ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਮਹੀਨਾ ਫੱਗਣ

0
103

ਗੁਰਬਾਣੀ ਅਤੇ ਸਿੱਖ ਇਤਿਹਾਸ ’ਚ ਮਹੀਨਾ ਫੱਗਣ

ਕਿਰਪਾਲ ਸਿੰਘ ਬਠਿੰਡਾ

ਮਹੀਨਾ ਫੱਗਣ; ਬਰਫ਼ਾਨੀ ਰੁੱਤ ਦਾ ਦੂਸਰਾ, ਬਿਕ੍ਰਮੀ ਸੰਮਤ ਦਾ 11ਵਾਂ, ਨਾਨਕਸ਼ਾਹੀ ਸੰਮਤ ਦਾ 12ਵਾਂ ਅਤੇ ਸਾਲ ਦਾ ਆਖਰੀ ਮਹੀਨਾ ਹੈ। ਨਾਨਕਸ਼ਾਹੀ ਕੈਲੰਡਰ ’ਚ ਫੱਗਣ ਮਹੀਨੇ ਦਾ ਅਰੰਭ ਹਰ ਸਾਲ 12 ਫ਼ਰਵਰੀ ਨੂੰ ਹੁੰਦਾ ਹੈ। ਮਹੀਨਾ ਹਰ ਆਮ ਸਾਲ ’ਚ 30 ਦਿਨ ਅਤੇ ਲੀਪ ਦੇ ਸਾਲ ’ਚ 31 ਦਿਨ ਦਾ ਹੁੰਦਾ ਹੈ ਜਦੋਂ ਕਿ ਬਿਕ੍ਰਮੀ ਸੰਮਤ ’ਚ ਇਸ ਮਹੀਨੇ ਦਾ ਆਰੰਭ ਭਾਵ ਸੰਗਰਾਂਦ ਕਦੀ 12 ਫ਼ਰਵਰੀ, ਕਦੀ 13 ਫ਼ਰਵਰੀ ਨੂੰ ਅਤੇ ਮਹੀਨੇ ਦੀ ਲੰਬਾਈ ਕਦੀ 29 ਦਿਨ ਤੇ ਕਦੀ 30 ਦਿਨ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ’ਚ ਦੋ ਬਾਰਹਮਾਹਾ ਦਰਜ ਹਨ; ਇੱਕ ਪਹਿਲੀ ਪਾਤਿਸ਼ਾਹੀ ਗੁਰੂ ਨਾਨਕ ਸਾਹਿਬ ਜੀ ਦਾ ਤੁਖਾਰੀ ਰਾਗ ’ਚ ਪਾਵਨ ਅੰਕ ੧੧੦੭ ਤੋਂ ੧੧੧੦ ਤੱਕ ਅਤੇ ਦੂਸਰਾ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਦਾ ਮਾਝ ਰਾਗ ’ਚ ਪਾਵਨ ਅੰਕ ੧੩੩ ਤੋਂ ੧੩੬ ਤੱਕ ਦਰਜ ਹੈ। ਆਓ ਪਹਿਲਾਂ ਤੁਖਾਰੀ ਰਾਗ ’ਚ ਦਰਜ ਬਾਰਹਮਾਹਾ ਦੇ ਫੱਗਣ ਮਹੀਨੇ ਦੀ ਰੁੱਤ ਅਤੇ ਉਸ ਰਾਹੀਂ ਗੁਰੂ ਨਾਨਕ ਸਾਹਿਬ ਜੀ ਵੱਲੋਂ ਦਿੱਤੇ ਉਪਦੇਸ਼ ਨੂੰ ਸਮਝਦੇ ਹਾਂ।

ਗੁਰੂ ਸਾਹਿਬ ਜੀ ਫੱਗਣ ਮਹੀਨੇ ’ਚ ਬਚਨ ਕਰਦੇ ਹਨ ਕਿ (ਸਿਆਲੀ ਰੁੱਤ ਦੀ ਕੜਕ ਸਰਦੀ ਪਿੱਛੋਂ ਬਹਾਰ ਫਿਰਨ ’ਤੇ ਇਸ ਮਹੀਨੇ (ਲੋਕ ਹੋਲੀਆਂ ਦੇ ਰੰਗ-ਤਮਾਸ਼ਿਆਂ ’ਚ) ਮਸਤ ਹੁੰਦੇ ਹਨ; ਇਉਂ ਜਿਸ ਜੀਵ-ਇਸਤ੍ਰੀ ਨੇ ਆਪਾ-ਭਾਵ ਗਵਾ ਲਿਆ ਉਹ ਹਰ ਵੇਲੇ ਖਿੜਾਅ ’ਚ ਰਹਿੰਦੀ ਹੈ। ਉਸ ਨੂੰ ਪ੍ਰਭੂ, ਮਨ ਤੋਂ ਪਿਆਰ ਲੱਗਦਾ ਹੈ। ਜਿਸ ਕਾਰਨ ਅਸਲ ਅਨੰਦ ਉਪਜਿਆ ਹੈ। (ਪਰ ਇਹ ਪਦ) ਜਦੋਂ ਪ੍ਰਭੂ ਆਪ ਮਿਹਰ ਕਰੇ, ਤਾਂ ਨਸੀਬ ਹੁੰਦਾ ਹੈ। ਉਹ ਮਾਇਆ ਮੋਹ ਮੁਕਾ ਲੈਂਦੀ ਹੈ। ਪ੍ਰਭੂ-ਮਿਲਾਪ ਤੋਂ ਬਿਨਾਂ ਭਾਵੇਂ ਬਾਹਰੋਂ ਬਥੇਰਾ ਸ਼ਿੰਗਾਰ ਕੀਤਾ ਜਾਵੇ ਤਾਂ ਭੀ ਉਸ ਦੇ ਚਰਨਾਂ ’ਚ ਥਾਂ ਨਹੀਂ ਮਿਲਦੀ। ਜਿਸ ਨੂੰ ਪਤੀ-ਪ੍ਰਭੂ ਨੇ ਪਸੰਦ ਕਰ ਲਿਆ, ਮਾਨੋ ਉਹ ਬਾਹਰੋਂ ਭੀ ਹਾਰ-ਸ਼ਿੰਗਾਰ, ਰੇਸ਼ਮੀ ਕੱਪੜਿਆਂ ਨਾਲ ਸ਼ਿੰਗਾਰੀ ਗਈ। ਇਉਂ ਜਿਸ ਜਿਸ ਨੂੰ ਭੀ ਪ੍ਰਭੂ-ਪਤੀ ਨੇ ਗੁਰੂ ਦੀ ਰਾਹੀਂ (ਆਪਣੇ ਨਾਲ) ਮਿਲਾ ਲਿਆ, ਉਹੀ ਆਪਣੇ ਅੰਦਰੋਂ (ਨਾ ਕਿ ਬਾਹਰੀ ਸ਼ਿੰਗਾਰ ਕੀਤਿਆਂ) ਖਸਮ-ਪ੍ਰਭੂ ਨਾਲ਼ ਮਿਲ ਪਿਆ, ‘‘ਫਲਗੁਨਿ (), ਮਨਿ ਰਹਸੀ, ਪ੍ਰੇਮੁ ਸੁਭਾਇਆ ਅਨਦਿਨੁ ਰਹਸੁ ਭਇਆ; ਆਪੁ ਗਵਾਇਆ ਮਨ ਮੋਹੁ ਚੁਕਾਇਆ, ਜਾ ਤਿਸੁ ਭਾਇਆ; ਕਰਿ ਕਿਰਪਾ ਘਰਿ ਆਓ ਬਹੁਤੇ ਵੇਸ ਕਰੀ ਪਿਰ ਬਾਝਹੁ, ਮਹਲੀ ਲਹਾ ਥਾਓ ਹਾਰ ਡੋਰ ਰਸ ਪਾਟ ਪਟੰਬਰ, ਪਿਰਿ (ਨੇ) ਲੋੜੀ ਸੀਗਾਰੀ ਨਾਨਕ  ! ਮੇਲਿ ਲਈ ਗੁਰਿ ਅਪਣੈ (ਰਾਹੀਂ); ਘਰਿ, ਵਰੁ ਪਾਇਆ ਨਾਰੀ ’’ (ਤੁਖਾਰੀ/ ਬਾਰਹਮਾਹਾ ਮਹਲਾ /੧੧੦੯)

