ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦਾ ਸੰਖੇਪ ਜੀਵਨ ਵੇਰਵਾ ਤੇ ਸੰਦੇਸ਼
ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਜੇ ਗੁਰੂ ਹਨ। ਆਪ ਜੀ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਵਿੱਚ ਪਿਤਾ ਤੇਜਭਾਨ ਭੱਲਾ ਖੱਤਰੀ ਅਤੇ ਮਾਤਾ ਸੁਲਖਣੀ (ਲੱਛਮੀ) ਦੇ ਘਰ ਹੋਇਆ। ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ ਨਾਭਾ, ਸ: ਕਰਮ ਸਿੰਘ ਹਿਸਟੋਰੀਅਨ ਅਤੇ ਗਿ. ਸੋਹਨ ਸਿੰਘ ਸੀਤਲ ਅਨੁਸਾਰ ਆਪ ਜੀ ਦਾ ਜਨਮ ੧੦ ਜੇਠ, ਵੈਸਾਖ ਸੁਦੀ ੧੪, ਸੰਮਤ ੧੫੩੬ ਬਿਕ੍ਰਮੀ/5 ਮਈ 1479 ਹੈ। ਡਾ: ਗੰਡਾ ਸਿੰਘ, ਪ੍ਰੋ: ਸਾਹਿਬ ਸਿੰਘ, ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ ਅਤੇ ਸ੍ਰੋਮਣੀ ਕਮੇਟੀ ਵੱਲੋਂ ਲਿਖਤ ਸਿੱਖ ਇਤਿਹਾਸ ’ਚ ਜਨਮ ਮਿਤੀ ੮ ਜੇਠ, ਵੈਸਾਖ ਸੁਦੀ ੧੪, ਸੰਮਤ ੧੫੩੬ ਬਿਕ੍ਰਮੀ/5 ਮਈ 1479 ਲਿਖੀ ਹੋਈ ਹੈ ਭਾਵ ੮ ਜੇਠ ਅਤੇ ੧੦ ਜੇਠ ਦੀ ਤਾਰੀਖ਼ ’ਚ ਅੰਤਰ ਹੈ ਜਦਕਿ ਬਾਕੀ ਦੀਆਂ ਦੋਵੇਂ ਪਧਤੀਆਂ ਦੀ ਤਿਥ ਅਤੇ ਤਾਰੀਖ਼ ’ਚ ਕੋਈ ਅੰਤਰ ਨਹੀਂ। ਇਸ ਤੋਂ ਸਿੱਧ ਹੁੰਦਾ ਹੈ ਕਿ ਇਨ੍ਹਾਂ ਵਿਦਵਾਨਾਂ ਨੂੰ ਇੱਕ ਪੱਧਤੀ ਤੋਂ ਦੂਜੀ ਪੱਧਤੀ ’ਚ ਤਾਰੀਖ਼ ਤਬਦੀਲ ਕਰਦੇ ਸਮੇਂ ਥੋੜ੍ਹਾ ਭੁਲੇਖਾ ਲੱਗਾ ਹੈ ਕਿਉਂਕਿ ਸ: ਪਾਲ ਸਿੰਘ ਪੁਰੇਵਾਲ ਦੀ ਜੰਤਰੀ ’ਚੋਂ ਵੇਖਿਆਂ; ਵੈਸਾਖ ਸੁਦੀ ੧੪, ਸੰਮਤ ੧੫੩੬ ਬਿਕ੍ਰਮੀ/5 ਮਈ 1479 ਨੂੰ ੯ ਜੇਠ ਬਿਕ੍ਰਮੀ ਸੰਮਤ ੧੫੩੬ ਬਣਦਾ ਹੈ।
23 ਸਾਲ ਦੀ ਉਮਰ ਦੌਰਾਨ ਸੰਮਤ ੧੫੫੯ (1502 ਈ:) ’ਚ ਆਪ ਜੀ ਦਾ ਵਿਆਹ ਸ੍ਰੀਮਤੀ ਮਨਸਾ ਦੇਵੀ ਜੀ ਨਾਲ ਹੋਇਆ, ਜਿਸ ਤੋਂ ਉਨ੍ਹਾਂ ਦੇ ਦੋ ਪੁੱਤਰ (ਬਾਬਾ ਮੋਹਨ ਜੀ, ਬਾਬਾ ਮੋਹਰੀ ਜੀ) ਅਤੇ ਦੋ ਪੁੱਤਰੀਆਂ (ਬੀਬੀ ਭਾਨੀ ਜੀ ਅਤੇ ਬੀਬੀ ਦਾਨੀ ਜੀ) ਦਾ ਜਨਮ ਹੋਇਆ।
ਸਫਲ ਪਰਵਾਰਿਕ ਜੀਵਨ ਪਿਛੋਂ ਆਪ ਬੜੀ ਤੀਬਰਤਾ ਨਾਲ ਧਾਰਮਿਕ ਰਾਹਾਂ ’ਤੇ ਚਲ ਪਏ। ਭਾਈ ਲਹਿਣਾ ਜੀ ਦੀ ਤਰ੍ਹਾਂ ਆਪ ਵੀ 20 ਸਾਲ ਗੰਗਾ ਮਈਆ ਦੀ ਯਾਤਰਾ ਕਰਨ ਦੀ ਕਠਿਨ ਘਾਲ ਘਾਲਦੇ ਰਹੇ। ਜਦ ਆਪ 20ਵੀ ਵਾਰ ਗੰਗਾ ਇਸ਼ਨਾਨ ਲਈ ਗਏ ਤਾਂ ਉਨ੍ਹਾਂ ਨਾਲ ਇਕ ਐਸੀ ਘਟਨਾ ਵਾਪਰੀ ਕਿ ਜਿਸ ਨਾਲ਼ੀ ਜ਼ਿੰਦਗੀ ਦੀ ਪੂਰੀ ਰੌਂ ਹੀ ਬਦਲ ਗਈ। ਆਪ ਜੀ ਦਾ ਮੇਲ ਇਕ ਵੈਸ਼ਨਵ ਬ੍ਰਾਹਮਚਾਰੀ ਨਾਲ ਹੋਇਆ। ਮੇਲ ਜੋਲ ਐਨਾ ਵਧ ਗਿਆ ਕਿ ਖਾਣਾ ਪੀਣਾ ਵੀ ਇਕੱਠਾ ਹੋਣ ਲੱਗਾ। ਅਚਾਨਕ ਉਸ ਨੇ ਇੱਕ ਦਿਨ ਪੁੱਛ ਲਿਆ ਕਿ ਤੁਹਾਡਾ ਗੁਰੂ ਕੌਣ ਹੈ ? ਆਪ ਜੀ ਦਾ ਜਵਾਬ ਸੀ ਕਿ ‘ਗੁਰੂ ਦੀ ਭਾਲ ਵਿਚ ਉਮਰ ਗੁਜਰ ਗਈ ਹੈ ਅਜੇ ਤਕ ਕੋਈ ਮਿਲਿਆ ਨਹੀ’। ਇਹ ਜਵਾਬ ਸੁਣ ਕੇ ਵੈਸ਼ਨਵ ਬ੍ਰਾਹਮਚਾਰੀ ਨੇ ਬਹੁਤ ਬੁਰਾ ਮਨਾਇਆ ਤੇ ਕਿਹਾ ‘ਨਿਗੁਰੇ ਕਾ ਸੰਗ ਅਤੇ ਨਿਗੁਰੇ ਦੇ ਹੱਥ ਦਾ ਪੱਕਿਆ ਅੰਨ ਖਾ ਕੇ ਮੇਰਾ ਜਨਮ ਬ੍ਰਿਥਾ ਗਿਆ’। ਇਸ ਤੋਂ ਬਾਅਦ ਉਸ ਨੇ ਬਾਬਾ ਅਮਰਦਾਸ ਜੀ ਦੀ ਸੰਗਤ ਕਰਨੀ ਛੱਡ ਦਿੱਤੀ। ਆਪ ਜੀ ਦੇ ਮਨ ਨੂੰ ਡੂੰਘੀ ਚੋਟ ਲੱਗੀ। ਆਪ ਕਈ ਹੋਰ ਸਾਧੂਆਂ ਨੂੰ ਮਿਲੇ, ਪਰ ਮਨ ਨਾ ਪਤੀਜਿਆ। ਅਚਾਨਕ ਇਕ ਦਿਨ ਉਨ੍ਹਾ ਦੇ ਭਰਾ ਦੀ ਨੂੰਹ ਅਤੇ ਗੁਰੂ ਅੰਗਦ ਦੇਵ ਜੀ ਦੀ ਸਪੁਤਰੀ ਬੀਬੀ ਅਮਰੋ ਦੇ ਮੂੰਹੋਂ, ਸਵੇਰੇ ਸਵੇਰੇ, ਦੁੱਧ ਰਿੜਕਦੇ ਵਕਤ ਬਾਣੀ ਦੇ ਇਹ ਬੋਲ ‘‘ਭਇਆ ਮਨੂਰੁ, ਕੰਚਨੁ ਫਿਰਿ ਹੋਵੈ; ਜੇ ਗੁਰੁ ਮਿਲੈ ਤਿਨੇਹਾ ॥ ਏਕੁ ਨਾਮੁ ਅੰਮ੍ਰਿਤੁ ਓਹੁ ਦੇਵੈ; ਤਉ ਨਾਨਕ ਤ੍ਰਿਸਟਸਿ ਦੇਹਾ ॥’’ (ਮਹਲਾ ੧/੯੯੦) ਧਿਆਨ ਨਾਲ਼ ਸੁਣੇ। ਜਦ ਬੀਬੀ ਅਮਰੋ ਤੋਂ ਪੁੱਛਿਆ ਕਿ ਸਵੇਰੇ ਸਵੇਰੇ ਤੁਸੀਂ ਕੀ ਗਾ ਰਹੇ ਸੀ ? ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਗੁਰੂ ਨਾਨਕ ਜੀ ਦੀ ਬਾਣੀ ਹੈ; ਜਿਨ੍ਹਾਂ ਦੀ ਗੁਰਗੱਦੀ ’ਤੇ ਮੇਰੇ ਪਿਤਾ ਜੀ ਬਿਰਾਜਮਾਨ ਹਨ। ਬਾਣੀ ਦੇ ਬੋਲ ਇੰਨੇ ਪਿਆਰੇ ਸਨ ਕਿ (ਗੁਰੂ) ਅਮਰਦਾਸ ਜੀ ਦੇ ਦਿਲ ’ਚ ਉਨ੍ਹਾਂ ਨੂੰ ਮਿਲਣ ਦੀ ਤਾਂਘ ਪੈਦਾ ਹੋ ਗਈ। ਜਦ ਆਪ ਬੀਬੀ ਅਮਰੋ ਜੀ ਨਾਲ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਗਏ ਤਾਂ ਗੁਰੂ ਘਰ ਜੋਗੇ ਹੀ ਰਹਿ ਗਏ, ਮੁੜ ਵਾਪਸ ਨਾ ਪਰਤੇ।
ਆਪਣੇ ਮਾਨ ਅਪਮਾਨ ਤੇ ਰਿਸ਼ਤੇ ਤੋਂ ਉਚੇਰੇ ਉਠ ਕੇ, ਪੂਰੇ ਸਿਦਕ ਪ੍ਰੇਮ ਤੇ ਉਤਸ਼ਾਹ ਨਾਲ ਹਰ ਰੋਜ਼ ਸੂਬ੍ਹਾ ਸੂਬ੍ਹਾ ਤਿੰਨ ਕੋਹ ਦੂਰ ਬਿਆਸ ਨਦੀ ਤੋਂ ਪਾਣੀ ਭਰ ਕੇ ਲਿਆਉਂਦੇ, ਗੁਰੂ ਸਾਹਿਬ ਨੂੰ ਇਸ਼ਨਾਨ ਕਰਾਉਂਦੇ, ਉਨ੍ਹਾਂ ਦੇ ਕੱਪੜੇ ਧੋਂਦੇ ਤੇ ਲੰਗਰ ਦੀ ਸੇਵਾ ’ਚ ਰੁਝ ਜਾਂਦੇ। ਲੰਗਰ ਦੇ ਭਾਂਡੇ ਮਾਂਜਣੇ, ਪਾਣੀ ਢੋਣਾ, ਪੱਖਾ ਝੱਲਣਾ ਜਾਰੀ ਰੱਖਦੇ। ਮੂੰਹ ਨਾਲ ਬਾਣੀ ਪੜ੍ਹਦੇ ਰਹਿੰਦੇ ਯਾਨੀ ਹਥ ਸੇਵਾ ਵੱਲ ਤੇ ਚਿਤ ਸਦਾ ਕਰਤਾਰ ਵੱਲ ਰਹਿੰਦਾ। ਘੱਟ ਬੋਲਦੇ, ਘੱਟ ਖਾਂਦੇ ਤੇ ਘੱਟ ਹੀ ਸੌਂਦੇ।
ਗੋਇੰਦੇ ਦੀ ਬਹੁਤ ਸਾਰੀ ਜ਼ਮੀਨ ਸੀ, ਜਿਥੇ ਓਹ ਗੋਇੰਦਵਾਲ ਵਸਾਉਣਾ ਚਾਹੁੰਦਾ ਸੀ। ਗੋਇੰਦੇ ਦੀ ਬੇਨਤੀ ਮੰਨ ਕੇ ਗੁਰੂ ਅੰਗਦ ਦੇਵ ਜੀ ਨੇ (ਗੁਰੂ) ਅਮਰਦਾਸ ਜੀ ਨੂੰ ਨਾਲ ਭੇਜਿਆ। ਆਪ ਨੇ ਆਗਿਆ ਨੂੰ ਸਿਰ ਮੱਥੇ ਮੰਨਿਆ। ਫਿਰ ਵੀ ਗੁਰੂ ਜੀ ਨੂੰ ਇਸ਼ਨਾਨ ਕਰਾਉਣ, ਕੱਪੜੇ ਧੋਣ ਤੇ ਲੰਗਰ ਆਦਿ ਦੀ ਸੇਵਾ ਜਾਰੀ ਰੱਖੀ। ਦਿਨੇ ਸੇਵਾ ਕਰਦੇ ਤੇ ਸ਼ਾਮ ਨੂੰ ਗੋਇੰਦਵਾਲ ਚਲੇ ਜਾਂਦੇ। ਅਖੀਰ ਕੁਛ ਚਿਰ ਮਗਰੋਂ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਗੋਇੰਦਵਾਲ ਰਹਿਣ ਦੀ ਆਗਿਆ ਦੇ ਦਿੱਤੀ। ਰੁਝੇਵੇਂ ਵਧਦੇ ਗਏ, ਪਰ ਸੇਵਾ ਵਿਚ ਕੋਈ ਊਣਤਾ ਨਾ ਪੈਣ ਦਿੱਤੀ।
ਜਦ ਗੁਰੂ ਅੰਗਦ ਦੇਵ ਜੀ ਨੂੰ ਆਪਣਾ ਸਮਾਂ ਨੇੜੇ ਆਉਂਦਾ ਪ੍ਰਤੀਤ ਹੋਇਆ ਤਾਂ ਪ੍ਰੇਮ, ਸਿਦਕ, ਘਾਲ-ਕਮਾਈ ਤੇ ਯੋਗਤਾ ਪੱਖੋਂ ਆਪ ਨੇ ੩ ਵੈਸਾਖ, ਚੇਤ ਸੁਦੀ ੪ ਬਿਕ੍ਰਮੀ ਸੰਮਤ ੧੬੦੯ (29 ਮਾਰਚ 1552 ਈ:) ਨੂੰ ਸੰਗਤ ਦੇ ਸਾਹਮਣੇ ਅਮਰਦਾਸ ਜੀ ਨੂੰ ਗੁਰਿਆਈ ਦਾ ਤਿਲਕ ਲਾਉਣ ਦਾ ਮਾਣ ਬਾਬਾ ਬੁੱਢਾ ਜੀ ਨੂੰ ਬਖਸ਼ਿਆ। ਆਪ 22 ਸਾਲ ਗੁਰਗੱਦੀ ’ਤੇ ਬਿਰਾਜਮਾਨ ਰਹੇ, ਜਿਸ ਦੌਰਾਨ ਆਪ ਨੇ ਸਿੱਖੀ ਮਹੱਲ ਨੂੰ ਉਸਾਰਨ ਵੱਲ ਵਿਸ਼ੇਸ਼ ਧਿਆਨ ਦਿੱਤਾ। ਕਈ ਧਾਰਮਿਕ, ਸਮਾਜਿਕ ਸੁਧਾਰ ਕੀਤੇ ਤੇ ਗੁਰਮਤਿ ਰਾਹਾਂ ਨੂੰ ਮਜ਼ਬੂਤ ਕਰਨ ਦੇ ਕਈ ਢੰਗ ਅਪਣਾਏ। ਗੁਰੂ ਨਾਨਕ ਸਾਹਿਬ ਜੀ ਤੇ ਗੁਰੂ ਅੰਗਦ ਸਾਹਿਬ ਜੀ ਦੇ ਚਲਾਏ ਰਾਹਾਂ ਨੂੰ ਵਧੇਰੇ ਪੱਧਰਾ, ਸਾਫ਼, ਸੌਖਾ ਤੇ ਚੌੜਾ ਕਰਨ ਦਾ ਯਤਨ ਕੀਤਾ। ਆਪਣੀ ਬਾਣੀ ਦੁਆਰਾ ਗੁਰਮਤਿ ਦੇ ਸਿਧਾਂਤਾਂ ਨੂੰ ਹੋਰ ਸਪਸ਼ਟ ਤੇ ਸਰਲ ਬਣਾਇਆ। ਸਿੱਖ ਸੰਗਤ ਤੇ ਸਮਾਜ ’ਚ ਭਾਈਚਾਰੇ ਦੇ ਉਹ ਪੂਰਨੇ ਪਾਏ, ਜੋ ਆਉਣ ਵਾਲੀਆਂ ਪੁਸ਼ਤਾਂ ਲਈ ਚਾਨਣ ਮੁਨਾਰਾ ਸਾਬਤ ਹੋਏ। ਆਪ ਜੀ ਦਾ ਆਪਣਾ ਜੀਵਨ; ਬੜਾ ਪਵਿਤਰ, ਸਾਦਗੀ ਭਰਿਆ, ਸਿਧਾਂਤਿਕ, ਧਾਰਮਿਕ, ਸੇਵਾ ਸਿਮਰਨ, ਸਹਿਨਸ਼ੀਲਤਾ, ਦਇਆ ਤੇ ਪਿਆਰ ਦਾ ਨਮੂਨਾ ਸੀ। ਆਪ ਇਕ ਚੰਗੇ ਗ੍ਰਿਹਸਤੀ, ਸੁੱਚੀ ਤੇ ਸੱਚੀ ਕਿਰਤ ਅਤੇ ਗਰੀਬਾਂ, ਲੋੜਵੰਦਾਂ, ਦੀਨ ਦੁਖੀਆਂ ਦੀ ਸਹਾਇਤਾ ਕਰਨ ਵਾਲੇ ਮਹਾਂ ਪੁਰਸ਼ ਹਨ।
ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ ੧੩੯੬ ’ਤੇ ਭੱਟਾਂ ਦੇ ਸਵਈਆਂ ’ਚ ਭਟ ਭਲੵ ਜੀ ਨੇ ਗੁਰੂ ਅਮਰਦਾਸ ਜੀ ਦੇ ਬੇਅੰਤ ਗੁਣਾਂ ਦਾ ਵਰਣਨ ਬਹੁਤ ਹੀ ਭਾਵਪੂਰਕ ਸ਼ਬਦਾਂ ’ਚ ਕੀਤਾ ਹੈ; ਜਿਵੇਂ ਕਿ ਬੱਦਲਾਂ ਦੀਆਂ ਕਣੀਆਂ, ਧਰਤੀ ਦੀ ਬਨਸਪਤੀ, ਬਸੰਤ ਦੇ ਫੁੱਲਾਂ ਦੀ ਗਿਣਤੀ ਨਹੀਂ ਹੋ ਸਕਦੀ। ਸੂਰਜ ਤੇ ਚੰਦ੍ਰਮਾ ਦੀਆਂ ਕਿਰਨਾਂ, ਸਮੁੰਦਰ ਦਾ ਪੇਟ, ਗੰਗਾ ਦੀਆਂ ਲਹਿਰਾਂ ਦਾ ਭੀ ਕੋਈ ਅੰਤ ਨਹੀਂ ਪਾ ਸਕਦਾ, ਪਰ ਫਿਰ ਭੀ ਹੋ ਸਕਦਾ ਹੈ ਕਿ ਕੋਈ ਮਨੁੱਖ; ਸ਼ਿਵ ਜੀ ਵਾਂਗ ਨਿਰੰਤਰ ਸਮਾਧੀ ਲਾ ਕੇ ਇਨ੍ਹਾਂ ਪਦਾਰਥਾਂ ਦੀ ਸੰਖਿਆ ਕਰ ਦੇਵੇ, ਪਰ ਭੱਲਿਆਂ ਦੀ ਕੁਲ ’ਚ ਪੈਦਾ ਹੋਏ ਹੇ ਗੁਰੂ ਅਮਰਦਾਸ ਜੀ ! ਤੇਰੇ ਅੰਦਰ ਅਥਾਹ ਗੁਣ ਹਨ, ਜਿਨ੍ਹਾਂ ਦਾ ਵਰਣਨ ਹੋ ਹੀ ਨਹੀਂ ਸਕਦਾ, ਇਸ ਲਈ ਤੁਹਾਡੇ ਜਿਹਾ ਕੇਵਲ ਤੂੰ ਆਪ ਹੀ ਹੈਂ : ‘‘ਘਨਹਰ ਬੂੰਦ, ਬਸੁਅ ਰੋਮਾਵਲਿ, ਕੁਸਮ ਬਸੰਤ, ਗਨੰਤ ਨ ਆਵੈ ॥ ਰਵਿ ਸਸਿ ਕਿਰਣਿ, ਉਦਰੁ ਸਾਗਰ ਕੋ, ਗੰਗ ਤਰੰਗ ਅੰਤੁ ਕੋ ਪਾਵੈ ॥ ਰੁਦ੍ਰ ਧਿਆਨ ਗਿਆਨ ਸਤਿਗੁਰ ਕੇ, ਕਬਿ ਜਨ ਭਲ੍ਹ ਉਨਹ ਜੁੋ ਗਾਵੈ ॥ ਭਲੇ ਅਮਰਦਾਸ ਗੁਣ ਤੇਰੇ ਤੇਰੀ; ਉਪਮਾ ਤੋਹਿ ਬਨਿ ਆਵੈ ॥’’ (ਸਵਈਏ ਮਹਲੇ ਤੀਜੇ ਕੇ/੧੩੯੬) ਸੋ ਆਪ ਜੀ ਦੇ ਬੇਅੰਤ ਗੁਣਾਂ ’ਚੋਂ ਸੰਖੇਪ ਮਾਤਰ ਕੁਝ ਕੁ ਇਸ ਤਰ੍ਹਾਂ ਹਨ :
ਗੁਰੂ ਸਾਹਿਬ ਜੀ ਦੇ ਸਮੇਂ ਜਾਤ ਪਾਤ ਦਾ ਕੋਹੜ ਮਨੁੱਖਤਾ ’ਚ ਸਿਰੇ ’ਤੇ ਸੀ। ਇਸ ਊਚ-ਨੀਚ ਦੇ ਕੋਹੜ ਨੂੰ ਖਤਮ ਕਰਨ ਲਈ ਉੱਚੀ ਜਾਤ ਦਾ ਅਭਿਮਾਨ ਕਰਨ ਵਾਲੇ ਬ੍ਰਾਹਮਣ ਨੂੰ ਸੰਬੋਧਨ ਕਰਦਿਆਂ ਆਪ ਜੀ ਨੇ ਬਚਨ ਉਚਾਰੇ ਕਿ ਕੋਈ ਭੀ ਧਿਰ ਆਪਣੀ ਉੱਚੀ ਜਾਤਿ ਦਾ ਮਾਣ ਨਾ ਕਰੇ। ਇੱਦਾਂ ਕੀਤਿਆਂ ਵਿਦਵਾਨ (ਬ੍ਰਾਹਮਣ) ਨਹੀਂ ਬਣੀਦਾ। ਦਰਅਸਲ ਉਹੀ ਬ੍ਰਾਹਮਣ ਹੈ, ਜੋ ਬ੍ਰਹਮ (ਪਰਮਾਤਮਾ) ਨਾਲ ਗਹਿਰੀ ਸਾਂਝ ਪਾਉਂਦਾ ਹੈ : ‘‘ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ; ਸੋ ਬ੍ਰਾਹਮਣੁ ਹੋਈ ॥੧॥’’
ਹੇ ਮੂਰਖ ! ਹੇ ਗੰਵਾਰ ! ਐਸੇ ਮਾਣ-ਅਹੰਕਾਰ ਨਾਲ਼ (ਭਾਈਚਾਰਕ ਜੀਵਨ ’ਚ) ਕਈ ਵਿਗਾੜ ਪੈ ਜਾਂਦੇ ਹਨ : ‘‘ਜਾਤਿ ਕਾ ਗਰਬੁ ਨ ਕਰਿ; ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ; ਬਹੁਤੁ ਵਿਕਾਰਾ ॥੧॥ ਰਹਾਉ ॥’’
ਵੈਸੇ ਚਾਰ ਵਰਣਾਂ (ਬ੍ਰਾਹਮਣ, ਖਤਰੀ, ਵੈਸ਼, ਸ਼ੂਦਰ) ’ਚ ਸਮਾਜ ਨੂੰ ਵੰਡ ਦਿੱਤਾ ਭਾਵੇਂ ਕਿ ਇੱਕੋ ਰੱਬੀ ਜੋਤਿ ਤੋਂ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ : ‘‘ਚਾਰੇ ਵਰਨ ਆਖੈ ਸਭੁ ਕੋਈ ॥ ਬ੍ਰਹਮੁ ਬਿੰਦ ਤੇ; ਸਭ ਓਪਤਿ ਹੋਈ ॥੨॥’’
ਇਸ ਸਿਧਾਂਤ ਨੂੰ ਸਪਸ਼ਟ ਕਰਨ ਲਈ ਆਪ ਜੀ ਮਿਸਾਲ ਦਿੰਦੇ ਹਨ ਕਿ (ਜਿਵੇਂ ਕੋਈ) ਘੁਮਿਆਰ ਇਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ, (ਤਿਵੇਂ) ਇਹ ਸਾਰਾ ਸੰਸਾਰ (ਪਰਮਾਤਮਾ ਨੇ ਆਪਣੀ ਜੋਤਿ ਤੋਂ ਬਣਾਇਆ ਹੋਇਆ) ‘‘ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿ ਭਾਂਡੇ ਘੜੈ ਕੁਮ੍ਹਾਰਾ ॥੩॥’’
ਸੋ ਪੰਜ ਤੱਤਾਂ ਤੋਂ ਹਰ ਸਰੀਰ ਦੀ ਸ਼ਕਲ ਬਣਦੀ ਹੈ। ਕੋਈ ਨਹੀਂ ਆਖ ਸਕਦਾ ਕਿ ਕਿਸੇ (ਵਰਨ) ’ਚ ਬਹੁਤੇ ਤੱਤ ਹਨ ਤੇ ਕਿਸੇ (ਵਰਨ) ’ਚ ਥੋੜ੍ਹੇ ਤੱਤ ਹਨ : ‘‘ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ ਘਟਿ ਵਧਿ ਕੋ ਕਰੈ ਬੀਚਾਰਾ ॥੪॥’’
