ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਚੌਥਾ)

0
137

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਚੌਥਾ)

ਗਿਆਨੀ ਅਵਤਾਰ ਸਿੰਘ

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਪਹਿਲਾ)

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਦੂਜਾ)

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਅਤੇ ਸਿੱਖ ਸੋਚ (ਭਾਗ ਤੀਜਾ)

ਅਨੁਯਾਈਆਂ ਜਾਂ ਪੈਰੋਕਾਰਾਂ ਲਈ ਬਣਾਇਆ ਜਾਂਦਾ ਨਿਤਨੇਮ; ਕਿਸੇ ਕੌਮ ਦੇ ਫ਼ਲਸਫ਼ੇ ਦਾ ਨਿਚੋੜ (ਮੂਲ ਉਦੇਸ਼) ਹੁੰਦਾ ਹੈ। ਫ਼ਲਸਫ਼ਾ; ਇੱਕ ਕੌਮ ਨੂੰ ਖੜ੍ਹੀ ਕਰਦਾ ਹੈ, ਜੋ ਆਪਣਾ ਵੱਖਰਾ ਇਤਿਹਾਸ ਸਿਰਜਦੀ ਹੈ। ਹਿੰਦੂ, ਕੋਈ ਕੌਮ ਨਹੀਂ; ਇੱਕ ਸਮਾਜਿਕ ਵਰਗ ਹੈ। ਇਸ ਦੀ ਪੁਸ਼ਟੀ; ਭਾਰਤ ਦੀ ਸੁਪਰੀਮ ਕੋਰਟ ਭੀ ਕਰ ਚੁੱਕੀ ਹੈ। ਆਪਣੇ ਸਰਦਾਰਾਂ ਨੂੰ ਨਿਰੰਤਰ ਜੀਵਤ ਰੱਖਣ ਲਈ ਉਨ੍ਹਾਂ ਦੇ ਕਿਰਦਾਰ; ਵਧਾ ਚੜ੍ਹਾ ਕੇ ਉਲੀਕੇ ਗਏ ਹਨ। ਉਨ੍ਹਾਂ ਦੀ ਕਥਾ (ਗੀਤਾ, ਰਾਮਾਇਣ ਆਦਿ) ਹੀ ਪੂਜਾ ਹੈ, ਨਿਤਨੇਮ ਹੈ। ਹਰ ਬੰਦੇ ਦੇ ਜੀਵਨਸ਼ੈਲੀ ’ਚ ਅੰਤਰ ਹੁੰਦਾ ਹੈ ਤਾਹੀਓਂ ਰਾਮਚੰਦਰ ਜੀ; ਮਰਿਆਦਾ ਪਰਸ਼ੋਤਮ (ਇੱਕ ਪਤਨੀ ਵਾਲ਼ਾ) ਤੇ ਕ੍ਰਿਸ਼ਨ ਜੀ; ਲੀਲ੍ਹਾ ਪਰਸ਼ੋਤਮ (ਕਈ ਪਤਨੀਆਂ ਵਾਲ਼ੇ) ਹਨ। ਜੇ ਕਿਸੇ ਫ਼ਲਸਫ਼ੇ ’ਚੋਂ ਪੈਦਾ ਹੋਈ ਹਿੰਦੂ-ਜਮਾਤ, ਇੱਕ ਕੌਮ ਹੁੰਦੀ ਤਾਂ ਐਸਾ ਆਪਾ ਵਿਰੋਧੀ ਰਹਿਬਰਾਂ ਦਾ ਕਿਰਦਾਰ ਨਾ ਹੁੰਦਾ। ਦੂਜੇ ਪਾਸੇ ਸਿੱਖ; ਇੱਕ ਕੌਮ ਹੈ, ਜਿਸ ਨੂੰ ਕੌਮੀ ਸਿਧਾਂਤ ਨੇ ਪ੍ਰਗਟ ਕੀਤਾ ਹੈ। ਜਿਸ ਦਾ ਤਤਸਾਰ (ਕੁੱਝ ਸੰਖੇਪ ਸ਼ਬਦ); ਸਿੱਖ ਲਈ ਨਿਤਨੇਮ ਬਣਾਇਆ ਹੈ। ਨਿਤਨੇਮ ਦੇ ਇਸ ਸੰਖੇਪ-ਭਾਵ ਦੀ ਵਿਚਾਰ; ਇਸ ਲੇਖ ’ਚ ਕੀਤੀ ਜਾਣੀ ਹੈ।

ਜਿਸ ਤਰ੍ਹਾਂ ਇੱਕ ਡਾਕਟਰ ਬਣਨ ਲਈ ਪਹਿਲਾਂ-ਪਹਿਲ ਭਾਵ 10ਵੀਂ ਜਮਾਤ ਤੱਕ ਆਮ ਸਮਾਜਿਕ ਗਿਆਨ ਪੜ੍ਹਨਾ ਜ਼ਰੂਰੀ ਹੁੰਦਾ ਹੈ; ਵੈਸੇ ਹੀ ਧਰਮ ਦੀ ਉੱਚ ਵਿਦਿਆ (ਨਿਰੋਲ ਸੱਚ/ਗੁਰਮਤਿ) ਨੂੰ ਜਾਣਨ ਲਈ ਗੁਰਬਾਣੀ ਅੰਦਰ ਕਈ ਤਰ੍ਹਾਂ ਦਾ ਹੋਰ ਗਿਆਨ (ਸੱਚ) ਭੀ ਹੈ; ਜਿਵੇਂ ਕਿ ਕੁਦਰਤ ਬਣਨ ਬਾਰੇ ਹੈ, ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ   ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ’’ (ਮਹਲਾ /੧੯) ਭਾਵ ਅਦ੍ਰਿਸ਼ ਨਿਰਾਕਾਰ ਤੋਂ ਹਵਾ (ਗੈਸ ਆਦਿ) ਬਣੀ; ਫਿਰ ਗੈਸਾਂ ਤੋਂ ਪਾਣੀ ਬਣਿਆ; ਪਾਣੀ ਤੋਂ ਜੀਵ-ਜੰਤ ਬਣੇ। ਇਨ੍ਹਾਂ ਸਭ ’ਚ ਓਹੀ ਅਦ੍ਰਿਸ਼-ਸ਼ਕਤੀ ਮੌਜੂਦ ਹੈ (ਜਿਸ ਤੋਂ ਸ਼ੁਰੂ ਸ਼ੁਰੂ ’ਚ ਹਵਾ ਬਣੀ ਹੈ)। ਇਸਾਈ, ਯਹੂਦੀ, ਆਦਿਕ ਮੱਤ ਵਾਙ ਕੁਦਰਤ ਨੂੰ ਰਚਨ ’ਚ 6 ਦਿਨ ਨਹੀਂ ਲੱਗੇ ਤੇ ਨਾ ਹੀ 7ਵੇਂ ਦਿਨ ਥੱਕ ਜਾਣ ਕਾਰਨ ਮਾਲਕ ਨੇ ਅਰਾਮ ਕੀਤਾ ਹੈ (ਨੋਟ : ਇਸੇ ਕਾਰਨ ਦੁਨੀਆ ਭਰ ’ਚ 7ਵੇਂ ਦਿਨ ਸਰਕਾਰੀ ਛੁੱਟੀ ਹੋਣ ਲੱਗੀ) ਬਲਕਿ (ਉਹ ਐਨਾ ਤਾਕਤਵਰ ਹੈ ਕਿ) ਇਕੋ ਹੁਕਮ ਨਾਲ਼ ਇੱਕੋ ਸਕਿੰਟ ’ਚ ਸੰਸਾਰ ਬਣ ਗਿਆ, ‘‘ਕੀਤਾ ਪਸਾਉ; ਏਕੋ ਕਵਾਉ   ਤਿਸ ਤੇ ਹੋਏ; ਲਖ ਦਰੀਆਉ ..੧੬’’ (ਜਪੁ)

ਕੁਦਰਤ ਪ੍ਰਤੀ ਬਣੀ ਇਸ ਗ਼ਲਤ ਧਾਰਨਾ ਨੂੰ ਭੀ ਝੂਠ ਕਿਹਾ ਕਿ ਧਰਤੀ; ਇੱਕ ਬਲ਼ਦ ਦੇ ਸਿੰਗ ’ਤੇ ਖੜ੍ਹੀ ਹੈ। ਸਿੰਗ ਬਦਲਣ ’ਤੇ ਭੁਚਾਲ ਆਉਂਦਾ ਹੈ, ‘‘ਧਵਲੈ ਉਪਰਿ ਕੇਤਾ ਭਾਰੁ ?   ਧਰਤੀ; ਹੋਰੁ ਪਰੈ ਹੋਰੁ ਹੋਰੁ   ਤਿਸ ਤੇ ਭਾਰ ਤਲੈ; ਕਵਣੁ ਜੋਰੁ ? ..੧੬’’ (ਜਪੁ) ਭਾਵ ਅਣਗਿਣਤ ਧਰਤੀਆਂ ਹੇਠ ਤੁਹਾਡੇ ਅਨੁਸਾਰ ਅਣਗਿਣਤ ਬਲ਼ਦ ਹੋਣੇ; ਸਭ ਤੋਂ ਹੇਠਲੀ ਧਰਤੀ ਨੂੰ ਚੁੱਕੀ ਖੜ੍ਹੇ ਬਦਲ਼ ’ਤੇ ਉਪਰਲੀਆਂ ਸਭ ਧਰਤੀਆਂ ਦਾ ਕਿੰਨਾ ਅਸੀਮ ਭਾਰ ਹੋਏਗਾ ਤੇ ਫਿਰ ਸਭ ਤੋਂ ਹੇਠਲਾ ਬਲ਼ਦ, ਅਗਾਂਹ ਹੋਰ ਕਿਹੜੀ ਧਰਤੀ ’ਤੇ ਪੈਰ ਰੱਖੀ ਖੜ੍ਹਾ ਹੈ ? ਇਸ ਮਨੌਤ ਬਾਰੇ ਪੰਡਿਤ ’ਤੇ ਤੰਜ਼ ਕੱਸਦਿਆਂ ਕਬੀਰ ਜੀ ਪੁੱਛਦੇ ਹਨ ਕਿ ਉਤਾਂਹ ਅਕਾਸ਼ ’ਚ ਭੀ ਤਾਰੇ ਵਿਖਾਈ ਦਿੰਦੇ ਹਨ, ਉਹ ਅਕਾਸ਼ ਕਿਸ ਆਸਰੇ ਖੜ੍ਹਾ ਹੈ ਕਿਉਂਕਿ ਉਨ੍ਹਾਂ ਹੇਠ ਬਲ਼ਦ ਨਜ਼ਰ ਨਹੀਂ ਆ ਰਹੇ, ‘‘ਓਇ ਜੁ ਦੀਸਹਿ; ਅੰਬਰਿ (ਅਕਾਸ਼) ਤਾਰੇ   ਕਿਨਿ ਓਇ ਚੀਤੇ; ਚੀਤਨਹਾਰੇ  ?  ਕਹੁ ਰੇ ਪੰਡਿਤ ! ਅੰਬਰੁ ਕਾ ਸਿਉ ਲਾਗਾ   ਬੂਝੈ ਬੂਝਨਹਾਰੁ ਸਭਾਗਾ ਰਹਾਉ   ਸੂਰਜ ਚੰਦੁ ਕਰਹਿ ਉਜੀਆਰਾ   ਸਭ ਮਹਿ ਪਸਰਿਆ; ਬ੍ਰਹਮ ਪਸਾਰਾ   ਕਹੁ ਕਬੀਰ  ! ਜਾਨੈਗਾ ਸੋਇ   ਹਿਰਦੈ ਰਾਮੁ; ਮੁਖਿ (’) ਰਾਮੈ ਹੋਇ ’’ (ਭਗਤ ਕਬੀਰ/੩੨੯) ਭਾਵ ਇਹ ਸੂਖਮ ਰਾਜ਼; ਓਹੀ ਜਾਣੇਗਾ, ਜਿਸ ਦੇ ਹਿਰਦੇ ’ਚ ਤੇ ਜ਼ਬਾਨ ’ਤੇ ਸਰਬ ਵਿਆਪਕ ਰਾਮ ਵੱਸਦਾ ਹੈ (ਨਾ ਕਿ ਕੋਈ ਮੂਰਖ)। ਸੋ ਭਾਵੇਂ ਕਿ ਗੁਰਬਾਣੀ ’ਚ ਐਸਾ ਹੋਰ ਭੀ ਬਹੁਤ ਗਿਆਨ (ਸੱਚ) ਹੈ, ਪਰ ਉਸ ਨੂੰ ਨਿਤਨੇਮ ਦਾ ਭਾਗ ਨਹੀਂ ਬਣਾਇਆ।

ਨਿਤਨੇਮ ਦਾ ਮੰਤਵ : ਜੋਗੀਆਂ ਨੇ ਗੁਰੂ ਨਾਨਕ ਸਾਹਿਬ ਤੋਂ ਪੁੱਛਿਆ, ‘‘ਤੇਰਾ ਕਵਣੁ ਗੁਰੂ ? ਜਿਸ ਕਾ ਤੂ ਚੇਲਾ ..੪੩’’ ਆਪ ਦਾ ਜਵਾਬ ਸੀ, ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ..੪੪’’ (ਗੋਸਟਿ/ਮਹਲਾ /੯੪੩) ਭਾਵ ਕਰਤਾਰ ਦੀ ਸਿਫ਼ਤਿ ਰੂਪ ਸ਼ਬਦ; ਮੇਰਾ ਗੁਰੂ ਹੈ, ਟੀਚਾ ਹੈ, ਉਸ ਨਾਲ਼ ਜੁੜਨਾ ਜਾਂ ਉਸ ਵਿੱਚ ਧਿਆਨ ਜੋੜਣਾ; ਸਿੱਖ ਹੋਣਾ ਹੈ, ਚੇਲਾ ਬਣਨਾ ਹੈ। ਇਹੀ ਯੁਕਤੀ ਕਬੀਰ ਜੀ ਸਮਝਾਉਂਦੇ ਹਨ, ‘‘ਮਨੁ ਕਰਿ ਬੈਲੁ, ਸੁਰਤਿ ਕਰਿ ਪੈਡਾ.. ’’ (ਭਗਤ ਕਬੀਰ/੧੧੨੩) ਭਾਵ ਜੇ ਸੁਰਤਿ; ਮਾਰਗ ਹੋਵੇ, ਨਿਸ਼ਾਨਾ ਹੋਵੇ ਤਾਂ ਪਿੱਛੇ-ਪਿੱਛੇ ਮਨ-ਬੈਲ (ਤੁਰਦਿਆਂ) ਕਾਬੂ ਹੋ ਜਾਂਦਾ ਹੈ। ਗੁਰੂ ਨਾਨਕ ਸਾਹਿਬ ਦੇ ਹੋਰ ਭੀ ਬਚਨ ਹਨ, ‘‘ਸੁਰਤੀ ਕੈ ਮਾਰਗਿ (’ਤੇ) ਚਲਿ ਕੈ; ਉਲਟੀ ਨਦਰਿ ਪ੍ਰਗਾਸੀ ’’ (ਮਹਲਾ /੧੩੨੯) ਭਾਵ (ਕਰਤਾਰ ਵੱਲ ਜਾਂਦੇ) ਸੁਰਤਿ-ਮਾਰਗ ’ਤੇ ਚੱਲ ਕੇ ਮੱਤ ਬਦਲਦੀ ਹੈ, ਮਨ ਕਾਬੂ ਹੁੰਦਾ ਹੈ। ਦੂਜੇ ਪਾਸੇ ਸੰਸਾਰੀ ਬੰਦੇ ਦੀ ਮੱਤ; ਹੇਠਾਂ ਨੂੰ ਮਨ ਅਨੁਸਾਰ ਚੱਲਦੀ ਹੈ ਯਾਨੀ ਕਿ ਭੇਡ-ਮੱਤ; ਆਪਣੇ ਲੇਲ੍ਹੇ-ਮਨ ਨੂੰ ਚੁੰਘਦੀ ਹੈ, ‘‘ਕਹੁ ਕਬੀਰ  ! ਪਰਗਟੁ ਭਈ ਖੇਡ   ਲੇਲੇ ਕਉ ਚੂਘੈ ਨਿਤ ਭੇਡ ’’ (ਭਗਤ ਕਬੀਰ/੩੨੬)