ਉਕਤ ਉਪਦੇਸ਼ ਵਾਙ ਹੀ ਮਾਝ ਰਾਗ ’ਚ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਬਿਆਨ ਕੀਤਾ ਹੈ ਕਿ (ਸਿਆਲ ਦੀ ਕੜਕ ਸਰਦੀ ਪਿੱਛੋਂ ਬਹਾਰ ਫਿਰਨ ’ਤੇ ਫੱਗਣ ਦੇ ਮਹੀਨੇ ’ਚ ਲੋਕ; ਹੋਲੀਆਂ ਦੇ ਰੰਗ-ਤਮਾਸ਼ਿਆਂ ’ਚ ਮਗਨ ਹੁੰਦੇ ਹਨ; ਵੈਸਾ ਹੀ) ਫੱਗਣ ’ਚ (ਉਹ ਇਸਤਰੀਆਂ) ਅਨੰਦ ਮਾਣਦੀਆਂ ਹਨ, ਜਿਨ੍ਹਾਂ ਦੇ ਹਿਰਦੇ ’ਚ ਸੱਜਣ-ਹਰੀ ਵੱਸਦੇ ਹਨ। ਪਰਮਾਤਮਾ ਨੂੰ ਮਿਲਾਣ ’ਚ ਸਹਾਇਤਾ ਕਰਨ ਵਾਲੇ ਸੰਤ ਜਨ ਮਿਹਰ ਕਰ ਕੇ ਉਨ੍ਹਾਂ ਨੂੰ ਪ੍ਰਭੂ ਨਾਲ ਜੋੜਦੇ ਹਨ। ਉਨ੍ਹਾਂ ਦੀ ਹਿਰਦਾ-ਸੇਜ ਸੁੰਦਰ ਬਣ ਜਾਂਦੀ ਹੈ। ਉਨ੍ਹਾਂ ਨੂੰ ਸਾਰੇ ਸੁੱਖ ਪ੍ਰਾਪਤ ਹੋ ਜਾਂਦੇ ਹਨ। ਫਿਰ (ਉਨ੍ਹਾਂ ਅੰਦਰ) ਦੁੱਖਾਂ ਲਈ ਰੱਤਾ ਭਰ ਥਾਂ ਨਹੀਂ ਰਹਿ ਜਾਂਦੀ। ਉਨ੍ਹਾਂ ਵਡਭਾਗਣ ਜੀਵ-ਇਸਤ੍ਰੀਆਂ ਦੀ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ। ਉਨ੍ਹਾਂ ਨੂੰ ਹਰੀ-ਪ੍ਰਭੂ ਖਸਮ ਮਿਲ ਪੈਂਦਾ ਹੈ। ਉਹ ਸਤਸੰਗੀ ਸਹੇਲੀਆਂ ਨਾਲ ਮਿਲ ਕੇ ਗੋਵਿੰਦ ਦੀ ਸਿਫ਼ਤ-ਸਾਲਾਹ ਦੇ ਗੀਤ ਅਲਾਪ ਕੇ ਅਨੰਦ ਭਰਪੂਰ ਗੁਰਬਾਣੀ ਗਾਉਂਦੀਆਂ ਹਨ। ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਪਰਮਾਤਮਾ ਵਰਗਾ ਸਾਥੀ ਕੋਈ ਹੋਰ ਨਹੀਂ ਹੈ। ਪਰਮਾਤਮਾ ਨੇ (ਉਨ੍ਹਾਂ ਦਾ) ਲੋਕ ਪਰਲੋਕ ਸਵਾਰ ਦਿੱਤਾ। ਉਨ੍ਹਾਂ ਲਈ ਐਸੀ ਅਵਸਥਾ ਬਖ਼ਸ਼ ਦਿੱਤੀ, ਜੋ ਕਦੇ ਨਹੀਂ ਡੋਲਣ ਦਿੰਦੀ।  ਉਨ੍ਹਾਂ ਦੇ ਜਨਮ-ਮਰਨ ਦੇ ਗੇੜ ਖ਼ਤਮ ਕਰ ਦਿੱਤੇ। ਗੁਰੂ ਸਾਹਿਬ ਆਪਣੇ ’ਤੇ ਗੱਲ ਢੁਕਾ ਕੇ ਬਿਆਨ ਕਰਦੇ ਹਨ ਕਿ ਸਾਡੇ ਕੋਲ਼ ਇਕ ਜੀਭ ਹੈ ਜਦ ਕਿ ਪ੍ਰਭੂ ਦੇ ਅਨੇਕਾਂ ਗੁਣ ਹਨ (ਇਸ ਲਈ ਉਸ ਨੂੰ ਪੂਰਾ ਕਿਵੇਂ ਬਿਆਨ ਕਰੀਏ। ਸੋ) ਜੋ ਜੋ ਜੀਵ ਪ੍ਰਭੂ ਦੇ ਚਰਨੀਂ ਪੈਂਦੇ ਹਨ, ਓਹੀ ਓਹੀ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ। ਫੱਗਣ ’ਚ (ਹੋਲੀਆਂ ਵਾਙ ਸਦੀਵੀ ਅਨੰਦ ਲੈਣ ਲਈ) ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ਭਾਵੇਂ ਕਿ (ਉਸ ਮਾਲਕ ਨੂੰ) ਰਤਾ ਭਰ ਭੀ (ਆਪਣੀ ਸਿਫ਼ਤ ਕਰਾਉਣ ਦਾ) ਲਾਲਚ ਨਹੀਂ,‘‘ਫਲਗੁਣਿ (’), ਅਨੰਦ ਉਪਾਰਜਨਾ; ਹਰਿ ਸਜਣ ਪ੍ਰਗਟੇ ਆਇ ਸੰਤ ਸਹਾਈ ਰਾਮ ਕੇ; ਕਰਿ ਕਿਰਪਾ ਦੀਆ ਮਿਲਾਇ ਸੇਜ ਸੁਹਾਵੀ ਸਰਬ ਸੁਖ; ਹੁਣਿ ਦੁਖਾ ਨਾਹੀ ਜਾਇ ਇਛ ਪੁਨੀ ਵਡਭਾਗਣੀ; ਵਰੁ ਪਾਇਆ ਹਰਿ ਰਾਇ ਮਿਲਿ ਸਹੀਆ, ਮੰਗਲੁ ਗਾਵਹੀ; ਗੀਤ ਗੋਵਿੰਦ ਅਲਾਇ ਹਰਿ ਜੇਹਾ ਅਵਰੁ ਦਿਸਈ; ਕੋਈ ਦੂਜਾ ਲਵੈ ਲਾਇ ਹਲਤੁ ਪਲਤੁ ਸਵਾਰਿਓਨੁ; ਨਿਹਚਲ ਦਿਤੀਅਨੁ ਜਾਇ ਸੰਸਾਰ ਸਾਗਰ ਤੇ ਰਖਿਅਨੁ; ਬਹੁੜਿ ਜਨਮੈ ਧਾਇ ਜਿਹਵਾ ਏਕ, ਅਨੇਕ ਗੁਣ; ਤਰੇ, ਨਾਨਕ  ! ਚਰਣੀ ਪਾਇ ਫਲਗੁਣਿ, ਨਿਤ ਸਲਾਹੀਐ; ਜਿਸ ਨੋ ਤਿਲੁ ਤਮਾਇ ੧੩’’ (ਮਾਝ ਬਾਰਹਮਾਹਾ/ਮਹਲਾ /੧੩੬)

ਬਸੰਤ ਰੁੱਤ ਭਾਵ ਫੱਗਣ ਦੇ ਮਹੀਨੇ ਨਾਲ਼ ਸੰਬੰਧਿਤ ਹੀ ਗੁਰੂ ਅਰਜਨ ਸਾਹਿਬ ਜੀ ਨੇ ਬਸੰਤੁ ਰਾਗੁ ’ਚ ਇਉਂ ਫ਼ੁਰਮਾਇਆ ਹੈ :

ਬਸੰਤ ਮਹਲਾ ਘਰੁ ਦੁਤੁਕੇ  ਸਤਿ ਗੁਰ ਪ੍ਰਸਾਦਿ

ਗੁਰੁ ਸੇਵਉ ਕਰਿ ਨਮਸਕਾਰ ਆਜੁ ਹਮਾਰੈ ਮੰਗਲਚਾਰ ਆਜੁ ਹਮਾਰੈ ਮਹਾ ਅਨੰਦ ਚਿੰਤ ਲਥੀ ਭੇਟੇ ਗੋਬਿੰਦ ਅਰਥ : ਹੇ ਭਾਈ ! (ਰੱਬੀ ਗੁਣ ਗਾਉਣ ਕਾਰਨ) ਮੈਨੂੰ ਗੋਬਿੰਦ ਜੀ ਮਿਲੇ ਹਨ। ਮੇਰੀ ਹਰੇਕ ਚਿੰਤਾ ਦੂਰ ਹੋ ਗਈ ਹੈ। ਮੇਰੇ ਹਿਰਦੇ ’ਚ ਬੜਾ ਅਨੰਦ ਬਣਿਆ ਹੈ, ਖ਼ੁਸ਼ੀਆਂ ਹੀ ਖ਼ੁਸ਼ੀਆਂ ਹਨ। (ਪਰ ਇਹ ਤਬਦੀਲੀ ਗੁਰੂ ਦੀ ਕਿਰਪਾ ਨਾਲ਼ ਹੋਈ ਹੈ, ਇਸ ਲਈ) ਮੈਂ ਗੁਰੂ ਅੱਗੇ ਸਿਰ ਨਿਵਾ ਕੇ ਗੁਰੂ ਸਿੱਖਿਆ ਨੂੰ ਪ੍ਰਣਾਮ ਕਰਦਾ ਹਾਂ।

