ਬਿਕ੍ਰਮੀ ਕੈਲੰਡਰ ਅਤੇ ਰੁੱਤਾਂ

0
144

ਬਿਕ੍ਰਮੀ ਕੈਲੰਡਰ ਅਤੇ ਰੁੱਤਾਂ

ਕਿਰਪਾਲ ਸਿੰਘ ਬਠਿੰਡਾ

 ਸੂਰਜ ਦੁਆਲੇ ਇੱਕ ਚੱਕਰ ਪੂਰਾ ਕਰਨ ਲਈ ਧਰਤੀ 3600 ਦਾ ਫ਼ਾਸਲਾ ਤੈਅ ਕਰਦੀ ਹੈ। ਧਰਤੀ ਜਿਸ ਰਾਹ ’ਤੇ ਘੁੰਮਦੀ ਹੈ ਜਾਂ ਦੂਸਰੇ ਸ਼ਬਦਾਂ ’ਚ ਜਿਸ ਤਰ੍ਹਾਂ ਸਾਨੂੰ ਵਿਖਾਈ ਦਿੰਦਾ ਹੈ; ਸੂਰਜ ਪਥ ਦੇ ਇਸ ਪੂਰੇ ਚੱਕਰ ਨੂੰ 300-300 ਦੇ ਬਰਾਬਰ 12 ਹਿੱਸਿਆਂ ’ਚ ਵੰਡਿਆ ਗਿਆ। ਜਿਨ੍ਹਾਂ ਨੂੰ 12 ਰਾਸ਼ੀਆਂ ਦਾ ਨਾਮ ਦਿੱਤਾ ਗਿਆ ਹੈ। ਇੱਕ ਰਾਸ਼ੀ ’ਚ ਸੂਰਜ ਇੱਕ ਮਹੀਨਾ ਰਹਿੰਦਾ ਹੈ ਅਤੇ ਜਿਸ ਸਮੇਂ ਸੂਰਜ ਇੱਕ ਰਾਸ਼ੀ ਤੋਂ ਦੂਜੀ ਰਾਸ਼ੀ ’ਚ ਜਾਂਦਾ ਹੈ ਤਾਂ ਨਵਾਂ ਮਹੀਨਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਸਾਲ ’ਚ 12 ਰਾਸ਼ੀਆਂ ਅਤੇ 12 ਹੀ ਮਹੀਨੇ ਹੁੰਦੇ ਹਨ। ਸੂਰਜ ਦੁਆਲੇ ਧਰਤੀ ਪੂਰੇ ਗੋਲਾਕਾਰ ਚੱਕਰ ’ਚ ਨਹੀਂ ਬਲਕਿ ਅੰਡਾਕਾਰ ਚੱਕਰ ’ਚ ਘੁੰਮਦੀ ਹੈ, ਇਸ ਲਈ ਸਾਰੇ ਮਹੀਨੇ ਬਰਾਬਰ ਲੰਬਾਈ ਦੇ ਨਹੀਂ ਬਲਕਿ 29 ਤੋਂ 32 ਦਿਨਾਂ ਤੱਕ ਘਟਦੇ ਵਧਦੇ ਰਹਿੰਦੇ ਹਨ।

ਭਾਰਤ ਸਰਕਾਰ ਵੱਲੋਂ 1952 ਸੀਈ ’ਚ ਪ੍ਰੋ: ਐੱਮ.ਐੱਨ. ਸ਼ਾਹ ਦੀ ਪ੍ਰਧਾਨਗੀ ਹੇਠ 7 ਮੈਂਬਰੀ ਕੈਲੰਡਰ ਸੁਧਾਰ ਕਮੇਟੀ ਬਣਾਈ ਗਈ, ਜਿਸ ਨੇ 1956 ’ਚ ਭਾਰਤ ਸਰਕਾਰ ਨੂੰ ਆਪਣੀ ਰਿਪੋਰਟ ਸੌਂਪੀ। ਪੰਜਾਬੀ ਵਿਭਾਗ (ਪਟਿਆਲਾ, ਪੰਜਾਬ) ਵੱਲੋਂ ਇਸ ਰਿਪੋਰਟ ਦਾ ਪੰਜਾਬੀ ਅਨੁਵਾਦ 1962 ’ਚ ਛਾਪਿਆ ਗਿਆ; ਜਿਸ ਦੇ ਪੰਨਾ ਨੰ: 102-103 ’ਤੇ ਬਸੰਤੀ ਸਮਰਾਤ, ਉਤਰਾਇਣੰਤ, ਪਤਝੜੀ ਸਮਰਾਤ ਅਤੇ ਦਖਨਾਇਣੰਤ ਬਿੰਦੀਆਂ ਦੀਆਂ ਰਾਸ਼ੀਆਂ ਦੇ ਆਰੰਭ ਕੋਣਿਕ ਡਿਗਰੀਆਂ (Angular Degrees) ’ਚ ਦਿੱਤੇ ਹਨ। ਹੇਠ ਦਿੱਤੀ ਸਾਰਣੀ ’ਚ ਇਨ੍ਹਾਂ ਬਿੰਦੀਆਂ ਦੀ ਸਥਿਤੀ ਦਾ ਅਜੋਕੇ ਸਮੇਂ ਦੀਆਂ ਰਾਸ਼ੀਆਂ ਨਾਲ ਮਿਲਾਣ ਕੀਤਾ ਗਿਆ ਹੈ।

