਕਬੀਰ/੧੩੪੯) ਵਾਲ਼ੇ ਅਮੋਲਕ ਸਿਧਾਂਤ ਦੇ ਪਹਿਰੇਦਾਰ ਬਣਨ ਲਈ ਪ੍ਰੇਰਦੀ ਹੈ।

(). ਗੁਰਬਾਣੀ ਵਿਚ ਰਸ ਰੂਪ : ਬੇਰਸੀ ਕੋਈ ਵਸਤੂ ਮਨੁੱਖਤਾ ਵਿਚ ਪਸੰਦ ਨਹੀਂ । ਵਿਦਿਆ ਦੇ ਖੇਤਰ ਵਿਚ ਰਚੇਤਾ; ਰਸ ਭਰਨ ਲਈ ਤਤਪਰ ਰਹਿੰਦਾ ਹੈ। ਖ਼ਾਸਕਰ ਕਾਵਿ ਰਚਨਾ ਲਈ 9 ਰਸ ਮੰਨੇ ਜਾਂਦੇ ਹਨ; ਜਿਵੇਂ ‘ਸ਼ਾਂਤ, ਸ਼ਿੰਗਾਰ, ਕਰੁਣਾ, ਭਯਾਨਕ, ਰੋਦਰ, ਬੀਰ, ਅਦਭੁਤ, ਹਾਸ ਰਸ ਤੇ ਬੀਭਤਸ ਰਸ’। ਗੁਰੂ ਗ੍ਰੰਥ ਸਾਹਿਬ ਵਿਚ ਇਹ ਸਾਰੇ ਰਸ ਮੌਜੂਦ ਹਨ; ਜਿਵੇਂ ਕਿ ‘‘ਹਰਿ ਅੰਮ੍ਰਿਤ ਭਿੰਨੇ ਲੋਇਣਾ.. (ਮਹਲਾ /੪੪੮) ਸ਼ਾਤ ਰਸ ਹੈ, ‘‘ਮਨੁ ਮੋਤੀ ਜੇ ਗਹਣਾ ਹੋਵੈ .. ’’ (ਮਹਲਾ /੩੫੯) ਸ਼ਿੰਗਾਰ ਰਸ ਹੈ, ‘‘ਨੈਣੀ ਮੇਰੇ ਪਿਆਰਿਆ ! ਨੈਣੀ ਮੇਰੇ ਗੋਵਿਦਾ ! ਕਿਨੈ ਹਰਿ ਪ੍ਰਭੁ ਡਿਠੜਾ ਨੈਣੀ ਜੀਉ ਮੇਰਾ ਮਨੁ ਤਨੁ ਬਹੁਤੁ ਬੈਰਾਗਿਆ; ਮੇਰੇ ਗੋਵਿੰਦਾ !.. (ਮਹਲਾ /੧੭੪), ਉਡੀਨੀ ਉਡੀਨੀ ਉਡੀਨੀ ਕਬ ਘਰਿ ਆਵੈ ਰੀ ਰਹਾਉ ’’ (ਮਹਲਾ /੮੩੦) ਕਰੁਣਾ ਰਸ ਦੇ ਪ੍ਰਤੀਕ ਹਨ, ‘‘ਪਾਪ ਕਮਾਵਦਿਆ; ਤੇਰਾ ਕੋਇ ਬੇਲੀ ਰਾਮ ’’ (ਮਹਲਾ /੫੪੬) ਭਯਾਨਕ ਰਸ ਹੈ; ਰੋਦਰ ਰਸ ਨੂੰ ‘‘ਏਤੀ ਮਾਰ ਪਈ ਕਰਲਾਣੇ..’’ (ਮਹਲਾ /੩੬੦) ਰਾਹੀਂ ਰੂਪਮਾਨ ਕਰਦੇ ਹਨ, ‘‘ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’ (ਭਗਤ ਕਬੀਰ/੧੧੦੫) ਕਹਿ ਕੇ ਮਨੁੱਖੀ ਜੀਵਨ ਵਿਚ ਬੀਰ ਰਸ ਭਰਦੇ ਹਨ, ‘‘ਹਉ ਬਿਸਮੁ ਭਈ ਜੀ! ਹਰਿ ਦਰਸਨੁ ਦੇਖਿ ਅਪਾਰਾ ਮੇਰਾ ਸੁੰਦਰੁ ਸੁਆਮੀ ਜੀ ! ਹਉ ਚਰਨ ਕਮਲ ਪਗ ਛਾਰਾ ’’ (ਮਹਲਾ /੭੮੪) ਬਿਸਮਾਦੀ ਰਸ ਭਰਪੂਰ ਬਚਨ ਹਨ, ‘‘ਧੋਤੀ ਖੋਲਿ ਵਿਛਾਏ ਹੇਠਿ ਗਰਧਪ ਵਾਂਗੂ ਲਾਹੇ ਪੇਟਿ ’’ (ਮਹਲਾ /੨੦੧), ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ..’’ (ਮਹਲਾ /੧੪੯) ਜਾਂ ‘‘ਹਰਿ ਕੇ ਨਾਮ ਬਿਨਾ; ਸੁੰਦਰਿ ਹੈ ਨਕਟੀ ’’ (ਮਹਲਾ /੫੨੮) ਆਦਿ ਬੀਭਤਸ ਜਾਂ ਘ੍ਰਿਣਾਤਮਿਕ ਰਸ ਵਾਲ਼ੇ ਵਿਚਾਰ ਹਨ।

(). ਗੁਰੂ ਗ੍ਰੰਥ ਸਾਹਿਬ ਦਾ ਭਾਸ਼ਾ ਸਰੂਪ : ਭਾਸ਼ਾ ਵਿਗਿਆਨ ਦੇ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਸਾਈ ਦ੍ਰਿਸ਼ਟੀਕੋਣ ਬੜਾ ਮਹੱਤਵ ਪੂਰਨ ਹੈ। ਵਿਸ਼ਵ ਭਰ ਵਿਚ ਕੋਈ ਵੀ ਅਜਿਹਾ ਗ੍ਰੰਥ ਨਹੀਂ, ਜਿਸ ਵਿਚ ਵੱਖ ਵੱਖ ਪ੍ਰਾਂਤਕ ਬੋਲੀਆਂ ਨੂੰ ਸਥਾਨ ਪ੍ਰਾਪਤ ਹੋਵੇ। ਟਰੰਪ ਦਾ ਕਥਨ ਠੀਕ ਹੈ – The Chief importance of the SIKH GRANTH (Adi Granth) lies in the Linguistic line as being the treasury of old Hindvi  dialeets (introduction to the ADI GRANTH by Dr. TRUMAR) ਭਾਵ ਗੁਰੂ ਗ੍ਰੰਥ ਸਾਹਿਬ ਜੀ ਦੀ ਮਹੱਤਤਾ ਭਾਸ਼ਾਈ ਖੇਤਰ ਵਿਚ ਹੈ। ਪ੍ਰਾਚੀਨ ਹਿੰਦਵੀ ਉਪ ਭਾਸ਼ਾਵਾਂ ਦਾ ਖ਼ਜ਼ਾਨਾ ਹੋਣ ਕਰਕੇ ਇਹ ਰਚਨਾ ਮੱਧ ਕਾਲੀਨ ਦੀਆਂ ਪੰਜਾਬ ਭਾਰਤੀ ਭਾਸ਼ਾਵਾਂ ਦਾ ਇਕ ਸਾਂਝਾ ਗ੍ਰੰਥ ਹੈ।

ਗੁਰੂ ਸਾਹਿਬਾਨ, ਭਗਤ ਸਾਹਿਬਾਨ, ਭੱਟ ਬਲਵੰਡ ਸਤਾ ਅਤੇ ਬਾਬਾ ਸੁੰਦਰ ਜੀ; ਪੰਜਾਬ ਅਤੇ ਵੱਖ ਵੱਖ ਪ੍ਰਾਤਾਂ ਦੇ ਵਾਸੀ ਹਨ। ਆਮ ਧਾਰਨਾ ਹੈ ਕਿ ਬਾਰ੍ਹਾਂ ਕੋਹ ’ਤੇ ਬੋਲੀ ਬਦਲ ਜਾਂਦੀ ਹੈ। ਵਿਦਵਾਨਾਂ ਦੀ ਰਾਇ ਅਨੁਸਾਰ ਅੱਜ ਤੱਕ ਬਾਰ੍ਹਾਂ ਬੋਲੀਆਂ ਗੁਰਬਾਣੀ ਵਿਚੋਂ ਲੱਭੀਆਂ ਜਾਂ ਚੁੱਕੀਆਂ ਹਨ। ਭਾਸ਼ਾ; ਆਪਣੇ ਆਲੇ ਦੁਆਲੇ ਦੀ ਬੋਲ-ਚਾਲ ਤੋਂ ਜਨਮ ਲੈਂਦੀ ਹੈ। ਭੱਟ ਸਾਹਿਬਾਨ; ਆਪਣੀ ਬ੍ਰਾਹਮਣੀ ਪੱਧਰ ’ਤੇ ਸੰਸਕ੍ਰਿਤਨੁਮਾ ਪੰਜਾਬੀ ਉਚਾਰਦੇ ਤੇ ਲਿਖਦੇ ਹਨ।

ਸੰਸਕ੍ਰਿਤ, ਅਰਬੀ, ਫਾਰਸੀ, ਪ੍ਰਾਕ੍ਰਿਤਾਂ ਅਭਰੰਸ਼ਾਂ, ਪੰਜਾਬੀ, ਹਿੰਦੀ, ਮਰਾਠੀ, ਸਿੰਧੀ ਤੇ ਬ੍ਰਿਜ ਆਦਿ ਭਾਸ਼ਾਵਾਂ ਦੀ ਸ਼ਬਦਾਵਲੀ ਇਸ ਰਚਨਾ ਵਿੱਚ ਮੌਜੂਦ ਹੈ, ਇਸ ਲਈ ਹਰ ਭਾਸ਼ਾ ਵਾਲਾ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ ਦਾ ਲਾਭ ਲੈ ਸਕਦਾ ਹੈ। ਪੰਜਾਬੀ ਰਚੇਤੇ ਨਿਰੋਲ ਪੰਜਾਬੀ ਰਾਹੀਂ ਵੀ ਬਖ਼ਸ਼ਸ਼ ਕਰਦੇ ਹਨ। ਉਨ੍ਹਾਂ ਦੀ ਰਚਨਾ ’ਚ ਪ੍ਰਧਾਨ ਰੰਗ ਪੰਜਾਬੀ ਹੀ ਹੈ। ਉਦਾਹਰਨ ਵਜੋਂ ‘‘ਬਿਰਖੈ ਹੇਠਿ; ਸਭਿ ਜੰਤ ਇਕਠੇ ਇਕਿ ਤਤੇ; ਇਕਿ ਬੋਲਨਿ ਮਿਠੇ ਅਸਤੁ ਉਦੋਤੁ ਭਇਆ, ਉਠਿ ਚਲੇ; ਜਿਉ ਜਿਉ ਅਉਧ ਵਿਹਾਣੀਆ ’’ (ਮਹਲਾ /੧੦੧੯) ਪਦ ਅਰਥ : ਅਸਤੁ ਉਦੋਤੁ ਭਇਆ – ਛਿਪਿਆ ਹੋਇਆ (ਸੂਰਜ) ਜਦ ਅਕਾਸ਼ ’ਚ ਚੜ੍ਹਿਆ ਭਾਵ ਜਦ ਕਾਲ਼ੇ ਧੌਲ਼ਿਆਂ ਤੋਂ ਸਫ਼ੈਦ ਬਾਲ (ਬੁਢੇਪਾ) ਆਇਆ। ਇਸ ਲਈ ਵੱਖੋ ਵੱਖ ਭਾਸ਼ਾਵਾਂ ਦੇ ਪ੍ਰਭਾਵ; ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਲੱਭੇ ਜਾ ਸਕਦੇ ਹਨ। ਭਾਸ਼ਾ ਪੱਖ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਲੱਖਣਤਾ ਹੈ ਕਿ ਇਸ ਦਾ ਇੱਕ ਇੱਕ ਸ਼ਬਦ; ਬੜਾ ਸੋਚ ਸਮਝ ਕੇ, ਤੋਲ ਅਤੇ ਤੁਕਾਂਤ ਮਿਲਾ ਕੇ ਬੀੜੀਆ ਹੋਇਆ ਹੈ; ਮਿਸਾਲ ਹੈ, ‘‘ਖੰਭ ਵਿਕਾਂਦੜੇ ਜੇ ਲਹਾਂ; ਘਿੰਨਾ ਸਾਵੀ ਤੋਲਿ ਤੰਨਿ ਜੜਾਂਈ ਆਪਣੈ; ਲਹਾਂ ਸੁ ਸਜਣੁ ਟੋਲਿ ’’ (ਮਹਲਾ /੧੪੨੬) ਅਰਥ : ਮੈ ਆਪਣੇ ਭਾਰ ਬਰਾਬਰ (ਕੀਮਤ) ਤੋਲ ਕੇ ਕਿਤੇ ਵਿਕਦੇ ਹੋਏ ਖੰਭ ਜੇਕਰ ਲੱਭ ਲਵਾਂ ਤੇ ਉਨ੍ਹਾਂ ਨੂੰ ਖ਼ਰੀਦ ਲਵਾਂ ਤਾਂ ਜੋ ਆਪਣੇ ਸਰੀਰ ਉੱਤੇ ਲਗਾ ਲਵਾਂ (ਜਿਨ੍ਹਾਂ ਦੀ ਮਦਦ ਨਾਲ਼ ਉੱਡ ਕੇ) ਉਸ ਸੱਜਣ-ਪ੍ਰਭੂ ਨੂੰ ਲੱਭਾਂ, ਪ੍ਰਾਪਤ ਕਰ ਲਵਾਂ ਭਾਵ ਆਪਾ ਭਾਵ ਮਿਟਾ ਕੇ, ਉੱਚੀ ਸੁਰਤਿ ਕੀਤਿਆਂ ਹੀ ਉਹ ਸੱਜਣ-ਮਿੱਤਰ ਮਿਲਦਾ ਹੈ ਕਿਉਂਕਿ ਉਹ ਆਪ ਬੜਾ ਉੱਚਾ ਹੈ, ਮਾਇਆ ਤੋਂ ਨਿਰਲੇਪ ਹੈ, ‘‘ਵਡਾ ਸਾਹਿਬੁ; ਊਚਾ ਥਾਉ   ਊਚੇ ਉਪਰਿ ਊਚਾ ਨਾਉ   ਏਵਡੁ ਊਚਾ; ਹੋਵੈ ਕੋਇ   ਤਿਸੁ ਊਚੇ ਕਉ ਜਾਣੈ ਸੋਇ ..੨੪’’ (ਜਪੁ)

ਭਾਸ਼ਾ ਵਿਚ ਭਾਰਤੀ ਵਿਆਕਰਨ ਕਦੇ ਵੀ ਇਕ ਨਹੀਂ ਹੋ ਸਕਿਆ, ਪਰ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਕਰਨਿਕ ਏਕਤਾ ਵਿਚ ਗੁਰੂ ਅਰਜੁਨ ਦੇਵ ਜੀ ਦਾ ਉਸਤਾਦੀ ਹੱਥ ਲੱਗਾ ਹੋਇਆ ਹੈ। ਸਾਰੰਸ਼ ਰੂਪ ਵਿਚ ਇਹ ਕਹਿਣਾ ਠੀਕ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਸਾਹਿਤਕ ਖੇਤਰ ਵਿਚ ਵਿਸ਼ੇਸ਼ ਮਹੱਤਤਾ ਰੱਖਦੇ ਹਨ।

ਸੋ ਗੁਰੂ ਗ੍ਰੰਥ ਸਾਹਿਬ ਜੀ; ਭਾਰਤ ਦੇ ਰਾਗ ਕਾਵਿ, ਛੰਦ ਅਲੰਕਾਰ, ਰਸ ਤੇ ਭਾਸ਼ਾਵਾਂ ਦੀਆਂ ਅਨੇਕਾਂ ਪਰੰਪਰਾਵਾਂ ਨੂੰ ਆਪਣੇ ਆਪ ਵਿਚ ਸਾਂਭੀ ਬੈਠੇ ਹਨ। ਡੰਕਨ ਗ੍ਰੀਨ ਲੀਜ ਦੇ ਕਹਿਣ ਵਿਚ ਸਿਖਰਾਂ ਦਾ ਸੱਚ ਹੈ :

 Among the world’s Scriptures few if any attain so high a Literary Level or so constant a hight of inspiration (page 12). The Gospel of the GURU  GRANTH  SAHIB by Duncan Greenlees.

ਭਾਵ ਗੁਰੂ ਗ੍ਰੰਥ ਸਾਹਿਬ ਜੀ ਬੁਨਿਆਦੀ ਤੌਰ ’ਤੇ ਅਨੁਭਵੀ ਗਿਆਨ ਦਾ ਅਨੂਪਮ, ਅਮੁੱਕ ਭੰਡਾਰ ਹੈ। ਸਾਹਿਤਕ ਖ਼ੂਬਸੂਰਤੀ ਵਿਸ਼ਵ ਦੀਆਂ ਗ੍ਰੰਥ ਰਚਨਾਵਾਂ ਵਿਚ ਸਭ ਤੋਂ ਵੱਧ ਅਤੇ ਵਿਸ਼ੇਸ਼ ਹੈ, ਜੋ ਪੂਰੇ ਵਿਸ਼ਵ ਪੱਧਰ ’ਤੇ ਅਟੱਲ ਸਚਾਈ ਹੈ।

‘ਜਪੁ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ (ਭਾਗ 1)

0

ਜਪੁ ਪਉੜੀ 1 ਤੋਂ 4

ਜ਼ਰੂਰੀ ਬੇਨਤੀ : ਕਈ ਵਿਦਵਾਨ ਸੱਜਣਾਂ ਨੇ ਗੁਰਬਾਣੀ ਦਾ ਟੀਕਾ ਕੀਤਾ ਹੈ। ਗੁਰਮਤਿ ਸਿਧਾਂਤਾਂ ਨੂੰ ਸਮਝਣ ਤੇ ਸਮਝਾਉਣ ਦਾ ਯਤਨ ਕੀਤਾ ਹੈ। ਫਿਰ ਵੀ ਗੁਰਬਾਣੀ ’ਚ ਅਨੇਕਾਂ ਗਹਿਰੇ ਰਾਜ਼ ਛੁਪੇ ਹਨ, ਜੋ ਅਜੇ ਪਕੜ ’ਚੋਂ ਬਾਹਰ ਹਨ। ਇਹੀ ਕਾਰਨ ਹੈ ਕਿ ਗੁਰਬਾਣੀ ਦੇ ਮੂਲ ਮੁੱਦਿਆਂ ’ਤੇ ਸਿੱਖਾਂ ਅੰਦਰ ਆਮ ਰਾਇ ਨਹੀਂ ਬਣਦੀ। ‘ਜਪੁ’ ਬਾਣੀ ਦੇ ਇਸ ਟੀਕੇ ’ਚ ਸੰਖੇਪ ਜਿਹੇ ਸ਼ਬਦਾਂ ਨਾਲ਼ ਗੁਰਮਤਿ ਦੇ ਕਈ ਪੱਖ ਵਿਚਾਰਨ ਦਾ ਨਿਮਾਣਾ ਜਿਹਾ ਯਤਨ ਕੀਤਾ ਹੈ ਤਾਂ ਕਿ ਗੁਰਬਾਣੀ ਬਾਰੇ ਕਈ ਬੇਲੋੜੇ ਸੰਦੇਹ ਦੂਰ ਹੋਣ। ਇਹ ਵਿਚਾਰ ਭਾਵੇਂ ਸਭ ਦੀ ਤਸੱਲੀ ਨਾ ਕਰਾ ਸਕੇ, ਪਰ ਜਗਿਆਸੂ ਮਨ ਅੰਦਰ ਗੁਰਮਤਿ ਨੂੰ ਸਮਝਣ ਲਈ ਹੋਰ ਤਾਂਘ ਜ਼ਰੂਰ ਪੈਦਾ ਕਰੇਗੀ।

ਗੁਰਬਾਣੀ ਦੇ ਸੰਦਰਭ ’ਚ ਦੋ ਸ਼ਬਦ

ਗੁਰਬਾਣੀ; ਮਨੁੱਖ ਦੇ ਹਿਰਦੇ ਨੂੰ ਨਵੇਂ, ਨਰੋਏ ਰੂਪ ’ਚ ਢਾਲ਼ਦੀ ਹੈ। ਗੁਰਬਾਣੀ ਰਾਹੀਂ ਉਪਜਦੇ ਆਤਮਿਕ ਚਾਨਣ/ਬਲ ਨਾਲ਼ ਮਨ ’ਚ ਸ਼ਾਂਤੀ, ਦਿਮਾਗ਼ ’ਚ ਸਥਿਰਤਾ ਤੇ ਆਸ਼ਾਵਾਦੀ ਵਿਚਾਰ ਪਨਪਣ ਲੱਗਦੇ ਹਨ। ਅੰਧ ਵਿਸ਼ਵਾਸ ’ਚ ਬਰਬਾਦ ਹੁੰਦਾ ਬੇਲੋੜਾ ਸਮਾਂ ਤੇ ਊਰਜਾ ਬਚਦੇ ਹਨ। ਗੁਰਬਾਣੀ ’ਤੇ ਅਮਲ ਕਰਦਿਆਂ ਸਿੱਖ ਆਪਣੇ ਪਰਵਾਰਿਕ, ਸਮਾਜਿਕ ਅਤੇ ਕੌਮੀ ਫ਼ਰਜ਼ਾਂ ਨੂੰ ਸਿੱਦਕ ਨਾਲ਼ ਨਿਭਾਉਂਦਾ ਹੋਇਆ ਲੋਕ-ਪ੍ਰਲੋਕ ’ਚ ਸੁਰਖ਼ਰੂ ਹੁੰਦਾ ਹੈ।

ਇੱਕ ਪੂਰਨ ਤੇ ਸਫਲ ਜ਼ਿੰਦਗੀ ’ਚ ਪੰਜ ਗਿਆਨ ਇੰਦ੍ਰਿਆਂ (ਅੱਖ, ਨੱਕ, ਕੰਨ, ਜੀਭ ਤੇ ਚਮੜੀ) ਵਾਲ਼ਾ ਸਮਾਜਿਕ ਜਾਂ ਦਿਮਾਗ਼ੀ ਗਿਆਨ ਅਤੇ ਬਾਣੀਕਾਰਾਂ ਦੇ ਅਨੁਭਵ/ਤਜਰਬੇ ਵਾਲ਼ਾ ਅਲੌਕਿਕ ਰੂਹਾਨੀਅਤ ਗਿਆਨ; ਦੋਵੇਂ ਅਹਿਮ ਹੁੰਦੇ ਹਨ, ਪਰ ਬਾਣੀਕਾਰਾਂ ਦਾ ਗਿਆਨ; ਤਦ ਤੱਕ ਕਿਸੇ ਹਿਰਦੇ ਨੂੰ ਅਨੰਦਿਤ ਤੇ ਦਿਮਾਗ਼ ਨੂੰ ਸਥਿਰ ਨਹੀਂ ਕਰ ਸਕਦਾ ਜਦ ਤੱਕ ਇਹ ਖ਼ੁਦ ਦਾ ਅਨੁਭਵ ਭਾਵ ਆਤਮ ਪ੍ਰਕਾਸ਼ ਬਣ ਦਿਮਾਗ਼ ਨੂੰ ਸੰਤੁਸ਼ਟ/ਸ਼ਾਂਤ ਨਹੀਂ ਕਰਦਾ, ਸੰਦੇਹ ਮੁਕਤ ਨਹੀਂ ਕਰਦਾ।

ਸਮੁੱਚੀ ਗੁਰਬਾਣੀ; 6 ਗੁਰੂ ਸਾਹਿਬਾਨ, 15 ਭਗਤ ਸਾਹਿਬਾਨ, 11 ਭੱਟ ਸਾਹਿਬਾਨ ਅਤੇ 3 ਗੁਰਸਿੱਖਾਂ ਦੇ ਆਤਮ ਪ੍ਰਕਾਸ਼ ਵਾਲ਼ਾ ਅਨੁਭਵੀ ਬਲ ਹੈ, ਜੋ ਇੱਕ ਝਰਨੇ ਸਮਾਨ ਹੈ ਤੇ ਸੁੱਤੇ ਸਿੱਧ ਪਾਣੀ ਵਾਙ ਨਿਰੰਤਰ ਵਹਿੰਦਾ ਹੈ ਭਾਵ ਜੀਵਨ ਦੇ ਅੰਤ ਤੱਕ ਨਵੇਂ ਨਵੇਂ ਵਿਚਾਰ ਫੁਟਦੇ ਰਹਿੰਦੇ ਹਨ ਜਦ ਕਿ ਸਮਾਜਿਕ ਗਿਆਨ; ਇਸ ਦੇ ਮੁਕਾਬਲੇ ਬਹੁਤ ਸੀਮਤ ਹੁੰਦਾ ਹੈ। ਮਿਸਾਲ ਵਜੋਂ ਗੁਰੂ ਨਾਨਕ ਸਾਹਿਬ ਜੀ ਨੇ ਜਿੱਥੇ ‘ਜੀਵਨ, ਕੁਦਰਤ ਅਤੇ ਨਿਰਾਕਾਰ’ ਦੀ ਸਚਾਈ ਨੂੰ ਇਉਂ ਬਿਆਨ ਕਰ ਦਿੱਤਾ ਜਿਵੇਂ ਕਿ ਬਹੁਤ ਨੇੜਿਓਂ ਤੱਕਿਆ ਹੋਵੇ; ਓਥੇ 20-22 ਸਾਲ ਤੱਕ ਸਮਾਜਿਕ ਵਿਦਿਆ ਲੈਣ ਵਾਲ਼ਾ ਡਾਕਟਰ; ਸਰੀਰ ਦੇ ਭੀ ਇੱਕੋ ਰੋਗ ਦਾ ਮਾਹਰ ਬਣਦਾ ਹੈ, ਸਾਰੇ ਰੋਗਾਂ ਦਾ ਨਹੀਂ। ਵਿਸ਼ਾਲ ਕੁਦਰਤ ਅਤੇ ਅਪਹੁੰਚ ਨਿਰਾਕਾਰ ਬਾਰੇ ਉਸ ਕੋਲ਼ ਸਮਝ ਹੋਣੀ ਤਾਂ ਬਹੁਤ ਦੂਰ ਦੀ ਗੱਲ ਹੈ।

ਬਾਣੀਕਾਰਾਂ ਦੇ ਹਿਰਦੇ ’ਚੋਂ ਸੁੱਤੇ ਸਿੱਧ ਉਪਜਿਆ ਖ਼ਾਸ-ਖ਼ਾਸ ਗਿਆਨ ਹੀ ਗੁਰਬਾਣੀ ਹੈ; ਜਿਵੇਂ ਕਿ ਭਗਤ ਸੂਰਦਾਸ ਜੀ ਦੇ ਮਾਤਰ ਇਹੀ ਬੋਲ ਹਨ, ‘‘ਛਾਡਿ ਮਨ ! ਹਰਿ ਬਿਮੁਖਨ ਕੋ ਸੰਗੁ ’’ (ਭਗਤ ਸੂਰਦਾਸ ਜੀ, ਪੰਨਾ ੧੨੫੩) ਭਾਵ ਹੇ ਮਨ ! ਹਰੀ ਤੋਂ ਬੇਮੁੱਖ ਹੋਏ ਲੋਕਾਂ ਦੀ ਸੰਗਤ ਨਾ ਕਰ। ਕੀ ਭਗਤ ਸੂਰਦਾਸ ਜੀ ਨੂੰ ਸਾਰੀ ਉਮਰ ’ਚ ਇਹੀ ਅਹਿਸਾਸ ਹੋਇਆ ਹੈ ? ਜਵਾਬ ਹੈ : ਨਹੀਂ। ਇਸੇ ਤਰ੍ਹਾਂ ਕੁੱਝ ਹੋਰ ਭਗਤਾਂ ਦੇ ਭੀ ਗੁਰਬਾਣੀ ’ਚ 1-1 ਜਾਂ 2-2 ਸ਼ਬਦ ਹੀ ਹਨ। ਗੁਰੂ ਸਾਹਿਬਾਨ ਨੇ ਭੀ ਸਾਰੀ ਉਮਰ ’ਚ ਕੀਤੀਆਂ ਵਿਚਾਰ-ਗੋਸਟੀ ਦਾ ਬਹੁਤ ਅਹਿਮ ਭਾਗ ਲਿਖ ਕੇ ਸੰਭਾਲ਼ਿਆ ਹੈ।

ਸੋ ਜਿੱਥੇ ਬਾਣੀਕਾਰਾਂ ਨੇ ਸਾਰੀ ਉਮਰ ’ਚ ਜਿੰਨਾ ਮਹਿਸੂਸ ਕੀਤਾ ਉਹ ਸਾਰਾ ਬਿਆਨ ਕਰਨਾ ਅਸੰਭਵ ਹੈ; ਓਥੇ ਬਿਆਨ ਕੀਤੇ ਖ਼ਾਸ ਗਿਆਨ (ਗੁਰਬਾਣੀ) ਨੂੰ ਗੁਰਸਿੱਖ ਨੇ ਸਾਰੀ ਉਮਰ ਸਮਝਣਾ ਹੈ ਤੇ ਆਪਣੇ ਆਪ ਨੂੰ ਪੜਚੋਲਦੇ ਰਹਿਣਾ ਹੈ। ‘ਜਪੁ’; ਅਲੌਕਿਕ ਗਿਆਨ ਭਰਪੂਰ ਅਤੇ ਇਸ ਨੂੰ ਪ੍ਰਗਟ ਕਰਨ ਵਾਲ਼ੇ ਸਤਿਗੁਰੂ ਅੱਗੇ ਬੇਨਤੀ ਕਰਨ ਨਾਲ਼ ਸੰਬੰਧਿਤ ਬਾਣੀ ਹੈ। ਜਿਸ ਨੂੰ ਵਿਚਾਰਨ ਤੋਂ ਪਹਿਲਾਂ ਗੁਰਮਤਿ ਦੀ ਸੰਖੇਪ ਜਿਹੀ ਵਿਚਾਰ ਜ਼ਰੂਰੀ ਹੈ; ਜਿਵੇਂ ਕਿ

(1). ਬਾਰੇ ਬਾਣੀਕਾਰਾਂ ਦੇ ਬੋਲ : ਗੁਰਬਾਣੀ ਦਾ ਇਹ ਅਲੌਕਿਕ ਗਿਆਨ ਹੈ, ਜੋ ਇਸ ਲੋਕ ਭਾਵ ਸੰਸਾਰ ਨਾਲ਼ ਸੰਬੰਧਿਤ ਨਹੀਂ ਯਾਨੀ ਸੰਸਾਰ ਤੋਂ ਵੱਖਰਾ ਗਿਆਨ, ਪਰਾਲੌਕਿਕ ਗਿਆਨ, ਅਦ੍ਰਿਸ਼-ਨਿਰਾਕਾਰ ਬਾਰੇ ਗਿਆਨ। ਇਹ, ਪੰਜ ਗਿਆਨ ਇੰਦ੍ਰਿਆਂ ਰਾਹੀਂ ਉਪਜਿਆ ਗਿਆਨ ਨਹੀਂ। ਇਹ ਅਨੁਭਵ ਰੂਪ ਅੱਖਾਂ ਨਾਲ਼ ਮਾਣਿਆ ਜਾ ਸਕਦਾ ਹੈ; ਜਿਵੇਂ ਕਿ ਬਚਨ ਹਨ, ‘‘ਨਾਨਕ  ! ਸੇ ਅਖੜੀਆਂ ਬਿਅੰਨਿ; ਜਿਨੀ ਡਿਸੰਦੋ ਮਾ ਪਿਰੀ ’’ (ਮਹਲਾ /੫੭੭) ਅਰਥ : ਉਹ (ਰੂਹਾਨੀਅਤ) ਅੱਖਾਂ ਹੋਰ ਹਨ, ਜਿਨ੍ਹਾਂ ਰਾਹੀਂ ਮੇਰਾ ਪਤੀ-ਪਰਮੇਸ਼ਰ ਵੇਖੀਦਾ ਹੈ।

ਗੁਰਬਾਣੀ ਦੇ ਇਸ ਗਿਆਨ ਦਾ ਲਾਹਾ ਲੈਣ ਲਈ ਹਿਰਦੇ ’ਚ ਭਰੋਸਾ ਹੋਣਾ ਜ਼ਰੂਰੀ ਹੈ ਕਿਉਂਕਿ ਇਸ ਦੀ ਵਧੇਰੇ ਸਪਸ਼ਟਤਾ ਲਈ ਸਮਾਜ ’ਚੋਂ ਕੋਈ ਮਿਸਾਲ ਨਹੀਂ ਦਿੱਤੀ ਜਾ ਸਕਦੀ। ਇਸ ਇਲਾਹੀ ਗਿਆਨ (ਭਾਵ ‘ੴ’ ਸ਼ਕਤੀ) ਲਈ ਗੁਰਬਾਣੀ ’ਚ 442 ਵਾਰ ‘ਅਗੰਮ, ਅਗੋਚਰ’ ਸ਼ਬਦ ਵਰਤੇ ਹਨ। ਜਿਨ੍ਹਾਂ ਦੇ ਅਰਥ ਹਨ ‘ਪੰਜ ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ’।

ਗੁਰਬਾਣੀ ਦਾ ਇਹੀ ਗਿਆਨ; ਸਿੱਖ ਲਈ ਨਿਤਨੇਮ ਬਣਾਇਆ ਹੈ। ਤਕਰੀਬਨ 100 ਸਾਲ (17ਵੀਂ ’ਚ) ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਅੰਕ ਸਿੱਖਾਂ ਦਾ ਨਿਤਨੇਮ ਸਨ। ਸਿੱਖਾਂ ਲਈ ਹਦਾਇਤ ਹੈ ਕਿ ਉਹ ਅਰਦਾਸ ਰਾਹੀਂ ਗੁਰੂ ਪਾਸੋਂ ਨਿੱਤ ‘ਭਰੋਸਾ ਦਾਨ’ ਮੰਗਣ।

(2). ਕੁਦਰਤ (ਜਿਸ ਵਿੱਚ ਤਾਰੇ, ਬਨਸਪਤੀ, ਜੀਵਨ ਆਦਿ ਹਨ) ਦਾ ਤੱਥਾਂ ਆਧਾਰਿਤ ਕੀਤਾ ਗਿਆ ਵਿਸ਼ਲੇਸ਼ਣ : ਗੁਰਬਾਣੀ ’ਚ ਦਰਜ ਇਹ ਸਚਾਈ; ਸਮਾਜ ਵਿੱਚੋਂ ਭੀ ਮਿਸਾਲਾਂ ਦੇ ਕੇ ਸਮਝਾਈ ਜਾ ਸਕਦੀ ਹੈ। ਇਸ ਨੂੰ ਸਮਝਣ ਤੇ ਅਪਣਾਉਣ ਲਈ ‘ਭਰੋਸਾ ਦਾਨ’ ਮੰਗਣ ਦੀ ਲੋੜ ਨਹੀਂ। ਆਧੁਨਿਕ ਵਿਗਿਆਨਿਕ ਕਾਢਾਂ ਭੀ ਇਸ ਗਿਆਨ ਨਾਲ਼ ਸਹਿਮਤ ਹਨ ਤਾਹੀਓਂ ਇਸ ਉੱਤੇ ਕਦੇ ਕਿੰਤੂ-ਪਰੰਤੂ ਨਹੀਂ ਕੀਤਾ। ਬਾਣੀਕਾਰਾਂ ਦਾ ਇਹ ਵਿਸ਼ਲੇਸ਼ਣ; ਉਕਤ ਨੰਬਰ 1 ਵਾਲ਼ੇ ਅਲੌਕਿਕ ਗਿਆਨ ਉੱਤੇ ਭੀ ‘ਭਰੋਸਾ’ ਕਾਇਮ ਕਰਾਉਂਦਾ ਹੈ ਕਿਉਂਕਿ ਜੇਕਰ ਇਸ ਗਿਆਨ ਨੂੰ ਕੋਈ ਆਧੁਨਿਕ ਖੋਜ ਗ਼ਲਤ ਸਾਬਤ ਕਰ ਦਿੰਦੀ ਤਾਂ ਅਲੌਕਿਕ ਗਿਆਨ ਪ੍ਰਤੀ ਭੀ ਸੰਦੇਹ ਉਪਜਣ ਦੀ ਸੰਭਾਵਨਾ ਰਹਿੰਦੀ। ਕੁੱਝ ਤਰਕ ਦੇ ਪੈਰੋਕਾਰ ਸਿੱਖ; ਗੁਰਬਾਣੀ ਦੇ ਇਸੇ ਗਿਆਨ ਨੂੰ ਗੁਰਮਤਿ ਦਾ ਨਿਚੋੜ ਸਮਝਣ ਦੀ ਭੁੱਲ ਕਰਦੇ ਹਨ ਯਾਨੀ ਕਿ ‘ੴ’ ਬਾਰੇ ਬਿਆਨ ਕੀਤੇ ਵਿਸ਼ਵਾਸ ਆਧਾਰਿਤ ਰੂਹਾਨੀਅਤ ਅਨੁਭਵ ਨੂੰ ਗੁਰਮਤਿ ਦਾ ਤਤਸਾਰ ਨਹੀਂ ਮੰਨਦੇ ਜਦ ਕਿ ਭਗਤ ਨਾਮਦੇਵ ਜੀ ਨੇ ਅਲੌਕਿਕ ਸ਼ਕਤੀ ਦੀ ਵਿਆਖਿਆ ਕਰਦਿਆਂ ਆਪਣੇ ਇੱਕ ਸ਼ਬਦ ਦੇ ਰਹਾਉ ਬੰਦ (ਜੋ ਕਿ ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ) ’ਚ ਬਿਆਨ ਕੀਤਾ, ‘‘ਪਹਿਲ ਪੁਰਸਾਬਿਰਾ ਅਥੋਨ ਪੁਰਸਾਦਮਰਾ ਅਸਗਾ ਅਸ ਉਸਗਾ ਹਰਿ ਕਾ ਬਾਗਰਾ; ਨਾਚੈ ਪਿੰਧੀ ਮਹਿ ਸਾਗਰਾ ਰਹਾਉ ’’ (ਭਗਤ ਨਾਮਦੇਵ/੬੯੪) ਅਰਥ : ਪਹਿਲੇ ਪਹਿਲ ਆਦਿ ਪੁਰਸ਼ (ੴ) ਪ੍ਰਗਟਿਆ। ਉਸ ਆਦਿ ਪੁਰਸ਼ ਤੋਂ ਮਾਇਆ (ਕੁਦਰਤ) ਬਣੀ। ਇਸ ਕੁਦਰਤ ਅਤੇ ਉਹ ਆਦਿ ਪੁਰਸ਼ (ੴ) ਵਿੱਚ ਬਹੁਤਾ ਅੰਤਰ ਨਹੀਂ ਭਾਵ ਉਹ ਆਦਿ ਪੁਰਸ਼; ਇਸ ਕੁਦਰਤ ’ਚ ਹੀ ਰਮਿਆ ਹੈ। ਜਿਸ ਕਾਰਨ ਇਹ ਕੁਦਰਤ ਮਾਨੋ ਉਸ ਪੁਰਸ਼ ਦਾ ਸੋਹਣਾ ਬਾਗ਼ ਹੈ। ਭਾਵੇਂ ਇਸ ਵਿੱਚ (ਖ਼ੁਸ਼ੀ ਤੇ ਗ਼ਮੀ ਕਾਰਨ ਹਰ ਮਨੁੱਖ) ਇਉਂ ਨੱਚਦਾ ਹੈ; ਜਿਵੇਂ (ਖੂਹ ਦੀਆਂ) ਟਿੰਡਾਂ ’ਚ ਪਾਣੀ (ਕਦੇ ਭਰਦਾ, ਕਦੇ ਖ਼ਾਲੀ ਹੁੰਦਾ ਹੈ)। ਭਗਤ ਜੀ ਨਾਲ਼ ਹੀ ਇਹ ਕਹਿਣਾ ਨਹੀਂ ਭੁੱਲੇ ਕਿ ਇਨ੍ਹਾਂ ਇਲਾਹੀ ਬੋਲਾਂ ’ਤੇ ਤਰਕ ਨਾ ਕਰ ਬੈਠਨਾ, ‘‘ਤਰਕੁ ਚਾ ਭ੍ਰਮੀਆ ਚਾ ’’ ਭਾਵ (ਹੇ ਭਾਈ ! ਇਸ ਸਚਾਈ ਉੱਤੇ) ਤਰਕ ਨਾ ਕਰ, ਭਰਮ ’ਚ ਨਾ ਪੈ।