ਆਜੁ ਹਮਾਰੈ ਗ੍ਰਿਹਿ ਬਸੰਤ ਗੁਨ ਗਾਏ ਪ੍ਰਭ ਤੁਮ੍ ਬੇਅੰਤ ਰਹਾਉ ਅਰਥ : ਹੇ ਬੇਅੰਤ ਪ੍ਰਭੂ  ! ਜਦੋਂ ਤੋਂ ਮੈਂ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾਉਣੇ ਸ਼ੁਰੂ ਕੀਤੇ ਹਨ, ਤਦੋਂ ਤੋਂ ਮੇਰੇ ਹਿਰਦੇ ਵਿਚ ਬਸੰਤ ਰੁੱਤ ਵਾਙ ਅਨੰਦ ਬਣਿਆ ਹੋਇਆ ਹੈ।

ਆਜੁ ਹਮਾਰੈ ਬਨੇ ਫਾਗ ਪ੍ਰਭ ਸੰਗੀ ਮਿਲਿ ਖੇਲਨ ਲਾਗ ਹੋਲੀ ਕੀਨੀ ਸੰਤ ਸੇਵ ਰੰਗੁ ਲਾਗਾ; ਅਤਿ ਲਾਲ ਦੇਵ ਅਰਥ : ਹੇ ਭਾਈ ! (ਪਰਮਾਤਮਾ ਦੀ ਸਿਫ਼ਤ ਕਰਨ ਨਾਲ਼) ਮੇਰੇ ਅੰਦਰ (ਮਾਨੋ) ਫੱਗਣ ਮਹੀਨੇ ’ਚ ਖੇਡੀ ਜਾਣ ਵਾਲੀ ਹੋਲੀ ਬਣੀ ਹੋਈ ਹੈ। ਮੈਂ ਸੰਤ ਜਨਾਂ ਦੀ ਸੇਵਾ ਨੂੰ ਹੀ ਹੋਲੀ ਬਣਾਇਆ ਹੈ ਕਿਉਂਕਿ ਪ੍ਰਭੂ ਦੇ ਸੰਤ ਜਨ (ਸਾਧ ਸੰਗਤ ’ਚ) ਮਿਲ ਕੇ (ਆਪਸ ਵਿੱਚ ਇਹ ਹੋਲੀ) ਖੇਡ ਰਹੇ ਹਨ। (ਉਨ੍ਹਾਂ ਰਾਹੀਂ) ਮੇਰੇ ਅੰਦਰ ਭੀ ਪਰਮਾਤਮਾ ਦਾ ਪਿਆਰ ਭਰਪੂਰ ਗੂੜ੍ਹਾ ਰੰਗ ਚੜ੍ਹ ਗਿਆ ਹੈ।

ਮਨੁ ਤਨੁ ਮਉਲਿਓ ਅਤਿ ਅਨੂਪ   ਸੂਕੈ ਨਾਹੀ; ਛਾਵ ਧੂਪ   ਸਗਲੀ ਰੂਤੀ ਹਰਿਆ ਹੋਇ   ਸਦ ਬਸੰਤ; ਗੁਰ ਮਿਲੇ ਦੇਵ ਅਰਥ : ਹੇ ਭਾਈ ! (ਪ੍ਰਭੂ ਦੇ ਗੁਣ ਗਾਉਣ ਨਾਲ਼) ਮੇਰਾ ਮਨ ਤੇ ਤਨ ਬਹੁਤ ਸੁੰਦਰ ਖਿੜ ਗਏ ਹਨ। ਹੁਣ ਜ਼ਿੰਦਗੀ ’ਚ ਸੁੱਖ ਹੋਣ ਜਾਂ ਦੁੱਖ; ਮੈਂ ਮੁਰਝਾਉਂਦਾ ਨਹੀਂ। ਹਰ ਸਮੇਂ ਆਤਮਕ ਜੀਵਨ ਪ੍ਰਫੁਲਿਤ ਰਹਿੰਦਾ ਹੈ ਕਿਉਂਕਿ ਗੁਰਦੇਵ ਪਿਤਾ ਮਿਲੇ ਹਨ, ਮਾਨੋ ਬਸੰਤ ਚੜ੍ਹਿਆ ਰਹਿੰਦਾ ਹੈ।

ਿਰਖੁ ਜਮਿਓ ਹੈ ਪਾਰਜਾਤ ਫੂਲ ਲਗੇ ਫਲ ਰਤਨ ਭਾਂਤਿ ਤ੍ਰਿਪਤਿ ਅਘਾਨੇ, ਹਰਿ ਗੁਣਹ ਗਾਇ ਜਨ ਨਾਨਕ  ! ਹਰਿ ਹਰਿ, ਹਰਿ ਧਿਆਇ (ਬਸੰਤੁ/ਮਹਲਾ /੧੧੮੦) ਅਰਥ : ਹੇ ਭਾਈ ! (ਮਾਨੋ ਹਿਰਦੇ ’ਚ ਸਭ ਕਾਮਨਾਵਾਂ ਪੂਰੀਆਂ ਕਰਨ ਵਾਲਾ ਸਵਰਗੀ) ਪਾਰਜਾਤ ਰੁੱਖ ਉੱਗ ਪਿਆ ਹੈ। ਜਿਸ ਨੂੰ ਭਾਂਤ ਭਾਂਤ ਕਿਸਮ ਦੇ ਕੀਮਤੀ ਫੁੱਲ ਤੇ ਫਲ ਲੱਗੇ ਹੋਏ ਹਨ। ਗੁਰੂ ਸਾਹਿਬ ਜੀ ਅਨੁਸਾਰ ਇਸ ਤਰ੍ਹਾਂ ਪਰਮਾਤਮਾ ਦਾ ਸਦਾ ਨਾਮ ਸਿਮਰ ਕੇ, ਉਸ ਦੇ ਸਦਾ ਗੁਣ ਗਾ ਗਾ ਕੇ (ਮਨੁੱਖ ਮਾਇਆ ਤਿਸ਼ਨਾ ਵੱਲੋਂ) ਪੂਰਨ ਤੌਰ ’ਤੇ ਰੱਜ ਜਾਂਦੇ ਹਨ।

