29.3 C
Jalandhar
Saturday, April 4, 2026
spot_img
Home Blog Page 6

ਬੜੀ ਫਿਕਰ ਦੀ ਘੜੀ ਹੈ ਪੰਥ ਅੱਗੇ

0

ਬੜੀ ਫਿਕਰ ਦੀ ਘੜੀ ਹੈ ਪੰਥ ਅੱਗੇ, ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਬਚਾਵਣੇ ਲਈ।

ਹੈ ਨਹੀਂ ਅਕਾਲੀ ਉਸ ਕੱਦ ਕਾਠ ਵਾਲੇ, ਜੋ ਗੱਲ ਕਰਦੇ ਸਨ ਅਕਾਲੀ ਸਦਾਵਣੇ ਲਈ।

ਘਰ ਘਾਟ ਦਾ ਫ਼ਿਕਰ ਉਹ ਕਦੇ ਨ ਕਰਦੇ, ਗੱਲ ਛੇੜ ਬਹਿੰਦੇ ਸਨ ਪੰਥ ਬਚਾਵਣੇ ਲਈ।

ਪਦ ਪਦਵੀਆਂ ਦੀ ਉਨ੍ਹਾ ਝਾਕ ਕੋਈ ਨ, ਰੀਝ ਰਹਿੰਦੀ ਸੀ ਅਣਖ ਕਮਾਵਣੇ ਲਈ।

ਅੱਜ ਕੁਰਸੀ ਦੀ ਭੁੱਖ ਨੇ ਡਾਢਾ ਜ਼ੋਰ ਪਾਇਆ, ਅਕਾਲੀ ਦਲ ਹੀ ਹੱਥੋਂ ਗਵਾ ਬੈਠੇ।

ਅਸੂਲ ਸਿੱਖੀ ਵਾਲੇ ਸਮਝੋ ਬਾਹਰ ਕੱਢੇ ਵੇਖੋ, ਜੱਥੇਬੰਦੀ ਦਾ ਕਿਲ੍ਹਾ ਢੁਆ ਬੈਠੇ।

ਧੀਆਂ ਪੁੱਤਾਂ ਲਈ ਰਾਖਵੀਆਂ ਕਰ ਥਾਵਾਂ, ਮਮਤਾ ਹੱਥੋਂ ਜੱਥੇਬੰਦੀ ਗਵਾ ਬੈਠੇ।

ਜੀਵਨ ਸਿੱਖ ਵਾਲਾ ਸਮਝ ਨ ਆਇਆ, ਬੇਸਮਝੀ ਜ਼ਿੱਦ ਨਾਲ ਭੋਗ ਪਵਾ ਬੈਠੇ।

ਸ਼੍ਰੋਮਣੀ ਅਕਾਲੀ ਦਲ ਦੀ ਸਹੀ ਹੋਂਦ ਖ਼ਾਤਰ, ਸੰਸਾਰ ਭਰ ਦਾ ਸਿੱਖ ਕੁਰਲਾ ਰਿਹਾ ਹੈ।

ਸਾਡੇ ਪੁਰਖਿਆਂ ਜੋ ਅਕਾਲੀ ਦਲ ਪੈਦਾ ਕੀਤਾ, ਬਚ ਜਾਵੇ ਸਿੱਖ ਕੁਰਲਾ ਰਿਹਾ ਹੈ।

ਜਿਨ੍ਹਾਂ ਲੋਕਾਂ ਅਕਾਲੀ ਦਲ ਨਾਲ ਧ੍ਰੋਹ ਕੀਤਾ, ਮੱਕੜੀ ਜਾਲ ਉਨ੍ਹਾ ਫਸਾ ਰਿਹਾ ਹੈ।

ਸਾਡੀ ਸਿਆਸਤ ਦਾ ਜਿਸ ਦਮ ਭਰਿਆ, ਉਹ ਅਕਾਲੀ ਵਿਰਾਸਤ ਫੁਰਮਾ ਰਿਹਾ ਹੈ।

ਬੇਕਦਰਿਆਂ ਨਾਲੋਂ ਅੱਜ ਵੀ ਕਦਰਦਾਨ ਬਹੁਤੇ, ਅਕਾਲੀ ਦਲ ਉਨ੍ਹਾਂ ਬਣਾ ਲੈਣਾ।

ਕੱਚਿਆਂ ਪਿੱਲਿਆਂ ਨੂੰ ਰਾਹੋਂ ਕਰ ਪਾਸੇ, ਸਿਦਕੀ ਲੱਭ ਅਕਾਲੀ ਦਲ ਅਪਣਾ ਲੈਣਾ।

ਮੁਕਾਬਲਾ ਕਰਨਾ ਦੂਜਿਆਂ ਸਾਰਿਆਂ ਦਾ, ਅਕਾਲੀ ਦਲ ਦਾ ਤਾਜ ਸਜਾਅ ਲੈਣਾ।

ਪੰਜ ਲੱਭ ਕੇ ਸਿੰਘ ਕਿਰਦਾਰ ਵਾਲੇ, ਨਾਹਰਾ ਅਕਾਲੀ ਦਲ ਜ਼ਿੰਦਾਬਾਦ ਲਾ ਲੈਣਾ।

ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ)-95920-93472

ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦਾ ਸੰਖੇਪ ਜੀਵਨ ਵੇਰਵਾ ਤੇ ਸੰਦੇਸ਼

0

ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦਾ ਸੰਖੇਪ ਜੀਵਨ ਵੇਰਵਾ ਤੇ ਸੰਦੇਸ਼

ਕਿਰਪਾਲ ਸਿੰਘ (ਬਠਿੰਡਾ)

ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਜੇ ਗੁਰੂ ਹਨ। ਆਪ ਜੀ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਵਿੱਚ ਪਿਤਾ ਤੇਜਭਾਨ ਭੱਲਾ ਖੱਤਰੀ ਅਤੇ ਮਾਤਾ ਸੁਲਖਣੀ (ਲੱਛਮੀ) ਦੇ ਘਰ ਹੋਇਆ। ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ ਨਾਭਾ, ਸ: ਕਰਮ ਸਿੰਘ ਹਿਸਟੋਰੀਅਨ ਅਤੇ ਗਿ. ਸੋਹਨ ਸਿੰਘ ਸੀਤਲ ਅਨੁਸਾਰ ਆਪ ਜੀ ਦਾ ਜਨਮ ੧੦ ਜੇਠ, ਵੈਸਾਖ ਸੁਦੀ ੧੪, ਸੰਮਤ ੧੫੩੬ ਬਿਕ੍ਰਮੀ/5 ਮਈ 1479 ਹੈ। ਡਾ: ਗੰਡਾ ਸਿੰਘ, ਪ੍ਰੋ: ਸਾਹਿਬ ਸਿੰਘ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਅਤੇ ਸ੍ਰੋਮਣੀ ਕਮੇਟੀ ਵੱਲੋਂ ਲਿਖਤ ਸਿੱਖ ਇਤਿਹਾਸ ’ਚ ਜਨਮ ਮਿਤੀ ੮ ਜੇਠ, ਵੈਸਾਖ ਸੁਦੀ ੧੪, ਸੰਮਤ ੧੫੩੬ ਬਿਕ੍ਰਮੀ/5 ਮਈ 1479 ਲਿਖੀ ਹੋਈ ਹੈ ਭਾਵ ੮ ਜੇਠ ਅਤੇ ੧੦ ਜੇਠ ਦੀ ਤਾਰੀਖ਼ ’ਚ ਅੰਤਰ ਹੈ ਜਦਕਿ ਬਾਕੀ ਦੀਆਂ ਦੋਵੇਂ ਪਧਤੀਆਂ ਦੀ ਤਿਥ ਅਤੇ ਤਾਰੀਖ਼ ’ਚ ਕੋਈ ਅੰਤਰ ਨਹੀਂ। ਇਸ ਤੋਂ ਸਿੱਧ ਹੁੰਦਾ ਹੈ ਕਿ ਇਨ੍ਹਾਂ ਵਿਦਵਾਨਾਂ ਨੂੰ ਇੱਕ ਪੱਧਤੀ ਤੋਂ ਦੂਜੀ ਪੱਧਤੀ ’ਚ ਤਾਰੀਖ਼ ਤਬਦੀਲ ਕਰਦੇ ਸਮੇਂ ਥੋੜ੍ਹਾ ਭੁਲੇਖਾ ਲੱਗਾ ਹੈ ਕਿਉਂਕਿ ਸ: ਪਾਲ ਸਿੰਘ ਪੁਰੇਵਾਲ ਦੀ ਜੰਤਰੀ ’ਚੋਂ ਵੇਖਿਆਂ; ਵੈਸਾਖ ਸੁਦੀ ੧੪, ਸੰਮਤ ੧੫੩੬ ਬਿਕ੍ਰਮੀ/5 ਮਈ 1479 ਨੂੰ ੯ ਜੇਠ ਬਿਕ੍ਰਮੀ ਸੰਮਤ ੧੫੩੬ ਬਣਦਾ ਹੈ।

23 ਸਾਲ ਦੀ ਉਮਰ ਦੌਰਾਨ ਸੰਮਤ ੧੫੫੯ (1502 ਈ:) ’ਚ ਆਪ ਜੀ ਦਾ ਵਿਆਹ ਸ੍ਰੀਮਤੀ ਮਨਸਾ ਦੇਵੀ ਜੀ ਨਾਲ ਹੋਇਆ, ਜਿਸ ਤੋਂ ਉਨ੍ਹਾਂ ਦੇ ਦੋ ਪੁੱਤਰ (ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ) ਅਤੇ ਦੋ ਪੁੱਤਰੀਆਂ (ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ) ਦਾ ਜਨਮ ਹੋਇਆ।

ਸਫਲ ਪਰਵਾਰਿਕ ਜੀਵਨ ਪਿਛੋਂ ਆਪ ਬੜੀ ਤੀਬਰਤਾ ਨਾਲ ਧਾਰਮਿਕ ਰਾਹਾਂ ’ਤੇ ਚਲ ਪਏ।  ਭਾਈ ਲਹਿਣਾ ਜੀ ਦੀ ਤਰ੍ਹਾਂ ਆਪ ਵੀ 20 ਸਾਲ ਗੰਗਾ ਮਈਆ ਦੀ ਯਾਤਰਾ ਕਰਨ ਦੀ ਕਠਿਨ ਘਾਲ ਘਾਲਦੇ ਰਹੇ। ਜਦ ਆਪ 20ਵੀ ਵਾਰ ਗੰਗਾ ਇਸ਼ਨਾਨ ਲਈ ਗਏ ਤਾਂ ਉਨ੍ਹਾਂ ਨਾਲ ਇਕ ਐਸੀ ਘਟਨਾ ਵਾਪਰੀ ਕਿ ਜਿਸ ਨਾਲ਼ੀ ਜ਼ਿੰਦਗੀ ਦੀ ਪੂਰੀ ਰੌਂ ਹੀ ਬਦਲ ਗਈ। ਆਪ ਜੀ ਦਾ ਮੇਲ ਇਕ ਵੈਸ਼ਨਵ ਬ੍ਰਾਹਮਚਾਰੀ ਨਾਲ ਹੋਇਆ। ਮੇਲ ਜੋਲ ਐਨਾ ਵਧ ਗਿਆ ਕਿ ਖਾਣਾ ਪੀਣਾ ਵੀ ਇਕੱਠਾ ਹੋਣ ਲੱਗਾ। ਅਚਾਨਕ ਉਸ ਨੇ ਇੱਕ ਦਿਨ ਪੁੱਛ ਲਿਆ ਕਿ ਤੁਹਾਡਾ ਗੁਰੂ ਕੌਣ ਹੈ ?  ਆਪ ਜੀ ਦਾ ਜਵਾਬ ਸੀ ਕਿ ‘ਗੁਰੂ ਦੀ ਭਾਲ ਵਿਚ ਉਮਰ ਗੁਜਰ ਗਈ ਹੈ ਅਜੇ ਤਕ ਕੋਈ ਮਿਲਿਆ ਨਹੀ’। ਇਹ ਜਵਾਬ ਸੁਣ ਕੇ ਵੈਸ਼ਨਵ ਬ੍ਰਾਹਮਚਾਰੀ ਨੇ ਬਹੁਤ ਬੁਰਾ ਮਨਾਇਆ ਤੇ ਕਿਹਾ ‘ਨਿਗੁਰੇ ਕਾ ਸੰਗ ਅਤੇ ਨਿਗੁਰੇ ਦੇ ਹੱਥ ਦਾ ਪੱਕਿਆ ਅੰਨ ਖਾ ਕੇ ਮੇਰਾ ਜਨਮ ਬ੍ਰਿਥਾ ਗਿਆ’। ਇਸ ਤੋਂ ਬਾਅਦ ਉਸ ਨੇ ਬਾਬਾ ਅਮਰਦਾਸ ਜੀ ਦੀ ਸੰਗਤ ਕਰਨੀ ਛੱਡ ਦਿੱਤੀ। ਆਪ ਜੀ ਦੇ ਮਨ ਨੂੰ ਡੂੰਘੀ ਚੋਟ ਲੱਗੀ। ਆਪ ਕਈ ਹੋਰ ਸਾਧੂਆਂ ਨੂੰ ਮਿਲੇ, ਪਰ ਮਨ ਨਾ ਪਤੀਜਿਆ। ਅਚਾਨਕ ਇਕ ਦਿਨ ਉਨ੍ਹਾ ਦੇ ਭਰਾ ਦੀ ਨੂੰਹ ਅਤੇ ਗੁਰੂ ਅੰਗਦ ਦੇਵ ਜੀ ਦੀ ਸਪੁਤਰੀ ਬੀਬੀ ਅਮਰੋ ਦੇ ਮੂੰਹੋਂ, ਸਵੇਰੇ ਸਵੇਰੇ, ਦੁੱਧ ਰਿੜਕਦੇ ਵਕਤ ਬਾਣੀ ਦੇ ਇਹ ਬੋਲ ‘‘ਭਇਆ ਮਨੂਰੁ, ਕੰਚਨੁ ਫਿਰਿ ਹੋਵੈ; ਜੇ ਗੁਰੁ ਮਿਲੈ ਤਿਨੇਹਾ ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ; ਤਉ ਨਾਨਕ ਤ੍ਰਿਸਟਸਿ ਦੇਹਾ ’’ (ਮਹਲਾ /੯੯੦) ਧਿਆਨ ਨਾਲ਼ ਸੁਣੇ। ਜਦ ਬੀਬੀ ਅਮਰੋ ਤੋਂ ਪੁੱਛਿਆ ਕਿ ਸਵੇਰੇ ਸਵੇਰੇ ਤੁਸੀਂ ਕੀ ਗਾ ਰਹੇ ਸੀ ? ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਗੁਰੂ ਨਾਨਕ ਜੀ ਦੀ ਬਾਣੀ ਹੈ; ਜਿਨ੍ਹਾਂ ਦੀ ਗੁਰਗੱਦੀ ’ਤੇ ਮੇਰੇ ਪਿਤਾ ਜੀ ਬਿਰਾਜਮਾਨ ਹਨ। ਬਾਣੀ ਦੇ ਬੋਲ ਇੰਨੇ ਪਿਆਰੇ ਸਨ ਕਿ (ਗੁਰੂ) ਅਮਰਦਾਸ ਜੀ ਦੇ ਦਿਲ ’ਚ ਉਨ੍ਹਾਂ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ। ਜਦ ਆਪ ਬੀਬੀ ਅਮਰੋ ਜੀ ਨਾਲ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਗਏ ਤਾਂ ਗੁਰੂ ਘਰ ਜੋਗੇ ਹੀ ਰਹਿ ਗਏ, ਮੁੜ ਵਾਪਸ ਨਾ ਪਰਤੇ।

ਆਪਣੇ ਮਾਨ ਅਪਮਾਨ ਤੇ ਰਿਸ਼ਤੇ ਤੋਂ ਉਚੇਰੇ ਉਠ ਕੇ, ਪੂਰੇ ਸਿਦਕ ਪ੍ਰੇਮ ਤੇ ਉਤਸ਼ਾਹ ਨਾਲ ਹਰ ਰੋਜ਼ ਸੂਬ੍ਹਾ ਸੂਬ੍ਹਾ ਤਿੰਨ ਕੋਹ ਦੂਰ ਬਿਆਸ ਨਦੀ ਤੋਂ ਪਾਣੀ ਭਰ ਕੇ ਲਿਆਉਂਦੇ, ਗੁਰੂ ਸਾਹਿਬ ਨੂੰ ਇਸ਼ਨਾਨ ਕਰਾਉਂਦੇ, ਉਨ੍ਹਾਂ ਦੇ ਕੱਪੜੇ ਧੋਂਦੇ ਤੇ ਲੰਗਰ ਦੀ ਸੇਵਾ ’ਚ ਰੁਝ ਜਾਂਦੇ। ਲੰਗਰ ਦੇ ਭਾਂਡੇ ਮਾਂਜਣੇ, ਪਾਣੀ ਢੋਣਾ, ਪੱਖਾ ਝੱਲਣਾ ਜਾਰੀ ਰੱਖਦੇ। ਮੂੰਹ ਨਾਲ ਬਾਣੀ ਪੜ੍ਹਦੇ ਰਹਿੰਦੇ ਯਾਨੀ ਹਥ ਸੇਵਾ ਵੱਲ ਤੇ ਚਿਤ ਸਦਾ ਕਰਤਾਰ ਵੱਲ ਰਹਿੰਦਾ। ਘੱਟ ਬੋਲਦੇ, ਘੱਟ ਖਾਂਦੇ ਤੇ ਘੱਟ ਹੀ ਸੌਂਦੇ। 

ਗੋਇੰਦੇ ਦੀ ਬਹੁਤ ਸਾਰੀ ਜ਼ਮੀਨ ਸੀ, ਜਿਥੇ ਓਹ ਗੋਇੰਦਵਾਲ ਵਸਾਉਣਾ ਚਾਹੁੰਦਾ ਸੀ। ਗੋਇੰਦੇ ਦੀ ਬੇਨਤੀ ਮੰਨ ਕੇ ਗੁਰੂ ਅੰਗਦ ਦੇਵ ਜੀ ਨੇ (ਗੁਰੂ) ਅਮਰਦਾਸ ਜੀ ਨੂੰ ਨਾਲ ਭੇਜਿਆ। ਆਪ ਨੇ ਆਗਿਆ ਨੂੰ ਸਿਰ ਮੱਥੇ ਮੰਨਿਆ। ਫਿਰ ਵੀ ਗੁਰੂ ਜੀ ਨੂੰ ਇਸ਼ਨਾਨ ਕਰਾਉਣ, ਕੱਪੜੇ ਧੋਣ ਤੇ ਲੰਗਰ ਆਦਿ ਦੀ ਸੇਵਾ ਜਾਰੀ ਰੱਖੀ। ਦਿਨੇ ਸੇਵਾ ਕਰਦੇ ਤੇ ਸ਼ਾਮ ਨੂੰ ਗੋਇੰਦਵਾਲ ਚਲੇ ਜਾਂਦੇ। ਅਖੀਰ ਕੁਛ ਚਿਰ ਮਗਰੋਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਗੋਇੰਦਵਾਲ ਰਹਿਣ ਦੀ ਆਗਿਆ ਦੇ ਦਿੱਤੀ। ਰੁਝੇਵੇਂ ਵਧਦੇ ਗਏ, ਪਰ ਸੇਵਾ ਵਿਚ ਕੋਈ ਊਣਤਾ ਨਾ ਪੈਣ ਦਿੱਤੀ।

ਜਦ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਸਮਾਂ ਨੇੜੇ ਆਉਂਦਾ ਪ੍ਰਤੀਤ ਹੋਇਆ ਤਾਂ ਪ੍ਰੇਮ, ਸਿਦਕ, ਘਾਲ-ਕਮਾਈ ਤੇ ਯੋਗਤਾ ਪੱਖੋਂ ਆਪ ਨੇ ੩ ਵੈਸਾਖ, ਚੇਤ ਸੁਦੀ ੪ ਬਿਕ੍ਰਮੀ ਸੰਮਤ ੧੬੦੯ (29 ਮਾਰਚ 1552 ਈ:) ਨੂੰ ਸੰਗਤ ਦੇ ਸਾਹਮਣੇ ਅਮਰਦਾਸ ਜੀ ਨੂੰ ਗੁਰਿਆਈ ਦਾ ਤਿਲਕ ਲਾਉਣ ਦਾ ਮਾਣ ਬਾਬਾ ਬੁੱਢਾ ਜੀ ਨੂੰ ਬਖਸ਼ਿਆ।  ਆਪ 22 ਸਾਲ ਗੁਰਗੱਦੀ ’ਤੇ ਬਿਰਾਜਮਾਨ ਰਹੇ, ਜਿਸ ਦੌਰਾਨ ਆਪ ਨੇ ਸਿੱਖੀ ਮਹੱਲ ਨੂੰ ਉਸਾਰਨ ਵੱਲ ਵਿਸ਼ੇਸ਼ ਧਿਆਨ ਦਿੱਤਾ। ਕਈ ਧਾਰਮਿਕ, ਸਮਾਜਿਕ ਸੁਧਾਰ ਕੀਤੇ ਤੇ ਗੁਰਮਤਿ ਰਾਹਾਂ ਨੂੰ ਮਜ਼ਬੂਤ ਕਰਨ ਦੇ ਕਈ ਢੰਗ ਅਪਣਾਏ। ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਅੰਗਦ ਸਾਹਿਬ ਜੀ ਦੇ ਚਲਾਏ ਰਾਹਾਂ ਨੂੰ ਵਧੇਰੇ ਪੱਧਰਾ, ਸਾਫ਼, ਸੌਖਾ ਤੇ ਚੌੜਾ ਕਰਨ ਦਾ ਯਤਨ ਕੀਤਾ। ਆਪਣੀ ਬਾਣੀ ਦੁਆਰਾ ਗੁਰਮਤਿ ਦੇ ਸਿਧਾਂਤਾਂ ਨੂੰ ਹੋਰ ਸਪਸ਼ਟ ਤੇ ਸਰਲ ਬਣਾਇਆ। ਸਿੱਖ ਸੰਗਤ ਤੇ ਸਮਾਜ ’ਚ ਭਾਈਚਾਰੇ ਦੇ ਉਹ ਪੂਰਨੇ ਪਾਏ, ਜੋ ਆਉਣ ਵਾਲੀਆਂ ਪੁਸ਼ਤਾਂ ਲਈ ਚਾਨਣ ਮੁਨਾਰਾ ਸਾਬਤ ਹੋਏ। ਆਪ ਜੀ ਦਾ ਆਪਣਾ ਜੀਵਨ; ਬੜਾ ਪਵਿਤਰ, ਸਾਦਗੀ ਭਰਿਆ, ਸਿਧਾਂਤਿਕ, ਧਾਰਮਿਕ, ਸੇਵਾ ਸਿਮਰਨ, ਸਹਿਨਸ਼ੀਲਤਾ, ਦਇਆ ਤੇ ਪਿਆਰ ਦਾ ਨਮੂਨਾ ਸੀ। ਆਪ ਇਕ ਚੰਗੇ ਗ੍ਰਿਹਸਤੀ, ਸੁੱਚੀ ਤੇ ਸੱਚੀ ਕਿਰਤ ਅਤੇ ਗਰੀਬਾਂ, ਲੋੜਵੰਦਾਂ, ਦੀਨ ਦੁਖੀਆਂ ਦੀ ਸਹਾਇਤਾ ਕਰਨ ਵਾਲੇ ਮਹਾਂ ਪੁਰਸ਼ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ੧੩੯੬ ’ਤੇ ਭੱਟਾਂ ਦੇ ਸਵਈਆਂ ’ਚ ਭਟ ਭਲੵ ਜੀ ਨੇ ਗੁਰੂ ਅਮਰਦਾਸ ਜੀ ਦੇ ਬੇਅੰਤ ਗੁਣਾਂ ਦਾ ਵਰਣਨ ਬਹੁਤ ਹੀ ਭਾਵਪੂਰਕ ਸ਼ਬਦਾਂ ’ਚ ਕੀਤਾ ਹੈ; ਜਿਵੇਂ ਕਿ ਬੱਦਲਾਂ ਦੀਆਂ ਕਣੀਆਂ, ਧਰਤੀ ਦੀ ਬਨਸਪਤੀ, ਬਸੰਤ ਦੇ ਫੁੱਲਾਂ ਦੀ ਗਿਣਤੀ ਨਹੀਂ ਹੋ ਸਕਦੀ। ਸੂਰਜ ਤੇ ਚੰਦ੍ਰਮਾ ਦੀਆਂ ਕਿਰਨਾਂ, ਸਮੁੰਦਰ ਦਾ ਪੇਟ,  ਗੰਗਾ ਦੀਆਂ ਲਹਿਰਾਂ ਦਾ ਭੀ ਕੋਈ ਅੰਤ ਨਹੀਂ ਪਾ ਸਕਦਾ, ਪਰ ਫਿਰ ਭੀ ਹੋ ਸਕਦਾ ਹੈ ਕਿ ਕੋਈ ਮਨੁੱਖ; ਸ਼ਿਵ ਜੀ ਵਾਂਗ ਨਿਰੰਤਰ ਸਮਾਧੀ ਲਾ ਕੇ ਇਨ੍ਹਾਂ ਪਦਾਰਥਾਂ ਦੀ ਸੰਖਿਆ ਕਰ ਦੇਵੇ, ਪਰ ਭੱਲਿਆਂ ਦੀ ਕੁਲ ’ਚ ਪੈਦਾ ਹੋਏ ਹੇ ਗੁਰੂ ਅਮਰਦਾਸ ਜੀ  ! ਤੇਰੇ ਅੰਦਰ ਅਥਾਹ ਗੁਣ ਹਨ, ਜਿਨ੍ਹਾਂ ਦਾ ਵਰਣਨ ਹੋ ਹੀ ਨਹੀਂ ਸਕਦਾ, ਇਸ ਲਈ ਤੁਹਾਡੇ ਜਿਹਾ ਕੇਵਲ ਤੂੰ ਆਪ ਹੀ ਹੈਂ : ‘‘ਘਨਹਰ ਬੂੰਦ, ਬਸੁਅ ਰੋਮਾਵਲਿ, ਕੁਸਮ ਬਸੰਤ, ਗਨੰਤ ਆਵੈ   ਰਵਿ ਸਸਿ ਕਿਰਣਿ, ਉਦਰੁ ਸਾਗਰ ਕੋ, ਗੰਗ ਤਰੰਗ ਅੰਤੁ ਕੋ ਪਾਵੈ ਰੁਦ੍ਰ ਧਿਆਨ ਗਿਆਨ ਸਤਿਗੁਰ ਕੇ, ਕਬਿ ਜਨ ਭਲ੍ਹ ਉਨਹ ਜੁੋ ਗਾਵੈ ਭਲੇ ਅਮਰਦਾਸ ਗੁਣ ਤੇਰੇ ਤੇਰੀ; ਉਪਮਾ ਤੋਹਿ ਬਨਿ ਆਵੈ ’’ (ਸਵਈਏ ਮਹਲੇ ਤੀਜੇ ਕੇ/੧੩੯੬) ਸੋ ਆਪ ਜੀ ਦੇ ਬੇਅੰਤ ਗੁਣਾਂ ’ਚੋਂ ਸੰਖੇਪ ਮਾਤਰ ਕੁਝ ਕੁ ਇਸ ਤਰ੍ਹਾਂ ਹਨ :

ਗੁਰੂ ਸਾਹਿਬ ਜੀ ਦੇ ਸਮੇਂ ਜਾਤ ਪਾਤ ਦਾ ਕੋਹੜ ਮਨੁੱਖਤਾ ’ਚ ਸਿਰੇ ’ਤੇ ਸੀ। ਇਸ ਊਚ-ਨੀਚ ਦੇ ਕੋਹੜ ਨੂੰ ਖਤਮ ਕਰਨ ਲਈ ਉੱਚੀ ਜਾਤ ਦਾ ਅਭਿਮਾਨ ਕਰਨ ਵਾਲੇ ਬ੍ਰਾਹਮਣ ਨੂੰ ਸੰਬੋਧਨ ਕਰਦਿਆਂ ਆਪ ਜੀ ਨੇ ਬਚਨ ਉਚਾਰੇ ਕਿ ਕੋਈ ਭੀ ਧਿਰ ਆਪਣੀ ਉੱਚੀ ਜਾਤਿ ਦਾ ਮਾਣ ਨਾ ਕਰੇ। ਇੱਦਾਂ ਕੀਤਿਆਂ ਵਿਦਵਾਨ (ਬ੍ਰਾਹਮਣ) ਨਹੀਂ ਬਣੀਦਾ। ਦਰਅਸਲ ਉਹੀ ਬ੍ਰਾਹਮਣ ਹੈ, ਜੋ ਬ੍ਰਹਮ (ਪਰਮਾਤਮਾ) ਨਾਲ ਗਹਿਰੀ ਸਾਂਝ ਪਾਉਂਦਾ ਹੈ : ‘‘ਜਾਤਿ ਕਾ ਗਰਬੁ ਕਰੀਅਹੁ ਕੋਈ   ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ ’’  

ਹੇ ਮੂਰਖ  ! ਹੇ ਗੰਵਾਰ  ! ਐਸੇ ਮਾਣ-ਅਹੰਕਾਰ ਨਾਲ਼ (ਭਾਈਚਾਰਕ ਜੀਵਨ ’ਚ) ਕਈ ਵਿਗਾੜ ਪੈ ਜਾਂਦੇ ਹਨ : ‘‘ਜਾਤਿ ਕਾ ਗਰਬੁ ਕਰਿ; ਮੂਰਖ ਗਵਾਰਾ ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ਰਹਾਉ ’’ 

ਵੈਸੇ ਚਾਰ ਵਰਣਾਂ (ਬ੍ਰਾਹਮਣ, ਖਤਰੀ, ਵੈਸ਼, ਸ਼ੂਦਰ) ’ਚ ਸਮਾਜ ਨੂੰ ਵੰਡ ਦਿੱਤਾ ਭਾਵੇਂ ਕਿ ਇੱਕੋ ਰੱਬੀ ਜੋਤਿ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ : ‘‘ਚਾਰੇ ਵਰਨ ਆਖੈ ਸਭੁ ਕੋਈ ਬ੍ਰਹਮੁ ਬਿੰਦ ਤੇ; ਸਭ ਓਪਤਿ ਹੋਈ ’’

ਇਸ ਸਿਧਾਂਤ ਨੂੰ ਸਪਸ਼ਟ ਕਰਨ ਲਈ ਆਪ ਜੀ ਮਿਸਾਲ ਦਿੰਦੇ ਹਨ ਕਿ (ਜਿਵੇਂ ਕੋਈ) ਘੁਮਿਆਰ ਇਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ, (ਤਿਵੇਂ) ਇਹ ਸਾਰਾ ਸੰਸਾਰ (ਪਰਮਾਤਮਾ ਨੇ ਆਪਣੀ ਜੋਤਿ ਤੋਂ ਬਣਾਇਆ ਹੋਇਆ) ‘‘ਮਾਟੀ ਏਕ ਸਗਲ ਸੰਸਾਰਾ ਬਹੁ ਬਿਧਿ ਭਾਂਡੇ ਘੜੈ ਕੁਮ੍ਹਾਰਾ ’’ 

ਸੋ ਪੰਜ ਤੱਤਾਂ ਤੋਂ ਹਰ ਸਰੀਰ ਦੀ ਸ਼ਕਲ ਬਣਦੀ ਹੈ। ਕੋਈ ਨਹੀਂ ਆਖ ਸਕਦਾ ਕਿ ਕਿਸੇ (ਵਰਨ) ’ਚ ਬਹੁਤੇ ਤੱਤ ਹਨ ਤੇ ਕਿਸੇ (ਵਰਨ) ’ਚ ਥੋੜ੍ਹੇ ਤੱਤ ਹਨ : ‘‘ਪੰਚ ਤਤੁ ਮਿਲਿ ਦੇਹੀ ਕਾ ਆਕਾਰਾ   ਘਟਿ ਵਧਿ ਕੋ ਕਰੈ ਬੀਚਾਰਾ ’’

ਅੰਤ ’ਚ ਗੁਰੂ ਜੀ ਸਮਝਾਉਂਦੇ ਹਨ  ਕਿ ਭਾਵੇਂ ਕੋਈ ਬ੍ਰਾਹਮਣ ਹੈ ਜਾਂ ਸ਼ੂਦਰ; ਹਰੇਕ ਜੀਵ ਆਪੋ ਆਪਣੇ ਕੀਤੇ ਕਰਮਾਂ ’ਚ ਬੱਝਾ ਹੋਇਆ ਹੈ। ਗੁਰੂ ਤੋਂ ਬਿਨਾਂ (ਇਨ੍ਹਾਂ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ : ‘‘ਕਹਤੁ ਨਾਨਕ, ਇਹੁ ਜੀਉ ਕਰਮ ਬੰਧੁ ਹੋਈ ਬਿਨੁ ਸਤਿਗੁਰ ਭੇਟੇ; ਮੁਕਤਿ ਹੋਈ ’’ (ਮਹਲਾ /੧੧੨੮)

ਜਾਤੀ ਪ੍ਰਥਾ ਅਤੇ ਵਰਨ ਵੰਡ ਤੋਂ ਇਲਾਵਾ ਉਸ ਸਮੇਂ ਇਸਤਰੀ ਦੀ ਦਸ਼ਾ ਭੀ ਬਹੁਤ ਮਾੜੀ ਤੇ ਤਰਸਯੋਗ ਸੀ। ਐਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਜਿਨ੍ਹਾਂ ਇਸਤਰੀਆਂ ਦੇ ਪਤੀ ਦੀ ਮੌਤ ਹੋ ਜਾਂਦੀ ਸੀ, ਉਨ੍ਹਾਂ ਦੇ ਜਿਉਣ ਦਾ ਹੱਕ ਵੀ ਖੋਹ ਲਿਆ ਜਾਂਦਾ ਸੀ। ਉਨ੍ਹਾਂ ਨੂੰ ਜਿਉਂਦਿਆਂ ਹੀ ਪਤੀ ਦੀ ਬਲਦੀ ਚਿਖ਼ਾ ’ਚ ਸੜ ਮਰਨ ਲਈ ਮਜਬੂਰ ਕੀਤਾ ਜਾਂਦਾ ਸੀ। ਇਸ ਸਤੀ ਪ੍ਰਥਾ ਦਾ ਖੰਡਨ ਕਰਦਿਆਂ ਆਪ ਨੇ ਬਚਨ ਕੀਤੇ ਕਿ ਜੋ ਇਸਤਰੀਆਂ (ਪਤੀ ਦੀ) ਲੋਥ ਨਾਲ ਉਸ ਦੀ ਚਿਖ਼ਾ ’ਚ ਸੜਦੀਆਂ ਹਨ, ਉਨ੍ਹਾਂ ਨੂੰ ਅਸਲ ਸਤੀ ਹੋਣਾ, ਨਹੀਂ ਆਖਿਆ ਜਾ ਸਕਦਾ। ਅਸਲ ਸਤੀਆਂ ਓਹੀ ਹਨ, ਜੋ ਰੱਬ ਵੱਲੋਂ ਪਏ ਵਿਛੋੜੇ ਦੀ ਸੱਟ (ਬਿਰਹਾ) ਨਾਲ ਆਪਾ ਭਾਵ (ਮਾਣ, ਲੋਕਾਚਾਰੀ, ਅਗਿਆਨਤਾ, ਆਦਿ) ਵੱਲੋਂ ਮਰਦੀਆਂ ਹਨ: ‘‘ਸਲੋਕੁ ਮਹਲਾ ਸਤੀਆ ਏਹਿ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ਨਾਨਕ  ! ਸਤੀਆ ਜਾਣੀਅਨਿ੍; ਜਿ ਬਿਰਹੇ ਚੋਟ ਮਰੰਨਿ੍ ’’

ਉਨ੍ਹਾਂ ਨੂੰ ਭੀ ਸਤੀਆਂ ਕਿਹਾ ਜਾ ਸਕਦਾ ਹੈ, ਜੋ ਪਤਿਬ੍ਰਤ-ਧਰਮ ’ਚ ਰਹਿ ਕੇ ਆਪਣੇ ਪਤੀ ਦੀ ਸੇਵਾ ਕਰਦੀਆਂ ਹਨ, ਉੱਦਮ ਨਾਲ ਆਪਣਾ ਧਾਰਮਿਕ ਫ਼ਰਜ਼ ਸਮਝਦੀਆਂ ਹਨ : ‘‘ਮਹਲਾ ਭੀ ਸੋ ਸਤੀਆ ਜਾਣੀਅਨਿ; ਸੀਲ ਸੰਤੋਖਿ ਰਹੰਨਿ੍ ਸੇਵਨਿ ਸਾਈ ਆਪਣਾ; ਨਿਤ ਉਠਿ ਸੰਮ੍ਹਾਲੰਨਿ੍ ’’  ਆਪਣੇ ਇਸ ਧਰਮ ਤੋਂ ਸੱਖਣੀਆਂ ਇਸਤਰੀਆਂ ਪਤੀ ਦੇ ਦੁੱਖ-ਸੁਖ ’ਚ ਨਾਲ਼ ਨਹੀਂ ਖੜ੍ਹਦੀਆਂ, ਉਨ੍ਹਾਂ ਲਈ ਪਤੀ ਮਰੇ ਭਾਵੇਂ ਜੀਵੇ ‘‘ਨਾਨਕ  ! ਕੰਤ ਜਾਣਨੀ; ਸੇ ਕਿਉ ਅਗਿ ਜਲਾਹਿ ਭਾਵੈ ਜੀਵਉ, ਕੈ ਮਰਉ; ਦੂਰਹੁ ਹੀ ਭਜਿ ਜਾਹਿ ’’ (ਮਹਲਾ /੭੮੭) ਆਪ ਜੀ ਪਤੀਪਤਨੀ ਦੇ ਸੰਬੰਧਾਂ ਨੂੰ ਕੇਵਲ ਸਰੀਰਕ ਕਿਰਿਆ ਤੱਕ ਸੀਮਤ ਨਹੀਂ ਵੇਖਣਾ ਚਾਹੁੰਦ ਹਨ ਬਲਕਿ ਵਿਚਾਰਕ ਸਾਂਝ ਹੋਣ ਨੂੰ ਅਸਲ ਪਿਆਰ ਭਰੇ ਪਰਵਾਰਿਕ ਰਿਸ਼ਤਿਆਂ ਨੂੰ ਮਜਬੂਤ ਕਰਨਾ ਚਾਹੁੰਦੇ ਹਨ; ਜਿਵੇਂ ਕਿ ਬਚਨ ਹਨ, ‘‘ਧਨ ਪਿਰੁ ਏਹਿ ਆਖੀਅਨਿ; ਬਹਨਿ ਇਕਠੇ ਹੋਇ   ਏਕ ਜੋਤਿ, ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ’’ (ਮਹਲਾ /੭੮੮)

ਗੁਰੂ ਨਾਨਕ ਸਾਹਿਬ ਜੀ ਨੇ ਭੀ ਔਰਤਾਂ ਦੇ ਅਧਿਕਾਰਾਂ ਲਈ ਇਉਂ ਆਵਾਜ਼ ਬੁਲੰਦ ਕੀਤੀ ਸੀ, ‘‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ’’ (ਮਹਲਾ /੪੭੩) ਇਨ੍ਹਾਂ ਕਾਰਨਾਂ ਕਰਕੇ ਹੀ ਗੁਰੂ ਅਮਰਦਾਸ ਜੀ ਨੇ ਇਸਤਰੀਆਂ ਨੂੰ ਮਰਦ ਦੇ ਬਰਾਬਰ ਦਾ ਦਰਜਾ ਦੇਣ ਲਈ ਘੁੰਡ ਕੱਢਣ ਦੀ ਪ੍ਰਥਾ ਬੰਦ ਕਰਵਾਈ, ਅਕਬਰ ਬਾਦਿਸ਼ਾਹ ਨੂੰ ਕਹਿ ਕੇ ਸਤੀਪ੍ਰਥਾ ਨੂੰ ਕਾਨੂੰਨੀ ਤੌਰ ’ਤੇ ਬੰਦ ਕਰਵਾਇਆ। ਗੁਰਮਤਿ ਸਿਧਾਂਤ ਦੇ ਪ੍ਰਚਾਰ ਪਾਸਾਰ ਲਈ ਆਪ ਨੇ 22 ਮੰਜੀਆਂ ਭਾਵ ਪ੍ਰਚਾਰ ਕੇਂਦਰ ਸਥਾਪਤ ਕੀਤੇ, ਜਿਨ੍ਹਾਂ ਵਿਚੋਂ 2 ਮੰਜੀਆਂ ਅਤੇ 52 ਪੀੜ੍ਹੀਆਂ ਦੇ ਮੁਖੀ ਬੀਬੀਆਂ ਨੂੰ ਬਣਾਇਆ। ਇਸ ਤਰ੍ਹਾਂ ਪ੍ਰਚਾਰ ਕਾਫੀ ਫੈਲ ਚੁੱਕਾ ਸੀ। ਆਪ ਨੇ ਸਿੱਖ ਸੰਗਤਾਂ ਨੂੰ ਇਕੱਠਾ ਕਰਨ ਦਾ ਉਪਰਾਲਾ ਕੀਤਾ। ਦਿਵਾਲੀ ਅਤੇ ਵੈਸਾਖੀ ਵਾਲੇ ਦਿਨ ਗੋਇੰਦਵਾਲ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਜੁੜਦੀਆਂ। ਜਿਨ੍ਹਾਂ ਲਈ ਪ੍ਰਬੰਧਕੀ ਢਾਂਚਾ ਵੀ ਸਿਰਜਿਆ ਗਿਆ; ਜਿਵੇਂ ਕਿ ਗੋਇੰਦਵਾਲ ਸਾਹਿਬ ਵਿਖੇ 84 ਪਾਉੜੀਆਂ ਵਾਲ਼ੀ ਬਾਉਲੀ ਖੁਦਵਾਈ ਗਈ ਤਾਂ ਜੋ ਪਾਣੀ ਦੀ ਘਾਟ ਨਾ ਰਹੇ । ਇਉਂ ਸਿੱਖ ਸੰਗਤਾਂ ’ਚ ਜਥੇਬੰਦਕ ਤੇ ਭਾਈਚਾਰਕ ਸਾਂਝ ਮਜ਼ਬੂਤ ਹੋਣ ਲਗੀ।

ਸਿੱਖ-ਸੰਗਤਾਂ ’ਚ ਇਹ ਸਮਾਜਿਕ ਸੁਧਾਰ ਤੇ ਸਾਂਝੇ ਲੰਗਰ ਦੀਆਂ ਪਰੰਪ੍ਰਾਵਾਂ ਹਿੰਦੂ ਧਰਮ ਦੇ ਮੁਖੀ, ਕਾਜ਼ੀ, ਮੁਲਾਣੇ ਤੇ ਮੌਲਵੀਆਂ ਨੂੰ ਚੁਭ ਰਹੀਆਂ ਸਨ। ਜਿਸ ਕਾਰਨ ਉਨ੍ਹਾਂ ਨੇ ਅਕਬਰ ਬਾਦਿਸ਼ਾਹ ਨੂੰ ਜਾ ਸ਼ਿਕਾਇਤ ਕੀਤੀ ਕਿ ਇਹ ਹਿੰਦੂ (ਸਿੱਖ), ਨਾ ਜਾਤ ਪਾਤ ਨੂੰ ਮੰਨਦੇ ਹਨ ਅਤੇ ਨਾ ਹੀ ਗਾਇਤਰੀ ਦਾ ਪਾਠ ਕਰਦੇ ਹਨ, ਇਸ ਲਈ ਸਾਡੇ ਸਨਾਤਨੀ ਧਰਮ ਲਈ ਖਤਰਾ ਹਨ। ਗੁਰਮਤਿ ਦਾ ਸਿਧਾਂਤ ਸਪਸ਼ਟ ਕਰਨ ਲਈ ਗੁਰੂ ਅਮਰਦਾਸ ਜੀ ਵੱਲੋਂ ਭਾਈ ਜੇਠਾ ਜੀ (ਬਾਅਦ ’ਚ ਗੁਰੂ ਰਾਮਦਾਸ ਜੀ) ਨੂੰ ਅਕਬਰ ਕੋਲ਼ ਲਾਹੌਰ ਭੇਜਿਆ ਗਿਆ, ਜੋ ਕਿ ਓਨੀਂ ਦਿਨੀਂ ਓਥੇ ਆਇਆ ਹੋਇਆ ਸੀ। ਭਾਈ ਜੇਠਾਂ ਜੀ ਨੇ ਨੀਵਿਆਂ, ਬੇਸਹਾਰਾ ਦਾ ਸਹਾਰਾ ਬਣਨ ਵਾਲ਼ਾ ਗੁਰਮਤਿ ਸਿਧਾਂਤ, ਜੋ ਕਿ ਗੁਰੂ ਨਾਨਕ ਸਾਹਿਬ ਜੀ ਨੇ ਐਲਾਨਿਆ ਸੀ, ਨੂੰ ਸਪਸ਼ਟ ਕੀਤਾ ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ’’ (ਮਹਲਾ /੧੫), ਸਾਡੀ ਇਹੀ ਸਿੱਖੀ ਹੈ, ਇਸ ਲਈ ਅਸੀਂ ਕਹੇ ਜਾਂਦੇ ਅਛੂਤਾਂ ਨੂੰ ਦੁਰਕਾਰ ਨਹੀਂ ਸਕਦੇ, ਇਨ੍ਹਾਂ ਨੂੰ ਬਰਾਬਰ ਦਾ ਦਰਜਾ ਦੇਣਾ ਹੀ ਸਾਡਾ ਧਰਮ ਹੈ।

ਗਾਇਤਰੀ ਮੰਤਰ ਦੀ ਅਸਲੀਅਤ ਬਿਆਨ ਕਰਨ ਲਈ ਇਹ ਬਚਨ ਸੁਣਾਏ ਕਿ ‘‘ਪਾਂਡੇ  ! ਤੁਮਰੀ ਗਾਇਤ੍ਰੀ, ਲੋਧੇ ਕਾ ਖੇਤੁ ਖਾਤੀ ਥੀ ਲੈ ਕਰਿ ਠੇਗਾ ਟਗਰੀ ਤੋਰੀ; ਲਾਂਗਤ ਲਾਂਗਤ ਜਾਤੀ ਥੀ ’’ (ਨਾਮਦੇਵ/੮੭੪) ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਹਨ ‘‘ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ਦੇਉ ਦੇਹੁਰਾ; ਗਊ ਗਾਇਤ੍ਰੀ ਹੋਮ ਜਗ ਨਹੀ ਤੀਰਥਿ ਨਾਵਣੁ; ਨਾ ਕੋ ਪੂਜਾ ਲਾਇਦਾ ’’ (ਮਹਲਾ /੧੦੩੬) ਅਤੇ ਗੁਰੂ ਅਮਰਦਾਸ ਜੀ ਦੇ ਬਚਨ ਸੁਣਾਏ ਕਿ ਵੇਖ ਦੈਂਤ (ਹਰਨਾਖਸ਼) ਦਾ ਪੁੱਤਰ ਪ੍ਰਹਿਲਾਦ ਗਾਇਤ੍ਰੀ (ਮੰਤ੍ਰ ਦਾ ਪਾਠ ਨਹੀਂ ਕਰਦਾ ਸੀ, ਪਿਤਰਾਂ ਦੀ ਪ੍ਰਸੰਨਤਾ ਵਾਸਤੇ) ਪੂਜਾ-ਅਰਚਾ ਕਰਨੀ ਨਹੀਂ ਜਾਣਦਾ ਸੀ ਫਿਰ ਭੀ (ਪਰਮਾਤਮਾ ਨੇ ਉਸ ਨੂੰ ਗੁਰੂ ਦੇ) ਸ਼ਬਦ ਰਾਹੀਂ (ਆਪਣੇ ਚਰਨਾਂ ਵਿਚ) ਜੋੜ ਲਿਆ ‘‘ਦੈਤ ਪੁਤ੍ਰੁ ਪ੍ਰਹਲਾਦੁ; ਗਾਇਤ੍ਰੀ ਤਰਪਣੁ ਕਿਛੂ ਜਾਣੈ; ਸਬਦੇ ਮੇਲਿ ਮਿਲਾਇਆ ’’ (ਮਹਲਾ / ੧੧੩੩)

ਸੋ ਐਸੇ ਗਇਤ੍ਰੀ ਮੰਤ੍ਰ ਦਾ ਨਿਤਾਪ੍ਰਤੀ ਪਾਠ ਕਰਨ ਦੀ ਕੋਈ ਤੁਕ ਨਹੀਂ ਹੈ। ਭਾਈ ਜੇਠਾ ਜੀ ਨੇ ਅਕਬਰ ਬਾਦਿਸ਼ਾਹ ਦੀ ਇਸ ਕਦਰ ਤਸੱਲੀ ਕਰਵਾਈ ਕਿ ਉਹ ਖੁਦ ਬੜੀ ਨਿਮਰਤਾ ਸਹਿਤ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਗੋਇੰਦਵਾਲ ਆਇਆ ਅਤੇ ਬੜੇ ਪਿਆਰ ਤੇ ਸ਼ਰਧਾ ਨਾਲ ਪੰਗਤ ਵਿਚ ਬੈਠ ਕੇ ਲੰਗਰ ਵੀ ਛਕਿਆ। ਓਹ ਐਨਾ ਖੁਸ਼ ਹੋਇਆ ਕਿ ਗੁਰੂ ਕੇ ਲੰਗਰਾਂ ਲਈ ਚੋਖੀ ਮਾਇਆ ਤੇ ਜਗੀਰ ਭੇਂਟ ਕਰਨ ਚਾਹੀ, ਪਰ ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਲੰਗਰ; ਸੰਗਤ ਦੇ ਦਸਵੰਧ ਨਾਲ਼ ਚੱਲਦੇ ਹੀ ਮਨੁੱਖਤਾ ਅੰਦਰ ਪਿਆਰ ਪੈਦਾ ਕਰਦੇ ਹਨ। ਅਖੀਰ ਉਸ ਨੇ ਬੀਬੀ ਭਾਨੀ ਜੀ ਨੂੰ ਆਪਣੀ ਬੱਚੀ ਕਹਿ ਕੇ 22 ਪਿੰਡਾਂ (ਝਬਾਲ) ਦਾ ਇਲਾਕਾ ਉਸ ਦੇ ਨਾਂ ਲਗਾ ਦਿੱਤਾ। ਗੁਰੂ ਜੀ ਦੇ ਕਹਿਣ ’ਤੇ ਕਾਲ ਤੋਂ ਪੀੜਤ ਕਿਸਾਨਾਂ ਨੂੰ ਟੈਕਸ ਤੋਂ ਛੋਟ ਵੀ ਕਰਾਈ। ਫਿਰੋਜ਼ ਸ਼ਾਹ ਤੁਗਲਕ ਵੇਲੇ ਦਾ ਲੱਗਿਆ ਹੋਇਆ ਯਾਤਰਾ ਟੈਕਸ ਅਕਬਰ ਤੋਂ ਮਾਫ਼ ਕਰਾਇਆ।

ਆਪ ਨੇ ਜਾਤ-ਪਾਤ ਵਿਤਕਰੇ ਨੂੰ ਖਤਮ ਕਰਨ ਲਈ ਹੀ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਬਣਵਾਈ ਸੀ, ਜਿਸ ਵਿਚ ਹਰ ਇਕ ਨੂੰ ਪਾਣੀ ਭਰਨ ਅਤੇ ਇਸ਼ਨਾਨ ਕਰਨ ਦੀ ਖੁੱਲ੍ਹ ਸੀ। ਮਾਲ ਡੰਗਰਾਂ ਤੇ ਖੇਤੀ ਵਾਸਤੇ ਇਕ ਵੱਡਾ ਖੂਹ ਵੀ ਬਣਵਾਇਆ, ਜਿਥੇ ਹਰਟ ਚਲਵਾਏ। ਗੋਇੰਦਵਾਲ ਸਾਹਿਬ ਸਿੱਖਾਂ ਦਾ ਪਹਿਲਾ ਕੇਂਦਰ ਤੇ ਤੀਰਥ ਅਸਥਾਨ ਬਣ ਗਿਆ। ਗੁਮਟਾਲਾ, ਤੁੰਗ, ਸੁਲਤਾਨ ਵਿੰਡ ਤੇ ਗਿਲਵਾਨੀ ਪਿੰਡਾਂ ਦੇ ਮੁਖੀਆਂ ਨੂੰ ਇਕੱਤ੍ਰ ਕਰਕੇ, ਜਮੀਨ ਖਰੀਦੀ ਤੇ 1570 ਈਸਵੀ ਵਿਚ ਮੋੜੀ ਗਡਵਾ ਕੇ ਇਸ ਦਾ ਨਾਂ ਗੁਰੂ ਕਾ ਚੱਕ (ਅਜੋਕਾ ਅੰਮ੍ਰਿਤਸਰ ਸਾਹਿਬ) ਰੱਖ ਦਿਤਾ। ਇਸ ਦੀ ਉਸਾਰੀ ਦਾ ਕੰਮ ਭਾਈ ਜੇਠਾ ਜੀ ਦੀ ਨਿਗਰਾਨੀ ਹੇਠ ਹੋਇਆ।

ਭਾਵੇਂ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ’ਚ ਆਉਣ ਤੋਂ ਪਹਿਲਾਂ (ਗੁਰੂ) ਅਮਰਦਾਸ ਜੀ 20 ਵਾਰ ਗੰਗਾ ਇਸ਼ਨਾਨ ਕਰਨ ਲਈ ਗਏ, ਪਰ ਉਸ ਤੋਂ ਬਾਅਦ ਗੁਰੂ ਪਦਵੀ ’ਤੇ ਬਿਰਾਜਮਾਨ ਹੋਣ ਉਪਰੰਤ ਓਥੇ ਲੁਕਾਈ ਨੂੰ ਵਹਿਮਾਂ ਭਰਮਾਂ ’ਚੋਂ ਕੱਢਣ ਲਈ ਗਏ; ਜਿਸ ਦਾ ਜ਼ਿਕਰ ਗੁਰੂ ਰਾਮਦਾਸ ਜੀ ਨੇ ਕੀਤਾ ਹੈ, ‘‘ਤੀਰਥ ਉਦਮੁ ਸਤਿਗੁਰੂ ਕੀਆ; ਸਭ ਲੋਕ ਉਧਰਣ ਅਰਥਾ ਮਾਰਗਿ ਪੰਥਿ ਚਲੇ; ਗੁਰ ਸਤਿਗੁਰ ਸੰਗਿ ਸਿਖਾ ’’ (ਮਹਲਾ /੧੧੧੬)

ਜਦ ਗੁਰੂ ਸਾਹਿਬ ਨੂੰ ਲਗਾ ਕਿ ਉਨ੍ਹਾਂ ਦੀ ਸਚਖੰਡ ਦੀ ਵਾਪਸੀ ਦਾ ਸਮਾਂ ਨੇੜੇ ਆ ਗਿਆ, ਤਾਂ ਆਪਣਾ ਸਾਰਾ ਪਰਵਾਰ ਅਤੇ ਸਿੱਖ ਇਕੱਤਰ ਕੀਤੇ। ਆਪਣੇ ਚਲਾਣੇ ਤੋਂ ਬਾਅਦ ਰੋਣ ਅਤੇ ਹਿੰਦੂ ਮਤ ਅਨੁਸਾਰ ਕੀਤੇ ਜਾਣ ਵਾਲੇ ਕਰਮਕਾਂਡ ਨਾ ਕਰਨ ਅਤੇ ਗੁਰਮਤਿ ਅਨੁਸਾਰੀ ਕੰਮ ਕਰਨ ਦਾ ਆਦੇਸ਼ ਦੇ ਕੇ ਭਾਦੋਂ ਸੁਦੀ ੧੫, ੨ ਅੱਸੂ ਬਿ: ੧੬੩੧/1 ਸਤੰਬਰ 1574 ਈ: ਨੂੰ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਆਪ ਜੋਤੀ ਜੋਤ ਸਮਾ ਗਏ। ਇਸ ਦਾ ਜ਼ਿਕਰ ਆਪ ਦੇ ਪੜਪੋਤਰੇ (ਬਾਬਾ ਸੁੰਦਰ ਜੀ) ਵੱਲੋਂ ਉਚਾਰਨ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਬਾਣੀ ‘‘ਰਾਮਕਲੀ ਸਦੁ’’ ’ਚ ਇਸ ਤਰ੍ਹਾਂ ਕੀਤਾ ਹੈ:-

ਗੁਰੂ ਜੀ ਸਿੱਖਾਂ ਨੂੰ ਸੰਬੋਧਨ ਕਰਦੇ ਆਖਦੇ ਹਨ ਕਿ ਤੁਸੀਂ ਮੇਰੇ ਪੁੱਤਰ ਹੋ, ਮੇਰੇ ਭਰਾ ਹੋ, ਮੇਰਾ ਪਰਵਾਰ ਹੋ; ਮਨ ਵਿਚ ਕਿਆਸ ਕਰ ਕੇ ਵੇਖਹੁ, ਕਿ ਧੁਰੋਂ ਲਿਖਿਆ ਹੋਇਆ ਮੌਤ ਦਾ ਇਲਾਹੀ ਹੁਕਮ ਕਦੇ ਟਲ ਨਹੀਂ ਸਕਦਾ; ਇਸ ਵਾਸਤੇ ਹੁਣ ਗੁਰੂ, ਅਕਾਲ ਪੁਰਖ ’ਚ ਅਭੇਦ (ਲੀਨ) ਹੋਣ ਜਾ ਰਿਹਾ ਹੈ : ‘‘ਤੁਸੀ ਪੁਤ ਭਾਈ ਪਰਵਾਰੁ ਮੇਰਾ; ਮਨਿ ਵੇਖਹੁ ਕਰਿ ਨਿਰਜਾਸਿ ਜੀਉ ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ; ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ’’ 

ਗੁਰੂ ਅਮਰਦਾਸ ਜੀ ਨੇ ਅੰਤਲੇ ਸਮੇਂ ਸਾਰੇ ਪਰਵਾਰ ਨੂੰ ਬੁਲਾਇਆ ਅਤੇ ਗੁਰਮਤਿ ਅਨੁਸਾਰੀ ਇਹ ਸਿੱਖਿਆ ਦਿੱਤੀ ਕਿ ਜਦੋਂ ਮੌਤ ਉਪਰੰਤ ਭੀ ਕਿਸੇ ਨੂੰ ਆਦਰ ਮਿਲਦਾ ਹੋਵੇ ਤਾਂ ਖੁਸ਼ ਹੋਈਦਾ ਹੈ। ਇਸ ਲਈ ਹੇ ਮੇਰੇ ਪੁੱਤਰੋ, ਭਰਾਵੋ ! (ਹੁਣ) ਵਿਚਾਰ ਕੇ ਵੇਖੋ ਕਿ ਅਕਾਲ ਪੁਰਖ ਗੁਰੂ (ਗੁਰੂ ਅਮਰਦਾਸ ਜੀ) ਨੂੰ ਆਪਣੀ ਦਰਗਾਹ ’ਚ ਆਦਰ ਦੇ ਰਿਹਾ ਹੈ, ਇਸ ਲਈ ਤੁਸੀਂ ਭੀ ਖ਼ੁਸ਼ ਹੋਵੋ; ਮਤਾਂ ਮੇਰੇ ਪਿਛੋਂ ਕੋਈ ਰੋਵੇ, ਐਸਾ ਵਿਅਕਤੀ ਮੈਨੂੰ ਉੱਕਾ ਹੀ ਪਸੰਦ ਨਹੀਂ।  ਗੁਰੂ ਅਮਰਦਾਸ ਜੀ ਨੇ ਸਰੀਰਕ ਜਾਮੇ ’ਚ ਹੁੰਦਿਆਂ ਹੀ (ਗੁਰੂ) ਰਾਮਦਾਸ ਜੀ ਨੂੰ ਆਪ ਗੁਰਿਆਈ ਬਖ਼ਸ਼ੀ ਤੇ ਸਾਰੇ ਸਿੱਖਾਂ, ਸਾਕਾਂ, ਪੁਤ੍ਰਾਂ, ਭਰਾਵਾਂ ਨੂੰ (ਗੁਰੂ) ਰਾਮਦਾਸ ਜੀ ਦੀ ਚਰਨੀਂ ਲਾ ਦਿੱਤਾ : ‘‘ਸਤਿਗੁਰਿ ਭਾਣੈ ਆਪਣੈ; ਬਹਿ, ਪਰਵਾਰੁ ਸਦਾਇਆ ਮਤ, ਮੈ ਪਿਛੈ ਕੋਈ ਰੋਵਸੀ; ਸੋ, ਮੈ ਮੂਲਿ ਭਾਇਆ ਮਿਤੁ ਪੈਝੈ, ਮਿਤੁ ਬਿਗਸੈ; ਜਿਸੁ ਮਿਤ ਕੀ ਪੈਜ ਭਾਵਏ ਤੁਸੀ ਵੀਚਾਰਿ ਦੇਖਹੁ ਪੁਤ ਭਾਈ ! ਹਰਿ ਸਤਿਗੁਰੂ ਪੈਨਾਵਏ ਸਤਿਗੁਰੂ ਪਰਤਖਿ ਹੋਦੈ; ਬਹਿ ਰਾਜੁ ਆਪਿ ਟਿਕਾਇਆ ਸਭਿ ਸਿਖ ਬੰਧਪ ਪੁਤ ਭਾਈ; ਰਾਮਦਾਸ ਪੈਰੀ ਪਾਇਆ ’’ (ਬਾਬਾ ਸੁੰਦਰ ਜੀ/ਸਦੁ)

ਆਖਰੀ ਸਮੇਂ ਭਾਵ ਜੋਤੀ ਜੋਤਿ ਸਮਾਉਣ ਵੇਲੇ ਗੁਰੂ ਅਮਰਦਾਸ ਜੀ ਨੇ ਇਹ ਸਿੱਖਿਆ ਭੀ ਦਿੱਤੀ ਕਿ ‘‘ਮੇਰੇ ਪਿੱਛੋਂ ਨਿਰੋਲ ਕੀਰਤਨ ਕੀਤਾ ਜਾਵੇ। ਬ੍ਰਾਹਮਣੀ ਕਰਮਕਾਂਡ ਜਿਵੇਂ ਕਿ ਵੱਡਾ ਕਰਨਾ, ਪੱਤਲਾਂ ਤੇ ਪਿੰਡ ਭਰਾਉਣੇ, ਕਿਰਿਆ ਕਰਨੀ ਅਤੇ ਹਰਿਦੁਆਰ ਜਾ ਕੇ ਫੁੱਲ ਆਦਿ ਪਾਉਣ ਦੀ ਕੋਈ ਲੋੜ ਨਹੀਂ। ਇਸ ਦੀ ਥਾਂ ਅਕਾਲ ਪੁਰਖ ਦੇ ਪੂਜਾਰੀ ਵਿਦਵਾਨ ਗੁਰਸਿੱਖਾਂ ਨੂੰ ਸੱਦ ਘੱਲਿਓ, ਜੋ (ਇਕੱਤਰ ਹੋ ਕੇ) ਅਕਾਲ ਪੁਰਖ ਦੀ ਕਥਾ ਵਾਰਤਾ ਪੜ੍ਹਨ; ਇਹੀ ਹੈ ‘ਅਸਲ ਪੁਰਾਣ ਕਥਾ’। ਆਪ ਜੀ ਦੇ ਅੰਤਮ ਬਚਨ ਹਨ, ਸਤਿਗੁਰੂ ਨੂੰ ਸੁਜਾਣ ਅਕਾਲ ਪੁਰਖ ਮਿਲ ਪਿਆ, ‘‘ਅੰਤੇ, ਸਤਿਗੁਰੁ ਬੋਲਿਆ; ਮੈ ਪਿਛੈ, ਕੀਰਤਨੁ ਕਰਿਅਹੁ ਨਿਰਬਾਣੁ ਜੀਉ ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ   ਹਰਿ ਕਥਾ ਪੜੀਐ, ਹਰਿ ਨਾਮੁ ਸੁਣੀਐ; ਬੇਬਾਣੁ, ਹਰਿ ਰੰਗੁ ਗੁਰ ਭਾਵਏ ਪਿੰਡੁ ਪਤਲਿ ਕਿਰਿਆ ਦੀਵਾ ਫੁਲ; ਹਰਿ ਸਰਿ ਪਾਵਏ ਹਰਿ ਭਾਇਆ ਸਤਿਗੁਰੁ ਬੋਲਿਆ; ਹਰਿ ਮਿਲਿਆ ਪੁਰਖੁ ਸੁਜਾਣੁ ਜੀਉ   ਰਾਮਦਾਸ ਸੋਢੀ ਤਿਲਕੁ ਦੀਆ; ਗੁਰ ਸਬਦੁ ਸਚੁ ਨੀਸਾਣੁ ਜੀਉ ’’

ਅੱਜ ਅਨੇਕਾਂ ਡੰਮੀ ਗੁਰੂ ਦੇ ਚੇਲੇ (ਪੈਰੋਕਾਰ); ਆਪ ਹੀ ਆਪਣੇ ਗੁਰੂ ਦੇ ਉੱਤਰਾਧਿਕਾਰੀ ਦੀ ਚੋਣ ਕਰਦੇ ਹਨ। ਕਈ ਡੇਰਿਆਂ ’ਚ ਇਸ ਨਾਲ਼ ਵਿਵਾਦ ਭੀ ਪੈਦਾ ਹੋਏ। ਜਿਨ੍ਹਾਂ ਦੇ ਡਰ ਕਾਰਨ ਕੁਝ ਆਪਣੇ ਅਖੌਤੀ ਗੁਰੂ ਦੀ ਮ੍ਰਿਤਕ ਦੇਹ ਨੂੰ ਅਜੇ ਫ਼ਰਿੱਜ ’ਚ ਹੀ ਸਾਂਭੀ ਬੈਠੇ ਹਨ। ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਤੋਂ ਉਮਰ ’ਚ ਵੱਡੇ (ਗੁਰੂ ਅਮਰਦਾਸ ਜੀ) ਨੂੰ ਗੁਰਿਆਈ ਆਪ ਬਖ਼ਸ਼ੀ ਕਿਉਂਕਿ ਸੱਚੇ ਗੁਰੂ ਨੂੰ ਆਪਣੇ ਸਵਾਸਾਂ ਦੀ ਪੂੰਜੀ ਖ਼ਤਮ ਹੋਣ ਬਾਰੇ ਪਹਿਲਾਂ ਹੀ ਜਾਣਕਾਰੀ ਹੁੰਦੀ ਹੈ ਤਾਹੀਓਂ ਹਰ ਗੁਰੂ ਸਾਹਿਬ ਨੇ ਆਪਣੇ ਉੱਤਰਾਧਿਕਾਰੀ ਦੀ ਆਪ ਨਿਯੁਕਤੀ ਕਰ ਥੋੜ੍ਹੇ ਸਮੇਂ ਬਾਅਦ ਹੀ ਆਪਣਾ ਸਰੀਰ ਤਿਆਗ ਦਿੱਤਾ ਜਾਂਦਾ ਰਿਹਾ।

