ਨਵਾਂ ਵਰ੍ਹਾ – ਔਰਤਾਂ ਲਈ ਨਵਾਂ ਕੀ ?

0
86

ਨਵਾਂ ਵਰ੍ਹਾਔਰਤਾਂ ਲਈ ਨਵਾਂ ਕੀ ?

ਡਾ. ਹਰਸ਼ਿੰਦਰ ਕੌਰ, ਐੱਮ.ਡੀ., 28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- 0175-2216783

ਸੰਨ 2017 ਵਿਚ 86,001 ਕੇਸਾਂ ਵਿਚ ਭਾਰਤ ਵਿਚ ਔਰਤਾਂ ਦੀ ਬੇਪਤੀ ਜਾਂ ਬੇਇਜ਼ਤੀ ਕਰਨ ਦੇ ਕੇਸ ਸਾਮ੍ਹਣੇ ਆਏ। ਸੰਨ 2021 ਵਿਚ ਇਹ ਗਿਣਤੀ 89,200 ਕੇਸਾਂ ਤੱਕ ਪਹੁੰਚ ਗਈ। ਇਨ੍ਹਾਂ ਵਿੱਚੋਂ ਬੇਪਤੀ ਕਰਨ ਵਾਲਿਆਂ ਵਿੱਚੋਂ 2 ਫੀਸਦੀ ਔਰਤਾਂ ਸਨ ਅਤੇ 98 ਫੀਸਦੀ ਮਰਦ।

ਧਾਰਾ 354 ਵਿਚ ਸ਼ਾਮਲ ਤੱਥ :-

  1. ਬੇਪਤੀ ਕਿਸੇ ਔਰਤ ਦੀ ਹੋਈ ਹੋਵੇ।
  2. ਬੇਪਤੀ ਕਰਨ ਵਾਲਾ ਆਪਣਾ ਪੂਰਾ ਜ਼ੋਰ ਅਤੇ ਰੁਤਬਾ ਵਰਤ ਰਿਹਾ ਹੋਵੇ।
  3. ਔਰਤ ਨੂੰ ਬੇਇਜ਼ਤੀ ਮਹਿਸੂਸ ਹੋਈ ਹੋਵੇ।

ਇਹ ਬੇਪਤੀ ਭੱਦੀ ਜ਼ਬਾਨ ਵਰਤ ਕੇ ਜਾਂ ਜ਼ੋਰ ਜ਼ਬਰਦਸਤੀ ਨਾਲ ਕੀਤੀ ਜਾ ਸਕਦੀ ਹੈ। ਚਾਰ ਦਸੰਬਰ 2023 ਨੂੰ ਜਾਰੀ ਹੋਈ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਅਨੁਸਾਰ ਸੰਨ 2022 ਵਿਚ 31.4 ਫੀਸਦੀ ਔਰਤਾਂ ਵੱਲੋਂ ਮਾਰ ਕੁਟਾਈ ਸਹਿਣ ਸੰਬੰਧੀ, ਜੋ ਰਿਪੋਰਟਾਂ ਦਰਜ ਹੋਈਆਂ, ਉਹ ਜਾਂ ਤਾਂ ਪਤੀ ਵੱਲੋਂ ਜਾਂ ਉਸ ਦੇ ਰਿਸ਼ਤੇਦਾਰਾਂ ਵੱਲੋਂ ਔਰਤ ਦੀ ਮਾਰ ਕੁਟਾਈ ਦੀਆਂ ਕੀਤੀਆਂ ਗਈਆਂ, 19.2 ਫੀਸਦੀ ਉਧਾਲੇ ਜਾਂ ਚੁੱਕੇ ਜਾਣ ਦੀਆਂ, 18.7 ਫੀਸਦੀ ਔਰਤ ਦੀ ਬੇਪਤੀ ਦੀਆਂ ਅਤੇ 7.1 ਫੀਸਦੀ ਬਲਾਤਕਾਰ ਦੀਆਂ ਸ਼ਿਕਾਇਤਾਂ ਉੱਤੇ ਰਿਪੋਰਟਾਂ ਦਰਜ ਕੀਤੀਆਂ ਗਈਆਂ।

ਅਜਿਹੀਆਂ 4.45 ਲੱਖ ਐਫ.ਆਈ.ਆਰ. ਸੰਨ 2022 ਵਿਚ ਦਰਜ ਕੀਤੀਆਂ ਗਈਆਂ, ਜੋ ਅਸਲ ਨਾਲੋਂ ਲਗਭਗ 60 ਗੁਣਾ ਘੱਟ ਸਨ ਕਿਉਂਕਿ ਪੂਰੇ ਕੇਸ ਸ਼ਿਕਾਇਤ ਕਰਨ ਪਹੁੰਚੇ ਹੀ ਨਹੀਂ ਤੇ ਕੁੱਝ ਨੂੰ ਜ਼ੋਰ ਜ਼ਬਰਦਸਤੀ ਚੁੱਪ ਕਰਵਾ ਦਿੱਤਾ ਗਿਆ।

