ਥਾਲ ਵਿਚਿ ਤਿੰਨਿ ਵਸਤੂ ਪਈਓ

0
314

ਥਾਲ ਵਿਚਿ ਤਿੰਨਿ ਵਸਤੂ ਪਈਓ

ਗਿਆਨੀ ਅਵਤਾਰ ਸਿੰਘ

ਪੋਥੀ ਸਾਹਿਬ (ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਨਾਂ) ਦੀ ਸੰਪਾਦਨਾ ਕਰਦਿਆਂ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਸਮੁੱਚੀ ਗੁਰਬਾਣੀ ਦੇ ਅੰਤ ’ਚ ਆਪਣਾ ਇਹ ਸ਼ਬਦ ਦਰਜ ਕੀਤਾ, ‘‘ਮੁੰਦਾਵਣੀ ਮਹਲਾ ਥਾਲ ਵਿਚਿ ਤਿੰਨਿ ਵਸਤੂ ਪਈਓ’’, ‘ਮੁੰਦਾਵਣੀ’ ਸ਼ਬਦ; ਭਾਰਤੀ ਸਮਾਜ ’ਚ ਬੜਾ ਪ੍ਰਚਲਿਤ ਰਿਹਾ ਹੈ। ਇਸ ਦਾ ਅਰਥ ਹੈ ‘ਕਿਸੇ ਖ਼ਾਸ ਵਿਅਕਤੀ ਦੇ ਭੋਜਨ ਨੂੰ ਪੂਰਨ ਤਸੱਲੀ ਨਾਲ਼ ਚੈੱਕ ਕਰਨ ਉਪਰੰਤ ਸੀਲਬੰਦ ਕਰਨਾ’ ਭਾਵ ਕਿਸੇ ਖਾਣਯੋਗ ਵਸਤੂ ਨੂੰ ਠੀਕ-ਠਾਕ ਪਾਏ ਜਾਣ ਉਪਰੰਤ ਉਸ ਨੂੰ ਸੀਲਬੰਦ ਕਰਦਿਆਂ ਸਰਦਾਰ (ਮੋਦੀ ਖ਼ਾਨੇ ਦੇ ਮਾਲਕ) ਵੱਲੋਂ ਆਪਣੀ ਜ਼ਾਮਨੀ ਦੀ ਮੋਹਰ ਲਗਾਉਣਾ ਤਾਂ ਕਿ ਭੋਜਨ ਛਕਣ ਵਾਲ਼ੇ ਨੂੰ ਕੋਈ ਨੁਕਸਾਨ ਨਾ ਹੋਵੇ। ਅੱਜ ਬਾਜ਼ਾਰ ’ਚ ਭੀ ਜ਼ਿਆਦਾਤਰ ਚੀਜ਼ਾਂ ਸੀਲਬੰਦ ਹੁੰਦੀਆਂ ਹਨ। ਉਨ੍ਹਾਂ ਦੇ ਦੁਰਪ੍ਰਭਾਵ ਲਈ ਸੰਬੰਧਿਤ ਕੰਪਨੀ ਨੂੰ ਦੋਸ਼ੀ ਮੰਨਿਆ ਜਾਂਦਾ ਹੈ। ਸੋ ਕਿਸੇ ਵਸਤੂ ਨੂੰ ਸੀਲਬੰਦ ਕਰਨ ਦਾ ਨਾਂ ‘ਮੁੰਦਾਵਣੀ’ ਹੈ।

ਪੋਥੀ ਸਾਹਿਬ ਦੇ ਅੰਤ ’ਚ ਦਰਜ ‘ਮੁੰਦਾਵਣੀ’ ਤੋਂ ਭਾਵ ਹੈ ਕਿ ਸਮੁੱਚੀ ਗੁਰਬਾਣੀ ਨੂੰ ਸਿਧਾਂਤਿਕ ਅਤੇ ਤਰਤੀਬ ਪੱਖੋਂ ਗਹੁ ਨਾਲ਼ ਜਾਚ ਪੜਤਾਲ ਕੀਤਾ ਹੈ। ਹੁਣ ਇਸ ਨੂੰ ਹੋਰ ਸੋਧਣ ਦੀ ਲੋੜ ਨਹੀਂ। ਇਸ ਦੀ ਵਰਤੋਂ ਨਾਲ਼ ਕੋਈ ਮਾਨਸਿਕ ਜਾਂ ਸਰੀਰਕ ਨੁਕਸਾਨ ਨਹੀਂ ਹੋਵੇਗਾ, ਇਹ ਜ਼ਾਮਨੀ ਪੰਜਵੇਂ ਪਾਤਿਸ਼ਾਹ ਜੀ ਆਪ ਭਰਦੇ ਹਨ। ਆਪਣੀ ਵਿਚਾਰਧਾਰਾ ਬਾਰੇ ਦਿੱਤੀ ਐਸੀ ਗਵਾਹੀ; ਕਿਸੇ ਹੋਰ ਗ੍ਰੰਥ ’ਚੋਂ ਨਹੀਂ ਮਿਲ ਸਕਦੀ।

ਧਿਆਨ ਰਹੇ ਕਿ ਪੋਥੀ ਸਾਹਿਬ ਦਾ ਪਹਿਲਾ ਪ੍ਰਕਾਸ਼ ੧੭ ਭਾਦੋਂ ਬਿਕ੍ਰਮੀ ਸੰਮਤ ੧੬੬੧; ਨਾਨਕਸ਼ਾਹੀ ਸੰਮਤ ੧੩੬/16 ਅਗਸਤ 1604 ਨੂੰ ਦਰਬਾਰ ਸਾਹਿਬ (ਅੰਮ੍ਰਿਤਸਰ ਸਾਹਿਬ) ਵਿਖੇ ਹੋਇਆ ਸੀ, ਜੋ ਹੁਣ 1 ਸਤੰਬਰ ਨੂੰ ਹੁੰਦਾ ਹੈ, ਪਰ ਇਹ ਕੈਲੰਡਰ ਲਾਗੂ ਨਾ ਕਰਕੇ ਸ਼੍ਰੋਮਣੀ ਕਮੇਟੀ ਕਦੇ 1 ਸਤੰਬਰ ਤੇ ਕਦੇ 2 ਸਤੰਬਰ ਨੂੰ ਮਨਉਂਦੀ ਰਹਿੰਦੀ ਹੈ।

ਸੰਨ 1604 ਤੋਂ 74-75 ਸਾਲ ਬਾਅਦ ਯਾਨੀ ਕਿ ਸੰਨ 1678-79 ’ਚ ਗੁਰਦੁਆਰਾ ਦਮਦਮਾ ਸਾਹਿਬ (ਅਨੰਦਪੁਰ ਸਾਹਿਬ) ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਾਮਲ ਕੀਤੇ 116 ਸ਼ਬਦਾਂ ਵਿੱਚੋਂ ਇੱਕ ਭੀ ਸ਼ਬਦ; ਇਸ ‘ਮੁੰਦਾਵਣੀ’ ਸ਼ਬਦ ਤੋਂ ਬਾਅਦ ’ਚ ਦਰਜ ਨਹੀਂ ਕੀਤਾ ਤਾਂ ਜੋ ਪੋਥੀ ਸਾਹਿਬ ਦੀ ਅਰੰਭਕ (ਜਪੁ) ਅਤੇ ਅੰਤਮ (ਮੁੰਦਾਵਣੀ) ਤਰਤੀਬ ਜਿਉਂ ਦੀ ਤਿਉਂ ਬਣੀ ਰਹੇ।

ਸਰੀਰਕ ਭੋਜਨ ਗ੍ਰਹਿਣ ਕਰਨ ਸਮੇਂ ਵਸਤੂ ਨੂੰ ਇੱਕ ਥਾਲ (ਬਰਤਨ ਜਾਂ ਭਾਂਡੇ) ’ਚ ਪਾਇਆ ਜਾਂਦਾ ਹੈ; ਇਸੇ ਤਰ੍ਹਾਂ ਰੂਹ ਦੀ ਖ਼ੁਰਾਕ (ਸਮੁੱਚੀ ਗੁਰਬਾਣੀ) ਨੂੰ ਇੱਕ ਥਾਲ ਵਜੋਂ ਦਰਸਾਅ ਕੇ ਅੰਤਮ ਸ਼ਬਦ (ਮੁੰਦਾਵਣੀ) ’ਚ ਤਿੰਨ ਸੰਖੇਪ ਗੁਣਾਂ (ਸਤੁ, ਸੰਤੋਖੁ ਤੇ ਵੀਚਾਰੁ) ਦੀ ਅਹਿਮੀਅਤ ਬਿਆਨ ਕੀਤੀ ਹੈ; ਜਿਵੇਂ ਕਿ ‘ਜਪੁ’ ਬਾਣੀ ਦੀ ਅੰਤਮ ਪਉੜੀ (ਜਤੁ ਪਾਹਾਰਾ; ਧੀਰਜੁ ਸੁਨਿਆਰੁ ..੩੮ ਜਪੁ) ’ਚ ਸੋਨੇ ਦੀ ਘਾੜਤ-ਮਿਸਾਲ ਨਾਲ਼ ‘ਜਪੁ’ ਬਾਣੀ ’ਚ ਬਿਆਨ ਕੀਤੀ ਸਮੁੱਚੀ ਜੀਵਨ-ਘਾੜਤ ਨੂੰ ਸੰਖੇਪ ਸ਼ਬਦਾਂ ’ਚ ਤੁਲਨਾਤਮਿਕ ਵਿਚਾਰਿਆ ਹੈ। ਤਿੰਨੇ ਸ਼ਬਦ (ਸਤੁ, ਸੰਤੋਖੁ, ਵੀਚਾਰੁ) ਇੱਕ ਵਚਨ ਪੁਲਿੰਗ ਨਾਂਵ ਹਨ ਕਿਉਂਕਿ ਗੁਰਮਤਿ ਅਨੁਸਾਰ ਜਗਤ ਪਿਤਾ () ਭੀ ਪੁਰਖ (ਇੱਕ ਵਚਨ ਪੁਲਿੰਗ) ਹੈ; ਜਿਵੇਂ ਕਿ ਬਚਨ ਹਨ, ‘‘ਇਸੁ ਜਗ ਮਹਿ ਪੁਰਖੁ ਏਕੁ ਹੈ; ਹੋਰ ਸਗਲੀ ਨਾਰਿ ਸਬਾਈ ’’ (ਮਹਲਾ /੫੯੧) ਤਿੰਨੇ ਗੁਣਾਂ ਨੂੰ ਹੇਠਾਂ ਕਰਮਵਾਰ ਵਿਚਾਰਿਆ ਗਿਆ ਹੈ :

(). ਸਤੁ– ਗੁਰਬਾਣੀ ’ਚ ‘ਸਤੁ’ ਸ਼ਬਦ ਦੇ 7 ਅਰਥ ਹਨ, ਜਿਨ੍ਹਾਂ ’ਚੋਂ ਹੇਠਲੇ ਪਹਿਲੇ ਚਾਰ; ਸਰੀਰ ਨਾਲ਼ ਅਤੇ ਅਗਲੇ ਤਿੰਨ; ਰੂਹਾਨੀਅਤ ਨਾਲ਼ ਸੰਬੰਧਿਤ ਹਨ; ਜਿਵੇਂ ਕਿ

(1). ਰਜ ਗੁਣ, ਤਮ ਗੁਣ, ਸਤ ਗੁਣ ਕਹੀਐ; ਇਹ ਤੇਰੀ ਸਭ ਮਾਇਆ (ਭਗਤ ਕਬੀਰ/੧੧੨੩) ‘ਸਤ’ ਭਾਵ ਸਤੋ ਗੁਣ।

ਅਰਥ : ਹੇ ਪ੍ਰਭੂ ਜੀ ! ਮੰਨੇ ਜਾਂਦੇ ਮਾਇਆ ਦੇ ਤਿੰਨੇ ਗੁਣ (ਰਜੋ, ਤਮੋ ਤੇ ਸਤੋ); ਤੇਰੇ ਦੁਆਰਾ ਰਚੀ ਮਾਇਆ ਹੀ ਹਨ।

(2). ਚੰਦ ਸਤ ਭੇਦਿਆ, ਨਾਦ ਸਤ ਪੂਰਿਆ; ਸੂਰ ਸਤ ਖੋੜਸਾ, ਦਤੁ ਕੀਆ (ਭਗਤ ਜੈਦੇਵ/੧੧੦੬ ) ਸਤ’ ਭਾਵ ਪ੍ਰਾਣ, ਸੁਆਸ।

