‘ੴ’ ਦੀ ਪ੍ਰਮਾਣਿਤ ਬਣਤਰ ’ਚ ਆ ਚੁੱਕੀਆਂ ਉਕਾਈਆਂ

0
343

ਦੀ ਪ੍ਰਮਾਣਿਤ ਬਣਤਰ ਚੁੱਕੀਆਂ ਉਕਾਈਆਂ

ਪ੍ਰੋਫ਼ੈਸਰ ਮਨਮੋਹਨ ਸਿੰਘ (ਕੈਨੇਡਾ)

ਗੁਰਬਾਣੀ ਦਾ ਪਹਿਲਾ ਸ਼ਬਦ ਹੈ ‘ੴ’, ਜੋ ਗੁਰਬਾਣੀ ਅੰਦਰ 568 ਵਾਰ ਦਰਜ ਹੈ। ਗੁਰਬਾਣੀ ਦੇ ਇਸ ਅਰੰਭਕ ਸ਼ਬਦ ਦੇ ਅਰਥ ਅਤੇ ਉਚਾਰਨ ਬਾਰੇ ਅਕਸਰ ਸਿੱਖਾਂ ਅੰਦਰ ਆਮ ਰਾਇ ਨਹੀਂ ਹੈ। ਇਸ ਦਾ ਪ੍ਰਚਲਿਤ ਅਤੇ ਸਹੀ ਉਚਾਰਨ ‘ਇੱਕ ਓਅੰਕਾਰ’ ਹੈ ਕਿਉਂਕਿ ਅੰਕ ‘੧’ ਗਣਿਤ ਦਾ ਪਹਿਲਾ ਅੱਖਰ (ਇੱਕ) ਹੈ ਅਤੇ ‘ੳ’ ਵਰਣਮਾਲਾ ਦਾ ਪਹਿਲਾ ਅੱਖਰ ਹੈ, ਜੋ ਸਵਰ ਹੈ। ਗੁਰਮੁਖੀ ਲਿਪੀ ਵਿੱਚ ਤਿੰਨ ਅੱਖਰ (ੳ, ਅ, ੲ) ਸਵਰ ਧੁਨੀ ਦਿੰਦੇ ਹਨ ਅਤੇ ਬਾਕੀ 32 ਅੱਖਰ (ਸ ਤੋਂ ੜ ਤੱਕ) ਵਿਅੰਜਨ ਧੁਨੀ ਵਾਲ਼ੇ ਹਨ। ਇਨ੍ਹਾਂ ਨੂੰ ਉਚਾਰਦਿਆਂ ਮੂੰਹ ਵਿੱਚੋਂ ਬੁੱਲ, ਨੱਕ, ਤਾਲੂਆ, ਦੰਦ ਆਦਿਕ ਭੀ ਸਹਿਯੋਗ ਕਰਦੇ ਹਨ, ਪਰ ਸਵਰ ਅੱਖਰ ਉਹ ਧੁਨੀ ਹੈ, ਜਿਸ ਨੂੰ ਉਚਾਰਨ ਸਮੇਂ ਫੇਫੜਿਆਂ ਦੀ ਹਵਾ ਸਿੱਧੀ ਗਲੇ ਵਿੱਚੋਂ ਆਰ-ਪਾਰ ਹੁੰਦੀ ਹੋਈ ਆਪਣੀ ਸਵਰ ਧੁਨੀ ਪ੍ਰਗਟਾਅ ਜਾਂਦੀ ਹੈ, ਨਾ ਕਿ ਮੂੰਹ ਦੀ ਕੋਈ ਹਰਕਤ ਇਸ ਧੁਨੀ ਦੇ ਉਚਾਰਨ ’ਚ ਸਹਿਯੋਗ ਕਰਦੀ ਹੈ; ਜਿਵੇਂ ਕਿ ਵਿਅੰਜਨ ਅੱਖਰ ਧੁਨੀ ਦੌਰਾਨ ਕੀਤਾ ਸੀ।