ਭਾਰਤ ਸਰਕਾਰ ਮੰਨ ਚੁੱਕੀ ਹੈ ਕਿ ਜੇ ਔਰਤਾਂ ਪ੍ਰਤੀ ਹੁੰਦੇ ਜੁਰਮਾਂ ਬਾਰੇ ਰਿਕਾਰਡ ਅਨੁਸਾਰ ਵੇਖੀਏ ਤਾਂ 51 ਐਫ.ਆਈ.ਆਰ. ਪ੍ਰਤੀ ਘੰਟਾ ਦਰਜ ਹੋ ਰਹੀਆਂ ਹਨ। ਪ੍ਰਤੀ ਲੱਖ ਲੋਕਾਂ ਵਿੱਚੋਂ 268 ਔਰਤਾਂ ਭਾਰੀ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਨੂੰ ਕਾਨੂੰਨ ਜਾਂ ਪੁਲਿਸ ਵੱਲੋਂ ਨਿਆਂ ਨਸੀਬ ਨਹੀਂ ਹੋਇਆ।

ਔਰਤਾਂ ਪ੍ਰਤੀ ਹੁੰਦੇ ਜੁਰਮਾਂ ਲਈ ਪੂਰੇ ਭਾਰਤ ਵਿੱਚੋਂ ਪਹਿਲੇ ਨੰਬਰ ਉੱਤੇ ਦਿੱਲੀ ਨੂੰ ਰੱਖਿਆ ਗਿਆ ਹੈ, ਜਿੱਥੇ 14,247 ਕੇਸ ਰਿਪੋਰਟ ਹੋਏ ਜੋ ਬਾਕੀ ਭਾਰਤ ਦੇ ਔਸਤਨ 66.4 ਦੀ ਥਾਂ 144.4 ਪ੍ਰਤੀ ਲੱਖ ਸਨ।

ਜਨਗਣਨਾ ਦੇ ਹਿਸਾਬ ਨਾਲ ਉੱਤਰ ਪ੍ਰਦੇਸ ਵਿਚ 66,743 ਕੇਸ, ਮਹਾਰਾਸ਼ਟਰ ਵਿਚ 43,331 ਕੇਸ, ਰਾਜਸਥਾਨ 45,058, ਬੰਗਾਲ, 34,738 ਅਤੇ ਮੱਧ ਪ੍ਰਦੇਸ਼ ਵਿਚ 32,765 ਕੇਸ। ਇਨ੍ਹਾਂ ਪੰਜਾਂ ਸੂਬਿਆਂ ਵਿਚਲੇ ਕੇਸ ਮਿਲਾ ਲਈਏ ਤਾਂ 2,23,635 ਔਰਤਾਂ ਉੱਤੇ ਜ਼ੁਲਮ ਹੋਏ, ਜੋ ਪੂਰੇ ਭਾਰਤ ਵਿਚਲੇ ਕੁੱਲ ਰਿਪੋਰਟ ਹੋਏ ਕੇਸਾਂ ਦਾ 50.2 ਫੀਸਦੀ ਹਿੱਸਾ ਬਣ ਜਾਂਦਾ ਹੈ। ਇਸ ਨੂੰ ਜੇ ਪ੍ਰਤੀ ਲੱਖ ਜਨਸੰਖਿਆ ਦੇ ਹਿਸਾਬ ਨਾਲ ਵੰਡੀਏ ਤਾਂ ਦਿੱਲੀ 144.4, ਹਰਿਆਣਾ 118.7, ਤੇਲੰਗਾਨਾ 117, ਰਾਜਸਥਾਨ 115.1, ਉੜੀਸਾ 103, ਆਂਧਰ ਪ੍ਰਦੇਸ 96.2, ਅੰਡਾਮਨ ਨਿਕੋਬਾਰ 93.7, ਕੇਰਲ 82, ਆਸਾਮ 81, ਮੱਧ ਪ੍ਰਦੇਸ 78.8, ਉਤਰਾਖੰਡ 77, ਮਹਾਰਾਸ਼ਟਰ 75.1, ਬੰਗਾਲ 71.8 ਅਤੇ ਉੱਤਰ ਪ੍ਰਦੇਸ 58.6 ਬਣ ਜਾਂਦੇ ਹਨ। ਐਸਾ ਜੁਰਮ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਕਿਉਂਕਿ ਸੰਨ 2020 ਵਿਚ 3,71,503 ਕੇਸ ਸਨ, ਜੋ ਸੰਨ 2021 ਵਿਚ 4,28,278 ਕੇਸ ਹੋ ਗਏ।