ਅਰਥ : (ਰੱਬ ਦੀ ਸਿਫ਼ਤ ਕਰਨ ਦੇ ਵਿੱਚ ਹੀ ਆ ਜਾਂਦੇ ਹਨ) ਚੰਦ ਭਾਵ ਖੱਬੀ ਨਾਸ ਰਾਹੀਂ ਸੁਆਸ ਅੰਦਰ ਖਿੱਚਣੇ, ਸੁਖਮਨਾ ਨਾੜੀ ’ਚ ਪ੍ਰਾਣ ਰੋਕਣੇ ਅਤੇ ਸੋਲ੍ਹਾਂ ਵਾਰੀ (‘ਓਂ’ ਜਪ ਕੇ) ਸੱਜੀ ਨਾਸ ਰਾਹੀਂ ਪ੍ਰਾਣ ਬਾਹਰ ਕੱਢਣੇ।

(3). ਰੇ ਜਿਹਬਾ ! ਕਰਉ ਸਤ ਖੰਡ ਜਾਮਿ ਉਚਰਸਿ; ਸ੍ਰੀ ਗੋਬਿੰਦ (ਭਗਤ ਨਾਮਦੇਵ/੧੧੬੩) ‘ਸਤ’ ਭਾਵ 100, ਸੈਂਕੜੇ।

ਅਰਥ : ਹੇ ਜੀਭ ! ਜੇਕਰ ਤੂੰ ਪ੍ਰਭੂ ਦਾ ਨਾਮ ਨਹੀਂ ਜਪੇਗੀ ਤਾਂ ਮੈਂ ਤੇਰੇ 100 ਟੁਕੜੇ ਕਰ ਦਿਆਂਗਾ।

(4). ਸਤਜੁਗਿ ਸਤੁ, ਤੇਤਾ ਜਗੀ; ਦੁਆਪਰਿ ਪੂਜਾਚਾਰ (ਭਗਤ ਰਵਿਦਾਸ/੩੪੬) ‘ਸਤ’ ਭਾਵ ਦਾਨ, ਪਰਉਪਕਾਰ।

ਅਰਥ : ਹੇ ਪੰਡਿਤ ! (ਤੇਰੇ ਕਥਨ ਅਨੁਸਾਰ) ਸਤਿਜੁਗ ’ਚ ਦਾਨ ਦੇਣਾ ਸਰਬੋਤਮ ਕੰਮ ਸੀ। ਤ੍ਰੇਤੇ ਜੁਗ ’ਚ ਜੱਗ ਕਰਨਾ ਅਤੇ ਦੁਆਪਰ ’ਚ ਪੂਜਾ ਪਾਠ ਕਰਨ ਨੂੰ ਵਧੇਰੇ ਮਹਾਨਤਾ ਸੀ।

(5). ਬਿਨੁ ਸਤ; ਸਤੀ ਹੋਇ ਕੈਸੇ ਨਾਰਿ ? ਪੰਡਿਤ  ! ਦੇਖਹੁ ਰਿਦੈ ਬੀਚਾਰਿ (ਭਗਤ ਕਬੀਰ/੩੨੮) ‘ਸਤ’ ਭਾਵ ਧਰਮ।

ਅਰਥ : ਹੇ ਪੰਡਿਤ ! ਹਿਰਦੇ ’ਚ ਵਿਚਾਰ ਕੇ ਵੇਖ ਕਿ ਧਰਮ (ਰੱਬ ਦਾ ਨਾਮ ਜਪਣ) ਤੋਂ ਬਿਨਾਂ ਔਰਤ; ਸਤੀ-ਧਰਮ ’ਚ ਕਿਵੇਂ ਪੂਰੀ ਹੋ ਸਕਦੀ ਹੈ ?

(6). ਸਤੀ ਪਾਪੁ ਕਰਿ; ਸਤੁ ਕਮਾਹਿ (ਮਹਲਾ /੯੫੧) ‘ਸਤ’ ਭਾਵ ਉੱਚਾ ਆਚਰਨ।

ਅਰਥ : ਧਰਮੀ ਅਖਵਾਉਣ ਵਾਲ਼ੇ ਬੰਦੇ ਭੀ ਪਾਪ ਕਰਕੇ ਧਰਮ (ਚੰਗਾ ਆਚਰਨ) ਵਿਖਾਉਣ ਦਾ ਯਤਨ ਕਰਦੇ ਹਨ।

(7). ਨਾਮ ਪਰਸੁ ਜਿਨਿ ਪਾਇਓ; ਸਤੁ ਪ੍ਰਗਟਿਓ ਰਵਿ ਲੋਇ (ਭਟ ਕਲ/੧੩੯੨) ਸਤ’ ਭਾਵ ਜਸ, ਸ਼ੋਭਾ, ਪ੍ਰਸਿੱਧੀ।

ਅਰਥ : ਜਿਨ੍ਹਾਂ ਨੇ (ਗੁਰੂ ਅੰਗਦ ਸਾਹਿਬ ਪਾਸੋਂ) ਨਾਮ ਦੀ ਛੋਹ ਪ੍ਰਾਪਤ ਕੀਤੀ, ਉਨ੍ਹਾਂ ਦੀ ਸ਼ੋਭਾ; ਸੂਰਜ ਵਾਙ ਤਿੰਨੇ ਲੋਕਾਂ (ਧਰਤੀ, ਆਕਾਸ਼ ਤੇ ਪਤਾਲ) ਅੰਦਰ ਫੈਲ ਗਈ।

ਉਕਤ ਵਿਚਾਰ ਤੋਂ ਸਾਫ਼ ਹੈ ਕਿ ਗੁਰਬਾਣੀ ਅਨੁਸਾਰ ‘ਸਤੁ’ ਦਾ ਰੂਹਾਨੀਅਤ ਅਰਥ ਹੈ ‘ਧਰਮ, ਉੱਚਾ ਆਚਰਨ ਤੇ ਦਾਨ’। ਵੈਸੇ ਧਰਮ ਨੂੰ ਅਮਲ ’ਚ ਲਿਆਉਣਾ ਹੀ ‘ਉੱਚਾ ਆਚਰਨ’ ਹੁੰਦਾ ਹੈ, ਜੋ ਮਾਨਵਤਾ ’ਚ ਪਰਉਪਕਾਰੀ ਗੁਣ ਵਜੋਂ ਜਾਣਿਆ ਜਾਂਦਾ ਹੈ। ਸੋ ‘ਸਤੁ’ ਦੇ ਇਹ ਤਿੰਨੇ ਅਰਥ; ਬਹੁਤੇ ਭਿੰਨ ਨਹੀਂ ਹਨ।

(). ਸੰਤੋਖੁ : ਸੰਤੋਖੀ ਬੰਦੇ ਅੰਦਰ ਵੱਡਾ ਗੁਣ ‘ਸਬਰ’ ਹੁੰਦਾ ਹੈ। ਉਸ ਦੀ ਜ਼ਿੰਦਗੀ ’ਚ ਤੇਜ਼ੀ ਯਾਨੀ ਕਿ ਕਤਾਰ ’ਚ ਅੱਗੇ ਲੱਗਣ ਦੀ ਕਾਹਲ਼ੀ, ਲਾਲ ਬੱਤੀ ਜੰਪ ਕਰਨ ’ਚ ਜਲਦਬਾਜ਼ੀ, ਦੂਜੇ ਨੂੰ ਨੀਵਾਂ ਵਿਖਾ, ਆਪ ਉੱਚਾ ਹੋਣ ਦੀ ਭਾਵਨਾ, ਆਦਿਕ ਤੇਜ਼ੀ ਨਹੀਂ ਹੁੰਦੀ। ਸੰਤੋਖੀ ਬੰਦਾ; ਲੰਗਰ ਹਾਲ ’ਚ ਸ਼ਾਂਤ-ਚਿੱਤ ਬੈਠਾ ਬੈਠੇਗਾ ਕਿਉਂਕਿ ਉਸ ਨੂੰ ਭਰੋਸਾ ਹੁੰਦਾ ਹੈ ਕਿ ਜੇ ਨਸੀਬ ’ਚ ਹੋਇਆ ਤਾਂ ਜ਼ਰੂਰ ਮਿਲ ਜਾਏਗਾ। ਜੇਕਰ ਕੋਈ ਵਸਤੂ ਉਸ ਕੋਲ਼ ਹੋਵੇ ਤਾਂ ਹੋਰਾਂ ਨਾਲ਼ ਵੰਡ ਛਕਣ ਨੂੰ ਪਹਿਲ ਦਿੰਦਾ ਹੈ; ਜਿਵੇਂ ਕਿ ਬਾਬਾ ਫ਼ਰੀਦ ਜੀ ਦੇ ਬਚਨ ਹਨ, ‘‘ਸਬਰੁ ਏਹੁ ਸੁਆਉ; ਜੇ ਤੂੰ ਬੰਦਾ ! ਦਿੜੁ ਕਰਹਿ ਵਧਿ ਥੀਵਹਿ ਦਰੀਆਉ; ਟੁਟਿ ਥੀਵਹਿ ਵਾਹੜਾ ’’ (ਭਗਤ ਫਰੀਦ/੧੩੮੪) ਅਰਥ : ਹੇ ਬੰਦੇ ! ਜ਼ਿੰਦਗੀ ਦਾ ਅਸਲ ਟੀਚਾ ਸਬਰ ਹੀ ਹੈ। ਜੇ ਤੂੰ (ਇਸ ਨੂੰ) ਦ੍ਰਿੜ੍ਹ ਕਰ ਲਵੇਂ ਤਾਂ ਵਧ ਕੇ ਦਰਿਆ-ਦਿਲ ਹੋ ਜਾਏਂਗਾ, ਘਟ ਕੇ ਛੋਟਾ ਜਿਹਾ ਨਾਲਾ (ਪ੍ਰਵਾਹ, ਵਾਟੜਾ) ਨਹੀਂ ਰਹੇਂਗਾ। ਗੁਰੂ ਅਰਜਨ ਸਾਹਿਬ ਜੀ ਦੇ ਬਚਨ ਹਨ, ‘‘ਮਨਿ ਸੰਤੋਖੁ; ਸਰਬ ਜੀਅ ਦਇਆ ’’ (ਮਹਲਾ /੨੯੯) ਭਾਵ ਮਨ ’ਚ ਸਬਰ ਹੋਣ ’ਤੇ ਹੋਰਾਂ ਪ੍ਰਤੀ ਰਹਿਮ ਦਿਲੀ ਉਪਜਦੀ ਹੈ। ਅੰਦਰ ਕਠੋਰਤਾ ਤੇ ਸੰਕੀਰਨਤਾ ਨਹੀਂ ਰਹਿੰਦੀ। ਉਸ ਦੀ ਸੇਵਾ-ਭਾਵਨਾ ’ਚ ਪਿਆਰ ਹੋਏਗਾ, ‘‘ਸਹਜਿ+ਸੰਤੋਖਿ (ਨਾਲ਼) ਸੀਗਾਰੀਆ; ਮਿਠਾ ਬੋਲਣੀ ’’ (ਮਹਲਾ /੧੭), ਇਹ ਸਬਰ-ਸੰਤੋਖ; ਹਿਰਦੇ ’ਚ ‘ਸਤੁ’ ਗੁਣ ਹੋਣ ਉਪਰੰਤ ਹੀ ਉਪਜਦਾ ਹੈ, ‘‘ਸਤੀਆ ਮਨਿ ਸੰਤੋਖੁ ਉਪਜੈ; ਦੇਣੈ ਕੈ ਵੀਚਾਰਿ ’’ (ਮਹਲਾ /੪੬੬), ਜਿਸ ਹਿਰਦੇ ਅੰਦਰ (ਸਤੁ ਤੇ) ਸੰਤੋਖ ਨਾ ਉਪਜਿਆ, ਉਹ ਮਾਇਆਵੀ ਤ੍ਰਿਸਨਾ ਵੱਲੋਂ ਕਦੇ ਨਹੀਂ ਰੱਜਦਾ, ‘‘ਬਿਨਾ ਸੰਤੋਖ; ਨਹੀ ਕੋਊ ਰਾਜੈ (ਰਾੱਜੈ)’’ (ਸੁਖਮਨੀ/ਮਹਲਾ /੨੭੯), ਐਸੇ ਬੰਦੇ ਨੇ ਹੋਰਾਂ ਨਾਲ਼ ਕੀ ਵੰਡ ਛੱਕਣਾ ਹੈ। ਉਹ ਤਾਂ ਪਰਾਇਆ ਹੱਕ ਖਾਣ ਦੀ ਸਦਾ ਤਾਂਘ ’ਚ ਰਹੇਗਾ।

