27.8 C
Jalandhar
Saturday, April 4, 2026
spot_img
Home Blog Page 7

ਸਰਲ ਗੁਰਬਾਣੀ ਵਿਆਕਰਣ – ਭਾਗ 7

0

ਸਰਲ ਗੁਰਬਾਣੀ ਵਿਆਕਰਣਭਾਗ 7

(ਲੁਪਤ ਸਬੰਧਕ)

ਗਿਆਨੀ ਅੰਮ੍ਰਿਤਪਾਲ ਸਿੰਘ (ਲੁਧਿਆਣਾ)

‘ਗਿਆਨੀ ਜੀ, ਮਿਹਰ ਕਹਿ ਰਿਹਾ ਸੀ ਕਿ ਤੁਹਾਡਾ ਵਾਲੇਟ ਚੋਰੀ ਹੋ ਗਿਆ ਹੈ ?’ ਬੀਬੀ ਪਰਮਜੀਤ ਕੌਰ ਨੇ ਪੁੱਛਿਆ।

‘ਹਾਂ ਜੀ ਭੈਣ ਜੀ !  ਸ਼ਾਇਦ ਚੋਰ ਨੂੰ ਮਾਇਆ ਦੀ ਮੇਰੇ ਨਾਲੋਂ ਜ਼ਿਆਦਾ ਲੋੜ ਸੀ’ ਮੈਂ ਹੱਸਦਿਆਂ ਜਵਾਬ ਦਿਤਾ।

‘ਗਿਆਨੀ ਜੀ, ਮੰਮੀ ਜੀ ਨੇ ਵੀ ਇਕ ਵਾਰੀ ਆਪਣੀ ਘੜੀ ਤੇ ਇਕ ਵਾਰ ਆਪਣਾ ਫੋਨ ਚੋਰੀ ਕਰਾ ਲਿਆ ਸੀ।’ ਸੁਖਦੀਪ ਸਿੰਘ ਨੇ ਮੂੰਹ ’ਤੇ ਹੱਥ ਰੱਖ ਕੇ ਮੁਸਕੜੀਂ ਹੱਸਦਿਆਂ ਕਿਹਾ।

‘ਪੁੱਤਰ, ਇਕ ਵਿਦਵਾਨ ਦਾ ਕਹਿਣਾ ਹੈ ਕਿ ਦੁਨੀਆਂ ’ਤੇ ਐਸਾ ਕੋਈ ਇਨਸਾਨ ਨਹੀਂ ਹੈ, ਜਿਸ ਦੀ ਕਦੀ ਚੋਰੀ ਨਾ ਹੋਈ ਹੋਵੇ ਤੇ ਜਿਸ ਨੇ ਕਦੀ ਚੋਰੀ ਨਾ ਕੀਤੀ ਹੋਵੇ। ਵੈਸੇ ਵੀ ਚੋਰੀ ਹਮੇਸ਼ਾਂ ਉਹਨਾਂ ਚੀਜ਼ਾਂ ਦੀ ਹੁੰਦੀ ਹੈ, ਜਿਹਨਾਂ ਤੋਂ ਬਿਨਾਂ ਜ਼ਿੰਦਗੀ ਚਲ ਸਕਦੀ ਹੈ। ਅਤਿ ਜ਼ਰੂਰੀ ਚੀਜ਼ਾਂ ਦੀ ਕਦੀ ਚੋਰੀ ਨਹੀਂ ਹੁੰਦੀ। ਤੂੰ ਐਵੇਂ ਨਾ ਮੇਰਾ ਮਜ਼ਾਕ ਨਾ ਉਡਾਇਆ ਕਰ।’ ਮਾਂ ਪਰਮਜੀਤ ਕੌਰ ਨੇ ਸੁਖਦੀਪ ਸਿੰਘ ਨੂੰ ਹੱਥ ਮਾਰਦਿਆਂ ਹੱਸ ਕੇ ਕਿਹਾ।

‘ਮੈਂ ਕਦੋਂ ਤੁਹਾਡਾ ਜੋਕ ਫਲਾਈ ਕੀਤਾ ? ਮੈਂ ਤਾਂ ਤੁਹਾਡੀ ਚੋਰੀ ਹੋਈ ਘੜੀ ਤੇ ਫੋਨ ਦਾ ਅਜੇ ਤੱਕ ਅਫਸੋਸ ਕਰ ਰਿਹਾ ਹਾਂ।’ ਸੁਖਦੀਪ ਸਿੰਘ ਨੇ ਫਿਰ ਮੁਸਕੜੀਂ ਹੱਸਦਿਆਂ ਕਿਹਾ।

‘ਪਰ ਪੁੱਤਰ ਜੀ, ਦੋਵੇਂ ਵਾਰ ਚੋਰੀ ਨੇ ਮੈਨੂੰ ਗੁਰਬਾਣੀ ਵਿਆਕਰਣ ਦੇ ਨਵੇਂ ਨੇਮ ਸਿਖਾ ਦਿੱਤੇ ਸੀ।’ ਮਾਂ ਨੇ ਬੜੇ ਰਹੱਸਮਈ ਅੰਦਾਜ਼ ਵਿਚ ਕਿਹਾ।

‘ਉਹ ਕਿਵੇਂ ?’ ਦੋਵੇਂ ਬੱਚੇ ਹੈਰਾਨੀ ਨਾਲ ਇਕੱਠੇ ਬੋਲੇ।

‘ਇਕ ਵਾਰ ਜਦੋਂ ਮੈਂ ਆਪਣੇ ਆਫਿਸ ਵਿਚ ਸਾਂ ਤਾਂ ਇਕ ਨਵੇਂ ਕਲਾਇੰਟ ਨੇ ਮੇਰੇ ਤੋਂ ਪੀਣ ਲਈ ਪਾਣੀ ਮੰਗਿਆ। ਮੈਂ ਅੰਦਰੋਂ ਪਾਣੀ ਲਿਆ ਕੇ ਉਹਨੂੰ ਪਿਲਾਇਆ। ਉਹਦੇ ਆਉਣ ਤੋਂ ਇਕ ਮਿੰਟ ਪਹਿਲਾਂ ਹੀ ਮੈਂ ਆਪਣੀ ਘੜੀ ਉਤਾਰ ਕੇ ਟੇਬਲ ’ਤੇ ਰੱਖੀ ਸੀ ਤੇ ਉਹਦੇ ਜਾਣ ਤੋਂ ਬਾਅਦ ਮੇਰੀ ਘੜੀ ਗਾਇਬ ਸੀ। ਹੁਣ ਮੈਨੂੰ ਉਸ ਚੋਰ ਦੀ ਪਛਾਣ ਤਾਂ ਸੀ, ਪਰ ਕੋਈ ਸਬੂਤ ਨਾ ਹੋਣ ਕਰਕੇ ਮੈਂ ਉਹਨੂੰ ਕੁਝ ਕਹਿ ਨਾ ਸਕੀ। ਕਈ ਵਾਰ ਸਾਨੂੰ ਕਿਸੇ ਚੋਰ ਦਾ ਪੱਕਾ ਪਤਾ ਹੁੰਦਾ ਹੈ, ਪਰ ਕਿਸੇ ਕਾਰਨ ਅਸੀਂ ਕੁੱਝ ਕਰ ਨਹੀਂ ਸਕਦੇ।’ ਮਾਂ ਨੇ ਚੋਰੀ ਦੀ ਘਟਨਾ ਸੁਣਾਈ।

‘ਪਰ ਇਸ ਦਾ ਗੁਰਬਾਣੀ ਵਿਆਕਰਣ ਨਾਲ ਕੀ ਸਬੰਧ ?’ ਮਿਹਰ ਸਿੰਘ ਨੇ ਹੈਰਾਨੀ ਨਾਲ ਪੁੱਛਿਆ।

‘ਬੇਟੇ, ਜਿਵੇਂ ਤੂੰ ਸਬੰਧਕ ਨੂੰ ਚੋਰ ਕਹਿੰਦਾ ਹੈਂ, ਉਸੇ ਤਰ੍ਹਾਂ ਮੈਂ ਵੀ ਸਿੱਖ ਲਿਆ ਸੀ ਕਿ ਗੁਰਬਾਣੀ ਵਿਚ ਕੁੱਝ ਸਬੰਧਕ ਤਾਂ ਪਰਤੱਖ ਨਜ਼ਰ ਆਉਂਦੇ ਨੇ, ਜੋ ਪੁਲਿੰਗ ਇਕ ਵਚਨ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰ ਲੈਂਦੇ ਨੇ, ਜਿਵੇਂ :

ਪ੍ਰਭ ਪਾਸਿ ਜਨ ਕੀ ਅਰਦਾਸਿ

ਇਸ ਤੁੱਕ ਵਿਚ ‘ਪ੍ਰਭ’ ਤਾਂ ਪੁਲਿੰਗ ਇਕ ਵਚਨ ਸ਼ਬਦ ਹੈ, ਪਰ ‘ਪਾਸਿ’ ਸਬੰਧਕ ਨੇ ਪ੍ਰਭ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰ ਲਈ। ਉਸ ਤੋਂ ਅੱਗੇ ‘ਜਨ’ ਦੇ ਆਖਰੀ ਅੱਖਰ ਦੀ ਔਂਕੜ ‘ਕੀ’ ਸਬੰਧਕ ਨੇ ਚੋਰੀ ਕਰ ਲਈ। ਹੁਣ ਇਹ ‘ਪਾਸਿ’ ਤੇ ‘ਕੀ’ ਸਬੰਧਕ ਪਰਗਟ ਹਨ ਭਾਵ ਸਾਨੂੰ ਗੁਰਬਾਣੀ ਦਾ ਪਾਠ ਕਰਦਿਆਂ ਨਜ਼ਰ ਆ ਜਾਂਦੇ ਹਨ। ਪਰਗਟ ਸਬੰਧਕ ਉਹ ਹੁੰਦਾ ਹੈ, ਜੋ ਸਾਨੂੰ ਪਰਤੱਖ ਨਜ਼ਰ ਆਵੇ ਕਿ ਇਹ ਸ਼ਬਦ ਸਬੰਧਕ ਹੈ।’ ਬੀਬੀ ਪਰਮਜੀਤ ਕੌਰ ਨੇ ਬਹੁਤ ਸਨੇਹ ਨਾਲ ਆਪਣੇ ਪਿਆਰੇ ਬੱਚਿਆਂ ਨੂੰ ਸਮਝਾਇਆ।

‘ਇਸ ਬਾਰੇ ਤਾਂ ਅਸੀਂ ਗਿਆਨੀ ਜੀ ਦੇ ਆਉਣ ਤੋਂ ਪਹਿਲਾਂ ਵਿਚਾਰ ਕਰ ਹੀ ਰਹੇ ਸੀ। (ਦੇਖੋ: ਸਰਲ ਗੁਰਬਾਣੀ ਵਿਆਕਰਣ – ਭਾਗ 6) ਜਿੱਥੇ ਵੀ ਦਾ, ਦੇ, ਦੀ, ਨੋ, ਨਉ, ਕਾ, ਕੇ, ਕੀ, ਕਉ, ਪਾਸਿ, ਪਾਰਿ, ਹੇਠਿ, ਊਪਰਿ, ਨਾਲਿ, ਵਿਚਿ, ਵਲਿ, ਮਹਿ, ਮਾਹਿ, ਨਿਕਟਿ, ਮੰਝਾਰਿ, ਬਰਾਬਰਿ, ਸਾਥਿ, ਤੁਲਿ, ਸਿਰਿ, ਭੀਤਰਿ, ਬੀਚਿ, ਅੰਤਿ, ਸੰਗਿ, ਅੰਦਰਿ, ਬਾਹਰਿ, ਨਜੀਕਿ ਆਦਿਕ ਸਬੰਧਕ ਆਉਂਦੇ ਹਨ, ਉਹਨਾਂ ਤੋਂ ਪਹਿਲਾਂ ਆਉਣ ਵਾਲੇ ਪੁਲਿੰਗ ਇਕ ਵਚਨ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਲੱਥ ਜਾਂਦੀ ਹੈ। ਇਹ ਪਰਗਟ ਸਬੰਧਕ ਉਹ ਚੋਰ ਹਨ, ਜਿਹਨਾਂ ਦੀ ਸਾਨੂੰ ਪਛਾਣ ਹੈ ਕਿ ਇਹਨਾਂ ਨੇ ਹੀ ਪੁਲਿੰਗ ਇਕ ਵਚਨ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕੀਤੀ ਹੈ। ਕੋਈ ਨਵੀਂ ਗੱਲ ਵੀ ਦੱਸੋ ਨਾ ?’ ਸੁਖਦੀਪ ਸਿੰਘ ਨੇ ਕਾਹਲਾ ਪੈਂਦਿਆਂ ਕਿਹਾ।

‘ਪੁੱਤਰ ਜੀ, ਉਹੀ ਦੱਸ ਰਹੀ ਹਾਂ। ਮੇਰੇ ਫੋਨ ਦੀ ਚੋਰੀ ਨੇ ਮੈਨੂੰ ਸਬੰਧਕਾਂ ਦਾ ਦੂਜਾ ਨੇਮ ਵੀ ਸਿਖਾ ਦਿੱਤਾ।’ ਮਾਂ ਨੇ ਸਹਿਜ ਨਾਲ ਕਿਹਾ।

‘ਉਹ ਕਿਹੜਾ ਨੇਮ ਮੰਮੀ ਜੀ ? ਜਲਦੀ-ਜਲਦੀ ਦੱਸੋ ਨਾ ? ਮੈਂ ਵੀ ਸਬੰਧਕਾਂ ਦਾ ਦੂਜਾ ਨੇਮ ਸਿੱਖਣਾ ਹੈ।’ ਮਿਹਰ ਸਿੰਘ ਨੇ ਮਾਸੂਮ ਜਿਹਾ ਮੂੰਹ ਬਣਾਉਂਦਿਆਂ ਕਿਹਾ।

‘ਜਦੋਂ ਮੈਂ ਸ਼ੌਪਿੰਗ ਕਰਨ ਗਈ ਤਾਂ ਮੈਨੂੰ ਬਹੁਤ ਸਾਰੀਆਂ ਦੁਕਾਨਾਂ ’ਤੇ ਜਾਣਾ ਪਿਆ। ਮੇਰਾ ਫੋਨ ਮੇਰੇ ਪਰਸ ਵਿਚ ਸੀ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਕਿਸੇ ਨੇ ਮੇਰਾ ਪਰਸ ਖੋਲ ਕੇ ਫੋਨ ਚੋਰੀ ਕਰ ਲਿਆ। ਮੈਂ ਇਸ ਚੋਰੀ ਤੋਂ ਸਬੰਧਕਾਂ ਦਾ ਦੂਜਾ ਨੇਮ ਸਿੱਖ ਲਿਆ।’ ਮਾਂ ਨੇ ਗੱਲ ਜਾਰੀ ਰੱਖੀ।

‘ਫਿਰ ਤਾਂ ਜਦੋਂ ਮੇਰੀ ਕਿਸੇ ਚੀਜ਼ ਦੀ ਚੋਰੀ ਹੋਏਗੀ ਤਾਂ ਮੈਂ ਵੀ ਕੋਈ ਗੁਰਬਾਣੀ ਵਿਆਕਰਣ ਦਾ ਨੇਮ ਸਿੱਖ ਲਿਆ ਕਰਾਂਗਾ, ਪਰ ਤੁਸੀਂ ਕਿਹੜਾ ਨੇਮ ਸਿੱਖਿਆ ਸੀ ਮੰਮੀ ਜੀ ?’ ਮਿਹਰ ਸਿੰਘ ਨੇ ਸ਼ਰਾਰਤੀ ਅੰਦਾਜ਼ ਵਿਚ ਮੁਸਕਰਾਉਂਦਿਆਂ ਕਿਹਾ।

‘ਹੁਣ ਮੈਨੂੰ ਚੋਰ ਦੀ ਪਛਾਣ ਤਾਂ ਨਹੀਂ ਸੀ, ਪਰ ਇਹ ਗੱਲ ਪੱਕੀ ਸੀ ਕਿ ਮੇਰੇ ਫੋਨ ਦੀ ਚੋਰੀ ਹੋਈ ਹੈ। ਇਸੇ ਤਰ੍ਹਾਂ ਕਈ ਵਾਰ ਸਬੰਧਕ ਚੋਰ ਦਾ ਪਤਾ ਨਹੀਂ ਲਗਦਾ ਪਰ ਇਹ ਗੱਲ ਪੱਕੀ ਹੁੰਦੀ ਹੈ ਕਿ ਪੁਲਿੰਗ ਇਕ ਵਚਨ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਹੋਈ ਹੁੰਦੀ ਹੈ, ਜਿਵੇਂ :

ਜਿਸੁ ਜਨ ਕਉ ਪ੍ਰਭ ਦਰਸ ਪਿਆਸਾ

ਇਸ ਤੁੱਕ ਵਿਚ ‘ਪ੍ਰਭ’ ਅਤੇ ‘ਦਰਸ’ ਦੋਵੇਂ ਪੁਲਿੰਗ ਇਕ ਵਚਨ ਨਾਉਂ ਹਨ। ਪ੍ਰਭ ਵੀ ਇਕ ਹੈ ਤੇ ਪ੍ਰਭ ਦਾ ‘ਦਰਸ਼ਨ’ ਵੀ ਇਕ ਹੈ। ਪ੍ਰਭ ਅਤੇ ਦਰਸ ਦੇ ਆਖਰੀ ਅੱਖਰ ਨੂੰ ਔਂਕੜ ਆਉਣੀ ਚਾਹੀਦੀ ਸੀ। ਜੇ ਔਂਕੜ ਚੋਰੀ ਹੋਈ ਹੈ ਤਾਂ ਔਂਕੜ ਚੋਰੀ ਕਰਨ ਵਾਲਾ ਕੋਈ ਸਬੰਧਕ ਨਜ਼ਰ ਆਉਣਾ ਚਾਹੀਦਾ ਸੀ। ਅਸਲ ਵਿਚ ਜਿਵੇਂ ਚੋਰ ਮੇਰਾ ਫੋਨ ਚੋਰੀ ਕਰਕੇ ਲੈ ਗਿਆ ਪਰ ਮੈਂ ਉਸ ਨੂੰ ਦੇਖ ਨਹੀਂ ਸਕੀ। ਇਸੇ ਤਰ੍ਹਾਂ ਇਹ ਗੱਲ ਤਾਂ ਪੱਕੀ ਹੈ ਕਿ ਪੁਲਿੰਗ ਇਕ ਵਚਨ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਹੋਈ ਹੈ ਪਰ ਇਸ ਤੁੱਕ ਵਿਚ ਵੀ ਸਬੰਧਕ ਚੋਰ ਨਜ਼ਰ ਨਹੀਂ ਆ ਰਿਹਾ। ਇਸ ਦਾ ਮਤਲਬ ਇਹ ਹੈ ਕਿ ਕੋਈ ਲੁਕਿਆ ਹੋਇਆ ਸਬੰਧਕ ਹੈ, ਜਿਹੜਾ ਪਰਗਟ ਤੌਰ ’ਤੇ ਸਾਨੂੰ ਨਜ਼ਰ ਨਹੀਂ ਆ ਰਿਹਾ। ਇਸ ਨੂੰ ਗੁਰਬਾਣੀ ਵਿਆਕਰਣ ਦੀ ਬੋਲੀ ਵਿਚ ‘ਲੁਪਤ ਸਬੰਧਕ’ ਕਿਹਾ ਜਾਂਦਾ ਹੈ।’ ਮਾਂ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝਾ ਰਹੀ ਸੀ ਤੇ ਮੈਂ ਵੀ ਬੜੀ ਉਤਸੁਕਤਾ ਨਾਲ ਸੁਣ ਰਿਹਾ ਸਾਂ।

‘ਪਰ ਮੰਮੀ ਜੀ, ਲੁਪਤ ਸਬੰਧਕ ਕਿਹੜਾ ਹੈ, ਇਸ ਦਾ ਸਾਨੂੰ ਕਿਵੇਂ ਪਤਾ ਲੱਗੇਗਾ ?’ ਮਿਹਰ ਸਿੰਘ ਨੇ, ਲੁਪਤ ਸਬੰਧਕ ਦੇ ਨਾ ਮਿਲਣ ਦਾ ਤੈਅ ਹੋਣਾ ਮੰਨ ਕੇ ਵੀ, ਮਨ ਵਿਚ ਛੋਟੀ ਜਿਹੀ ਆਸ ਲੈ ਕੇ ਪੁੱਛਿਆ।

‘ਓ ਮੇਰੇ ਭੋਲੇ ਪੁੱਤਰ ਜੀ ! ਜਦੋਂ ਮੇਰਾ ਫੋਨ ਚੋਰੀ ਹੋਇਆ ਸੀ ਤਾਂ ਮੈਂ ਵੀ ਅੰਦਾਜ਼ੇ ਲਾਏ ਸਨ ਕਿ ਕਿਹੜੀ-ਕਿਹੜੀ ਦੁਕਾਨ ਤੇ ਕਿਹੜਾ-ਕਿਹੜਾ ਬੰਦਾ ਜਾਂ ਬੀਬੀ ਮੇਰੇ ਪਰਸ ਦੇ ਨੇੜੇ ਆਏ ਸਨ। ਕਿਸ ਬੰਦੇ ਦੀ ਮੇਰੇ ਪਰਸ ’ਤੇ ਨਜ਼ਰ ਸੀ ਜਾਂ ਕਿਹੜੀ ਬੀਬੀ ਬਿਲਕੁਲ ਮੇਰੇ ਪਰਸ ਦੇ ਨੇੜੇ ਬੈਠੀ ਹੋਈ ਸੀ। ਇਸੇ ਤਰ੍ਹਾਂ ਅਸੀਂ ਗੁਰਬਾਣੀ ਦੀ ਤੁੱਕ ਪੜਦਿਆਂ ਇਹ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਸ ਤੁੱਕ ਵਿਚ ਕਿਹੜਾ ਲੁਕਿਆ ਹੋਇਆ ਸਬੰਧਕ ਔਂਕੜ ਦੀ ਚੋਰੀ ਕਰ ਸਕਦਾ ਹੈ। ਜਿਵੇਂ ‘ਪ੍ਰਭ’ ਤੇ ‘ਦਰਸ’ ਦਾ ਸਬੰਧ ਬਣਾਉਣ ਵਾਲਾ ਕਿਹੜਾ ਸਬੰਧਕ ਹੋ ਸਕਦਾ ਹੈ ਅਤੇ ‘ਦਰਸ’ ਤੇ ‘ਪਿਆਸਾ’ ਦਾ ਸਬੰਧ ਬਣਾਉਣ ਵਾਲਾ ਕਿਹੜਾ ਸਬੰਧਕ ਹੋ ਸਕਦਾ ਹੈ ?’ ਮਾਂ ਬੜੇ ਪਿਆਰ ਨਾਲ ਸਮਝਾ ਰਹੀ ਸੀ।

‘ਇਹ ਤਾਂ ਬੜਾ ਸੌਖਾ ਹੈ: ਪ੍ਰਭ ਦਾ ਦਰਸ ਤੇ ਦਰਸ ਦਾ ਪਿਆਸਾ। ‘ਦਾ’ ਲੁਪਤ ਸਬੰਧਕ ਹੋਇਆ ਫਿਰ ਤਾਂ ? ਪ੍ਰਭ ਦੇ ਦਰਸ ਦਾ ਪਿਆਸਾ। ਓਹ ਮੰਮੀ ਜੀ, ਮੈਨੂੰ ਪਤਾ ਲੱਗ ਗਿਆ। ਲੁਪਤ ਸਬੰਧਕ ‘ਦੇ’ ਨੇ ਪ੍ਰਭ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰ ਲਈ ਤੇ ਲੁਪਤ ਸਬੰਧਕ ‘ਦਾ’ ਨੇ ‘ਦਰਸ’ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰ ਲਈ ਹੈ।’ ਇੰਨੀ ਗੱਲ ਕਹਿੰਦਿਆਂ ਹੀ ਮਿਹਰ ਸਿੰਘ ਦੀਆਂ ਅੱਖਾਂ ਵਿਚ ਖੁਸ਼ੀ ਨਾਲ ਚਮਕ ਆ ਗਈ।

‘ਵਾਹ ਮੇਰੇ ਹੁਸ਼ਿਆਰ ਪੁੱਤਰ ! ਮੈਂ ਤੇਰੇ ਤੋਂ ਵਾਰੀ ਜਾਵਾਂ। ਬਿਲਕੁਲ ਠੀਕ ਜਵਾਬ ਦਿੱਤਾ ਮੇਰੇ ਸੋਹਣੇ ਬੱਚੇ ਨੇ।’ ਮਾਂ ਨੇ ਮਮਤਾਮਈ ਹਿਰਦੇ ਨਾਲ ਮਿਹਰ ਸਿੰਘ ਨੂੰ ਗਲਵਕੱੜੀ ਵਿਚ ਲੈਂਦਿਆਂ ਕਿਹਾ।

‘ਇਸ ਦਾ ਮਤਲਬ ਇਹ ਕਿ ਅਰਥਾਂ ਵਿਚ ਇਸ ਤੁੱਕ ਨੂੰ ਅਸੀਂ ਇਸ ਤਰ੍ਹਾਂ ਕਹਿ ਸਕਦੇ ਹਾਂ: ਜਿਸੁ ਜਨ ਕਉ ਪ੍ਰਭ (ਦੇ) ਦਰਸ (ਦੀ) ਪਿਆਸਾ (ਹੈ)।’ ਸੁਖਦੀਪ ਸਿੰਘ ਨੇ ਅਰਥ ਸਪਸ਼ਟ ਕੀਤਾ।

‘ਬਿਲਕੁਲ ਠੀਕ ਅਰਥ ਕੀਤੇ ਹਨ ਪੁੱਤਰ ਜੀ। ਜੇ ਲੁਪਤ ਸਬੰਧਕ ਨਜ਼ਰ ਨਾ ਆਏ ਤਾਂ ਪੁਲਿੰਗ ਇਕ ਵਚਨ ਨਾਉਂ ਦਾ ਉਸ ਤੋਂ ਅਗਲੇ ਸ਼ਬਦ ਨਾਲ ਸਬੰਧ ਬਣਾ ਕੇ ਦੇਖ ਲੈਣਾ ਚਾਹੀਦਾ ਹੈ। ਇਸ ਨਾਲ ਲੁਪਤ ਸਬੰਧਕ ਦੀ ਪਛਾਣ ਆ ਜਾਂਦੀ ਹੈ।’ ਮਾਂ ਨੇ ਅਰਥਾਂ ਵਿਚ ਸਹਿਮਤੀ ਦੇ ਦਿੱਤੀ।

‘ਮੰਗਲਾਚਰਣ ਵਿਚੋਂ ਮੇਰੇ ਕੋਲ ਵੀ ਇਕ ਉਦਾਹਰਣ ਹੈ : ਗੁਰ ਪ੍ਰਸਾਦਿ। ਦੱਸੋ ਕਿਸ ਲੁਪਤ ਸਬੰਧਕ ਨੇ ‘ਗੁਰ’ ਦੇ ਆਖਰੀ ਅੱਖਰ ਦੀ ਔਂਕੜ ਖਤਮ ਕੀਤੀ ਹੈ ?’ ਮਿਹਰ ਸਿੰਘ ਨੇ ਵੀ ਇਕ ਸਵਾਲ ਕਰ ਦਿੱਤਾ।

‘ਵਾਹ ਮੇਰੇ ਪੁੱਤਰਾ ! ਤੂੰ ਤਾਂ ਬੜਾ ਔਖਾ ਸਵਾਲ ਪਾ ਦਿੱਤਾ ਈ। ਮੈਂ ਬੁੱਝਣ ਦੀ ਕੋਸ਼ਿਸ਼ ਕਰਦੀ ਹਾਂ। ‘ਗੁਰ ਪ੍ਰਸਾਦਿ’ ਵਿਚ ਲੁਪਤ ਸਬੰਧਕ ਆਏਗਾ ‘ਦਾ’। ਗੁਰ (ਦਾ) ਪ੍ਰਸਾਦਿ, ਭਾਵ ਗੁਰ (ਦੀ) ਕਿਰਪਾ।’ ਮਾਂ ਨੇ ਜਾਣ-ਬੁੱਝ ਕੇ ਇਸ ਤਰ੍ਹਾਂ ਜਵਾਬ ਦਿੱਤਾ ਜਿਵੇਂ ਮਿਹਰ ਸਿੰਘ ਨੇ ਬਹੁਤ ਔਖਾ ਸਵਾਲ ਪਾ ਦਿੱਤਾ ਹੋਵੇ।

‘ਵਾਹ ! ਮੰਮੀ ਜੀ ! ਤੁਹਾਨੂੰ ਤਾਂ ਸਾਰੀ ਗੁਰਬਾਣੀ ਵਿਆਕਰਣ ਆਉਂਦੀਐ ?’ ਮਿਹਰ ਸਿੰਘ ਨੇ ਹੈਰਾਨ ਹੋ ਕੇ ਕਿਹਾ।

‘ਬੱਚਿਓ ! ਹੁਣ ਮੈਂ ਤੁਹਾਨੂੰ ਕੁੱਝ ਪ੍ਰਮਾਣ ਸੁਣਾਉਂਦੀ ਹਾਂ :

ਪ੍ਰਭ ਕਿਰਪਾ ਤੇ ਬੰਧਨ ਛੁਟੈਰਾਮ ਰੰਗੁ ਕਦੇ ਉਤਰਿ ਜਾਇ

ਆਵੈ ਰਾਮ ਸਰਣਿ ਵਡਭਾਗੀਗੁਰ ਸਾਖੀ ਜੋਤਿ ਪਰਗਟੁ ਹੋਇ

ਗੁਰ ਪਰਸਾਦਿ ਕਰੇ ਬੀਚਾਰੁ

ਤੁਸੀਂ ਦੋਵੇਂ ਵੀਰੇ ਇਹਨਾਂ ਪ੍ਰਮਾਣਾਂ ਵਿਚੋਂ ਲੁਪਤ ਸਬੰਧਕ ਲੱਭ ਕੇ ਦੱਸੋ।’ ਮਾਂ ਨੇ ਇਮਤਿਹਾਨ ਪਾ ਦਿੱਤਾ।

‘ਪ੍ਰਭ (ਦੀ) ਕਿਰਪਾ, ਰਾਮ (ਦਾ) ਰੰਗੁ, ਰਾਮ (ਦੀ) ਸਰਣਿ, ਗੁਰੂ (ਦੀ) ਸਾਖੀ (ਭਾਵ: ਸਿੱਖਿਆ), ਗੁਰ (ਦਾ) ਪਰਸਾਦਿ’ ਦੋਵੇਂ ਵੀਰ ਇਕੱਠੇ ਹੀ ਬੋਲ ਪਏ।

‘ਕਮਾਲ ਐ ! ਤੁਸੀਂ ਦੋਵੇਂ ਤਾਂ ਬੜੇ ਹੁਸ਼ਿਆਰ ਬੱਚੇ ਹੋ। ਬੇਟੇ ਸੁਖਦੀਪ ਸਿੰਘ, ਜੇ ਪੁਲਿੰਗ ਇਕ ਵਚਨ ਨਾਉਂ ਦਾ ਅਗਲੇ ਸ਼ਬਦ ਨਾਲ ਸਬੰਧ ਨਾ ਬਣੇ ਜਾਂ ਫਿਰ ਪੁਲਿੰਗ ਇਕ ਵਚਨ ਨਾਉਂ ਤੋਂ ਅੱਗੇ ਕੋਈ ਸ਼ਬਦ ਹੀ ਨਾ ਹੋਵੇ, ਤਾਂ ਫਿਰ ਤੁਸੀਂ ਕੀ ਕਰੋਗੇ ? ਜਿਵੇਂ :

ਮਿਲੁ ਜਗਦੀਸ ਮਿਲਨ ਕੀ ਬਰੀਆ

ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ

ਇਹਨਾਂ ਦੋਵੇਂ ਪ੍ਰਮਾਣਾਂ ਵਿਚ ‘ਜਗਦੀਸ’ ਪੁਲਿੰਗ ਇਕ ਵਚਨ ਨਾਉਂ ਹੈ। ਇੱਥੇ ‘ਜਗਦੀਸ’ ਰੱਬ ਨੂੰ ਕਿਹਾ ਗਿਆ ਹੈ ਤੇ ਰੱਬ ਇਕ ਹੀ ਹੈ। ਜਗਦੀਸ ਪੁਲਿੰਗ ਇਕ ਵਚਨ ਤਾਂ ਹੈ ਪਰ ਇਸ ਦੇ ਆਖਰੀ ਅੱਖਰ ਸੱਸੇ ਨੂੰ ਔਂਕੜ ਨਹੀਂ ਆਈ। ਇਸ ਦਾ ਕਾਰਨ ਇਹ ਹੈ ਕਿ ਇਸ ਤੋਂ ਅੱਗੇ ਕੋਈ ਲੁਪਤ ਸਬੰਧਕ ਹੈ, ਜਿਸ ਨੇ ਜਗਦੀਸ ਦੇ ਆਖਰੀ ਅੱਖਰ ਦੀ ਔਂਕੜ ਖਤਮ ਕਰ ਦਿੱਤੀ ਹੈ। ਕੀ ਤੁਸੀਂ ਉਹ ਸਬੰਧਕ ਲੱਭ ਸਕਦੇ ਹੋ ?’ ਮੈਂ ਸੁਖਦੀਪ ਸਿੰਘ ਨੂੰ ਸਵਾਲ ਕੀਤਾ।

‘ਗਿਆਨੀ ਜੀ, ਸ਼ਾਇਦ ਜੇ ਪਹਿਲੀ ਤੁੱਕ ਵਿਚ ‘ਮਿਲੁ ਜਗਦੀਸ’ ਦਾ ਅਰਥ ‘ਮਿਲ ਜਗਦੀਸ ਨੂੰ’ ਬਣੇਗਾ ਤਾਂ ‘ਨੂੰ’ ਲੁਪਤ ਸਬੰਧਕ ਹੋਵੇਗਾ। ਦੂਜੀ ਤੁੱਕ ਵਿਚ ‘ਏਕੁ ਨਾਮੁ ਜਗਦੀਸ’ ਦਾ ਅਰਥ ‘ਇਕ ਨਾਮ ਜਗਦੀਸ ਦਾ’ ਬਣੇਗਾ ਤਾਂ ‘ਦਾ’ ਲੁਪਤ ਸਬੰਧਕ ਹੋਵੇਗਾ।’ ਸੁਖਦੀਪ ਸਿੰਘ ਨੇ ਸੌਖਿਆਂ ਹੀ ਜਵਾਬ ਦੇ ਦਿੱਤਾ।

‘ਸ਼ਾਬਾਸ਼ ! ਬਿਲਕੁਲ ਠੀਕ ਜਵਾਬ।’ ਮੈਂ ਪ੍ਰਸ਼ੰਸਾ ਕਰਦਿਆਂ ਕਿਹਾ।

‘ਮਿਹਰ, ਤੂੰ ਹੁਣ ਤੱਕ ਪੁਲਿੰਗ ਨਾਉਂ ਦੇ ਆਖਰੀ ਅੱਖਰ ਨੂੰ ਔਂਕੜ ਨਾ ਆਉਣ ਦੇ ਕਿੰਨੇ ਨੇਮ ਸਿੱਖ ਚੁੱਕਿਆ ਹੈਂ ?’ ਸੁਖਦੀਪ ਸਿੰਘ ਨੇ ਮਿਹਰ ਸਿੰਘ ਨੂੰ ਸਵਾਲ ਕੀਤਾ।

‘ਇਕ ਦੋ ਤਿੰਨ । ਤਿੰਨ ਨੇਮ ਸਿੱਖੇ ਸੀ ਵੀਰੇ।’ ਮਿਹਰ ਸਿੰਘ ਨੇ ਉਂਗਲਾਂ ’ਤੇ ਗਿਣਦਿਆਂ ਜਵਾਬ ਦਿੱਤਾ।

‘ਤਿੰਨਾਂ ’ਚੋਂ ਯਾਦ ਕਿੰਨੇ ਕੁ ਨੇ ?

‘ਇਕ ਪਹਿਲਾ ਤੇ ਆਖਰੀ ਦੋ ਛੱਡ ਕੇ, ਬਾਕੀ ਸਾਰੇ ਯਾਦ ਨੇ।’ ਮਿਹਰ ਸਿੰਘ ਨੇ ਬੁੱਲ੍ਹਾਂ ’ਤੇ ਸ਼ਰਾਰਤੀ ਮੁਸਕਰਾਹਟ ਬਿਖੇਰਦਿਆਂ ਕਿਹਾ ਤੇ ਸਾਰੇ ਹੱਸ ਪਏ।

‘ਫਿਰ ਬਾਕੀ ਬਚੇ ਈ ਕਿੰਨੇ ਨੇ ? ਚੱਲ ਮੈਨੂੰ ਇਕ-ਇਕ ਕਰਕੇ ਸਾਰੇ ਸਮਝਾ।’ ਸੁਖਦੀਪ ਸਿੰਘ ਨੇ ਵੱਡੇ ਭਰਾ ਹੋਣ ਦੇ ਨਾਤੇ ਮਿੱਠੀ ਜਿਹੀ ਝਿੜਕ ਦਿੰਦਿਆਂ ਪੁੱਛਿਆ।

‘ਨੰਬਰ 1 : ਜਦੋਂ ਪੁਲਿੰਗ ਨਾਉਂ ਬਹੁ ਵਚਨ ਹੋਵੇ ਤਾਂ ਉਸ ਦੇ ਆਖਰੀ ਅੱਖਰ ਦੀ ਔਂਕੜ ਲੱਥ ਜਾਂਦੀ ਹੈ, ਜਿਵੇਂ : ਭਗਤ।

ਨੰਬਰ 2 : ਜਦੋਂ ਪੁਲਿੰਗ ਇਕ ਵਚਨ ਨਾਉਂ ਸੰਬੋਧਨ ਹੋਵੇ ਤਾਂ ਵੀ ਉਸ ਦੇ ਆਖਰੀ ਅੱਖਰ ਦੀ ਔਂਕੜ ਲੱਥ ਜਾਂਦੀ ਹੈ, ਜਿਵੇਂ: ਭਗਤ।

ਨੰਬਰ 3: ਜਦੋਂ ਪੁਲਿੰਗ ਇਕ ਵਚਨ ਨਾਉਂ ਨਾਲ ਕੋਈ ਪਰਗਟ ਜਾਂ ਲੁਪਤ ਸਬੰਧਕ ਹੋਵੇ ਤਾਂ ਵੀ ਉਸ ਦੇ ਆਖਰੀ ਅੱਖਰ ਦੀ ਔਂਕੜ ਲੱਥ ਜਾਂਦੀ ਹੈ, ਜਿਵੇਂ: ਭਗਤ।’ ਮਿਹਰ ਸਿੰਘ ਨੇ ਦ੍ਰਿੜ੍ਹ ਵਿਸ਼ਵਾਸ ਨਾਲ ਜਵਾਬ ਦਿੱਤਾ।

‘ਵਾਹ ਜੀ ਵਾਹ ! ਬਿਲਕੁਲ ਠੀਕ ਜਵਾਬ ਦਿੱਤਾ ਮਿਹਰ ਸਿੰਘ ਨੇ। ਇਹ ਯਾਦ ਰੱਖਿਓ ਕਿ ਜੇ ਪੁਲਿੰਗ ਨਾਉਂ ਦੇ ਆਖਰੀ ਅੱਖਰ ਨੂੰ ਔਂਕੜ ਲੱਗੀ ਹੋਵੇ ਤਾਂ ਉਸ ਦੇ ਬਹੁ ਵਚਨ, ਸੰਬੋਧਨ ਜਾਂ ਸਬੰਧਕ ਦੇ ਅਰਥ ਕਦੀ ਵੀ ਨਹੀਂ ਬਣਨਗੇ। ਜੇ ਗੁਰਬਾਣੀ ਵਿਆਕਰਣ ਦੀ ਸਮਝ ਹੋਵੇ ਤਾਂ ਇਕ ਔਂਕੜ ਸਾਨੂੰ ਕਈ ਮਨਮਤਾਂ ਤੋਂ ਬਚਾਅ ਲੈਂਦੀ ਹੈ।

ਮੇਰੇ ਬੱਚਿਓ ! ਸੋਚੋ, ਕੋਈ ਸੂਰਮਾ ਆਪਣੇ ਹਥਿਆਰ ਸਿਰਹਾਣੇ ਰੱਖ ਕੇ ਅਵੇਸਲਾ ਹੋ ਕੇ ਸੌਂ ਜਾਵੇ। ਉਪਰੋਂ ਦੁਸ਼ਮਣ ਪਹੁੰਚ ਜਾਵੇ ਤਾਂ ਉਹ ਕੀ ਕਰੇਗਾ ? ਉਹ ਦੁਸ਼ਮਣ, ਉਸ ਸੂਰਮੇ ਦੇ ਹਥਿਆਰ ਚੁੱਕ ਕੇ, ਉਸੇ ਦੇ ਹਥਿਆਰ ਨਾਲ ਹੀ ਉਸ ਨੂੰ ਮਾਰ ਦੇਵੇਗਾ। ਗੁਰਬਾਣੀ ਵਿਆਕਰਣ ਦੇ ਨੇਮ ਉਹ ਹਥਿਆਰ ਹਨ, ਜਿਹਨਾਂ ਨਾਲ ਅਸੀਂ ਵਹਿਮਾਂ-ਭਰਮਾਂ, ਮਨਮਤਾਂ ਤੇ ਕਰਮਕਾਂਡਾਂ ਤੋਂ ਬਚਣਾ ਹੁੰਦਾ ਹੈ। ਜਦੋਂ ਅਸੀਂ ਗੁਰਬਾਣੀ ਵਿਆਕਰਣ ਤੋਂ ਅਵੇਸਲੇ ਹੋ ਜਾਂਦੇ ਹਾਂ ਤਾਂ ਗੁਰਮਤਿ ਦੇ ਵਿਰੋਧੀ ਗੁਰਬਾਣੀ ਵਿਆਕਰਣ ਦੇ ਹਥਿਆਰ ਨੂੰ ਵਰਤ ਕੇ ਸਾਨੂੰ ਫਿਰ ਮਨਮਤਾਂ ਤੇ ਕਰਮਕਾਂਡਾਂ ਵਿਚ ਉਲਝਾ ਕੇ ਰੱਖ ਦਿੰਦੇ ਹਨ।

ਗੁਰਬਾਣੀ ਵਿਚ ਇਕ ਤੁੱਕ ਆਉਂਦੀ ਹੈ :

ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ

ਇਹ ਤੁੱਕ ਪੜ੍ਹ ਕੇ ਗੁਰਮਤਿ ਦੇ ਵਿਰੋਧੀਆਂ ਨੇ ਇਕ ਕਹਾਣੀ ਘੜ ਲਈ ਕਿ ‘ਕੇਸੋ ਗੋਪਾਲ’ ਨਾਮ ਦਾ ਇਕ ਪੰਡਿਤ ਸੀ, ਜੋ ਗੁਰੂ ਅਮਰਦਾਸ ਸਾਹਿਬ ਜੀ ਦਾ ਬਹੁਤ ਪੁਰਾਣਾ ਮਿੱਤਰ ਸੀ। ਸਤਿਗੁਰੂ ਜੀ ਨੇ ਆਪਣੇ ਸਰੀਰਕ ਜਾਮੇ ਸਮੇਂ ਸਿੱਖਾਂ ਨੂੰ ਹੁਕਮ ਕੀਤਾ ਕਿ ਪੰਡਿਤ ਕੇਸੋ ਗੋਪਾਲ ਨੂੰ ਸਾਡੇ ਅੰਤਮ ਸਸਕਾਰ ਸਮੇਂ ਬੁਲਾਉਣਾ। ਸਾਡੇ ਅੰਤਮ ਸਸਕਾਰ ਤੋਂ ਬਾਅਦ ਉਹ ਗਰੁੜ ਪੁਰਾਣ ਦੀ ਕਥਾ ਕਰੇ।

ਸਾਡੇ ਵਿਚੋਂ ਕਈ ਅਗਿਆਨੀ ਸਿੱਖਾਂ ਨੇ ਇਸ ਕਹਾਣੀ ਨੂੰ ਸੱਚ ਮੰਨ ਲਿਆ ਕਿ ਇਸ ਕਹਾਣੀ ਦੀ ਪ੍ਰੋੜ੍ਹਤਾ ਕਰਨ ਵਾਲੀ ਤੁੱਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਗੁਰਮਤਿ ਦੇ ਵਿਰੋਧੀਆਂ ਨੇ ਇਸ ਗੱਲ ਦਾ ਨਜਾਇਜ਼ ਫਾਇਦਾ ਚੁੱਕ ਲਿਆ। ਉਹਨਾਂ ਨੇ ਹੋਰ ਵੀ ‘ਸਦੁ’ ਬਾਣੀ ਵਿਚਲੇ ਦਰਜ ਅਨਮਤੀ ਕਰਮਕਾਂਡਾਂ ਨੂੰ ਗੁਰੂ-ਆਸ਼ੇ ਅਨੁਸਾਰ ਦੱਸ ਕੇ ਝੂਠਾ ਪ੍ਰਚਾਰ ਸ਼ੁਰੂ ਕਰ ਦਿੱਤਾ। ਜਿਸ ਦਾ ਨਤੀਜਾ ਇਹ ਹੋਇਆ ਕਿ ਗੁਰਸਿੱਖਾਂ ਦੇ ਅੰਤਮ ਸਸਕਾਰ, ਗੁਰਮਤਿ ਤੋਂ ਉਲਟ, ਗਰੁੜ ਪੁਰਾਣ ਵਿਚ ਦੱਸੇ ਕਰਮਕਾਂਡਾਂ ਅਨੁਸਾਰ ਹੋਣ ਲੱਗ ਪਏ। ਸਸਕਾਰ ਤੋਂ ਬਾਅਦ ਵੀ ਹਰ ਸਾਲ ਬਰਸੀਆਂ ਤੇ ਸ਼ਰਾਧ ਆਦਿਕ ਵਰਗੇ ਕਈ ਕਰਮਕਾਂਡ ਕੀਤੇ ਜਾਣ ਲੱਗ ਪਏ ਅਤੇ ਜੋ ਅੱਜ ਵੀ ਬਹੁਤ ਥਾਵਾਂ ’ਤੇ ਕੀਤੇ ਜਾ ਰਹੇ ਹਨ।

ਅੱਜ ਮੈਂ ਤੁਹਾਨੂੰ ਹੋਮ ਵਰਕ ਵਿਚ 2 ਸਵਾਲ ਦਿੰਦਾ ਹਾਂ, ਤੁਸੀਂ ਗੁਰਬਾਣੀ ਵਿਆਕਰਣ ਨੂੰ ਸਮਝ ਕੇ ਜਵਾਬ ਦੇਣਾ।

  1. ਉਪਰੋਕਤ ਕਹਾਣੀ ਨੂੰ ਝੂਠਾ ਸਿੱਧ ਕਰਨ ਲਈ ‘ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥’ ਤੁੱਕ ਦੀ ਵਿਆਖਿਆ ਕਰਦਿਆਂ ਸਾਨੂੰ ਗੁਰਬਾਣੀ ਵਿਆਕਰਣ ’ਚੋਂ ਕਿਹੜੀਆਂ ਦਲੀਲਾਂ ਮਿਲਦੀਆਂ ਹਨ ?
  2. ‘ਸਦੁ’ ਬਾਣੀ (ਪੰਨਾ 923) ਵਿਚ ਹੋਰ ਕਿਹੜੇ ਅਨਮਤੀ ਕਰਮਕਾਂਡਾਂ ਦਾ ਖੰਡਨ ਕੀਤਾ ਗਿਆ ਹੈ ?

ਮੈਨੂੰ ਪਤਾ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਸਵਾਲਾਂ ਦੇ ਹੀ ਜਵਾਬ ਲੱਭੋਗੇ।’ ਮੇਰੀ ਇੰਨੀ ਗੱਲ ਸੁਣਦਿਆਂ ਸਾਰ ਦੋਵੇਂ ਬੱਚੇ ਭੱਜ ਕੇ ਪ੍ਰੋ: ਸਾਹਿਬ ਸਿੰਘ ਜੀ ਦੇ ‘ਦਰਪਣ’ ਸਟੀਕ ਦਾ ਛੇਵਾਂ ਭਾਗ ਲੈ ਆਏ ਤੇ ਉਸ ਵਿਚੋਂ ‘ਸਦੁ’ ਬਾਣੀ ਦੇ ਅਰਥ-ਭਾਵ ਵਿਚਾਰਨ ਲੱਗ ਪਏ।

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਪਹਿਲਾ)

0

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਪਹਿਲਾ)

ਗਿਆਨੀ ਅਵਤਾਰ ਸਿੰਘ

ਬਾਣੀਕਾਰਾਂ ਦੁਆਰਾ ਕੀਤੀ ਗਈ ਧਰਮ (ਪੂਰਨ ਸੱਚ) ਦੀ ਵਿਆਖਿਆ ਇੱਕ ਐਸਾ ਵਿਸ਼ਾ (ਸਿਲੇਬਸ) ਹੈ, ਜੇਕਰ ਇਸ ਨੂੰ ਪਹਿਲੀ ਜਮਾਤ ਵਾਲ਼ਾ ਧਿਆਨ ਨਾਲ਼ ਪੜ੍ਹੇ ਤਾਂ ਉਸ ਨੂੰ ਦੂਸਰੀ ਜਮਾਤ ਦਾ ਵਿਸ਼ਾ ਜਾਪਦਾ ਹੈ। ਦੂਸਰੀ ਜਮਾਤ ਵਾਲ਼ਾ ਪੜ੍ਹੇ ਤਾਂ ਉਸ ਨੂੰ ਤੀਜੀ ਜਮਾਤ ਦਾ ਸਿਲੇਬਸ ਪ੍ਰਤੀਤ ਹੁੰਦਾ ਹੈ। 10ਵੀਂ ਜਮਾਤ ਵਾਲ਼ੇ ਨੂੰ ਕਾਲਜ ਪੱਧਰ ਦਾ, ਕਾਲਜ ਵਾਲ਼ੇ ਨੂੰ ਯੂਨੀਵਰਸਿਟੀ ਦਾ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਅਗਾਂਹ ਹੋਰ ਗਹਿਰਾ, ਹੋਰ ਗਹਿਰਾ ਪ੍ਰਤੀਤ ਹੁੰਦਾ ਹੈ ਯਾਨੀ ਕਿ ਗੁਰਬਾਣੀ ਦੀ ਪਰਤ ਦਰ ਪਰਤ ਗਹਿਰਾਈ ਨੂੰ ਖੋਜੀ ਸਿੱਖ; ਪੜਚੋਲਦਾ-ਪੜਚੋਲਦਾ ਪਿਆਜ਼ ਦੇ ਛਿਲਕੇ ਵਾਙ ਹੋਰ ਗਹਿਰਾ, ਹੋਰ ਗਹਿਰਾ ਚਲਾ ਜਾਂਦਾ ਹੈ। ਇਸ ਦੇ ਨਾਲ਼-ਨਾਲ਼ ਉਹ ਆਪਣੀ ਸਮਝ ਨੂੰ ਭੀ ਤੁੱਛ ਸਮਝਣ ਲੱਗਦਾ ਹੈ, ਪਰ ਜੇ ਕੋਈ ਸਿੱਖ ਕਹੇ ਕਿ ‘ਮੈ ਪੂਰਨ ਤੌਰ ’ਤੇ ਧਰਮ ਨੂੰ ਜਾਣ ਲਿਆ’ ਤਾਂ ਇਸ ਦਾ ਭਾਵ ਹੈ ਕਿ ਉਹ ‘ਧਰਮ’ ਬਾਰੇ ਕੁੱਝ ਨਹੀਂ ਜਾਣਦਾ। ਉਹ ਆਪਣੀ ਮਨਮਤ ਜਾਂ ਦਿਮਾਗ਼ੀ ਯੋਗਤਾ ਨੂੰ ਹੀ ‘ਧਰਮ’ ਸਮਝ ਬੈਠਾ ਹੈ।

ਧਰਮ ਦੇ ਸੂਖਮ ਰਾਜ਼; ਪੰਜ ਗਿਆਨ ਇੰਦ੍ਰਿਆਂ (ਨੱਕ, ਕੰਨ, ਅੱਖ, ਜੀਭ, ਚਮੜੀ) ਵਾਲ਼ੇ ਬੌਧਿਕ (ਦਿਮਾਗ਼ੀ ਜਾਂ ਸਮਾਜਿਕ) ਗਿਆਨ ਨਾਲ਼ ਪਕੜ ’ਚ ਨਹੀਂ ਆਉਂਦੇ। ਗੁਰਬਾਣੀ ਨੂੰ ਵਿਚਾਰ-ਵਿਚਾਰ; ਸਿੱਖ ਅੰਦਰ ਵਧਦਾ ਅਨੁਭਵ ਹੀ ਇਨ੍ਹਾਂ ਨੂੰ ਜਾਣਨ ’ਚ ਸਹਾਈ ਹੁੰਦਾ ਹੈ ਜਾਂ ਕਹਿ ਲਈਏ ਕਿ ਇਹ ਅਵਸਥਾ ਮਾਨਣ ਲਈ ਸ਼ਬਦ-ਭਾਵ ’ਚ ਧਿਆਨ ਜੋੜਨਾ, ਨਿਰਾਕਾਰ ਨੂੰ ਸਿਮਰ-ਸਿਮਰ ਸੁਰਤਿ ਉੱਚੀ ਕਰਨਾ ਤੇ ਗੁਰਮਤਿ ਰੌਸ਼ਨੀ ’ਚ ਖ਼ੁਦ ਨੂੰ ਪੜਚੋਲਨਾ ਜ਼ਰੂਰੀ ਹੁੰਦਾ ਹੈ। ਇਸ ਅਭਿਆਸ ’ਚੋਂ ਪ੍ਰਤੱਖ ਹੁੰਦੇ ਸੱਚ ’ਤੇ ਬੱਝਦਾ ਭਰੋਸਾ; ਸਿੱਖ ਦੇ ਮੂੰਹੋਂ ਜੋ ਬੋਲ ਬੁਲਾਉਂਦਾ ਹੈ; ਉਹ ਹੋਰਾਂ ਦੀ ਸੋਚ ਨੂੰ ਭੀ ਤੀਰ ਵਾਙ ਵਿੰਨ੍ਹ ਦਿੰਦਾ ਹੈ ਕਿਉਂਕਿ ਉਹੀ ਅਸਲ ਗੁਰਮਤਿ ਹੈ, ਸੱਚਾ ਧਰਮ ਹੈ; ਜੈਸਾ ਕਿ ਕਬੀਰ ਜੀ ਦੇ ਬਚਨ ਹਨ, ‘‘ਕਬੀਰ ! ਸਾਚਾ ਸਤਿਗੁਰੁ ਮੈ ਮਿਲਿਆ; ਸਬਦੁ ਜੁ ਬਾਹਿਆ ਏਕੁ   ਲਾਗਤ ਹੀ ਭੁਇ ਮਿਲਿ ਗਇਆ; ਪਰਿਆ ਕਲੇਜੇ ਛੇਕੁ ੧੫੭’’ (ਭਗਤ ਕਬੀਰ/੧੩੭੨) ਭਾਵ ਹੇ ਕਬੀਰ ! (ਆਪਣਾ ਅਨੁਭਵ ਸਾਂਝਾ ਕਰ, ਜੋ ਕਿ ਇਉਂ ਹੈ) ਮੈਨੂੰ ਅਸਲ ਗੁਰੂ ਮਿਲ ਗਿਆ। ਉਸ ਨੇ (ਮੇਰੇ ਤੰਗਦਿਲੀ ਠਹਿਰਾਅ ਨੂੰ ਪਹਿਚਾਣ ਕੇ) ਉਪਦੇਸ਼ ਰੂਪ ਤੀਰ ਚਲਾਇਆ, ਜਿਸ ਨੇ ਮੈਨੂੰ ਤਸੱਲੀ ਕਰਾ ਕੇ ਬਿਬੇਕੀ ਬਣਾ ਦਿੱਤਾ ਤੇ ਮੈ ਆਪਣੇ ਦਿਮਾਗ਼ੀ ਮਾਣ ਤੋਂ ਹੇਠਾਂ ਡਿੱਗ ਪਿਆ। ਕਬੀਰ ਜੀ ਨੂੰ ਯਕੀਨ ਹੋ ਗਿਆ ਕਿ ਸਤਿਗੁਰੂ ਦਾ ਸ਼ਬਦ-ਤੀਰ; ਪੂਰੇ ਸਮਾਜ ਨੂੰ ਪਵਿੱਤਰ ਕਰ ਸਕਦਾ ਹੈ, ਮੇਰੇ ਵਰਗੀ ਇੱਕ ਨਿਮਾਣੀ ਦੇਹ ਪਵਿੱਤਰ ਨਾ ਹੋਵੇ, ਐਸੀ ਕਿਹੜੀ ਔਖ ਹੈ, ‘‘ਦੇਹੀ ਕਿਸ ਕੀ ਬਾਪੁਰੀ; ਪਵਿਤ੍ਰੁ ਹੋਇਗੋ ਗ੍ਰਾਮੁ ’’ (ਭਗਤ ਕਬੀਰ/੧੩੭੦), ਪਰ ਜੋ; ਧਰਮ ਨਾਲ਼ ਉਪਜਦੇ ਇਸ ਆਤਮ-ਵਿਕਾਸ ਤੋਂ ਸੱਖਣੇ ਹਨ, ਉਨ੍ਹਾਂ ਦੇ ਮੂੰਹੋਂ ਸੁਣੀ ਧਰਮ ਦੀ ਗੱਲ; ਉਸ ਕੜਛੀ ਵਰਗੀ ਹੈ, ਜੋ ਸਬਜ਼ੀ ਅੰਦਰ ਘੁੰਮਦੀ ਤਾਂ ਹੈ, ਪਰ ਉਸ ਦਾ ਸਵਾਦ ਨਹੀਂ ਮਾਣਦੀ, ‘‘ਕੜਛੀਆ ਫਿਰੰਨਿ੍; ਸੁਆਉ ਜਾਣਨਿ੍ ਸੁਞੀਆ   ਸੇਈ ਮੁਖ ਦਿਸੰਨਿ੍; ਨਾਨਕ ! ਰਤੇ ਪ੍ਰੇਮ ਰਸਿ (’)’’ (ਮਹਲਾ /੫੨੧) ਇਸੇ ਕਾਰਨ ‘ਆਦਿ ਗ੍ਰੰਥ’ ਜੀ ਦੀ ਸੰਪਾਦਨ ਕਰਨ ਵਾਲ਼ੇ ਗੁਰੂ ਸਾਹਿਬ ਨੇ ਆਪਣੇ ਵੱਲੋਂ ਖ਼ਾਸ ਸ਼ਬਦ ਉਚਾਰੇ ਕਿ ਧਰਮ ਨੂੰ ਪਹਿਲਾਂ ਆਪ ਕਮਾ ਕੇ ਹੀ ਹੋਰਾਂ ਕੋਲ਼ ਧਰਮ ਦੀ ਗੱਲ ਕਰਨੀ ਲਾਹੇਵੰਦ ਹੁੰਦੀ ਹੈ, ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ   ਰਾਮ ਨਾਮ ਜਪੁ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ’’ (ਮਹਲਾ /੩੮੧) ਯਾਨੀ ਕਿ ਗੁਰਮਤਿ ਉੱਤੇ ਖ਼ੁਦ ਦਾ ਪੂਰਾ ਭਰੋਸਾ ਬਣਨ ਤੋਂ ਪਹਿਲਾਂ ਕੀਤੀ ਧਰਮ ਦੀ ਕੋਈ ਗੱਲ; ਸਰੋਤੇ ਦੇ ਕੰਨਾਂ ਰਾਹੀਂ ਇਉਂ ਆਰ-ਪਾਰ ਹੋ ਜਾਂਦੀ ਹੈ; ਜਿਵੇਂ ਕਿ ਬਾਂਸ ’ਚ ਮਾਰੀ ਫੂਕ; ਆਰ-ਪਾਰ ਹੁੰਦੀ ਹੈ, ਅੰਦਰ ਨਹੀਂ ਰੁਕਦੀ।

ਬਾਣੀਕਾਰਾਂ ਦੇ ‘ਧਰਮ’ ਬਾਰੇ ਨਜ਼ਰੀਏ ਨੂੰ ਜੇਕਰ ਸੰਖੇਪ ’ਚ ਸਮਝੀਏ ਤਾਂ ਉਹ ਹੈ ਕਿ ‘ਕੁਦਰਤ ਦੀ ਹਰ ਵਸਤੂ, ਜੀਵ-ਜੰਤ, ਮਨੁੱਖ, ਗ੍ਰਹਿ ਆਦਿ ਰੱਬ ਦੇ ਹੁਕਮ ’ਚ ਹਨ। ਪਰਮਾਤਮਾ ਨੇ ਇਨ੍ਹਾਂ ਸਭ ਨੂੰ ਐਨੀ ਕੁ ਸੋਝੀ ਦਿੱਤੀ ਹੈ, ਜਿਸ ਨਾਲ਼ ਇਹ ਆਪਣਾ ਜੀਵਨ ਨਿਰਬਾਹ (ਖਾਣ-ਪਾਣ, ਬੱਚੇ ਪੈਦਾ ਕਰਨ ਆਦਿ ਵਿਕਾਸ) ਕਰ ਸਕਦੇ ਹਨ। ਇਸ ਸਬੰਧ ’ਚ ਗੁਰੂ ਨਾਨਕ ਜੀ ਦੇ ਬੋਲ ਹਨ, ‘‘ਏਕਾ ਸੁਰਤਿ; ਜੇਤੇ ਹੈ ਜੀਅ   ਸੁਰਤਿ ਵਿਹੂਣਾ; ਕੋਇ ਕੀਅ   ਜੇਹੀ ਸੁਰਤਿ; ਤੇਹਾ ਤਿਨ ਰਾਹੁ   ਲੇਖਾ ਇਕੋ ਆਵਹੁ ਜਾਹੁ ’’ (ਮਹਲਾ /੨੫) ਅਰਥ : ਜਿੰਨੇ ਭੀ ਜੀਵ-ਜੰਤ ਹਨ, ਇਨ੍ਹਾਂ ਸਭ ਨੂੰ; ਪ੍ਰਭੂ ਨੇ ਸੋਝੀ ਦਿੱਤੀ ਹੈ। ਇਸ ਅਕਲ ਤੋਂ ਸੱਖਣਾ ਕੋਈ ਪੈਦਾ ਹੀ ਨਹੀਂ ਕੀਤਾ। ਜੈਸੀ-ਜੈਸੀ ਅਕਲ (ਜੀਵ-ਜੰਤਾਂ ਦੇ ਹਿਸੇ) ਆਈ, ਉਸੇ ਅਨੁਸਾਰ ਹਰ ਕੋਈ ਜੰਮਦਾ ਹੈ, ਜੀਵਨ ਜਿਉਂਦਾ ਹੈ ਤੇ ਆਖ਼ਿਰ ਮਰ ਜਾਂਦਾ ਹੈ। ਇਹੀ ਪ੍ਰਭੂ ਦੀ ਖੇਡ ਹੈ, ਲੀਲ੍ਹਾ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਫਿਰ ਸਭ ਨੂੰ ਇੱਕ ਜੈਸੀ ਸਮਝ ਕਿਉਂ ਨਹੀਂ ? ਇਸ ਦਾ ਜਵਾਬ ਗੁਰੂ ਅਮਰਦਾਸ ਜੀ ਅਨੁਸਾਰ ਹੈ ਕਿ ਸਿਰਜਣਹਾਰ ਨੇ ਆਪਣੀ ਸਰਬ ਵਿਆਪਕ ਜੋਤਿ-ਰੌਸ਼ਨੀ ਦਾ ਅਹਿਸਾਸ; ਹਰ ਇੱਕ ਨੂੰ ਵੱਧ-ਘੱਟ ਕਰਾਇਆ ਹੈ, ‘‘ਏਕਾ ਜੋਤਿ; ਜੋਤਿ ਹੈ ਸਰੀਰਾ ਸਬਦਿ (ਰਾਹੀਂ) ਦਿਖਾਏ; ਸਤਿਗੁਰੁ ਪੂਰਾ ਆਪੇ ਫਰਕੁ ਕੀਤੋਨੁ ਘਟ ਅੰਤਰਿ; ਆਪੇ ਬਣਤ ਬਣਾਵਣਿਆ ’’ (ਮਹਲਾ /੧੨੫) ਯਾਨੀ ਕਿ ਜਿਨ੍ਹਾਂ ਉੱਤੇ ਮਾਲਕ; ਵੱਧ ਮਿਹਰਬਾਨ ਹੋਇਆ, ਉਨ੍ਹਾਂ ਅੰਦਰ ਚੇਤਨਾ ਵਧ ਗਈ ਤੇ ਬਾਕੀਆਂ ’ਚ ਘੱਟ ਰਹਿ ਗਈ, ‘‘ਸਭਨਾ ਉਪਰਿ; ਨਦਰਿ ਪ੍ਰਭ ਤੇਰੀ   ਕਿਸੈ ਥੋੜੀ; ਕਿਸੈ ਹੈ ਘਣੇਰੀ   ਤੁਝ ਤੇ ਬਾਹਰਿ ਕਿਛੁ ਹੋਵੈ; ਗੁਰਮੁਖਿ ਸੋਝੀ ਪਾਵਣਿਆ ’’ (ਮਹਲਾ /੧੧੯) ਭਾਵ ਇਸ ਸਚਾਈ ਨੂੰ ਕੋਈ ਗੁਰਮੁਖ ਹੀ ਜਾਣਦਾ ਹੈ, ਜੋ ਗੁਰੂ ਸ਼ਬਦ-ਗਿਆਨ ਰੂਪ ਦਰਪਣ ਰਾਹੀਂ ਸਵੈ-ਪੜਚੋਲ ਕਰ-ਕਰ ਆਤਮ-ਪ੍ਰਕਾਸ ਨੂੰ ਮਹਿਸੂਸ ਕਰ ਆਪਣੀ ਸੁਰਤਿ ਉੱਚੀ ਕਰ ਚੁੱਕਾ ਹੁੰਦਾ ਹੈ। ਇਸ ਆਤਮ ਤੀਰਥ (ਅੰਤਰਗਤਿ ਤੀਰਥਿ (’ਤੇ) ਮਲਿ ਨਾਉ ..੨੧ ਜਪੁ) ਉੱਤੇ ਘੱਟ-ਵੱਧ ਕੀਤੇ ਇਸ਼ਨਾਨ ਕਾਰਨ ਹੀ ਅੰਦਰੂਨੀ ਜੋਤਿ (ਊਰਜਾ) ਦਾ ਹਰ ਇੱਕ ਦੀ ਸੁਰਤਿ ਨੂੰ ਘੱਟ-ਵੱਧ ਅਹਿਸਾਸ ਹੁੰਦਾ ਹੈ, ਅਕਲ ’ਚ ਅੰਤਰ ਪੈਂਦਾ ਹੈ।

ਇਹ ਭੀ ਸਵਾਲ ਉਪਜ ਸਕਦਾ ਹੈ ਕਿ ਬਹੁਤੇ ਨਾਸਤਿਕ ਬੰਦਿਆਂ ਅੰਦਰ ਤੀਖਣ ਬੁਧੀ ਵੇਖੀਦੀ ਹੈ। ਇਸ ਬਾਰੇ ਜਾਣਨਾ ਹੈ ਕਿ ਦਾਰਸ਼ਨਿਕ, ਮਨੋਵਿਗਿਆਨ ਆਦਿ ਦਾ ਮੰਨਣਾ ਹੈ ਕਿ ਗਿਆਨ; ਤਿੰਨ ਤਰੀਕਿਆਂ ਨਾਲ਼ ਵਧਦਾ ਹੈ (1). ਵੇਖਣ ਨਾਲ਼ (2). ਸੁਣਨ ਨਾਲ਼ (3) ਛੋਹਣ ਨਾਲ਼। ਧਾਰਮਿਕ ਗ੍ਰੰਥਾਂ ’ਚ ਲਿਖਿਆ ਹੈ ਕਿ ਪੰਜ ਗਿਆਨ ਇੰਦ੍ਰਿਆਂ ਰਾਹੀਂ ਮਨੁੱਖ ਦੀ ਸਮਝ ’ਚ ਵਾਧਾ ਹੁੰਦਾ ਹੈ।

ਜ਼ਰਾ ਸੋਚਣਾ ਬਣਦਾ ਹੈ ਕਿ ਜਦ ਮਾਨਵ ਜਾਤੀ ਜੰਗਲ਼ਾਂ ’ਚ ਨੰਗੇ (ਬਸਤਰ ਰਹਿਤ) ਰਹਿੰਦੀ ਸੀ ਤਾਂ ਪਹਿਲੀ ਵਾਰ ਨੰਗੇਜ ਨੂੰ ਢੱਕਣ ਦੀ ਸੋਝੀ ਕਿਸ ਤਰ੍ਹਾਂ ਹੋਈ ? ਕੀ ਗਿਆਨ ਇੰਦ੍ਰਿਆਂ ਰਾਹੀਂ ? ਜਵਾਬ ਹੈ : ਨਹੀਂ। ਦਰਅਸਲ ਜਿਸ ਮਾਲਕ ਨੇ ਇਹ ਜਗਤ-ਖੇਡ ਰਚੀ ਹੈ, ਉਸ ਵੱਲੋਂ ਸਭ ਨੂੰ ਮਿਲੀ ਘੱਟ-ਵੱਧ ਸੁਰਤਿ ’ਚ ਭੀ ਦਿਨ ਪ੍ਰਤੀ ਦਿਨ ਉਹੀ ਵਾਧਾ ਕਰਦਾ ਆਉਂਦਾ ਹੈ ਵਰਨਾ ਅਜੋਕਾ ਮਾਨਸਿਕ ਵਿਕਾਸ; ਹਜ਼ਾਰਾਂ ਸਾਲ ਪਹਿਲਾਂ ਹੀ ਕਿਉਂ ਨਾ ਹੋ ਗਿਆ। ਬਾਂਦਰ, ਚਿੰਪੈਂਜ਼ੀ ਤੇ ਮਨੁੱਖ ਆਦਿ ’ਚ ਹੋਇਆ ਸੁਰਤਿ-ਵਿਕਾਸ ਭੀ ਕੁਦਰਤੀ ਹੈ, ਨਾ ਕਿ ਕਿਸੇ ਨੂੰ ਵੇਖਣ, ਸੁਣਨ ਜਾਂ ਛੋਹਣ ਨਾਲ਼। ਇਸ ਲਈ ਜੇਕਰ ਕੋਈ ਅੱਜ ਨਾਸਤਿਕ ਬਣ ਕੇ ਅਕਲਮੰਦ ਹੈ ਤਾਂ ਇਸ ਪਿੱਛੇ ਭੀ ਉਸ ਅੰਦਰ ਪਹਿਲਾਂ ਕਦੇ ਆਸਤਿਕ ਭਾਵਨਾ ਜਾਗੀ ਹੈ, ਜਿਸ ਨੇ ਉਸ ਦੀ ਚੇਤਨਾ ’ਚ ਹੁਣ ਵਾਧਾ ਕੀਤਾ ਹੈ ਭਾਵੇਂ ਕਿ ਇਸ ਬਾਰੇ ਉਸ ਨੂੰ ਖ਼ੁਦ ਭੀ ਪਤਾ ਨਹੀਂ ਹੁੰਦਾ।

ਆਧੁਨਿਕ ਯੁਗ ਦੇ ਸਭ ਤੋਂ ਵੱਡੇ ਖਗੋਲ ਵਿਗਿਆਨੀ ‘ਐਲਬਰਟ ਆਈਨਸਟਾਈਨ’ (1879-1955) ਦਾ ਈਸ਼ਵਰ ਬਾਰੇ ਮੰਨਣਾ ਹੈ ਕਿ ਅਰਬਾਂ ਸਾਲ ਪਹਿਲਾਂ ਪੁਲਾੜ ’ਚ ਰੌਸ਼ਨੀ ਪੈਦਾ ਹੋਈ। ਜਿਸ ਭੀ ਸ਼ਕਤੀ ਨੇ ਇਹ ਬਣਾਈ, ਉਸ ਦੇ ਧਿਆਨ ’ਚ ਜ਼ਰੂਰ ਸੀ ਕਿ ਇੱਕ ਦਿਨ ਇਸ ਦਾ ਪ੍ਰਯੋਗ ਕਰਨ ਵਾਲ਼ੇ ਜੀਵ-ਜੰਤਾਂ ਨੂੰ ਅੱਖਾਂ ਭੀ ਦੇਣੀਆਂ ਹਨ ਵਰਨਾ ਪੁਲਾੜ ’ਚ ਰੌਸ਼ਨੀ ਦਾ ਕੀ ਕੰਮ ? ਇਹ ਭੀ ਹੋ ਸਕਦਾ ਹੈ ਕਿ 2-4 ਹਜ਼ਾਰ ਸਾਲ ਬਾਅਦ ਅਦ੍ਰਿਸ਼/ਨਿਰਾਕਾਰ-ਸ਼ਕਤੀ ਨੂੰ ਪ੍ਰਤੱਖ ਮਹਿਸੂਸ ਕਰਨ ਵਾਲ਼ੇ ਯੰਤਰ ਭੀ ਰੱਬ, ਮਨੁੱਖ ਪਾਸੋਂ ਬਣਾ ਲਵੇ; ਜਿਵੇਂ ਕਿ ਖਗੋਲ ਵਿਗਿਆਨ ਅਨੁਸਾਰ ਪੁਲਾੜ ’ਚ ਡਾਰਕ ਐਨਰਜੀ (68.2%) ਤੇ ਡਾਰਕ ਮੈਟਰ (26.8%) ਹੈ ਭਾਵੇਂ ਕਿ ਇਨ੍ਹਾਂ ਨੂੰ ਪ੍ਰਤੱਖ ਵਿਖਾਉਣ ਵਾਲ਼ਾ ਕੋਈ ਯੰਤਰ ਭੀ ਨਹੀਂ। ਐਸੇ ਹੀ ਜਗਤ-ਰਚਨਾ ਪਿੱਛੇ ਪ੍ਰਭੂ ਦੀ ਗੁਪਤ ਮੌਜੂਦਗੀ ਨੂੰ ਇੱਕ ਦਿਨ ਜ਼ਰੂਰ ਸਵੀਕਾਰਿਆ ਜਾਏਗਾ। ਬਾਣੀਕਾਰਾਂ ਨੇ ਆਪਣੀਆਂ ਲਿਖਤਾਂ ’ਚ ਇਸ ‘ਸੱਚ’ ਬਾਰੇ ਜੋ ਬਿਆਨ ਕੀਤਾ ਹੈ, ਉਹ ਸਮੇਂ ਤੋਂ ਬਹੁਤ ਪਹਿਲਾਂ ਕੀਤਾ ਗਿਆ ਹੈ ਤਾਹੀਓਂ ਬਹੁਤਾਤ ਨੂੰ ਹਜ਼ਮ ਨਹੀਂ ਹੋ ਰਿਹਾ ਭਾਵ ਇਸ ਪ੍ਰਤੀ ਭਰੋਸਾ ਨਹੀਂ ਬੱਝ ਰਿਹਾ; ਉਞ ਭਾਵੇਂ ਧਾਰਮਿਕ ਲਿਬਾਸ ਭੀ ਧਾਰਨ ਕੀਤਾ ਹੈ। ਇਹ ਚਿੰਤਾ ਜ਼ਰੂਰ ਹੈ ਕਿ ਸਾਇੰਸ ਦੇ ਪ੍ਰਮਾਣ ਨਾਲ਼ ਰੱਬ ’ਤੇ ਬਣੀ ਸਿੱਖ ਦੀ ਸ਼ਰਧਾ ਨੂੰ ਤੋੜਨ ਵਾਲ਼ੇ ਅਜੋਕੇ ਅਖੌਤੀ ਸਿੱਖ ਪ੍ਰਚਾਰਕ; ਤਦ ਤੱਕ ਆਪਣਾ ਅਤੇ ਹੋਰ ਬਹੁਤਿਆਂ ਦਾ ਕੀਮਤੀ ਮਨੁੱਖਾ ਜਨਮ ਬਰਬਾਦ ਕਰ ਚੁੱਕੇ ਹੋਣਗੇ।