ਇਨ੍ਹਾਂ ਵਿੱਚੋਂ ਕੰਮ ਕਾਰ ਵਾਲੀ ਥਾਂ ਜਾਂ ਉੱਚੇ ਅਹੁਦਿਆਂ ਉੱਤੇ ਬੈਠੀਆਂ ਔਰਤਾਂ ਨਾਲ ਹੁੰਦੀ ਜਿਨਸੀ ਛੇੜਛਾੜ ਬਹੁਤੀ ਵਾਰ ਬਾਹਰ ਕੱਢੀ ਹੀ ਨਹੀਂ ਜਾਂਦੀ। ਜ਼ਿਆਦਾਤਰ ਔਰਤ ਆਪਣਾ ਅਹੁਦਾ ਬਰਕਰਾਰ ਰੱਖਣ, ਸਮਾਜਿਕ ਸ਼ਰਮ ਜਾਂ ਤਰੱਕੀ ਲੈਣ ਦੇ ਚੱਕਰ ਵਿਚ ਫਸ ਕੇ ਚੁੱਪ ਰਹਿੰਦੀ ਹੈ। ਕੁੱਝ ਔਰਤਾਂ ਆਪ ਹੀ ਉੱਚੇ ਅਹੁਦੇ ਉੱਤੇ ਬੈਠੇ ਮਰਦ ਨਾਲ ਤਾਕਤ ਦਾ ਆਨੰਦ ਮਾਨਣ ਲਈ ਸਰੀਰਕ ਸੰਬੰਧ ਕਾਇਮ ਕਰ ਲੈਂਦੀਆਂ ਹਨ ਤੇ ਫਿਰ ਵਕਤ ਨਿਕਲ ਜਾਣ ਉੱਤੇ ਝੂਠੇ ਇਲਜ਼ਾਮ ਲਾ ਦਿੰਦੀਆਂ ਹਨ।

ਗੱਲ ਕਰੀਏ ਸੰਨ 2023 ਦੀ ! ਨੌਂ ਦਸੰਬਰ 2023, ਦੀ ਰਾਤ ਨੂੰ ਇਕ 19 ਸਾਲਾ ਗ਼ਰੀਬ ਬੇਟੀ ਆਪਣੇ ਮਾਮੇ ਕੋਲ ਨੌਕਰੀ ਲੈਣ ਲਈ ਕਾਨਪਰ ਤੋਂ ਜੈਪੁਰ ਬਸ ਰਾਹੀਂ ਗਈ। ਰਾਹ ਵਿਚ ਚਲਦੀ ਬੱਸ ਵਿਚ ਹੀ ਕੰਡਕਟਰ ਨੇ ਉਸ ਨੂੰ ਲੇਟਣ ਵਾਲੀ ਸੀਟ ਉੱਤੇ ਆਰਾਮ ਕਰਨ ਲਈ ਕਿਹਾ।

ਬੇਟੀ ਨੇ ਟਿਕਟ ਮਹਿੰਗੀ ਹੋਣ ਕਾਰਨ ਸਿਰਫ਼ ਬੈਠਣ ਦੀ ਸੀਟ ਹੀ ਬੁੱਕ ਕੀਤੀ ਸੀ। ਕੰਡਕਟਰ ਨੇ ਆਪਣੀ ਕੇਬਿਨ ਵਿਚ ਲੱਗੇ ਬਿਸਤਰੇ ਉੱਤੇ ਉਸ ਨੂੰ ਕੁੱਝ ਦੇਰ ਆਰਾਮ ਕਰਨ ਲਈ ਕਿਹਾ ਕਿ ਉਹ ਤਾਂ ਬਾਹਰ ਹੀ ਬੈਠਾ ਹੈ। ਜਿਉਂ ਹੀ ਬੇਟੀ ਸੌਂ ਗਈ, ਵਾਰੋ ਵਾਰੀ ਦੋ ਡਰਾਈਵਰਾਂ ਅਤੇ ਕੰਡਕਟਰ ਨੇ ਉੱਚੀ ਗਾਣੇ ਲਾ ਕੇ, ਲੜਕੀ ਦਾ ਮੂੰਹ ਘੁੱਟ ਕੇ ਬੰਦ ਕਰ ਉਸ ਨਾਲ ਸਮੂਹਕ ਬਲਾਤਕਾਰ ਕਰ ਦਿੱਤਾ। ਸਾਰੀਆਂ ਸਵਾਰੀਆਂ ਅੱਧੀ ਰਾਤ ਹੋਣ ਕਾਰਨ ਘੂਕ ਸੁੱਤੀਆਂ ਰਹੀਆਂ। ਸਵੇਰੇ ਜੈਪੁਰ ਪਹੁੰਚ ਕੇ ਜਦੋਂ ਬੇਟੀ ਥੱਲੇ ਉਤਰੀ ਤਾਂ ਉਸ ਨੇ ਆਪਣੇ ਮਾਮੇ ਨੂੰ ਦੱਸਿਆ। ਉਸ ਤੋਂ ਬਾਅਦ ਹੀ ਪੁਲਿਸ ਨੇ ਸ਼ਿਕਾਇਤ ਦਰਜ ਕੀਤੀ ਤੇ ਇਹ ਮਾਮਲਾ ਮੀਡੀਆ ਦੀ ਨਜ਼ਰੀਂ ਆਇਆ।

