ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਪ੍ਰਚਾਰਕ (ਭਾਗ ਪਹਿਲਾ)
ਗਿਆਨੀ ਅਵਤਾਰ ਸਿੰਘ
ਬਾਣੀਕਾਰਾਂ ਦੁਆਰਾ ਕੀਤੀ ਗਈ ਧਰਮ (ਪੂਰਨ ਸਚਾਈ) ਦੀ ਵਿਆਖਿਆ ਇੱਕ ਐਸਾ ਵਿਸ਼ਾ ਜਾਂ ਸਿਲੇਬਸ ਹੈ, ਜੇਕਰ ਇਸ ਨੂੰ ਪਹਿਲੀ ਜਮਾਤ ਵਾਲ਼ਾ ਸਿੱਖ ਧਿਆਨ ਨਾਲ਼ ਪੜ੍ਹੇ ਤਾਂ ਉਸ ਨੂੰ ਇਹ ਵਿਸ਼ਾ; ਦੂਸਰੀ ਜਮਾਤ ਦਾ ਜਾਪਦਾ ਹੈ। ਦੂਸਰੀ ਜਮਾਤ ਵਾਲ਼ਾ ਪੜ੍ਹੇ ਤਾਂ ਉਸ ਨੂੰ ਤੀਜੀ ਜਮਾਤ ਦਾ ਸਿਲੇਬਸ ਜਾਪਦਾ ਹੈ। 10ਵੀਂ ਜਮਾਤ ਵਾਲ਼ਾ ਪੜ੍ਹੇ ਤਾਂ ਉਸ ਨੂੰ ਇਹ ਕਾਲਜ ਪੱਧਰ ਦਾ ਵਿਸ਼ਾ ਜਾਪਦਾ ਹੈ। ਕਾਲਜ ਵਾਲ਼ੇ ਨੂੰ ਯੂਨੀਵਰਸਿਟੀ ਦਾ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਅਗਾਂਹ ਹੋਰ ਗਹਿਰਾ, ਹੋਰ ਸੂਖਮ ਵਿਸ਼ਾ ਪ੍ਰਤੀਤ ਹੁੰਦਾ ਹੈ ਯਾਨੀ ਕਿ ਗੁਰਬਾਣੀ ਦੀ ਪਰਤ ਦਰ ਪਰਤ ਗਹਿਰਾਈ ਨੂੰ ਖੋਜੀ ਸਿੱਖ ਪੜਚੋਲਦਾ-ਪੜਚੋਲਦਾ ਪਿਆਜ਼ ਦੇ ਛਿਲਕੇ ਵਾਙ ਹੋਰ ਗਹਿਰਾ, ਹੋਰ ਗਹਿਰਾ ਚਲਾ ਜਾਂਦਾ ਹੈ ਤੇ ਨਾਲ਼-ਨਾਲ਼ ਆਪਣੇ ਅੰਦਰਲੀ ਸਮਝ ਦੀ ਘਾਟ ਮਹਿਸੂਸ ਕਰਦਾ ਰਹਿੰਦਾ ਹੈ। ਜੇਕਰ ਕੋਈ ਸਿੱਖ ਕਹੇ ਕਿ ‘ਮੈ ਪੂਰਨ ਤੌਰ ’ਤੇ ਧਰਮ ਨੂੰ ਸਮਝ ਚੁੱਕਾ ਹਾਂ’ ਤਾਂ ਇਸ ਦਾ ਮਤਲਬ ਉਹ ‘ਧਰਮ’ ਬਾਰੇ ਕੁੱਝ ਨਹੀਂ ਜਾਣਦਾ ਬਲਕਿ ਆਪਣੀ ਦਿਮਾਗ਼ੀ ਯੋਗਤਾ ਨੂੰ ਹੀ ‘ਧਰਮ’ ਮੰਨਦਾ ਹੈ।