ਸੋ ‘ਸਤੁ’; ਜਿੱਥੇ ਉੱਚਾ ਆਚਰਨ ਤੇ ਰਹਿਮ ਦਿਲੀ ਪੈਦਾ ਕਰਦਾ ਹੈ; ਓਥੇ ‘ਸੰਤੋਖੁ’; ਇਨ੍ਹਾਂ ਗੁਣਾਂ ਨੂੰ ਮਾਨਵਤਾ ’ਚ ਜ਼ਾਹਰ ਕਰਦਾ ਹੈ। ਗੁਰੂ ਨਾਨਕ ਸਾਹਿਬ ਅਨੁਸਾਰ ‘ਸਤੁ’; ਰਥ ਵਾਹਕ (ਰਥ ਚਲਾਉਣ ਵਾਲ਼ਾ) ਹੈ ਤੇ ‘ਸੰਤੋਖੁ’; ਉਸ ਦੇ ਮਗਰ/ਪਿੱਛੇ ਚੱਲਦਾ ਰਥ (ਭਾਵ ਵਾਹਨ) ਹੈ, ‘‘ਸਤਜੁਗਿ () ਰਥੁ ਸੰਤੋਖ ਕਾ; ਧਰਮੁ ਅਗੈ ਰਥਵਾਹੁ ’’ (ਮਹਲਾ /੪੭੦) ਭਾਵ ਜਦ ਧਰਮ (-ਸਤੁ) ਟੀਚਾ ਹੋਵੇ ਤਾਂ ਹਿਰਦੇ ’ਚ ਸੰਤੋਖ ਉਪਜਦਾ ਹੈ। ਇਹੀ ਵਿਚਾਰ ਆਪ ਨੇ ‘ਜਪੁ’ ਬਾਣੀ ’ਚ ਇਉਂ ਬਿਆਨ ਕੀਤੇ, ‘‘ਧੌਲੁ ਧਰਮੁ; ਦਇਆ ਕਾ ਪੂਤੁ ਸੰਤੋਖੁ ਥਾਪਿ ਰਖਿਆ; ਜਿਨਿ ਸੂਤਿ ੧੬’’

ਸੰਤੋਖੀ ਬੰਦਾ; ਰੱਬ ਦੀ ਰਜ਼ਾ ਨੂੰ ਸਰਬੋਤਮ ਮੰਨਦਾ ਹੈ। ਇਸੇ ਭਰੋਸੇ ਮਨ ਸ਼ਾਂਤ (ਸਥਿਰ) ਰਹਿੰਦਾ ਹੈ। ਕੋਈ ਨੁਕਸਾਨ ਹੋਣ ’ਤੇ ਸ਼ਰਧਾਵਾਨ; ਇਸ ਨੂੰ ਮਾਲਕ ਦੀ ਰਜ਼ਾ ਸਮਝ ਮਨ ਨੂੰ ਬੇਚੈਨ ਨਹੀਂ ਹੋਣ ਦਿੰਦਾ ਜਦਕਿ ਅਸ਼ਰਧਕ ਬੰਦਾ; ਕਲਪਦਾ ਰਹੇਗਾ। ਮਾਲਕ ’ਤੇ ਕੀਤਾ ਭਰੋਸਾ; ਮਨ ਦੇ ਵੇਗ (ਦੌੜ-ਭੱਜ) ਨੂੰ ਸ਼ਾਂਤ ਕਰਦਾ ਹੈ ਅਤੇ ਬੇਸਬਰੀ; ਮਨ ਨੂੰ ਅਸ਼ਾਂਤ ਤੇ ਬੇਚੈਨ ਕਰਦੀ ਹੈ। ਜੋਗੀਆਂ ਨੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਕਿ ਡਰ ਤੇ ਵੈਰਨ ਬੇਚੈਨੀ ਕਿਵੇਂ ਖ਼ਤਮ ਹੋਵੇ ਤਾਂ ਕਿ ਡਰ ਰਹਿਤ ਘਰ (ਭਾਵ ਅਡੋਲਤਾ) ’ਚ ਟਿਕ ਸਕੀਏ, ‘‘ਕਾਲ ਕਾ ਠੀਗਾ ਕਿਉ ਜਲਾਈਅਲੇ ? ਕਿਉ ਨਿਰਭਉ ਘਰਿ ਜਾਈਐ ? ਸਹਜ ਸੰਤੋਖ ਕਾ ਆਸਣੁ ਜਾਣੈ; ਕਿਉ ਛੇਦੇ ਬੈਰਾਈਐ (ਵੈਰਨਬੇਚੈਨੀ ਨੂੰ) ?’’ ਗੁਰੂ ਸਾਹਿਬ ਨੇ ਜਵਾਬ ਦਿੱਤਾ ਕਿ ਗੁਰੂ ਉਪਦੇਸ਼ ਨਾਲ਼ ਮਾਲਕ ਦੀ ਰਜ਼ਾ ਨੂੰ ਪਹਿਚਾਣ ਕੇ (ਅਸ਼ਾਂਤੀ ਦਾ ਸ੍ਰੋਤ) ਅਹੰਕਾਰ ਮਰਦਾ ਹੈ ਤੇ ਮਨ ਸਥਿਰ ਹੁੰਦਾ ਹੈ। ਐਸੇ ਸ਼ਾਂਤ ਜੀਵਨ ਨੂੰ ਨਾਨਕ ਸਲਾਮ ਕਰਦਾ ਹੈ, ‘‘ਗੁਰ ਕੈ ਸਬਦਿ ਹਉਮੈ ਬਿਖੁ ਮਾਰੈ; ਤਾ ਨਿਜ ਘਰਿ ਹੋਵੈ ਵਾਸੋ ਜਿਨਿ ਰਚਿ ਰਚਿਆ, ਤਿਸੁ ਸਬਦਿ ਪਛਾਣੈ; ਨਾਨਕੁ ਤਾ ਕਾ ਦਾਸੋ ੨੧’’ (ਗੋਸਟਿ/ਮਹਲਾ /੯੪੦) ਯਾਨੀ ਰੱਬ ’ਤੇ ਕੀਤਾ ਭਰੋਸਾ ਹੀ ਮਨ ਨੂੰ ਸ਼ਾਂਤ ਕਰਦਾ ਹੈ, ‘‘ਸਹਜਿ+ਸੰਤੋਖਿ () ਸਦਾ ਤ੍ਰਿਪਤਾਸੇ; ਅਨਦੁ ਖਸਮ ਕੈ ਭਾਣੈ ਜੀਉ ’’ (ਮਹਲਾ /੧੦੬) ਐਸਾ ਭੀ ਸਮਝ ਸਕਦੇ ਹਾਂ ਕਿ ਗੁਰੂ ਉਪਦੇਸ਼ ਨਾਲ਼ ਸਤ ਤੇ ਸੰਤੋਖ ’ਚ ਟਿਕ ਕੇ ਅਨੰਦਿਤ ਰਿਹਾਂ ਸੁਤੇ ਹੀ ਪ੍ਰਭੂ ਨਾਲ਼ ਲਿਵ ਲੱਗ ਜਾਂਦੀ ਹੈ, ‘‘ਸਤ ਸੰਤੋਖਿ ਸਬਦਿ ਅਤਿ ਸੀਤਲੁ; ਸਹਜ ਭਾਇ ਲਿਵ ਲਾਇਆ ’’ (ਮਹਲਾ /੧੦੩੮)

ਦੇਣ ਵਾਲ਼ੇ ਅੰਦਰ ਉਦਾਰਤਾ (ਸਤੁ) ਅਤੇ ਲੈਣ ਵਾਲ਼ੇ ਅੰਦਰ ਸਬਰ ਹੋਣਾ ਜ਼ਰੂਰੀ ਹੈ ਤਾਂ ਕਿ ਥੋੜ੍ਹੀ ਵਸਤੂ ਮਿਲਣ ’ਤੇ ਭੀ ਸੰਤੁਸ਼ਟ ਰਹਿ ਕੇ ਧੰਨਵਾਦ ਕਰੇ। ਗੁਰੂ ਨਾਨਕ ਸਾਹਿਬ ਨੇ ਦੱਛਣਾ ਲੈਣ ਵਾਲ਼ੇ ਬ੍ਰਾਹਮਣ ਅੰਦਰ ਸਬਰ ਅਤੇ ਦੇਣ ਵਾਲ਼ੇ ਗ੍ਰਿਹਸਤੀ (ਜਜਮਾਨ/ਸਤਵਾਦੀ) ਅੰਦਰ ਉਦਾਰਪਣ ਹੋਣ ਦਾ ਇਉਂ ਸੰਕੇਤ ਦਿੱਤਾ, ‘‘ਬ੍ਰਹਮਣ ਚੁਲੀ ਸੰਤੋਖ ਕੀ; ਗਿਰਹੀ ਕਾ ਸਤੁ ਦਾਨੁ ’’ (ਮਹਲਾ /੧੨੪੦), ਸੱਚਾ ਬ੍ਰਾਹਮਣ ਭੀ ਓਹੀ ਹੈ, ਜੋ ਮਾਲਕ ਦੀ ਰਜ਼ਾ ’ਤੇ ਕੀਤੇ ਭਰੋਸੇ ਨਾਲ਼ ਮਨ ਨੂੰ ਸ਼ਾਂਤ ਕਰ ਹੋਰਾਂ ਪ੍ਰਤੀ ਨਰਮ ਦਿਲ ਰੱਖੇ, ‘‘ਸੋ ਬ੍ਰਹਮਣੁ; ਜੋ ਬਿੰਦੈ ਬ੍ਰਹਮੁ .. ਸੀਲ ਸੰਤੋਖ ਕਾ ਰਖੈ ਧਰਮੁ ’’ (ਮਹਲਾ /੧੪੧੧) ਮਾਲਕ ਦੀ ਰਜ਼ਾ ਨੂੰ ਸਵੀਕਾਰ ਕੀਤੇ ਬਿਨਾਂ ਸਤੁ, ਸੰਤੋਖੁ ਗੁਣ ਨਹੀਂ ਉਪਜ ਸਕਦੇ, ‘‘ਸਚ ਬਿਨੁ; ਸਤੁ ਸੰਤੋਖੁ ਪਾਵੈ ’’ (ਮਹਲਾ /੧੦੪੦), ਇਸੇ ਕਾਰਨ ਗੁਰਬਾਣੀ ’ਚ ‘ਸਤੁ, ਸੰਤੋਖੁ’ ਸ਼ਬਦਾਂ ਨੂੰ ਅਕਸਰ ਇੱਕ ਸਾਥ ਰੱਖਿਆ ਹੈ; ਜਿਵੇਂ ਕਿ ਹੇਠਲੇ ਵਾਕਾਂ ’ਚ ਦਰਜ ਹੈ :

(1). ਸਤ ਸੰਤੋਖ ਕਾ ਧਰਹੁ ਧਿਆਨ (ਭਗਤ ਕਬੀਰ/੩੪੪) ਭਾਵ (ਮਾਲਕ ਨੂੰ ਸਰਬ ਵਿਆਪਕ ਸਮਝ ਕੇ) ਮਾਨਵਤਾ ਦੀ ਸੇਵਾ ਤੇ ਸਬਰ-ਸੰਤੋਖ ਧਾਰਨ ਕਰੋ। ਕਬੀਰ ਜੀ ਖ਼ੁਦ ਭੀ ਆਪਣਾ ਤਜਰਬਾ ਦੱਸਦੇ ਹਨ ਕਿ ਮੈਂ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਨਾਲ਼ ‘ਸਤੁ, ਸੰਤੋਖ’ ਹਥਿਆਰਾਂ ਨਾਲ਼ ਦੋਵੇਂ (ਪਾਪ-ਪੁੰਨ) ਦਰਵਾਜ਼ੇ ਤੋੜ ਕੇ ਮਨ-ਰਾਜੇ ਨੂੰ ਕਾਬੂ ਕਰ ਲਿਆ, ‘‘ਸਤੁ ਸੰਤੋਖੁ ਲੈ ਲਰਨੇ ਲਾਗਾ; ਤੋਰੇ ਦੁਇ ਦਰਵਾਜਾ ਸਾਧਸੰਗਤਿ ਅਰੁ ਗੁਰ ਕੀ ਕ੍ਰਿਪਾ ਤੇ; ਪਕਰਿਓ ਗਢ ਕੋ ਰਾਜਾ ’’ (ਭਗਤ ਕਬੀਰ/੧੧੬੧) ਗਢ ਕੋ ਰਾਜਾ ਭਾਵ ਸਰੀਰ ਕਿਲ੍ਹੇ ਦਾ ਮਾਲਕ (ਮਨ)।

(2). ਸਤ ਸੰਤੋਖਿ () ਰਹਹੁ; ਜਨ ਭਾਈ  ! ਖਿਮਾ ਗਹਹੁ; ਸਤਿਗੁਰ ਸਰਣਾਈ (ਮਹਲਾ /੧੦੩੦)

ਅਰਥ : ਹੇ ਭਾਈ ਜਨੋ ! ਗੁਰੂ ਦੀ ਸ਼ਰਨ ਪੈ ਕੇ ਮਾਨਵਤਾ ਦੀ ਸੇਵਾ ਤੇ ਰੱਬ ਦੀ ਰਜ਼ਾ ’ਚ ਸੰਤੁਸ਼ਟ ਰਹੋ। (ਸੇਵਾ ਕਰਦਿਆਂ ਮਨ ’ਚ) ਨਿਮਰਤਾ/ਪ੍ਰੇਮ ਭਾਵਨਾ ਰੱਖੋ।

(3). ਸਤੁ ਸੰਤੋਖੁ ਦਇਆ ਕਮਾਵੈ; ਏਹ ਕਰਣੀ ਸਾਰ (ਮਹਲਾ /੫੧)

ਅਰਥ : ਇਹੀ ਸਰਬੋਤਮ ਜੀਵਨਸ਼ੈਲੀ ਹੈ ਕਿ ਮਨੁੱਖਤਾ ਦੀ ਸੇਵਾ, ਸਬਰ ਤੇ ਨਰਮ ਦਿਲੀ ਧਾਰਨ ਕੀਤੀ ਜਾਵੇ।

ਸੋ ਸਤੁ ਸੰਤੋਖੀ ਜੀਵਨ; ਵਿਕਾਰਾਂ ਨੂੰ ਕਾਬੂ ਕਰ ਆਪਣੇ ਅੰਦਰ ਪ੍ਰਕਾਸ਼ਮਈ ਬਲ ਭਰ ਲੈਂਦਾ ਹੈ; ਜਿਵੇਂ ਕਿ ਬਚਨ ਹਨ, ‘‘ਕਾਮ ਕ੍ਰੋਧ ਮਾਇਆ ਮਦ ਮਤਸਰ; ਖੇਲਤ ਸਭਿ ਜੂਐ ਹਾਰੇ ਸਤੁ ਸੰਤੋਖੁ ਦਇਆ ਧਰਮੁ ਸਚੁ; ਇਹ ਅਪੁਨੈ ਗ੍ਰਿਹ ਭੀਤਰਿ ਵਾਰੇ ’’ (ਮਹਲਾ /੩੭੯) ਤਿੰਨ ਭੱਟ ਸਾਹਿਬਾਨ ਨੇ ਗੁਰੂ ਸਾਹਿਬਾਨ ਅੰਦਰ ਸਤੁ ਸੰਤੋਖ ਆਦਿਕ ਗੁਣ ਵੇਖ ਕੇ ਇਹ ਬਚਨ ਉਚਾਰੇ ਹਨ :

(1). ਗੁਰ ਗਮਿ ਪ੍ਰਮਾਣੁ ਤੈ ਪਾਇਓ; ਸਤੁ ਸੰਤੋਖੁ ਗ੍ਰਾਹਜਿ ਲਯੌ (ਭਟ ਕਲ/੧੩੯੨)

ਅਰਥ : (ਹੇ ਗੁਰੂ ਅੰਗਦ ਜੀ !) ਤੈਂ ਗੁਰੂ ਨਾਨਕ ਜੀ ਵਾਲ਼ਾ ਉੱਚਾ ਆਚਰਨ (ਸਤੁ), ਸਬਰ ਆਦਿ ਗ੍ਰਹਿਣ ਕਰ ਲਿਆ ਹੈ।

(2). ਜਪੁ ਤਪੁ ਸਤੁ ਸੰਤੋਖੁ; ਪਿਖਿ ਦਰਸਨੁ ਗੁਰ, ਸਿਖਹ (ਭਟ ਕੀਰਤ/੧੩੯੫)

ਅਰਥ : ਗੁਰੂ ਅਮਰਦਾਸ ਜੀ ਦਾ ਦਰਸ਼ਨ ਕਰ ਕੇ ਸਿੱਖਾਂ ਨੂੰ ਜਪ, ਤਪ, ਸਤ, ਸਬਰ (ਆਦਿਕ ਗੁਣ ਪ੍ਰਾਪਤ ਹੁੰਦੇ ਹਨ)।

(3). ਸੰਜਮੁ, ਸਤੁ, ਸੰਤੋਖੁ, ਸੀਲ ਸੰਨਾਹੁ ਮਫੁਟੈ (ਭਟ ਕਲ/੧੩੯੭)

ਅਰਥ : (ਗੁਰੂ ਰਾਮਦਾਸ ਜੀ ਦਾ) ਸੰਜਮ, ਸਤ, ਸਬਰ, ਮਿੱਠਾ ਸੁਭਾਅ ਰੂਪ ਸੰਜੋਅ (ਜੋ ਤਿੱਖੇ ਸ਼ਸਤਰਾਂ ਤੋਂ ਬਚਾ ਲਈ ਸਰੀਰ ’ਤੇ ਪਹਿਨਿਆ ਹੁੰਦਾ ਹੈ) ਕਦੇ ਟੁੱਟਦਾ ਨਹੀਂ, ਭੇਦਿਆ ਨਹੀਂ ਜਾਂਦਾ।

(4). ਗੁਰ ਗਮ ਪ੍ਰਮਾਣਿ ਅਜਰੁ ਜਰਿਓ; ਸਰਿ ਸੰਤੋਖ ਸਮਾਇਯਉ (ਭਟ ਕਲ/੧੪੦੮)

ਅਰਥ : (ਹੇ ਗੁਰੂ ਅਰਜਨ ਸਾਹਿਬ ਜੀ ! ਆਪ) ਗੁਰੂ ਪਦਵੀ ਵਾਲ਼ੀ ਅਸਹਿ ਅਵਸਥਾ ਨੂੰ ਪ੍ਰਾਪਤ ਕਰ ਸਬਰ ਦੇ ਸਮੁੰਦਰ ’ਚ ਸਮਾ ਗਏ ਹੋ।

(5). ਸਤਿ ਰੂਪੁ, ਸਤਿ ਨਾਮੁ; ਸਤੁ ਸੰਤੋਖੁ ਧਰਿਓ ਉਰਿ (ਭਟ ਮਥੁਰਾ/੧੪੦੮)

ਅਰਥ : ਗੁਰੂ ਅਰਜਨ ਸਾਹਿਬ ਨੇ ਸਦੀਵੀ ਸਥਿਰ ਹਰੀ ਅਤੇ ਉਸ ਦੇ ਸਥਿਰ ਨਾਮ ਨੂੰ ਹਿਰਦੇ ’ਚ ਧਾਰਨ ਕਰ ਉੱਚਾ ਆਚਰਨ ਅਤੇ ਸਬਰ ਧਾਰਨ ਕੀਤਾ ਹੋਇਆ ਹੈ।

(6). ਬਾਬਾ ਸੱਤਾ ਜੀ ਅਨੁਸਾਰ ਗੁਰੂ ਅਮਰਦਾਸ ਜੀ ਨੇ ਸੰਤੋਖ (ਸ਼ਾਂਤ ਮਨ, ਸਥਿਰਤਾ) ਨੂੰ ਘੋੜਾ ਬਣਾਇਆ, ਮਨ ਵੱਸ ਕਰਨ ਨੂੰ ਕਾਠੀ; (ਜਿਸ ਉੱਤੇ ਬੈਠ) ਉੱਚੇ ਆਚਰਨ (ਸਤੁ) ਰੂਪ ਧਨੁੱਸ਼ ਨਾਲ਼ ਰੱਬ ਦੀ ਸਿਫ਼ਤ-ਸਲਾਹ ਵਾਲ਼ਾ ਤੀਰ ਚਲਾ ਦਿੱਤਾ, ‘‘ਘੋੜਾ ਕੀਤੋ ਸਹਜ ਦਾ; ਜਤੁ ਕੀਓ ਪਲਾਣੁ ਧਣਖੁ ਚੜਾਇਓ ਸਤ ਦਾ; ਜਸ ਹੰਦਾ ਬਾਣੁ ..’’ (ਬਲਵੰਡ ਸਤਾ/੯੬੮)

ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਐਸੇ ਸਤ ਸੰਤੋਖ ਗੁਣਾਂ ਦਾ ਧਾਰਨੀ ਜਦ ਦਿਲੋਂ ਅਰਦਾਸ ਕਰਦਾ ਹੈ ਤਾਂ ਪ੍ਰਭੂ; ਉਸ ਨੂੰ ਸੁਣ ਕੇ ਆਪਣੇ ਆਸਣ ’ਤੇ ਬੈਠਾ ਲੈਂਦਾ ਹੈ, ‘‘ਸਤੁ ਸੰਤੋਖੁ ਹੋਵੈ ਅਰਦਾਸਿ ਤਾ ਸੁਣਿ, ਸਦਿ ਬਹਾਲੇ ਪਾਸਿ ’’ (ਮਹਲਾ /੮੭੮)

(). ਵੀਚਾਰੁ : ਪੋਥੀ ਸਾਹਿਬ ਰੂਪੀ ਥਾਲ ’ਚ ਤੀਜਾ ਮੂਲ ਗੁਣ ਹੈ ‘ਵੀਚਾਰੁ’। ਗੁਰਬਾਣੀ ਅਨੁਸਾਰ ‘ਵੀਚਾਰੁ’; ਅਲੌਕਿਕ ਸ਼ਕਤੀ (ੴ) ਨੂੰ ਜਾਣਨਾ ਹੈ, ਜੋ ਕਿ ਜੀਵਨ ਦਾ ਟੀਚਾ ਹੈ। ਗੁਰੂ ਨਾਨਕ ਸਾਹਿਬ ਨੇ ਰੂੜ੍ਹੀਵਾਦੀ ਪੰਡਿਤਾਂ ਬਾਰੇ ਉਚਾਰਿਆ, ‘‘ਪੰਡਿਤ ਵਾਚਹਿ ਪੋਥੀਆ; ਨਾ ਬੂਝਹਿ ਵੀਚਾਰੁ ’’ (ਮਹਲਾ /੫੬) ਸੋ ਧਾਰਮਿਕ ਸਿੱਖਿਆ ਸਮਝਣੀ ਹੋਰ ਵਿਸ਼ਾ ਹੈ ਤੇ ਉਸ ਅੰਦਰ ਦਰਜ ਨੈਤਿਕਤਾ ਨੂੰ ਪੜਚੋਲਣਾ ਭਿੰਨ ਵਿਸ਼ਾ ਹੈ।

