ਸਿਵ, ਅਗੈ ਸਕਤੀ ਹਾਰਿਆ; ਏਵੈ ਹਰਿ ਭਾਈਆ ॥

0
62

ਡਖਣੇ ਮਹਲਾ  

ਗਹਡੜੜਾ ਤ੍ਰਿਣਿ ਛਾਇਆ; ਗਾਫਲ ਜਲਿਓਹੁ ਭਾਹਿ

ਅਰਥ : ਗ਼ਾਫ਼ਲ ਬੰਦੇ ਦਾ ਘਾਹ ਨਾਲ਼ ਬਣਿਆ ਛੱਪਰ-ਸਰੀਰ; ਤ੍ਰਿਸ਼ਨਾ ਦੀ ਅੱਗ ’ਚ ਸੜਦਾ ਹੈ।

ਜਿਨਾ ਭਾਗ ਮਥਾਹੜੈ; ਤਿਨ ਉਸਤਾਦ ਪਨਾਹਿ

ਅਰਥ : (ਪਰ) ਜਿਨ੍ਹਾਂ ਦੇ ਮੱਥੇ ’ਤੇ ਚੰਗੇ ਨਸੀਬ ਹਨ ਉਹ ਸਤਿਗੁਰੂ ਦੀ ਸ਼ਰਨ ਵਿੱਚ (ਹੋਣ ਕਾਰਨ ਬਚ ਜਾਂਦੇ ਹਨ)।

ਮਹਲਾ   ਨਾਨਕ  ! ਪੀਠਾ ਪਕਾ ਸਾਜਿਆ; ਧਰਿਆ ਆਣਿ ਮਉਜੂਦੁ

ਅਰਥ : ਹੇ ਨਾਨਕ ! (ਆਖ ਕਿ ਜਿਵੇਂ ਆਟਾ) ਪੀਹ ਕੇ, (ਰੋਟੀ) ਪਕਾ ਕੇ ਤਿਆਰ ਕਰਕੇ (ਬਰਤਨ ’ਚ) ਸਜਾ ਕੇ (ਮੰਦਿਰ ਆਦਿ ’ਚ) ਲਿਆ ਕੇ (ਭੇਟਾ ਕਰਨ ਲਈ ਮੂਰਤੀ) ਅੱਗੇ ਭੋਜਨ ਰੱਖਿਆ ਜਾਂਦਾ ਹੈ (ਭਾਵ ਵਸਤੂ ਸਵੀਕਾਰਨ ਦਾ ਇੰਤਜ਼ਾਰ ਕੀਤਾ ਜਾਂਦਾ ਹੈ)।

ਬਾਝਹੁ ਸਤਿਗੁਰ ਆਪਣੇ; ਬੈਠਾ ਝਾਕੁ ਦਰੂਦ

ਅਰਥ : (ਵੈਸੇ ਹੀ ਸੱਚਾ ਭਗਤ) ਆਪਣੇ ਸਤਿਗੁਰੂ (ਦੀ ਆਗਿਆ) ਤੋਂ ਬਿਨਾਂ (ਪਰਸ਼ਾਦਾ ਨਹੀਂ ਛੱਕਦਾ ਕਿਉਂਕਿ ਗੁਰੂ ਦੁਆਰਾ ਪ੍ਰਵਾਨ ਕਰਨ ਦੀ) ਉਡੀਕ ਰੱਖਦਾ ਹੈ, ਬੈਠ ਕੇ ਇੰਤਜ਼ਾਰ ਕਰਦਾ ਹੈ, ਅਰਦਾਸ ਕਰਦਾ ਹੈ।

ਮਹਲਾ   ਨਾਨਕ  ! ਭੁਸਰੀਆ ਪਕਾਈਆ; ਪਾਈਆ ਥਾਲੈ ਮਾਹਿ

ਅਰਥ : ਹੇ ਨਾਨਕ ! (ਆਖ ਕਿ ਜਿਵੇਂ ਸੁਲਤਾਨ ਪੀਰ ਲਈ ਵੀ) ਧਰਤੀ ਉੱਤੇ ਮਿੱਠਾ ਰੋਟ ਪਕਾ ਕੇ, (ਉਸ ਨੂੰ) ਥਾਲ ’ਚ ਰੱਖ ਕੇ (ਪੀਰ ਦੁਆਰਾ ਭੋਗ ਸਵੀਕਾਰਨ ਦਾ ਇੰਤਜ਼ਾਰ ਹੁੰਦਾ ਹੈ)।