ਇਤਿਹਾਸਕ ਪੱਖੋਂ ਫੱਗਣ ਮਹੀਨੇ ’ਚ ਦੋ ਵੱਡੇ ਖੂਨੀ ਸਾਕੇ ਵਰਤੇ ਹਨ। ਪਹਿਲਾ ਸੰਨ 1921 ’ਚ ਸਾਕਾ ਨਨਕਾਣਾ ਸਾਹਿਬ ਅਤੇ ਦੂਸਰਾ 1924 ’ਚ ਗੰਗਸਰ ਜੈਤੋ।

ਨਨਕਾਣਾ ਸਾਹਿਬ ਉਹ ਇਤਿਹਾਸਕ ਸਥਾਨ ਹੈ, ਜਿੱਥੇ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦਾ ਜਨਮ ਹੋਇਆ ਹੈ। ਅੰਗਰੇਜ਼ਾਂ ਦੀ ਮਦਦ ਨਾਲ਼ ਇਸ ਸਥਾਨ ’ਤੇ ਮਹੰਤ ਨਰਾਇਣ ਦਾਸ ਦਾ ਕਬਜ਼ਾ ਸੀ। ਜੋ ਅਤਿ ਦਰਜੇ ਦਾ ਸ਼ਰਾਬੀ ਤੇ ਵਿਭਚਾਰੀ ਸੀ। ਉਸ ਨੇ ਇਸ ਪਵਿੱਤਰ ਸਥਾਨ ਨੂੰ ਅਯਾਸ਼ੀ ਦਾ ਕੇਂਦਰ ਬਣਾ ਰੱਖਿਆ ਸੀ। ਸੰਨ 1917 ’ਚ ਗੁਰਦੁਆਰੇ ਦੀ ਹਦੂਦ ਅੰਦਰ ਉਸ ਨੇ ਵੇਸਵਾ ਦਾ ਨਾਚ ਕਰਾਇਆ। ਗੁਰਦੁਆਰੇ ਅੰਦਰ ਸ਼ਰੇਆਮ ਸ਼ਰਾਬ ਪੀਤੀ ਜਾਂਦੀ ਸੀ। ਉਸ ਨੇ ਅਪਰਾਧੀ ਕਿਸਮ ਦੇ ਲੋਕਾਂ ਨੂੰ ਆਪਣੇ ਨਾਲ਼ ਰੱਖਿਆ ਹੋਇਆ ਸੀ। ਸੰਨ 1918 ’ਚ ਇੱਕ ਰਿਟਾਇਰਡ ਸਿੰਧੀ ਅਫ਼ਸਰ ਆਪਣੇ ਪਰਵਾਰ ਸਮੇਤ ਸ੍ਰੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਤਾਂ ਰਾਤ ਸਮੇਂ ਉਸ ਦੀ 13 ਸਾਲਾ ਲੜਕੀ ਦਾ ਮਹੰਤ ਦੇ ਇੱਕ ਚੇਲੇ ਨੇ ਬਲਾਤਕਾਰ ਕੀਤਾ। ਉਸੇ ਸਾਲ ਪੂਰਨਮਾਸ਼ੀ ਨੂੰ ਜ਼ਿਲ੍ਹਾ ਲਾਇਲਪੁਰ ਦੇ ਇਲਾਕੇ ਦੀਆਂ ਛੇ ਬੀਬੀਆਂ ਗੁਰਦੁਆਰੇ ਦੇ ਦਰਸ਼ਨਾਂ ਨੂੰ ਆਈਆਂ ਤਾਂ ਮਹੰਤ ਦੇ ਚੇਲਿਆਂ ਨੇ ਉਨ੍ਹਾਂ ਦਾ ਵੀ ਇਹੋ ਹਸ਼ਰ ਕੀਤਾ। ਜਦ ਕੁਝ ਸਿੱਖਾਂ ਨੇ ਮਹੰਤ ਕੋਲ ਇਸ ਗੱਲ ਦਾ ਰੋਸ ਜਤਾਇਆ ਤਾਂ ਅੱਗੋਂ ਉਸ ਨੇ ਕਿਹਾ ਕਿ ਗੁਰਦੁਆਰਾ ਸਾਡੀ ਨਿੱਜੀ ਸੰਪੱਤੀ ਹੈ। ਇੱਥੇ ਤੁਸੀਂ ਆਪਣੀਆਂ ਇਸਤਰੀਆਂ ਨੂੰ ਨਾ ਭੇਜਿਆ ਕਰੋ। ਮਹੰਤ ਦੀ ਵਧ ਰਹੀ ਇਸ ਗੁੰਡਾਗਰਦੀ ਨੂੰ ਵੇਖਦਿਆਂ 26 ਜਨਵਰੀ 1921 ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿੱਚ ਇੱਕ ਮਤਾ ਪਾਸ ਕੀਤਾ ਕਿ 4, 5 ਅਤੇ 6 ਮਾਰਚ 1921 ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਸਿੱਖ ਪੰਥ ਦਾ ਭਾਰੀ ਇਕੱਠ ਕੀਤਾ ਜਾਵੇ ਤਾਂ ਜੋ ਗੁਰਦੁਆਰਿਆਂ ਦੇ ਪ੍ਰਬੰਧ, ਖ਼ਾਸ ਕਰ ਸ੍ਰੀ ਨਨਕਾਣਾ ਸਾਹਿਬ ਦੇ ਪ੍ਰਬੰਧ ਨੂੰ ਸੁਚੱਜੇ ਢੰਗ ਨਾਲ਼ ਚਲਾਉਣ ਲਈ ਕੋਈ ਠੋਸ ਨੀਤੀ ਬਣਾ ਸਰਕਾਰ ਸਾਮ੍ਹਣੇ ਰੱਖੀ ਜਾਵੇ।