ਧਰਮ ਦੇ ਸੂਖਮ ਸੰਕੇਤ; ਪੰਜ ਗਿਆਨ ਇੰਦ੍ਰਿਆਂ (ਨੱਕ, ਕੰਨ, ਅੱਖ, ਜੀਭ, ਚਮੜੀ) ਰਾਹੀਂ ਪ੍ਰਾਪਤ ਹੁੰਦੇ ਦਿਮਾਗ਼ੀ (ਸਮਾਜਿਕ) ਗਿਆਨ ਨਾਲ਼ ਪਕੜ ’ਚ ਨਹੀਂ ਆ ਸਕਦੇ। ਇਸ ਲਈ ਆਪਣੇ ਅਨੁਭਵ ਦੀ ਭਾਗੀਦਾਰੀ ਭੀ ਅਤਿ ਜ਼ਰੂਰੀ ਹੈ, ਜੋ ਨਿਰੰਤਰ ਅਭਿਆਸ ਕੀਤਿਆਂ ਉਪਜਦੀ ਹੈ ਯਾਨੀ ਗੁਰਬਾਣੀ ਦੇ ਸ਼ਾਬਦਿਕ ਅਰਥ ਸਮਝ ਕੇ, ਵਿਚਾਰ ਕੇ ਉਸ ਦਾ ਨਿਰੰਤਰ ਅਭਿਆਸ ਕੀਤਿਆਂ ਭਾਵ ਮਾਲਕ ਨੂੰ ਸਿਮਰਨਾ ਤੇ ਗੁਰਮਤਿ ਰਾਹੀਂ ਆਪਣੇ ਆਪ ਨੂੰ ਤੁਲਨਾਤਮਿਕ ਵਾਚਣ ਨਾਲ਼ ਪ੍ਰਤੀਤ ਹੁੰਦੀ ਸੂਖਮ ਸਚਾਈ ਉੱਤੇ ਬਣਦਾ ਅਟੁੱਟ ਭਰੋਸਾ; ਮੂੰਹੋਂ ਜੋ ਬੋਲ ਬੁਲਾਉਂਦਾ ਹੈ; ਉਹ ਦੂਸਰੇ ਦੀ ਮੱਤ ਨੂੰ ਤੀਰ ਵਾਙ ਵਿੰਨ੍ਹਦਾ ਹੈ ਕਿਉਂਕਿ ਉਹ ਪੂਰਨ ਸਚਾਈ (ਗੁਰਮਤਿ) ਹੁੰਦੀ ਹੈ; ਜੈਸਾ ਕਿ ਕਬੀਰ ਜੀ ਦੇ ਬਚਨ ਹਨ, ‘‘ਕਬੀਰ ! ਸਾਚਾ ਸਤਿਗੁਰੁ ਮੈ ਮਿਲਿਆ; ਸਬਦੁ ਜੁ ਬਾਹਿਆ ਏਕੁ ॥ ਲਾਗਤ ਹੀ ਭੁਇ ਮਿਲਿ ਗਇਆ; ਪਰਿਆ ਕਲੇਜੇ ਛੇਕੁ ॥੧੫੭॥’’ (ਭਗਤ ਕਬੀਰ/੧੩੭੨) ਭਾਵ ਹੇ ਕਬੀਰ ! (ਆਪਣਾ ਨਿਜੀ ਤਜਰਬਾ ਸਾਂਝਾ ਕਰ, ਜੋ ਕਿ ਇਉਂ ਹੈ) ਮੈਨੂੰ ਅਸਲ ਗੁਰੂ ਮਿਲਿਆ, ਉਸ ਨੇ (ਮੇਰੀ ਸੁਰਤਿ ਦੇ ਪ੍ਰਫੁਲਿਤ ਹੋਣ ’ਚ ਆਈ ਰੁਕਾਵਟ ਨੂੰ ਸਮਝ ਕੇ) ਉਪਦੇਸ਼ ਰੂਪ ਤੀਰ ਚਲਾਇਆ, ਜਿਸ ਨੇ ਮੈਨੂੰ ਯਕੀਨ ਕਰਾ ਕੇ ਬਿਬੇਕੀ ਬਣਾ ਦਿੱਤਾ ਤੇ ਮੈ ਆਪਣੇ ਦਿਮਾਗ਼ੀ ਮਾਣ ਤੋਂ ਹੇਠਾਂ ਡਿੱਗ ਪਿਆ। ਕਬੀਰ ਜੀ ਨੂੰ ਯਕੀਨ ਹੋ ਗਿਆ ਕਿ ਐਸੇ ਸਤਿਗੁਰੂ ਦੇ ਸ਼ਬਦ-ਤੀਰ; ਪੂਰੇ ਆਲੇ-ਦੁਆਲੇ ਨੂੰ ਹੀ ਪਵਿੱਤਰ ਕਰ ਦਿੰਦੇ ਹਨ, ਨਿਮਾਣੀ ਦੇਹੀ ਪਵਿੱਤਰ ਨਾ ਹੋਵੇ, ਐਸੀ ਕਿਹੜੀ ਕਠਿਨਾਈ ਹੈ, ‘‘ਦੇਹੀ ਕਿਸ ਕੀ ਬਾਪੁਰੀ; ਪਵਿਤ੍ਰੁ ਹੋਇਗੋ ਗ੍ਰਾਮੁ ॥’’ (ਭਗਤ ਕਬੀਰ/੧੩੭੦), ਪਰ ਜੋ ਇਹ ਅਹਿਸਾਸ ਕਰਨ ਤੋਂ ਰਹਿ ਗਏ, ਉਨ੍ਹਾਂ ਦੇ ਮੁੰਹੋਂ ਨਿਕਲੀ ਧਰਮ ਦੀ ਹਰ ਗੱਲ ਉਸ ਕੜਛੀ ਵਰਗੀ ਹੈ, ਜੋ ਸਬਜ਼ੀ ਅੰਦਰ ਘੁੰਮਦੀ ਤਾਂ ਹੈ, ਪਰ ਉਸ ਦਾ ਸਵਾਦ ਨਹੀਂ ਜਾਣ ਸਕਦੀ, ‘‘ਕੜਛੀਆ ਫਿਰੰਨਿ੍; ਸੁਆਉ ਨ ਜਾਣਨਿ੍ ਸੁਞੀਆ ॥ ਸੇਈ ਮੁਖ ਦਿਸੰਨਿ੍; ਨਾਨਕ ! ਰਤੇ ਪ੍ਰੇਮ ਰਸਿ (’ਚ)॥’’ (ਮਹਲਾ ੫/੫੨੧), ਇਸ ਲਈ ਗੁਰੂ ਸਾਹਿਬ ਨੇ ਬਚਨ ਕੀਤੇ ਕਿ ਧਰਮ ਦੀ ਗੱਲ ਕਰਨ ਤੋਂ ਪਹਿਲਾਂ ਧਰਮ ਨੂੰ ਅਮਲ ’ਚ ਲਿਆਉਣਾ ਅਤਿ ਜ਼ਰੂਰੀ ਹੈ, ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ॥ ਰਾਮ ਨਾਮ ਜਪੁ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ॥’’ (ਮਹਲਾ ੫/੩੮੧) ਯਾਨੀ ਆਪਣੀ ਕਥਨੀ ਤੇ ਕਰਨੀ ’ਚ ਸਮਾਨਤਾ ਨਾ ਹੋਣ ’ਤੇ ਜ਼ਬਾਨ ’ਚੋਂ ਕੀਤੀ ਹੋਈ ਧਰਮ ਦੀ ਗੱਲ; ਮਨੁੱਖ ਦੇ ਕੰਨਾਂ ਅੰਦਰੋਂ ਇਉਂ ਆਰ-ਪਾਰ ਹੋ ਜਾਂਦੀ ਹੈ; ਜਿਵੇਂ ਬਾਂਸ ’ਚ ਮਾਰੀ ਫੂਕ; ਬਾਂਸ ਅੰਦਰ ਨਹੀਂ ਰੁਕ ਸਕਦੀ।
ਬਾਣੀਕਾਰਾਂ ਦੇ ‘ਧਰਮ’ ਬਾਰੇ ਨਜ਼ਰੀਏ ਨੂੰ ਜੇਕਰ ਸੰਖੇਪ ਸ਼ਬਦਾਂ ’ਚ ਸਮਝੀਏ ਤਾਂ ਉਹ ਹੈ ਕਿ ‘ਕੁਦਰਤ ਦੀ ਹਰ ਵਸਤੂ, ਜੀਵ-ਜੰਤ, ਮਨੁੱਖ, ਗ੍ਰਹਿ ਆਦਿ ਰੱਬ ਦੇ ਹੁਕਮ ’ਚ ਹਨ। ਪਰਮਾਤਮਾ ਨੇ ਸਭ ਨੂੰ ਐਨੀ ਕੁ ਸੋਝੀ ਦਿੱਤੀ ਹੈ, ਜਿਸ ਨਾਲ਼ ਸਾਰੇ ਜੀਵ-ਜੰਤ ਆਪਣਾ ਜੀਵਨ ਨਿਰਬਾਹ (ਖਾਣ-ਪਾਣ, ਬੱਚੇ ਪੈਦਾ ਕਰਨਾ ਆਦਿ ਵਿਕਾਸ) ਕਰ ਸਕਦੇ ਹਨ। ਇਸ ਸਬੰਧ ’ਚ ਗੁਰੂ ਨਾਨਕ ਜੀ ਦੇ ਬਚਨ ਹਨ, ‘‘ਏਕਾ ਸੁਰਤਿ; ਜੇਤੇ ਹੈ ਜੀਅ ॥ ਸੁਰਤਿ ਵਿਹੂਣਾ; ਕੋਇ ਨ ਕੀਅ ॥ ਜੇਹੀ ਸੁਰਤਿ; ਤੇਹਾ ਤਿਨ ਰਾਹੁ ॥ ਲੇਖਾ ਇਕੋ ਆਵਹੁ ਜਾਹੁ ॥’’ (ਮਹਲਾ ੧/੨੫) ਅਰਥ : ਜਿੰਨੇ ਭੀ ਜੀਵ-ਜੰਤ ਹਨ, ਇਨ੍ਹਾਂ ਸਭ ਨੂੰ ਇਕੋ ਪ੍ਰਭੂ ਨੇ ਸੋਝੀ ਦਿੱਤੀ ਹੈ। ਇਸ ਸਮਝ ਤੋਂ ਸੱਖਣਾ ਕੋਈ ਪੈਦਾ ਨਹੀਂ ਕੀਤਾ। ਜੈਸੀ-ਜੈਸੀ ਅਕਲ (ਜੀਵ-ਜੰਤਾਂ ਦੇ ਹਿਸੇ) ਆਈ, ਉਸੇ ਅਨੁਸਾਰ ਸਾਰੇ ਜੰਮਦੇ ਹਨ, ਜੀਵਨ ਜਿਉਂਦੇ ਹਨ ਤੇ ਆਖ਼ਿਰ ਮਰ ਜਾਂਦੇ ਹਨ। ਇਹੀ ਪ੍ਰਭੂ ਦੀ ਖੇਡ ਹੈ, ਲੀਲ੍ਹਾ ਹੈ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਤਾਂ ਫਿਰ ਸਾਰਿਆਂ ਅੰਦਰ ਸਮਝ ਇੱਕ ਸਮਾਨ ਕਿਉਂ ਨਹੀਂ ? ਇਸ ਦਾ ਜਵਾਬ ਗੁਰੂ ਅਮਰਦਾਸ ਜੀ ਦਿੰਦੇ ਹਨ ਕਿ ਮਾਲਕ ਨੇ ਆਪ ਹੀ ਸਾਰਿਆਂ ਦੀ ਸੁਰਤਿ (ਚੇਤਨਾ) ਅੰਤਰ ਵੱਧ-ਘੱਟ ਚਾਨਣ ਪਾ ਕੇ ਫ਼ਰਕ ਪੈਦਾ ਕੀਤਾ ਹੈ, ‘‘ਸਭਨਾ ਉਪਰਿ; ਨਦਰਿ ਪ੍ਰਭ ਤੇਰੀ ॥ ਕਿਸੈ ਥੋੜੀ; ਕਿਸੈ ਹੈ ਘਣੇਰੀ ॥ ਤੁਝ ਤੇ ਬਾਹਰਿ ਕਿਛੁ ਨ ਹੋਵੈ; ਗੁਰਮੁਖਿ ਸੋਝੀ ਪਾਵਣਿਆ ॥੩॥’’ (ਮਹਲਾ ੩/੧੧੯) ਭਾਵ ਇਹ ਸਮਝ ਭੀ ਕਿਸੇ ਗੁਰਮੁਖ ਪਿਆਰੇ ਨੂੰ ਹੁੰਦੀ ਹੈ। ਇਸ ਵੱਧ-ਘੱਟ ਸਮਝ ਦਾ ਸਰੋਤ; ਗੁਰੂ ਜੀ ਨੇ ਜੀਵ-ਜੰਤਾਂ ਅੰਦਰਲੀ ਇਲਾਹੀ ਜੋਤ ਨੂੰ ਮੰਨਿਆ ਹੈ, ‘‘ਏਕਾ ਜੋਤਿ; ਜੋਤਿ ਹੈ ਸਰੀਰਾ ॥ ਸਬਦਿ ਦਿਖਾਏ; ਸਤਿਗੁਰੁ ਪੂਰਾ ॥ ਆਪੇ ਫਰਕੁ ਕੀਤੋਨੁ ਘਟ ਅੰਤਰਿ; ਆਪੇ ਬਣਤ ਬਣਾਵਣਿਆ ॥