ਅੰਤ ’ਚ ਗੁਰੂ ਜੀ ਸਮਝਾਉਂਦੇ ਹਨ ਕਿ ਭਾਵੇਂ ਕੋਈ ਬ੍ਰਾਹਮਣ ਹੈ ਜਾਂ ਸ਼ੂਦਰ; ਹਰੇਕ ਜੀਵ ਆਪੋ ਆਪਣੇ ਕੀਤੇ ਕਰਮਾਂ ’ਚ ਬੱਝਾ ਹੋਇਆ ਹੈ। ਗੁਰੂ ਤੋਂ ਬਿਨਾਂ (ਇਨ੍ਹਾਂ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ : ‘‘ਕਹਤੁ ਨਾਨਕ, ਇਹੁ ਜੀਉ ਕਰਮ ਬੰਧੁ ਹੋਈ ॥ ਬਿਨੁ ਸਤਿਗੁਰ ਭੇਟੇ; ਮੁਕਤਿ ਨ ਹੋਈ ॥੫॥’’ (ਮਹਲਾ ੩/੧੧੨੮)
ਜਾਤੀ ਪ੍ਰਥਾ ਅਤੇ ਵਰਨ ਵੰਡ ਤੋਂ ਇਲਾਵਾ ਉਸ ਸਮੇਂ ਇਸਤਰੀ ਦੀ ਦਸ਼ਾ ਭੀ ਬਹੁਤ ਮਾੜੀ ਤੇ ਤਰਸਯੋਗ ਸੀ। ਐਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਜਿਨ੍ਹਾਂ ਇਸਤਰੀਆਂ ਦੇ ਪਤੀ ਦੀ ਮੌਤ ਹੋ ਜਾਂਦੀ ਸੀ, ਉਨ੍ਹਾਂ ਦੇ ਜਿਉਣ ਦਾ ਹੱਕ ਵੀ ਖੋਹ ਲਿਆ ਜਾਂਦਾ ਸੀ। ਉਨ੍ਹਾਂ ਨੂੰ ਜਿਉਂਦਿਆਂ ਹੀ ਪਤੀ ਦੀ ਬਲਦੀ ਚਿਖ਼ਾ ’ਚ ਸੜ ਮਰਨ ਲਈ ਮਜਬੂਰ ਕੀਤਾ ਜਾਂਦਾ ਸੀ। ਇਸ ਸਤੀ ਪ੍ਰਥਾ ਦਾ ਖੰਡਨ ਕਰਦਿਆਂ ਆਪ ਨੇ ਬਚਨ ਕੀਤੇ ਕਿ ਜੋ ਇਸਤਰੀਆਂ (ਪਤੀ ਦੀ) ਲੋਥ ਨਾਲ ਉਸ ਦੀ ਚਿਖ਼ਾ ’ਚ ਸੜਦੀਆਂ ਹਨ, ਉਨ੍ਹਾਂ ਨੂੰ ਅਸਲ ਸਤੀ ਹੋਣਾ, ਨਹੀਂ ਆਖਿਆ ਜਾ ਸਕਦਾ। ਅਸਲ ਸਤੀਆਂ ਓਹੀ ਹਨ, ਜੋ ਰੱਬ ਵੱਲੋਂ ਪਏ ਵਿਛੋੜੇ ਦੀ ਸੱਟ (ਬਿਰਹਾ) ਨਾਲ ਆਪਾ ਭਾਵ (ਮਾਣ, ਲੋਕਾਚਾਰੀ, ਅਗਿਆਨਤਾ, ਆਦਿ) ਵੱਲੋਂ ਮਰਦੀਆਂ ਹਨ: ‘‘ਸਲੋਕੁ ਮਹਲਾ ੩ ॥ ਸਤੀਆ ਏਹਿ ਨ ਆਖੀਅਨਿ; ਜੋ ਮੜਿਆ ਲਗਿ ਜਲੰਨਿ੍ ॥ ਨਾਨਕ ! ਸਤੀਆ ਜਾਣੀਅਨਿ੍; ਜਿ ਬਿਰਹੇ ਚੋਟ ਮਰੰਨਿ੍ ॥੧॥’’
ਉਨ੍ਹਾਂ ਨੂੰ ਭੀ ਸਤੀਆਂ ਕਿਹਾ ਜਾ ਸਕਦਾ ਹੈ, ਜੋ ਪਤਿਬ੍ਰਤ-ਧਰਮ ’ਚ ਰਹਿ ਕੇ ਆਪਣੇ ਪਤੀ ਦੀ ਸੇਵਾ ਕਰਦੀਆਂ ਹਨ, ਉੱਦਮ ਨਾਲ ਆਪਣਾ ਧਾਰਮਿਕ ਫ਼ਰਜ਼ ਸਮਝਦੀਆਂ ਹਨ : ‘‘ਮਹਲਾ ੩ ॥ ਭੀ ਸੋ ਸਤੀਆ ਜਾਣੀਅਨਿ; ਸੀਲ ਸੰਤੋਖਿ ਰਹੰਨਿ੍ ॥ ਸੇਵਨਿ ਸਾਈ ਆਪਣਾ; ਨਿਤ ਉਠਿ ਸੰਮ੍ਹਾਲੰਨਿ੍ ॥੨॥’’ ਆਪਣੇ ਇਸ ਧਰਮ ਤੋਂ ਸੱਖਣੀਆਂ ਇਸਤਰੀਆਂ ਪਤੀ ਦੇ ਦੁੱਖ-ਸੁਖ ’ਚ ਨਾਲ਼ ਨਹੀਂ ਖੜ੍ਹਦੀਆਂ, ਉਨ੍ਹਾਂ ਲਈ ਪਤੀ ਮਰੇ ਭਾਵੇਂ ਜੀਵੇ ‘‘ਨਾਨਕ ! ਕੰਤ ਨ ਜਾਣਨੀ; ਸੇ ਕਿਉ ਅਗਿ ਜਲਾਹਿ ॥ ਭਾਵੈ ਜੀਵਉ, ਕੈ ਮਰਉ; ਦੂਰਹੁ ਹੀ ਭਜਿ ਜਾਹਿ ॥੩॥’’ (ਮਹਲਾ ੩/੭੮੭) ਆਪ ਜੀ ਪਤੀ–ਪਤਨੀ ਦੇ ਸੰਬੰਧਾਂ ਨੂੰ ਕੇਵਲ ਸਰੀਰਕ ਕਿਰਿਆ ਤੱਕ ਸੀਮਤ ਨਹੀਂ ਵੇਖਣਾ ਚਾਹੁੰਦ ਹਨ ਬਲਕਿ ਵਿਚਾਰਕ ਸਾਂਝ ਹੋਣ ਨੂੰ ਅਸਲ ਪਿਆਰ ਭਰੇ ਪਰਵਾਰਿਕ ਰਿਸ਼ਤਿਆਂ ਨੂੰ ਮਜਬੂਤ ਕਰਨਾ ਚਾਹੁੰਦੇ ਹਨ; ਜਿਵੇਂ ਕਿ ਬਚਨ ਹਨ, ‘‘ਧਨ ਪਿਰੁ ਏਹਿ ਨ ਆਖੀਅਨਿ; ਬਹਨਿ ਇਕਠੇ ਹੋਇ ॥ ਏਕ ਜੋਤਿ, ਦੁਇ ਮੂਰਤੀ; ਧਨ ਪਿਰੁ ਕਹੀਐ ਸੋਇ ॥’’ (ਮਹਲਾ ੩/੭੮੮)
ਗੁਰੂ ਨਾਨਕ ਸਾਹਿਬ ਜੀ ਨੇ ਭੀ ਔਰਤਾਂ ਦੇ ਅਧਿਕਾਰਾਂ ਲਈ ਇਉਂ ਆਵਾਜ਼ ਬੁਲੰਦ ਕੀਤੀ ਸੀ, ‘‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥’’ (ਮਹਲਾ ੧/੪੭੩) ਇਨ੍ਹਾਂ ਕਾਰਨਾਂ ਕਰਕੇ ਹੀ ਗੁਰੂ ਅਮਰਦਾਸ ਜੀ ਨੇ ਇਸਤਰੀਆਂ ਨੂੰ ਮਰਦ ਦੇ ਬਰਾਬਰ ਦਾ ਦਰਜਾ ਦੇਣ ਲਈ ਘੁੰਡ ਕੱਢਣ ਦੀ ਪ੍ਰਥਾ ਬੰਦ ਕਰਵਾਈ, ਅਕਬਰ ਬਾਦਿਸ਼ਾਹ ਨੂੰ ਕਹਿ ਕੇ ਸਤੀਪ੍ਰਥਾ ਨੂੰ ਕਾਨੂੰਨੀ ਤੌਰ ’ਤੇ ਬੰਦ ਕਰਵਾਇਆ। ਗੁਰਮਤਿ ਸਿਧਾਂਤ ਦੇ ਪ੍ਰਚਾਰ ਪਾਸਾਰ ਲਈ ਆਪ ਨੇ 22 ਮੰਜੀਆਂ ਭਾਵ ਪ੍ਰਚਾਰ ਕੇਂਦਰ ਸਥਾਪਤ ਕੀਤੇ, ਜਿਨ੍ਹਾਂ ਵਿਚੋਂ 2 ਮੰਜੀਆਂ ਅਤੇ 52 ਪੀੜ੍ਹੀਆਂ ਦੇ ਮੁਖੀ ਬੀਬੀਆਂ ਨੂੰ ਬਣਾਇਆ। ਇਸ ਤਰ੍ਹਾਂ ਪ੍ਰਚਾਰ ਕਾਫੀ ਫੈਲ ਚੁੱਕਾ ਸੀ। ਆਪ ਨੇ ਸਿੱਖ ਸੰਗਤਾਂ ਨੂੰ ਇਕੱਠਾ ਕਰਨ ਦਾ ਉਪਰਾਲਾ ਕੀਤਾ। ਦਿਵਾਲੀ ਅਤੇ ਵੈਸਾਖੀ ਵਾਲੇ ਦਿਨ ਗੋਇੰਦਵਾਲ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਜੁੜਦੀਆਂ। ਜਿਨ੍ਹਾਂ ਲਈ ਪ੍ਰਬੰਧਕੀ ਢਾਂਚਾ ਵੀ ਸਿਰਜਿਆ ਗਿਆ; ਜਿਵੇਂ ਕਿ ਗੋਇੰਦਵਾਲ ਸਾਹਿਬ ਵਿਖੇ 84 ਪਾਉੜੀਆਂ ਵਾਲ਼ੀ ਬਾਉਲੀ ਖੁਦਵਾਈ ਗਈ ਤਾਂ ਜੋ ਪਾਣੀ ਦੀ ਘਾਟ ਨਾ ਰਹੇ । ਇਉਂ ਸਿੱਖ ਸੰਗਤਾਂ ’ਚ ਜਥੇਬੰਦਕ ਤੇ ਭਾਈਚਾਰਕ ਸਾਂਝ ਮਜ਼ਬੂਤ ਹੋਣ ਲਗੀ।
ਸਿੱਖ-ਸੰਗਤਾਂ ’ਚ ਇਹ ਸਮਾਜਿਕ ਸੁਧਾਰ ਤੇ ਸਾਂਝੇ ਲੰਗਰ ਦੀਆਂ ਪਰੰਪ੍ਰਾਵਾਂ ਹਿੰਦੂ ਧਰਮ ਦੇ ਮੁਖੀ, ਕਾਜ਼ੀ, ਮੁਲਾਣੇ ਤੇ ਮੌਲਵੀਆਂ ਨੂੰ ਚੁਭ ਰਹੀਆਂ ਸਨ। ਜਿਸ ਕਾਰਨ ਉਨ੍ਹਾਂ ਨੇ ਅਕਬਰ ਬਾਦਿਸ਼ਾਹ ਨੂੰ ਜਾ ਸ਼ਿਕਾਇਤ ਕੀਤੀ ਕਿ ਇਹ ਹਿੰਦੂ (ਸਿੱਖ), ਨਾ ਜਾਤ ਪਾਤ ਨੂੰ ਮੰਨਦੇ ਹਨ ਅਤੇ ਨਾ ਹੀ ਗਾਇਤਰੀ ਦਾ ਪਾਠ ਕਰਦੇ ਹਨ, ਇਸ ਲਈ ਸਾਡੇ ਸਨਾਤਨੀ ਧਰਮ ਲਈ ਖਤਰਾ ਹਨ। ਗੁਰਮਤਿ ਦਾ ਸਿਧਾਂਤ ਸਪਸ਼ਟ ਕਰਨ ਲਈ ਗੁਰੂ ਅਮਰਦਾਸ ਜੀ ਵੱਲੋਂ ਭਾਈ ਜੇਠਾ ਜੀ (ਬਾਅਦ ’ਚ ਗੁਰੂ ਰਾਮਦਾਸ ਜੀ) ਨੂੰ ਅਕਬਰ ਕੋਲ਼ ਲਾਹੌਰ ਭੇਜਿਆ ਗਿਆ, ਜੋ ਕਿ ਓਨੀਂ ਦਿਨੀਂ ਓਥੇ ਆਇਆ ਹੋਇਆ ਸੀ। ਭਾਈ ਜੇਠਾਂ ਜੀ ਨੇ ਨੀਵਿਆਂ, ਬੇਸਹਾਰਾ ਦਾ ਸਹਾਰਾ ਬਣਨ ਵਾਲ਼ਾ ਗੁਰਮਤਿ ਸਿਧਾਂਤ, ਜੋ ਕਿ ਗੁਰੂ ਨਾਨਕ ਸਾਹਿਬ ਜੀ ਨੇ ਐਲਾਨਿਆ ਸੀ, ਨੂੰ ਸਪਸ਼ਟ ਕੀਤਾ ‘‘ਨੀਚਾ ਅੰਦਰਿ ਨੀਚ ਜਾਤਿ; ਨੀਚੀ ਹੂ ਅਤਿ ਨੀਚੁ ॥ ਨਾਨਕੁ ਤਿਨ ਕੈ ਸੰਗਿ ਸਾਥਿ; ਵਡਿਆ ਸਿਉ ਕਿਆ ਰੀਸ ॥ ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ਬਖਸੀਸ ॥’’ (ਮਹਲਾ ੧/੧੫), ਸਾਡੀ ਇਹੀ ਸਿੱਖੀ ਹੈ, ਇਸ ਲਈ ਅਸੀਂ ਕਹੇ ਜਾਂਦੇ ਅਛੂਤਾਂ ਨੂੰ ਦੁਰਕਾਰ ਨਹੀਂ ਸਕਦੇ, ਇਨ੍ਹਾਂ ਨੂੰ ਬਰਾਬਰ ਦਾ ਦਰਜਾ ਦੇਣਾ ਹੀ ਸਾਡਾ ਧਰਮ ਹੈ।
