26.7 C
Jalandhar
Sunday, April 5, 2026
spot_img
Home Blog Page 12

ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫ਼ਤਿਹ

0

ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਫ਼ਤਿਹ

ਕਿਰਪਾਲ ਸਿੰਘ ਬਠਿੰਡਾ 88378-13661

ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਰਹਿੰਦ ਦੀ ‘ਇੱਟ ਨਾਲ ਇੱਟ ਖੜਕਾਉਣ’ ਦੀ ਘਟਨਾ ਅਤੇ ਸਾਕਾ ਸਰਹਿੰਦ ਦਾ ਆਪਸ ’ਚ ਬੜਾ ਗਹਿਰਾ ਤੇ ਅਟੁੱਟ ਰਿਸ਼ਤਾ ਹੈ। ਸਰਹਿੰਦ ਜਿੱਥੋਂ ਦੇ ਸੂਬਾਦਾਰ ਵਜੀਰ ਖਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਿੰਦਾ ਦੀਵਾਰ ’ਚ ਚਿਣਵਾ ਦਿੱਤਾ ਸੀ; ਦਾ ਨਾਂ ਸੁਣਦਿਆਂ ਹੀ ਪੰਜਾਬ ਦੇ ਇਤਿਹਾਸ ਦਾ ਇੱਕ ਲਹੂ-ਭਿੱਜਿਆ ਕਾਂਡ ਸਾਡੇ ਜ਼ਿਹਨ ’ਚ ਉੱਭਰ ਆਉਂਦਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਦਿਲ-ਕੰਬਾਊ ਘਟਨਾ ਨੇ ਸਿੱਖ ਮਾਨਸਿਕਤਾ ’ਤੇ ਡੂੰਘਾ ਅਸਰ ਪਾਇਆ ਹੈ। ਕੁਦਰਤ ਦਾ ਇਕ ਅਸੂਲ ਹੈ ਕਿ ਜ਼ਿਆਦਤੀ ਜ਼ਿਆਦਾ ਚਿਰ ਤੱਕ ਸਹਿਣ ਨਹੀਂ ਕੀਤੀ ਜਾਂਦੀ; ਕਿਵੇਂ ਨਾ ਕਿਵੇਂ ਧਰਤੀ ’ਤੇ ਕਿਸੇ ਨਾ ਕਿਸੇ ਰੂਪ ’ਚ ਜ਼ੁਲਮ ਦਾ ਸਾਮ੍ਹਣਾ ਕਰਨ ਲਈ ਕੋਈ ਰੱਬੀ ਰੂਹ ਪੈਦਾ ਹੁੰਦੀ ਹੀ ਰਹੀ ਹੈ। ਮੌਕਾ ਮਿਲਦਿਆਂ ਹੀ ਗੁਰੂ ਸਾਹਿਬ ਨੇ ਸਿੱਖਾਂ ਦੀ ਰਹਿਨੁਮਾਈ ਕਰਨ ਲਈ ਸਤੰਬਰ 1708 ’ਚ ਨਾਂਦੇੜ ਵਿਖੇ ਬੰਦਾ ਸਿੰਘ ਬਹਾਦਰ ਦੀ ਚੋਣ ਕੀਤੀ। ਗੁਰੂ ਸਾਹਿਬ ਨੇ ਮਾਧੋ ਦਾਸ ਨੂੰ ਅੰਮ੍ਰਿਤ ਛਕਾ ਅਤੇ ‘ਬੰਦਾ ਸਿੰਘ ਬਹਾਦਰ’ ਦਾ ਖ਼ਿਤਾਬ ਦੇ ਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਪੰਜਾਬ ਵੱਲ ਕੂਚ ਕਰਨ ਦਾ ਹੁਕਮ ਦਿੱਤਾ। ਅਕਤੂਬਰ 1708 ਦੇ ਆਸ-ਪਾਸ ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋਂ ਅਸ਼ੀਰਵਾਦ ਲੈ ਕੇ ਪੰਜਾਬ ਵੱਲ ਰਵਾਨਗੀ ਪਾਈ। ਦਿੱਲੀ ਪੁੱਜਣ ਤੱਕ ਉਸ ਨਾਲ ਗਿਣਤੀ ਦੇ ਸਿੰਘ ਸਨ। ਦਿੱਲੀ ਲੰਘਦਿਆਂ ਹੀ, ਗੁਰੂ ਸਾਹਿਬ ਦੇ ਹੁਕਮਨਾਮਿਆਂ ਅਤੇ ਬੰਦਾ ਸਿੰਘ ਬਹਾਦਰ ਦੀ ਚੁੰਬਕੀ ਖਿੱਚ ਕਾਰਨ ਮਾਲਵਾ ਖੇਤਰ ਦੇ ਲਿਤਾੜੇ ਹੋਏ ਹਲ-ਵਾਹਕ ਵੱਡੀ ਗਿਣਤੀ ’ਚ ਉਸ ਦੇ ਝੰਡੇ ਹੇਠ ਇਕੱਠੇ ਹੋ ਗਏ। ਬੰਦਾ ਸਿੰਘ ਬਹਾਦਰ ਨੇ ਹਰਿਆਣਾ ਰਾਜ ਦੇ ਪਿੰਡ ਸਿਹਰੀ ਖਾਂਡਾ ’ਚ ਮੁਗਲਾਂ ਵਿਰੁੱਧ ਲੜਾਈ ਦਾ ਆਪਣਾ ਪਹਿਲਾ ਬਿਗਲ ਵਜਾਇਆ। ਇੱਕ ਖੋਜ ਅਨੁਸਾਰ ਬੰਦਾ ਸਿੰਘ ਬਹਾਦਰ ਇਸ ਪਿੰਡ ’ਚ 1709 ਨੂੰ ਆਏ ਅਤੇ ਪਿੰਡ ’ਚ ਸਥਿਤ ਵੈਰਾਗੀ ਮਹੰਤ ਕਿਸੋਰ ਦਾਸ ਦੇ ਡੇਰੇ ’ਤੇ ਠਹਿਰੇ ਅਤੇ ਸਿੱਖਾਂ ਨੂੰ ਇਕਜੁੱਟ ਕਰਨ ਲਈ ਕਰੀਬ 9 ਮਹੀਨੇ ਇੱਥੇ ਰਹੇ। ਇਸ ਦੌਰਾਨ ਬੰਦਾ ਸਿੰਘ ਬਹਾਦਰ ਨੇ ਆਪਣੇ 500 ਸਿੱਖਾਂ ਦਾ ਪਹਿਲਾ ਜਥਾ ਤਿਆਰ ਕੀਤਾ। ਇਹ ਉਨ੍ਹਾਂ ਦਾ ਪਹਿਲਾ ਮਿਲਟਰੀ ਕੈਂਪ ਸੀ। ਇਸ ਜਥੇ ਦੀ ਸਹਾਇਤਾ ਨਾਲ ਸੋਨੀਪਤ ਅਤੇ ਕੈਥਲ ’ਤੇ ਕਬਜ਼ਾ ਕਰ ਲਿਆ। ਸੋਨੀਪਤ ਦਾ ਮੁਗ਼ਲ ਖ਼ਜ਼ਾਨਾ ਲੁਟਿਆ ਤੇ ਗਰੀਬਾਂ ’ਚ ਵੰਡ ਦਿੱਤਾ। ਕੈਥਲ ਦੇ ਆਮਿਲ (ਮਾਲ ਮਹਿਕਮੇ ’ਚ ਇੱਕ ਅਹੁਦਾ) ਨੂੰ ਈਨ ਮੰਨਵਾ ਕੇ ਉਸ ਪਾਸੋਂ ਅਸਲਾ ਘੋੜੇ ਅਤੇ ਬਹੁਤ ਸਾਰਾ ਮਾਲ ਹਥਿਆ ਲਿਆ। ਕੈਥਲ ਵਿਖੇ ਸ਼ਾਹੀ ਖ਼ਜ਼ਾਨਾ, ਜੋ ਦਿੱਲੀ ਲਿਜਾਇਆ ਜਾ ਰਿਹਾ ਸੀ, ਲੁਟ ਕੇ ਗਰੀਬਾਂ ਤੇ ਲੋੜਵੰਦਾਂ ’ਚ ਵੰਡ ਦਿੱਤਾ। ਇੱਥੇ ਖ਼ਬਰ ਮਿਲੀ ਕਿ ਮੁਗਲਾਂ ਵੱਲੋਂ ਭੇਜੇ ਦੋ ਪਠਾਣਾਂ ਨੇ ਗੁਰੂ ਸਾਹਿਬ ’ਤੇ ਵਾਰ ਕਰ ਦਿੱਤਾ। ਇਹ ਖ਼ਬਰ ਸੁਣਦੇ ਸਾਰ ਬੰਦਾ ਸਿੰਘ ਬਹਾਦਰ ’ਚ ਗੁੱਸੇ ਦੀ ਅੱਗ ਹੋਰ ਤੇਜ਼ ਹੋ ਕੇ ਭੜਕੀ।

ਬੰਦਾ ਸਿੰਘ ਦਾ ਮੁੱਖ ਟੀਚਾ ਸਰਹੰਦ ਦੇ ਵਜੀਰ ਨੂੰ ਮਾਰਨਾ ਸੀ। ਸਰਹਿੰਦ ਇਕ ਤਾਕਤਵਰ ਸੂਬਾ ਸੀ। ਉਸ ਦੀ ਆਪਣੀ ਫ਼ੌਜ ਵੀ ਕਾਫ਼ੀ ਸੀ; ਲੋੜ ਪੈਣ ’ਤੇ ਉਹ ਆਲੇ-ਦੁਆਲੇ ਤੋਂ ਮਦਦ ਲੈ ਲੈਂਦਾ ਸੀ। ਬੰਦਾ ਸਿੰਘ ਬਹਾਦਰ ਨੇ ਸੋਚਿਆ ਕਿ ਸਭ ਤੋਂ ਪਹਿਲਾਂ ਆਲੇ-ਦੁਆਲੇ ਦੀਆਂ ਬਾਂਹਾਂ ਕੱਟ ਦਿੱਤੀਆਂ ਜਾਣ। ਇਸ ਲਈ ਸਭ ਤੋਂ ਪਹਿਲਾਂ ਉਹ ਸਮਾਣਾ ਪੁੱਜਾ। ਇਹ, ਮੁਗ਼ਲ ਰਾਜ ਦੀ ਧਾਰਮਿਕ ਅਤੇ ਰਾਜਨੀਤਿਕ ਸ਼ਕਤੀ ਦਾ ਕੇਂਦਰ ਸੀ। ਇੱਥੇ ਹੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਕਤਲ ਕਰਨ ਵਾਲਾ ਸਯਦ ਜਲਾਲ-ਉਲ-ਦੀਨ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਕਾਤਲ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਰਹਿੰਦੇ ਸਨ। ਸਯਦਾਂ ਦਾ ਤਕੜਾ ਗੜ੍ਹ ਅਤੇ ਮਹੱਤਵ ਪੂਰਨ ਅਸਥਾਨ ਸੀ। ਇੱਥੇ 22 ਸਯਦ ਪਰਵਾਰ ਰਹਿੰਦੇ ਸਨ। ਹਰ ਇਕ ਕੋਲ ਆਪੋ-ਆਪਣੀ ਫ਼ੌਜ ਸੀ, ਜਿਸ ਨੂੰ ਜਿੱਤਣਾ ਸੌਖਾ ਨਹੀਂ ਸੀ। ਇੱਥੇ ਘਮਸਾਨ ਦਾ ਯੁੱਧ ਹੋਇਆ। ਹਜ਼ਾਰਾਂ ਮੁਗ਼ਲ ਫ਼ੌਜੀ; ਸਿੰਘਾਂ ਦੀਆਂ ਤਲਵਾਰਾਂ ਦੀ ਭੇਟ ਚੜ੍ਹੇ।  24 ਘੰਟਿਆਂ ਦੇ ਅੰਦਰ-ਅੰਦਰ ਸਮਾਣੇ ’ਤੇ ਕਬਜ਼ਾ ਕਰ ਲਿਆ। ਤਿੰਨਾਂ ਜਲਾਦਾਂ ਨੂੰ ਆਪਣੀ ਕਰਨੀ ਦੀ ਸਜ਼ਾ ਦੇ ਕੇ ਕਤਲ ਕਰ ਦਿੱਤਾ। ਭਾਈ ਫ਼ਤਿਹ ਸਿੰਘ ਨੂੰ ਸਮਾਣੇ ਦਾ ਗਵਰਨਰ ਥਾਪ ਦਿੱਤਾ।

ਇਨ੍ਹਾਂ ਸਾਰੀਆਂ ਜਿੱਤਾਂ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ। ਬਹੁਤ ਲੋਕ, ਜੋ ਮੁਗ਼ਲ ਹਕੂਮਤ ਤੋਂ ਦੁਖੀ ਸਨ, ਬੰਦਾ ਸਿੰਘ ਬਹਾਦਰ ਨਾਲ ਆ ਮਿਲੇ। ਬੰਦਾ ਸਿੰਘ ਬਹਾਦਰ ਦੇ ਆਉਣ ਨਾਲ ਪਹਿਲੀ ਵਾਰੀ ਪੰਜਾਬ ਦੀ ਸਿਆਸਤ ’ਚ ਜ਼ਬਰਦਸਤ ਧਮਾਕਾ ਹੋਇਆ, ਜਿਸ ਬਾਰੇ ਮੁਸਲਮਾਨ ਲਿਖਾਰੀ ‘ਅਜਲ ਬਲਾ’ (ਮੌਤ ਦਾ ਸਮਾਂ) ਲਿਖਦੇ ਹਨ। ਪੰਜਾਬ ਦੀ ਸਿਆਸਤ ’ਚ ਉਹ ਹਲਚਲ ਮਚਾਈ ਕਿ ਇਕ ਵਾਰੀ ਤਾਂ ਧਰਤੀ ਨੂੰ ਕਾਂਬਾ ਛਿੜ ਗਿਆ। ਉੱਥੋਂ ਸਢੋਰੇ ਵੱਲ ਨੂੰ ਤੁਰ ਪਏ। ਇੱਥੋਂ ਦੇ ਹਾਕਮ ਓਸਮਾਨ ਖ਼ਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਮਿੱਤਰ ਪੀਰ ਬੁੱਧੂ ਸ਼ਾਹ ਨੂੰ ਬੜੇ ਤਸੀਹੇ ਦੇ ਕੇ ਕਤਲ ਕੀਤਾ ਸੀ। ਕਹਿੰਦੇ ਹਨ ਕਿ ਓਸਮਾਨ ਖ਼ਾਨ ਨੂੰ ਉਸ ਦੀ ਕਰਨੀ ਦੀ ਬੜੀ ਭਿਆਨਕ ਸਜ਼ਾ ਦਿੱਤੀ। ਮੁਖਲਿਸ ਗੜ੍ਹ ਦਾ ਕਿਲ੍ਹਾ ਫ਼ਤਿਹ ਕਰ ਲਿਆ, ਜਿਸ ਦਾ ਨਾਂ ਲੋਹਗੜ੍ਹ ਰੱਖਿਆ।

ਇਸ ਤੋਂ ਬਾਅਦ ਅੰਬਾਲਾ-ਛਤ-ਬਨੂੜ, ਜੋ ਜ਼ੁਲਮ ਤੇ ਜ਼ਬਰ ਦੇ ਗੜ੍ਹ ਸੀ, ’ਤੇ ਕਬਜ਼ਾ ਕਰ ਲਿਆ। ਫਿਰ ਉਹ ਖਰੜ ਵੱਲ ਨੂੰ ਤੁਰ ਪਏ। ਬੰਦਾ ਸਿੰਘ ਦਾ ਆਉਣਾ ਸੁਣ ਕੇ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ। ਮਾਝੇ ਅਤੇ ਦੁਆਬੇ ਦੇ ਸਿੱਖਾਂ ਨੇ ਮੁਗ਼ਲ ਹਕੂਮਤ ਵਿਰੁੱਧ ਬਗਾਵਤ ਕਰ ਦਿੱਤੀ। ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲਈ ਸਰਹਿੰਦ ਵੱਲ ਕੂਚ ਕਰ ਦਿੱਤਾ। ਇਹ ਸਾਰੀਆਂ ਜਿੱਤਾਂ ਆਉਣ ਵਾਲੀ ਸਰਹਿੰਦ ਦੀ ਵੱਡੀ ਮੁਹਿੰਮ ਦਾ ਆਧਾਰ ਬਣੀਆਂ। ਜਿੱਤਾਂ ਦੇ ਇਸ ਲੰਬੇ ਸਿਲਸਿਲੇ ਨੂੰ ਸੁਣ ਕੇ ਸਰਹਿੰਦ ਦੇ ਸੂਬੇਦਾਰ ਵਜੀਰ ਖ਼ਾਨ ਨੂੰ ਇਕ ਵਾਰ ਕਾਂਬਾ ਛਿੜ ਗਿਆ ਹਾਲਾਂ ਕਿ ਉਹ ਖ਼ੁਦ ਇਕ ਜੰਗਜੂ, ਜੰਗੀ ਚਾਲਾਂ ਨੂੰ ਸਮਝਣ ਵਾਲਾ, ਕੁਸ਼ਲ ਪ੍ਰਬੰਧਕ ਸੀ। ਉਸ ਕੋਲ 48 ਤੋਪਾਂ 200 ਹਾਥੀ, 10,000 ਘੋੜ ਸਵਾਰ, 5000 ਪਿਆਦਾ ਫ਼ੌਜ, ਅਣਗਿਣਤ ਬੰਦੂਕਾਂ, ਦਾਰੂ ਸਿੱਕਾ ਅਤੇ ਰਸਦ ਦੇ ਭੰਡਾਰ ਇਕੱਠੇ ਕੀਤੇ ਹੋਏ ਸਨ। ਰਾਜੇ ਰਜਵਾੜਿਆਂ ਨੂੰ ਬੁਲਾ ਲਿਆ, ਜ਼ਿਹਾਦ ਦਾ ਨਾਅਰਾ ਲਗਾ ਕੇ ਨਵਾਬਾਂ ਅਤੇ ਜਗੀਰਦਾਰਾਂ ਦੀਆਂ ਫ਼ੌਜਾਂ ਇਕੱਠੀਆਂ ਕਰ ਲਈਆਂ। ਸਰਹਿੰਦ ਨੂੰ ਬਚਾਉਣ ਲਈ ਹਿਸਾਰ ਤੋਂ ਲੈ ਕੇ ਗੁਜਰਾਤ ਤੱਕ ਦੇ 5000 ਗਾਜ਼ੀ ਪਹੁੰਚ ਗਏ। ਰੋਪੜ ਦੇ ਸਥਾਨ ’ਤੇ ਸਿੰਘਾਂ ਨਾਲ ਸ਼ਾਹੀ ਫ਼ੌਜ ਦੀ ਪਹਿਲੀ ਲੜਾਈ ਹੋਈ। ਵਜ਼ੀਰ ਖ਼ਾਨ ਦੇ ਹੁਕਮ ’ਤੇ ਮਲੇਰ ਕੋਟਲੇ ਦੇ ਨਵਾਬ ਸ਼ੇਰ ਖ਼ਾਨ ਨੇ ਆਪਣੇ ਭਰਾ (ਖ਼ਿਜ਼ਰ ਖ਼ਾਨ) ਅਤੇ ਭਤੀਜਿਆਂ (ਨੁਸਰਤ ਖ਼ਾਨ ਤੇ ਵਲੀ ਮੁਹੰਮਦ ਖ਼ਾਨ) ਨੂੰ ਨਾਲ਼ ਲੈ ਕੇ ਸਿੱਖਾਂ ਉੱਤੇ ਜ਼ੋਰਦਾਰ ਹਮਲਾ ਕਰ ਦਿੱਤਾ। ਮੁਗ਼ਲ ਸਰਕਾਰੀ ਤੰਤਰ ਦੇ ਖ਼ਬਰਾਂ ਲਿਖਣ ਵਾਲੇ ਲਿਖਾਰੀਆਂ, ਜਿਨ੍ਹਾਂ ਨੂੰ ਵਾਕਯ ਨਵੀਸ, ਵਾਕਯ ਨਗਾਰ, ਅਖ਼ਬਾਰ ਨਵੀਸ ਆਦਿ ਆਖਿਆ ਜਾਂਦਾ ਸੀ; ਜੋ ਖ਼ਬਰ ਲਿਖ ਕੇ (ਲਿਖਤੀ ਰੂਪ ’ਚ) ਸ਼ਾਹੀ ਰਾਜਧਾਨੀ ਦਿੱਲੀ ਮੁਗ਼ਲ ਬਾਦਿਸ਼ਾਹ ਨੂੰ ਦਿਨ ਪ੍ਰਤੀ ਦਿਨ ਭੇਜਿਆ ਕਰਦੇ ਸਨ; ਉਨ੍ਹਾਂ ਅਨੁਸਾਰ 24 ਰੱਬੀ-ਉਲ-ਅੱਵਲ ਹਿਜ਼ਰੀ ਸੰਮਤ 1122 (ਤਬਦੀਲ ਕੀਤਿਆਂ ੧੫ ਜੇਠ ਬਿਕ੍ਰਮੀ ਸੰਮਤ ੧੭੬੭/13 ਮਈ 1710 ਜੂਲੀਅਨ) ਨੂੰ ਸਰਹਿੰਦ ਤੋਂ 12 ਕੋਹ ਦੀ ਵਿੱਥ ’ਤੇ ਚੱਪੜਚਿੜੀ ਦੇ ਮੈਦਾਨ ’ਚ ਇੱਕ ਫ਼ੈਸਲਾਕੁਨ ਯੁੱਧ ਹੋਇਆ। ਜੰਗ ਦੇ ਪਹਿਲੇ ਪੜਾਅ ’ਚ ਸ਼ਾਹੀ ਫੌਜਾਂ ਦਾ ਪਲੜਾ ਭਾਰੀ ਰਿਹਾ। ਬਾਜ਼ੀ ਜਾਂਦੀ ਵੇਖ ਬੰਦਾ ਸਿੰਘ ਬਹਾਦਰ ਝੱਟ ਆਪਣੀ ਸੈਨਾ ਦੀਆਂ ਮੂਹਰਲੀਆਂ ਕਤਾਰਾਂ ’ਚ ਆ ਗਏ। ਖ਼ੂਨ ਡੋਲ੍ਹਵੀਂ ਲੜਾਈ ’ਚ ਸੂਬੇਦਾਰ ਵਜ਼ੀਰ ਖਾਂ ਮਾਰਿਆ ਗਿਆ।

੧੬ ਜੇਠ ਬਿਕ੍ਰਮੀ ਸੰਮਤ ੧੭੬੭/14 ਮਈ 1710 ਨੂੰ ਸਿੱਖ ਜੇਤੂਆਂ ਦੀ ਸ਼ਕਲ ’ਚ ਸਰਹਿੰਦ ਵਿੱਚ ਦਾਖਲ ਹੋ ਗਏ। ਸ਼ਾਹੀ ਅਮੀਰਾਂ ਨੂੰ ਲੁੱਟਿਆ ਗਿਆ ਤੇ ਦੋਸ਼ੀਆਂ ਦਾ ਅਜਿਹਾ ਹਾਲ ਕੀਤਾ ਕਿ ਜ਼ੁਲਮ ਕਰਨ ਵਾਲੀਆਂ ਪੀੜ੍ਹੀਆਂ ਸਦਾ ਯਾਦ ਰੱਖਣਗੀਆਂ।

ਸਰਹਿੰਦ ’ਤੇ ਕਬਜ਼ਾ ਕਰਨ ਪਿੱਛੋਂ ਬੰਦਾ ਸਿੰਘ ਬਹਾਦਰ ਨੇ ਆਪਣੇ ਜਰਨੈਲ ਭਾਈ ਰਾਮ ਸਿੰਘ ਨੂੰ ਥਨੇਸਰ ਦਾ ਅਤੇ ਭਾਈ ਬਾਜ ਸਿੰਘ ਨੂੰ ਸਰਹਿੰਦ ਦਾ ਸੂਬੇਦਾਰ ਲਗਾ ਭਾਈ ਆਲੀ ਸਿੰਘ ਨੂੰ ਉਨ੍ਹਾਂ ਦਾ ਡਿਪਟੀ ਥਾਪ ਦਿੱਤਾ। ਬੰਦਾ ਸਿੰਘ ਬਹਾਦਰ ਨੇ ਮੁਖਲਿਸਗੜ੍ਹ ਨੂੰ ਆਪਣੀ ਰਾਜਧਾਨੀ ਬਣਾਇਆ ਤੇ ਇਸ ਨੂੰ ‘ਲੋਹਗੜ੍ਹ’ ਦਾ ਨਾਂ ਦਿੱਤਾ। ਇਸੇ ਚੜ੍ਹਤ ਦੌਰਾਨ ਉਸ ਨੇ ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਦੇ ਨਾਂ ’ਤੇ ਸਿੱਕਾ ਜਾਰੀ ਕਰ ਸੁਤੰਤਰ ਸਿੱਖ ਰਾਜ ਦੀ ਘੋਸ਼ਣਾ ਕਰ ਦਿੱਤੀ। ਸੱਤ ਸੌ ਸਾਲਾਂ ਤੋਂ ਪਏ ਗ਼ੁਲਾਮੀ ਦੇ ਜੂਲੇ ਨੂੰ ਪੰਜਾਬ ਦੇ ਗਲੋਂ ਲਾਹੁਣ ਦੀ ਬੰਦਾ ਸਿੰਘ ਬਹਾਦਰ (ਸੰਨ 1670-1716) ਨੇ ਸ਼ੁਰੂਆਤ ਕੀਤੀ।

ਚੱਪੜਚਿੜੀ ਦੇ ਮੈਦਾਨ ’ਚ ਸੂਬੇਦਾਰ ਵਜ਼ੀਰ ਖਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਘਟਨਾ ਨੇ ਮੁਗ਼ਲਾਂ ਨੂੰ ਪਹਿਲੀ ਵਾਰ ਸਿੱਖ ਸ਼ਕਤੀ ਦਾ ਅਹਿਸਾਸ ਕਰਾ ਦਿੱਤਾ ਤੇ ਗਜ਼ਨਵੀ, ਤੈਮੂਰ ਤੇ ਬਾਬਰ ਦੇ ਖ਼ਾਨਦਾਨਾਂ ਵਿੱਚੋਂ ਅਖਵਾਉਣ ਵਾਲਿਆਂ ਦੀ ਆਨ ਤੇ ਸ਼ਾਨ ਨੂੰ ਮਿੱਟੀ ’ਚ ਮਿਲਾ ਦਿੱਤਾ।

ਸਿੱਖਾਂ ਨੇ ਇਤਿਹਾਸ ਦੇ ਹਰ ਪੰਨੇ ਨੂੰ ਆਪਣੇ ਲਹੂ ਨਾਲ ਸ਼ਿੰਗਾਰਿਆ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹਿੰਦ ’ਤੇ ਜਿੱਤ ਪ੍ਰਾਪਤ ਕਰ ਕੇ ‘ਰਾਜ ਕਰੇਗਾ ਖਾਲਸਾ’ ਦੀ ਜਿਹੜੀ ਜੋਤ ਸਿੱਖ ਮਨਾਂ ਅੰਦਰ ਜਗਾਈ ਸੀ, ਉਹ ਝੱਖੜਾਂ-ਤੂਫਾਨਾਂ ਦਾ ਸਾਮ੍ਹਣਾ ਖੜ੍ਹਦੀ ਹੋਈ ਅੱਜ ਵੀ ਹਰ ਸਿੱਖ ਦੇ ਸੀਨੇ ਵਿੱਚ ਇੱਕ ਸੂਹੀ ਲਾਟ ਬਣ ਕੇ ਮਚ ਰਹੀ ਹੈ ਤੇ ਸੰਕਟ ਕਾਲ ਦੌਰਾਨ ਸਿੱਖਾਂ ਦਾ ਮਾਰਗ-ਦਰਸ਼ਨ ਕਰਦੀ ਹੈ।

ਸਵਾਲ ਜਵਾਬ (4-5-24)

0

ਸਵਾਲ : ਉਥਾਨਿਕਾ ਦਾ ਕੀ ਅਰਥ ਹੈ ? ਕੀ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਨਾਲ ਇਸ ਦਾ ਕੋਈ ਸਬੰਧ ਹੈ ?

ਜਵਾਬ : ਉਥਾਨਕਾ (ਉਥਾਨਿਕਾ) ਦਾ ਸਿੱਧਾ-ਸਾਦਾ ਅਰਥ ਹੈ ‘ਭੂਮਿਕਾ’। ਪੁਰਾਣੇ ਕਥਾਕਾਰ; ਸ਼ਬਦ ਦੇ ਅਰਥ ਕਰਨ ਤੋਂ ਪਹਿਲਾਂ ਸ਼ਬਦ ਦੇ ਉਚਾਰੇ ਜਾਣ ਬਾਰੇ ਕੁਝ ਵਿਚਾਰ ਦੱਸਦੇ ਸਨ। ਉਸ ਨੂੰ ਉਥਾਨਕਾ ਕਿਹਾ ਜਾਂਦਾ ਸੀ।

ਭਾਈ ਕਾਨ੍ਹ ਸਿੰਘ ਜੀ ਨਾਭਾ ਗੁਰਮਤਿ ਮਾਰਤੰਡ ਵਿਚ ਲਿਖਦੇ ਹਨ; ਸੰਪ੍ਰਦਾਈ ਗਿਆਨੀਆਂ ਨੇ ਮਨ-ਕਲਪਿਤ ਉਥਾਨਿਕਾ ਗ੍ਰੰਥ ਲਿਖ ਕੇ, ਉਸ ਦਾ ਕਰਤਾ ਗੁਰੂ ਅਰਜਨ ਦੇਵ ਜੀ ਅਤੇ ਦਸਮੇਸ਼ ਜੀ ਨੂੰ ਮੰਨਿਆ ਹੈ, ਅਰ ਭਾਈ ਗੁਰਦਾਸ ਜੀ ਅਤੇ ਭਾਈ ਮਨੀ ਸਿੰਘ ਹੱਥੀਂ ਉਥਾਨਿਕਾ ਦਾ ਲਿਖੇ ਜਾਣਾ ਕਲਪਿਆ ਹੈ, ਪਰ ਬਹੁਤ ਸ਼ਬਦਾਂ ਦੀ ਉਥਾਨਿਕਾ ਮੂਲੋਂ ਅਸੰਗਤ (ਗਲਤ) ਹੈ, ਜਿਵੇਂ- ‘‘ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ’’ ਦੀ ਉਥਾਨਿਕਾ ਘੜੀ ਹੈ ਕਿ ਮਸਕੀਨੀਆਂ ਪਹਿਲਵਾਨ ਉਪਕਾਰ ਵਾਸਤੇ ਮੱਲ-ਅਖਾੜੇ ਵਿਚ ਢਹਿ ਪਿਆ। (ਇਸੇ ਤਰ੍ਹਾਂ) ‘‘ਕੀੜਾ ਥਾਪਿ ਦੇਇ ਪਾਤਿਸਾਹੀ’’ ਦੀ ਉਥਾਨਿਕਾ ਇਹ ਵੀ ਲਿਖੀ ਹੈ ਕਿ ਗੁਰੂ ਨਾਨਕ ਦੇਵ ਜੀ ਕੀਟਨਗਰ ਗਏ, ਉੱਥੇ ਕੀੜਿਆਂ ਦਾ ਰਾਜ ਸੀ, ਇਕ ਰਾਜੇ ਦੀ ਸਾਰੀ ਫੌਜ, ਕੀੜਿਆਂ ਨੇ ਪਤਾਲੋਂ ਜ਼ਹਰ ਲਿਆ ਕੇ ਮਾਰ ਮੁਕਾਈ, ਆਦਿ।

ਜੋ ਉਥਾਨਿਕਾ ਇਤਿਹਾਸ ਨਾਲ ਸਬੰਧ ਰੱਖਦੀ ਹੈ ਅਤੇ ਯੁਕਤਿ (ਦਲੀਲ) ਵਿਰੁੱਧ ਨਹੀਂ, ਉਹ ਮੰਨਣੀ ਚਾਹੀਦੀ ਹੈ, ਜਿਵੇਂ ਜਗੰਨਾਥ ਪੁਰੀ ਜਾ ਕੇ ਗੁਰੂ ਸਾਹਿਬ ਨੇ ‘‘ਗਗਨ ਮੈ ਥਾਲੁ’’ ਸ਼ਬਦ ਉਚਾਰਿਆ ਅਤੇ, ਯਥਾ ਗਯਾ ਤੀਰਥ ’ਤੇ ‘‘ਪਿੰਡੁ ਪਤਲਿ ਮੇਰੀ ਕੇਸਉ ਕਿਰਿਆ … ’’ ਕਥਨ ਕੀਤਾ ਇਤਿਆਦਿ ।

ਸਵਾਲ : ਭਾਈ ਬਾਲੇ ਵਾਲੀ ਜਨਮ ਸਾਖੀ ਦਾ ਪਹਿਲਾਂ ਕਰਤਾ ਕੌਣ ਸੀ  ?

ਜਵਾਬ : ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਦੇ ਅਨੁਸਾਰ ਤਾਂ ਭਾਈ ਬਾਲਾ ਨਾਂ ਦਾ ਕੋਈ ਪਾਤਰ ਹੋਇਆ ਹੀ ਨਹੀਂ, ਜਿਸ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਾਥ ਨਿਭਾਇਆ ਹੋਵੇ। ਇਸ ਜਨਮ ਸਾਖੀ ਤੋਂ ਪਤਾ ਲੱਗਦਾ ਹੈ ਕਿ ਭਾਈ ਬਾਲਾ ਦਾਅਵਾ ਤਾਂ ਇਹ ਕਰਦਾ ਹੈ ਕਿ ਉਹ ਗੁਰੂ ਨਾਨਕ ਸਾਹਿਬ ਜੀ ਦੇ ਬਚਪਨ ਤੋਂ ਸਾਥੀ ਰਿਹਾ ਅਤੇ ਸਾਰੀਆਂ ਉਦਾਸੀਆਂ (ਪ੍ਰਚਾਰਕ ਦੌਰਿਆਂ) ਦੌਰਾਨ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨਾਲ ਸਾਥ ਨਿਭਾਇਆ ਹੈ, ਪਰ ਇਸ ਜਨਮ ਸਾਖੀ ਤੋਂ ਹੀ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਨਾਲ ਸੱਤ ਸਾਲ ਰਹਿਣ ਵਾਲੇ ਗੁਰੂ ਅੰਗਦ ਦੇਵ ਜੀ; ਲੰਬਾ ਸਮਾਂ ਗੁਰੂ ਨਾਨਕ ਸਾਹਿਬ ਜੀ ਨਾਲ ਰਹਿਣ ਵਾਲੇ ਭਾਈ ਬਾਲਾ ਬਾਰੇ ਕੁਝ ਨਹੀਂ ਜਾਣਦੇ ਸਨ।

ਡਾ: ਗੁਰਬਚਨ ਕੌਰ ਅਨੁਸਾਰ ਭਾਈ ਜੰਡਿਆਲੇ ਵਾਲੇ ਹਿੰਦਾਲ ਦੇ ਪੁੱਤਰ ਬਾਲ ਚੰਦ ਨੇ ਭਾਈ ਬਾਲੇ ਦੇ ਫਰਜੀ ਨਾਂ ਥੱਲੇ ਇਹ ਜਨਮ ਸਾਖੀ ਲਿਖੀ ਹੈ। ਇਸ ਜਨਮ ਸਾਖੀ ’ਚ ਗੁਰੂ ਨਾਨਕ ਸਾਹਿਬ ਨੂੰ ਬਾਬਾ ਹਿੰਦਾਲ ਤੋਂ ਨੀਵਾਂ ਦੱਸਿਆ ਹੈ। ਗੁਰੂ ਨਾਨਕ ਸਾਹਿਬ ਦੇ ਚਰਿੱਤਰ ’ਤੇ ਚਿੱਕੜ ਉਛਾਲਣ ਵਾਲੀਆਂ ਅਤੇ ‘ਸਹਿਜ ਕੁਸਹਿਜ’ ਨਾਮ ਦੀਆਂ ਸਾਖੀਆਂ ਪ੍ਰਕਾਸ਼ਕਾਂ ਨੇ ਸਿੱਖਾਂ ਦੇ ਡਰੋਂ ਇਸ ਜਨਮ ਸਾਖੀ ਵਿਚੋਂ ਕੱਢ ਦਿੱਤੀਆਂ ਹਨ। ਇਸ ਜਨਮ ਸਾਖੀ ਬਾਰੇ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਉਹ ਭਾਈ ਬਾਲੇ ਦੇ ਨਾਮ ਨਾਲ ਆਰੰਭ ਹੁੰਦੀ ਹੈ ਅਤੇ ਉਸ ਦੇ ਨਾਮ ਨਾਲ ਹੀ ਸਮਾਪਤ ਹੁੰਦੀ ਹੈ।

ਸਵਾਲ : ਸੂਰਜ ਪ੍ਰਕਾਸ਼ ਗ੍ਰੰਥ ਦੇ ਲੇਖਕ ਭਾਈ ਸੰਤੋਖ ਸਿੰਘ ਜੀ ਬਾਰੇ ਕੁਝ ਜਾਣਕਾਰੀ ਦਿਓ ਜੀ ।

ਜਵਾਬ : ਕਵੀ ਸੰਤੋਖ ਸਿੰਘ ਜੀ ਦਾ ਜਨਮ ਨੂਰਦੀਨ ਸਰਾਂ ਦੇ ਨਿਵਾਸੀ ਭਾਈ ਦੇਵ ਸਿੰਘ ਦੇ ਘਰ ਸੰਮਤ 1845 (ਸੰਨ 1788) ਨੂੰ ਹੋਇਆ।  ਉਨ੍ਹਾਂ ਨੇ ਗਿਆਨੀ ਸੰਤ ਸਿੰਘ ਪਾਸੋਂ ਵਿੱਦਿਆ ਪ੍ਰਾਪਤ ਕੀਤੀ।

ਭਾਈ ਜੀ ਕਵਿਤਾ ਰਚਨ ਵਿਚ ਪੂਰੀ ਮੁਹਾਰਤ ਰੱਖਦੇ ਸਨ। ਉਨ੍ਹਾਂ ਨੇ ਬੂੜੀਏ (ਹਰਿਆਣਾ) ਵਿਚ ਰਹਿ ਕੇ ‘ਅਮਰ ਕੋਸ਼’ ਦਾ ਅਨੁਵਾਦ ਕੀਤਾ ਫਿਰ ‘ਗੁਰੂ ਨਾਨਕ ਪ੍ਰਕਾਸ਼’ ਪੁਸਤਕ ਰਚੀ। ਇਸ ਦੇ ਮਗਰੋਂ ਮਹਾਰਾਜਾ ਕਰਮ ਸਿੰਘ ਕੋਲ ਪਟਿਆਲੇ ਜਾ ਨੌਕਰ ਹੋਏ। ਸੰਮਤ 1882 (ਸੰਨ 1825) ਵਿਚ ਕੈਥਲ ਦੇ ਰਾਜੇ ਉਦੈ ਸਿੰਘ ਨੇ ਇਨ੍ਹਾਂ ਨੂੰ ਪਟਿਆਲੇ ਤੋਂ ਮੰਗ ਲਿਆ ਅਤੇ ਸਨਮਾਨ ਸਹਿਤ ਆਪਣੇ ਕੋਲ ਰੱਖਿਆ।

ਕੈਥਲ ਵਿਚ ਰਹਿ ਕੇ ਭਾਈ ਜੀ ਨੇ ਰਾਜੇ ਉਦੈ ਸਿੰਘ ਦੇ ਨੌਕਰ ਪੰਡਿਤਾਂ ਦੀ ਸਹਾਇਤਾ ਨਾਲ ਕਈ ਪੁਸਤਕਾਂ ਰਚੀਆਂ। ਉੱਥੇ ਹੀ ਸਤਿਗੁਰਾਂ ਦਾ ਜੀਵਨ ਬ੍ਰਿਤਾਂਤ ‘ਗੁਰ ਪ੍ਰਤਾਪ ਸੂਰਯ ਗ੍ਰੰਥ’ (ਸੂਰਜ ਪ੍ਰਕਾਸ਼) ਗ੍ਰੰਥ ਰਚਿਆ, ਜੋ ਸਾਵਨ ਮਹੀਨੇ ’ਚ ਸੰਮਤ 1900 (ਸੰਨ 1843) ਵਿਚ ਸੰਪੂਰਨ ਹੋਇਆ। ਇਸੇ ਸਾਲ ਹੀ ਆਪ ਕੱਤਕ ਦੇ ਮਹੀਨੇ ਵਿਚ ਅਕਾਲ ਚਲਾਣਾ ਕਰ ਗਏ।

ਭਾਈ ਸਾਹਿਬ ਨੇ ਸਾਰੇ ਗ੍ਰੰਥ ਬ੍ਰਾਹਮਣਾਂ ਦੀ ਸਹਾਇਤਾ ਨਾਲ ਲਿਖੇ ਸਨ, ਜਿਨ੍ਹਾਂ ਦਾ ਇਹ ਕਹਿਣਾ ਸੀ ਕਿ ਜੇ ਤੁਸੀਂ ਗੁਰੂਆਂ ਦੀ ਕਥਾ ਨੂੰ ਪੁਰਾਣ-ਰੀਤੀ ਅਨੁਸਾਰ ਅਵਤਾਰਾਂ ਦੇ ਜੀਵਨ ਵਰਗੀ ਲਿਖੋਗੇ ਅਤੇ ਹਿੰਦੂ ਗ੍ਰੰਥ ਸ਼ਾਸਤਰਾਂ ਦੇ ਵਿਰੁੱਧ ਨਹੀਂ ਹੋਣਗੇ ਤਾਂ ਉਨ੍ਹਾਂ ਦਾ ਬਹੁਤ ਪ੍ਰਚਾਰ ਹੋਵੇਗਾ ਤੇ ਆਪ ਦੀ ਰਚਨਾ ਨੂੰ ਲੋਕ ਸਤਿਕਾਰ ਸਹਿਤ ਪੜ੍ਹਨਗੇ। ਇਸ ਲਈ ਭਾਈ ਸਾਹਿਬ ਨੇ ਕਈ ਸਾਖੀਆਂ ਨੂੰ ਪੌਰਾਣਕ ਰੰਗਣ ਦੇ ਕੇ ਲਿਖਿਆ ਹੈ, ਜੋ ਸਗੋਂ ਮਿਥਿਹਾਸਿਕ ਜਾਪਣ ਲੱਗ ਪਈਆਂ ਹਨ।

ਸਵਾਲ : ਅਕਾਸ਼-ਬਾਣੀ ਤੇ ਗੁਰਬਾਣੀ ਵਿਚ ਕੀ ਫ਼ਰਕ ਹੈ ?

ਜਵਾਬ : ਕਈ ਧਰਮਾਂ ਵਾਲੇ ਇਹ ਮੰਨਦੇ ਹਨ ਕਿ ਕੁੱਝ ਧਾਰਮਿਕ ਆਗੂਆਂ (ਗੁਰੂਆਂ) ਨੂੰ ਅਕਾਸ਼ ਤੋਂ ਪ੍ਰਮੇਸ਼ਰ ਦੀ ਬਾਣੀ ਸੁਣਾਈ ਦਿੰਦੀ ਹੈ, ਕਈ ਕਹਿੰਦੇ ਹਨ ਪਰਮਾਤਮਾ ਕਿਸੇ ਦੇਵਤੇ ਜਾਂ ਦੂਤ ਦੇ ਰਾਹੀਂ ਬਾਣੀ ਭੇਜਦਾ ਹੈ। ਗੁਰਬਾਣੀ ਇਨ੍ਹਾਂ ਗੱਲਾਂ ਨਾਲ ਸਹਿਮਤ ਨਹੀਂ ਹੈ।

ਗੁਰਬਾਣੀ ਅਨੁਸਾਰ ਗੁਰੂ ਸਾਹਿਬਾਨ ਦੁਆਰਾ ਲਿਖੀ ਅਤੇ ਪ੍ਰਚਾਰੀ ਗਈ ਬਾਣੀ ਹੀ ‘ਗੁਰਬਾਣੀ’ ਹੈ। ਜੋ ਗਿਆਨ; ਗੁਰੂ ਸਾਹਿਬ ਨੂੰ ਅਕਾਲ ਪੁਰਖ ਨਾਲ ਅਭੇਦ ਹੋਣ ਮਗਰੋਂ ਜਾਂ ਅਨੁਭਵ ਦੁਆਰਾ ਪ੍ਰਾਪਤ ਹੁੰਦਾ ਸੀ, ਗੁਰੂ ਸਾਹਿਬ ਉਸ ਨੂੰ ਅੱਖਰਾਂ/ਸ਼ਬਦਾਂ ਰਾਹੀਂ ਪ੍ਰਗਟ ਕਰਦੇ ਸਨ।  ਗੁਰੂ ਸਾਹਿਬ ਖ਼ੁਦ ਬਚਨ ਹਨ :

ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ

ਦਾਸਨਿ ਦਾਸੁ ਕਹੈ ਜਨੁ ਨਾਨਕੁ; ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨੁ

ਹਉ ਆਪਹੁ ਬੋਲਿ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ

ਸਵਾਲ : ‘ਸਤਿਗੁਰੂ ਦੇ ਦਰਸ਼ਨ ਕਰਨਾ’ ਕਿਸ ਨੂੰ ਆਖਦੇ ਹਨ  ?

ਜਵਾਬ : ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣਾ; ਗੁਰੂ ਗ੍ਰੰਥ ਸਾਹਿਬ ਜੀ ਤੋਂ ਰੁਮਾਲਾ ਚੁੱਕ ਕੇ ਦਰਸ਼ਨ ਕਰਨੇ ਗੁਰਮਤਿ ਅਨੁਸਾਰ ਦਰਸ਼ਨ ਕਰਨਾ ਨਹੀਂ ਹਨ। ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥਾਂ ਸਹਿਤ ਸਹਿਜ ਪਾਠ ਕਰਨਾ ਹੀ ਸਹੀ ਮਾਅਨਿਆਂ ’ਚ ਦਰਸ਼ਨ ਕਰਨਾ ਹੈ। ਘੱਟ ਤੋਂ ਘੱਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਅਦਬ ਨਾਲ ਵਾਕ (ਹੁਕਮ) ਲੈਣਾ ਜਾਂ ਸੁਣਨਾ, ਸਤਿਗੁਰੂ ਦੇ ਦਰਸ਼ਨ ਕਰਨੇ ਹਨ।

ਸਵਾਲ : ਅਨੰਦ ਕਾਰਜ ਤੋਂ ਪਹਿਲਾਂ ਕੁੜਮਾਈ ਰਸਮ ਸਬੰਧੀ ਰਹਿਤ ਮਰਯਾਦਾ ’ਚ ਕੀ ਦਰਜ ਹੈ  ?

ਜਵਾਬ : ਸਿੱਖ ਰਹਿਤ ਮਰਯਾਦਾ ਅਨੁਸਾਰ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ। ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਅਰਦਾਸਾ ਸੋਧ ਕੇ, ਇਕ ਕਿਰਪਾਨ, ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ।

ਸਵਾਲ : ਜਾਤਾਂ-ਬਰਾਦਰੀਆਂ ਦੇ ਨਾਮ ਉੱਤੇ ਬਣਨ ਵਾਲੇ ਗੁਰਦੁਆਰਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ  ?

ਜਵਾਬ : ਉਦੋਂ ਹੀ ਰੋਕਿਆ ਜਾ ਸਕੇਗਾ ਜਦੋਂ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਲੈਣਗੇ, ਗੁਰੂ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਹੋ ਜਾਣਗੇ। ਇਸ ਤੋਂ ਬਿਨਾਂ ਕੌਮ ਦੇ ਨਾਂ ਹੁਕਮਨਾਮੇ ਜਾਰੀ ਕਰਨ ਨਾਲ ਜਾਂ ਗੁਰਦੁਆਰਾ ਕਾਨੂੰਨ ਵਿਚ ਸੋਧ ਕਰਨ ਨਾਲ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ। ਵਿਦਵਾਨ ਜਾਂ ਧਾਰਮਿਕ/ਪ੍ਰਚਾਰਕ ਸੰਸਥਾਵਾਂ ਤਾਂ ਕੇਵਲ ਸਲਾਹ ਜਾਂ ਸੇਧ ਹੀ ਦੇ ਸਕਦੀਆਂ ਹਨ, ਅਸਲ ਕੰਮ ਤਾਂ ਪ੍ਰਬੰਧਕੀ ਸੰਸਥਾਵਾਂ ਦਾ ਹੁੰਦਾ ਹੈ।

ਦੂਜੀ ਗੱਲ ਪੰਜਾਬ ਦੇ ਹਰੇਕ ਪ੍ਰਾਣੀ ਮਾਤਰ ਨੂੰ ਜਦ ਤੱਕ ਗੁਰਮਤਿ-ਵਿਚਾਰਧਾਰਾ, ਸਿੱਖ ਸੱਭਿਆਚਾਰ ਤੇ ਗੁਰੂ ਸਾਹਿਬਾਨ ਦੇ ਨਿਸ਼ਾਨਿਆ ਦੀ ਜਾਣਕਾਰੀ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਕਿਸੇ ਵੀ ਕੌਮੀ ਮਸਲੇ ਦੇ ਹੱਲ ਦੀ ਆਸ ਨਹੀਂ ਰੱਖੀ ਜਾ ਸਕਦੀ। ਅੱਜ ਤੌਖਲੇ ਪ੍ਰਗਟ ਕਰਨ ਵਾਲੇ ਜਾਂ ਨਿਰੀ ਚਰਚਾ ਕਰਨ ਵਾਲੇ ਸਿੱਖਾਂ ਦੀ ਘਾਟ ਨਹੀਂ ਹੈ, ਪਰ ਰੋਜਾਨਾ ਤੇ ਲਗਾਤਾਰ ਅਣਥੱਕ ਯਤਨ ਕਰਨ ਵਾਲੇ ਮੁਸ਼ਕਿਲ ਨਾਲ ਲੱਭਦੇ ਹਨ।

ਸਵਾਲ : ਪੜ੍ਹੇ ਲਿਖੇ ਨੌਜੁਆਨ ਆਖਦੇ ਹਨ ਕਿ ਦਿਲ ਸਾਫ਼ ਹੋਣਾ ਚਾਹੀਦਾ ਹੈ, ਪਾਠ ਕਰਨ ਦੀ ਲੋੜ ਨਹੀਂ। ਕੀ ਇਹ ਕਥਨ ਠੀਕ ਹੈ  ?

ਜਵਾਬ : ਗੁਰਬਾਣੀ ਦੇ ਪਾਠ ਨਾਲ ਸੁਚੱਜੀ ਜੀਵਨ ਜਾਚ ਦੀ ਅਗਵਾਈ ਮਿਲਦੀ ਹੈ। ਸ਼ਬਦ ਦੀ ਵਿਚਾਰ ਤੋਂ ਬਿਨਾਂ ਪ੍ਰਭੂ ਬਾਰੇ ਗਿਆਨ, ਸੁਭ ਗੁਣਾਂ ਬਾਰੇ ਜਾਣਕਾਰੀ, ਚੰਗੇ ਕੰਮਾਂ ਤੇ ਸੇਵਾ ਦੀ ਭਾਵਨਾ ਪੈਦਾ ਨਹੀਂ ਹੁੰਦੀ। ਮਨ ਕੇਵਲ ਗੱਲਾਂ ਨਾਲ ਸਾਫ਼ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰਕੇ ਸਾਧ ਸੰਗਤ ਵਿਚ ਬੈਠਿਆਂ ਮਨ ਪ੍ਰਭੂ ਦੀ ਕ੍ਰਿਪਾ ਦਾ ਪਾਤਰ ਬਣਨਾ ਜ਼ਰੂਰੀ ਹੈ। ਸੰਗਤ ’ਚ ਸਹਿਜ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨਾਲ ਮਨੁੱਖ ਦਾ ਜੀਵਨ ਬੁਰਾਈਆਂ ਤੇ ਵਿਕਾਰਾਂ ਤੋਂ ਮੁਕਤ ਹੁੰਦਾ ਹੈ। ਸੋ ਦਿਲ ਨੂੰ ਸਾਫ਼ ਕਰਨ ਲਈ ਪਾਠ ਕਰਨਾ ਜ਼ਰੂਰੀ ਹੈ। ਚੰਗੇ ਕੰਮ ਕਰਨ ਲਈ, ਬੁਰਿਆਈ ਦਾ ਟਾਕਰਾ ਕਰਨ ਲਈ ਅਤੇ ਦੁੱਖ-ਸੁਖ ਵਿਚ ਅਡੋਲ ਰਹਿਣ ਲਈ ਪ੍ਰਭੂ ਨਾਲ ਸਾਂਝ ਪਾਉਣੀ ਜ਼ਰੂਰੀ ਹੈ, ਜੋ ਗੁਰਬਾਣੀ ਦਾ ਪਾਠ ਕਰਨ ਤੇ ਅਮਲ ਕਰਨ ਨਾਲ ਹੀ ਹੋ ਸਕਦੀ ਹੈ। ਇਹ ਪ੍ਰਭੂ ਦਾ ਨਾਮ ਜਪਣਾ ਹੀ ਹੈ।

ਸਵਾਲ : ਨਾਮ ਸਿਮਰਨ ਦੇ ਵੱਖ-ਵੱਖ ਪੱਖ ਕਿਹੜੇ ਹਨ  ?

ਜਵਾਬ : ਨਾਮ ਸਿਮਰਨ ਦੇ ਤਰਤੀਬਵਾਰ ਕਈ ਪੱਖ ਹੇਠ ਲਿਖੇ ਅਨੁਸਾਰ ਹਨ :

(ੳ). ਉਚਰਨਾ ਜਾਂ ਸੁਣਨਾ : ਪਰਮਾਤਮਾ ਦੇ ਗੁਣਾਂ ਨੂੰ ਉਚਾਰਨਾ, ਗਾਉਣਾ ਜਾਂ ਸੁਣਨਾ।

(ਅ). ਧਿਆਨ : ਪ੍ਰਭੂ ਦੇ ਨਾਮ ਅਥਵਾ ਗੁਣਾਂ (ਜੋ ਗੁਰਬਾਣੀ ਵਿਚ ਥਾਂ-ਥਾਂ ਬਿਆਨ ਕੀਤੇ ਗਏ ਹਨ) ਵਿਚ ਸੁਰਤ ਜੋੜਨਾ।

(ੲ). ਵਿਚਾਰ : ਧਿਆਨ ਜੋੜ ਕੇ, ਪ੍ਰਭੂ ਦੇ ਗੁਣਾਂ ਦਾ ਚਿੰਤਨ ਜਾਂ ਵਿਚਾਰ ਕਰਨੀ ।

(ਸ). ਗਿਆਨ : ਵਿਚਾਰਾਂ ਦੀ ਗਹਿਰਾਈ ਨਾਲ ਤੱਤ-ਗਿਆਨ ਪੈਦਾ ਹੋਵੇਗਾ ਅਥਵਾ ਅਸਲੀਅਤ ਦੀ ਸੋਝੀ ਹੋਵੇਗੀ।

(ਹ). ਵਿਸਮਾਦ : ਐਸਾ ਨਿਰਮਲ ਅਤੇ ਪ੍ਰਦਰਸ਼ਿਤ ਗਿਆਨ ਸਿਮਰਨ ਵਿਚ ਲੱਗੇ ਮਨੁੱਖ ਦੇ ਮਨ ਵਿਚ ਅਸਚਰਜਤਾ ਦੀ ਦਸ਼ਾ ਪੈਦਾ ਕਰੇਗਾ।

(ਕ). ਪਿਆਰ : ਵਿਸਮਾਦੀ ਦਸ਼ਾ ਪ੍ਰਭੂ ਪਿਆਰ ਨੂੰ ਜਨਮ ਦੇਵੇਗੀ ਜਾਂ ਪਹਿਲੋਂ ਉਪਜੇ ਪਿਆਰ ਨੂੰ ਹੋਰ ਪ੍ਰਪੱਕ ਕਰੇਗੀ।

(ਖ). ਲਿਵ : ਉਪਰੋਕਤ ਸਾਧਨ ਕਦੇ ਨਾ ਟੁੱਟਣ ਵਾਲੀ ਲਿਵ ਪੈਦਾ ਕਰਦੇ ਹਨ। ਇਸ ਲਿਵ ਤੋਂ ਹੀ ਪ੍ਰਭੂ-ਪਿਆਰ ਦਾ ਰਸ (ਨਾਮ-ਰਸ) ਪੈਦਾ ਹੁੰਦਾ ਹੈ। ਇਸ ਲਿਵ ਵਾਲੀ ਅਵਸਥਾ ਵਿਚ ਸੁਰਤ ਅੰਦਰ ਪ੍ਰਭੂ ਦਾ ਮਿਲਾਪ (ਅਨੁਭਵਤਾ) ਮਨੁੱਖੀ ਘਾਲਣਾ ਦਾ ਸਿਖਰ ਹੈ। ਇਹ ਗੁਣ ਕਹਿ ਗੁਣੀ ਸਮਾਵਣਿਆ ਵਾਲੀ ਅਵਸਥਾ ਹੈ।

ਸਵਾਲ : ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਅਕਾਲੀ ਫੂਲਾ ਸਿੰਘ ਜੀ ਡੋਗਰਿਆਂ ਨਾਲ਼ ਨਫਰਤ ਕਰਦੇ ਸਨ । ਕੀ ਇਹ ਸੱਚ ਹੈ ?