ਓਧਰ ਮਹੰਤ ਨੂੰ ਸਰਕਾਰੀ ਸ਼ਹਿ ਮਿਲੀ ਹੋਣ ਕਾਰਨ ਨਵੀਆਂ ਨਵੀਆਂ ਸਾਜ਼ਸ਼ਾਂ ਘੜਨ ਦਾ ਆਦੀ ਸੀ। ਉਹ ਇੱਕ ਪਾਸੇ ਇਹ ਕਹਿੰਦਾ ਕਿ ਮੈਂ ਸ੍ਰੋਮਣੀ ਕਮੇਟੀ ਦੀ ਹਰ ਸ਼ਰਤ ਮੰਨਣ ਲਈ ਤਿਆਰ ਹਾਂ, ਪਰ ਦੂਜੇ ਪਾਸੇ ਬਦਮਾਸ਼ਾਂ, ਗੁੰਡਿਆਂ ਨੂੰ ਇਕੱਠਾ ਕਰਨ ਲੱਗਾ ਤਾਂ ਕਿ ਸ੍ਰੀ ਨਨਕਾਣਾ ਸਾਹਿਬ ਵਿਖੇ ਇਕੱਠੇ ਹੋਏ ਪੰਥਕ ਆਗੂਆਂ ਨੂੰ ਹਮਲਾ ਕਰਕੇ ਖ਼ਤਮ ਕੀਤਾ ਜਾਵੇ । ਉਸ ਨੇ ਕਈ ਪਠਾਣਾਂ ਨੂੰ ਭੀ ਨੌਕਰੀ ’ਤੇ ਰੱਖ ਲਿਆ। ਬਹੁਤ ਸਾਰੇ ਤੇਜ਼ਧਾਰ ਹਥਿਆਰ, ਬੰਦੂਕਾਂ ਅਤੇ ਪਿਸਤੌਲਾਂ ਆਦਿ ਇਕੱਠੇ ਕਰ ਲਏ। ਭਾਰੀ ਗਿਣਤੀ ਵਿੱਚ ਗੋਲ਼ੀ ਸਿੱਕਾ, ਮਿੱਟੀ ਦਾ ਤੇਲ ਅਤੇ ਲੱਕੜਾਂ ਦਾ ਜਖ਼ੀਰਾ ਜਮ੍ਹਾ ਕਰ ਲਿਆ।

੧੦ ਫੱਗਣ ੧੯੭੭/20 ਫ਼ਰਵਰੀ 1921 ਨੂੰ ਸਵੇਰੇ 6 ਵਜੇ ਭਾਈ ਲਛਮਣ ਸਿੰਘ ਦਾ ਜਥਾ ਸ਼ਬਦ ਪੜ੍ਹਦਾ ਹੋਇਆ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋਇਆ। ਭਾਈ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠ ਗਏ ਅਤੇ ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ। ਕੁਝ ਸਮੇਂ ਬਾਅਦ ਮਹੰਤ ਆਪਣੇ ਗੁੰਡਿਆਂ ਸਮੇਤ ਸ਼ਰਾਬੀ ਹਾਲਤ ’ਚ ਆਇਆ। ਉਸ ਨੇ ਪਹਿਲਾਂ ਹੀ ਪੂਰੀ ਤਿਆਰੀ ਕੀਤੀ ਹੋਈ ਸੀ। ਉਸ ਨੇ ਦਰਸ਼ਨੀ ਡਿਉਢੀ ਦਾ ਮੇਨ ਗੇਟ ਬੰਦ ਕਰਵਾ ਦਿੱਤਾ ਅਤੇ ਆਪਣੇ ਗੁੰਡਿਆਂ ਪਾਸੋਂ ਰੱਬੀ ਪਿਆਰ ਵਿੱਚ ਜੁੜੇ ਸ਼ਾਂਤਮਈ ਸਿੰਘਾਂ ਉੱਤੇ ਗੋਲ਼ੀਆਂ ਦੀ ਬੁਛਾੜ ਕਰਾ ਦਿੱਤੀ। ਗੋਲ਼ੀਆਂ ਚਲਾਉਣ ਤੋਂ ਬਾਅਦ ਗੁੰਡੇ ਟਕੂਏ, ਕ੍ਰਿਪਾਨਾਂ, ਛਵ੍ਹੀਆਂ ਤੇ ਗੰਡਾਸੇ ਆਦਿ ਲੈ ਕੇ ਸਿੰਘਾਂ ਉੱਪਰ ਵਾਰ ਕਰਨ ਲੱਗੇ। ਵੇਖਦਿਆਂ ਵੇਖਦਿਆਂ ਹੀ ਬਹੁਤ ਸਾਰੇ ਸਿੰਘ ਸ਼ਹੀਦ ਕਰ ਦਿੱਤੇ ਜਾਂ ਜ਼ਖ਼ਮੀ ਹੋ ਗਏ। ਇਹ ਸਾਕਾ ਬੜਾ ਦਿਲ ਕੰਬਾਊ ਸੀ। ਭਾਈ ਲਛਮਣ ਸਿੰਘ ਨੂੰ ਜੰਡ ਨਾਲ ਪੁੱਠਾ ਲਟਕਾ ਕੇ ਅੱਗ ਲਗਾ ਕੇ ਸ਼ਹੀਦ ਕੀਤਾ ਗਿਆ।