ਕਿਸੇ ਲਿਖਤ ਦੇ ਸ਼ਾਬਦਿਕ ਅਰਥ ਕਰਨੇ, ਉਸ ਨੂੰ ਸਮਝਣਾ ਹੈ ਤੇ ਲਿਖਤ ਅੰਦਰਲੀ ਵਿਚਾਰਧਾਰਾ ਨੂੰ ਹੋਰਾਂ ਨਾਲ਼ ਤੁਲਨਾਤਮਿਕ ਪੜਚੋਲਣਾ, ਵਿਚਾਰਨਾ ਹੈ। ਗੁਰੂ ਸਾਹਿਬਾਨ ਅਤੇ ਭਗਤ ਸਾਹਿਬਾਨ ਨੇ ਧਾਰਮਿਕ ਚਰਚਾਵਾਂ (ਗੋਸਟੀਆਂ) ਸਮੇਂ ਪ੍ਰਚਲਿਤ ਰਹੁ-ਰੀਤਾਂ (ਧਰਮਾਂ) ਨੂੰ ਸਮਝ ਕੇ ਆਪਣੇ ਗਿਆਨ ’ਚ ਵਾਧਾ ਨਹੀਂ ਕੀਤਾ ਬਲਕਿ ਆਪਣੀ ਵਿਚਾਰਧਾਰਾ ਨਾਲ਼ ਉਨ੍ਹਾਂ ਨੂੰ ਤੁਲਨਾਤਮਿਕ ਵਿਚਾਰ ਕੇ ਰੱਦ ਕੀਤਾ ਹੈ। ਗੁਰੂ ਗਿਆਨ-ਰੌਸ਼ਨੀ ’ਚ ਸਾਰਥਕ ਅਤੇ ਨਿਰਾਰਥਕ ਪੱਖ ਸਮਝ ਚੁੱਕਿਆ ਮਨੁੱਖ ਹੀ ਵਿਚਾਰ ਕਰਨਯੋਗ ਹੁੰਦਾ ਹੈ; ਜਿਵੇਂ ਕਿ ਬਚਨ ਹਨ ‘‘ਸੋ ਪੜਿਆ, ਸੋ ਪੰਡਿਤੁ ਬੀਨਾ; ਗੁਰ ਸਬਦਿ ਕਰੇ ਵੀਚਾਰੁ ’’ (ਮਹਲਾ /੬੫੦) ਭਾਵ ਗੁਰੂ ਦੇ ਸ਼ਬਦ ਰਾਹੀਂ ਜੋ ਮਨੁੱਖ (ਚੰਗੇ ਮੰਦੇ ਦੀ) ਵਿਚਾਰ ਕਰਦਾ ਹੈ, ਅਸਲ ’ਚ ਓਹੀ ਸਿਆਣਾ ਹੈ, ਵਿਦਵਾਨ ਹੈ, ਪੜ੍ਹਿਆ-ਲਿਖਿਆ ਹੈ। ਗੁਰੂ ਅਮਰਦਾਸ ਜੀ ਦੇ ਬਚਨ ਹਨ ‘‘ਰਤਨਾ ਪਾਰਖੁ ਜੋ ਹੋਵੈ; ਸੁ ਰਤਨਾ ਕਰੇ ਵੀਚਾਰੁ ’’ (ਮਹਲਾ /੫੮੯) ਯਾਨੀ ਜਿਵੇਂ ਸੁਨਿਆਰ (ਜੌਹਰੀ); ਅਸਲੀ ਤੇ ਨਕਲੀ ਸੋਨੇ ਨੂੰ ਪਰਖਦਾ ਹੈ; ਉਸੇ ਤਰ੍ਹਾਂ ਰੂਹਾਨੀਅਤ ਮਾਰਗ ’ਤੇ ਚੱਲਣ ਵਾਲ਼ਾ (ਸਿਆਣਾ ਮਨੁੱਖ); ਜੀਵਨ ਲਈ ਨਫ਼ਾ-ਨੁਕਸਾਨ ਸੁਤੇ ਹੀ ਪਰਖ ਲੈਂਦਾ ਹੈ। ਨਾਸਵਾਨ ਕੁਦਰਤ ਨਾਲ਼ ਸੰਬੰਧ; ਨੁਕਸਾਨ ਦਾਇਕ ਹੈ ਤੇ ਸਦੀਵੀ ਸਥਿਰ ਅਕਾਲ ਪੁਰਖ ਨਾਲ਼ ਸੰਬੰਧ; ਲਾਭ ਦਾਇਕ। ਇਨ੍ਹਾਂ ਦੋਵਾਂ ਦੀ ਤੁਲਨਾਤਮਿਕ ਵਿਚਾਰ ਇਉਂ ਕੀਤੀ ਹੈ :

(1). ਮਨ  ! ਤੇਰਾ ਕੋ ਨਹੀ; ਕਰਿ ਵੇਖੁ ਸਬਦਿ ਵੀਚਾਰੁ (ਮਹਲਾ /੪੨੯)

ਅਰਥ : ਹੇ ਮਨ ! ਗੁਰੂ ਸ਼ਬਦ ਰਾਹੀਂ ਆਪਣੇ ਆਪ ਨੂੰ ਪੜਚੋਲ; ਤੇਰਾ ਸਦਾ ਲਈ ਸਹਾਰਾ ਕੋਈ ਨਹੀਂ (ਜਿਨ੍ਹਾਂ ਲਈ ਤੈਂ ਕੀਮਤੀ ਜਨਮ ਗਵਾ ਦਿੱਤਾ)।

(2). ਏਹ ਕੂੜੈ ਕੀ ਮਲੁ ਕਿਉ ਉਤਰੈ ? ਕੋਈ ਕਢਹੁ ਇਹੁ ਵੀਚਾਰੁ (ਮਹਲਾ /੯੫੦)

ਅਰਥ : ਇਹ ਝੂਠ ਦੀ ਦੀਵਾਰ (ਜਿਸ ਨੂੰ ‘ਜਨਮ ਜਨਮ ਕੀ ਮਲੁ’ ਕਿਹਾ ਹੈ) ਕਿਵੇਂ ਦੂਰ ਹੋਵੇ, ਇਸ ਦਾ ਕੋਈ ਵਿਚਾਰ ਖੋਜੋ। ਐਸਾ ਹੀ ਸਵਾਲ ਗੁਰੂ ਨਾਨਕ ਜੀ ਨੇ ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ਕੀਤਾ ਹੈ, ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?’’ (ਜਪੁ)

(3). ਅੰਮ੍ਰਿਤ ਵੇਲਾ ਸਚੁ ਨਾਉ; ਵਡਿਆਈ ਵੀਚਾਰੁ (ਜਪੁ/ਮਹਲਾ /)

ਅਰਥ : (ਇਹੀ ਹੈ ਜਵਾਬ ਕਿ) ਅੰਮ੍ਰਿਤ ਵੇਲ਼ੇ (ਤੋਂ ਹੀ ਪ੍ਰਭੂ ਦਾ) ਸਥਿਰ ਨਾਮ (ਜਪੋ) ਤੇ ਉਸ ਦੇ ਗੁਣਾਂ (ਨੂੰ ਆਪਣੇ ਆਚਰਨ ਨਾਲ਼ ਤੁਲਨਾਤਮਿਕ) ਵਿਚਾਰੋ, ਪੜਚੋਲ ਕਰੋ (ਚੇਤੇ ਰਹੇ ਕਿ ਰੱਬ ਨੂੰ ਸਿਰਮੌਰ ਮੰਨਣਾ; ਆਪਣਾ ਅਹੰਕਾਰ (ਕੂੜੈ ਪਾਲਿ) ਨਾਸ ਕਰਨਾ ਹੈ। ਜਿਸ ਨੂੰ ‘‘ਨਾਨਕ  ! ਹੁਕਮੈ ਜੇ ਬੁਝੈ; ਹਉਮੈ ਕਹੈ ਕੋਇ ’’ ਜਾਂ ‘‘ਹੁਕਮਿ ਰਜਾਈ ਚਲਣਾ’’ ਭੀ ਕਿਹਾ ਹੈ)।

ਗੁਰਬਾਣੀ ’ਚ ‘ਵੀਚਾਰੁ’ ਦੀ ਮਹਾਨਤਾ ਐਨੀ ਪ੍ਰਬਲ ਹੈ ਕਿ ਕਰਤਾਰ; ਖ਼ੁਦ ਭੀ (ਜਗਤ-ਰਚਨਾ ਬਾਰੇ ਨਿਰੰਤਰ) ਵਿਚਾਰ ਕਰਦਾ ਹੈ; ਜਿਵੇਂ ਕਿ ਬਚਨ ਹਨ, ‘‘ਵੇਖੈ ਵਿਗਸੈ ਕਰਿ ਵੀਚਾਰੁ ’’ (ਜਪੁ) ਭਾਵ ਜਗਤ ਨੂੰ ਪੈਦਾ ਕਰ ਕੇ ਇਸ ਨੂੰ ਭੁੱਲਿਆ ਨਹੀਂ ਬਲਕਿ ਇਸ ਨੂੰ ਨਿਰੰਤਰ ਸੰਭਾਲ਼ਦਾ ਹੈ ਤੇ ਆਪਣੀ ਰਚੀ ਕਿਰਤ ਨੂੰ ਵੇਖ ਕੇ ਪ੍ਰਸੰਨ ਹੁੰਦਾ ਹੈ (ਕਿਉਂਕਿ ਉਸ ਦੇ ਹੁਕਮ ਤੋਂ ਆਕੀ ਕੋਈ ਨਹੀਂ ਤਾਂ ਕਿ ਪ੍ਰੇਸ਼ਾਨ ਹੋਣਾ ਪਵੇ) ਤੇ ਅਗਾਂਹ ਕੁਦਰਤ ਦਾ ਫੈਲਾਅ ਕਿਵੇਂ ਕਰਨਾ ਹੈ, ਇਹ ਭੀ ਨਿਰੰਤਰ ਵਿਚਾਰਦਾ ਹੈ। ਕੁਦਰਤ ਦੇ ਇਸ ਵਿਕਾਸ ’ਚ ਹੀ ਹੈ ਕਿ ‘‘ਪੜਿਆ ਅਤੈ ਓਮੀਆ; ਵੀਚਾਰੁ ਅਗੈ ਵੀਚਾਰੀਐ ’’ (ਮਹਲਾ /੪੬੯) ਭਾਵ (ਜਗਤ ’ਚ) ਕੌਣ ਪੜ੍ਹਿਆ ਭਾਵ ਸਿਆਣਾ ਹੈ ਤੇ ਕੌਣ ਮੂਰਖ (ਅਣਪੜ੍ਹ) ਹੈ; ਇਸ ਦੀ ਵਿਚਾਰ, ਜੀਵਨ ਭੋਗਣ ਉਪਰੰਤ ਭੀ ਹੋਣੀ ਹੈ (ਤਾਂ ਤੇ ਦੰਡ ਭੀ ਨਿਰਧਾਰਿਤ ਹੋਣਾ ਹੈ। ਕਿੱਕਰ ਬੀਜ ਕੇ ਕੋਈ ਬਾਦਾਮ ਨਹੀਂ ਖਾ ਸਕਦਾ)।