ਬਾਣੀਕਾਰਾਂ ਨੇ ਉਸ (ੴ) ਸ਼ਕਤੀ ਦੇ ਕੁਦਰਤ ’ਚੋਂ ਦਰਸ਼ਨ ਕਰਾਉਣ ਲਈ ਦੋ ਆਪਾ ਵਿਰੋਧੀ ਸ਼ਕਤੀਆਂ ਦੇ ਇੱਕੋ ਜਗ੍ਹਾ ਸੁਮੇਲ ਨੂੰ ਆਧਾਰ ਬਣਾਇਆ ਹੈ; ਜਿਵੇਂ ਕਿ ਧਰਤੀ ’ਤੇ 71% ਪਾਣੀ ਹੈ; ਫਿਰ ਭੀ 29% ਸੁੱਕੀ ਧਰਤੀ ਨੂੰ ਆਪਣੇ ਅੰਦਰ ਨਹੀਂ ਡੋਬ ਰਿਹਾ। ਲੱਕੜੀ ’ਚ ਅੱਗ ਹੈ; ਫਿਰ ਭੀ ਲੱਕੜ ਨੂੰ ਨਹੀਂ ਸਾੜਦੀ। ਇਸ ਸਬੰਧੀ ਬਚਨ ਹਨ, ‘‘ੲੰੀਧਨ ਤੇ ਬੈਸੰਤਰੁ ਭਾਗੈ   ਮਾਟੀ ਕਉ ਜਲੁ ਦਹ ਦਿਸ ਤਿਆਗੈ ’’ (ਮਹਲਾ /੯੦੦) ਯਾਨੀ ਜੇਕਰ ਬੱਕਰੀ ਅਤੇ ਸ਼ੇਰ; ਇਕੱਠੇ ਦੋਸਤ ਬਣ ਕੇ ਰਹਿ ਰਹੇ ਹਨ ਤਾਂ ਇਨ੍ਹਾਂ ਪਿੱਛੇ ਜ਼ਰੂਰ ਕੋਈ ਗੁਪਤ ਸ਼ਕਤੀ ਮੌਜੂਦ ਹੈ। ਜਿਸ ਦੇ ਡਰ ਕਾਰਨ ਇਹ ਅਸੰਭਵ ਕਾਰਜ ਸੰਭਵ ਹੁੰਦਾ ਪਿਆ ਹੈ। ਇਸ ਬਾਰੇ ਬਚਨ ਹਨ, ‘‘ਭੈ ਵਿਚਿ; ਪਵਣੁ ਵਹੈ ਸਦਵਾਉ   ਭੈ ਵਿਚਿ; ਚਲਹਿ ਲਖ ਦਰੀਆਉ   ਭੈ ਵਿਚਿ; ਅਗਨਿ ਕਢੈ ਵੇਗਾਰਿ   ਭੈ ਵਿਚਿ; ਧਰਤੀ ਦਬੀ ਭਾਰਿ .. ਸਗਲਿਆ ਭਉ ਲਿਖਿਆ ਸਿਰਿ ਲੇਖੁ   ਨਾਨਕ ! ਨਿਰਭਉ ਨਿਰੰਕਾਰੁ ਸਚੁ ਏਕੁ ’’ (ਆਸਾ ਕੀ ਵਾਰ/ਮਹਲਾ /੪੬੪) ਯਾਨੀ ਹਰ ਕੋਈ ਉਹ ਪਰਮਾਤਮਾ ਦੇ ਡਰ ਅੰਦਰ ਹੈ ਭਾਵੇਂ ਕਿ ਕਿਸੇ ਭੀ ਜੀਵ-ਜੰਤ, ਮਨੁੱਖ, ਆਦਿ ਨੂੰ (ਗੁਰੂ ਤੋਂ ਬਿਨਾਂ) ਉਸ ਦਾ ਅਹਿਸਾਸ ਨਹੀਂ ਹੁੰਦਾ।

ਮਨੁੱਖ ਜਿਸ ਤਰ੍ਹਾਂ ਦੇ ਇਸ਼ਟ ਦੀ ਪੂਜਾ ਕਰਦਾ ਹੈ, ਉਸ ਅੰਦਰ ਵੈਸੇ ਹੀ ਗੁਣ ਉਪਜਦੇ ਹਨ। ਭਗਤ ਨਾਮਦੇਵ ਜੀ ਦੇ ਬਚਨ ਹਨ ਕਿ ਜੋ ਮਨੁੱਖ; ਪਾਰਬਤੀ (ਔਰਤ) ਦੀ ਪੂਜਾ ਕਰਦਾ ਹੈ, ਉਸ ਅੰਦਰ ਔਰਤਾਂ ਵਾਲ਼ੇ ਗੁਣ ਜਨਮ ਲੈ ਲੈਂਦੇ ਹਨ, ‘‘ਮਹਾ ਮਾਈ ਕੀ ਪੂਜਾ ਕਰੈ   ਨਰ ਸੈ ਨਾਰਿ ਹੋਇ ਅਉਤਰੈ ’’ (ਭਗਤ ਨਾਮਦੇਵ/੮੭੪), ਜੋ ਪੱਥਰ (ਮੂਰਤੀ ਜਾਂ ਫੋਟੋ) ਦੀ ਪੂਜਾ ਕਰਦੇ ਹਨ, ਉਹ ਪੱਥਰ ਵਾਙ ਗੁਣਾਂ ਤੋਂ ਸੱਖਣੇ ਹੁੰਦੇ ਹਨ, ‘‘ਜੋ ਪਾਥਰ ਕਉ ਕਹਤੇ ਦੇਵ   ਤਾ ਕੀ ਬਿਰਥਾ ਹੋਵੈ ਸੇਵ   ਜੋ ਪਾਥਰ ਕੀ ਪਾਂਈ ਪਾਇ   ਤਿਸ ਕੀ ਘਾਲ ਅਜਾਂਈ ਜਾਇ ’’ (ਮਹਲਾ /੧੧੬੦), ਪਰ ਜੋ ਸਭ ਨੂੰ ਡਰ ਅੰਦਰ ਰੱਖਣ ਵਾਲ਼ੇ ਨਿਡਰ-ਪ੍ਰਭੂ ਦੀ ਭਗਤੀ ਕਰਦੇ ਹਨ, ਉਹ ਆਪ ਭੀ ਨਿਡਰ ਹੋ ਕੇ ਸਵਾ-ਸਵਾ ਲੱਖ ਨਾਲ਼ ਲੜਦਾ ਹੈ, ‘‘ਨਿਰਭਉ ਜਪੈ; ਸਗਲ ਭਉ ਮਿਟੈ ’’ (ਸੁਖਮਨੀ/ਮਹਲਾ /੨੯੩), ਪਰ ਅਫ਼ਸੋਸ ਕਿ ਸਾਇੰਸ ਨੂੰ ਹੀ ਪੂਰਨ ਗਿਆਨ ਸਮਝ; ਬਹੁਤਾ ਜਾਗਿਆ ਮਹਿਸੂਸ ਕਰ ਬੈਠਾ ਅਜੋਕਾ ਸਿੱਖ; ਸਿੱਖ ਸੰਗਤਾਂ ਦੁਆਰਾ ਧਾਰਨ ਕੀਤੀ ਜਾਂਦੀ ਛੋਟੀ ਕ੍ਰਿਪਾਨ ਬਾਰੇ ਦੋ ਸ਼ਬਦ ਬੋਲਣ ਦੀ ਹਿੰਮਤ ਨਹੀਂ ਜੁਟਾ ਰਿਹਾ, ਜੋ ਕਿ ਧਰਮ ਨਾਲ਼ ਪਨਪਦੀ ਜ਼ਿੰਦਗੀ (ਪੀਰੀ) ਦੀ ਸੁਰੱਖਿਆ (ਮੀਰੀ) ਲਈ ਅਤਿ ਜ਼ਰੂਰੀ ਹੈ। ‘ਜਨੇਊ’ ਵਾਙ ਧਾਗੇ ’ਚ ਧਾਰਨ ਕੀਤੀ ਛੋਟੀ ਕ੍ਰਿਪਾਨ ਤੋਂ ਭਾਵ ਸਿੱਖ ਸੰਗਤਾਂ ਅੰਦਰ ਕੌਮੀ (ਪੀਰੀ) ਜਜ਼ਬਾ ਮਰ ਚੁੱਕਾ ਹੈ।

—ਚਲਦਾ—-

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਦੂਜਾ)

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਤੀਜਾ)

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਚੌਥਾ)

ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਸੰਖੇਪ ’ਚ ਬਹੁ ਪੱਖੀ ਜੀਵਨ ਵੇਰਵਾ

0

ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਸੰਖੇਪ ਬਹੁ ਪੱਖੀ ਜੀਵਨ ਵੇਰਵਾ

ਗਿਆਨੀ ਅਵਤਾਰ ਸਿੰਘ

ਸਰਬੰਸਦਾਨੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਭੀ ਆਪਣੀ ਬੜੀ ਥੋੜ੍ਹੀ ਸੰਸਾਰਕ ਯਾਤਰਾ ਦੌਰਾਨ ਉਹ ਕੀਰਤੀਮਾਨ ਸਥਾਪਿਤ ਕੀਤੇ ਹਨ, ਜਿਨ੍ਹਾਂ ਕਾਰਨ ਆਪ ਜੀ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਏਗਾ। ਆਪ ਜੀ ਦਾ ਜਨਮ 22 ਦਸੰਬਰ 1666 (ਪੋਹ ਸੁਦੀ ੭, ੧੭੨੩,  ੨੩ ਪੋਹ; ਨਾਨਕਸ਼ਾਹੀ ਸੰਮਤ ੧੯੮) ਨੂੰ ਪਿਤਾ ਗੁਰੂ ਤੇਗ਼ ਬਹਾਦਰ ਸਾਹਿਬ ਅਤੇ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨਾ (ਬਿਹਾਰ) ’ਚ ਹੋਇਆ। ਆਪ ਜੀ ਨੇ 9 ਸਾਲ ਦੀ ਉਮਰ (ਨਵੰਬਰ 1675) ’ਚ ਹੀ ਪਿਤਾ (ਹਿੰਦ ਦੀ ਚਾਦਰ) ਨੂੰ ਹਿੰਦੂ ਪੰਡਿਤਾਂ ਦੇ ਜਨੇਊ ਦੀ ਰੱਖਿਆ ਕਰਨ ਲਈ ਸ਼ਹੀਦ ਹੋਣ ਲਈ ਭੇਜਿਆ।   11 ਨਵੰਬਰ 1675 (੧੧ ਮੱਘਰ, ਮੱਘਰ ਸੁਦੀ ੫ ਸੰਮਤ ੧੭੩੨ ਬਿਕ੍ਰਮੀ, ਨਾਨਕਸ਼ਾਹੀ ਸੰਮਤ ੨੦੭) ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਨ੍ਹਾਂ ਪੰਡਿਤਾਂ ਦੀ ਧਾਰਮਿਕ ਅਜ਼ਾਦੀ (ਜਿਸ ਧਰਮ ’ਚ ਗੁਰੂ ਸਾਹਿਬ ਜੀ ਦਾ ਆਪਣਾ ਕੋਈ ਯਕੀਨ ਨਹੀਂ ਸੀ) ਲਈ ਸ਼ਹੀਦੀ ਦਿੱਤੀ ਅਤੇ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੀ ਗੱਦੀ ’ਤੇ ਬਿਰਾਜਮਾਨ ਹੋਏ। 

ਸੰਨ 1678 ’ਚ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਕਰ ‘ਸਬਦੁ ਗੁਰੂ’ ਨੂੰ ਸੰਪੂਰਨਤਾ ਬਖ਼ਸ਼ੀ।

ਮਾਰਚ 1680 ਦੇ ਸ਼ਰੂ ’ਚ ਆਪ ਨੇ ਇੱਕ ‘ਰਣਜੀਤ ਨਗਾਰਾ’ ਤਿਆਰ ਕਰਵਾਇਆ, ਜੋ ਹਰ ਦੀਵਾਨ ਦੇ ਮੌਕੇ ’ਤੇ ਵਜਾਇਆ ਜਾਣ ਲੱਗਾ। ਸਿੱਖਾਂ ਨੂੰ ਹੁਕਮਨਾਮੇ ਭੇਜ ਕੇ ਚੰਗੇ ਘੋੜੇ, ਚੰਗੇ ਹਥਿਆਰ, ਆਦਿ ਲਿਆਉਣ ਦੀ ਮੰਗ ਰੱਖੀ। ਚੱਕ ਨਾਨਕੀ (ਅਨੰਦਪੁਰ ਸਾਹਿਬ) ਵਿਖੇ ਵਧੀਆ ਨਸਲ ਦੇ ਘੋੜੇ ਤੇ ਹਰ ਤਰ੍ਹਾਂ ਦੇ ਹਥਿਆਰ ਪਹੁੰਚਣ ਲੱਗੇ।

ਗੁਰੂ ਸਾਹਿਬ ਨੇ ਵਿਦਵਾਨਾਂ ਤੇ ਸ਼ਾਇਰਾਂ ਦਾ ਸੈਂਟਰ ਵੀ ਬਣਾਇਆ। ਜਿਸ ਵਿੱਚ ਅੰਮ੍ਰਿਤ ਰਾਏ ਤੇ ਭਾਈ ਨੰਦ ਲਾਲ ਜੀ ਵਰਗੇ ਸ਼ਾਇਰ ਵੀ ਆ ਗਏ। ਭਾਈ ਨੰਦ ਲਾਲ ਜੀ ਓਥੇ ਮਾਰਚ 1682 ’ਚ ਆਇਆ ਸੀ। ਕਵੀ ਦਰਬਾਰਾਂ ’ਚ 52 ਕਵੀ ਹਾਜ਼ਰ ਸਨ।  ਮਾਰਚ 1683 ਨੂੰ ਗੁਰੂ ਸਾਹਿਬ ਨੇ ਓਥੇ ਹੋਲਾ ਮਹੱਲਾ ਮਨਾਇਆ। ਜਿਸ ਵਿੱਚ ਘੋੜ-ਦੌੜ, ਕੁਸ਼ਤੀਆਂ, ਗਤਕਾ ਅਤੇ ਮਸਨੂਹੀ ਲੜਾਈਆਂ ਦੇ ਮੁਕਾਬਲੇ ਹੁੰਦੇ।

ਨਾਹਨ ਦੇ ਰਾਜੇ ਮੇਦਨੀ ਪ੍ਰਕਾਸ਼ ਨੇ ਗੁਰੂ ਜੀ ਨੂੰ ਆਪਣੀ ਰਿਆਸਤ ’ਚ ਦਰਸ਼ਨ ਦੇਣ ਦੀ ਅਰਜ਼ ਕੀਤੀ। ਇੱਥੇ ਆਪ ਨੇ 29 ਅਪਰੈਲ 1685 ਨੂੰ ਦੀਵਾਨ ਨੰਦ ਚੰਦ ਸੰਘਾ ਕੋਲ਼ੋਂ ਅਰਦਾਸ ਕਰਵਾ ਤੇ ਭਾਈ ਰਾਮ ਕੁੰਵਰ (ਖੰਡੇ ਦੀ ਪਾਹੁਲ ਮਗਰੋਂ ਭਾਈ ਗੁਰਬਖਸ਼ ਸਿੰਘ) ਦੇ ਹੱਥੋਂ ਮੋੜ੍ਹੀ ਗਡਵਾ ਕੇ ਪਾਉਂਟਾ ਸਾਹਿਬ ਦੀ ਨੀਂਹ ਰੱਖੀ। ਗੁਰੂ ਜੀ 3 ਸਾਲ 5 ਮਹੀਨੇ ਇੱਥੇ ਠਹਿਰੇ। ਇੱਥੇ ਹੀ 18 ਸਤੰਬਰ 1688 ਨੂੰ ਬਾਬਾ ਰਾਮਰਾਏ ਦੇ ਮਸੰਦ ਗੁਰਬਖ਼ਸ਼ ਦੇ ਭੜਕਾਉਣ ’ਤੇ ਗੜ੍ਹਵਾਲ ਦੇ ਰਾਜੇ ਫ਼ਤੇ ਸ਼ਾਹ ਨੇ ਗੁਰੂ ਜੀ ’ਤੇ ਹਮਲਾ ਕੀਤਾ। ਪਿੰਡ ਭੰਗਾਣੀ ’ਚ ਬੜੀ ਜ਼ਬਰਦਸਤ ਜੰਗ ਹੋਈ ਤੇ ਫ਼ਤਹਿ ਸ਼ਾਹ ਦੀਆਂ ਫੌਜਾਂ ਹਾਰ ਕੇ ਭੱਜ ਗਈਆਂ।

ਬਿਲਾਸਪੁਰ ਦੀ ਰਾਣੀ ਚੰਪਾ ਦੇ ਕਹਿਣ ’ਤੇ ਆਪ ਮੁੜ ਚੱਕ ਨਾਨਕੀ ਆ ਗਏ। ਇੱਥੇ ਆਪ ਨੇ ਆਲੇ-ਦੁਆਲੇ ਪੰਜ ਕਿਲੇ੍ਹ (ਅਨੰਦਗੜ੍ਹ, ਲੋਹਗੜ੍ਹ, ਤਾਰਾਗੜ੍ਹ, ਅਗੰਮਗੜ੍ਹ ਤੇ ਫ਼ਤਹਿਗੜ੍ਹ ਉਸਾਰੇ। ਇਸ ਸਮੇਂ (1690-91 ’ਚ) ਬਿਲਾਸਪੁਰ ਦਾ ਰਾਜਾ ਭੀਮ ਚੰਦ ਸੀ। ਉਹ ਖ਼ੁਦ ਗੁਰੂ ਘਰ ਪ੍ਰਤੀ ਪ੍ਰੇਮ ਰੱਖਦਾ ਸੀ, ਪਰ ਉਸ ਦਾ ਪੁੱਤਰ ਅਜਮੇਰ ਚੰਦ ਆਪਣੇ ਸਲਾਹਕਾਰ (ਮਗਰੋਂ ਵਜ਼ੀਰ) ਪੰਡਿਤ ਪਰਮਾ ਨੰਦ ਦੇ ਅਸਰ ਹੇਠ ਸੀ, ਜੋ ਸਿੱਖ ਧਰਮ ਨਾਲ ਖਾਰ ਖਾਂਦਾ ਸੀ।

ਮਾਰਚ 1691 ’ਚ ਲਾਹੌਰ ਦੇ ਗਵਰਨਰ ਨੇ ਅਲਫ਼ ਖ਼ਾਨ ਨਾਲ਼ ਫ਼ੌਜ ਭੇਜ ਕੇ ਪਹਾੜੀ ਰਾਜਿਆਂ ’ਤੇ ਹਮਲਾ ਕਰਾ ਦਿੱਤਾ। ਉਨ੍ਹਾਂ ਨੇ ਰਾਜਾ ਭੀਮ ਚੰਦ ਰਾਹੀਂ ਗੁਰੂ ਸਾਹਿਬ ਤੋਂ ਮਦਦ ਮੰਗੀ। ਗੁਰੂ ਜੀ ਨੇ ਦੀਵਾਨ ਨੰਦ ਚੰਦ, ਧਰਮ ਚੰਦ (ਸਿੰਘ) ਛਿਬਰ, ਭਾਈ ਮਨੀ ਰਾਮ (ਸਿੰਘ), ਭਾਈ ਆਲਮ ਚੰਦ (ਸਿੰਘ) ਨੱਚਣਾ ਤੇ ਹੋਰ ਜਰਨੈਲਾਂ ਦੀ ਅਗਵਾਈ ’ਚ ਫ਼ੌਜ ਨਦੌਣ ਭੇਜੀ। ਜਿੱਥੇ ਜ਼ਬਰਦਸਤ ਲੜਾਈ ਹੋਈ। ਅਲਫ਼ ਖ਼ਾਨ ਦੀ ਫ਼ੌਜ ਦੇ ਸਭ ਤੋਂ ਤਾਕਤਵਰ ਜੱਥੇ ਦੇ ਖ਼ਿਲਾਫ਼, ਸਿੱਖ ਜਰਨੈਲ ਡੱਟ ਕੇ ਲੜੇ। ਸਿੱਖ ਜਰਨੈਲਾਂ ਦੇ ਤੀਰਾਂ ਦੀ ਵਾਛੜ ਨੇ ਅਲਫ਼ ਖ਼ਾਨ ਦੀ ਫ਼ੌਜ ਦੇ ਹੌਸਲੇ ਢਾਹ ਦਿੱਤੇ ਤੇ ਉਸ ਦੀ ਫ਼ੌਜ ਪਿੱਛੇ ਭੱਜ ਗਈ।

ਮਹਾਰਾਣੀ ਚੰਪਾ ਦੀ 12 ਮਈ 1691 ਨੂੰ ਮੌਤ ਹੋ ਗਈ, ਜੋ ਗੁਰੂ ਸਾਹਿਬ ਨੂੰ ਬੜਾ ਪਿਆਰ ਕਰਦੀ ਸੀ। ਗੁਰੂ ਸਾਹਿਬ ਆਪਣੀ ਦਾਦੀ ਮਾਤਾ ਨਾਨਕੀ, ਪਰਵਾਰ ਅਤੇ ਮੁਖੀ ਸਿੱਖਾਂ ਸਮੇਤ ਓਥੇ ਗਏ।

ਮਾਰਚ 1692 ’ਚ ਰਾਜਾ ਭੀਮ ਚੰਦ ਨੇ ਪਹਾੜੀ ਬਾਈ ਧਾਰਾਂ ਦੇ ਰਾਜਿਆਂ ਦਾ ਇਕੱਠ ਬੁਲਾਇਆ। ਮੁਗ਼ਲ ਸਰਕਾਰ ਦੇ ਹੋਣ ਵਾਲੇ ਹਮਲਿਆਂ ਦੇ ਡਰ ਕਾਰਨ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਦੀ ਸਰਪ੍ਰਸਤੀ ਹਾਸਲ ਕਰਨ ਦੀ ਖ਼ਾਹਿਸ਼ ਜ਼ਾਹਰ ਕੀਤੀ। ਗੁਰੂ ਜੀ ਨੇ ਕਿਹਾ ਕਿ ‘ਜੇ ਤੁਸੀਂ ਮੁਗ਼ਲਾਂ ਦੀ ਗ਼ੁਲਾਮੀ ਵਿਚ ਨਾ ਰਹਿਣਾ ਚਾਹੋ ਤਾਂ ਮੈਂ ਤੁਹਾਡੀ ਨਿਗਹਬਾਨੀ ਤੇ ਸਰਪ੍ਰਸਤੀ ਕਰਨ ਵਾਸਤੇ ਤਿਆਰ ਹਾਂ’। ਸਾਰੇ ਰਾਜਿਆਂ ਨੇ ਗੁਰੂ ਜੀ ਦੇ ਹੁਕਮ ਨੂੰ ਮੰਨਣ ਦਾ ਵਾਅਦਾ ਕੀਤਾ। ਕੁਝ ਹੀ ਦਿਨਾਂ ਬਾਅਦ (16 ਸਤੰਬਰ 1692) ਭੀਮ ਚੰਦ ਚੜ੍ਹਾਈ ਕਰ ਗਿਆ।

ਅਗਸਤ 1695 ’ਚ ਲਾਹੌਰ ਦੇ ਨਾਇਬ ਸੂਬੇਦਾਰ (ਡਿਪਟੀ ਗਵਰਨਰ) ਦਿਲਾਵਰ ਖ਼ਾਨ ਨੇ ਪਹਾੜੀ ਰਾਜਿਆਂ ਨੂੰ ਸਬਕ ਸਿਖਾਉਣ ਲਈ ਆਪਣੇ ਪੁੱਤਰ ਰੁਸਤਮ ਖ਼ਾਨ ਨੂੰ ਫ਼ੌਜ ਦੇ ਕੇ ਭੇਜਿਆ। ਉਸ ਨੂੰ ਪਤਾ ਸੀ ਕਿ ਗੁਰੂ ਸਾਹਿਬ ਦੀ ਮਦਦ ਨਾਲ ਉਹ ਜਿੱਤਦੇ ਹਨ। ਇਸ ਲਈ ਉਸ ਨੇ ਆਪਣੇ ਪੁੱਤਰ ਨੂੰ ਪਹਿਲਾਂ ਅਨੰਦਪੁਰ ਸਾਹਿਬ ’ਤੇ ਹਮਲਾ ਕਰਨ ਲਈ ਕਿਹਾ। ਬਰਸਾਤਾਂ ਕਾਰਨ ਤਦ ਨਾਲੇ ’ਚ ਹੜ੍ਹ ਆਇਆ ਹੋਇਆ ਸੀ। ਜਿਸ ਕਾਰਨ ਰੁਸਤਮ ਖ਼ਾਨ ਦੀ ਫ਼ੌਜ ਨਾਲਾ ਪਾਰ ਕਰ ਅਨੰਦਪੁਰ ਸਾਹਿਬ ’ਚ ਦਾਖ਼ਲ ਨਾ ਹੋ ਸਕੀ। ਓਧਰੋਂ ਕਿਲ੍ਹਾ ਅਨੰਦਗੜ੍ਹ ’ਚ ਨਗਾਰੇ ਦੀ ਧੌਂਸ ਤੇ ਜੈਕਾਰਿਆਂ ਦੀ ਗੂੰਜ ਸੁਣ ਕੇ ਮੁਗ਼ਲ ਫ਼ੌਜ ਹਮਲਾ ਕਰਨ ਤੋਂ ਬਿਨਾਂ ਹੀ ਵਾਪਸ ਮੁੜ ਗਈ।

ਰੁਸਤਮ ਖ਼ਾਨ ਦੇ ਖ਼ਾਲੀ ਮੁੜਨ ਤੋਂ ਬਾਅਦ ਦਿਲਾਵਰ ਖ਼ਾਨ ਨੇ ਕਾਂਗੜੇ ਦੇ ਕਿਲੇ੍ਹਦਾਰ ਹੁਸੈਨ ਖ਼ਾਨ ਨੂੰ ਫ਼ੌਜ ਦੇ ਕੇ ਪਹਾੜੀ ਰਾਜਿਆਂ ’ਤੇ ਹਮਲਾ ਕਰਨ ਨੂੰ ਭੇਜਿਆ। ਡਢਵਾਲੀਏ ਤੇ ਬਿਲਾਸਪੁਰੀਏ ਰਾਜਿਆਂ ਨੇ ਪਹਿਲੋਂ ਤਾਂ ਹੁਸੈਨੀ ਦਾ ਟਾਕਰਾ ਕੀਤਾ, ਪਰ ਆਖ਼ਿਰ ਹਥਿਆਰ ਸੁੱਟ ਦਿੱਤੇ। ਹੁਸੈਨ ਖ਼ਾਨ ਨੇ ਉਨ੍ਹਾਂ ਨੂੰ ਇਸ ਸ਼ਰਤ ’ਤੇ ਮਾਫ਼ ਕੀਤਾ ਕਿ ਉਹ ਆਪਣੀਆਂ ਫ਼ੌਜਾਂ ਸਣੇ ਉਸ ਦੀ ਮੁਹਿੰਮ ’ਚ ਸ਼ਾਮਲ ਹੋ ਕੇ ਬਾਕੀ ਪਹਾੜੀ ਰਾਜਿਆਂ ’ਤੇ ਹਮਲਾ ਕਰਨਗੇ। ਗੁਲੇਰ ਦੇ ਰਾਜੇ ਗੋਪਾਲ ਨੇ ਗੁਰੂ ਸਾਹਿਬ ਤੋਂ ਮਦਦ ਮੰਗੀ। ਗੁਰੂ ਸਾਹਿਬ ਨੇ ਭਾਈ ਬਚਿਤਰ ਦਾਸ, ਭਾਈ ਸੰਗਤ ਰਾਇ, ਭਾਈ ਹਨੂਮੰਤ ਰਾਇ, ਭਾਈ ਲਹਿਨੂ, ਭਾਈ ਦੱਗੋ ਵਗ਼ੈਰਾ ਦੀ ਅਗਵਾਈ ’ਚ ਸਿੱਖ ਫ਼ੌਜ ਮਦਦ ਵਾਸਤੇ ਭੇਜੀ। 18 ਫ਼ਰਵਰੀ 1696 ਨੂੰ ਹੋਈ ਲੜਾਈ ’ਚ ਸਿੱਖ ਜਰਨੈਲਾਂ ਦੇ ਤੀਰਾਂ ਦੀ ਵਾਛੜ ਨੇ ਮੁਗ਼ਲਾਂ ਅਤੇ ਉਨ੍ਹਾਂ ਦੀ ਗ਼ੁਲਾਮੀ ਕਬੂਲ ਕਰ ਚੁੱਕੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਦੇ ਛੱਕੇ ਛੁਡਾ ਦਿੱਤੇ। ਹੁਸੈਨ ਖ਼ਾਨ ਤੇ ਉਸ ਦੇ ਕਈ ਪਹਾੜੀ ਸਾਥੀ ਮਾਰੇ ਗਏ। ਇਸ ਲੜਾਈ ’ਚ ਭੀਮ ਚੰਦ ਦਾ ਪੁੱਤਰ ਅਜਮੇਰ ਚੰਦ ਬਿਲਾਸਪੁਰੀਆ ਭੀ ਮੁਗ਼ਲਾਂ ਦਾ ਗ਼ੁਲਾਮ ਬਣ ਕੇ ਲੜਿਆ ਸੀ। ਇਸ ਕਾਰਨ ਹੁਣ ਉਹ ਉਨ੍ਹਾਂ ਦਾ ਹੱਥ-ਠੋਕਾ ਬਣਾ ਗਿਆ। ਇਸ ਮਗਰੋਂ ਬਿਲਾਸਪੁਰ ਤੇ ਅਨੰਦਪੁਰ ’ਚ ਸਬੰਧ ਖ਼ਤਮ ਹੋ ਗਏ ਤੇ ਅਜਮੇਰ ਚੰਦ ਨੇ ਸਿੱਖਾਂ ਦੇ ਖ਼ਿਲਾਫ਼ ਸਾਜ਼ਸ਼ਾਂ ਰਚਨੀਆਂ ਸ਼ੁਰੂ ਕਰ ਦਿੱਤੀਆਂ।

ਇਸ ਹਾਰ ਮਗਰੋਂ ਲਾਹੌਰ ਦੇ ਗਵਰਨਰ ਨੇ ਪਹਾੜੀ ਰਾਜਿਆਂ ਨੂੰ ਜਿੱਤਣ ਲਈ ਅਪ੍ਰੈਲ 1696 ’ਚ ਜੁਝਾਰ ਸਿੰਹ ਹਾਡੇ ਨੂੰ 3000 ਫ਼ੌਜ ਦੇ ਕੇ ਭੇਜਿਆ। ਉਹ ਇਕ ਹਠੀ ਤੇ ਤਕੜਾ ਜਰਨੈਲ ਸੀ। ਉਸ ਨੇ ਭਲਾਨ ਪਿੰਡ ’ਚ ਹੋਈ ਲੜਾਈ ’ਚ ਬਹੁਤ ਜ਼ਬਰਦਸਤ ਮੁਕਾਬਲਾ ਕੀਤਾ, ਪਰ ਅਖ਼ੀਰ ਮਾਰਿਆ ਗਿਆ। ਲਾਹੌਰ ਦੇ ਡਿਪਟੀ ਗਵਰਨਰ ਨੇ ਹੋਰ ਕ੍ਰੋਧਿਤ ਹੋ ਕੇ ਇਸ ਦੀ ਖ਼ਬਰ ਔਰੰਗਜ਼ੇਬ ਨੂੰ ਭੇਜੀ। ਔਰੰਗਜ਼ੇਬ ਨੇ ਆਪਣੇ ਪੁੱਤਰ ਤੇ ਲਾਹੌਰ ਦੇ ਸੂਬੇਦਾਰ, ਸ਼ਹਿਜ਼ਾਦਾ ਮੁਅੱਜ਼ਮ (ਜੋ ਮਗਰੋਂ ਬਾਦਸ਼ਾਹ ਬਹਾਦਰ ਸ਼ਾਹ ਬਣਿਆ) ਨੂੰ ਅਨੰਦਪੁਰ ਭੇਜਿਆ, ਜੋ ਭਾਈ ਨੰਦ ਲਾਲ ਦਾ ਸ਼ਾਗਿਰਦ ਸੀ। ਉਹ 13 ਜੁਲਾਈ 1696 ਨੂੰ ਅਨੰਦਪੁਰ ਪੁੱਜਾ। ਭਾਈ ਨੰਦ ਲਾਲ ਉਸ ਨੂੰ ਮਿਲਿਆ ਤੇ ਉਸ ਦੀ ਮੁਲਾਕਾਤ ਗੁਰੂ ਸਾਹਿਬ ਨਾਲ ਕਰਵਾਈ। ਮੁਅੱਜ਼ਮ ਗੁਰੂ ਜੀ ਤੋਂ ਬੜਾ ਪ੍ਰਭਾਵਤ ਹੋਇਆ। ਉਸ ਨੇ ਵਾਪਸ ਜਾ ਕੇ ਔਰਗੰਜ਼ੇਬ ਨੂੰ ਖ਼ਬਰ ਦਿੱਤੀ ਕਿ ਪੰਜਾਬ ਦੇਸ਼ ’ਚ ਕੋਈ ਮਸਲਾ ਨਹੀਂ। ਅਨੰਦਪੁਰ ’ਤੇ ਹਮਲਾ ਕਰਨਾ ਮੁਗ਼ਲ ਸਰਕਾਰ ਦੇ ਹੱਕ ’ਚ ਨਹੀਂ।

ਔਰੰਗਜ਼ੇਬ ਨੇ ਆਪਣੀ ਹੋਰ ਤਸੱਲੀ ਲਈ ਸਤੰਬਰ 1696 ਦੇ ਅਖ਼ੀਰ ’ਚ ਮਿਰਜ਼ਾ ਬੇਗ਼ ਨੂੰ ਭੇਜਿਆ। ਉਹ ਅਨੰਦਪੁਰ ਸਾਹਿਬ ਆਇਆ ਤੇ ਗੁਰੂ ਜੀ ਨਾਲ ਮੁਲਾਕਾਤ ਕੀਤੀ। ਉਸ ਨੂੰ ਭੀ ਗੁਰੂ ਜੀ ਨਾਲ ਟੱਕਰ ਲੈਣ ਦਾ ਕੋਈ ਤੁਕ ਨਜ਼ਰ ਨਾ ਆਇਆ। ਉਸ ਨੇ ਵੀ ਰਿਪੋਰਟ ਔਰੰਗਜ਼ੇਬ ਨੂੰ ਭੇਜ ਦਿੱਤੀ। ਫਿਰ ਵੀ ਦਿੱਲੀ ਦਰਬਾਰ ਨੇ ਚਾਰ ਹੋਰ ਅਹਿਦੀਏ (ਸਰਕਾਰੀ ਅਫ਼ਸਰ) ਪਹਾੜਾਂ ਵੱਲ ਭੇਜੇ। ਉਨ੍ਹਾਂ ਨੇ ਵੀ ਮਿਰਜ਼ਾ ਬੇਗ਼ ਦੀ ਰਿਪੋਰਟ ਨੂੰ ਸਹੀ ਮੰਨਿਆ।

ਸਿੱਖ ਪੰਥ ਦਾ ਜਥੇਬੰਦਕ ਢਾਂਚਾ; ਗੁਰੂ ਨਾਨਕ ਸਾਹਿਬ ਵੇਲੇ ‘ਧਰਮਸਾਲਾ’ ਤੇ ‘ਸੰਗਤ’ ਵਜੋਂ ਸ਼ੁਰੂ ਹੋਇਆ। ਗੁਰੂ ਅਮਰਦਾਸ ਜੀ ਵੇਲੇ ‘ਮੰਜੀਆਂ’ ਤੇ ‘ਪੀੜ੍ਹਿਆਂ’ ਦੇ ਰੂਪ ’ਚ ਫੈਲਿਆ। ਗੁਰੂ ਰਾਮਦਾਸ ਸਾਹਿਬ ਜੀ ਸਮੇਂ ‘ਮਸੰਦ’ ਜਮਾਤ ਵਜੋਂ ਕਾਇਮ ਹੋਇਆ। ਇਨ੍ਹਾਂ ਮਸੰਦਾਂ ਦਾ ਕੰਮ ਗੁਰੂ ਦੇ ਦਰਬਾਰ ’ਚ ਸੰਗਤਾਂ ਦੇ ਸੁਨੇਹੇ ਪਹੁੰਚਾਉਣਾ ਤੇ ਗੁਰੂ ਜੀ ਦੇ ਪੈਗ਼ਾਮ ਸੰਗਤਾਂ ਤੱਕ ਲੈ ਜਾਣਾ ਹੁੰਦਾ ਸੀ। ਸੰਗਤ ਦਾ ਦਸਵੰਧ ਵੀ ਗੁਰੂ ਜੀ ਤੱਕ ਇਹ ਪਹੁੰਚਾਇਆ ਕਰਦੇ ਸਨ। ਜੇ ਕਿਸੇ ਸਿੱਖ ਨੂੰ ਮਦਦ ਦੀ ਲੋੜ ਹੁੰਦੀ ਤਾਂ ਉਸ ਵਾਸਤੇ ਰਕਮ ਜਾਂ ਤੋਹਫ਼ੇ ਗੁਰੂ ਸਾਹਿਬ ਮਸੰਦਾਂ ਰਾਹੀਂ ਹੀ ਪਹੁੰਚਾਇਆ ਕਰਦੇ ਸਨ। ਸੰਗਤਾਂ ਦਾ ਦਸਵੰਧ ਸੁਚੱਜੇ ਤਰੀਕੇ ਨਾਲ ਗੁਰੂ ਦਰਬਾਰ ’ਚ ਪੁੱਜਣ ਲੱਗਾ। ਕਈ ਲੋਕ ਭਲਾਈ ਦੇ ਕੰਮ ਹੋਣ ਲੱਗੇ। ਨੌਵੇਂ ਪਾਤਿਸ਼ਾਹ ਤਕ ਇਹ ਮਸੰਦ ਜਮਾਤ ਬੜੀ ਸਿੱਦਕ ਨਾਲ਼ ਰੋਲ ਅਦਾ ਕਰਦੀ ਰਹੀ।

ਗੁਰੂ ਸਾਹਿਬ ਨੇ ਸਿੱਖਾਂ ਨੂੰ ਹੁਕਮਨਾਮੇ ਭੇਜ ਕੇ ਸੰਨ 1699 ਦੀ ੧ ਵਿਸਾਖ (ਸੰਮਤ ੧੭੫੬ ਬਿਕ੍ਰਮੀ, ਨਾਨਕਸ਼ਾਹੀ ਸੰਮਤ ੨੩੧) ਨੂੰ ਅਨੰਦਪੁਰ ਸਾਹਿਬ ਆਉਣ ਲਈ ਬੁਲਾਇਆ। ਉਸ ਦਿਨ ਹਜ਼ਾਰਾਂ ਸਿੱਖ ਗੁਰੂ ਦੀ ਨਗਰੀ ’ਚ ਪੁੱਜੇ। ਰਬਾਬੀਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ। ਭਾਈ ਮਨੀ ਰਾਮ ਨੇ ਸ਼ਬਦ ਦੀ ਕਥਾ ਕੀਤੀ। ਇਸ ਤੋਂ ਬਾਅਦ ਗੁਰੂ ਜੀ ਨੇ ਖੜ੍ਹੇ ਹੋ ਕੇ ਕਿਰਪਾਨ ਮਿਆਨ ਵਿਚੋਂ ਕੱਢ ਕੇ ਕਿਹਾ ਕਿ ਮੈਨੂੰ ਇਕ ਸਿਰ ਚਾਹੀਦਾ ਹੈ। ਗੁਰੂ ਸਾਹਿਬ ਦੇ ਬੋਲ ਸੁਣ ਕੇ ਸਾਰੇ ਪਾਸੇ ਚੁੱਪ ਛਾ ਗਈ। ਗੁਰੂ ਸਾਹਿਬ ਨੇ 3 ਵਾਰੀ ਫਿਰ ਕਿਹਾ। ਤੀਜੀ ਵਾਰ ਆਖਣ ’ਤੇ ਭਾਈ ਦਇਆ ਰਾਮ ਖੜ੍ਹਾ ਹੋ ਕੇ ਗੁਰੂ ਸਾਹਿਬ ਅੱਗੇ ਆ ਖਲੋਤਾ । ਗੁਰੂ ਸਾਹਿਬ; ਉਸ ਨੂੰ ਫੜ ਕੇ ਨੇੜੇ ਹੀ ਛੋਟੀ ਪਹਾੜੀ ’ਤੇ ਗੱਡੇ ਤੰਬੂ ’ਚ ਲੈ ਗਏ। ਕੁਝ ਪਲਾਂ ਬਾਅਦ ਗੁਰੂ ਸਾਹਿਬ ਖ਼ੂਨ ਨਾਲ ਲਿਬੜੀ ਕਿਰਪਾਨ ਲੈ ਕੇ ਬਾਹਰ ਆਏ। ਇਸ ਤਰ੍ਹਾਂ ਵਾਰੀ-ਵਾਰੀ ਗੁਰੂ ਸਾਹਿਬ ਨੇ ਚਾਰ ਹੋਰ ਸਿਰਾਂ ਦੀ ਮੰਗ ਕੀਤੀ। ਪੰਜਵੇਂ ਸਿੱਖ ਵੱਲੋਂ ਸਿਰ ਭੇਟ ਕਰਨ ਤੋਂ ਕੁਝ ਚਿਰ ਮਗਰੋਂ ਗੁਰੂ ਸਾਹਿਬ; ਉਨ੍ਹਾਂ ਪੰਜੇ ਸਿੱਖਾਂ (ਭਾਈ ਦਇਆ ਰਾਮ, ਭਾਈ ਮੋਹਕਮ ਚੰਦ, ਭਾਈ ਸਾਹਿਬ ਚੰਦ, ਭਾਈ ਧਰਮ ਚੰਦ, ਭਾਈ ਹਿੰਮਤ ਚੰਦ) ਨੂੰ ਨੀਲੇ ਬਾਣੇ ’ਚ ਸਜਾ ਪੰਡਾਲ ’ਚ ਲੈ ਆਏ। ਗੁਰੂ ਸਾਹਿਬ ਨੇ ਆਪ ਵੀ ਐਸਾ ਹੀ ਬਾਣਾ ਪਹਿਣਿਆ ਸੀ। ਕੁਝ ਇਤਿਹਾਸਕ ਸੋਮਿਆਂ ’ਚ ਇਹ ਘਟਨਾ ਸੰਨ 1698 (ਸੰਮਤ ੧੭੫੫ ਬਿਕ੍ਰਮੀ) ਦੀ ਦਰਜ ਹੈ; ਜਿਵੇਂ ਕਿ ‘ਭੱਟ ਵਹੀ ਭਾਦਸੋਂ ਪਰਗਨਾ ਥਾਨੇਸਰ’ ’ਚ ਲਿਖਿਆ ਹੈ:

ਗੁਰੂ ਗੋਬਿੰਦ ਸਿੰਘ ਮਹਲ ਦਸਮਾਂ ਬੇਟਾ ਗੁਰੂ ਤੇਗ ਬਹਾਦਰ ਜੀ ਕਾ ਸਾਲ ਸਤਰਾਂ ਸੈ ਪਚਾਵਨ ਮੰਗਲਵਾਰ ਵੈਸਾਖੀ ਕੇ ਦਿੰਹੁੰ ਪਾਂਚ ਸਿਖੋਂ ਕੋ ਖਾਂਡੇ ਕੀ ਪਾਹੁਲ ਦੀ ਸਿੰਘ ਨਾਮ ਰਾਖਾ ਪ੍ਰਿਥਮੈ ਦੈਆ ਰਾਮ ਸੋਪਤੀ ਖਤਰੀ ਬਾਸੀ ਲਾਹੌਰ ਖਲਾ ਹੂਆ ਪਾਛੈ ਮੋਹਕਮ ਚੰਦ ਛੀਪਾ ਬਾਸੀ ਦਵਾਰਕਾ, ਸਾਹਿਬ ਚੰਦ ਨਾਈ ਬਾਸੀ ਬਿਦਰ ਜ਼ਫ਼ਰਾਬਾਦ, ਧਰਮ ਚੰਦ ਜਵੰਦਾ ਜਾਟ ਬਾਸੀ ਹਸਤਨਾਪੁਰ, ਹਿੰਮਤ ਚੰਦ ਝੀਵਰ ਬਾਸੀ ਜਗਨਨਾਥ ਬਾਰੋ ਬਾਰੀ ਖਲੇ ਹੁਏ ਸਬ ਕੋ ਨੀਲ ਅੰਬਰ ਪਹਿਨਾਇਆ ਵਹੀ ਬੇਸ ਅਪਨਾ ਕੀਆ ਹੁੱਕਾ, ਹਲਾਲ, ਹਜਾਮਤ ਹਰਾਮ, ਟਿੱਕਾ ਜੰਞੂ ਧੋਤੀ ਕਾ ਤਿਆਗ ਕਰਾਇਆ ਮੀਣੇ ਧੀਰਮਲੀਏ ਰਾਮ ਰਾਈਏ, ਸਿਰਗੁੰਮ, ਮਸੰਦਾਂ ਕੀ ਵਰਤਨ ਬੰਦ ਕੀ ਕੰਘਾ, ਕਰਦ, ਕੇਸਗੀ, ਕੜਾ, ਕਛਹਿਰਾ ਸਭ ਕੋ ਦੀਆ ਸਭ ਕੇਸਧਾਰੀ ਕੀਏ

 ਇਸ ਮਗਰੋਂ ਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ਮਰਜੀਵੜੇ ‘ਪੰਜ ਪਿਆਰੇ’ ਕਹਿਣਾ ਸ਼ੁਰੂ ਕਰਵਾਇਆ ਤੇ ਕਿਹਾ ਕਿ ਜਦੋਂ ਵੀ ਕੜਾਹ ਪ੍ਰਸ਼ਾਦ ਦੀ ਦੇਗ਼ ਤਿਆਰ ਕਰਨੀ ਤਾਂ ਇਨ੍ਹਾਂ ਦਾ ਛਾਂਦਾ (ਹਿੱਸਾ) ਸਭ ਤੋਂ ਪਹਿਲਾਂ ਕੱਢਣਾ। ਗੁਰੂ ਜੀ ਨੇ ਇਨ੍ਹਾਂ ਪੰਜਾਂ ਨੂੰ ‘ਖੰਡੇ ਦੀ ਪਾਹੁਲ’ ਤਿਆਰ ਕਰਕੇ ਛਕਾਈ ਤੇ ਆਪ ਭੀ ਇਨ੍ਹਾਂ ਪਾਸੋਂ ਛਕੀ। ਸਭ ਦੇ ਨਾਵਾਂ ਨਾਲ਼ ‘ਸਿੰਘ’ (ਤੇ ‘ਕੌਰ’) ਸ਼ਬਦ ਲਿਖਣਾ ਜ਼ਰੂਰੀ ਕੀਤਾ। ਇਸ ਤੋਂ ਬਾਅਦ ਸੰਗਤਾਂ ਨੂੰ ਇਨ੍ਹਾਂ ਪੰਜਾਂ ਕੋਲ਼ੋਂ ਪਾਹੁਲ ਲੈਣ ਲਈ ਕਿਹਾ ਭਾਵੇਂ ਕਿ ਬਹੁਤਿਆਂ ਨੇ ਪਹਿਲਾਂ ‘ਚਰਨ ਪਾਹੁਲ’ ਭੀ ਗ੍ਰਹਿਣ ਕੀਤੀ ਹੋਈ ਸੀ। ਉਸ ਦਿਨ ਅਨੰਦਪੁਰ ਸਾਹਿਬ ਵਿਖੇ ਤਕਰੀਬਨ 80 ਹਜ਼ਾਰ ਤੋਂ ਵੱਧ ਸਿੱਖ, ਬੀਬੀਆਂ ਤੇ ਬੱਚਿਆਂ ਨੇ ਅੰਮ੍ਰਿਤਪਾਨ ਕੀਤਾ।

ਗੁਰੂ ਸਾਹਿਬ ਵੱਲੋਂ ਖਾਲਸਾ ਪਰਗਟ ਕਰਨ ਮਗਰੋਂ ਹਜ਼ਾਰਾਂ ਦੀ ਗਿਣਤੀ ’ਚ ਲੋਕ ਸਿੱਖੀ ਧਾਰਨ ਵਾਸਤੇ ਅਨੰਦਪੁਰ ਸਾਹਿਬ ਆਉਣ ਲੱਗੇ। ਜਿਸ ਦੀ ਕਨਸੋਅ ਮੁਗ਼ਲ ਹਾਕਮਾਂ ਦੇ ਨਾਲ-ਨਾਲ ਹਿੰਦੂ ਚੌਧਰੀਆਂ ਤੇ ਬ੍ਰਾਹਮਣ ਜਮਾਤ ਨੂੰ ਵੀ ਮਿਲ ਰਹੀ ਸੀ।

ਇਨ੍ਹੀਂ ਦਿਨੀਂ ਗੁਰੂ ਸਾਹਿਬ ਨੇ ਲੋਹਗੜ੍ਹ ਕਿਲ੍ਹੇ ’ਚ ਹਥਿਆਰ ਬਣਾਉਣ ਦਾ ਕਾਰਖ਼ਾਨਾ ਲਾ ਲਿਆ। ਭਾਈ ਰਾਮ ਸਿੰਘ ਸਿਕਲੀਗਰ ਇਸ ਕਾਰਖ਼ਾਨੇ ਦੇ ਇੰਚਾਰਜ ਸਨ। ਵਧੀਆ ਹਥਿਆਰ ਬਣਨ ਲੱਗੇ। ਜਿਸ ਦੀ ਚਰਚਾ ਸਾਰੇ ਪਾਸੇ ਹੋਣ ਲੱਗੀ। ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਦਾ ਪੁਰੋਹਿਤ ਪਰਮਾ ਨੰਦ ਪਹਿਲੋਂ ਹੀ ਸਿੱਖਾਂ ਨਾਲ ਖਾਰ ਖਾਂਦਾ ਸੀ। ਉਸ ਨੇ ਆਲੇ-ਦੁਆਲੇ ਦੇ ਰਾਜਿਆਂ ਨੂੰ ਭੜਕਾਇਆ ਤੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਪਹਾੜੀ ਰਿਆਸਤਾਂ ’ਤੇ ਕਬਜ਼ਾ ਕਰਨ ਦੀ ਤਿਆਰੀ ਕਰ ਰਹੇ ਹਨ। ਕੁਝ ਚੌਧਰੀ ਤੇ ਰਜਵਾੜੇ ਉਸ ਦੀ ਚੁੱਕ ’ਚ ਆ ਗਏ। ਹੁਣ ਉਹ ਅਨੰਦਪੁਰ ਸਾਹਿਬ ’ਤੇ ਹਮਲਾ ਕਰਨ ਦੇ ਬਹਾਨੇ ਘੜਨ ਲੱਗੇ। ਇਨ੍ਹੀਂ ਦਿਨੀਂ ਇਕ ਵਾਰ (12 ਜੁਲਾਈ 1698 ਨੂੰ) ਗੁਰੂ ਜੀ; ਕੁਝ ਸਿੰਘਾਂ ਸਮੇਤ ਨੇੜੇ ਦੇ ਪਹਾੜੀ ਜੰਗਲ਼ ’ਚ ਸ਼ਿਕਾਰ ਕਰਨ ਗਏ। ਆਪ ਜੀ ਉੱਤੇ ਕਾਂਗੜੇ ਦੇ ਰਾਜੇ ਆਲਮ ਚੰਦ ਕਟੋਚ ਤੇ ਉਸ ਦੇ ਜਰਨੈਲ ਬਲੀਆ ਚੰਦ ਕਟੋਚ ਨੇ ਹਮਲਾ ਕਰ ਦਿੱਤਾ। ਭਾਈ ਉਦੈ ਸਿੰਘ ਤੇ ਭਾਈ ਆਲਮ ਸਿੰਘ ਨੇ ਵੀ ਤਲਵਾਰਾਂ ਕੱਢ ਲਈਆਂ। ਦੋਹਾਂ ਪਾਸਿਓਂ ਜ਼ਬਰਦਸਤ ਲੜਾਈ ਹੋਈ। ਭਾਈ ਉਦੈ ਸਿੰਘ ਨੇ ਬਲੀਆ ਚੰਦ ਦੀ ਇਕ ਬਾਂਹ ਵੱਢ ਦਿੱਤੀ। ਆਲਮ ਚੰਦ ਕਟੋਚ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ, ਜੋ ਬਾਅਦ ’ਚ ਜ਼ਖ਼ਮਾਂ ਕਾਰਨ ਮਰ ਗਿਆ।

22 ਮਈ 1699 ਨੂੰ ਪੋਠੋਹਾਰ ਦੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਆਈ ਤਾਂ ਰਾਹ ’ਚ ਨੂਹ ਪਿੰਡ ਦੇ ਰੰਘੜਾਂ ਨੇ ਉਨ੍ਹਾਂ ਨੂੰ ਲੁੱਟ ਲਿਆ। ਇਨ੍ਹਾਂ ’ਚ ਬਹੁਤੇ ਪਾਹੁਲੀਏ ਨਾ ਹੋਣ ਕਾਰਨ ਇਨ੍ਹਾਂ ਕੋਲ ਕਿਰਪਾਨਾਂ ਨਹੀਂ ਸਨ। ਗੁਰੂ ਸਾਹਿਬ ਨੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਦੀ ਅਗਵਾਈ ’ਚ 100 ਸਿੰਘਾਂ ਨੂੰ ਨੂਹ ਦੇ ਲੁਟੇਰਿਆਂ ਨੂੰ ਸਜ਼ਾ ਦੇਣ ਲਈ ਭੇਜਿਆ। ਇਨ੍ਹਾਂ ਨੇ ਲੁਟੇਰਿਆਂ ਦਾ ਆਗੂ ਕੇਰੋ ਰਾਮ ਰੰਘੜ ਫੜ ਕੇ ਅਨੰਦਪੁਰ ਲੈ ਆਂਦਾ; ਉਸ ਨੇ ਗੁਰੂ ਸਾਹਿਬ ਦੇ ਪੈਰ ਫੜ ਲਏ ਤੇ ਅੱਗੇ ਤੋਂ ਪਾਪ ਨਾ ਕਰਨ ਦਾ ਪ੍ਰਣ ਕੀਤਾ, ਜਿਸ ਕਾਰਨ ਗੁਰੂ ਜੀ ਨੇ ਉਸ ਨੂੰ ਮਾਫ਼ ਕਰ ਦਿੱਤਾ।

ਬਲੀਆ ਚੰਦ ਤੇ ਆਲਮ ਚੰਦ ਦੀ ਹੋਈ ਹਾਰ ਮਗਰੋਂ ਬਿਲਾਸਪੁਰ ਦੇ ਰਾਜੇ ਅਜਮੇਰ ਚੰਦ ਨੇ ਆਪ ਜੁੱਧ ਕਰਨ ਦੀ ਠਾਣ ਲਈ। ਤਾਰਾਗੜ੍ਹ ਦਾ ਕਿਲ੍ਹਾ ਅਨੰਦਪੁਰ ਸਾਹਿਬ ਤੋਂ ਪੰਜ ਕਿਲੋਮੀਟਰ ਦੂਰ ਪਿੰਡ ਤਾਰਾਪੁਰ ’ਚ ਸੀ। ਇੱਥੇ ਖਾਲਸਈ ਫ਼ੌਜ ਦਾ ਛੋਟਾ ਜਿਹਾ ਜੱਥਾ ਹੀ ਸੀ। ਜਿਸ ਦੀ ਕਮਾਨ ਸਾਹਿਬਜ਼ਾਦਾ ਅਜੀਤ ਸਿੰਘ ਕੋਲ਼ ਸੀ।  ਇੱਥੇ 29 ਅਗਸਤ 1700 ਵੀਰਵਾਰ ਦੇ ਦਿਨ ਅਜਮੇਰ ਚੰਦ ਨੇ ਅਚਾਨਕ ਹਮਲਾ ਕਰ ਦਿੱਤਾ। ਸਾਹਿਬਜ਼ਾਦਾ ਅਜੀਤ ਸਿੰਘ ਨੇ ਹਮਲੇ ਨੂੰ ਪਛਾੜਨ ਲਈ ਕੁਝ ਸਿੰਘ ਅੱਗੇ ਭੇਜੇ। ਜਿਨ੍ਹਾਂ ਨੇ ਬਹਾਦਰੀ ਨਾਲ ਦੁਸ਼ਮਣ ਦੀ ਫ਼ੌਜ ਦਾ ਟਾਕਰਾ ਕੀਤਾ। ਓਧਰ ਜਦ ਗੁਰੂ ਜੀ ਨੂੰ ਹਮਲੇ ਦਾ ਪਤਾ ਲੱਗਾ ਤਾਂ ਭਾਈ ਉਦੈ ਸਿੰਘ ਦੀ ਅਗਵਾਈ ’ਚ 125 ਸਿੰਘਾਂ ਦਾ ਜਥਾ ਭੇਜਿਆ। ਇਸ ਗਹਿਗੱਚ ਲੜਾਈ ’ਚ ਬਹੁਤ ਸਾਰੇ ਪਹਾੜੀ ਫ਼ੌਜੀ ਮਾਰੇ ਗਏ। ਪਹਾੜੀ ਰਾਜਿਆਂ ਦਾ ਆਗੂ ਘੁਮੰਡ ਚੰਦ ਭਾਈ ਉਦੈ ਸਿੰਘ ਦੇ ਹੱਥੋਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।  3 ਕੁ ਘੰਟੇ ਚੱਲੀ ਲੜਾਈ ਮਗਰੋਂ ਪਹਾੜੀ ਫ਼ੌਜਾਂ ਦੌੜ ਗਈਆਂ।

ਅਗਲੇ ਦਿਨ ਅਜਮੇਰ ਚੰਦ ਤੇ ਉਸ ਦੇ ਸਾਥੀਆਂ ਦੀਆਂ ਫ਼ੌਜਾਂ ਨੇ ਕਿਲ੍ਹਾ ਫ਼ਤਹਿਗੜ੍ਹ ’ਤੇ ਹਮਲਾ ਕਰ ਦਿੱਤਾ। ਇਸ ਕਿਲੇ੍ਹ ਦੀ ਅਜੇ ਕੇਸਗੜ੍ਹ ਸਾਹਿਬ ਵਾਲੇ ਪਾਸੇ ਵੱਲ ਦੀ ਕੰਧ ਅਧੂਰੀ ਸੀ। ਕਿਲੇ੍ਹ ਦਾ ਜਥੇਦਾਰ ਭਾਈ ਭਗਵਾਨ ਸਿੰਘ (ਪੁੱਤਰ ਭਾਈ ਮਨੀ ਸਿੰਘ) ਸੀ। ਭਾਈ ਭਗਵਾਨ ਸਿੰਘ ਨੇ ਗਿਣਤੀ ਦੇ ਸਿੰਘਾਂ ਸਮੇਤ ਪਹਾੜੀ ਫ਼ੌਜਾਂ ਦਾ ਡਟ ਕੇ ਮੁਕਾਬਲਾ ਕੀਤਾ। ਬਹੁਤ ਸਾਰੇ ਪਹਾੜੀ ਫ਼ੌਜੀ ਮਾਰੇ ਗਏ।  ਸ਼ਾਮ ਹੋਣ ਮਗਰੋਂ ਪਹਾੜੀ ਫ਼ੌਜਾਂ ਮੈਦਾਨ ਛੱਡ ਕੇ ਦੌੜ ਗਈਆਂ।

ਅਜਮੇਰ ਚੰਦ ਨੇ ਤੀਜੇ ਦਿਨ ਫਿਰ 31 ਅਗਸਤ ਨੂੰ ਕਿਲ੍ਹਾ ਅਗੰਮਗੜ੍ਹ ’ਤੇ ਹਮਲਾ ਕੀਤਾ, ਜੋ ਅਨੰਦਪੁਰ ਤੋਂ ਤਕਰੀਬਨ ਡੇਢ ਕਿਲੋਮੀਟਰ ਦੂਰ ਚਰਨ ਗੰਗਾ ਚੋਅ ਦੇ ਦੂਜੇ ਪਾਸੇ, ਪਿੰਡ ਅਗੰਮਗੜ੍ਹ ’ਚ ਸੀ। ਇੱਥੇ ਵੀ ਥੋੜ੍ਹੇ ਹੀ ਸਿੰਘ ਸਨ।  4-5 ਘੰਟੇ ਚੱਲੀ ਲੜਾਈ ਤੋਂ ਬਾਅਦ ਅਜਮੇਰ ਚੰਦ ਤੇ ਉਸ ਦੇ ਸਾਥੀ ਭੱਜ ਗਏ।

ਉਸ ਰਾਤ ਅਜਮੇਰ ਚੰਦ ਨੇ ਪਹਾੜੀ ਰਾਜਿਆਂ ਤੇ ਵਜ਼ੀਰਾਂ ਦਾ ਇਕੱਠ ਕੀਤਾ। ਜਿਨ੍ਹਾਂ ’ਚ ਅਜਮੇਰ ਚੰਦ ਦਾ ਮਾਮਾ ਕੇਸਰੀ ਚੰਦ ਵੀ ਸੀ। ਕੇਸਰੀ ਚੰਦ ਨੇ ਲੋਹਗੜ੍ਹ ਕਿਲ੍ਹੇ ’ਤੇ ਹਮਲਾ ਕਰਨ ਲਈ ਆਖਿਆ, ਜਿੱਥੇ ਹਥਿਆਰ ਬਣਾਏ ਜਾਂਦੇ ਸਨ। ਇਸ ਕਿਲ੍ਹੇ ਦਾ ਦਰਵਾਜ਼ਾ ਸਭ ਤੋਂ ਵੱਧ ਮਜ਼ਬੂਤ ਸੀ। ਕੇਸਰੀ ਚੰਦ ਦੇ ਵਜ਼ੀਰ ਕਰਮ ਚੰਦ ਨੇ ਇਹ ਲੜਾਈ ਕਰਨ ਤੋਂ ਰੋਕਿਆ, ਪਰ ਉਸ ਦੀ ਕਿਸੇ ਨੇ ਨਾ ਸੁਣੀ। ਅਜਮੇਰ ਚੰਦ ਨੇ ਆਪਣੇ ਬ੍ਰਾਹਮਣ ਵਜ਼ੀਰ ਪਰਮਾ ਨੰਦ ਦੀ ਸਲਾਹ ’ਤੇ ਇਕ ਹਾਥੀ ਨੂੰ ਸ਼ਰਾਬ ਪਿਆ ਕੇ, ਕਿਲ੍ਹੇ ਦਾ ਦਰਵਾਜ਼ਾ ਤੋੜਣ ਲਈ ਭੇਜਣ ਦਾ ਫ਼ੈਸਲਾ ਕੀਤਾ।  ਕੇਸਰੀ ਚੰਦ ਨੇ ਇਹ ਐਲਾਨ ਵੀ ਕੀਤਾ ਕਿ ‘ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਲਾਹ ਕੇ ਲਿਆਵਾਂਗਾ, ਨਹੀ ਤਾਂ ਮੈਂ ਵਾਪਸ ਘਰ ਨਹੀਂ ਮੁੜਾਂਗਾ’। ਗੁਰੂ ਸਾਹਿਬ ਨੇ ਮਜੀਠੇ ਦੇ ਦੁਨੀ ਚੰਦ ਧਾਲੀਵਾਲ ਮਸੰਦ (ਜੋ ਬੜੇ ਭਾਰੇ ਜਿਸਮ ਵਾਲਾ ਸੀ) ਨੂੰ ਕਿਹਾ ਕਿ ਉਹ ਸ਼ਰਾਬੀ ਹਾਥੀ ਨੂੰ ਰੋਕੇ। ਬੁਜ਼ਦਿਲ ਦੁਨੀ ਚੰਦ ਡਰਦਾ ਮਾਰਾ ਰਾਤ ਨੂੰ ਕਿਲ੍ਹੇ ਦੀ ਕੰਧ ਤੋਂ ਰੱਸੇ ਨਾਲ ਉਤਰ ਕੇ ਭੱਜ ਗਿਆ। ਇਸ ਮਗਰੋਂ ਭਾਈ ਬਚਿਤਰ ਸਿੰਘ ਨੇ ਗੁਰੂ ਸਾਹਿਬ ਤੋਂ ਹਾਥੀ ਦਾ ਮੁਕਾਬਲਾ ਕਰਨ ਦੀ ਇਜਾਜ਼ਤ ਮੰਗੀ। ਗੁਰੂ ਸਾਹਿਬ ਨੇ ਉਸ ਨੂੰ ਆਪਣਾ ‘ਨਾਗਨੀ ਬਰਛਾ’ ਦੇ ਕੇ ਭੇਜਿਆ। ਭਾਈ ਉਦੈ ਸਿੰਘ ਨੇ ਜਸਵਾਰੀਏ ਰਾਜੇ ਕੇਸਰੀ ਚੰਦ ਨੂੰ ਸੋਧਣ ਦੀ ਇਜਾਜ਼ਤ ਮੰਗੀ। ਗੁਰੂ ਸਾਹਿਬ ਨੇ ਉਸ ਨੂੰ ‘ਕਰਪਾ’ ਨਾਂ ਦਾ ਬਰਛਾ ਦੇ ਕੇ ਥਾਪਣਾ ਦਿੱਤੀ। ਸਵੇਰ ਚੜ੍ਹਨ ਤੋਂ ਪਹਿਲਾਂ ਦੋਵੇਂ ਭਰਾ ਕਿਲ੍ਹਾ ਲੋਹਗੜ੍ਹ ਦੇ ਬਾਹਰ ਆ ਖਲੋਤੇ।

ਅਗਲੇ ਦਿਨ ਜਦ ਮਦਮਸਤ ਹਾਥੀ ਲੋਹਗੜ੍ਹ ਵੱਲ ਵਧਿਆ ਤਾਂ ਭਾਈ ਬਚਿਤਰ ਸਿੰਘ ਨੇ ਜ਼ੋਰ ਨਾਲ਼ ਬਰਛੇ ਨੂੰ ਹਾਥੀ ਦੇ ਮੱਥੇ ’ਚ ਮਾਰਿਆ ਤੇ ਬਰਛਾ; ਹਾਥੀ ਦੇ ਮੱਥੇ ’ਤੇ ਬੰਨ੍ਹੀਆਂ ਤਵੀਆਂ ਵਿੰਨ੍ਹ ਕੇ ਅੰਦਰ ਤਕ ਧਸ ਗਿਆ। ਭਾਈ ਸਾਹਿਬ ਨੇ ਇਕ ਦਮ ਜ਼ੋਰ ਨਾਲ ਬਰਛੇ ਨੂੰ ਵਾਪਸ ਵੀ ਖਿੱਚ ਲਿਆ। ਹਾਥੀ ਦਰਦ ਨਾਲ ਚਿੰਘਾੜਦਾ ਪਿੱਛੇ ਵੱਲ ਨੂੰ ਭੱਜਿਆ। ਜਿਸ ਦੇ ਪੈਰਾਂ ਹੇਠ ਆ ਕੇ ਬਹੁਤ ਸਾਰੇ ਪਹਾੜੀ ਫ਼ੌਜੀ ਮਰ ਗਏ। ਓਧਰ ਭਾਈ ਉਦੈ ਸਿੰਘ ਨੇ ਤੇਜ਼ੀ ਨਾਲ ਘੋੜਾ ਦੌੜਾ ਕੇ ਕੇਸਰੀ ਚੰਦ ਨੂੰ ਜਾ ਲਲਕਾਰਿਆ ਕਿ ‘ਤੂੰ ਗੁਰੂ ਸਾਹਿਬ ਦਾ ਸਿਰ ਲੈਣ ਆਇਆ ਸੀ। ਲੈ ਪਹਿਲੋਂ ਆਪਣਾ ਸਿਰ ਬਚਾਅ’। ਐਨਾ ਕਹਿ ਕੇ ਭਾਈ ਸਾਹਿਬ ਨੇ ਕਿਰਪਾਨ ਦੇ ਇੱਕੋ ਵਾਰ ਨਾਲ ਉਸ ਦਾ ਸਿਰ ਵੱਢ ਲਿਆ ਤੇ ਨੇਜ਼ੇ ’ਤੇ ਟੰਗ ਅਨੰਦਗੜ੍ਹ ਕਿਲੇ੍ਹ ਅੰਦਰ ਗੁਰੂ ਸਾਹਿਬ ਦੇ ਪੈਰਾਂ ’ਚ ਜਾ ਰੱਖਿਆ।  ਭਾਈ ਮਨੀ ਸਿੰਘ, ਭਾਈ ਸ਼ੇਰ ਸਿੰਘ ਤੇ ਭਾਈ ਨਾਹਰ ਸਿੰਘ ਦੀ ਅਗਵਾਈ ’ਚ ਸਿੰਘਾਂ ਨੇ ਵੀ ਬਹੁਤ ਸਾਰੇ ਪਹਾੜੀ ਫ਼ੌਜੀ ਮਾਰ ਦਿੱਤੇ। ਲੋਹਗੜ੍ਹ ਦੇ ਬਾਹਰ ਚਰਨ ਗੰਗਾ ਦੇ ਮੈਦਾਨ ’ਚ ਪਹਾੜੀ ਫ਼ੌਜੀਆਂ ਦੀਆਂ ਲਾਸ਼ਾਂ ਦੇ ਢੇਰ ਲੱਗ ਗਏ। ਇਸ ਮਗਰੋਂ ਅਜਮੇਰ ਚੰਦ ਤੇ ਉਸ ਦੇ ਸਾਥੀ ਪਹਾੜੀ ਰਾਜੇ; ਆਪਣੇ ਮਰੇ ਪਏ ਫ਼ੌਜੀਆਂ ਨੂੰ ਦਰੜਦੇ ਹੋਏ ਭੱਜ ਗਏ।

ਦੋ ਕੁ ਮਹੀਨਿਆਂ ਬਾਅਦ 8 ਅਕਤੂਬਰ 1700 ਨੂੰ ਅਜਮੇਰ ਚੰਦ ਨੇ ਨਿਰਮੋਹਗੜ੍ਹ ’ਚ ਗੁਰੂ ਜੀ ’ਤੇ ਫਿਰ ਹਮਲਾ ਕਰ ਦਿੱਤਾ। ਉਸ ਕੋਲ਼ ਗੋਲ਼ਾ ਬਰੂਦ ਕਾਫ਼ੀ ਸੀ ਤੇ ਫ਼ੌਜ ਦੀ ਗਿਣਤੀ ਵੀ ਬਹੁਤ ਸੀ। ਗੁਰੂ ਜੀ ਕੋਲ਼ ਗਿਣਵੇਂ ਸਿੰਘ ਸਨ। ਫਿਰ ਵੀ ਸਿੰਘ ਸੀਸ ਤਲੀ ’ਤੇ ਰੱਖ ਕੇ ਲੜੇ। ਇਸ ਲੜਾਈ ’ਚ ਬਹੁਤ ਸਾਰੇ ਪਹਾੜੀ ਫ਼ੌਜੀ ਮਾਰੇ ਗਏ ਤੇ ਉਹ ਮੈਦਾਨ ਛੱਡ ਭੱਜ ਗਏ।