ਜਵਾਬ : ਕਿਉਂਕਿ ਡੋਗਰਿਆਂ ਦਾ ਸਿੱਖ-ਰਾਜ ਅਤੇ ਸਿੱਖ-ਪੰਥ ਦੀ ਚੜ੍ਹਦੀ ਕਲਾ ਨਾਲ ਕੋਈ ਵਾਸਤਾ ਨਹੀਂ ਸੀ। ਉਨ੍ਹਾਂ ਦਾ ਆਸ਼ਾ ਕੇਵਲ ਆਪਣੇ ਤੇ ਆਪਣੇ ਰਿਸ਼ਤੇਦਾਰਾਂ ਲਈ ਅਹੁਦੇ (ਪਦਵੀਆਂ) ਤੇ ਧਨ ਪਦਾਰਥ ਹਾਸਲ ਕਰਨਾ ਸੀ। ਆਪਣੇ ਇਸ ਮਨੋਰਥ ਦੀ ਪ੍ਰਾਪਤੀ ਲਈ ਉਹ ਚਾਲਾਂ ਚੱਲਦੇ ਰਹਿੰਦੇ ਸਨ। ਮਹਾਰਾਜੇ ਅਤੇ ਉਸ ਦੇ ਪੁੱਤਰਾਂ ਵਿਚਕਾਰ ਫੁੱਟ ਦੇ ਬੀਜ ਬੀਜਦੇ ਸਨ। ਸਿੱਖ ਰਾਜ ਲਈ ਤਨ-ਮਨ ਵਾਰਨ ਵਾਲੇ ਸਰਦਾਰਾਂ ਅਤੇ ਸਰਦਾਰ ਹਰੀ ਸਿੰਘ ਨਲੂਆ ਵਰਗੇ ਜਰਨੈਲਾਂ ਨੂੰ ਮਹਾਰਾਜੇ ਤੋਂ ਦੂਰ ਰੱਖਣ ਦੇ ਯਤਨ ਕਰਦੇ ਰਹਿੰਦੇ ਸਨ। ਇਸ ਲਈ ਅਕਾਲੀ ਫੂਲਾ ਸਿੰਘ ਜੀ ਡੋਗਰਿਆਂ ਨੂੰ ਪਸੰਦ ਨਹੀਂ ਕਰਦੇ ਸਨ।

ਸਵਾਲ : ਪੀਰ ਬੁੱਧੂ ਸ਼ਾਹ ਜੀ ਦੇ ਬਾਰੇ ਜਾਣਕਾਰੀ ਦਿਓ, ਜੀ।

ਜਵਾਬ : ਪੀਰ ਬੁੱਧੂ ਸ਼ਾਹ ਜੀ ਉੱਚੀ ਆਤਮਿਕ ਅਵਸਥਾ ਵਾਲੇ ਰੱਬੀ ਭਗਤ ਸਨ ਅਤੇ ਅਜੋਕੇ ਹਰਿਆਣਾ ਪ੍ਰਾਂਤ ਦੇ ਨਗਰ ਸਢੌਰਾ ਵਿਖੇ ਰਹਿੰਦੇ ਸਨ। ਉਨ੍ਹਾਂ ਦਾ ਪੂਰਾ ਨਾਮ ‘ਸ਼ੇਖ਼ ਬਦਰੁੱਦੀਨ’ ਸੀ। ਆਪ ਗੁਰੂ ਗੋਬਿੰਦ ਸਿੰਘ ਜੀ ਦੇ ਬੜੇ ਸ਼ਰਧਾਲੂ ਸਨ। ਆਪ ਜੀ ਨੇ 500 ਪਠਾਣ; ਗੁਰੂ ਜੀ ਦੀ ਫ਼ੌਜ ਵਿਚ ਨੌਕਰ ਰਖਵਾਏ ਸਨ, ਪਰ ਉਨ੍ਹਾਂ ਵਿਚੋਂ 400; ਸਾਥੀਆਂ ਸਮੇਤ ਕਾਲ਼ੇ ਖ਼ਾਨ ਸਰਦਾਰ ਭੰਗਾਣੀ ਦੀ ਲੜਾਈ ਦੇ ਆਰੰਭ ਹੋਣ ਤੋਂ ਪਹਿਲਾਂ ਹੀ ਗੁਰੂ ਜੀ ਦਾ ਸਾਥ ਛੱਡ ਗਏ। ਪਤਾ ਲੱਗਣ ’ਤੇ ਪੀਰ ਬੁੱਧੂ ਸ਼ਾਹ ਜੀ ਨੇ ਭੰਗਾਣੀ ਦੀ ਲੜਾਈ ਵਿਚ ਆਪਣੇ ਦੋ ਭਰਾ, ਚਾਰ ਪੁੱਤਰ ਅਤੇ 700 ਮੁਰੀਦ ਭੇਜੇ ਸਨ। ਲੜਾਈ ਵਿਚ ਪੀਰ ਜੀ ਦੇ ਦੋ ਪੁੱਤਰ, ਇਕ ਭਰਾ ਤੇ ਕਈ ਮੁਰੀਦ ਸ਼ਹੀਦ ਹੋ ਗਏ। ਲੜਾਈ ਜਿੱਤਣ ਪਿੱਛੋਂ ਦਸਮ ਪਾਤਿਸ਼ਾਹ ਜੀ ਨੇ ਪੀਰ ਜੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਕੋਈ ਤੋਹਫ਼ਾ ਦੇਣਾ ਚਾਹਿਆ। ਪੀਰ ਜੀ ਨੇ ਕਿਹਾ ਸਾਹਿਬ ਜੀ ! ਜੇ ਤਰੁੱਠੇ ਹੀ ਹੋ ਤਾਂ ਇਹ ਕੰਘਾ, ਜਿਸ ਨਾਲ ਕੇਸ ਵਾਹ ਰਹੇ ਹੋ; ਟੁੱਟੇ ਕੇਸਾਂ ਸਮੇਤ ਨਿਸ਼ਾਨੀ ਵਜੋਂ ਬਖ਼ਸ਼ ਦਿਓ। ਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਦੀ ਮੰਗ ’ਤੇ ਆਪਣਾ ਉਹ ਕੰਘਾ, ਜਿਸ ਨਾਲ ਕੇਸ ਵਾਹ ਰਹੇ ਸਨ (ਵਾਹੇ ਕੇਸਾਂ ਸਮੇਤ) ਪੀਰ ਜੀ ਨੂੰ ਦੇ ਦਿੱਤਾ। ਆਪ ਜੀ ਨੇ ਇਕ ਹੁਕਮਨਾਮਾ ਅਤੇ ਇਕ ਛੋਟੀ ਕਿਰਪਾਨ ਵੀ ਪੀਰ ਜੀ ਨੂੰ ਬਖਸੀ। ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇਣ ਕਾਰਨ, ਸਢੌਰੇ ਦੇ ਹਾਕਮ ਉਸਮਾਨ ਖ਼ਾਨ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰੇ ’ਤੇ ਕਹਿਰੀ ਹਮਲਾ ਕੀਤਾ ਅਤੇ ਪੀਰ ਬੁੱਧੂ ਸ਼ਾਹ ਜੀ ਨੂੰ ਸ਼ਹੀਦ ਕਰਨ ਵਾਲੇ ਉਸਮਾਨ ਖਾਨ ਨੂੰ ਮੌਤ ਦੇ ਘਾਟ ਉਤਾਰ ਕੇ ਉਸ ਨੂੰ ਬਣਦੀ ਸਜ਼ਾ ਦਿੱਤੀ।

ਸਵਾਲ : ਅਖੰਡ ਪਾਠ ਕਰਨ ਲਈ ਕਿੰਨਾ ਸਮਾਂ ਨਿਯਤ ਕੀਤਾ ਹੈ। ਇਸ ਸਬੰਧੀ ਸਪਸ਼ਟ ਕਰੋ  ?

ਜਵਾਬ : ‘ਅਖੰਡ ਪਾਠ’ ਦੀ ਮਰਯਾਦਾ ਸਿਰਲੇਖ ਹੇਠ ਸਪਸ਼ਟ ਲਿਖਿਆ ਹੈ ਕਿ ਬਾਣੀ ਮੂੰਹੋਂ ਬੋਲ ਕੇ ਪ੍ਰੇਮ ਸਤਿਕਾਰ ਨਾਲ ਪੜ੍ਹਨੀ ਹੈ, ਜੋ ਸੁਣਨ ਵਾਲੇ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ, ਸਮਾਂ ਭਾਵੇਂ ਕਿੰਨਾ ਵੀ ਵੱਧ ਲੱਗ ਜਾਵੇ, ਇਸ ਦਾ ਕੋਈ ਹਰਜ ਨਹੀਂ। ਸਮੇਂ ਦੀ ਮਹਾਨਤਾ ਨਹੀਂ, ਗੁਰਬਾਣੀ ਪੜ੍ਹਨ ਤੇ ਸਮਝਾ ਸਕਣ ਦੀ ਮਹਾਨਤਾ ਹੈ। ਚੁੱਪ ਗੜੁੱਪ ਪਾਠ, ਨਜ਼ਰਾਂ ਫੇਰਨ ਵਾਲਾ ਪਾਠ, ਕਾਹਲੀ ਕਾਹਲੀ ਦਾ ਪਾਠ, ਸਪੀਡਾਂ ਚੁੱਕਣ ਵਾਲਾ ਤੇ ਜਲਦੀ ਜਲਦੀ ਭੋਗ ਪਾਉਣਾ ਹੋਵੇ ਅਤੇ ਪਾਠ ਵਧੇਰੇ ਰਹਿੰਦਾ ਹੋਵੇ ਤਾਂ ਪਾਠੀ ਸੱਜਣ ਤੇਜ਼ ਤੇਜ਼ ਪਾਠ ਕਰਦਾ ਹੈ, ਜਿਸ ਦੀ ਸਮਝ ਨਹੀਂ ਆਉਂਦੀ। ਬੱਸ ਇਹੀ ਦਿਸਦਾ ਹੈ ਕਿ ਪਾਠੀ ਗੁਰੂ ਗ੍ਰੰਥ ਸਾਹਿਬ ਉੱਪਰ ਨਜ਼ਰਾਂ ਘੁਮਾ ਰਿਹਾ ਹੈ। ਐਸਾ ਕਰਨਾ ਗੁਰਬਾਣੀ ਦੀ ਨਿਰਾਦਰੀ ਹੈ। ਪਾਠ ਰੱਖਣ ਰਖਵਾਉਣ ਵਾਲਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ।

ਪੌਰਾਣਿਕ ਰਾਮ-ਰਾਜ ਬਨਾਮ ਗੁਰਮਤੀ ਰਾਮ-ਰਾਜ

0

ਪੌਰਾਣਿਕ ਰਾਮਰਾਜ ਬਨਾਮ ਗੁਰਮਤੀ ਰਾਮਰਾਜ

ਗਿਆਨੀ ਜਗਤਾਰ ਸਿੰਘ ਜਾਚਕ

ਸੰਯੁਕਤ ਰਾਸ਼ਟਰ ਸੰਘ ਦੇ ਮੈਨਹਟਨ (ਨਿਊਯਾਰਕ) ਸ਼ਹਿਰ ਵਿਖੇ ਸਥਿਤ ਦਫ਼ਤਰ ਮੁਤਾਬਕ ਸੰਸਾਰ ਭਰ ਵਿਖੇ ਇਸ ਮੌਕੇ ਕੁੱਲ 195 ਦੇਸ਼ ਮੰਨੇ ਜਾਂਦੇ ਹਨ, ਜਿਨ੍ਹਾਂ ’ਚੋਂ 193 ਸੰਸਾਰ ਦੀ ਇਸ ਸਾਂਝੀ ਪੰਚਾਇਤ ਵੱਲੋਂ ਮਾਨਤਾ ਪ੍ਰਾਪਤ ਹਨ। ਇਨ੍ਹਾਂ ’ਚੋਂ 80 ਅਜਿਹੇ ਹਨ, ਜਿਨ੍ਹਾਂ ਵਿੱਚ ਰਾਜਾਸ਼ਾਹੀ (Dictator Ship) ਸਥਾਪਿਤ ਹੈ।  113 ਦੇਸ਼ ਐਸੇ ਹਨ, ਜਿਨ੍ਹਾਂ ਨੂੰ ਹੁਣ (Democratic) ਕਿਹਾ ਜਾਂਦਾ ਹੈ, ਕਿਉਂਕਿ ਉਨ੍ਹਾਂ ਦੇਸ਼ਾਂ ਵਿੱਚ ਲੋਕਤੰਤ੍ਰੀ ਪ੍ਰਣਾਲੀ (Democracy) ਲਾਗੂ ਹੋ ਚੁੱਕੀ ਹੈ। ਗੁਰੂ-ਕਾਲ ਮੌਕੇ ਅਤੇ ਉਸ ਤੋਂ ਪਹਿਲਾਂ ਹਿੰਦੋਸਤਾਨ ਸਮੇਤ ਲਗਭਗ ਸਾਰੇ ਦੇਸ਼ਾਂ ਵਿੱਚ ਰਾਜਾਸ਼ਾਹੀ ਹਕੂਮਤ ਹੀ ਸੀ। ਰਾਜੇ ਤੇ ਪੁਜਾਰੀਆਂ ਦੇ ਗਠਜੋੜ ਸਦਕਾ ਹਿੰਦੋਸਤਾਨ ਵਿੱਚ ਤਾਂ ‘ਦਲੀਸ਼੍ਵਰੋ ਈਸ਼੍ਵਰੋ’ ਦਾ ਪ੍ਰਚਾਰ ਸਿਖਰ ’ਤੇ ਸੀ। ਬਾਲਮੀਕੀ ਰਮਾਇਣ ਦਾ ਤਾਂ ਆਰੰਭ ਹੀ ਇੱਥੋਂ ਹੁੰਦਾ ਹੈ ਕਿ ਅਯੁਧਿਆ-ਪਤੀ ਸ੍ਰੀ ਰਾਮ; ਵਿਸ਼ਨੂੰ ਦਾ ਅਵਤਾਰ ਹੈ। ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਵਰਣਨ ਹੈ ਕਿ ਭਾਰਤ ਵਿਖੇ ਵੱਖੋ ਵੱਖਰੇ ਸਮਿਆਂ ’ਚ ਜਿਹੜੇ ਕੁੱਝ ਇਲਾਕਾਈ ਰਾਜੇ ਹੋਏ, ਉਨ੍ਹਾਂ ਦੀ ਰੱਬੀ-ਅਵਤਾਰਾਂ ਦੇ ਰੂਪ ’ਚ ਮਹਿਮਾ ਗਾਈ ਗਈ। ਪਾਵਨ ਗੁਰ ਵਾਕ ਹੈ : ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ’’ (ਮਹਲਾ /੪੨੩)

ਪੌਰਾਣਿਕ ਪਰਿਪੇਖ ਵਿੱਚ ਜਿਸ ਰਾਜ ਨੂੰ ‘ਰਾਮ-ਰਾਜ’ ਮੰਨਿਆ ਜਾਂਦਾ ਹੈ, ਅਸਲ ਵਿੱਚ ਉਹ ਤ੍ਰੇਤਾਯੁਗੀ ਰਾਜਾਸ਼ਾਹੀ ਹਕੂਮਤ ਹੀ ਹੈ। 20ਵੀਂ ਸਦੀ ਦੇ ਮਹਾਨ ਫ਼ਿਲਾਸਫ਼ਰ ਤੇ ਵਕਤਾ ਅਚਾਰੀਆ ਰਜਨੀਸ਼ (ਓਸ਼ੋ) ਨੇ ਭਾਵੇਂ 80 ਦੇ ਦਹਾਕੇ ਵਿੱਚ ਹੀ ਭਾਰਤ ਵਾਸੀਆਂ ਨੂੰ ਚੇਤਾਵਨੀ ਵਜੋਂ ਆਖਿਆ ਸੀ ਕਿ ਭਾਰਤ ਵਿੱਚ ਭੁੱਲ ਕੇ ਵੀ ਉਸ ਰਾਮ-ਰਾਜ ਨੂੰ ਸਥਾਪਤ ਨਾ ਹੋਣ ਦਿੱਤਾ ਜਾਵੇ, ਜਿਸ ਦੀ ਵਕਾਲਤ ਮਹਾਤਮਾ ਗਾਂਧੀ ਕਰਦੇ ਰਹੇ ਹਨ। ਜੇ ਉਹ ਰਾਮ-ਰਾਜ ਮੁੜ ਸਥਾਪਿਤ ਹੋ ਗਿਆ ਤਾਂ ਸ਼ੂਦਰਾਂ ਨੂੰ ਆਪਣੇ ਕੰਨਾਂ ਵਿੱਚ ਗਰਮ ਤੇ ਪਿਘਲਿਆ ਹੋਇਆ ਸ਼ੀਸ਼ਾ ਪਵਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਯੂ-ਟਿਊਬ ਅਤੇ ਸ਼ੋਸ਼ਲ ਮੀਡੀਏ ’ਤੇ ਘੁੰਮਦੀ ਹੋਈ ਆਡੀਓ ਵਿੱਚ ਅਚਾਰੀਆ ਜੀ ਨੇ ਜਿਸ ਢੰਗ ਨਾਲ ਤ੍ਰੇਤਾਯੁਗੀ ਰਾਮ ਰਾਜ ਦਾ ਵਰਣਨ ਕੀਤਾ ਹੈ, ਉਹ ਸੁਣ ਕੇ ਤਾਂ ਦੇਸ਼ ਦਾ ਕੋਈ ਵੀ ਨਾਗਰਿਕ ਇਤਨਾ ਨਹੀਂ ਗਿਰੇਗਾ ਕਿ ਉਹ ਅਜਿਹੇ ਰਾਜ ਦੀ ਸਥਾਪਨਾ ਬਾਰੇ ਸੋਚੇ ਭੀ, ਪ੍ਰੰਤੂ ਹੁਣ ਜਦੋਂ ਦੇਸ਼ ਦੀਆਂ ਅਖ਼ਬਾਰਾਂ ਮੁਤਾਬਕ ਭਾਰਤ ਦੇ ਰੱਖਿਆ ਮੰਤ੍ਰੀ, ਭਾਜਪਾਈ ਆਗੂ ਅਤੇ ਆਰ. ਐੱਸ. ਐੱਸ. ਦੇ ਕੱਟੜ ਪ੍ਰਚਾਰਕ ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਅੰਦਰਲੇ ਕਠੂਆ ਜ਼ਿਲ੍ਹੇ ਦੇ ਨਗਰ ਬਸੋਹਲੀ ਵਿਖੇ 15 ਅਪ੍ਰੈਲ 2024, ਸੋਮਵਾਰ ਦੇ ਦਿਨ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਪਸ਼ਟ ਐਲਾਨ ਕੀਤਾ ਕਿ ‘ਰਾਮ-ਰਾਜ ਨੇ ਜੜ੍ਹਾਂ ਫੜ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਹੁਣ ਇਸ ਨੂੰ ਹਕੀਕਤ ਬਣਨ ਤੋਂ ਕੋਈ ਨਹੀਂ ਰੋਕ ਸਕਦਾ’ ਭਾਵ ਭਾਰਤ ਵਿੱਚ ਰਾਮ-ਰਾਜ ਸ਼ੁਰੂ ਹੋ ਚੁੱਕਾ ਹੈ, ਇਸ ਨੂੰ ਕੋਈ ਨਹੀਂ ਰੋਕ ਸਕਦਾ। ਇਸ ਲਈ ਗੁਰਮਤ ਪ੍ਰਚਾਰਕ ਹੋਣ ਦੇ ਨਾਂ ਤੇ ਦਾਸ (ਜਾਚਕ) ਦਾ ਇਹ ਨੈਤਿਕ ਫ਼ਰਜ਼ ਬਣ ਜਾਂਦਾ ਹੈ ਕਿ ਦੇਸ਼ ਵਾਸੀਆਂ ਨਾਲ ਇਸ ਪੱਖੋਂ ਗੁਰਮਤਿ ਦਾ ਨਜ਼ਰੀਆ ਸਾਂਝਾ ਕੀਤਾ ਜਾਵੇ।

ਵੱਡਾ ਕਾਰਨ ਇਹ ਹੈ ਕਿ ਪੌਰਾਣਿਕ-ਮੱਤੀ ਰਾਮ-ਰਾਜ ਦੇ ਪ੍ਰਚਾਰਕ ਆਪਣੇ ਖ਼ਿਆਲਾਂ ਦੀ ਪ੍ਰੋੜ੍ਹਤਾ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਬਿਲਾਵਲੁ ਮਹਲਾ 5’ ਦੇ ਸਿਰਲੇਖ ਹੇਠਲੇ ਗੁਰ ਵਾਕ ‘‘ਰਾਮ ਰਾਜ ਰਾਮਦਾਸ ਪੁਰਿ; ਕੀਨ੍ਹੇ ਗੁਰਦੇਵ ਰਹਾਉ ’’ (ਮਹਲਾ /੮੧੭) ਦਾ ਹਵਾਲਾ ਵੀ ਪੇਸ਼ ਕਰਦੇ ਹਨ। ਗੁਰਬਾਣੀ ਦੇ ਚਾਨਣ ਵਿੱਚ ਅਜਿਹਾ ਹਵਾਲਾ ਮਾਨਵ-ਹਿਤਕਾਰੀ ਦੇਸ਼ ਵਾਸੀਆਂ ਅਤੇ ਖ਼ਾਸ ਕਰ ਸਿੱਖ-ਜਗਤ ਨਾਲ ਵੱਡਾ ਧੋਖਾ ਹੈ; ਕਿਉਂਕਿ ਗੁਰਬਾਣੀ ਵਿੱਚ ਜਿਸ ਰਾਮ-ਰਾਜ ਦੀ ਗੱਲ ਕੀਤੀ ਗਈ ਹੈ, ਉਹ ‘‘ਰਮਤ ਰਾਮੁ ਸਭ ਰਹਿਓ ਸਮਾਇ ’’ (ਮਹਲਾ /੮੬੫) ਗੁਰ ਵਾਕ ਦੇ ਚਾਨਣ ਵਿੱਚ ਸਰਬ-ਵਿਆਪੀ ਰਾਮ ਦੇ ਰੂਹਾਨੀ ਰਾਜ ਦੀ ਹੈ, ਨਾ ਕਿ ਤ੍ਰੇਤਾਯੁਗੀ ਅਤੇ ਅਯੁਧਿਆ-ਪਤੀ ਰਾਜਾ ਦਸ਼ਰਥ ਦੀ ਰਾਣੀ ਕੌਸ਼ਲਿਆ ਦੀ ਕੁੱਖੋਂ, ਰਿਸ਼ੀ ਸ਼੍ਰੂੰਗ ਦੁਆਰਾ ਖਵਾਏ ਚੌਲਾਂ ਦੇ ਪਿੰਡ ਦੁਆਰਾ ਪੈਦਾ ਹੋਏ ਸ਼੍ਰੀ ਰਾਮਚੰਦ੍ਰ ਦੇ ਰਾਜ ਦੀ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਸਟੀਕ ਵਿੱਚ ਸ਼ਬਦ ਦੇ ਸੰਪੂਰਨ ਪ੍ਰਸੰਗ ਨੂੰ ਧਿਆਨ ’ਚ ਰੱਖ ਕੇ ਉਪਰੋਕਤ ਤੁਕ ਵਾਲੇ ‘ਰਹਾਉ’ ਪਦੇ ਨੂੰ ਇਉਂ ਅਰਥਾਇਆ ਗਿਆ ਹੈ : ‘‘ਰਾਖਨਹਾਰ ਅਪਾਰ ਪ੍ਰਭ; ਤਾ ਕੀ ਨਿਰਮਲ ਸੇਵ   ਰਾਮ ਰਾਜ ਰਾਮਦਾਸ ਪੁਰਿ; ਕੀਨ੍ਹੇ ਗੁਰਦੇਵ ਰਹਾਉ ’’ (ਮਹਲਾ /੮੧੭) ਅਰਥ :-ਹੇ ਭਾਈ  ! ਗੁਰੂ ਨੇ (ਰਾਮ ਦੇ ਦਾਸਾਂ ਦੇ ਸ਼ਹਰ ਭਾਵ) ਸਾਧ ਸੰਗਤਿ ਵਿਚ ਰੂਹਾਨੀ ਰਾਜ ਕਾਇਮ ਕਰ ਦਿੱਤਾ ਹੈ। ਪ੍ਰਭੂ ਬੇਅੰਤ ਅਤੇ ਰੱਖਿਆ ਕਰਨ ਦੇ ਸਮਰੱਥ ਹੈ, (ਸਾਧ ਸੰਗਤਿ ਵਿਚ ਟਿਕ ਕੇ ਕੀਤੀ ਹੋਈ) ਉਸ ਦੀ ਸੇਵਾ-ਭਗਤੀ (ਜੀਵਨ ਨੂੰ) ਪਵਿੱਤਰ (ਬਣਾ ਦੇਂਦੀ ਹੈ)’ ਭਾਵ ਜਿਵੇਂ ਗੁਰਦੁਆਰੇ ਦੀ ਸੰਗਤ ਤੇ ਪੰਗਤ ਵਿੱਚ ਜਾਤ-ਪਾਤ, ਊਚ-ਨੀਚ ਅਤੇ ਅਮੀਰ ਗ਼ਰੀਬ ਦੇ ਵਿਤਕਰੇ ਤੋਂ ਰਹਿਤ ਇੱਕ-ਸਮਾਨ ਵਰਤਾਰਾ ਵਰਤਦਾ ਹੈ। ਤਿਵੇਂ ਦਾ ਹੀ ਵਰਤਾਰਾ ਵਰਤਦਾ ਹੈ ‘ਗੁਰਮਤੀ ਰਾਮ-ਰਾਜ ਵਿੱਚ’। ਗੁਰੂ-ਦ੍ਰਿਸ਼ਟੀ ਵਿੱਚ ਪ੍ਰਵਾਨ-ਚੜ੍ਹੇ ਕੀਰਤਨੀਏ ਭਾਈ ਬਲਵੰਡ ਰਾਇ ਦੇ ਕਥਨ ਮੁਤਾਬਕ ਇਸ ਗੁਰਮਤੀ ਰਾਮ-ਰਾਜ ਦੀ ਪੱਕੀ ਨੀਂਹ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਸੱਚ ਦਾ ਕਿਲ੍ਹਾ ਬਣਾ ਕੇ ਆਪ ਰੱਖੀ । ਰਾਮਕਲੀ ਕੀ ਵਾਰ ਦੇ ਅਮਰ-ਬੋਲ ਹਨ : ‘‘ਨਾਨਕਿ (ਨੇ) ਰਾਜੁ ਚਲਾਇਆ; ਸਚੁ ਕੋਟੁ ਸਤਾਣੀ ਨੀਵ ਦੈ ’’ (ਬਲਵੰਡ ਸਤਾ/੯੬੬)

ਗੁਰਬਾਣੀ ਦੇ ਉਪਰੋਕਤ ਪਦੇ ਅਤੇ ਅਰਥਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਹਵਾਲਾ-ਜਨਕ ਤੁਕ ਵਿੱਚ ਜਿਸ ਰਾਮ-ਰਾਜ ਦੀ ਗੱਲ ਕੀਤੀ ਗਈ ਹੈ, ਉਹ ਰਾਮ ‘ਰਾਖਨਹਾਰ ਅਪਾਰ ਪ੍ਰਭੁ’ ਹੈ; ਨਾ ਕਿ ਕੋਈ ਅਯੁਧਿਆ ਦਾ ਤ੍ਰੇਤਾਯੁਗੀ ਰਾਜਾ ਸ਼੍ਰੀ ਰਾਮ । ਕਾਰਨ ਹੈ ਕਿ ਇੱਕ ਤਾਂ ਸ਼੍ਰੀ ਰਾਮਚੰਦ੍ਰ ਨੂੰ ‘ਅਪਾਰ ਪ੍ਰਭ’ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਜਨਮ ਮਰਨ ਦੇ ਰੂਪ ਵਿੱਚ ਉਸ ਦਾ ਆਰ ਪਾਰ ਅਤੇ ਆਦਿ ਅੰਤ ਨਿਸ਼ਚਿਤ ਹੈ। ਦੂਜੇ, ਉਸ ਨਾਲ ‘ਰਾਖਨਹਾਰ ਪ੍ਰਭ’ ਦਾ ਵਿਸ਼ੇਸ਼ਣ ਵੀ ਨਹੀਂ ਸ਼ੋਭਦਾ; ਕਿਉਂਕਿ ਜਿੱਥੇ, ਉਹ ਆਪਣੇ ਆਪ ਨੂੰ ਅਸੁਰੱਖਿਅਤ ਸਮਝ ਕੇ ਪਤਨੀ ਸੀਤਾ ਦੇ ਵਿਛੋੜੇ ਅਤੇ ਭਰਾ ਲਛਮਣ ਦੇ ਮੂਰਛਿਤ ਹੋਣ ’ਤੇ ਸਧਾਰਨ ਵਿਅਕਤੀਆਂ ਵਾਂਗ ਝੂਰਦਾ ਹੈ। ਉੱਥੇ, ਉਹ ਮਹਾਂਬਲੀ ਰਾਵਣ ਨਾਲ ਜੂਝਣ ਮੌਕੇ ਆਪਣੀ ਸਹਾਇਤਾ ਲਈ ਹਨੂੰਮਾਨ ਦੀ ਅਰਾਧਨਾ ਤੋਂ ਇਲਾਵਾ ਧੋਖੇ ਨਾਲ ਰਾਜਾ ਬਾਲੀ ਨੂੰ ਮਾਰ ਕੇ ਉਸ ਦੇ ਭਰਾ ਸੁਗਰੀਵ ਨੂੰ ਰਾਜਾ ਬਣਾ ਕੇ ਆਪਣੇ ਨਾਲ ਜੋੜਦਾ ਹੈ। ਜਦੋਂ ਫਿਰ ਵੀ ਉਹ ਰਾਜਾ ਰਾਵਣ ਦੇ ਸਾਹਮਣੇ ਆਪਣੇ ਆਪ ਨੂੰ ਕਮਜ਼ੋਰ ਵੇਖਦਾ ਹੈ ਤਾਂ ਉਸ ਦੇ ਭਰਾ ਭਭੀਖਣ ਨੂੰ ਰਾਜ-ਭਾਗ ਦਾ ਲਾਲਚ ਦੇ ਕੇ ਆਪਣੇ ਨਾਲ ਗੰਢਦਾ ਹੈ ਤਾਂ ਕਿ ਰਾਵਣ ਦਾ ਸਾਰਾ ਭੇਦ ਲੈ ਕੇ ਉਸ ਨੂੰ ਮਾਰਿਆ ਜਾ ਸਕੇ । ਤਾਂ ਹੀ ਤਾਂ ਮੁਹਾਵਰਾ ਬਣਿਆ ‘ਘਰ ਦਾ ਭੇਤੀ, ਲੰਕਾ ਢਾਹੇ’। ਗੁਰੂ ਨਾਨਕ ਸਾਹਿਬ ਜੀ ਦਾ ਬੇਬਾਕ-ਕਥਨ ਹੈ : ‘‘ਮਨ ਮਹਿ ਝੂਰੈ ਰਾਮਚੰਦੁ; ਸੀਤਾ ਲਛਮਣ ਜੋਗੁ   ਹਣਵੰਤਰੁ ਆਰਾਧਿਆ; ਆਇਆ ਕਰਿ ਸੰਜੋਗੁ ’’ (ਮਹਲਾ /੧੪੧੨)

ਤ੍ਰੇਤਾਯੁਗੀ ਰਾਜੇ ਸ੍ਰੀ ਰਾਮਚੰਦ੍ਰ ਜੀ ਦੇ ਉਪਰੋਕਤ ਵਰਤਾਰੇ ਅਤੇ ਭਾਰਤ ਦੀ ਮੌਜੂਦਾ ਭਾਜਪਾਈ ਸਰਕਾਰ ਵਾਲੀ ਰਾਜਨੀਤਕ ਧੱਕੇਸ਼ਾਹੀ, ਘੱਟ ਗਿਣਤੀ ਕੌਮਾਂ ਸਬੰਧੀ ਉਸ ਦੀ ਵਿਤਕਰੇ ਭਰਪੂਰ ਨੀਤੀ, ਰਣਨੀਕਿ ਗੱਠ-ਜੋੜ ਤੇ ਲਾਲਚੀ ਧੋਖਾ-ਧੜੀ ਆਦਿਕ ਦੇ ਵਿਸ਼ਲੇਸ਼ਣ ਤੋਂ ਭਾਵੇਂ ਮੌਜੂਦਾ ਰੱਖਿਆ ਮੰਤ੍ਰੀ ਰਾਜਨਾਥ ਸਿੰਘ ਦੇ ਉਪਰੋਕਤ ਐਲਾਨ ਪ੍ਰਤੀ ਕੋਈ ਸ਼ੰਕਾ ਨਹੀਂ ਰਹਿ ਜਾਂਦੀ, ਪਰ ਫਿਰ ਵੀ ਵਰਣਨ ਕਰਨਾ ਬਣਦਾ ਹੈ ਕਿ ਸੰਸਾਰ ਪ੍ਰਸਿੱਧ ਵਿਦਵਾਨ ਅਚਾਰੀਆ ਰਜਨੀਸ਼ ਅਤੇ ਭਾਰਤੀ ਸੰਵਿਧਾਨ ਦਾ ਮੁੱਢਲਾ ਲੇਖਕ ਡਾ. ਭੀਮਰਾਓ ਅੰਬੇਦਕਰ, ਸ੍ਰੀ ਰਾਮਚੰਦਰ ਜੀ ਦੇ ਉਪਰੋਕਤ ਵਰਤਾਰੇ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੂੰ ਇੱਕ ਆਦਰਸ਼ਕ ਰਾਜੇ ਦੇ ਰੂਪ ਵਿੱਚ ਨਹੀਂ ਵੇਖਦੇ। ਅਚਾਰੀਆ ਰਜਨੀਸ਼ ਤਾਂ ਸਪਸ਼ਟ ਆਖਦਾ ਹੈ ਕਿ ਸ੍ਰੀ ਰਾਮ ਦੇ ਰਾਜ ਵਿੱਚ ਇਸਤ੍ਰੀਆਂ ਤੇ ਪੁਰਸ਼; ਪਸ਼ੂਆਂ ਵਾਂਗ ਮੰਡੀਆਂ ਵਿੱਚ ਵਿਕਦੇ ਸਨ ਅਤੇ ਵਿਭਚਾਰ ਸਿੱਖਰਾਂ ’ਤੇ ਸੀ, ਜਿਸ ਤੋਂ ਸਿੱਧ ਹੁੰਦਾ ਹੈ ਕਿ ਰਾਜ ਦੇ ਆਮ ਲੋਕ ਗ਼ਰੀਬ ਸਨ। ‘ਹਿੰਦੂ ਇਜ਼ਮ ਧਰਮ ਜਾਂ ਕਲੰਕ’ ਪੁਸਤਕ ਦੇ ਲੇਖਕ ਐੱਲ. ਆਰ. ਬਾਲੀ ਨੇ ‘ਬਾਲਮੀਕੀ ਰਮਾਇਣ’ ਦੇ ਪ੍ਰਮਾਣਾਂ ਸਹਿਤ ਲਿਖਿਆ ਹੈ ਕਿ ਸ਼੍ਰੀ ਰਾਮਚੰਦ੍ਰ ਜੀ ਵੱਲੋਂ ਆਪਣੀ ਗਰਭਵਤੀ ਪਤਨੀ ਸੀਤਾ ਨੂੰ ਘਰੋਂ ਕੱਢ ਕੇ ਘਣੇ ਜੰਗਲ ਵਿੱਚ ਛੱਡਣ ਵਰਗਾ ਕਰੂਰ ਕਰਮ ਅਤੇ ਆਪਣੇ ਰਾਜ ਰਿਖੀ ਸ੍ਰੀ ਵਿਸਿਸ਼ਟ ਦੇ ਆਦੇਸ਼ ਮੁਤਾਬਕ ਮਨੂੰ-ਸਿਮ੍ਰਤੀ ਨੂੰ ਆਧਾਰ ਬਣਾ ਕੇ ਬੰਦਗੀ ਕਰ ਰਹੇ ਸ਼ੂਦਰ ਰਿਸ਼ੀ ਸ਼ੰਭੂਕ ਨੂੰ ਕਤਲ ਕਰਨਾ, ਅਜਿਹੇ ਘੋਰ ਅਨਿਆਈ ਜ਼ੁਲਮ ਹਨ; ਜਿਹੜੇ ਰਾਮ-ਰਾਜ ਲਈ ਸਦਾ ਵਾਸਤੇ ਕਲੰਕ ਮੰਨੇ ਜਾਣਗੇ, ਭਾਵੇਂ ਕਿ ਅਜਿਹੇ ਕਾਰਜਾਂ ਕਰਕੇ ਸਮਕਾਲੀ ਬ੍ਰਾਹਮਣਾਂ ਨੇ ਸ਼੍ਰੀ ਰਾਮ ਨੂੰ ਮਰਯਾਦਾ ਪ੍ਰਸ਼ੋਤਮ ਦਾ ਦਰਜਾ ਦਿੱਤਾ ਹੈ।

ਪ੍ਰੰਤੂ ਜਿਸ ਰਾਮ-ਰਾਜ ਦੀ ਪੱਕੀ ਨੀਂਹ ਗੁਰੂ ਨਾਨਕ ਪਾਤਿਸ਼ਾਹ ਹੀ ਨੇ ਆਪ ਰੱਖੀ, ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਉਸ ਨੂੰ ‘ਰਾਮ-ਰਾਜ’ (ਰੂਹਾਨੀ-ਰਾਜ) ਤੋਂ ਇਲਾਵਾ ‘ਹਲੇਮੀ-ਰਾਜ’ (ਨਿਮ੍ਰਤਾ ਦਾ ਰਾਜ) ਦਾ ਨਾਂ ਦਿੱਤਾ ਹੈ। ਕਾਰਨ ਹਨ ਕਿ ਇੱਕ ਤਾਂ ਇਸ ਰਾਜ ਵਿੱਚ ਸਾਰੇ ਜੀਆਂ ਪ੍ਰਤੀ ਸਮਦ੍ਰਿਸ਼ਟ, ਗ਼ਰੀਬ-ਨਿਵਾਜ਼ ਤੇ ਮਿਹਰਵਾਨ-ਪ੍ਰਭੂ ਜੀ ਦਾ ਹੁਕਮ ਚੱਲਦਾ ਹੈ, ਜਿਸ ਅਧੀਨ ਸ਼੍ਰੀ ਰਾਮ ਵਾਂਗ ਸੀਤਾ ਵਰਗੀ ਪਤੀਵ੍ਰਤ ਤੇ ਗਰਭਵਤੀ ਔਰਤ ਨੂੰ ਘਰੋਂ ਕੱਢਣ ਅਤੇ ਬਿਨਾਂ ਕਿਸੇ ਅਪਰਾਧ ਦੇ ਸ਼ੰਭੂਕ ਵਰਗੇ ਭਗਤ ਵਿਅਕਤੀ ਦਾ ਕਤਲ ਕਰਨ ਵਰਗੀ ਧੱਕੇਸ਼ਾਹੀ ਹੋਣੀ ਅਸੰਭਵ ਹੈ। ਦੂਜੇ, ‘‘ਤਖਤਿ ਬਹੈ; ਤਖਤੈ ਕੀ ਲਾਇਕ ’’ (ਮਹਲਾ /੧੦੩੯) ਅਤੇ ‘‘ਹਰਿ ਵਰਤੈ ਧਰਮ ਨਿਆਏ ’’ (ਮਹਲਾ /੫੪੨) ਵਰਗੀ ਵਿਤਕਰੇ ਰਹਿਤ ਨਿਆ-ਪ੍ਰਨਾਲੀ ਹੋਣ ਕਰਕੇ ਸਾਰੀ ਪਰਜਾ ਸੁਖੀ ਵੱਸਦੀ ਹੈ। ਕਿਸੇ ਨੂੰ ਕੋਈ ਰਞਾਣਦਾ ਨਹੀਂ ਭਾਵ ਧੱਕੇ ਨਾਲ ਦੁਖੀ ਨਹੀਂ ਕਰਦਾ। ਪਾਵਨ ਗੁਰ ਵਾਕ ਹੈ : ‘‘ਹੁਣਿ ਹੁਕਮੁ ਹੋਆ ਮਿਹਰਵਾਣ ਦਾ   ਪੈ ਕੋਇ ਕਿਸੈ ਰਞਾਣਦਾ   ਸਭ ਸੁਖਾਲੀ ਵੁਠੀਆ; ਇਹੁ ਹੋਆ ਹਲੇਮੀ ਰਾਜੁ ਜੀਉ ’’ (ਮਹਲਾ /੭੪)

ਭਗਤ ਰਵਿਦਾਸ ਜੀ ਨੇ ਇਸ ਹਲੇਮੀ ਭਰਪੂਰ ਰੂਹਾਨੀ ਰਾਮ-ਰਾਜ ਨੂੰ ‘ਬੇਗ਼ਮ ਪੁਰਾ’ ਨਾਂ ਦਿੱਤਾ ਹੈ; ਕਿਉਂਕਿ ਉੱਥੋਂ ਦੇ ਕਿਸੇ ਸ਼ਹਰੀ ਨੂੰ ਕੋਈ ਦੁੱਖ ਤੇ ਚਿੰਤਾ ਆਦਿਕ ਨਹੀਂ ਵਾਪਰਦੀ। ਉੱਥੇ ਤ੍ਰੇਤਾਯੁਗੀ ਰਾਮ-ਰਾਜ ਵਾਲੇ ਸ਼ੰਭੂਕ ਰਿਖੀ ਵਰਗਾ ਕੋਈ ਦੂਜੇ ਤਾਂ ਤੀਜੇ ਦਰਜੇ ਦਾ ਨਾਗਰਿਕ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਉਸ ਪਾਤਿਸ਼ਾਹੀ ਦੇ ਖੁੱਸਣ ਦਾ ਵੀ ਕੋਈ ਡਰ ਨਹੀਂ ਰਹਿੰਦਾ। ਭਗਤ ਜੀ ਦਾ ਉਹ ਰੂਹਾਨੀ-ਕਥਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਇਉਂ ਅੰਕਿਤ ਹੈ, ‘‘ਬੇਗਮ ਪੁਰਾ; ਸਹਰ ਕੋ ਨਾਉ   ਦੂਖੁ ਅੰਦੋਹੁ ਨਹੀ; ਤਿਹਿ ਠਾਉ ਕਾਇਮੁ ਦਾਇਮੁ ਸਦਾ ਪਾਤਿਸਾਹੀ   ਦੋਮ ਸੇਮ; ਏਕ ਸੋ ਆਹੀ ’’ (ਭਗਤ ਰਵਿਦਾਸ/੩੪੫) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਨੇ ਉਪਰੋਕਤ ਕਿਸਮ ਦੇ ਸ਼ਬਦਾਂ ਵਿੱਚ ਭਾਵੇਂ ਪ੍ਰਭੂ-ਮਿਲਾਪ ਦੀ ਆਤਮਕ ਅਵਸਥਾ ਦਾ ਵਰਣਨ ਕੀਤਾ ਹੈ, ਪਰ ਅਸਲ ਵਿੱਚ ਉਹ ਪ੍ਰਗਟਾਵਾ ਹੈ ਤਾਂ ਰਮਤ-ਰਾਮ ਦੇ ਸਰਬ-ਦੇਸ਼ੀ, ਸਰਬ-ਕਾਲੀ ਤੇ ਸਰਬ ਸਾਂਝੇ ਰੂਹਾਨੀ-ਵਿਧਾਨ ਦਾ, ਜਿਸ ਦਾ ਸਭ ਤੋਂ ਉੱਤਮ ਤੇ ਸ੍ਰੇਸ਼ਟ ਪ੍ਰਮਾਣ ਹੈ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਬਣਤਰ ਅਤੇ ਗੁਰੂ-ਦਰਬਾਰ ਵਿਖੇ ਇੱਕੋ ਚੰਦੋਏ, ਇੱਕੋ ਤਖ਼ਤ ’ਤੇ ਇੱਕੋ ਚਵਰ ਹੇਠਾਂ ਸਮੂਹ ਬਾਣੀਕਾਰਾਂ ਦਾ ਇੱਕ ਸਮਾਨ ਸਤਿਕਾਰ, ਜਿਹੜਾ ਤ੍ਰੇਤਾਯੁਗੀ ਪੌਰਾਣਿਕ ਰਾਮ-ਰਾਜ ਵਿੱਚ ਭਾਲਿਆਂ ਭੀ ਨਹੀਂ ਲੱਭਦਾ। ਇਹ ਫ਼ੈਸਲਾ ਹੁਣ ਦੇਸ਼ ਵਾਸੀਆਂ ਨੇ ਕਰਨਾ ਹੈ ਕਿ ਉਹ ਗੁਰਮਤੀ ਰਾਮ-ਰਾਜ ਚਾਹੁੰਦੇ ਹਨ ਜਾਂ ਪੌਰਾਣਿਕ-ਮੱਤੀ ਰਾਮ-ਰਾਜ।

ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ

0

ਸ. ਹਰਜਿੰਦਰ ਸਿੰਘ ਧਾਮੀ ਜੀ,

ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,

ਸ਼੍ਰੀ ਅੰਮ੍ਰਿਤਸਰ ਸਾਹਿਬ। 

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ। 

ਵਿਸ਼ਾ :- ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 

ਸਤਿਕਾਰ ਯੋਗ ਪ੍ਰਧਾਨ ਜੀ ! ਬੇਨਤੀ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬ ਸਾਈਟ ਮੁਤਾਬਕ, ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ੧੯ ਵੈਸਾਖ, ਵੈਸਾਖ ਵਦੀ ੭ ਸੰਮਤ ੧੬੨੦ ਬਿਕ੍ਰਮੀ ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀ। ਅੰਗਰੇਜੀ ਰਾਜ ਵੇਲੇ, ਜਦੋਂ ਅੰਗਰੇਜੀ ਤਾਰੀਖਾਂ ਲਿਖਣ ਦਾ ਰਿਵਾਜ ਪਿਆ ਤਾਂ ਇਹ ਤਾਰੀਖ, 15 ਅਪ੍ਰੈਲ 1563 ਈ: (ਜੂਲੀਅਨ) ਲਿਖੀ ਗਈ।  

“Sri Guru Arjan Dev ji, the youngest son of Sri Guru Ramdas ji and Mata Bhani ji, was born at Goindwal Shaib on Vaisakh Vadi 7th 19 Vaisakh Samvat 1620 (April 15, 1563)”. (sgpc.net)

ਸਿੱਖ ਇਤਿਹਾਸ ਦੀਆਂ ਕਈ ਤਾਰੀਖਾਂ ਬਾਰੇ ਵਿਦਵਾਨਾਂ ਵਿੱਚ ਮਤਭੇਦ ਹਨ, ਪਰ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ਼ ੧੯ ਵੈਸਾਖ, ਵੈਸਾਖ ਵਦੀ ੭ ਸੰਮਤ ੧੬੨੦ ਬਿਕ੍ਰਮੀ ਸਬੰਧੀ ਕੋਈ ਮਤਭੇਦ ਨਹੀਂ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ੧੯ ਵੈਸਾਖ ਦਾ ਹੀ ਦਰਜ ਹੈ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਂ ਹੇਠ ਛਾਪੇ ਜਾਂਦੇ ਸੂਰਜੀ ਬਿਕ੍ਰਮੀ ਕੈਲੰਡਰ (ਦ੍ਰਿਕਗਿਣਤ ਸਿਧਾਂਤ) ਵਿੱਚ, ਇਸ ਸਾਲ ਇਹ ਦਿਹਾੜਾ ੧੮ ਵੈਸਾਖ (30 ਅਪ੍ਰੈਲ) ਦਿਨ ਮੰਗਲਵਾਰ ਦਾ ਦਰਜ ਹੈ। ਪਿਛਲੇ ਸਾਲ ਦੇ ਕੈਲੰਡਰ ਵਿੱਚ ਇਹ ਦਿਹਾੜਾ ੩੦ ਚੇਤ (12 ਅਪ੍ਰੈਲ) ਦਾ ਦਰਜ ਸੀ ਜਦੋਂ ਕਿ ਕੈਲੰਡਰ ਹਰ ਸਾਲ ੧ ਚੇਤ ਤੋਂ ਹੀ ਆਰੰਭ ਹੁੰਦਾ ਹੈ। ਸੂਰਜੀ ਸਾਲ ਵਿੱਚ 365 ਦਿਨ ਹੁੰਦੇ ਹਨ। ਹਰ ਸਾਲ ਹਰ ਦਿਹਾੜਾ ਮੁੜ ਉਸੇ ਪ੍ਰਵਿਸ਼ਟੇ ਨੂੰ ਆਉਂਦਾ ਹੈ। ਇਸ ਸਾਲ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 383 ਦਿਨਾਂ ਪਿਛੋਂ ਆ ਰਿਹਾ ਹੈ। ਅਜਿਹਾ ਕਿਉਂ ? 

ਇਸ ਦਾ ਕਾਰਨ ਇਹ ਹੈ ਕਿ ਸ੍ਰੋਮਣੀ ਕਮੇਟੀ ਵੱਲੋਂ ਇਹ ਦਿਹਾੜਾ ਮਨਾਇਆ ਤਾਂ ਚੰਦ ਦੇ ਕੈਲੰਡਰ ਮੁਤਾਬਕ, ਵੈਸਾਖ ਵਦੀ ੭ ਨੂੰ ਜਾਂਦਾ ਹੈ, ਪਰ ਦਰਜ ਸੂਰਜੀ ਕੈਲੰਡਰ (ਪ੍ਰਵਿਸ਼ਟਿਆਂ) ਮੁਤਾਬਕ ਕੀਤਾ ਜਾਂਦਾ ਹੈ। ਚੰਦ ਦੇ ਸਾਲ ਵਿਚ 354 ਦਿਨ ਹੁੰਦੇ ਹਨ। ਸਧਾਰਨ ਸਾਲ ਵਿੱਚ ਤਾਂ ਵੈਸਾਖ ਵਦੀ ੭, 354 ਦਿਨਾਂ ਪਿਛੋਂ ਆਉਂਦੀ ਹੈ, ਪਰ ਜਦੋਂ ਚੰਦ ਦੇ ਸਾਲ ਵਿੱਚ ਮਲਮਾਸ ਆ ਜਾਵੇ ਤਾਂ ਸਾਲ ਦੇ ਦਿਨ 383-384 ਹੋ ਜਾਂਦੇ ਹਨ। 

ਪ੍ਰਧਾਨ ਜੀ ! ਕੀ ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਕੈਲੰਡਰ ਤਾਂ ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ) ਛਾਪਿਆ ਜਾਂਦਾ ਹੈ, ਪਰ ਦਿਹਾੜੇ ਵਦੀ-ਸੁਦੀ ਮੁਤਾਬਕ, ਹਰ ਸਾਲ ਬਦਲਵੇਂ ਪ੍ਰਵਿਸ਼ਟੇ ਨੂੰ ਦਰਜ ਕੀਤੇ ਜਾਂਦੇ ਹਨ ? ਸੂਰਜੀ ਕੈਲੰਡਰ ਮੁਤਾਬਕ ਹਰ ਸਾਲ ਜੇ ਵੈਸਾਖੀ; ੧ ਵੈਸਾਖ ਨੂੰ ਮਨਾਈ ਜਾ ਸਕਦੀ ਹੈ ਤਾਂ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ੧੯ ਵੈਸਾਖ ਨੂੰ ਕਿਉਂ ਨਹੀਂ ਮਨਾਇਆ ਜਾ ਸਕਦਾ ? ਜੇ ਕੁਝ ਦਿਹਾੜੇ ਵਦੀ-ਸੁਦੀ ਮੁਤਾਬਕ ਅਤੇ ਕੁਝ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ ਮਨਾਉਣੇ, ਸ਼੍ਰੋਮਣੀ ਕਮੇਟੀ ਦੀ ਕੋਈ ਮਜ਼ਬੂਰੀ ਹੈ ਤਾਂ ਕੈਲੰਡਰ ਵੀ ਉਸੇ ਅਨੁਸਾਰ, ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਕਿਉਂ ਨਹੀਂ ਛਾਪਿਆ ਜਾਂਦਾ ? ਸ਼੍ਰੋਮਣੀ ਕਮੇਟੀ, ਇਤਿਹਾਸਿਕ ਦਿਹਾੜਿਆਂ ਦੀਆਂ ਤਾਰੀਖਾਂ ਸਬੰਧੀ ਦੁਬਿਧਾ, ਕਿਉਂ ਪਾਈ ਰੱਖਣਾ ਚਾਹੁੰਦੀ ਹੈ ? 

ਪ੍ਰਧਾਨ ਜੀ ! ਹੈਰਾਨੀ ਤਾਂ ਉਦੋਂ ਹੋਈ ਜਦੋਂ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦਾ ਪ੍ਰਵਿਸ਼ਟਾ ਭਾਵ ੧੮ ਵੈਸਾਖ (30 ਅਪ੍ਰੈਲ) ਮੁਤਾਬਕ ਜੰਤਰੀਆਂ ਵਿੱਚ ਚੰਦ ਦੀ ਤਿੱਥ ਵੇਖੀ  !

ਜੋ ‘ਅਸਲੀ ਤਿਥ ਪਤ੍ਰਿਕਾ’ (ਪੰਡਿਤ ਦੇਵੀ ਦਿਆਲ ਜੀ) ਮੁਤਾਬਕ ਤਾਂ ੧੮ ਵੈਸਾਖ (30 ਅਪ੍ਰੈਲ) ਦਿਨ ਮੰਗਲਵਾਰ ਨੂੰ ਵੈਸਾਖ ਵਦੀ ੬ ਹੈ। (ਪੰਨਾ ੪੨) ਸ਼੍ਰੋਮਣੀ ਕਮੇਟੀ ਇਸ ਸਾਲ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ, ਵੈਸਾਖ ਵਦੀ ੬, ੧੮ ਵੈਸਾਖ (30 ਅਪ੍ਰੈਲ) ਦਿਨ ਮੰਗਲਵਾਰ ਨੂੰ ਮਨਾ ਰਹੀ ਹੈ। ‘ਵਪਾਰ ਆਲਮ ਬਿਕ੍ਰਮੀ ਤਿਥ ਪੱਤ੍ਰਿਕਾ’ (ਜੋਤਸ਼ੀ ਪ੍ਰਤਾਪ ਸਿੰਘ ਜੀ ਗਿਆਨੀ) ਮੁਤਾਬਕ ਵੈਸਾਖ ਵਦੀ ੭ ਤਾਂ ੧੯ ਵੈਸਾਖ, 1 ਮਈ ਦਿਨ ਬੁੱਧਵਾਰ ਨੂੰ ਹੈ।

ਪ੍ਰਧਾਨ ਜੀ ! ਕੀ ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸ ਸਾਲ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅਸਲ ਤਿੱਥ, ਵੈਸਾਖ ਵਦੀ ੭ (੧੯ ਵੈਸਾਖ, 1 ਮਈ) ਦਿਨ ਬੁੱਧਵਾਰ ਦੀ ਬਜਾਇ ਵੈਸਾਖ ਵਦੀ ੬ (੧੮ ਵੈਸਾਖ, 30 ਅਪ੍ਰੈਲ) ਦਿਨ ਮੰਗਲਵਾਰ ਨੂੰ ਮਨਾ ਰਹੀ ਹੈ ? 

ਸ. ਹਰਜਿੰਦਰ ਸਿੰਘ ਧਾਮੀ ਜੀ ! ਨਿਮਰਤਾ ਸਹਿਤ ਬੇਨਤੀ ਹੈ ਕਿ ਹੇਠ ਲਿਖੀ ਜਾਣਕਾਰੀ ਸਾਂਝੀ ਕਰਨ ਦੀ ਕ੍ਰਿਪਾਲਤਾ ਕਰਨੀ ਜੀ। 

1 . ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਇਸ ਸਾਲ ਵੈਸਾਖ ਵਦੀ ੭ ਦੀ ਬਜਾਇ, ਵੈਸਾਖ ਵਦੀ ੬ ਨੂੰ ਕਿਉਂ ਮਨਾਇਆ ਜਾ ਰਿਹਾ ਹੈ ?

  1. ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਸੂਰਜੀ ਕੈਲੰਡਰ ਛਾਪਿਆ ਜਾਂਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਅਸਲ ਸੂਰਜੀ ਪ੍ਰਵਿਸ਼ਟੇ ਭਾਵ ੧੯ ਵੈਸਾਖ ਨੂੰ ਕਿਉਂ ਨਹੀਂ ਮਨਾਇਆ ਜਾਂਦਾ ?
  2. ਜੇ ਇਤਿਹਾਸਿਕ ਦਿਹਾੜੇ ਵਦੀ-ਸੁਦੀ ਮੁਤਾਬਕ ਮਨਾਉਣੇ ਹਨ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਕਿਉਂ ਨਹੀਂ ਛਾਪਿਆ ਜਾਂਦਾ ? ਧੰਨਵਾਦ।

ਸਤਿਕਾਰ ਸਹਿਤ ਸਰਵਜੀਤ ਸਿੰਘ ਸੈਕਰਾਮੈਂਟੋ ੧੨ ਵੈਸਾਖ, ਨਾ: ਸੰ: ੫੫੬ (25 ਅਪ੍ਰੈਲ 2024 ਈ:)

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਦੂਜਾ)

0

ਬੇੜੀ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਦੂਜਾ)

ਗਿਆਨੀ ਅਵਤਾਰ ਸਿੰਘ

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਪਹਿਲਾ)

ਹਥਲੇ ਵਿਸ਼ੇ ਦੀ ਹੋਰ ਵਿਚਾਰ ਕਰਨ ਤੋਂ ਪਹਿਲਾਂ ‘ਭਾਗ ਪਹਿਲਾ’ ਨੂੰ ਪੜ੍ਹਨ ਉਪਰੰਤ ਪੁੱਛੇ ਗਏ ਤਿੰਨ ਕੁ ਸਵਾਲ ਵਿਚਾਰ ਲੈਣੇ ਜ਼ਰੂਰੀ ਹਨ।

ਸਵਾਲ ਪਹਿਲਾ : ‘ਬੇੜੀ ’ਚ ਪੱਥਰ ਭਰਨ’ ਤੋਂ ਕੀ ਭਾਵ ਹੈ ?

ਜਵਾਬ : ਇੱਕ ਨਸ਼ੇੜੀ ਦੀ ਨਸ਼ਾ ਛੱਡਣ ’ਚ ਮਦਦ ਕਰੀਏ, ਪਰ ਉਹ ਸਹਿਯੋਗ ਨਾ ਕਰੇ ਤਾਂ ਉਹ ਖ਼ੁਦ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ। ਇਸੇ ਤਰ੍ਹਾਂ ਜੇਕਰ ਅਨੇਕਾਂ ਸਮਾਜਿਕ ਮਿਸਾਲਾਂ ਦੇ ਦੇ ਕੇ ਸਰਲ ਤੇ ਸਪਸ਼ਟ ਕੀਤੀ ਗੁਰਮਤਿ ਨੂੰ ਸਮਝਣ ’ਚ ਸਿੱਖ ਅਸਫਲ ਹੈ ਤਾਂ ਉਹ ਕਾਹਦਾ ਸਿੱਖ ? ਉਹ, ਗੁਰੂ ਦਾ ਪੈਰੋਕਾਰ ਨਹੀਂ ਬਣ ਸਕਦਾ ਭਾਵੇਂ ਸਿੱਖੀ ਲਿਬਾਸ ਧਾਰਨ ਕੀਤਾ ਹੋਵੇ। ਸਮਝੋ ਉਹ ਆਪਣੀ ਜੀਵਨ-ਬੇੜੀ ’ਚ ਪੱਥਰ ਭਰ ਸੰਸਾਰ-ਸਮੁੰਦਰ ’ਚ ਡੋਬ ਰਿਹਾ ਹੈ।

ਸਵਾਲ ਦੂਜਾ : ਕੀ ਅਕਾਲ ਪੁਰਖ ਦਾ ਹੁਕਮ ਤੇ ਕੁਦਰਤ ਦਾ ਨਿਯਮ ਇਕੋ ਹਨ; ਜੈਸਾ ਕਿ ਕੁਝ ਸਿੱਖ ਪ੍ਰਚਾਰਕ ਕਹਿੰਦੇ ਹਨ ?