ਗੁਰੂ ਨਾਨਕ ਸਾਹਿਬ ਨੇ ਮਨੁੱਖ ਦੀ ਸੁਰਤਿ ਨੂੰ ਉੱਚਾ ਚੁੱਕਣ ਲਈ ਉੱਚੇ ਕਰਤਾਰ ਦੇ ਗੁਣਾਂ ਨਾਲ਼ ਜੋੜਨ ਨੂੰ ਨਿਤਨੇਮ ਬਣਾਇਆ ਤਾਂ ਕਿ ਨੀਵੀਂ ਸੋਚ ਵਾਲ਼ੇ ਕੀੜੇ-ਮਨੁੱਖ ਅੰਦਰ ਭੀ ਅਕਾਸ਼ ਵੱਲ ਉੱਡਣ ਦੀ ਤਾਂਘ ਜਾਗ ਪਵੇ; ਜੈਸਾ ਕਿ ਵਾਕ ਹੈ ‘‘ਸੁਣਿ ਗਲਾ ਆਕਾਸ ਕੀ; ਕੀਟਾ ਆਈ ਰੀਸ ..੩੨’’ (ਜਪੁ) ਸੁਰਤਿ ਨੂੰ ਉੱਚਾ ਕਰਾਉਣ ਵਾਲ਼ੇ ਸਤਿਗੁਰੂ ਨਾਲ਼ ਸੰਵਾਦ ਕਰਨ ਨੂੰ ਭੀ ਨਿਤਨੇਮ ’ਚ ਸ਼ਾਮਲ ਕੀਤਾ; ਜਿਵੇਂ ਕਿ ‘ਜਪੁ’ ਜੀ ਵਿੱਚ ਹੈ, ‘‘ਗੁਰਾ  ! ਇਕ ਦੇਹਿ ਬੁਝਾਈ   ਸਭਨਾ ਜੀਆ ਕਾ ਇਕੁ ਦਾਤਾ; ਸੋ ਮੈ ਵਿਸਰਿ ਜਾਈ ’’ ਅਤੇ ਰਹਰਾਸਿ ਵਿੱਚ ਹੈ, ‘‘ਹਰਿ ਕੇ ਜਨ ਸਤਿਗੁਰ ਸਤਪੁਰਖਾ ! ਬਿਨਉ ਕਰਉ ਗੁਰ ਪਾਸਿ ਹਮ ਕੀਰੇ ਕਿਰਮ, ਸਤਿਗੁਰ ਸਰਣਾਈ; ਕਰਿ ਦਇਆ ਨਾਮੁ ਪਰਗਾਸਿ ’’ (ਸੋ ਦਰੁ/ਮਹਲਾ /੧੦) ਯਾਨੀ ਅਸੀਂ ਛੋਟੀ ਅਕਲ ਵਾਲ਼ੇ ਕੀੜੇ ਹਾਂ। ਤੇਰੀ ਮਿਹਰ ਤੋਂ ਬਿਨਾਂ ਅਕਾਸ਼ ’ਚ ਉੱਡਣ ਦੀ ਗੱਲ ਕਰਨਾ, ਨਿਰਾ ਝੂਠ ਹੈ, ‘‘ਸੁਣਿ ਗਲਾ ਆਕਾਸ ਕੀ; ਕੀਟਾ ਆਈ ਰੀਸ   ਨਾਨਕ  ! ਨਦਰੀ ਪਾਈਐ; ਕੂੜੀ ਕੂੜੈ ਠੀਸ ੩੨’’ (ਜਪੁ) ‘ਕੂੜੀ ਕੂੜੈ ਠੀਸ’ ਤੋਂ ਭਾਵ ਝੂਠੇ ਦੀ ਨਿਰੀ ਗੱਪ ਹੈ।

ਗੁਰੂ ਸਾਹਿਬ ਦੁਆਰਾ ਬਣਾਏ ਨਿਤਨੇਮ (ਨਿੱਤ ਦੇ ਨੇਮ) ਦਾ ਭਾਵ; ਦਾਤਾਰ-ਪਿਤਾ ਅਤੇ ਸਤਿਗੁਰੂ ਨੂੰ ਯਾਦ ਕਰਨਾ ਹੈ, ਉਨ੍ਹਾਂ ਨਾਲ਼ ਸੰਵਾਦ ਕਰਨਾ ਹੈ ਤਾਂ ਕਿ ਉਨ੍ਹਾਂ ਦੀ ਬਖ਼ਸ਼ਸ਼ ਦਾ ਪਾਤਰ ਬਣਿਆ ਜਾ ਸਕੇ; ਇਉਂ ਮਨ ’ਚ ਸੱਚ ਪ੍ਰਤੀ ਪ੍ਰੇਮ ਤੇ ਸ਼ਰਧਾ ਉਪਜਦੀ ਹੈ ਤੇ ਭਰਮ ਨਾਸ ਹੁੰਦਾ ਹੈ। ‘ਜਪੁ’ ਤੇ ‘ਜਾਪੁ’ ਦਾ ਅਰਥ ਹੈ ‘ਸਿਮਰਨ’। ‘ਰਹਰਾਸਿ’ ਦਾ ਅਰਥ ਹੈ ‘ਜੀਵਨ ਸਫ਼ਰ ਦੀ ਪੂੰਜੀ ਯਾਨੀ ਰਾਹ ਦੀ ਪੂੰਜੀ’ ਭਾਵ ਸਿਮਰਨ। ਸਿਮਰਨ; ਸੰਸਕ੍ਰਿਤ ਦਾ ਸ਼ਬਦ ਹੈ। ਉਰਦੂ ’ਚ ‘ਯਾਦ ਕਰਨਾ’ ਤੇ ਪੰਜਾਬੀ ’ਚ ‘ਚੇਤੇ ਰੱਖਣਾ’ ਹੁੰਦਾ ਹੈ। ਸਮੁੱਚੀ ਬਾਣੀ ਸਿਮਰਨ ਕਰਨ ਲਈ ਪ੍ਰੇਰਦੀ ਹੈ; ਜਿਵੇਂ ਕਿ ਸੁਖਮਨੀ ਸਾਹਿਬ ’ਚ ਸਿਮਰਨ (ਜਪੁ, ਜਾਪੁ, ਰਹਰਾਸਿ) ਦੇ ਲਾਭ ਗਿਣੇ ਗਏ ਹਨ, ‘‘ਪ੍ਰਭ ਕੈ ਸਿਮਰਨਿ (ਨਾਲ਼) ਗਰਭਿ (’) ਬਸੈ ਪ੍ਰਭ ਕੈ ਸਿਮਰਨਿ; ਦੂਖੁ ਜਮੁ ਨਸੈ .. ਪ੍ਰਭ ਕੈ ਸਿਮਰਨਿ; ਭਉ ਬਿਆਪੈ ਪ੍ਰਭ ਕੈ ਸਿਮਰਨਿ; ਦੁਖੁ ਸੰਤਾਪੈ ’’ (ਸੁਖਮਨੀ/ਮਹਲਾ /੨੬੩) ਸਮੁੱਚੀ ਗੁਰਬਾਣੀ ਅਨੁਸਾਰ ਅਸਲ ਧਰਮ; ਸਿਮਰਨ ਕਰਨਾ ਹੈ (ਸਰਬ ਧਰਮ ਮਹਿ ਸ੍ਰੇਸਟ ਧਰਮੁ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ ਸੁਖਮਨੀ/ਮਹਲਾ /੨੬੬) ਹੋਰ ਸ਼ਬਦ ਹਨ, ‘‘ਦੁਖ ਭੰਜਨੁ ਤੇਰਾ ਨਾਮੁ ਜੀ ! ਦੁਖ ਭੰਜਨੁ ਤੇਰਾ ਨਾਮੁ   ਆਠ ਪਹਰ ਆਰਾਧੀਐ; ਪੂਰਨ ਸਤਿਗੁਰ ਗਿਆਨੁ ਰਹਾਉ ’’ (ਮਹਲਾ /੨੧੮) ਭਾਵ ਹੇ ਪ੍ਰਭੂ ! ਤੇਰਾ ਨਾਮ ਭਾਵ ਸਿਮਰਨ ਹੀ ਦੁੱਖਾਂ ਨੂੰ ਨਾਸ ਕਰਨ ਵਾਲ਼ਾ ਹੈ। ਅੱਠੇ ਪਹਿਰ ਸਿਮਰਨ ਕਰਨਾ ਚਾਹੀਦਾ ਹੈ। ਇਹੀ ਹੈ ‘ਸਤਿਗੁਰੂ ਦਾ ਪੂਰਨ ਗਿਆਨ’ ਭਾਵ ਮੂਲ ਉਪਦੇਸ਼।

ਗੁਰੂ ਸਾਹਿਬਾਨ ਨੇ ਗੁਰਬਾਣੀ ਨੂੰ ਪੜ੍ਹਨ ਦੀ ਥਾਂ ਇਸ ਦੀ ਵਿਚਾਰ ਕਰਨ ਨੂੰ ਵੱਧ ਲਾਭਕਾਰੀ ਕਿਹਾ ਹੈ; ਜਿਵੇਂ ਕਿ ਸ਼ਬਦ ਹਨ, ‘‘ਪੜਿਐ ਨਾਹੀ; ਭੇਦੁ ਬੁਝਿਐ ਪਾਵਣਾ (ਮਹਲਾ /੧੪੮), ਸਭਸੈ ਊਪਰਿ ਗੁਰ ਸਬਦੁ ਬੀਚਾਰੁ (ਮਹਲਾ /੯੦੪), ਡਿਠੈ ਮੁਕਤਿ ਹੋਵਈ; ਜਿਚਰੁ ਸਬਦਿ ਕਰੇ ਵੀਚਾਰੁ ’’ (ਮਹਲਾ /੫੯੪) ਜਦਕਿ ਬਹੁਤਾ ਪੜ੍ਹਨ ਬਾਰੇ ਉਪਦੇਸ਼ ਹੈ, ‘‘ਪੜੀਅਹਿ ਜੇਤੇ ਬਰਸ ਬਰਸ; ਪੜੀਅਹਿ ਜੇਤੇ ਮਾਸ (ਮਾਹ)  ਪੜੀਐ ਜੇਤੀ ਆਰਜਾ; ਪੜੀਅਹਿ ਜੇਤੇ ਸਾਸ   ਨਾਨਕ  ! ਲੇਖੈ (’) ਇਕ ਗਲ; ਹੋਰੁ ਹਉਮੈ ਝਖਣਾ ਝਾਖ ’’ (ਮਹਲਾ /੪੬੭), ਪਰ ਅਫ਼ਸੋਸ ਕਿ ਸੰਖੇਪ ਨਿਤਨੇਮ ਦਾ ਮੰਤਵ ਜਾਣਨ ਦੀ ਥਾਂ ਇਸ ਨੂੰ ਵਧਾਉਣ ਲਈ ਵੱਧ ਬਾਣੀਆਂ ਪੜ੍ਹਨ ਦੇ ਲਾਭ ਦੱਸੇ ਜਾਂਦੇ ਹਨ, ਜਿਸ ਨਾਲ਼ ਨਿਤਨੇਮ ਦਾ ਮਨੋਰਥ ਸਮਝਣਾ ਕਠਿਨ ਹੁੰਦਾ ਜਾ ਰਿਹਾ ਹੈ, ਉਸ ਤੋਂ ਦੂਰ ਹੋਣਾ ਹੈ।

ਪੰਥਕ ਏਕਤਾ ਨੂੰ ਮਜਬੂਤ ਕਰਨ ਲਈ ਤਕਰੀਬਨ 13 ਸਾਲ (ਸੰਨ 1932 ਤੋਂ 1945) ਤੱਕ ਕੀਤੇ ਵਿਚਾਰ-ਵਟਾਂਦਰੇ ਉਪਰੰਤ ਸਿੱਖ ਕੌਮ ਨੇ ਅਕਾਲ ਤਖ਼ਤ ਸਾਹਿਬ (ਅੰਮ੍ਰਿਤਸਰ ਸਾਹਿਬ) ਤੋਂ ਲਾਗੂ ਕੀਤੀ ਸਰਬ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਇਹ ਨਿਤਨੇਮ ਹੈ : ਸੁਬ੍ਹਾ ‘ਜਪੁ, ਜਾਪੁ ਤੇ 10 ਸਵੱਈਏ’ (‘ਸ੍ਰਾਵਗ ਸੁਧ’ ਵਾਲ਼ੇ), ਸ਼ਾਮ ਨੂੰ ਰਹਰਾਸਿ ’ਚ ਸ਼ਬਦ ਹਨ ‘ਗੁਰੂ ਗ੍ਰੰਥ ਸਾਹਿਬ ’ਚ ਦਰਜ 9 ਸ਼ਬਦ (‘‘ਸੋ ਦਰੁ ਤੇਰਾ ਕੇਹਾ’’ ਤੋਂ ‘‘ਸਰਣਿ ਪਰੇ ਕੀ ਰਾਖਹੁ ਸਰਮਾ ’’ ਅੰਕ 8 ਤੋਂ 12 ਤੱਕ), ਬੇਨਤੀ ਚੌਪਈ ਪਾਤਿਸ਼ਾਹੀ ੧੦ (ਹਮਰੀ ਕਰੋ ਹਾਥ ਦੈ ਰੱਛਾ’ ਤੋਂ ਲੈ ਕੇ ‘ਦੁਸਟ ਦੋਖ ਤੇ ਲੇਹੁ ਬਚਾਈ’ ਤੱਕ), ਸ੍ਵੈਯਾ (‘ਪਾਇ ਗਹੇ ਜਬ ਤੇ ਤੁਮਰੇ’ ਅਤੇ) ਦੋਹਰਾ (ਸਗਲ ਦੁਆਰ ਕਉ ਛਾਡਿ ਕੈ), ਅਨੰਦ ਸਾਹਿਬ ਦੀਆਂ ਪਹਿਲੀਆਂ 5 ਪਉੜੀਆਂ ਤੇ ਅੰਤਲੀ ਇਕ ਪਉੜੀ, ਮੁੰਦਾਵਣੀ ਤੇ ਸਲੋਕ ਮਹਲਾ ੫ (ਤੇਰਾ ਕੀਤਾ ਜਾਤੋ ਨਾਹੀ) ਅਤੇ ਰਾਤ ਨੂੰ ਸੌਣ ਵੇਲ਼ੇ ਸੋਹਿਲਾ (‘‘ਜੈ ਘਰਿ ਕੀਰਤਿ ਆਖੀਐ’’ ਤੋਂ ਲੈ ਕੇ ‘‘ਨਾਨਕ ਦਾਸੁ ਇਹੈ ਸੁਖੁ ਮਾਗੈ; ਮੋ ਕਉ ਕਰਿ ਸੰਤਨ ਕੀ ਧੂਰੇ ’’ ਤੱਕ 5 ਸ਼ਬਦ ਹਨ), ਪਰ ਅਫ਼ਸੋਸ ਕਿ ਬਹੁਤਿਆਂ ਨੂੰ ਨਾ ਇਸ ਦਾ ਭਾਵ ਪਤਾ ਹੈ ਤੇ ਨਾ ਹੀ ਇਹ ਜ਼ਬਾਨੀ ਯਾਦ (ਕੰਠ) ਹੈ। ਗੁਟਕਾ ਸਾਹਿਬ ਤੋਂ ਵੇਖ ਕੇ ਨਿਤਨੇਮ ਕੀਤਾ ਜਾਂਦਾ ਹੈ।

ਨਿਤਨੇਮ ਨੂੰ ਅਰਥਾਂ ਸਹਿਤ ਕੰਠ ਕਰਨਾ ਹੈ ਤਾਂ ਕਿ ਇਸ ਵਿੱਚ ਪ੍ਰੋਏ ਮੋਤੀ; ਸੁਰਤਿ ਨੂੰ ਆਪਣੇ ਵੱਲ ਉੱਚਾ ਖਿੱਚਣ; ਜਿਵੇਂ ਕਿ ਵਾਕ ਹੈ, ‘‘ਧੁਨਿ ਮਹਿ ਧਿਆਨੁ; ਧਿਆਨ ਮਹਿ ਜਾਨਿਆ; ਗੁਰਮੁਖਿ ਅਕਥ ਕਹਾਨੀ ’’ (ਮਹਲਾ /੮੭੯) ਭਾਵ ਗੁਰਮੁਖ; ਪ੍ਰਭੂ ਦੀ ਸਿਫ਼ਤਿ-ਧੁਨੀ ’ਚ ਧਿਆਨ ਜੋੜ-ਜੋੜ ਉੱਚੇ ਨੂੰ ਜਾਣ ਲੈਂਦਾ ਹੈ, ਉਸ ਤੋਂ ਮੋਹਿਆ ਜਾਂਦਾ ਹੈ।

ਸੰਖੇਪ ਨਿਤਨੇਮ; ਕੰਠ ਕਰਨਾ ਅਸਾਨ ਹੈ। ਅੱਖਾਂ ਬੰਦ ਕਰ ਨਿਤਨੇਮ ’ਚ ਧਿਆਨ ਵੱਧ ਜੁੜਦਾ ਹੈ, ਅਸਲ ਮੰਤਵ ਭੀ ਸਮਝ ਲੱਗਦਾ ਹੈ ਤੇ ਸੁਰਤਿ ਉੱਚੀ ਹੁੰਦੀ ਹੈ। ਦੂਜੇ ਪਾਸੇ ਸੁਖਮਨੀ ਸਾਹਿਬ, ਚੌਪਈ, ਦੁੱਖ ਭੰਜਨੀ ਆਦਿ ਦੇ ਪਾਠ ਕਰਨ ਵਾਲ਼ੀਆਂ ਅਨੇਕਾਂ ਬੀਬੀਆਂ, ਜੋ ਚੌਪਹਿਰੇ ਭੀ ਕੱਟਦੀਆਂ ਹਨ, ਫਿਰ ਭੀ ਮਨਮਤੀ ਕਰਵਾ ਚੌਥ ਵਰਤ ਰੱਖਦੀਆਂ ਹਨ। ਇਹ ਭੀ ਨਾ ਸਮਝ ਆਈ ਕਿ ‘ਸਿਮਰਨ’ ਕਰਨ ਨਾਲ਼ ਦੁੱਖ ਮਿਟਦੇ ਹਨ, ਨਾ ਕਿ ਦੁਕਾਨਦਾਰਾਂ ਦੁਆਰਾ ਗੁਰਬਾਣੀ ’ਚੋਂ ‘ਦੁਖ, ਦੁਖ’ ਸ਼ਬਦ ਚੁਣ ਕੇ ਇਕੱਤਰ ਕੀਤੇ ਕੇਵਲ ‘ਦੁੱਖ ਭੰਜਨੀ’ ਸ਼ਬਦ ਪੜ੍ਹਨ ਨਾਲ਼।

ਸੋ ਬਾਣੀਆਂ ਵੱਧ ਪੜ੍ਹ ਕੇ ਨਹੀਂ; ਇਸ ਦੇ ਮੰਤਵ ਨੂੰ ਸਮਝਣ ਨਾਲ਼ ਬਖ਼ਸ਼ਸ਼ ਹੁੰਦੀ ਹੈ, ਸੁਰਤਿ ਉੱਚੀ ਹੁੰਦੀ ਹੈ। ਸੁਰਤਿ ਉੱਚਾ ਉੱਠਾਉਣਾ; ਦੁਨੀਆਂ ਦਾ ਸਭ ਤੋਂ ਕਠਿਨ ਕੰਮ ਹੈ। ਸ਼ਾਮ ਨੂੰ ਪੜ੍ਹਦੇ ਹਾਂ, ‘‘ਆਖਾ ਜੀਵਾ; ਵਿਸਰੈ ਮਰਿ ਜਾਉ   ਆਖਣਿ ਅਉਖਾ; ਸਾਚਾ ਨਾਉ ’’ (ਸੋ ਦਰੁ/ਮਹਲਾ /) ਭਾਵ ਰੱਬੀ ਗੁਣ ਗਾਉਂਦਾ ਹਾਂ ਤਾਂ ਜੀਵਨ ਉੱਚਾ ਹੁੰਦਾ ਹੈ, ਜਦ ਭੁਲਾ ਦਿੰਦਾ ਹਾਂ ਤਾਂ ਸੁਰਤਿ ਨੀਵੀਂ ਰਹਿੰਦੀ ਹੈ, ਮਰ ਜਾਂਦਾ ਹਾਂ। ਇਹ ਸੋਝੀ ਹੋਣ ’ਤੇ ਭੀ ਨਾਮ ਜਪਣਾ; ਬੜਾ ਕਠਿਨ ਹੈ। ਜੈਸੇ ਪਾਣੀ ਹੇਠਾਂ ਨੂੰ ਵਹਿੰਦਾ ਹੈ; ਵੈਸੇ ਮਨੁੱਖ ਦੀ ਸੋਚ ਭੀ ਹੇਠਾਂ ਵੱਲ ਜਾਂਦੀ ਹੈ, ਭਰਮ ’ਚ ਪਾਈ ਜਾ ਸਕਦੀ ਹੈ। ਇੱਕ ਭਰਮ (ਸੂਤਕ-ਪਾਤਕ) ਦਾ ਜ਼ਿਕਰ ਕਬੀਰ ਜੀ ਕਰਦੇ ਹਨ, ‘‘ਫਾਸਨ ਕੀ ਬਿਧਿ ਸਭੁ ਕੋਊ ਜਾਨੈ; ਛੂਟਨ ਕੀ ਇਕੁ ਕੋਈ   ਕਹਿ ਕਬੀਰ ਰਾਮੁ ਰਿਦੈ ਬਿਚਾਰੈ; ਸੂਤਕੁ ਤਿਨੈ ਹੋਈ ’’ (ਭਗਤ ਕਬੀਰ/੩੩੧) ਭਾਵ ਲੋਕ; ਭਰਮਾਂ ’ਚ ਪੈਣਾ ਜਾਣਦੇ ਹਨ। ਇਨ੍ਹਾਂ ਤੋਂ ਮੁਕਤ ਹੋਣਾ ਨਹੀਂ। ਕੋਈ ਵਿਰਲਾ ਹੀ ਦਿਲ ਤੋਂ ਰਾਮ ਨੂੰ ਸਿਮਰਦਾ ਹੈ। ਉਸ ਦੇ ਮਨ ’ਚ ਸੂਤਕ-ਪਾਤਕ ਵਾਲ਼ਾ ਭਰਮ ਨਹੀਂ ਹੁੰਦਾ। ‘ਸੂਤਕ-ਪਾਤਕ’ ਤੋਂ ਭਾਵ ਬੱਚੇ ਦੇ ਜਨਮ ਜਾਂ ਮਰਨ ਸਮੇਂ ਘਰ ਅਪਵਿੱਤਰ ਹੋਣਾ ਹੈ। ਬੱਚੇ ਦੇ ਜਨਮ ਸਮੇਂ ਪੰਡਿਤ ਦੇ ਘਰ ’ਚ ਇਹ ਅਸ਼ੁੱਧੀ/ਸੂਤਕ 11 ਦਿਨ, ਖੱਤਰੀ ਦੇ 13 ਦਿਨ, ਵੈਸ਼ ਦੇ 17 ਦਿਨ ਤੇ ਸ਼ੂਦਰ ਦੇ 30 ਦਿਨ ਰਹਿੰਦਾ, ਮੰਨਿਆ ਗਿਆ। ਮੌਤ ਹੋਣ ’ਤੇ ਪੰਡਿਤ ਦਾ ਘਰ 10 ਦਿਨ, ਖੱਤਰੀ ਦਾ 12 ਦਿਨ, ਵੈਸ਼ ਦਾ 15 ਦਿਨ ਤੇ ਸ਼ੂਦਰ ਦਾ ਘਰ 30 ਦਿਨ ਅਸ਼ੁੱਧ/ਪਾਤਕ ਹੁੰਦਾ, ਮੰਨਿਆ ਗਿਆ। ਐਸਾ ਭੀ ਸਮਝ ਸਕਦੇ ਹਾਂ ਕਿ ਸੁਰਤਿ ਨੂੰ ਉੱਚਾ ਕਰਨ ਵਾਲ਼ਾ ਕੰਮ (ਨਿਤਨੇਮ ਦਾ ਮੰਤਵ); ਕਠਿਨ ਹੋਣ ਕਾਰਨ ਬਾਕੀ ਬਾਣੀਆਂ ਨੂੰ ਨਿਤਨੇਮ ’ਚ ਜੋੜਨ ਵੱਲ ਵਧਿਆ ਗਿਆ।

ਜੇਕਰ ਥੋੜ੍ਹਾ ਨੀਵਾਂ ਜਹਾਜ਼ ਉੱਪਰ ਦੀ ਲੰਘ ਜਾਵੇ ਤਾਂ ਹਰ ਕੋਈ ਉਸ ਦੀਆਂ ਗੱਲਾਂ ਕਰਦਾ ਹੈ, ਉਸ ਤੋਂ ਪ੍ਰਭਾਵਤ ਹੋ ਜਾਂਦਾ ਹੈ। ਕਰਤਾਰ ਨੇ ਮਨੁੱਖ ਲਈ ਦਿਨ ਤੇ ਰਾਤ ਬਣਾਏ; ਜੈਸਾ ਕਿ ਨਿੱਤ ਪੜ੍ਹਿਆ ਜਾਂਦਾ ਹੈ ‘‘ਜੇਵਡੁ ਆਪਿ; ਤੇਵਡ ਤੇਰੀ ਦਾਤਿ   ਜਿਨਿ ਦਿਨੁ ਕਰਿ ਕੈ; ਕੀਤੀ ਰਾਤਿ ’’ (ਸੋ ਦਰੁ/ਮਹਲਾ /੧੦) ਭਾਵ ਹੇ ਮਾਲਕ !  ਤੂੰ ਜਿੰਨਾ ਵੱਡਾ ਹੈਂ, ਓਨੀ ਹੀ ਵੱਡੀ ਤੇਰੀ ਦਾਤ (ਕੁਦਰਤ) ਹੈ, ਜਿਸ ਵਿੱਚ (ਕੰਮ-ਕਾਰ ਕਰਨ ਲਈ) ਦਿਨ ਬਣਾ ਕੇ ਫਿਰ (ਅਰਾਮ ਕਰਨ ਲਈ) ਤੈਂ ਰਾਤ ਬਣਾਈ ਹੈ, ਪਰ ਕੀ ਇਸ ਵਿਸ਼ਾਲ ਦਾਤ ਨੂੰ ਸਮਝ ਕੇ ਸਿੱਖ ਭੀ ਓਨਾ ਪ੍ਰਭਾਵਤ ਹੁੰਦਾ ਹੈ। ਚਿਤਾਵਨੀ ਭੀ ਦਿੱਤੀ ਕਿ ਜੋ ਇਸ ਨੂੰ ਨਾ ਸਮਝੇ; ਉਹ ਸੱਚ ਤੋਂ ਟੁੱਟੇ ਹੋਏ ਹਨ, ਛੋਟੀ ਜਾਤ (ਸੋਚ) ਵਾਲ਼ੇ ਹਨ, ‘‘ਖਸਮੁ ਵਿਸਾਰਹਿ; ਤੇ ਕਮਜਾਤਿ   ਨਾਨਕ  ! ਨਾਵੈ ਬਾਝੁ ਸਨਾਤਿ ’’ ਪੂਰਨ ਸੱਚ ਦਾ ਕੋਈ ਤਿਲ ਮਾਤਰ ਭੀ ਵਰਣਨ ਨਹੀਂ ਕਰ ਸਕਦਾ; ਇਹ ਭੀ ਨਿੱਤ ਪੜ੍ਹੀਦਾ ਹੈ, ‘‘ਸਾਚੇ ਨਾਮ ਕੀ ਤਿਲੁ ਵਡਿਆਈ   ਆਖਿ ਥਕੇ; ਕੀਮਤਿ ਨਹੀ ਪਾਈ ’’ (ਸੋ ਦਰੁ/ਮਹਲਾ /)