‘ੴ’ ਦਾ ਅੱਜ ਕੱਲ੍ਹ ‘ਏਕੋ’ (ਏਕ+ਓ) ਜਾਂ ‘ਏਕੰਕਾਰ’ ਉਚਾਰਨ ਭੀ ਕੀਤਾ ਜਾਣ ਲੱਗਾ ਹੈ, ਜੋ ਕਿ ਸਹੀ ਨਹੀਂ ਕਿਉਂਕਿ ‘ਏਕੋ’ ਉਚਾਰਨ ਨਾਲ਼ ਇਸ ਦੇ ਪਿੱਛੇਤਰ ਲੱਗੀ ‘ਕਾਰ’ ਦਾ ਉਚਾਰਨ ਰਹਿ ਗਿਆ ਅਤੇ ‘ਏਕੰਕਾਰ’ ਉਚਾਰਨ ਸਮੇਂ ‘ਓ’ ਦਾ ਉਚਾਰਨ ਨਹੀਂ ਹੁੰਦਾ। ਵੈਸੇ ਭੀ ਸਮਝਣਾ ਬਣਦਾ ਹੈ ਕਿ ਗੁਰਬਾਣੀ ਦੀ ਮੂਲ ਲਿਪੀ ‘ਗੁਰਮੁਖੀ’ ਹੈ। ਜਿਸ ਅੰਦਰ ਅੰਕ ‘੧’ ਨੂੰ ‘ਇੱਕ’ ਪੜ੍ਹਿਆ ਜਾਂਦਾ ਹੈ, ‘ਏਕ’ ਨਹੀਂ। ‘ਏਕ’ ਉਚਾਰਨ ਹਿੰਦੀ ਲਿਪੀ ਜਾਂ ਸੰਸਿਤ ਆਦਿਕ ਲਿਪੀਆਂ ਦਾ ਹੈ, ਨਾ ਕਿ ਗੁਰਮੁਖੀ ਦਾ।

‘ੴ’ ਦਾ ਅਰਥ ਹੈ ‘ਜਗਤ ਨੂੰ ਬਣਾਉਣ ਵਾਲ਼ਾ, ਰਿਜ਼ਕ ਦੇਣ ਵਾਲ਼ਾ ਅਤੇ ਨਾਸ ਕਰਨ ਵਾਲ਼ਾ ਇੱਕ (ਅਕਾਲ ਪੁਰਖ), ਜੋ ਇੱਕ ਰਸ ਸਰਬ ਵਿਆਪਕ ਹੈ। ਇਸ ਲਈ ‘ੴ’ ਵਾਹਿਗੁਰੂ ਜੀ ਦੀ ਹੋਂਦ ਨੂੰ ਪ੍ਰਗਟ ਕਰਨ ਵਾਲ਼ਾ ਅਹਿਮ ਸ਼ਬਦ ਹੈ। ਇਸ ਦੇ ਅਰਥ ਅਤੇ ਬਣਤਰ ਨੂੰ ਬਦਲਣ ਨਾਲ਼ ਗੁਰਮਤਿ ਦੇ ਮੁੱਢਲੇ ਸਿਧਾਂਤ ਨੂੰ ਹੀ ਨੁਕਸਾਨ ਪਹੁੰਚਦਾ ਹੈ, ਜਿਸ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ।