ਇਸ ਹਾਰ ਮਗਰੋਂ ਅਜਮੇਰ ਚੰਦ ਨੇ ਸਰਹੰਦ ਦੇ ਫ਼ੌਜਦਾਰ ਵਜ਼ੀਰ ਖ਼ਾਨ ਨੂੰ ਗੁਰੂ ਸਾਹਿਬ ਖ਼ਿਲਾਫ਼ ਵਰਤਣ ਦੀ ਤਰਕੀਬ ਬਣਾਈ। ਉਸ ਨੇ ਆਪਣੇ ਵਜ਼ੀਰ ਪੰਡਿਤ ਪਰਮਾਨੰਦ ਨੂੰ ਸਰਹੰਦ ਭੇਜਿਆ। ਜਿਸ ਨੇ ਵਜ਼ੀਰ ਖ਼ਾਨ ਨੂੰ ਖ਼ਬਰ ਦਿੱਤੀ ਕਿ ਇਸ ਵਕਤ ਗੁਰੂ ਗੋਬਿੰਦ ਸਿੰਘ ਇਕ ਪਹਾੜੀ ’ਤੇ ਤੰਬੂ ਗੱਡ ਕੇ ਬੈਠੇ ਹਨ। ਉਸ ਕੋਲ਼ ਬਹੁਤ ਥੋੜ੍ਹੇ ਸਿੱਖ ਹਨ। ਪਰਮਾਨੰਦ ਨੇ ਅਜਮੇਰ ਚੰਦ ਵੱਲੋਂ ਭੇਜੀ ਕੁਝ ਰਕਮ ਵੀ ਵਜ਼ੀਰ ਖ਼ਾਨ ਨੂੰ ਭੇਂਟ ਕੀਤੀ। ਵਜ਼ੀਰ ਖ਼ਾਨ ਨੇ ਆਪਣੇ ਇਕ ਜਰਨੈਲ ਰੁਸਤਮ ਖ਼ਾਨ ਤੇ ਉਸ ਦੇ ਭਰਾ ਨਾਸਰ ਖ਼ਾਨ ਅਲੀ ਨੂੰ ਫ਼ੌਜ ਦੇ ਕੇ ਨਿਰਮੋਹਗੜ੍ਹ ਵੱਲ ਭੇਜਿਆ। ਨਾਸਰ ਖ਼ਾਨ ਨੇ ਗੁਰੂ ਜੀ ਵੱਲ ਤੋਪ ਦਾ ਗੋਲ਼ਾ ਮਾਰਿਆ, ਜਿਸ ਨਾਲ਼ ਗੁਰੂ ਜੀ ਦਾ ਚੌਰ-ਬਰਦਾਰ ਭਾਈ ਰਾਮ ਸਿੰਘ ਕਸ਼ਮੀਰੀ ਸ਼ਹੀਦ ਹੋ ਗਿਆ। ਗੁਰੂ ਜੀ ਨੇ ਤੁਰੰਤ ਸ਼ਿਸਤ ਬੰਨ੍ਹ ਕੇ ਐਸਾ ਤੀਰ ਮਾਰਿਆ ਕਿ ਰੁਸਤਮ ਖ਼ਾਨ ਥਾਂ ’ਤੇ ਹੀ ਮਰ ਗਿਆ ਤੇ ਭਾਈ ਉਦੈ ਸਿੰਘ ਦੇ ਤੀਰ ਨਾਲ ਨਾਸਰ ਖ਼ਾਨ ਵੀ ਮਾਰਿਆ ਗਿਆ।

ਮੁਗ਼ਲ ਫ਼ੌਜਾਂ ਦੀ ਇਸ ਹਾਰ ਮਗਰੋਂ ਅਜਮੇਰ ਚੰਦ ਫਿਰ ਆਪ ਫ਼ੌਜ ਲੈ ਕੇ ਨਿਰਮੋਹਗੜ੍ਹ ਆ ਗਿਆ। ਉਸ ਨੇ ਚੋਹਾਂ ਪਾਸਿਆਂ ਤੋਂ ਕਿਲ੍ਹੇ ਦੀ ਨਾਕਾਬੰਦੀ ਕਰ ਲਈ। ਗੁਰੂ ਜੀ ਨੇ ਸਿੰਘਾਂ ਨੂੰ 4 ਜਥਿਆਂ ’ਚ ਵੰਡ ਕੇ ਦੁਸ਼ਮਣ ਦੀਆਂ ਫ਼ੌਜਾਂ ਦਾ ਜ਼ਬਰਦਸਤ ਮੁਕਾਬਲਾ ਕੀਤਾ। 6-7 ਘੰਟੇ ਚੱਲੀ ਲੜਾਈ ਤੋਂ ਬਾਅਦ ਅਜਮੇਰ ਚੰਦ ਭੱਜ ਗਿਆ।

ਗੁਰੂ ਜੀ 15 ਅਕਤੂਬਰ ਨੂੰ ਸੁਬ੍ਹਾ ਨਿਰਮੋਹਗੜ੍ਹ ਤੋਂ ਸਤਲੁਜ ਦਰਿਆ ਵੱਲ ਚੱਲ ਪਏ ਤਾਂ ਜੋ ਦਰਿਆ ਪਾਰ ਕਰ ਕੇ ਬਸਾਲੀ ਜਾ ਸਕਣ। ਅਜਮੇਰ ਚੰਦ ਨੇ ਗੁਰੂ ਜੀ ’ਤੇ ਹਮਲਾ ਕਰ ਦਿੱਤਾ। ਗੁਰੂ ਜੀ ਨੇ ਸਿੱਖ ਫ਼ੌਜਾਂ ਨੂੰ ਦੋ ਹਿੱਸਿਆਂ ’ਚ ਵੰਡ ਦਿੱਤਾ ਤੇ ਆਪ ਦਰਿਆ ਪਾਰ ਕਰ ਗਏ। ਇੱਧਰ ਭਾਈ ਉਦੈ ਸਿੰਘ ਦੀ ਅਗਵਾਈ ’ਚ ਸਿੰਘਾਂ ਨੇ ਤੀਰਾਂ ਤੇ ਗੋਲ਼ੀਆਂ ਦਾ ਐਸਾ ਮੀਂਹ ਵਰ੍ਹਾਇਆ ਕਿ ਦੁਸ਼ਮਣਾਂ ਦੀ ਤੌਬਾ ਕਰਾ ਦਿੱਤੀ। ਜਦੋਂ ਸਾਰੀ ਫ਼ੌਜ ਸਤਲੁਜ ਦਰਿਆ ਪਾਰ ਕਰ ਗਈ ਤਾਂ ਭਾਈ ਉਦੈ ਸਿੰਘ ਵੀ ਪਾਰ ਕਰ ਗੁਰੂ ਜੀ ਨਾਲ਼ ਜਾ ਮਿਲੇ।

ਸ਼ਾਮ ਨੂੰ ਗੁਰੂ ਜੀ ਬਸਾਲੀ ਪਹੁੰਚ ਗਏ। ਜਿੱਥੇ ਲੋਕਾਂ ਨੇ ਗੁਰੂ ਜੀ ਨੂੰ ਬੜੀ ਗਰਮ-ਜੋਸ਼ੀ ਨਾਲ ਜੀ ਆਇਆਂ ਕਿਹਾ। ਗੁਰੂ ਜੀ ਰਾਜਾ ਸਲਾਹੀ ਚੰਦ ਦੇ ਮਹਿਲ ’ਚ ਰਹੇ ਤੇ ਸਿੰਘਾਂ ਲਈ ਪਹਾੜੀ ਦੇ ਹੇਠਾਂ ਤੰਬੂ ਲਾ ਦਿੱਤੇ। ਇੱਥੇ ਹੀ ਗੁਰੂ ਜੀ 20 ਅਕਤੂਬਰ ਨੂੰ ਸ਼ਿਕਾਰ ਖੇਡਣ ਲਈ ਨੇੜੇ ਦੀਆਂ ਪਹਾੜੀਆਂ ’ਤੇ ਗਏ। ਇਕ ਬਘਿਆੜ ਦਾ ਪਿੱਛਾ ਕਰਦੇ ਆਪ ਬਸਾਲੀ ਤੋਂ 24 ਕਿਲੋਮੀਟਰ ਦੂਰ ਖੇੜਾ ਤੇ ਕਲਮੋਟ ਪਿੰਡਾਂ ਦੀਆਂ ਪਹਾੜੀਆਂ ’ਤੇ ਆ ਪੁੱਜੇ। ਏਥੇ ਕਲਮੋਟ ਦੇ ਰੰਘੜਾਂ ਅਤੇ ਗੁੱਜਰਾਂ ਨੇ ਸਿੱਖਾਂ ’ਤੇ ਹਮਲਾ ਕਰ ਦਿੱਤਾ। ਭਾਈ ਜੀਵਨ ਸਿੰਘ (ਪੁੱਤਰ ਭਾਈ ਪ੍ਰੇਮਾ, ਪੋਤਾ ਭਾਈ ਮੂਲਾ, ਇੰਜ ਰਿਸ਼ਤੇ ’ਚ ਉਹ ਭਾਈ ਮਨੀ ਸਿੰਘ ਦਾ ਚਾਚਾ ਲੱਗਦਾ ਸੀ) ਮਾਰਿਆ ਗਿਆ। ਇਸ ਮਗਰੋਂ ਸਿੱਖਾਂ ਨੇ ਕਲਮੋਟੀਆਂ ਨੂੰ ਖ਼ੂਬ ਸਬਕ ਸਿਖਾਇਆ ਤੇ ਅਖ਼ੀਰ ਰੰਘੜਾਂ ਅਤੇ ਗੁੱਜਰਾਂ ਨੇ ਗੁਰੂ ਜੀ ਤੋਂ ਮਾਫ਼ੀ ਮੰਗ ਲਈ।

15 ਮਾਰਚ 1701 ਨੂੰ ਦੜਪ ਦੇਸ਼ (ਰਾਵੀ ਤੇ ਝਨਾਂ ਦੇ ਵਿਚਕਾਰਲਾ ਇਲਾਕਾ) ਦੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਆਈ ਤਾਂ ਰਾਹ ’ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬਜਰੌੜ (ਚੱਬੇਵਾਲ ਦੇ ਨੇੜੇ, ਇਸ ਨੂੰ ਬਜਰਾਵੜ ਵੀ ਕਹਿੰਦੇ ਹਨ) ਦੇ ਗੁੱਜਰਾਂ ਤੇ ਰੰਘੜਾਂ ਨੇ ਉਸ ਨੂੰ ਲੁੱਟ ਲਿਆ। ਇਹ ਸਿੱਖ ਵੀ ਬੇਪਾਹੁਲੀਏ ਹੋਣ ਕਾਰਨ ਕਿਰਪਾਨਾਂ ਤੋਂ ਖ਼ਾਲੀ ਸਨ। ਗੁਰੂ ਸਾਹਿਬ ਨੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਨੂੰ 100 ਸਿੰਘਾਂ ਸਮੇਤ (ਅਨੰਦਪੁਰ ਸਾਹਿਬ ਤੋਂ 70 ਕਿਲੋਮੀਟਰ ਦੂਰ) ਬਜਰੌੜ/ਬਜਰਾਵੜ ਦੇ ਲੁਟੇਰਿਆਂ ਨੂੰ ਸਜ਼ਾ ਦੇਣ ਲਈ ਭੇਜਿਆ।  17 ਮਾਰਚ 1701 ਨੂੰ ਇਨ੍ਹਾਂ ਨੇ ਪਿੰਡ ਦੇ ਲੁਟੇਰੇ ਮੁਖੀਆਂ (ਚਿੱਤੂ ਤੇ ਮਿੱਤੂ) ਨੂੰ ਸਖ਼ਤ ਸਜ਼ਾ ਦਿੱਤੀ। ਇਸ ਘਟਨਾ ਤੋਂ ਮਗਰੋਂ ਫਿਰ ਕੋਈ ਸ਼ਿਕਾਇਤ ਅਨੰਦਪੁਰ ਨਾ ਪਹੁੰਚੀ।

ਜਨਵਰੀ 1703 ’ਚ ਗੁਰੂ ਸਾਹਿਬ ਕੁਰੂਕਸ਼ੇਤਰ ਗਏ। ਵਾਪਸੀ ’ਤੇ 13 ਜਨਵਰੀ 1703 ਨੂੰ ਰਾਜਾ ਅਜਮੇਰ ਚੰਦ ਦੀ ਸ਼ਹਿ ’ਤੇ ਸੈਦ ਬੇਗ਼ ਤੇ ਅਲਫ਼ ਖ਼ਾਨ ਨੇ ਚਮਕੌਰ ਦੇ ਨੇੜੇ ਗੁਰੂ ਜੀ ’ਤੇ ਹਮਲਾ ਕਰ ਦਿੱਤਾ। ਗੁਰੂ ਜੀ ਨਾਲ ਮਾਤਾ ਗੁਜਰੀ, ਦੋਵੇਂ ਮਹਿਲ (ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ) ਤੇ 125 ਕੁ ਸਿੰਘ ਸਨ। ਭਾਈ ਉਦੈ ਸਿੰਘ ਤੇ ਹੋਰ ਯੋਧਿਆਂ ਨੇ ਹਮਲਾਵਰਾਂ ਦੀ ਚੰਗੀ ਖੁੰਭ ਠੱਪੀ। ਉਨ੍ਹਾਂ ਨੇ ਦੌੜ ਕੇ ਆਪਣੀ ਜਾਨ ਬਚਾਈ।

ਮਾਰਚ 1703 ’ਚ ਦੇਵਕੀ ਦਾਸ ਨਾਂ ਦਾ ਇਕ ਬ੍ਰਾਹਮਣ ਅਨੰਦਪੁਰ ਸਾਹਿਬ ਆਇਆ ਤੇ ਫ਼ਰਿਆਦ ਕੀਤੀ ਕਿ ਉਸ ਦੀ ਬੀਵੀ ਨੂੰ ਦੁਆਬੇ ਦਾ ਚੌਧਰੀ ਜਬਰ ਖ਼ਾਨ ਚੁੱਕ ਕੇ ਲੈ ਗਿਆ। ਗੁਰੂ ਜੀ ਨੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਭਾਈ ਉਦੈ ਸਿੰਘ ਨੂੰ 100 ਸਿੰਘਾਂ ਸਮੇਤ ਉਸ ਦੀ ਪਤਨੀ ਛੁਡਾਉਣ ਲਈ ਭੇਜਿਆ। ਇਨ੍ਹਾਂ ਨੇ 7 ਮਾਰਚ ਨੂੰ ਅਨੰਦਪੁਰ ਸਾਹਿਬ ਤੋਂ 70 ਕਿਲੋਮੀਟਰ ਦੂਰ ਬੱਸੀ ਕਲਾਂ (ਜ਼ਿਲ੍ਹਾ ਹੁਸ਼ਿਆਰਪੁਰ) ਨੂੰ ਘੇਰਾ ਪਾ ਲਿਆ। ਜਬਰ ਜੰਗ ਖ਼ਾਨ ਨੇ ਬ੍ਰਾਹਮਣੀ ਵਾਪਸ ਕਰਨ ਦੀ ਥਾਂ ਟਾਕਰਾ ਕੀਤਾ। ਲੜਾਈ ’ਚ ਜਬਰ ਜੰਗ ਖ਼ਾਨ ਮਾਰਿਆ ਗਿਆ ਤੇ ਬ੍ਰਾਹਮਣ ਨੂੰ ਉਸ ਦੀ ਪਤਨੀ ਵਾਪਸ ਕਰ ਦਿੱਤੀ। ਜਦ ਇਹ ਖ਼ਬਰ ਲੋਕਾਂ ’ਚ ਪਹੁੰਚੀ ਤਾਂ ਸਿੱਖਾਂ ਦੀ ਬਹੁਤ ਤਾਰੀਫ਼ ਕੀਤੀ, ਪਰ ਅਜਮੇਰ ਚੰਦ ਹੋਰ ਸੜ-ਬਲ਼ ਗਿਆ।

16 ਜਨਵਰੀ 1704 ਨੂੰ ਅਜਮੇਰ ਚੰਦ, ਹੰਡੂਰੀ ਰਾਜਾ ਤੇ ਉਨ੍ਹਾਂ ਦੇ ਹੋਰ ਸਾਥੀਆਂ ਨੇ ਫ਼ੌਜਾਂ ਸਮੇਤ ਅਨੰਦਪੁਰ ਸਾਹਿਬ ’ਤੇ ਹਮਲਾ ਕਰ ਦਿੱਤਾ। ਭਾਈ ਮਾਨ ਸਿੰਘ ਨਿਸ਼ਾਨਚੀ ਨੇ ਨਿਸ਼ਾਨ ਸਾਹਿਬ ਨੂੰ ਜ਼ਮੀਨ ’ਚ ਗੱਡ ਕੇ ਲੜਾਈ ਲੜੀ। ਲੜਾਈ ’ਚ ਜ਼ਖ਼ਮੀ ਹੋ ਕੇ ਜਦ ਉਹ ਜ਼ਮੀਨ ’ਤੇ ਡਿੱਗਿਆ ਤਾਂ ਨਿਸ਼ਾਨ ਸਾਹਿਬ ਵੀ ਟੁੱਟ ਕੇ ਡਿੱਗ ਪਿਆ। ਸ਼ਾਮ ਤੱਕ ਕਈ ਫ਼ੌਜੀ ਮਰਵਾ ਕੇ ਅਜਮੇਰ ਚੰਦ ਭੱਜ ਗਿਆ।

13 ਮਾਰਚ 1705 ਦੇ ਦਿਨ ਅਜਮੇਰ ਚੰਦ ਨੇ ਹੰਡੂਰੀ ਫ਼ੌਜਾਂ ਸਮੇਤ ਅਨੰਦਪੁਰ ਸਾਹਿਬ ’ਤੇ ਫਿਰ ਹਮਲਾ ਕੀਤਾ। ਇਹ ਲੜਾਈ ਦੋ ਦਿਨ ਚੱਲੀ। ਅਜਮੇਰ ਚੰਦ ਇੱਥੋਂ ਭੀ ਹਾਰ ਕੇ ਭੱਜ ਗਿਆ। ਇੱਥੋਂ ਗੁਰੂ ਸਾਹਿਬ ਨੂੰ ਪਤਾ ਲੱਗ ਗਿਆ ਕਿ ਅਜਮੇਰ ਚੰਦ; ਹੰਡੂਰ ਤੇ ਹੋਰ ਪਹਾੜੀ ਰਾਜਿਆਂ ਨੂੰ ਨਾਲ ਰਲ਼ਾ ਸੂਬਾ ਸਰਹਿੰਦ ਦੀ ਮਦਦ ਨਾਲ ਇਕ ਵੱਡੇ ਹਮਲੇ ਦੀ ਤਿਆਰੀ ’ਚ ਹੈ। ਗੁਰੂ ਸਾਹਿਬ ਨੇ 29 ਮਾਰਚ 1705 ਨੂੰ ਅਨੰਦਪੁਰ ਸਾਹਿਬ ’ਚ ਰਹਿ ਰਹੇ ਸਾਰੇ ਸਿੰਘਾਂ ਨੂੰ ਇਕੱਠਾ ਕਰ ਕਿਹਾ ਕਿ ਸਾਰੇ ਗ੍ਰਹਿਸਤੀ ਸਿੰਘ ਆਪਣੇ ਬੀਵੀ ਬੱਚਿਆਂ ਨੂੰ ਲੈ ਕੇ ਆਪੋ-ਆਪਣੇ ਵਤਨਾਂ ਨੂੰ ਚਲੇ ਜਾਣ। ਦੋਹਾਂ ਮਾਤਾਵਾਂ (ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਕੌਰ ਜੀ) ਨੂੰ ਵੀ ਭਾਈ ਜੇਠਾ ਸਿੰਘ ਤੇ ਬੀਬੀ ਤਾਰਾ ਕੌਰ ਦੇ ਨਾਲ ਬੁਰਾਹਨਪੁਰ ਵੱਲ ਭੇਜ ਦਿੱਤਾ। (ਇਤਿਹਾਸਕਾਰ ਡਾ. ਦਿਲਗੀਰ ਅਨੁਸਾਰ ਮਾਤਾਵਾਂ ਦੇ ਨਾਲ਼ ਭਾਈ ਮਨੀ ਸਿੰਘ ਨਹੀਂ ਗਏ ਸਨ ਕਿਉਂਕਿ ਤਦ ਉਹ ਗੁਰੂ ਦੇ ਚੱਕ (ਅੰਮ੍ਰਿਤਸਰ) ਦੀ ਸੇਵਾ-ਸੰਭਾਲ ਕਰਦੇ ਸਨ) ਹੁਣ ਅਨੰਦਪੁਰ ਸਾਹਿਬ ’ਚ ਗੁਰੂ ਸਾਹਿਬ, ਮਾਤਾ ਗੁਜਰੀ, ਚਾਰ ਸਾਹਿਬਜ਼ਾਦੇ ਤੇੇ 500 ਕੁ ਸਿੰਘ ਹੀ ਰਹਿ ਗਏ ਸਨ।

3 ਮਈ 1705 ਦੇ ਦਿਨ ਅਜਮੇਰ ਚੰਦ ਨੇ ਭੀ ਹਜ਼ਾਰਾਂ ਫ਼ੌਜਾਂ ਨਾਲ ਅਨੰਦਪੁਰ ਸਾਹਿਬ ਨੂੰ ਘੇਰ ਲਿਆ। ਗੁਰੂ ਸਾਹਿਬ ਨੇ ਸਾਰੇ ਕਿਲ੍ਹਿਆਂ ’ਚ ਪੂਰੀ ਤਕੜਾਈ ਕੀਤੀ ਹੋਈ ਸੀ, ਪਰ ਓਥੇ ਅਨਾਜ ਬਹੁਤਾ ਨਹੀਂ ਸੀ। ਇਸ ਘੇਰੇ ਤੋਂ ਕੁਝ ਹੋਰ ਦੂਰ ਹੰਡੂਰੀ ਫ਼ੌਜਾਂ, ਗੁੱਜਰਾਂ, ਰੰਘੜਾਂ ਤੇ ਸਰਹੰਦੀ ਫ਼ੌਜਾਂ ਭੀ ਆ ਪਹੁੰਚੀਆਂ। ਹੌਲ਼ੀ-ਹੌਲ਼ੀ ਸਿੰਘ ਛੋਲਿਆਂ ਦੀ ਰੋਜ਼ਾਨਾ ਇਕ ਮੁੱਠ ਨਾਲ ਗੁਜ਼ਾਰਾ ਕਰਨ ਲੱਗੇ।  4 ਦਸੰਬਰ 1705 ਨੂੰ ਕੁਰਾਨ ਸ਼ਰੀਫ਼ ਦੀ ਜਿਲਦ ’ਤੇ ਲੱਗੀ ਔਰੰਗਜ਼ੇਬ ਦੀ ਇਕ ਚਿੱਠੀ ਲੈ ਕੇ ਸਮਾਣੇ ਦਾ ਰਹਿਣ ਵਾਲਾ ਸ਼ਾਹੀ ਕਾਜ਼ੀ ਅਨੰਦਪੁਰ ਸਾਹਿਬ ਆਇਆ। ਉਸ ਅੰਦਰ ਔਰੰਗਜ਼ੇਬ ਨੇ ਲਿਖਿਆ ਸੀ ਕਿ ਗੁਰੂ ਜੀ ਅਨੰਦਪੁਰ ਛੱਡ ਕੇ ਕਾਂਗੜ ਕਸਬੇ ’ਚ ਆ ਜਾਣ। ਉੱਥੇ ਆਉਣ ਮਗਰੋਂ ਹਾਲਾਤ ’ਤੇ ਵਿਚਾਰਾਂ ਕੀਤੀਆ ਜਾਣਗੀਆਂ। ਇਹ ਵੀ ਕਿਆਸ ਹੈ ਕਿ ਇਹ ਚਿੱਠੀ ਪਹਾੜੀ ਰਾਜਿਆਂ ਜਾ ਸਰਹਿੰਦ ਦੇ ਸੂਬੇਦਾਰ ਨੇ ਜਾਅਲੀ ਤਿਆਰ ਕਰਵਾਈ ਸੀ। ਗੁਰੂ ਸਾਹਿਬ ਨੇ ਭਾਈ ਦਇਆ ਸਿੰਘ ਤੇ ਹੋਰ ਮੁਖੀ ਸਿੰਘਾਂ ਨਾਲ ਵਿਚਾਰ ਕੀਤੀ।  5 ਦਸੰਬਰ (੬ ਪੋਹ) ਨੂੰ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਣ ਦਾ ਫ਼ੈਸਲਾ ਕਰ ਲਿਆ, ਪਰ ਪਹਾੜੀ ਫ਼ੌਜਾਂ ਨੇ ਖਾਧੀਆਂ ਕਸਮਾਂ ਨੂੰ ਭੁਲਾ ਕੇ 6 ਦਸੰਬਰ (੭ ਪੋਹ) ਨੂੰ ਗੁਰੂ ਪਰਵਾਰ ਅਤੇ ਸਿੰਘਾਂ ਉੱਤੇ ਪਿੱਛੇ ਤੋਂ ਹਮਲਾ ਕਰ ਦਿੱਤਾ। ਸਰਸਾ ਨਦੀ ਨੂੰ ਪਾਰ ਕਰਨ ਸਮੇਂ ਗੁਰੂ ਦਾ ਪਰਵਾਰ ਅਤੇ ਸਿੱਖ; ਕਈਆਂ ਹਿੱਸੀਆਂ ’ਚ ਵੰਡੇ ਗਏ। ਕਈ ਸਿੱਖ ਜਰਨੈਲ ਸ਼ਹੀਦ ਹੋ ਗਏ, ਜਿਨ੍ਹਾਂ ’ਚ ਭਾਈ ਓਦੈ ਸਿੰਘ, ਭਾਈ ਜੀਵਨ ਸਿੰਘ (ਜੈਤਾ ਜੀ, ਜੋ ਦਿੱਲੀ ਤੋਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸੀਸ ਲੈ ਕੇ ਆਏ ਸਨ), ਭਾਈ ਬਚਿਤਰ ਸਿੰਘ ਜੀ, ਆਦਿ। ਗੁਰੂ ਜੀ 45 ਕੁ ਸਿੰਘਾਂ ਅਤੇ ਦੋ ਵੱਡੇ ਸਾਹਿਬਜ਼ਾਦਿਆਂ ਸਮੇਤ ਚਮਕੌਰ ਸਾਹਿਬ ਵੱਲ ਆ ਗਏ। ਜਿੱਥੇ ਦੋ ਦਿਨ ਦੁਨੀਆਂ ਦੀ ਅਨੋਖੀ ਲੜਾਈ ਹੋਈ। ਇੱਕ ਪਾਸੇ ਭੁੱਖੇ ਭਾਣੇ ਗਿਣਤੀ ਦੇ ਸਿੰਘ ਅਤੇ ਦੂਜੇ ਪਾਸੇ 10 ਲੱਖ ਮੁਗਲ਼ ਤੇ ਪਹਾੜੀ ਹਿੰਦੂ ਰਾਜਿਆਂ ਦੀ ਫ਼ੌਜ ਸੀ। 5-5 ਸਿੰਘਾਂ ਦੇ ਜਥੇ ਨਾਲ਼ ਚਮਕੌਰ ਦੀ ਗੜੀ ’ਚੋਂ ਬਾਹਰ ਆ ਕੇ ਲੜਨ ਵਾਲ਼ੇ ਸਿੰਘ ਅਨੇਕਾਂ ਮੁਗਲ਼ ਫ਼ੌਜਾਂ ਨੂੰ ਮਾਰ ਕੇ ਸ਼ਹੀਦੀਆਂ ਪਾਉਂਦੇ ਰਹੇ।  7 ਦਸੰਬਰ (੮ ਪੋਹ) ਨੂੰ ਸਾਰਾ ਦਿਨ ਚੱਲੀ ਗਹਿਗੱਚ ਲੜਾਈ ’ਚ ਦੋਵੇਂ ਵੱਡੇ ਸਾਹਿਬਜ਼ਾਦੇ ਅਤੇ 30 ਦੇ ਕਰੀਬ ਸਿੰਘ ਸ਼ਹੀਦ ਹੋ ਗਏ। ਆਖ਼ਿਰ ਬਾਕੀ ਬਚੇ ਕੁਝ ਸਿੰਘਾਂ ਦੁਆਰਾ ਕੀਤੇ ਇੱਕ ਗੁਰਮਤੇ ਨਾਲ਼ ਗੁਰੂ ਸਾਹਿਬ ਜੀ ਭਾਈ ਸੰਗਤ ਸਿੰਘ ਜੀ ਨੂੰ ਆਪਣੀ ਕਲਗੀ ਲਗਾ ਕੇ ਪੰਜ ਸਿੰਘਾਂ (ਭਾਈ ਦਯਾ ਸਿੰਘ, ਭਾਈ ਧਰਮ ਸਿੰਘ (ਦੋਵੇਂ ਪਿਆਰੇ), ਭਾਈ ਦਯਾ ਸਿੰਘ ਪੁਰੋਹਤ, ਭਾਈ ਮਾਨ ਸਿੰਘ ਨਿਸ਼ਾਨਚੀ ਅਤੇ ਭਾਈ ਰਾਮ ਸਿੰਘ ਪਰਮਾਰ) ਨਾਲ਼ ਗੜ੍ਹੀ ’ਚੋਂ ਬਾਹਰ ਨਿਕਲ ਕੇ ਭਾਈ ਨਬੀ ਖ਼ਾਨ ਤੇ ਗ਼ਨੀ ਖ਼ਾਨ ਕੋਲ਼ (22 ਕਿਲੋਮੀਟਰ ਦੂਰ) ਉਨ੍ਹਾਂ ਦੇ ਨਗਰ ਮਾਛੀਵਾੜਾ ਜਾ ਪੁੱਜੇ।  7 ਦਸੰਬਰ (੯ ਪੋਹ) ਨੂੰ ਭਾਈ ਸੰਗਤ ਸਿੰਘ ਜੀ ਸਮੇਤ ਸਾਰੇ ਸਿੰਘ ਸ਼ਹੀਦ ਹੋ ਗਏ। ਮੁਗਲ ਫ਼ੌਜਾਂ ਇੱਕ ਵੀ ਸਿੰਘ ਨੂੰ ਜਿਉਂਦਾ ਨਾ ਫੜ ਸਕੀਆਂ।

ਓਧਰ ਮਾਤਾ ਗੁਜਰੀ ਜੀ ਤੇ ਦੋ ਨਿੱਕੇ ਸਾਹਿਬਜ਼ਾਦੇ ਭੀ ਸਰਸਾ ਨਦੀ ਨੂੰ ਪਾਰ ਕਰ ਚਮਕੌਰ ਸਾਹਿਬ ਵੱਲ ਹੀ ਗਏ। ਜਿਨ੍ਹਾਂ ਨੂੰ ਗੰਗੂ ਬ੍ਰਾਹਮਣ ਆਪਣੇ ਸਹੇੜੀ ਪਿੰਡ ਲੈ ਗਿਆ। ਜਿੱਥੇ ਲਾਲਚ ਵੱਸ ਰਾਤ ਨੂੰ ਉਸ ਨੇ ਮੋਹਰਾਂ ਦੀ ਥੈਲੀ ਚੁਰਾ ਲਈ। ਪੁੱਛਣ ’ਤੇ ਥਾਣੇ ਜਾ ਖ਼ਬਰ ਕੀਤੀ, ਜਿਨ੍ਹਾਂ ਨੂੰ ਪਕੜ ਕੇ ਸਰਹੰਦ ਲਿਆਂਦਾ ਗਿਆ। ਜਿੱਥੇ ਠੰਡੇ ਬੁਰਜ ’ਚ ਰੱਖ ਕੇ ਦਿੱਤੇ ਲਾਲਚ, ਤਸੀਹਿਆਂ ਤੋਂ ਬਾਅਦ 12 ਦਸੰਬਰ 1705 (੧੩ ਪੋਹ) ਨੂੰ ਨੀਹਾਂ ’ਚ ਚਿਣ ਦਿੱਤਾ ਗਿਆ, ਪਰ ਛੇਤੀ ਹੀ ਦੀਵਾਰ ਢਹਿ ਗਈ ਤੇ ਬੱਚੇ ਡਿੱਗ ਪਏ। ਉਹ ਅਜੇ ਜਿਊਂਦੇ ਸਨ। ਉਸ ਵੇਲੇ ਤਕ ਵਜ਼ੀਰ ਖ਼ਾਨ ਉਥੋਂ ਜਾ ਚੁੱਕਾ ਸੀ। ਜਦ ਉਸ ਨੂੰ ਇਸ ਦੀ ਖ਼ਬਰ ਦਿੱਤੀ ਗਈ ਤਾਂ ਉਸ ਨੇ ਇਨ੍ਹਾਂ ਦੋਹਾਂ ਦੀਆਂ ਗਰਦਨਾਂ ਕੱਟ ਦੇਣ ਦਾ ਹੁਕਮ ਦੇ ਦਿੱਤਾ। ਇਸੇ ਦਿਨ ਹੀ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਤੋਂ ਧੱਕਾ ਦੇ ਕੇ ਸ਼ਹੀਦ ਕੀਤਾ ਗਿਆ। ਟੋਡਰ ਮੱਲ ਦੇ ਪਰਵਾਰ ਨੇ ਸੋਨੇ ਦੀਆਂ ਮੋਹਰਾਂ ਦੇ ਕੇ ਇਨ੍ਹਾਂ ਦੇ ਸਸਕਾਰ ਕਰਨ ਲਈ ਜ਼ਮੀਨ ਖ਼ਰੀਦੀ, ਜਿੱਥੇ ਹੁਣ ਗੁਰਦੁਆਰਾ ਜੋਤੀ ਸਰੂਪ (ਫ਼ਤਿਹਗੜ੍ਹ ਸਾਹਿਬ) ਸੁਸ਼ੋਭਿਤ ਹੈ।

ਗੁਰੂ ਗੋਬਿੰਦ ਸਿੰਘ ਨੇ ਦੀਨਾ-ਕਾਂਗੜ ਪਹੁੰਚ ਕੇ 22 ਦਸੰਬਰ 1705 ਦੇ ਦਿਨ ਔਰੰਗਜ਼ੇਬ ਦੇ ਨਾਂ ਇਕ ਖ਼ਤ ਲਿਖਿਆ, ਜਿਸ ਨੂੰ ਦੋ ਪਿਆਰਿਆਂ (ਭਾਈ ਦਯਾ ਸਿੰਘ, ਭਾਈ ਧਰਮ ਸਿੰਘ) ਰਾਹੀਂ ਔਰੰਗਜ਼ੇਬ ਨੂੰ ਔਰੰਗਾਬਾਦ ਵੱਲ ਭੇਜਿਆ ਗਿਆ। ‘ਗੁਰੂ ਕੀਆਂ ਸਾਖੀਆਂ’ ਮੁਤਾਬਕ ਖ਼ਤ ਲਿਖਣ ਦਾ ਕਾਰਨ ਅਨੰਦਪੁਰ ਸਾਹਿਬ ਵਿਖੇ ਮਿਲਿਆ ਇੱਕ ਔਰੰਗਜ਼ੇਬ ਦਾ ਲਿਖਿਆ ਖ਼ਤ ਸੀ, ਜਿਸ ਅੰਦਰ ਕਿਹਾ ਗਿਆ ਸੀ ਕਿ ਮੈਂ ਕਾਂਗੜ ਪਿੰਡ ਪਹੁੰਚਣ ਵਾਲਾ ਹਾਂ ਤੁਸੀਂ ਵੀ ਅਨੰਦਪੁਰ ਖਾਲੀ ਕਰ ਕੇ ਉੱਥੇ ਆ ਜਾਓ ਤੇ ਓਥੇ ਗਲਬਾਤ ਕਰਾਂਗੇ। ਜਦ ਗੁਰੂ ਜੀ ਦੀਨਾ ਕਾਂਗੜ ਪੁੱਜੇ ਤਾਂ ਔਰੰਗਜ਼ੇਬ ਉੱਥੇ ਨਾ ਮਿਲਿਆ। ਦਰਅਸਲ ਇਹ ਖ਼ਤ ਜਾਅਲੀ ਸੀ, ਜਿਸ ਨੂੰ ਸਮਾਣੇ ਦੇ ਇਕ ਪਠਾਣ ਨੇ ਔਰੰਗਜ਼ੇਬ ਦੇ ਨਾਂ ’ਤੇ ਲਿਖਿਆ ਸੀ।

ਦੀਨਾ-ਕਾਂਗੜ ਤੋਂ ਗੁਰੂ ਜੀ ਤਲਵੰਡੀ ਸਾਬੋ ਵੱਲ ਗਏ। ਗੁਰੂ ਜੀ ਕਈ ਸਿੰਘਾਂ ਸਮੇਤ ਖਿਦਰਾਣੇ ਦੀ ਢਾਬ (ਮੁਕਤਸਰ) ਵਿਖੇ ਪਹੁੰਚੇ, ਜਿੱਥੇ ਹੁਣ ਗੁਰਦੁਆਰਾ ਟਿੱਬੀ ਸਾਹਿਬ ਸੁਭਾਇਮਾਨ ਹੈ। ਪਿਛੇ ਪਿਛੇ ਸਰਹੰਦ ਦੀ ਫ਼ੌਜ ਵੀ ਉੱਥੇ ਆ ਪੁੱਜੀ। ਇਹ ਵੀ ਚਰਚਾ ਸੀ ਕਿ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ ਖ਼ੁਦ ਆਪ ਫ਼ੌਜ ਦੀ ਅਗਵਾਈ ਕਰ ਰਿਹਾ ਸੀ। ਇਹ ਭੀ ਕਿਆਸ ਹੈ ਕਿ ਚਮਕੌਰ ਸਾਹਿਬ ਵਿਖੇ ਸ਼ਹੀਦ ਹੋਏ ਭਾਈ ਸੰਗਤ ਸਿੰਘ ਜੀ ਦੇ ਸੀਸ ’ਤੇ ਕਲਗੀ ਵੇਖ ਸੂਬਾ ਸਰਹੰਦ ਖ਼ੁਸ਼ ਸੀ ਕਿ ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਕਤਲ ਕਰ ਦਿੱਤਾ, ਇਸ ਲਈ ਖਿਦਰਾਣੇ ’ਚ ਮੁਗ਼ਲ ਫ਼ੌਜ ਬਹੁਤੀ ਨਹੀਂ ਸੀ। ਜਿਨ੍ਹਾਂ ਦੀ ਜੰਗ ਗੁਰੂ ਜੀ ਪਿਛੇ ਆ ਰਹੇ ਮਾਈ ਭਾਗ ਕੌਰ ਨਾਲ਼ 40 ਸਿੰਘਾਂ ਨਾਲ਼ ਹੋਈ। ਵੇਖਦਿਆਂ-ਵੇਖਦਿਆਂ ਹੀ ਦੋਹਾਂ ਪਾਸਿਆਂ ਤੋਂ ਗੋਲ਼ੀਆਂ ਤੇ ਤੀਰਾਂ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ। ਫਿਰ ਸਿੱਖ ਕਿਰਪਾਨਾਂ ਨਾਲ਼ ਦੁਸ਼ਮਣ ਦੀ ਫ਼ੌਜ ’ਤੇ ਟੁੱਟ ਪਏ। ਗੁਰੂ ਸਾਹਿਬ ਵੀ ਇੱਕ ਉੱਚੀ ਜਗ੍ਹਾ ਬੈਠੇ ਤੀਰ ਚਲਾ ਰਹੇ ਸਨ। ਸਿੱਖਾਂ ਅਤੇ ਮਾਈ ਭਾਗੋ ਨੇ ਸਰਹੰਦੀ ਫ਼ੌਜ ਦੀ ਅਜਿਹੀ ਵੱਢ-ਟੁੱਕ ਕੀਤੀ ਕਿ ਉਨ੍ਹਾਂ ਨੂੰ ਅਲ੍ਹਾ ਚੇਤੇ ਕਰਵਾ ਦਿੱਤਾ। ਇਹ ਲੜਾਈ ਕਾਫ਼ੀ ਦੇਰ ਤੱਕ ਚਲਦੀ ਰਹੀ। ਆਖ਼ਿਰ ਬਹੁਤੇ ਸਿੰਘ ਸ਼ਹੀਦ ਹੋ ਗਏ। ਕੁੱਝ ਕੁ ਸਿੰਘ ਤੇ ਮਾਈ ਭਾਗ ਕੌਰ ਬੁਰੀ ਤਰ੍ਹਾਂ ਜ਼ਖ਼ਮੀ ਵੀ ਹੋਏ। ਮੁਗ਼ਲ ਫ਼ੌਜ ਨੂੰ ਦੱਸਿਆ ਗਿਆ ਸੀ ਕਿ ਇਸ ਤੋਂ ਅੱਗੇ ਕਿਤੇ ਪਾਣੀ ਨਹੀਂ ਮਿਲ ਸਕਣਾ ਤੇ ਫ਼ੌਜ ਪਿਆਸ ਨਾਲ ਮਰ ਜਾਵੇਗੀ। ਮੁਗ਼ਲ ਫ਼ੌਜਾਂ ਪਿੱਛੇ ਮੁੜ ਗਈਆਂ।

ਥੋੜ੍ਹੀ ਦੇਰ ਮਗਰੋਂ ਗੁਰੂ ਸਾਹਿਬ ਟਿੱਬੀ ਤੋਂ ਖਿਦਰਾਣੇ ਦੀ ਢਾਬ (ਜਿਸ ਨੂੰ ਉਨ੍ਹਾਂ ਈਸ਼ਰਸਰ ਦਾ ਨਾਂ ਦਿੱਤਾ) ਦੇ ਕੰਢੇ ’ਤੇ ਆ ਗਏ। ਉਸ ਵੇਲ਼ੇ ਤੱਕ 37 ਸਿੰਘ ਸ਼ਹੀਦ ਹੋ ਚੁੱਕੇ ਸਨ ਅਤੇ ਸਿਰਫ਼ ਭਾਈ ਰਾਏ ਸਿੰਘ ਮੁਲਤਾਨੀ (ਭਰਾ ਭਾਈ ਮਨੀ ਸਿੰਘ), ਉਸ ਦਾ ਪੁੱਤਰ ਭਾਈ ਮਹਾਂ ਸਿੰਘ, ਭਾਈ ਸੁੰਦਰ ਸਿੰਘ ਬ੍ਰਾਹਮਣ (ਵਾਸੀ ਪਿੰਡ ਝੱਲੀਆਂ ਵਾਲਾ) ਅਤੇ ਮਾਈ ਭਾਗ ਕੌਰ ਸਿਸਕ ਰਹੇ ਸਨ। ਗੁਰੂ ਸਾਹਿਬ ਨੇ ਭਾਈ ਮਾਨ ਸਿੰਘ ਨਿਸ਼ਾਨਚੀ ਨੂੰ ਸ਼ਹੀਦ ਹੋਏ ਸਿੰਘਾਂ ਦੀਆਂ ਲਾਸ਼ਾਂ ਇਕੱਠੀਆਂ ਕਰਨ ਲਈ ਕਿਹਾ ਤੇ ਆਪ ਸਹਿਕ ਰਹੇ ਸਿੱਖਾਂ ਕੋਲ ਬੈਠ ਗਏ। ਗੁਰੂ ਸਾਹਿਬ ਨੇ ਇਨ੍ਹਾਂ ਦੇ ਮੂੰਹ ’ਚ ਪਾਣੀ ਪਾਇਆ। ਇਨ੍ਹਾਂ ਦੇ ਜ਼ਖ਼ਮ ਬੜੇ ਡੂੰਘੇ ਸਨ। ਬਚਣ ਦੀ ਕੋਈ ਆਸ ਨਹੀਂ ਸੀ। ਮਾਈ ਭਾਗ ਕੌਰ ਦੇ ਖੱਬੇ ਪੱਟ ’ਚ ਗੋਲ਼ੀ ਲੱਗੀ ਸੀ। ਗੁਰੂ ਸਾਹਿਬ ਨੇ ਸ਼ਹੀਦ ਹੋਏ ਸਿੱਖਾਂ ਨੂੰ ‘ਦਸ ਹਜ਼ਾਰੀ’, ‘ਵੀਹ ਹਜ਼ਾਰੀ’, ‘ਪੰਜਾਹ ਹਜ਼ਾਰੀ’ ਆਖ ਕੇ ਸਨਮਾਨ ਦਿੱਤਾ। ਗੁਰੂ ਜੀ ਨੇ ਪੁੱਛਿਆ ਕਿ ਤੁਹਾਨੂੰ ਕੀ ਚਾਹੀਦਾ ਹੈ ਆਪਣੇ ਮੂੰਹੋਂ ਮੰਗ ਲਓ। ਇਸ ’ਤੇ ਭਾਈ ਮਹਾਂ ਸਿੰਘ ਬੋਲਿਆ ‘ਗੁਰੂ ਜੀ ਜੇ ਆਪ ਤਰੁੱਠੇ ਹੀ ਹੋ ਤਾਂ ਤੁਸੀਂ ਭਾਈ ਭਾਗ ਸਿੰਘ ਦਾ ਲਿਖਿਆ ਸਿੱਖੀ ਤੋਂ ਪੰਚਾਇਤੀ ਬੇਦਾਵਾ ਫਾੜ ਕੇ ਸਾਨੂੰ ਸਿੱਖੀ ਦਾਨ ਬਖ਼ਸ਼ ਦਿਓ’। ਇਹ ਸੁਣ ਕੇ ਗੁਰੂ ਸਾਹਿਬ ਨੇ ਆਪਣੀ ਜੇਬ ’ਚੋਂ ਬੇਦਾਵੇ ਵਾਲਾ ਕਾਗ਼ਜ਼ ਕੱਢ ਕੇ ਫਾੜ ਦਿੱਤਾ। ਅਗਲੀ ਸਵੇਰ ਮਾਘ ਦੀ ਪਹਿਲੀ ਤਾਰੀਖ ਨੂੰ ਗੁਰੂ ਸਾਹਿਬ ਨੇ ਇਨ੍ਹਾਂ ਚਾਲ੍ਹੀ ਸਿੰਘਾਂ ਦਾ ਸਸਕਾਰ ਕੀਤਾ ਤੇ ਇਨ੍ਹਾਂ ਨੂੰ ‘ਚਾਲ੍ਹੀ ਮੁਕਤੇ’ ਆਖ ਕੇ ਸਦਾ ਚੇਤੇ ਰੱਖਣ ਲਈ ਕਿਹਾ।

ਇਸ ਮਗਰੋਂ ਗੁਰੂ ਸਾਹਿਬ ਤਲਵੰਡੀ ਸਾਬੋ ਪੁੱਜੇ, ਜਿੱਥੇ ਆਪ ਨੇ 29 ਮਾਰਚ 1706 (੧ ਵੈਸਾਖ ਸੰਮਤ ੧੭੬੩)  ਨੂੰ ਵੱਡਾ ਇਕੱਠ ਕੀਤਾ, ਜਿਸ ਵਿਚ ਸੈਂਕੜੇ ਸਿੱਖਾਂ ਨੇ ਖੰਡੇ ਦੀ ਪਾਹੁਲ ਲਈ। ਇਨ੍ਹਾਂ ’ਚ ਪਟਿਆਲਾ, ਨਾਭਾ ਤੇ ਜੀਂਦ ਰਿਆਸਤਾਂ ਦੇ ਮੋਢੀ ਵੀ ਸ਼ਾਮਲ ਸਨ। ਪ੍ਰਿਥੀ ਚੰਦ ਮੀਣਾ ਦਾ ਇਕ ਵਾਰਸ ਅਭੈ ਚੰਦ ਵੀ ਖੰਡੇ ਦੀ ਪਾਹੁਲ ਲੈ ਕੇ ਅਭੈ ਸਿੰਘ ਬਣਿਆ। ਗੁਰੂ ਜੀ ਇੱਥੇ ਤਲਵੰਡੀ ਸਾਬੋ 9 ਮਹੀਨੇ ਤੋਂ ਵਧ ਸਮਾਂ ਰਹੇ।

ਓਧਰ ਗੁਰੂ ਸਾਹਿਬ ਦਾ ਔਰੰਗਜ਼ੇਬ ਨੂੰ ਲਿਖਿਆ ਖ਼ਤ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਉਸ ਕੋਲ਼ ਅਕਤੂਬਰ 1706 ਨੂੰ ਪਹੁੰਚਾ ਦਿੱਤਾ। ਜਿਸ ਨੂੰ ਪੜ੍ਹ ਕੇ ਉਸ ਨੇ ਗੁਰੂ ਸਾਹਿਬ ਨੂੰ ਮਿਲਣਾ ਚਾਹਿਆ ਤੇ ਇਸ ਸਬੰਧੀ ਲਾਹੌਰ ਦੇ ਸੂਬੇਦਾਰ ਮੁਨਾਇਮ ਖ਼ਾਨ ਤੇ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨੂੰ ਵੀ ਖ਼ਤ ਲਿਖੇ। ਜਦ ਕਈ ਮਹੀਨਿਆਂ ਤੱਕ ਗੁਰੂ ਸਾਹਿਬ ਨੂੰ ਇਸ ਬਾਰੇ ਕੋਈ ਖ਼ਬਰ ਨਾ ਮਿਲੀ ਤਾਂ ਆਪ ਖ਼ੁਦ ਇਨ੍ਹਾਂ ਦੋਹਾਂ ਸਿੰਘਾਂ ਦੀ ਭਾਲ ਲਈ 30 ਅਕਤੂਬਰ 1706 ਦੇ ਦਿਨ ਦੱਖਣ ਵੱਲ ਚਲ ਪਏ। ਗੁਰੂ ਜੀ (62 ਕਿਲੋਮੀਟਰ ਦੂਰ) ਸਿਰਸਾ, (55 ਕਿਲੋਮੀਟਰ ਦੂਰ) ਨੌਹਰ, (48 ਕਿਲੋਮੀਟਰ ਦੂਰ) ਭਾਦਰਾ, (43 ਕਿਲੋਮੀਟਰ ਦੂਰ) ਸਾਹਾਵਾ, (262 ਕਿਲੋਮੀਟਰ ਦੂਰ) ਕੋਲਾਇਤ, (357 ਕਿਲੋਮੀਟਰ ਦੂਰ) ਨਾਰਾਇਣਾ, (160 ਕਿਲੋਮੀਟਰ ਦੂਰ) ਪੁਸ਼ਕਰ (ਅਜਮੇਰ ਤੋਂ 15 ਕਿਲੋਮੀਟਰ ਦੂਰ) ਹੁੰਦੇ ਹੋਏ, ਬਰਾਸਤਾ ਬਿਆਵਰ (ਪੁਸ਼ਕਰ ਤੋਂ 307 ਕਿਲੋਮੀਟਰ ਦੂਰ) ਬਘੋਰ (ਚਿੱਤੌੜ ਤੋਂ 86 ਕਿਲੋਮੀਟਰ ਪਹਿਲਾਂ) ਪੁੱਜੇ।

ਇੱਥੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ; ਗੁਰੂ ਜੀ ਨੂੰ ਆ ਮਿਲੇ ਤੇ ਦੱਸਿਆ ਕਿ ਔਰੰਗਜ਼ੇਬ ਨੇ ਚਿੱਠੀ ਪੜ੍ਹ ਕੇ ਤੁਹਾਡੇ ਨਾਲ ਮੁਲਾਕਾਤ ਕਰਨ ਦੀ ਇੱਛਾ ਜਤਾਈ ਹੈ ਤੇ ਆਪਣੇ ਦੋ ਅਹਿਦੀਏ (ਸੀਨੀਅਰ ਅਫ਼ਸਰ) ਤੇ ਗੁਰਜਬਰਦਾਰ ਦਿੱਲੀ ਨੂੰ ਭੇਜੇ ਹਨ ਤਾਂ ਜੋ ਦਿੱਲੀ ਦਾ ਸੂਬੇਦਾਰ ਤੁਹਾਡੇ ਔਰੰਗਾਬਾਦ ਪੁੱਜਣ ਦਾ ਇੰਤਜ਼ਾਮ ਕਰੇ। ਗੁਰੂ ਜੀ ਨੇ ਉਨ੍ਹਾਂ ਦੀ ਗੱਲ ਸੁਣ ਕੇ ਕਿਹਾ ਕਿ ਹੁਣ ਔਰੰਗਜ਼ੇਬ ਨਾਲ ਮੇਲ ਨਹੀਂ ਹੋ ਸਕਦਾ ਕਿਉਂਕਿ ਉਸ ਦੇ ਸਾਹ ਪੂਰੇ ਹੋਣ ਵਾਲੇ ਹਨ।  20 ਫ਼ਰਵਰੀ 1707 ਨੂੰ ਔਰੰਗਜ਼ੇਬ ਦੀ ਮੌਤ ਹੋ ਗਈ।  ਇਸ ਮਗਰੋਂ ਗੁਰੂ ਸਾਹਿਬ (534 ਕਿਲੋਮੀਟਰ ਦੂਰ) ਸ਼ਾਹਜਹਾਨਾਬਾਦ (ਦਿੱਲੀ) ਆ ਗਏ।

ਔਰੰਗਜ਼ੇਬ ਦੀ ਮੌਤ ਪਿੱਛੋਂ ਉਸ ਦੇ ਪੁੱਤਰਾਂ ’ਚ ਬਾਦਿਸ਼ਾਹ ਬਣਨ ਲਈ ਜੰਗ ਸ਼ੁਰੂ ਹੋ ਗਈ। ਇਨ੍ਹਾਂ ਵਿੱਚੋਂ ਮੁਅੱਜ਼ਮ (ਮਗਰੋਂ ਬਹਾਦਰ ਸ਼ਾਹ) ਸਭ ਤੋਂ ਵੱਡਾ ਸੀ। ਉਹ ਉਸ ਵੇਲੇ ਜਮਰੌਦ ’ਚ ਸੀ ਤੇ ਉਸ ਦਾ ਦੂਜਾ ਭਰਾ ਤਾਰਾ ਆਜ਼ਮ ਦੱਖਣ ’ਚ ਸੀ। ਇਸ ਗੱਦੀ ਦੀ ਸਭ ਤੋਂ ਅਹਿਮ ਲੜਾਈ (ਜਜਾਊ ਦੀ ਲੜਾਈ) ਤੋਂ ਪਹਿਲਾਂ ਬਹਾਦਰ ਸ਼ਾਹ ਦਾ ਰਾਬਤਾ ਗੁਰੂ ਜੀ (ਗੁਰੂ ਸਾਹਿਬ ਨੂੰ ਬਹਾਦਰ ਸ਼ਾਹ ਪਹਿਲਾਂ ਵੀ ਅਨੰਦਪੁਰ ਸਾਹਿਬ ’ਚ ਮਿਲ ਚੁੱਕਾ ਸੀਂ) ਨਾਲ ਬਣ ਗਿਆ। ਗੁਰੂ ਜੀ ਨੇ ਤਖ਼ਤ ਹਾਸਲ ਕਰਨ ’ਚ ਉਸ ਦੀ ਮਦਦ ਵੀ ਕੀਤੀ। ਜਜ਼ਾਊ (ਆਗਰਾ ਤੋਂ 28 ਕਿਲੋਮੀਟਰ ਦੂਰ) ਦੀ ਲੜਾਈ (8 ਜੂਨ 1707) ’ਚ ਬਹਾਦਰ ਸ਼ਾਹ ਨੂੰ ਜਿੱਤ ਪ੍ਰਾਪਤ ਹੋਈ। ਉਸ ਨੇ 23 ਜੁਲਾਈ 1707 ਨੂੰ ਗੁਰੂ ਸਾਹਿਬ ਨੂੰ ਦਰਬਾਰ ’ਚ ਬੁਲਾ ਕੇ ਖਿੱਲਤ (ਜਿਸ ਦੀ ਕੀਮਤ ਉਦੋਂ ਸੱਠ ਹਜ਼ਾਰ ਰੁਪੈ ਸੀ) ਭੇਟ ਕੀਤੀ। ਬਹਾਦਰ ਸ਼ਾਹ ਨੇ ਵਾਅਦਾ ਵੀ ਕੀਤਾ ਕਿ ਉਹ ਗੁਰੂ ਸਾਹਿਬ ਦਾ ਪਰਵਾਰ ਸ਼ਹੀਦ ਕਰਨ ਵਾਲਿਆਂ ਅਤੇ ਅਨੰਦਪੁਰ ਸਾਹਿਬ ’ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਦੇਵੇਗਾ।

ਬਹਾਦਰ ਸ਼ਾਹ ਨੂੰ ਅਜਮੇਰ ਤੇ ਜੈਪੁਰ ਦੇ ਰਾਜਪੂਤਾਂ ਦੀ ਬਗ਼ਾਵਤ ਦਬਾਉਣ ਲਈ ਰਾਜਪੂਤਾਨੇ ਜਾਣਾ ਪਿਆ। ਉਸ ਨੇ ਗੁਰੂ ਸਾਹਿਬ ਨੂੰ ਵੀ ਆਪਣੇ ਨਾਲ ਜਾਣ ਲਈ ਬੇਨਤੀ ਕੀਤੀ। ਬਹਾਦਰ ਸ਼ਾਹ ਅਜੇ ਰਾਜਪੂਤਾਂ ਨਾਲ ਨਿਪਟ ਹੀ ਰਿਹਾ ਸੀ ਕਿ ਉਸ ਦੇ ਆਪਣੇ ਤੀਜੇ ਭਰਾ ਕਾਮ ਬਖ਼ਸ਼ ਨੇ ਬਗ਼ਾਵਤ ਕਰ ਦਿੱਤੀ। ਉਹ ਇਸ ਨਵੀਂ ਬਗ਼ਾਵਤ ਨੂੰ ਦਬਾਉਣ ਲਈ ਦੱਖਣ ਵੱਲ ਚੱਲ ਪਿਆ। ਗੁਰੂ ਜੀ ਵੀ ਉਸ ਦੇ ਨਾਲ ਸਨ। ਦਿੱਲੀ ਤੋਂ ਆਗਰਾ ਹੁੰਦੇ ਹੋਏ ਉਹ ਭਰਤਪੁਰ, ਜੈਪੁਰ, ਅਜਮੇਰ, ਪੁਸ਼ਕਰ, ਨਸੀਰਾਬਾਦ, ਚਿਤੌੜਗੜ੍ਹ, ਬੁਰਹਾਨਪੁਰ, ਬਾਲਾਪੁਰ, ਪਾਤੁਰ,  ਵਾਸ਼ਿਮ, ਹਿੰਗੋਲੀ ਹੁੰਦਾ ਹੋਇਆ ਨੰਦੇੜ ਪੁੱਜੇ।

ਗੁਰੂ ਸਾਹਿਬ ਅਤੇ ਬਹਾਦਰ ਸ਼ਾਹ ਦੀ ਨੇੜਤਾ ਦਾ ਸਰਹੰਦ ਦੇ ਸੂਬੇਦਾਰ ਵਜ਼ੀਰ ਖ਼ਾਨ ਨੂੰ ਪਤਾ ਲੱਗਾ। ਉਸ ਨੇ ਚੋਖੀ ਰਕਮ (10 ਲੱਖ ਟਕਾ) ਦੇ ਕੇ ਆਪਣੇ ਨੁਮਾਇੰਦੇ ਤੇ ਸੂਹੀਏ (2 ਪਠਾਣ ਸਿਪਾਹੀ) ਦੱਖਣ ਵਲ ਤੋਰ ਦਿੱਤੇ ਸਨ। ਇਨ੍ਹਾਂ ਦਾ ਮੇਲ ਬਾਦਿਸ਼ਾਹ ਨਾਲ ਬੁਰਹਾਨਪੁਰ ਦੇ ਆਸ-ਪਾਸ ਹੋਇਆ। ਵਜ਼ੀਰ ਖ਼ਾਨ ਦੇ ਏਲਚੀਆਂ ਤੋਂ ਮਿਲੀ ਰਕਮ ਕਾਰਨ ਬਹਾਦਰ ਸ਼ਾਹ ਦੀ ਨੀਅਤ ਬਦਲ ਗਈ ਤੇ ਉਸ ਨੇ ਗੁਰੂ ਸਾਹਿਬ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੱਤਾ।

ਗੁਰੂ ਸਾਹਿਬ ਨੇ ਭੀ ਬਾਦਿਸ਼ਾਹ ਦਾ ਸਾਥ ਛੱਡ ਦਿਤਾ। ਬਹਾਦਰ ਸ਼ਾਹ 24 ਅਗਸਤ 1708 ਨੂੰ ਦਰਿਆ ਬਾਣ ਗੰਗਾ (ਗੋਦਾਵਰੀ ਦੀ ਸਹਾਇਕ ਨਦੀ) ਪਾਰ ਕਰ ਅੱਗੇ ਨਿਕਲ ਗਿਆ ਤੇ ਗੁਰੂ ਸਾਹਿਬ ਨੰਦੇੜ ’ਚ ਹੀ ਰੁਕ ਗਏ। ਗੁਰੂ ਸਾਹਿਬ ਨੇ ਫ਼ੈਸਲਾ ਕੀਤਾ ਕਿ ਬਾਦਿਸ਼ਾਹ ਤੋਂ ਆਸ ਛੱਡ ਕੇ ਆਪ ਇਨਸਾਫ਼ ਕਾਇਮ ਕੀਤਾ ਜਾਵੇ।

ਮਾਧੋ ਦਾਸ ਬੈਰਾਗੀ (ਮਗਰੋਂ ਬਾਬਾ ਬੰਦਾ ਸਿੰਘ ਬਹਾਦਰ) ਦਾ ਨੰਦੇੜ ’ਚ ਡੇਰਾ ਸੀ। ਗੁਰੂ ਜੀ ਨੇ ਉਸ ਨਾਲ਼ ਮੇਲ ਕੀਤਾ। ਉਸ ਨੇ ਕਈ ਕਰਾਮਾਤੀ ਸ਼ਕਤੀਆਂ ਹਾਸਲ ਕਰ ਰੱਖੀਆਂ ਸਨ, ਜਿਨ੍ਹਾਂ ਦਾ ਇਸਤੇਮਾਲ ਉਸ ਨੇ ਗੁਰੂ ਜੀ ਵਿਰੁੱਧ ਕੀਤਾ, ਪਰ ਗੁਰੂ ਜੀ ’ਤੇ ਉਨ੍ਹਾਂ ਦਾ ਕੋਈ ਅਸਰ ਨਾ ਹੋਇਆ ਤਾਂ ਗੁਰੂ ਸਾਹਿਬ ਦੇ ਚਰਨੀਂ ਪੈ ਗਿਆ। ਗੁਰੂ ਜੀ ਨੇ ਬੰਦਾ ਸਿੰਘ ਨੂੰ ਸਤੰਬਰ 1708 ’ਚ ਖੰਡੇ ਦੀ ਪਾਹੁਲ ਦਿੱਤੀ ਤੇ ਇਕ ਮਹੀਨਾ ਗੁਰਮਤਿ ਅਤੇ ਜ਼ਮੀਨੀ ਹਕੀਕਤ ਤੋਂ ਜਾਣੂ ਕਰਾਇਆ।  5 ਅਕਤੂਬਰ ਨੂੰ ਗੁਰੂ ਜੀ ਨੇ ਬੰਦਾ ਸਿੰਘ ਨੂੰ ਕੁੱਝ ਸਿੰਘਾਂ ਸਮੇਤ ਸਿੱਖਾਂ ਵਾਸਤੇ ਹੁਕਮਨਾਮੇ ਦੇ ਕੇ ਪੰਜਾਬ ਦੇਸ ਵੱਲ ਭੇਜਿਆ ਤਾਂ ਜੋ ਉਹ, ਇਨ੍ਹਾਂ ਦਾ ਸਾਥ ਦੇਣ।

 ਬਾਬਾ ਬੰਦਾ ਸਿੰਘ ਬਹਾਦਰ ਨੰਦੇੜ ਤੋਂ ਚਲਿਆ ਤੇ ਇਸੇ ਦਿਨ ਸ਼ਾਮ ਨੂੰ ਜਮਸ਼ੈਦ ਖ਼ਾਨ ਪਠਾਣ ਨੇ ਸੁੱਤਿਆਂ ਪਏ ਗੁਰੂ ਸਾਹਿਬ ’ਤੇ ਹਮਲਾ ਕਰ ਦਿੱਤਾ। ਜਮਧਾਰ (ਕਟਾਰ) ਦੇ ਤਿੰਨ ਵਾਰ ਕਰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਬੇਹੱਦ ਜ਼ਖ਼ਮੀ ਹੋਣ ਦੇ ਬਾਵਜੂਦ ਗੁਰੂ ਸਾਹਿਬ ਨੇ ਪਰਤਵਾਂ ਵਾਰ ਕਰਕੇ ਉਸ ਨੂੰ ਥਾਂਏਂ ਹੀ ਮਾਰ ਦਿੱਤਾ ਤੇ ਦੂਜੇ ਭੱਜਦੇ ਪਠਾਣ ਨੂੰ ਸਿੰਘਾਂ ਨੇ ਮਾਰ ਦਿੱਤਾ। ਗੁਰੂ ਸਾਹਿਬ; ਇਨ੍ਹਾਂ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ 6 ਅਕਤੂਬਰ 1708 (੬ ਕੱਤਕ ਸੰਮਤ ੧੭੬੫) ਨੂੰ ਗੁਰਿਆਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖ਼ਸ਼ ਕੇ ਅਗਲੇ ਦਿਨ ਸੁਬ੍ਹਾ ਅਕਾਲ ਪੁਰਖ ਦੀ ਗੋਦ ’ਚ ਜਾ ਸਮਾਏ। ਉਨ੍ਹਾਂ ਦਾ ਸਸਕਾਰ ਇਸੇ ਸ਼ਾਮ ਨੂੰ ਗੋਦਾਵਰੀ ਦਰਿਆ ਦੇ ਕੰਢੇ ਕਰ ਦਿੱਤਾ ਗਿਆ।

ਗੁਰੂ ਸਾਹਿਬ ਦੇ ਸਿੱਖਾਂ ਲਈ ਆਖ਼ਰੀ ਬਚਨ ਹਨ :

ਅਕਾਲ ਪੁਰਖ ਕੇ ਬਚਨ ਸਿਉਂ, ਪਰਗਟ ਚਲਾਯੋ ਪੰਥ

ਸਭ ਸਿੱਖਣ ਕੋ ਬਚਨ ਹੈ, ਗੁਰੂ ਮਾਨਿਓ ਗ੍ਰੰਥ

ਗੁਰੂ ਖਾਲਸਾ ਮਾਨੀਐ ਪ੍ਰਗਟ ਗੁਰੂ ਕੀ ਦੇਹ

ਜੋ ਸਿੱਖ ਮੋ ਮਿਲਬੋ ਚਹਹਿ, ਖੋਜ ਇਨਹੁ ਮਹਿ ਲੇਹ

ਮਗਰੋਂ ਨਿਰਮਲੇ ਪੁਜਾਰੀਆਂ ਨੇ ਇਨ੍ਹਾਂ ਬੋਲਾਂ ਨੂੰ ਹੇਠ ਲਿਖੇ ਅਨੁਸਾਰ ਬਦਲ ਕੇ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ:

ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ

ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ

ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ

ਜੋ ਪ੍ਰਭ ਕੋ ਮਿਲਬੋ ਚਹੈ, ਖੋਜ ਸ਼ਬਦ ਮੇਂ ਲੇਹ

ਗੁਰੂ ਸਾਹਿਬ ਦੇ ਜੋਤੀ-ਜੋਤਿ ਸਮਾਉਣ ਸਬੰਧੀ ਇਕ ਇੰਦਰਾਜ ‘ਭੱਟ ਵਹੀ ਤਲਾਉਂਡਾ, ਪਰਗਨਾ ਜੀਂਦ’ ਵਿਚ ਇੰਞ ਮਿਲਦਾ ਹੈ:

ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮਾਂ ਬੇਟਾ ਗੁਰੂ ਤੇਗ ਬਹਾਦਰ ਜੀ ਕਾ, ਮੁਕਾਮ ਨਦੇੜ ਤਟ ਗੁਦਾਵਰੀ ਦੇਸ ਦਖਣ, ਸਤਰਾਂ ਸੈ ਪੈਂਸਠ ਕਾਰਤਕ ਮਾਸੇ ਸੁਦੀ ਚਉਥ ਸ਼ੁਕਲਾ ਪੱਖੇ ਬੁਧਵਾਰ ਕੇ ਦਿਹੁੰ ਭਾਈ ਦੈਆ ਸਿੰਘ ਸੇ ਬਚਨ ਹੂਆ ਗ੍ਰੰਥ ਸਾਹਿਬ ਲੇ ਆਓ ਬਚਨ ਪਾਇ ਦੈਆ ਸਿੰਘ ਗ੍ਰੰਥ ਸਾਹਿਬ ਲੇ ਆਏ ਗੁਰੂ ਜੀ ਨੇ ਸਰਬਤ ਸੰਗਤ ਸੇ ਕਹਾ ਮੇਰਾ ਹੁਕਮ ਹੈ ਮੇਰੀ ਜਗਹ ਗ੍ਰੰਥ ਜੀ ਕੋ ਜਾਣਨਾ ਜੋ ਸਿਖ ਜਾਨੇਗਾ ਤਿਸ ਕੀ ਘਾਲ ਥਾਂਇ ਪਏਗੀ, ਗੁਰੂ ਤਿਸ ਕੀ ਬਹੁੜੀ ਕਰੇਗਾ, ਸਤਿ ਕਰਿ ਮਾਨਨਾ

ਗੁਰੂ ਗੋਬਿੰਦ ਸਿੰਘ ਸਾਹਿਬ ਜੀ (22 ਦਸੰਬਰ 1666/੨੩ ਪੋਹ ੧੭੨੩ ਤੋਂ 7 ਅਕਤੂਬਰ 1708/੭ ਕੱਤਕ ਸੰਮਤ ੧੭੬੫) ਇਸ ਦੁਨੀਆਂ ’ਚ 41 ਸਾਲ 10 ਕੁ ਮਹੀਨੇ ਰਹੇ। ਹਰ ਕਦਮ ਆਪ ਨੂੰ ਮਾਨਵਤਾ ਦੀ ਸੇਵਾ ਕਰਦਿਆਂ ਅਨੇਕਾਂ ਕਠਿਨਾਈਆਂ ਦਾ ਸਾਮ੍ਹਣਾ ਕਰਨਾ ਪਿਆ ਹੈ। ਆਪ ਜੀ ਦੀ ਜ਼ਿੰਦਗੀ ਬਾਰੇ ਪੜ੍ਹ ਕੇ ਅਚੰਭਾ ਹੁੰਦਾ ਹੈ ਕਿ ਕੀ ਸੱਚਮੁਚ ਅਜਿਹੀ ਸ਼ਖ਼ਸੀਅਤ ਇਸ ਧਰਤੀ ’ਤੇ ਵਿਚਰਦੀ ਰਹੀ ਸੀ, ਜੋ ਬਚਪਨ ਤੋਂ ਮੈਦਾਨੇ ਜੰਗ ਅਤੇ ਆਪਣਿਆਂ ਦੀਆਂ ਸ਼ਹੀਦੀਆਂ ’ਚ ਸ਼ਾਮਲ ਹਨ। ਮਨੁੱਖਤਾ ਨੂੰ ਐਸੇ ਸਤਿਗੁਰੂ ਦਾ ਸਦਾ ਅਹਿਸਾਨਮੰਦ ਹੋਣਾ ਚਾਹੀਦਾ ਹੈ। ਆਪਣੇ ਬੱਚਿਆਂ ਨੂੰ ਧਰਮ ਤੇ ਐਸੇ ਪਰਉਪਕਾਰੀ ਗੁਰੂ ਦੇ ਜੀਵਨ ਤੋਂ ਵਾਕਫ਼ ਕਰਾਉਣਾ ਚਾਹੀਦਾ ਹੈ ਤਾਂ ਜੋ ਕਰਤਾਰ ਦੀ ਯਾਦ ’ਚ ਜੁੜ ਕੇ ਮਨੁੱਖੀ ਫ਼ਰਜ਼ਾਂ ਨੂੰ ਲੁਕਾਈ ਸਮਝਣ ਦਾ ਹੌਂਸਲਾ ਜੁਟਾ ਸਕੇ।

ਮਾਨਵਤਾ, ਧਰਮ ਤੇ ਗੁਰੂ ਸਾਹਿਬਾਨ

0

ਮਾਨਵਤਾ, ਧਰਮ ਤੇ ਗੁਰੂ ਸਾਹਿਬਾਨ

ਗਿਆਨੀ ਅਵਤਾਰ ਸਿੰਘਅਵਤਾਰ ਸਿੰਘ, Avtar Singh

‘ਧਰਮ’ ਦਾ ਸਬੰਧ ਕੇਵਲ ਮਨੁੱਖ ਜਾਤੀ ਨਾਲ਼ ਹੈ। ਪਸ਼ੂ, ਪੰਛੀ ਆਦਿਕ ਜੀਵ-ਜੰਤ; ਧਰਮ ਦਾ ਲਾਭ ਨਹੀਂ ਉੱਠਾ ਸਕਦੇ। ਉਨ੍ਹਾਂ ਦਾ ਟੀਚਾ ਕੇਵਲ ਭੋਜਨ ਪ੍ਰਾਪਤੀ, ਸਰੀਰਕ ਸਬੰਧ ਬਣਾਉਣਾ ਤੇ ਬੱਚੇ ਪੈਦਾ ਕਰਨਾ ਹੀ ਹੁੰਦਾ ਹੈ। ਕਮਜ਼ੋਰ ਜਾਨਵਰ ਅਕਸਰ ਜਲਦੀ ਮਰਦੇ ਹਨ ਕਿਉਂਕਿ ਉਹ ਆਪਣੀਆਂ ਇਹੀ ਬੁਨਿਆਦੀ ਲੋੜਾਂ ਪ੍ਰਾਪਤ ਕਰਨ ’ਚ ਅਸਮਰੱਥ ਰਹਿੰਦੇ ਹਨ। ਮਨੁੱਖੀ ਸੋਚ ’ਚ ਜਿੱਥੇ ਇਸ ਤੋਂ ਅਗਾਂਹ ਸੋਚਣ, ਸਮਝਣ ਤੇ ਵਧਣ ਦੀ ਸਮਰੱਥਾ ਪਾਈ ਹੁੰਦੀ ਹੈ; ਓਥੇ ਇਸ ਦੀ ਰਹਿਨੁਮਾਈ ਲਈ ਗੁਰੂ, ਪੀਰ, ਭਗਤ ਆਦਿਕ ਮਾਨਵ ਜਾਤੀ ’ਚ ਜਨਮ ਲੈਂਦੇ ਰਹਿੰਦੇ ਹਨ, ਜੋ ਜੀਵਨ ਸਫਲ ਕਰਨ ਦੇ ਆਮ ਬੋਲੀ ’ਚ ਸਰਲ ਨਿਯਮ ਚੇਤੇ ਕਰਾ ਦਿੰਦੇ ਹਨ। ਕੋਈ ਅਭਾਗਾ ਮਨੁੱਖ ਹੀ ਹੁੰਦਾ ਹੈ, ਜੋ ਇਨ੍ਹਾਂ ਪਾਸੋਂ ਸਿੱਖਿਆ ਗ੍ਰਹਿਣ ਕਰ ਆਪਣੀ ਜ਼ਿੰਦਗੀ ਨੂੰ ਸਫਲ ਕਰਨ ਬਾਰੇ ਨਹੀਂ ਸੋਚਦਾ।