ਨਿੱਕੀਆਂ ਬੱਚੀਆਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਭਾਵੇਂ ਬਹੁਤ ਜ਼ਿਆਦਾ ਹਨ, ਪਰ ਉਹ ਲੋਕਾਂ ਦੀਆਂ ਨਜ਼ਰਾਂ ਵਿਚ ਘੱਟ ਹੀ ਆਉਂਦੇ ਹਨ ਕਿਉਂਕਿ ਕੋਈ ਸ਼ਿਕਾਇਤ ਕਰਤਾ ਹੁੰਦਾ ਹੀ ਨਹੀਂ। ਜ਼ਿਆਦਾ ਮਾਮਲਿਆਂ ਵਿਚ ਘਰ ਦਾ ਹੀ ਕੋਈ ਰਿਸ਼ਤੇਦਾਰ ਜਾਂ ਜਾਣਕਾਰ ਇਹ ਕਾਰਾ ਕਰਦਾ ਲੱਭਦਾ ਹੈ। ਫਿਰ ਇਸ ਸ਼ੋਸ਼ਣ ਉੱਤੇ ਮਿੱਟੀ ਪਾ ਦਿੱਤੀ ਜਾਂਦੀ ਹੈ ਅਤੇ ਨਾਬਾਲਗ ਧੀ ਮਾਨਸਿਕ ਰੋਗੀ ਬਣ ਕੇ ਰਹਿ ਜਾਂਦੀ ਹੈ।

ਆਮ ਹੀ ਅਜਿਹੇ ਕੇਸ ਸੁਣਨ ਤੋਂ ਬਾਅਦ ਇਹ ਕਹਿ ਦਿੱਤਾ ਜਾਂਦਾ ਹੈ ਕਿ ਔਰਤ ਦਾ ਸਸ਼ਕਤੀਕਰਨ ਹੀ ਇਸ ਦਾ ਇਲਾਜ ਹੈ ! ਜੇ ਔਰਤ ਆਪ ਉੱਚੇ ਅਹੁਦੇ ਉੱਤੇ ਹੋਵੇ ਜਾਂ ਕਾਨੂੰਨ ਅਤੇ ਨਿਆਂ ਕਰਨ ਵਾਲਿਆਂ ਵਿਚ ਸ਼ਾਮਲ ਹੋਵੇ ਤਾਂ ਉਹ ਆਪਣੀ ਜਿਨਸ ਨੂੰ ਬਚਾ ਸਕਦੀ ਹੈ, ਪਰ ਇਸ ਖ਼ਬਰ ਬਾਰੇ ਕੀ ਕਹਿਣਾ ਚਾਹੋਗੇ ! ਸੰਨ 2014 ਵਿਚ ਖ਼ਬਰ ਛਪੀ ਕਿ ਉੁੱਤਰ ਪ੍ਰਦੇਸ ਵਿਚ ਇਕ ਮਹਿਲਾ ਜੱਜ ਨੂੰ ਜਬਰੀ ਨਸ਼ਾ ਦੇ ਕੇ ਉਸ ਦੇ ਸਰਕਾਰੀ ਮਕਾਨ ਅੰਦਰ ਹੀ ਉਸ ਦਾ ਸਮੂਹਕ ਬਲਾਤਕਾਰ ਕੀਤਾ ਗਿਆ। ਉਸ ਦੇ ਸਰੀਰ ਉੱਤੇ ਅਣਗਿਣਤ ਡੂੰਘੇ ਜ਼ਖ਼ਮ ਲੱਭੇ ਗਏ।