ਡਾ. ਗੰਡਾ ਸਿੰਘ, ਪ੍ਰੋ. ਸਾਹਿਬ ਸਿੰਘ, ਸਿੱਖ ਇਤਿਹਾਸ ਅਤੇ ਵੈੱਬਸਾਈਟ (ਸ੍ਰੋ.ਗੁ.ਪ੍ਰ. ਕਮੇਟੀ) ਅਨੁਸਾਰ ਸ੍ਰੀ (ਗੁਰੂ) ਰਾਮਦਾਸ ਜੀ ਦਾ ਜਨਮ ਚੂੰਨਾ ਮੰਡੀ ਲਹੌਰ ਵਿਖੇ ਕੱਤਕ ਵਦੀ ੨, ੨੫ ਅੱਸੂ ਬਿਕ੍ਰਮੀ ਸੰਮਤ ੧੫੯੧/24 ਸਤੰਬਰ 1534 ਈ: ਨੂੰ ਪਿਤਾ ਹਰਿ ਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਘਰ ਹੋਇਆ। ਮਾਤਾ ਪਿਤਾ ਦੀ ਪਹਿਲੀ ਸੰਤਾਨ ਹੋਣ ਕਾਰਨ ਆਪ ਨੂੰ ‘ਜੇਠਾ’ ਕਹਿ ਕੇ ਬੁਲਾਇਆ ਜਾਂਦਾ ਸੀ। ਕੁਦਰਤ ਦਾ ਭਾਣਾ ਐਸਾ ਵਰਤਿਆ ਕਿ 7 ਸਾਲ ਦੀ ਉਮਰ ਹੋਣ ਤੱਕ ਆਪ ਜੀ ਦੇ ਸਿਰ  ਤੋਂ ਮਾਤਾ ਦਾ ਸਾਇਆ ਉੱਠ ਗਿਆ ਤੇ ਛੇਤੀ ਹੀ ਪਿਤਾ ਜੀ ਵੀ ਚੜ੍ਹਾਈ ਕਰ ਗਏ। ਚਾਚੇ ਤਾਇਆਂ ਨੇ ਮੂੰਹ ਫੇਰ ਲਿਆ ਤਾਂ 1541 ਈ: ’ਚ ਆਪ ਜੀ ਦੀ ਨਾਨੀ ਆਪ ਜੀ ਨੂੰ ਆਪਣੇ ਪਿੰਡ ਬਾਸਰਕੇ ਲੈ ਆਈ। ਨਾਨੀ ਆਰਥਿਕ ਪੱਖੋਂ ਗ਼ਰੀਬ ਸੀ, ਜਿਸ ਕਰਕੇ ਆਪ ਜੀ ਦੇ ਸਿਰ ’ਤੇ ਆਪਣੇ ਛੋਟੇ ਭਰਾ ਅਤੇ ਭੈਣ ਦੇ ਪਾਲਣ-ਪੋਸਣ ਦਾ ਵੀ ਭਾਰ ਪੈ ਗਿਆ। ਆਪ ਚੜ੍ਹਦੀ ਕਲਾ ਦੀ ਮੂਰਤ ਸਨ। ਕਦੇ ਹੌਸਲਾ ਨਾ ਹਾਰਿਆ ਸਗੋਂ ਘੁੰਗਣੀਆਂ ਵੇਚਣ ਦੀ ਕਿਰਤ ਕਰਨ ਲੱਗ ਪਏ, ਪਰ ਕਿਸੇ ਅੱਗੇ ਹੱਥ ਨਾ ਫੈਲਾਇਆ। ਸੰਨ 1546 ਵਿੱਚ ਨਾਨੀ ਜੀ ਉਨ੍ਹਾਂ ਨੂੰ ਨਾਲ ਲੈ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਆਈ ਤਾਂ ਗੁਰੂ ਜੀ ਨੇ ਆਪ ਜੀ ਨੂੰ ਗੋਇੰਦਵਾਲ ਹੀ ਰਹਿਣ ਦੀ ਨਸੀਹਤ ਦਿੱਤੀ। ਇੱਥੇ ਗੁਰੂ ਅਮਰਦਾਸ ਜੀ ਦੇ ਪਿਆਰ ਤੇ ਹਮਦਰਦੀ ਨੇ ਜੇਠਾ ਜੀ ਨੂੰ ਗੁਰਮਤਿ ਨਾਲ ਜੋੜਨ ਵਿੱਚ ਡੂੰਘਾ ਪ੍ਰਭਾਵ ਪਾਇਆ। ਭਾਈ ਜੇਠਾ ਜੀ ਨੇ ਵੀ ਆਪਣੇ ਜੀਵਨ ਦਾ ਹਰ ਪਲ ਗੁਰੂ ਉਪਦੇਸ਼ ਅਨੁਸਾਰ ਢਾਲਣ ਦਾ ਯਤਨ ਕੀਤਾ। ਤਕਰੀਬਨ 40 ਕੁ ਸਾਲ ਦੀ ਉਮਰ ਤੱਕ ਪੂਰੀ ਨਿਸ਼ਠਾ ਨਾਲ ਗੁਰੂ ਘਰ ਦੀ ਸੇਵਾ ਕੀਤੀ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ’ਤੇ ਚੌਥੇ ਗੁਰੂ ਵਜੋਂ ਸਥਾਪਤ ਹੋਏ। ਇਤਿਹਾਸ ਗਵਾਹ ਹੈ ਕਿ ਇਕ ਦਿਨ ਗੁਰੂ ਅਮਰਦਾਸ ਜੀ; ਘਰ ਵਿਚ ਆਪਣੀ ਲੜਕੀ ਬੀਬੀ ਭਾਨੀ ਦੇ ਰਿਸ਼ਤੇ ਬਾਰੇ ਵਿਚਾਰ ਕਰ ਰਹੇ ਸਨ ਤਾਂ ਅਚਾਨਕ ਹੀ ‘ਜੇਠਾ’ ਜੀ, ਜੋ ਉਸ ਵੇਲੇ ਮਿੱਟੀ-ਇੱਟਾਂ ਆਦਿ ਚੁੱਕਣ ਦੀ ਸੇਵਾ ਵਿੱਚ ਲੱਗੇ ਹੋਏ ਸਨ, ਨੂੰ ਵੇਖ ਕੇ ਮਾਤਾ ਜੀ ਨੇ ਸਹਿਜ ਸੁਭਾ ਹੀ ਆਖ ਦਿੱਤਾ ਕਿ ਭਾਨੀ ਲਈ ਐਡਾ ਅਤੇ ਐਸਾ ਵਰ ਹੋਣਾ ਚਾਹੀਦਾ ਹੈ। ਗੁਰੂ ਅਮਰਦਾਸ ਜੀ ਨੇ ਆਖਿਆ ਕਿ ਐਸਾ ਤਾਂ ਫਿਰ ਇਹੋ ਹੀ ਹੈ ਤੇ ਆਪਣੀ ਪੁੱਤਰੀ ਭਾਨੀ ਜੀ ਦੀ ਸਗਾਈ ਆਪ ਜੀ ਨਾਲ ਕਰ ਦਿੱਤੀ। ਗੁਰੂ ਸਾਹਿਬ ਆਪਣੀ ਪੁਤਰੀ ਭਾਨੀ ਅਤੇ ਜੇਠਾ ਜੀ ਨੂੰ ਪਤੀ-ਪਤਨੀ ਦੇ ਰੂਪ ਵਿਚ ਸੇਵਾ ਵਿਚ ਮਗਨ ਅਤੇ ਜੁਟੇ ਰਹਿੰਦੇ ਦੇਖ ਕੇ ਬਹੁਤ ਖੁਸ਼ ਹੁੰਦੇ। ਇਨ੍ਹਾਂ ਦਿਨਾਂ ਵਿੱਚ ਗੋਇੰਦਵਾਲ ਵਿੱਚ ਬਾਉਲੀ ਦੀ ਕਾਰ-ਸੇਵਾ ਹੋ ਰਹੀ ਸੀ, ਜਿਸ ਵਿਚ ਇਨ੍ਹਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਆਪ ਜੀ ਮਿਠ ਬੋਲੜੇ ਸਨ। ਨਿਮਰਤਾ, ਦਇਆ, ਪ੍ਰੇਮ ਅਤੇ ਉਦਾਰਤਾ ਦੇ ਗੁਣਾਂ ਨਾਲ ਭਰਪੂਰ ਸਨ, ਜਿਸ ਦਾ ਪਰਤੱਖ ਸਬੂਤ ਗੁਰੂ ਅਮਰਦਾਸ ਜੀ ਵੱਲੋਂ ਲਈ ਗਈ ਪ੍ਰੀਖਿਆ ’ਚ ਭੀ ਝਲਕਦਾ ਹੈ। ਬਾਉਲੀ ਦੀ ਉਸਾਰੀ ਦੇਖਣ ਲਈ ਇਕ ਥੜ੍ਹਾ ਬਣਾਉਣ ਲਈ ਆਖਿਆ। ਗੁਰੂ ਸਾਹਿਬ ਜੀ ਨੇ ਆਪਣੇ ਵੱਡੇ ਜਵਾਈ ਰਾਮਾ ਜੀ ਅਤੇ ਛੋਟੇ ਜੇਠਾ ਜੀ ਨੂੰ ਥੜ੍ਹੇ ਬਣਾਉਣ ਵਾਸਤੇ ਆਖਿਆ। ਹਰ ਵਾਰ ਬਣਾਏ ਜਾ ਰਹੇ ਥੜ੍ਹੇ ਨੂੰ ਵੇਖ ਕੇ ਗੁਰੂ ਸਾਹਿਬ ਕੋਈ ਨਾ ਕੋਈ ਕਮੀ ਕੱਢ ਦਿੰਦੇ ਤੇ ਥੜ੍ਹਾ ਦੁਬਾਰਾ ਬਣਾਉਣ ਲਈ ਕਹਿੰਦੇ। ਭਾਈ ਰਾਮਾ ਜੀ ਨੇ ਤਾਂ ਗੁਰੂ ਜੀ ਵੱਲੋਂ ਦੋ ਬਾਰ ਥੜ੍ਹਾ ਢਹਾਏ ਜਾਣ ’ਤੇ ਗੁੱਸਾ ਮਨਾਇਆ, ਪਰ ਜੇਠਾ ਜੀ ਨੇ ਹਰ ਵਾਰ ਥੜ੍ਹਾ ਢਾਏ ਜਾਣ ’ਤੇ ਨਿਮ੍ਰਤਾ ਸਹਿਤ ਕਿਹਾ ਕਿ ‘ਮੈਂ ਤਾਂ ਅਣਜਾਨ ਤੇ ਭੁੱਲਣਹਾਰ ਹਾਂ ਪਰ ਤੁਸੀਂ ਕ੍ਰਿਪਾਲੂ ਹੋ, ਜੋ ਬਾਰ ਬਾਰ ਮੇਰੀਆਂ ਭੁੱਲਾਂ ਬਖ਼ਸ਼ਦੇ ਹੋ। ਇਹ ਮੇਰੀ ਅਗਿਆਨਤਾ ਹੈ ਕਿ ਆਪ ਜੀ ਜੋ ਮੈਨੂੰ ਸਮਝਾਉਂਦੇ ਹੋ, ਮੈਂ ਆਪ ਜੀ ਦਾ ਕਿਹਾ ਚੰਗੀ ਤਰ੍ਹਾਂ ਸਮਝ ਨਹੀਂ ਸਕਦਾ’। ਗੁਰੂ ਰਾਮਦਾਸ ਜੀ ਦੀ ਨਿਮਰਤਾ ਦਾ ਹੋਰ ਪ੍ਰਮਾਣ ਇਤਿਹਾਸ ਵਿੱਚੋਂ ਮਿਲਦਾ ਹੈ ਕਿ ਜਦ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਆਪ ਜੀ ਨੂੰ ਪੁੱਛਿਆ ਕਿ ਇੰਨਾ ਲੰਬਾ ਦਾੜ੍ਹਾ ਕਿਉਂ ਰੱਖਿਆ ਹੈ ਤਾਂ ਆਪ ਨੇ ਆਖਿਆ ਕਿ ਆਪ ਜੈਸੇ ਗੁਰਮੁਖਾਂ ਦੇ ਚਰਨ ਝਾੜਣ ਲਈ ਹੈ। ਬਾਬਾ ਜੀ ਬਹੁਤ ਪ੍ਰਭਾਵਤ ਹੋਏ ਅਤੇ ਆਖਿਆ ਕਿ ਤੁਹਾਡੀ ਮਹਿਮਾਂ ਪਹਿਲੇ ਹੀ ਬਹੁਤ ਸੁਣੀ ਸੀ, ਪਰ ਹੁਣ ਪਰਤੱਖ ਵੇਖ ਵੀ ਲਈ ਹੈ।

ਗੁਰੂ ਅਮਰਦਾਸ ਜੀ ਦੇ ਜਵਾਈ ਹੁੰਦਿਆਂ ਹੋਇਆਂ ਵੀ ਜੇਠਾ ਜੀ ਨੇ ਗੁਰੂ ਸਾਹਿਬ ਦੇ ਸਤਿਕਾਰ ਵਿੱਚ ਰੱਤਾ ਭਰ ਢਿੱਲ ਨਾ ਕੀਤੀ ਅਤੇ ਸਦਾ ਗੁਰੂ ਸਰੂਪ ਜਾਣ ਕੇ ਸੇਵਾ ਕੀਤੀ। ਆਪਣੇ ਸ਼ਰੀਕਾਂ ਦੇ ਕਹਿਣ ’ਤੇ ਵੀ ਕੋਈ ਪ੍ਰਵਾਹ ਨਾ ਕੀਤੀ ਅਤੇ ਸਿਰ ’ਤੇ ਗਾਰੇ ਦੀ ਟੋਕਰੀ ਚੁੱਕਣ ਵਾਲੀ ਸੇਵਾ ਕਰਦੇ ਰਹੇ। ਗੁਰੂ ਅਮਰਦਾਸ ਜੀ ਨੇ ਆਖਿਆ ਕਿ ਇਹ ਗਾਰੇ ਦੀ ਟੋਕਰੀ ਨਹੀਂ ਸਗੋਂ ਰਾਜ-ਜੋਗ ਦਾ ਛੱਤਰ ਹੈ। ਆਪ ਜੀ ਦੇ ਜੀਵਨ ਦਾ ਰਾਜ ਨਿਮਰਤਾ, ਹਲੇਮੀ ਅਤੇ ਪਿਆਰ ਹੈ, ਜੋ ਗੁਰੂ ਨਾਨਕ ਦੇ ਰਾਜ ਜੋਗ ਤਖ਼ਤ ਦੇ ਵਾਲੀ ਦੇ ਖਾਸ ਸ਼ਿੰਗਾਰੀ ਗਹਿਣੇ ਸਨ। ਆਪ ਜੀ ਅੰਦਰੋਂ, ਬਾਹਰੋਂ ਪ੍ਰੇਮ ਦਾ ਮੁਜੱਸਮਾ ਸਨ। ਸ੍ਰੀ ਗੁਰੂ ਅਮਰਦਾਸ ਜੀ ਲਈ ਅਥਾਹ ਸਤਿਕਾਰ ਅਤੇ ਪੂਰਨ ਸ਼ਰਧਾ ਸੀ ਅਤੇ ਸਦਾ ਉਨ੍ਹਾਂ ਦੇ ਕਹੇ ਨੂੰ ਖੁਸ਼ੀ ਖੁਸ਼ੀ ਮੰਨਦੇ ਤੇ ਪਿਆਰ ਵਿਚ ਭਿੱਜੇ ਆਖਦੇ ਸਨ : ‘‘ਜੇ ਗੁਰੁ ਝਿੜਕੇ, ਮੀਠਾ ਲਾਗੈ; ਜੇ ਬਖਸੇ, ਗੁਰ ਵਡਿਆਈ (ਮਹਲਾ /੭੫੮), ਹਮ ਬਾਰਿਕ ਮੁਗਧ ਇਆਨ; ਪਿਤਾ ਸਮਝਾਵਹਿਗੇ ਸੁਤੁ ਖਿਨੁ ਖਿਨੁ ਭੂਲਿ ਬਿਗਾਰਿ; ਜਗਤ ਪਿਤ ਭਾਵਹਿਗੇ ਜੋ ਹਰਿ ਸੁਆਮੀ  ! ਤੁਮ ਦੇਹੁ; ਸੋਈ ਹਮ ਪਾਵਹਗੇ ਮੋਹਿ ਦੂਜੀ ਨਾਹੀ ਠਉਰ; ਜਿਸੁ ਪਹਿ ਹਮ ਜਾਵਹਗੇ (ਮਹਲਾ /੧੩੨੧)

ਗੁਰੂ ਰਾਮਦਾਸ ਜੀ ਦਾ ਦ੍ਰਿੜ੍ਹ ਵਿਸ਼ਵਾਸ ਕਿ ਜਦ ਤੱਕ ਸੇਵਾ ਕਰਨ ਵਾਲੇ ਦੇ ਮਨ ਵਿੱਚ ਮਾਲਕ ਲਈ ਪਿਆਰ ਸਤਿਕਾਰ ਨਹੀਂ ਤਦ ਤੱਕ ਉਹ ਤਨੋਂ ਮਨੋਂ ਸੇਵਾ ਨਹੀਂ ਕਰ ਸਕਦਾ। ਇਸੇ ਕਰਕੇ ਆਪ ਗੁਰੂ ਅਮਰਦਾਸ ਜੀ ’ਤੇ ਰੱਬ ਵਰਗਾ ਵਿਸ਼ਵਾਸ ਕਰਦੇ ਹੋਏ ਆਖਦੇ ਹਨ : ‘‘ਹਉ ਪਾਣੀ ਪਖਾ ਪੀਸਉ ਸੰਤ (ਗੁਰੂ) ਆਗੈ; ਪਗ ਮਲਿ ਮਲਿ, ਧੂਰਿ ਮੁਖਿ ਲਾਈਐ ’’ (ਮਹਲਾ /੮੮੧) ਇਸੇ ਦ੍ਰਿੜ੍ਹਤਾ ਕਾਰਨ ਆਪ ‘ਧੰਨ ਗੁਰੂ ਰਾਮਦਾਸ’ ਬਣੇ। ਜੀਵਨ ਵਿਚ ਹਉਮੈ ਨੂੰ ਕਦੇ ਲਾਗੇ ਨਾ ਆਉਣ ਦਿੱਤਾ ਸਗੋਂ ਨਿਸ਼ਕਾਮ ਹੋ ਕੇ ਸੇਵਾ ਕਰਨ ਦੀ ਪ੍ਰੇਰਣਾ ਕੀਤੀ : ‘‘ਵਿਚਿ ਹਉਮੈ, ਸੇਵਾ ਥਾਇ ਪਾਏ ਜਨਮਿ ਮਰੈ, ਫਿਰਿ ਆਵੈ ਜਾਏ ’’ (ਮਹਲਾ /੧੦੭੧)

ਪਹਿਲੇ ਗੁਰੂ ਸਾਹਿਬਾਨ ਵਾਂਗ ਆਪ ਨੇ ਵੀ ਗ੍ਰਿਹਸਤੀ ਧਰਮ ਧਾਰਨ ਕਰਨ ਲਈ ਕਿਹਾ। ਜਿਸ ਲਈ ਮੋਹ ਮਾਇਆ ਤੋਂ ਅਲੇਪ ਰਹਿਣ ਦਾ ਜੀਵਨ ਸਿਧਾਂਤ ਇਸ ਤਰ੍ਹਾਂ ਦੱਸਿਆ : ‘‘ਵਿਚੇ ਗ੍ਰਿਹ, ਸਦਾ ਰਹੈ ਉਦਾਸੀ; ਜਿਉ ਕਮਲੁ ਰਹੈ ਵਿਚਿ ਪਾਣੀ ਹੇ ’’ (ਮਹਲਾ /੧੦੭੦) ਆਪ ਨੇ ਛੋਟੀ ਉਮਰੇ ਹੀ ਭਾਂਪ ਲਿਆ ਕਿ ਮਿਹਨਤ ਤੋਂ ਮੂੰਹ ਮੋੜਨਵਾਲਾ ਜੀਵ ਜ਼ਿੰਦਗੀ ਵਿੱਚ ਕਦੇ ਕਾਮਯਾਬ ਨਹੀਂ ਹੋ ਸਕਦਾ। ਸਿੱਖਾਂ ਲਈ ਉਨ੍ਹਾਂ ਦਾ ਦਿੱਤਾ ਇਹ ਉਪਦੇਸ਼ ਸਾਡੇ ਲਈ ਸਦਾ ਚਾਨਣ ਮੁਨਾਰਾ ਹੈ : ‘‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ’’ (ਮਹਲਾ /੩੦੬) ਇਸ ਸ਼ਬਦ ਦੇ ਅੰਤ ’ਚ ਕਿਹਾ ‘‘ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ; ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ’’ (ਮਹਲਾ /੩੦੬)

ਧਨ ਦੌਲਤ ਨਾਲ ਕੋਈ ਮੋਹ ਨਹੀਂ ਸੀ ਸਗੋਂ ਗਰੀਬਾਂ ਦੀ ਸਹਾਇਤਾ ਪੁੱਜ ਕੇ ਕਰਦੇ ਸਨ। ਇਤਿਹਾਸ ਗਵਾਹ ਹੈ ਕਿ ਇੱਕ ਵਾਰ ਸੇਠ ਜਗਤ ਰਾਮ ਨੇ ਕੈਂਠਾ ਦਿੱਤਾ, ਆਪ ਨੇ ਲੋੜਵੰਦ ਨੂੰ ਉਸੇ ਵੇਲੇ ਦੇ ਦਿੱਤਾ। ਇਕ ਮਾਈ ਨੇ ਚਾਅ ਨਾਲ ਮੋਤੀਆਂ ਦੀ ਮਾਲਾ ਦਿੱਤੀ, ਆਪ ਨੇ ਰਾਹ ਵਿੱਚ ਬੈਠੇ ਨਿਰਧਨ ਨੂੰ ਦੇ ਦਿੱਤੀ। ਅਕਬਰ ਨੇ ਮੋਹਰਾਂ ਭੇਟਾ ਕੀਤੀਆਂ ਤਾਂ ਆਪ ਜੀ ਨੇ ਉਸੇ ਵੇਲੇ ਵੰਡਵਾ ਦਿੱਤੀਆਂ। ਰਸਦਾਂ ਆਈਆਂ ਲੋਕਾਂ ’ਚ ਵਰਤਾ ਦਿੱਤੀਆਂ। ਗੁਰੂ ਜੀ ਨੇ ਕਿਸੇ ਰਜਵਾੜੇ ਦੀ ਮਿੱਤਰਤਾ ਹਾਸਲ ਕਰਨ ਦਾ ਕਦੇ ਯਤਨ ਨਾ ਕੀਤਾ, ਨਾ ਹੀ ਕਿਸੇ ਬਾਦਿਸ਼ਾਹ ਦੀ ਸਰਪ੍ਰਸਤੀ ਕਬੂਲੀ।

ਛੋਟੀ ਉਮਰ ਵਿੱਚ ਪੜ੍ਹਨ ਅਤੇ ਖੇਡਣ ਦੀ ਸੱਧਰ ਪੂਰੀ ਨਾ ਹੋ ਸਕੀ। ਜਿਉਂ ਜਿਉਂ ਸਮਾਂ ਮਿਲਦਾ ਗਿਆ ਆਪ ਸੇਵਾ ਦੇ ਨਾਲ-ਨਾਲ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਅਤੇ ਸੰਗੀਤ ਕਲਾ ਨੂੰ ਮਨ ਲਾ ਕੇ ਸਿੱਖਦੇ। ਸਾਹਿਤ ਦੀ ਖੋਜ ਵੀ ਕਰਦੇ। ਆਪ ਜੀ ਦੀ ਬਾਣੀ ਵਿੱਚ ਇੱਕ ਮਹਾਨ ਸਾਹਿਤਕਾਰ, ਸੰਗੀਤ ਪ੍ਰੇਮੀ ਤੇ ਰਾਗ ਕਲਾ ਦੀਆਂ ਬਰੀਕੀਆਂ ਪ੍ਰਗਟ ਹੁੰਦੀਆਂ ਹਨ। ਜਿਸ ਦਾ ਗੁਰਬਾਣੀ ਦੇ ਵਿੱਚ ਇੱਕ ਉਮਾਹ ਅਤੇ ਨਵੇਂ ਨਵੇਂ ਸਬਦਾਂ ਦੀ ਘਾੜਤ ਤੋਂ ਪਤਾ ਲੱਗਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 22 ਵਾਰਾਂ ਵਿੱਚੋਂ 8 ਵਾਰਾਂ ਮੂਲ ਰੂਪ ਵਿੱਚ ਆਪ ਜੀ ਦੁਆਰਾ ਰਚੀਆਂ ਹੋਈਆਂ ਹਨ। ਜਿਨ੍ਹਾਂ ਵਿੱਚ ਗੁਰੂ ਸੂਰਮੇ ਦੀ ਜਿੱਤ ਅਤੇ ਨਿੰਦਕਾਂ, ਦੋਖੀਆਂ, ਦੁਸਟਾਂ ਅਤੇ ਚੁਗਲਖੋਰਾਂ ਦੀ ਹਾਰ ਹੁੰਦੀ ਦਰਸਾਈ ਹੈ। ਗੁਰੂ ਸਾਹਿਬ ਸ਼ਬਦ ਘੜਨ ਵਿੱਚ ਵਿਸ਼ੇਸ਼ ਮੁਹਾਰਤ ਰੱਖਦੇ ਸਨ। ਇੱਕ ਸੁਜਾਨ ਜੌਹਰੀ ਦੀ ਤਰ੍ਹਾਂ ਸ਼ਬਦਾਂ ਨੂੰ ਨਗਾਂ ਦੀ ਤਰ੍ਹਾਂ ਯੋਗ ਥਾਂ ’ਤੇ ਜੜ੍ਹ ਦਿੰਦੇ ਹਨ। ਕਈ ਨਵੇਂ ਸ਼ਬਦਾਂ ਦੀ ਘਾੜਤ ਉਨ੍ਹਾਂ ਦੀ ਬਾਣੀ ਦੀ ਵਿਸ਼ੇਸ਼ਤਾ ਹੈ। ਗੁਰਬਾਣੀ ਵਿਚ ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋਇਆ ਗਿਆ; ਜਿਵੇਂ ਕੋਈ ਸੁਆਣੀ ਆਪਣੇ ਗਲ਼ੇ ਦਾ ਹਾਰ ਪਰੋਂਦੀ ਹੈ। ਆਪ ਜੀ ਰਾਗਾਂ ਦੇ ਇੰਨੇ ਮਾਹਰ ਹੋ ਨਿਬੜੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਗਏ ਕੁਲ 31 ਰਾਗਾਂ ਵਿੱਚੋਂ 30 ਰਾਗਾਂ ਵਿੱਚ ਆਪ ਜੀ ਦੀ ਬਾਣੀ ਮਿਲਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਆਪ ਜੀ ਦੇ ਕੁਲ 632 ਸ਼ਬਦ ਹਨ। ਹੇਠਲੇ ਸ਼ਬਦ ਵਿਚ ‘ਙ’ ਦੀ ਵਰਤੋਂ ਤਾਂ ਆਪਣੇ ਆਪ ਵਿੱਚ ਇਕ ਮਿਸਾਲ ਹੈ : ‘‘ਹਰਿ ਨਾਮਾ ਹਰਿ ਰੰਙੁ ਹੈ, ਹਰਿ ਰੰਙੁ ਮਜੀਠੈ ਰੰਙੁ ਗੁਰਿ ਤੁਠੈ ਹਰਿ ਰੰਗੁ ਚਾੜਿਆ, ਫਿਰਿ ਬਹੁੜਿ ਹੋਵੀ ਭੰਙੁ ਮੇਰੇ ਮਨ  ! ਹਰਿ ਰਾਮ ਨਾਮਿ ਕਰਿ ਰੰਙੁ ਗੁਰਿ ਤੁਠੈ ਹਰਿ ਉਪਦੇਸਿਆ, ਹਰਿ ਭੇਟਿਆ ਰਾਉ ਨਿਸੰਙੁ ਰਹਾਉ ਮੁੰਧ ਇਆਣੀ ਮਨਮੁਖੀ, ਫਿਰਿ ਆਵਣ ਜਾਣਾ ਅੰਙੁ ਹਰਿ ਪ੍ਰਭੁ ਚਿਤਿ ਆਇਓ, ਮਨਿ ਦੂਜਾ ਭਾਉ ਸਹਲੰਙੁ ਹਮ ਮੈਲੁ ਭਰੇ ਦੁਹਚਾਰੀਆ, ਹਰਿ ਰਾਖਹੁ ਅੰਗੀ ਅੰਙੁ ਗੁਰਿ ਅੰਮ੍ਰਿਤ ਸਰਿ ਨਵਲਾਇਆ, ਸਭਿ ਲਾਥੇ ਕਿਲਵਿਖ ਪੰਙੁ ਹਰਿ ਦੀਨਾ ਦੀਨ ਦਇਆਲ ਪ੍ਰਭੁ, ਸਤਸੰਗਤਿ ਮੇਲਹੁ ਸੰਙੁ ਮਿਲਿ ਸੰਗਤਿ ਹਰਿ ਰੰਗੁ ਪਾਇਆ, ਜਨ ਨਾਨਕ  ! ਮਨਿ ਤਨਿ ਰੰਙੁ ’’ (ਮਹਲਾ /੭੩੨)

ਸੂਹੀ ਰਾਗ ਵਿਚ ਲਾਵਾਂ ਦੀ ਬਾਣੀ ਉਚਾਰੀ ਗਈ ਤਾਂ ਕਿ ਸਿੱਖ ਭਵਿਖ ਵਿੱਚ ਬ੍ਰਾਹਮਣ ਦੀ ਮੁਥਾਜੀ ਤੋਂ ਬਚ ਜਾਣ। ਇਸ ਵਿਚ ਗ੍ਰਿਹਸਤ ਦੀ ਮਹਾਨਤਾ, ਪਤੀ-ਪਤਨੀ ਦੀ ਬਰਾਬਰੀ, ਇਕ ਦੂਜੇ ਦਾ ਸਤਿਕਾਰ ਅਤੇ ਕੁਰਬਾਨੀ ਕਰਨ ਦਾ ਆਦਰਸ਼ ਪੇਸ਼ ਕੀਤਾ ਹੈ। ਇਸ ਵਿੱਚ ਸਿੱਖਾਂ ਨੂੰ ਕਰਤੇ ਨੂੰ ਮਿਲਣ ਦੇ ਚਾਓ ਅਤੇ ਪੜਾਵਾਂ ਨੂੰ ਵੀ ਦਰਸਾਇਆ ਗਿਆ ਹੈ।

1570 ਵਿੱਚ ਗੁਰੂ ਅਮਰਦਾਸ ਜੀ ਨੇ ਆਪਣੇ ਜੀਊਂਦਿਆਂ ‘ਗਰੂ ਕੇ ਚੱਕ’ ਦੀ ਨਵੀਂ ਬਸਤੀ ਵਸਾਉਣੀ ਸ਼ੁਰੂ ਕਰ ਦਿੱਤੀ ਸੀ। ਇਹੀ ‘ਗੁਰੂ ਕਾ ਚੱਕ’ ਬਾਅਦ ਵਿਚ ‘ਰਾਮਦਾਸਪੁਰ’ ਅਤੇ ਫਿਰ ‘ਅੰਮ੍ਰਿਤਸਰ’ ਬਣਿਆ। ‘ਅੰਮ੍ਰਿਤਸਰ’ ਅਤੇ ‘ਸੰਤੋਖਸਰ ਸਰੋਵਰ’ ਦੀ ਖੁਦਵਾਈ ਕਰਵਾਈ। ਵੱਖ ਵੱਖ ਬਜ਼ਾਰ ਅਤੇ ਸ਼ਹਰ ਦੀ ਉਸਾਰੀ ਆਪਣੀ ਨਿਗਰਾਨੀ ਵਿੱਚ ਕਰਵਾਈ। ਗ਼ਰੀਬ ਅਤੇ ਕਿਰਤੀ ਲੋਕ ਇੱਥੇ ਆਣ ਵਸਾਏ। ਇਸ ਤਰ੍ਹਾਂ ਥੋੜ੍ਹੇ ਸਮੇਂ ਵਿੱਚ ਹੀ ਜੰਗਲ ਵਿਚ ਮੰਗਲ ਬਣ ਗਿਆ।  52 ਅਲੱਗ-ਅਲੱਗ ਕਿੱਤਿਆਂ ਦੇ ਲੋਕਾਂ ਨੂੰ ਇੱਥੇ ਵਸਾਇਆ ਗਿਆ, ਜਿਨ੍ਹਾਂ ਦੇ ਨਾਮ ਅੱਜ ਤੱਕ ਪ੍ਰਚਲਿਤ ਹਨ। ਆਪ ਜੀ ਦੇ ਉੱਦਮ ਸਦਕਾ ਕੌਮ ਨੂੰ ਭਵਿਖ ਵਾਸਤੇ ਇੱਕ ਕੇਂਦਰੀ ਸਥਾਨ ਮਿਲ ਗਿਆ। ਸਾਂਝੇ ਕੌਮੀ ਖਜ਼ਾਨੇ ਦੀ ਲੋੜ ਨੂੰ ਦੇਖਦਿਆਂ ਹੋਇਆਂ ‘ਮਸੰਦ ਪ੍ਰਥਾ’ ਨੂੰ ਹੋਰ ਮਜ਼ਬੂਤ ਕੀਤਾ ਅਤੇ ਸਿੱਖੀ ਪ੍ਰਚਾਰ ਨੂੰ ਦਿਨ-ਬ-ਦਿਨ ਪ੍ਰਫੁਲਿਤ ਕੀਤਾ।

ਆਪ ਜੀ ਦੀ ਪਿਆਰ ਭਿੰਨੀ ਸ਼ਖ਼ਸੀਅਤ ਨੇ ਹਰ ਦਿਲ ਨੂੰ ਆਪਣੇ ਵਲ ਖਿੱਚ ਲਿਆ। ਆਪ ਦੇ ਸਮੇਂ ਦੇ ਪ੍ਰਸਿਧ ਸਿੱਖ ਸਨ ‘ਭਾਈ ਭਿਖਾਰੀ, ਮਹਾਂ ਨੰਦ, ਸਾਹਲੋ, ਚੰਦਰ ਭਾਨ, ਮਾਣਕ ਚੰਦ, ਗੁਰਮੁਖ, ਸੰਮਨ, ਆਦਮ, ਸੋਮਾ ਸ਼ਾਹ, ਰੂਪਰਾ ਆਦਿ, ਜਿਨ੍ਹਾਂ ਨੇ ਵੱਖ ਵੱਖ ਇਲਾਕਿਆਂ ਵਿੱਚ ਸਿੱਖੀ ਮਹਿਕ ਨੂੰ ਖਿਲਾਰਿਆ। ਗੁਰੂ ਰਾਮਦਾਸ ਜੀ ਦੇ ਸਮੇਂ ਸਿੱਖੀ ਅਤੇ ਕੌਮੀਅਤ ਭਾਵਨਾ ਬਲਵਾਨ ਹੋਈ ਭਾਵ ਸਿੱਖੀ ਚਹੁੰ ਚੱਕੀ ਫੈਲੀ। ਗੁਰੂ ਰਾਮਦਾਸ ਜੀ ਦਾ ਜੀਵਨ; ਸਮਾਜਿਕ ਪਿਆਰ ਅਤੇ ਕ੍ਰਾਂਤੀਕਾਰੀ ਲਹਿਰ ਦਾ ਹਿਮਾਇਤੀ ਰਿਹਾ।

ਸਤਿਗੁਰ ਜੀ ਦੇ ਇਹ ਬਚਨ; ਗੁਰੂ ਪ੍ਰਤੀ ਨਿਸ਼ਠਾ ਅਤੇ ਪਿਆਰ ਨੂੰ ਹਿਰਦੇ ਵਿੱਚ ਦ੍ਰਿੜ੍ਹ ਕਰਨ ਦੀ ਪ੍ਰੇਰਨਾ ਬਖ਼ਸ਼ਦੇ ਹਨ, ‘‘ਹਰਿ ਹਰਿ ਸਜਣੁ, ਮੇਰਾ ਪ੍ਰੀਤਮੁ ਰਾਇਆ ਕੋਈ ਆਣਿ ਮਿਲਾਵੈ, ਮੇਰੇ ਪ੍ਰਾਣ ਜੀਵਾਇਆ ਹਉ ਰਹਿ ਸਕਾ, ਬਿਨੁ ਦੇਖੇ ਪ੍ਰੀਤਮਾ; ਮੈ ਨੀਰੁ ਵਹੇ ਵਹਿ ਚਲੈ ਜੀਉ ਸਤਿਗੁਰੁ ਮਿਤ੍ਰੁ, ਮੇਰਾ ਬਾਲ ਸਖਾਈ ਹਉ ਰਹਿ ਸਕਾ, ਬਿਨੁ ਦੇਖੇ ਮੇਰੀ ਮਾਈ   ! ਹਰਿ ਜੀਉ   ! ਕ੍ਰਿਪਾ ਕਰਹੁ ਗੁਰੁ ਮੇਲਹੁ, ਜਨ ਨਾਨਕ   ! ਹਰਿ ਧਨੁ ਪਲੈ ਜੀਉ (ਮਹਲਾ /੯੪), ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ! ਸਾ ਬਿਧਿ ਤੁਮ ਹਰਿ ਜਾਣਹੁ ਆਪੇ ਹਮ ਰੁਲਤੇ ਫਿਰਤੇ, ਕੋਈ ਬਾਤ ਪੂਛਤਾ; ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ; ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ’’ (ਮਹਲਾ /੧੬੭) ਕਾਸ਼ ਕਿ ਸਾਨੂੰ ਵੀ ਗੁਰੂ ਸਾਹਿਬ ਪ੍ਰਤੀ ਐਸਾ ਸਚਾ ਪਿਆਰ ਪਾਉਣਾ ਆ ਜਾਵੇ।

ਇਕ ਅਨਾਥ ਬਾਲਕ ਦਾ ਕਰੋੜਾਂ ਸਿੱਖ-ਸ਼ਰਧਾਲੂਆਂ ਨੂੰ ਅਗਵਾਈ ਦੇਣ ਦੇ ਯੋਗ ਬਣਨਾ; ਆਪਣੇ ਆਪ ’ਚ ਇੱਕ ਕਰਾਮਾਤ ਹੈ। ਗੁਰੂ ਰਾਮਦਾਸ ਜੀ ਦੀ ਵਡਿਆਈ ਅਕੱਥ ਹੈ। ਇੱਕ ਮਨੁੱਖ ਇਸ ਦਾ ਸੰਪੂਰਨ ਥਾਹ ਨਹੀਂ ਪਾ ਸਕਦਾ। ਹਾਂ, ਅਸੀਂ ਭੱਟ ਕੀਰਤ ਜੀ ਦੀ ਤਰ੍ਹਾਂ ਸਤਿਗੁਰ ਸਾਹਿਬ ਜੀ ਦੇ ਅੱਗੇ ਇੰਝ ਅਰਦਾਸ ਜ਼ਰੂਰ ਕਰ ਸਕਦੇ ਹਾਂ : ‘‘ਹਮ ਅਵਗੁਣਿ ਭਰੇ, ਏਕੁ ਗੁਣੁ ਨਾਹੀ; ਅੰਮ੍ਰਿਤੁ ਛਾਡਿ, ਬਿਖੈ ਬਿਖੁ ਖਾਈ ਮਾਯਾ ਮੋਹ ਭਰਮ ਪੈ ਭੂਲੇ; ਸੁਤ ਦਾਰਾ ਸਿਉ ਪ੍ਰੀਤਿ ਲਗਾਈ ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ; ਤਿਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸਿ ਭਾਟ ਕੀਰਤਿ ਕੀ; ਗੁਰ ਰਾਮਦਾਸ  ! ਰਾਖਹੁ ਸਰਣਾਈ ’’ (ਭਟ ਕੀਰਤ/੧੪੦੬)

ਪੂਰੇ 7 ਸਾਲ ਗੁਰਗੱਦੀ ਦੀ ਬਾਖ਼ੂਬੀ ਸੇਵਾ ਨਿਭਾਉਣ ਤੋਂ ਬਾਅਦ ੨ ਅੱਸੂ, ਭਾਦੋਂ ਸੁਦੀ ੩ ਸੰਮਤ ੧੬੩੮/1 ਸਤੰਬਰ 1581 ਨੂੰ ਆਪ ਜੀ ਨੇ ਗੁਰਗੱਦੀ; ਆਪਣੇ ਸਭ ਤੋਂ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਸੌਪ ਕੇ ਆਪ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ, ਜਿੱਥੋਂ ਆਪ ਜੀ ਦੀ ਵਡਿਆਈ ਦਾ ਨਾਦ ਅੱਜ ਤੱਕ ਸੁਣਾਈ ਦੇਂਦਾ ਹੈ : ‘‘ਧੰਨੁ ਧੰਨੁ ਰਾਮਦਾਸ ਗੁਰੁ, ਜਿਨਿ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤਿ, ਆਪਿ ਸਿਰਜਣਹਾਰੈ (ਨੇ) ਧਾਰਿਆ ਸਿਖੀ ਅਤੈ ਸੰਗਤੀ, ਪਾਰਬ੍ਰਹਮੁ ਕਰਿ ਨਮਸਕਾਰਿਆ ਅਟਲੁ ਅਥਾਹੁ ਅਤੋਲੁ ਤੂ, ਤੇਰਾ ਅੰਤੁ ਪਾਰਾਵਾਰਿਆ ਜਿਨ੍ਹੀ ਤੂੰ ਸੇਵਿਆ ਭਾਉ ਕਰਿ, ਸੇ ਤੁਧੁ ਪਾਰਿ ਉਤਾਰਿਆ ’’ (ਬਲਵੰਡ ਸਤਾ/੯੬੮)

ਗੁਰੂ ਨਾਨਕ ਸਾਹਿਬ ਜੀ ਨੇ ਜਿਸ ਇਲਾਹੀ ਸੰਦੇਸ਼ ਨੂੰ ‘ਸਬਦੁ ਗੁਰੂ’ ਵਜੋਂ ਮਾਣ ਬਖ਼ਸ਼ਿਆ, ਗੁਰੂ ਅਮਰਦਾਸ ਜੀ ਨੇ ‘‘ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਕੋਇ ’’ (ਮਹਲਾ /੫੧੫) ਕਿਹਾ। ਗੁਰੂ ਰਾਮਦਾਸ ਸਾਹਿਬ ਜੀ ਨੇ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ   ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ’’ (ਮਹਲਾ /੯੮੨) ਬਚਨ ਉਚਾਰ ਕੇ ਇਸ ਦੀ ਮਹੱਤਤਾ ਪ੍ਰਗਟਾਈ, ਉਸੇ ‘‘ਸਬਦੁ ਗੁਰੂ’’ ਨੂੰ ਸਿੱਖ ਕੌਮ ਦੀ ਬਾਂਹ ਫੜਾ ਕੇ ਕੱਤਕ ਸੁਦੀ ੫, ੧੭੬੫, ੭ ਕੱਤਕ; ਨਾਨਕਸ਼ਾਹੀ ੨੪੦ (7 ਅਕਤੂਬਰ 1708) ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰੀਰਕ ਗੁਰੂ-ਅਗਵਾਈ ਦੀ ਪਰੰਪਰਾ ਨੂੰ ਸਦਾ ਲਈ ਖ਼ਤਮ ਕਰ ਗਏ। ਜੇਕਰ ਸਿੱਖ ਫਿਰ ਭੀ ਅੱਜ ਭਟਕ ਰਿਹਾ ਹੈ। ਸਮਾਜਿਕ, ਪਰਵਾਰਿਕ ਤੇ ਕੌਮੀ ਰਿਸ਼ਤੇ ਨਿਭਾਉਣ ’ਚ ਅਸਫਲ ਹੈ ਤਾਂ ਇਸ ਦੇ ਮੰਦੇ ਭਾਗਾਂ ਦੀ ਹੀ ਨਿਸ਼ਾਨੀ ਸਮਝੀ ਜਾ ਸਕਦੀ ਹੈ। ਗੁਰੂ ਨਾਨਕ ਜੋਤਿ ‘‘ਸਬਦੁ ਗੁਰੂ’ ਜੀ ਕਿਰਪਾ ਕਰਨ; ਸਾਡੀ ਇਸੇ ਤਰ੍ਹਾਂ ਸਦਾ ਬਾਂਹ ਫੜੀ ਰੱਖਣ।

ਸ਼ਬਦ ਗੁਰੂ (ਭਾਗ ਦੂਜਾ)

0

ਸ਼ਬਦ ਗੁਰੂ (ਭਾਗ ਦੂਜਾ)

ਗਿਆਨੀ ਰਣਜੋਧ ਸਿੰਘ

ਗੁਰੂ ਨਾਨਕ ਸਾਹਿਬ ਜੀ ਜਦੋਂ ਦੂਸਰੀ ਉਦਾਸੀ ਸੰਨ 1517 ਈਸਵੀ ਨੂੰ ਸੁਮੇਰ ਪਰਬਤ ਰੁਦਰ ਹਿਮਾਲਾ ਦੀ 29002 ਫੁੱਟ ਦੀ ਉਚਾਈ ’ਤੇ ਸਿੱਧ ਜੋਗੀਆਂ ਕੋਲ ਪਹੁੰਚੇ ਤਾਂ ਗੋਰਖ ਨਾਥ ਅਤੇ 84 ਸਿਧ ਜੋਗੀ; ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਨੂੰ ਦੇਖ ਕੇ ਬਹੁਤ ਹੈਰਾਨ ਹੋ ਗਏ। ਸਿੱਧ ਜੋਗੀਆਂ ਨੇ ਉਤਾਵਲੇ ਹੋ ਕੇ ਪੁੱਛਿਆ ਕਿ ਬਾਲਾ ਬੱਚਾ !  ਤੇਰਾ ਗੁਰੂ ਕੌਣ ਹੈ ? ਜੋ ਤੂੰ ਇੰਨਾ ਮਹਾਨ ਹੋ ਗਿਆ ਹੈਂ। ਤੂੰ ਕਿਸ ਗੁਰੂ ਦਾ ਚੇਲਾ ਹੈ, ਜੋ ਸਾਡੇ ਕੋਲ ਪਹੁੰਚਣ ਦੀ ਹਿੰਮਤ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜੋ ਸਿੱਧ ਜੋਗੀਆਂ ਨੂੰ ਜਵਾਬ ਦਿੱਤਾ; ਉਹ ਸਿੱਧ ਗੋਸਟਿ ਬਾਣੀ ਵਿੱਚ ਦਰਜ ਹੈ। ਜਵਾਬ ਸੀ ਕਿ ਮੇਰਾ ਗੁਰੂ ਸ਼ਬਦ ਹੈ। ਸ਼ਬਦ ਗੁਰੂ ਰੂਪ ਹੀ ਸਾਡੇ ਕੋਲ ਵੱਡੀ ਕਰਾਮਾਤ ਹੈ। ਸ਼ਬਦ ਗਿਆਨ ਹੀ ਸਾਡੇ ਕੋਲ ਸ਼ਕਤੀ ਹੈ। ਜੀਵਨ ਦਾ ਆਧਾਰ ਵੀ ਸ਼ਬਦ ਗੁਰੂ ਹੀ ਹੈ। ਸ਼ਬਦ ਗੁਰੂ ਤੋਂ ਬਿਨਾਂ ਸਾਡਾ ਕੋਈ ਹੋਰ ਆਸਰਾ ਨਹੀਂ। ਸ਼ਬਦ ਗੁਰੂ ਤੋਂ ਬਗੈਰ ਕੋਈ ਹੋਰ ਸਾਡੇ ਕੋਲ ਕਰਾਮਾਤ ਵੀ ਨਹੀਂ ਹੈ। ਇਸ ਸ਼ਬਦ ਗੁਰੂ ਰਾਹੀਂ ਹੀ ਸੁਰਤਿ ਜਾਗਦੀ, ਸੁਚੇਤ ਹੁੰਦੀ ਹੈ। ਜਦੋਂ ਸੁਰਤਿ ਸੁਚੇਤ ਹੋ ਜਾਵੇ ਫਿਰ ਜੀਵਨ ਵਿਚ ਕੋਈ ਵਿਕਾਰ, ਦੁਰਾਚਾਰ ਆਪਣਾ ਪ੍ਰਭਾਵ ਨਹੀਂ ਪਾ ਸਕਦਾ ਕਿਉਂਕਿ ਸੁਰਤਿ; ਸ਼ਬਦ ਗੁਰੂ ਦੀ ਅਗਵਾਈ ਵਿੱਚ ਚਲਦੀ ਹੈ। ਸਵਾਲ ਜਵਾਬ ਇੰਞ ਹਨ :-

ਕਵਣ ਮੂਲੁ  ? ਕਵਣ ਮਤਿ ਵੇਲਾ  ? ਤੇਰਾ ਕਵਣੁ ਗੁਰੂ ? ਜਿਸ ਕਾ ਤੂ ਚੇਲਾ (ਮਹਲਾ /੯੩੮)

ਭਾਵ ਤੁਹਾਡਾ ਗੁਰੂ ਕੌਣ ਹੈ  ? ਤੁਸੀਂ ਕਿਸ ਗੁਰੂ ਦੇ ਚੇਲੇ ਹੋ  ? ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਕਿ

ਪਵਨ ਅਰੰਭੁ; ਸਤਿਗੁਰ ਮਤਿ ਵੇਲਾ ਸਬਦੁ ਗੁਰੂ; ਸੁਰਤਿ ਧੁਨਿ ਚੇਲਾ (ਮਹਲਾ /੯੩੮)

ਭਾਵ ਮੇਰਾ ਗੁਰੂ ਸ਼ਬਦ ਹੈ। ਮੇਰੀ ਸੁਰਤ ਉਸ ਸ਼ਬਦ ਗੁਰੂ ਦੀ ਚੇਲਾ ਹੈ। ਇੱਕ ਗੱਲ ਜ਼ਰਾ ਧਿਆਨ ਨਾਲ ਸਰਵਣ ਕਰ ਲੈਣੀ, ਜਿਸ ਤਰ੍ਹਾਂ ਮਨੁੱਖ ਸ਼ੀਸ਼ੇ ਨਾਲ ਆਪਣੇ ਆਪ ਨੂੰ ਬਾਹਰੋਂ ਦੇਖਦਾ ਹੈ, ਉਸੇ ਤਰ੍ਹਾਂ ਸ਼ਬਦ ਗੁਰੂ ਨਾਲ ਮਨੁੱਖ ਭੀ ਆਪਣੇ ਆਪ ਨੂੰ ਅੰਦਰੋਂ ਦੇਖ ਸਕਦਾ ਹੈ। ਮੈਂ ਅਸਲ ਵਿੱਚ ਕਿਸ ਤਰ੍ਹਾਂ ਦਾ ਹਾਂ ? ਮੈਂ ਅਸਲ ਵਿੱਚ ਕਿੱਥੇ ਕੂ ਹਾਂ ? ਸ਼ਬਦ ਗੁਰੂ ਨਾਲ ਮਨੁੱਖ ਆਪਣੇ ਆਪ ਨੂੰ ਐਸਾ ਅੰਦਰੋਂ ਜਾਣ ਸਕਦਾ ਹੈ, ਪਰ ਜੇਕਰ ਇਮਾਨਦਾਰੀ ਨਾਲ ਦੇਖੇ।

ਸੁਕਰਾਤ ਕੋਲ ਸੰਸਾਰ ਦਾ ਨਕਸ਼ਾ ਸੀ:- ਇੱਕ ਬਹੁਤ ਵੱਡਾ ਧਨਾਢ, ਯੂਨਾਨ ਦੇ ਮਹਾਨ ਫਿਲਾਸਫਰ ਫਕੀਰ ਕੋਲ ਗਿਆ। ਧਨਾਢ ਹੰਕਾਰੀ ਸੀ। ਸੁਕਰਾਤ ਨੂੰ ਕਹਿਣ ਲੱਗਾ ਕਿ ਤੈਨੂੰ ਮੇਰੀ ਹਸਤੀ ਦਾ ਪਤਾ ਹੈ ? ਮੈਂ ਬਹੁਤ ਵੱਡਾ ਆਦਮੀ ਹਾਂ। ਸੁਕਰਾਤ ਨੇ ਕਿਹਾ ਕਿ ਮੈਂ ਸਿਰਫ ਇੰਨਾ ਕੁ ਜਾਣਦਾ ਹਾਂ ਕਿ ਤੂੰ ਵੱਡਾ ਧਨਾਢ ਹੈਂ। ਤੇਰੇ ਕੋਲ ਜਾਇਦਾਦ ਹੈ। ਸੁਕਰਾਤ ਕੋਲ ਸੰਸਾਰ ਦਾ ਇੱਕ ਨਕਸ਼ਾ (ਵਰਲਡ ਮੈਪ) ਸੀ, ਜੋ ਉਸ ਨੇ ਧਨਾਢ ਪੁਰਖ ਨੂੰ ਦੇ ਦਿੱਤਾ ਤੇ ਕਿਹਾ ਕਿ ਇਸ ਸੰਸਾਰ ਦੇ ਨਕਸ਼ੇ ਤੋਂ ਦੇਖ ਕੇ ਮੈਨੂੰ ਦੱਸ ਤੇਰਾ ਦੇਸ਼ ਕਿੱਥੇ ਹੈ ? ਫਿਰ ਉਸ ਦੇਸ਼ ਵਿੱਚ ਤੇਰਾ ਸ਼ਹਰ ਕਸਬਾ ਕਿੱਥੇ ਹੈ  ? ਉਸ ਸ਼ਹਰ ਵਿੱਚ ਤੇਰੀ ਗਲੀ ਕਿੱਥੇ ਹੈ  ? ਉਸ ਗਲੀ ਵਿੱਚ ਤੇਰਾ ਘਰ ਕਿੱਥੇ ਹੈ  ? ਇਸ ਨਕਸ਼ੇ ਵਿੱਚੋਂ ਮੈਨੂੰ ਢੂੰਡ ਕੇ ਦੱਸ। ਮੈਂ ਤੇਰੇ ਘਰ ’ਤੇ ਟਿਕ ਮਾਰਕ ਲਾ ਲਵਾਂਗਾ। ਮੈਨੂੰ ਤੇਰੀ ਹਾਲਤ ਦਾ ਪਤਾ ਲੱਗਦਾ ਰਹੇਗਾ ਤੇ ਮੈਂ ਤੇਰੇ ਬਾਰੇ ਲੋਕਾਂ ਨੂੰ ਦੱਸ ਦਿਆ ਕਰਾਂਗਾ। ਉਹ ਧਨਾਢ ਦੁਨੀਆਂ ਦੇ ਨਕਸ਼ੇ ਨੂੰ ਦੇਖ ਰਿਹਾ ਸੀ। ਨਕਸ਼ੇ ਵਿੱਚੋਂ ਦੇਸ਼ ਤਾਂ ਲੱਭ ਸਕਦੇ ਹਾਂ, ਚਲੋ ਸ਼ਹਰ ਵੀ ਲਭਿ ਲਵਾਂਗੇ, ਪਰ ਨਗਰ ਜਾਂ ਗਲੀ ਘਰ ਕਿੱਥੋਂ ਲੱਭਿਆ ਜਾਵੇਗਾ। ਕੋਈ ਨਹੀਂ ਲੱਭ ਸਕਦਾ। ਉਸ ਧਨਾਢ ਨੂੰ ਸਮਝ ਪੈ ਗਈ ਕਿ ਇਸ ਨਕਸ਼ੇ ਅਨੁਸਾਰ ਮੈਂ ਕਿੰਨਾ ਕੁ ਹਾਂ। ਸੰਸਾਰ ਦੇ ਇਸ ਨਕਸ਼ੇ ਅਨੁਸਾਰ ਮੇਰੀ ਹਸਤੀ ਕਿੰਨੀ ਕੁ ਹੈ। ਧਨਾਢ ਨੂੰ ਸੁਕਰਾਤ ਦੀ ਰਮਜ਼ ਸਮਝ ਆ ਗਈ। ਅੰਦਰੋਂ ਧਨਾਢ ਸ਼ਰਮਿੰਦਾ ਹੋ ਗਿਆ। ਸੁਕਰਾਤ ਨੂੰ ਮੱਥਾ ਟੇਕ ਕੇ ਧਨਾਢ ਨੇ ਕਿਹਾ ਕਿ ਸੁਕਰਾਤ ! ਅੱਜ ਮੈਨੂੰ ਸਹੀ ਸਹੀ ਪਤਾ ਲੱਗ ਗਿਆ ਹੈ ਕਿ ਮੇਰੀ ਹਸਤੀ ਕੀ ਹੈ। ਮੈਂ ਕੀ ਹਾਂ। ਮੈਂ ਕਿੱਥੇ ਕੁ ਹਾਂ। ਸੁਕਰਾਤ  ! ਤੇਰਾ ਧੰਨਵਾਦ, ਜੋ ਮੈਨੂੰ ਮੇਰੇ ਬਾਰੇ ਅਹਿਸਾਸ ਕਰਾਇਆ ਹੈ। ਸੁਕਰਾਤ ਨੇ ਦੁਨੀਆਂ ਦਾ ਉਹ ਨਕਸ਼ਾ ਧਨਾਢ ਨੂੰ ਦੇ ਦਿੱਤਾ ਤੇ ਕਿਹਾ ਕਿ ਜਦ ਵੀ ਤੈਨੂੰ ਖਿਆਲ ਆਵੇ ਕਿ ਮੈਂ ਬਹੁਤ ਵੱਡਾ ਹਾਂ ਤਾਂ ਇਸ ਨਕਸ਼ੇ ਨੂੰ ਦੇਖ ਲੈਣਾ। ਇਸ ਨਕਸ਼ੇ ਨੂੰ ਕੋਲ ਰੱਖ। ਬਸ ਇਮਾਨਦਾਰੀ ਨਾਲ ਮਨੁੱਖ ਸ਼ਬਦ ਗੁਰੂ ਰਾਹੀਂ ਆਪਣੇ ਆਪ ਦਾ ਵਿਸ਼ਲੇਸ਼ਣ ਕਰੇ। ਮੈਂ ਕਿਸ ਤਰ੍ਹਾਂ ਦਾ ਹਾਂ। ਲੋਕਾਂ ਨੂੰ ਮੈਂ ਕਿਸ ਤਰ੍ਹਾਂ ਬਾਹਰੋਂ ਬਾਹਰੋ ਧਰਮੀ ਬਣ ਕੇ ਦਿਖਾਉਂਦਾ ਹਾਂ। ਸ਼ਬਦ ਗੁਰੂ ਰਾਹੀਂ ਦੇਖੇ ਕਿ ਅਸਲ ’ਚ ਮੇਰੀ ਹੋਂਦ ਕੀ ਹੈ। ਜੀਵਨ ਵਿੱਚ ਮੈਂ ਕਿੱਥੇ ਕੁ ਹਾਂ। ਸੱਚ ਜਾਣਿਓ ਫਿਰ ਸੁਰਤਿ ਜਾਗ ਪਵੇਗੀ। ਆਪਣੇ ਆਪ ਅੰਦਰੋਂ ਅਹਿਸਾਸ ਹੋਵੇਗਾ ਕਿ ਮੈਂ ਕਿੱਥੇ ਕੁ ਹਾਂ, ਇਸ ਲਈ ਅਹਿਸਾਸ ਕਰਾ ਦੇਣ ਵਾਲਾ ਸ਼ਬਦ ਹੀ ਗੁਰੂ ਹੁੰਦਾ ਹੈ। ਫ਼ੁਰਮਾਨ ਹੈ, ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ, ਜਗੁ ਬਉਰਾਨੰ ਪੂਰਾ ਬੈਰਾਗੀ ਸਹਜਿ ਸੁਭਾਗੀ; ਸਚੁ ਨਾਨਕ ਮਨੁ ਮਾਨੰ ’’ (ਮਹਲਾ /੬੩੪)

ਭਾਵ ਸੁਰਤਿ ਵਾਸਤੇ ਸਿਰਫ ਸ਼ਬਦ ਹੀ ਗੁਰੂ ਹੈ। ਗੁਰੂ ਪੀਰ ਹੈ। ਸ਼ਬਦ ਦੀ ਬਰਕਤ ਨਾਲ ਮਨੁੱਖ ਆਤਮਕ ਤੌਰ ’ਤੇ ਗੰਭੀਰ ਹੋ ਸਕਦਾ ਹੈ। ਸ਼ਬਦ ਗੁਰੂ ਤੋਂ ਬਗੈਰ ਮਨੁੱਖ ਦੇਹਧਾਰੀਆਂ ਪਿੱਛੇ ਪਾਗਲ ਹੋਇਆ ਫਿਰਦਾ ਹੈ, ਜੇਕਰ ਇਸ ਸਬੰਧ ਵਿੱਚ ਹੋਰ ਕਹਾਂਗਾ। ਸੁਰਤਿ ਲਈ ਸ਼ਬਦ ਹੀ ਗੁਰੂ ਤੇ ਪੀਰ ਹੈ। ਹੋਰ ਕੋਈ ਗੁਰੂ ਜਾਂ ਪੀਰ ਨਹੀਂ ਹੈ। ਪੜਿਆ ਜਾਂਦਾ ਹੈ

ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ..

ਕਾਲ ਤੁਹੀ ਕਾਲੀ ਤੁਹੀ, ਤੁਹੀ ਤੇਗ ਅਰੁ ਤੀਰ

ਤੁਹੀ ਨਿਸਾਨੀ ਜੀਤ ਕੀ, ਆਜੁ ਤੁਹੀ ਜਗਬੀਰ (ਸਸਤ੍ਰ ਮਾਲਾ/ਸ੍ਰੀ ਦਸਮ ਗ੍ਰੰਥ)

ਭਾਵ ਤਲਵਾਰ, ਕ੍ਰਿਪਾਨ, ਖੰਡਾ, ਖੜਗ, ਬੰਦੂਕ, ਤਬਰ (ਲੰਬਾ ਤੇਜ਼ ਗੰਡਾਸਾ), ਸਿੱਧੀ ਤਲਵਾਰ, ਰਾਜ ਪੂਤਾਨੇ ਦੀ ਰਾਜਧਾਨੀ ਸਰੋਹੀ ਤੇ ਓਥੋਂ ਦੀ ਬਣੀ ਮਜ਼ਬੂਤ ਤਲਵਾਰ, ਬਰਸ਼ੀ ਆਦਿਕ ਸ਼ਸਤ੍ਰ ਹੀ ਸਾਡੇ ਪੀਰ ਹਨ। ਜੀਵਨ ਦੀ ਬਾਜ਼ੀ ਜਿੱਤਣ ਵਾਸਤੇ ਇਹ ਹਥਿਆਰ ਹੀ ਪੀਰ ਹਨ ਜਦਕਿ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਨ ਕਿ ਸ਼ਬਦ ਹੀ ਗੁਰ, ਪੀਰਾ ਹੈ, ਜਿਸ ਨੇ ਮਨ ਜਿੱਤ ਲਿਆ, ਉਸ ਨੇ ਜਗਤ ਦੇ ਵਿਕਾਰਾਂ ਨੂੰ ਜਿੱਤ ਲਿਆ। ਮਨ; ਸ਼ਬਦ ਨਾਲ ਹੀ ਜਿੱਤਿਆ ਜਾਂਦਾ ਹੈ :

ਤਮ ਜਿਣੈ, ਸਗਲ ਵਸਿ ਤਾ ਕੈ; ਜਾ ਕਾ ਸਤਿਗੁਰੁ ਪੂਰਾ (ਮਹਲਾ /੬੭੯)

ਜਿਸ ਨੇ ਆਤਮ ਜਿੱਤ ਲਿਆ ਉਸ ਨੇ ਆਪਣੇ ਆਪ ਨੂੰ, ਆਪਣੇ ਮਨ ਨੂੰ ਜਿੱਤ ਲਿਆ। ਉਸ ਦੇ ਸਾਰੇ ਵਸ ’ਚ ਹੋ ਜਾਂਦੇ ਹਨ। ਆਪਣੇ ਆਪ ਨੂੰ ਪੂਰੇ ਸਤਿਗੁਰੂ ਨਾਲ ਜਿੱਤਿਆ ਜਾਂਦਾ ਹੈ। ਸੋ ਕੋਈ ਸ਼ਸਤ੍ਰ ਆਦਿਕ ਪੀਰ ਨਹੀਂ, ਸ਼ਬਦ ਹੀ ਗੁਰ ਪੀਰਾ ਹੈ। ਸ਼ਬਦ ਗੁਰੂ ਨਾਲ ਮਨੁੱਖ ਆਪਣੇ ਆਪ ਨੂੰ ਅੰਦਰੋਂ ਦੇਖ ਸਕਦਾ ਹੈ। ਦੂਜਾ ਇਹ ਗੱਲ ਵੀ ਸੱਚ ਹੈ ਕਿ ਗੁਰੂ-ਸ਼ਬਦ ਤੋਂ ਬਿਨਾਂ ਲੋਕ ਦੇਹਧਾਰੀਆਂ ਪਿੱਛੇ ਅਤੇ ਡੇਰਿਆਂ ’ਤੇ ਭਟਕਦੇ ਹੋਏ ਝੱਲੇ ਪਾਗ਼ਲ ਹੋਏ ਫਿਰਦੇ ਹਨ।

ਵਿਚਾਰ:- ਅੱਜ ਦਾ ਮਹੌਲ ਬਹੁਤ ਗੁੰਝਲਦਾਰ ਬਣਾ ਦਿੱਤਾ ਗਿਆ ਹੈ। ਅੱਜ ਪਖੰਡੀ ਦੇਹਧਾਰੀ ਸਾਧ, ਸੰਤ; ਗੁਰੂ ਗ੍ਰੰਥ ਸਾਹਿਬ ਦਾ ਡੇਰਿਆਂ ’ਚ ਪ੍ਰਕਾਸ਼ ਜ਼ਰੂਰ ਕਰਦੇ ਹਨ ਤਾਂ ਕਿ ਭੋਲੇ ਭਾਲੇ ਸਿੱਖਾਂ ਨੂੰ ਭੁਲੇਖੇ ’ਚ ਪਾਇਆ ਜਾ ਸਕੇ। ਆਪਣੇ ਚੇਲਿਆਂ ਰਾਹੀਂ, ਆਪਣੇ ਬਚਨਾਂ ਰਾਹੀਂ ਆਪਣੇ ਆਪ ਨੂੰ ਹੀ ਗੁਹਜ ਢੰਗ ਨਾਲ ਦੱਸਦੇ ਹਨ। ਇਹ ਪਾਖੰਡੀ ਅਤੇ ਚਲਾਕ ਸਾਧ ਗੱਲ ਤਾਂ ਗੁਰਬਾਣੀ ਦੀ ਕਰਦੇ ਹਨ। ਗੱਲ ਇਤਿਹਾਸ ਦੀ ਕਰਦੇ ਹਨ ਤੇ ਲੁਕਮੇ ਢੰਗ ਨਾਲ ਵੱਡਾ ਗੁਰੂ ਆਪਣੇ ਆਪ ਨੂੰ ਪ੍ਰਗਟ ਕਰਦੇ ਹਨ। ਸਿੱਖ ਰਹਿਤ ਮਰਿਆਦਾ ਨਾਲੋਂ ਵੱਖਰੀ ਮਰਿਆਦਾ ਇਨ੍ਹਾਂ ਨੇ ਬਣਾਈ ਹੁੰਦੀ ਹੈ, ਫਿਰ ਵੱਡੇ ਮਹਾਂ ਪੁਰਖਾਂ ਦੀ ਗੱਲ ਕਰਦੇ ਹਨ ਤਾਂ ਕਿ ਲੋਕ ਸਮਝਣ ਜੇ ਵੱਡੇ ਮਹਾਂ ਪੁਰਖ ਮਹਾਨ ਸਨ ਤਾਂ ਇਹ ਵੀ ਮਹਾਨ ਹੋਣਗੇ। ਸ਼ਬਦ ਗੁਰੂ ਨੂੰ ਛੱਡ ਕੇ ਕਵਿਤਾਵਾਂ ਦਾ ਗਾਇਨ, ਕੀਰਤਨ ਕਰਦੇ ਹਨ। ਆਸਰਾ ਗੁਰੂ ਸਾਹਿਬਾਨ ਦਾ ਲੈਂਦੇੇ ਹਨ, ਪਰ ਫੋਟੋਆਂ ਆਪਣੀਆਂ ਵੇਚਦੇ ਹਨ। ਅੱਜ ਅਖੌਤੀ ਸਾਧਾਂ ਸੰਤਾਂ ਦੀ ਬਹੁਤ ਭੀੜ ਹੈ, ਜੋ ਗੁਰੂ ਦੇ ਬਰਾਬਰ ਸ਼ਰੀਕ ਬਣ ਬੈਠੇ ਹਨ। ਇਨ੍ਹਾਂ ਦੇ ਚੇਲੇ ਵੀ ਗੁਰੂ ਬਣਨ ਦੀ ਦੌੜ ਵਿੱਚ ਹਨ। ਚੇਲੇ ਹਰ ਵੇਲੇ ਇਸ ਕੋਸ਼ਸ਼ ’ਚ ਰਹਿੰਦੇ ਹਨ ਕਿ ਅਸੀਂ ਸਿੱਧੇ ਹੀ ਗੁਰੂ ਬਣ ਜਾਈਏ।

ਮੈਂ ਇੱਕ ਗਾਥਾ ਪੜ੍ਹ ਰਿਹਾ ਸੀ ‘ਚੇਲੇ ਤੋਂ ਸਿੱਧੀ ਗੁਰੂ ਬਣਨ ਦੀ ਕੋਸ਼ਸ਼ ਵਿੱਚ’:- ਇੱਕ ਆਮ ਆਦਮੀ ਜਗਿਆਸੂ ਦੇ ਰੂਪ ’ਚ ਇੱਕ ਆਸ਼ਰਮ ਡੇਰੇ ਵਿੱਚ ਗਿਆ। ਡੇਰੇ ਵਿੱਚ ਬਹੁਤ ਚੇਲੇ ਸਨ। ਡੇਰੇ ਦਾ ਇੱਕ ਮੁਖੀ ਸੀ। ਚੇਲੇ ਅਤੇ ਲੋਕ ਉਸ ਨੂੰ ਗੁਰੂ ਕਹਿ ਕੇ ਬੁਲਾਉਂਦੇ ਸਨ। ਲੋਕ ਬਾਹਰੋਂ ਆਉਂਦੇ ਸਨ ਤੇ ਇਸ ਅਖੌਤੀ ਗੁਰੂ ਨੂੰ ਭੇਟਾ ਚੜਾਉਂਦੇ ਅਤੇ ਮੱਥਾ ਟੇਕਦੇ ਸਨ। ਇਸ ਆਮ ਆਦਮੀ ਨੇ ਵੀ ਦੇਖਾ ਦੇਖੀ ’ਚ ਮੱਥਾ ਟੇਕਿਆ ਫਿਰ ਕਿਹਾ ਮਹਾਰਾਜ ਮੈਨੂੰ ਅੰਦਰੋਂ ਅੰਦਰ ਇੱਕ ਪੀੜ ਦੁਖੀ ਕਰ ਰਹੀ ਹੈ ਕਿ ਮੈਂ ਨਿਗੁਰਾ ਹਾਂ। ਮੈਂ ਇਹ ਵੀ ਸੁਣਿਆ ਹੈ ਕਿ ਨਿਗੁਰੇ ਦਾ ਨਾਉ ਬੁਰਾ ਹੁੰਦਾ ਹੈ। ਨਿਗੁਰੇ ਦਾ ਉਧਾਰ ਨਹੀਂ ਹੁੰਦਾ। ਨਿਗੁਰੇ ਦਾ ਦਰਸ਼ਨ ਵੀ ਬੁਰਾ ਹੁੰਦਾ ਹੈ। ਮੈਂ ਤੁਹਾਡੀ ਸ਼ਰਨ ਆਇਆ ਹਾਂ। ਮੈਨੂੰ ਆਪਣਾ ਸ਼ਿਸ਼ ਬਣਾ ਲਵੋ ਤਾਂ ਕਿ ਮੇਰਾ ਵੀ ਉਧਾਰ ਹੋ ਜਾਵੇ। ਅਖੌਤੀ ਗੁਰੂ ਨੇ ਦੇਖ ਲਿਆ ਸੀ ਕਿ ਗਾਹਕ ਫਸ ਗਿਆ ਹੈ, ਕਿਉਂ ਨਾ ਪੂਰਾ ਮੁੱਲ ਵੱਟ ਲਿਆ ਜਾਵੇ। ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਨੇ ਕਿਹਾ ਤੈਨੂੰ ਪਤਾ ਹੈ ਕਿ ਗੁਰੂ ਭਾਗਾਂ ਨਾਲ ਹੀ ਮਿਲਦਾ ਹੈ। ਐਵੇਂ ਗੁਰੂ ਨਹੀਂ ਮਿਲ ਜਾਂਦਾ। ਕਈ ਜਨਮ ਮਨੁੱਖ ਗੁਰੂ ਤੋਂ ਬਗੈਰ ਭਟਕਦਾ ਰਹਿੰਦਾ ਹੈ, ਫਿਰ ਭਾਗਾਂ ਨਾਲ ਗੁਰੂ ਮਿਲਦਾ ਹੈ। ਤੇਰੇ ਵਰਗੇ ਇੱਥੇ ਕਈ ਆਉਂਦੇ ਹਨ, ਪਰ ਕਿਰਪਾ ਤੋਂ ਬਗੈਰ ਮੁੜ ਜਾਂਦੇ ਹਨ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਨੂੰ ਤਨ, ਮਨ, ਧਨ ਸਭ ਕਿਛ ਅਰਪਣ ਕਰਨਾ ਪੈਂਦਾ ਹੈ। ਨਾਲੇ ਇਹ ਪੰਗਤੀ ਪੜ੍ਹ ਦਿੱਤੀ ‘‘ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ; ਹੁਕਮਿ ਮੰਨਿਐ ਪਾਈਐ ’’ (ਮਹਲਾ /੯੧੭)