ਜਿਸ ਤਰ੍ਹਾਂ ‘ੴ’ ਦੇ ਉਚਾਰਨ ਅਤੇ ਅਰਥਾਂ ਵਿੱਚ ਉਕਤ ਵਿਰੋਧਾਭਾਸ ਵਿਚਾਰਿਆ ਹੈ, ਉਸੇ ਤਰ੍ਹਾਂ ਇਸ ਨੂੰ ਲਿਖਣ ਵਿੱਚ ਭੀ ਅਨੇਕਾਂ ਅੰਤਰ ਵੇਖੇ ਜਾ ਸਕਦੇ ਹਨ। ਜਿਨ੍ਹਾਂ ਨੂੰ ਜਾਣੇ ਅਣਜਾਣੇ ਜ਼ਿਆਦਾਤਰ ਸਿੱਖ ਹੀ ਵਿਆਹ, ਸ਼ਾਦੀਆਂ ਦੇ ਕਾਰਡਾਂ, ਗੁਰਦੁਆਰੇ ਦੇ ਬੋਰਡਾਂ, ਇਸਤਿਹਾਰਾਂ ਅਤੇ ਗੋਲਕਾਂ ਆਦਿ ਉੱਤੇ ਲਿਖਵਾ ਲੈਂਦੇ ਹਨ। ਆਧੁਨਿਕ ਯੁੱਗ; ਕੰਪਿਊਟਰ ਅਤੇ ਸੋਸ਼ਲ ਮੀਡੀਆ ਦਾ ਯੁੱਗ ਹੈ। ਇਸ ਸਮੇਂ ਕਈ ਅੱਖਰ ਫੌਂਟ ਵਰਤੇ ਜਾਂਦੇ ਹਨ; ਜਿਵੇਂ ਕਿ ਕਿਤਾਬਾਂ ਛਾਪਣ ਵਿੱਚ ‘ਗੁਰਬਾਣੀ ਅੱਖਰ, ਅਮਰਲਿਪੀ, ਅਨਮੋਲਲਿਪੀ, ਸਤਲੁਜ, ਅਸੀਸ’ ਆਦਿਕ ਜਦ ਕਿ ਸੋਸ਼ਲ ਮੀਡੀਆ ਉੱਤੇ ਕੋਈ ਡਾਟਾ ਅਪਲੋਡ ਕਰਨ ਲਈ ਯੂਨੀਕੋਡ (ਰਾਵੀ ਜਾਂ ਵੈੱਬ ਆਦਿ ਫੌਂਟ) ਅੱਖਰਾਂ ਦੀ ਵਰਤੋਂ ਕੀਤੀ ਜਾਂਦੀ ਹੈ, ਨਾ ਕਿ ਕੇਵਲ ਗੁਰਬਾਣੀ ਲਿਪੀ ਦੀ। ਲਿਪੀਆਂ ਦਾ ਅਨੁਵਾਦ (Translate) ਕਰਨ ਲਈ ਅੱਜ ਅਨੇਕਾਂ ਸਾਫਟਵੇਅਰ ਤਿਆਰ ਕੀਤੇ ਗਏ ਹਨ। ਜਿਨ੍ਹਾਂ ਵਿੱਚ ਗ਼ੈਰ ਸਿੱਖਾਂ ਨੇ ਭੀ ਆਪਣਾ ਬਣਦਾ ਯੋਗਦਾਨ ਪਾਇਆ ਹੈ।

ਇੱਕ ਓਅੰਕਾਰ ਦੇ ਗਲਤ ਰੂਪ

ਇਹੀ ਕੁੱਝ ਕਾਰਨ ਹਨ ਕਿ ‘ੴ’ ਦਾ ਗੁਰਬਾਣੀ ਵਾਲ਼ਾ ਅਸਲ ਰੂਪ; ਅੱਜ ਕਿਤਾਬਾਂ, ਸੋਸ਼ਲ ਮੀਡੀਆ ਜਾਂ ਛਪਾਏ ਜਾਂਦੇ ਕਾਰਡਾਂ ਉੱਤੇ ਵੇਖਣ ਨੂੰ ਨਹੀਂ ਮਿਲਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ਼ ਇਸ ਪਾਸੇ ਧਿਆਨ ਦੇਣ ਦਾ ਸਮਾਂ ਹੀ ਨਹੀਂ ਭਾਵੇਂ ਕਿ ਉਸ ਕੋਲ਼ ਅਰਬਾਂ ਦਾ ਬਜਟ ਭੀ ਹੈ। ਉਸ ਨੇ ਗੁਰਬਾਣੀ ਖੋਜ ਅਤੇ ਇਸ ਦੇ ਪ੍ਰਚਾਰ-ਪ੍ਰਸਾਰ ਲਈ ਨਾ ਕਦੇ ਕੋਈ ਸਾਫਟਵੇਅਰ ਤਿਆਰ ਕੀਤਾ ਹੈ ਅਤੇ ਨਾ ਹੀ ਗੁਰਬਾਣੀ ਅੱਖਰਾਂ ਦੇ ਵਿਗਾੜ ਗਏ ਰੂਪਾਂ ਬਾਰੇ ਕਦੇ ਕੋਈ ਇਤਰਾਜ਼ ਕੀਤਾ ਹੈ।