ਇਸ ਕਾਰੇ ਤੋਂ ਦੋ ਦਿਨ ਪਹਿਲਾਂ ਬਦੌਣ ਵਿਖੇ ਦੋ ਨਾਬਾਲਗ ਭੈਣਾਂ ਦਾ ਸਮੂਹਕ ਬਲਾਤਕਾਰ ਕਰ ਕਤਲ ਕਰ ਦੇਣ ਦੀ ਘਟਨਾ ਨੇ ਸਾਰੇ ਭਾਰਤ ਵਾਸੀਆਂ ਨੂੰ ਸ਼ਰਮਸਾਰ ਕਰ ਦਿੱਤਾ ਸੀ। ਕਾਰਨ ਇਹ ਸੀ ਕਿ ਜਿਸ ਬੇਹੂਦਗੀ ਨਾਲ ਉਨ੍ਹਾਂ ਧੀਆਂ ਨੂੰ ਮਾਰਿਆ ਗਿਆ ਸੀ, ਉਹ ਤਾਂ ਦਿਲ ਕੰਬਾਊ ਹੈ ਹੀ ਸੀ, ਪਰ ਉਸ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਨੂੰ ਦਰਖਤ ਉੱਤੇ ਟੰਗ ਦਿੱਤਾ ਗਿਆ ਸੀ। ਲਾਸ਼ਾਂ ਵਿੱਚੋਂ ਥੱਲੇ ਚੋਂਦੇ ਲਹੂ ਦੀਆਂ ਬੂੰਦਾਂ ਦਾ ਭਾਰ ਧਰਤੀ ਵੀ ਝੱਲਣ ਤੋਂ ਅਸਮਰਥ ਜਾਪਦੀ ਸੀ।

ਨਿਰਭਯਾ ਕਾਂਡ ਹੋਵੇ ਜਾਂ ਜੈਸਿਕਾ ਲਾਲ ਕਤਲ ਜਾਂ ਨੈਨਾ ਨੂੰ ਤੰਦੂਰ ਵਿਚ ਭੁੰਨ ਦੇਣ ਦੀ ਗੱਲ ਹੋਵੇ, ਇਨ੍ਹਾਂ ਮਾਮਲਿਆਂ ਵਿਚ ਕਦੇ ਵੀ ਕਮੀ ਨਹੀਂ ਆਈ, ਭਾਵੇਂ ਭਾਰਤ ਵਿਚ ਪ੍ਰਧਾਨ ਮੰਤਰੀ ਜਾਂ ਰਾਸ਼ਟਰਪਤੀ ਤੱਕ ਦੇ ਅਹੁਦਿਆਂ ਉੱਤੇ ਔਰਤ ਬਿਰਾਜਮਾਨ ਰਹੀ ਹੋਵੇ !

ਤਾਜ਼ੀ ਘਟਨਾ ਔਰਤ ਦੀ ਲਾਚਾਰਗੀ ਦੀ ਸਪਸ਼ਟ ਤਸਵੀਰ ਸਾਮ੍ਹਣੇ ਰੱਖ ਦਿੰਦੀ ਹੈ। ਕੇਰਲ ਵਿਖੇ ਵਕੀਲ ਮਨੂ ਬਾਰੇ ਜੋ ਸ਼ਿਕਾਇਤ ਦਰਜ ਕੀਤੀ ਗਈ, ਉਸ ਅਨੁਸਾਰ ਉਸ ਨੇ ਬਲਾਤਕਾਰ ਪੀੜਤ ਮਹਿਲਾ ਦਾ ਕੇਸ ਲੜਨ ਦੌਰਾਨ ਤਿੰਨ ਵਾਰ ਉਸ ਦਾ ਜਬਰਜ਼ਨਾਹ ਕੀਤਾ, ਜਿਸ ਵਿਚ ਦੋ ਵਾਰ ਕੋਰਟ ਅੰਦਰਲੇ ਆਪਣੇ ਹੀ ਕਮਰੇ ਵਿਚ  ! ਜਦੋਂ ਸ਼ਿਕਾਇਤ ਦਰਜ ਹੋ ਗਈ ਤਾਂ ਉਸ ਨੇ ਹੱਥ ਜੋੜ ਕੇ ਮਹਿਲਾ ਕੋਲ ਜਾ ਕੇ ਬੇਨਤੀ ਕੀਤੀ ਕਿ ਉਹ ਸ਼ਿਕਾਇਤ ਵਾਪਸ ਲੈ ਲਵੇ, ਕਿਉਂਕਿ ਉਸ ਦੀ ਜੱਜ ਬਣਨ ਦੀ ਵਾਰੀ ਆ ਚੱਲੀ ਹੈ ! ਸੋਚ ਕੇ ਵੇਖੀਏ ਕਿ ਇਹੋ ਜਿਹੇ ਲੋਕ ਜੱਜ ਬਣ ਕੇ ਅੱਗੋਂ ਕੀ ਨਿਆਂ ਕਰ ਸਕਦੇ ਹਨ !