੧॥’’ (ਮਹਲਾ ੩/੧੨੫) ਯਾਨੀ ਕਿ ਗੁਰੂ ਸ਼ਬਦ-ਗਿਆਨ ਰੂਪ ਦਰਪਣ ਨਾਲ਼ ਸਵੈ-ਪੜਚੋਲ ਜਾਂ ਆਤਮ ਮੰਥਨ ਕਰਦਿਆਂ-ਕਰਦਿਆਂ ਅੰਦਰਲੀ ਜੋਤ (ਰੌਸ਼ਨੀ) ਦਾ ਮਨੁੱਖੀ ਦਿਮਾਗ਼ ਨੂੰ ਘੱਟ-ਵੱਧ ਹੁੰਦਾ ਅਹਿਸਾਸ ਹੀ ਸਭ ਦੀ ਅਕਲ ’ਚ ਪਏ ਅੰਤਰ ਦਾ ਮੂਲ ਕਾਰਨ ਹੈ।
ਸਵਾਲ ਇਹ ਭੀ ਖੜ੍ਹਾ ਹੋ ਸਕਦਾ ਹੈ ਕਿ ਬਹੁਤੇ ਨਾਸਤਿਕ ਬੰਦਿਆਂ ਅੰਦਰ ਤੀਖਣ ਬੁਧੀ ਵੇਖੀਦੀ ਹੈ। ਇਸ ਨੂੰ ਸਮਝਣ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਦਾਰਸ਼ਨਿਕ, ਮਨੋਵਿਗਿਆਨ ਆਦਿ ਦਾ ਮੰਨਣਾ ਹੈ ਕਿ ਗਿਆਨ; ਤਿੰਨ ਤਰੀਕਿਆਂ ਨਾਲ਼ ਵਧਦਾ ਹੈ (1). ਵੇਖਣ ਨਾਲ਼ (2). ਸੁਣਨ ਨਾਲ਼ (3) ਸਪਰਸ਼ ਕਰਨ ਨਾਲ਼। ਧਾਰਮਿਕ ਗ੍ਰੰਥਾਂ ’ਚ ਲਿਖਿਆ ਹੈ ਕਿ ਪੰਜ ਗਿਆਨ ਇੰਦ੍ਰਿਆਂ ਰਾਹੀਂ ਸਮਝ ’ਚ ਵਾਧਾ ਹੁੰਦਾ ਹੈ।
ਜ਼ਰਾ ਸੋਚਣਾ ਬਣਦਾ ਹੈ ਕਿ ਜਦ ਮਾਨਵ ਜਾਤੀ ਜੰਗਲ਼ਾਂ ਵਿੱਚ ਨੰਗੇ (ਬਸਤਰ ਰਹਿਤ) ਰਹਿੰਦੀ ਸੀ ਤਾਂ ਪਹਿਲੀ ਵਾਰ ਨੰਗੇਜ ਨੂੰ ਢੱਕਣ ਦੀ ਸੋਝੀ ਕਿਸ ਤਰ੍ਹਾਂ ਹੋਈ ? ਕੀ ਗਿਆਨ ਇੰਦ੍ਰਿਆਂ ਰਾਹੀਂ ? ਜਵਾਬ ਹੈ : ਨਹੀਂ। ਦਰਅਸਲ ਜਿਸ ਮਾਲਕ ਨੇ ਇਹ ਜਗਤ-ਖੇਡ ਰਚੀ ਹੈ, ਉਸ ਵੱਲੋਂ ਸਭ ਨੂੰ ਮਿਲਦੀ ਸੁਰਤਿ ’ਚ ਉਹੀ ਦਿਨ ਪ੍ਰਤੀ ਦਿਨ ਵਾਧਾ ਕਰਦਾ ਆਉਂਦਾ ਹੈ ਵਰਨਾ ਆਧੁਨਿਕ ਮਾਨਸਿਕ ਵਿਕਾਸ; ਹਜ਼ਾਰਾਂ ਸਾਲ ਪਹਿਲਾਂ ਹੀ ਮਨੁੱਖ ਨੂੰ ਹੋ ਜਾਂਦਾ। ਬਾਂਦਰ (ਚਿੰਪੈਂਜ਼ੀ) ਤੋਂ ਮਨੁੱਖ ਬਣਨ ਪਿੱਛੇ ਭੀ ਇਹੀ ਸੁਰਤਿ (ਕੁਦਰਤੀ) ਵਿਕਾਸ ਕਾਰਜਸ਼ੀਲ ਰਿਹਾ ਹੈ, ਨਾ ਕਿ ਮਨੁੱਖ ਦਾ ਦਿਮਾਗ਼ੀ ਗਿਆਨ। ਸੋ ਸਪਸ਼ਟ ਹੈ ਕਿ ਜੇਕਰ ਕੋਈ ਅੱਜ ਨਾਸਤਿਕ ਅਕਲਮੰਦ ਹੈ ਤਾਂ ਇਸ ਪਿੱਛੇ ਭੀ ਉਸ ਅੰਦਰ ਪਹਿਲਾਂ ਕਦੇ ਆਸਤਿਕ ਭਾਵਨਾ ਜਾਗੀ ਹੈ, ਜਿਸ ਨੇ ਉਸ ਦੀ ਚੇਤਨਾ ’ਚ ਹੁਣ ਵਾਧਾ ਕੀਤਾ ਹੈ ਭਾਵੇਂ ਕਿ ਇਸ ਬਾਰੇ ਉਸ ਨੂੰ ਖ਼ੁਦ ਭੀ ਪਤਾ ਨਹੀਂ ਹੁੰਦਾ।
ਆਧੁਨਿਕ ਯੁਗ ’ਚ ਸਭ ਤੋਂ ਵੱਡੇ ਦਿਮਾਗ਼ ਵਾਲ਼ੇ ‘ਐਲਬਰਟ ਆਈਨਸਟਾਈਨ’ (1879-1955) ਦਾ ਈਸ਼ਵਰ ਬਾਰੇ ਮੰਨਣਾ ਹੈ ਕਿ ਅਰਬਾਂ ਸਾਲ ਪਹਿਲਾਂ ਪੁਲਾੜ ’ਚ ਰੌਸ਼ਨੀ ਪੈਦਾ ਹੋਈ। ਜਿਸ ਖ਼ੁਦਾ ਨੇ ਇਹ ਬਣਾਈ, ਉਸ ਦੇ ਨਿਯਮਾਂ ’ਚ ਜ਼ਰੂਰ ਸੀ ਕਿ ਇੱਕ ਦਿਨ ਇਸ ਦਾ ਪ੍ਰਯੋਗ ਕਰਨ ਵਾਲ਼ੇ ਜੀਵ-ਜੰਤਾਂ ਨੂੰ ਅੱਖਾਂ ਭੀ ਦੇਣੀਆਂ ਹਨ ਵਰਨਾ ਪੁਲਾੜ ’ਚ ਰੌਸ਼ਨੀ ਦਾ ਕੀ ਕੰਮ ? ਇਹ ਭੀ ਹੋ ਸਕਦਾ ਹੈ ਕਿ 2-4 ਹਜ਼ਾਰ ਸਾਲ ਬਾਅਦ ਅਦ੍ਰਿਸ਼/ਨਿਰਾਕਾਰ-ਸ਼ਕਤੀ ਨੂੰ ਪ੍ਰਤੱਖ ਮਹਿਸੂਸ ਕਰਨ ਵਾਲ਼ੇ ਯੰਤਰ; ਰੱਬ ਮਨੁੱਖ ਪਾਸੋਂ ਬਣਾ ਲਵੇ; ਜਿਵੇਂ ਕਿ ਅੱਜ ਖਗੋਲ ਵਿਗਿਆਨ; ਪੁਲਾੜ ’ਚ ਡਾਰਕ ਐਨਰਜੀ (68.2%) ਤੇ ਡਾਰਕ ਮੈਟਰ (26.8%) ਮੰਨਦਾ ਹੈ ਭਾਵੇਂ ਕਿ ਉਸ ਕੋਲ਼ ਇਨ੍ਹਾਂ ਨੂੰ ਪ੍ਰਤੱਖ ਵਿਖਾਉਣ ਵਾਲ਼ੇ ਕੋਈ ਯੰਤਰ ਨਹੀਂ ਹਨ। ਐਸੇ ਹੀ ਕੁਦਰਤ ਪਿੱਛੇ ਪ੍ਰਭੂ ਦੀ ਕਾਰਜਸ਼ੀਲਤਾ ਨੂੰ ਇੱਕ ਦਿਨ ਜ਼ਰੂਰ ਸਵੀਕਾਰਿਆ ਜਾਏਗਾ। ਇਹ ਚਿੰਤਾ ਜ਼ਰੂਰ ਹੈ ਕਿ ਇਸ ਸਾਇੰਸ ਦੇ ਹਵਾਲੇ ਨਾਲ਼ ਰੱਬ ’ਤੇ ਬਣੀ ਸਿੱਖ ਦੀ ਸ਼ਰਧਾ ਨੂੰ ਤੋੜਨ ਵਾਲ਼ੇ ਅਜੋਕੇ ਅਖੌਤੀ ਸਿੱਖ ਪ੍ਰਚਾਰਕ; ਤਦ ਤੱਕ ਆਪਣਾ ਅਤੇ ਹੋਰ ਬਹੁਤਿਆਂ ਦਾ ਕੀਮਤੀ ਮਨੁੱਖਾ ਜਨਮ ਬਰਬਾਦ ਕਰ ਚੁੱਕੇ ਹੋਣਗੇ।