ਜਵਾਬ : ਕੁਦਰਤ ਦਾ ਨਿਯਮ ਤੇ ਇਲਾਹੀ ਹੁਕਮ; ਦੋਵੇਂ ਅਕਾਲ ਪੁਰਖ ਦੇ ਸੁਭਾਅ/ਮਰਜ਼ੀ (ਜਾਂ ਖੇਡ) ਦਾ ਹਿੱਸਾ ਹਨ। ਕੁਦਰਤੀ ਨਿਯਮ ਦਾ ਸਬੰਧ ਜਿੱਥੇ ਸਾਰੇ ਜੀਵ-ਜੰਤ, ਬਨਸਪਤੀ, ਖੰਡ-ਬ੍ਰਹਿਮੰਡ, ਆਦਿ ਨਾਲ਼ ਹੈ; ਓਥੇ ਹੁਕਮ ਦਾ ਸਬੰਧ ਕੇਵਲ ਮਨੁੱਖ ਜਾਤੀ ਨਾਲ਼ ਹੈ। ਗੁਰਬਾਣੀ ’ਚ ਇਨ੍ਹਾਂ ਦੋਵਾਂ ਨੂੰ ਅਲੱਗ-ਅਲੱਗ ਵਿਸਥਾਰ ਸਹਿਤ ਸਮਝਾਇਆ ਹੈ; ਜਿਵੇਂ ਕਿ

(). ਕੁਦਰਤੀ ਨਿਯਮ : ਕੁਦਰਤ ਦਾ ਨਿਯਮ ਦੋ ਆਪਾ ਵਿਰੋਧੀ ਸ਼ਕਤੀਆਂ ਦਾ ਸੁਮੇਲ ਹੈ; ਜੈਸਾ ਕਿ ਹਰ ਲੱਕੜ ’ਚ ਅੱਗ ਹੈ, ਫਿਰ ਭੀ ਲੱਕੜ ਨੂੰ ਨਹੀਂ ਜਲਾਉਂਦੀ। ਧਰਤੀ ਉੱਤੇ ਤਿੰਨ ਹਿੱਸੇ ਪਾਣੀ (ਸਮੁੰਦਰ) ਹੈ, ਫਿਰ ਭੀ ਧਰਤੀ (ਮਿੱਟੀ) ਨੂੰ ਆਪਣੇ ਅੰਦਰ ਨਹੀਂ ਘੋਲ਼ਦਾ/ਡੋਬਦਾ। ਗੁਰਬਾਣੀ ਦੇ ਬੋਲ ਹਨ, ‘‘ੲੰੀਧਨ ਤੇ ਬੈਸੰਤਰੁ ਭਾਗੈ ਮਾਟੀ ਕਉ ਜਲੁ ਦਹ ਦਿਸ ਤਿਆਗੈ ’’ (ਮਹਲਾ /੯੦੦) ਅਰਥ : ਲੱਕੜ ਤੋਂ ਅੱਗ ਭੱਜਦੀ ਹੈ ਭਾਵ ਲੱਕੜ ਨੂੰ ਨਹੀਂ ਸਾੜਦੀ (ਜਦ ਤੱਕ ਬਾਹਰੋਂ ਮਾਚਸ/ਤੀਲੀ ਨਾ ਲਾਈ ਜਾਏ)। ਪਾਣੀ; ਧਰਤੀ ਨੂੰ ਦਸੇ ਪਾਸਿਓਂ ਤਿਆਗਦਾ ਹੈ ਯਾਨੀ ਧਰਤੀ ਦੇ ਹਰ ਪਾਸੇ ਪਾਣੀ ਹੈ; ਫਿਰ ਭੀ ਧਰਤੀ ਨੂੰ ਆਪਣੇ ਤੋਂ ਬਾਹਰ (ਅਛੋਹ) ਰੱਖਦਾ ਹੈ (ਜਿਵੇਂ ਪਾਣੀ ’ਚ ਕਮਲ-ਫੁੱਲ ਅਛੋਹ ਹੁੰਦਾ ਹੈ ‘‘ਜਿਉ ਕਮਲੁ ਰਹੈ ਵਿਚਿ ਪਾਣੀ ਹੇ (ਮਹਲਾ /੧੦੭੦), ਜੈਸੇ ਜਲ ਮਹਿ ਕਮਲ ਅਲੇਪ ’’ ਸੁਖਮਨੀ/ਮਹਲਾ /੨੭੨)

ਨੋਟ : ‘ਦਹ ਦਿਸ’ ਦਾ ਅਰਥ ਹੈ : 10 ਦਿਸ਼ਾਵਾਂ (ਚਾਰ ਹਨ ‘ਪੂਰਵ, ਪੱਛਮ, ਉੱਤਰ ਤੇ ਦੱਖਣ’; ਚਾਰ ਇਨ੍ਹਾਂ ਦੇ ਕੋਨੇ ‘ਪੂਰਵ-ਉੱਤਰ, ਉੱਤਰ-ਪੱਛਮ, ਪੱਛਮ-ਦੱਖਣ, ਦੱਖਣ-ਪੂਰਵ’; ਹੇਠਲਾ ਪਾਸਾ ਤੇ ਉਪਰਲਾ ਹਿੱਸਾ)।

ਮੈਡੀਕਲ ਸਾਇੰਸ ਮੁਤਾਬਕ ਭੀ ਸਰੀਰ ਅੰਦਰ ਅਨੇਕਾਂ ਆਪਾ ਵਿਰੋਧੀ ਸ਼ਕਤੀਆਂ ਹਨ; ਜਿਵੇਂ ਕਿ (ੳ). ‘ਚੰਗਾ ਕੋਲੇਸਟ੍ਰੋਲ (HDL) ਬਨਾਮ ਮਾੜਾ ਕੋਲੇਸਟ੍ਰੋਲ (LDL); ਜਿਨ੍ਹਾਂ ਦਾ ਅਨੁਪਾਤ 1:2 ਹੁੰਦਾ ਹੈ ਯਾਨੀ ਇੱਕ ਤੰਦਰੁਸਤ ਸਰੀਰ ’ਚ HDL=35-70 ਤੇ LDL=130 (ਦੁੱਗਣਾ) ਹੋਣਾ ਜ਼ਰੂਰੀ ਹੈ। ਸਰੀਰ ਅੰਦਰ ਇਹ ਦੋਵੇਂ ਪਰਸਪਰ ਵਿਰੋਧੀ ਕਾਰਜ ਕਰਦੇ ਹਨ। (ਅ). ਸ਼ੂਗਰ ਨੂੰ ਨਿਯੰਤਰਨ ਰੱਖਣ ਲਈ ਦੋ ਹਾਰਮੋਨ [ਇਨਸੁਲੀਨ ਤੇ ਗਲੂਕਾਗਨ/insulin and glucagon, ਜੋ ਕਿ ਇੱਕੋ ਸਰੀਰਕ ਅੰਗ (ਪੈਨਕ੍ਰੀਅਸ/pancreas) ਤੋਂ ਬੀਟਾ ਸੈੱਲ ਤੇ ਅਲਫ਼ਾ ਸੈੱਲ ਰਾਹੀਂ ਬਣ ਕੇ 90 ਤੋਂ 120 ਦਿਨਾਂ ’ਚ ਮਰ ਜਾਂਦੇ ਹਨ]; ਆਪਸੀ ਜੁੱਧ ਹੀ ਕਰਦੇ ਹਨ ਤਾਹੀਓਂ ਸ਼ੂਗਰ ਦਾ ਅਸਲ ਪੱਧਰ; ਤਿੰਨ ਮਹੀਨਿਆਂ ਵਾਲ਼ੀ ਖ਼ੂਨ ਜਾਂਚ ਨਾਲ਼ ਸਾਮ੍ਹਣੇ ਆਉਂਦਾ ਹੈ। ਸਰੀਰ ਅੰਦਰਲੇ ਇਹ ਸੰਘਰਸ਼ ਹੀ ਜਿਗਰ/ਲੀਵਰ, ਦਿਲ, ਗੁਰਦਾ/ਕਿਡਨੀ, ਪੱਠੇ/ਮਾਂਸਪੇਸ਼ੀਆਂ, ਆਦਿ ਨੂੰ ਮਜ਼ਬੂਤ ਰੱਖਦੇ ਹਨ।

ਮਨ ਭੀ ਦੋ ਆਪਾ ਵਿਰੋਧੀ ਸ਼ਕਤੀਆਂ (ਸੰਕਲਪ/ਵਿਕਲਪ) ਦਾ ਸੁਮੇਲ ਹੈ। ਸੰਕਲਪ ਤੋਂ ਭਾਵ ‘ਨਵੇਂ ਵਿਚਾਰ ਪੈਦਾ ਹੋਣੇ’ ਤੇ ਵਿਕਲਪ ਤੋਂ ਭਾਵ ‘ਉਨ੍ਹਾਂ ਨੂੰ ਮਾਰਨਾ’ ਯਾਨੀ ਉਨ੍ਹਾਂ ’ਤੇ ਦ੍ਰਿੜ੍ਹ ਨਾ ਰਹਿਣ ਦੇਣਾ। ਵਿਕਲਪ ਨੂੰ ਦੁਬਿਧਾ/ਭਰਮ ਭੀ ਕਿਹਾ ਹੈ। ਵਿਕਲਪ ਦੇ ਭਾਰੂਪਣ ਕਾਰਨ ਮਨਮੁਖ; ਸਦਾ ਦੁਚਿੱਤੀ ’ਚ ਹੁੰਦਾ ਹੈ। ਜ਼ਿੰਦਗੀ ਦਾ ਕੋਈ ਟੀਚਾ ਨਹੀਂ ਚੁਣ ਸਕਦਾ। ਇਹ ਅਸਪਸ਼ਟਤਾ/ਅਗਿਆਨਤਾ/ਹਨ੍ਹੇਰਾ ਹੀ ‘ਕੂੜ ਦੀ ਪਾਲਿ’ ਹੈ।

ਖਗੋਲ ਵਿਗਿਆਨ ਅਨੁਸਾਰ ਭੀ ਅਕਾਸ਼ ਗੰਗਾ ’ਚ 68.3% ਡਾਰਕ ਐਨਰਜੀ (Dark Energy) ਹੈ ਤੇ 26.8% ਡਾਰਕ ਮੈਟਰ (Dark Matter); ਜੋ ਪਰਸਪਰ ਵਿਰੋਧੀ ਸ਼ਕਤੀਆਂ ਹਨ। ਡਾਰਕ ਐਨਰਜੀ; ਰੌਸ਼ਨੀ ਦੀ ਗਤੀ (2,99,792 ਕਿਲੋਮੀਟਰ ਪ੍ਰਤੀ ਸਕਿੰਟ) ਨਾਲ਼ 4.9% ਤਾਰਿਆਂ ਦੇ ਝੁੰਡ (Galaxies) ਨੂੰ ਬਾਹਰ ਧਕੇਲ ਰਹੀ ਹੈ ਜਦ ਕਿ ਡਾਰਕ ਮੈਟਰ; ਆਪਣੇ ਗੁਰੁਤਾਕਰਸ਼ਨ ਬਲ (Gravity) ਨਾਲ਼ ਇਨ੍ਹਾਂ ਤਾਰਿਆਂ ਨੂੰ ਆਪਣੇ ਕੇਂਦਰ (ਬਲੈਕ ਹੋਲ) ਵੱਲ ਖਿੱਚ ਰਿਹਾ ਹੈ। ਤਾਰਿਆਂ ’ਚ ਸਮਾਨ ਦੂਰੀ ਗੁਰੁਤਾਕਰਸ਼ਨ ਬਲ ਕਾਰਨ ਰਹਿੰਦੀ ਹੈ ਤਾਹੀਓ ਸੂਰਜ ਤੋਂ ਧਰਤੀ ਤੇ ਧਰਤੀ ਤੋਂ ਚੰਦ ਹੋਰ ਦੂਰ ਨਹੀਂ ਜਾਂਦੇ; ਨਹੀਂ ਤਾਂ ਡਾਰਕ ਐਨਰਜੀ ਦੇ ਫੈਲਾਅ ਨੇ ਸਭ ਨੂੰ ਨਿਖੇੜ ਦੇਣਾ ਸੀ।

ਨੋਟ : ‘ਬਲੈਕ ਹੋਲ’; ਇੱਕ ਸੁਰੰਗ ਨਹੀਂ ਬਲਕਿ ਬਹੁਤ ਹੀ ਵਜ਼ਨਦਾਰ ਅਦ੍ਰਿਸ਼ ਪਦਾਰਥ ਹੈ, ਤਾਰਾ/ਗ੍ਰਹਿ ਹੈ। ਡਾਰਕ ਐਨਰਜੀ; ਤਾਰਿਆਂ ਨੂੰ ਜਦ ਬਾਹਰ ਧੱਕਦੀ ਹੈ ਤਾਂ ਡਾਰਕ ਮੈਟਰ; ਉਨ੍ਹਾਂ ਨੂੰ ਆਪਣੇ ਕੇਂਦਰ ਵੱਲ ਖਿੱਚਦਾ ਹੈ; ਇਹੀ ਪਰਸਪਰ ਦਬਾਅ ਗਲੈਕਸੀਆਂ (ਤਾਰਿਆਂ) ਨੂੰ ਆਪਣੇ-ਆਪਣੇ ਧੁਰੇ ਦੁਆਲੇ ਅਤੇ ਬਲੈਕ ਹੋਲ (ਗਲੈਕਸੀ ਦੇ ਕੇਂਦਰ) ਚੁਫੇਰੇ ਚੱਕਰ ਲਾਉਣ ਲਈ ਮਜਬੂਰ ਕਰਦਾ ਹੈ। ਤਾਰਿਆਂ ਦਾ ਇਹ ਘੁਮਾ ਜੇ ਰੁਕ ਜਾਏ ਤਾਂ ਬ੍ਰਹਿਮੰਡ ਮਰ ਜਾਏਗਾ; ਜਿਵੇਂ ਕਿ ਸਰੀਰ ਦੇ ਕਿਸੇ ਅੰਗ ਦੇ ਹਰਕਤ ਨਾ ਕਰਨ ਨਾਲ਼ ਉਹ ਮਰ ਜਾਂ ਨਕਾਰਾ/ਅਪਾਹਜ ਹੋ ਜਾਂਦਾ ਹੈ।

ਬ੍ਰਹਿਮੰਡ ’ਚ ਵਾਪਰਦਾ ਇਹ ਆਪਾ ਵਿਰੋਧੀ ਵਤੀਰਾ ਹੀ ਕੁਦਰਤ ਦਾ ਨਿਯਮ ਹੈ। ਭਗਤ ਕਬੀਰ ਜੀ; ਪੰਡਿਤ ਨੂੰ ਇਹੀ ਸਮਝਾ ਰਹੇ ਹਨ, ‘‘ਓਇ ਜੁ ਦੀਸਹਿ; ਅੰਬਰਿ (’) ਤਾਰੇ ਕਿਨਿ ਓਇ ਚੀਤੇ; ਚੀਤਨਹਾਰੇ  ? ਕਹੁ ਰੇ ਪੰਡਿਤ  ! ਅੰਬਰੁ ਕਾ ਸਿਉ ਲਾਗਾ ? ਬੂਝੈ; ਬੂਝਨਹਾਰੁ ਸਭਾਗਾ ਰਹਾਉ ’’ (ਭਗਤ ਕਬੀਰ/੩੨੯) ਅਰਥ : ਹੇ ਪੰਡਿਤ ! (ਜੇ ਨਿਰਜਿੰਦ ਪੱਥਰ ਹੀ ਭਗਵਾਨ ਹੈ ਤਾਂ ਮੈਨੂੰ) ਸਮਝਾਅ ਕਿ ਅਕਾਸ਼ ’ਚ ਜੋ ਉਹ ਤਾਰੇ ਵਿਖਾਈ ਦਿੰਦੇ ਹਨ, ਉਹ ਕਿਸ ਕਾਰੀਗਰ ਨੇ ਬਣਾਏ ਤੇ ਕਿਸ ਦੇ ਆਸਰੇ ਤਣੇ ਹੋਏ ਹਨ ? ਚੰਗੇ ਭਾਗਾਂ ਵਾਲ਼ਾ ਕੋਈ ਬਿਬੇਕੀ ਇਹ ਰਾਜ਼ ਜਾਣਦਾ ਹੈ। ਇਸ ਸਚਾਈ ਨੂੰ ਭਗਤ ਪੀਪਾ ਜੀ ਨੇ ਇਉਂ ਬਿਆਨ ਕੀਤਾ, ‘‘ਜੋ ਬ੍ਰਹਮੰਡੇ, ਸੋਈ ਪਿੰਡੇ; ਜੋ ਖੋਜੈ, ਸੋ ਪਾਵੈ ’’ (ਭਗਤ ਪੀਪਾ/੬੯੫) ਭਾਵ ਜੋ ਅਦ੍ਰਿਸ਼ ਸ਼ਕਤੀ; ਬ੍ਰਹਿਮੰਡ ਵਿਖੇ ਕਾਰਜਸ਼ੀਲ ਹੈ, ਉਹੀ ਸਰੀਰ ਅੰਦਰ ਕਿਰਿਆਸ਼ੀਲ ਹੈ।

ਭੋਜਨ ਨਾਲ਼ ਸਰੀਰ ਅੰਦਰ 41% ਲਾਲ ਸੈੱਲ ਤੇ 4% ਸਫ਼ੈਦ ਸੈੱਲ (ਅੰਦਰੂਨੀ ਰੱਖਿਆ ਕੱਵਚ/immunity, 55% ਪਲਾਜ਼ਮਾ) ਬਣਦੇ ਹਨ; ਐਸੇ ਹੀ ਅਕਾਸ਼ ਗੰਗਾ ’ਚ ਬਲੈਕ ਹੋਲ ਦੇ ਉਲ਼ਟ ਸਫ਼ੈਦ ਹੋਲ ਹਨ। ਬਲੈਕ ਹੋਲ; ਪਦਾਰਥਾਂ (ਤਾਰਿਆਂ) ਨੂੰ ਖਾਂਦੇ ਹਨ ਤੇ ਸਫ਼ੈਦ ਹੋਲ; ਹੋਰ ਤਾਰੇ (immunity) ਬਣਾਉਂਦੇ ਹਨ। ਐਸਾ ਕਿਹਾ ਜਾਂਦਾ ਹੈ ਕਿ ਬਲੈਕ ਹੋਲ ਮਰ ਕੇ ਸਫ਼ੈਦ ਹੋਲ ਬਣਦਾ ਹੈ। ਬਲੈਕ ਹੋਲ ਵਾਲ਼ੇ ਦਬਾਅ/ਖਿਚਾਅ ਨਾਲ਼ ਡਾਰਕ ਮੈਟਰ ਬਣਦਾ ਹੈ ਤੇ ਸਫ਼ੈਦ ਹੋਲ ਵਾਲ਼ੇ ਦਬਾਅ (ਫੁਹਾਰੇ) ਨਾਲ਼ ਡਾਰਕ ਐਨਰਜੀ। ਬਿਗ ਬੈਂਗ ਧਮਾਕਾ ਭੀ ਸ਼ਾਇਦ ਸਫ਼ੈਦ ਹੋਲ ’ਚ ਹੋਇਆ ਸੀ। ਇਸੇ ਤਰ੍ਹਾਂ ਬਿਮਾਰੀਆਂ ਨਾਲ਼ ਲੜਨ ਲਈ ਸਫ਼ੈਦ ਹੋਲ (ਸਫ਼ੈਦ ਸੈੱਲ); ਸਰੀਰ ਅੰਦਰ ਰੱਖਿਆ ਕੱਵਚ ਬਣਾਉਂਦੇ ਹਨ। ਗੁਰਬਾਣੀ ਦੇ ਬੋਲ ਹਨ, ‘‘ਜੋ ਬਾਹਰਿ; ਸੋ ਭੀਤਰਿ ਜਾਨਿਆ ਭਇਆ ਭੇਦੁ (ਰਾਜ਼); ਭੂਪਤਿ ਪਹਿਚਾਨਿਆ (ਭਗਤ ਕਬੀਰ/੩੪੨), ਬਾਹਰਿ ਭੀਤਰਿ ਏਕੋ ਜਾਨਹੁ; ਇਹੁ ਗੁਰ ਗਿਆਨੁ ਬਤਾਈ ’’ (ਮਹਲਾ /੬੮੪) ਅਰਥ : ਸਰੀਰ ਦੇ ਅੰਦਰ ਤੇ ਬਾਹਰ ਇੱਕੋ ਅਕਾਲ ਪੁਰਖ (ਦੀ ਸ਼ਕਤੀ) ਨੂੰ ਗਤੀਮਾਨ ਜਾਣਨਾ ਹੈ; ਗੁਰੂ ਦਾ ਗਿਆਨ ਇਹੀ ਰਾਜ਼ ਖੋਲ੍ਹਦਾ ਹੈ।

ਸੋ ਅਕਾਸ਼ ਗੰਗਾ ’ਚ ਅਨੇਕਾਂ ਆਪਾ ਵਿਰੋਧੀ ਕਣ, ਗੈਸਾਂ ਆਦਿ; ਆਪਸ ’ਚ ਟਕਰਾਅ-ਟਕਰਾਅ (ਮਰ-ਮਰ ਕੇ) ਨਵੇਂ ਰੂਪ ਧਾਰਦੇ ਰਹਿੰਦੇ ਹਨ ਤੇ ਸਰੀਰ ਅੰਦਰ ਤਕਰੀਬਨ ਤਿੰਨ ਲੱਖ ਕਰੋੜ (300 ਖਰਬ/3,00,00,00,00,00,000) ਸੈੱਲ ਹਨ, ਜੋ ਆਪਸ ’ਚ ਸੰਘਰਸ਼ ਕਰ ਕਰ ਮਰਦੇ ਤੇ ਨਵੇਂ ਜਨਮ ਲੈਂਦੇ ਰਹਿੰਦੇ ਹਨ। ਪੂਰੇ ਬ੍ਰਹਿਮੰਡ ’ਚ ਨਿਰੰਤਰ ਵਾਪਰਦਾ ਇਹ ਵਿਸ਼ਾਲ ਦਵੈਤ ਹੀ ‘ਕੁਦਰਤ ਦਾ ਨਿਯਮ’ ਹੈ। ਇੱਥੇ ਇਹ ਪੱਖ ਭੀ ਵਿਚਾਰਨਾ ਜ਼ਰੂਰੀ ਕਿ ਕੁਦਰਤ ਨੂੰ ਰਚਨਹਾਰ (ਦਾਤਾਰ-ਪਿਤਾ) ਨੇ ਆਪਣੇ ਇਸ ਨਿਯਮ ਵਿਰੁੱਧ ਭੀ ਸੰਖੇਪ ਜਿਹਾ ਇੱਕ ਹੋਰ ਅਨੋਖਾ ਨਿਯਮ ਬਣਾ ਰੱਖਿਆ ਹੈ ਤਾਂ ਜੋ ਕੁਦਰਤ ਅੰਦਰ ਲੁਪਤ ਰੂਪ ’ਚ ਗਤੀਸ਼ੀਲ ਸ਼ਕਤੀ (ੴ) ਨੂੰ ਗੁਰੂ ਗਿਆਨ ਨਾਲ਼ ਸੁਜਾਖਾ ਹੋਇਆ ਭਗਤ, ਪਹਿਚਾਣ ਸਕੇ; ਜਿਵੇਂ ਕਿ ਹਰ ਮਾਦਾ (ਔਰਤ), ਬੱਚੇ ਨੂੰ ਜਨਮ ਦਿੰਦੀ ਹੈ, ਪਰ ਸਮੁੰਦਰੀ ਘੋੜਿਆਂ ’ਚ ਇੱਕ ਐਸੀ ਨਸਲ ਹੈ, ਜਿਸ ਦਾ ਨਰ; ਬੱਚੇ ਨੂੰ ਜਨਮ ਦਿੰਦਾ ਹੈ। ਲੈਟਿਨ ਅਮਰੀਕਾ (Latin America) ਵਿਖੇ ਉਗਣ ਵਾਲ਼ਾ ਸੁਕਰਾਤ ਐਕਸੋਰਾਇਜਾ ਦਰਖ਼ਤ (socratea exorrhiza tree); ਹਰ ਦਿਨ 2-3 ਸੈਂਟੀਮੀਟਰ ਚੱਲਦਾ ਹੈ, ਜੋ ਬਨਸਪਤੀ-ਨਿਯਮ ਦੇ ਵਿਰੁੱਧ ਹੈ। ਬ੍ਰਹਿਮੰਡ ਅੰਦਰ ਬਹੁਤਾਤ ਤਾਰੇ; ਘੜੀ ਦੀਆਂ ਸੂਈਆਂ ਦੇ ਵਿਪਰੀਤ (Anti clock wise) ਘੁੰਮਦੇ ਹਨ, ਪਰ ਬਹੁਤ ਥੋੜ੍ਹੇ ਇਸ ਨਿਯਮ ਦੇ ਉਲ਼ਟ (Clock wise) ਭੀ ਘੁੰਮਦੇ ਹਨ; ਜਿਵੇਂ ਕਿ ਸਾਡੇ ਸੂਰਜ ਪਰਵਾਰ ’ਚ ਦੂਸਰਾ ਸ਼ੁਕਰ (Venus) ਤੇ 7ਵਾਂ ਯੂਰੇਨਸ (Uranus) ਗ੍ਰਹਿ ਹਨ। ਇਸੇ ਤਰ੍ਹਾਂ ਚੰਦਨ; ਸਾਰੀ ਬਨਸਪਤੀ ਨੂੰ ਆਪਣੀ ਵਾਸਨਾ ਦਿੰਦਾ, ਮੰਨਿਆ ਗਿਆ, ਪਰ ਬਾਂਸ ਨੂੰ ਮਹਿਕ ਨਹੀਂ ਦੇ ਸਕਦਾ, ‘‘ਚੰਦਨ ਕੈ ਨਿਕਟੇ ਬਸੈ; ਬਾਂਸੁ ਸੁਗੰਧੁ ਹੋਇ ’’ (ਭਗਤ ਕਬੀਰ/੧੩੬੫), ਆਦਿ।

ਨੋਟ : ਜੇਕਰ ਕੁਦਰਤ ਦਾ ਨਿਯਮ; ਇੱਕ ਸਮਾਨ ਹੁੰਦਾ ਭਾਵ ਸਮੁੰਦਰੀ ਘੋੜਾ (ਨਰ) ਭੀ ਬੱਚਿਆਂ ਨੂੰ ਜਨਮ ਨਾ ਦਿੰਦਾ। ਚੰਦਨ; ਬਾਂਸ ਨੂੰ ਭੀ ਸੁਗੰਧਿਤ ਕਰਦਾ। ਸ਼ੁਕਰ ਤੇ ਯੂਰੇਨਸ ਗ੍ਰਹਿ ਭੀ ਬਾਕੀ ਗ੍ਰਹਿ ਵਾਂਗ ਇੱਕੋ ਦਿਸ਼ਾ ਵੱਲ ਘੁੰਮਦੇ, ਆਦਿ; ਤਾਂ ਮੰਨਿਆ ਜਾ ਸਕਦਾ ਸੀ ਕਿ ਕੁਦਰਤ ਦੇ ਪਿੱਛੇ ਕੋਈ ਅਦ੍ਰਿਸ਼-ਸ਼ਕਤੀ (ੴ) ਕਾਰਜਸ਼ੀਲ ਨਹੀਂ ਹੈ।

ਇੱਕ ਸੈਲਾਨੀ (Tourist) ਜਿੱਥੇ ਕੁਦਰਤ ਦੀ ਬਾਹਰਲੀ ਸੁੰਦਰਤਾ (ਦ੍ਰਿਸ਼) ਨੂੰ ਲੱਭਦਾ ਹੈ; ਓਥੇ ਭਗਤ, ਕੁਦਰਤ ਦੇ ਇਨ੍ਹਾਂ ਆਪਾ ਵਿਰੋਧੀ ਵਤੀਰਿਆਂ ਅੰਦਰ ਗਤੀਸ਼ੀਲ ਸ਼ਕਤੀ (ੴ) ਨੂੰ ਪਾਉਂਦਾ ਹੈ, ਉਸ ਤੋਂ ਬਲਿਹਾਰ ਜਾਂਦਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਦੇ ਬੋਲ ਹਨ, ‘‘ਬਲਿਹਾਰੀ, ਕੁਦਰਤਿ ਵਸਿਆ ਤੇਰਾ, ਅੰਤੁ ਜਾਈ ਲਖਿਆ ਰਹਾਉ ’’ (ਮਹਲਾ /੪੬੯) ਇਸ ਵਾਕ ’ਚ ਸੈਲਾਨੀ ਵਾਂਗ ਕੁਦਰਤ ਤੋਂ ਬਲਿਹਾਰ ਹੋਣ ਲਈ ਨਹੀਂ ਕਿਹਾ; ਜੈਸਾ ਕਿ ਕੁੱਝ ਸਿੱਖ ਪ੍ਰਚਾਰਕ ਭਰਮ ਕਾਰਨ ਐਸਾ ਬੋਲਦੇ ਹਨ ਬਲਕਿ ਜੋ ਕੁਦਰਤ ਅੰਦਰ ਲੁਪਤ ਰੂਪ ’ਚ ਵਸਿਆ ਹੈ, ਸਮਾਇਆ ਹੈ ਭਾਵ ਜਿਸ ਨੇ ਦੋ ਆਪਾ ਵਿਰੋਧੀ ਸ਼ਕਤੀਆਂ ਨੂੰ ਇੱਕ ਥਾਂ ਮੇਲ ਰੱਖਿਆ ਹੈ; ਉਸ ਤੋਂ ਕੁਰਬਾਨ ਜਾਣ ਲਈ ਕਿਹਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਦੇ ਹੀ ਬੋਲ ਹਨ, ‘‘ਕੁਦਰਤਿ ਕਰਿ ਕੈ; ਵਸਿਆ ਸੋਇ ਵਖਤੁ ਵੀਚਾਰੇ; ਸੁ ਬੰਦਾ ਹੋਇ .. ਸਿਦਕੁ ਕਰਿ ਸਿਜਦਾ; ਮਨੁ ਕਰਿ ਮਖਸੂਦੁ ਜਿਹ ਧਿਰਿ ਦੇਖਾ; ਤਿਹ ਧਿਰਿ ਮਉਜੂਦੁ ’’ (ਮਹਲਾ /੮੪) ਅਰਥ : ਕਰਤਾਰ; ਕੁਦਰਤ ਨੂੰ ਬਣਾ ਕੇ ਇਸ ਅੰਦਰ ਵਸਿਆ ਹੈ, ਸਮਾਇਆ ਹੋਇਆ ਹੈ। ਜੋ ਸਮਾਂ ਰਹਿੰਦੇ ਭਾਵ ਇਸੇ ਜਨਮ ’ਚ ਉਸ ਨੂੰ ਜਾਣ ਲੈਂਦਾ ਹੈ; ਓਹੀ ਸੱਚਾ ਸੇਵਕ (ਬੰਦਾ) ਹੈ। (ਹੇ ਬੰਦੇ !) ਉਸ ’ਤੇ ਭਰੋਸਾ ਕਰ; ਇਹੀ ਹੈ ਉਸ ਅੱਗੇ ਸਿਰ ਝੁਕਾਉਣਾ/ਉਸ ਤੋਂ ਬਲਿਹਾਰ ਜਾਣਾ (ਸਿਦਕੁ ਕਰਿ ਸਿਜਦਾ/ਇਹੀ ਸੰਦੇਸ਼ ਇਸ ਵਾਕ ’ਚ ਹੈ, ‘‘ਤੁਧ ਨੋ ਨਿਵਣੁ; ਮੰਨਣੁ ਤੇਰਾ ਨਾਉ ਤਾ ਸੁਣਿ ਸਦਿ ਬਹਾਲੇ ਪਾਸਿ ’’ (ਮਹਲਾ /੮੭੮) ਭਾਵ ਤੇਰਾ ਨਾਉਂ/ਵਜੂਦ ਨੂੰ ਸਵੀਕਾਰਨਾ ਹੀ ਤੇਰੇ ਅੱਗੇ ਝੁਕਣਾ ਹੈ। ਫਿਰ ਉਸ ਨੂੰ ਪ੍ਰਭੂ ਆਪਣੇ ਕੋਲ਼ ਬੁਲਾ ਕੇ ਬੈਠਾਉਂਦਾ ਹੈ); ਭਟਕਦੇ ਮਨ ਨੂੰ ਸਥਿਰ ਕਰਨਾ; ਟੀਚਾ ਬਣਾ (ਮਨੁ ਕਰਿ ਮਖਸੂਦੁ) [ਨੋਟ : ਇਹੀ ਪੈਗ਼ਾਮ ਇਸ ਵਾਕ ’ਚ ਹੈ, ‘‘ਸੁਰਤਿ ਧੁਨਿ ਚੇਲਾ ’’ (ਮਹਲਾ /੯੪੩) ਭਾਵ ਧਿਆਨ ਦੀ ਇਕਾਗਰਤਾ ਹੀ ਚੇਲਾ ਹੈ, ਸਿੱਖ ਹੈ]। ਫਿਰ ਜਿੱਧਰ ਭੀ ਨਜ਼ਰ ਮਾਰੇਂਗਾ; ਓਧਰ ਹੀ ਅੱਲ੍ਹਾ ਨਜ਼ਰ ਆਏਗਾ (ਨਾ ਕਿ ਕੇਵਲ ਮਸਜਿਦ ’ਚ ਕਿਉਂਕਿ ਉਹ ਕਣ-ਕਣ ’ਚ ਵਿਆਪਕ ਹੈ, ਨਾ ਕਿ ਸੈਲਾਨੀ ਵਾਂਗ ਕਿਸੇ ਖ਼ਾਸ ਜਗ੍ਹਾ ਤੋਂ ਪ੍ਰਸੰਨ ਹੋਣਾ ਪਏਗਾ)।

(). ਅਕਾਲ ਪੁਰਖ ਦਾ ਹੁਕਮ : ਸੰਸਾਰ-ਸਮੁੰਦਰ; ਇੱਕ ਐਸੀ ਘੁੰਮਣਘੇਰੀ ਹੈ, ਜਿਸ ਵਿੱਚ ਹਰ ਸ਼ਕਤੀ (ਦ੍ਰਿਸ਼ ਤੇ ਅਦ੍ਰਿਸ਼) ਲੜਦੀ, ਮਰਦੀ, ਫਿਰ ਜਨਮ ਲੈਂਦੀ ਹੈ। ਇਹੀ ਕੁਦਰਤ ਦੇ ਵਿਕਾਸ ਦਾ ਆਧਾਰ ਹੈ। ਅਕਸਰ ਕਿਹਾ ਭੀ ਜਾਂਦਾ ਹੈ ਕਿ ‘ਸੰਘਰਸ਼ ਹੀ ਜੀਵਨ’ ਹੈ। ਕੁਦਰਤ ਦੇ ਇਸ ਸੰਘਰਸ਼ਮਈ ਵਿਧਾਨ ’ਚੋਂ ਕਿਸੇ ਖ਼ਾਸ (ਭਾਗਾਂ ਵਾਲ਼ੇ) ਨੂੰ ਗੁਰੂ ਦੇ ਲੜ ਲਗਾ ਕੇ ਅਚਾਨਕ ਵੱਖ ਕਰਨਾ; ਕਰਤਾਰ ਦਾ ਵਿਸ਼ੇਸ਼ ਨਿਯਮ ਹੈ। ਇਸ ਉਪਕਾਰ ਨੂੰ ਭਗਤ ਸਦਾ ਯਾਦ ਰੱਖੇ; ਇਸ ਲਈ ਇਸ ਨੂੰ ਕਰਤਾਰ ਦਾ ਹੁਕਮ ਕਿਹਾ ਕਿਉਂਕਿ ਇਹ ਸੁਵਿਧਾ; ਹਰ ਜੂਨ ਵਾਸਤੇ ਨਹੀਂ ਹੁੰਦੀ।

ਕਰਤਾਰ ਦਾ ਹੁਕਮ; ਇੱਕੋ ਜ਼ਿੰਦਗੀ ’ਚ ਕੁਦਰਤੀ ਨਿਯਮ ਵਾਂਗ ਇੱਕੋ ਸਮੇਂ ਆਪਾ ਵਿਰੋਧੀ ਨਹੀਂ ਘਟਦਾ/ਵਾਪਰਦਾ। ਇੱਕ ਬੰਦਾ ਹੁਕਮ ’ਚ ਸੁਖੀ ਹੈ, ਅਨੰਦ ਮਾਣਦਾ ਹੈ ਤੇ ਦੂਸਰਾ ਉਸੇ ਦੇ ਹੁਕਮ ’ਚ ਦੁਖੀ ਤੇ ਬੇਚੈਨ ਹੈ; ਜਿਵੇਂ ਕਿ ਬਚਨ ਹਨ, ‘‘ਇਕਿ ਨਿਹਾਲੀ ਪੈ ਸਵਨਿ੍; ਇਕਿ ਉਪਰਿ ਰਹਨਿ ਖੜੇ ’’ (ਮਹਲਾ /੪੭੫) ਅਰਥ : ਕਈ ਤੁਲਾਈਆਂ/ਗੱਦਿਆਂ ਉੱਤੇ ਬੇਫ਼ਿਕਰ ਹੋ ਸੌਂਦੇ ਹਨ ਤੇ ਕਈ ਉਨ੍ਹਾਂ ਲਈ ਰਾਤ ਭਰ ਜਾਗ ਕੇ ਪਹਿਰਾ ਦਿੰਦੇ ਹਨ। ਮਨਮੁਖ ਤੋਂ ਗੁਰਮੁਖ ਬਣੇ ਮਨੁੱਖ ਲਈ ਭੀ ਪਹਿਲਾਂ ਅਤੇ ਬਾਅਦ ’ਚ ਵੱਖ ਵੱਖ ਹੁਕਮ ਸੀ/ਹੈ, ਨਾ ਕਿ ਕੁਦਰਤ ਦੇ ਨਿਯਮ ਵਾਂਗ ਆਪਾ ਵਿਰੋਧੀ ਯਾਨੀ ਇੱਕੋ ਜ਼ਿੰਦਗੀ, ਇੱਕੋ ਸਮੇਂ ਮਨਮੁਖ ਅਤੇ ਗੁਰਮੁਖ ਨਹੀਂ ਹੋ ਸਕਦੀ।

ਜਿਵੇਂ ਬਾਂਸ; ਚੰਦਨ ਦੀ ਸੁਗੰਧ ਨਹੀਂ ਲੈ ਸਕਦਾ; ਉਸੇ ਤਰ੍ਹਾਂ ਮਨਮੁਖ; ਪਸ਼ੂ-ਪੰਛੀ ਤੇ ਬਾਂਸ ਵਾਂਗ ਭਾਵੇਂ ਕੁਦਰਤ ਦੇ ਨਿਯਮ (ਹੁਕਮ) ’ਚ ਹੈ, ਪਰ ਗੁਰੂ ਦੀ ਸ਼ਰਨ ਆ ਕੇ ਨਾਮ-ਰਸ ਨਹੀਂ ਮਾਣ ਸਕਦਾ ਕਿਉਂਕਿ ਕਰਤਾਰ ਨੇ ਉਸ ਨੂੰ ਬਾਂਸ ਵਾਂਗ ਜੂਨ ਭੋਗਣ ਲਈ ਦਿੱਤੀ ਹੈ, ਨਾ ਕਿ ਗੁਰਮੁਖ ਬਣਾ ਆਪਣਾ ਦਰਸ਼ਨ ਕਰਾਉਣ ਲਈ। ਗੁਰੂ ਅਮਰਦਾਸ ਜੀ ਅਨੁਸਾਰ ਗੁਰਮੁਖ; (ਮਾਇਆ ਤੋਂ) ਨਿਰਲੇਪ ਹੁੰਦਾ ਹੈ, ਪਰ ਮਨਮੁਖ ’ਤੇ ਕਿਵੇਂ ਭਰੋਸਾ ਕੀਤਾ ਜਾਏ ਕਿ ਉਹ ਭੀ ਨਿਰਲੇਪ ਹੈ, ‘‘ਗੁਰਮੁਖਿ ਹੋਵੈ, ਸੁ ਅਲਿਪਤੋ ਵਰਤੈ; ਮਨਮੁਖ ਕਾ ਕਿਆ ਵੇਸਾਹਾ ਹੇ  ?’’ (ਮਹਲਾ /੧੦੫੪) ਯਾਨੀ ਸ਼ਰਧਾਹੀਣ (ਬਾਂਸ); ਸ਼ਰਧਾਵਾਨ ਵਾਂਗ ਗੁਰੂ (ਚੰਦਨ) ਪਾਸੋਂ ਮਹਿਕ ਨਹੀਂ ਮਾਣ ਸਕਦਾ। ਸੋ ਮਨੁੱਖਤਾ ਲਈ ਗੁਰੂ ਦਾ ਆਗਮਨ, ਗੁਰੂ ਦਾ ਗਿਆਨ, ਗੁਰੂ ਦੀ ਮਿਹਰ ਆਦਿ; ਕਰਤਾਰ ਦੇ ਹੁਕਮ ਦਾ ਹਿੱਸਾ ਹਨ, ਕੁਦਰਤੀ ਨਿਯਮ ਦਾ ਨਹੀਂ ਕਿਉਂਕਿ ਇਹ ਮਨੁੱਖ ਜਾਤੀ ਲਈ ਵਿਸ਼ੇਸ਼ ਦਾਤਾਂ-ਬਖ਼ਸ਼ਸ਼ਾਂ ਹਨ, ਨਾ ਕਿ ਸਭ ਜੂਨਾਂ ਨਾਲ਼।

ਇਹ ਕਿਆਸ ਲਗਾਉਣਾ ਕਿ ਮਨਮੁਖ; ਹੁਕਮ ਤੋਂ ਆਕੀ ਹੋ ਸਕਦਾ ਹੈ; ਨਿਰੀ ਮਨਮਤ ਹੈ ਕਿਉਂਕਿ ਗੁਰਬਾਣੀ ਅਨੁਸਾਰ (ੳ). ਹਰ ਕੋਈ ਹੁਕਮ ’ਚ ਹੈ, ਹੁਕਮ ਤੋਂ ਆਕੀ ਕੋਈ ਨਹੀਂ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ’’ (ਜਪੁ)

(ਅ). ਗੁਰਬਾਣੀ ਦਾ ਹਰ ਵਿਸ਼ਾ; ‘ਗੁਰਮੁਖ ਬਨਾਮ ਮਨਮੁਖ’ ਹੈ, ਨਾ ਕਿ ਕੇਵਲ ਮਨਮੁਖ ਦੀ ਵਿਆਖਿਆ। ਚੇਤੇ ਰਹੇ ਕਿ ‘ਗੁਰਮੁਖ’ ਅਤੇ ‘ਮਨਮੁਖ’ ਕੋਈ ਵਿਅਕਤੀ ਨਹੀਂ ਹਨ ਬਲਕਿ ਦੋ ਪਾਤਰ ਹਨ, ਜਿਨ੍ਹਾਂ ਦੇ ਜੀਵਨ ਦੀ ਮਿਸਾਲ ਦੇ ਕੇ ਗੁਰਮਤਿ-ਸਿਧਾਂਤ ਸਮਝਾਇਆ ਜਾਂਦਾ ਹੈ। ਗੁਰਬਾਣੀ ਅੰਦਰ 22 ਵਾਰਾਂ ਹਨ। ਵਾਰਾਂ ’ਚ ਜੋਧਿਆਂ ਦੇ ਸੰਘਰਸ਼ਮਈ ਜੀਵਨ ਦੇ ਪ੍ਰਸੰਗ ਗਾਏ ਜਾਂਦੇ ਹਨ। ਗੁਰਬਾਣੀ ਦੀਆਂ ਰੂਹਾਨੀਅਤ ਵਾਰਾਂ ’ਚ ਭੀ ‘ਗੁਰਮੁਖ’ ਤੇ ‘ਮਨਮੁਖ’ ਦੀ ਜੀਵਨ-ਘਾਲਣਾ ਨੂੰ ਜੋਧਿਆਂ ਵਾਂਗ ਤੁਲਨਾਤਮਿਕ ਵਿਚਾਰਿਆ ਹੈ; ਜਿਵੇਂ ਕਿ

(1). ਇਕਨਾ ਹੁਕਮੀ ਬਖਸੀਸ; ਇਕਿ ਹੁਕਮੀ ਸਦਾ ਭਵਾਈਅਹਿ .. (ਜਪੁ)

ਅਰਥ : ਰੱਬ ਦੇ ਹੁਕਮ ’ਚ ਕਈਆਂ ਉੱਤੇ ਮਿਹਰ ਹੁੰਦੀ ਹੈ (ਭਾਵ ਉਹ ਪ੍ਰਭੂ ’ਚ ਲੀਨ ਹੁੰਦੇ ਹਨ, ਅਨੰਦ ਮਾਣਦੇ ਹਨ ਤੇ) ਹੁਕਮ ’ਚ ਕਈ (ਮਨਮੁਖ ਬਣਾ) ਜਨਮ ਮਰਨ ਦੇ ਗੇੜ ’ਚ ਘੁਮਾਏ ਜਾਂਦੇ ਹਨ (ਜਿਵੇਂ ਕਿ ਬਾਂਸ, ਪਸ਼ੂ-ਪੰਛੀ, ਆਦਿ)।

ਇੱਕ ਮਾਲਕ; ਆਪਣੇ ਸਾਰੇ ਨੌਕਰਾਂ ਨੂੰ ਬਰਾਬਰ ਮਜ਼ਦੂਰੀ ਦਿੰਦਾ ਹੈ, ਪਰ ਕਈ ਵੱਧ ਵਫ਼ਾਦਾਰ ਹੋਣ ਕਾਰਨ ਮਾਲਕ ਤੋਂ ਵਜ਼ੀਫ਼ਾ ਭੀ ਲਵਾ ਲੈਂਦੇ ਹਨ; ਜਿਵੇਂ ਕਿ ਬਚਨ ਹਨ, ‘‘ਚਾਕਰੁ ਲਗੈ ਚਾਕਰੀ; ਜੇ ਚਲੈ ਖਸਮੈ ਭਾਇ ਹੁਰਮਤਿ ਤਿਸ ਨੋ ਅਗਲੀ; ਓਹੁ ਵਜਹੁ ਭਿ ਦੂਣਾ ਖਾਇ ਖਸਮੈ ਕਰੇ ਬਰਾਬਰੀ; ਫਿਰਿ ਗੈਰਤਿ ਅੰਦਰਿ ਪਾਇ ਵਜਹੁ ਗਵਾਏ ਅਗਲਾ; ਮੁਹੇ ਮੁਹਿ ਪਾਣਾ ਖਾਇ ..’’ (ਮਹਲਾ /੪੭੪) ਅਰਥ : ਜੋ ਨੌਕਰ; ਮਾਲਕ ਦੀ ਮਰਜ਼ੀ ’ਚ ਚੱਲਦਾ ਹੈ, ਓਹੀ (ਸਮਝੋ) ਨੌਕਰੀ ਕਰਦਾ ਹੈ। ਉਸ ਨੂੰ ਬੜੀ ਇੱਜ਼ਤ ਮਿਲਦੀ ਹੈ ਤੇ ਤਨਖ਼ਾਹ ਭੀ ਦੂਣੀ ਵਧਾ ਲੈਂਦਾ ਹੈ, ਪਰ ਜੋ ਆਪ ਭੀ ਮਾਲਕ/ਸ਼ਰੀਕ ਬਣ ਬੈਠੇ, ਉਹ ਆਖ਼ਿਰ ਸ਼ਰਮਿੰਦਾ ਹੁੰਦਾ ਹੈ ਭਾਵ ਉਸ ਨੂੰ ਇੱਜ਼ਤ ਤੇ ਵਜ਼ੀਫ਼ਾ ਤਾਂ ਕੀ ਮਿਲਣਾ ਸੀ ਸਗੋਂ ਨੌਕਰੀ ਭੀ ਗਵਾ ਲੈਂਦਾ ਹੈ। ਕਸ਼ਟ ਸਹਾਰਦਾ ਹੋਇਆ ਮੂੰਹ ਉੱਤੇ ਜੁੱਤੀਆਂ ਖਾਂਦਾ ਹੈ। ਇਹ ਵਜ਼ੀਫ਼ਾ; ਵਿਸ਼ੇਸ਼ ਦਾਤ ਹੋਣ ਕਾਰਨ ਗੁਰੂ ਰਾਹੀਂ ਕੇਵਲ ਮਨੁੱਖ ਪਾਉਂਦਾ ਹੈ ਵਰਨਾ ਜੀਵਨ ਭੋਗਣ ਵਾਲ਼ੀ ਦਾਤ (ਤਨਖ਼ਾਹ) ਤਾਂ ਸਭ ਲਈ ਇੱਕ ਸਮਾਨ ਹੈ। ਕੁਦਰਤ ਦਾ ਨਿਯਮ ਤਾਂ ਸਭ ਲਈ ਸਾਂਝਾ ਹੀ ਹੈ।

ਨੋਟ : ਪਹਿਲੇ ਭਾਗ ’ਚ ਕੀਤੀ ਗਈ ਵਿਚਾਰ ਕਿ ਬੰਦ-ਕਵਿਤਾ ’ਚ ਸ਼ਾਬਦਿਕ ਅਰਥ ਕਰਨ ਲਈ ਸ਼ਬਦ ਦਾ ਵਿਸ਼ਾ-ਪ੍ਰਸੰਗ ਚੇਤੇ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ, ਨੂੰ ਮੁੜ ਚੇਤੇ ਕਰਨ ਲਈ ਇੱਥੇ ਇੱਕੋ ਸ਼ਬਦ; ਦੋ ਵਾਰ ‘ਅਗਲਾ’ ਤੇ ‘ਅਗਲੀ’ ਲਿਖਿਆ ਹੈ, ‘‘ਹੁਰਮਤਿ ਤਿਸ ਨੋ ਅਗਲੀ/ਵਜਹੁ ਗਵਾਏ ਅਗਲਾ’’, ਪਰ ਇਸ ਦੇ ਦੋਵੇਂ ਥਾਂ ਅਰਥ ਆਪਾ ਵਿਰੋਧੀ ਹਨ। ‘ਅਗਲੀ’ ਦਾ ਅਰਥ ਹੈ ‘ਬਹੁਤੀ (ਇੱਜ਼ਤ ਮਿਲਦੀ ਹੈ ਯਾਨੀ ਭਵਿੱਖ ਸੂਚਕ ਸੰਕੇਤ ਹੈ ਜਦ ਕਿ) ‘ਅਗਲਾ’ ਦਾ ਅਰਥ ਹੈ ‘ਪਿਛਲੀ’ (ਨੌਕਰੀ ਗਵਾ ਬੈਠਦਾ ਹੈ/ਭੂਤਕਾਲ)।

ਮਾਲਕ ਪਾਸੋਂ ਸਭ ਜੀਵ-ਜੰਤਾਂ ਨੂੰ ਬਰਾਬਰ ਦਾਤ (ਤਨਖ਼ਾਹ) ਮਿਲਦੀ ਹੈ; ਜਿਵੇਂ ਕਿ ਵਾਕ ਹੈ, ‘‘ਦਦਾ; ਦਾਤਾ ਏਕੁ ਹੈ, ਸਭ ਕਉ ਦੇਵਨਹਾਰ ’’ (ਮਹਲਾ /੨੫੭), ਪਰ ਵਫ਼ਾਦਾਰ ਭਗਤ; ਮਾਲਕ ਦੇ ਵਜੂਦ ਨੂੰ ਸਵੀਕਾਰਦੇ ਹਨ। ਉਸ ਦੇ ਗੁਣ ਗਾਉਂਦੇ ਹਨ ਤਾਹੀਓਂ ਵਜ਼ੀਫ਼ੇ ਦੇ ਰੂਪ ’ਚ ਖ਼ਾਸ ਦਾਤ (ਬਖ਼ਸ਼ਸ਼) ਭੀ ਪਾ ਜਾਂਦੇ ਹਨ; ਜੈਸਾ ਕਿ ਵਾਕ ਹੈ, ‘‘ਦਾਤੈ (ਨੇ) ਦਾਤਿ ਰਖੀ ਹਥਿ+ਅਪਣੈ (’); ਜਿਸੁ ਭਾਵੈ, ਤਿਸੁ ਦੇਈ ’’ (ਮਹਲਾ /੬੦੪), ‘ਆਸਾ ਕੀ ਵਾਰ’ ਦੀ ਉਕਤ ਪਉੜੀ (ਚਾਕਰੁ ਲਗੈ ਚਾਕਰੀ; ਜੇ ਚਲੈ ਖਸਮੈ ਭਾਇ ) ਦੀ ਸਮਾਪਤੀ ’ਚ ਭੀ ਵਜ਼ੀਫ਼ੇ ਵਜੋਂ ਖ਼ਾਸ ਦਾਤ ਲੈਣ ਲਈ ਇਹ ਅਰਦਾਸ ਕਰਨ ਲਈ ਪ੍ਰੇਰਿਆ ਹੈ, ‘‘ਜਿਸ ਦਾ ਦਿਤਾ ਖਾਵਣਾ; ਤਿਸੁ ਕਹੀਐ ਸਾਬਾਸਿ ਨਾਨਕ  ! ਹੁਕਮੁ ਚਲਈ; ਨਾਲਿ ਖਸਮ ਚਲੈ ਅਰਦਾਸਿ ੨੨’’ (ਮਹਲਾ /੪੭੪) ਭਾਵ ਹਰ ਕੰਮ ਦੀ ਮਹੱਤਤਾ ਆਪਣੇ ਉੱਤੇ ਲੈ ਕੇ ਮਾਲਕ ਦਾ ਸ਼ਰੀਕ ਨਹੀਂ ਬਣਨਾ ਸਗੋਂ ਮਾਲਕ ਦੀ ਹਕੂਮਤ ਨੂੰ ਸਵੀਕਾਰਨਾ ਹੈ। ਉਸ ਨੂੰ ਮਹਾਨਤਾ ਦੇਣੀ ਹੈ, ਸਿਰਮੌਰ ਮੰਨਣਾ ਹੈ ਤਾਂ ਹੀ ‘‘ਇਕ ਦੂ ਇਕੁ ਸਿਆਣਾ ..੨੧’’ (ਜਪੁ) ਅਤੇ ਆਸਾ ਕੀ ਵਾਰ ਦੇ ਵਾਕ ‘‘ਸਭੁ ਕੋ ਪੂਰਾ ਆਪੇ ਹੋਵੈ; ਘਟਿ ਕੋਈ ਆਖੈ ’’ (ਮਹਲਾ /੪੬੯) ’ਚ ਬਿਆਨ ਕੀਤੀ ਆਕੜ ਮਰਦੀ ਹੈ। ਸਚਖੰਡ-ਅਵਸਥਾ ਦੀ ਵਿਆਖਿਆ ਕਰਦਿਆਂ ਭੀ ਸਪਸ਼ਟ ਕੀਤਾ ਹੈ ਕਿ ਹਰ ਕੋਈ; ਨਿਰਾਕਾਰ-ਪ੍ਰਭੂ ਦੇ ਹੁਕਮ ’ਚ ਹੈ, ‘‘ਸਚਖੰਡਿ (’) ਵਸੈ ਨਿਰੰਕਾਰੁ ਕਰਿ ਕਰਿ ਵੇਖੈ; ਨਦਰਿ ਨਿਹਾਲ ਤਿਥੈ; ਲੋਅ ਲੋਅ ਆਕਾਰ ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ..੩੭’’ (ਜਪੁ); ਇਹੀ ‘ਜਪੁ’ ਬਾਣੀ ਦੇ ਅਰੰਭਕ ਅਤੇ ਮੂਲ ਸਵਾਲ ‘‘ਕਿਵ ਕੂੜੈ ਤੁਟੈ ਪਾਲਿ ..’’ (ਜਪੁ) ਦਾ ਜਵਾਬ ਹੈ। ਇਸ ਵਿਲੱਖਣ ਸਿਧਾਂਤ ਨੂੰ ਸਰਲ ਤੇ ਸਪਸ਼ਟ ਕਰਨ ਲਈ ਹੀ 35 ਮਹਾਂ ਪੁਰਸ਼ਾਂ ਨੇ ਸਮੁੱਚੀ ਬਾਣੀ ਰਚੀ ਹੈ।

‘ਜਪੁ’ ਬਾਣੀ ਦੀ 25ਵੀਂ ਪਉੜੀ ’ਚ ਹਰ ਮਨੁੱਖ ਨੂੰ ਇੱਕ ਸਮਾਨ ਮਿਲਦੀਆਂ ਦਾਤਾਂ ਦਾ ਵੇਰਵਾ ਹੈ, ‘‘ਬਹੁਤਾ ਕਰਮੁ; ਲਿਖਿਆ ਨਾ ਜਾਇ   ਵਡਾ ਦਾਤਾ; ਤਿਲੁ ਤਮਾਇ ਕੇਤਿਆ; ਦੂਖ ਭੂਖ ਸਦ ਮਾਰ   ਏਹਿ ਭਿ ਦਾਤਿ ਤੇਰੀ; ਦਾਤਾਰ  ! ’’ ਜਿਸ ਦੇ ਅੰਤ ’ਚ ਭੀ ਇਸ ਖ਼ਾਸ ਦਾਤ (ਮਿਹਰ) ਦਾ ਜ਼ਿਕਰ ਹੈ, ‘‘ਜਿਸ ਨੋ ਬਖਸੇ; ਸਿਫਤਿ ਸਾਲਾਹ   ਨਾਨਕ  ! ਪਾਤਿਸਾਹੀ ਪਾਤਿਸਾਹੁ ੨੫’’ (ਜਪੁ) ਭਾਵ ਸਭ ਨੂੰ ਮਿਲਦੀਆਂ ਬਰਾਬਰ ਦਾਤਾਂ ਤੋਂ ਇਲਾਵਾ, ਜੋ ਮਾਲਕ ਨੂੰ ਪ੍ਰਸੰਨ ਕਰ ਉਸ ਪਾਸੋਂ ਮਿਹਰ ਕਰਾ ਲੈਂਦਾ ਹੈ; ਉਹ ਦੁੱਗਣੀ ਚੌਗੁਣੀ ਤਨਖ਼ਾਹ ਪਾਉਂਦਾ ਹੈ, ਅਨੰਦ ਮਾਣਦਾ ਹੈ। ਪਾਤਿਸ਼ਾਹਾਂ ਦਾ ਪਾਤਿਸ਼ਾਹ ਬਣ ਜਾਂਦਾ ਹੈ।