ਪ੍ਰਾਚੀਨ ਅਤੇ ਮੌਜੂਦਾ ਰਾਸ਼ੀਆਂ ਦੀ ਸਥਿਤੀ ਦਾ ਤੁਲਨਾਤਮਿਕ ਅਧਿਐਨ ਕੀਤਿਆਂ ਪਤਾ ਲੱਗਦਾ ਹੈ ਕਿ ਮੌਜੂਦਾ ਰਾਸ਼ੀਆਂ ਪ੍ਰਾਚੀਨ ਰਾਸ਼ੀਆਂ ਨਾਲੋਂ ਤਕਰੀਬਨ 24011-12’ ਅੱਗੇ ਨਿਕਲ ਚੁੱਕੀਆਂ ਹਨ।  ਸੂਰਜ ਦੁਆਲੇ ਇੱਕ ਚੱਕਰ ਪੂਰਾ ਕਰਨ ਲਈ ਧਰਤੀ 3600 ਦਾ ਫ਼ਾਸਲਾ ਤੈਅ ਕਰਦੀ ਹੈ, ਜਿਸ ਲਈ ਇਕ ਸਾਲ ਦਾ ਸਮਾਂ ਭਾਵ ਲਗਭਗ 365 ਦਿਨ ਲੱਗਦੇ ਹਨ। ਇਸ ਦਾ ਭਾਵ ਇਹ ਹੋਇਆ ਕਿ ਧਰਤੀ 10 ਦਾ ਫ਼ਾਸਲਾ ਤੈਅ ਕਰਨ ਲਈ 1 ਦਿਨ ਤੋਂ ਥੋੜ੍ਹਾ ਵੱਧ ਸਮਾਂ ਲੈਂਦੀ ਹੈ, ਜਿਸ ਨਾਲ਼ ਹੁਣ ਤੱਕ ਬਿਕ੍ਰਮੀ ਕੈਲੰਡਰ ਰੁੱਤਾਂ ਨਾਲੋਂ 24 ਦਿਨ ਅੱਗੇ ਨਿਕਲ ਚੁੱਕਾ ਹੈ ਅਤੇ ਇਹ ਫ਼ਰਕ ਲਗਭਗ 50’’.3 ਐਂਗੂਲਰ ਡਿਗਰੀ ਭਾਵ 20 ਮਿੰਟ 25 ਸਕਿੰਟ ਪ੍ਰਤੀ ਸਾਲ ਦੀ ਦਰ ਨਾਲ ਲਗਾਤਾਰ ਵਧ ਰਿਹਾ ਹੈ। ਇਸ ਤੱਥ ਨੂੰ ਸ਼੍ਰੀ ਮਾਰਤੰਡ ਪੰਚਾਂਗ ਸਮੇਤ ਸਭ ਪੰਚਾਂਗਾਂ, ਜਿਨ੍ਹਾਂ ਦੇ ਆਧਾਰ ’ਤੇ ਸ੍ਰੋਮਣੀ ਕਮੇਟੀ ਆਪਣਾ ਕੈਲੰਡਰ ਛਾਪਦੀ ਹੈ; ਤੋਂ ਵੀ ਤਸਦੀਕ ਕੀਤਾ ਜਾ ਸਕਦਾ ਹੈ। ਸ਼੍ਰੀ ਮਾਰਤੰਡ ਪੰਚਾਂਗ ਸੰਮਤ ੨੦੮੦ (2023-24) ਦੇ ਪੰਨਾ ਨੰ: 141 ’ਤੇ ੭ ਫੱਗਣ/19 ਫ਼ਰਵਰੀ ਦੇ ਸਾਮ੍ਹਣੇ ਲਿਖਿਆ ਹੈ ‘ਸੂਰਜ ਸਾਈਨ ਮੀਨ ਮੇਂ, ਬਸੰਤ ਰੁੱਤ ਸ਼ੁਰੂ’; ਜਦੋਂ ਕਿ ਪ੍ਰਾਚੀਨ ਗ੍ਰੰਥਾਂ ਅਤੇ ਗੁਰੂ ਗ੍ਰੰਥ ਸਾਹਿਬ ਮੁਤਾਬਕ ਬਸੰਤ ਰੁੱਤ ਦੇ ਦੋ ਮਹੀਨੇ ਚੇਤ ਤੇ ਵੈਸਾਖ ਹਨ ਅਤੇ ਬਿਕ੍ਰਮੀ ਕੈਲੰਡਰ ’ਚ ੧ ਚੇਤ/14 ਮਾਰਚ ਤੋਂ ਸ਼ੁਰੂ ਹੋਣਾ ਸੀ। ਪੰਨਾ ਨੰ: 125 ’ਤੇ ੭ ਹਾੜ/21 ਜੂਨ ਦੇ ਸਾਮ੍ਹਣੇ ਲਿਖਿਆ ਹੈ ‘ਸੂਰਜ ਸਾਈਨ ਕਰਕ ਮੇਂ, ਦਖ਼ਸ਼ਨਾਇਣ ਅਤੇ ਵਰਖਾ ਰੁੱਤ ਸ਼ੁਰੂ (ਉੱਤਰਾਇਣੰਤ)’; ਜਦੋਂ ਕਿ ਪ੍ਰਾਚੀਨ ਗ੍ਰੰਥਾਂ ਅਤੇ ਗੁਰੂ ਗ੍ਰੰਥ ਸਾਹਿਬ ਮੁਤਾਬਕ ਵਰਖਾ ਰੁੱਤ ੧ ਸਾਵਣ/16 ਜੁਲਾਈ ਤੋਂ ਸ਼ੁਰੂ ਹੋਣੀ ਸੀ। ਇਸੇ ਤਰ੍ਹਾਂ ਪਤਝੜੀ ਸਮਰਾਤ ਅਤੇ ਉੱਤਰਾਇਣ ਲੱਗਭਗ 24 ਦਿਨ ਪਹਿਲਾਂ ਅਰੰਭ ਹੋ ਜਾਂਦੇ ਹਨ। ਇਸ ਦਾ ਭਾਵ ਹੈ ਕਿ ਬਿਕ੍ਰਮੀ ਕੈਲੰਡਰ ਛਾਪਣ ਵਾਲੇ ਪੰਡਿਤ ਵੀ ਮੰਨਦੇ ਹਨ ਕਿ ਉਨ੍ਹਾਂ ਦਾ ਕੈਲੰਡਰ; ਰੁੱਤਾਂ ਦਾ ਸਾਥ ਛੱਡ ਰਿਹਾ ਹੈ। ਰੁੱਤਾਂ ਨਾਲ ਮਿਲਾਈ ਰੱਖਣ ਲਈ ਕੈਲੰਡਰ ਸੁਧਾਰ ਕਮੇਟੀ ਨੇ ਇਸ ਸੋਚ ਅਧੀਨ ਕਿ ਜੇ ਵੈਸਾਖ ਮਹੀਨੇ ਨੂੰ 240 11’ 38’’ (1956 ਸੀਈ ’ਚ 230 15’ 00’’) ਦੀ ਬਜਾਏ ਮੁੜ 00 ਤੋਂ ਸ਼ੁਰੂ ਕੀਤਾ ਗਿਆ ਤਾਂ ਇਹ ਸੋਧ ਬਹੁਤ ਵੱਡੀ ਹੋਵੇਗੀ, ਜੋ ਲੋਕਾਂ ਨੇ ਮੰਨਣੀ ਨਹੀਂ; ਇਸ ਲਈ ਬਸੰਤੀ ਸਮਰਾਤ ਤੋਂ ਮਹੀਨਾ ਵੈਸਾਖ ਸ਼ੁਰੂ ਕਰਨ ਦੀ ਬਜਾਏ ਚੇਤ ਮਹੀਨਾ ਸ਼ੁਰੂ ਕਰ ਦਿੱਤਾ। ਇਸ ਨਾਲ ਸਾਕਾ ਕੈਲੰਡਰ ਦਾ ਚੇਤ ਮਹੀਨਾ 14 ਮਾਰਚ ਤੋਂ ਅਰੰਭ ਹੋਣ ਦੀ ਥਾਂ 7-8 ਕੁ ਦਿਨਾਂ ਦਾ ਹੋਰ ਫ਼ਰਕ ਪਾ ਕੇ 21-22 ਮਾਰਚ ਨੂੰ ਅਰੰਭ ਕੀਤਾ ਜਾਂਦਾ ਹੈ ਅਤੇ ਅੱਗੇ ਤੋਂ ਰੁੱਤਾਂ ਦਾ ਸਾਥ ਨਾ ਛੱਡੇ, ਇਸ ਲਈ ਨਿਰਾਇਣ ਰਾਸ਼ੀਆਂ ਦਾ ਤਿਆਗ ਕਰ ਸਾਈਨ ਰਾਸ਼ੀਆਂ ਅਪਣਾਅ ਲਈਆਂ। ਇਸ ਹਿਸਾਬ ਨਾਲ਼ ਹੁਣ ਤੱਕ ਰੁੱਤਾਂ ’ਚ 24 ਦਿਨਾਂ ਦੇ ਪੈ ਚੁੱਕੇ ਅੰਤਰ ਨੂੰ ਘਟਾਉਣ ਦੀ ਬਜਾਏ ਸਾਕਾ ਕੈਲੰਡਰ ’ਚ 7-8 ਦਿਨਾਂ ਦਾ ਹੋਰ ਫ਼ਰਕ ਪਾ ਕੇ ਪੂਰੇ ਇੱਕ ਮਹੀਨੇ ਦਾ ਅੰਤਰ ਕਰ ਦਿੱਤਾ।

ਜੂਲੀਅਨ ਕੈਲੰਡਰ ਰੁੱਤਾਂ ਨਾਲੋਂ 10 ਦਿਨ ਅੱਗੇ ਨਿਕਲ ਜਾਣ ਕਾਰਨ ਕੈਥੋਲਿਕ ਚਰਚ ਦੇ ਪੋਪ ਗ੍ਰੈਗਰੀ VIII ਨੇ 1582 ’ਚ 4 ਅਕਤੂਬਰ ਦਿਨ ਵੀਰਵਾਰ ਤੋਂ ਅਗਲੇ ਦਿਨ ਸ਼ੁੱਕਰਵਾਰ ਨੂੰ 5 ਦੀ ਥਾਂ 15 ਅਕਤੂਬਰ ਐਲਾਨ ਦਿੱਤਾ ਭਾਵ  10 ਦਿਨਾਂ (10 ਤਾਰੀਖ਼ਾਂ ਖ਼ਤਮ ਕਰਨ) ਦੀ ਸੋਧ ਲਾ ਕੇ ਆਪਣੇ ਕੈਲੰਡਰ ਨੂੰ ਸਮਰਾਤਾਂ ਭਾਵ ਰੁੱਤਾਂ ਨਾਲ ਜੋੜ ਲਿਆ। ਨਾਨਕਸ਼ਾਹੀ ਕੈਲੰਡਰ ’ਚ ਦੋਵਾਂ ਨਾਲੋਂ ਵੱਖਰਾ ਤਰੀਕਾ ਵਰਤਿਆ ਗਿਆ ਹੈ। ਸਾਲ ਦੀ ਲੰਬਾਈ ਰੁੱਤੀ ਸਾਲ ਦੇ ਬਹੁਤ ਹੀ ਨੇੜੇ ਅਤੇ ਦੁਨੀਆਂ ਭਰ ’ਚ ਪ੍ਰਚਲਿਤ ਗ੍ਰੈਗੋਰੀਅਨ ਕੈਲੰਡਰ ਦੇ ਸਾਲ ਦੀ ਲੰਬਾਈ ਦੇ ਬਿਲਕੁਲ ਬਰਾਬਰ 365.2422 ਦਿਨ ਕਰ ਦਿੱਤੀ। ਸਾਲ ਦੇ ਪਹਿਲੇ ਪੰਜ ਮਹੀਨੇ ਚੇਤ, ਵੈਸਾਖ, ਜੇਠ ਹਾੜ ਅਤੇ ਸਾਵਣ 31-31 ਦਿਨਾਂ ਦੇ ਅਤੇ ਪਿਛਲੇ 7 ਮਹੀਨੇ 30-30 ਦਿਨਾਂ ਦੇ ਕਰਕੇ ਸਾਲ ਦੇ ਦਿਨਾਂ ਦੀ ਗਿਣਤੀ ਪੂਰੀ ਕੀਤੀ ਗਈ। ਲੀਪ ਦੇ ਸਾਲ ’ਚ ਅੰਤਲਾ ਮਹੀਨਾ ਫੱਗਣ 31 ਦਿਨਾਂ ਦਾ ਹੋਵੇਗਾ। ਸੰਨ 1999 ’ਚ ਬਿਕ੍ਰਮੀ ਕੈਲੰਡਰ ਦਾ ਚੇਤ 14 ਮਾਰਚ ਅਤੇ ਵੈਸਾਖ 14 ਅਪ੍ਰੈਲ; ਜੇਠ 15 ਮਈ, ਹਾੜ 15 ਜੂਨ; ਸਾਵਣ 16 ਜੁਲਾਈ, ਭਾਦੋਂ 16 ਅਗਸਤ; ਅੱਸੂ 15 ਸਤੰਬਰ, ਕੱਤਕ 15 ਅਕਤੂਬਰ; ਮੱਘਰ 14 ਨਵੰਬਰ, ਪੋਹ 14 ਦਸੰਬਰ; ਮਾਘ 13 ਫ਼ਰਵਰੀ ਅਤੇ ਫੱਗਣ 12 ਫ਼ਰਵਰੀ ਨੂੰ ਅਰੰਭ ਹੋਇਆ ਸੀ, ਜੋ ਅੱਗੇ ਤੋਂ ਸਾਰੇ ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੂਰੀ ਕਰਨ ਪਿੱਛੋਂ ਚੇਤ ਮਹੀਨਾ ਹਰ ਸਾਲ 14 ਮਾਰਚ ਅਤੇ ਵੈਸਾਖ 14 ਅਪ੍ਰੈਲ ਨੂੰ ਹੀ ਅਰੰਭ ਹੋਵੇਗਾ। ਇਸ ਤਰ੍ਹਾਂ ਹੁਣ ਤੱਕ ਰੁੱਤਾਂ ਨਾਲੋਂ, ਜੋ ਫ਼ਰਕ ਪੈ ਚੁੱਕਾ ਹੈ, ਸੋ ਪੈ ਗਿਆ ਅੱਗੇ ਤੋਂ ਹਮੇਸ਼ਾਂ ਉਨ੍ਹਾਂ ਹੀ ਰੁੱਤਾਂ ’ਚ ਸਾਰੇ ਮਹੀਨੇ ਆਉਣਗੇ, ਜਿਨ੍ਹਾਂ ਰੁੱਤਾਂ ’ਚ ਅੱਜ ਕੱਲ੍ਹ ਆ ਰਹੇ ਹਨ ਅਤੇ ਗੁਰਬਾਣੀ ’ਚ ਦਰਜ ਹਨ। ਸਾਰੇ ਗੁਰਪੁਰਬ ਤੇ ਇਤਿਹਾਸਕ ਦਿਹਾੜੇ ਉਨ੍ਹਾਂ ਹੀ ਦੇਸੀ ਅਤੇ ਅੰਗਰੇਜ਼ੀ ਤਾਰੀਖ਼ਾਂ ਨੂੰ ਆਉਣਗੇ, ਜਿਨ੍ਹਾਂ ’ਚ ਨਾਨਕਸ਼ਾਹੀ ਸੰਮਤ ੫੩੧ (1999-2000) ਅਤੇ ਨਾਨਕਸ਼ਾਹੀ ਸੰਮਤ ੫੩੫ (2003-2004) ਦੌਰਾਨ ਆਏ ਸਨ। ਇਸ ਤਰ੍ਹਾਂ ਨਾਨਕਸ਼ਾਹੀ ਕੈਲੰਡਰ ਹੋਰ ਸਾਰੇ ਕੈਲੰਡਰਾਂ ਨਾਲੋਂ ਸਮਝਣ ’ਚ ਸੁਖਾਲਾ ਅਤੇ ਸਰਲ ਹੈ। ਭਾਰਤੀ ਖਗੋਲ ਵਿਗਿਆਨੀ ਵੀ ਮੰਨ ਰਹੇ ਹਨ ਕਿ ਉਨ੍ਹਾਂ ਦਾ ਕੈਲੰਡਰ ਰੁੱਤਾਂ ਦਾ ਸਾਥ ਛੱਡ ਰਿਹਾ ਹੈ, ਪਰ ਜੋਤਿਸ਼ ਵਿਦਿਆ ਨੂੰ ਆਪਣੀ ਰੋਜੀ ਰੋਟੀ ਦਾ ਸਾਧਨ ਬਣਾਉਣ ਵਾਲੇ ਪੰਡਿਤ;  ਕੇਂਦਰ ਸਰਕਾਰ ਵੱਲੋਂ 1957 ਤੋਂ ਲਾਗੂ ਕੀਤੀ ਸੋਧ ਮੰਨਣ ਤੋਂ ਇਨਕਾਰੀ ਹਨ।

