ਸ਼ਬਦ ਗੁਰੂ (ਭਾਗ ਦੂਜਾ)
ਗਿਆਨੀ ਰਣਜੋਧ ਸਿੰਘ
ਗੁਰੂ ਨਾਨਕ ਸਾਹਿਬ ਜੀ ਜਦੋਂ ਦੂਸਰੀ ਉਦਾਸੀ ਸੰਨ 1517 ਈਸਵੀ ਨੂੰ ਸੁਮੇਰ ਪਰਬਤ ਰੁਦਰ ਹਿਮਾਲਾ ਦੀ 29002 ਫੁੱਟ ਦੀ ਉਚਾਈ ’ਤੇ ਸਿੱਧ ਜੋਗੀਆਂ ਕੋਲ ਪਹੁੰਚੇ ਤਾਂ ਗੋਰਖ ਨਾਥ ਅਤੇ 84 ਸਿਧ ਜੋਗੀ; ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਨੂੰ ਦੇਖ ਕੇ ਬਹੁਤ ਹੈਰਾਨ ਹੋ ਗਏ। ਸਿੱਧ ਜੋਗੀਆਂ ਨੇ ਉਤਾਵਲੇ ਹੋ ਕੇ ਪੁੱਛਿਆ ਕਿ ਬਾਲਾ ਬੱਚਾ ! ਤੇਰਾ ਗੁਰੂ ਕੌਣ ਹੈ ? ਜੋ ਤੂੰ ਇੰਨਾ ਮਹਾਨ ਹੋ ਗਿਆ ਹੈਂ। ਤੂੰ ਕਿਸ ਗੁਰੂ ਦਾ ਚੇਲਾ ਹੈ, ਜੋ ਸਾਡੇ ਕੋਲ ਪਹੁੰਚਣ ਦੀ ਹਿੰਮਤ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਜੋ ਸਿੱਧ ਜੋਗੀਆਂ ਨੂੰ ਜਵਾਬ ਦਿੱਤਾ; ਉਹ ਸਿੱਧ ਗੋਸਟਿ ਬਾਣੀ ਵਿੱਚ ਦਰਜ ਹੈ। ਜਵਾਬ ਸੀ ਕਿ ਮੇਰਾ ਗੁਰੂ ਸ਼ਬਦ ਹੈ। ਸ਼ਬਦ ਗੁਰੂ ਰੂਪ ਹੀ ਸਾਡੇ ਕੋਲ ਵੱਡੀ ਕਰਾਮਾਤ ਹੈ। ਸ਼ਬਦ ਗਿਆਨ ਹੀ ਸਾਡੇ ਕੋਲ ਸ਼ਕਤੀ ਹੈ। ਜੀਵਨ ਦਾ ਆਧਾਰ ਵੀ ਸ਼ਬਦ ਗੁਰੂ ਹੀ ਹੈ। ਸ਼ਬਦ ਗੁਰੂ ਤੋਂ ਬਿਨਾਂ ਸਾਡਾ ਕੋਈ ਹੋਰ ਆਸਰਾ ਨਹੀਂ। ਸ਼ਬਦ ਗੁਰੂ ਤੋਂ ਬਗੈਰ ਕੋਈ ਹੋਰ ਸਾਡੇ ਕੋਲ ਕਰਾਮਾਤ ਵੀ ਨਹੀਂ ਹੈ। ਇਸ ਸ਼ਬਦ ਗੁਰੂ ਰਾਹੀਂ ਹੀ ਸੁਰਤਿ ਜਾਗਦੀ, ਸੁਚੇਤ ਹੁੰਦੀ ਹੈ। ਜਦੋਂ ਸੁਰਤਿ ਸੁਚੇਤ ਹੋ ਜਾਵੇ ਫਿਰ ਜੀਵਨ ਵਿਚ ਕੋਈ ਵਿਕਾਰ, ਦੁਰਾਚਾਰ ਆਪਣਾ ਪ੍ਰਭਾਵ ਨਹੀਂ ਪਾ ਸਕਦਾ ਕਿਉਂਕਿ ਸੁਰਤਿ; ਸ਼ਬਦ ਗੁਰੂ ਦੀ ਅਗਵਾਈ ਵਿੱਚ ਚਲਦੀ ਹੈ। ਸਵਾਲ ਜਵਾਬ ਇੰਞ ਹਨ :-
ਕਵਣ ਮੂਲੁ ? ਕਵਣ ਮਤਿ ਵੇਲਾ ? ॥ ਤੇਰਾ ਕਵਣੁ ਗੁਰੂ ? ਜਿਸ ਕਾ ਤੂ ਚੇਲਾ ॥ (ਮਹਲਾ ੧/੯੩੮)
ਭਾਵ ਤੁਹਾਡਾ ਗੁਰੂ ਕੌਣ ਹੈ ? ਤੁਸੀਂ ਕਿਸ ਗੁਰੂ ਦੇ ਚੇਲੇ ਹੋ ? ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ ਕਿ
ਪਵਨ ਅਰੰਭੁ; ਸਤਿਗੁਰ ਮਤਿ ਵੇਲਾ ॥ ਸਬਦੁ ਗੁਰੂ; ਸੁਰਤਿ ਧੁਨਿ ਚੇਲਾ ॥ (ਮਹਲਾ ੧/੯੩੮)
ਭਾਵ ਮੇਰਾ ਗੁਰੂ ਸ਼ਬਦ ਹੈ। ਮੇਰੀ ਸੁਰਤ ਉਸ ਸ਼ਬਦ ਗੁਰੂ ਦੀ ਚੇਲਾ ਹੈ। ਇੱਕ ਗੱਲ ਜ਼ਰਾ ਧਿਆਨ ਨਾਲ ਸਰਵਣ ਕਰ ਲੈਣੀ, ਜਿਸ ਤਰ੍ਹਾਂ ਮਨੁੱਖ ਸ਼ੀਸ਼ੇ ਨਾਲ ਆਪਣੇ ਆਪ ਨੂੰ ਬਾਹਰੋਂ ਦੇਖਦਾ ਹੈ, ਉਸੇ ਤਰ੍ਹਾਂ ਸ਼ਬਦ ਗੁਰੂ ਨਾਲ ਮਨੁੱਖ ਭੀ ਆਪਣੇ ਆਪ ਨੂੰ ਅੰਦਰੋਂ ਦੇਖ ਸਕਦਾ ਹੈ। ਮੈਂ ਅਸਲ ਵਿੱਚ ਕਿਸ ਤਰ੍ਹਾਂ ਦਾ ਹਾਂ ? ਮੈਂ ਅਸਲ ਵਿੱਚ ਕਿੱਥੇ ਕੂ ਹਾਂ ? ਸ਼ਬਦ ਗੁਰੂ ਨਾਲ ਮਨੁੱਖ ਆਪਣੇ ਆਪ ਨੂੰ ਐਸਾ ਅੰਦਰੋਂ ਜਾਣ ਸਕਦਾ ਹੈ, ਪਰ ਜੇਕਰ ਇਮਾਨਦਾਰੀ ਨਾਲ ਦੇਖੇ।
ਸੁਕਰਾਤ ਕੋਲ ਸੰਸਾਰ ਦਾ ਨਕਸ਼ਾ ਸੀ:- ਇੱਕ ਬਹੁਤ ਵੱਡਾ ਧਨਾਢ, ਯੂਨਾਨ ਦੇ ਮਹਾਨ ਫਿਲਾਸਫਰ ਫਕੀਰ ਕੋਲ ਗਿਆ। ਧਨਾਢ ਹੰਕਾਰੀ ਸੀ। ਸੁਕਰਾਤ ਨੂੰ ਕਹਿਣ ਲੱਗਾ ਕਿ ਤੈਨੂੰ ਮੇਰੀ ਹਸਤੀ ਦਾ ਪਤਾ ਹੈ ? ਮੈਂ ਬਹੁਤ ਵੱਡਾ ਆਦਮੀ ਹਾਂ। ਸੁਕਰਾਤ ਨੇ ਕਿਹਾ ਕਿ ਮੈਂ ਸਿਰਫ ਇੰਨਾ ਕੁ ਜਾਣਦਾ ਹਾਂ ਕਿ ਤੂੰ ਵੱਡਾ ਧਨਾਢ ਹੈਂ। ਤੇਰੇ ਕੋਲ ਜਾਇਦਾਦ ਹੈ। ਸੁਕਰਾਤ ਕੋਲ ਸੰਸਾਰ ਦਾ ਇੱਕ ਨਕਸ਼ਾ (ਵਰਲਡ ਮੈਪ) ਸੀ, ਜੋ ਉਸ ਨੇ ਧਨਾਢ ਪੁਰਖ ਨੂੰ ਦੇ ਦਿੱਤਾ ਤੇ ਕਿਹਾ ਕਿ ਇਸ ਸੰਸਾਰ ਦੇ ਨਕਸ਼ੇ ਤੋਂ ਦੇਖ ਕੇ ਮੈਨੂੰ ਦੱਸ ਤੇਰਾ ਦੇਸ਼ ਕਿੱਥੇ ਹੈ ? ਫਿਰ ਉਸ ਦੇਸ਼ ਵਿੱਚ ਤੇਰਾ ਸ਼ਹਰ ਕਸਬਾ ਕਿੱਥੇ ਹੈ ? ਉਸ ਸ਼ਹਰ ਵਿੱਚ ਤੇਰੀ ਗਲੀ ਕਿੱਥੇ ਹੈ ? ਉਸ ਗਲੀ ਵਿੱਚ ਤੇਰਾ ਘਰ ਕਿੱਥੇ ਹੈ ? ਇਸ ਨਕਸ਼ੇ ਵਿੱਚੋਂ ਮੈਨੂੰ ਢੂੰਡ ਕੇ ਦੱਸ। ਮੈਂ ਤੇਰੇ ਘਰ ’ਤੇ ਟਿਕ ਮਾਰਕ ਲਾ ਲਵਾਂਗਾ। ਮੈਨੂੰ ਤੇਰੀ ਹਾਲਤ ਦਾ ਪਤਾ ਲੱਗਦਾ ਰਹੇਗਾ ਤੇ ਮੈਂ ਤੇਰੇ ਬਾਰੇ ਲੋਕਾਂ ਨੂੰ ਦੱਸ ਦਿਆ ਕਰਾਂਗਾ। ਉਹ ਧਨਾਢ ਦੁਨੀਆਂ ਦੇ ਨਕਸ਼ੇ ਨੂੰ ਦੇਖ ਰਿਹਾ ਸੀ। ਨਕਸ਼ੇ ਵਿੱਚੋਂ ਦੇਸ਼ ਤਾਂ ਲੱਭ ਸਕਦੇ ਹਾਂ, ਚਲੋ ਸ਼ਹਰ ਵੀ ਲਭਿ ਲਵਾਂਗੇ, ਪਰ ਨਗਰ ਜਾਂ ਗਲੀ ਘਰ ਕਿੱਥੋਂ ਲੱਭਿਆ ਜਾਵੇਗਾ। ਕੋਈ ਨਹੀਂ ਲੱਭ ਸਕਦਾ। ਉਸ ਧਨਾਢ ਨੂੰ ਸਮਝ ਪੈ ਗਈ ਕਿ ਇਸ ਨਕਸ਼ੇ ਅਨੁਸਾਰ ਮੈਂ ਕਿੰਨਾ ਕੁ ਹਾਂ। ਸੰਸਾਰ ਦੇ ਇਸ ਨਕਸ਼ੇ ਅਨੁਸਾਰ ਮੇਰੀ ਹਸਤੀ ਕਿੰਨੀ ਕੁ ਹੈ। ਧਨਾਢ ਨੂੰ ਸੁਕਰਾਤ ਦੀ ਰਮਜ਼ ਸਮਝ ਆ ਗਈ। ਅੰਦਰੋਂ ਧਨਾਢ ਸ਼ਰਮਿੰਦਾ ਹੋ ਗਿਆ। ਸੁਕਰਾਤ ਨੂੰ ਮੱਥਾ ਟੇਕ ਕੇ ਧਨਾਢ ਨੇ ਕਿਹਾ ਕਿ ਸੁਕਰਾਤ ! ਅੱਜ ਮੈਨੂੰ ਸਹੀ ਸਹੀ ਪਤਾ ਲੱਗ ਗਿਆ ਹੈ ਕਿ ਮੇਰੀ ਹਸਤੀ ਕੀ ਹੈ। ਮੈਂ ਕੀ ਹਾਂ। ਮੈਂ ਕਿੱਥੇ ਕੁ ਹਾਂ। ਸੁਕਰਾਤ ! ਤੇਰਾ ਧੰਨਵਾਦ, ਜੋ ਮੈਨੂੰ ਮੇਰੇ ਬਾਰੇ ਅਹਿਸਾਸ ਕਰਾਇਆ ਹੈ। ਸੁਕਰਾਤ ਨੇ ਦੁਨੀਆਂ ਦਾ ਉਹ ਨਕਸ਼ਾ ਧਨਾਢ ਨੂੰ ਦੇ ਦਿੱਤਾ ਤੇ ਕਿਹਾ ਕਿ ਜਦ ਵੀ ਤੈਨੂੰ ਖਿਆਲ ਆਵੇ ਕਿ ਮੈਂ ਬਹੁਤ ਵੱਡਾ ਹਾਂ ਤਾਂ ਇਸ ਨਕਸ਼ੇ ਨੂੰ ਦੇਖ ਲੈਣਾ। ਇਸ ਨਕਸ਼ੇ ਨੂੰ ਕੋਲ ਰੱਖ। ਬਸ ਇਮਾਨਦਾਰੀ ਨਾਲ ਮਨੁੱਖ ਸ਼ਬਦ ਗੁਰੂ ਰਾਹੀਂ ਆਪਣੇ ਆਪ ਦਾ ਵਿਸ਼ਲੇਸ਼ਣ ਕਰੇ। ਮੈਂ ਕਿਸ ਤਰ੍ਹਾਂ ਦਾ ਹਾਂ। ਲੋਕਾਂ ਨੂੰ ਮੈਂ ਕਿਸ ਤਰ੍ਹਾਂ ਬਾਹਰੋਂ ਬਾਹਰੋ ਧਰਮੀ ਬਣ ਕੇ ਦਿਖਾਉਂਦਾ ਹਾਂ। ਸ਼ਬਦ ਗੁਰੂ ਰਾਹੀਂ ਦੇਖੇ ਕਿ ਅਸਲ ’ਚ ਮੇਰੀ ਹੋਂਦ ਕੀ ਹੈ। ਜੀਵਨ ਵਿੱਚ ਮੈਂ ਕਿੱਥੇ ਕੁ ਹਾਂ। ਸੱਚ ਜਾਣਿਓ ਫਿਰ ਸੁਰਤਿ ਜਾਗ ਪਵੇਗੀ। ਆਪਣੇ ਆਪ ਅੰਦਰੋਂ ਅਹਿਸਾਸ ਹੋਵੇਗਾ ਕਿ ਮੈਂ ਕਿੱਥੇ ਕੁ ਹਾਂ, ਇਸ ਲਈ ਅਹਿਸਾਸ ਕਰਾ ਦੇਣ ਵਾਲਾ ਸ਼ਬਦ ਹੀ ਗੁਰੂ ਹੁੰਦਾ ਹੈ। ਫ਼ੁਰਮਾਨ ਹੈ, ‘‘ਸਬਦੁ ਗੁਰ ਪੀਰਾ, ਗਹਿਰ ਗੰਭੀਰਾ; ਬਿਨੁ ਸਬਦੈ, ਜਗੁ ਬਉਰਾਨੰ ॥ ਪੂਰਾ ਬੈਰਾਗੀ ਸਹਜਿ ਸੁਭਾਗੀ; ਸਚੁ ਨਾਨਕ ਮਨੁ ਮਾਨੰ ॥’’ (ਮਹਲਾ ੧/੬੩੪)
ਭਾਵ ਸੁਰਤਿ ਵਾਸਤੇ ਸਿਰਫ ਸ਼ਬਦ ਹੀ ਗੁਰੂ ਹੈ। ਗੁਰੂ ਪੀਰ ਹੈ। ਸ਼ਬਦ ਦੀ ਬਰਕਤ ਨਾਲ ਮਨੁੱਖ ਆਤਮਕ ਤੌਰ ’ਤੇ ਗੰਭੀਰ ਹੋ ਸਕਦਾ ਹੈ। ਸ਼ਬਦ ਗੁਰੂ ਤੋਂ ਬਗੈਰ ਮਨੁੱਖ ਦੇਹਧਾਰੀਆਂ ਪਿੱਛੇ ਪਾਗਲ ਹੋਇਆ ਫਿਰਦਾ ਹੈ, ਜੇਕਰ ਇਸ ਸਬੰਧ ਵਿੱਚ ਹੋਰ ਕਹਾਂਗਾ। ਸੁਰਤਿ ਲਈ ਸ਼ਬਦ ਹੀ ਗੁਰੂ ਤੇ ਪੀਰ ਹੈ। ਹੋਰ ਕੋਈ ਗੁਰੂ ਜਾਂ ਪੀਰ ਨਹੀਂ ਹੈ। ਪੜਿਆ ਜਾਂਦਾ ਹੈ
ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ ॥੩॥..