ਜਿੰਦਗੀ ਇੱਕ ਜਾਨਦਾਰ ਵਜੂਦ ਹੈ। ਇਸ ਦੀ ਖ਼ੁਰਾਕ; ਕੋਈ ਨਿਰਜਿੰਦ ਵਸਤੂ ਨਹੀਂ ਹੋ ਸਕਦੀ, ਇਸ ਲਈ ਗੁਰੂ ਸਾਹਿਬਾਨ ਨੇ ਜੀਵਾਂ ਦੇ ਖਾਣ-ਪਾਣ ਨੂੰ ਜਾਨਦਾਰ ਵਸਤੂ ਐਲਾਨਿਆ ਹੈ; ਜਿਵੇਂ ਕਿ ਪਾਣੀ ਅਤੇ ਅੰਨ ਬਾਰੇ ਬਚਨ ਹਨ, ‘‘ਜੇਤੇ ਦਾਣੇ ਅੰਨ ਕੇ; ਜੀਆ (ਜਾਨ) ਬਾਝੁ ਕੋਇ ਪਹਿਲਾ ਪਾਣੀ ਜੀਉ (ਜਾਨ) ਹੈ; ਜਿਤੁ (ਜਿਸ ਨਾਲ਼) ਹਰਿਆ ਸਭੁ ਕੋਇ ’’ (ਆਸਾ ਕੀ ਵਾਰ/ਮਹਲਾ /੪੭੨), ਜਿਵੇਂ ਇਹ ਜਾਨਦਾਰ ਚੀਜ਼ਾਂ; ਜ਼ਿੰਦਗੀ ਲਈ ਅਹਿਮ ਹਨ; ਉਸੇ ਤਰ੍ਹਾਂ ਅਕਾਲ ਪੁਰਖ ਭੀ ਜਾਨਦਾਰ ਹੈ; ਉਸ ਪਾਸੋਂ ਭਗਤ ਨੂੰ ਪ੍ਰਾਪਤ ਹੁੰਦੀ ਵਿਸ਼ੇਸ਼ ਊਰਜਾ; ਰੂਹਾਨੀਅਤ ਖ਼ੁਰਾਕ ਬਣ ਰੂਹ (ਆਤਮ-ਪ੍ਰਕਾਸ) ਨੂੰ ਪ੍ਰਫੁਲਿਤ ਕਰਦੀ ਹੈ; ਜੈਸਾ ਕਿ ਜਾਨਦਾਰ ਪਾਣੀ; ਬਨਸਪਤੀ ਨੂੰ ਹਰਾ-ਭਰਾ ਰੱਖਦਾ ਹੈ। ਭਗਤ ਕਬੀਰ ਜੀ ਨੇ ਸਨਾਤਨੀ ਵਿਚਾਰਧਾਰਾ ਨੂੰ ਇਉਂ ਤੁਲਨਾਤਮਿਕ ਵਿਚਾਰਿਆ ਹੈ, ‘‘ਸਰਜੀਉ ਕਾਟਹਿ, ਨਿਰਜੀਉ ਪੂਜਹਿ; ਅੰਤ ਕਾਲ ਕਉ ਭਾਰੀ ਰਾਮ ਨਾਮ ਕੀ ਗਤਿ ਨਹੀ ਜਾਨੀ; ਭੈ ਡੂਬੇ ਸੰਸਾਰੀ ’’ (ਭਗਤ ਕਬੀਰ/੩੩੨) ਅਰਥ : (ਜੋ ਲੋਕ); ਜਾਨਦਾਰ ਪੱਤੇ, ਫੁੱਲ ਆਦਿ ਤੋੜਦੇ ਹੋਏ, ਨਿਰਜਿੰਦ (ਪੱਥਰ-ਮੂਰਤੀ) ਨੂੰ ਪੂਜਦੇ ਹਨ, ਉਨ੍ਹਾਂ ਦਾ ਅੰਤ ਸਮਾਂ (ਜਿੱਥੇ ਮੂਰਖ ਤੇ ਸਿਆਣੇ ਦੀ ਪਰਖ ਹੋਣੀ ਹੈ) ਮੁਸੀਬਤਾਂ ਭਰਿਆ ਹੋਣਾ ਹੈ (ਕਿਉਂਕਿ ਜਾਨਦਾਰ) ਰਾਮ ਨਾਮ ਜਪ ਕੇ ਉਪਜਣ ਵਾਲ਼ੀ ਅਵਸਥਾ ਦੀ ਕਦਰ ਨਾ ਕੀਤੀ ਤੇ ਸੰਸਾਰਕ ਰਹੁ-ਰੀਤਾਂ ਦੇ ਡਰ-ਭਰਮ ’ਚ ਡੁੱਬੇ ਰਹੇ।

ਸੋ ‘ਸਤੁ’ ਗੁਣ ਸਮੇਂ ਹਿਰਦੇ ’ਚ ‘ਧਰਮ, ਉੱਚਾ ਆਚਰਨ ਤੇ ਦਾਨ ਭਾਵਨਾ’ ਉਪਜਦੀ ਹੈ ਅਤੇ ‘ਸੰਤੋਖੁ’; ਇਹ ਗੁਣ (ਮਨੁੱਖਤਾ ’ਚ) ਜ਼ਾਹਰ ਕਰਦਾ ਹੈ, ਲੁਕਾਈ ’ਤੇ ਇਨ੍ਹਾਂ ਰਾਹੀਂ ਪ੍ਰਭਾਵ ਪਾਉਂਦਾ ਹੈ। ਗੁਰੂ ਸਿੱਖਿਆ ਕੇਵਲ ਮਨੁੱਖਤਾ ਦੀ ਸੇਵਾ ਭਾਵ ਸਮਾਜ ਤੱਕ ਸੀਮਤ ਨਹੀਂ। ਇਸ ਦਾ ਸੰਬੰਧ; ਅਦ੍ਰਿਸ਼ ਮਾਲਕ ਨਾਲ਼ ਭੀ ਹੈ। ਜੋ ਗਿਆਨ ਇੰਦ੍ਰਿਆਂ (ਅੱਖ, ਨੱਕ, ਕੰਨ, ਜੀਭ, ਚਮੜੀ) ਨਾਲ਼ ਨਹੀਂ ਜਾਣਿਆ ਜਾ ਸਕਦਾ। ਸਤਿਗੁਰੂ ਅਨੁਸਾਰ ਪ੍ਰਭੂ ਨੂੰ ਵੇਖਣਾ; ਗੁਰੂ ਸ਼ਬਦ ਨੂੰ ਵਿਚਾਰਨਾ ਹੈ। ਇਹੀ ਸਤਿਗੁਰੂ ਦੀ ਅਸਲ ਸੇਵਾ ਹੈ, ‘‘ਗੁਰ ਕੀ ਸੇਵਾ; ਸਬਦੁ ਵੀਚਾਰੁ (ਮਹਲਾ /੨੨੩), ਸਤਿਗੁਰ ਬਚਨ ਕਮਾਵਣੇ; ਸਚਾ ਏਹੁ ਵੀਚਾਰੁ ’’ (ਮਹਲਾ /੫੨), ਜਿਸ ਨੇ ਇਹ ਸੇਵਾ ਨਾ ਕੀਤੀ, ਉਹ ਐਸੀ ਵਿਚਾਰ ਕਰਨਯੋਗ ਭੀ ਨਹੀਂ ਹੁੰਦਾ, ‘‘ਸਤਿਗੁਰ ਕੀ ਸੇਵ ਕੀਨੀਆ; ਕਿਆ ਓਹੁ ਕਰੇ ਵੀਚਾਰੁ ? ’’ (ਮਹਲਾ /੫੮੯), ਇਸ ਲਈ ਰੂਹਾਨੀਅਤ ਥਾਲ (ਪੋਥੀ ਸਾਹਿਬ/ਸਬਦੁ ਗੁਰੂ) ਦੇ ਕੇਵਲ ਬਾਹਰੀ ਦਰਸ਼ਨ ਕਰਨ ਦਾ ਲਾਭ ਨਹੀਂ ਜਦ ਤੱਕ ਸ਼ਬਦ ਵਿਚਾਰ ਨਾ ਕੀਤੀ ਜਾਵੇ, ‘‘ਡਿਠੈ ਮੁਕਤਿ ਹੋਵਈ; ਜਿਚਰੁ ਸਬਦਿ (ਰਾਹੀਂ) ਕਰੇ ਵੀਚਾਰੁ ’’ (ਮਹਲਾ /੫੯੪) ਐਸੀ ਵਿਚਾਰਵਾਨ ਸੰਗਤ; ਹੰਸ ਬਿਰਤੀ ਰੱਖਦੀ ਹੈ ਤੇ ਸਾਥ ਨਾ ਦੇਣ ਵਾਲ਼ੇ ਬਗਲਿਆਂ ਤੋਂ ਦੂਰ ਰਹਿੰਦੀ ਹੈ, ‘‘ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ; ਤਾ ਬਗਾ ਨਾਲਿ ਜੋੜੁ ਕਦੇ ਆਵੈ ’’ (ਮਹਲਾ /੯੬੦)

ਗੁਰਬਾਣੀ ਅਨੁਸਾਰ ਹਰ ਸਰੀਰ ਅੰਦਰ ਨਾਮ-ਅੰਮ੍ਰਿਤ ਹੈ; ਜਿਵੇਂ ਕਿ ਬਚਨ ਹਨ, ‘‘ਨਾਨਕ  ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ ਨਾਨਕ ! ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ (ਨਾਲ਼) (ਮਹਲਾ /੧੨੩੮), ਨਉ ਨਿਧਿ ਅੰਮ੍ਰਿਤੁ; ਪ੍ਰਭ ਕਾ ਨਾਮੁ ਦੇਹੀ ਮਹਿ; ਇਸ ਕਾ ਬਿਸ੍ਰਾਮੁ ’’ (ਸੁਖਮਨੀ/ਮਹਲਾ /੨੯੩), ਗੁਰੂ ਸ਼ਬਦ ਰੌਸ਼ਨੀ ਨਾਲ਼ ਸਵੈ ਪੜਚੋਲ ਕਰਨ ਨਾਲ਼ ਤੇ ਅਕਾਲ ਪੁਰਖ ਦਾ ਨਾਮ ਜਪਣ ਨਾਲ਼ ਤਿੰਨੇ ਗੁਣ (ਸਤੁ, ਸੰਤੋਖੁ, ਵੀਚਾਰੁ); ਹਿਰਦੇ ਅੰਦਰ ਪ੍ਰਕਾਸ਼-ਬਲ ਬਣ ਉਪਜਦੇ ਹਨ, ਪਰ ਕਿਵੇਂ ?

ਜਵਾਬ : ਦਰਅਸਲ ਪ੍ਰਭੂ ਦਾ ਵਜੂਦ (ਹੋਂਦ) ਜਾਂ ਜੋਤਿ (ਚੇਤਨ ਸੱਤਾ) ਦਾ ਨਾਂ ਹੀ ਨਾਮ-ਅੰਮ੍ਰਿਤ ਹੈ, ਜੋ ਜ਼ਰਰੇ-ਜ਼ਰਰੇ ’ਚ ਹੈ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ਤਿਸ ਦੈ ਚਾਨਣਿ (ਨਾਲ਼); ਸਭ ਮਹਿ ਚਾਨਣੁ ਹੋਇ ’’ (ਮਹਲਾ /੧੩), ਇਹੀ ਆਤਮ-ਪ੍ਰਕਾਸ਼ ਹੈ, ਰੂਹ ਹੈ, ਆਤਮਾ ਹੈ, ਜੀਵਾਤਮਾ ਹੈ, ਜਿੰਦ ਹੈ, ਜੋ ਪ੍ਰਭੂ ਵਾਙ 100% ਪ੍ਰਕਾਸ਼ਮਈ ਹੈ। ਸਵਾਲ : ਫਿਰ ਹਰ ਇੱਕ ਦੇ ਦਿਮਾਗ਼ ’ਚ ਇੱਕ ਜੈਸੀ ਰੌਸ਼ਨੀ ਜਾਂ ਬੋਧ ਕਿਉਂ ਨਹੀਂ ਹੁੰਦਾ ? ਜਵਾਬ : ਗੁਰਬਾਣੀ ਅਨੁਸਾਰ ਆਤਮ-ਪ੍ਰਕਾਸ਼ ਅਤੇ ਅਹਿਸਾਸ ਕਰਾਉਣ ਵਾਲ਼ੇ ਦਿਮਾਗ਼ ਵਿਚਕਾਰ ਇੱਕ ਅੰਤਹਿਕਰਣ ਇੰਦ੍ਰੀ ਹੈ, ਜਿਸ ਨੂੰ ‘ਜਨਮ ਜਨਮ ਦੀ ਮੈਲ਼’ ਲੱਗੀ ਹੈ। ਇਸ ਰਾਹੀਂ ਆਤਮ-ਪ੍ਰਕਾਸ਼ ਦੀ ਮੱਧਮ ਜਿਹੀ ਰੌਸ਼ਨੀ ਦਿਮਾਗ਼ ਨੂੰ ਮਿਲਦੀ ਹੈ। ਜਿਸ ਨੂੰ ਸੁਰਤਿ ਕਿਹਾ ਹੈ। ਐਨੀ ਕੁ ਸਮਝ ਸਭ ਨੂੰ ਦੇਣੀ; ਕੁਦਰਤ ਦੇ ਵਿਕਾਸ ਲਈ ਜ਼ਰੂਰੀ ਹੈ; ਜਿਵੇਂ ਕਿ ਬਚਨ ਹਨ, ‘‘ਏਕਾ ਸੁਰਤਿ; ਜੇਤੇ ਹੈ ਜੀਅ ਸੁਰਤਿ ਵਿਹੂਣਾ; ਕੋਇ ਕੀਅ ਜੇਹੀ ਸੁਰਤਿ; ਤੇਹਾ ਤਿਨ ਰਾਹੁ ਲੇਖਾ ਇਕੋ; ਆਵਹੁ ਜਾਹੁ ’’ (ਮਹਲਾ /੨੫) ਅਰਥ : ਸਾਰੇ ਜੀਵਾਂ ਅੰਦਰ ਮਾਲਕ ਵੱਲੋਂ ਬਖ਼ਸ਼ੀ (ਘੱਟ-ਵੱਧ) ਸਮਝ ਹੈ। ਸਮਝ ਤੋਂ ਬਿਨਾਂ ਕੋਈ ਜੀਵ ਪੈਦਾ ਨਹੀਂ ਕੀਤਾ। ਪ੍ਰਭੂ; ਜੀਵਾਂ ਨੂੰ ਜੈਸੀ ਸੋਝੀ ਬਖ਼ਸ਼ਦਾ ਹੈ ਭਾਵ ਜਿੰਨਾ ਕੁ ਆਤਮ-ਪ੍ਰਕਾਸ਼ (ਬਲ); ਅੰਤਹਿਕਰਣ ਦੀ ਮਲ਼ੀਨਤਾ ਰਾਹੀਂ ਦਿਮਾਗ਼ ਤੱਕ ਭੇਜਦਾ ਹੈ; ਉਸੇ ਮੁਤਾਬਕ ਜੀਵਾਂ ਨੇ ਆਪਣਾ ਚੰਗਾ-ਮੰਦਾ ਰਾਹ ਅਖ਼ਤਿਆਰ ਕਰਨਾ ਹੁੰਦਾ ਹੈ।