ਜਿਸ ਤਰ੍ਹਾਂ ਸਰੀਰਕ ਉੱਨਤੀ ਲਈ ਭਾਵ ਜੀਵ-ਜੰਤਾਂ ਵਾਙ ਜੀਵਨ ਬਸਰ ਕਰਨ ਲਈ ਰੋਟੀ, ਕੱਪੜਾ ਤੇ ਮਕਾਨ ਮਨੁੱਖ ਲਈ ਜ਼ਰੂਰੀ ਹੁੰਦੇ ਹਨ; ਉਸੇ ਤਰ੍ਹਾਂ ਇਨਸਾਨੀਅਤ (ਨੈਤਿਕਤਾ) ਕਮਾਉਣ ਲਈ ‘ਧਰਮ’ ਦੀ ਲੋੜ ਪੈਂਦੀ ਹੈ, ਜੋ ਇਨ੍ਹਾਂ ਗੁਰੂ, ਭਗਤਾਂ ਪਾਸੋਂ ਪ੍ਰਾਪਤ ਹੁੰਦੀ ਹੈ ਕਿਉਂਕਿ ਹਰ ਮਨੁੱਖ ਕੋਲ ਇਨ੍ਹਾਂ ਵਾਙ ਗਹਿਰੀ ਤੇ ਦੂਰ-ਅੰਦੇਸ਼ੀ ਵਾਲ਼ੀ ਸੋਝੀ ਨਹੀਂ ਹੁੰਦੀ। ਅਕਸਰ ਬੰਦੇ; ਪਸ਼ੂ-ਪੰਛੀਆਂ ਵਾਙ ਹੀ ਜੀਵਨ ਨਿਰਬਾਹ ਕਰਨ ’ਚ ਮਗਨ ਰਹਿੰਦੇ ਹਨ, ਜੋ ਕਿ ਬੜਾ ਹੋਛਾ/ਹੌਲ਼ਾ ਜੀਵਨ-ਰੁਤਬਾ ਅਖਵਾਉਂਦਾ ਹੈ। ਜੇਕਰ ਗੰਦਗੀ ਦੇ ਕੀੜੇ (ਕਾੱਕਰੇਜ) ਨੂੰ ਗੁਲਾਬ ਰਸ ’ਤੇ ਬੈਠਾ ਦੇਈਏ ਤਾਂ ਉਹ ਜਲਦੀ ਮਰ ਜਾਏਗਾ ਕਿਉਂਕਿ ਉਸ ਦੀ ਖ਼ੁਰਾਕ ਬਦਬੂ ਅੰਦਰ ਹੈ, ਸੁਗੰਧ ’ਚ ਨਹੀਂ ਹੁੰਦੀ।

ਅਜੋਕੇ ਆਧੁਨਿਕ (ਵਿਗਿਆਨਿਕ) ਯੁੱਗ ’ਚ ਵਿਦਿਆ ਪੱਖੋਂ ਮਨੁੱਖੀ ਸੋਚ ਦੇ ਵਿਕਾਸ ਲਈ ਸਭ ਤੋਂ ਵੱਡੀਆਂ ਡਿਗਰੀਆਂ ‘ਡਾਕਟਰ, ਵਿਗਿਆਨੀ, ਸ਼ਾਸਤਰੀ/ਪ੍ਰੋਫ਼ੈਸਰ, ਦਾਰਸ਼ਨਿਕ, ਇੰਜੀਨੀਅਰ ਆਦਿਕ ਹਨ, ਜੋ ਕਿਸੇ ਨਾ ਕਿਸੇ ਖੋਜ ’ਚੋਂ ਉਪਜਦੀਆਂ ਹਨ। ਡਾਕਟਰ; ਸਰੀਰ ਦੀ ਖੋਜ ਕਰਦਾ ਹੈ। ਪ੍ਰੋਫ਼ੈਸਰ; ਇਤਿਹਾਸ, ਭਗੋਲ, ਭਾਸ਼ਾ ਆਦਿ ਦੀ ਅਤੇ ਵਿਗਿਆਨੀ; ਖਗੋਲ-ਤਾਰੇ, ਭੌਤਿਕ ਤੱਤਾਂ ਆਦਿ ਦੀ ਖੋਜ ਕਰਦਾ ਹੈ। ਧਰਮ ਦੇ ਨਜ਼ਰੀਏ ਪੱਖੋਂ ਵੇਖੀਏ ਤਾਂ ਫਿਰ ਭੀ ਇਹ ਬਹੁਪੱਖੀ ਸੁਰਤਿ ਵਿਕਾਸ ਨਹੀਂ ਹੁੰਦਾ; ਜਿਵੇਂ ਕਿ ਮਨੁੱਖੀ ਸਿਰ ਨੂੰ ਜਾਣਨ ਲਈ ਹੀ ਕਈ ਡਿਗਰੀਆਂ (ਨੱਕ, ਕੰਨ, ਗਲਾ, ਅੱਖਾਂ, ਦੰਦ, ਚਮੜੀ, ਮਨੋਰੋਗ, ਆਦਿ) ਬਣਾਈਆਂ ਗਈਆਂ ਹਨ। ਚਮੜੀ ਦਾ ਡਾਕਟਰ; ਮਨੋਰਗ ਬਾਰੇ ਨਹੀਂ ਜਾਣਦਾ। ਅੱਖਾਂ ਦਾ ਡਾਕਟਰ ਦੰਦਾਂ ਦਾ ਇਲਾਜ ਨਹੀਂ ਕਰ ਸਕਦਾ ਜਦਕਿ ਧਰਮ ਭੀ ਖੋਜ ਆਧਾਰਿਤ ਵਿਸ਼ਾ ਹੈ, ਜਿਸ ਦੀ ਖੋਜ ਅੰਦਰ ਹੁੰਦੀ ਹੈ ਯਾਨੀ ਕਿ ਧਰਮ ਦੀ ਖੋਜ ਨਾਲ਼ ਰੂਹਾਨੀਅਤ ਬਲ, ਚਾਨਣ ਉਤਪੰਨ ਹੁੰਦਾ ਹੈ, ਜਿਸ ਨਾਲ਼ ਅਨੰਦਿਤ ਜੀਵਨ ਭੋਗਦਿਆਂ ਬਹੁਪੱਖੀ ਨਵੇਂ-ਨਵੇਂ ਵਿਚਾਰ ਉਪਜਦੇ ਹਨ; ਜਿਵੇਂ ਕਿ ਪਾਣੀ ਦੇ ਝਰਨੇ ’ਚੋਂ ਇੱਕ ਰਸ ਪਾਣੀ ਦਾ ਪ੍ਰਵਾਹ ਚੱਲਣਾ।

ਧਰਮ ਦੇ ਵਿਆਖਿਆਕਾਰਾਂ (ਗੁਰੂ ਸਾਹਿਬਾਨ, ਭਗਤ ਸਾਹਿਬਾਨ ਆਦਿ) ਨੇ ਜਿੱਥੇ ਸਰੀਰ ਨੂੰ ਬੀਮਾਰ, ਕਮਜ਼ੋਰ ਕਰਨ ਵਾਲ਼ੇ ਰੋਗਾਂ (ਕਾਮ, ਕਰੋਧ ਆਦਿ) ਬਾਰੇ ਮਨੁੱਖ ਨੂੰ ਪਹਿਲਾਂ ਹੀ ਜਾਣਕਾਰੀ ਦੇ ਕੇ ਸੁਚੇਤ ਕੀਤਾ; ਓਥੇ ਕੁਦਰਤਿ (ਬ੍ਰਹਿਮੰਡ/ਖਗੋਲ) ਬਾਰੇ ਭੀ ਤੱਥਾਂ ਆਧਾਰਿਤ ਸਚਾਈ ਪ੍ਰਗਟਾਈ ਹੈ। ਮਿਸਾਲ ਵਜੋਂ ਹਾਈਡਰੋਜਨ ਗੈਸ ਦੀ ਖੋਜ ਤਕਰੀਬਨ 1766 ਈਸਵੀ ’ਚ ਹੈਨਰੀ ਕੈਵੈਂਡਿਸ਼ ਨੇ ਅਤੇ ਆਕਸੀਜਨ ਦੀ ਖੋਜ 1774 ਈਸਵੀ ’ਚ ਜੋਸੇਫ ਪ੍ਰਿਸਟਲੇ ਨੇ ਕੀਤੀ। ਇਨ੍ਹਾਂ ਦੋਵੇਂ ਗੈਸਾਂ ਦਾ ਸਰੋਤ (ਮੂਲ ਤੱਤ) ਹਵਾ (ਪਵਨ) ਹੈ। ਜਿਨ੍ਹਾਂ ਦੇ ਮੇਲ ਤੋਂ ਪਾਣੀ ਬਣਿਆ ਹੈ, ਪਰ ਇਹ ਸਚਾਈ ਤਾਂ ਬਹੁਤ ਹੀ ਪਹਿਲਾਂ ਯਾਨੀ ਕਿ 15ਵੀਂ ਸਦੀ ਦੇ ਆਰੰਭ ’ਚ ਹੀ ਗੁਰੂ ਨਾਨਕ ਸਾਹਿਬ ਜੀ ਨੇ ਬਿਆਨ ਕੀਤੀ ਹੈ ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ   ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ਨਿਰਮਲੁ ਮੈਲਾ ਨਾ ਥੀਐ; ਸਬਦਿ ਰਤੇ ਪਤਿ ਹੋਇ ’’ (ਮਹਲਾ /੧੯) ਅਰਥ : (ਆਦਿ ਸਚੁ ਜੁਗਾਦਿ ਸਚੁ ਭਾਵ) ਸਦੀਵੀ ਸਥਿਰ ਮਾਲਕ ਤੋਂ ਹਵਾ (ਗੈਸ ਆਦਿ) ਬਣੀ ਹੈ। ਹਵਾ ਤੋਂ ਪਾਣੀ ਅਤੇ ਪਾਣੀ ਤੋਂ ਸਾਰੇ ਜੀਵ-ਜੰਤ ਪੈਦਾ ਹੋਏ ਹਨ, ਜਿਨ੍ਹਾਂ ਦੇ ਸਰੀਰ ਅੰਦਰ ਹੀ (ਉਹ ਆਦਿ ਸਚੁ) ਵੱਸਦਾ ਹੈ। ਜੋ ਗੁਰੂ ਸਿੱਖਿਆ ਅਨੁਸਾਰ (‘ਆਦਿ ਸਚੁ’ ਦੇ ਪ੍ਰੇਮ-ਰੰਗ ’ਚ) ਰੰਗਿਆ ਰਹਿੰਦਾ ਹੈ, ਉਹ ਮੈਲ਼ (ਕਾਮ, ਕਰੋਧ) ਰਹਿਤ ਹੋ ਕੇ ਲੋਕ-ਪ੍ਰਲੋਕ ’ਚ ਇੱਜ਼ਤ ਮਾਣਦਾ ਹੈ। ਸੋ ਅਫ਼ਸੋਸ ਕਿ ਐਸੀਆਂ ਗੈਸਾਂ (ਤੱਤਾਂ) ਦੀ ਕਾਢ ਕਰਨ ਵਾਲ਼ਾ ਪਹਿਲਾ ਬੰਦਾ ਕੋਈ ਸਿੱਖ ਨਾ ਬਣਿਆ !!

ਸੋ ਅਸਲ ਧਰਮੀ; ਸਰੀਰ ਤੇ ਕੁਦਰਤਿ ਦੀ ਖੋਜ ਕਰਦਾ ਹੋਇਆ ਉਸ ਨਿਰਾਕਾਰ-ਆਦਿ ਸਚੁ ਦੇ ਦਰਸ਼ਨ ਕਰ ਲੈਂਦਾ ਹੈ, ਜੋ ਸਰਬ ਵਿਆਪਕ ਹੋਣ ਕਾਰਨ ਸਮਾਜਿਕ ਪਿਆਰ, ਸੇਵਾ ਆਦਿ ਉਦਾਰਵਾਦੀ ਗੁਣਾਂ ਭਰਪੂਰ ਜੀਵਨ ਸਿਰਜ-ਸਿਰਜ ਕੇ ਭਗਤ ਦੇ ਜੀਵਨ ਨੂੰ ਸਫਲਾ ਬਣਾਉਂਦਾ ਹੈ। ਗੁਰੂ ਸਿੱਖਿਆ ਨਾਲ਼ ਸਰੀਰ ਅੰਦਰਲੀ ਸਚਾਈ/ਗੁਣਾਂ (ਸਤ, ਸੰਤੋਖ, ਦਇਆ, ਧੀਰਜ, ਪਿਆਰ, ਉਦਾਰਤਾ, ਹਿੰਮਤ ਆਦਿ) ਨੂੰ ਪ੍ਰਾਪਤ ਕਰ ਉਸ ਨੂੰ ਮਾਨਵਤਾ ਅੱਗੇ ਬਿਆਨ ਕਰਨ ਨੂੰ ਇਉਂ ਆਪਣਾ ਫ਼ਰਜ਼/ਧਰਮ ਸਮਝਦਾ ਹੈ; ਜਿਵੇਂ ਕਿ ਵਕੀਲ; ਅਦਾਲਤ ’ਚ ਸੰਵਿਧਾਨ ਦੀ ਹਿਫ਼ਾਜ਼ਤ ਕਰਦਾ ਹੈ।

ਸਮਾਜ ਅੰਦਰ ਤਿੰਨ ਤਰ੍ਹਾਂ ਦੇ ਲੋਕ ਸਨ/ਹਨ (1). ਧਰਮ ਦੀ ਸਚਾਈ ਨੂੰ ਮੰਨਣ ਵਾਲ਼ੇ/ਆਸਤਿਕ (2). ਧਰਮ ਦੀ ਸਚਾਈ ਤੋਂ ਮੁਨਕਰ/ਨਾਸਤਿਕ (3). ਅੰਧ-ਭਗਤ ਜਾਂ ਕਰਮਕਾਂਡੀ, ਜਿਨ੍ਹਾਂ ਅੰਦਰ ਧਰਮ ਪ੍ਰਤੀ ਸ਼ਰਧਾ ਤਾਂ ਹੈ, ਪਰ ਧਰਮ ਦੀ ਕੋਈ ਸੋਝੀ ਨਹੀਂ। ਹਰ ਮਨੁੱਖ ਨੂੰ ਆਪਣੀ ਸੋਚ ਉੱਤੇ ਮਾਣ ਹੁੰਦਾ ਹੈ ਭਾਵੇਂ ਉਹ ਆਸਤਿਕ ਹੋਵੇ, ਨਾਸਤਿਕ ਹੋਵੇ ਜਾਂ ਕਰਮਕਾਂਡੀ। ਗੁਰੂ ਨਾਨਕ ਸਾਹਿਬ ਜੀ ਅਨੁਸਾਰ ਖੋਜੀ ਬੰਦਾ; ਜੀਵਨ ਪੱਖੋਂ ਸਦਾ ਸਾਰਥਕ ਹੁੰਦਾ ਹੈ ਤੇ ਅਖੋਜੀ (ਕਰਮਕਾਂਡੀ); ਸਦਾ ਵਾਦ-ਵਿਵਾਦ ਸਹੇੜਦਾ ਹੀ ਮਰਦਾ ਹੈ, ‘‘ਖੋਜੀ ਉਪਜੈ, ਬਾਦੀ ਬਿਨਸੈ.. ’’ (ਮਹਲਾ /੧੨੫੫), ਇਸ ਲਈ ਧਰਮ ਦੇ ਵਿਕਾਸ ’ਚ ਵੱਧ ਰੁਕਾਵਟਾਂ ਕਰਮਕਾਂਡੀ ਪੈਦਾ ਕਰਦੇ ਹਨ ਕਿਉਂਕਿ ਧਰਮ ਦੇ ਪ੍ਰਚਾਰ ਨਾਲ਼ ਉਨ੍ਹਾਂ ਦੀ ਅਰਥਹੀਣ ਸੋਚ ਵਾਲ਼ਾ ਕੂੜ-ਕਿਲ੍ਹਾ ਢਹਿੰਦਾ ਹੈ। ਖੋਜੀ-ਸਾਇੰਸਦਾਨ (ਨਾਸਤਿਕ) ਭੀ ਅਸਲ ਧਰਮ ਦੇ ਮਾਰਗ ’ਚ ਰੁਕਾਵਟ ਨਹੀਂ ਬਣਦੇ ਸਗੋਂ ਇਹ ਲੋਕ ਤਾਂ ਖ਼ੁਦ ਭੀ ਕਰਮਕਾਂਡੀ-ਜਮਾਤ ਹੱਥੋਂ ਪੀੜਤ ਰਹੇ ਹਨ; ਜੈਸਾ ਕਿ ਈਸਾਈ (ਕਰਮਕਾਂਡੀ) ਪਾਧਰੀਆਂ ਨੇ ਵੱਡੇ ਵੱਡੇ ਸਾਇੰਸਦਾਨਾਂ ਨੂੰ ਸਦੀਆਂ ਤੱਕ ਕਤਲ ਕਰਵਾਇਆ ਹੈ।

ਅਸਲ ਧਰਮ; ਮਾਨਵਤਾ ਨੂੰ ਏਕਤਾ ’ਚ ਪ੍ਰੋਂਦਾ ਹੈ; ਜਿਵੇਂ ਕਿ ਬਚਨ ਹਨ, ‘‘ਏਕੁ ਪਿਤਾ, ਏਕਸ ਕੇ ਹਮ ਬਾਰਿਕ.. (ਮਹਲਾ /੬੧੧), ਸਭੇ ਸਾਝੀਵਾਲ ਸਦਾਇਨਿ; ਤੂੰ ਕਿਸੈ ਦਿਸਹਿ ਬਾਹਰਾ ਜੀਉ (ਮਹਲਾ /੯੭), ਫਰੀਦਾ  !  ਖਾਲਕੁ ਖਲਕ ਮਹਿ; ਖਲਕ ਵਸੈ ਰਬ ਮਾਹਿ   ਮੰਦਾ ਕਿਸ ਨੋ ਆਖੀਐ  ? ਜਾਂ ਤਿਸੁ ਬਿਨੁ ਕੋਈ ਨਾਹਿ ’’ (ਮਹਲਾ /੧੩੮੧) ਆਮ ਕਹਾਵਤ ਹੈ ਕਿ ਧਰਮ; ਜੋੜਦਾ ਹੈ, ਤੋੜਦਾ ਨਹੀਂ, ਪਰ ਚੇਤੇ ਰਹੇ ਕਿ ਧਰਮ ਜੋੜਦਾ ਹੈ, ਕਰਮਕਾਂਡ ਨਹੀਂ। ਕਰਮਕਾਂਡੀ ਬੰਦਾ; ਸਮਾਜ ਨੂੰ ਤੋੜਦਾ ਹੈ, ਜੋੜਦਾ ਨਹੀਂ। ਇਹੀ ਕਾਰਨ ਹੈ ਕਿ ਐਸੇ ਸਰਬ ਸਾਂਝੇ ਬਚਨ ਕਰਨ ਵਾਲ਼ੇ ਗੁਰੂ ਅਰਜਨ ਸਾਹਿਬ ਨੂੰ ਭੀ ਕਰਮਕਾਂਡੀਆਂ ਨੇ ਤਸੀਹੇ ਦੇ ਕੇ ਸ਼ਹੀਦ ਕੀਤਾ ਹੈ। ਜਿਨ੍ਹਾਂ ਦਾ ਐਸੇ ਅਣਮਨੁੱਖੀ ਤਸੀਹੇ ਦੇਣ ’ਚ ਹੱਥ ਰਿਹਾ, ਉਨ੍ਹਾਂ ਨੇ ਹੀ ਧਰਮ ਦੇ ਨਾਂ ’ਤੇ ਮਨੁੱਖਤਾ ਨੂੰ ਜਾਤਾਂ, ਵਰਣਾਂ, ਕਬੀਲਿਆਂ ’ਚ ਵੰਡਿਆ ਹੈ।

ਅਸਲ ਧਰਮ ਅਨੁਸਾਰ ਹਰ ਕੋਈ ਆਪਣੇ ਚੰਗੇ-ਮੰਦੇ ਨਸੀਬ ਭੋਗਦਾ ਪਿਆ ਹੈ; ਤਾਂ ਤੇ ਹਰ ਇੱਕ ਨੂੰ ਆਪਣਾ ਜੀਵਨ ਜਿਊਣ ਦਾ ਪੂਰਾ ਅਧਿਕਾਰ ਹੈ। ਇਹੀ ਕਾਰਨ ਰਿਹਾ ਹੈ ਕਿ ਗੁਰੂ ਸਾਹਿਬਾਨ ਅਤੇ ਸਿੰਘਾਂ ਨੇ ਆਪਣੀ ਅਤੇ ਬੇਸਹਾਰਾ ਲੋਕਾਂ ਦੀ ਸੁਰੱਖਿਆ ਲਈ ਹਥਿਆਰ ਚੁੱਕੇ ਸਨ/ਹਨ, ਨਾ ਕਿ ਕਿਸੇ ਦੇ ਅਸਹਿਮਤ ਧਾਰਮਿਕ ਵਿਚਾਰਾਂ ਨੂੰ ਮਾਰਨ ਲਈ। ਭੱਜਦੇ ਹੋਏ ਦੁਸ਼ਮਣ ਦਾ ਸਿੱਖਾਂ ਨੇ ਕਦੇ ਪਿੱਛਾ ਨਹੀਂ ਕੀਤਾ। ਮਿਸਾਲ ਵਜੋਂ ਗੁਰੂ ਤੇਗ਼ ਬਹਾਦਰ ਸਾਹਿਬ ਪੰਡਿਤਾਂ ਦੇ ਉਨ੍ਹਾਂ ਧਾਰਮਿਕ ਚਿੰਨ੍ਹਾਂ ਨੂੰ ਬਚਾਉਣ ਲਈ ਆਪਣਾ ਸਰੀਰਕ ਬਲਿਦਾਨ ਦੇ ਗਏ, ਜੋ ਕਿ ਗੁਰਮਤਿ ਨਜ਼ਰੀਏ ਪੱਖੋਂ ਨਿਰੇ ਅਰਥਹੀਣ ਸਨ। ਗੁਰਮਤਿ ਦੇ ਅਸੂਲਾਂ ਮੁਤਾਬਕ ਹੀ ਅੱਜ ਹਰ ਦੇਸ; ਆਪਣੇ ਨਾਗਰਿਕਾਂ ਨੂੰ ਆਪਣੀ ਸੁਰੱਖਿਆ ਖ਼ੁਦ ਕਰਨ ਲਈ ਉਨ੍ਹਾਂ ਨੂੰ ਨਿਜੀ ਹਥਿਆਰ ਰੱਖਣ ਦੀ ਅਨੁਮਤੀ ਦਿੰਦਾ ਹੈ। ਸੋ ਗੁਰੂ ਸਾਹਿਬਾਨ ਨੇ ਹਥਿਆਰ ਚੁੱਕ ਕੇ ਕਿਸੇ ਦਾ ਜਬਰਨ ਧਰਮ ਪਰਿਵਰਤਨ ਨਹੀਂ ਕੀਤਾ ਅਤੇ ਨਾ ਹੀ ਕਿਸੇ ਦੇ ਧਾਰਮਿਕ ਅਦਾਰੇ ਢਾਹੇ ਹਨ।

ਜਦ ਹਰ ਕੋਈ ਆਪਣੇ ਨਸੀਬ ਭੋਗਣ ਲਈ ਜਨਮ ਲੈਂਦਾ ਹੈ। ਕਿਸੇ ਨੂੰ ਇਹ ਨਸੀਬ ਭੋਗਣ ਤੋਂ ਪਹਿਲਾਂ ਮਾਰਿਆ ਨਹੀਂ ਜਾ ਸਕਦਾ; ਜਿਵੇਂ ਕਿ ਬਚਨ ਹਨ, ‘‘ਹਰਿ ਬਿਨੁ ਕੋਈ ਮਾਰਿ ਜੀਵਾਲਿ ਸਕੈ; ਮਨ  ! ਹੋਇ ਨਿਚਿੰਦ ਨਿਸਲੁ ਹੋਇ ਰਹੀਐ ’’ (ਮਹਲ /੫੯੪) ਤਾਹੀਓਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ; ਪਿੱਛੇ ਆ ਰਹੀ ਅਣਗਿਣਤ ਪਹਾੜੀ ਫ਼ੌਜ ਦੀ ਪ੍ਰਵਾਹ ਨਾ ਕਰਦੇ ਹੋਏ ਸਰਸਾ ਨਦੀ ’ਤੇ ਆਸਾ ਦੀ ਵਾਰ ਦਾ ਕੀਰਤਨ ਕਰਨ ਨੂੰ ਤਰਜੀਹ ਦਿੰਦੇ ਹਨ।

ਗੁਰੂ ਨਾਨਕ ਸਾਹਿਬ ਜੀ ਅਨੁਸਾਰ ਮਨੁੱਖ ਜਿਸ ਤਰ੍ਹਾਂ ਦੇ ਈਸ਼ਟ ਦੀ ਬੰਦਗੀ ਕਰਦਾ ਹੈ, ਉਹ ਖ਼ੁਦ ਭੀ ਵੈਸਾ ਹੋ ਜਾਂਦਾ ਹੈ, ‘‘ਸਤਿਗੁਰੁ ਸੇਵੇ; ਸੋ ਜੋਗੀ ਹੋਇ ਭੈ ਰਚਿ ਰਹੈ; ਸੁ ਨਿਰਭਉ ਹੋਇ ਜੈਸਾ ਸੇਵੈ; ਤੈਸੋ ਹੋਇ ’’ (ਮਹਲਾ /੨੨੩) ਯਾਨੀ ਪੱਥਰ ਨੂੰ ਪੂਜਣ ਵਾਲ਼ਾ ਪੱਥਰ-ਦਿਲ ਹੋਏਗਾ ਅਤੇ ਨਿਰਭਉ ਆਦਿ ਸਚੁ ਨੂੰ ਸਿਮਰਨ ਵਾਲ਼ਾ ਸਦਾ ਨਿਡਰ ਰਹੇਗਾ। ਸਵਾ ਲੱਖ ਨਾਲ਼ ਇਕੱਲਾ ਲੜੇਗਾ।

ਧਰਮ ਅਨੁਸਾਰ ਸਰੀਰਕ ਮੌਤ; ਜ਼ਿੰਦਗੀ ਦਾ ਅੰਤ ਨਹੀਂ ਕਿਉਂਕਿ ਮਨ ’ਚ ਪਈ ਵਿਕਾਰ ਵਾਸ਼ਨਾ ਨਵਾਂ ਜਨਮ ਕਰਾ ਦਿੰਦੀ ਹੈ; ਜਿਵੇਂ ਕਿ ਭਾਈ ਗੁਰਦਾਸ ਜੀ ਦੇ ਬੋਲ ਹਨ, ‘‘ਜੁਗਿ ਜੁਗਿ ਮੇਰੁ ਸਰੀਰ ਕਾ; ਬਾਸਨਾ ਬਧਾ ਆਵੈ ਜਾਵੈ ਫਿਰਿ ਫਿਰਿ ਫੇਰਿ ਵਟਾਈਐ; ਗਿਆਨੀ ਹੋਇ ਮਰਮੁ ਕਉ ਪਾਵੈ..ਫਿਰਿ ਕਲਿਜੁਗ ਅੰਦਰਿ ਦੇਹਿ ਧਰਿ; ਕਰਮਾਂ ਅੰਦਰਿ ਫੇਰ ਫਸਾਵੈ ਅਉਸਰੁ ਚੁਕਾ; ਹਥ ਆਵੈ ੧੫ (ਭਾਈ ਗੁਰਦਾਸ ਜੀ/ਵਾਰ ਪਉੜੀ ੧੫) ਅਰਥ : ਸਿਰੋਮਣੀ ਮਨੁੱਖੀ ਸਰੀਰ ਭੀ ਸਦਾ ਤੋਂ ਵਿਕਾਰ-ਵਾਸ਼ਨਾ ’ਚ ਬੱਝਿਆ ਜਨਮ-ਮਰਨ ਧਾਰਦਾ ਹੈ। ਕਲਿਜੁਗ ’ਚ ਭੀ ਸਰੀਰ ਧਾਰਨ ਕਰ ਵਿਕਾਰ-ਨਸੀਬ ’ਚ ਪਈ ਮੈਲ਼ ਅਨੁਸਾਰ ਕਰਮ ਕਰਦਾ ਹੈ। ਜਿਸ ਨੇ ਇਹ ਵਿਕਾਰ-ਵਾਸ਼ਨਾ ਨਾ ਖ਼ਤਮ ਕੀਤੀ, ਉਹ ਫਿਰ ਅਗਲੇ ਜਨਮਾਂ ’ਚ ਖ਼ਤਮ ਨਹੀਂ ਕਰ ਸਕਦਾ ਕਿਉਂਕਿ ਇਸ ਨੂੰ ਮਾਰਨ ਦੀ ਸੋਝੀ ਦੇਣ ਵਾਲ਼ਾ ਓਥੇ ਗੁਰੂ, ਭਗਤ ਅਗਵਾਈ ਨਹੀਂ ਕਰਦਾ, ਪਰ ਇਹ ਰਾਜ਼ ਕੋਈ ਖੋਜੀ-ਗੁਰਮੁਖ ਹੀ ਸਮਝਦਾ ਹੈ (ਬਾਕੀ ਸਭ ਤਾਂ ਪਸ਼ੂ, ਪੰਛੀਆਂ ਵਾਙ ਟੀਚਾ ਰਹਿਤ ਜੂਨ ਹੀ ਭੋਗ ਰਹੇ ਹਨ)।

ਸੋ ਸਫਲ ਜ਼ਿੰਦਗੀ ਲਈ ਲੰਬੀ ਉਮਰ ਦਾ ਹੋਣਾ ਜ਼ਰੂਰੀ ਨਹੀਂ।  5-7 ਸਾਲਾਂ ਦੇ ਸਾਹਿਬਜ਼ਾਦੇ (ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫ਼ਤਿਹ ਸਿੰਘ ਜੀ) ਭੀ ਸਫਲ ਜੀਵਨ ਭੋਗ ਗਏ। ਐਸੇ ਮਰਜੀਵੜਿਆਂ ਦੀ ਸਰੀਰ ਮੌਤ ਭੀ ਮਾਨਵਤਾ ’ਚ ਧਰਮ ਪ੍ਰਤੀ ਚੇਤਨਾ ਜਗਾ ਜਾਂਦੀ ਹੈ ਤਾਹੀਓਂ ਦਸਮੇਸ਼ ਪਿਤਾ ਨੇ ਉਨ੍ਹਾਂ ਦੀ ਸਰੀਰਕ ਮੌਤ ’ਤੇ ਰਾਜਾ ਦਸ਼ਰਥ ਵਾਙ ਸੋਗ ਨਹੀਂ ਮਨਾਇਆ। ਚੇਤੇ ਰਹੇ ਕਿ ਰਾਮ ਚੰਦਰ ਜੀ ਦੇ ਵਣਵਾਸ ਜਾਣ ’ਤੇ ਪਿਤਾ ਦਸ਼ਰਥ ਨੇ ਕੋਠੇ ਤੋਂ ਛਾਲ਼ ਮਾਰ ਕੇ ਆਤਮ ਹੱਤਿਆ ਕਰ ਲਈ ਸੀ ਭਾਵੇਂ ਕਿ ਜੇਠਾ ਪੁੱਤਰ ਅਜੇ ਜੀਵਤ ਹੀ ਸੀ।

ਜਥੇਦਾਰਾਂ ਦੁਆਰਾ ਸਹੀ ਫ਼ੈਸਲੇ ਲੈਣ ਉਪਰੰਤ ਬਾਦਲ ਦਲ ਦੇ ਥਿੜਕਦੇ ਬੋਲ ਤੇ ਕਿਰਦਾਰ

0

ਜਥੇਦਾਰਾਂ ਦੁਆਰਾ ਸਹੀ ਫ਼ੈਸਲੇ ਲੈਣ ਉਪਰੰਤ ਬਾਦਲ ਦਲ ਦੇ ਥਿੜਕਦੇ ਬੋਲ ਤੇ ਕਿਰਦਾਰ

ਕਿਰਪਾਲ ਸਿੰਘ ਬਠਿੰਡਾ

ਸ਼ਹੀਦਾਂ ਦੀ ਸ਼ਾਨਾਮੱਤੀ ਜਥੇਬੰਦੀ ਸ੍ਰੋਮਣੀ ਅਕਾਲੀ ਦਲ ਦੇ ਨਿਘਾਰ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਨੇ; (ਖਾਸ ਕਰ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਸ੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਿਆ) ਪੰਥ ਦੀਆਂ ਦੋ ਸਿਰਮੌਰ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੋਮਣੀ ਕਮੇਟੀ ਦੀ ਆਪਣੇ ਸਿਆਸੀ ਮਨੋਰਥਾਂ ਲਈ ਰੱਜ ਕੇ ਦੁਰਵਰਤੋਂ ਕੀਤੀ। ਦੂਸਰਾ ਕਾਰਨ ਹੈ ਕਿ ਪੰਥਕ ਸਰੋਕਾਰਾਂ ਅਤੇ ਪੰਜਾਬ ਦੀਆਂ ਮੁੱਖ ਮੰਗਾਂ, ਜਿਨ੍ਹਾਂ ਲਈ ਪਿਛਲੇ ਸਮਿਆਂ ’ਚ ਸ੍ਰੋਮਣੀ ਅਕਾਲੀ ਦਲ ਆਪ ਮੋਰਚੇ ਲਾਉਂਦਾ ਰਿਹਾ, ਉਨ੍ਹਾਂ ਨੂੰ ਮੂਲੋਂ ਹੀ ਤਿਆਗ ਦਿੱਤਾ ਅਤੇ ਸੀਨੀਅਰ ਅਕਾਲੀ ਆਗੂਆਂ ਨੂੰ ਪਿਛਾਂਹ ਕਰਕੇ ਕੇਵਲ ਆਪਣੇ ਪਰਵਾਰਕ ਜੂਨੀਅਰ ਮੈਂਬਰਾਂ ਲਈ ਉੱਚ ਸਿਆਸੀ ਪਦਵੀਆਂ ਹਾਸਲ ਕਰਨ ਤੱਕ ਹੀ ਸੀਮਤ ਕਰ ਲਿਆ। ਇਸ ਤਰ੍ਹਾਂ ‘ਸ੍ਰੋਮਣੀ ਅਕਾਲੀ ਦਲ’ ਤੋਂ ਕੇਵਲ ‘ਬਾਦਲ ਦਲ’ ਬਣ ਕੇ ਰਹਿ ਗਿਆ। ਜਿਸ ਦਾ ਸਭ ਤੋਂ ਵੱਧ ਨੁਕਸਾਨ, ਇਨ੍ਹਾਂ ਵੱਲੋਂ ਵੋਟ ਰਾਜਨੀਤੀ ਅਧੀਨ ਉਨ੍ਹਾਂ ਦੇਹਧਾਰੀ ਗੁਰੂਡੰਮੀ ਡੇਰੇਦਾਰਾਂ; ਜੋ ਸਿੱਖ ਧਰਮ ਦੇ ਮੂਲ ਸਿਧਾਂਤ (ਸ਼ਬਦ ਗੁਰੂ) ਦੇ ਵਿਰੋਧੀ ਹਨ; ਦੀ ਪੁਸ਼ਤਪਨਾਹੀ ਕੀਤੇ ਜਾਣ ਨੇ, ਕੀਤਾ ਹੈ। ਇਸ ਦੀ ਪ੍ਰਤੱਖ ਮਿਸਾਲ ਹੈ ਕਿ 2007 ’ਚ ਸੌਦਾ ਸਾਧ (ਗੁਰਮੀਤ ਰਾਮ ਰਹੀਮ) ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਵਾਂਗ ਉਤਾਰੇ ਜਾਣ ਵਿਰੁੱਧ ਪੁਲਿਸ ਕੇਸ; ਸ਼੍ਰੋਮਣੀ ਕਮੇਟੀ ਦੀ ਬਜਾਇ ਆਪਣੇ ਇੱਕ ਵਰਕਰ ਬਠਿੰਡਾ ਦੇ ਅਕਾਲੀ ਐੱਮ.ਸੀ. ਅਤੇ ਖਾਲਸਾ ਦੀਵਾਨ ਗੁਰਦੁਆਰਾ (ਸ੍ਰੀ ਗੁਰੂ ਸਿੰਘ ਸਭਾ) ਬਠਿੰਡਾ ਦੇ ਪ੍ਰਧਾਨ ‘ਰਜਿੰਦਰ ਸਿੰਘ ਸਿੱਧੂ’ ਪਾਸੋਂ ਦਰਜ ਕਰਵਾਇਆ ਸੀ। ਬਾਦਲ ਸਰਕਾਰ ਦੇ ਹੁਕਮ ਨਾਲ਼ ਪੁਲਿਸ ਨੇ 7 ਸਾਲ ਤੱਕ ਇਸ ਕੇਸ ਦਾ ਚਲਾਨ ਹੀ ਅਦਾਲਤ ’ਚ ਪੇਸ਼ ਨਾ ਹੋਣ ਦਿੱਤਾ। ਸੰਨ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਲੋਕ ਸਭਾ ਹਲਕੇ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਚੋਣ ਲੜ ਰਹੀ ਸੀ ਤੇ ਸੌਦਾ ਡੇਰਾ ਪ੍ਰੇਮੀਆਂ ਦੀਆਂ ਵੋਟਾਂ ਲੈਣ ਦੇ ਹੋਏ ਸਮਝੌਤੇ ਕਾਰਨ ‘ਰਜਿੰਦਰ ਸਿੰਘ ਸਿੱਧੂ’ ਰਾਹੀਂ ਇਹ ਕੇਸ ਵਾਪਸ ਲੈ ਲਿਆ ਗਿਆ ਭਾਵੇਂ ਕਿ ਬਾਅਦ ’ਚ ਸਿੱਧੂ ਨੇ ਅਦਾਲਤ ’ਚ ਇਹ ਬਿਆਨ ਭੀ ਦਿੱਤਾ ਕਿ ਕੇਸ ਵਾਪਸ ਲੈਣ ਵਾਲ਼ਾ ਹਲਫ਼ਨਾਮਾ ਮੇਰੇ ਵੱਲੋਂ ਨਹੀਂ ਦਿੱਤਾ ਗਿਆ। ਇੱਥੇ ਇਹ ਭੀ ਸਵਾਲ ਉੱਠਦਾ ਹੈ ਕਿ ਜੇਕਰ ਅਲਫ਼ਨਾਮਾ; ਅਪੀਲ ਕਰਤਾ ਨੇ ਨਹੀਂ ਦਿੱਤਾ ਸੀ ਤਾਂ ਕਿਸ ਨੇ ਦਿੱਤਾ ? ਅਦਾਲਤ ਦੁਆਰਾ ਗਲਤ ਹਲਫ਼ਨਾਮਾ ਦੇਣ ਵਾਲੇ ਨੂੰ ਸਜ਼ਾ ਦੇਣ ਦੀ ਬਜਾਇ ਹਲਫ਼ਨਾਮਾ ਮਨਜੂਰ ਕਿਉਂ ਕੀਤਾ ਗਿਆ ? ਰਜਿੰਦਰ ਸਿੰਘ ਸਿੱਧੂ  ਵੱਲੋਂ ਦਰਜ ਕੇਸ ਰੱਦ ਹੁੰਦਿਆਂ ਤੁਰੰਤ ਹੀ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਅਤੇ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਇਹ ਕੇਸ ਚੱਲਦਾ ਰੱਖਣ ਲਈ ਪਟੀਸ਼ਨ ਦਾਖ਼ਲ ਕਰਵਾ ਦਿੱਤੀ। ਸਹੀ ਮੌਕਾ ਖੁੰਝਾ ਕੇ ਹੁਣ 10 ਸਾਲਾਂ ਦੀ ਨੀਂਦ ਤੋਂ ਬਾਅਦ ਸ੍ਰੋਮਣੀ ਕਮੇਟੀ ਉਸ ਕੇਸ ’ਚ ਪਾਰਟੀ ਬਣ ਕੇ ਦੁੱਧ ਧੋਤੀ ਬਣਨਾ ਚਾਹੁੰਦੀ ਹੈ, ਜਿਸ ਨੂੰ ਸਿੱਖ ਕਦੀ ਵੀ ਪ੍ਰਵਾਨ ਨਹੀਂ ਕਰਨਗੇ।

ਇੱਥੇ ਹੀ ਬੱਸ ਨਹੀਂ, ਸੰਨ 2015 ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਗੁਰਮੁਖ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਰਿਹਾਇਸ਼ (ਚੰਡੀਗੜ੍ਹ) ਵਿਖੇ ਬੁਲਾਇਆ, ਜਿੱਥੇ ਸੁਖਬੀਰ ਸਿੰਘ ਬਾਦਲ ਅਤੇ ਦਲਜੀਤ ਸਿੰਘ ਚੀਮਾ ਵੀ ਹਾਜ਼ਰ ਸਨ, ਜਿਨ੍ਹਾਂ ਨੇ ਹਿੰਦੀ ’ਚ ਲਿਖੀ ਸੌਦਾ ਸਾਧ ਦੀ ਇੱਕ ਪੁਰਾਣੀ ਚਿੱਠੀ ਫੜਾ ਕੇ ਹਿਦਾਇਤ ਕੀਤੀ ਕਿ ਸੌਦਾ ਸਾਧ ਨੂੰ ਮਾਫ ਕੀਤਾ ਜਾਵੇ। ਸਿੰਘ ਸਾਹਿਬਾਨ ਜਾਣਦੇ ਸਨ ਕਿ ਜੇ ਮਾਫ਼ੀ ਮੰਗਣ ਵਾਲਾ ਬੰਦਾ ਖੁਦ ਸ੍ਰੀ ਅਕਾਲ ਤਖ਼ਤ ’ਤੇ ਹਾਜਰ ਨਾ ਹੋਵੇ ਤੇ ਉਸ ਵੱਲੋਂ ਭੇਜੀ ਚਿੱਠੀ ਜਿਸ ’ਤੇ ਮਾਫੀ ਸ਼ਬਦ ਵੀ ਨਾ ਲਿਖਿਆ ਹੋਵੇ; ਉਸ ਦੇ ਆਧਾਰ ’ਤੇ ਮਾਫ਼ੀ ਦੇਣੀ ਸਹੀ ਨਹੀਂ, ਜਿਸ ਨੂੰ ਸਿੱਖ ਸੰਗਤ ਨੇ ਪ੍ਰਵਾਨ ਨਹੀਂ ਕਰਨਾ, ਪਰ ਤਾਕਤ ਦੇ ਨਸ਼ੇ ’ਚ ਸੁਖਬੀਰ ਬਾਦਲ ਤੇ ਦਲਜੀਤ ਚੀਮਾ ਨੇ ਪ੍ਰਵਾਹ ਨਾ ਕੀਤੀ ਤੇ ਕੰਪਿਊਟਰ ਨਾਲ ਐਡਿਟ ਕਰ ‘ਮਾਫ਼ੀ’ ਸ਼ਬਦ ਆਪਣੇ ਵੱਲੋਂ ਜੋੜ ਕੇ ਉਸ ਨੂੰ ਪੰਜਾਬੀ ’ਚ ਟਾਈਪ ਕਰਵਾ ਕਰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੁਜਦਾ ਕਰ ਦਿੱਤਾ। ਇਸ ਤਰ੍ਹਾਂ ਤਖ਼ਤਾਂ ਦੇ ਜਥੇਦਾਰਾਂ ਨੂੰ ਤਾਂ ਇਹ ਆਪਣੇ ਮੁਲਾਜਮ ਸਮਝਦੇ ਹਨ। ਮੁਲਾਜਮਾਂ ਵਾਙ ਦਬਕੇ ਮਾਰ ਕੇ ਮਨਮਰਜੀ ਦੇ ਹੁਕਮਨਾਮੇ ਕਰਵਾਉਣਾ ਆਪਣਾ ਹੱਕ ਸਮਝਦੇ ਸਨ/ਹਨ, ਇਸ ਲਈ ਬਿਨਾਂ ਮਾਫ਼ੀ ਮੰਗਿਆਂ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਵਾਂਗ ਉਤਾਰਨ ਵਾਲੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ਦੇ ਮੁੱਖ ਦੋਸ਼ੀ ਗੁਰਮੀਤ ਰਾਮ ਰਹੀਮ ਨੂੰ ਮਾਫ਼ ਕਰ ਦਿੱਤਾ ਤੇ ਇਹ ਅਣਉਚਿਤ ਹੁਕਮਨਾਮਾ ਸੰਗਤਾਂ ਤੋਂ ਮੰਨਵਾਉਣ ਲਈ ਗੁਰੂ ਕੀ ਗੋਲਕ ’ਚੋਂ 92 ਲੱਖ ਦੇ ਇਸ਼ਤਿਹਾਰ ਦਿੱਤੇ ਗਏ।

ਬਾਦਲ ਦਲ ਦੀਆਂ ਇਨ੍ਹਾਂ ਗ਼ੈਰਸਿਧਾਂਤਕ, ਗ਼ੈਰਸੰਵਿਧਾਨਕ ਅਤੇ ਗ਼ੈਰਪੰਥਕ ਕਾਰਵਾਈਆਂ ਕਾਰਨ ਗ਼ੈਰਤਮੰਦ ਸਿੱਖਾਂ ਦੇ ਮਨਾਂ ਅੰਦਰ ਗੁੱਸਾ ਸਿੱਖਰਾਂ ’ਤੇ ਸੀ/ਹੈ, ਜਿਸ ਕਾਰਨ 2015 ਦੀਆਂ ਮੰਗਭਾਗੀ ਘਟਨਾਵਾਂ ਤੋਂ ਬਾਅਦ ਹੋਈਆਂ ਸਾਰੀਆਂ ਚੋਣਾਂ ਸਮੇਂ ਕੱਢਿਆ ਗਿਆ। ਸੰਨ 2024 ’ਚ ਜਦੋਂ ਲੋਕ ਸਭਾ ਚੋਣਾਂ ’ਚ 13 ’ਚੋਂ ਕੇਵਲ ਇੱਕ ਉਮੀਦਵਾਰ ਚੋਣ ਜਿੱਤ ਸਕਿਆ, ਦੋ ਉਮੀਦਵਾਰ ਆਪਣੀਆਂ ਜ਼ਮਾਨਤਾਂ ਬਚਾ ਸਕੇ ਤੇ ਬਾਕੀ 10 ਉਮੀਦਵਾਰ ਆਪਣੀਆਂ ਜ਼ਮਾਨਤਾਂ ਵੀ ਨਾ ਬਚਾ ਸਕੀ ਪਾਰਟੀ ਤਾਂ ਦੋ ਧੜਿਆਂ ’ਚ ਵੰਡੀ ਗਈ। ਇਸ ਨੂੰ ਮੁੜ ਸਥਾਪਿਤ ਹੋਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਹਾਰਾ ਲਿਆ ਤੇ ਦੋਵੇਂ ਧੜਿਆਂ ਦੇ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖੇ ਪੱਤਰ ’ਚ ਮੰਨ ਲਿਆ ਕਿ ਸਾਥੋਂ ਗੁਨਾਹ ਹੋਏ ਹਨ, ਜੋ ਅਸੀਂ ਆਪਣੀ ਝੋਲ਼ੀ ’ਚ ਪਵਾਉਂਦੇ ਹਾਂ, ਇਸ ਲਈ ਸਾਨੂੰ ਤਨਖ਼ਾਹ ਲਾਈ ਜਾਵੇ। ਸੁਖਬੀਰ ਬਾਦਲ ਦੇ ਸਮਰਥਕ ਇਸੇ ਕਾਰਵਾਈ ਨੂੰ ਉਨ੍ਹਾਂ ਦੇ ਨਿਮਾਣੇਪਣ ਵਜੋਂ ਪੇਸ਼ ਕਰਕੇ ਮੰਗ ਕਰ ਰਹੇ ਹਨ ਕਿ ਵੇਖੋ ਜੀ ਇੱਕ ਨਿਮਾਣੇ ਸਿੱਖ ਵਜੋਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਸਾਰੇ ਗੁਨਾਹ ਆਪਣੀ ਝੋਲ਼ੀ ’ਚ ਪਵਾ ਲਏ ਹਨ ਤਾਂ ਹੁਣ ਉਨ੍ਹਾਂ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ, ਪਰ ਦੂਜੇ ਪਾਸੇ ਪੰਥਕ ਭਾਵਨਾਵਾਂ ਹਨ ਕਿ ਇਹ ਨਿਮਾਣਾਪਣ ਨਹੀ ਸਗੋਂ ਨਿਮਾਣੇਪਣ ਦਾ ਢਕਵੰਜ ਰਚ ਕੇ ਆਪਣੇ ਆਪ ਨੂੰ ਗੁਨਾਹ ਮੁਕਤ ਕਰਵਾਉਣ ਦੀ ਚਾਲ ਹੈ ਕਿਉਂਕਿ ਉਨ੍ਹਾਂ ਨੇ ਗੁਨਾਹ ਆਪਣੀ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਕੀਤੇ ਹਨ, ਇਸ ਲਈ ਕੇਵਲ ਧਾਰਮਿਕ ਨਹੀਂ, ਰਾਜਨੀਤਕ ਤੌਰ ’ਤੇ ਭੀ ਘੱਟੋ ਘੱਟ ਪੰਜ ਸਾਲ ਲਈ ਰਾਜਨੀਤੀ ਤੋਂ ਲਾਂਭੇ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ। ਪੰਥ ਦਾ ਕੁਝ ਹਿੱਸਾ ਤਾਂ ਸੁਖਬੀਰ ਬਾਦਲ ਨੂੰ ਸਦਾ ਲਈ ਰਾਜਨੀਤੀ ਤੋਂ ਬਾਹਰ ਰੱਖੇ ਜਾਣ ਦੀ ਮੰਗ ਕਰ ਰਿਹਾ ਹੈ। ਸਿੰਘ ਸਾਹਿਬ ਵੱਲੋਂ ਇੱਕ ਸਾਂਝੀ ਰਾਇ ਬਣਾਉਣ ਲਈ ਸਿੱਖ ਬੁਧੀਜੀਵੀਆਂ ਦੀ ਇਕੱਤਰਤਾ ਸੱਦ ਲਈ ਗਈ, ਜਿਸ ’ਚ ਕੁਝ ਵਿਦਵਾਨਾਂ ਨੇ ਨਿੱਜੀ ਰੂਪ ’ਚ ਅਤੇ ਕੁਝ ਨੇ ਲਿਖਤੀ ਰੂਪ ’ਚ ਆਪਣੇ ਵੀਚਾਰ ਪ੍ਰਗਟ ਕੀਤੇ ਹਨ।

ਜਿਸ ਢੰਗ ਨਾਲ ਵਿਦਵਾਨਾਂ ਅਤੇ ਪੰਥਕ ਹਲਕਿਆਂ ਵੱਲੋਂ ਵੀਚਾਰ ਪ੍ਰਗਟ ਕੀਤੇ ਜਾ ਰਹੇ ਸਨ ਤੇ ਸਿੰਘ ਸਾਹਿਬ ਸਭਨਾਂ ਵੀਚਾਰਾਂ ਵੱਲ ਧਿਆਨ ਦੇ ਰਹੇ ਸਨ; ਸੁਖਬੀਰ ਬਾਦਲ ਦੇ ਸਮਰਥਕ ਸਮਝ ਗਏ ਹਨ ਕਿ ਉਨ੍ਹਾਂ ਨੂੰ ਰਾਜਨੀਤਕ ਸਜਾ ਅਵੱਸ਼ ਮਿਲਣ ਵਾਲੀ ਹੈ, ਇਸ ਲਈ ਅਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਰਾਜਨੀਤਕ ਨਹੀਂ ਕੇਵਲ ਧਾਰਮਿਕ ਸਜ਼ਾ ਹੀ ਦਿੱਤੀ ਜਾ ਸਕਦੀ ਹੈ। ਸੁਖਬੀਰ ਬਾਦਲ ਦੇ ਵੱਡੇ ਹਿਤੈਸ਼ੀ ਅਖਵਾਉਣ ਵਾਲੇ ਵਿਰਸਾ ਸਿੰਘ ਵਲਟੋਹਾ ਤਾਂ ਇੱਥੋਂ ਤੱਕ ਚਲੇ ਗਏ ਹਨ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਦੀ ਬਿਮਾਰੀ ਪਿੱਛੋਂ ਉਨ੍ਹਾਂ ਦਾ ਹਾਲ ਚਾਲ ਪੁੱਛਣ ਦੇ ਬਹਾਨੇ ਉਨ੍ਹਾਂ ਦੇ ਘਰ ਚਲੇ ਗਏ ਤੇ ਉਨ੍ਹਾਂ ਨੂੰ ਧਮਕੀ ਦੇ ਦਿੱਤੀ ਕਿ ਜੇ ਰਾਜਨੀਤਕ ਸਜ਼ਾ ਦਿੱਤੀ ਗਈ ਤਾਂ ਹੋਰ ਕੋਈ ਬੋਲੇ ਜਾਂ ਨਾ ਬੋਲੇ, ਪਰ ਉਹ (ਵਲਟੋਹਾ) ਜ਼ਰੂਰ ਖੰਡਾ ਖੜਕਾਉਣਗੇ। ਸਿੰਘ ਸਾਹਿਬ ਦਾ ਰੁੱਖ ਵੇਖ ਕੇ ਉਹ ਸਮਝ ਗਏ ਕਿ ਕੁਝ ਰਾਜਨੀਤਕ ਸਜ਼ਾ ਵੀ ਜ਼ਰੂਰ ਮਿਲਣ ਵਾਲੀ ਹੈ, ਇਸ ਲਈ ਉਨ੍ਹਾਂ ਨੇ ਮੀਡੀਏ ’ਚ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਕਿ ਪੰਜ ਸਿੰਘ ਸਾਹਿਬਾਨ; ਵਿਸ਼ੇਸ਼ ਤੌਰ ’ਤੇ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਭਾਜਪਾ ਨਾਲ ਮਿਲੇ ਹੋਏ ਹਨ, ਜੋ ਪੰਥ ਅਤੇ ਸ੍ਰੋਮਣੀ ਅਕਾਲੀ ਦਲ ਦਾ ਨੁਕਸਾਨ ਕਰਨਾ ਚਾਹੁੰਦੇ ਹਨ।

ਬਾਦਲ ਦਲ ਦਾ ਦੋਗਲਾਪਣ ਇਹ ਹੈ ਕਿ ਇੱਕ ਪਾਸੇ ਤਾਂ ਇਹ ਪ੍ਰਚਾਰ ਕਰਦਾ ਨਹੀਂ ਥਕਦਾ ਕਿ ਅਕਾਲ ਤਖ਼ਤ ਮਹਾਨ ਹੈ। ਸਾਡਾ ਸਿਰ ਪੰਜ ਸਿੰਘ ਸਾਹਿਬਨਾਂ ਦੇ ਹਰ ਹੁਕਮ ਅੱਗੇ ਝੁਕਦਾ ਹੈ। ਦੂਜੇ ਪਾਸੇ ਜਿਹੜਾ ਜਥੇਦਾਰ ਪੰਥਕ ਭਾਵਨਾ ਵਾਲਾ ਫੈਸਲਾ ਕਰਨ ਦੀ ਸੋਚਦਾ ਹੈ, ਉਸ ਨੂੰ ਇਸ ਤਰ੍ਹਾਂ ਜਲੀਲ ਕਰ ਕੱਢ ਦਿੱਤਾ ਜਾਂਦਾ ਹੈ ਜਿਵੇਂ ਕਿਸੇ ਦਿਹਾੜੀਦਾਰ ਮਜਦੂਰ ਨੂੰ। ਗਿਆਨੀ ਹਰਪ੍ਰੀਤ ਸਿੰਘ ਨਾਲ ਵੀ ਇਸੇ ਤਰ੍ਹਾਂ ਕਰਨ ਲੱਗੇ ਤਾਂ ਮਾਮਲਾ ਉਲਟਾ ਪੈ ਗਿਆ। ਬਾਦਲ ਦਲ ਦੀ ਮੁਸੀਬਤ ਇਹ ਹੈ ਕਿ ਇਨ੍ਹਾਂ ਨੂੰ ਮਨਮਾਨੀਆਂ ਕਰਨ ਦੀਆਂ ਆਦਤਾਂ ਉਸ ਵੇਲੇ ਤੋਂ ਹੈ, ਜਿਸ ਸਮੇਂ ਪੰਜਾਬ ’ਚ ਬਾਦਲ ਸਰਕਾਰ ਸੀ, ਕੇਂਦਰ ’ਚ ਭਾਜਪਾ ਨਾਲ ਭਾਈਵਾਲੀ ਸਰਕਾਰ ਸੀ ਤੇ ਗਿਆਨੀ ਗੁਰਬਚਨ ਸਿੰਘ ਵਰਗੇ; ਜੀ ਹਜੂਰੀਏ ਜਥੇਦਾਰ ਸਨ, ਜਿਨ੍ਹਾਂ ਤੋਂ ਮਨਮਰਜ਼ੀ ਦੇ ਹੁਕਮ ਕਰਵਾ ਉਨ੍ਹਾਂ ਨੂੰ ਸਰਬਉੱਚ ਕਹਿ ਕੇ ਪ੍ਰਚਾਰਿਆ ਜਾਂਦਾ ਰਿਹਾ, ਜਿਸ ਨਾਲ ਭੋਲੀ ਭਾਲੀ ਸੰਗਤ ਹਰ ਜਾਇਜ਼ ਨਜ਼ਾਇਜ਼ ਹੁਕਮਨਾਮੇ ਨੂੰ ਗੁਰੂ ਦਾ ਹੁਕਮ ਸਮਝ ਸਿਰ ਨੀਂਵਾ ਕਰਨ ਦੀ ਸਥਿਤੀ ’ਚ ਸੀ, ਪਰ ਹੁਣ ਸਥਿਤੀ ਬਿਲਕੁਲ ਬਦਲੀ ਹੋਈ ਹੈ; ਸਰਕਾਰ ਤਾਂ ਇੱਕ ਪਾਸੇ ਰਹੀ 2022 ਦੀਆਂ ਚੋਣਾਂ ’ਚ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੋਵੇਂ ਹੀ ਚੋਣ ਹਾਰ ਗਏ; ਕੇਵਲ ਤਿੰਨ ਵਿਧਾਇਕ ਜਿੱਤ ਸਕੇ, ਜਿਨ੍ਹਾਂ ’ਚੋਂ ਇੱਕ ਦਲਬਦਲੀ ਕਰ ‘ਆਪ’ ’ਚ ਚਲਾ ਗਿਆ; ਇੱਕ ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਕਰਵਾਉਣ ਦੀ ਮੰਗ ਲੈ ਕੇ ਘਰ ਬੈਠਾ ਹੈ। ਮਿਉਂਸਪਲ ਕਾਰਪੋਰੇਸ਼ਨ/ਕਮੇਟੀ ਚੋਣਾਂ ’ਚ ਹੋਰ ਵੀ ਬੁਰਾ ਹਾਲ ਹੋਇਆ ਯਾਨੀ ਲੋਕਾਂ ਨੇ ਬਾਦਲ ਦਲ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।

ਸੌਦਾ ਸਾਧ ਦੇ ਮਾਫ਼ੀ ਕੇਸ ਨਾਲ, ਜਿਨ੍ਹਾਂ ਵਿਰੋਧ ਗਿਆਨੀ ਗੁਰਬਚਨ ਸਿੰਘ ਤੇ ਉਸ ਸਮੇਂ ਦੇ ਜਥੇਦਾਰਾਂ ਨੂੰ ਝੱਲਣਾ ਪਿਆ, ਉਸ ਨੂੰ ਵੇਖ ਕੇ ਹੁਣ ਕੋਈ ਵੀ ਜਥੇਦਾਰ ਆਪਣੀ ਹਾਲਤ ਸਾਬਕਾ ਜਥੇਦਾਰਾਂ ਵਾਲੀ ਨਹੀਂ ਕਰਵਾਉਣਾ ਚਾਹੁੰਦਾ। ਸੋ 2 ਦਸੰਬਰ ਦਾ ਫੈਸਲਾ ਭਾਵੇਂ ਬਹੁਤ ਹੀ ਸੰਤੁਲਤ ਸੀ, ਪਰ ਜਿਹੜੇ ਆਗੂ ਸਮਝਦੇ ਸਨ ਕਿ ਜਥੇਦਾਰ ਤਾਂ ਉਨ੍ਹਾਂ ਦੇ ਮੁਲਾਜਮ ਹਨ, ਸਾਡੇ ਵਿਰੁੱਧ ਇਹ ਫੈਸਲਾ ਕਰਨ ਦੀ ਹਿੰਮਤ ਕਿਵੇਂ ਕਰ ਬੈਠੇ; ਉਨ੍ਹਾਂ ਨੂੰ ਇਹ ਫੈਸਲਾ ਖਾਸ ਕਰ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦਿੱਤਾ ‘ਫ਼ਕਰ-ਏ-ਕੌਮ ਪੰਥ ਰਤਨ ਅਵਾਰਡ’ ਵਾਪਸ ਲੈਣਾ; ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜੂਰ ਕਰਨ ਲਈ ਕਹਿਣਾ ਅਤੇ 7 ਮੈਂਬਰੀ ਸਾਂਝੀ ਕਮੇਟੀ ਰਾਹੀਂ ਡੈਲੀਗੇਟਾਂ ਦੀ ਨਵੀਂ ਭਰਤੀ ਕਰਕੇ ਪ੍ਰਧਾਨ ਚੁਣਨ ਦਾ ਹੁਕਮ ਦੇਣਾ, ਆਦਿਕ ਹੁਕਮ ਹਜ਼ਮ ਨਹੀਂ ਹੋ ਰਹੇ; ਮੌਜੂਦਾ ਵਿਵਾਦ ਦਾ ਸਿਰਫ ਇਹੋ ਕਾਰਨ ਹੈ।

ਵਿਰਸਾ ਸਿੰਘ ਬਨਾਮ ਗਿਆਨੀ ਹਰਪ੍ਰੀਤ ਵਿਵਾਦ ਦਾ ਮੁੱਢ, ਉਸ ਸਮੇਂ ਬੱਝਾ ਜਦੋਂ ਬਲਵਿੰਦਰ ਸਿੰਘ ਭੂੰਦੜ, ਸਿਕੰਦਰ ਸਿੰਘ ਮਲੂਕਾ ਤੇ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲ ਕੇ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਆਪਣੇ ਪਿਤਾ ਦੇ ਭੋਗ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਸੰਗਤ ਦੀ ਹਾਜ਼ਰੀ ’ਚ ਪਿਛਲੀਆਂ ਗਲਤੀਆਂ ਦੀ ਮਾਫ਼ੀ ਮੰਗ ਲਈ ਹੈ, ਇਸ ਕਾਰਨ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸੱਦ ਕੇ ਮਾਮੂਲੀ ਤਨਖ਼ਾਹ ਲਾ ਮਾਫ਼ ਕਰ ਦਿੱਤਾ ਜਾਵੇ। ਉਸ ਸਮੇਂ ਉਨ੍ਹਾਂ ਵਿਚਕਾਰ ਕੀ ਗੱਲ ਹੋਈ, ਇਹ ਤਾਂ ਖੁਦ ਸਿੰਘ ਸਾਹਿਬ ਹੀ ਦੱਸ ਸਕਦੇ ਹਨ, ਪਰ ਜੋ ਉਸ ਸਮੇਂ ਅਖ਼ਬਾਰਾਂ ’ਚ ਖ਼ਬਰਾਂ ਛਪੀਆਂ ਸਨ, ਉਹ ਇਸ ਤਰ੍ਹਾਂ ਸਨ : ‘ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਮਾਫ਼ੀ ਦਿੱਤੇ ਜਾਣ ਨਾਲ ਤੁਹਾਡਾ ਲਾਭ ਕੁਝ ਨਹੀਂ ਹੋਣਾ, ਪਰ ਮੇਰਾ; ਗਿਆਨੀ ਗੁਰਬਚਨ ਸਿੰਘ ਵਾਙ ਰਹਿਣਾ ਕੱਖ ਨਹੀਂ। ਸ: ਬਾਦਲ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਨ, ਜਿਹੜੇ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਨਿਯੁਕਤ ਕਰਦੇ ਹਨ ਤੇ ਸ੍ਰੋਮਣੀ ਕਮੇਟੀ ਪ੍ਰਧਾਨ ਅਕਾਲ ਤਖ਼ਤ ਦੇ ਜਥੇਦਾਰ ਨੂੰ ਨਿਯੁਕਤ ਕਰਦੇ ਹਨ, ਇਸ ਲਈ ਮੈਂ ਆਪਣੇ ਨਿਯੁਕਤੀਕਾਰ ਦੇ ਨਿਯੁਕਤੀਕਾਰ ਨੂੰ ਕਿਸ ਤਰ੍ਹਾਂ ਤਲਬ ਕਰ ਅਤੇ ਤਨਖ਼ਾਹ ਲਾ ਸਕਦਾ ਹਾਂ। ਜੇ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਰੁਤਬਾ ਤੇ ਸਤਿਕਾਰ ਬਹਾਲ ਕਰਨਾ ਹੈ ਅਤੇ ਅਕਾਲੀ ਦਲ ਦੀ ਮੁੜ ਸੁਰਜੀਤੀ ਚਾਹੁੰਦੇ ਹੋ ਤਾਂ ਸੁਖਬੀਰ ਸਿੰਘ ਬਾਦਲ ਨੂੰ ਸਲਾਹ ਦਿੱਤੀ ਜਾਵੇ ਕਿ ਪ੍ਰਧਾਨਗੀ ਤੋਂ ਆਪਣਾ ਅਸਤੀਫ਼ਾ ਦੇ ਕੇ ਪੇਸ਼ ਹੋਣ।’

ਗਿਆਨੀ ਹਰਪ੍ਰੀਤ ਸਿੰਘ ਜੀ ਦਾ ਇਹ ਖਰਾ ਜਵਾਬ ਹੀ ਵਲਟੋਹਾ ਵੱਲੋਂ ਉਨ੍ਹਾਂ ’ਤੇ ਹਮਲਿਆਂ ਦਾ ਮੁੱਖ ਕਾਰਨ ਹੈ। ਜੇ ਇਹ ਖ਼ਬਰਾਂ ਸਹੀ ਹਨ ਤਾਂ ਸਿੰਘ ਸਾਹਿਬ ਦੀ ਸਲਾਹ ਬਿਲਕੁਲ ਦਰੁਸਤ ਸੀ, ਪਰ ਵਲਟੋਹਾ ਅਨੁਸਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਇਸ ਸਮੇਂ ਮੌਕਾ ਠੀਕ ਨਹੀਂ ਹੈ ਕਿਉਂਕਿ ਉਨ੍ਹਾਂ ’ਤੇ ਭਾਜਪਾ ਅਤੇ ਸੁਖਦੇਵ ਸਿੰਘ ਢੀਂਢਸਾ ਦਾ ਬਹੁਤ ਦਬਾਅ ਹੈ। ਵਲਟੋਹਾ ਦੇ ਕਥਨ ਦੀ ਤਾਂ ਉਨ੍ਹਾਂ ਦੇ ਉਸ ਸਮੇਂ ਦੇ ਦੋਵੇਂ ਸੀਨੀਅਰ ਸਾਥੀ ਵੀ ਤਸਦੀਕ ਨਹੀਂ ਕਰਦੇ। ਦੋਵਾਂ ਦਾ ਕਹਿਣਾ ਹੈ ਕਿ ਸਮਾਂ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੇ ਕੁਝ ਯਾਦ ਨਹੀਂ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਵਲਟੋਹੇ ਦਾ ਕਥਨ ਝੂਠਾ ਹੈ ਤੇ ਸਿੰਘ ਸਾਹਿਬ ਨੂੰ ਬਦਨਾਮ ਕਰਕੇ ਉਨ੍ਹਾਂ ’ਤੇ ਦਬਾਅ ਪਾਉਣ ਦੀ ਨੀਤੀ ਵਾਲ਼ਾ ਹੈ।

ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨਾਂ ਤੋਂ ਵੀ ਐਸਾ ਮਾਲੂਮ ਨਹੀਂ ਹੁੰਦਾ ਕਿ ਉਹ ਭਾਜਪਾ ਨੂੰ ਲਾਭ ਪਹੁੰਚਾਉਣ ਵਾਲੇ ਹੋਣ; ਜਿਵੇਂ ਕਿ ਇੱਕ ਸਮੇਂ ਉਨ੍ਹਾਂ ਮੋਦੀ ਸਰਕਾਰ ਨੂੰ ਈਵੀਐੱਮ ਦੀ ਸਰਕਾਰ ਕਿਹਾ; ਹਰਿਆਣਾ ’ਚ ਇੱਕ ਪੰਥਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਪਹਿਲਾਂ ਕਾਂਗਰਸ ਸਿੱਖਾਂ ਦੇ ਧਾਰਮਿਕ ਮਾਮਲਿਆਂ ’ਚ ਦਖਲ ਦਿੰਦੀ ਰਹੀ ਹੈ ਤੇ ਹੁਣ ਭਾਜਪਾ ਦਖਲ ਦੇ ਰਹੀ ਹੈ। ਜਿਹੜੀ ਪਾਰਟੀ ਸਾਡੀਆਂ ਧਾਰਮਕਿ ਸੰਸਥਾਵਾਂ ’ਚ ਦਖ਼ਲ ਦੇਵੇਗੀ, ਉਸ ਨੂੰ ਵੋਟ ਵੀ ਨਹੀਂ ਅਤੇ ਨੋਟ ਵੀ ਨਹੀਂ। ਇਸ ਤਰ੍ਹਾਂ ਦੇ ਬਿਆਨ ਤਾਂ ਵਲਟੋਹੇ ਸਮੇਤ ਬਾਦਲ ਦਲ ਦਲ, ਜਿਹੜੇ ਆਪਣੇ ਵਿਰੋਧੀਆਂ ਨੂੰ ਭਾਜਪਾ ਦੇ ਏਜੰਟ ਦੱਸਦੇ ਹਨ, ਉਨ੍ਹਾਂ ਦੇ ਮੂੰਹੋਂ ਵੀ ਕਦੀ ਨਹੀਂ ਸੁਣੇ ਗਏ।

ਇਸ ਉਪਰੰਤ ਵਲਟੋਹਾ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਉਣ ਦੇ ਬਹਾਨੇ ਲੱਭਦਾ ਰਿਹਾ ਤੇ ਆਖ਼ਿਰ ਚਰਨਜੀਤ ਸਿੰਘ ਚੰਨੀ ਦੇ ਮੁੰਡੇ ਦੇ ਵਿਆਹ ਅਤੇ ਆਪ ਆਗੂ ਰਾਘਵ ਚੱਢੇ ਦੀ ਮੰਗਣੀ ’ਤੇ ਜਾਣ ਦਾ ਬਹਾਨਾ ਲੱਭ ਲਿਆ। ਵਾਰ ਵਾਰ ਕੀਤੀਆਂ ਜਾ ਰਹੀਆਂ ਅਜਿਹੀਆਂ ਟਿੱਪਣੀਆਂ ਤੋਂ ਦੁਖੀ ਹੋ ਕੇ ਸਿੰਘ ਸਾਹਿਬ ਨੇ ਲਿਖ ਕੇ ਦੇ ਦਿੱਤਾ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਮੁਕਤ ਕਰ ਦਿੱਤਾ ਜਾਵੇ। ਸ੍ਰੋਮਣੀ ਕਮੇਟੀ ਨੇ ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਉਨ੍ਹਾਂ ਦੀ ਥਾਂ ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਦਿਤਾ। ਗਿਆਨੀ ਰਘਬੀਰ ਸਿੰਘ ਵੀ ਮਸਲੇ ਦੀ ਗੰਭੀਰਤਾ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਤੇ ਸਾਬਕਾ ਜਥੇਦਾਰਾਂ ਦਾ ਹਸ਼ਰ ਉਹ ਚੰਗੀ ਤਰ੍ਹਾਂ ਵੇਖ ਚੁੱਕੇ ਹਨ, ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਇਸ ਤਰ੍ਹਾਂ ਹਲਕੇ ’ਚ ਮਾਫ਼ੀ ਦੇਣ ਲਈ ਤਿਆਰ ਨਹੀਂ ਸਨ। ਗਿਆਨੀ ਰਘਬੀਰ ਸਿੰਘ ਦਾ ਰੁੱਖ ਵੇਖ ਕੇ ਵਲਟੋਹੇ ਸਮੇਤ ਬਾਦਲ ਦਲ ਦੇ ਆਗੂਆਂ ਨੇ ਅੰਦਾਜ਼ਾ ਲਾ ਲਿਆ ਕਿ ਬਾਕੀ ਸਿੰਘ ਸਾਹਿਬਾਨ ਵੱਲੋਂ ਸਖ਼ਤ ਰਵੱਈਆ ਧਾਰਨ ਪਿੱਛੇ ਮੁੱਖ ਤੌਰ ’ਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਦਲੀਲਾਂ ਹਨ, ਇਸ ਲਈ ਪਹਿਲਾਂ ਤਾਂ ਉਸ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਘਬੀਰ ਸਿੰਘ ਦੋਵਾਂ ਨੂੰ ਭਾਜਪਾ ਦੇ ਏਜੰਟ ਦੱਸਣਾ ਸ਼ੁਰੂ ਕੀਤਾ, ਪਰ ਜਦੋਂ ਉਨ੍ਹਾਂ ’ਤੇ ਸਖਤ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਅਕਾਲੀ ਦਲ ’ਚੋਂ 10 ਸਾਲ ਲਈ ਕੱਢੇ ਜਾਣ ਦੇ ਆਦੇਸ਼ ਸੁਣਾਏ ਤੇ 2 ਦਸੰਬਰ ਨੂੰ ਜਿਸ ਤਰ੍ਹਾਂ ਦੋਸ਼ੀ ਆਗੂਆਂ ਨੂੰ ਕਟਹਿਰੇ ’ਚ ਖੜ੍ਹੇ ਕਰਕੇ ਇਕੱਲੇ ਇਕੱਲੇ ਆਗੂਆਂ ਦੀਆਂ ਅੱਖਾਂ ’ਚ ਅੱਖਾਂ ਪਾ ਕੇ ਸਵਾਲ ਕੀਤੇ ਅਤੇ ਉਨ੍ਹਾਂ ਵੱਲੋਂ ਅਤੀਤ ’ਚ ਕੀਤੇ ਇਕੱਲੇ ਇਕੱਲੇ ਗੁਨਾਹਾਂ ਦਾ ਇਕਬਾਲ ਕਰਵਾ ਕੇ ਉਨ੍ਹਾਂ ਨੂੰ ਤਨਖ਼ਾਹ ਲਾਈ, ਇਸ ’ਤੇ ਭਾਵੇਂ ਪੰਥ ਦਾ ਕੁਝ ਹਿੱਸਾ ਤਾਂ ਸਤੁਸ਼ਟ ਨਹੀਂ ਹੈ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਗੁਨਾਹ ਬਹੁਤ ਵੱਡੇ ਹਨ, ਜਿਨ੍ਹਾਂ ਨੂੰ ਕਬੂਲ ਕਰਨ ਤੋਂ ਬਾਅਦ ਵੀ ਤਨਖ਼ਾਹ ਬਹੁਤ ਮਾਮੂਲੀ ਲਾਈ ਹੈ, ਪਰ ਵੱਡੇ ਹਿੱਸੇ ਨੇ ਖ਼ੁਸ਼ੀ ਜ਼ਾਹਰ ਕੀਤੀ ਕਿ ਸਿੰਘ ਸਾਹਿਬਾਨ ਨੇ ਬਹੁਤ ਲੰਬੇ ਸਮੇਂ ਬਾਅਦ ਸੰਤੁਲਤ ਫੈਸਲਾ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਰੁਤਬਾ ਤੇ ਸਤਿਕਾਰ ਬਹਾਲ ਕੀਤਾ ਹੈ।