‘ੴ’ ਦੇ ਕੁੱਝ ਕੁ ਬਦਲਵੇਂ ਰੂਪ ਇੱਥੇ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨੂੰ ਵਾਚਣ ਦੀ ਲੋੜ ਹੈ ਕਿ ਕਿਤੇ ਕੋਈ ਸਾਜ਼ਸ਼ ਅਧੀਨ ਤਾਂ ਐਸਾ ਨਹੀਂ ਕਰ ਰਿਹਾ ਜਾਂ ਕੋਈ ਕਰਵਾ ਤਾਂ ਨਹੀਂ ਰਿਹਾ। ਅਕਸਰ ਕਾਰਡਾਂ ਵਿੱਚ ਛਾਪਿਆ ਜਾਣ ਵਾਲ਼ਾ ‘ੴ’ ਦਾ ਰੂਪ ਸੋਸ਼ਲ ਮੀਡੀਆ ਉੱਤੋਂ ਚੁੱਕਿਆ ਇਹੀ ਗ਼ਲਤ ਰੂਪ ਹੁੰਦਾ ਹੈ, ਜੋ ਕਿ ਯੂਨੀਕੋਡ ਵਿੱਚ ਅਨੁਵਾਦ ਕਰਦਿਆਂ ਆਪਣਾ ਅਸਲ ਰੂਪ ਬਹੁਤ ਪਹਿਲਾਂ ਹੀ ਛੱਡ ਚੁੱਕਿਆ ਹੁੰਦਾ ਹੈ।