‘ਤਰਕ’ ਅਤੇ ‘ਭਰਮ’ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਤਰਕ ’ਚ ਭਰਮ ਤੇ ਭਰਮ ’ਚ ਤਰਕ ਹੁੰਦਾ ਹੈ। ਭਰਮ ਤੋਂ ਭਾਵ ਦੁਬਿਧਾ ਹੈ, ਭੁਲੇਖਾ ਹੈ, ਇਸ ਲਈ ਦਿਮਾਗ਼ ਦਾ ਸਥਿਰ ਹੋਣਾ, ਦੁਬਿਧਾ ਮੁਕਤ ਹੋਣਾ ਜ਼ਰੂਰੀ ਹੈ। ਭਗਤ ਜੀ ਦੀ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਨੇ ਭੀ ਅਲੌਕਿਕ ਸ਼ਕਤੀ ‘ੴ’ ਦੀ ਵਿਆਖਿਆ ਕਰਦਿਆਂ ਕਿਹਾ ਕਿ ਜਿਸ (ਪੁਰਸ਼) ਤੋਂ ਕੁਦਰਤ ਬਣੀ, ਉਹ ਹੁਣ ਭੀ ਸਰਬ ਵਿਆਪਕ ਹੋ ਸਭ ਨੂੰ ਵੇਖਦਾ, ਸੰਭਾਲ਼ਦਾ ਹੈ, ‘‘ਆਪੀਨ੍ੈ ਆਪੁ ਸਾਜਿਓ; ਆਪੀਨ੍ੈ ਰਚਿਓ ਨਾਉ ਦੁਯੀ ਕੁਦਰਤਿ ਸਾਜੀਐ; ਕਰਿ ਆਸਣੁ ਡਿਠੋ ਚਾਉ ’’ (ਆਸਾ ਕੀ ਵਾਰ/ਮਹਲਾ /੪੬੩)

(3). ਪ੍ਰਾਚੀਨ ਮੱਤਾਂ ਧਰਮ ਦੀ ਕੀਤੀ ਗਈ ਅੱਧਅਧੂਰੀ ਤੇ ਗ਼ਲਤ ਵਿਆਖਿਆ ਨੂੰ ਬੜੇ ਪਿਆਰ ਨਾਲ਼ ਰੱਦ ਕਰਨਾ : ਗੁਰਬਾਣੀ ’ਚ ਪੁਰਾਤਨ ਮੱਤਾਂ ਦੀਆਂ ਕਈ ਕਾਲਪਨਿਕ ਕਹਾਣੀਆਂ ਨੂੰ ਸਿੱਧੇ ਰੱਦ ਕਰਨ ਜਾਂ ਝੂਠੀਆਂ ਕਹਿਣ ਦੀ ਬਜਾਇ ਬਾਣੀਕਾਰਾਂ ਨੇ ਉਨ੍ਹਾਂ ਦੀ ਮਿਸਾਲ ਦੇ ਕੇ ਸਚਾਈ ਵਾਲ਼ੀ ਵੱਡੀ ਲਕੀਰ ਖਿੱਚੀ ਹੈ; ਮਿਸਾਲ ਵਜੋਂ ਸਮੁੰਦਰ ਨੂੰ ਰਿੜਕ ਕੇ 14 ਰਤਨ ਕੱਢਣ ਵਾਲ਼ੀ ਮਿੱਥ ਨੂੰ ਮਿਸਾਲ ਬਣਾ ਗੁਰੂ ਨਾਨਕ ਜੀ ਨੇ ਆਪਣੇ ਅੰਦਰੋਂ ਹੀ ਆਤਮ ਪ੍ਰਕਾਸ਼ ਰੂਪ 14 ਰਤਨ ਕੱਢੇ ਸਨ, ਦਾ ਜ਼ਿਕਰ ਬਾਬਾ ਸੱਤਾ ਬਲਵੰਡ ਜੀ ਇਉਂ ਕੀਤਾ, ‘‘ਮਾਧਾਣਾ ਪਰਬਤੁ ਕਰਿ, ਨੇਤ੍ਰਿ ਬਾਸਕੁ; ਸਬਦਿ ਰਿੜਕਿਓਨੁ ਚਉਦਹ ਰਤਨ ਨਿਕਾਲਿਅਨੁ; ਕਰਿ ਆਵਾ ਗਉਣੁ ਚਿਲਕਿਓਨੁ ’’ (ਬਲਵੰਡ ਸਤਾ/ ੯੬੭) ਅਰਥ : ਉਸ (ਗੁਰੂ ਨਾਨਕ ਸਾਹਿਬ) ਨੇ ਆਪਣੀ ਉੱਚੀ ਸੁਰਤ ਨੂੰ ਮਧਾਣੀ ਬਣਾ ਅਤੇ ਸ਼ੇਸ਼ਨਾਗ-ਸੱਪ ਨੂੰ (ਮਧਾਣੀ ਨੂੰ ਘੁਮਾਉਣ ਵਾਲ਼ੀ) ਰੱਸੀ ਬਣਾ ਇਲਾਹੀ ਬਾਣੀ ਰਾਹੀਂ ਆਪਣੇ ਆਪ ਨੂੰ ਰਿੜਕਿਆ, ਪੜਚੋਲਿਆ। ਜਿਸ ਨਾਲ਼ ਉਸ ਨੇ (ਆਪਣੇ ਅੰਦਰੋਂ ਹੀ ਰੱਬੀ ਨੂਰ/ਆਤਮ-ਪ੍ਰਕਾਸ਼ ਰੂਪ) ਚੌਦ੍ਹਾਂ ਰਤਨ ਕੱਢ ਲਏ। ਜਿਨ੍ਹਾਂ ਨਾਲ਼ ਆਵਾਗਮਣ (’ਚ ਰਹਿਣ ਵਾਲ਼ਾ ਜੀਵਨ) ਸੋਹਣਾ ਬਣਾ ਦਿੱਤਾ ਭਾਵ ਸ਼ਰਧਾਵਾਨ ਸਿੱਖਾਂ ਨੂੰ ਆਵਾਗਮਣ ਮੁਕਤ ਕਰ ਦਿੱਤਾ। ਇੱਥੇ ਸ਼ੇਸ਼ਨਾਗ-ਸੱਪ ਨੂੰ ਰੱਸੀ ਬਣਾਉਣ ਤੋਂ ਭਾਵ ਮਨ ਨੂੰ ਕਾਬੂ ਕਰਨਾ ਹੈ, ਨਾ ਕਿ ਕਿਸੇ ਸਮੁੰਦਰ ਨੂੰ ਰਿੜਕ ਕੇ 14 ਰਤਨ ਕੱਢਣ ਨੂੰ ਸਹੀ ਠਹਿਰਾਇਆ ਹੈ। ਸੋ ਜਿਸ ਤਰ੍ਹਾਂ ਇੱਥੇ ਕਲਪਿਤ ਮਿੱਥ ਨੂੰ ਅਸਿੱਧੇ ਤੌਰ ’ਤੇ ਰੱਦ ਕਰ ਇਲਾਹੀ ਬਾਣੀ ਰਾਹੀਂ ਮਨ ਨੂੰ ਨੀਵਾਂ ਤੇ ਸੁਰਤਿ ਨੂੰ ਉੱਚਾ ਕਰਨ ਦਾ ਢੰਗ ਬਿਆਨ ਕੀਤਾ ਹੈ; ਉਸੇ ਤਰ੍ਹਾਂ ਸਮੁੱਚੀ ਗੁਰਬਾਣੀ ’ਚ ਧਰਮ ਦੇ ਨਾਂ ’ਤੇ ਪਰੋਸਿਆ ਹਰ ਝੂਠ ਰੱਦ ਕੀਤਾ ਹੈ। ਕਈ ਅਣਜਾਣ ਸਿੱਖ; ਐਸੀਆਂ ਮਨਘੜਤ ਕਹਾਣੀਆਂ ਨੂੰ ਗੁਰਬਾਣੀ ’ਚ ਦਰਜ ਹੋਣ ਕਾਰਨ ਸੱਚ ਸਮਝ ਬੈਠਦੇ ਹਨ।

ਉਕਤ ਬਿਆਨ ਕੀਤਾ ਤੁਲਨਾਤਮਿਕ ਗਿਆਨ ਭਾਵੇਂ ਕਿ ਗੁਰਬਾਣੀ ਦਾ ਹੀ ਭਾਗ ਹੈ, ਪਰ ਇਸ ਨੂੰ ਨਿਤਨੇਮ ’ਚ ਸ਼ਾਮਲ ਨਹੀਂ ਕੀਤਾ ਤਾਂ ਕਿ ਬੇਲੋੜੇ ਵਿਵਾਦਾਂ ’ਚ ਪੈ ਕੇ ਸਿੱਖ ਆਪਣਾ ਹੀ ਕੀਮਤੀ ਜਨਮ ਅਜਾਈਂ ਨਾ ਗਵਾ ਲੈਣ।

ਦੂਸਰੇ ਪੜਾਅ ’ਚ ਗੁਰਮਤਿ ਦੇ ਇਹ ਪੱਖ ਭੀ ਸੰਖੇਪ ’ਚ ਵਿਚਾਰਨੇ ਜ਼ਰੂਰੀ ਹੈ :

(ੳ). ‘ੴ’ ਨਾਲ਼ ਨੇੜਤਾ ਕਾਇਮ ਕਰਨ ਲਈ ਸਤਿਗੁਰੂ ਦੀ ਮਿਹਰ ਦਾ ਹੋਣਾ, ਬੜਾ ਜ਼ਰੂਰੀ ਹੈ ਤਾਹੀਓਂ ਮੂਲ ਮੰਤਰ ਦੇ ਅੰਤ ’ਚ ‘ਗੁਰ ਪ੍ਰਸਾਦਿ’ ਭਾਵ ਗੁਰੂ ਦੀ ਕਿਰਪਾ ਨਾਲ਼ (ੴ ਮਿਲਦਾ ਹੈ), ਦਰਜ ਹੈ। ਇਸੇ ਲਈ ਨਿਤਨੇਮ ’ਚ ਪ੍ਰਭੂ ਦੇ ਗੁਣ ਗਾਉਣ ਦੇ ਨਾਲ਼-ਨਾਲ਼ ਇਨ੍ਹਾਂ ਨੂੰ ਪ੍ਰਗਟ ਕਰਨ ਵਾਲ਼ੇ ਗੁਰੂ ਜੀ ਅੱਗੇ ਬੇਨਤੀ ਕਰਨ ਨੂੰ ਭੀ ਜ਼ਰੂਰੀ ਸਮਝਿਆ ਹੈ; ਜਿਵੇਂ ਕਿ ‘ਜਪੁ’ ਬਾਣੀ ਦੀਆਂ 5 ਤੋਂ 15 ਪਉੜੀਆਂ ’ਚ ਗੁਰੂ ਨਾਲ਼ ਸੰਬੰਧਿਤ ਬਾਣੀ ਹੈ ਅਤੇ ‘ਸੋ ਦਰੁ’ (ਰਹਰਾਸਿ ਵਾਲ਼ੇ 9 ਸ਼ਬਦਾਂ) ਵਿੱਚ ‘‘ਹਰਿ ਕੇ ਜਨ ਸਤਿਗੁਰ ਸਤਪੁਰਖਾ ! ਬਿਨਉ ਕਰਉ ਗੁਰ ਪਾਸਿ ’’ (ਮਹਲਾ /੧੦) ਵਾਲ਼ਾ ਸ਼ਬਦ; ਸ਼ਾਮਲ ਕੀਤਾ ਹੈ।

(ਅ). ‘ੴ’ ਤੋਂ ਵਿੱਥ ਜਾਂ ਦੂਰੀ ਬਣਨ ਦੇ ਤਿੰਨ ਕਾਰਨ ਹੁੰਦੇ ਹਨ (1). ਅਗਿਆਨਤਾ (2). ਕਿਸੇ ਹੋਰ ’ਤੇ ਭਰੋਸਾ (3). ਭਰਮ ਜਾਂ ਦੁਬਿਧਾ। ਗੁਰਬਾਣੀ ’ਚ ਇਨ੍ਹਾਂ ਨੂੰ ਧਿਆਨ ’ਚ ਰੱਖਦਿਆਂ ਨਵੇਕਲ਼ੇ ਸ਼ਬਦ; ‘ਦੂਜੈ+ਭਾਇ’ (151 ਵਾਰ) ਦਰਜ ਕੀਤੇ ਹਨ, ਜੋ ਭਗਤ ਬਾਣੀ ਵਿੱਚ ਭੀ ਨਹੀਂ ਹਨ। ਇਨ੍ਹਾਂ ਦੇ ਅਰਥ ਹਨ (‘ੴ’ ਦੀ ਥਾਂ ਕਿਸੇ) ‘ਹੋਰ ਨਾਲ਼ ਪਾਏ ਪਿਆਰ ਕਾਰਨ’ ਯਾਨੀ ਕਿਸੇ ਹੋਰ ਨੂੰ ਸ੍ਰਿਸ਼ਟੀ ਦਾ ‘ਕਰਤਾ’ (ਪੈਦਾ ਕਰਨ ਵਾਲ਼ਾ), ‘ਧਰਤਾ’ (ਰਿਜ਼ਕ ਦੇਣ ਵਾਲ਼ਾ) ਤੇ ‘ਹਰਤਾ’ (ਨਾਸ ਕਰਨ ਵਾਲ਼ਾ) ਮੰਨਣ ਨਾਲ਼।

ਗੁਰਮਤਿ ਦੀ ਇਸ ਵਿਲੱਖਣਤਾ ਬਾਰੇ ਭਾਈ ਗੁਰਦਾਸ ਜੀ ਨੇ ਬਚਨ ਕੀਤੇ, ‘‘ਮਾਰਿਆ ਸਿਕਾ ਜਗਤ੍ਰਿ ਵਿਚਿ; ਨਾਨਕਿ (ਨੇ) ਨਿਰਮਲ ਪੰਥ ਚਲਾਇਆ’’ (ਵਾਰ ਪਉੜੀ ੪੫), ਭਗਤ ਕਬੀਰ ਜੀ ਦੇ ਬਚਨ ਹਨ, ‘‘ਪੰਡਿਤ ਮੁਲਾਂ; ਜੋ ਲਿਖਿ ਦੀਆ ਛਾਡਿ ਚਲੇ ਹਮ; ਕਛੂ ਲੀਆ ’’ (ਭਗਤ ਕਬੀਰ ਜੀ/੧੧੫੯), ਵੈਸੇ ਗੁਰਬਾਣੀ ਦਾ ਸੰਦੇਸ਼; ਹਰ ਵਰਗ ਲਈ ਹੈ, ‘‘ਖਤ੍ਰੀ ਬ੍ਰਾਹਮਣ ਸੂਦ ਵੈਸ; ਉਪਦੇਸੁ ਚਹੁ ਵਰਨਾ ਕਉ ਸਾਝਾ ਗੁਰਮੁਖਿ ਨਾਮੁ ਜਪੈ, ਉਧਰੈ ਸੋ ਕਲਿ ਮਹਿ; ਘਟਿ ਘਟਿ ਨਾਨਕ ਮਾਝਾ ’’ (ਮਹਲਾ /੭੪੮) ਅਰਥ : ਸਾਰਿਆਂ ਲਈ ਇਹੀ ਸਾਂਝਾ ਸੰਦੇਸ਼ ਹੈ ਕਿ ਜੋ ਭੀ ਗੁਰੂ ਦੀ ਰਾਹੀਂ ਸਰਬ ਵਿਆਪਕ ਰਾਮ ਦਾ ਨਾਮ ਜਪੇਗਾ, ਓਹੀ ਸੰਸਾਰ-ਸਮੁੰਦਰ ’ਚੋਂ ਪਾਰ ਹੋਏਗਾ (ਬਾਕੀਆਂ ਨੇ ਅਵੱਸ਼ ਡੁੱਬਣਾ ਹੈ)।

ਗਿਆਨ ਅਤੇ ਅਗਿਆਨ ਦੀ ਪਰਖ ਹੈ ਕਿ ਗਿਆਨਵਾਨ ਬੰਦਾ; ਥੋੜ੍ਹੇ ਸ਼ਬਦਾਂ ’ਚ ਬਹੁਤ ਕੁੱਝ ਕਹਿ ਜਾਂਦਾ ਹੈ ਜਦ ਕਿ ਨਾਸਮਝ ਵੱਧ ਸ਼ਬਦ ਤੇ ਵੱਧ ਸਮਾਂ ਲੈ ਕੇ ਭੀ ਆਪਣੀ ਗੱਲ-ਬਾਤ ਨੂੰ ਸਪਸ਼ਟ ਨਹੀਂ ਸਕਦਾ। ਬਾਣੀਕਾਰਾਂ ਨੇ ਸੰਖੇਪ ਸ਼ਬਦਾਵਲੀ ’ਚ ਹਰ ਵਿਸ਼ੇ ਨੂੰ ਸਰਲ ਤੇ ਸਪਸ਼ਟ ਕੀਤਾ ਹੈ, ਜੋ ਉਨ੍ਹਾਂ ਦੇ ਤੀਖਣ ਦਿਮਾਗ਼ ਦਾ ਪ੍ਰਤੀਕ ਹੈ; ਜਿਵੇਂ ਕਿ

(1). ਸੰਖੇਪ ਸ਼ਬਦਾਵਲੀ : ਗੁਰੂ ਨਾਨਕ ਸਾਹਿਬ ਜੀ ਦੇ ਇਹ ਮਾਤਰ 17 ਕੁ ਸ਼ਬਦ ਹਨ, ‘‘ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁ (ਮਹਲਾ /੬੧), ਸੁਚਿ ਹੋਵੈ ਤਾ; ਸਚੁ ਪਾਈਐ (ਮਹਲਾ /੪੭੨), ਘਾਲਿ ਖਾਇ; ਕਿਛੁ ਹਥਹੁ ਦੇਇ ’’ (ਮਹਲਾ /੧੨੪੫) ਜਿਨ੍ਹਾਂ ਰਾਹੀਂ ਐਨਾ ਗਿਆਨ ਬਖ਼ਸ਼ਿਆ (1/2). ਗੁਰੂ ਤੇ ਰੱਬ ਅਭੁੱਲ ਹਨ (3). ਬਾਕੀ ਸਾਰਾ ਜਗਤ ਭੁੱਲਣਹਾਰ ਹੈ ਭਾਵ ਸਚਾਈ ਤੋਂ ਅਣਜਾਣ ਹੈ (4/5). ਜੇ ਹਿਰਦੇ ’ਚੋਂ ਕਰਤਾਰ ਲੱਭ ਲਈਏ ਤਾਂ ਹੀ ਮਨ ਸ਼ੁੱਧ ਹੁੰਦਾ ਹੈ (ਨਾ ਕਿ ਕੋਈ ਸਰੀਰਕ ਕੰਮ ਕਰਨ ਨਾਲ਼; ਜਿਵੇਂ ਕਿ ਤੀਰਥ ਇਸ਼ਨਾਨ ਕਰਨਾ, ਮੌਨ ਧਾਰਨਾ ਜਾਂ ਵਰਤ ਆਦਿ ਰੱਖਣਾ) (6/7). ਗ੍ਰਿਹਸਤੀ ਜੀਵਨ ’ਚ ਹੱਥੀਂ ਕਿਰਤ ਕਰਨੀ ਹੈ ਤੇ ਉਸ ਨਾਲ਼ ਲੋੜਵੰਦਾਂ ਦਾ ਸਹਾਰਾ ਭੀ ਬਣਨਾ ਹੈ, ਆਦਿ।

ਸ਼ਬਦਾਂ ਦੀ ਇਹ ਸੰਖੇਪਤਾ; ਸਮੁੱਚੀ ‘ਜਪੁ’ ਬਾਣੀ ਅੰਦਰ ਭੀ ਹੈ। ਜਿਸ ਦੇ ਮਾਤਰ 2148 ਸ਼ਬਦ ਹਨ। ਜਿਨ੍ਹਾਂ ਰਾਹੀਂ ‘ੴ’ ਦੀ ਹੋਂਦ, ਉਸ ਦਾ ਨਿਵਾਸ ਸਥਾਨ, ਉਸ ਦਾ ਹੁਕਮ, ਉਸ ਦੀਆਂ ਦਾਤਾਂ/ਬਖ਼ਸ਼ਸ਼ਾਂ, ਕੁਦਰਤ ਦੀ ਵਿਸ਼ਾਲਤਾ, ਸਤਿਗੁਰੂ ਦੀ ਅਹਿਮੀਅਤ, ਸਫਲ ਜੀਵਨ ’ਚ ਆਉਂਦੇ ਪੰਜ ਰੂਹਾਨੀਅਤ ਬਦਲਾਅ (ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ ਅਤੇ ਸਚਖੰਡਿ) ਆਦਿ ਨੂੰ ਪੂਰਨ ਸਪਸ਼ਟ ਕੀਤਾ ਹੈ। ਇਨ੍ਹਾਂ ਨੂੰ ਖੋਲ੍ਹਣ ਲਈ ਹੀ ਫ਼ਿਲਾਸਫ਼ਰਾਂ, ਦਾਰਸ਼ਨਿਕਾਂ ਨੇ ਟੀਕੇ ਕੀਤੇ, ਜੋ ਹੁਣ ਭੀ ਜਾਰੀ ਹਨ ਤੇ ਅਗਾਂਹ ਭੀ ਹੁੰਦੇ ਰਹਿਣੇ ਹਨ।

(2). ਸਰਲਤਾ : ਭਿੰਨ-ਭਿੰਨ ਕਿੱਤਿਆਂ ਨਾਲ਼ ਸੰਬੰਧਿਤ ਬਾਣੀਕਾਰਾਂ ਨੇ ਆਪਣੇ ਇਲਾਹੀ ਅਨੁਭਵ ਨੂੰ ਸਥਾਨਿਕ ਰਹੁ-ਰੀਤਾਂ ਦੀ ਮਿਸਾਲ ਸਮੇਤ ਆਮ ਬੋਲੀਆਂ (ਭਾਵ ਕਈ ਭਾਸ਼ਾਵਾਂ) ’ਚ ਕਲਮਬੰਦ ਕੀਤਾ ਹੈ। ਇਸੇ ਲਈ ਗੁਰਬਾਣੀ ਤੋਂ ਗ਼ੈਰ ਪੰਜਾਬੀ ਤੇ ਗ਼ੈਰ ਭਾਰਤੀ ਭੀ ਲਾਹਾ ਲੈ ਲੈਂਦੇ ਹਨ; ਜਿਵੇਂ ਫ਼ਾਰਸੀ-ਅਰਬੀ ਭਾਸ਼ਾ ਤੋਂ ਜਾਣੂ ਬੰਦੇ ਨੂੰ ਇਹ ਗਿਆਨ ਸਹਿਜੇ ਹੀ ਸਮਝ ਆ ਜਾਂਦਾ ਹੈ, ‘‘ਜਨ ਪਿਸਰ ਪਦਰ ਬਿਰਾਦਰਾਂ; ਕਸ ਨੇਸ ਦਸਤੰਗੀਰ (ਮਹਲਾ /੭੨੧), ਭਿਸਤੁ; ਪੀਰ ਲਫਜ, ਕਮਾਇ ਅੰਦਾਜਾ ’’ (ਮਹਲਾ /੧੦੮੩), ਸੰਸਕ੍ਰਿਤ ਭਾਸ਼ਾ ਦੇ ਜਾਣਕਾਰਾਂ ਨੂੰ ਇਹ ਗਿਆਨ ਸੁੱਤੇ ਹੀ ਸਮਝ ਆ ਜਾਂਦਾ ਹੈ, ‘‘ਨਿਹਫਲੰ ਤਸੵ ਜਨਮਸੵ; ਜਾਵਦ ਬ੍ਰਹਮ ਬਿੰਦਤੇ (ਮਹਲਾ /੧੩੫੩), ਮ੍ਰਿਗੀ ਪੇਖੰਤ ਬਧਿਕ; ਪ੍ਰਹਾਰੇਣ, ਲਖੵ ਆਵਧਹ ਅਹੋ ਜਸੵ ਰਖੇਣ ਗੋਪਾਲਹ; ਨਾਨਕ ! ਰੋਮ ਛੇਦੵਤੇ ’’ (ਸਲੋਕ ਸਹਸਿਤੀ/ਮਹਲਾ /੧੩੫੪) ਇਸੇ ਸਰਲਤਾ ਕਾਰਨ ਗੁਰਬਾਣੀ; ਸਮੁੱਚੀ ਮਾਨਵਤਾ ਦੀ ਰੂਹਾਨੀਅਤ ਖ਼ੁਰਾਕ ਬਣ ਜਾਂਦੀ ਹੈ।

(3). ਸਪਸ਼ਟਤਾ : ਸੂਖਮ ਵਿਸ਼ਿਆਂ ਨੂੰ ਗੁਰਬਾਣੀ ’ਚ ਦੂਹਰੇ ਸਵਾਲ ਜਾਂ ਦੂਹਰੇ ਜਵਾਬ ਨਾਲ਼ ਸਪਸ਼ਟ ਕੀਤਾ ਹੈ; ਜਿਵੇਂ ਕਿ ‘ਜਪੁ’ ਬਾਣੀ ਦੀ ਪਹਿਲੀ ਤੇ ਦੂਜੀ ਪਉੜੀ ’ਚ ਹੀ ਦਰਜ ਹੈ, ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ  ?.. (ਜਪੁ), ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ..’’ (ਜਪੁ) ਇਨ੍ਹਾਂ ਵਾਕਾਂ ’ਚ ਇੱਕੋ ਵਿਸ਼ਾ; ਦੋ ਦੋ ਵਾਰ ਦੁਹਰਾਇਆ ਹੈ। ਸਚਿਆਰ ਹੋਣਾ ਹੀ ਕੂੜ ਦੀ ਕੰਧ ਢਹਿਣਾ ਹੈ। ‘ਹਰ ਕੋਈ ਹੁਕਮ ’ਚ ਹੈ’ (ਹੁਕਮੈ ਅੰਦਰਿ ਸਭੁ ਕੋ), ਇਸੇ ਨੂੰ ਮੁੜ ਦੁਹਰਾਇਆ ਕਿ ਹੁਕਮ ਤੋਂ ਆਕੀ ਕੋਈ ਨਹੀਂ (ਬਾਹਰਿ ਹੁਕਮ ਨ ਕੋਇ)।

ਜਿੱਥੇ ਪ੍ਰਾਚੀਨ ਮੱਤਾਂ ਨੇ ਵਿਕਾਰੀ ਜੀਵਨ ਨੂੰ ਮਾੜਾ ਦੱਸਿਆ ਹੈ। ਉਨ੍ਹਾਂ ਮੁਤਾਬਕ ਆਹ ਕੰਮ ਕਰਨਾ ਪਾਪ ਹੈ ਤੇ ਆਹ ਕੰਮ ਕਰਨਾ ਪੁੰਨ ਹੈ; ਜਿਵੇਂ ਕਿ ਬਚਨ ਹਨ, ‘‘ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ; ਤਤੈ ਸਾਰ ਜਾਣੀ ’’ (ਅਨੰਦ/ਮਹਲਾ /੯੨੦) ਜਦ ਕਿ ਗੁਰਬਾਣੀ ਨੇ ਮਾੜੇ ਕੰਮ ਦਾ ਫਲ਼ (ਨਤੀਜਾ) ਭੀ ਸਪਸ਼ਟ ਕੀਤਾ ਹੈ; ਜਿਵੇਂ ਕਿ ‘‘ਨਿਮਖ ਕਾਮ ਸੁਆਦ ਕਾਰਣਿ; ਕੋਟਿ ਦਿਨਸ ਦੁਖੁ ਪਾਵਹਿ ’’ (ਮਹਲਾ /੪੦੩) ਭਾਵ ਨਿਮਖ ਮਾਤਰ ਦੇ ਇੰਦ੍ਰੀ ਰਸ ਕਾਰਨ ਕਾਮੀ ਪੁਰਸ਼; ਕ੍ਰੋੜਾਂ ਜੂਨਾਂ ’ਚ ਦੁੱਖ ਭੋਗਦੇ ਹਨ।

ਗੁਰੂ ਗ੍ਰੰਥ ਸਾਹਿਬ ਵਿਖੇ ਗੁਰੂ ਨਾਨਕ ਜੋਤਿ-ਸ਼ਕਤੀ ਭੀ ਗੁਪਤ ਰੂਪ ’ਚ ਗਤੀਸ਼ੀਲ ਹੈ, ਜੋ 10 ਸਰੀਰਕ ਜਾਮਿਆਂ ’ਚ ਵਿਚਰਦੀ ਰਹੀ ਹੈ; ਜਿਵੇਂ ਕਿ ਗੁਰੂ ਨਾਨਕ ਜੀ ਤੋਂ ਗੁਰੂ ਅੰਗਦ ਸਾਹਿਬ ’ਚ ਆਈ, ਦਾ ਜ਼ਿਕਰ ਸੱਤਾ ਬਲਵੰਡ ਜੀ ਨੇ ਕੀਤਾ, ‘‘ਜੋਤਿ ਓਹਾ, ਜੁਗਤਿ ਸਾਇ; ਸਹਿ (ਨਾਨਕਸ਼ਾਹ ਨੇ) ਕਾਇਆ ਫੇਰਿ ਪਲਟੀਐ ’’ (ਬਲਵੰਡ ਸਤਾ/੯੬੬), ਇਹੀ ਜੋਤਿ; ਗੁਰੂ ਰਾਮਦਾਸ ਜੀ ਰਾਹੀਂ ਗੁਰੂ ਅਰਜਨ ਸਾਹਿਬ ’ਚ ਆਈ, ਦਾ ਜ਼ਿਕਰ ਭੱਟ ਮਥੁਰਾ ਜੀ ਨੇ ਕੀਤਾ ਹੈ, ‘‘ਰਾਮਦਾਸਿ ਗੁਰੂ ਜਗ ਤਾਰਨ ਕਉ; ਗੁਰ ਜੋਤਿ ਅਰਜੁਨ ਮਾਹਿ ਧਰੀ ’’ (ਭਟ ਮਥੁਰਾ/੧੪੦੯) ਆਦਿ। ਸ਼ਰਧਾਵਾਨ ਸਿੱਖ ਨੂੰ ਆਤਮ-ਪ੍ਰਕਾਸ਼ ਰਾਹੀਂ ਅਲੌਕਿਕ ਗਿਆਨ ਦਾ ਅਹਿਸਾਸ ਕਰਾਉਣ ’ਚ ਇਹੀ ਜੋਤਿ-ਸ਼ਕਤੀ ਸਹਾਇਤਾ ਕਰਦੀ ਹੈ ਜਾਂ ਇਹ ਕਹਿ ਲਈਏ ਕਿ ‘ੴ’ ਨਾਲ਼ ਪੂਰਨ ਸੰਬੰਧ ਸਥਾਪਿਤ ਹੋਣ ਤੱਕ ਇਹੀ ਜੋਤਿ; ਆਤਮਿਕ ਰੌਸ਼ਨੀ ਦਾ ਝਲਕਾਰਾ ਦਿੰਦੀ ਹੈ ਭਾਵ ਜ਼ਿੰਦਗੀ ’ਚ ਕੁੱਝ ਅਚਨਚੇਤ ਵਾਪਰਦਾ ਹੈ, ਜੋ ਭਰੋਸੇ ਨੂੰ ਟੁੱਟਣ ਨਹੀਂ ਦਿੰਦਾ ਵਰਨਾ ਧਰਮ ਦੇ ਇਸ ਬਿਖਮ ਪੈਂਡੇ ’ਤੇ ਚੱਲਣਾ ਐਰੇ ਗ਼ੈਰੇ ਦਾ ਕੰਮ ਨਹੀਂ। ਇਸ ਪ੍ਰਥਾਇ ਗੁਰੂ ਜੀ ਦੇ ਬਚਨ ਹਨ, ‘‘ਆਖਣਿ ਅਉਖਾ; ਸਾਚਾ ਨਾਉ ’’ (ਸੋ ਦਰੁ/ਮਹਲਾ ) ਗੁਰੂ ਅੰਗਦ ਸਾਹਿਬ ਜੀ ਦੇ ਬਚਨ ਹਨ ਕਿ ਉਸ (ਕਰਤਾਰ) ਨਾਲ਼ ਪਿਆਰ ਕਰੋ, ਜਿਸ ਨੇ ਕੁਦਰਤ ਬਣਾਈ ਹੈ, ‘‘ਕਰਤਾ ਸੋ ਸਾਲਾਹੀਐ; ਜਿਨਿ (ਨੇ) ਕੀਤਾ ਆਕਾਰੁ ’’ (ਮਹਲਾ /੧੨੩੯) ਪਰ ਉਹ, ਮਨੁੱਖੀ ਸ਼ਕਤੀ (ਗਿਆਨ ਇੰਦ੍ਰਿਆਂ) ਨਾਲ਼ ਵਿਖਾਈ ਨਹੀਂ ਦਿੰਦਾ; ਜਿਵੇਂ ਕਿ ਬਚਨ ਹਨ, ‘‘ਵਿਣੁ ਡਿਠਾ, ਕਿਆ ਸਾਲਾਹੀਐ ? ਅੰਧਾ ਅੰਧੁ ਕਮਾਇ ’’ (ਮਹਲਾ /੬੪੬) ਅਰਥ : (ਜੋ ਅਨੁਭਵੀ ਅੱਖ ਤੋਂ) ਬਿਨਾਂ ਵਿਖਾਈ ਨਹੀਂ ਦਿੰਦਾ, ਉਸ ਨੂੰ ਕਿਵੇਂ ਸਿਮਰੀਏ, ਇਸ ਲਈ ਅੰਨ੍ਹਾ ਸਮਾਜ; ਅੰਨ੍ਹਿਆਂ ਵਾਲ਼ੇ ਕੰਮ ਕਰਦਾ ਹੈ।

ਮਿਸਾਲ ਵਜੋਂ ਗੁਰਬਾਣੀ ਅਤੇ ਇੱਕ ਆਮ ਕਵਿਤਾ ਦੇ ਅਰਥ ਆਪਣੀ ਸਮਝ ਨਾਲ਼ (ਯਾਨੀ ਕਿ ਬਿਨਾਂ ਕਿਸੇ ਵਿਆਖਿਆਕਾਰ ਜਾਂ ਕੋਸ਼ ਦੀ ਮਦਦ ਤੋਂ) ਲਿਖ ਕੇ ਰੱਖ ਲੈਣੇ ਚਾਹੀਦੇ ਹਨ ਤੇ ਕੁੱਝ ਸਮੇਂ ਬਾਅਦ ਉਨ੍ਹਾਂ ਨੂੰ ਮੁੜ ਵਾਚਣ ਨਾਲ਼ ਗੁਰਬਾਣੀ ਦੇ ਪਹਿਲਾਂ ਕੀਤੇ ਅਰਥ ਖ਼ੁਦ ਨੂੰ ਨਾਸਮਝ ਸਾਬਤ ਕਰ ਦਿੰਦੇ ਹਨ ਜਦ ਕਿ ਸਧਾਰਨ ਕਵਿਤਾ ਦੇ ਓਹੀ ਅਰਥ; ਬਾਅਦ ’ਚ ਭੀ ਸਹੀ ਜਾਪਦੇ ਹਨ। ਇਸ ਅਨੁਭਵੀ ਵਿਕਾਸ ’ਚ ਨਾਨਕ ਜੋਤਿ ਹੀ ਗੁਪਤ ਕਲਾ ਵਰਤ ਰਹੀ ਹੁੰਦੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 5870 ਸ਼ਬਦ ਹਨ। ਜਿਨ੍ਹਾਂ ਵਿੱਚੋਂ 2632 ਸ਼ਬਦਾਂ ’ਚ ਇੱਕ ‘ਰਹਾਉ’ ਅਤੇ 25 ਸ਼ਬਦਾਂ ’ਚ ਦੋ ਦੋ ‘ਰਹਾਉ’ ਬੰਦ ਭਾਵ ‘ਰਹਾਉ ਦੂਜਾ’ ਭੀ ਹੈ। ਜਿਸ ਤਰ੍ਹਾਂ ‘ਰਹਾਉ’ ਤੁੱਕ; ਪੂਰੇ ਸ਼ਬਦ ਦਾ ਕੇਂਦਰੀ ਭਾਵ ਹੁੰਦੀ ਹੈ; ਵੈਸੇ ਹੀ ਪਹਿਲੇ ਸਤਿਗੁਰੂ, ਗੁਰੂ ਨਾਨਕ ਸਾਹਿਬ ਜੀ ਦੀ ‘ਜਪੁ’ ਬਾਣੀ; ਸਮੁੱਚੀ ਗੁਰਬਾਣੀ ਦਾ ਕੇਂਦਰੀ ਭਾਵ ਹੈ। ਇਸ ਨੂੰ ਨਿੱਤ ਦਾ ਨੇਮ (ਨਿਤਨੇਮ) ਬਣਾਉਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ’ਚ ਦਰਜ ਕੀਤਾ ਗਿਆ ਹੈ। ਸਮੁੱਚੀ ਗੁਰਬਾਣੀ; ‘ਜਪੁ’ ਜੀ ਦੀ ਵਿਆਖਿਆ ਹੈ। ਇਸੇ ਲਈ ‘ਜਪੁ’ ਨੂੰ ਵਿਚਾਰਨ ਤੋਂ ਪਹਿਲਾਂ ਗੁਰਮਤਿ ਬਾਰੇ ਉਕਤ ਸੰਖੇਪ ਜਿਹੀ ਵਿਚਾਰ ਕਰਨੀ ਜ਼ਰੂਰੀ ਸੀ ਤਾਂ ਜੋ ‘ਜਪੁ’ ਦੇ ਸ਼ਾਬਦਿਕ ਅਰਥਾਂ ਨਾਲ਼ ਸੁੱਤੇ ਹੀ ਭਾਵਾਰਥ ਸਪਸ਼ਟ ਹੋ ਜਾਵੇ।