ਉਕਤ ਵਾਕ ‘‘ਇਕਨਾ ਹੁਕਮੀ ਬਖਸੀਸ; ਇਕਿ ਹੁਕਮੀ ਸਦਾ ਭਵਾਈਅਹਿ ..’’ ’ਚ ਭੀਹੁਕਮੀ ਬਖਸੀਸਦਾ ਇਹੀ ਭਾਵ ਹੈ ਕਿ ਕਈਆਂ ’ਤੇ ਖ਼ਾਸ ਮਿਹਰ ਹੋਈ ਹੈ। ਜਿਸ ਨੂੰ ਪਾਉਣ ਤੋਂ ‘‘ਇਕਿ ਹੁਕਮੀ ਸਦਾ ਭਵਾਈਅਹਿ’’ ਵਾਲ਼ੇ ਲੋਕ ਵਾਂਝੇ ਰਹਿ ਗਏ। ਇਹੀ ਸੰਦੇਸ਼ ਗੁਰੂ ਰਾਮਦਾਸ ਜੀ ਵਾਰ-ਵਾਰ ਦੇ ਰਹੇ ਹਨ, ‘‘ਹਰਿ ਇਕਨਾ ਮਾਰਗਿ (’) ਪਾਏ ਆਪੇ; ਹਰਿ ਇਕਨਾ ਉਝੜਿ ਪਾਏ (ਮਹਲਾ /੫੫੦), ਆਪੇ ਉਝੜਿ ਪਾਇਦਾ ਪਿਆਰਾ; ਆਪਿ ਵਿਖਾਲੇ ਰਾਹੁ ’’ (ਮਹਲਾ /੬੦੪) ਗੁਰੂ ਅਮਰਦਾਸ ਜੀ ਦੇ ਭੀ ਬੋਲ ਹਨ, ‘‘ਇਕਿ ਆਪੇ ਉਝੜਿ ਪਾਇਅਨੁ; ਇਕਿ ਭਗਤੀ ਲਾਇਅਨੁ ’’ (ਮਹਲਾ /੯੫੬) ਅਰਥ : ਉਸ (ਪ੍ਰਭ) ਨੇ ਆਪ ਹੀ ਕਈ (ਮਨਮੁਖ); ਗ਼ਲਤ ਮਾਰਗ ਪਾਏ ਹਨ ਤੇ ਕਈ (ਗੁਰਮੁਖ ਬਣਾ) ਆਪ ਹੀ ਉਸ ਨੇ ਭਗਤੀ ਵਾਲ਼ੇ ਸਹੀ ਮਾਰਗ ਪਾਏ ਹਨ। ਧਿਆਨ ਰਹੇ ਕਿ ਇਹ ਸਾਰੇ ਵਾਕ ਕੇਵਲ ਮਨਮੁਖ ਦੇ ਜੀਵਨ ਦੀ ਵਿਆਖਿਆ ਨਹੀਂ ਕਰਦੇ, ਤਾਂ ਕਿ ਕਿਆਸ ਲੱਗ ਸਕੇ ਕਿ ਉਹ, ਹੁਕਮ ਤੋਂ ਆਕੀ ਹੁੰਦਾ ਹੈ। ਐਸੀ ਤੁਲਨਾਤਮਿਕ ਵਿਚਾਰ ਗੁਰਬਾਣੀ ’ਚ ਹਰ ਥਾਂ ਕੀਤੀ ਮਿਲਦੀ ਹੈ; ਜਿਵੇਂ ਕਿ ਹੋਰ ਵਾਕ ਹਨ :

(2). ਮਨਮੁਖ ਭਉਜਲਿ ਪਚਿ ਮੁਏ; ਗੁਰਮੁਖਿ ਤਰੇ ਅਥਾਹੁ (ਮਹਲਾ /੬੪)

ਅਰਥ : ਮਨਮੁਖ ਬੰਦੇ ਮਾਇਆਵੀ ਸੰਸਾਰ ’ਚ ਉਲ਼ਝ-ਉਲ਼ਝ ਮਰ ਗਏ ਤੇ ਗੁਰਮੁਖ ਇਸ ਅਥਾਹ-ਸਮੁੰਦਰ ਨੂੰ ਤਰ ਗਏ।

(3). ਗੁਰਮੁਖਿ ਲਾਹਾ ਲੈ ਗਏ; ਮਨਮੁਖ ਚਲੇ ਮੂਲੁ ਗਵਾਇ ਜੀਉ (ਮਹਲਾ /੭੪)

ਅਰਥ : ਗੁਰਮੁਖ ਬੰਦੇ ਆਪਣੀ ਸੁਆਸ-ਪੂੰਜੀ ਸਫਲ ਕਰ ਗਏ ਤੇ ਮਨਮੁਖ ਆਪਣੀ ਪੂੰਜੀ ਅਜਾਈਂ ਗਵਾ ਗਏ (ਜਿਵੇਂ ਪਸ਼ੂ, ਬਾਂਸ ਆਦਿ)।

(4). ਨਾਨਕ  ! ਕਰਤੈ (ਨੇ) ਬਣਤ ਬਣਾਈ; ਮਨਮੁਖ ਕੂੜੁ ਬੋਲਿ ਬੋਲਿ ਡੁਬੇ; ਗੁਰਮੁਖਿ ਤਰੇ, ਜਪਿ ਹਰਿ ਨਾਉ (ਮਹਲਾ /੫੧੧)

ਅਰਥ : (ਪਰ ਵਿਚਾਰੇ ਮਨਮੁਖ ਭੀ ਕੀ ਕਰਨ ਜਦ) ਕਰਤਾਰ ਨੇ ਆਪਣੀ ਜੁਗਤੀ/ਖੇਡ ਹੀ ਐਸੀ ਬਣਾਈ ਹੈ ਕਿ ਮਨਮੁਖਾਂ ਨੇ ਝੂਠ ਬੋਲ-ਬੋਲ ਕੇ ਸੰਸਾਰ-ਸਮੁੰਦਰ ’ਚ ਡੁੱਬਣਾ ਹੈ ਤੇ ਗੁਰਮੁਖਾਂ ਨੇ ਹਰੀ ਦਾ ਨਾਮ ਜਪ ਕੇ ਤੈਰਨਾ ਹੈ। ਜਿਨ੍ਹਾਂ ਨੂੰ ਮਾਲਕ ਨੇ ਅੰਨ੍ਹਾ ਕੀਤਾ ਹੈ, ਉਹੀ ਸੁਜਾਖਾ ਕਰਦਾ ਹੈ, ਨਾ ਕਿ ਮਨਮੁਖ ਕੋਲ਼ ਖ਼ੁਦ ਸੁਜਾਖਾ ਹੋਣ ਦੀ ਸਮਰੱਥਾ ਹੈ, ‘‘ਸਾਹਿਬਿ (ਨੇ) ਅੰਧਾ ਜੋ ਕੀਆ; ਕਰੇ ਸੁਜਾਖਾ, ਹੋਇ (ਮਹਲਾ /੯੫੪), ਨਾਨਕ  ! ਜਿਨਿ ਅਖੀ (ਅੱਖਾਂ) ਲੀਤੀਆ; ਸੋਈ ਸਚਾ ਦੇਇ ’’ (ਮਹਲਾ /੮੩) ‘ਜਪੁ’ ਬਾਣੀ ਦੀ 33ਵੀਂ ਪਉੜੀ ’ਚ ਭੀ ਇਹੀ ਉਪਦੇਸ਼ ਹੈ, ‘‘ਜਿਸੁ ਹਥਿ (’) ਜੋਰੁ; ਕਰਿ ਵੇਖੈ ਸੋਇ ਨਾਨਕ  ! ਉਤਮੁ ਨੀਚੁ ਕੋਇ ੩੩’’ (ਜਪੁ) ਭਾਵ ਜਿਸ ਮਾਲਕ ਦੇ ਹੱਥ ’ਚ ਤਾਕਤ ਹੈ; ਓਹੀ ਜਗਤ ’ਚ ਕਿਸੇ ਨੂੰ ਉੱਤਮ ਤੇ ਕਿਸੇ ਨੂੰ ਨੀਚ ਬਣਾਉਂਦਾ ਹੈ। ਖ਼ੁਦ ਕੋਈ ਉੱਤਮ ਜਾਂ ਨੀਚ ਨਹੀਂ ਬਣਦਾ, ਇਸ ਲਈ ਮਨਮੁਖ ਵਿਚਾਰੇ ਦਾ ਭੀ ਕੀ ਕਸੂਰ ਹੈ; ਜਿਵੇਂ ਕਿ ਅਗਾਂਹ ਹੋਰ ਬਚਨ ਹਨ :

(5). ਸਭੁ ਕਿਛੁ ਕਰਤੇ ਹਥਿ (’); ਕਾਰਣੁ ਜੋ ਕਰੈ (ਮਹਲਾ /੫੨੩)

ਅਰਥ : ਕਰਤਾਰ ਦੇ ਹੱਥ ’ਚ ਸਭ ਕੁੱਝ ਹੈ। (ਕਿਸੇ ਨੂੰ ਸੁੱਖ ਜਾਂ ਦੁੱਖ ਦੇਣ ਲਈ) ਸਬੱਬ ਜੋ ਭੀ ਬਣਾਏ (ਓਹੀ ਬਣ ਜਾਂਦਾ ਹੈ ਯਾਨੀ ਜੇ ਸਰੀਰਕ ਕਸ਼ਟ ਦੇਣਾ ਚਾਹੇ ਤਾਂ ਤਨ ਨੂੰ ਰੋਗੀ ਕਰ ਦਿੰਦਾ ਹੈ। ਜੇਕਰ ਮਾਨਸਿਕ ਰੋਗ ਦੇਣਾ ਚਾਹੇ ਤਾਂ ਭਰਮ ’ਚ ਰੱਖ ਕੁਰਾਹੇ ਪਾ ਦਿੰਦਾ ਹੈ; ਜਿਵੇਂ ਕਿ ਬਚਨ ਹਨ :

(6). ਭਾਣੈ ਉਝੜ; ਭਾਣੈ ਰਾਹਾ (ਮਹਲਾ /੯੮)

ਅਰਥ : ਆਪਣੀ ਰਜ਼ਾ ’ਚ (ਮਨਮੁਖ ਨੂੰ) ਕੁਰਾਹੇ ਪਾਉਂਦਾ ਹੈ ਤੇ ਆਪਣੀ ਰਜ਼ਾ ’ਚ ਹੀ (ਗੁਰਮੁਖ ਨੂੰ) ਸਹੀ ਰਾਹ ਵਿਖਾਉਂਦਾ ਹੈ।

(7). ਉਝੜਿ ਭੁਲੇ; ਰਾਹ ਗੁਰਿ (ਰਾਹੀਂ) ਵੇਖਾਲਿਆ (ਮਹਲਾ /੧੪੯)

ਅਰਥ : (ਮਾਨਵਤਾ ਦੇ ਕਲਿਆਣ ਲਈ ਪ੍ਰਭੂ ਨੇ ਇਹੀ ਜੁਗਤੀ ਬਣਾਈ ਹੈ ਕਿ) ਅੰਨ੍ਹੇਪਣ ਕਾਰਨ ਕੁਰਾਹੇ ਪਏ ਮਨੁੱਖ ਨੂੰ ਗੁਰੂ ਰਾਹੀਂ ਸਹੀ ਰਾਹ ਪਾਉਣਾ ਹੈ। ਗੁਰੂ ਸੋਝੀ ਬਖ਼ਸ਼ਦਾ ਹੈ ਕਿ ਮਾਲਕ ਨੇ ਖ਼ੁਦ ਜੋ ਕੁਰਾਹੇ ਪਾਏ ਹਨ, ਉਨ੍ਹਾਂ ਦੁਆਰਾ ਕੀਤੇ ਜਾਂਦੇ ਸਾਰੇ ਕੰਮ ਅਜਾਈਂ ਹੁੰਦੇ ਹਨ, ‘‘ਪ੍ਰਭੂ ਭੁਲਾਏ, ਊਝੜਿ ਪਾਏ; ਨਿਹਫਲ ਸਭਿ ਕਰਮਾਨ ’’ (ਮਹਲਾ /੧੨੦੩), ਜਿਸ ਨੂੰ ਇਹ ਸਮਝ ਆ ਗਈ, ਉਸ ਦੇ ਅੰਦਰੋਂ ਇਹੀ ਪੁਕਾਰ ਉੱਠਦੀ ਹੈ, ‘‘ਉਝੜ, ਮਾਰਗੁ ਸਭੁ, ਤੁਮ ਹੀ ਕੀਨਾ; ਚਲੈ ਨਾਹੀ ਕੋ ਵੇਪਾੜਾ ’’ (ਮਹਲਾ /੧੦੮੧) ਅਰਥ : ਹੇ ਪ੍ਰਭੂ ! ਭੈੜਾ ਰਾਹ ਤੇ ਸਹੀ ਮਾਰਗ; ਤੈਂ ਹੀ ਬਣਾਇਆ ਹੈ। ਭਰਮ ’ਚ ਪਿਆ ਮਨੁੱਖ; ਖ਼ੁਦ ਸਹੀ ਮਾਰਗ ’ਤੇ ਨਹੀਂ ਚੱਲ ਸਕਦਾ। ਐਸੀ ਮਨੋਬਿਰਤੀ ਪਨਪਨ ਉਪਰੰਤ ਹੁੰਦੀ ਖ਼ਾਸ ਮਿਹਰ/ਵਜ਼ੀਫ਼ਾ; ਅੰਤਹਿਕਰਣ ’ਚ ਬਣੀ ‘ਕੂੜ ਦੀ ਪਾਲਿ’ ਮਿਟ ਕੇ ਆਤਮ-ਪ੍ਰਕਾਸ਼ (ਵਿਆਪਕ ਰੱਬੀ ਜੋਤਿ) ਦਾ ਹੂ-ਬਹੂ ਪ੍ਰਕਾਸ਼; ਦਿਮਾਗ਼ ਤੱਕ ਪਹੁੰਚਦਾ ਹੈ ਯਾਨੀ ਉਸ ਨੂੰ ਆਤਮ-ਪ੍ਰਕਾਸ਼/ਬਲ ਦਾ ਅਹਿਸਾਸ ਹੋ ਜਾਂਦਾ ਹੈ। ਇਹੀ ਹੈ : ‘ਪ੍ਰਭੂ ਦਾ ਦਰਸ਼ਨ’।

ਇਸ ਸਾਰੀ ਵਿਚਾਰ ਦਾ ਤਤਸਾਰ ਇਹ ਹੈ ਕਿ ਭਾਵੇਂ ਅਕਾਲ ਪੁਰਖ ਦੇ ਸੁਭਾਅ (ਮਰਜ਼ੀ ਜਾਂ ਖੇਡ) ਦਾ ਹਿੱਸਾ ਹੀ ਹਨ ‘ਕੁਦਰਤ ਦਾ ਨਿਯਮ’ ਤੇ ‘ਇਲਾਹੀ ਹੁਕਮ’, ਪਰ ਇਨ੍ਹਾਂ ਦੇ ਅੰਤਰ ਦੀ ਸੋਝੀ; ਗੁਰਮੁਖ ਤੋਂ ਬਿਨਾਂ ਕਿਸੇ ਜੀਵ-ਜੰਤ, ਖੰਡ-ਬ੍ਰਹਿਮੰਡ, ਬਾਂਸ ਜਾਂ ਮਨਮੁਖ, ਆਦਿ ਨੂੰ ਨਹੀਂ ਹੋ ਸਕਦੀ। ਇਨ੍ਹਾਂ ਸਭ ਨੇ ਤਾਂ ਕੁਦਰਤ ਦਾ ਨਿਯਮ ਹੀ ਅਪਣਾਉਣਾ ਹੁੰਦਾ ਹੈ। ਉਸੇ ’ਚ ਬੱਝੇ ਚੱਲਦੇ, ਦੁਖੀ ਹੁੰਦੇ ਤੇ ਮਰਦੇ ਹਨ। ਜ਼ਿੰਦਗੀ ਦਾ ਕੋਈ ਟੀਚਾ ਚੁਣਨ ਵਾਲ਼ਾ ਅੰਦਰ ਚਾਨਣ/ਗਿਆਨ ਨਹੀਂ ਹੁੰਦਾ ਕਿਉਂਕਿ ਅੰਦਰ ਹਨ੍ਹੇਰਾ ਹੈ। ‘ਕੂੜ ਦੀ ਪਾਲਿ’; ਬੜੀ ਸੰਘਣੀ ਹੈ, ਜੋ ਕਈ ਜਨਮਾਂ ’ਚ ਇਕੱਠੀ ਹੋਈ ਹੈ; ਜਿਵੇਂ ਕਿ ਵਾਕ ਹੈ, ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ   ਖੰਨਲੀ ਧੋਤੀ, ਉਜਲੀ ਹੋਵਈ; ਜੇ ਸਉ ਧੋਵਣਿ ਪਾਹੁ ਗੁਰ ਪਰਸਾਦੀ ਜੀਵਤੁ ਮਰੈ; ਉਲਟੀ ਹੋਵੈ ਮਤਿ ਬਦਲਾਹੁ   ਨਾਨਕ  ! ਮੈਲੁ ਲਗਈ; ਨਾ ਫਿਰਿ ਜੋਨੀ ਪਾਹੁ ’’ (ਮਹਲਾ /੬੫੧) ਅਰਥ : ਅਨੇਕਾਂ ਜਨਮਾਂ ਦੀ ਇਸ ਅੰਤਹਿਕਰਣ (ਮਨ) ਨੂੰ ਮੈਲ਼ ਲੱਗੀ ਹੈ, ਜੋ ਕੋਹਲੂ ’ਚ ਫੇਰਨ ਵਾਲ਼ੀ ਉਸ ਲੀਰ ਵਾਂਗ ਬੜਾ ਕਾਲ਼ਾ ਹੋ ਗਿਆ, ਜੋ 100 ਵਾਰ ਧੋਣ ਨਾਲ਼ ਭੀ ਸਫ਼ੈਦ ਨਹੀਂ ਹੁੰਦੀ, ਪਰ ਹਾਂ ਗੁਰੂ ਦੀ ਖ਼ਾਸ ਮਿਹਰ ਨਾਲ਼ ਇਸੇ ਜਨਮ ’ਚ (ਜੇ ਵਿਕਾਰਾਂ ਵੱਲੋਂ) ਨਿਰਮੋਹ ਹੋ ਜਾਈਏ ਤਾਂ ਇਹ ਮੈਲ਼ਾ ਅੰਤਹਿਕਰਣ ਪਾਰਦਰਸ਼ੀ ਹੋ ਦਿਮਾਗ਼ ’ਚ ਬਿਬੇਕ ਪੈਦਾ ਹੋ ਸਕਦਾ ਹੈ। ਜਿਸ ਨੂੰ ਮੁੜ ਕਦੇ ਮੈਲ਼ ਨਹੀਂ ਲੱਗਦੀ ਤੇ ਨਾ ਹੀ ਵਾਰ-ਵਾਰ ਜਨਮ ਮਰਨ ਹੁੰਦਾ ਹੈ। ਐਸਾ ਚਾਨਣ/ਗਿਆਨ; ਗੁਰਮੁਖ ਤੋਂ ਇਲਾਵਾ ਕਿਸੇ ਜੀਵ-ਜੰਤ ਨੂੰ ਨਹੀਂ ਹੁੰਦਾ। ਉਨ੍ਹਾਂ ਵਰਗਾ ਹੀ ਮਨਮੁਖ ਹੈ ਤਾਹੀਓਂ ਗੁਰੂ ਪਾਸੋਂ ਵਜ਼ੀਫ਼ਾ/ਖ਼ਾਸ ਮਿਹਰ ਪਾਉਣ ਲਈ ਵਫ਼ਾਦਾਰ ਨਹੀਂ ਬਣਦਾ।

ਕੱਝ ਪਾਠਕਾਂ ਨੇ ਹੇਠਲੇ ਦੋ ਵਾਕਾਂ ਦੇ ਅਰਥ ਸਮਝਾਉਣ ਲਈ ਕਿਹਾ ਹੈ :

(). ਹਮ ਕੀਆ ਹਮ ਕਰਹਗੇ; ਹਮ ਮੂਰਖ ਗਾਵਾਰ ਕਰਣੈ ਵਾਲਾ ਵਿਸਰਿਆ; ਦੂਜੈ ਭਾਇ ਪਿਆਰੁ ਮਾਇਆ ਜੇਵਡੁ ਦੁਖੁ ਨਹੀ; ਸਭਿ ਭਵਿ ਥਕੇ ਸੰਸਾਰੁ ਗੁਰਮਤੀ ਸੁਖੁ ਪਾਈਐ; ਸਚੁ ਨਾਮੁ ਉਰ ਧਾਰਿ (ਮਹਲਾ /੩੯) ਅਰਥ : (ਜੋ ਨੌਕਰ; ਮਾਲਕ ਨੂੰ ਅਣਡਿੱਠ ਕਰ ਸਮਝਦੇ ਹਨ ਕਿ ਆਹ ਕੰਮ, ਓਹ ਕੰਮ) ਅਸੀਂ ਕੀਤਾ ਹੈ, ਅਸੀਂ ਹੀ ਕਰ ਸਕਦੇ ਹਾਂ; ਉਹ ਮੂਰਖ ਹਨ, ਨਾਸਮਝ ਹਨ (ਕਿਉਂਕਿ ਉਹ) ਹੋਰ ਹੋਰ (ਅਹੰਕਾਰ ਪੈਦਾ ਕਰਨ ਵਾਲ਼ੀ) ਭੁੱਖ ਕਾਰਨ ਜਨਮ ਦੇਣ ਵਾਲ਼ੇ ਪਿਆਰੇ ਪ੍ਰਭੂ ਨੂੰ ਭੁਲਾ ਬੈਠੇ। (ਇਸ ਅਹੰਕਾਰ-ਭੁੱਖ ਰੂਪ) ਮਾਇਆ ਜਿੱਡੀ ਵਿਸ਼ਾਲ ਹੋਰ ਕੋਈ ਪੀੜਾ ਨਹੀਂ, ਜਿਸ ਕਾਰਨ ਸਾਰੇ ਮਨੁੱਖ ਭਟਕ-ਭਟਕ ਕੇ ਮਰ ਗਏ। ਗੁਰੂ ਦੀ ਮੱਤ ਲੈ ਹਿਰਦੇ ’ਚ ਸੱਚਾ ਨਾਮ ਵਸਾ ਕੇ ਅਨੰਦ ਮਿਲਦਾ ਹੈ (ਅਹੰਕਾਰ ਮਰਦਾ ਹੈ)।

ਨੋਟ : ਇੱਥੇ ਤਨਖ਼ਾਹਦਾਰ ਨੌਕਰ ਦੁਆਰਾ ਮਾਲਕ ਦੇ ਕੰਮਾਂ ਦਾ ਮਹੱਤਵ ਆਪਣੇ ਉੱਤੇ ਲੈਣ ਨਾਲ਼ ਹੋਈ ਪੀੜਾ ਦਾ ਜ਼ਿਕਰ ਹੈ, ਜੋ ਅਹੰਕਾਰ-ਭੁੱਖ ਕਾਰਨ ਉਪਜੀ ਹੈ। ਇੱਥੇ ਸ਼ਬਦ ‘ਮੂਰਖ’ ਹੈ, ਜਿਸ ਦਾ ਅਰਥ ਹੁੰਦਾ ਹੈ ‘ਮੂੰਹ ਰੱਖ’ ਭਾਵ ਮੈ ਹੀ ਸਹੀ ਹਾਂ। ਮੇਰਾ ਹੀ ਬੋਲ ਤੇ ਕੰਮ ਸਹੀ ਹੈ। ਮੈ ਹੀ ਸਭ ਕੁੱਝ ਦਾ ਕਰਤਾ-ਧਰਤਾ ਹਾਂ। ਜਿਸ ਕੰਮ ਨੂੰ ਕਰਨ ’ਚ ਬੰਦਾ ਸ਼ਰਮਿੰਦਗੀ ਮਹਿਸੂਸ ਕਰੇ, ਮੂਰਖ ਉਸ ਨੂੰ ਕਰਨ ਤੋਂ ਬਾਅਦ ਗਰਬ ਮਹਿਸੂਸ ਕਰਦਾ ਹੈ। ਐਸੀ ਅਹੰਕਾਰ ਭਾਵਨਾ; ਨੌਕਰ ਤੇ ਮਾਲਕ ’ਚ ਪਿਆਰ ਨਹੀਂ ਪੈਦਾ ਹੋਣ ਦਿੰਦੀ। ਇਹੀ ਹੈ ‘ਜਨਮ ਜਨਮ ਕੀ ਮੈਲ਼, ਕੂੜ ਦੀ ਪਾਲਿ’।

ਉਕਤ ਅਰਥਾਂ ’ਚ ਸ਼ਾਇਦ ਇਹ ਭੁਲੇਖਾ ਲੱਗਿਆ ਹੈ ਕਿ ਮਨਮੁਖ ਬੰਦਾ; ਰੱਬ ਦੇ ਹੁਕਮ ਤੋਂ ਆਕੀ ਹੋ ਗਿਆ, ਇਸ ਲਈ ਅਹੰਕਾਰ ਪੈਦਾ ਹੋਇਆ। ਐਸਾ ਹੀ ਬਚਨ ਭਗਤ ਰਵਿਦਾਸ ਜੀ ਦਾ ਹੈ, ‘‘ਹਮ ਬਡ ਕਬਿ, ਕੁਲੀਨ ਹਮ ਪੰਡਿਤ; ਹਮ ਜੋਗੀ ਸੰਨਿਆਸੀ   ਗਿਆਨੀ ਗੁਨੀ ਸੂਰ ਹਮ ਦਾਤੇ; ਇਹ ਬੁਧਿ ਕਬਹਿ ਨਾਸੀ ’’ (ਭਗਤ ਰਵਿਦਾਸ/੯੭੪) ਅਰਥ : ਅਸੀਂ ਵੱਡੇ ਕਵੀ ਹਾਂ। ਉੱਚੀ ਕੁੱਲ ਵਾਲ਼ੇ ਪੰਡਿਤ ਹਾਂ। ਜੋਗ ਸਾਧਨਾ ’ਚ ਨਿਪੁੰਨ ਹਾਂ। ਗ੍ਰਿਹਸਤ ਤੋਂ ਨਿਰਮੋਹ ਹਾਂ। ਗੁਣੀ ਗਿਆਨੀ, ਵੱਡੇ ਸੂਰਮੇ ਤੇ ਦਾਨੀ ਸੁਭਾਅ ਹਾਂ। (ਮਨਮੁਖ ਅੰਦਰੋਂ) ਐਸੀ ਸੋਚ ਕਦੇ ਨਹੀਂ ਮਰਦੀ।

ਵਿਚਾਰ : ਉਕਤ ਦੋਵੇਂ ਵਾਕ; ਆਪਣੇ-ਆਪਣੇ ਸ਼ਬਦਾਂ ਦੇ ਨਾ ਆਰੰਭ ’ਚ ਹਨ ਤੇ ਨਾ ਹੀ ਅੰਤ ’ਚ ਹਨ ਭਾਵ ਵਿਚਕਾਰ ਹਨ। ਤੀਸਰੇ ਪਾਤਿਸ਼ਾਹ ਦੇ ਚਾਰ ਬੰਦਾਂ ਵਾਲ਼ੇ ਸ਼ਬਦ ’ਚ ਇਹ ਪੰਕਤੀ; ਤੀਜੇ ਬੰਦ ’ਚ ਹੈ ਤੇ ਭਗਤ ਰਵਿਦਾਸ ਜੀ ਦੇ ਤਿੰਨ ਬੰਦਾਂ ਵਾਲ਼ੇ ਸ਼ਬਦ ’ਚ ਇਹ ਪੰਕਤੀ; ਦੂਜੇ ਬੰਦ ’ਚ ਹੈ। ਸ਼ਬਦ ਦੇ ਵਿਚਕਾਰ ਅਕਸਰ ਮਿਸਾਲ ਦਿੱਤੀ ਜਾਂਦੀ ਹੈ। ਸ਼ਬਦ ਦਾ ਕੇਂਦਰੀ ਭਾਵ ‘ਰਹਾਉ’ ਪਦੇ ’ਚ ਹੁੰਦਾ ਹੈ, ਜਿਸ ਦਾ ਸੰਖੇਪ ਜਿਹਾ ਇਸ਼ਾਰਾ ਅੰਤਮ ਬੰਦ ’ਚ ਭੀ ਹੁੰਦਾ ਹੈ। ਗੁਰੂ ਅਮਰਦਾਸ ਜੀ ਦੇ ਸ਼ਬਦ ਦਾ ‘ਰਹਾਉ’ ਵਾਕ ਹੈ, ‘‘ਮਨ ਮੇਰੇ  ! ਗੁਰ ਸਰਣਿ ਆਵੈ; ਤਾ ਨਿਰਮਲੁ ਹੋਇ   ਮਨਮੁਖ ਹਰਿ ਹਰਿ ਕਰਿ ਥਕੇ; ਮੈਲੁ ਸਕੀ ਧੋਇ ਰਹਾਉ ’’ ਅਰਥ : ਹੇ ਮੇਰੇ ਮਨ ! ਜੋ ਗੁਰੂ ਦੀ ਸ਼ਰਨ ’ਚ ਆਉਂਦਾ ਹੈ, ਉਹੀ ਨਿਰਮਲ ਹੁੰਦਾ ਹੈ। ਵੇਖ, ਗੁਰੂ ਦੀ ਸ਼ਰਨ ਤੋਂ ਬਿਨਾਂ ਮਨਮੁਖ ਲੋਕ; ਹਰੀ ਹਰੀ ਜਪਦੇ ਰਹੇ, ਫਿਰ ਭੀ ਮਨ ਨਿਰਮਲ ਨਾ ਕਰ ਸਕੇ।

‘‘ਹਮ ਕੀਆ ਹਮ ਕਰਹਗੇ’’ ਦੇ ਅਰਥਾਂ ਤੋਂ ਸਪਸ਼ਟ ਹੁੰਦਾ ਹੈ ਕਿ ਇੱਥੇ ਭੀ ਵੈਸੀ ਹੀ ਮਿਸਾਲ ਹੈ; ਜੈਸੀ ਕਿ ‘ਜਪੁ’ ਬਾਣੀ ਦੀ 18ਵੀਂ ਪਉੜੀ ’ਚ ਗੁਰੂ ਨਾਨਕ ਸਾਹਿਬ ਜੀ ਵੱਲੋਂ ਦਿੱਤੀ ਗਈ ਹੈ ਕਿ ‘ਹੇ ਨਿਰਾਕਾਰ ਪ੍ਰਭੂ ! ਤੇਰੀ ਕੁਦਰਤ ’ਚ ਅਣਗਿਣਤ ਮੂਰਖ ਹਨ, ਅਸੰਖ ਚੋਰ ਹਨ। ਅਸੰਖ ਹਤਿਆਰੇ ਹਨ, ‘‘ਅਸੰਖ ਮੂਰਖ ਅੰਧ ਘੋਰ   ਅਸੰਖ ਚੋਰ ਹਰਾਮਖੋਰ ਅਸੰਖ ਪਾਪੀ; ਪਾਪੁ ਕਰਿ ਜਾਹਿ   ਅਸੰਖ ਕੂੜਿਆਰ; ਕੂੜੇ ਫਿਰਾਹਿ ..੧੮’’ (ਜਪੁ) ਐਸੇ ਮਨਮੁਖ ਬਾਂਸ ਵਾਂਗ ਕੁਦਰਤ ਦੇ ਨਿਯਮ ’ਚ ਹੁੰਦੇ ਹਨ, ਪਰ ਗੁਰੂ ਦੀ ਮਿਹਰ (ਵਜ਼ੀਫ਼ੇ) ਤੋਂ ਸੱਖਣੇ ਹੁੰਦੇ ਹਨ। ਇਹ ਗੱਲ; ਤੀਸਰੇ ਪਾਤਿਸ਼ਾਹ ਉਕਤ ਸ਼ਬਦ ਦੇ ਪਹਿਲੇ ਬੰਦ ’ਚ ਕਹਿ ਰਹੇ ਹਨ, ‘‘ਮਲੁ ਹਉਮੈ ਧੋਤੀ ਕਿਵੈ ਉਤਰੈ; ਜੇ ਸਉ ਤੀਰਥ ਨ੍ਹਾਇ   ਬਹੁ ਬਿਧਿ ਕਰਮ ਕਮਾਵਦੇ; ਦੂਣੀ ਮਲੁ ਲਾਗੀ ਆਇ   ਪੜਿਐ ਮੈਲੁ ਉਤਰੈ; ਪੂਛਹੁ ਗਿਆਨੀਆ ਜਾਇ ’’ ਸ਼ਬਦ ਦੇ ਅੰਤਮ ਬੰਦ ’ਚ ਗੁਰੂ ਜੀ ਸਾਫ਼ ਕਰਦੇ ਹਨ ਕਿ ‘‘ਜਿਸ ਨੋ ਮੇਲੇ, ਸੋ ਮਿਲੈ; ਹਉ ਤਿਸੁ ਬਲਿਹਾਰੈ ਜਾਉ ..’’ (ਮਹਲਾ /੩੯) ਭਾਵ ਜਿਸ ਨੂੰ ਕਰਤਾਰ; ਖ਼ੁਦ ਆਪਣੇ ਨਾਲ਼ ਮੇਲਣਾ ਚਾਹੇ, ਓਹੀ ‘‘ਹਮ ਕੀਆ ਹਮ ਕਰਹਗੇ’’ ਵਾਲ਼ਾ ਅਹੰਕਾਰ ਛੱਡ ਉਸ ਨਾਲ਼ ਮਿਲਦਾ ਹੈ; ਖ਼ੁਦ ਕੋਈ ਨਹੀਂ ਮਿਲ ਸਕਦਾ। ਇਸੇ ਤਰ੍ਹਾਂ ਭਗਤ ਰਵਿਦਾਸ ਜੀ; ‘ਰਹਾਉ’ ਬੰਦ ’ਚ ਸਮਝਾਉਂਦੇ ਹਨ, ‘‘ਦੇਵ  ! ਸੰਸੈ ਗਾਂਠਿ ਛੂਟੈ   ਕਾਮ ਕ੍ਰੋਧ ਮਾਇਆ ਮਦ ਮਤਸਰ; ਇਨ ਪੰਚਹੁ ਮਿਲਿ ਲੂਟੇ ਰਹਾਉ ’’ (ਭਗਤ ਰਵਿਦਾਸ/੯੭੪) ਹੇ ਪ੍ਰਕਾਸ਼ਮਈ ਪ੍ਰਭੂ ! (ਤੇਰੀ ਖ਼ਾਸ ਮਿਹਰ/ਵਜ਼ੀਫ਼ੇ ਤੋਂ ਬਿਨਾਂ) ਸੰਦੇਹ-ਭਰਮ (ਭਾਵ ਮਨ ਦਾ ਵਿਕਲਪ) ਰੂਪ ਗੰਢ ਨਹੀਂ ਖੁੱਲ੍ਹਦੀ/ਮਿਟਦੀ ਤਾਹੀਓਂ ਇਨ੍ਹਾਂ ਪੰਜੇ (ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ) ਵਿਕਾਰਾਂ ਨੇ ਮਿਲ ਕੇ ਸੁਆਸ ਪੂੰਜੀ ਲੁੱਟ ਲਈ ਹੈ ਯਾਨੀ ਇਨ੍ਹਾਂ ਸ਼ਬਦਾਂ ’ਚ ‘ਗੁਰਮੁਖ ਬਨਾਮ ਮਨਮੁਖ’ ਦੀ ਵਿਚਾਰ ਕਰਦਿਆਂ ਗੁਰਮੁਖ ਨੂੰ ਗੁਰੂ ਦੀ ਸ਼ਰਨ ਪ੍ਰਾਪਤ ਕਰ ਸਫਲ ਹੁੰਦਾ ਵਿਖਾਇਆ ਗਿਆ ਹੈ ਤੇ ਮਨਮੁਖ ਨੂੰ ਗੁਰੂ ਦੀ ਸ਼ਰਨ ਨਾ ਲੈਣ ਕਾਰਨ ਜੀਵਨ-ਬਾਜ਼ੀ ਹਾਰਦਾ ਵਿਖਾਇਆ ਗਿਆ ਹੈ। ‘ਕੂੜ ਦੀ ਪਾਲਿ’ ਜਿਉਂ ਦੀ ਤਿਉਂ ਬਣੀ ਹੋਣ ਕਾਰਨ ਇਨ੍ਹਾਂ ਅੰਦਰਲੀ ਦਸ਼ਾ ਪਸ਼ੂ-ਪੰਛੀ, ਬਾਂਸ ਆਦਿ ਵਰਗੀ ਹੁੰਦੀ ਹੈ।

(). ਜਬ ਲਗੁ ਹੁਕਮੁ ਬੂਝਤਾ; ਤਬ ਹੀ ਲਉ ਦੁਖੀਆ ਗੁਰ ਮਿਲਿ ਹੁਕਮੁ ਪਛਾਣਿਆ; ਤਬ ਹੀ ਤੇ ਸੁਖੀਆ (ਮਹਲਾ /੪੦੦) ਅਰਥ : ਜਦ ਤੱਕ ਮਨਮੁਖ; ਗੁਰੂ ਨੂੰ ਮਿਲ ਕੇ ਮਾਲਕ ਦੀ ਮਰਜ਼ੀ ਨੂੰ ਨਹੀਂ ਸਵੀਕਾਰਦਾ ਤਦ ਤੱਕ (ਮਿਹਰ ਤੋਂ ਸੱਖਣਾ ਰਹਿ ਕੇ) ਦੁਖੀ ਹੈ, ਬੇਚੈਨ ਹੈ। ਜਦ ਰਜ਼ਾ (ਦੇ ਮਾਲਕ) ਨੂੰ ਸਮਝ ਗਿਆ ਤਾਂ ਸੁਖੀ ਹੋ ਗਿਆ ਭਾਵ ਖ਼ੁਦ ਨੂੰ ਮਾਲਕ ਬਣਨਾ ਤਿਆਗ ਦਿੱਤਾ। ਫਿਰ ਤੱਤੀ ਤਵੀ ’ਤੇ ਬੈਠਾ ਭੀ ‘‘ਤੇਰਾ ਕੀਆ ਮੀਠਾ ਲਾਗੈ ’’ (ਮਹਲਾ /੩੯੪) ਗਾਉਂਦਾ ਹੈ।

ਜਿਸ ਤਰ੍ਹਾਂ ਹੋਮਿਓਪੈਥਿਕ; ਰੋਗ ਦਾ ਨਹੀਂ, ਰੋਗੀ/ਮਰੀਜ਼ ਦਾ ਇਲਾਜ ਕਰਦੀ ਹੈ; ਉਸੇ ਤਰ੍ਹਾਂ ਗੁਰੂ ਸਿੱਖਿਆ; ਸਰੀਰਕ ਰੋਗਾਂ ਦਾ ਨਹੀਂ, ਮਾਨਸਿਕ ਰੋਗਾਂ ਦਾ ਇਲਾਜ ਕਰਦੀ ਹੈ। ਇਹ ਭੀ ਸੱਚ ਹੈ ਕਿ ਮਾਨਸਿਕ ਰੋਗਾਂ ਦੇ ਇਲਾਜ ਨਾਲ਼ ਕਈ ਸਰੀਰਕ ਰੋਗ ਭੀ ਖ਼ਤਮ ਹੋ ਜਾਂਦੇ ਹਨ। ਇਹ ਦਾਤੇ ਦੀ ਕਲਾ ਹੈ ਕਿ ਕਦੇ ਕਦਾਈਂ ਆਪਣੀ ਹੋਂਦ ਨੂੰ ਜ਼ਾਹਰ ਕਰਨ ਲਈ ਅਣਹੋਣੀ ਨੂੰ ਹੋਣੀ ’ਚ ਭੀ ਬਦਲ ਦਿੰਦਾ ਹੈ ਭਾਵ ਕਿਸੇ ਦੇ ਸਰੀਰਕ ਰੋਗ ਭੀ ਇਉਂ ਖ਼ਤਮ ਕਰ ਦਿੰਦਾ ਹੈ; ਜਿਵੇਂ ਕਿ ਔਰਤ ਹੀ ਜਨਨੀ ਹੈ ਜਾਂ ਦਾੜ੍ਹੀ ਮਨੁੱਖ ਦੇ ਹੀ ਹੁੰਦੀ ਹੈ, ਦਾ ਭਰਮ ਤੋੜ ਕੇ ਨਰ ਤੋਂ ਬੱਚਾ ਪੈਦਾ ਕਰ ਦਿੰਦਾ ਹੈ, ਔਰਤ ਦੇ ਮੂੰਹ ’ਤੇ ਦਾੜ੍ਹੀ ਲਿਆ ਦਿੰਦਾ ਹੈ, ਆਦਿ।

ਸਵਾਲ ਤੀਜਾ : ਜੇਕਰ ਮਨਮੁਖ ਭੀ ਹੁਕਮ ’ਚ ਹੈ ਤਾਂ ਉਸ ਨੂੰ ਸਮਝਾਉਣ ਦੀ ਕੀ ਲੋੜ ਹੈ ?

ਜਵਾਬ : ਗੁਰਮਤਿ ਦੇ ਦੋ ਪੱਖ ਹਨ : ‘ਪੀਰੀ ਅਤੇ ਮੀਰੀ’। ‘ਪੀਰੀ’ ਦਾ ਅਰਥ ਹੈ ‘ਗੁਰੂ ਸਿੱਖਿਆ ਰਾਹੀਂ ਸਵੈ ਪੜਚੋਲ ਕਰ-ਕਰ ਆਤਮ-ਪ੍ਰਕਾਸ਼/ਬਲ ਨੂੰ ਮਹਿਸੂਸ ਕਰਨਾ ਜਾਂ ਅੰਤਹਿਕਰਣ ਪਾਰਦਰਸ਼ੀ ਕਰਨਾ ਭਾਵ ਮਨ ਨਿਰਮਲ ਕਰਨਾ’ ਅਤੇ ਮੀਰੀ ਦਾ ਅਰਥ ਹੈ : ‘ਪੀਰੀ/ਸੱਚ ਦੀ ਵਕਾਲਤ ਕਰਨਾ ਭਾਵ ਮਾਨਵਤਾ ਲਈ ਆਦਰਸ਼ ਬਣਨਾ; ਸਮਾਜਿਕ ਏਕਤਾ, ਪਿਆਰ ਤੇ ਸੁਤੰਤਰਤਾ ਕਾਇਮ ਕਰਨ ’ਚ ਆਪਣਾ ਫ਼ਰਜ਼ ਅਦਾ ਕਰਨਾ ਕਿਉਂਕਿ ਗੁਰਮਤਿ ਅਨੁਸਾਰ ‘ੴ’; ਹਰ ਇੱਕ ’ਚ ਮੌਜੂਦ ਹੈ। ਮਾਨਵਤਾ ਦੀ ਸੇਵਾ ਰਾਹੀਂ ਮਾਲਕ ਦੀ ਪ੍ਰਸੰਨਤਾ ਹਾਸਲ ਹੁੰਦੀ ਹੈ।

‘ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ’ ਵਿਸ਼ੇ ਦੀ ਕੀਤੀ ਗਈ ਹੁਣ ਤੱਕ ਵਿਚਾਰ ‘ਪੀਰੀ’ ਪੱਖ ਨਾਲ਼ ਸਬੰਧਿਤ ਹੈ। ਇਸ ਲੜੀ ਦੇ ਚੌਥੇ (ਅੰਤਮ) ਭਾਗ ’ਚ ‘ਮੀਰੀ’ ਵਿਸ਼ਾ ਵਿਚਾਰਿਆ ਜਾਏਗਾ, ਜਿਸ ਵਿੱਚ ਇਹ ਸਵਾਲ ਕਿ ‘ਜੇਕਰ ਮਨਮੁਖ ਭੀ ਹੁਕਮ ’ਚ ਹੈ ਤਾਂ ਉਸ ਨੂੰ ਸਮਝਾਉਣ ਦੀ ਕੀ ਲੋੜ ਹੈ’ ਦਾ ਵਿਸਥਾਰ ਸਹਿਤ ਜਵਾਬ ਦਿੱਤਾ ਜਾਏਗਾ।

ਸੋ ਅੰਤ ’ਚ ਮੁੜ ਯਾਦ ਰੱਖਣ ਹੈ ਕਿ ਗੁਰਮਤਿ ਦੇ ਦੋ ਮੂਲ ਸਿਧਾਂਤ ਹਨ (1). ਕਰਤਾਰ ਦੇ ਹੁਕਮ ਅੰਦਰ ਪੂਰੀ ਕਾਇਨਾਤ ਹੈ, ਨੂੰ ਸਵੀਕਾਰ ਕੇ ਹੋਰਾਂ ਅੰਦਰ ਇਹ ਵਿਸ਼ਵਾਸ ਪੈਦਾ ਕਰਨਾ ਅਤੇ (2). ਇਸ ਉੱਤੇ ਬਣੀ ਅਸ਼ਰਧਾ (ਭਰਮ) ਨੂੰ ਤੋੜਨਾ।

–ਚੱਲਦਾ–

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਤੀਜਾ)

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਚੌਥਾ)

ਹਰ ਗੁਰਸਿੱਖ ਲਈ ਸੁਖਾਲੇ ਢੰਗ ਨਾਲ ਗੁਰਬਾਣੀ ਵਿਆਕਰਨ ਸਿਖਣ ਦਾ ਢੰਗ

0

ਕਿਰਪਾ youtube ਤੇ ਜਾ ਕੇ ਇਸ ਚੈਨਲ ਨੂੰ Subscribe ਭੀ ਕਰਨਾ ਜੀ।

ਜਨਮਸਾਖੀ-ਭਾਈ ਬਾਲਾ

0

ਜਨਮਸਾਖੀਭਾਈ ਬਾਲਾ

ਸਰਵਜੀਤ ਸਿੰਘ ਸੈਕਰਾਮੈਂਟੋ

ਜਨਮ ਅਤੇ ਸਾਖੀ ਦੇ ਮੇਲ ਤੋਂ ਬਣੇ ਜਨਮਸਾਖੀ ਦਾ ਭਾਵ ਹੈ ‘ਜਨਮ ਦੀ ਗਵਾਹੀ’। ਸਿੱਖ ਇਤਿਹਾਸ ਨਾਲ ਸੰਬੰਧਿਤ ਜਨਮ ਸਾਖੀਆਂ, ਕੇਵਲ ਜਨਮ ਦੀ ਗਵਾਹੀ ਹੀ ਨਹੀਂ ਸਗੋਂ ਜੀਵਨ ਦੀ ਕਹਾਣੀ ਹੈ। ਵਿਦਵਾਨਾਂ ਦਾ ਮੱਤ ਹੈ ਕਿ ਜਨਮ ਸਾਖੀ ਗੁਰੂ ਜੀ ਦੇ ਜਨਮ ਨਾਲ ਸੰਬੰਧਿਤ ਸਾਖੀ ਦਾ ਸਿਰਲੇਖ ਸੀ, ਜੋ ਹੌਲ਼ੀ-ਹੌਲ਼ੀ ਸਾਖੀਆਂ ਦੇ ਸਮੂਹ ਦਾ ਹੀ ਨਾਮ ਬਣ ਗਿਆ। ਸਿੱਖ ਇਤਿਹਾਸ ਦੇ ਪੁਰਾਤਨ ਵਸੀਲਿਆਂ ਵਿਚ ਜਨਮ ਸਾਖੀਆਂ ਦਾ ਮਹੱਤਵ ਪੂਰਨ ਅਸਥਾਨ ਹੈ। ਸਿੱਖ ਸਾਹਿਤ ਵਿਚ ਮਿਲਦੀਆਂ ਜਨਮ ਸਾਖੀਆਂ, ਪੁਰਾਤਨ ਜਨਮਸਾਖੀ, ਜੋ ਹਾਫ਼ਜ਼ਾ ਵਾਦੀ, ਵਲਾਇਤ ਵਾਲੀ ਅਤੇ ਕੌਲਬਰੁਕ ਵਾਲੀ ਜਨਮਸਾਖੀ ਆਦਿ ਨਾਵਾਂ ਨਾਲ ਵੀ ਜਾਣੀ ਜਾਂਦੀ ਹੈ, ਮਿਹਰਬਾਨ ਵਾਲੀ ਜਨਮਸਾਖੀ, ਆਦਿ ਸਾਖੀਆਂ ਜਾਂ ਸ਼ੰਭੂ ਨਾਥ ਵਾਲੀ ਜਨਮ ਪਤ੍ਰੀ, ਭਾਈ ਬਾਲੇ ਵਾਲੀ ਜਨਮਸਾਖੀ ਅਤੇ ਗਿਆਨ ਰਤਨਾਵਲੀ ਜਾਂ ਭਾਈ ਮਨੀ ਸਿੰਘ ਵਾਲੀ ਜਨਮਸਾਖੀ, ਜਨਮਸਾਖੀ ਨਾਨਕ ਸ਼ਾਹ ਕੀ, ਕ੍ਰਿਤ ਸੰਤ ਦਾਸ ਛਿੱਬਰ ਵਾਲੀ, ਜੋ ਭਾਈ ਬਾਲੇ ਵਾਲੀ ਦਾ ਹੀ ਕਾਵਿਕ ਰੂਪ ਹੈ, ਆਦਿ ਪ੍ਰਸਿੱਧ ਹਨ।

ਜਨਮ ਸਾਖੀਆਂ ਵਿੱਚ ਸਭ ਤੋਂ ਵੱਧ ਪ੍ਰਚਲਿਤ ਹੈਭਾਈ ਬਾਲੇ ਵਾਲੀ ਜਨਮਸਾਖੀ ਇਸ ਦੇ ਪ੍ਰਚਲਿਤ ਹੋਣ ਦਾ ਕਾਰਨ ਹੈ ਪਿਛਲੀ ਡੇਢ ਸਦੀ ਤੋਂ ਗੁਰਦਵਾਰਿਆਂ ਵਿੱਚ ਭਾਈ ਸੰਤੋਖ ਸਿੰਘ ਦੇ ਲਿਖੇ ਸੂਰਜ ਪ੍ਰਕਾਸ਼ ਦੀ ਹੋ ਰਹੀ ਕਥਾ ਇਸ ਜਨਮਸਾਖੀ ਦੇ ਹੱਥ ਲਿਖਤ ਉਤਾਰੇ ਬਹੁਤ ਮਿਲਦੇ ਹਨ ਅਤੇ ਨਵੇ ਜ਼ਮਾਨੇ ਵਿੱਚ ਇਸੇ ਨੂੰ ਹੀ ਛਾਪੇਖ਼ਾਨੇ ਵਾਲਿਆਂ ਨੇ ਛਾਪਿਆ ਹੈ। ਮੇਰੇ ਕੋਲ਼ ਭਾਈ ਚਤਰ ਸਿੰਘ ਜੀਵਨ ਸਿੰਘ ਵੱਲੋਂ 2000 ’ਚ ਛਾਪੀ ਗਈ ਭਾਈ ਬਾਲੇ ਬਾਲੀ ਜਨਮ ਸਾਖੀ ਹੈ, ਜੋ 32ਵੀਂ ਐਡੀਸ਼ਨ ਹੈ। ਇਸ ’ਚ ਕੋਈ ਸ਼ੱਕ ਨਹੀਂ ਕਿ ਭਾਈ ਬਾਲੇ ਦੇ ਨਾਮ ਨਾਲ ਜਾਣੀ ਜਾਂਦੀ ਜਨਮਸਾਖੀ ਦਾ ਹੀ ਪ੍ਰਚਾਰ ਸਭ ਤੋਂ ਵੱਧ ਹੋਇਆ ਹੈ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਜਨਮ ਸਾਖੀਆਂ ਦੀ ਪ੍ਰਮਾਣਿਕਤਾ ਬਾਰੇ ਵੀ ਸਭ ਤੋਂ ਵੱਧ ਪਰਖ-ਪੜਚੋਲ, ਭਾਈ ਬਾਲੇ ਵਾਲੀ ਜਨਮ ਸਾਖੀ ਦੀ ਹੀ ਹੋਈ ਹੈ।

ਜਨਮ ਸਾਖੀ ਦੀ ਪਰਖ-ਪੜਚੋਲ ਦਾ ਸਭ ਤੋਂ ਪਹਿਲਾ ਇਸ਼ਾਰਾ ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ ਵਿਚ ਮਿਲਦਾ ਹੈ। ਸਿੰਘ ਸਭਾ ਲਹਿਰ ਸਮੇਂ ਸੰਨ 1884 ਵਿਚ ਪ੍ਰੋ: ਗੁਰਮੁਖ ਸਿੰਘ ਜੀ ਨੇ ‘ਜਨਮ ਕੁੰਡਲੀਆਂ’ ਲੇਖ ਆਪਣੀ ਸੁਧਾਰਕ ਨਾਂ ਦੀ ਮਾਸਿਕ ਪਤ੍ਰਿਕਾ ’ਚ ਛਾਪਿਆ ਸੀ, ਪਰ ਠੋਸ ਅਲੋਚਨਾਤਮਿਕ ਅਧਿਐਨ ਦਾ ਮੁੱਢ ਸ. ਕਰਮ ਸਿੰਘ ਹਿਸਟੋਰੀਅਨ ਨੇ 1912 ਵਿਚ ਛਪੀ ਪੁਸਤਕ ‘ਕੱਤਕ ਕਿ ਵੈਸਾਖ’ ਲਿਖ ਕੇ ਬੰਨ੍ਹਿਆ ਸੀ। ਵਿਦਿਅਕ ਅਦਾਰਿਆਂ ਵਿਚ ਵੱਡੀ ਪੱਧਰ ’ਤੇ ਇਸ ਵਿਸ਼ੇ ’ਤੇ ਖੋਜ ਕਾਰਜ ਦਾ ਆਰੰਭ, ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦੀ ਪੰਜਵੀਂ ਸ਼ਤਾਬਦੀ ਭਾਵ ਸੰਨ 1969 ਦੇ ਆਸ-ਪਾਸ ਹੀ ਹੋਇਆ। ਸ. ਕਰਮ ਸਿੰਘ ਹਿਸਟੋਰੀਅਨ ਜੀ ਲਿਖਦੇ ਹਨ, ‘ਭਾਈ ਬਾਲੇ ਵਾਲੀ ਜਨਮਸਾਖੀ ਦੀ ਪੁਰਾਣੀ ਤੋਂ ਪੁਰਾਣੀ ਕਾਪੀ ਜੋ ਮਿਲ ਸਕੀ ਹੈ ਉਹ ਜਗਰਾਵੀਂ ਇਕ ਡੇਰੇ ਵਿਚੋਂ ਮਿਲੀ ਹੈ, ਇਸ ਦੇ ਲਿਖੇ ਜਾਣ ਦਾ ਸੰਮਤ ੧੭੮੧ ਮਿਤੀ ਮੱਘਰ ਵਦੀ ਦਸਮੀ (ਭਾਵ 18 ਨਵੰਬਰ 1725 ਜੂਲੀਅਨ) ਹੈ। ਇਸ ਤੋਂ ਪਹਿਲਾਂ ਦੀ ਲਿਖੀ ਹੋਈ ਕਾਪੀ ਨਹੀਂ ਮਿਲਦੀ’। (ਪੰਨਾ 115)

ਹੁਣ ਖੋਜੀ ਵਿਦਵਾਨਾਂ ਨੂੰ ਸੰਮਤ ੧੭੧੫/1658 ਈ: ਦੀ ਇੱਕ ਹੱਥ ਲਿਖਤ ਮਿਲੀ ਹੈ, ਜੋ ਸ੍ਰੀ ਪਿਆਰੇ ਲਾਲ ਕਪੂਰ, ਦਿੱਲੀ ਦੀ ਸੰਤਾਨ ਪਾਸ ਸੁਰੱਖਿਅਤ ਹੈ। ਹੁਣ ਤਾਈਂ ਮਿਲੀਆਂ ਹੱਥ ਲਿਖਤਾਂ ’ਚ ਇਹ ਸਭ ਤੋਂ ਪੁਰਾਣੀ ਹੱਥ ਲਿਖਤ ਮੰਨੀ ਗਈ ਹੈ।

ਕੋਈ ਸਮਾਂ ਸੀ ਜਦੋਂ ਸਾਧਨਾਂ ਦੀ ਕਮੀ ਕਾਰਨ ਸਿੱਖਾਂ ਵਿੱਚ ਪੜ੍ਹਨ ਦੀ ਬਹੁਤੀ ਰੁਚੀ ਨਹੀਂ ਸੀ। ਆਪ ਪੜ੍ਹਨ ਅਤੇ ਪਰਖ ਪੜਚੋਲ ਦੀ ਬਜਾਇ, ਅਨਪੜ੍ਹ ਪ੍ਰਚਾਰਕਾਂ ਵੱਲੋਂ ਸੁਣਾਈਆਂ ਗਈਆਂ ਸਾਖੀਆਂ ਨੂੰ ਹੀ ਸੱਚ ਮੰਨ ਲਿਆ ਜਾਂਦਾ ਸੀ। ਅੱਜ ਸਾਡੇ ਪਾਸ ਬਹੁਤ ਸਾਰੇ ਸਾਧਨ ਹਨ ਅਤੇ ਪ੍ਰਚਾਰਕਾਂ ਦੀ ਨਵੀਂ ਪੀੜ੍ਹੀ, ਕੁਝ ਇਕ ਨੂੰ ਛੱਡ ਕੇ, ਪੜ੍ਹੀ ਲਿਖੀ ਹੈ, ਜੋ ਇਤਿਹਾਸ ’ਚ ਦਰਜ ਸਾਖੀਆਂ ਨੂੰ ਗੁਰਬਾਣੀ ਦੀ ਕਸਵੱਟੀ ਅਤੇ ਵਿਗਿਆਨਕ ਤੱਥਾਂ ਨਾਲ ਪਰਖ ਪੜਚੋਲ ਕਰਕੇ ਪੇਸ਼ ਕਰਦੀ ਹੈ। ਪੜ੍ਹਨ-ਲਿਖਣ ਦੀ ਰੁਚੀ ਰੱਖਣ ਵਾਲਾ ਹਰ ਸੱਜਣ ਇਹ ਜਾਣਦਾ ਹੈ ਕਿ ਬਾਲੇ ਵਾਲੀ ਜਨਮਸਾਖੀ, ਜੋ ਅੱਜ ਪ੍ਰਚਲਿਤ ਹੈ, ਇਹ ਗੁਰੂ ਅੰਗਦ ਦੇਵ ਜੀ ਵੱਲੋਂ ਲਿਖਾਈ, ਜਨਮਸਾਖੀ ਨਹੀਂ ਹੈ; ਜੈਸਾ ਕਿ ਕਿਹਾ ਜਾਂਦਾ ਹੈ। ਸਾਰੇ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਭਾਈ ਬਾਲੇ ਦੇ ਨਾਂ ’ਤੇ ਜਾਣੀ ਜਾਂਦੀ ਜਨਮ ਸਾਖੀ ਹੰਦਾਲੀਆਂ ਦੀ ਲਿਖੀ ਹੋਈ ਹੈ। ਇਸ ਵਿੱਚ ਹੰਦਾਲ ਨੂੰ ਗੁਰੂ ਜੀ ਤੋਂ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ। ਇਸ ਜਨਮਸਾਖੀ ਵਿੱਚ ਬੇਅੰਤ ਭੁੱਲਾਂ ਦੇ ਨਾਲ-ਨਾਲ ਗੁਰੂ ਜੀ ਦਾ ਨਿਰਾਦਰ ਕਰਨ ਵਾਲੀਆਂ ਸਾਖੀਆਂ ਵੀ ਦਰਜ ਹਨ।