ਕਾਲ ਤੁਹੀ ਕਾਲੀ ਤੁਹੀ, ਤੁਹੀ ਤੇਗ ਅਰੁ ਤੀਰ ॥
ਤੁਹੀ ਨਿਸਾਨੀ ਜੀਤ ਕੀ, ਆਜੁ ਤੁਹੀ ਜਗਬੀਰ ॥੫॥ (ਸਸਤ੍ਰ ਮਾਲਾ/ਸ੍ਰੀ ਦਸਮ ਗ੍ਰੰਥ)
ਭਾਵ ਤਲਵਾਰ, ਕ੍ਰਿਪਾਨ, ਖੰਡਾ, ਖੜਗ, ਬੰਦੂਕ, ਤਬਰ (ਲੰਬਾ ਤੇਜ਼ ਗੰਡਾਸਾ), ਸਿੱਧੀ ਤਲਵਾਰ, ਰਾਜ ਪੂਤਾਨੇ ਦੀ ਰਾਜਧਾਨੀ ਸਰੋਹੀ ਤੇ ਓਥੋਂ ਦੀ ਬਣੀ ਮਜ਼ਬੂਤ ਤਲਵਾਰ, ਬਰਸ਼ੀ ਆਦਿਕ ਸ਼ਸਤ੍ਰ ਹੀ ਸਾਡੇ ਪੀਰ ਹਨ। ਜੀਵਨ ਦੀ ਬਾਜ਼ੀ ਜਿੱਤਣ ਵਾਸਤੇ ਇਹ ਹਥਿਆਰ ਹੀ ਪੀਰ ਹਨ ਜਦਕਿ ਗੁਰੂ ਗ੍ਰੰਥ ਸਾਹਿਬ ਜੀ ਆਖਦੇ ਹਨ ਕਿ ਸ਼ਬਦ ਹੀ ਗੁਰ, ਪੀਰਾ ਹੈ, ਜਿਸ ਨੇ ਮਨ ਜਿੱਤ ਲਿਆ, ਉਸ ਨੇ ਜਗਤ ਦੇ ਵਿਕਾਰਾਂ ਨੂੰ ਜਿੱਤ ਲਿਆ। ਮਨ; ਸ਼ਬਦ ਨਾਲ ਹੀ ਜਿੱਤਿਆ ਜਾਂਦਾ ਹੈ :
ਆਤਮ ਜਿਣੈ, ਸਗਲ ਵਸਿ ਤਾ ਕੈ; ਜਾ ਕਾ ਸਤਿਗੁਰੁ ਪੂਰਾ ॥ (ਮਹਲਾ ੫/੬੭੯)
ਜਿਸ ਨੇ ਆਤਮ ਜਿੱਤ ਲਿਆ ਉਸ ਨੇ ਆਪਣੇ ਆਪ ਨੂੰ, ਆਪਣੇ ਮਨ ਨੂੰ ਜਿੱਤ ਲਿਆ। ਉਸ ਦੇ ਸਾਰੇ ਵਸ ’ਚ ਹੋ ਜਾਂਦੇ ਹਨ। ਆਪਣੇ ਆਪ ਨੂੰ ਪੂਰੇ ਸਤਿਗੁਰੂ ਨਾਲ ਜਿੱਤਿਆ ਜਾਂਦਾ ਹੈ। ਸੋ ਕੋਈ ਸ਼ਸਤ੍ਰ ਆਦਿਕ ਪੀਰ ਨਹੀਂ, ਸ਼ਬਦ ਹੀ ਗੁਰ ਪੀਰਾ ਹੈ। ਸ਼ਬਦ ਗੁਰੂ ਨਾਲ ਮਨੁੱਖ ਆਪਣੇ ਆਪ ਨੂੰ ਅੰਦਰੋਂ ਦੇਖ ਸਕਦਾ ਹੈ। ਦੂਜਾ ਇਹ ਗੱਲ ਵੀ ਸੱਚ ਹੈ ਕਿ ਗੁਰੂ-ਸ਼ਬਦ ਤੋਂ ਬਿਨਾਂ ਲੋਕ ਦੇਹਧਾਰੀਆਂ ਪਿੱਛੇ ਅਤੇ ਡੇਰਿਆਂ ’ਤੇ ਭਟਕਦੇ ਹੋਏ ਝੱਲੇ ਪਾਗ਼ਲ ਹੋਏ ਫਿਰਦੇ ਹਨ।
ਵਿਚਾਰ:- ਅੱਜ ਦਾ ਮਹੌਲ ਬਹੁਤ ਗੁੰਝਲਦਾਰ ਬਣਾ ਦਿੱਤਾ ਗਿਆ ਹੈ। ਅੱਜ ਪਖੰਡੀ ਦੇਹਧਾਰੀ ਸਾਧ, ਸੰਤ; ਗੁਰੂ ਗ੍ਰੰਥ ਸਾਹਿਬ ਦਾ ਡੇਰਿਆਂ ’ਚ ਪ੍ਰਕਾਸ਼ ਜ਼ਰੂਰ ਕਰਦੇ ਹਨ ਤਾਂ ਕਿ ਭੋਲੇ ਭਾਲੇ ਸਿੱਖਾਂ ਨੂੰ ਭੁਲੇਖੇ ’ਚ ਪਾਇਆ ਜਾ ਸਕੇ। ਆਪਣੇ ਚੇਲਿਆਂ ਰਾਹੀਂ, ਆਪਣੇ ਬਚਨਾਂ ਰਾਹੀਂ ਆਪਣੇ ਆਪ ਨੂੰ ਹੀ ਗੁਹਜ ਢੰਗ ਨਾਲ ਦੱਸਦੇ ਹਨ। ਇਹ ਪਾਖੰਡੀ ਅਤੇ ਚਲਾਕ ਸਾਧ ਗੱਲ ਤਾਂ ਗੁਰਬਾਣੀ ਦੀ ਕਰਦੇ ਹਨ। ਗੱਲ ਇਤਿਹਾਸ ਦੀ ਕਰਦੇ ਹਨ ਤੇ ਲੁਕਮੇ ਢੰਗ ਨਾਲ ਵੱਡਾ ਗੁਰੂ ਆਪਣੇ ਆਪ ਨੂੰ ਪ੍ਰਗਟ ਕਰਦੇ ਹਨ। ਸਿੱਖ ਰਹਿਤ ਮਰਿਆਦਾ ਨਾਲੋਂ ਵੱਖਰੀ ਮਰਿਆਦਾ ਇਨ੍ਹਾਂ ਨੇ ਬਣਾਈ ਹੁੰਦੀ ਹੈ, ਫਿਰ ਵੱਡੇ ਮਹਾਂ ਪੁਰਖਾਂ ਦੀ ਗੱਲ ਕਰਦੇ ਹਨ ਤਾਂ ਕਿ ਲੋਕ ਸਮਝਣ ਜੇ ਵੱਡੇ ਮਹਾਂ ਪੁਰਖ ਮਹਾਨ ਸਨ ਤਾਂ ਇਹ ਵੀ ਮਹਾਨ ਹੋਣਗੇ। ਸ਼ਬਦ ਗੁਰੂ ਨੂੰ ਛੱਡ ਕੇ ਕਵਿਤਾਵਾਂ ਦਾ ਗਾਇਨ, ਕੀਰਤਨ ਕਰਦੇ ਹਨ। ਆਸਰਾ ਗੁਰੂ ਸਾਹਿਬਾਨ ਦਾ ਲੈਂਦੇੇ ਹਨ, ਪਰ ਫੋਟੋਆਂ ਆਪਣੀਆਂ ਵੇਚਦੇ ਹਨ। ਅੱਜ ਅਖੌਤੀ ਸਾਧਾਂ ਸੰਤਾਂ ਦੀ ਬਹੁਤ ਭੀੜ ਹੈ, ਜੋ ਗੁਰੂ ਦੇ ਬਰਾਬਰ ਸ਼ਰੀਕ ਬਣ ਬੈਠੇ ਹਨ। ਇਨ੍ਹਾਂ ਦੇ ਚੇਲੇ ਵੀ ਗੁਰੂ ਬਣਨ ਦੀ ਦੌੜ ਵਿੱਚ ਹਨ। ਚੇਲੇ ਹਰ ਵੇਲੇ ਇਸ ਕੋਸ਼ਸ਼ ’ਚ ਰਹਿੰਦੇ ਹਨ ਕਿ ਅਸੀਂ ਸਿੱਧੇ ਹੀ ਗੁਰੂ ਬਣ ਜਾਈਏ।
ਮੈਂ ਇੱਕ ਗਾਥਾ ਪੜ੍ਹ ਰਿਹਾ ਸੀ ‘ਚੇਲੇ ਤੋਂ ਸਿੱਧੀ ਗੁਰੂ ਬਣਨ ਦੀ ਕੋਸ਼ਸ਼ ਵਿੱਚ’:- ਇੱਕ ਆਮ ਆਦਮੀ ਜਗਿਆਸੂ ਦੇ ਰੂਪ ’ਚ ਇੱਕ ਆਸ਼ਰਮ ਡੇਰੇ ਵਿੱਚ ਗਿਆ। ਡੇਰੇ ਵਿੱਚ ਬਹੁਤ ਚੇਲੇ ਸਨ। ਡੇਰੇ ਦਾ ਇੱਕ ਮੁਖੀ ਸੀ। ਚੇਲੇ ਅਤੇ ਲੋਕ ਉਸ ਨੂੰ ਗੁਰੂ ਕਹਿ ਕੇ ਬੁਲਾਉਂਦੇ ਸਨ। ਲੋਕ ਬਾਹਰੋਂ ਆਉਂਦੇ ਸਨ ਤੇ ਇਸ ਅਖੌਤੀ ਗੁਰੂ ਨੂੰ ਭੇਟਾ ਚੜਾਉਂਦੇ ਅਤੇ ਮੱਥਾ ਟੇਕਦੇ ਸਨ। ਇਸ ਆਮ ਆਦਮੀ ਨੇ ਵੀ ਦੇਖਾ ਦੇਖੀ ’ਚ ਮੱਥਾ ਟੇਕਿਆ ਫਿਰ ਕਿਹਾ ਮਹਾਰਾਜ ਮੈਨੂੰ ਅੰਦਰੋਂ ਅੰਦਰ ਇੱਕ ਪੀੜ ਦੁਖੀ ਕਰ ਰਹੀ ਹੈ ਕਿ ਮੈਂ ਨਿਗੁਰਾ ਹਾਂ। ਮੈਂ ਇਹ ਵੀ ਸੁਣਿਆ ਹੈ ਕਿ ਨਿਗੁਰੇ ਦਾ ਨਾਉ ਬੁਰਾ ਹੁੰਦਾ ਹੈ। ਨਿਗੁਰੇ ਦਾ ਉਧਾਰ ਨਹੀਂ ਹੁੰਦਾ। ਨਿਗੁਰੇ ਦਾ ਦਰਸ਼ਨ ਵੀ ਬੁਰਾ ਹੁੰਦਾ ਹੈ। ਮੈਂ ਤੁਹਾਡੀ ਸ਼ਰਨ ਆਇਆ ਹਾਂ। ਮੈਨੂੰ ਆਪਣਾ ਸ਼ਿਸ਼ ਬਣਾ ਲਵੋ ਤਾਂ ਕਿ ਮੇਰਾ ਵੀ ਉਧਾਰ ਹੋ ਜਾਵੇ। ਅਖੌਤੀ ਗੁਰੂ ਨੇ ਦੇਖ ਲਿਆ ਸੀ ਕਿ ਗਾਹਕ ਫਸ ਗਿਆ ਹੈ, ਕਿਉਂ ਨਾ ਪੂਰਾ ਮੁੱਲ ਵੱਟ ਲਿਆ ਜਾਵੇ। ਆਪਣੇ ਆਪ ਨੂੰ ਗੁਰੂ ਕਹਾਉਣ ਵਾਲੇ ਨੇ ਕਿਹਾ ਤੈਨੂੰ ਪਤਾ ਹੈ ਕਿ ਗੁਰੂ ਭਾਗਾਂ ਨਾਲ ਹੀ ਮਿਲਦਾ ਹੈ। ਐਵੇਂ ਗੁਰੂ ਨਹੀਂ ਮਿਲ ਜਾਂਦਾ। ਕਈ ਜਨਮ ਮਨੁੱਖ ਗੁਰੂ ਤੋਂ ਬਗੈਰ ਭਟਕਦਾ ਰਹਿੰਦਾ ਹੈ, ਫਿਰ ਭਾਗਾਂ ਨਾਲ ਗੁਰੂ ਮਿਲਦਾ ਹੈ। ਤੇਰੇ ਵਰਗੇ ਇੱਥੇ ਕਈ ਆਉਂਦੇ ਹਨ, ਪਰ ਕਿਰਪਾ ਤੋਂ ਬਗੈਰ ਮੁੜ ਜਾਂਦੇ ਹਨ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਨੂੰ ਤਨ, ਮਨ, ਧਨ ਸਭ ਕਿਛ ਅਰਪਣ ਕਰਨਾ ਪੈਂਦਾ ਹੈ। ਨਾਲੇ ਇਹ ਪੰਗਤੀ ਪੜ੍ਹ ਦਿੱਤੀ ‘‘ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ; ਹੁਕਮਿ ਮੰਨਿਐ ਪਾਈਐ ॥’’ (ਮਹਲਾ ੩/੯੧੭)
ਉਸ ਆਮ ਆਦਮੀ ਨੇ ਮੱਥਾ ਟੇਕਿਆ ਅਤੇ ਸਤ ਬਚਨ ਕਿਹਾ। ਉਸ ਗੁਰੂ ਨੇ ਇੱਕ ਚੇਲੇ ਨੂੰ ਕਿਹਾ ਕਿ ਬੱਚਾ ! ਜਾ ਇਸ ਨੂੰ ਆਸ਼ਰਮ ਚੰਗੀ ਤਰ੍ਹਾਂ ਦਿਖਾ ਦੇਹ। ਆਮ ਆਦਮੀ ਨੇ ਫਿਰ ਗੁਰੂ ਨੂੰ ਮੱਥਾ ਟੇਕਿਆ ਤੇ ਚੇਲੇ ਨਾਲ ਡੇਰਾ ਦੇਖਣ ਤੁਰ ਪਿਆ। ਸਾਰੇ ਚੇਲੇ ਪਹਿਲਾਂ ਤੋਂ ਹੀ ਸਿਖਾਏ ਹੋਏ ਸਨ, ਇਹ ਆਮ ਆਦਮੀ ਡੇਰੇ ਵਿੱਚ ਚੇਲਿਆਂ ਨੂੰ ਦੇਖਦਾ ਹੈ। ਹੈਰਾਨ ਅਤੇ ਪਰੇਸ਼ਾਨ ਵੀ ਹੋ ਰਿਹਾ ਹੈ। ਸਿਖਾਇਆ ਹੋਇਆ ਚੇਲਾ ਇਸ ਆਮ ਆਦਮੀ ਨੂੰ ਦਿਖਾਉਂਦਾ ਅਤੇ ਦੱਸਦਾ ਹੈ ਕਿ ਇਸ ਚੇਲੇ ਨੂੰ ਪੁੱਛ ਇਸ ਨੇ ਗੁਰੂ ਲਈ ਕੀ ਕੀਤਾ ਹੈ। ਉਹ ਸਿਖਾਂਦਿਆਂ ਚੇਲਾ ਆਪ ਹੀ ਦੱਸਦਾ ਹੈ ਕਿ ਗੁਰੂ ਲਈ ਮੈਂ ਆਪਣੀ ਸਾਰੀ ਜਾਇਦਾਦ ਆਸ਼ਰਮ ਦੇ ਨਾਂ ’ਤੇ ਲਗਾ ਦਿੱਤੀ ਹੈ। ਦੂਸਰੇ ਚੇਲੇ ਨੇ ਕਿਹਾ ਮੈਂ ਤਾਂ ਆਪਣਾ ਘਰ ਹੀ ਗੁਰੂ ਨੂੰ ਆਰਪਣ ਕਰ ਦਿੱਤਾ ਹੈ। ਤੀਸਰਾ ਚੇਲਾ ਕਹਿੰਦਾ ਹੈ ਕਿ ਮੈਂ ਤਾਂ ਗੁਰੂ ਵਾਸਤੇ ਆਪਣੀ ਪਤਨੀ ਦਾ ਹੀ ਤਿਆਗ ਕਰ ਦਿੱਤਾ ਹੈ। ਚੌਥੇ ਚੇਲੇ ਨੇ ਕਿਹਾ ਕਿ ਮੈਂ ਗੁਰੂ ਵਾਸਤੇ ਆਪਣੇ ਪਰਵਾਰ ਦਾ ਹੀ ਤਿਆਗ ਕਰ ਦਿੱਤਾ ਹੈ। ਕਿਸੇ ਚੇਲੇ ਨੇ ਕੁਝ ਕਿਹਾ ਤੇ ਕਿਸੇ ਨੇ ਕੁਝ ਕਿਹਾ। ਇਹ ਆਮ ਆਦਮੀ ਹੋਰ ਵੀ ਪਰੇਸ਼ਾਨ ਹੋ ਗਿਆ ਕਿ ਮੈ ਤਾਂ ਇਸ ਤਰ੍ਹਾਂ ਦੀ ਤਿਆਰੀ ਨਾਲ ਆਇਆ ਨਹੀਂ। ਅੰਦਰੋਂ ਅੰਦਰ ਸੋਚਦਾ ਹੈ ਕਿ ਚੇਲੇ ਕਿੰਨੀ ਬਿਪਤਾ ਵਿੱਚ ਹਨ। ਗੁਰੂ ਕਿੰਨਾ ਆਰਾਮ ਵਿੱਚ ਹੈ। ਇਸ ਆਮ ਆਦਮੀ ਦੀ ਸੋਚ ਬਹੁਤ ਅੱਗੇ ਚਲੀ ਗਈ। ਜਿਸ ਤਰ੍ਹਾਂ ਕਿਸੇ ਦੀ ਨਜ਼ਰ ਇੱਕ ਰੁਪਏ ਤੋਂ ਸਿੱਧੀ ਲੱਖਾਂ ’ਤੇ ਜਾ ਪਵੇ। ਇਹ ਆਮ ਆਦਮੀ ਪੂਰੇ ਆਸ਼ਰਮ ਦਾ ਚੱਕਰ ਲਾ ਕੇ ਵਾਪਸ ਗੁਰੂ ਕੋਲ ਆ ਗਿਆ। ਆ ਕੇ ਮੱਥਾ ਟੇਕਿਆ ਕਹਿਣ ਲੱਗਾ ਮੈਂ ਸੁਣਿਆ ਹੈ ਕਿ ਗੁਰੂ ਪਾਰਸ ਹੁੰਦਾ ਹੈ। ਅਖੌਤੀ ਗੁਰੂ ਖੁਸ਼ ਹੋ ਗਿਆ। ਅੰਦਰੋਂ ਅੰਦਰ ਸੋਚਿਆ ਕਿ ਲਓ ਗੱਲ ਬਣ ਗਈ ਹੈ। ਗਾਹਕ ਫਸ ਗਿਆ ਹੈ। ਕਹਿਣ ਲੱਗਾ ਹਾਂ ਬੱਚਾ ! ਗੁਰੂ ਪਾਰਸ ਹੀ ਹੁੰਦਾ ਹੈ। ਆਮ ਆਦਮੀ ਨੇ ਕਿਹਾ ਮਹਾਰਾਜ ! ਮੈਂ ਇਹ ਵੀ ਸੁਣਿਆ ਹੈ ਕਿ ਗੁਰੂ ਤਾਂ ਪਾਰਸ ਤੋਂ ਵੀ ਮਹਾਨ ਹੁੰਦਾ ਹੈ। ਪਾਰਸ ਲੋਹੇ ਨੂੰ ਸੋਨਾ ਤਾਂ ਬਣਾ ਦਿੰਦਾ ਹੈ, ਪਰ ਆਪਣੇ ਵਰਗਾ ਪਾਰਸ ਨਹੀਂ ਬਣਾ ਸਕਦਾ। ਗੁਰੂ ਵਿੱਚ ਇਹ ਵਡਿਆਈ ਹੈ ਕਿ ਉਹ ਚੇਲੇ ਨੂੰ ਆਪਣੇ ਵਰਗਾ ਹੀ ਬਣਾ ਲੈਂਦਾ ਹੈ। ਚੇਲੇ ਨੇ ਵੀ ਗੁਰਬਾਣੀ ਦੀ ਇਹ ਪੰਕਤੀ ਪੜ੍ਹ ਦਿੱਤੀ
ਗੁਰੂ ਸਿਖੁ, ਸਿਖੁ ਗੁਰੂ ਹੈ ਏਕੋ; ਗੁਰ ਉਪਦੇਸ ਚਲਾਏ ॥
ਰਾਮ ਨਾਮ ਮੰਤੁ ਹਿਰਦੈ ਦੇਵੈ; ਨਾਨਕ ! ਮਿਲਣੁ ਸੁਭਾਏ ॥ (ਮਹਲਾ ੪/੪੪੨)
ਅਖੌਤੀ ਗੁਰੂ ਹੋਰ ਵੀ ਖੁਸ਼ ਹੋ ਗਿਆ ਤੇ ਕਹਿਣ ਲੱਗਾ ਕਿ ਹਾਂ ਬੱਚਾ ! ਗੁਰੂ ਵਿੱਚ ਇਹ ਸਮਰੱਥਾ, ਤਾਕਤ ਹੈ ਕਿ ਉਹ ਚੇਲੇ ਨੂੰ ਆਪਣੇ ਵਰਗਾ ਹੀ ਬਣਾ ਲੈਂਦਾ ਹੈ। ਇਸ ਆਮ ਆਦਮੀ ਨੇ ਹੱਥ ਜੋੜੇ ਤੇ ਮੱਥਾ ਟੇਕ ਕੇ ਕਹਿਣ ਲੱਗਾ ਮਹਾਰਾਜ ! ਮੈਨੂੰ ਤੁਸੀਂ ਸਿੱਧੇ ਗੁਰੂ ਹੀ ਬਣਾ ਲਵੋ। ਮੈਂ ਚੇਲਿਆਂ ਵਾਲੀ ਬਿਪਤਾ ਵਿੱਚ ਨਹੀਂ ਪੈਣਾ ਚਾਹੁੰਦਾ। ਸੋ ਐਸਾ ਤਮਾਸ਼ਾ ਥਾਂ ਥਾਂ ’ਤੇ ਹੋ ਰਿਹਾ ਹੈ। ਸਕੂਲ ਵਿੱਚ ਦਾਖਲਾ ਲਿਆ ਨਹੀਂ, ਕਹਿੰਦਾ ਮੈਨੂੰ ਸਿੱਧੇ ਪ੍ਰਿੰਸੀਪਲ ਹੀ ਲਗਵਾ ਲਵੋ। ਫੌਜ ਵਿੱਚ ਭਰਤੀ ਹੋਇਆ ਨਹੀਂ ਕਹਿੰਦਾ ਮੈਨੂੰ ਸਿੱਧੇ ਚੀਫ ਕਮਾਂਡਰ ਲਾ ਲਵੋ। ਸਿੱਖ ਬਣਦੇ ਨਹੀਂ, ਸਿੱਧੇ ਬ੍ਰਹਮ ਗਿਆਨੀ ਤੇ ਸੰਤ ਬਣ ਬੈਠਦੇ ਹਨ। ਤੁਸੀਂ ਹੋਰ ਵੀ ਹੈਰਾਨ ਹੋਵੋਗੇ ਕਿ ਅੱਜ ਮਹੌਲ ਹੋਰ ਵੀ ਗੰਭੀਰ ਅਤੇ ਅਜੀਬ ਬਣ ਰਿਹਾ ਹੈ। ਹੁਣ ਤਾਂ ਗੁਰੂ ਤੋਂ ਵੀ ਅਗਲੀ ਗੱਲ ਹੋ ਰਹੀ ਹੈ। ਉਹ ਹੈ ਗੁਰੂ ਤੋਂ ਭੀ ਅੱਗੇ ਸਿੱਧਾ ਭਗਵਾਨ ਬਣਨ ਦੀ। ਲਓ ਸੁਣੋ :
ਗੁਰੂ ਤੋਂ ਵੀ ਅੱਗੇ ਖੁਦਾ ਬਣਨ ਦੀ ਗੱਲ:- ਇਸਲਾਮਿਕ ਦੇਸ਼ ਸੀ। ਇੱਕ ਆਦਮੀ ਚੌਂਕ ਵਿੱਚ ਖੜ੍ਹਾ ਹੋ ਕੇ ਰੌਲਾ ਪਾ ਰਿਹਾ ਸੀ ਕਿ ਮੈਂ ਰਸੂਲ ਪੈਗੰਬਰ ਹਾਂ। ਮੈਂ ਖੁਦਾ ਦਾ ਭੇਜਿਆ ਰਹਿਬਰ ਹਾਂ। ਮੈਨੂੰ ਆਪ ਖੁਦਾ ਨੇ ਖਲਕਤ ਨੂੰ ਸਿੱਧਾ ਰਸਤਾ (ਸਿਰਾਤੇ ਮੁਸਤਕੀਅਮ/ਸਿਰਾਤੁਲ ਮੁਸਤਕੀਅਮ) ਦਿਖਾਉਣ ਲਈ ਭੇਜਿਆ ਹੈ। ਇਸਲਾਮਿਕ ਦੇਸ਼ ਹੋਣ ਕਰਕੇ ਸਿਪਾਹੀਆਂ ਨੇ ਫੜ ਕੇ ਕੈਦ ਵਿੱਚ ਪਾ ਦਿੱਤਾ। ਪੰਜ ਦਸ ਦਿਨ ਭੁੱਖਾ ਰੱਖਿਆ, ਫਿਰ ਪੁੱਛਿਆ ਹੁਣ ਦੱਸ ਰਹਿਬਰ ਪੈਗੰਬਰ ਹੋਣ ਦਾ ਭਰਮ ਗਿਆ ਜਾਂ ਨਹੀਂ ? ਉਹ ਪੈਗੰਬਰ; ਸਿਪਾਹੀ ਨੂੰ ਕਹਿਣ ਲੱਗਾ ਭਰਮ ਕਾਹਦਾ; ਮੈਂ ਹਾਂ ਹੀ ਪੈਗੰਬਰ, ਜਿੰਨੇ ਵੀ ਪੈਗੰਬਰ ਆਏ ਹਨ। ਸਾਰਿਆਂ ਨੂੰ ਦੁੱਖ ਤਸੀਹੇ ਸਹਾਰਨੇ ਪਏ ਹਨ। ਹਜਰਤ ਮੁਹੰਮਦ ਸਾਹਿਬ, ਹਜਰਤ ਮੂਸਾ, ਹਜਰਤ ਇਬਰਾਹੀਮ, ਈਸਾ ਮਸੀਹ, ਕਬੀਰ ਰਹੀਮ ਆਦਿ ਸਭ ਨੂੰ ਤਸੀਹੇ ਝੱਲਣੇ ਪਏ ਹਨ। ਜੇ ਮੈਨੂੰ ਤਸੀਹੇ ਝੱਲਣੇ ਪੈ ਰਹੇ ਹਨ, ਇਸ ਵਿੱਚ ਕੋਈ ਵੱਖਰੀ ਗੱਲ ਨਹੀਂ ਹੈ। ਮੈਨੂੰ ਖੁਦਾ ਨੇ ਆਪ ਭੇਜਿਆ ਹੈ। ਉਸੇ ਵੇਲੇ, ਨਾਲ ਹੀ ਕਾਲ-ਕੋਠੜੀ ਵਿੱਚੋਂ ਆਵਾਜ਼ ਆਈ ਕਿ ਸ਼ੁਰਤਾ ! ਇਸ ਪੈਗੰਬਰ ’ਤੇ ਇਤਬਾਰ ਨਾ ਕਰੀ। ਇਸ ਨੂੰ ਮੈਂ ਨਹੀਂ ਭੇਜਿਆ। ਇਹ ਕੁਫਰ ਤੋਲ ਰਿਹਾ ਹੈ। ਮੈਨੂੰ ਬਿਲਕੁਲ ਯਾਦ ਹੈ ਕਿ ਕਿਸ ਕਿਸ ਨੂੰ ਜਗਤ ਵਿੱਚ ਮੈਂ ਭੇਜਿਆ ਹੈ। ਮੈਂ ਹਜ਼ਰਤ ਮੁਹੰਮਦ ਸਾਹਿਬ ਨੂੰ, ਹਜਰਤ ਇਬਰਾਹੀਮ ਨੂੰ, ਹਜਰਤ ਮੂਸਾ ਨੂੰ, ਈਸਾ ਮਸੀਹ ਨੂੰ, ਕਬੀਰ ਰਹੀਮ ਨੂੰ ਭੇਜਿਆ ਹੈ। ਮੈਨੂੰ ਇੱਕ ਇੱਕ ਨਾਮ ਯਾਦ ਹੈਂ। ਇਸ ਨੂੰ ਮੈਂ ਨਹੀਂ ਭੇਜਿਆ। ਇਹ ਕੁਫਰ ਤੋਲ ਰਿਹਾ ਹੈ। ਕੁਫਰ ਤੋਲਣ ਲਈ ਇਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਇਸ ਨੂੰ ਫਤਵਾ ਦਿੱਤਾ ਜਾਵੇ।ਇਹ ਕਾਫਰ ਹੈ। ਸੋ ਹੱਦ ਹੋ ਗਈ ਕਿ ਅੱਜ ਦੇ ਮਹੌਲ ਵਿੱਚ ਇੱਕ ਪੈਗੰਬਰ ਬਣਿਆ ਹੈ। ਦੂਸਰਾ ਖੁਦਾ ਹੋਣ ਦਾ ਦਾਅਵਾ ਕਰ ਰਿਹਾ ਹੈ। ਸਾਰੇ ਧਰਮਾਂ ਵਿੱਚ ਇਹ ਤਮਾਸ਼ਾ ਚੱਲ ਰਿਹਾ ਹੈ। ਇਕ ਬ੍ਰਹਮ ਗਿਆਨੀ ਬਣਿਆ ਹੈ। ਦੂਜਾ ਪੂਰਨ ਬ੍ਰਹਮ ਗਿਆਨੀ ਹੈ। ਤੀਜਾ ਗੁਰੂ ਬਣਿਆ ਹੈ। ਚੌਥਾ ਭਗਵਾਨ ਬਣਿਆ ਹੈ; ਜਿਵੇਂ ਕਿ ਭਗਵਾਨ ਵਿਸ਼ਨੂ, ਭਗਵਾਨ ਰਾਮ, ਭਗਵਾਨ ਰਜਨੀਸ਼, ਆਦਿ। ਸੱਚ ਜਾਣਿਓ ਇਨ੍ਹਾਂ ਨੇ ਲੋਕਾਂ ਨੂੰ ਕੁਰਾਹੇ ਪਾਇਆ ਹੋਇਆ ਹੈ। ਇਸ ਸਮਾਜ ਨੂੰ ਮੱਸਿਆ ਦੀ ਰਾਤ ਵਰਗਾ ਬਣਾਇਆ ਹੋਇਆ ਹੈ। ਹਰ ਪਾਸੇ ਅਗਿਆਨਤਾ ਦਾ ਹਨ੍ਹੇਰਾ ਹੈ। ਹਰ ਪਾਸੇ ਵਹਿਮ ਭਰਮਾਂ ਦਾ ਜਾਲ ਹੈ। ਹਰ ਪਾਸੇ ਧਰਮ ਦੇ ਨਾਮ ’ਤੇ ਲੁੱਟ ਹੋ ਰਹੀ ਹੈ। ਹਰ ਪਾਸੇ ਕਰਮਕਾਂਡਾਂ ਦੀ ਭਰਮਾਰ ਹੈ। ਹਰ ਧਰਮ ’ਚ ਗੁਰੂਆਂ ਤੇ ਸਾਧਾਂ ਦੇ ਵੱਗ ਫਿਰਦੇ ਹਨ। ਅੱਜ ਸਿੱਖਾਂ ਵਿੱਚ ਵੀ ਬਹੁਤ ਭਰਮ ਫੈਲਿਆ ਹੈ। ਗੁਰੂ ਕੌਣ ਹੈ ? ਗੁਰੂ ਕਿਸ ਤਰ੍ਹਾਂ ਦਾ ਹੈ ? ਗੁਰੂ ਕਿਉਂ ਹੈ ? ਦੇਹਧਾਰੀ ਗੁਰੂਆਂ ਨੂੰ ਤੇ ਉਨਾਂ ਦੇ ਚੇਲਿਆਂ ਨੂੰ ਪੁੱਛੋ। ਗੁਰੂ ਨਾਨਕ ਸਾਹਿਬ ਆਪ ਆਖਦੇ ਹਨ ਕਿ ਸਾਡਾ ਗੁਰੂ ‘ਸ਼ਬਦ’ ਹੈ। ਤੁਸੀਂ ਵੀ ਸ਼ਬਦ ਨੂੰ ਗੁਰੂ ਮੰਨ ਲਵੋ। ਉਹ ਅੱਗੋਂ ਸਵਾਲ ਕਰਨਗੇ ਕਿ ਦੱਸੋ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕਿਹੜਾ ਸ਼ਬਦ ਹੈ ? ਗੁਰੂ ਨਾਨਕ ਸਾਹਿਬ ਕੋਲ ਤਾਂ 15 ਭਗਤਾਂ ਦੇ ਤੇ ਉਨਾਂ ਵੱਲੋਂ ਅਨੇਕ ਉਚਾਰਨ ਕੀਤੇ ਸ਼ਬਦ ਸਨ। ਉਨ੍ਹਾਂ ਨੇ ਅਨੇਕ ਸ਼ਬਦਾਂ ਵਿੱਚੋਂ ਕਿਹੜਾ ਸ਼ਬਦ; ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਹੈ ? ਜਦੋਂ ਸਾਨੂੰ ਜਵਾਬ ਨਹੀਂ ਆਵੇਗਾ ਤਾਂ ਉਨਾਂ ਦਾ ਦਾਅ ਲੱਗ ਜਾਵੇਗਾ। ਇਸ ਦਾ ਜਵਾਬ ਬਹੁਤ ਘੱਟ ਸਿੱਖਾਂ ਨੂੰ ਪਤਾ ਹੈ। ਪਤਾ ਹੋਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਕਿਹੜਾ ਸ਼ਬਦ ਗੁਰੂ ਹੈ ? ਬਹੁਤ ਵੱਡਾ ਸਵਾਲ ਹੈ। ਬਹੁਤ ਗੰਭੀਰ ਸਵਾਲ ਹੈ। ਹੈ ਵੀ ਬਾਰੀਕ, ਪਰ ਸਮਝਣ ਵਾਲਾ ਹੈ। ਇਸ ਸੰਦਰਭ ਵਿੱਚ ਬਹੁਤ ਧਿਆਨ ਨਾਲ, ਬਹੁਤ ਗੰਭੀਰਤਾ ਨਾਲ ਸੁਣਨਾ।
ਪਹਿਲੀ ਗੱਲ ਇਹ ਬਾਣੀ ਗੁਰੂ ਸਾਹਿਬ ਦੀ ਆਪਣੀ ਕਲਪਨਾ ਨਹੀਂ ਹੈ। ਇਹ ਰੱਬੀ ਬਾਣੀ ਹੈ। ਗੁਰੂ ਸਾਹਿਬ ਇਕ ਮਾਧਿਅਮ ਸਨ ਫੁਰਮਾਨ ਹੈ :-
ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ ॥ (ਮਹਲਾ ੧/੭੨੨)
ਭਾਵ ਹੇ ਭਾਈ ਲਾਲੋ ਜੀ ! ਸਤਸੰਗੀ ਜਨੋ ! ਜਿਸ ਤਰ੍ਹਾਂ ਮੈਨੂੰ ਅੰਦਰੋਂ ਅਕਾਲ ਪੁਰਖ ਦਾ ਗਿਆਨ ਆਉਂਦਾ ਹੈ, ਅਸੀਂ ਉਸੇ ਤਰ੍ਹਾਂ ਖਸਮ ਦੀ ਬਾਣੀ ਦਾ ਸੁਨੇਹਾ ਲੁਕਾਈ ਤੱਕ ਪਹੁੰਚਾਉਂਦੇ ਹਾਂ। ਆਪਣੇ ਕੋਲੋਂ ਕੁਝ ਵੀ ਨਹੀਂ ਕਹਿੰਦੇ। ਫੁਰਮਾਨ ਹੈ :-
ਹਉ ਆਪਹੁ ਬੋਲਿ ਨ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ ॥
ਹਰਿ ਭਗਤਿ ਖਜਾਨਾ ਬਖਸਿਆ; ਗੁਰਿ ਨਾਨਕਿ ਕੀਆ ਪਸਾਉ ਜੀਉ ॥ (ਮਹਲਾ ੫/੭੬੩)
ਭਾਵ ਅਕਾਲ ਪੁਰਖ ਨੇ ਬਖਸ਼ਸ਼ ਕਰ ਕੇ ਨਾਮ ਬਾਣੀ ਦਾ ਖਜ਼ਾਨਾ ਗੁਰੂ ਨੂੰ ਸੌਂਪਿਆ। ਗੁਰੂ ਸਾਹਿਬ ਕਹਿੰਦੇ ਹਨ ਕਿ ਮੈ ਆਪ ਬੋਲਣਾ ਨਹੀਂ ਜਾਣਦਾ, ਜੋ ਅਕਾਲ ਪੁਰਖ ਹੁਕਮ ਕਰਦਾ ਹੈ, ਉਹੀ ਕੁਝ ਬੋਲਦਾ ਹਾਂ :-
ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ! ਕੁਦਰਤਿ ਕਵਨ ਹਮਾਰੀ ॥
ਸਾਧ ਸੰਗਿ ਨਾਨਕ ਜਸੁ ਗਾਇਓ; ਜੋ ਪ੍ਰਭ ਕੀ ਅਤਿ ਪਿਆਰੀ ॥ (ਮਹਲਾ ੫/੫੦੭)
ਭਾਵ ਸਾਡੇ ਵਿੱਚ ਕੋਈ ਐਸੀ ਕੁਦਰਤ (ਸਮਰੱਥਾ) ਨਹੀਂ ਹੈ, ਜੋ ਆਪ ਕੁਝ ਕਹਿ ਸਕੀਏ ਇਹ ਤਾਂ ਜਿਵੇਂ ਅਕਾਲ ਪੁਰਖ ਬੁਲਾਉਂਦਾ ਹੈ ਤਿਵੇਂ ਹੀ ਅਸੀਂ ਲੁਕਾਈ ਨੂੰ ਅਕਾਲ ਪੁਰਖ ਦਾ ਹੁਕਮ ਸੁਣਾਉਂਦੇ ਹਾਂ। ਇਹ ਧੁਰ ਅਕਾਲ ਪੁਰਖ ਦੀ ਬਾਣੀ ਹੈ। ਅਕਾਲ ਪੁਰਖ ਤੋਂ ਆਈ ਹੈ। ਫੁਰਮਾਨ ਹੈ :-
ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥
ਦਇਆਲ ਪੁਰਖ ਮਿਹਰਵਾਨਾ ॥ ਹਰਿ ਨਾਨਕ ਸਾਚੁਵਖਾਨਾ ॥ (ਮਹਲਾ ੫/੬੨੭)
ਜਿਸ ਵੀ ਮਨੁੱਖ ਦੇ ਜੀਵਨ ਅੰਦਰ ਇਹ ਅਕਾਲ ਪੁਰਖ ਦੀ ਬਾਣੀ ਵਸ ਗਈ ਹੈ, ਉਸ ਨੇ ਆਪਣੀਆਂ ਸਾਰੀਆਂ ਚਿੰਤਾਵਾਂ ਮੁਕਾ ਲਈਆਂ ਹਨ। ਇੱਥੇ ਇੱਕ ਆਮ ਜਗਿਆਸੂ ਦੇ ਮਨ ਵਿੱਚ ਸਵਾਲ ਉੱਠਦਾ ਹੈ ਕਿ ਇਹ ਰੱਬੀ ਬਾਣੀ ਗੁਰੂ ਸਾਹਿਬ ਕੋਲ ਕਿਵੇਂ ਆਉਂਦੀ ਹੋਵੇਗੀ। ਗੁਰੂ ਸਾਹਿਬ ਅੱਖਾਂ ਬੰਦ ਕਰਕੇ ਬੈਠਦੇ ਹੋਣਗੇ ਜਾਂ ਫਿਰ ਉਨ੍ਹਾਂ ਨੂੰ ਕੋਈ ਆਕਾਸ਼ਬਾਣੀ ਹੁੰਦੀ ਹੋਵੇਗੀ ਜਾਂ ਕੋਈ ਉਨ੍ਹਾਂ ਨੂੰ ਕੋਈ ਗੈਬੀ ਆਵਾਜ਼ ਸੁਣਾਈ ਦਿੰਦੀ ਹੋਵੇਗੀ। ਇਹ ਬਾਣੀ ਕਿਵੇਂ ਆਈ ਹੈ ? ਕਿਸ ਤਰ੍ਹਾਂ ਆਈ ਹੋਵੇਗੀ ? ਇਸ ਨੂੰ ਗੁਰੂ ਸਾਹਿਬ ਨੇ ਹੀ ਦੱਸਿਆ ਹੈ। ਫੁਰਮਾਨ ਹੈ :
ਗੁਰ ਮਹਿ ਆਪੁ ਸਮੋਇ; ਸਬਦੁ ਵਰਤਾਇਆ ॥ ਸਚੇ ਹੀ ਪਤੀਆਇ; ਸਚਿ ਸਮਾਇਆ ॥ (ਮਹਲਾ ੧/੧੨੭੯)
ਪ੍ਰਭੂ ਆਪਣੇ ਆਪ ਨੂੰ ਗੁਰੂ ਵਿੱਚ ਸਮਾ ਕੇ ਫਿਰ ਗੁਰੂ ਸਾਹਿਬ ਦੇ ਅੰਦਰੋਂ ਬਾਣੀ ਦੀ ਦਾਤ ਜਗਤ ਵਿੱਚ ਵਰਤਾਉਂਦਾ ਹੈ। ਗੁਰੂ ਸਦੀਵੀ ਸਥਿਰ ਕਰਤਾਰ ਵਿੱਚ ਪਤੀਜ ਕੇ ਉਸੇ ਵਿੱਚ ਜੁੜਿਆ ਰਹਿੰਦਾ ਹੈ ਭਾਵ ਕੇਵਲ ਰੱਬੀ ਗੁਣਾਂ ਦੀ ਹੀ ਲੋਕਾਂ ਸਾਮ੍ਹਣੇ ਗੱਲ ਕਰਦਾ ਹੈ :
ਗੁਰ ਮਹਿ ਆਪੁ ਰਖਿਆ ਕਰਤਾਰੇ ॥ ਗੁਰਮੁਖਿ ਕੋਟਿ ਅਸੰਖ ਉਧਾਰੇ॥ (ਮਹਲਾ ੧/੧੦੨੩)
ਕਰਤਾਰ ਪਰਮੇਸ਼ਰ ਨੇ ਆਪਣੇ ਆਪ ਨੂੰ ਗੁਰੂ ਸਾਹਿਬ ਅੰਦਰ ਵਸਾਇਆ ਹੈ। ਇਸੇ ਸਦਕਾ ਗੁਰਮੁਖ ਗੁਰੂ ਨੇ ਸ਼ਬਦ ਬਾਣੀ ਰਾਹੀਂ ਕਰੋੜਾਂ ਲੋਕਾਂ ਦਾ ਉਧਾਰ ਕੀਤਾ ਹੈ। ਸੋ ਅਕਾਲ ਪੁਰਖ ਗੁਰੂ ਅੰਦਰ ਸਮਾਇਆ ਹੈ, ਇਸ ਲਈ ਗੁਰੂ ਅੰਦਰੋਂ ਅਕਾਲ ਪੁਰਖ ਹੀ ਬੋਲਦਾ ਹੈ। ਗੁਰੂ ਅੰਦਰ ਅਕਾਲ ਪੁਰਖ ਪ੍ਰਤੱਖ ਵਸਦਾ ਹੈ :
ਜੋ ਪਾਵਹਿ ਭਾਂਡੇ ਵਿਚਿ ਵਸਤੁ, ਸਾ ਨਿਕਲੈ; ਕਿਆ ਕੋਈ ਕਰੇ ਵੇਚਾਰਾ ? ॥
ਜਨ ਨਾਨਕ ਕਉ ਹਰਿ ਬਖਸਿਆ; ਹਰਿ ਭਗਤਿ ਭੰਡਾਰਾ॥ (ਮਹਲਾ ੧/੪੪੯)
ਭਾਂਡੇ ਵਿੱਚ ਜੋ ਵਸਤ ਹੋਵੇ, ਕੜਛੀ ਭੀ ਉਹੀ ਵਰਤਾਏਗੀ। ਗੁਰੂ ਸਾਹਿਬ ਅੰਦਰ ਅਕਾਲ ਪੁਰਖ ਹੀ ਅਕਾਲ ਪੁਰਖ ਹੈ, ਇਸ ਲਈ ਗੁਰੂ ਦੀ ਰਸਨਾ ਰਾਹੀਂ ਅਕਾਲ ਪੁਰਖ ਦੀ ਆਵਾਜ਼ ਹੀ ਆਈ ਹੈ। ਗੁਰਬਾਣੀ ਅਕਾਲ ਪੁਰਖ ਦੇ ਬੋਲ ਹਨ। ਫੁਰਮਾਨ ਹੈ :
ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਨ ਕੋਇ॥
ਵਾਹੁ ਵਾਹੁ ਅਗਮ ਅਥਾਹੁ ਹੈ; ਵਾਹੁ ਵਾਹੁ ਸਦਾ ਸੋਇ॥ (ਮਹਲਾ ੩/੫੧੫)
ਬਿਸਮਾਦ ਅਤੇ ਅਸਚਰਜ ਪੈਦਾ ਕਰਨ ਵਾਲੀ ਗੁਰਬਾਣੀ; ਅਕਾਲ ਪੁਰਖ ਦਾ ਰੂਪ ਹੈ। ਉਸ ਅਕਾਲ ਪੁਰਖ ਵਰਗਾ ਨਿਰਮਲ ਕੋਈ ਹੋਰ ਨਹੀਂ, ਇਸ ਲਈ ਗੁਰਬਾਣੀ ਵਰਗੀ ਭੀ ਹੋਰ ਕੋਈ ਪਵਿੱਤਰ ਅਤੇ ਅਟੱਲ ਸਚਾਈ ਨਹੀਂ ਹੈ। ਅਕਾਲ ਪੁਰਖ ਅਟਲ ਤੇ ਸਤਿ ਸਰੂਪ ਹੈ। ਗੁਰਬਾਣੀ ਭੀ ਅਟੱਲ ਸਚਾਈ ਹੈ। ਜੋ ਗੁਰੂ ਸਾਹਿਬ ਰਾਹੀਂ ਪ੍ਰਗਟ ਹੋਈ ਹੈ :
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ !
ਹਰਿ ਕਰਤਾ ਆਪਿ ਮੁਹਹੁ ਕਢਾਏ ॥ (ਮਹਲਾ ੪/੩੦੮)
ਭਾਵ ਅਕਾਲ ਪੁਰਖ ਦੀ ਇਹ ਬਾਣੀ ਅਟੱਲ ਹੈ। ਕਰਤਾ ਪੁਰਖ ਨੇ ਆਪ ਗੁਰੂ ਅੰਦਰ ਵਸ ਕੇ ਗੁਰੂ ਦੇ ਮੂਹੋਂ ਅਖਵਾਈ ਹੈ। ਸੋ ਇਹ ਬਾਣੀ (ਬੋਲੀ) ਗੁਰੂ ਦੀ ਨਹੀਂ ਹੈ। ਗੁਰੂ ਦੀ ਰਾਹੀਂ ਅਕਾਲ ਪੁਰਖ ਦੀ ਹੈ।
ਦੂਸਰਾ ਨੁਕਤਾ ਹੈ ‘ਸ਼ਬਦ ਦੇ ਅਰਥ’:- ਗੁਰਬਾਣੀ ਅੰਦਰ ‘ਸ਼ਬਦ’ ਦੇ ਅਨੇਕਾਂ ਅਰਥ ਹਨ। ਸ਼ਬਦ ਦੇ ਅਰਥ ‘ਪਰਮਾਤਮਾ, ਹੁਕਮ, ਬਾਣੀ, ਸੱਚ, ਓਅੰਕਾਰ, ਨੂਰ ਆਦਿ ਹਨ। ਇਹ ਸਾਰੇ ਨਾਮ ਸਤ ਪੁਰਖਾਂ ਨੇ ਗੁਣਾਂ ਅਤੇ ਕਰਮਾਂ ਦੇ ਆਧਾਰ ’ਤੇ ਰੱਖੇ ਹਨ। ਜੈਸਾ ਫੁਰਮਾਨ ਹੈ :
ਕਿਰਤਮ ਨਾਮ ਕਥੇ ਤੇਰੇ ਜਿਹਬਾ ॥ ਸਤਿ ਨਾਮੁ ਤੇਰਾ ਪਰਾ ਪੂਰਬਲਾ ॥ (ਮਹਲਾ ੫/੧੦੮੨)
ਭਾਵ ਹੇ ਅਕਾਲ ਪੁਰਖ ਜੀ ! ਸਾਡੀ ਰਸਨਾ ਤੇਰੇ ਕਿਰਤਮ ਨਾਮ ਹੀ ਬਿਆਨ ਕਰ ਸਕਦੀ ਹੈ ਜਾਂ ਫਿਰ ਗੁਣਾਤਮਕ ਨਾਮ ਕਥਨ ਕਰ ਸਕਦੀ ਹੈ। ਜਾਪ ਸਾਹਿਬ ਦੇ ਆਰੰਭਕ ਬਚਨ ਹਨ :
ਤ੍ਰਿਭਵਣ ਮਹੀਪ ਸੁਰ ਨਰ ਅਸੁਰ; ਨੇਤ ਨੇਤ ਬਨ ਤ੍ਰਿਣ ਕਹਤ ॥
ਤਵ ਸਰਬ ਨਾਮ ਕਥੈ ਕਵਨ ? ਕਰਮ ਨਾਮ ਬਰਨਤ ਸੁਮਤਿ॥ (ਜਾਪ ਸਾਹਿਬ)
ਭਾਵ ਭਲੀ ਮਤ ਵਾਲਿਆਂ ਨੇ ਤੇਰੇ ਗੁਣਾਂ ਅਤੇ ਕਰਮਾਂ ਨੂੰ ਜਾਣ ਕੇ ਤੇਰੇ ਅਨੇਕ ਨਾਮ ਵਰਣਨ ਕੀਤੇ ਹਨ। ਹਾਂ ਇੰਨਾ ਜ਼ਰੂਰ ਹੈ ਕਿ ਕੋਈ ਇੱਕ ਐਸਾ ਨਾਮ ਨਹੀਂ ਹੈ, ਜੋ ਅਕਾਲ ਪੁਰਖ ਦੀ ਮੁਕੰਮਲ ਹਸਤੀ ਨੂੰ ਬਿਆਨ ਕਰ ਸਕੇ। ਫੁਰਮਾਨ ਹੈ :
ਕੰਠੇ ਮਾਲਾ ਜਿਹਵਾ ਰਾਮ ॥ ਸਹੰਸ ਨਾਮੁ ਲੈ ਲੈ ਕਰਉ ਸਲਾਮੁ॥ (ਭਗਤ ਕਬੀਰ ਜੀ/੪੭੮)
ਭਾਵ ਕਬੀਰ ਸਾਹਿਬ ਆਖਦੇ ਹਨ ਕਿ ਮੈਂ ਅਕਾਲ ਪੁਰਖ ਦੇ ਅਨੰਤ ਨਾਮ ਲੈ ਲੈ ਕੇ ਉਸ ਨੂੰ ਨਮਸਕਾਰ ਕਰਦਾ ਹਾਂ। ਜਾਪ ਸਾਹਿਬ ਵਿੱਚ ਵੀ ਐਸਾ ਹੀ ਵਰਣਨ ਕੀਤਾ ਹੋਇਆ ਹੈ। ਹੁਣ ਮੈਂ ਅਕਾਲ ਪੁਰਖ ਦੇ ਵੱਖ ਵੱਖ ਨਾਮ ਗੁਰਬਾਣੀ ਵਿੱਚੋਂ ਦੱਸਾਂਗਾ ਤਾਂ ਕੇ ਸ਼ਬਦ ਦੇ ਅਰਥ ਸਾਨੂੰ ਸਮਝ ਪੈ ਜਾਣ। ਗੁਰਬਾਣੀ ਅੰਦਰ ਨਾਮ ਦਾ ਅਰਥ ਪਰਮਾਤਮਾ ਭੀ ਹੈ। ਫੁਰਮਾਨ ਹੈ :
ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ॥ (ਮਹਲਾ ੫/੨੮੩)
ਭਾਵ ਨਾਮ ਦੇ ਧਾਰੇ (ਆਸਰੇ) ਹੀ ਸਾਰੇ ਜੀਵ ਜੰਤ ਹਨ। ਨਾਮ ਦੇ ਹੀ ਸਹਾਰੇ ਸਾਰੇ ਖੰਡ ਬ੍ਰਹਮੰਡ ਹਨ ਭਾਵ ਪਰਮਾਤਮਾ ਦੇ ਸਹਾਰੇ ਸਾਰੇ ਜੀਵ ਜੰਤ, ਖੰਡ, ਬ੍ਰਹਮੰਡ ਆਦਿ ਹਨ। ਇੱਥੇ ਨਾਮ ਦਾ ਅਰਥ ਪਰਮਾਤਮਾ ਹੈ :
ਜੇਤਾ ਕੀਤਾ ਤੇਤਾ ਨਾਉ ॥ ਵਿਣੁ ਨਾਵੈ; ਨਾਹੀ ਕੋ ਥਾਉ॥ (ਮਹਲਾ ੧/੪)
ਭਾਵ ਜਿੰਨਾ ਵੀ ਪੈਦਾ ਕੀਤਾ ਸੰਸਾਰ ਹੈ। ਉਹ ਸਾਰਾ ਹੀ ਅਕਾਲ ਪੁਰਖ ਦਾ ਨਾਉ (ਸਰੂਪ) ਹੈ :
ਏਹੁ ਵਿਸੁ ਸੰਸਾਰੁ ਤੁਮ ਦੇਖਦੇ; ਏਹੁ ਹਰਿ ਕਾ ਰੂਪੁ ਹੈ; ਹਰਿ ਰੂਪੁ ਨਦਰੀ ਆਇਆ॥ (ਮਹਲਾ ੩/੯੧੭)
ਭਾਵ ਅਕਾਲ ਪੁਰਖ ਦੀ ਹਸਤੀ ਤੋਂ ਬਗੈਰ ਕੋਈ ਵੀ ਥਾਂ ਖਾਲੀ ਨਹੀਂ ਹੈ। ਸੋ ਨਾਮ ਦਾ ਅਰਥ ਪਰਮੇਸ਼ਰ ਹੈ। ‘ਓਅੰਕਾਰ’ ਦਾ ਅਰਥ ਵੀ ਅਕਾਲ ਪੁਰਖ ਹੈ :
ਓਅੰਕਾਰਿ ਬ੍ਰਹਮਾ ਉਤਪਤਿ ॥ ਓਅੰਕਾਰੁ ਕੀਆ ਜਿਨਿ ਚਿਤਿ ॥
ਓਅੰਕਾਰਿ ਸਬਦਿ ਉਧਰੇ ॥ ਓਅੰਕਾਰਿ ਗੁਰਮੁਖਿ ਤਰੇ॥ (ਮਹਲਾ ੧/੯੨੯)
ਸੰਸਾਰ ਦੀ ਪੈਦਾਇਸ਼ ਅਤੇ ਵਿਨਾਸ਼; ਸ਼ਬਦ ਨਾਲ (ਹੁਕਮ ਨਾਲ) ਭਾਵ ਪਰਮਾਤਮਾ ਤੋਂ ਹੁੰਦਾ ਹੈ। ਵਿਨਾਸ਼ ਤੋਂ ਬਾਅਦ ਫਿਰ ਸ਼ਬਦ ਰੂਪ ਹੁਕਮ ਪਰਮਾਤਮਾ ਤੋਂ ਉਤਪਤੀ ਹੁੰਦੀ ਹੈ। ਸੱਚ ਦਾ ਅਰਥ ਵੀ ਪਰਮੇਸ਼ਰ ਹੈ :
ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ ॥
ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ॥ (ਮਹਲਾ ੧/੧੯)
ਭਾਵ ਸਾਚੇ ਅਕਾਲ ਪੁਰਖ ਤੋਂ ਹਵਾ (ਤੱਤ) ਹੋਂਦ ਵਿੱਚ ਆਇਆ। ਹਵਾ ਤੋਂ ਪਾਣੀ ਹੋਂਦ ਵਿੱਚ ਆਇਆ। ਫਿਰ ਪਾਣੀ ਅਤੇ ਹਵਾ ਨਾਲ ਜੀਵ ਜੰਤੂ ਹੋਂਦ ਵਿੱਚ ਆਏ। ਇਨ੍ਹਾਂ ਜੀਵ ਜੰਤਾ ਵਿੱਚ ਪਰਮਾਤਮਾ ਦੀ ਜੋਤਿ (ਅੰਸ਼) ਹੈ। ਜੋਤਿ ਦਾ ਅਰਥ ਵੀ ਪਰਮਾਤਮਾ ਹੈ :
ਸਭ ਮਹਿ ਜੋਤਿ ਜੋਤਿ ਹੈ ਸੋਇ ॥ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ॥
ਗੁਰ ਸਾਖੀ; ਜੋਤਿ ਪਰਗਟੁ ਹੋਇ॥ (ਮਹਲਾ ੧/੧੩)
ਜਿੱਥੇ ਜੋਤਿ ਦਾ ਅਰਥ ਪਰਮਾਤਮਾ ਹੈ; ਉੱਥੇ ਨਾਲ ਹੀ ‘ਨੂਰ’ ਦਾ ਅਰਥ ਵੀ ਅਕਾਲ ਪੁਰਖ ਹੈ :
ਅਵਲਿ ਅਲਹ ਨੂਰੁ ਉਪਾਇਆ; ਕੁਦਰਤਿ ਕੇ ਸਭ ਬੰਦੇ ॥
ਏਕ ਨੂਰ ਤੇ ਸਭੁ ਜਗੁ ਉਪਜਿਆ; ਕਉਨ ਭਲੇ ? ਕੋ ਮੰਦੇ ? ॥ (ਭਗਤ ਕਬੀਰ ਜੀ/੧੩੪੯)
ਪਹਿਲਾ ਪਹਿਲ ਕੇਵਲ ਅਦ੍ਰਿਸ਼ਟ ਪਰਮਾਤਮਾ ਹੀ ਪਰਮਾਤਮਾ ਸੀ। ਫਿਰ ਉਸ ਇਲਾਹੀ ਨੂਰ ਤੋਂ ਸਭ ਜੀਵ, ਪ੍ਰਾਣੀ ਪੈਦਾ ਹੋਏ। ਜਦ ਸਾਰੇ ਹੀ ਇੱਕ ਨੂਰ ਤੋਂ ਪੈਦਾ ਹੋਏ ਹਨ, ਫਿਰ ਕੋਈ ਬ੍ਰਾਹਮਣ ਜਾਂ ਸੂਦਰ ਕਰਕੇ ਭਲੇ ਬੁਰੇ ਨਹੀਂ ਹੋ ਸਕਦੇ। ‘ਗੁਰਬਾਣੀ’ ਦਾ ਅਰਥ ਵੀ ਅਕਾਲ ਪੁਰਖ ਨਿਰੰਜਨ ਹੈ :
ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਨ ਕੋਇ ॥ (ਮਹਲਾ ੩/੫੧੫)
ਇਸ ਲਿਹਾਜੇ ਨਾਲ ਸ਼ਬਦ ਦਾ ਅਰਥ ਵੀ ਅਕਾਲ ਪੁਰਖ ਹੈ। ਫੁਰਮਾਨ ਹੈ :
ਉਤਪਤਿ ਪਰਲਉ ਸਬਦੇ ਹੋਵੈ ॥ ਸਬਦੇ ਹੀ ਫਿਰਿ ਓਪਤਿ ਹੋਵੈ ॥ (ਮਹਲਾ ੩/੧੧੭)
ਸੰਸਾਰ ਦੀ ਉਤਪੱਤੀ ਅਤੇ ਪਰਲੋ (ਵਿਨਾਸ਼); ਸ਼ਬਦ ਨਾਲ ਭਾਵ ਪਰਮਾਤਮਾ ਦੇ ਹੁਕਮ ਵਿੱਚ ਹੁੰਦੀ ਹੈ। ਸ਼ਬਦ, ਆਵਾਜ਼, ਹੁਕਮ; ਸਭ ਅਕਾਲ ਪੁਰਖ ਦੇ ਨਾਮ ਹਨ :