ਗਾਇਤਰੀ ਮੰਤਰ ਦੀ ਅਸਲੀਅਤ ਬਿਆਨ ਕਰਨ ਲਈ ਇਹ ਬਚਨ ਸੁਣਾਏ ਕਿ ‘‘ਪਾਂਡੇ ! ਤੁਮਰੀ ਗਾਇਤ੍ਰੀ, ਲੋਧੇ ਕਾ ਖੇਤੁ ਖਾਤੀ ਥੀ ॥ ਲੈ ਕਰਿ ਠੇਗਾ ਟਗਰੀ ਤੋਰੀ; ਲਾਂਗਤ ਲਾਂਗਤ ਜਾਤੀ ਥੀ ॥’’ (ਨਾਮਦੇਵ/੮੭੪) ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਹਨ ‘‘ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ॥ ਦੇਉ ਨ ਦੇਹੁਰਾ; ਗਊ ਗਾਇਤ੍ਰੀ ॥ ਹੋਮ ਜਗ ਨਹੀ ਤੀਰਥਿ ਨਾਵਣੁ; ਨਾ ਕੋ ਪੂਜਾ ਲਾਇਦਾ ॥’’ (ਮਹਲਾ ੧/੧੦੩੬) ਅਤੇ ਗੁਰੂ ਅਮਰਦਾਸ ਜੀ ਦੇ ਬਚਨ ਸੁਣਾਏ ਕਿ ਵੇਖ ਦੈਂਤ (ਹਰਨਾਖਸ਼) ਦਾ ਪੁੱਤਰ ਪ੍ਰਹਿਲਾਦ ਗਾਇਤ੍ਰੀ (ਮੰਤ੍ਰ ਦਾ ਪਾਠ ਨਹੀਂ ਕਰਦਾ ਸੀ, ਪਿਤਰਾਂ ਦੀ ਪ੍ਰਸੰਨਤਾ ਵਾਸਤੇ) ਪੂਜਾ-ਅਰਚਾ ਕਰਨੀ ਨਹੀਂ ਜਾਣਦਾ ਸੀ ਫਿਰ ਭੀ (ਪਰਮਾਤਮਾ ਨੇ ਉਸ ਨੂੰ ਗੁਰੂ ਦੇ) ਸ਼ਬਦ ਰਾਹੀਂ (ਆਪਣੇ ਚਰਨਾਂ ਵਿਚ) ਜੋੜ ਲਿਆ ‘‘ਦੈਤ ਪੁਤ੍ਰੁ ਪ੍ਰਹਲਾਦੁ; ਗਾਇਤ੍ਰੀ ਤਰਪਣੁ ਕਿਛੂ ਨ ਜਾਣੈ; ਸਬਦੇ ਮੇਲਿ ਮਿਲਾਇਆ ॥’’ (ਮਹਲਾ ੩/ ੧੧੩੩)
ਸੋ ਐਸੇ ਗਇਤ੍ਰੀ ਮੰਤ੍ਰ ਦਾ ਨਿਤਾਪ੍ਰਤੀ ਪਾਠ ਕਰਨ ਦੀ ਕੋਈ ਤੁਕ ਨਹੀਂ ਹੈ। ਭਾਈ ਜੇਠਾ ਜੀ ਨੇ ਅਕਬਰ ਬਾਦਿਸ਼ਾਹ ਦੀ ਇਸ ਕਦਰ ਤਸੱਲੀ ਕਰਵਾਈ ਕਿ ਉਹ ਖੁਦ ਬੜੀ ਨਿਮਰਤਾ ਸਹਿਤ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਗੋਇੰਦਵਾਲ ਆਇਆ ਅਤੇ ਬੜੇ ਪਿਆਰ ਤੇ ਸ਼ਰਧਾ ਨਾਲ ਪੰਗਤ ਵਿਚ ਬੈਠ ਕੇ ਲੰਗਰ ਵੀ ਛਕਿਆ। ਓਹ ਐਨਾ ਖੁਸ਼ ਹੋਇਆ ਕਿ ਗੁਰੂ ਕੇ ਲੰਗਰਾਂ ਲਈ ਚੋਖੀ ਮਾਇਆ ਤੇ ਜਗੀਰ ਭੇਂਟ ਕਰਨ ਚਾਹੀ, ਪਰ ਗੁਰੂ ਸਾਹਿਬ ਨੇ ਉਸ ਨੂੰ ਸਮਝਾਇਆ ਕਿ ਲੰਗਰ; ਸੰਗਤ ਦੇ ਦਸਵੰਧ ਨਾਲ਼ ਚੱਲਦੇ ਹੀ ਮਨੁੱਖਤਾ ਅੰਦਰ ਪਿਆਰ ਪੈਦਾ ਕਰਦੇ ਹਨ। ਅਖੀਰ ਉਸ ਨੇ ਬੀਬੀ ਭਾਨੀ ਜੀ ਨੂੰ ਆਪਣੀ ਬੱਚੀ ਕਹਿ ਕੇ 22 ਪਿੰਡਾਂ (ਝਬਾਲ) ਦਾ ਇਲਾਕਾ ਉਸ ਦੇ ਨਾਂ ਲਗਾ ਦਿੱਤਾ। ਗੁਰੂ ਜੀ ਦੇ ਕਹਿਣ ’ਤੇ ਕਾਲ ਤੋਂ ਪੀੜਤ ਕਿਸਾਨਾਂ ਨੂੰ ਟੈਕਸ ਤੋਂ ਛੋਟ ਵੀ ਕਰਾਈ। ਫਿਰੋਜ਼ ਸ਼ਾਹ ਤੁਗਲਕ ਵੇਲੇ ਦਾ ਲੱਗਿਆ ਹੋਇਆ ਯਾਤਰਾ ਟੈਕਸ ਅਕਬਰ ਤੋਂ ਮਾਫ਼ ਕਰਾਇਆ।
ਆਪ ਨੇ ਜਾਤ-ਪਾਤ ਵਿਤਕਰੇ ਨੂੰ ਖਤਮ ਕਰਨ ਲਈ ਹੀ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਬਣਵਾਈ ਸੀ, ਜਿਸ ਵਿਚ ਹਰ ਇਕ ਨੂੰ ਪਾਣੀ ਭਰਨ ਅਤੇ ਇਸ਼ਨਾਨ ਕਰਨ ਦੀ ਖੁੱਲ੍ਹ ਸੀ। ਮਾਲ ਡੰਗਰਾਂ ਤੇ ਖੇਤੀ ਵਾਸਤੇ ਇਕ ਵੱਡਾ ਖੂਹ ਵੀ ਬਣਵਾਇਆ, ਜਿਥੇ ਹਰਟ ਚਲਵਾਏ। ਗੋਇੰਦਵਾਲ ਸਾਹਿਬ ਸਿੱਖਾਂ ਦਾ ਪਹਿਲਾ ਕੇਂਦਰ ਤੇ ਤੀਰਥ ਅਸਥਾਨ ਬਣ ਗਿਆ। ਗੁਮਟਾਲਾ, ਤੁੰਗ, ਸੁਲਤਾਨ ਵਿੰਡ ਤੇ ਗਿਲਵਾਨੀ ਪਿੰਡਾਂ ਦੇ ਮੁਖੀਆਂ ਨੂੰ ਇਕੱਤ੍ਰ ਕਰਕੇ, ਜਮੀਨ ਖਰੀਦੀ ਤੇ 1570 ਈਸਵੀ ਵਿਚ ਮੋੜੀ ਗਡਵਾ ਕੇ ਇਸ ਦਾ ਨਾਂ ਗੁਰੂ ਕਾ ਚੱਕ (ਅਜੋਕਾ ਅੰਮ੍ਰਿਤਸਰ ਸਾਹਿਬ) ਰੱਖ ਦਿਤਾ। ਇਸ ਦੀ ਉਸਾਰੀ ਦਾ ਕੰਮ ਭਾਈ ਜੇਠਾ ਜੀ ਦੀ ਨਿਗਰਾਨੀ ਹੇਠ ਹੋਇਆ।
ਭਾਵੇਂ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ’ਚ ਆਉਣ ਤੋਂ ਪਹਿਲਾਂ (ਗੁਰੂ) ਅਮਰਦਾਸ ਜੀ 20 ਵਾਰ ਗੰਗਾ ਇਸ਼ਨਾਨ ਕਰਨ ਲਈ ਗਏ, ਪਰ ਉਸ ਤੋਂ ਬਾਅਦ ਗੁਰੂ ਪਦਵੀ ’ਤੇ ਬਿਰਾਜਮਾਨ ਹੋਣ ਉਪਰੰਤ ਓਥੇ ਲੁਕਾਈ ਨੂੰ ਵਹਿਮਾਂ ਭਰਮਾਂ ’ਚੋਂ ਕੱਢਣ ਲਈ ਗਏ; ਜਿਸ ਦਾ ਜ਼ਿਕਰ ਗੁਰੂ ਰਾਮਦਾਸ ਜੀ ਨੇ ਕੀਤਾ ਹੈ, ‘‘ਤੀਰਥ ਉਦਮੁ ਸਤਿਗੁਰੂ ਕੀਆ; ਸਭ ਲੋਕ ਉਧਰਣ ਅਰਥਾ ॥ ਮਾਰਗਿ ਪੰਥਿ ਚਲੇ; ਗੁਰ ਸਤਿਗੁਰ ਸੰਗਿ ਸਿਖਾ ॥’’ (ਮਹਲਾ ੪/੧੧੧੬)
ਜਦ ਗੁਰੂ ਸਾਹਿਬ ਨੂੰ ਲਗਾ ਕਿ ਉਨ੍ਹਾਂ ਦੀ ਸਚਖੰਡ ਦੀ ਵਾਪਸੀ ਦਾ ਸਮਾਂ ਨੇੜੇ ਆ ਗਿਆ, ਤਾਂ ਆਪਣਾ ਸਾਰਾ ਪਰਵਾਰ ਅਤੇ ਸਿੱਖ ਇਕੱਤਰ ਕੀਤੇ। ਆਪਣੇ ਚਲਾਣੇ ਤੋਂ ਬਾਅਦ ਰੋਣ ਅਤੇ ਹਿੰਦੂ ਮਤ ਅਨੁਸਾਰ ਕੀਤੇ ਜਾਣ ਵਾਲੇ ਕਰਮਕਾਂਡ ਨਾ ਕਰਨ ਅਤੇ ਗੁਰਮਤਿ ਅਨੁਸਾਰੀ ਕੰਮ ਕਰਨ ਦਾ ਆਦੇਸ਼ ਦੇ ਕੇ ਭਾਦੋਂ ਸੁਦੀ ੧੫, ੨ ਅੱਸੂ ਬਿ: ੧੬੩੧/1 ਸਤੰਬਰ 1574 ਈ: ਨੂੰ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਸੌਂਪ ਆਪ ਜੋਤੀ ਜੋਤ ਸਮਾ ਗਏ। ਇਸ ਦਾ ਜ਼ਿਕਰ ਆਪ ਦੇ ਪੜਪੋਤਰੇ (ਬਾਬਾ ਸੁੰਦਰ ਜੀ) ਵੱਲੋਂ ਉਚਾਰਨ ਕੀਤੀ ਅਤੇ ਗੁਰੂ ਗ੍ਰੰਥ ਸਾਹਿਬ ਜੀ ’ਚ ਦਰਜ ਬਾਣੀ ‘‘ਰਾਮਕਲੀ ਸਦੁ’’ ’ਚ ਇਸ ਤਰ੍ਹਾਂ ਕੀਤਾ ਹੈ:-
ਗੁਰੂ ਜੀ ਸਿੱਖਾਂ ਨੂੰ ਸੰਬੋਧਨ ਕਰਦੇ ਆਖਦੇ ਹਨ ਕਿ ਤੁਸੀਂ ਮੇਰੇ ਪੁੱਤਰ ਹੋ, ਮੇਰੇ ਭਰਾ ਹੋ, ਮੇਰਾ ਪਰਵਾਰ ਹੋ; ਮਨ ਵਿਚ ਕਿਆਸ ਕਰ ਕੇ ਵੇਖਹੁ, ਕਿ ਧੁਰੋਂ ਲਿਖਿਆ ਹੋਇਆ ਮੌਤ ਦਾ ਇਲਾਹੀ ਹੁਕਮ ਕਦੇ ਟਲ ਨਹੀਂ ਸਕਦਾ; ਇਸ ਵਾਸਤੇ ਹੁਣ ਗੁਰੂ, ਅਕਾਲ ਪੁਰਖ ’ਚ ਅਭੇਦ (ਲੀਨ) ਹੋਣ ਜਾ ਰਿਹਾ ਹੈ : ‘‘ਤੁਸੀ ਪੁਤ ਭਾਈ ਪਰਵਾਰੁ ਮੇਰਾ; ਮਨਿ ਵੇਖਹੁ ਕਰਿ ਨਿਰਜਾਸਿ ਜੀਉ ॥ ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ; ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥੩॥’’