‘ਜਪੁ’ ਸਾਹਿਬ ’ਚ ਹੈ, ‘‘ਵਡਾ ਸਾਹਿਬੁ; ਊਚਾ ਥਾਉ   ਊਚੇ ਉਪਰਿ; ਊਚਾ ਨਾਉ ..੨੪’’ ਭਾਵ ਮਾਲਕ ਆਪ ਬਹੁਤ ਉੱਚਾ ਹੈ। ਮਾਇਆ ਤੋਂ ਨਿਰਲੇਪ ਹੈ। ਉਸ ਦੇ ਗੁਣ ਭੀ ਬੜੇ ਉੱਚੇ (ਭਾਵ ਕੁਦਰਤ ’ਚ) ਵਿਸ਼ਾਲ ਹਨ, ‘‘ਵਡਾ ਸਾਹਿਬੁ, ਵਡੀ ਨਾਈ; ਕੀਤਾ ਜਾ ਕਾ ਹੋਵੈ ..੨੧’’ ਇਨ੍ਹਾਂ ਉਪਕਾਰਾਂ ਬਦਲੇ ਉਹ ਕੋਈ ਤਮਾਅ (ਉਮੀਦ) ਭੀ ਨਹੀਂ ਰੱਖਦਾ ਕਿ ਉਸ ਦੀ ਤਾਰੀਫ਼ ਕੀਤੀ ਜਾਵੇ, ‘‘ਬਹੁਤਾ ਕਰਮੁ ਲਿਖਿਆ ਨਾ ਜਾਇ   ਵਡਾ ਦਾਤਾ; ਤਿਲੁ ਤਮਾਇ ..੨੫’’ ਇਹੀ ਰਹਰਾਸਿ ’ਚ ਹੈ, ‘‘ਵਡੇ ਮੇਰੇ ਸਾਹਿਬਾ ! ਗਹਿਰ ਗੰਭੀਰਾ ! ਗੁਣੀ ਗਹੀਰਾ   ਕੋਇ ਜਾਣੈ; ਤੇਰਾ ਕੇਤਾ ਕੇਵਡੁ ਚੀਰਾ ਰਹਾਉ ’’ (ਸੋ ਦਰੁ/ਮਹਲਾ /) ਅਨੰਦ ਸਾਹਿਬ ’ਚ ਭੀ ਹੈ, ‘‘ਸਾਚੇ ਸਾਹਿਬਾ  ! ਕਿਆ ਨਾਹੀ ਘਰਿ+ਤੇਰੈ (’)  ਘਰਿ ਤੇਰੈ, ਸਭੁ ਕਿਛੁ ਹੈ; ਜਿਸੁ ਦੇਹਿ, ਸੁ ਪਾਵਏ ..’’ (ਅਨੰਦ/ਮਹਲਾ /੯੧੭) ਗੁਰੂ ਗ੍ਰੰਥ ਸਾਹਿਬ ਦਾ ਅੰਤਮ ਸ਼ਬਦ ਹੀ ਰਹਰਾਸਿ ’ਚ ਅੰਤਮ ਸ਼ਬਦ ਹੈ, ‘‘ਤੇਰਾ ਕੀਤਾ ਜਾਤੋ ਨਾਹੀ; ਮੈਨੋ ਜੋਗੁ ਕੀਤੋਈ   ਮੈ ਨਿਰਗੁਣਿਆਰੇ, ਕੋ ਗੁਣੁ ਨਾਹੀ; ਆਪੇ ਤਰਸੁ ਪਇਓਈ ’’ (ਮਹਲਾ /੧੪੨੯) ਰਾਤ ਨੂੰ ਸੋਹਿਲਾ ਸਾਹਿਬ ਭੀ ਮਾਲਕ ਦੀ ਵਿਸ਼ਾਲਤਾ ਬਾਰੇ ਹੈ, ‘‘ਗਗਨ ਮੈ ਥਾਲੁ; ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ   ਧੂਪੁ ਮਲਆਨਲੋ, ਪਵਣੁ ਚਵਰੋ ਕਰੇ; ਸਗਲ ਬਨਰਾਇ ਫੂਲੰਤ ਜੋਤੀ   ਕੈਸੀ ਆਰਤੀ ਹੋਇ   ਭਵ ਖੰਡਨਾ ! ਤੇਰੀ ਆਰਤੀ   ਅਨਹਤਾ ਸਬਦ ਵਾਜੰਤ ਭੇਰੀ ਰਹਾਉ ’’ (ਸੋਹਿਲਾ/ਮਹਲਾ /੧੩) ਭਾਵ ਵਿਸ਼ਾਲ ਕੁਦਰਤ ’ਚ ਆਕਾਸ਼ਮਈ ਥਾਲ ਹੈ, ਜਿਸ ਵਿੱਚ ਚੰਦ ਤੇ ਸੂਰਜ; ਦੋ ਦੀਵੇ ਹਨ। ਸਮੂਹ ਤਾਰੇ; ਇਸ ਆਕਾਸ਼ਮਈ-ਥਾਲ ’ਚ ਮਾਨੋ ਮੋਤੀ ਰੱਖੇ ਹਨ। ਸ੍ਰੀਲੰਕਾ ਦਾ ਮਲਿਆ ਪਰਬਤ; ਸੁਗੰਧੀ ਦੇ ਰਿਹਾ ਹੈ। ਹਵਾ; ਚੌਰ ਕਰ ਰਹੀ ਹੈ। ਸਾਰੀ ਬਨਸਪਤੀ; ਜੋਤਾਂ ਦੇ ਸਮੂਹ (ਜੋਤੀ) ਮਾਲਕ ਉੱਤੇ ਫੁੱਲਾਂ ਦੀ ਵਰਖਾ ਕਰ ਰਹੀ ਹੈ। ਹੇ ਸੰਸਾਰ-ਸਮੁੰਦਰ ’ਚੋਂ ਤਾਰਨ ਵਾਲ਼ੇ ! ਤੇਰੀ ਕੈਸੀ ਅਦਭੁਤ ਆਰਤੀ ਹੈ, ਜੋ ਮੇਰੇ ਮਨ ਨੂੰ ਮੋਹ ਰਹੀ ਹੈ।

ਹੁਣ ਕੀ ਸਿੱਖ; ਇਨ੍ਹਾਂ ਪਾਵਨ ਬਚਨਾਂ ਨੂੰ ਨਿੱਤ ਪੜ੍ਹ ਕੇ ਨੀਵਾਂ ਲੰਘਿਆ ਜਹਾਜ਼ ਵੇਖਣ ਵਾਙ ਮੋਹਿਆ ਜਾਂਦਾ ਹੈ ਜਾਂ ‘ਅੱਗਾ ਦੌੜ ਪਿੱਛਾ ਚੌੜ’ ਹੋ ਰਿਹਾ ਹੈ ਯਾਨੀ ਬਹੁਤੇ ਪਾਠ ਕਰਨ ਦੇ ਚੱਕਰ ’ਚ ਗੁਰਬਾਣੀ ਦਾ ਤਤਸਾਰ (ਨਿਤਨੇਮ ਦਾ ਮੰਤਵ) ਹੀ ਭੁੱਲ ਬੈਠੇ ਹਾਂ।

ਸਿਮਰਨ ਕਰਨ ਨਾਲ਼ ਹੁੰਦੀ ਖ਼ਾਸ ਬਖ਼ਸ਼ਸ਼ : ਕਰਤਾਰ; ਸਭ ਨੂੰ ਦਾਤਾਂ ਦਿੰਦਾ ਹੈ, ‘‘ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ ’’ ਭਾਵੇਂ ਕੋਈ ਉਸ ਨੂੰ ਯਾਦ ਕਰੇ ਜਾਂ ਨਾ ਕਰੇ, ਇਹ ਦਾਤਾਂ ਮਿਲਦੀਆਂ ਰਹਿਣੀਆਂ ਹਨ। ਭਗਤ; ਮਾਲਕ ਦਾ ਸ਼ੁਕਰਾਨਾ ਕਰਦਾ ਹੈ, ਸਿਮਰਨ ਕਰਦਾ ਹੈ ਤੇ ਆਪਣੇ ਡੋਲਦੇ ਮਨ ਕਾਰਨ ਹੁੰਦੀ ਅਵੱਗਿਆ ਲਈ ਅਰਦਾਸ ਰਾਹੀਂ ਮਾਫ਼ੀ ਮੰਗਦਾ ਹੈ; ਇਉਂ ਮਾਲਕ ਪ੍ਰਸੰਨ ਹੁੰਦਾ ਕਹਿੰਦਾ ਹੈ, ‘‘ਦਾਸ ਅਨਿੰਨ; ਮੇਰੋ ਨਿਜ ਰੂਪ ’’ (ਭਗਤ ਨਾਮਦੇਵ/੧੨੫੩) ਭਾਵ ਮੇਰੇ ’ਤੇ ਭਰੋਸਾ ਰੱਖਣ ਵਾਲ਼ੇ ਦਾਸ; ਮੇਰਾ ਹੀ ਰੂਪ ਹਨ। ਇਸ ਪਰਸਪਰ ਪਿਆਰ ਕਾਰਨ ਭਗਤ ਅੰਦਰ ਖੇੜਾ ਪੈਦਾ ਕਰਨ ਲਈ ਖ਼ਾਸ ਬਖ਼ਸ਼ਸ਼ ਕਰਦਾ ਹੈ; ਜਿਸ ਦਾ ਜ਼ਿਕਰ (ਸਮੂਹ ਦਾਤਾਂ ਦੀ ਵਿਆਖਿਆ ਕਰਦੀ) 25ਵੀਂ ਪਉੜੀ ਦੇ ਅੰਤ ’ਚ ਹੈ, ‘‘ਜਿਸ ਨੋ ਬਖਸੇ; ਸਿਫਤਿ ਸਾਲਾਹ   ਨਾਨਕ  ! ਪਾਤਿਸਾਹੀ ਪਾਤਿਸਾਹੁ ੨੫’’ (ਜਪੁ) ਸਕੂਲ ’ਚ ਬੱਚੇ ਨੂੰ ਮਿਲਦੇ ਵਜ਼ੀਫ਼ਾ ਵਾਙ ਭਗਤ ’ਤੇ ਹੋਈ ਇਹ ਖ਼ਾਸ ਮਿਹਰ; ਜ਼ਿੰਦਗੀ ਨੂੰ ਸਫ਼ਲ ਬਣਾਉਂਦੀ ਹੈ, ਅੰਤਹਿਕਰਣ ਨੂੰ ਪਾਰਦਰਸ਼ੀ ਕਰਾਉਂਦੀ ਹੈ। ਇਸੇ ਖ਼ਾਸ ਮਿਹਰ ਦਾ ਜ਼ਿਕਰ ਆਪ ਨੇ ਆਸਾ ਦੀ ਵਾਰ ’ਚ ਕੀਤਾ ਹੈ, ‘‘ਚਾਕਰੁ ਲਗੈ ਚਾਕਰੀ; ਜੇ ਚਲੈ ਖਸਮੈ ਭਾਇ   ਹੁਰਮਤਿ ਤਿਸ ਨੋ ਅਗਲੀ; ਓਹੁ ਵਜਹੁ ਭਿ ਦੂਣਾ ਖਾਇ ..੨੨ (ਮਹਲਾ /੪੭੪)

ਨਿਤਨੇਮ ਵਾਲ਼ੇ ਉਕਤ ਸ਼ਬਦ; ਗੁਰੂ ਨਾਨਕ ਸਾਹਿਬ ਜੀ ਦੇ ਹੀ ਵਿਚਾਰੇ ਗਏ ਹਨ। ਆਪ ਨੇ ਚਾਰ ਉਦਾਸੀਆਂ ਖ਼ਤਮ ਕਰ ਸੰਨ 1522 ’ਚ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿਖੇ ਪੱਕਾ ਨਿਵਾਸ ਕਰ ਲਿਆ ਸੀ। ਇੱਥੇ ਹੁੰਦੇ ਨਿਤਨੇਮ ਦਾ ਜ਼ਿਕਰ; ਭਾਈ ਗੁਰਦਾਸ ਜੀ ਕਰਦੇ ਹਨ, ‘‘ਫਿਰਿ ਬਾਬਾ ਆਇਆ ਕਰਤਾਰਪੁਰਿ (’); ਭੇਖੁ ਉਦਾਸੀ ਸਗਲ ਉਤਾਰਾ ਪਹਿਰਿ (ਕੇ) ਸੰਸਾਰੀ ਕਪੜੇ; ਮੰਜੀ ਬੈਠਿ, ਕੀਆ ਅਵਤਾਰਾ.. ਸੋ ਦਰੁ ਆਰਤੀ ਗਾਵੀਐ; ਅੰਮ੍ਰਿਤ ਵੇਲੇ ਜਾਪੁ ਉਚਾਰਾ’’ (ਵਾਰ ਪਉੜੀ ੩੮) ਯਾਨੀ ਕਿ ਸਿੱਖ ਸਵੇਰੇ ‘ਜਪੁ’ ਜੀ ਸਾਹਿਬ, ਸ਼ਾਮ ਨੂੰ ਕੇਵਲ ‘‘ਸੋ ਦਰੁ ਤੇਰਾ ਕੇਹਾ’’ ਸ਼ਬਦ ਤੇ ਰਾਤ ਨੂੰ ਆਰਤੀ ਵਾਲ਼ਾ ਇੱਕ ਸ਼ਬਦ ‘‘ਗਗਨ ਮੈ ਥਾਲੁ; ਰਵਿ ਚੰਦੁ ਦੀਪਕ ਬਨੇ; ਤਾਰਿਕਾ ਮੰਡਲ, ਜਨਕ ਮੋਤੀ ’’ ਪੜ੍ਹਦੇ ਸਨ ਜਦਕਿ ਆਪ ਨੇ 19 ਰਾਗਾਂ ’ਚ 977 ਸ਼ਬਦ ਉਚਾਰੇ ਹਨ। ਕੋਈ ਕਾਰਨ ਤਾਂ ਹੋਏਗਾ ਕਿ ਆਪ ਨੇ ‘ਜਪੁ’ ਜੀ ਸਾਹਿਬ ਦੀ 27ਵੀਂ ਪਉੜੀ ‘‘ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ ਸਰਬ ਸਮਾਲੇ ..੨੭’’ ਨੂੰ ਹੀ ਸ਼ਾਮੀ ਪੜ੍ਹਨ ਦਾ ਹੁਕਮ ਕੀਤਾ।