ਜਿਨੀ ਗੁਰੂ ਮਨਾਇਆ; ਰਜਿ ਰਜਿ ਸੇਈ ਖਾਹਿ

ਅਰਥ : (ਪਰ) ਜਿਨ੍ਹਾਂ ਨੇ ਆਪਣੇ ਸਤਿਗੁਰੂ (ਦੁਆਰਾ ਦੱਸੀ ਸੇਵਾ-ਭਗਤੀ ਕਰ ਗੁਰੂ) ਨੂੰ ਪ੍ਰਸੰਨ ਕਰ ਲਿਆ (ਤਾਂ ਸਮਝੋ ਕਿ ਗੁਰੂ ਦੀ ਇਸ ਪ੍ਰਸੰਨਤਾ ’ਚ ਹੀ ਭੇਟਾ ਪ੍ਰਵਾਨ ਹੋ ਗਈ), ਉਹ (ਕਿਸੇ ਵਿਅਕਤੀ-ਵਿਸ਼ੇਸ਼ ਦੁਆਰਾ ਵਸਤੂ ਭੋਗੇ ਜਾਣ ਦਾ ਇੰਤਜ਼ਾਰ ਨਹੀਂ ਕਰਦੇ ਸਗੋਂ ਬਣਾ ਕੇ ਤੁਰੰਤ) ਰੱਜ-ਰੱਜ ਕੇ ਖਾਂਦੇ ਹਨ (ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਆਪਣੇ ਦੁਆਰਾ ਭੋਗਿਆ ਖਾਣਾ ਹੀ ਸਤਿਗੁਰੂ ਨੂੰ ਪ੍ਰਵਾਨ ਹੈ।)

ਨੋਟ : ਇਸ ਵਾਕ ’ਚ ਕਿਸੇ ਮੂਰਤੀ ਜਾਂ ਦੇਹਧਾਰੀ ਗੁਰੂ ਆਦਿ ਦੁਆਰਾ ਪਹਿਲਾਂ ਭੋਜਨ ਛੱਕਣ ਤੋਂ ਬਾਅਦ ਹੀ ਮੈਂ ਭੋਜਨ ਛੱਕਣਾ ਹੈ, ਵਾਲ਼ੇ ਵਹਿਮ-ਭਰਮ ਨੂੰ ਰੱਦ ਕੀਤਾ ਹੈ।

ਪਉੜੀ   ਤੁਧੁ ਜਗ ਮਹਿ ਖੇਲੁ ਰਚਾਇਆ; ਵਿਚਿ ਹਉਮੈ ਪਾਈਆ

ਅਰਥ : (ਹੇ ਮਾਲਕ !) ਤੈਂ ਸੰਸਾਰਿਕ ਜੀਵਾਂ ਅੰਦਰ ਅਹੰਕਾਰ ਪੈਦਾ ਕਰ ਇੱਕ ਅਨੋਖਾ ਖੇਲ ਰਚਿਆ ਹੈ।

ਏਕੁ ਮੰਦਰੁ, ਪੰਚ ਚੋਰ ਹਹਿ; ਨਿਤ ਕਰਹਿ ਬੁਰਿਆਈਆ

ਅਰਥ : ਇੱਕ (ਘਾਹ ਰੂਪ ਛੱਪਰ-) ਸਰੀਰ ਹੈ, ਜਿਸ ਵਿੱਚ ਪੰਜ ਕਾਮਾਦਿਕ ਹਨ, ਜੋ ਨਿੱਤ ਐਬ ਕਰਦੇ ਹਨ।

ਦਸ ਨਾਰੀ, ਇਕੁ ਪੁਰਖੁ ਕਰਿ; ਦਸੇ ਸਾਦਿ ਲੁੋਭਾਈਆ

ਅਰਥ : 5 ਕਰਮ ਇੰਦ੍ਰੇ (ਹੱਥ, ਪੈਰ, ਮੂੰਹ, ਗੁਦਾ, ਲਿੰਗ) ਤੇ 5 ਗਿਆਨ ਇੰਦ੍ਰਿਆਂ (‘ਅੱਖ, ਨੱਕ, ਕੰਨ, ਜੀਭ, ਚਮੜੀ’ ਦੇ ਜੋੜ ਵਿਚਕਾਰ) ਇੱਕ ਜੀਵਾਤਮਾ ਟਿਕਾ ਕੇ ਇਹ ਬਾਹਰੀ ਦਸੇ ਇੰਦ੍ਰੇ; ਵਿਸ਼ੇ-ਵਿਕਾਰਾਂ ਦੇ ਸੁਆਦ ’ਚ ਗ੍ਰਸਤ/ਮਸਤ ਕਰ ਦਿੱਤੇ ਹਨ।