ਉਸ ਆਮ ਆਦਮੀ ਨੇ ਮੱਥਾ ਟੇਕਿਆ ਅਤੇ ਸਤ ਬਚਨ ਕਿਹਾ। ਉਸ ਗੁਰੂ ਨੇ ਇੱਕ ਚੇਲੇ ਨੂੰ ਕਿਹਾ ਕਿ ਬੱਚਾ ! ਜਾ ਇਸ ਨੂੰ ਆਸ਼ਰਮ ਚੰਗੀ ਤਰ੍ਹਾਂ ਦਿਖਾ ਦੇਹ। ਆਮ ਆਦਮੀ ਨੇ ਫਿਰ ਗੁਰੂ ਨੂੰ ਮੱਥਾ ਟੇਕਿਆ ਤੇ ਚੇਲੇ ਨਾਲ ਡੇਰਾ ਦੇਖਣ ਤੁਰ ਪਿਆ। ਸਾਰੇ ਚੇਲੇ ਪਹਿਲਾਂ ਤੋਂ ਹੀ ਸਿਖਾਏ ਹੋਏ ਸਨ, ਇਹ ਆਮ ਆਦਮੀ ਡੇਰੇ ਵਿੱਚ ਚੇਲਿਆਂ ਨੂੰ ਦੇਖਦਾ ਹੈ। ਹੈਰਾਨ ਅਤੇ ਪਰੇਸ਼ਾਨ ਵੀ ਹੋ ਰਿਹਾ ਹੈ। ਸਿਖਾਇਆ ਹੋਇਆ ਚੇਲਾ ਇਸ ਆਮ ਆਦਮੀ ਨੂੰ ਦਿਖਾਉਂਦਾ ਅਤੇ ਦੱਸਦਾ ਹੈ ਕਿ ਇਸ ਚੇਲੇ ਨੂੰ ਪੁੱਛ ਇਸ ਨੇ ਗੁਰੂ ਲਈ ਕੀ ਕੀਤਾ ਹੈ। ਉਹ ਸਿਖਾਂਦਿਆਂ ਚੇਲਾ ਆਪ ਹੀ ਦੱਸਦਾ ਹੈ ਕਿ ਗੁਰੂ ਲਈ ਮੈਂ ਆਪਣੀ ਸਾਰੀ ਜਾਇਦਾਦ ਆਸ਼ਰਮ ਦੇ ਨਾਂ ’ਤੇ ਲਗਾ ਦਿੱਤੀ ਹੈ। ਦੂਸਰੇ ਚੇਲੇ ਨੇ ਕਿਹਾ ਮੈਂ ਤਾਂ ਆਪਣਾ ਘਰ ਹੀ ਗੁਰੂ ਨੂੰ ਆਰਪਣ ਕਰ ਦਿੱਤਾ ਹੈ। ਤੀਸਰਾ ਚੇਲਾ ਕਹਿੰਦਾ ਹੈ ਕਿ ਮੈਂ ਤਾਂ ਗੁਰੂ ਵਾਸਤੇ ਆਪਣੀ ਪਤਨੀ ਦਾ ਹੀ ਤਿਆਗ ਕਰ ਦਿੱਤਾ ਹੈ। ਚੌਥੇ ਚੇਲੇ ਨੇ ਕਿਹਾ ਕਿ ਮੈਂ ਗੁਰੂ ਵਾਸਤੇ ਆਪਣੇ ਪਰਵਾਰ ਦਾ ਹੀ ਤਿਆਗ ਕਰ ਦਿੱਤਾ ਹੈ। ਕਿਸੇ ਚੇਲੇ ਨੇ ਕੁਝ ਕਿਹਾ ਤੇ ਕਿਸੇ ਨੇ ਕੁਝ ਕਿਹਾ। ਇਹ ਆਮ ਆਦਮੀ ਹੋਰ ਵੀ ਪਰੇਸ਼ਾਨ ਹੋ ਗਿਆ ਕਿ ਮੈ ਤਾਂ ਇਸ ਤਰ੍ਹਾਂ ਦੀ ਤਿਆਰੀ ਨਾਲ ਆਇਆ ਨਹੀਂ। ਅੰਦਰੋਂ ਅੰਦਰ ਸੋਚਦਾ ਹੈ ਕਿ ਚੇਲੇ ਕਿੰਨੀ ਬਿਪਤਾ ਵਿੱਚ ਹਨ। ਗੁਰੂ ਕਿੰਨਾ ਆਰਾਮ ਵਿੱਚ ਹੈ। ਇਸ ਆਮ ਆਦਮੀ ਦੀ ਸੋਚ ਬਹੁਤ ਅੱਗੇ ਚਲੀ ਗਈ। ਜਿਸ ਤਰ੍ਹਾਂ ਕਿਸੇ ਦੀ ਨਜ਼ਰ ਇੱਕ ਰੁਪਏ ਤੋਂ ਸਿੱਧੀ ਲੱਖਾਂ ’ਤੇ ਜਾ ਪਵੇ। ਇਹ ਆਮ ਆਦਮੀ ਪੂਰੇ ਆਸ਼ਰਮ ਦਾ ਚੱਕਰ ਲਾ ਕੇ ਵਾਪਸ ਗੁਰੂ ਕੋਲ ਆ ਗਿਆ। ਆ ਕੇ ਮੱਥਾ ਟੇਕਿਆ ਕਹਿਣ ਲੱਗਾ ਮੈਂ ਸੁਣਿਆ ਹੈ ਕਿ ਗੁਰੂ ਪਾਰਸ ਹੁੰਦਾ ਹੈ। ਅਖੌਤੀ ਗੁਰੂ ਖੁਸ਼ ਹੋ ਗਿਆ। ਅੰਦਰੋਂ ਅੰਦਰ ਸੋਚਿਆ ਕਿ ਲਓ ਗੱਲ ਬਣ ਗਈ ਹੈ। ਗਾਹਕ ਫਸ ਗਿਆ ਹੈ। ਕਹਿਣ ਲੱਗਾ ਹਾਂ ਬੱਚਾ ! ਗੁਰੂ ਪਾਰਸ ਹੀ ਹੁੰਦਾ ਹੈ। ਆਮ ਆਦਮੀ ਨੇ ਕਿਹਾ ਮਹਾਰਾਜ ! ਮੈਂ ਇਹ ਵੀ ਸੁਣਿਆ ਹੈ ਕਿ ਗੁਰੂ ਤਾਂ ਪਾਰਸ ਤੋਂ ਵੀ ਮਹਾਨ ਹੁੰਦਾ ਹੈ। ਪਾਰਸ ਲੋਹੇ ਨੂੰ ਸੋਨਾ ਤਾਂ ਬਣਾ ਦਿੰਦਾ ਹੈ, ਪਰ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ। ਗੁਰੂ ਵਿੱਚ ਇਹ ਵਡਿਆਈ ਹੈ ਕਿ ਉਹ ਚੇਲੇ ਨੂੰ ਆਪਣੇ ਵਰਗਾ ਹੀ ਬਣਾ ਲੈਂਦਾ ਹੈ। ਚੇਲੇ ਨੇ ਵੀ ਗੁਰਬਾਣੀ ਦੀ ਇਹ ਪੰਕਤੀ ਪੜ੍ਹ ਦਿੱਤੀ

ਗੁਰੂ ਸਿਖੁ, ਸਿਖੁ ਗੁਰੂ ਹੈ ਏਕੋ; ਗੁਰ ਉਪਦੇਸ ਚਲਾਏ

ਰਾਮ ਨਾਮ ਮੰਤੁ ਹਿਰਦੈ ਦੇਵੈ; ਨਾਨਕ  ! ਮਿਲਣੁ ਸੁਭਾਏ (ਮਹਲਾ /੪੪੨)

ਅਖੌਤੀ ਗੁਰੂ ਹੋਰ ਵੀ ਖੁਸ਼ ਹੋ ਗਿਆ ਤੇ ਕਹਿਣ ਲੱਗਾ ਕਿ ਹਾਂ ਬੱਚਾ ! ਗੁਰੂ ਵਿੱਚ ਇਹ ਸਮਰੱਥਾ, ਤਾਕਤ ਹੈ ਕਿ ਉਹ ਚੇਲੇ ਨੂੰ ਆਪਣੇ ਵਰਗਾ ਹੀ ਬਣਾ ਲੈਂਦਾ ਹੈ। ਇਸ ਆਮ ਆਦਮੀ ਨੇ ਹੱਥ ਜੋੜੇ ਤੇ ਮੱਥਾ ਟੇਕ ਕੇ ਕਹਿਣ ਲੱਗਾ ਮਹਾਰਾਜ  ! ਮੈਨੂੰ ਤੁਸੀਂ ਸਿੱਧੇ ਗੁਰੂ ਹੀ ਬਣਾ ਲਵੋ। ਮੈਂ ਚੇਲਿਆਂ ਵਾਲੀ ਬਿਪਤਾ ਵਿੱਚ ਨਹੀਂ ਪੈਣਾ ਚਾਹੁੰਦਾ। ਸੋ ਐਸਾ ਤਮਾਸ਼ਾ ਥਾਂ ਥਾਂ ’ਤੇ ਹੋ ਰਿਹਾ ਹੈ। ਸਕੂਲ ਵਿੱਚ ਦਾਖਲਾ ਲਿਆ ਨਹੀਂ, ਕਹਿੰਦਾ ਮੈਨੂੰ ਸਿੱਧੇ ਪ੍ਰਿੰਸੀਪਲ ਹੀ ਲਗਵਾ ਲਵੋ। ਫੌਜ ਵਿੱਚ ਭਰਤੀ ਹੋਇਆ ਨਹੀਂ ਕਹਿੰਦਾ ਮੈਨੂੰ ਸਿੱਧੇ ਚੀਫ ਕਮਾਂਡਰ ਲਾ ਲਵੋ। ਸਿੱਖ ਬਣਦੇ ਨਹੀਂ, ਸਿੱਧੇ ਬ੍ਰਹਮ ਗਿਆਨੀ ਤੇ ਸੰਤ ਬਣ ਬੈਠਦੇ ਹਨ। ਤੁਸੀਂ ਹੋਰ ਵੀ ਹੈਰਾਨ ਹੋਵੋਗੇ ਕਿ ਅੱਜ ਮਹੌਲ ਹੋਰ ਵੀ ਗੰਭੀਰ ਅਤੇ ਅਜੀਬ ਬਣ ਰਿਹਾ ਹੈ। ਹੁਣ ਤਾਂ ਗੁਰੂ ਤੋਂ ਵੀ ਅਗਲੀ ਗੱਲ ਹੋ ਰਹੀ ਹੈ। ਉਹ ਹੈ ਗੁਰੂ ਤੋਂ ਭੀ ਅੱਗੇ ਸਿੱਧਾ ਭਗਵਾਨ ਬਣਨ ਦੀ। ਲਓ ਸੁਣੋ :

ਗੁਰੂ ਤੋਂ ਵੀ ਅੱਗੇ ਖੁਦਾ ਬਣਨ ਦੀ ਗੱਲ:- ਇਸਲਾਮਿਕ ਦੇਸ਼ ਸੀ। ਇੱਕ ਆਦਮੀ ਚੌਂਕ ਵਿੱਚ ਖੜ੍ਹਾ ਹੋ ਕੇ ਰੌਲਾ ਪਾ ਰਿਹਾ ਸੀ ਕਿ ਮੈਂ ਰਸੂਲ ਪੈਗੰਬਰ ਹਾਂ। ਮੈਂ ਖੁਦਾ ਦਾ ਭੇਜਿਆ ਰਹਿਬਰ ਹਾਂ। ਮੈਨੂੰ ਆਪ ਖੁਦਾ ਨੇ ਖਲਕਤ ਨੂੰ ਸਿੱਧਾ ਰਸਤਾ (ਸਿਰਾਤੇ ਮੁਸਤਕੀਅਮ/ਸਿਰਾਤੁਲ ਮੁਸਤਕੀਅਮ) ਦਿਖਾਉਣ ਲਈ ਭੇਜਿਆ ਹੈ। ਇਸਲਾਮਿਕ ਦੇਸ਼ ਹੋਣ ਕਰਕੇ ਸਿਪਾਹੀਆਂ ਨੇ ਫੜ ਕੇ ਕੈਦ ਵਿੱਚ ਪਾ ਦਿੱਤਾ। ਪੰਜ ਦਸ ਦਿਨ ਭੁੱਖਾ ਰੱਖਿਆ, ਫਿਰ ਪੁੱਛਿਆ ਹੁਣ ਦੱਸ ਰਹਿਬਰ ਪੈਗੰਬਰ ਹੋਣ ਦਾ ਭਰਮ ਗਿਆ ਜਾਂ ਨਹੀਂ ? ਉਹ ਪੈਗੰਬਰ; ਸਿਪਾਹੀ ਨੂੰ ਕਹਿਣ ਲੱਗਾ ਭਰਮ ਕਾਹਦਾ; ਮੈਂ ਹਾਂ ਹੀ ਪੈਗੰਬਰ, ਜਿੰਨੇ ਵੀ ਪੈਗੰਬਰ ਆਏ ਹਨ। ਸਾਰਿਆਂ ਨੂੰ ਦੁੱਖ ਤਸੀਹੇ ਸਹਾਰਨੇ ਪਏ ਹਨ। ਹਜਰਤ ਮੁਹੰਮਦ ਸਾਹਿਬ, ਹਜਰਤ ਮੂਸਾ, ਹਜਰਤ ਇਬਰਾਹੀਮ, ਈਸਾ ਮਸੀਹ, ਕਬੀਰ ਰਹੀਮ ਆਦਿ ਸਭ ਨੂੰ ਤਸੀਹੇ ਝੱਲਣੇ ਪਏ ਹਨ। ਜੇ ਮੈਨੂੰ ਤਸੀਹੇ ਝੱਲਣੇ ਪੈ ਰਹੇ ਹਨ, ਇਸ ਵਿੱਚ ਕੋਈ ਵੱਖਰੀ ਗੱਲ ਨਹੀਂ ਹੈ। ਮੈਨੂੰ ਖੁਦਾ ਨੇ ਆਪ ਭੇਜਿਆ ਹੈ। ਉਸੇ ਵੇਲੇ, ਨਾਲ ਹੀ ਕਾਲ-ਕੋਠੜੀ ਵਿੱਚੋਂ ਆਵਾਜ਼ ਆਈ ਕਿ ਸ਼ੁਰਤਾ ! ਇਸ ਪੈਗੰਬਰ ’ਤੇ ਇਤਬਾਰ ਨਾ ਕਰੀ। ਇਸ ਨੂੰ ਮੈਂ ਨਹੀਂ ਭੇਜਿਆ। ਇਹ ਕੁਫਰ ਤੋਲ ਰਿਹਾ ਹੈ। ਮੈਨੂੰ ਬਿਲਕੁਲ ਯਾਦ ਹੈ ਕਿ ਕਿਸ ਕਿਸ ਨੂੰ ਜਗਤ ਵਿੱਚ ਮੈਂ ਭੇਜਿਆ ਹੈ। ਮੈਂ ਹਜ਼ਰਤ ਮੁਹੰਮਦ ਸਾਹਿਬ ਨੂੰ, ਹਜਰਤ ਇਬਰਾਹੀਮ ਨੂੰ, ਹਜਰਤ ਮੂਸਾ ਨੂੰ, ਈਸਾ ਮਸੀਹ ਨੂੰ, ਕਬੀਰ ਰਹੀਮ ਨੂੰ ਭੇਜਿਆ ਹੈ। ਮੈਨੂੰ ਇੱਕ ਇੱਕ ਨਾਮ ਯਾਦ ਹੈਂ। ਇਸ ਨੂੰ ਮੈਂ ਨਹੀਂ ਭੇਜਿਆ। ਇਹ ਕੁਫਰ ਤੋਲ ਰਿਹਾ ਹੈ। ਕੁਫਰ ਤੋਲਣ ਲਈ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਨੂੰ ਫਤਵਾ ਦਿੱਤਾ ਜਾਵੇ।ਇਹ ਕਾਫਰ ਹੈ। ਸੋ ਹੱਦ ਹੋ ਗਈ ਕਿ ਅੱਜ ਦੇ ਮਹੌਲ ਵਿੱਚ ਇੱਕ ਪੈਗੰਬਰ ਬਣਿਆ ਹੈ। ਦੂਸਰਾ ਖੁਦਾ ਹੋਣ ਦਾ ਦਾਅਵਾ ਕਰ ਰਿਹਾ ਹੈ। ਸਾਰੇ ਧਰਮਾਂ ਵਿੱਚ ਇਹ ਤਮਾਸ਼ਾ ਚੱਲ ਰਿਹਾ ਹੈ। ਇਕ ਬ੍ਰਹਮ ਗਿਆਨੀ ਬਣਿਆ ਹੈ। ਦੂਜਾ ਪੂਰਨ ਬ੍ਰਹਮ ਗਿਆਨੀ ਹੈ। ਤੀਜਾ ਗੁਰੂ ਬਣਿਆ ਹੈ। ਚੌਥਾ ਭਗਵਾਨ ਬਣਿਆ ਹੈ; ਜਿਵੇਂ ਕਿ ਭਗਵਾਨ ਵਿਸ਼ਨੂ, ਭਗਵਾਨ ਰਾਮ, ਭਗਵਾਨ ਰਜਨੀਸ਼, ਆਦਿ। ਸੱਚ ਜਾਣਿਓ ਇਨ੍ਹਾਂ ਨੇ ਲੋਕਾਂ ਨੂੰ ਕੁਰਾਹੇ ਪਾਇਆ ਹੋਇਆ ਹੈ। ਇਸ ਸਮਾਜ ਨੂੰ ਮੱਸਿਆ ਦੀ ਰਾਤ ਵਰਗਾ ਬਣਾਇਆ ਹੋਇਆ ਹੈ। ਹਰ ਪਾਸੇ ਅਗਿਆਨਤਾ ਦਾ ਹਨ੍ਹੇਰਾ ਹੈ। ਹਰ ਪਾਸੇ ਵਹਿਮ ਭਰਮਾਂ ਦਾ ਜਾਲ ਹੈ। ਹਰ ਪਾਸੇ ਧਰਮ ਦੇ ਨਾਮ ’ਤੇ ਲੁੱਟ ਹੋ ਰਹੀ ਹੈ। ਹਰ ਪਾਸੇ ਕਰਮਕਾਂਡਾਂ ਦੀ ਭਰਮਾਰ ਹੈ। ਹਰ ਧਰਮ ’ਚ ਗੁਰੂਆਂ ਤੇ ਸਾਧਾਂ ਦੇ ਵੱਗ ਫਿਰਦੇ ਹਨ। ਅੱਜ ਸਿੱਖਾਂ ਵਿੱਚ ਵੀ ਬਹੁਤ ਭਰਮ ਫੈਲਿਆ ਹੈ। ਗੁਰੂ ਕੌਣ ਹੈ  ? ਗੁਰੂ ਕਿਸ ਤਰ੍ਹਾਂ ਦਾ ਹੈ  ? ਗੁਰੂ ਕਿਉਂ ਹੈ  ? ਦੇਹਧਾਰੀ ਗੁਰੂਆਂ ਨੂੰ ਤੇ ਉਨਾਂ ਦੇ ਚੇਲਿਆਂ ਨੂੰ ਪੁੱਛੋ। ਗੁਰੂ ਨਾਨਕ ਸਾਹਿਬ ਆਪ ਆਖਦੇ ਹਨ ਕਿ ਸਾਡਾ ਗੁਰੂ ‘ਸ਼ਬਦ’ ਹੈ। ਤੁਸੀਂ ਵੀ ਸ਼ਬਦ ਨੂੰ ਗੁਰੂ ਮੰਨ ਲਵੋ। ਉਹ ਅੱਗੋਂ ਸਵਾਲ ਕਰਨਗੇ ਕਿ ਦੱਸੋ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕਿਹੜਾ ਸ਼ਬਦ ਹੈ  ? ਗੁਰੂ ਨਾਨਕ ਸਾਹਿਬ ਕੋਲ ਤਾਂ 15 ਭਗਤਾਂ ਦੇ ਤੇ ਉਨਾਂ ਵੱਲੋਂ ਅਨੇਕ ਉਚਾਰਨ ਕੀਤੇ ਸ਼ਬਦ ਸਨ। ਉਨ੍ਹਾਂ ਨੇ ਅਨੇਕ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ; ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਹੈ ? ਜਦੋਂ ਸਾਨੂੰ ਜਵਾਬ ਨਹੀਂ ਆਵੇਗਾ ਤਾਂ ਉਨਾਂ ਦਾ ਦਾਅ ਲੱਗ ਜਾਵੇਗਾ। ਇਸ ਦਾ ਜਵਾਬ ਬਹੁਤ ਘੱਟ ਸਿੱਖਾਂ ਨੂੰ ਪਤਾ ਹੈ। ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਕਿਹੜਾ ਸ਼ਬਦ ਗੁਰੂ ਹੈ ? ਬਹੁਤ ਵੱਡਾ ਸਵਾਲ ਹੈ। ਬਹੁਤ ਗੰਭੀਰ ਸਵਾਲ ਹੈ। ਹੈ ਵੀ ਬਾਰੀਕ, ਪਰ ਸਮਝਣ ਵਾਲਾ ਹੈ। ਇਸ ਸੰਦਰਭ ਵਿੱਚ ਬਹੁਤ ਧਿਆਨ ਨਾਲ, ਬਹੁਤ ਗੰਭੀਰਤਾ ਨਾਲ ਸੁਣਨਾ।

ਪਹਿਲੀ ਗੱਲ ਇਹ ਬਾਣੀ ਗੁਰੂ ਸਾਹਿਬ ਦੀ ਆਪਣੀ ਕਲਪਨਾ ਨਹੀਂ ਹੈ। ਇਹ ਰੱਬੀ ਬਾਣੀ ਹੈ। ਗੁਰੂ ਸਾਹਿਬ ਇਕ ਮਾਧਿਅਮ ਸਨ ਫੁਰਮਾਨ ਹੈ :-

ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ (ਮਹਲਾ /੭੨੨)

ਭਾਵ ਹੇ ਭਾਈ ਲਾਲੋ ਜੀ ! ਸਤਸੰਗੀ ਜਨੋ  ! ਜਿਸ ਤਰ੍ਹਾਂ ਮੈਨੂੰ ਅੰਦਰੋਂ ਅਕਾਲ ਪੁਰਖ ਦਾ ਗਿਆਨ ਆਉਂਦਾ ਹੈ, ਅਸੀਂ ਉਸੇ ਤਰ੍ਹਾਂ ਖਸਮ ਦੀ ਬਾਣੀ ਦਾ ਸੁਨੇਹਾ ਲੁਕਾਈ ਤੱਕ ਪਹੁੰਚਾਉਂਦੇ ਹਾਂ। ਆਪਣੇ ਕੋਲੋਂ ਕੁਝ ਵੀ ਨਹੀਂ ਕਹਿੰਦੇ। ਫੁਰਮਾਨ ਹੈ :-

ਹਉ ਆਪਹੁ ਬੋਲਿ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ   

ਹਰਿ ਭਗਤਿ ਖਜਾਨਾ ਬਖਸਿਆ; ਗੁਰਿ ਨਾਨਕਿ ਕੀਆ ਪਸਾਉ ਜੀਉ (ਮਹਲਾ /੭੬੩)

ਭਾਵ ਅਕਾਲ ਪੁਰਖ ਨੇ ਬਖਸ਼ਸ਼ ਕਰ ਕੇ ਨਾਮ ਬਾਣੀ ਦਾ ਖਜ਼ਾਨਾ ਗੁਰੂ ਨੂੰ ਸੌਂਪਿਆ। ਗੁਰੂ ਸਾਹਿਬ ਕਹਿੰਦੇ ਹਨ ਕਿ ਮੈ ਆਪ ਬੋਲਣਾ ਨਹੀਂ ਜਾਣਦਾ, ਜੋ ਅਕਾਲ ਪੁਰਖ ਹੁਕਮ ਕਰਦਾ ਹੈ, ਉਹੀ ਕੁਝ ਬੋਲਦਾ ਹਾਂ :-

ਜਿਉ ਬੋਲਾਵਹਿ ਤਿਉ ਬੋਲਹ ਸੁਆਮੀਕੁਦਰਤਿ ਕਵਨ ਹਮਾਰੀ  

ਸਾਧ ਸੰਗਿ ਨਾਨਕ ਜਸੁ ਗਾਇਓ; ਜੋ ਪ੍ਰਭ ਕੀ ਅਤਿ ਪਿਆਰੀ (ਮਹਲਾ /੫੦੭)

ਭਾਵ ਸਾਡੇ ਵਿੱਚ ਕੋਈ ਐਸੀ ਕੁਦਰਤ (ਸਮਰੱਥਾ) ਨਹੀਂ ਹੈ, ਜੋ ਆਪ ਕੁਝ ਕਹਿ ਸਕੀਏ ਇਹ ਤਾਂ ਜਿਵੇਂ ਅਕਾਲ ਪੁਰਖ ਬੁਲਾਉਂਦਾ ਹੈ ਤਿਵੇਂ ਹੀ ਅਸੀਂ ਲੁਕਾਈ ਨੂੰ ਅਕਾਲ ਪੁਰਖ ਦਾ ਹੁਕਮ ਸੁਣਾਉਂਦੇ ਹਾਂ। ਇਹ ਧੁਰ ਅਕਾਲ ਪੁਰਖ ਦੀ ਬਾਣੀ ਹੈ। ਅਕਾਲ ਪੁਰਖ ਤੋਂ ਆਈ ਹੈ। ਫੁਰਮਾਨ ਹੈ :-

ਧੁਰ ਕੀ ਬਾਣੀ ਆਈ ਤਿਨਿ ਸਗਲੀ ਚਿੰਤ ਮਿਟਾਈ    

ਦਇਆਲ ਪੁਰਖ ਮਿਹਰਵਾਨਾ ਹਰਿ ਨਾਨਕ ਸਾਚੁਵਖਾਨਾ (ਮਹਲਾ /੬੨੭)

ਜਿਸ ਵੀ ਮਨੁੱਖ ਦੇ ਜੀਵਨ ਅੰਦਰ ਇਹ ਅਕਾਲ ਪੁਰਖ ਦੀ ਬਾਣੀ ਵਸ ਗਈ ਹੈ, ਉਸ ਨੇ ਆਪਣੀਆਂ ਸਾਰੀਆਂ ਚਿੰਤਾਵਾਂ ਮੁਕਾ ਲਈਆਂ ਹਨ। ਇੱਥੇ ਇੱਕ ਆਮ ਜਗਿਆਸੂ ਦੇ ਮਨ ਵਿੱਚ ਸਵਾਲ ਉੱਠਦਾ ਹੈ ਕਿ ਇਹ ਰੱਬੀ ਬਾਣੀ ਗੁਰੂ ਸਾਹਿਬ ਕੋਲ ਕਿਵੇਂ ਆਉਂਦੀ ਹੋਵੇਗੀ। ਗੁਰੂ ਸਾਹਿਬ ਅੱਖਾਂ ਬੰਦ ਕਰਕੇ ਬੈਠਦੇ ਹੋਣਗੇ ਜਾਂ ਫਿਰ ਉਨ੍ਹਾਂ ਨੂੰ ਕੋਈ ਆਕਾਸ਼ਬਾਣੀ ਹੁੰਦੀ ਹੋਵੇਗੀ ਜਾਂ ਕੋਈ ਉਨ੍ਹਾਂ ਨੂੰ ਕੋਈ ਗੈਬੀ ਆਵਾਜ਼ ਸੁਣਾਈ ਦਿੰਦੀ ਹੋਵੇਗੀ। ਇਹ ਬਾਣੀ ਕਿਵੇਂ ਆਈ ਹੈ ? ਕਿਸ ਤਰ੍ਹਾਂ ਆਈ ਹੋਵੇਗੀ ? ਇਸ ਨੂੰ ਗੁਰੂ ਸਾਹਿਬ ਨੇ ਹੀ ਦੱਸਿਆ ਹੈ। ਫੁਰਮਾਨ ਹੈ :

ਗੁਰ ਮਹਿ ਆਪੁ ਸਮੋਇ; ਸਬਦੁ ਵਰਤਾਇਆ ਸਚੇ ਹੀ ਪਤੀਆਇ; ਸਚਿ ਸਮਾਇਆ (ਮਹਲਾ /੧੨੭੯)

ਪ੍ਰਭੂ ਆਪਣੇ ਆਪ ਨੂੰ ਗੁਰੂ ਵਿੱਚ ਸਮਾ ਕੇ ਫਿਰ ਗੁਰੂ ਸਾਹਿਬ ਦੇ ਅੰਦਰੋਂ ਬਾਣੀ ਦੀ ਦਾਤ ਜਗਤ ਵਿੱਚ ਵਰਤਾਉਂਦਾ ਹੈ। ਗੁਰੂ ਸਦੀਵੀ ਸਥਿਰ ਕਰਤਾਰ ਵਿੱਚ ਪਤੀਜ ਕੇ ਉਸੇ ਵਿੱਚ ਜੁੜਿਆ ਰਹਿੰਦਾ ਹੈ ਭਾਵ ਕੇਵਲ ਰੱਬੀ ਗੁਣਾਂ ਦੀ ਹੀ ਲੋਕਾਂ ਸਾਮ੍ਹਣੇ ਗੱਲ ਕਰਦਾ ਹੈ :

ਗੁਰ ਮਹਿ ਆਪੁ ਰਖਿਆ ਕਰਤਾਰੇ ਗੁਰਮੁਖਿ ਕੋਟਿ ਅਸੰਖ ਉਧਾਰੇ (ਮਹਲਾ /੧੦੨੩)

ਕਰਤਾਰ ਪਰਮੇਸ਼ਰ ਨੇ ਆਪਣੇ ਆਪ ਨੂੰ ਗੁਰੂ ਸਾਹਿਬ ਅੰਦਰ ਵਸਾਇਆ ਹੈ। ਇਸੇ ਸਦਕਾ ਗੁਰਮੁਖ ਗੁਰੂ ਨੇ ਸ਼ਬਦ ਬਾਣੀ ਰਾਹੀਂ ਕਰੋੜਾਂ ਲੋਕਾਂ ਦਾ ਉਧਾਰ ਕੀਤਾ ਹੈ। ਸੋ ਅਕਾਲ ਪੁਰਖ ਗੁਰੂ ਅੰਦਰ ਸਮਾਇਆ ਹੈ, ਇਸ ਲਈ ਗੁਰੂ ਅੰਦਰੋਂ ਅਕਾਲ ਪੁਰਖ ਹੀ ਬੋਲਦਾ ਹੈ। ਗੁਰੂ ਅੰਦਰ ਅਕਾਲ ਪੁਰਖ ਪ੍ਰਤੱਖ ਵਸਦਾ ਹੈ :

ਜੋ ਪਾਵਹਿ ਭਾਂਡੇ ਵਿਚਿ ਵਸਤੁ, ਸਾ ਨਿਕਲੈ; ਕਿਆ ਕੋਈ ਕਰੇ ਵੇਚਾਰਾ ?    

ਜਨ ਨਾਨਕ ਕਉ ਹਰਿ ਬਖਸਿਆ; ਹਰਿ ਭਗਤਿ ਭੰਡਾਰਾ (ਮਹਲਾ /੪੪੯)

ਭਾਂਡੇ ਵਿੱਚ ਜੋ ਵਸਤ ਹੋਵੇ, ਕੜਛੀ ਭੀ ਉਹੀ ਵਰਤਾਏਗੀ। ਗੁਰੂ ਸਾਹਿਬ ਅੰਦਰ ਅਕਾਲ ਪੁਰਖ ਹੀ ਅਕਾਲ ਪੁਰਖ ਹੈ, ਇਸ ਲਈ ਗੁਰੂ ਦੀ ਰਸਨਾ ਰਾਹੀਂ ਅਕਾਲ ਪੁਰਖ ਦੀ ਆਵਾਜ਼ ਹੀ ਆਈ ਹੈ। ਗੁਰਬਾਣੀ ਅਕਾਲ ਪੁਰਖ ਦੇ ਬੋਲ ਹਨ। ਫੁਰਮਾਨ ਹੈ :

ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਕੋਇ

ਵਾਹੁ ਵਾਹੁ ਅਗਮ ਅਥਾਹੁ ਹੈ; ਵਾਹੁ ਵਾਹੁ ਸਦਾ ਸੋਇ (ਮਹਲਾ /੫੧੫)

ਬਿਸਮਾਦ ਅਤੇ ਅਸਚਰਜ ਪੈਦਾ ਕਰਨ ਵਾਲੀ ਗੁਰਬਾਣੀ; ਅਕਾਲ ਪੁਰਖ ਦਾ ਰੂਪ ਹੈ। ਉਸ ਅਕਾਲ ਪੁਰਖ ਵਰਗਾ ਨਿਰਮਲ ਕੋਈ ਹੋਰ ਨਹੀਂ, ਇਸ ਲਈ ਗੁਰਬਾਣੀ ਵਰਗੀ ਭੀ ਹੋਰ ਕੋਈ ਪਵਿੱਤਰ ਅਤੇ ਅਟੱਲ ਸਚਾਈ ਨਹੀਂ ਹੈ। ਅਕਾਲ ਪੁਰਖ ਅਟਲ ਤੇ ਸਤਿ ਸਰੂਪ ਹੈ। ਗੁਰਬਾਣੀ ਭੀ ਅਟੱਲ ਸਚਾਈ ਹੈ। ਜੋ ਗੁਰੂ ਸਾਹਿਬ ਰਾਹੀਂ ਪ੍ਰਗਟ ਹੋਈ ਹੈ :

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ !

ਹਰਿ ਕਰਤਾ ਆਪਿ ਮੁਹਹੁ ਕਢਾਏ (ਮਹਲਾ /੩੦੮)

ਭਾਵ ਅਕਾਲ ਪੁਰਖ ਦੀ ਇਹ ਬਾਣੀ ਅਟੱਲ ਹੈ। ਕਰਤਾ ਪੁਰਖ ਨੇ ਆਪ ਗੁਰੂ ਅੰਦਰ ਵਸ ਕੇ ਗੁਰੂ ਦੇ ਮੂਹੋਂ ਅਖਵਾਈ ਹੈ। ਸੋ ਇਹ ਬਾਣੀ (ਬੋਲੀ) ਗੁਰੂ ਦੀ ਨਹੀਂ ਹੈ। ਗੁਰੂ ਦੀ ਰਾਹੀਂ ਅਕਾਲ ਪੁਰਖ ਦੀ ਹੈ।

ਦੂਸਰਾ ਨੁਕਤਾ ਹੈ ‘ਸ਼ਬਦ ਦੇ ਅਰਥ’:- ਗੁਰਬਾਣੀ ਅੰਦਰ ‘ਸ਼ਬਦ’ ਦੇ ਅਨੇਕਾਂ ਅਰਥ ਹਨ। ਸ਼ਬਦ ਦੇ ਅਰਥ ‘ਪਰਮਾਤਮਾ, ਹੁਕਮ, ਬਾਣੀ, ਸੱਚ, ਓਅੰਕਾਰ, ਨੂਰ ਆਦਿ ਹਨ। ਇਹ ਸਾਰੇ ਨਾਮ ਸਤ ਪੁਰਖਾਂ ਨੇ ਗੁਣਾਂ ਅਤੇ ਕਰਮਾਂ ਦੇ ਆਧਾਰ ’ਤੇ ਰੱਖੇ ਹਨ। ਜੈਸਾ ਫੁਰਮਾਨ ਹੈ :

ਕਿਰਤਮ ਨਾਮ ਕਥੇ ਤੇਰੇ ਜਿਹਬਾ ਸਤਿ ਨਾਮੁ ਤੇਰਾ ਪਰਾ ਪੂਰਬਲਾ (ਮਹਲਾ /੧੦੮੨)

ਭਾਵ ਹੇ ਅਕਾਲ ਪੁਰਖ ਜੀ ! ਸਾਡੀ ਰਸਨਾ ਤੇਰੇ ਕਿਰਤਮ ਨਾਮ ਹੀ ਬਿਆਨ ਕਰ ਸਕਦੀ ਹੈ ਜਾਂ ਫਿਰ ਗੁਣਾਤਮਕ ਨਾਮ ਕਥਨ ਕਰ ਸਕਦੀ ਹੈ। ਜਾਪ ਸਾਹਿਬ ਦੇ ਆਰੰਭਕ ਬਚਨ ਹਨ :

ਤ੍ਰਿਭਵਣ ਮਹੀਪ ਸੁਰ ਨਰ ਅਸੁਰ; ਨੇਤ ਨੇਤ ਬਨ ਤ੍ਰਿਣ ਕਹਤ    

ਤਵ ਸਰਬ ਨਾਮ ਕਥੈ ਕਵਨ  ? ਕਰਮ ਨਾਮ ਬਰਨਤ ਸੁਮਤਿ (ਜਾਪ ਸਾਹਿਬ)

ਭਾਵ ਭਲੀ ਮਤ ਵਾਲਿਆਂ ਨੇ ਤੇਰੇ ਗੁਣਾਂ ਅਤੇ ਕਰਮਾਂ ਨੂੰ ਜਾਣ ਕੇ ਤੇਰੇ ਅਨੇਕ ਨਾਮ ਵਰਣਨ ਕੀਤੇ ਹਨ। ਹਾਂ ਇੰਨਾ ਜ਼ਰੂਰ ਹੈ ਕਿ ਕੋਈ ਇੱਕ ਐਸਾ ਨਾਮ ਨਹੀਂ ਹੈ, ਜੋ ਅਕਾਲ ਪੁਰਖ ਦੀ ਮੁਕੰਮਲ ਹਸਤੀ ਨੂੰ ਬਿਆਨ ਕਰ ਸਕੇ। ਫੁਰਮਾਨ ਹੈ :

ਕੰਠੇ ਮਾਲਾ ਜਿਹਵਾ ਰਾਮ ਸਹੰਸ ਨਾਮੁ ਲੈ ਲੈ ਕਰਉ ਸਲਾਮੁ (ਭਗਤ ਕਬੀਰ ਜੀ/੪੭੮)

ਭਾਵ ਕਬੀਰ ਸਾਹਿਬ ਆਖਦੇ ਹਨ ਕਿ ਮੈਂ ਅਕਾਲ ਪੁਰਖ ਦੇ ਅਨੰਤ ਨਾਮ ਲੈ ਲੈ ਕੇ ਉਸ ਨੂੰ ਨਮਸਕਾਰ ਕਰਦਾ ਹਾਂ। ਜਾਪ ਸਾਹਿਬ ਵਿੱਚ ਵੀ ਐਸਾ ਹੀ ਵਰਣਨ ਕੀਤਾ ਹੋਇਆ ਹੈ। ਹੁਣ ਮੈਂ ਅਕਾਲ ਪੁਰਖ ਦੇ ਵੱਖ ਵੱਖ ਨਾਮ ਗੁਰਬਾਣੀ ਵਿੱਚੋਂ ਦੱਸਾਂਗਾ ਤਾਂ ਕੇ ਸ਼ਬਦ ਦੇ ਅਰਥ ਸਾਨੂੰ ਸਮਝ ਪੈ ਜਾਣ।  ਗੁਰਬਾਣੀ ਅੰਦਰ ਨਾਮ ਦਾ ਅਰਥ ਪਰਮਾਤਮਾ ਭੀ ਹੈ। ਫੁਰਮਾਨ ਹੈ :

ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ (ਮਹਲਾ /੨੮੩)

ਭਾਵ ਨਾਮ ਦੇ ਧਾਰੇ (ਆਸਰੇ) ਹੀ ਸਾਰੇ ਜੀਵ ਜੰਤ ਹਨ। ਨਾਮ ਦੇ ਹੀ ਸਹਾਰੇ ਸਾਰੇ ਖੰਡ ਬ੍ਰਹਮੰਡ ਹਨ ਭਾਵ ਪਰਮਾਤਮਾ ਦੇ ਸਹਾਰੇ ਸਾਰੇ ਜੀਵ ਜੰਤ, ਖੰਡ, ਬ੍ਰਹਮੰਡ ਆਦਿ ਹਨ। ਇੱਥੇ ਨਾਮ ਦਾ ਅਰਥ ਪਰਮਾਤਮਾ ਹੈ :

ਜੇਤਾ ਕੀਤਾ ਤੇਤਾ ਨਾਉ ਵਿਣੁ ਨਾਵੈ; ਨਾਹੀ ਕੋ ਥਾਉ (ਮਹਲਾ /)

ਭਾਵ ਜਿੰਨਾ ਵੀ ਪੈਦਾ ਕੀਤਾ ਸੰਸਾਰ ਹੈ। ਉਹ ਸਾਰਾ ਹੀ ਅਕਾਲ ਪੁਰਖ ਦਾ ਨਾਉ (ਸਰੂਪ) ਹੈ :

ਹੁ ਵਿਸੁ ਸੰਸਾਰੁ ਤੁਮ ਦੇਖਦੇ; ਏਹੁ ਹਰਿ ਕਾ ਰੂਪੁ ਹੈ; ਹਰਿ ਰੂਪੁ ਨਦਰੀ ਆਇਆ (ਮਹਲਾ /੯੧੭)

ਭਾਵ ਅਕਾਲ ਪੁਰਖ ਦੀ ਹਸਤੀ ਤੋਂ ਬਗੈਰ ਕੋਈ ਵੀ ਥਾਂ ਖਾਲੀ ਨਹੀਂ ਹੈ। ਸੋ ਨਾਮ ਦਾ ਅਰਥ ਪਰਮੇਸ਼ਰ ਹੈ। ‘ਓਅੰਕਾਰ’ ਦਾ ਅਰਥ ਵੀ ਅਕਾਲ ਪੁਰਖ ਹੈ :

ਓਅੰਕਾਰਿ ਬ੍ਰਹਮਾ ਉਤਪਤਿ ਓਅੰਕਾਰੁ ਕੀਆ ਜਿਨਿ ਚਿਤਿ

ਓਅੰਕਾਰਿ ਸਬਦਿ ਉਧਰੇ ਓਅੰਕਾਰਿ ਗੁਰਮੁਖਿ ਤਰੇ (ਮਹਲਾ /੯੨੯)

ਸੰਸਾਰ ਦੀ ਪੈਦਾਇਸ਼ ਅਤੇ ਵਿਨਾਸ਼; ਸ਼ਬਦ ਨਾਲ (ਹੁਕਮ ਨਾਲ) ਭਾਵ ਪਰਮਾਤਮਾ ਤੋਂ ਹੁੰਦਾ ਹੈ। ਵਿਨਾਸ਼ ਤੋਂ ਬਾਅਦ ਫਿਰ ਸ਼ਬਦ ਰੂਪ ਹੁਕਮ ਪਰਮਾਤਮਾ ਤੋਂ ਉਤਪਤੀ ਹੁੰਦੀ ਹੈ। ਸੱਚ ਦਾ ਅਰਥ ਵੀ ਪਰਮੇਸ਼ਰ ਹੈ :

ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ   

ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ (ਮਹਲਾ /੧੯)

ਭਾਵ ਸਾਚੇ ਅਕਾਲ ਪੁਰਖ ਤੋਂ ਹਵਾ (ਤੱਤ) ਹੋਂਦ ਵਿੱਚ ਆਇਆ। ਹਵਾ ਤੋਂ ਪਾਣੀ ਹੋਂਦ ਵਿੱਚ ਆਇਆ। ਫਿਰ ਪਾਣੀ ਅਤੇ ਹਵਾ ਨਾਲ ਜੀਵ ਜੰਤੂ ਹੋਂਦ ਵਿੱਚ ਆਏ। ਇਨ੍ਹਾਂ ਜੀਵ ਜੰਤਾ ਵਿੱਚ ਪਰਮਾਤਮਾ ਦੀ ਜੋਤਿ (ਅੰਸ਼) ਹੈ। ਜੋਤਿ ਦਾ ਅਰਥ ਵੀ ਪਰਮਾਤਮਾ ਹੈ :

ਸਭ ਮਹਿ ਜੋਤਿ ਜੋਤਿ ਹੈ ਸੋਇ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ

ਗੁਰ ਸਾਖੀ; ਜੋਤਿ ਪਰਗਟੁ ਹੋਇ (ਮਹਲਾ /੧੩)

ਜਿੱਥੇ ਜੋਤਿ ਦਾ ਅਰਥ ਪਰਮਾਤਮਾ ਹੈ; ਉੱਥੇ ਨਾਲ ਹੀ ‘ਨੂਰ’ ਦਾ ਅਰਥ ਵੀ ਅਕਾਲ ਪੁਰਖ ਹੈ :

ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ   

ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ  ? ਕੋ ਮੰਦੇ  ? (ਭਗਤ ਕਬੀਰ ਜੀ/੧੩੪੯)

ਪਹਿਲਾ ਪਹਿਲ ਕੇਵਲ ਅਦ੍ਰਿਸ਼ਟ ਪਰਮਾਤਮਾ ਹੀ ਪਰਮਾਤਮਾ ਸੀ। ਫਿਰ ਉਸ ਇਲਾਹੀ ਨੂਰ ਤੋਂ ਸਭ ਜੀਵ, ਪ੍ਰਾਣੀ ਪੈਦਾ ਹੋਏ। ਜਦ ਸਾਰੇ ਹੀ ਇੱਕ ਨੂਰ ਤੋਂ ਪੈਦਾ ਹੋਏ ਹਨ, ਫਿਰ ਕੋਈ ਬ੍ਰਾਹਮਣ ਜਾਂ ਸੂਦਰ ਕਰਕੇ ਭਲੇ ਬੁਰੇ ਨਹੀਂ ਹੋ ਸਕਦੇ। ‘ਗੁਰਬਾਣੀ’ ਦਾ ਅਰਥ ਵੀ ਅਕਾਲ ਪੁਰਖ ਨਿਰੰਜਨ ਹੈ :

ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਕੋਇ (ਮਹਲਾ /੫੧੫)

ਇਸ ਲਿਹਾਜੇ ਨਾਲ ਸ਼ਬਦ ਦਾ ਅਰਥ ਵੀ ਅਕਾਲ ਪੁਰਖ ਹੈ। ਫੁਰਮਾਨ ਹੈ :

ਤਪਤਿ ਪਰਲਉ ਸਬਦੇ ਹੋਵੈ ਸਬਦੇ ਹੀ ਫਿਰਿ ਓਪਤਿ ਹੋਵੈ (ਮਹਲਾ /੧੧੭)

ਸੰਸਾਰ ਦੀ ਉਤਪੱਤੀ ਅਤੇ ਪਰਲੋ (ਵਿਨਾਸ਼); ਸ਼ਬਦ ਨਾਲ ਭਾਵ ਪਰਮਾਤਮਾ ਦੇ ਹੁਕਮ ਵਿੱਚ ਹੁੰਦੀ ਹੈ। ਸ਼ਬਦ, ਆਵਾਜ਼, ਹੁਕਮ; ਸਭ ਅਕਾਲ ਪੁਰਖ ਦੇ ਨਾਮ ਹਨ :

ਕੀਤਾ ਪਸਾਉ ਏਕੋ ਕਵਾਉ ਤਿਸ ਤੇ ਹੋਏ; ਲਖ ਦਰੀਆਉ (ਮਹਲਾ /)

ਜਗਤ ਦਾ ਸਾਰਾ ਪਸਾਉ (ਪਸਾਰਾ) ਸਿਰਫ ਇੱਕ ਕਵਾਉ ਭਾਵ ਹੁਕਮ ਸ਼ਬਦ ਨਾਲ ਕਰ ਦਿੱਤਾ ਹੈ। ਸੋ ‘ਸ਼ਬਦ’ ਦਾ ਅਰਥ ਹੈ ‘ਅਕਾਲ ਪੁਰਖ’। ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਭੀ ‘ਸ਼ਬਦ’ ਹੈ। ‘ਸ਼ਬਦ’ ਦਾ ਅਰਥ ਅਕਾਲ ਪੁਰਖ ਪਰਮੇਸ਼ਰ ਹੈ। ਇਸ ਦਾ ਭਾਵ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਗੁਰਬਾਣੀ ਸ਼ਬਦ ਰੂਪ ਅਕਾਲ ਪੁਰਖ ਹੈ। ਗੁਰੂ ਨਾਨਕ ਸਾਹਿਬ ਆਪ ਇਹ ਜ਼ਿਕਰ ਕਰਦੇ ਹਨ :

ਤਤੁ ਨਿਰੰਜਨੁ ਜੋਤਿ ਸਬਾਈ; ਸੋ ਹੰ ਭੇਦੁ ਕੋਈ ਜੀਉ   

ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ ਗੁਰੁ ਮਿਲਿਆ ਸੋਈ ਜੀਉ (ਮਹਲਾ /੫੯੮)

ਇਕ ਅਕਾਲ ਪੁਰਖ ਹੀ ਸੰਸਾਰ ਦਾ ਤਤ (ਮੂਲ, ਮੁਢ) ਹੈ। ਨਿਰੰਜਨ ਪਰਮਾਤਮਾ ਦੀ ਜੋਤਿ ਹੀ ਸਾਰਿਆਂ ਅੰਦਰ ਵਿਆਪਕ ਹੈ। ‘ਤਤ ਅਤੇ ਪਰਮਾਤਮਾ’ ਵਿਚ ਕੋਈ ਅੰਤਰ ਨਹੀਂ ਹੈ। ਸੋ ਹੰ-ਮੈ ਉਹੀ ਹਾਂ ਭਾਵ ਮੈਂ ਪਰਮਾਤਮਾ ਦੀ ਅੰਸ਼ ਆਤਮਾ ਹਾਂ। ਪਰਮਾਤਮਾ ਅਤੇ ਆਤਮਾ ਵਿੱਚ ਭੇਦ ਨਹੀਂ ਹੈ। ਜੋ ਅਪਰੰਪਰ ਭਾਵ ਪਰੇ ਤੋਂ ਪਰੇ ਪਾਰਬ੍ਰਹਮ ਪਰਮੇਸ਼ਰ ਹੈ। ਐਸਾ ਅਪਰੰਪਰ ਪਾਰਬ੍ਰਹਮ ਪਰਮੇਸ਼ਰ ਹੀ ਗੁਰੂ ਨਾਨਕ ਸਾਹਿਬ ਨੂੰ ਗੁਰੂ ਮਿਲਿਆ ਹੈ। ਸੋ ਅਕਾਲ ਪੁਰਖ ਪਰਮੇਸ਼ਰ ਗੁਰੂ ਨਾਨਕ ਸਾਹਿਬ ਦਾ ਗੁਰੂ ਹੈ, ਜੋ ਸ਼ਬਦ ਦੇ ਰੂਪ ਵਿੱਚ ਹੈ। ਕਥਨ ਇਹ ਵੀ ਕੀਤਾ ਹੈ :

ਜਵਨ ਕਾਲ ਸਭ ਜਗਤ ਬਨਾਯੋ ਦੇਵ ਦੈਤ ਜਛਨ ਉਪਜਾਯੋ

ਆਦਿ ਅੰਤਿ ਏਕੈ ਅਵਤਾਰਾ ਸੋਈ ਗੁਰੂ ਸਮਝਿਯਹੁ ਹਮਾਰਾ    

ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ (ਚੌਪਈ)

ਜਿਸ ਕਾਲ ਭਾਵ ਅਕਾਲ ਪੁਰਖ ਨੇ ਸਾਰਾ ਸੰਸਾਰ ਬਣਾਇਆ ਹੈ। ਸੰਸਾਰ ਵਿੱਚ ਦੇਵ ਅਤੇ ਦੈਂਤ ਬਿਰਤੀਆਂ ਉਪਜੀਆਂ ਹਨ। ਇਸ ਸੰਸਾਰ ਦਾ ‘ਆਦਿ’ (ਮੁੱਢ) ਅਤੇ ‘ਅੰਤ’; ਇਕ ਅਕਾਲ ਪੁਰਖ ਪਰਮੇਸ਼ਰ ਹੀ ਹੈ। ਬਸ ਉਹ ਅਵਤਾਰਾ ਭਾਵ ਅਕਾਲ ਪੁਰਖ ਹੀ ਸਾਡਾ ਗੁਰੂ ਹੈ। ਉਸ ਅਕਾਲ ਪੁਰਖ ਨੂੰ ਹੀ ਸਾਡੀ ਨਮਸਕਾਰ ਹੈ। ਸਾਰੀ ਪਰਜਾ ਅਕਾਲ ਪੁਰਖ ਨੇ ਆਪ ਸਵਾਰੀ ਹੈ। ਸੋ ਸ਼ਬਦ ਭਾਵ ਅਕਾਲ ਪੁਰਖ ਹੀ ਗੁਰੂ ਸਾਹਿਬ ਦਾ ਗੁਰੂ ਹੈ। ਇਸ ਸ਼ਬਦ ਨੂੰ ਗਿਆਨ ਵੀ ਬਿਆਨਿਆ ਹੈ। ਫੁਰਮਾਨ ਹੈ :

ਗਿਆਨ ਗੁਰੂ ਆਤਮ ਉਪਦੇਸ਼ਹੁ; ਨਾਮ ਬਿਭੂਤ ਲਗਾਓ (ਸ਼ਬਦ ਹਜ਼ਾਰੇ, ਪਾਤਸ਼ਾਹੀ ੧੦)

ਸ਼ਬਦ ਗਿਆਨ ਹੀ ਅਸਲ ਵਿੱਚ ਮਨ ਨੂੰ ਸੁਧਾਰਨ ਲਈ ਗੁਰੂ ਹੈ। ਸ਼ਬਦ ਗਿਆਨ ਗੁਰੂ ਹੀ ਸੁਰਤ ਆਤਮਾ ਨੂੰ ਜਗਾਉਂਦਾ ਹੈ। ਜੀਵਨ ਦਾ ਸਹੀ ਮਾਰਗ; ਗੁਰੂ ਸ਼ਬਦ ਗਿਆਨ ਹੀ ਦੱਸਦਾ ਹੈ। ਸ਼ਬਦ ਗਿਆਨ ਗੁਰੂ ਸਦਾ ਅਟੱਲ ਹੈ। ਸ਼ਬਦ ਗੁਰੂ ਗਿਆਨ ਅਬਿਨਾਸੀ ਹੈ। ਜੰਮਦਾ ਮਰਦਾ ਨਹੀਂ ਹੈ :

ਸਤਿਗੁਰੁ ਮੇਰਾ ਸਦਾ ਸਦਾ; ਨਾ ਆਵੈ ਨਾ ਜਾਇ   

ਓਹੁ ਅਬਿਨਾਸੀ ਪੁਰਖੁ ਹੈ; ਸਭ ਮਹਿ ਰਹਿਆ ਸਮਾਇ (ਮਹਲਾ /੭੫੮)

ਭਾਵ ਸਤਿਗੁਰੂ ਸ਼ਬਦ ਹੈ, ਜੋ ਸਦਾ ਅਟੱਲ ਹੈ। ਜੰਮਦਾ ਮਰਦਾ ਨਹੀਂ ਹੈ। ਅਬਿਨਾਸ਼ੀ ਹੈ। ਸਾਰਿਆਂ ਅੰਦਰ ਵਿਆਪਕ ਹੈ। ਗੁਰੂ ਨਾਨਕ ਸਾਹਿਬ ਦਾ ਗੁਰੂ ਸ਼ਬਦ ਹੈ ਔਰ ਸ਼ਬਦ ਦਾ ਅਰਥ ਅਕਾਲ ਪੁਰਖ ਹੈ। ਗੁਰੂ ਸਾਹਿਬ ਦਾ ਗੁਰੂ ਅਕਾਲ ਪੁਰਖ ਹੈ।

ਹੁਣ ਸਿੱਖ ਧਰਮ ਦਾ ਅਹਿਮ ਅਤੇ ਮਹਾਨ ਨੁਕਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਿਵੇਂ ਹੋਈ ? ਗੁਰੂ ਗ੍ਰੰਥ ਸਾਹਿਬ ਜੀ ਗੁਰਿਆਈ ਤੱਕ ਕਿਵੇਂ ਪਹੁੰਚੇ  ? ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਕਿਵੇਂ ਹਨ ? ਇਸ ਦਾ ਖੁਲਾਸਾ ਸੰਖੇਪ ’ਚ ਕਰਾਂਗਾ। ਪਹਿਲੀ ਗੱਲ ਗੁਰੂ ਨਾਨਕ ਸਾਹਿਬ ਜੀ ਧੁਰੋਂ ਅਕਾਲ ਪੁਰਖ ਤੋਂ ਹੀ ਵਰਸੋਇ ਹੋਇ ਗੁਰੂ ਹਨ, ਜੋ ਪਰਮਾਤਮਾ ਦਾ ਸੁਨੇਹਾ (ਪੈਗਾਮ) ਲੈ ਕੇ ਆਏ ਹਨ। ਭਾਈ ਗੁਰਦਾਸ ਜੀ ਬਿਆਨ ਕਰਦੇ ਹਨ :

ਸੁਣੀ ਪੁਕਾਰਿ ਦਾਤਾਰ ਪ੍ਰਭਿ; ਗੁਰੁ ਨਾਨਕ ਜਗ ਮਾਹਿ ਪਠਾਇਆ

ਚਰਨ ਧੋਇ ਰਹਰਾਸਿ ਕਰਿ; ਚਰਣਾਮ੍ਰਿਤੁ ਸਿਖਾਂ ਪੀਲਾਇਆ

ਕਲਿ ਤਾਰਣ ਗੁਰੁ ਨਾਨਕ ਆਇਆ (ਵਾਰ /ਪਉੜੀ ੨੩)

ਭਾਵ ਅਕਾਲ ਪੁਰਖ ਨੇ ਲੁਕਾਈ ਦਾ ਉਧਾਰ ਕਰਨ ਲਈ ਗੁਰੂ ਨਾਨਕ ਸਾਹਿਬ ਨੂੰ ਜਗਤ ਵਿੱਚ ਆਪਣਾ ਸਰਗੁਣ ਰੂਪ ਬਣਾ ਕੇ ਭੇਜਿਆ। ਗੁਰੂ ਨਾਨਕ ਸਾਹਿਬ ਨੇ ਇਸ ਜਗਤ ’ਚ ਲੁਕਾਈ ਨੂੰ ਚਰਨਾਮ੍ਰਿਤ ਭਾਵ ਨਿਮਰਤਾ ਭਗਤੀ (ਕਿਰਤ ਕਰਨੀ ਅਤੇ ਵੰਡ ਛਕਣ) ਦਾ ਉਪਦੇਸ਼ ਦਿੱਤਾ। ਗੁਰੂ ਨਾਨਕ ਸਾਹਿਬ ਜਗਤ ਦੇ ਜੀਵਾਂ ਦਾ ਉਧਾਰ ਕਰਨ ਆਏ ਹਨ। ਗੁਰੂ ਨਾਨਕ ਸਾਹਿਬ ਜੀ ਸ਼ਬਦ ਰੂਪ ’ਚ ਵਿਸ਼ਵ ਦੇ ਗੁਰੂ ਹਨ। ਕਥਨ ਹੈ :

ਜਗਤੁ ਗੁਰੂ ਗੁਰੁ ਨਾਨਕ ਦੇਉ (ਵਾਰ ੨੪ ਪਉੜੀ )

ਗੁਰੂ ਨਾਨਕ ਸਾਹਿਬ ਜੀ ਸ਼ਬਦ ਰੂਪ ਵਿੱਚ ਗਿਆਨ ਦਾ ਪ੍ਰਕਾਸ਼ ਹੈ ਜਗਤ ਗੁਰੂ ਬਾਬਾ ਜੀ ਹਨ

ਜਾਹਰ ਪੀਰ ਜਗਤੁ ਗੁਰੁ ਬਾਬਾ (ਵਾਰ ੨੪ ਪਉੜੀ )

ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਕਿਹਾ ਹੈ। ਬਾਬਾ ਅੱਖਰ ਫਾਰਸੀ ਤੋਂ ਹੈ। ਬਾਬਾ ਦਾ ਅਰਥ ਵੱਡਾ ਹੈ। ਜਗਤ ਵਿੱਚ ਸਭ ਤੋਂ ਵੱਡਾ ਅਕਾਲ ਪੁਰਖ ਹੈ ਅਤੇ ਅਕਾਲ ਪੁਰਖ ਦਾ ਸਰਗੁਣ ਰੂਪ ਸ਼ਬਦ ਗੁਰੂ ਨਾਨਕ ਸਾਹਿਬ ਜੀ ਹਨ। ਫੁਰਮਾਨ ਹੈ :

ਫਿਰਿ ਬਾਬਾ ਗਇਆ ਬਗਦਾਦ ਨੋ; ਬਾਹਰਿ ਜਾਇ ਕੀਆ ਅਸਥਾਨਾ

ਬਾਬਾ ਅਕਾਲ ਰੂਪੁ; ਦੂਜਾ ਰਬਾਬੀ ਮਰਦਾਨਾ (ਵਾਰ /ਪਉੜੀ ੩੫)

ਗੁਰੂ ਨਾਨਕ ਸਾਹਿਬ ਅਕਾਲ ਰੂਪ ਹਨ। ਅਕਾਲ ਪੁਰਖ ਦਾ ਸਰਗੁਣ ਰੂਪ ਹਨ। ਵੱਡਾ ਪੁਰਖ ਹੈ :

ਬਾਬੇ ਕੀਤੀ ਸਿਧਿ ਗੋਸਟਿ; ਸਬਦਿ ਸਾਂਤਿ ਸਿਧਾਂ ਵਿਚਿ ਆਈ

ਜਿਣਿ ਮੇਲਾ ਸਿਵਰਾਤਿ ਦਾ; ਖਟ ਦਰਸਨ ਆਦੇਸਿ ਕਰਾਈ

ਸਿਧਿ ਬੋਲਨਿ ਸੁਭ ਬਚਨਿ: ਧਨੁ ਨਾਨਕ ਤੇਰੀ ਵਡੀ ਕਮਾਈ

ਵਡਾ ਪੁਰਖੁ ਪਰਗਟਿਆ; ਕਲਿਜੁਗ ਅੰਦਰਿ ਜੋਤਿ ਜਗਾਈ (ਵਾਰ ਪਉੜੀ ੪੪)

ਭਾਵ ਜਦੋਂ ਬਟਾਲੇ ਸ਼ਿਵਰਾਤਰੀ ਨੂੰ ਸਿੱਧ ਜੋਗੀਆਂ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰ ਕੀਤੀ। ਸ਼ਬਦ ਗਿਆਨ ਨਾਲ ਸਿੱਧ ਜੋਗੀਆਂ ਵਿੱਚ ਸ਼ਾਂਤੀ ਵਰਤ ਗਈ। ਛੇ ਸ਼ਾਸਤਰਾਂ ਦੇ ਧਾਰਨੀ ਹਿੰਦੂ ਪੰਡਿਤ ਤੇ ਹੋਰ ਬਹੁਤ ਲੋਕ ਮੇਲੇ ਵਿੱਚ ਪਹੁੰਚੇ ਤੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਨਾਲ ਪ੍ਰਭਾਵਤ ਹੋਏ। ਗੁਰੂ ਨਾਨਕ ਸਾਹਿਬ ਨੇ ਮੇਲੇ ਵਿੱਚ ਪਹੁੰਚੇ ਲੋਕਾਂ ਦਾ ਮਨ ਜਿੱਤ ਲਿਆ। ਸਾਰੇ ਗੁਰੂ ਨਾਨਕ ਸਾਹਿਬ ਅੱਗੇ ਝੁਕ ਗਏ। ਸਾਰੇ ਸਿੱਧ ਜੋਗੀਆਂ ਨੇ ਕਿਹਾ ਹੇ ਗੁਰੂ ਨਾਨਕ  ! ਤੁਸੀਂ ਧੰਨ ਹੋ। ਤੁਹਾਡੀ ਵਿਚਾਰ ਮਹਾਨ ਹੈ। ਸੰਸਾਰ ਅੰਦਰ ਗਿਆਨ ਦੀ ਜੋਤਿ ਜਗਾਉਣ ਕਰਕੇ ਤੁਸੀਂ ਵੱਡੇ ਪੁਰਖ ਹੋ। ਤੁਸੀਂ ਸਭ ਤੋਂ ਵੱਡੇ, ਸਭ ਤੋਂ ਮਹਾਨ ਹੋ। ਗੁਰੂ ਅਰਜਨ ਸਾਹਿਬ ਜੀ ਦੇ ਭੀ ਬਚਨ ਹਨ :

ਗਿਆਨੁ ਧਿਆਨੁ ਕਿਛੁ ਕਰਮੁ ਜਾਣਾ; ਸਾਰ ਜਾਣਾ ਤੇਰੀ     

ਸਭ ਤੇ ਵਡਾ ਸਤਿਗੁਰੁ ਨਾਨਕੁ; ਜਿਨਿ ਕਲ ਰਾਖੀ ਮੇਰੀ (ਮਹਲਾ /੭੪੯)

ਭਾਵ ਗੁਰੂ ਅਰਜਨ ਪਾਤਿਸ਼ਾਹ ਆਖਦੇ ਹਨ ਕਿ ਅਸੀਂ ਕੋਈ ਗਿਆਨ ਅਤੇ ਧਿਆਨ ਨਹੀਂ ਸੀ ਜਾਣਦੇ। ਨਾ ਹੀ ਪ੍ਰਭੂ ਦੀ ਕੋਈ ਸਾਰ ਕਰਦੇ ਸਾਂ, ਪਰ ਸਭ ਤੋਂ ਵੱਡੇ ਅਤੇ ਮਹਾਨ ਗੁਰੂ ਨਾਨਕ ਸਾਹਿਬ ਜੀ ਰਾਹੀਂ ਅਕਾਲ ਪੁਰਖ ਦੀ ਸਰਨ ਪਏ ਹਾਂ। ਗੁਰੂ ਦੇ ਬਚਨਾਂ ਦੀ ਬਰਕਤ ਨਾਲ ਵਿਕਾਰਾਂ ਹੱਥੋਂ ਖੁਆਰ ਹੋਣ ਤੋਂ ਬਚ ਗਏ ਹਾਂ। ਸੋ ਗੁਰੂ ਨਾਨਕ ਸਾਹਿਬ ਦੀ ਚਾਰੇ ਪਾਸੇ ਵਡਿਆਈ ਫੈਲ ਗਈ ਸੀ ਕਿਉਂਕਿ ਧੁਰੋਂ ਗੁਰੂ ਸਨ :

ਸੁਣੀ ਅਰਦਾਸਿ ਸੁਆਮੀ ਮੇਰੈ; ਸਰਬ ਕਲਾ ਬਣਿ ਆਈ   

ਪ੍ਰਗਟ ਭਈ ਸਗਲੇ ਜੁਗ ਅੰਤਰਿ; ਗੁਰ ਨਾਨਕ ਕੀ ਵਡਿਆਈ(ਮਹਲਾ /੬੧੧)

ਇੱਕ ਗੱਲ ਧਿਆਨ ਨਾਲ ਸੁਣਨੀ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਵੱਡਾ ਅਤੇ ਮਹਾਨ ਦਰਸਾਉਣ  ਲਈ ਜਿੰਨੇ ਵੀ ਬਾਕੀ ਗੁਰੂ ਸਾਹਿਬਾਨ ਨੇ ਅਕਾਲ ਪੁਰਖ ਦੀ ਬਾਣੀ ਉਚਾਰਨ ਕੀਤੀ ਹੈ, ਉਨ੍ਹਾਂ ਸਾਰਿਆਂ ਨੇ ਬਾਣੀ ਰਚਨ ਸਮੇਂ ਆਪਣਾ ਨਾਮ ਨਹੀਂ ਲਿਆ ਸਗੋਂ ਨਾਨਕ ਨਾਮ ਹੇਠ ਬਾਣੀ ਉਚਾਰਨ ਕੀਤੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਧੁਰੋਂ ਹੀ ਅਕਾਲ ਪੁਰਖ ਰੂਪ ਵਿੱਚ ਗੁਰੂ ਹਨ :

ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ ਚਾਨਣੁ ਹੋਆ

ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪਿ ਅੰਧੇਰੁ ਪਲੋਆ (ਵਾਰ /ਪਉੜੀ ੨੭)

ਭਾਵ ਜਦੋਂ ਸ਼ਬਦ-ਗੁਰੂ ਨੂੰ ਪ੍ਰਗਟ ਕਰਨ ਲਈ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਤਾਂ ਉਨ੍ਹਾਂ ਦੇ ਬਚਨਾਂ ਨਾਲ ਅਗਿਆਨਤਾ ਦੀ ਧੁੰਦ ਖ਼ਤਮ ਹੋ ਗਈ। ਗਿਆਨ ਦਾ ਚਾਨਣ ਹੋ ਗਿਆ। ਗੁਰੂ ਨਾਨਕ ਸਾਹਿਬ ਸੂਰਜ ਵਾਂਗ ਉਦੈ ਹੋਏ। ਪਖੰਡੀਆਂ ਦਾ ਪ੍ਰਭਾਵ ਮੱਧਮ ਪੈ ਗਿਆ। ਸੋ ਇੱਕ ਗੱਲ ਸਪਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਸਰਗੁਣ ਰੂਪ ਹਨ। ਰੱਬੀ ਗੁਣਾਂ ਕਰਕੇ ਰੱਬੀ ਰੂਪ ਹਨ। ਗੁਰਬਾਣੀ ਦੇ ਸੂਰਜ ਹਨ। ਸ਼ਬਦ ਰੂਪ ਹਨ।  70 ਸਾਲ ਦੀ ਉਮਰ ਤੱਕ ਗੁਰੂ ਨਾਨਕ ਸਾਹਿਬ ਜੀ ਨੇ ਕੁਲ ਲੁਕਾਈ ਨੂੰ ਅਗਿਆਨਤਾ, ਵਹਿਮਾਂ ਭਰਮਾ, ਕਰਮਕਾਂਡਾਂ, ਜਾਤਾ ਪਾਤਾ ਦੀਆਂ ਵੰਡੀਆਂ ਊਚ ਨੀਚ ਦੇ ਭੇਦ ਭਾਵ (ਗੁਲਾਮੀ, ਹੀਣ ਭਾਵਨਾ) ਤੋਂ ਬਾਹਰ ਕੱਢਿਆ। ਲੁਕਾਈ ਨੂੰ ਸੱਚ ਅਤੇ ਹਿੰਮਤ ਦੇ ਰਸਤੇ ’ਤੇ ਤੋਰਿਆ। ਗੁਰੂ ਨਾਨਕ ਸਾਹਿਬ ਨੇ ਦੂਰ ਅੰਦੇਸ਼ੀ ਨਾਲ ਦੇਖ ਲਿਆ ਕਿ ਥੋੜ੍ਹੇ ਸਮੇਂ ਵਿੱਚ ਭਾਵ 70 ਸਾਲਾਂ ਵਿੱਚ ਲੋਕ ਗੁਲਾਮੀ ਤੋਂ, ਹੀਣ ਭਾਵਨਾ ਤੋਂ, ਵਹਿਮਾਂ ਭਰਮਾਂ, ਕਰਮਕਾਂਡਾਂ, ਅਗਿਆਨਤਾ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਸਕਦੇ। ਲੰਬਾ ਸਮਾਂ ਚਾਹੀਦਾ ਸੀ, ਇਸ ਲਈ ਲਗਾਤਾਰ ਪ੍ਰਚਾਰ ਦੀ ਲੋੜ ਸੀ। ਗੁਰੂ ਨਾਨਕ ਸਾਹਿਬ ਨੇ ਇਸ ਯੋਗਤਾ ਵਾਲੇ ਪੁਰਖ ਦੀ ਖੋਜ ਵੀ ਕਰਨੀ ਸ਼ੁਰੂ ਰੱਖੀ। ਦੂਰ ਅੰਦੇਸੀ ਨਾਲ ਸੰਨ 1532 ਈਸਵੀ ਤੋਂ ਲੈ ਕੇ ਸੰਨ 1539 ਈਸਵੀ ਤੱਕ 7 ਸਾਲਾਂ ਵਿੱਚ ਭਾਈ ਲਹਿਣਾ ਜੀ ਨੂੰ ਹਰ ਪੱਖੋਂ ਮੁਕੰਮਲ ਪੁਰਖ ਬਣਾਇਆ। ਬਾਬਾ ਲਹਿਣਾ ਜੀ ਨੂੰ ਜੀਵਨ ਦੀ ਹਰ ਜੁਗਤ ਵਿੱਚ ਪੂਰਾ ਮੁਕੰਮਲ ਬਣਾਇਆ। ਭਾਈ ਲਹਿਣਾ ਜੀ ਨੂੰ ਜੀਵਨ ਦੇ ਹਰ ਨੁਕਤੇ ’ਤੇ ਪੂਰਨ ਬਣਾਇਆ। 7 ਸਾਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਚੁਣ ਲਿਆ। ਜੋਤਿ ਅਤੇ ਜੁਗਤਿ ਭਾਵ ਅਕਾਲ ਪੁਰਖ ਦੀ ਜੋਤਿ ਅਤੇ ਆਪਣੀ ਜੀਵਨਸ਼ੈਲੀ (ਸ਼ਬਦ ਗਿਆਨ) ਅਨੁਸਾਰ ਜੀਵਨ ਜਿਉਣ ਦਾ ਤਰੀਕਾ ਭਾਈ ਲਹਿਣਾ ਜੀ ਨੂੰ ਬਖ਼ਸ਼ਿਆ। ਇਸ ਕਰਿਸ਼ਮੇ ਦਾ ਜ਼ਿਕਰ ਨਾਨਕ ਪ੍ਰਕਾਸ਼ ਵਿਚ ਕਵੀ ਸੰਤੋਖ ਸਿੰਘ ਨੇ ਕੀਤਾ ਹੈ :

ਵਿਚ ਕਰਤਾਰਪੁਰੇ ਜਗ ਰਾਈ ਜੋਤ ਰੂਪ ਕੋ ਦੀਨ ਵਡਾਈ

ਪਨ ਕੀਨ ਸਚਖੰਡ ਪਿਆਨਾ ਜੋਤ ਰੂਪ ਬਿੰਬ ਤਨ ਪਲਟਾਨਾ

ਜਿਉ ਅਧਪਤਿ ਇਕ ਪੋਸ਼ਿਸ਼ ਤਜ ਕੈ ਬੈਸਹਿ ਸਭਾ ਦੁਤੀਆ ਤਨ ਸਜ ਕੈ

ਤਿਉ ਖਾਡੂਰ ਮੈ ਆਨ ਬਿਰਾਜੈ ਜਿਨ ਸਿਮਰਨ ਕਰ ਕਲਮਲ ਭਾਜੈ (ਨਾਨਕ ਪ੍ਰਕਾਸ਼ ਅਧਿਆਏ ਦੂਜਾ)