ਇਸ ਤੋਂ 82 ਸਾਲ ਬਾਅਦ ਸੰਨ 1604 (‘ਆਦਿ ਗ੍ਰੰਥ’ ਦੀ ਸੰਪਾਦਨਾ) ਤੋਂ ਦਸਮੇਸ਼ ਪਿਤਾ (80-90 ਸਾਲ) ਤੱਕ ਗੁਰੂ ਅਰਜਨ ਸਾਹਿਬ ਨੇ ਭੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਕੁ ਅੰਕ ਹੀ ਸਿੱਖਾਂ ਲਈ ਨਿਤਨੇਮ ਬਣਾਏ। ਜਿਸ ਦਾ ਪਾਠ ਕਰ ਕਰ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ; 11 ਨਵੰਬਰ 1675 ਨੂੰ ਚਾਂਦਨੀ ਚੌਂਕ (ਦਿੱਲੀ) ’ਚ ਗੁਰੂ ਦੇ ਬਚਨਾਂ (ਬਾਂਹਿ ਜਿਨ੍ਹਾਂ ਦੀ ਪਕੜੀਐ, ਸਿਰ ਦੀਜੈ ਬਾਂਹਿ ਛੋੜੀਐ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਛੋੜੀਐ ਜਾਂ ‘‘ਧਰਮ ਹੇਤ ਸਾਕਾ ਜਿਨਿ ਕੀਆ ਸੀਸੁ ਦੀਆ; ਪਰੁ ਸਿਰਰੁ ਦੀਆ ’’) ਨੂੰ ਸਹੀ ਸਿੱਧ ਕਰਕੇ ਅਮਰ ਹੋ ਗਏ।

ਦੂਜੇ ਪਾਸੇ ਇੱਕੋ ਸ਼ਬਦ (ਵਾਹਿਗੁਰੂ ਵਾਹਿਗੁਰੂ) ਨੂੰ ਜਪ ਕੇ ਕਈ ਕਈ ਘੰਟੇ ਸੁਰਤਿ ਉੱਚੀ ਰੱਖਣ ਦਾ ਦਾਅਵਾ ਕਰਨ ਵਾਲ਼ੇ ਡੇਰੇਦਾਰ; ਸੰਗਤਾਂ ਨੂੰ ਵੱਧ ਤੋਂ ਵੱਧ ਬਾਣੀਆਂ ਨਿੱਤ ਪੜ੍ਹਨ ਲਈ ਪ੍ਰੇਰ ਰਹੇ ਹਨ। ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਇੱਕ ਸ਼ਬਦ ਹੀ ਉੱਚੀ ਸੁਰਤਿ ਰੱਖ ਸਕਦਾ ਹੈ ਤਾਂ ਬਹੁਤੀਆਂ ਬਾਣੀਆਂ ਨੂੰ ਨਿਤਨੇਮ ਬਣਾ ਕੇ ਕਿਉਂ ਸਰਬ ਪ੍ਰਵਾਣਿਤ ਰਹਿਤ ਮਰਿਆਦਾ ਨੂੰ ਭੰਗ ਕੀਤਾ ਜਾ ਰਿਹਾ ਹੈ ?

ਜਦ ਗੱਡੀ ’ਚ ਤੇਲ ਪਵਾਉਣਾ ਹੋਵੇ ਤਾਂ ਇੰਜਣ ਬੰਦ ਕਰ ਦੇਈਦੀ ਹੈ ਤਾਂ ਕਿ ਬੇਲੋੜਾ ਤੇਲ ਨਾ ਮੱਚੇ; ਇਸੇ ਤਰ੍ਹਾਂ ਹਰ ਦਿਨ ਧਿਆਨ ਨੂੰ ਉੱਚੇ ਤੋਂ ਉੱਚੇ ਕਰਤਾਰ ਨਾਲ਼ ਜੋੜ ਕੇ ਸੁਰਤਿ ਉੱਚੀ ਕਰਨੀ ਹੈ, ਊਰਜਾ ਇਕੱਤਰ ਕਰਨੀ ਹੈ, ਨਾ ਕਿ ਤੇਲ ਭਰਨ ਤੋਂ ਪਹਿਲਾਂ ਹੀ ਉਸ ਨੂੰ ਐਸੇ ਖ਼ਰਚਣਾ ਹੈ, ‘‘ ਰਸਨਾ  ! ਤੂ ਅਨ ਰਸਿ ਰਾਚਿ ਰਹੀ.. ੩੨, ਸਰੀਰਾ ਮੇਰਿਆ ! .. ੩੩, ਨੇਤ੍ਰਹੁ ਮੇਰਿਹੋ  ! .. ੩੬, ਸ੍ਰਵਣਹੁ ਮੇਰਿਹੋ !.. ੩੭’’ (ਅਨੰਦ/ਮਹਲਾ /੯੨੨) ਇਸੇ ਕਾਰਨ ਅਭਿਆਸੀ ਸਿੱਖਾਂ ਨੇ ਅਨੰਦ ਸਾਹਿਬ ਦੀਆਂ ਪਹਿਲੀਆਂ 5 ਪਉੜੀਆਂ ਤੇ ਅੰਤਲੀ ਇੱਕ ਪਉੜੀ ਨੂੰ ਨਿਤਨੇਮ ਦੇ ਆਸ਼ੇ ਅਨੁਸਾਰ ਸਮਝਿਆ; ਬਾਕੀ 34 ਪਉੜੀਆਂ (6 ਤੋਂ 39) ਨੂੰ ਨਹੀਂ ਕਿਉਂਕਿ ਇਨ੍ਹਾਂ ’ਚ ਕਰਤਾਰ ਦੀ ਥਾਂ; ਗਿਆਨ ਇੰਦ੍ਰਿਆਂ (ਅੱਖ, ਕੰਨ, ਜੀਭ ਆਦਿ) ਨੂੰ ਸੰਬੋਧਨ ਕੀਤਾ ਹੈ, ਪਰ ਹੁਣ ਜੇ ਕੋਈ ਪੂਰੇ ਅਨੰਦ ਸਾਹਿਬ (40 ਪਉੜੀਆਂ) ਨੂੰ ਨਿਤਨੇਮ ’ਚ ਸ਼ਾਮਲ ਕਰਨ ਦੀ ਜ਼ਿੱਦ ਕਰੇ ਤਾਂ 6 ਪਉੜੀਆਂ ਨੂੰ ਵੱਖ ਕਰਨ ਵਾਲ਼ੀ ਕਸੌਟੀ ਦਾ ਕੀ ਹੋਏਗਾ ? ਐਸਾ ਕਿਹਾ ਜਾਂਦਾ ਹੈ ਕਿ ਇਹ ਅੰਮ੍ਰਿਤ ਸੰਚਾਰ ਸਮੇਂ ਪੜ੍ਹੀ ਜਾਣ ਵਾਲ਼ੀ ਬਾਣੀ ਹੈ। ਸਭ ਨੂੰ ਕੰਠ ਹੋਣੀ ਚਾਹੀਦੀ ਹੈ। ਜੇਕਰ ਕੰਠ ਕਰਨ ਲਈ ਹੀ ਬਾਣੀ ਨੂੰ ਨਿਤਨੇਮ ’ਚ ਸ਼ਾਮਲ ਕਰਨਾ ਹੈ ਤਾਂ ਕਿੰਨੇ ਕੁ ਸਿੱਖਾਂ ਨੂੰ ਨਿਤਨੇਮ ਕੰਠ ਹੈ ? ਅਕਸਰ ਗੁਟਕਾ ਸਾਹਿਬ ਵੇਖ ਕੇ ਪਾਠ ਕਰਦੇ ਹਨ। ਇਹ ਡੇਰੇਦਾਰ; ਔਰਤਾਂ ਨੂੰ ਪੰਜ ਪਿਆਰਿਆਂ ’ਚ ਸ਼ਾਮਲ ਕਰਨ ਦੇ ਭੀ ਵਿਰੋਧੀ ਹਨ ਤਾਂ ਤੇ ਔਰਤਾਂ ਨੂੰ ਤਾਂ ਸਰਬ ਪ੍ਰਵਾਣਿਤ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਤਨੇਮ ਕਰ ਕੇ ਪੰਥਕ ਏਕਤਾ ਮਜ਼ਬੂਤ ਕਰਨੀ ਬਣਦੀ ਹੈ। ਪੰਜ ਪਿਆਰਿਆਂ ’ਚ ਸ਼ਾਮਲ ਹੋਣ ਲਈ ਹਜ਼ਾਰਾਂ ਸਿੱਖਾਂ ’ਚੋਂ ਕੋਈ ਇੱਕ ਭਾਗਾਂ ਵਾਲ਼ਾ ਅੱਗੇ ਆਉਂਦਾ ਹੈ। ਸੋ ਗੁਰਬਾਣੀ ਭਾਵੇਂ ਬਹੁਤੀ ਕੰਠ ਨਾ ਹੋਵੇ, ਪਰ ਇਸ ਦੀ ਵਿਚਾਰ ਕਰ ਅਸਲ ਮੰਤਵ ਸਮਝ ਕੇ ਅਮਲ ਕਰਨਾ ਜ਼ਰੂਰੀ ਹੈ।

ਚੋਣਵੇਂ ਸ਼ਬਦਾਂ ਦਾ ਸੰਖੇਪ ਨਿਤਨੇਮ; ਗੁਰੂ ਨਾਨਕ ਸਾਹਿਬ ਜੀ ਨੇ ਆਰੰਭ ਕੀਤਾ ਹੈ, ਜਿਸ ਨੂੰ ਬਾਕੀ ਗੁਰੂ ਸਾਹਿਬਾਨ ਨੇ ਭੀ ਅਪਣਾਅ ਲਿਆ ਕਿਉਂਕਿ ਗੁਰੂ ਨਾਨਕ-ਜੋਤਿ ਨੂੰ ਸਿਰਮੌਰ ਰੱਖਣਾ ਹੈ; ਜਿਵੇਂ ਕਿ ਗੁਰੂ ਅਰਜਨ ਸਾਹਿਬ ਦੇ ਬਚਨ ਹਨ, ‘‘ਗਿਆਨੁ ਧਿਆਨੁ ਕਿਛੁ ਕਰਮੁ ਜਾਣਾ; ਸਾਰ ਜਾਣਾ ਤੇਰੀ   ਸਭ ਤੇ ਵਡਾ ਸਤਿਗੁਰੁ ਨਾਨਕੁ; ਜਿਨਿ ਕਲ ਰਾਖੀ ਮੇਰੀ ’’ (ਮਹਲਾ /੭੫੦) ਚੇਤੇ ਰਹੇ ਕਿ ਗੁਰਬਾਣੀ ’ਚ ਨਾਨਕੁ ਨੀਚੁ ਸ਼ਬਦ 6 ਵਾਰ ਹੈ, ਜੋ ਕੇਵਲ ਗੁਰੂ ਨਾਨਕ ਸਾਹਿਬ ਨੇ ਵਰਤਿਆ ਹੈ; ਜੈਸਾ ਕਿ

ਅਸੰਖ ਨਿੰਦਕ ਸਿਰਿ ਕਰਹਿ ਭਾਰੁ   ਨਾਨਕੁ ਨੀਚੁ ਕਹੈ ਵੀਚਾਰੁ ..੧੮ (ਜਪੁ)

ਨਾਨਕੁ ਨੀਚੁ ਕਹੈ ਬੀਚਾਰੁ   ਧਾਣਕ ਰੂਪਿ (’) ਰਹਾ; ਕਰਤਾਰ  ! (ਮਹਲਾ /੨੪)

ਦੁਖੁ ਸੁਖੁ ਭਾਣੈ ਤਿਸੈ ਰਜਾਇ   ਨਾਨਕੁ ਨੀਚੁ ਕਹੈ ਲਿਵ ਲਾਇ (ਮਹਲਾ /੨੨੩)

ਭਾਇ ਮਿਲੈ ਭਾਵੈ ਭਇਕਾਰੁ   ਨਾਨਕੁ ਨੀਚੁ ਕਹੈ ਬੀਚਾਰੁ (ਮਹਲਾ /੪੧੩

ਨਾਨਕੁ ਨੀਚੁ ਭਿਖਿਆ ਦਰਿ (ਤੋਂ) ਜਾਚੈ; ਮੈ ਦੀਜੈ ਨਾਮੁ ਵਡਾਈ ਹੇ ੧੬ (ਮਹਲਾ /੧੦੨੧)

ਨਾਨਕੁ ਨੀਚੁ ਕਹੈ ਬੇਨੰਤੀ; ਦਰਿ ਦੇਖਹੁ ਲਿਵ ਲਾਈ ਹੇ ੧੬ (ਮਹਲਾ /੧੦੨੨)