ਲੁਧਿਆਣੇ ਵਿਖੇ (24 ਜੂਨ 2022 ਦੀ ਖ਼ਬਰ ਹੈ) 32 ਸਾਲਾ ਵਕੀਲ ਨੂੰ ਉਸ ਦੇ ਪਤੀ ਦੇ ਦੋਸਤ ਨੇ ਹੀ ਕੋਲਡ ਡਰਿੰਕ ਵਿਚ ਨਸ਼ਾ ਰਲਾ ਕੇ ਬੇਹੋਸ਼ ਕਰ ਕੇ ਆਪਣੇ ਸਾਥੀਆਂ ਨਾਲ ਸਮੂਹਕ ਬਲਾਤਕਾਰ ਕਰ ਕੇ ਵੀਡੀਓ ਬਣਾ ਲਈ। ਹੁਣ ਤਾਂ ਹੱਦ ਹੀ ਹੋ ਗਈ ਕਿ ਭਾਰਤ ਦੀ ਇਕ ਜੱਜ ਇੱਛਾ ਮੌਤ ਤੱਕ ਮੰਗਣ ਲੱਗ ਪਈ ਹੈ।

ਕਾਰਨ  ?

ਉਹ ਆਪਣੇ ਆਪ ਨੂੰ ਜ਼ਿੰਦਾ ਲਾਸ਼ ਤੋਂ ਵੱਧ ਕੁੱਝ ਮੰਨ ਹੀ ਨਹੀਂ ਰਹੀ। ਚੀਫ ਜਸਟਿਸ ਚੰਦਰਚੂੜ ਜੀ ਨੂੰ ਲਿਖੇ ਪੱਤਰ ਵਿਚ ਉਸ ਨੇ ਸਪਸ਼ਟ ਕੀਤਾ ਹੈ ਕਿ ਮੈਂ ਇਸ ਉੱਚੀ ਪਦਵੀ ਉੱਤੇ ਰਹਿ ਕੇ ਵੀ ਔਰਤ ਹੋਣ ਦੇ ਨਾ ਤੇ ਕੂੜੇ ਦੇ ਢੇਰ ਤੋਂ ਵੱਧ ਕੁੱਝ ਮੰਨੀ ਹੀ ਨਹੀਂ ਗਈ। ਉਸ ਨੂੰ ਹੋਰ ਸਾਥੀ ਅਤੇ ਉੱਪਰਲੇ ਜੱਜਾਂ ਨੇ ਰਾਤਾਂ ਨੂੰ ਮੀਟਿੰਗਾਂ ਵਾਸਤੇ ਸੱਦ ਕੇ, ਰੱਜ ਕੇ ਸਰੀਰਕ ਸ਼ੋਸ਼ਣ ਕੀਤਾ, ਜਿਸ ਦੀ ਕਿਤੇ ਸੁਣਵਾਈ ਨਹੀਂ ਹੋਈ !

ਉਸ ਨੇ ਬਾਕੀ ਔਰਤਾਂ ਲਈ ਵੀ ਸੁਨੇਹਾ ਛੱਡਿਆ ਹੈ ਕਿ ਤੁਸੀਂ ਵੀ ਕਿਤੋਂ ਨਿਆਂ ਦੀ ਉਮੀਦ ਨਾ ਰੱਖਿਓ ! ਜਿੱਥੇ ਭਾਰੀ ਗਿਣਤੀ ਜੱਜ ਹੀ ਬਲਾਤਕਾਰੀਏ ਹੋਣ ਤੇ ਔਰਤ ਜੱਜ ਵੀ ਸ਼ਿਕਾਰ ਬਣ ਰਹੀ ਹੋਵੇ, ਤਾਂ ਕਿਸ ਕੋਲੋਂ ਨਿਆਂ ਮੰਗਿਆ ਜਾ ਸਕਦਾ ਹੈ ? ਇਹ ਸੁਨੇਹਾ ਆਪਣੇ ਆਪ ਵਿਚ ਬਹੁਤ ਵੱਡਾ ਤੇ ਸਪਸ਼ਟ ਹੈ। ਨਿਤ ਵਧਦੇ ਜਾਂਦੇ ਔਰਤਾਂ ਪ੍ਰਤੀ ਜੁਰਮ ਕੁੱਝ ਗੱਲਾਂ ਸਪਸ਼ਟ ਕਰ ਰਹੇ ਹਨ :-

