ਸਰਲ ਗੁਰਬਾਣੀ ਵਿਆਕਰਣ – ਭਾਗ 8
(ਉਕਾਰਾਂਤ ਪੁਲਿੰਗ ਨਾਉਂ ਨਾਲ ਸਬੰਧਕ)
– ਗਿਆਨੀ ਅੰਮ੍ਰਿਤਪਾਲ ਸਿੰਘ ਲੁਧਿਆਣਾ।
‘ਇਹ ਤਾਂ ਮੇਰੇ ਤੋਂ ਕਦੀ ਨੀਂ ਹੋ ਸਕਦਾ।’ ਮਿਹਰ ਸਿੰਘ ਨੇ ਉਦਾਸ ਹੁੰਦਿਆਂ ਕਿਹਾ।
‘ਤੈਨੂੰ ਇਕ ਗੱਲ ਪਤਾ ਹੈ ਮਿਹਰ ? ਨੈਪੋਲੀਅਨ ਦੀ ਡਿਕਸ਼ਨਰੀ ਵਿਚ ‘ਅਸੰਭਵ’ ਸ਼ਬਦ ਹੀ ਨਹੀਂ ਸੀ।’ ਸੁਖਦੀਪ ਸਿੰਘ ਨੇ ਸਮਝਾਇਆ।
‘ਫਿਰ ਉਹਨੂੰ ਡਿਕਸ਼ਨਰੀ ਚੈੱਕ ਕਰਕੇ ਖਰੀਦਣੀ ਚਾਹੀਦੀ ਸੀ ਨਾ।’ ਮਿਹਰ ਸਿੰਘ ਨੇ ਮਾਸੂਮ ਜਿਹਾ ਮੂੰਹ ਬਣਾ ਕੇ ਕਿਹਾ ਤੇ ਸਾਰੇ ਹੱਸ ਪਏ।
‘ਨਾ ਹੁਣ ਕੀ ਹੋਇਆ ਪੁੱਤਰ ?’ ਮਾਂ ਨੇ ਹੱਸਦਿਆਂ ਮਿਹਰ ਸਿੰਘ ਤੋਂ ਪੁੱਛਿਆ।
‘ਮੰਮੀ ਜੀ, ਗੁਰਮਤਿ ਦੇ ਵਿਰੋਧੀਆਂ ਨੇ ਇਕ ਕਹਾਣੀ ਘੜੀ ਹੈ ਕਿ ‘ਕੇਸੋ ਗੋਪਾਲ’ ਨਾਮ ਦਾ ਇਕ ਪੰਡਿਤ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਬਹੁਤ ਪੁਰਾਣਾ ਮਿੱਤਰ ਸੀ। ਸਤਿਗੁਰੂ ਜੀ ਨੇ ਆਪਣੇ ਸਰੀਰਕ ਪਿਆਨੇ ਸਮੇਂ ਸਿੱਖਾਂ ਨੂੰ ਹੁਕਮ ਕੀਤਾ ਕਿ ਪੰਡਿਤ ਕੇਸੋ ਗੋਪਾਲ ਨੂੰ ਸਾਡੇ ਅੰਤਿਮ ਸਸਕਾਰ ਸਮੇਂ ਬੁਲਾਉਣਾ। ਸਾਡੇ ਅੰਤਿਮ ਸਸਕਾਰ ਤੋਂ ਬਾਅਦ ਉਹ ਗਰੁੜ ਪੁਰਾਣ ਦੀ ਕਥਾ ਕਰੇ। ਉਹਨਾਂ ਲੋਕਾਂ ਨੇ ਨਾਲ ਹੀ ਗੁਰਬਾਣੀ ਦੀ ਇਹ ਤੁੱਕ ਜੋੜ ਦਿੱਤੀ ਐ :
ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥
ਇਸ ਤੁੱਕ ਦੀ ਗੁਰਮਤਿ ਅਨੁਸਾਰ ਵਿਆਖਿਆ ਕਰਨ ਲਈ ਮੈਂ ਦਲੀਲਾਂ ਲੱਭ ਰਿਹਾ ਹਾਂ।’ ਮਿਹਰ ਸਿੰਘ ਨੇ ਪ੍ਰੋ: ਸਾਹਿਬ ਸਿੰਘ ਜੀ ਦੇ ‘ਦਰਪਣ’ ਸਟੀਕ ਦੇ ਛੇਵੇਂ ਭਾਗ ਵਿਚੋਂ ‘ਸਦੁ’ ਬਾਣੀ ਦਾ ਅਧਿਐਨ ਕਰਦਿਆਂ ਕਿਹਾ।
‘ਚੱਲ ਪੁੱਤਰ, ਇਕ-ਇਕ ਲਫਜ਼ ਕਰਕੇ ਸਮਝਦੇ ਹਾਂ। ਤੈਨੂੰ ਪਤਾ ਹੈ ਕਿ ‘ਕੇਸੋ’ ਕਿਸ ਨੂੰ ਕਹਿੰਦੇ ਨੇ ?’ ਮਾਂ ਨੇ ਮਿਹਰ ਸਿੰਘ ਨੂੰ ਪੁੱਛਿਆ।
‘ਹਾਂ ਜੀ ਮੰਮੀ ਜੀ। ‘ਕੇਸੋ’ ਦਾ ਮਤਲਬ ਹੈ ‘ਕੇਸਾਂ ਵਾਲਾ ਪ੍ਰਭੂ, ਜਿਹੜਾ ਸਰਗੁਣ ਰੂਪ ਵਿਚ ਸਾਰਿਆਂ ਵਿਚ ਸਮਾਇਆ ਹੋਇਆ ਹੈ’। ਗੁਰਬਾਣੀ ਵਿਚ ਬਹੁਤ ਵਾਰੀ ‘ਕੇਸੋ’ ਆਇਆ ਹੈ, ਪਰ ਮੈਨੂੰ ਗੁਰਬਾਣੀ ਦੀਆਂ ਤੁੱਕਾਂ ਨੀ ਆਉਂਦੀਆਂ।’ ਮਿਹਰ ਸਿੰਘ ਨੇ ਮੂੰਹ ’ਤੇ ਹੱਥ ਰੱਖ ਕੇ ਸ਼ਰਮਾਉਂਦਿਆਂ ਕਿਹਾ।
‘ਉਹ ਮੈਂ ਦੱਸ ਦਿੰਦੀ ਹਾਂ ਪੁੱਤਰ ਜੀ !
ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ॥
ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ॥
ਕਬੀਰ ਕੇਸੋ ਕੇਸੋ ਕੂਕੀਐ ਨ ਸੋਈਐ ਅਸਾਰ॥
ਕਹਿ ਕਬੀਰ ਕੇਸੌ ਜਗਿ ਜੋਗੀ॥
ਇਹਨਾਂ ਸਾਰੀਆਂ ਤੁੱਕਾਂ ਵਿਚ ‘ਕੇਸੋ’ ਦਾ ਅਰਥ ਹੈ: ਕੇਸਾਂ ਵਾਲਾ ਪ੍ਰਭੂ।’ ਮਾਂ ਨੇ ਨਾਲ ਹੀ ਗੁਰਬਾਣੀ ਦੀਆਂ ਤੁੱਕਾਂ ਸੁਣਾ ਦਿੱਤੀਆਂ।
‘ਵਾਹ ਮੰਮੀ ਜੀ ! ਤੁਹਾਨੂੰ ਤਾਂ ਬਹੁਤ ਗੁਰਬਾਣੀ ਕੰਠ (ਜ਼ੁਬਾਨੀ ਯਾਦ) ਹੈ, ਪਰ ਹੋ ਸਕਦਾ ਹੈ ਕਿ ‘ਸਦੁ’ ਬਾਣੀ ਵਾਲਾ ‘ਕੇਸੋ ਗੋਪਾਲ’ ਕੋਈ ਪੰਡਿਤ ਹੀ ਹੋਵੇ ?’ ਮਿਹਰ ਸਿੰਘ ਨੇ ਫਿਰ ਸਵਾਲ ਕੀਤਾ।
‘ਓ ਮੇਰੇ ਭੋਲੂਆ ਜਿਹਾ ! ਤੈਨੂੰ ਪਤਾ ਤਾਂ ਹੈ, ਜੇ ਨਾਉਂ ਪੁਲਿੰਗ ਇਕ ਵਚਨ ਹੋਵੇ ਤਾਂ ਉਸ ਦੇ ਆਖਰੀ ਅੱਖਰ ਨਾਲ ਔਂਕੜ ਆ ਜਾਂਦਾ ਹੈ। ਇਸ ਲਈ ਜੇ ‘ਕੇਸੋ ਗੋਪਾਲ’ ਇਕ ਪੰਡਿਤ ਦਾ ਨਾਮ ਹੁੰਦਾ ਤਾਂ ‘ਗੋਪਾਲ’ ਦੇ ਆਖਰੀ ਅੱਖਰ ਨਾਲ ਔਂਕੜ ਆਉਣਾ ਸੀ। ਇੱਥੇ ‘ਗੋਪਾਲ’ ਰੱਬ ਨੂੰ ਕਿਹਾ ਗਿਆ ਹੈ।’ ਸੁਖਦੀਪ ਸਿੰਘ ਨੇ ਜਵਾਬ ਦਿੱਤਾ।
‘ਫਿਰ ‘ਗੋਪਾਲ’ ਦੇ ਆਖਰੀ ਅੱਖਰ ਨੂੰ ਔਂਕੜ ਕਿਉਂ ਨਹੀਂ ਆਇਆ ?’ ਮਿਹਰ ਸਿੰਘ ਨੇ ਫਿਰ ਸਵਾਲ ਕੀਤਾ।
‘ਕਿਉਂਕਿ ‘ਗੋਪਾਲ’ ਤੋਂ ਬਾਅਦ ਲੁਪਤ ਸਬੰਧਕ ‘ਦੇ’ ਆ ਗਿਆ ਹੈ, ਭਾਵ : ਗੋਪਾਲ ਦੇ।’ ਸੁਖਦੀਪ ਸਿੰਘ ਨੇ ਤੁਰੰਤ ਜਵਾਬ ਦਿੱਤਾ।
‘ਪਰ ਇਹ ਅਰਥ ਤਾਂ ਪੰਡਿਤ ਲਈ ਵੀ ਆ ਸਕਦਾ ਹੈ, ਜਿਵੇਂ: ਕੇਸੋ ਗੋਪਾਲ ਪੰਡਿਤ ਦੇ।’ ਮਿਹਰ ਸਿੰਘ ਨੇ ਨਾਲ ਹੀ ਫਿਰ ਸਵਾਲ ਕਰ ਦਿੱਤਾ।
‘ਦੇਖ ਨਿੱਕੇ, ਜੇ ‘ਕੇਸੋ ਗੋਪਾਲ’ ਇਕ ਪੰਡਿਤ ਹੁੰਦਾ ਤਾਂ ਉਸ ਦੇ ਵਿਸ਼ੇਸ਼ਣ ‘ਪੰਡਿਤ’ ਦੇ ਆਖਰੀ ਅੱਖਰ ਨੂੰ ਵੀ ਔਂਕੜ ਆ ਜਾਣਾ ਸੀ। ਇੱਥੇ ‘ਪੰਡਿਤ’ ਸ਼ਬਦ ਬਹੁ ਵਚਨ ਹੋਣ ਕਰਕੇ ਔਂਕੜ ਤੋਂ ਬਿਨਾਂ ਆਇਐ। ਕੇਸੋ ਗੋਪਾਲ ਪੰਡਿਤ ਦਾ ਅਰਥ ਹੈ: ਕੇਸਾਂ ਵਾਲੇ ਪ੍ਰਭੂ ਦੇ ਬਹੁਤੇ ਪੰਡਿਤ ਭਾਵ ਬਹੁਤੇ ਵਿਦਵਾਨ। ਇੱਥੇ ਕਿਸੇ ਇਕ ਪੰਡਿਤ ਕੇਸੋ ਗੋਪਾਲ ਦੀ ਗੱਲ ਨਹੀਂ ਹੋ ਰਹੀ, ਸਗੋਂ ਬਹੁਤੇ ਵਿਦਵਾਨ ਗੁਰਸਿੱਖਾਂ ਦਾ ਜ਼ਿਕਰ ਕੀਤਾ ਗਿਆ ਹੈ।’ ਸੁਖਦੀਪ ਸਿੰਘ ਨੇ ਬਹੁਤ ਪਿਆਰ ਨਾਲ ਆਪਣੇ ਨਿੱਕੇ ਵੀਰ ਨੂੰ ਸਮਝਾਇਆ।