ਬਾਣੀਕਾਰਾਂ ਨੇ ਉਸ (ੴ) ਸ਼ਕਤੀ ਦੇ ਕੁਦਰਤ ਵਿੱਚੋਂ ਦਰਸ਼ਨ ਕਰਾਉਣ ਲਈ ਦੋ ਆਪਾ ਵਿਰੋਧੀ ਸ਼ਕਤੀਆਂ ਦੇ ਇੱਕ ਜਗ੍ਹਾ ਸੁਮੇਲ ਨੂੰ ਆਧਾਰ ਬਣਾਇਆ ਹੈ; ਜਿਵੇਂ ਕਿ ਧਰਤੀ ’ਤੇ 71% ਪਾਣੀ ਹੋਣ ਦੇ ਬਾਵਜੂਦ ਭੀ ਇਹ 29% ਸੁੱਕੀ ਧਰਤੀ ਨੂੰ ਆਪਣੇ ਅੰਦਰ ਨਹੀਂ ਡੋਬ ਰਿਹਾ, ਲੱਕੜੀ ਅੰਦਰ ਅੱਗ ਹੋਣ ਦੇ ਬਾਵਜੂਦ ਭੀ ਉਹ, ਇਸ ਨੂੰ ਸਾੜਦੀ ਨਹੀਂ। ਇਸ ਸਬੰਧੀ ਬਚਨ ਹਨ, ‘‘ੲੰੀਧਨ ਤੇ ਬੈਸੰਤਰੁ ਭਾਗੈ ॥ ਮਾਟੀ ਕਉ ਜਲੁ ਦਹ ਦਿਸ ਤਿਆਗੈ ॥’’ (ਮਹਲਾ ੫/੯੦੦) ਯਾਨੀ ਜੇਕਰ ਬੱਕਰੀ ਅਤੇ ਸ਼ੇਰ ਇਕੱਠੇ ਦੋਸਤ ਬਣ ਕੇ ਰਹਿ ਰਹੇ ਹਨ ਤਾਂ ਇਨ੍ਹਾਂ ਪਿੱਛੇ ਜ਼ਰੂਰ ਕੋਈ ਅਦ੍ਰਿਸ਼-ਸ਼ਕਤੀ ਗਤੀਸ਼ੀਲ ਹੈ। ਜਿਸ ਦੇ ਡਰ ਕਾਰਨ ਐਸਾ ਅਸੰਭਵ ਕਾਰਜ ਸੰਭਵ ਹੁੰਦਾ ਪਿਆ ਹੈ। ਇਸ ਸਬੰਧ ਬਚਨ ਹਨ, ‘‘ਭੈ ਵਿਚਿ; ਪਵਣੁ ਵਹੈ ਸਦਵਾਉ ॥ ਭੈ ਵਿਚਿ; ਚਲਹਿ ਲਖ ਦਰੀਆਉ ॥ ਭੈ ਵਿਚਿ; ਅਗਨਿ ਕਢੈ ਵੇਗਾਰਿ ॥ ਭੈ ਵਿਚਿ; ਧਰਤੀ ਦਬੀ ਭਾਰਿ ॥.. ਸਗਲਿਆ ਭਉ ਲਿਖਿਆ ਸਿਰਿ ਲੇਖੁ ॥ ਨਾਨਕ ! ਨਿਰਭਉ ਨਿਰੰਕਾਰੁ ਸਚੁ ਏਕੁ ॥੧॥’’ (ਆਸਾ ਕੀ ਵਾਰ/ਮਹਲਾ ੧/੪੬੪) ਯਾਨੀ ਹਰ ਕੋਈ ਉਹ ਪਰਮਾਤਮਾ ਦੇ ਡਰ ਅੰਦਰ ਹੈ ਭਾਵੇਂ ਕਿ ਕਿਸੇ ਭੀ ਜੀਵ-ਜੰਤ, ਮਨੁੱਖ, ਆਦਿ ਨੂੰ (ਗੁਰੂ ਤੋਂ ਬਿਨਾਂ) ਉਸ ਦਾ ਅਹਿਸਾਸ ਨਹੀਂ ਹੁੰਦਾ।