ਕੀਤਾ ਪਸਾਉ ਏਕੋ ਕਵਾਉ ॥ ਤਿਸ ਤੇ ਹੋਏ; ਲਖ ਦਰੀਆਉ॥ (ਮਹਲਾ ੧/੩)
ਜਗਤ ਦਾ ਸਾਰਾ ਪਸਾਉ (ਪਸਾਰਾ) ਸਿਰਫ ਇੱਕ ਕਵਾਉ ਭਾਵ ਹੁਕਮ ਸ਼ਬਦ ਨਾਲ ਕਰ ਦਿੱਤਾ ਹੈ। ਸੋ ‘ਸ਼ਬਦ’ ਦਾ ਅਰਥ ਹੈ ‘ਅਕਾਲ ਪੁਰਖ’। ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਭੀ ‘ਸ਼ਬਦ’ ਹੈ। ‘ਸ਼ਬਦ’ ਦਾ ਅਰਥ ਅਕਾਲ ਪੁਰਖ ਪਰਮੇਸ਼ਰ ਹੈ। ਇਸ ਦਾ ਭਾਵ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਗੁਰਬਾਣੀ ਸ਼ਬਦ ਰੂਪ ਅਕਾਲ ਪੁਰਖ ਹੈ। ਗੁਰੂ ਨਾਨਕ ਸਾਹਿਬ ਆਪ ਇਹ ਜ਼ਿਕਰ ਕਰਦੇ ਹਨ :
ਤਤੁ ਨਿਰੰਜਨੁ ਜੋਤਿ ਸਬਾਈ; ਸੋ ਹੰ ਭੇਦੁ ਨ ਕੋਈ ਜੀਉ ॥
ਅਪਰੰਪਰ ਪਾਰਬ੍ਰਹਮੁ ਪਰਮੇਸਰੁ; ਨਾਨਕ ਗੁਰੁ ਮਿਲਿਆ ਸੋਈ ਜੀਉ॥ (ਮਹਲਾ ੧/੫੯੮)
ਇਕ ਅਕਾਲ ਪੁਰਖ ਹੀ ਸੰਸਾਰ ਦਾ ਤਤ (ਮੂਲ, ਮੁਢ) ਹੈ। ਨਿਰੰਜਨ ਪਰਮਾਤਮਾ ਦੀ ਜੋਤਿ ਹੀ ਸਾਰਿਆਂ ਅੰਦਰ ਵਿਆਪਕ ਹੈ। ‘ਤਤ ਅਤੇ ਪਰਮਾਤਮਾ’ ਵਿਚ ਕੋਈ ਅੰਤਰ ਨਹੀਂ ਹੈ। ਸੋ ਹੰ-ਮੈ ਉਹੀ ਹਾਂ ਭਾਵ ਮੈਂ ਪਰਮਾਤਮਾ ਦੀ ਅੰਸ਼ ਆਤਮਾ ਹਾਂ। ਪਰਮਾਤਮਾ ਅਤੇ ਆਤਮਾ ਵਿੱਚ ਭੇਦ ਨਹੀਂ ਹੈ। ਜੋ ਅਪਰੰਪਰ ਭਾਵ ਪਰੇ ਤੋਂ ਪਰੇ ਪਾਰਬ੍ਰਹਮ ਪਰਮੇਸ਼ਰ ਹੈ। ਐਸਾ ਅਪਰੰਪਰ ਪਾਰਬ੍ਰਹਮ ਪਰਮੇਸ਼ਰ ਹੀ ਗੁਰੂ ਨਾਨਕ ਸਾਹਿਬ ਨੂੰ ਗੁਰੂ ਮਿਲਿਆ ਹੈ। ਸੋ ਅਕਾਲ ਪੁਰਖ ਪਰਮੇਸ਼ਰ ਗੁਰੂ ਨਾਨਕ ਸਾਹਿਬ ਦਾ ਗੁਰੂ ਹੈ, ਜੋ ਸ਼ਬਦ ਦੇ ਰੂਪ ਵਿੱਚ ਹੈ। ਕਥਨ ਇਹ ਵੀ ਕੀਤਾ ਹੈ :
ਜਵਨ ਕਾਲ ਸਭ ਜਗਤ ਬਨਾਯੋ ॥ ਦੇਵ ਦੈਤ ਜਛਨ ਉਪਜਾਯੋ ॥
ਆਦਿ ਅੰਤਿ ਏਕੈ ਅਵਤਾਰਾ ॥ ਸੋਈ ਗੁਰੂ ਸਮਝਿਯਹੁ ਹਮਾਰਾ ॥
ਨਮਸਕਾਰ ਤਿਸ ਹੀ ਕੋ ਹਮਾਰੀ ॥ ਸਕਲ ਪ੍ਰਜਾ ਜਿਨ ਆਪ ਸਵਾਰੀ॥ (ਚੌਪਈ)
ਜਿਸ ਕਾਲ ਭਾਵ ਅਕਾਲ ਪੁਰਖ ਨੇ ਸਾਰਾ ਸੰਸਾਰ ਬਣਾਇਆ ਹੈ। ਸੰਸਾਰ ਵਿੱਚ ਦੇਵ ਅਤੇ ਦੈਂਤ ਬਿਰਤੀਆਂ ਉਪਜੀਆਂ ਹਨ। ਇਸ ਸੰਸਾਰ ਦਾ ‘ਆਦਿ’ (ਮੁੱਢ) ਅਤੇ ‘ਅੰਤ’; ਇਕ ਅਕਾਲ ਪੁਰਖ ਪਰਮੇਸ਼ਰ ਹੀ ਹੈ। ਬਸ ਉਹ ਅਵਤਾਰਾ ਭਾਵ ਅਕਾਲ ਪੁਰਖ ਹੀ ਸਾਡਾ ਗੁਰੂ ਹੈ। ਉਸ ਅਕਾਲ ਪੁਰਖ ਨੂੰ ਹੀ ਸਾਡੀ ਨਮਸਕਾਰ ਹੈ। ਸਾਰੀ ਪਰਜਾ ਅਕਾਲ ਪੁਰਖ ਨੇ ਆਪ ਸਵਾਰੀ ਹੈ। ਸੋ ਸ਼ਬਦ ਭਾਵ ਅਕਾਲ ਪੁਰਖ ਹੀ ਗੁਰੂ ਸਾਹਿਬ ਦਾ ਗੁਰੂ ਹੈ। ਇਸ ਸ਼ਬਦ ਨੂੰ ਗਿਆਨ ਵੀ ਬਿਆਨਿਆ ਹੈ। ਫੁਰਮਾਨ ਹੈ :
ਗਿਆਨ ਗੁਰੂ ਆਤਮ ਉਪਦੇਸ਼ਹੁ; ਨਾਮ ਬਿਭੂਤ ਲਗਾਓ ॥੧॥ (ਸ਼ਬਦ ਹਜ਼ਾਰੇ, ਪਾਤਸ਼ਾਹੀ ੧੦)
ਸ਼ਬਦ ਗਿਆਨ ਹੀ ਅਸਲ ਵਿੱਚ ਮਨ ਨੂੰ ਸੁਧਾਰਨ ਲਈ ਗੁਰੂ ਹੈ। ਸ਼ਬਦ ਗਿਆਨ ਗੁਰੂ ਹੀ ਸੁਰਤ ਆਤਮਾ ਨੂੰ ਜਗਾਉਂਦਾ ਹੈ। ਜੀਵਨ ਦਾ ਸਹੀ ਮਾਰਗ; ਗੁਰੂ ਸ਼ਬਦ ਗਿਆਨ ਹੀ ਦੱਸਦਾ ਹੈ। ਸ਼ਬਦ ਗਿਆਨ ਗੁਰੂ ਸਦਾ ਅਟੱਲ ਹੈ। ਸ਼ਬਦ ਗੁਰੂ ਗਿਆਨ ਅਬਿਨਾਸੀ ਹੈ। ਜੰਮਦਾ ਮਰਦਾ ਨਹੀਂ ਹੈ :
ਸਤਿਗੁਰੁ ਮੇਰਾ ਸਦਾ ਸਦਾ; ਨਾ ਆਵੈ ਨਾ ਜਾਇ ॥
ਓਹੁ ਅਬਿਨਾਸੀ ਪੁਰਖੁ ਹੈ; ਸਭ ਮਹਿ ਰਹਿਆ ਸਮਾਇ॥ (ਮਹਲਾ ੪/੭੫੮)
ਭਾਵ ਸਤਿਗੁਰੂ ਸ਼ਬਦ ਹੈ, ਜੋ ਸਦਾ ਅਟੱਲ ਹੈ। ਜੰਮਦਾ ਮਰਦਾ ਨਹੀਂ ਹੈ। ਅਬਿਨਾਸ਼ੀ ਹੈ। ਸਾਰਿਆਂ ਅੰਦਰ ਵਿਆਪਕ ਹੈ। ਗੁਰੂ ਨਾਨਕ ਸਾਹਿਬ ਦਾ ਗੁਰੂ ਸ਼ਬਦ ਹੈ ਔਰ ਸ਼ਬਦ ਦਾ ਅਰਥ ਅਕਾਲ ਪੁਰਖ ਹੈ। ਗੁਰੂ ਸਾਹਿਬ ਦਾ ਗੁਰੂ ਅਕਾਲ ਪੁਰਖ ਹੈ।
ਹੁਣ ਸਿੱਖ ਧਰਮ ਦਾ ਅਹਿਮ ਅਤੇ ਮਹਾਨ ਨੁਕਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਿਵੇਂ ਹੋਈ ? ਗੁਰੂ ਗ੍ਰੰਥ ਸਾਹਿਬ ਜੀ ਗੁਰਿਆਈ ਤੱਕ ਕਿਵੇਂ ਪਹੁੰਚੇ ? ਗੁਰੂ ਗ੍ਰੰਥ ਸਾਹਿਬ ਜੀ ਜਾਗਦੀ ਜੋਤ ਕਿਵੇਂ ਹਨ ? ਇਸ ਦਾ ਖੁਲਾਸਾ ਸੰਖੇਪ ’ਚ ਕਰਾਂਗਾ। ਪਹਿਲੀ ਗੱਲ ਗੁਰੂ ਨਾਨਕ ਸਾਹਿਬ ਜੀ ਧੁਰੋਂ ਅਕਾਲ ਪੁਰਖ ਤੋਂ ਹੀ ਵਰਸੋਇ ਹੋਇ ਗੁਰੂ ਹਨ, ਜੋ ਪਰਮਾਤਮਾ ਦਾ ਸੁਨੇਹਾ (ਪੈਗਾਮ) ਲੈ ਕੇ ਆਏ ਹਨ। ਭਾਈ ਗੁਰਦਾਸ ਜੀ ਬਿਆਨ ਕਰਦੇ ਹਨ :
ਸੁਣੀ ਪੁਕਾਰਿ ਦਾਤਾਰ ਪ੍ਰਭਿ; ਗੁਰੁ ਨਾਨਕ ਜਗ ਮਾਹਿ ਪਠਾਇਆ ।
ਚਰਨ ਧੋਇ ਰਹਰਾਸਿ ਕਰਿ; ਚਰਣਾਮ੍ਰਿਤੁ ਸਿਖਾਂ ਪੀਲਾਇਆ ।
ਕਲਿ ਤਾਰਣ ਗੁਰੁ ਨਾਨਕ ਆਇਆ। (ਵਾਰ ੧/ਪਉੜੀ ੨੩)
ਭਾਵ ਅਕਾਲ ਪੁਰਖ ਨੇ ਲੁਕਾਈ ਦਾ ਉਧਾਰ ਕਰਨ ਲਈ ਗੁਰੂ ਨਾਨਕ ਸਾਹਿਬ ਨੂੰ ਜਗਤ ਵਿੱਚ ਆਪਣਾ ਸਰਗੁਣ ਰੂਪ ਬਣਾ ਕੇ ਭੇਜਿਆ। ਗੁਰੂ ਨਾਨਕ ਸਾਹਿਬ ਨੇ ਇਸ ਜਗਤ ’ਚ ਲੁਕਾਈ ਨੂੰ ਚਰਨਾਮ੍ਰਿਤ ਭਾਵ ਨਿਮਰਤਾ ਭਗਤੀ (ਕਿਰਤ ਕਰਨੀ ਅਤੇ ਵੰਡ ਛਕਣ) ਦਾ ਉਪਦੇਸ਼ ਦਿੱਤਾ। ਗੁਰੂ ਨਾਨਕ ਸਾਹਿਬ ਜਗਤ ਦੇ ਜੀਵਾਂ ਦਾ ਉਧਾਰ ਕਰਨ ਆਏ ਹਨ। ਗੁਰੂ ਨਾਨਕ ਸਾਹਿਬ ਜੀ ਸ਼ਬਦ ਰੂਪ ’ਚ ਵਿਸ਼ਵ ਦੇ ਗੁਰੂ ਹਨ। ਕਥਨ ਹੈ :
ਜਗਤੁ ਗੁਰੂ ਗੁਰੁ ਨਾਨਕ ਦੇਉ। (ਵਾਰ ੨੪ ਪਉੜੀ ੨)
ਗੁਰੂ ਨਾਨਕ ਸਾਹਿਬ ਜੀ ਸ਼ਬਦ ਰੂਪ ਵਿੱਚ ਗਿਆਨ ਦਾ ਪ੍ਰਕਾਸ਼ ਹੈ ਜਗਤ ਗੁਰੂ ਬਾਬਾ ਜੀ ਹਨ
ਜਾਹਰ ਪੀਰ ਜਗਤੁ ਗੁਰੁ ਬਾਬਾ। (ਵਾਰ ੨੪ ਪਉੜੀ ੩)
ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਬਾਬਾ ਕਿਹਾ ਹੈ। ਬਾਬਾ ਅੱਖਰ ਫਾਰਸੀ ਤੋਂ ਹੈ। ਬਾਬਾ ਦਾ ਅਰਥ ਵੱਡਾ ਹੈ। ਜਗਤ ਵਿੱਚ ਸਭ ਤੋਂ ਵੱਡਾ ਅਕਾਲ ਪੁਰਖ ਹੈ ਅਤੇ ਅਕਾਲ ਪੁਰਖ ਦਾ ਸਰਗੁਣ ਰੂਪ ਸ਼ਬਦ ਗੁਰੂ ਨਾਨਕ ਸਾਹਿਬ ਜੀ ਹਨ। ਫੁਰਮਾਨ ਹੈ :
ਫਿਰਿ ਬਾਬਾ ਗਇਆ ਬਗਦਾਦ ਨੋ; ਬਾਹਰਿ ਜਾਇ ਕੀਆ ਅਸਥਾਨਾ ।