  1. ਔਰਤ ਨੂੰ ਸ਼ਕਤੀ ਦਾ ਪ੍ਰਤੀਕ ਜ਼ਰੂਰ ਮੰਨਿਆ ਜਾ ਰਿਹਾ ਹੈ, ਪਰ ਉਨ੍ਹਾਂ ਨੂੰ ਧਾਰਮਿਕ ਥਾਵਾਂ ਅੰਦਰ ਕੈਦ ਕਰ ਕੇ ਪੈਸੇ ਕਮਾਉਣ ਦੇ ਜ਼ਰੀਆ ਤੱਕ ਹੀ ਸੀਮਤ ਕਰ ਦਿੱਤਾ ਗਿਆ ਹੈ ਕਿਉਂਕਿ ਧਾਰਮਿਕ ਥਾਵਾਂ ਅੰਦਰ ਵੀ ਔਰਤ ਦੀ ਪੱਤ ਲੁੱਟੇ ਜਾਣ ਦੀਆਂ ਖ਼ਬਰਾਂ ਨਸ਼ਰ ਹੋ ਚੁੱਕੀਆਂ ਹਨ।
  2. ਹੱਕਾਂ ਬਾਰੇ ਆਵਾਜ਼ ਚੁੱਕਦੀ ਔਰਤ ਨੂੰ ਚਰਿੱਤਰਹੀਣ, ਚੁੜੈਲ, ਮਾਨਸਿਕ ਰੋਗੀ ਆਦਿ ਕਹਿ ਕੇ ਸਮਾਜਿਕ ਰੱਸਿਆਂ ਵਿਚ ਜਕੜ ਕੇ ਉਸ ਨੂੰ ਇਕੱਲਾ ਕਰ ਕੇ, ਉਸ ਦੇ ਹੱਕ ਵਿਚ ਉੱਠਦੀ ਹਰ ਆਵਾਜ਼ ਦੱਬ ਕੇ, ਮਰਨ ਲਈ ਛੱਡ ਦਿੱਤਾ ਜਾਂਦਾ ਹੈ।
  3. ਜ਼ਾਲਮ ਨੂੰ ਰਾਜਸੀ ਤਾਕਤ ਦੇ ਕੇ, ਆਪਣਾ ਆਗੂ ਮੰਨਣ ਦਾ ਰਿਵਾਜ਼ ਪਾ ਦਿੱਤਾ ਗਿਆ ਹੈ ਤਾਂ ਜੋ ਚੁਫ਼ੇਰੇ ਭੈਅ ਦਾ ਰਾਜ ਬਣੇ।
  4. ਨਿਆਂ ਪ੍ਰਣਾਲੀ ਕਮਜ਼ੋਰ ਕਰ ਕੇ ਪੂਰੀ ਉਮਰ ਕੋਰਟਾਂ ਦੇ ਧੱਕੇ ਖਾਂਦਿਆਂ ਮਾਨਸਿਕ ਤੌਰ ਉੱਤੇ ਲੋਕਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ।
  5. ਬਥੇਰੇ ਜ਼ੁਲਮ ਵਿਰੁੱਧ ਆਵਾਜ਼ ਚੁੱਕਣ ਵਾਲੇ ਤਾ-ਉਮਰ ਕੈਦਖ਼ਾਨਿਆਂ ਵਿਚ ਧੱਕ ਦਿੱਤੇ ਜਾਂਦੇ ਹਨ।
  6. ਆਪਸੀ ਵੈਰ ਭਾਵ ਜਗਾ ਕੇ, ਮਨਾਂ ਵਿਚ ਇੱਕ ਦੂਜੇ ਲਈ ਨਫ਼ਰਤ ਭਰ ਕੇ, ਆਮ ਲੋਕਾਂ ਵਿਚ ਫੁੱਟ ਪਾ ਕੇ, ਉਨ੍ਹਾਂ ਨੂੰ ਆਸਾਨ ਲੁੱਟ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਜਿਸ ਵਿਚ ਉਨ੍ਹਾਂ ਦੀਆਂ ਧੀਆਂ ਭੈਣਾਂ ਦੀਆਂ ਕਦਰਾਂ ਉੱਕਾ ਹੀ ਮੁਕਾ ਦਿੱਤੀਆਂ ਗਈਆਂ ਹਨ ਤੇ ਧੀਆਂ ਦੇ ਰਾਖੇ ਬਣਨ ਵਾਲੇ ਬਚੇ ਹੀ ਨਹੀਂ। ਪੁਲਿਸ ਕਰਮੀ ਵੀ ਆਪਣੀ ਧੀ ਦੀ ਪਤ ਬਚਾਉਣ ਗਿਆ ਤਾਂ ਜ਼ਾਲਮਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ।
  7. ਔਰਤ ਨੂੰ ਸਿਰਫ਼ ਅਹੁਦਿਆਂ ਦਾ ਸ਼ਿੰਗਾਰ ਹੀ ਬਣਾਇਆ ਜਾਂਦਾ ਹੈ, ਪਰ ਤਾਕਤ ਵਿਹੂਣੀ ਬਣਾ ਕੇ !
  8. ਔਰਤਾਂ ਦੇ ਥਾਣਿਆਂ ਵਿਚ ਵੀ ਔਰਤ ਅਫ਼ਸਰਾਂ ਦੇ ਉੱਤੇ ਬੈਠੇ ਮਰਦ ਅਫਸਰ ਜ਼ੁਲਮ ਜਾਂ ਘਰੇਲੂ ਹਿੰਸਾ ਸਹਿੰਦੀ ਔਰਤ ਦੇ ਹੱਕ ਵਿਚ ਆਵਾਜ਼ ਚੁੱਕਣ ਦੀ ਥਾਂ ਆਪਸੀ ਸਮਝੌਤਾ ਕੇਂਦਰ ਕਰਾਉਣ ਨੂੰ ਤਰਜੀਹ ਦਿੰਦੇ ਹਨ, ਜਿੱਥੇ ਔਰਤ ਨੂੰ ਦਿੱਤੇ ਜਾਂਦੇ ਕਾਨੂੰਨੀ ਹੱਕ ਦਰਕਿਨਾਰ ਕਰਕੇ ਉਸੇ ਘਰ ਵਿਚ ਮਰਨ ਤੱਕ ਪਤੀ ਵੱਲੋਂ ਮਾਰ ਕੁਟਾਈ ਸਹਿੰਦੀ ਰਹਿਣ ਲਈ ਧੱਕਿਆ ਜਾ ਰਿਹਾ ਹੈ।