ਦਾਸ ਸੰਨ 1996 ਤੋਂ ਗੁਰਬਾਣੀ ਨੂੰ ਵਿਆਕਰਨਿਕ ਨਿਯਮਾਂ ਰਾਹੀਂ ਵਾਕ ਦੇ ਅਤਿ ਨੇੜੇ ਰਹਿ ਕੇ ਵਾਚ ਰਿਹਾ ਹੈ ਯਾਨੀ ਕਿ ਕਿਸੇ ਸਾਖੀ ਦੀ ਟੇਕ ਨਹੀਂ ਲਈ। ‘ਜਪੁ’ ਬਾਣੀ ਨੂੰ ਭੀ ਵਿਆਖਿਆਕਾਰਾਂ ਦੇ ਭਿੰਨ ਭਿੰਨ ਦ੍ਰਿਸਟੀਕੋਣ ਤੋਂ ਸਮਝਿਆ ਤੇ ਮਹਿਸੂਸ ਹੋਇਆ ਕਿ ਗੁਰਮਤਿ ਦੇ ਮੂਲ (ਇਸ ਇਲਾਹੀ ਬਾਣੀ) ਬਾਰੇ ਆਪਣਾ ਨਜ਼ਰੀਆ ਸਿੱਖ ਸੰਗਤ ਨਾਲ਼ ਸਾਂਝਾ ਕਰਾਂ। ਉਮੀਦ ਹੈ ਕਿ ਇਸ ਲਈ ਕੱਢਿਆ ਸਮਾਂ; ਬਰਬਾਦ ਨਹੀਂ ਜਾਏਗਾ।

‘ਜਪੁ’ ਬਾਣੀ ਅੰਦਰ 2 ਸਲੋਕ ਤੇ 38 ਪਉੜੀਆਂ ਹਨ। ਆਮ ਸੋਚ ਅਨੁਸਾਰ ਤਾਂ 40 ਵਾਰ ‘ਨਾਨਕ/ਨਾਨਕੁ’ ਮੋਹਰ ਹੋਣੀ ਚਾਹੀਦੀ ਹੈ, ਪਰ ਹੈ ਮਾਤਰ 30 ਵਾਰ (ਨਾਨਕ 28 ਵਾਰ, ਨਾਨਕੁ 2 ਵਾਰ); ਦੋ ਪਉੜੀਆਂ ’ਚ 2-2 ਵਾਰ ਭੀ ਹੈ। ਐਸਾ ਕਿਉਂ ? ਇਸ ਬਾਰੇ ਵਿਚਾਰ ‘ਜਪੁ’ ਬਾਣੀ ਨੂੰ ਸਮਝਣ ਤੋਂ ਬਾਅਦ ਅੰਤ ’ਚ ਕੀਤੀ ਗਈ ਹੈ। ਇਨ੍ਹਾਂ ਸ਼ਾਬਦਿਕ ਅਰਥਾਂ ’ਚ ਗੁਰਬਾਣੀ ਲਿਖਤ ਨੂੰ ਆਧਾਰ ਬਣਾਇਆ ਹੋਣ ਕਾਰਨ ਇਸ ਬਾਰੇ ਐਨੀ ਕੁ ਜਾਣਕਾਰੀ ਹੋਣਾ ਜ਼ਰੂਰੀ ਹੈ (1). ਗੁਰਬਾਣੀ ’ਚ ਇੱਕ ਵਚਨ ਪੁਲਿੰਗ ਨਾਂਵ ਨੂੰ ਔਂਕੜ ਅੰਤ ਹੁੰਦਾ ਹੈ; ਜਿਵੇਂ ਕਿ ‘ਨਾਨਕੁ, ਕਬੀਰੁ, ਗੁਰੁ, ਪ੍ਰਭੁ, ਰਾਮੁ, ਅਲਹੁ, ਪਾਰਬ੍ਰਹਮੁ, ਦੁਖੁ, ਸੁਖੁ, ਮਾਰਗੁ, ਰਾਹੁ, ਪਾਤਿਸਾਹੁ, ਸਬਦੁ, ਸਿਮਰਨੁ, ਪ੍ਰਸਾਦੁ (ਜਿਸ ਦਾ ਅਰਥ ਹੈ : ਕਿਰਪਾ)’ (2). ਪਰ ਜੇ ਇਹੀ ਇੱਕ ਵਚਨ ਸ਼ਬਦ ਸੰਬੋਧਨ ਰੂਪ ’ਚ ਹੋਣ ਭਾਵ ‘ਹੇ ਨਾਨਕ !, ਹੇ ਗੁਰ, ਹੇ ਅਲਹ, ਹੇ ਪਾਤਿਸਾਹ !’ ਅਰਥ ਦੇਣ ਤਾਂ ਇਨ੍ਹਾਂ ਦੀ ਔਂਕੜ ਹਟ ਜਾਂਦੀ ਹੈ ਯਾਨੀ ਇਉਂ ਲਿਖੇ ਹੁੰਦੇ ਹਨ ‘ਨਾਨਕ, ਕਬੀਰ, ਗੁਰ, ਅਲਹ, ਪਾਤਿਸਾਹ’ (3). ਜੇ ਇਨ੍ਹਾਂ ਇੱਕ ਵਚਨ ਸ਼ਬਦਾਂ ਨਾਲ਼ ਕੋਈ ਸੰਬੰਧਕੀ ਚਿੰਨ੍ਹ ‘ਦਾ, ਦੀ, ਕਾ, ਕੇ, ਕੀ, ਤੇ, ਕਉ, ਵਿਚਿ, ਨਾਲਿ, ਉਪਰਿ, ਅੰਤਰਿ’ ਆਦਿ ਹੋਵੇ ਤਾਂ ਭੀ ਇਹ ਔਂਕੜ ਰਹਿਤ ‘ਨਾਨਕ, ਗੁਰ, ਮਾਰਗ, ਰਾਹ, ਪਾਤਿਸਾਹ’ ਵਾਙ ਹੁੰਦੇ ਹਨ (4). ਜੇਕਰ ਇਨ੍ਹਾਂ ਇੱਕ ਵਚਨ ਸ਼ਬਦਾਂ ਦੇ ਅੰਤ ’ਚ ਸਿਹਾਰੀ ਹੋਵੇ; ਜਿਵੇਂ ‘ਨਾਨਕਿ, ਕਬੀਰਿ, ਗੁਰਿ, ਅਲਹਿ, ਪ੍ਰਭਿ, ਪਾਤਿਸਾਹਿ’ ਤਾਂ ਇਨ੍ਹਾਂ ਦੇ ਅਰਥ ਹੁੰਦੇ ਹਨ ‘ਨਾਨਕ ਨੇ, ਗੁਰੂ ਨੇ, ਕਬੀਰ ਨੇ, ਪ੍ਰਭੂ ਨੇ, ਅਲਾਹ ਨੇ, ਪਾਤਿਸ਼ਾਹ ਨੇ’, ਪਰ ਇੱਥੇ ਧਿਆਨ ਰਹੇ ਕਿ ਇਹ ਸਾਰੇ ਵਿਅਕਤੀ ਵਿਸ਼ੇਸ਼ ਨਾਂਵ (ਵਿਅਕਤੀਆਂ ਨਾਲ਼ ਸੰਬੰਧਿਤ ਇੱਕ ਵਚਨ ਨਾਂਵ) ਹਨ ਅਤੇ ਵਸਤੂ ਵਾਚਕ ਸ਼ਬਦਾਂ ਦੀ ਸਿਹਾਰੀ ਅੰਤ; ਜਿਵੇਂ ‘ਸਬਦਿ, ਸਿਮਰਨਿ, ਪ੍ਰਸਾਦਿ, ਰਾਹਿ, ਮਾਰਗਿ, ਦੁਖਿ, ਸੁਖਿ’ ਦੇ ਅਰਥ ਹੁੰਦੇ ਹਨ ‘ਸ਼ਬਦ ਵਿੱਚ ਜਾਂ ਸ਼ਬਦ ਨਾਲ਼, ਸਿਮਰਨ ਵਿੱਚ ਜਾਂ ਸਿਮਰਨ ਨਾਲ਼, ਰਾਹ ਵਿੱਚ ਜਾਂ ਰਾਹ ਨਾਲ਼, ਪ੍ਰਸਾਦ (ਜਿਸ ਦਾ ਅਰਥ ਹੈ : ਕਿਰਪਾ) ਵਿੱਚ ਜਾਂ ਕਿਰਪਾ ਰਾਹੀਂ, ਦੁੱਖ ਵਿੱਚ ਜਾਂ ਦੁੱਖ ਨਾਲ਼’ (5). ਜੇਕਰ ਇਨ੍ਹਾਂ ਦੇ ਅਰਥ ਨਾ ਇਹ ਹੋਣ ‘ਹੇ ਨਾਨਕ !, ਹੇ ਗੁਰ !’ ਅਤੇ ਨਾ ਹੀ ਇਨ੍ਹਾਂ ਨਾਲ਼ ਕੋਈ ਸੰਬੰਧਕੀ ਚਿੰਨ੍ਹ ‘ਦਾ, ਦੀ, ਕਾ, ਕੇ, ਕਉ’ ਆਦਿ, ਪਰ ਮੁਕਤਾ ਅੰਤ ਹੋਣ; ਜਿਵੇਂ ‘ਦੁਖ, ਸੁਖ, ਰਾਹ, ਮਾਰਗ, ਪ੍ਰਸਾਦ (ਜਿਸ ਦਾ ਅਰਥ ਹੈ : ਕੜਾਹ ਪ੍ਰਸ਼ਾਦ)’ ਤਾਂ ਇਹ ਸਾਰੇ ‘ਬਹੁ ਵਚਨ ਨਾਂਵ’ ਹੁੰਦੇ ਹਨ ਕਿਉਂਕਿ ਬਹੁ ਵਚਨ ਨਾਂਵਾਂ ਦੇ ਸਿਹਾਰੀ ਅੰਤ (ਪਾਤਿਸਾਹਿ) ਜਾਂ ਔਂਕੜ ਅੰਤ (ਪਾਤਿਸਾਹੁ) ਨਹੀਂ ਹੁੰਦਾ। (6). ਇਸਤਰੀ ਲਿੰਗ ਨਾਂਵ ਇਹ ਹਨ (ੳ). ਮੁਕਤਾ ਅੰਤ ਵਾਲ਼ੇ; ਜਿਵੇਂ ‘ਕਪਾਹ, ਭੁਖ, ਦੇਹ, ਚੁਪ, ਧਨ (ਜਿਸ ਦਾ ਅਰਥ ਹੈ : ਔਰਤ)’ ਜਾਂ (ਅ). ਦੂਜੀਆਂ ਭਾਸ਼ਾਵਾਂ ਦੇ ਸਿਹਾਰੀ ਅੰਤ ਸ਼ਬਦ; ਜਿਵੇਂ ‘ਸੁਰਤਿ, ਮਤਿ, ਬੁਧਿ, ਮੂਰਤਿ, ਕਾਮਣਿ (ਜਿਸ ਦਾ ਅਰਥ ਹੈ : ਔਰਤ), ਅਕਲਿ, ਈਦਿ, ਖਬਰਿ’ ਆਦਿ। ਧਿਆਨ ਰਹੇ ਕਿ ਅਨਭਾਸ਼ਾ ਦੇ ਇਹ ਸਿਹਾਰੀ ਅੰਤ ਨਾਂਵ; ‘ਸੁਰਤ ਵਿੱਚ ਜਾਂ ਸੁਰਤ ਨਾਲ਼, ਮਤ ਵਿੱਚ ਜਾਂ ਮਤ ਨਾਲ਼, ਔਰਤ ਵਿੱਚ ਜਾਂ ਔਰਤ ਨਾਲ਼’ ਅਰਥ ਬਿਲਕੁਲ ਭੀ ਨਹੀਂ ਦਿੰਦੇ ਕਿਉਂਕਿ ਇਹ (ਸਿਹਾਰੀ); ਸੰਬੰਧਿਤ ਬੋਲੀ ’ਚ ਮੂਲਕ ਹੈ ਭਾਵ ਉਚਾਰੀ ਜਾਂਦੀ ਹੈ।

ਗਿਆਨੀ ਅਵਤਾਰ ਸਿੰਘ

‘ਜਪੁ’ ਬਾਣੀ ਦੀ ਸੰਖੇਪ ’ਚ ਬਹੁ ਪੱਖੀ ਵਿਚਾਰ

ਸਤਿ ਨਾਮੁ, ਕਰਤਾ ਪੁਰਖੁ, ਨਿਰਭਉ, ਨਿਰਵੈਰੁ, ਅਕਾਲ ਮੂਰਤਿ, ਅਜੂਨੀ, ਸੈਭੰ, ਗੁਰ ਪ੍ਰਸਾਦਿ

ਪਦ ਅਰਥ : – ਜਗਤ ਨੂੰ ਰਚਨ ਵਾਲ਼ਾ, ਰਿਜ਼ਕ ਦੇਣ ਵਾਲ਼ਾ ਤੇ ਨਾਸ ਕਰਨ ਵਾਲ਼ਾ ਇੱਕੋ (ਮਾਲਕ) ਹੈ (ਨਾ ਕਿ ਤਿੰਨ ਦੇਵਤੇ ‘ਬ੍ਰਹਮਾ, ਵਿਸ਼ਨੂੰ, ਮਹੇਸ), ਉਹ ਇੱਕ ਰਸ ਕਣ-ਕਣ ’ਚ ਵਿਆਪਕ ਹੈ।

 ਉਚਾਰਨ : ਇੱਕ ਓਅੰਕਾਰ (ਇੱਕ ਵਚਨ ਪੁਲਿੰਗ)।

ਨੋਟ : ੴ ਵਿੱਚ ‘੧’; ਅੰਕ ਗਣਿਤ ਦਾ ਪਹਿਲਾ ਅੱਖਰ ਹੈ ਅਤੇ ‘ੳ’; ਪੰਜਾਬੀ ਵਰਣਮਾਲਾ ਦਾ ਪਹਿਲਾ ਅੱਖਰ।

ਸਤਿ ਨਾਮ– (ੴ) ਸਦੀਵੀ ਸਥਿਰ ਹੈ, ਇਹੀ ਉਸ ਦੀ ਪ੍ਰਸਿੱਧੀ ਹੈ, ਵਡੱਪਣ ਹੈ, ਨਾਮਣਾ ਹੈ।

ਵਿਚਾਰ : ‘ਸਤਿ’ ਸ਼ਬਦ; ‘ੴ’ ਦਾ ਵਿਸ਼ੇਸ਼ਣ ਹੈ, ਨਾ ਕਿ ‘ਨਾਮੁ’ ਦਾ। ਜੇ ‘ਨਾਮੁ’ ਦਾ ਵਿਸ਼ੇਸ਼ਣ ਹੁੰਦਾ ਤਾਂ ਸੰਖੇਪ ਮੂਲ ਮੰਤਰ ’ਚ ਇਹ, ‘ਨਾਮੁ’ ਤੋਂ ਇਲਾਵਾ ‘ਗੁਰ’ ਨਾਲ਼ (ੴ ਸਤਿ ਗੁਰ ਪ੍ਰਸਾਦਿ) ਨਾ ਹੁੰਦਾ, ਜੋ ਗੁਰਬਾਣੀ ’ਚ 524 ਵਾਰ ਹੈ। ਸੋ ‘ਸਤਿ’; ਉਸੇ ਤਰ੍ਹਾਂ ‘ੴ’ ਦਾ ਵਿਸ਼ੇਸ਼ਣ ਹੈ; ਜਿਵੇਂ ਕਿ ਮੂਲ ਮੰਤਰ ਦੇ ਬਾਕੀ ਸ਼ਬਦ ‘ਨਿਰਭਉ, ਨਿਰਵੈਰੁ, ਸੈਭੰ’ ਆਦਿ ‘ੴ’ ਦੇ ਵਿਸ਼ੇਸ਼ਣ ਹਨ। ‘ੴ’ ਦਾ ਇਹ ‘ਸਤਿ’ ਰੂਪ; ਗੁਰਬਾਣੀ ਅਨੁਸਾਰ ਕੁਦਰਤ ਬਣਨ ਤੋਂ ਪਹਿਲਾਂ ਦਾ ਹੈ; ਜਿਵੇਂ ਕਿ ਬਚਨ ਹਨ ‘‘ਕਿਰਤਮ ਨਾਮ ਕਥੇ ਤੇਰੇ; ਜਿਹਬਾ ਸਤਿ ਨਾਮੁ ਤੇਰਾ; ਪਰਾ ਪੂਰਬਲਾ ’’ (ਮਹਲਾ /੧੦੮੩) ਅਰਥ : (ਹੇ ਪ੍ਰਭੂ ਜੀ ! ਮਨੁੱਖਾਂ ਦੀ) ਜੀਭ (ਆਪਣੇ ਆਪਣੇ ਦੁਆਰਾ) ਬਣਾਏ ਤੇਰੇ ਨਾਮ (ਜਿਵੇਂ ਗੋਬਿੰਦ, ਗੁਪਾਲ, ਹਰੀ, ਅੱਲ੍ਹਾ, ਰਾਮ, ਵਿਸ਼ਨੂੰ, ਸ਼ਿਵ ਆਦਿ) ਜਪਦੀ ਹੈ ਭਾਵੇਂ ਕਿ ਤੇਰਾ ਮੁੱਢ ਕਦੀਮਾਂ ਦਾ ਨਾਮ; ‘ਸਤਿ’ ਭਾਵ ਸਦੀਵੀ ਸਥਿਰ ਹੈ। ਉਸ ਸਮੇਂ ਕਿਰਤਮ ਨਾਮ ਬਣਾਉਣ ਵਾਲ਼ੇ ਇਹ ਮਨੁੱਖ ਹੀ ਨਹੀਂ ਸਨ, ਸ੍ਰਿਸ਼ਟੀ ਹੀ ਨਹੀਂ ਸੀ। ‘ਜਪੁ’ ਬਾਣੀ ਦੇ ਅਰੰਭਕ ਸਲੋਕ ‘‘ਆਦਿ ਸਚੁ ਜੁਗਾਦਿ ਸਚੁ..’’ ਵਿੱਚ ਭੀ ‘ੴ’ ਦੇ ਇਸ ‘ਸਤਿ’ ਸਰੂਪ ਦੀ ਹੀ ਵਿਆਖਿਆ ਹੈ।

ਕਿਰਤਮ ਉਹ ਨਾਮ ਹੁੰਦੇ ਹਨ, ਜੋ ਸਮਾਜਿਕ ਕੰਮ-ਕਾਰ ਵੇਖ ਕੇ ਮਨੁੱਖਾਂ ਦੁਆਰਾ ਰੱਖੇ ਹੁੰਦੇ ਹਨ; ਜਿਵੇਂ ਸਭ ਨੂੰ ਮਰਦਾ ਵੇਖ ਪਰਮਾਤਮਾ ਦਾ ਨਾਂ ‘ਅਮਰ, ਅਟਲ, ਅਬਿਨਾਸ਼ੀ, ਅਜੂਨੀ’ ਰੱਖ ਲਿਆ। ਮਾਇਆ ਗ੍ਰਸਤ ਮਨੁੱਖਾਂ ਨੂੰ ਵੇਖ ਪ੍ਰਭੂ ਨਾਂ ‘ਨਿਰਮਲ, ਨਿਰਮੋਹ, ਨਿਰਲੇਪ’ ਰੱਖ ਲਿਆ। ਚਾਰੋਂ ਤਰਫ਼ ਡਰ ਵੇਖ ਅੱਲ੍ਹਾ ਦਾ ਨਾਂ ‘ਨਿਰਭਉ, ਨਿਰਭੈ, ਨਿਡਰ’ ਰੱਖਿਆ ਗਿਆ, ਆਦਿ।

ਕਰਤਾ ਪੁਰਖੁ– ਕੁਦਰਤ ਨੂੰ ਰਚਨ ਵਾਲ਼ਾ; (ਇਕਲੌਤਾ) ਪੁਰਸ਼ ਹੈ।

ਵਿਚਾਰ : ਗੁਰਬਾਣੀ; ਸਮੂਹ ਜੀਵ-ਜੰਤਾਂ ਨੂੰ ਇਸਤਰੀਆਂ ਮੰਨਦੀ ਹਨ, ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ’’ (ਮਹਲਾ /੫੯੧), ਕਿਉਂਕਿ ਗੁਰਮਤਿ ਨੇ ਧਰਮ ਦਾ ਸੰਬੰਧ ਸਰੀਰ ਨਾਲ਼ ਨਹੀਂ ਬਲਕਿ ਜੀਵਾਤਮਾ (ਜੀਵ+ਆਤਮਾ/ਜਿੰਦ, ਰੂਹ) ਨਾਲ਼ ਬਿਆਨ ਕੀਤਾ ਹੈ। ਇਸੇ ਲਈ ਗੁਰਬਾਣੀ ’ਚ ਅਕਸਰ ਇਸਤਰੀ ਲਿੰਗ ਸ਼ਬਦ (ਕੁਲਖਣੀ, ਸੁਲਖਣੀ, ਕਾਮਣਿ, ਦੁਹਾਗਨਿ, ਸੁਹਾਗਣਿ, ਡੁੰਮਣੀ, ਧਨ, ਕੂੜਿਆਰਿ, ਭੈਣ, ਮਾਇ’ ਆਦਿ) ਦਰਜ ਹਨ।

ਜੇਕਰ ‘ਪੁਰਖੁ’ ਦਾ ਅਰਥ ‘ਇੱਕ ਰਸ ਸਰਬ ਵਿਆਪਕ’ ਕਰੀਏ ਤਾਂ ਇਹੀ ਅਰਥ ‘ੴ’ ਦੇ ਪਿਛੇਤਰ ਲੱਗੀ ‘ਕਾਰ’ ਦੇ ਹਨ; ਜੈਸਾ ਕਿ ‘ਧੁੰਨਕਾਰ, ਜੈ ਜੈਕਾਰ’ ਸ਼ਬਦਾਂ ਦੇ ਪਿਛੇਤਰ ਲੱਗੀ ‘ਕਾਰ’ ਨੇ ‘ਧੁੰਨ’ ਤੇ ‘ਜੈ ਜੈ’ ਨੂੰ ਇੱਕ ਰਸ ਵਿਆਪਕ ਕੀਤਾ ਹੈ। ‘ੴ’ ਦੀ ‘ਕਾਰ’ ਦਾ ਅਰਥ ਨਾ ਕੱਢਣ ਨਾਲ਼ ‘੧ਓ’ ਬਣਤਰ ਵਿੱਚੋਂ ਉਸ ਦਾ ਨਿਵਾਸ ਸਥਾਨ ਸਪਸ਼ਟ ਨਹੀਂ ਹੁੰਦਾ ਕਿ ਉਹ ਕਿੱਥੇ ਵੱਸਦਾ ਹੈ।

ਗੁਰਬਾਣੀ ਵਿੱਚ ਮੂਲ ਮੰਤਰ ਤੋਂ ਇਲਾਵਾ ‘ਕਰਤਾ ਪੁਰਖੁ’ ਸੰਯੁਕਤ ਸ਼ਬਦ 17 ਵਾਰ ਦਰਜ ਹਨ। ਜਿਨ੍ਹਾਂ ਵਿੱਚੋੋਂ ਗੁਰੂ ਨਾਨਕ ਸਾਹਿਬ ਜੀ ਨੇ ਭੀ 3 ਵਾਰ ਵਰਤੇ ਹਨ; ਜਿਵੇਂ ਕਿ ‘‘ਤੂ ਕਰਤਾ ਪੁਰਖੁ ਅਗੰਮੁ ਹੈ; ਰਵਿਆ ਸਭ ਠਾਈ ’’ (ਮਹਲਾ /੧੨੯੧), ਇਸ ਵਾਕ ’ਚ ‘ਰਵਿਆ ਸਭ ਠਾਈ’ ਦਾ ਅਰਥ ਪਹਿਲਾਂ ਹੀ ‘ਸਰਬ ਵਿਆਪਕ’ ਹੈ। ‘ਪੁਰਖੁ’ ਦਾ ਮੁੜ ਇਹ ਅਰਥ ਕਰਨਾ, ਸਹੀ ਨਹੀਂ। ਇੱਕ ਹੋਰ ਸ਼ਬਦ ’ਚ ਆਪ ਜੀ ਨੇ ਬਚਨ ਕੀਤਾ, ‘‘ਤੂੰ ਕਰਤਾ ਪੁਰਖੁ ਅਗੰਮੁ ਹੈ; ਆਪਿ ਸ੍ਰਿਸਟਿ ਉਪਾਤੀ ’’ (ਮਹਲਾ /੧੩੮) ਇੱਥੇ ‘ਆਪਿ ਸ੍ਰਿਸਟਿ ਉਪਾਤੀ’ ਭਾਵ ਜਗਤ-ਰਚਨਾ ਹੋਣ ਤੋਂ ਪਹਿਲਾਂ ਹੀ ‘ੴ’ ਨੂੰ ‘ਕਰਤਾ ਪੁਰਖੁ ਅਗੰਮੁ’ ਕਿਹਾ ਹੈ ਤਾਂ ਫਿਰ ‘ਪੁਰਖੁ’ ਦਾ ਅਰਥ ‘ਸਰਬ ਵਿਆਪਕ’ ਕਾਹਦੇ ਲਈ ? ਆਪਣੇ ਤੀਜੇ ਸ਼ਬਦ ’ਚ ਭੀ ਆਪ ਜੀ ਫ਼ੁਰਮਾ ਰਹੇ ਹਨ, ‘‘ਆਪੇ ਕਰਤਾ ਪੁਰਖੁ ਬਿਧਾਤਾ ਜਿਨਿ, ਆਪੇ ਆਪਿ ਉਪਾਇ, ਪਛਾਤਾ ਆਪੇ ਸਤਿਗੁਰੁ, ਆਪੇ ਸੇਵਕੁ; ਆਪੇ ਸ੍ਰਿਸਟਿ ਉਪਾਈ ਹੇ ’’ (ਮਹਲਾ /੧੦੨੫) ਅਰਥ : ਕਰਤਾ ਪੁਰਖ ਆਪ ਹੀ (ਜਗਤ-ਰਚਨਾ ਦਾ) ਸਿਰਜਣਹਾਰ ਹੈ। ਜਿਸ ਨੇ ਆਪਣੇ ਆਪ ਹੀ (ਸ੍ਰਿਸ਼ਟੀ) ਪੈਦਾ ਕਰ (ਇਸ ਨੂੰ) ਸੰਭਾਲਿਆ ਹੋਇਆ ਹੈ ਭਾਵ ਰਿਜ਼ਕ ਦਿੱਤਾ ਹੈ। (ਇਸ ਬਤੌਰ ਸੰਭਾਲ਼ ’ਚ ਉਹ) ਆਪ ਹੀ ਸਤਿਗੁਰੂ ਬਣਦਾ ਹੈ, ਆਪ ਹੀ ਸੇਵਕ ਹੁੰਦਾ ਹੈ (ਕਿਉਂਕਿ ਇਸੇ ਨਿਯਮ ’ਚ ਉਸ ਨੇ) ਆਪ ਸ੍ਰਿਸ਼ਟੀ ਪੈਦਾ ਕੀਤੀ ਹੈ (ਤਾਂ ਜੋ ਸਭ ਕੁੱਝ ਉਸ ਦੇ ਹੱਥ ’ਚ ਰਹੇ; ਜਿਵੇਂ ਕਿ ਬਚਨ ਹਨ, ‘‘ਜਿਸੁ ਹਥਿ () ਜੋਰੁ; ਕਰਿ ਵੇਖੈ ਸੋਇ ’’ ਜਪੁ)

ਸੋ ‘ਕਰਤਾ’ ਦੇ ਨਾਲ਼ ‘ਪੁਰਖੁ’ ਹੋਣ ਦਾ ਅਰਥ ‘ਪੈਦਾ ਕਰਨ ਵਾਲ਼ਾ ਕਰਤਾਰ ਮਰਦ ਹੈ, ਨਾ ਕਿ ਔਰਤ’, ਵਧੇਰੇ ਢੁੱਕਦਾ ਹੈ ਕਿਉਂਕਿ ਆਮ ਧਾਰਨਾ ਹੈ ਕਿ ਹਰ ਉਤਪਤੀ ਔਰਤ ਤੋਂ ਹੁੰਦੀ ਹੈ; ਜਿਵੇਂ ਸਨਾਤਨ ਮੱਤ ਦਾ ਮੰਨਣਾ ਹੈ ਕਿ ਅਰੰਭ ’ਚ ਇਕਲੌਤੀ ਮਾਤਾ ਨੇ ਕਿਸੇ ਯੁਕਤੀ ਨਾਲ਼ ਤਿੰਨ ਪੁੱਤਰਾਂ (ਬ੍ਰਹਮਾ, ਵਿਸ਼ਨੂੰ, ਸ਼ਿਵ) ਨੂੰ ਜਨਮ ਦਿੱਤਾ। ਜਿਨ੍ਹਾਂ ਨੇ ਅਗਾਂਹ ਸਾਰੇ ਜੀਵ-ਜੰਤ ਪੈਦਾ ਕੀਤੇ, ਰਿਜ਼ਕ ਦਿੱਤਾ ਤੇ ਮਾਰਿਆ। ਇਸ ਸੰਬੰਧ ’ਚ ਸਤਿਗੁਰੂ ਦੇ ਬਚਨ ਹਨ, ‘‘ਏਕਾ ਮਾਈ ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ..੩੦ (ਜਪੁ)

ਯਹੂਦੀ, ਈਸਾਈ ਆਦਿ ਭੀ ਮੰਨਦੇ ਹਨ ਕਿ ਜਗਤ-ਰਚਨਾ ਕਰਨ ਲਈ ਪਹਿਲਾਂ ਬਾਬਾ ਆਦਮ ਦੀ ਪੱਸਲੀ ਕੱਢ ਕੇ ਪ੍ਰਭੂ ਨੇ ਬੀਬੀ ਹਵਾ ਬਣਾਈ। ਜਿਸ ਨੇ ਅਗਾਂਹ ਸਾਰੀ ਜਗਤ ਰਚਨਾ ਕੀਤੀ। ਸੰਸਕ੍ਰਿਤ ਕੋਸ਼ਾਂ ’ਚ ਤਾਂ ਔਰਤ ਨੂੰ ‘ਜਨਨੀ’ (ਜਨਮ ਦੇਣ ਵਾਲ਼ੀ) ਹੀ ਲਿਖਿਆ ਹੈ। ਗੁਰੂ ਸਾਹਿਬ ਦਾ ਮੱਤ ਹੈ ਕਿ ਜਗਤ-ਰਚਨਾ ਕਰਨ ਵਾਲ਼ਾ ਕਰਤਾਰ; ਪੁਰਸ਼ ਹੈ, ਨਾ ਕਿ ਕੋਈ ਔਰਤ।

ਇਹ ਭੀ ਵਿਚਾਰਨਾ ਜ਼ਰੂਰੀ ਹੈ ਕਿ ‘ਪੁਰਖੁ’ ਦਾ ਅਰਥ ‘ਸਰਬ ਵਿਆਪਕ’ ਦੀ ਥਾਂ ਜੇਕਰ ‘ਪੁਰਸ਼’ (ਮਰਦ) ਕਰੀਏ ਤਾਂ ਭਗਤ-ਜਨਾਂ ਨੂੰ ਮਾਲਕ ਦੀਆਂ ਇਸਤਰੀਆਂ ਸਮਝਣ ’ਚ ਵੱਧ ਸਫਲਤਾ ਮਿਲਣੀ ਹੈ, ਜੋ ਗੁਰਮਤਿ ਦੀ ਵਿਲੱਖਣਤਾ ਦਾ ਪ੍ਰਤੀਕ ਹੈ।

ਉਕਤ ਭਗਤ ਨਾਮਦੇਵ ਜੀ ਨੇ ਭੀ ਕਰਤਾਰ ਨੂੰ ਅਰੰਭਕ ਪੁਰਸ਼ ਮੰਨਿਆ ਹੈ, ‘‘ਪਹਿਲ ਪੁਰਸਾਬਿਰਾ ਅਥੋਨ ਪੁਰਸਾਦਮਰਾ ’’ (ਭਗਤ ਨਾਮਦੇਵ/੬੯੪) ਅਰਥ : ਪਹਿਲੇ ਪਹਿਲ ਆਦਿ ਪੁਰਸ਼ (ੴ) ਪ੍ਰਗਟਿਆ। ਇਸ ਪਿੱਛੋਂ ਉਸ ਆਦਿ ਪੁਰਸ਼ ਤੋਂ ਮਾਇਆ (ਕੁਦਰਤ) ਬਣੀ ਹੈ। ਧਿਆਨ ਰਹੇ ਕਿ ‘ਆਦਿ ਪੁਰਸ਼’ ਨਾਂ ਭੀ ਕਿਰਤਮ ਨਾਮ ਹੈ, ਜੋ ਸਭ ਨੂੰ ਜਨਮ ਲੈਂਦੇ ਵੇਖ ਪ੍ਰਭੂ ਦਾ ਰੱਖਿਆ ਗਿਆ। ਵੈਸੇ ‘ੴ’ ਅਜੂਨੀ ਹੈ, ਜੋ ਕਦੇ ਜਨਮ ਨਹੀਂ ਲੈਂਦਾ।

ਅਕਾਲ ਮੂਰਤਿ– (ੴ ਦੀ ਸਤਿ) ਹੋਂਦ (ਸਰੂਪ); ਸਮੇਂ ਦੇ ਪ੍ਰਭਾਵ ਤੋਂ ਰਹਿਤ ਹੈ ਭਾਵ ਉਸ ਉੱਤੇ ਬਚਪਨ, ਜਵਾਨੀ ਤੇ ਬੁਢੇਪੇ ਵਾਲ਼ਾ ਸਮਾਂ ਨਹੀਂ ਆਉਂਦਾ।

ਅਜੂਨੀ– ਜੂਨਾਂ ਤੋਂ ਰਹਿਤ ਹੈ ਭਾਵ ਜੰਮਦਾ ਮਰਦਾ ਨਹੀਂ, ਆਵਾਗਮਣ ’ਚ ਨਹੀਂ ਪੈਂਦਾ।

ਸੈਭੰ– ਆਪਣੇ ਆਪ ਹੀ ਪ੍ਰਗਟ ਹੋਣ ਵਾਲ਼ਾ ਹੈ।

ਉਚਾਰਨ : ਇਸ ਦਾ ਪਾਠ ‘ਸੈਭਙ੍’ ਹੈ, ਨਾ ਕਿ ‘ਸੈਭੰਗ’। (ਸ੍ਵੈ ਭਾਵ ਆਪਣੇ ਆਪ ਹੀ; ਭੰ-ਪ੍ਰਕਾਸ਼, ਪ੍ਰਗਟ ਹੋਣਾ)।

ਵਿਚਾਰ : ਜੇਕਰ ਇਹ ਮੰਨੀਏ ਕਿ ‘ੴ’; ਆਪਣੇ ਆਪ ਤੋਂ ਪੈਦਾ ਹੋਇਆ ਹੈ ਤਾਂ ਇਹ ਭੀ ਮੰਨਣਾ ਪਵੇਗਾ ਕਿ ਉਸ ਤੋਂ ਪਹਿਲਾਂ ਉਹ ਹੈ ਹੀ ਨਹੀਂ ਸੀ, ਪਰ ਐਸਾ ਮੰਨਣਾ ਗੁਰਮਤਿ ਵਿਰੁਧ ਹੈ। ਗੁਰਬਾਣੀ ਦੇ ਬਚਨ ਹਨ ਕਿ ਜਗਤ ਉਤਪਤੀ ਕਈ ਵਾਰ ਹੋਈ ਹੈ, ਪਰ ਇਸ ਦਾ ਸਿਰਜਣਹਾਰ ਸਦਾ ਕਾਇਮ ਰਹਿੰਦਾ ਹੈ, ‘‘ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕੁ ਏਕੰਕਾਰ ’’ (ਸੁਖਮਨੀ/ਮਹਲਾ /੨੭੬)

 ਦਰਅਸਲ ਜੋ ਅਜੂਨੀ ਹੈ, ਉਹ ਜੰਮਦਾ (ਮਰਦਾ) ਭੀ ਨਹੀਂ, ਫਿਰ ਆਪਣੇ ਆਪ ਤੋਂ ਕਿਵੇਂ ਪੈਦਾ ਹੋਏਗਾ ਕਿਉਂਕਿ ਆਪਣੇ ਆਪ ਪੈਦਾ ਹੋਣਾ ਭੀ ਜਨਮ ਲੈਣਾ ਹੈ, ਜੂਨਾਂ ’ਚ ਆਉਣਾ ਹੈ। ਇਸ ਲਈ ‘ਸੈਭੰ’ ਦਾ ਅਰਥ ਇਹ ਵਧੇਰੇ ਢੁੱਕਦਾ ਹੈ ਕਿ ‘ੴ’ ਭਗਤ ਦੇ ਹਿਰਦੇ ’ਚ ਆਪ ਹੀ ਪ੍ਰਗਟ ਹੁੰਦਾ ਹੈ। ਮਨੁੱਖਤਾ ਦੇ ਕਲਿਆਣ ਲਈ ਆਪ ਹੀ ਸਤਿਗੁਰੂ ਨੂੰ ਸੰਸਾਰ ’ਚ ਭੇਜਦਾ ਹੈ। ਉਸ ਦੀ ਸਿੱਖਿਆ ਉੱਤੇ ਅਮਲ ਕਰਾ-ਕਰਾ ਭਗਤ ਦੇ ਹਿਰਦੇ ’ਚ ਆਪਣੇ ਆਪ ਨੂੰ ਪ੍ਰਗਟ ਕਰਦਾ ਹੈ ਯਾਨੀ ਭਗਤ ਰਾਹੀਂ ਆਪਣੀ ਹੋਂਦ ਨੂੰ ਜੱਗ ਜ਼ਾਹਰ ਕਰਦਾ ਹੈ; ਜਿਵੇਂ ਕਿ ਭਗਤ ਰਵਿਦਾਸ ਜੀ ਦੇ ਬਚਨ ਹਨ, ‘‘ਪ੍ਰਭ ਤੇ ਜਨੁ ਜਾਨੀਜੈ; ਜਨ ਤੇ ਸੁਆਮੀ ’’ (ਭਗਤ ਰਵਿਦਾਸ/੯੩) ਅਰਥ : ਹਰੀ ਦੀ ਕਿਰਪਾ ਨਾਲ਼ ਭਗਤ; ਜਗਤ ’ਚ ਪ੍ਰਸਿੱਧ ਹੁੰਦਾ ਹੈ ਅਤੇ ਭਗਤ ਦੀ ਪ੍ਰਸਿੱਧੀ ਵਿੱਚੋਂ ਹਰੀ ਦਾ ਦਰਸ਼ਨ-ਦੀਦਾਰ ਹੁੰਦਾ ਹੈ।