ਏਨਿ ਮਾਇਆ ਮੋਹਣੀ ਮੋਹੀਆ; ਨਿਤ ਫਿਰਹਿ ਭਰਮਾਈਆ

ਅਰਥ : ਇਸ (ਖੇਲ ਰੂਪ) ਸੁੰਦਰ ਮਾਇਆ ਨੇ ਮਨ ਮੋਹ ਲਿਆ, ਜਿਸ ਕਾਰਨ ਨਿੱਤ ਭਰਮ ’ਚ ਭਟਕਦੇ ਹਨ (ਕਿ ਕੋਈ ਭੇਟਾ ਨੂੰ ਗ੍ਰਹਿਣ ਕਰਨ ਵਾਲ਼ਾ ਦੇਵਤਾ, ਪੀਰ ਆਦਿਕ ਹੈ)

ਹਾਠਾ ਦੋਵੈ ਕੀਤੀਓ; ਸਿਵ ਸਕਤਿ ਵਰਤਾਈਆ

ਅਰਥ : ਜੀਵਾਤਮਾ ਅਤੇ ਮਾਇਆ-ਸ਼ਕਤੀ ਰੂਪ ਦੋਵੇਂ ਪਾਸੇ ਤੈਂ ਹੀ ਬਣਾਏ ਹਨ।

ਸਿਵ, ਅਗੈ ਸਕਤੀ ਹਾਰਿਆ; ਏਵੈ ਹਰਿ ਭਾਈਆ

ਅਰਥ : ਹੇ ਹਰੀ ! (ਇਸ ਕਸ਼ਮਕਸ਼ ਰੂਪ ਖੇਲ ਵਿੱਚ) ਮਾਇਆ-ਸ਼ਕਤੀ ਦੇ ਮੁਕਾਬਲੇ ਜੀਵਾਤਮਾ ਹਾਰ ਜਾਂਦਾ ਹੈ (ਸੁਆਸ ਪੂੰਜੀ ਖ਼ਤਮ ਹੋ ਜਾਂਦੀ ਹੈ); ਇਉਂ ਹੀ ਤੈਨੂੰ ਭਾਉਂਦਾ ਹੈ (ਭਾਵ ਬੰਦਾ ਮਨਮੁਖ ਰਹੇ ਤਾਂ ਜੋ ਆਵਾਗਮਣ ਰਾਹੀਂ ਕੁਦਰਤਿ ਦਾ ਵਿਕਾਸ ਹੁੰਦਾ ਰਹੈ, ਤੈਨੂੰ ਐਸਾ ਪਸੰਦ ਹੈ)।

ਇਕਿ, ਵਿਚਹੁ ਹੀ ਤੁਧੁ ਰਖਿਆ; ਜੋ ਸਤਸੰਗਿ ਮਿਲਾਈਆ

ਅਰਥ : (ਪਰ ਸਾਰਿਆਂ ਦਾ ਆਵਾ ਰੂਪ ਛੱਪਰ-ਸਰੀਰ; ਇਸ ਤ੍ਰਿਸ਼ਨਾ ਅੱਗ ’ਚ ਨਹੀਂ ਸੜਦਾ) ਕਈ ਤੈਂ ਆਪ ਹੀ ਸਤਿਗੁਰੂ ਦੀ ਸੰਗਤ ਵਿੱਚ ਮਿਲਾ ਕੇ (ਇਸ ਮਾਇਆ-ਘੁੰਮਣਘੇਰੀ) ਵਿੱਚੋਂ ਬਚਾ ਲਏ ਹਨ।

ਜਲ ਵਿਚਹੁ ਬਿੰਬੁ ਉਠਾਲਿਓ; ਜਲ ਮਾਹਿ ਸਮਾਈਆ (ਮਾਰੂ ਵਾਰ/ਮਹਲਾ /੧੦੯੬)

ਅਰਥ : (ਜਿਵੇਂ) ਜਲ ਵਿੱਚੋਂ ਬੂੰਦ ਉੱਠ ਕੇ ਮੁੜ ਉਸ ਜਲ-ਸਮੁੰਦਰ ’ਚ ਸਮਾਅ ਜਾਂਦੀ ਹੈ; ਇਉਂ ਹੀ ਸਤਿਗੁਰੂ ਦੇ ਪਿਆਰੇ ਤੇਰੇ (ਵਿੱਚੋਂ ਪੈਦਾ ਹੋ ਕੇ ਮੁੜ ਤੇਰੇ) ਵਿੱਚ ਲੀਨ ਹੋ ਜਾਂਦੇ ਹਨ।

ਗਿਆਨੀ ਅਵਤਾਰ ਸਿੰਘ