ਤੀਸਰਾ ਸੁਖਬੀਰ ਸਿੰਘ ਬਾਦਲ ਦਾ ਧੜਾ ਹੈ, ਜੋ ਇਸ ਗੱਲੋਂ ਦੁਖੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ‘ਫ਼ਕਰ-ਏ-ਕੌਮ, ਪੰਥ ਰਤਨ’ ਦਾ ਦਿੱਤਾ ਅਵਾਰਡ, ਉਨ੍ਹਾਂ ਦੀ ਮੌਤ ਪਿੱਛੋਂ ਵਾਪਸ ਲੈਣਾ ਉਚਿਤ ਨਹੀਂ ਹੈ। ਉਨ੍ਹਾਂ ਦੀ ਇਹ ਦਲੀਲ ਬਿਲਕੁਲ ਵਾਜ਼ਬ ਨਹੀਂ ਕਿਉਂਕਿ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੁਜਾਰੀਆਂ ਵੱਲੋਂ ਪ੍ਰੋਫੈਸਰ ਗੁਰਮੁਖ ਸਿੰਘ ਨੂੰ ਪੰਥ ’ਚੋਂ ਛੇਕੇ ਜਾਣ ਵਾਲਾ ਹੁਕਮਨਾਮਾ ਰੱਦ ਕਰਕੇ ਮਰਨ ਉਪਰੰਤ ਉਨ੍ਹਾਂ ਨੂੰ ਮੁੜ ਪੰਥ ’ਚ ਸ਼ਾਮਲ ਕੀਤਾ ਜਾ ਸਕਦਾ ਹੈ; ਜੇ ਕੁਝ ਸ਼ਖ਼ਸੀਅਤਾਂ ਨੂੰ ਮਰਨ ਉਪਰੰਤ ਸਨਮਾਨ ਦਿੱਤੇ ਗਏ ਹਨ ਤਾਂ ਮਰਨ ਉਪਰੰਤ ਕਿਸੇ ਨੂੰ ਗਲਤ ਤੌਰ ’ਤੇ ਦਿੱਤੇ ਅਵਾਰਡ ਵਾਪਸ ਵੀ ਲਏ ਜਾ ਸਕਦੇ ਹਨ।

ਦੂਸਰਾ ਇਤਰਾਜ਼ ਹੈ ਕਿ ਸੁਖਬੀਰ ਬਾਦਲ ਦਾ ਅਸਤੀਫ਼ਾ ਮਨਜੂਰ ਕਰਨ ਦੇ ਦਿੱਤੇ ਹੁਕਮ ਨਾਲ ਚੋਣ ਕਮਿਸ਼ਨ ਸ੍ਰੋਮਣੀ ਅਕਾਲੀ ਦਲ ਦੀ ਮਾਣਤਾ ਰੱਦ ਕਰਨ ਅਤੇ ਚੋਣ ਨਿਸ਼ਾਨ ਜ਼ਬਤ ਕਰ ਸਕਦਾ ਹੈ। ਜੇ ਬਾਦਲ ਦਲ ਨੂੰ ਚੋਣ ਕਮਿਸ਼ਨ ਦੇ ਕਾਨੂੰਨ ਦੀ ਜਾਣਕਾਰੀ ਅਤੇ ਚਿੰਤਾ ਹੈ ਤਾਂ ਇਹੀ ਕਾਨੂੰਨ ਉਸ ਸਮੇਂ ਚੇਤੇ ਕਿਉਂ ਨਹੀਂ ਆਉਂਦਾ, ਜਿਸ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੋਮਣੀ ਕਮੇਟੀ ਆਦਿਕ ਧਾਰਮਿਕ ਸੰਸਥਾਵਾਂ ਦੀ ਆਪਣੀ ਰਾਜਨੀਤੀ ਲਈ ਦੁਰਵਰਤੋਂ ਕਰਦਾ ਹੈ। ਕਿਉਂ ਐਸੇ ਬਿਆਨ ਦਿੰਦੇ ਹਨ ਕਿ ਜਿਸ ਪਾਸ ਸ੍ਰੋਮਣੀ ਕਮੇਟੀ ਹੈ ਉਹੀ ਅਸਲੀ ਅਕਾਲੀ ਦਲ ਹੈ। ਕਿਉਂ ਦੋ ਦੋ ਸੰਵਿਧਾਨ ਬਣਾ ਕੇ ਕਾਨੂੰਨ ਦੀਆਂ ਅੱਖਾਂ ’ਚ ਘੱਟਾ ਪਾਉਂਦੇ ਹਨ। ਕੀ ਇਹ ਸਭ ਕੁਝ ਕਾਨੂੰਨ ਦੀਆਂ ਨਜ਼ਰਾਂ ’ਚ ਜਾਇਜ਼ ਹੈ ? ਕੀ ਭਾਰਤੀ ਕਾਨੂੰਨ ਇਨ੍ਹਾਂ ਨੂੰ ਧਾਰਮਿਕ ਸੰਸਥਾਵਾਂ ਆਪਣੇ ਰਾਜਨੀਤਕ ਹਿਤਾਂ ਲਈ ਵਰਤਣ ਦੀ ਖੁੱਲ੍ਹ ਦਿੰਦਾ ਹੈ ? ਧਰਮ ਦਾ ਕੁੰਡਾ ਰਾਜਨੀਤਕਾਂ ’ਤੇ ਲਾਗੂ ਹੋਣ ਤੋਂ ਰੋਕਦਾ ਹੈ ? ਸਿੱਖਾਂ ਦਾ ਧਰਮ ਅਤੇ ਰਾਜਨੀਤੀ ਇਕੱਠੀ ਹੋਣ ਦਾ ਹੋਕਾ ਦੇਣ ਵਾਲੇ ਅਕਾਲੀਓ ਧਰਮ ਨੂੰ ਆਪਣੀ ਰਖੇਲ ਨਾ ਸਮਝੋ ਸਗੋਂ ਰਾਜਨੀਤੀ ’ਤੇ ਧਰਮ ਦੇ ਕੁੰਡੇ ਦੇ ਤੌਰ ’ਤੇ ਵੇਖੋ। ਕਾਨੂੰਨ ਦੀ ਆੜ ’ਚ ਫੈਸਲਾ ਬਦਲਾਉਣ ਦੀ ਜ਼ਿੱਦ ਉਸੇ ਤਰ੍ਹਾਂ ਦੀ ਗਲਤੀ ਹੋਵੇਗੀ, ਜਿਸ ਤਰ੍ਹਾਂ 2015 ’ਚ ਸੌਦਾ ਸਾਧ ਨੂੰ ਬਿਨਾਂ ਮੰਗਿਆਂ ਮਾਫ਼ੀ ਦਿਵਾ ਕੇ ਕੀਤੀ ਸੀ।

2 ਦਸੰਬਰ ਦੇ ਫੈਸਲੇ ਤੋਂ ਬਾਅਦ ਵਲਟੋਹੇ ਸਮੇਤ ਬਾਦਲ ਦਲ ਦੇ ਆਗੂਆਂ ਨੇ ਸਮਝਿਆ ਕਿ ਦੋਵਾਂ ਜਥੇਦਾਰਾਂ ਨੂੰ ਨਿਸ਼ਾਨਾ ਬਣਾਉਣਾ ਉਨ੍ਹਾਂ ਨੂੰ ਮਹਿੰਗਾ ਪਿਆ ਹੈ, ਇਸ ਲਈ ਉਨ੍ਹਾਂ ਨੇ ਆਪਣੀ ਨੀਤੀ ਬਦਲ ਲਈ ਅਤੇ ਹੁਣ ਜਥੇਦਾਰਾਂ ’ਚ ਫੁੱਟ ਪਾਉਣ ਦੇ ਮਕਸਿਦ ਨਾਲ ਇਕੱਲੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਦਨਾਮ ਕਰਨ ਦੀ ਨੀਤੀ ਨਾਲ ਉਨ੍ਹਾਂ ਦੇ ਸਾਬਕਾ ਸਾਢੂ ਗੁਰਪ੍ਰੀਤ ਸਿੰਘ (ਮੁਕਤਸਰ) ਨੂੰ ਲੱਭ ਕੇ ਉਸ ਦੀਆਂ ਵੱਖ ਵੱਖ ਚੈਨਲਾਂ ’ਤੇ ਇੰਟਰਵਿਊ ਕਰਵਾ ਰਹੇ ਹਨ, ਜੋ ਗਿਆਨੀ ਹਰਪ੍ਰੀਤ ਸਿੰਘ ’ਤੇ ਗੰਭੀਰ ਦੋਸ਼ ਲਾ ਰਿਹਾ ਹੈ। ਗੁਰਪ੍ਰੀਤ ਸਿੰਘ ਨੇ ਇੱਕ ਦਰਖਾਸਤ ਸ੍ਰੋਮਣੀ ਕਮੇਟੀ ਨੂੰ ਵੀ ਦੇ ਦਿੱਤੀ, ਜਿਸ ’ਤੇ ਝੱਟ ਕਾਰਵਾਈ ਕਰਦਿਆਂ ਰਘੂਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਤਿੰਨ ਮੈਂਬਰੀ ਪੜਤਾਲੀਆ ਕਮੇਟੀ ਬਣਾ ਦਿੱਤੀ, ਜੋ 15 ਦਿਨਾਂ ’ਚ ਪੜਤਾਲ ਕਰਕੇ ਆਪਣੀ ਰਿਪੋਰਟ ਪੇਸ਼ ਕਰੇਗੀ। ਇਸ ਦੇ ਨਾਲ ਹੀ 15 ਦਿਨਾਂ ਤੱਕ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਮੁਕਤ ਕਰਕੇ ਚਾਰਜ ਦਮਦਮਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੂੰ ਸੌਂਪ ਦਿਤਾ। ਸ੍ਰੋਮਣੀ ਕਮੇਟੀ ਦੀ ਇਸ ਹੋਛੀ ਕਾਰਵਾਈ ’ਤੇ ਹੇਠਾਂ ਕੀਤੀ ਵਿਚਾਰ ਕਰਨੀ ਬਣਦੀ ਹੈ :-

ਜਿਸ ਰਘੂਜੀਤ ਸਿੰਘ ਵਿਰਕ ਨੂੰ ਪੜਤਾਲੀਆ ਕਮੇਟੀ ਦਾ ਮੁਖੀ ਬਣਾਇਆ ਗਿਆ ਹੈ, ਉਸ ਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰੀ ਹੇਠ ਦੋ ਵਾਰ ਤਨਖਾਹੀਆ ਕਰਾਰ ਦੇ ਕੇ ਤਨਖ਼ਾਹ ਲਾਈ ਜਾ ਚੁੱਕੀ ਹੈ। ਇੱਕ ਵਾਰ ਪੰਥ ’ਚੋਂ ਛੇਕੇ ਸੌਦਾ ਸਾਧ ਦੀ ਹਾਜ਼ਰੀ ਭਰਨ ਦੇ ਦੋਸ਼ ਹੇਠ ਅਤੇ ਦੂਸਰੀ ਵਾਰ ਗੁਰਦੁਆਰਾ ਰਾਮਸਾਰ ਅੰਮ੍ਰਿਤਸਰ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਡੀ ਗਿਣਤੀ ’ਚ ਸਰੂਪ ਅਗਨ ਭੇਟ ਹੋ ਜਾਣ ’ਤੇ ਪਸ਼ਚਾਤਾਪ ਸਮਾਗਮ ਨਾ ਕਰਨ ਅਤੇ ਇਸ ਮੰਦਭਾਗੀ ਘਟਨਾ ਨੂੰ ਦਬਾਉਣ ਦੇ ਦੋਸ਼ ਹੇਠ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਸਮੁੱਚੀ ਕਾਰਜਕਾਰਨੀ ਕਮੇਟੀ ਨੂੰ ਸਜ਼ਾ ਦੇਣ ਸਮੇਂ। ਤਾਂ ਐਸੇ ਰਘੂਜੀਤ ਸਿੰਘ ਤੋਂ ਕੀ ਆਸ ਰੱਖੀ ਜਾ ਸਕਦੀ ਹੈ ਕਿ ਉਹ ਖ਼ੁਦ ਨੂੰ ਸਜ਼ਾ ਦੇਣ ਵਾਲੇ ਜਥੇਦਾਰ ਵਿਰੁੱਧ ਨਿਰਪੱਖ ਜਾਂਚ ਕਰੇਗਾ।

ਜਿਸ ਸ਼ਿਕਾਇਤ ਕਾਰਨ ਗਿਆਨੀ ਹਰਪ੍ਰੀਤ ਸਿੰਘ ਨੂੰ ਸਸਪੈਂਡ ਕੀਤਾ ਗਿਆ, ਉਹ 17 ਸਾਲ ਪੁਰਾਣਾ ਇੱਕ ਪਰਵਾਰਕ ਝਗੜਾ ਹੈ। ਗੁਰਪ੍ਰੀਤ ਸਿੰਘ ਨੇ ਇਹੀ ਦੋਸ਼ 2015 ’ਚ ਲਾਏ ਸਨ, ਜਿਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਮੁਕਤਸਰ ਵਿਖੇ ਗ੍ਰੰਥੀ ਸੀ। ਸ੍ਰੋਮਣੀ ਕਮੇਟੀ ਨੇ ਉਸ ਸਮੇਂ ਇਸ ਸ਼ਿਕਾਇਤ ਦੀ ਪੜਤਾਲ ਆਪਣੇ ਫਲਾਇੰਗ ਸਕੂਐਡ ਤੋਂ ਕਰਵਾ ਕੇ ਫਾਈਲ ਕਰ ਦਿੱਤੀ ਸੀ। ਫਿਰ 2015 ’ਚ ਗਿਆਨੀ ਹਰਪ੍ਰੀਤ ਸਿੰਘ ਨੂੰ ਦਰਬਾਰ ਸਾਹਿਬ ਦੇ ਗ੍ਰੰਥੀ ਦੀ ਇੰਟਰਵਿਊ ਲਈ ਬੁਲਾਇਆ ਗਿਆ, ਸੰਨ 2017 ’ਚ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਜਥੇਦਾਰ ਤੇ 2018 ’ਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਨਾਲ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਵੀ ਨਿਯੁਕਤ ਕੀਤਾ ਗਿਆ। ਇਨ੍ਹਾਂ ਸਭ ਨਿਯੁਕਤੀਆਂ ਸਮੇਂ ਕਰਮਚਾਰੀ ਦੀ ਸਮੁੱਚੀ ਫਾਈਲ ਦੀ ਘੋਖ ਪੜਤਾਲ ਕੀਤੀ ਜਾਂਦੀ ਹੈ। ਜੇ ਗੁਰਪ੍ਰੀਤ ਸਿੰਘ ਦੀ ਸ਼ਿਕਾਇਤ ਸੱਚੀ ਸੀ ਤਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਇੰਨੇ ਉੱਚ ਅਹੁੱਦਿਆਂ ’ਤੇ ਬਿਰਾਜਮਾਨ ਕਿਉਂ ਕੀਤਾ ਗਿਆ ? ਇਸ ਤੋਂ ਸਾਬਤ ਹੁੰਦਾ ਹੈ ਕਿ 2 ਦਸੰਬਰ ਦੇ ਫੈਸਲੇ ਨੂੰ ਹਜ਼ਮ ਨਾ ਕਰ ਸਕਣ ਕਾਰਨ ਉਨ੍ਹਾਂ ’ਤੇ ਦਬਾਅ ਪਾਉਣ ਦੇ ਮਕਸਿਦ ਨਾਲ ਹੀ ਗੁਰਪ੍ਰੀਤ ਸਿੰਘ ਤੋਂ ਦੁਬਾਰਾ ਸ਼ਿਕਾਇਤ ਲਈ ਗਈ ਜਾਪਦੀ ਹੈ। ਸੋਸ਼ਲ ਮੀਡੀਏ ’ਤੇ ਮੁਕਤਸਰ ਦੇ ਕਈ ਮੋਹਤਵਰ ਵਿਅਕਤੀਆਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ, ਜੋ ਮੰਨਦੇ ਹਨ ਕਿ ਗਿਆਨੀ ਹਰਪ੍ਰੀਤ ਸਿੰਘ ’ਤੇ ਲਾਏ ਜਾ ਰਹੇ ਇਲਜ਼ਾਮ ਬਿਲਕੁਲ ਝੂਠੇ ਹਨ ਕਿਉਂਕਿ ਉਨ੍ਹਾਂ ਨੇ 17 ਸਾਲ ਮੁਕਤਸਰ ਵਿਖੇ ਸ੍ਰੋਮਣੀ ਕਮੇਟੀ ਦੇ ਪ੍ਰਚਾਰਕ, ਕਥਾਵਾਚਕ ਅਤੇ ਹੈੱਡ ਗ੍ਰੰਥੀ ਦੇ ਤੌਰ ’ਤੇ ਬਹੁਤ ਹੀ ਇਮਾਨਦਾਰੀ ਅਤੇ ਸ਼ਿੱਦਤ ਨਾਲ ਧਰਮ ਪ੍ਰਚਾਰ ਕੀਤਾ ਹੈ, ਜਿਸ ਦੌਰਾਨ ਉਨ੍ਹਾਂ ਦੇ ਚਾਲ ਚੱਲਨ ’ਤੇ ਕਦੀ ਉਂਗਲੀ ਨਹੀਂ ਉੱਠੀ ਜਦੋਂ ਕਿ ਗੁਰਪ੍ਰੀਤ ਸਿੰਘ ਦੇ ਵਿਵਹਾਰ ਦੀ ਸਾਰੇ ਨਿੰਦਾ ਕਰਦੇ ਹਨ। ਮਨਿੰਦਰ ਸਿੰਘ ਖ਼ਾਲਸਾ ਮੁਕਤਸਾਰ ਇਹ ਕਹਿੰਦੇ ਵੀ ਸੁਣੇ ਗਏ ਕਿ ਉਸ ਦੇ ਗਲਤ ਵਿਵਹਾਰ ਕਾਰਨ ਉਸ ਦੇ ਆਪਣੇ ਮਾਤਾ ਪਿਤਾ ਨੇ ਵੀ ਉਸ ਨੂੰ ਬੇਦਖ਼ਲ ਕੀਤਾ ਹੋਇਆ ਹੈ, ਜਿਸ ਦੀ ਲਿਖਤ ਉਸ (ਮਨਿੰਦਰ ਸਿੰਘ) ਕੋਲ਼ ਹੈ।

ਸ੍ਰੋਮਣੀ ਕਮੇਟੀ ਦੇ ਫੈਸਲੇ ਤੋਂ ਇੱਕ ਦਿਨ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ’ਚ ਇਸ ਸ਼ਿਕਾਇਤ ’ਤੇ ਸਪਸ਼ਟੀਕਰਨ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ, ਪੰਜ ਪਿਆਰਿਆਂ ਤੇ ਸੰਗਤ ਦੀ ਹਾਜ਼ਰੀ ’ਚ ਕਿਹਾ ਕਿ ‘ਮੈਂ ਜਥੇਦਾਰ ਰਹਾਂ ਜਾਂ ਨਾ ਰਹਾਂ, ਪਰ 2 ਦਸੰਬਰ ਦੇ ਫੈਸਲੇ ਨੂੰ ਬਦਲਣ ਲਈ ਜੇ ਕੋਈ ਮੀਟਿੰਗ ਹੁੰਦੀ ਹੈ ਤਾਂ ਉਹ, ਉਸ ’ਚ ਭਾਗ ਨਹੀਂ ਲੈਣਗੇ’; ਸਪਸ਼ਟ ਸੰਕੇਤ ਹੈ ਕਿ ਅਕਾਲੀ ਆਗੂ 2 ਦਸੰਬਰ ਦੇ ਫੈਸਲੇ ਤੋਂ ਨਾ ਖੁਸ਼ ਹਨ, ਜਿਸ ਕਾਰਨ ਦਬਾਅ ਦੀ ਨੀਤੀ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰ ਰਹੇ ਹਨ, ਜਿਸ ਨਾਲ ਬਾਦਲ ਦਲ ਅਤੇ ਖਾਸ ਕਰਕੇ ਸੁਖਬੀਰ ਸਿੰਘ ਬਾਦਲ ਦੇ ਰਾਹ ’ਚ ਹੋਰ ਕੰਡੇ ਬੀਜ਼ ਰਹੇ ਹਨ। ਅੰਦਰੋਂ ਖ਼ਬਰਾਂ ਤਾਂ ਇਹ ਵੀ ਹਨ ਕਿ ਸ੍ਰੋਮਣੀ ਕਮੇਟੀ ਦੀ ਕਾਰਜਕਾਰੀ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਸਪੈਂਡ ਕਰਨ ਅਤੇ ਉਸ ਵਿਰੁੱਧ ਪੜਤਾਲੀਆ ਕਮੇਟੀ ਬਣਾਉਣ ਦੇ ਫੈਸਲੇ ਨਾਲ ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਹਿਮਤ ਨਹੀਂ ਸਨ, ਉਨ੍ਹਾਂ ਨੂੰ ਪਾਰਟੀ ਦੇ ਦਬਾਅ ਹੇਠ ਫੈਸਲਾ ਲੈਣਾ ਪਿਆ। ਇਸੇ ਤਰ੍ਹਾਂ ਉਹ ਨਰਾਇਣ ਸਿੰਘ ਚੌੜਾ ਨੂੰ ਪੰਥ ’ਚੋਂ ਛੇਕਣ ਵਾਲੇ ਮਤੇ ਦੇ ਵੀ ਹੱਕ ਵਿੱਚ ਨਹੀਂ ਸਨ। ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਕਾਰਵਾਈ ਤੋਂ ਗਿਆਨੀ ਰਘਬੀਰ ਸਿੰਘ ਵੀ ਖੁਸ਼ ਨਹੀਂ ਹਨ, ਇਸ ਲਈ ਹਰਜਿੰਦਰ ਸਿੰਘ ਧਾਮੀ ਨੇ 23 ਦਸੰਬਰ ਨੂੰ ਕਾਰਜਕਾਰੀ ਦੀ ਮੀਟਿੰਗ ਸੱਦੀ ਸੀ; ਅੰਦਾਜ਼ਾ ਸੀ ਕਿ ਇਸ ਮੀਟਿੰਗ ’ਚ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਪਾਸ ਕੀਤਾ ਮਤਾ ਵਾਪਸ ਲਿਆ ਜਾ ਸਕਦਾ ਹੈ, ਪਰ 22 ਤਾਰੀਖ਼ ਨੂੰ ਉਹ ਮੀਟਿੰਗ ਵੀ ਪਾਰਟੀ ਦਬਾਅ ਹੇਠ ਰੱਦ ਕਰਵਾ ਦਿੱਤੀ। ਖ਼ਬਰਾਂ ਹਨ ਸ੍ਰੋਮਣੀ ਕਮੇਟੀ ਦੇ ਫੈਸਲਿਆਂ ’ਚ ਇਸ ਤਰ੍ਹਾਂ ਦੇ ਦਬਾਅ ਹੇਠ ਪ੍ਰਧਾਨ ਧਾਮੀ ਬੇਹੱਦ ਦੁਖੀ ਹਨ ਤੇ ਉਹ ਕਿਸੇ ਵੀ ਸਮੇਂ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਸਕਦੇ ਹਨ। ਹੋ ਸਕਦਾ ਹੈ ਧਾਮੀ ਨੂੰ ਅਸਤੀਫ਼ਾ ਨਾ ਦੇਣ ਲਈ ਮਨਾ ਲਿਆ ਗਿਆ ਹੈ, ਇਸ ਕਾਰਨ ਹੁਣ 30 ਦਸੰਬਰ ਨੂੰ ਕਾਰਜਕਾਰਨੀ ਦੀ ਮੀਟਿੰਗ ਬੁਲਾ ਲਈ ਗਈ ਹੈ। ਵੇਖਦੇ ਹਾਂ 30 ਦਸੰਬਰ ਨੂੰ ਕੀ ਹੁੰਦਾ ਹੈ। ਲੋਕ ਸਮਝਣ ਲੱਗ ਪਏ ਹਨ ਕਿ 2 ਦਸੰਬਰ ਦਾ ਪ੍ਰਭਾਵਸ਼ਾਲੀ ਫੈਸਲਾ, ਜਿਸ ਨੂੰ ਸੁਣ ਕੇ ਕੇਵਲ ਸਿੱਖ ਹੀ ਨਹੀਂ ਬਲਕਿ ਦੂਸਰੇ ਧਰਮਾਂ ਦੇ ਲੋਕ ਵੀ ਵਾਹ ਵਾਹ ਕਰ ਉੱਠੇ ਹਨ; ਉਸ ਪਿੱਛੇ ਗਿਆਨੀ ਹਰਪ੍ਰੀਤ ਸਿੰਘ ਦੀ ਨਿਡਰਤਾ ਤੇ ਦਲੇਰੀ ਹੀ ਕੰਮ ਕਰਦੀ ਹੈ।

ਹੁਣ ਤੱਕ ਜੋ ਸਾਹਮਣੇ ਆ ਰਿਹਾ ਹੈ, ਉਸ ਤੋਂ ਜਾਪਦਾ ਹੈ ਕਿ ਪੰਜੇ ਹੀ ਸਿੰਘ ਸਾਹਿਬਾਨ ‘‘ਡਗਮਗ ਛਾਡਿ ਰੇ ਮਨ ਬਉਰਾ ਅਬ ਤਉ ਜਰੇ ਮਰੇ ਸਿਧਿ ਪਾਈਐ; ਲੀਨੋ ਹਾਥਿ ਸੰਧਉਰਾ ਰਹਾਉ ’’ (ਅੰਗ ੩੩੮) ਪਾਵਨ ਬਚਨ ਅਨੁਸਾਰ ਖ਼ੁਦ ਲਈ ਫੈਸਲਾ ਕਰਨਾ ਹੈ ਕਿ ਉਨ੍ਹਾਂ ਗਿਆਨੀ ਗੁਰਬਚਨ ਸਿੰਘ ਦੀ ਲਾਈਨ ’ਚ ਖੜ੍ਹਨਾ ਹੈ ਜਾਂ ਅਕਾਲੀ ਫੂਲਾ ਸਿੰਘ ਦੀ ਲਾਈਨ ’ਚ। ਗਿਆਨੀ ਹਰਪ੍ਰੀਤ ਸਿੰਘ ਦੀ ਕੇਵਲ ਇੱਕ ਘਾਟ ਮਹਿਸੂਸ ਹੁੰਦੀ ਹੈ ਕਿ 15 ਅਕਤੂਬਰ ਨੂੰ ਵਲਟੋਹਾ ਦੀ ਪੇਸ਼ੀ ਦੌਰਾਨ ਉਹ ਤਹਿਸ਼ ’ਚ ਆ ਗਏ ਜਿਹੜਾ ਕਿ ਉਨ੍ਹਾਂ ਦੇ ਉੱਚ ਅਹੁੱਦੇ ਲਈ ਸ਼ੋਭਦਾ ਨਹੀਂ ਹੈ, ਪਰ ਵਿਰਸਾ ਸਿੰਘ ਵਲਟੋਹਾ ਦੇ ਵਿਵਹਾਰ ਨੂੰ ਕੌਣ ਨਹੀਂ ਜਾਣਦਾ ? ਬਹੁਤ ਸਾਰੀਆਂ ਟੀਵੀ ਡੀਬੇਟ ਇੱਥੋਂ ਤੱਕ ਕਿ ਵਿਧਾਨ ਸਭਾ ’ਚ ਵੀ ਦੂਸਰੇ ਪੱਖ ਨੂੰ ਗਰਮ ਹੋਣ ਲਈ ਵਲਟੋਹਾ ਮਜਬੂਰ ਕਰ ਦਿੰਦਾ ਹੈ; ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਆਪਣੀ ਪੇਸ਼ੀ ਦੌਰਾਨ, ਜਿਸ ਤਰ੍ਹਾਂ ਉਸ ਦੇ ਹੱਥ ਦੀਆਂ ਹਰਕਤਾਂ (ਉਸ ਸਮੇਂ ਉਸ ਦੀ ਆਵਾਜ਼ ਸੁਣਾਈ ਨਹੀਂ ਸੀ ਦਿੰਦੀ) ਵਿਖਾਈ ਦਿੰਦੀਆਂ ਹਨ, ਤੋਂ ਜਾਪਦਾ ਹੈ ਕਿ ਉਨ੍ਹਾਂ ਨੇ ਜ਼ਰੂਰ ਗਿਆਨੀ ਹਰਪ੍ਰੀਤ ਸਿੰਘ ਨੂੰ ਉਤੇਜਿਤ ਕੀਤਾ ਹੋਵੇਗਾ ਤਾਂ ਜੋ ਜਥੇਦਾਰ ਸਖ਼ਤ ਬੋਲਣ, ਜਿਸ ਨਾਲ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਸਕੇ। ਖ਼ੈਰ ਕੁਝ ਵੀ ਹੋਵੇ ਸਿੰਘ ਸਾਹਿਬਾਨ ਨੂੰ ਭੀ ਆਪਣੀ ਬੋਲ ਚਾਲ ’ਤੇ ਸੰਜਮ ਰੱਖਣਾ ਅਤਿ ਜ਼ਰੂਰੀ ਹੈ।

ਅਖੌਤੀ ਅਕਾਲੀਆਂ ਦਾ ਦੋਗਲਾ ਚਿਹਰਾ ਨੰਗਾ ਹੋ ਚੁੱਕ ਹੈ, ਜੋ ਇੱਕ ਪਾਸੇ ਤਾਂ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਬਗਲੇ ਵਾਙ ਅੱਖਾਂ ਮੀਚ ਕੇ ਆਪਣੇ ਗੁਨਾਹਾਂ ਦਾ ਇਕਬਾਲ ਕਰ ਉੱਥੋਂ ਸੁਣਾਈ ਹਰ ਤਨਖ਼ਾਹ ਪੂਰੀ ਕਰਨ ਦਾ ਦਾਅਵਾ ਕਰਦੇ ਹਨ ਅਤੇ ਦੂਸਰੇ ਪਾਸੇ ਉੱਥੋਂ ਸੁਣਾਇਆ ਬਹੁਤ ਹੀ ਸੰਤੁਲਤ ਫੈਸਲਾ, ਜਿਹੜਾ ਕਿ ਹੂ-ਬਹੂ ਮੰਨਣਾ ਇਨ੍ਹਾਂ ਲਈ ਸੰਜੀਵਨੀ ਬੂਟੀ ਸਿੱਧ ਹੋ ਸਕਦਾ ਸੀ, ਉਸ ਨੂੰ ਚੋਣ ਕਮਿਸ਼ਨ ਦੇ ਕਾਨੂੰਨ ਦਾ ਸਹਾਰਾ ਲੈ ਕੇ ਬਦਲਵਾਉਣ ’ਤੇ ਤੁਲੇ ਹੋਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਬਉੱਚ ਦੱਸਣ ਵਾਲੇ ਇਨ੍ਹਾਂ ਅਕਾਲੀਆਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਲਈ ਸਰਬਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਹੈ ਜਾਂ ਚੋਣ ਕਮਿਸ਼ਨ; ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਧਾਂਤ ਬਚਾਉਣ ਦੀ ਲੋੜ ਹੈ ਜਾਂ ਪੰਜਾਬੀ ਪਾਰਟੀ ਬਣ ਚੁੱਕਿਆ ਅਖੌਤੀ ਅਕਾਲੀ ਦਲ ਬਚਾਉਣਾ ਵੱਧ ਜ਼ਰੂਰੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਰਬਉੱਚ ਦੱਸਣ ਵਾਲ਼ੇ ਇਨ੍ਹਾਂ ਅਕਾਲੀਆਂ ਨੇ ਖੁਦ ਕਦੀ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਹੁਕਮਨਾਮਾ/ਆਦੇਸ਼ ਨਹੀਂ ਮੰਨਿਆ; ਜਿਵੇਂ ਕਿ ਭਾਈ ਰਣਜੀਤ ਸਿੰਘ ਨੇ ਆਦੇਸ਼ ਜਾਰੀ ਕੀਤਾ ਸੀ ਕਿ 15 ਅਪ੍ਰੈਲ 1999 ਤੱਕ ਸਾਰੇ ਅਕਾਲੀ ਮਿਲ-ਜੁਲ ਕੇ ਤਿੰਨ ਸੌ ਸਾਲਾ ਖ਼ਾਲਸਾ ਸਾਜਣਾ ਸ਼ਤਾਬਦੀ ਮਨਾਉਣ, ਪਰ ਬਾਦਲ ਧੜੇ ਨੇ ਗੁਰਚਰਨ ਸਿੰਘ ਟੌਹੜਾ ਨੂੰ ਪ੍ਰਧਾਨਗੀ ਤੋਂ ਹਟਾਉਣਾ ਸੀ, ਇਸ ਲਈ ਪਹਿਲਾਂ ਭਾਈ ਰਣਜੀਤ ਸਿੰਘ ਨੂੰ ਹੀ ਜਥੇਦਾਰੀ ਦੇ ਅਹੁੱਦੇ ਤੋਂ ਹਟਾ ਦਿੱਤਾ। ਮਿਤੀ 29-03-2000 ਨੂੰ ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ ਦੀ ਜਥੇਦਾਰੀ ਸਮੇਂ ਹੁਕਮਨਾਮਾ ਜਾਰੀ ਹੋਇਆ ਸੀ ਕਿ ਤਖ਼ਤਾਂ ਦੇ ਜਥੇਦਾਰਾਂ ਅਤੇ ਮੁੱਖ ਗ੍ਰੰਥੀ ਸਾਹਿਬਾਨ ਦੇ ਸੇਵਾ ਨਿਯਮ; ਜਿਵੇਂ ਕਿ ਨਿਯੁਕਤੀ, ਯੋਗਤਾ, ਕਾਰਜਖੇਤਰ, ਕਾਰਜ ਵਿਧੀ, ਅਧਿਕਾਰ, ਜ਼ਿੰਮੇਵਾਰੀਆਂ, ਸੇਵਾਮੁਕਤੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਕੀਤੇ ਜਾਣ ਦਾ ਸਪਸ਼ਟ ਵਿਧੀ ਵਿਧਾਨ ਸੁਨਿਸਚਿਤ ਕੀਤਾ ਜਾਵੇ ਤਾਂ ਜੋ ਭਵਿੱਖ ’ਚ ਕਿਸੇ ਵੱਲੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਦੁਰਵਰਤੋਂ ਨਾ ਕੀਤੀ ਜਾ ਸਕੇ। ਬਾਅਦ ਵਾਲੇ ਜਥੇਦਾਰਾਂ ਵੱਲੋਂ ਵੀ ਇਸ ਹੁਕਮਨਾਮੇ ’ਤੇ ਕਾਰਵਾਈ ਕਰਨ ਲਈ ਯਾਦ ਪੱਤਰ ਲਿਖੇ ਗਏ, ਪਰ ਢਾਈ ਦਹਾਕੇ ਬੀਤ ਜਾਣ ’ਤੇ ਵੀ ਇਸ ਹੁਕਮਨਾਮੇ ਨੂੰ ਮੰਨਿਆ ਨਹੀਂ ਗਿਆ ਕਿਉਂਕਿ ਇਨ੍ਹਾਂ ਨੇ ਖ਼ੁਦ ਹੀ ਦੁਰਵਰਤੋਂ ਕਰਨੀ ਹੁੰਦੀ ਹੈ। ਜੇ ਇਸ ਹੁਕਮਨਾਮੇ ’ਤੇ ਸੁਹਿਰਦਤਾ ਨਾਲ ਕਾਰਵਾਈ ਕੀਤੀ ਹੁੰਦੀ ਤਾਂ ਬਾਦਲ ਦਲ ਨੂੰ ਅੱਜ ਵਾਲੇ ਹਾਲਤ ਨਾ ਵੇਖਣੇ ਪੈਂਦੇ।

ਗਿਆਨੀ ਹਰਪ੍ਰੀਤ ਸਿੰਘ ਨੇ ਆਦੇਸ਼ ਜਾਰੀ ਕੀਤਾ ਕਿ ਸ੍ਰੋਮਣੀ ਕਮੇਟੀ ਆਪਣਾ ਚੈੱਨਲ ਬਣਾਏ, ਪਰ ਅੱਜ ਤੱਕ ਇਹ ਹੁਕਮ ਨਾ ਮੰਨਿਆ।  2 ਦਸੰਬਰ ਵਾਲੇ ਤਾਜ਼ਾ ਹੁਕਮਨਾਮੇ ਦੀ ਮਿਸਾਲ ਤਾਂ ਸਭ ਦੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਕਾਰਜਕਾਰਨੀ ਨੂੰ ਜਥੇਦਾਰਾਂ ’ਤੇ ਦਬਾਅ ਪਾਉਣ ਲਈ ਵਰਤਿਆ ਜਾ ਰਿਹਾ ਹੈ। ਅਕਾਲੀ ਅਖਵਾਉਣ ਵਾਲਿਆਂ ਦਾ ਵਿਵਹਾਰ ’ਤੇ ਇਹ ਪਾਵਨ ਬਚਨ ‘‘ਅਪਰਾਧੀ ਦੂਣਾ ਨਿਵੈ, ਜੋ ਹੰਤਾ ਮਿਰਗਾਹਿ ਸੀਸਿ ਨਿਵਾਇਐ ਕਿਆ ਥੀਐ  ? ਜਾ ਰਿਦੈ ਕੁਸੁਧੇ ਜਾਹਿ ’’ (ਮਹਲਾ /੪੭੦) ਪੂਰੀ ਤਰ੍ਹਾਂ ਢੁਕਦਾ ਹੈ। ਗੁਰੂ ਸਾਹਿਬ ਦਾ ਪੰਥ ਵੀ ਸਮਝ ਚੁੱਕਾ ਹੈ ਕਿ ਦੋਹਰਾ ਰੋਲ ਨਿਭਾਉਣ ਵਾਲਿਆਂ ਨੂੰ ਕਿਤੇ ਵੀ ਕੋਈ ਸਹਾਰਾ ਨਹੀਂ ਮਿਲਣਾ ‘‘ਸਲਾਮੁ ਜਬਾਬੁ ਦੋਵੈ ਕਰੇ; ਮੁੰਢਹੁ ਘੁਥਾ ਜਾਇ ਨਾਨਕ  ! ਦੋਵੈ ਕੂੜੀਆ; ਥਾਇ ਕਾਈ ਪਾਇ ’’ (ਮਹਲਾ /੪੭੪)

ਅੱਜ ਵਿਚਾਰਨਾ ਬਣਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀਆਂ ਪੰਥ ਵਿਰੋਧੀ ਕਾਰਵਾਈਆਂ ਨੂੰ ਲਗਾਤਾਰ ਨਜ਼ਰ ਅੰਦਾਜ਼ ਕਰ ਉਸ ਦਾ ਸਮਰਥਨ ਕਰਕੇ ਉਸ ਦੇ ਹੱਥ ਮਜਬੂਤ ਕਰਨ ਅਤੇ ਪੰਥ ਦਾ ਨੁਕਸਾਨ ਹੁੰਦਾ ਵੇਖਣ ਵਾਲੇ ਸਿੱਖਾਂ ਨੂੰ ਹੁਣ ਜੇ ਥੋੜ੍ਹਾ ਰੀਡ ਦੀ ਹੱਡੀ ਵਾਲੇ ਸਿੰਘ ਸਾਹਿਬਾਨ ਮਿਲੇ ਹਨ ਤਾਂ ਕੁਝ ਸਮੇਂ ਲਈ ਉਨ੍ਹਾਂ ਦੀ ਕੁਝ ਤਲਖ਼ ਕਲਾਮੀ ਨੂੰ ਨਜ਼ਰਅੰਦਾਜ਼ ਕਰ ਅਖੌਤੀ ਅਕਾਲੀਆਂ ਵੱਲੋਂ ਉਨ੍ਹਾਂ ਦੀ ਕੀਤੀ ਜਾ ਰਹੀ ਕਿਰਦਾਰਕੁਸ਼ੀ ਦਾ ਸਖ਼ਤ ਨੋਟਿਸ ਲੈਂਦੇ ਹੋਏ ਪੰਜੇ ਸਿੰਘ ਸਾਹਿਬਾਨ ਦੇ ਸਮਰਥਨ ’ਚ ਡਟ ਕੇ ਖੜ੍ਹ ਜਾਣ ਤਾਂ ਕਿ ਸ੍ਰੀ ਅਕਾਲ ਸਾਹਿਬ ਦਾ ਰੁਤਬਾ ਕੁਝ ਬਹਾਲ ਹੋ ਸਕੇ ਤੇ ਪੰਜ ਸਿੰਘ ਸਾਹਿਬਾਨ ਪੰਥਕ ਭਾਵਨਾਂ ਅਤੇ ਗੁਰਮਤਿ ਅਨੁਸਾਰੀ ਫੈਸਲੇ ਕਰਨ ਦੇ ਸਮਰਥ ਹੋ ਸਕਣ। ਹੁਣ ਮੌਜੂਦਾ ਅਕਾਲੀਆਂ ਦਾ ਕਿਰਦਾਰ ਅਤੇ ਭਾਵਨਾ ਜੱਗ ਜ਼ਾਹਰ ਹਨ। ਇਹ ਇਖ਼ਲਾਕੀ ਤੌਰ ’ਤੇ ਬੇਹੱਦ ਕਮਜੋਰ ਹੋ ਚੁੱਕੇ ਹਨ, ਇਸ ਲਈ ਸਮਾਂ ਹੈ ਕਿ ਇਨ੍ਹਾਂ ਅਕਾਲੀਆਂ ਨੂੰ ਮੂਲੋਂ ਹੀ ਰੱਦ ਕਰਕੇ 1920 ਵਾਲਾ ਸ੍ਰੋਮਣੀ ਅਕਾਲੀ ਦਲ ਮੁੜ ਸੁਰਜੀਤ ਕਰਨ ਦੇ ਯਤਨ ਅਰੰਭੇ ਜਾਣ।

ਸ਼ਬਦ ਗੁਰੂ (ਭਾਗ ਪਹਿਲਾ)

0

ਸ਼ਬਦ ਗੁਰੂ (ਭਾਗ ਪਹਿਲਾ)

ਗਿਆਨੀ ਰਣਜੋਧ ਸਿੰਘ (ਫਗਵਾੜਾ)

ਗੁਰੂ ਕੌਣ ਹੈ  ? ਗੁਰੂ ਕਿਸ ਤਰ੍ਹਾਂ ਹੈ  ? ਅਤੇ ਗੁਰੂ ਕਿਉਂ ਹੈ  ? ਅੱਜ ਦੇ ਮਾਹੌਲ ਅੰਦਰ ਇਸ ਦਾ ਬੜਾ ਭੁਲੇਖਾ ਹੈ।  ਭੁਲੇਖਾ ਪਾਇਆ ਵੀ ਜਾ ਰਿਹਾ ਹੈ । ਬੜੀਆਂ ਸਾਜਸ਼ਾਂ ਨਾਲ ਭੁਲੇਖਾ ਪਾਇਆ ਜਾ ਰਿਹਾ ਹੈ । ਇਸ ਦੀ ਚਰਚਾ ਵੀ ਬਹੁਤ ਹੈ, ਬਹੁਤ ਚਰਚਾ ਹੈ ਇਸ ਦੀ, ਕਿ ਗੁਰੂ ਕੌਣ ਹੈ  ? ਗੁਰੂ ਕਿਸ ਤਰ੍ਹਾਂ ਹੈ  ? ਗੁਰੂ ਕਿਉਂ ਹੈ  ? ਇਹਨਾਂ ਸਵਾਲਾਂ ਦੀ ਬਹੁਤ ਚਰਚਾ ਹੈ। ਸਿੱਖ ਧਰਮ ਵਿੱਚ, ਇਹਨਾਂ ਸਵਾਲਾਂ ਦੀ ਬਹੁਤ ਅਹਿਮੀਅਤ ਹੈ। ਸਿੱਖ ਧਰਮ ਅੰਦਰ, ਸਿੱਖਾਂ ਲਈ ਇਹ ਸਵਾਲ ਬਹੁਤ ਅਹਿਮ ਸਵਾਲ ਹੈ। ਇਹ ਸਵਾਲ ਸਿੱਖਾਂ ਲਈ ਬਹੁਤ ਹੀ ਵੱਡਾ ਹੈ ਕਿ ਗੁਰੂ ਕੌਣ ਹੈ  ? ਗੁਰੂ ਕਿਸ ਤਰ੍ਹਾਂ ਹੈ  ? ਗੁਰੂ ਕਿਉਂ ਹੈ  ? ਹਰੇਕ ਸਿੱਖ ਨੂੰ ਇਸ ਸਵਾਲ ਦਾ ਜਵਾਬ ਆਉਣਾ ਚਾਹੀਦਾ ਹੈ। ਇਸੇ ਕਰਕੇ ਅੱਜ ਦੇ ਵਕਤ ਮੈਂ ਇਸ ਦੀ ਵੀਚਾਰ ਕਰ ਰਿਹਾ ਹਾਂ । ਗੁਰੂ ਕੌਣ ਹੈ  ? ਗੁਰੂ ਕਿਸ ਤਰ੍ਹਾਂ ਹੈ  ? ਗੁਰੂ ਕਿਉਂ ਹੈ  ?

ਗੁਰੂ ਨਾਨਕ ਸਾਹਿਬ ਜੀ ਜਦੋਂ ਸੰਨ 1517 ਈਸਵੀ ਨੂੰ ਦੂਸਰੀ ਉਦਾਸੀ (ਧਰਮ ਪ੍ਰਚਾਰ ਯਾਤਰਾ) ਦੌਰਾਨ ਸੁਮੇਰ ਪਰਬਤ, ਜਿਸ ਨੂੰ ਰੁਦ੍ਰ ਹਿਮਾਲਾ ਵੀ ਕਹਿੰਦੇ ਹਨ, ਇੱਥੇ ਭਾਈ ਮਰਦਾਨਾ ਜੀ ਨਾਲ ਪਹੁੰਚੇ, ਸਿਧ ਜੋਗੀ ਜੋ ਆਪਣੇ ਆਪ ਨੂੰ ਕਰਾਮਾਤੀ ਕਹਿੰਦੇ ਸਨ ਇਹ ਦੇਖ ਕੇ ਬਹੁਤ ਹੈਰਾਨ ਹੋਏ ਤੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਹਨ  ? ਤੁਸੀਂ ਕਿਹੜੀ ਸ਼ਕਤੀ ਨਾਲ, ਕਿਹੜੀ ਕਰਾਮਾਤ ਨਾਲ, ਸਾਡੇ ਕੋਲ ਪਹੁੰਚੇ ਹੋ ? ਭਾਈ ਗੁਰਦਾਸ ਜੀ ਨੇ ਇਸ ਦਾ ਜ਼ਿਕਰ ਕੀਤਾ ਹੈ –

ਬਾਬੇ ਡਿਠੀ ਪਿਰਥਮੀ, ਨਵੈ ਖੰਡਿ ਜਿਥੈ ਤਕਿ ਆਹੀ

ਫਿਰਿ ਜਾਇ ਚੜ੍ਹਿਆ ਸੁਮੇਰ ਪਰ, ਸਿਧ ਮੰਡਲੀ ਦ੍ਰਿਸਟੀ ਆਈ

ਚਉਰਾਸੀਹ ਸਿਧ ਗੋਰਖਾਦਿ, ਮਨ ਅੰਦਰਿ ਗਣਤੀ ਵਰਤਾਈ

ਸਿਧ ਪੁਛਣਿ ਸੁਣਿ ਬਾਲਿਆ  ! ਕਉਣੁ ਸਕਤਿ ਤੁਹਿ ਏਥੇ ਲਿਆਈ(ਭਾਈ ਗੁਰਦਾਸ ਜੀ, ਵਾਰ ਪਉੜੀ ੨੮)

ਗੁਰੂ ਬਾਬੇ ਨੇ ਨੌ ਖੰਡ ਪ੍ਰਿਥਵੀ ਦੇ ਹਾਲਾਤ ਦੇਖੇ। ਲੋਕ ਅਗਿਆਨਤਾ ਅਤੇ ਵਹਿਮਾਂ ਭਰਮਾਂ ਵਿੱਚ ਦੁਖੀ ਸਨ। ਇਹਨਾਂ ਦਾ ਉਧਾਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਨੇ ਸੁਮੇਰ ਪਰਬਤ ’ਤੇ ਜਾਣ ਦੀ ਤਿਆਰੀ ਕੀਤੀ। ਜਦੋਂ ਗੁਰੂ ਸਾਹਿਬ ਭਾਈ ਮਰਦਾਨਾ ਜੀ ਨਾਲ 29 ਹਜਾਰ ਫੁੱਟ ਦੀ ਉਚਾਈ ਵਾਲੇ ਰੁਦ੍ਰ ਹਿਮਾਲਾ ਸੁਮੇਰ ਪਰਬਤ ’ਤੇ ਪਹੁੰਚੇ, ਸੁਮੇਰ ਪਰਬਤ ’ਤੇ 84 ਸਿੱਧ ਜੋਗੀਆਂ ਦਾ ਟੋਲਾ ਮਿਲਿਆ। ਗੋਰਖ ਨਾਥ ਇਹਨਾਂ ਸਿੱਧ ਜੋਗੀਆਂ ਦਾ ਮੁਖੀ ਸੀ। ਭਗੀਰਥਨਾਥ, ਚਰਪਟਨਾਥ, ਭੰਗਰਨਾਥ, ਝੰਗਰਨਾਥ, ਔਗੜਨਾਥ, ਸ਼ੀਤਲਨਾਥ, ਭੂਤਨਾਥ, ਪ੍ਰਾਣਨਾਥ, ਲੁਹਾਰੀਪਾ ਇਤਿਆਦਿਕ ਸਿੱਧਾਂ ਨੇ ਜਦੋਂ ਗੁਰੂ ਸਾਹਿਬ ਨੂੰ ਦੇਖਿਆ ਸੋਚੀਂ ਪੈ ਗਏ ਕਿ ਇਹ ਇੰਨੀ ਉਚਾਈ ’ਤੇ ਕਿਵੇਂ ਆ ਪਹੁੰਚੇ ਹਨ ? ਫਿਰ ਗੁਰੂ ਸਾਹਿਬ ਨੂੰ ਬਾਲਾ ਭਾਵ ਬੱਚਾ ਕਹਿ ਕੇ ਪੁੱਛਦੇ ਹਨ  ? ਬੱਚਾ ਸਾਨੂੰ ਦੱਸ ਤੂੰ ਕਿਸ ਸ਼ਕਤੀ ਨਾਲ, ਕਿਸ ਕਰਾਮਾਤ ਨਾਲ ਇੱਥੇ ਪਹੁੰਚਿਆ ਹੈ ? ਗੁਰੂ ਸਾਹਿਬ ਦੀ ਉਮਰ ਉਸ ਵੇਲੇ 48 ਸਾਲ ਦੀ ਸੀ ਤੇ ਸਿੱਧ ਜੋਗੀਆਂ ਦੀ ਉਮਰ ਬਹੁਤ ਲੰਮੇਰੀ ਸੀ। ਇਸ ਕਰਕੇ ਗੁਰੂ ਜੀ ਨੂੰ ਬੱਚਾ ਭਾਵ ਬਾਲਾ ਕਹਿ ਕੇ ਬੁਲਾਉਂਦੇ ਹਨ। ਗੁਰੂ ਸਾਹਿਬ ਨੇ ਜੋ ਜਵਾਬ ਦਿੱਤਾ ਭਾਈ ਗੁਰਦਾਸ ਜੀ ਨੇ ਉਹ ਬਿਆਨ ਕੀਤਾ ਹੈ:-

ਸਿਧਿ ਬੋਲਨਿ ਸੁਣਿ ਨਾਨਕਾ ! ਤੁਹਿ ਜਗ ਨੋ ਕਿਆ ਕਰਾਮਾਤਿ ਦਿਖਾਈ

ਕੁਝ ਵਿਖਾਲੇਂ ਅਸਾ ਨੋ,  ਤੁਹਿ ਕਿਉ ਢਿਲ ਅਵੇਹੀ ਲਾਈ

ਬਾਬਾ ਬੋਲੇ ਨਾਥ ਜੀ  ! ਅਸਾਂ ਤੇ ਵੇਖਣਿ ਜੋਗੀ ਵਸਤੁ ਕਾਈ

ਗੁਰ ਸੰਗਤਿ ਬਾਣੀ ਬਿਨਾ,  ਦੂਜੀ ਓਟ ਨਹੀਂ ਹਹਿ ਰਾਈ(ਭਾਈ ਗੁਰਦਾਸ ਜੀ, ਵਾਰ ਪਉੜੀ ੪੨)

ਬੱਚਾ ! ਜਿਸ ਕਰਾਮਾਤ ਨਾਲ ਤੂੰ ਇੱਥੇ ਪਹੁੰਚਿਆ ਹੈ, ਉਹ ਕਰਾਮਾਤ ਸਾਨੂੰ ਵੀ ਦਿਖਾ, ਗੁਰੂ ਸਾਹਿਬ ਨੇ ਕਿਹਾ ਸਿੱਧ ਜੋਗੀਓ ! ਪਹਿਲੀ ਗੱਲ ਇਹ ਜੋਗ ਮਤ ਕੋਈ ਰੱਬ ਨਾਲ ਸਾਂਝ ਪਾਉਣ ਵਾਲਾ ਰਸਤਾ ਨਹੀਂ ਹੈ। ਇਹ ਹਾਰਿਆਂ ਅਤੇ ਭਗੌੜਿਆਂ ਦਾ ਮਾਰਗ ਹੈ। ਤੁਸੀਂ ਗ੍ਰਿਹਸਤ ਦੀ ਪਰਵਾਰ ਸੰਭਾਲਣ ਦੀ ਜ਼ਿੰਮੇਵਾਰੀ ਤੋਂ ਦੌੜੇ ਹੋ ਗ੍ਰਿਹਸਤ ਪਰਵਾਰ ਦੀ ਜ਼ਿੰਮੇਵਾਰੀ ਸੰਭਾਲਣੀ ਤਾਂ ਧਰਮ ਦੀ ਜ਼ਿੰਮੇਵਾਰੀ ਤੋਂ ਛੋਟੀ ਹੈ। ਲੋਕਾਂ ਨੂੰ ਧਰਮ ਦੇ ਮਾਰਗ ’ਤੇ ਚਲਾਉਣ ਅਤੇ ਆਪ ਧਰਮ ਮਾਰਗ ’ਤੇ ਚੱਲਣ, ਗ੍ਰਿਹਸਤ ਪਰਵਾਰ ਦੀ ਜ਼ਿੰਮੇਵਾਰੀ ਨਾਲੋਂ ਬਹੁਤ ਵੱਡੀ ਹੈ। ਜਿਹੜਾ ਮਨੁੱਖ ਛੋਟੀ ਜ਼ਿੰਮੇਵਾਰੀ ਨੂੰ ਨਹੀਂ ਨਿਭਾ ਸਕਦਾ, ਉਹ ਵੱਡੀ ਜ਼ਿੰਮੇਵਾਰੀ ਨੂੰ ਕਿਵੇਂ ਨਿਭਾਵੇਗਾ। ਜਿਹੜਾ ਮਨੁੱਖ 10 ਕਿਲੋ ਭਾਰ ਚੁੱਕ ਕੇ ਨਹੀਂ ਤੁਰ ਸਕਦਾ, ਉਹ ਮਨੁੱਖ ਇੱਕ ਕੁਇੰਟਲ ਭਾਰ ਚੁੱਕ ਕੇ ਕਿਵੇਂ ਤੁਰੇਗਾ ? ਇਸ ਲਈ ਯੋਗ ਮੱਤ ਰੱਬ ਨਾਲ ਜੁੜਨ ਦਾ ਮਤ ਨਹੀਂ ਹੈ। ਇਹ ਭਗੌੜਿਆਂ ਤੇ ਹਾਰਿਆਂ ਦਾ ਮਜ਼੍ਹਬੀ ਰਸਤਾ ਹੈ। ਦੂਸਰੀ ਗੱਲ ਤੁਸੀਂ ਮੈਨੂੰ ਪੁੱਛਦੇ ਹੋ ਤੁਹਾਡੇ ਕੋਲ ਕਰਾਮਾਤ ਕਿਹੜੀ ਹੈ। ਸਾਡੇ ਕੋਲ ਰੱਬ ’ਤੇ ਵਿਸ਼ਵਾਸ, ਰੱਬੀ ਗੁਣ, ਰੱਬੀ ਬਾਣੀ, ਸੱਚ ਦੀ ਸੰਗਤ ਹੀ ਵੱਡੀ ਕਰਾਮਾਤ ਹੈ। ਭਗਤੀ ਹੀ ਸ਼ਕਤੀ ਹੈ:-

ਬਾਝੋ ਸਚੇ ਨਾਮ ਦੇ,  ਹੋਰੁ ਕਰਾਮਾਤਿ ਅਸਾਂ ਤੇ ਨਾਹੀ(ਭਾਈ ਗੁਰਦਾਸ ਜੀ, ਵਾਰ ਪਉੜੀ ੪੩)

ਸੱਚ ਨਾਮ ਤੋਂ ਬਗੈਰ, ਸ਼ਬਦ ਗੁਰੂ ਤੋਂ ਬਗੈਰ, ਸਾਡੇ ਕੋਲ ਹੋਰ ਕੋਈ ਕਰਾਮਾਤ ਨਹੀਂ ਹੈ। ਸਾਡੇ ਕੋਲ ਇੱਕ ਪਾਸੇ ਤਾਂ ਕਿਸੇ ਕੋਲ ਵੀ ਕੋਈ ਕਰਾਮਾਤ ਨਹੀਂ ਹੈ, ਇਹ ਸਿਰਫ ਭੁਲੇਖਾ ਹੈ, ਰੱਬ ਦੇ ਹੁਕਮ ਨਿਯਮ ਨੂੰ ਕਦੀ ਵੀ ਬਦਲਿਆ ਨਹੀਂ ਜਾ ਸਕਦਾ:-

ਹਉ ਜਪਿਆ ਪਰਮੇਸਰੋ,  ਭਾਉ ਭਗਤਿ ਸੰਗਿ ਤਾੜੀ ਲਾਈ(ਭਾਈ ਗੁਰਦਾਸ ਜੀ, ਵਾਰ ਪਉੜੀ ੨੮)

ਅਸੀਂ ਸਿਰਫ ਇੱਕ ਪਰਮੇਸ਼ਰ ਦੀ ਪ੍ਰੇਮਾ ਭਗਤੀ ਹੀ ਕੀਤੀ ਹੈ। ਅੱਖਾਂ ਬੰਦ ਕਰਕੇ ਚੌਂਕੜੇ ਮਾਰ ਕੇ ਸੁਆਸ ਉੱਪਰ ਥੱਲੇ ਕਰਨੇ ਕੋਈ ਭਗਤੀ ਨਹੀਂ ਹੈ। ਇਹ ਜਵਾਬ ਸੁਣ ਕੇ ਸਿੱਧ ਜੋਗੀ ਹੈਰਾਨ ਹੋ ਗਏ ਸਨ । ਗੋਰਖ ਨਾਥ ਤਾਂ ਸਭ ਕੁਝ ਭੁੱਲ ਗਿਆ ਸੀ।  ਹੈਰਾਨ ਹੋ ਕੇ ਪੁੱਛਦਾ ਹੈ  ? ਭਾਈ ਗੁਰਦਾਸ ਜੀ ਆਖਦੇ ਹਨ:-

ਖਣਿ ਸਿਧ ਸੁਣਿ ਬਾਲਿਆ  ! ਆਪਣਾ ਨਾਉ ਤੁਮ ਦੇਹੁ ਬਤਾਈ

ਬਾਬਾ ਆਖੇ ਨਾਥ ਜੀ  ! ਨਾਨਕ ਨਾਮ ਜਪੇ ਗਤਿ ਪਾਈ

ਨੀਚੁ ਕਹਾਇ ਊਚ ਘਰਿ ਆਈ੨੮ (ਭਾਈ ਗੁਰਦਾਸ ਜੀ, ਵਾਰ ਪਉੜੀ ੨੮)

ਸਿੱਧ ਜੋਗੀ ਪੁੱਛਦੇ ਹਨ, ਬੱਚਾ  ! ਤੇਰਾ ਨਾਮ ਕੀ ਹੈ  ? ਗੁਰੂ ਸਾਹਿਬ ਨੇ ਆਖਿਆ ਕਿ ਨਾਮ ਸਾਡਾ ਨਾਨਕ ਹੈ, ਰੱਬੀ ਗੁਣ, ਨਾਮ ਦੀ ਬਰਕਤ ਨਾਲ ਤੁਹਾਡੇ ਕੋਲ ਪਹੁੰਚਣ ਦੀ ਗਤਿ ਅਵਸਥਾ ਪਾਈ ਹੈ। ਨਿਮਰਤਾ ਨਾਲ ਹੀ ਉੱਚੀ ਅਵਸਥਾ ਬਣਦੀ ਹੈ ਜਦੋਂ ਵੀ ਕੋਈ ਗੁਰੂ ਪਾਤਿਸ਼ਾਹ ਨੂੰ ਨਾਮ ਪੁੱਛਦੇ ਸਨ, ਉਹ ਇਹੀ ਜਵਾਬ ਦਿੰਦੇ ਸਨ:-

ਮਾਣਸ ਮੂਰਤਿ ਨਾਨਕੁ ਨਾਮੁ ਕਰਣੀ ਕੁਤਾ ਦਰਿ ਫੁਰਮਾਨੁ

ਗੁਰ ਪਰਸਾਦਿ ਜਾਣੈ ਮਿਹਮਾਨੁ ਤਾ ਕਿਛੁ ਦਰਗਹ ਪਾਵੈ ਮਾਨੁ (ਮਹਲਾ /੩੫੦)

ਸ਼ਕਲ ਦੇ ਅਸੀਂ ਮਨੁੱਖ ਹੀ ਹਾਂ, ਨਾਨਕ ਨਾਮ ਹੈ, ਮਨੁੱਖ ਦੀ ਕਰਣੀ ਕੁੱਤਿਆਂ ਵਾਲੀ ਹੈ, ਅਸੀਂ ਪ੍ਰਭੂ ਦੇ ਦਰ ’ਤੇ ਪ੍ਰਵਾਨ ਹੋਣ ਲਈ ਉਸ ਪਰਮੇਸ਼ਰ ਦੇ ਹੁਕਮ ਦੇ ਪਾਬੰਦ ਹਾਂ। ਗੁਰੂ ਦੀ ਕਿਰਪਾ ਨਾਲ ਜੋ ਆਪਣੇ ਆਪ ਨੂੰ ਇਸ ਸੰਸਾਰ ਵਿੱਚ ਪਰਾਹੁਣੇ ਦੀ ਤਰ੍ਹਾਂ ਸਮਝਦਾ ਹੈ, ਉਹੀ ਜੀਵਨ ਵਿੱਚ ਸਫਲ ਹੁੰਦਾ ਹੈ। ਇਹ ਸਾਰੀ ਵਿਚਾਰ ਸੁਣ ਕੇ ਸਿੱਧ ਜੋਗੀ ਅਤੇ ਉਨਾਂ ਦਾ ਮੁਖੀ ਗੋਰਖ ਨਾਥ ਮਨ ਹੀ ਮਨ ਸੋਚਦੇ ਹਨ । ਨਾਨਕ ਇਤਨੇ ਮਹਾਨ, ਇਨਾਂ ਦਾ ਗੁਰੂ ਤਾਂ ਇਹਨਾਂ ਤੋਂ ਵੀ ਮਹਾਨ ਹੋਵੇਗਾ। ਚੇਲੇ ਨਾਲੋਂ ਗੁਰੂ ਮਹਾਨ ਹੀ ਹੁੰਦਾ ਹੈ। ਉਹ ਗੁਰੂ ਕਿੰਨਾ ਮਹਾਨ ਹੋਵੇਗਾ, ਜਿਸ ਨੇ ਨਾਨਕ ਨੂੰ ਇਤਨਾ ਮਹਾਨ ਬਣਾਇਆ ਹੈ। ਹੁਣ ਸਿੱਧ ਯੋਗੀ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਦੇ ਹਨ,ਜਿਸ ਦਾ ਜ਼ਿਕਰ ਗੁਰਬਾਣੀ ਅੰਦਰ ਕੀਤਾ ਹੈ :-

ਕਵਣ ਮੂਲੁ  ? ਕਵਣ ਮਤਿ ਵੇਲਾ ਤੇਰਾ ਕਵਣੁ ਗੁਰੂ  ? ਜਿਸ ਕਾ ਤੂ ਚੇਲਾ  (ਮਹਲਾ /੯੩8) 

ਚਾਰ ਸਵਾਲ ਕੀਤੇ ਹਨ, ਜੀਵਨ ਦਾ ਮੂਲ (ਮੁੱਢ) ਕੀ ਹੈ  ? ਜਿਸ ਦੇ ਸਹਾਰੇ ਜੀਵਨ ਚੱਲਦਾ ਹੈ । ਦੂਸਰਾ ਸਵਾਲ ਸਿੱਖਿਆ ਦੀਖਿਆ ਗ੍ਰਹਿਣ ਕਰਨ ਦਾ ਵੇਲਾ (ਸਮਾਂ) ਉਮਰ ਕਿਹੜੀ ਹੈ  ? ਤੀਸਰਾ ਅਤੇ ਚੌਥਾ ਸਵਾਲ ਤੇਰਾ ਗੁਰੂ ਕੌਣ ਹੈ  ? ਤੂੰ ਕਿਸ ਗੁਰੂ ਦਾ ਚੇਲਾ ਹੈ  ? ਚਾਰ ਸਵਾਲ ਹਨ ਜੀਵਨ ਦਾ ਮੂਲ ਕੀ ਹੈ, ਦੀਖਿਆ ਲੈਣ ਦੀ ਉਮਰ ਕਿਹੜੀ ਹੈ, ਤੁਹਾਡਾ ਗੁਰੂ ਕੌਣ ਹੈ  ? ਤੁਸੀਂ ਕਿਸ ਗੁਰੂ ਦੇ ਚੇਲੇ ਹੋ  ? ਗੁਰੂ ਸਾਹਿਬ ਨੇ ਚਾਰ ਸਵਾਲਾਂ ਦੇ ਜਵਾਬ ਦਿੱਤੇ ਹਨ :-

ਪਵਨ ਅਰੰਭੁ, ਸਤਿਗੁਰ ਮਤਿ ਵੇਲਾ ਸਬਦੁ ਗੁਰੂ, ਸੁਰਤਿ ਧੁਨਿ ਚੇਲਾ (ਮਹਲਾ /੯੩8)

ਇੱਕ ਸਵਾਲ ਦਾ ਇਕ ਇਕ ਜਵਾਬ ਮਾਨੋ ਗਾਗਰ ਵਿੱਚ ਸਾਗਰ ਪਾ ਦਿੱਤਾ ਹੋਵੇ, ਸਵਾਲ ਹੈ ‘ਕਵਣ ਮੂਲੁ’ ਜੀਵਨ ਦਾ ਮੂਲ ਕੀ ਹੈ  ? ਜਵਾਬ ਦਿੱਤਾ ‘ਪਵਨ ਅਰੰਭੁ’ ਜੀਵਨ ਦਾ ਮੂਲ, ਸਰੀਰ ਦਾ ਮੂਲ, ਪਵਨ ਹਵਾ ਸੁਆਸ ਹਨ, ਸੁਆਸ ਹੈ ਤਾਂ ਜੀਵਨ ਹੈ, ਸੁਆਸ ਨਹੀਂ ਤਾਂ ਸਰੀਰ ਨਹੀਂ ਹੈ, ਮਿੱਟੀ ਦੀ ਢੇਰੀ ਹੈ। ਤੁਸੀਂ ਖਿਆਲ ਕਰਨਾ ਜੇਕਰ ਬ੍ਰਿਸ਼ ਦੀਆਂ ਜੜਾਂ ਮੂਲ ਹਨ ਤਾਂ ਫੁੱਲ, ਫਲ, ਟਹਿਣੀਆਂ, ਪੱਤੇ ਸਭ ਕੁਝ ਹੋਣਗੇ, ਪਰ ਜੇ ਮੂਲ ਜੜ੍ਹ ਨਹੀਂ ਫਿਰ ਕੁਝ ਵੀ ਨਹੀਂ ਹੋਵੇਗਾ, ਇਸੇ ਤਰ੍ਹਾਂ ਜੇਕਰ ਸਰੀਰ ਅੰਦਰ ਸੁਆਸ ਹਨ ਤਾਂ ਜ਼ਿੰਦਗੀ ਦੀ ਗੱਡੀ ਚਲਦੀ ਹੈ। ਅੱਖਾਂ ਦੇਖ ਸਕਦੀਆਂ ਹਨ, ਕੰਨ ਸੁਣ ਸਕਦੇ ਹਨ, ਜ਼ਬਾਨ ਬੋਲ ਸਕਦੀ ਹੈ, ਦਿਮਾਗ ਕੰਮ ਕਰ ਸਕਦਾ ਹੈ, ਖੂਨ ਗਰਦਿਸ਼ ਵਿੱਚ ਹੋਵੇਗਾ, ਦਿਲ ਦੀ ਧੜਕਣ ਚਲਦੀ ਹੈ, ਹੱਥ ਪੈਰ ਚਲਦੇ ਹਨ, ਪਰ ਜੇਕਰ ਮੂਲ ਸਵਾਸ ਨਹੀਂ ਹਨ ਤਾਂ ਅੱਖਾਂ ਦੇਖ ਨਹੀਂ ਸਕਦੀਆਂ, ਕੰਨ ਸੁਣ ਨਹੀਂ ਸਕਦੇ, ਜ਼ਬਾਨ ਬੋਲ ਨਹੀਂ ਸਕਦੀ, ਦਿਮਾਗ ਕੰਮ ਨਹੀਂ ਕਰਦਾ, ਦਿਲ ਦੀ ਧੜਕਣ ਰੁਕ ਜਾਂਦੀ ਹੈ, ਸਭ ਕੁਝ ਖਤਮ ਹੋ ਜਾਂਦਾ ਹੈ । ਇਸ ਲਈ ਸਰੀਰ ਦਾ ਮੂਲ ‘ਸਵਾਸ ਪਵਣ’ ਹੈ । ਦੂਸਰਾ ਸਵਾਲ ‘ਕਵਣ ਮਤਿ ਵੇਲਾ’ ਸਿੱਖਿਆ ਦੀਖਿਆ ਲੈਣ ਦੀ ਉਮਰ ਕਿਹੜੀ ਹੈ  ? ਜਵਾਬ ਦਿੱਤਾ ‘ਸਤਿਗੁਰ ਮਤਿ ਵੇਲਾ’ ਗੁਰੂ ਤੋਂ ਸਿੱਖਿਆ ਦੀਖਿਆ ਲੈਣ ਦਾ ਸਮਾਂ ਮਨੁੱਖਾ ਜਨਮ ਹੀ ਹੈ, ਉਮਰ ਦੀ ਸੀਮਾ ਨਹੀਂ ਹੁੰਦੀ, ਉਮਰ ਭਾਵੇਂ ਛੋਟੀ ਹੈ ਜਾਂ ਵੱਡੀ, ਜਦੋਂ ਮਨੁੱਖ ਸੁਰਤ ਸੰਭਾਲ ਲਵੇ ਉਦੋਂ ਹੀ ਗੁਰੂ ਤੋਂ ਸਿੱਖਿਆ ਲੈ ਲੈਣੀ ਚਾਹੀਦੀ ਹੈ, ਦੇਰ ਅਤੇ ਉਡੀਕ ਨਹੀਂ ਕਰਨੀ ਚਾਹੀਦੀ, ਕਿਉਂਕਿ

ਹਮ ਆਦਮੀ ਹਾਂ ਇਕ ਦਮੀ,  ਮੁਹਲਤਿ ਮੁਹਤੁ ਜਾਣਾ

ਨਾਨਕੁ ਬਿਨਵੈ ਤਿਸੈ ਸਰੇਵਹੁ, ਜਾ ਕੇ ਜੀਅ ਪਰਾਣਾ

ਅੰਧੇ ਜੀਵਨਾ ਵੀਚਾਰਿ,  ਦੇਖਿ ਕੇਤੇ ਕੇ ਦਿਨਾ ਰਹਾਉ (ਮਹਲਾ /੬੬੦)