ਗੁਰਬਾਣੀ ’ਚ ਇੱਕ ਸ਼ਬਦ (ਸੋ ਦਰੁ) ਭੀ ਤਿੰਨ ਵਾਰ ਹੈ, ਜੋ ਗੁਰੂ ਨਾਨਕ ਸਾਹਿਬ ਦਾ ਰਚਿਆ ਹੈ ਤੇ ਉਸ ਨੂੰ ਸੁਬ੍ਹਾ-ਸ਼ਾਮ ਪੜ੍ਹਨ ਦਾ ਵਿਧਾਨ ਹੈ। ਬਾਕੀ ਗੁਰੂ ਸਾਹਿਬਾਨ ਨੇ ਨਾ ਨਾਨਕੁ ਨੀਚੁ ਸ਼ਬਦ ਵਰਤਿਆ, ਨਾ ਆਪਣਾ ਕੋਈ ਸ਼ਬਦ ਤਿੰਨ ਵਾਰ ਰਚਿਆ ਤੇ ਨਾ ਹੀ ਆਪਣੇ ਸ਼ਬਦ ਨੂੰ ਸੁਬ੍ਹਾ-ਸ਼ਾਮ ਪੜ੍ਹਨ ਦਾ ਨਿਯਮ ਬਣਾਇਆ। ਇੱਥੇ ਇਹ ਮਤਲਬ ਨਹੀਂ ਕਿ ਬਾਕੀ ਗੁਰੂ ਸਾਹਿਬਾਨ ਨੇ ਨਾਨਕੁ ਨੀਚੁ ਨਾ ਵਰਤ ਕੇ ਕੋਈ ਅਵੱਗਿਆ ਕੀਤੀ ਹੈ ਜਾਂ ਉਨ੍ਹਾਂ ਅੰਦਰ ਅਹੰਕਾਰ ਹੈ, ਪਰ ਅੱਜ ‘ਚੌਪਈ’ (ਹਮਰੀ ਕਰੋ ਹਾਥ ਦੈ ਰੱਛਾ) ਨੂੰ ਸੁਬ੍ਹਾ-ਸ਼ਾਮ ਪੜ੍ਹ ਕੇ ਇਹ ਵਿਧਾਨ ਤੋੜਿਆ ਜਾ ਰਿਹਾ ਹੈ। ਸ਼ਾਇਦ ਕੋਈ ਕਹੇ ਕਿ ‘ਚੌਪਈ’ ਦਾ ਵਿਰੋਧ ਕੀਤਾ ਹੈ, ਪਰ ਨਹੀਂ। ਚੌਪਈ ਦੇ 25 ਪਦਿਆਂ ਨੂੰ ਰਹਰਾਸਿ ’ਚ ਪੜ੍ਹਨ ਦਾ ਵਿਧਾਨ; ਸਿੱਖ ਰਹਿਤ ਮਰਿਆਦਾ ’ਚ ਹੈ, ਸੁਬ੍ਹਾ ਪੜ੍ਹਨ ਦਾ ਨਹੀਂ ਜਦਕਿ ਡੇਰੇਦਾਰ; ਇਸ ਨੂੰ ਦਸਮ ਗ੍ਰੰਥ ਦੇ ਤ੍ਰਿਅ ਚਰਿਤ੍ਰ ਦਾ ਭਾਗ ਬਣਾਉਣ ਲਈ ਇਸ ਦੇ ਅਗੇਤਰ ਦੋ ਹੋਰ ਦੋਹਰੇ ਪੁਨਿ ਰਾਛਸ ਕਾ ਕਾਟਾ ਸੀਸਾ ਸ੍ਰੀ ਅਸਿਕੇਤੁ ਜਗਤ ਕੇ ਈਸਾ ਪੁਹਪਨ ਬ੍ਰਿਸਟਿ ਗਗਨ ਤੇ ਭਈ ਸਭਹਿਨ ਆਨਿ ਬਧਾਈ ਦਈ ੩੭੫ ਧੰਨ੍ਯ ਧੰਨ੍ਯ ਲੋਗਨ ਕੇ ਰਾਜਾ ਦੁਸਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨਹਾਰੇ ਦਾਸ ਜਾਨਿ ਮੁਹਿ ਲੇਹੁ ਉਬਾਰੇ ੩੭੬ ਵਾਧੂ ਜੋੜਦੇ ਹਨ ਤੇ ਇਸ ਦੇ ਅੰਤ ’ਚ 4 ਹੋਰ ਦੋਹਰੇ ਕ੍ਰਿਪਾ ਕਰੀ ਹਮ ਪਰ ਜਗਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲਬਿਖ ਸਕਲ ਦੇਖ ਕੋ ਹਰਤਾ ਦੁਸਟ ਦੋਖਿਯਨ ਕੋ ਛੈ ਕਰਤਾ ੪੦੨ ਸ੍ਰੀ ਅਸਿਧੁਜ ਜਬ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਛਤ ਫਲ ਪਾਵੈ ਸੋਈ ਦੂਖ ਤਿਸੈ ਬਿਆਪਤ ਕੋਈ ੪੦੩ ਅੜਿਲ ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ ਸੁਨੈ ਮੂੜ ਚਿਤ ਲਾਇ, ਚਤੁਰਤਾ ਆਵਈ ਦੂਖ ਦਰਦ ਭੌ ਨਿਕਟ ਤਿਨ ਨਰ ਕੇ ਰਹੈ ਹੋ ਜੋ ਯਾ ਕੀ ਏਕ ਬਾਰ ਚੌਪਈ ਕੋ ਕਹੈ ੪੦੪ ਸੰਬਤ ਸਤ੍ਰਹ ਸਹਸ ਭਣਿਜੈ ਅਰਧ ਸਹਸ ਫੁਨਿ ਤੀਨਿ ਕਹਿਜੈ ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ੪੦੫ ਵਾਧੂ ਜੋੜ ਕੇ ਗੁਰਮਤਿ ਦੀ ਤਤਸਾਰ (ਨਿਤਨੇਮ ਦਾ ਮੰਤਵ) ਖ਼ਤਮ ਕੀਤਾ ਜਾ ਰਿਹਾ ਹੈ। ਇਹ ਦੋਹਰੇ ਜੋੜਨ ਵਾਲਿਆਂ ਦਾ ਮੰਤਵ ਤਾਂ ਹੈ ਨਿਤਨੇਮ ਦੇ ਬਹਾਨੇ ਵਿਵਾਦਤ ਸੰਪੂਰਨ ਤ੍ਰਿਆ ਚਰਿਤ੍ਰ (ਰਚਨਾ) ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਿੱਧ ਕਰਨਾ, ਪਰ ਇਨ੍ਹਾਂ ਗਿਆਨ ਬਿਹੂਣੇ ਡੇਰੇਦਾਰਾਂ ਨੂੰ ਇਹ ਸੋਝੀ ਨਹੀਂ ਕਿ ਇਸ ਨਾਲ਼ ਉਹ ਪੰਥ ਵੱਲੋਂ ਪ੍ਰਵਾਣਿਤ ‘ਕਬਿਯੋ ਬਾਚ ਚੌਪਈ’ ਨੂੰ ਹੀ ਸ਼ੱਕ ਦੇ ਘੇਰੇ ’ਚ ਲਿਆ ਰਹੇ ਹਨ ਕਿਉਂਕਿ ਸੰਬਤ ਸਤ੍ਰਹ ਸਹਸ ਭਣਿਜੈ ਅਰਧ ਸਹਸ ਫੁਨਿ ਤੀਨਿ ਕਹਿਜੈ ਭਾਦ੍ਰਵ ਸੁਦੀ ਅਸਟਮੀ ਰਵਿ ਵਾਰਾ ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ੪੦੫ ਦਾ ਅਰਥ ਹੈ ਕਿ (ਪਹਿਲਾਂ) ਸਤਾਰਾਂ ਸੌ (੧੭੦੦) ਸੰਮਤ ਕਹੋ ਤੇ (ਫਿਰ ਉਸ ਨਾਲ) ਅੱਧਾ ਸੌ (੫੦) ਅਤੇ ੩ ਹੋਰ ਕਹੋ (ਭਾਵ ੧੭੫੩ ਬਿਕ੍ਰਮੀ) ਭਾਦੋਂ ਸੁਦੀ ਅੱਠਵੀਂ, ਦਿਨ ਐਤਵਾਰ ਨੂੰ ਸਤਲੁਜ ਨਦੀ ਦੇ ਕੰਢੇ (ਬੈਠ ਕੇ ਇਹ) ਗ੍ਰੰਥ ਸੰਪੂਰਨ ਕੀਤਾ ਗਿਆ, ਪਰ ਜਦੋਂ ਇਹ ਤਿਥ; ਕੈਲੰਡਰੀਕਲ ਟੈਬੂਲੇਸ਼ਨ ਤੋਂ ਚੈੱਕ ਕਰੀਏ ਤਾਂ ਉਸ ਦਿਨ ਐਤਵਾਰ ਨਹੀਂ; ਮੰਗਲਵਾਰ ਬਣਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸੰਪ੍ਰਦਾਈ ਪ੍ਰਚਾਰਕਾਂ ਦੇ ਹੱਠ ਕਾਰਨ ਜੇ ਤ੍ਰਿਆ ਚਰਿਤ੍ਰ ਵਾਲ਼ੀ ਇਸ ਸਾਰੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਉਚਾਰਨ ਕੀਤੀ ਮੰਨ ਲਈਏ ਤਾਂ ਕਹਿਣਾ ਪਏਗਾ ਕਿ ਇਹ ਗਲਤੀ; ਗੁਰੂ ਸਾਹਿਬ ਵੱਲੋਂ ਹੋਈ ਹੈ ਜਦਕਿ ਗੁਰੂ ਨਾਨਕ ਸਾਹਿਬ; ਗੁਰੂ ਨੂੰ ਅਭੁੱਲ ਕਹਿੰਦੇ ਹਨ ‘‘ਭੁਲਣ ਅੰਦਰਿ ਸਭੁ ਕੋ; ਅਭੁਲੁ ਗੁਰੂ ਕਰਤਾਰੁ ’’ (ਮਹਲਾ /੬੧)

ਉਲ਼ਟਾ ਇਹ ਲੋਕ; ‘ਚੌਪਈ’ ’ਚ ਤ੍ਰਿਆ ਚਰਿਤਰ ਦੇ ਉਕਤ 6 ਦੋਹਰੇ ਵਧਾਉਣ ਵਾਲ਼ੀ ਮਰਿਆਦਾ; ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਚਲਦੀ ਸਿੱਧ ਕਰਦੇ ਹਨ। ਕੀ ਗੁਰੂ ਗੋਬਿੰਦ ਸਿੰਘ ਜੀ; ਗ਼ੈਰਸਿਧਾਂਤਿਕ ਰਚਨਾਵਾਂ ਨੂੰ ਨਿਤਨੇਮ ’ਚ ਸ਼ਾਮਲ ਕਰ ਗੁਰੂ ਨਾਨਕ ਸਾਹਿਬ ਦੇ ਉਦੇਸ਼ (ਕਿ ਸਿਮਰਨ ਹੀ ਨਿਤਨੇਮ ਹੋਵੇ) ਦੇ ਵਿਰੁਧ ਜਾਣਗੇ ? ਜਵਾਬ ਹੈ ਨਹੀਂ। ਦਰਅਸਲ ਇਹ ਡੇਰੇਦਾਰ; ਗੁਰਮਤਿ ਫ਼ਲਸਫ਼ੇ ਨੂੰ ਖ਼ਤਮ ਕਰਨ ਲਈ ਹਿੰਦੂ-ਸਮਾਜ ਵਾਙ ਇਤਿਹਾਸ ਹੀ ਨਿਤਨੇਮ ’ਚ ਰੱਖਣਾ ਚਾਹੁੰਦੇ ਹਨ। ਜਿਸ ਤਰ੍ਹਾਂ ਗੀਤਾ, ਰਾਮਾਇਣ, ਮਹਾਂ ਭਾਰਤ ਹੈ; ਵੈਸੇ ਹੀ ਇਹ ਤ੍ਰਿਆ ਚਰਿਤਰ; ਇਤਿਹਾਸਕ ਰਚਨਾ ਹੈ; ਜਿਵੇਂ ਕਿ ਪੁਨਿ ਰਾਛਸ ਕਾ ਕਾਟਾ ਸੀਸਾ ਭਾਵ ਫਿਰ ਦੁਰਗਾ ਨੇ ਰਾਖਸ਼ ਦਾ ਸਿਰ ਕੱਟ ਦਿੱਤਾ, ਪਰ ਅਫ਼ਸੋਸ ਕਿ ਲੱਖਾਂ ਸਿੱਖ ਰਹਿਤ ਮਰਿਆਦਾ ਛਾਪ ਕੇ ਫਰੀ ਵੰਡਣ ਵਾਲ਼ੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ; ਸਿਆਸੀ ਲਾਹਾ ਲੈਣ ਲਈ 100 ਪੁੱਤਰਾਂ ਦੇ ਪਿਤਾ ਧ੍ਰਿਤਰਾਸ਼ਟਰ ਵਾਙ ਅੰਨ੍ਹੀ ਹੋਈ ਬੈਠੀ ਹੈ।

ਨਿਤਨੇਮ ਦਾ ਮੰਤਵ; ਸਿੱਖ ਅੰਦਰਲੀ ਸ਼ਰਧਾ ਨਾਲ਼ ਜੁੜਿਆ ਵਿਸ਼ਾ ਹੈ। ਅੱਜ ਸਾਇੰਸ ਯੁੱਗ ਹੈ। ਹਰ ਕੋਈ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਸਫਲ ਵੇਖਣਾ ਚਾਹੁੰਦਾ ਹੈ, ਪਰ ਇਹ ਰਾਹ; ਧਰਮ ਕਮਾਉਣ ਲਈ ਖ਼ਤਰਨਾਕ ਭੀ ਹੈ ਕਿਉਂਕਿ ਸਮਾਜਿਕ ਗਿਆਨ ਤੱਥਾਂ ਆਧਾਰਿਤ ਸਿਲੇਬਸ ਹੁੰਦਾ ਹੈ ਜਦਕਿ ਧਰਮ; ਸ਼ਰਧਾ ਆਧਾਰਿਤ। ਅੱਜ ਧਰਮ ਨੂੰ ਸਮਝਣ ਸਮੇਂ ਭੀ ਪ੍ਰਮਾਣ ਮੰਗਿਆ ਜਾਂਦਾ ਹੈ, ਤਰਕ ਕੀਤਾ ਜਾਂਦਾ ਹੈ। ਜਿਸ ਦਾ ਆਧਾਰ; ਭਰਮ ਹੁੰਦਾ ਹੈ, ਜਿਸ ਤੋਂ ਬਚਣ ਲਈ ਸਿੱਖ ਨੂੰ ‘ਕੜਾ’ ਧਾਰਨ ਕਰਵਾਇਆ ਗਿਆ ਹੈ।

ਇੱਕ ਸਾਖੀ ਹੈ ਕਿ ਇੱਕ ਵਾਰ ਪਿਤਾ ਤੇ ਪੁੱਤਰ; ਰਾਤ ਨੂੰ ਸਫ਼ਰ ਕਰ ਰਹੇ ਸਨ। ਰਸਤੇ ’ਚ ਡਾਕੂਆਂ ਦਾ ਗਿਰੋਹ ਮਿਲ ਗਿਆ। ਪੁੱਤਰ ਡਰਪੋਕ ਸੀ। ਉਸ ਨੇ ਵੇਖਿਆ ਕਿ ਇਹ ਸਾਨੂੰ ਮਾਰ ਦੇਣਗੇ। ਉਹ ਹਨ੍ਹੇਰੇ ’ਚ ਡਾਕੂਆਂ ਵੱਲ ਹੋ ਕੇ ਬਚਣ ਲਈ ਪਿਤਾ ਨੂੰ ਹੀ ਮਾਰਨ ਲੱਗ ਗਿਆ। ਡਾਕੂ; ਸਮਾਨ ਖੋਹ ਕੇ ਲੈ ਗਏ। ਇਸੇ ਤਰ੍ਹਾਂ ਤਰਕ ਦੇ ਡਰ ਕਾਰਨ ਪ੍ਰਚਾਰਕ; ਸ਼ਰਧਾ ਨਾਲ਼ ਜੁੜੀ ਧਰਮ ਦੀ ਗਹਿਰੀ ਗੱਲ ਕਰਨ ਤੋਂ ਬਚਦੇ ਹਨ, ਡਰਦੇ ਹਨ।