ਭਾਵ ਕਰਤਾਰਪੁਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਪਰਮਾਤਮਾ ਦੀ ਜੋਤ ਬਖਸ਼ ਕੇ ਵਡਿਆਈ ਬਖਸ਼ੀ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਈ ਲਹਿਣਾ ਜੀ ਨੂੰ ਆਪਣਾ ਰੂਪ ਬਖਸ਼ਿਆ। ਜੋਤ ਅਤੇ ਜੁਗਤ ਰੱਬ ਵਾਲੀ ਹੈ। ਸਿਰਫ ਜਾਮਾ (ਸਰੀਰ) ਬਦਲਿਆ ਹੈ। ਕਿਵੇਂ  ? ਕਥਨ ਹੈ ਇੱਕ ਬਾਦਿਸ਼ਾਹ ਆਪਣੀ ਪੋਸ਼ਾਕ ਬਦਲ ਕੇ ਜਿਵੇਂ ਸਿੰਘਾਸਣ ’ਤੇ ਬੈਠਦਾ ਹੈ। ਬਾਦਿਸ਼ਾਹ ਉਹੀ ਹੈ। ਸਿੰਘਾਸਣ ਉਹੀ ਹੈ। ਰਾਜ ਮੰਤਰੀ, ਵਜ਼ੀਰ, ਰਾਜ ਮਹਿਲ ਵੀ ਉਹੀ ਹੈ। ਪਰਜਾ ਵੀ ਉਹੀ ਹੈ। ਸਭ ਕੁਝ ਉਹੀ ਹੈ। ਸਿਰਫ਼ ਪੋਸ਼ਾਕ ਹੀ ਬਦਲੀ ਹੈ। ਬਸ ਇਸੇ ਤਰ੍ਹਾਂ ਸ਼ਬਦ ਗੁਰੂ ਨਾਨਕ ਸਾਹਿਬ ਵਾਲਾ ਹੈ। ਜੋਤ ਤੇ ਜੁਗਤ ਗੁਰੂ ਨਾਨਕ ਸਾਹਿਬ ਵਾਲੀ ਹੈ। ਸਿਰਫ ਜਾਮਾ ਭਾਵ ਸਰੀਰ ਬਦਲਿਆ ਹੈ। ਫੁਰਮਾਨ ਹੈ :

ਲਹਣੇ ਦੀ ਫੇਰਾਈਐ; ਨਾਨਕਾ ਦੋਹੀ ਖਟੀਐ     

ਜੋਤਿ ਓਹਾ ਜੁਗਤਿ ਸਾਇ; ਸਹਿ ਕਾਇਆ ਫੇਰਿ ਪਲਟੀਐ (ਸਤਾ ਤੇ ਬਲਵੰਡ/੯੬੬)

ਜੋਤ ਭਾਵ ਚਮਤਕਾਰੀ ਮੱਤ ਉਹੀ ਹੈ। ਜੋਤ ਭਾਵ ਅਕਾਲ ਪੁਰਖ ਦਾ ਸ਼ਬਦ ਗਿਆਨ ਉਹੀ ਹੈ। ਜੋਤ ਭਾਵ ਰੂਹਾਨੀ ਗਿਆਨ ਰੌਸ਼ਨੀ ਉਹੀ ਹੈ। ਜੁਗਤ ਭਾਵ ਯੋਗਤਾ (ਲਿਆਕਤ, ਸਮਰਥਾ) ਵੀ ਉਹੀ ਹੈ। ਜੁਗਤ ਭਾਵ ਦਲੀਲ ਵੀ ਸੱਚ ਵਾਲੀ ਉਹੀ ਹੈ। ਸਿਰਫ਼ ਕਾਇਆ ਭਾਵ ਸਰੀਰ ਬਦਲਿਆ ਹੈ। ਫੁਰਮਾਨ ਹੈ :

ਲਹਣੇ ਧਰਿਓਨੁ ਛਤ੍ਰੁ ਸਿਰਿ; ਅਸਮਾਨਿ ਕਿਆੜਾ ਛਿਕਿਓਨੁ

ਜੋਤਿ ਸਮਾਣੀ ਜੋਤਿ ਮਾਹਿ; ਆਪੁ ਆਪੈ ਸੇਤੀ ਮਿਕਿਓਨੁ

ਸਿਖਾਂ ਪੁਤ੍ਰਾਂ ਘੋਖਿ ਕੈ; ਸਭ ਉਮਤਿ ਵੇਖਹੁ ਜਿ ਕਿਓਨੁ

ਜਾਂ ਸੁਧੋਸੁ; ਤਾਂ ਲਹਣਾ ਟਿਕਿਓਨੁ (ਬਲਵੰਡ ਤੇ ਸਤਾ/੯੬੬

ਭਾਵ ਜਦੋਂ ਭਾਈ ਲਹਿਣਾ ਜੀ ਜੋਤ ਅਤੇ ਜੁਗਤ ਦੇ ਸਮਰੱਥ ਹੋ ਗਏ ਤਾਂ ਗੁਰੂ ਨਾਨਕ ਸਾਹਿਬ ਨੇ (14 ਜੂਨ 1539 ਨੂੰ) ਆਪਣਾ ਉੱਤਰਾਧਿਕਾਰੀ ਬਣਾ ਲਿਆ। ਸੰਗਤਾਂ ਦੇ ਇਕੱਠ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਜਾਮਾ; ਭਾਈ ਲਹਿਣਾ ਜੀ ਨੂੰ ਪੁਆਇਆ। ਫਿਰ 15 ਭਗਤਾਂ ਦੀ ਇਕੱਤਰ ਕਰ ਰੱਖ ਬਾਣੀ ਅਤੇ ਆਪਣੇ ਵੱਲੋਂ ਉਚਾਰਨ ਕੀਤੀ ਰੱਬੀ ਬਾਣੀ ਦੀ ਪੋਥੀ; ਭਾਈ ਲਹਿਣਾ ਜੀ ਨੂੰ ਸੌਂਪ ਦਿੱਤੀ। ਬਾਬਾ ਬੁੱਢਾ ਜੀ ਦੀ ਦੇਖ ਰੇਖ ਵਿੱਚ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਮੱਥਾ ਟੇਕ ਦਿੱਤਾ। ਆਪਣਾ ਅੰਗ ਬਣਾ ਲਿਆ। ਨਾਮ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਸਾਹਿਬ ਰੱਖ ਦਿੱਤਾ। ਭਾਈ ਗੁਰਦਾਸ ਜੀ ਦਾ ਕਥਨ ਹੈ :

ਸਤਿਗੁਰ ਨਾਨਕ ਦੇਉ ਹੈ; ਪਰਮੇਸੁਰ ਸੋਈ

ਗੁਰੁ ਅੰਗਦੁ ਗੁਰੁ ਅੰਗ ਤੇ; ਜੋਤੀ ਜੋਤਿ ਸਮੋਈ (ਵਾਰ 38/ਪਉੜੀ 20)

ਗੁਰੂ ਨਾਨਕ ਸਾਹਿਬ ਜੀ ਸਿਰਫ ਸਰੀਰ ਹੀ ਨਹੀਂ ਹਨ। ਉਹ ਨਾਲ ਹੀ ਦਿਓ ਭਾਵ ਪ੍ਰਕਾਸ਼ ਰੂਪੀ ਸ਼ਬਦ ਗਿਆਨ ਵੀ ਹਨ। ਜੋ ਅਕਾਲ ਪੁਰਖ ਦਾ ਸਰਗੁਣ ਰੂਪ ਹਨ। ਗੁਰੂ ਨਾਨਕ ਸਾਹਿਬ ਜੀ ਦੇ ਅੰਗ ਭਾਵ ਸਰੀਰ ਤੋਂ ਗੁਰੂ ਅੰਗਦ ਸਾਹਿਬ ਜੀ ਵਰਸੋਇ ਗਏ। ਹੁਣ ਗੁਰੂ ਅੰਗਦ ਸਾਹਿਬ ਜੀ ਅੰਦਰ ਗੁਰੂ ਨਾਨਕ ਸਾਹਿਬ ਵਾਲੀ ਜੋਤ ਅਤੇ ਜੁਗਤੀ ਹੈ। ਇਹ ਇਸ ਤਰ੍ਹਾਂ ਹੋਇਆ; ਜਿਵੇਂ ਫੁਰਮਾਨ ਹੈ :

ਦੀਪਕ ਤੇ ਦੀਪਕੁ ਪਰਗਾਸਿਆ; ਤ੍ਰਿਭਵਣ ਜੋਤਿ ਦਿਖਾਈ  

ਸਚੈ ਤਖਤਿ ਸਚ ਮਹਲੀ ਬੈਠੇ; ਨਿਰਭਉ ਤਾੜੀ ਲਾਈ (ਮਹਲਾ /੯੦੭)

ਭਾਵ ਜਿਵੇਂ ਜਗਦੇ ਦੀਵੇ ਤੋਂ ਦੂਸਰਾ ਦੀਵਾ ਜਗ ਜਾਂਦਾ ਹੈ। ਇਕ ਦੀਵੇ ਵਿਚ ਤੇਲ ਸੀ। ਬੱਤੀ ਸੀ, ਪਰ ਜਗਦਾ ਨਹੀਂ ਸੀ। ਇੱਕ ਜਗਦੇ ਦੀਵੇ ਨੇ ਇਹ ਬੁਝਿਆ ਦੀਵਾ ਜਗਾ ਦਿੱਤਾ। ਭਾਈ ਲਹਿਣਾ ਜੀ ਅੰਦਰ ਸ਼ਰਧਾ ਦਾ ਤੇਲ ਸੀ। ਧਰਮ ਦੀ ਬੱਤੀ ਵੀ ਸੀ, ਪਰ ਬੁਝੀ ਹੋਈ ਸੀ। ਅਗਿਆਨਤਾ ਦੀ ਸ਼ਰਧਾ ਸੀ। ਝੂਠ ਧਰਮ ਦੀ ਬੱਤੀ ਸੀ। ਭਾਈ ਲਹਿਣਾ ਜੀ ਧਰਮੀ ਸੀ, ਪਰ ਰਸਤਾ ਗਲਤ ਸੀ। ਗੁਰੂ ਨਾਨਕ ਸਾਹਿਬ ਜਗਦੇ ਦੀਵੇ ਨੇ ਇੱਕ ਨਵਾਂ ਹੋਰ ਦੀਵਾ ਜਗਾ ਦਿੱਤਾ। ਇਸ ਦੀਵੇ ਨੇ ਵੀ ਜਗਤ ਨੂੰ ਗਿਆਨ ਚਾਨਣਾ ਦੇਣਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਹੁਣ ਖਡੂਰ ਸਾਹਿਬ ਜਾ ਪ੍ਰਚਾਰ ਦਾ ਕੇਂਦਰ ਬਣਾਉਣ ਦੀ ਪ੍ਰੇਰਨਾ ਦਿੱਤੀ। ਆਪ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਿਖੇ 7 ਸਤੰਬਰ 1539 ਈਸਵੀ (ਅੱਸੂ ਵਦੀ ੧੦, ੧੫੯੬ ੮ ਅੱਸੂ; ਨਾਨਕਸ਼ਾਹੀ ੭੧) ਨੂੰ ਜੋਤੀ ਜੋਤ ਸਮਾ ਗਏ। ਆਪ ਜੀ ਤੋਂ 15 ਦਿਨ ਬਾਅਦ (22 ਸਤੰਬਰ 1539 ਨੂੰ) ਮਾਤਾ ਸੁਲੱਖਣੀ ਜੀ ਭੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਸਤਿਗੁਰੂ ਜੀ ਕਿਰਪਾ ਕਰਨ ਕਿ ਸਾਡਾ ਸਾਰਿਆਂ ਦਾ ਭੀ ਜੀਵਨ ਸਫਲਾ ਹੋ ਜਾਏ ‘‘ਇਹ ਲੋਕ ਸੁਖੀਏ; ਪਰਲੋਕ ਸੁਹੇਲੇ ਨਾਨਕ  ! ਹਰਿ ਪ੍ਰਭਿ ਆਪਹਿ ਮੇਲੇ ’’ (ਮਹਲਾ /੨੯੨) ਭੁੱਲਾਂ ਦੀ ਖਿਮਾ।

ਚੱਲਦਾ

ਪਵਣੁ ਗੁਰੂ, ਪਾਣੀ ਪਿਤਾ

0

ਪਵਣੁ ਗੁਰੂ, ਪਾਣੀ ਪਿਤਾ

ਗਿਆਨੀ ਜਗਤਾਰ ਸਿੰਘ ਜਾਚਕ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਖੇ ਜਪੁ-ਜੀ ਦੇ 38 ਬੰਦਾਂ ਤੋਂ ਪਹਿਲਾਂ ਤੇ ਪਿੱਛੋਂ ਇੱਕ ਇੱਕ ਸਲੋਕ ਹੈ, ਜਿਨ੍ਹਾਂ ਨੂੰ ਸਾਹਿਤਕ ਭਾਸ਼ਾ ਵਿੱਚ ਤਰਤੀਬਵਾਰ ‘ਉਪਕ੍ਰਮ’ ਤੇ ‘ਉਪਸੰਹਾਰ’ ਵੀ ਆਖਿਆ ਜਾਂਦਾ ਹੈ । ਮਹਾਨ ਕੋਸ਼ ਮੁਤਾਬਕ ਜਦੋਂ ਇਹ ਦੋਵੇਂ ਨਾਮ ਇਕੱਠੇ ਆਉਂਦੇ ਹਨ, ਤਦੋਂ ਇਨ੍ਹਾਂ ਦਾ ਭਾਵਾਰਥ ਹੁੰਦਾ ਹੈ- ‘ਗ੍ਰੰਥ ਦੀ ਭੂਮਿਕਾ ਅਤੇ ਉਸ ਦੇ ਅੰਤਿਮ ਸਿਧਾਂਤ ਦੀ ਏਕਤਾ’। ਇਸ ਤੋਂ ਨਿਸ਼ਚੇ ਹੁੰਦਾ ਹੈ ਕਿ ‘ਜਪੁ-ਜੀ’ ਦਾ ਆਰੰਭਕ ਸਲੋਕ ‘‘ਆਦਿ ਸਚੁ’’ ਇਸ ਬਾਣੀ ਦੀ ਸੰਖੇਪ ਭੂਮਿਕਾ ਹੈ ਅਤੇ ਸਮਾਪਤੀ ਦਾ ਅੰਤਮ ਸਲੋਕ ‘‘ਪਵਣੁ ਗੁਰੂ’’ ਸੰਖੇਪ ਸਾਰੰਸ਼ ਹੈ । ਜੇ ‘ਜਪੁ-ਜੀ’ ਦੇ ਮੁੱਢਲੇ ਸਲੋਕ ਵਿੱਚ ਰੱਬੀ ਹੋਂਦ ਦਾ ਸੱਚ ਦ੍ਰਿੜ੍ਹ ਕਰਵਾਉਂਦਿਆਂ ਪਹਿਲੇ ਬੰਦ ਵਿੱਚ ‘‘ਕਿਵ ਸਚਿਆਰਾ ਹੋਈਐ  ?’’ ਵਾਲਾ ਸੁਆਲ ਖੜ੍ਹਾ ਕੀਤਾ ਗਿਆ ਹੈ। ਤਾਂ ਬਾਕੀ ਦੇ ਬੰਦਾਂ ਵਿੱਚ ਇਨ੍ਹਾਂ ਦੋਹਾਂ ਪੱਖਾਂ ਦੀ ਵਿਆਖਿਆ ਕਰਦਿਆਂ ਸਾਰੰਸ਼ ਰੂਪ ਅੰਤਮ ਸਲੋਕ ਵਿੱਚ ਅਜਿਹੀ ਘਾਲ-ਕਮਾਈ ਕਰਨ ਵਾਲਿਆਂ ਨੂੰ ਰੱਬ ਦੀ ਧਰਮੀ ਦਰਗਾਹ ਦੇ ਉੱਜਲ-ਮੁਖੀ ਗੁਰਮੁਖ ਮੰਨਿਆ ਗਿਆ ਹੈ।

ਸੰਸਾਰ ਦੇ ਸਾਰੇ ਚੇਤੰਨ ਜੀਅ-ਜੰਤਾਂ ਨੂੰ ਪੈਦਾ ਹੋਣ ਤੇ ਜੀਊਣ ਲਈ ਹਵਾ, ਪਾਣੀ ਅਤੇ ਧਰਤੀ ਲੋੜੀਂਦੀ ਹੈ। ਇਨ੍ਹਾਂ ਦੀ ਬਦੌਲਤ ਹੀ ਸਮੇਂ ਦੇ ਪ੍ਰਤੀਕ ਬਣੇ ਰਾਤ ਅਤੇ ਦਿਨ ਵਰਗੇ ਖੇਡਾਵਿਆਂ ਦੀ ਗੋਦ ਵਿੱਚ ਸਾਰਾ ਜਗਤ ਖੇਲ ਰਿਹਾ ਹੈ, ਪਰ ਜਗਤ ਦੇ ਸਾਰੇ ਪ੍ਰਾਣਾਧਾਰੀ ਜੀਅ-ਜੰਤਾਂ ’ਚੋਂ ਗੁਰੂ ਅਤੇ ਆਚਰਨਿਕ ਚੰਗਿਆਈਆਂ ਬੁਰਿਆਈਆਂ ਦਾ ਬੋਧ ਕੇਵਲ ਮਨੁੱਖਾ ਸ਼੍ਰੇਣੀ ਨੂੰ ਹੈ। ਇਹੀ ਕਾਰਨ ਹੈ ਕਿ ਸੰਸਾਰ ਭਰ ਦੇ ਸਾਰੇ ਮੱਤ-ਮੱਤਾਂਤਰ ਦੇਸ਼-ਕਾਲ (ਮੁਲਕ ਤੇ ਮੌਕੇ) ਦੇ ਥੋੜ੍ਹੇ ਬਹੁਤੇ ਫਰਕ ਨਾਲ ਮਾਨਵੀ-ਸਮਾਜ ਨਾਲ ਹੀ ਸਬੰਧਿਤ ਪਾਏ ਜਾਂਦੇ ਹਨ। ਇਹ ਇੱਕ ਵੱਖਰਾ ਵਿਸ਼ਾ ਹੈ ਕਿ ਧਾਰਮਕ-ਗੰ੍ਰਥਾਂ ਦੀ ਦੁਨੀਆ ’ਚੋਂ ਕੇਵਲ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਹੀ ਇੱਕੋ-ਇਕ ਐਸੇ ਧਰਮ-ਗ੍ਰੰਥ ਹਨ, ਜਿਨ੍ਹਾਂ ਦਾ ਉਪਦੇਸ਼ ਦੇਸ਼-ਕਾਲ ਤੋਂ ਮੁਕਤ ਹੋ ਕੇ ਸਮੱੁਚੇ ਮਾਨਵੀ-ਭਾਈਚਾਰੇ ਦਾ ਭਲਾ ਲੋਚਦਾ ਹੈ। ਦਾਸਰੇ ਦੇ ਅਜਿਹੇ ਕਥਨ ਦਾ ਭਾਵ ਹੈ ਕਿ ਜੀਵਾਂ ਦੀ ਸਮਝ ਦੇ ਪੱਧਰ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਜਪੁ-ਜੀ ਸਮੇਤ ਸਮੁੱਚੀ ਗੁਰਬਾਣੀ ਮਨੁੱਖ ਮਾਤਰ ਲਈ ਹੈ, ਨਾ ਕਿ ਪਸ਼ੂ ਪੰਛੀਆਂ ਤੇ ਬਨਾਸਪਤੀ ਆਦਿਕ ਲਈ। ਭਾਵੇਂ ਕਿ ਹਵਾ, ਪਾਣੀ ਤੇ ਧਰਤੀ ਆਦਿਕ ਤੱਤ; ਮੂਲ-ਤੱਤ ਪ੍ਰਭੂ ਦੀ ਅੰਸ਼ ਹੋਣ ਸਦਕਾ ਪਸ਼ੂ-ਪੰਛੀਆਂ ਲਈ ਵੀ ਮਨੁੱਖਾਂ ਵਾਂਗ ਹੀ ਲੋੜੀਂਦੇ ਹਨ। ਇਹੀ ਕਾਰਨ ਹੈ ਕਿ ਗੁਰਬਾਣੀ ਦੀ ਸੂਝ ਰੱਖਣ ਵਾਲੇ ਗੁਰਮੁਖ ਸੱਜਣ ਸੁਭਾਵਕ ਹੀ ਆਪਣੇ ਆਲੇ-ਦੁਆਲੇ ਦੀ ਸ੍ਵੱਛਤਾ ਅਤੇ ਵਾਤਾਵਰਣੀ ਸ਼ੁੱਧਤਾ ਲਈ ਵੀ ਯਤਨਸ਼ੀਲ ਰਹਿੰਦੇ ਹਨ, ਕਿਉਂਕਿ ਉਹ ਸਾਰੇ ਜੀਅ-ਜੰਤਾਂ ਨੂੰ ਸਰਬ-ਸਾਂਝੇ ਬਾਪ (ਅਕਾਲ ਪੁਰਖ) ਦੀ ਸੰਤਾਨ ਸਮਝ ਕੇ ਜਿਉਂਦੇ ਹਨ।

ਇਸ ਲਈ ਜਪੁ-ਜੀ ਦੇ ਸਾਰੰਸ਼ ਰੂਪ ਅੰਤਮ ਸਲੋਕ ਦੀਆਂ ਹੇਠ ਲਿਖੀਆਂ ਪਹਿਲੀਆਂ ਦੋ ਤੁਕਾਂ ਜੀਅ-ਜੰਤਾਂ ਦੀ ਉਤਪਤੀ, ਪਾਲਣਾ ਤੇ ਉਨ੍ਹਾਂ ਦੇ ਜੀਵਤ ਰਹਿਣ ਦੇ ਵਾਤਾਵਰਣੀ ਪੱਖਾਂ ਤੋਂ ਭਾਵੇਂ ਸਾਰੇ ਜਗਤ ਨੂੰ ਆਪਣੀ ਲਪੇਟ ਵਿੱਚ ਲੈਂਦੀਆਂ ਹਨ। ਸੰਯੁਗਤ ਰਾਸ਼ਟਰ ਸਭਾ (U.N.O) ਸਮੇਤ ਸਮੁੱਚੇ ਵਾਤਾਵਰਣ ਪ੍ਰੇਮੀ ਆਪੋ ਆਪਣੀ ਭਾਸ਼ਾ ਵਿੱਚ ਜਪੁ-ਜੀ ਦੀਆਂ ਇਨ੍ਹਾਂ ਤੁਕਾਂ ਨੂੰ ਲਿਖ ਕੇ ਤੇ ਬੋਲ ਕੇ ਦੁਹਰਾਂਦੇ ਸੁਣੀਂਦੇ ਹਨ; ਕਿਉਂਕਿ ਉਹ ਅਜਿਹਾ ਮੰਨ ਕੇ ਚੱਲਦੇ ਹਨ ਕਿ ਜੇ ਮਨੁੱਖ ਨੇ ਹਵਾ ਪਾਣੀ ਦੀ ਸ਼ੁੱਧਤਾ ਤੇ ਧਰਤੀ ਦੇ ਮਹੱਤਵ ਨੂੰ ਨਾ ਸਮਝਿਆ ਤਾਂ ਮਨੁੱਖਾ ਸ਼੍ਰੇਣੀ ਸਮੇਤ ਸਾਰੇ ਜੀਅ-ਜੰਤਾਂ ਦਾ ਜਿਉਂਦੇ ਰਹਿ ਸਕਣਾ ਅਸੰਭਵ ਹੈ, ਪ੍ਰੰਤੂ ਗੁਰੂ ਨਾਨਕ ਸਾਹਿਬ ਜੀ ਦਾ ਮੁੱਖ ਮਨੋਰਥ ਮਨੁੱਖਾ ਜ਼ਿੰਦਗੀ ਵਿੱਚ ਗੁਰੂ, ਪਿਤਾ ਅਤੇ ਮਾਤਾ ਦੇ ਮਹੱਤਵ ਤੇ ਰਿਸ਼ਤੇ ਤੋਂ ਜਾਣੂ ਕਰਾਉਣਾ ਹੈ; ਤਾਂ ਕਿ ਉਹ ਮਾਤਾ ਤੇ ਪਿਤਾ ਦੇ ਸੰਜੋਗ ਤੋਂ ਜਨਮ ਲੈ ਕੇ ਉਨ੍ਹਾਂ ਦਾ ਅਦਬ ਕਰਦੇ ਹੋਏ ਜੀਵਨ ਦੀ ਸਫਲਤਾ ਪੱਖੋਂ ਗੁਰੂ ਮਿਲਾਪ ਦੇ ਵਿਸ਼ੇਸ਼ ਮਹੱਤਵ ਨੂੰ ਸਮਝ ਸਕਣ। ਉਹ ਗੁਰਮਤਿ ਦੀ ਸੱਚੀ ਟਕਸਾਲ ਵਿੱਚ ਗੁਰੂ ਵਰਗੇ ਅਜਿਹੇ ਸਚਿਆਰੇ ਜੀਵਨ ਦੀ ਘਾੜਤ ਘੜ ਸਕਣ, ਜੋ ਵਾਤਾਵਰਣ ਪ੍ਰੇਮੀਆਂ ਵਾਂਗ ਸਮੁੱਚੇ ਜਗਤ ਨੂੰ ਆਪਣਾ ਪਰਵਾਰ ਸਮਝ ਕੇ ਉਨ੍ਹਾਂ ਦੇ ਭਲੇ ਦੀ ਸੋਚਣ। ਪਾਵਨ ਤੁਕਾਂ ਹਨ :

                              ਪਵਣੁ ਗੁਰੂ, ਪਾਣੀ ਪਿਤਾ; ਮਾਤਾ ਧਰਤਿ ਮਹਤੁ                                        

ਦਿਵਸ ਰਾਤਿ ਦੁਇ, ਦਾਈ ਦਾਇਆ; ਖੇਲੈ ਸਗਲ ਜਗਤੁ

ਅਰਥ :- ਗੁਰੂ ਦਾ ਮਹੱਤਵ (ਮਹਤੁ) ਮਨੁੱਖ ਦੀ ਆਤਮਕ ਜ਼ਿੰਦਗੀ ਵਿੱਚ ਇਉਂ ਹੈ, ਜਿਵੇਂ ਬਨਾਸਪਤੀ ਸਮੇਤ ਪ੍ਰਾਣਾਧਾਰੀ ਜੀਅ-ਜੰਤਾਂ ਦੇ ਜੀਊਣ ਲਈ ‘ਹਵਾ’ (ਪਵਣ)। ਪਿਤਾ ਦਾ ਮਹੱਤਵ ਮਨੁੱਖਾ ਜ਼ਿੰਦਗੀ ਵਿਚ ਇਉਂ ਹੈ, ਜਿਵੇਂ ਬਨਾਸਪਤੀ ਸਮੇਤ ਜੀਅ-ਜੰਤਾਂ ਦੀ ਪੈਦਾਇਸ਼ ਅਤੇ ਜੀਊਣ ਲਈ ‘ਪਾਣੀ’। ਮਾਤਾ ਦਾ ਮਹੱਤਵ ਇਉਂ ਹੈ, ਜਿਵੇਂ ਬਨਾਸਪਤੀ ਦੀ ਪੈਦਾਇਸ਼ ਸਮੇਤ ਜੀਅ-ਜੰਤਾਂ ਦੇ ਜੀਊਣ ਲਈ ‘ਧਰਤੀ’। ਪਵਣ, ਪਾਣੀ ਅਤੇ ਧਰਤੀ (ਮਿੱਟੀ) ਆਦਿਕ ਤੱਤਾਂ ਦੇ ਸੁਮੇਲ ਸਦਕਾ ਪੈਦਾ ਹੋ ਰਹੇ ਇਸ ਜਗਤ ਲਈ ਦਿਨ ਤੇ ਰਾਤ ਦੋਵੇਂ ਮਾਨੋ ਖਿਡਾਵਾ ਤੇ ਖਿਡਾਵੀ (ਦਾਇਆ ਦਾਈ) ਹਨ, ਜਿਨ੍ਹਾਂ ਦੁਆਰਾ ਸਾਰਾ ਸੰਸਾਰ ਆਪਣੇ ਜੀਵਨ ਦੀ ਖੇਡ ਖੇਲ ਰਿਹਾ ਹੈ ਭਾਵ ਸੰਸਾਰ ਦੇ ਸਾਰੇ ਜੀਵ; ਰਾਤ ਨੂੰ ਸੌਣ ਵਿਚ ਅਤੇ ਦਿਨੇ ਖਾਣ-ਪੀਣ ਲਈ ਆਪੋ ਆਪਣੇ ਕਾਰ-ਵਿਹਾਰ ਵਿਚ ਪਰਚੇ ਰਹਿੰਦੇ ਹਨ।

‘ਮਾਰੂ ਮਹਲਾ 1 ਸੋਲਹੇ’ ਦੇ ਸਿਰਲੇਖ ਹੇਠ ਹਜ਼ੂਰ ਨੇ ਜਪੁ-ਜੀ ਦੀਆਂ ਵਿਚਾਰਧੀਨ ਉਪਰੋਕਤ ਤੁਕਾਂ ਦੇ ਭਾਵਾਰਥ ਨੂੰ ਪ੍ਰਗਟਾਉਂਦਿਆਂ ਦੱਸਿਆ ਹੈ ਕਿ ਅਕਾਲ-ਪੁਰਖ ਆਪ ਹੀ ਸੰਸਾਰ ਦੀ ਇਹ ਸਾਰੀ ਖੇਡ ਖੇਲ ਰਿਹਾ ਹੈ; ਕਿਉਂਕਿ ਇਹ ਸਭ ਕੁਝ ਉਸ ਨੇ ਆਪਣੇ ਆਪੇ ’ਚੋਂ ਹੀ ਪ੍ਰਗਟ ਕੀਤਾ ਹੈ ਭਾਵ ਉਹ ਆਪ ਹੀ ਮਾਂ ਪਿਉ ਬਣ ਕੇ ਜਨਮ ਦਿੰਦਾ ਹੈ ਅਤੇ ਉਹ ਆਪ ਹੀ ਗੁਰੂ ਦੇ ਰੂਪ ਵਿੱਚ ਆਤਮਕ ਸੋਝੀ ਪ੍ਰਦਾਨ ਕਰਦਾ ਹੈ। ਪਾਵਨ ਗੁਰ ਵਾਕ ਹੈ : ‘‘ਪਉਣੁ ਗੁਰੂ, ਪਾਣੀ ਪਿਤ ਜਾਤਾ ਉਦਰ ਸੰਜੋਗੀ, ਧਰਤੀ ਮਾਤਾ ਰੈਣਿ ਦਿਨਸੁ ਦੁਇ, ਦਾਈ ਦਾਇਆ; ਜਗੁ ਖੇਲੈ ਖੇਲਾਈ ਹੇ ੧੦’’ (ਮਹਲਾ /੧੦੨੧) ਰਾਮਕਲੀ ਰਾਗ ਵਿਚਲੀ ‘ਅਨੰਦੁ’ ਨਾਮਕ ਬਾਣੀ ਵਿੱਚ ‘‘ਹਰਿ ਆਪੇ ਮਾਤਾ, ਆਪੇ ਪਿਤਾ; ਜਿਨਿ ਜੀਉ ਉਪਾਇ ਜਗਤੁ ਦਿਖਾਇਆ ਗੁਰ ਪਰਸਾਦੀ ਬੁਝਿਆ, ਤਾ ਚਲਤੁ ਹੋਆ; ਚਲਤੁ ਨਦਰੀ ਆਇਆ ’’ (ਮਹਲਾ /੯੨੧) ਗੁਰ ਵਾਕ ਦੁਆਰਾ, ਜਿਥੇ ਮਾਤਾ ਪਿਤਾ ਦੇ ਸਮਾਜਕ ਰਿਸ਼ਤੇ ਅਤੇ ਅਧਿਆਤਮਕ ਰਹੱਸ ਨੂੰ ਪ੍ਰਗਟਾਇਆ ਗਿਆ ਹੈ, ਉਥੇ ਇਹ ਪੱਖ ਵੀ ਉਜਾਗਰ ਕੀਤਾ ਹੈ ਕਿ ਮਾਤਾ ਪਿਤਾ ਦੇ ਸੰਜੋਗ ਤੋਂ ਪੈਦਾ ਹੋਏ ਸਰੀਰ ਦੀ ਬਦੌਲਤ ਹੀ ਮਨੁੱਖ; ਗੁਰੂ ਦੀ ਮਿਹਰ ਦਾ ਪਾਤਰ ਬਣ ਕੇ ਆਤਮਕ ਅਨੰਦ ਮਾਣਦਾ ਹੈ। ਜਿਵੇਂ ਸਮਾਜਕ ਤਲ ਦੇ ਭੈਣ ਭਰਾਵਾਂ ਆਦਿਕ ਸਾਰੇ ਰਿਸ਼ਤਿਆਂ ਦਾ ਆਧਾਰ ਮਾਤਾ ਪਿਤਾ ਬਣਦੇ ਹਨ, ਤਿਵੇਂ ਹੀ ਆਤਮਕ ਤਲ ਦੇ ਸਾਰੇ ਦੈਵੀ-ਗੁਣਾਂ ਦਾ ਆਧਾਰ ਗੁਰੂ ਦੇ ਮਿਲਾਪ ਨੂੰ ਮੰਨਿਆ ਜਾਂਦਾ ਹੈ। ਰਾਮਕਲੀ ਰਾਗ ਵਿੱਚ ਭਾਈ ਸੱਤੇ ਤੇ ਬਲਵੰਡ ਦੀ ਉਚਾਰੀ ਵਾਰ ਦੇ ਅੰਮ੍ਰਿਤ ਬਚਨ ‘‘ਦੇ ਗੁਨਾ ਸਤਿ, ਭੈਣ ਭਰਾਵ ਹੈ; ਪਾਰੰਗਤਿ ਦਾਨੁ ਪੜੀਵਦੈ ’’ (ਪੰਨਾ ੯੬੬) ਇਸ ਹਕੀਕਤ ਦਾ ਅਕੱਟ ਪ੍ਰਮਾਣ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ‘‘ਮਾਤ ਪਿਤਾ ਸੰਜੋਗਿ ਉਪਾਏ; ਰਕਤੁ ਬਿੰਦੁ ਮਿਲਿ ਪਿੰਡੁ ਕਰੇ ’’ (ਮਹਲਾ /੧੦੧੩) ਗੁਰ ਵਾਕ ਦੇ ਚਾਨਣ ਵਿੱਚ ਕਿਹਾ ਜਾ ਸਕਦਾ ਹੈ ਕਿ ਜਿਵੇਂ ਮਾਤਾ ਪਿਤਾ ਦੇ ਸੰਜੋਗ ਦੁਆਰਾ ਮਨੁੱਖ ਮਾਂ ਦੀ ਕੁਖੋਂ ਸਥੂਲ ਸਰੀਰ ਦੇ ਰੂਪ ਵਿੱਚ ਜਨਮ ਲੈਂਦਾ ਹੈ; ਤਿਵੇਂ ਹੀ ਗੁਰੂ ਦੀ ਸ਼ਰਨ ਵਿਚੋਂ ਵੀ ਉਸ ਨੂੰ ਨਵਾਂ ਆਤਮਕ-ਜੀਵਨ ਮਿਲਦਾ ਹੈ, ਜਿਹੜਾ ਉਸ ਦੀ ਮਾਨਸਿਕ ਭਟਕਣਾ ਮਿਟਾਉਣ ਦਾ ਸਾਧਨ ਬਣਦਾ ਹੈ। ਜਗਤ-ਗੁਰ-ਬਾਬੇ ਨਾਨਕ ਪਾਤਿਸ਼ਾਹ ਜੀ ਦੀ ਜ਼ਿੰਦਗੀ ਤੋਂ ਪ੍ਰਭਾਵਤ ਹੋਏ ਸਿੱਧਾਂ ਨੇ ਪੁੱਛਿਆ ‘‘ਕਿਤੁ ਬਿਧਿ ਪੁਰਖਾ  ! ਜਨਮ ਵਟਾਇਆ  ? ’’ ਹਜ਼ੂਰ ਨੇ ਉੱਤਰ ਦਿੱਤਾ : ‘‘ਸਤਿਗੁਰ ਕੈ ਜਨਮੈ, ਗਵਨ ਮਿਟਾਇਆ ’’ ਜੇ ਉਨ੍ਹਾਂ ਪੁੱਛਿਆ ਕਿ ‘‘ਕਿਤੁ ਬਿਧਿ, ਆਸਾ ਮਨਸਾ ਖਾਈ  ? ’’ ਤਾਂ ਹਜ਼ੂਰ ਨੇ ਦੱਸਿਆ ਕਿ ਮਨ ਦੇ ਭਟਕਣਾ ਰੂਪ ਫੁਰਨੇ ਤੇ ਦੁਨਿਆਵੀ ਇਛਾਵਾਂ ਅਸਾਂ ਗੁਰ ਸ਼ਬਦੀ ਆਚਾਰ-ਵਿਹਾਰ ਦੁਆਰਾ ਸਾੜੀਆਂ ਹਨ ‘‘ਆਸਾ ਮਨਸਾ, ਸਬਦਿ ਜਲਾਈ ’’ (ਪੰਨਾ ੯੪੦) ਇਹੀ ਕਾਰਨ ਜਾਪਦਾ ਹੈ ਕਿ ਗੁਰਸਿੱਖਾਂ ਨੇ ‘ਅੰਮ੍ਰਿਤ ਸੰਸਕਾਰ’ ਮੌਕੇ ਗੁਰੂ ਦੀਖਿਆ ਦੇ ਪ੍ਰਸੰਗ ਤੋਂ ਨਵੇਂ ਜਨਮ ਤੇ ਜੀਵਨ ਦੀ ਇਞ ਸਿੱਖਿਆ ਦਿੱਤੀ ਜਾਂਦੀ ਹੈ : ‘‘ਅੱਜ ਤੋਂ ਤੁਸੀਂ ‘‘ਸਤਿਗੁਰ ਕੈ ਜਨਮੇ ਗਵਨੁ ਮਿਟਾਇਆ’’ ਹੈ ਅਤੇ ਖ਼ਾਲਸਾ-ਪੰਥ ਵਿੱਚ ਸ਼ਾਮਲ ਹੋਏ ਹੋ। ਤੁਹਾਡਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਧਾਰਮਿਕ ਮਾਤਾ ਸਾਹਿਬ ਕੌਰ ਜੀ ਹਨ। ਜਨਮ ਆਪ ਦਾ ਕੇਸਗੜ੍ਹ ਸਾਹਿਬ ਦਾ ਤੇ ਵਾਸੀ ਸ੍ਰੀ ਅਨੰਦਪੁਰ ਸਾਹਿਬ ਦੇ ਹੋ। ਤੁਸੀਂ ਇਕ ਪਿਤਾ ਦੇ ਪੁੱਤਰ ਹੋਣ ਕਰਕੇ ਆਪਸ ਵਿਚ ਤੇ ਹੋਰ ਸਾਰੇ ਅੰਮ੍ਰਿਤਧਾਰੀਆਂ ਦੇ ਧਾਰਮਿਕ ਭ੍ਰਾਤਾ ਹੋ। ਤੁਸੀਂ ਪਿਛਲੀ ਕੁਲ, ਕਿਰਤ, ਧਰਮ ਦਾ ਤਿਆਗ ਕਰਕੇ ਅਰਥਾਤ ਪਿਛਲੀ ਜਾਤ-ਪਾਤ, ਜਨਮ, ਦੇਸ਼, ਮਜ਼੍ਹਬ ਦਾ ਖ਼ਿਆਲ ਤਕ ਛੱਡ ਕੇ ਨਿਰੋਲ ਖ਼ਾਲਸਾ ਬਣ ਗਏ ਹੋ। ਇਕ ਅਕਾਲ ਪੁਰਖ ਤੋਂ ਛੁਟ ਕਿਸੇ ਦੇਵੀ, ਦੇਵਤੇ, ਅਵਤਾਰ, ਪੈਗੰਬਰ ਦੀ ਉਪਾਸ਼ਨਾ ਨਹੀਂ ਕਰਨੀ। ਦਸ ਗੁਰੂ ਸਾਹਿਬਾਨ ਨੂੰ ਅਤੇ ਉਨ੍ਹਾਂ ਦੀ ਬਾਣੀ ਤੋਂ ਬਿਨਾਂ ਕਿਸੇ ਹੋਰ ਨੂੰ ਆਪਣਾ ਮੁਕਤੀ ਦਾਤਾ ਨਹੀਂ ਮੰਨਣਾ।’’

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰਲੇ ‘‘ਦੇਹੀ ਮਾਟੀ, ਬੋਲੈ ਪਉਣੁ ’’ (ਮਹਲਾ /੧੫੨) ਗੁਰ ਵਾਕ ਤੋਂ ਕੁਦਰਤੀ ਵਿਗਿਆਨ ਦਾ ਇਹ ਤੱਥ ਵੀ ਭਲੀਭਾਂਤ ਉਜਾਗਰ ਹੁੰਦਾ ਹੈ ਕਿ ਭੋਜਨ ਰੂਪ ਮਾਟੀ (ਮਿੱਟੀ) ਤੋਂ ਬਣੀ ਦੇਹੀ ਵਿੱਚ ‘ਪਉਣ’ ਹੀ ਬੋਲਦਾ ਹੈ ਭਾਵ ਸੁਆਸਾਂ ਦਾ ਚੱਲਣਾ ਤੇ ਪ੍ਰਾਣੀ ਦਾ ਬੋਲਣਾ; ਇਹ ਸਾਰਾ ਕੁਝ ਹਵਾ ’ਤੇ ਨਿਰਭਰ ਕਰਦਾ ਹੈ। ਜੇ ਹਵਾ ਨਾ ਹੋਵੇ ਤਾਂ ਕਿਸੇ ਵੀ ਪ੍ਰਕਾਰ ਦਾ ਰਾਗ, ਧੁਨੀ ਜਾਂ ਸ਼ਬਦ ਪੈਦਾ ਨਹੀਂ ਹੋ ਸਕਦਾ। ਇਸ ਲਈ ‘ਪਵਣੁ ਗੁਰੂ’ ਦੇ ਰੂਪਕ ਤੋਂ ਸ਼ਬਦ-ਗੁਰੂ ਦਾ ਸਿਧਾਂਤ ਵੀ ਪ੍ਰਗਟ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਢਲੇ ਲੇਖਾਰੀ ਤੇ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਇਸ ਕੁਦਰਤੀ ਪਸਾਰੇ ਨੂੰ ਰੱਬੀ ਹੁਕਮ ਵਿੱਚ ਹੋਇਆ ਚੇਤੰਨ ਤੇ ਜੜ੍ਹ ਸ਼ਕਤੀ ਦਾ ਸੁਮੇਲ ਦੱਸਦਿਆਂ ਪਾਵਨ ਸਲੋਕ ਦੀਆਂ ਉਪਰੋਕਤ ਤੁਕਾਂ ਦੀ ਕਾਵਿਕ-ਵਿਆਖਿਆ ਇਉਂ ਬਿਆਨ ਕੀਤੀ ਹੈ : ‘‘ਪਵਣ ਗੁਰੂ, ਗੁਰੁ ਸਬਦੁ ਹੈ; ਰਾਗ ਨਾਦ ਵੀਚਾਰਾ ਮਾਤਾ ਪਿਤਾ ਜਲੁ ਧਰਤਿ ਹੈ, ਉਤਪਤ ਸੰਸਾਰਾ ਦਾਈ ਦਾਇਆ ਰਾਤਿ ਦਿਹੁ; ਵਰਤੇ ਵਰਤਾਰਾ ਸਿਵ ਸਕਤੀ ਦਾ ਖੇਲੁ ਮੇਲੁ; ਪਰਕਿਰਤਿ ਪਸਾਰਾ ਪਾਰਬ੍ਰਹਮ ਪੂਰਨ ਬ੍ਰਹਮ, ਘਟਿ ਚੰਦ੍ਰ ਅਕਾਰਾ ਆਪੇ ਆਪ ਵਰਤਦਾ; ਗੁਰਮੁਖਿ ਨਿਰਧਾਰਾ (ਵਾਰ / ਪਉੜੀ ੧੯)

ਸਰਲ ਗੁਰਬਾਣੀ ਵਿਆਕਰਣ – ਭਾਗ 9

0

ਸਰਲ ਗੁਰਬਾਣੀ ਵਿਆਕਰਣ – ਭਾਗ 9

(ਇਸਤਰੀ ਲਿੰਗ ਨਾਉਂ – ਅਕਾਰਾਂਤ)

– ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ।

‘ਹਾਅ ! ਬੰਦੇ ਨੇ ਬੀਬੀ ਨੂੰ ਮਾਰ ਦਿੱਤਾ।’ ਮਾਸੂਮ ਮਿਹਰ ਸਿੰਘ ਕਿਤਾਬ ਪੜ੍ਹ ਕੇ ਆਪਣੀ ਡਾਇਰੀ ’ਤੇ ਨੋਟਸ ਲਿਖਦਿਆਂ ਇਕੋ-ਦਮ ਚੀਕਿਆ।

‘ਕਿਹੜੀ ਬੀਬੀ ਨੂੰ ? ਕਿੱਥੇ ਮਾਰਿਆ ?’ ਮਾਂ ਅਤੇ ਸੁਖਦੀਪ ਸਿੰਘ ਨੇ ਇਕੱਠਿਆਂ ਚੌਂਕ ਕੇ ਪੁੱਛਿਆ।

‘ਮੇਰਾ ਮਤਲਬ ਗੁਰਬਾਣੀ ਦੀ ਵਿਆਕਰਣ ਵਿਚ ਪੁਲਿੰਗ ਨੇ ਇਸਤਰੀ ਲਿੰਗ ਨੂੰ ਮਾਰ ਦਿੱਤਾ।’ ਮਿਹਰ ਸਿੰਘ ਨੇ ਸ਼ਰਾਰਤੀ ਹਾਸਾ ਹੱਸਦਿਆਂ ਜਵਾਬ ਦਿੱਤਾ।

‘ਉਹ ਕਿਵੇਂ ਪੁੱਤਰ ?’ ਮਾਂ ਨੇ ਫਿਰ ਹੈਰਾਨੀ ਨਾਲ ਪੁੱਛਿਆ।

‘ਦੇਖੋ ਮੰਮੀ ਜੀ, ਭੋਜਨ ਨੇ ਭੁੱਖ ਨੂੰ ਮਾਰ ਦਿੱਤਾ। ਪਾਣੀ ਨੇ ਪਿਆਸ ਨੂੰ ਮਾਰ ਦਿੱਤਾ। ਸਤਿਗੁਰੂ ਜੀ ਨੇ ਆਸ ਨੂੰ ਮੁਕਾ ਦਿਤਾ। ਸਮਝੋ ਪੁਲਿੰਗ ਨੇ ਇਸਤਰੀ ਲਿੰਗ ਨੂੰ ਮਾਰ ਦਿੱਤਾ।’ ਮਿਹਰ ਸਿੰਘ ਨੇ ਨਵੀਂ ਖੋਜ ਕੱਢ ਮਾਰੀ।

‘ਮਿਹਰ, ਤੈਨੂੰ ਪਤਾ ਹੈ ਕਿ ਦੁਨੀਆਂ ਦਾ ਮਹਾਨ ਸਾਇੰਸਦਾਨ ਅਲਬਰਟ ਆਈਨਸਟਾਈਨ ਡੂੰਘੀਆਂ ਗੱਲਾਂ ਕਰਨ ਵਾਲਾ ਇੰਨਾ ਦਿਮਾਗੀ ਬੰਦਾ ਸੀ ਕਿ ਉਹਦੀਆਂ ਗੱਲਾਂ ਨੂੰ ਸਿਰਫ 17 ਬੁੱਧੀਮਾਨ ਬੰਦੇ ਹੀ ਸਮਝ ਸਕੇ ਸਨ। ਮੈਨੂੰ ਤੇਰੇ ’ਤੇ ਬਹੁਤ ਮਾਣ ਹੈ ਕਿਉਂਕਿ ਤੂੰ ਤਾਂ ਅਲਬਰਟ ਆਈਨਸਟਾਈਨ ਤੋਂ ਵੀ ਜ਼ਿਆਦਾ ਦਿਮਾਗੀ ਹੈਂ। ਤੈਨੂੰ ਤਾਂ ਅਜੇ ਤੱਕ ਇਕ ਵੀ ਬੰਦਾ ਨੀਂ ਸਮਝ ਸਕਿਆ।’ ਸੁਖਦੀਪ ਸਿੰਘ ਨੇ ਮਿੱਠੀ ਜਿਹੀ ਟਕੋਰ ਕਰਦਿਆਂ ਕਿਹਾ ਤੇ ਸਾਰੇ ਹੱਸ ਪਏ।

‘ਨਹੀਂ, ਨਹੀਂ। ਤੁਹਾਨੂੰ ਸਮਝ ਨੀਂ ਆਈ। ਮੈਂ ਸਮਝਾਉਂਦਾ ਹਾਂ। ਗੁਰਬਾਣੀ ਵਿਚ ‘ਭੋਜਨੁ, ਜਲੁ, ਸਤਿਗੁਰੁ’ ਆਦਿ ਸ਼ਬਦ ਪੁਲਿੰਗ ਇਕ ਵਚਨ ਹੁੰਦੇ ਨੇ, ਜਿਹੜੇ ਉਕਾਰਾਂਤ (ਆਖਰੀ ਅੱਖਰ ਔਂਕੜ ਨਾਲ) ਆਉਂਦੇ ਨੇ, ਜਿਵੇਂ:

ਬ੍ਰਹਮ ਗਿਆਨੀ ਕਾ ਭੋਜਨੁ ਗਿਆਨ॥

ਅਬ ਮੋਹਿ ਜਲਤ ਰਾਮ ਜਲੁ ਪਾਇਆ॥

ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ॥      

ਇਸੇ ਤਰ੍ਹਾਂ ਗੁਰਬਾਣੀ ਵਿਚ ਭੁਖ, ਪਿਆਸ, ਆਸ ਆਦਿ ਇਸਤਰੀ ਲਿੰਗ ਸ਼ਬਦਾਂ ਦੀ ਪਛਾਣ ਇਹ ਹੈ ਕਿ ਉਹ ਅਕਾਰਾਂਤ (ਆਖਰੀ ਅੱਖਰ ਮੁਕਤਾ) ਹੁੰਦੇ ਹਨ, ਜਿਵੇਂ:

ਭੁਖ ਵਿਆਪੈ ਬਹੁ ਬਿਧਿ ਧਾਵੈ॥

ਮਾਧਉ ਜਲ ਕੀ ਪਿਆਸ ਨ ਜਾਇ॥

ਮੈ ਏਹਾ ਆਸ ਏਹੋ ਆਧਾਰੁ॥

ਹੁਣ ਦੇਖੋ ਗੁਰਬਾਣੀ ਵਿਆਕਰਣ ਦੇ ਨੇਮਾਂ ਮੁਤਾਬਕ ਭੋਜਨੁ, ਜਲੁ, ਸਤਿਗੁਰੁ ਸ਼ਬਦ ਪੁਲਿੰਗ ਨਾਂਵ ਹਨ ਤੇ ਭੁਖ, ਪਿਆਸ, ਆਸ ਇਸਤਰੀ ਲਿੰਗ ਨਾਂਵ ਹਨ। ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਦੇ ਹਾਂ ਤਾਂ ਉਸ ਵਿਚ ਇਹ ਵੀ ਪ੍ਰਮਾਣ ਆਉਂਦੇ ਨੇ:

ਸਤਿਗੁਰਿ ਮਿਲਿਐ ਜਲੁ ਪਾਈਐ ਚੂਕੈ ਭੂਖ ਪਿਆਸ॥

ਨਾਨਕ ਸਤਿਗੁਰੁ ਸੇਵਨਿ ਆਪਣਾ ਸੇ ਆਸਾ ਤੇ ਨਿਰਾਸਾ॥

ਜਦੋਂ ਅਸੀਂ ਭੋਜਨ ਕੀਤਾ ਤਾਂ ਉਸ ਭੋਜਨ ਨੇ ਸਾਡੀ ਭੁੱਖ ਖਤਮ ਕਰ ਦਿੱਤੀ, ਇਸ ਤਰ੍ਹਾਂ ‘ਭੋਜਨੁ’ ਪੁਲਿੰਗ ਨੇ ‘ਭੁਖ’ ਇਸਤਰੀ ਲਿੰਗ ਨੂੰ ਮਾਰ ਦਿਤਾ। ਜਦੋਂ ਪਾਣੀ ਪੀਣ ਨਾਲ ਸਾਡੀ ਪਿਆਸ ਮਰ ਗਈ ਤਾਂ ‘ਜਲੁ’ ਨੇ ‘ਪਿਆਸ’ ਨੂੰ ਮਾਰ ਦਿੱਤਾ। ਜਦੋਂ ਸਤਿਗੁਰੂ ਜੀ ਨੇ ਸਾਡੀਆਂ ਆਸ਼ਾਵਾਂ ਨੂੰ ਮੁਕਾ ਦਿੱਤਾ ਤਾਂ ਸਮਝੋ ‘ਸਤਿਗੁਰੁ’ ਨੇ ‘ਆਸ’ ਨੂੰ ਮਾਰ ਦਿੱਤਾ। ਤਾਂ ਹੋ ਗਿਆ ਨਾ, ਪੁਲਿੰਗ ਨੇ ਇਸਤਰੀ ਲਿੰਗ ਨੂੰ ਮਾਰ ਦਿੱਤਾ ?’ ਮਿਹਰ ਸਿੰਘ ਪੂਰੇ ਕੌਨਫੀਡੈਂਸ ਨਾਲ ਆਪਣੀ ਗੱਲ ਸਮਝਾਈ।

‘ਇਹ ਜ਼ਰੂਰੀ ਨਹੀਂ ਹੈ। ਇਸ ਹਿਸਾਬ ਨਾਲ ਤਾਂ ਇਸਤਰੀ ਲਿੰਗ ਵੀ ਪੁਲਿੰਗ ਨੂੰ ਮਾਰ ਸਕਦੀ ਹੈ। ਜਿਵੇਂ:ਇਸਤਰੀ ਲਿੰਗ ਸ਼ਬਦ ‘ਖੇਹ’ ਨੇ ਪੁਲਿੰਗ ਸ਼ਬਦ ‘ਤਨੁ’ ਨੂੰ ਮਾਰ ਦਿੱਤਾ। ਇਸਤਰੀ ਲਿੰਗ ਸ਼ਬਦ ‘ਪਿਆਸ’ ਨੇ ਪੁਲਿੰਗ ਸ਼ਬਦ ‘ਸਾਕਤੁ’ ਨੂੰ ਮਾਰ ਦਿੱਤਾ। ਗੁਰਬਾਣੀ ਅਨੁਸਾਰ:

ਖੇਹੂ ਖੇਹ ਰਲੈ ਤਨੁ ਛੀਜੈ॥

ਜਿਉ ਮੀਨਾ ਬਿਨੁ ਪਾਣੀਐ ਤਿਉ ਸਾਕਤੁ ਮਰੈ ਪਿਆਸ॥

ਪਰ ਮੈਨੂੰਤੇਰੀ ਇਕ ਗੱਲ ਸਮਝ ਨੀਂ ਆਈ।’ ਸੁਖਦੀਪ ਸਿੰਘ ਅਜੇ ਗੱਲ ਕਰ ਹੀ ਰਿਹਾ ਸੀ ਕਿ ਮੈਂ ਬਾਹਰੋਂ ਦਰਵਾਜ਼ੇ ਦੀ ਬੈੱਲ ਵਜਾ ਦਿੱਤੀ। ਮਿਹਰ ਸਿੰਘ ਨੇ ਭੱਜ ਕੇ ਦਰਵਾਜ਼ਾ ਖੋਲ੍ਹਿਆ ਤੇ ਮੈਂ ਅੰਦਰ ਆ ਕੇ ਸਾਰਿਆਂ ਨੂੰ ਫ਼ਤਹ ਗਜਾਈ।

‘ਗਿਆਨੀ ਜੀ, ਮੈਂ ਸਵੇਰ ਦਾ ਤੁਹਾਨੂੰ ਹੀ ਯਾਦ ਕਰ ਰਿਹਾ ਸੀ। ਅੱਜ ਮੈਂ ਗੁਰਬਾਣੀ ਵਿਚੋਂ ਇਸਤਰੀ ਲਿੰਗ ਸ਼ਬਦਾਂ ਦੀ ਪਛਾਣ ਸਿੱਖ ਰਿਹਾ ਹਾਂ।’ ਮਿਹਰ ਸਿੰਘ ਨੇ ਬੜੇ ਉਤਸ਼ਾਹ ਨਾਲ ਚਾਈਂ-ਚਾਈਂ ਦੱਸਿਆ।

‘ਵਾਹ ਜੀ ! ਮੇਰੇ ਨਿੱਕੇ ਜਿਹੇ ਬੱਚੇ ਨੂੰ ਇੰਨੀ ਵਿਆਕਰਣ ਆ ਗਈ ਐ ? ਮੇਰੇ ਸੋਹਣੇ ਬੇਟਾ ਜੀ, ਮੈਨੂੰ ਵੀ ਇਸਤਰੀ ਲਿੰਗ ਸ਼ਬਦਾਂ ਦੀ ਪਛਾਣ ਕਰਨੀ ਸਿਖਾ ਦਿਉ ਨਾ ?’ ਮੈਂ ਵੀ ਉਸ ਨੂੰ ਪਿਆਰ ਭਰੀ ਗਲਵੱਕੜੀ ਵਿਚ ਲੈਂਦਿਆਂ ਬੜੇ ਪਿਆਰ ਨਾਲ ਕਿਹਾ।

‘ਗਿਆਨੀ ਜੀ, ਇਹ ਤਾਂ ਬਹੁਤ ਸੌਖਾ ਹੈ। ਮੈਂ ਤੁਹਾਨੂੰ 5 ਮਿੰਟ ਵਿਚ ਸਿਖਾ ਸਕਦਾ ਹਾਂ। ਗੁਰਬਾਣੀ ਵਿਚ ਇਸਤਰੀ ਲਿੰਗ ਸ਼ਬਦਾਂ ਦੀ ਪਛਾਣ ਇਹ ਹੈ ਕਿ ਉਹ ਅਕਾਰਾਂਤ (ਮੁਕਤਾ-ਅੰਤ) ਆਉਂਦੇ ਨੇ, ਜਿਵੇਂ:

ਭਰੀਐ ਹਥੁ ਪੈਰੁ ਤਨੁ ਦੇਹ॥

ਇਸ ਤੁੱਕ ਵਿਚ ਹਥੁ, ਪੈਰੁ, ਤਨੁ ਇਕ ਵਚਨ ਪੁਲਿੰਗ ਨਾਂਵ ਹਨ, ਇਸ ਲਈ ਇਹਨਾਂ ਦੇ ਆਖਰੀ ਅੱਖਰ ਨੂੰ ਔਂਕੜ ਆ ਗਈ ਹੈ। ‘ਦੇਹ’ ਦਾ ਅਰਥ ਹੈ: ਦੇਹੀ (ਸਰੀਰ), ਇਸ ਲਈ ‘ਦੇਹ’ ਇਸਤਰੀ ਲਿੰਗ ਨਾਉਂ ਹੋਣ ਕਰਕੇ ‘ਦੇਹ’ ਦਾ ਆਖਰੀ ਅੱਖਰ ‘ਹ’ ਮੁਕਤਾ ਆਇਆ ਹੈ। ਇਸ ਤੁੱਕ ਦਾ ਅਰਥ ਇਹ ਹੈ: ਜੇ ਹੱਥ, ਪੈਰ, ਸਰੀਰ, ਦੇਹ ਲਿਬੜ ਜਾਏ।’ ਮਿਹਰ ਸਿੰਘ ਨੇ ਬਹੁਤ ਭੋਲੇਪਨ ਨਾਲ ਸਮਝਾਇਆ।

‘ਪਰ ਇਹ ਵੀ ਤਾਂ ਹੋ ਸਕਦਾ ਹੈ ਨਾ ਕਿ ‘ਦੇਹ’ ਪੁਲਿੰਗ ਹੋਵੇ ?’ ਮੈਂ ਜਾਣ-ਬੁੱਝ ਕੇ ਗਲਤ ਸਵਾਲ ਕੀਤਾ।

‘ਪਰ ਗਿਆਨੀ ਜੀ, ਜਦੋਂ ਅਸੀਂ ਅਨੰਦ ਸਾਹਿਬ ਦੀ ਬਾਣੀ ਪੜਦੇ ਹਾਂ ਤਾਂ ਉਸ ਵਿਚ ਇਕ ਤੁੱਕ ਆਉਂਦੀ ਹੈ:

ਸਾਚੀ ਲਿਵੈ ਬਿਨੁ ਦੇਹ ਨਿਮਾਣੀ॥

‘ਦੇਹ’ ਇਸਤਰੀ ਲਿੰਗ ਹੈ ਤਾਂ ਹੀ ਉਸ ਦਾ ਵਿਸ਼ੇਸ਼ਣ ‘ਨਿਮਾਣੀ’ ਆਇਆ ਹੈ। ਜੇ ‘ਦੇਹ’ ਪੁਲਿੰਗ ਸ਼ਬਦ ਹੁੰਦਾ ਤਾਂ ਵਿਸ਼ੇਸ਼ਣ ‘ਨਿਮਾਣਾ’ ਆਉਣਾ ਸੀ ਨਾ ? ਇਸ ਤੁੱਕ ਦਾ ਅਰਥ ਇਹ ਹੈ: ਸੱਚੀ ਲਗਨ ਤੋਂ ਬਿਨਾਂ ਦੇਹੀ ਨਿਆਸਰੀ ਹੈ।’ ਮਿਹਰ ਸਿੰਘ ਨੇ ਹੁਣ ਬਿਲਕੁੱਲ ਸਪਸ਼ੱਟ ਕਰ ਦਿੱਤਾ ਸੀ।

‘ਵਾਹ ਉਏ ਮੇਰੇ ਨਿੱਕੇ ਵਿਦਵਾਨ ! ਤੂੰ ਤਾਂ ਮੇਰਾ ਛੋਟਾ ਜਿਹਾ ਪ੍ਰੋ: ਸਾਹਿਬ ਸਿੰਘ ਹੈਂ।’ ਮੈਂ ਮਿਹਰ ਸਿੰਘ ਦੇ ਸਿਰ ’ਤੇ ਹੱਥ ਰੱਖ ਕੇ ਪਿਆਰ ਦਿੰਦਿਆਂ ਕਿਹਾ।

‘ਨਹੀਂ ਗਿਆਨੀ ਜੀ, ਪ੍ਰੋ: ਸਾਹਿਬ ਸਿੰਘ ਕਦੀ ਛੋਟੇ ਨਹੀਂ ਹੋ ਸਕਦੇ। ਉਹ ਤਾਂ ਬਹੁਤ ਮਹਾਨ ਨੇ। ਇਸ ਲਈ ਮੈਂ ਛੋਟਾ ਪ੍ਰੋ: ਸਾਹਿਬ ਸਿੰਘ ਨਹੀਂ ਪਰ ਮੈਂ ਵੱਡਾ ਪ੍ਰੋ: ਮਿਹਰ ਸਿੰਘ ਬਣ ਕੇ ਦਿਖਾਵਾਂਗਾ।’ ਮਿਹਰ ਸਿੰਘ ਦੀਆਂ ਇਹ ਭੋਲੀਆਂ ਗੱਲਾਂ ਸੁਣ ਕੇ ਮੇਰਾ ਮਨ ਮੋਹਿਆ ਗਿਆ।

‘ਅੱਛਾ ਵੱਡੇ ਪ੍ਰੋ: ਮਿਹਰ ਸਿੰਘ ਜੀ, ਹੁਣ ਗਿਆਨੀ ਜੀ ਨੂੰ ਵੀ ਇਸਤਰੀ ਲਿੰਗ ਨਾਉਂ ਦੀ ਪਛਾਣ ਸਿਖਾ ਦਿਉ ਜੀ।’ ਮਾਂ ਨੇ ਵੀ ਬੜੇ ਲਾਡ ਨਾਲ ਮਿਹਰ ਸਿੰਘ ਨੂੰ ਕਿਹਾ।

‘ਗਿਆਨੀ ਜੀ, ਆਮ ਤੌਰ ’ਤੇ ਇਸਤਰੀ ਲਿੰਗ ਸ਼ਬਦਾਂ ਦਾ ਆਖਰੀ ਅੱਖਰ ਮੁਕਤਾ ਹੁੰਦਾ ਹੈ। ਮੈਂ ਤੁਹਾਨੂੰ ਗੁਰਬਾਣੀ ਵਿਚੋਂ ਤੁੱਕਾਂ ਸੁਣਾਵਾਂ ?’ ਮਿਹਰ ਸਿੰਘ ਨੇ ਸਮਝਾਉਣਾ ਸ਼ੁਰੂ ਕੀਤਾ।

‘ਹਾਂ ਜੀ ਪੁੱਤਰ ਜੀ, ਮੈਂ ਇਹੀ ਤਾਂ ਤੁਹਾਡੇ ਤੋਂ ਸਿੱਖਣ ਆਇਆਂ ਹਾਂ।’ ਮੈਂ ਮਿਹਰ ਸਿੰਘ ਨੂੰ ਉਤਸ਼ਾਹਿਤ ਕਰਦਿਆਂ ਕਿਹਾ।

‘ਤਾਂ ਫਿਰ ਮੈਂ ਤੁਹਾਨੂੰ ਆਪਣੀ ਡਾਇਰੀ ਵਿਚ ਲਿਖੇ ਹੋਏ ਪ੍ਰਮਾਣ ਸੁਣਾਉਂਦਾ ਹਾਂ।

ਭਗਤਾ ਕੀ ਚਾਲ ਨਿਰਾਲੀ॥

ਇਸ ਤੁੱਕ ਵਿਚ ‘ਚਾਲ’ ਇਸਤਰੀ ਲਿੰਗ ਨਾਉਂ ਹੈ। ਇਸਤਰੀ ਲਿੰਗ ਦੇ ਵਿਸ਼ੇਸ਼ਣ ‘ਨਿਰਾਲੀ’ ਤੋਂ ਵੀ ਇਸਤਰੀ ਲਿੰਗ ਨਾਉਂ ‘ਚਾਲ’ ਦੀ ਪਛਾਣ ਹੋ ਰਹੀ ਹੈ। ਅਰਥ: ਭਗਤਾਂ ਦੀ ਜੀਵਨ ਜੁਗਤੀ ਵੱਖਰੀ ਹੁੰਦੀ ਹੈ।

ਜੇ ਘਰੁ ਬੁਝੈ ਆਪਣਾ ਤਾਂ ਨੀਦ ਨ ਹੋਈ॥

ਇਸ ਤੁੱਕ ਵਿਚ ‘ਨੀਦ’ ਇਸਤਰੀ ਲਿੰਗ ਨਾਉਂ ਹੈ। ‘ਨੀਦ’ ਇਸਤਰੀ ਲਿੰਗ ਨਾਉਂ ਹੈ, ਇਸ ਦਾ ਪਤਾ ਇਸ ਤੁੱਕ ਵਿਚਲੇ ਕਿਰਿਆਵਚੀ ਸ਼ਬਦ ‘ਹੋਈ’ ਤੋਂ ਵੀ ਲਗਦਾ ਹੈ। ਅਰਥ: ਜੇ (ਜੀਵ) ਆਪਣਾ ਘਰ ਪਛਾਣ ਲਵੇ ਤਾਂ (ਉਸ ਨੂੰ ਮਾਇਆ ਦੀ) ਨੀਂਦ ਨਹੀਂ ਆਉਂਦੀ। ਹੁਣ ਤੁਹਾਨੂੰ ਸਮਝ ਆ ਗਈ ਨਾ ਗਿਆਨੀ ਜੀ ?’ ਮਿਹਰ ਸਿੰਘ ਨੇ ਇਕ-ਸਾਹੇ ਦੋ ਪ੍ਰਮਾਣ ਦੇ ਦਿੱਤੇ।

‘ਵਾਹ ਜੀ ! ਮੈਨੂੰ ਬਹੁਤ ਸੌਖੇ ਤਰੀਕੇ ਨਾਲ ਸਮਝਾਇਆ ਮੇਰੇ ਬੱਚੇ ਨੇ। ਬਿਲਕੁੱਲ ਸਮਝ ਆ ਗਈ ਬੇਟਾ ਜੀ।’ ਮੈਂ ਮਿਹਰ ਸਿੰਘ ਦਾ ਮਾਣ ਵਧਾਉਂਦਿਆਂ ਕਿਹਾ। 

‘ਮਿਹਰ ਸਿੰਘ, ਇਕ ਪ੍ਰਮਾਣ ਮੈਂ ਤੈਨੂੰ ਦਸਦਾ ਹਾਂ।

ਹਿਕਸ ਕੰਤੈ ਬਾਹਰੀ ਮੈਡੀ ਵਾਤ ਨ ਪੁਛੈ ਕੋਇ॥

ਇਸ ਤੁੱਕ ਵਿਚੋਂ ਇਸਤਰੀ ਲਿੰਗ ਸ਼ਬਦ ਲੱਭ ਕੇ ਦੱਸ।’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਸਵਾਲ ਕਰ ਦਿੱਤਾ।

‘ਵੈਰੀ ਸਿੰਪਲ। ਇਸ ਤੁੱਕ ਵਿਚ ‘ਵਾਤ’ ਇਸਤਰੀ ਲਿੰਗ ਨਾਉਂ ਹੈ। ‘ਮੈਡੀ’ ਤੋਂ ਵੀ ਇਸਤਰੀ ਲਿੰਗ ਨਾਉਂ ‘ਵਾਤ’ ਦੀ ਪਛਾਣ ਹੁੰਦੀ ਹੈ। ਅਰਥ: ਇਕ ਪਤੀ ਤੋਂ ਬਿਨਾਂ ਮੇਰੀ ਕੋਈ ਬਾਤ ਨਹੀਂ ਪੁੱਛਦਾ।’ ਮਿਹਰ ਸਿੰਘ ਨੇ ਸੌਖਿਆਂ ਹੀ ਜਵਾਬ ਦੇ ਦਿੱਤਾ।

‘ਪੁੱਤਰ ਜੀ, ਮੈਂ ਤੁਹਾਨੂੰ ਦੋ ਤੁੱਕਾਂ ਸੁਣਾਉਂਦੀ ਹਾਂ।

ਤਨੁ ਮਨੁ ਸੀਤਲੁ ਸਾਚੁ ਪਰੀਖ॥

ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ॥

ਇਹਨਾਂ ਤੁੱਕਾਂ ਵਿਚੋਂ ਇਸਤਰੀ ਲਿੰਗ ਸ਼ਬਦ ਲੱਭੋ।’ ਹੁਣ ਮਾਂ ਨੇ ਵੀ ਸਵਾਲ ਕਰ ਦਿੱਤਾ।

‘ਮੰਮੀ ਜੀ, ਅੱਜ ਤਾਂ ਸਾਰੇ ਮੇਰੇ ਤੋਂ ਹੀ ਪੁੱਛ ਰਹੇ ਨੇ। ਚਲੋ ਮੈਂ ਇਹ ਵੀ ਦੱਸ ਦਿੰਦਾ ਹਾਂ। ਪਹਿਲੀ ਤੁੱਕ ਵਿਚ ‘ਪਰੀਖ’ ਇਸਤਰੀ ਲਿੰਗ ਨਾਉਂ ਹੈ. ਜੋ ਅਕਾਰਾਂਤ (ਆਖਰੀ ਅੱਖਰ ਮੁਕਤਾ-ਅੰਤ) ਆਇਆ ਹੈ। ਅਰਥ: ਉਹਨਾਂ ਦਾ ਤਨ ਤੇ ਮਨ ਸ਼ਾਂਤ ਰਹਿੰਦਾ ਹੈ ਅਤੇ ਉਹਨਾਂ ਨੂੰ ਸੱਚ ਦੀ ਪਰਖ ਹੁੰਦੀ ਹੈ। ਦੂਜੀ ਤੁੱਕ ਵਿਚ ‘ਕਲਮ’ ਇਸਤਰੀ ਲਿੰਗ ਨਾਉਂ ਹੈ, ਜੋ ਅਕਾਰਾਂਤ ਆਇਆ ਹੈ। ਅਰਥ: ਮੱਥੇ ’ਤੇ ਜਿਹੋ ਜਿਹੀ ਕਲਮ ਚਲਦੀ ਹੈ, ਉਹੋ ਜਿਹੀ ਪੂੰਜੀ ਜੀਵ ਕੋਲ ਹੁੰਦੀ ਹੈ।’ ਮਿਹਰ ਸਿੰਘ ਨੇ ਸਹਿਜੇ ਹੀ ਜਵਾਬ ਦੇ ਦਿੱਤਾ।

‘ਮੇਰਾ ਪੁੱਤਰ ਤਾਂ ਬਹੁਤ ਹੁਸ਼ਿਆਰ ਹੈ।’ ਮਾਂ ਨੇ ਮਿਹਰ ਸਿੰਘ ਨੂੰ ਗਲਵੱਕੜੀ ਵਿਚ ਲੈ ਕੇ ਪਿਆਰ ਦਿੰਦਿਆ ਕਿਹਾ।

‘ਮੰਮੀ ਜੀ, ਤੁਹਾਨੂੰ ਪਤਾ ਹੈ, ਮੈਂ ਬਹੁਤ ਸਾਰੇ ਅਕਾਰਾਂਤ ਇਸਤਰੀ ਲਿੰਗ ਸ਼ਬਦ ਆਪਣੀ ਡਾਇਰੀ ’ਤੇ ਨੋਟ ਕੀਤੇ ਨੇ, ਜਿਵੇਂ ਪਿਆਸ, ਭੁਖ, ਨੀਦ, ਬਾਤ, ਸੇਵ, ਕਲਮ, ਪੀੜ, ਪੀਰ, ਕੰਧ, ਪੂਜ, ਆਸ, ਜੰਞ, ਗਣਤ, ਖੇਹ, ਵਾਟ, ਘਾਲ ਆਦਿ।’ ਮਿਹਰ ਸਿੰਘ ਨੇ ਆਪਣੀ ਡਾਇਰੀ ਖੋਲ੍ਹ ਕੇ ਇਸਤਰੀ ਲਿੰਗ ਨਾਂਵਾਂ ਦੀ ਲਿਸਟ ਪੜਨੀ ਸ਼ੁਰੂ ਕਰ ਦਿੱਤੀ।

‘ਪੁਤਰ ਜੀ, ਤੁਹਾਨੂੰ ਪਤਾ ਹੈ ਕਿ ਜਦੋਂ ਕੋਈ ਸ਼ਬਦ ਇਸਤਰੀ ਲਿੰਗ ਰੂਪ ਵਿਚ ਆਉਂਦਾ ਹੈ ਤਾਂ ਉਸ ਦਾ ਅਖੀਰਲਾ ਅੱਖਰ ਮੁਕਤਾ ਹੁੰਦਾ ਹੈ, ਪਰ ਜਿੱਥੇ ਉਹੀ ਸ਼ਬਦ ਪੁਲਿੰਗ ਰੂਪ ਵਿਚ ਆਵੇ ਤਾਂ ਉਸ ਦੇ ਅਖੀਰਲੇ ਅੱਖਰ ਨੂੰ ਔਂਕੜ ਆ ਜਾਂਦੀ ਹੇ, ਜਿਵੇਂ:

ਕਾਮੁ ਕ੍ਰੋਧੁ ਲੋਭੁ ਮੋਹੁ ਜੀਤਹੁ ਐਸੀ ਖੇਲ ਹਰਿ ਪਿਆਰੀ॥

ਇਸ ਤੁੱਕ ਵਿਚ ‘ਖੇਲ’ ਸ਼ਬਦ ਇਸਤਰੀ ਲਿੰਗ ਰੂਪ ਵਿਚ ਹੋਣ ਕਾਰਨ ਆਖਰੀ ਅੱਖਰ ਮੁਕਤਾ-ਅੰਤ ਆਇਆ ਹੈ। ਅਰਥ: ਕਾਮ, ਕ੍ਰੋਧ, ਲੋਭ ਅਤੇ ਮੋਹ ਨੂੰ ਜਿੱਤ ਲਵੋ, ਇਹੋ ਜਿਹੀ ਖੇਡ ਪ੍ਰਭੂ ਨੂੰ ਪਿਆਰੀ ਲਗਦੀ ਹੈ।

ਜੀਅ ਜੰਤ ਸਭੁ ਤੇਰਾ ਖੇਲੁ॥

ਇਸ ਤੁੱਕ ਵਿਚ ‘ਖੇਲੁ’ ਸ਼ਬਦ ਪੁਲਿੰਗ ਲਿੰਗ ਰੂਪ ਵਿਚ ਹੋਣ ਕਾਰਨ ਆਖਰੀ ਅੱਖਰ ਔਂਕੜ-ਅੰਤ ਆਇਆ ਹੈ। ਅਰਥ: ਜੀਵ-ਜੰਤੂ ਸਾਰਾ ਤੇਰਾ ਖੇਲ ਹੈ।

ਇਹਨਾਂ ਤੁੱਕਾਂ ਵਿਚ ਜਿੱਥੇ ਇਸਤਰੀ ਲਿੰਗ ਰੂਪ ਵਿਚ ‘ਖੇਲ’ ਸ਼ਬਦ ਆਇਆ ਹੈ, ਉਥੇ ਉਸ ਸ਼ਬਦ ਦੇ ਆਖਰੀ  ਅੱਖਰ ਨੂੰ ਔਂਕੜ ਨਹੀਂ ਆਈ। ਜਿੱਥੇ ਪੁਲਿੰਗ ਰੂਪ ਵਿਚ ‘ਖੇਲੁ’ ਸ਼ਬਦ ਆਇਆ ਹੈ, ਉਥੇ ਉਸ ਸ਼ਬਦ ਦੇ ਆਖਰੀ ਅੱਖਰ ਨੂੰ ਔਂਕੜ ਆ ਗਈ ਹੈ।

ਪੁੱਤਰ, ਹੁਣ ਤੂੰ ਮੈਨੂੰ ਗੁਰਬਾਣੀ ਵਿਚੋਂ 10 ਇਸਤਰੀ ਲਿੰਗ ਨਾਂਵ ਲੱਭ ਕੇ, ਉਹਨਾਂ ਦੇ ਅਰਥਾਂ ਸਮੇਤ ਪ੍ਰਮਾਣ ਲਿਖ ਕੇ ਦਿਖਾ। ਜੇ ਤੂੰ ‘ਖੇਲ’ ਤੋਂ ਇਲਾਵਾ, ਪੁਲਿੰਗ ਤੇ ਇਸਤਰੀ ਲਿੰਗ, ਦੋਵੇਂ ਰੂਪਾਂ ਵਿਚ ਵਰਤਿਆ ਜਾਣ ਵਾਲਾ ਸ਼ਬਦ ਲੱਭ ਸਕਦਾ ਹੋਵੇਂ ਤਾਂ ਤੈਨੂੰ ਪ੍ਰੋ: ਮਿਹਰ ਸਿੰਘ ਬਣਨ ਤੋਂ ਕੋਈ ਨਹੀਂ ਰੋਕ ਸਕਦਾ।’ ਗੁਰਸਿੱਖ ਮਾਂ ਨੇ ਆਪਣੇ ਨਿੱਕੜੇ ਪੁੱਤਰ ਨੂੰ ਗੁਰਬਾਣੀ ਦਾ ਹੋਮ ਵਰਕ ਦੇ ਦਿੱਤਾ।

‘ਪੁਤਰ ਸੁਖਦੀਪ ਸਿੰਘ, ਤੈਨੂੰ ਪਤਾ ਹੈ ਨਾ ਕਿ ਇਸਤਰੀ ਲਿੰਗ ਨਾਂਵਾਂ ਦੇ ਹੋਰ ਵੀ ਨੇਮ ਹੁੰਦੇ ਨੇ ? ਤੇਰਾ ਹੋਮ ਵਰਕ ਇਹ ਹੈ ਕਿ ਇਸਤਰੀ ਨਾਂਵਾਂ ਦੇ ਅਕਾਰਾਂਤ ਤੋਂ ਇਲਾਵਾ ਹੋਰ ਵੀ ਨੇਮ ਲੱਭ ਕੇ ਦੱਸ।’ ਗੁਰਸਿੱਖ ਮਾਂ ਨੇ ਆਪਣੇ ਵੱਡੇ ਪੁੱਤਰ ਨੂੰ ਵੀ ਗੁਰਬਾਣੀ ਦਾ ਹੋਮ ਵਰਕ ਦੇ ਦਿੱਤਾ। ਮੈਂ ਸੋਚ ਰਿਹਾ ਸਾਂ ਕਿ ਹੋਰ ਕਿੰਨੇ ਕੁ ਗੁਰਸਿੱਖ ਮਾਂ-ਪਿਉ ਹੋਣਗੇ, ਜੋ ਆਪਣੇ ਬੱਚਿਆਂ ਨੂੰ ਗੁਰਬਾਣੀ ਦਾ ਹੋਮ ਵਰਕ ਦਿੰਦੇ ਹੋਣਗੇ ? ਕੀ ਤੁਸੀਂ ਹੋ ?