ਇਸ ਸਾਰੇ ਵਰਤਾਰੇ ਨੂੰ ਵੇਖਦੇ, ਕੋਈ ਦੱਸਣ ਦੀ ਹਿਮਾਕਤ ਤਾਂ ਕਰੇ ਕਿ ਹੁਣ ਔਰਤ ਲਈ ਭਾਰਤ ਵਿਚ ਕਿਹੜੀ ਥਾਂ, ਹਿੱਕ ਤਾਣ ਕੇ, ਸੁਰੱਖਿਅਤ ਕਹਿ ਸਕਦੇ ਹੋ ? ਜੇ ਨਹੀਂ, ਤਾਂ ਕੀ ਇੱਕੋ ਰਾਹ ਬਚਿਆ ਹੈ-ਔਰਤ ਦੇ ਕੁੱਖੋਂ ਮਰਦ ਦੀ ਪੈਦਾਇਸ਼ ਹੋਣੀ ਬੰਦ ਹੋ ਜਾਏ ?

ਹਾਲੇ ਵੀ ਜੇ ਅਣਖੀ ਲੋਕ ਆਪਣੀ ਚੁੱਪੀ ਤੋੜ ਕੇ ਮੌਜੂਦਾ ਹਾਲਾਤ ਨੂੰ ਵੇਲੇ ਸਿਰ ਸਮਝ ਕੇ ਇਕਜੁੱਟ ਹੋ ਜਾਣ, ਤਾਂ ਆਉਣ ਵਾਲਾ ਸਮਾਂ ਸਹੀ ਕੀਤਾ ਜਾ ਸਕਦਾ ਹੈ ! ਉਮੀਦ ਉੱਤੇ ਦੁਨੀਆ ਖੜ੍ਹੀ ਹੈ ! ਔਰਤ ਨੂੰ ਕਦੇ ਤਾਂ ਇਸ਼ਤਿਹਾਰਾਂ ਵਿਚ ਸ਼ੈਅ ਵਿਖਾਉਣੀ ਬੰਦ ਕਰ ਕੇ ਰਿਸ਼ਤਿਆਂ ਦੇ ਨਿੱਘ ਦਾ ਆਧਾਰ ਮੰਨਣਾ ਸ਼ੁਰੂ ਕਰਕੇ ਘਰ ਵਿਚ ਸਹੀ ਅਰਥਾਂ ਵਿਚ ਬਰਾਬਰੀ ਦਾ ਦਰਜਾ ਮਿਲਣਾ ਚਾਹੀਦਾ ਹੈ !