ਸੱਚ ਦਾ ਓਹੀ ਅਸਲ ਪੂਜਾਰੀ ਹੁੰਦਾ ਹੈ, ਜੋ ਜ਼ਮੀਨੀ ਹਾਲਾਤ ਬਦਲੇ, ਨਾ ਕਿ ਹਾਲਾਤਾਂ ਮੁਤਾਬਕ ਆਪ ਬਦਲ ਜਾਏ ਜਾਂ ਆਪਣੀ ਬੋਲ-ਚਾਲ ਬਣਾ ਲਏ। ਬਾਬਰ ਨੂੰ ਮੂੰਹ ’ਤੇ ਜਾਬਰ (ਜ਼ੁਲਮ ਕਰਨ ਵਾਲ਼ਾ) ਕਹਿਣ ਵਾਲ਼ਾ ਸਾਹਸ; ਗੁਰਮਤਿ ਦੀ ਇਸ ਸਚਾਈ ਤੋਂ ਉਪਜਣਾ ਹੈ ਕਿ ਹਰੀ ਤੋਂ ਬਿਨਾਂ ਕੋਈ ਕਿਸੇ ਦਾ ਕੁੱਝ ਨਹੀਂ ਵਿਗਾੜ ਸਕਦਾ, ‘‘ਹਰਿ ਬਿਨੁ ਕੋਈ ਮਾਰਿ ਜੀਵਾਲਿ ਸਕੈ, ਮਨ  ! ਹੋਇ ਨਿਚਿੰਦ, ਨਿਸਲੁ ਹੋਇ ਰਹੀਐ ’’ (ਮਹਲਾ /੫੯੪) ਸੱਪ ਲੰਘਣ ਤੋਂ ਬਾਅਦ ਲਕੀਰ ਪਿੱਟ-ਪਿੱਟ ਜੋਧਾ ਬਣਨ ਦੀ ਥਾਂ ਸਮੇਂ ਸਿਰ ਸੱਚ ਦੀ ਕੀਤੀ ਵਕਾਲਤ ਹੀ ਹਿਰਦੇ ’ਚ ਕਮਾਏ ਕੀਤੇ ਸੱਚ-ਧਰਮ ਦੀ ਨਿਸ਼ਾਨੀ ਹੈ, ‘‘ਸਚ ਕੀ ਬਾਣੀ ਨਾਨਕੁ ਆਖੈ; ਸਚੁ ਸੁਣਾਇਸੀ, ਸਚ ਕੀ ਬੇਲਾ ’’ (ਮਹਲਾ /੭੨੩) ਅਤੇ ‘‘ਸਚੁ ਪੂਰੈ+ਗੁਰਿ (ਨੇ) ਉਪਦੇਸਿਆ; ਨਾਨਕੁ ਸੁਣਾਵੈ ’’ (ਮਹਲਾ /੧੧੯੩) ਭਾਵ ਜੋ ਸੱਚ; ਪੂਰਨ ਸਤਿਗੁਰੂ ਨਾਨਕ ਜੀ ਨੇ ਸਮਝਾਇਆ; ਓਹੀ ਹੁਣ ਨਾਨਕ (ਗੁਰੂ ਅਰਜਨ ਜੀ) ਸੁਣਾ ਰਿਹਾ ਹੈ।

ਬਾਣੀਕਾਰਾਂ ਦੁਆਰਾ ਕੀਤੀ ਧਰਮ ਦੀ ਵਿਆਖਿਆ ਦਾ ਮੂਲ ਉਦੇਸ਼; ਸਿੱਖ ਅੰਦਰ ਸ਼ਰਧਾ ਹੋਣ ’ਤੇ ਹੀ ਪਕੜ ਹੋਣਾ ਹੈ, ਪਰ ਕੁੱਝ ਅਸ਼ਰਧਕ ਸਿੱਖ; ਆਪਣੀ ਮੱਤ ਨੂੰ ਹੀ ਸੱਚ ਸਮਝ ਬੈਠੇ ਹਨ। ਉਨ੍ਹਾਂ ਦੁਆਰਾ ਕੀਤੀ ਗੁਰਮਤਿ ਦੀ ਵਿਆਖਿਆ ਸਗੋਂ ਹੋਰ ਸੰਦੇਹ (ਭਰਮ) ਪੈਦਾ ਕਰਦੀ ਹੈ; ਜਿਵੇਂ ਕਿ ਨਿਤਨੇਮ ’ਚ ਸ਼ਾਮਲ ‘ਜਾਪੁ’ ਬਾਰੇ ਕਹਿਣਾ ਹੈ ਕਿ ਇਹ ਗੁਰਮਤਿ ਸਿਧਾਂਤ ਵਿਰੁੱਧ ਰਚਨਾ ਹੈ। ਉਨ੍ਹਾਂ ਅਨੁਸਾਰ ਪਰਮਾਤਮਾ; ਕੇਵਲ ਨਰਮ ਦਿਲ ਹੈ। ਇਸ ਸਬੰਧ ’ਚ ਮਿਸਾਲ ਦਿੰਦੇ ਹਨ, ‘‘ਮਿਠ ਬੋਲੜਾ ਜੀਹਰਿ ਸਜਣੁ ਸੁਆਮੀ ਮੋਰਾ ’’ (ਮਹਲਾ /੭੮੫), ਲੜਾਈ ਕਰਵਾਉਣ ਵਾਲ਼ਾ ਕਠੋਰ ਦਿਲ ਨਹੀਂ; ਜਿਵੇਂ ਕਿ ‘ਜਾਪੁ’ ਸਾਹਿਬ ’ਚ ਹੈ, ‘‘ਨਮੋ ਕਲਹ ਕਰਤਾ.. , ਨਮੋ ਨਿਤ ਨਾਰਾਇਣੇ; ਕ੍ਰੂਰ ਕਰਮੇ ’’

ਜਾਪੁ ਸਾਹਿਬ ਦਾ ਪਹਿਲਾ ਛੰਦ; ਅਕਾਲ ਪੁਰਖ ਨੂੰ ਇਉਂ ਬਿਆਨ ਕਰਦਾ ਹੈ, ‘‘ਚਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਨਹਿਨ ਜਿਹ ਰੂਪ ਰੰਗ ਅਰੁ ਰੇਖ ਭੇਖ; ਕੋਊ ਕਹਿ ਸਕਤਿ ਕਿਹ ’’ ਭਾਵ ਜਿਸ ਦਾ ਕੋਈ ਖ਼ਾਸ ਰੰਗ-ਰੂਪ, ਚਿੰਨ੍ਹ-ਵਰਨ, ਜਾਤ-ਪਾਤ, ਆਦਿ ਨਹੀਂ, ਜਿਸ ਦੇ ਰੂਪ-ਰੇਖ ਨੂੰ ਕੋਈ ਉਲੀਕ ਨਹੀਂ ਸਕਦਾ।

ਸਮੁੱਚੇ ਜਾਪੁ ਸਾਹਿਬ ’ਚ ਉਕਤ ਪ੍ਰਭੂ ਦੇ 1100 ਕਿਰਤਮ ਨਾਂਵ ਹਨ, ਜਿਨ੍ਹਾਂ ਨੂੰ ਸੰਬੋਧਨ ਕਰ 1100 ਵਾਰ ਨਮਸਕਾਰ ਕੀਤਾ ਹੈ, ਪਰ ਇਹ ਮੰਨਦੇ ਹਨ ਕਿ ‘ਜਾਪੁ’ ਦਾ ਲਿਖਾਰੀ; ਸ਼ਿਵਜੀ (ਜਿਸ ਦਾ ਰੂਪ-ਰੇਖ, ਚਿੰਨ੍ਹ-ਵਰਨ ਹੈ) ਨੂੰ ਨਮਸਕਾਰ ਕਰਦਾ ਹੈ। ਇਹ ਭਰਮ; ਇਸ ਕਾਰਨ ਉਪਜਿਆ ਕਿਉਂਕਿ ਐਸੀ ਹੀ ਛੰਦ-ਬੰਦੀ ਤੇ ਕੁੱਝ ਸ਼ਬਦ; ਸ਼ਿਵ ਪੁਰਾਣ ’ਚ ਹਨ।

ਵਿਚਾਰ : ਉਕਤ ਵਾਕ (ਮਿਠ ਬੋਲੜਾ ਜੀ !); ਗੁਰੂ ਅਰਜਨ ਸਾਹਿਬ ਦੁਆਰਾ ਰਚਿਆ ਇੱਕ ਚਉਪਦਾ ਹੈ। ਜਿਸ ਦੇ ਦੂਜੇ ਬੰਦ ’ਚ ਕਿਹਾ ਹੈ ਕਿ ਇਹ (ਮਿਠ ਬੋਲੜਾ-ਪ੍ਰਭੂ); ਕਣ-ਕਣ ’ਚ ਵਿਆਪਕ ਹੈ, ‘‘ਆਦਿ ਅੰਤਿ ਮਧਿ ਪ੍ਰਭੁ ਰਵਿਆ; ਜਲਿ ਥਲਿ ਮਹੀਅਲਿ ਸੋਈ ..’’ ਤੀਜੇ ਬੰਦ ’ਚ ਫਿਰ ਕਿਹਾ ਹੈ, ‘‘ਸਭ ਕੈ ਮਧਿ, ਸਭ ਹੂ ਤੇ ਬਾਹਰਿ; ਰਾਗ ਦੋਖ ਤੇ ਨਿਆਰੋ ..’’ ਭਾਵ ਉਹ ਰੰਗ-ਰੂਪ ਤੋਂ ਰਹਿਤ ਪ੍ਰਭੂ; ਸਾਰਿਆਂ ਦੇ ਅੰਦਰ ਭੀ ਹੈ, ਪਰ ਮਾਇਆ ਦੇ ਅਧੀਨ ਨਾ ਹੋਣ ਕਾਰਨ ਸਭ ਤੋਂ ਨਿਰਲੇਪ ਭਾਵ ਬਾਹਰ ਭੀ ਹੈ। ਇੱਥੇ ਭੀ ਪ੍ਰਭੂ ਨੂੰ ‘‘ਰਾਗ ਦੋਖ ਤੇ ਨਿਆਰੋ’’ ਕਿਹਾ ਹੈ; ਜੈਸਾ ਕਿ ‘ਜਾਪੁ’ ਸਾਹਿਬ ਦੇ ਪਹਿਲੇ ਬੰਦ ’ਚ, ‘‘ਰੂਪ ਰੰਗ ਅਰੁ ਰੇਖ ਭੇਖ; ਕੋਊ ਕਹਿ ਸਕਤਿ ਕਿਹ ’’ ਕਿਹਾ ਹੈ ਤਾਂ ਫਿਰ ਰੰਗ-ਰੇਖਾ ਵਾਲ਼ਾ ਸ਼ਿਵਜੀ ਕਿਵੇਂ ਹੋ ਸਕਦਾ ਹੈ ? ਜੇਕਰ ਵਿਰੋਧ ਦਾ ਕਾਰਨ ਸ਼ਿਵ ਪੁਰਾਣ ’ਚ ਐਸੇ ਸ਼ਬਦ ਹੋਣਾ ਹੈ ਤਾਂ ਪੰਜਵੇਂ ਪਾਤਿਸ਼ਾਹ ਜੀ; ਇਸੇ ਸ਼ਬਦ ਦੇ ਅੰਤਮ ਬੰਦ ’ਚ ਹਿੰਦੂ ਗ੍ਰੰਥਾਂ ਦਾ ਹੀ ਹਵਾਲਾ ਦਿੰਦੇ ਹਨ ਕਿ ਉਸ (ਮਿਠ ਬੋਲੜਾ-ਹਰੀ) ਦੀ ਮਹਿਮਾ; ਵੇਦ, ਸਿਮਰਤੀਆਂ, ਰਿਸ਼ੀ ਮੁਨੀ, ਜੋਗੀ ਆਦਿ ਨੇ ਭੀ ਗਾਈ ਹੈ, ‘‘ਸ੍ਰੁਤਿ (ਵੇਦ) ਸਿਮ੍ਰਿਤਿ ਗੁਨ ਗਾਵਹਿ ਕਰਤੇ; ਸਿਧ ਸਾਧਿਕ ਮੁਨਿ ਜਨ ਧਿਆਇਆ   ਨਾਨਕ  ! ਸਰਨਿ ਕ੍ਰਿਪਾ ਨਿਧਿ ਸੁਆਮੀ ਵਡਭਾਗੀ ਹਰਿ ਹਰਿ ਗਾਇਆ ’’

ਸੋ ਜਿਹੜਾ ਮਿਠ ਬੋਲੜਾ; ਸਰਬ ਵਿਆਪਕ ਹੈ ਉਹ ਕਠੋਰ-ਚਿੱਤ ’ਚ ਭੀ ਹੈ, ਨਰਮ-ਦਿੱਲ ’ਚ ਭੀ ਹੈ। ਮੂਰਖ ’ਚ ਭੀ ਹੈ ਤੇ ਸਿਆਣੇ ’ਚ ਭੀ ਹੈ। ਉਹ ਲੜਾਈ ਭੀ ਕਰਾਉਂਦਾ ਹੈ ਤੇ ਸ਼ਾਂਤੀ ਭੀ ਕਰਾਉਂਦਾ ਹੈ ਕਿਉਂਕਿ ਸਭ ਕੁੱਝ ਉਹ ਆਪ ਹੀ ਆਪ ਹੈ; ਜਿਵੇਂ ਕਿ ਉਸ ਨੇ ਮਾਸਾਹਾਰੀ ਜੀਵਾਂ ਨੂੰ ਤੇਜ਼ ਨਿਗਾਹ, ਨੁਕੀਲੇ ਪੰਜੇ ਤੇ ਤੇਜ਼ ਰਫ਼ਤਾਰ ਦਿੱਤੀ ਅਤੇ ਸਾਕਾਹਾਰੀ ਜੀਵਾਂ ਨੂੰ ਰੱਖਿਆ ਕਰਨ ਲਈ ਸਿੰਗ ਭੀ ਦਿੱਤੇ ਹਨ। ਐਸਾ ਨਹੀਂ ਕਿ ਹਿੰਸਕ ਮਾਸਾਹਾਰੀ ਜੀਵਾਂ ਅੰਦਰ ਮਿਠ ਬੋਲੜਾ-ਰੱਬ ਨਹੀਂ ਹੈ।

ਦੂਜਾ ਤਰਕ ਹੁੰਦਾ ਹੈ ਕਿ ‘ਜਾਪੁ’ ’ਚ ‘‘ਨਮੋ ਅੰਧਕਾਰੇ; ਨਮੋ ਤੇਜ ਤੇਜੇ ’’ ਦੋ ਆਪਾ ਵਿਰੋਧੀ ਸਿਧਾਂਤ ਹਨ ਯਾਨੀ ਪਰਮਾਤਮਾ; ਚਾਨਣ ਤੇ ਹਨ੍ਹੇਰਾ; ਦੋਵੇਂ ਤਰ੍ਹਾਂ ਦਾ ਆਪਾ ਵਿਰੋਧੀ ਕਿਵੇਂ ਹੋ ਸਕਦਾ ਹੈ ਤਾਂ ਕਿ ਉਸ ਨੂੰ ਨਮਸਕਾਰ ਕਰੀਏ ?