ਗੁਰੂ ਸਾਹਿਬਾਨ ਨੇ ਪੰਡਿਤ ਦੀ ਵਿਦਿਅਕ ਯੋਗਤਾ ਅਤੇ ਕਰਮਕਾਂਡਾਂ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਰੱਦ ਕੀਤਾ ਹੈ :

ਸਾਹਾ ਗਣਹਿ; ਕਰਹਿ ਬੀਚਾਰੁ   ਸਾਹੇ ਊਪਰਿ ਏਕੰਕਾਰੁ   ਜਿਸੁ ਗੁਰੁ ਮਿਲੈ; ਸੋਈ ਬਿਧਿ ਜਾਣੈ   ਗੁਰਮਤਿ ਹੋਇ; ਹੁਕਮੁ ਪਛਾਣੈ ਅਰਥ : ਹੇ ਪੰਡਿਤ ! (ਵਿਆਹ ਆਦਿਕ ਸਮੇਂ ਤੂੰ ਜਜਮਾਨਾਂ ਦੇ) ਸ਼ੁਭ ਲਗਨ ਮੁਹੂਰਤ ਗਿਣਦਾ ਹੈਂ, ਪਰ ਤੂੰ ਇਹ ਨਹੀਂ ਵਿਚਾਰਦਾ ਕਿ ਸ਼ੁਭ ਸਮਾਂ ਬਣਾਉਣ, ਨਾ ਬਣਾਉਣ ਵਾਲ਼ਾ ਪਰਮਾਤਮਾ (ਆਪ) ਹੈ। ਜਿਸ ਨੂੰ ਗੁਰੂ ਮਿਲ ਜਾਂਦਾ ਹੈ ਉਹ ਸਹੀ ਮਾਰਗ ਨੂੰ ਸਮਝਦਾ ਹੈ (ਉਸ ਨੂੰ ਇਸ ਪਾਖੰਡ ਦੀ ਲੋੜ ਨਹੀਂ ਕਿਉਂਕਿ ਜਿਹੜਾ) ਗੁਰਮੁਖ ਬਣ ਜਾਂਦਾ ਹੈ ਉਹ ਮਾਲਕ ਦੀ ਰਜ਼ਾ ਨੂੰ ਸਮਝਦਾ ਹੈ (ਕਿ ਕੁਦਰਤ ਵਿੱਚ ਕੋਈ ਸਮਾਂ ਚੰਗਾ ਜਾਂ ਮਾੜਾ ਨਹੀਂ ਹੁੰਦਾ ਬਲਕਿ ਬੰਦੇ ਦੇ ਕੰਮ; ਚੰਗੇ ਮਾੜੇ ਹੁੰਦੇ ਹਨ)।