ਗੁਰੂ ਅਰਜਨ ਸਾਹਿਬ ਜੀ ਦੇ ਭੀ ਬਚਨ ਹਨ, ‘‘ਅਕਾਲ ਮੂਰਤਿ ਅਜੂਨੀ ਸੰਭਉ; ਕਲਿ ਅੰਧਕਾਰ ਦੀਪਾਈ ’’ (ਮਹਲਾ /੯੧੬) ਅਰਥ : ਸਤਿ ਹੋਂਦ ਵਾਲ਼ਾ (ਅਕਾਲ ਮੂਰਤਿ) ਤੇ ਜੂਨਾਂ ਤੋਂ ਰਹਿਤ ਪ੍ਰਭੂ; ਕਲਜੁਗੀ ਹਨ੍ਹੇਰੇ/ਪ੍ਰਭਾਵ ਨੂੰ ਮਿਟਾ ਕੇ (ਗੁਰਸਿੱਖ ਦੇ ਹਿਰਦੇ ’ਚ) ਆਪਣੇ ਆਪ ਨੂੰ ਪ੍ਰਗਟ ਕਰ ਚਾਨਣ ਕਰ ਦਿੰਦਾ ਹੈ ਭਾਵ ਜਗਤ ਨੂੰ ਆਪਣੇ ਇਲਾਹੀ ਗੁਣਾਂ ਤੋਂ ਜਾਣੂ ਕਰਾ ਦਿੰਦਾ ਹੈ।

ਗੁਰ ਪ੍ਰਸਾਦਿ– ਗੁਰੂ ਦੀ ਕਿਰਪਾ ਨਾਲ਼ ( ਮਿਲਦਾ ਹੈ)।

ਪਦ ਅਰਥ : ਗੁਰ ਪ੍ਰਸਾਦਿ- ਗੁਰ (ਕੈ) ਪ੍ਰਸਾਦਿ (ਨਾਲ਼)। ਗੁਰ-ਸੰਬੰਧ ਕਾਰਕ, ਇੱਕ ਵਚਨ ਪੁਲਿੰਗ ਨਾਂਵ। ਪ੍ਰਸਾਦਿ-ਕਰਣ ਕਾਰਕ, ਇੱਕ ਵਚਨ ਪੁਲਿੰਗ ਨਾਂਵ।

ਮੂਲ ਮੰਤਰ ਦੇ ਸੰਖੇਪ ਅਰਥ : ਜਗਤ ਨੂੰ ਰਚਨਹਾਰ (Generator/ਬ੍ਰਹਮਾ), ਪਾਲਣਹਾਰ (Operator/ਵਿਸ਼ਨੂੰ) ਤੇ ਨਾਸ ਕਰਨ ਵਾਲ਼ਾ (Destroyer/ਸ਼ਿਵ ਭਾਵ GOD); ਜ਼ਰਰੇ-ਜ਼ਰਰੇ ਵਿੱਚ ਰਮਿਆ ਹੋਇਆ (ਆਦਿ ਕਾਲ ਤੋਂ) ਇੱਕ ਹੈ। ਸਦੀਵੀ ਸਥਿਰ (ਸਤਿ); ਉਸ ਦਾ ਨਾਮਣਾ (ਨਾਮੁ) ਹੈ। ਸ੍ਰਿਸ਼ਟੀ ਦਾ ਰਚਨਹਾਰ (ਕਰਤਾ); ਪੁਰਸ਼ (ਪੁਰਖੁ) ਹੈ। ਡਰ ਅਤੇ ਵੈਰ ਭਾਵਨਾ ਤੋਂ ਰਹਿਤ ਹੈ (ਨਿਰਭਉ, ਨਿਰਵੈਰੁ)। ਸਮੇਂ ਦੇ ਪ੍ਰਭਾਵ ਤੋਂ ਮੁਕਤ (ਅਕਾਲ) ਹੋਂਦ (ਮੂਰਤਿ) ਵਾਲ਼ਾ ਆਵਾਗਮਣ ਤੋਂ ਰਹਿਤ ਹੈ (ਅਜੂਨੀ)। ਆਪਣੇ ਆਪ ਨੂੰ (ਭਗਤ ਦੇ ਹਿਰਦੇ ਅੰਦਰ) ਪ੍ਰਗਟ ਕਰ ਲੈਂਦਾ ਹੈ (ਪਰ ਉਸ ਅਗੰਮੀ ਹੋਂਦ ਦਾ ਅਹਿਸਾਸ) ਗੁਰੂ ਦੀ ਕਿਰਪਾ ਨਾਲ਼ ਹੁੰਦਾ ਹੈ।

ਵਿਚਾਰ : (ੳ). ‘ੴ’ ਦਾ ਪ੍ਰਚਲਿਤ ਉਚਾਰਨ ‘ਇੱਕ ਓਅੰਕਾਰ’ ਰਿਹਾ ਹੈ, ਜੋ ਕਿ ਸਹੀ ਭੀ ਜਾਪਦਾ ਹੈ, ਪਰ ਅੱਜ ਕੱਲ੍ਹ ਇਸ ਨੂੰ ‘ਏਕੰਕਾਰ ਜਾਂ ਏਕੋ’ ਭੀ ਪੜ੍ਹਿਆ ਜਾ ਰਿਹਾ ਹੈ। ਇਸ ਦਾ ਇੱਕ ਕਾਰਨ ਰਾਧਾ ਸੁਆਮੀਆਂ ਦੇ ਪੰਜ ਨਾਵਾਂ (ਓਅੰਕਾਰ, ਰਰੰਕਾਰ, ਜੋਤਿ ਨਿਰੰਜਨ, ਸੋਹੰ ਤੇ ਸਤਿਨਾਮ) ’ਚ ਪਹਿਲਾ ਸ਼ਬਦ ‘ਓਅੰਕਾਰ’ ਦਾ ਹੋਣਾ ਹੈ। ਰਾਧਾ ਸੁਆਮੀ ਮੱਤ ਨੇ ਆਪਣੀਆਂ ਕਿਤਾਬਾਂ ਵਿੱਚ ‘ੴ’ ਦਾ ਉਚਾਰਨ ‘ਏਕੋ’ ਕੀਤਾ ਹੈ, ਪਰ ਅਫ਼ਸੋਸ ਕਿ ਆਧੁਨਿਕ ਅਖਵਾਉਣ ਵਾਲ਼ੇ ਸਿੱਖ; ਵਿਰੋਧ ਕਰਨ ਦੀ ਬਜਾਇ ਉਨ੍ਹਾਂ ਦੀ ਬੁਰੀ ਮਨਸ਼ਾ ਨੂੰ ਹੀ ਸਹੀ ਠਹਿਰਾਅ ਰਹੇ ਹਨ।

ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਸਿਰਲੇਖ ਵਿੱਚ ‘ਮਹਲਾ ੧’ ਦੇ ਉਚਾਰਨ ਬਾਰੇ ਇਉਂ ਲਿਖਿਆ ਹੈ ‘‘ਰਾਗੁ ਸਿਰੀਰਾਗੁ ਮਹਲਾ ਪਹਿਲਾ ਘਰੁ ੧ ॥ ਮੋਤੀ ਤ ਮੰਦਰ ਊਸਰਹਿ…॥ (ਮਹਲਾ ੧/੧੪), ਸੋਰਠਿ ਮਹਲਾ ਪਹਿਲਾ ਦੁਤੁਕੀ ॥ ਤੂ ਗੁਣਦਾਤੌ ਨਿਰਮਲੋ ਭਾਈ ! ਨਿਰਮਲੁ ਨਾ ਮਨੁ ਹੋਇ ॥’’ (ਮਹਲਾ ੧/੬੩੭) ਯਾਨੀ ‘੧’ ਦੇ ਨਾਲ਼ ‘ਪਹਿਲਾ’ ਲਿਖ ਕੇ ਸਪਸ਼ਟ ਕੀਤਾ ਹੈ ਕਿ ‘੧’ ਨੂੰ ‘ਪਹਿਲਾ’ ਪੜ੍ਹਨਾ ਹੈ, ਨਾ ਕਿ ‘ਇੱਕ’, ਪਰ ‘ੴ’ ਵਾਲ਼ੇ ‘੧’ ਬਾਰੇ ਕੋਈ ਸੰਕੇਤ ਨਹੀਂ, ਇਸ ਲਈ ਇਸ ਨੂੰ ਅੰਕ ਗਣਿਤ ਦਾ ‘ਇੱਕ’ ਪੜ੍ਹਨਾ ਹੈ, ਨਾ ਕਿ ‘ਪਹਿਲਾ’।

ਗੁਰਬਾਣੀ ’ਚ ਭਾਵੇਂ ਦਰਜਨ ਤੋਂ ਵੱਧ ਭਾਸ਼ਾਵਾਂ ਹਨ, ਪਰ ਮੂਲ ਲਿਪੀ; ਪੰਜਾਬੀ/ਗੁਰਮੁਖੀ ਹੈ। ਪੰਜਾਬੀ ’ਚ ‘੧’ ਨੂੰ ‘ਇੱਕ’ ਤੇ ਹਿੰਦੀ/ਸੰਸਕ੍ਰਿਤ ’ਚ ‘ਏਕ’ ਪੜ੍ਹਦੇ ਹਨ। ਗੁਰਬਾਣੀ ਦੇ ਪਹਿਲੇ ਹੀ ਅੰਕ ‘੧’ ਨੂੰ ਪੰਜਾਬੀ ਦੀ ਥਾਂ ਸੰਸਕ੍ਰਿਤ ਭਾਸ਼ਾ ਦਾ ‘ਏਕ’ ਮੰਨ ਕੇ ਉਸ ਉੱਤੇ ‘ਓ’ ਨੂੰ ‘ਹੋੜੇ’ ਵਜੋਂ ‘ਏਕੋ’ ਪੜ੍ਹਨਾ; ਆਪਣੀ ਗੁਰਮੁਖ ਲਿਪੀ ਦਾ ਨਿਰਾਦਰ ਹੈ। ਗਣਿਤ ਦਾ ਪਹਿਲਾ ਅੰਕ ‘੧’ (ਇੱਕ) ਅਤੇ ਵਰਣਮਾਲਾ ਦਾ ਪਹਿਲਾ ਅੱਖਰ ‘ੳ’ ਹੁੰਦਾ ਹੈ, ਜਿਸ ਨੂੰ ਇੱਥੇ ਹੋੜਾ ਭੀ ਲੱਗਾ ਹੈ। ਅੰਕ ਗਣਿਤ ਧੁਨੀ ਅਤੇ ਵਰਣਮਾਲਾ ਧੁਨੀ ਦੀ ਕਿਸੇ ਭੀ ਭਾਸ਼ਾ ਵਿੱਚ ਸੰਧੀ ਨਹੀਂ ਹੋਈ ਤਾਂ ਕਿ ‘ਏਕ+ਓ’ ਨੂੰ ‘ਏਕੋ’ ਮੰਨ ਲਿਆ ਜਾਏ। ਸਹੀ ਉਚਾਰਨ ਅਲੱਗ ਅਲੱਗ ਧੁਨੀ ਵਜੋਂ ‘ਇੱਕ ਓਅੰਕਾਰ’ ਬਣਦਾ ਹੈ।

‘ੴ’ ਦਾ ਉਚਾਰਨ ‘ਏਕੋ’ ਕਰਨ ਨਾਲ਼ ਜਿੱਥੇ ‘ੳ’ ਛੱਡਿਆ ਗਿਆ; ਓਥੇ ਇਸ ਦੀ ਪਿਛੇਤਰ ‘ਕਾਰ’ ਭੀ ਰਹਿ ਗਈ ਜਦ ਕਿ ਇਹ ਸ਼ਬਦ; ਗੁਰਬਾਣੀ ਅੰਦਰ 568 ਵਾਰ ਹੈ। ਐਨੀ ਵਾਰ ਛਾਪੇ ਦੀ ਗ਼ਲਤੀ ਸਮਝੀ ਜਾਣਾ, ਬਿਲੁਕਲ ਗ਼ਲਤ ਹੈ।

‘ੴ’ ਦਾ ‘ਏਕੰਕਾਰ’ ਪਾਠ ਕਰਨ ਵਾਲ਼ੇ ਭੀ ਭਾਈ ਗੁਰਦਾਸ ਜੀ ਦੇ ਇਸ ਵਾਕ ਦਾ ਹਵਾਲਾ ਦਿੰਦੇ ਹਨ, ‘‘ਏਕਾ ਏਕੰਕਾਰੁ ਲਿਖਿ ਦੇਖਾਲਿਆ।’’, ਪਰ ਇਸ ਦੇ ਨਾਲ਼ ਹੀ ਅਗਲੀ ਤੁਕ ‘‘ਊੜਾ ਓਅੰਕਾਰੁ ਪਾਸਿ ਬਹਾਲਿਆ।’’ ਨੂੰ ਨਹੀਂ ਵਾਚਦੇ, ਜਿਸ ਵਿੱਚ ਭਾਈ ਸਾਹਿਬ ਨੇ ‘ੴ’ ਦੇ ‘ਊੜੇ’ ਤੋਂ ‘ਓਅੰਕਾਰ’ ਬਣਾਇਆ ਹੈ। ਪੂਰਾ ਸ਼ਬਦ ਹੈ, ‘‘ਏਕਾ ਏਕੰਕਾਰੁ ਲਿਖਿ ਦੇਖਾਲਿਆ ਊੜਾ ਓਅੰਕਾਰੁ ਪਾਸਿ ਬਹਾਲਿਆ ਸਤਿ ਨਾਮੁ ਕਰਤਾਰ; ਨਿਰਭਉ ਭਾਲਿਆ ਨਿਰਵੈਰਹੁ ਜੈਕਾਰੁ ਅਜੂਨਿ ਅਕਾਲਿਆ’’ (ਭਾਈ ਗੁਰਦਾਸ ਜੀ/ਵਾਰ ਪਉੜੀ ੧੫)

ਗੁਰਬਾਣੀ ’ਚ ਮੂਲ ਮੰਤਰ; ਗੁਰੂ ਨਾਨਕ ਸਾਹਿਬ ਜੀ ਦੁਆਰਾ ਉਚਾਰਿਆ ਹੈ। ਇਸ ਦੇ ਪਹਿਲਾ ਸ਼ਬਦ ‘ੴ’ ਨੂੰ ਧਿਆਨ ’ਚ ਰੱਖ ਕੇ ਹੀ ਆਪ ਜੀ ਨੇ ‘‘ਰਾਮਕਲੀ ਮਹਲਾ ੧ ਦਖਣੀ ਓਅੰਕਾਰੁ’’ ਸਿਰਲੇਖ ਅਧੀਨ 54 ਪਉੜੀਆਂ ’ਚ ਇੱਕ ਲੰਬੀ ਰਚਨਾ ਕੀਤੀ, ਜਿਸ ਦੀ ਪਹਿਲੀ ਪਉੜੀ ਹੈ, ‘‘ਓਅੰਕਾਰਿ (ਤੋਂ) ਬ੍ਰਹਮਾ ਉਤਪਤਿ ਓਅੰਕਾਰੁ; ਕੀਆ ਜਿਨਿ ਚਿਤਿ () ਓਅੰਕਾਰਿ (ਤੋਂ) ਸੈਲ ਜੁਗ ਭਏ ਓਅੰਕਾਰਿ (ਤੋਂ) ਬੇਦ ਨਿਰਮਏ ਓਅੰਕਾਰਿ ਸਬਦਿ ਉਧਰੇ ਓਅੰਕਾਰਿ ਗੁਰਮੁਖਿ ਤਰੇ ਓਨਮ ਅਖਰ ਸੁਣਹੁ ਬੀਚਾਰੁ ਓਨਮ ਅਖਰੁ ਤ੍ਰਿਭਵਣ ਸਾਰੁ ’’ (ਓਅੰਕਾਰ/ਮਹਲਾ /੯੩੦) ਅਰਥ : ਓਅੰਕਾਰ ਤੋਂ (ਅਖੌਤੀ ਜਗਤ-ਰਚੇਤਾ) ਬ੍ਰਹਮਾ ਵਰਗੇ ਪੈਦਾ ਹੋਏ। ਓਅੰਕਾਰ ਨੂੰ ਜਿਸ ਨੇ ਆਪਣੇ ਮਨ ’ਚ ਵਸਾਇਆ, (ਉਸ ਨੂੰ ਯਕੀਨ ਹੋ ਗਿਆ ਕਿ) ਓਅੰਕਾਰ ਤੋਂ ਸਦਾ ਪਹਾੜ (ਭਾਵ ਸ੍ਰਿਸ਼ਟੀ) ਬਣੀ। ਵੇਦ ਆਦਿਕ ਗ੍ਰੰਥ ਭੀ ਓਅੰਕਾਰ (ਦੀ ਮਿਹਰ) ਨਾਲ਼ ਪ੍ਰਗਟ ਹੋਏ। ਓਅੰਕਾਰ (ਦੀ ਕਿਰਪਾ) ਨਾਲ਼ ਗੁਰੂ ਸ਼ਬਦ ਰਾਹੀਂ ਗੁਰਮੁਖ (ਵਿਕਾਰਾਂ ਤੋਂ) ਬਚਦੇ ਹਨ ਭਾਵ ਸੰਸਾਰ ਤੋਂ ਪਾਰ ਲੰਘਦੇ ਹਨ। ‘ਓਅੰ ਨਮਹ’ ਅੱਖਰ ਬਾਰੇ ਸਮਝੋ ਕਿਉਂਕਿ ‘ਓਅੰ ਨਮਹ’ ਅੱਖਰ ਭਾਵ ਪ੍ਰਭੂ; ਤਿੰਨੇ ਲੋਕਾਂ (ਸੁਰਗ ਲੋਕ, ਮਾਤ ਲੋਕ ਭਾਵ ਧਰਤੀ ਅਤੇ ਪਤਾਲ ਲੋਕ) ਵਿੱਚ ਰਮਿਆ ਹੋਇਆ ਹੈ।

ਸੋ ਸਨਾਤਨ ਮੱਤ ਦੇ ‘ਓਅੰ’ (ॐ) ਸ਼ਬਦ ਵਿੱਚ ਹੀ ਵਾਧਾ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ‘ੴ’ ਲਿਖਿਆ ਹੈ। ‘ਓਅੰ’ ਦੇ ਅਰਥ ‘ਬ੍ਰਹਮਾ, ਵਿਸ਼ਨੂੰ ਤੇ ਸ਼ਿਵ’ ਕੀਤੇ ਜਾਂਦੇ ਹਨ ਯਾਨੀ ਸ੍ਰਿਸ਼ਟੀ ਨੂੰ ਬਣਾਨ ਵਾਲ਼ਾ (ਬ੍ਰਹਮਾ), ਰਿਜ਼ਕ ਦੇਣ ਵਾਲ਼ਾ (ਵਿਸ਼ਨੂੰ) ਅਤੇ ਨਾਸ ਕਰਨ ਵਾਲ਼ਾ (ਸ਼ਿਵ)। ਗੁਰੂ ਸਾਹਿਬ ਨੇ ‘ਓਅੰ’ ਦੇ ਅਗੇਤਰ ‘੧’ ਲਗਾ ਕੇ ਤਿੰਨ ਦੀ ਥਾਂ ਇੱਕੋ ਸ਼ਕਤੀ ਮੰਨੀ ਅਤੇ ‘੧ਓ’ ਦੇ ਉੱਪਰ ‘ਕਾਰ’ ਲਗਾ ਕੇ ਉਸ ਨੂੰ ਸਾਰੇ ਜੀਵ-ਜੰਤੂਆਂ ਅੰਦਰ ਵਿਆਪਕ ਭੀ ਕਿਹਾ। ਇਹ ਅਰਥ; ਕੱਟੜਵਾਦੀ ਪੰਡਿਤਾਂ ਨੂੰ ਮਾਫ਼ਕ ਨਹੀਂ, ਇਸ ਲਈ ਡੇਰੇਦਾਰਾਂ ਰਾਹੀਂ ‘ੴ’ ਦਾ ਉਚਾਰਨ ਬਦਲਿਆ ਜਾਂਦਾ ਹੈ ਤਾਂ ਜੋ ‘ੴ’ ਦੇ ਅਰਥ; ‘ਓਅੰ’ (ॐ) ਦੇ ਉਕਤ ਕਲਪਿਤ ਅਰਥਾਂ ਨੂੰ ਰੱਦ ਨਾ ਕਰਨ।

ਜਪੁ

‘ਜਪੁ’ ਸ਼ਬਦ ਦਾ ਅਰਥ ਹੈ : (‘ੴ’ ਦੀ) ਯਾਦ, ਸਿਮਰਨ, ਚੇਤਾ ਭਾਵ ‘ਜਪੁ’ ਸਿਰਲੇਖ ਅਧੀਨ ਰਚੀ ਬਾਣੀ; ‘ੴ’ ਦਾ ਚੇਤਾ ਕਰਾਉਣ ਨਾਲ਼ ਸੰਬੰਧਿਤ ਹੈ।

ਵਿਚਾਰ : ‘ਜਪੁ’ ਇੱਕ ਵਚਨ ਪੁਲਿੰਗ ਨਾਂਵ ਹੈ। ਇਸ ਦਾ ਅਰਥ ‘ਜਪਣਾ’ ਜਾਂ ‘ਸਿਮਰਨ ਕਰਨਾ’ (ਕਿਰਿਆਵਾਚੀ) ਨਹੀਂ ਹੋ ਸਕਦਾ। ‘ਜਪੁ ਜੀ ਸਾਹਿਬ, ਰਹਰਾਸਿ ਸਾਹਿਬ ਜਾਂ ਕੀਰਤਨ ਸੋਹਿਲਾ’; ਗੁਰੂ ਗ੍ਰੰਥ ਸਾਹਿਬ ਅੰਦਰ ਕਿਸੇ ਭੀ ਬਾਣੀ ਦੇ ਸਿਰਲੇਖ ਨਹੀਂ ਹਨ। ਇਹ ਸ਼ਬਦ; ਸਤਿਕਾਰ ਵਜੋਂ ਕੇਵਲ ਗੁਟਕਿਆਂ ’ਚ ਲਿਖੇ ਮਿਲਦੇ ਹਨ।

‘ਜਪੁ’; ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਕ ਬਾਣੀ ਦਾ ਨਾਂ ਹੈ, ਜੋ ਸਿਰਲੇਖ ਹੈ। ਇਸ ਵਿੱਚ 38 ਪਉੜੀਆਂ ਅਤੇ ਦੋ ਸਲੋਕ (ਇੱਕ ਅਰੰਭਕ ‘‘ਆਦਿ ਸਚੁ; ਜੁਗਾਦਿ ਸਚੁ..’’ ਤੇ ਦੂਜਾ ਸਮਾਪਤੀ ’ਚ ‘‘ਪਵਣੁ ਗੁਰੂ; ਪਾਣੀ ਪਿਤਾ..’’) ਹਨ।

ਆਦਿ ਸਚੁ, ਜੁਗਾਦਿ ਸਚੁ ਹੈ ਭੀ ਸਚੁ, ਨਾਨਕ  ! ਹੋਸੀ ਭੀ ਸਚੁ

ਪਦ ਅਰਥ : ਆਦਿ- ਕੁਦਰਤ ਬਣਨ ਤੋਂ ਪਹਿਲਾਂ ਦੇ ਸਮੇਂ ’ਚ। ਜੁਗਾਦਿ- ਜੁਗਾਂ ਦੇ ਆਦਿ ਵਿੱਚ, ਜੁਗਾਂ ਦੇ ਮੁੱਢ/ਸ਼ੁਰੂ ਵਿੱਚ। ਸਚੁ- ਸਦਾ ਸਥਿਰ ਭਾਵ ਕੁਦਰਤ ਵਾਙ ਨਾਸ ਨਾ ਹੋਣ ਵਾਲ਼ਾ। ਹੈ ਭੀ- ਹੁਣ ਭੀ ਯਾਨੀ ਵਰਤਮਾਨ ਸਮੇਂ ਦੌਰਾਨ ਭੀ। ਨਾਨਕ- ਹੇ ਨਾਨਕ ! (ਸੰਬੋਧਨ ਕਾਰਕ)। ਹੋਸੀ ਭੀ- ਹੋਵੇਗਾ ਭੀ ਯਾਨੀ ਕੁਦਰਤ ਦੇ ਨਾਸ ਹੋਣ ਤੋਂ ਬਾਅਦ ਭੀ ਰਹੇਗਾ।

ਨੋਟ : ਮੂਲ ਮੰਤਰ ਵਾਲ਼ਾ ‘ਸਤਿ’ ਸ਼ਬਦ ਸੰਸਕ੍ਰਿਤ ਦਾ ਹੈ, ਜੋ ਤਤਸਮ ਮੰਨਿਆ ਜਾਂਦਾ ਹੈ ਅਤੇ ‘ਸਚੁ’; ਤਦਭਵ ਸ਼ਬਦ ਹੈ ਯਾਨੀ ਤਤਸਮ (ਸਤਿ) ਦੀ ਨਕਲ ਕੀਤਾ ਸ਼ਬਦ। ਦੋਵਾਂ ਦੇ ਅਰਥਾਂ ’ਚ ਕੋਈ ਫ਼ਰਕ ਨਹੀਂ, ਪਰ ਇਹ ਧਿਆਨ ਰਹੇ ਕਿ ‘ਸਤਿ’ ਦੀ ਸਿਹਾਰੀ ਸੰਸਕ੍ਰਿਤ ’ਚ ਉਚਾਰਨ ਹੁੰਦੀ ਹੈ ਜਦ ਕਿ ‘ਸਚੁ’ ਦਾ ਔਂਕੜ ਅੰਤ; ਵਿਆਕਰਨਿਕ ਨਿਯਮਾਂ ’ਚ ਹੈ ਭਾਵ ਇਹ ਜਾਣਕਾਰੀ ਦਿੰਦਾ ਹੈ ਕਿ ‘ਸਚੁ’ ਇੱਕ ਵਚਨ ਪੁਲਿੰਗ ਨਾਂਵ ਹੈ, ਨਾ ਕਿ ‘ਸਤਿ’ ਦੇ ਉਚਾਰਨ ‘ਸਤ੍ਯ’ ਵਾਙ ਉਚਾਰਨ ਦਾ ਭਾਗ ਹੈ।

ਅਰਥ : ਹੇ ਨਾਨਕ  ! (ਆਖ ਕਿ ‘ੴ’); ਜਗਤ ਰਚਨਾ ਤੋਂ ਪਹਿਲਾਂ ਭੀ ਸਥਿਰ (ਸਤਿ) ਸੀ। ਚਾਰ ਜੁਗਾਂ ਦੀ ਅਰੰਭਤਾ ਸਮੇਂ ਭੀ ਮੌਜੂਦ (ਸਤਿ) ਸੀ। ਹੁਣ ਭੀ (ਸਭ ਥਾਂ) ਮੌਜੂਦ (ਸਤਿ) ਹੈ ਅਤੇ ਕਿਆਮਤ ਤੋਂ ਬਾਅਦ ਭੀ ਸਦਾ ਕਾਇਮ (ਸਤਿ) ਰਹੇਗਾ। ੧।

ਵਿਚਾਰ : (ੳ). ਉਕਤ ਸਲੋਕ; ‘ੴ’ ਦੇ ਨਿਰਾਕਾਰ/ਨਿਰਗੁਣ ਰੂਪ ਦੀ ਸੰਖੇਪ ਵਿਆਖਿਆ ਹੈ ਤੇ ‘ਜਪੁ’ ਬਾਣੀ ਦਾ ਅੰਤਮ ਸਲੋਕ (ਪਵਣੁ ਗੁਰੂ, ਪਾਣੀ ਪਿਤਾ..॥); ‘ੴ’ ਦੇ ‘ਸਰਗੁਨ’ ਰੂਪ ਭਾਵ ਵਿਖਾਈ ਦੇਣ ਵਾਲ਼ੀ ਕੁਦਰਤ ਦੀ ਵਿਆਖਿਆ ਕਰਨ ਦੇ ਨਾਲ਼-ਨਾਲ਼ ਇਸ ਵਿੱਚ ਗੁਰਮੁਖਿ ਦੀ ਸਫਲ ਜੀਵਨ ਯਾਤਰਾ ਨੂੰ ਭੀ ਬਿਆਨ ਕਰਦਾ ਹੈ। ਗੁਰਬਾਣੀ ਅੰਦਰ ‘ੴ’ ਦੇ ਇਹ ਦੋਵੇਂ (ਸਰਗੁਨ/ਨਿਰਗੁਨ) ਰੂਪ ਬਿਆਨ ਕੀਤੇ ਹਨ; ਜਿਵੇਂ ਕਿ ‘‘ਨਿਰਗੁਨੁ ਆਪਿ; ਸਰਗੁਨੁ ਭੀ ਓਹੀ ਕਲਾ ਧਾਰਿ; ਜਿਨਿ ਸਗਲੀ ਮੋਹੀ ’’ (ਮਹਲਾ /੨੮੮) ‘ਸਰਗੁਨ’ ਤੋਂ ਭਾਵ ਹੈ ‘ਮਾਇਆ ਦੇ ਤਿੰਨ ਗੁਣ (ਰਜੋ, ਤਮੋ, ਸਤੋ)’, ਜੋ ਵਿਖਾਈ ਦਿੰਦਾ ਜਗਤ ਹੈ ਅਤੇ ‘ਨਿਰਗੁਨ’ ਤੋਂ ਭਾਵ ਹੈ ‘ਇਨ੍ਹਾਂ ਤਿੰਨੇ ਗੁਣਾਂ ਤੋਂ ਰਹਿਤ’, ਜੋ ਅਦ੍ਰਿਸ਼ ਹੈ। ‘ਰਜੋ’ ਗੁਣ ’ਚ ਮਨੁੱਖ ਪਰਵਾਰਿਕ ਭੱਜ-ਦੌੜ ਕਰਦਾ ਹੈ। ‘ਤਮੋ’ ’ਚ ‘ਹਨ੍ਹੇਰਾ, ਅਗਿਆਨਤਾ’ ਹੁੰਦੀ ਹੈ ਯਾਨੀ ਆਪਤ ਪ੍ਰਕਾਸ਼ ਨਾ ਹੋਣਾ, ਇਸ ਲਈ ਸਦਾ ਭਰਮ ’ਚ ਰਹਿੰਦਾ ਹੈ। ‘ਸਤੋ’ ਦਾ ਅਰਥ ਹੈ ‘ਸਮਾਜ ਵਿੱਚ ਕੁੱਝ ਨੇਕ ਕੰਮ ਕਰਨੇ, ਜਿਨ੍ਹਾਂ ਬਦਲੇ ਕੋਈ ਦੁਨਿਆਵੀ ਇੱਛਾ ਭੀ ਮਨ ’ਚ ਰੱਖੀ ਹੁੰਦੀ ਹੈ ਭਾਵ ਵਿਖਾਵੇ ਮਾਤਰ ਕੀਤੇ ਗਏ ਧਾਰਮਿਕ ਕੰਮ। ਇਹ ਤਿੰਨੇ ਗੁਣ; ਮਾਇਆ ਦੇ ਹਨ। ਇਨ੍ਹਾਂ ਦੀ ਹੀ ਵਿਆਖਿਆ ਵੇਦ ਆਦਿਕ ਗ੍ਰੰਥ ਕਰਦੇ ਰਹਿੰਦੇ ਹਨ, ‘‘ਜਨਮਿ ਮਰੈ; ਤ੍ਰੈ ਗੁਣ ਹਿਤਕਾਰੁ ਚਾਰੇ ਬੇਦ ਕਥਹਿ ਆਕਾਰੁ ਤੀਨਿ ਅਵਸਥਾ ਕਹਹਿ ਵਖਿਆਨੁ ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ’’ (ਮਹਲਾ /੧੫੪) ਭਾਵ ਚੌਥਾ ਪਦ (ਤੁਰੀਆ ਅਵਸਥਾ) ਗੁਰੂ ਦੀ ਰਾਹੀਂ ਹਰੀ ਨੂੰ ਜਾਣਨ ਉਪਰੰਤ ਪ੍ਰਾਪਤ ਹੁੰਦਾ ਹੈ।

(ਅ). ਉਕਤ ਸਲੋਕ ਦੇ ਅੰਤ ’ਚ ਲਿਖਿਆ ਅੰਕ ੧; ‘ਜਪੁ’ ਦੇ ਅਰੰਭਕ ਸਲੋਕ ਦੀ ਸਮਾਪਤੀ ਦਾ ਪ੍ਰਤੀਕ ਹੈ। ਇਸ ਨਾਲ਼ ਮਿਲਦਾ-ਜੁਲਦਾ ਇੱਕ ਸਲੋਕ; ਗੁਰੂ ਅਰਜਨ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੀ 17ਵੀਂ ਅਸ਼ਟਪਦੀ ਨਾਲ਼ ਇਉਂ ਦਰਜ ਕੀਤਾ ਹੈ, ‘‘ਸਲੋਕੁ ਆਦਿ ਸਚੁ; ਜੁਗਾਦਿ ਸਚੁ ਹੈ ਭਿ ਸਚੁ; ਨਾਨਕ  ! ਹੋਸੀ ਭਿ ਸਚੁ ’’ (ਸੁਖਮਨੀ/ਮਹਲਾ /੨੮੫) ਇੱਥੇ ‘ਸਲੋਕੁ’ ਭੀ ਲਿਖਿਆ ਹੈ। ‘ਜਪੁ’ ਬਾਣੀ ਦਾ ਅਰੰਭਕ ਸਲੋਕ; ਮੂਲ ਮੰਤਰ ਦਾ ਭਾਗ ਨਹੀਂ ਬਲਕਿ ਲੰਬੀ ‘ਜਪੁ’ ਬਾਣੀ ਦੇ ਅਰੰਭ ’ਚ ਆਪਣੇ ਇਸ਼ਟ (‘ੴ’) ਨੂੰ ਸੰਖੇਪ ਸ਼ਬਦਾਂ ’ਚ ਯਾਦ ਕੀਤਾ ਹੈ, ਜਿਸ ਨੂੰ ਸਾਹਿਤਿਕ ਭਾਸ਼ਾ ’ਚ ਮੰਗਲਾਚਰਨ ਕਿਹਾ ਜਾਂਦਾ ਹੈ। ਮੰਗਲਾਚਰਨ; ਕਿਸੇ ਲੰਬੀ ਰਚਨਾ ਦੇ ਅਰੰਭ ’ਚ ਜਾਂ ਅੰਤ ’ਚ ਆਪਣੇ ਇਸ਼ਟ ਨੂੰ ਸੰਖੇਪ ਸ਼ਬਦਾਂ ਰਾਹੀਂ ਯਾਦ ਕਰਨਾ ਹੁੰਦਾ ਹੈ; ਜਿਵੇਂ ਕਿ ਚਿੱਠੀ-ਪੱਤਰ ਲਿਖਦਿਆਂ ਸ਼ੁਰੂ ’ਚ ‘ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।’ ਲਿਖੀਦਾ ਹੈ।

ਜੇਕਰ ਇਸ ਸਲੋਕ ਨੂੰ ਭੀ ਮੂਲਮੰਤਰ ਦਾ ਭਾਗ ਮੰਨੀਏ ਅਤੇ ਇਹ ਭੀ ਕਹੀਏ ਕਿ ਗੁਰਬਾਣੀ ਅੰਤਰ ਸਾਰੇ ਮੂਲ ਮੰਤਰ; ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਦਿਆਂ ਲੰਬੀਆਂ ਰਚਨਾਵਾਂ ਨਾਲ਼ ਦਰਜ ਕੀਤੇ ਹਨ ਤਾਂ ਮੰਨਣਾ ਪਵੇਗਾ ਕਿ ‘ਜਪੁ’ ਬਾਣੀ ਦੀ ਅਰੰਭਤਾ; ਗੁਰੂ ਨਾਨਕ ਸਾਹਿਬ ਜੀ ਨੇ ਹੇਠਲੀ ਪਉੜੀ ‘‘ਸੋਚੈ, ਸੋਚਿ ਹੋਵਈ..’’ ਤੋਂ ਕੀਤੀ ਹੈ ਯਾਨੀ ਕਿ ਬਿਨਾਂ ਆਪਣੇ ਇਸ਼ਟ ਨੂੰ ਯਾਦ ਕੀਤਿਆਂ, ਜੋ ਕਿ ਸਹੀ ਨਹੀਂ ਹੋਵੇਗਾ।

ਗੁਰੂ ਗ੍ਰੰਥ ਸਾਹਿਬ ਜੀ ਦੇ ਅਰੰਭ ਵਿੱਚ ਲਿਖੇ ‘ਤਤਕਰੇ’ ਵਿੱਚ ਭੀ ‘ਜਪੁ’ ਨੂੰ ਬਾਣੀ ਦਾ ਸਿਰਲੇਖ ਮੰਨ ਕੇ ਇਸ ਦੀ ਅਰੰਭਤਾ ਦਾ ਸੰਕੇਤ ਸਾਮ੍ਹਣੇ ਹੀ ‘ਅੰਕ ੧’ ਲਿਖਿਆ ਹੈ। ਜੇਕਰ ਮੂਲ ਮੰਤਰ ‘ੴ’ ਤੋਂ ‘‘ਨਾਨਕ ਹੋਸੀ ਭੀ ਸਚੁ’’ ਤੱਕ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਅਰੰਭ ’ਚ ਕਿਹੜੀ ਬਾਣੀ ਹੈ, ਇਹ ਜਾਣਕਾਰੀ ਕਿਸੇ ਪਾਸਿਓਂ ਨਹੀਂ ਮਿਲਣੀ ਕਿਉਂਕਿ ‘ਜਪੁ’ ਸਿਰਲੇਖ ਭੀ ਮੂਲ ਮੰਤਰ ਬਣ ਗਿਆ।

