ਬਾਬਾ ਨੰਦ ਸਿੰਘ ਅਤੇ ਬਾਬੇ ਨਾਨਕ ਵਿਚਕਾਰ ਵਾਰਤਾਲਾਪ

0
69

ਬਾਬਾ ਨੰਦ ਸਿੰਘ ਅਤੇ ਬਾਬੇ ਨਾਨਕ ਵਿਚਕਾਰ ਵਾਰਤਾਲਾਪ 

ਬਾਬਾ ਨੰਦ ਸਿੰਘ ਜੰਗਲ ਵਿੱਚ ਭਗਤੀ ਕਰ ਰਹੇ ਸਨ, ਅਚਾਨਕ ਉਨ੍ਹਾਂ ਨੂੰ ਨਾਨਕ ਸਾਹਿਬ ਮਿਲੇ ਅਤੇ ਉਨ੍ਹਾਂ ਵਿੱਚ ਕੁਝ ਸਵਾਲ ਜਵਾਬ ਹੋਏ।

ਨਾਨਕ ਜੀ – ਭਾਈ ਤੂੰ ਕੌਣ ਹੈ  ?

ਨੰਦ ਸਿੰਘ – ਮੈਂ ਨੰਦ ਸਿੰਘ ਹਾਂ।

ਨੰਦ ਸਿੰਘ – ਤੁਸੀਂ ਕੌਣ ਹੋ  ?

ਨਾਨਕ ਜੀ – ਮੈਂ ਨਾਨਕ ਹਾਂ ਅਤੇ ਮੇਰੇ ਨਾਲ ਭਾਈ ਮਰਦਾਨਾ ਹੈ।

ਨੰਦ ਸਿੰਘ – ਹੱਥ ਜੋੜ ਕੇ, ਨਾਨਕ ਜੀ ਧੰਨ ਹਾਂ, ਅੱਜ ਤੁਹਾਡੇ ਦਰਸ਼ਨ ਕਰਕੇ ਮੇਰਾ ਜੀਵਨ ਸਫਲਾ ਹੋ ਗਿਆ।

ਨਾਨਕ ਜੀ – ਪਰ ਨੰਦ ਸਿਆਂ ਮੇਰੇ ਦਰਸ਼ਨਾਂ ਨਾਲ ਜੀਵਨ ਕਿਵੇਂ ਸਫਲਾ ਹੋ ਸਕਦਾ ਹੈ; ਮੈਂ ਤਾਂ ਕਿਹਾ ਸੀ – ‘‘ਸਤਿਗੁਰ ਨੋ ਸਭੁ ਕੋ ਵੇਖਦਾ; ਜੇਤਾ ਜਗਤੁ ਸੰਸਾਰੁ ਡਿਠੈ ਮੁਕਤਿ ਹੋਵਈ; ਜਿਚਰੁ ਸਬਦਿ ਕਰੇ ਵੀਚਾਰੁ ’’ (594) ਦਰਸ਼ਨ ਮਾਤਰ ਨਾਲ ਅਗਰ ਜੀਵਨ ਸਫਲਾ ਹੋਣਾ ਹੁੰਦਾ ਤਾਂ ਮੇਰੇ ਆਪਣੇ ਦੋਵੇਂ ਪੁੱਤਰ ਬਾਗੀ ਨਾ ਹੁੰਦੇ।

ਨੰਦ ਸਿੰਘ – ਚੁੱਪ

ਨਾਨਕ ਜੀ – ਨੰਦ ਸਿਆਂ ਤੂੰ ਇੱਥੇ ਜੰਗਲ ਵਿੱਚ ਕੀ ਕਰ ਰਿਹਾ ਹੈਂ ?

ਨੰਦ ਸਿੰਘ – ਜੀ  ! ਮੈਂ ਭਗਤੀ ਕਰ ਰਿਹਾ ਹਾਂ।

ਨਾਨਕ ਜੀ – ਨੰਦ ਸਿਆਂ ਕਿਹੜੀ ਭਗਤੀ ? ਮੈਂ ਤਾਂ ਕਿਹਾ ਸੀ – ‘‘ਫਰੀਦਾ  ! ਜੰਗਲੁ ਜੰਗਲੁ ਕਿਆ ਭਵਹਿ; ਵਣਿ ਕੰਡਾ ਮੋੜੇਹਿ ਵਸੀ ਰਬੁ ਹਿਆਲੀਐ; ਜੰਗਲੁ ਕਿਆ ਢੂਢੇਹਿ  ?’’ (1378)

ਨੰਦ ਸਿੰਘ – ਚੁੱਪ

ਨਾਨਕ ਜੀ – ਨੰਦ ਸਿਆਂ ਕਿਰਤ ਕਰਦਾ ਹੈਂ ?