ਵਿਚਾਰ : ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ, ‘‘ਮੂਰਖੁ ਸਿਆਣਾ ਏਕੁ ਹੈ; ਏਕ ਜੋਤਿ ਦੁਇ ਨਾਉ   ਮੂਰਖਾ ਸਿਰਿ ਮੂਰਖੁ ਹੈ; ਜਿ ਮੰਨੇ ਨਾਹੀ ਨਾਉ ’’ (ਮਹਲਾ /੧੦੧੫) ਭਾਵ ਮੂਰਖ (ਹਨ੍ਹੇਰਾ) ਅਤੇ ਸਿਆਣਾ (ਚਾਨਣ); ਦੋ ਨਾਂਵ ਮਾਤਰ ਹਨ। ਉਞ ਇਨ੍ਹਾਂ ਦੋਵਾਂ ’ਚ ਅਕਾਲ ਪੁਰਖ ਦੀ ਜੋਤਿ (ਚਾਨਣ-ਪ੍ਰਕਾਸ਼) ਹੈ, ਜੋ ਇਹ ਸਚਾਈ ਨਾ ਮੰਨੇ; ਉਹ ਮੂਰਖਾਂ ਵਿੱਚੋਂ ਸ੍ਰੇਸ਼ਟ ਮੂਰਖ ਹੈ।

‘ਜਾਪੁ’ ਸਾਹਿਬ ਦਾ ਪਹਿਲਾ ਛੰਦ ਹੈ, ‘‘ਤ੍ਵ ਸਰਬ ਨਾਮ ਕਥੈ ਕਵਨ ? ਕਰਮ ਨਾਮ ਬਰਣਤ ਸੁਮਤਿ ’’ ਭਾਵ ਹੇ ਅਕਾਲ ਪੁਰਖ !  ਤੇਰੇ ਸਾਰੇ ਨਾਂਵ ਕੌਣ ਦੱਸ ਸਕਦਾ ਹੈ। ਸ਼ਰਧਾਵਾਨ ਭਗਤ; ਸਮਾਜਿਕ ਕੰਮਾਂ ਨੂੰ ਆਧਾਰ ਬਣਾ (ਜਿਵੇਂ ਮੌਤ ਨੂੰ ਵੇਖ ਕੇ ਤੇਰਾ ਨਾਂ ‘ਅਕਾਲ, ਅਮਰ, ਅਟੱਲ, ਅਬਿਨਾਸੀ’ ਬਣਿਆ) ਤੇਰੇ ਨਾਂਵ ਰੱਖਦੇ ਹਨ ਤੇ ਉਨ੍ਹਾਂ ਨੂੰ ਸੰਬੋਧਨ ਕਰ ਤੇਰੇ ਗੁਣ ਗਾਉਂਦੇ ਹਨ। ਮਿਠ ਬੋਲੜੇ ਦੇ ਐਸੇ ਹੀ ਬੇਅੰਤ ਨਾਂਵਾਂ ਦਾ ਜ਼ਿਕਰ; ‘ਜਪੁ’ ਸਾਹਿਬ ਦੀ 19ਵੀਂ ਪਉੜੀ ’ਚ ਹੈ, ‘‘ਅਸੰਖ ਨਾਵ ਅਸੰਖ ਥਾਵ ..੧੯’’ (ਜਪੁ) ਗੁਰੂ ਅਰਜਨ ਸਾਹਿਬ ਜੀ ਦੇ ਭੀ ਬਚਨ ਹਨ, ‘‘ਕਿਰਤਮ ਨਾਮ ਕਥੇ ਤੇਰੇ; ਜਿਹਬਾ   ਸਤਿ ਨਾਮੁ ਤੇਰਾ ਪਰਾ ਪੂਰਬਲਾ ’’  (ਮਹਲਾ /੧੦੮੩) ਭਾਵ ਹੇ ਪ੍ਰਭੂ ! ਤੇਰੇ ਕਿਰਤਮ ਨਾਂਵ ਹੀ ਮੇਰੀ ਰਸਨਾ ਜਪਦੀ ਹੈ, ਪਰ ਤੇਰਾ ਸਦੀਵੀ ਸਥਿਰ ਨਾਉ (ਆਦਿ ਸਚੁ ਜੁਗਾਦਿ ਸਚੁ) ਆਦਿ ਕਾਲ ਤੋਂ ਹੈ (ਜੋ ਮਨੁੱਖਾਂ ਨੇ ਨਹੀਂ ਰੱਖਿਆ)। ਇੱਥੇ ਜੋ ‘ਕਿਰਤਮ ਨਾਮ’ ਹਨ; ਓਹੀ ਜਾਪੁ ਸਾਹਿਬ ’ਚ ‘ਕਰਮ ਨਾਮ’ ਹਨ; ਦੋਵਾਂ ਦਾ ਅਰਥ ਇੱਕੋ ਹੈ।

ਝੋਲ਼ਾ-ਚੁੱਕ ਹਕੀਮਾਂ ਲਈ ਕਹਾਵਤ ਹੈ, ‘ਨੀਮ ਹਕੀਮ ਖਤਰਾ ਏ ਜਾਨ, ਨੀਮ ਮੁੱਲਾ ਖਤਰਾ ਏ ਈਮਾਨ (ਧਰਮ)’। ਅੱਜ ਧਰਮ ਨੂੰ ਖ਼ਤਰਾ; ਧਾਰਮਿਕ ਲਿਬਾਸ ਧਾਰਨ ਵਾਲ਼ਿਆਂ ਤੋਂ ਹੈ ਕਿਉਂਕਿ ਉਹ, ਸੱਚ ਨੂੰ ਅੰਦਰੋਂ ਅੰਦਰ ਦੀਮਕ ਵਾਙ ਖਾਂਦੇ ਹਨ, ਕੂੜ ’ਚ ਬਦਲਦੇ ਹਨ। ਪ੍ਰਾਇਮਰੀ ਕਲਾਸ ਦੇ ਬੱਚੇ ਕੋਲ਼ ਯੂਨੀਵਰਸਿਟੀ ਪੱਧਰ ਦੀ ਗੱਲ ਕਰੀਏ ਤਾਂ ‘ਮੱਝ ਅੱਗੇ ਬੀਨ ਵਜਾਉਣ’ ਵਾਲ਼ੀ ਕਹਾਵਤ ਵਾਙ ਉਸ ਦੇ ਪੱਲੇ ਕੁੱਝ ਨਹੀਂ ਪੈਂਦਾ। ਇਸੇ ਤਰ੍ਹਾਂ ਮਨੁੱਖ ਕੋਲ਼ ਧਰਮ ਦੀ ਗਹਿਰੀ ਗੱਲ ਕਰੀਏ ਤਾਂ ਉਸ ਦੇ ਸਿਰ ਉੱਤੋਂ ਦੀ ਲੰਘ ਜਾਂਦੀ ਹੈ।

ਇਨ੍ਹਾਂ ਸਾਰੇ ਭਾਗਾਂ ’ਚ ਕੀਤੀ ਵਿਚਾਰ ਦਾ ਨਿਚੋੜ ਹੈ ਕਿ ਹਰ ਮਨੁੱਖ ਦੇ ਜ਼ਿੰਮੇ ਲੇਖ ਹੈ। ਉਸੇ ਅਨੁਸਾਰ ਕਰਤਾਰ ਦਾ ਹੁਕਮ; ਹਰ ਮਨੁੱਖ ਲਈ ਭਿੰਨ ਭਿੰਨ ਹੁੰਦਾ ਹੈ। ਕਰਤਾਰ ਦਾ ਨਿੱਤ ਸਿਮਰਨ ਕਰਨ ਨਾਲ਼ ਉਸ ਨਾਲ਼ ਬਣੀ ਨੇੜਤਾ, ਪਿਆਰ ਅਤੇ ਹੁੰਦੀ ਖ਼ਾਸ ਬਖ਼ਸ਼ਸ਼ ਨਾਲ਼ ਇਹ ਲੇਖ ਮਿਟ ਜਾਂਦਾ ਹੈ। ਨਦੀਆਂ ਤੇ ਨਾਲੇ; ਸਮੁੰਦਰ ’ਚ ਸਦਾ ਲਈ ਮਿਲ ਜਾਂਦੇ ਹਨ; ਫਿਰ ਜਨਮ ਮਰਨ ਰੂਪ ਨਰਕ ’ਚ ਵਾਰ-ਵਾਰ ਖ਼ੱਜਲ਼-ਖ਼ੁਆਰ ਨਹੀਂ ਹੋਣਾ ਪੈਂਦਾ।

ਅੰਤ ’ਚ ਚੇਤੇ ਰਹੇ ਕਿ ‘ਸੋ ਦਰੁ’ (ਸਿਰਲੇਖ ਹੇਠ 5 ਸ਼ਬਦਾਂ ’ਚੋਂ) ਅਤੇ ‘ਸੋ ਪੁਰਖੁ’ (ਸਿਰਲੇਖ ਹੇਠ 4 ਸ਼ਬਦਾਂ ’ਚੋਂ) ਅੰਤਮ ਸ਼ਬਦ; ਗੁਰੂ ਅਰਜਨ ਸਾਹਿਬ ਜੀ ਦੁਆਰਾ ਰਚੇ ਹਨ, ਜਿਨ੍ਹਾਂ ’ਚ ‘ਮਨ’ ਨੂੰ ਸੰਬੋਧਨ ਹੈ ਕਿਉਂਕਿ ਪ੍ਰਭੂ ਦਾ ਸਿਮਰਨ ਕਰਨ ਸਮੇਂ ਅਕਸਰ ਮਨ ਭਟਕਦਾ ਹੈ। ਇਨ੍ਹਾਂ ’ਚ ਮਨ ਤੋਂ ਸਹਿਯੋਗ ਮੰਗਿਆ ਗਿਆ ਹੈ; ਜਿਵੇਂ ਕਿ

(1). ਕਾਹੇ ਰੇ ਮਨ  ! ਚਿਤਵਹਿ ਉਦਮੁ; ਜਾ ਆਹਰਿ ਹਰਿ ਜੀਉ ਪਰਿਆ   ਸੈਲ ਪਥਰ ਮਹਿ ਜੰਤ ਉਪਾਏ; ਤਾ ਕਾ ਰਿਜਕੁ ਆਗੈ ਕਰਿ ਧਰਿਆ (ਸੋ ਦਰੁ/ਗੂਜਰੀ/ਮਹਲਾ /੧੦) ਅਰਥ : ਹੇ ਮਨ ! ਕਿਉਂ ਇੱਧਰ-ਓਧਰ ਰੋਟੀ ਨੂੰ ਭਟਕਦਾ ਹੈ। ਜਿਸ ਭੋਜਨ (ਦੇਣ) ਚ ਦਾਤਾਰ ਆਪ ਲੱਗਿਆ ਹੈ। ਵੇਖ ਪੱਥਰ ’ਚ ਕੀੜੇ ਪੈਦਾ ਕੀਤੇ ਹਨ। ਉਨ੍ਹਾਂ ਦਾ ਭੋਜਨ; ਪੈਦਾ ਹੋਣ ਤੋਂ ਪਹਿਲਾਂ ਹੀ ਓਥੇ ਮੌਜੂਦ ਹੁੰਦਾ ਹੈ।

(2). ਭਈ ਪਰਾਪਤਿ ਮਾਨੁਖ  ! ਦੇਹੁਰੀਆ   ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ   ਅਵਰਿ ਕਾਜ; ਤੇਰੈ ਕਿਤੈ ਕਾਮ   ਮਿਲੁ ਸਾਧਸੰਗਤਿ; ਭਜੁ ਕੇਵਲ ਨਾਮ (ਸੋ ਪੁਰਖੁ/ਆਸਾ/ਮਹਲਾ /੧੨) ਅਰਥ : ਹੇ ਮਨੁੱਖ (ਭਾਵ ਮਨ) ! ਤੈਨੂੰ ਸੁੰਦਰ ਦੇਹ ਮਿਲੀ ਹੈ। ਬਖ਼ਸ਼ਣਹਾਰ ਨੂੰ ਮਿਲਣ ਦਾ ਇਹੀ ਮੌਕਾ ਹੈ। ਗੁਰੂ ਦੀ ਸੰਗਤ ’ਚ ਮਿਲ ਤੇ ਨਾਮ ਨੂੰ ਜਪ; ਹੋਰ ਸਾਰੇ ਕੰਮ ਤੇਰੇ ਕਿਸੇ ਖਾਤੇ ’ਚ ਨਹੀਂ ਪੈਣੇ।

ਇਸੇ ਪ੍ਰਸੰਗ ਅਨੁਸਾਰ ਅਨੰਦ ਸਾਹਿਬ ਦਾ ਇਹ ਸ਼ਬਦ ਰਹਰਾਸਿ ’ਚ ਸ਼ਾਮਲ ਕੀਤਾ ਗਿਆ, ‘‘ ਮਨ ਮੇਰਿਆ ! ਤੂ ਸਦਾ ਰਹੁ ਹਰਿ ਨਾਲੇ ..’’ (ਅਨੰਦ/ਮਹਲਾ /੯੧੭)

–ਸਮਾਪਤ—