ਅੰਤਹਿਕਰਣ ਰਾਹੀਂ ਦਿਮਾਗ਼ ਨੂੰ ਮਿਲਦੀ ਮੱਧਮ ਰੌਸ਼ਨੀ ਜਾਂ ਪਰਛਾਈ ਹੀ ‘ਸੁਰਤਿ, ਮਤਿ, ਮਨਿ+ਬੁਧਿ’ ਹੈ। ਜਿਨ੍ਹਾਂ ਨੂੰ ਘੜਨ ਬਾਬਤ ਗੁਰਬਾਣੀ ’ਚ ਕਈ ਉਪਦੇਸ਼ ਹਨ; ਜਿਵੇਂ ਕਿ ‘‘ਤਿਥੈ ਘੜੀਐ; ਸੁਰਤਿ, ਮਤਿ, ਮਨਿ+ਬੁਧਿ ..੩੬ (ਜਪੁ), ਘੜੀਐ ਸਬਦੁ (ਭਾਵ ਜੀਵਨ); ਸਚੀ ਟਕਸਾਲ ੩੮’’ (ਜਪੁ) ਧਿਆਨ ਰਹੇ ਕਿ ਗੁਰਬਾਣੀ ’ਚ ‘ਸਬਦੁ’ ਦਾ ਇੱਕ ਅਰਥ ‘ਕਿਰਦਾਰ, ਰਹਿਣੀ-ਬਹਿਣੀ’ ਭੀ ਹੈ; ਜਿਵੇਂ ਕਿ ‘‘ਅੰਦਰਹੁ ਜਿਨ ਕਾ ਮੋਹੁ ਤੁਟਾ; ਤਿਨ ਕਾ ਸਬਦੁ (ਰਹਿਣਸਹਿਣ) ਸਚੈ (ਨੇ) ਸਵਾਰਿਆ ’’ (ਅਨੰਦ/ਮਹਲਾ /੯੧੭) ਜਨਮ ਜਨਮ ਦੀ ਮੈਲ਼ ਭਰਪੂਰ ਅੰਦਰਲੀ ਇੰਦ੍ਰੀ (ਅੰਤਹਿਕਰਣ) ਨੂੰ ਘੜਨਾ ਹੀ ਚਾਰ ਬਾਹਰਲੀਆਂ ਇੰਦ੍ਰੀਆਂ (ਸੁਰਤਿ ਮਤਿ ਮਨਿ+ਬੁਧਿ) ਨੂੰ ਘੜਨਾ ਹੈ ਜਾਂ ਕਹਿ ਲਈਏ ਕਿ ‘ਸੁਰਤਿ, ਮਤਿ, ਮਨਿ+ਬੁਧਿ’ ਨੂੰ ਘੜਨਾ ਹੀ ਅੰਤਹਿਕਰਣ ਨੂੰ ਪਾਰਦਰਸ਼ੀ ਕਰਨਾ ਹੈ। ਦਿਮਾਗ਼ ਅਤੇ ਆਤਮ-ਪ੍ਰਕਾਸ਼ ਵਿਚਕਾਰ ਬਹੁਤ ਹੀ ਬਾਰੀਕ ਇਹ ਪਰਦਾ (ਮਲ਼ੀਨ ਅੰਤਹਿਕਰਣ) ਹੈ; ਜਿਵੇਂ ਕਿ ਬਚਨ ਹਨ, ‘‘ਹਉ ਹਉ ਭੀਤਿ ਭਇਓ ਹੈ ਬੀਚੋ; ਸੁਨਤ ਦੇਸਿ ਨਿਕਟਾਇਓ ਭਾਂਭੀਰੀ ਕੇ ਪਾਤ ਪਰਦੋ; ਬਿਨੁ ਪੇਖੇ ਦੂਰਾਇਓ ’’ (ਮਹਲਾ /੬੨੪) ਅਰਥ : ਹਿਰਦੇ (ਦਿਮਾਗ਼)-ਘਰ ਵਿੱਚ ਅਤੇ (ਰੱਬੀ ਜੋਤਿ ਭਾਵ ਆਤਮ-ਪ੍ਰਕਾਸ਼) ਵਿਚਕਾਰ ਬਹੁਤ ਹੀ ਬਾਰੀਕ ਯਾਨੀ ਤਿਤਲੀ ਦੇ ਪੰਖ ਵਰਗਾ ਪਤਲਾ ਕੂੜ-ਅਹੰਕਾਰ ਰੂਪ ਪਰਦਾ (ਦੀਵਾਰ) ਹੈ। ਜਿਸ ਕਾਰਨ (ਜ਼ਰਰੇ-ਜ਼ਰਰੇ ’ਚ ਵਿਆਪਕ ਪ੍ਰਭੂ) ਬਹੁਤ ਨੇੜੇ ਹੋਣ ਦੇ ਬਾਵਜੂਦ ਭੀ ਬਿਨਾਂ ਦਰਸ਼ਨ ਕੀਤਿਆਂ (ਭਾਵ ਸਤੁ, ਸੰਤੋਖ, ਵੀਚਾਰੁ ਵਾਲ਼ਾ ਪ੍ਰਕਾਸ਼-ਬਲ ਪ੍ਰਾਪਤ ਕਰਨ ਤੋਂ ਬਿਨਾਂ) ਬਹੁਤ ਦੂਰ ਜਾਪਦਾ ਹੈ।

ਸਮੁੱਚੀ ਗੁਰਬਾਣੀ; ਬਾਣੀਕਾਰਾਂ ਦੁਆਰਾ ਮਾਲਕ ਦੀ ਸਿਫ਼ਤ-ਸਾਲਾਹ ਕਰਨ ਉਪਰੰਤ ਅਤੇ ਸਵੈ ਪੜਚੋਲ ਕੀਤਿਆਂ ਅੰਦਰੋਂ ਉਪਜਿਆ ਸ਼ਬਦ-ਗਿਆਨ ਰੂਪ ਥਾਲ ਹੈ, ਇਸ ਲਈ ਇਸ (ਥਾਲ) ਵਿੱਚ ‘ਸਤੁ, ਸੰਤੋਖੁ, ਵੀਚਾਰੁ’ ਗੁਣਾਂ ਦੇ ਨਾਲ਼-ਨਾਲ਼ ‘ਠਾਕੁਰ ਕਾ ਨਾਮੁ’ ਭੀ ਹੈ, ਜੋ ਸੁਚੱਜਾ ਜੀਵਨ ਸਿਰਜਣ ਸਮੇਂ ਆਧਾਰ ਬਣਦਾ ਹੈ; ਜਿਵੇਂ ਕਿ ਬਚਨ ਹਨ ‘‘ਮੁੰਦਾਵਣੀ ਮਹਲਾ ਥਾਲ ਵਿਚਿ ਤਿੰਨਿ ਵਸਤੂ ਪਈਓ; ਸਤੁ ਸੰਤੋਖੁ ਵੀਚਾਰੋ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ; ਜਿਸ ਕਾ ਸਭਸੁ ਅਧਾਰੋ ’’, ‘‘ਜਿਸ ਕਾ ਸਭਸੁ ਅਧਾਰੋ’’ ਤੋਂ ਭਾਵ ਹੈ ਕਿ ਜਿਸ (ਨਾਮ-ਅੰਮ੍ਰਿਤ/ਆਤਮ-ਪ੍ਰਕਾਸ਼) ਦਾ ਸਭ (ਸਤੁ, ਸੰਤੋਖ, ਵੀਚਾਰੁ ਗੁਣ ਪਨਪਨ) ’ਚ ਸਹਿਯੋਗ ਹੁੰਦਾ ਹੈ।

ਸੋ ਜਿਨ੍ਹਾਂ ਨੇ ਭੀ ਇਸ (ਸਤੁ, ਸੰਤੋਖੁ, ਵੀਚਾਰੁ ਤੇ ਨਾਮ ਜਪਣ ਵਾਲ਼ੀ) ਯੁਕਤੀ ਨਾਲ਼ ਆਪਣੇ ਆਪ ਨੂੰ ਪੜਚੋਲਿਆ ਤੇ ਅੰਤਹਿਕਰਣ ਨੂੰ ਪਾਰਦਰਸ਼ੀ ਕਰ ਆਪਣਾ ਆਤਮ-ਪ੍ਰਕਾਸ਼; ਦਿਮਾਗ਼/ਸੁਰਤਿ ਤੱਕ 100% ਪਹੁੰਚਾਅ ਲਿਆ; ਉਨ੍ਹਾਂ ਅੰਦਰੋਂ ਕੂੜ ਦੀ ਕੰਧ ਢਹਿ ਗਈ। ਜਨਮ ਜਨਮ ਦੀ ਮੈਲ਼ ਲਹਿ ਗਈ। ਇਹੀ ਹੈ ‘ਪ੍ਰਭੂ ਦਾ ਦਰਸ਼ਨ’ ਯਾਨੀ ਦਿਮਾਗ਼ ਨੂੰ ਆਤਮ-ਪ੍ਰਕਾਸ਼ (ਬਲ) ਦਾ ਅਹਿਸਾਸ ਹੋ ਗਿਆ। ਗੁਰੂ ਅਮਰਦਾਸ ਜੀ ਦੇ ਬਚਨ ਹਨ, ‘‘ਆਪੁ (ਭਾਵ ਹੰਕਾਰ) ਛੋਡਹਿ ਤਾਂ ਸਹੁ ਮਿਲੈ; ਸਚਾ ਏਹੁ ਵੀਚਾਰੁ ’’ (ਮਹਲਾ /੧੪੨੦) ਗੁਰੂ ਰਾਮਦਾਸ ਜੀ ਅਨੁਸਾਰ ਐਸਾ ਵਿਰਲਾ ਹੀ ਹੁੰਦਾ ਹੈ, ‘‘ਕੋਈ ਗੁਰਮੁਖਿ ਹੋਵੈ, ਸੁ ਕਰੈ ਵੀਚਾਰੁ; ਹਰਿ ਧਿਆਵੈ ਮਨਿ () ਲਿਵ ਲਾਇ ’’ (ਮਹਲਾ /੭੬) ਪਰ ਜਿਨ੍ਹਾਂ ਨੇ ਇਹ ਮਾਰਗ ਨਾ ਅਪਣਾਇਆ, ਉਨ੍ਹਾਂ ਲਈ ਬਚਨ ਹਨ, ‘‘ਜਿਨਾ ਸਤਿਗੁਰੁ ਪੁਰਖੁ ਸੇਵਿਓ; ਸਬਦਿ ਕੀਤੋ ਵੀਚਾਰੁ ਓਇ ਮਾਣਸ ਜੂਨਿ ਆਖੀਅਨਿ; ਪਸੂ ਢੋਰ ਗਾਵਾਰ ਓਨਾ ਅੰਤਰਿ ਗਿਆਨੁ ਧਿਆਨੁ ਹੈ; ਹਰਿ ਸਉ ਪ੍ਰੀਤਿ ਪਿਆਰੁ ’’ (ਮਹਲਾ /੧੪੧੮)