ਸਰਲ ਗੁਰਬਾਣੀ ਵਿਆਕਰਣ – ਭਾਗ 8

0

ਸਰਲ ਗੁਰਬਾਣੀ ਵਿਆਕਰਣਭਾਗ 8

(ਉਕਾਰਾਂਤ ਪੁਲਿੰਗ ਨਾਉਂ ਨਾਲ ਸਬੰਧਕ)

ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ

‘ਇਹ ਤਾਂ ਮੇਰੇ ਤੋਂ ਕਦੀ ਨੀਂ ਹੋ ਸਕਦਾ।’ ਮਿਹਰ ਸਿੰਘ ਨੇ ਉਦਾਸ ਹੁੰਦਿਆਂ ਕਿਹਾ।

‘ਤੈਨੂੰ ਇਕ ਗੱਲ ਪਤਾ ਹੈ ਮਿਹਰ ? ਨੈਪੋਲੀਅਨ ਦੀ ਡਿਕਸ਼ਨਰੀ ਵਿਚ ‘ਅਸੰਭਵ’ ਸ਼ਬਦ ਹੀ ਨਹੀਂ ਸੀ।’ ਸੁਖਦੀਪ ਸਿੰਘ ਨੇ ਸਮਝਾਇਆ।

‘ਫਿਰ ਉਹਨੂੰ ਡਿਕਸ਼ਨਰੀ ਚੈੱਕ ਕਰਕੇ ਖਰੀਦਣੀ ਚਾਹੀਦੀ ਸੀ ਨਾ।’ ਮਿਹਰ ਸਿੰਘ ਨੇ ਮਾਸੂਮ ਜਿਹਾ ਮੂੰਹ ਬਣਾ ਕੇ ਕਿਹਾ ਤੇ ਸਾਰੇ ਹੱਸ ਪਏ।

‘ਨਾ ਹੁਣ ਕੀ ਹੋਇਆ ਪੁੱਤਰ ?’ ਮਾਂ ਨੇ ਹੱਸਦਿਆਂ ਮਿਹਰ ਸਿੰਘ ਤੋਂ ਪੁੱਛਿਆ।

‘ਮੰਮੀ ਜੀ, ਗੁਰਮਤਿ ਦੇ ਵਿਰੋਧੀਆਂ ਨੇ ਇਕ ਕਹਾਣੀ ਘੜੀ ਹੈ ਕਿ ‘ਕੇਸੋ ਗੋਪਾਲ’ ਨਾਮ ਦਾ ਇਕ ਪੰਡਿਤ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਬਹੁਤ ਪੁਰਾਣਾ ਮਿੱਤਰ ਸੀ। ਸਤਿਗੁਰੂ ਜੀ ਨੇ ਆਪਣੇ ਸਰੀਰਕ ਪਿਆਨੇ ਸਮੇਂ ਸਿੱਖਾਂ ਨੂੰ ਹੁਕਮ ਕੀਤਾ ਕਿ ਪੰਡਿਤ ਕੇਸੋ ਗੋਪਾਲ ਨੂੰ ਸਾਡੇ ਅੰਤਿਮ ਸਸਕਾਰ ਸਮੇਂ ਬੁਲਾਉਣਾ। ਸਾਡੇ ਅੰਤਿਮ ਸਸਕਾਰ ਤੋਂ ਬਾਅਦ ਉਹ ਗਰੁੜ ਪੁਰਾਣ ਦੀ ਕਥਾ ਕਰੇ। ਉਹਨਾਂ ਲੋਕਾਂ ਨੇ ਨਾਲ ਹੀ ਗੁਰਬਾਣੀ ਦੀ ਇਹ ਤੁੱਕ ਜੋੜ ਦਿੱਤੀ ਐ :

ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ

ਇਸ ਤੁੱਕ ਦੀ ਗੁਰਮਤਿ ਅਨੁਸਾਰ ਵਿਆਖਿਆ ਕਰਨ ਲਈ ਮੈਂ ਦਲੀਲਾਂ ਲੱਭ ਰਿਹਾ ਹਾਂ।’ ਮਿਹਰ ਸਿੰਘ ਨੇ ਪ੍ਰੋ: ਸਾਹਿਬ ਸਿੰਘ ਜੀ ਦੇ ‘ਦਰਪਣ’ ਸਟੀਕ ਦੇ ਛੇਵੇਂ ਭਾਗ ਵਿਚੋਂ ‘ਸਦੁ’ ਬਾਣੀ ਦਾ ਅਧਿਐਨ ਕਰਦਿਆਂ ਕਿਹਾ। 

‘ਚੱਲ ਪੁੱਤਰ, ਇਕ-ਇਕ ਲਫਜ਼ ਕਰਕੇ ਸਮਝਦੇ ਹਾਂ। ਤੈਨੂੰ ਪਤਾ ਹੈ ਕਿ ‘ਕੇਸੋ’ ਕਿਸ ਨੂੰ ਕਹਿੰਦੇ ਨੇ ?’ ਮਾਂ ਨੇ ਮਿਹਰ ਸਿੰਘ ਨੂੰ ਪੁੱਛਿਆ।

‘ਹਾਂ ਜੀ ਮੰਮੀ ਜੀ। ‘ਕੇਸੋ’ ਦਾ ਮਤਲਬ ਹੈ ‘ਕੇਸਾਂ ਵਾਲਾ ਪ੍ਰਭੂ, ਜਿਹੜਾ ਸਰਗੁਣ ਰੂਪ ਵਿਚ ਸਾਰਿਆਂ ਵਿਚ ਸਮਾਇਆ ਹੋਇਆ ਹੈ’। ਗੁਰਬਾਣੀ ਵਿਚ ਬਹੁਤ ਵਾਰੀ ‘ਕੇਸੋ’ ਆਇਆ ਹੈ, ਪਰ ਮੈਨੂੰ ਗੁਰਬਾਣੀ ਦੀਆਂ ਤੁੱਕਾਂ ਨੀ ਆਉਂਦੀਆਂ।’ ਮਿਹਰ ਸਿੰਘ ਨੇ ਮੂੰਹ ’ਤੇ ਹੱਥ ਰੱਖ ਕੇ ਸ਼ਰਮਾਉਂਦਿਆਂ ਕਿਹਾ।

‘ਉਹ ਮੈਂ ਦੱਸ ਦਿੰਦੀ ਹਾਂ ਪੁੱਤਰ ਜੀ !

ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ

ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਮੀਤੁ

ਕਬੀਰ ਕੇਸੋ ਕੇਸੋ ਕੂਕੀਐ ਸੋਈਐ ਅਸਾਰ

ਕਹਿ ਕਬੀਰ ਕੇਸੌ ਜਗਿ ਜੋਗੀ

ਇਹਨਾਂ ਸਾਰੀਆਂ ਤੁੱਕਾਂ ਵਿਚ ‘ਕੇਸੋ’ ਦਾ ਅਰਥ ਹੈ: ਕੇਸਾਂ ਵਾਲਾ ਪ੍ਰਭੂ।’ ਮਾਂ ਨੇ ਨਾਲ ਹੀ ਗੁਰਬਾਣੀ ਦੀਆਂ ਤੁੱਕਾਂ ਸੁਣਾ ਦਿੱਤੀਆਂ।

‘ਵਾਹ ਮੰਮੀ ਜੀ ! ਤੁਹਾਨੂੰ ਤਾਂ ਬਹੁਤ ਗੁਰਬਾਣੀ ਕੰਠ (ਜ਼ੁਬਾਨੀ ਯਾਦ) ਹੈ, ਪਰ ਹੋ ਸਕਦਾ ਹੈ ਕਿ ‘ਸਦੁ’ ਬਾਣੀ ਵਾਲਾ ‘ਕੇਸੋ ਗੋਪਾਲ’ ਕੋਈ ਪੰਡਿਤ ਹੀ ਹੋਵੇ ?’ ਮਿਹਰ ਸਿੰਘ ਨੇ ਫਿਰ ਸਵਾਲ ਕੀਤਾ।

‘ਓ ਮੇਰੇ ਭੋਲੂਆ ਜਿਹਾ ! ਤੈਨੂੰ ਪਤਾ ਤਾਂ ਹੈ, ਜੇ ਨਾਉਂ ਪੁਲਿੰਗ ਇਕ ਵਚਨ ਹੋਵੇ ਤਾਂ ਉਸ ਦੇ ਆਖਰੀ ਅੱਖਰ ਨਾਲ ਔਂਕੜ ਆ ਜਾਂਦਾ ਹੈ। ਇਸ ਲਈ ਜੇ ‘ਕੇਸੋ ਗੋਪਾਲ’ ਇਕ ਪੰਡਿਤ ਦਾ ਨਾਮ ਹੁੰਦਾ ਤਾਂ ‘ਗੋਪਾਲ’ ਦੇ ਆਖਰੀ ਅੱਖਰ ਨਾਲ ਔਂਕੜ ਆਉਣਾ ਸੀ। ਇੱਥੇ ‘ਗੋਪਾਲ’ ਰੱਬ ਨੂੰ ਕਿਹਾ ਗਿਆ ਹੈ।’ ਸੁਖਦੀਪ ਸਿੰਘ ਨੇ ਜਵਾਬ ਦਿੱਤਾ।

‘ਫਿਰ ‘ਗੋਪਾਲ’ ਦੇ ਆਖਰੀ ਅੱਖਰ ਨੂੰ ਔਂਕੜ ਕਿਉਂ ਨਹੀਂ ਆਇਆ ?’ ਮਿਹਰ ਸਿੰਘ ਨੇ ਫਿਰ ਸਵਾਲ ਕੀਤਾ।

‘ਕਿਉਂਕਿ ‘ਗੋਪਾਲ’ ਤੋਂ ਬਾਅਦ ਲੁਪਤ ਸਬੰਧਕ ‘ਦੇ’ ਆ ਗਿਆ ਹੈ, ਭਾਵ : ਗੋਪਾਲ ਦੇ।’ ਸੁਖਦੀਪ ਸਿੰਘ ਨੇ ਤੁਰੰਤ ਜਵਾਬ ਦਿੱਤਾ।

‘ਪਰ ਇਹ ਅਰਥ ਤਾਂ ਪੰਡਿਤ ਲਈ ਵੀ ਆ ਸਕਦਾ ਹੈ, ਜਿਵੇਂ: ਕੇਸੋ ਗੋਪਾਲ ਪੰਡਿਤ ਦੇ।’ ਮਿਹਰ ਸਿੰਘ ਨੇ ਨਾਲ ਹੀ ਫਿਰ ਸਵਾਲ ਕਰ ਦਿੱਤਾ।

‘ਦੇਖ ਨਿੱਕੇ, ਜੇ ‘ਕੇਸੋ ਗੋਪਾਲ’ ਇਕ ਪੰਡਿਤ ਹੁੰਦਾ ਤਾਂ ਉਸ ਦੇ ਵਿਸ਼ੇਸ਼ਣ ‘ਪੰਡਿਤ’ ਦੇ ਆਖਰੀ ਅੱਖਰ ਨੂੰ ਵੀ ਔਂਕੜ ਆ ਜਾਣਾ ਸੀ। ਇੱਥੇ ‘ਪੰਡਿਤ’ ਸ਼ਬਦ ਬਹੁ ਵਚਨ ਹੋਣ ਕਰਕੇ ਔਂਕੜ ਤੋਂ ਬਿਨਾਂ ਆਇਐ। ਕੇਸੋ ਗੋਪਾਲ ਪੰਡਿਤ ਦਾ ਅਰਥ ਹੈ: ਕੇਸਾਂ ਵਾਲੇ ਪ੍ਰਭੂ ਦੇ ਬਹੁਤੇ ਪੰਡਿਤ ਭਾਵ ਬਹੁਤੇ ਵਿਦਵਾਨ। ਇੱਥੇ ਕਿਸੇ ਇਕ ਪੰਡਿਤ ਕੇਸੋ ਗੋਪਾਲ ਦੀ ਗੱਲ ਨਹੀਂ ਹੋ ਰਹੀ, ਸਗੋਂ ਬਹੁਤੇ ਵਿਦਵਾਨ ਗੁਰਸਿੱਖਾਂ ਦਾ ਜ਼ਿਕਰ ਕੀਤਾ ਗਿਆ ਹੈ।’ ਸੁਖਦੀਪ ਸਿੰਘ ਨੇ ਬਹੁਤ ਪਿਆਰ ਨਾਲ ਆਪਣੇ ਨਿੱਕੇ ਵੀਰ ਨੂੰ ਸਮਝਾਇਆ।

‘ਪੁੱਤਰ ਜੀ, ਇਸ ਤੁੱਕ ਦੀ ਕਿਰਿਆ ਵੱਲ ਵੀ ਧਿਆਨ ਦਿਉ। ‘ਪੜਹਿ’ ਬਹੁ ਵਚਨੀ ਕਿਰਿਆ ਹੈ, ਜਿਸ ਦਾ ਅਰਥ ਹੈ: ਬਹੁਤੇ ਪੜਨ।’ ਮਾਂ ਨੇ ਇਕ ਹੋਰ ਵਿਆਕਰਣਿਕ ਦਲੀਲ ਦਿੱਤੀ।

‘ਬਿਲਕੁਲ ਠੀਕ ਤੇ ਸਭ ਤੋਂ ਕੀਮਤੀ ਗੱਲ ਇਹ ਹੈ ਕਿ ਇਸ ਤੁੱਕ ਵਿਚ ‘ਪੁਰਾਣ’ ਦੇ ਪੜਨ ਦੀ ਗੱਲ ਨਹੀਂ ਹੈ, ਬਲਕਿ ਹਰਿ-ਕਥਾ ਨੂੰ ਪੜਨ ਦੀ ਹਦਾਇਤ ਹੈ। ਜੇ ਪੁਰਾਣ ਦੀ ਕਥਾ ਕਰਨ ਦੀ ਗੱਲ ਹੁੰਦੀ ਤਾਂ ‘ਪੁਰਾਣੁ’ ਦੇ ਆਖਰੀ ਅੱਖਰ ਨੂੰ ਔਂਕੜ ਨਹੀਂ ਆਉਣੀ ਸੀ। ‘ਦੀ’ ਲੁਪਤ ਸਬੰਧਕ ਨੇ ‘ਪੁਰਾਣੁ’ ਦੇ ਆਖਰੀ ਅੱਖਰ ਦੀ ਇਹ ਔਂਕੜ ਖਤਮ ਕਰ ਦੇਣੀ ਸੀ। ਜੇ ਇੱਥੇ ‘ਪੁਰਾਣੁ’ ਆਖਰੀ ਅੱਖਰ ਔਂਕੜ ਨਾਲ ਆਇਆ ਹੈ ਤਾਂ ਇਸ ਦਾ ਅਰਥ ਕਦੇ ਵੀ ‘ਪੁਰਾਣ ਦੀ’ ਨਹੀਂ ਬਣ ਸਕਦਾ। ਇਸ ਪੂਰੀ ਤੁੱਕ ਦਾ ਅਰਥ ਇਸ ਤਰ੍ਹਾਂ ਬਣੇਗਾ:

ਕੇਸੋ ਗੋਪਾਲ = ਕੇਸੋ ਗੋਪਾਲ (ਦੇ)

ਪੰਡਿਤ ਸਦਿਅਹੁ = ਪੰਡਤਾਂ (ਵਿਦਵਾਨ ਗੁਰਸਿੱਖਾਂ) ਨੂੰ ਸੱਦ ਲਓ

ਹਰਿ ਹਰਿ ਕਥਾ ਪੜਹਿ = ਉਹ ਹਰੀ-ਪ੍ਰਭੂ ਦੀ ਕਥਾ-ਵਾਰਤਾ ਪੜਨ

ਪੁਰਾਣੁ ਜੀਉ = (ਸਾਡੇ ਲਈ) ਇਹੀ ਪੁਰਾਣ ਹੈ, ਜੀ।

ਜੇ ‘ਪੁਰਾਣੁ’ ਦੇ ਆਖਰੀ ਅੱਖਰ ਨੂੰ ਔਂਕੜ ਨਾ ਲੱਗੀ ਹੁੰਦੀ ਤਾਂ ਇਸ ਦਾ ਅਰਥ ‘ਪੁਰਾਣ ਦੀ’ ਬਣ ਜਾਣਾ ਸੀ, ਪਰ ਇਸ ਇਕ ਔਂਕੜ ਨੇ ਸਾਨੂੰ ਨਿਰੋਲ ਹਰੀ ਦੀ ਕਥਾ-ਵਾਰਤਾ ਨਾਲ ਜੋੜ ਦਿੱਤਾ ਹੈ।’ ਸੁਖਦੀਪ ਸਿੰਘ ਨੇ ਬਹੁਤ ਸੌਖੇ ਤਰੀਕੇ ਨਾਲ ਵਿਆਕਰਣਿਕ ਵਿਆਖਿਆ ਕਰ ਦਿੱਤੀ।

‘ਇਹੀ ਤਾਂ ਅਸੀਂ ਪਹਿਲਾਂ ਵੀਚਾਰ ਚੁੱਕੇ ਹਾਂ (ਦੇਖੋ-ਸਰਲ ਗੁਰਬਾਣੀ ਵਿਆਕਰਣ ਭਾਗ 6 ਤੇ 7) ਕਿ ਪੁਲਿੰਗ ਇਕ ਵਚਨ ਨਾਉਂ ਤੋਂ ਬਾਅਦ ਜੇ ਕੋਈ ਪਰਗਟ ਜਾਂ ਲੁਪਤ ਸਬੰਧਕ ਹੋਵੇ ਤਾਂ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਲੱਥ ਜਾਂਦੀ ਹੈ।’ ਮਾਂ ਨੇ ਬੱਚਿਆਂ ਨੂੰ ਸਮਝਾਇਆ।

‘ਮੰਮੀ ਜੀ, ਸਬੰਧਕ ਚੋਰ ਜੋ ਹੋਇਆ। ਉਹ ਪੁਲਿੰਗ ਨਾਉਂ ਇਕ ਵਚਨ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰ ਲੈਂਦਾ ਹੈ।’ ਮਿਹਰ ਸਿੰਘ ਨੇ ਹੱਸਦਿਆਂ ਕਿਹਾ।

‘ਮਿਹਰ ਤੈਨੂੰ ਯਾਦ ਹੈ, ਮੇਰੇ ਇਕ ਨਵੇਂ ਕਲਾਇੰਟ ਨੇ ਮੇਰੀ ਘੜੀ ਚੋਰੀ ਕਰ ਲਈ ਸੀ ਤੇ ਕੋਈ ਸਬੂਤ ਨਾ ਹੋਣ ਕਰਕੇ ਮੈਂ ਕੁੱਝ ਨਾ ਕਰ ਸਕੀ। ਉਹ ਚੋਰ ਇਕ ਵਾਰ ਫਿਰ ਮੇਰੇ ਆਫਿਸ ਵਿਚ ਆਇਆ ਸੀ।’ ਮਾਂ ਨੇ ਨਵੀਂ ਗੱਲ ਸ਼ੁਰੂ ਕਰ ਲਈ।

‘ਹੈਂਅ ਮੰਮੀ ਜੀ ? ਉਸ ਚੋਰ ਨੇ ਦੁਬਾਰਾ ਕੀ ਚੋਰੀ ਕੀਤਾ ?’ ਦੋਵੇਂ ਬੱਚਿਆਂ ਨੇ ਹੈਰਾਨ ਹੋ ਕੇ ਪੁੱਛਿਆ।

‘ਮੈਂ ਉਸ ਦੇ ਜਾਣ ਪਿੱਛੋਂ, ਸਾਰਾ ਕੁਝ ਚੰਗੀ ਤਰ੍ਹਾਂ ਚੈੱਕ ਕੀਤਾ ਸੀ, ਪਰ ਉਸ ਦਿਨ ਉਸ ਨੇ ਕੁੱਝ ਵੀ ਚੋਰੀ ਨਾਂ ਕੀਤਾ। ਮਤਲਬ ਉਸ ਦਿਨ ਉਹ ਚੋਰ ਨਹੀਂ ਸੀ ਤੇ ਇਸ ਤੋਂ ਵੀ ਮੈਂ ਇਕ ਗੁਰਬਾਣੀ ਵਿਆਕਰਣ ਦਾ ਨੇਮ ਸਿੱਖ ਲਿਆ।’ ਮਾਂ ਨੇ ਹੱਸਦਿਆਂ ਕਿਹਾ।

‘ਉਹ ਕੀ ਮੰਮੀ ਜੀ ?’ ਦੋਵੇਂ ਇਕੱਠੇ ਬੋਲੇ।

‘ਕਮਾਲ ਹੈ। ਪਹਿਲਾਂ ਦੋ ਵਾਰ ਚੋਰੀ ਹੋਈ ਤੇ ਉਸ ਤੋਂ ਦੋ ਨੇਮ ਸਿੱਖ ਲਏ। ਹੁਣ ਚੋਰ ਆਇਆ, ਪਰ ਚੋਰੀ ਨਹੀਂ ਹੋਈ ਤੇ ਉਸ ਤੋਂ ਵੀ ਇਕ ਨੇਮ ਸਿੱਖ ਲਿਆ ?’ ਸੁਖਦੀਪ ਸਿੰਘ ਨੇ ਹੈਰਾਨ ਹੋ ਕੇ ਪੁੱਛਿਆ।

‘ਬਿਲਕੁਲ ਪੁੱਤਰ। ਚੋਰ ਦਾ ਸਬੰਧ ਚੋਰੀ ਕੀਤੇ ਗਏ ਸਮਾਨ ਨਾਲ ਹੁੰਦਾ ਹੈ। ਜਿਹੜਾ ਸਮਾਨ ਚੋਰੀ ਹੀ ਨਾ ਹੋਇਆ ਹੋਵੇ ਤਾਂ ਉਸ ਸਮਾਨ ਦਾ ਚੋਰ ਨਾਲ ਕੀ ਸਬੰਧ ? ਇਸੇ ਤਰ੍ਹਾਂ ਗੁਰਬਾਣੀ ਵਿਆਕਰਣ ਵਿਚ ਜੇ ਸਬੰਧਕ ਸ਼ਬਦ ਕਿਸੇ ਪੁਲਿੰਗ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰੇ ਤਾਂ ਉਸ ਪੁਲਿੰਗ ਨਾਉਂ ਦਾ ਸਬੰਧ, ਸਬੰਧਕ ਨਾਲ ਬਣ ਜਾਂਦਾ ਹੈ। ਜੇਕਰ ਸਬੰਧਕ ਸ਼ਬਦ ਕਿਸੇ ਪੁਲਿੰਗ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਹੀ ਨਾ ਕਰੇ ਤਾਂ ਉਸ ਸਬੰਧਕ ਦਾ ਪੁਲਿੰਗ ਨਾਉਂ ਨਾਲ ਕੋਈ ਸਬੰਧ ਨਹੀਂ ਹੁੰਦਾ। ਫਿਰ ਉਸ ਪੁਲਿੰਗ ਨਾਉਂ ਦੇ ਅਰਥ ਅਸੀਂ ਸਬੰਧਕ ਨਾਲ ਜੋੜ ਕੇ ਨਹੀਂ ਕਰ ਸਕਦੇ।’ ਮਾਂ ਨੇ ਇਕ ਕੀਮਤੀ ਨੁਕਤਾ ਸਮਝਾਇਆ।

‘ਪਰ ਉਹ ਕਿਸ ਤਰ੍ਹਾਂ ਮੰਮੀ ਜੀ ? ਕੋਈ ਉਦਾਹਰਣ ਦੇ ਕੇ ਸਮਝਾਉ ਨਾ ਪਲੀਜ਼ ?’ ਮਿਹਰ ਸਿੰਘ ਨੇ ਉਤਾਵਲੇ ਹੁੰਦੇ ਕਿਹਾ।

‘ਮੈਂ ਦੋ ਤੁੱਕਾਂ ਤੁਹਾਨੂੰ ਸੁਣਾਉਂਦੀ ਹਾਂ। ਪਹਿਲੀ ਤੁੱਕ ਸੁਣੋ:

ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ

ਇਸ ਤੁੱਕ ਵਿਚ ‘ਮਹਿ’ ਸਬੰਧਕ ਨੇ ‘ਮਨ’ ਪੁਲਿੰਗ ਇਕ ਵਚਨ ਨਾਉਂ ਦੇ ਆਖਰੀ ਅੱਖਰ (ਨੰਨੇ) ਦੀ ਔਂਕੜ ਚੋਰੀ ਕਰ ਲਈ। ਇਸ ਲਈ ‘ਮਨ ਮਹਿ’ ਦਾ ਅਰਥ ਬਣ ਗਿਆ: ‘ਮਨ ਵਿਚ’। ਅਰਥ : ਪ੍ਰਭੂ ਦਾ ਨਾਮ (ਜੋ ਮਾਨੋ) ਮਾਣਕ ਹੈ, ਲਾਲ ਹੈ, ਰਤਨ ਹੈ, ਹੀਰਾ ਹੈ, ਹਰੇਕ ਮਨੁੱਖ ਦੇ ਮਨ ਵਿਚ ਵਸਦਾ ਹੈ। ਹੁਣ ਦੂਜੀ ਤੁੱਕ ਸੁਣੋ :

ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ

ਇਸ ਤੁੱਕ ਵਿਚ ਪੁਲਿੰਗ ਇਕ ਵਚਨ ਨਾਉਂ ‘ਮਨੁ’, ਆਖਰੀ ਅੱਖਰ ਔਂਕੜ ਸਮੇਤ ਆਇਆ ਹੈ। ‘ਮਨੁ’ ਤੋਂ ਬਾਅਦ ‘ਵਿਚਿ’ ਸਬੰਧਕ ਵੀ ਆਇਆ ਹੈ। ਇਸ ਤੁੱਕ ਵਿਚ ਸਬੰਧਕ ਚੋਰ ‘ਵਿਚਿ’ ਤਾਂ ਆਇਆ ਹੈ, ਪਰ ਇਸ ਨੇ ਪੁਲਿੰਗ ਨਾਉਂ ਦੀ ਔਂਕੜ ਚੋਰੀ ਨਹੀਂ ਕੀਤੀ। ਇਸ ਲਈ ਇਸ ਤੁੱਕ ਵਿਚ ‘ਮਨੁ’ ਦਾ ‘ਵਿਚਿ’ ਨਾਲ ਕੋਈ ਸਬੰਧ ਨਹੀਂ ਹੈ ਭਾਵ ਇਸ ਦਾ ਅਰਥ ‘ਮਨ ਵਿਚ’ ਨਹੀਂ ਬਣੇਗਾ। ਜੇ ਸਬੰਧਕ ਆਪਣੇ ਤੋਂ ਪਹਿਲਾਂ ਆਏ ਪੁਲਿੰਗ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਨਾ ਕਰੇ ਤਾਂ ਉਸ ਤੋਂ ਅੱਗੇ ਅਰਧ ਬਿਸਰਾਮ (ਕਾਮਾ ,) ਲਗਾ ਕੇ ਪਾਠ ਕਰਨਾ ਚਾਹੀਦਾ ਹੈ, ਜਿਵੇਂ:

ਕਾਇਆ ਆਰਣੁ, ਮਨੁ, ਵਿਚਿ ਲੋਹਾ, ਪੰਚ ਅਗਨਿ ਤਿਤੁ ਲਾਗਿ ਰਹੀ

ਇਸ ਤਰ੍ਹਾਂ ਬਿਸਰਾਮ ਦੇ ਕੇ।’ ਮਾਂ ਅਜੇ ਸਮਝਾ ਹੀ ਰਹੀ ਸੀ ਕਿ

‘ਮਨ ਵਿਚ ਲੋਹਾ ਕਿਵੇਂ ਆ ਜਾਏਗਾ ? ਮਨ ਤਾਂ ਆਪ ਲੋਹੇ ਦੀ ਤਰ੍ਹਾਂ ਵਿਕਾਰਾਂ ਵਿਚ ਸੜਿਆ ਪਿਆ ਹੈ। ਅਸਲ ਵਿਚ ਸਰੀਰ ਭੱਠੀ ਵਿਚ ਮਨ ਲੋਹਾ ਪਿਆ ਹੈ।’ ਮਿਹਰ ਸਿੰਘ ਵਿਚੋਂ ਹੀ ਗੱਲ ਕੱਟ ਕੇ ਇਕੋ-ਦਮ ਬੋਲ ਪਿਆ।

‘ਸ਼ਾਬਾਸ਼ ਮੇਰੇ ਪੁੱਤਰ ! ਬਿਲਕੁਲ ਠੀਕ ਕਿਹਾ। ਇਸ ਤੁੱਕ ਦੇ ਅਰਥ ‘ਮਨ ਵਿਚ’ ਨਹੀਂ, ‘ਸਰੀਰ ਭੱਠੀ ਵਿਚ ਮਨ ਲੋਹਾ’ ਬਣਨਗੇ। ‘ਵਿਚਿ’ ਦਾ ਸਬੰਧ ‘ਮਨੁ’ ਨਾਲ ਨਹੀਂ, ‘ਕਾਇਆ’ ਨਾਲ ਹੈ ਕਿਉਂਕਿ ‘ਵਿਚਿ’ ਨੇ ‘ਮਨੁ’ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕੀਤੀ ਹੀ ਨਹੀਂ। ਜੇ ਸਬੰਧਕ ਆਉਣ ’ਤੇ ਵੀ ਪੁਲਿੰਗ ਨਾਉਂ ਦੇ ਆਖਰੀ ਅੱਖਰ ਨੂੰ ਔਂਕੜ ਲੱਗਾ ਹੋਇਆ ਹੈ ਤਾਂ ਸਮਝੋ ਉਸ ਸਬੰਧਕ ਦਾ ਪੁਲਿੰਗ ਨਾਉਂ ਨਾਲ ਕੋਈ ਸਬੰਧ ਨਹੀਂ ਹੈ। ਐਸੇ ਸਬੰਧਕ ਦਾ ਪਾਠ ਪੁਲਿੰਗ ਨਾਉਂ ਤੋਂ ਵੱਖਰਾ ਕਰਕੇ ਕਰਨਾ ਚਾਹੀਦਾ ਹੈ। ਪੂਰੀ ਤੁੱਕ ਦਾ ਅਰਥ ਇਸ ਤਰ੍ਹਾਂ ਹੋਵੇਗਾ:

ਮਨੁੱਖ ਦਾ ਸਰੀਰ ਮਾਨੋ ਭੱਠੀ ਹੈ, ਉਸ ਭੱਠੀ ਵਿਚ ਮਨ ਮਾਨੋ ਲੋਹਾ ਹੈ ਤੇ ਉਸ ਮਨ ਨੂੰ ਕਾਮ, ਕਰੋਧ, ਲੋਭ, ਮੋਹ, ਹੰਕਾਰ ਦੀਆਂ ਪੰਜ ਅੱਗਾਂ ਸਾੜ ਰਹੀਆਂ ਹਨ।’ ਮਾਂ ਨੇ ਸੌਖੇ ਸ਼ਬਦਾਂ ਵਿਚ ਹੀ ਸਮਝਾ ਦਿੱਤਾ।

‘ਇਕ ਤੁੱਕ ਮੈਂ ਦੱਸਾਂ ਮੰਮੀ ਜੀ ?

ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ

ਇਸ ਤੁੱਕ ਵਿਚ ਵੀ ‘ਦੁਖੁ’ ਪੁਲਿੰਗ ਨਾਉਂ ਤੋਂ ਬਾਅਦ ‘ਵਿਚਿ’ ਸਬੰਧਕ ਆਇਆ ਹੈ। ਇਸ ਤੁੱਕ ਵਿਚ ਸਬੰਧਕ ਚੋਰ ‘ਵਿਚਿ’ ਨੇ ‘ਦੁਖੁ’ ਪੁਲਿੰਗ ਨਾਉਂ ਦੀ ਔਂਕੜ ਚੋਰੀ ਨਹੀਂ ਕੀਤੀ, ਤਾਂ ਤੇ ਇਸ ਤੁੱਕ ਵਿਚ ਵੀ ‘ਵਿਚਿ’ ਦਾ ਸਬੰਧ ‘ਦੁਖੁ’ ਨਾਲ ਨਹੀਂ, ਸਗੋਂ ਦੀਵੇ ਨਾਲ ਹੈ। ਇਸ ਲਈ ‘ਵਿਚਿ’ ਨੂੰ ‘ਦੁਖੁ’ ਤੋਂ ਬਾਅਦ ਅਰਧ ਬਿਸਰਾਮ ਲਗਾ ਕੇ ਪਾਠ ਕਰਨਾ ਪਵੇਗਾ, ਜਿਵੇਂ:

ਦੀਵਾ ਮੇਰਾ ਏਕੁ ਨਾਮੁ,   ਦੁਖੁ,   ਵਿਚਿ ਪਾਇਆ ਤੇਲੁ

ਹੁਣ ਦੁੱਖ ਵਿਚ ਤੇਲ ਕਿਵੇਂ ਪੈ ਸਕਦਾ ਹੈ ? ਇੱਥੇ ‘ਦੁਖ ਵਿਚ’ ਨਹੀਂ ਬਲਕਿ ‘ਦੀਵੇ ਵਿਚ ਦੁਖ ਰੂਪੀ ਤੇਲ’ ਪਾਇਆ ਹੈ। ਪੂਰੀ ਤੱੁਕ ਦਾ ਅਰਥ ਇਸ ਤਰ੍ਹਾਂ ਹੋਵੇਗਾ:

ਮੇਰੇ ਲਈ ਪ੍ਰਭੂ ਦਾ ਨਾਮ ਹੀ (ਮੇਰੀ ਜ਼ਿੰਦਗੀ ਦੇ ਰਸਤੇ ਵਿਚ ਗਿਆਨ ਦੀ ਰੌਸ਼ਨੀ ਕਰਨ ਵਾਲਾ) ਦੀਵਾ ਹੈ ਤੇ ਉਸ ਦੀਵੇ ਵਿਚ ਮੈਂ ਦੁੱਖ (ਰੂਪ) ਤੇਲ ਪਾਇਆ ਹੋਇਆ ਹੈ।’ ਸੁਖਦੀਪ ਸਿੰਘ ਨੇ ਵੀ ਇਹ ਹੋਰ ਉਦਾਹਰਣ ਦੇ ਕੇ ਇਸ ਨੇਮ ਨੂੰ ਹੋਰ ਨਿਖਾਰ ਦਿੱਤਾ। ਇੱਧਰ ਮਿਹਰ ਸਿੰਘ ਵੀ ਆਪਣੇ ਫੋਨ ’ਤੇ ‘ਗੁਰਬਾਣੀ ਸਰਚਰ’ ਐਪ ਵਿਚੋਂ ਗੁਰਬਾਣੀ ਦੀਆਂ ਤੁੱਕਾਂ ਸਰਚ ਕਰ ਰਿਹਾ ਸੀ।

‘ਮੰਮੀ ਜੀ ! ਵੀਰ ਜੀ ! ਮੈਂ ਵੀ ਇਕ ਤੁੱਕ ਸਰਚ ਕੀਤੀ ਹੈ।

ਪਿਰੁ ਨਜੀਕਿ ਬੁਝੈ ਬਪੁੜੀ ਸਤਿਗੁਰਿ ਦੀਆ ਦਿਖਾਈ

ਇਸ ਤੁੱਕ ਵਿਚ ‘ਪਿਰੁ’ ਪੁਲਿੰਗ ਨਾਉਂ ਤੋਂ ਬਾਅਦ ‘ਨਜੀਕਿ’ ਸਬੰਧਕ ਆਇਆ ਹੈ, ਪਰ ਉਸ ਨੇ ‘ਪਿਰੁ’ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਨਹੀਂ ਕੀਤੀ। ਮਤਲਬ ਇਹ ਕਿ ‘ਨਜੀਕਿ’ ਦਾ ‘ਪਿਰੁ’ ਨਾਲ ਕੋਈ ਸਬੰਧ ਨਹੀਂ ਹੈ। ਇਸ ਤੁੱਕ ਵਿਚ ਵੀ ‘ਪਿਰੁ’ ਤੋਂ ਬਾਅਦ ਅਰਧ ਬਿਸਰਾਮ ਲਗਾ ਕੇ ਪਾਠ ਕਰਨਾ ਪਵੇਗਾ, ਜਿਵੇਂ:

ਪਿਰੁ,   ਨਜੀਕਿ ਬੁਝੈ ਬਪੁੜੀ,   ਸਤਿਗੁਰਿ ਦੀਆ ਦਿਖਾਈ

ਪਰ ਇਸ ਤੁੱਕ ਦਾ ਅਰਥ ਕੀ ਹੋਇਆ ਫਿਰ ? ਇਹ ਤਾਂ ਮੈਨੂੰ ਸਮਝ ਨੀ ਆਈ ?’ ਮਿਹਰ ਸਿੰਘ ਨੇ ਸਿਰ ਖੁਰਕਦਿਆਂ ਕਿਹਾ ਤੇ ਸਾਰੇ ਹੱਸ ਪਏ।

‘ਅੱਧਾ ਕਿੱਲੋ ਦੇ ਲਿਫਾਫੇ ਵਿਚ ਕਿੱਲੋ ਚੀਜ਼ ਨੀਂ ਪੈਂਦੀ ਹੁੰਦੀ।’ ਸੁਖਦੀਪ ਸਿੰਘ ਨੇ ਮਜ਼ਾਕ ਕਰਦਿਆਂ ਕਿਹਾ ਤੇ ਫਿਰ ਹਾਸਾ ਪੈ ਗਿਆ।

‘ਕੋਈ ਨਾ ਪੁੱਤਰ ਜੀ, ਜੇ ਅੱਜ ਸਮਝ ਨੀ ਆਈ ਤਾਂ ਗੁਰਬਾਣੀ ਨੂੰ ਵੀਚਾਰਦੇ ਰਹੋ, ਕਦੀ ਨਾ ਕਦੀ ਜ਼ਰੂਰ ਸਮਝ ਆਏਗੀ। ਇਸ ਤੁੱਕ ਵਿਚ ਜੇ ‘ਪਿਰੁ’ ਦਾ ਸਬੰਧ, ‘ਨਜੀਕਿ’ ਨਾਲ ਹੁੰਦਾ ਤਾਂ ਅਰਥ ਹੋਣਾ ਸੀ: ਵਿਚਾਰੀ ਜੀਵ ਇਸਤਰੀ ‘ਪ੍ਰਭੂ-ਪਤੀ ਦੇ ਨੇੜੇ’ ਸਮਝਦੀ ਨਹੀਂ ਹੈ। ਇਸ ਗੱਲ ਦਾ ਕੀ ਅਰਥ ਬਣਿਆ ? ਕੁੱਝ ਵੀ ਨਹੀਂ। ਇਥੇ ਗੱਲ ‘ਪ੍ਰਭੂ-ਪਤੀ ਦੇ ਨੇੜੇ’ ਨਹੀਂ, ਸਗੋਂ ‘ਜੀਵ ਇਸਤਰੀ ਦੇ ਨੇੜੇ’ ਦੀ ਗੱਲ ਹੈ। ਇਸ ਤੁੱਕ ਦਾ ਅਰਥ ਇਸ ਤਰ੍ਹਾਂ ਹੋਵੇਗਾ:

ਪ੍ਰਭੂ-ਪਤੀ ਤਾਂ ਜੀਵ-ਇਸਤਰੀ ਦੇ ਨੇੜੇ ਹੈ, ਪਰ ਉਹ ‘ਵਿਚਾਰੀ ਨੇੜੇ ਸਮਝਦੀ ਨਹੀਂ ਹੈ’ (ਨਜੀਕਿ ਨ ਬੁਝੈ ਬਪੁੜੀ), ਸਤਿਗੁਰੂ ਨੇ ਅੰਦਰ ਹੀ (ਪ੍ਰਭੂ-ਪਤੀ) ਦਿਖਾ ਦਿੱਤਾ।

ਮੇਰੇ ਪਿਆਰੇ ਬੱਚਿਓ ! ਗੁਰਬਾਣੀ ਵਿਚ ਆਈ ਇਕ ਔਂਕੜ, ਸਾਨੂੰ ਕਈ ਮਨਮੱਤਾਂ ਤੇ ਕਰਮਕਾਂਡਾਂ ਤੋਂ ਬਚਾ ਲੈਂਦੀ ਹੈ। ਉਦਾਹਰਣ ਦੇ ਤੌਰ ’ਤੇ:

ਭਿਸਤੁ ਨਜੀਕਿ ਰਾਖੁ ਰਹਮਾਨਾ

ਭਿਸਤੁ : ਸਵਰਗ (ਇਸਲਾਮ ਮੱਤ ਦਾ)

ਨਜੀਕਿ : ਨੇੜੇ

ਰਾਖੁ : ਤੂੰ ਰੱਖ।

ਰਹਮਾਨਾ : ਹੇ ਰਹਿਮਾਨ ਪ੍ਰਭੂ !

ਜੇ ਸਾਨੂੰ ਗੁਰਬਾਣੀ ਵਿਆਕਰਣ ਦੇ ਨੇਮ ਨਹੀਂ ਆਉਂਦੇ ਹੋਣਗੇ ਤਾਂ ਕੋਈ ਵੀ ਸਾਨੂੰ ਗੁਰਮਤਿ ਦੇ ਨਿਆਰੇ ਰਾਹ ਤੋਂ ਦੂਰ ਕਰਕੇ ਮਨਮਤਿ ਦੇ ਖਾਰੇ ਸਾਗਰ ਵਿਚ ਸੁੱਟ ਦੇਵੇਗਾ। ਕੋਈ ਸਾਨੂੰ ਇਸ ਤੁੱਕ ਦਾ ਅਰਥ ਇਵੇਂ ਦੱਸੇਗਾ: ਹੇ ਰਹਿਮਾਨ ਪ੍ਰਭੂ ! ਸਾਨੂੰ ਸਵਰਗ ਦੇ ਨੇੜੇ ਰੱਖ।’ ਗੁਰਸਿੱਖ ਮਾਂ ਆਪਣੇ ਬੱਚਿਆਂ ਨੂੰ ਗੁਰਮਤਿ ਦ੍ਰਿੜ ਕਰਾ ਰਹੀ ਸੀ।

‘ਪਰ ਮੰਮੀ ਜੀ, ਅਸੀਂ ਤਾਂ ਅਖੌਤੀ ਸਵਰਗਾਂ ਤੇ ਨਰਕਾਂ ਨੂੰ ਬਿਲਕੁਲ ਨਹੀਂ ਮੰਨਦੇ।’ ਸੁਖਦੀਪ ਸਿੰਘ ਨੇ ਪੂਰੀ ਦ੍ਰਿੜਤਾ ਨਾਲ ਕਿਹਾ। 

‘ਬਿਲਕੁਲ ਪੁੱਤਰ। ਗੁਰਮਤਿ ਦਾ ਪਾਵਨ ਸਿਧਾਂਤ ਸਾਨੂੰ ਮਨੋਕਲਪਿਤ ਸੁਰਗਾਂ-ਨਰਕਾਂ ਦੇ ਚੱਕਰਾਂ ਤੋਂ ਬਚਾਉਂਦਾ ਹੈ। ਗੁਰਬਾਣੀ ਦੇ ਵਾਕ ਤਾਂ ਝੂਠ ਦੇ ਆਸਰੇ ’ਤੇ ਖੜੇ ਨਰਕ ਤੇ ਸੁਰਗ ਨੂੰ ਮੂਲੋਂ ਹੀ ਰੱਦ ਕਰ ਦਿੰਦੇ ਹਨ, ਜਿਵੇਂ: ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥’ ਮਾਂ ਨੇ ਸਪਸ਼ਟ ਕੀਤਾ।

‘ਫਿਰ ਇਸ ਤੁੱਕ ਦਾ ਕੀ ਅਰਥ ਬਣੇਗਾ ?’ ਮਿਹਰ ਸਿੰਘ ਨੇ ਫਿਰ ਉਤਾਵਲੇ ਹੁੰਦਿਆਂ ਪੁੱਛਿਆ।

‘ਸਾਨੂੰ ਗੁਰਬਾਣੀ ਵਿਆਕਰਣ ਦੇ ਮੁੱਢਲੇ ਨੇਮ ਪਤਾ ਹੋਣੇ ਚਾਹੀਦੇ ਹਨ। ਜੇਕਰ ਪੁਲਿੰਗ ਨਾਉਂ ਦੇ ਆਖਰੀ ਅੱਖਰ ਨੂੰ ਔਂਕੜ ਲੱਗੀ ਹੋਵੇ ਤਾਂ ਉਸ ਦਾ ਕਿਸੇ ਤਰ੍ਹਾਂ ਵੀ ਸਬੰਧਕੀ ਅਰਥ ਨਹੀਂ ਬਣ ਸਕਦਾ, ਭਾਵੇਂ ਉਸ ਤੋਂ ਬਾਅਦ ਸਬੰਧਕ ਵੀ ਕਿਉਂ ਨਾ ਲੱਗਿਆ ਹੋਵੇ।

ਇਸ ਤੁੱਕ ਵਿਚ ‘ਭਿਸਤੁ’ ਪੁਲਿੰਗ ਨਾਉਂ ਆਖਰੀ ਅੱਖਰ ਔਂਕੜ ਨਾਲ ਆਇਆ ਹੈ। ਇਸ ਤੋਂ ਅੱਗੇ ‘ਨਜੀਕਿ’ ਸਬੰਧਕ ਵੀ ਆਇਆ ਹੈ ਪਰ ‘ਨਜੀਕਿ’ ਸਬੰਧਕ ਨੇ ‘ਭਿਸਤੁ’ ਦੀ ਔਂਕੜ ਚੋਰੀ ਨਹੀਂ ਕੀਤੀ। ਇਸ ਦਾ ਮਤਲਬ ਇਹ ਹੈ ਕਿ ‘ਭਿਸਤੁ’ ਦਾ ‘ਨਜੀਕਿ’ ਨਾਲ ਕੋਈ ਸਬੰਧ ਨਹੀਂ ਹੈ। ‘ਭਿਸਤੁ ਨਜੀਕਿ’ ਦਾ ਅਰਥ ਕਿਸੇ ਤਰ੍ਹਾਂ ਵੀ ‘ਸਵਰਗ ਦੇ ਨੇੜੇ’ ਨਹੀਂ ਬਣ ਸਕਦਾ। ‘ਭਿਸਤੁ’ ਅਤੇ ‘ਨਜੀਕਿ’ ਦੇ ਵਿਚਕਾਰ ਅਰਧ ਬਿਸਰਾਮ ਇਸ ਤਰ੍ਹਾਂ ਲਗਾਉਣਾ ਪਵੇਗਾ:

ਭਿਸਤੁ,   ਨਜੀਕਿ ਰਾਖੁ ਰਹਮਾਨਾ

ਇਸ ਦਾ ਅਰਥ ਬਣੇਗਾ: ਹੇ ਰਹਿਮਾਨ-ਪ੍ਰਭੂ ! ਆਪਣੇ ਨੇੜੇ ਰੱਖ, (ਮੇਰੇ ਲਈ) ਇਹੀ ਸਵਰਗ ਹੈ। ਸੋ ਇਕ ਔਂਕੜ ਸਾਨੂੰ ਕਈ ਮਨਮੱਤਾਂ ਤੋਂ ਬਚਾ ਲੈਂਦੀ ਹੈ। ਇਸੇ ਕਰਕੇ ‘ਪੁਰਾਣੁ’ ਲਫਜ਼ ਦੀ ਵੀ ਆਖਰੀ ਅੱਖਰ ਦੀ ਔਂਕੜ ਨੇ ਸਾਨੂੰ ‘ਪੁਰਾਣ ਦੀ’ ਅਰਥ ਕਰਨ ਤੋਂ ਬਚਾ ਲਿਆ।’ ਮਾਂ ਨੇ ਬਹੁਤ ਪਿਆਰ ਨਾਲ ਸਮਝਾਇਆ।

ਇੰਨੇ ਨੂੰ ਦਰਵਾਜ਼ੇ ’ਤੇ ਬੈੱਲ ਵੱਜੀ। ਸੁਖਦੀਪ ਸਿੰਘ ਨੇ ਭੱਜ ਕੇ ਦਰਵਾਜ਼ਾ ਖੋਲਿਆ।

‘ਸਾਰੇ ਗੁਰਮੁਖ ਪਿਆਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਓ ਅੱਜ ਮੈਂ ਤੁਹਾਨੂੰ ਗੁਰਬਾਣੀ ਵਿਆਕਰਣ ਦਾ ਇਕ ਨਵਾਂ ਨੇਮ ਸਿਖਾਵਾਂਗਾ। ਉਸ ਤੋਂ ਪਹਿਲਾਂ ਤੁਹਾਡੇ ਲਈ ਇਕ ਸਵਾਲ ਹਾਜ਼ਰ ਹੈ:

ਮੇਰਾ ਪ੍ਰਭੁ ਅੰਤਰਿ ਬੈਠਾ ਵੇਖੈ

ਇਸ ਤੁੱਕ ਦੇ ਅਰਥ ਲਿਖ ਕੇ ਦਿਖਾਉ ?’ ਮੈਂ ਅੰਦਰ ਦਾਖਲ ਹੁੰਦਿਆਂ ਹੀ ਸਵਾਲ ਕਰ ਦਿੱਤਾ। ਮੇਰੀ ਇੰਨੀ ਗੱਲ ਸੁਣਦਿਆਂ ਹੀ ਸਾਰੇ ਇਕ-ਦੂਜੇ ਵੱਲ ਵੇਖ ਕੇ ਹੱਸਣ ਲੱਗ ਪਏ। ਕੀ ਮੈਂ ਕੁੱਝ ਗਲਤ ਕਿਹਾ ?

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਦੂਜਾ)

0

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਦੂਜਾ)

ਗਿਆਨੀ ਅਵਤਾਰ ਸਿੰਘ

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਪਹਿਲਾ)

ਪੰਜਾਬ ’ਚ ਲਗਭਗ 13000 ਪਿੰਡ ਹਨ। ਜੇਕਰ ਹਰ ਪਿੰਡ ’ਚ 2 ਕੁ ਗੁਰੂ ਘਰ ਮੰਨੀਏ ਤਾਂ ਇਨ੍ਹਾਂ ਦੀ ਗਿਣਤੀ 25-30 ਹਜ਼ਾਰ ਹੈ। ਸ਼ਹਰਾਂ ਦੇ ਮਿਲਾ ਕੇ 40-50 ਹਜ਼ਾਰ (ਇਤਿਹਾਸਕ ਤੇ ਗ਼ੈਰ ਇਤਿਹਾਸਕ) ਗੁਰਦੁਆਰੇ ਹਨ। ਸੰਨ 2006-2007 ਦੀ ਇੱਕ ਰਿਪੋਰਟ ਅਨੁਸਾਰ 9 ਹਜ਼ਾਰ ਡੇਰੇ ਸਨ, ਜੋ ਹੁਣ ਹੋਰ ਭੀ ਵਧ ਗਏ। ਹਰ ਗੁਰਦੁਆਰੇ ਤੇ ਡੇਰੇ ’ਚ 5-6 ਸੇਵਾਦਾਰ (ਗ੍ਰੰਥੀ, ਰਾਗੀ, ਪ੍ਰਚਾਰਕ) ਹਨ; ਜਿਨ੍ਹਾਂ ਪਾਸੋਂ ਪ੍ਰਤੀ ਗੁਰੂ ਘਰ; ਘੱਟੋ ਘੱਟ 25-30 ਪੰਜਾਬੀ ਕਥਾ ਜਾਂ ਕੀਰਤਨ ਸੁਣਦੇ ਹਨ। ਸੁਖਮਨੀ ਸਾਹਿਬ ਦੇ ਪਾਠ, ਸਹਿਜ ਪਾਠ, ਅਖੰਡ ਪਾਠ, ਮਹੀਨਾਵਾਰ ਤੇ ਸਾਲਾਨਾ ਪ੍ਰੋਗਰਾਮ ਭੀ ਹੁੰਦੇ ਹਨ। ਬੱਸਾਂ, ਕਾਰਾਂ, ਸੋਸ਼ਲ ਮੀਡੀਆ ਤੋਂ ਭੀ ਆਡੀਓ, ਵੀਡੀਓ ਰਾਹੀਂ ਗੁਰਬਾਣੀ ਸੁਣੀ ਜਾਂਦੀ ਹੈ। ਇਸ ਤਰ੍ਹਾਂ ਪੰਜਾਬ ਦੀ ਕੁੱਲ 3.21 ਕਰੋੜ ਅਬਾਦੀ ਦਾ 80-90% ਹਿੱਸਾ; ਸਿੱਧੇ ਜਾਂ ਅਸਿੱਧੇ ਤੌਰ ’ਤੇ ਗੁਰਬਾਣੀ ਨਾਲ਼ ਜੁੜਿਆ ਹੈ। ਫਿਰ ਭੀ ਪੰਜਾਬੀਆਂ ਦਾ ਰੁਝਾਨ ਈਸਾਈ ਮੱਤ ਵੱਲ ਹੋਣਾ; ਪੰਥ ਹਿਤੈਸ਼ੀ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ ਕਿ ਆਖ਼ਿਰ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ’ਚ ਕਿੱਥੇ ਅਤੇ ਕੀ ਘਾਟ ਰਹਿ ਗਈ। ਇਸ ਦੇ ਕਈ ਕਾਰਨ ਹੋਣਗੇ, ਪਰ ਮੇਰੀ ਸਮਝ ਅਨੁਸਾਰ ਕੁਝ ਕੁ ਇਹ ਹਨ :

ਗੁਰਮਤਿ ਦੇ ਪ੍ਰਚਾਰ-ਪ੍ਰਸਾਰ ’ਚ ਅਕਸਰ ਐਸਾ ਵਰਗ ਸਰਗਰਮ ਹੈ, ਜੋ ਆਰਥਿਕ ਤੇ ਪੜ੍ਹਾਈ ਪੱਖੋਂ ਕਮਜ਼ੋਰ ਹੈ। ਇਨ੍ਹਾਂ ਅੰਦਰ ਗੁਰਮਤਿ ਦਾ ਅਧਿਐਨ ਕਰਨ ਤੇ ਸਾਹਿਤ (ਕਿਤਾਬਾਂ) ਪੜ੍ਹਨ ਦੀ ਰੁਚੀ ਨਹੀਂ, ਸਮਾਂ ਭੀ ਨਹੀਂ। ਗੁਰਬਾਣੀ; ਇੱਕ ਕਾਵਿਮਈ ਰਚਨਾ ਹੈ। ਕਵਿਤਾ ਦੇ ਸੰਖੇਪ ਸ਼ਬਦਾਂ ’ਚ ਬੜੇ ਗਹਿਰੇ ਰਾਜ਼ ਹੁੰਦੇ ਹਨ। ਦੂਜਾ ਗੁਰਬਾਣੀ ਕਈ ਭਾਸ਼ਾਵਾਂ ਦਾ ਸੰਗ੍ਰਹਿ ਹੈ। ਤੀਜਾ ਅਜੋਕੀ ਪੰਜਾਬੀ ਤੇ ਪੁਰਾਤਨ ਲਿਪੀ (ਗੁਰਮੁਖੀ) ਦੀ ਲਿਖਤ (ਵਿਆਕਰਨ) ’ਚ ਭੀ ਅੰਤਰ ਹੈ। ਇਨ੍ਹਾਂ ਨੇਮਾਂ ਦੀ ਨਾਸਮਝੀ ਕਾਰਨ ਜ਼ਿਆਦਾਤਰ ਪ੍ਰਚਾਰਕ; ਮਨਘੜਤ ਸਾਖੀਆਂ ਜਾਂ ਅਜੋਕੀ ਸਾਇੰਸ ਦੀ ਟੇਕ ਲੈ ਕੇ ਗੁਰਬਾਣੀ ਨੂੰ ਸਮਝਣ ’ਚ ਕੁਤਾਹੀ ਖਾਂਦੇ ਹਨ। ਮਿਸਾਲ ਵਜੋਂ ਗੁਰਬਾਣੀ ’ਚ ਇੱਕ ਸ਼ਬਦ ਹੈ ‘ਕਰਮ’, ਜੋ ਕਿ ਦੋ ਭਾਸ਼ਾਵਾਂ (ਸੰਸਕ੍ਰਿਤ ਤੇ ਫ਼ਾਰਸੀ) ’ਚੋਂ ਲਿਆ ਹੈ। ਸੰਸਕ੍ਰਿਤ ’ਚ ਅਰਥ ਹਨ (1). ਭਾਗ/ਨਸੀਬ (2). ਕੀਤੇ ਜਾਣ ਵਾਲ਼ੇ ਕੰਮ ਅਤੇ (3). ਫ਼ਾਰਸੀ ’ਚ ਅਰਥ ਹੈ ‘ਮਿਹਰ, ਬਖ਼ਸ਼ਸ਼’। ਜਿਸ ਨੂੰ ਗੁਰੂ ਨਾਨਕ ਸਾਹਿਬ ਨੇ ‘ਜਪੁ’ ਜੀ ਦੀ 25ਵੀਂ ਪਉੜੀ ’ਚ ਵਰਤਿਆ ਹੈ, ‘‘ਬਹੁਤਾ ਕਰਮੁ; ਲਿਖਿਆ ਨਾ ਜਾਇ ..੨੫’’ ਭਾਵ (ਜੀਵਾਂ ’ਤੇ ਹੁੰਦੀ) ਰੱਬ ਦੀ ਅਪਾਰ ਮਿਹਰ; ਕਲਮਬੰਦ ਨਹੀਂ ਕੀਤੀ ਜਾ ਸਕਦੀ। ਇਸ ਪਉੜੀ ’ਚ ਮਾਲਕ ਦੀਆਂ ਦਾਤਾਂ ਦਾ ਹੀ ਜ਼ਿਕਰ ਹੈ; ਜਿਵੇਂ ਕਿ ‘‘ਕੇਤਿਆ, ਦੂਖ ਭੂਖ ਸਦ ਮਾਰ   ਏਹਿ ਭਿ ਦਾਤਿ ਤੇਰੀ; ਦਾਤਾਰ  ! ’’, ਪਉੜੀ ਦੇ ਅੰਤ ’ਚ ਵਿਸ਼ੇਸ਼ ਦਾਤ (ਬਖ਼ਸ਼ਸ਼) ਦਾ ਭੀ ਜ਼ਿਕਰ ਹੈ, ‘‘ਜਿਸ ਨੋ ਬਖਸੇ ਸਿਫਤਿ ਸਾਲਾਹ   ਨਾਨਕ  ! ਪਾਤਿਸਾਹੀ ਪਾਤਿਸਾਹੁ ੨੫’’

 ਸੋ ਦਰੁ (ਰਹਰਾਸਿ) ’ਚ ਭੀ ਆਪ ਨੇ ਕਰਮੁ ਨੂੰ ‘ਮਿਹਰ’ ਦੇ ਅਰਥਾਂ ਲਈ ਵਰਤਿਆ ਹੈ, ‘‘ਤੁਧੁ ਵਿਣੁ; ਸਿਧੀ ਕਿਨੈ ਪਾਈਆ   ਕਰਮਿ (ਨਾਲ਼) ਮਿਲੈ; ਨਾਹੀ ਠਾਕਿ ਰਹਾਈਆ ’’ (ਮਹਲਾ /) ਭਾਵ ਤੇਰੀ (ਮਿਹਰ ਤੋਂ) ਬਿਨਾਂ ਮਨ ਖਿੜਦਾ ਨਹੀਂ। (ਜਿਸ ਨੂੰ) ਤੇਰੀ ਮਿਹਰ ਨਾਲ਼ ਇਹ ਸਫਲਤਾ ਮਿਲਦੀ ਹੈ, ਉਸ (ਦੀ ਤਰੱਕੀ) ’ਚ ਕੋਈ ਹੋਰ ਵਿਘਨ ਨਹੀਂ ਪਾ ਸਕਦਾ।

‘ਕਰਮੁ’ ਨੂੰ ਦੂਜੇ ਅਰਥ (ਭਾਗ/ਨਸੀਬ) ਲਈ ਭੀ ਆਪ ਨੇ ਆਸਾ ਕੀ ਵਾਰ ਦੀ 11ਵੀਂ ਪਉੜੀ ’ਚ ਵਰਤਿਆ ਹੈ, ‘‘ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ; ਤਾ ਤਿਨੀ ਖਸਮੁ ਧਿਆਇਆ   ਏਨਾ ਜੰਤਾ ਕੈ ਵਸਿ (’) ਕਿਛੁ ਨਾਹੀ; ਤੁਧੁ ਵੇਕੀ ਜਗਤੁ ਉਪਾਇਆ ..੧੧’’ (ਮਹਲਾ /੪੬੯) ਭਾਵ ਉਹੀ, ਤੈਨੂੰ ਸਿਮਰ ਸਕਦੇ ਹਨ, ਜਿਨ੍ਹਾਂ ਅੰਦਰ ਪੈਦਾਇਸ਼ ਤੋਂ ਤੈਂ ਐਸਾ ਨਸੀਬ (ਕਰਮੁ) ਬਣਾਇਆ, ਪਾਤ੍ਰਤਾ ਬਣਾਈ ਵਰਨਾ ਵੱਖ ਵੱਖ ਕਿਸਮਾਂ ਦੇ ਅਨੇਕਾਂ ਜੀਵ-ਜੰਤਾਂ ਅੰਦਰ ਕੋਈ ਸਮਰੱਥਾ ਨਹੀਂ (ਕਿ ਤੈਨੂੰ ਅਦ੍ਰਿਸ਼ ਨੂੰ ਜਾਣ ਸਕਣ)

‘ਕਰਮ’ ਨੂੰ ਤੀਜੇ ਅਰਥ (ਕੀਤੇ ਜਾਣ ਵਾਲ਼ੇ ਕੰਮਾਂ) ਲਈ ਭੀ ਆਪ ਨੇ ਵਰਤਿਆ ਹੈ, ‘‘ਬਿਨੁ ਗੁਰ ਸਬਦ, ਛੂਟੀਐ; ਦੇਖਹੁ ਵੀਚਾਰਾ ਜੇ ਲਖ ਕਰਮ ਕਮਾਵਹੀ; ਬਿਨੁ ਗੁਰ ਅੰਧਿਆਰਾ ਰਹਾਉ ’’ (ਮਹਲਾ /੨੨੯) ਭਾਵ ਸੋਚ-ਵਿਚਾਰ ਕੇ ਵੇਖ ਲਓ ਕਿ ਗੁਰੂ ਗਿਆਨ ਤੋਂ ਬਿਨਾਂ (ਅਗਿਆਨਤਾ ਦਾ ਹਨ੍ਹੇਰਾ) ਨਹੀਂ ਮਿਟਦਾ ਭਾਵੇਂ ਲੱਖਾਂ ਹੀ (ਧਾਰਮਿਕ) ਕੰਮ ਕੀਤੇ ਜਾਣ।