ਝੂਠੁ ਬੋਲਿ, ਪਾਡੇ  ! ਸਚੁ ਕਹੀਐ   ਹਉਮੈ ਜਾਇ, ਸਬਦਿ ਘਰੁ ਲਹੀਐ ਰਹਾਉ ਅਰਥ : ਹੇ ਪੰਡਿਤ ! (ਆਪਣੀ ਆਜੀਵਕਾ ਦੀ ਖ਼ਾਤਰ ਜਜਮਾਨਾਂ ਨੂੰ ਪਤਿਆਉਣ ਲਈ ਵਿਆਹ ਆਦਿ ਵੇਲ਼ੇ ਸ਼ੁਭ ਮੁਹੂਰਤ ਲੱਭਣ ਦਾ) ਝੂਠ ਨਾ ਬੋਲ ਸਗੋਂ ਸੱਚ ਬੋਲ। ਜਦੋਂ ਗੁਰੂ ਦੇ ਸ਼ਬਦ ਨਾਲ਼ ਹਉਮੈ ਦੂਰ ਹੋ ਜਾਂਦੀ ਹੈ ਤਾਂ ਐਸਾ ਘਰ ਲੱਭ ਪੈਂਦਾ ਹੈ (ਜਿੱਥੋਂ ਆਤਮਕ ਤੇ ਸੰਸਾਰਕ ਸਾਰੇ ਪਦਾਰਥ ਮਿਲਦੇ ਹਨ)।

ਗਣਿ ਗਣਿ ਜੋਤਕੁ, ਕਾਂਡੀ ਕੀਨੀ   ਪੜੈ ਸੁਣਾਵੈ, ਤਤੁ ਚੀਨੀ   ਸਭਸੈ ਊਪਰਿ; ਗੁਰ ਸਬਦੁ ਬੀਚਾਰੁ   ਹੋਰ ਕਥਨੀ ਬਦਉ ; ਸਗਲੀ ਛਾਰੁ (ਮਹਲਾ /੯੦੫) ਅਰਥ : ਜੋਤਿਸ਼ (ਦੇ ਲੇਖੇ) ਗਿਣ ਗਿਣ ਕੇ (ਪੰਡਿਤ ਕਿਸੇ ਜਜਮਾਨ ਦੇ ਪੁੱਤਰ ਦੀ) ਜਨਮ ਪੱਤ੍ਰੀ ਬਣਾਉਂਦਾ ਹੈ, (ਜੋਤਿਸ਼ ਦਾ ਹਿਸਾਬ ਆਪ) ਪੜ੍ਹਦਾ ਹੈ ਤੇ (ਜਜਮਾਨ ਨੂੰ) ਸੁਣਾਉਂਦਾ ਹੈ, ਪਰ ਤੱਤ ਨਹੀਂ ਪਛਾਣਦਾ। (ਸ਼ੁਭ ਮੁਹੂਰਤ ਆਦਿਕ ਦੀਆਂ) ਸਾਰੀਆਂ ਵਿਚਾਰਾਂ ਤੋਂ ਸ੍ਰੇਸ਼ਟ ਵਿਚਾਰ ਇਹ ਹੈ ਕਿ ਮਨੁੱਖ; ਗੁਰੂ ਦੇ ਸ਼ਬਦ ਨੂੰ ਮਨ ’ਚ ਵਸਾਏ। ਗੁਰੂ ਸਾਹਿਬ ਫ਼ੁਰਮਾ ਰਹੇ ਹਨ ਕਿ ਮੈਂ (ਗੁਰ-ਸ਼ਬਦ ਦੀ ਥਾਂ ਸ਼ੁਭ ਮੁਹੂਰਤ ਤੇ ਜਨਮ-ਪੱਤ੍ਰੀ ਆਦਿਕ ਕਿਸੇ) ਹੋਰ ਗੱਲ ਨੂੰ ਪ੍ਰਵਾਨ ਨਹੀਂ ਕਰਦਾ ਕਿਉਂਕਿ ਬਾਕੀ ਸਾਰੀ ਵਿਚਾਰ ਵਿਅਰਥ ਹੈ।

ਪੰਡਿਤ ਪੜਦੇ ਜੋਤਕੀ; ਨਾ ਬੂਝਹਿ ਬੀਚਾਰਾ ਸਭੁ ਕਿਛੁ ਤੇਰਾ ਖੇਲੁ ਹੈ; ਸਚੁ ਸਿਰਜਣਹਾਰਾ ਜਿਸੁ ਭਾਵੈ, ਤਿਸੁ ਬਖਸਿ ਲੈਹਿ; ਸਚਿ ਸਬਦਿ ਸਮਾਈ (ਮਹਲਾ /੯੪੮) ਅਰਥ : (ਹੇ ਪ੍ਰਭੂ !) ਪੰਡਿਤ; ਜੋਤਿਸ਼ ਦੀਆਂ ਪੁਸਤਕਾਂ ਪੜ੍ਹਦੇ ਹਨ, ਪਰ (ਤੇਰੇ ਇਸ ਕੌਤਕ ਦੀ) ਵੀਚਾਰ ਨਹੀਂ ਕਰਦੇ ਕਿ (ਜਗਤ-ਰਚਨਾ) ਸਾਰਾ ਹੀ ਤੇਰਾ (ਇਕ) ਖੇਲ ਹੈ। ਤੂੰ (ਇਸ ਖੇਲ ਨੂੰ) ਬਣਾਉਣ ਵਾਲਾ ਹੈਂ (ਤੇ ਮਿਟਾਉਣ ਵਾਲ਼ਾ ਹੈ ਕਿਉਂਕਿ) ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ। ਜੋ ਤੈਨੂੰ ਪਸੰਦ ਹੈ, ਉਸ ਉੱਤੇ ਬਖ਼ਸ਼ਸ਼ ਕਰਦਾ ਹੈ। ਉਹ, ਗੁਰੂ ਦੇ ਸ਼ਬਦ ਦੀ ਰਾਹੀਂ ਤੇਰੇ ਸੱਚੇ ਸਰੂਪ ਵਿੱਚ ਟਿਕਿਆ ਰਹਿੰਦਾ ਹੈ।