ਵਿਚਾਰ ਅਧੀਨ ਸ਼ਬਦ ਦੇ ਅੰਤ ’ਚ ਗੁਰੂ ਸਾਹਿਬ ਜੀ ਫ਼ੁਰਮਾ ਰਹੇ ਹਨ ਕਿ ਇਨ੍ਹਾਂ ਰਤਨਾਂ ਨੂੰ ‘‘ਜੇ ਕੋ ਖਾਵੈ, ਜੇ ਕੋ ਭੁੰਚੈ; ਤਿਸ ਕਾ ਹੋਇ ਉਧਾਰੋ ਏਹ ਵਸਤੁ ਤਜੀ ਨਹ ਜਾਈ; ਨਿਤ ਨਿਤ ਰਖੁ ਉਰਿ ਧਾਰੋ ਤਮ ਸੰਸਾਰੁ ਚਰਨ ਲਗਿ ਤਰੀਐ; ਸਭੁ ਨਾਨਕ ਬ੍ਰਹਮ ਪਸਾਰੋ (ਮੁੰਦਾਵਣੀ/ਮਹਲਾ /੧੪੨੯) ਅਰਥ : (ਪੋਥੀ ਸਾਹਿਬ ’ਚ ਪ੍ਰੋਸੀ) ਇਹ ਕੀਮਤੀ ਸਮੱਗਰੀ; ਅਣਡਿੱਠ ਨਹੀਂ ਕਰਨੀ ਚਾਹੀਦੀ ਸਗੋਂ ਹਿਰਦੇ ’ਚ ਸਦਾ ਵਸਾ ਕੇ ਰੱਖਣੀ ਹੈ ਕਿਉਂਕਿ ਸੰਸਾਰ ਅੰਧਕਾਰ ਰੂਪ ਹੈ, ਇਸ ਵਿੱਚੋਂ ਓਹੀ ਤਰੇਗਾ, ਜੋ ਜ਼ਰਰੇ-ਜ਼ਰਰੇ ’ਚ ਮੌਜੂਦ (ਜੋਤਿ ਸਰੂਪ ਪ੍ਰਭੂ) ਦੇ ਚਰਨੀਂ ਲੱਗੇਗਾ। ਜਿਸ ਕਿਸੇ ਨੇ ਇਹ ਭੋਜਨ ਗ੍ਰਹਿਣ ਕੀਤਾ ਤੇ (ਛਕ ਕੇ ਅਨੰਦ) ਮਾਣਿਆ, ਉਹ ਇਸ ਅੰਧਕਾਰ (ਅਗਿਆਨਤਾ ਭਰੇ) ਸੰਸਾਰ ਤੋਂ ਤਰ ਗਿਆ।

ਗੁਰੂ ਅਰਜਨ ਸਾਹਿਬ ਜੀ ਦੇ ਇਸ (ਮੁੰਦਵਣੀ) ਸ਼ਬਦ ਤੋਂ ਤਕਰੀਬਨ 30-40 ਸਾਲ ਪਹਿਲਾਂ ਗੁਰੂ ਅਮਰਦਾਸ ਜੀ ਨੇ ਭੀ ਗੁਰਬਾਣੀ ਰੂਪੀ ਥਾਲ ਦਾ ਜ਼ਿਕਰ ਕੀਤਾ ਹੈ, ‘‘ਥਾਲੈ ਵਿਚਿ ਤੈ ਵਸਤੂ ਪਈਓ; ਹਰਿ ਭੋਜਨੁ ਅੰਮ੍ਰਿਤੁ ਸਾਰੁ ਜਿਤੁ ਖਾਧੈ ਮਨੁ ਤ੍ਰਿਪਤੀਐ; ਪਾਈਐ ਮੋਖ ਦੁਆਰੁ ਇਹੁ ਭੋਜਨੁ ਅਲਭੁ ਹੈ ਸੰਤਹੁ ! ਲਭੈ ਗੁਰ ਵੀਚਾਰਿ (ਕੇ) ਏਹ ਮੁਦਾਵਣੀ ਕਿਉ ਵਿਚਹੁ ਕਢੀਐ ? ਸਦਾ ਰਖੀਐ ਉਰਿ () ਧਾਰਿ ਏਹ ਮੁਦਾਵਣੀ ਸਤਿਗੁਰੂ (ਨੇ) ਪਾਈ; ਗੁਰਸਿਖਾ ਲਧੀ ਭਾਲਿ (ਕੇ) ਨਾਨਕ  ! ਜਿਸੁ ਬੁਝਾਏ, ਸੁ ਬੁਝਸੀ; ਹਰਿ ਪਾਇਆ ਗੁਰਮੁਖਿ ਘਾਲਿ (ਮਹਲਾ /੬੪੫) ਅਰਥ : ਹੇ ਸੰਤ ਜਨੋ ! (ਗੁਰਬਾਣੀ ਰੂਪੀ ਇਸ) ਥਾਲ ਵਿੱਚ ਤਿੰਨ ਵਸਤੂਆਂ ਹਨ ਅਤੇ ਹਰੀ ਦਾ ਸ੍ਰੇਸ਼ਟ ਨਾਮ-ਅੰਮ੍ਰਿਤ ਹੈ। ਜਿਸ ਦੇ ਖਾਣ ਨਾਲ਼ ਮਨ ਸ਼ਾਂਤ ਹੁੰਦਾ ਹੈ ਭਾਵ ਸੰਤੋਖ ਜਨਮ ਲੈਂਦਾ ਹੈ ਤੇ ਮੁਕਤੀ ਪ੍ਰਾਪਤ ਹੁੰਦੀ ਹੈ ਭਾਵ ਅੰਤਹਿਕਰਣ ਪਾਰਦਰਸ਼ੀ ਹੋ ਜਾਂਦਾ ਹੈ। ਇਹ ਖ਼ਜ਼ਾਨਾ ਭਾਵ ਮੁੰਦਾਵਣੀ ਹਿਰਦੇ ’ਚੋਂ ਨਹੀਂ ਭੁਲਾਉਣੀ ਚਾਹੀਦੀ ਸਗੋਂ ਮਨ ’ਚ ਸਦਾ ਟਿਕਾ ਕੇ ਰੱਖਣੀ ਹੈ ਕਿਉਂਕਿ ਇਹ ਅਲੱਭ ਸਮੱਗਰੀ ਹੈ ਭਾਵ ਆਤਮ ਮੰਥਨ ਕਰ (ਅਨੁਭਵ ’ਚੋਂ) ਪੈਦਾ ਹੋਇਆ ਅਭੁੱਲ-ਗਿਆਨ ਹੈ ਤੇ ਗੁਰੂ ਸਾਹਿਬ ਨੇ ਖ਼ੁਦ ਇਹ ਖ਼ਜ਼ਾਨੇ ਅੰਦਰ ਸੰਭਾਲ਼ਿਆ ਹੈ। ਜਿਸ ਨੂੰ ਪ੍ਰਭੂ ਸੋਝੀ ਦੇਵੇ, ਓਹੀ ਇਸ (ਵਸਤੂ) ਨੂੰ ਪ੍ਰਾਪਤ ਕਰੇਗਾ। ਹਰੀ ਦੀ ਮਿਹਰ ਨਾਲ਼ ਗੁਰਮੁਖਾਂ ਨੇ ਬੜੀ ਮਿਹਨਤ ਨਾਲ਼ ਭਾਵ ਗੁਰੂ ਸ਼ਬਦ-ਰੌਸ਼ਨੀ ਨਾਲ਼ ਅਦ੍ਰਿਸ਼-ਅਪਹੁੰਚ ਪ੍ਰਭੂ ਦੀ ਸਿਫ਼ਤ ਕਰਕੇ ਅਤੇ ਆਪਣੇ ਆਪ ਨੂੰ ਪਹਿਚਾਣ ਕੇ (ਆਪਣੇ ਅੰਦਰੋਂ ਹੀ ਇਹ ਆਤਮ-ਪ੍ਰਕਾਸ਼) ਲੱਭ ਲਿਆ।

ਗੁਰਬਾਣੀ ਅੰਦਰ ਵਾਰ-ਵਾਰ ਜ਼ਿਕਰ ਹੈ ਕਿ ਸੰਘਰਸ਼ ਕੀਤਿਆਂ, ਸਵੈ ਪੜਚੋਲ ਕਰਦਿਆਂ, ਵਿਕਾਰਾਂ ਨਾਲ਼ ਲੜਦਿਆਂ ਜੀਵਨ ਸੁੰਦਰ ਬਣਦਾ ਹੈ, ਸਫਲ ਹੁੰਦਾ ਹੈ; ਜਿਵੇਂ ਕਿ ਬਚਨ ਹਨ, ‘‘ਸਰਮਖੰਡ ਕੀ ਬਾਣੀ, ਰੂਪੁ ..੩੬ (ਜਪੁ) ਭਾਵ ਸੰਘਰਸ਼ਮਈ ਅਵਸਥਾ ਦੀ ਬਣਤਰ ਬੜੀ ਸੁੰਦਰ ਹੁੰਦੀ ਹੈ। ਇਸੇ ਮਸ਼ੱਕਤ/ਘਾਲਣਾ ਦਾ ਜ਼ਿਕਰ; ‘ਜਪੁ’ ਬਾਣੀ ਦੇ ਅੰਤ ’ਚ ਹੈ, ‘‘ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ਨਾਨਕ  ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ’’ (ਜਪੁ)

ਨਚੋੜ : ਸੰਖੇਪ ਸ਼ਬਦਾਂ ’ਚ ਕਹਿ ਸਕਦੇ ਹਾਂ ਕਿ ਸੰਤੋਖ; ਮਨ ਦਾ ਅਨੰਦ ਹੈ। ਸਤੁ; ਦਿਮਾਗ਼ ਦੀ ਸਥਿਰਤਾ ਭਾਵ ਅਕਲ ਦਾ ਦੁਬਿਧਾ ਮੁਕਤ ਹੋਣਾ ਅਤੇ ‘ਵੀਚਾਰੁ’ ਤੋਂ ਭਾਵ ਹੈ ਆਸ਼ਾਵਾਦੀ ਰਹਿਣਾ। ਮਨ ਦੀ ਸ਼ਾਂਤੀ, ਸਥਿਰ ਦਿਮਾਗ਼ ਤੇ ਉਸਾਰੂ ਸੋਚ; ਰੱਬੀ ਭਾਣੇ ਨੂੰ ਮੰਨਣ ਤੇ ਉਸ ਅੰਦਰ ਚੱਲਣ ਉਪਰੰਤ ਹੀ ਹਿਰਦੇ ਅੰਦਰ ਪਨਪਦੇ ਹਨ।

ਗੁਰਬਾਣੀ ਨੂੰ ਥਾਲ ਕਹਿਣ ਪਿੱਛੇ ਮੂਲ ਕਾਰਨ ਇਹ ਹੈ ਕਿ ਇਹ, ਉਸ ਸਚਾਈ ਨਾਲ਼ ਸੰਬੰਧਿਤ ਹੈ, ਜੋ ਹਰ ਜੀਵਨ ਅੰਦਰ ਮੌਜੂਦ ਹੈ ਅਤੇ ਬਾਣੀਕਾਰਾਂ ਨੂੰ ਪ੍ਰਤੱਖ ਮਹਿਸੂਸ ਹੋਣ ਤੋਂ ਬਾਅਦ ਪ੍ਰਗਟ ਹੋਈ ਹੈ। ਜਿਵੇਂ ਥਾਲ ਰੱਖਣ ਲਈ ਜਗ੍ਹਾ ਚਾਹੀਦੀ ਹੈ; ਵੈਸੇ ਗੁਰਬਾਣੀ ਪ੍ਰਗਟ ਕਰਨ ਲਈ ਹਿਰਦਾ ਅਤਿ ਜ਼ਰੂਰੀ ਹੈ।

ਨੋਟ : ਗੁਰੂ ਅਮਰਦਾਸ ਜੀ ਦੇ ਉਕਤ ਸ਼ਬਦ ’ਚ ਤਿੰਨ ਵਸਤੂਆਂ ਬਾਰੇ ਇਸ਼ਾਰੇ ਮਾਤਰ ਸੰਕੇਤ ਹੈ। ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਆਪਣੇ ਸ਼ਬਦ ’ਚ ਵਿਸਥਾਰ ਸਹਿਤ ਬਿਆਨ ਕੀਤਾ ਹੈ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੇ ਬਾਰਹਮਾਹਾ ਸ਼ਬਦ ’ਚ ਕਈ ਸੂਖਮ ਰਮਜ਼ਾਂ ਹਨ, ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਨੇ ਆਪਣੇ ਬਾਰਹਾਮਾਹਾ ਰਾਹੀਂ ਵਿਸਥਾਰ ਸਹਿਤ ਬਿਆਨ ਕੀਤਾ ਹੈ।