ਹੁਣ ਸਾਇੰਸ ਦੀ ਟੇਕ ਲੈਣ ਵਾਲ਼ੇ ਸਿੱਖਾਂ ਨੂੰ ਉਕਤ ਦੋ ਅਰਥ (ਭਾਗ ਤੇ ਮਿਹਰ) ਹਜ਼ਮ ਨਹੀਂ ਹੋ ਸਕਦੇ ਕਿਉਂਕਿ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ’ਚ ਸ਼ਰਧਾ ਅਧੀਨ ਕੋਈ ਸਿਲੇਬਸ ਨਹੀਂ ਪੜ੍ਹਾਇਆ ਜਾਂਦਾ। ਇਨ੍ਹਾਂ ਅਨੁਸਾਰ ਗੁਰਮਤਿ ਨੂੰ ਸ਼ਰਧਾ ਨਾਲ਼ ਵਾਚਣਾ; ਅਗਿਆਨਤਾ ਹੈ, ਗੁਰਮਤਿ ਵਿਰੋਧੀ ਹੈ। ਇਨ੍ਹਾਂ ਨੇ ਇੱਥੇ (ਮਿਹਰ ਤੇ ਭਾਗ ਦੀ ਥਾਂ) ਭੀ ‘ਕੀਤੇ ਜਾਣ ਵਾਲ਼ੇ ਕੰਮ’ ਅਰਥ ਲੈਣੇ ਹਨ। ਦੂਜੇ ਪਾਸੇ ਕਲਪਿਤ ਸਾਖੀਆਂ ਦੀ ਟੇਕ ਲੈਣ ਵਾਲ਼ੇ ਡੇਰੇਦਾਰ; ਤੀਜੇ ਅਰਥ (ਕੀਤੇ ਜਾਣ ਵਾਲ਼ੇ ਕੰਮ) ਨੂੰ ਭੀ ਜ਼ਿਆਦਾਤਰ ‘ਮਿਹਰ’ ਜਾਂ ‘ਨਸੀਬ’ ਮੰਨਦੇ ਹਨ ਤਾਹੀਓਂ ਇਹ, ਸੰਗਤਾਂ ਨੂੰ ਸਵੈ ਪੜਚੋਲ ਕਰਨ ਲਈ ਨਹੀਂ ਕਹਿੰਦੇ। ਜੇ ਗੁਰਬਾਣੀ ਲਿਖਤ ਦੀ ਸਮਝ ਹੁੰਦੀ ਤਾਂ ‘ਕਰਮੁ’ (ਅੰਤ ਔਂਕੜ/ਇੱਕ ਵਚਨ ਪੁਲਿੰਗ ਨਾਉ) ਦਾ ਅਰਥ ਭੀ ਇਕ ਵਚਨ (ਭਾਗ ਜਾਂ ਮਿਹਰ) ਹੀ ਲੈਂਦੇ ਤੇ ‘ਕਰਮ’ (ਅੰਤ ਮੁਕਤ/ਬਹੁ ਵਚਨ) ਦਾ ਅਰਥ ਭੀ ਬਹੁ ਵਚਨ (ਕੀਤੇ ਜਾਣ ਵਾਲ਼ੇ ਕੰਮ) ਹੀ ਲੈਂਦੇ। ਇਸ ਤਰ੍ਹਾਂ ਗੁਰਮਤਿ ਦੇ ਸਹੀ ਅਰਥ ਸਮਝ ਆਪਣੇ ਅਤੇ ਸੰਗਤਾਂ ਦੇ ਮਨ ਸ਼ਾਂਤ ਕਰਦੇ। ਜਿਸ ਸ਼ਾਂਤੀ ਦੀ ਭਾਲ਼ ਲਈ ਇਹ ਈਸਾਈ ਬਣਨ ਚੱਲੇ ਹਨ।

ਮਨਮੁਖ ਨੂੰ ਉਸ ਦੀ ਕਠੋਰਤਾ ਤੋਂ ਜਾਣੂ ਕਰਾ ਮਨ ਨੂੰ ਨਰਮ (ਸ਼ਾਂਤ) ਤੇ ਸਕਾਰਤਮਿਕ ਬਣਾਉਣਾ; ਗੁਰਮਤਿ ਦੇ ਪ੍ਰਚਾਰ ਦਾ ਅਸਲ ਕਾਰਜ ਹੈ। ਜੇ ਕਿਸੇ ਨੂੰ ਦੋ ਗਲਾਸ ਪਾਣੀ ਚਾਹੀਏ, ਪਰ ਮਿਲੇ ਇੱਕ ਤਾਂ ਭੀ ਉਹ, ਦੇਣਵਾਲ਼ੇ ਦਾ ਧੰਨਵਾਦ ਨਹੀਂ ਕਰੇਗਾ ਕਿਉਂਕਿ ਅਜੇ ਪਿਆਸ ਅਧੂਰੀ ਹੈ।  20 ਹਜ਼ਾਰ ਤਨਖ਼ਾਹ ਦੀ ਮਨ ’ਚ ਇੱਛਾ ਹੋਵੇ ਤੇ ਮਿਲੇ 19 ਹਜ਼ਾਰ ਤਾਂ ਭੀ ਸ਼ਾਂਤੀ ਨਹੀਂ ਮਿਲੇਗੀ।  10 ਲੱਖ ਦਹੇਜ ਦੀ ਮੰਗ ਹੈ, ਪਰ ਮਿਲਿਆ 9 ਲੱਖ ਤਾਂ ਭੀ ਨਿਰਾਸਤਾ ਰਹੇਗੀ। ਅਸ਼ਾਂਤ ਮਨ ਕਦੇ ਸੰਤੁਸ਼ਟ ਨਹੀਂ ਹੁੰਦਾ ਤਾਹੀਓਂ ਪੰਜਾਬ ’ਚ ਪ੍ਰਵਾਸੀ ਕੋਠੀਆਂ ਖ਼ਰੀਦ ਗਏ ਤੇ ਪੰਜਾਬੀ; ਵਿਦੇਸ਼ਾਂ ’ਚ ਦਿਹਾੜੀ ਕਰਨ ਲਈ ਜਾਇਜ਼-ਨਾਜਾਇਜ਼ ਹੱਥਕੰਡੇ ਅਪਣਾਉਂਦੇ ਰਹਿ ਗਏ। ਪ੍ਰਚਾਰਕਾਂ ਨੇ ਇਸ ਰੋਗ ਦਾ ਗੁਰਮਤਿ-ਦਵਾ ਨਾਲ਼ ਇਲਾਜ ਕਰਨਾ ਸੀ, ਪਰ ਇਹ ਖ਼ੁਦ; ਪਾਸਪੋਰਟ ਜੇਬਾਂ ’ਚ ਪਾਈ ਪ੍ਰਬੰਧਕਾਂ ਦਾ ਪਾਣੀ ਭਰਦੇ, ਵੇਖੀਦੇ ਹਨ ਤਾਂ ਜੋ ਜਲਦੀ ਜਹਾਜ਼ ਚੜ੍ਹਿਆ ਜਾ ਸਕੇ। ਦੂਜੇ ਪਾਸੇ 13 ਹਜ਼ਾਰ ਪਿੰਡਾਂ ਦੇ ਗੁਰੂ ਘਰਾਂ ’ਚ ਬਹੁਤਾਤ ਉਹ ਗ੍ਰੰਥੀ-ਪਾਠੀ ਹਨ, ਜਿਨ੍ਹਾਂ ਨੂੰ ਮੂਲ ਮੰਤਰ ਕਿੱਥੋਂ ਤੱਕ ਹੈ ਤੇ ਇਸ ਦੇ ਅਰਥ ਕੀ ਹਨ, ਦਾ ਭੀ ਪਤਾ ਨਹੀਂ।

ਨਕਾਰਾਤਮਿਕ (ਨਾ-ਪੱਖੀ) ਸੋਚ ਭੀ ਬਾਹਰੋਂ ਮਿਲਦੀ ਮਦਦ ਦਾ ਮੁੱਲ ਨਹੀਂ ਪਾਉਂਦੀ ਕਿਉਂਕਿ ਹੋਰਾਂ ਦੀ ਤਾਰੀਫ਼ ਕਰਨ ਨਾਲ਼ ਖ਼ੁਦ ਨੂੰ ਨੀਵਾਂ ਹੋਣਾ ਪੈਣਾ ਹੈ, ਜੋ ਕਿ ਉਸ ਨੂੰ ਪਸੰਦ ਨਹੀਂ ਹੁੰਦਾ। ਗੁਰਬਾਣੀ ਸਕਾਰਾਤਮਿਕ ਰਚਨਾ ਹੈ, ਜੋ ਕਾਮੀ ਪੁਰਸ਼ (ਅਜਾਮਲ ਬ੍ਰਾਹਮਣ), ਵੇਸਵਾ (ਪਿੰਗਲਾ), ਸ਼ਿਕਾਰ ਨਾ ਮਿਲਣ ਕਾਰਨ ਆਤਮ ਹੱਤਿਆ ਕਰਨ ਵਾਲ਼ੇ (ਲੁਭਤੁ-ਸ਼ਿਕਾਰੀ) ਅਤੇ ਰਿਖੀ ਦੇ ਸਰਾਪ ਨਾਲ਼ ਹਾਥੀ ਦੀ ਜੂਨ ਭੋਗ ਰਹੇ ਗੰਧਰਵ (ਦੇਵਲੋਕ ਦੇ ਗਵੱਈਏ) ਵਰਗਿਆਂ ਦੀ ਮਿਸਾਲ ਨਾਲ਼ ਹਰੀ ਦਾ ਨਾਮ ਜਪਣ ਲਈ ਬੰਦੇ ਨੂੰ ਤਿਆਰ ਕਰਦੀ ਹੈ, ‘‘ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ; ਗਏ ਹਰਿ ਕੈ ਪਾਸਿ   ਐਸੇ ਦੁਰਮਤਿ ਨਿਸਤਰੇ; ਤੂ ਕਿਉ ਤਰਹਿ ? ਰਵਿਦਾਸ  !’’ (ਭਗਤ ਰਵਿਦਾਸ/੧੧੨੪) ਭਾਵ ਹੇ ਰਵਿਦਾਸ  ! ਜੇਕਰ ਐਸੇ ਬੰਦੇ ਤਰ ਗਏ ਤਾਂ ਤੂੰ ਕਿਉਂ ਨਹੀਂ ਤਰੇਂਗਾ, ਪਰ ਅਸ਼ਾਂਤ ਮਨ; ਸੰਗਤਾਂ ’ਚ ਐਸੀ ਸਕਾਰਾਤਮਿਕ ਸੋਚ ਵਿਕਸਿਤ ਕਰਨਯੋਗ ਨਹੀਂ ਹੁੰਦਾ।

ਨੋਟ : ਭਾਗਵਤ ਕਥਾ ’ਚ 11ਵੇਂ ਸਕੰਧ ਦੇ 8ਵੇਂ ਅਧਿਆਇ ਅਨੁਸਾਰ ਜਨਕਪੁਰੀ (ਵਿਦੇਹ ਨਗਰ) ’ਚ ਇਕ ਵੇਸ਼ਵਾ (ਪਿੰਗਲਾ) ਰਹਿੰਦੀ ਸੀ, ਜੋ ਇੱਕ ਸੁੰਦਰ ਧਨੀ ਲੜਕੇ ’ਤੇ ਮੋਹਿਤ ਹੋ ਗਈ, ਪਰ ਲੜਕੇ ਨੇ ਉਸ ਵੱਲ ਤਵੱਜੋ ਨਾ ਦਿੱਤੀ। ਪਿੰਗਲਾ ਦੇ ਮਨ ’ਚ ਵੈਰਾਗ ਹੋਇਆ ਕਿ ਜੇਕਰ ਐਨਾ ਪਿਆਰ ਮੈ ਈਸ਼ਵਰ ਨਾਲ਼ ਕਰਦੀ ਤਾਂ ਉਸ ਨੂੰ ਪਾ ਲੈਂਦੀ। ਉਸ ਨੇ ਪ੍ਰਭੂ ਦਾ ਸਿਮਰਨ ਕੀਤਾ ਤੇ ਮੁਕਤ ਹੋ ਗਈ।

ਪ੍ਰਮਾਤਮਾ; ਕਣ ਕਣ ’ਚ ਮੌਜੂਦ ਹੈ ਤਾਹੀਓਂ ਬਾਣੀਕਾਰਾਂ ਨੇ ਸਮਾਜਿਕ ਏਕਤਾ ਨੂੰ ਧਰਮ ਦਾ ਕਾਰਜ ਮੰਨਿਆ; ਜਿਵੇਂ ਕਿ ਬਚਨ ਹਨ, ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ (ਮਹਲਾ /੬੧੧), ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ (ਮਹਲਾ /੯੭), ਬ੍ਰਹਮ ਬਿੰਦੁ ਤੇ ਸਭ ਉਤਪਾਤੀ ’’ (ਭਗਤ ਕਬੀਰ/੩੨੪) ਦੂਜੇ ਪਾਸੇ ਏਕਤਾ ਵਿਰੋਧੀ ਵੰਡੀਆਂ ਪਾਉਣ ਵਾਲ਼ੀ ਸੁਆਰਥੀ ਸੋਚ ਨੂੰ ਲਾਹਨਤਾਂ ਪਾਈਆਂ, ‘‘ਜਾਤਿ ਕਾ ਗਰਬੁ; ਕਰਿ, ਮੂਰਖ ਗਵਾਰਾ ! (ਮਹਲਾ /੧੧੨੭), ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ   ਤਉ ਆਨ ਬਾਟ (ਮਾਂ ਦੇ ਪੇਟ ਤੋਂ ਬਿਨਾਂ ਕਿਸੇ ਹੋਰ ਰਸਤੇ); ਕਾਹੇ ਨਹੀ ਆਇਆ  ? ’’ (ਭਗਤ ਕਬੀਰ/੩੨੪) ਗੁਰੂ ਘਰਾਂ ’ਚ ਸਰੋਵਰਾਂ ਦਾ ਹੋਣਾ ਭੀ ਸਾਂਝੀਵਾਲਤਾ ਦਾ ਪ੍ਰਤੀਕ ਹੈ। ਹੁਣ ਜ਼ਮੀਨੀ ਹਾਲਤ ਵੇਖੀਏ ਤਾਂ ਪੰਜਾਬ ਦੇ ਗੁਆਂਢੀ ਸੂਬਿਆਂ ’ਚ ਆਪਸੀ ਝਗੜੇ ਖ਼ਤਮ ਕਰਨ ਲਈ ਗ੍ਰਾਮ ਪੰਚਾਇਤਾਂ ਅਤੇ ਸਮਾਜਿਕ ਮਸਲੇ ਹੱਲ ਕਰਨ ਲਈ ਕਈ ਕਈ ਪਿੰਡਾਂ ਦੀ ਸਾਂਝੀ ਮਹਾਂ ਪੰਚਾਇਤ ਬੁਲਾਈ ਜਾਂਦੀ ਹੈ। ਦੂਜੇ ਪਾਸੇ 90% ਗੁਰਬਾਣੀ ਸੁਣਨ ਵਾਲ਼ੇ ਪੰਜਾਬ ’ਚ ਸਮਾਜਿਕ ਏਕਤਾ ਤੋੜਨ ਵਾਲ਼ੀਆਂ ਕਈ ਯੂਨੀਅਨਾਂ ਹਨ। ਕਈ-ਕਈ ਧੜੇਬੰਦੀਆਂ ਤੇ ਡੇਰੇ ਹਨ। ‘ਅਕਾਲੀ’ ਨਾਂ ਹੇਠ ਤੇ ਸਫ਼ੈਦ (ਸ਼ਾਂਤੀ ਦਾ ਪ੍ਰਤੀਕ) ਲਿਬਾਸ ਧਾਰ ਖੜ੍ਹੀਆਂ ਹੋਈਆਂ ਸਿਆਸੀ ਪਾਰਟੀਆਂ ਨੇ ਭੀ ਪੰਜਾਬੀਆਂ ’ਚ ਲਗਾਤਾਰ (ਸ਼ਾਮ, ਦਾਮ, ਦੰਡ, ਭੇਦ ਨੀਤੀ ਨਾਲ਼) ਨਫ਼ਰਤ ਦਾ ਬੀਜ ਬੋਇਆ ਹੈ। ਇੱਥੋਂ ਤੱਕ ਕਿ ਗੁਰੂ ਘਰਾਂ ਦੀ ਸੇਵਾ ਲੈਣ ਲਈ ਭੀ ਦਸਤਾਰਾਂ ਨੂੰ ਹੱਥ ਪਾਇਆ ਜਾਂਦਾ ਹੈ। ਗੁਰਮਤਿ ਪ੍ਰਚਾਰਕਾਂ ਦਾ ਫ਼ਰਜ਼ ਹੈ ਕਿ ਇਸ ਗੁਰਮਤਿ ਵਿਰੋਧੀ ਨਫ਼ਰਤ ਨੂੰ ਮਿਟਾਉਣ, ਪਰ ਇਹ ਖ਼ੁਦ ਹੀ (ਬ੍ਰਾਹਮਣ ਦੀ ਜਾਤ-ਪਾਤ ਖ਼ਤਮ ਕਰਦੇ-ਕਰਦੇ) ਵਿਵਾਦਿਤ ਮੁੱਦਿਆਂ ਨੂੰ ਲੈ ਕੇ ਕਈ-ਕਈ ਧੜੇ ਬਣਾ ਚੁੱਕੇ ਹਨ। ਜੇਕਰ ਕੋਈ ਸਮਾਜਿਕ ਜਾਂ ਪੰਥਕ ਮਸਲਾ ਹੱਲ ਕਰਨਾ ਹੋਵੇ ਤਾਂ ਭੀ ਏਕਤਾ ਜ਼ਰੂਰੀ ਹੈ, ਪਰ ਪੰਜਾਬ ਦੇ ਅਸਾਂਤ-ਮਨ ’ਤੇ ਠੰਢੇ ਛਿੱਟੇ ਮਾਰਨ ਵਾਲ਼ਾ ਕੋਈ ਨਜ਼ਰ ਨਹੀਂ ਆ ਰਿਹਾ। ਜੈਸੀ ਸਜ਼ਾ; ਸਮਾਜ ਨੂੰ ਵੰਡਣ ਵਾਲ਼ੇ ਬ੍ਰਾਹਮਣ ਲਈ ਮੁਕੱਰਰ ਕੀਤੀ ਹੈ ਕਿ ‘‘ਜਿਤੁ ਦਰਿ (’ਤੇ); ਤੁਮ੍ ਹੈ ਬ੍ਰਾਹਮਣ ਜਾਣਾ ਤਿਤੁ ਦਰਿ (’ਤੇ); ਤੂੰ ਹੀ ਹੈ ਪਛੁਤਾਣਾ ’’ (ਮਹਲਾ /੩੭੨) ਵੈਸੀ ਹੀ ਅਸਾਂ ਅਖੌਤੀ ਧਰਮ ਪ੍ਰਚਾਰਕਾਂ ਲਈ ਹੈ। ਜਦ ਗੁਰੂ ਕਾਲ ’ਚ ਮਸੰਦਾਂ (ਪ੍ਰਚਾਰਕਾਂ) ’ਚ ਕਮੀਆਂ ਆ ਗਈਆਂ ਸਨ ਤਾਂ ਹੁਣ ਨਹੀਂ; ਐਸਾ ਸੋਚਣਾ, ਆਪਣੀ ਅਗਿਆਨਤਾ ਅਤੇ ਡਰਪੋਕਤਾ ’ਤੇ ਪਰਦਾ ਪਾਉਣਾ ਹੈ।

ਗੁਰੂ ਕਿਰਪਾ ਨਾਲ਼ ਜਿਨ੍ਹਾਂ ਸ਼ਰਧਾਵਾਨਾਂ ਨੇ ਗੁਰਬਾਣੀ ਨੂੰ ਪੜਚੋਲਿਆ, ਇਸ ਅੰਦਰ ਟੁੱਬੀ ਲਾਈ; ਉਨ੍ਹਾਂ ਨੂੰ ਅਜੋਕਾ ਪ੍ਰਚਾਰ; ਖਾਲ਼ੀ ਟੀਨ ਵਾਙ ਖੜਕਦਾ ਜਾਪਦਾ ਹੈ, ਜਿਸ ਵਿੱਚ ਗੁਰੂ ਪ੍ਰਤੀ ਸ਼ਰਧਾ ਤੇ ਗੁਰੂ ਦਾ ਡਰ-ਅਦਬ ਬਿਲਕੁਲ ਭੀ ਨਹੀਂ ਸਗੋਂ ਸੰਗਤਾਂ ਅੰਦਰ ਗੁਰੂ ਪ੍ਰਤੀ ਬਣੀ ਸ਼ਰਧਾ ਨੂੰ ਮਨਮਤੀ ਕੁਤਰਕਾਂ ਜਾਂ ਝੂਠੀਆਂ ਸਾਖੀਆਂ ਨਾਲ਼ ਸੰਦੇਹ ’ਚ ਬਦਲਿਆ ਜਾਂਦਾ ਹੈ ਜਾਂ ਅਖੌਤੀ ਸੰਤ ਪੈਦਾ ਕਰ-ਕਰ ਗੁਰਮਤਿ ਦੀ ਵਿਲੱਖਣਤਾ ਨੂੰ ਗਾਇਬ ਕੀਤਾ ਜਾਂਦਾ ਹੈ। ਬੁਝਿਆ ਦੀਵਾ; ਹੋਰਾਂ ਨੂੰ ਨਹੀਂ ਜਗਾ ਸਕਦਾ। ਅਗਿਆਨ ਗ੍ਰਸਤ ਵਕਤਾ; ਸਰੋਤੇ ਦੇ ਜੀਵਨ ’ਚ ਚਾਨਣ (ਸ਼ਾਂਤੀ) ਨਹੀਂ ਪਾ ਸਕਦਾ, ਇਸ ਲਈ ਗੁਰੂ ਘਰਾਂ ’ਚ ਪ੍ਰਤੀ ਦਿਨ ਆਉਂਦੀ ਲੱਖਾਂ ਸ਼ਾਂਤੀ ਤੋਂ ਵਾਂਝੀ ਸੰਗਤ; ਸਮਾਜਿਕ ਗ਼ਰਮ ਹਵਾਵਾਂ ਦਾ ਤਾਪ ਨਾ ਸਹਾਰਦੀ ਹੋਈ ਗ਼ਲਤ ਰਾਹ ਜਾ ਪੈਂਦੀ ਹੈ, ਜਿਸ ਨੂੰ ਗੁਰੂ ਸਾਹਿਬਾਨ ਨੇ ਕੁਰਾਹੇ ਪੈਣਾ, ਕਿਹਾ ਹੈ, ‘‘ਮੰਨੈ; ਮਗੁ ਚਲੈ ਪੰਥੁ ’’ (ਜਪੁ) ਭਾਵ ਗੁਰੂ ਸਿੱਖਿਆ ਅਪਣਾਅ ਕੇ ਸਿੱਖ; ਗ਼ੈਰ ਮਾਰਗ ’ਤੇ ਨਹੀਂ ਪੈਂਦਾ।

ਜੇ ਬਹੁਗਿਣਤੀ ਵਿਦਿਆਰਥੀ ਪਰੀਖਿਆ ’ਚ ਫੇਲ ਹੋਣ ਤਾਂ ਜ਼ਿੰਮੇਵਾਰ; ਸਕੂਲ ਦੇ ਅਧਿਆਪਕ ਤੇ ਪ੍ਰਬੰਧਕ ਹੁੰਦੇ ਹਨ, ਨਾ ਕਿ ਬੱਚੇ। ਹਰ ਪਿੰਡ ’ਚ 25-30 ਬੰਦੇ ਜ਼ਰੂਰ ਮਿਲਣਗੇ, ਜੋ ਅੰਮ੍ਰਿਤ ਛਕ ਕੇ ਭੰਗ ਕਰ ਚੁੱਕੇ ਹਨ। ਅੰਮ੍ਰਿਤ ਸੰਚਾਰ ਦੇ ਚਾਹਵਾਨਾਂ ’ਚ ਭੀ 20-25% ਦੂਜੀ ਜਾਂ ਤੀਜੀ ਵਾਰ ਅੰਮ੍ਰਿਤ ਛੱਕਦੇ ਮਿਲਣਗੇ। ਜ਼ਿਆਦਾਤਰ ਨੇ ਕੋਈ ਕੁਰਹਿਤ ਭੀ ਨਹੀਂ ਕੀਤੀ ਹੁੰਦੀ ਬਲਕਿ ਗੁਰਮਤਿ ਅਸੂਲਾਂ ਤੋਂ ਅਣਜਾਣ ਹੁੰਦੇ ਹਨ। ਜੇਕਰ ਅੰਮ੍ਰਿਤਧਾਰੀ ਹੋ ਕੇ ਭੀ ਗੁਰਮਤਿ ਨਾ ਸਮਝ ਸਕੇ ਤਾਂ ਦੋਸ਼ੀ ਕੌਣ ? ਗੁਰੂ ਘਰਾਂ ’ਚ ਬੈਠ ਕੇ ਗੁਰਬਾਣੀ ਸੁਣਨ ਵਾਲ਼ੇ ਸਰੋਤੇ ਜਾਂ ਪ੍ਰਚਾਰਕ ? ਧਰਮ; ਇੱਕ ਗੰਭੀਰ ਵਿਸ਼ਾ ਹੈ। ਵਿਰੋਧੀ ਧਿਰ ’ਤੇ ਤਨਜ਼ ਕਸ-ਕਸ ਸੰਗਤਾਂ ਨੂੰ ਖ਼ੁਸ਼ ਕਰਨਾ; ਹੌਲ਼ੇਪਣ ਦੀ ਨਿਸ਼ਾਨੀ ਹੈ, ਗੁਰਮਤਿ ਵਿਰੋਧੀ ਪ੍ਰਚਾਰ ਹੈ। ਗੁਰਬਾਣੀ; ਗ੍ਰਿਹਸਤ-ਪ੍ਰਧਾਨ ਧਰਮ ਹੈ, ਪਰ ਪੰਜਾਬੀਆਂ ’ਚ ਤਲਾਕ ਹੋਣਾ ਆਮ ਹੁੰਦਾ ਜਾ ਰਿਹਾ ਹੈ।

ਅਫ਼ਸੋਸ ਕਿ ਜ਼ਿਆਦਾਤਰ ਸੰਗਤਾਂ ਭੀ ਐਸੇ ਪ੍ਰਚਾਰਕ ਵੇਖਣਾ ਚਾਹੁੰਦੀਆਂ ਹਨ, ਜੋ ਆਪਣੀਆਂ ਸਮਾਜਿਕ ਲੋੜਾਂ; ਕਿਸੇ ਹੋਰ ਕਿੱਤੇ (ਧੰਦੇ) ਨਾਲ਼ ਪੂਰੀਆਂ ਕਰਦਾ ਹੋਵੇ। ਜ਼ਰਾ ਸੋਚੀਏ ਕਿ ਇੱਕ ਪਾਸੇ ਅਸੀਂ ਗੁਰਮਤਿ ਨੂੰ ਸਰਬੋਤਮ ਗਿਆਨ ਮੰਨਦੇ ਹਾਂ; ਦੂਜੇ ਪਾਸੇ ਇਸ ਦੇ ਅਧਿਐਨ ਲਈ ਪ੍ਰਚਾਰਕ ਭੀ ਤਿਆਰ ਕਰਨਯੋਗ ਨਹੀਂ। ਇਸਲਾਮ ਧਰਮ ’ਚ ਮੌਲਵੀ ਬਣਨ ਲਈ ਘੱਟੋ ਘੱਟ 8 ਸਾਲ ਪੜ੍ਹਨਾ ਜ਼ਰੂਰੀ ਹੈ। ਇਸ ਕੋਰਸ ਨੂੰ ‘ਦਰਸ-ਏ-ਨਿਜ਼ਾਮੀ’ ਕਿਹਾ ਜਾਂਦਾ ਹੈ। ਈਸਾਈ ਪਾਦਰੀ ਨੂੰ ਫ਼ਿਲਾਸਫ਼ੀ ’ਚ ਬੀਏ ਕਰਨ ’ਚ 6 ਤੋਂ 8 ਸਾਲ ਲੱਗਦੇ ਹਨ। ਫਿਰ ਆਪਸੀ ਚਰਚਾ ਤੇ ਉੱਚਤਮ ਸੋਧ ਲਈ 3 ਸਾਲ ਧਰਮ ਸ਼ਾਸਤਰ ਦਾ ਅਧਿਐਨ ਕਰਨ ਉਪਰੰਤ ਬ੍ਰਹਮਤਾ ਦੀ ਮਾਸਟਰ ਡਿਗਰੀ ਦਿੱਤੀ ਜਾਂਦੀ ਹੈ। ਸਮਾਜ ’ਚ ਵਕਤਾ ਬਣਨ ਤੋਂ ਪਹਿਲਾਂ 1 ਸਾਲ ਹੋਰ ਬ੍ਰਹਮਚਾਰੀ ਡੀਕਨ (ਸੇਵਕ/ਪਾਦਰੀ) ਬਣ ਕੇ ਰਹਿਣਾ ਪੈਂਦਾ ਹੈ ਯਾਨੀ ਪਾਦਰੀ ਬਣਨ ਲਈ 10 ਤੋਂ 12 ਸਾਲ ਦੀ ਤਿਆਰੀ ਜ਼ਰੂਰੀ ਹੈ। ਦੂਜੇ ਪਾਸੇ ਸਿੱਖ ਪ੍ਰਚਾਰਕ ਤਿੰਨ ਕੁ ਸਾਲ; ਗੁਰਬਾਣੀ ਤੇ ਇਤਿਹਾਸ ਨੂੰ ਸਮਝਦੇ ਹਨ। ਇਹੀ ਕਾਰਨ ਹੈ ਕਿ ਸੰਗਤਾਂ ’ਚ ਗੁਰਮਤਿ ਪ੍ਰਤੀ ਸੰਦੇਹ ਰਹਿੰਦੇ ਹਨ। ਜਿਨ੍ਹਾਂ ਨੂੰ ਮਨਮਤੀ ਪ੍ਰਚਾਰਕ; ਹੋਰ ਵਧਾਉਣ ’ਚ ਸਫਲ ਹੋ ਜਾਂਦੇ ਹਨ।

ਗੁਰਮਤਿ-ਸਿਧਾਂਤ ਦੀ ਥਾਂ ਪ੍ਰਚਾਰ ’ਚ ਅਕਸਰ ਇਤਿਹਾਸ ਦੀ ਵਿਆਖਿਆ ਕੀਤੀ ਜਾਂਦੀ ਹੈ ਕਿਉਂਕਿ ਇਸ ਨੂੰ ਪੜ੍ਹਨਾ, ਸਮਝਣਾ ਤੇ ਸਮਝਾਉਣਾ ਅਸਾਨ ਹੈ ਭਾਵੇਂ ਕਿ ਇਤਿਹਾਸ; ਕਿਸੇ ਨੂੰ ਸਵੈ ਪੜਚੋਲ ਨਹੀਂ ਕਰਾਉਂਦਾ। ਆਪਣੇ ਆਪ ਨੂੰ ਪੜਚੋਲਣਾ, ਪ੍ਰਭੂ ਦੇ ਸਿਮਰਨ ਦੀ ਮਹਾਨਤਾ ਨੂੰ ਸਮਝ ਕੇ ਉਸ ਨਾਲ਼ ਪਿਆਰ ਪਾਉਣਾ, ਆਪਣੀਆਂ ਭੁੱਲਾਂ ਨੂੰ ਬਖ਼ਸ਼ਾਉਣ ਲਈ ਦਿਲੋਂ ਅਰਦਾਸ ਕਰ ਉਸ ਦੀ ਮਿਹਰ ਦਾ ਪਾਤਰ ਬਣਨਾ, ਆਦਿ ਹਿਰਦੇ ’ਚ ਬਦਲਾਅ ਗੁਰਮਤਿ-ਫ਼ਲਸਫ਼ੇ ਨਾਲ਼ ਹੀ ਆਉਂਦਾ ਹੈ। ਇਤਿਹਾਸ; ਮਨੁੱਖ ਅੰਦਰ ਜਜ਼ਬਾਤ ਪੈਦਾ ਕਰਦਾ ਹੈ, ਪਰ ਜੇਕਰ ਉਨ੍ਹਾਂ ਨੂੰ ਅਗਲੇ ਪੜਾਅ (ਕਿਸੇ ਸਿਧਾਂਤ) ਨਾਲ਼ ਨਾ ਜੋੜੀਏ ਤਾਂ ਇਹ ਜਲਦੀ ਮਰ ਭੀ ਜਾਂਦੇ ਹਨ। ਗੁਰੂ ਅਰਜਨ ਸਾਹਿਬ ਨੇ ‘ਆਦਿ ਗ੍ਰੰਥ’ ਦੀ ਸੰਪਾਦਨਾ ਸਮੇਂ ਇਹ ਸ਼ਬਦ; ਇਤਿਹਾਸ ਦੇ ਸਬੰਧ ’ਚ ਨਹੀਂ ਬਲਕਿ ਗੁਰਮਤਿ ਦੇ ਪ੍ਰਚਾਰ ਸਬੰਧੀ ਕਹੇ ਹਨ, ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ   ਰਾਮ ਨਾਮ ਜਪੁ ਹਿਰਦੈ (’) ਜਾਪੈ; ਮੁਖ ਤੇ ਸਗਲ ਸੁਨਾਵੈ ’’ (ਮਹਲਾ /੩੮੧) ਭਾਵ ਪ੍ਰਭੂ ਦਾ ਸਿਮਰਨ ਕਰ ਕੇ ਪਹਿਲਾਂ ਆਪ ਮਨ ਨੂੰ ਕਾਬੂ ਕਰਨਾ ਹੈ; ਫਿਰ (ਬਣੀ ਟਿਕਾਅ/ਸ਼ਾਂਤ ਅਵਸਥਾ ਨਾਲ਼) ਗੁਰਮਤਿ-ਸਿਧਾਂਤ ਨੂੰ ਹੋਰਾਂ ਨਾਲ਼ ਸਾਂਝਾ ਕਰਨਾ ਹੈ, ਸਿੱਖਾਂ ਦੇ ਅਸ਼ਾਂਤ ਮਨ ਨੂੰ ਸ਼ਾਂਤ ਕਰਨਾ ਹੈ ਤਾਂ ਕਿ ਉਨ੍ਹਾਂ ਦਾ ਗੁਰੂ ਘਰ ਆਉਣਾ ਸਫਲ ਹੋਵੇ, ਕੁਰਾਹੇ ਨਾ ਪੈਣ। ਗੁਰੂ ਨਾਨਕ ਸਾਹਿਬ ਨੇ ਆਪਣੀਆਂ ਚਾਰ ਉਦਾਸੀਆਂ ਸਮੇਂ ਕਿਸੇ ਇਤਿਹਾਸ ਦੀ ਕਥਾ ਨਹੀਂ ਕੀਤੀ; ਕੇਵਲ ਧਰਮ ਦੀ ਨਿਵੇਕਲੀ ਵਿਆਖਿਆ ਕੀਤੀ ਹੈ। ਸਿੱਖ ਨੇ ਭੀ ਉਸੇ ਸਿਧਾਂਤ ਦੀ ਵਿਆਖਿਆ ’ਚ ਮਿਸਾਲ ਵਜੋਂ ਇਤਿਹਾਸ ਨੂੰ ਸ਼ਾਮਲ ਕਰਨਾ ਹੈ, ਨਾ ਕਿ ਇਤਿਹਾਸ ਨੂੰ ਹੀ ਸਿਧਾਂਤ ਸਮਝਣਾ ਹੈ। ਕਲਪਿਤ ਸਾਖੀਆਂ ਦੇ ਪੈਰੋਕਾਰਾਂ ਨੇ ਸੁਨਹਿਰੇ ਸਿੱਖ ਇਤਿਹਾਸ ’ਚ ਝੂਠ (ਮਿਥ) ਮਿਲਾ ਦਿੱਤਾ, ਜਿਸ ਕਾਰਨ ਨਿਰੀ ਇਤਿਹਾਸ ਦੀ ਗੱਲ ਕਰਨ ਨਾਲ਼ ਵਾਦ-ਵਿਵਾਦ ਵਧਦੇ ਹਨ।

ਮਨੋ ਵਿਗਿਆਨ ਅਨੁਸਾਰ ਮਨੁੱਖੀ ਸੋਚ; 16 ਤੋਂ 25 ਸਾਲ ਦੀ ਉਮਰ ’ਚ ਪੂਰਨ ਵਿਕਸਿਤ ਹੋ ਜਾਂਦੀ ਹੈ ਯਾਨੀ 25 ਸਾਲ ਤੋਂ ਬਾਅਦ ਮਨੁੱਖ ਦੀ ਸੋਚ ਨੂੰ ਬਦਲਣਾ ਬੜਾ ਮੁਸ਼ਕਲ ਹੈ। ਅਨੁਭਵੀ ਪੁਰਸ਼ਾਂ ਦਾ ਮੰਨਣਾ ਹੈ ਕਿ ਮਨੁੱਖ; ਧਰਮ ਨੂੰ ਚਾਰ ਤਰ੍ਹਾਂ ਅਪਣਾਅ ਸਕਦਾ ਹੈ :

(1). ਬਚਪਨ ਤੋਂ ਰੁਚੀ ਹੋਵੇ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਅੰਦਰ ਸੀ।

(2). ਕਿਸੇ ਨੂੰ ਲਾਲਚ ਦਿੱਤਾ ਜਾਵੇ; ਜਿਵੇਂ ਕਿ ਬਾਬਾ ਫ਼ਰੀਦ ਜੀ ਦੇ ਮਾਤਾ ਮਰੀਅਮ ਜੀ; ਨਮਾਜ਼ ਪੜ੍ਹਨ ਬਦਲੇ ਉਨ੍ਹਾਂ ਨੂੰ ਗੁੜ ਦਿੰਦੇ ਸਨ।

(3). ਪਿਆਰ ਅਤੇ ਹੱਲਾਸ਼ੇਰੀ ਦੇਣ ਨਾਲ਼; ਜਿਵੇਂ ਕਿ ਕਹੀਏ ਕਿ ਫਲਾਨਾ ਬੱਚਾ ਗੁਰੂ ਦੇ ਲੜ ਲੱਗ ਕੇ ਨਾਮਣਾ ਕਮਾ ਗਿਆ; ਬੇਟੇ ! ਤੂੰ ਭੀ ਐਸਾ ਕਰ ਸਕਦਾ ਹੈਂ। ਧਾਰਮਿਕ ਮੁਕਾਬਲੇ ਕਰਾ ਜੇਤੂਆਂ ਨੂੰ ਇਨਾਮ ਦੇਣਾ ਭੀ ਕਿਸੇ ਦਾ ਉਤਸ਼ਾਹ ਵਧਾਉਣਾ ਹੈ। ਭਗਤ ਰਵਿਦਾਸ ਜੀ ਦਾ ਉਕਤ ਸ਼ਬਦ ਇਸੇ ਸਬੰਧ ’ਚ ਹੈ, ‘‘ਐਸੇ ਦੁਰਮਤਿ ਨਿਸਤਰੇ; ਤੂ ਕਿਉ ਤਰਹਿ ? ਰਵਿਦਾਸ  !’’

(4). ਮੌਤ ਦਾ ਡਰ ਵਿਖਾ ਕੇ; ਜਿਵੇਂ ਕਿ ਕਿਹਾ ਗਿਆ ਹੈ ਕਿ ਜੇ ਇਸ ਜਨਮ ’ਚ ਵਾਸ਼ਨਾ-ਮੁਕਤ ਨਾ ਹੋਇਆ ਤਾਂ ਮਰਨ ਉਪਰੰਤ ਜਮਦੂਤਾਂ ਨੇ ਸਜ਼ਾ ਦੇਣੀ ਹੈ, ‘‘ਧਰਮਰਾਇ ਜਬ ਪਕਰਸਿ ਬਵਰੇ ! ਤਬ ਕਿਆ ਜਬਾਬੁ ਕਰੇਇ ? (ਮਹਲਾ /੭੭), ਧਰਮਰਾਇ ਜਬ ਲੇਖਾ ਮਾਗੈ; ਕਿਆ ਮੁਖੁ ਲੈ ਕੈ ਜਾਹਿਗਾ  ? (ਭਗਤ ਕਬੀਰ/੧੧੦੬), ਫਰੀਦਾ  ! ਮਉਤੈ ਦਾ ਬੰਨਾ ਏਵੈ ਦਿਸੈ; ਜਿਉ ਦਰੀਆਵੈ ਢਾਹਾ (ਕੰਢਾ) ਅਗੈ ਦੋਜਕੁ ਤਪਿਆ ਸੁਣੀਐ; ਹੂਲ ਪਵੈ ਕਾਹਾਹਾ ’’ (ਬਾਬਾ ਫ਼ਰੀਦ ਜੀ/੧੩੮੩) ਭਾਵ ਮਰਨ ਉਪਰੰਤ ਦੋਜ਼ਖ਼/ਨਰਕ ’ਚ ਸਜ਼ਾ ਦੇਣ ਸਮੇਂ ਹਾਹਾਕਾਰ ਮੱਚਦੀ ਹੈ, ਰੌਲ਼ਾ ਪੈਂਦਾ ਹੈ। ਜਮਰਾਜ ਦੇ ਇਸ ਡਰ ਦੇ ਨਾਲ਼-ਨਾਲ਼ ਜੂਨਾਂ ’ਚ ਜਾਣ ਨੂੰ ਭੀ ਚੇਤੇ ਕਰਾਇਆ ਹੈ, ‘ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ ਆਇ ਜਾਇ ਦੁਖੁ ਪਾਇਦਾ ’’ (ਮਹਲਾ /੧੦੭੫), ਚਾਰਿ ਪਾਵ ਦੁਇ ਸਿੰਗ ਗੁੰਗ ਮੁਖ; ਤਬ ਕੈਸੇ ਗੁਨ ਗਈਹੈ  ?  ਊਠਤ ਬੈਠਤ ਠੇਗਾ ਪਰਿਹੈ; ਤਬ ਕਤ ਮੂਡ ਲੁਕਈਹੈ ਹਰਿ ਬਿਨੁ, ਬੈਲ ਬਿਰਾਨੇ ਹੁਈਹੈ ਫਾਟੇ ਨਾਕਨ, ਟੂਟੇ ਕਾਧਨ; ਕੋਦਉ ਕੋ ਭੁਸੁ ਖਈਹੈ ਰਹਾਉ ’’ (ਭਗਤ ਕਬੀਰ/੫੨੪) ਭਾਵ ਇਸ ਜਨਮ ’ਚ ਵਾਸ਼ਨਾ ਮੁਕਤ ਨਾ ਹੋਣ ’ਤੇ ਅਗਲੇ ਜਨਮ ’ਚ ਚਾਰ ਪੈਰ ਵਾਲ਼ਾ ਬਲ਼ਦ ਬਣਨਾ ਪੈਣਾ ਹੈ। ਜਿਸ ਦੇ ਨੱਕ ’ਚ ਨੱਥ ਪਾਈ ਹੋਣੀ ਹੈ ਤੇ ਦੋਵੇਂ ਕੰਧੇ; ਪੰਜਾਲੀ ਨਾਲ਼ ਜ਼ਖ਼ਮੀ ਹੋਏ ਹੋਣਗੇ। ਘਾਹ-ਫੂਸ ਖਾਣ ਨੂੰ ਮਿਲੇਗਾ। ਹੇ ਬੰਦੇ ! ਜੇ ਹੁਣ (ਗੁਰੂ ਰਹਿਬਰ ਮੌਜੂਦ ਹੁੰਦਿਆਂ) ਵੇਲ਼ਾ ਨਾ ਸੰਭਾਲ਼ਿਆ; ਤਾਂ ਫਿਰ ਓਦੋਂ ਤੂੰ ਕਿਵੇਂ ਪ੍ਰਭੂ ਦੀ ਬੰਦਗੀ ਕਰੇਂਗਾ ?

ਹੁਣ ਸਾਇੰਸ ਦੀ ਟੇਕ ਲੈਣ ਵਾਲ਼ਾ ਸਿੱਖ; ਆਵਾਗਮਣ ਨੂੰ ਨਹੀਂ ਮੰਨਦਾ ਯਾਨੀ ਉਹ, ਮੌਤ-ਡਰ (ਸ਼ਸਤਰ) ਦਾ ਪ੍ਰਯੋਗ ਕਰਨਾ ਨਹੀਂ ਜਾਣਦਾ। ਉਸ ਅਨੁਸਾਰ ਇਹ ਵਾਕ, ‘‘ਕਈ ਜਨਮ; ਭਏ ਕੀਟ ਪਤੰਗਾ   ਕਈ ਜਨਮ; ਗਜ ਮੀਨ ਕੁਰੰਗਾ   ਕਈ ਜਨਮ; ਪੰਖੀ ਸਰਪ ਹੋਇਓ   ਕਈ ਜਨਮ; ਹੈਵਰ ਬ੍ਰਿਖ ਜੋਇਓ   ਮਿਲੁ ਜਗਦੀਸ; ਮਿਲਨ ਕੀ ਬਰੀਆ   ਚਿਰੰਕਾਲ; ਇਹ ਦੇਹ ਸੰਜਰੀਆ ਰਹਾਉ ’’ (ਮਹਲਾ /੧੭੬) ਭੀ ਆਵਾਗਮਣ ਬਾਰੇ ਨਹੀਂ ਬਲਕਿ ਇਸੇ ਜਨਮ ’ਚ ਕੀੜੇ-ਮਕੌੜੇ, ਹਾਥੀ, ਮੱਛੀ, ਹਿਰਨ, ਪੰਛੀ, ਸੱਪ, ਘੋੜੇ, ਬਲ਼ਦ, ਦਰਖ਼ਤ, ਪੱਥਰ’ ਵਰਗਾ ਬੰਦੇ ਦਾ ਸੁਭਾਅ ਹੋਣ ਬਾਰੇ ਹੈ ਜਦਕਿ ਇਸ ਸ਼ਬਦ ’ਚ ਵਾਰ ਵਾਰ ‘ਕਈ ਜਨਮ, ਕਈ ਜਨਮ’ ਕਿਹਾ ਹੈ, ਕੇਵਲ ਇਹ ਜਨਮ ਨਹੀਂ। ਜ਼ਰਾ ਸੋਚੀਏ ਕਿ ਬੰਦੇ ਦਾ ਸੁਭਾਅ ਘੋੜੇ ਜਾਂ ਦਰਖ਼ਤ ਵਰਗਾ ਕਿਵੇਂ ਹੋ ਸਕਦਾ ਹੈ ? ਚਾਰ ਪਾਂਵ ਅਤੇ ਦੋ ਸਿੰਗ ਮਨੁੱਖ ਦੇ ਕਿਵੇਂ ਉਗਣਗੇ ? ਮਨੁੱਖ ਤਾਂ ਜੀਭ ਰਸ ਕਾਰਨ 36 ਪ੍ਰਕਾਰ ਦੇ ਭੋਜਨ ਛਕਦਾ ਹੈ, ਪਸ਼ੂਆਂ ਵਾਙ ਬਾਥੂ, ਘਾਹ-ਫੂਸ (ਭੂਸਾ) ਨਹੀਂ; ਜਿਵੇਂ ਕਿ ਕਿਹਾ ਹੈ, ‘‘ਕੋਦਉ ਕੋ ਭੁਸੁ ਖਈਹੈ ’’

ਇਥੇ ਰਹਾਉ ਬੰਦ ’ਚ ਤਾਂ ਕਿਹਾ ਹੈ ਕਿ ਕੀਮਤੀ ਮਨੁੱਖਾ ਦੇਹ; ਚਿਰਾਂ ਬਾਅਦ ਮਿਲੀ ਹੈ, ‘‘ਚਿਰੰਕਾਲ; ਇਹ ਦੇਹ ਸੰਜਰੀਆ ਰਹਾਉ ’’ ਰਵੀਦਾਸ ਜੀ ਭੀ ਕਹਿੰਦੇ ਹਨ, ‘‘ਬਹੁਤ ਜਨਮ ਬਿਛੁਰੇ ਥੇ ਮਾਧਉ ! ਇਹੁ ਜਨਮੁ ਤੁਮ੍ਹਾਰੇ ਲੇਖੇ   ਕਹਿ ਰਵਿਦਾਸ  ! ਆਸ ਲਗਿ ਜੀਵਉ; ਚਿਰ ਭਇਓ ਦਰਸਨੁ ਦੇਖੇ ’’ (ਭਗਤ ਰਵਿਦਾਸ/੬੯੪) ਇਸ ਵਿਸ਼ੇ ਨੂੰ ਥੋੜ੍ਹਾ ਇਉਂ ਸਮਝਣਾ ਭੀ ਜ਼ਰੂਰੀ ਹੈ :

ਬਾਣੀਕਾਰਾਂ ਨੇ ਮਨੁੱਖ-ਜਾਤੀ ਨੂੰ ਤਿੰਨ ਸ਼੍ਰੇਣੀਆਂ ’ਚ ਵੰਡ ਕੇ ਸਮਝਾਇਆ ਹੈ (1). ਸੱਚੇ ਭਗਤ; ਜਿਵੇਂ ਕਿ ਇੱਕ ਮਾਤਾ ਕਹਿੰਦੀ ਹੈ, ‘‘ਪੂਤਾ ! ਮਾਤਾ ਕੀ ਆਸੀਸ   ਨਿਮਖ ਬਿਸਰਉ ਤੁਮ੍ ਕਉ ਹਰਿ ਹਰਿ; ਸਦਾ ਭਜਹੁ ਜਗਦੀਸ ਰਹਾਉ ’’ (ਮਹਲਾ /੪੯੬) ਭਾਵ ਹੇ ਬਾਲਕ (ਗੁਰੂ) ਅਰਜਨ ! ਤੈਨੂੰ ਮਾਤਾ (ਬੀਬੀ ਭਾਨੀ ਜੀ) ਵੱਲੋਂ ਨਸੀਹਤ ਹੈ ਕਿ ਤੈਨੂੰ ਪਲ ਮਾਤਰ ਭੀ ਹਰੀ ਦੀ ਯਾਦ ਨਾ ਭੁਲੇ। ਤੂੰ ਸਦਾ ਉਸ ਨੂੰ ਯਾਦ ਕਰਦਾ ਰਹਿ।

(2). ਨਾਸਤਿਕ ਦੀ ਮਾਤਾ ਵੱਲੋਂ ਨਸੀਹਤ, ‘‘ਕਲੀ ਅੰਦਰਿ ਨਾਨਕਾ ! ਜਿੰਨਾਂ ਦਾ ਅਉਤਾਰੁ   ਪੁਤੁ ਜਿਨੂਰਾ, ਧੀਅ ਜਿੰਨੂਰੀ; ਜੋਰੂ ਜਿੰਨਾ ਦਾ ਸਿਕਦਾਰੁ ’’ (ਮਹਲਾ /੫੫੬) ਭਾਵ ਹੇ ਨਾਨਕ ! ਕਲਿਜੁਗ ’ਚ ਰਾਖਸ਼ ਪੈਦਾ ਹੋਏ ਹਨ। ਪੁੱਤਰ ਰਾਖਸ਼ ਹੈ। ਪੁੱਤਰੀ ਰਾਖਸ਼ਣੀ ਹੈ ਕਿਉਂਕਿ ਇਨ੍ਹਾਂ ਦੀ ਪਰਵਰਿਸ਼ ਕਰਨ ਵਾਲ਼ੀ ਵੱਡੀ ਰਾਖਸ਼ਣੀ ਮਾਤਾ ਹੈ। ਜੋ ਨਾ ਆਪ ਭਗਤ ਬਣੀ ਤੇ ਨਾ ਬੱਚਿਆਂ ਨੂੰ ਬਣਾਇਆ।

(3). ਕਰਮਕਾਂਡੀ ਦੀ ਮਾਤਾ ਲਈ ਬਚਨ, ‘‘ਕਬੀਰ  ! ਮਾਇ ਮੂੰਡਉ ਤਿਹ ਗੁਰੂ ਕੀ; ਜਾ ਤੇ ਭਰਮੁ ਜਾਇ   ਆਪ ਡੁਬੇ ਚਹੁ ਬੇਦ ਮਹਿ; ਚੇਲੇ ਦੀਏ ਬਹਾਇ ੧੦੪’’ (ਭਗਤ ਕਬੀਰ/੧੩੭੦) ਭਾਵ ਉਸ ਗੁਰੂ (ਬ੍ਰਾਹਮਣ) ਦੀ ਮਾਂ ਦਾ ਸਿਰ ਮੁੰਨ ਦਿਓ (ਸਿਰ ਮੁੰਨਣਾ; ਵਿਧਵਾ ਹੋਣਾ ਹੈ), ਜਿਸ ਦੀ ਨਸੀਹਤ ਨਾਲ਼ ਬਣਿਆ (ਬ੍ਰਾਹਮਣ) ਗੁਰੂ; ਆਪਣੇ ਚੇਲੇ (ਜਜਮਾਨ) ਦਾ ਭਰਮ ਦੂਰ ਨਾ ਕਰ ਸਕਿਆ। ਇਸੇ ਵਰਗ ਲਈ ਬਚਨ ਹਨ, ‘‘ਕਰਤੂਤਿ ਪਸੂ ਕੀ ਮਾਨਸ ਜਾਤਿ   ਲੋਕ ਪਚਾਰਾ ਕਰੈ; ਦਿਨੁ ਰਾਤਿ   ਬਾਹਰਿ ਭੇਖ; ਅੰਤਰਿ ਮਲੁ ਮਾਇਆ   ਛਪਸਿ ਨਾਹਿ; ਕਛੁ ਕਰੈ ਛਪਾਇਆ ’’ (ਸੁਖਮਨੀ/ਮਹਲਾ /੨੬੭) ਜੇਕਰ ਇਨ੍ਹਾਂ ਦਾ ਸਬੰਧ ਨਾਸਤਿਕ ਵਰਗ ਨਾਲ਼ ਮੰਨੀਏ ਤਾਂ ਉਹ, ਵਿਖਾਵੇ ਮਾਤਰ ਧਾਰਮਿਕ ਕੰਮ (ਲੋਕ ਪਚਾਰਾ) ਨਹੀਂ ਕਰਦਾ ਹੁੰਦਾ। ਇੱਥੇ ਪਾਖੰਡੀ ਜ਼ਿੰਦਗੀ ਨੂੰ ਹੀ ਪਸ਼ੂ ਦੀ ਟੀਚਾ (ਪ੍ਰਭੂ ਪ੍ਰਾਪਤੀ) ਰਹਿਤ ਜ਼ਿੰਦਗੀ ਨਾਲ਼ ਜੋੜਿਆ ਹੈ, ਜੋ ਸੱਚੇ ਭਗਤ (ਪਹਿਲੇ ਵਰਗ) ਦੀ ਨਕਲ ਕਰ ਧਰਮੀ ਬਣਨ ਚੱਲਿਆ ਸੀ, ਪਰ ਰਸਤੇ ’ਚ ਰੁਕ ਗਿਆ; ਜਿਵੇਂ ਕਿ ਬਚਨ ਹਨ, ‘‘ਕਬੀਰ  ! ਸਿਖ ਸਾਖਾ ਬਹੁਤੇ ਕੀਏ; ਕੇਸੋ ਕੀਓ ਮੀਤੁ   ਚਾਲੇ ਥੇ ਹਰਿ ਮਿਲਨ ਕਉ; ਬੀਚੈ ਅਟਕਿਓ ਚੀਤੁ ੯੬’’ (ਭਗਤ ਕਬੀਰ/੧੩੬੯) ਜ਼ਿਆਦਾਤਰ ਗੁਰਬਾਣੀ ’ਚ ਇਸ ਕਰਮਕਾਂਡੀ ਜਮਾਤ ਨੂੰ ਹਲੂਣਿਆ ਹੈ ਤਾਂ ਕਿ ਇਹ ਸਹੀ ਮਾਰਗ ਅਪਣਾਅ ਸਕੇ, ਜਿਸ ਲਈ ਇਹ ਧਰਮ ਕਮਾਉਣ ਨਿਕਲਿਆ ਸੀ।

ਨੋਟ : ਜੇਕਰ ਕੋਈ ਵੱਡਾ ਆਰਥਿਕ ਨੁਕਸਾਨ ਹੋ ਜਾਵੇ ਤਾਂ ਸੱਚਾ ਭਗਤ ਇਹ ਕਹਿ ਕੇ ਮਨ ਨੂੰ ਅਸ਼ਾਂਤ ਹੋਣ ਤੋਂ ਬਚਾ ਲੈਂਦਾ ਹੈ ਕਿ ਰੱਬ ਦਾ ਇਹੀ ਭਾਣਾ ਹੈ। ਨਾਸਤਿਕ ਬੰਦਾ ਕਹੇਗਾ ਕਿ ਘਾਟਾ ਪੂਰਾ ਕਰਨ ਲਈ ਕਿਸੇ ਹੋਰ ਪਾਸਿਓਂ ਦਾਅ ਲਗਾਉਣਾ ਪੈਣਾ ਹੈ ਤੇ ਪਾਖੰਡੀ ਕਹੇਗਾ ਕਿ ਹੋ ਸਕਦਾ ਹੈ ਕਿ ਰੱਬ ਨੂੰ ਐਸਾ ਹੀ ਮਨਜ਼ੂਰ ਹੋਵੇ, ਇਸ ਲਈ ਨਾਸਤਿਕ ਦੇ ਮੁਕਾਬਲੇ ਤੀਜੇ ਪਾਖੰਡੀ ਵਰਗ ’ਚ ਚੇਤਨਾ ਪੈਦਾ ਕਰਨੀ ਅਸਾਨ ਹੈ ਤਾਹੀਓਂ ਜ਼ਿਆਦਾਤਰ ਗੁਰਬਾਣੀ; ਰੁਕੀ ਖੜ੍ਹੀ ਪਾਖੰਡੀ ਸੋਚ ਨੂੰ ਉੱਪਰ ਉਠਾਉਣ ਲਈ ਹੀ ਉਚਾਰੀ ਗਈ ਹੈ, ਪਰ ਸਾਇੰਸ ਦੀ ਟੇਕ ਲੈਣ ਵਾਲ਼ੇ ਨਾਸਤਿਕ ਬੰਦੇ; ਇਸ ਗੁਹਜ ਰਾਜ਼ ਨੂੰ ਨਾ ਸਮਝਦੇ ਹੋਏ ਪਾਖੰਡੀਆਂ ’ਤੇ ਤਨਜ਼ ਕੱਸਣ ਨੂੰ ਹੀ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਸਮਝ ਬੈਠੇ ਹਨ।

ਹੁਣ ਜੇਕਰ ਵਿਗਿਆਨਿਕ ਸੋਚ ਵਾਙ ਆਵਾਗਮਣ ਤੋਂ ਇਨਕਾਰੀ ਹੋ ਕੇ ਮਨੁੱਖ ਅਤੇ ਪਸ਼ੂ-ਪੰਛੀਆਂ ਦੀ ਵਾਸ਼ਨਾ ਨੂੰ ਇੱਕ ਸਮਾਨ ਮੰਨੀਏ ਤਾਂ (1). ਬੱਚੇਦਾਨੀ ਕਢਵਾ ਚੁੱਕੀ ਕੁੱਤੀ ਅੰਦਰ ਕਾਮ-ਵਾਸ਼ਨਾ ਨਹੀਂ ਹੁੰਦੀ ਜਦਕਿ ਨਸਬੰਦੀ ਤੋਂ ਬਾਅਦ ਭੀ ਮਨੁੱਖ ਅੰਦਰ ਕਾਮ-ਵਾਸ਼ਨਾ ਹੁੰਦੀ ਹੈ। ਅਸਲ ’ਚ ਮਨੁੱਖ ਅੰਦਰ ਚੇਤਨਾ ਵੱਧ ਹੋਣ ਕਾਰਨ ਇਸ ਨੇ ਆਪਣੇ ਰਸ-ਕਸ (ਜਾਨਵਰਾਂ ਦੇ ਮੁਕਾਬਲੇ) ਬਹੁਤ ਵਧਾ ਲਏ ਹਨ ਤਾਹੀਓਂ ਬਾਣੀਕਾਰਾਂ ਨੇ ਮਨੁੱਖ ਨੂੰ ਪਸ਼ੂਆਂ ਵਰਗੀ ਨਹੀਂ ਸਗੋਂ ਉਨ੍ਹਾਂ ਤੋਂ ਘਟੀਆ ਜ਼ਿੰਦਗੀ ਭੋਗਣ ਦਾ ਅਹਿਸਾਸ ਕਰਾਇਆ ਹੈ; ਜਿਵੇਂ ਕਿ ਕਿਹਾ ਹੈ ਕਿ ‘ਹਿਰਨ, ਮੱਛੀ, ਭੌਰਾ, ਪਤੰਗਾ ਤੇ ਹਾਥੀ’; ਇੱਕ ਇੱਕ ਰੋਗ ਕਾਰਨ ਪਰ ਅਧੀਨ ਹੋ ਜਾਂਦੇ ਹਨ ਭਾਵ ਆਪਣੀ ਅਜ਼ਾਦੀ ਗਵਾ ਬੈਠਦੇ ਹਨ, ਪਰ ਮਨੁੱਖ ਅੰਦਰ ਤਾਂ ਇਹ ਪੰਜੇ ਰੋਗ ਹਨ। ਗੁਰੂ ਦੀ ਮਿਹਰ ਤੋਂ ਬਿਨਾਂ ਇਹ ਧਰਮ ਕਮਾਅ ਲਏਗਾ; ਇਸ ਤੋਂ ਐਸੀ ਉਮੀਦ ਨਹੀਂ ਰੱਖਣੀ ਚਾਹੀਦੀ, ‘‘ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ; ਏਕ ਦੋਖ ਬਿਨਾਸ   ਪੰਚ ਦੋਖ ਅਸਾਧ ਜਾ ਮਹਿ; ਤਾ ਕੀ ਕੇਤਕ ਆਸ  ?’’ (ਭਗਤ ਰਵਿਦਾਸ/੪੮੬) ਜਾਨਵਰ; ਇੱਕ ਦਿਨ ਦੇ ਪੇਟ ਭਰਨ ਲਈ ਸੋਚਦੇ ਹਨ ਜਦਕਿ ਮਨੁੱਖ; ਆਪਣੀਆਂ ਕਈ ਪੀੜੀਆਂ ਲਈ ਧਨ-ਪਦਾਰਥ ਜੋੜਨ ’ਚ ਆਪਣੀ ਸਾਰੀ ਉਮਰ ਅਜਾਈਂ ਗਵਾਉਂਦਾ ਹੈ।

(2). ਬਾਣੀਕਾਰਾਂ ਨੇ ਪਸ਼ੂ-ਪੰਛੀਆਂ ਦੀ ਰਹਿਣੀ ਨੂੰ ਸਾਲਾਹਿਆ ਭੀ ਹੈ; ਜਿਵੇਂ ਕਿ ‘‘ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ, ਜਾਪਤ ਹੈ ਨਹੀ ਹੋਰ ’’ (ਮਹਲਾ /੧੨੬੫) ਭਾਵ ਹਿਰਨ, ਮੱਛੀ, ਪੰਛੀ ਆਦਿ ਜਾਨਵਰ, ਜੋ ਭੀ ਬੋਲਦੇ ਹਨ; ਉਹ ਰੱਬੀ ਪ੍ਰੇਰਨਾ ਦਾ ਹੀ ਪਾਲਣ ਕਰ ਰਹੇ ਹਨ, ਇਸ ਲਈ ਮਨੁੱਖੀ ਵਾਸ਼ਨਾ ਦੀ ਤੁਲਨਾ ਇਨ੍ਹਾਂ ਨਾਲ਼ ਕਰਨੀ; ਜਾਨਵਰਾਂ ਦਾ ਨਿਰਾਦਰ ਹੈ। ਹੇਠਲੇ ਵਾਕਾਂ ‘ਚ ਗੁਰਮਤਿ; ਮਨੁੱਖ ਨੂੰ ਇਨ੍ਹਾਂ ਤੋਂ ਘਟੀਆ ਜ਼ਿੰਦਗੀ ਭੋਗਣ ਦਾ ਅਹਿਸਾਸ ਕਰਾਉਂਦੀ ਹੈ :

(). ‘‘ਕਬੀਰ  ! ਸਾਕਤ ਤੇ ਸੂਕਰ (ਸੂਰ) ਭਲਾ; ਰਾਖੈ ਆਛਾ ਗਾਉ   ਉਹੁ ਸਾਕਤੁ ਬਪੁਰਾ ਮਰਿ ਗਇਆ; ਕੋਇ ਲੈਹੈ ਨਾਉ ੧੪੩’’ (ਭਗਤ ਕਬੀਰ/੧੩੭੨) ਭਾਵ ਨਾਸਤਿਕ ਬੰਦੇ ਨਾਲ਼ੋਂ ਸੂਰ ਚੰਗਾ ਹੈ, ਜੋ ਗੰਦਗੀ ਖਾ ਕੇ ਪਿੰਡ ਨੂੰ ਸਾਫ਼-ਸੁਥਰਾ ਰੱਖਦਾ ਹੈ ਜਦਕਿ ਉਹ ਸਮਾਜ ਨੂੰ ਗੰਦਾ ਕਰਦਾ ਹੈ ਭਾਵ ਆਪਣੇ ਸਿਰਜਣਹਾਰ ਨੂੰ ਭੁਲਾ ਕੇ ਮਨਮਤ ਦਾ ਮਾਣ (ਪ੍ਰਚਾਰ) ਕਰਦਾ ਹੈ ਤਾਹੀਓਂ ਜਦ ਮਰ ਜਾਂਦਾ ਹੈ ਕੋਈ ਯਾਦ ਭੀ ਨਹੀਂ ਕਰਦਾ।

(). ਕਬੀਰ  ! ਬੈਸਨਉ ਕੀ ਕੂਕਰਿ ਭਲੀ; ਸਾਕਤ ਕੀ ਬੁਰੀ ਮਾਇ   ਓਹ ਨਿਤ ਸੁਨੈ ਹਰਿ ਨਾਮ ਜਸੁ; ਉਹ ਪਾਪ ਬਿਸਾਹਨ ਜਾਇ ੫੨’’ (ਭਗਤ ਕਬੀਰ/੧੩੬੭) ਭਾਵ ਨਾਸਤਿਕ ਬੰਦੇ ਦੀ ਮਾਤਾ ਨਾਲ਼ੋਂ ਭਗਤ ਦੀ ਕੁੱਤੀ ਚੰਗੀ ਹੈ ਕਿਉਂਕਿ ਚੰਗੇ ਸੰਸਕਾਰਾਂ ਤੋਂ ਵਾਂਝਾ ਨਾਸਤਿਕ ਬੰਦਾ; ਪਾਪ ਕਮਾਉਂਦਾ ਹੈ ਜਦਕਿ ਭਗਤ ਦੀ ਕੁੱਤੀ; ਭਗਤ ਪਾਸੋਂ ਹਰੀ ਦਾ ਨਾਮ ਸੁਣਦੀ ਹੈ, ਚੰਗੇ ਸੰਸਕਾਰ ਗ੍ਰਹਿਣ ਕਰਦੀ ਹੈ। ਸੋ ਇਹ ਕਹਿਣਾ ਕਿ ‘‘ਕਈ ਜਨਮ ਭਏ ਕੀਟ ਪਤੰਗਾ   ਕਈ ਜਨਮ ਗਜ ਮੀਨ ਕੁਰੰਗਾ ’’ ਦਾ ਸਬੰਧ; ਆਵਾਗਮਣ ਨਾਲ਼ ਨਹੀਂ, ਇਸੇ ਜਨਮ ਨਾਲ਼ ਹੈ; ਸਮਾਜ ਨੂੰ ਗੰਦਾ ਕਰਨਾ ਹੈ। ਨਿਰੋਲ ਮਨਮਤ ਹੈ, ਨਾ ਕਿ ਗੁਰਮਤਿ।

(). ਇਹ ਬਚਨ ਭੀ ਹਨ ਕਿ ‘‘ਨਰੂ ਮਰੈ; ਨਰੁ ਕਾਮਿ ਆਵੈ   ਪਸੂ ਮਰੈ; ਦਸ ਕਾਜ ਸਵਾਰੈ ’’ (ਭਗਤ ਕਬੀਰ/੮੭੦)

ਦਰਅਸਲ ਸਚਾਈ ਇਹ ਹੈ ਕਿ ਬਾਣੀਕਾਰ; ਮਨੁੱਖ ਨੂੰ ਚੇਤੇ ਕਰਾਉਂਦੇ ਹਨ ਕਿ ਹੇ ਬੰਦੇ ! ਤੂੰ ਦਾਤਾਰ-ਪਿਤਾ ਦੇ ਹੁਕਮ ’ਚ ਹੈਂ। ਜੇਕਰ ਦੁਖੀ ਹੈਂ ਤਾਂ ਭੀ ਇਹ ਉਸ ਦਾ ਹੁਕਮ ਹੈ। ਜੇਕਰ ਅਨੰਦਿਤ (ਮੁਕਤ) ਹੋਣਾ ਹੈਂ ਤਾਂ ਉਸ ਨੂੰ ਯਾਦ ਕਰ। ਉਸ ਅੱਗੇ ਫ਼ਰਿਆਦੀ ਬਣ। ਉਸ ਨੂੰ ਪ੍ਰਸੰਨ ਕਰ ਤਾਂ ਕਿ ਉਸ ਦੀ ਕਿਰਪਾ ਨਾਲ਼ ਜੀਵਨ ਸਫਲ ਹੋ ਜਾਵੇ। ਜਨਮ-ਮਰਨ ਦਾ ਗੇੜ ਖ਼ਤਮ ਹੋ ਜਾਏ, ਜੋ ਕਿ ਉਸ ਦੀ ਇੱਕ ਖੇਡ ਹੈ ਜਦਕਿ ਵਿਗਿਆਨਿਕ ਸੋਚ ਵਾਲ਼ਾ ਸਿੱਖ; ਦੁੱਖੀ ਜ਼ਿੰਦਗੀ ਲਈ ਮਨੁੱਖ ਨੂੰ ਦੋਸ਼ੀ ਠਹਿਰਾਉਂਦਾ ਹੈ। ਇੱਕ ਨਸ਼ੇੜੀ; ਨਸ਼ੇ ਦੇ ਦੁਰਪ੍ਰਭਾਵ ਤੋਂ ਜਾਣੂ ਹੁੰਦਾ ਹੈ, ਫਿਰ ਭੀ ਉਸ ਨੂੰ ਛੱਡ ਨਹੀਂ ਸਕਦਾ। ਆਸਟਰੀਆ ਦੇ ਨਿਵਾਸੀ ‘ਸਿਗਮੰਡ ਸਕਲੋਮੋ ਫ਼ਰਾਇਡ’ (6 ਮਈ 1856 ਤੋਂ 23 ਨਵੰਬਰ 1939) ਨੂੰ ਮਨੋਵਿਗਿਆਨ ਦਾ ਪਿਤਾਮਾ ਮੰਨਿਆ ਜਾਂਦਾ ਹੈ। ਇਹ ਮਨੋਰੋਗਾਂ ਦਾ ਡਾਕਟਰ, ਮਨੋਵਿਗਿਆਨੀ ਅਤੇ ਮਨੋਵਿਸ਼ਲੇਸ਼ਕ ਸੀ। ਫਿਰ ਭੀ ਸਿਗਰਟ ਨਾ ਛੱਡ ਸਕਿਆ ਤੇ ਆਖ਼ਿਰ ਮੂੰਹ ਦੇ ਕੈਂਸਰ ਨਾਲ਼ ਮਰ ਗਿਆ। ਜੋ ਲੋਕ; ਨਿਰਮਲ ਮਨ ਨਾ ਹੋਣ ਦਾ ਦੋਸ਼ੀ ਮਨੁੱਖ ਨੂੰ ਠਹਿਰਾਉਂਦੇ ਹਨ; ਅਸਲ ’ਚ ਉਹ ਧਰਮ ਦੀ ਮਨੁੱਖਤਾ ਨੂੰ ਲੋੜ ਤੋਂ ਬਿਲਕੁਲ ਅਣਜਾਣ ਹਨ।