ਸੋਚੈ, ਸੋਚ ਹੋਵਈ; ਜੇ, ਸੋਚੀ ਲਖ ਵਾਰ

ਉਚਾਰਨ : ਹੋਵ+ਈ, ਸੋਚੀਂ।

ਪਦ ਅਰਥ : ਸੋਚੈ- ਸ਼ੌਚ ਯਾਨੀ ਸਰੀਰ ਧੋਣ ਨਾਲ਼। ਸੋਚ-(ਮਨ) ਸਾਫ਼, ਨਿਰਮਲ। ਸੋਚੀ- ਮੈ ਧੋਵਾਂ (ਉਤਮ ਪੁਰਖ ਇੱਕ ਵਚਨ ਕਿਰਿਆ)।

ਨੋਟ : ਉਕਤ ਪੰਕਤੀ ’ਚ ‘ਸੋਚੈ’ ਤੇ ‘ਸੋਚ’ ਤਦਭਵ ਸ਼ਬਦ ਹਨ। ਜੇਕਰ ਤਤਸਮ ‘ਸੌਚੈ’ ਤੇ ‘ਸੌਚ’ ਹੁੰਦੇ ਤਾਂ ਉਚਾਰਨ ‘ਸ਼ੌਚੈ’ ਤੇ ‘ਸ਼ੌਚ’ ਹੁੰਦਾ।

ਅਰਥ : (ਤੀਰਥਾਂ ਆਦਿਕ ’ਤੇ ਸਰੀਰਕ) ਇਸ਼ਨਾਨ ਕੀਤਿਆਂ (ਮਨ) ਨਿਰਮਲ ਨਹੀਂ ਹੁੰਦਾ ਭਾਵੇਂ ਮੈਂ ਲੱਖਾਂ ਵਾਰ (ਐਸੇ) ਇਸ਼ਨਾਨ ਕਰਾਂ।

ਚੁਪੈ, ਚੁਪ ਹੋਵਈ; ਜੇ, ਲਾਇ ਰਹਾ ਲਿਵ ਤਾਰ

ਉਚਾਰਨ : ਹੋਵ+ਈ, ਰਹਾਂ।

ਪਦ ਅਰਥ : ਚੁਪੈ- ਚੁਪ ਰਹਿਣ ਨਾਲ਼, ਮੌਨ ਧਾਰਨ ਨਾਲ਼। ਚੁਪ-(ਮਨ) ਸ਼ਾਂਤ, ਫੁਰਨਾ ਰਹਿਤ। ਲਾਇ-ਲਗਾ ਕੇ। ਰਹਾ- ਬੈਠਾ ਰਹਾਂ (ਉਤਮ ਪੁਰਖ ਇੱਕ ਵਚਨ ਕਿਰਿਆ)।

ਅਰਥ : ਮੌਨ ਧਾਰਨ ਨਾਲ਼ ਭੀ ਮਨ ਸ਼ਾਂਤ ਨਹੀਂ ਹੁੰਦਾ ਭਾਵੇਂ ਮੈਂ ਨਿਰੰਤਰ ਸਮਾਧੀ ਲਾ ਕੇ ਬੈਠਾ ਰਹਾਂ।

ਭੁਖਿਆ, ਭੁਖ ਉਤਰੀ; ਜੇ, ਬੰਨਾ ਪੁਰੀਆ ਭਾਰ

ਉਚਾਰਨ : ਭੁੱਖਿਆਂ, ਬੰਨ੍ਹਾ, ਪੁਰੀਆਂ।

ਪਦ ਅਰਥ : ਭੁਖਿਆ- ਤ੍ਰਿਸ਼ਨਾ ਅਧੀਨ ਰਹਿਣ ਨਾਲ਼। ਭੁਖ-(ਮਾਇਆ ਦੀ) ਖਿੱਚ, ਤ੍ਰਿਸ਼ਨਾ। ਬੰਨਾ- ਮੈ ਬੰਨ੍ਹ ਲਵਾਂ, ਇਕੱਠੇ ਕਰ ਲਵਾਂ (ਉਤਮ ਪੁਰਖ ਇੱਕ ਵਚਨ ਕਿਰਿਆ)। ਪੁਰੀਆ ਭਾਰ- ਤਿੰਨੇ ਲੋਕਾਂ (ਸੁਰਗ ਲੋਕ, ਮਾਤ ਲੋਕ ਤੇ ਪਤਾਲ ਲੋਕ) ਦੇ ਸਾਰੇ ਪਦਾਰਥ।

ਅਰਥ : ਤ੍ਰਿਸ਼ਨਾ ’ਚ ਰਹਿਣ ਨਾਲ਼ ਮਾਇਆ ਦੀ ਭੁੱਖ ਕਦੇ ਨਹੀਂ ਮਿਟਦੀ ਭਾਵੇਂ ਮੈਂ ਸਭ ਪੁਰੀਆਂ ਦੇ ਪਦਾਰਥ ਇਕੱਠੇ ਕਰ ਲਵਾਂ।

ਸਹਸ ਸਿਆਣਪਾ ਲਖ ਹੋਹਿ; , ਇਕ ਚਲੈ ਨਾਲਿ

ਉਚਾਰਨ : ਸਿਆਣਪਾਂ, ਹੋਹਿਂ।

ਪਦ ਅਰਥ : ਸਹਸ- ਹਜ਼ਾਰ। ਹੋਹਿ-(ਮਨ ’ਚ) ਟਿਕੀਆਂ ਹੋਣ, ਹੁੰਦੀਆਂ ਹੋਣ। ਇਕ- ਨਾ ਮਾਤਰ ਸਿਆਣਪ ਭੀ। ਚਲੈ- ਚੱਲਦੀ ਹੈ (ਅਨ ਪੁਰਖ ਇੱਕ ਵਚਨ ਕਿਰਿਆ)।

ਅਰਥ : (ਉਕਤ ਬਿਆਨ ਕੀਤੀਆਂ) ਹਜ਼ਾਰਾਂ, ਲੱਖਾਂ ਸਿਆਣਪਾਂ ਭਾਵੇਂ ਦਿਮਾਗ਼ ’ਚ ਹੋਣ ਤਾਂ ਭੀ (ਮਨ ਸ਼ਾਂਤ ਕਰਨ ’ਚ) ਇੱਕ ਭੀ ਕੰਮ ਨਹੀਂ ਆਉਂਦੀ, ਇਸ ਲਈ ਬਚਨ ਕੀਤੇ ਹਨ, ‘‘ਮਨਮੁਖ ਕਰਮ ਕਰੈ, ਅਜਾਈ (ਫ਼ਜ਼ੂਲ)’’ (ਮਹਲਾ /੧੩੪੮)

ਵਿਚਾਰ : ਉਕਤ ਕੀਤੇ ਜਾਣ ਵਾਲ਼ੇ ਧਾਰਮਿਕ ਕੰਮ; ਬੰਦੇ ਦੀ ਸਮਝਦਾਰੀ ਜਾਂ ਸਿਆਣਪ ਨਾਲ਼ ਜੁੜੇ ਹੁੰਦੇ ਹਨ ਤਾਹੀਓਂ ਹਰ ਕੋਈ ਪੀੜ੍ਹੀ ਦਰ ਪੀੜ੍ਹੀ ਇਨ੍ਹਾਂ ਨੂੰ ਅਪਣਾਈ ਰੱਖਦਾ ਹੈ। ਗੁਰੂ ਸਾਹਿਬ ਨੇ ਤਿੰਨ ਕੁ ਮਿਸਾਲਾਂ (ਤੀਰਥ ਇਸ਼ਨਾਨ, ਮੌਨ ਵਰਤ ਆਦਿ) ਦੇ ਕੇ ਅੰਤ ’ਚ ਇਸ ਪ੍ਰਸੰਗ ਨੂੰ ਅਸੀਮ (ਹਜ਼ਾਰ) ਕਹਿ ਕੇ ਵਿਸ਼ਾ ਸਮੇਟਿਆ ਹੈ। ਇਹੀ ਯੁਕਤੀ ਹਰ ਪਉੜੀ-ਵਿਸ਼ੇ ਦੇ ਅੰਤ ’ਚ ਸੰਕੇਤ ਮਾਤਰ ਹੈ। ਇਸ ਨੂੰ ਧਿਆਨ ’ਚ ਰੱਖਦਿਆਂ ਹੀ 32ਵੀਂ ਪਉੜੀ ‘‘ਇਕ ਦੂ ਜੀਭੌ ਲਖ ਹੋਹਿ; ਲਖ ਹੋਵਹਿ ਲਖ ਵੀਸ ..੩੨ (ਜਪੁ) ਦੇ ਸਹੀ ਅਰਥ ਪਕੜ ’ਚ ਆਉਣੇ ਹਨ।

 ਗੁਰੂ ਸਾਹਿਬ ਨੇ ਇਨ੍ਹਾਂ ਕਰਮਕਾਂਡਾਂ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਤਾਂ ਤੇ ਜਗਿਆਸੂ ਮਨ ’ਚ ਇਹ ਸਵਾਲ ਉੱਠਣਾ ਸੁਭਾਵਕ ਹੈ ਕਿ ..

ਕਿਵ ਸਚਿਆਰਾ ਹੋਈਐ  ? ਕਿਵ ਕੂੜੈ ਤੁਟੈ ਪਾਲਿ  ?

ਪਦ ਅਰਥ : ਕਿਵ- (ਫਿਰ) ਕਿਸ (ਤਰੀਕੇ) ਨਾਲ਼। ਸਚਿਆਰਾ- ਸਥਿਰ, ਰੱਬ ਵਾਙ ਅਡੋਲ, ਸ਼ਾਂਤ-ਚਿੱਤ। ਹੋਈਐ- ਹੋਇਆ ਜਾ ਸਕਦਾ ਹੈ। ਕੂੜੈ ਪਾਲਿ- ਝੂਠ ਦੀ ਕੰਧ ਭਾਵ ਜਨਮ ਜਨਮ ਦੀ ਮੈਲ਼। ਤੁਟੈ-ਨਾਸ ਹੋਵੇ, ਨਿਰਮਲ ਹੋਈਏ।

ਅਰਥ : (ਤਾਂ ਫਿਰ ਮਨ ਨੂੰ) ਸ਼ਾਂਤ ਕਿਵੇਂ ਕਰੀਏੇ ਅਤੇ ਝੂਠ ਦੀ ਕੰਧ (ਪਰਦਾ) ਕਿਵੇਂ ਢਹਿ ਢੇਰੀ ਹੋਵੇ ?

ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ

ਉਚਾਰਨ : ਹੁਕਮ, ਰਜ਼ਾਈ।

ਪਦ ਅਰਥ : ਹੁਕਮਿ ਰਜਾਈ- ਰਜ਼ਾ ਦੇ ਮਾਲਕ ਦੇ ਹੁਕਮ ਵਿੱਚ, ਹੁਕਮੀ ਦੇ ਹੁਕਮ ਅਨੁਸਾਰ। ਚੱਲਣਾ- ਚੱਲਣ ਨੂੰ ਸਮਝਣਾ ਹੈ, ਸਵੀਕਾਰ ਕਰਨਾ ਹੈ। ਨਾਨਕ- ਹੇ ਨਾਨਕ ! ਲਿਖਿਆ ਨਾਲਿ- (ਜੋ ਜਨਮ ਤੋਂ) ਨਾਲ਼ ਲਿਖਿਆ ਹੈ।

ਅਰਥ : ਹੇ ਨਾਨਕ  ! ਰਜ਼ਾ ਦੇ ਮਾਲਕ ਦੇ ਹੁਕਮ ’ਚ ਚੱਲਣ ਨੂੰ ਮੰਨਣਾ ਹੈ (ਜੋ ਪੈਦਾਇਸ਼ ਤੋਂ ਹਰ ਇੱਕ ਦੇ) ਨਾਲ਼ ਲਿਖਿਆ ਹੋਇਆ ਹੈ ਭਾਵ ਜਿਸ ਹੁਕਮ ’ਚ ਤੇਰੇ ਸਮੇਤ ਹਰ ਕੋਈ ਚੱਲਦਾ ਹੈ, ਉਸ ਨੂੰ ਪਛਾਣਨਾ ਹੈ।

ਵਿਚਾਰ : ਹਿਲੀ ਪਉੜੀ ਦੇ ਅੰਤ ’ਚ ਕੀਤੀ ਇਹ ਹੁਕਮ ਸੰਖੇਪ ਵਿਆਖਿਆ, ਅਗਲੀਆਂ 4 ਪਉੜੀਆਂ ਤੱਕ ਜਾਰੀ ਰਹਿਣੀ ਹੈ। ਦੂਜੀ ਪਉੜੀ ’ਚ ਪੰਕਤੀ ਹੈ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਕੋਇ’’ ਭਾਵ ਹਰ ਕੋਈ ਰਜ਼ਾ ਦੇ ਮਾਲਕ ਦੇ ਹੁਕਮ ਅੰਦਰ ਹੈ। ਹੁਕਮ ਤੋਂ ਆਕੀ ਕੋਈ ਨਹੀਂ। ਹੁਣ ਸਵਾਲ ਹੈ ਕਿ ਕੀ ‘ਕੂੜੈ ਪਾਲਿ’; ਮਾਲਕ ਦੇ ਹੁਕਮ ’ਚ ਬਣੀ ਹੈ ? ਜੇਕਰ ਹਾਂ, ਤਾਂ ਫਿਰ ਉਹ ਕਿਹੜਾ ਹੁਕਮ ਹੈ, ਜਿਸ ਵਿੱਚ ਚੱਲ ਕੇ ਇਹ ਖ਼ਤਮ ਹੋਣੀ ਹੈ ? ਇਸ ਸਵਾਲ ਦਾ ਜਵਾਬ ਜਾਣਨਾ ਬੜਾ ਜ਼ਰੂਰੀ ਹੈ ਕਿਉਂਕਿ ਗੁਰਬਾਣੀ ਅੰਦਰ ਇਹ ਪਹਿਲਾ ਸਵਾਲ ਹੈ ਜਿਸ ਰਾਹੀਂ ਗੁਰਮਤਿ ਦੀ ਸਿਰਮੌਰਤਾ (ਸਚਖੰਡ ਅਵਸਥਾ) ਪ੍ਰਗਟ ਹੋਣੀ ਹੈ।

ਗੁਰਬਾਣੀ ਅਨੁਸਾਰ ਜਗਤ-ਰਚਨਾ ਇੱਕ ਖੇਲ (ਖੇਡ) ਹੈ। ਅਕਾਲ ਪੁਰਖ ਦਾ ਸੁਭਾਅ; ਹਰ ਜੀਵਨ ’ਚੋਂ ਪ੍ਰਗਟ ਹੋਣਾ ਹੈ। ਮਿਸਾਲ ਵਜੋਂ ਬੱਚਾ; ਇੱਕ ਖਿਡੌਣੇ ਨਾਲ਼ ਜ਼ਿਆਦਾ ਦਿਨ ਨਹੀਂ ਖੇਡ ਸਕਦਾ। ਉਸ ਨੂੰ ਹਰ ਦਿਨ ਨਵੇਂ ਖਿਲੌਣੇ ਚਾਹੀਦੇ ਹਨ। ਜੇਕਰ ਉਹ ਰੇਤ ਨਾਲ਼ ਖੇਡੇ ਤਾਂ ਭੀ ਮਿਟੀ ਦੇ ਨਵੇਂ ਨਵੇਂ ਰੂਪ ਬਣਾ ਕੇ ਖੇਡਦਾ ਹੈ। ਖੇਡ ਭੀ ਓਹੀ ਹੁੰਦੀ ਹੈ, ਜੋ ਆਪਣਾ ਰੂਪ ਬਦਲਦੀ ਰਹੇ। ਇੱਕ ਗੋਟੀ ਮਰੇਗੀ ਤਾਂ ਹੀ ਦੂਜੀ ਜਿੱਤੇਗੀ। ਬੱਚੇ ਦੇ ਸੁਭਾਅ ਵਾਙ ਅਕਾਲ ਪੁਰਖ ਨੂੰ ਭੀ ਜਗਤ-ਰਚਨਾ ਵਾਰ-ਵਾਰ ਜੰਮਦੀ-ਮਰਦੀ, ਪਸੰਦ ਹੈ। ਇਸ ਖੇਡ ਦਾ ਆਧਾਰ; ਮਿੱਟੀ ਦੀ ਥਾਂ ਜੀਵਾਂ ਦੁਆਰਾ ਕੀਤੇ ਚੰਗੇ-ਮੰਦੇ ਕੰਮ ਹੁੰਦੇ ਹਨ। ਇਨ੍ਹਾਂ ਕੰਮਾਂ ਦੇ ਫਲ਼ ਨੂੰ ਨਸੀਬ ਜਾਂ ਸਿਰ ਦੇ ਲੇਖ ਕਿਹਾ ਹੈ। ਚੰਗੇ-ਮੰਦੇ ਨਸੀਬ ਅਨੁਸਾਰ ਹੀ ਮਾਲਕ ਦਾ ਹੁਕਮ ਹਰ ਇੱਕ ਲਈ ਭਿੰਨ ਭਿੰਨ ਵਾਪਰਦਾ ਹੈ ਤਾਹੀਓਂ ਕੋਈ ਸੁਖੀ ਤੇ ਕੋਈ ਦੁਖੀ। ਗੁਰਬਾਣੀ ਦੇ ਬਚਨ ਹਨ, ‘‘ਸਭੇ ਪੁਰੀਆ ਖੰਡ ਸਭਿ; ਸਭੇ ਜੀਅ ਜਹਾਨ ਹੁਕਮਿ ਚਲਾਏ ਆਪਣੈ; ਕਰਮੀ ਵਹੈ ਕਲਾਮ ’’ (ਮਹਲਾ /੧੨੪੧) ਅਰਥ : ਹੇ ਨਾਨਕ ! (ਆਖ ਕਿ) ਸਾਰੇ ਲੋਕਾਂ (ਸੁਰਗ, ਮਾਤ, ਪਤਾਲ) ਨੂੰ, ਧਰਤੀ ਦੇ ਸਾਰੇ ਦੀਪਾਂ/ਟਾਪੂਆਂ ਨੂੰ ਅਤੇ ਜਗਤ ਦੇ ਸਾਰੇ ਜੀਵ-ਜੰਤੂਆਂ ਨੂੰ (ਪ੍ਰਭੂ); ਆਪਣੇ ਹੁਕਮ ਅੰਦਰ ਰੱਖਦਾ ਹੈ। ਇਸ ਹੁਕਮ ’ਚ ਵਿਚਰਦਿਆਂ ਕੀਤੇ ਚੰਗੇ-ਮੰਦੇ ਕੰਮਾਂ ਅਨੁਸਾਰ ਫਿਰ ਹੁਕਮ ਰੂਪ ਕਲਮ ਚੱਲਦੀ ਹੈ ਭਾਵ ਨਸੀਬ ਲਿਖਿਆ ਜਾਂਦਾ ਹੈ। ਇਹੀ ਹੁਕਮ-ਨਸੀਬ; ਪੈਦਾਇਸ਼ ਤੋਂ ਸਾਰਿਆਂ ਦੇ ‘ਲਿਖਿਆ ਨਾਲਿ’ ਹੈ, ਕੂੜ ਦੀ ਪਾਲਿ ਹੈ, ਜਨਮ ਜਨਮ ਦੀ ਮੈਲ਼ ਹੈ।

ਸੋ ਕੂੜੈ ਪਾਲਿ, ਜੋ ਹਰ ਬੰਦੇ ਦੇ ਕਰਮਾਂ ਦਾ ਚੰਗਾ-ਮੰਦਾ ਫਲ਼ (ਨਸੀਬ) ਹੋਣ ਕਾਰਨ ਬਚਪਨ ਤੋਂ ‘ਨਾਲਿ ਲਿਖਿਆ’ ਹੈ। ਉਸੇ ਮੁਤਾਬਕ ਮਾਲਕ ਦਾ ਹੁਕਮ; ਜਨਮ ਲੈਂਦਿਆਂ ਹਰ ਇੱਕ ਲਈ ਵੱਖਰਾ-ਵੱਖਰਾ ਵਾਪਰਦਾ ਹੈ। ਇਸ ਨੂੰ 31ਵੀਂ ਪਉੜੀ ’ਚ ਮਾਲਕ ਦੇ ਭੰਡਾਰੇ, ਪਦਾਰਥਾਂ ਦੇ ਖ਼ਜ਼ਾਨਿਆਂ ਦੀ ਮਿਸਾਲ ਦੇ ਕੇ ਬਚਪਨ ਤੋਂ ਇੱਕੋ ਵਾਰ ਪਾਇਆ ਨਸੀਬ (ਖ਼ਜ਼ਾਨਾ) ਭੀ ਲਿਖਿਆ ਹੈ, ‘‘ਆਸਣੁ ਲੋਇ ਲੋਇ ਭੰਡਾਰ ਜੋ ਕਿਛੁ ਪਾਇਆ; ਸੁ ਏਕਾ ਵਾਰ੩੧’’, ਇਸੇ ਨਸੀਬ-ਹੁਕਮ ’ਚ ਜੀਵ-ਜੰਤਾਂ ਨੂੰ ਵਿਚਰਦਿਆਂ ਮਾਲਕ ਆਪ ਵੇਖਦਾ ਹੈ ਤਾਹੀਓਂ ਵਾਰ-ਵਾਰ ਕਿਹਾ ਹੈ, ‘‘ਕਰਿ ਕਰਿ ਵੇਖੈ; ਸਿਰਜਣਹਾਰੁ ..੩੧’’ (ਜਪੁ) ਭਾਵ ਜੀਵਾਂ ਨੂੰ ਪੈਦਾ ਕਰ ਕਰ ਕੇ (ਹੁਕਮ ’ਚ ਚੱਲਦੇ) ਵੇਖਦਾ ਹੈ, ਜਿਸ ਨੂੰ ਸੰਭਾਲਣਾ ਭੀ ਕਹਿ ਸਕਦੇ ਹਾਂ।

ਮਾਲਕ ਦੇ ਹੁਕਮ ’ਚ ਚੱਲਣਾ; ਜਿਵੇਂ ਕਿ ਸੂਰਜ, ਚੰਦ, ਤਾਰੇ ਆਦਿ ਚੱਲਦੇ ਹਨ ਅਤੇ ਮਾਲਕ ਦੀ ਰਜ਼ਾ ਨੂੰ ਸਮਝਦਿਆਂ ਉਸ ਵਿੱਚ ਚੱਲਦਾ, ਆਪਣੇ ਆਪ ਨੂੰ ਸਵੀਕਾਰ ਲੈਣਾ; ਦੋਵਾਂ ’ਚ ਬੜਾ ਅੰਤਰ ਹੈ। ਜੋ ਇਹ ਸਮਝਦਾ ਹੈ ਕਿ ਮੈਂ ਮਾਲਕ ਦੇ ਹੁਕਮ ’ਚ ਚੱਲ ਰਿਹਾ ਹਾਂ; ਉਹ ਮਾਲਕ ਦੇ ਡਰ-ਅਦਬ ’ਚ ਭੀ ਰਹਿੰਦਾ ਹੈ। ਉਸ ਦੇ ਪ੍ਰੇਮ-ਰੰਗ ’ਚ ਭਿੱਜ ਕੇ ਉਸ ਨੂੰ ਯਾਦ ਕਰਦਾ ਹੈ, ਸਿਮਰਨ ਕਰਦਾ ਹੈ। ਉਹ ਬੇਝਿੱਜਕ ਹੋ ਕੇ ਸਚਾਈ ’ਤੇ ਪਹਿਰਾ ਦਿੰਦਾ ਹੈ ਕਿਉਂਕਿ ਉਸ ਨੂੰ ਭਰੋਸਾ ਹੈ ਕਿ ਮੇਰਾ ਸਾਥੀ; ਆਪ ਅਕਾਲ ਪੁਰਖ ਹੈ। ਉਹ ਵਿਕਾਰਾਂ ਤੋਂ ਸੁਚੇਤ ਰਹਿੰਦਾ ਹੈ, ਪਰ ਜੋ ਨਹੀਂ ਮੰਨਦਾ ਕਿ ਮੈਂ ਮਾਲਕ ਦੇ ਹੁਕਮ ’ਚ ਹਾਂ ਭਾਵੇਂ ਕਿ ਉਹ ਹੈ ਭੀ, ਉਸ ਦੇ ਹਿਰਦੇ ’ਚ ਮਾਲਕ ਦਾ ਕੋਈ ਡਰ-ਅਦਬ ਨਹੀਂ ਹੋਏਗਾ। ਉਹ ਆਪਣੀ ਮੱਤ ਨੂੰ ਮਹੱਤਵ ਦਿੰਦਾ ਦਿੰਦਾ ਆਪਣਾ ਅਹੰਕਾਰ ਵਧਾਏਗਾ, ਜੋ ‘ਕੂੜੈ ਪਾਲਿ’ ਹੈ। ਜਿਸ ਨੇ ਰੱਬ ਤੋਂ ਦੂਰੀ ਬਣਾ ਦਿੱਤੀ। ਗੁਰੂ ਨਾਨਕ ਸਾਹਿਬ ਦੇ ਬਚਨ ਹਨ ਕਿ ਗੁਰੂ ਦੀ ਸ਼ਰਨ ਤੋਂ ਬਿਨਾਂ ਇਹ ਮਾੜਾ ਨਸੀਬ ਨਹੀਂ ਮਿਟਦਾ, ‘‘ਲੇਖੁ ਮਿਟਈ ਹੇ ਸਖੀ ! ਜੋ ਲਿਖਿਆ ਕਰਤਾਰਿ (ਨੇ)’’ (ਓਅੰਕਾਰ/ਮਹਲਾ /੯੩੭), ਜੋ ਸਾਰਿਆਂ ਦੇ ਲਿਖਿਆ ਨਾਲਿ ਹੈ, ‘‘ਸਰਬ ਜੀਆ ਸਿਰਿ (ਤੇ) ਲੇਖੁ ਧੁਰਾਹੂ; ਬਿਨੁ ਲੇਖੈ, ਨਹੀ ਕੋਈ ਜੀਉ ’’ (ਮਹਲਾ /੫੯੮) ਅਰਥ : ਸਾਰੇ ਜੀਵ-ਜੰਤਾਂ ਦੇ ਸਿਰ ਉੱਤੇ (ਭਾਵ ਜ਼ਿੰਮੇ) ਧੁਰ ਦਰਗਾਹ ਤੋਂ (ਭਾਵ ਪੈਦਾਇਸ਼ ਤੋਂ) ਲੇਖ ਲਿਖਿਆ ਹੋਇਆ ਹੈ। ਇਸ ਲੇਖ-ਨਸੀਬ ਤੋਂ ਬਿਨਾਂ ਕੋਈ ਜ਼ਿੰਦਗੀ ਨਹੀਂ ਹੁੰਦਾ। ਕੇਵਲ ਅਕਾਲ ਪੁਰਖ ਜ਼ਿੰਮੇ ਹੀ ਇਹ ਲੇਖ ਨਹੀਂ ਹਨ ਤਾਹੀਓਂ ਉਹ ਅਜੂਨੀ ਹੈ, ‘‘ਜਿਨਿ ਏਹਿ ਲਿਖੇ; ਤਿਸੁ ਸਿਰਿ ਨਾਹਿ੧੯’’ ਅਰਥ : ਜਿਸ ਅਕਾਲ ਪੁਰਖ ਨੇ ਜੀਵਾਂ ਦੇ ਜ਼ਿੰਮੇ ਲੇਖ ਲਿਖੇ ਹਨ, ਉਸ ਦੇ ਆਪਣੇ ਸਿਰ ’ਤੇ ਕੋਈ ਲੇਖ ਨਹੀਂ।

ਉਕਤ ਪਉੜੀ ਦੇ ਅੰਤ ’ਚ ਦੁਬਾਰਾ ਆਇਆ ‘ਅੰਕ ੧’; ‘ਜਪੁ’ ਬਾਣੀ ਦੀਆਂ 38 ਪਉੜੀਆਂ ’ਚੋਂ ਪਹਿਲੀ ਪਉੜੀ ਦੀ ਸਮਾਪਤੀ ਦਾ ਪ੍ਰਤੀਕ ਹੈ। ਇਸ ਪਉੜੀ ਦੇ ਅੰਤ ’ਚ ਉਪਦੇਸ਼ ਹੈ ਕਿ ਰਜ਼ਾ ਦੇ ਮਾਲਕ ਦੇ ਹੁਕਮ ’ਚ ਚੱਲਦਾ ਹਾਂ, ਨੂੰ ਸਵੀਕਾਰ ਕਿਉਂਕਿ (ਦੂਜੀ ਪਉੜੀ ’ਚ ਬਚਨ ਹਨ ਕਿ) ਉਸ ਹੁਕਮ ਵਿੱਚ ਪੂਰਾ ਬ੍ਰਹਿਮੰਡ ਹੀ ਚੱਲਦਾ ਪਿਆ ਹੈ, ਨਾ ਕਿ ਤੂੰ ਇਕਲੌਤਾ।

ਹੁਕਮੀ ਹੋਵਨਿ ਆਕਾਰ; ਹੁਕਮੁ, ਕਹਿਆ ਜਾਈ

ਪਦ ਅਰਥ : ਹੁਕਮੀ- ਹੁਕਮ ਵਿੱਚ। ਹੋਵਨਿ- ਹੁੰਦੇ ਹਨ। ਆਕਾਰ-ਪੂਰਾ ਬ੍ਰਹਿਮੰਡ, ਸਾਰੇ ਜੀਵ-ਜੰਤ।

ਨੋਟ : ਅਕਾਸ਼ ਗੰਗਾ ’ਚ 5% ਸਾਧਾਰਨ ਪਦਾਰਥ (ਤਾਰੇ, ਗ੍ਰਹਿ, ਉਪ ਗ੍ਰਹਿ) ਹੈ।, 26.8% ਡਾਰਕ ਮੈਟਰ ਹੈ, ਜੋ 5% ਸਾਧਾਰਨ ਪਦਾਰਥ ਨੂੰ ਗੁਰੂਤਾਕਰਸ਼ਨ ਬਲ ਨਾਲ਼ ਅੰਦਰ ਨੂੰ (ਭਾਵ ਬਲੈਕ ਹੋਲ ਵੱਲ) ਖਿੱਚਦਾ ਹੈ ਤੇ 68.2% ਡਾਰਕ ਐਨਰਜੀ ਹੈ, ਜੋ ਸਧਾਰਨ ਪਦਾਰਥ ਨੂੰ ਰੌਸ਼ਨੀ ਦੀ ਗਤੀ (ਲਗਭਗ 3 ਲੱਖ/299782.458 ਕਿਲੋਮੀਟਰ ਪ੍ਰਤੀ ਸਕਿੰਟ) ਨਾਲ਼ ਬਾਹਰ ਨੂੰ ਯਾਨੀ ਕਿ ਬਲੈਕ ਹੋਲ ਤੋਂ ਦੂਰ ਧਕੇਲ ਰਹੀ ਹੈ।

ਅਰਥ : (ੴ ਦੇ) ਹੁਕਮ ’ਚ ਸਾਰੇ ਹੀ ਜੀਵ-ਜੰਤ ਪੈਦਾ ਹੁੰਦੇ ਹਨ (ਇਸ ਤੋਂ ਵੱਧ) ਹੁਕਮ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।

ਹੁਕਮੀ, ਹੋਵਨਿ ਜੀਅ; ਹੁਕਮਿ ਮਿਲੈ ਵਡਿਆਈ

ਉਚਾਰਨ : ਹੋਵਨ੍ਹ, ਹੁਕਮ।

ਪਦ ਅਰਥ : ਜੀਅ- ਸੂਖਮ ਸਰੀਰ, ਅਦ੍ਰਿਸ਼ ਰੂਹਾਂ, ਜਿੰਦਾਂ। ਹੁਕਮਿ- ਹੁਕਮ ਵਿੱਚ, ਹੁਕਮ ਨਾਲ਼, ਹੁਕਮ ਰਾਹੀਂ। ਮਿਲੈ- ਮਿਲਦੀ ਹੈ।

ਅਰਥ : ਰੱਬ ਦੇ ਹੁਕਮ ਨਾਲ਼ (ਇਨ੍ਹਾਂ ਸਾਰੇ ਸਰੀਰਾਂ ਅੰਦਰ) ਸੂਖਮ ਸਰੀਰ ਪੈਂਦੇ ਹਨ। ਹੁਕਮ ਵਿੱਚ ਹੀ (ਚੰਗੇ ਨਸੀਬ ਨਾਲ਼ ਕਿਸੇ ਨੂੰ ਲੋਕ-ਪ੍ਰਲੋਕ ’ਚ) ਇੱਜ਼ਤ ਮਿਲਦੀ ਹੈ; ਜਿਵੇਂ ਕਿ ਵਾਕ ਹੈ, ‘‘ਜਿਸ ਨੋ ਬਖਸੇ; ਸਿਫਤਿ ਸਾਲਾਹ ਨਾਨਕ  ! ਪਾਤਿਸਾਹੀ ਪਾਤਿਸਾਹੁ ੨੫’’

ਹੁਕਮੀ, ਉਤਮੁ ਨੀਚੁ; ਹੁਕਮਿ ਲਿਖਿ, ਦੁਖ ਸੁਖ ਪਾਈਅਹਿ

ਉਚਾਰਨ : ਪਾਈਅਹਿਂ।

ਪਦ ਅਰਥ : ਹੁਕਮੀ- ਹੁਕਮ ਵਿੱਚ (ਹੁਕਮਿ ਤੋਂ ਕਾਵਿ ਪ੍ਰਭਾਵ ਕਾਰਨ ‘ਹੁਕਮੀ’ ਬਣਿਆ ਹੈ; ਅਰਥ ਓਹੀ ਹਨ)। ਉਤਮੁ ਨੀਚੁ- ਚੰਗਾ ਮਾੜਾ। ਹੁਕਮਿ ਲਿਖਿ- ਹੁਕਮ ਲਿਖੇ ਅਨੁਸਾਰ, ਹੁਕਮ ਦੁਆਰਾ ਲਿਖੇ ਲੇਖ ਰਾਹੀਂ। ਪਾਈਅਹਿ- ਪਾਏ ਜਾਂਦੇ ਹਨ, ਪਾਈਦੇ ਹਨ।

ਅਰਥ : ਰੱਬ ਦੇ ਹੁਕਮ ਵਿੱਚ ਚੰਗਾ ਲੇਖ ਲਿਖਿਆ ਹੋਣ ਕਾਰਨ (ਕਈ ਗੁਰੂ ਸਿੱਖਿਆ ਰਾਹੀਂ) ਅਨੰਦਮਈ ਜੀਵਨ ਭੋਗਦੇ ਹਨ। ਮਾੜਾ ਨਸੀਬ ਲਿਖਿਆ ਹੋਣ ਕਾਰਨ (ਕਈ) ਰੱਬ ਦੇ ਹੁਕਮ ਵਿੱਚ ਦੁੱਖ ਭੋਗਦੇ ਹਨ।

ਵਿਚਾਰ : ਗੁਰਮਤਿ ਅਨੁਸਾਰ ਕੋਈ ਭੀ ਮਨੁੱਖ; ਆਪਣੇ ਆਪ ‘ਉਤਮੁ’ (ਚੰਗੇ ਨਸੀਬ ਵਾਲ਼ਾ) ਜਾਂ ‘ਨੀਚੁ’ (ਮਾੜੇ ਨਸੀਬ ਵਾਲ਼ਾ) ਨਹੀਂ ਬਣਦਾ। ਇਹ ਸਭ ਮਾਲਕ ਦੀ ਖੇਡ ਹੈ; ਜਿਵੇਂ ਕਿ ਵਾਕ ਹੈ, ‘‘ਜਿਸੁ ਹਥਿ () ਜੋਰੁ; ਕਰਿ ਵੇਖੈ ਸੋਇ ਨਾਨਕ ! ਉਤਮੁ ਨੀਚੁ ਕੋਇ ੩੩’’

ਇਕਨਾ ਹੁਕਮੀ ਬਖਸੀਸ; ਇਕਿ, ਹੁਕਮੀ ਸਦਾ ਭਵਾਈਅਹਿ

ਉਚਾਰਨ : ਬਖ਼ਸ਼ੀਸ਼, ਭਵਾਈਅਹਿਂ।

ਪਦ ਅਰਥ : ਇਕਨਾ- ਕਈਆਂ ਨੂੰ, ਅਨੇਕਾਂ ਨੂੰ। ਇਕਿ- ਕਈ, ਅਨੇਕਾਂ। ਭਵਾਈਅਹਿ- ਭਵਾਏ ਜਾਂਦੇ ਹਨ, ਭਰਮਾਏ ਜਾਂਦੇ ਹਨ, ਕੁਰਾਹੇ ਪਾਏ ਜਾਂਦੇ ਹਨ, ਆਵਾਗਮਣ ’ਚ ਪਾਏ ਜਾਂਦੇ ਹਨ।

ਅਰਥ : ਰੱਬ ਦੇ ਹੁਕਮ ਵਿੱਚ (ਲਿਖੇ ‘ਉਤਮੁ’ ਨਸੀਬ ਨਾਲ਼) ਕਈਆਂ ਉੱਤੇ ਬਖ਼ਸ਼ਸ਼ (ਹੋਈ ਹੁੰਦੀ ਹੈ ਤੇ) ਕਈ (ਨੀਚੁ ਨਸੀਬ ਵਾਲ਼ੇ); ਰੱਬ ਦੇ ਹੁਕਮ ਲਿਖੇ ਅਨੁਸਾਰ ਸਦਾ ਆਵਾਗਮਣ ’ਚ ਭੇਜੇ ਜਾਂਦੇ ਹਨ; ਜਿਵੇਂ ਕਿ ਵਾਕ ਹੈ, ‘‘ਜਮਿ ਜਮਿ (ਕੇ) ਮਰੈ; ਮਰੈ, ਫਿਰਿ ਜੰਮੈ ਬਹੁਤੁ ਸਜਾਇ; ਪਇਆ ਦੇਸਿ ਲੰਮੈ ’’ (ਮਹਲਾ /੧੦੨੦) ਦੇਸਿ+ਲੰਮੈ ਦਾ ਅਰਥ ਹੈ, ‘ਲੰਬੇ ਦੇਸ ਵਿੱਚ, ਕਈ ਜੂਨਾਂ ’ਚ ਭਾਵ ਮਰਨ ਤੋਂ ਬਾਅਦ ਮੁੜ ਛੇਤੀ ਛੇਤੀ ਮਨੁੱਖਾ ਜਨਮ ਨਸੀਬ ਨਾ ਹੋਣਾ।

ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ, ਕੋਇ

ਪਦ ਅਰਥ : ਹੁਕਮੈ ਅੰਦਰਿ- ਹੁਕਮ ਵਿੱਚ (ਇੱਥੇ ‘ਹੁਕਮ ਅੰਦਰਿ’ ਹੋਣਾ ਸੀ, ਪਰ ਕਾਵਿ ਪਿੰਗਲ ਨੇ ‘ਹੁਕਮੈ ਅੰਦਰਿ’ ਕੀਤਾ ਹੈ)। ਸਭੁ ਕੋ- ਹਰ ਕੋਈ। ਬਾਹਰਿ ਹੁਕਮ- ਹੁਕਮ ਦੇ ਬਾਹਰ, ਹੁਕਮ ਤੋਂ ਆਕੀ। ਕੋਇ- ਕੋਈ ਭੀ।

ਅਰਥ : (ਕੁੱਲ ਮਿਲਾ ਕੇ) ਹਰ ਕੋਈ ਰੱਬ ਦੀ ਰਜ਼ਾ ਅੰਦਰ ਹੈ (ਭਾਵੇਂ ਕੋਈ ‘ਉਤਮੁ’ ਹੈ ਜਾਂ ‘ਨੀਚੁ’ ਕਿਉਂਕਿ ਰੱਬ ਦੇ) ਹੁਕਮ ਤੋਂ ਆਕੀ ਕੋਈ ਨਹੀਂ।

ਵਿਚਾਰ : ਇਸ ਪਉੜੀ ’ਚ 7 ਕੁ ਉਦਾਹਰਨਾਂ ਦੇ ਕੇ ਪਉੜੀ-ਪ੍ਰਸੰਗ ਨੂੰ ਇੱਥੇ ਅਸੀਮ-ਅਸੀਮ ਕਹਿ ਕੇ ਪਹਿਲੀ ਪਉੜੀ ਵਾਙ ਸਮੇਟਿਆ ਹੈ।

ਨਾਨਕ  ! ਹੁਕਮੈ ਜੇ ਬੁਝੈ; , ਹਉਮੈ ਕਹੈ ਕੋਇ

ਪਦ ਅਰਥ : ਹੁਕਮੈ- ਹੁਕਮ ਨੂੰ। ਜੇ-ਜੇਕਰ, ਅਗਰ। ਬੁਝੈ- ਸਮਝ ਜਾਏ, ਜਾਣ ਲਏ। ਨ ਹਉਮੈ ਕਹੈ- ਅਹੰਕਾਰ ਵਾਲ਼ੀ ਗੱਲ ਨਹੀਂ ਕਹਿੰਦਾ, ਹਰ ਕੰਮ ਦਾ ਮਹੱਤਵ ਆਪਣੇ ਉੱਤੇ ਨਹੀਂ ਲੈਂਦਾ। ਕੋਇ- ਕੋਈ ਭੀ।

ਅਰਥ : ਹੇ ਨਾਨਕ  ! (ਆਖ ਕਿ ਸਭ ਮਾਲਕ ਦੇ ਹੁਕਮ ’ਚ ਹਨ, ਇਉਂ) ਹੁਕਮ ਨੂੰ ਜੇ ਕੋਈ ਸਮਝ ਲਏ ਤਾਂ (ਆਪਣੀ ਮੱਤ ਨੂੰ ਸ੍ਰੇਸ਼ਟ ਸਮਝ) ਕੋਈ ਅਹੰਕਾਰ ਨਹੀਂ ਕਰਦਾ (ਇਹੀ ‘ਕੂੜੈ ਪਾਲਿ’ ਨੂੰ ਖ਼ਤਮ ਕਰਨ ਦੀ ਯੁਕਤੀ ਹੈ, ਸਚਿਆਰ ਹੋਣਾ ਹੈ)।

ਗਾਵੈ ਕੋ ਤਾਣੁ; ਹੋਵੈ ਕਿਸੈ ਤਾਣੁ ਗਾਵੈ ਕੋ; ਦਾਤਿ ਜਾਣੈ ਨੀਸਾਣੁ

ਉਚਾਰਨ : ਨੀਸ਼ਾਣ।

ਪਦ ਅਰਥ : ਗਾਵੈ ਕੋ- ਕੋਈ ਗਾਉਂਦਾ ਹੈ। ਤਾਣੁ- ਬਲ ਨੂੰ। ਦਾਤਿ ਨੀਸਾਣੁ- ਦਾਤ ਦੇ ਚਿੰਨ੍ਹ ਨੂੰ (ਜਿਵੇਂ ਪੁੱਤਰ, ਵਸਤੂ, ਪਦਾਰਥ ਆਦਿ)। ਜਾਣੈ- ਜਾਣਦਾ ਹੈ।

ਅਰਥ : (ਮਾਲਕ ਦੇ ਹੁਕਮ ਅਨੁਸਾਰ) ਜਿਸ ਕਿਸੇ ਕੋਲ਼ ਸਰੀਰਕ ਬਲ ਹੁੰਦਾ ਹੈ, ਉਹ ਆਪਣੇ ਬਲ ਨੂੰ ਗਾਉਂਦਾ ਹੈ ਭਾਵ ਆਪਣੀ ਤਾਕਤ ’ਤੇ ਮਾਣ ਕਰਦਾ ਹੈ। ਕੋਈ (ਰੱਬ ਦੀ) ਦਾਤ ਦੇ (ਕਿਸੇ) ਚਿੰਨ੍ਹ ਨੂੰ ਗਾਉਂਦਾ ਹੈ ਭਾਵ ਉਸ ਵਿੱਚ ਹੀ ਮਗਨ ਰਹਿੰਦਾ ਹੈ।

ਗਾਵੈ ਕੋ; ਗੁਣ ਵਡਿਆਈਆ ਚਾਰ ਗਾਵੈ ਕੋ; ਵਿਦਿਆ ਵਿਖਮੁ ਵੀਚਾਰੁ

ਉਚਾਰਨ : ਵਡਿਆਈਆਂ।

ਪਦ ਅਰਥ : ਚਾਰ- ਸੁੰਦਰ, ਸੋਹਣੀਆਂ (ਬਹੁ ਵਚਨ ਵਿਸ਼ੇਸ਼ਣ)। ਵਿਖਮੁ ਵੀਚਾਰੁ- ਕਠਿਨ ਵਿਚਾਰ, ਅਸਧਾਰਨ ਗਿਆਨ।

ਅਰਥ : ਕੋਈ (ਸਮਾਜ ਦੇ) ਸੁੰਦਰ ਗੁਣ, ਸੋਹਣੀਆਂ ਵਡਿਆਈਆਂ ਨੂੰ ਗਾਉਂਦਾ ਹੈ ਭਾਵ ਕੋਈ ਸੁੰਦਰ ਗੁਣ ਤੇ ਚੰਗੀ ਮਹਿਮਾ ਹੋਣ ਤੋਂ ਪ੍ਰਭਾਵਤ ਹੈ। ਕੋਈ ਵਿਦਿਆ ਲੈ ਕੇ ਬੜੇ ਕਠਿਨ ਗਿਆਨ ਨੂੰ ਗਾਉਂਦਾ ਹੈ ਯਾਨੀ ਧਾਰਮਿਕ ਗ੍ਰੰਥਾਂ ਦਾ ਅਧਿਐਨ ਕਰਨ ਨੂੰ ਸਿਰਮੌਰ ਹੈ।

ਗਾਵੈ ਕੋ; ਸਾਜਿ, ਕਰੇ ਤਨੁ ਖੇਹ ਗਾਵੈ ਕੋ; ਜੀਅ ਲੈ, ਫਿਰਿ ਦੇਹ

ਪਦ ਅਰਥ : ਸਾਜਿ-ਸਾਜ ਕੇ, (ਤਨੁ) ਰਚ ਕੇ। ਕਰੇ- (ਮਾਲਕ) ਕਰਦਾ ਹੈ। ਖੇਹ-ਮਿੱਟੀ, ਸੁਆਹ। ਜੀਅ- ਸੂਖਮ ਰੂਹਾਂ। ਲੈ- ਲੈ ਕੇ। ਦੇਹ- ਦੇ ਦਿੰਦਾ ਹੈ।

ਅਰਥ : ਕੋਈ (ਇਹ ਸਮਝ ਕੇ ਮਾਲਕ ਨੂੰ) ਯਾਦ ਕਰਦਾ ਹੈ (ਕਿ ਉਹ ਸਾਰੇ ਸਰੀਰ) ਰਚ ਕੇ (ਫਿਰ) ਨਸ਼ਟ ਕਰ ਦਿੰਦਾ ਹੈ। (ਸਰੀਰਾਂ ਵਿੱਚੋਂ) ਰੂਹਾਂ ਕੱਢ ਕੇ ਮੁੜ (ਹੋਰ ਸਰੀਰਾਂ ਨੂੰ) ਦੇ ਦੇਂਦਾ ਹੈ ਭਾਵ ਬਜ਼ੁਰਗਾਂ ਨੂੰ ਮਾਰ-ਮਾਰ ਨਵੇਂ ਬੱਚੇ ਪੈਦਾ ਕਰਦਾ ਹੈ।

ਗਾਵੈ ਕੋ; ਜਾਪੈ ਦਿਸੈ ਦੂਰਿ ਗਾਵੈ ਕੋ; ਵੇਖੈ ਹਾਦਰਾ ਹਦੂਰਿ

ਪਦ ਅਰਥ : ਜਾਪੈ- ਜਾਪਦਾ ਹੈ। ਦਿਸੈ- ਵਿਖਾਈ ਦਿੰਦਾ ਹੈ, ਮਹਿਸੂਸ ਹੁੰਦਾ ਹੈ। ਦੂਰਿ-ਸੰਸਾਰ ਤੋਂ ਵੱਖਰਾ, ਸੱਤ ਆਕਾਸ਼ ਉੱਪਰ। ਹਾਦਰਾ ਹਦੂਰਿ- ਹਾਜ਼ਰ-ਨਾਜ਼ਰ, ਅੰਗ-ਸੰਗ, ਬਹੁਤ ਨੇੜੇ, ਸਰਬ ਵਿਆਪਕ।

ਅਰਥ : ਕਿਸੇ ਨੂੰ ਉਹ, ਦੂਰ (ਸੰਸਾਰ ਤੋਂ ਵੱਖਰਾ ਬੈਠਾ) ਪ੍ਰਤੀਤ ਹੁੰਦਾ ਹੈ, ਮਹਿਸੂਸ ਹੁੰਦਾ ਹੈ (ਤਾਂ ਭੀ ਉਸ ਦੇ ਗੁਣ) ਗਾਉਂਦਾ ਹੈ। ਕੋਈ (ਸਭ ਦੇ) ਅੰਗ-ਸੰਗ (ਸਮਝ ਕੇ ਉਸ ਨੂੰ) ਸਿਮਰਦਾ ਹੈ।

ਕਥਨਾ ਕਥੀ, ਆਵੈ ਤੋਟਿ ਕਥਿ ਕਥਿ ਕਥੀ, ਕੋਟੀ ਕੋਟਿ ਕੋਟਿ

ਉਚਾਰਨ : ਕੋਟੀਂ।

ਪਦ ਅਰਥ : ਕਥਨਾ- ਬਿਆਨ ਕਰ ਕਰ। ਕਥੀ- ਕਥਿਆ ਹੈ, ਆਖਿਆ ਹੈ। ਤੋਟਿ-ਘਾਟ, ਅੰਤ। ਕਥਿ ਕਥਿ- ਬਿਆਨ ਕਰ ਕਰ ਕੇ। ਕੋਟੀ ਕੋਟਿ ਕੋਟਿ- ਕਰੋੜਾਂ ਨੇ ਕਰੋੜਾਂ ਵਾਰ।

ਅਰਥ : (ਅਨੇਕਾਂ ਨੇ ਹੁਕਮ ਦੇ ਮਾਲਕ ਬਾਰੇ) ਬਿਆਨ ਕਰ ਕਰ ਦੱਸਿਆ ਹੈ (ਜਿਨ੍ਹਾਂ ਦੀ ਗਿਣਤੀ ਕੀਤਿਆਂ ਕੋਈ) ਅੰਤ ਨਹੀਂ ਆਉਂਦਾ ਭਾਵ ਗਿਣਤੀ ਤੋਂ ਬਾਹਰ ਹਨ। (ਸਦੀਆਂ ਤੋਂ) ਕਰੋੜਾਂ ਨੇ ਕਰੋੜਾਂ ਵਾਰ (ਰੱਬ ਬਾਰੇ) ਬਿਆਨ ਕਰ ਕਰ ਕੇ ਦੱਸਿਆ ਹੈ, ਤਾਂ ਭੀ ਅੰਤ ਨਾ ਜਾਣਿਆ; ਜਿਵੇਂ ਕਿ 27ਵੀਂ ਪਉੜੀ ’ਚ ਹੈ, ‘‘ਹੋਰਿ ਕੇਤੇ ਗਾਵਨਿ; ਸੇ ਮੈ ਚਿਤਿ ਆਵਨਿ; ਨਾਨਕੁ ਕਿਆ ਵੀਚਾਰੇ .. ੨੭’’ (ਜਪੁ)

ਵਿਚਾਰ : ਰੱਬ ਨੂੰ ਗਾਉਣ ਵਾਲ਼ੇ ਉਕਤ 8 ਸਾਧਨ; 4 ਕੁ ਤੁਕਾਂ ’ਚ ਬਿਆਨ ਕੀਤੇ ਹਨ। ਵੈਸੇ ਮਾਲਕ ਨੂੰ ਗਾਉਣ ਵਾਲ਼ਿਆਂ ਦੀ ਗਿਣਤੀ; ਕੁਦਰਤ ਵਿੱਚੋਂ ਖ਼ਤਮ ਹੋਣ ਵਾਲ਼ੀ ਨਹੀਂ, ਪਰ ਸ਼ਬਦਾਂ ਦੀ ਸੰਖੇਪਤਾ ਨੂੰ ਧਿਆਨ ’ਚ ਰੱਖਦਿਆਂ ਇਸ ਤੁਕ ’ਚ ਚੱਲਦੀ ਗਿਣਤੀ ਨੂੰ ਅਸੀਮ-ਅਸੀਮ ਕਹਿ ਕੇ ਇੱਥੇ ਹੀ ਸਮੇਟਿਆ ਹੈ। ‘ਜਪੁ’ ਬਾਣੀ ਦੀ ਹਰ ਪਉੜੀ ਦਾ ਅੰਤ; ਇਸੇ ਤਰ੍ਹਾਂ ‘ਆਦਿ ਆਦਿ’ ਕਰਕੇ ਜਾਣਨਾ ਹੈ।

ਦੇਂਦਾ ਦੇ, ਲੈਂਦੇ ਥਕਿ ਪਾਹਿ ਜੁਗਾ ਜੁਗੰਤਰਿ, ਖਾਹੀ ਖਾਹਿ

ਉਚਾਰਨ : ਦੇਂਦਾ, ਲੈਂਦੇ, ਪਾਹਿਂ, ਜੁਗਾਂ, ਖਾਹਿਂ (‘ਖਾਹੀ’ ਬਿੰਦੀ ਰਹਿਤ)।

ਪਦ ਅਰਥ : ਦੇਂਦਾ-ਦੇਣ ਵਾਲ਼ਾ, ਦੇਵਣਹਾਰ (ਇੱਕ ਵਚਨ ਪੁਲਿੰਗ ਨਾਂਵ)। ਦੇ- ਦੇ ਰਿਹਾ ਹੈ। ਲੈਂਦੇ- ਲੈਣ ਵਾਲ਼ੇ, ਦਾਤਾਂ ਪਾਉਣ ਵਾਲ਼ੇ ਜੀਵ (ਬਹੁ ਵਚਨ ਪੁਲਿੰਗ ਨਾਂਵ)। ਥਕਿ ਪਾਹਿ- ਥੱਕ ਜਾਂਦੇ ਹਨ ਭਾਵ ਪੰਜ ਕਰਮ ਇੰਦ੍ਰੇ (ਹੱਥ, ਪੈਰ, ਮੂੰਹ, ਗੁਦਾ ਤੇ ਲਿੰਗ) ਜਵਾਬ ਦੇ ਜਾਂਦੇ ਹਨ। ਜੁਗਾ ਜੁਗੰਤਰਿ- ਅਨੇਕਾਂ ਜੁਗਾਂ ਤੋਂ, ਸਦਾ ਤੋਂ, ਆਦਿ ਤੋਂ, ਮੁੱਢ ਤੋਂ। ਖਾਹੀ ਖਾਹਿ- (ਦਾਤਾਂ) ਖਾਂਦੇ ਆ ਰਹੇ ਹਨ, ਭੋਗਦੇ ਜਾ ਰਹੇ ਹਨ।

ਅਰਥ : (ਜੀਵਾਂ ਨੂੰ ਦਾਤਾਂ) ਦੇਣ ਵਾਲ਼ਾ (ਦਾਤਾਰ ਪਿਤਾ; ਸਭ ਨੂੰ ਦਾਤਾਂ) ਦੇ ਰਿਹਾ ਹੈ (ਪਰ ਦਾਤਾਂ ਨੂੰ) ਲੈਣ ਵਾਲ਼ੇ (ਕਰਮ ਇੰਦ੍ਰੇ) ਜਵਾਬ ਦੇ ਜਾਂਦੇ ਹਨ। ਆਦਿ ਕਾਲ ਤੋਂ (ਇਉਂ ਜੀਵ; ਰੱਬੀ ਦਾਤਾਂ) ਭੋਗਦੇ ਆ ਰਹੇ ਹਨ।

ਹੁਕਮੀ ਹੁਕਮੁ, ਚਲਾਏ ਰਾਹੁ ਨਾਨਕ  ! ਵਿਗਸੈ ਵੇਪਰਵਾਹੁ

ਉਚਾਰਨ : ਰਾਹ, ਵੇਪਰਵਾਹ।

ਪਦ ਅਰਥ : ਹੁਕਮੀ- ਹੁਕਮ ਦਾ ਮਾਲਕ, ਰਜ਼ਾ ਵਾਲ਼ਾ। ਹੁਕਮੀ ਹੁਕਮੁ- ਰਜ਼ਾ ਵਾਲ਼ੇ ਦਾ ਹੁਕਮ। ਰਾਹੁ- ਜਗਤ ਦਾ ਕਾਰ-ਵਿਹਾਰ। ਵਿਗਸੈ- ਪ੍ਰਸੰਨ ਰਹਿੰਦਾ ਹੈ। ਵੇਪਰਵਾਹੁ- ਅਚਿੰਤ ਮਾਲਕ।

ਅਰਥ : ਹੇ ਨਾਨਕ  ! ਰਜ਼ਾ ਵਾਲ਼ੇ ਦਾ ਹੁਕਮ ਹੀ ਜਗਤ ਕਾਰ-ਵਿਹਾਰ (ਸਾਰਾ ਕੰਮ ਕਾਜ) ਚਲਾ ਰਿਹਾ ਹੈ (ਫਿਰ ਭੀ ਉਹ) ਬੇਫ਼ਿਕਰ ਅਚਿੰਤ ਮਾਲਕ; ਸਦਾ ਅਨੰਦਿਤ ਰਹਿੰਦਾ ਹੈ।

ਵਿਚਾਰ : ਉਕਤ ਵਿਚਾਰ ਤੋਂ ਬਾਅਦ ਐਸਾ ਕੋਈ ਸੰਦੇਹ ਨਹੀਂ ਰਹਿ ਜਾਂਦਾ ਕਿ ‘ਕੂੜੈ ਪਾਲਿ’ ਨੂੰ ਖ਼ਤਮ ਕਰਨ ਲਈ ਰਜ਼ਾ ਦੇ ਮਾਲਕ ਦੇ ਕਿਸੇ ਖ਼ਾਸ ਹੁਕਮ ’ਚ ਚੱਲਣਾ ਹੈ। ਐਸਾ ਮੰਨਣ ਵਾਲ਼ਾ ਹਰੇਕ ਸਮਝੇਗਾ ਕਿ ਮੈਂ ਤਾਂ ਹੁਕਮ ’ਚ ਚੱਲਦਾ ਹਾਂ, ਪਰ ਮੇਰੇ ਵਿਚਾਰਾਂ ਨਾਲ਼ ਅਸਹਿਮਤ ਬੰਦਾ, ਹੁਕਮ ’ਚ ਨਹੀਂ ਚੱਲਦਾ ਕਿਉਂਕਿ ਹਰ ਕੋਈ ‘‘ਇਕ ਦੂ ਇਕੁ ਸਿਆਣਾ ’’ ਹੈ।

ਪਹਿਲੀ ਪਉੜੀ ਤੋਂ ਹੁਕਮ ਦੀ ਵਿਆਖਿਆ ਹੀ ਚੱਲ ਰਹੀ ਹੈ। ਐਨਾ ਵਿਆਪਕ; ਹੁਕਮ ਦਾ ਕਾਰਜ-ਖੇਤਰ ਹੋਣ ਦੇ ਬਾਵਜੂਦ ਭੀ ਰਜ਼ਾ ਵਾਲ਼ਾ ਅਨੰਦਿਤ ਹੈ, ‘‘ਵਿਗਸੈ ਵੇਪਰਵਾਹੁ’’ ਯਾਨੀ ਜਿਸ ਦੇ ਹੁਕਮ ’ਚ ਪੂਰਾ ਬ੍ਰਹਿਮੰਡ ਗਤੀਸ਼ੀਲ ਹੈ; ਉਹ ਨਾ ਦੁਖੀ ਹੈ, ਨਾ ਚਿੰਤਤ। ‘ੴ’ ਦਾ ਇਹੀ ਸੁਭਾਅ; ਰੂਹਾਨੀਅਤ ਦੀ ਮੰਜ਼ਲ (ਸਚਖੰਡ) ਵਾਲ਼ੀ 37ਵੀਂ ਪਉੜੀ ’ਚ ਇਉਂ ਵਰਣਨ ਕੀਤਾ ਹੈ, ‘‘ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ਵੇਖੈ ਵਿਗਸੈ; ਕਰਿ ਵੀਚਾਰੁ .. ੩੭’’ ਇਸ ਤੋਂ ਜਾਪਦਾ ਹੈ ਕਿ ਤੀਰਥ ਇਸ਼ਨਾਨ, ਮੌਨ ਵਰਤ ਆਦਿ ਸਰੀਰਕ ਕੰਮ ਕਰਨ ਵਾਲ਼ੇ ਇੱਕ ਚੌਰਾਹੇ ’ਚ ਖੜ੍ਹੇ ਵਾਙ ਹਨ। ਉਨ੍ਹਾਂ ਲਈ ਟੀਚਾ ਸਪਸ਼ਟ ਕਰਨਾ ਹੈ ਤਾਂ ਕਿ ਉਹ, ਪੁਸ਼ਤਾਂ ਤੋਂ ਗ੍ਰਹਿਣ ਕੀਤੇ ਕਰਮਕਾਂਡੀ ਮਾਰਗ ਨੂੰ ਛੱਡ ਸਕਣ। ਸਚਖੰਡ ਨਿਵਾਸੀ ਅੰਦਰ ਇਹ ਭਰੋਸਾ ਹੁੰਦਾ ਹੈ ਕਿ ਸਾਰੀ ਜਗਤ-ਕਾਰ; ਰਜ਼ਾ ਵਾਲ਼ੇ ਦੇ ਹੁਕਮ ’ਚ ਹੈ। ਮੈਂ ਭੀ ਉਸ ਦੀ ਰਜ਼ਾ ਅੰਦਰ ਹਾਂ, ਇਹ ਮੰਨ ਕੇ, ਸਵੀਕਾਰ ਕਰਕੇ ਹੀ ‘ਕੂੜੈ ਪਾਲਿ’ ਮਿਟਦੀ ਹੈ।

ਸਾਚਾ ਸਾਹਿਬੁ, ਸਾਚੁ ਨਾਇ; ਭਾਖਿਆ, ਭਾਉ ਅਪਾਰੁ

ਪਦ ਅਰਥ : ਸਾਚਾ- ਸਦੀਵੀ ਸਥਿਰ। ਸਾਹਿਬੁ-ਮਾਲਕ, ਰਜ਼ਾ ਦਾ ਮਾਲਕ। ਸਾਚੁ-ਸਥਿਰ, ਅਟੱਲ, ਨਿਸ਼ਚਿਤ। ਨਾਇ- ਨ੍ਯਾਇ, ਨਿਆਇ, ਇਨਸਾਫ਼। ਭਾਖਿਆ- ਬੋਲੀ, ਭਾਸ਼ਾ। ਭਾਉ-ਪ੍ਰੇਮ, ਪਿਆਰ। ਅਪਾਰੁ-ਜਿਸ ਦਾ ਉਰਲਾ ਤੇ ਪਰਲਾ ਕਿਨਾਰਾ ਨਜ਼ਰ ਨਾ ਆਵੇ ਯਾਨੀ ਬੇਅੰਤ।

ਨੋਟ : ਉਕਤ ਸ਼ਬਦ ਤੋਂ ਇਲਾਵਾ ਗੁਰਬਾਣੀ ’ਚ ‘ਨਾਇ’ ਦੇ ਦੋ ਹੀ ਅਰਥ ਹਨ (1). ਨਾਮ ਵਿੱਚ ਜਾਂ ਨਾਮ ਰਾਹੀਂ; ਜਿਵੇਂ ‘‘ਸਾਚਾ ਸਾਹਿਬੁ ਸਾਚੈ+ਨਾਇ (ਸੋ ਦਰੁ/ਮਹਲਾ /) ਭਾਵ ਸਥਿਰ ਮਾਲਕ; ਸਥਿਰ ਨਾਮ ਰਾਹੀਂ ਮਿਲਦਾ ਹੈ। (2). ਇਸ਼ਨਾਨ ਕਰਕੇ, ਨਹਾ ਕੇ; ਜਿਵੇਂ ‘‘ਤੀਰਥਿ ਨਾਵਾ, ਜੇ ਤਿਸੁ ਭਾਵਾ; ਵਿਣੁ ਭਾਣੇ ਕਿ ਨਾਇ ਕਰੀ ’’ (ਜਪੁ) ਭਾਵ (ਹੇ ਪ੍ਰਭੂ !) ਤੀਰਥ ’ਤੇ ਜਾ ਕੇ ਤਾਂ ਇਸ਼ਨਾਨ ਕਰਾਂ, ਜੇ ਇਉਂ ਕੀਤਿਆਂ ਤੂੰ ਪ੍ਰਸੰਨ ਹੋਵੇਂ। ਨਹੀਂ ਤਾਂ ਨਹਾ ਕੇ ਕੀ ਕਰਾਂਗਾ ? ਧਿਆਨ ਰਹੇ ਕਿ ਦੂਜੇ ਵਾਕ ’ਚ ‘ਨਾਇ’ ਨਾਲ਼ ਕੋਈ ‘ਸਾਚਿ’ ਜਾਂ ‘ਸਾਚੈ’ ਵਿਸ਼ੇਸ਼ਣ ਨਹੀਂ ਹੈ।

ਉਕਤ ਵਾਕ ’ਚ ਸੰਯੁਕਤ ਸ਼ਬਦ ਹਨ ‘ਸਾਚੁ ਨਾਇ’। ਇੱਥੇ ‘ਸਾਚੁ’ ਦਾ ਅਰਥ ‘ਸਾਚ ਵਿੱਚ’ ਜਾਂ ‘ਸਾਚ ਰਾਹੀਂ’ ਨਹੀਂ ਹੋ ਸਕਦਾ ਤਾਹੀਓਂ ‘ਨਾਇ’ ਦਾ ਅਰਥ ‘ਨਿਆਇ’ (ਇੱਕ ਵਚਨ ਪੁਲਿੰਗ ਨਾਉ) ਕੀਤਾ ਹੈ।

ਗੁਰਬਾਣੀ ਦੇ ਉਕਤ ਵਾਕ ’ਚ ਇਹ ਇਕਲੌਤਾ ਸ਼ਬਦ ਹੈ, ਜਿਸ ਦਾ ਵਿਸ਼ੇਸ਼ਣ (ਸਾਚੁ); ‘ਨਾਇ’ ਵਾਙ ਸਿਹਾਰੀ ਅੰਤ (ਸਾਚਿ) ਜਾਂ ਦੁਲਾਵਾਂ ਅੰਤ (ਸਾਚੈ) ਨਹੀਂ ਕਿਉਂਕਿ ਕਾਵਿ ਪਿੰਗਲ ਨੇ ‘ਸਾਚੁ’ ਦੇ ‘ਚੁ’ ਨੂੰ ਦੀਰਘ ਮਾਤਰਾ ‘ਚੈ’ ਨਹੀਂ ਹੋਣ ਦਿੱਤਾ; ਜਿਵੇਂ ਕਿ ਇਹ ਵਾਕ ਹਨ, ‘‘ਤ੍ਰਿਪਤਿ ਅਘਾਵਨੁ ਸਾਚੈ+ਨਾਇ ॥ (ਮਹਲਾ ੫/੩੭੭), ਸਾਚੈ+ਨਾਇ ਵਡਾਈ ਪਾਵਹੁ ॥ (ਮਹਲਾ ੩/੮੩੨), ਨਾਨਕ  ! ਭੀਜੈ, ਸਾਚੈ+ਨਾਇ ॥’’ (ਮਹਲਾ ੧/੧੨੩੭)

ਅਰਥ : (ਰਜ਼ਾ ਵਾਲ਼ਾ) ਸਦੀਵੀ ਸਥਿਰ ਮਾਲਕ ਹੈ (ਉਸ ਦਾ) ਇਨਸਾਫ਼ ਢੰਗ ਸਦਾ ਕਾਇਮ ਹੈ (ਭਾਵ ਐਸਾ ਨਹੀਂ ਕਿ ਮਾੜੇ ਕੰਮ ਕਰਕੇ ਕੋਈ ਪੁੱਛੇਗਾ ਨਹੀਂ)। ਉਸ ਦੀ ਬੋਲੀ ਪਿਆਰ ਭਰਪੂਰ ਹੈ (ਭਾਵ ਉਹ ਕ੍ਰੋਧਿਤ ਹੋ ਕੇ ਕਿਸੇ ਨੂੰ ਵੱਧ ਸਜ਼ਾ ਨਹੀਂ ਦਿੰਦਾ)।

ਆਖਹਿ, ਮੰਗਹਿ, ਦੇਹਿ ਦੇਹਿ; ਦਾਤਿ ਕਰੇ, ਦਾਤਾਰੁ

ਉਚਾਰਨ : ਆਖਹਿਂ, ਮੰਗਹਿਂ, ਦੇਹ ਦੇਹ।

ਪਦ ਅਰਥ : ਆਖਹਿ- ਆਖਦੇ ਹਨ। ਮੰਗਹਿ- ਮੰਗਦੇ ਹਨ। ਦੇਹਿ ਦੇਹਿ- (ਆਹ ਦਾਤ) ਦੇਹ (ਓਹ ਦਾਤ) ਦੇਹ। ਦਾਤਾਰੁ- ਦਾਤਾਂ ਦੇਣ ਵਾਲ਼ਾ ਮਾਲਕ।

ਅਰਥ : (ਬਿਨਾਂ ਮੰਗਿਆਂ ਮਿਲੀਆਂ ਦਾਤਾਂ ਤੋਂ ਇਲਾਵਾ; ਕਈ ਉਸ ਦੇ ਦਰ ’ਤੇ, ਹੋਰ ਭੀ ਫ਼ਰਿਆਦਾਂ) ਕਰਦੇ ਹਨ, (ਬਹੁਤ ਕੁੱਝ) ਮੰਗਦੇ ਹਨ (ਕਿ ਇਹ ਜਾਂ ਔਹ ਭੀ) ਦੇਹ ਦੇਹ (ਭਾਵੇਂ ਕਿ) ਦਾਤਾਰ-ਪਿਤਾ (ਲੋੜ ਅਨੁਸਾਰ ਸਭ ਨੂੰ) ਦਾਤ ਦੇਂਦਾ ਰਹਿੰਦਾ ਹੈ।

ਫੇਰਿ, ਕਿ ਅਗੈ ਰਖੀਐ  ? ਜਿਤੁ, ਦਿਸੈ ਦਰਬਾਰੁ

ਪਦ ਅਰਥ : ਫਿਰਿ- ਤਾਂ ਫਿਰ। ਕਿ- ਕਿਹੜੀ (ਭੇਟਾ) ? ਅਗੈ- (ਮਾਲਕ) ਅੱਗੇ। ਰਖੀਐ- ਰੱਖੀ ਜਾ ਸਕਦੀ ਹੈ। ਜਿਤੁ- ਜਿਸ ਨਾਲ਼। ਦਰਬਾਰੁ- ਮਾਲਕ ਦਾ ਦਰ-ਘਰ, ਰਜ਼ਾ ਵਾਲ਼ੇ ਦਾ ਦਰਸ਼ਨ ਹੋਵੇ।

ਅਰਥ : (ਪਹਿਲਾ ਸਵਾਲ : ਦਾਤਾਰ-ਪਿਤਾ ਪਾਸੋਂ ਮਿਲੀਆਂ ਦਾਤਾਂ ਵਿੱਚੋਂ ਜੇ ਉਸ ਨੂੰ ਕੋਈ ਪ੍ਰਵਾਨ ਨਹੀਂ ਤਾਂ) ਫਿਰ ਕਿਹੜੀ (ਭੇਟਾ ਉਸ) ਅੱਗੇ ਰੱਖੀ ਜਾਏ, ਜਿਸ ਨਾਲ਼ (ਉਸ ਦਾ) ਦਰ-ਘਰ ਨਜ਼ਰ ਆਵੇ ਯਾਨੀ ਕਿ ਉਸ ਦਾ ਦਰਸ਼ਨ ਹੋਵੇ ?

ਮੁਹੌ, ਕਿ ਬੋਲਣੁ ਬੋਲੀਐ ? ਜਿਤੁ, ਸੁਣਿ ਧਰੇ ਪਿਆਰੁ

ਉਚਾਰਨ : ਮੁਹੌਂ।

ਪਦ ਅਰਥ : ਮੁਹੌ- ਮੂੰਹ ਤੋਂ, ਜ਼ਬਾਨ ਨਾਲ਼। ਕਿ- ਕਿਹੜਾ। ਬੋਲਣੁ- ਬੋਲ, ਬਚਨ। ਬੋਲੀਐ- ਬੋਲਣਾ ਚਾਹੀਦਾ ਹੈ। ਜਿਤੁ- ਜਿਸ ਨਾਲ਼। ਸੁਣਿ-ਸੁਣ ਕੇ, ਧਿਆਨ ਦੇ ਕੇ।

ਅਰਥ : (ਦੂਜਾ ਸਵਾਲ: ) ਜ਼ਬਾਨ ’ਚੋਂ ਕਿਹੜਾ ਬਚਨ ਬੋਲਣਾ ਚਾਹੀਦਾ ਹੈ, ਜਿਸ ਨਾਲ਼ (ਕੀਤੀ ਬੇਨਤੀ) ਸੁਣ ਕੇ ਮੈਨੂੰ ਪਿਆਰ ਕਰੇ ?