ਇਸ ਤੋਂ ਬਾਅਦ ਭੀ ਲੱਕੜਾਂ ਦੇ ਢੇਰ ਲਗਾ ਉੱਪਰ ਮਿੱਟੀ ਦਾ ਤੇਲ ਪਾਇਆ ਗਿਆ ਅਤੇ ਸ਼ਹੀਦ ਹੋ ਚੁੱਕੇ ਜਾਂ ਜ਼ਖਮੀ ਹੋਏ ਸਿੰਘਾਂ ਨੂੰ ਵਿੱਚ ਸੁੱਟ ਕੇ ਅੱਗ ਲਗਾ ਦਿੱਤੀ, ਜੋ ਸ਼ਾਮ 4 ਵਜੇ ਤੱਕ ਲੱਗੀ ਰਹੀ। ਇਸ ਘਟਨਾ ਨਾਲ ਸੰਗਤਾਂ ਅੰਦਰ ਹੋਰ ਰੋਹ ਜਾਗ ਪਿਆ। ਅਖੀਰ ਅੰਗਰੇਜ਼ ਅਧਿਕਾਰੀਆਂ ਨੂੰ ਹਾਰ ਮੰਨਣੀ ਪਈ ਅਤੇ ਗੁਰਦੁਆਰੇ ਦਾ ਪ੍ਰਬੰਧ; ਸਿੱਖ ਪੰਥ ਦੇ ਹਵਾਲੇ ਕਰ ਦਿੱਤਾ ਗਿਆ।

ਸ੍ਰੋਮਣੀ ਕਮੇਟੀ ਆਪਣੇ ਕੈਲੰਡਰਾਂ ’ਚ ਸਾਕਾ ਨਨਕਾਣਾ ਸਾਹਿਬ 21 ਫ਼ਰਵਰੀ ਮੰਨਦੀ ਹੈ। ਜਿਸ ਦਿਨ ਕਦੀ ੧੦ ਫੱਗਣ ਅਤੇ ਕਦੀ ੯ ਫੱਗਣ ਹੁੰਦਾ ਹੈ। ਐਸਾ ਕਰਨ ਵਾਲੇ ਆਪਣੇ ਦਿਮਾਗ਼ ਦੀ ਇੰਨੀ ਵਰਤੋਂ ਵੀ ਨਹੀਂ ਕਰਦੇ ਕਿ ਜਦ 21 ਫ਼ਰਵਰੀ ੯ ਫੱਗਣ ਨੂੰ ਹੁੰਦੀ ਹੈ ਤਾਂ 21 ਫ਼ਰਵਰੀ ਅਤੇ ੯ ਫੱਗਣ ਦੋਵੇਂ ਸਹੀ ਨਹੀਂ ਹੁੰਦੇ। ਜੇ ਇੱਦਾਂ ਹੀ ਚੱਲਦਾ ਰਿਹਾ ਤਾਂ 600 ਸਾਲ ਬਾਅਦ 21 ਫ਼ਰਵਰੀ; ੩੦ ਮਾਘ ਨੂੰ ਹੋਵੇਗੀ। ਨਾਨਕਸ਼ਾਹੀ ਕੈਲੰਡਰ ’ਚ ੧੦ ਫੱਗਣ ਨਿਰਧਾਰਿਤ ਕੀਤਾ ਹੈ ਅਤੇ ਉਸ ਦਿਨ ਸਦਾ 21 ਫ਼ਰਵਰੀ ਹੀ ਰਹੇਗੀ।  ਸਿੱਖ ਸੰਗਤਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸ੍ਰੋਮਣੀ ਕਮੇਟੀ ਅੱਗੇ ਇਸ ਸੰਬੰਧੀ ਜ਼ਰੂਰ ਸਵਾਲ ਜਵਾਬ ਕਰਿਆ ਕਰਨ।

ਜੈਤੋ ਮੋਰਚੇ ਦਾ ਆਰੰਭ 8 ਜੂਨ 1923 ਨੂੰ ਉਸ ਵੇਲੇ ਹੋਇਆ ਜਦੋਂ ਅੰਗਰੇਜ਼ੀ ਹਕੂਮਤ ਨੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਨਾਭਾ ਦੀ ਗੱਦੀ ਤੋਂ ਲਾਹ ਕੇ ਰਿਆਸਤ ਵਿੱਚੋਂ ਕੱਢ ਦਿੱਤਾ। ਇਸ ਘਟਨਾ ਵਿਰੁੱਧ ਸਿੱਖ ਜਗਤ ਵਿੱਚ ਰੋਸ ਦੀ ਲਹਿਰ ਫੈਲ ਗਈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਗਰੇਜ਼ੀ ਹਕੂਮਤ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲਈ 5 ਅਗਸਤ, 1923 ਨੂੰ ਅੰਮ੍ਰਿਤਸਰ ਵਿੱਚ ਇੱਕ ਬੈਠਕ ਬੁਲਾਈ, ਜਿਸ ਵਿੱਚ ਮਹਾਰਾਜਾ ਪ੍ਰਤੀ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ ਅਤੇ 9 ਸਤੰਬਰ ਨੂੰ ਮਹਾਰਾਜਾ ਦੇ ਹੱਕ ’ਚ ‘ਨਾਭਾ ਦਿਵਸ’ ਮਨਾਉਣ ਦਾ ਐਲਾਨ ਕੀਤਾ। ਸਿੱਖਾਂ ਵੱਲੋਂ 9 ਸਤੰਬਰ ਨੂੰ ਪੰਜਾਬ ਭਰ ਵਿੱਚ ਧਰਨੇ ਅਤੇ ਮੁਜ਼ਾਹਰੇ ਕੀਤੇ ਗਏ। ਭਾਰਤ ਦੇ ਸੂਬਿਆਂ ਤੋਂ ਇਲਾਵਾ ਵਿਦੇਸ਼ਾਂ ’ਚੋਂ ਵੀ ਜੱਥਿਆਂ ਨੇ ਇਸ ਮੋਰਚੇ ’ਚ ਭਾਗ ਲਿਆ।