ਨੰਦ ਸਿੰਘ – ਨਹੀਂ ਜੀ, ਮੇਰਾ ਸਾਰਾ ਵਕਤ ਭਗਤੀ ਕਰਨ ਵਿੱਚ ਹੀ ਨਿਕਲ ਜਾਂਦਾ ਹੈ; ਕਿਰਤ ਕਰਨ ਦਾ ਸਮਾਂ ਨਹੀਂ ਬਚਦਾ।

ਨਾਨਕ ਜੀ – ਪਰ ਨੰਦ ਸਿਆਂ ਮੈਂ ਤੇ ਕਿਹਾ ਸੀ; ਕਿਰਤ ਕਰਦਿਆਂ ਵੀ ਰੱਬ ਦਾ ਨਾਮ ਲਿਆ ਜਾ ਸਕਦਾ ਹੈ – ‘‘ਹਾਥ ਪਾਉ ਕਰਿ ਕਾਮੁ ਸਭੁ; ਚੀਤੁ ਨਿਰੰਜਨ ਨਾਲਿ ’’ (1376)

ਨੰਦ ਸਿੰਘ – ਚੁੱਪ

ਨਾਨਕ ਜੀ – ਨੰਦ ਸਿਆਂ ਤੇਰਾ ਘਰ ਪਰਵਾਰ ਬੱਚੇ ਕਿੱਥੇ ਹਨ ?

ਨੰਦ ਸਿੰਘ – ਜੀ  ! ਮੈਂ ਜਤੀ ਹਾਂ, ਬਾਲ ਬ੍ਰਹਮਚਾਰੀ ਹਾਂ, ਰੱਬ ਦੀ ਪ੍ਰਾਪਤੀ ਵਾਸਤੇ ਮੈਂ ਗ੍ਰਹਿਸਤ ਨਹੀਂ ਅਪਣਾਇਆ।

ਨਾਨਕ ਜੀ – ਪਰ ਨੰਦ ਸਿਆਂ  ! ਮੈਂ ਤੇ ਕਹਿ ਕੇ ਗਿਆ ਸਾਂ, ‘‘ਧਰਮੀ ਧਰਮੁ ਕਰਹਿ, ਗਾਵਾਵਹਿ; ਮੰਗਹਿ ਮੋਖ ਦੁਆਰੁ ਜਤੀ ਸਦਾਵਹਿ, ਜੁਗਤਿ ਜਾਣਹਿ; ਛਡਿ ਬਹਹਿ ਘਰ ਬਾਰੁ (469), ਬਿੰਦੁ ਰਾਖਿ, ਜੌ ਤਰੀਐ ਭਾਈ ਖੁਸਰੈ, ਕਿਉ ਪਰਮ ਗਤਿ ਪਾਈ  ?’’ (324) ਰੱਬ ਦੀ ਪ੍ਰਾਪਤੀ ਵਾਸਤੇ ਪਰਵਾਰ ਛਡ ਕੇ ਬ੍ਰਹਮਚਾਰੀ ਹੋਣ ਦੀ ਲੋੜ ਨਹੀਂ ਹੈ।

ਨੰਦ ਸਿੰਘ – ਚੁੱਪ, ਰਹਿਣ ਤੋਂ ਬਾਅਦ, ਨਾਨਕ ਜੀ  ! ਅਸੀਂ ਸੰਪਟ ਪਾਠਾਂ ਦੀਆਂ ਲੜੀਆਂ ਚਲਾਈਆਂ, ਇਕੋਤਰੀਆਂ ਕੀਤੀਆਂ। ਕੀ ਇਸ ਨਾਲ ਵੀ ਰੱਬ ਦੀ ਪ੍ਰਾਪਤੀ ਨਹੀਂ ਹੋਵੇਗੀ ?

ਨਾਨਕ ਜੀ – ਨਹੀਂ, ਨੰਦ ਸਿਆਂ ਮੈਂ ਸਮਝਾਇਆ ਸੀ – ‘‘ਪੜਿ ਪੜਿ ਗਡੀ ਲਦੀਅਹਿ; ਪੜਿ ਪੜਿ ਭਰੀਅਹਿ ਸਾਥ ਪੜਿ ਪੜਿ ਬੇੜੀ ਪਾਈਐ; ਪੜਿ ਪੜਿ ਗਡੀਅਹਿ ਖਾਤ ਪੜੀਅਹਿ ਜੇਤੇ ਬਰਸ ਬਰਸ; ਪੜੀਅਹਿ ਜੇਤੇ ਮਾਸ ਪੜੀਐ ਜੇਤੀ ਆਰਜਾ; ਪੜੀਅਹਿ ਜੇਤੇ ਸਾਸ ਨਾਨਕ  ! ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ ’’ (467)

ਨਾਨਕ ਜੀ – ਨੰਦ ਸਿਆਂ  ! ਲੱਗਦਾ ਹੈ; ਤੂੰ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਤੇ ਵਿਚਾਰਿਆ ਨਹੀਂ।