ਅੰਮ੍ਰਿਤ ਵੇਲਾ, ਸਚੁ ਨਾਉ; ਵਡਿਆਈ ਵੀਚਾਰੁ

ਉਚਾਰਨ : ਨਾਉਂ।

ਪਦ ਅਰਥ : ਅੰਮ੍ਰਿਤ ਵੇਲਾ- ਸੂਰਜ ਚੜ੍ਹਨ ਤੋਂ ਤਿੰਨ ਘੰਟੇ ਪਹਿਲਾਂ ਸ਼ੁਰੂ ਹੋਇਆ ਇਕਾਂਤ ਸਮਾਂ, ਜੋ ਸੂਰਜ ਚੜ੍ਹਨ ਤੱਕ ਰਹਿੰਦਾ ਹੈ। ਸਚੁ ਨਾਉ- (ਮਾਲਕ ਦਾ) ਸਥਿਰ ਨਾਮ।

ਅਰਥ : (ਜਵਾਬ : ਇਕਾਂਤ) ਅੰਮ੍ਰਿਤ ਵੇਲ਼ੇ; ਸਥਿਰ (ਕਰਨ ਵਾਲ਼ਾ) ਨਾਮ ਜਪਣਾ ਹੈ ਅਤੇ ਮਾਲਕ ਦੀ ਮਹਿਮਾ ਭਰਪੂਰ ਵਿਚਾਰ ਕਰਨੀ ਹੈ।

ਵਿਚਾਰ : ਅੰਮ੍ਰਿਤ ਵੇਲ਼ੇ ਨੂੰ ਐਨਾ ਮਹੱਤਵ ਦੇਣ ਦੇ ਦੋ ਕਾਰਨ ਹਨ (1). ਕਿ ਦਿਨ ਦੀ ਸ਼ੁਰੂਆਤ ਮਾਲਕ ਨੂੰ ਯਾਦ ਕਰਨ ਨਾਲ਼ ਹੋਵੇ। (2). ਦੇਰੀ ਨਾਲ਼ ਉੱਠਣ ਨਾਲ਼ ਸਮਾਜਿਕ ਕਾਰ-ਵਿਹਾਰ; ਸੁਰਤਿ ਨੂੰ ਵਧੇਰੇ ਅਸ਼ਾਂਤ ਕਰ ਦਿੰਦੇ ਹਨ; ਜਿਵੇਂ ਕਿ ਬਚਨ ਹਨ, ‘‘ਸਬਾਹੀ ਸਾਲਾਹ; ਜਿਨੀ ਧਿਆਇਆ ਇਕ ਮਨਿ (ਨਾਲ਼) ਸੇਈ ਪੂਰੇ ਸਾਹ; ਵਖਤੈ ਉਪਰਿ ਲੜਿ ਮੁਏ ਦੂਜੈ ਬਹੁਤੇ ਰਾਹ; ਮਨ ਕੀਆ ਮਤੀ ਖਿੰਡੀਆ ਬਹੁਤੁ ਪਏ ਅਸਗਾਹ; ਗੋਤੇ ਖਾਹਿ, ਨਿਕਲਹਿ ’’ (ਮਹਲਾ /੧੪੬) ਅਰਥ : ਜੋ ਅੰਮ੍ਰਿਤ ਵੇਲ਼ੇ ਇੱਕ ਮਨ ਹੋ ਕੇ ਰੱਬ ਦੀ ਸਿਫ਼ਤ-ਸਾਲਾਹ ਕਰਦੇ ਹਨ ਓਹੀ ਅਸਲ ਬਾਦਿਸ਼ਾਹ ਹਨ ਕਿਉਂਕਿ ਸਹੀ ਵਕਤ ’ਤੇ ਆਪਣੇ ਮਨ ਨਾਲ਼ ਉਨ੍ਹਾਂ ਨੇ ਯੁੱਧ ਕਰ ਕੇ ਸਫਲਤਾ ਪਾ ਲਈ ਹੁੰਦੀ ਹੈ। ਦਿਨ ਦੇ ਦੂਜੇ ਪਹਿਰ ਯਾਨੀ ਸੂਰਜ ਚੜ੍ਹਨ ’ਤੇ ਮਨ ਦੇ ਵੇਗ (ਪ੍ਰਵਾਹ) ਕਈ ਪਾਸੇ ਫੈਲ ਜਾਂਦੇ ਹਨ। ਦੁਨਿਆਵੀ ਤਰੰਗਾਂ ’ਚ ਬਹੁਤੇ ਲੋਕ ਗੋਤੇ ਖਾਂਦੇ ਹਨ/ਡੁੱਬ ਜਾਂਦੇ ਹਨ, ਨਿਕਲਦੇ ਨਹੀਂ ਭਾਵ ਰੱਬ ਨਾਲ਼ ਧਿਆਨ ਨਹੀਂ ਜੋੜ ਸਕਦੇ।

ਜਿਵੇਂ ਕਈ ਦਿਨਾਂ ਦੀ ਖੜ੍ਹੀ ਗੱਡੀ ਧੱਕਾ ਲਗਾ ਕੇ ਚੱਲ ਪੈਂਦੀ ਹੈ; ਉਸੇ ਤਰ੍ਹਾਂ ਜਦ ਮਾਲਕ ਨਾਲ਼ ਪਿਆਰ ਪੈਦਾ ਹੋ ਜਾਏ, ਫਿਰ ਜਗਿਆਸੂ; ਕੰਮ-ਧੰਦਾ ਕਰਦਿਆਂ ਭੀ ਨਿਰੰਤਰ ਉਸ ਨੂੰ ਯਾਦ ਰੱਖਦਾ ਹੈ; ਜਿਵੇਂ ਕਿ ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦੀ ਆਪਸੀ ਗੱਲ-ਬਾਤ ’ਚੋਂ ਪ੍ਰਗਟ ਹੁੰਦਾ ਹੈ, ‘‘ਨਾਮਾ ਕਹੈ ਤਿਲੋਚਨਾ ! ਮੁਖ ਤੇ ਰਾਮੁ ਸੰਮ੍ਾਲਿ ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ’’ (ਭਗਤ ਕਬੀਰ/੧੩੭੬) ਅਰਥ : ਭਗਤ ਨਾਮਦੇਵ ਜੀ; ਭਗਤ ਤ੍ਰਿਲੋਚਨ ਜੀ ਨੂੰ ਕਹਿੰਦੇ ਹਨ ਕਿ ਆਪਣਾ ਮਨ; ਮਾਇਆ ਤੋਂ ਨਿਰਲੇਪ ਪ੍ਰਭੂ ਨਾਲ਼ ਲਗਾ ਕੇ ਜ਼ਬਾਨ ਤੋਂ ਰਾਮ-ਰਾਮ ਜਪਿਆ ਕਰ ਭਾਵੇਂ ਕਿ ਹੱਥਾਂ ਪੈਰਾਂ ਨਾਲ਼ ਆਪਣਾ ਕੰਮ ਕਾਰ ਕਰਦਾ ਰਹਿ।

ਐਸਾ ਰੌਸ਼ਨ ਦਿਮਾਗ਼; ਰੱਬ ਨੂੰ ਸਿਮਰਨ ਲਈ ਕਿਸੇ ਖ਼ਾਸ ਵੇਲ਼ੇ ਦੀ ਉਡੀਕ ਨਹੀਂ ਕਰਦਾ ਸਗੋਂ ਐਲਾਨੀਆ ਆਖਦਾ ਹੈ ਕਿ ‘‘ਜੇ ਵੇਲਾ ਵਖਤੁ ਵੀਚਾਰੀਐ; ਤਾ ਕਿਤੁ ਵੇਲਾ ਭਗਤਿ ਹੋਇ  ? ਅਨਦਿਨੁ ਨਾਮੇ ਰਤਿਆ; ਸਚੇ ਸਚੀ ਸੋਇ ਇਕੁ ਤਿਲੁ ਪਿਆਰਾ ਵਿਸਰੈ; ਭਗਤਿ ਕਿਨੇਹੀ ਹੋਇ  ? ਮਨੁ ਤਨੁ ਸੀਤਲੁ ਸਾਚ ਸਿਉ; ਸਾਸੁ ਬਿਰਥਾ ਕੋਇ ’’ (ਮਹਲਾ /੩੫) ਅਰਥ : ਹਰ ਦਿਨ ਸੱਚੇ ਦੇ ਨਾਮ-ਰੰਗ (ਪਿਆਰ) ’ਚ ਭਿੱਜੇ ਰਹਿਣ ਨਾਲ਼ ਅਭੁੱਲ ਸ਼ੋਭਾ ਮਿਲਦੀ ਹੈ। ਸਥਿਰ ਮਾਲਕ ਨਾਲ਼ ਜੁੜ ਕੇ ਤਨ ਮਨ ਸ਼ਾਂਤ ਰਹਿੰਦਾ ਹੈ ਕਿਉਂਕਿ ਕੋਈ ਇੱਕ ਸੁਆਸ ਭੀ (ਰੱਬ ਦੀ ਯਾਦ ਤੋਂ ਬਿਨਾਂ) ਅਜਾਈਂ ਨਹੀਂ ਜਾਂਦਾ। ਐਸਾ ਪ੍ਰਤੀਤ ਹੁੰਦਾ ਹੈ ਕਿ ਇੱਕ ਸਕਿੰਟ ਲਈ ਪਿਆਰਾ ਪ੍ਰਭੂ ਭੁਲ ਜਾਏ ਤਾਂ ਸਮਝੋ ਕਾਹਦੀ ਭਗਤੀ ਕੀਤੀ ਯਾਨੀ ਦਾਤਾਰ ਦੇ ਪ੍ਰੇਮ ਰੰਗ ’ਚ ਰੰਗਿਆ ਭਗਤ; ਇੱਕ ਸਕਿੰਟ ਮਾਲਕ ਦੀ ਯਾਦ ਤੋਂ ਸੱਖਣਾ ਰਹਿਣ ਨੂੰ ਭੀ ਵਿਅਰਥ ਜੀਵਨ ਜੀਵਿਆ, ਸਮਝਦਾ ਹੈ। ਉਸ ਅਨੁਸਾਰ ਮਾਲਕ ਦੀ ਭਗਤੀ ਕਰਨ ਲਈ ਜੇ ਖ਼ਾਸ ਸਮਾਂ ਚੁਣੀਏ ਤਾਂ ਕਿਸ ਵੇਲ਼ੇ (ਸੁਆਸ-ਸੁਆਸ ਜਪਣ ਵਾਲ਼ੀ) ਭਗਤੀ ਹੋਵੇਗੀ ਭਾਵ ਨਹੀਂ ਹੋ ਸਕਦੀ।

ਕਰਮੀ, ਆਵੈ ਕਪੜਾ; ਨਦਰੀ, ਮੋਖ ਦੁਆਰੁ

ਪਦ ਅਰਥ : ਕਰਮੀ- (ਰੱਬ ਦੀ) ਮਿਹਰ ਨਾਲ਼। ਆਵੈ- ਮਿਲਦਾ ਹੈ। ਕਪੜਾ- ਸਰੀਰ ਰੂਪੀ ਚੋਲ਼ਾ; ਜਿਵੇਂ ਕਿ ਵਾਕ ਹੈ ‘‘ਕਪੜੁ ਰੂਪੁ ਸੁਹਾਵਣਾ; ਛਡਿ ਦੁਨੀਆ ਅੰਦਰਿ ਜਾਵਣਾ’’ (ਮਹਲਾ /੪੭੦)। ਨਦਰੀ- (ਗੁਰੂ ਦੀ) ਮਿਹਰ ਭਰੀ ਦ੍ਰਿਸ਼ਟੀ ਨਾਲ਼। ਮੋਖ ਦੁਆਰੁ- ਮੁਕਤੀ ਦਾ ਬੂਹਾ, ਸੁਚੱਜਾ ਰਾਹ।

ਅਰਥ : ਰੱਬ ਦੀ ਮਿਹਰ ਨਾਲ਼ ਸਰੀਰ ਰੂਪ ਕੱਪੜਾ ਮਿਲਦਾ ਹੈ (ਤੇ ਗੁਰੂ ਦੀ) ਕਿਰਪਾ ਨਾਲ਼ ਮੁਕਤੀ ਦਾ ਬੂਹਾ ਲੱਭੀਦਾ ਹੈ ਯਾਨੀ ਮਾਇਆਵੀ ਬੰਧਨਾਂ ਤੋਂ ਛੁਟਕਾਰਾ ਹੁੰਦਾ ਹੈ।

ਨਾਨਕ  ! ਏਵੈ ਜਾਣੀਐ; ਸਭੁ ਆਪੇ ਸਚਿਆਰੁ

ਉਚਾਰਨ : ਏਵੈਂ।

ਪਦ ਅਰਥ : ਨਾਨਕ- ਹੇ ਨਾਨਕ ! ਏਵੈ- ਇਸ ਤਰ੍ਹਾਂ, ਇਉਂ। ਜਾਣੀਐ- ਜਾਣਨਾ ਚਾਹੀਦਾ ਹੈ। ਸਭੁ- ਸਭੁ ਕਿਛੁ, ਸਾਰਾ ਕਾਰ-ਵਿਹਾਰ। ਆਪੇ- ਆਪ ਹੀ (ਕਾਵਿ ਤੋਲ ਕਾਰਨ ‘ਆਪਿ’ ਤੋਂ ਇੱਥੇ ‘ਆਪੇ’ ਬਣਿਆ ਹੈ ਤਾਂ ਜੋ ‘ਹੀ’ ਲਿਆ ਜਾ ਸਕੇ)। ਸਚਿਆਰੁ- ਅਸਲ ਹੋਂਦ ਵਾਲ਼ਾ।

ਅਰਥ : ਹੇ ਨਾਨਕ  ! ਇਉਂ ਜਾਣਨਾ ਚਾਹੀਦਾ ਹੈ ਕਿ ਸਾਰਾ ਕਾਰ-ਵਿਹਾਰ; ਸਚਿਆਰ-ਪਿਤਾ ਆਪ ਹੀ ਹੈ ਭਾਵ ਦਾਤਾਰ-ਪਿਤਾ ਹੀ ਸਰਬ ਵਿਆਪਕ ਹੋ ਕੇ ਸਭ ਕੁੱਝ ਕਰਦਾ ਪਿਆ ਹੈ।

ਵਿਚਾਰ : ਉਕਤ ਪੰਕਤੀ ’ਚ ‘ਸਭੁ’ ਦਾ ਅਰਥ; ‘ਸਭ ਥਾਈਂ’ (ਮਾਲਕ ਆਪ ਹੀ ਵਿਆਪਕ ਹੈ) ਨਹੀਂ ਹੋ ਸਕਦਾ ਕਿਉਂਕਿ ‘ਸਭੁ’ (ਔਂਕੜ ਅੰਤ/ਪੁਲਿੰਗ ਪੜਨਾਂਵ) ਹੈ। ‘ਸਭ ਥਾਈਂ’ ਅਰਥ ਲੈਣ ਲਈ ‘ਸਭ’ ਮੁਕਤਾ ਅੰਤ ਹੋਣਾ ਜ਼ਰੂਰੀ ਹੈ; ਜਿਵੇਂ ਕਿ ਹੇਠਲੇ ਵਾਕਾਂ ’ਚ ਹੈ :

ਸਭ ਤੇਰੀ; ਤੂੰ ਸਭਨੀ ਧਿਆਇਆ ॥ (ਮਹਲਾ ੪/੧੧) ‘ਸਭ’ (ਲੁਕਾਈ, ਇਸਤ੍ਰੀ ਲਿੰਗ)

ਸਭ ਦੁਨੀਆ; ਆਵਣ ਜਾਣੀਆ ॥ (ਮਹਲਾ ੧/੨੬)

ਪਹਿਲੀ ਪਉੜੀ ਤੋਂ ਇਸ ਚੌਥੀ ਪਉੜੀ ਦੀ ਸਮਾਪਤੀ (ਏਵੈ ਜਾਣੀਐ; ਸਭੁ ਆਪੇ ਸਚਿਆਰੁ) ਤੱਕ ਸਚਖੰਡ ਦੀ ਵਿਆਖਿਆ ਹੈ। ਮਾਲਕ ਦੇ ਹੁਕਮ ਦੀ ਵਿਆਖਿਆ ਹੈ। ਹੁਕਮ ਅਨੁਸਾਰ ਸਰੀਰ ਮਿਲਦਾ ਹੈ, ‘‘ਕਰਮੀ, ਆਵੈ ਕਪੜਾ’’, ਹੁਕਮ ਵਿੱਚ ਹੀ ‘ਕੂੜੈ ਪਾਲਿ’ (ਬਣਦੀ ਹੈ ਤੇ ਉਸ) ਤੋਂ ਮੁਕਤੀ ਹੁੰਦੀ ਹੈ, ‘‘ਨਦਰੀ, ਮੋਖ ਦੁਆਰੁ’’, ਹੁਕਮ ’ਚ ਹੀ ਮਨੁੱਖ ਨੂੰ ਅੰਮ੍ਰਿਤ ਵੇਲ਼ੇ ਦੀ ਸੰਭਾਲ਼ ਕਰਾਉਣ ਲਈ ਸਤਿਗੁਰੂ ਜੀ ਜਨਮ ਲੈਂਦੇ ਹਨ। ਸੋ ਹੁਕਮ ਦੀ ਐਨੀ ਵਿਸ਼ਾਲ ਵਿਆਖਿਆ ਤੋਂ ਬਾਅਦ ਕੋਈ ਸੰਦੇਹ ਨਹੀਂ ਰਹਿਣਾ ਚਾਹੀਦਾ ਕਿ ‘ਕੂੜੈ ਪਾਲਿ’ ਮਿਟਾ ਕੇ ਸਚਿਆਰ ਬਣਨ ਲਈ ਕਿਸੇ ਖ਼ਾਸ ਹੁਕਮ ’ਚ ਚੱਲਣਾ ਹੈ, ਜਿਸ ਵਿੱਚ ਜੀਵ-ਜੰਤ ਨਹੀਂ ਚੱਲ ਰਹੇ।

http://gurparsad.com/jap-pori-no-4-to-15-part-2/

ਸਿਵ, ਅਗੈ ਸਕਤੀ ਹਾਰਿਆ; ਏਵੈ ਹਰਿ ਭਾਈਆ ॥

0

ਡਖਣੇ ਮਹਲਾ  

ਗਹਡੜੜਾ ਤ੍ਰਿਣਿ ਛਾਇਆ; ਗਾਫਲ ਜਲਿਓਹੁ ਭਾਹਿ

ਅਰਥ : ਗ਼ਾਫ਼ਲ ਬੰਦੇ ਦਾ ਘਾਹ ਨਾਲ਼ ਬਣਿਆ ਛੱਪਰ-ਸਰੀਰ; ਤ੍ਰਿਸ਼ਨਾ ਦੀ ਅੱਗ ’ਚ ਸੜਦਾ ਹੈ।

ਜਿਨਾ ਭਾਗ ਮਥਾਹੜੈ; ਤਿਨ ਉਸਤਾਦ ਪਨਾਹਿ

ਅਰਥ : (ਪਰ) ਜਿਨ੍ਹਾਂ ਦੇ ਮੱਥੇ ’ਤੇ ਚੰਗੇ ਨਸੀਬ ਹਨ ਉਹ ਸਤਿਗੁਰੂ ਦੀ ਸ਼ਰਨ ਵਿੱਚ (ਹੋਣ ਕਾਰਨ ਬਚ ਜਾਂਦੇ ਹਨ)।

ਮਹਲਾ   ਨਾਨਕ  ! ਪੀਠਾ ਪਕਾ ਸਾਜਿਆ; ਧਰਿਆ ਆਣਿ ਮਉਜੂਦੁ

ਅਰਥ : ਹੇ ਨਾਨਕ ! (ਆਖ ਕਿ ਜਿਵੇਂ ਆਟਾ) ਪੀਹ ਕੇ, (ਰੋਟੀ) ਪਕਾ ਕੇ ਤਿਆਰ ਕਰਕੇ (ਬਰਤਨ ’ਚ) ਸਜਾ ਕੇ (ਮੰਦਿਰ ਆਦਿ ’ਚ) ਲਿਆ ਕੇ (ਭੇਟਾ ਕਰਨ ਲਈ ਮੂਰਤੀ) ਅੱਗੇ ਭੋਜਨ ਰੱਖਿਆ ਜਾਂਦਾ ਹੈ (ਭਾਵ ਵਸਤੂ ਸਵੀਕਾਰਨ ਦਾ ਇੰਤਜ਼ਾਰ ਕੀਤਾ ਜਾਂਦਾ ਹੈ)।

ਬਾਝਹੁ ਸਤਿਗੁਰ ਆਪਣੇ; ਬੈਠਾ ਝਾਕੁ ਦਰੂਦ

ਅਰਥ : (ਵੈਸੇ ਹੀ ਸੱਚਾ ਭਗਤ) ਆਪਣੇ ਸਤਿਗੁਰੂ (ਦੀ ਆਗਿਆ) ਤੋਂ ਬਿਨਾਂ (ਪਰਸ਼ਾਦਾ ਨਹੀਂ ਛੱਕਦਾ ਕਿਉਂਕਿ ਗੁਰੂ ਦੁਆਰਾ ਪ੍ਰਵਾਨ ਕਰਨ ਦੀ) ਉਡੀਕ ਰੱਖਦਾ ਹੈ, ਬੈਠ ਕੇ ਇੰਤਜ਼ਾਰ ਕਰਦਾ ਹੈ, ਅਰਦਾਸ ਕਰਦਾ ਹੈ।

ਮਹਲਾ   ਨਾਨਕ  ! ਭੁਸਰੀਆ ਪਕਾਈਆ; ਪਾਈਆ ਥਾਲੈ ਮਾਹਿ

ਅਰਥ : ਹੇ ਨਾਨਕ ! (ਆਖ ਕਿ ਜਿਵੇਂ ਸੁਲਤਾਨ ਪੀਰ ਲਈ ਵੀ) ਧਰਤੀ ਉੱਤੇ ਮਿੱਠਾ ਰੋਟ ਪਕਾ ਕੇ, (ਉਸ ਨੂੰ) ਥਾਲ ’ਚ ਰੱਖ ਕੇ (ਪੀਰ ਦੁਆਰਾ ਭੋਗ ਸਵੀਕਾਰਨ ਦਾ ਇੰਤਜ਼ਾਰ ਹੁੰਦਾ ਹੈ)।

ਜਿਨੀ ਗੁਰੂ ਮਨਾਇਆ; ਰਜਿ ਰਜਿ ਸੇਈ ਖਾਹਿ

ਅਰਥ : (ਪਰ) ਜਿਨ੍ਹਾਂ ਨੇ ਆਪਣੇ ਸਤਿਗੁਰੂ (ਦੁਆਰਾ ਦੱਸੀ ਸੇਵਾ-ਭਗਤੀ ਕਰ ਗੁਰੂ) ਨੂੰ ਪ੍ਰਸੰਨ ਕਰ ਲਿਆ (ਤਾਂ ਸਮਝੋ ਕਿ ਗੁਰੂ ਦੀ ਇਸ ਪ੍ਰਸੰਨਤਾ ’ਚ ਹੀ ਭੇਟਾ ਪ੍ਰਵਾਨ ਹੋ ਗਈ), ਉਹ (ਕਿਸੇ ਵਿਅਕਤੀ-ਵਿਸ਼ੇਸ਼ ਦੁਆਰਾ ਵਸਤੂ ਭੋਗੇ ਜਾਣ ਦਾ ਇੰਤਜ਼ਾਰ ਨਹੀਂ ਕਰਦੇ ਸਗੋਂ ਬਣਾ ਕੇ ਤੁਰੰਤ) ਰੱਜ-ਰੱਜ ਕੇ ਖਾਂਦੇ ਹਨ (ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਆਪਣੇ ਦੁਆਰਾ ਭੋਗਿਆ ਖਾਣਾ ਹੀ ਸਤਿਗੁਰੂ ਨੂੰ ਪ੍ਰਵਾਨ ਹੈ।)

ਨੋਟ : ਇਸ ਵਾਕ ’ਚ ਕਿਸੇ ਮੂਰਤੀ ਜਾਂ ਦੇਹਧਾਰੀ ਗੁਰੂ ਆਦਿ ਦੁਆਰਾ ਪਹਿਲਾਂ ਭੋਜਨ ਛੱਕਣ ਤੋਂ ਬਾਅਦ ਹੀ ਮੈਂ ਭੋਜਨ ਛੱਕਣਾ ਹੈ, ਵਾਲ਼ੇ ਵਹਿਮ-ਭਰਮ ਨੂੰ ਰੱਦ ਕੀਤਾ ਹੈ।

ਪਉੜੀ   ਤੁਧੁ ਜਗ ਮਹਿ ਖੇਲੁ ਰਚਾਇਆ; ਵਿਚਿ ਹਉਮੈ ਪਾਈਆ

ਅਰਥ : (ਹੇ ਮਾਲਕ !) ਤੈਂ ਸੰਸਾਰਿਕ ਜੀਵਾਂ ਅੰਦਰ ਅਹੰਕਾਰ ਪੈਦਾ ਕਰ ਇੱਕ ਅਨੋਖਾ ਖੇਲ ਰਚਿਆ ਹੈ।

ਏਕੁ ਮੰਦਰੁ, ਪੰਚ ਚੋਰ ਹਹਿ; ਨਿਤ ਕਰਹਿ ਬੁਰਿਆਈਆ

ਅਰਥ : ਇੱਕ (ਘਾਹ ਰੂਪ ਛੱਪਰ-) ਸਰੀਰ ਹੈ, ਜਿਸ ਵਿੱਚ ਪੰਜ ਕਾਮਾਦਿਕ ਹਨ, ਜੋ ਨਿੱਤ ਐਬ ਕਰਦੇ ਹਨ।

ਦਸ ਨਾਰੀ, ਇਕੁ ਪੁਰਖੁ ਕਰਿ; ਦਸੇ ਸਾਦਿ ਲੁੋਭਾਈਆ

ਅਰਥ : 5 ਕਰਮ ਇੰਦ੍ਰੇ (ਹੱਥ, ਪੈਰ, ਮੂੰਹ, ਗੁਦਾ, ਲਿੰਗ) ਤੇ 5 ਗਿਆਨ ਇੰਦ੍ਰਿਆਂ (‘ਅੱਖ, ਨੱਕ, ਕੰਨ, ਜੀਭ, ਚਮੜੀ’ ਦੇ ਜੋੜ ਵਿਚਕਾਰ) ਇੱਕ ਜੀਵਾਤਮਾ ਟਿਕਾ ਕੇ ਇਹ ਬਾਹਰੀ ਦਸੇ ਇੰਦ੍ਰੇ; ਵਿਸ਼ੇ-ਵਿਕਾਰਾਂ ਦੇ ਸੁਆਦ ’ਚ ਗ੍ਰਸਤ/ਮਸਤ ਕਰ ਦਿੱਤੇ ਹਨ।

ਏਨਿ ਮਾਇਆ ਮੋਹਣੀ ਮੋਹੀਆ; ਨਿਤ ਫਿਰਹਿ ਭਰਮਾਈਆ

ਅਰਥ : ਇਸ (ਖੇਲ ਰੂਪ) ਸੁੰਦਰ ਮਾਇਆ ਨੇ ਮਨ ਮੋਹ ਲਿਆ, ਜਿਸ ਕਾਰਨ ਨਿੱਤ ਭਰਮ ’ਚ ਭਟਕਦੇ ਹਨ (ਕਿ ਕੋਈ ਭੇਟਾ ਨੂੰ ਗ੍ਰਹਿਣ ਕਰਨ ਵਾਲ਼ਾ ਦੇਵਤਾ, ਪੀਰ ਆਦਿਕ ਹੈ)

ਹਾਠਾ ਦੋਵੈ ਕੀਤੀਓ; ਸਿਵ ਸਕਤਿ ਵਰਤਾਈਆ

ਅਰਥ : ਜੀਵਾਤਮਾ ਅਤੇ ਮਾਇਆ-ਸ਼ਕਤੀ ਰੂਪ ਦੋਵੇਂ ਪਾਸੇ ਤੈਂ ਹੀ ਬਣਾਏ ਹਨ।

ਸਿਵ, ਅਗੈ ਸਕਤੀ ਹਾਰਿਆ; ਏਵੈ ਹਰਿ ਭਾਈਆ

ਅਰਥ : ਹੇ ਹਰੀ ! (ਇਸ ਕਸ਼ਮਕਸ਼ ਰੂਪ ਖੇਲ ਵਿੱਚ) ਮਾਇਆ-ਸ਼ਕਤੀ ਦੇ ਮੁਕਾਬਲੇ ਜੀਵਾਤਮਾ ਹਾਰ ਜਾਂਦਾ ਹੈ (ਸੁਆਸ ਪੂੰਜੀ ਖ਼ਤਮ ਹੋ ਜਾਂਦੀ ਹੈ); ਇਉਂ ਹੀ ਤੈਨੂੰ ਭਾਉਂਦਾ ਹੈ (ਭਾਵ ਬੰਦਾ ਮਨਮੁਖ ਰਹੇ ਤਾਂ ਜੋ ਆਵਾਗਮਣ ਰਾਹੀਂ ਕੁਦਰਤਿ ਦਾ ਵਿਕਾਸ ਹੁੰਦਾ ਰਹੈ, ਤੈਨੂੰ ਐਸਾ ਪਸੰਦ ਹੈ)।

ਇਕਿ, ਵਿਚਹੁ ਹੀ ਤੁਧੁ ਰਖਿਆ; ਜੋ ਸਤਸੰਗਿ ਮਿਲਾਈਆ

ਅਰਥ : (ਪਰ ਸਾਰਿਆਂ ਦਾ ਆਵਾ ਰੂਪ ਛੱਪਰ-ਸਰੀਰ; ਇਸ ਤ੍ਰਿਸ਼ਨਾ ਅੱਗ ’ਚ ਨਹੀਂ ਸੜਦਾ) ਕਈ ਤੈਂ ਆਪ ਹੀ ਸਤਿਗੁਰੂ ਦੀ ਸੰਗਤ ਵਿੱਚ ਮਿਲਾ ਕੇ (ਇਸ ਮਾਇਆ-ਘੁੰਮਣਘੇਰੀ) ਵਿੱਚੋਂ ਬਚਾ ਲਏ ਹਨ।

ਜਲ ਵਿਚਹੁ ਬਿੰਬੁ ਉਠਾਲਿਓ; ਜਲ ਮਾਹਿ ਸਮਾਈਆ (ਮਾਰੂ ਵਾਰ/ਮਹਲਾ /੧੦੯੬)

ਅਰਥ : (ਜਿਵੇਂ) ਜਲ ਵਿੱਚੋਂ ਬੂੰਦ ਉੱਠ ਕੇ ਮੁੜ ਉਸ ਜਲ-ਸਮੁੰਦਰ ’ਚ ਸਮਾਅ ਜਾਂਦੀ ਹੈ; ਇਉਂ ਹੀ ਸਤਿਗੁਰੂ ਦੇ ਪਿਆਰੇ ਤੇਰੇ (ਵਿੱਚੋਂ ਪੈਦਾ ਹੋ ਕੇ ਮੁੜ ਤੇਰੇ) ਵਿੱਚ ਲੀਨ ਹੋ ਜਾਂਦੇ ਹਨ।

ਗਿਆਨੀ ਅਵਤਾਰ ਸਿੰਘ

ਅਸੀਂ ਚੀਜ਼ਾਂ ਭੁੱਲਦੇ ਕਿਉਂ ਹਾਂ  ?

0

ਅਸੀਂ ਚੀਜ਼ਾਂ ਭੁੱਲਦੇ ਕਿਉਂ ਹਾਂ  ?

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਵਧਦੀ ਉਮਰ ਨਾਲ ਦਿਮਾਗ਼ ਦੇ ਸੁੰਗੜਨ ਅਤੇ ਨਵੀਆਂ ਚੀਜ਼ਾਂ ਨੂੰ ਯਾਦ ਰੱਖਣ ਵਿਚਲੀ ਦਿੱਕਤ, ਆਮ ਹੀ ਦਿੱਸਦੀ ਹੈ, ਪਰ ਜੇ ਇਹ ਦਿੱਕਤ ਛੋਟੀ ਉਮਰ ਵਿਚ ਦਿਸਣ ਲੱਗ ਪਵੇ ਤਾਂ ਉਸ ਦੇ ਕਾਰਨਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ।

ਇਹ ਮੰਨੀ ਪਰਮੰਨੀ ਗੱਲ ਹੈ ਕਿ 65 ਸਾਲ ਦੀ ਉਮਰ ਤੋਂ ਬਾਅਦ ਹਰ ਪੰਜ ਸਾਲਾਂ ਬਾਅਦ ਪਹਿਲਾਂ ਨਾਲੋਂ ਦੁਗਣੀ ਯਾਦਦਾਸ਼ਤ ਦੀ ਕਮੀ ਹੋਣ ਲੱਗ ਪੈਂਦੀ ਹੈ। ਇਹ ਵੀ ਵੇਖਣ ਵਿਚ ਆਇਆ ਹੈ ਕਿ ਸੰਤੁਲਿਤ ਖ਼ੁਰਾਕ, ਵਧੀਆ ਦੋਸਤੀਆਂ, ਮੇਲ-ਜੋਲ, ਕਸਰਤ ਆਦਿ ਨਾਲ ਵਡੇਰੀ ਉਮਰ ਤੱਕ ਯਾਦਦਾਸ਼ਤ ਤੇਜ਼ ਰੱਖੀ ਜਾ ਸਕਦੀ ਹੈ।

ਦੂਜੇ ਪਾਸੇ ਨੌਜਵਾਨਾਂ ਦੇ ਸਰੀਰ ਵਿਚ ਪਾਣੀ ਦੀ ਕਮੀ ਦੇ ਦੌਰਾਨ ਪੜ੍ਹੀਆਂ ਚੀਜ਼ਾਂ ਨੂੰ ਯਾਦ ਰੱਖਣ ਵਿਚ ਵੀ ਦਿੱਕਤ ਹੋ ਜਾਂਦੀ ਹੈ ਯਾਨੀ ਹਮੇਸ਼ਾ ਵੱਡੀ ਬੀਮਾਰੀ ਹੀ ਨਹੀਂ ਬਲਕਿ ਸਿਰਫ਼ ਪਾਣੀ ਦੀ ਕਮੀ ਵੀ ਭੁੱਲਣ ਦਾ ਕਾਰਨ ਬਣ ਸਕਦੀ ਹੈ। ਇੰਜ ਹੀ ਥਾਇਰਾਇਡ ਹਾਰਮੋਨਾਂ ਦੀ ਗੜਬੜੀ (ਘੱਟ ਕੰਮ ਕਰਨਾ) ਵਿਚ ਹੁੰਦਾ ਹੈ।

ਰਾਤ ਭਰ ਬਹਿ ਕੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਪਤਾ ਹੈ ਕਿ ਕਿਵੇਂ ਸਵੇਰੇ ਪੇਪਰ ਤੋਂ ਪਹਿਲਾਂ ਸਾਰੀਆਂ ਪੜ੍ਹੀਆਂ ਚੀਜ਼ਾਂ ਭੁੱਲ ਜਾਂਦੀਆਂ ਹਨ। ਇਸ ਤੱਥ ਦੀ ਵਿਗਿਆਨਿਕ ਵਿਆਖਿਆ ਕੀਤੀ ਜਾ ਚੁੱਕੀ ਹੈ। ਦਰਅਸਲ ਸੌਣ ਦੌਰਾਨ ਪਹਿਲਾਂ ਦੀਆਂ ਪੜ੍ਹੀਆਂ ਜਾਂ ਯਾਦ ਕੀਤੀਆਂ ਚੀਜ਼ਾਂ ਨੂੰ ਪਕੀਆਂ ਕਰਨ ਦਾ ਕੰਮ ਦਿਮਾਗ਼ ਅੰਦਰ ਚੱਲਦਾ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਨੀਂਦਰ ਦਾ ਸਮਾਂ ਜ਼ਰੂਰ ਪੂਰਾ ਕਰਨਾ ਚਾਹੀਦਾ ਹੈ। ਅੱਠ ਘੰਟੇ ਦੀ ਨੀਂਦਰ, ਰੋਜ਼ਾਨਾ ਦੀ ਕਸਰਤ, ਸੌਣ ਸਮੇਂ ਕੌਫ਼ੀ ਜਾਂ ਸ਼ਰਾਬ ਨਾ ਪੀਣੀ, ਯਾਦ ਕੀਤੀਆਂ ਚੀਜ਼ਾਂ ਨੂੰ ਪੱਕਿਆਂ ਕਰਨ ਵਿਚ ਮਦਦ ਕਰਦੇ ਹਨ।