ਇਕ ਬਾਬਾ ਅਕਾਲ ਰੂਪੁ; ਦੂਜਾ ਰਬਾਬੀ ਮਰਦਾਨਾ। (ਵਾਰ ੧/ਪਉੜੀ ੩੫)
ਗੁਰੂ ਨਾਨਕ ਸਾਹਿਬ ਅਕਾਲ ਰੂਪ ਹਨ। ਅਕਾਲ ਪੁਰਖ ਦਾ ਸਰਗੁਣ ਰੂਪ ਹਨ। ਵੱਡਾ ਪੁਰਖ ਹੈ :
ਬਾਬੇ ਕੀਤੀ ਸਿਧਿ ਗੋਸਟਿ; ਸਬਦਿ ਸਾਂਤਿ ਸਿਧਾਂ ਵਿਚਿ ਆਈ ।
ਜਿਣਿ ਮੇਲਾ ਸਿਵਰਾਤਿ ਦਾ; ਖਟ ਦਰਸਨ ਆਦੇਸਿ ਕਰਾਈ ।
ਸਿਧਿ ਬੋਲਨਿ ਸੁਭ ਬਚਨਿ: ਧਨੁ ਨਾਨਕ ਤੇਰੀ ਵਡੀ ਕਮਾਈ ।
ਵਡਾ ਪੁਰਖੁ ਪਰਗਟਿਆ; ਕਲਿਜੁਗ ਅੰਦਰਿ ਜੋਤਿ ਜਗਾਈ। (ਵਾਰ ੧ ਪਉੜੀ ੪੪)
ਭਾਵ ਜਦੋਂ ਬਟਾਲੇ ਸ਼ਿਵਰਾਤਰੀ ਨੂੰ ਸਿੱਧ ਜੋਗੀਆਂ ਨਾਲ ਗੁਰੂ ਨਾਨਕ ਸਾਹਿਬ ਜੀ ਨੇ ਵਿਚਾਰ ਕੀਤੀ। ਸ਼ਬਦ ਗਿਆਨ ਨਾਲ ਸਿੱਧ ਜੋਗੀਆਂ ਵਿੱਚ ਸ਼ਾਂਤੀ ਵਰਤ ਗਈ। ਛੇ ਸ਼ਾਸਤਰਾਂ ਦੇ ਧਾਰਨੀ ਹਿੰਦੂ ਪੰਡਿਤ ਤੇ ਹੋਰ ਬਹੁਤ ਲੋਕ ਮੇਲੇ ਵਿੱਚ ਪਹੁੰਚੇ ਤੇ ਗੁਰੂ ਨਾਨਕ ਸਾਹਿਬ ਦੇ ਬਚਨਾਂ ਨਾਲ ਪ੍ਰਭਾਵਤ ਹੋਏ। ਗੁਰੂ ਨਾਨਕ ਸਾਹਿਬ ਨੇ ਮੇਲੇ ਵਿੱਚ ਪਹੁੰਚੇ ਲੋਕਾਂ ਦਾ ਮਨ ਜਿੱਤ ਲਿਆ। ਸਾਰੇ ਗੁਰੂ ਨਾਨਕ ਸਾਹਿਬ ਅੱਗੇ ਝੁਕ ਗਏ। ਸਾਰੇ ਸਿੱਧ ਜੋਗੀਆਂ ਨੇ ਕਿਹਾ ਹੇ ਗੁਰੂ ਨਾਨਕ ! ਤੁਸੀਂ ਧੰਨ ਹੋ। ਤੁਹਾਡੀ ਵਿਚਾਰ ਮਹਾਨ ਹੈ। ਸੰਸਾਰ ਅੰਦਰ ਗਿਆਨ ਦੀ ਜੋਤਿ ਜਗਾਉਣ ਕਰਕੇ ਤੁਸੀਂ ਵੱਡੇ ਪੁਰਖ ਹੋ। ਤੁਸੀਂ ਸਭ ਤੋਂ ਵੱਡੇ, ਸਭ ਤੋਂ ਮਹਾਨ ਹੋ। ਗੁਰੂ ਅਰਜਨ ਸਾਹਿਬ ਜੀ ਦੇ ਭੀ ਬਚਨ ਹਨ :
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ; ਸਾਰ ਨ ਜਾਣਾ ਤੇਰੀ ॥
ਸਭ ਤੇ ਵਡਾ ਸਤਿਗੁਰੁ ਨਾਨਕੁ; ਜਿਨਿ ਕਲ ਰਾਖੀ ਮੇਰੀ॥ (ਮਹਲਾ ੫/੭੪੯)
ਭਾਵ ਗੁਰੂ ਅਰਜਨ ਪਾਤਿਸ਼ਾਹ ਆਖਦੇ ਹਨ ਕਿ ਅਸੀਂ ਕੋਈ ਗਿਆਨ ਅਤੇ ਧਿਆਨ ਨਹੀਂ ਸੀ ਜਾਣਦੇ। ਨਾ ਹੀ ਪ੍ਰਭੂ ਦੀ ਕੋਈ ਸਾਰ ਕਰਦੇ ਸਾਂ, ਪਰ ਸਭ ਤੋਂ ਵੱਡੇ ਅਤੇ ਮਹਾਨ ਗੁਰੂ ਨਾਨਕ ਸਾਹਿਬ ਜੀ ਰਾਹੀਂ ਅਕਾਲ ਪੁਰਖ ਦੀ ਸਰਨ ਪਏ ਹਾਂ। ਗੁਰੂ ਦੇ ਬਚਨਾਂ ਦੀ ਬਰਕਤ ਨਾਲ ਵਿਕਾਰਾਂ ਹੱਥੋਂ ਖੁਆਰ ਹੋਣ ਤੋਂ ਬਚ ਗਏ ਹਾਂ। ਸੋ ਗੁਰੂ ਨਾਨਕ ਸਾਹਿਬ ਦੀ ਚਾਰੇ ਪਾਸੇ ਵਡਿਆਈ ਫੈਲ ਗਈ ਸੀ ਕਿਉਂਕਿ ਧੁਰੋਂ ਗੁਰੂ ਸਨ :
ਸੁਣੀ ਅਰਦਾਸਿ ਸੁਆਮੀ ਮੇਰੈ; ਸਰਬ ਕਲਾ ਬਣਿ ਆਈ ॥
ਪ੍ਰਗਟ ਭਈ ਸਗਲੇ ਜੁਗ ਅੰਤਰਿ; ਗੁਰ ਨਾਨਕ ਕੀ ਵਡਿਆਈ॥ (ਮਹਲਾ ੫/੬੧੧)
ਇੱਕ ਗੱਲ ਧਿਆਨ ਨਾਲ ਸੁਣਨੀ ਕਿ ਗੁਰੂ ਨਾਨਕ ਸਾਹਿਬ ਜੀ ਨੂੰ ਵੱਡਾ ਅਤੇ ਮਹਾਨ ਦਰਸਾਉਣ ਲਈ ਜਿੰਨੇ ਵੀ ਬਾਕੀ ਗੁਰੂ ਸਾਹਿਬਾਨ ਨੇ ਅਕਾਲ ਪੁਰਖ ਦੀ ਬਾਣੀ ਉਚਾਰਨ ਕੀਤੀ ਹੈ, ਉਨ੍ਹਾਂ ਸਾਰਿਆਂ ਨੇ ਬਾਣੀ ਰਚਨ ਸਮੇਂ ਆਪਣਾ ਨਾਮ ਨਹੀਂ ਲਿਆ ਸਗੋਂ ਨਾਨਕ ਨਾਮ ਹੇਠ ਬਾਣੀ ਉਚਾਰਨ ਕੀਤੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਧੁਰੋਂ ਹੀ ਅਕਾਲ ਪੁਰਖ ਰੂਪ ਵਿੱਚ ਗੁਰੂ ਹਨ :
ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ ਚਾਨਣੁ ਹੋਆ ।
ਜਿਉ ਕਰਿ ਸੂਰਜੁ ਨਿਕਲਿਆ; ਤਾਰੇ ਛਪਿ ਅੰਧੇਰੁ ਪਲੋਆ। (ਵਾਰ ੧/ਪਉੜੀ ੨੭)
ਭਾਵ ਜਦੋਂ ਸ਼ਬਦ-ਗੁਰੂ ਨੂੰ ਪ੍ਰਗਟ ਕਰਨ ਲਈ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਤਾਂ ਉਨ੍ਹਾਂ ਦੇ ਬਚਨਾਂ ਨਾਲ ਅਗਿਆਨਤਾ ਦੀ ਧੁੰਦ ਖ਼ਤਮ ਹੋ ਗਈ। ਗਿਆਨ ਦਾ ਚਾਨਣ ਹੋ ਗਿਆ। ਗੁਰੂ ਨਾਨਕ ਸਾਹਿਬ ਸੂਰਜ ਵਾਂਗ ਉਦੈ ਹੋਏ। ਪਖੰਡੀਆਂ ਦਾ ਪ੍ਰਭਾਵ ਮੱਧਮ ਪੈ ਗਿਆ। ਸੋ ਇੱਕ ਗੱਲ ਸਪਸ਼ਟ ਹੈ ਕਿ ਗੁਰੂ ਨਾਨਕ ਸਾਹਿਬ ਅਕਾਲ ਪੁਰਖ ਦੇ ਸਰਗੁਣ ਰੂਪ ਹਨ। ਰੱਬੀ ਗੁਣਾਂ ਕਰਕੇ ਰੱਬੀ ਰੂਪ ਹਨ। ਗੁਰਬਾਣੀ ਦੇ ਸੂਰਜ ਹਨ। ਸ਼ਬਦ ਰੂਪ ਹਨ। 70 ਸਾਲ ਦੀ ਉਮਰ ਤੱਕ ਗੁਰੂ ਨਾਨਕ ਸਾਹਿਬ ਜੀ ਨੇ ਕੁਲ ਲੁਕਾਈ ਨੂੰ ਅਗਿਆਨਤਾ, ਵਹਿਮਾਂ ਭਰਮਾ, ਕਰਮਕਾਂਡਾਂ, ਜਾਤਾ ਪਾਤਾ ਦੀਆਂ ਵੰਡੀਆਂ ਊਚ ਨੀਚ ਦੇ ਭੇਦ ਭਾਵ (ਗੁਲਾਮੀ, ਹੀਣ ਭਾਵਨਾ) ਤੋਂ ਬਾਹਰ ਕੱਢਿਆ। ਲੁਕਾਈ ਨੂੰ ਸੱਚ ਅਤੇ ਹਿੰਮਤ ਦੇ ਰਸਤੇ ’ਤੇ ਤੋਰਿਆ। ਗੁਰੂ ਨਾਨਕ ਸਾਹਿਬ ਨੇ ਦੂਰ ਅੰਦੇਸ਼ੀ ਨਾਲ ਦੇਖ ਲਿਆ ਕਿ ਥੋੜ੍ਹੇ ਸਮੇਂ ਵਿੱਚ ਭਾਵ 70 ਸਾਲਾਂ ਵਿੱਚ ਲੋਕ ਗੁਲਾਮੀ ਤੋਂ, ਹੀਣ ਭਾਵਨਾ ਤੋਂ, ਵਹਿਮਾਂ ਭਰਮਾਂ, ਕਰਮਕਾਂਡਾਂ, ਅਗਿਆਨਤਾ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਸਕਦੇ। ਲੰਬਾ ਸਮਾਂ ਚਾਹੀਦਾ ਸੀ, ਇਸ ਲਈ ਲਗਾਤਾਰ ਪ੍ਰਚਾਰ ਦੀ ਲੋੜ ਸੀ। ਗੁਰੂ ਨਾਨਕ ਸਾਹਿਬ ਨੇ ਇਸ ਯੋਗਤਾ ਵਾਲੇ ਪੁਰਖ ਦੀ ਖੋਜ ਵੀ ਕਰਨੀ ਸ਼ੁਰੂ ਰੱਖੀ। ਦੂਰ ਅੰਦੇਸੀ ਨਾਲ ਸੰਨ 1532 ਈਸਵੀ ਤੋਂ ਲੈ ਕੇ ਸੰਨ 1539 ਈਸਵੀ ਤੱਕ 7 ਸਾਲਾਂ ਵਿੱਚ ਭਾਈ ਲਹਿਣਾ ਜੀ ਨੂੰ ਹਰ ਪੱਖੋਂ ਮੁਕੰਮਲ ਪੁਰਖ ਬਣਾਇਆ। ਬਾਬਾ ਲਹਿਣਾ ਜੀ ਨੂੰ ਜੀਵਨ ਦੀ ਹਰ ਜੁਗਤ ਵਿੱਚ ਪੂਰਾ ਮੁਕੰਮਲ ਬਣਾਇਆ। ਭਾਈ ਲਹਿਣਾ ਜੀ ਨੂੰ ਜੀਵਨ ਦੇ ਹਰ ਨੁਕਤੇ ’ਤੇ ਪੂਰਨ ਬਣਾਇਆ। 7 ਸਾਲ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਆਪਣਾ ਉੱਤਰਾਧਿਕਾਰੀ ਚੁਣ ਲਿਆ। ਜੋਤਿ ਅਤੇ ਜੁਗਤਿ ਭਾਵ ਅਕਾਲ ਪੁਰਖ ਦੀ ਜੋਤਿ ਅਤੇ ਆਪਣੀ ਜੀਵਨਸ਼ੈਲੀ (ਸ਼ਬਦ ਗਿਆਨ) ਅਨੁਸਾਰ ਜੀਵਨ ਜਿਉਣ ਦਾ ਤਰੀਕਾ ਭਾਈ ਲਹਿਣਾ ਜੀ ਨੂੰ ਬਖ਼ਸ਼ਿਆ। ਇਸ ਕਰਿਸ਼ਮੇ ਦਾ ਜ਼ਿਕਰ ਨਾਨਕ ਪ੍ਰਕਾਸ਼ ਵਿਚ ਕਵੀ ਸੰਤੋਖ ਸਿੰਘ ਨੇ ਕੀਤਾ ਹੈ :