ਨੰਦ ਸਿੰਘ – ਚੁੱਪ।

ਨਾਨਕ ਜੀ – ਮਰਦਾਨੇ ਨੂੰ, ਚੱਲ ਮਰਦਾਨਿਆਂ ਆਪਣੀ ਵਾਟਾਂ ਅਜੇ ਬਹੁਤ ਲੰਮੀਆਂ ਹਨ, ਕਹਿ ਕੇ ਅੱਗੇ ਚਾਲੇ ਪਾ ਦਿੰਦੇ ਹਨ।

ਨੰਦ ਸਿੰਘ – ਸੋਚਦਾ ਹੈ ਅਤੇ ਆਪਣੇ ਆਪ ਨਾਲ ਗੱਲ ਕਰਦਾ ਹੈ; ਇਹ ਬਾਬਾ ਨਾਨਕ ਨਹੀਂ ਹੋ ਸਕਦਾ, ਇਹ ਕੋਈ ਭੇਖੀ ਹੈ। ਇਹ ਗੱਲ ਕਰਦਾ ਹੋਇਆ ਨੰਦ ਸਿੰਘ ਨਾਲ ਖੜ੍ਹੇ ਰੁੱਖ ਦੇ ਉੱਤੇ ਚੜ੍ਹ ਕੇ ਨਾਨਕ ਦਾ ਰਾਹ ਛੱਡ ਫਿਰ ਆਪਣੀ ਹੀ ਭਗਤੀ ਵਿੱਚ ਲੀਨ ਹੋਣ ਦਾ ਯਤਨ ਕਰਦਾ ਹੈ, ਪਰ ਉਸ ਦਾ ਮਨ ਟਿਕਦਾ ਨਹੀਂ। ਬਾਬਾ ਨੰਦ ਸਿੰਘ ਮਨ ’ਚ ਸੋਚਦਾ ਹੈ; ਅੱਜ ਮਨ ਟਿਕੇ ਵੀ ਕਿਵੇਂ ? ਮਰਦਾਨੇ ਮਿਰਾਸੀ ਦਾ ਪ੍ਰਛਾਵਾ ਜੋ ਪੈ ਗਿਆ।

ਪਿੱਛੋਂ ਬਾਬੇ ਨਾਨਕ ਦੀ ਗਰਜਵੀਂ ਅਵਾਜ਼ ਆਈ – ਉਹ ਬੰਦਿਆ  ! ਜੇ ਤੂੰ ਮੇਰੀ ਕੋਈ ਗੱਲ ਮੰਨਣੀ ਹੀ ਨਹੀਂ ਤਾਂ ਘੱਟੋ ਘੱਟ ਮੇਰਾ ਨਾਮ ਲੈ ਕੇ ਆਪਣਏ ਆਪ ਨੂੰ ਅਣਜਾਣ ਨਾ ਬਣ। ਮੈਂ ਬਥੇਰਾ ਸਮਝਾਇਆ ਸੀ ਕਿ ਰੱਬ ਦੀ ਬਖ਼ਸ਼ਸ਼ ਤਾਂ ਉੱਥੇ ਹੈ, ਜਿਥੇ ਰੱਬ ਦੇ ਗਰੀਬ ਬੰਦਿਆਂ ਦੀ ਸੰਭਾਲ ਹੁੰਦੀ ਹੈ, ਪਰ ਤੁਸੀਂ ਇਨ੍ਹਾਂ ਦਾ ਪ੍ਰਛਾਵਾਂ ਪੈਣ ਤੋਂ ਹੀ ਡਰੀ ਜਾਂਦੇ ਹੋ। ਇਕੋਤਰੀਆਂ ਕਰਦਿਆਂ ਤੁਹਾਨੂੰ ਕਦੀ ਮੇਰੇ ਇਹ ਬੋਲ ਸੁਣਾਈ ਨਾ ਦਿੱਤੇ – ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ’’ (15) ਜਿਹੜੇ ਇਹ ਵਚਨ ਨਾ ਸਮਝੇ ਉਨ੍ਹਾਂ ਲਈ ਹੀ ਤਾਂ ਆਖਿਆ ਸੀ- ‘‘ਜਾਤਿ ਕਾ ਗਰਬੁ ਕਰਿ ਮੂਰਖ ਗਵਾਰਾ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ 1 ਰਹਾਉ ’’ (1128)

ਨੋਟ : ਇਸ ਵਾਰਤਾਲਾਪ ਰਾਹੀਂ ਸਵਰਗੀ ਬਾਬਾ ਨੰਦ ਸਿੰਘ ਜੀ ਦੀ ਜੀਵਨ ਯਾਤਰਾ ’ਤੇ ਸੰਦੇਹ ਜਤਾਉਣਾ ਨਹੀਂ ਬਲਕਿ ਉਨ੍ਹਾਂ ਦੇ ਨਾਂ ’ਤੇ ਕੀਤੇ ਜਾਂਦੇ ਗੁਰਮਤਿ ਵਿਰੁਧ ਕਰਾਜਾਂ ਤੋਂ ਸੰਗਤਾਂ ਨੂੰ ਜਾਗਰੂਕ ਕਰਨਾ ਹੈ, ਜੀ।