ਹੰਦਾਲ ਦਾ ਜਨਮ, ਸੰਮਤ ੧੬੩੦/1573 ਈ: ਵਿਚ ਹੋਇਆ ਸੀ; ਜਿਵੇਂ ਕਿ ਇਸ ਸਾਖੀ ’ਚ ਲਿਖਿਆ ਹੈ ਕਿ ‘ਸੰਮਤ ੧੬੩੦ ਵਿਸਾਖ ਸੁਦੀ ਪੂਰਨਮਾਸ਼ੀ ਸੁਵਾਂਤੀ ਨਿਛੱਤ੍ਰ ਡੇਢ ਪਹਿਰ ਰਾਤ ਰਹਿੰਦੀ ਐਤਵਾਰ [ਜਦਕਿ ਸਹੀ ਦਿਨ ਸ਼ੁੱਕਰਵਾਰ ਬਣਦਾ ਹੈ] ਗੁਰੂ ਜੀ ਦਾ ਜਨਮ ਹੋਇਆ’ (ਸ੍ਰੀ ਗੁਰੂ ਹੰਦਾਲ ਪ੍ਰਕਾਸ਼, ਪੰਨਾ 31) ਇਸ ਦੀ ਮੌਤ ਸੰਮਤ ੧੭੦੫/1648 ਈ: ਨੂੰ ਹੋਈ ਸੀ। ਇਸ ਦੇ ਪੁੱਤਰ ਬਿਧੀ ਚੰਦ ਦਾ ਜਨਮ ਸੰਮਤ ੧੬੬੦/1603 ਈ: ਨੂੰ ਅਤੇ ਮੌਤ ਸੰਮਤ ੧੭੧੫/1658 ਈ: ਨੂੰ ਹੋਈ ਸੀ। ਹੰਦਾਲ ਦਾ ਵੱਡਾ ਪੁੱਤਰ ਬਾਲ ਚੰਦ; ਬਿਧੀ ਚੰਦ ਤੋਂ 3 ਸਾਲ ਪਹਿਲਾਂ ਜਨਮਿਆ ਸੀ। ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ‘ਬਾਲ ਚੰਦ’ ਹੀ (ਭਾਈ) ਬਾਲਾ ਹੈ।

ਡਾ. ਗੁਰਬਚਨ ਕੌਰ ਜੀ ਲਿਖਦੇ ਹਨ, ‘ਬਾਲਾ, ਇਸ ਜਨਮਸਾਖੀ ਦਾ ਵਿਸ਼ੇਸ਼ ਪਾਤਰ ਹੈ, ਜੋ ਗੁਰੂ ਨਾਨਕ ਜੀ ਦਾ ਸਾਥੀ ਹੋਣ ਦਾ ਦਾਅਵਾ ਕਰਦਾ ਹੈ ਤੇ ਆਪਣੇ ਆਪ ਨੂੰ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿਚ ਗੁਰੂ ਨਾਨਕ ਦੀ ਜੀਵਨੀ ਲਿਖਾਉਣ ਵਾਲਾ ਸਿੱਧ ਕਰਦਾ ਹੈ, ਪਰ ਜਨਮਸਾਖੀ ਦੀਆਂ ਅੰਦਰਲੀਆਂ ਗਵਾਹੀਆਂ ਦੇ ਆਧਾਰ ਉੱਤੇ ਸਿੱਧ ਕੀਤਾ ਗਿਆ ਹੈ ਕਿ ਇਹੋ ਜਿਹਾ ਕੋਈ ਇਤਿਹਾਸਿਕ ਵਿਅਕਤੀ ਨਹੀਂ ਹੋਇਆ, ਸਗੋਂ ਇਸ ਸਾਰੇ ਕਪਟ/ਫ਼ਰੇਬ ਨੂੰ ਰਚਣ ਦਾ ਕੰਮ, ਬੜੀ ਚਤੁਰਾਈ ਨਾਲ, ਹੰਦਾਲ ਦੇ ਜੇਠੇ ਲੜਕੇ ਬਾਲ ਚੰਦ ਨੇ ਕੀਤਾ ਹੈ। ਇਹ ਇਕ ਨਵੀਂ ਲੱਭਤ ਹੈ’। (ਜਨਮ ਸਾਖੀ ਭਾਈ ਬਾਲਾ ਦਾ ਪਾਠ-ਪ੍ਰਮਾਣੀਕਰਣ ਤੇ ਆਲੋਚਨਾਤਮਿਕ ਸੰਪਾਦਨ, ਪੰਨਾ 146)

ਕਵੀ ਭਾਈ ਸੰਤੋਖ ਸਿੰਘ ਨੇ ਆਪਣੇ ਗ੍ਰੰਥ ‘ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਾਰਦ’ (1823 ਈ.) ਦੇ 37ਵੇਂ ਅਧਿਆਇ ‘ਨਾਨਕ ਪ੍ਰਕਾਸ਼ ਕਿਨ੍ਹਾਂ ਪੁਸਤਕਾਂ ਤੋਂ ਬਣਿਆ’ ਵਿੱਚ ਆਪਣੇ ਸ੍ਰੋਤਾਂ ਦਾ ਜ਼ਿਕਰ ਕਰਦੇ ਲਿਖਦੇ ਹਨ :

ਪੂਰਬ ਪੋਥੀ ਜੋ ਲਿਖੀ ਸ੍ਰੀ ਨਾਨਕ ਇਤਿਹਾਸ। ਲਿਖਵਾਈ ਅੰਗਦ ਗੁਰੂ ਬਾਲੇ ਬਦਨ ਪ੍ਰਕਾਸ਼॥੧੩॥

ਉਪਰੋਕਤ ਪੰਕਤੀ ਤੋਂ ਸਪਸ਼ਟ ਹੈ ਕਿ ਕਵੀ ਭਾਈ ਸੰਤੋਖ ਸਿੰਘ; ਭਾਈ ਬਾਲੇ ਵਾਲੀ ਜਨਮਸਾਖੀ ਦਾ ਜ਼ਿਕਰ ਕਰ ਰਹੇ ਹਨ, ਜੋ ਇਨ੍ਹਾਂ ਦੀ ਲਿਖਤ ਦਾ ਸ੍ਰੋਤ ਹੈ। ਇਸ ਤੋਂ ਅੱਗੇ ਕਵੀ ਜੀ, ਹੰਦਾਲ ਦਾ ਜ਼ਿਕਰ ਕਰਦੇ ਹੋਏ ਲਿਖਦੇ ਹਨ ਕਿ ਹੰਦਾਲ ਦੇ ਘਰ ਇਕ ਨੀਚ ਪੈਦਾ ਹੋ ਗਿਆ। ਜਿਸ ਦੇ ਹੱਥ ਗੁਰੂ ਅੰਗਦ ਜੀ ਵੱਲੋਂ ਲਿਖਵਾਈ ਪੋਥੀ ਆ ਗਈ। ਉਸ ਨੇ ਇਕ ਕਬੀਰ ਪੰਥੀ ਨਾਲ ਮਿਲ ਕੇ ਮਨ ’ਚ ਵਿਚਾਰ ਕੀਤੀ ਅਤੇ ਮਿਲਾਵਟੀ ਪੋਥੀ ਤਿਆਰ ਕਰ ਦਿੱਤੀ, ਜਿਸ ਵਿੱਚ ਹੰਦਾਲ ਦੀ ਵਡਿਆਈ ਕੀਤੀ ਅਤੇ ਗੁਰੂ ਨਾਨਕ ਜੀ ਸੰਬੰਧੀ ਅਯੋਗ ਸਾਖੀਆਂ, ਇਸ ਆਸ ਨਾਲ ਲਿਖ ਦਿੱਤੀਆਂ ਕਿ ਗੁਰੂ ਦੇ ਸਿੱਖ ਸਾਨੂੰ ਮੰਨਣ ਲੱਗ ਪੈਣਗੇ। ਅਸਲ ਪੋਥੀ ਨੂੰ ਪਾੜ ਕੇ ਬਿਆਸ ਦਰਿਆ ਦੇ ਸਪੁਰਦ ਕਰ ਦਿੱਤਾ।

ਹਮਕੋ ਮਨਹਿਂਗੇ ਬਹੁ ਮਾਨਵਲਿਖੀ ਅਧਿਕਤਾ ਉਰ ਆਨਵ

ਪੂਰਬ ਪੋਥੀ ਹੁਤੀ ਜੋ ਸੋਈ ਦਈ ਬਿਆਸ ਬੀਚ ਡਬੋਇ ੨੭

ਪੰਨੇ ਛੇਦੇ ਦਈ ਬਹਾਈਜੋ ਸ੍ਰੀ ਗੁਰੂ ਅੰਗਦ ਲਿਖਵਾਈ

ਤਿਹਕੋ ਤਾਤਪਰਜ ਸਭਿ ਚੀਨੇਅਧਿਕ ਬਚਨ ਅਪਨੇ ਲਿਖਿ ਦੀਨੇ ੨੮

ਕਵੀ ਸੰਤੋਖ ਸਿੰਘ ਜੀ ਦੀ ਉਪਰੋਕਤ ਲਿਖਤ ਤੋਂ ਇਹ ਸਪਸ਼ਟ ਹੈ ਕਿ ਕਵੀ ਜੀ ਦੀ ਜਾਣਕਾਰੀ ਦਾ ਵਸੀਲਾ ਭਾਈ ਬਾਲੇ ਵਾਲੀ ਮਿਲਾਵਟੀ ਜਨਮ ਸਾਖੀ ਹੈ, ‘ਕਰਿ ਕੁਕਰਮ ਅਨਸ਼ੋਧ ਬਨਾਈ ਅਪਨ ਵਡਿਨ ਕੀ ਕੀਰਤਿ ਪਾਈ’। ਕਵੀ ਜੀ ਲਿਖਦੇ ਹਨ ਕਿ ਹੰਦਾਲੀਆਂ ਨੇ ਅਸਲ ਜਨਮ ਸਾਖੀ ਨੂੰ ਪਾੜ ਕੇ ਬਿਆਸ ਦਰਿਆ ’ਚ ਡੋਬ ਦਿੱਤਾ ਸੀ। ਜੇ ਇਹ ਸੱਚ ਹੈ ਤਾਂ ਇਹ ਘਟਨਾ ਸੰਮਤ ੧੭੧੫/1658 ਈ: ਤੋਂ ਪਹਿਲਾਂ ਦੀ ਹੀ ਹੋ ਸਕਦੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਕਵੀ ਜੀ ਖ਼ੁਦ ਮੰਨਦੇ ਹਨ ਕਿ ਉਨ੍ਹਾਂ ਦਾ ਵਸੀਲਾ ਹੰਦਾਲੀਆਂ ਵਾਲੀ ਮਿਲਾਵਟੀ ਜਨਮ ਸਾਖੀ ਹੈ ਤਾਂ ਉਨ੍ਹਾਂ ਦੀ ਲਿਖਤ ‘ਸ੍ਰੀ ਗੁਰੂ ਨਾਨਕ ਪ੍ਰਕਾਸ਼’ ਵਿਸ਼ਵਾਸ ਯੋਗ ਕਿਵੇਂ ਮੰਨੀ ਜਾ ਸਕਦੀ ਹੈ ?

ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਭਾਈ ਮਰਦਾਨਾ ਜੀ ਦਾ ਤਾਂ ਜ਼ਿਕਰ ਕੀਤਾ ਹੈ, ਪਰ ਬਾਲੇ ਦਾ ਨਹੀਂ।

ਫਿਰਿ ਬਾਬਾ ਗਇਆ ਬਗਦਾਦ ਨੋ; ਬਾਹਰਿ ਜਾਇ ਕੀਆ ਅਸਥਾਨਾ

ਇਕ ਬਾਬਾ ਅਕਾਲ ਰੂਪੁ; ਦੂਜਾ ਰਬਾਬੀ ਮਰਦਾਨਾ (ਵਾਰ ਪਉੜੀ ੩੫)

ਇਸ ਜਨਮਸਾਖੀ ਬਾਰੇ ਕਰਮ ਸਿੰਘ ਹਿਸਟੋਰੀਅਨ ਦੀ ਖੋਜ ਦਾ ਤੱਤ ਸਾਰ ਹੈ ਕਿ ‘ਪਾਠਕ ਜੀ ! ਮੈਂ ਭਾਈ ਗੁਰਮੁਖ ਸਿੰਘ ਜੀ ਸਵਰਗਵਾਸੀ ਨਾਲ ਇਕ ਸੁਰ ਹੋ ਦੁਹਾਈ ਦੇ ਕੇ ਆਖਦਾ ਹਾਂ ਕਿ ਇਹ ਸਾਖੀ ਸ਼ੁਰੂ ਤੋਂ ਲੈ ਕੇ ਅਖੀਰ ਤਕ ਜਾਲੀ ਹੈ, ਝੂਠੀ ਹੈ, ਬਨਾਉਟੀ ਹੈ, ਨਿੰਦਿਆ ਨਾਲ ਭਰੀ ਪਈ ਹੈ, ਸੁਨਣ ਦੇ ਯੋਗ ਨਹੀਂ, ਦੇਖਣ ਦੇ ਕੰਮ ਨਹੀਂ, ਮੰਨਣ ਦੇ ਲਾਇਕ ਨਹੀਂ, ਇਸ ਨੂੰ ਬੰਨ੍ਹ ਕੇ ਅਜਿਹੇ ਥਾਂ ਪੁਚਾਉਣਾ ਚਾਹੀਏ ਜਿਥੋਂ ਇਸ ਦਾ ਖੁਰਾ ਖੋਜ ਨਾ ਮਿਲੇ’। (ਕੱਤਕ ਕਿ ਵਿਸਾਖ- ਪੰਨਾ 131)

ਪੁਰਾਤਨ ਜਨਮਸਾਖੀ, ਜਿਸ ਦੇ ਲਿਖਣ ਦਾ ਸਮਾ ਵਿਦਵਾਨਾਂ ਨੇ ਸੰਮਤ ੧੬੯੨/1635 ਈ: ਅਤੇ ਮਿਹਰਬਾਨ ਵਾਲੀ ਜਨਮਸਾਖੀ ਜਿਸ ਦੇ ਲਿਖਣ ਦਾ ਸਮਾ ਵਿਦਵਾਨਾਂ ਨੇ ਸੰਮਤ ੧੭੦੮/1651 ਈ: ਸਿੱਧ ਕੀਤਾ ਹੈ, ਵਿੱਚ ਕਿਤੇ ਵੀ ਬਾਲੇ ਦਾ ਗੁਰੂ ਜੀ ਦੇ ਨਿਕਟਵਰਤੀ ਵਜੋਂ ਜ਼ਿਕਰ ਨਹੀਂ ਹੈ। ਸਪਸ਼ਟ ਹੈ ਕਿ ਭਾਈ ਬਾਲੇ ਨਾਂ ਦਾ ਕੋਈ ਵਿਅਕਤੀ ਗੁਰੂ ਨਾਨਕ ਸਾਹਿਬ ਜੀ ਦਾ ਨਿਕਟ ਵਰਤੀ ਨਹੀਂ ਰਿਹਾ ਅਤੇ ਮੌਜੂਦਾ ਜਨਮਸਾਖੀ, ਗੁਰੂ ਅੰਗਦ ਦੇਵ ਜੀ ਵੱਲੋਂ ਲਿਖਵਾਈ ਹੋਈ ਨਹੀਂ ਹੈ। ਬਾਲਾ ਇਕ ਕਾਲਪਨਿਕ ਪਾਤਰ ਹੈ ਅਤੇ ਉਸ ਦੇ ਨਾਂ ਨਾਲ ਜਾਣੀ ਜਾਂਦੀ ਜਨਮਸਾਖੀ ਝੂਠੀ ਅਤੇ ਜਾਲ੍ਹੀ ਹੈ। ਸਾਡਾ ਇਹ ਮੰਨਣਾ ਉਨ੍ਹਾਂ ਚਿਰ ਕਾਇਮ ਰਹੇਗਾ, ਜਿਨ੍ਹਾਂ ਚਿਰ ਸੰਬੰਧਿਤ ਧਿਰਾਂ ਸੰਮਤ ੧੫੯੭/1540 ਈ: ਦੀ ਲਿਖੀ ਹੋਈ ਭਾਈ ਬਾਲੇ ਦੀ ਅਸਲ ਲਿਖਤ ਪੇਸ਼ ਨਹੀਂ ਕਰਦੀਆਂ।

ਗੁਰੂ ਨਾਨਕ ਸਾਹਿਬ ਜੀ ਦੇ ਸਤਿਕਾਰ ਯੋਗ ‘ਮਾਤਾ ਤ੍ਰਿਪਤਾ ਜੀ’

0

ਗੁਰੂ ਨਾਨਕ ਸਾਹਿਬ ਜੀ ਦੇ ਸਤਿਕਾਰ ਯੋਗਮਾਤਾ ਤ੍ਰਿਪਤਾ ਜੀ

ਗਿਆਨੀ ਸੁਖਵਿੰਦਰ ਸਿੰਘ ਹੈਡ ਗ੍ਰੰਥੀ (ਦਿੱਲੀ)-98990-70841

ਮਨੁੱਖੀ ਦੁਨੀਆਂ ਵਿਚ ਮਾਂ ਦਾ ਦਰਜਾ ਐਸਾ ਮਹਾਨ ਤੇ ਪਵਿੱਤਰ ਸੰਬੰਧ ਹੈ ਕਿ ਜਿਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਔਖਾ ਹੈ। ਕਿਹਾ ਜਾਂਦਾ ਹੈ ਕਿ ਰੱਬ ਨੇ ਜੇਕਰ ਆਪਣੇ ਆਪ ਨੂੰ ਇਸ ਧਰਤੀ ’ਤੇ ਪ੍ਰਗਟ ਕਰਨਾ ਹੁੰਦਾ ਹੈ ਜਾਂ ਇਸ ਧਰਤੀ ਉੱਪਰ ਕਿਸੇ ਨੂੰ ਭੇਜਣਾ ਹੁੰਦਾ ਹੈ ਤਾਂ ਉਹ ਵੀ ਮਾਂ ਨੂੰ ਹੀ ਆਧਾਰ ਬਣਾ ਕੇ ਭੇਜਦਾ ਹੈ ਅਤੇ ਜਿਸ ਰਾਹੀਂ ਸੰਸਾਰਕ ਜੀਵਾਂ ਦਾ ਵਿਕਾਸ ਕਰਦਾ ਹੈ।

ਵਿਦਵਾਨਾਂ ਮੁਤਾਬਕ ‘ਮਾਂ’ ਸ਼ਬਦ ਇਕ ਅਜਿਹਾ ਗੌਰਵਮਈ ਸ਼ਬਦ ਹੈ, ਜਿਸ ਅੰਦਰ ਸਾਰੇ ਸੰਸਾਰ ਦਾ ਪਿਆਰ ਸਮਾ ਜਾਂਦਾ ਹੈ। ਇਸ ਦੁਨੀਆਂ ਵਿਚ ਸਭ ਤੋਂ ਪਿਆਰਾ ਸ਼ਬਦ ‘ਮਾਂ’ ਹੈ। ਬੱਚਾ ਆਪਣੇ ਜਨਮ ਤੋਂ ਕੁਝ ਦਿਨ ਬਾਅਦ ਜੇ ਕੋਈ ਪਹਿਲਾ ਸ਼ਬਦ ਬੋਲਦਾ ਹੈ ਤਾਂ ਉਹ ਮਾਂ ਬੋਲਦਾ ਹੈ। ਬੱਚੇ ਵਾਸਤੇ ਮਾਂ ਉਸ ਦੀ ਦੁਨੀਆਂ ਹੈ। ਉਸ ਦਾ ਸੰਸਾਰ ਹੈ। ਦੌਲਤ ਹੈ, ਸ਼ੌਹਰਤ ਹੈ, ਮਮਤਾ ਦਾ ਸਾਗਰ ਹੈ। ਪਿਆਰ ਦਾ ਸੁੱਖ ਸੁਨੇਹੜਾ ਹੈ। ਸੰਘਣੀ ਛਾਂ ਦਾ ਬੂਟਾ ਹੈ। ਮਾਂ ਹੈ ਤਾਂ ਸਵਰਗ ਹੈ। ਪ੍ਰੋਫ਼ੈਸਰ ਮੋਹਣ ਸਿੰਘ ਜੀ ਲਿਖਦੇ ਹਨ :

ਮਾਂ ਵਰਗਾ ਘਣਛਾਵਾਂ ਬੂਟਾ, ਮੈਨੂੰ ਨਜ਼ਰ ਨਾ ਆਵੇ

ਲੈ ਕੇ ਜਿਸ ਤੋਂ ਛਾਂ ਉਧਾਰੀ, ਰੱਬ ਨੇ ਸੁਰਗ ਬਣਾਏ

ਐਨਾ ਕੁਝ ਹੁੰਦਿਆਂ ਵੀ ਮੈਂ ਦੇਖਦਾ ਹਾਂ ਕਿ ਕਈ ਧਰਮਾਂ ਨੇ ਇਸਤਰੀ ਜਾਤੀ ਨੂੰ ਨਾ ਮਾਂ ਦੇ ਰੂਪ ਵਿਚ, ਨਾ ਪਤਨੀ ਦੇ ਰੂਪ ਵਿਚ, ਨਾ ਭੈਣ ਦੇ ਰੂਪ ਵਿਚ ਪਿਆਰ ਦਿੱਤਾ, ਨਾ ਧਰਮ ਦੇ ਰੀਤੀ-ਰਿਵਾਜਾਂ ਵਿਚ ਬਰਾਬਰਤਾ ਦਾ ਅਧਿਕਾਰ ਹੀ ਦਿੱਤਾ।

ਅਸੀਂ ਬੜੇ ਮਾਣ ਨਾਲ ਆਖ ਸਕਦੇ ਹਾਂ ਕਿ ਕੇਵਲ ਤੇ ਕੇਵਲ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਇਸਤਰੀ ਦੇ ਹਰ ਰੂਪ ਨੂੰ ਸਾਮ੍ਹਣੇ ਰੱਖ ਕੇ ਇਸ ਮਰਦ ਪ੍ਰਧਾਨ ਸਮਾਜ ਨੂੰ ਇਸਤਰੀ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਪਣੇ ਬਚਨ ਹਨ , ‘‘ਭੰਡਿ ਜੰਮੀਐ ਭੰਡਿ ਨਿੰਮੀਐ; ਭੰਡਿ ਮੰਗਣੁ ਵੀਆਹੁ   ਭੰਡਹੁ ਹੋਵੈ ਦੋਸਤੀ; ਭੰਡਹੁ ਚਲੈ ਰਾਹੁ   ਭੰਡੁ ਮੁਆ ਭੰਡੁ ਭਾਲੀਐ; ਭੰਡਿ ਹੋਵੈ ਬੰਧਾਨੁ   ਸੋ ਕਿਉ ਮੰਦਾ ਆਖੀਐ  ? ਜਿਤੁ ਜੰਮਹਿ ਰਾਜਾਨ ’’ (ਮਹਲਾ /੪੭੩)

ਗੁਰੂ ਸਾਹਿਬ ਨੇ ਮਾਂ ਨੂੰ ‘ਜਗਤ-ਜਨਨੀ’ ਦਾ ਰੁਤਬਾ ਦੇ ਕੇ ਸਨਮਾਨਿਆ ਹੈ। ਅੱਜ ਸਾਡੇ ਵੱਡੇ ਭਾਗ ਹਨ ਕਿ ਇਸ ਲੇਖ ਰਾਹੀਂ ਅਸੀਂ ਇਸ ਦੁਨੀਆਂ ਦੇ ਮਹਾਨ ਰਹਿਬਰ ਜਗਤ ਗੁਰੂ ਨਾਨਕ ਨਿਰੰਕਾਰੀ ਜੀ ਦੀ ਜਨਨੀ ‘‘ਧਨੁ ਜਨਨੀ ਜਿਨਿ ਜਾਇਆ; ਧੰਨੁ ਪਿਤਾ ਪਰਧਾਨੁ ’’ (ਮਹਲਾ /੩੨) ਵਾਲ਼ੀ ਧੰਨ ਧੰਨ ਮਾਤਾ ਤ੍ਰਿਪਤਾ ਜੀ ਬਾਰੇ ਜਾਣਨ ਦਾ ਜਤਨ ਕਰ ਰਹੇ ਹਾਂ।

ਸੋ ਮਾਤਾ ਤ੍ਰਿਪਤਾ ਜੀ ਦਾ ਜਨਮ ਪਿੰਡ ਚਾਹਲ, ਥਾਣਾ ਬਰਕੀ, ਜ਼ਿਲ੍ਹਾ ਲਾਹੌਰ ਦੇ ਵਸਨੀਕ ਭਾਈ ਰਾਮਾ ਜੀ ਅਤੇ ਮਾਤਾ ਭਿਰਾਈ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ-ਪਿਤਾ ਜੀ ਨੇ ਆਪਣੀ ਲਾਡਲੀ ਧੀ ਰਾਣੀ ਦਾ ਨਾਂ ‘ਤ੍ਰਿਪਤਾ’ ਰੱਖਿਆ। ਤ੍ਰਿਪਤਾ ਵਰਗੀ ਸਿਆਣੀ ਧੀ; ਘਰ ਵਿਚ ਪਾ ਕੇ ਮਾਤਾ-ਪਿਤਾ ਵੀ ਧੰਨ-ਧੰਨ ਹੋ ਗਏ। ਆਪ ਜੀ ਦੇ ਇਕ ਵੱਡੇ ਵੀਰ ਸ੍ਰੀ ਕ੍ਰਿਸ਼ਨਾ ਜੀ ਵੀ ਸਨ। ਜੋ ਕੇ ਆਪਣੀ ਛੋਟੀ ਭੈਣ ਤ੍ਰਿਪਤਾ ਨੂੰ ਬਹੁਤ ਪਿਆਰ ਕਰਦੇ ਸਨ।

ਮਾਤਾ-ਪਿਤਾ ਨੇ ਆਪਣੀ ਲਾਡਲੀ ਧੀ ਤ੍ਰਿਪਤਾ ਨੂੰ ਮੁੱਢਲੀ ਵਿੱਦਿਆ ਅਤੇ ਘਰ ਕਾਜ ਦੇ ਕੰਮਾਂ ਵਿਚ ਨਿਪੁੰਨ ਕਰਨ ਤੋਂ ਬਾਅਦ ਉਨ੍ਹਾਂ ਵਾਸਤੇ ਇਕ ਚੰਗਾ ਵਰ ਰਾਇ ਭੋਇ ਦੀ ਤਲਵੰਡੀ ਦੇ ਵਸਨੀਕ ਸ਼ਿਵ ਰਾਮ ਬੇਦੀ ਦੇ ਸਪੁੱਤਰ ਮਹਿਤਾ ਕਲਿਆਣ ਦਾਸ ਜੀ (ਮਹਿਤਾ ਕਾਲੂ ਜੀ), ਜੋ ਕਿ ਤਲਵੰਡੀ ਦੇ ਹਾਕਮ ਰਾਇ ਬੁਲਾਰ ਕੋਲ ਪਟਵਾਰੀ ਵਜੋਂ ਨੌਕਰੀ ਕਰਦੇ ਸਨ ਤੇ ਇਮਾਨਦਾਰ, ਮਿਹਨਤੀ ਅਤੇ ਗਰੀਬਾਂ ਲੋੜਵੰਦਾਂ ਦੀ ਮਦਦ ਕਰਨ ਵਾਲੇ ਨੇਕ ਇਨਸਾਨ ਸਨ; ਐਸੇ ਹੋਣਹਾਰ ਨੌਜਵਾਨ ਮਹਿਤਾ ਕਾਲੂ ਜੀ ਨਾਲ ਮਾਤਾ ਤ੍ਰਿਪਤਾ ਜੀ ਦਾ ਵਿਆਹ ਕਰ ਦਿੱਤਾ।

ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੀ ਜੋੜੀ ਗੁਣਾਂ ਪੱਖੋਂ ‘ਜੋੜੀਆਂ ਜੱਗ ਥੋੜ੍ਹੀਆਂ’ ਵਿੱਚੋਂ ਇਕ ਸੀ। ਆਪ ਜੀ ਦੇ ਘਰੋਂ ਕਦੀ ਵੀ ਕੋਈ ਖਾਲੀ ਜਾਂ ਭੁੱਖਾ ਨਹੀਂ ਸੀ ਜਾਂਦਾ। ਮਾਤਾ ਤ੍ਰਿਪਤਾ ਜੀ ਘਰ ਆਏ ਗਏ ਅਤਿਥੀ ਦੀ ਸੇਵਾ ਬੜੇ ਪਿਆਰ ਨਾਲ ਕਰਦੇ। ਘਰ ਦਾ ਸਾਰਾ ਕੰਮ ਕਾਜ ਇਕ ਚੰਗੀ ਗ੍ਰਹਿਣੀ ਵਜੋਂ ਆਪ ਹੀ ਸਾਂਭਦੇ।

ਅਕਾਲ ਪੁਰਖ ਨੇ ਕਿਰਪਾ ਕੀਤੀ ਇਸ ਸੁਭਾਗੀ ਜੋੜੀ ਦੇ ਘਰ ਸੰਨ 1464 ਈਸਵੀ ਵਿਚ ਪਹਿਲੀ ਬੱਚੀ ਨਾਨਕੀ ਜੀ ਨੇ ਜਨਮ ਲਿਆ, ਜੋ ਖੁਦ ਸਿਆਣੀ ਕੋਮਲ ਚਿੱਤ ਅਤੇ ਮਾਤਾ-ਪਿਤਾ ਵਾਂਗ ਹੀ ਦਰਦਵੰਦ ਸੀ। ਇਸ ਤੋਂ ਬਾਅਦ ਪੰਜ ਸਾਲ ਬਾਅਦ ਸੰਨ 1469 ਈਸਵੀ ਵਿਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਵਰਗਾ ਇਲਾਹੀ ਨੂਰ ਵੀ ਇਸ ਸੁਭਾਗੀ ਜੋੜੀ ਦੀ ਝੋਲ਼ੀ ਪਿਆ। ਇਸ ਸਮੇਂ ਮਾਤਾ ਤ੍ਰਿਪਤਾ ਜੀ ਦੀ ਅਵਸਥਾ ਬਾਰੇ ਚੂੜਾ ਮਣੀ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ :

ਕਾਲੂ ਤੀਅ ਬੈਸੇ ਜਿਸ ਅੰਦਰ ਅਤ ਸ਼ੋਭਾ ਸੁ ਲਗੈ ਸੁ ਸੁੰਦਰ

ਜਦਪ ਭੂਖਨ ਸਗਲ ਉਤਾਰੇ ਤਦਪ ਸੁੰਦਰਤਾ ਅਧਿਕ ਉਸਾਰੇ (ਨਾਨਕ ਪ੍ਰਕਾਸ਼)

ਮਾਂ ਤ੍ਰਿਪਤਾ; ਤ੍ਰਿਪਤ ਮਾਂ ਹੈ। ਰੱਜੀ ਹੋਈ ਹੈ ਕਿਉਂਕਿ ਸੰਸਾਰ ਨੂੰ ਤ੍ਰਿਪਤ ਕਰਨ ਵਾਲੇ ਸਤਿਗੁਰੂ ਨੇ ਇਸ ਨੂੰ ਮਾਂ ਚੁਣਿਆ ਹੈ। ਜਿਸ ਮਾਤਾ ਤ੍ਰਿਪਤਾ ਦੇ ਅੰਦਰ ਗੁਰੂ ਦਾ ਨਿਵਾਸ ਹੈ, ਉਹ ਮਾਤਾ ਜਿੱਥੇ ਬੈਠਦੀ ਹੈ, ਉਸ ਥਾਂ ਦੀ ਸ਼ੋਭਾ ਵੱਧ ਜਾਂਦੀ ਹੈ। ਭਾਈ ਸਾਹਿਬ ਕਹਿੰਦੇ ਹਨ ਕਿ ਕੋਈ ਸ਼ੰਕਾ ਕਰੇ ਤਾਂ ਮੈਂ ਉੱਤਰ ਦਿਆਂਗਾ ਕਿ ਕਰੋੜਾਂ ਬ੍ਰਹਿਮੰਡਾਂ ਦੀ ਸ਼ੋਭਾ ਵਧਾਉਣ ਵਾਲੇ ਸਤਿਗੁਰੂ ਜਿੱਥੇ ਨਿਵਾਸ ਕਰਦੇ ਹੋਣ, ਉੱਥੇ ਐਸੀ ਸ਼ੋਭਾ ਹੋਣੀ ਕੋਈ ਅਤਿ ਕਥਨੀ ਨਹੀਂ : 

ਸੁਨ ਸੰਦੇਹ ਕਰੇ ਜੇ ਕੋਊ ਕੋਟ ਬ੍ਰਹਿਮੰਗ ਸ਼ੋਭ ਦਾ ਜੋਊ

ਤਿਹ ਨਿਵਾਸ ਕੀਨੋ ਜਿਹ ਥਾਈਂ ਕਿਉ ਨਾ ਹੋਇ ਤਿਹ ਸ਼ੋਭ ਸਵਾਈ (ਨਾਨਕ ਪ੍ਰਕਾਸ਼)

ਇਹ ਗੱਲ ਧਿਆਨ ਯੋਗ ਹੈ ਕਿ ਪਹਿਲਾ ਗੁਰ-ਨਿਵਾਸ ਅਸਥਾਨ ਮਾਤਾ ਤ੍ਰਿਪਤਾ ਦੀ ਕਾਇਆ ਸੀ। ਅੱਜ ਗੁਰ-ਨਿਵਾਸ ਅਸਥਾਨ ਸਿੱਖ ਦਾ ਹਿਰਦਾ ਹੈ ਤੇ ਅੱਜ ਸਿੱਖ ਦਾ ਗੁਰੂ, ‘ਗੁਰ ਸ਼ਬਦ ਹੈ’। ਧਰਤੀ ਦਾ ਉਹ ਥਾਂ ਤਲਵੰਡੀ ਧੰਨ ਹੈ, ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਅਰੰਭ ਵਿਚ ਆਪਣੇ ਚਰਨ-ਕਮਲਾਂ ਨਾਲ ਪਵਿੱਤਰ ਕੀਤਾ, ਪਰ ਅੱਜ ਤਾਂ ਸਾਰੀ ਧਰਤੀ ਨੂੰ ਹੀ ਮਾਣ ਹੈ ਕਿ ਇਸ ਧਰਤੀ ’ਤੇ ਗੁਰੂ ਨਾਨਕ ਸਾਹਿਬ ਜੀ ਵਿਚਰੇ ਸਨ, ‘‘ਸਾ ਧਰਤੀ ਭਈ ਹਰੀਆਵਲੀ; ਜਿਥੈ ਮੇਰਾ ਸਤਿਗੁਰੁ ਬੈਠਾ ਆਇ   ਸੇ ਜੰਤ ਭਏ ਹਰੀਆਵਲੇ; ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ ’’ (ਮਹਲਾ /੩੧੦) ਮਾਤਾ ਤ੍ਰਿਪਤਾ ਜੀ ਨੇ ਆਪਣੇ ਦੋਹਾਂ ਬੱਚਿਆਂ ਨੂੰ ਮਨੁੱਖੀ ਹਮਦਰਦੀ, ਲੋੜਵੰਦਾਂ ਦੀ ਸੇਵਾ ਅਤੇ ਸਭ ਦਾ ਭਲਾ ਕਰਨ ਵਰਗੇ ਚੰਗੇ ਸੰਸਕਾਰ ਦਿੱਤੇ।

ਜਦੋਂ ਗੁਰੂ ਨਾਨਕ ਸਾਹਿਬ ਜੀ ਆਪਣੇ ਨਾਲ ਖੇਈਂ ਵਾਲੇ ਬੱਚਿਆਂ ਨੂੰ ਪਿਆਰ ਨਾਲ ਘਰ ਲੈ ਆਉਂਦੇ ਤਾਂ ਮਾਤਾ ਜੀ ਸਾਰਿਆਂ ਨੂੰ ਹੀ ਗੁਰੂ ਨਾਨਕ ਸਾਹਿਬ ਵਰਗਾ ਪਿਆਰ ਦਿੰਦੇ ਅਤੇ ਵੱਧ ਤੋਂ ਵੱਧ ਸੇਵਾ ਕਰਦੇ। ਆਪ ਜੀ; ਧੀ ਅਤੇ ਪੁੱਤਰ ਵਿਚ ਕੋਈ ਫ਼ਰਕ ਨਾ ਕਰਦੇ ਸਗੋਂ ਦੋਵਾਂ ਬੱਚਿਆਂ ਨੂੰ ਨਿੱਘਾ ਪ੍ਰੇਮ ਦਿੰਦੇ। ਗੁਰੂ ਸਾਖੀਆਂ ਵਿਚ ਇਹ ਮਾਤ-ਪ੍ਰੇਮ ਥਾਂ-ਥਾਂ ਝਲਕਦਾ ਹੈ। ਮਾਤਾ ਜੀ ਹਰ ਕੰਮ ਵਿਚ ਉਨ੍ਹਾਂ ਨੂੰ ਆਪਣਾ ਸੱਜਾ ਹੱਥ ਸਮਝ ਕੇ ਉਨ੍ਹਾਂ ਤੋਂ ਸਲਾਹ ਮਸ਼ਵਰਾ ਲੈਂਦੇ ਸਨ ਅਤੇ ਗੁਰੂ ਜੀ ਵੀ ਹਰ ਕੰਮ ਕਰਨ ਤੋਂ ਪਹਿਲਾਂ ਆਪਣੇ ਮਾਤਾ ਜੀ ਨਾਲ ਸਲਾਹ ਕਰਦੇ ਸਨ।  9 ਸਾਲ ਦੀ ਉਮਰ ਵਿਚ ਜਿਸ ਢੰਗ ਨਾਲ ਗੁਰੂ ਸਾਹਿਬ ਜੀ ਨੇ ਪੰਡਿਤ ਹਰਦਿਆਲ ਜੀ ਨਾਲ ਸੰਵਾਦ ਕੀਤਾ, ਉਸ ਤੋਂ ਇਹ ਪਤਾ ਲੱਗਦਾ ਹੈ ਕਿ ਕਪਾਹ ਦੇ ਜਨੇਊ ਨੂੰ ਨਾ ਪਾ ਕੇ, ਜੋ ਦੈਵੀ ਗੁਣਾਂ ਦੇ ਜਨੇਊ ਦੀ ਗੱਲ ਰੱਖੀ; ਉਸ ਵਿਚ ਵੀ (ਮਾਤਾ ਅਤੇ ਭੈਣ) ਔਰਤ ਜਾਤੀ ਨੂੰ ਧਰਮ ਦੀ ਕਤਾਰ ਵਿਚ ਨਾਲ ਖੜ੍ਹਾ ਕਰਕੇ ਸਨਮਾਨਿਤ ਕੀਤਾ।

ਦੂਜੇ ਪਾਸੇ, ਇਸ ਜਗਤ ਜਲੰਦੇ ਦੇ ਤਾਰਨਹਾਰ ਗੁਰੂ ਨਾਨਕ ਸਾਹਿਬ ਜੀ ਨੇ ਕਦੇ ਵੀ ਮਾਤਾ-ਪਿਤਾ ਤੋਂ ਮੁੱਖ ਨਾ ਮੋੜਿਆ। ਇਕਲੌਤੇ ਪੁੱਤਰ ਹੋਣ ਦੀ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਆਪ ਜੀ ਨੂੰ ਸਦਾ ਹੀ ਰਿਹਾ। ਮਾਤਾ-ਪਿਤਾ ਵੀ ਐਸੇ ਸਪੁੱਤਰ ਨੂੰ ਪਾ ਕੇ ਆਪਣੇ ਆਪ ਨੂੰ ਧੰਨ-ਧੰਨ ਸਮਝਦੇ ਸਨ ਅਤੇ ਸਪੁੱਤਰ ਦੇ ਜੀਵਨ ਉਦੇਸ਼ ਦੀ ਸਮਝ ਆਉਣ ’ਤੇ ਸਦਾ ਹੀ ਉਸ ਨਾਲ ਸਹਿਮਤੀ ਪ੍ਰਗਟਾਉਂਦਿਆਂ ਉਸ ਦੀ ਪਿੱਠ ’ਤੇ ਖੜ੍ਹੇ ਰਹੇ।

ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੇ ਲੰਮੇ-ਲੰਮੇ ਪ੍ਰਚਾਰ ਦੌਰਿਆਂ (ਚਾਰ ਉਦਾਸੀਆਂ) ਦਾ ਸਮਾਂ ਘਰ-ਪਰਵਾਰ ਦੇ ਇਸ ਪਿਆਰ ਅਤੇ ਭਰੋਸੇ ਸਦਕਾ ਹੀ ਬਤੀਤ ਕੀਤਾ ਅਤੇ ਆਪਣੇ ਉਦੇਸ਼ ਵਿਚ ਸਫਲਤਾ ਹਾਸਲ ਕੀਤੀ।

ਇਕ ਦਿਨ ਸਤਿਗੁਰੂ ਜੀ ਉਦਾਸੀ (ਪ੍ਰਚਾਰ ਦੌਰੇ) ਤੋਂ ਪਰਤ ਰਹੇ ਹਨ ਤੇ ਭਾਈ ਮਰਦਾਨੇ ਨੂੰ ਆਖਦੇ ਹਨ, ‘ਚਲ ਮਰਦਾਨਿਆਂ ! ਤਲਵੰਡੀ ਚੱਲ ਕੇ ਮਾਤਾ-ਪਿਤਾ ਨੂੰ ਮਿਲ ਆਉਂਦੇ ਹਾਂ।’

ਪੁੱਤਰ-ਪ੍ਰੇਮ ਦੀ ਖਿੱਚ ਸਦਕਾ, ਦੂਜੇ ਪਾਸੇ ਮਾਂ; ਮਨ ਹੀ ਮਨ ਵਿਚ ਸੋਚਦੀ ਹੈ ਕਿ ਬਹੁਤ ਦਿਨ ਹੋ ਗਏ, ਮੇਰਾ ਪੁੱਤਰ ਘਰ ਨਹੀਂ ਪਰਤਿਆ। ਉਹ ਕਿਹੜਾ ਸੁਭਾਗਾ ਦਿਨ ਆਵੇਗਾ ਜਦੋਂ ਮੇਰਾ ਨਾਨਕ ਘਰ ਆਵੇਗਾ ? ਇਨ੍ਹਾਂ ਖ਼ਿਆਲਾਂ ਵਿਚ ਡੁੱਬੀ ਮਾਤਾ ਤ੍ਰਿਪਤਾ ਨੂੰ ਇਕ ਗੁਆਂਢਣ ਨੇ ਆ ਸੁਨੇਹਾ ਦਿੱਤਾ, ‘ਨੀ ਪਟਵਾਰਨੇ  ! ਤੇਰੇ ਪੁੱਤਰ ਦਾ ਸਾਥੀ ਮਰਦਾਨਾ ਆਇਆ ਹੈ !’ ਮਾਂ ਉਸੇ ਵੇਲੇ ਮਰਦਾਨੇ ਨੂੰ ਮਿਲਣ ਵਾਸਤੇ ਅੱਗੇ ਵਧੀ। ਮਰਦਾਨੇ ਨੇ ਮਾਂ ਦੇ ਚਰਨੀਂ ਹੱਥ ਲਾ ਕੇ ਅਸੀਸ ਪ੍ਰਾਪਤ ਕੀਤੀ। ਮਾਂ ਨੇ ਮਰਦਾਨੇ ਨੂੰ ਘੁੱਟ ਕੇ ਗਲ਼ ਨਾਲ ਲਾ ਲਿਆ ਤੇ ਆਪਣੇ ਪੁੱਤਰ ਨਾਨਕ ਦੀ ਛੁਹ ਦਾ ਅਨੰਦ ਪ੍ਰਾਪਤ ਕੀਤਾ ਤੇ ਹੌਲ਼ੀ ਜਿਹੀ ਪੁੱਛਿਆ, ‘ਵੇ ਮਰਦਾਨਿਆਂ  ! ਨਾਨਕ ਨਹੀਂ ਆਇਆ ?’

‘ਮਰਦਾਨਿਆਂ  ! ਤੂੰ ਇਕੱਲਾ ਹੀ ਆਇਆ ਹੈਂ ? ਤੇਰਾ ਯਾਰ ਕਿੱਥੇ ਹੈ। ਮੇਰਾ ਪਿਆਰਾ ਨਾਨਕ ਕਿੱਥੇ ਹੈ ?’ ਮਾਤਾ ਜੀ ਦਾ ਗਲ਼ਾ ਭਰ ਆਇਆ, ਬੋਲਿਆ ਨਾ ਗਿਆ। ਮਰਦਾਨਾ ਖਾਮੋਸ਼ ਰਹਿੰਦਾ ਹੈ। ਕੋਈ ਜਵਾਬ ਨਹੀਂ ਦਿੰਦਾ। ਉਸ ਨੂੰ ਗੁਰੂ ਜੀ ਦਾ ਹੁਕਮ ਸੀ, ਇਸ ਪ੍ਰਸ਼ਨ ਬਾਰੇ ਚੁੱਪ ਧਾਰੀ ਰੱਖੋ। ਗੁਰੂ ਜੀ ਦੀ ਆਗਿਆ ਸੀ, ਉਨ੍ਹਾਂ ਬਾਰੇ ਨਹੀਂ ਦੱਸਣਾ। ਉਹ ਡਰਦਾ ਹੈ, ਕੁਝ ਦੱਸ ਹੀ ਨਾ ਬੈਠੇ। ਇੱਧਰ ਭਾਈ ਮਰਦਾਨਾ ਪ੍ਰੇਮ ਦਾ ਵੇਗ ਦੇਖਦਾ ਹੈ। ਸਿਕਦੇ ਨੇਤਰਾਂ ਵਿੱਚੋਂ ਨਿਕਲਦੇ ਹੰਝੂ ਉਸ ਕੋਲੋਂ ਦੇਖੇ ਨਾ ਜਾਂਦੇ। ਉਸ ਕੋਲ ਬੈਠਿਆ ਨਾ ਗਿਆ। ਮਾਤਾ ਦੇ ਪ੍ਰੇਮ ਦਾ ਵੇਗ ਉਸ ਦੇ ਕਲੇਜੇ ਨੂੰ ਧੂਹ ਪਾ ਰਿਹਾ ਸੀ। ਮਾਤਾ ਦੇ ਵਾਰ-ਵਾਰ ਇਸ ਪ੍ਰਸ਼ਨ ਦਾ ਕਿ ‘ਮਰਦਾਨਿਆਂ ! ਦੱਸ ਮੇਰਾ ਨਾਨਕ ਕਿੱਥੇ ਹੈ’। ਦਾ ਉਹ ਕੀ ਜਵਾਬ ਦੇਵੇ ? ਉਸ ਨੂੰ ਸਮਝ ਨਹੀਂ ਸੀ ਆ ਰਿਹਾ।

ਉਸ ਕੋਲੋਂ ਬੈਠਿਆ ਨਾ ਗਿਆ। ਉਹ ਤੁਰ ਚੱਲਿਆ। ਮਾਤਾ ਜੀ ਉਦਾਸ ਪ੍ਰੇਸ਼ਾਨ। ਮਾਤਾ ਜੀ ਦੇ ਕਲੇਜੇ ਪੁੱਤਰ-ਪ੍ਰੇਮ ਦਾ ਤੀਰ ਵੱਜਿਆ, ਰੁਗ ਭਰ ਆਇਆ। ਉਦਾਸੀ ਵਿਚ ਇਕ ਆਸ ਦੀ ਕਿਰਨ ਚਮਕੀ।

‘ਕੀ ਪਤਾ, ਪੁੱਤਰ ਸਾਧੂ ਹੈ। ਸ਼ਹਿਰ ਦੇ ਬਾਹਰ ਹੀ ਨਾ ਬੈਠਾ ਹੋਵੇ। ਇਹ ਵੀ ਉਸ ਚੋਜੀ ਦਾ ਕੋਈ ਚੋਜ ਹੋਵੇ’। ਉਸ ਨੇ ਸੁਲੱਖਣੀ ਨੂੰ ਨਾਲ ਲੀਤਾ-ਸ੍ਰੀ ਚੰਦ, ਲੱਖਮੀ ਚੰਦ ਵੀ ਨਾਲ ਤੁਰ ਪਏ। ਮਾਤਾ ਜੀ ਪ੍ਰੇਮ ਵਿਚ ਅਤਿ ਵਿਆਕੁਲ ਹੋਏ ਪ੍ਰਸ਼ਾਦੇ, ਮਿਠਾਈਆਂ, ਨਵੇਂ ਬਸਤਰ ਲਈ ਮਰਦਾਨੇ ਦੇ ਪਿੱਛੇ-ਪਿੱਛੇ ਤੁਰ ਪਏ। ਉਨ੍ਹਾਂ ਨਾਲ ਆਂਢੀ-ਗੁਆਂਢੀ ਵੀ ਤੁਰ ਪਏ। ਪ੍ਰੇਮ ਦੀ ਤਾਰ ਉਨ੍ਹਾਂ ਨੂੰ ਨਾਨਕ ਵੱਲ ਧੂਹ ਲਿਜਾ ਰਹੀ ਸੀ।

ਸ਼ਹਰ ਤੋਂ ਬਾਹਰ ਪਹੁੰਚੇ ਤਾਂ ਕੀ ਦੇਖਦੇ ਹਨ-ਨਾਨਕ ਦਰੱਖ਼ਤ ਦੇ ਥੱਲੇ ਸਤਿ ਕਰਤਾਰ ਦੀ ਧੁਨੀ ਰਮਾ ਕੇ ਬੈਠਾ ਹੈ। ਧਾਹ ਕੇ ਪੁੱਤਰ ਨੂੰ ਗਲਵਕੜੀ ਵਿਚ ਲਿਆ। ਪੁੱਤਰ ਨੂੰ ਚੁੰਮਦੀ ਵੀ ਜਾਵੇ, ਪਿਆਰ ਕਰਦੀ ਵੀ ਜਾਵੇ। ਅੱਜ ਮੁੱਦਤਾਂ ਬਾਅਦ ਨਾਨਕ ਦੇ ਚੰਨ-ਮੁਖੜੇ ਦੇ ਉਸ ਨੂੰ ਦਰਸ਼ਨ ਹੋਏ ਸਨ।

ਪੁੱਤਰ ਨੂੰ ਕਲੇਜੇ ਨਾਲ ਲਾ ਕੇ ਘੁੱਟ ਲਿਆ। ਪਿਆਰ ਦੀ ਖੁਮਾਰੀ ਵਿਚ ਬੇਸੁੱਧ ਹੋ ਗਈ, ‘ਵੇ ਪੁੱਤ ! ਮੈਂ ਵਾਰੀ, ਮੈਂ ਸਦਕੇ, ਮੈਂ ਸਦਕੇ ਰਾਹਾਂ ਤੋਂ, ਜਿਨ੍ਹਾਂ ਤੋਂ ਤੂੰ ਚੱਲ ਕੇ ਆਇਆ ਹੈਂ’ ਨਾਨਕ ਦੀਆਂ ਅੱਖਾਂ ਮਾਤਾ ਦਾ ਵੈਰਾਗ ਤੇ ਤੜਪ ਦੇਖ ਕੇ ਭਰ ਆਈਆਂ। ਸੁਲੱਖਣੀ ਪਤੀ-ਚਰਨਾਂ ’ਤੇ ਢਹਿ ਪਈ। ਮੱਥਾ ਟੇਕਿਆ- ਉਸ ਦਾ ਪਿਆਰ; ਮੂਕ ਪਿਆਰ ਬਣ ਕੇ ਰਹਿ ਗਿਆ। ਤ੍ਰਿਪ-ਤ੍ਰਿਪ ਹੰਝੂਆਂ ਦੇ ਸਿਵਾ ਉਹ ਕੁਝ ਵੀ ਨਾ ਬੋਲ ਸਕੀ। ਸ੍ਰੀ ਚੰਦ, ਲਖਮੀ ਚੰਦ ਲੱਤਾਂ ਨੂੰ ਚਿੰਬੜ ਗਏ।

ਇੰਨੇ ਵਿਚ ਸਾਰੀ ਤਲਵੰਡੀ ਵਿਚ ਖ਼ਬਰ ਫੈਲ ਗਈ ਕਿ ਬਾਬਾ ਨਾਨਕ ਆਇਆ ਹੈ। ਤਲਵੰਡੀ ਦੇ ਲੋਕ ਤੇ ਪਿਤਾ ਕਾਲੂ ਜੀ ਵੀ ਉਸ ਥਾਂ ਆਣ ਪੁੱਜੇ, ਜਿਨ੍ਹਾਂ ਕਦੇ ਬਚਪਨ ਵਿਚ ਸੱਚਾ-ਸੌਦਾ ਕਰਨ ਦੀ ਜਾਚ ਸਿਖਾਈ ਸੀ। ਪੁੱਤਰ ਦੇ ਲੰਮੇ ਵਿਛੋੜੇ ਨੇ ਬਾਪੂ ਦੇ ਦਿਲ ਨੂੰ ਮੋਮ ਬਣਾ ਦਿੱਤਾ ਸੀ। ਉਹ ਪੁੱਤਰ-ਮਿਲਾਪ ਨੂੰ ਤਰਸ ਰਿਹਾ ਸੀ। ਧਾਹ ਕੇ ਨਾਨਕ ਨੂੰ ਗਲਵੱਕੜੀ ਵਿਚ ਲੈਂਦਾ ਹੈ, ਮੱਥਾ ਚੰੁਮਦਾ ਹੈ। ਨਾਨਕ ਉਸ ਲਈ ਇਕ ਛੋਟਾ ਬੱਚਾ ਬਣ ਗਿਆ ਹੈ, ਜਿਸ ਨੂੰ ਪਿਆਰ ਕਰਦਾ ਜਾਂਦਾ ਹੈ, ਪਰ ਪਿਆਰ ਕਰਦਿਆਂ ਉਸ ਦਾ ਦਿਲ ਨਹੀਂ ਭਰਦਾ।

ਮਾਤਾ ਤ੍ਰਿਪਤਾ; ਨਾਨਕ ਨੂੰ ਪੁੱਛਦੀ ਹੈ, ‘ਵੇ ਨਾਨਕ ! ਤੂੰ ਸਾਲਾਂ ਬੱਧੀ ਘਰ ਨਹੀਂ ਆਉਂਦਾ, ਕੀ ਤੈਨੂੰ ਸਾਡੀ ਯਾਦ ਬਿਲਕੁਲ ਨਹੀਂ ਆਉਂਦੀ  ? ਇਸ ਸੁਲੱਖਣੀ ਦੀ ਵੀ ਯਾਦ ਨਹੀਂ ਆਉਂਦੀ, ਜਿਹੜੀ ਤੇਰੇ ਰਾਹ ਵਿਚ ਪਲਕਾਂ ਵਿਛਾਈ ਬੈਠੀ ਰਹਿੰਦੀ ਹੈ। ਨਿੱਕੇ-ਨਿੱਕੇ ਬਾਲ ਜੋ ਤੇਰੇ ਪਿਆਰ ਲਈ ਸਹਿਕਦੇ ਰਹਿੰਦੇ ਹਨ, ਉਨ੍ਹਾਂ ਦੀ ਯਾਦ ਵੀ ਤੈਨੂੰ ਸਤਾਉਂਦੀ ਨਹੀਂ ’ ?