ਪਤਾ ਹੀ ਨਹੀਂ ਮੌਤ ਕਦੋਂ ਆ ਜਾਵੇ। ਜ਼ਿੰਦਗੀ ਦੀ ਕੋਈ ਮਿਆਦ ਨਹੀਂ ਹੈ ਇਸ ਲਈ ਸੁਰਤ ਸੰਭਾਲਦਿਆਂ ਗੁਰੂ ਦੀਖਿਆ ਸਿੱਖਿਆ ਲੈ ਲੈਣੀ ਚਾਹੀਦੀ ਹੈ। ਤੀਸਰਾ ਅਤੇ ਚੌਥਾ ਸਵਾਲ ਬੜੇ ਕੀਮਤੀ ਕੀਤੇ ਹਨ-

ਤੇਰਾ ਕਵਣੁ ਗੁਰੂ, ਜਿਸ ਕਾ ਤੂ ਚੇਲਾ   (ਮਹਲਾ /੯੩8)

ਤੇਰਾ ਗੁਰੂ ਕੌਣ ਹੈ  ? ਤੂੰ ਕਿਸ ਗੁਰੂ ਦਾ ਚੇਲਾ ਹੈ  ? ਜਵਾਬ ਦਿੱਤਾ ‘‘ਸਬਦੁ ਗੁਰੂ, ਸੁਰਤਿ ਧੁਨ ਚੇਲਾ’’  ਸਾਡਾ ਗੁਰੂ ਸ਼ਬਦ ਹੈ ਅਤੇ ਸੁਰਤ, ਸ਼ਬਦੁ ਗੁਰੂ ਦਾ ਚੇਲਾ ਹੈ, ਇੱਕ ਗੱਲ ਬਹੁਤ ਧਿਆਨ ਨਾਲ ਸੁਣਨੀ। ਸਿੱਖ ਧਰਮ ਅੰਦਰ ਨਾ ਦੇਹਧਾਰੀ ਗੁਰੂ ਹੈ ਅਤੇ ਨਾ ਹੀ ਦੇਹਧਾਰੀ ਚੇਲਾ ਹੁੰਦਾ ਹੈ।  ਸਬਦੁ ਗੁਰੂ ਹੈ, ਸਬਦੁ ਗੁਰੂ ਦਾ ਚੇਲਾ ਸੁਰਤ ਹੈ। ਬਾਤ ਥੋੜ੍ਹੀ ਬਰੀਕ ਹੈ। ਸਮਝਣਾ ਕੀਮਤੀ ਹੈ। ਸੁਰਤ ਆਤਮਾ ਨੂੰ ਜਗਾਉਣ ਲਈ, ਅਧਿਆਤਮਕ ਮਾਰਗ ਦਰਸਾਉਣ ਲਈ ਸਬਦੁ ਗੁਰੂ ਹੈ, ਸੁਰਤ ਆਤਮਾ ਵਾਸਤੇ ਸਬਦੁ ਗੁਰੂ ਪਹਿਰੇਦਾਰ ਹੈ, ਦੁਨੀਆ ਅੰਦਰ ਸ਼ਬਦ ਸੁਰਤ ਵਾਸਤੇ ਪਹਿਰੇਦਾਰ ਹੈ, ਜੋ ਸੁਰਤ ਨੂੰ ਜਗਾਉਂਦਾ ਹੈ, ਸੁਚੇਤ ਕਰਦਾ ਹੈ, ਆਵਾਜ਼ ਦਿੰਦਾ ਹੈ,

ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ਜਿਨਿ ਸੁਣਿ ਮੰਨਿਅੜੀ, ਅਕਥ ਕਹਾਣੀ ਰਾਮ (ਮਹਲਾ /8੪੩)

ਸਲੋਨੜੀਏ ਸੁਰਤ ਤੂੰ ਜਾਗ, ਸਬਦੁ ਗੁਰੂ ਤੈਨੂੰ ਆਵਾਜ਼ਾਂ ਦਿੰਦਾ ਹੈ। ਜਿਹੜੀ ਸੁਰਤ, ਸ਼ਬਦ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਸੁਚੇਤ ਹੋ ਜਾਵੇ, ਜਾਗ ਪਵੇ, ਉਹ ਸੁਰਤ ‘ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ’ ਵਰਗੇ ਚੋਰਾਂ ਹੱਥੋਂ ਬਚ ਜਾਂਦੀ ਹੈ, ਪਰ ਜਿਹੜੀ ਸੁਰਤ, ਸਬਦੁ ਗੁਰੂ ਦੇ ਗਿਆਨ ਨੂੰ ਸੁਣ ਕੇ ਸੁਚੇਤ ਨਾ ਹੋਵੇ, ਉਹ ਵਿਕਾਰੀ ਚੋਰਾਂ ਹੱਥੋਂ ਲੁੱਟੀ ਜਾਂਦੀ ਹੈ। ਆਤਮਿਕ ਸਰਮਾਇਆ ਬਚਦਾ ਹੀ ਨਹੀਂ ਹੈ। ਸਤਸੰਗਤ, ਦਇਆ, ਧਰਮ, ਧੀਰਜ, ਨਿਮਰਤਾ, ਇਖ਼ਲਾਕ, ਸਹਜ, ਸਭ ਉਜੜ ਜਾਂਦਾ ਹੈ। ਮਨੁੱਖ ਦੇ ਪੱਲੇ ਕੁਝ ਵੀ ਨਹੀਂ ਰਹਿੰਦਾ। ਤੁਸੀਂ ਕਦੇ ਖਿਆਲ ਕਰਨਾ ਜਾਗਦਾ ਮਨੁੱਖ, ਆਪਣੇ ਆਸ ਪਾਸ ਗੰਦਗੀ ਕੀੜੇ ਮਕੌੜੇ ਬਰਦਾਸ਼ਤ ਨਹੀਂ ਕਰਦਾ। ਚੁਣ ਚੁਣ ਕੇ ਕੀੜਿਆਂ ਨੂੰ ਘਰੋਂ ਬਾਹਰ ਸੁੱਟਦਾ ਹੈ, ਪਰ ਜੇਕਰ ਮਨੁੱਖ ਸੁੱਤਾ ਹੋਵੇ ਫਿਰ ਭਾਵੇਂ ਸਿਰਹਾਣੇ ਸੱਪ ਹੀ ਬੈਠਾ ਰਹੇ, ਕੋਈ ਫਰਕ ਹੀ ਨਹੀਂ ਪੈਂਦਾ, ਇਸੇ ਤਰ੍ਹਾਂ ਸੁਰਤ ਜਾਗਦੀ ਹੋਵੇ ਤਾਂ ਵਿਕਾਰ ਰੂਪ ਕੀੜਿਆਂ ਨੂੰ ਬਰਦਾਸ਼ਤ ਨਹੀਂ ਕਰਦਾ। ਜੀਵਨ ਵਿੱਚੋਂ ਚੁਣ ਚੁਣ ਕੇ ਬਾਹਰ ਕੱਢ ਦਿੰਦਾ ਹੈ, ਪਰ ਜੇਕਰ ਸੁਰਤ ਸੁੱਤੀ ਹੋਵੇ ਫਿਰ ਬੰਦੇ ਨੂੰ ਵਿਕਾਰਾਂ ਨਾਲ, ਬੇਇਜ਼ਤੀ ਨਾਲ, ਕੋਈ ਫਰਕ ਹੀ ਨਹੀਂ ਪੈਂਦਾ, ਬੰਦਾ ਸ਼ਰਮ ਪਰੂਫ ਹੋ ਜਾਂਦਾ ਹੈ। ਫੁਰਮਾਨ ਹੈ:-

ਮਾਇਆ ਮਦਿ ਮਾਤਾ ਰਹਿਆ ਸੋਇ ਜਾਗਤੁ ਰਹੈ, ਮੂਸੈ ਕੋਇ (ਮਹਲਾ /੧੧੨8)

ਮਾਇਆ ਦੇ ਹੰਕਾਰ ਵਿੱਚ ਸੁਰਤ ਸੁੱਤੀ ਹੋਵੇ ਫਿਰ ਕੋਈ ਕੁਝ ਆਖੀ ਜਾਵੇ, ਕੋਈ ਫਰਕ ਨਹੀਂ ਪੈਂਦਾ ਕਿਉਂਕਿ ‘‘ਮਾਇਆਧਾਰੀ ਅਤਿ ਅੰਨਾ ਬੋਲਾ ਸਬਦੁ ਸੁਣਈ, ਬਹੁ ਰੋਲ ਘਚੋਲਾ ’’ (ਮਹਲਾ /੩੧੩) ਹੋ ਜਾਂਦਾ ਹੈ।  ਜੇਕਰ ਸ਼ਬਦ ਗੁਰੂ ਰਾਹੀਂ ਸੁਰਤ ਜਾਗ ਪਵੇ ਫਿਰ ਖੇਤ ਸਰੀਰ ਦੇ ਉਜੜਨ ਤੋਂ ਬਚਾਅ ਹੋ ਜਾਂਦਾ ਹੈ। ਸੋ ਸ਼ਬਦ ਗੁਰੂ ਹੈ। ਸੁਰਤ, ਸ਼ਬਦ ਦਾ ਚੇਲਾ ਹੈ। ਉਮੀਦ ਹੈ ਬਾਤ ਸਮਝ ਵਿੱਚ ਆਈ ਹੋਵੇਗੀ।

ਸੁਰਤ-ਆਤਮਾ ਇਨਸਾਨ ਦੇ ਅੰਦਰ ਹੈ, ਇਸ ਲਿਹਾਜੇ ਨਾਲ ਸਿੱਖ ਦਾ ਬਲਕਿ ਇਨਸਾਨ ਦਾ ਗੁਰੂ ਸ਼ਬਦ ਹੀ ਹੈ, ਸਰੀਰ ਕਦੇ ਗੁਰੂ ਨਹੀਂ ਹੁੰਦਾ, ਸਰੀਰ ਕਦੇ ਚੇਲਾ ਵੀ ਨਹੀਂ ਹੁੰਦਾ, ਸਿੱਧ ਜੋਗੀ ਸਾਡੀ ਤਰ੍ਹਾਂ ਸਮਝਦੇ ਸਨ ਕਿ ਸ਼ਾਇਦ ਗੁਰੂ ਨਾਨਕ ਦਾ ਗੁਰੂ ਕੋਈ ਸਰੀਰ ਵਿੱਚ ਹੋਵੇਗਾ। ਅੱਜ ਸਿੱਖ ਵੀ ਸਮਝਦੇ ਹਨ ਕਿ ਸ਼ਾਇਦ ਜੀਵਨ ਦਾ ਉਧਾਰ ਕਲਿਆਣ ਕਿਸੇ ਦੇਹਧਾਰੀ ਗੁਰੂ, ਸੰਤ, ਬਾਬੇ ਰਾਹੀਂ ਹੋਵੇਗਾ, ਇਸ ਲਈ ਪੰਜਾਬ ਵਿੱਚ ਸਾਧ ਬਾਬਿਆਂ ਦੇ ਡੇਰੇ ਥਾਂ ਥਾਂ ’ਤੇ ਪਨਪੇ ਹੋਏ ਹਨ। ਸਾਧ ਬਾਬਿਆਂ ਦੇ ਵੱਗ ਫਿਰਦੇ ਹਨ। ਸੋ ਗਿਆਨ ਗੁਰੂ ਹੀ, ਸ਼ਬਦ ਗੁਰੂ ਹੀ, ਜੀਵਨ ਦਾ ਕਲਿਆਣ ਕਰਦਾ ਹੈ। ਪਿਆਸ ਨੂੰ ਪਾਣੀ ਮਿਟਾਉਂਦਾ ਹੈ, ਨਾ ਕਿ ਬਰਤਨ। ਤੁਸੀਂ ਖਿਆਲ ਕਰਨਾ ਮਨੁੱਖ ਨੂੰ ਪਿਆਸ ਲੱਗੀ ਹੋਵੇ ਤਾਂ ਪਿਆਸ ਨੂੰ ਪਾਣੀ ਮਿਟਾਉਂਦਾ ਹੈ, ਖਾਲੀ ਗਲਾਸ, ਖਾਲੀ ਘੜਾ, ਖਾਲੀ ਤਲਾਬ, ਪਿਆਸ ਨਹੀਂ ਮਿਟਾਉਂਦਾ। ਬਰਤਨ ਵਿੱਚ ਜੋ ਪਾਣੀ ਹੈ, ਉਹ ਪਾਣੀ ਪਿਆਸ ਨੂੰ ਮਿਟਾਉਂਦਾ ਹੈ, ਹਾਂ ਇੱਕ ਗੱਲ ਜਰੂਰ ਹੈ, ਜਿਸ ਬਰਤਨ ਰਾਹੀਂ ਪਾਣੀ ਪੀਤਾ ਹੈ, ਉਸ ਬਰਤਨ ਦਾ ਸਤਿਕਾਰ ਜ਼ਰੂਰ ਹੈ, ਪਰ ਅੱਜ ਖਾਲੀ ਬਰਤਨ ਹੀ ਬਹੁਤ ਦਾਅਵਾ ਪਿਆਸ ਬੁਝਾਉਣ ਦਾ ਕਰਦੇ ਹਨ, ਜੋ ਗਲਤ ਹਨ। ਇਹ ਸਾਧ ਬਾਬੇ ਖਾਲੀ ਬਰਤਨ ਹਨ, ਹੋਰ ਕੁਝ ਵੀ ਨਹੀਂ, ਕਿਸੇ ਗਲਾਸ, ਘੜੇ, ਤਲਾਬ, ਸਾਗਰ ਦਾ ਮਹੱਤਵ ਪਾਣੀ ਕਰਕੇ ਹੁੰਦਾ ਹੈ। ਗੁਰੂ ਸਾਹਿਬਾਨ ਦਾ ਸਤਿਕਾਰ ਬਾਣੀ ਕਰਕੇ ਹੈ। ਸੋ ਪਿਆਸ ਬਰਤਨ ਨੇ ਨਹੀਂ ਪਾਣੀ ਨੇ ਬੁਝਾਉਣੀ ਹੈ।  ਕਲਿਆਣ ਬਾਣੀ ਨੇ ਕਰਨਾ ਹੈ, ਸਰੀਰ ਨੇ ਨਹੀਂ, ਇਸ ਲਈ ਸਰੀਰ ਗੁਰੂ ਨਹੀਂ ਹੈ ਸ਼ਬਦ ਗੁਰੂ ਹੈ, ਗੱਲ ਤੁਹਾਡੇ ਮਨ ਵਿੱਚ ਪੂਰੀ ਤਰ੍ਹਾਂ ਵਸ ਜਾਵੇ, ਇਸ ਲਈ ਗੁਰ ਇਤਿਹਾਸ ਦਾ ਇੱਕ ਵਾਕਿਆ, ਇੱਕ ਘਟਨਾ ਕਹਾਂਗਾ, ਜੋ ਕਿ ਧਿਆਨ ਨਾਲ ਸੁਣਨਯੋਗ ਹੈ।

ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਜੀ:- ਗੁਰੂ ਜੀ ਦੇ ਜੀਵਨ ਵਿੱਚੋਂ ਵਾਕਿਆ ਹੈ, ਜਦੋਂ ਗੁਰੂ ਅਮਰਦਾਸ ਜੀ ਹਾਲੇ ਆਮ ਆਦਮੀ ਹੀ ਸਨ, ਜਦੋਂ ਇਹ ਗੁਰੂ ਦੀ ਸ਼ਰਨ ਨਹੀਂ ਆਏ ਸਨ, ਜਦੋਂ ਇਹ ਤੀਰਥਾਂ ਦੇ ਨਹਾਉਣ ਨੂੰ ਹੀ ਧਰਮ ਸਮਝਦੇ ਸਨ। ਬਾਬਾ ਅਮਰਦਾਸ ਜੀ ਦਾ ਆਗਮਨ 5 ਮਈ 1479 ਨੂੰ ਮਾਤਾ ਸੁਲੱਖਣੀ (ਮਾਤਾ ਲੱਖੋ, ਲਕਸ਼ਮੀ) ਜੀ ਦੇ ਘਰ ਪਿਤਾ ਬਾਬਾ ਤੇਜਭਾਨ ਜੀ ਦੇ ਗ੍ਰਹਿ ਪਿੰਡ ਬਾਸਰਕੇ ਅੰਮ੍ਰਿਤਸਰ ਵਿਖੇ ਹੋਇਆ। ਬਾਬਾ ਅਮਰਦਾਸ ਜੀ ਦਾ ਵਿਆਹ ਸੰਨ 1532 ਈਸਵੀ ਨੂੰ ਮਾਤਾ ਮਨਸਾ ਦੇਵੀ ਜੀ ਨਾਲ ਹੋਇਆ ਸੀ। ਇਹਨਾਂ ਦੇ ਘਰ ਦੋ ਪੁੱਤਰ (ਮੋਹਨ ਜੀ ਅਤੇ ਮੋਹਰੀ ਜੀ) ਅਤੇ ਦੋ ਬੇਟੀਆਂ (ਬੀਬੀ ਭਾਨੀ ਜੀ ਤੇ ਬੀਬੀ ਦਾਨੀ ਜੀ) ਪੈਦਾ ਹੋਏ ਸਨ। ਬਾਬਾ ਅਮਰਦਾਸ ਜੀ ਦਾ ਅਰੰਭਕ ਜੀਵਨ ਕਰਮਕਾਂਡੀ ਸੀ। ਆਪ ਹਰੇਕ ਸਾਲ ਕਿਸੇ ਨਾ ਕਿਸੇ ਤੀਰਥ ਇਸ਼ਨਾਨ ਲਈ ਜਾਂਦੇ ਸਨ। 62 ਸਾਲ ਦੀ ਉਮਰ ਹੋ ਗਈ ਸੀ। ਇਤਿਹਾਸ ਕਹਿੰਦਾ ਹੈ ਕਿ 21ਵੀਂ ਵਾਰ ਹਰਿਦੁਆਰ (ਵਿਸ਼ਨੂੰ ਦੁਆਰ) ਤੋਂ ਵਾਪਸ ਆ ਰਹੇ ਸਨ। ਆਉਂਦਿਆਂ ਆਉਂਦਿਆਂ ਬਾਬਾ ਅਮਰਦਾਸ ਜੀ ਦਾ ਮੇਲ ਇੱਕ ਸੰਨਿਆਸੀ ਫਕੀਰ ਹਰੀਰਾਮ ਨਾਲ ਹੋ ਗਿਆ। ਬੰਸਾਵਲੀ ਨਾਮੇ ਦਾ ਕਰਤਾ ਇਸ ਦਾ ਜ਼ਿਕਰ ਕਰਦਾ ਹੈ :-

ਮਾਰਗ ਵਿਚਿ ਇਕ ਮਿਲਿਆ ਫਕੀਰ

ਹਰੀਰਾਮ ਨਾਮ ਜਿਸ ਦਾ,  ਸ੍ਰੀ ਚੰਦ ਸਾਹਿਬ ਗੁਰ ਪੀਰ (ਕੇਸਰ ਸਿੰਘ ਛਿੱਬਰ)

ਹਰੀਰਾਮ ਸੰਨਿਆਸੀ ਫਕੀਰ; ਸ੍ਰੀ ਚੰਦ ਦਾ ਵੀ ਗੁਰੂ ਸੀ। ਬਾਬਾ ਅਮਰਦਾਸ ਅਤੇ ਫਕੀਰ ਹਰੀਰਾਮ ਇਕੱਠੇ ਚੱਲ ਪਏ। ਦੋ ਦਿਨ ਬਚਨ ਕਰਦਿਆਂ ਚਲਦਿਆਂ ਬੀਤ ਗਏ, ਪਿੰਡ ਬਾਸਰਕੇ ਨੇੜੇ ਆ ਗਏ ਸਨ। ਸ਼ਾਮ ਦਾ ਸਮਾਂ ਸੀ, ਬਾਬਾ ਅਮਰਦਾਸ ਨੇ ਕਿਹਾ ਰਾਤ ਆ ਰਹੀ ਹੈ। ਤੁਸੀਂ ਰਾਤ ਮੇਰੇ ਕੋਲ ਰਹਿ ਕੇ ਜਾਓ। ਰਾਤ ਮੇਰੇ ਕੋਲ ਠਹਿਰ ਜਾਓ। ਕੱਲ੍ਹ ਸਵੇਰੇ ਚਲੇ ਜਾਣਾ। ਉਹ ਫਕੀਰ ਹਰੀਰਾਮ ਮੰਨ ਗਿਆ, ਘਰ ਪਹੁੰਚ ਕੇ ਬਾਬਾ ਅਮਰਦਾਸ ਜੀ ਨੇ ਆਪ ਦੀ ਹੱਥੀ ਸਾਰੀ ਸੇਵਾ ਕੀਤੀ। ਲੰਗਰ ਪਾਣੀ ਛਕਾਇਆ ਫਿਰ ਰਾਤ ਨੂੰ ਆਰਾਮ ਕਰਨ ਲਈ ਘਰ ਦੀ ਛੱਤ ਉੱਪਰ ਚਲੇ ਗਏ। ਸੌਣ ਵੇਲੇ ਧਰਮ ਦੀਆਂ ਗੱਲਾਂ ਹੋਣ ਲੱਗੀਆਂ। ਹਰੀਰਾਮ ਨੇ ਪੁੱਛਿਆ, ਪੁਰਖਾ ! ਤੇਰਾ ਗੁਰੂ ਕੌਣ ਹੈ  ? ਕਿਸ ਗੁਰੂ ਕੋਲੋਂ ਤੁਸਾਂ ਦੀਖਿਆ ਸਿੱਖਿਆ ਲਈ ਹੈ। ਬਾਬਾ ਅਮਰਦਾਸ ਚੁੱਪ ਸੀ ਕਿਉਂਕਿ ਇਹ ਪਹਿਲੀ ਵਾਰ ਸਵਾਲ ਕਿਸੇ ਨੇ ਕੀਤਾ ਸੀ। ਦੁਬਾਰਾ ਫਿਰ ਹਰੀਰਾਮ ਨੇ ਪੁੱਛਿਆ ਪੁਰਖਾ ! ਤੇਰਾ ਗੁਰੂ ਕੌਣ ਹੈ  ? ਬਾਬਾ ਅਮਰਦਾਸ ਜੀ ਇਮਾਨਦਾਰ ਸਨ। ਮੈਂ ਗੁਰੂ ਧਾਰਨ ਨਹੀਂ ਕੀਤਾ। ਗੁਰੂ ਦੀ ਖੋਜ ’ਚ ਹਾਂ । ਮਹਿਮਾ ਪ੍ਰਕਾਸ਼ ਦਾ ਕਰਤਾ ਇਸ ਵਾਰਤਾਲਾਪ ਦਾ ਜ਼ਿਕਰ ਕਰਦਾ ਹੈ:-

ਤੁਮ ਕਿਸੁ ਗੁਰਗ੍ਰਹਿ ਕੇ ਸੇਵਕ ਅਹੋ  ਯਹ ਬ੍ਰਿਤੰਤ ਦਿਆਲ ਮੁਹਿ ਕਹੋ

ਯਹ ਬਚਨ ਦਿਆਲ ਤਾਹ ਸੋ ਕਹਾ  ਮੈ ਅਬ ਲਗ ਗੁਰ ਖੋਜਤ ਰਹਾ (ਸਰੂਪ ਦਾਸ ਭੱਲਾ)

ਜਦੋਂ ਹਰੀਰਾਮ ਨੂੰ ਪਤਾ ਲੱਗਾ ਇਹ ਨਿਗੁਰਾ ਹੈ। ਉਹ ਬਾਬਾ ਅਮਰਦਾਸ ਜੀ ਨੂੰ ਗੁੱਸੇ ਵਿੱਚ ਬੋਲਣ ਲੱਗ ਪਿਆ। ਤੂੰ ਨਿਗੁਰਾ ਹੈਂ। ਮੈਂ ਅੱਜ ਨਿਗੁਰੇ ਦੇ ਹੱਥੋਂ ਖਾਣਾ ਖਾਦਾ। ਮੇਰਾ ਸਾਰਾ ਕੁਝ ਕੀਤਾ ਭ੍ਰਸ਼ਟ ਹੋ ਗਿਆ ਹੈ। ਕਹਿੰਦਾ ਕਹਿੰਦਾ ਉਹ ਛੱਤ ਤੋਂ ਥੱਲੇ ਆ ਗਿਆ । ਮਹਿਮਾ ਪ੍ਰਕਾਸ਼ ਵਿੱਚ ਜ਼ਿਕਰ ਹੈ :-

ਬ੍ਰਹਮਚਾਰੀ ਇਹ ਬਚਨ ਸੁਨ,  ਅਤ ਮਨ ਤਨ ਦੁਖ ਮਾਨ

ਮਮ ਤੀਰਥ ਬ੍ਰਤ ਬ੍ਰਿਥਾ ਭਏ,  ਕੀਓ ਜੁ ਤੁਮ ਸੌ ਖਾਨ (ਸਰੂਪ ਦਾਸ ਭੱਲਾ)

ਇਉਂ ਹਰੀਰਾਮ ਨਰਾਜ ਹੋ ਕੇ ਰਾਤ ਨੂੰ ਹੀ ਬਾਬਾ ਅਮਰਦਾਸ ਕੋਲੋਂ ਚਲਾ ਗਿਆ ਸੀ। ਬਾਬਾ ਅਮਰਦਾਸ ਦੇ ਮਨ ਨੂੰ ਠੋਕਰ ਵੱਜੀ ਕਿ ਮੈਂ ਨਿਗੁਰਾ ਹਾਂ, ਬੁਰਾ ਹਾਂ, ਜੋ ਮੇਰੇ ਹੱਥੋਂ ਖਾਣਾ ਖਾਣ ਨਾਲ ਉਸ ਦੇ ਕੀਤੇ ਕਰਮ ਧਰਮ ਭ੍ਰਿਸ਼ਟ ਹੋ ਗਏ ਹਨ। ਗੁਰੂ ਪਦਵੀ ’ਤੇ ਆਉਣ ਉਪਰੰਤ ਆਪ ਨੇ ਇਹ ਬਚਨ ਉਚਾਰਨ ਕੀਤੇ ਹਨ:-

ਸਤਿਗੁਰ ਬਾਝਹੁ ਗੁਰੁ ਨਹੀ ਕੋਈ,  ਨਿਗੁਰੇ ਕਾ ਹੈ ਨਾਉ ਬੁਰਾ (ਮਹਲਾ /੪੩੪)

ਨਿਗੁਰਾ ਬੁਰਾ ਹੁੰਦਾ ਹੈ, ਨਿਗੁਰੇ ਦਾ ਸਾਥ ਵੀ ਬੁਰਾ ਹੁੰਦਾ ਹੈ। ਬਾਬਾ ਅਮਰਦਾਸ ਜੀ ਦਾ ਮਨ ਵਿਆਕੁਲ ਹੋ ਗਿਆ ਸੀ। ਆਤਮਾ ਝੰਜੋੜੀ ਗਈ ਸੀ ਜਿਵੇਂ ਪਾਣੀ ਤੋਂ ਬਗੈਰ ਮੱਛੀ ਤੜਫਦੀ ਹੈ। ਬਾਬਾ ਅਮਰਦਾਸ ਜੀ ਸਾਰੀ ਰਾਤ ਤੜਫਦੇ ਰਹੇ। ਸਾਰੀ ਰਾਤ ਹੀ ਸੋਚਦੇ ਰਹੇ। ਮੇਰੇ ਨਿਗੁਰੇ ਕਾਰਨ ਉਸ ਦਾ ਕਮਾਇਆ ਧਰਮ ਭ੍ਰਿਸ਼ਟ ਹੋ ਗਿਆ ਹੈ। ਸਾਰੀ ਰਾਤ ਬੀਤ ਗਈ ਨੀਂਦ ਨਹੀਂ ਸੀ ਆਈ। ਤੜਕਾ ਹੋ ਗਿਆ ਬਾਬਾ ਅਮਰਦਾਸ ਜੀ ਦੀ ਭਤੀਜ ਨੂੰਹ; ਗੁਰੂ ਅੰਗਦ ਸਾਹਿਬ ਜੀ ਦੀ ਸਪੁੱਤਰੀ (ਬੀਬੀ ਅਮਰੋ ਜੀ) ਜਾਗ ਪਏ ਸਨ।

ਇਥੋਂ ਥੋੜ੍ਹਾ ਇਤਿਹਾਸ ਨੂੰ ਸਮਝਣਾ ਜ਼ਰੂਰੀ ਹੈ। ਗੁਰੂ ਅੰਗਦ ਸਾਹਿਬ ਜੀ ਦੀ ਪੁੱਤਰੀ (ਬੀਬੀ ਅਮਰੋ ਜੀ); ਬਾਬਾ ਅਮਰਦਾਸ ਜੀ ਦੀ ਭਤੀਜ ਨੂੰਹ ਹਨ। ਬਾਬਾ ਤੇਜ ਭਾਨ ਜੀ ਦੇ ਚਾਰ ਪੁੱਤਰ ਸਨ । ਬਾਬਾ ਅਮਰਦਾਸ ਜੀ, ਜੋ ਤੀਰਥ ਯਾਤਰੀ ਸਨ। ਆਪ 72 ਸਾਲ ਦੀ ਉਮਰ ਵਿੱਚ ਗੁਰੂ ਪਦਵੀ ਨੂੰ ਪਹੁੰਚੇ ਸਨ। (2). ਬਾਬਾ ਈਸ਼ਰ ਮਲ ਜੀ, ਇਹਨਾਂ ਦੇ ਸਪੁੱਤਰ ਭਾਈ ਗੁਰਦਾਸ ਜੀ ਹੋਏ ਹਨ, ਜਿਨ੍ਹਾਂ ਦੀ ਰਚਨਾ ਦਾ ਕੀਰਤਨ ਹੁੰਦਾ ਹੈ। (3). ਬਾਬਾ ਖੇਮ ਰਾਇ ਜੀ, ਇਹਨਾਂ ਦੇ ਪੁੱਤਰ ਭਾਈ ਸਾਵਣ ਮੱਲ ਜੀ ਹੋਏ ਹਨ। ਜੋ ਗੋਬਿੰਦਵਾਲ ਸਾਹਿਬ ਦੀ ਉਸਾਰੀ ਲਈ ਹਿਮਾਚਲ ਪ੍ਰਦੇਸ਼ ਵਿੱਚੋਂ ਹਰੀਪੁਰ ਤੋਂ ਰਾਜਾ ਹਰੀ ਸੈਨ ਰਾਹੀਂ ਲੱਕੜ ਲਿਆਏ ਸਨ। (4). ਬਾਬਾ ਮਾਣਕ ਚੰਦ ਜੀ, ਇਹਨਾਂ ਦੇ ਸਪੁੱਤਰ ਭਾਈ ਜੱਸੂ ਰਾਏ (ਡਾ. ਦਲਗੀਰ ਸਿੰਘ ਅਨੁਸਾਰ ਰਾਮ ਜੀ ਮੱਲ) ਦਾ ਵਿਆਹ ਗੁਰੂ ਅੰਗਦ ਸਾਹਿਬ ਜੀ ਦੀ ਸਪੁੱਤਰੀ ਬੀਬੀ ਅਮਰੋ ਜੀ ਨਾਲ ਹੋਇਆ ਹੈ। ਇਸ ਲਿਹਾਜੇ ਨਾਲ ਬੀਬੀ ਅਮਰੋ ਜੀ; ਬਾਬਾ ਅਮਰਦਾਸ ਜੀ ਦੀ ਭਤੀਜ ਨੂੰਹ ਲੱਗਦੇ ਹਨ।

ਇਹ ਇਤਿਹਾਸਿਕ ਤੱਥ ਅਤੇ ਸੱਚ ਹੈ ਕਿ ਜਦੋਂ ਗੁਰੂ ਅੰਗਦ ਸਾਹਿਬ ਜੀ; ਖਡੂਰ ਸਾਹਿਬ ਤੋਂ ਆਪਣੀ ਬੇਟੀ ਅਮਰੋ ਦਾ ਰਿਸ਼ਤਾ ਤੈਅ ਕਰਨ ਲਈ ਬਾਸਰਕੇ ਆਏ ਤਾਂ ਬਾਬਾ ਅਮਰਦਾਸ ਜੀ ਵੱਡੇ ਹੋਣ ਕਰਕੇ ਉੱਥੇ ਮੌਜੂਦ ਸਨ। ਜਦੋਂ ਬੀਬੀ ਅਮਰੋ ਜੀ ਦਾ ਰਿਸ਼ਤਾ ਭਾਈ ਜੱਸੂ ਰਾਏ (ਰਾਮ ਜੀ ਮੱਲ) ਨਾਲ ਹੋ ਗਿਆ, ਉਸ ਵੇਲੇ ਗੁਰੂ ਅੰਗਦ ਸਾਹਿਬ ਜੀ; ਬਾਬਾ ਅਮਰਦਾਸ ਜੀ ਦੇ ਗਲ ਨਾਲ ਮਿਲੇ ਸਨ, ਫਿਰ ਜਦੋਂ ਬਾਬਾ ਤੇਜ ਭਾਨ ਜੀ; ਪਿੰਡ ਬਾਸਰਕੇ ਤੋਂ ਖਡੂਰ ਸਾਹਿਬ ਜੱਸੂ ਰਾਏ ਦੇ ਵਿਆਹ ਲਈ ਆਏ, ਉਸ ਵੇਲੇ ਵੀ ਬਾਬਾ ਅਮਰਦਾਸ ਜੀ; ਆਪਣੇ ਗੁਰੂ ਅੰਗਦ ਸਾਹਿਬ ਜੀ ਕੁੜਮਾਚਾਰੀ ਕਰਕੇ ਮਿਲੇ ਸਨ ਭਾਵ ਗੁਰੂ ਅੰਗਦ ਸਾਹਿਬ ਜੀ ਦੇ ਚੰਗੀ ਤਰ੍ਹਾਂ ਸਰੀਰ ਕਰਕੇ ਦਰਸ਼ਨ ਹੋਏ ਸਨ, ਪਰ ਸਰੀਰ ਦਰਸ਼ਨਾ ਨਾਲ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਸੀ ਆਈ। ਉਸੇ ਤਰ੍ਹਾਂ ਤੀਰਥ ਯਾਤਰਾ ’ਤੇ ਜਾਂਦੇ ਰਹੇ ਸਨ, ਪਰ ਅੱਜ ਜਦੋਂ ਮਹਾਤਮਾ ਹਰੀਰਾਮ ਨੇ ਕਿਹਾ ਕਿ ਤੂੰ ਨਿਗੁਰਾ ਹੈਂ, ਬੁਰਾ ਹੈਂ, ਤਾਂ ਬਾਬਾ ਅਮਰਦਾਸ ਤੜਫ ਗਏ ਸਨ। ਸਾਰੀ ਰਾਤ ਨੀਂਦ ਨਹੀਂ ਸੀ ਆਈ। ਸਾਰੀ ਰਾਤ ਜਾਗਦੇ ਰਹੇ। ਹੁਣ ਜਦੋਂ ਤੜਕਾ ਹੋਇਆ ਬੀਬੀ ਅਮਰੋ ਜੀ ਜਾਗੇ ਹਨ। ਇਸ਼ਨਾਨ ਕੀਤਾ ਦਹੀ ਰਿੜਕਣ ਲਈ ਚਾਟੀ ਵਿੱਚ ਮਧਾਣੀ ਪਾਈ। ਦਹੀ ਰਿੜਕਣ ਲੱਗ ਪਏ । ਨਾਲ ਨਾਲ ਬੜੀ ਸੁਰੀਲੀ ਆਵਾਜ਼ ਵਿੱਚ ਇੱਕ ਸ਼ਬਦ ਉਚਾਰ ਕੇ ਪੜਨ ਲੱਗ ਪਏ। ਮਹਿਮਾ ਪ੍ਰਕਾਸ਼ ਅੰਦਰ ਸਰੂਪ ਦਾਸ ਭੱਲਾ ਇਸ ਦਾ ਜ਼ਿਕਰ ਕਰਦੇ ਹਨ:-

ਬੀਬੀ ਅਮਰੋ ਜੀ ਜਾਗੀ  ਮੁਖ ਕਰ ਪਦ ਧੋਇ ਭਜਨ ਅਨਰਾਗੀ

ਗੁਰਬਾਣੀ ਬੀਬੀ ਪਾਠ ਮੁਖ ਕਰੀ  ਸੁਨੀ ਸਾਹਿਬ ਹਿਰਦੇ ਸਭ ਧਰੀ

ਸ਼ਬਦ ਸੰਪੂਰਨ ਬੀਬੀ ਪੜਾ  ਸਾਹਿਬ ਸੁਨੇ ਓਲੇ ਹੋਏ ਖੜਾ (ਮਹਿਮਾ ਪ੍ਰਕਾਸ਼)

ਬਾਬਾ ਅਮਰਦਾਸ ਜੀ ਜਾਗਦੇ ਸਨ। ਜਦੋਂ ਬੀਬੀ ਅਮਰੋ ਜੀ ਸ਼ਬਦ ਪੜ੍ਹਨ ਲੱਗੇ ਤਾਂ ਬਾਬਾ ਅਮਰਦਾਸ ਜੀ ਕੰਧ ਨਾਲ ਬੈਠ ਕੇ ਸ਼ਬਦ ਬਹੁਤ ਧਿਆਨ ਨਾਲ ਸੁਣਨ ਲੱਗੇ, ਜੋ ਮਾਰੂ ਰਾਗ ਵਿੱਚ ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰਨ ਕੀਤਾ ਹੈ:-

ਮਾਰੂ ਮਹਲਾ ਘਰੁ

ਕਰਣੀ ਕਾਗਦੁ ਮਨੁ ਮਸਵਾਣੀ; ਬੁਰਾ ਭਲਾ ਦੁਇ ਲੇਖ ਪਏ

ਜਿਉ ਜਿਉ ਕਿਰਤੁ ਚਲਾਏ ਤਿਉ ਚਲੀਐ; ਤਉ ਗੁਣ ਨਾਹੀ ਅੰਤੁ ਹਰੇ

ਚਿਤ  ! ਚੇਤਸਿ ਕੀ ਨਹੀ ਬਾਵਰਿਆ !   ਹਰਿ ਬਿਸਰਤ; ਤੇਰੇ ਗੁਣ ਗਲਿਆ ਰਹਾਉ              

ਜਾਲੀ ਰੈਨਿ; ਜਾਲੁ ਦਿਨੁ ਹੂਆ; ਜੇਤੀ ਘੜੀ; ਫਾਹੀ ਤੇਤੀ

ਰਸਿ ਰਸਿ ਚੋਗ ਚੁਗਹਿ; ਨਿਤ ਫਾਸਹਿ; ਛੂਟਸਿ ਮੂੜੇ ਕਵਨ ਗੁਣੀ  ?               

ਕਾਇਆ ਆਰਣੁ; ਮਨੁ, ਵਿਚਿ ਲੋਹਾ; ਪੰਚ ਅਗਨਿ ਤਿਤੁ ਲਾਗਿ ਰਹੀ

ਕੋਇਲੇ ਪਾਪ ਪੜੇ ਤਿਸੁ ਊਪਰਿ;  ਮਨੁ ਜਲਿਆ ਸੰਨ੍ਹੀ ਚਿੰਤ ਭਈ

ਭਇਆ ਮਨੂਰੁ; ਕੰਚਨੁ ਫਿਰਿ ਹੋਵੈ;  ਜੇ ਗੁਰੁ ਮਿਲੈ ਤਿਨੇਹਾ  

ਕੁ ਨਾਮੁ ਅੰਮ੍ਰਿਤੁ ਓਹੁ ਦੇਵੈ;  ਤਉ ਨਾਨਕ ਤ੍ਰਿਸਟਸਿ ਦੇਹਾ (ਮਹਲਾ /੯੯੦)

ਜਿਵੇਂ ਜਿਵੇਂ ਸ਼ਬਦ ਗੁਰੂ ਬਾਬਾ ਅਮਰਦਾਸ ਜੀ ਸੁਣ ਰਹੇ ਸਨ, ਸ਼ਬਦ ਦੀ ਗਹਿਰਾਈ, ਅੰਦਰ ਗਹਿਰਾ ਅਸਰ ਕਰ ਰਹੀ ਸੀ। ਮਨੁੱਖ ਦਾ ਜੀਵਨ ਕੋਰੇ ਕਾਗਜ਼ ਵਰਗਾ ਹੁੰਦਾ ਹੈ। ਉਸ ਦਾ ਮਨ, ਸਿਆਹੀ ਦੀ ਦਵਾਤ ਵਾਂਗ ਹੈ। ਦਵਾਤ ਵਿੱਚ ਬੁਰੀ ਅਤੇ ਭਲੀ ਸੋਚ ਦੀ ਸਿਆਹੀ ਪਈ ਹੈ। ਇਸ ਬੁਰੀ ਅਤੇ ਭਲੀ ਸੋਚ ਦੀ ਸਿਆਹੀ ਨਾਲ ਬੁਰੇ ਅਤੇ ਭਲੇ ਸੰਸਕਾਰਾਂ ਦੇ ਲੇਖ ਲਿਖੇ ਜਾਂਦੇ ਹਨ। ਮਨੁੱਖ ਨੇ ਜੀਵਨ ਅੰਦਰ ਜਿਸ ਜਿਸ ਤਰ੍ਹਾਂ ਦੇ ਕਰਮ ਕੀਤੇ ਹਨ, ਉਹਨਾਂ ਕਰਮਾਂ ਦੇ ਬਣੇ ਅਕਾਰ ਅੱਗੋਂ ਜੀਵਨ ਨੂੰ ਉਸੇ ਤਰ੍ਹਾਂ ਚਲਾ ਰਹੇ ਹਨ। ਇਹ ਸਭ ਅਕਾਲ ਪੁਰਖ ਦੇ ਨਿਯਮਾਂ ਦੀ ਖੇਡ ਹੈ। ਇਸ ਖੇਡ ਦਾ ਕੋਈ ਵੀ ਪੂਰਾ ਪੂਰਾ ਭੇਦ ਨਹੀਂ ਪਾ ਸਕਦਾ। ਬਾਬਾ ਅਮਰਦਾਸ ਜੀ ਬੜੇ ਸਹਿਜ ਨਾਲ ਇਹ ਅਰਥ ਸਮਝ ਰਹੇ ਹਨ ਅਤੇ ਨਾਲ ਨਾਲ ਗਹਿਰਾਈ ਨਾਲ ਸੋਚ-ਵਿਚਾਰ ਕਰ ਰਹੇ ਹਨ। ਬੀਬੀ ਅਮਰੋ ਜੀ ਰਹਾਉ ਵਾਲੀ ਪੰਕਤੀ ਗਾ ਰਹੇ ਹਨ । ਕਮਲੇ ਮਨ ! ਤੂੰ ਗੁਰੂ ਰਾਹੀਂ ਅਨੰਤ ਬੇਅੰਤ ਗੁਣਾਂ ਵਾਲੇ ਪਰਮੇਸ਼ਰ ਨੂੰ ਯਾਦ ਕਿਉਂ ਨਹੀਂ ਕਰਦਾ। ਯਾਦ ਰੱਖੀ ਜੇ ਪਰਮਾਤਮਾ ਦੀ ਯਾਦ ਜੀਵਨ ਦਾ ਹਿੱਸਾ ਨਾ ਬਣੀ ਤਾਂ ਸਾਰੇ ਜੀਵਨ ਦੇ ਗੁਣ ਗਲ ਜਾਣਗੇ ਭਾਵ ਖਤਮ ਹੋ ਜਾਣਗੇ। ਜਦ ਕੋਈ ਵੀ ਚੀਜ਼ ਗਲ ਜਾਵੇ, ਉਹ ਬਦਬੂ ਮਾਰਨ ਲੱਗ ਪੈਂਦੀ ਹੈ। ਜੇਕਰ ਜੀਵਨ ਵਿੱਚੋਂ ਗੁਣ ਗਲ਼ ਜਾਣ, ਫਿਰ ਜੀਵਨ ਵਿੱਚੋਂ ਹੰਕਾਰ ਦੀ ਬਦਬੂ ਆਉਣ ਲੱਗ ਪੈਂਦੀ ਹੈ। ਬਦਬੂ ਵਾਲੇ ਨੂੰ, ਗਲ਼ੇ ਪਦਾਰਥ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਇਹ (ਰਹਾਉ) ਸੁਣ ਕੇ ਬਾਬਾ ਅਮਰਦਾਸ ਦੇ ਨੇਤਰਾਂ ਵਿੱਚੋਂ ਬੈਰਾਗ ਦਾ ਨੀਰ ਵਹਿ ਤੁਰਿਆ। ਬੀਬੀ ਅਮਰੋ ਜੀ ਸ਼ਬਦ ਦਾ ਦੂਸਰਾ ਪਹਿਰਾ ਪੜ੍ਹ ਰਹੇ ਸਨ। ਮਨ ਇਕ ਪੰਛੀ ਦੀ ਤਰ੍ਹਾਂ ਹੈ, ਜੋ ਦਸਾਂ ਦਿਸ਼ਾ ਵਿੱਚ ਉੱਡ ਰਿਹਾ ਹੈ। ਗੁਰੂ ਨਾਨਕ ਸਾਹਿਬ ਜੀ ਆਖਦੇ ਹਨ ਕਿ ਇਸ ਮਨ ਵਾਸਤੇ ਰਾਤ ਫਾਹੀ ਬਣਦੀ ਜਾ ਰਹੀ ਹੈ, ਦਿਨ ਜਾਲ ਫਾਹਾ ਬਣਦਾ ਜਾ ਰਿਹਾ ਹੈ। ਗੁਰ ਪਰਮੇਸ਼ਰ ਦੀ ਸ਼ਰਨ ਬਗੈਰ ਇਕ ਇਕ ਘੜੀ ਮੌਤ ਲਈ ਫਾਹੀ ਬਣਦੀ ਜਾ ਰਹੀ ਹੈ। ਇਹ ਮਨ ਗੁਰ ਪਰਮੇਸ਼ਰ ਦੀ ਸਿੱਖਿਆ ਤੋਂ ਬਗੈਰ ਰੋਜ਼ ਰੋਜ਼ ਵਿਕਾਰਾਂ ਦਾ ਚੋਗਾ ਚੁਗ ਰਿਹਾ ਹੈ। ਇਉਂ ਵਿਕਾਰਾਂ ਵਿੱਚ ਫਸਦਾ ਜਾ ਰਿਹਾ ਹੈ। ਜਦੋਂ ਮਨ ਵਿਕਾਰਾਂ ਵਿੱਚ ਪੂਰਾ ਪੂਰਾ ਫਸ ਗਿਆ, ਫਿਰ ਕਿਵੇਂ ਛੁਟਕਾਰਾ ਪਵੇਗਾ, ਕਦੇ ਵੀ ਨਹੀਂ ਛੁੱਟ ਸਕਦਾ। ਜਦੋਂ ਸ਼ਬਦ ਦੀ ਇਹ ਵਿਚਾਰ ਸਰਵਣ ਕੀਤੀ ਤਾਂ ਬਾਬਾ ਅਮਰਦਾਸ ਜੀ ਦਾ ਮਨ ਝੰਝੋੜਿਆ ਗਿਆ। ਸ਼ਬਦ ਦਾ ਤੀਸਰਾ ਪਹਿਰਾ ਆਰੰਭ ਹੁੰਦਾ ਹੈ। ਗੁਰੂ ਨਾਨਕ ਸਾਹਿਬ ਆਖਦੇ ਹਨ ਇਹ ਸਰੀਰ ਲੁਹਾਰ ਦੀ ਭੱਠੀ ਵਾਂਗ ਹੈ। ਗੁਰੂ ਦੇ ਉਪਦੇਸ਼ ਤੋਂ ਬਿਨਾਂ, ਗੁਰੂ ਦੀ ਸ਼ਰਨ ਤੋਂ ਬਿਨਾਂ ਇਸ ਸਰੀਰ ਦੀ ਭੱਠੀ ਵਿੱਚ ਕਾਮ, ਕ੍ਰੋਧ, ਈਰਖਾ ਨਫਰਤ ਦੀ ਤ੍ਰਿਸ਼ਨਾ, ਅਹੰਕਾਰ ਦੀ ਅੱਗ ਬਲ਼ ਰਹੀ ਹੈ। ਇਸ ਸਰੀਰ ਦੀ ਅਹਿਰਨ ਭੱਠੀ ਵਿੱਚ ਮਨ ਲੋਹੇ ਦੇ ਟੁਕੜੇ ਵਾਂਗ ਪਿਆ ਹੈ। ਵਿਕਾਰਾਂ ਦੀ ਅੱਗ ਸਰੀਰ ਜੀਵਨ ਵਿੱਚ ਤੇਜ਼ ਹੋ ਰਹੀ ਹੈ ਕਿਉਂਕਿ ਭੱਠੀ ਵਿੱਚ, ਜੀਵਨ ਵਿੱਚ ਕੁਕਰਮਾ ਪਾਪਾਂ ਦੇ ਕੋਇਲੇ ਲਗਾਤਾਰ ਪੈ ਰਹੇ ਹਨ। ਮਨੁੱਖ ਦਾ ਮਨ ਵਿਕਾਰਾਂ ਦੀ ਅੱਗ ਨਾਲ ਅਤੇ ਪਾਪਾ ਦੇ ਕੋਲਿਆਂ ਨਾਲ ਤਪ ਰਿਹਾ ਹੈ, ਸੜ ਰਿਹਾ ਹੈ, ਚਿੰਤਾ ਸੰਨੀ ਵਾਂਗ ਹੈ, ਮਨੁੱਖ ਦਾ ਮਨ ਵਿਕਾਰਾਂ ਦੀ ਅੱਗ ਨਾਲ ਅਤੇ ਪਾਪਾਂ ਦੇ ਕੋਲਿਆਂ ਦੇ ਸੇਕ ਨਾਲ ਜਲ਼ ਕੇ ਮਨੂਰ ਵਾਂਗ ਕਠੋਰ ਨਿਰਦਈ ਹੋ ਗਿਆ ਹੈ, ਜਿਸ ਉੱਪਰ ਕਿਸੇ ਚੀਜ਼ ਦਾ ਅਸਰ ਹੀ ਨਹੀਂ ਹੁੰਦਾ। ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਜੇਕਰ ਐਸੇ ਮਨੂਰ ਮਨ, ਕਠੋਰ ਮਨ ਨੂੰ ਗੁਰੂ ਉਪਦੇਸ਼ ਦੇ ਪਾਰਸ ਦੀ ਛੋਹ ਮਿਲ ਜਾਵੇ ਤਾਂ ਗੁਰੂ ਪਾਰਸ ਦੀ ਬਰਕਤ ਨਾਲ ਇਹ ਕਠੋਰ ਮਨ ਸੋਨੇ ਵਰਗਾ ਕੀਮਤੀ ਹੋ ਜਾਂਦਾ ਹੈ, ਜਦੋਂ ਸਰਨ ਪਏ ਮਨੁੱਖ ਨੂੰ ਗੁਰੂ ਨਾਨਕ ਬਾਣੀ ਦਾ ਉਪਦੇਸ਼, ਨਾਮ ਦਾ ਅੰਮ੍ਰਿਤ ਬਖਸ਼ਦਾ ਹੈ ਤਾਂ ਜੀਵਨ ਦਾ ਕੇਂਦਰ ਮਨ ਟਿਕ ਜਾਂਦਾ ਹੈ, ਜੇਕਰ ਮਨ ਟਿਕ ਗਿਆ ਤਾਂ ਸਾਰਾ ਜੀਵਨ ਟਿਕ ਜਾਂਦਾ ਹੈ, ਜੇ ਮਨ ਭਟਕ ਗਿਆ ਸਾਰਾ ਜੀਵਨ ਭਟਕ ਜਾਂਦਾ ਹੈ। ਇਹ ਮਨ ਗੁਰੂ ਦੇ ਗਿਆਨ ਨਾਲ ਹੀ ਟਿਕਦਾ ਹੈ।  ਫੁਰਮਾਨ ਹੈ:-

ਕੁੰਭੇ ਬਧਾ ਜਲੁ ਰਹੈ, ਜਲ ਬਿਨੁ ਕੁੰਭੁ ਹੋਇ

ਗਿਆਨ ਕਾ ਬਧਾ ਮਨੁ ਰਹੈ, ਗੁਰ ਬਿਨੁ ਗਿਆਨੁ ਹੋਇ (ਮਹਲਾ /੪੬੯)

ਪਾਣੀ ਘੜੇ ਵਿੱਚ ਹੀ ਟਿਕਦਾ ਹੈ, ਪਾਣੀ ਤੋਂ ਬਗੈਰ ਘੜਾ ਨਿਕੰਮਾ ਹੈ। ਪਿਆਸ ਨਹੀਂ ਬੁਝਾਉਂਦਾ, ਇਸੇ ਤਰ੍ਹਾਂ ਮਨ ਗਿਆਨ ਨਾਲ ਹੀ ਟਿਕਦਾ ਹੈ, ਗੁਰੂ ਤੋਂ ਬਿਨਾਂ ਗਿਆਨ ਨਹੀਂ ਮਿਲਦਾ। ਜੇ ਮਿਲਦਾ ਹੈ, ਤਾਂ ਉਹ ਗਿਆਨ ਮਨ ਲਈ ਨਿਕੰਮਾ ਹੈ, ਹੰਕਾਰ ਦਾ ਹਿੱਸਾ ਬਣ ਜਾਂਦਾ ਹੈ। ਇਸ ਲਈ ਮਨ ਗੁਰੂ ਰਾਹੀਂ ਹੀ ਟਿਕਦਾ ਹੈ। ਬਾਬਾ ਅਮਰਦਾਸ ਜੀ ਨੇ ਸਾਰਾ ਸ਼ਬਦ ਬੜੇ ਧਿਆਨ ਨਾਲ, ਸਹਿਜ ਨਾਲ ਸੁਣਿਆ, ਜੀਵਨ ਵੈਰਾਗਮਈ ਹੋ ਗਿਆ, ਚਾਨਣਾ ਵੀ ਹੋ ਗਿਆ, ਬਾਬਾ ਅਮਰਦਾਸ ਜੀ ਨੇ ਬੜੀ ਨਿਮਰਤਾ ਅਤੇ ਬੈਰਾਗ ਨਾਲ ਆਪਣੀ ਭਤੀਜ ਨੂੰਹ ਨੂੰ ਕਿਹਾ ਬੀਬਾ  ! ਮੇਰੀ ਬੱਚੀ !  ਜੋ ਤੁਸੀਂ ਬਚਨ ਗਾ ਕੇ ਪੜ੍ਹੇ ਹਨ, ਇਹ ਬਚਨ ਕਿਸ ਸਤਿ ਪੁਰਖ ਦੇ ਹਨ। ਅੱਗੋਂ ਬੀਬੀ ਅਮਰੋ ਜੀ ਨੇ ਪਿਆਰ ਵਿੱਚ ਭਿੱਜ ਕੇ ਕਿਹਾ ਪਿਤਾ ਜੀ ! ਇਹ ਬਚਨ ਗੁਰੂ ਨਾਨਕ ਸਾਹਿਬ ਜੀ ਦੇ ਪੜ੍ਹੇ ਹਨ। ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾ ਗਏ ਹਨ। ਉਹਨਾਂ ਦੀ ਜੋਤ ਜੁਗਤ ਦੇ ਵਾਰਿਸ ਮੇਰੇ ਪਿਤਾ ਜੀ (ਗੁਰੂ ਅੰਗਦ ਸਾਹਿਬ ਜੀ) ਹਨ। ਮੇਰੇ ਪਿਤਾ ਗੁਰੂ ਅੰਗਦ ਸਾਹਿਬ ਜੀ ਦੂਸਰੇ ਗੁਰੂ ਨਾਨਕ ਹਨ, ਬਾਬਾ ਅਮਰਦਾਸ ਜੀ ਨੇ ਕਿਹਾ ਕਿ ਮੇਰੀ ਬੱਚੀ ! ਮੇਰੇ ’ਤੇ ਕਿਰਪਾ ਕਰ ਮੈਨੂੰ ਗੁਰੂ ਕੋਲ ਲੈ ਚੱਲ। ਮੈਂ ਸਾਰੀ ਉਮਰ ਤੇਰਾ ਅਹਿਸਾਨਮੰਦ ਹੋਵਾਂਗਾ। ਬੀਬੀ ਅਮਰੋ ਜੀ ਨੇ ਕਿਹਾ ਪਿਤਾ ਜੀ ! ਤੁਸੀਂ ਦੋ ਚਾਰ ਵਾਰ ਮਿਲ ਚੁੱਕੇ ਹੋ। ਇਹ ਸੁਣ ਕੇ ਬਾਬਾ ਅਮਰਦਾਸ ਜੀ ਦੇ ਨੇਤਰਾਂ ਵਿੱਚ ਪਾਣੀ ਭਰ ਆਇਆ। ਕਹਿਣ ਲੱਗੇ ਮੇਰੀ ਬੇਟੀ ! ਮੇਰੇ ਪਿਤਾ ਤੇਜਭਾਨ ਜੀ ਅਤੇ ਮੇਰੇ ਭਰਾ ਮਾਣਕ ਚੰਦ ਨੇ ਮੈਨੂੰ ਸਿਰਫ ਕੁੜਮ ਨਾਲ ਮਿਲਾਇਆ ਸੀ। ਤੂੰ ਮੇਰੇ ’ਤੇ ਕਿਰਪਾ ਕਰ ਮੈਨੂੰ ਗੁਰੂ ਨਾਲ ਮਿਲਾ ਦੇ। ਬੀਬੀ ਅਮਰੋ ਜੀ ਨੇ ਰਾਮ ਜੀ ਮੱਲ ਤੋਂ ਆਗਿਆ ਲਈ ਤੇ ਬਾਬਾ ਅਮਰਦਾਸ ਜੀ ਨਾਲ ਬਾਸਰਕੇ ਤੋਂ ਖਡੂਰ ਸਾਹਿਬ ਪਹੁੰਚੇ। ਗੁਰੂ ਅੰਗਦ ਸਾਹਿਬ ਜੀ ਨੂੰ ਪਤਾ ਲੱਗਾ ਕਿ ਬੇਟੀ ਅਮਰੋ ਜੀ ਨਾਲ ਕੁੜਮ ਬਾਬਾ ਅਮਰਦਾਸ ਜੀ ਆਏ ਹਨ। ਸਤਿਕਾਰ ਨਾਲ ਬਾਬਾ ਅਮਰਦਾਸ ਜੀ ਨੂੰ ਮਿਲਣ ਆਏ। ਬਾਬਾ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਬਾਬਾ ਅਮਰਦਾਸ ਜੀ ਦੀ ਉਮਰ 62 ਸਾਲ ਦੀ ਸੀ। ਹੱਥ ਜੋੜ ਕੇ ਕਹਿਣ ਲੱਗੇ ਅੱਜ ਮੈਂ ਕੁੜਮ ਨਹੀਂ, ਸੇਵਕ ਬਣ ਕੇ ਆਇਆ ਹਾਂ। ਅੱਜ ਮੈਂ ਸੇਵਾ ਕਰਾਉਣ ਨਹੀਂ, ਸੇਵਾ ਕਰਨ ਲਈ ਆਇਆ ਹਾਂ। ਅੱਜ ਮੈਂ ਕੁੜਮ ਨੂੰ ਨਹੀਂ, ਗੁਰੂ ਨੂੰ ਮਿਲਣ ਆਇਆ ਹਾਂ। ਮੇਰੇ ’ਤੇ ਮਿਹਰ ਕਰੋ ਮੈਨੂੰ ਆਪਣੀ ਸ਼ਰਨ ਬਖਸ਼ੋ।

ਵੇਖਿਆ ਜਾਵੇ ਗੁਰੂ ਅਮਰਦਾਸ ਜੀ ਪਹਿਲਾਂ ਗੁਰੂ ਅੰਗਦ ਸਾਹਿਬ ਜੀ ਨੂੰ ਸਰੀਰ ਕਰਕੇ ਮਿਲ ਚੁੱਕੇ ਹਨ। ਸਰੀਰ ਕਰਕੇ ਦਰਸ਼ਨ ਕਰ ਚੁੱਕੇ ਹਨ, ਪਰ ਜੀਵਨ ਜਿਉਂ ਦਾ ਤਿਉਂ ਹੀ ਰਿਹਾ ਸੀ ਜਦਕਿ ਹੁਣ ਜਦੋਂ ਸ਼ਬਦ ਗੁਰੂ ਦੇ ਸਰਵਣ ਦਰਸ਼ਨ ਹੋਏ, ਤਾਂ ਅੰਦਰ ਵੈਰਾਗ ਅਤੇ ਪ੍ਰੇਮ ਜਾਗਿਆ। ਸ਼ਬਦ ਗੁਰੂ ਦੇ ਸਰਵਣ ਦਰਸ਼ਨ ਕਰਕੇ ਜੀਵਨ ਬਦਲਿਆ ਹੈ। ਸ਼ਬਦ ਗੁਰੂ ਨੇ ਜੀਵਨ ਵਿੱਚ ਮਹਾਨਤਾ ਲਿਆਂਦੀ। ਇਤਿਹਾਸ ਦਾ ਇਹ ਵਾਕਿਆ ਦੱਸਦਾ ਹਾਂ ਕਿ ਗੁਰੂ ਸਰੀਰ ਨਹੀਂ ਹੈ, ਗੁਰੂ ਸ਼ਬਦ ਹੈ, ਬਰਤਨ ਨੇ ਪਿਆਸ ਨਹੀਂ ਬੁਝਾਉਣੀ। ਪਿਆਸ ਤਾਂ ਪਾਣੀ ਨੇ ਬੁਝਾਉਣੀ ਹੈ। ਸ਼ਬਦ ਗਿਆਨ ਨੇ ਜੀਵਨ ਨੂੰ ਮਹਾਨ ਬਣਾਉਣਾ ਹੈ, ਇਸ ਲਈ ਸ਼ਬਦ ਗੁਰੂ ਹੈ ਜਦੋਂ ਤੱਕ ਮਨੁੱਖ ਸ਼ਬਦ ਦੀ ਵਿਚਾਰ ਨਹੀਂ ਕਰਦਾ, ਵਿਚਾਰ ਨੂੰ ਨਹੀਂ ਮੰਨਦਾ ਸੱਚ ਜਾਣਿਓ ਉਦੋਂ ਤੱਕ ਜੀਵਨ ਵਿੱਚ ਕੌਤਕ ਨਹੀਂ ਵਰਤਦਾ। ਜੀਵਨ ਜਿਉਂ ਦਾ ਤਿਉਂ ਹੀ ਰਹਿੰਦਾ ਹੈ। ਸ਼ਬਦ ਗੁਰੂ ਨਾਲ ਹੀ ਵਹਿਮਾ ਭਰਮਾਂ ਤੋਂ, ਚਿੰਤਾ ਫਿਕਰ ਤੋਂ, ਈਰਖਾ ਨਫ਼ਰਤ ਤੋਂ, ਕੂੜ ਕਪਟ ਤੋਂ, ਛਲ ਫਰੇਬ ਤੋਂ, ਵਿਕਾਰਾਂ ਤੋਂ ਮੁਕਤੀ ਮਿਲਣੀ ਹੈ। ਫੁਰਮਾਨ ਹੈ:-

ਸਤਿਗੁਰ ਨੋ ਸਭੁ ਕੋ ਵੇਖਦਾ,  ਜੇਤਾ ਜਗਤੁ ਸੰਸਾਰੁ

ਡਿਠੈ ਮੁਕਤਿ ਹੋਵਈ,  ਜਿਚਰੁ ਸਬਦਿ ਕਰੇ ਵੀਚਾਰੁ (ਮਹਲਾ /੫੯੪)

ਸਬਦ ਵਿਚਾਰ ਨਾਲ ਹੀ ਮਨੁੱਖ ਦੇ ਵਿਚਾਰ ਬਦਲਦੇ ਹਨ। ਜਦੋਂ ਵਿਚਾਰ ਬਦਲ ਜਾਂਦੇ ਹਨ ਤਾਂ ਸਭ ਕੁਝ ਬਦਲ ਜਾਂਦਾ ਹੈ। ਤਨ ਤਾਂ ਉਹੀ ਰਹਿੰਦਾ ਹੈ, ਪਰ ਜੀਵਨ ਦੀ ਪ੍ਰਕਿਰਿਆ ਬਦਲ ਜਾਂਦੀ ਹੈ। ਅੱਖਾਂ ਉਹੀ ਰਹਿੰਦੀਆਂ ਹਨ, ਪਰ ਅੱਖਾਂ ਦਾ ਦੇਖਣਾ ਪਵਿੱਤਰ ਹੋ ਜਾਂਦਾ ਹੈ। ਕੰਨ ਉਹੀ ਰਹਿੰਦੇ ਹਨ, ਪਰ ਕੰਨਾਂ ਦਾ ਸੁਣਨਾ ਸੁਹਾਵਣਾ ਹੋ ਜਾਂਦਾ ਹੈ। ਰਸਨਾ ਤਾਂ ਉਹੀ ਰਹਿੰਦੀ ਹੈ, ਪਰ ਰਸਨਾ ਦਾ ਬੋਲਣਾ ਮਿੱਠਾ ਹੋ ਜਾਂਦਾ ਹੈ। ਮਨ ਤਾਂ ਉਹੀ ਰਹਿੰਦਾ ਹੈ, ਪਰ ਮਨ ਦਾ ਸੋਚਣਾ ਸਕਾਰਾਤਮਕ ਚੰਗਾ ਹੋ ਜਾਂਦਾ ਹੈ। ਹੱਥ ਪੈਰ ਉਹੀ ਰਹਿੰਦੇ ਹਨ, ਪਰ ਹੱਥਾਂ ਪੈਰਾਂ ਦਾ ਚਲਣਾ, ਕਰਨਾ ਸ਼ੁਭ ਹੋ ਜਾਂਦਾ ਹੈ। ਬੰਦਾ ਤਾਂ ਉਹੀ ਰਹਿੰਦਾ ਹੈ, ਪਰ ਬੰਦੇ ਦਾ ਉਠਣਾ ਬੈਠਣਾ, ਖਾਣਾ ਪੀਣਾ, ਚਲਣਾ ਫਿਰਨਾ ਸਭ ਸ਼ੁਭ ਹੋ ਜਾਂਦਾ ਹੈ, ਪਰ ਜੇਕਰ ਜੀਵਨ ਦੀ ਵਿਚਾਰ ਨਾ ਹੋਈ, ਵਿਚਾਰ ਨਾ ਮੰਨੀ ਤਾਂ ਬੰਦਾ ਨਹੀਂ ਬਦਲਦਾ । ਅੱਜ ਮਾਹੌਲ ਐਸਾ ਹੀ ਚੱਲ ਰਿਹਾ ਹੈ। ਗੁਰੂ ਦੇ ਦਰਸ਼ਨ ਹਨ, ਗੁਰੂ ਨੂੰ ਭੇਟਾਵਾਂ ਹਨ, ਗੁਰੂ ਨੂੰ ਸੁੰਦਰ ਰੁਮਾਲੇ ਪਾਲਕੀਆਂ ਹਨ, ਗੁਰੂ ਨੂੰ ਮੱਥੇ ਟੇਕਣੇ ਹਨ, ਲੰਗਰਾਂ ਦੀ ਸੇਵਾ ਹੈ, ਕੀਰਤਨ ਦਰਬਾਰ ਹਨ, ਸੋਨੇ ਦੀਆਂ ਪਾਲਕੀਆਂ ਹਨ, ਸ਼ਤਾਬਦੀਆਂ ਵਿੱਚ ਭੀੜਾਂ ਹਨ, ਨਗਰ ਕੀਰਤਨ ਹਨ, ਪਰ ਸ਼ਬਦ ਵਿਚਾਰ ਬਹੁਤ ਘੱਟ ਹੈ। ਜੇਕਰ ਸ਼ਬਦ ਵਿਚਾਰ ਹੈ ਤਾਂ ਉਸ ਵਿਚਾਰ ਨੂੰ ਸਵੀਕਾਰਦੇ, ਮੰਨਦੇ ਨਹੀਂ ਹਨ। ਇਸ ਕਰਕੇ ਜੀਵਨ ਵਿੱਚ ਰੂਹਾਨੀਅਤ ਨਹੀਂ ਹੈ। ਜੀਵਨ ਵਿੱਚ ਸਹਜ ਅਤੇ ਅਨੰਦ ਨਹੀਂ ਹੈ। ਜੀਵਨ ਵਿੱਚ ਪ੍ਰੇਮ ਪਿਆਰ, ਸਤ, ਸੰਤੋਖ, ਦਇਆ ਨਹੀਂ ਹੈ। ਗੁਰੂ ਅਮਰਦਾਸ ਜੀ ਦੇ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਹੈ :-

ਭਾਈ ਹੰਸਾ ਜੀ:-  ਗੋਇੰਦਵਾਲ ਸਾਹਿਬ ਭਾਈ ਹੰਸਾ ਜੀ ਦੁਕਾਨ ਕਰਦੇ ਸਨ। ਦੁਕਾਨ; ਗੁਰੂ ਦਰਬਾਰ ਦੇ ਨਜ਼ਦੀਕ ਹੀ ਸੀ। ਭਾਈ ਹੰਸਾ ਜੀ; ਸਵੇਰ ਸ਼ਾਮ ਤਾਂ ਗੁਰੂ ਦਰਬਾਰ ਵਿੱਚ ਆਉਂਦੇ ਹੀ ਸਨ, ਦਿਨ ਵਿੱਚ ਜਦੋਂ ਵੀ ਵੇਲ਼ ਮਿਲਦਾ ਉਸ ਵੇਲੇ ਵੀ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣ ਆ ਜਾਂਦੇ ਸਨ। ਲੰਗਰ ਛਕਦੇ ਅਤੇ ਲੰਗਰਾਂ ਦੀ ਸੇਵਾ ਵੀ ਕਰਦੇ ਸਨ। ਦਿਨ ਵਿੱਚ ਭਾਈ ਹੰਸਾ ਜੀ ਕਈ ਕਈ ਵਾਰ ਗੁਰੂ ਦਰਸ਼ਨਾਂ ਨੂੰ ਆਉਂਦੇ ਸਨ। ਸਿੱਖ ਭਾਈ ਹੰਸਾ ਜੀ ਨੂੰ ਦੇਖਦੇ ਸਨ, ਉਨਾਂ ਨੂੰ ਜਾਣਦੇ ਵੀ ਸਨ, ਪਰ ਭਾਈ ਹੰਸਾ ਜੀ ਜੀਵਨ ਵਿੱਚ ਸੁਖੀ ਨਹੀਂ ਸਨ। ਜੀਵਨ ਵਿੱਚ ਸਹਿਜ ਨਹੀਂ ਸੀ। ਮਨ ਨੂੰ ਚੈਨ ਵੀ ਨਹੀਂ ਸੀ। ਜੀਵਨ ਵਿੱਚ ਤਲਖੀ ਭਟਕਣਾ ਸੀ। ਇੱਕ ਦਿਨ ਸਿੱਖਾਂ ਨੇ ਗੁਰੂ ਅਮਰਦਾਸ ਜੀ ਨੂੰ ਪੁੱਛਿਆ ਪਾਤਿਸ਼ਾਹ ਜੀ ! ਭਾਈ ਹੰਸਾ ਜੀ ਦਿਨ ਵਿੱਚ ਕਈ ਕਈ ਵਾਰ ਗੁਰੂ ਦਰਸ਼ਨਾਂ ਨੂੰ ਆਉਂਦਾ ਹੈ, ਮੱਥਾ ਟੇਕਦਾ ਹੈ, ਸੇਵਾ ਵੀ ਕਰਦਾ ਹੈ, ਪਰ ਜੀਵਨ ਵਿੱਚ ਸਹਿਜ ਨਹੀਂ ਹੈ, ਜੀਵਨ ਵਿੱਚ ਭਟਕਣਾ ਹੈ, ਪਾਤਿਸ਼ਾਹ ਇਸ ਦੀ ਵਜਹਾ ਕੀ ਹੈ ? ਉਸ ਵੇਲੇ ਗੁਰੂ ਅਮਰਦਾਸ ਜੀ ਨੇ ਬੜੇ ਕੀਮਤੀ ਬਚਨ ਕਹੇ ਕਿ ਭਾਈ ਗੁਰਸਿੱਖੋ ! ਭਾਈ ਹੰਸਾ ਜੀ ਗੁਰੂ ਦਰਬਾਰ ਜ਼ਰੂਰ ਆਉਂਦੇ ਹਨ, ਮੱਥਾ ਵੀ ਟੇਕਦੇ ਹਨ, ਸੇਵਾ ਵੀ ਕਰਦਾ ਹੈ, ਅਰਦਾਸਾਂ ਵੀ ਕਰਦਾ ਹੈ, ਪਰ ਜਦੋਂ ਦੀਵਾਨ ਵਿੱਚ ਸ਼ਬਦ ਗੁਰੂ ਦੀ ਵਿਚਾਰ (ਕਥਾ) ਹੁੰਦੀ ਹੈ, ਉਸ ਵੇਲੇ ਭਾਈ ਹੰਸਾ ਜੀ ਦੀਵਾਨ ਵਿੱਚ ਬੈਠ ਕੇ ਵਿਚਾਰ ਨਹੀਂ ਸੁਣਦੇ, ਸੇਵਾ ਦਾ ਬਹਾਨਾ ਬਣਾ ਕੇ ਦੀਵਾਨ ਤੋਂ ਦੂਰ ਰਹਿੰਦੇ ਹਨ। ਇਕਾਗਰਤਾ ਨਾਲ ਟਿਕ ਕੇ ਵਿਚਾਰ ਨਹੀਂ ਸੁਣਦੇ। ਗੁਰੂ ਸ਼ਬਦ ਦੀ ਵਿਚਾਰ ਤੋਂ ਖਾਲੀ ਰਹਿ ਜਾਂਦੇ ਹਨ, ਬਸ ਇਸ ਕਰਕੇ ਮਨ ਨੂੰ ਸ਼ਾਂਤੀ ਨਹੀਂ ਹੈ, ਜੀਵਨ ਵਿੱਚ ਇਸੇ ਕਰਕੇ ਸਹਿਜ ਵੀ ਨਹੀਂ ਹੈ, ਗੁਰੂ ਸਾਹਿਬ ਨੇ ਇੱਕ ਬਹੁਤ ਕੀਮਤੀ ਗੱਲ ਕਹੀ ਕਿ ਜੇਕਰ ਮਨੁੱਖ ਸ਼ਬਦ ਵਿਚਾਰ ਨਹੀਂ ਸੁਣਦਾ, ਨਹੀਂ ਮੰਨਦਾ ਤਾਂ ਭਾਵੇਂ ਉਹ ਗੁਰੂ ਦਰਬਾਰ ਵਿੱਚ 100-100 ਵਾਰ ਆਵੇ ਉਸ ਦਾ ਆਉਣਾ, ਸੇਵਾ ਕਰਨੀ, ਲੇਖੇ ਵਿੱਚ ਨਹੀਂ ਪੈਂਦੀ ।