ਪੰਜਾਬ ਦੇ ਬਹੁਤੇ ਲੋਕ; ਭੂਤਾਂ-ਪ੍ਰੇਤਾਂ ਨੂੰ ਮੰਨਦੇ ਹਨ। ਉਨ੍ਹਾਂ ਲਈ ਕਹਿਣਾ ਬਣਦਾ ਹੈ ਕਿ ਪ੍ਰਭੂ ਦਾ ਨਾਮ ਜਪੋ ਤਾਂ ਕਿ ਭੂਤ-ਪ੍ਰੇਤ ਨੇੜੇ ਨਾ ਆਉਣ। ਪਾਵਨ ਬਚਨ ਹਨ, ‘‘ਰਾਮ ਨਾਮੁ ਜੋ ਜਨੁ ਜਪੈ; ਅਨਦਿਨੁ ਸਦ ਜਾਗੈ   ਤੰਤੁ ਮੰਤੁ ਨਹ ਜੋਹਈ; ਤਿਤੁ ਚਾਖੁ ਲਾਗੈ ਰਹਾਉ ’’ (ਮਹਲਾ /੮੧੮) ਤੰਤੁ, ਮੰਤੁ ਤੇ ਚਾਖੁ ਤੋਂ ਭਾਵ ਹੈ ‘ਜਾਦੂ-ਟੁਣਾ ਤੇ ਭੈੜੀ ਨਜ਼ਰ’, ਪਰ ਇਹ ਕਹਿਣਾ ਕਿ ਭੂਤ-ਪ੍ਰੇਤ ਨਹੀਂ ਹੁੰਦੇ; ਚੌਥੇ ਡਰ-ਸ਼ਸਤਰ ਦਾ ਲਾਭ ਨਾ ਉਠਾਉਣਾ ਹੈ। ਇਨ੍ਹਾਂ ਅਨੁਸਾਰ ਜਿਸ ਘਰ ’ਚ ਸਾਧ-ਜਨਾਂ ਦੀ ਕਦਰ ਨਹੀਂ, ਹਰੀ ਦੀ ਬੰਦਗੀ ਨਹੀਂ ਹੁੰਦੀ; ਉਸ ਘਰ ’ਚ ਭੂਤ ਰਹਿੰਦੇ ਹਨ। ਮਿਸਾਲ ਦਿੰਦੇ ਹਨ, ‘‘ਕਬੀਰ  ! ਜਾ ਘਰ ਸਾਧ ਸੇਵੀਅਹਿ; ਹਰਿ ਕੀ ਸੇਵਾ ਨਾਹਿ   ਤੇ ਘਰ ਮਰਹਟ ਸਾਰਖੇ; ਭੂਤ ਬਸਹਿ ਤਿਨ ਮਾਹਿ ’’ (ਭਗਤ ਕਬੀਰ/੧੩੭੪) ਯਾਨੀ ਭੂਤ-ਪ੍ਰੇਤ; ਮਰੇ ਬੰਦੇ ਨਹੀਂ, ਜੀਵਤ ਇਨਸਾਨ ਹੁੰਦੇ ਹਨ ਜਦਕਿ ਇੱਥੇ ਅਰਥ ਹੈ ‘ਜਿਨ੍ਹਾਂ ਘਰਾਂ ’ਚ ਗੁਰਮੁਖਾਂ ਦੀ ਇੱਜ਼ਤ ਨਹੀਂ ਹੁੰਦੀ। ਹਰੀ ਦੀ ਬੰਦਗੀ ਨਹੀਂ ਕਰਦੇ; ਉਹ ਘਰ ਮਾਨੋ ਮਸਾਣਾਂ ਵਰਗੇ ਹਨ, ਜਿੱਥੇ ਭੂਤ ਰਹਿੰਦੇ ਹਨ’। ‘ਮਰਹਟ ਸਾਰਖੇ’ ਦਾ ਅਰਥ ਹੈ ‘ਕਬਰਾਂ ਵਰਗੇ, ਨਾ ਕਿ ਉਨ੍ਹਾਂ ਘਰਾਂ ਵਰਗੇ’ ਕਿਉਂਕਿ ਸਿਵਿਆਂ ’ਚ ਦਫ਼ਨਾਏ ਮੁਰਦੇ; ਉੱਠ ਕੇ ਕਿਸੇ ਨੂੰ ਪਾਣੀ ਦਾ ਗਲਾਸ ਨਹੀਂ ਦੇ ਸਕਦੇ।

ਇਸੇ ਡਰ-ਸ਼ਸਤਰ ਨਾਲ਼ ਪਾਦਰੀ; ਪੰਜਾਬੀਆਂ ਨੂੰ ਇਸਾਈ ਬਣਾ ਰਹੇ ਹਨ, ਫਿਰ ਐਸੇ ਹੀ ਪ੍ਰਚਾਰਕ; ਸਰਕਾਰਾਂ ਤੇ ਪ੍ਰਬੰਧਕਾਂ ਨੂੰ ਦੋਸ਼ ਦਿੰਦੇ ਹਨ। ਲੋੜ ਹੈ ਬੰਦੇ ਨੂੰ ਸਿੱਧਾ ਸੰਬੋਧਨ ਕਰ ਉਸ ਦੀ ਗੁਰੂ ਪ੍ਰਤੀ ਬਣੀ ਸ਼ਰਧਾ ਅੰਦਰ ਚੇਤਨਾ ਜਗਾ ਅੰਦਰਲੀ ਮੈਲ਼ ਵੱਲ ਧਿਆਨ ਦਿਵਾਉਣ ਦੀ; ਜਿਵੇਂ ਕਿ ਪਿੱਛੇ ਜਿਹੇ ਖਾਲਿਸਤਾਨ ਦੇ ਨਾਂ ’ਤੇ ਚੱਲੀ ਲਹਿਰ ਨੇ ਨੌਜਵਾਨੀ ਨੂੰ ਅਹਿਸਾਸ ਭੀ ਕਰਾਇਆ, ਜਿਸ ਦੇ ਨਤੀਜੇ ਵਜੋਂ ਨੌਜਵਾਨ ਨਸ਼ਿਆਂ ਵੱਲੋਂ ਮੁੜ ਕੇ ਗੁਰੂ ਨਾਲ਼ ਜੁੜਨ ਲੱਗ ਪਏ ਸਨ। ਕੁੱਝ ਸੁਹਿਰਦ ਪ੍ਰਚਾਰਕ ਇਸ ਦਰਦ ਨੂੰ ਸਮਝਦੇ ਹੋਏ ਆਪਣਾ ਫ਼ਰਜ਼ ਨਿਭਾ ਰਹੇ ਹਨ, ਪਰ ਉਨ੍ਹਾਂ ਦੀ ਅਵਾਜ਼ ਉਕਤ ਮਨਮਤੀ ਰੋਲ਼ੇ-ਰੱਪੇ ’ਚ ਹੀ ਗਵਾਚ ਜਾਂਦੀ ਹੈ। ਬਹੁਤੇ ਨੌਜਵਾਨ ਸਿੱਖ ਭੀ ਗੁਰੂ ਘਰ ਆਪਾ ਸੰਵਾਰਨ ਨਹੀਂ ਆਉਂਦੇ ਬਲਕਿ ਕੁੱਕੜਾਂ ਵਾਙ ਪ੍ਰਚਾਰਕਾਂ ਪਾਸੋਂ ਵਿਰੋਧੀ ਧੜੇ ਦੇ ਪ੍ਰਚਾਰਕਾਂ ਦੀ ਲਾਹ-ਪਾਹ ਸੁਣਨਾ ਪਸੰਦ ਕਰਦੇ ਹਨ। ਇੱਦਾਂ ਗੁਰਮਤਿ ਅਨੁਸਾਰੀ ਜ਼ਮੀਨੀ ਹਾਲਾਤ ਨਹੀਂ ਸਿਰਜ ਹੁੰਦੇ ਬਲਕਿ ਜ਼ਮੀਨੀ ਹਾਲਾਤਾਂ ਅਨੁਸਾਰ ਪ੍ਰਚਾਰਕਾਂ ਦੀ ਬੋਲ-ਚਾਲ ਬਣਦੀ ਵੇਖੀਦੀ ਹੈ।

ਡੇਰੇਦਾਰ ਪ੍ਰਚਾਰਕ ਤਾਂ ਇਤਿਹਾਸ ਦੇ ਇਰਦ-ਗਿਰਦ ਰਹਿੰਦੇ ਹਨ। ਗੁਰਮਤਿ ਦੀ ਵਿਲੱਖਣਾ ਸਮਝਣ ਤੋਂ ਬਹੁਤ ਪਿਛਾਂਹ ਹਨ। ਉਨ੍ਹਾਂ ਦਾ ਟੀਚਾ ‘ਸਬਦੁ ਗੁਰੂ’ ਦੀ ਬਜਾਇ ਸਰੀਰ-ਗੁਰੂ ਦੀ ਲੋੜ ਨੂੰ ਸਦੀਵੀ ਜੀਵਤ ਰੱਖਣਾ ਹੈ ਤਾਂ ਕਿ ਨਿਰਾਕਾਰ ਦੇ ਮੁਕਾਬਲੇ ਆਕਾਰ (ਸਰਗੁਣ/ਸਰੀਰ) ਵੱਲ ਸੰਗਤਾਂ ਦੀ ਰੁਚੀ ਪੈਦਾ ਕਰ ਆਪ ਸੰਤ, ਬ੍ਰਹਮਗਿਆਨੀ ਬਣ ਗੁਰੂ ਵਾਲ਼ੀ ਫ਼ੀਲਿੰਗ ਕਿਆਮਤ ਤੱਕ ਲਈ ਜਾਣ। ਇਹੀ ਟੀਚਾ; ਦੇਹਧਾਰੀ ਗੁਰੂ-ਡੰਮ ਦਾ ਹੈ। ਇਸੇ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਹਰੀ ਸਤਿਕਾਰ ਲਈ ਡੇਰੇਦਾਰ ਹਿੰਸਕ ਹੋ ਜਾਂਦੇ ਹਨ; ਸਿਧਾਂਤਿਕ ਪੱਖੋਂ ਭਾਵੇਂ ਕੋਈ ਕਿੰਨਾ ਭੀ ਨੁਕਸਾਨ ਕਰ ਜਾਵੇ, ਬੋਲਦੇ ਨਹੀਂ। ਗੁਰਬਾਣੀ ਦੇ 705 ਅੰਕ ’ਤੇ ਕੀਤੀ ਜਾਂਦੀ ‘ਮੱਧ ਦੀ ਅਰਦਾਸ’; ਕਿਸੇ ਸਿਧਾਂਤਿਕ ਪੱਖੋਂ ਨਹੀਂ ਬਲਕਿ ਅੰਗਾਂ (ਬਾਹਰੀ ਸਤਿਕਾਰ) ਕਾਰਨ ਹੈ। ਜੇਕਰ ਸਿਧਾਂਤ ਨੂੰ ਸਰਬੋਤਮ ਮੰਨਿਆ ਹੁੰਦਾ ਤਾਂ ਸਿਧਾਂਤ ਦਾ ਕਦੇ ‘ਮੱਧ’ ਨਹੀਂ ਹੁੰਦਾ, ਇਹ ਸਮਝ ਆ ਜਾਣਾ ਸੀ। ਗੁਰੂ ਸਾਹਿਬਾਨ ਨੇ ਭੀ ਸ਼ਬਦ (ਸਿਧਾਂਤ) ਨੂੰ ਹੀ ਸਰਬੋਤਮ ਮੰਨਿਆ ਹੈ; ਜਿਵੇਂ ਕਿ ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ (ਮਹਲਾ /੯੪੩), ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਕੋਇ (ਮਹਲਾ /੫੧੫), ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ (ਮਹਲਾ /੯੮੨), ਪੋਥੀ; ਪਰਮੇਸਰ ਕਾ ਥਾਨੁ ’’ (ਮਹਲਾ /੧੨੨੬) ਗੁਰੂ ਗ੍ਰੰਥ ਸਾਹਿਬ ਨੂੰ ਹੀ ਪਹਿਲਾਂ ‘ਪੋਥੀ ਸਾਹਿਬ’ ਤੇ ‘ਆਦਿ ਗ੍ਰੰਥ’ ਕਿਹਾ ਜਾਂਦਾ ਸੀ। ਚੇਤੇ ਰਹੇ ਕਿ ਭਗਤ ਸਾਹਿਬਾਨ ਨਾਲ਼ ਜਾਤੀ ਸਬੰਧ ਰੱਖਣ ਵਾਲ਼ੀ ਜਮਾਤ ਨੇ ਭੀ ਉਨ੍ਹਾਂ ਦੇ ਗਿਆਨ ਨੂੰ ਸਰਬੋਤਮ ਮੰਨਣ ਦੀ ਥਾਂ ਭਗਤਾਂ ਦੀ ਪੱਥਰ-ਮੂਰਤੀ ਬਣਾ ਆਪਣੀ ਬਰਾਦਰੀ ਦੀ ਸੋਚ ਨੂੰ (ਉਤਾਂਹ ਨਿਰਾਕਾਰ ਵੱਲ ਲੈ ਜਾਣ ਦੀ ਬਜਾਇ ਹੇਠਾਂ) ਆਕਾਰ ਵੱਲ ਡੇਗਿਆ ਹੈ। ਇਹੀ ਸੋਚ ਪੰਡਿਤ ਦੀ ਹੈ, ਜਿਸ ਨੇ ਆਕਾਰ (ਦੇਵੀ-ਦੇਵਤਿਆਂ) ਨੂੰ ਹੀ ਈਸ਼ਵਰ ਸਮਝ ਰੱਖਿਆ ਹੈ। ਸਾਇੰਸ ਦੇ ਪੂਜਾਰੀ ਸਿੱਖ ਭੀ ਨਿਰਾਕਾਰ-ਸ਼ਕਤੀ ਪ੍ਰਤੀ ਸ਼ਰਧਾ ਨੂੰ ਖ਼ਤਮ ਕਰ, ਕੁਦਰਤ ਦੇ ਨਿਯਮ ਜਾਂ ਤੱਤ ਆਦਿ ਵਜੋਂ (ਨਿਰਾਕਾਰ ਦੇ) ਸਰਗੁਣ ਰੂਪ ਨੂੰ ਹੀ ਰੱਬ ਮੰਨ ਬੈਠੇ ਹਨ।

ਜਿਸ ਤਰ੍ਹਾਂ ਫਲ਼ਦਾਰ ਰੁੱਖ ਲਾਉਣ ਦਾ ਤਾਂ ਲਾਭ ਹੈ, ਜੇ ਉਸ ਉੱਤੇ ਫਲ਼ ਲੱਗਣ। ਧਰਮੀ ਬਣਨ ਦਾ ਭੀ ਤਾਂ ਲਾਭ ਹੈ, ਜੇ ਸਰੀਰਕ ਮੌਤ ਹੋਣ ਤੱਕ ਵਿਕਾਰ-ਵਾਸ਼ਨਾ ਖ਼ਤਮ ਹੋਵੇ। ਐਸੇ ਜੀਵਨ ਦੀ ਮਿਸਾਲ ਨਾਲ਼ ਹੋਰਾਂ ਨੂੰ ਧਰਮ ਨਾਲ਼ ਜੋੜਨਾ ਅਸਾਨ ਹੈ। ਜ਼ਰਾ ਸੋਚੀਏ ਕਿ ਕਿਸੇ ਦੀ ਮੌਤ ਉਪਰੰਤ ਪ੍ਰਚਾਰਕਾਂ ਦੇ ਮੂੰਹੋਂ ਨਿਕਲਦੇ ਹੇਠਲੇ ਕਿਹੜੇ ਬੋਲ ਜੀਵਨ ਬਦਲਾਅ ’ਚ ਵੱਧ ਸਹਾਈ ਹੋ ਸਕਦੇ ਹਨ :

(1). ਇਕ ਪ੍ਰਚਾਰਕ : ਹਰ ਕੋਈ ਪ੍ਰਮਾਤਮਾ ਵੱਲੋਂ ਦਿੱਤੀ ਸੁਆਸਾਂ ਦੀ ਪੂੰਜੀ ਲੈ ਕੇ ਜਗਤ ’ਚ ਆਉਂਦਾ ਹੈ ਤੇ ਉਸ ਨੂੰ ਖ਼ਤਮ ਕਰ ਚਲਾ ਜਾਂਦਾ ਹੈ; ਜਿਵੇਂ ਕਿ ਇਹ ਵਾਕ ਹੈ, ‘‘ਜੇਹਾ ਚੀਰੀ ਲਿਖਿਆ; ਤੇਹਾ ਹੁਕਮੁ ਕਮਾਹਿ   ਘਲੇ ਆਵਹਿ ਨਾਨਕਾ ! ਸਦੇ ਉਠੀ ਜਾਹਿ ’’ (ਮਹਲਾ /੧੨੩੯) ਇੱਥੇ ‘ਚੀਰੀ’ ਦਾ ਅਰਥ ‘ਭਾਗ, ਨਸੀਬ, ਕਰਮੁ’ ਹੈ। ਇਸੇ ਅਨੁਸਾਰ ਮਾਲਕ ਦਾ ਹੁਕਮ ਹਰੇਕ ਲਈ ਭਿੰਨ ਭਿੰਨ ਵਾਪਰਦਾ ਹੈ। (ਇਸ ਦੀ ਵਿਚਾਰ ਅਗਾਂਹ ਭਾਗ 3 ’ਚ ਕੀਤੀ ਜਾਣੀ ਹੈ) ਸੋ ਇਹ ਸ਼ਬਦ; ਉਸ ਬੰਦੇ ਦੀ ਮੌਤ ’ਤੇ ਬੋਲਣਾ ਸਹੀ ਹੁੰਦਾ ਹੈ, ਜਿਸ ਦੀ ਅਚਾਨਕ ਮੌਤ ਹੋਈ ਹੋਵੇ ਕਿਉਂਕਿ ਉਸ ਸਮੇਂ ਮਿਰਤਕ ਦੇ ਪਰਵਾਰ ਨੂੰ ਧੀਰਜ ਦੇਣਾ ਬੜਾ ਜ਼ਰੂਰੀ ਹੁੰਦਾ ਹੈ। ਕਿਸੇ ਬਜ਼ੁਰਗ ਦੀ ਮੌਤ ’ਤੇ ਇਹ ਸ਼ਬਦ ਪੜ੍ਹ ਕੇ ਸਰੋਤਿਆਂ ਨੂੰ ਮੌਤ ਚੇਤੇ ਨਹੀਂ ਕਰਾਈ ਜਾ ਸਕਦੀ।

(2). ਦੂਜਾ ਪ੍ਰਚਾਰਕ : ਮੌਤ ਤੋਂ ਸਾਨੂੰ ਸਾਰਿਆਂ ਨੂੰ ਆਪਣੀ ਮੌਤ ਚੇਤੇ ਆਉਣੀ ਚਾਹੀਦੀ ਹੈ ਕਿ ਅਸਾਂ ਭੀ ਇੱਕ ਦਿਨ ਇੱਥੋਂ ਚਲੇ ਜਾਣਾ ਹੈ। ਸੁਆਸਾਂ ਦੀ ਪੂੰਜੀ ਅਵੱਸ਼ ਖ਼ਤਮ ਹੋਣੀ ਹੈ; ਜਿਵੇਂ ਕਿ ਤਰੇੜ ਖਾਧੇ ਘੜੇ ’ਚੋਂ ਥੋੜ੍ਹਾ-ਥੋੜ੍ਹਾ ਪਾਣੀ ਰਿਸਣ/ਟਪਕਣ ਨਾਲ਼ ਇੱਕ ਦਿਨ ਘੜਾ ਖ਼ਾਲੀ ਹੋ ਜਾਂਦਾ ਹੈ, ‘‘ਚੇਤਨਾ ਹੈ ਤਉ ਚੇਤ ਲੈ; ਨਿਸਿ ਦਿਨਿ ਮੈ ਪ੍ਰਾਨੀ !   ਛਿਨੁ ਛਿਨੁ ਅਉਧ ਬਿਹਾਤੁ ਹੈ; ਫੂਟੈ ਘਟ ਜਿਉ ਪਾਨੀ ਰਹਾਉ ’’ (ਮਹਲਾ /੭੨੬) ਮੌਤ ਨੂੰ ਹੀ ਚੇਤੇ ਕਰਕੇ ਬਾਬਾ ਬੁੱਢਾ ਜੀ (ਸੰਨ 1506-1631/ਉਮਰ 125 ਸਾਲ) ਨੇ ਆਪਣਾ ਜੀਵਨ ਸਫਲਾ ਕਰ ਲਿਆ ਸੀ। ਮਹਾਤਮਾ ਬੁੱਧ (ਸਿਧਾਰਥ ਗੌਤਮ/ਈਸਾ ਪੂਰਵ 563-483/ਉਮਰ 80 ਸਾਲ) ਨੇ ਭੀ ਇੱਕ ਮਿਰਤਕ ਸਰੀਰ ਵੇਖ ਕੇ ਹੀ ਆਪਣਾ ਰਾਜ-ਭਾਗ ਛੱਡ ਜੀਵਨ ਸਫਲ ਕਰਨਾ ਉਚਿਤ ਸਮਝਿਆ। ਮੌਤ ਨੇੜੇ ਆ ਰਹੀ ਹੈ, ਮਨੁੱਖ ਕਦੇ ਭੀ ਇਸ ਬਾਰੇ ਨਹੀਂ ਸੋਚਦਾ ਤਾਹੀਓਂ ਮੌਤ ਨੂੰ ਵਾਰ-ਵਾਰ ਚੇਤੇ ਕਰਾਇਆ ਗਿਆ, ‘‘ਭਾਈ ਰੇ  ! ਇਉ ਸਿਰਿ ਜਾਣਹੁ ਕਾਲੁ   ਜਿਉ ਮਛੀ ਤਿਉ ਮਾਣਸਾ; ਪਵੈ ਅਚਿੰਤਾ ਜਾਲੁ ਰਹਾਉ (ਮਹਲਾ /੫੫), ਦਿਨਸੁ ਚੜੈ ਫਿਰਿ ਆਥਵੈ; ਰੈਣਿ ਸਬਾਈ ਜਾਇ   ਆਵ ਘਟੈ, ਨਰੁ ਨਾ ਬੁਝੈ; ਨਿਤਿ ਮੂਸਾ ਲਾਜੁ (ਚੂਹਾ ਰੱਸੀ) ਟੁਕਾਇ (ਮਹਲਾ /੪੧), ਦ੍ਰਿੜੁ ਕਰਿ ਮਾਨੈ; ਮਨਹਿ ਪ੍ਰਤੀਤਿ   ਕਾਲੁ ਆਵੈ; ਮੂੜੇ ਚੀਤਿ ’’ (ਸੁਖਮਨੀ/ਮਹਲਾ /੨੬੮), ਹਰਿ ਗੁਨ ਕਾਹਿ ਗਾਵਹੀ ? ਮੂਰਖ ਅਗਿਆਨਾ  ! ਝੂਠੈ ਲਾਲਚਿ (’) ਲਾਗਿ ਕੈ; ਨਹਿ ਮਰਨੁ ਪਛਾਨਾ ’’ (ਮਹਲਾ /੭੨੬) ਸੋ ਬਜ਼ੁਰਗ ਦੀ ਮੌਤ ਸਮੇਂ ਸੰਗਤਾਂ ਨੂੰ ਮੌਤ ਚੇਤੇ ਕਰਾਉਣੀ; ਜੀਵਨ ਬਦਲਾਅ ਲਈ ਸਭ ਤੋਂ ਢੁਕਵਾਂ ਸਮਾਂ (ਤੇ ਉਪਾਅ) ਹੁੰਦਾ ਹੈ।

(3). ਤੀਜਾ ਪ੍ਰਚਾਰਕ : ਕਿਸੇ ਦੀ ਮੌਤ ’ਤੇ ਪਿੰਡ-ਪੱਤਲ ਕਿਰਿਆ ਰਾਹੀਂ ਦਾਨ ਲੈਣ ਦੇ ਬਹਾਨੇ ਪੰਡਿਤ; ਆਪਣੇ ਜਜਮਾਨਾਂ ਨੂੰ ਲੁੱਟਦੇ ਹਨ; ਜਿਵੇਂ ਕਿ ਕਿਹਾ ਹੈ, ‘‘ਜੀਵਤ ਪਿਤਰ ਮਾਨੈ ਕੋਊ; ਮੂਏਂ ਸਿਰਾਧ ਕਰਾਹੀ   ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ? ਕਊਆ ਕੂਕਰ ਖਾਹੀ ’’ (ਭਗਤ ਕਬੀਰ/੩੩੨) ਭਾਵ ਬਜ਼ੁਰਗਾਂ ਦੀ ਕੋਈ ਸੇਵਾ ਨਹੀਂ ਕਰਦਾ। ਮਰਨ ’ਤੇ ਉਸ ਦੀ ਮੁਕਤੀ ਲਈ ਸਰਾਧ ਕਰਾਉਂਦੇ ਹਨ। ਵਿਚਾਰੇ ਪਿੱਤਰ ਭੀ ਉਸ ਦਾ ਲਾਭ ਕਿਵੇਂ ਚੁੱਕਣ ਕਿਉਂਕਿ ਜੌਂ, ਆਟੇ ਆਦਿ ਦੇ ਵੱਟੇ ਪਿੰਨਿਆਂ ਨੂੰ ਤਾਂ ਇੱਥੇ ਕਾਂ, ਕੁੱਤੇ ਹੀ ਖਾ ਜਾਂਦੇ ਹਨ। ਪ੍ਰਚਾਰਕਾਂ ਦੁਆਰਾ ਐਸੇ ਬੋਲ ਕੇਵਲ ਪੰਡਿਤਾਂ ’ਤੇ ਤਨਜ਼ ਕਸਣ ਲਈ ਹੁੰਦੇ ਹਨ, ਸਿੱਖ ਸੰਗਤਾਂ ਇਹ ਫੋਕਟ ਕਰਮ ਉੱਕਾ ਹੀ ਨਹੀਂ ਕਰਦੀਆਂ; ਫਿਰ ਇਨ੍ਹਾਂ ਦਾ ਸਮਾਂ ਬਰਬਾਦ ਕਿਉਂ ਕੀਤਾ ਜਾਏ ਜਾਂ ਇਨ੍ਹਾਂ ਦੇ ਨਾਲ਼-ਨਾਲ਼ ਆਵਾਗਮਣ ਨੂੰ ਰੱਦ ਕਰਨ ਲਈ ਇਹ ਮਿਸਾਲ ਭੀ ਦਿੱਤੀ ਜਾਂਦੀ ਹੈ, ‘‘ਪਵਨੈ ਮਹਿ ਪਵਨੁ ਸਮਾਇਆ   ਜੋਤੀ ਮਹਿ ਜੋਤਿ ਰਲਿ ਜਾਇਆ   ਮਾਟੀ ਮਾਟੀ ਹੋਈ ਏਕ   ਰੋਵਨਹਾਰੇ ਕੀ ਕਵਨ ਟੇਕ   ਕਉਨੁ ਮੂਆ ਰੇ  ? ਕਉਨੁ ਮੂਆ  ?  ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ਰਹਾਉ   ਅਗਲੀ ਕਿਛੁ ਖਬਰਿ ਪਾਈ   ਰੋਵਨਹਾਰੁ ਭਿ ਊਠਿ ਸਿਧਾਈ .. ਇਹੁ ਤਉ ਰਚਨੁ (ਖੇਲ) ਰਚਿਆ ਕਰਤਾਰਿ (ਨੇ)  ਆਵਤ ਜਾਵਤ ਹੁਕਮਿ ਅਪਾਰਿ   ਨਹ ਕੋ ਮੂਆ; ਮਰਣੈ ਜੋਗੁ   ਨਹ ਬਿਨਸੈ; ਅਬਿਨਾਸੀ ਹੋਗੁ ਕਹੁ ਨਾਨਕ  ! ਗੁਰਿ (ਨੇ) ਭਰਮੁ ਚੁਕਾਇਆ   ਨਾ ਕੋਈ ਮਰੈ; ਆਵੈ ਜਾਇਆ ’’ (ਮਹਲਾ /੮੮੫) ਭਾਵ ਹਰ ਸਰੀਰ; ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ ਤੇ ਅਕਾਸ਼) ਦਾ ਬਣਿਆ ਹੈ। ਮੌਤ ਉਪਰੰਤ ਹਵਾ ਤੱਤ; ਹਵਾ ’ਚ, ਪਾਣੀ ਤੱਤ; ਪਾਣੀ ’ਚ, ਮਿੱਟੀ ਤੱਤ; ਆਪਣੇ ਮੂਲ ਮਿੱਟੀ ਤੱਤ ’ਚ ਮਿਲ ਗਿਆ।  ਰੱਬ ਦੇ ਪਿਆਰੇ ਮਿਲ ਕੇ ਵਿਚਾਰ ਕਰਨ ਕਿ ਮਰਿਆ ਕੌਣ ਹੈ ? ਇਹ (ਜਨਮ-ਮਰਨ) ਤਾਂ ਇੱਕ ਖੇਲ ਸੀ, ਜੋ ਕਰਤਾਰ ਨੇ ਆਪਣੇ ਅਪਾਰ ਹੁਕਮ ਦੁਆਰਾ ਰਚਿਆ ਹੈ। ਦਰਅਸਲ ਇਨ੍ਹਾਂ ਪ੍ਰਚਾਰਕਾਂ ਅਨੁਸਾਰ ਸੰਸਾਰ ’ਚ ਇੱਕੋ ਜਨਮ ਹੋਣਾ; ਖੇਡ ਹੈ, ਨਾ ਕਿ ਵਾਰ-ਵਾਰ ਜਨਮ-ਮਰਨ ਹੋਣਾ, ਖੇਡ ਹੈ। ਅਸਲ ’ਚ ਇਹ, ਰੱਬ ਨੂੰ ਸਰਬ ਵਿਆਪਕ; ਗੁਣ ਰੂਪ ਜਾਂ ਤੱਤ ਰੂਪ ਜਾਂ ਪ੍ਰਤਿਬਿੰਬ ਰੂਪ ’ਚ ਮੰਨਦੇ ਹਨ, ਨਾ ਕਿ ਜੋਤਿ ਰੂਪ ਵਜੋਂ।

(ਵਾਸ਼ਿੰਗਟਨ, ਡੀ. ਸੀ. ’ਚ ਸਥਿਤ ਇੱਕ ਗ਼ੈਰ-ਪੱਖਪਾਤ ਸੰਸਥਾ) ਪਿਊ ਦੁਆਰਾ ਮਈ 2025 ’ਚ ਕੀਤੀ ਇੱਕ ਖੋਜ ਅਨੁਸਾਰ ਭਾਰਤ ਸਮੇਤ 36 ਦੇਸਾਂ ਦੇ 83% ਨੌਜਵਾਨ ਭੀ ਪੁਨਰ ਜਨਮ ’ਚ ਯਕੀਨ ਰੱਖਦੇ ਹਨ ਯਾਨੀ ਕਿ ਬਜ਼ੁਰਗ ਤਾਂ ਮੰਨਦੇ ਹੀ ਹਨ। ਇਨ੍ਹਾਂ ਅਨੁਸਾਰ ਦਰਖ਼ਤ, ਪੌਦੇ, ਨਦੀਆਂ, ਪਹਾੜਾਂ, ਆਦਿ ’ਚ ਆਤਮਾ ਹੁੰਦੀ ਹੈ। ਸੋ ਐਸੇ ਲੋਕਾਂ ਨੂੰ ਇਹ ਕਹਿਣਾ ਕਿ ਪੁਨਰ ਜਨਮ ਨਹੀਂ ਹੁੰਦਾ; ਧਰਮ ਨਾਲ਼ੋਂ ਤੋੜਨਾ ਹੈ। ਉਞ ਆਵਾਗਮਣ ਨਹੀਂ ਹੁੰਦਾ, ਇਸ ਦੀ ਪੁਸ਼ਟੀ ਲਈ ਇਨ੍ਹਾਂ ਕੋਲ਼ ਭੀ ਕੋਈ ਠੋਸ ਸਬੂਤ ਨਹੀਂ ਯਾਨੀ ਕਿ ਇਹ ਕਿਹੜਾ ਮਰਨ ਤੋਂ ਬਾਅਦ ਜੀਵਤ ਹੋਏ ਹਨ ਤਾਂ ਕਿ ਇਨ੍ਹਾਂ ਦੀ ਐਸੀ ਮਨਮਤ ’ਤੇ ਯਕੀਨ ਕੀਤਾ ਜਾਵੇ।

ਗੁਰਮਤਿ ਨੇ ਹਰੇਕ ਅੰਦਰ ਕਰਤਾਰ ਦੀ ਜੋਤਿ ਮੰਨੀ ਹੈ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ   ਤਿਸ ਦੈ ਚਾਨਣਿ (ਨਾਲ਼); ਸਭ ਮਹਿ ਚਾਨਣੁ ਹੋਇ ’’ (ਮਹਲਾ /੧੩), ਇਸੇ ਤੋਂ ਰੱਬ ਸਰਬ ਵਿਆਪਕ ਹੈ, ਉੱਤੇ ਨਿਸ਼ਚਾ ਬੱਝਦਾ ਹੈ। ਇਹ ਜੋਤਿ ਭੀ ਤੱਤਾਂ ਵਾਙ ਮਰਦੀ ਨਹੀਂ ਕਿਉਂਕਿ ਇਹ ਭੀ ਆਪਣੇ ਮੂਲ (ਜੋਤਾਂ ਦੇ ਸਮੂਹ/ਪ੍ਰਭੂ) ’ਚ ਲੀਨ ਹੋ ਜਾਂਦੀ ਹੈ; ਜਿਵੇਂ ਕਿ ਉਕਤ ਇਸੇ ਵਾਕ ਦੇ ਪਹਿਲੇ ਬੰਦ ’ਚ ਹੈ, ‘‘ਜੋਤੀ ਮਹਿ ਜੋਤਿ ਰਲਿ ਜਾਇਆ ’’ ਯਾਨੀ ਮੌਤ ਸਮੇਂ ਸਰੀਰ ਅੰਦਰੋਂ ‘ਸਾਰੇ ਤੱਤ’ ਤੇ ‘ਜੋਤਿ’ ਨਿਕਲੇ ਜ਼ਰੂਰ, ਪਰ ਆਪਣਾ ਵਜੂਦ ਨਾ ਮਿਟਾ ਸਕੇ ਤਾਹੀਓਂ ਤੀਜੇ ਬੰਦ ’ਚ ਕਿਹਾ ਹੈ, ‘‘ਨਹ ਕੋ ਮੂਆ; ਮਰਣੈ ਜੋਗੁ   ਨਹ ਬਿਨਸੈ; ਅਬਿਨਾਸੀ ਹੋਗੁ ’’ ਯਾਨੀ ਜਿਵੇਂ ਪਾਣੀ ’ਚ ਪਾਣੀ ਮਿਲਿਆ, ਹਵਾ ’ਚ ਹਵਾ ਮਿਲੀ; ਉਸੇ ਤਰ੍ਹਾਂ ਜੋਤੀ ’ਚ ਜੋਤਿ ਮਿਲ ਗਈ। ਜੋਤਿ ਦੀ ਹੋਂਦ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਇਹ ਸਮਝ ਭੀ ਤਾਂ ਹੁੰਦੀ ਹੈ ਜੇ ਗੁਰੂ ਨੇ ਭਰਮ-ਰੂਪ ਪਰਦਾ ਹਟਾਇਆ ਹੋਵੇ; ਜਿਵੇਂ ਕਿ ਅੰਤਮ ਚੌਥੇ ਬੰਦ ’ਚ ਹੈ, ‘‘ਕਹੁ ਨਾਨਕ  ! ਗੁਰਿ (ਨੇ) ਭਰਮੁ ਚੁਕਾਇਆ   ਨਾ ਕੋਈ ਮਰੈ; ਆਵੈ ਜਾਇਆ ’’ (ਮਹਲਾ /੮੮੫)

ਸੋ ਗੁਰਮਤਿ ਨੇ ਜੋਤਿ (ਰੂਹ, ਆਤਮਾ, ਜਿੰਦ) ਨੂੰ ਰੱਬ ਦਾ ਅਟੁੱਟ ਹਿੱਸਾ ਮੰਨਿਆ ਹੈ, ਜੋ ਸਰੀਰ ਨੂੰ ਜੀਵਤ ਰੱਖਣ ਤੱਕ ਸਹਾਰਾ ਦਿੰਦੀ ਹੈ। ਜਦ ਮਾਲਕ; ਸਰੀਰ ’ਚੋਂ ਇਸ ਨੂੰ ਕੱਢ ਲੈਂਦਾ ਹੈ ਤਾਂ ਸਰੀਰਕ ਮੌਤ ਹੋ ਜਾਂਦੀ ਹੈ, ਮਨੁੱਖ ਬੋਲ ਕੇ ਕਿਸੇ ਨਾਲ਼ ਗੱਲ ਨਹੀਂ ਕਰ ਸਕਦਾ, ‘‘ਜਬ ਅਪੁਨੀ ਜੋਤਿ ਖਿੰਚਹਿ ਤੂ ਸੁਆਮੀਤਬ ਕੋਈ ਕਰਉ ਦਿਖਾ ਵਖਿਆਨਾ ’’ (ਮਹਲਾ /੭੯੭) ਗ਼ੈਰ ਧਰਮਾਂ ਨੇ ਇਸ (ਜੋਤਿ) ਨੂੰ ਸੂਖਮ-ਸਰੀਰ ਕਿਹਾ, ਜੋ ਨਰਕ ਜਾਂ ਦੋਜ਼ਖ਼ ’ਚ ਤਸੀਹੇ ਭੋਗਦਾ ਹੈ ਤੇ ਭਿਸ਼ਤ ਜਾਂ ਸੁਰਗ ’ਚ ਰੰਗ ਰਲੀਆਂ ਮਾਣਦਾ ਹੈ ਜਦਕਿ ਗੁਰਮਤਿ; ਇਸ ਦੇ ਉਲ਼ਟ ਇਸ ਨੂੰ ਅਮਰ ਮੰਨਦੀ ਹੈ, ‘‘ਇਆ ਮੰਦਰ (ਸਰੀਰ) ਮਹਿ ਕੌਨ ਬਸਾਈ ?   ਤਾ ਕਾ ਅੰਤੁ ਕੋਊ ਪਾਈ ਰਹਾਉ ..  ਨਾ ਇਹੁ ਜੀਵੈ; ਮਰਤਾ ਦੇਖੁ   ਇਸੁ ਮਰਤੇ ਕਉ; ਜੇ ਕੋਊ ਰੋਵੈ   ਜੋ ਰੋਵੈ ਸੋਈ ਪਤਿ ਖੋਵੈ ਕਹੁ ਕਬੀਰ  ! ਇਹੁ ਰਾਮ ਕੀ ਅੰਸੁ   ਜਸ ਕਾਗਦ ਪਰ ਮਿਟੈ ਮੰਸੁ ’’ (ਭਗਤ ਕਬੀਰ/੮੭੧) ਭਾਵ ਇਹ ਰਾਮ ਦਾ ਰੂਪ (ਅੰਸ਼) ਹੈ। ਰਾਮ ਵਾਙ ਅਬਿਨਾਸੀ ਹੈ, ਜੋ ਕਾਗਜ਼ ’ਤੇ ਲਿਖੀ ਸਿਆਹੀ ਵਾਙ ਅਮਿੱਟ ਹੈ। ਇਨ੍ਹਾਂ ਦਾ ਰਿਸ਼ਤਾ ਅਟੁੱਟ ਹੈ। ਇਹ ਜੋਤਿ; ਆਵਾਗਮਣ ’ਚ ਨਹੀਂ ਜਾਂਦੀ ਬਲਕਿ ਮਨ ਦੀ ਮੈਲ਼ (ਹਉਮੈ/ਵਾਸ਼ਨਾ) ਅਗਲਾ ਜਨਮ ਕਰਾਉਂਦੀ ਹੈ; ਜਿਵੇਂ ਕਿ ਬਚਨ ਹਨ, ‘‘ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ); ਨਾਲੇ ਹਉਮੈ ਪਾਈ   ਜਨਮ ਮਰਣੁ ਉਸ ਹੀ (ਮੈਲ਼) ਕਉ ਹੈ ਰੇ ! ਓਹਾ ਆਵੈ ਜਾਈ ’’ (ਮਹਲਾ /੯੯੯) ਭਾਈ ਗੁਰਦਾਸ ਜੀ ਇਸ ਦੀ ਗਵਾਹੀ ਭਰਦੇ ਹਨ, ‘‘ਜੁਗਿ ਜੁਗਿ ਮੇਰੁ ਸਰੀਰ ਕਾ; ਬਾਸਨਾ ਬਧਾ ਆਵੈ ਜਾਵੈ ਫਿਰਿ ਫਿਰਿ ਫੇਰਿ ਵਟਾਈਐ; ਗਿਆਨੀ ਹੋਇ ਮਰਮੁ ਕਉ ਪਾਵੈ’’ (ਭਾਈ ਗੁਰਦਾਸ ਜੀ/ਵਾਰ ਪਉੜੀ ੧੫) ਭਾਵ ਹਰ ਜੁਗ ’ਚ ਸਿਰਮੌਰ (ਮਨੁੱਖਾ) ਸਰੀਰ; ਵਾਸ਼ਨਾਵਾਂ ’ਚ ਬੱਝਿਆ ਰਹਿੰਦਾ ਹੈ। ਇਹ ਵਾਸ਼ਨਾ ਸਰੀਰ ਬਦਲਦੀ ਹੈ ਭਾਵ ਕਦੇ ਕੁੱਤਾ, ਕਦੇ ਪੰਛੀ, ਕਦੇ ਬਲ਼ਦ। ਇਹ ਭੇਤ; ਕੋਈ ਵਿਰਲਾ ਗੁਰੂ ਪਿਆਰਾ ਹੀ ਜਾਣ ਸਕਦਾ ਹੈ ‘‘ਗਿਆਨੀ ਹੋਇ ਮਰਮੁ ਕਉ ਪਾਵੈ’’ ਸੋ ਆਵਾਗਮਣ ਨੂੰ ਰੱਦ ਕਰਨਾ; ਸਾਇੰਸ-ਯੁੱਗ ਦੇ ਪ੍ਰਭਾਵ ਕਾਰਨ ਹੈ ਤਾਂ ਜੋ ਕਾਲਜਾਂ, ਯੂਨੀਵਰਸਿਟੀਆਂ ਤੋਂ ਪੜ੍ਹੇ ਵਰਗ ਦੇ ਤਰਕਾਂ ਦਾ ਸਾਮ੍ਹਣਾ ਨਾ ਕਰਨਾ ਪਵੇ, ਨਾ ਕਿ ਇਹ ਅਸਲ ਸੱਚ (ਭਾਵ ਧਰਮ) ਹੈ।

ਇਹ ਕਹਿਣਾ ਕਿ ਮਰਨ ਉਪਰੰਤ ਦੀ ਚਿੰਤਾ ਕਰਨ ਦੀ ਥਾਂ ਵਰਤਮਾਨ ਨੂੰ ਸੰਭਾਲ਼ਣਾ ਜ਼ਰੂਰੀ ਹੈ; ਸੁਣਨ ਨੂੰ ਤਾਂ ਚੰਗਾ ਲੱਗਦਾ ਹੈ, ਪਰ ਇਸ ਤਰ੍ਹਾਂ ਕੋਈ ਆਤਮ ਮੰਥਨ ਨਹੀਂ ਕਰਨ ਲੱਗਦਾ ਕਿਉਂਕਿ ਲੋਕ; ਆਪਣੀ ਮੌਤ ਹੀ ਭੁਲਾ ਬੈਠੇ ਹਨ। ਮੌਤ ਦੇ ਬਾਅਦ ਤੋਂ ਕੌਣ ਚਿੰਤਤ ਹੈ। ਆਵਾਗਮਣ ਰੱਦ ਕਰਨ ਨਾਲ਼ ਧਰਮ ਪ੍ਰਤੀ ਰੁਚੀ ਨਹੀਂ ਵਧ ਸਕਦੀ। ਉਕਤ ਕੀਤੀ ਵਿਚਾਰ ਅਨੁਸਾਰ ਤਬਦੀਲੀ ਚਾਰ ਤਰ੍ਹਾਂ ਆਉਂਦੀ ਹੈ (1). ਪੈਦਾਇਸ਼ ਤੋਂ ਰੁਚੀ ਹੋਵੇ (2), ਲਾਲਚ ਦੇਈਏ (3). ਪਿਆਰ ਜਾਂ ਹੱਲਾਸ਼ੇਰੀ ਨਾਲ਼ (4). ਡਰ ਕਾਰਨ। ਆਵਾਗਮਣ ਨੂੰ ਰੱਦ ਕਰਕੇ ਇਸ ਚੌਥੇ ਡਰ-ਸ਼ਸਤਰ ਨੂੰ ਹੀ ਬੇਅਸਰ ਕਰਨਾ ਹੈ। ਸੋ ਐਸੇ ਮਨਮਤੀ ਬੋਲ; ਧਰਮ ਪ੍ਰਚਾਰ ਨਹੀਂ ਅਖਵਾ ਸਕਦੇ।

ਆਵਾਗਮਣ ਤੋਂ ਇਨਕਾਰੀ ਹੋਣ ਤੋਂ ਭਾਵ ਰੱਬ ਦੀ ਸਰਬ ਵਿਆਪਕ ਜੋਤਿ-ਹੋਂਦ ਅਤੇ ਨਾਨਕ-ਗੁਰੂ ਜੋਤਿ ਤੋਂ ਭੀ ਮੁਨਕਰ ਹੋਣਾ ਹੈ। ਇਹ ਜੋਤਿ-ਸ਼ਕਤੀ ਹੀ ਸ਼ਰਧਾਵਾਨ ਉੱਤੇ ਮਿਹਰ ਹੋਣ ਦਾ ਵਸੀਲਾ ਹੈ। ਇਹੀ ਮਨ ਨੂੰ ਸ਼ਾਂਤ ਕਰਦੀ ਹੈ। ਜਿਸ ਸ਼ਾਂਤੀ ਲਈ ਬੰਦਾ ਇੱਧਰ-ਓਧਰ ਭਟਕਦਾ ਹੈ। ਮਾਲਕ; ਆਪਣੇ ਸੇਵਕ ਦੇ ਅੰਦਰੋਂ (ਭਾਵ ਉਸ ਦੇ ਗੰਦੇ ਅੰਤਹਿਕਰਣ ਰਾਹੀਂ) ਆਪਣੇ ਆਤਮ-ਪ੍ਰਕਾਸ਼ ਦਾ ਅਹਿਸਾਸ; ਅਸਮਾਨੀ ਬਿਜਲੀ ਚਮਕਣ ਵਾਙ ਸੇਵਕ ਦੇ ਦਿਮਾਗ਼ ਨੂੰ (ਕਦੇ ਕਦਾਈਂ) ਕਰਾ ਕੇ ਉਸ ਨੂੰ ਵਿਕਾਰਾਂ-ਦੁੱਖਾਂ ਵਿਰੁਧ ਲੜਨ ਦੇ ਯੋਗ ਬਣਾਉਂਦਾ ਹੈ; ਇਹੀ ਹੈ ‘ਬਖ਼ਸ਼ਸ਼’; ਜਿਸ ਬਾਰੇ ਇਉਂ ਕਿਹਾ ਹੈ, ‘‘ਨਿਹਤੇ ਪੰਜਿ ਜੁਆਨ ਮੈ; ਗੁਰ ਥਾਪੀ ਦਿਤੀ ਕੰਡਿ (’ਤੇ) ਜੀਉ ’’ (ਮਹਲਾ /੭੪) ਭਾਵ ਜਦ ਗੁਰੂ ਨੇ ਮੇਰੇ ਮੋਢੇ ’ਤੇ ਥਾਪੀ ਦਿੱਤੀ ਤਾਂ ਮੈ ਪੰਜੇ ਵਿਕਾਰ ਕਾਬੂ ਕਰ ਲਏ।

ਸੋ ਅਜੋਕੇ ਹਾਲਾਤਾਂ ਨੂੰ ਵੇਖੀਏ ਤਾਂ ਗੁਰਮਤਿ ਪ੍ਰਚਾਰਕਾਂ ਨੂੰ ਤਿੰਨ ਕੰਮ ਕਰਨੇ ਚਾਹੀਦੇ ਹਨ (1). ਪੁਰਾਤਨ ਲਿਪੀ (ਗੁਰਮੁਖੀ) ਦੀ ਲਿਖਤ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਏ ਤਾਂ ਕਿ ਸੰਗਤਾਂ ਸ਼ਾਬਦਿਕ ਅਰਥ ਸਮਝ ਕੇ ਭਾਵ-ਅਰਥ ਆਪ ਮਹਿਸੂਸ ਕਰਨ (2). ਗ਼ੈਰ ਧਰਮਾਂ ਦੀ ਤੁਲਨਾਤਮਿਕ ਵਿਚਾਰ ਕਰ-ਕਰ ਗੁਰਮਤਿ ਦੀ ਵਿਲੱਖਣਤਾ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ ਜਾਏ (3). ਸਰੋਤਿਆਂ ਦੀ ਮਨੋਬਿਰਤੀ ਪਰਖ ਕੇ ਗੁਰਮਤਿ ਅਨੁਸਾਰ ਸਵੈ ਪੜਚੋਲ ਕਰਾਈ ਜਾਏ; ਜੈਸਾ ਕਿ ਬਚਨ ਹਨ, ‘‘ਨਾਨਕ  ! ਪਰਖੇ ਆਪ ਕਉ; ਤਾ ਪਾਰਖੁ ਜਾਣੁ   ਰੋਗੁ ਦਾਰੂ ਦੋਵੈ ਬੁਝੈ; ਤਾ ਵੈਦੁ ਸੁਜਾਣੁ ’’ (ਮਹਲਾ /੧੪੮) ਭਾਵ ਜ਼ਮੀਨੀ ਰੋਗ ਅਨੁਸਾਰ ਯੋਗ ਦਵਾ (ਗੁਰੂ ਸ਼ਬਦ) ਦੇਣਾ ਹੀ ਅਸਲ ਵੈਦ ਹੋਣਾ ਹੈ, ਪ੍ਰਚਾਰਕ ਬਣਨਾ ਹੈ, ਪਰ ਐਸਾ ਤਾਂ ਹੀ ਸੰਭਵ ਹੈ; ਜੇਕਰ ਪਹਿਲਾਂ ਪ੍ਰਚਾਰਕ ਖ਼ੁਦ ਸਵੈ ਪੜਚੋਲ ਕਰਣ, ਅਸਲ ਦਵਾ ਖਾਣ।

—ਚੱਲਦਾ—

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਤੀਜਾ)

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਚੌਥਾ)

ਅਕਾਲ ਤਖ਼ਤ ਸਾਹਿਬ ਦਾ ਵਜੂਦ ਤੇ ਸ੍ਰੋਮਣੀ ਅਕਾਲੀ ਦਲ ਦਾ ਭਵਿੱਖ

0

ਅਕਾਲ ਤਖ਼ਤ ਸਾਹਿਬ ਦਾ ਵਜੂਦ ਤੇ ਸ੍ਰੋਮਣੀ ਅਕਾਲੀ ਦਲ ਦਾ ਭਵਿੱਖ

ਕਿਰਪਾਲ ਸਿੰਘ (ਬਠਿੰਡਾ)-98554-80797

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ੧੮ ਹਾੜ ਸੰਮਤ ੧੬੬੩ ਬਿਕ੍ਰਮੀ (15 ਜੂਨ 1606 ਈ:) ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਕੀਤੀ। ਇਸ ਤਖ਼ਤ ਦੀ ਰਾਹੀਂ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਹੇਠ ਲਿਖੇ ਪੈਗ਼ਾਮ ਨੂੰ ਹੀ ਪ੍ਰਗਟ ਕੀਤਾ ਸੀ :

(1) ‘‘ਤਖਤਿ ਬਹੈ, ਅਦਲੀ ਪ੍ਰਭੁ ਆਪੇ; ਭਰਮੁ ਭੇਦੁ ਭਉ ਜਾਈ ਹੇ ’’ (ਮਹਲਾ /੧੦੨੨) ਭਾਵ ਨਿਆਂ ਕਰਨ ਵਾਲਾ ਪ੍ਰਭੂ ਆਪ ਹੀ ਤਖ਼ਤ ਉੱਤੇ ਬੈਠਾ ਹੋਇਆ ਹੈ, (ਜਿਸ ਦੀ ਮਿਹਰ ਨਾਲ ਜਗਤ ’ਚੋਂ) ਭਟਕਣਾ, (ਪਰਸਪਰ) ਵਿੱਥ ਤੇ ਡਰ-ਸਹਿਮ ਦੂਰ ਹੁੰਦਾ ਹੈ।

(2) ‘‘ਤਖਤਿ ਬਹੈ, ਤਖਤੈ ਕੀ ਲਾਇਕ ਪੰਚ ਸਮਾਏ ਗੁਰਮਤਿ ਪਾਇਕ ਆਦਿ ਜੁਗਾਦੀ ਹੈ ਭੀ ਹੋਸੀ; ਸਹਸਾ ਭਰਮੁ ਚੁਕਾਇਆ ’’ (ਮਹਲਾ /੧੦੩੯) ਭਾਵ ਜਿਹੜਾ ਮਨੁੱਖ ਗੁਰੂ ਦੀ ਮੱਤ ਪ੍ਰਾਪਤ ਕਰ ਆਪਣੇ ਪੰਜੇ ਵਿਕਾਰ (ਕਾਮ, ਕਰੋਧ, ਲੋਭ, ਮੋਹ, ਅਹੰਕਾਰ) ਕਾਬੂ ਕਰ ਲੈਂਦਾ ਹੈ, ਉਹ ਆਪਣੇ ਹਿਰਦੇ-ਤਖ਼ਤ ’ਤੇ ਬੈਠਣਜੋਗ ਹੈ, ਹਿਰਦੇ-ਤਖ਼ਤ ਉੱਤੇ ਟਿਕ ਜਾਂਦਾ ਹੈ ਭਾਵ ਮੁੜ ਵਿਕਾਰਾਂ ਵੱਲ ਨਹੀਂ ਪਰਤਦਾ ਕਿਉਂਕਿ ਜੋ ਉਸ ਦਾ ਮਾਲਕ-ਪਤੀ ਸ੍ਰਿਸ਼ਟੀ ਦੇ ਮੁੱਢ ਤੋਂ ਪਹਿਲਾਂ ਭੀ ਸੀ, ਜੁਗਾਂ ਦੀ ਅਰੰਭਤਾ ਸਮੇਂ ਭੀ ਸੀ, ਹੁਣ ਭੀ ਮੌਜੂਦ ਹੈ ਤੇ ਉਹ ਅਗਾਂਹ ਭੀ (ਉਸ ਦਾ ਸਹਾਰਾ ਬਣਨ ਲਈ) ਸਦਾ ਕਾਇਮ ਰਹੇਗਾ। ਉਹ ਪਰਮਾਤਮਾ ਗੁਰੂ ਦੀ ਮੱਤ ’ਤੇ ਤੁਰਨ ਵਾਲੇ ਮਨੁੱਖ ਦੇ ਅੰਦਰ ਪਰਗਟ ਹੋ ਕੇ ਉਸ ਦਾ ਡਰ-ਸਹਮ, ਉਸ ਦੀ ਭਟਕਣਾ ਆਦਿ ਦੂਰ ਕਰ ਦਿੰਦਾ ਹੈ। ਐਸੇ ਸਦੀਵੀ ਸਥਿਰ ਪ੍ਰਭੂ ਦਾ ਸਿਮਰਨ ਕਰਨ ਨਾਲ਼ ਹਰ ਇੱਕ ਦਾ ਫ਼ਿਕਰ ਤੇ ਵਹਿਮ ਦੂਰ ਹੋ ਜਾਂਦਾ ਹੈ।

(3) ‘‘ਤਖਤਿ (’ਤੇ) ਰਾਜਾ ਸੋ ਬਹੈ; ਜਿ ਤਖਤੈ ਲਾਇਕ ਹੋਈ ਜਿਨੀ, ਸਚੁ ਪਛਾਣਿਆ; ਸਚੁ ਰਾਜੇ ਸੇਈ ਏਹਿ ਭੂਪਤਿ, ਰਾਜੇ ਆਖੀਅਹਿ; ਦੂਜੈ ਭਾਇ ਦੁਖੁ ਹੋਈ ਕੀਤਾ, ਕਿਆ ਸਾਲਾਹੀਐ; ਜਿਸੁ ਜਾਦੇ ਬਿਲਮ ਹੋਈ ਨਿਹਚਲੁ ਸਚਾ ਏਕੁ ਹੈ; ਗੁਰਮੁਖਿ ਬੂਝੈ, ਸੁ ਨਿਹਚਲੁ ਹੋਈ ’’ (ਮਹਲਾ /੧੦੮੮) ਭਾਵ ਜੋ ਮਨੁੱਖ ਤਖ਼ਤ ਦੇ ਬੈਠਣਜੋਗ ਹੁੰਦਾ ਹੈ, ਉਹੀ ਰਾਜਾ ਬਣ ਕੇ ਤਖ਼ਤ ’ਤੇ ਬੈਠਾ ਸ਼ੋਭਦਾ ਹੈ (ਉਹ ਮਾਇਆਵੀ ‘ਤ੍ਰਿਸ਼ਨਾ ਭੁੱਖ’ ਗਵਾ ਕੇ ਬੇਪਰਵਾਹ ਹੁੰਦਾ ਹੈ ਤੇ ਆਦਰ ਪਾਉਂਦਾ ਹੈ); ਸੋ, ਜਿਨ੍ਹਾਂ ਨੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ, ਉਹੀ ਅਸਲ ਰਾਜੇ ਹਨ। ਧਰਤੀ ਦੇ ਮਾਲਕ ਬਣੇ ਹੋਏ ਲੋਕ ਰਾਜੇ ਨਹੀਂ ਕਹੇ ਜਾ ਸਕਦੇ, ਇਨ੍ਹਾਂ ਨੂੰ (ਇਕ ਤਾਂ) ਮਾਇਆ ਮੋਹ ਕਾਰਨ ਸਦਾ ਦੁੱਖ ਵਿਆਪਦਾ ਹੈ ਤੇ (ਦੂਜਾ ਅਸਲ ਮਾਲਕ-ਪ੍ਰਭੂ ਤੋਂ ਦੂਰ ਹੋ ਜਾਂਦਾ ਹੈ; ਫਿਰ) ਉਸ ਦੀ ਕਾਹਦੀ ਖ਼ੁਸ਼ਾਮਦ ਕਰਨੀ, ਜਿਸ ਨੂੰ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ। ਸੋ ਅਟੱਲ ਰਾਜ ਵਾਲਾ ਕੇਵਲ ਇਕ ਪ੍ਰਭੂ ਹੀ ਹੈ। ਗੁਰੂ ਦੀ ਰਾਹੀਂ ਜਿਹੜਾ ਇਹ ਭੇਦ ਸਮਝ ਲੈਂਦਾ ਹੈ, ਉਹ ਮਾਇਆਵੀ ਹੁਲਾਰਿਆਂ ਵਿੱਚ ਭੀ ਅਡੋਲ ਰਹਿੰਦਾ ਹੈ।

 ਸੋ ਮਾਣਮੱਤੇ ਇਸੇ ਤਖ਼ਤ (ਸਥਾਨ) ’ਤੇ ੬ ਸਾਵਣ ਸੰਮਤ ੧੬੬੩ (5 ਜੁਲਾਈ 1606 ਈ:) ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਗੁਰੂ ਸਾਹਿਹ ਨੇ ਇਕ ਆਪਣੇ ਸੱਜੇ ਪਾਸੇ ਤੇ ਦੂਜੀ ਖੱਬੇ ਪਾਸੇ ਪਹਿਨਦਿਆਂ ਫ਼ੁਰਮਾਇਆ ਕਿ ਅਸੀਂ ਇਹ ਸਭ; ਗੁਰੂ ਅਰਜਨ ਦੇਵ ਜੀ ਦੀ ਆਗਿਆ ਅਨੁਸਾਰ ਹੀ ਕੀਤਾ ਗਿਆ ਹੈ। ਇਨ੍ਹਾਂ ਵਿਚੋਂ ਇਕ ਮੀਰੀ ਦੀ ਪ੍ਰਤੀਕ ਹੈ ਤੇ ਦੂਜੀ ਪੀਰੀ ਦੀ। ਇਸ ਦੀ ਪੁਸ਼ਟੀ ਢਾਡੀ ਅਬਦੁੱਲਾ ਜੀ ਨੇ ਇਸ ਤਰ੍ਹਾਂ ਕੀਤੀ ਹੈ :

ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ ਇਕ ਪੀਰੀ ਦੀ

ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜ਼ੀਰ ਦੀ

ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਕਿ ਗੁਰੂ-ਘਰ ਵਿਚ ਇਹ ਦੋਵੇਂ ਸ਼ਕਤੀਆਂ ਸੰਤ (ਪੀਰੀ) ਤੇ ਸਿਪਾਹੀ (ਰਾਜਸੀ ਤਾਕਤ/ਮੀਰੀ); ਇਕ ਸਮਾਨ ਨਿਰੰਤਰ ਕਾਇਮ ਰਹਿਣਗੀਆਂ। ਚੰਗਾ ਸੰਤ ਹੀ ਚੰਗਾ ਸਿਪਾਹੀ ਹੋ ਸਕਦਾ ਹੈ ਤੇ ਚੰਗਾ ਸਿਪਾਹੀ ਹੀ ਚੰਗਾ ਸੰਤ। ਇਨ੍ਹਾਂ ਤੋਂ ਪਹਿਲਾਂ ਦੋਹਾਂ ਨੂੰ ਇਕੱਠਿਆਂ ਕਰਨ ਦਾ ਕਿਸੇ ਨੇ ਵੀ ਯਤਨ ਨਹੀਂ ਕੀਤਾ ਸੀ ਸਗੋਂ ਇਸ ਦਾ ਵਿਰੋਧ ਕਰਦਿਆਂ ਦੋਹਾਂ ਗੁਣਾਂ ਨੂੰ ਵੱਖ-ਵੱਖ ਰੱਖਣ ਦੇ ਉਪਰਾਲੇ ਜ਼ਰੂਰ ਹੁੰਦੇ ਰਹੇ ਹਨ। ਧਾਰਨਾ ਸੀ ਕਿ ਸਿਮਰਨ ਤੇ ਤਲਵਾਰ ਇਕੱਠੀਆਂ ਨਹੀਂ ਰਹਿ ਸਕਦੀਆਂ। ਗੁਰੂ ਸਾਹਿਬ ਨੇ ਫ਼ੁਰਮਾਇਆ ਕਿ ਅੱਜ ਤੋਂ ਸਿੱਖ ਸ਼ਸਤਰ ਵੀ ਪਹਿਨਿਆ ਕਰਨ; ਸਿਮਰਨ ਦੇ ਨਾਲ ਸ਼ਸਤਰ ਅਭਿਆਸ ਵੀ ਕਰਨ। ਅੱਗੋਂ ਤੋਂ ਗੁਰਮਤਿ ਧਰਮ ਤੇ ਰਾਜਨੀਤੀ ਇੱਕ ਹੋਣਗੇ, ਪਰ ਚੇਤੇ ਰਹੇ ਕਿ ਧਰਮ (ਪੀਰੀ); ਰਾਜਨੀਤੀ (ਮੀਰੀ) ਦੇ ਅਧੀਨ ਨਹੀਂ ਹੋਵੇਗਾ ਬਲਕਿ ਧਰਮ ਤੋਂ ਸੇਧ ਲੈ ਕੇ ਰਾਜਨੀਤੀ ਕੀਤੀ ਜਾਵੇਗੀ। ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਦੇ ਵਿਚਕਾਰ ਲੱਗੇ ਦੋ ਨਿਸ਼ਾਨ ਭੀ ਇਹੀ ਸੰਕੇਤ ਦਿੰਦੇ ਹਨ, ਜਿਨ੍ਹਾਂ ਵਿੱਚੋਂ ਦਰਬਾਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਦੀ ਉਚਾਈ ਅਕਾਲ ਤਖ਼ਤ ਸਾਹਿਬ ਵਾਲ਼ੇ ਨਿਸ਼ਾਨ ਸਾਹਿਬ ਤੋਂ 10 ਫੁੱਟ ਵੱਧ ਹੈ। ਇਹੀ ਹੈ ਗੁਰੂ ਸਾਹਿਬਾਨ ਦੁਆਰਾ ਮਨੁੱਖਤਾ ਨੂੰ ਬਖ਼ਸ਼ਿਆ ਨਵਾਂ ਸਿਧਾਂਤ।

ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਕਾਲ ਤਖ਼ਤ ਦੀ ਸਿਰਜਣਾ 1606 ਈ: ਵਿੱਚ ਕੀਤੀ। ਆਪ ਪਹਿਲਾਂ ਸੰਨ 1609 ਤੱਕ ਤੇ ਫਿਰ 1617 ਤੋਂ 1631 ਤੱਕ ਬਹੁਤਾ ਸਮਾਂ ਅੰਮ੍ਰਿਤਸਰ ਵਿਖੇ ਹੀ ਰਹੇ ਸਨ। ਆਪ ਜੀ ਦੀ ਦੇਖ-ਰੇਖ ’ਚ ਤਖ਼ਤ ਸਾਹਿਬ ਦੀ ਕਾਰਵਾਈ ਸੁਚੱਜੀ ਚਲਦੀ ਰਹੀ। ਸੰਨ 1632 ਈ: ’ਚ ਆਪ ਕੀਰਤਪੁਰ ਸਾਹਿਬ ਚਲੇ ਗਏ। ਇਸ ਮਗਰੋਂ ਛੇਵੇਂ, 7ਵੇਂ ਤੇ 8ਵੇਂ ਪਾਤਿਸ਼ਾਹ ਵਧੇਰੇ ਕਰਕੇ ਕੀਰਤਪੁਰ ਸਾਹਿਬ ਹੀ ਰਹੇ। ਨਾਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ ਸੰਭਾਲਣ ਪਿੱਛੋਂ ਪ੍ਰਚਾਰ ਫੇਰੀਆਂ ਤੋਂ ਬਾਅਦ ਬਹੁਤਾ ਸਮਾ ਬਾਬਾ ਬਕਾਲਾ ਅਤੇ ਚੱਕ ਨਾਨਕੀ (ਅਨੰਦਪੁਰ ਸਾਹਿਬ) ਵਿਖੇ ਰਹੇ; ਇਕ ਵਾਰ ਆਪ ਦਰਬਾਰ ਸਾਹਿਬ (ਅੰਮ੍ਰਿਤਸਰ ਸਾਹਿਬ) ਦੇ ਦਰਸ਼ਨਾਂ ਲਈ ਆਏ ਜ਼ਰੂਰ ਸਨ, ਪਰ ਓਥੇ ਕਾਬਜ ਮਸੰਦਾਂ ਨੇ ਦਰਵਾਜੇ ਬੰਦ ਕਰਕੇ ਗੁਰੂ ਜੀ ਨੂੰ ਅੰਦਰ ਦਾਖ਼ਲ ਨਾ ਹੋਣ ਦਿੱਤਾ, ਇਸ ਲਈ ਆਪ ਬਾਹਰੋਂ ਹੀ ਸੀਸ ਝੁਕਾ ਕੇ ਵਾਪਸ ਚਲੇ ਗਏ। ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਚੱਕ ਨਾਨਕੀ, ਪਾਉਂਟਾ ਸਾਹਿਬ, ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਹਜੂਰ ਸਾਹਿਬ ਨੰਦੇੜ ਵਿਖੇ ਰਹੇ। ਇਸ ਸਾਰੇ ਸਮੇਂ ਦੌਰਾਨ ਗੁਰੂ ਸਾਹਿਬਾਨ; ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ਆਪਣੀਆਂ-ਆਪਣੀਆਂ ਥਾਵਾਂ ਤੋਂ ਹੀ ਚਲਾਉਂਦੇ ਰਹੇ ਸਨ।

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਤਾਂ ਗੁਰੂ ਜੀ ਵੱਲੋਂ ਖ਼ੁਦ ਹੀ ਖ਼ਾਲਸਾ ਫੌਜ ਦੇ ਜਥੇਦਾਰ ਥਾਪੇ ਗਏ ਸਨ। ਇਨ੍ਹਾਂ ਮਗਰੋਂ ਪੰਥ ਦੀ ਸਿਆਸੀ ਅਗਵਾਈ ਸਰਬੱਤ ਖ਼ਾਲਸਾ ਕੋਲ ਆ ਗਈ। ਸਰਬੱਤ ਖ਼ਾਲਸਾ ਦੀ ਫੌਜ-ਖ਼ਾਲਸਾ ਦਲ (ਜਾਂ ਦਲ ਖ਼ਾਲਸਾ) ਦੇ ਆਗੂ ਆਪਣਾ ਇੱਕ ਜਥੇਦਾਰ ਚੁਣ ਲੈਂਦੇ ਸਨ। ਮਿਸਾਲ ਦੇ ਤੌਰ ’ਤੇ ਬਾਬਾ ਦਰਬਾਰਾ ਸਿੰਘ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ; ਦਲ ਖ਼ਾਲਸਾ ਵੱਲੋਂ ਜਥੇਦਾਰ ਥਾਪੇ ਜਾਂਦੇ ਰਹੇ ਹਨ। ਉਹ ਖ਼ਾਲਸਾ ਫੌਜ ਦੇ ਜਥੇਦਾਰ ਰਹੇ ਹਨ, ਨਾ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ। ਮਿਸਲਾਂ ਦੇ ਸਮੇਂ ਸਾਲ ਵਿੱਚ ਦੋ ਵਾਰ (ਦੀਵਾਲੀ ਤੇ ਵੈਸਾਖੀ ਮੌਕੇ) ਸਾਰੀਆਂ ਮਿਸਲਾਂ ਦੇ ਮੁਖੀ ਨੁੰਮਾਇੰਦੇ ਸਿੱਖ ਪੰਥ ਵੱਲੋਂ ਕਿਸੇ ਵੱਡੇ ਪੰਥਕ ਮਸਲੇ ’ਤੇ ਫੈਸਲਾ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇੱਕ ਸਾਂਝੀ ਇਕੱਤ੍ਰਤਾ ਬੁਲਾਉਂਦੇ ਰਹੇ, ਜਿਸ ਨੂੰ ਸਰਬੱਤ ਖ਼ਾਲਸੇ ਦਾ ਨਾਮ ਦਿੱਤਾ ਜਾਂਦਾ ਰਿਹਾ ਹੈ। ਹਰ ਸਮੇਂ ਵੱਖੋ ਵੱਖ ਵਿਚਾਰਧਾਰਾ ਦੇ ਧਾਰਨੀ ਮਿਸਲਾਂ ਦੇ ਨੁੰਮਾਇੰਦੇ ਆਪਣੇ ਵਿੱਚੋਂ ਇਕ ਨੂੰ ਜਥੇਦਾਰ ਚੁਣ ਲੈਂਦੇ ਸਨ, ਜਿਸ ਦੀ ਦੇਖ ਰੇਖ ਹੇਠ ਸਰਬੱਤ ਖ਼ਾਲਸਾ ਦੀ ਕਾਰਵਾਈ ਚੱਲਦੀ ਸੀ। ਆਪਣੇ ਨਿੱਜੀ ਹਿਤਾਂ ਅਤੇ ਵਿਚਾਰਾਂ ਨੂੰ ਲਾਂਭੇ ਰੱਖ ਕੇ ਕੇਵਲ ਪੰਥਕ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਗੁਰਮਤਿ ਦੀ ਰੌਸ਼ਨੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਹੇਠ ਜਦ ਤੱਕ ਸਰਬ ਸੰਮਤੀ ਨਾਲ ਕਿਸੇ ਫੈਸਲੇ ’ਤੇ ਨਹੀਂ ਸੀ ਪੁੱਜਿਆ ਜਾਂਦਾ, ਤਦ ਤਕ ਮੀਟਿੰਗਾਂ ਨਿਰੰਤਰ ਜਾਰੀ ਰਹਿੰਦੀਆਂ। ਸਰਬ ਸੰਮਤੀ ਵਾਲੇ ਫੈਸਲੇ ਨੂੰ ‘ਗੁਰਮਤਾ’ ਨਾਮ ਦਿੱਤਾ ਜਾਂਦਾ ਸੀ; ਜਿਸ ਦਾ ਅਰਥ ਹੈ ‘ਗੁਰੂ ਦੀ ਸਿੱਖਿਆ ਮੁਤਾਬਕ ਪਾਸ ਕੀਤਾ ਮਤਾ’। ਸਰਬ ਸੰਮਤੀ ਨਾਲ ਪਾਸ ਹੁੰਦੇ ਐਸੇ ਗੁਰਮਤੇ ਨੂੰ ਉਸ ਇਕੱਤ੍ਰਤਾ ’ਚ ਚੁਣਿਆ ਗਿਆ ਜਥੇਦਾਰ; ਅਕਾਲ ਤਖ਼ਤ ਦੀ ਫਸੀਲ ਤੋਂ ਪੰਥ ਦੇ ਨਾਮ ਸੰਦੇਸ਼ ਦੇ ਤੌਰ ’ਤੇ ਪੜ੍ਹ ਕੇ ਸੁਣਾ ਦਿੰਦਾ ਸੀ, ਜਿਸ ਨੂੰ ਅਕਾਲ ਤਖ਼ਤ ਦਾ ਹੁਕਮਨਾਮਾ ਕਿਹਾ ਜਾਣ ਲੱਗ ਪਿਆ ਤੇ ਸਾਰਾ ਪੰਥ ਬਿਨਾਂ ਹੀਲ ਹੁਜਤ ਤੋਂ ਉਸ ਨੂੰ ਮੰਨ ਲੈਂਦਾ ਸੀ। ਭਾਈ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇਸ ਦਾ ਜ਼ਿਕਰ ਇਉਂ ਕਰਦੇ ਹਨ :