ਨਾਨਕ ਹੱਸ ਛੱਡਦਾ ਹੈ, ‘ਮਾਂ, ਇਹ ਸਾਰਾ ਸੰਸਾਰ ਮੇਰਾ ਘਰ ਹੈ। ਇਸ ਸੰਸਾਰ ਵਿਚ ਬਹੁਤ ਦੁੱਖ ਹੈ, ਸੰਤਾਪ ਹੈ। ਮੈਂ ਸਾਰੇ ਸੰਸਾਰ ਦੀ ਕੁਰਲਾਟ ਸੁਣ ਕੇ ਘਰ ਦੀ ਚਾਰ ਦੀਵਾਰੀ ਵਿਚ ਸੀਮਿਤ ਕਿਵੇਂ ਰਹਿ ਸਕਦਾ ਹਾਂ  ? ਮੈਂ ਪ੍ਰਮਾਤਮਾ ਦੇ ਹੁਕਮ ਦਾ ਬੱਝਾ ਹਾਂ, ਉਸ ਦੇ ਪਿਆਰ ਦਾ ਸੁਨੇਹਾ ਸਾਰੀ ਲੋਕਾਈ ਤਕ ਪਹੁੰਚਾਣਾ ਰੱਬੋਂ ਮੇਰਾ ਕਾਰਜ ਲੱਗਾ ਹੈ।’

ਮਰਦਾਨਾ ਕਹਿੰਦਾ ਹੈ, ‘ਨਹੀਂ ਮਾਂ ! ਨਹੀਂ; ਨਾਨਕ ਤੁਹਾਨੂੰ ਯਾਦ ਕਰੇ ਜਾਂ ਨਾ ਕਰੇ, ਪਰ ਮੈਂ ਤੁਹਾਨੂੰ ਜ਼ਰੂਰ ਯਾਦ ਕਰਦਾ ਹਾਂ। ਜਦੋਂ ਨਾਨਕ ਕਿਸੇ ਦੁਖੀ ਆਤਮਾ ਨੂੰ ਜਿਵਾਲਦਾ ਹੈ, ਕਿਸੇ ਮੁਰਦਾ ਸਰੀਰ ਅੰਦਰ ਰੂਹ ਫੂਕਦਾ ਹੈ, ਠੰਡ ਪਹੁੰਚਾਂਦਾ ਹੈ ਤਾਂ ਉਹ ਦੁਖੀ ਰੂਹ ਪੁਕਾਰ ਉਠਦੀ ਹੈ, ‘‘ਧਨੁ ਜਨਨੀ ਜਿਨਿ ਜਾਇਆ; ਧੰਨੁ ਪਿਤਾ ਪਰਧਾਨੁ ’’ (ਮਹਲਾ /੩੨)

‘ਜਗਤ ਜਲੰਦਾ’ ਤਾਰਨ ਖਾਤਰ ਨਾਨਕ ਨੇ ਮੋਹ, ਮਾਇਆ ਤੇ ਮਮਤਾ ਦਾ ਤਿਆਗ ਕੀਤਾ ਹੈ। ਮਾਤਾ ! ਤੂੰ ਸਚਮੁੱਚ ਧੰਨ ਹੈਂ, ਜਿਸ ਨੇ ਅਜਿਹਾ ਅਣਮੋਲ ਹੀਰਾ ਪੈਦਾ ਕੀਤਾ ਹੈ। ਉਸ ਸਮੇਂ ਮਾਂ ਦੀ ਗਲਵਕੜੀ ਦੇ ਪਿਆਰ ਦਾ ਨਿੱਘ ਮਾਣ ਰਹੇ ਗੁਰੂ ਨਾਨਕ ਸਾਹਿਬ ਜੀ ਬੋਲਦੇ ਹਨ, ‘ਨਹੀਂ ਮਾਂ ! ਨਹੀਂ-ਮੇਰੀ ਪਿਆਰੀ ਅੰਮੀਏ  ! ਮੈਂ ਤੈਨੂੰ ਹਰ ਪਲ, ਹਰ ਘੜੀ ਯਾਦ ਕਰਦਾ ਹਾਂ। ਇਹ ਪਿਆਰ ਲਫ਼ਜ਼ਾਂ ਦਾ ਮੋਹਤਾਜ ਨਹੀਂ, ਤੁਸੀਂ ਸਮਰਥ ਮਾਤਾ ਹੋ।’

ਬਸ ਫਿਰ ਕੀ ਸੀ ਮਾਤਾ ਤ੍ਰਿਪਤਾ ਜੀ; ਆਪਣੇ ਪੁੱਤਰ ਦਾ ਮੱਥਾ ਚੁੰਮਦੇ ਸੀਸ ’ਤੇ ਹੱਥ ਫੇਰ ਅਸੀਸ ਦੇਂਦੇ ਤੇ ਆਖਦੇ ਹਨ, ‘ਪੁੱਤਰ ਜੀ ! ਮੇਰੀਆਂ ਅਸੀਸਾਂ ਆਪ ਜੀ ਦੇ ਨਾਲ ਹਨ। ਆਪ ਆਪਣੇ ਦਿਲ ਵਿਚ ਜਗਤ ਜਲੰਦੇ ਨੂੰ ਠਾਰਨ ਲਈ, ਜੋ ਉਦੇਸ਼ ਲੈ ਕੇ ਨਿਕਲੇ ਹੋ; ਉਸ ਨੂੰ ਪੂਰਾ ਕਰਨ ਵਿਚ ਪ੍ਰਮਾਤਮਾ ਸਦਾ ਆਪ ਦਾ ਸਹਾਈ ਹੋਵੇ।’

ਮਾਤਾ-ਪਿਤਾ ਤੋਂ ਅਸੀਸਾਂ ਪ੍ਰਾਪਤ ਕਰਕੇ ਸਤਿਗੁਰੂ ਜੀ ਨੇ ਰਾਵੀ ਦਰਿਆ ਕਿਨਾਰੇ ਕਰਤਾਰਪੁਰ ਨਗਰ ਵਸਾਇਆ ਤੇ ਸੰਨ 1522 ਈਸਵੀ ਵਿਚ ਆਪ ਜੀ ਦੇ ਮਾਤਾ-ਪਿਤਾ ਤਿੰਨ ਦਿਨਾਂ ਦੇ ਫ਼ਰਕ ਨਾਲ ਕਰਤਾਰਪੁਰ ਵਿਖੇ ਅਕਾਲ ਚਲਾਣਾ ਕਰ ਗਏ। ਆਪ ਜੀ ਨੇ ਆਪਣੇ ਮਾਤਾ-ਪਿਤਾ ਦਾ ਸਸਕਾਰ ਆਪ ਹੀ ਕੀਤਾ ਤੇ ਕਿਸੇ ਨੂੰ ਵੀ ਦਿਖਾਵੇ ਦੀਆਂ ਰਸਮਾਂ ਨਾ ਕਰਨ ਦਿੱਤੀਆਂ। ਸਿਰਫ ਇਕ ਵਾਹਿਗੁਰੂ ਜੀ ਨੂੰ ਹੀ ਯਾਦ ਕਰਨ ਅਤੇ ਉਸ ਦੀ ਰਜ਼ਾ ਦਾ ਉਦੇਸ਼ ਦਿੱਤਾ।

ਸੋ ਅੰਤਮ ਲਫ਼ਜ਼ਾਂ ਵਿਚ ਇਹ ਲਿਖਣਾ ਜ਼ਰੂਰੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਗਿਆਨ ਖਜ਼ਾਨਾ ਜਗਤ ਨੂੰ ਬਖਸ਼ਿਆ, ਉਸ ਦੀ ਸ਼ੁਰੂਆਤ ਮਾਂ ਤ੍ਰਿਪਤਾ ਦੀ ਗੋਦ ਤੋਂ ਹੀ ਹੁੰਦੀ ਹੈ। ਗਰਭ ਦੌਰਾਨ ਕੀਤੀ ਅਰਦਾਸ ਅਤੇ ਬੱਚੇ ਦੇ ਚੰਗੇ ਭਵਿੱਖ ਲਈ ਦਿੱਤੀ ਅਸੀਸ ਵਿਚ ਕੁਝ ਤਾਂ ਦੰਮ ਸੀ ਕਿ ਨਾਨਕ ਜੀ; ਪਾਰਬ੍ਰਹਮ ਦਾ ਰੂਪ ਹੋ ਗਏ। ਇਸ ਮਾਂ ਦੀ ਕੀਤੀ ਕੁਰਬਾਨੀ ਨੂੰ ਕੋਟਿ-ਕੋਟਿ ਨਮਸਕਾਰ ਕਰਨਾ ਬਣਦਾ ਹੈ, ਜਿਸ ਨੇ ਪੈਗ਼ੰਬਰ ਨੂੰ ਜਨਮ ਦੇ ਕੇ ਸਮਾਜ ’ਚ ਇਸਤਰੀ ਵਰਗ ਨੂੰ ਸਿਰ ਉੱਚਾ ਕਰਕੇ ਇੱਜ਼ਤ ਵਾਲੀ ਕਤਾਰ ’ਚ ਅੱਗੇ ਲਿਆ ਖੜ੍ਹਾ ਕੀਤਾ ਅਤੇ ਪੁਰਜ਼ੋਰ ਹਿਮਾਇਤ ਕਰਦਿਆਂ ਫ਼ੁਰਮਾਇਆ, ‘‘ਸੋ ਕਿਉ ਮੰਦਾ ਆਖੀਐ ? ਜਿਤੁ ਜੰਮਹਿ ਰਾਜਾਨ ’’ (ਮਹਲਾ /੪੭੩)

ਸੋ ਆਓ ! ਗੁਰੂ ਪਿਆਰਿਓ ! ਅੱਜ ਅਸੀਂ ਵੀ ਧੰਨ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੇ ਉਚਾਰਨ ਕੀਤੇ ਇਨ੍ਹਾਂ ਪਿਆਰ ਭਰੇ ਬਚਨਾਂ ਨੂੰ ਪੜ੍ਹ ਕੇ ਸਮਾਪਤੀ ਕਰੀਏ, ‘‘ਧਨੁ ਧੰਨੁ ਪਿਤਾ; ਧਨੁ ਧੰਨੁ ਕੁਲੁ; ਧਨੁ ਧਨੁ ਸੁ ਜਨਨੀ; ਜਿਨਿ ਗੁਰੂ ਜਣਿਆ ਮਾਇ ’’ (ਮਹਲਾ /੩੧੦)

ਸਵਾਲ ਜਵਾਬ (4-2024)

0

ਸਵਾਲ ਜਵਾਬ (4-2024)

ਸਵਾਲ :ਹੁਕਮਿ ਰਜਾਈ ਚਲਣਾ ਤੋਂ ਕੀ ਭਾਵ ਹੈ  ?

ਜਵਾਬ : ‘ਰਜਾਈ’ ਤੋਂ ਭਾਵ ਹੈ ਰਜ਼ਾ ਦਾ ਮਾਲਕ ਪ੍ਰਭੂ। ਹੁਕਮਿ ਰਜਾਈ ਚਲਣਾ ਤੋਂ ਭਾਵ ਪ੍ਰਭੂ ਪਰਮਾਤਮਾ ਦਾ ਹੁਕਮ ਮੰਨਣਾ, ਉਸ ਰੱਬ ਦੇ ਸੁਭਾਅ ਨਾਲ ਆਪਣਾ ਸੁਭਾਉ ਬਣਾਉਣਾ, ਜਿਸ ਦਾ ਮਤਲਬ ਹੈ-ਗੁਰੂ ਦੇ ਦੱਸੇ ਰਸਤੇ ’ਤੇ ਚਲਦਿਆਂ ਪ੍ਰਭੂ ਦੀ ਸਿਫਤ ਸਾਲਾਹ ਵਿਚ ਸੁਰਤ ਜੋੜਨੀ ਅਤੇ ਪ੍ਰਭੂ ਦੇ ਗੁਣਾਂ ਨੂੰ ਆਪਣੇ ਹਿਰਦੇ ਅੰਦਰ ਟਿਕਾਉਣਾ।

ਸਵਾਲ : ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਕਿੱਥੇ ਹੋਈ ? ਉਨ੍ਹਾਂ ਦੇ ਨਾਲ ਕਿੰਨੇ ਹੋਰ ਸਿੱਖ ਸ਼ਹੀਦੀ ਹੋਏ ? ਭਾਈ ਬਾਜ ਸਿੰਘ ਦੀ ਸ਼ਹੀਦੀ ਕਿਵੇਂ ਹੋਈ ?

ਜਵਾਬ : ਮਹਿਰੋਲੀ (ਦਿੱਲੀ) ਵਿਚ, ਜਿੱਥੇ ਕੁਤਬਦੀਨ ਬਖ਼ਤਿਆਰੀ ਕਾਕੀ ਦੀ ਮਜ਼ਾਰ ਹੈ, ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ 740 ਸਿੱਖ ਕੈਦੀਆਂ ਸਮੇਤ ਲਿਆਂਦਾ ਗਿਆ। ਬੰਦਾ ਸਿੰਘ ਅੰਤ ਸਮੇਂ ਤੱਕ ਇਹਤਮਾਦ-ਉਦ-ਦੌਲਾ ਅਮੀਨ ਖ਼ਾਨ ਬਹਾਦਰ ਦੀ ਸਪੁਰਦਗੀ ’ਚ ਰਹੇ। ਇੱਥੇ ਹੀ ਹਰ ਰੋਜ਼ 100 ਸਿੰਘਾਂ ਨੂੰ ਤਸੀਹੇ ਦੇ ਕੇ ਮਾਰਿਆ ਜਾਂਦਾ, ਪਰ ਕੋਈ ਸਿਦਕ ਤੋਂ ਨਾ ਡੋਲਿਆ। ਅਖੀਰ ’ਚ ੧੧ ਹਾੜ ਬਿਕ੍ਰਮੀ ਸੰਮਤ ੧੭੭੩/ 9 ਜੂਨ 1716 ਜੂਲੀਅਨ ਨੂੰ ਪਹਿਲਾਂ 40 ਸਿੰਘਾਂ ਨੂੰ ਸ਼ਹੀਦ ਕੀਤਾ, ਫਿਰ ਉਸ ਦੇ 4 ਸਾਲ ਦੇ ਬੱਚੇ ਅਜੈ ਸਿੰਘ ਦਾ ਕਲੇਜਾ ਕੱਢ ਕੇ ਉਸ ਦੇ ਮੂੰਹ ’ਚ ਤੁੰਨਿਆ ਗਿਆ ਅਤੇ ਅਖੀਰ ਗਰਮ ਜਮੂੰਰਾਂ ਨਾਲ ਬਾਬਾ ਬੰਦਾ ਸਿੰਘ ਦੇ ਮਾਸ ਦੀਆਂ ਬੋਟੀਆਂ ਖਿੱਚ ਕੇ ਹੱਡੀਆਂ ਨਾਲੋਂ ਵੱਖ ਕੀਤੀਆਂ ਤੇ ਸ਼ਹੀਦ ਕਰ ਦਿੱਤਾ ਗਿਆ ਸੀ।

ਸਿੱਖ ਇਤਿਹਾਸਕ ਦਿਹਾੜਿਆਂ ਲਈ ਪ੍ਰਵਿਸ਼ਟਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ, ਇਸ ਲਈ ਅੱਜ ਕੱਲ੍ਹ ਨਾਨਕਸ਼ਾਹੀ ਕੈਲੰਡਰ ’ਚ ੧੧ ਹਾੜ ਹਰ ਸਾਲ 25 ਜੂਨ ਨੂੰ ਆਉਂਦਾ ਹੈ ਜਦੋਂ ਕਿ ਬਿਕ੍ਰਮੀ ਕੈਲੰਡਰ ’ਚ ਜੋ ੧੧ ਹਾੜ 1716 ਈ: ’ਚ 9 ਜੂਨ ਨੂੰ ਸੀ, ਉਹੀ ੧੧ ਹਾੜ ਅੱਜ ਕੱਲ੍ਹ ਕਦੇ 24 ਤੇ ਕਦੇ 25 ਜੂਨ ਨੂੰ ਆਉਂਦਾ ਹੈ। ਜੇ ਇਹੀ ਕੈਲੰਡਰ ਰਿਹਾ ਤਾਂ ਸੰਨ 3000 ’ਚ 8 ਜੁਲਾਈ ਨੂੰ ਆਵੇਗਾ ਭਾਵ ਸੰਨ 1716 ਨਾਲੋਂ ਪੂਰਾ ਇੱਕ ਮਹੀਨਾ ਪਿੱਛੋਂ। ਬਿਕ੍ਰਮੀ ਕੈਲੰਡਰ ਦੀਆਂ ਐਸੀਆਂ ਤਾਰੀਖ਼ਾਂ ਦੀ ਪੜਚੋਲ ਕਰ ਸੋਚਣਾ ਬਣਦਾ ਹੈ ਕਿ ਨਾਨਕਸ਼ਾਹੀ ਕੈਲੰਡਰ ਅਤੇ ਬਿਕ੍ਰਮੀ ਕੈਲੰਡਰ ’ਚੋਂ ਕਿਹੜਾ ਠੀਕ ਹੈ, ਕਿਹੜਾ ਗ਼ਲਤ।

ਇੱਥੇ ਹੀ ਭਾਈ ਬਾਜ ਸਿੰਘ ਨੂੰ ਮੁਗਲ ਅਧਿਕਾਰੀ ਨੇ ਮਿਹਣਾ ਮਾਰਿਆ ਕਿ ਤੂੰ ਬੜਾ ਬਲਵਾਨ ਸਮਝਦਾ ਹੈਂ, ਹੁਣ ਵਿਖਾ ਬਹਾਦਰੀ ? ਬਾਜ ਸਿੰਘ ਨੇ ਕਿਹਾ ਕਿ ਬਹਾਦਰੀ ਵੇਖਣੀ ਹੈ ਤਾਂ ਬੇੜੀਆਂ ਖੋਲ੍ਹ ਦਿਓ। ਬੇੜੀਆਂ ਖੋਲ੍ਹਣ ’ਤੇ ਉਸ ਨੇ ਆਪਣੇ ਹੱਥ ਨੂੰ ਲੱਗੀ ਹੱਥਕੜੀ ਦਾ ਸੰਗਲ ਫੜ ਕੇ ਐਨੀ ਜੋਰ ਤੇ ਤੇਜੀ ਨਾਲ ਘੁੰਮਾਇਆ ਕਿ ਉਸ ਅਧਿਕਾਰੀ ਤੇ ਕਈ ਹੋਰਾਂ ਨੂੰ ਗੱਡੀ ਚੜ੍ਹਾ ਦਿੱਤਾ। ਅੰਤ ਉਸ ਨੂੰ ਫੜ ਕੇ ਤਸੀਹੇ ਦੇ ਦੇ ਸ਼ਹੀਦ ਕਰ ਦਿੱਤਾ ਗਿਆ।

ਸਵਾਲ : ਸਿੱਖ ਰਹਿਤ ਮਰਯਾਦਾ ਅਨੁਸਾਰ ਅੰਮ੍ਰਿਤ ਵੇਲੇ ਦੇ ਨਿਤਨੇਮ ’ਚ ਕੇਵਲ ਤਿੰਨ ਬਾਣੀਆਂ (ਜਪੁ, ਜਾਪ, ਸਵੈਯੇ) ਹੀ ਹਨ, ਪਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਪੜ੍ਹਨ ਲਈ ਭੀ ਕਿਹਾ ਜਾਂਦਾ ਹੈ। ਐਸਾ ਕਿਉਂ ?

 ਜਵਾਬ : ਪੁਰਾਣੇ ਰਹਿਤਨਾਮਿਆਂ ਵਿਚ ਨਿਤਨੇਮ ਬਾਰੇ ਵੱਖ-ਵੱਖ ਬਾਣੀਆਂ ਦਾ ਜ਼ਿਕਰ ਹੈ। ਕਿਸੇ ਵਿਚ ਵੀ ਪੰਜ ਬਾਣੀਆਂ ਦਾ ਜ਼ਿਕਰ ਨਹੀਂ। ਕਈ ਸਿੰਘ ਪੰਜ ਬਾਣੀਆਂ ਦਾ ਪਾਠ ਪਰੰਪਰਾ ਵਜੋਂ ਦੱਸ ਕੇ ਕਰਦੇ ਹਨ। ਰਹਿਤ ਮਰਯਾਦਾ ’ਚ ਇਕਸਾਰਤਾ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਸੰਨ 1931 ’ਚ ਰਹੁ ਰੀਤ ਕਮੇਟੀ ਦਾ ਗਠਨ ਕੀਤਾ। ਕਮੇਟੀ ਵੱਲੋਂ ਤਿਆਰ ਕੀਤੇ ਖਰੜੇ ’ਤੇ 14 ਸਾਲ ਦੇ ਲੰਬੇ ਸਮੇਂ ਤੱਕ ਵਿਚਾਰਾਂ ਹੁੰਦੀਆਂ ਰਹੀਆਂ ਅਤੇ ਆਖ਼ਿਰ ਸ੍ਰੋਮਣੀ ਕਮੇਟੀ ਨੇ ਮਿਤੀ 03.02.1945 ਨੂੰ ਆਪਣੀ ਇਕੱਤਰਤਾ ’ਚ ਮਤਾ ਨੰਬਰ 97 ਰਾਹੀਂ ਇਹ ਮਰਿਆਦਾ ਨੂੰ ਪ੍ਰਵਾਨਗੀ ਦੇ ਦਿੱਤੀ। ਇੰਨੇ ਸਾਲਾਂ ਦੀ ਵਿਚਾਰ ਤੋਂ ਬਾਅਦ ਅੰਮ੍ਰਿਤ ਵੇਲੇ ਦੀਆਂ ਤਿੰਨ ਬਾਣੀਆਂ ’ਤੇ ਸਹਿਮਤੀ ਬਣੀ। ਸ੍ਰੋਮਣੀ ਕਮੇਟੀ ਇਸ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਲੱਖਾਂ ਦੀ ਗਿਣਤੀ ’ਚ ਛਪਾ ਕੇ ਪ੍ਰਚਾਰ ਹਿੱਤ ਵੰਡ ਰਹੀ ਹੈ। ਗੁਰੂ ਪੰਥ ਦੇ ਇਸ ਫ਼ੈਸਲੇ ਨੂੰ ਮੰਨਣਾ ਹਰੇਕ ਸਿੱਖ ਲਈ ਜ਼ਰੂਰੀ ਹੈ; ਬਾਕੀ, ਵੱਧ ਬਾਣੀ ਪੜ੍ਹਨ ’ਤੇ ਕੋਈ ਰੋਕ ਨਹੀਂ ਹੈ। ਜੇਕਰ ਅੱਜ ਹਰ ਮੁਸਲਮਾਨ ਪੰਜ ਨਮਾਜਾਂ ਪੜ੍ਹਦਾ ਹੈ ਤਾਂ ਇਹ ਉਨ੍ਹਾਂ ਦੀ ਕੌਮੀ ਏਕਤਾ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਸਿੱਖ ਦੇ ਨਿਤਨੇਮ ’ਚ ਭੀ ਪੰਜ ਬਾਣੀਆਂ (ਤਿੰਨ ਸਵੇਰੇ, ਇੱਕ ਸ਼ਾਮ ਨੂੰ ਰਹਰਾਸਿ ਤੇ ਇੱਕ ਰਾਤ ਨੂੰ ਸੋਹਿਲਾ ਸਾਹਿਬ) ਪੜ੍ਹਨ ਦਾ ਵਿਧਾਨ ਹੈ।

ਸਵਾਲ : ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਦੋ ਸਾਥੀਆਂ-ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦਾ ਜ਼ਿਕਰ ਹੁੰਦਾ ਸੀ। ਫੋਟੋਆਂ ਵਿਚ ਵੀ ਦੋਵੇਂ ਦਿਖਾਏ ਜਾਂਦੇ ਸਨ, ਪਰ ਅੱਜ-ਕੱਲ੍ਹ ਭਾਈ ਬਾਲਾ ਜੀ ਬਾਰੇ ਕੁਝ ਨਹੀਂ ਦੱਸਿਆ ਜਾਂਦਾ। ਐਸਾ ਕਿਉਂ ?

ਜਵਾਬ : ਇਕ ਸਦੀ ਤੋਂ ਵੀ ਪਹਿਲਾਂ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਇਕ ਪੁਸਤਕ ਲਿਖੀ ਸੀ ‘ਕੱਤਕ ਕਿ ਵੈਸਾਖ’। ਉਨ੍ਹਾਂ ਨੇ ਕਹੀ ਜਾਂਦੀ ਭਾਈ ਬਾਲੇ ਵਾਲੀ ਸਾਖੀ ’ਚੋਂ ਤੱਥਾਂ ਸਹਿਤ ਪ੍ਰਮਾਣ ਦੇ ਕੇ ਸਿੱਧ ਕੀਤਾ ਕਿ ਭਾਈ ਬਾਲਾ ਨਾਂ ਦਾ ਕੋਈ ਵਿਅਕਤੀ ਗੁਰੂ ਨਾਨਕ ਸਾਹਿਬ ਜੀ ਦਾ ਸਾਥੀ ਨਹੀਂ ਹੋਇਆ। ਗੁਰੂ ਨਾਨਕ ਸਾਹਿਬ ਜੀ ਨਾਲ ਭਾਈ ਬਾਲੇ ਦੀ ਫੋਟੋ ਕਲਪਿਤ ਹੈ। ਭਾਈ ਬਾਲੇ ਦੇ ਨਾਂ ‘ਜਨਮ ਸਾਖੀ ਭਾਈ ਬਾਲਾ’ ਮਿਲਦੀ ਹੈ, ਜੋ ਗੁਰੂ ਘਰ ਦੇ ਵਿਰੋਧੀਆਂ ਵੱਲੋਂ ਲਿਖਾਈ ਗਈ ਸੀ। ਇਸ ਜਨਮ ਸਾਖੀ ਵਿਚ ਗੁਰੂ ਨਾਨਕ ਜੀ ਦੇ ਚਰਿੱਤਰ ਬਾਰੇ ਭੀ ਅਪੱਤੀ ਜਨਕ ਗੱਲਾਂ ਲਿਖੀਆਂ ਹਨ। ਇਸ ਵਿੱਚ ‘ਸਹਿਜ-ਕੁਸਹਿਜ’ ਅਤੇ ‘ਮਝੌਤ’ ਨਾਂ ਦੀਆਂ ਸਾਖੀਆਂ ’ਚ ਬਹੁਤ ਹੀ ਅਸ਼ਲੀਲ ਢੰਗ ਨਾਲ ਗੁਰੂ ਜੀ ਦੇ ਚਰਿੱਤਰ ਨੂੰ ਬਿਆਨ ਕੀਤਾ ਹੈ। ਇਹ ਜਨਮ ਸਾਖੀ ਖਾਲਸਾ ਕਾਲਜ ਅੰਮ੍ਰਿਤਸਰ ਦੀ ਲਾਇਬ੍ਰੇਰੀ ’ਚ ਪਈ ਹੋਈ ਹੈ। ਅਸ਼ਲੀਲ ਸ਼ਬਦਾਵਲੀ ਵਾਲੀਆਂ ਸਾਖੀਆਂ ਨੂੰ ਪ੍ਰਕਾਸਕਾਂ ਨੇ, ਸਿੱਖਾਂ ਦੇ ਡਰ ਕਾਰਨ ਜਨਮ ਸਾਖੀ ਵਿਚੋਂ ਕੱਢ ਦਿੱਤਾ ਹੈ।

ਇੰਨਾ ਕੁਝ ਲਿਖਣ ਦਾ ਇਹੀ ਭਾਵ ਹੈ ਕਿ ਗ਼ਲਤ ਸ਼ਬਦਾਵਲੀ ਵਾਲੀਆਂ ਸਾਖੀਆਂ ਪ੍ਰਚਾਰਨ ਲਈ ‘ਭਾਈ ਬਾਲਾ’ ਨਾਂ ਦਾ ਪਾਤਰ ਸਿਰਜਿਆ ਗਿਆ ਸੀ, ਇਸ ਲਈ ਲੇਖਕਾਂ ਨੇ ਭਾਈ ਬਾਲੇ ਦਾ ਜ਼ਿਕਰ ਕਰਨਾ ਬੰਦ ਕਰ ਦਿੱਤਾ ਹੈ। ਭਾਈ ਗੁਰਦਾਸ ਜੀ ਨੇ ਵੀ ਪਹਿਲੀ ਪਾਤਿਸ਼ਾਹੀ ਸਮੇਂ ਹੋਏ ਸਿੱਖਾਂ ਦਾ ਵਰਣਨ ਕਰਦਿਆਂ ਆਪਣੀ 11ਵੀਂ ਵਾਰ ਦੀ 13ਵੀਂ ਪਉੜੀ ’ਚ ਭਾਈ ਮਰਦਾਨਾ ਜੀ ਦਾ ਜ਼ਿਕਰ ਕੀਤਾ ਹੈ, ਕਿਸੇ ਬਾਲੇ ਦਾ ਨਹੀਂ; ਜਿਵੇਂ ਕਿ ‘‘ਭਲਾ ਰਬਾਬ ਵਜਾਇੰਦਾ; ਮਜਲਸ ਮਰਦਾਨਾ ਮੀਰਾਸੀ’’ (ਵਾਰ ੧੧ ਪਉੜੀ ੧੩), ਇਸੇ ਤਰ੍ਹਾਂ ਪਹਿਲੀ ਵਾਰ ’ਚ ਗੁਰੂ ਨਾਨਕ ਸਾਹਿਬ ਜੀ ਦੀਆਂ ਪ੍ਰਚਾਰ ਫੇਰੀਆਂ (ਉਦਾਸੀਆਂ) ਦਾ ਸੰਖੇਪ ਜਿਹਾ ਜ਼ਿਕਰ ਹੈ। ਉਨ੍ਹਾਂ ਨੇ ਬਾਬੇ ਨਾਨਕ ਜੀ ਨਾਲ ਕੇਵਲ ਮਰਦਾਨਾ ਹੀ ਲਿਖਿਆ ਹੈ, ‘‘ਇਕ ਬਾਬਾ ਅਕਾਲ ਰੂਪੁ; ਦੂਜਾ ਰਬਾਬੀ ਮਰਦਾਨਾ ’’ (ਵਾਰ ਪਉੜੀ ੩੫)

ਸਵਾਲ : ਗੁਰ ਮੰਤਰ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋ ਜੀ।

ਜਵਾਬ : ਸਿੱਖ ਧਰਮ ’ਚ ਗੁਰ ਮੰਤਰ ਦਾ ਭਾਵ ਗੁਰੂ ਦਾ ਉਪਦੇਸ ਹੈ। ‘ਵਾਹਿਗੁਰੂ’ ਨੂੰ ਯਾਦ ਕਰਨਾ ਭਾਵ ਸ੍ਰਿਸਟੀ ਦੇ ਕਰਤੇ, ਪਾਲਣਹਾਰ ਤੇ ਨਾਸ ਕਰਨ ਵਾਲੇ ਅਕਾਲ ਪੁਰਖ ਦੀ ਯਾਦ ਹਰ ਸਮੇਂ ਹਿਰਦੇ ’ਚ ਵਸਾਉਣਾ। ਅੰਮ੍ਰਿਤ ਛਕਣ ਸਮੇਂ ਪੰਜ ਪਿਆਰਿਆਂ ਪਾਸੋਂ ਗੁਰ ਮੰਤਰ ਦੀ ਸੋਝੀ ਹੁੰਦੀ ਹੈ। ਗੁਰ ਮੰਤਰ ਪਹਿਲੇ ਰਸਨਾ ਦੁਆਰਾ ਜਪਿਆ ਜਾਂਦਾ ਹੈ। ਮੂਲ ਮੰਤਰ ਤੋਂ ਲੈ ਕੇ ਗੁਰ ਪ੍ਰਸਾਦਿ ਵਿਚ, ਜੋ ਗੁਣ ਅਕਾਲ ਪੁਰਖ ਦੇ ਵਰਣਨ ਕੀਤੇ ਗਏ ਹਨ, ਉਨ੍ਹਾਂ ਨੂੰ ਹਿਰਦੇ ’ਚ ਵਸਾ ਕੇ ਆਪਣੇ ਜੀਵਨ ਵਿਚੋਂ ਪ੍ਰਗਟ ਕਰਨੇ ਹਨ ਭਾਵ ਉਨ੍ਹਾਂ ਅਨੁਸਾਰ ਸਮਾਜਿਕ ਕਾਰ-ਵਿਹਾਰ ਕਰਨਾ ਹੈ। ਨਾਮ ਜਪਣ ਦਾ ਵੱਡਾ ਲਾਭ ਹੈ, ਪੰਜ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਦੀ ਫਾਹੀ ਕੱਟ ਕੇ ਅਕਾਲ ਪੁਰਖ ਵਾਹਿਗੁਰੂ ਵਿਚ ਅਭੇਦ ਹੋਣਾ। ਆਵਾਗਵਨ ਦੇ ਚੱਕਰ ਨੂੰ ਖਤਮ ਕਰਨਾ ਹੀ ਮਨੁੱਖਾ ਜ਼ਿੰਦਗੀ ਦਾ ਮਨੋਰਥ ਹੈ।

ਸਵਾਲ : ਬ੍ਰਹਮ ਗਿਆਨੀ ਕੌਣ ਹੈ ਅਤੇ ਇਹ ਪਦਵੀ ਕਿਵੇਂ ਪ੍ਰਾਪਤ ਹੁੰਦੀ ਹੈ ?

ਜਵਾਬ : ਬ੍ਰਹਮ ਤੋਂ ਭਾਵ ਹੈ ‘ਅਕਾਲ ਪੁਰਖ ਦਾ ਗਿਆਨ ਹਾਸਲ ਕਰਨ ਵਾਲਾ ਬ੍ਰਹਮ ਗਿਆਨੀ’ ਭਾਵ ਉਹ ਮਨੁੱਖ ਜਿਸ ਦੀ ਬਿਰਤੀ ਪਰਮ-ਆਤਮਾ (ਪਰਮਾਤਮਾ) ਨਾਲ ਅਭੇਦ ਹੈ, ਓਹੀ ਬ੍ਰਹਮ ਗਿਆਨੀ ਹੈ, ਪਰ ਐਸੇ ਗੁਰਮੁਖ ਪਿਆਰੇ ਸੰਸਾਰ ਅੰਦਰ ਵਿਰਲੇ ਹੁੰਦੇ ਹਨ। ਭਗਤ ਕਬੀਰ ਜੀ ਉਨ੍ਹਾਂ ਨੂੰ ‘ਤੇਰਾ ਜਨੁ ਮੰਨਦੇ ਹਨ ‘‘ਤੇਰਾ ਜਨੁ ਏਕੁ ਆਧੁ ਕੋਈ ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ; ਹਰਿ ਪਦੁ ਚੀਨ੍ਹੈ ਸੋਈ ’’ (ਭਗਤ ਕਬੀਰ/੧੧੨੩)

ਸ੍ਰੀ ਗੁਰੂ ਅਰਜਨ ਦੇਵ ਜੀ ਬ੍ਰਹਮ ਗਿਆਨੀ ਦੀ ਤਾਰੀਫ਼ ’ਚ ਲਿਖਦੇ ਹਨ ‘‘ਮਨਿ ਸਾਚਾ, ਮੁਖਿ ਸਾਚਾ ਸੋਇ ਅਵਰੁ ਪੇਖੈ; ਏਕਸੁ ਬਿਨੁ ਕੋਇ ਨਾਨਕ  ! ਇਹ ਲਛਣ, ਬ੍ਰਹਮ ਗਿਆਨੀ ਹੋਇ’’ (ਸੁਖਮਨੀ, ਮਹਲਾ /੨੭੨) ਅਰਥ : ਜਿਸ ਦੇ ਮਨ ’ਚ ਸਦਾ ਥਿਰ ਰਹਿਣ ਵਾਲਾ ਪ੍ਰਭੂ ਵਸਦਾ ਹੈ, ਜੋ ਮੂੰਹ ਨਾਲ ਵੀ ਉਸ ਨੂੰ ਜਪਦਾ ਹੈ ਅਤੇ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਕਿਸੇ ਥਾਂ ’ਚ ਨਹੀਂ ਦੇਖਦਾ; ਉਹ ਮਨੁੱਖ, ਇਨ੍ਹਾਂ ਲੱਛਣਾਂ (ਗੁਣਾਂ) ਕਾਰਨ ਬ੍ਰਹਮ ਗਿਆਨੀ ਹੈ।

ਸਵਾਲ : ਅਨੰਦ ਕਾਰਜ ਦੀ ਅਰੰਭਤਾ ਸਮੇਂ ਕੀਤੀ ਜਾਂਦੀ ਅਰਦਾਸ ’ਚ ਕੇਵਲ ਲੜਕਾ ਲੜਕੀ ਤੇ ਉਨ੍ਹਾਂ ਦੇ ਮਾਤਾ ਪਿਤਾ ਹੀ ਕਿਉਂ ਖੜ੍ਹੇ ਹੁੰਦੇ ਹਨ ? ਬਾਕੀ ਸੰਗਤ ਕਿਉਂ ਨਹੀਂ ?

ਜਵਾਬ : ਕਿਉਂਕਿ ਉਸ ਕਾਰਜ ਦੀ ਅਰੰਭਤਾ ਵਿਸੇਸ ਤੌਰ ’ਤੇ ਲੜਕਾ-ਲੜਕੀ ਤੇ ਪਰਵਾਰ ਲਈ ਹੁੰਦੀ ਹੈ; ਅਰਦਾਸ ਕਰਨ ਤੋਂ ਪਹਿਲਾਂ ਬਾਕੀ ਸੰਗਤ ਦੀ ਆਗਿਆ ਲਈ ਜਾਂਦੀ ਹੈ। ਇਹ ਆਗਿਆ ਲੈਣਾ ਹੀ ਉਸ ਅਰਦਾਸ ’ਚ ਸਭ ਦਾ ਸਹਿਯੋਗ ਮੰਨਿਆ ਜਾਂਦਾ ਹੈ। ਇਸ ਲਈ ਸਾਰੀ ਸੰਗਤ ਨੂੰ ਖੜ੍ਹੇ ਹੋਣ ਲਈ ਨਹੀਂ ਕਿਹਾ ਜਾਂਦਾ। ‘ਸਿੱਖ ਰਹਿਤ ਮਰਯਾਦਾ’ ’ਚ ਇਸ ਦਾ ਖ਼ਾਸ ਜ਼ਿਕਰ ਕੀਤਾ ਹੈ।

ਸਵਾਲ : ਕੀ ਕੜਾਹ ਪ੍ਰਸ਼ਾਦ ਛਕਣ ਉਪਰੰਤ ਹੱਥ ਦਾੜ੍ਹੀ ਨਾਲ ਪੂੰਝਣੇ ਠੀਕ ਹਨ  ? ਜੇ ਨਹੀਂ ਤਾਂ ਕਿਉਂ ?

ਜਵਾਬ : ਐਸਾ ਕਰਨਾ ਠੀਕ ਨਹੀਂ। ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤਿ ਮਾਰਤੰਡ (ਪੰਨਾ ੨੯੨) ਵਿਚ ਲਿਖਦੇ ਹਨ ਕਿ ‘ਕਈ ਥਾਈਂ ਕੜਾਹ ਪ੍ਰਸ਼ਾਦ ਵਾਲੇ ਥਿੰਦੇ ਹੱਥ ਲੋਕਾਂ ਨੂੰ ਮੁਖ, ਦਾੜ੍ਹੀ ਨਾਲ ਪੂੰਝਦੇ ਵੇਖਿਆ ਹੈ, ਜੋ ਅਸਭ੍ਯਤਾ ਦੀ ਨਿਸਾਨੀ ਹੈ। ਇਸ ਥਿੰਦੇ ਵਿਚ ਮਿੱਠੇ ਦਾ ਅੰਸ਼ ਮਿਲਿਆ ਹੋਣ ਕਰਕੇ ਮੂੰਹ ’ਤੇ ਮੱਖੀਆਂ ਭਿਣਕਦੀਆਂ ਹਨ ਅਤੇ ਜ਼ਮੀਨ ’ਤੇ ਸੁੱਤੇ ਪਏ ਲੋਕਾਂ ਦੀ ਦਾੜ੍ਹੀ ’ਚ ਕੀੜੀਆਂ ਪ੍ਰਵੇਸ ਕਰ ਜਾਂਦੀਆਂ ਹਨ।

ਸਵਾਲ : ਕੀ ਬੀਬੀਆਂ ਤਖਤਾਂ ਜਾਂ ਗੁਰਦੁਆਰਿਆਂ ਵਿਚ ਅਰਦਾਸ ਕਰ ਸਕਦੀਆਂ ਹਨ ?

ਜਵਾਬ : ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਅਤੇ ਸਿੱਖ ਵਿਚਾਰਧਾਰਾ ਦੋਵਾਂ ਵਿਚ ਹੀ ਸਿੱਖ ਮਰਦ ਜਾਂ ਇਸਤਰੀ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਇਸ ਲਈ ਸਿੱਖ ਬੀਬੀ ਨੂੰ ਵੀ ਧਰਮ-ਕਰਮ ਕਰਨ ਦਾ ਪੂਰਾ ਅਧਿਕਾਰ ਹੈ। ਸਪਸ਼ਟ ਸਿਧਾਂਤ ਹੁੰਦਿਆਂ ਹੋਇਆਂ ਵੀ ਅਜੇ ਤੱਕ ਅਮਲੀ ਰੂਪ ’ਚ ਬੀਬੀਆਂ ਨੂੰ ਕੁਝ ਸੇਵਾਵਾਂ ਤੋਂ ਵਾਂਝਿਆਂ ਰੱਖਿਆ ਜਾਂਦਾ ਹੈ, ਜੋ ਗੁਰਮਤਿ ਵਿਚਾਰਧਾਰਾ ਦੇ ਉਲ਼ਟ ਹੈ। ਇਸ ਮਨਮਤ ਨੂੰ ਖ਼ਤਮ ਕਰਨ ਲਈ ਪੰਥਕ ਤੌਰ ’ਤੇ ਯਤਨ ਕਰਨੇ ਅਤਿਅੰਤ ਜ਼ਰੂਰੀ ਹਨ।

ਸਵਾਲ : ਗੁਰਬਾਣੀ ਨੂੰ ਗਾਇਣ ਕਰਦਿਆਂ ਬਾਹਰਲੀਆਂ ਕਿੰਨੀਆਂ ਧੁਨੀਆਂ ਦੀ ਵਰਤੋਂ ਕਰਨ ਦਾ ਜ਼ਿਕਰ ਹੈ ?

ਜਵਾਬ : ਧੁਨੀ ਦੇ ਅਰਥ ਹਨ : ਆਵਾਜ਼ ਦੀ ਗੂੰਜ, ਲੈ। ਗੁਰੂ ਗ੍ਰੰਥ ਸਾਹਿਬ ਵਿਚ 22 ਵਾਰਾਂ; 17 ਰਾਗਾਂ ਵਿਚ ਦਰਜ ਹਨ। ਜਿਨ੍ਹਾਂ ਵਿਚੋਂ 9 ਵਾਰਾਂ ਨੂੰ ਖ਼ਾਸ ਧੁਨੀਆਂ ਅਨੁਸਾਰ ਗਾਉਣ ਦੀ ਤਾਕੀਦ ਕੀਤੀ ਗਈ ਹੈ, ਜੋ ਇਸ ਪ੍ਰਕਾਰ ਹਨ :

  1. ਮਾਝ ਕੀ ਵਾਰ-ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ।
  2. ਗਉੜੀ ਕੀ ਵਾਰ ਮਹਲਾ ੫- ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ।
  3. ਆਸਾ ਕੀ ਵਾਰ-ਟੁੰਡੇ ਅਸਰਾਜੈ ਕੀ ਧੁਨੀ।
  4. ਗੂਜਰੀ ਕੀ ਵਾਰ-ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ।
  5. ਵਡਹੰਸ ਕੀ ਵਾਰ-ਲਲਾਂ ਬਹਿਲੀਮਾ ਕੀ ਧੁਨਿ।
  6. ਰਾਮਕਲੀ ਕੀ ਵਾਰ ਮਹਲਾ ੩-ਜੋਧੈ ਵੀਰੈ ਪੂਰਬਾਣੀ ਕੀ ਧੁਨੀ ।
  7. ਸਾਰੰਗ ਕੀ ਵਾਰ-ਰਾਇ ਮਹਮੇ ਹਸਨੇ ਕੀ ਧੁਨਿ॥
  8. ਮਲਾਰ ਕੀ ਵਾਰ-ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ।
  9. ਕਾਨੜੇ ਕੀ ਵਾਰ-ਮੂਸੇ ਕੀ ਵਾਰ ਕੀ ਧੁਨੀ ।

ਸਵਾਲ : ਕੀਰਤਪੁਰ ਸਾਹਿਬ ਅਸਤੀਆਂ (ਫੁੱਲ) ਕਿਉਂ ਪਾਏ ਜਾਂਦੇ ਹਨ ? ਬਾਹਰਲੇ ਮੁਲਕਾਂ ਵਿਚ ਰਹਿੰਦੀ ਸੰਗਤ ਕੀ ਕਰੇ ?

ਜਵਾਬ : ਸਿੱਖ ਰਹਿਤ ਮਰਯਾਦਾ ਦੇ ਪੰਨਾ 25 ’ਤੇ ਦਰਜ ਹੈ ਕਿ ਮ੍ਰਿਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ ’ਤੇ ਦੇਹ ਦੀ ਸਾਰੀ ਭਸਮ ਅਸਥੀਆਂ ਸਮੇਤ ਉੱਠਾ ਕੇ ਜਲ ’ਚ ਪ੍ਰਵਾਹ ਕਰ ਦਿੱਤੀ ਜਾਵੇ ਜਾਂ ਉੱਥੇ ਹੀ ਦੱਬ ਕੇ ਜ਼ਮੀਨ ਬਰਾਬਰ ਕਰ ਦਿੱਤੀ ਜਾਵੇ। ਗੁਰ ਨਾਨਕ ਪਾਤਿਸਾਹ ਜੀ ਦੇ ਬਚਨ ਹਨ, ‘‘ਇਕ ਦਝਹਿ, ਇਕ ਦਬੀਅਹਿ, ਇਕਨਾ ਕੁਤੇ ਖਾਹਿ ਇਕਿ ਪਾਣੀ ਵਿਚਿ ਉਸਟੀਅਹਿ, ਇਕਿ ਭੀ ਫਿਰਿ ਹਸਣਿ ਪਾਹਿ ਨਾਨਕ  ! ਏਵ ਜਾਪਈ, ਕਿਥੈ ਜਾਇ ਸਮਾਹਿ ? ’’ ਭਾਵ ਮ੍ਰਿਤਕ ਸਰੀਰ ਨੂੰ ਕਈ ਸਾੜਦੇ ਹਨ, ਕਈ ਦੱਬਦੇ ਹਨ, ਕਈਆਂ ਦੇ ਸਰੀਰ ਖੂਹ ਆਦਿ ’ਚ ਸੁੱਟੇ ਹੋਣ ਕਾਰਨ (ਜਾਨਵਰ) ਖਾਂਦੇ ਹਨ। ਕਈ ਜਲ ਪ੍ਰਵਾਹ ਕਰਦੇ ਹਨ, ਆਦਿ (ਪਰ ਜੀਵਨ ’ਚ ਕੀਤੀ ਕਮਾਈ ਦਾ ਚੰਗਾ-ਮੰਦਾ ਫਲ਼ ਰੂਹ ਨੂੰ ਮਿਲਦਾ ਹੈ, ਜੋ) ਪਤਾ ਨਹੀਂ ਕਿੱਧਰ ਭਾਵ ਕਿਸ ਜੂਨ ’ਚ ਜਾ ਨਿਵਾਸ ਕਰਦੀ ਹੈ। ਇਸ ਦਾ ਨਚੋੜ ਇਹੀ ਹੈ ਕਿ ਰੂਹ/ਜ਼ਮੀਰ ਨੂੰ ਸੁਤੰਤਰ/ਨਿਰਮਲ ਕਰਨ ਵਾਲ਼ੇ ਕੰਮ ਜੀਵਦਿਆਂ ਕਰਨੇ ਚਾਹੀਦੇ ਹਨ, ਨਾ ਕਿ ਮਰਨ ਉਪਰੰਤ ਮ੍ਰਿਤ ਸਰੀਰ ਦਾ ਕੀ ਕਰਨਾ ਹੈ, ਇਸ ਝਗੜੇ ’ਚ ਪੈਣਾ ਹੈ। ਇਸ ਲਈ ਕੀਰਤਪੁਰ ਸਾਹਿਬ ਫੁੱਲ ਪਾਉਣੇ, ਜ਼ਰੂਰੀ ਨਹੀਂ। ਜੇਕਰ ਐਸਾ ਹੀ ਹੁੰਦਾ ਤਾਂ ਕੀਰਤਪੁਰ ’ਚ ਨਿਵਾਸ ਰੱਖਣ ਵਾਲ਼ੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਫੁੱਲ ਗੁਰਦੁਆਰਾ ਬਾਲਾ ਸਾਹਿਬ (ਦਿੱਲੀ) ਵਿਖੇ ਨਾ ਸੁਸ਼ੋਭਿਤ ਹੁੰਦੇ।

ਇਹ ਭੀ ਸਹੀ ਹੈ ਕਿ ਜਾਣੇ-ਅਣਜਾਣੇ ਸਿੱਖਾਂ ਨੇ ਕੀਰਤਪੁਰ ਸਾਹਿਬ ਨੂੰ ਦੂਜਾ ਹਰਿਦੁਆਰ ਬਣਾ ਲਿਆ ਹੈ ਭਾਵੇਂ ਕਿ ਸਿੱਖ ਰਹਿਤ ਮਰਯਾਦਾ ਵਿਚ ਐਸਾ ਕੁਝ ਵੀ ਦਰਜ ਨਹੀਂ। ਜਿੱਥੋਂ ਤੱਕ ਵਿਦੇਸਾਂ ’ਚ ਰਹਿੰਦੇ ਸਿੱਖਾਂ ਦਾ ਸਵਾਲ ਹੈ, ਉਹ ਸਿੱਖ ਰਹਿਤ ਮਰਯਾਦਾ ਅਨੁਸਾਰ ਅੰਗੀਠੇ ਦੀ ਸੰਭਾਲ਼ ਕਰਨ। ਉੱਥੇ ਨੇੜੇ ਚਲਦੇ ਕਿਸੇ ਪਾਣੀ ਵਿਚ ਫੁੱਲ (ਅਸਤ) ਵਹਾ ਦੇਣੇ ਚਾਹੀਦੇ ਹਨ। ਗੁਰਬਾਣੀ ਪੜ੍ਹਨ ਨਾਲ ਹਨ੍ਹੇਰਾ ਦੂਰ ਹੁੰਦਾ ਹੈ, ਅੰਦਰ ਪ੍ਰਕਾਸ਼ ਹੁੰਦਾ ਹੈ। ਹਰੇਕ ਪ੍ਰਾਣੀ ਗੁਰਬਾਣੀ ਨੂੰ ਜ਼ਿੰਦਗੀ ਦਾ ਆਧਾਰ ਬਣਾਵੇ ਤੇ ਆਪਣਾ ਜਨਮ ਸਫਲਾ ਕਰੇ, ਨਾ ਕਿ ਕਿਸੇ ਵਹਿਮ-ਭਰਮ ’ਚ ਡੁੱਬਿਆ ਰਹੇ।

ਸਵਾਲ : ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦੋ ਬਾਰਹਮਾਹਾ (ਮਾਝ ਤੇ ਤੁਖਾਰੀ ਰਾਗ ’ਚ) ਹਨ, ਪਰ ਸੰਗਰਾਂਦ ਵਾਲ਼ੇ ਦਿਨ ਕੇਵਲ ਮਾਝ ਰਾਗ ਵਾਲੇ ਬਾਰਹਮਾਹਾ ਦਾ ਪਾਠ ਕੀਤਾ ਜਾਂਦਾ ਹੈ। ਐਸਾ ਕਿਉਂ  ?

ਜਵਾਬ : ਗੁਰਮਤਿ ਸਿਧਾਂਤ ਨੂੰ ਉਜਾਗਰ ਕਰਨ ਲਈ ਗੁਰਬਾਣੀ ਵਿਚ ਕਈ ਪੱਖਾਂ ਰਾਹੀਂ ਉਪਦੇਸ਼ ਦਿੱਤੇ ਗਏ ਹਨ; ਜਿਵੇਂ, ਵਾਰ, ਪਹਿਰੇ, ਦਿਨ-ਰੈਣ, ਥਿਤੀ, ਸਤਵਾਰਾ, ਆਰਤੀ, ਸਦੁ, ਗੋਸਟਿ, ਅਲਾਹਣੀਆ, ਆਦਿ; ਇਉਂ ਹੀ ਗੁਰਮਤਿ ਸਪਸ਼ਟ ਕਰਨ ਲਈ ਮਾਝ ਤੇ ਤੁਖਾਰੀ ਰਾਗਾਂ ’ਚ ਦੋ ਬਾਰਹਮਾਹ ਦੀਆਂ ਬਾਣੀਆਂ ਹਨ ਭਾਵੇਂ ਕਿ ਇਹ ਸੰਗਰਾਂਦ ਮਨਾਉਣ ਲਈ ਨਹੀਂ ਰਚੀਆਂ ਗਈਆਂ। ਮਾਝ ਰਾਗ ’ਚ ਉਚਾਰੇ ਬਾਰਹਮਾਹਾ ’ਚ ਅਸਾਨ ਸ਼ਬਦਾਵਲੀ ਹੋਣ ਕਾਰਨ ਸੰਗਤਾਂ ਵਿਚ ਇਹ ਵਧੇਰੇ ਪ੍ਰਚਲਿਤ ਹੋ ਗਿਆ ਹੈ। ਗੁਰਬਾਣੀ ’ਚ ਮੱਸਿਆ, ਪੂਰਨਮਾਸ਼ੀ (ਪੁੰਨਿਆ), ਸੰਗਰਾਂਦ ਆਦਿਕ ਦਿਨਾਂ ਨੂੰ ਕੋਈ ਖ਼ਾਸ ਮਹਾਨਤਾ ਨਹੀਂ ਦਿੱਤੀ ਗਈ, ਸਗੋਂ ਸਭ ਦਿਨਾਂ, ਘੜੀਆਂ ਨੂੰ ਇਕ ਸਮਾਨ ਮੰਨਿਆ ਹੈ। ਗੁਰਸਿੱਖ ਲਈ ਉਹੀ ਦਿਨ, ਓਹੀ ਸਮਾਂ ਜਾਂ ਘੜੀ ਸਫਲ ਹੈ ਜਦੋਂ ਉਹ ਪ੍ਰਭੂ ਦੀ ਯਾਦ ’ਚ ਜੁੜਦਾ ਹੈ। ਪ੍ਰਭੂ ਨੂੰ ਭੁਲਾ ਕੇ ਲੰਘਿਆ ਹਰ ਮਿੰਟ, ਸਕਿੰਟ ਬੇਕਾਰ ਹੈ, ਅਸੁੱਭ ਹੈ; ਜਿਵੇਂ ਕਿ ਬਚਨ ਹਨ :

ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ! ਜਿਤੁ (ਜਿਸ ਦਿਨ) ਜਪੀਐ ਹਰਿ ਨਾਉ (ਮਹਲਾ /੪੩੨)

ਨਾਨਕ  ! ਸੋਈ ਦਿਨਸੁ ਸੁਹਾਵੜਾ; ਜਿਤੁ, ਪ੍ਰਭੁ ਆਵੈ ਚਿਤਿ (’) ਜਿਤੁ ਦਿਨਿ ਵਿਸਰੈ ਪਾਰਬ੍ਰਹਮੁ; ਫਿਟੁ ਭਲੇਰੀ ਰੁਤਿ (ਮਹਲਾ /੩੧੮)

 ਸਤਿਗੁਰ ਬਾਝਹੁ ਅੰਧੁ ਗੁਬਾਰੁ ਥਿਤੀ ਵਾਰ ਸੇਵਹਿ; ਮੁਗਧ ਗਵਾਰ (ਮਹਲਾ /੮੪੩)

ਬਾਰਹਮਾਹਾ ਬਾਣੀਆਂ ’ਚ ਅਕਾਲ ਪੁਰਖ ਤੋਂ ਪਏ ਵਿਛੋੜੇ ਅਤੇ ਉਸ ਨੂੰ ਮਿਲਾਪ ਲਈ ਮਨ ’ਚ ਪੈਦਾ ਹੋਈ ਬਿਰਹਾ (ਤੜਫ) ਦਾ ਮੌਸਮ ਪਰਿਵਰਤਨ ਦੀਆਂ ਉਦਾਹਰਨਾਂ ਰਾਹੀਂ ਵਰਣਨ ਕੀਤਾ ਗਿਆ ਹੈ ਤਾਂ ਕਿ ਮਨ ਨਿਰੰਤਰ ਪ੍ਰਭੂ ਦੀ ਯਾਦ ਨਾਲ਼ ਹਰ ਮਹੀਨੇ ਮੌਸਮੀ ਰੁੱਤ ਨੂੰ ਭਾਂਪਦਿਆਂ ਜੁੜਿਆ ਰਹੇ ਤੇ ਅਨੰਦਿਤ ਜੀਵਨ ਬਸਰ ਕਰੇ। ਮਾਝ ਤੇ ਤੁਖਾਰੀ ਰਾਗ ਵਿਚ ਮੌਸਮ ਪਰਿਵਰਤਨ ਦੀਆਂ ਦਿੱਤੀਆਂ ਮਿਸਾਲਾਂ ਇੱਕ ਸਮਾਨ ਹਨ, ਜਿਨ੍ਹਾਂ ਰਾਹੀਂ ਜੀਵ ਇਸਤਰੀ ਨੂੰ ਆਪਣੇ ਅਸਲੇ (ਪ੍ਰਭੂ) ਮਿਲਾਪ ਲਈ ਵਿਲਕਦਾ, ਲੇਲ੍ਹੜੀਆਂ ਭਰਦੇ ਬਿਆਨ ਕੀਤਾ ਗਿਆ ਹੈ। ਜੇਕਰ ਦੋਵੇਂ ਬਾਰਹਾਮਾਹਾ ਦਾ ਸੰਬੰਧ 12 ਮਹੀਨਿਆਂ ਨਾਲ਼ ਹੀ ਹੁੰਦਾ ਤਾਂ ਇੱਕ ਬਾਰਾਹਮਾਹਾ ਦੇ 14 ਪਦੇ ਅਤੇ ਦੂਜਰੇ ਦੇ 17 ਬੰਦ ਨਾ ਹੁੰਦੇ। ਇਸ ਲਈ ਇਹ ਚੇਤੇ ਰੱਖਣਾ ਹੈ ਕਿ ਮੌਸਮੀ-ਰੁੱਤ ਦੀ ਮਿਸਾਲ ਨਾਲ਼ ਦਿੱਤੇ 12-12 ਬੰਦਾਂ ’ਚ ਉਪਦੇਸ਼ ਦਾ ਤਤਸਾਰ ਮੰਗਲਾਚਰਨ ਵਜੋਂ ਦਰਜ ਪਹਿਲੇ ਅਤੇ ਅੰਤਮ ਪਦਿਆਂ ਵਿੱਚ ਹੈ। ਜਿਨ੍ਹਾਂ ਰਾਹੀਂ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਉਪਦੇਸ਼ਾਂ ਨੂੰ ਕਿਸੇ ਖ਼ਾਸ ਦਿਨ ਜਾਂ ਖ਼ਾਸ ਸਮੇਂ ਨਾਲ਼ ਜੋੜ ਕੇ ਨਾ ਵਾਚਣਾ ਬਲਕਿ ਅਕਾਲ ਪੁਰਖ ਦੀ ਮਿਹਰ ਦਾ ਪਾਤਰ ਬਣਨ ਲਈ ਉਸ ਦਾ ਨਿਰੰਤਰ ਸਿਮਰਨ ਕਰਨਾ ਹੈ। ਦੋਵੇਂ ਬਾਰਹਾਮਾਹਾ ’ਚ ਅੰਤਮ ਬੰਦ ਹਨ, ‘‘ਮਾਹ ਦਿਵਸ ਮੂਰਤ ਭਲੇ; ਜਿਸ ਕਉ ਨਦਰਿ ਕਰੇ ਨਾਨਕੁ ਮੰਗੈ ਦਰਸ ਦਾਨੁ; ਕਿਰਪਾ ਕਰਹੁ ਹਰੇ  !੧੪ (ਮਾਝ ਬਾਰਹਮਾਹਾ/ਮਹਲਾ /੧੩੬), ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ਘੜੀ ਮੂਰਤ ਪਲ ਸਾਚੇ; ਆਏ ਸਹਜਿ ਮਿਲੇ .. ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ; ਗੁਰਮੁਖਿ ਮਸਤਕਿ ਭਾਗੋ ਨਾਨਕ  ! ਅਹਿਨਿਸਿ ਰਾਵੈ ਪ੍ਰੀਤਮੁ; ਹਰਿ ਵਰੁ ਥਿਰੁ ਸੋਹਾਗੋ ੧੭ (ਤੁਖਾਰੀ ਬਾਰਹਮਾਹਾ/ਮਹਲਾ /੧੧੧੦) ਅਰਥ : 12 ਮਹੀਨੇ, 6 ਰੁੱਤਾਂ, (ਚੰਨ ਨਾਲ਼ ਸੰਬੰਧਿਤ 15) ਥਿਤਾਂ, (ਸੂਰਜ ਨਾਲ਼ ਸੰਬੰਧਿਤ 7) ਦਿਨ, 64 ਘੜੀਆਂ, ਸਮਾਂ, ਪਲ ਤਾਂ ਹੀ ਸਫਲ ਹਨ, ਜੇਕਰ (ਨਾਮ ਜਪ ਕੇ) ਅਡੋਲ ਹੋਏ ਹਿਰਦੇ ਅੰਦਰ ਆ ਕੇ ਪ੍ਰਭੂ-ਪਤੀ ਵਸ ਜਾਏ ਕਿਉਂਕਿ ਉਹ ਸਦੀਵੀ ਸਥਿਰ ਪਤੀ ਨੇ ਉਸੇ ਜੀਵ-ਇਸਤਰੀ ਨੂੰ ਭੋਗਣਾ ਹੈ, ਅਪਣਾਉਣਾ ਹੈ, ਪਸੰਦ ਕਰਨਾ ਹੈ, ਜਿਸ ਦੀ ਹਿਰਦੇ-ਘਰ ਵਿੱਚ ਸੇਜ ਸੁੰਦਰ ਹੈ ਭਾਵ ਗੁਣਾਂ ਭਰਪੂਰ ਹੈ। ਉਸੇ ਦੇ ਮੱਥੇ ਉੱਤੇ ਸਮਝੋ ਕਿ ਭਾਗ ਜਾਗ ਪਿਆ ਕਿਉਂਕਿ ਉਹ ਹਰ ਸਮੇਂ ਪਤੀ-ਪਰਮੇਸ਼ਰ ਨੂੰ ਯਾਦ ਕਰਦੀ ਹੈ।

ਸਵਾਲ : ਕੀ ਵਿਆਹ ਦੇ ਸਮੇਂ ਸਿਹਰਾ ਜਾਂ ਸਿੱਖਿਆ ਪੜ੍ਹੀ ਜਾ ਸਕਦੀ ਹੈ ?