ਮਨੁੱਖ ਜਿਸ ਤਰ੍ਹਾਂ ਦੇ ਇਸ਼ਟ ਦੀ ਪੂਜਾ ਕਰਦਾ ਹੈ, ਉਸ ਅੰਦਰ ਵੈਸੇ ਹੀ ਗੁਣ ਉਪਜਣ ਲੱਗਦੇ ਹਨ। ਭਗਤ ਨਾਮਦੇਵ ਜੀ ਦੇ ਬਚਨ ਹਨ ਕਿ ਜੋ ਮਨੁੱਖ; ਪਾਰਬਤੀ (ਔਰਤ) ਦੀ ਪੂਜਾ ਕਰਦਾ ਹੈ, ਉਨ੍ਹਾਂ ਅੰਦਰ ਔਰਤਾਂ ਵਾਲ਼ੇ ਗੁਣ ਜਨਮ ਲੈ ਲੈਂਦੇ ਹਨ, ‘‘ਮਹਾ ਮਾਈ ਕੀ ਪੂਜਾ ਕਰੈ ॥ ਨਰ ਸੈ ਨਾਰਿ ਹੋਇ ਅਉਤਰੈ ॥੩॥’’ (ਭਗਤ ਨਾਮਦੇਵ/੮੭੪), ਜੋ ਪੱਥਰ (ਮੂਰਤੀ ਜਾਂ ਫੋਟੋ) ਦੀ ਪੂਜਾ ਕਰਦੇ ਹਨ, ਉਹ ਗੁਣਾਂ ਤੋਂ ਸੱਖਣੇ ਰਹਿ ਜਾਂਦੇ ਹਨ, ‘‘ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥ ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥੧॥’’ (ਮਹਲਾ ੫/੧੧੬੦), ਪਰ ਜੋ ਸਭ ਨੂੰ ਡਰ ਅੰਦਰ ਰੱਖਣ ਵਾਲ਼ੇ ਨਿਡਰ-ਪ੍ਰਭੂ ਦੀ ਭਗਤੀ ਕਰਦੇ ਹਨ, ਉਹ ਨਿਡਰ ਹੋ ਕੇ ਇਕੱਲਾ-ਇਕੱਲਾ ਸਵਾ ਲੱਖ ਨਾਲ਼ ਲੜ ਪੈਂਦਾ ਹੈ, ‘‘ਨਿਰਭਉ ਜਪੈ; ਸਗਲ ਭਉ ਮਿਟੈ ॥’’ (ਸੁਖਮਨੀ/ਮਹਲਾ ੫/੨੯੩), ਪਰ ਅਫ਼ਸੋਸ ਕਿ ਸਾਇੰਸ ਦੀ ਟੇਕ ਲੈ ਕੇ ਬਹੁਤਾ ਜਾਗਿਆ ਮਹਿਸੂਸ ਕਰਨ ਵਾਲ਼ਾ ਅਜੋਕਾ ਸਿੱਖ-ਪ੍ਰਚਾਰਕ ਭੀ ਸਿੱਖ ਸੰਗਤਾਂ ਦੁਆਰਾ ਧਾਰਨ ਕੀਤੀ ਜਾਂਦੀ ਛੋਟੀ ਕ੍ਰਿਪਾਨ ਬਾਰੇ ਦੋ ਸ਼ਬਦ ਬੋਲਣ ਦੀ ਹਿੰਮਤ ਨਹੀਂ ਜੁਟਾ ਪਾ ਰਿਹਾ, ਜੋ ਕਿ ਧਰਮ (ਪੂਰਨ ਸਚਾਈ) ਅਨੁਸਾਰ ਪਨਪਦੀ ਜ਼ਿੰਦਗੀ (ਪੀਰੀ) ਦੀ ਸੁਰੱਖਿਆ ਕਰਨ (ਮੀਰੀ) ਲਈ ਅਤਿ ਜ਼ਰੂਰੀ ਹੈ। ‘ਜਨੇਊ’ ਵਾਙ ਧਾਗੇ ਨਾਲ਼ ਧਾਰਨ ਕੀਤੀ ਛੋਟੀ ਕ੍ਰਿਪਾਨ ਤੋਂ ਭਾਵ ਸਿੱਖ ਸੰਗਤ ਅੰਦਰ ਕੌਮੀ ਜਜ਼ਬਾ ਮਰ ਚੁੱਕਾ ਹੈ।
—ਚਲਦਾ—-