‘ਪੁੱਤਰ ਜੀ, ਇਸ ਤੁੱਕ ਦੀ ਕਿਰਿਆ ਵੱਲ ਵੀ ਧਿਆਨ ਦਿਉ। ‘ਪੜਹਿ’ ਬਹੁ ਵਚਨੀ ਕਿਰਿਆ ਹੈ, ਜਿਸ ਦਾ ਅਰਥ ਹੈ: ਬਹੁਤੇ ਪੜਨ।’ ਮਾਂ ਨੇ ਇਕ ਹੋਰ ਵਿਆਕਰਣਿਕ ਦਲੀਲ ਦਿੱਤੀ।
‘ਬਿਲਕੁਲ ਠੀਕ ਤੇ ਸਭ ਤੋਂ ਕੀਮਤੀ ਗੱਲ ਇਹ ਹੈ ਕਿ ਇਸ ਤੁੱਕ ਵਿਚ ‘ਪੁਰਾਣ’ ਦੇ ਪੜਨ ਦੀ ਗੱਲ ਨਹੀਂ ਹੈ, ਬਲਕਿ ਹਰਿ-ਕਥਾ ਨੂੰ ਪੜਨ ਦੀ ਹਦਾਇਤ ਹੈ। ਜੇ ਪੁਰਾਣ ਦੀ ਕਥਾ ਕਰਨ ਦੀ ਗੱਲ ਹੁੰਦੀ ਤਾਂ ‘ਪੁਰਾਣੁ’ ਦੇ ਆਖਰੀ ਅੱਖਰ ਨੂੰ ਔਂਕੜ ਨਹੀਂ ਆਉਣੀ ਸੀ। ‘ਦੀ’ ਲੁਪਤ ਸਬੰਧਕ ਨੇ ‘ਪੁਰਾਣੁ’ ਦੇ ਆਖਰੀ ਅੱਖਰ ਦੀ ਇਹ ਔਂਕੜ ਖਤਮ ਕਰ ਦੇਣੀ ਸੀ। ਜੇ ਇੱਥੇ ‘ਪੁਰਾਣੁ’ ਆਖਰੀ ਅੱਖਰ ਔਂਕੜ ਨਾਲ ਆਇਆ ਹੈ ਤਾਂ ਇਸ ਦਾ ਅਰਥ ਕਦੇ ਵੀ ‘ਪੁਰਾਣ ਦੀ’ ਨਹੀਂ ਬਣ ਸਕਦਾ। ਇਸ ਪੂਰੀ ਤੁੱਕ ਦਾ ਅਰਥ ਇਸ ਤਰ੍ਹਾਂ ਬਣੇਗਾ:
ਕੇਸੋ ਗੋਪਾਲ = ਕੇਸੋ ਗੋਪਾਲ (ਦੇ)
ਪੰਡਿਤ ਸਦਿਅਹੁ = ਪੰਡਤਾਂ (ਵਿਦਵਾਨ ਗੁਰਸਿੱਖਾਂ) ਨੂੰ ਸੱਦ ਲਓ
ਹਰਿ ਹਰਿ ਕਥਾ ਪੜਹਿ = ਉਹ ਹਰੀ-ਪ੍ਰਭੂ ਦੀ ਕਥਾ-ਵਾਰਤਾ ਪੜਨ
ਪੁਰਾਣੁ ਜੀਉ = (ਸਾਡੇ ਲਈ) ਇਹੀ ਪੁਰਾਣ ਹੈ, ਜੀ।
ਜੇ ‘ਪੁਰਾਣੁ’ ਦੇ ਆਖਰੀ ਅੱਖਰ ਨੂੰ ਔਂਕੜ ਨਾ ਲੱਗੀ ਹੁੰਦੀ ਤਾਂ ਇਸ ਦਾ ਅਰਥ ‘ਪੁਰਾਣ ਦੀ’ ਬਣ ਜਾਣਾ ਸੀ, ਪਰ ਇਸ ਇਕ ਔਂਕੜ ਨੇ ਸਾਨੂੰ ਨਿਰੋਲ ਹਰੀ ਦੀ ਕਥਾ-ਵਾਰਤਾ ਨਾਲ ਜੋੜ ਦਿੱਤਾ ਹੈ।’ ਸੁਖਦੀਪ ਸਿੰਘ ਨੇ ਬਹੁਤ ਸੌਖੇ ਤਰੀਕੇ ਨਾਲ ਵਿਆਕਰਣਿਕ ਵਿਆਖਿਆ ਕਰ ਦਿੱਤੀ।
‘ਇਹੀ ਤਾਂ ਅਸੀਂ ਪਹਿਲਾਂ ਵੀਚਾਰ ਚੁੱਕੇ ਹਾਂ (ਦੇਖੋ-ਸਰਲ ਗੁਰਬਾਣੀ ਵਿਆਕਰਣ ਭਾਗ 6 ਤੇ 7) ਕਿ ਪੁਲਿੰਗ ਇਕ ਵਚਨ ਨਾਉਂ ਤੋਂ ਬਾਅਦ ਜੇ ਕੋਈ ਪਰਗਟ ਜਾਂ ਲੁਪਤ ਸਬੰਧਕ ਹੋਵੇ ਤਾਂ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਲੱਥ ਜਾਂਦੀ ਹੈ।’ ਮਾਂ ਨੇ ਬੱਚਿਆਂ ਨੂੰ ਸਮਝਾਇਆ।
‘ਮੰਮੀ ਜੀ, ਸਬੰਧਕ ਚੋਰ ਜੋ ਹੋਇਆ। ਉਹ ਪੁਲਿੰਗ ਨਾਉਂ ਇਕ ਵਚਨ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰ ਲੈਂਦਾ ਹੈ।’ ਮਿਹਰ ਸਿੰਘ ਨੇ ਹੱਸਦਿਆਂ ਕਿਹਾ।
‘ਮਿਹਰ ਤੈਨੂੰ ਯਾਦ ਹੈ, ਮੇਰੇ ਇਕ ਨਵੇਂ ਕਲਾਇੰਟ ਨੇ ਮੇਰੀ ਘੜੀ ਚੋਰੀ ਕਰ ਲਈ ਸੀ ਤੇ ਕੋਈ ਸਬੂਤ ਨਾ ਹੋਣ ਕਰਕੇ ਮੈਂ ਕੁੱਝ ਨਾ ਕਰ ਸਕੀ। ਉਹ ਚੋਰ ਇਕ ਵਾਰ ਫਿਰ ਮੇਰੇ ਆਫਿਸ ਵਿਚ ਆਇਆ ਸੀ।’ ਮਾਂ ਨੇ ਨਵੀਂ ਗੱਲ ਸ਼ੁਰੂ ਕਰ ਲਈ।
‘ਹੈਂਅ ਮੰਮੀ ਜੀ ? ਉਸ ਚੋਰ ਨੇ ਦੁਬਾਰਾ ਕੀ ਚੋਰੀ ਕੀਤਾ ?’ ਦੋਵੇਂ ਬੱਚਿਆਂ ਨੇ ਹੈਰਾਨ ਹੋ ਕੇ ਪੁੱਛਿਆ।
‘ਮੈਂ ਉਸ ਦੇ ਜਾਣ ਪਿੱਛੋਂ, ਸਾਰਾ ਕੁਝ ਚੰਗੀ ਤਰ੍ਹਾਂ ਚੈੱਕ ਕੀਤਾ ਸੀ, ਪਰ ਉਸ ਦਿਨ ਉਸ ਨੇ ਕੁੱਝ ਵੀ ਚੋਰੀ ਨਾਂ ਕੀਤਾ। ਮਤਲਬ ਉਸ ਦਿਨ ਉਹ ਚੋਰ ਨਹੀਂ ਸੀ ਤੇ ਇਸ ਤੋਂ ਵੀ ਮੈਂ ਇਕ ਗੁਰਬਾਣੀ ਵਿਆਕਰਣ ਦਾ ਨੇਮ ਸਿੱਖ ਲਿਆ।’ ਮਾਂ ਨੇ ਹੱਸਦਿਆਂ ਕਿਹਾ।
‘ਉਹ ਕੀ ਮੰਮੀ ਜੀ ?’ ਦੋਵੇਂ ਇਕੱਠੇ ਬੋਲੇ।
‘ਕਮਾਲ ਹੈ। ਪਹਿਲਾਂ ਦੋ ਵਾਰ ਚੋਰੀ ਹੋਈ ਤੇ ਉਸ ਤੋਂ ਦੋ ਨੇਮ ਸਿੱਖ ਲਏ। ਹੁਣ ਚੋਰ ਆਇਆ, ਪਰ ਚੋਰੀ ਨਹੀਂ ਹੋਈ ਤੇ ਉਸ ਤੋਂ ਵੀ ਇਕ ਨੇਮ ਸਿੱਖ ਲਿਆ ?’ ਸੁਖਦੀਪ ਸਿੰਘ ਨੇ ਹੈਰਾਨ ਹੋ ਕੇ ਪੁੱਛਿਆ।
‘ਬਿਲਕੁਲ ਪੁੱਤਰ। ਚੋਰ ਦਾ ਸਬੰਧ ਚੋਰੀ ਕੀਤੇ ਗਏ ਸਮਾਨ ਨਾਲ ਹੁੰਦਾ ਹੈ। ਜਿਹੜਾ ਸਮਾਨ ਚੋਰੀ ਹੀ ਨਾ ਹੋਇਆ ਹੋਵੇ ਤਾਂ ਉਸ ਸਮਾਨ ਦਾ ਚੋਰ ਨਾਲ ਕੀ ਸਬੰਧ ? ਇਸੇ ਤਰ੍ਹਾਂ ਗੁਰਬਾਣੀ ਵਿਆਕਰਣ ਵਿਚ ਜੇ ਸਬੰਧਕ ਸ਼ਬਦ ਕਿਸੇ ਪੁਲਿੰਗ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕਰੇ ਤਾਂ ਉਸ ਪੁਲਿੰਗ ਨਾਉਂ ਦਾ ਸਬੰਧ, ਸਬੰਧਕ ਨਾਲ ਬਣ ਜਾਂਦਾ ਹੈ। ਜੇਕਰ ਸਬੰਧਕ ਸ਼ਬਦ ਕਿਸੇ ਪੁਲਿੰਗ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਹੀ ਨਾ ਕਰੇ ਤਾਂ ਉਸ ਸਬੰਧਕ ਦਾ ਪੁਲਿੰਗ ਨਾਉਂ ਨਾਲ ਕੋਈ ਸਬੰਧ ਨਹੀਂ ਹੁੰਦਾ। ਫਿਰ ਉਸ ਪੁਲਿੰਗ ਨਾਉਂ ਦੇ ਅਰਥ ਅਸੀਂ ਸਬੰਧਕ ਨਾਲ ਜੋੜ ਕੇ ਨਹੀਂ ਕਰ ਸਕਦੇ।’ ਮਾਂ ਨੇ ਇਕ ਕੀਮਤੀ ਨੁਕਤਾ ਸਮਝਾਇਆ।
‘ਪਰ ਉਹ ਕਿਸ ਤਰ੍ਹਾਂ ਮੰਮੀ ਜੀ ? ਕੋਈ ਉਦਾਹਰਣ ਦੇ ਕੇ ਸਮਝਾਉ ਨਾ ਪਲੀਜ਼ ?’ ਮਿਹਰ ਸਿੰਘ ਨੇ ਉਤਾਵਲੇ ਹੁੰਦੇ ਕਿਹਾ।
‘ਮੈਂ ਦੋ ਤੁੱਕਾਂ ਤੁਹਾਨੂੰ ਸੁਣਾਉਂਦੀ ਹਾਂ। ਪਹਿਲੀ ਤੁੱਕ ਸੁਣੋ:
ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ॥
ਇਸ ਤੁੱਕ ਵਿਚ ‘ਮਹਿ’ ਸਬੰਧਕ ਨੇ ‘ਮਨ’ ਪੁਲਿੰਗ ਇਕ ਵਚਨ ਨਾਉਂ ਦੇ ਆਖਰੀ ਅੱਖਰ (ਨੰਨੇ) ਦੀ ਔਂਕੜ ਚੋਰੀ ਕਰ ਲਈ। ਇਸ ਲਈ ‘ਮਨ ਮਹਿ’ ਦਾ ਅਰਥ ਬਣ ਗਿਆ: ‘ਮਨ ਵਿਚ’। ਅਰਥ : ਪ੍ਰਭੂ ਦਾ ਨਾਮ (ਜੋ ਮਾਨੋ) ਮਾਣਕ ਹੈ, ਲਾਲ ਹੈ, ਰਤਨ ਹੈ, ਹੀਰਾ ਹੈ, ਹਰੇਕ ਮਨੁੱਖ ਦੇ ਮਨ ਵਿਚ ਵਸਦਾ ਹੈ। ਹੁਣ ਦੂਜੀ ਤੁੱਕ ਸੁਣੋ :
ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ॥
ਇਸ ਤੁੱਕ ਵਿਚ ਪੁਲਿੰਗ ਇਕ ਵਚਨ ਨਾਉਂ ‘ਮਨੁ’, ਆਖਰੀ ਅੱਖਰ ਔਂਕੜ ਸਮੇਤ ਆਇਆ ਹੈ। ‘ਮਨੁ’ ਤੋਂ ਬਾਅਦ ‘ਵਿਚਿ’ ਸਬੰਧਕ ਵੀ ਆਇਆ ਹੈ। ਇਸ ਤੁੱਕ ਵਿਚ ਸਬੰਧਕ ਚੋਰ ‘ਵਿਚਿ’ ਤਾਂ ਆਇਆ ਹੈ, ਪਰ ਇਸ ਨੇ ਪੁਲਿੰਗ ਨਾਉਂ ਦੀ ਔਂਕੜ ਚੋਰੀ ਨਹੀਂ ਕੀਤੀ। ਇਸ ਲਈ ਇਸ ਤੁੱਕ ਵਿਚ ‘ਮਨੁ’ ਦਾ ‘ਵਿਚਿ’ ਨਾਲ ਕੋਈ ਸਬੰਧ ਨਹੀਂ ਹੈ ਭਾਵ ਇਸ ਦਾ ਅਰਥ ‘ਮਨ ਵਿਚ’ ਨਹੀਂ ਬਣੇਗਾ। ਜੇ ਸਬੰਧਕ ਆਪਣੇ ਤੋਂ ਪਹਿਲਾਂ ਆਏ ਪੁਲਿੰਗ ਨਾਉਂ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਨਾ ਕਰੇ ਤਾਂ ਉਸ ਤੋਂ ਅੱਗੇ ਅਰਧ ਬਿਸਰਾਮ (ਕਾਮਾ ,) ਲਗਾ ਕੇ ਪਾਠ ਕਰਨਾ ਚਾਹੀਦਾ ਹੈ, ਜਿਵੇਂ:
ਕਾਇਆ ਆਰਣੁ, ਮਨੁ, ਵਿਚਿ ਲੋਹਾ, ਪੰਚ ਅਗਨਿ ਤਿਤੁ ਲਾਗਿ ਰਹੀ॥
ਇਸ ਤਰ੍ਹਾਂ ਬਿਸਰਾਮ ਦੇ ਕੇ।’ ਮਾਂ ਅਜੇ ਸਮਝਾ ਹੀ ਰਹੀ ਸੀ ਕਿ
‘ਮਨ ਵਿਚ ਲੋਹਾ ਕਿਵੇਂ ਆ ਜਾਏਗਾ ? ਮਨ ਤਾਂ ਆਪ ਲੋਹੇ ਦੀ ਤਰ੍ਹਾਂ ਵਿਕਾਰਾਂ ਵਿਚ ਸੜਿਆ ਪਿਆ ਹੈ। ਅਸਲ ਵਿਚ ਸਰੀਰ ਭੱਠੀ ਵਿਚ ਮਨ ਲੋਹਾ ਪਿਆ ਹੈ।’ ਮਿਹਰ ਸਿੰਘ ਵਿਚੋਂ ਹੀ ਗੱਲ ਕੱਟ ਕੇ ਇਕੋ-ਦਮ ਬੋਲ ਪਿਆ।
‘ਸ਼ਾਬਾਸ਼ ਮੇਰੇ ਪੁੱਤਰ ! ਬਿਲਕੁਲ ਠੀਕ ਕਿਹਾ। ਇਸ ਤੁੱਕ ਦੇ ਅਰਥ ‘ਮਨ ਵਿਚ’ ਨਹੀਂ, ‘ਸਰੀਰ ਭੱਠੀ ਵਿਚ ਮਨ ਲੋਹਾ’ ਬਣਨਗੇ। ‘ਵਿਚਿ’ ਦਾ ਸਬੰਧ ‘ਮਨੁ’ ਨਾਲ ਨਹੀਂ, ‘ਕਾਇਆ’ ਨਾਲ ਹੈ ਕਿਉਂਕਿ ‘ਵਿਚਿ’ ਨੇ ‘ਮਨੁ’ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਕੀਤੀ ਹੀ ਨਹੀਂ। ਜੇ ਸਬੰਧਕ ਆਉਣ ’ਤੇ ਵੀ ਪੁਲਿੰਗ ਨਾਉਂ ਦੇ ਆਖਰੀ ਅੱਖਰ ਨੂੰ ਔਂਕੜ ਲੱਗਾ ਹੋਇਆ ਹੈ ਤਾਂ ਸਮਝੋ ਉਸ ਸਬੰਧਕ ਦਾ ਪੁਲਿੰਗ ਨਾਉਂ ਨਾਲ ਕੋਈ ਸਬੰਧ ਨਹੀਂ ਹੈ। ਐਸੇ ਸਬੰਧਕ ਦਾ ਪਾਠ ਪੁਲਿੰਗ ਨਾਉਂ ਤੋਂ ਵੱਖਰਾ ਕਰਕੇ ਕਰਨਾ ਚਾਹੀਦਾ ਹੈ। ਪੂਰੀ ਤੁੱਕ ਦਾ ਅਰਥ ਇਸ ਤਰ੍ਹਾਂ ਹੋਵੇਗਾ:
ਮਨੁੱਖ ਦਾ ਸਰੀਰ ਮਾਨੋ ਭੱਠੀ ਹੈ, ਉਸ ਭੱਠੀ ਵਿਚ ਮਨ ਮਾਨੋ ਲੋਹਾ ਹੈ ਤੇ ਉਸ ਮਨ ਨੂੰ ਕਾਮ, ਕਰੋਧ, ਲੋਭ, ਮੋਹ, ਹੰਕਾਰ ਦੀਆਂ ਪੰਜ ਅੱਗਾਂ ਸਾੜ ਰਹੀਆਂ ਹਨ।’ ਮਾਂ ਨੇ ਸੌਖੇ ਸ਼ਬਦਾਂ ਵਿਚ ਹੀ ਸਮਝਾ ਦਿੱਤਾ।
‘ਇਕ ਤੁੱਕ ਮੈਂ ਦੱਸਾਂ ਮੰਮੀ ਜੀ ?
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ॥
ਇਸ ਤੁੱਕ ਵਿਚ ਵੀ ‘ਦੁਖੁ’ ਪੁਲਿੰਗ ਨਾਉਂ ਤੋਂ ਬਾਅਦ ‘ਵਿਚਿ’ ਸਬੰਧਕ ਆਇਆ ਹੈ। ਇਸ ਤੁੱਕ ਵਿਚ ਸਬੰਧਕ ਚੋਰ ‘ਵਿਚਿ’ ਨੇ ‘ਦੁਖੁ’ ਪੁਲਿੰਗ ਨਾਉਂ ਦੀ ਔਂਕੜ ਚੋਰੀ ਨਹੀਂ ਕੀਤੀ, ਤਾਂ ਤੇ ਇਸ ਤੁੱਕ ਵਿਚ ਵੀ ‘ਵਿਚਿ’ ਦਾ ਸਬੰਧ ‘ਦੁਖੁ’ ਨਾਲ ਨਹੀਂ, ਸਗੋਂ ਦੀਵੇ ਨਾਲ ਹੈ। ਇਸ ਲਈ ‘ਵਿਚਿ’ ਨੂੰ ‘ਦੁਖੁ’ ਤੋਂ ਬਾਅਦ ਅਰਧ ਬਿਸਰਾਮ ਲਗਾ ਕੇ ਪਾਠ ਕਰਨਾ ਪਵੇਗਾ, ਜਿਵੇਂ:
ਦੀਵਾ ਮੇਰਾ ਏਕੁ ਨਾਮੁ, ਦੁਖੁ, ਵਿਚਿ ਪਾਇਆ ਤੇਲੁ॥
ਹੁਣ ਦੁੱਖ ਵਿਚ ਤੇਲ ਕਿਵੇਂ ਪੈ ਸਕਦਾ ਹੈ ? ਇੱਥੇ ‘ਦੁਖ ਵਿਚ’ ਨਹੀਂ ਬਲਕਿ ‘ਦੀਵੇ ਵਿਚ ਦੁਖ ਰੂਪੀ ਤੇਲ’ ਪਾਇਆ ਹੈ। ਪੂਰੀ ਤੱੁਕ ਦਾ ਅਰਥ ਇਸ ਤਰ੍ਹਾਂ ਹੋਵੇਗਾ:
ਮੇਰੇ ਲਈ ਪ੍ਰਭੂ ਦਾ ਨਾਮ ਹੀ (ਮੇਰੀ ਜ਼ਿੰਦਗੀ ਦੇ ਰਸਤੇ ਵਿਚ ਗਿਆਨ ਦੀ ਰੌਸ਼ਨੀ ਕਰਨ ਵਾਲਾ) ਦੀਵਾ ਹੈ ਤੇ ਉਸ ਦੀਵੇ ਵਿਚ ਮੈਂ ਦੁੱਖ (ਰੂਪ) ਤੇਲ ਪਾਇਆ ਹੋਇਆ ਹੈ।’ ਸੁਖਦੀਪ ਸਿੰਘ ਨੇ ਵੀ ਇਹ ਹੋਰ ਉਦਾਹਰਣ ਦੇ ਕੇ ਇਸ ਨੇਮ ਨੂੰ ਹੋਰ ਨਿਖਾਰ ਦਿੱਤਾ। ਇੱਧਰ ਮਿਹਰ ਸਿੰਘ ਵੀ ਆਪਣੇ ਫੋਨ ’ਤੇ ‘ਗੁਰਬਾਣੀ ਸਰਚਰ’ ਐਪ ਵਿਚੋਂ ਗੁਰਬਾਣੀ ਦੀਆਂ ਤੁੱਕਾਂ ਸਰਚ ਕਰ ਰਿਹਾ ਸੀ।
‘ਮੰਮੀ ਜੀ ! ਵੀਰ ਜੀ ! ਮੈਂ ਵੀ ਇਕ ਤੁੱਕ ਸਰਚ ਕੀਤੀ ਹੈ।
ਪਿਰੁ ਨਜੀਕਿ ਨ ਬੁਝੈ ਬਪੁੜੀ ਸਤਿਗੁਰਿ ਦੀਆ ਦਿਖਾਈ॥
ਇਸ ਤੁੱਕ ਵਿਚ ‘ਪਿਰੁ’ ਪੁਲਿੰਗ ਨਾਉਂ ਤੋਂ ਬਾਅਦ ‘ਨਜੀਕਿ’ ਸਬੰਧਕ ਆਇਆ ਹੈ, ਪਰ ਉਸ ਨੇ ‘ਪਿਰੁ’ ਦੇ ਆਖਰੀ ਅੱਖਰ ਦੀ ਔਂਕੜ ਚੋਰੀ ਨਹੀਂ ਕੀਤੀ। ਮਤਲਬ ਇਹ ਕਿ ‘ਨਜੀਕਿ’ ਦਾ ‘ਪਿਰੁ’ ਨਾਲ ਕੋਈ ਸਬੰਧ ਨਹੀਂ ਹੈ। ਇਸ ਤੁੱਕ ਵਿਚ ਵੀ ‘ਪਿਰੁ’ ਤੋਂ ਬਾਅਦ ਅਰਧ ਬਿਸਰਾਮ ਲਗਾ ਕੇ ਪਾਠ ਕਰਨਾ ਪਵੇਗਾ, ਜਿਵੇਂ:
ਪਿਰੁ, ਨਜੀਕਿ ਨ ਬੁਝੈ ਬਪੁੜੀ, ਸਤਿਗੁਰਿ ਦੀਆ ਦਿਖਾਈ॥
ਪਰ ਇਸ ਤੁੱਕ ਦਾ ਅਰਥ ਕੀ ਹੋਇਆ ਫਿਰ ? ਇਹ ਤਾਂ ਮੈਨੂੰ ਸਮਝ ਨੀ ਆਈ ?’ ਮਿਹਰ ਸਿੰਘ ਨੇ ਸਿਰ ਖੁਰਕਦਿਆਂ ਕਿਹਾ ਤੇ ਸਾਰੇ ਹੱਸ ਪਏ।
‘ਅੱਧਾ ਕਿੱਲੋ ਦੇ ਲਿਫਾਫੇ ਵਿਚ ਕਿੱਲੋ ਚੀਜ਼ ਨੀਂ ਪੈਂਦੀ ਹੁੰਦੀ।’ ਸੁਖਦੀਪ ਸਿੰਘ ਨੇ ਮਜ਼ਾਕ ਕਰਦਿਆਂ ਕਿਹਾ ਤੇ ਫਿਰ ਹਾਸਾ ਪੈ ਗਿਆ।
‘ਕੋਈ ਨਾ ਪੁੱਤਰ ਜੀ, ਜੇ ਅੱਜ ਸਮਝ ਨੀ ਆਈ ਤਾਂ ਗੁਰਬਾਣੀ ਨੂੰ ਵੀਚਾਰਦੇ ਰਹੋ, ਕਦੀ ਨਾ ਕਦੀ ਜ਼ਰੂਰ ਸਮਝ ਆਏਗੀ। ਇਸ ਤੁੱਕ ਵਿਚ ਜੇ ‘ਪਿਰੁ’ ਦਾ ਸਬੰਧ, ‘ਨਜੀਕਿ’ ਨਾਲ ਹੁੰਦਾ ਤਾਂ ਅਰਥ ਹੋਣਾ ਸੀ: ਵਿਚਾਰੀ ਜੀਵ ਇਸਤਰੀ ‘ਪ੍ਰਭੂ-ਪਤੀ ਦੇ ਨੇੜੇ’ ਸਮਝਦੀ ਨਹੀਂ ਹੈ। ਇਸ ਗੱਲ ਦਾ ਕੀ ਅਰਥ ਬਣਿਆ ? ਕੁੱਝ ਵੀ ਨਹੀਂ। ਇਥੇ ਗੱਲ ‘ਪ੍ਰਭੂ-ਪਤੀ ਦੇ ਨੇੜੇ’ ਨਹੀਂ, ਸਗੋਂ ‘ਜੀਵ ਇਸਤਰੀ ਦੇ ਨੇੜੇ’ ਦੀ ਗੱਲ ਹੈ। ਇਸ ਤੁੱਕ ਦਾ ਅਰਥ ਇਸ ਤਰ੍ਹਾਂ ਹੋਵੇਗਾ:
ਪ੍ਰਭੂ-ਪਤੀ ਤਾਂ ਜੀਵ-ਇਸਤਰੀ ਦੇ ਨੇੜੇ ਹੈ, ਪਰ ਉਹ ‘ਵਿਚਾਰੀ ਨੇੜੇ ਸਮਝਦੀ ਨਹੀਂ ਹੈ’ (ਨਜੀਕਿ ਨ ਬੁਝੈ ਬਪੁੜੀ), ਸਤਿਗੁਰੂ ਨੇ ਅੰਦਰ ਹੀ (ਪ੍ਰਭੂ-ਪਤੀ) ਦਿਖਾ ਦਿੱਤਾ।
ਮੇਰੇ ਪਿਆਰੇ ਬੱਚਿਓ ! ਗੁਰਬਾਣੀ ਵਿਚ ਆਈ ਇਕ ਔਂਕੜ, ਸਾਨੂੰ ਕਈ ਮਨਮੱਤਾਂ ਤੇ ਕਰਮਕਾਂਡਾਂ ਤੋਂ ਬਚਾ ਲੈਂਦੀ ਹੈ। ਉਦਾਹਰਣ ਦੇ ਤੌਰ ’ਤੇ:
ਭਿਸਤੁ ਨਜੀਕਿ ਰਾਖੁ ਰਹਮਾਨਾ॥
ਭਿਸਤੁ : ਸਵਰਗ (ਇਸਲਾਮ ਮੱਤ ਦਾ)
ਨਜੀਕਿ : ਨੇੜੇ
ਰਾਖੁ : ਤੂੰ ਰੱਖ।
ਰਹਮਾਨਾ : ਹੇ ਰਹਿਮਾਨ ਪ੍ਰਭੂ !
ਜੇ ਸਾਨੂੰ ਗੁਰਬਾਣੀ ਵਿਆਕਰਣ ਦੇ ਨੇਮ ਨਹੀਂ ਆਉਂਦੇ ਹੋਣਗੇ ਤਾਂ ਕੋਈ ਵੀ ਸਾਨੂੰ ਗੁਰਮਤਿ ਦੇ ਨਿਆਰੇ ਰਾਹ ਤੋਂ ਦੂਰ ਕਰਕੇ ਮਨਮਤਿ ਦੇ ਖਾਰੇ ਸਾਗਰ ਵਿਚ ਸੁੱਟ ਦੇਵੇਗਾ। ਕੋਈ ਸਾਨੂੰ ਇਸ ਤੁੱਕ ਦਾ ਅਰਥ ਇਵੇਂ ਦੱਸੇਗਾ: ਹੇ ਰਹਿਮਾਨ ਪ੍ਰਭੂ ! ਸਾਨੂੰ ਸਵਰਗ ਦੇ ਨੇੜੇ ਰੱਖ।’ ਗੁਰਸਿੱਖ ਮਾਂ ਆਪਣੇ ਬੱਚਿਆਂ ਨੂੰ ਗੁਰਮਤਿ ਦ੍ਰਿੜ ਕਰਾ ਰਹੀ ਸੀ।
‘ਪਰ ਮੰਮੀ ਜੀ, ਅਸੀਂ ਤਾਂ ਅਖੌਤੀ ਸਵਰਗਾਂ ਤੇ ਨਰਕਾਂ ਨੂੰ ਬਿਲਕੁਲ ਨਹੀਂ ਮੰਨਦੇ।’ ਸੁਖਦੀਪ ਸਿੰਘ ਨੇ ਪੂਰੀ ਦ੍ਰਿੜਤਾ ਨਾਲ ਕਿਹਾ।
‘ਬਿਲਕੁਲ ਪੁੱਤਰ। ਗੁਰਮਤਿ ਦਾ ਪਾਵਨ ਸਿਧਾਂਤ ਸਾਨੂੰ ਮਨੋਕਲਪਿਤ ਸੁਰਗਾਂ-ਨਰਕਾਂ ਦੇ ਚੱਕਰਾਂ ਤੋਂ ਬਚਾਉਂਦਾ ਹੈ। ਗੁਰਬਾਣੀ ਦੇ ਵਾਕ ਤਾਂ ਝੂਠ ਦੇ ਆਸਰੇ ’ਤੇ ਖੜੇ ਨਰਕ ਤੇ ਸੁਰਗ ਨੂੰ ਮੂਲੋਂ ਹੀ ਰੱਦ ਕਰ ਦਿੰਦੇ ਹਨ, ਜਿਵੇਂ: ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ॥’ ਮਾਂ ਨੇ ਸਪਸ਼ਟ ਕੀਤਾ।