ਅਕਾਲ ਬੁੰਗੇ ਚੜ੍ਹਿ, ਤਖ਼ਤੈ ਬਹਿ ਹੈਂਲਾਇ ਦੀਵਾਨ, ਗੁਰਮਤੇ ਮਤੇ ਹੈਂ

ਗਿਆਨੀ ਗਿਆਨ ਸਿੰਘ ਦੇ ਲਫ਼ਜ਼ ਹਨ :

ਕਾਮ ਪਰਤ ਥਾ, ਜੋ ਕਛ ਕਬ ਹੀਕਰਤ ਗੁਰਮਤਾ, ਮਿਲ ਕਰ ਸਭ ਹੀ

ਜਥੇਦਾਰ ਜੋ ਕਛੁ ਕਹਿ ਦੇਤਾਸੋਈ, ਪੰਥ ਮਾਨ ਸਭ ਲੇਤਾ

ਬਾਬਾ ਬੰਦਾ ਸਿੰਘ ਬਹਾਦਰ ਜੀ ਪਿੱਛੋਂ ਵੱਖ ਵੱਖ ਇਲਾਕਿਆਂ ’ਚ ਖ਼ਾਲਸਾ ਫੌਜ ਦੇ 65 ਜਥੇ ਵਿਚਰ ਰਹੇ ਸਨ। ਉਨ੍ਹਾਂ ਸਮਿਆਂ ’ਚ ਸਾਲ ’ਚ ਦੋ ਵਾਰ ਵੈਸਾਖੀ ਅਤੇ ਦੀਵਾਲੀ ਵਾਲੇ ਦਿਨ ਅਕਾਲ ਤਖ਼ਤ ਸਾਹਿਬ ’ਤੇ ਪੰਥਕ ਜਥੇਬੰਦੀਆਂ ਦਾ ਇਕੱਠ ਹੁੰਦਾ ਸੀ, ਜਿਸ ਨੂੰ ਸਰਬਤ ਖ਼ਾਲਸਾ ਕਿਹਾ ਜਾਂਦਾ ਸੀ। ਅਕਾਲ ਤਖ਼ਤ ਸਾਹਿਬ ’ਤੇ ਹੋਏ ਇਸ ਸਰਬਤ ਖ਼ਾਲਸਾ ਦੇ ਇਕੱਠ ਨੇ 65 ਜਥਿਆਂ ਨੂੰ 11 ਮਿਸਲਾਂ ’ਚ ਵੰਡਣ ਦਾ ਗੁਰਮਤਾ ਕੀਤਾ। ਉਸ ਗੁਰਮਤੇ ਮੁਤਾਬਕ (ਨਵਾਬ) ਕਪੂਰ ਸਿੰਘ ਸਰਬਤ ਖ਼ਾਲਸਾ ਦੇ ਜਥੇਦਾਰ ਅਤੇ ਸ: ਜੱਸਾ ਸਿੰਘ ਆਹਲੂਵਾਲੀਆ; ਦਲ ਖ਼ਾਲਸਾ (ਯਾਨੀ ਸਾਰੀ ਖ਼ਾਲਸਾ ਫੌਜ) ਦੇ ਜਥੇਦਾਰ ਬਣਾਏ ਗਏ। ਹਰ ਮਿਸਲ ਦੀ ਕਮਾਨ ਇੱਕ ਜਥੇਦਾਰ ਨੂੰ ਸੌਂਪੀ ਗਈ। ਸਰਬਤ ਖ਼ਾਲਸਾ ਨੇ ਇਸ ਗੁਰਮਤੇ ਵਿਚ ਇਹ ਵੀ ਫੈਸਲਾ ਕੀਤਾ ਕਿ ਕੋਈ ਵੀ ਸਿੱਖ; ਦਲ ਖ਼ਾਲਸਾ ਦੀ ਕਿਸੇ ਵੀ ਮਿਸਲ ’ਚ ਸ਼ਾਮਲ ਹੋ ਸਕਦਾ ਹੈ। ਹਰ ਮਿਸਲ ਆਪਣੇ ਅੰਦਰੂਨੀ ਮਾਮਲਿਆਂ ’ਚ ਖ਼ੁਦਮੁਖਤਿਆਰ ਹੋਵੇਗੀ, ਪਰ ਕੌਮੀ ਮਸਲੇ ਜਾਂ ਮਿਸਲਾਂ ਦੇ ਆਪਸੀ ਝਗੜੇ ਸਰਬਤ ਖ਼ਾਲਸਾ ਦੇ ਇਕੱਠ ’ਚ ਵਿਚਾਰੇ ਜਾਇਆ ਕਰਨਗੇ।

ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸੰਭਾਲ ਮਿਸਲ ਸ਼ਹੀਦਾਂ ਦੇ ਮੁਖੀ ਅਕਾਲੀ ਫੂਲਾ ਸਿੰਘ ਪਾਸ ਰਹੀ। ਅਕਾਲੀ ਫੂਲਾ ਸਿੰਘ ਜੀ ਨੂੰ ਸਿੱਖ ਕੌਮ; ਅੱਜ ਤੱਕ ਬਹੁਤ ਹੀ ਮਾਨ ਨਾਲ ਯਾਦ ਕਰਦੀ ਹੈ ਕਿਉਂਕਿ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੀਤੀ ਗਈ ਕੁਰਹਿਤ ਕਾਰਨ; ਉਨ੍ਹਾਂ ਨੂੰ ਕੋਰੜੇ ਮਾਰਨ ਦੀ ਸਖ਼ਤ ਸਜਾ ਸੁਣਾਈ ਸੀ, ਜਿਸ ਨੂੰ ਮਹਾਰਾਜਾ ਨੇ ਪ੍ਰਵਾਨ ਕੀਤਾ। ਇਸ ਘਟਨਾ ਨੇ ਉਦਾਹਰਣ ਪੇਸ਼ ਕਰ ਦਿੱਤੀ ਕਿ ਸਿੱਖਾਂ ਦੀ ਰਾਜਨੀਤਕ ਸ਼ਕਤੀ, ਭਾਵੇਂ ਉਹ ਕਿੰਨੀ ਵੀ ਤਾਕਤਵਰ ਹੋਵੇ, ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਝੁਕਣਾਂ ਹੀ ਪੈਂਦਾ ਹੈ। ਇਸੇ ਉਦਾਹਰਣ ਨੂੰ ਅੱਗੇ ਤੋਰਦਿਆਂ ਭਾਰਤ ਦੇ ਰਾਸ਼ਟਰਤੀ ਗਿਆਨੀ ਜੈਲ ਸਿੰਘ, ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਅਤੇ ਪੰਜਾਬ ਦੇ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲਗਾਈ ਹੋਈ ਤਨਖ਼ਾਹ ਭੁਗਤੀ। ਸੁਰਜੀਤ ਸਿੰਘ ਬਰਨਾਲਾ ਨੂੰ ਤਾਂ ਥਮਲੇ ਨਾਲ ਬੰਨ੍ਹਿਆ ਗਿਆ ਸੀ ਅਤੇ ਜਿੰਨੇ ਦਿਨ ਸੇਵਾ ਚੱਲੀ, ਉਨੇ ਦਿਨ ਫੱਟੀ ਗਲ ’ਚ ਪਾਈ ਗਈ, ਜਿਸ ’ਤੇ ਲਿਖਿਆ ਸੀ ‘‘ਮੈਂ ਪਾਪੀ ਤੂੰ ਬਖ਼ਸ਼ਣਹਾਰ’’

ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਪਿੱਛੋਂ ਅੰਗਰੇਜ਼ ਸਰਕਾਰ ਇਹ ਸਮਝ ਚੁੱਕੀ ਸੀ ਕਿ ਜੇ ਸਿੱਖਾਂ ਨੂੰ ਕਾਬੂ ਕਰਕੇ ਰੱਖਣਾ ਹੈ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਆਪਣੇ ਹੱਥ ’ਚ ਲੈਣਾ ਪੈਣਾ ਹੈ। ਇਸ ਲਈ ਜਥੇਦਾਰ ਦੀ ਥਾਂ ਉਨ੍ਹਾਂ ਨੇ ਸਰਕਾਰ ਵੱਲੋਂ ਸਰਬਰਾਹ ਨਿਯੁਕਤ ਕਰਨੇ ਸ਼ੁਰੂ ਕੀਤੇ, ਜੋ ਤਕਰੀਬਨ ਸਰਕਾਰ ਦੇ ਹੱਕ ’ਚ ਭੁਗਤਦੇ ਰਹੇ। ਸੰਨ 1921 ਦੀ ਵੈਸਾਖੀ ਵਾਲੇ ਦਿਨ ਜਲ੍ਹਿਆਂਵਾਲਾ ਬਾਗ਼ ਵਿਖੇ ਨਿਹੱਥੀ ਅਤੇ ਬੇਗੁਨਾਹ ਭੀੜ ’ਤੇ ਜਨਰਲ ਡਾਇਰ ਵੱਲੋਂ ਦਿੱਤੇ ਹੁਕਮਾਂ ’ਤੇ ਚਲਾਈ ਗੋਲੀ ਨਾਲ 300 ਤੋਂ ਵੱਧ ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖਮੀ ਹੋਏ। ਡਾਇਰ ਦੀ ਇਸ ਵਹਿਸ਼ੀ ਕਾਰਵਾਈ ਦੀ ਬਰਤਾਨਵੀ ਪਾਰਲੀਮੈਂਟ ਸਮੇਤ ਦੁਨੀਆਂ ਭਰ ’ਚ ਨਿੰਦਾ ਹੋਈ, ਪਰ ਉਸੇ ਕਾਤਲ (ਜਨਰਲ ਡਾਇਰ) ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨਤ ਕਰਨ ਵਾਲਾ ਸਰਬਰਾਹ ਅਰੂੜ ਸਿੰਘ ਸਰਕਾਰੀ ਜਥੇਦਾਰ ਦੇ ਤੌਰ ’ਤੇ ਬਦਨਾਮ ਹੈ।

ਗੁਰਦੁਆਰਾ ਸੁਧਾਰ ਲਹਿਰ ਦੌਰਾਨ ੧ ਮੱਘਰ ਸੰਮਤ ੧੯੭੭ ਬਿਕ੍ਰਮੀ (15 ਨਵੰਬਰ 1920 ਈ:) ਅਕਾਲ ਤਖ਼ਤ ਸਾਹਿਬ ’ਤੇ ਸੱਦੇ ਪੰਥਕ ਇਕੱਠ ਵੱਲੋਂ 150 ਦੇ ਕਰੀਬ ਮੈਂਬਰਾਂ ਦੀ ਇੱਕ ਕਮੇਟੀ ਬਣਾਈ ਗਈ, ਜਿਸ ਦਾ ਨਾਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਗਿਆ। ੩੦ ਮੱਘਰ (14 ਦਸੰਬਰ 1920 ਈ:) ਨੂੰ ਧਰਮ ਅਤੇ ਕੌਮ ਦੀ ਸੇਵਾ ਲਈ ਮਾਇਆ ਤੋਂ ਇਲਾਵਾ ਸਾਲ ’ਚ ਇੱਕ ਮਹੀਨਾ ਜਿਸਮਾਨੀ ਤੌਰ ’ਤੇ ਸੇਵਾ ਕਰਨ ਵਾਲੇ ਸਿੰਘਾਂ ਦੀ ਜਥੇਬੰਦੀ ਵਜੋਂ ਸ੍ਰੋਮਣੀ ਅਕਾਲੀ ਦਲ ਨੂੰ ਬਣਾਇਆ ਗਿਆ। ਦੇਸ਼ ਦੀ ਅਜਾਦੀ ਤੋਂ ਬਾਅਦ ਜਦੋਂ ਅਕਾਲੀ ਆਗੂ ਸੱਤਾ ਦੀ ਕੁਰਸੀ ’ਤੇ ਪਹੁੰਚਣ ਲੱਗ ਪਏ, ਖਾਸਕਰ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਪੂਰੀ ਤਰ੍ਹਾਂ ਕਾਬਜ਼ ਹੋ ਗਿਆ ਤਾਂ ਧਰਮ ਅਤੇ ਪੰਥ ਲਈ ਕੁਰਬਾਨੀਆਂ ਕਰਨ ਵਾਲੇ ਬਹੁਤੇ ਅਕਾਲੀ ਕੁਰਸੀ ਮੋਹ ’ਚ ਫਸ ਗਏ ਅਤੇ ਆਪਣੀ ਮਜ਼ਬੂਤ ਪਕੜ ਬਣਾਈ ਰੱਖਣ ਲਈ ਸ੍ਰੋਮਣੀ ਕਮੇਟੀ ਰਾਹੀਂ ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਅੰਗਰੇਜ਼ਾਂ ਵਾਙ ਆਪਣੇ ਸਿਆਸੀ ਹਿਤਾਂ ਲਈ ਵਰਤਣਾ ਸ਼ੁਰੂ ਕਰ ਲਿਆ। ਜੋ ਜਥੇਦਾਰ ਨਾ ਨੁੱਕਰ ਕਰਦਾ, ਉਸ ਨੂੰ ਬਾਹਰ ਦਾ ਰਸਤਾ ਵਿਖਾਇਆ ਜਾਂਦਾ। ਇਹ ਸਿਲਸਲਾ ਅਪ੍ਰੈਲ 1994 ਤੋਂ ਸ਼ੁਰੂ ਹੋਇਆ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਸ ਸਮੇਂ ਦੇ ਕਾਰਜਕਾਰੀ ਜਥੇਦਾਰ ਪ੍ਰੋ: ਮਨਜੀਤ ਸਿੰਘ ਨੇ ਸਾਰੇ ਅਕਾਲੀ ਦਲਾਂ ਨੂੰ ਭੰਗ ਕਰਕੇ ਇੱਕ ਸਾਂਝਾ ਮਜ਼ਬੂਤ ਅਕਾਲੀ ਦਲ ਬਣਾਉਣ ਦੇ ਆਦੇਸ਼ ਜਾਰੀ ਕੀਤੇ ਤਾਂ ਪ੍ਰਕਾਸ਼ ਸਿੰਘ ਬਾਦਲ ਉਸ ਆਦੇਸ਼ ਨੂੰ ਮੰਨਣ ਤੋਂ ਇਨਕਾਰੀ ਹੋ ਗਿਆ।

31 ਦਸੰਬਰ 1998 ਨੂੰ ਭਾਈ ਰਣਜੀਤ ਸਿੰਘ ਨੇ ਹੁਕਮਨਾਮਾ ਜਾਰੀ ਕੀਤਾ ਕਿ 15 ਅਪ੍ਰੈਲ 1999 ਈ: ਤੱਕ ਜਥੇਦਾਰ ਗੁਰਚਰਨ ਸਿੰਘ ਟੌਹੜਾ ਵਿਰੁੱਧ ਕਾਰਵਾਈ ਰੋਕੀ ਜਾਵੇ ਅਤੇ ਦੋਵੇਂ ਗਰੁੱਪ ਮਿਲ ਕੇ ਖ਼ਾਲਸਾ ਪੰਥ ਦੀ ਤਿੰਨ ਸੌ ਸਾਲਾ ਸ਼ਤਾਬਦੀ ਮਨਾਉਣ, ਪਰ ਏਕਤਾ ਵਾਲਾ ਇਹ ਹੁਕਮਨਾਮਾ ਮੰਨਣ ਦੀ ਥਾਂ 10 ਫ਼ਰਵਰੀ ਨੂੰ ਬਾਦਲ ਧੜੇ ਦੇ 10 ਮੈਂਬਰਾਂ ਨੇ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਕਰਕੇ ਭਾਈ ਰਣਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਅਤੇ ਬਾਅਦ ’ਚ 28 ਅਪ੍ਰੈਲ 1999 ਨੂੰ ਪੱਕੇ ਤੌਰ ’ਤੇ ਹਟਾ ਦਿੱਤਾ ਗਿਆ। ਇਸੇ ਦੌਰਾਨ ਜਥੇਦਾਰ ਟੌਹੜਾ ਨੂੰ ਸ੍ਰੋਮਣੀ ਕਮੇਟੀ ਦੀ ਪ੍ਰਧਾਨਗੀ ਤੋਂ ਹਟਾ ਦਿੱਤਾ ਗਿਆ।

ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਅਹੁੱਦਾ ਸੰਭਾਲਦੇ ਸਾਰ ਆਪਣੇ ਪਹਿਲੇ ਹੀ ਹੁਕਮਨਾਮੇ ਨੰ: 219 ਏ.ਟੀ. 00 ਮਿਤੀ 29.3.2000 ਰਾਹੀਂ ਸ੍ਰੋਮਣੀ ਕਮੇਟੀ ਨੂੰ ਹਿਦਾਇਤ ਕੀਤੀ :

(1). ਜਲਦੀ ਤੋਂ ਜਲਦੀ ਗੁਰਮਤਿ ਸੋਚ ਵਾਲੇ ਮਾਹਰਾਂ ਦੀ ਕਮੇਟੀ ਦੀ ਸਥਾਪਨਾ ਕਰਕੇ ਤਖ਼ਤ ਸਾਹਿਬਾਨ ਦੇ ਜਥੇਦਾਰ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ; ਜਿਵੇਂ ਨਿਯੁਕਤੀ ਲਈ ਯੋਗਤਾਵਾਂ, ਉਨ੍ਹਾਂ ਦਾ ਕਾਰਜ ਖੇਤਰ, ਕਾਰਜ ਵਿਧੀ, ਅਧਿਕਾਰ ਅਤੇ ਜ਼ਿੰਮੇਵਾਰੀਆਂ, ਸੇਵਾ ਮੁਕਤੀ ਆਦਿ ਦੇ ਨਿਯਮ ਨਿਰਧਾਰਿਤ ਕੀਤੇ ਜਾਣ ਅਤੇ ਇਸ ਦੇ ਨਾਲ ਹੀ ਸਮੇਂ ਸਮੇਂ ਪੇਸ਼ ਆਉਣ ਵਾਲੀਆਂ ਪੰਥਕ ਸਮੱਸਿਆਵਾਂ ਦੇ ਸਮਾਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸ਼ਚਿਤ ਕੀਤਾ ਜਾਵੇ ਤਾਂ ਜੋ ਭਵਿੱਖ ਵਿੱਚ ਕਿਸੇ ਵੱਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਨਿਜੀ ਹਿਤਾਂ ਲਈ ਵਰਤੋਂ ਦੀ ਸੰਭਾਵਨਾਂ ਹੀ ਨਾ ਸਕੇ ਅਤੇ ਖ਼ਾਲਸਾ ਪੰਥ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੇਂ ਸਮੇਂ ਜਾਰੀ ਕੀਤੇ ਹੁਕਮਨਾਮਿਆਂ ਦੀ ਮਾਨਤਾ ਅਤੇ ਪਵਿੱਤਰਤਾ ਕਾਇਮ ਰਹੇ।

(2). ਗੁਰਦੁਆਰਾ ਐਕਟ ਨੂੰ ਬਣਿਆਂ ਪੌਣੀ ਸਦੀ ਬੀਤ ਚੁੱਕੀ ਹੈ। ਸਮੇਂ ਦੀ ਪ੍ਰਬਲ ਲੋੜ ਹੈ ਕਿ ਗੁਰਦੁਆਰਾ ਪ੍ਰਬੰਧ ਨੂੰ ਪੰਥਕ ਯੁਕਤ ਦੇ ਅਨੁਸਾਰੀ ਬਣਾਉਣ ਲਈ ਇਸ ਐਕਟ ਅਧੀਨ ਬੀਤੇ ਸਮੇਂ ਵਿਚ ਹੋਈ ਲਾਭ ਹਾਨੀ ਦਾ ਲੇਖਾ ਜੋਖਾ ਕੀਤਾ ਜਾਵੇ ਅਤੇ ਐਕਟ ਵਿੱਚ ਪੰਥਕ ਹਿਤਾਂ ਤੋਂ ਉਲਟ ਜੇ ਕੋਈ ਧਾਰਾ ਹੈ ਤਾਂ ਉਸ ਦੀ ਸੋਧ ਲਈ ਉਪਰਾਲਾ ਕੀਤਾ ਜਾਵੇ।

(3).  ਗੁਰਦੁਆਰਾ ਪ੍ਰਬੰਧ ਨੂੰ ਸਿਆਸਤ ਦੀ ਕੁਟਿਲਤਾ ਦੇ ਪ੍ਰਭਾਵ ਤੋਂ ਪਾਕ ਰੱਖਣ ਨੂੰ ਯਕੀਨੀ ਬਣਾਇਆ ਜਾਵੇ।

ਗੁਰਦੁਆਰਾ ਪ੍ਰਬੰਧ ’ਤੇ ਕਾਬਜ਼ ਬਾਦਲ ਧੜੇ ਨੇ ਤਾਂ ਆਪਣੇ ਸਿਆਸੀ ਹਿਤਾਂ ਲਈ ਗੁਰਦੁਆਰਾ ਪ੍ਰਬੰਧ ਨੂੰ ਵਰਤਣਾ ਹੁੰਦਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੇ ਮੁਤਾਬਕ ਹੁਕਮਨਾਮੇ ਜਾਰੀ ਕਰਵਾਉਣੇ ਹੁੰਦੇ ਹਨ, ਇਸ ਲਈ 25 ਸਾਲ ਲੰਘ ਜਾਣ ਦੇ ਬਾਵਜੂਦ ਅੱਜ ਤੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਇਹ ਹਿਦਾਇਤਾਂ ਮੰਨੀਆਂ ਨਹੀਂ ਗਈਆਂ। ਜੇ ਕਦੀ ਮੰਨ ਲੈਂਦੇ ਤਾਂ ਅਕਾਲੀ ਦਲ ਲਈ ਅੱਜ ਵਾਲਾ ਸੰਕਟ ਕਦੇ ਪੈਦਾ ਨਾ ਹੁੰਦਾ।

ਜਥੇਦਾਰ ਵੇਦਾਂਤੀ ਦੇ ਪੀਏ (ਪ੍ਰਿਤਪਾਲ ਸਿੰਘ) ਅਨੁਸਾਰ ਸ੍ਰੋਮਣੀ ਅਕਾਲੀ ਦਲ ਚਾਹੁੰਦਾ ਸੀ ਕਿ 2009 ’ਚ ਲੋਕ ਸਭਾ ਦੀਆਂ ਚੋਣਾਂ ਆ ਰਹੀਆਂ ਹਨ, ਇਸ ਲਈ ਸੰਤ ਸਮਾਜ ਦੇ ਪੈਰੋਕਾਰਾਂ ਦੀਆਂ ਵੋਟਾਂ ਹਾਸਲ ਕਰਨ ਲਈ ਨਾਨਕਸ਼ਾਹੀ ਕੈਲੰਡਰ ਰੱਦ ਕਰ ਦਿੱਤਾ ਜਾਵੇ ਅਤੇ ਡੇਰਾ ਸਿਰਸਾ ਦੇ ਪੈਰੋਕਾਰਾਂ ਦੀਆਂ ਵੋਟਾਂ ਹਾਸਲ ਕਰਨ ਲਈ ਸੌਦਾ ਸਾਧ ਵਿਰੁੱਧ ਜਾਰੀ ਹੁਕਮਨਾਮਾ ਵਾਪਸ ਲੈ ਲਿਆ ਜਾਵੇ। ਵੇਦਾਂਤੀ ਜੀ ਦਾ ਤਰਕ ਸੀ ਕਿ ਨਾਨਕਸ਼ਾਹੀ ਕੈਲੰਡਰ ਸਬੰਧੀ ਇਸ ਦੇ ਹਿਮਾਇਤੀ ਅਤੇ ਵਿਰੋਧੀ ਵਿਦਵਾਨਾਂ ਤੋਂ ਰਾਇ ਮੰਗੀ ਗਈ ਹੈ, ਇਸ ਲਈ ਜਿਸ ਨੂੰ ਇਤਰਾਜ਼ ਹੈ ਉਹ ਤੱਥਾਂ ਸਹਿਤ ਲਿਖਤੀ ਇਤਰਾਜ਼ ਸ੍ਰੀ ਅਕਾਲ ਤਖ਼ਤ ਨੂੰ ਭੇਜੇ; ਜਿਸ ’ਤੇ ਦੋਵੇਂ ਧਿਰਾਂ ਦੀ ਮੀਟਿੰਗ ਬੁਲਾ ਲਈ ਜਾਵੇਗੀ ਅਤੇ ਉਸ ਮੀਟਿੰਗ ’ਚ ਲਏ ਫੈਸਲੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਸੌਦਾ ਸਾਧ ਲਿਖਤੀ ਤੌਰ ’ਤੇ ਮੁਆਫ਼ੀ ਮੰਗੇ ਤਾਂ ਉਸ ’ਤੇ ਵੀਚਾਰ ਕਰ ਲਈ ਜਾਵੇਗੀ। ਇਸ ਤਰ੍ਹਾਂ ਦੀ ਸਲਾਹ ਦੇਣ ਵਾਲਾ ਜਥੇਦਾਰ ਮਨਜੂਰ ਕਿੱਥੇ ਹੋਣਾ ਸੀ, ਉਸ ਦੇ ਘਰ ਰਾਤ ਨੂੰ ਦੋ ਮੈਂਬਰ ਅਸਤੀਫ਼ਾ ਲੈ ਕੇ ਪਹੁੰਚੇ ਅਤੇ ਉਸ ਤੋਂ ਜ਼ਬਰੀ ਦਸਤਖ਼ਤ ਕਰਵਾ ਲਏ। ਲੋਕਾਂ ਨੇ ਸਵੇਰੇ ਅਖਬਾਰਾਂ ’ਚ ਹੀ ਪੜ੍ਹਿਆ ਕਿ ਵੇਦਾਂਤੀ ਜੀ ਦਾ ਅਸਤੀਫ਼ਾ ਮਨਜੂਰ ਕਰਕੇ ਉਨ੍ਹਾਂ ਦੀ ਜਗ੍ਹਾ ਗਿਆਨੀ ਗੁਰਬਚਨ ਸਿੰਘ ਨੂੰ ਕਾਰਜਕਾਰੀ ਜਥੇਦਾਰ ਲਾ ਦਿੱਤਾ ਗਿਆ ਹੈ।

ਜਦੋਂ ਨਾਨਕਸ਼ਾਹੀ ਕੈਲੰਡਰ ਰੱਦ ਕਰਨ ਦੀ ਵਾਰੀ ਆਈ ਤਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਇਤਰਾਜ਼ ਉਠਾਇਆ ਤਾਂ ਉਸ ਨੂੰ ਹਟਾ ਕੇ ਉਨ੍ਹਾਂ ਦੀ ਜਗ੍ਹਾ ਗਿਆਨੀ ਗੁਰਮੁਖ ਸਿੰਘ ਨੂੰ ਜਥੇਦਾਰ ਲਗਾ ਦਿੱਤਾ। ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰਾਂ ਨੂੰ ਆਪਣੀ ਕੋਠੀ ਬੁਲਾ ਕੇ ਸੌਦਾ ਸਾਧ ਨੂੰ ਮੁਆਫ਼ ਕਰਵਾਇਆ ਤਾਂ ਸਿੱਖ ਸੰਗਤ ਵੱਲੋਂ ਜਥੇਦਾਰਾਂ ਦਾ ਜੋਰਦਾਰ ਵਿਰੋਧ ਹੋਇਆ। ਇਸ ਵਿਰੋਧ ਦੇ ਦਬਾਅ ਹੇਠ ਗਿਆਨੀ ਗੁਰਮੁਖ ਸਿੰਘ ਨੂੰ ਮੀਡੀਏ ਸਾਹਮਣੇ ਸੱਚ ਦੱਸਣਾ ਪਿਆ ਕਿ ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਘਰੇ ਬੁਲਾ ਕੇ ਜ਼ਬਰੀ ਮੁਆਫ਼ ਕਰਵਾਇਆ ਹੈ। ਸੱਚ ਬੋਲੇ ਜਾਣ ਦੀ ਸਜ਼ਾ ਵਜੋਂ ਉਸ ਨੂੰ ਜਥੇਦਾਰੀ ਤੋਂ ਹਟਾ ਕੇ ਕੁਰਕਸ਼ੇਤਰ (ਹਰਿਆਣਾ) ਵਿਖੇ ਗ੍ਰੰਥੀ ਤਾਇਨਾਤ ਕਰ ਦਿੱਤਾ। ਜਦੋਂ ਉਹ ਆਪਣੇ ਬਿਆਨ ਤੋਂ ਮੁੱਕਰ ਗਿਆ ਤਾਂ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੈੱਡ ਗ੍ਰੰਥੀ ਵਜੋਂ ਤਾਇਨਾਤ ਕਰਕੇ ਉਸ ਨੂੰ ਘਰੇ ਬੈਠੇ ਨੂੰ ਤਨਖ਼ਾਹ ਅਤੇ ਸਹੂਲਤਾਂ ਦੇਣੀਆ ਸ਼ੁਰੂ ਕਰ ਦਿੱਤੀਆਂ।

ਜੇ ਹੁਣ ਤੱਕ ਦੇ ਜਥੇਦਾਰਾਂ ਦੀ ਕਾਰਜਸ਼ੈਲੀ ਵੇਖੀ ਜਾਵੇ ਤਾਂ ਅਕਾਲੀ ਫੂਲਾ ਸਿੰਘ ਦਾ ਸਾਨੀ ਤਾਂ ਕੋਈ ਮਿਲਦਾ ਨਹੀ, ਪਰ ਗਿਆਨੀ ਗੁਰਬਚਨ ਸਿੰਘ ਦੀ ਤੁਲਨਾ ਅਰੂੜ ਸਿੰਘ ਨਾਲ ਜ਼ਰੂਰ ਕੀਤੀ ਜਾ ਸਕਦੀ ਹੈ, ਕਿਉਂਕਿ ਜਿਸ ਤਰ੍ਹਾਂ ਅਰੂੜ ਸਿੰਘ ਨੇ ਬੇਗੁਨਾਹਾਂ ਦੇ ਕਾਤਲ ਜਨਰਲਾ ਡਾਇਰ ਨੂੰ ਸਿਰੋਪਾ ਅਤੇ ਥੈਲੀ ਭੇਟ ਕਰਕੇ ਸਨਮਾਨਤ ਕੀਤਾ, ਉਸੇ ਤਰ੍ਹਾਂ ਗਿਆਨੀ ਗੁਰਬਚਨ ਸਿੰਘ ਨੇ 1978 ਤੋਂ ਸਿੱਖੀ ਸਿਧਾਂਤ ਦੇ ਕਾਤਲ; ਸਿੱਖ ਨੌਜਵਾਨਾਂ ਦੇ ਕਾਤਲ ਪੁਲਿਸ ਅਫ਼ਸਰਾਂ ਦੀ ਪੁਸ਼ਤਪਨਾਹੀ ਕਰਨ ਅਤੇ ਤਰੱਕੀਆਂ ਦੇਣ ਵਾਲੇ; ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮਿਆਂ ਦੀ ਸਭ ਤੋਂ ਵੱਧ ਵਾਰੀ ਅਵੱਗਿਆ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਨੂੰ ‘ਫ਼ਖ਼ਰ-ਏ-ਕੌਮ ਪੰਥ ਰਤਨ’ ਪੰਥ ਦਾ ਸਭ ਤੋਂ ਵੱਡਾ ਅਵਾਰਡ ਪ੍ਰਦਾਨ ਕੀਤਾ। ਜਦੋਂ ਇਸ ਵਿਰੁੱਧ ਸੰਗਤਾਂ ਦਾ ਰੋਸ ਵਧ ਗਿਆ ਤਾਂ ਗਿਆਨੀ ਗੁਰਬਚਨ ਸਿੰਘ ਤੋਂ ਅਸਤੀਫ਼ਾ ਲੈ ਕੇ ਉਨ੍ਹਾਂ ਦੀ ਜਗ੍ਹਾ ਗਿਆਨੀ ਹਰਪ੍ਰੀਤ ਸਿੰਘ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨਾਲ-ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਬਣਾ ਕੇ ਦੂਹਰਾ ਚਾਰਜ ਦੇ ਦਿੱਤਾ। ਜਿਸ ਤਰ੍ਹਾਂ ਗਿਆਨੀ ਗੁਰਮੁਖ ਸਿੰਘ ਨੂੰ ਘਰ ਬੈਠੇ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਗਈਆਂ, ਉਸੇ ਤਰ੍ਹਾਂ ਗਿਆਨੀ ਗੁਰਬਚਨ ਸਿੰਘ ਦਾ ਅਸਤੀਫਾ ਪ੍ਰਵਾਨ ਕਰਨ ਪਿੱਛੋਂ, ਉਨ੍ਹਾਂ ਨੂੰ ਵੀ ਇਨਾਮ ਵਜੋਂ ਮੁਫਤ ਰਿਹਾਇਸ਼ ਸਮੇਤ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।

ਗਿਆਨੀ ਹਰਪ੍ਰੀਤ ਸਿੰਘ ’ਤੇ ਜੋਰ ਪਾਇਆ ਜਾ ਰਿਹਾ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਮਾਮੂਲੀ ਤਨਖ਼ਾਹ ਲਾ ਕੇ ਮੁਆਫ਼ ਕਰ ਦਿੱਤਾ ਜਾਵੇ। ਜਦੋਂ ਗਿਆਨੀ ਹਰਪ੍ਰੀਤ ਸਿੰਘ ਨਾ ਮੰਨੇ ਤਾਂ ਉਨ੍ਹਾਂ ਤੋਂ ਅਸਤੀਫ਼ਾ ਲੈ ਕੇ ਉਨ੍ਹਾਂ ਦੀ ਥਾਂ ਗਿਆਨੀ ਰਘਵੀਰ ਸਿੰਘ ਨੂੰ ਜਥੇਦਾਰ ਲਾ ਦਿੱਤਾ।  2 ਦਸੰਬਰ 2024 ਨੂੰ ਜਿਸ ਤਰ੍ਹਾਂ ਪੰਜ ਸਿੰਘ ਸਾਹਿਬਾਨ ਨੇ 1978 ਤੋਂ ਲੈ ਕੇ ਬਿਰਤਾਂਤ ਸਿਰਜਿਆ ਅਤੇ ਤਨਖ਼ਾਹ ਲਾਈ ਇਸ ਨੂੰ ਭਾਵੇਂ ਪੰਥ ਦੇ ਇੱਕ ਹਿੱਸੇ ਨੇ ਗੁਨਾਹਾਂ ਦੇ ਮੁਕਾਬਲੇ ਬਹੁਤ ਮਾਮੂਲੀ ਦੱਸਿਆ, ਪਰ ਵੱਡੇ ਹਿੱਸੇ ਨੇ ਇਸ ਫੈਸਲੇ ’ਤੇ ਤਸੱਲੀ ਪ੍ਰਗਟ ਕੀਤੀ ਕਿ ਲੰਬੇ ਸਮੇਂ ਪਿੱਛੋਂ ਪਹਿਲੀ ਵਾਰ ਸਿੰਘ ਸਾਹਿਬਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਡਿੱਗਿਆ ਹੋਇਆ ਮਿਆਰ ਕੁੱਝ ਬਹਾਲ ਕਰਨ ਵੱਲ ਕਦਮ ਪੁੱਟਿਆ ਹੈ। ਜੇ ਬਾਦਲ ਦਲ 2 ਦਸੰਬਰ ਦੇ ਫੈਸਲੇ ਨੂੰ ਚੁੱਪ ਚੁਪੀਤੇ ਪ੍ਰਵਾਨ ਕਰ ਲੈਂਦਾ ਤਾਂ ਇਹ ਉਸ ਲਈ ਵੀ ਸੰਜੀਵਨੀ ਬੂਟੀ ਹੋ ਨਿਬੜਦਾ, ਪਰ ਗੁਰੂ ਦੇ ਬਚਨ ਹਨ ਕਿ ‘ਜਦੋਂ ਕਿਸੇ ਦੇ ਗੁਨਾਹਾਂ ਕਾਰਨ ਪ੍ਰਮਾਤਮਾ ਨੇ ਖ਼ੁਆਰ ਕਰਨਾ ਹੁੰਦਾ ਹੈ ਤਾਂ (ਪਹਿਲਾਂ ਉਸ ਪਾਸੋਂ ਉਸ ਦੇ) ਚੰਗੇ ਗੁਣ ਖੋਹ ਲੈਂਦਾ ਹੈ : ‘‘ਜਿਸ ਨੋ ਆਪਿ ਖੁਆਏ ਕਰਤਾਖੁਸਿ ਲਏ ਚੰਗਿਆਈ ’’ (ਮਹਲਾ /੪੧੭) ਇਸੇ ਕਾਰਨ ਉਨ੍ਹਾਂ ਨੂੰ ਚੰਗੇ ਮੰਦੇ ਦੀ ਪਛਾਣ ਭੁੱਲ ਗਈ ਅਤੇ 2 ਦਸੰਬਰ ਦਾ ਫੈਸਲਾ ਹਜ਼ਮ ਨਹੀਂ ਹੋ ਰਿਹਾ। ਉਹ ਸਮਝ ਰਹੇ ਹਨ ਕਿ 2 ਦਸੰਬਰ ਦੇ ਸਖ਼ਤ ਫੈਸਲੇ ਦੇ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਦਾ ਹੱਥ ਹੈ। ਇਸ ਲਈ ਯੋਜਨਾਵੱਧ ਤਰੀਕੇ ਨਾਲ ਉਸ ਦਾ ਚਰਿੱਤਰਘਾਤ ਕਰਨ ’ਤੇ ਲੱਗੇ ਹਨ ਤਾਂ ਕਿ ਉਸ ਨੂੰ ਅਹੁਦੇ ਤੋਂ ਹਟਾ ਕੇ ਪਿੱਛੋਂ, ਲਏ ਗਏ ਫੈਸਲੇ ’ਚ ਮਨਮਰਜ਼ੀ ਦੀਆਂ ਤਬਦੀਲੀਆਂ ਕਰਵਾ ਸਕਣ। ਦੂਸਰੇ ਪਾਸੇ 2 ਦਸੰਬਰ ਨੂੰ ਸਾਰੇ ਗੁਨਾਹ ਮੰਨਣ ਦੇ ਬਾਵਜੂਦ 10 ਅਤੇ 14 ਜਨਵਰੀ ਨੂੰ ਮੁਕਤਸਰ ਵਿਖੇ ਆਪਣੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਸੁਖਬੀਰ ਬਾਦਲ ਕਹਿੰਦਾ ਹੈ ਕਿ ਮੈਂ ਕੋਈ ਗੁਨਾਹ ਨਹੀਂ ਕੀਤਾ; ਇਹ ਤਾਂ ਪਿਛਲੇ 10 ਸਾਲਾਂ ਤੋਂ ਸਾਡੇ ਵਿਰੁੱਧ ਝੂਠਾ ਪ੍ਰਚਾਰ ਹੋ ਰਿਹਾ ਸੀ, ਇਸ ਲਈ ਮਾਮਲਾ ਖਤਮ ਕਰਨ ਲਈ ਮੈਂ ਸਾਰੇ ਗੁਨਾਹ ਆਪਣੀ ਝੋਲ਼ੀ ’ਚ ਪਵਾ ਲਏ; ਨਹੀਂ ਤਾਂ ਮੇਰੇ ਪਾਸ ਸਾਰੇ ਸਵਾਲਾਂ ਦੇ ਜਵਾਬ ਸਨ ਭਾਵ ਉਸ ਨੇ ਆਪਣੇ ਮਨ ਦੀ ਕੁਟਲਿਤਾ ਜ਼ਾਹਰ ਕਰ ਦਿੱਤੀ ਹੈ ਕਿ ਉਹ ਆਪਣੇ ਨਿੱਜੀ ਲਾਭ ਲਈ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਵੀ ਝੂਠ ਬੋਲਿਆ। ਜੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸੱਚ ਬੋਲਿਆ ਸੀ; ਤਾਂ ਉਹ ਲੋਕਾਂ ਨੂੰ ਝੂਠ ਬੋਲ ਕੇ ਧੋਖਾ ਦੇ ਰਿਹਾ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਸਲਾਹਕਾਰਾਂ ਨੂੰ ਵੀ ਡਰ ਹੈ ਕਿ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ 2 ਦਸੰਬਰ ਦੇ ਫੈਸਲੇ ਮੁਤਾਬਕ ਭਰਤੀ ਹੋਈ ਤਾਂ ਹੋ ਸਕਦਾ ਹੈ ਕਿ ਸੁਖਬੀਰ ਬਾਦਲ ਦੁਬਾਰਾ ਪ੍ਰਧਾਨ ਨਾ ਬਣ ਸਕੇ। ਜੇ ਸੁਖਬੀਰ ਦੁਬਾਰਾ ਪ੍ਰਧਾਨ ਨਾ ਬਣ ਸਕਿਆ ਤਾਂ ਉਨ੍ਹਾਂ ਦੇ ਸਲਾਹਕਾਰਾਂ ਨੂੰ ਆਪਣਾ ਭਵਿੱਖ ਵੀ ਧੁੰਦਲਾ ਦਿਸਦਾ ਹੈ। ਇਸੇ ਕਾਰਨ ਉਹ ਬਹਾਨੇ ਘੜ ਰਹੇ ਹਨ ਕਿ ਹੂ-ਬਹੂ ਫੈਸਲਾ ਲਾਗੂ ਕਰਨ ਨਾਲ ਭਾਰਤੀ ਚੋਣ ਕਮਿਸ਼ਨ ਪਾਰਟੀ ਦੀ ਰਜਿਸਟ੍ਰੇਸ਼ਨ ਰੱਦ ਕਰ ਦੇਵੇਗਾ; ਇਸ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫੈਸਲਾ ਹੂ-ਬਹੂ ਲਾਗੂ ਨਹੀਂ ਕੀਤਾ ਜਾ ਸਕਦਾ ਜਦੋਂ ਕਿ ਸ੍ਰੋਮਣੀ ਅਕਾਲੀ ਦਲ ਦਾ ਲੰਬਾ ਸਮਾਂ ਰਹੇ ਜਨਰਲ ਸਕੱਤਰ (ਸੀਨੀਅਰ ਐਡਵੋਕੇਟ ਮਨਜੀਤ ਸਿੰਘ ਖੈਰਾ) ਚੋਣ ਕਮਿਸ਼ਨ ਦੀ ਵੈੱਬ ਸਾਈਟ ਤੋਂ ਉਨ੍ਹਾਂ ਧਰਮ ਅਧਾਰਿਤ ਪਾਰਟੀਆਂ ਦੀ ਸੂਚੀ ਡਾਊਨਲੋਡ ਕਰਕੇ ਵਿਖਾ ਚੁੱਕੇ ਹਨ; ਜਿਨ੍ਹਾਂ ਦੀ ਰਜਿਸਟ੍ਰੇਸ਼ਨ ’ਤੇ ਚੋਣ ਕਮਿਸ਼ਨ ਨੇ ਕਦੀ ਇਤਰਾਜ਼ ਨਹੀਂ ਕੀਤਾ। ਇਸ ਤੋਂ ਸਾਬਤ ਹੁੰਦਾ ਹੈ ਕਿ ਲੰਬਾ ਸਮਾਂ ਸਤਾ ’ਚ ਰਹਿਣ ਕਰਕੇ ਬਾਦਲ ਪਰਵਾਰ ਦੀਆਂ ਆਦਤਾਂ ਇੰਨੀਆਂ ਵਿਗੜ ਚੁੱਕੀਆਂ ਹਨ ਕਿ ਉਹ ਪਾਰਟੀ ’ਚ ਹਮੇਸ਼ਾਂ ਆਪਣੀ ਸਿਰਮੌਰਤਾ ਚਾਹੁੰਦਾ ਹੈ। ਜਿਹੜਾ ਵੀ ਪੰਥਕ ਹਿਤਾਂ ’ਚ ਏਕਤਾ ਦੀ ਗੱਲ ਕਰੇ ਉਸ ਨੂੰ ਝੱਟ ਪਾਰਟੀ ’ਚੋਂ ਕੱਢ ਦਿੰਦੇ ਹਨ। ਤਖ਼ਤਾਂ ਦੇ ਜਥੇਦਾਰਾਂ ਨੂੰ ਆਪਣੇ ਨੌਕਰ ਸਮਝਦੇ ਹਨ। ਜਿਹੜਾ ਜਥੇਦਾਰ ਸਿਧਾਂਤ ਦੀ ਗੱਲ ਕਰਨ ਦੀ ਕੋਸ਼ਸ਼ ਕਰਦਾ ਹੈ, ਉਸ ਨੂੰ ਭਾਈ ਰਣਜੀਤ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਗਿਆਨੀ ਗੁਰਮੁਖ ਸਿੰਘ ਅਤੇ ਤਾਜਾ ਮਿਸਾਲ ਗਿਆਨੀ ਹਰਪ੍ਰੀਤ ਸਿੰਘ ਵਾਙ ਬੇਇਜ਼ਤੀ ਭਰੇ ਢੰਗ ਨਾਲ ਅਹੁੱਦੇ ਤੋਂ ਹਟਾ ਦਿੰਦੇ ਹਨ। ਪੰਜਾਬ ’ਚ ਵਧ ਰਹੇ ਧਰਮ ਪਰਿਵਰਨ, ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਸਿੱਖਾਂ ਦੀਆਂ ਮੁਸ਼ਕਿਲਾਂ, ਪੰਜਾਬ ਦੇ ਆਰਥਿਕ ਤੇ ਸਿਆਸੀ ਮੁੱਦੇ, ਕਿਸਾਨੀ ਮੁੱਦੇ ਜਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਕਿਸੇ ਵੀ ਮੁੱਦੇ ’ਤੇ ਮੁਕਤਸਰ ਵਿਖੇ 14 ਜਨਵਰੀ ਦੀ ਕਾਨਫਰੰਸ ’ਚ ਕੋਈ ਮਤਾ ਪਾਸ ਨਹੀਂ ਕੀਤਾ; ਜੇ ਹੋਇਆ ਤਾਂ ਕੇਵਲ ਇੱਕੋ ਮਤਾ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਣਾਏ ਗਏ ਫੈਸਲੇ ਅਨੁਸਾਰ ਪ੍ਰਕਾਸ਼ ਸਿੰਘ ਬਾਦਲ ਦਾ ਵਾਪਸ ਲਿਆ ਗਿਆ ‘‘ਫ਼ਖ਼ਰ-ਏ-ਕੌਮ ਪੰਥ ਰਤਨ’’ ਅਵਾਰਡ ਉਨ੍ਹਾਂ ਨੂੰ ਮੁੜ ਵਾਪਸ ਦਿੱਤਾ ਜਾਵੇ। ਇਹ ਮਤਾ ਪਾਸ ਕੀਤੇ ਜਾਣਾ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਧਾ ਚੈਲੰਜ ਹੈ ਕਿਉਂਕਿ ਵੋਟ ਨੀਤੀ ਦੇ ਜੋਰ ਹੇਠ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ’ਤੇ ਦਬਾਅ ਪਾਇਆ ਜਾ ਰਿਹਾ ਹੈ।  28 ਜਨਵਰੀ 2025 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸੱਦੀ ਗਈ ਮੀਟਿੰਗ ’ਚ ਸ਼ਾਮਲ ਹੋ ਰਹੇ ਪੰਜ ਸਿੰਘ ਸਾਹਿਬਾਨਾਂ ਲਈ ਇਹ ਪਰਖ ਦੀ ਘੜੀ ਹੈ ਕਿ ਉਨ੍ਹਾਂ ਨੇ ਬਾਦਲ ਧੜੇ ਅੱਗੇ ਗਿਆਨੀ ਗੁਰਬਚਨ ਸਿੰਘ ਵਾਙ ਝੁਕ ਕੇ ਅਰੂੜ ਸਿੰਘ ਦੀ ਲਾਈਨ ’ਚ ਖੜ੍ਹਨਾ ਹੈ ਜਾਂ 2 ਦਸੰਬਰ 2024 ਨੂੰ ਸੁਣਾਏ ਗਏ ਫੈਸਲੇ ਨੂੰ ਇੰਨ ਬਿੰਨ ਲਾਗੂ ਕਰਵਾਉਣ ਲਈ ਦ੍ਰਿੜ੍ਹ ਫੈਸਲਾ ਸੁਣਾ ਕੇ ਅਕਾਲੀ ਫੂਲਾ ਸਿੰਘ ਦੀ ਲਾਈਨ ’ਚ ਖੜ੍ਹਨ ਦਾ ਮਾਣ ਹਾਸਲ ਕਰਨਾ ਹੈ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਉਨ੍ਹਾਂ ਪੰਜਾਂ ਨੂੰ ਆਤਮਿਕ ਬਲ ਅਤੇ ਸੋਝੀ ਬਖ਼ਸ਼ਣ ਅਤੇ ਅਜਿਹਾ ਫੈਸਲਾ ਸੁਣਾਉਣ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਬਉਚਤਾ ਬਹਾਲ ਕਰਨ ’ਚ ਸਹਾਈ ਹੋਵੇ ਅਤੇ ਭਵਿੱਖ ’ਚ ਕੋਈ ਵੀ ਤਾਕਤਵਰ ਰਾਜਨੀਤਕ ਨੇਤਾ; ਪੰਥਕ ਅਤੇ ਗੁਰਮਤਿ ਸਿਧਾਂਤਾਂ ਨਾਲ ਖਿਲਵਾੜ ਨਾ ਕਰ ਸਕੇ।

ਪੰਥ ਹਿਤੈਸ਼ੀਆਂ ਦਾ ਵੀ ਫਰਜ਼ ਬਣਦਾ ਹੈ ਕਿ ਰਾਜਨੀਤਕ ਪਾਰਟੀਆਂ ਤੋਂ ਸ੍ਰੋਮਣੀ ਕਮੇਟੀ ਅਜ਼ਾਦ ਕਰਵਾਉਣ ਲਈ ਜਥੇਬੰਦ ਹੋਣ। ਸ੍ਰੋਮਣੀ ਕਮੇਟੀ ਲਈ ਅਜਿਹੇ ਗੁਰਸਿੱਖਾਂ ਦੀ ਚੋਣ ਕਰਨੀ ਚਾਹੀਦੀ ਹੈ, ਜੋ ਜਥੇਦਾਰਾਂ ਦੀ ਨਿਯੁਕਤੀ ਲਈ ਹੁਕਮਨਾਮਾ ਨੰ: 219 ਏ.ਟੀ. 00 ਮਿਤੀ 29.3.2000 ’ਤੇ ਹੂ-ਬਹੂ ਅਮਲ ਕਰਵਾਉਣ ਲਈ ਪਾਬੰਦ ਹੋਣ। ਜਥੇਦਾਰਾਂ ਦੀ ਨਿਯੁਕਤੀ ਕੇਵਲ ਸ੍ਰੋਮਣੀ ਕਮੇਟੀ ਹੀ ਨਹੀਂ ਬਲਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ ਮੰਨਣ ਵਾਲੀਆਂ ਸਮੂਹ ਪੰਥਕ ਜਥੇਬੰਦੀਆਂ ਤੇ ਦੇਸ਼ ਵਿਦੇਸ਼ ਦੀਆਂ ਚੁਣੀਆਂ ਹੋਈਆਂ ਗੁਰਦੁਆਰਾ ਕਮੇਟੀਆਂ ਕਰਨ ਦੇ ਅਧਿਕਾਰੀ ਹੋਣ। ਫੈਸਲੇ ਕਰਨ ਦੀ ਕਾਰਜ ਵਿਧੀ ਵੀ ਪੁਰਾਤਨ ਦਲ ਖ਼ਾਲਸਾ ਸਮੇਂ ਵਾਲੀ ਅਪਣਾਈ ਜਾਣੀ ਚਾਹੀਦੀ ਹੈ।

ਪੰਥ ਦਰਦੀਓ ਪੰਥ ਲਈ ਆਓ ਅੱਗੇ।

0

ਪੰਥ ਦਰਦੀਓ ਪੰਥ ਲਈ ਆਓ ਅੱਗੇ।

ਅਮਲ ਗੱਲਾਂ ’ਤੇ ਕਰਨਾ ਲੋੜ ਬਣ ਗਈ।

ਘੜ ਲਓ ਪੰਥਕ ਸਿਆਸਤ ਰੂਪ ਵੱਖਰਾ !

ਝੰਡਾ ਚੁੱਕਣਾ ਤੁਹਾਡੇ ਲਈ ਠੌਰ ਬਣ ਗਈ।

ਨੀਝ ਸੰਸਾਰ ਦੀ ਪੰਥ ਦੇ ਦਰਦੀਆਂ ’ਤੇ। 

ਘੜਨੀ ਰਣਨੀਤੀ ਅੱਜ ਦਾ ਤੌਰ ਬਣ ਗਈ।

ਜਵਾਬ ਇਤਿਹਾਸ ਤੁਹਾਡੇ ਤੋਂ ਮੰਗਦਾ ਹੈ। 

ਪੰਥਕ ਹੋਣੀ ਸਿਰਜੋ ਡਾਢੀ ਹੋੜ ਬਣ ਗਈ।

ਤਖ਼ਤ ਅਕਾਲ ਪਇਆ ਉਡੀਕ ਕਰਦਾ।

ਝੱਬਰ ਧਾਰੋਵਾਲੀ ਦਾ ਰੂਪ ਬਣ ਜਾਓ।

ਕਬਜ਼ਾ ਅੱਜ ਵੀ ਮਹੰਤਸ਼ਾਹੀ ਉਸ ਉੱਤੇ।

ਪ੍ਰੋਫ਼ੈਸਰ ਤੇਜਾ ਸਿੰਘ ਤੇ ਦੂਜਿਆਂ ਦਾ ਰੂਪ ਬਣ ਜਾਓ।

ਪੰਥਕ ਪ੍ਰਬੰਧ ਲਈ ਪੰਥ ਦੀ ਲੋੜ ਭਾਈ।

ਗਿਆਨੀ ਦਿੱਤ ਸਿੰਘ ਜੀਵਨ ਸਰੂਪ ਬਣ ਜਾਓ।

ਰੱਖ ਕੇ ਨਿਗਾਹ ਗੁਰਮੁਖ ਸਿੰਘ ਕਰਨੀ ’ਤੇ।

ਕੰਵਰ ਕਪੂਰਥਲਾ ਦਾ ਰੂਪ ਬਣ ਜਾਓ।

ਡਰੋ ਨ ਵਕਤ ਦੇ ਪਖੰਡ ਧਾਰੀਆਂ ਤੋਂ

ਗਰਜ ਸਿਧਾਂਤ ਨਾਲ ਇਨ੍ਹਾਂ ਦੌੜਨਾ ਹੈ।

ਪੰਥਕ ਜਾਹੋ ਜਲਾਲ ਦੀ ਤਾਬ ਨਾਲ।

ਜਾਣੋ ਕਿਲ੍ਹਾ ਇਨ੍ਹਾਂ ਦਾ ਪੰਥ ਨੇ ਤੋੜਨਾ ਹੈ।

ਘਰ ਘਰ ਪੰਥਕ ਪਿਆਰ ਦਾ ਦਿਓ ਹੋਕਾ।

ਭਰਮ ਅਨਮੱਤੀਆਂ ਦਾ ਪੰਥ ਨੇ ਤੋੜਨਾ ਹੈ।

ਉੱਠੋ ਕਮਰ ਕੱਸੇ ਛੇਤੀ ਸਜਾ ਲਈਏ।

ਹੋਸ਼ ਜੋਸ਼ ਨਾਲ ਵਕਤ ਨੂੰ ਹੋੜਨਾ ਹੈ।

ਨਵਾਂ ਯੁੱਧ ਲੜਨ ਦਾ ਗੁਰੂ ਮੌਕਾ ਦਿੱਤਾ।

ਸੰਗਲ ਜਾਤਾਂ ਪਾਤਾਂ ਵਾਲੇ ਹੱਥੀਂ ਤੋੜ ਸੁੱਟੀਏ।

ਵਿਦਿਆ ਵਿਰਸੇ ਦਾ ਆਪਾਂ ਸੁਮੇਲ ਕਰਕੇ।

ਦੈਂਤ ਨਫ਼ਰਤ ਵਾਲਾ ਪਿਛਾਂਹ ਮੋੜ ਸੁੱਟੀਏ।

ਜਗਤ ਵਿਚ ਖ਼ਾਲਸਾ ਦੀ ਬਣੇ ਸ਼ਾਖਾ।

ਵਿੱਥਾਂ ਵਾਲੀਆਂ ਹੱਦਾਂ ਵੀ ਤੋੜ ਸੁੱਟੀਏ।

ਦਿਲ ਜਿੱਤ ਲਈਏ ਕੁਲ ਮਖਲੂਕ ਵਾਲਾ।

ਪਏ ਖਾਏ ਨੇ ਉਨ੍ਹਾਂ ਪੂਰ ਸੁੱਟੀਏ।

ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ)-95920-93472

ਬਾਬਾ ਨੰਦ ਸਿੰਘ ਅਤੇ ਬਾਬੇ ਨਾਨਕ ਵਿਚਕਾਰ ਵਾਰਤਾਲਾਪ

0

ਬਾਬਾ ਨੰਦ ਸਿੰਘ ਅਤੇ ਬਾਬੇ ਨਾਨਕ ਵਿਚਕਾਰ ਵਾਰਤਾਲਾਪ 

ਬਾਬਾ ਨੰਦ ਸਿੰਘ ਜੰਗਲ ਵਿੱਚ ਭਗਤੀ ਕਰ ਰਹੇ ਸਨ, ਅਚਾਨਕ ਉਨ੍ਹਾਂ ਨੂੰ ਨਾਨਕ ਸਾਹਿਬ ਮਿਲੇ ਅਤੇ ਉਨ੍ਹਾਂ ਵਿੱਚ ਕੁਝ ਸਵਾਲ ਜਵਾਬ ਹੋਏ।

ਨਾਨਕ ਜੀ – ਭਾਈ ਤੂੰ ਕੌਣ ਹੈ  ?

ਨੰਦ ਸਿੰਘ – ਮੈਂ ਨੰਦ ਸਿੰਘ ਹਾਂ।

ਨੰਦ ਸਿੰਘ – ਤੁਸੀਂ ਕੌਣ ਹੋ  ?

ਨਾਨਕ ਜੀ – ਮੈਂ ਨਾਨਕ ਹਾਂ ਅਤੇ ਮੇਰੇ ਨਾਲ ਭਾਈ ਮਰਦਾਨਾ ਹੈ।

ਨੰਦ ਸਿੰਘ – ਹੱਥ ਜੋੜ ਕੇ, ਨਾਨਕ ਜੀ ਧੰਨ ਹਾਂ, ਅੱਜ ਤੁਹਾਡੇ ਦਰਸ਼ਨ ਕਰਕੇ ਮੇਰਾ ਜੀਵਨ ਸਫਲਾ ਹੋ ਗਿਆ।

ਨਾਨਕ ਜੀ – ਪਰ ਨੰਦ ਸਿਆਂ ਮੇਰੇ ਦਰਸ਼ਨਾਂ ਨਾਲ ਜੀਵਨ ਕਿਵੇਂ ਸਫਲਾ ਹੋ ਸਕਦਾ ਹੈ; ਮੈਂ ਤਾਂ ਕਿਹਾ ਸੀ – ‘‘ਸਤਿਗੁਰ ਨੋ ਸਭੁ ਕੋ ਵੇਖਦਾ; ਜੇਤਾ ਜਗਤੁ ਸੰਸਾਰੁ ਡਿਠੈ ਮੁਕਤਿ ਹੋਵਈ; ਜਿਚਰੁ ਸਬਦਿ ਕਰੇ ਵੀਚਾਰੁ ’’ (594) ਦਰਸ਼ਨ ਮਾਤਰ ਨਾਲ ਅਗਰ ਜੀਵਨ ਸਫਲਾ ਹੋਣਾ ਹੁੰਦਾ ਤਾਂ ਮੇਰੇ ਆਪਣੇ ਦੋਵੇਂ ਪੁੱਤਰ ਬਾਗੀ ਨਾ ਹੁੰਦੇ।

ਨੰਦ ਸਿੰਘ – ਚੁੱਪ

ਨਾਨਕ ਜੀ – ਨੰਦ ਸਿਆਂ ਤੂੰ ਇੱਥੇ ਜੰਗਲ ਵਿੱਚ ਕੀ ਕਰ ਰਿਹਾ ਹੈਂ ?

ਨੰਦ ਸਿੰਘ – ਜੀ  ! ਮੈਂ ਭਗਤੀ ਕਰ ਰਿਹਾ ਹਾਂ।

ਨਾਨਕ ਜੀ – ਨੰਦ ਸਿਆਂ ਕਿਹੜੀ ਭਗਤੀ ? ਮੈਂ ਤਾਂ ਕਿਹਾ ਸੀ – ‘‘ਫਰੀਦਾ  ! ਜੰਗਲੁ ਜੰਗਲੁ ਕਿਆ ਭਵਹਿ; ਵਣਿ ਕੰਡਾ ਮੋੜੇਹਿ ਵਸੀ ਰਬੁ ਹਿਆਲੀਐ; ਜੰਗਲੁ ਕਿਆ ਢੂਢੇਹਿ  ?’’ (1378)

ਨੰਦ ਸਿੰਘ – ਚੁੱਪ

ਨਾਨਕ ਜੀ – ਨੰਦ ਸਿਆਂ ਕਿਰਤ ਕਰਦਾ ਹੈਂ ?

ਨੰਦ ਸਿੰਘ – ਨਹੀਂ ਜੀ, ਮੇਰਾ ਸਾਰਾ ਵਕਤ ਭਗਤੀ ਕਰਨ ਵਿੱਚ ਹੀ ਨਿਕਲ ਜਾਂਦਾ ਹੈ; ਕਿਰਤ ਕਰਨ ਦਾ ਸਮਾਂ ਨਹੀਂ ਬਚਦਾ।

ਨਾਨਕ ਜੀ – ਪਰ ਨੰਦ ਸਿਆਂ ਮੈਂ ਤੇ ਕਿਹਾ ਸੀ; ਕਿਰਤ ਕਰਦਿਆਂ ਵੀ ਰੱਬ ਦਾ ਨਾਮ ਲਿਆ ਜਾ ਸਕਦਾ ਹੈ – ‘‘ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ’’ (1376)

ਨੰਦ ਸਿੰਘ – ਚੁੱਪ

ਨਾਨਕ ਜੀ – ਨੰਦ ਸਿਆਂ ਤੇਰਾ ਘਰ ਪਰਵਾਰ ਬੱਚੇ ਕਿੱਥੇ ਹਨ ?

ਨੰਦ ਸਿੰਘ – ਜੀ  ! ਮੈਂ ਜਤੀ ਹਾਂ, ਬਾਲ ਬ੍ਰਹਮਚਾਰੀ ਹਾਂ, ਰੱਬ ਦੀ ਪ੍ਰਾਪਤੀ ਵਾਸਤੇ ਮੈਂ ਗ੍ਰਹਿਸਤ ਨਹੀਂ ਅਪਣਾਇਆ।

ਨਾਨਕ ਜੀ – ਪਰ ਨੰਦ ਸਿਆਂ  ! ਮੈਂ ਤੇ ਕਹਿ ਕੇ ਗਿਆ ਸਾਂ, ‘‘ਧਰਮੀ ਧਰਮੁ ਕਰਹਿ, ਗਾਵਾਵਹਿ; ਮੰਗਹਿ ਮੋਖ ਦੁਆਰੁ ਜਤੀ ਸਦਾਵਹਿ, ਜੁਗਤਿ ਜਾਣਹਿ; ਛਡਿ ਬਹਹਿ ਘਰ ਬਾਰੁ (469), ਬਿੰਦੁ ਰਾਖਿ, ਜੌ ਤਰੀਐ ਭਾਈ ਖੁਸਰੈ, ਕਿਉ ਪਰਮ ਗਤਿ ਪਾਈ  ?’’ (324) ਰੱਬ ਦੀ ਪ੍ਰਾਪਤੀ ਵਾਸਤੇ ਪਰਵਾਰ ਛਡ ਕੇ ਬ੍ਰਹਮਚਾਰੀ ਹੋਣ ਦੀ ਲੋੜ ਨਹੀਂ ਹੈ।

ਨੰਦ ਸਿੰਘ – ਚੁੱਪ, ਰਹਿਣ ਤੋਂ ਬਾਅਦ, ਨਾਨਕ ਜੀ  ! ਅਸੀਂ ਸੰਪਟ ਪਾਠਾਂ ਦੀਆਂ ਲੜੀਆਂ ਚਲਾਈਆਂ, ਇਕੋਤਰੀਆਂ ਕੀਤੀਆਂ। ਕੀ ਇਸ ਨਾਲ ਵੀ ਰੱਬ ਦੀ ਪ੍ਰਾਪਤੀ ਨਹੀਂ ਹੋਵੇਗੀ ?

ਨਾਨਕ ਜੀ – ਨਹੀਂ, ਨੰਦ ਸਿਆਂ ਮੈਂ ਸਮਝਾਇਆ ਸੀ – ‘‘ਪੜਿ ਪੜਿ ਗਡੀ ਲਦੀਅਹਿ; ਪੜਿ ਪੜਿ ਭਰੀਅਹਿ ਸਾਥ ਪੜਿ ਪੜਿ ਬੇੜੀ ਪਾਈਐ; ਪੜਿ ਪੜਿ ਗਡੀਅਹਿ ਖਾਤ ਪੜੀਅਹਿ ਜੇਤੇ ਬਰਸ ਬਰਸ; ਪੜੀਅਹਿ ਜੇਤੇ ਮਾਸ ਪੜੀਐ ਜੇਤੀ ਆਰਜਾ; ਪੜੀਅਹਿ ਜੇਤੇ ਸਾਸ ਨਾਨਕ  ! ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ ’’ (467)

ਨਾਨਕ ਜੀ – ਨੰਦ ਸਿਆਂ  ! ਲੱਗਦਾ ਹੈ; ਤੂੰ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਤੇ ਵਿਚਾਰਿਆ ਨਹੀਂ।

ਨੰਦ ਸਿੰਘ – ਚੁੱਪ।

ਨਾਨਕ ਜੀ – ਮਰਦਾਨੇ ਨੂੰ, ਚੱਲ ਮਰਦਾਨਿਆਂ ਆਪਣੀ ਵਾਟਾਂ ਅਜੇ ਬਹੁਤ ਲੰਮੀਆਂ ਹਨ, ਕਹਿ ਕੇ ਅੱਗੇ ਚਾਲੇ ਪਾ ਦਿੰਦੇ ਹਨ।

ਨੰਦ ਸਿੰਘ – ਸੋਚਦਾ ਹੈ ਅਤੇ ਆਪਣੇ ਆਪ ਨਾਲ ਗੱਲ ਕਰਦਾ ਹੈ; ਇਹ ਬਾਬਾ ਨਾਨਕ ਨਹੀਂ ਹੋ ਸਕਦਾ, ਇਹ ਕੋਈ ਭੇਖੀ ਹੈ। ਇਹ ਗੱਲ ਕਰਦਾ ਹੋਇਆ ਨੰਦ ਸਿੰਘ ਨਾਲ ਖੜ੍ਹੇ ਰੁੱਖ ਦੇ ਉੱਤੇ ਚੜ੍ਹ ਕੇ ਨਾਨਕ ਦਾ ਰਾਹ ਛੱਡ ਫਿਰ ਆਪਣੀ ਹੀ ਭਗਤੀ ਵਿੱਚ ਲੀਨ ਹੋਣ ਦਾ ਯਤਨ ਕਰਦਾ ਹੈ, ਪਰ ਉਸ ਦਾ ਮਨ ਟਿਕਦਾ ਨਹੀਂ। ਬਾਬਾ ਨੰਦ ਸਿੰਘ ਮਨ ’ਚ ਸੋਚਦਾ ਹੈ; ਅੱਜ ਮਨ ਟਿਕੇ ਵੀ ਕਿਵੇਂ ? ਮਰਦਾਨੇ ਮਿਰਾਸੀ ਦਾ ਪ੍ਰਛਾਵਾ ਜੋ ਪੈ ਗਿਆ।

ਪਿੱਛੋਂ ਬਾਬੇ ਨਾਨਕ ਦੀ ਗਰਜਵੀਂ ਅਵਾਜ਼ ਆਈ – ਉਹ ਬੰਦਿਆ  ! ਜੇ ਤੂੰ ਮੇਰੀ ਕੋਈ ਗੱਲ ਮੰਨਣੀ ਹੀ ਨਹੀਂ ਤਾਂ ਘੱਟੋ ਘੱਟ ਮੇਰਾ ਨਾਮ ਲੈ ਕੇ ਆਪਣਏ ਆਪ ਨੂੰ ਅਣਜਾਣ ਨਾ ਬਣ। ਮੈਂ ਬਥੇਰਾ ਸਮਝਾਇਆ ਸੀ ਕਿ ਰੱਬ ਦੀ ਬਖ਼ਸ਼ਸ਼ ਤਾਂ ਉੱਥੇ ਹੈ, ਜਿਥੇ ਰੱਬ ਦੇ ਗਰੀਬ ਬੰਦਿਆਂ ਦੀ ਸੰਭਾਲ ਹੁੰਦੀ ਹੈ, ਪਰ ਤੁਸੀਂ ਇਨ੍ਹਾਂ ਦਾ ਪ੍ਰਛਾਵਾਂ ਪੈਣ ਤੋਂ ਹੀ ਡਰੀ ਜਾਂਦੇ ਹੋ। ਇਕੋਤਰੀਆਂ ਕਰਦਿਆਂ ਤੁਹਾਨੂੰ ਕਦੀ ਮੇਰੇ ਇਹ ਬੋਲ ਸੁਣਾਈ ਨਾ ਦਿੱਤੇ – ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ’’ (15) ਜਿਹੜੇ ਇਹ ਵਚਨ ਨਾ ਸਮਝੇ ਉਨ੍ਹਾਂ ਲਈ ਹੀ ਤਾਂ ਆਖਿਆ ਸੀ- ‘‘ਜਾਤਿ ਕਾ ਗਰਬੁ ਕਰਿ ਮੂਰਖ ਗਵਾਰਾ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ 1 ਰਹਾਉ ’’ (1128)

ਨੋਟ : ਇਸ ਵਾਰਤਾਲਾਪ ਰਾਹੀਂ ਸਵਰਗੀ ਬਾਬਾ ਨੰਦ ਸਿੰਘ ਜੀ ਦੀ ਜੀਵਨ ਯਾਤਰਾ ’ਤੇ ਸੰਦੇਹ ਜਤਾਉਣਾ ਨਹੀਂ ਬਲਕਿ ਉਨ੍ਹਾਂ ਦੇ ਨਾਂ ’ਤੇ ਕੀਤੇ ਜਾਂਦੇ ਗੁਰਮਤਿ ਵਿਰੁਧ ਕਰਾਜਾਂ ਤੋਂ ਸੰਗਤਾਂ ਨੂੰ ਜਾਗਰੂਕ ਕਰਨਾ ਹੈ, ਜੀ।

Most Viewed Posts