ਗੁਰਬਾਣੀ ਲਿਖਤ ਅਤੇ ਖੋਜ ਨਾਲ਼ ਸੰਬੰਧਿਤ ‘ੴ’ ਕੋਈ ਪਹਿਲਾ ਸ਼ਬਦ ਨਹੀਂ, ਜਿਸ ਨਾਲ਼ ਬੇਇਨਸਾਫ਼ੀ ਹੋਈ ਹੈ ਬਲਕਿ ਗੁਰਬਾਣੀ ਅੱਖਰ ਲਿਪੀ ਵਿੱਚ ਛਾਪੇ ਜਾ ਰਹੇ ਗੁਰੂ ਗ੍ਰੰਥ ਸਾਹਿਬ ਵਿਖੇ ਦਰਜ ਕਈ ਹੋਰ ਭੀ ਸ਼ਬਦ ਹਨ, ਜਿਨ੍ਹਾਂ ਦਾ ਬਾਕੀ ਲਿਪੀਆਂ ’ਚ ਅਨੁਵਾਦ ਕਰਨ ਵੇਲ਼ੇ ਉਨ੍ਹਾਂ ਦਾ ਮੂਲ ਸਰੂਪ ਬਦਲ ਜਾਂਦਾ ਹੈ; ਜਿਵੇਂ ਕਿ ‘ਨ੍ਹਾਈ, ਸਾਮ੍ਣੇ, ਹਮ੍ਹਾਰਾ, ਸੰਮ੍ਲਾ’ ਆਦਿ ਸ਼ਬਦਾਂ ਦੇ ਹੇਠਾਂ ਲੱਗੀ ਹਲੰਤ ਗੁਰਬਾਣੀ ਅੱਖਰ ਲਿਪੀ ਮੁਤਾਬਕ ਅੱਧਾ ‘ਹ’ ਹੈ ਜਦ ਕਿ ਯੂਨੀਕੋਡ ਵਿੱਚ ਇਹ ਜਿਸ ਅੱਖਰ ਦੇ ਹੇਠਾਂ ਲੱਗੀ ਹੈ, ਉਸ ਨੂੰ ਅੱਧਾ ਅੱਖਰ ਕਰ ਦਿੰਦੀ ਹੈ। ਇਸ ਤਰ੍ਹਾਂ ‘ਸੰਮ੍ਲਾ’ ਸ਼ਬਦ ਕਿਸੇ ਹੋਰ ਲਿਪੀ ’ਚ ਕਈ ਵਾਰ ‘ਮ’ ਨੂੰ ਅੱਧਾ ਕਰ ਉਸ ਦੇ ਹੇਠਾਂ ‘ਲ’ ਨੂੰ ਲਗਾ ਕੇ ਲ ਦਾ ‘ਕੰਨ’; ਮ ਨੂੰ ਲੱਗ ਜਾਂਦਾ ਹੈ। ਗੁਰਬਾਣੀ ਦੇ ਕਈ ਵਿਅੰਜਨ ਅੱਖਰ, ਜੋ ਕਿਸੇ ਅੱਖਰ ਦੇ ਪੈਰ ’ਚ ਭਾਵ ਹੇਠਾਂ ਹੁੰਦੇ ਹਨ, ਉਹ ਕਿਸੇ ਯੂਨੀਕੋਡ ਆਦਿ ਲਿਪੀ ਵਿੱਚ ਲਿਖੇ ਹੀ ਨਹੀਂ ਜਾ ਸਕਦੇ; ਜਿਵੇਂ ਕਿ ਕਿਸੇ ਅੱਖਰ ਦੇ ਪੈਰ ’ਚ ਆਉਣ ਵਾਲ਼ਾ ‘ਯ, ਚ’ ਆਦਿ। ਗੁਰਬਾਣੀ ਵਿੱਚ ਦਰਜ ਦੋ ਲਗਾਂ ਵਾਲ਼ੇ ਸ਼ਬਦ; ਜਿਵੇਂ ਕਿ ‘ਗੁੋਬਿੰਦ, ਅਨਦਿਨੁੋ’ ਆਦਿ ਭੀ ਯੂਨੀਕੋਡ ਵਿੱਚ ਅਨੁਵਾਦ ਕਰਦਿਆਂ ਆਪਣਾ ਸਰੂਪ ਜਿਉਂ ਦਾ ਤਿਉਂ ਨਹੀਂ ਰੱਖਦੇ ਅਤੇ ਨਾ ਹੀ ਉਸ ਵਿੱਚ ਲਿਖੇ ਜਾ ਸਕਦੇ ਹਨ।

ਸੋ ਗੁਰਬਾਣੀ ਨਾਲ਼ ਪਿਆਰ ਕਰਨ ਵਾਲ਼ੀ ਸਮੂਹ ਸੰਗਤ ਨੂੰ ਇਸ ਬਾਰੇ ਜਿੱਥੇ ਸੁਚੇਤ ਹੋਣ ਦੀ ਲੋੜ ਹੈ, ਓਥੇ ‘ੴ’ ਸਮੇਤ ਕੌਮੀ ਵਿਰਸੇ ਨੂੰ ਸੰਭਾਲਣ ਲਈ ਨਿਯੁਕਤ ਕੀਤੀਆਂ ਪੰਥਕ ਜਥੇਬੰਦੀਆਂ ਸਾਮ੍ਹਣੇ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਾ ਚਾਹੀਦਾ ਹੈ। ਵੈਸੇ ਭੀ ਸੰਗਤਾਂ ਨੂੰ ਸਦਾ ਪੜ੍ਹੇ ਲਿਖੇ ਅਤੇ ਕੌਮੀ ਫ਼ਰਜ਼ਾਂ ਲਈ ਤਤਪਰ ਰਹਿਣ ਵਾਲ਼ੇ ਪ੍ਰਬੰਧਕ ਹੀ ਚੁਣਨੇ ਚਾਹੀਦੇ ਹਨ।