ਆਗਮ ਨਿਰਗਮ ਜੋਤਿਕ ਜਾਨਹਿ; ਬਹੁ ਬਹੁ ਬਿਆਕਰਨਾ ਤੰਤ ਮੰਤ੍ਰ ਸਭ ਅਉਖਧ ਜਾਨਹਿ; ਅੰਤਿ ਤਊ ਮਰਨਾ (ਭਗਤ ਕਬੀਰ ਜੀ/੪੭੭) ਅਰਥ : ਜੋ ਲੋਕ; ਸ਼ਾਸਤ੍ਰ, ਵੇਦ, ਜੋਤਿਸ਼ ਅਤੇ (ਕਈ ਭਾਸ਼ਾਵਾਂ ਦੀਆਂ) ਵਿਆਕਰਨਾਂ ਜਾਣਦੇ ਹਨ। ਕਈ ਜਾਦੂ, ਟੂਣੇ, ਮੰਤ੍ਰ ਤੇ ਦਵਾਈਆਂ ਆਦਿ ਬਾਰੇ ਜਾਣਦੇ ਹਨ, ਇਨ੍ਹਾਂ ਸਾਰਿਆਂ ਦਾ ਜਨਮ ਮਰਨ ਦਾ ਚੱਕਰ ਨਹੀਂ ਮੁੱਕਦਾ (ਭਾਵ ਇਹ ਵਿਦਿਆ ਰੂਹਾਨੀਅਤ ਉਨਤੀ ਲਈ ਨਹੀਂ)।

ਇਸੁ ਭਗਤੀ ਨੋ ਸੁਰਿ ਨਰ ਮੁਨਿ ਜਨ ਲੋਚਦੇ; ਵਿਣੁ ਸਤਿਗੁਰ ਪਾਈ ਜਾਇ ਪੰਡਿਤ ਪੜਦੇ ਜੋਤਿਕੀ; ਤਿਨ ਬੂਝ ਪਾਇ (ਮਹਲਾ /੪੨੫) ਅਰਥ : ਹੇ ਭਾਈ  ! ਦੇਵਤੇ ਤੇ ਰਿਸ਼ੀ-ਮੁਨੀ ਭੀ ਪ੍ਰਭੂ ਦੀ ਭਗਤੀ ਕਰਨ ਦੀ ਤਾਂਘ ਰੱਖਦੇ ਹਨ, ਪਰ ਗੁਰੂ ਦੀ ਸ਼ਰਨ ਤੋਂ ਬਿਨਾਂ ਇਹ ਦਾਤਿ ਨਹੀਂ ਮਿਲਦੀ। ਪੰਡਿਤ ਲੋਕ (ਵੇਦ, ਸ਼ਾਸਤ੍ਰ ਆਦਿ) ਪੜ੍ਹਦੇ ਰਹੇ, ਜੋਤਿਸ਼ੀ (ਜੋਤਿਸ਼ ਦੇ ਗ੍ਰੰਥ) ਪੜ੍ਹਦੇ ਰਹੇ, ਪਰ ਹਰਿ-ਭਗਤੀ ਦੀ ਸੂਝ ਉਨ੍ਹਾਂ ਨੂੰ ਭੀ ਨਾ ਪਈ।