ਸਤਿਗੁਰ ਕੀ ਪਰਤੀਤਿ ਆਈਆ; ਸਬਦਿ () ਲਾਗੋ ਭਾਉ

ਓਸ ਨੋ ਸੁਖੁ ਉਪਜੈ; ਭਾਵੈ ਸਉ ਗੇੜਾ ਆਵਉ ਜਾਉ (ਮਹਲਾ /੫੯੧)

ਜੇਕਰ ਸ਼ਬਦ ਗੁਰੂ ’ਤੇ ਪ੍ਰਤੀਤ, ਪਿਆਰ ਨਹੀਂ ਹੈ, ਫਿਰ ਅੰਦਰਲਾ ਸੁਖ ਨਹੀਂ ਮਿਲਦਾ ਭਾਵੇਂ ਕੋਈ ਸੌ ਵਾਰ ਆਈ ਜਾਵੇ, ਭਾਵੇਂ ਸੌ ਸੌ ਵਾਰ ਦਰਸ਼ਨ ਕਰੇ, ਸੌ ਸੌ ਵਾਰ ਮੱਥਾ ਟੇਕੀ ਜਾਵੇ, ਜੀਵਨ ਲੇਖੇ ਵਿੱਚ ਨਹੀਂ ਪੈਂਦਾ । ਗੁਰ ਇਤਿਹਾਸ ਪੜ੍ਹਿਆਂ ਹੀ ਸਬਦ ਗੁਰੂ ਦੀ ਕੀਤੀ ਕਮਾਈ ਸਮਝ ਪੈਂਦੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਦੋ ਪੁੱਤਰ ਹਨ। ਮੱਥਾ ਵੀ ਟੇਕਦੇ ਹੋਣਗੇ, ਪਰ ਸ਼ਬਦ ਗੁਰੂ ਨੂੰ ਨਹੀਂ ਸੀ ਮੰਨਦੇ, ਇਸ ਲਈ ਮਹਾਨਤਾ ਤੋਂ ਵਾਂਝੇ ਰਹਿ ਗਏ ਸਨ। ਭਾਈ ਲਹਿਣਾ ਜੀ ਗੁਰੂ ਸ਼ਰਨ ਆਏ। ਸ਼ਬਦ ਗੁਰੂ ਨੂੰ ਜੀਵਨ ਦਾ ਹਿੱਸਾ ਬਣਾਇਆ, ਇਸੇ ਲਈ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਸਾਹਿਬ ਜੀ ਸਿਰਜੇ ਗਏ, ਫਿਰ ਗੁਰੂ ਅੰਗਦ ਸਾਹਿਬ ਜੀ ਦੇ ਪੁੱਤਰ (ਸ੍ਰੀ ਦਾਸੂ ਅਤੇ ਸ੍ਰੀ ਦਾਤੂ ਜੀ); ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕਰਦੇ ਸਨ, ਮੱਥਾ ਵੀ ਦੇਖਾ ਦੇਖੀ ਟੇਕਦੇ ਸਨ, ਪਰ ਸ਼ਬਦ ਗੁਰੂ ਦੇ ਪਾਬੰਦ ਨਹੀਂ ਸੀ ਰਹਿੰਦੇ, ਇਸੇ ਕਰਕੇ ਜੀਵਨ ਦੇ ਸਹਿਜ ਤੋਂ ਵਾਂਝੇ ਰਹਿ ਗਏ। ਬਾਬਾ ਅਮਰਦਾਸ ਜੀ; ਗੁਰੂ ਸਰਨ ਆਏ। ਸ਼ਬਦ ਗੁਰੂ ਨੂੰ ਇਮਾਨਦਾਰੀ ਨਾਲ ਸੁਣਿਆ ਅਤੇ ਮੰਨਿਆ, ਬਾਬਾ ਅਮਰਦਾਸ ਤੋਂ ਗੁਰੂ ਅਮਰਦਾਸ ਜੀ ਦੀ ਪਦਵੀ ਤੱਕ ਪਹੁੰਚ ਗਏ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਆਸਰਿਆਂ ਦੇ ਆਸਰੇ, ਨਿਓਟਿਆਂ ਦੀ ਓਟ ਹੋ ਗਏ। ਫਿਰ ਗੁਰੂ ਅਮਰਦਾਸ ਜੀ ਦੇ ਪੁੱਤਰ (ਮੋਹਨ ਜੀ ਤੇ ਮੋਹਰੀ ਜੀ) ਗੁਰੂ ਦੇ ਦਰਸ਼ਨ ਕਰਦੇ ਸਨ। ਦੇਖਾ ਦੇਖੀ ਮੱਥਾ ਵੀ ਟੇਕਦੇ ਸਨ, ਸੇਵਾ ਵੀ ਕਰਦੇ ਸਨ, ਪਰ ਗੁਰੂ ਦੇ ਬਚਨ (ਸ਼ਬਦ ਗੁਰੂ) ਨੂੰ ਨਹੀਂ ਸੁਣਦੇ ਸਨ ਅਤੇ ਨਾ ਹੀ ਮੰਨਦੇ ਸਨ, ਇਸ ਕਰਕੇ ਗੁਰੂ ਬਖਸ਼ਸ਼ ਤੋਂ ਵਿਹੂਣੇ ਰਹਿ ਗਏ ਸਨ। ਗੁਰਿਆਈ ਤੋਂ ਵੀ ਵਾਂਝੇ ਰਹਿ ਗਏ ਸਨ। ਭਾਈ ਜੇਠਾ ਜੀ ਮਨ ਕਰਕੇ ਗੁਰੂ ਦੀ ਸ਼ਰਨ ਆਏ। ਸੇਵਾ ਕਰਦਿਆਂ ਗੁਰੂ ਦੇ ਬਚਨਾਂ ਨੂੰ ਜੀਵਨ ਵਿੱਚ ਵਸਾਇਆ। ਜੀਵਨ ਸ਼ਬਦ ਗੁਰੂ ਅਨੁਸਾਰ ਬਣਾ ਲਿਆ, ਇਸ ਕਰਕੇ ਭਾਈ ਜੇਠਾ ਜੀ ਤੋਂ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਹੋ ਗਏ । ਫਿਰ ਗੁਰੂ ਰਾਮਦਾਸ ਪਾਤਿਸ਼ਾਹ ਦੇ ਦਰਸ਼ਨ, ਇਹਨਾਂ ਦੇ ਦੋ ਪੁੱਤਰ (ਮਹਾਦੇਵ ਜੀ ਅਤੇ ਪ੍ਰਿਥੀ ਚੰਦ ਜੀ) ਕਰਦੇ ਸਨ। ਸੇਵਾ ਵੀ ਪ੍ਰਿਥੀ ਚੰਦ ਬਹੁਤ ਕਰਦਾ ਸੀ, ਪਰ ਗੁਰੂ ਤੋਂ ਵਿਚਾਰਾਂ ਤੋਂ ਉਲਟ ਹੀ ਚਲਦੇ ਸਨ। ਗੁਰੂ ਆਗਿਆ ਨਹੀਂ ਸੀ ਮੰਨਦੇ, ਇਸ ਲਈ ਸੰਗਤਾਂ ਦੇ ਮਾਣ ਸਨਮਾਨ ਤੋਂ ਖਾਲੀ ਰਹਿ ਗਏ। ਗੁਰੂ ਪਦਵੀ ਦੀ ਅਵਸਥਾ ਤੱਕ ਨਹੀਂ ਸੀ ਪਹੁੰਚੇ। ਗੁਰੂ ਰਾਮਦਾਸ ਜੀ ਦੀ ਸ਼ਰਨ ਇਹਨਾਂ ਦੇ ਛੋਟੇ ਪੁੱਤਰ ਗੁਰੂ ਅਰਜਨ ਸਾਹਿਬ ਜੀ ਆਏ। ਮਨ, ਤਨ ਨਾਲ ਸੇਵਾ ਕੀਤੀ, ਹੁਕਮ ਮੰਨਿਆ, ਸ਼ਬਦ ਗੁਰੂ ਨੂੰ ਜੀਵਨ ਦਾ ਆਧਾਰ ਬਣਾਇਆ, ਇਸ ਕਰਕੇ ਛੋਟੇ ਹੁੰਦੇ ਹੋਏ ਭੀ ਵੱਡੀ ਪਦਵੀ ਨੂੰ ਪ੍ਰਾਪਤ ਹੋ ਗਏ ‘ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ’। ਇਸੇ ਸੰਦਰਭ ਵਿੱਚ ਧੀਰਮਲ, ਰਾਮਰਾਏ ਦਰਸ਼ਨ ਜ਼ਰੂਰ ਕਰਦੇ ਸਨ, ਪਰ ਗੁਰੂ ਆਸ਼ੇ ਤੋਂ ਉਲਟ ਚੱਲ ਪਏ ਸਨ, ਇਸ ਕਰਕੇ ਗੁਰੂ ਦਰਬਾਰ ਵਿੱਚ ਸੰਗਤਾਂ ਦੇ ਪਿਆਰ ਤੋਂ ਸੱਖਣੇ ਰਹਿ ਗਏ ਸਨ। ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਹਾਂ ਕਿ ਜਦੋਂ ਤੱਕ ਅਸੀਂ ਸ਼ਬਦ ਵਿਚਾਰ ਨਹੀਂ ਕਰਦੇ ਤਾਂ ਜੀਵਨ ਫਿਕਰ ਵਿੱਚ ਘਿਰਿਆ ਰਹੇਗਾ। ਦੂਸਰੀ ਗੱਲ ਗੁਰੂ ਸਰੀਰ ਨਹੀਂ ਹੈ, ਸ਼ਬਦ ਹੀ ਗੁਰੂ ਹੈ। ਫੁਰਮਾਨ ਹੈ :-

ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ

ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ (ਮਹਲਾ /8)

ਗੁਰਬਾਣੀ ਹੀ ਅਸਲ ’ਚ ਮਨ (ਆਤਮਾ) ਲਈ ਗੁਰੂ ਹੈ, ਸੁਰਤ (ਆਤਮਾ) ਲਈ ਗੁਰੂ ਹੈ। ਜੋ ਜੀਵਨ ਮਾਰਗ ਦਰਸ਼ਨ ਕਰਾਉਂਦੀ ਹੈ, ਜੋ ਵੀ ਸਤਸੰਗੀ ਜਨ ਗੁਰਬਾਣੀ ਵਿਚਲੇ ਨਾਮ ਅੰਮ੍ਰਿਤ ਦੀ ਸੰਭਾਲ ਕਰਦੇ ਹਨ, ਸ਼ਬਦ ਦੇ ਉਪਦੇਸ਼ ਨੂੰ ਮੰਨਦੇ ਹਨ, ਉਹ ਪ੍ਰਤੱਖ ਨਿਸਤਾਰੇ ਗਏ, ਵਿਕਾਰਾਂ ਤੋਂ ਬਚ ਜਾਂਦੇ ਹਨ। ਸੋ ਬਚਨ ਉਪਦੇਸ਼ ਹੀ ਗੁਰੂ ਹੈ। ਫੁਰਮਾਨ ਹੈ :-

ਖਰੇ ਖਰੋਏ ਬੈਠਤ ਊਠਤ; ਮਾਰਗਿ ਪੰਥਿ ਧਿਆਵੈਗੋ

ਸਤਿਗੁਰ ਬਚਨ; ਬਚਨ ਹੈ ਸਤਿਗੁਰ; ਪਾਧਰੁ ਮੁਕਤਿ ਜਨਾਵੈਗੋ (ਮਹਲਾ /੧੩੦੯)  

ਜਗਿਆਸੂ ਜਨ ਕਿਰਤ ਕਰਦਿਆਂ, ਸੱਚ ਦੇ ਮਾਰਗ ’ਤੇ ਚਲਦਿਆਂ ਧਰਮ ਨੂੰ ਜੀਵਨ ਵਿੱਚ ਰੱਖਦੇ ਹਨ, ਜੋ ਬਚਨ; ਅਸਲ ’ਚ ਮਨ ਸੁਰਤ ਲਈ ਗੁਰੂ ਹੈ। ਸ਼ਬਦ ਗੁਰੂ ਹੀ ਜੀਵਨ ਮੁਕਤੀ ਦਾ ਪਧਰਾ( ਸਿੱਧਾ, ਸੁਖੈਨ) ਰਸਤਾ ਦੱਸਦਾ ਹੈ। ਸੋ ਕੋਈ ਸਰੀਰ, ਕੋਈ ਸਾਧ ਸੰਤ, ਕੋਈ ਬ੍ਰਹਮ ਗਿਆਨੀ, ਕੋਈ ਸਨਿਆਸੀ, ਕੋਈ ਬੈਰਾਗੀ, ਤਿਆਗੀ ਵਗ਼ੈਰਾ ਗੁਰੂ ਨਹੀਂ ਹੋ ਸਕਦਾ। ਗੁਰੂ ਸ਼ਬਦ ਹੈ। ਜਦੋਂ ਤੁਸੀਂ ਦੇਹਧਾਰੀਆਂ ਨੂੰ ਕਹੋਗੇ ਕਿ ਗੁਰੂ ਨਾਨਕ ਸਾਹਿਬ ਆਪ ਆਖਦੇ ਹਨ ਕਿ ਸਾਡਾ ਗੁਰੂ ਸ਼ਬਦ ਹੈ। ਸ਼ਬਦ ਗੁਰੂ ਦੀ ਚੇਲਾ ਸੁਰਤ ਹੈ, ਫਿਰ ਤੁਸੀਂ ਕਿਉਂ ਨਹੀਂ ਸ਼ਬਦ ਨੂੰ ਗੁਰੂ ਮੰਨਦੇ ? ਤੁਸੀਂ ਵੀ ਸ਼ਬਦ ਨੂੰ ਗੁਰੂ ਮੰਨ ਲਵੋ ।

ਦੇਹਧਾਰੀ ਗੁਰੂ ਅਤੇ ਉਨ੍ਹਾਂ ਦੇ ਪਖੰਡੀ ਚੇਲੇ ਤੁਹਾਨੂੰ ਇੱਕ ਸਵਾਲ ਕਰਨਗੇ, ਉਹ ਆਖਣਗੇ ਕਿ ਗੁਰੂ ਨਾਨਕ ਸਾਹਿਬ ਜੀ ਕੋਲ 15 ਭਗਤਾਂ ਦੇ ਸ਼ਬਦ ਸਨ ਅਤੇ ਉਨ੍ਹਾਂ ਦੇ ਉਚਾਰਨ ਕੀਤੇ ਵੀ ਅਨੇਕ ਸ਼ਬਦ ਸਨ, ਤੁਸੀਂ ਦੱਸੋ  ? ਉਹਨਾਂ ਸੈਂਕੜੇ ਹਜ਼ਾਰਾਂ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ ਗੁਰੂ ਨਾਨਕ ਸਾਹਿਬ ਦਾ ਗੁਰੂ ਹੈ, ਜਦੋਂ ਇਹ ਸਵਾਲ ਤੁਹਾਨੂੰ ਕਰਨਗੇ ਦੱਸੋ ਕਿਹੜਾ ਸ਼ਬਦ ਉਨਾਂ ਦਾ ਗੁਰੂ ਹੈ, ਤਦ ਤੁਹਾਨੂੰ ਕੋਈ ਜਵਾਬ ਨਹੀਂ ਆਵੇਗਾ। ਤੁਸੀਂ ਉਹਨਾਂ ਦੇ ਭਰਮ ਜਾਲ ਵਿੱਚ ਫਸ ਜਾਵੋਗੇ, ਇਸ ਲਈ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਕਿਹੜਾ ਸ਼ਬਦ, ਉਨ੍ਹਾਂ ਦਾ ਗੁਰੂ ਹੈ। ਬਹੁਤ ਕਠਿਨ ਸਵਾਲ ਹੈ। ਗੁਰੂ ਨਾਨਕ ਸਾਹਿਬ ਜੀ ਦਾ ਕਿਹੜਾ ਸ਼ਬਦ ਗੁਰੂ ਹੈ, ਇਸ ਦਾ ਖੁਲਾਸਾ ਅਗਲੇ ਭਾਗ ਵਿੱਚ ਕਰਾਂਗਾ। ਅੱਜ ਦੇ ਵਕਤ ਬਸ ਇਹੀ ਸਿੱਖਿਆ ਗ੍ਰਹਿਣ ਕਰਨੀ ਹੈ। ਸ਼ਬਦ ਗੁਰੂ ਹੈ।

ਸਤਿਗੁਰ ਪਾਤਿਸ਼ਾਹ, ਅਕਾਲ ਪੁਰਖ ਕਿਰਪਾ ਕਰਨ ਇਹ ਉਪਦੇਸ਼ ਸਾਡੇ ਜੀਵਨ ਦਾ ਆਧਾਰ ਬਣੇ ਤਾਂ ਕਿ ਸਾਡੇ ਸਾਰਿਆਂ ਦਾ ‘‘ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ  ! ਹਰਿ ਪ੍ਰਭਿ (ਨੇ) ਆਪਹਿ ਮੇਲੇ ’’ (ਮਹਲਾ /੨੯੨) ਸਫਲੇ ਹੋ ਜਾਣ। ‘‘ਪੇ ਸੇਵਾ ਲਾਇਅਨੁ; ਆਪੇ ਬਖਸ ਕਰੇਇ ਸਭਨਾ ਕਾ ਮਾ ਪਿਉ ਆਪਿ ਹੈ; ਆਪੇ ਸਾਰ ਕਰੇਇ ’’(ਮਹਲਾ /੬੫੩) ਭੁੱਲਾਂ ਦੀ ਖਿਮਾ।

ਝੂਠੁ ਨ ਬੋਲਿ ਪਾਡੇ ਸਚੁ ਕਹੀਐ॥

0

ਝੂਠੁ ਬੋਲਿ ਪਾਡੇ ਸਚੁ ਕਹੀਐ

ਗਿਆਨੀ ਸੁਖਜਿੰਦਰ ਸਿੰਘ

ਉਕਤ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਮੁੱਖ ਤੋਂ ਰਾਮਕਲੀ ਰਾਗ ਅੰਦਰ ਉਚਾਰਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗ ਨੰਬਰ ੯੦੫ ’ਤੇ ਸੰਪਾਦਿਤ ਕੀਤਾ ਗਿਆ ਹੈ। ਇਸ ਸ਼ਬਦ ਦੇ ਵਿੱਚ ਝੂਠ ਨਾ ਬੋਲਣ ਦੀ ਤਾਕੀਦ ਕਰਦਿਆਂ ਹੋਇਆਂ ਪਾਂਡੇ ਨੂੰ ਨਸੀਹਤ ਦਿੱਤੀ ਗਈ ਹੈ। ਝੂਠ ਅਕਸਰ ਨਿਜੀ ਮੁਫਾਦ ਲਈ ਬੋਲਿਆ ਜਾਂਦਾ ਹੈ, ਜਿਸ ਦਾ ਮਕਸਦ ਝੂਠ ਬੋਲਣ ਵਾਲੇ ਸਖ਼ਸ਼ ਵੱਲੋਂ ਨਿਜੀ ਤੌਰ ’ਤੇ ਕੋਈ ਨਾ ਕੋਈ ਫਾਇਦਾ ਜਾਂ ਲਾਭ ਲੈਣਾ ਹੁੰਦਾ ਹੈ।

ਇੱਥੇ ਇਹ ਗੱਲ ਵੀ ਸਮਝਣ ਯੋਗ ਹੈ ਕਿ ਝੂਠ ਅਗਰ ਕਿਸੇ ਦੀ ਪੱਤ ਢੱਕਦਾ ਹੋਵੇ ਜਾਂ ਕਿਸੇ ਨੂੰ ਨੁਕਸਾਨ ਤੋਂ ਬਚਾਉਂਦਾ ਹੋਵੇ ਤਾਂ ਉਥੇ ਬੋਲਿਆ ਗਿਆ ਝੂਠ ਜਾਇਜ਼ ਵੀ ਕਹਿਆ ਜਾ ਸਕਦਾ ਹੈ।

ਪਾਂਡੇ ਜਿਨ੍ਹਾਂ ਨੂੰ ਪੰਡਿਤ, ਤੀਰਥ ਪੁਰੋਹਿਤ, ਪੁਜਾਰੀ ਵੀ ਕਿਹਾ ਜਾਂਦਾ ਹੈ, ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਲੁਕਾਈ ਨੂੰ ਉਸ ਦੇ ਕਲਿਆਣ ਲਈ, ਮਰੇ ਹੋਏ ਬੰਦੇ ਦੀ ਮੁਕਤੀ ਲਈ ਅਤੇ ਜਿਊੁਂਦੇ ਮਨੁੱਖਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ ਲਈ ਅਨੇਕਾਂ ਪ੍ਰਕਾਰ ਦੇ ਕਾਰਜ ਝੂਠ ਬੋਲ ਕੇ ਕਰਦੇ ਸੀ।

ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਪੂਰਾ ਸਮਾਜ ਆਪਣੀ ਅਗਿਆਨਤਾ ਵੱਸ ਇਨ੍ਹਾਂ ਪਾਂਡਿਆਂ ਦੇ ਹੱਥਾਂ ਵਿੱਚ ਸੀ। ਪਾਂਡਾ ਝੂਠ ਬੋਲ ਬੋਲ ਕੇ ਮੁਕਤੀ ਦੇ ਨਾਂ ’ਤੇ ਲੋਕਾਂ ਕੋਲੋਂ ਆਪਣੀ ਪੂਰਤੀ ਲਈ ਖਾਦ ਪਦਾਰਥ, ਧਨ ਦੌਲਤ ਆਦਿ ਇਕੱਠਾ ਕਰਦਾ ਸੀ, ਪਰ ਆਮ ਲੁਕਾਈ ਨੂੰ ਕੋਈ ਫਲ, ਕੋਈ ਫਾਇਦਾ ਨਹੀਂ ਸੀ ਹੁੰਦਾ। ਇਹ ਲੁੱਟ ਸ਼ਰਾਧਾਂ ਦੇ ਨਾਮ ’ਤੇ, ਤੀਰਥ ਅਸਥਾਨਾਂ ਉੱਤੇ ਦਾਨ ਦੇ ਰੂਪ ਵਿੱਚ, ਘਰਾਂ ਵਿੱਚ ਹਵਨ ਦੇ ਰੂਪ ਵਿੱਚ, ਉਸ ਵਕਤ ਪਾਂਡੇ ਵੱਲੋਂ ਹੁੰਦੀ ਸੀ, ਜੋ ਅੱਜ ਵੀ ਜਾਰੀ ਹੈ।

ਗੁਰੂ ਨਾਨਕ ਸਾਹਿਬ ਜੀ ਵੱਲੋਂ ਉਚਾਰੀ ਬਾਣੀ ਦੀ ਇਹ ਖਾਸੀਅਤ ਹੈ ਕਿ ਉਹਨ੍ਹਾਂ ਨੇ ਉਸ ਵਕਤ ਸਮਕਾਲੀ ਘਟਨਾਵਾਂ, ਸਮਾਜਿਕ ਹਾਲਾਤਾਂ ਦਾ ਜ਼ਿਕਰ ਬਾਖੂਬੀ, ਬੜੀ ਹੀ ਸਪੱਸ਼ਟਤਾ ਨਾਲ ਨਸੀਹਤ ਦੇਣ ਦੇ ਲਈ ਕੀਤਾ ਹੈ।

ਗੁਰੂ ਨਾਨਕ ਸਾਹਿਬ ਜੀ ਦੀ ਕਲਾਤਮਕ ਸ਼ੈਲੀ ਜਿੱਥੇ ਸਾਨੂੰ ਉਹਨਾਂ ਦੀਆਂ ਸਮਕਾਲੀ ਘਟਨਾਵਾਂ ਬਾਬਤ, ਹਾਲਾਤਾਂ ਬਾਰੇ ਜਾਣਕਾਰੀ ਦਿੰਦੀ ਹੈ, ਉੱਥੇ ਹੀ ਅਜੋਕੇ ਸਮੇਂ ਲਈ ਉਦਾਹਰਣਾਂ ਦੇ ਰੂਪ ਵਿੱਚ, ਸਿੱਖਿਆਵਾਂ ਦੇ ਰੂਪ ਵਿੱਚ ਸਾਨੂੰ ਪ੍ਰੇਰਨਾ ਦੇਂਦਿਆਂ ਹੋਇਆਂ ਸਾਡਾ ਮਾਰਗ ਦਰਸ਼ਨ ਕਰਦੀ ਹੈ।

ਗੁਰੂ ਨਾਨਕ ਸਾਹਿਬ ਜੀ ਦੀਆਂ ਨਸੀਹਤਾਂ, ਸਿੱਖਿਆ ਰੂਪ ਵਿੱਚ ਇਕੱਲੀਆਂ ਪਾਂਡੇ ਲਈ ਨਹੀਂ ਹਨ। ਅਜੋਕੇ ਸਮੇਂ ਦੇ ਪ੍ਰਚਾਰਕਾਂ, ਕੀਰਤਨੀਆਂ, ਕਥਾਵਾਚਕਾਂ, ਰਾਗੀਆਂ, ਢਾਡੀਆਂ, ਪਾਠੀਆਂ, ਗ੍ਰੰਥੀ ਸਾਹਿਬਾਨ ਸਭ ਲਈ ਵੀ ਹਨ। ਜੋ ਗੁਰਮਤਿ ਦੇ ਸਿਧਾਂਤਾਂ ਦੇ ਉਲਟ ਜਾਂ ਨਿੱਜੀ ਲਾਭ ਲਈ ਕਿਸੇ ਨਾ ਕਿਸੇ ਰੂਪ ਵਿੱਚ ਝੂਠ ਦਾ ਸਹਾਰਾ ਲੈ ਸੰਗਤਾਂ ਨੂੰ ਭਰਮਾਉਂਦੇ, ਵਰਗਲਾਉਂਦੇ ਰਹਿੰਦੇ ਹਨ।

ਆਓ ਅਸੀਂ ਇਸ ਪੱਖੋਂ ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਕਿ ਕਿਤੇ ਅਸੀਂ ਵੀ ਪਾਂਡੇ ਵਾਲੇ ਰਾਹ ’ਤੇ ਤਾਂ ਨਹੀਂ ? ਜੇ ਅਸੀਂ ਵੀ ਆਪਣੇ ਨਿਜ ਲਾਭ ਲਈ ਆਪਣੇ ਮੁੱਖ ਤੋਂ ਝੂਠ ਬੋਲਦੇ ਹਾਂ ਜਾਂ ਲੁਕਾਈ ਨੂੰ ਭਰਮਾਉਂਦੇ, ਠੱਗਦੇ ਹਾਂ ਤਾਂ ਨਿਸ਼ਚਿਤ ਹੀ ਇਹ ਨਸੀਹਤ ਸਾਡੇ ਸਭ ਲਈ ਵੀ ਹੈ।

ਗੁਰਮਤਿ ਦੇ ਪ੍ਰਚਾਰਕਾਂ ਲਈ ਹੀ ਕਿਉਂ ਬਲਕਿ ਹੋਰ ਧਰਮਾਂ, ਮੱਤਾਂ ਮਤਾਂਤਰਾਂ ਨੂੰ ਮੰਨਣ ਵਾਲੇ ਸਾਰੇ ਧਰਮ ਦੇ ਆਗੂਆਂ ਲਈ ਵੀ ਇਹ ਨਸੀਹਤ ਹੈ। ਅਜੋਕੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਕਿਵੇਂ ਕ੍ਰਿਸਚਨ ਪ੍ਰਚਾਰਕ ਝੂਠ ਬੋਲ ਬੋਲ ਕੇ ਲੁਕਾਈ ਨੂੰ ਠੱਗ ਰਹੇ ਹਨ, ਭਰਮਾ ਰਹੇ ਹਨ ਉਹਨਾਂ ਨੂੰ ਉਹਨਾਂ ਦੇ ਅਕੀਦੇ ਤੋਂ, ਧਰਮ ਤੋਂ ਤੋੜ ਰਹੇ ਹਨ। ਇਸਲਾਮ ਵਿੱਚ ਵੀ ਧਾਰਮਿਕ ਅਖਵਾਉਂਦੇ ਆਗੂ ਪੀਰਾਂ, ਪੈਗੰਬਰਾਂ ਦੇ ਨਾਮ ’ਤੇ ਕਿਵੇਂ ਕੁਫਰ ਤੋਲਦੇ ਹੋਏ ਝੂਠੇ ਇਲਮਾਂ ਰਾਹੀਂ ਲੋਕਾਂ ਨੂੰ ਠੱਗ ਰਹੇ ਹਨ। ਗੁਰੂ ਨਾਨਕ ਸਾਹਿਬ ਜੀ ਦੇ ਇਨਕਲਾਬੀ ਬੋਲਾਂ ਨੇ ਸਚਾਈ ਨਾਲ ਜਿਵੇਂ ਪਾਂਡੇ ਦੇ ਝੂਠ ਨੂੰ ਉਜਾਗਰ ਕੀਤਾ ਅਤੇ ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਿਆ; ਇਵੇਂ ਹੀ ਗੁਰਬਾਣੀ ਹਰ ਸਿੱਖ ਨੂੰ ਸੱਚ ਅਤੇ ਲੁਕਾਈ ਨੂੰ ਭਰਮ ਭੁਲੇਖਿਆਂ ਵਿਚੋਂ ਬਾਹਰ ਕੱਢ ਉਹਨਾਂ ਨੂੰ ਸੱਚ ਦੇ ਮਾਰਗ ’ਤੇ ਚੱਲਣ ਲਈ ਪ੍ਰੇਰਦੀ ਹੈ।

ਗੁਰਮਤਿ ਦੀ ਵਿਚਾਰਧਾਰਾ ਮਨੁੱਖ ਨੂੰ ਸਚਿਆਰ ਬਣਾਉਣ ਲਈ ਉਸ ਦੇ ਨਿੱਜੀ ਜੀਵਨ ਦੀ ਘਾੜਤ ਘੜਦੀ ਹੈ। ਜਿਸ ਨਾਲ ਮਨੁੱਖ ਭੌਤਿਕ ਖਵਾਹਿਸ਼ਾਂ ਵਾਲੇ ਨਿੱਜ ਲਾਭ ਤੋਂ ਉੱਪਰ ਉੱਠ, ਹਰ ਮਨੁੱਖ ਮਾਤਰ ਦੀ ਬਿਨਾਂ ਕਿਸੇ ਊਚ ਨੀਚ, ਜਾਤੀ ਵਿਤਕਰੇ ਤੋਂ ਆਪਣੇ ਆਪ ਨੂੰ ਸੇਵਾ ਲਈ ਸਮਰਪਿਤ ਕਰਦਾ ਹੈ। ਜਿਸ ਨਾਲ ਸੁਚੱਜੇ ਸਮਾਜ ਦੀ ਬਣਤਰ ਬਰਕਰਾਰ ਰਹਿੰਦੀ ਹੈ। ਮਨੁੱਖੀ ਜਾਤੀ; ਵਿਕਾਸ ਵਾਲੇ ਰਾਹ ’ਤੇ ਤੁਰਦੀ ਹੈ। ਅਜੋਕੇ ਸਮੇਂ ਦੇ ਬਿਖੜੇ ਹਾਲਾਤਾਂ ਵਿੱਚ ਸਾਨੂੰ ਝੂਠ ਦਾ ਸਹਾਰਾ ਛੱਡ ਗੁਰਬਾਣੀ ਰਾਹੀਂ ਗੁਰਮਤਿ ਦੇ ਦੱਸੇ ਸੱਚੇ ਮਾਰਗ ’ਤੇ ਚੱਲਣਾ ਚਾਹੀਦਾ ਹੈ ਤਾਂ ਹੀ ਸਮਾਜਿਕ ਪਿਆਰ ਸਤਿਕਾਰ ਮਿਲਦਾ ਹੈ ‘‘ਸਚੈ ਮਾਰਗਿ ਚਲਦਿਆ; ਉਸਤਤਿ ਕਰੇ ਜਹਾਨੁ’’ (ਮਹਲਾ /੧੩੩)

ਮਨੂੱਖ ਨੇ ਝੂਠ ਬੋਲ ਬੋਲ ਕੇ ਲੁਕਾਈ ਨੂੰ ਠੱਗਣਾ ਸ਼ੁਰੂ ਕਰ ਦਿੱਤਾ, ਪਰ ਠੱਗੇ ਉਹੀ ਜਾਂਦੇ ਹਨ, ਜੋ ਗੁਰਬਾਣੀ/ਗੁਰਮਤਿ ਦੇ ਗਿਆਨ ਤੋਂ ਸੱਖਣੇ ਹਨ। ਜਿਨ੍ਹਾਂ ਅੰਦਰ ਐਸੇ ਭਰਮਾਂ ਪ੍ਰਤੀ ਗਿਆਨ ਰੂਪ ਚਾਨਣ ਹੈ, ਉਹ ਸੱਚੇ ਗਿਆਨ ਦੇ ਸੋਮੇ ਨਾਲ ਆਪਣੇ ਮੂਲ ਦੀ ਪਹਿਚਾਣ ਕਰ ਲੈਂਦੇ ਹਨ। ਫਿਰ ਉਨ੍ਹਾਂ ਦੀ ਆਤਿਮਕ ਮੌਤ (ਜੋ ਕਿ ਝੂਠ ਬੋਲ ਕੇ ਆਪ ਹੀ ਸਹੇੜੀ ਹੁੰਦੀ ਹੈ) ਨਹੀਂ ਹੁੰਦੀ ਅਤੇ ਫਿਰ ਉਹ ਪਾਂਡੇ ਵਰਗ ਵੱਲੋਂ ਫੈਲਾਏ ਭਰਮਾਂ ਤੋਂ ਵੀ ਬਚ ਜਾਂਦੇ ਹਨ, ਝੂਠ ਤੋਂ ਬਚ ਵਿਸ਼ੇ ਵਿਕਾਰਾਂ ਤੋਂ ਵੀ ਬਚ ਜਾਂਦੇ ਹਨ।

ਨਾ ਓਹਿ ਮਰਹਿ; ਠਾਗੇ ਜਾਹਿ ਜਿਨ ਕੈ ਰਾਮੁ ਵਸੈ; ਮਨ ਮਾਹਿ’’ (ਜਪੁ ਜੀ ਸਾਹਿਬ)

ਪਰ ਜਿਵੇਂ ਖੋਟਾ ਸੋਨਾ ਕੁਠਾਲੀ ਵਿਚ ਪੈਣ ਤੋਂ ਬਾਅਦ ਅਸਲ ਬਾਕੀ ਰਹਿ ਜਾਂਦਾ ਹੈ ਕਿਉਂਕਿ ਖੋਟ ਸੜ ਜਾਂਦਾ ਹੈ, ਇਵੇਂ ਹੀ ਝੂਠ ਵੀ ਸੱਚ ਦੀ ਕਸਵੱਟੀ ’ਤੇ (ਗੁਰਮਤਿ ਦੀ ਰੋਸ਼ਨੀ ਵਿੱਚ) ਕਦੇ ਪੂਰਾ ਨਹੀਂ ਉਤਰਦਾ, ਸੱਚ ਪ੍ਰਗਟ ਹੋ ਨਿਖਰਦਾ ਹੈ। ਝੂਠ ਬੰਦੇ ਦੀ ਪਤ ਗਵਾ ਦਿੰਦਾ ਹੈ।

ਕਬੀਰ ਕਸਉਟੀ ਰਾਮ ਕੀ; ਝੂਠਾ ਟਿਕੈ ਕੋਇ

ਰਾਮ ਕਸਉਟੀ ਸੋ ਸਹੈ; ਜੋ ਮਰਜੀਵਾ ਹੋਇ (ਭਗਤ ਕਬੀਰ ਜੀ/੯੪੮)

ਜਦੋਂ ਵੀ ਮਨੁੱਖ ਦੇ ਜੀਵਨ ਅੰਦਰ ਆਪਣੀ ਨਿੱਜ ਦੀ ਮਾਨਤਾ ਕਰਾਉਣ ਦਾ ਝੱਲ ਪੈਦਾ ਹੋਇਆ, ਉਸ ਨੇ ਝੂਠ ਦੇ ਆਸਰੇ ਹੀ ਮਨੁੱਖਤਾ ਨੂੰ ਭਰਮਾਇਆ ਅਤੇ ਆਪਣੇ ਧਰਮੀ ਹੋਣ ਦਾ ਜਾਲ ਪਾਇਆ। ਝੂਠ ਦੀ ਬੁਨਿਆਦ ਤੇ ਆਪਣੀ ਮਹਾਨਤਾ ਦਰਸਾਉਣ ਵਾਲੇ ਇਨ੍ਹਾਂ ਬਨਾਰਸ ਦੇ ਠੱਗਾਂ ਦੇ ਹੱਥ ਵਿੱਚ ਫੜੀ ਹੋਈ ਮਾਲਾ, ਤਨ ’ਤੇ ਪਾਏ ਹੋਏ ਲੰਬੇ ਚੋਲੇ, ਹੱਥਾਂ ਵਿੱਚ ਪਾਣੀ ਦੇ ਗੜਵੇ, ਚਿਮਟੇ ਛੈਣੇ ਤੇ ਵੀਹ ਪੰਝੀ ਚੇਲਿਆਂ ਨੂੰ ਵੇਖ ਕੇ ਦੂਰੋਂ ਹੀ ਸਿਰ ਝੁਕਾਉਂਦੇ ਹੋਏ ਸੰਤ, ਮਹੰਤ ਸਮਝ ਵਿਸਮਾਦ ਵਿੱਚ ਆ ਨੀ ਬੇਬੇ, ਨੀ ਬੇਬੇ, ਦੇਖ ਸੰਤ ਜੀ ਤੁਰੇ ਆਉਂਦੇ ਨੇ, ਕਹਿ ਕੇ ਗੁਰੂ ਗ੍ਰੰਥ ਸਾਹਿਬ ਨਾਲੋਂ ਵਧ ਸਤਿਕਾਰ ਦੇਣ ਦੀ ਲੀਹ ਪਾ ਲਈ ਭਾਵੇਂ ਕਿ ਸੰਤ ਜੀ ਦਾ ਪਤਾ ਹੀ ਉਦੋਂ ਚਲਿਆ ਜਦੋਂ ਬੇਬੇ ਦੀ ਸੋਨੇ ਦੀ ਜ਼ੰਜੀਰ ਵੀ ਲੁਹਾ ਕੇ ਲੈ ਗਏ ਤੇ ਜਾਂਦੇ ਜਾਂਦੇ ਕਹਿ ਗਏ ਚੰਗਾ ਬੀਬਾ ਡੇਰੇ ਆਉਣਾ ਨਾ ਭੁਲਣਾ, ਉੱਥੋਂ ਆਪ ਜੀ ਦੀ ਹਰ ਮੁਰਾਦ ਪੂਰੀ ਹੋਵੇਗੀ। ਬੇਬੇ ਦੀ ਮੁਰਾਦ ਤੇ ਕੀ ਪੂਰੀ ਹੋਣੀ ਸੀ, ਉਹ ਆਪਣੀ ਮੁਰਾਦ ਪੂਰੀ ਕਰਕੇ ਚੱਲਦੇ ਬਣੇ ਤੇ ਬੇਬੇ ਬਿੱਟ ਬਿੱਟ ਕਰਕੇ ਤੱਕਦੀ ਰਹਿ ਗਈ। ਐਸੇ ਦੰਭੀਆਂ ਦੇ ਮੁੱਖ ਤੋਂ ਝੂਠ ਦੇ ਨਕਾਬ ਉਤਾਰਨ ਲਈ ਹੀ ਗੁਰੂ ਨਾਨਕ ਸਾਹਿਬ ਜੀ ਨੇ ਪਾਂਡੇ ਨੂੰ ਸੰਬੋਧਨ ਕਰਦਿਆਂ ਝੂਠ ਨਾ ਬੋਲਣ ਲਈ ਉਪਦੇਸ਼ ਦਿੱਤਾ ਸੀ। ਉਸ ਤੋਂ ਪਹਿਲਾਂ ਪਾਂਡੇ ਦੇ ਝੂਠ ਨੂੰ ਸੰਸਾਰ ਅੱਗੇ ਭਗਤ ਕਬੀਰ ਜੀ ਨੇ ਵੀ ਜਗ ਜ਼ਾਹਰ ਕੀਤਾ ਹੈ ‘‘ਗਲੀ ਜਿਨਾ ਜਪਮਾਲੀਆ; ਲੋਟੇ ਹਥਿ ਨਿਬਗ ਓਇ ਹਰਿ ਕੇ ਸੰਤ ਆਖੀਅਹਿ; ਬਾਨਾਰਸਿ ਕੇ ਠਗ’’ (ਭਗਤ ਕਬੀਰ ਜੀ/੪੭੬)

ਅੱਜ ਦੇ ਸਮੇਂ ਬਹੁਤਾਤ ਸਿੱਖ ਝੂਠ ਦਾ ਸਹਾਰਾ ਲੈ ਕੇ ਧਰਮ ਦੇ ਆਗੂ ਬਣੇ ਹੋਏ ਹਨ ਭਾਵੇਂ ਕੋਈ ਕਿਸੀ ਸੰਸਥਾ ਦਾ ਮੁਖੀ ਹੋਵੇ ਜਾਂ ਜੱਥੇਦਾਰ। ਜਦੋਂ ਤਕ ਪਰਦਾ ਹੈ ਉਦੋਂ ਤੱਕ ਝੂਠ ਲੁਕਿਆ ਹੈ, ਜਿਸ ਦਿਨ ਭਰਮਾਂ ਦਾ ਘੁੰਡ ਚੁੱਕਿਆ ਗਿਆ, ਉਸ ਦਿਨ ਭੱਜਣ ਲਈ ਰਾਹ ਲੱਭਣਾ ਔਖਾ ਹੋ ਜਾਵੇਗਾ ਤੇ ਪੰਥ ਖੁਸ਼ੀ ਵਿੱਚ ਆਖੇਗਾ ‘‘ਭ੍ਰਮ ਕੇ ਪਰਦੇ ਸਤਿਗੁਰ ਖੋਲੇ’’ (ਮਹਲਾ /੩੮੫)

ਜਿਵੇਂ ਪੁਰਾਣੀ ਕੁਰੰਬਲ ਪੱਤੇ ਦਾ ਰੂਪ ਲੈ ਆਪਣੇ ਵਿੱਚੋਂ ਹੀ ਨਵੀਂ ਕੁਰੰਬਲ ਪੈਦਾ ਕਰਦੀ ਹੈ; ਇਵੇਂ ਇਨ੍ਹਾਂ ਪਾਂਡਿਆਂ ਵੱਲੋਂ ਝੂਠ ਦੇ ਸਹਾਰੇ ਪਾਏ ਹੋਏ ਭਰਮਾਂ ਵਿੱਚੋਂ ਨਵੇਂ ਨਵੇਂ ਭਰਮ ਨਿਕਲਦੇ ਹਨ। ਜਿਸ ਦਿਨ ਸੱਚ ਦਾ ਅਹਿਸਾਸ ਹੋਇਆ, ਉਸ ਦਿਨ ਸਾਰੇ ਗੁਰਬਾਣੀ ਦੀਆਂ ਲੀਹਾਂ ’ਤੇ ਚੱਲਦੇ ਹੋਏ ਆਖਣਗੇ ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ ਜਿਸ ਦਿਨ ਸਿੱਖ ਨੇ ਗੁਰੂ ਗ੍ਰੰਥ ਸਾਹਿਬ ਨੂੰ ਦਿਲੋਂ ਗੁਰੂ ਮੰਨ ਲਇਆ, ਉਸ ਦਿਨ ਦਿਲ ਵਿੱਚੋਂ ਝੂਠ ਅਤੇ ਝੂਠ ਸਹਾਰੇ ਖੜ੍ਹੇ ਕੀਤੇ ਵਪਾਰ-ਭਰਮ ਆਪਣੇ ਆਪ ਹੀ ਖ਼ਤਮ ਹੋ ਜਾਣਗੇ।

ਫ਼ੁਰਤੀਲਾ ਤੇ ਜੋਸ਼ੀਲਾ ਸਿੱਖ:- ਭਾਈ ਬਚਿੱਤਰ ਸਿੰਘ

0

ਫ਼ੁਰਤੀਲਾ ਤੇ ਜੋਸ਼ੀਲਾ ਸਿੱਖ:- ਭਾਈ ਬਚਿੱਤਰ ਸਿੰਘ

-ਰਮੇਸ਼ ਬੱਗਾ ਚੋਹਲਾ #1348/17/1 ਗਲੀ ਨੰ:8 ਰਿਸ਼ੀ ਨਗਰ ਐਕਸਟੈਨਸ਼ਨ(ਲੁਧਿਆਣਾ) ਮੋ:9463132719

ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ’ਤੇ ਖ਼ਾਲਸਾ ਪੰਥ ਦੀ ਸਾਜਣਾ ਕਰਨ ਦੇ ਨਾਲ ਹੀ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਲਈ ਵਿਸ਼ੇਸ਼ ਰਹਿਤ-ਮਰਯਾਦਾ (ਸੰਜਮੀ, ਨਿਯਮਤ, ਦਲੇਰ ਅਤੇ ਪਰਉਪਕਾਰੀ ਜੀਵਨ ਵਾਲੀ) ਵੀ ਨਿਰਧਾਰਿਤ ਕਰ ਦਿੱਤੀ। ਇਸ ਮਰਯਾਦਾ ਵਿਚ ਜਿੱਥੇ ਨਾਮ ਸਿਮਰਨ, ਸੇਵਾ ਅਤੇ ਪਰਉਪਕਾਰ ਨੂੰ ਖ਼ਾਲਸੇ ਦੇ ਜੀਵਨ ਦਾ ਆਧਾਰ ਬਣਾਇਆ ਗਿਆ, ਉੱਥੇ ਨਾਲ ਹੀ ‘‘ਜੇ ਜੀਵੈ ਪਤਿ ਲਥੀ ਜਾਇ ਸਭੁ ਹਰਾਮੁ ਜੇਤਾ ਕਿਛੁ ਖਾਇ ’’ (ਮਹਲਾ /੧੪੨) ਵਾਕ ਵਜੋਂ ਅਣਖੀਲਾ ਪਾਠ ਵੀ ਪੜ੍ਹਾਇਆ ਗਿਆ। ਇਸ ਪਾਠ ਨੂੰ ਪੜ੍ਹਨ ਵਾਲੇ ਸੂਰਬੀਰ ਸਿੱਖਾਂ ਨੇ ‘‘ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ’’ (ਮਹਲਾ /੧੧੦੨) ਦੀ ਧਾਰਨਾ ਦੇ ਅਨੁਸਾਰੀ ਹੋ ਕੇ ਹਮੇਸ਼ਾਂ ਹੀ ਮੌਤ ਨੂੰ ਮਖੌਲ ਕੀਤੇ ਹਨ। ਜੁਝਾਰੂ ਬਿਰਤੀ ਦੇ ਧਨੀ ਸੂਰਮਿਆਂ ਨੇ ‘ਸਿਰ ਤਲੀ ’ਤੇ ਧਰ ਕੇ’ ਕਈ ਅਜਿਹੇ ਕੌਤਕ ਰਚੇ, ਜਿਨ੍ਹਾਂ ’ਤੇ ਸਿੱਖ ਇਤਿਹਾਸ ਨੂੰ ਸਦਾ ਮਾਣ ਰਹੇਗਾ। ਇਸ ਤਰ੍ਹਾਂ ਦੇ ਕਾਰਨਾਮਿਆਂ ਵਿਚ ਹੀ ਸ਼ਾਮਲ ਹੈ ‘ਭਾਈ ਬਚਿੱਤਰ ਸਿੰਘ ਦਾ ਨਸ਼ੇੜੀ ਹਾਥੀ ਨਾਲ ਮੁਕਾਬਲੇ ਦਾ ਦਲੇਰਾਨਾ ਕਾਰਨਾਮਾ’।

ਦਸਮੇਸ਼ ਪਿਤਾ ਦੇ ਸੂਰਮੇ ਸਿੱਖ ਭਾਈ ਬਚਿੱਤਰ ਸਿੰਘ ਦਾ ਜਨਮ 6 ਮਈ 1664 ਈ. ਨੂੰ ਭਾਈ ਮਨੀ ਸਿੰਘ ਅਤੇ ਮਾਤਾ ਸੀਤੋ (ਬਸੰਤ ਕੌਰ) ਦੇ ਗ੍ਰਹਿ ਪਿੰਡ ਅਲੀਪੁਰ (ਮੁਲਤਾਨ) ਵਿਖੇ ਹੋਇਆ। ਬਚਪਨ ਵਿੱਚ ਬਚਿੱਤਰ ਰਾਏ ਦੇ ਨਾਮ ਨਾਲ ਬੁਲਾਏ ਜਾਂਦੇ ਭਾਈ ਸਾਹਿਬ ਆਪਣੇ ਦਸ ਭਰਾਵਾਂ ਵਿਚੋਂ ਦੂਸਰੇ ਸਥਾਨ ’ਤੇ ਸਨ। ਸੰਮਤ 1756 (ਵਿਸਾਖੀ ਵਾਲੇ ਦਿਨ) ਵਿਚ ਪਰਵਾਰ ਦੇ ਬਾਕੀ ਜੀਆਂ ਨਾਲ ਅੰਮ੍ਰਿਤਪਾਨ ਕਰਨ ਤੋਂ ਬਾਅਦ ‘ਸਿੰਘ’ ਸ਼ਬਦ ਉਨ੍ਹਾਂ ਦੇ ਨਾਮ ਨਾਲ ਪੱਕੇ ਤੌਰ ’ਤੇ ਜੁੜ ਗਿਆ ਅਤੇ ਉਹ ਬਚਿੱਤਰ ਸਿੰਘ (ਸ਼ੇਰ) ਦੇ ਨਾਂਅ ਨਾਲ ਬੁਲਾਏ ਜਾਣ ਲੱਗੇ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਭਾਈ ਸਾਹਿਬ ਮਨੋਂ-ਤਨੋਂ ਗੁਰੂ-ਘਰ ਦੀ ਸੇਵਾ ਨੂੰ ਸਮਰਪਿਤ ਹੋ ਗਏ।

ਖ਼ਾਲਸੇ ਦੀ ਚੜ੍ਹਦੀਕਲਾ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਧਦੇ ਸਤਿਕਾਰ ਨੂੰ ਦੇਖ ਕੇ ਪਹਾੜੀ ਰਾਜਿਆਂ ਦੇ ਅੰਦਰ ਈਰਖਾ ਦੀ ਭਾਵਨਾ ਬਲਵਾਨ ਹੋਣ ਲੱਗੀ। ਜਿਸ ਤਹਿਤ ਜਿੱਥੇ ਉਹ ਗੁਰੂ ਸਾਹਿਬ ਨਾਲ ਈਰਖਾ ਕਰਨ ਲੱਗੇ, ਉੱਥੇ ਨਾਲ ਹੀ ਗੁਰੂ-ਘਰ ਨੂੰ ਢਾਹ ਲਾਉਣ ਦੀਆਂ ਸਦਾ ਸਾਜਸ਼ਾਂ ਵੀ ਰਚਨ ਲੱਗੇ। ਪਹਾੜੀ ਰਾਜਿਆਂ ਅਤੇ ਗੁਰੂ-ਘਰ ਦੇ ਹੋਰ ਦੋਖੀਆਂ ਦੀ ਨੀਅਤ ਵਿਚਲੀ ਖੋਟ ਨੂੰ ਭਾਂਪਦਿਆਂ ਕਲਗੀਧਰ ਪਾਤਿਸ਼ਾਹ ਨੂੰ ਸ੍ਰੀ ਆਨੰਦਪੁਰ ਸਾਹਿਬ ਵਿਖੇ ਲੋਹਗੜ੍ਹ ਨਾਮਕ ਕਿਲ੍ਹੇ ਦੀ ਉਸਾਰੀ ਕਰਵਾਉਣੀ ਪਈ।

ਆਪਣੇ ਦਾਦਾ-ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵਾਂਗ ਦਸਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਜੀ ਸ਼ਿਕਾਰ ਦਾ ਸ਼ੌਂਕ ਵੀ ਰੱਖਦੇ ਸਨ। ਇਹ ਸ਼ੌਂਕ ਕਰਕੇ ਸੰਮਤ 1757 ਨੂੰ ਜਦੋਂ ਗੁਰੂ ਸਾਹਿਬ ਕਟੋਚਾਂ ਦੀ ਹੱਦ ਉੱਪਰ ਸ਼ਿਕਾਰ ਖੇਡਣ ਲਈ ਗਏ ਤਾਂ ਪਹਾੜੀ ਰਾਜੇ ਆਲਮ ਚੰਦ ਅਤੇ ਬਲੀਆ ਚੰਦ ਨੇ ਉਨ੍ਹਾਂ ਉੱਪਰ ਅਚਾਨਕ ਹਮਲਾ ਕਰ ਦਿੱਤਾ। ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੱਖਾਂ ਨੇ ਇਸ ਹਮਲੇ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਸਿੱਟੇ ਵਜੋਂ ਰਾਜਾ ਬਲੀਆ ਚੰਦ ਤਾਂ ਸਰੀਰ ਛੱਡ ਗਿਆ ਅਤੇ ਆਲਮ ਚੰਦ ਦੀ ਇੱਕ ਬਾਂਹ ਵੱਢੀ ਗਈ। ਇਸ ਲੜਾਈ ਵਿਚ ਗੁਰੂ ਕਿਆਂ ਵੱਲੋਂ ਪਈ ਮਾਰ ਅਤੇ ਆਪਣੀ ਹਾਰ ਕਾਰਨ ਪਹਾੜੀ ਰਾਜੇ ਬਹੁਤ ਸ਼ਰਮਸਾਰ ਹੋਏ ਅਤੇ ਬਦਲੇ ਦੀ ਅੱਗ ਵਿਚ ਸੜਨ ਲੱਗੇ।

ਕੁੱਝ ਇਤਿਹਾਸਕਾਰਾਂ ਦੀ ਰਾਇ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦਾ ਯੁੱਧ ਲੜ੍ਹ ਰਹੇ ਸਨ ਤਾਂ ਭਾਈ ਬਚਿੱਤਰ ਸਿੰਘ ਨੇ ਆਪਣੇ ਪਿਤਾ ਭਾਈ ਮਨੀ ਸਿੰਘ ਸਮੇਤ ਗੁਰੂ ਕੀਆਂ ਫ਼ੌਜਾਂ ਦਾ ਡੱਟਵਾਂ ਸਾਥ ਦਿੱਤਾ। ਇਸ ਤੋਂ ਇਲਾਵਾ ਸ੍ਰੀ ਆਨੰਦਪੁਰ ਸਾਹਿਬ ਪਹਿਲੀ ਤੇ ਦੂਜੀ ਲੜਾਈ, ਨਿਰਮੋਹ ਅਤੇ ਬਸੌਲੀ ਦੀ ਜੰਗ ਸਮੇਂ ਵੀ ਭਾਈ ਬਚਿੱਤਰ ਸਿੰਘ ਮੈਦਾਨੇ ਜੰਗ ਵਿਚ ਜੂਝਦਾ ਰਿਹਾ ਹੈ।

ਜਦੋਂ ਵੀ ਪਹਾੜੀ ਰਾਜੇ ਗੁਰੂ-ਘਰ (ਸ੍ਰੀ ਆਨੰਦਪੁਰ ਸਾਹਿਬ) ਨਾਲ ਮੱਥਾ ਲਾਉਂਦੇ ਸਨ ਤਾਂ ਉਨਾਂ ਨੂੰ ਮੂੰਹ ਦੀ ਖਾਣੀ ਪੈਂਦੀ ਸੀ। ਵਾਰ- ਵਾਰ ਦੀ ਹਾਰ ਅਤੇ ਸ਼ਰਮਿੰਦਗੀ ਤੋਂ ਬਚਣ ਲਈ ਅਖੀਰ ਉਨ੍ਹਾਂ ਨੂੰ ਮੁਗਲ-ਦਰਬਾਰ ਦੀ ਓਟ ਲੈਣੀ ਪਈ। ਇੱਥੇ ਹੀ ਬੱਸ ਨਹੀਂ ਆਪਣੀ ਜਿੱਤ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਨੂੰ ਆਲੇ-ਦੁਆਲੇ ਦੇ ਗੁਜਰਾਂ ਅਤੇ ਰੰਘੜਾਂ ਦਾ ਸਹਿਯੋਗ ਵੀ ਲੈਣਾ ਪਿਆ।

ਮੁਗਲ ਫੌਜ ਨਾਲ ਗੰਢ-ਤੁੱਪ ਕਰਕੇ ਪਹਾੜੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਉੱਪਰ ਤੀਸਰਾ ਹੱਲਾ ਬੋਲ ਦਿੱਤਾ। ਇਸ ਹੱਲੇ ਵਿਚ ਗੁਰੂ-ਨਗਰੀ ਤਾਂ ਉਨ੍ਹਾਂ ਦੇ ਕਬਜ਼ੇ ਵਿਚ ਆ ਗਈ, ਪਰ ਖ਼ਾਲਸੇ ਦੇ ਖ਼ੌਫ ਕਾਰਨ ਉਹ ਕਿਲ੍ਹੇ ਤੱਕ ਨਾ ਪਹੁੰਚ ਸਕੇ। ਸਮਾਂ ਲੰਘਦਾ ਜਾ ਰਿਹਾ ਸੀ ਪਰ ਪਹਾੜੀਆਂ ਦੇ ਪੱਲੇ ਕੁੱਝ ਨਹੀਂ ਪੈ ਰਿਹਾ ਸੀ।

ਅਖੀਰ 1 ਸਤੰਬਰ 1700 ਈ. ਨੂੰ ਗੁਰੂ-ਘਰ ਦੇ ਵਿਰੋਧੀਆਂ ਨੇ ਇੱਕ ਮਤਾ ਪਕਾਇਆ, ਜਿਸ ਅਨੁਸਾਰ ਕਿਲ੍ਹੇ ਨੂੰ ਤੋੜ੍ਹਨ ਦਾ ਇਰਾਦਾ ਕੀਤਾ ਗਿਆ। ਇਸ ਨੀਚ ਇਰਾਦੇ ਨੂੰ ਅਮਲੀ ਰੂਪ ਦੇਣ ਲਈ ਇੱਕ ਹਾਥੀ ਮੱਸੂ (ਹਾਥੀ ਦਾ ਨਾਮ) ਨੂੰ ਰੱਜਵੀਂ ਸ਼ਰਾਬ ਪਿਲਾਈ ਗਈ। ਉਸ ਦੇ ਸਰੀਰ ਨੂੰ ਲੋਹੇ ਨਾਲ ਮੜ੍ਹ ਕੇ ਸੁੰਡ ਨਾਲ ਵੱਡੀਆਂ ਤੱਵੀਆਂ ਬੰਨ੍ਹੀਆਂ ਗਈਆਂ। ਦੁਸ਼ਮਣਾਂ ਦੇ ਇਸ ਇਰਾਦੇ ਦੀ ਖ਼ਬਰ ਸਿੱਖਾਂ ਨੇ ਗੁਰੂ ਸਾਹਿਬ ਤੱਕ ਵੀ ਪਹੁੰਚਾ ਦਿੱਤੀ। ਸਿੱਖਾਂ ਨੂੰ ਹੌਂਸਲਾ ਦਿੰਦਿਆਂ ਦਸਵੇਂ ਪਾਤਿਸ਼ਾਹ ਨੇ ਕਿਹਾ- ‘ਕੋਈ ਗੱਲ ਨਹੀਂ  ! ਉਨ੍ਹਾਂ ਦੇ ਹਾਥੀ ਦਾ ਮੁਕਾਬਲਾ ਕਰਨ ਲਈ ਇੱਕ ਹਾਥੀ ਸਾਡੇ ਕੋਲ ਵੀ ਹੈ।’ ਗੁਰੂ ਸਾਹਿਬ ਦਾ ਇਸ਼ਾਰਾ ਭਾਈ ਸਾਲ੍ਹੋ ਦੇ ਪੋਤੇ ਭਾਈ ਦੁਨੀ ਚੰਦ ਵੱਲ ਸੀ, ਜਿਹੜਾ ਭਾਰੀ-ਭਰਕਮ ਦੇਹੀ ਦਾ ਮਾਲਕ ਸੀ। ਗੁਰੂ ਸਾਹਿਬ ਨੇ ਉਸ ਨੂੰ 500 ਸਵਾਰਾਂ ਦਾ ਜਥੇਦਾਰ ਥਾਪ ਕੇ ਸਵੇਰੇ ਮੈਦਾਨ-ਏ-ਜੰਗ ਵਿਚ ਭੇਜਣ ਦਾ ਫ਼ੈਸਲਾ ਕਰ ਲਿਆ। ਜਦੋਂ ਦੁਨੀ ਚੰਦ ਨੂੰ ਇਸ ਦੀ ਭਿਨਕ ਪਈ ਤਾਂ ਉਹ ਰਾਤ ਨੂੰ ਆਪਣੇ ਕੁੱਝ ਡਰਪੋਕ ਸਾਥੀਆਂ ਨਾਲ ਕਿਲ੍ਹੇ ਦੀ ਕੰਧ ਟੱਪ ਗਿਆ ਅਤੇ ਲੰਗੜਵਾਹ (ਲੱਤ ਟੁੱਟ ਜਾਣ ਕਾਰਨ) ਭਗੌੜਾ ਹੋ ਗਿਆ। ਜਿਸ ਮੌਤ ਦੇ ਡਰੋਂ ਦੁਨੀ ਚੰਦ ਗੁਰੂ ਸਾਹਿਬ ਤੋਂ ਬੇਮੁੱਖ ਹੋਇਆ ਸੀ, ਉਸੇ ਨੇ ਉਸ ਦਾ ਪਿੱਛਾ ਨਾ ਛੱਡਿਆ ਅਤੇ ਉਹ ਉਸ ਦੇ ਘਰ (ਅੰਮ੍ਰਿਤਸਰ) ਤੱਕ ਵੀ ਪਹੁੰਚ ਗਈ। ਮੰਜੀ ’ਤੇ ਪਏ ਨੂੰ ਇੱਕ ਜ਼ਹਰੀਲੇ ਸੱਪ ਨੇ ਡੰਗ ਮਾਰਿਆ ਅਤੇ ਦੁਨੀ ਚੰਦ ਦੁਨੀਆਂ ਰੁਖ਼ਸਤ ਹੋ ਗਿਆ।

ਦੁਨੀ ਚੰਦ ਦੇ ਭਗੌੜੇਪਨ ਤੋਂ ਬਾਅਦ ਭਾਈ ਬਚਿੱਤਰ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸਨਮੁੱਖ ਹੋਇਆ ਅਤੇ ਨਸ਼ੇੜੀ ਹਾਥੀ ਨਾਲ ਦੋ ਹੱਥ ਕਰਨ ਦਾ ਹੁੰਗਾਰਾ ਭਰਨ ਲੱਗਾ। ਉਸ ਦੇ ਦਲੇਰੀ ਭਰੇ ਹੁੰਗਾਰੇ ਨੂੰ ਸੁਣ ਕੇ ਕਲਗੀਧਰ ਪਾਤਿਸ਼ਾਹ ਨੇ ਉਸ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ। ਜਿੱਥੇ ਗੁਰੂ ਸਾਹਿਬ ਨੇ ਭਾਈ ਬਚਿੱਤਰ ਸਿੰਘ ਨੂੰ ਹਾਥੀ ਨਾਲ ਲੜ੍ਹਣ ਲਈ ਆਪਣਾ ਅਸ਼ੀਰਵਾਦ/ਥਾਪੜਾ ਦਿੱਤਾ, ਉੱਥੇ ਨਾਲ ਹੀ ਇੱਕ ਨਾਗਣੀ (ਬਰਛਾ) ਵੀ ਬਖ਼ਸ਼ ਦਿੱਤੀ। ਪੰਜ ਜੈਕਾਰੇ ਛੱਡ ਕੇ ਗੁਰੂ ਸਾਹਿਬ ਨੇ ਕਿਲ੍ਹੇ ਦਾ ਦਰਵਾਜ਼ਾ ਖੋਲ਼੍ਹਣ ਦਾ ਹੁਕਮ ਦੇ ਦਿੱਤਾ। ਦਰਵਾਜ਼ਾ ਖੁੱਲ੍ਹਦਿਆਂ ਸਾਰ ਹੀ ਬਹਾਦਰ ਬਚਿੱਤਰ ਸਿੰਘ ਮਸਤ ਹਾਥੀ ਵੱਲ ਵਧਿਆ ਅਤੇ ਪੂਰੇ ਜੋਰ ਨਾਲ ਨਾਗਣੀ ਮਸਤ ਹਾਥੀ ਦੇ ਮੱਥੇ ਵਿਚ ਮਾਰੀ। ਨਾਗਣੀ ਦੇ ਵੱਜਣ ਨਾਲ ਹਾਥੀ ਜਖ਼ਮੀ ਹੋ ਗਿਆ ਅਤੇ ਚੰਗਿਆੜਾਂ ਮਾਰਦਾ ਹੋਇਆਂ ਪਿਛਾਂਹ ਨੂੰ ਭੱਜਣ ਲੱਗਾ। ਹਾਥੀ ਦੀ ਇਸ ਤਰਸਯੋਗ ਹਾਲਤ ਨੇ ਦੁਸਮਣਾਂ ਦੀ ਹਾਲਤ ਵੀ ਪਤਲੀ ਕਰ ਦਿੱਤੀ ਅਤੇ ਉਹ ਮੂੰਹ ਛੁਪਾ ਕੇ ਦੌੜ ਗਏੇ। ਚੁਸਤੀ, ਫੁਰਤੀ, ਜੁਝਾਰੂ ਬਿਰਤੀ ਅਤੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਹ ਮੈਦਾਨ ਭਾਈ ਬਚਿੱਤਰ ਸਿੰਘ ਦੇ ਹੱਥ ਰਿਹਾ। ਜਿਸ ਨਾਗਣੀ ਨਾਲ ਮੱਸੂ ਹਾਥੀ ਦਾ ਮੱਥਾ ਵਿਨ੍ਹਿਆਂ ਗਿਆ ਉਸ ਦੀ ਲੰਬਾਈ ਪੋਣੇ ਨੌਂ ਫੁੱਟ ਹੈ।

1705 ਈ. (ਕੁੱਝ ਇਤਿਹਾਸਕਾਰਾਂ ਮੁਤਾਬਕ 1704 ਈ.) ਨੂੰ ਸ਼ਾਹੀ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਸੱਤ ਮਹੀਨਿਆਂ ਤੋਂ ਵੱਧ ਸਮਾਂ ਬੀਤ ਜਾਣ ’ਤੇ ਵੀ ਉਹ ਧਿਰ ਕਿਲ੍ਹੇ ਵਿਚ ਪ੍ਰਵੇਸ਼ ਨਾ ਕਰ ਸਕੀ। ਅਣਸੁਖਾਵਂੇ ਹਾਲਾਤ ਹੋ ਜਾਣ ਦੇ ਬਾਵਜੂਦ ਵੀ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਪਿਆਰੇ ਸਿੱਖ ਚੜ੍ਹਦੀਕਲ੍ਹਾ ਵਿਚ ਸਨ। ਤੀਰਾਂ ਅਤੇ ਗੋਲਿਆਂ ਨਾਲ ਵੈਰੀਆਂ ਨੂੰ ਕਿਲ੍ਹੇ ਦੇ ਨੇੜੇ ਨਹੀਂ ਲੱਗਣ ਦੇ ਰਹੇ ਸਨ। ਅਖੀਰ ਹਾਕਮ ਧਿਰ ਅਤੇ ਪਹਾੜੀਆਂ ਨੇ ਵਲ-ਛਲ ਵਾਲੀ ਨੀਤੀ ਤੋਂ ਕੰਮ ਲਿਆ। ਜਿਸ ਤਹਿਤ ਝੂਠੀਆਂ ਕਸਮਾਂ ਖਾ ਕੇ ਕਿਲ੍ਹੇ ਨੂੰ ਖਾਲੀ ਕਰਨ ਲਈ ਕਿਹਾ ਗਿਆ। ਭਾਵੇਂ ਗੁਰੂ ਸਾਹਿਬ ਨੂੰ ਇਨ੍ਹਾਂ ਦੀਆਂ ਕਸਮਾਂ ’ਤੇ ਰਤੀ ਭਰ ਵੀ ਯਕੀਨ ਨਹੀਂ ਸੀ, ਪਰ ਸਮੇਂ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆਂ 5 ਅਤੇ 6 ਦਿਸੰਬਰ ਦੀ ਰਾਤ ਨੂੰ ਕਿਲ੍ਹਾ ਖਾਲੀ ਕਰ ਦਿੱਤਾ ਗਿਆ।..  ਤੇ ਫਿਰ ਉਹ ਹੀ ਗੱਲ ਹੋਈ ਜਿਸ ਦਾ ਖ਼ਦਸ਼ਾ ਸੀ। ਖਾਧੀਆਂ ਹੋਈਆਂ ਕਸਮਾਂ ਅਤੇ ਕੀਤੇ ਹੋਏ ਵਾਅਦਿਆਂ ਤੋਂ ਮੁਨਕਰ ਹੋ ਕੇ ਮੁਗ਼ਲ ਫ਼ੌਜਾਂ ਗੁਰੂ ਕਿਆਂ ਦੀ ਪੈੜ ਨੱਪਣ ਲੱਗੀ। ਮਗਰ ਆਉਂਦੀ ਸ਼ਾਹੀ ਫੌਜ ਨੂੰ ਦੇਖ ਕੇ ਗੁਰੂ ਸਾਹਿਬ ਅਤੇ ਨਾਲ ਦੇ ਸਿੱਖ ਸੁਚੇਤ ਹੋ ਗਏ ਅਤੇ ਉਸ ਨਾਲ ਦੋ ਹੱਥ ਕਰਨ ਲਈ ਵਿਓਂਤਬੰਦੀ ਕਰਨ ਲੱਗੇ। ਇਸ ਵਿਓਂਤਬੰਦੀ ਤਹਿਤ ਕਲਗੀਧਰ ਪਾਤਿਸ਼ਾਹ ਨੇ ਖ਼ਾਲਸਾਈ ਫੌਜ ਨੂੰ ਚਾਰ ਦਿਸ਼ਾਵਾਂ ਵਿਚ ਵੰਡ ਦਿੱਤਾ। ਜਿਹੜੀ ਵਾਹਰ ਨੂੰ ਅੱਗੇ ਵੱਧਣ ਤੋਂ ਰੋਕਣ ਲੱਗੀ।

ਰੋਪੜ ਵਾਲੀ ਦਿਸ਼ਾ ਦੀ ਕਮਾਂਡ ਭਾਈ ਬਚਿੱਤਰ ਸਿੰਘ ਨੂੰ ਸੰਭਾਲ ਦਿੱਤੀ ਗਈ। ਮਲਕਪੁਰ ਰੰਘੜ ਦੀ ਜੂਹ ’ਤੇ ਉਨ੍ਹਾਂ ਦਾ ਮੁਕਾਬਲਾ ਮਲੇਰਕੋਟਲੇ ਵਾਲੇ ਨਾਹਰ ਖਾਂ ਦੀ ਫੌਜ਼ ਨਾਲ ਹੋ ਗਿਆ। ਇਸ ਮੁਕਾਬਲੇ ਵਿਚ ਉਹ ਸਖ਼ਤ ਜਖ਼ਮੀ ਹੋ ਗਏ।

ਇੱਧਰ ਗੁਰੂ ਸਾਹਿਬ ਅਤੇ ਕੁੱਝ ਸਿਦਕੀ ਸਿੱਖ ਸਰਸਾ ਨਦੀ ਨੂੰ ਪਾਰ ਕਰਕੇ ਕੋਟਲਾ ਨਿਹੰਗ ਖਾਨ ਵਿਖੇ ਪਹੁੰਚ ਗਏ ਅਤੇ ਭਾਈ ਬਚਿੱਤਰ ਸਿੰਘ ਦਾ ਇੰਤਜ਼ਾਰ ਕਰਨ ਲੱਗੇ। ਪਿੱਛੋਂ ਆਉਂਦੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਜਦੋਂ ਭਾਈ ਬਚਿੱਤਰ ਸਿੰਘ ਨੂੰ ਫੱਟੜ ਹੋਏ ਦੇਖਿਆ ਤਾਂ ਉਨ੍ਹਾਂ ਨੇ ਆਪਣੇ ਸਾਥੀਆਂ ਦੀ ਸਹਾਇਤਾ ਨਾਲ ਉਸ ਨੂੰ ਨਾਲ ਲੈ ਕੇ ਨਿਹੰਗ ਖਾਂ ਦੇ ਡੇਰੇ ਪਹੁੰਚ ਦਿੱਤਾ। ਜ਼ਖ਼ਮੀ ਹੋਏ ਭਾਈ ਬਚਿੱਤਰ ਸਿੰਘ ਦੀ ਨਿਗਰਾਨੀ ਅਤੇ ਤੀਮਾਰਦਾਰੀ ਦੀ ਜ਼ਿੰਮੇਵਾਰੀ ਨਿਹੰਗ ਖਾਂ ਨੂੰ ਸੌਂਪ ਕੇ ਗੁਰੂ ਸਾਹਿਬ ਅਤੇ ਖ਼ਾਲਸਾ ਫ਼ੌਜ ਅਗਲੇਰਾ ਪੰਧ ਮੁਕਾਉਣਾ ਲਈ ਰਵਾਨਾ ਹੋ ਗਈ।