ਜਵਾਬ : ਸਿੱਖ ਧਰਮ ਵਿਚ ਵਿਆਹ, ਅਨੰਦ ਕਾਰਜ; ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਲਾਵਾਂ ਪੜ੍ਹ ਕੇ ਕਰਨ ਦਾ ਵਿਧਾਨ ਹੈ। ਲਾਵਾਂ ਦੇ ਪਾਠ ਵਿਚ ਜੋ ਉਪਦੇਸ਼ ਦਿੱਤੇ ਹਨ, ਉਨ੍ਹਾਂ ਦੀ ਵਿਆਖਿਆ ਕਰਨੀ ਬਣਦੀ ਹੈ। ਇਹ ਉਪਦੇਸ਼ ਹੀ ਸਿਹਰਾ ਹੈ, ਸਿੱਖਿਆ ਹੈ, ਹੋਰ ਕਿਸੇ ਵਿਖਾਵੇ ਦੀ ਲੋੜ ਨਹੀਂ ਰਹਿੰਦੀ। ਗੁਰੂ ਸਾਹਿਬ ਦੀ ਹਜੂਰੀ ’ਚ ਸੰਸਾਰਿਕ ਮਹਿਮਾਨਾਂ ਦੀ ਵਡਿਆਈ ਕਰਨ ਵਾਲੀ ਕੱਚ-ਘਰੜ ਸਿੱਖਿਆ ਜਾਂ ਸਿਹਰਾ ਨਹੀਂ ਪੜ੍ਹਿਆ ਜਾ ਸਕਦਾ।

ਸਵਾਲ : ਹਰ ਕਾਰਜ ਸੁਰੂ ਕਰਨ ਤੋਂ ਪਹਿਲਾਂ ਅਰਦਾਸ ਕਰਨ ਦਾ ਕੀ ਮਹੱਤਵ ਹੈ ?

ਜਵਾਬ : ਅਰਦਾਸ ਦਾ ਸਿੱਖ ਦੀ ਨਿੱਜੀ ਜ਼ਿੰਦਗੀ ਵਿੱਚ ਅਤੇ ਕੌਮੀ (ਪੰਥਕ) ਕਾਰਜਾਂ ਵਿੱਚ ਅਰਦਾਸ ਕਰਨ ਦਾ ਖ਼ਾਸ ਮਹੱਤਵ ਹੈ। ਹੋਰਨਾਂ ਧਰਮਾਂ ਦੀ ਤਰ੍ਹਾਂ ਅਰਦਾਸ ’ਚ ਸਮਾਜਿਕ ਮੰਗਾਂ ਦੀ ਲਿਸਟ ਨਹੀਂ ਕੱਢਣੀ ਹੁੰਦੀ ਬਲਕਿ ਅਰਦਾਸ ਦੌਰਾਨ ਹਰ ਕਾਰਜ ਦੀ ਸਫਲਤਾ ਲਈ ਪ੍ਰਭੂ ਦਾ ਓਟ-ਆਸਰਾ ਲੈਣਾ ਹੁੰਦਾ ਹੈ। ਗੁਰਸਿੱਖ ਪ੍ਰਭੂ ਨਾਲ ਜੁੜ ਕੇ, ਉਸ ਨੂੰ ਅੰਗ ਸੰਗ ਜਾਣ ਕੇ ਆਪਣੇ ਆਪ ਨੂੰ ਅਥਾਹ ਸ਼ਕਤੀ ਸੰਪੰਨ ਸਮਝਦਾ ਹੈ। ਅਰਦਾਸ ਮਨੁੱਖ ਨੂੰ ਚੜ੍ਹਦੀ ਕਲਾ ਬਖ਼ਸ਼ਦੀ ਹੈ, ਜੋ ਦੁੱਖ-ਸੁੱਖ, ਅਮੀਰੀ ਗਰੀਬੀ, ਰੋਗ-ਸੋਗ ਸਮੇਂ ਸਹਿਜ ਅਵਸਥਾ ਧਾਰਨ ਲਈ ਜ਼ਰੂਰੀ ਹੈ। ਗੁਰੂ ਰਾਮਦਾਸ ਜੀ ਹਰ ਕਾਰਜ ਦੀ ਅਰੰਭਤਾ ’ਚ ਅਰਦਾਸ ਕਰਨ ਦਾ ਇਉਂ ਉਪਦੇਸ਼ ਦਿੰਦੇ ਹਨ, ‘‘ਕੀਤਾ ਲੋੜੀਐ ਕੰਮੁ; ਸੁ ਹਰਿ ਪਹਿ ਆਖੀਐ ਕਾਰਜੁ ਦੇਇ ਸਵਾਰਿ; ਸਤਿਗੁਰ ਸਚੁ ਸਾਖੀਐ ’’ (ਮਹਲਾ /੯੧) ਭਾਵ ਸਤਿਗੁਰ ਦੇ ਆਸ਼ੇ ਅਨੁਸਾਰ ਜੇਕਰ ਕੋਈ ਕੰਮ ਨੇਪਰੇ ਚਾੜ੍ਹਨਾ ਚਾਹੁੰਦਾ ਹੈ ਤਾਂ ਉਸ ਲਈ ਪ੍ਰਭੂ ਅੱਗੇ ਅਰਦਾਸ-ਜੋਦੜੀ ਕਰਨੀ ਬਣਦੀ ਹੈ ਤਾਂ ਹੀ ਉਹ, ਉਸ ਕਾਰਜ ਨੂੰ ਸਫਲ ਕਰਦਾ ਹੈ।

ਸਵਾਲ : ਦਸਮ ਗ੍ਰੰਥ ਬਾਰੇ ਤੁਹਾਡੇ ਕੀ ਵਿਚਾਰ ਹਨ ? ਕੀ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਾਙ ਮਹਾਨਤਾ ਦਿੱਤੀ ਜਾ ਸਕਦੀ ਹੈ ?

ਜਵਾਬ : ਇਸ ਗ੍ਰੰਥ ਬਾਰੇ ਸਿੱਖ ਵਿਦਵਾਨਾਂ ’ਚ ਕਈ ਮਤਭੇਦ ਹਨ। ਕਈ ਇਸ ਦੀ ਸਾਰੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੇ ਹਨ ਤੇ ਕਈ ਬਹੁਤ ਥੋੜ੍ਹੀ ਰਚਨਾ ਨੂੰ ਗੁਰੂ ਸਾਹਿਬ ਦੀ ਰਚਨਾ ਮੰਨਦੇ ਹਨ, ਬਾਕੀ ਨੂੰ ਤਿੰਨ ਕਵੀਆਂ (ਰਾਮ, ਸਿਆਮ ਤੇ ਕਾਲ) ਦੀ ਰਚਨਾ ਮੰਨਦੇ ਹਨ; ਜਿਵੇਂ ਕਿ ਇਸ ਵਿੱਚ ਕਵੀਆਂ ਦਾ ਨਾਂ ਵਾਰ-ਵਾਰ ਦਰਜ ਹੈ :

(1). ਮਿਲਿ ਦੇਵ ਅਦੇਵਨ ਸਿੰਧੁ ਮਥਿਯੋ ਕਬਿ ਸ੍ਯਾਮ ਕਵਿਤਨ ਮਧਿ ਕਥਿਯੋ (੨੪ ਅਵਤਾਰ/ ਸਮੁੰਦ੍ਰ ਮਥਨ) ਅਰਥ : ਦੇਵਤੇ ਅਤੇ ਦੈਂਤਾਂ ਨੇ ਮਿਲ ਕੇ ਸਮੁੰਦਰ ਰਿੜਕਿਆ। ਇਹ ਬ੍ਰਿਤਾਂਤ ਕਵੀ ਸ਼ਾਮ ਨੇ ਕਵਿਤਾ ਵਿੱਚ ਰਚਿਆ।

(2). ਕਥਾ ਸਤ੍ਰਵੀ ਰਾਮ ਕਬਿ ਉਚਰੀ ਹਿਤ ਚਿਤ ਲਾਇ ਬਹੁਰਿ ਕਥਾ ਬੰਧਨ ਨਿਮਿਤ ਮਨ ਮੈ ਕਹਿਯੋ ਉਪਾਇ (ਚਰਿਤ੍ਰ ੧੮) ਅਰਥ : ਕਵੀ ਰਾਮ ਨੇ 17ਵੀਂ ਕਥਾ ਬੜੀ ਰੁਚੀ ਨਾਲ਼ ਗਾਈ ਤੇ ਫਿਰ ਕਥਾ ਕਰਨ ਲਈ ਮਨ ’ਚ ਉਪਾ/ਹੀਲਾ ਕੀਤਾ।

(3). ਅਤਿ ਬਰਿ ਕੈ ਭਾਰੀ ਜੁਝ੍ਯੋ; ਤਨਕ ਮੋਰਿਯੋ ਅੰਗ ਸੁ ਕਬਿ ਕਾਲ ਪੂਰਨ ਭਯੋ, ਤਬ ਹੀ ਕਥਾ ਪ੍ਰਸੰਗ ੨੯ (ਚਰਿਤ੍ਰ ੧੯੫) ਅਰਥ :  ਕਵੀ ਕਾਲ ਕਹਿੰਦਾ ਹੈ ਕਿ ਜਦੋਂ ਬੜਾ ਬਲਵਾਨ (ਸੂਰਮਾ) ਜੂਝ ਮਰਿਆ, ਜਿਸ ਨੇ ਜ਼ਰਾ ਭੀ (ਯੁੱਧ ਸਮੇਂ) ਪਿੱਠ ਨਾ ਮੋੜੀ ਭਾਵ ਪਿੱਛੇ ਨਾ ਹਟਿਆ ਤਦ ਹੀ (ਮੇਰੇ ਦੁਆਰਾ ਬਿਆਨ ਕੀਤੀ ਜਾ ਰਹੀ) ਕਥਾ ਦਾ ਪ੍ਰਸੰਗ ਪੂਰਾ ਹੋ ਗਿਆ।

ਇਸ ਗ੍ਰੰਥ ਦਾ ਪਹਿਲਾਂ ਨਾਮ ‘ਬਚਿੱਤਰ ਨਾਟਕ’ ਸੀ, ਫਿਰ ‘ਦਸਵੇਂ ਪਾਤਿਸਾਹ ਕਾ ਗ੍ਰੰਥ’, ਫਿਰ ‘ਦਸਮ ਗ੍ਰੰਥ’, ਫਿਰ ‘ਦਸਮ ਸ੍ਰੀ ਗੁਰੂ ਦਸਮ ਗ੍ਰੰਥ’, ਆਦਿ। ਇਸ ਵਿੱਚ ਜ਼ਿਆਦਾਤਰ ਰਚਨਾ ਹਿੰਦੂ ਇਤਿਹਾਸ ਦਾ ਉਲਥਾ ਕੀਤਾ ਹੋਇਆ ਹੈ। ਕਾਫ਼ੀ ਸ਼ਬਦਾਵਲੀ ਅਸ਼ਲੀਲਤਾ ਦੀ ਵਿਆਖਿਆ ਕਰਦੀ ਹੈ। ਬਹੁਤ ਥੋੜ੍ਹੀ ਰਚਨਾ; ਜਿਵੇਂ ਕਿ ਜਾਪੁ ਸਾਹਿਬ, ਅਕਾਲ ਉਸਤਤਿ, ਜ਼ਫ਼ਰਨਾਮਾ, ਆਦਿ ਬਾਰੇ ਸਿੱਖ ਕੌਮ ਅੰਦਰ ਖ਼ਾਸ ਵਿਵਾਦ ਨਹੀਂ ਕਿ ਇਹ ਰਚਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਹੀਂ।

ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਹੈ, ਇਸ ਲਈ ਇਸ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਨਹੀਂ ਮੰਨਿਆ ਜਾ ਸਕਦਾ ਅਤੇ ਨਾ ਹੀ ਇਸ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਣਾ ਚਾਹੀਦਾ ਹੈ; ਜਿਵੇਂ ਕਿ ਕੁੱਝ ਤਖ਼ਤ ਸਾਹਿਬ, ਨਹਿੰਗ ਜਥੇਬੰਦੀਆਂ, ਆਦਿ ਦੁਆਰਾ ਕਈ ਗੁਰੂ ਘਰਾਂ ਵਿੱਚ ਕੀਤਾ ਜਾਂਦਾ ਹੈ।

ਸਵਾਲ : ਕੀ ਭਾਈ ਮਰਦਾਨਾ ਜੀ ਨੇ ਕੋਈ ਬਾਣੀ ਉਚਾਰਨ ਕੀਤੀ ਹੈ ?

ਜਵਾਬ : ਭਾਈ ਮਰਦਾਨਾ ਜੀ ਨੇ ਕੋਈ ਬਾਣੀ ਉਚਾਰਨ ਨਹੀਂ ਕੀਤੀ ਅਤੇ ਨਾ ਹੀ ਐਸੀ ਕੋਈ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਲੋਕ ਮਰਦਾਨਾ ਦੇ ਸਿਰਲੇਖ ਹੇਠ ਤਿੰਨ ਸ਼ਬਦ ਭਾਈ ਮਰਦਾਨਾ ਜੀ ਦੇ ਪ੍ਰਥਾਇ ਉਚਾਰਨ ਕੀਤੇ ਹਨ। ਜੇਕਰ ਮਰਦਾਨਾ ਜੀ ਦੁਆਰਾ ਇਹ ਸ਼ਬਦ ਉਚਾਰੇ ਹੁੰਦੇ ਤਾਂ ਇਨ੍ਹਾਂ ਦੇ ਅੰਤ ’ਚ ‘ਨਾਨਕ’ ਮੋਹਰ ਨਾ ਹੁੰਦੀ; ਜਿਵੇਂ ਕਿ ਇਹ ਹੈ, ‘‘ਸਲੋਕੁ ਮਰਦਾਨਾ   ਕਲਿ ਕਲਵਾਲੀ ਕਾਮੁ ਮਦੁ; ਮਨੂਆ ਪੀਵਣਹਾਰੁ ਗੁਣ ਮੰਡੇ ਕਰਿ, ਸੀਲੁ ਘਿਉ; ਸਰਮੁ ਮਾਸੁ ਆਹਾਰੁ   ਗੁਰਮੁਖਿ ਪਾਈਐ ਨਾਨਕਾ ! ਖਾਧੈ ਜਾਹਿ ਬਿਕਾਰ ਮਰਦਾਨਾ   ਕਾਇਆ ਲਾਹਣਿ ਆਪੁ ਮਦੁ; ਮਜਲਸ ਤ੍ਰਿਸਨਾ ਧਾਤੁ ਗਿਆਨੁ ਗੁੜੁ, ਸਾਲਾਹ ਮੰਡੇ; ਭਉ ਮਾਸੁ ਆਹਾਰੁ   ਨਾਨਕ  ! ਇਹੁ ਭੋਜਨੁ ਸਚੁ ਹੈ; ਸਚੁ ਨਾਮੁ ਆਧਾਰੁ (ਮਹਲਾ /੫੫੩), ਇਹ ਸ਼ਬਦ ਗੁਰੂ ਸਾਹਿਬ ਨੇ ਆਪਣੇ ਅਤਿ ਸਨੇਹੀ ਭਾਈ ਮਰਦਾਨਾ ਜੀ ਯਾਦ ਨੂੰ ਸਦੀਵੀ ਇਤਿਹਾਸਕ ਬਣਾਉਣ ਲਈ ਇਨ੍ਹਾਂ ਸ਼ਬਦਾਂ ਦੇ ਸਿਰਲੇਖ ’ਚ ਮਰਦਾਨਾ ਜੀ ਦਾ ਨਾਂ ਦਰਜ ਕੀਤਾ ਹੈ। ਇੱਥੋਂ ਇਹ ਭੀ ਸਪਸ਼ਟ ਹੁੰਦਾ ਹੈ ਕਿ ਜੇਕਰ ਭਾਈ ਬਾਲਾ ਭੀ ਗੁਰੂ ਸਾਹਿਬ ਦਾ ਸਾਥੀ ਹੁੰਦਾ ਤਾਂ ਉਸ ਦਾ ਨਾਂ ਭੀ ਗੁਰੂ ਸਾਹਿਬ ਗੁਰਬਾਣੀ ਅੰਦਰ ਜ਼ਰੂਰ ਸੰਭਾਲ਼ਦੇ।

ਸਵਾਲ : ਗੁਰਬਾਣੀ ਦਾ ਪਾਠ ਕਰਨ ਵੇਲੇ ਸਿਰ ਢੱਕਣਾ ਕਿਉਂ ਜ਼ਰੂਰੀ ਹੈ ?

ਜਵਾਬ : ਕੇਵਲ ਗੁਰਬਾਣੀ ਦੇ ਪਾਠ ਵੇਲੇ ਹੀ ਨਹੀਂ, ਸਗੋਂ ਹਰ ਸਮੇਂ ਸਿਰ ਨੂੰ ਢੱਕ ਕੇ ਰੱਖਣਾ ਕੇਸਾਂ ਦਾ ਸਤਿਕਾਰ ਹੈ। ਜੋ ਇਹ ਕਹਿੰਦੇ ਹਨ ਕਿ ਮਨ ਅੰਦਰ ਸਿੱਖੀ ਹੋਣੀ ਚਾਹੀਦੀ ਹੈ, ਸਿਰ ਢੱਕਣ ਜਾਂ ਨਾ ਢੱਕਣ ’ਚ ਕੀ ਰੱਖਿਆ ਹੈ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਸਿਰ ਢੱਕਣ ਵਾਲ਼ਾ ਹੁਕਮ ਹੀ ਨਾ ਮੰਨਿਆ, ਤਾਂ ਅੰਦਰ ਸਿੱਖੀ ਹੈ, ਇਹ ਕਿਸ ਕਿਸ ਨੂੰ ਦਸਦੇ ਫਿਰਾਂਗੇ। ਅਨੁਸਾਸ਼ਨ ’ਚ ਰਹਿਣਾ ਹੀ ਸਿੱਖੀ ਹੈ। ਕੇਸਾਂ ਨੂੰ ਧੁੱਪ ਜਾਂ ਹਵਾ ਲਵਾਉਣ ਲਈ ਕੇਸ ਨੰਗੇ ਰੱਖੇ ਜਾ ਸਕਦੇ ਹਨ, ਪਰ ਉਹ ਭੀ ਘਰ ਅੰਦਰ ਹੀ, ਨਾ ਕਿ ਬਜ਼ਾਰਾਂ ਵਿੱਚ।

ਸਵਾਲ : ਜੇਕਰ ਸਾਰੇ ਮਨੁੱਖ ਅਕਾਲ ਪੁਰਖ ਦੇ ਬਣਾਏ ਹੋਏ ਹਨ, ਫਿਰ ਮਨੁੱਖ ਵਿੱਚ ਅਵਗੁਣ ਕਿਉਂ ਹਨ ?

ਜਵਾਬ : ਗੁਣਾਂ ਦਾ ਸੋਮਾ ਅਕਾਲ ਪੁਰਖ ਹੈ। ਜਿਨ੍ਹਾਂ ਕੁ ਕੋਈ ਉਸ ਨਾਲ ਜੁੜਦਾ ਹੈ, ਉਸ ਦੇ ਡਰ-ਅਦਬ ’ਚ ਰਹਿੰਦਾ ਹੈ; ਓਨੇ ਕੁ ਉਸ ਅੰਦਰ ਪ੍ਰਭੂ ਵਾਲ਼ੇ ਗੁਣ ਆ ਜਾਂਦੇ ਹਨ। ਜੋ ਉਸ ਨਾਲ਼ ਨਹੀਂ ਜੁੜਦਾ, ਉਸ ਦੇ ਡਰ-ਅਦਬ ’ਚ ਨਹੀਂ ਰਹਿੰਦਾ; ਮਨਮਤ ਦੇ ਹਨ੍ਹੇਰੇ ਕਾਰਨ ਉਸ ਅੰਦਰ ਅਵਗੁਣ ਵਧਦੇ ਜਾਂਦੇ ਹਨ। ਅਕਾਲ ਪੁਰਖ ਵੱਲੋਂ ਹਰ ਜੀਵ-ਜੰਤ ਅੰਦਰ ਆਤਮ-ਪ੍ਰਕਾਸ਼ (ਆਪਣਾ ਵਜੂਦ) ਸਥਾਪਿਤ ਕੀਤਾ ਹੈ, ਜੋ ਚੰਗੇ-ਮੰਦੇ ਦੀ ਪਹਿਚਾਨ ਕਰਾਉਂਦਾ ਰਹਿੰਦਾ ਹੈ। ਕੋਈ ਉਸ ਦਾ ਲਾਭ ਨਾ ਉਠਾਏ ਤਾਂ ਢੱਠੇ ਖੂਹ ’ਚ ਪਏ। ਅਕਾਲ ਪੁਰਖ ਜਾਂ ਗੁਰੂ ਨੂੰ ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ। ਵੇਖਣਾ ਇਹ ਹੈ ਕਿ ਬੰਦੇ ਨੇ ਆਪਣੀ ਜ਼ਮੀਰ (ਆਤਮ ਪ੍ਰਕਾਸ਼) ਨੂੰ ਮਾਰਨਾ ਹੈ ਜਾਂ ਬਚਾਉਣਾ ਹੈ।

ਸਵਾਲ : ਕੀ ਹੇਮਕੁੰਟ ਸਾਹਿਬ ਦੀ ਕੋਈ ਇਤਿਹਾਸਕ ਮਹੱਤਤਾ ਹੈ ?

ਜਵਾਬ : ਪਹਾੜੀ ਇਲਾਕੇ ’ਚ ਰਮਣੀਕ ਥਾਂ ’ਤੇ ਬਣਿਆ ਗੁਰਦੁਆਰਾ ਹੇਮਕੁੰਟ ਇਤਿਹਾਸਕ ਸਥਾਨ ਨਹੀਂ। ਇਸ ਦਾ ਸੰਬੰਧ ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਨਾਲ ਜੋੜਿਆ ਜਾਂਦਾ ਹੈ, ਜੋ ਕਿ ਗ਼ਲਤ ਹੈ ਕਿਉਂਕਿ 9 ਗੁਰੂ ਸਾਹਿਬਾਨ ਨੇ ਆਪਣੇ ਪੂਰਵਲੇ ਜਨਮ ਦਾ ਵਰਣਨ ਨਹੀਂ ਕੀਤਾ ਤਾਂ 10ਵੇਂ ਜਾਮੇ ’ਚ ਆ ਕੇ ਅਚਾਨਕ ਐਸਾ ਵਰਣਨ ਕਰਨ ਦੀ ਕੀ ਲੋੜ ਪਈ। ਐਸਾ ਪ੍ਰਤੀਤ ਹੁੰਦਾ ਹੈ ਕਿ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਸਾਹਿਬ ਜੀ ਅਤੇ ਅੰਤਮ 10ਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਨਮ ਨੂੰ ਕਿਸੇ ਦੇਵੀ-ਦੇਵਤੇ ਦੇ ਅਸ਼ੀਰਵਾਦ ਨਾਲ਼ ਇਸ ਜਨਮ ’ਚ ਆਉਣਾ, ਸਿੱਧ ਕਰਨ ਲਈ ਇਹ ਕਾਲਪਨਿਕ ਖੋਜ ਦਾ ਹਵਾਲਾ ਦਿੱਤਾ ਜਾਂਦਾ ਹੈ।

ਇਸ ਸਥਾਨ ’ਤੇ ਪਹਿਲੀ ਵਾਰ ਸੰਨ 1932 ਵਿੱਚ ਸੰਤ ਸੋਹਣ ਸਿੰਘ ਟੇਹਰੀਵਾਲਾ ਪਹੁੰਚਿਆ, ਜਿਸ ਨੇ ਸੰਨ 1935 ’ਚ ਭਾਈ ਵੀਰ ਸਿੰਘ ਜੀ ਨੂੰ ਦੱਸਿਆ ਅਤੇ ਉਸ ਨੇ ਇਸ ਨੂੰ ਇਤਿਹਾਸਕ ਸਥਾਨ ਕਿਹਾ। ਸੋਚਣਾ ਬਣਦਾ ਹੈ ਕਿ ਐਸੀ ਖੋਜ, ਜੋ 20ਵੀਂ ਸਦੀ ਤੱਕ ਸਿੱਖ ਇਤਿਹਾਸ ’ਚ ਦਰਜ ਨਹੀਂ ਸੀ, ਉਹ ਅਚਾਨਕ ਗੁਰੂ ਗੋਬਿੰਦ ਸਿੰਘ ਜੀ ਨਾਲ਼ ਜੋੜ ਕੇ ਇਤਿਹਾਸਕ ਸਿੱਧ ਕਰ ਦਿੱਤੀ। 

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਵੇਂ ਪਾਤਿਸ਼ਾਹ ਜੀ ਪਾਸੋਂ ਗੁਰੂ ਨਾਨਕ-ਜੋਤ ਗੁਰਿਆਈ ਮਿਲਣ ਤੋਂ ਬਾਅਦ ਹੀ 10ਵੇਂ ਗੁਰੂ ਬਣੇ ਹਨ। ਆਪਣੇ ਜੀਵਨ ਕਾਲ (ਸੰਨ 1666-1708) ਤੱਕ ਆਪ ਇੱਕ ਵਾਰ ਭੀ ਆਪਣੀ ਤਪੋ ਭੂਮੀ (ਹੇਮਕੁੰਡ) ਨਾ ਗਏ ਭਾਵੇਂ ਕਿ ਉਨ੍ਹਾਂ ਦਾ ਜਨਮ ਪਟਨਾ (ਬਿਹਾਰ) ’ਚ ਹੋਇਆ ਤੇ ਉੱਤਰ ਭਾਰਤ ’ਚ ਕਈ ਯਾਤਰਾਵਾਂ ਕੀਤੀਆਂ। ਲੰਬਾ ਸਮਾਂ ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ ਰਹੇ, ਜੋ ਇਸ ਕਲਪਿਤ ਤਪੋ ਭੂਮੀ ਦੇ ਨੇੜੇ ਹੈ। ਪਿਛਲੇ ਜਨਮ ਵਿੱਚ ਉਹ ਕੀ ਸਨ, ਇਸ ਨਾਲ ਸਿੱਖਾਂ ਦਾ ਕੀ ਵਾਹ-ਵਾਸਤਾ ?

ਗੁਰੂ ਅੰਗਦ ਦੇਵ ਜੀ ਇਸੇ ਜਨਮ ’ਚ ਮਾਤਾ ਵੈਸਨੋ ਦੇਵੀ (ਜੰਮੂ) ਦੀ ਯਾਤਰਾ ’ਤੇ ਹਰ ਸਾਲ ਜਾਂਦੇ ਰਹੇ। ਗੁਰੂ ਅਮਰਦਾਸ ਜੀ ਲੰਬਾ ਸਮਾਂ ਹਰਦੁਆਰ ਵਿਖੇ ਗਏ, ਪਰ ਜਦ ਗੁਰੂ ਨਾਨਕ ਜੋਤਿ ਦੇ ਉੱਤਰਾਧਿਕਾਰੀ ਬਣੇ ਤਾਂ ਉਨ੍ਹਾਂ ਨੇ ਇੱਕ ਵਾਰ ਭੀ ਆਪਣੀ ਬਾਣੀ ਵਿੱਚ ਆਪਣੀਆਂ ਪਿਛਲੀਆਂ ਕਹਾਣੀਆਂ ਜਾ ਜ਼ਿਕਰ ਨਾ ਕੀਤਾ ਫਿਰ 10ਵੇਂ ਜਾਮੇ ’ਚ ਗੁਰੂ ਨਾਨਕ ਜੋਤਿ (ਗੁਰੂ ਗੋਬਿੰਦ ਸਿੰਘ ਸਾਹਿਬ) ਨੂੰ ਆਪਣਾ ਪਿਛਲਾ ਵੇਰਵਾ ਦੇਣ ਦੀ ਕੀ ਲੋੜ ਪਈ ਹੋਏਗੀ। ਸੋ ਹੇਮਕੁੰਟ ਜਗ੍ਹਾ ਦਾ ਸਤਿਕਾਰ ਬਾਕੀ ਗੁਰੂ ਘਰਾਂ ਵਾਙ ਓਥੇ ਗੁਰਦੁਆਰਾ ਸਾਹਿਬ ਹੋਣ ਕਾਰਨ ਹੈ, ਨਾ ਕਿ ਇਤਿਹਾਸਕ ਸਥਾਨ ਹੋਣ ਕਾਰਨ।

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਪਹਿਲਾ)

0

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ

ਗਿਆਨੀ ਅਵਤਾਰ ਸਿੰਘ

ਕਿਸੇ ਕੌਮ ਲਈ ਭਾਵੇਂ ਕਿੰਨਾ ਭੀ ਉੱਚਾ-ਸੁੱਚਾ ਧਾਰਮਿਕ ਏਜੰਡਾ ਬਣਾ ਦਿੱਤਾ ਜਾਵੇ, ਜੇਕਰ ਉਸ ਨੂੰ ਅਮਲ ’ਚ ਲਿਆ ਕੇ ਹੋਰਾਂ ਨਾਲ਼ ਸਾਂਝਾ ਨਾ ਕੀਤਾ ਜਾਏ ਤਾਂ ਉਹ; ਕਿਤਾਬਾਂ, ਗ੍ਰੰਥਾਂ ਆਦਿ ’ਚ ਪਿਆ ਆਪਣੇ ਆਪ ਦਮ ਤੋੜ ਲੈਂਦਾ ਹੈ। ਉਸ ਦਾ ਲਾਭ ਲੈਣ ਲਈ ਉਸ ਲਿਖਤ ਨੂੰ ਖੋਲ੍ਹ ਕੇ ਨਿਰੰਤਰ ਪੜ੍ਹਨਾ, ਸਮਝਣਾ, ਵਿਚਾਰਨਾ ਤੇ ਅਮਲ ’ਚ ਲਿਆਉਣਾ ਪੈਂਦਾ ਹੈ। ਜੇਕਰ ਉਹ ਏਜੰਡਾ; ਮਨੁੱਖ ਨੂੰ ਸਮੇਂ ਦਾ ਹਾਣੀ ਬਣਾਉਣਯੋਗ ਨਾ ਹੋਵੇ ਤਾਂ ਉਸ ਦਾ ਤੋੜਿਆ ਦਮ; ਕੋਈ ਮਾਇਨਾ ਨਹੀਂ ਰੱਖਦਾ, ਪਰ ਜੇ ਉਹ ਏਜੰਡਾ ਹੀ ਮਨੁੱਖ ਜਾਤੀ ਨੂੰ ਸਮੇਂ ਦਾ ਹਾਣੀ ਬਣਾਵੇ, ਫਿਰ ਭੀ ਉਸ ਦੀ ਕਦਰ ਨਾ ਕੀਤੀ ਜਾਵੇ ਤਾਂ ਉਹ ਕੌਮ; ਖ਼ੁਦ ਆਪਣਾ ਨਾਮ-ਨਿਸ਼ਾਨ ਮਿਟਾਉਂਦੀ ਹੈ। ਇਸ ਲੇਖ ਰਾਹੀਂ ਗੁਰਮੁਖੀ ਲਿਪੀ ਅਤੇ ਉਸ ਵਿੱਚ ਸੰਭਾਲ਼ੇ ਗੁਰਮਤਿ-ਸਿਧਾਂਤ ਨੂੰ ਘੋਖਣ ’ਚ ਸਿੱਖਾਂ ਦੀ ਲਾਪਰਵਾਹੀ ਤੇ ਨਾਸਮਝੀ ਨੂੰ ਵਾਚਣਾ ਹੈ।

ਗੁਰੂ ਗ੍ਰੰਥ ਸਾਹਿਬ ਅੰਦਰ ਭਾਵੇਂ ਦਰਜਨ ਤੋਂ ਵੱਧ ਭਾਸ਼ਾਵਾਂ ਹਨ, ਪਰ ਮੂਲ ਲਿਪੀ ‘ਗੁਰਮੁਖੀ’ ਹੈ। ਜਦ ਸਿੱਖਾਂ ਨੇ ਗੁਰੂ ਸਾਹਿਬ ਨੂੰ ਗੁਰਬਾਣੀ ਦਾ ਟੀਕਾ ਕਰਨ ਲਈ ਬੇਨਤੀ ਕੀਤੀ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਮੇਰੇ ਸਿੱਖ; ਗੁਰਮਤਿ ਨੂੰ ਸਮਝਣ ’ਚ ਸਮਰੱਥ ਹੋਣਗੇ ਕਿਉਂਕਿ ਜਿਸ ਤਰ੍ਹਾਂ ਅਜੋਕੀ ਕਿਸੇ ਕਵਿਤਾ ਨੂੰ ਲਿਖਣ ਸਮੇਂ ਉਸ ਦਾ ਨਾਲ਼-ਨਾਲ਼ ਟੀਕਾ ਕਰਨ ਦੀ ਲੋੜ ਨਹੀਂ ਭਾਂਪਦੀ ਕਿਉਂਕਿ ਹਰ ਕੋਈ ਅਜੋਕੀ ਪੰਜਾਬੀ ਤੋਂ ਜਾਣੂ ਹੁੰਦਾ ਹੈ; ਵੈਸੇ ਹੀ ਅਤੀਤ ’ਚ ਪੁਰਾਤਨ ਪੰਜਾਬੀ (ਗੁਰਮੁਖੀ) ਦੀ ਲਿਖਤ ਤੋਂ ਸਾਰੇ ਸਿੱਖ ਵਾਕਫ਼ ਸਨ ਤੇ ਗੁਰਮਤਿ ਨੂੰ ਸਹਿਜੇ ਹੀ ਸਮਝ ਲੈਂਦੇ ਸਨ। ਕੋਈ ਟੀਕਾ ਕਰਨ ਦੀ ਲੋੜ ਨਹੀਂ ਸੀ, ਪਰ ਹੁਣ ਆਧੁਨਿਕ ਪੰਜਾਬੀ ਵੱਲ ਵਧਣ ਕਾਰਨ ਪੁਰਾਤਨ ਲਿਪੀ ’ਚ ਸੰਭਾਲ਼ਿਆ ਗੁਰਮਤਿ-ਖ਼ਜ਼ਾਨਾ ਸਮਝਣਾ ਕਠਿਨ ਹੋ ਗਿਆ ਹੈ; ਇਸੇ ਲਈ ਗੁਰਬਾਣੀ ਦੇ ਵਾਰ-ਵਾਰ ਟੀਕੇ ਕੀਤੇ ਗਏ, ਜਿਨ੍ਹਾਂ ਵਿੱਚ ਟੀਕੇਕਾਰਾਂ ਦੀ ਨਿਜੀ ਸੋਚ ਭੀ ਰਲਗੱਡ ਹੋ ਗਈ। ਜਿਸ ਨੇ ਸਿੱਖਾਂ ਅੰਦਰ ਵਿਵਾਦ ਪੈਦਾ ਕਰ ਦਿੱਤੇ। ਇਉਂ ਇੱਕ ਪਾਸੇ ਸਿੱਖ; ਗੁਰਮਤਿ ਤੋਂ ਟੁਟਦੇ ਗਏ, ਦੂਜੇ ਪਾਸੇ ਆਪਸੀ ਮਤਭੇਦਾਂ ਕਾਰਨ ਗੁਰੂ ਸਾਹਿਬਾਨ ਦੁਆਰਾ ਅਪਣਾਇਆ ਮਿਲ ਬੈਠ ਚਰਚਾ ਕਰਨ ਵਾਲ਼ਾ ਰਾਹ ਭੀ ਬੰਦ ਕਰ ਲਿਆ। ਹੁਣ ਇਹੋ ਹੱਲ ਹੈ ਕਿ ਸਿੱਖ ਸੰਗਤ; ਖ਼ੁਦ ਗੁਰਮੁਖੀ ਲਿਪੀ ਨੂੰ ਸਮਝੇ ਤੇ ਉਨ੍ਹਾਂ ਸ਼ਬਦਾਂ ਨੂੰ ਨਵੀਆਂ ਲਿਖਤਾਂ ’ਚ ਵਰਤੇ ਤਾਂ ਜੋ ਪੁਰਾਤਨ ਸਿੱਖਾਂ ਵਾਂਗ ਸੁਤੇ ਹੀ ਗੁਰਮਤਿ ਸਮਝ ਆਉਂਦੀ ਰਹੇ। ਫਿਰ ਨਾ ਗੁਰਬਾਣੀ ਦੇ ਟੀਕੇ ਕਰਨ ਦੀ ਲੋੜ ਪਏਗੀ ਤੇ ਨਾ ਆਪਸੀ ਵਿਵਾਦ ਵਧਣਗੇ ਵਰਨਾ ਰਵਾਇਤੀ ਧਰਮਾਂ ਵਾਂਗ ਸਿੱਖਾਂ ਨੇ ਭੀ ਅਲੱਗ-ਅਲੱਗ ਧੜੇ ਬਣਾ ਗੁਰਬਾਣੀ ਦੇ ਸਰਬ ਸਾਂਝੇ ਸਿਧਾਂਤ ਨੂੰ ਆਪ ਹੀ ਖ਼ਤਮ ਕਰ ਲੈਣਾ ਹੈ।

ਮਿਸਾਲ ਵਜੋਂ ਗੁਰਮੁਖੀ ਲਿਪੀ ਦੇ ਪੁਰਾਤਨ ਸ਼ਬਦ ਹਨ, ‘ਉਨ੍ਹਾ, ਸੁਬਹ, ਸਾਮ੍ਹਣੇ, ਗ੍ਰਿਸਤ/ਗ੍ਰਿਹਸਤ, ਪਾਤਿਸਾਹ, ਬਾਦਿਸਾਹ, ਪਰਵਾਰ, ਫੁਰਮਾਨ, ਸਹਰ, ਜਹਰ, ਕਹਰ, ਜੁਗਤੀ, ਨਾਵਾ (ਨਾਵਾਂ), ਪ੍ਰਸਾਦ (ਕੜਾਹ ਪ੍ਰਸ਼ਾਦ), ਪਹਿਚਾਨ/ਪਹਿਚਾਣ, ਵਖਿਆਣ/ਬਖਿਆਨ, ਬੁਰਿਆਈ, ਪੰਡਿਤ, ਪਛੁਤਾਵਾ, ਭੀ, ਕਵਲ’ ਆਦਿ, ਜਿਨ੍ਹਾਂ ਨੂੰ ਹੁਣ ਪੜ੍ਹਿਆ ਤੇ ਲਿਖਿਆ ਜਾ ਰਿਹਾ ਹੈ ‘ਉਹਨਾ, ਸੁਬ੍ਹਾ, ਸਾਹਮਣੇ, ਗ੍ਰਹਿਸਤ, ਪਾਤਸਾਹ, ਬਾਦਸਾਹ, ਪਰਿਵਾਰ, ਫਰਮਾਨ, ਸਹਿਰ, ਜਹਿਰ, ਕਹਿਰ, ਯੁਕਤੀ, ਨੌਵਾਂ, ਪ੍ਰਸ਼ਾਦਿ, ਪਛਾਣ, ਵਿਖਿਆਨ, ਬੁਰਾਈ, ਪੰਡਤ, ਪਛਤਾਵਾ, ਵੀ, ਕੰਵਲ’। ਸਿੱਖ ਰਹਿਤ ਮਰਯਾਦਾ ’ਚ (ਕੜਾਹ) ‘ਪ੍ਰਸ਼ਾਦ’ ਨੂੰ ਹਰ ਥਾਂ (ਕੜਾਹ) ‘ਪ੍ਰਸ਼ਾਦਿ’ ਲਿਖਿਆ ਹੈ ਤਾਹੀਓਂ ਹਰ ਗੁਰਦੁਆਰਾ ਸਾਹਿਬ ਅੰਦਰ ‘ਕੜਾਹਿ ਪ੍ਰਸ਼ਾਦਿ’ (ਗ਼ਲਤ) ਲਿਖਣਾ ਪ੍ਰਚਲਿਤ ਹੋ ਗਿਆ। ਇਨ੍ਹਾਂ ਨੂੰ ਪੜ੍ਹ ਕੇ ਮੂਲ ਮੰਤਰ ਵਾਲ਼ੇ ‘ਗੁਰ ਪ੍ਰਸਾਦਿ’ ਨੂੰ ‘ਗੁਰ ਪ੍ਰਸ਼ਾਦਿ’ ਪੜ੍ਹਨ ਦੀ ਗ਼ਲਤੀ ਲੱਗਦੀ ਹੈ ਜਦਕਿ ‘ਗੁਰ ਪ੍ਰਸਾਦਿ’ ਦੇ ਅਰਥ ਹਨ ‘ਗੁਰੂ ਦੀ ਕਿਰਪਾ ਨਾਲ਼’, ਨਾ ਕਿ ‘ਗੁਰੂ ਦੇ ਪ੍ਰਸ਼ਾਦ/ਦੇਗ ਨਾਲ਼’। ਸੁਬਹ ਤੇ ਸ਼ਾਮ (ਸਾਂਝ) ਕੀਤੀ ਜਾਂਦੀ ਅਰਦਾਸ ’ਚ ‘ਪਾਤਿਸਾਹ’ ਨੂੰ ‘ਪਾਤਸਾਹ’ ਲਿਖਿਆ ਹੈ। ਸੋ ਅਜੋਕੇ ਸਿੱਖ; ਪੁਰਾਤਨ ਗੁਰਮੁਖੀ ਤੋਂ ਬੜੀ ਤੇਜ਼ੀ ਨਾਲ਼ ਦੂਰ ਹੋ ਰਹੇ ਹਨ। ਜਿਸ ਵੱਲ ਧਿਆਨ ਦੇਣ ਦੀ ਅਤਿ ਲੋੜ ਹੈ।

ਪੰਜਾਬੀ ਵਰਣਮਾਲਾ ’ਚ 35 ਅੱਖਰ ਹਨ। ਜਿਨ੍ਹਾਂ ’ਚ ਤਿੰਨ ਸਵਰ (ੳ, ਅ, ੲ) ਤੇ ਬਾਕੀ 32 ਵਿਅੰਜਨ ਹਨ। ਸਵਰ ਅੱਖਰ ਉਹ ਹੁੰਦੇ ਹਨ, ਜਿਨ੍ਹਾਂ ਦੀ ਉਚਾਰਨ ਧੁਨੀ; ਗਲ਼ੇ (ਘੰਡੀ) ਤੋਂ ਉਪਜਦੀ ਹੈ ਤੇ ਵਿਅੰਜਨ ਅੱਖਰ-ਧੁਨੀ; ‘ਦੰਦ, ਹੋਂਠ, ਤਾਲੂਆ, ਨੱਕ’ ਆਦਿ ਦੀ ਮਦਦ ਨਾਲ਼ ਪੈਦਾ ਹੁੰਦੀ ਹੈ। ਭਾਰਤ ’ਚ ਪਨਪੀ ਭਗਤੀ ਲਹਿਰ, ਯੋਗ ਮੱਤ ਆਦਿ ਨੇ ਧਿਆਨ ਸਾਧਨਾ ਲਈ ‘ਓਮ’ (ਓ+ਮ) ਸਵਰ-ਧੁਨੀ ਨੂੰ ਸਿਰਮੌਰ ਮੰਨਿਆ ਕਿਉਂਕਿ ਵਿਅੰਜਨ-ਧੁਨੀ ਉਚਾਰਦਿਆਂ ਮੂੰਹ (ਅੰਦਰ ਜੀਭ) ਦੀ ਹਰਕਤ ਧਿਆਨ ਇਕਾਗਰਤਾ ਨੂੰ ਤੋੜਦੀ ਹੈ, ਪਰ ਇਸ ‘ਓਮ’ (ਸਵਰ-ਧੁਨੀ) ਨਾਲ਼ ਉਪਜੇ ਭਰਮ (ਕਿ ਤਿੰਨ ਦੇਵਤੇ ‘ਬ੍ਰਹਮਾ, ਵਿਸ਼ਨੂੰ, ਸ਼ਿਵ’; ਜਗਤ-ਰਚਨਾ ਦਾ ਆਧਾਰ ਹਨ) ਦਾ ਖੰਡਨ ਕਰਨ ਲਈ ਗੁਰੂ ਨਾਨਕ ਸਾਹਿਬ ਨੇ ‘ਓਮ’ ਦਾ ਸਰੂਪ ‘ੴ’ ਬਣਾ ਕੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਰੰਭਕ ਸ਼ਬਦ ਵਜੋਂ ਚੁਣਿਆ। ਸਮੁੱਚੀ ਗੁਰਬਾਣੀ ’ਚ ਇਹ 568 ਵਾਰ ਹੈ। ਪ੍ਰਾਚੀਨ ਸ਼ਬਦ ’ਚ ਕੀਤੀ ਇਹ ਤਬਦੀਲੀ ਵੈਸੀ ਹੀ ਹੈ; ਜਿਵੇਂ ਕਿ ਦਸਮੇਸ਼ ਪਿਤਾ ਨੇ ‘ਹੋਲੀ’ ਨੂੰ ‘ਹੋਲਾ ਮਹੱਲਾ’ ਤਿਉਹਾਰ ’ਚ ਤਬਦੀਲ ਕੀਤਾ ਹੈ ਤਾਂ ਕਿ ਕੱਚੇ ਰੰਗਾਂ ਨਾਲ਼ ਮਸਤ ਹੋ ਹੋ ਕੇ ਕਾਇਰ ਹੋਈ ਮਨੁੱਖਤਾ ਨੂੰ ਅਣਖ ਤੇ ਸਵੈਮਾਨ ਨਾਲ਼ ਜਗਾਇਆ ਜਾ ਸਕੇ।

ਨੋਟ : ਸੰਸਕ੍ਰਿਤ ਲਿਪੀ ’ਚ ਟਿੱਪੀ ( ੰ ) ਦੀ ਥਾਂ ਚੰਦ ਬਿੰਦੀ (ॐ) ਹੁੰਦੀ ਹੈ, ਜਿਸ ਦੀ ਉਚਾਰਨ-ਧੁਨੀ ‘ਮ’ ਹੈ ਜਦਕਿ ਗੁਰਮੁਖੀ ’ਚ ਟਿੱਪੀ ਦੀ ਉਚਾਰਨ-ਧੁਨੀ ‘ਅੰਙ’ ਭੀ ਹੈ। ਇਸ ਤਰ੍ਹਾਂ ‘ਓ+ਮ’ ਤੋਂ ‘ਓ+ਅੰਙ’ ਬਣਨ ਨਾਲ਼ ‘ੴ’ ਦਾ ਉਚਾਰਨ ‘ਇੱਕ+ਓਅੰ+ਕਾਰ’ ਹੋ ਗਿਆ।

ਗੁਰਮੁਖੀ ’ਚ ‘ਟਿੱਪੀ’ ਤੋਂ ਬਾਅਦ ਜੇ ਇਹ 27 ਵਿਅੰਜਨ ਅੱਖਰ (‘ਸ’ ਤੋਂ ‘ਨ’, ‘ਯ’ ਤੋਂ ‘ਵ’) ਹੋਣ ਤਾਂ ‘ਟਿੱਪੀ’ ਦਾ ਉਚਾਰਨ ‘ਨ’ ਜਾਂ ‘ਅੰਙ’ ਹੁੰਦਾ ਹੈ; ਜਿਵੇਂ ‘ਸੰਸਾ, ਕੰਧ, ਵੰਞਾ (ਭਾਵ ਜਾਵਾਂ), ਵੰਸ਼, ਡੰਡਾ, ਬੰਦ, ਵੰਡ, ਫ਼ੰਡ, ਫੰਧਾ’ ਸ਼ਬਦਾਂ ’ਚ ਟਿੱਪੀ ਦਾ ਉਚਾਰਨ ‘ਨ’ ਹੈ ਤੇ ‘ਸ਼ੰਕਾ, ਕੰਘਾ, ਖੰਘ, ਚੰਗਾ, ਪੰਖਾ, ਵੰਗਾਂ’ ਸ਼ਬਦਾਂ ’ਚ ਟਿੱਪੀ ਦੀ ਧੁਨੀ ‘ਅੰਙ’ ਹੈ।

ਜਦ ‘ਟਿੱਪੀ’ ਤੋਂ ਬਾਅਦ ਪਵਰਗ ਵਾਲ਼ੇ ਇਹ 5 ਅੱਖਰ (ਪ, ਫ, ਬ, ਭ, ਮ) ਹੋਣ ਤਾਂ ‘ਟਿੱਪੀ’ ਦਾ ਉਚਾਰਨ ਸੰਸਕ੍ਰਿਤ ਵਾਂਗ ‘ਮ’ ਹੁੰਦਾ ਹੈ; ਜਿਵੇਂ ‘ਜੰਪ, ਅੰਬ, ਚੰਬਾ, ਕੰਬਣਾ, ਲੰਬਾ, ਖੰਭ, ਸੰਭਾਲ਼, ਸੰਭਵ, ਸੰਬੰਧ (ਸ+ਮ+ਬ+ਨ+ਧ) ਆਦਿ। ਗੁਰਮੁਖੀ ਸ਼ਬਦ ‘ਕਵਲ’ ਨੂੰ ਹੁਣ ‘ਕੰਵਲ’ ਲਿਖਣਾ ਪ੍ਰਚਲਿਤ ਹੋ ਗਿਆ, ਜੋ ਕਿ ਸਹੀ ਨਹੀਂ ਕਿਉਂਕਿ ਕੰਵਲ (ਕ+ਮ+ਵ+ਲ) ਵਾਲ਼ੀ ਧੁਨੀ ‘ਕਮਲ’ ਸ਼ਬਦ ’ਚ ਮੌਜੂਦ ਹੈ।

ਅੱਜ ਕਈ ਸਿੱਖ; ‘ੴ’ ਦਾ ਉਚਾਰਨ ‘ਇੱਕ ਓਅੰਕਾਰ’ ਦੀ ਥਾਂ ‘ਏਕੋ’ ਜਾਂ ‘ਏਕੰਕਾਰ’ ਕਰਨ ਲੱਗੇ ਹਨ, ਜਿਸ ਨਾਲ਼ ਇਸ ਵਿਚਲੀ ‘ਓ’ (ਸਵਰ-ਧੁਨੀ) ਅਲੋਪ ਹੋ ਜਾਂਦੀ ਹੈ ਜਦਕਿ ਇਸ ਦੀ ਵਿਆਖਿਆ ਲਈ ਗੁਰੂ ਨਾਨਕ ਸਾਹਿਬ ਨੇ ‘ਦਖਣੀ ਓਅੰਕਾਰੁ’ ਬਾਣੀ ਭੀ ਰਚੀ ਹੈ।

35 ਬਾਣੀਕਾਰਾਂ ’ਚੋਂ ਪਹਿਲੀ ਵਾਰ ‘ਓਮ’ ਦਾ ‘ਓਅੰਕਾਰੁ’ ਸਰੂਪ; ਭਗਤ ਕਬੀਰ ਜੀ ਨੇ ਕੀਤਾ ਹੈ। ਆਪ ਨੇ ‘ਓਅੰਕਾਰੁ’ ਨੂੰ ਸ੍ਰਿਸ਼ਟੀ ਦਾ ਮੁੱਢ ਮੰਨਿਆ, ‘‘ਓਅੰਕਾਰ; ਆਦਿ ਮੈ ਜਾਨਾ ’’ (ਬਾਵਨ/ਭਗਤ ਕਬੀਰ/੩੪੦), ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਓਅੰਕਾਰ ਤੋਂ ਹੀ ਅਖੌਤੀ ਜਗਤ-ਰਚੇਤਾ ਬ੍ਰਹਮਾ ਉਪਜਿਆ ਹੈ, ‘‘ਓਅੰਕਾਰਿ (ਤੋਂ) ਬ੍ਰਹਮਾ ਉਤਪਤਿ ’’ (ਮਹਲਾ /੯੩੦), ਗੁਰੂ ਅਮਰਦਾਸ ਜੀ ਨੇ ਕਿਹਾ ਕਿ ਓਅੰਕਾਰ ਨੇ ਹੀ ਜਗਤ-ਰਚਨਾ ਕੀਤੀ ਹੈ, ‘‘ਓਅੰਕਾਰਿ (ਨੇ) ਸਭ ਸ੍ਰਿਸਟਿ ਉਪਾਈ ’’ (ਮਹਲਾ /੧੦੬੧), ਗੁਰੂ ਰਾਮਦਾਸ ਜੀ ਨੇ ਕਿਹਾ ਕਿ ਓਅੰਕਾਰ; ਸਰਬ ਵਿਆਪਕ ਹੈ ਤੇ ਕਿਆਮਤ ਉਪਰੰਤ ਸਾਰੇ ਜੀਵ-ਜੰਤ ਉਸੇ ਅੰਦਰ ਸਮਾ ਜਾਣਗੇ, ‘‘ਓਅੰਕਾਰੁ ਏਕੋ ਰਵਿ ਰਹਿਆ; ਸਭੁ ਏਕਸ ਮਾਹਿ ਸਮਾਵੈਗੋ ’’ (ਮਹਲਾ /੧੩੧੦), ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤੇ ਕਿ ਗੁਰਮੁਖ ਕੀਰਤਨੀਆ ਉਸ ਓਅੰਕਾਰ ’ਚ ਹੀ ਧੁਨ ਟਿਕਾ (ਧਿਆਨ ਇਕਾਗਰ ਕਰ) ਉਸ ਦੀ ਮਹਿਮਾ ਗਾਉਂਦਾ ਹੈ, ‘‘ਓਅੰਕਾਰਿ ਏਕ ਧੁਨਿ ਏਕੈ; ਏਕੈ ਰਾਗੁ ਅਲਾਪੈ ’’ (ਮਹਲਾ /੮੮੫)

ਨੋਟ : ‘ੴ’ ਦਾ ਪਹਿਲੀ ਵਾਰ ‘ਏਕੋ’ ਉਚਾਰਨ; ਦੇਹਧਾਰੀ ਰਾਧਾ ਸੁਆਮੀ ਸੰਪਰਦਾ ਵੱਲੋਂ ਪ੍ਰਚਾਰਿਆ ਗਿਆ ਕਿਉਂਕਿ ‘ਓਅੰਕਾਰ’ ਸ਼ਬਦ; ਉਨ੍ਹਾਂ ਦੁਆਰਾ ਦਿੱਤੇ ਜਾਂਦੇ ਪੰਜ ਗੁਪਤ ਨਾਵਾਂ (ਜੋਤਿ ਨਿਰੰਜਣ, ਓਅੰਕਾਰ, ਰਰੰਕਾਰ, ਸੋਹੰ, ਸਤਿਨਾਮ) ਵਿੱਚੋਂ ਇੱਕ ਹੈ। ਆਪਣਾ ਮੱਤ; ਸਿੱਖਾਂ ਤੋਂ ਵੱਖਰਾ ਦਰਸਾਉਣ ਲਈ ਐਸਾ ਕੀਤਾ ਗਿਆ ਹੈ। ਵੈਸੇ ਇਨ੍ਹਾਂ ਦੀ ਮੂਲ ਕਿਤਾਬ ‘ਸਾਰ-ਬਚਨ’ ਅੰਦਰ ਸਾਰੀ ਗੁਰਬਾਣੀ ਹੀ ਹੈ।

ਰਾਧਾ ਸੁਆਮੀਆਂ ਦਾ ਵਿਰੋਧ ਕਰਨ ਦੀ ਥਾਂ ਉਨ੍ਹਾਂ ਪਿੱਛੇ ਲੱਗ ‘ੴ’ ਦਾ ‘ਏਕੋ’ ਉਚਾਰਨ ਕਰਨ ਵਾਲ਼ੇ ਸਿੱਖ; ਕੁੱਝ ਹੋਰ ਗੁਰਮਤਿ-ਸਿਧਾਂਤਾਂ; ਜਿਵੇਂ ਕਿ ਅਕਾਲ ਪੁਰਖ ਨਾਲ਼ ਧਿਆਨ ਜੋੜਨ (ਜਿਸ ਲਈ ‘ਓਮ’ ਸਵਰ-ਧੁਨੀ ਨੂੰ ਆਧਾਰ ਬਣਾਇਆ) ਦੇ ਭੀ ਵਿਰੋਧੀ ਹਨ ਭਾਵੇਂ ਕਿ ਗੁਰੂ ਨਾਨਕ ਸਾਹਿਬ ਨੇ ਜੋਗੀਆਂ ਨਾਲ਼ ਧਰਮ-ਚਰਚਾ ਕਰਦਿਆਂ ਸਪਸ਼ਟ ਕੀਤਾ ਹੈ ਕਿ ਮੇਰਾ ਗੁਰੂ; ‘ਸਬਦੁ’ (ਨਿਰਾਕਾਰ ਦੀ ਮਹਿਮਾ) ਹੈ ਤੇ ਸੁਰਤਿ ਦਾ ਟਿਕਾਅ ਭਾਵ (ਉਸ ‘ਸਬਦੁ’ ’ਚ) ਧਿਆਨ ਇਕਾਗਰ ਕਰਨਾ; ਚੇਲਾ ਹੈ, ਸਿੱਖ ਹੋਣਾ ਹੈ, ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਗੋਸਟਿ/ਮਹਲਾ /੯੪੩੦)

ਸੋ ਗੁਰਬਾਣੀ ਦੇ ਮੂਲ ਸ਼ਬਦ (ੴ) ਦਾ ਇਤਿਹਾਸ ਤੇ ਅਰਥ; ਸਮਝਣ ’ਚ ਹੀ ਜੇ ਅੱਜ ਸਿੱਖ ਨਾਕਾਮ ਹਨ ਤਾਂ ਸਮੁੱਚੀ ਗੁਰਬਾਣੀ ਨੂੰ ਸਮਝਣ ’ਚ ਕਿੰਨੇ ਕੁ ਸਫਲ ਹਨ; ਉਸ ਦੀ ਸੰਖੇਪ ਜਿਹੀ ਵਿਚਾਰ ਹੇਠਾਂ ਕੀਤੀ ਗਈ ਹੈ।

ਸਾਰੇ ਹੀ ਵਿਦਵਾਨ ਟੀਕਾਕਾਰਾਂ ਨੇ ‘ਜਪੁ’ ਬਾਣੀ ਦੀ ਦੂਜੀ ਪਉੜੀ ਦੇ ਇਸ ਵਾਕ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ.. ’’ (ਜਪੁ) ਦਾ ਅਰਥ ਕੀਤਾ ਹੈ ਕਿ ‘ਹਰ ਕੋਈ ਮਾਲਕ ਦੇ ਹੁਕਮ ਅੰਦਰ ਹੈ, ਹੁਕਮ ਤੋਂ ਆਕੀ ਕੋਈ ਨਹੀਂ’ ਅਤੇ ਪਹਿਲੀ ਪਉੜੀ ਦੇ ਇਸ ਅਰੰਭਕ ਸਵਾਲ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ  ?’’ ਦੇ ਜਵਾਬ ਵਜੋਂ ਦਰਜ ਇਸ ਵਾਕ ‘‘ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ ’’ ਦਾ ਭਾਵਾਰਥ ਲਿਆ ਹੈ ਕਿ ‘ਕੂੜ ਦੀ ਕੰਧ; ਮਾਲਕ ਦੀ ਰਜ਼ਾ ’ਚ ਚੱਲ ਕੇ ਨਾਸ ਹੁੰਦੀ ਹੈ’ ਯਾਨੀ ਇਹ ਅਰਥ; ਉਕਤ ਅਰਥਾਂ ਕਿ ‘ਹਰ ਕੋਈ ਹੁਕਮ ’ਚ ਹੈ’; ਦੇ ਉਲ਼ਟ ਹਨ। ਇਨ੍ਹਾਂ ਅਰਥਾਂ ਤੋਂ ਹੁਣ ਜਾਪਦਾ ਹੈ ਕਿ ਸ਼ਾਇਦ ‘ਸਾਰੇ ਜੀਵ-ਜੰਤ; ਪ੍ਰਭੂ ਦੀ ਰਜ਼ਾ ’ਚ ਨਹੀਂ ਤਾਹੀਓਂ ਕੂੜ ਦੀ ਪਾਲਿ/ਕੰਧ ਸਭ ਅੰਦਰ ਜਿਉਂ ਦੀ ਤਿਉਂ ਕਾਇਮ ਹੈ’ ਜਦਕਿ ਇਹ ਧਾਰਨਾ; ਗੁਰਮਤਿ ਵਿਰੁਧ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਹੀ ਬਚਨ ਹਨ, ‘‘ਹੁਕਮੁ ਸਾਜਿ, ਹੁਕਮੈ ਵਿਚਿ ਰਖੈ; ਨਾਨਕ  ! ਸਚਾ ਆਪਿ ’’ (ਮਹਲਾ /੧੪੫) ਅਰਥ : (‘ਆਦਿ ਸਚੁ’ ਪ੍ਰਭੂ; ਸਾਰੇ ਜੀਵ-ਜੰਤਾਂ ਨੂੰ) ਆਪਣੇ ਹੁਕਮ ’ਚ ਪੈਦਾ ਕਰਕੇ ਖ਼ੁਦ ਹੁਕਮ ’ਚ ਰੱਖਦਾ ਹੈ, ਚਲਾਉਂਦਾ ਹੈ। ਐਸੇ ਹੀ ਬਚਨ ਗੁਰੂ ਅੰਗਦ ਸਾਹਿਬ ਦੇ ਹਨ, ‘‘ਹੁਕਮੁ ਸਾਜਿ, ਹੁਕਮੈ ਵਿਚਿ ਰਖੈ; ਹੁਕਮੈ ਅੰਦਰਿ ਵੇਖੈ ’’ (ਮਹਲਾ /੧੨੪੩) ਆਪ ਜੀ ਨੇ ਇਸ ਸਿਧਾਂਤ ਨੂੰ ਇਉਂ ਭੀ ਸਮਝਾਇਆ ਹੈ, ‘‘ਆਪਿ ਉਪਾਏ ਨਾਨਕਾ  ! ਆਪੇ ਰਖੈ ਵੇਕ ਮੰਦਾ ਕਿਸ ਨੋ ਆਖੀਐ ? ਜਾਂ ਸਭਨਾ ਸਾਹਿਬੁ ਏਕੁ ਸਭਨਾ ਸਾਹਿਬੁ ਏਕੁ ਹੈ; ਵੇਖੈ ਧੰਧੈ (’) ਲਾਇ (ਲਾ ਕੇ) ਕਿਸੈ ਥੋੜਾ, ਕਿਸੈ ਅਗਲਾ; ਖਾਲੀ ਕੋਈ ਨਾਹਿ ’’ (ਮਹਲਾ /੧੨੩੮) ਅਰਥ : ਸਾਰੇ ਜੀਵ-ਜੰਤਾਂ ਦਾ ਮਾਲਕ ਇਕੋ ਹੈ। ਉਹ ਆਪ ਹੀ (ਸਭ ਨੂੰ) ਪੈਦਾ ਕਰਦਾ ਹੈ। ਆਪ ਹੀ ਵੱਖ-ਵੱਖ (ਮਨੋਸਥਿਤੀ ’ਚ) ਰੱਖਦਾ ਹੈ। ਸਭ ਨੂੰ ਮਾਇਆਵੀ ਧੰਦੇ ’ਚ ਲਾ ਕੇ ਵੇਖਦਾ ਭੀ ਹੈ। ਕਿਸੇ ਨੂੰ ਛੋਟਾ (ਮਾਇਆਵੀ ਰੋਗ) ਹੈ ਤੇ ਕਿਸੇ ਨੂੰ ਬਹੁਤ ਵੱਡਾ, ਪਰ (ਰੋਗ ਤੋਂ) ਮੁਕਤ ਕੋਈ ਨਹੀਂ। ਇਸ ਲਈ ਕਿਵੇਂ ਕਿਸੇ ਨੂੰ ਕਹੀਏ ਕਿ ਫਲਾਣਾ (ਅਮਕਾ) ਮਾੜਾ ਹੈ (ਭਾਵ ਉਹ ਹੁਕਮ ’ਚ ਨਹੀਂ) ?