ਸ੍ਰੋਮਣੀ ਕਮੇਟੀ ਨੇ ਐਲਾਨ ਕੀਤਾ ਕਿ ਜੈਤੋ ਵਿਖੇ ਅਖੰਡ ਪਾਠ ਸ਼ੁਰੂ ਕਰਨ ਵਾਸਤੇ 500 ਸਿੰਘਾਂ ਦਾ ਸ਼ਹੀਦੀ ਜਥਾ ਭੇਜਿਆ ਜਾਵੇਗਾ। ਇਸ ਪਹਿਲੇ ਜੱਥੇ ਨੇ ੮ ਫੱਗਣ ਸੰਮਤ ੧੯੮੦/9 ਫ਼ਰਵਰੀ, 1924 ਦੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਚੱਲ ਕੇ ੧੦ ਫੱਗਣ/21 ਫ਼ਰਵਰੀ ਨੂੰ ਜੈਤੋ ਪੁੱਜਣਾ ਸੀ। ਜੈਤੋ ਪੁੱਜਣ ਦੀ ਤਾਰੀਖ਼ ਨਨਕਾਣੇ ਸਾਹਿਬ ਦੇ ਸ਼ਹੀਦਾਂ ਦੀ ਤਾਰੀਖ਼ ਨਾਲ ਮੇਲਣ ਲਈ ੧੦ ਫੱਗਣ ਰੱਖੀ ਗਈ।

21 ਫ਼ਰਵਰੀ ਨੂੰ ਜਦੋਂ ਜਥਾ ਜੈਤੋ ਪੁੱਜਾ ਤਾਂ ਵਿਲਸਨ ਜੌਹਨਸਟਨ ਨੇ ਫ਼ੌਜ ਨੂੰ ਜਥੇ ਉੱਪਰ ਗੋਲ਼ੀਆਂ ਚਲਾਉਣ ਦੇ ਹੁਕਮ ਦੇ ਦਿੱਤੇ, ਪਰ ਜਥਾ ਗੁਰਦੁਆਰਾ ਟਿੱਬੀ ਸਾਹਿਬ ਵੱਲ ਵਧਦਾ ਗਿਆ। ਅੰਤ ਗੋਲ਼ੀਆਂ ਦੀ ਬੁਛਾੜ ਨੇ ਉਨ੍ਹਾਂ ਨੂੰ ਰੋਕ ਲਿਆ। ਫਿਰ ਵੀ ਉਹ ਜਿੱਥੋਂ ਤੱਕ ਹੋ ਸਕਿਆ ਡਿੱਗਦੇ-ਢਹਿੰਦੇ ਅੱਗੇ ਵਧਦੇ ਗਏ। ਜੋ ਇਸ ਜਥੇ ਨੂੰ ਵੇਖ ਰਹੇ ਸਨ, ਉਨ੍ਹਾਂ ਲੋਕਾਂ ’ਤੇ ਭੀ ਲਾਠੀਚਾਰਜ ਕੀਤਾ ਗਿਆ। ਦੁਨੀਆਂ ਭਰ ਦੀਆਂ ਅਖ਼ਬਾਰਾਂ ਨੇ ਇਸ ਘਟਨਾ ਦੀਆਂ ਖ਼ਬਰਾਂ ਛਾਪੀਆਂ। ਆਗੂਆਂ ਨੇ ਵਿਲਸਨ ਜੌਹਨਸਟਨ ਨੂੰ ਜਨਰਲ ਡਾਇਰ ਦਾ ਵਾਰਸ ਐਲਾਨਿਆ।

26 ਫ਼ਰਵਰੀ 1924 ਨੂੰ ‘ਸਿਵਲ ਐਂਡ ਮਿਲਟਰੀ ਗਜ਼ਟ’ ਵਿੱਚ ਛਪੀ ਖ਼ਬਰ ਵਿੱਚ ਸ਼ਹੀਦਾਂ ਦੀ ਗਿਣਤੀ 18 ਤੇ ਜ਼ਖ਼ਮੀਆਂ ਦੀ 60 ਦੱਸੀ ਗਈ ਸੀ। ਸ੍ਰੋਮਣੀ ਕਮੇਟੀ ਅਨੁਸਾਰ ਇਸ ਘਟਨਾ ’ਚ 300 ਸਿੰਘ ਗੋਲ਼ੀ ਦਾ ਸ਼ਿਕਾਰ ਹੋਏ, ਜਿਨ੍ਹਾਂ ਵਿੱਚੋਂ 100 ਸਿੰਘ ਸ਼ਹਾਦਤ ਪਾ ਗਏ। ਇਸ ਜੈਤੋ ਗੋਲ਼ੀ ਕਾਂਡ ’ਚ ਕਿੰਨੇ ਸਿੰਘ ਸ਼ਹੀਦ ਹੋਏ, ਇਸ ਦਾ ਭੀ ਪੂਰਾ ਅਨੁਮਾਨ ਨਾ ਲੱਗ ਸਕਿਆ।  ਇਨ੍ਹਾਂ ਸ਼ਹੀਦ ਸਿੰਘਾਂ ਨੂੰ ਨਤਮਸਤਕ ਹੋਣ ਲਈ ਹਰ ਸਾਲ ੧੦ ਫ਼ੱਗਣ/ 21 ਫ਼ਰਵਰੀ ਨੂੰ ਸਮਾਗਮ ਕੀਤਾ ਜਾਂਦਾ ਹੈ।