ਵਿਚ ਕਰਤਾਰਪੁਰੇ ਜਗ ਰਾਈ । ਜੋਤ ਰੂਪ ਕੋ ਦੀਨ ਵਡਾਈ ।
ਆਪਨ ਕੀਨ ਸਚਖੰਡ ਪਿਆਨਾ । ਜੋਤ ਰੂਪ ਬਿੰਬ ਤਨ ਪਲਟਾਨਾ ।
ਜਿਉ ਅਧਪਤਿ ਇਕ ਪੋਸ਼ਿਸ਼ ਤਜ ਕੈ । ਬੈਸਹਿ ਸਭਾ ਦੁਤੀਆ ਤਨ ਸਜ ਕੈ ।
ਤਿਉ ਖਾਡੂਰ ਮੈ ਆਨ ਬਿਰਾਜੈ । ਜਿਨ ਸਿਮਰਨ ਕਰ ਕਲਮਲ ਭਾਜੈ। (ਨਾਨਕ ਪ੍ਰਕਾਸ਼ ਅਧਿਆਏ ਦੂਜਾ)
ਭਾਵ ਕਰਤਾਰਪੁਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣਾ ਜੀ ਨੂੰ ਪਰਮਾਤਮਾ ਦੀ ਜੋਤ ਬਖਸ਼ ਕੇ ਵਡਿਆਈ ਬਖਸ਼ੀ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਈ ਲਹਿਣਾ ਜੀ ਨੂੰ ਆਪਣਾ ਰੂਪ ਬਖਸ਼ਿਆ। ਜੋਤ ਅਤੇ ਜੁਗਤ ਰੱਬ ਵਾਲੀ ਹੈ। ਸਿਰਫ ਜਾਮਾ (ਸਰੀਰ) ਬਦਲਿਆ ਹੈ। ਕਿਵੇਂ ? ਕਥਨ ਹੈ ਇੱਕ ਬਾਦਿਸ਼ਾਹ ਆਪਣੀ ਪੋਸ਼ਾਕ ਬਦਲ ਕੇ ਜਿਵੇਂ ਸਿੰਘਾਸਣ ’ਤੇ ਬੈਠਦਾ ਹੈ। ਬਾਦਿਸ਼ਾਹ ਉਹੀ ਹੈ। ਸਿੰਘਾਸਣ ਉਹੀ ਹੈ। ਰਾਜ ਮੰਤਰੀ, ਵਜ਼ੀਰ, ਰਾਜ ਮਹਿਲ ਵੀ ਉਹੀ ਹੈ। ਪਰਜਾ ਵੀ ਉਹੀ ਹੈ। ਸਭ ਕੁਝ ਉਹੀ ਹੈ। ਸਿਰਫ਼ ਪੋਸ਼ਾਕ ਹੀ ਬਦਲੀ ਹੈ। ਬਸ ਇਸੇ ਤਰ੍ਹਾਂ ਸ਼ਬਦ ਗੁਰੂ ਨਾਨਕ ਸਾਹਿਬ ਵਾਲਾ ਹੈ। ਜੋਤ ਤੇ ਜੁਗਤ ਗੁਰੂ ਨਾਨਕ ਸਾਹਿਬ ਵਾਲੀ ਹੈ। ਸਿਰਫ ਜਾਮਾ ਭਾਵ ਸਰੀਰ ਬਦਲਿਆ ਹੈ। ਫੁਰਮਾਨ ਹੈ :
ਲਹਣੇ ਦੀ ਫੇਰਾਈਐ; ਨਾਨਕਾ ਦੋਹੀ ਖਟੀਐ ॥
ਜੋਤਿ ਓਹਾ ਜੁਗਤਿ ਸਾਇ; ਸਹਿ ਕਾਇਆ ਫੇਰਿ ਪਲਟੀਐ॥ (ਸਤਾ ਤੇ ਬਲਵੰਡ/੯੬੬)
ਜੋਤ ਭਾਵ ਚਮਤਕਾਰੀ ਮੱਤ ਉਹੀ ਹੈ। ਜੋਤ ਭਾਵ ਅਕਾਲ ਪੁਰਖ ਦਾ ਸ਼ਬਦ ਗਿਆਨ ਉਹੀ ਹੈ। ਜੋਤ ਭਾਵ ਰੂਹਾਨੀ ਗਿਆਨ ਰੌਸ਼ਨੀ ਉਹੀ ਹੈ। ਜੁਗਤ ਭਾਵ ਯੋਗਤਾ (ਲਿਆਕਤ, ਸਮਰਥਾ) ਵੀ ਉਹੀ ਹੈ। ਜੁਗਤ ਭਾਵ ਦਲੀਲ ਵੀ ਸੱਚ ਵਾਲੀ ਉਹੀ ਹੈ। ਸਿਰਫ਼ ਕਾਇਆ ਭਾਵ ਸਰੀਰ ਬਦਲਿਆ ਹੈ। ਫੁਰਮਾਨ ਹੈ :
ਲਹਣੇ ਧਰਿਓਨੁ ਛਤ੍ਰੁ ਸਿਰਿ; ਅਸਮਾਨਿ ਕਿਆੜਾ ਛਿਕਿਓਨੁ ॥
ਜੋਤਿ ਸਮਾਣੀ ਜੋਤਿ ਮਾਹਿ; ਆਪੁ ਆਪੈ ਸੇਤੀ ਮਿਕਿਓਨੁ ॥
ਸਿਖਾਂ ਪੁਤ੍ਰਾਂ ਘੋਖਿ ਕੈ; ਸਭ ਉਮਤਿ ਵੇਖਹੁ ਜਿ ਕਿਓਨੁ ॥
ਜਾਂ ਸੁਧੋਸੁ; ਤਾਂ ਲਹਣਾ ਟਿਕਿਓਨੁ ॥ (ਬਲਵੰਡ ਤੇ ਸਤਾ/੯੬੬)
ਭਾਵ ਜਦੋਂ ਭਾਈ ਲਹਿਣਾ ਜੀ ਜੋਤ ਅਤੇ ਜੁਗਤ ਦੇ ਸਮਰੱਥ ਹੋ ਗਏ ਤਾਂ ਗੁਰੂ ਨਾਨਕ ਸਾਹਿਬ ਨੇ (14 ਜੂਨ 1539 ਨੂੰ) ਆਪਣਾ ਉੱਤਰਾਧਿਕਾਰੀ ਬਣਾ ਲਿਆ। ਸੰਗਤਾਂ ਦੇ ਇਕੱਠ ਵਿਚ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਜਾਮਾ; ਭਾਈ ਲਹਿਣਾ ਜੀ ਨੂੰ ਪੁਆਇਆ। ਫਿਰ 15 ਭਗਤਾਂ ਦੀ ਇਕੱਤਰ ਕਰ ਰੱਖ ਬਾਣੀ ਅਤੇ ਆਪਣੇ ਵੱਲੋਂ ਉਚਾਰਨ ਕੀਤੀ ਰੱਬੀ ਬਾਣੀ ਦੀ ਪੋਥੀ; ਭਾਈ ਲਹਿਣਾ ਜੀ ਨੂੰ ਸੌਂਪ ਦਿੱਤੀ। ਬਾਬਾ ਬੁੱਢਾ ਜੀ ਦੀ ਦੇਖ ਰੇਖ ਵਿੱਚ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਮੱਥਾ ਟੇਕ ਦਿੱਤਾ। ਆਪਣਾ ਅੰਗ ਬਣਾ ਲਿਆ। ਨਾਮ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਸਾਹਿਬ ਰੱਖ ਦਿੱਤਾ। ਭਾਈ ਗੁਰਦਾਸ ਜੀ ਦਾ ਕਥਨ ਹੈ :
ਸਤਿਗੁਰ ਨਾਨਕ ਦੇਉ ਹੈ; ਪਰਮੇਸੁਰ ਸੋਈ ।
ਗੁਰੁ ਅੰਗਦੁ ਗੁਰੁ ਅੰਗ ਤੇ; ਜੋਤੀ ਜੋਤਿ ਸਮੋਈ। (ਵਾਰ 38/ਪਉੜੀ 20)
ਗੁਰੂ ਨਾਨਕ ਸਾਹਿਬ ਜੀ ਸਿਰਫ ਸਰੀਰ ਹੀ ਨਹੀਂ ਹਨ। ਉਹ ਨਾਲ ਹੀ ਦਿਓ ਭਾਵ ਪ੍ਰਕਾਸ਼ ਰੂਪੀ ਸ਼ਬਦ ਗਿਆਨ ਵੀ ਹਨ। ਜੋ ਅਕਾਲ ਪੁਰਖ ਦਾ ਸਰਗੁਣ ਰੂਪ ਹਨ। ਗੁਰੂ ਨਾਨਕ ਸਾਹਿਬ ਜੀ ਦੇ ਅੰਗ ਭਾਵ ਸਰੀਰ ਤੋਂ ਗੁਰੂ ਅੰਗਦ ਸਾਹਿਬ ਜੀ ਵਰਸੋਇ ਗਏ। ਹੁਣ ਗੁਰੂ ਅੰਗਦ ਸਾਹਿਬ ਜੀ ਅੰਦਰ ਗੁਰੂ ਨਾਨਕ ਸਾਹਿਬ ਵਾਲੀ ਜੋਤ ਅਤੇ ਜੁਗਤੀ ਹੈ। ਇਹ ਇਸ ਤਰ੍ਹਾਂ ਹੋਇਆ; ਜਿਵੇਂ ਫੁਰਮਾਨ ਹੈ :
ਦੀਪਕ ਤੇ ਦੀਪਕੁ ਪਰਗਾਸਿਆ; ਤ੍ਰਿਭਵਣ ਜੋਤਿ ਦਿਖਾਈ ॥
ਸਚੈ ਤਖਤਿ ਸਚ ਮਹਲੀ ਬੈਠੇ; ਨਿਰਭਉ ਤਾੜੀ ਲਾਈ॥ (ਮਹਲਾ ੧/੯੦੭)
ਭਾਵ ਜਿਵੇਂ ਜਗਦੇ ਦੀਵੇ ਤੋਂ ਦੂਸਰਾ ਦੀਵਾ ਜਗ ਜਾਂਦਾ ਹੈ। ਇਕ ਦੀਵੇ ਵਿਚ ਤੇਲ ਸੀ। ਬੱਤੀ ਸੀ, ਪਰ ਜਗਦਾ ਨਹੀਂ ਸੀ। ਇੱਕ ਜਗਦੇ ਦੀਵੇ ਨੇ ਇਹ ਬੁਝਿਆ ਦੀਵਾ ਜਗਾ ਦਿੱਤਾ। ਭਾਈ ਲਹਿਣਾ ਜੀ ਅੰਦਰ ਸ਼ਰਧਾ ਦਾ ਤੇਲ ਸੀ। ਧਰਮ ਦੀ ਬੱਤੀ ਵੀ ਸੀ, ਪਰ ਬੁਝੀ ਹੋਈ ਸੀ। ਅਗਿਆਨਤਾ ਦੀ ਸ਼ਰਧਾ ਸੀ। ਝੂਠ ਧਰਮ ਦੀ ਬੱਤੀ ਸੀ। ਭਾਈ ਲਹਿਣਾ ਜੀ ਧਰਮੀ ਸੀ, ਪਰ ਰਸਤਾ ਗਲਤ ਸੀ। ਗੁਰੂ ਨਾਨਕ ਸਾਹਿਬ ਜਗਦੇ ਦੀਵੇ ਨੇ ਇੱਕ ਨਵਾਂ ਹੋਰ ਦੀਵਾ ਜਗਾ ਦਿੱਤਾ। ਇਸ ਦੀਵੇ ਨੇ ਵੀ ਜਗਤ ਨੂੰ ਗਿਆਨ ਚਾਨਣਾ ਦੇਣਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਹੁਣ ਖਡੂਰ ਸਾਹਿਬ ਜਾ ਪ੍ਰਚਾਰ ਦਾ ਕੇਂਦਰ ਬਣਾਉਣ ਦੀ ਪ੍ਰੇਰਨਾ ਦਿੱਤੀ। ਆਪ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਿਖੇ 7 ਸਤੰਬਰ 1539 ਈਸਵੀ (ਅੱਸੂ ਵਦੀ ੧੦, ੧੫੯੬ ੮ ਅੱਸੂ; ਨਾਨਕਸ਼ਾਹੀ ੭੧) ਨੂੰ ਜੋਤੀ ਜੋਤ ਸਮਾ ਗਏ। ਆਪ ਜੀ ਤੋਂ 15 ਦਿਨ ਬਾਅਦ (22 ਸਤੰਬਰ 1539 ਨੂੰ) ਮਾਤਾ ਸੁਲੱਖਣੀ ਜੀ ਭੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ। ਸਤਿਗੁਰੂ ਜੀ ਕਿਰਪਾ ਕਰਨ ਕਿ ਸਾਡਾ ਸਾਰਿਆਂ ਦਾ ਭੀ ਜੀਵਨ ਸਫਲਾ ਹੋ ਜਾਏ ‘‘ਇਹ ਲੋਕ ਸੁਖੀਏ; ਪਰਲੋਕ ਸੁਹੇਲੇ ॥ ਨਾਨਕ ! ਹਰਿ ਪ੍ਰਭਿ ਆਪਹਿ ਮੇਲੇ ॥’’ (ਮਹਲਾ ੫/੨੯੨) ਭੁੱਲਾਂ ਦੀ ਖਿਮਾ।
–ਚੱਲਦਾ—