ਸੋ ਗੁਰਬਾਣੀ ਦੇ ਆਪਾ ਵਿਰੋਧੀ ਕੀਤੇ ਉਕਤ ਅਰਥਾਂ ਕਾਰਨ ਹੁਣ ਕੁੱਝ ਸਿੱਖ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ.. ’’ ਦਾ ਅਰਥ ਕਰਨ ਲੱਗ ਪਏ ਹਨ ਕਿ ‘ਜੋ ਹੁਕਮ ’ਚ ਹੈ, ਉਹ ਸੁਖੀ ਹੈ। ਜੋ ਹੁਕਮ ’ਚ ਨਹੀਂ, ਉਹ ਦੁਖੀ ਹੈ’। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮਨੁੱਖ ਕੋਲ਼ ਕਿਹੜਾ ਪੈਮਾਨਾ ਹੈ, ਜਿਸ ਨਾਲ਼ ਨਾਪਿਆ ਜਾਏ ਕਿ ਕੌਣ ਹੁਕਮ ’ਚ ਹੈ ਤੇ ਕੌਣ ਨਹੀਂ ? ਹਰ ਕੋਈ ਸਮਝਦਾ ਹੈ ਕਿ ਮੈ ਤਾਂ ਹੁਕਮ ’ਚ ਹਾਂ, ਦੂਸਰਾ ਨਹੀਂ ਕਿਉਂਕਿ ਹਰ ਕੋਈ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਦੇ ਹੀ ਬਚਨ ਹਨ, ‘‘ਨਾਨਕ  ! ਆਖਣਿ ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ.. ੨੧ (ਜਪੁ)

ਉਕਤ ਕੀਤੇ ਨਵੇਂ ਅਰਥ ਕਿ ‘ਹੁਕਮ ’ਚ ਚੱਲਣ ਵਾਲ਼ਾ ਸੁਖੀ ਹੈ ਤੇ ਨਾ ਚੱਲਣ ਵਾਲ਼ਾ ਦੁਖੀ’; ਨੂੰ ਇਸੇ ਪਉੜੀ ’ਚ ਇਹ ਵਾਕ ਰੱਦ ਭੀ ਕਰਦਾ ਹੈ, ‘‘ਹੁਕਮਿ ਲਿਖਿ, ਦੁਖ ਸੁਖ ਪਾਈਅਹਿ ’’ (ਜਪੁ) ਭਾਵ ਹੁਕਮ ਲਿਖੇ ਅਨੁਸਾਰ ਯਾਨੀ ਹੁਕਮ ’ਚ ਹੀ ਹਰੇਕ ਨੂੰ ਦੁੱਖ-ਸੁੱਖ ਮਿਲਦੇ ਹਨ’। ਇਸ ਲਈ ਇਹ ਸਮਝਣਾ ਕਿ ‘ਹੁਕਮ ’ਚ ਚੱਲਣ ਵਾਲ਼ਾ ਸੁਖੀ ਹੈ ਤੇ ਨਾ ਚੱਲਣ ਵਾਲ਼ਾ ਦੁਖੀ’, ਨਿਰੋਲ ਮਨਮਤ ਹੈ।

ਚੇਤੇ ਰਹੇ ਕਿ ਇਹ ਵਿਚਾਰ ਕੇਵਲ ਇੱਕ ਪੰਕਤੀ ਜਾਂ ਇੱਕ ਪਉੜੀ ਨਾਲ਼ ਸਬੰਧਿਤ ਨਹੀਂ ਬਲਕਿ ਗੁਰਮਤਿ ਦੀ ਵਿਲੱਖਣਤਾ ਨੂੰ ਜ਼ਾਹਰ ਕਰਨ ਨਾਲ਼ ਜੁੜੀ ਹੈ। ਗੁਰਬਾਣੀ ਅਨੁਸਾਰ ਇਹ ਸਚਖੰਡ ਅਵਸਥਾ ਹੈ; ਜਿੱਥੇ ਪੂਰਾ ਬ੍ਰਹਿਮੰਡ ਉਸ ਦੇ ਹੁਕਮ ’ਚ ਵਿਚਰਦਾ ਪ੍ਰਤੀਤ ਹੁੰਦਾ ਹੈ ਤੇ ਉਹ ਸਭ ਦੀ ਆਪ ਸੰਭਾਲ਼ ਕਰਦਾ, ਜਾਪਦਾ ਹੈ, ‘‘ਸਚਖੰਡਿ ਵਸੈ ਨਿਰੰਕਾਰੁ   ਕਰਿ ਕਰਿ ਵੇਖੈ ਨਦਰਿ ਨਿਹਾਲ .. ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ..੩੭’’ (ਜਪੁ) ਇਸ ਲਈ ਗੁਰੂ ਅਰਜਨ ਸਾਹਿਬ ਨੇ ਤੱਤੀ ਤਵੀ ’ਤੇ ਬੈਠ ਕਰ ਐਸੇ ਬੋਲ ਉਚਾਰਨ ਕੀਤੇ ਹਨ, ‘‘ਤੇਰਾ ਕੀਆ ਮੀਠਾ ਲਾਗੈ ’’ (ਮਹਲਾ /੩੯੪) ਜਦਕਿ ਅਤੀਤ ’ਚ ਈਸਾ ਮਸੀਹ ਨੇ ਸੂਲ਼ੀ ’ਤੇ ਚੜ੍ਹਦਿਆਂ ਆਪਣੇ ਖ਼ੁਦਾ ਦੇ ਹੁਕਮ ਵਿਰੁਧ ਇਉਂ ਸ਼ੰਕਾ ਜ਼ਾਹਰ ਕੀਤਾ ਸੀ, ‘ਹੇ ਪ੍ਰਭੂ ! ਤੂੰ ਮੈਨੂੰ ਕਿਉਂ ਭੁਲਾ ਦਿੱਤਾ ਹੈ ?’ ਈਸਾ ਮਸੀਹ ਨੇ ਆਪਣੇ 3 ਸਾਲ ਦੇ ਈਸਾਈ ਜੀਵਨ ਦੌਰਾਨ ਖ਼ੁਦ ਨੂੰ ਖ਼ੁਦਾ ਦਾ ਇਕਲੌਤਾ ਪੁੱਤਰ ਪ੍ਰਚਾਰਿਆ ਸੀ, ਜਿਸ ਕਾਰਨ ਸਜ਼ਾ ਦਿੱਤੀ ਗਈ। ਈਸਾ ਮਸੀਹ ਕੇਵਲ 3 ਸਾਲ ਹੀ ਈਸਾਈ ਸਨ। ਉਸ ਤੋਂ ਪਹਿਲਾਂ ਯਹੂਦੀ ਸੀ ਤੇ ਉਨ੍ਹਾਂ ਮੁਤਾਬਕ ਸੁੰਨਤ ਭੀ ਕਰਾ ਰੱਖੀ ਸੀ।

ਕੀ ਉਕਤ ਵਾਕ ਦੇ ਅਰਥ ਕਰਦਿਆਂ ਮੰਨਿਆ ਜਾ ਸਕਦਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਕਰਤਾਰ ਦਾ ਹੁਕਮ ਨਹੀਂ ਮੰਨਿਆ, ਇਸ ਲਈ ਤਵੀ ’ਤੇ ਬੈਠ ਕਰ ਦੁੱਖ ਸਹਾਰਨੇ ਪਏ ਜਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਹੁਕਮ ਨਹੀਂ ਮੰਨਿਆ, ਇਸ ਲਈ ਸ਼ਹੀਦ ਹੋਣਾ ਪਿਆ ? ਜਵਾਬ ਹੈ : ਨਹੀਂ।

‘ਜਪੁ’ ਬਾਣੀ ਦੀ 25ਵੀਂ ਪਉੜੀ ’ਚ ਭੀ ਇਹੀ ਸਿਧਾਂਤ ਦੁਹਰਾਇਆ ਹੈ ਕਿ ‘‘ਕੇਤਿਆ; ਦੂਖ ਭੂਖ ਸਦ ਮਾਰ ਏਹਿ ਭਿ ਦਾਤਿ ਤੇਰੀ; ਦਾਤਾਰ  !੨੫’’ ਭਾਵ ਹੇ ਦਾਤਾਰ ਪਿਤਾ ! ਕਈਆਂ ਨੂੰ ਦੁੱਖ, ਭੁੱਖ ਵਾਲ਼ੀ ਸਦਾ ਮਾਰ ਪਈ ਰਹਿੰਦੀ ਹੈ ਭਾਵੇਂ ਕਿ ਇਹ ਭੀ ਤੇਰੀ ਹੀ ਬਖ਼ਸ਼ਸ਼ ਹੈ ਭਾਵ ਤੇਰੇ ਹੁਕਮ ’ਚ ਹੀ ਦੁੱਖ ਤੇ ਭੁੱਖ ਮਿਲਦੇ ਹਨ। ਜਿਹੜਾ ਇਸ ਸਿਧਾਂਤ ਨੂੰ ਫਿਰ ਭੀ ਨਾ ਸਮਝੇ, ਉਸ ਦਾ ਫਲ਼ ਭੀ ਨਿਰਧਾਰਿਤ ਕੀਤਾ ਹੈ, ‘‘ਜੇ ਕੋ ਖਾਇਕੁ ਆਖਣਿ ਪਾਇ ਓਹੁ ਜਾਣੈ; ਜੇਤੀਆ ਮੁਹਿ ਖਾਇ ’’ ਭਾਵ ਜੇ ਕੋਈ ਮੂਰਖ; ਹੋਰ ਕਾਰਨ ਦੱਸਦਾ ਹੈ, ਬਿਆਨ ਕਰਦਾ ਹੈ, ਤਾਂ ਵਿਕਾਰਾਂ ਦੀਆਂ ਕਿੰਨੀਆਂ ਚੋਟਾਂ; ਉਹ ਆਪਣੇ ਮੂੰਹ ’ਤੇ ਸਹਾਰਦਾ ਹੈ; ਖ਼ੁਦ ਹੀ ਜਾਣਦਾ ਹੈ ਭਾਵ ਗਿਣਨ ’ਚ ਨਹੀਂ ਆਉਂਦੀਆਂ ਯਾਨੀ ਕਿ ‘ਕੂੜ ਦੀ ਪਾਲਿ’ ਕਾਰਨ ਉਪਜਦੀਆਂ ਵਾਸ਼ਨਾਵਾਂ ਘਟਦੀਆਂ ਨਹੀਂ ਸਗੋਂ ਗ਼ਲਤ ਸੋਚ ਧਾਰਨ ਕਰਨ ਨਾਲ਼ ਵਧਦੀਆਂ ਜਾਂਦੀਆਂ ਹਨ।

ਸੋ ‘‘ਹੁਕਮਿ ਰਜਾਈ ਚਲਣਾ.. ’’ ਵਾਕ ’ਚ ਦਰਜ ‘ਚਲਣਾ’ ਦਾ ਅਰਥ ਅਤੇ ਬਣਤਰ ਨੂੰ ਜਾਣਨਾ ਜ਼ਰੂਰੀ ਹੈ। ਇਹ ਸ਼ਬਦ ਗੁਰਬਾਣੀ ’ਚ 19 ਵਾਰ ਹੈ। ਜਿਨ੍ਹਾਂ ’ਚੋਂ 13 ਵਾਰ ਗੁਰੂ ਨਾਨਕ ਸਾਹਿਬ ਨੇ ਹੀ ਵਰਤਿਆ ਹੈ। ਇਸ ਦੇ 17 ਵਾਰ ਅਰਥ ਹਨ ‘ਸਰੀਰਕ ਮੌਤ’ ਜਾਂ ‘ਨਾਸ ਹੋਣਾ’; ਜਿਵੇਂ ਕਿ ਵਾਕ ਹਨ, ‘‘ਬਾਬਾ  ! ਆਇਆ ਹੈਉਠਿ ਚਲਣਾ’; ਇਹੁ ਜਗੁ ਝੂਠੁ ਪਸਾਰੋਵਾ (ਖਿਲਾਰਾ) (ਮਹਲਾ /੫੮੧), ‘ਉਠਿ ਚਲਣਾ’, ਖਸਮੈ ਭਾਣਾ (ਮਹਲਾ /੯੮੯), ਕਿਉ ਰਹੀਐ  ? ‘ਉਠਿ ਚਲਣਾ’; ਬੁਝੁ ਸਬਦ ਬੀਚਾਰਾ ’’ (ਮਹਲਾ /੧੦੧੨) ਗੁਰਬਾਣੀ ’ਚ 12 ਵਾਰ ‘ਚਲਣੁ’ ਸ਼ਬਦ ਭੀ ਹੈ, ਜਿਸ ਦਾ ਅਰਥ ਹੈ ‘ਚੱਲਣ ਨੂੰ, ਮੌਤ ਨੂੰ’; ਜਿਵੇਂ ਕਿ ‘‘ਜਿਨੀ ਚਲਣੁ ਜਾਣਿਆ; ਸੇ ਕਿਉ ਕਰਹਿ ਵਿਥਾਰ (ਵਿਸਥਾਰ) ? (ਮਹਲਾ /੭੮੭), ਜਿਨੀ ਚਲਣੁ ਸਹੀ ਜਾਣਿਆ; ਸਤਿਗੁਰੁ ਸੇਵਹਿ ਨਾਮੁ ਸਮਾਲੇ (ਸੰਭਾਲ਼ ਕੇ)’’ (ਮਹਲਾ /੫੮੪)

ਗੁਰਬਾਣੀ ਇੱਕ ਕਾਵਿਮਈ ਰਚਨਾ ਹੈ। ਜਿਸ ਅੰਦਰ ਇੱਕ ਤੋਂ ਵੱਧ ਭਾਸ਼ਾਵਾਂ ਹਨ। ਇਸ ਪੂਰੇ ਸ਼ਬਦ ਸੰਗ੍ਰਹਿ ਨੂੰ ਤਿੰਨ ਭਾਗਾਂ ’ਚ ਵੰਡ ਕੇ ਵਿਚਾਰਨਾ ਜ਼ਰੂਰੀ ਹੈ (ੳ). ਤਤਸਮ ਸ਼ਬਦ (ਜੋ ਦੂਸਰੀਆਂ ਭਾਸ਼ਾਵਾਂ ਦੇ ਹਨ; ਜਿਵੇਂ ‘ਹਰਿ, ਭੂਮਿ, ਭਗਤਿ, ਕਲਿਜੁਗ, ਅਲਹ, ਸਤਿ, ਵਸਤੁ’), (ਅ). ਗੁਰਮੁਖੀ ਸ਼ਬਦ (ਜਿਵੇਂ ‘ਨਾਨਕੁ, ਗੁਰੁ, ਗੁਰਮੁਖਿ, ਮਨਮੁਖੁ, ਬਹੁਤੁ, ਪ੍ਰਭੁ, ਉਹੁ, ਇਹੁ, ਚਾਰਿ, ਪੰਜਿ, ਸਭੁ, ਵਸਤੂ’), (ੲ). ਤਦਭਵ ਸ਼ਬਦ (ਜੋ ਇਨ੍ਹਾਂ ਦੋਵੇਂ ਸ਼ਬਦਾਂ ਦਾ ਬਦਲਿਆ ਰੂਪ ਹੈ; ਜਿਵੇਂ ‘ਕਲਿ, ਬਹੁ, ਬਹੁਤੇਰਿਆ, ਅਧਿਕਾਈ, ਸਚੁ, ਅਲਾਹਿ’। ਤਦਭਵ ਸ਼ਬਦ; ਕਿਸੇ ਕੋਸ਼ ’ਚ ਨਹੀਂ ਹੁੰਦੇ ਕਿਉਂਕਿ ਕਾਵਿ ਪਿੰਗਲ-ਤੋਲ ਨੂੰ ਪੂਰਾ ਕਰਨ ਲਈ ਇਨ੍ਹਾਂ ਦੀ ਵਰਤੋਂ ਕੇਵਲ ਕਵਿਤਾ ’ਚ ਕੀਤੀ ਜਾਂਦੀ ਹੈ। ਇਸੇ ਕਾਰਨ ਜ਼ਿਆਦਾਤਰ ਤਦਭਵ ਸ਼ਬਦਾਂ ਉੱਤੇ ਗੁਰਬਾਣੀ ਵਿਆਕਰਨ ਨਿਯਮ ਲਾਗੂ ਨਹੀਂ ਹਨ; ਜਿਵੇਂ ਕਿ ਵਾਕ ਹੈ ‘‘ਕਲਿਜੁਗ ਕਾ ਧਰਮੁ; ਕਹਹੁ ਤੁਮ ਭਾਈ ! .. ’’ (ਮਹਲਾ /੬੬੮) ਇੱਥੇ ‘ਕਲਿਜੁਗੁ’ ਨੂੰ ਔਂਕੜ ਅੰਤ ਸੀ, ਜੋ ‘ਕਾ’ (ਸਬੰਧਕੀ/ਚਿੰਨ੍ਹ) ਨੇ ਹਟਾ ਦਿੱਤਾ ਭਾਵ ਇਹ ਸ਼ਬਦ; ਵਿਆਕਰਨਿਕ ਨਿਯਮਾਂ ਅਧੀਨ ਹੈ, ਪਰ ਇਸੇ ਦੇ ਤਦਭਵ ਰੂਪ ‘ਕਲਿ’ ਦੇ ਅੰਤ ’ਚ ਹੁਣ ਸਿਹਾਰੀ ਹੈ, ਜਿਸ ਨੂੰ ‘ਕਾ, ਕੇ’ ਨਹੀਂ ਹਟਾ ਸਕਦੇ; ਜਿਵੇਂ ਕਿ ‘‘ਜੇ ਕੋ ਨਾਉ ਲਏ ਬਦਨਾਵੀ; ‘ਕਲਿ ਕੇਲਖਣ ਏਈ ’’ (ਮਹਲਾ /੯੦੨) ਇਸੇ ਲਈ ‘ਕਲਿ’; ਕਿਸੇ ਵਿਆਕਰਨਿਕ ਨਿਯਮ ਅੰਦਰ ਨਹੀਂ। ਇਹ ਸਿਹਾਰੀ; ਸ਼ਬਦ ਦੀ ਮੂਲਕ ਹੈ, ਆਪਣੀ ਹੈ; ਜਿਵੇਂ ਕਿ ਤਤਸਮ ਸ਼ਬਦਾਂ ਦੇ ਅੰਤ ’ਚ ਅਕਸਰ ਆਪਣੀ ਸਿਹਾਰੀ ਹੁੰਦੀ ਹੈ ‘ਹਰਿ, ਮੂਰਤਿ, ਭਗਤਿ, ਭੂਮਿ, ਮੁਨਿ’। ਇਹ ਸਿਹਾਰੀ ਸਬੰਧਿਤ ਭਾਸ਼ਾ ’ਚ ਉਚਾਰਨ ਹੁੰਦੀ ਹੈ, ਨਾ ਕਿ ਵਿਆਕਰਨ ਨਿਯਮ ਅਨੁਸਾਰ ਕੋਈ ਅਰਥ ਦਿੰਦੀ ਹੈ।

ਸੋ ਸਪਸ਼ਟ ਹੈ ਕਿ ਵਿਆਕਰਨ-ਨਿਯਮ ਦਾ ਸਬੰਧ; ਇੱਕ ਪੂਰਨ ਸ਼ਬਦ ਦੇ ਅੰਤਲੇ ਅੱਖਰ ਨੂੰ ਲੱਗੀ ਲਗ ਨਾਲ਼ ਹੁੰਦਾ ਹੈ, ਸ਼ਬਦ ਦੀ ਕਿਸੇ ਮੂਲਕ ਲਗ-ਧੁਨੀ ਨਾਲ਼ ਨਹੀਂ। ਇਸੇ ਤਰ੍ਹਾਂ ਗੁਰਬਾਣੀ ’ਚ ‘ਬਹੁਤੁ’ (164 ਵਾਰ) ਦੀ ਔਂਕੜ ਅੰਤ ਦਾ ਸਬੰਧ ਵਿਆਕਰਨ ਨਿਯਮ ਨਾਲ਼ ਹੈ, ਪਰ 416 ਵਾਰ ਆਏ ‘ਬਹੁ’ ਦੀ ਔਂਕੜ; ਮੂਲਕ ਹੈ, ਉਚਾਰਨ ਦਾ ਭਾਗ ਹੈ, ਨਾ ਕਿ ਅਰਥ ਕਰਨ ਲਈ ਭਾਵੇਂ ਕਿ ਦੋਵਾਂ ਦਾ ਅਰਥ ਇੱਕੋ ਹੈ।

ਤਦਭਵ ਸ਼ਬਦ; ਕੇਵਲ ਗੁਰਬਾਣੀ ’ਚ ਹੀ ਨਹੀਂ ਬਲਕਿ ਹਰੇਕ ਬੰਦ ਕਵਿਤਾ (ਉਹ ਪਦ ਰਚਨਾ; ਜਿਸ ’ਚ ਪਿੰਗਲ ਤੇ ਤੁਕਾਂਤ ਮੇਲ ਹੋਵੇ) ’ਚ ਹੁੰਦੇ ਹਨ। ਖੁੱਲ੍ਹੀ ਕਵਿਤਾ (ਉਹ ਪਦ ਰਚਨਾ, ਜਿਸ ’ਚ ਪਿੰਗਲ ਤੇ ਤੁਕਾਂਤ ਬਰਾਬਰ ਨਾ ਹੋਣ) ’ਚ ਐਸੇ ਸ਼ਬਦ ਨਾਮਾਤਰ ਹੀ ਹੁੰਦੇ ਹਨ।

ਗੁਰਮੁਖੀ ਲਿਪੀ ’ਚ 10 ਲਗਾਂ (ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ) ਹਨ, ਜਿਨ੍ਹਾਂ ਨੂੰ ਕਾਵਿ-ਪਿੰਗਲ ਨੇ ਦੋ ਭਾਗਾਂ (ਲਘੂ/ਛੋਟੀ ਤੇ ਦੀਰਘ/ਵੱਡੀ) ’ਚ ਵੰਡਿਆ ਹੈ। ਅੱਧੀਆਂ ਲਗਾਂ (ਮੁਕਤਾ, ਔਂਕੜ, ਸਿਹਾਰੀ, ਲਾਂ ਤੇ ਹੋੜਾ) ਲਘੂ ਮਾਤਰਾਵਾਂ ਹਨ ਤੇ ਅੱਧੀਆਂ ਲਗਾਂ (ਕੰਨਾ, ਦੁਲੈਂਕੜ, ਬਿਹਾਰੀ, ਦੁਲਾਵਾਂ ਤੇ ਕਨੌੜਾ) ਦੀਰਘ ਮਾਤਰਾਵਾਂ ਹਨ। ਲਘੂ ਮਾਤਰਾ (ਧੁਨੀ) ਨੂੰ ਉਚਾਰਨ ਸਮੇਂ ਜਿੰਨਾ ਸਮਾਂ ਲੱਗਦਾ ਹੈ, ਉਸ ਤੋਂ ਦੁੱਗਣਾ ਸਮਾਂ ਦੀਰਘ ਮਾਤਰਾ ਨੂੰ ਉਚਾਰਨ ’ਚ ਲੱਗਦਾ ਹੈ ਯਾਨੀ ਲਘੂ ਮਾਤਰਾ ਦਾ 1 ਅੰਕ ਤੇ ਦੀਰਘ ਮਾਤਰਾ ਦਾ 2 ਅੰਕ ਹੈ। ਹੇਠਲੇ ਵਾਕਾਂ ’ਚ ਤੁਕਾਂਤ ਤੇ ਪਿੰਗਲ ਸੰਖਿਆ ਬਰਾਬਰ ਹੋਣ ਕਾਰਨ ਗੁਰਬਾਣੀ ਬੰਦ ਕਵਿਤਾ ਅਖਵਾਉਂਦੀ ਹੈ :

(1). ਜੀਅ ਜਾਤਿ ਰੰਗਾ ਕੇ ਨਾਵ ॥

[ਜੀਅ (2+1)+ਜਾਤਿ (2+1)+ਰੰਗਾ (2+2)+ਕੇ (1)+ਨਾਵ (2+1)=14]

(2). ਸਭਨਾ ਲਿਖਿਆ ਵੁੜੀ ਕਲਾਮ ॥

[ਸਭਨਾ (1+1+2)+ਲਿਖਿਆ (1+1+2)+ਵੁੜੀ (1+2)+ਕਲਾਮ (1+2+1)=15]

ਨੋਟ : ਪੂਰੇ ਵਾਕ ’ਚ ਪਿੰਗਲ ਅੰਕ; ਇੱਕ ਵੱਧ ਜਾਂ ਇੱਕ ਘੱਟ ਹੋਣਾ ਗ਼ਲਤੀ ਨਹੀਂ ਹੁੰਦੀ; ਜਿਵੇਂ ਕਿ ਉਕਤ ਪਹਿਲੀ ਤੁਕ ’ਚ ਅੰਕ 14 ਦੇ ਮੁਕਾਬਲੇ ਦੂਜੀ ਪੰਕਤੀ ’ਚ ਅੰਕ 15 ਹੈ। ਇਸ ਦਾ ਮੂਲ ਕਾਰਨ ਪਹਿਲੀ ਤੁਕ ਦੇ ਅੰਤ ’ਚ ਆਏ ‘ਨਾਵ’ ਸ਼ਬਦ ਨਾਲ਼ ਤੁਕਾਂਤ ਮੇਲ ਕਰਨ ਲਈ ਦੂਜੇ ਵਾਕ ’ਚ ‘ਕਲਾਮ’ ਲਿਖਣਾ ਹੈ, ਨਹੀਂ ਤਾਂ ਇੱਥੇ ਸ਼ਬਦ ‘ਕਲਮ’ ਹੁੰਦਾ। ‘ਕਲਾਮ’ (ਫ਼ਾਰਸੀ ਭਾਸ਼ਾ) ਦਾ ਅਰਥ ਹੈ ‘ਬੋਲੀ’ ਜਦਕਿ ਪ੍ਰਸੰਗ ਮੁਤਾਬਕ ਇੱਥੇ ਅਰਥ ‘ਕਲਮ’ (ਤਕਦੀਰ ਲਿਖਣ ਵਾਲ਼ੀ) ਬਣਦਾ ਹੈ। ਇਉਂ ਭੀ ਕਹਿ ਸਕਦੇ ਹਾਂ ਕਿ ਵਾਰਤਕ ’ਚ ਲੇਖਕ; ‘ਪਾਣੀ ਖਾਧਾ, ਰੋਟੀ ਪੀਤੀ’ ਨਹੀਂ ਲਿਖ ਸਕਦਾ ਕਿਉਂਕਿ ਉਹ ਭਾਸ਼ਾਈ ਸ਼ਬਦ-ਬਣਤਰ ਦੀ ਬੰਦਿਸ਼ ’ਚ ਹੁੰਦਾ ਹੈ, ਪਰ ਕਵਿਤਾ ’ਚ ਕਵੀ; ‘ਹਰਿ ਰਸੁ ਖਾਧਾ’ ਤੇ ‘ਹਰਿ ਰਸੁ ਪੀਤਾ’ ਦੋਵੇਂ ਲਿਖ ਸਕਦਾ ਹੈ ਕਿਉਂਕਿ ਕਵੀ; ਭਾਸ਼ਾਈ ਸ਼ਾਬਦਿਕ ਮਰਯਾਦਾ ’ਚ ਨਹੀਂ ਬੱਝਾ ਹੁੰਦਾ। ਹੇਠਲੇ ਵਾਕਾਂ ’ਚ ‘ਰਸੁ ਪੀਤਾ’ ਤੇ ‘ਰਸੁ ਖਾਧਾ’ ਦੋਵੇਂ ਲਿਖੇ ਹਨ :

ਸੇ ਜਨ ਸਾਚੇ ਸਦਾ ਸਦਾ; ਜਿਨੀਹਰਿ ਰਸੁ ਪੀਤਾ (ਮਹਲਾ /੯੫੫)

ਸੇ ਵਡਭਾਗੀ ਵਡ ਜਾਣੀਅਹਿ; ਜਿਨਹਰਿ ਰਸੁ ਖਾਧਾਗੁਰ ਭਾਇ (ਮਹਲਾ /੪੧)

ਕਵਿਤਾ; ਕਵੀ ਦੇ ਅਨੁਭਵ ’ਚੋਂ ਫੁੱਟਣ ਕਾਰਨ ਉਸ ਨੂੰ ਭਾਸ਼ਾਈ ਬੰਦਿਸ਼ ਤੋਂ ਅਜ਼ਾਦ ਰੱਖਦੀ ਹੈ ਤਾਹੀਓਂ ਗੁਰਬਾਣੀ ਦੇ 80-85% ਸ਼ਬਦਾਂ ਉੱਤੇ ਹੀ ਵਿਆਕਰਨ ਨਿਯਮ ਲਾਗੂ ਹਨ, 100% ’ਤੇ ਨਹੀਂ [ਯਾਨੀ ਕਾਵਿ ਪਿੰਗਲ ਕਾਰਨ ਆਪਣਾ ਅਸਲ ਰੂਪ ਬਦਲਾਅ ਚੁੱਕੇ ਤਦਭਵ ਸ਼ਬਦ ਅਤੇ ਤਤਸਮ ਸ਼ਬਦਾਂ ’ਤੇ ਵਿਆਕਰਨ ਨਿਯਮ ਲਾਗੂ ਨਹੀਂ ਹੁੰਦੇ। ਇਨ੍ਹਾਂ ਸ਼ਬਦਾਂ ਦੀ ਅੰਤਮ ਸਿਹਾਰੀ ਤੇ ਅੰਤਮ ਔਂਕੜ ਉਚਾਰਨ ਦਾ ਭਾਗ ਹੁੰਦੇ ਹਨ, ਨਾ ਕਿ ਅਰਥ ਕਰਨ ਲਈ] ਜਦਕਿ ਵਾਰਤਕ (ਸਾਹਿਤਿਕ ਰਚਨਾ) ਪੂਰਾ ਦਿਮਾਗ਼ੀ ਗਿਆਨ ਹੋਣ ਕਾਰਨ ਲੇਖਕ; ਭਾਸ਼ਾਈ ਸ਼ਬਦਾਵਲੀ ਨੂੰ ਹੂ-ਬਹੂ ਅਪਣਾਉਂਦਾ ਹੈ। ਇਸ ਤੋਂ ਸਾਫ਼ ਹੈ ਕਿ ਗੁਰਬਾਣੀ-ਕਵਿਤਾ ਦੇ ਹਰ ਸਲੋਕ, ਛੰਤ, ਪਉੜੀ ਆਦਿ ਦਾ ਭਾਵਾਰਥ (ਗੁਰਮਤਿ) ਜਾਣਨ ਲਈ ਕੇਵਲ ਸ਼ਬਦ-ਬਣਤਰ ’ਤੇ ਹੀ ਨਿਰਭਰ ਨਹੀਂ ਰਹਿਣਾ ਬਲਕਿ ਪੂਰੇ ਸ਼ਬਦ ’ਚ ਚੱਲਦੇ ਪ੍ਰਸੰਗ ਨੂੰ ਭੀ ਧਿਆਨ ’ਚ ਰੱਖਣਾ ਜ਼ਰੂਰੀ ਹੈ; ਜਿਵੇਂ ਕਿ ‘ਗਾਵਹਿ’ ਦਾ ਅਰਥ ਜ਼ਰੂਰੀ ਨਹੀਂ ਕਿ ਹਰ ਥਾਂ ‘ਗਾਉਂਦੇ ਹਨ’ ਹੀ ਹੋਵੇ ਜਾਂ ‘ਜਾਪਤ’ ਦਾ ਅਰਥ, ਹਰ ਵਾਰ ‘ਜਪਦੇ ਹਨ’ ਹੀ ਹੋਵੇ; ਜੈਸਾ ਕਿ ਵਾਕ ਹੈ ‘‘ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ, ਜਾਪਤ ਹੈ ਨਹੀ ਹੋਰ ’’ (ਮਹਲਾ /੧੨੬੫) ਇੱਥੇ ‘ਜਾਪਤ’ ਦੇ ਸ਼ਾਬਦਿਕ ਅਰਥ ਨੂੰ ਆਧਾਰ ਬਣਾ ਇਹ ਨਹੀਂ ਸਮਝ ਲੈਣਾ ਕਿ ‘ਹਿਰਨ, ਮੱਛੀ, ਪੰਛੀ’ ਆਦਿ; ਜੋ ਬੋਲ ਬੋਲਦੇ ਹਨ, ਉਨ੍ਹਾਂ ਰਾਹੀਂ ਉਹ ‘ਹਰੀ ਨੂੰ ਹੀ ਜਪਦੇ ਹਨ’ ਕਿਉਂਕਿ ਜੇਕਰ ਐਨਾ ਰੌਸ਼ਨ-ਦਿਮਾਗ਼ ਪਸ਼ੂ-ਪੰਛੀਆਂ ਕੋਲ਼ ਹੁੰਦਾ ਤਾਂ ਮਨੁੱਖ ਦੇ ਮਾਰਗ-ਦਰਸ਼ਨ ਲਈ ਭੀ ‘ਗੁਰੂ’ ਦੀ ਲੋੜ ਨਾ ਰਹਿੰਦੀ। ਐਸਾ ਹੀ ਇਹ ਵਾਕ ਹੈ, ‘‘ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ..੨੭’’ ਇੱਥੇ ਭੀ ‘ਗਾਵਹਿ’ ਦਾ ਇਹ ਅਰਥ ਨਹੀਂ ਕਿ ਧਰਤੀ, ਸੂਰਜ-ਮੰਡਲ, ਬ੍ਰਹਿਮੰਡ ਆਦਿਕ ਹਰੀ ਦੇ ਗੁਣ ਗਾਉਂਦੇ ਹਨ। ਇਨ੍ਹਾਂ ਦੋਵੇਂ ਵਾਕਾਂ ’ਚ ਪ੍ਰਸੰਗ ਚੱਲਦਾ ਹੈ ਕਿ ਪਸ਼ੂ-ਪੰਛੀ, ਖੰਡ-ਮੰਡਲ ਆਦਿ ਹਰੀ ਦੇ ਹੁਕਮ ’ਚ ਚੱਲਦੇ ਹਨ; ਜਿਵੇਂ ਇੱਕ ਨੌਕਰ; ਜੇਕਰ ਮਾਲਕ ਦੇ ਕਹੇ ਅਨੁਸਾਰ ਕੰਮ ਕਰਦਾ ਹੈ ਤਾਂ ਇਹੀ ਮਤਲਬ ਹੁੰਦਾ ਹੈ ਕਿ ਨੌਕਰ; ਮਾਲਕ ਨੂੰ ਗਾਉਂਦਾ ਹੈ ਭਾਵ ਮਾਲਕ ਦੇ ਹੁਕਮ ’ਚ ਬੱਝਾ ਹੈ, ਮਾਲਕ ਦੇ ਅਧੀਨ ਹੈ।

ਪ੍ਰਾਚੀਨ ਧਰਮਾਂ ਨਾਲ਼ੋਂ ਗੁਰਮਤਿ ਦੀ ਇਹੀ ਵਿਲੱਖਣਤਾ ਹੈ ਕਿ ਇਸ ਦੇ ਸੰਖੇਪ ਜਿਹੇ ਬੜੇ ਸਰਲ ਅਸੂਲ ਹਨ, ਜੋ ਸਰਬ ਸਾਂਝੇ ਹਨ। ਇਨ੍ਹਾਂ ’ਚੋਂ ਇੱਕ ਹੈ ਕਿ ਸਾਰੇ ਜੀਵ-ਜੰਤ; ‘ੴ’ ਨੇ ਪੈਦਾ ਕੀਤੇ ਹੋਏ ਹਨ ਤੇ ਉਸੇ ਦੇ ਹੁਕਮ ’ਚ ਜੀਵਨ ਬਤੀਤ ਕਰਦੇ ਹਨ। ਗੁਰਬਾਣੀ ਅੰਦਰ ਕਈ ਭਾਸ਼ਾਵਾਂ ਹੋਣ ਕਾਰਨ ‘ਹੁਕਮ’ ਦੇ ਅਰਥ ਲਈ ਕਾਵਿ ਪਿੰਗਲ ਨੂੰ ਧਿਆਨ ’ਚ ਰੱਖਦਿਆਂ ਭਿੰਨ-ਭਿੰਨ ਸ਼ਬਦ ਵਰਤੇ ਗਏ ਹਨ ਤੇ ਜ਼ਿਆਦਾਤਰ ਸਿੱਖ; ਚੱਲਦੇ ਵਿਸ਼ੇ-ਪ੍ਰਸੰਗ ਦੀ ਤਹਿ ਤੱਕ ਜਾਣ ਦੀ ਬਜਾਇ ਇਨ੍ਹਾਂ ਸ਼ਾਬਦਿਕ-ਅਰਥਾਂ ਨੂੰ ਹੀ ਗੁਰਮਤਿ ਸਮਝ ਬੈਠਦੇ ਹਨ; ਜਿਵੇਂ ਕਿ ਇੱਕ ਸ਼ਬਦ ’ਚ ਪ੍ਰਸੰਗ ਹੈ ਕਿ ਝੂਠਾ ਬੰਦਾ; ਆਪਣੀ ਬੋਲ-ਬਾਣੀ ’ਚੋਂ ਝੂਠ ਕੇਰਨਾ/ਬੋਲਣਾ ਬੰਦ ਨਹੀਂ ਕਰ ਸਕਦਾ; ਜਿਵੇਂ ਕਿ ਮਾਹਵਾਰੀ ਨੂੰ ਔਰਤ ਨਹੀਂ ਰੋਕ ਸਕਦੀ, ‘‘ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ਜੂਠੇ ਜੂਠਾ ਮੁਖਿ ਵਸੈ; ਨਿਤ ਨਿਤ ਹੋਇ ਖੁਆਰੁ ’’ (ਮਹਲਾ / ੪੭੨), ਪਰ ਇੱਥੇ ਸ਼ਾਬਦਿਕ ਅਰਥਾਂ ਨੂੰ ਹੀ ਗੁਰਮਤਿ-ਸਿਧਾਂਤ ਸਮਝ ਲਿਆ ਕਿ ਮਾਹਵਾਰੀ ਕਾਰਨ ਔਰਤ ਅਪਵਿੱਤਰ ਹੁੰਦੀ ਹੈ। ਇਸ ਲਈ ਉਹ; ਸਿੱਖਾਂ ਵਾਂਗ ਹਰ ਪੰਥਕ ਕਾਰਜ ਨਹੀਂ ਨਿਭਾ ਸਕਦੀ। ਇਸੇ ਤਰ੍ਹਾਂ ਵਾਕ ਹੈ, ‘‘ਰਾਮਦਾਸ ਸਰੋਵਰਿ ਨਾਤੇ ਸਭਿ ਉਤਰੇ ਪਾਪ ਕਮਾਤੇ ’’ ਇੱਥੇ ਭੀ ਸ਼ਾਬਦਿਕ ਅਰਥਾਂ ਨੂੰ ਗੁਰਮਤਿ ਮੰਨ ਲਿਆ ਕਿ ਗੁਰੂ ਰਾਮਦਾਸ ਜੀ ਦੁਆਰਾ ਬਣਾਏ ਅੰਮ੍ਰਿਤਸਰ ਸਰੋਵਰ ’ਚ ਸਰੀਰਕ-ਇਸ਼ਨਾਨ ਕਰਨ ਨਾਲ਼ ਕੀਤੇ ਸਾਰੇ ਪਾਪ ਲਹਿ ਜਾਂਦੇ ਹਨ ਜਦਕਿ ਇੱਥੇ ਵਿਸ਼ਾ-ਪ੍ਰਸੰਗ ਚੱਲ ਰਿਹਾ ਹੈ, ‘‘ਗੁਰ ਕਾ ਸਬਦੁ ਵੀਚਾਰੇ ਰਹਾਉ ਸਾਧਸੰਗਿ ਮਲੁ ਲਾਥੀ ਪਾਰਬ੍ਰਹਮੁ ਭਇਓ ਸਾਥੀ ’’ (ਮਹਲਾ /੬੨੫) ਭਾਵ ਸਾਧ ਸੰਗਤ ਰਾਹੀਂ ਗੁਰੂ ਦਾ ਸ਼ਬਦ ਵਿਚਾਰ-ਵਿਚਾਰ ਕੇ ਪਾਪ-ਮੈਲ਼ ਉਤਰਦੀ ਹੈ। ਜੇਕਰ ਇੱਦਾਂ ਹੀ ਸ਼ਾਬਦਿਕ ਅਰਥਾਂ ਨੂੰ ਸਿਧਾਂਤ ਮੰਨ ਲਈਏ ਤਾਂ ਇਸ ਸਿਧਾਂਤ ਦਾ ਕੀ ਬਣੇਗਾ, ‘‘ਜਲ ਕੈ ਮਜਨਿ (ਨਾਲ਼), ਜੇ ਗਤਿ ਹੋਵੈ; ਨਿਤ ਨਿਤ ਮੇਂਡੁਕ ਨਾਵਹਿ ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ’’ (ਭਗਤ ਕਬੀਰ/੪੮੪) ਅਰਥ : ਪਾਣੀ ਦੇ ਵਿੱਚ ਟੁੱਬੀ ਮਾਰਨ ਨਾਲ਼ ਜੇਕਰ ਨਿਰਮਲ਼ ਹੋਇਆ ਜਾਂਦਾ ਹੋਵੇ ਤਾਂ ਡੱਡੂ ਤਾਂ ਪਾਣੀ ’ਚ ਹੀ ਰਹਿੰਦੇ ਹਨ। (ਦਰਅਸਲ ਇਉਂ ਮਨ ਨਿਰਮਲ਼ ਨਹੀਂ ਹੁੰਦਾ; ਐਸੇ ਕਰਮ ਦਾ ਇਹੀ ਫਲ਼ ਮਿਲਦਾ ਹੈ ਕਿ) ਜਿਵੇਂ ਡੱਡੂ ਆਵਾਗਮਣ ’ਚ ਪੈਂਦੇ ਹਨ; ਵੈਸੇ ਹੀ ਉਹ ਮਨੁੱਖ ਜੂਨਾਂ ’ਚ ਪੈਂਦੇ ਹਨ (ਜੋ ਪਾਣੀ ’ਚ ਟੁੱਭੀ ਮਾਰ ਨਿਰਮਲ਼ ਹੋਣ ਵਾਲ਼ੇ ਭਰਮ ’ਚ ਹਨ)।

ਇਸੇ ਤਰ੍ਹਾਂ ਦੀ ਵਿਆਖਿਆ ਕਰਦਾ ਸ਼ਬਦ ਹੈ, ‘‘ਆਦਿ ਪੂਰਨ, ਮਧਿ ਪੂਰਨ; ਅੰਤਿ ਪੂਰਨ ਪਰਮੇਸੁਰਹ ਸਿਮਰੰਤਿ ਸੰਤ ਸਰਬਤ੍ਰ ਰਮਣੰ; ਨਾਨਕ  ! ਅਘਨਾਸਨ ਜਗਦੀਸੁਰਹ ’’ (ਮਹਲਾ /੭੦੫) ਅਰਥ : ਪਾਪਾਂ ਨੂੰ ਨਾਸ ਕਰਨ ਵਾਲ਼ਾ ਪਰਮੇਸ਼ਰ, ਜੋ ਜਗਤ ਦਾ ਮਾਲਕ ਹੈ; ਉਹ ਸ੍ਰਿਸ਼ਟੀ ਬਣਨ ਤੋਂ ਪਹਿਲਾਂ ਭੀ ਸੀ, ਹੁਣ ਭੀ ਹੈ ਤੇ ਕਿਆਮਤ ਤੋਂ ਬਾਅਦ ਭੀ ਰਹੇਗਾ ਯਾਨੀ ਉਹ ਸਰਬ ਵਿਆਪਕ ਹੈ। ਰੌਸ਼ਨ ਦਿਮਾਗ਼ ਸੰਤ-ਜਨ ਉਸ ਨੂੰ ਸਿਮਰਦੇ ਹਨ ਭਾਵ ਇੱਥੇ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਇਸ ਸਲੋਕ ‘‘ਆਦਿ ਸਚੁ, ਜੁਗਾਦਿ ਸਚੁ ਹੈ ਭੀ ਸਚੁ; ਨਾਨਕ  ! ਹੋਸੀ ਭੀ ਸਚੁ ’’ (ਜਪੁ) ਵਾਲ਼ੇ ਸਿਧਾਂਤ ਨੂੰ ਹੀ ਆਪਣੇ ਸ਼ਬਦਾਂ ’ਚ ਦੁਹਰਾਇਆ ਹੈ, ਪਰ ਨਾਸਮਝੀ ਕਾਰਨ ਡੇਰੇਦਾਰ ਸਿੱਖ; ਜਿੱਥੇ ਇਸ ਵਾਕ ਨੂੰ ਗੁਰੂ ਗ੍ਰੰਥ ਸਾਹਿਬ ਦਾ ਮੱਧ ਸਮਝ ਕੇ ਅਖੰਡ ਪਾਠ ਦੌਰਾਨ ਮੱਧ ਦੀ ਅਰਦਾਸ ਕਰਦੇ ਹਨ, ਓਥੇ ਗੁਰੂ ਨਾਨਕ ਸਾਹਿਬ ਦੇ ਇਸ ‘‘ਆਦਿ ਸਚੁ ਜੁਗਾਦਿ ਸਚੁ’’ ਸਲੋਕ ਨੂੰ ਭੀ ਮੂਲ ਮੰਤਰ ਹੀ ਮੰਨਦੇ ਹਨ। ਗੁਰਮਤਿ-ਸਿਧਾਂਤ ਨੂੰ ਗਹੁ ਨਾਲ਼ ਵਾਚਣ ਲਈ ਆਪਣੀ ਕਠੋਰ ਮਨਮਤ ਤੋਂ ਐਨਾ ਕੁ ਭੀ ਨਹੀਂ ਪੁੱਛਦੇ ਕਿ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਕੁੱਲ 1430 ਅੰਕ ਹਨ, ਜਿਨ੍ਹਾਂ ਦਾ ਮੱਧ 705 ਅੰਕ ’ਤੇ ਕਿਵੇਂ ਹੋਇਆ ?

ਸਿੱਖ-ਸੰਗਤਾਂ ਨੂੰ ਪੁਰਾਤਨ ਲਿਪੀ (ਗੁਰਮੁਖੀ) ਦੀ ਲਿਖਤ (ਵਿਆਕਰਨ) ਨੂੰ ਭੀ ਗੁਰੂ ਦੀ ਸਿੱਖਿਆ ਸਮਝ ਕੇ ਸਮਝਣਾ ਚਾਹੀਦਾ ਹੈ ਤਾਂ ਕਿ ਮੂਲ ਗੁਰਮਤਿ ਨੂੰ ਸਮਝ ਕੇ ਉਸ ’ਤੇ ਪਹਿਰਾ ਦਿੱਤਾ ਜਾ ਸਕੇ। ਇਸ ਬਹਿਕਾਵੇ ’ਚ ਨਹੀਂ ਆਉਣਾ ਕਿ ਸਰੋਵਰ ਤੇ ਅਰਦਾਸ ਦਾ ਵਿਰੋਧ ਕਰਨ ਵਾਲ਼ੇ ਨਾਸਤਿਕ ਲੋਕ ਹਨ ਜਾਂ ਗੁਰਬਾਣੀ ’ਤੇ ਕਿਹੜਾ 100% ਵਿਆਕਰਨ ਲਾਗੂ ਹੈ ਤਾਂ ਜੋ ਅਸੀਂ ਸਮਝੀਏ।

ਮੂਲ ਸਵਾਲ ਹੈ ‘‘ਕਿਵ ਕੂੜੈ ਤੁਟੈ ਪਾਲਿ  ?’’ ਇੱਥੇ ਕੂੜ ਦੀ ਕੰਧ ਢਹਿਣਾ; ਸਚਿਆਰ ਹੋਣਾ ਹੈ ਤੇ ਸਚਿਆਰ ਹੋਣਾ; ਕੂੜ ਦੀ ਕੰਧ ਮਿਟਣਾ ਹੈ। ਕੂੜ ਦੀ ਕੰਧ; ਮਨੁੱਖ ਅੰਦਰ 10 ਸਾਲ ਦੀ ਉਮਰ ’ਚ ਜਾਂ 20 ਸਾਲ ’ਚ ਜਾਂ 50 ਸਾਲ ਬਾਅਦ ਖੜ੍ਹੀ ਨਹੀਂ ਹੋਈ। ਗੁਰੂ ਨਾਨਕ ਸਾਹਿਬ ਜੀ ਅਨੁਸਾਰ ਮਨੁੱਖ ਦਾ ਕੂੜ ਨਾਲ਼ ਸਬੰਧ ਬਚਪਨ ਤੋਂ ਹੈ। ਇਸੇ ਪ੍ਰਭਾਵ ਅਧੀਨ ਬੱਚਾ; ਜ਼ਿੰਦਗੀ ਦੇ ਪਹਿਲੇ ਪੜਾਅ ’ਚ (ਮਾਤਾ ਦੇ) ਥਣਾਂ ਨਾਲ਼ ਪਿਆਰ (ਲਾਲਚ) ਕਰਦਾ ਹੈ, ‘‘ਪਹਿਲੈ; ਪਿਆਰਿ ਲਗਾ ਥਣ ਦੁਧਿ ’’, ਇਹੀ ਸਚਾਈ ਗੁਰੂ ਅਮਰਦਾਸ ਜੀ ਨੇ ਇਉਂ ਬਿਆਨ ਕੀਤੀ ਹੈ, ‘‘ਲਿਵ ਛੁੜਕੀ, ਲਗੀ ਤ੍ਰਿਸਨਾ; ਮਾਇਆ ਅਮਰੁ ਵਰਤਾਇਆ ’’ (ਅਨੰਦ/ਮਹਲਾ /੯੨੧) ਅਰਥ : (ਮਾਤਾ ਦੇ ਗਰਭ ’ਚ ਬੱਚੇ ਦੀ ਲਗਨ ਪ੍ਰਭੂ ਨਾਲ਼ ਜੁੜੀ ਸੀ, ਜਨਮ ਲੈਂਦਿਆਂ ਹੀ ਇਹ) ਧਿਆਨ ਟੁੱਟ ਗਿਆ ਤੇ ਮਾਇਆਵੀ ਤ੍ਰਿਸ਼ਨਾ ਨੇ ਆਪਣਾ ਪ੍ਰਭਾਵ ਪਾ ਲਿਆ।

ਜ਼ਿੰਦਗੀ ਦੇ ਦੂਸਰੇ ਪੜਾਅ ’ਚ ਮਾਤਾ-ਪਿਤਾ ਨਾਲ਼ ਮੋਹ ਵਧ ਗਿਆ, ‘‘ਦੂਜੈ; ਮਾਇ ਬਾਪ ਕੀ ਸੁਧਿ ’’, ਤੀਜੇ ਪੜਾਅ ’ਚ ਭਰਾ, ਭਰਜਾਈ, ਭੈਣ ਆਦਿ ਨਾਲ਼ ਭੀ ਮੋਹ ਪੈ ਗਿਆ, ‘‘ਤੀਜੈ; ਭਯਾ ਭਾਭੀ ਬੇਬ ’’, ਚੌਥੇ ਪੜਾਅ ’ਚ ਦੋਸਤਾਂ ਨਾਲ਼ ਭੀ ਮੋਹ ਵਧ ਗਿਆ। ਉਨ੍ਹਾਂ ਨਾਲ਼ ਖੇਡਣ ਲੱਗਾ, ‘‘ਚਉਥੈ; ਪਿਆਰਿ ਉਪੰਨੀ ਖੇਡ ’’ ਪੰਜਵੇਂ ਪੜਾਅ ’ਚ ਜੀਭ-ਰਸ ਪੈਦਾ ਹੋ ਗਿਆ, ‘‘ਪੰਜਵੈ; ਖਾਣ ਪੀਅਣ ਕੀ ਧਾਤੁ ’’, ਛੇਵੇਂ ਪੜਾਅ ’ਚ ਕਾਮ-ਵਾਸ਼ਨਾ; ਜਾਤ-ਪਾਤ ਵਾਲ਼ੀ ਛੂਤ-ਛਾਤ ਨੂੰ ਭੀ ਬੁਰਾ ਨਹੀਂ ਮਨਾਉਂਦੀ, ‘‘ਛਿਵੈ; ਕਾਮੁ ਪੁਛੈ ਜਾਤਿ ’’, ਸਤਵੇਂ ਪੜਾਅ ’ਚ ਘਰ ਲਈ ਧਨ-ਪਦਾਰਥ ਜੋੜਦਾ ਹੈ, ‘‘ਸਤਵੈ; ਸੰਜਿ ਕੀਆ ਘਰ ਵਾਸੁ ’’ ਅੱਠਵੇਂ ਪੜਾਅ ’ਚ (ਇਨ੍ਹਾਂ ਪਦਾਰਥਾਂ ਨੂੰ ਪੁੱਤਰ-ਧੀਅ ਤੋਂ ਬਚਾਉਣ ਲਈ) ਕਰੋਧਿਤ ਹੋ ਆਪਣਾ ਸਰੀਰ ਨਾਸ ਕਰਦਾ ਹੈ, ