ਬੜੀ ਫਿਕਰ ਦੀ ਘੜੀ ਹੈ ਪੰਥ ਅੱਗੇ

0
12

ਬੜੀ ਫਿਕਰ ਦੀ ਘੜੀ ਹੈ ਪੰਥ ਅੱਗੇ, ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਬਚਾਵਣੇ ਲਈ।

ਹੈ ਨਹੀਂ ਅਕਾਲੀ ਉਸ ਕੱਦ ਕਾਠ ਵਾਲੇ, ਜੋ ਗੱਲ ਕਰਦੇ ਸਨ ਅਕਾਲੀ ਸਦਾਵਣੇ ਲਈ।

ਘਰ ਘਾਟ ਦਾ ਫ਼ਿਕਰ ਉਹ ਕਦੇ ਨ ਕਰਦੇ, ਗੱਲ ਛੇੜ ਬਹਿੰਦੇ ਸਨ ਪੰਥ ਬਚਾਵਣੇ ਲਈ।

ਪਦ ਪਦਵੀਆਂ ਦੀ ਉਨ੍ਹਾ ਝਾਕ ਕੋਈ ਨ, ਰੀਝ ਰਹਿੰਦੀ ਸੀ ਅਣਖ ਕਮਾਵਣੇ ਲਈ।

ਅੱਜ ਕੁਰਸੀ ਦੀ ਭੁੱਖ ਨੇ ਡਾਢਾ ਜ਼ੋਰ ਪਾਇਆ, ਅਕਾਲੀ ਦਲ ਹੀ ਹੱਥੋਂ ਗਵਾ ਬੈਠੇ।

ਅਸੂਲ ਸਿੱਖੀ ਵਾਲੇ ਸਮਝੋ ਬਾਹਰ ਕੱਢੇ ਵੇਖੋ, ਜੱਥੇਬੰਦੀ ਦਾ ਕਿਲ੍ਹਾ ਢੁਆ ਬੈਠੇ।

ਧੀਆਂ ਪੁੱਤਾਂ ਲਈ ਰਾਖਵੀਆਂ ਕਰ ਥਾਵਾਂ, ਮਮਤਾ ਹੱਥੋਂ ਜੱਥੇਬੰਦੀ ਗਵਾ ਬੈਠੇ।

ਜੀਵਨ ਸਿੱਖ ਵਾਲਾ ਸਮਝ ਨ ਆਇਆ, ਬੇਸਮਝੀ ਜ਼ਿੱਦ ਨਾਲ ਭੋਗ ਪਵਾ ਬੈਠੇ।

ਸ਼੍ਰੋਮਣੀ ਅਕਾਲੀ ਦਲ ਦੀ ਸਹੀ ਹੋਂਦ ਖ਼ਾਤਰ, ਸੰਸਾਰ ਭਰ ਦਾ ਸਿੱਖ ਕੁਰਲਾ ਰਿਹਾ ਹੈ।

ਸਾਡੇ ਪੁਰਖਿਆਂ ਜੋ ਅਕਾਲੀ ਦਲ ਪੈਦਾ ਕੀਤਾ, ਬਚ ਜਾਵੇ ਸਿੱਖ ਕੁਰਲਾ ਰਿਹਾ ਹੈ।

ਜਿਨ੍ਹਾਂ ਲੋਕਾਂ ਅਕਾਲੀ ਦਲ ਨਾਲ ਧ੍ਰੋਹ ਕੀਤਾ, ਮੱਕੜੀ ਜਾਲ ਉਨ੍ਹਾ ਫਸਾ ਰਿਹਾ ਹੈ।

ਸਾਡੀ ਸਿਆਸਤ ਦਾ ਜਿਸ ਦਮ ਭਰਿਆ, ਉਹ ਅਕਾਲੀ ਵਿਰਾਸਤ ਫੁਰਮਾ ਰਿਹਾ ਹੈ।

ਬੇਕਦਰਿਆਂ ਨਾਲੋਂ ਅੱਜ ਵੀ ਕਦਰਦਾਨ ਬਹੁਤੇ, ਅਕਾਲੀ ਦਲ ਉਨ੍ਹਾਂ ਬਣਾ ਲੈਣਾ।

ਕੱਚਿਆਂ ਪਿੱਲਿਆਂ ਨੂੰ ਰਾਹੋਂ ਕਰ ਪਾਸੇ, ਸਿਦਕੀ ਲੱਭ ਅਕਾਲੀ ਦਲ ਅਪਣਾ ਲੈਣਾ।

ਮੁਕਾਬਲਾ ਕਰਨਾ ਦੂਜਿਆਂ ਸਾਰਿਆਂ ਦਾ, ਅਕਾਲੀ ਦਲ ਦਾ ਤਾਜ ਸਜਾਅ ਲੈਣਾ।

ਪੰਜ ਲੱਭ ਕੇ ਸਿੰਘ ਕਿਰਦਾਰ ਵਾਲੇ, ਨਾਹਰਾ ਅਕਾਲੀ ਦਲ ਜ਼ਿੰਦਾਬਾਦ ਲਾ ਲੈਣਾ।

ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ)-95920-93472