ਗੁਰੂ ਅਮਰਦਾਸ ਜੀ ਨੇ ਅੰਤਲੇ ਸਮੇਂ ਸਾਰੇ ਪਰਵਾਰ ਨੂੰ ਬੁਲਾਇਆ ਅਤੇ ਗੁਰਮਤਿ ਅਨੁਸਾਰੀ ਇਹ ਸਿੱਖਿਆ ਦਿੱਤੀ ਕਿ ਜਦੋਂ ਮੌਤ ਉਪਰੰਤ ਭੀ ਕਿਸੇ ਨੂੰ ਆਦਰ ਮਿਲਦਾ ਹੋਵੇ ਤਾਂ ਖੁਸ਼ ਹੋਈਦਾ ਹੈ। ਇਸ ਲਈ ਹੇ ਮੇਰੇ ਪੁੱਤਰੋ, ਭਰਾਵੋ ! (ਹੁਣ) ਵਿਚਾਰ ਕੇ ਵੇਖੋ ਕਿ ਅਕਾਲ ਪੁਰਖ ਗੁਰੂ (ਗੁਰੂ ਅਮਰਦਾਸ ਜੀ) ਨੂੰ ਆਪਣੀ ਦਰਗਾਹ ’ਚ ਆਦਰ ਦੇ ਰਿਹਾ ਹੈ, ਇਸ ਲਈ ਤੁਸੀਂ ਭੀ ਖ਼ੁਸ਼ ਹੋਵੋ; ਮਤਾਂ ਮੇਰੇ ਪਿਛੋਂ ਕੋਈ ਰੋਵੇ, ਐਸਾ ਵਿਅਕਤੀ ਮੈਨੂੰ ਉੱਕਾ ਹੀ ਪਸੰਦ ਨਹੀਂ। ਗੁਰੂ ਅਮਰਦਾਸ ਜੀ ਨੇ ਸਰੀਰਕ ਜਾਮੇ ’ਚ ਹੁੰਦਿਆਂ ਹੀ (ਗੁਰੂ) ਰਾਮਦਾਸ ਜੀ ਨੂੰ ਆਪ ਗੁਰਿਆਈ ਬਖ਼ਸ਼ੀ ਤੇ ਸਾਰੇ ਸਿੱਖਾਂ, ਸਾਕਾਂ, ਪੁਤ੍ਰਾਂ, ਭਰਾਵਾਂ ਨੂੰ (ਗੁਰੂ) ਰਾਮਦਾਸ ਜੀ ਦੀ ਚਰਨੀਂ ਲਾ ਦਿੱਤਾ : ‘‘ਸਤਿਗੁਰਿ ਭਾਣੈ ਆਪਣੈ; ਬਹਿ, ਪਰਵਾਰੁ ਸਦਾਇਆ ॥ ਮਤ, ਮੈ ਪਿਛੈ ਕੋਈ ਰੋਵਸੀ; ਸੋ, ਮੈ ਮੂਲਿ ਨ ਭਾਇਆ ॥ ਮਿਤੁ ਪੈਝੈ, ਮਿਤੁ ਬਿਗਸੈ; ਜਿਸੁ ਮਿਤ ਕੀ ਪੈਜ ਭਾਵਏ ॥ ਤੁਸੀ ਵੀਚਾਰਿ ਦੇਖਹੁ ਪੁਤ ਭਾਈ ! ਹਰਿ ਸਤਿਗੁਰੂ ਪੈਨਾਵਏ ॥ ਸਤਿਗੁਰੂ ਪਰਤਖਿ ਹੋਦੈ; ਬਹਿ ਰਾਜੁ ਆਪਿ ਟਿਕਾਇਆ ॥ ਸਭਿ ਸਿਖ ਬੰਧਪ ਪੁਤ ਭਾਈ; ਰਾਮਦਾਸ ਪੈਰੀ ਪਾਇਆ ॥੪॥’’ (ਬਾਬਾ ਸੁੰਦਰ ਜੀ/ਸਦੁ)
ਆਖਰੀ ਸਮੇਂ ਭਾਵ ਜੋਤੀ ਜੋਤਿ ਸਮਾਉਣ ਵੇਲੇ ਗੁਰੂ ਅਮਰਦਾਸ ਜੀ ਨੇ ਇਹ ਸਿੱਖਿਆ ਭੀ ਦਿੱਤੀ ਕਿ ‘‘ਮੇਰੇ ਪਿੱਛੋਂ ਨਿਰੋਲ ਕੀਰਤਨ ਕੀਤਾ ਜਾਵੇ। ਬ੍ਰਾਹਮਣੀ ਕਰਮਕਾਂਡ ਜਿਵੇਂ ਕਿ ਵੱਡਾ ਕਰਨਾ, ਪੱਤਲਾਂ ਤੇ ਪਿੰਡ ਭਰਾਉਣੇ, ਕਿਰਿਆ ਕਰਨੀ ਅਤੇ ਹਰਿਦੁਆਰ ਜਾ ਕੇ ਫੁੱਲ ਆਦਿ ਪਾਉਣ ਦੀ ਕੋਈ ਲੋੜ ਨਹੀਂ। ਇਸ ਦੀ ਥਾਂ ਅਕਾਲ ਪੁਰਖ ਦੇ ਪੂਜਾਰੀ ਵਿਦਵਾਨ ਗੁਰਸਿੱਖਾਂ ਨੂੰ ਸੱਦ ਘੱਲਿਓ, ਜੋ (ਇਕੱਤਰ ਹੋ ਕੇ) ਅਕਾਲ ਪੁਰਖ ਦੀ ਕਥਾ ਵਾਰਤਾ ਪੜ੍ਹਨ; ਇਹੀ ਹੈ ‘ਅਸਲ ਪੁਰਾਣ ਕਥਾ’। ਆਪ ਜੀ ਦੇ ਅੰਤਮ ਬਚਨ ਹਨ, ਸਤਿਗੁਰੂ ਨੂੰ ਸੁਜਾਣ ਅਕਾਲ ਪੁਰਖ ਮਿਲ ਪਿਆ, ‘‘ਅੰਤੇ, ਸਤਿਗੁਰੁ ਬੋਲਿਆ; ਮੈ ਪਿਛੈ, ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥ ਕੇਸੋ ਗੋਪਾਲ ਪੰਡਿਤ ਸਦਿਅਹੁ; ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ ॥ ਹਰਿ ਕਥਾ ਪੜੀਐ, ਹਰਿ ਨਾਮੁ ਸੁਣੀਐ; ਬੇਬਾਣੁ, ਹਰਿ ਰੰਗੁ ਗੁਰ ਭਾਵਏ ॥ ਪਿੰਡੁ ਪਤਲਿ ਕਿਰਿਆ ਦੀਵਾ ਫੁਲ; ਹਰਿ ਸਰਿ ਪਾਵਏ ॥ ਹਰਿ ਭਾਇਆ ਸਤਿਗੁਰੁ ਬੋਲਿਆ; ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥ ਰਾਮਦਾਸ ਸੋਢੀ ਤਿਲਕੁ ਦੀਆ; ਗੁਰ ਸਬਦੁ ਸਚੁ ਨੀਸਾਣੁ ਜੀਉ ॥੫॥’’
ਅੱਜ ਅਨੇਕਾਂ ਡੰਮੀ ਗੁਰੂ ਦੇ ਚੇਲੇ (ਪੈਰੋਕਾਰ); ਆਪ ਹੀ ਆਪਣੇ ਗੁਰੂ ਦੇ ਉੱਤਰਾਧਿਕਾਰੀ ਦੀ ਚੋਣ ਕਰਦੇ ਹਨ। ਕਈ ਡੇਰਿਆਂ ’ਚ ਇਸ ਨਾਲ਼ ਵਿਵਾਦ ਭੀ ਪੈਦਾ ਹੋਏ। ਜਿਨ੍ਹਾਂ ਦੇ ਡਰ ਕਾਰਨ ਕੁਝ ਆਪਣੇ ਅਖੌਤੀ ਗੁਰੂ ਦੀ ਮ੍ਰਿਤਕ ਦੇਹ ਨੂੰ ਅਜੇ ਫ਼ਰਿੱਜ ’ਚ ਹੀ ਸਾਂਭੀ ਬੈਠੇ ਹਨ। ਗੁਰੂ ਅੰਗਦ ਸਾਹਿਬ ਜੀ ਨੇ ਆਪਣੇ ਤੋਂ ਉਮਰ ’ਚ ਵੱਡੇ (ਗੁਰੂ ਅਮਰਦਾਸ ਜੀ) ਨੂੰ ਗੁਰਿਆਈ ਆਪ ਬਖ਼ਸ਼ੀ ਕਿਉਂਕਿ ਸੱਚੇ ਗੁਰੂ ਨੂੰ ਆਪਣੇ ਸਵਾਸਾਂ ਦੀ ਪੂੰਜੀ ਖ਼ਤਮ ਹੋਣ ਬਾਰੇ ਪਹਿਲਾਂ ਹੀ ਜਾਣਕਾਰੀ ਹੁੰਦੀ ਹੈ ਤਾਹੀਓਂ ਹਰ ਗੁਰੂ ਸਾਹਿਬ ਨੇ ਆਪਣੇ ਉੱਤਰਾਧਿਕਾਰੀ ਦੀ ਆਪ ਨਿਯੁਕਤੀ ਕਰ ਥੋੜ੍ਹੇ ਸਮੇਂ ਬਾਅਦ ਹੀ ਆਪਣਾ ਸਰੀਰ ਤਿਆਗ ਦਿੱਤਾ ਜਾਂਦਾ ਰਿਹਾ।
ਡਾ. ਗੰਡਾ ਸਿੰਘ, ਪ੍ਰੋ. ਸਾਹਿਬ ਸਿੰਘ, ਸਿੱਖ ਇਤਿਹਾਸ ਅਤੇ ਵੈੱਬਸਾਈਟ (ਸ੍ਰੋ.ਗੁ.ਪ੍ਰ. ਕਮੇਟੀ) ਅਨੁਸਾਰ ਸ੍ਰੀ (ਗੁਰੂ) ਰਾਮਦਾਸ ਜੀ ਦਾ ਜਨਮ ਚੂੰਨਾ ਮੰਡੀ ਲਹੌਰ ਵਿਖੇ ਕੱਤਕ ਵਦੀ ੨, ੨੫ ਅੱਸੂ ਬਿਕ੍ਰਮੀ ਸੰਮਤ ੧੫੯੧/24 ਸਤੰਬਰ 1534 ਈ: ਨੂੰ ਪਿਤਾ ਹਰਿ ਦਾਸ ਜੀ ਅਤੇ ਮਾਤਾ ਦਇਆ ਕੌਰ ਜੀ ਦੇ ਘਰ ਹੋਇਆ। ਮਾਤਾ ਪਿਤਾ ਦੀ ਪਹਿਲੀ ਸੰਤਾਨ ਹੋਣ ਕਾਰਨ ਆਪ ਨੂੰ ‘ਜੇਠਾ’ ਕਹਿ ਕੇ ਬੁਲਾਇਆ ਜਾਂਦਾ ਸੀ। ਕੁਦਰਤ ਦਾ ਭਾਣਾ ਐਸਾ ਵਰਤਿਆ ਕਿ 7 ਸਾਲ ਦੀ ਉਮਰ ਹੋਣ ਤੱਕ ਆਪ ਜੀ ਦੇ ਸਿਰ ਤੋਂ ਮਾਤਾ ਦਾ ਸਾਇਆ ਉੱਠ ਗਿਆ ਤੇ ਛੇਤੀ ਹੀ ਪਿਤਾ ਜੀ ਵੀ ਚੜ੍ਹਾਈ ਕਰ ਗਏ। ਚਾਚੇ ਤਾਇਆਂ ਨੇ ਮੂੰਹ ਫੇਰ ਲਿਆ ਤਾਂ 1541 ਈ: ’ਚ ਆਪ ਜੀ ਦੀ ਨਾਨੀ ਆਪ ਜੀ ਨੂੰ ਆਪਣੇ ਪਿੰਡ ਬਾਸਰਕੇ ਲੈ ਆਈ। ਨਾਨੀ ਆਰਥਿਕ ਪੱਖੋਂ ਗ਼ਰੀਬ ਸੀ, ਜਿਸ ਕਰਕੇ ਆਪ ਜੀ ਦੇ ਸਿਰ ’ਤੇ ਆਪਣੇ ਛੋਟੇ ਭਰਾ ਅਤੇ ਭੈਣ ਦੇ ਪਾਲਣ-ਪੋਸਣ ਦਾ ਵੀ ਭਾਰ ਪੈ ਗਿਆ। ਆਪ ਚੜ੍ਹਦੀ ਕਲਾ ਦੀ ਮੂਰਤ ਸਨ। ਕਦੇ ਹੌਸਲਾ ਨਾ ਹਾਰਿਆ ਸਗੋਂ ਘੁੰਗਣੀਆਂ ਵੇਚਣ ਦੀ ਕਿਰਤ ਕਰਨ ਲੱਗ ਪਏ, ਪਰ ਕਿਸੇ ਅੱਗੇ ਹੱਥ ਨਾ ਫੈਲਾਇਆ। ਸੰਨ 1546 ਵਿੱਚ ਨਾਨੀ ਜੀ ਉਨ੍ਹਾਂ ਨੂੰ ਨਾਲ ਲੈ ਕੇ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਆਈ ਤਾਂ ਗੁਰੂ ਜੀ ਨੇ ਆਪ ਜੀ ਨੂੰ ਗੋਇੰਦਵਾਲ ਹੀ ਰਹਿਣ ਦੀ ਨਸੀਹਤ ਦਿੱਤੀ। ਇੱਥੇ ਗੁਰੂ ਅਮਰਦਾਸ ਜੀ ਦੇ ਪਿਆਰ ਤੇ ਹਮਦਰਦੀ ਨੇ ਜੇਠਾ ਜੀ ਨੂੰ ਗੁਰਮਤਿ ਨਾਲ ਜੋੜਨ ਵਿੱਚ ਡੂੰਘਾ ਪ੍ਰਭਾਵ ਪਾਇਆ। ਭਾਈ ਜੇਠਾ ਜੀ ਨੇ ਵੀ ਆਪਣੇ ਜੀਵਨ ਦਾ ਹਰ ਪਲ ਗੁਰੂ ਉਪਦੇਸ਼ ਅਨੁਸਾਰ ਢਾਲਣ ਦਾ ਯਤਨ ਕੀਤਾ। ਤਕਰੀਬਨ 40 ਕੁ ਸਾਲ ਦੀ ਉਮਰ ਤੱਕ ਪੂਰੀ ਨਿਸ਼ਠਾ ਨਾਲ ਗੁਰੂ ਘਰ ਦੀ ਸੇਵਾ ਕੀਤੀ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ’ਤੇ ਚੌਥੇ ਗੁਰੂ ਵਜੋਂ ਸਥਾਪਤ ਹੋਏ। ਇਤਿਹਾਸ ਗਵਾਹ ਹੈ ਕਿ ਇਕ ਦਿਨ ਗੁਰੂ ਅਮਰਦਾਸ ਜੀ; ਘਰ ਵਿਚ ਆਪਣੀ ਲੜਕੀ ਬੀਬੀ ਭਾਨੀ ਦੇ ਰਿਸ਼ਤੇ ਬਾਰੇ ਵਿਚਾਰ ਕਰ ਰਹੇ ਸਨ ਤਾਂ ਅਚਾਨਕ ਹੀ ‘ਜੇਠਾ’ ਜੀ, ਜੋ ਉਸ ਵੇਲੇ ਮਿੱਟੀ-ਇੱਟਾਂ ਆਦਿ ਚੁੱਕਣ ਦੀ ਸੇਵਾ ਵਿੱਚ ਲੱਗੇ ਹੋਏ ਸਨ, ਨੂੰ ਵੇਖ ਕੇ ਮਾਤਾ ਜੀ ਨੇ ਸਹਿਜ ਸੁਭਾ ਹੀ ਆਖ ਦਿੱਤਾ ਕਿ ਭਾਨੀ ਲਈ ਐਡਾ ਅਤੇ ਐਸਾ ਵਰ ਹੋਣਾ ਚਾਹੀਦਾ ਹੈ। ਗੁਰੂ ਅਮਰਦਾਸ ਜੀ ਨੇ ਆਖਿਆ ਕਿ ਐਸਾ ਤਾਂ ਫਿਰ ਇਹੋ ਹੀ ਹੈ ਤੇ ਆਪਣੀ ਪੁੱਤਰੀ ਭਾਨੀ ਜੀ ਦੀ ਸਗਾਈ ਆਪ ਜੀ ਨਾਲ ਕਰ ਦਿੱਤੀ। ਗੁਰੂ ਸਾਹਿਬ ਆਪਣੀ ਪੁਤਰੀ ਭਾਨੀ ਅਤੇ ਜੇਠਾ ਜੀ ਨੂੰ ਪਤੀ-ਪਤਨੀ ਦੇ ਰੂਪ ਵਿਚ ਸੇਵਾ ਵਿਚ ਮਗਨ ਅਤੇ ਜੁਟੇ ਰਹਿੰਦੇ ਦੇਖ ਕੇ ਬਹੁਤ ਖੁਸ਼ ਹੁੰਦੇ। ਇਨ੍ਹਾਂ ਦਿਨਾਂ ਵਿੱਚ ਗੋਇੰਦਵਾਲ ਵਿੱਚ ਬਾਉਲੀ ਦੀ ਕਾਰ-ਸੇਵਾ ਹੋ ਰਹੀ ਸੀ, ਜਿਸ ਵਿਚ ਇਨ੍ਹਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਆਪ ਜੀ ਮਿਠ ਬੋਲੜੇ ਸਨ। ਨਿਮਰਤਾ, ਦਇਆ, ਪ੍ਰੇਮ ਅਤੇ ਉਦਾਰਤਾ ਦੇ ਗੁਣਾਂ ਨਾਲ ਭਰਪੂਰ ਸਨ, ਜਿਸ ਦਾ ਪਰਤੱਖ ਸਬੂਤ ਗੁਰੂ ਅਮਰਦਾਸ ਜੀ ਵੱਲੋਂ ਲਈ ਗਈ ਪ੍ਰੀਖਿਆ ’ਚ ਭੀ ਝਲਕਦਾ ਹੈ। ਬਾਉਲੀ ਦੀ ਉਸਾਰੀ ਦੇਖਣ ਲਈ ਇਕ ਥੜ੍ਹਾ ਬਣਾਉਣ ਲਈ ਆਖਿਆ। ਗੁਰੂ ਸਾਹਿਬ ਜੀ ਨੇ ਆਪਣੇ ਵੱਡੇ ਜਵਾਈ ਰਾਮਾ ਜੀ ਅਤੇ ਛੋਟੇ ਜੇਠਾ ਜੀ ਨੂੰ ਥੜ੍ਹੇ ਬਣਾਉਣ ਵਾਸਤੇ ਆਖਿਆ। ਹਰ ਵਾਰ ਬਣਾਏ ਜਾ ਰਹੇ ਥੜ੍ਹੇ ਨੂੰ ਵੇਖ ਕੇ ਗੁਰੂ ਸਾਹਿਬ ਕੋਈ ਨਾ ਕੋਈ ਕਮੀ ਕੱਢ ਦਿੰਦੇ ਤੇ ਥੜ੍ਹਾ ਦੁਬਾਰਾ ਬਣਾਉਣ ਲਈ ਕਹਿੰਦੇ। ਭਾਈ ਰਾਮਾ ਜੀ ਨੇ ਤਾਂ ਗੁਰੂ ਜੀ ਵੱਲੋਂ ਦੋ ਬਾਰ ਥੜ੍ਹਾ ਢਹਾਏ ਜਾਣ ’ਤੇ ਗੁੱਸਾ ਮਨਾਇਆ, ਪਰ ਜੇਠਾ ਜੀ ਨੇ ਹਰ ਵਾਰ ਥੜ੍ਹਾ ਢਾਏ ਜਾਣ ’ਤੇ ਨਿਮ੍ਰਤਾ ਸਹਿਤ ਕਿਹਾ ਕਿ ‘ਮੈਂ ਤਾਂ ਅਣਜਾਨ ਤੇ ਭੁੱਲਣਹਾਰ ਹਾਂ ਪਰ ਤੁਸੀਂ ਕ੍ਰਿਪਾਲੂ ਹੋ, ਜੋ ਬਾਰ ਬਾਰ ਮੇਰੀਆਂ ਭੁੱਲਾਂ ਬਖ਼ਸ਼ਦੇ ਹੋ। ਇਹ ਮੇਰੀ ਅਗਿਆਨਤਾ ਹੈ ਕਿ ਆਪ ਜੀ ਜੋ ਮੈਨੂੰ ਸਮਝਾਉਂਦੇ ਹੋ, ਮੈਂ ਆਪ ਜੀ ਦਾ ਕਿਹਾ ਚੰਗੀ ਤਰ੍ਹਾਂ ਸਮਝ ਨਹੀਂ ਸਕਦਾ’। ਗੁਰੂ ਰਾਮਦਾਸ ਜੀ ਦੀ ਨਿਮਰਤਾ ਦਾ ਹੋਰ ਪ੍ਰਮਾਣ ਇਤਿਹਾਸ ਵਿੱਚੋਂ ਮਿਲਦਾ ਹੈ ਕਿ ਜਦ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਆਪ ਜੀ ਨੂੰ ਪੁੱਛਿਆ ਕਿ ਇੰਨਾ ਲੰਬਾ ਦਾੜ੍ਹਾ ਕਿਉਂ ਰੱਖਿਆ ਹੈ ਤਾਂ ਆਪ ਨੇ ਆਖਿਆ ਕਿ ਆਪ ਜੈਸੇ ਗੁਰਮੁਖਾਂ ਦੇ ਚਰਨ ਝਾੜਣ ਲਈ ਹੈ। ਬਾਬਾ ਜੀ ਬਹੁਤ ਪ੍ਰਭਾਵਤ ਹੋਏ ਅਤੇ ਆਖਿਆ ਕਿ ਤੁਹਾਡੀ ਮਹਿਮਾਂ ਪਹਿਲੇ ਹੀ ਬਹੁਤ ਸੁਣੀ ਸੀ, ਪਰ ਹੁਣ ਪਰਤੱਖ ਵੇਖ ਵੀ ਲਈ ਹੈ।
ਗੁਰੂ ਅਮਰਦਾਸ ਜੀ ਦੇ ਜਵਾਈ ਹੁੰਦਿਆਂ ਹੋਇਆਂ ਵੀ ਜੇਠਾ ਜੀ ਨੇ ਗੁਰੂ ਸਾਹਿਬ ਦੇ ਸਤਿਕਾਰ ਵਿੱਚ ਰੱਤਾ ਭਰ ਢਿੱਲ ਨਾ ਕੀਤੀ ਅਤੇ ਸਦਾ ਗੁਰੂ ਸਰੂਪ ਜਾਣ ਕੇ ਸੇਵਾ ਕੀਤੀ। ਆਪਣੇ ਸ਼ਰੀਕਾਂ ਦੇ ਕਹਿਣ ’ਤੇ ਵੀ ਕੋਈ ਪ੍ਰਵਾਹ ਨਾ ਕੀਤੀ ਅਤੇ ਸਿਰ ’ਤੇ ਗਾਰੇ ਦੀ ਟੋਕਰੀ ਚੁੱਕਣ ਵਾਲੀ ਸੇਵਾ ਕਰਦੇ ਰਹੇ। ਗੁਰੂ ਅਮਰਦਾਸ ਜੀ ਨੇ ਆਖਿਆ ਕਿ ਇਹ ਗਾਰੇ ਦੀ ਟੋਕਰੀ ਨਹੀਂ ਸਗੋਂ ਰਾਜ-ਜੋਗ ਦਾ ਛੱਤਰ ਹੈ। ਆਪ ਜੀ ਦੇ ਜੀਵਨ ਦਾ ਰਾਜ ਨਿਮਰਤਾ, ਹਲੇਮੀ ਅਤੇ ਪਿਆਰ ਹੈ, ਜੋ ਗੁਰੂ ਨਾਨਕ ਦੇ ਰਾਜ ਜੋਗ ਤਖ਼ਤ ਦੇ ਵਾਲੀ ਦੇ ਖਾਸ ਸ਼ਿੰਗਾਰੀ ਗਹਿਣੇ ਸਨ। ਆਪ ਜੀ ਅੰਦਰੋਂ, ਬਾਹਰੋਂ ਪ੍ਰੇਮ ਦਾ ਮੁਜੱਸਮਾ ਸਨ। ਸ੍ਰੀ ਗੁਰੂ ਅਮਰਦਾਸ ਜੀ ਲਈ ਅਥਾਹ ਸਤਿਕਾਰ ਅਤੇ ਪੂਰਨ ਸ਼ਰਧਾ ਸੀ ਅਤੇ ਸਦਾ ਉਨ੍ਹਾਂ ਦੇ ਕਹੇ ਨੂੰ ਖੁਸ਼ੀ ਖੁਸ਼ੀ ਮੰਨਦੇ ਤੇ ਪਿਆਰ ਵਿਚ ਭਿੱਜੇ ਆਖਦੇ ਸਨ : ‘‘ਜੇ ਗੁਰੁ ਝਿੜਕੇ, ਤ ਮੀਠਾ ਲਾਗੈ; ਜੇ ਬਖਸੇ, ਤ ਗੁਰ ਵਡਿਆਈ॥ (ਮਹਲਾ ੪/੭੫੮), ਹਮ ਬਾਰਿਕ ਮੁਗਧ ਇਆਨ; ਪਿਤਾ ਸਮਝਾਵਹਿਗੇ ॥ ਸੁਤੁ ਖਿਨੁ ਖਿਨੁ ਭੂਲਿ ਬਿਗਾਰਿ; ਜਗਤ ਪਿਤ ਭਾਵਹਿਗੇ ॥੧॥ ਜੋ ਹਰਿ ਸੁਆਮੀ ! ਤੁਮ ਦੇਹੁ; ਸੋਈ ਹਮ ਪਾਵਹਗੇ ॥ ਮੋਹਿ ਦੂਜੀ ਨਾਹੀ ਠਉਰ; ਜਿਸੁ ਪਹਿ ਹਮ ਜਾਵਹਗੇ ॥੨॥ (ਮਹਲਾ ੪/੧੩੨੧)
ਗੁਰੂ ਰਾਮਦਾਸ ਜੀ ਦਾ ਦ੍ਰਿੜ੍ਹ ਵਿਸ਼ਵਾਸ ਕਿ ਜਦ ਤੱਕ ਸੇਵਾ ਕਰਨ ਵਾਲੇ ਦੇ ਮਨ ਵਿੱਚ ਮਾਲਕ ਲਈ ਪਿਆਰ ਸਤਿਕਾਰ ਨਹੀਂ ਤਦ ਤੱਕ ਉਹ ਤਨੋਂ ਮਨੋਂ ਸੇਵਾ ਨਹੀਂ ਕਰ ਸਕਦਾ। ਇਸੇ ਕਰਕੇ ਆਪ ਗੁਰੂ ਅਮਰਦਾਸ ਜੀ ’ਤੇ ਰੱਬ ਵਰਗਾ ਵਿਸ਼ਵਾਸ ਕਰਦੇ ਹੋਏ ਆਖਦੇ ਹਨ : ‘‘ਹਉ ਪਾਣੀ ਪਖਾ ਪੀਸਉ ਸੰਤ (ਗੁਰੂ) ਆਗੈ; ਪਗ ਮਲਿ ਮਲਿ, ਧੂਰਿ ਮੁਖਿ ਲਾਈਐ ॥’’ (ਮਹਲਾ ੪/੮੮੧) ਇਸੇ ਦ੍ਰਿੜ੍ਹਤਾ ਕਾਰਨ ਆਪ ‘ਧੰਨ ਗੁਰੂ ਰਾਮਦਾਸ’ ਬਣੇ। ਜੀਵਨ ਵਿਚ ਹਉਮੈ ਨੂੰ ਕਦੇ ਲਾਗੇ ਨਾ ਆਉਣ ਦਿੱਤਾ ਸਗੋਂ ਨਿਸ਼ਕਾਮ ਹੋ ਕੇ ਸੇਵਾ ਕਰਨ ਦੀ ਪ੍ਰੇਰਣਾ ਕੀਤੀ : ‘‘ਵਿਚਿ ਹਉਮੈ, ਸੇਵਾ ਥਾਇ ਨ ਪਾਏ ॥ ਜਨਮਿ ਮਰੈ, ਫਿਰਿ ਆਵੈ ਜਾਏ ॥’’ (ਮਹਲਾ ੪/੧੦੭੧)
ਪਹਿਲੇ ਗੁਰੂ ਸਾਹਿਬਾਨ ਵਾਂਗ ਆਪ ਨੇ ਵੀ ਗ੍ਰਿਹਸਤੀ ਧਰਮ ਧਾਰਨ ਕਰਨ ਲਈ ਕਿਹਾ। ਜਿਸ ਲਈ ਮੋਹ ਮਾਇਆ ਤੋਂ ਅਲੇਪ ਰਹਿਣ ਦਾ ਜੀਵਨ ਸਿਧਾਂਤ ਇਸ ਤਰ੍ਹਾਂ ਦੱਸਿਆ : ‘‘ਵਿਚੇ ਗ੍ਰਿਹ, ਸਦਾ ਰਹੈ ਉਦਾਸੀ; ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥’’ (ਮਹਲਾ ੪/੧੦੭੦) ਆਪ ਨੇ ਛੋਟੀ ਉਮਰੇ ਹੀ ਭਾਂਪ ਲਿਆ ਕਿ ਮਿਹਨਤ ਤੋਂ ਮੂੰਹ ਮੋੜਨਵਾਲਾ ਜੀਵ ਜ਼ਿੰਦਗੀ ਵਿੱਚ ਕਦੇ ਕਾਮਯਾਬ ਨਹੀਂ ਹੋ ਸਕਦਾ। ਸਿੱਖਾਂ ਲਈ ਉਨ੍ਹਾਂ ਦਾ ਦਿੱਤਾ ਇਹ ਉਪਦੇਸ਼ ਸਾਡੇ ਲਈ ਸਦਾ ਚਾਨਣ ਮੁਨਾਰਾ ਹੈ : ‘‘ਗੁਰ ਸਤਿਗੁਰ ਕਾ ਜੋ ਸਿਖੁ ਅਖਾਏ, ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥’’ (ਮਹਲਾ ੪/੩੦੬) ਇਸ ਸ਼ਬਦ ਦੇ ਅੰਤ ’ਚ ਕਿਹਾ ‘‘ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ; ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ; ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥’’ (ਮਹਲਾ ੪/੩੦੬)
ਧਨ ਦੌਲਤ ਨਾਲ ਕੋਈ ਮੋਹ ਨਹੀਂ ਸੀ ਸਗੋਂ ਗਰੀਬਾਂ ਦੀ ਸਹਾਇਤਾ ਪੁੱਜ ਕੇ ਕਰਦੇ ਸਨ। ਇਤਿਹਾਸ ਗਵਾਹ ਹੈ ਕਿ ਇੱਕ ਵਾਰ ਸੇਠ ਜਗਤ ਰਾਮ ਨੇ ਕੈਂਠਾ ਦਿੱਤਾ, ਆਪ ਨੇ ਲੋੜਵੰਦ ਨੂੰ ਉਸੇ ਵੇਲੇ ਦੇ ਦਿੱਤਾ। ਇਕ ਮਾਈ ਨੇ ਚਾਅ ਨਾਲ ਮੋਤੀਆਂ ਦੀ ਮਾਲਾ ਦਿੱਤੀ, ਆਪ ਨੇ ਰਾਹ ਵਿੱਚ ਬੈਠੇ ਨਿਰਧਨ ਨੂੰ ਦੇ ਦਿੱਤੀ। ਅਕਬਰ ਨੇ ਮੋਹਰਾਂ ਭੇਟਾ ਕੀਤੀਆਂ ਤਾਂ ਆਪ ਜੀ ਨੇ ਉਸੇ ਵੇਲੇ ਵੰਡਵਾ ਦਿੱਤੀਆਂ। ਰਸਦਾਂ ਆਈਆਂ ਲੋਕਾਂ ’ਚ ਵਰਤਾ ਦਿੱਤੀਆਂ। ਗੁਰੂ ਜੀ ਨੇ ਕਿਸੇ ਰਜਵਾੜੇ ਦੀ ਮਿੱਤਰਤਾ ਹਾਸਲ ਕਰਨ ਦਾ ਕਦੇ ਯਤਨ ਨਾ ਕੀਤਾ, ਨਾ ਹੀ ਕਿਸੇ ਬਾਦਿਸ਼ਾਹ ਦੀ ਸਰਪ੍ਰਸਤੀ ਕਬੂਲੀ।
ਛੋਟੀ ਉਮਰ ਵਿੱਚ ਪੜ੍ਹਨ ਅਤੇ ਖੇਡਣ ਦੀ ਸੱਧਰ ਪੂਰੀ ਨਾ ਹੋ ਸਕੀ। ਜਿਉਂ ਜਿਉਂ ਸਮਾਂ ਮਿਲਦਾ ਗਿਆ ਆਪ ਸੇਵਾ ਦੇ ਨਾਲ-ਨਾਲ ਗੁਰੂ ਦਰਬਾਰ ਦੀ ਹਾਜ਼ਰੀ ਭਰਦੇ ਅਤੇ ਸੰਗੀਤ ਕਲਾ ਨੂੰ ਮਨ ਲਾ ਕੇ ਸਿੱਖਦੇ। ਸਾਹਿਤ ਦੀ ਖੋਜ ਵੀ ਕਰਦੇ। ਆਪ ਜੀ ਦੀ ਬਾਣੀ ਵਿੱਚ ਇੱਕ ਮਹਾਨ ਸਾਹਿਤਕਾਰ, ਸੰਗੀਤ ਪ੍ਰੇਮੀ ਤੇ ਰਾਗ ਕਲਾ ਦੀਆਂ ਬਰੀਕੀਆਂ ਪ੍ਰਗਟ ਹੁੰਦੀਆਂ ਹਨ। ਜਿਸ ਦਾ ਗੁਰਬਾਣੀ ਦੇ ਵਿੱਚ ਇੱਕ ਉਮਾਹ ਅਤੇ ਨਵੇਂ ਨਵੇਂ ਸਬਦਾਂ ਦੀ ਘਾੜਤ ਤੋਂ ਪਤਾ ਲੱਗਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 22 ਵਾਰਾਂ ਵਿੱਚੋਂ 8 ਵਾਰਾਂ ਮੂਲ ਰੂਪ ਵਿੱਚ ਆਪ ਜੀ ਦੁਆਰਾ ਰਚੀਆਂ ਹੋਈਆਂ ਹਨ। ਜਿਨ੍ਹਾਂ ਵਿੱਚ ਗੁਰੂ ਸੂਰਮੇ ਦੀ ਜਿੱਤ ਅਤੇ ਨਿੰਦਕਾਂ, ਦੋਖੀਆਂ, ਦੁਸਟਾਂ ਅਤੇ ਚੁਗਲਖੋਰਾਂ ਦੀ ਹਾਰ ਹੁੰਦੀ ਦਰਸਾਈ ਹੈ। ਗੁਰੂ ਸਾਹਿਬ ਸ਼ਬਦ ਘੜਨ ਵਿੱਚ ਵਿਸ਼ੇਸ਼ ਮੁਹਾਰਤ ਰੱਖਦੇ ਸਨ। ਇੱਕ ਸੁਜਾਨ ਜੌਹਰੀ ਦੀ ਤਰ੍ਹਾਂ ਸ਼ਬਦਾਂ ਨੂੰ ਨਗਾਂ ਦੀ ਤਰ੍ਹਾਂ ਯੋਗ ਥਾਂ ’ਤੇ ਜੜ੍ਹ ਦਿੰਦੇ ਹਨ। ਕਈ ਨਵੇਂ ਸ਼ਬਦਾਂ ਦੀ ਘਾੜਤ ਉਨ੍ਹਾਂ ਦੀ ਬਾਣੀ ਦੀ ਵਿਸ਼ੇਸ਼ਤਾ ਹੈ। ਗੁਰਬਾਣੀ ਵਿਚ ਸ਼ਬਦਾਂ ਨੂੰ ਮੋਤੀਆਂ ਵਾਂਗ ਪਰੋਇਆ ਗਿਆ; ਜਿਵੇਂ ਕੋਈ ਸੁਆਣੀ ਆਪਣੇ ਗਲ਼ੇ ਦਾ ਹਾਰ ਪਰੋਂਦੀ ਹੈ। ਆਪ ਜੀ ਰਾਗਾਂ ਦੇ ਇੰਨੇ ਮਾਹਰ ਹੋ ਨਿਬੜੇ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਗਏ ਕੁਲ 31 ਰਾਗਾਂ ਵਿੱਚੋਂ 30 ਰਾਗਾਂ ਵਿੱਚ ਆਪ ਜੀ ਦੀ ਬਾਣੀ ਮਿਲਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਆਪ ਜੀ ਦੇ ਕੁਲ 632 ਸ਼ਬਦ ਹਨ। ਹੇਠਲੇ ਸ਼ਬਦ ਵਿਚ ‘ਙ’ ਦੀ ਵਰਤੋਂ ਤਾਂ ਆਪਣੇ ਆਪ ਵਿੱਚ ਇਕ ਮਿਸਾਲ ਹੈ : ‘‘ਹਰਿ ਨਾਮਾ ਹਰਿ ਰੰਙੁ ਹੈ, ਹਰਿ ਰੰਙੁ ਮਜੀਠੈ ਰੰਙੁ ॥ ਗੁਰਿ ਤੁਠੈ ਹਰਿ ਰੰਗੁ ਚਾੜਿਆ, ਫਿਰਿ ਬਹੁੜਿ ਨ ਹੋਵੀ ਭੰਙੁ ॥੧॥ ਮੇਰੇ ਮਨ ! ਹਰਿ ਰਾਮ ਨਾਮਿ ਕਰਿ ਰੰਙੁ ॥ ਗੁਰਿ ਤੁਠੈ ਹਰਿ ਉਪਦੇਸਿਆ, ਹਰਿ ਭੇਟਿਆ ਰਾਉ ਨਿਸੰਙੁ ॥੧॥ ਰਹਾਉ ॥ ਮੁੰਧ ਇਆਣੀ ਮਨਮੁਖੀ, ਫਿਰਿ ਆਵਣ ਜਾਣਾ ਅੰਙੁ ॥ ਹਰਿ ਪ੍ਰਭੁ ਚਿਤਿ ਨ ਆਇਓ, ਮਨਿ ਦੂਜਾ ਭਾਉ ਸਹਲੰਙੁ ॥੨॥ ਹਮ ਮੈਲੁ ਭਰੇ ਦੁਹਚਾਰੀਆ, ਹਰਿ ਰਾਖਹੁ ਅੰਗੀ ਅੰਙੁ ॥ ਗੁਰਿ ਅੰਮ੍ਰਿਤ ਸਰਿ ਨਵਲਾਇਆ, ਸਭਿ ਲਾਥੇ ਕਿਲਵਿਖ ਪੰਙੁ ॥੩॥ ਹਰਿ ਦੀਨਾ ਦੀਨ ਦਇਆਲ ਪ੍ਰਭੁ, ਸਤਸੰਗਤਿ ਮੇਲਹੁ ਸੰਙੁ ॥ ਮਿਲਿ ਸੰਗਤਿ ਹਰਿ ਰੰਗੁ ਪਾਇਆ, ਜਨ ਨਾਨਕ ! ਮਨਿ ਤਨਿ ਰੰਙੁ ॥੪॥’’ (ਮਹਲਾ ੪/੭੩੨)
ਸੂਹੀ ਰਾਗ ਵਿਚ ਲਾਵਾਂ ਦੀ ਬਾਣੀ ਉਚਾਰੀ ਗਈ ਤਾਂ ਕਿ ਸਿੱਖ ਭਵਿਖ ਵਿੱਚ ਬ੍ਰਾਹਮਣ ਦੀ ਮੁਥਾਜੀ ਤੋਂ ਬਚ ਜਾਣ। ਇਸ ਵਿਚ ਗ੍ਰਿਹਸਤ ਦੀ ਮਹਾਨਤਾ, ਪਤੀ-ਪਤਨੀ ਦੀ ਬਰਾਬਰੀ, ਇਕ ਦੂਜੇ ਦਾ ਸਤਿਕਾਰ ਅਤੇ ਕੁਰਬਾਨੀ ਕਰਨ ਦਾ ਆਦਰਸ਼ ਪੇਸ਼ ਕੀਤਾ ਹੈ। ਇਸ ਵਿੱਚ ਸਿੱਖਾਂ ਨੂੰ ਕਰਤੇ ਨੂੰ ਮਿਲਣ ਦੇ ਚਾਓ ਅਤੇ ਪੜਾਵਾਂ ਨੂੰ ਵੀ ਦਰਸਾਇਆ ਗਿਆ ਹੈ।
1570 ਵਿੱਚ ਗੁਰੂ ਅਮਰਦਾਸ ਜੀ ਨੇ ਆਪਣੇ ਜੀਊਂਦਿਆਂ ‘ਗਰੂ ਕੇ ਚੱਕ’ ਦੀ ਨਵੀਂ ਬਸਤੀ ਵਸਾਉਣੀ ਸ਼ੁਰੂ ਕਰ ਦਿੱਤੀ ਸੀ। ਇਹੀ ‘ਗੁਰੂ ਕਾ ਚੱਕ’ ਬਾਅਦ ਵਿਚ ‘ਰਾਮਦਾਸਪੁਰ’ ਅਤੇ ਫਿਰ ‘ਅੰਮ੍ਰਿਤਸਰ’ ਬਣਿਆ। ‘ਅੰਮ੍ਰਿਤਸਰ’ ਅਤੇ ‘ਸੰਤੋਖਸਰ ਸਰੋਵਰ’ ਦੀ ਖੁਦਵਾਈ ਕਰਵਾਈ। ਵੱਖ ਵੱਖ ਬਜ਼ਾਰ ਅਤੇ ਸ਼ਹਰ ਦੀ ਉਸਾਰੀ ਆਪਣੀ ਨਿਗਰਾਨੀ ਵਿੱਚ ਕਰਵਾਈ। ਗ਼ਰੀਬ ਅਤੇ ਕਿਰਤੀ ਲੋਕ ਇੱਥੇ ਆਣ ਵਸਾਏ। ਇਸ ਤਰ੍ਹਾਂ ਥੋੜ੍ਹੇ ਸਮੇਂ ਵਿੱਚ ਹੀ ਜੰਗਲ ਵਿਚ ਮੰਗਲ ਬਣ ਗਿਆ। 52 ਅਲੱਗ-ਅਲੱਗ ਕਿੱਤਿਆਂ ਦੇ ਲੋਕਾਂ ਨੂੰ ਇੱਥੇ ਵਸਾਇਆ ਗਿਆ, ਜਿਨ੍ਹਾਂ ਦੇ ਨਾਮ ਅੱਜ ਤੱਕ ਪ੍ਰਚਲਿਤ ਹਨ। ਆਪ ਜੀ ਦੇ ਉੱਦਮ ਸਦਕਾ ਕੌਮ ਨੂੰ ਭਵਿਖ ਵਾਸਤੇ ਇੱਕ ਕੇਂਦਰੀ ਸਥਾਨ ਮਿਲ ਗਿਆ। ਸਾਂਝੇ ਕੌਮੀ ਖਜ਼ਾਨੇ ਦੀ ਲੋੜ ਨੂੰ ਦੇਖਦਿਆਂ ਹੋਇਆਂ ‘ਮਸੰਦ ਪ੍ਰਥਾ’ ਨੂੰ ਹੋਰ ਮਜ਼ਬੂਤ ਕੀਤਾ ਅਤੇ ਸਿੱਖੀ ਪ੍ਰਚਾਰ ਨੂੰ ਦਿਨ-ਬ-ਦਿਨ ਪ੍ਰਫੁਲਿਤ ਕੀਤਾ।