ਕੁੱਝ ਹੋਰ ਚੀਜ਼ਾਂ ਦਾ ਅਸਰ :-

  1. ਦਵਾਈਆਂ :ਨੀਂਦਰ ਵਾਲੀਆਂ ਦਵਾਈਆਂ ਯਾਦਦਾਸ਼ਤ ਉੱਤੇ ਮਾੜਾ ਪ੍ਰਭਾਵ ਛੱਡਦੀਆਂ ਹਨ। ਇਸ ਦੇ ਨਾਲੋ-ਨਾਲ ਜ਼ੁਕਾਮ, ਬਲੱਡ ਪ੍ਰੈੱਸ਼ਰ, ਤਣਾਓ, ਢਹਿੰਦੀ ਕਲਾ ਆਦਿ ਲਈ ਵਰਤੀਆਂ ਜਾ ਰਹੀਆਂ ਦਵਾਈਆਂ ਵੀ ਯਾਦਦਾਸ਼ਤ ਘਟਾ ਦਿੰਦੀਆਂ ਹਨ। ਇਹ ਅਸਰ ਹਰ ਕਿਸੇ ਉੱਤੇ ਇੱਕੋ ਜਿਹਾ ਨਹੀਂ ਹੁੰਦਾ। ਹਰ ਸਰੀਰ ਵੱਖੋ-ਵੱਖ ਤਰ੍ਹਾਂ ਦਵਾਈਆਂ ਦਾ ਅਸਰ ਅਪਣਾਉਂਦਾ ਹੈ, ਇਸੇ ਲਈ ਕੁੱਝ ਜਣੇ ਜ਼ੁਕਾਮ ਦੀਆਂ ਤਿੰਨ ਗੋਲੀਆਂ ਰੋਜ਼ ਖਾਣ ਤੋਂ ਬਾਅਦ ਵੀ ਚੁਸਤ ਰਹਿੰਦੇ ਹਨ ਤੇ ਕੁੱਝ ਅੱਧੀ ਗੋਲੀ ਨਾਲ ਹੀ ਮੂਧੇ ਪੈ ਜਾਂਦੇ ਹਨ। ਜੇ ਜ਼ਿਆਦਾ ਨਸ਼ਾ ਮਹਿਸੂਸ ਹੋ ਰਿਹਾ ਹੋਵੇ ਤਾਂ ਦਵਾਈ ਦੀ ਖ਼ੁਰਾਕ ਘਟਾ ਦੇਣੀ ਚਾਹੀਦੀ ਹੈ ਜਾਂ ਦਵਾਈ ਬਦਲ ਲੈਣੀ ਚਾਹੀਦੀ ਹੈ।
  1. ਸ਼ੱਕਰ ਰੋਗ :- ਸਰੀਰ ਅੰਦਰ ਵਧੀ ਹੋਈ ਸ਼ੱਕਰ; ਲਹੂ ਦੀਆਂ ਮਹੀਨ ਨਾੜੀਆਂ ਨੂੰ ਸੁੰਗੇੜ ਦਿੰਦੀ ਹੈ, ਜਿਸ ਨਾਲ ਦਿਮਾਗ਼ ਵੱਲ ਜਾਂਦਾ ਲਹੂ ਘਟ ਜਾਂਦਾ ਹੈ ਤੇ ਯਾਦਦਾਸ਼ਤ ਵੀ ਘੱਟ ਹੋ ਜਾਂਦੀ ਹੈ। ਇਸੇ ਤਰ੍ਹਾਂ ਇਨਸੂਲਿਨ ਦੀ ਵਾਧੂ ਮਾਤਰਾ ਵੀ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਘਟਾ ਕੇ ਦਿਮਾਗ਼ ਦੇ ਸੈੱਲਾਂ ਦਾ ਨੁਕਸਾਨ ਕਰ ਦਿੰਦੀ ਹੈ। ਇੰਜ ਡੀਮੈਂਸ਼ੀਆ ਰੋਗ (ਭੁੱਲ ਜਾਣਾ) ਹੋਣ ਦੇ ਆਸਾਰ ਵਧ ਜਾਂਦੇ ਹਨ। ਜੇ ਸਰੀਰ ਅੰਦਰ ਸ਼ੱਕਰ ਦੀ ਮਾਤਰਾ ਸਹੀ ਰੱਖੀ ਜਾਵੇ ਅਤੇ ਸਹੀ ਖ਼ੁਰਾਕ ਖਾਧੀ ਜਾਵੇ ਤਾਂ ਯਾਦਦਾਸ਼ਤ ਦੇਰ ਤੱਕ ਸਹੀ ਰੱਖੀ ਜਾ ਸਕਦੀ ਹੈ। ਇਸ ਦੇ ਨਾਲ ਰੈਗੂਲਰ ਕਸਰਤ ਵੀ ਬਹੁਤ ਫ਼ਾਇਦੇਮੰਦ ਹੈ।
  2. ਜੀਨ :– ਟੱਬਰ ਦੇ ਜੀਨਾਂ ਉੱਤੇ ਬਹੁਤ ਕੁੱਝ ਆਧਾਰਿਤ ਹੁੰਦਾ ਹੈ। ਜੇ ਘਰ ਵਿਚ ਪਹਿਲਾਂ ਵੱਡਿਆਂ ਦੀ ਯਾਦਦਾਸ਼ਤ ਛੋਟੀ ਉਮਰ ਵਿਚ ਘੱਟ ਰਹੀ ਹੋਵੇ ਤਾਂ ਅੱਗੋਂ ਬੱਚਿਆਂ ਵਿਚ ਵੀ ਅਜਿਹਾ ਵੇਖਣ ਨੂੰ ਮਿਲ ਸਕਦਾ ਹੈ। ਕਮਾਲ ਤਾਂ ਇਹ ਹੈ ਕਿ ਕਈ ਵਾਰ ਜੌੜੇ ਜੰਮੇ ਬੱਚਿਆਂ ਵਿੱਚੋਂ ਇੱਕ ਦੀ ਯਾਦਦਾਸ਼ਤ ਘਟੀ ਵੇਖੀ ਗਈ ਜਦ ਕਿ ਦੂਜਾ ਠੀਕ ਠਾਕ ਰਿਹਾ। ਇਸ ਸੰਬੰਧੀ ਡਾਕਟਰੀ ਖੋਜ ਹਾਲੇ ਅਧੂਰੀ ਹੈ।
  3. ਪਾਸਾ ਮਾਰਿਆ ਜਾਣਾ :- ਦਿਮਾਗ਼ ਦੇ ਇੱਕ ਹਿੱਸੇ ਵਿਚ ਰੋਕੇ ਸਦਕਾ ਲਹੂ ਦਾ ਘਟਣਾ, ਦਿਲ ਦੇ ਰੋਗ, ਬਲੱਡ ਪ੍ਰੈੱਸ਼ਰ ਦਾ ਵਧਣਾ, ਸਿਗਰਟ ਪੀਣੀ ਆਦਿ ਕਾਰਨਾਂ ਨਾਲ ਜਦੋਂ ਪਾਸਾ ਮਾਰਿਆ ਜਾਵੇ ਤਾਂ ਯਾਦਦਾਸ਼ਤ ਉੱਤੇ ਵੀ ਕਾਫ਼ੀ ਫ਼ਰਕ ਪੈ ਜਾਂਦਾ ਹੈ। ਮੂੰਹ ਦਾ ਢਿਲਕਣਾ, ਬਾਂਹ ਦੀ ਕਮਜ਼ੋਰੀ ਅਤੇ ਬੋਲਣ ਵਿਚ ਅੜਚਨ, ਪਾਸਾ ਮਾਰੇ ਜਾਣ ਦੇ ਮੁੱਢਲੇ ਲੱਛਣ ਹੁੰਦੇ ਹਨ।
  4. ਸਿਗਰਟਨੋਸ਼ੀ :- ਇਹ ਲਹੂ ਦੀਆਂ ਨਾੜੀਆਂ ਉੱਤੇ ਮਾੜਾ ਪ੍ਰਭਾਵ ਪਾਉਂਦੀ ਹੈ। ਇਸੇ ਲਈ ਪਾਸਾ ਮਾਰੇ ਜਾਣ ਦੇ ਨਾਲ ਯਾਦਦਾਸ਼ਤ ਵੀ ਘਟਾਉਂਦੀ ਹੈ।
  5. ਦਿਲ ਦੇ ਰੋਗ :- ਲਹੂ ਦੀਆਂ ਨਾੜੀਆਂ ਅੰਦਰ ਜੰਮਦੇ ਝੱਪੇ ਹਾਰਟ ਅਟੈਕ ਦਾ ਖ਼ਤਰਾ ਵੀ ਵਧਾਉਂਦੇ ਹਨ ਤੇ ਨਾਲੋ ਨਾਲ ਪਾਸਾ ਮਾਰੇ ਜਾਣ ਅਤੇ ਯਾਦਦਾਸ਼ਤ ਘਟਣ ਦਾ ਵੀ। ਇਹੋ ਸਭ ਕੁੱਝ ਬਲੱਡ ਪ੍ਰੈੱਸ਼ਰ ਦੇ ਵਾਧੇ ਨਾਲ ਹੁੰਦਾ ਹੈ। ਇਸੇ ਲਈ ਸੰਤੁਲਿਤ ਖ਼ੁਰਾਕ, ਕਸਰਤ, ਤਣਾਓ ਘਟਾਉਣਾ, ਧਿਆਨ ਲਾਉਣਾ ਆਦਿ ਕਾਫ਼ੀ ਅਸਰਦਾਰ ਸਾਬਤ ਹੋਏ ਹਨ। ਬਲੱਡ ਪ੍ਰੈੱਸ਼ਰ ਘਟਾਉਣ ਲਈ ਦਵਾਈ ਜ਼ਰੂਰ ਲੈਣੀ ਚਾਹੀਦੀ ਹੈ।
  6. ਢਹਿੰਦੀ ਕਲਾ ਅਤੇ ਤਣਾਓ :- ਘਬਰਾਹਟ, ਤਣਾਓ ਅਤੇ ਢਹਿੰਦੀ ਕਲਾ ਦੇ ਨਾਲ ਗੁੱਸਾ ਸਿਰਫ਼ ਆਪਣੇ ਸਰੀਰ ਅਤੇ ਦਿਮਾਗ਼ ਦਾ ਹੀ ਨਾਸ ਮਾਰਦੇ ਹਨ। ਇਸੇ ਲਈ ਯਾਦਦਾਸ਼ਤ ਘਟਾਉਣ ਨਾਲੋਂ ਜ਼ਿੰਦਗੀ ਨੂੰ ਰੱਜ ਕੇ ਜਿਊਣ ਅਤੇ ਸਕਾਰਾਤਮਕ ਸੋਚ ਨਾਲ ਵਧੀਆ ਸਮਾਂ ਲੰਘਾਇਆ ਜਾ ਸਕਦਾ ਹੈ।
  7. ਸਿਰ ਦੀ ਸੱਟ :- ਇਕਦਮ ਵੱਜੀ ਸੱਟ ਨਾਲ ਉਸ ਸਮੇਂ ਬਾਰੇ ਕੁੱਝ ਵੀ ਚੇਤੇ ਨਹੀਂ ਰਹਿੰਦਾ। ਸੱਟ ਠੀਕ ਹੋਣ ਤੋਂ ਬਾਅਦ ਵੀ ਉਹ ਯਾਦ ਕਈ ਵਾਰ ਵਾਪਸ ਨਹੀਂ ਆਉਂਦੀ ਤੇ ਅੱਗੋਂ ਵੀ ਗੱਲਾਂ ਛੇਤੀ ਭੁੱਲਣ ਲੱਗ ਪੈਂਦੀਆਂ ਹਨ। ਪੂਰਾ ਆਰਾਮ, ਸਹੀ ਸਮੇਂ ਸਿਰ ਲਈਆਂ ਦਵਾਈਆਂ, ਪਿਆਰ-ਦੁਲਾਰ, ਹੱਲਾਸ਼ੇਰੀ ਅਤੇ ਸਹੀ ਖ਼ਰਾਕ ਯਾਦਦਾਸ਼ਤ ਵਿਚ ਵਾਧਾ ਕਰ ਸਕਦੀ ਹੈ।

ਬੌਕਸਿੰਗ ਵਰਗੀਆਂ ਖੇਡਾਂ ਵਿਚ ਲਗਾਤਾਰ ਸਿਰ ਉੱਤੇ ਵਜਦੀਆਂ ਸੱਟਾਂ ਨਾਲ ਵੀ ਵਡੇਰੀ ਉਮਰ ਤੋਂ ਪਹਿਲਾਂ ਹੀ ਯਾਦਦਾਸ਼ਤ ਘਟਣ ਲੱਗ ਪੈਂਦੀ ਹੈ। ਜੇ ਹਲਕੀ ਸੱਟ ਵੱਜੀ ਹੋਵੇ, ਪਰ ਨਜ਼ਰ ਧੁੰਧਲੀ ਪੈਂਦੀ ਦਿੱਸੇ, ਚੱਕਰ, ਘਬਰਾਹਟ, ਦਿਲ ਕੱਚਾ ਅਤੇ ਕੁੱਝ ਸਮਝ ਨਾ ਪੈ ਰਹੀ ਹੋਵੇ ਤਾਂ ਤੁਰੰਤ ਡਾਕਟਰ ਕੋਲ ਜਾਣਾ ਚਾਹੀਦਾ ਹੈ।

  1. ਮੋਟਾਪਾ :- ਮੋਟਾਪੇ ਦੇ ਸ਼ਿਕਾਰ ਲੋਕਾਂ ਵਿਚ ਵੀ ਅਧੇੜ ਉਮਰ ਤੋਂ ਪਹਿਲਾਂ ਹੀ ਯਾਦਦਾਸ਼ਤ ਦੀ ਕਮੀ ਵੇਖਣ ਨੂੰ ਮਿਲੀ ਹੈ। ਮੋਟਾਪੇ ਵਿਚ ਦਿਲ ਦੇ ਰੋਗ ਵੀ ਜਲਦੀ ਹੁੰਦੇ ਹਨ, ਜਿਹੜੇ ਦਿਮਾਗ਼ ਦੀਆਂ ਨਸਾਂ ਉੱਤੇ ਅਸਰ ਪਾ ਸਕਦੇ ਹਨ। ਇਸੇ ਲਈ ਖ਼ੁਰਾਕ ਸਹੀ ਕਰ ਕੇ ਰੋਜ਼ਾਨਾ ਕਸਰਤ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ।
  2. ਕਸਰਤ ਨਾ ਕਰਨੀ :- ਜਿਨ੍ਹਾਂ ਵਿਚ ਯਾਦਦਾਸ਼ਤ ਦੀ ਕਮੀ ਹੋ ਚੁੱਕੀ ਹੋਵੇ, ਉਨ੍ਹਾਂ ਨੂੰ ਵੀ ਜੇ ਰੈਗੂਲਰ ਕਸਰਤ ਕਰਵਾਈ ਜਾਵੇ ਤਾਂ ਯਾਦਦਾਸ਼ਤ ਵਿਚ ਫ਼ਾਇਦਾ ਹੁੰਦਾ ਵੇਖਿਆ ਗਿਆ ਹੈ। ਇਸੇ ਗੱਲ ਤੋਂ ਹੀ ਸਮਝ ਆ ਜਾਂਦੀ ਹੈ ਕਿ ਕਸਰਤ ਦੀ ਕਮੀ ਕਿਵੇਂ ਦਿਮਾਗ਼ ਨੂੰ ਸੁੰਨ ਕਰ ਕੇ ਰੱਖ ਦਿੰਦੀ ਹੈ। ਭਾਵੇਂ ਦੌੜਿਆ ਜਾਵੇ, ਨੱਚਿਆ ਜਾਵੇ, ਤੈਰਿਆ ਜਾਵੇ ਜਾਂ ਤੇਜ਼ ਤੁਰਿਆ ਜਾਵੇ, ਹਫ਼ਤੇ ਵਿਚ ਘੱਟੋ-ਘੱਟ ਪੰਜ ਦਿਨ 40 ਮਿੰਟ ਕਸਰਤ ਕਰਨੀ ਜ਼ਰੂਰੀ ਹੈ।
  3. ਖ਼ੁਰਾਕ :- ਜਿਹੜੀ ਖ਼ੁਰਾਕ ਦਿਲ ਲਈ ਸਿਹਤਮੰਦ ਹੋਵੇ, ਉਹੀ ਖ਼ੁਰਾਕ ਦਿਮਾਗ਼ ਨੂੰ ਵੀ ਚੁਸਤ-ਦਰੁਸਤ ਰੱਖਦੀ ਹੈ। ਛਾਣਬੂਰੇ ਵਾਲਾ ਆਟਾ, ਫਲ, ਸਬਜ਼ੀਆਂ, ਮੱਛੀ, ਸੁੱਕੇ ਮੇਵੇ, ਓਲਿਵ ਤੇਲ, ਬਲੂਬੈਰੀ, ਐਵੋਕੈਡੋ, ਰਾਗੀ ਦਾ ਆਟਾ, ਕੋਧਰੇ ਦਾ ਆਟਾ, ਹਰੀਆਂ ਫਲੀਆਂ, ਆਦਿ ਵਧੀਆ ਹਨ।

ਲਾਲ ਮੀਟ ਨਾ ਬਰਾਬਰ ਹੀ ਖਾਣਾ ਚਾਹੀਦਾ ਹੈ। ਵਾਧੂ ਥਿੰਦਾ ਅਤੇ ਮਿੱਠਾ ਵੀ ਨਹੀਂ ਖਾਣਾ ਚਾਹੀਦਾ। ਇੰਜ ਹੀ ਵਾਧੂ ਲੂਣ ਵੀ ਨੁਕਸਾਨ ਕਰਦਾ ਹੈ।

  1. ਸਿਰ ਅੰਦਰ ਰਸੌਲੀ, ਕੀਟਾਣੂਆਂ ਦਾ ਹਮਲਾ
  2. ਵਿਟਾਮਿਨ ਬੀ 12 ਦੀ ਕਮੀ :- ਦਿਮਾਗ਼ ਦੇ ਸੈੱਲ ਅਤੇ ਸਰੀਰ ਦੇ ਲਾਲ ਸੈੱਲਾਂ ਨੂੰ ਸਹੀ ਰੱਖਣ ਵਿਚ ਇਹ ਸਹਾਈ ਹੁੰਦਾ ਹੈ। ਇਸੇ ਲਈ ਇਸ ਦੀ ਕਮੀ ਨਾਲ ਯਾਦਦਾਸ਼ਤ ਘੱਟ ਹੋ ਸਕਦੀ ਹੈ। ਵਿਟਾਮਿਨ ਬੀ 12, ਜ਼ਿਆਦਾਤਰ ਮਾਸਾਹਾਰੀ ਖ਼ੁਰਾਕ ਵਿਚ ਹੁੰਦਾ ਹੈ।
  3. ਸ਼ਰਾਬ :– ਸ਼ਰਾਬ ਦਿਮਾਗ਼ ਵੱਲ ਜਾਂਦੀਆਂ ਨਾੜੀਆਂ ਭੀੜੀਆਂ ਕਰ ਦਿੰਦੀ ਹੈ। ਦਿਮਾਗ਼ ਵੱਲ ਜਾਂਦੇ ਲਹੂ ਦੀ ਕਮੀ ਸਦਕਾ ਯਾਦਦਾਸ਼ਤ ਘੱਟ ਹੋ ਜਾਂਦੀ ਹੈ।
  4. ਕੈਨੋਲਾ ਤੇਲ, ਕੌਰਨ ਤੇਲ ਤੇ ਸੈਫਲਾਵਰ ਤੇਲ (ਸਬਜ਼ੀਆਂ ਤੋਂ ਬਣੇ ਤੇਲ) :- ਇਨ੍ਹਾਂ ਵਿਚ ਓਮੇਗਾ 6 ਫੈਟੀ ਏਸਿਡ ਵੱਧ ਹੁੰਦਾ ਹੈ, ਜੋ ਓਮੇਗਾ ਤਿੰਨ ਫੈਟੀ ਏਸਿਡ ਦਾ (ਮੱਛੀ, ਅਖਰੋਟ) ਦਾ ਅਸਰ ਘਟਾ ਦਿੰਦਾ ਹੈ। ਇਸ ਤਰ੍ਹਾਂ ਯਾਦਦਾਸ਼ਤ ਘਟਣੀ ਸ਼ੁਰੂ ਹੋ ਜਾਂਦੀ ਹੈ।
  5. 16. ਸੋਡੇ ਤੇ ਐਨਰਜੀ ਡਰਿੰਕਸ :- ਸੰਨ 2013 ਅਤੇ 2017 ਵਿਚ ਹੋਈਆਂ ਖੋਜਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਮਿੱਠੇ, ਠੰਡੇ ਸੋਡੇ ਦਿਮਾਗ਼ ਦੇ ਯਾਦਦਾਸ਼ਤ ਵਾਲੇ ਹਿੱਸੇ ਦਾ ਨਾਸ ਮਾਰ ਦਿੰਦੇ ਹਨ। ਇਨ੍ਹਾਂ ਨਾਲ ਸ਼ੱਕਰ ਰੋਗ ਹੋਣ ਦਾ ਖ਼ਤਰਾ ਵੀ ਵੱਧ ਹੋ ਜਾਂਦਾ ਹੈ।
  6. ਬਰੈੱਡ, ਪਾਸਤਾ, ਚੌਲ, ਆਲੂ :– ਇਨ੍ਹਾਂ ਦਾ ਗਲਾਈਸੀਮਿਕ ਇੰਡੈਕਸ ਵੱਧ ਹੋਣ ਸਦਕਾ ਇਨ੍ਹਾਂ ਨੂੰ ਖਾਂਦੇ ਸਾਰ ਸਰੀਰ ਅੰਦਰ ਇਨਸੂਲਿਨ ਝਟਪਟ ਵਧ ਜਾਂਦੀ ਹੈ। ਜੇ ਇਹ ਰੈਗੂਲਰ ਵਰਤੇ ਜਾਂਦੇ ਹੋਣ ਤਾਂ ਦਿਮਾਗ਼ ਦੇ ਯਾਦਦਾਸ਼ਤ ਦੇ ਸੈਂਟਰ ਦਾ ਨੁਕਸਾਨ ਹੋ ਸਕਦਾ ਹੈ।
  7. ਤਲੀਆਂ ਚੀਜ਼ਾਂ :- 18,080 ਲੋਕਾਂ ਉੱਤੇ ਹੋਈ ਖੋਜ ਨੇ ਸਪਸ਼ਟ ਕੀਤਾ ਹੈ ਕਿ ਤਲੀਆਂ ਚੀਜ਼ਾਂ ਜਿਵੇਂ ਫਰੈਂਚ ਫਰਾਈਜ਼, ਫਰਾਈਡ ਚਿਕਨ, ਡੋਨੱਟ ਆਦਿ ਵੱਧ ਖਾਂਦੇ ਰਹਿਣ ਵਾਲਿਆਂ ਵਿਚ ਯਾਦਦਾਸ਼ਤ ਦੀ ਕਮੀ ਛੇਤੀ ਹੋ ਜਾਂਦੀ ਹੈ। ਇੰਜ ਹੀ ਡਾਈਟ ਸੋਡੇ ਪੀਣ ਵਾਲਿਆਂ ਵਿਚ ਵੀ ਲੱਭਿਆ ਗਿਆ। ਪ੍ਰੋਸੈੱਸਡ ਖਾਣੇ ਵੀ ਓਨੇ ਹੀ ਹਾਣੀਕਾਰਕ ਲੱਭੇ ਗਏ।

ਕਿਹੜੇ ਖਾਣੇ ਯਾਦਦਾਸ਼ਤ ਸਹੀ ਰੱਖਣ ਲਈ ਫਾਇਦੇਮੰਦ ਸਾਬਤ ਹੋ ਚੁੱਕੇ ਹਨ :

  1. ਮੱਛੀ :- ਸਾਰਡੀਨ, ਟਰਾਊਟ, ਟੂਨਾ ਆਦਿ ਓਮੇਗਾ ਤਿੰਨ ਫੈਟੀ ਏਸਿਡ ਭਰਪੂਰ ਹਨ। ਦਿਮਾਗ਼ ਦਾ 60 ਫੀਸਦੀ ਹਿੱਸਾ ਥਿੰਦੇ ਦਾ ਭਰਿਆ ਪਿਆ ਹੈ, ਜਿਸ ਵਿਚ ਜ਼ਿਆਦਾਤਰ ਓਮੇਗਾ ਤਿੰਨ ਫੈਟੀ ਏਸਿਡ ਹੁੰਦੇ ਹਨ।
  2. ਸਵੇਰ ਵੇਲੇ ਪੀਤੀ ਕੌਫ਼ੀ :– ਇਸ ਵਿਚਲੀ ਕੇਫ਼ੀਨ ਅਤੇ ਐਂਟੀਆਕਸੀਡੈਂਟ ਦਿਮਾਗ਼ ਨੂੰ ਚੁਸਤ ਅਤੇ ਸਿਹਤਮੰਦ ਰੱਖਦੇ ਹਨ। ਕੌਫ਼ੀ ਡੋਪਾਮੀਨ ਵੀ ਵਧਾ ਕੇ ਚੰਗਾ ਮਹਿਸੂਸ ਕਰਵਾਉਂਦੀ ਹੈ।

ਦਿਨ ਵਿਚ ਦੋ ਵਾਰ ਪੀਤੀ ਕੌਫ਼ੀ (ਬਹੁਤ ਸਟਰੌਂਗ ਨਾ ਹੋਵੇ) ਦੇਰ ਤੱਕ ਯਾਦਦਾਸ਼ਤ ਸਹੀ ਰੱਖਣ ਵਿਚ ਮਦਦ ਕਰਦੀ ਹੈ। ਚੇਤੇ ਰਹੇ ਕਿ ਇਸ ਵਿਚ ਮਿੱਠਾ ਬਿਲਕੁਲ ਨਹੀਂ ਪਾਉਣਾ ਹੁੰਦਾ।

  1. ਬਲੂਬੈਰੀਆਂ :– ਐਂਥੋਸਾਇਆਨਿਨ ਸਦਕਾ ਇਨ੍ਹਾਂ ਨੂੰ ਖਾਣ ਨਾਲ ਦਿਮਾਗ਼ ਦੇ ਸੈੱਲਾਂ ਵਿਚਲੇ ਜੋੜ ਅਤੇ ਉਨ੍ਹਾਂ ਦਾ ਕੰਮ-ਕਾਰ ਸਹੀ ਰਹਿੰਦਾ ਹੈ। ਹਫ਼ਤੇ ਵਿਚ ਘੱਟੋ-ਘੱਟ ਤਿੰਨ ਦਿਨ ਨਾਸ਼ਤੇ ਵਿਚ ਅੱਧੀ ਕੌਲੀ ਬਲੂਬੈਰੀਆਂ ਖਾ ਲੈਣੀਆਂ ਚਾਹੀਦੀਆਂ ਹਨ।
  2. ਹਲਦੀ :- ਇੱਕ ਗੱਲ ਤਾਂ ਪੱਕੀ ਹੈ ਕਿ ਹਲਦੀ ਸਿੱਧਾ ਦਿਮਾਗ਼ ਵਿਚ ਪਹੁੰਚ ਨਹੀਂ ਸਕਦੀ। ਸਦੀਆਂ ਤੋਂ ਲੋਕ ਸੋਜ਼ਿਸ਼ ਘਟਾਉਣ, ਸੱਟ ਫੇਟ ਦੀ ਪੀੜ ਘਟਾਉਣ ਲਈ ਅਤੇ ਖੰਘ ਜ਼ੁਕਾਮ ਸਮੇਂ ਇਸ ਦੀ ਵਰਤੋਂ ਕਰਦੇ ਰਹੇ ਹਨ। ਇਹ ਸਾਰੇ ਅਸਰ ਹਲਦੀ ਵਿਚਲੇ ਕੁਰਕੁਮਿਨ ਸਦਕਾ ਦਿਸਦੇ ਹਨ। ਇਹੀ ਸੋਚ ਕੇ ਘਟੀ ਯਾਦਦਾਸ਼ਤ ਵਾਲੇ ਮਰੀਜ਼ਾਂ ਨੂੰ ਹਲਦੀ ਖੁਆਈ ਗਈ। ਹਲਦੀ ਵਿਚਲੇ ਐਂਟੀਆਕਸੀਡੈਂਟ ਅਤੇ ਕੁਰਕੁਮਿਨ ਨੇ ਦਿਮਾਗ਼ ਅੰਦਰ ਜੰਮੇ ਐਮੀਲਾਇਡ ਥੱਦੇ ਖੋਰ ਦਿੱਤੇ ਅਤੇ ਸਿਰੋਟੋਨਿਨ ਦੇ ਨਾਲ ਡੋਪਾਮੀਨ ਦੀ ਮਾਤਰਾ ਵਧਾ ਕੇ ਢਹਿੰਦੀ ਕਲਾ ਵੀ ਕਾਫ਼ੂਰ ਕਰ ਦਿੱਤੀ। ਸਿਰਫ਼ ਏਥੇ ਹੀ ਬਸ ਨਹੀਂ ਹੋਈ ਬਲਕਿ ਦਿਮਾਗ਼ ਵਿਚ ਨਵੇਂ ਸੈੱਲ ਬਣਾਉਣ ਵਿਚ ਵੀ ਹਲਦੀ ਦਾ ਵਧੀਆ ਅਸਰ ਲੱਭਿਆ। ਇਹ ‘ਨਿਊਰੋਟਰੋਪਿਕ ਫੈਕਟਰ’ ਸਦਕਾ ਹੋਇਆ। ਖੋਜ ਵਿਚ ਸਾਰੇ ਮਰੀਜ਼ਾਂ ਨੂੰ 500 ਤੋਂ 2000 ਮਿਲੀਗ੍ਰਾਮ ਕੱਚੀ ਹਲਦੀ ਵਿਚ ਰੋਜ਼ ਕਾਲੀ ਮਿਰਚ ਰਲਾ ਕੇ ਦਿੱਤੀ ਗਈ ਸੀ। ਇਹ ਤਿੰਨ ਮਹੀਨੇ ਲਗਾਤਾਰ ਖਾਧੀ ਗਈ ਸੀ।
  3. ਬਰੌਕਲੀ :- ਵਿਟਾਮਿਨ ਕੇ ਭਰਪੂਰ ਬਰੌਕਲੀ ਵੀ ਵਧੀਆ ਅਸਰ ਵਿਖਾਉਂਦੀ ਹੈ। ਇੱਕ ਕੱਪ ਰੋਜ਼ ਬਰੌਕਲੀ ਖਾਣ ਨਾਲ ਦਿਮਾਗ਼ ਵਿਚਲੇ ਸਫਿੰਗੋਲਿਪਿਡ ਵਧ ਗਏ ਲੱਭੇ, ਜੋ ਦਿਮਾਗ਼ ਦੇ ਸੈੱਲਾਂ ਦੇ ਕੰਮ ਕਾਰ ਲਈ ਲੋੜੀਂਦੇ ਹਨ।
  4. ਪੇਠੇ ਦੇ ਬੀਜ :- ਮੈਗਨੀਸ਼ੀਅਮ, ਲੋਹ ਕਣ, ਜ਼ਿੰਕ ਅਤੇ ਕੌਪਰ ਦੇ ਨਾਲ ਢੇਰ ਸਾਰੇ ਐਂਟੀਆਕਸੀਡੈਂਟ ਦਿਮਾਗ਼ ਲਈ ਬਿਹਤਰੀਨ ਸਾਬਤ ਹੋ ਚੁੱਕੇ ਹਨ। ਰੋਜ਼ ਨਾਸ਼ਤੇ ਵਿਚ ਇੱਕ ਚਮਚ ਤਿੰਨ ਮਹੀਨੇ ਲਗਾਤਾਰ ਖਾ ਲੈਣੇ ਚਾਹੀਦੇ ਹਨ।
  5. ਡਾਰਕ ਚਾਕਲੇਟ :- ਇਸ ਕਾਲੀ ਕੌੜੀ ਚਾਕਲੇਟ ਵਿਚ ਫਲੇਵੋਨਾਇਡ, ਕੇਫ਼ੀਨ ਅਤੇ ਐਂਟੀਆਕਸੀਡੈਂਟ ਭਰੇ ਪਏ ਹਨ। ਵਧਦੀ ਉਮਰ ਨਾਲ ਸੁੰਗੜਦਾ ਦਿਮਾਗ਼ ਵੀ ਇਸ ਦੀ ਵਰਤੋਂ ਨਾਲ ਦੇਰ ਤੱਕ ਚੁਸਤ ਦਰੁਸਤ ਰਹਿ ਸਕਦਾ ਹੈ। ਇਹ ਮੂਡ ਵੀ ਵਧੀਆ ਕਰ ਦਿੰਦੀ ਹੈ।
  6. ਸੁੱਕੇ ਮੇਵੇ :- ਕੁੱਝ ਔਰਤਾਂ ਉੱਤੇ ਸੰਨ 2014 ਵਿਚ ਹੋਈ ਖੋਜ ਅਨੁਸਾਰ ਸੁੱਕੇ ਮੇਵੇ ਲਗਾਤਾਰ ਰੋਜ਼ ਇੱਕ ਮੁੱਠੀ ਖਾਣ ਵਾਲੀਆਂ ਔਰਤਾਂ ਦੀ ਯਾਦਦਾਸ਼ਤ ਦੂਜਿਆਂ ਨਾਲੋਂ ਵੱਧ ਤੇਜ਼ ਲੱਭੀ। ਓਮੇਗਾ ਤਿੰਨ ਫੈਟੀ ਏਸਿਡ, ਵਿਟਾਮਿਨ ਈ, ਐਂਟੀਆਕਸੀਡੈਂਟ ਸਦਕਾ ਇਹ ਅਸਰ ਲੱਭੇ।
  7. ਸੰਤਰੇ : – ਇੱਕ ਵਿਚਕਾਰਲੇ ਮੇਲ ਦਾ ਸੰਤਰਾ ਰੋਜ਼ ਖਾਣਾ ਵੀ ਲਾਹੇਵੰਦ ਹੋ ਸਕਦਾ ਹੈ। ਇਸ ਵਿਚਲੇ ਵਿਟਾਮਿਨ ਸੀ ਸਦਕਾ ਇਹ ਅਸਰ ਦਿਸਦੇ ਹਨ।
  8. ਅੰਡੇ :- ਵਿਟਾਮਿਨ ਬੀ 6, 12, ਫੋਲੇਟ ਅਤੇ ਕੋਲੀਨ, ਜਿੱਥੇ ਯਾਦਦਾਸ਼ਤ ਵਧਾਉਣ ਵਿਚ ਮਦਦ ਕਰਦੇ ਹਨ, ਉੱਥੇ ਮੂਡ ਵੀ ਵਧੀਆ ਕਰ ਦਿੰਦੇ ਹਨ। ਇੱਕ ਅੰਡੇ ਦੇ ਪੀਲੇ ਹਿੱਸੇ ਵਿਚ 112 ਮਿਲੀਗ੍ਰਾਮ ਕੋਲੀਨ ਹੈ, ਜੋ ਦਿਮਾਗ਼ ਨੂੰ ਚੁਸਤ ਦਰੁਸਤ ਰੱਖਣ ਵਿਚ ਸਹਾਈ ਸਾਬਤ ਹੋ ਚੁੱਕੀ ਹੈ।
  9. ਹਰੀ ਚਾਹ :- ਇਸ ਵਿਚਲਾ ਕੇਫੀਨ, ਥੀਆਨੀਨ (ਅਮਾਈਨੋ ਏਸਿਡ) ਦਿਮਾਗ਼ ਅੰਦਰ ‘ਗਾਬਾ’ ਵਧਾ ਕੇ ਦਿਮਾਗ਼ ਦੀ ਤਰਥੱਲੀ ਘਟਾ ਕੇ ਜਿੱਥੇ ਆਨੰਦ ਮਹਿਸੂਸ ਕਰਵਾਉਂਦੇ ਹਨ, ਉੱਥੇ ਸੈੱਲਾਂ ਦੀ ਗਿਣਤੀ ਵੀ ਘਟਣ ਨਹੀਂ ਦਿੰਦੇ।

ਬਸ ਇੱਕ ਗੱਲ ਚੇਤੇ ਰੱਖਣ ਦੀ ਲੋੜ ਹੈ ਕਿ ਇਹ ਖਾਣੇ ਜਾਦੂ ਟੂਣੇ ਵਾਂਗ ਅਸਰ ਨਹੀਂ ਵਿਖਾਉਂਦੇ ਬਲਕਿ ਰੋਜ਼ ਖਾਂਦੇ ਰਹਿਣ ਨਾਲ ਹੀ ਚੰਗਾ ਅਸਰ ਛੱਡਦੇ ਹਨ।

ਸਾਰ :- ਹਰ ਸਾਲ ਦੁਨੀਆ ਭਰ ਵਿਚ 3.2 ਮਿਲੀਅਨ ਲੋਕ ਕਸਰਤ ਨਾ ਕਰਨ ਸਦਕਾ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਕੁੱਝ ਮੋਟਾਪੇ ਦੇ ਸ਼ਿਕਾਰ ਹੋ ਕੇ ਅਨੇਕ ਬੀਮਾਰੀਆਂ ਸਹੇੜ ਲੈਂਦੇ ਹਨ।

ਅੱਜ ਦੇ ਦਿਨ ਪੂਰੀ ਦੁਨੀਆ ਵਿਚ 55 ਮਿਲੀਅਨ ਲੋਕ ਯਾਦਦਾਸ਼ਤ ਦੀ ਕਮੀ ਨਾਲ ਜੂਝ ਰਹੇ ਹਨ ਅਤੇ ਹਰ ਸਾਲ ਇਸ ਗਿਣਤੀ ਵਿਚ 10 ਮਿਲੀਅਨ ਵਾਧਾ ਹੋ ਜਾਂਦਾ ਹੈ। ਬਹੁਤਿਆਂ ਨੂੰ ਇੰਜ ਹੀ ਧੱਕੇ ਖਾਣ ਲਈ ਘਰੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਅਤੇ ਬਥੇਰੇ ਘਰਾਂ ਅੰਦਰ ਬੰਨ੍ਹ ਕੇ ਰੱਖੇ ਜਾਂਦੇ ਹਨ। ਬਥੇਰੇ ਗ਼ਰੀਬ ਘਰਾਂ ਵਿਚਲੇ ਇਸ ਬੀਮਾਰੀ ਨਾਲ ਜੂਝਦੇ ਇਲਾਜ ਖੁਣੋਂ ਮੌਤ ਦੇ ਮੂੰਹ ਵੱਲ ਚਲੇ ਜਾਂਦੇ ਹਨ।

ਅੱਜ ਦੇ ਦਿਨ ਦੁਨੀਆ ਵਿਚਲੇ ਸਭ ਤੋਂ ਵੱਧ ਡੀਮੈਂਸ਼ੀਆ ਦੇ ਮਰੀਜ਼ ਕਤਰ, ਦੁਬਈ, ਬਹਿਰੀਨ, ਸਾਉਦੀ ਅਰਬ, ਓਮਾਨ, ਕੁਵੈਤ ਤੇ ਇਰਾਕ ਵਿਚ ਹਨ।

ਇਸ ਸਮੇਂ ਵਿਸ਼ਵ ਪੱਧਰ ਉੱਤੇ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਜੇ ਵੇਲੇ ਸਿਰ ਕਦਮ ਨਾ ਪੁੱਟੇ ਗਏ ਤਾਂ ਸੰਨ 2050 ਤੱਕ ਡੀਮੈਂਸ਼ੀਆ ਦੇ ਮਰੀਜ਼ਾਂ ਦੀ ਗਿਣਤੀ ਹੁਣ ਤੋਂ ਤਿੰਨ ਗੁਣਾ (153 ਮਿਲੀਅਨ) ਵੱਧ ਹੋ ਜਾਣ ਵਾਲੀ ਹੈ, ਜੋ ਬਹੁਤ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦੀ ਹੈ। ਅੱਜ ਦੇ ਦਿਨ ਭਾਰਤ ਵਿਚ ਵੀ 10 ਮਿਲੀਅਨ ਤੋਂ ਵੱਧ ਮਰੀਜ਼ ਭੁੱਲ ਜਾਣ ਦੀ ਬੀਮਾਰੀ ਨਾਲ ਜੂਝ ਰਹੇ ਹਨ, ਜਿਨ੍ਹਾਂ ਵਿੱਚੋਂ 60 ਸਾਲ ਦੀ ਉਮਰ ਤੋਂ ਵੱਧ 80 ਫੀਸਦੀ ਹਨ ਤੇ ਬਾਕੀ ਛੋਟੀ ਉਮਰ ਦੇ। ਇਨ੍ਹਾਂ ਅੰਕੜਿਆਂ ਤੋਂ ਸਮਝ ਆ ਜਾਂਦੀ ਹੈ ਕਿ ਮੌਜੂਦਾ ਲੇਖ ਕੀ ਅਹਿਮੀਅਤ ਰੱਖਦਾ ਹੈ।

ਕਿਵੇਂ ਪਤਾ ਲੱਗੇ ਕਿ ਭੁੱਲਣ ਦੀ ਬੀਮਾਰੀ ਸੀਰੀਅਸ ਹੋ ਰਹੀ ਹੈ ?

  1. ਇੱਕੋ ਸਵਾਲ ਬਾਰ ਬਾਰ ਪੁੱਛਿਆ ਜਾ ਰਿਹਾ ਹੋਵੇ।
  2. ਆਮ ਜਿਹੇ ਸ਼ਬਦ ਵੀ ਬੋਲਣ ਲੱਗਿਆਂ ਭੁੱਲਣ ਲੱਗ ਪੈਣ।
  3. ਲਫਜ਼ਾਂ ਵਿਚ ਗੜਬੜੀ ਜਿਵੇਂ ਮੇਜ਼ ਨੂੰ ਮੰਜਾ ਕਹਿ ਦੇਣਾ।
  4. ਕਿਸੇ ਚੀਜ਼ ਨੂੰ ਬਣਾਉਣ ਲੱਗਿਆਂ ਉਸ ਦਾ ਢੰਗ ਭੁੱਲਣ ਲੱਗ ਪਵੇ, ਜੋ ਰੋਜ਼ ਬਣਾਇਆ ਜਾਂਦਾ ਹੋਵੇ; ਜਿਵੇਂ ਦਹੀਂ ਜਮਾਉਣਾ, ਦਾਲ ਬਣਾਉਣੀ, ਆਦਿ।
  5. ਊਟ ਪਟਾਂਗ ਚੀਜ਼ਾਂ ਕਰਨੀਆਂ; ਜਿਵੇਂ ਤੜਕੇ ਵਿਚ ਚਾਹ ਪੱਤੀ ਪਾਉਣੀ ਜਾਂ ਪਰਸ ਰਸੋਈ ਦੇ ਫੱਟੇ ਉੱਤੇ ਰੱਖ ਦੇਣਾ, ਚਾਬੀ ਗੁਸਲਖਾਨੇ ਵਿਚ ਰੱਖ ਦੇਣੀ, ਆਦਿ।
  6. ਉਸੇ ਰਾਹ ਚੱਲਦਿਆਂ ਰਸਤਾ ਭੁੱਲ ਜਾਣਾ।
  7. ਰੋਜ਼ ਵਾਲਾ ਆਲਾ-ਦੁਆਲਾ ਵੇਖ ਕੇ ਵੀ ਯਾਦ ਨਾ ਆਵੇ ਕਿੱਧਰ ਜਾਣਾ ਹੈ।
  8. ਇਕਦਮ ਭੜਕ ਜਾਣਾ ਜਾਂ ਅਜੀਬ ਵਿਹਾਰ ਕਰਨ ਲੱਗ ਜਾਣਾ, ਜਿਸ ਪਿੱਛੇ ਓਨਾ ਮਾੜਾ ਕਿਹਾ ਹੀ ਨਾ ਗਿਆ ਹੋਵੇ।

ਸੋ ਜੇ ਅਜਿਹੇ ਲੱਛਣ ਦਿਸਣ ਤਾਂ ਬੰਦੇ ਨੂੰ ਤੁਰੰਤ ਸਿਆਣੇ ਡਾਕਟਰ ਕੋਲ ਲੈ ਜਾਣਾ ਚਾਹੀਦਾ ਹੈ।

Most Viewed Posts