ਗੁਰੂ-ਘਰ ਪ੍ਰਤੀ ਅਥਾਹ ਸ਼ਰਧਾ ਰੱਖਣ ਵਾਲੇ ਨਿਹੰਗ ਖਾਂ ਨੇ ਆਪਣੇ ਇੱਕ ਵਿਸ਼ਵਾਸ ਪਾਤਰ ਵੈਦ ਨੂੰ ਬੁਲਾਇਆ ਅਤੇ ਭਾਈ ਸਾਹਿਬ ਦੀ ਮੱਲ੍ਹਮ-ਪੱਟੀ ਕਰਵਾਈ। ਇਸ ਸੇਵਾ-ਭਾਵਨਾ ਦੀ ਮੁਖ਼ਬਰੀ ਕਿਸੇ ਨੇ ਇਲਾਕੇ ਦੇ ਕੋਤਵਾਲ ਕੋਲ ਜਾ ਕੀਤੀ ਅਤੇ ਉਹ ਨਿਹੰਗ ਖਾਂ ਦੇ ਡੇਰੇ ਦੀ ਤਲਾਸ਼ੀ ਲੈਣ ਆ ਗਿਆ। ਜਦੋਂ ਉਹ ਉਸ ਕਮਰੇ ਦੀ ਤਲਾਸ਼ੀ ਲੈਣ ਲੱਗਾ ਜਿਸ ਵਿਚ ਜਖ਼ਮੀ ਬਚਿੱਤਰ ਸਿੰਘ ਲੰਮਾ ਪਿਆ ਹੋਇਆ ਸੀ ਤਾਂ ਖਾਨ ਨੇ ਕਿਹਾ ਕਿ ਉਸ ਕਮਰੇ ਵਿਚ ਮੇਰੀ ਧੀ ਮੇਰੇ ਬਿਮਾਰ ਜਵਾਈ ਦੀ ਦੇਖਭਾਲ ਕਰ ਰਹੀ ਹੈ। ਇਹ ਸੁਣ ਕੇ ਕੋਤਵਾਲ ਵਾਪਸ ਪਰਤ ਆਇਆ। ਇਸ ਤਰ੍ਹਾਂ ਨਿਹੰਗ ਖਾਂ ਨੇ ਭਾਈ ਸਾਹਿਬ ਨੂੰ ਹਕੂਮਤੀ (ਜ਼ਾਲਮ) ਹੱਥਾਂ ਵਿਚ ਜਾਣ ਤੋਂ ਤਾਂ ਬਚਾ ਲਿਆ, ਪਰ ਉਹ ਅਕਾਲ ਪੁਰਖ ਦੇ ਹੁਕਮ ਨੂੰ ਨਾ ਟਾਲ ਸਕਿਆ। ਜਿਸ ਅਟੱਲ ਹੁਕਮ ਮੁਤਾਬਕ ਭਾਈ ਬਚਿੱਤਰ ਸਿੰਘ ਜੀ 8 ਦਿਸੰਬਰ 1705 ਈ. ਨੂੰ ਪੰਥ ਨੂੰ ਆਖਰੀ ਫ਼ਤਿਹ ਬੁਲਾ ਗਏ।

ਆਪਣੇ ਪਿਤਾ ਨਿਹੰਗ ਖਾਂ ਦੇ ਬੋਲਾਂ ’ਤੇ ਫੁੱਲ ਚੜ੍ਹਾਉਦਿਆਂ ਉਸ ਦੀ ਧੀ ਮੁਮਤਾਜ਼ ਨੇ ਵੀ ਭਾਈ ਸਾਹਿਬ ਨੂੰ ਆਪਣਾ ਪਤੀ ਪ੍ਰਵਾਨ ਕਰ ਲਿਆ ਅਤੇ ਸਾਰੀ ਹਯਾਤੀ ਉਸ ਦੀ ਯਾਦ ਵਿਚ ਹੀ ਬਤੀਤ ਕਰਦੀ ਰਹੀ।

ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ ॥

0

ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ

ਗਿਆਨੀ ਹਰਭਜਨ ਸਿੰਘ (ਡਾਇਰੈਕਟਰ)

ਆਸਾ ਮਹਲਾ

ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ ਤੂ ਮੇਰਾ ਠਾਕੁਰੁ; ਹਮ ਤੇਰੈ ਦੁਆਰੇ

ਤੂੰ ਮੇਰਾ ਕਰਤਾ; ਹਉ ਸੇਵਕੁ ਤੇਰਾ ਸਰਣਿ ਗਹੀ ਪ੍ਰਭ ਗੁਨੀ ਗਹੇਰਾ ਰਹਾਉ

ਤੂ ਮੇਰਾ ਜੀਵਨੁ; ਤੂ ਆਧਾਰੁ ਤੁਝਹਿ ਪੇਖਿ; ਬਿਗਸੈ ਕਉਲਾਰੁ

ਤੂ ਮੇਰੀ ਗਤਿ; ਪਤਿ ਤੂ ਪਰਵਾਨੁ ਤੂ ਸਮਰਥੁ; ਮੈ ਤੇਰਾ ਤਾਣੁ

ਅਨਦਿਨੁ ਜਪਉ ਨਾਮ ਗੁਣਤਾਸਿ ਨਾਨਕ ਕੀ ਪ੍ਰਭ ਪਹਿ ਅਰਦਾਸਿ ੨੩ ੭੪ (ਮਹਲਾ /੩੮੯)

ਵੀਚਾਰ ਅਧੀਨ ਪਾਵਨ ਸ਼ਬਦ ਪੰਜਵੇਂ ਪਾਤਿਸ਼ਾਹ ਗੁਰੂ ਅਰਜਨ ਸਾਹਿਬ ਜੀ ਦੁਆਰਾ ਉਚਾਰਨ ਕੀਤਾ ਹੋਇਆ ਆਸਾ ਰਾਗ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ ੩੮੯ ’ਤੇ ਸੁਭਾਇਮਾਨ ਹੈ। ਇਸ ਸ਼ਬਦ ਦੁਆਰਾ ਸਤਿਗੁਰੂ ਜੀ; ਅਕਾਲ ਪੁਰਖ ਪ੍ਰਤੀ ਆਪਣੀ ਦਿਲੀ ਪ੍ਰੀਤ ਦਾ ਇੱਕ ਦਿਲ ਖਿੱਚਵਾਂ ਦ੍ਰਿਸ਼ ਪੇਸ਼ ਕਰਦੇ ਹੋਏ ਪ੍ਰਭੂ ਪਿਆਰਿਆਂ ਦੀ ਅਗਵਾਈ ਕਰ ਰਹੇ ਹਨ ਕਿ ਇਕ ਸੱਚੇ ਸੇਵਕ ਅੰਦਰ ਅਸਲੀ ਸ਼ਰਧਾ; ਆਪਣੇ ਮਾਲਕ ਪ੍ਰਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਇਸੇ ਵਿਚਾਰ ਨੂੰ ਸਤਿਗੁਰੂ ਜੀ ਨੇ ਇਸ ਸ਼ਬਦ ਵਿਚ ਵਿਸਥਾਰ ਨਾਲ ਸਮਝਾਇਆ ਹੈ। ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਰਾਹੀਂ ਸਤਿਗੁਰੂ ਜੀ ਫੁਰਮਾ ਰਹੇ ਹਨ :- ‘‘ਤੂੰ ਮੇਰਾ ਕਰਤਾ; ਹਉ ਸੇਵਕੁ ਤੇਰਾ ਸਰਣਿ ਗਹੀ ਪ੍ਰਭ ਗੁਨੀ ਗਹੇਰਾ ਰਹਾਉ’’ ਅਰਥ : ਹੇ ਪ੍ਰਭੂ ਜੀ ! ਤੂੰ ਮੇਰਾ ਕਰਤਾ ਹੈਂ ਭਾਵ ਪੈਦਾ ਕਰਨ ਵਾਲਾ ਹੈਂ ਤੇ ਮੈਂ ਤੇਰਾ ਸੇਵਕ ਹਾਂ। ਹੇ ਗੁਣਾ ਦੇ ਡੂੰਘੇ ਸਮੁੰਦਰ ਪ੍ਰਭੂ ! ਮੈਂ ਤੇਰੀ ਸ਼ਰਨ ਪਕੜੀ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ਵਿਚ ਤੋਂ ਲੈ ਕੇ ਗੁਰ ਪ੍ਰਸਾਦਿ ਤਕ, ਜੋ ਅੰਮ੍ਰਿਤਮਈ ਬਚਨ ਹਨ, ਸਿੱਖ ਜਗਤ ਵਿਚ ਇਨ੍ਹਾਂ ਨੂੰੂ ਮੂਲ ਮੰਤਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਮੂਲ ਮੰਤਰ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਬੇਅੰਤ ਅਗੰਮ ਅਗੋਚਰ ਅਕਾਲ ਪੁਰਖ ਜੀ ਦੇ ਵਿਸ਼ੇਸ਼ ਗੁਣਾਂ ਦਾ ਵਰਣਨ ਕੀਤਾ ਹੈ। ਇਹਨਾਂ ਗੁਣਾਂ ਵਿਚ ਇਕ ਗੁਣ ‘ਕਰਤਾ ਪੁਰਖ’ ਵੀ ਹੈ, ਜਿਸ ਦਾ ਅਰਥ ਹੈ ਕਿ ਉਹ ਸਾਰਿਆਂ ਨੂੰ ਬਣਾ ਕੇ ਉਸ ਵਿਚ ਸਮਾਇਆ ਹੋਇਆ ਹੈ। ਗੁਰਮਤਿ ਦਾ ਮੁੱਢਲਾ ਸਿਧਾਂਤ ਹੀ ਇਹ ਹੈ ਕਿ ਸਭ ਕੁਝ ਉਸ ਏਕੇ ਦਾ ਹੀ ਪਸਾਰਾ ਹੈ। ਇਸ ਲਈ ਉਸ ਅਕਾਲ ਪੁਰਖ ਨਾਲ ਜੁੜਨਾ ਹੀ ਹਰ ਮਨੁੱਖ ਦਾ ਜੀਵਨ ਦਾ ਮਨੋਰਥ ਹੋਣਾ ਚਾਹੀਦਾ ਹੈ  ‘‘ਅੰਤਰ ਆਤਮੈ ਜੋ ਮਿਲੈ; ਮਿਲਿਆ ਕਹੀਐ ਸੋਇ ’’ ਦੇ ਮਹਾਂਵਾਕ ਅਨੁਸਾਰ ਸੇਵਕ ਕਹਿਲਾਉਣ ਦਾ ਹੱਕ ਵੀ ਉਸੇ ਨੂੰ ਹੀ ਹੈ। ਸੇਵਕ ਭੀ ਆਪਣੇ ਮਾਲਕ ਦੀ ਸ਼ਰਨ ਵਿਚ ਰਹਿਣਾ ਪਰਵਾਣ ਕਰਦਾ ਹੈ। ਜਿਸ ਨੇ ਵੀ ਉਸ ਦੀ ਸ਼ਰਨ ਪਕੜ ਲਈ, ਉਸ ਲਈ ਸਭ ਕੁਝ ਉਹੀ ਹੈ ਫਿਰ ਤਾਂ ਉਹ ਉਸ ਦੇ ਪਿਆਰ ’ਚ ਭਿੱਜ ਕੇ ਇਸ ਤਰਾਂ ਆਖਦਾ ਹੈ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ ਵੀਚਾਰ ਅਧੀਨ ਸ਼ਬਦ ਦੇ ਪਹਿਲੇ ਪਦੇ ਵਿਚ ਫੁਰਮਾ ਰਹੇ ਹਨ : ‘‘ਤੂ ਮੇਰਾ ਤਰੰਗੁ; ਹਮ ਮੀਨ ਤੁਮਾਰੇ ਤੂ ਮੇਰਾ ਠਾਕੁਰੁ; ਹਮ ਤੇਰੈ ਦੁਆਰੇ ’’ ਅਰਥ : ਹੇ ਪ੍ਰਭੂ ਜੀ ! ਤੂੰ ਮੇਰਾ ਦਰਿਆ ਹੈਂ ਅਤੇ ਅਸੀਂ ਤੁਹਾਡੇ ਵਿਚ ਰਹਿਣ ਵਾਲੇ ਮੱਛ ਹਾਂ। ਤੂ ਮੇਰਾ ਮਾਲਕ ਹੈਂ ਅਸੀਂ ਸੇਵਕ ਤੇਰੇ ਦਰ ਉੱਤੇ ਆਏ ਹਾਂ। ਜਿਵੇਂ ਕਿਸੇ ਮੱਛੀ ਜਾਂ ਮੱਛ ਦਾ ਜੀਵਨ ਦਰਿਆ ਦਾ ਪਾਣੀ ਹੁੰਦਾ ਹੈ; ਉਵੇਂ ਹੀ ਆਤਮਕ ਜਗਿਆਸੂਆਂ ਵਾਸਤੇ ਪ੍ਰਭੂ ਦਾ ਨਾਮ ਹੀ ਉਨ੍ਹਾਂ ਲਈ ਆਤਮਕ ਜੀਵਨਜਾਚ ਬਣ ਜਾਂਦਾ ਹੈ। ਉਹ ਸਰੀਰਕ ਤੌਰ ’ਤੇ ਹੀ ਨਹੀਂ ਸਗੋਂ ਆਤਮਕ ਤੌਰ ਤੇ ਜੀਵਨ ਜਿਉੂਂਦੇ ਹੋਏ ਉਸ ਦੀ ਸਿਫਤ ਸਲਾਹ (ਧੁਰ ਕੀ ਬਾਣੀ) ਰਾਹੀਂ ਨਿਤਾ ਪ੍ਰਤੀ ਇਸ ਤਰ੍ਹਾਂ ਬੋਲਦੇ ਹਨ ‘‘ਸਭਿ ਜੀਅ ਤੁਮਾਰੇ ਜੀ ! ਤੂੰ ਜੀਆ ਕਾ ਦਾਤਾਰਾ’’ (ਮਹਲਾ /੧੦) ਜਾਂ ‘‘ਤੂੰ ਦਰੀਆਉ, ਸਭ ਤੁਝ ਹੀ ਮਾਹਿ  ਤੁਝ ਬਿਨੁ, ਦੂਜਾ ਕੋਈ ਨਾਹਿ’’ (ਮਹਲਾ /੧੧)

ਆਪਣੇ ਸ਼ਬਦ ਦੇ ਦੂਸਰੇ ਪਦੇ ਵਿਚ ਗੁਰਦੇਵ ਪਿਤਾ ਫੁਰਮਾਉਂਦੇ ਹਨ ‘‘ਤੂ ਮੇਰਾ ਜੀਵਨੁ, ਤੂ ਆਧਾਰੁ ਤੁਝਹਿ ਪੇਖਿ ਬਿਗਸੈ ਕਉਲਾਰੁ ’’ ਅਰਥ : ਹੇ ਪ੍ਰਭੂ ! ਤੂ ਮੇਰਾ ਜੀਵਨ ਹੈਂ। ਤੂੰ ਮੇਰੇ ਜੀਵਨ ਦਾ ਆਧਾਰ ਹੈਂ। ਤੈਨੂੰ ਵੇਖ ਕੇ ਮੇਰਾ ਹਿਰਦਾ ਇਉਂ ਖਿੜਦਾ ਹੈ; ਜਿਵੇਂ ਸੂਰਜ ਨੂੰ ਵੇਖ ਕੇ ਕਮਲ ਫੁੱਲ ਖਿੜਦਾ ਹੈ, ਜਿਵੇਂ ਉਕਤ ਮੱਛ ਅਤੇ ਪਾਣੀ ਦੇ ਪਿਆਰ ਦਾ ਦ੍ਰਿਸ਼ਟਾਂਤ ਦਿੱਤਾ ਹੈ। ਕਮਲ ਫੁੱਲ ਅਤੇ ਸੂਰਜ ਵਾਲੇ ਉਦਾਹਰਣ ਰਾਹੀਂ ਵੀ ਪ੍ਰੀਤ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੂਰਜ ਨੂੰ ਵੇਖ ਕੇ ਅਨੇਕਾਂ ਹੀ ਕਮਲ ਦੇ ਫੁੱਲ ਖਿੜ ਪੈਂਦੇ ਹਨ। ਸੂਰਜ ਇਕ ਹੈ, ਪਰ ਕਮਲ ਅਣਗਿਣਤ ਹਨ, ਇਸੇ ਤਰ੍ਹਾਂ ਪਰਮਾਤਮਾ ਇਕ ਹੈ, ਜਿਸ ਨੂੰ ਵੇਖ ਕੇ ਹਰ ਜੀਵ ਨੂੰ ਖੇੜੇ ਵਿਚ ਰਹਿਣਾ ਚਾਹੀਦਾ ਹੈ। ਜਪੁ ਸਾਹਿਬ ਬਾਣੀ ਵਿੱਚ ਸਤਿਗੁਰੂ ਜੀ ਨੇ ਚਾਰ ਵਾਰੀ ਇਹ ਬਚਨ ਦੁਹਰਾਇ ਹਨ ‘‘ਨਾਨਕ  ! ਭਗਤਾ ਸਦਾ ਵਿਗਾਸ’’ ਭਾਵ ਜਿਨ੍ਹਾਂ ਦੇ ਜੀਵਨ ਵਿੱਚ ਖੇੜਾ ਹੈ, ਉਹੀ ਉਸ ਦੇ ਭਗਤ, ਸੇਵਕ, ਜਨ ਜਾਂ ਦਾਸ ਹਨ। ਉਹਨਾਂ ਦੇ ਜੀਵਨ ਦਾ ਆਧਾਰ ਪ੍ਰਭੂ ਦਾ ਸੱਚਾ ਨਾਮ ਬਣ ਜਾਂਦਾ ਹੈ। ਉਹ ਪ੍ਰਭੂ ਨੂੰ ਹੀ ਸਭ ਕੁਝ ਸਮਝਦੇ ਹਨ। ਸ਼ਬਦ ਦੇ ਤੀਸਰੇ ਪਦੇ ਰਾਹੀਂ ਸਤਿਗੁਰੂ ਜੀ ਸਮਝਾ ਰਹੇ ਹਨ, ‘‘ਤੂ ਮੇਰੀ ਗਤਿ, ਪਤਿ ਤੂ ਪਰਵਾਨੁ ਤੂ ਸਮਰਥੁ, ਮੈ ਤੇਰਾ ਤਾਣੁ ’’ ਅਰਥ : ਹੇ ਪ੍ਰਭੂ ! ਤੂ ਹੀ ਮੇਰੀ ਉੱਚੀ ਆਤਮਕ ਅਵਸਥਾ ਤੇ ਲੋਕ ਪਰਲੋਕ ਦੀ ਇੱਜ਼ਤ ਦਾ ਰਾਖਾ ਹੈਂ, ਜੋ ਕੁਝ ਤੂ ਕਰਦਾ ਹੈਂ, ਤੇਰੀ ਕਿਰਪਾ ਨਾਲ ਉਹੀ ਮੈ ਖਿੜੇ ਮੱਥੇ ਮੰਨਦਾ ਹਾਂ। ਤੂੰ ਹਰੇਕ ਤਾਕਤ ਦਾ ਮਾਲਕ ਹੈਂ। ਮੈਨੂੰ ਤੇਰਾ ਹੀ ਸਹਾਰਾ ਹੈ।

ਉੱਚੀ ਆਤਮਕ ਅਵਸਥਾ ਦਾ ਮਾਲਕ ਬਣ ਜਾਣਾ ਅਸੰਭਵ ਤਾਂ ਨਹੀਂ, ਪਰ ਮੁਸ਼ਕਲ ਜ਼ਰੂਰ ਹੈ; ਜਿਵੇਂ ਜਿਵੇਂ ਜਗਿਆਸੂ ‘‘ਊਚੇ ਤੇ ਊਚਾ ਭਗਵੰਤ’’ ਨਾਲ ਆਪਣੀ ਸੁਰਤ ਜੋੜਦਾ ਹੈ, ਉਸ ਦੀ ਹਰ ਮੁਸ਼ਕਲ ਅਸਾਨੀ ਵਿਚ ਹੱਲ ਹੁੰਦੀ ਜਾਂਦੀ ਹੈ। ਉਹ ਇਸ਼ਤਿਹਾਰਾਂ ਵਿੱਚ ਆਪਣੇ ਨਾਮ ਨਾਲ ਮਹਾਨ ਤਪੱਸਵੀ, ਬ੍ਰਹਮ ਗਿਆਨੀ, ਰਾਜ ਜੋਗੀ, ਪੂਰਨ ਸੰਤ ਆਦਿ ਪਦਵੀਆਂ ਨਹੀਂ ਲਿਖਵਾਉਂਦਾ ਸਗੋਂ ਉਹ ਤਾਂ ਗੁਰੂ ਅਰਜਨ ਸਾਹਿਬ ਜੀ ਦੇ ਇਨ੍ਹਾਂ ਬਚਨਾਂ ਨੂੰ ਹਰ ਰੋਜ਼ ਨੇਮ ਨਾਲ ਪੜ੍ਹਦਾ ਹੋਇਆ ਨਿਮਰਤਾ ਦਾ ਧਾਰਨੀ ਬਣਦਾ ਹੈ, ‘‘ਮੈ ਨਿਰਗੁਣਿਆਰੇ ਕੋ ਗੁਣੁ ਨਾਹੀ, ਆਪੇ ਤਰਸੁ ਪਇਓਈ’’ (ਮਹਲਾ /੧੪੨੯) ਜਾਂ ‘‘ਕਹੁ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ’’ (ਮਹਲਾ /੩੮੩)

ਉਹ ਤਾਂ ਇਹੀ ਨਿਰੰਤਰ ਉਚਾਰਦਾ ਹੈ ਕਿ ‘‘ਤੂ ਸਮਰਥੁ ਵਡਾ, ਮੇਰੀ ਮਤਿ ਥੋਰੀ ਰਾਮ’’ (ਮਹਲਾ /੫੪੭) ਉਸ ਨੂੰ ਆਪਣੇ ਮਾਲਕ ਦਾ ਹਰ ਹੁਕਮ ਚੰਗਾ ਲਗਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਥਨ ਕਰਦੇ ਹਨ, ‘‘ਖਸਮੈ ਸੋਈ ਭਾਵਦਾ, ਖਸਮੈ ਦਾ ਜਿਸੁ ਭਾਣਾ ਭਾਵੈ’’ (੨੯/੧੩) ਵਿਚਾਰ ਅਧੀਨ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਰਾਹੀਂ ਸਾਹਿਬ ਜੀ ਫੁਰਮਾ ਰਹੇ ਹਨ ‘‘ਅਨਦਿਨੁ ਜਪਉ ਨਾਮ ਗੁਣਤਾਸਿ ਨਾਨਕ ਕੀ ਪ੍ਰਭ ਪਹਿ ਅਰਦਾਸਿ ’’ ਅਰਥ : ਹੇ ਪ੍ਰਭੂ ਜੀ  ! ਮੇਰੀ ਦਿਲੀ ਇੱਛਾ ਹੈ ਕਿ ਮੈਂ ਦਿਨ ਰਾਤ ਸਦਾ ਹੀ ਆਪ ਦੇ ਗੁਣਾਂ ਨੂੰ ਜਪਦਾ ਰਹਾਂ। ਗੁਰੂ ਅਰਜਨ ਸਾਹਿਬ ਜੀ ਫੁਰਮਾਉਂਦੇ ਹਨ ਮੇਰੀ ਪ੍ਰਭੂ ਪਾਸ ਇਹੋ ਹੀ ਅਰਦਾਸ ਹੈ। ਅਰਦਾਸ ਕਰਦਿਆਂ ਪ੍ਰਭੂ ਪਿਤਾ ਪਾਸੋਂ ਉਸ ਦਾ ਨਾਮ ਹੀ ਮੰਗਣਾ ਚਾਹੀਦਾ ਹੈ। ਸੋ ਗੁਰਬਾਣੀ ਵਿਚ ਅਨੇਕਾਂ ਵਾਰੀ ਇਸੇ ਮੰਗ ਨੂੰ ਮੁਖ ਰੱਖਿਆ ਗਿਆ ਹੈ; ਜਿਵੇਂ ਕਿ ਬਚਨ ਹਨ :

ਨਾਨਕੁ ਜਾਚਕੁ ਦਰਿ ਤੇਰੈ; ਪ੍ਰਭ ਤੁਧ ਨੋ ਮੰਗੈ ਦਾਨੁ (ਮਹਲਾ /੨੧੮)

ਐਸੀ ਮਾਂਗੁ ਗੋਬਿਦ ਤੇ  ਟਹਲ ਸੰਤਨ ਕੀ; ਸੰਗੁ ਸਾਧੂ ਕਾ; ਹਰਿ ਨਾਮਾਂ ਜਪਿ ਪਰਮਗਤੇ (ਮਹਲਾ /੧੨੯੮)

ਕਰਤਾ  ! ਤੂੰ ਮੇਰਾ ਜਜਮਾਨੁ  ਇਕ ਦਖਿਣਾ ਹਉ ਤੈ ਪਹਿ ਮਾਗਉ; ਦੇਹਿ ਆਪਣਾ ਨਾਮੁ (ਮਹਲਾ /੧੩੨੯), ਆਦਿ।

ਗਾਵਹਿ ਮੋਹਣੀਆ ਮਨੁ ਮੋਹਨਿ

0

ਗਾਵਹਿ ਮੋਹਣੀਆ ਮਨੁ ਮੋਹਨਿ

ਜਗਤੀਰ ਸਿੰਘ ਜਾਚਕ

ਹਿੰਦੋਸਤਾਨੀ ਵੈਦਿਕ ਦਰਸ਼ਨ ਵਿਖੇ ਵੇਦਾਂ ਤੇ ਖਾਸ ਕਰਕੇ ਪੁਰਾਣਾਂ ਵਿੱਚ ਸਵਰਗੀ ਅਪੱਸ਼ਰਾਂਵਾਂ ਦਾ ਜ਼ਿਕਰ ਹੈ, ਜਿਨ੍ਹਾਂ ਨੂੰ ਅਤਿ ਸੰਦਰ, ਕੰਵਲ ਦੀਆਂ ਪੰਖੜੀਆਂ ਵਰਗੇ ਨੇਤ੍ਰ, ਪਤਲੀ ਕਮਰ, ਉਭਰਵੀਂ ਛਾਤੀ, ਸਰੁਚੀਪੂਰਕ ਤੇ ਸਦਾ ਜਵਾਨ ਰਹਿਣ ਵਾਲੀਆਂ ਮਨਮੋਹਣੀਆਂ ਯੁਵਤੀਆਂ (ਲੜਕੀਆਂ) ਮੰਨਿਆਂ ਜਾਂਦਾ ਹੈ। ‘ਰਿਗ ਵੇਦ’ ਵਿੱਚ ਕੇਵਲ ਸਭ ਤੋਂ ਸੁੰਦਰ ਮੰਨੀ ਜਾਂਦੀ ਇੱਕ ‘ਉਰਵਸ਼ੀ’ ਅਪੱਸ਼ਰਾ ਦਾ ਹੀ ਵਰਣਨ ਹੈ। ਵੈਸੇ ਉਹ ਵਧੇਰੇ ਅਪੱਸ਼ਰਾਵਾਂ ਦੇ ਹੋਣ ਦੀ ਸੰਭਾਵਨਾਂ ਤੋਂ ਇਨਕਾਰੀ ਨਹੀਂ ਜਾਪਦਾ, ਪਰ ਪਿੱਛੋਂ ਜਾ ਕੇ ਪੁਰਾਣਾਂ ਨੇ ਉਨ੍ਹਾਂ ਦੀ ਗਿਣਤੀ ਵਿੱਚ ਹੋਰ ਵਾਧਾ ਕਰ ਦਿੱਤਾ। ਰਮਾਇਣ ਤੇ ਮਹਾਂਭਾਰਤ ਵਿੱਚ ਇਸ ਪੱਖੋਂ ਬੜੀਆਂ ਰੌਚਿਕ ਕਹਾਣੀਆਂ ਹਨ। ਇਹ ਅਪੱਸ਼ਰਾਵਾਂ ਗੰਧਰਬਾਂ (ਦਿਵ੍ਯ-ਸੰਗੀਤਕਾਰ) ਨਾਲ ਮਿਲ ਕੇ ਦੇਵਤਿਆਂ ਦਾ ਮਨੋਰੰਜਨ ਵੀ ਕਰਦੀਆਂ ਹਨ। ਇਨ੍ਹਾਂ ਨੂੰ ਸਵਰਗ ਦੇ ਰਾਜੇ ਇੰਦਰ ਦੀਆਂ ਦਾਸੀਆਂ ਮੰਨਿਆਂ ਗਿਆ ਹੈ, ਜੋ ਉਸ ਦੇ ਦਰਬਾਰ ਵਿੱਚ ਨਾਚ ਕਰਦੀਆਂ ਹਨ ਅਤੇ ਉਹ ਇਨ੍ਹਾਂ ਨੂੰ ਤਪਸਵੀਆਂ ਦੇ ਮਨ ਮੋਹਣ ਲਈ ਮਾਤਲੋਕ ਵੀ ਭੇਜਦਾ ਹੈ। ਇਨ੍ਹਾਂ ਵਿੱਚ ਉਰਵਸ਼ੀ ਤੋਂ ਇਲਾਵਾ ਘ੍ਰਿਤਾਚੀ, ਮੇਨਕਾ, ਰੰਭਾ, ਨੰਦਾ, ਸੁੰਦਰੀ, ਦੰਡਗੌਰੀ, ਗੋਪਾਲੀ, ਚਿਤ੍ਰਸੈਨਾ ਤੇ ਚਿਤ੍ਰਲੇਖਾ ਆਦਿਕ ਨਾਵਾਂ ਦਾ ਵਰਣਨ ਕਰਦਿਆਂ ਲਿਖਿਆ ਹੈ ਕਿ ਇਸ ਪ੍ਰਕਾਰ ਦੀ ਹਜ਼ਾਰਾਂ ਹੋਰ ਹਨ, ਜਿਨ੍ਹਾਂ ਦੀਆਂ ਅੱਖਾਂ ਕਮਲ ਦੀਆਂ ਪਤੀਆਂ ਵਾਂਗ ਹਨ। ਮਧ ਪ੍ਰਦੇਸ਼ ਅੰਦਰਲੇ ਖੁਜਰਾਂਉਂ ਅਤੇ ਬਨਾਰਸ ਆਦਿਕ ਦੇ ਕਈ ਹਿੰਦੂ ਮੰਦਰਾਂ ਦੀਆਂ ਦੀਵਾਰਾਂ ਉੱਤੇ ਉਪਰੋਕਤ ਅਪੱਸ਼ਰਾਵਾਂ ਦੇ ਚਿਤ੍ਰ ਅਤੇ ਮੂਰਤੀਆਂ ਵੀ ਵੇਖੀਆਂ ਜਾ ਸਕਦੀਆਂ ਹਨ।

ਕਥਿਤ ਦਸਮ ਗ੍ਰੰਥ (ਬਚਿਤ੍ਰ ਨਾਟਕ) ਨੂੰ ਵੀ ਉਪਰੋਕਤ ਪੱਖੋਂ ਵਿਚਾਰਿਆ ਜਾ ਸਕਦਾ ਹੈ, ਜਿਸ ਨੂੰ ਕੁਝ ਭੁਲੇਖਾ-ਪਾਊ ਰਚਨਾਵਾਂ ਕਾਰਨ ਸਿੱਖ ਸਾਹਿਤ ਦਾ ਅੰਗ ਮੰਨ ਲਿਆ ਗਿਆ ਹੈ। ਉਸ ਵਿਚਲੇ ਚ੍ਰਤਿਰੋਪਾਖਿਆਨ ਦੇ ਪ੍ਰਸੰਗ ਤਾਂ ਛੱਡੋ, (ਕਿਉਂਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਉਨ੍ਹਾਂ ਨੂੰ ਦਸਮਗ੍ਰੰਥ ਦਾ ਹਿੱਸਾ ਨਹੀਂ ਮੰਨਿਆ ਅਤੇ (ਸੰਤ ਬਾਬਾ) ਬਲਵਿੰਦਰ ਸਿੰਘ ਜੀ ਦੁਆਰਾ (ਬਾਬਾ) ਈਸ਼ਰ ਸਿੰਘ ਜੀ ਦੀ ਯਾਦ ਨੂੰ ਸਮਰਪਤ ਤਿਆਰ ਕੀਤੇ ‘ਈਸ਼ਰ ਮਾਈਕ੍ਰੋਮੀਡੀਆ’ ਐਪ ਵਿੱਚ ਵੀ ਉਸ ਭਾਗ ਦੀ ਅਸਲੀਲਤਾ ਦੇ ਕਾਰਨ ਅਰਥ ਨਹੀਂ ਕੀਤੇ ਗਏ) ਜੇ ਉਸ ਵਿੱਚੋਂ ਕੇਵਲ ‘ਰਾਮਾਵਤਾਰ’, ‘ਕ੍ਰਿਸ਼ਨਾਵਤਾਰ’ ਤੇ ‘ਹਕਾਇਤਾਂ’ ਅੰਦਰਲੇ ਸ਼ਿੰਗਾਰ-ਰਸ ਨੂੰ ਹੀ ਗੰਭੀਰਤਾ ਸਹਿਤ ਵਾਚ ਲਿਆ ਜਾਵੇ ਤਾਂ ਰਮਾਇਣ ਤੇ ਮਹਾਂਭਾਰਤ ਵਰਗੇ ਪੌਰਾਣਿਕ ਗ੍ਰੰਥ ਵੀ ਇਸਤ੍ਰੀ ਸੁੰਦਰਤਾ ਦੇ ਅਲੰਕਾਰਾਂ ਪੱਖੋਂ ਪਿੱਛੇ ਰਹਿ ਜਾਂਦੇ ਹਨ। ਕਥਿਤ ਦਸਮ ਗ੍ਰੰਥ ਦੀ ਪ੍ਰਚਲਿਤ ਬੀੜ ਦੇ ਅੰਤ ਵਿੱਚ ਫ਼ਾਰਸੀ ਭਾਸ਼ਾ ਦੀ 12ਵੀਂ ਹਕਾਇਤ ਹੈ, ਉਹ ‘ਈਸ਼ਰ ਮਾਈਕ੍ਰੋਮੀਡੀਏ’ ਦੇ ਅਰਥਾਂ ਸਮੇਤ ਪਾਠਕਾਂ ਦੀ ਕਚਿਹਰੀ ਵਿੱਚ ਪੇਸ਼ ਹੈ :

ਸ਼ੁਨੀਦਮ ਸੁਖ਼ਨ ਕੋਹ ਕੈਬਰ ਅਜ਼ੀਮ ॥ ਕਿ ਅਫ਼ਗਾਂ ਯਕੇ ਬੂਦ ਓ ਜਾ ਰਹੀਮ ॥3॥

ਅਰਥ : ਮੈਂ ਸੁਣਿਆ ਕਿ ਉਥੇ ਰਹੀਮ ਨਾਂ ਦਾ ਇਕ ਅਫ਼ਗਾਨ ਰਹਿੰਦਾ ਸੀ। ਉਸ ਦੇ ਘਰ ਚੰਦ੍ਰਮਾ ਵਰਗੀ ਸੁੰਦਰ ਇਸਤ੍ਰੀ ਸੀ।

ਯਕੇ ਬਾਨੂਏ ਬੂਦ ਓ ਹਮ ਚੁ ਮਾਹ ॥ ਕੁਨਦ ਦੀਦਨ ਸ਼ਰਿਸ਼ਤ ਗ਼ਰਦਨ ਜ਼ਿ ਸ਼ਾਹ ॥4॥

ਅਰਥ : ਉਸ ਨੂੰ ਵੇਖ ਕੇ ਬਾਦਸ਼ਾਹਾਂ ਦੀਆਂ ਵੀ ਗਰਦਨਾਂ ਝੁਕ ਜਾਂਦੀਆਂ ਸਨ। ਉਸ ਦੇ ਦੋਵੇਂ ਭਰਵੱਟੇ ਬਰਖਾ ਰੁੱਤ ਦੇ (ਕਾਲੇ) ਬਦਲਾਂ ਵਾਂਗ ਸਨ।

ਦੋ ਅਬਰੂ ਚੁ ਅਬਰੇ ਬਹਾਰਾਂ ਕੁਨਦ ॥ ਬਮਿਯਗਾਂ ਚੁ ਤੀਰ ਬਾਰਾਂ ਕੁਨਦ ॥5॥

ਅਰਥ : ਅਤੇ ਪਲਕਾਂ ਵਿਚੋਂ ਨੈਣਾਂ ਦੇ ਤੀਰਾਂ ਦੀ ਬਰਖਾ ਹੋ ਰਹੀ ਸੀ। ਉਹ ਇਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ।

ਰੁਖ਼ੇ ਚੂੰ ਖ਼ਲਾਸੀ ਦਿਹਦ ਮਾਹਿ ਰਾਂ ॥ ਬਹਾਰੇ ਗੁਲਿਸਤਾਂ ਦਿਹਦ ਸ਼ਾਹਿ ਰਾਂ ॥6॥

ਅਰਥ : (ਉਹਦਾ ਚਿਹਰਾ) ਬਾਦਸ਼ਾਹਾਂ ਦੇ ਮੁਖੜਿਆਂ ਨੂੰ ਬਸੰਤ ਵਾਂਗ ਖਿੜਾ ਦਿੰਦਾ ਸੀ, (ਕਿਉਂਕਿ) ਉਸ ਇਸਤ੍ਰੀ ਦੇ ਭਰਵੱਟੇ ਕਮਾਨ ਦੇ ਸਮਾਨ ਸਨ।

ਇਸਲਾਮ ਵਿੱਚ ਵੀ ਇਸੇ ਤਰਜ਼ ’ਤੇ ਹੀ ਜੱਨਤ (ਬਹਿਸ਼ਤ) ਦੀਆਂ ਨਿਆਮਤਾਂ ਵਜੋਂ ਗ਼ਿਲਮਾ ਤੇ ‘ਹੂਰਾਂ’ ਦੀ ਮਨੌਤ ਹੈ। ਹਦੀਸ ਤ੍ਰਿਮਜ਼ੀ ਦੇ ਖੰਡ 2, ਪੰਨਾ 35 ਤੋਂ 40 ਤਕ ਹੂਰਾਂ ਦੀ ਸੁੰਦਰਤਾ ਦਾ ਵਰਣਨ ਹੈ। ਜਿਵੇਂ ‘ਹੂਰ’ ਇੱਕ ਅਤਿਅੰਤ ਸੁੰਦਰ ਜੁਆਨ ਇਸਤ੍ਰੀ ਹੁੰਦੀ ਹੈ, ਜਿਸ ਦਾ ਸਰੀਰ ਪਾਰਦਰਸ਼ੀ ਹੁੰਦਾ ਹੈ। ਉਸ ਦਾ ਰੰਗ ਸਫੇਦ ਅਤੇ ਉਹ ਸਧਾਰਣ ਇਸਤ੍ਰੀਆਂ ਵਾਲੀਆਂ ਕਮੀਆਂ ਤੋਂ ਰਹਿਤ ਹੁੰਦੀ ਹੈ। ਜਿਵੇਂ ਮਾਸਕ ਧਰਮ, ਮਲ ਮੂਤ੍ਰ ਵਿਸਰਜਨ ਤੇ ਗਰਭਧਾਰਣ ਆਦਿ ਵਿਕਾਰਾਂ ਤੋਂ ਮੁਕਤ ਹੁੰਦੀ ਹੈ। ਉਸ ਦੇ ਓਰੋਜ ਉੱਨਤ, ਗੋਲ ਅਤੇ ਵੱਡੇ ਹੁੰਦੇ ਹਨ, ਜਿਹੜੇ ਝੁਕੇ ਨਹੀਂ ਹੁੰਦੇ। ਜਦੋਂ ਉਹ ਜੱਨਤ ਵਾਲੇ ਆਪਣੇ ਮਹਲਾਂ ’ਚੋਂ ਧਰਤੀ ਵੱਲ ਝਾਕਦੀ ਹੈ ਤਾਂ ਐਸਾ ਸਾਰਾ ਰਸਤਾ ਸੁਗੰਧਿਤ ਤੇ ਪ੍ਰਕਾਸ਼ਮਾਨ ਹੋ ਜਾਂਦਾ ਹੈ। ਇਹੀ ਕਾਰਨ ਸੀ ਕਿ ਮੌਲਾਨਾ ਇਕਬਾਲ ਨੂੰ ਕਹਿਣਾ ਪਿਆ ਕਿ ਜ਼ਾਹਿਦ ਲੋਕ ਇਸਲਾਮ-ਮਤ ਧਾਰਨ ਦੇ ਬਦਲੇ ਵਿੱਚ ਬਹਿਸ਼ਤ, ਹੂਰਾਂ ਤੇ ਉਨ੍ਹਾਂ ਦੀ ਸੇਵਾ ਲਈ ਗ਼ਿਲਮਾ ਆਦਿਕ ਦੇ ਮਿਲਣ ਦੀ ਜੋ ਚਰਚਾ ਕਰਦੇ ਹਨ, ਉਹ ਮੈਂ ਨਹੀਂ ਮੰਨਦਾ; ਇਹ ਗੱਲਾਂ ਈਮਾਨ ਨੂੰ ਕਮਜ਼ੋਰ ਕਰਦੀਆਂ ਹਨ :

ਬਹਿਸ਼ਤੋ, ਹੂਰੋ, ਗ਼ਿਲਮਾ ਇਵਜ਼ਿ ਤਾਇਤ, ਮੈਂ ਨਾ ਮਾਨੂੰਗਾ,

ਇਨ੍ਹੀਂ ਬਾਤੋਂ ਸੇ, ਐ ਜ਼ਾਹਿਦ  ! ਜ਼ਈਫ਼ ਇਮਾਂ ਹੋਤਾ ਹੈ ।

ਇਸੇ ਲਈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਹੇ ਅਕਾਲ ਪੁਰਖ  ! ਪੰਡਿਤ ਤੇ ਮਹਾਂਰਿਖੀ. ਜੋ ਵੇਦਾਂ ਨੂੰ ਪੜ੍ਹਦੇ ਹਨ। ਵੇਦਾਂ ਸਣੇ ਤੈਨੂੰ ਗਾ ਰਹੇ ਹਨ। ਅਪੱਸ਼ਰਾਂ ਤੇ ਹੂਰਾਂ ਵਰਗੀਆਂ ਸੁੰਦਰ ਇਸਤ੍ਰੀਆਂ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਸੁਰਗ, ਮਾਤ-ਲੋਕ ਤੇ ਪਾਤਾਲ ਵਿਚ ਹਰ ਥਾਂ ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਉਹ ਵੀ ਤੈਨੂੰ ਹੀ ਗਾ ਰਹੀਆਂ ਹਨ ਭਾਵ ਇਹ ਵੀ ਰੱਬੀ ਹੁਕਮ ਅੰਦਰ ਉਸ ਦੀ ਸੁੰਦਰਤਾ ਤੇ ਮਨਮੋਹਣਾ-ਪਨ ਪ੍ਰਗਟਾਅ ਰਹੀਆਂ ਹਨ :

ਗਾਵਨਿ ਪੰਡਿਤ ਪੜਨਿ ਰਖੀਸਰ (ਰਖੀਸੁਰ); ਜੁਗੁ ਜੁਗੁ ਵੇਦਾ ਨਾਲੇ

ਗਾਵਹਿ ਮੋਹਣੀਆ ਮਨੁ ਮੋਹਨਿ; ਸੁਰਗਾ ਮਛ ਪਇਆਲੇ

ਕਾਰਨ ਹੈ ਕਿ ਇੱਕ ਤਾਂ ‘‘ਸਬਦਿ ਰਤੀ ਸੋਹਾਗਣੀ; ਸਤਿਗੁਰ ਕੈ ਭਾਇ ਪਿਆਰਿ ਸਦਾ ਰਾਵੇ ਪਿਰੁ ਆਪਣਾ; ਸਚੈ ਪ੍ਰੇਮਿ ਪਿਆਰਿ ਅਤਿ ਸੁਆਲਿਓ ਸੁੰਦਰੀ, ਸੋਭਾਵੰਤੀ ਨਾਰਿ ਨਾਨਕ  ! ਨਾਮਿ ਸੋਹਾਗਣੀ, ਮੇਲੀ ਮੇਲਣਹਾਰਿ ’’ ਗੁਰਵਾਕ ਮੁਤਾਬਕ ਗੁਰੂ ਦ੍ਰਿਸ਼ਟੀ ਵਿੱਚ ਅਤੀ ਸੁੰਦਰ, ਸੋਹਣੀ ਤੇ ਸੋਭਾਵੰਤੀ ਜੀਵ-ਇਸਤ੍ਰੀ ਉਹ ਹੈ, ਜਿਹੜੀ ਗੁਰੂ ਦੇ ਸ਼ਬਦ ਦੀ ਰਾਹੀਂ ਸਤਿਗੁਰੂ ਦੇ ਪ੍ਰੇਮ-ਪਿਆਰ ਵਿਚ ਸਦਾ ਆਪਣੇ ਹਰੀ-ਖਸਮ ਦੀ ਯਾਦ ਦਾ ਆਨੰਦ ਮਾਣਦੀ ਹੈ। ਜਿਸ ਗੁਰਮੁਖ ਨੂੰ ਅੰਮ੍ਰਿਤ-ਨਾਮ ਵਿਚ ਜੁੜੀ ਹੋਣ ਕਰਕੇ ਮੇਲਣਹਾਰ ਹਰੀ ਨੇ ਆਪਣੇ ਵਿਚ ਮਿਲਾ ਕੇ ਸਦਾ ਦਾ ਸੁਹਾਗ ਬਖ਼ਸ਼ ਦਿੱਤਾ ਹੁੰਦਾ ਹੈ। ਦੂਜੇ, ‘‘ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ ’’ (ਪੰਨਾ 534);  ‘‘ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ਅਤਿ ਸੁੰਦਰ, ਮਨਮੋਹਨ ਪਿਆਰੇ; ਸਭ ਹੂ ਮਧਿ ਨਿਰਾਰੇ ’’( ਪੰਨਾ 534) ਅਤੇ ‘‘ਸੁੰਦਰੁ, ਸੁਘੜੁ, ਸੁਜਾਣੁ ਬੇਤਾ; ਗੁਣ ਗੋਵਿੰਦ ਅਮੁਲਿਆ ’’ (ਪੰਨਾ 928) ਆਦਿਕ ਗੁਰਵਾਕਾਂ ਦੇ ਚਾਨਣ ਵਿੱਚ ਜਦੋਂ ‘‘ਗਾਵਹਿ ਮੋਹਣੀਆ ਮਨੁ ਮੋਹਨਿ; ਸੁਰਗਾ ਮਛ ਪਇਆਲੇ ’’ ਗੁਰਵਾਕ ਨੂੰ ਵਿਚਾਰਦੇ ਹਾਂ ਤਾਂ ਗੁਰੂ ਦ੍ਰਿਸ਼ਟੀ ਤੋਂ ਇਹੀ ਜਾਪਦਾ ਹੈ ਕਿ ਸੁਰਗ, ਮਾਤਲੋਕ ਤੇ ਪਾਤਾਲ ਦੀਆਂ ਮਨਮੋਹਣੀਆਂ ਦੀ ਸੁੰਦਰਤਾ ਦੁਆਰਾ ਰੱਬੀ ਸੁੰਦਰਤਾ ਦਾ ਹੀ ਪ੍ਰਗਟਾਵਾ ਹੁੰਦਾ ਹੈ। ਕਾਰਨ ਹੈ ਕਿ ਕਿਸੇ ਵੀ ਮਨਮੋਹਣੀ ਔਰਤ ਦੀ ਸੁੰਦਰਤਾ ਦੇ ਮਿਆਰ ਪੱਖੋਂ ਕੇਵਲ ਉਹਦੀ ਸਰੀਰਕ ਬਣਤਰ ਤੇ ਰੰਗ-ਰੂਪ ਹੀ ਨਹੀਂ ਪਰਖੇ ਜਾਂਦੇ; ਸਗੋਂ ਉਸ ਦੇ ਬੋਲਣ ਦਾ ਅੰਦਾਜ਼, ਮਿਠਾਸ, ਸਿਆਣਪ ਅਤੇ ਉਸ ਦੀ ਚਾਲ (ਤੋਰ) ਆਦਿਕ ਹੋਰ ਵੀ ਕਈ ਗੁਣ ਸ਼ਾਮਲ ਹੁੰਦੇ ਹਨ, ਜਿਹੜੇ ਬਾਣੀਕਾਰ ਗੁਰੂ ਸਾਹਿਬਾਨ ਤੇ ਭਗਤ-ਜਨਾਂ ਨੇ ਰੱਬੀ ਸੁੰਦਰਤਾ ਵਿੱਚ ਸ਼ੁਮਾਰ ਕੀਤੇ ਹਨ।

ਸ਼ਾਇਦ ਇਸੇ ਲਈ ਸ੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਮਹਾਰਾਜ ਅਕਾਲ-ਪੁਰਖ ਸਾਹਿਬ ਜੀ ਦੇ ਸਰਗੁਣ ਸਰੂਪ ਨੂੰ ਤਕ ਕੇ ਉਸ ਨੂੰ ਸੰਬੋਧਤ ਹੋ ਕੇ ਕਹਿੰਦੇ ਹਨ : ਹੇ ਸਰਬ-ਵਿਆਪਕ ਸਿਰਜਣਹਾਰ  ! ਜਗਤ ਦੀ ਸਾਰੀ ਸੁੰਦਰਤਾ, ਤੂੰ ਆਪਣੇ ਸੁੰਦਰ-ਸਰੂਪ ਤੋਂ ਹੀ ਰਚੀ ਹੈ। ਤੂੰ ਉਹ ਉਹ ਇਸਤ੍ਰੀ ਮਰਦ ਪੈਦਾ ਕੀਤੇ ਹਨ, ਜਿਨ੍ਹਾਂ ਦੇ ਨੈਣ, ਦੰਦ, ਨੱਕ, ਕੇਸ ਆਦਿਕ ਸਾਰੇ ਹੀ ਅੰਗ ਮਹਾਨ ਸੁੰਦਰ ਹਨ। ਉਹਨਾਂ ਵਿਚ, ਹੇ ਪ੍ਰਭੂ  ! ਤੂੰ ਆਪ ਹੀ ਬੈਠਾ ਜੀਵਨ-ਜੋਤਿ ਜਗਾ ਰਿਹਾ ਹੈਂ। ਸੋ ਇਸ ਲਈ ਇਹ ਕੋਈ ਅਤਿਕਥਨੀ ਨਹੀਂ ਹੋਵੇਗੀ, ਜੇ ਮੈਂ ਆਖਾਂ ਕਿ ਹੇ ਪ੍ਰਭੂ  ! ਤੇਰੇ ਨੈਣ ਬਾਂਕੇ ਹਨ, ਤੇਰੇ ਦੰਦ ਸੋਹਣੇ ਹਨ, ਤੇਰਾ ਨੱਕ ਸੋਹਣਾ ਹੈ, ਤੇਰੇ ਸੋਹਣੇ ਲੰਮੇ ਕੇਸ ਹਨ, ਜਿਨ੍ਹਾਂ ਦੇ ਸੋਹਣੇ ਨੱਕ ਹਨ, ਜਿਨ੍ਹਾਂ ਦੇ ਸੋਹਣੇ ਲੰਮੇ ਕੇਸ ਹਨ; ਇਹ ਭੀ, ਹੇ ਪ੍ਰਭੂ  ! ਤੇਰੇ ਹੀ ਨੱਕ, ਤੇਰੇ ਹੀ ਕੇਸ ਹਨ। ਹੇ ਪ੍ਰਭੂ  ! ਤੇਰਾ ਸਰੀਰ ਸੋਨੇ ਵਰਗਾ ਸੁੱਧ ਅਰੋਗ ਹੈ ਤੇ ਸੁਡੌਲ ਹੈ, ਮਾਨੋ ਸੋਨੇ ਵਿਚ ਹੀ ਢਲਿਆ ਹੋਇਆ ਹੈ। ਇਹੀ ਕਾਰਨ ਹੈ ਕਿ ਮੈਂ ਸਤਿਸੰਗੀ ਸਹੇਲੀਆਂ ਨੂੰ ਆਖਦਾ ਹਾਂ ਕਿ ਹੇ ਸਤਸੰਗੀ ਸੱਜਣੋ  ! ਤੁਸੀਂ ਉਸ ਪਰਮਾਤਮਾ ਦੇ ਨਾਮ ਦੀ ਮਾਲਾ ਜਪੋ (ਭਾਵ, ਉਸ ਪਰਮਾਤਮਾ ਦਾ ਨਾਮ ਮੁੜ ਮੁੜ ਜਪੋ) ਜਿਸ ਦਾ ਸਰੀਰ ਅਰੋਗ ਤੇ ਸੁਡੌਲ ਹੈ, ਮਾਨੋ ਸੋਨੇ ਵਿਚ ਢਲਿਆ ਹੋਇਆ ਹੈ :

ਤੇਰੇ ਬੰਕੇ ਲੋਇਣ, ਦੰਤ ਰੀਸਾਲਾ ਸੋਹਣੇ ਨਕ ਜਿਨ ਲੰਮੜੇ ਵਾਲਾ                                                               

ਕੰਚਨ ਕਾਇਆ, ਸੁਇਨੇ ਕੀ ਢਾਲਾ ਸੋਵੰਨ ਢਾਲਾ, ਕ੍ਰਿਸਨ ਮਾਲਾ; ਜਪਹੁ ਤੁਸੀ ਸਹੇਲੀਹੋ   (ਪੰਨਾ 567)

ਸਤਿਗੁਰੂ ਜੀ ਰੱਬੀ ਸੁੰਦਰਤਾ ਦੇ ਪ੍ਰਕਾਸ਼ ਦਾ ਪ੍ਰਗਟਾਵਾ ਕਰਦੇ ਹੋਏ ਇੱਥੇ ਹੀ ਨਹੀਂ ਰੁਕਦੇ, ਉਹ ਕਹਿੰਦੇ ਹਨ ਕਿ ਕਿਤੇ ਮਿੱਠੀ ਵੈਰਾਗ-ਭਰੀ ਸੁਰ ਵਿਚ ਕੋਇਲਾਂ ਕੂਕ ਰਹੀਆਂ ਹਨ। ਕਿਤੇ ਚੰਚਲ ਜਵਾਨੀ ਦੇ ਮਦ-ਭਰੀਆਂ ਸੁੰਦਰੀਆਂ ਹਨ, ਜੋ ਮਸਤ ਹਾਥੀ ਵਾਂਗ ਬੜੀ ਮਟਕ ਨਾਲ ਤੁਰਦੀਆਂ ਹਨ। ਹੇ ਪ੍ਰਭੂ  ! ਇਹ ਕੋਇਲ ਦੀ ਮਿੱਠੀ ਬੋਲੀ ਤੇ ਚੰਚਲ ਜਵਾਨੀ ਦਾ ਮਦ, ਸਭ ਕੁਝ ਤੂੰ ਆਪ ਹੀ ਪੈਦਾ ਕੀਤਾ ਹੈ। ਇਸ ਲਈ ਮੈਂ ਆਖਦਾ ਹਾਂ ਕਿ ਹੇ ਪ੍ਰਭੂ  ! ਤੇਰੀ ਮਸਤ ਚਾਲ ਮਨ ਨੂੰ ਸੁਖ ਦੇਣ ਵਾਲੀ ਹੈ, ਤੇਰੀ ਬੋਲੀ ਸੋਹਣੀ ਮਿੱਠੀ ਮਿੱਠੀ ਹੈ। ਤੇਰੀਆਂ ਹੀ ਪੈਦਾ ਕੀਤੀਆਂ ਕੋਇਲਾਂ ਮਿੱਠੀ ਵੈਰਾਗ-ਭਰੀ ਸੁਰ ਵਿਚ ਕੂਕ ਰਹੀਆਂ ਹਨ, ਤੇਰੀਆਂ ਹੀ ਪੈਦਾ ਕੀਤੀਆਂ ਚੰਚਲ ਜਵਾਨੀ ਦੇ ਮਦ-ਭਰੀਆਂ ਸੁੰਦਰੀਆਂ ਹਨ :

ਤੇਰੀ ਚਾਲ ਸੁਹਾਵੀ, ਮਧੁਰਾੜੀ ਬਾਣੀ ਕੁਹਕਨਿ ਕੋਕਿਲਾ, ਤਰਲ ਜੁਆਣੀ

ਤਰਲਾ ਜੁਆਣੀ, ਆਪਿ ਭਾਣੀ; ਇਛ ਮਨ ਕੀ ਪੂਰੀਏ

ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ; ਆਪਿ ਆਪੁ ਸੰਧੂਰਏ (ਪੰਨਾ 567)

ਉਪਰੋਕਤ ਸਾਰੇ ਕਥਨ ਦਾ ਭਾਵ ਹੈ ਕਿ ਦਿਸ਼੍ਰਟਮਾਨ ਜਗਤ ਦੀ ਚੰਚਲ ਜੁਆਨੀ ਪ੍ਰਭੂ ਨੇ ਆਪ ਹੀ ਪੈਦਾ ਕੀਤੀ ਹੈ। ਉਸ ਨੂੰ ਆਪ ਹੀ ਇਸ ਦਾ ਪੈਦਾ ਕਰਨਾ ਚੰਗਾ ਲੱਗਾ ਹੈ। ਇਸ ਖ਼ਿਆਲ ਨੂੰ ਇਉਂ ਵੀ ਆਖਿਆ ਜਾ ਸਕਦਾ ਹੈ ਕਿ ਸੁੰਦਰਤਾ ਦੇ ਮੁਜਸਮੇ ਪ੍ਰਭੂ ਜੀ ਨੇ ਆਪਣੇ ਹੀ ਮਨ ਦੀ ਇੱਛਾ ਪੂਰੀ ਕੀਤੀ ਹੈ, ਕਿਉਂਕਿ ਸ੍ਰਿਸ਼ਟੀ ਦੇ ਵਾਧੇ ਅਤੇ ਸੰਤਾਨ ਉਤਪਤੀ ਹਿਤ ਨਰ ਤੇ ਮਦੀਨ ਦੀ ਪਰਸਪਰ ਸਰੀਰਕ ਖਿਚ ਲੋੜੀਂਦੀ ਸੀ। ਚੰਚਲ ਜਵਾਨੀ ਵਾਲੀ ਮਦਮੱਤੀ ਸੁੰਦਰੀ ਵਿਚ ਬੈਠ ਕੇ ਪ੍ਰਭੂ ਆਪ ਹੀ ਮਸਤ ਹਾਥੀ ਵਾਂਗ ਬੜੀ ਮਟਕ ਚਾਲ ਨਾਲ ਪੈਰ ਧਰਦਾ ਹੈ। ਉਹ ਆਪ ਹੀ ਆਪਣੇ ਆਪ ਨੂੰ ਜਵਾਨੀ ਦੇ ਮਦ ਵਿਚ ਮਸਤ ਕਰ ਰਿਹਾ ਹੈ। ਇਸ ਲਈ ਗੁਰੂ ਸਾਹਿਬ ਉਪਰੋਕਤ ਪ੍ਰਸੰਗ ਦੇ ਅੰਤ ਵਿੱਚ ਕਹਿੰਦੇ ਹਨ ਕਿ ‘‘ਸ੍ਰੀਰੰਗ ਰਾਤੀ, ਫਿਰੈ ਮਾਤੀ; ਉਦਕੁ ਗੰਗਾ ਵਾਣੀ ’’ (ਪੰਨਾ 567) ਭਾਵ ਪ੍ਰਭੂ ਜੀ ਦੀ ਆਪਣੀ ਹੀ ਕਿਰਪਾ ਨਾਲ ਕੋਈ ਵਡਭਾਗਣ ਜੀਵ-ਇਸਤ੍ਰੀ ਉਸ ਲੱਛਮੀ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ, ਉਸ ਦੇ ਨਾਮ ਵਿਚ ਮਸਤ ਫਿਰਦੀ ਹੈ। ਉਹ ਤਾਂ ਪ੍ਰਭੂ-ਪਤੀ ਦੀਆਂ ਸਿਫ਼ਤਾਂ ਗਾਉਂਦੀ ਹੋਈ ਪੁੱਛਦੀ ਹੈ ‘‘ਮੇਰੋ ਸੁੰਦਰੁ, ਕਹਹੁ  ! ਮਿਲੈ ਕਿਤੁ ਗਲੀ ਹਰਿ ਕੇ ਸੰਤ ! ਬਤਾਵਹੁ ਮਾਰਗੁ; ਹਮ ਪੀਛੈ ਲਾਗਿ ਚਲੀ ’’ (ਪੰਨਾ 527) ਉਸ ਦਾ ਜੀਵਨ ਇਉਂ ਪਵਿਤ੍ਰ ਹੋ ਜਾਂਦਾ ਹੈ, ਜਿਵੇਂ ਗੰਗਾ ਦਾ ਪਾਣੀ, ਕਿਉਂਕਿ ਸਰੀਰਕ ਰੰਗ-ਰੂਪ ਦੀ ਸੁੰਦਰਤਾ ਤੇ ਜੁਆਨੀ ਦੀ ਚੰਚਲਤਾ ਉਸ ਦੀ ਦਿਸ਼੍ਰਟੀ ਨੂੰ ਵਿਕਾਰੀ ਨਹੀਂ ਬਣਨ ਦਿੰਦੀ ਸਗੋਂ ਅਜਿਹਾ ਦ੍ਰਿਸ਼, ਉਸ ਨੂੰ ਰੱਬੀ ਸੁੰਦਰਤਾ ਦਾ ਐਸਾ ਝਲਕਾਰਾ ਮਾਰਦਾ ਹੈ, ਜਿਹੜਾ ਉਸ ਨੂੰ ਵਿਸਮਾਦਤ ਕਰ ਦਿੰਦਾ ਹੈ। ਹੋਸ਼ ਪਰਤਣ ’ਤੇ ਪੁੱਛੋ ਤਾਂ ਉਹ ਕਹਿੰਦਾ ਹੈ : ਹੇ ਭਾਈ  ! ਉਸ ਬੇਅੰਤ ਹਰੀ ਦਾ ਦਰਸਨ ਕਰ ਕੇ ਮੈਂ ਹੈਰਾਨ ਪਈ ਹੁੰਦੀ ਹਾਂ। ਹੇ ਭਾਈ  ! ਉਹ ਮੇਰਾ ਸੋਹਣਾ ਮਾਲਕ ਹੈ, ਮੈਂ ਉਸ ਦੇ ਸੋਹਣੇ ਚਰਨਾਂ ਦੀ ਧੂੜ ਹਾਂ :

ਹਉ ਬਿਸਮੁ ਭਈ, ਜੀ  ! ਹਰਿ ਦਰਸਨੁ ਦੇਖਿ ਅਪਾਰਾ

ਮੇਰਾ ਸੁੰਦਰੁ ਸੁਆਮੀ, ਜੀ ! ਹਉ ਚਰਨ ਕਮਲ ਪਗ ਛਾਰਾ (ਪੰਨਾ 784)

ਰੱਬੀ ਸੁੰਦਰਤਾ ਤੇ ਮਨਮੋਹਣਤਾ ਪੱਖੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਗਾਥਾ’ ਨਾਮਕ ਬਾਣੀ ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਮਾਲ ਦੇ ਵਿਸਮਾਦੀ ਤੇ ਅਲੰਕਾਰੀ ਗੁਰਵਾਕ ਹਨ, ਜਿਨ੍ਹਾਂ ਰਾਹੀਂ ਸਤਿਗੁਰੂ ਜੀ ਕਿਸੇ ਸਤਿਸੰਗਣ ਸਹੇਲੀ ਨੂੰ ਸੰਬੋਧਤ ਹੋ ਕੇ ਕਹਿੰਦੇ ਹਨ ਕਿ ਹੇ ਸਹੇਲੀਏ  ! ਸੁਪਨੇ ਵਿਚ ਪ੍ਰਭੂ-ਪਤੀ ਨੂੰ ਵੇਖ ਕੇ ਮੈਂ ਉੱਠ ਖਲੋਤੀ, ਪਰ ਮੈਂ ਉਸ ਦਾ ਪੱਲਾ ਨਾਹ ਫੜ ਸਕੀ; ਕਿਉਂਕਿ ਉਸ ਸੋਹਣੇ ਦਗ-ਦਗ ਕਰਦੇ ਪ੍ਰਭੂ-ਪਤੀ ਨੂੰ ਵੇਖ ਕੇ ਮੇਰਾ ਮਨ ਠੱਗਿਆ ਗਿਆ ਭਾਵ ਮੋਹਿਆ ਗਿਆ। ਇਸ ਲਈ ਮੈਂ ਉਸ ਦਾ ਪੱਲਾ ਤਾਂ ਕੀ ਫੜਣਾ ਸੀ, ਮੈਨੂੰ ਆਪਣੇ ਆਪ ਦੀ ਹੀ ਸੁਰਤਿ ਨਾ ਰਹੀ :

ਸੁਪਨੈ ਊਭੀ ਭਈ; ਗਹਿਓ ਕੀ ਅੰਚਲਾ

ਸੁੰਦਰ ਪੁਰਖ ਬਿਰਾਜਿਤ; ਪੇਖਿ ਮਨੁ ਬੰਚਲਾ (ਪੰਨਾ 534)

ਇਸੇ ਲਈ ਗੁਰਦੇਵ ਜੀ ਨੇ ਜਿਵੇਂ ਸੂਰਮਿਆਂ ਨੂੰ ਸੂਰਮਗਤੀ ਦੀ ਆਕੜ ਤੋਂ ਬਚਾਉਣ ਲਈ ਉਪਰੋਕਤ ਬਚਨ ਕੀਤਾ ਹੈ ‘‘ਅਤਿ ਸੂਰਾ, ਜੇ ਕੋਊ ਕਹਾਵੈ ਪ੍ਰਭ ਕੀ ਕਲਾ ਬਿਨਾ, ਕਹ ਧਾਵੈ  ?’’ (ਪੰਨਾ 282) ਤਿਵੇਂ ਹੀ ਮਨੁੱਖ ਨੂੰ ਸੁੰਦਰਤਾ ਦੀ ਹਉਮੈ ਤੋਂ ਬਚਾਉਣ ਲਈ ਵੀ ਹਜ਼ੂਰ ਨੇ ਚੇਤਾਵਨੀ ਭਰਪੂਰ ਬਚਨ ਕੀਤੇ ਹਨ ਕਿ ਕੋਈ ਵੀ ਮਨੁੱਖ ਰੂਪਵੰਤ ਅਥਵਾ ਸੁੰਦਰ ਸਰੂਪ ਹੋਵੇ ਤਾਂ ਉਹ ਮਾਣ ਨਾ ਕਰ ਬੈਠੇ, ਕਿਉਂਕਿ ਸਾਰਿਆਂ ਅੰਦਰ ਰੱਬੀ-ਜੋਤਿ ਹੀ ਸ਼ੋਭਦੀ ਹੈ। ਸੁੰਦਰਤਾ ਦੀ ਚਮਕ-ਦਮਕ ਵੀ ਉਸੇ ਕਰਕੇ ਹੈ। ਗੁਰਵਾਕ ਹੈ ‘‘ਰੂਪਵੰਤੁ ਹੋਇ, ਨਾਹੀ ਮੋਹੈ ਪ੍ਰਭ ਕੀ ਜੋਤਿ, ਸਗਲ ਘਟ ਸੋਹੈ ’’ (ਪੰਨਾ 282) ਇਹੀ ਕਾਰਨ ਹੈ ਕਿ ਜਦੋਂ ਕਿਸੇ ਪ੍ਰਾਣੀ ਵਿੱਚੋਂ ਉਹ ਆਪਣੀ ਜੋਤਿ ਖਿਚ ਲੈਂਦਾ ਹੈ, ਉਹ ਸੁੰਦਰ ਸਰੂਪ ਵਿਅਕਤੀ ਢਹਿ ਢੇਰੀ ਹੋਣ ’ਤੇ ਡਰਾਉਣਾ ਦਿੱਸਣ ਲੱਗਦਾ ਹੈ। ਇਸ ਪੱਖੋਂ ਸਤਿਗੁਰਾਂ ਦਾ ਨਿਰਣੈ-ਜਨਕ ਗੁਰਵਾਕ ਹੈ :

ਜੋ ਜਾਨੈ, ਮੈ ਜੋਬਨਵੰਤੁ ਸੋ ਹੋਵਤ ਬਿਸਟਾ ਕਾ ਜੰਤੁ (ਪੰਨਾ 278)

ਸੋ ਉਪਰੋਕਤ ਵੀਚਾਰ ਦੇ ਪਰਿਪੇਖ ਵਿੱਚ ਜਪੁ-ਜੀ ਦੇ ਵਿਚਾਰਧੀਨ ਬੰਦ ਦੀਆਂ ਪਾਵਨ ਤੁਕਾਂ ‘‘ਗਾਵਨਿ ਪੰਡਿਤ ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ ਗਾਵਹਿ ਮੋਹਣੀਆ ਮਨੁ ਮੋਹਨਿ; ਸੁਰਗਾ ਮਛ ਪਇਆਲੇ ’’ ਦਾ ਸਾਰੰਸ਼ ਇਹੀ ਹੈ ਕਿ ਵਿਦਵਾਨ ਪੰਡਿਤ ਤੇ ਮਹਾਂਰਿਖੀ, ਜੋ ਵੇਦਾਂ ਨੂੰ ਪੜ੍ਹਦੇ ਹਨ। ਵੇਦਾਂ ਸਣੇ ਉਹ ਪ੍ਰਭੂ ਜੀ ਦੀ ਉਸਤਤੀ ਗਾ ਰਹੇ ਹਨ, ਕਿਉਂਕਿ ਉਨ੍ਹਾਂ ਦੀਆਂ ਬਿਖਮ ਵਿਚਾਰਾਂ ’ਚੋਂ ਵੀ ਰੱਬੀ ਬਿਬੇਕਤਾ, ਚਾਤਰੁਤਾ ਤੇ ਸੁਜਾਨਤਾ ਹੀ ਪ੍ਰਗਟ ਹੁੰਦੀ ਹੈ। ‘‘ਆਪਿ ਬਿਬੇਕੁ, ਆਪਿ ਸਭੁ ਬੇਤਾ (ਜਾਣੂ);  ਆਪੇ ਗੁਰਮੁਖਿ ਭੰਜਨੁ ’’  ਅਤੇ ‘‘ਇਕ ਥੈ ਪੜਿ ਬੁਝੈ ਸਭੁ ਆਪੇ, ਇਕ ਥੈ ਆਪੇ ਕਰੇ ਇਆਣੇ ’’ (ਪੰਨਾ 552) ਆਦਿਕ ਗੁਰਵਾਕ, ਜਿਨ੍ਹਾਂ ਨੂੰ ਰੱਬੀ ਸੁੰਦਰਤਾ ਦੇ ਅਮੋਲਕ ਗੁਣਾਂ ਲਈ ਪ੍ਰਮਾਣਾਂ ਵਜੋਂ ਪਹਿਲਾਂ ਵੀ ਲਿਖਿਆ ਜਾ ਚੁੱਕਾ ਹੈ, ਉਹ ਸਾਰੇ ਇਸ ਹਕੀਕਤ ਨੂੰ ਹੀ ਪ੍ਰਗਟਾਉਂਦੇ ਹਨ। ਅਪੱਸ਼ਰਾਂ ਤੇ ਹੂਰਾਂ ਵਰਗੀਆਂ ਸੁੰਦਰ ਇਸਤ੍ਰੀਆਂ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਸੁਰਗ, ਮਾਤ-ਲੋਕ ਤੇ ਪਾਤਾਲ ਵਿਚ ਹਰ ਥਾਂ ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਉਹ ਵੀ ਅਕਾਲ-ਪੁਰਖ ਨੂੰ ਗਾ ਰਹੀਆਂ ਹਨ; ਕਿਉਂਕਿ ਉਨ੍ਹਾਂ ਦੁਆਰਾ ਵੀ ਰੱਬੀ ਸੁੰਦਰਤਾ ਤੇ ਉਸ ਦੇ ਮਨਮੋਹਣੇ ਹੋਣ ਦਾ ਵਿਸਮਾਦੀ ਪ੍ਰਗਟਾਵਾ ਹੋ ਰਿਹਾ ਹੈ ।

ਇਸੇ ਲਈ ਹਜ਼ੂਰ ਨੇ ‘ਸੁਖਮਨੀ ਸਾਹਿਬ’ ਵਿਚ ਮਨੁੱਖ ਨੂੰ ਸੁਚੇਤ ਕਰਦਿਆਂ ਬਚਨ ਕੀਤਾ ਕਿ ਰੂਪ ਵਾਲਾ ਹੋ ਕੇ ਕੋਈ ਪ੍ਰਾਣੀ ਆਪਣੀ ਸੁੰਦਰਤਾ ’ਤੇ ਮੋਹਿਤ ਨਾ ਹੋਵੇ ਭਾਵ ਮਾਣ ਨਾ ਕਰੇ; ਕਿਉਂਕਿ ਸਾਰੇ ਸਰੀਰਾਂ ਵਿੱਚ ਉਸ ਪ੍ਰਭੂ ਜੀ ਦੀ ਹੀ ਜੋਤਿ ਸ਼ੋਭਨੀਕ ਹੈ, ਜਿਸ ਦੀ ਅਤਿ ਅਨੂਪਮ ਸੁੰਦਰਤਾ ਦਾ ਕੋਈ ਪਾਰਾਵਾਰ ਨਹੀਂ। ਪਾਵਨ ਗੁਰਵਾਕ ਹਨ :

ਰੂਪਵੰਤੁ ਹੋਇ ਨਾਹੀ ਮੋਹੈ ਪ੍ਰਭ ਕੀ ਜੋਤਿ ਸਗਲ ਘਟ ਸੋਹੈ (ਪੰਨਾ 282)

ਭਲਾ ਭਲਾ ਭਲਾ ਤੇਰਾ ਰੂਪ ਅਤਿ ਸੁੰਦਰ ਅਪਾਰ ਅਨੂਪ (ਪੰਨਾ 279)

Most Viewed Posts