ਆਪ ਜੀ ਦੀ ਪਿਆਰ ਭਿੰਨੀ ਸ਼ਖ਼ਸੀਅਤ ਨੇ ਹਰ ਦਿਲ ਨੂੰ ਆਪਣੇ ਵਲ ਖਿੱਚ ਲਿਆ। ਆਪ ਦੇ ਸਮੇਂ ਦੇ ਪ੍ਰਸਿਧ ਸਿੱਖ ਸਨ ‘ਭਾਈ ਭਿਖਾਰੀ, ਮਹਾਂ ਨੰਦ, ਸਾਹਲੋ, ਚੰਦਰ ਭਾਨ, ਮਾਣਕ ਚੰਦ, ਗੁਰਮੁਖ, ਸੰਮਨ, ਆਦਮ, ਸੋਮਾ ਸ਼ਾਹ, ਰੂਪਰਾ ਆਦਿ, ਜਿਨ੍ਹਾਂ ਨੇ ਵੱਖ ਵੱਖ ਇਲਾਕਿਆਂ ਵਿੱਚ ਸਿੱਖੀ ਮਹਿਕ ਨੂੰ ਖਿਲਾਰਿਆ। ਗੁਰੂ ਰਾਮਦਾਸ ਜੀ ਦੇ ਸਮੇਂ ਸਿੱਖੀ ਅਤੇ ਕੌਮੀਅਤ ਭਾਵਨਾ ਬਲਵਾਨ ਹੋਈ ਭਾਵ ਸਿੱਖੀ ਚਹੁੰ ਚੱਕੀ ਫੈਲੀ। ਗੁਰੂ ਰਾਮਦਾਸ ਜੀ ਦਾ ਜੀਵਨ; ਸਮਾਜਿਕ ਪਿਆਰ ਅਤੇ ਕ੍ਰਾਂਤੀਕਾਰੀ ਲਹਿਰ ਦਾ ਹਿਮਾਇਤੀ ਰਿਹਾ।
ਸਤਿਗੁਰ ਜੀ ਦੇ ਇਹ ਬਚਨ; ਗੁਰੂ ਪ੍ਰਤੀ ਨਿਸ਼ਠਾ ਅਤੇ ਪਿਆਰ ਨੂੰ ਹਿਰਦੇ ਵਿੱਚ ਦ੍ਰਿੜ੍ਹ ਕਰਨ ਦੀ ਪ੍ਰੇਰਨਾ ਬਖ਼ਸ਼ਦੇ ਹਨ, ‘‘ਹਰਿ ਹਰਿ ਸਜਣੁ, ਮੇਰਾ ਪ੍ਰੀਤਮੁ ਰਾਇਆ ॥ ਕੋਈ ਆਣਿ ਮਿਲਾਵੈ, ਮੇਰੇ ਪ੍ਰਾਣ ਜੀਵਾਇਆ ॥ ਹਉ ਰਹਿ ਨ ਸਕਾ, ਬਿਨੁ ਦੇਖੇ ਪ੍ਰੀਤਮਾ; ਮੈ ਨੀਰੁ ਵਹੇ ਵਹਿ ਚਲੈ ਜੀਉ ॥੩॥ ਸਤਿਗੁਰੁ ਮਿਤ੍ਰੁ, ਮੇਰਾ ਬਾਲ ਸਖਾਈ ॥ ਹਉ ਰਹਿ ਨ ਸਕਾ, ਬਿਨੁ ਦੇਖੇ ਮੇਰੀ ਮਾਈ ! ॥ ਹਰਿ ਜੀਉ ! ਕ੍ਰਿਪਾ ਕਰਹੁ ਗੁਰੁ ਮੇਲਹੁ, ਜਨ ਨਾਨਕ ! ਹਰਿ ਧਨੁ ਪਲੈ ਜੀਉ ॥ (ਮਹਲਾ ੪/੯੪), ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ! ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥ ਹਮ ਰੁਲਤੇ ਫਿਰਤੇ, ਕੋਈ ਬਾਤ ਨ ਪੂਛਤਾ; ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥ ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ; ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥’’ (ਮਹਲਾ ੪/੧੬੭) ਕਾਸ਼ ਕਿ ਸਾਨੂੰ ਵੀ ਗੁਰੂ ਸਾਹਿਬ ਪ੍ਰਤੀ ਐਸਾ ਸਚਾ ਪਿਆਰ ਪਾਉਣਾ ਆ ਜਾਵੇ।
ਇਕ ਅਨਾਥ ਬਾਲਕ ਦਾ ਕਰੋੜਾਂ ਸਿੱਖ-ਸ਼ਰਧਾਲੂਆਂ ਨੂੰ ਅਗਵਾਈ ਦੇਣ ਦੇ ਯੋਗ ਬਣਨਾ; ਆਪਣੇ ਆਪ ’ਚ ਇੱਕ ਕਰਾਮਾਤ ਹੈ। ਗੁਰੂ ਰਾਮਦਾਸ ਜੀ ਦੀ ਵਡਿਆਈ ਅਕੱਥ ਹੈ। ਇੱਕ ਮਨੁੱਖ ਇਸ ਦਾ ਸੰਪੂਰਨ ਥਾਹ ਨਹੀਂ ਪਾ ਸਕਦਾ। ਹਾਂ, ਅਸੀਂ ਭੱਟ ਕੀਰਤ ਜੀ ਦੀ ਤਰ੍ਹਾਂ ਸਤਿਗੁਰ ਸਾਹਿਬ ਜੀ ਦੇ ਅੱਗੇ ਇੰਝ ਅਰਦਾਸ ਜ਼ਰੂਰ ਕਰ ਸਕਦੇ ਹਾਂ : ‘‘ਹਮ ਅਵਗੁਣਿ ਭਰੇ, ਏਕੁ ਗੁਣੁ ਨਾਹੀ; ਅੰਮ੍ਰਿਤੁ ਛਾਡਿ, ਬਿਖੈ ਬਿਖੁ ਖਾਈ ॥ ਮਾਯਾ ਮੋਹ ਭਰਮ ਪੈ ਭੂਲੇ; ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥ ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ; ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥ ਇਕ ਅਰਦਾਸਿ ਭਾਟ ਕੀਰਤਿ ਕੀ; ਗੁਰ ਰਾਮਦਾਸ ! ਰਾਖਹੁ ਸਰਣਾਈ ॥’’ (ਭਟ ਕੀਰਤ/੧੪੦੬)
ਪੂਰੇ 7 ਸਾਲ ਗੁਰਗੱਦੀ ਦੀ ਬਾਖ਼ੂਬੀ ਸੇਵਾ ਨਿਭਾਉਣ ਤੋਂ ਬਾਅਦ ੨ ਅੱਸੂ, ਭਾਦੋਂ ਸੁਦੀ ੩ ਸੰਮਤ ੧੬੩੮/1 ਸਤੰਬਰ 1581 ਨੂੰ ਆਪ ਜੀ ਨੇ ਗੁਰਗੱਦੀ; ਆਪਣੇ ਸਭ ਤੋਂ ਛੋਟੇ ਪੁੱਤਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੂੰ ਸੌਪ ਕੇ ਆਪ ਗੋਇੰਦਵਾਲ ਸਾਹਿਬ ਵਿਖੇ ਜੋਤੀ ਜੋਤ ਸਮਾ ਗਏ, ਜਿੱਥੋਂ ਆਪ ਜੀ ਦੀ ਵਡਿਆਈ ਦਾ ਨਾਦ ਅੱਜ ਤੱਕ ਸੁਣਾਈ ਦੇਂਦਾ ਹੈ : ‘‘ਧੰਨੁ ਧੰਨੁ ਰਾਮਦਾਸ ਗੁਰੁ, ਜਿਨਿ ਸਿਰਿਆ ਤਿਨੈ ਸਵਾਰਿਆ ॥ ਪੂਰੀ ਹੋਈ ਕਰਾਮਾਤਿ, ਆਪਿ ਸਿਰਜਣਹਾਰੈ (ਨੇ) ਧਾਰਿਆ ॥ ਸਿਖੀ ਅਤੈ ਸੰਗਤੀ, ਪਾਰਬ੍ਰਹਮੁ ਕਰਿ ਨਮਸਕਾਰਿਆ ॥ ਅਟਲੁ ਅਥਾਹੁ ਅਤੋਲੁ ਤੂ, ਤੇਰਾ ਅੰਤੁ ਨ ਪਾਰਾਵਾਰਿਆ ॥ ਜਿਨ੍ਹੀ ਤੂੰ ਸੇਵਿਆ ਭਾਉ ਕਰਿ, ਸੇ ਤੁਧੁ ਪਾਰਿ ਉਤਾਰਿਆ ॥’’ (ਬਲਵੰਡ ਸਤਾ/੯੬੮)
ਗੁਰੂ ਨਾਨਕ ਸਾਹਿਬ ਜੀ ਨੇ ਜਿਸ ਇਲਾਹੀ ਸੰਦੇਸ਼ ਨੂੰ ‘ਸਬਦੁ ਗੁਰੂ’ ਵਜੋਂ ਮਾਣ ਬਖ਼ਸ਼ਿਆ, ਗੁਰੂ ਅਮਰਦਾਸ ਜੀ ਨੇ ‘‘ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਨ ਕੋਇ ॥’’ (ਮਹਲਾ ੩/੫੧੫) ਕਿਹਾ। ਗੁਰੂ ਰਾਮਦਾਸ ਸਾਹਿਬ ਜੀ ਨੇ ‘‘ਬਾਣੀ ਗੁਰੂ, ਗੁਰੂ ਹੈ ਬਾਣੀ; ਵਿਚਿ ਬਾਣੀ ਅੰਮ੍ਰਿਤੁ, ਸਾਰੇ ॥ ਗੁਰੁ, ਬਾਣੀ ਕਹੈ; ਸੇਵਕੁ ਜਨੁ ਮਾਨੈ; ਪਰਤਖਿ ਗੁਰੂ ਨਿਸਤਾਰੇ ॥’’ (ਮਹਲਾ ੪/੯੮੨) ਬਚਨ ਉਚਾਰ ਕੇ ਇਸ ਦੀ ਮਹੱਤਤਾ ਪ੍ਰਗਟਾਈ, ਉਸੇ ‘‘ਸਬਦੁ ਗੁਰੂ’’ ਨੂੰ ਸਿੱਖ ਕੌਮ ਦੀ ਬਾਂਹ ਫੜਾ ਕੇ ਕੱਤਕ ਸੁਦੀ ੫, ੧੭੬੫, ੭ ਕੱਤਕ; ਨਾਨਕਸ਼ਾਹੀ ੨੪੦ (7 ਅਕਤੂਬਰ 1708) ਨੂੰ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰੀਰਕ ਗੁਰੂ-ਅਗਵਾਈ ਦੀ ਪਰੰਪਰਾ ਨੂੰ ਸਦਾ ਲਈ ਖ਼ਤਮ ਕਰ ਗਏ। ਜੇਕਰ ਸਿੱਖ ਫਿਰ ਭੀ ਅੱਜ ਭਟਕ ਰਿਹਾ ਹੈ। ਸਮਾਜਿਕ, ਪਰਵਾਰਿਕ ਤੇ ਕੌਮੀ ਰਿਸ਼ਤੇ ਨਿਭਾਉਣ ’ਚ ਅਸਫਲ ਹੈ ਤਾਂ ਇਸ ਦੇ ਮੰਦੇ ਭਾਗਾਂ ਦੀ ਹੀ ਨਿਸ਼ਾਨੀ ਸਮਝੀ ਜਾ ਸਕਦੀ ਹੈ। ਗੁਰੂ ਨਾਨਕ ਜੋਤਿ ‘‘ਸਬਦੁ ਗੁਰੂ’ ਜੀ ਕਿਰਪਾ ਕਰਨ; ਸਾਡੀ ਇਸੇ ਤਰ੍ਹਾਂ ਸਦਾ ਬਾਂਹ ਫੜੀ ਰੱਖਣ।