ਸੋ ਗੁਰੂ ਸਾਹਿਬਾਨ ਦੇ ਪੰਡਿਤ ਦੀ ਜੋਤਿਸ਼ ਵਿਦਿਆ ਬਾਰੇ ਇੰਨੇ ਸਪਸ਼ਟ ਨਿਰਦੇਸ਼ਾਂ ਦੇ ਬਾਵਜੂਦ ਵੀ ਜਿਹੜੇ ਸਿੱਖ ਨਾਨਕਸ਼ਾਹੀ ਕੈਲੰਡਰ ਦਾ ਕੇਵਲ ਇਸ ਕਾਰਨ ਵਿਰੋਧ ਕਰ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੇਵਲ ਉਸ ਦਿਨ ਹੀ ਹੋ ਸਕਦਾ ਹੈ, ਜਿਸ ਰਾਤ ਨੂੰ ਪੂਰਾ ਚੰਦ੍ਰਮਾ ਆਕਾਸ਼ ’ਚ ਚਮਕ ਰਿਹਾ ਹੋਵੇ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮੱਸਿਆ ਤੋਂ 7 ਦਿਨ ਪਿੱਛੋਂ ਹੀ ਹੋ ਸਕਦਾ ਹੈ ਭਾਵ ਗੁਰਪੁਰਬਾਂ ਨੂੰ ਚੰਦ੍ਰਮਾ ਆਧਾਰਿਤ ਤਾਰੀਖ਼ਾਂ ਨਾਲ਼ ਜੋੜਨਾ ਚਾਹੁੰਦੇ ਹਨ, ਜੋ ਕਦੇ ਭੀ ਸਥਿਰ ਨਹੀਂ ਰਹਿੰਦੀਆਂ। ਐਸੇ ਲੋਕਾਂ ਦੀ ਪਹਿਚਾਣ ਕਰਨੀ ਬਣਦੀ ਹੈ ਕਿ ਇਨ੍ਹਾਂ ਪਿੱਛੇ ਕਿਹੜੀਆਂ ਸ਼ਕਤੀਆਂ ਹਨ, ਜੋ ਵਿਗਿਆਨ, ਭਾਰਤ ਸਰਕਾਰ ਅਤੇ ਦੁਨਿਆ ਭਰ ਦੇ ਬੁਧੀਜੀਵੀਆਂ ਦੀ ਵਿਚਾਰ ਨੂੰ ਇਹ ਮੰਨ ਕੇ ਰੱਦ ਕਰ ਰਹੇ ਹਨ ਕਿ ਅਸੀਂ ਪੰਡਿਤ ਦੀ ਵਿਦਿਆ ਤੋਂ ਬਾਹਰ ਨਹੀਂ ਜਾਣਾ ਅਤੇ ਨਾ ਕਿਸੇ ਨੂੰ ਜਾਣ ਦੇਣਾ ਹੈ ਜਦ ਕਿ ਬ੍ਰਾਹਮਣ ਬਾਰੇ ਗੁਰਬਾਣੀ ਦਾ ਸਪਸ਼ਟ ਫ਼ੁਰਮਾਨ ਹੈ ਕਿ ‘‘ਕਬੀਰ  ! ਬਾਮਨੁ ਗੁਰੂ ਹੈ ਜਗਤ ਕਾ; ਭਗਤਨ ਕਾ ਗੁਰੁ ਨਾਹਿ   ਅਰਝਿ ਉਰਝਿ ਕੈ ਪਚਿ ਮੂਆ; ਚਾਰਉ ਬੇਦਹੁ ਮਾਹਿ ’’ (ਭਗਤ ਕਬੀਰ/੧੩੭੭)

ਐਸੀ ਸੋਚ ਨੂੰ ਪ੍ਰਣਾਇ ਲੋਕਾਂ ਦੇ ਪੈਰੋਕਾਰ ਵੀ ਸਿੱਖ ਹੀ ਹਨ, ਜੋ ਅਜਿਹੀ ਮੰਗ ’ਤੇ ਅੜੇ ਹੋਏ ਹਨ, ਜਿਸ ’ਤੇ ਉਹ ਖ਼ੁਦ ਹੀ ਪੂਰੇ ਨਹੀਂ ਉਤਰਦੇ; ਕਿਉਂਕਿ ਜਰੂਰੀ ਨਹੀਂ ਕਿ ਗੁਰ ਪੁਰਬ ਮੱਸਿਆ ਤੋਂ 7 ਦਿਨ ਪਿੱਛੋਂ ਹੀ ਆਵੇ; ਕਦੀ ਇਹ 6 ਜਾਂ 8 ਦਿਨ ਪਿੱਛੋਂ ਵੀ ਆ ਸਕਦਾ ਹੈ; ਜਿਵੇਂ ਕਿ ਇਸ ਸਾਲ (ਸੰਨ 2024 ’ਚ) ਮੱਸਿਆ 11 ਜਨਵਰੀ 2024 ਨੂੰ ਸੀ ਅਤੇ ਗੁਰ ਪੁਰਬ 6 ਦਿਨ ਪਿੱਛੋਂ 17 ਜਨਵਰੀ ਨੂੰ ਮਨਾਇਆ ਗਿਆ। ਇਸ ਬਿਕ੍ਰਮੀ ਕੈਲੰਡਰ ’ਚ ਐਸਾ ਗੋਰਖ਼ ਧੰਦਾ ਹੈ ਕਿ ਜਿਵੇਂ ਕੋਈ ਥਿਤੀ ਖ਼ਸ਼ੈਯ ਭਾਵ ਖ਼ਤਮ ਹੋ ਜਾਂਦੀ ਹੈ, ਇਸੇ ਤਰ੍ਹਾਂ ਕਦੀ ਕਦੀ ਪੋਹ ਦਾ ਮਹੀਨਾ ਹੀ ਖ਼ਸ਼ੈਯ ਹੋ ਜਾਂਦਾ ਹੈ ਤਾਂ ਉਸ ਸਾਲ ਪ੍ਰਕਾਸ਼ ਪੁਰਬ; ਕਿਹੜੀ ਪੋਹ ਸੁਦੀ ੭ ਨੂੰ ਮਨਾਇਆ ਜਾਂਦਾ ਹੈ; ਇਹ ਲੋਕ ਐਨਾ ਭੀ ਨਹੀਂ ਸੋਚਦੇ ਅਤੇ ਨਾ ਕਿਸੇ ਨੂੰ ਹੋਰ ਸੋਚਣ ਯੋਗਾ ਛੱਡਦੇ ਹਨ।