‘ਫਿਰ ਇਸ ਤੁੱਕ ਦਾ ਕੀ ਅਰਥ ਬਣੇਗਾ ?’ ਮਿਹਰ ਸਿੰਘ ਨੇ ਫਿਰ ਉਤਾਵਲੇ ਹੁੰਦਿਆਂ ਪੁੱਛਿਆ।
‘ਸਾਨੂੰ ਗੁਰਬਾਣੀ ਵਿਆਕਰਣ ਦੇ ਮੁੱਢਲੇ ਨੇਮ ਪਤਾ ਹੋਣੇ ਚਾਹੀਦੇ ਹਨ। ਜੇਕਰ ਪੁਲਿੰਗ ਨਾਉਂ ਦੇ ਆਖਰੀ ਅੱਖਰ ਨੂੰ ਔਂਕੜ ਲੱਗੀ ਹੋਵੇ ਤਾਂ ਉਸ ਦਾ ਕਿਸੇ ਤਰ੍ਹਾਂ ਵੀ ਸਬੰਧਕੀ ਅਰਥ ਨਹੀਂ ਬਣ ਸਕਦਾ, ਭਾਵੇਂ ਉਸ ਤੋਂ ਬਾਅਦ ਸਬੰਧਕ ਵੀ ਕਿਉਂ ਨਾ ਲੱਗਿਆ ਹੋਵੇ।
ਇਸ ਤੁੱਕ ਵਿਚ ‘ਭਿਸਤੁ’ ਪੁਲਿੰਗ ਨਾਉਂ ਆਖਰੀ ਅੱਖਰ ਔਂਕੜ ਨਾਲ ਆਇਆ ਹੈ। ਇਸ ਤੋਂ ਅੱਗੇ ‘ਨਜੀਕਿ’ ਸਬੰਧਕ ਵੀ ਆਇਆ ਹੈ ਪਰ ‘ਨਜੀਕਿ’ ਸਬੰਧਕ ਨੇ ‘ਭਿਸਤੁ’ ਦੀ ਔਂਕੜ ਚੋਰੀ ਨਹੀਂ ਕੀਤੀ। ਇਸ ਦਾ ਮਤਲਬ ਇਹ ਹੈ ਕਿ ‘ਭਿਸਤੁ’ ਦਾ ‘ਨਜੀਕਿ’ ਨਾਲ ਕੋਈ ਸਬੰਧ ਨਹੀਂ ਹੈ। ‘ਭਿਸਤੁ ਨਜੀਕਿ’ ਦਾ ਅਰਥ ਕਿਸੇ ਤਰ੍ਹਾਂ ਵੀ ‘ਸਵਰਗ ਦੇ ਨੇੜੇ’ ਨਹੀਂ ਬਣ ਸਕਦਾ। ‘ਭਿਸਤੁ’ ਅਤੇ ‘ਨਜੀਕਿ’ ਦੇ ਵਿਚਕਾਰ ਅਰਧ ਬਿਸਰਾਮ ਇਸ ਤਰ੍ਹਾਂ ਲਗਾਉਣਾ ਪਵੇਗਾ:
ਭਿਸਤੁ, ਨਜੀਕਿ ਰਾਖੁ ਰਹਮਾਨਾ॥
ਇਸ ਦਾ ਅਰਥ ਬਣੇਗਾ: ਹੇ ਰਹਿਮਾਨ-ਪ੍ਰਭੂ ! ਆਪਣੇ ਨੇੜੇ ਰੱਖ, (ਮੇਰੇ ਲਈ) ਇਹੀ ਸਵਰਗ ਹੈ। ਸੋ ਇਕ ਔਂਕੜ ਸਾਨੂੰ ਕਈ ਮਨਮੱਤਾਂ ਤੋਂ ਬਚਾ ਲੈਂਦੀ ਹੈ। ਇਸੇ ਕਰਕੇ ‘ਪੁਰਾਣੁ’ ਲਫਜ਼ ਦੀ ਵੀ ਆਖਰੀ ਅੱਖਰ ਦੀ ਔਂਕੜ ਨੇ ਸਾਨੂੰ ‘ਪੁਰਾਣ ਦੀ’ ਅਰਥ ਕਰਨ ਤੋਂ ਬਚਾ ਲਿਆ।’ ਮਾਂ ਨੇ ਬਹੁਤ ਪਿਆਰ ਨਾਲ ਸਮਝਾਇਆ।
ਇੰਨੇ ਨੂੰ ਦਰਵਾਜ਼ੇ ’ਤੇ ਬੈੱਲ ਵੱਜੀ। ਸੁਖਦੀਪ ਸਿੰਘ ਨੇ ਭੱਜ ਕੇ ਦਰਵਾਜ਼ਾ ਖੋਲਿਆ।
‘ਸਾਰੇ ਗੁਰਮੁਖ ਪਿਆਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਚਿਓ ਅੱਜ ਮੈਂ ਤੁਹਾਨੂੰ ਗੁਰਬਾਣੀ ਵਿਆਕਰਣ ਦਾ ਇਕ ਨਵਾਂ ਨੇਮ ਸਿਖਾਵਾਂਗਾ। ਉਸ ਤੋਂ ਪਹਿਲਾਂ ਤੁਹਾਡੇ ਲਈ ਇਕ ਸਵਾਲ ਹਾਜ਼ਰ ਹੈ:
ਮੇਰਾ ਪ੍ਰਭੁ ਅੰਤਰਿ ਬੈਠਾ ਵੇਖੈ॥
ਇਸ ਤੁੱਕ ਦੇ ਅਰਥ ਲਿਖ ਕੇ ਦਿਖਾਉ ?’ ਮੈਂ ਅੰਦਰ ਦਾਖਲ ਹੁੰਦਿਆਂ ਹੀ ਸਵਾਲ ਕਰ ਦਿੱਤਾ। ਮੇਰੀ ਇੰਨੀ ਗੱਲ ਸੁਣਦਿਆਂ ਹੀ ਸਾਰੇ ਇਕ-ਦੂਜੇ ਵੱਲ ਵੇਖ ਕੇ ਹੱਸਣ ਲੱਗ ਪਏ। ਕੀ ਮੈਂ ਕੁੱਝ ਗਲਤ ਕਿਹਾ ?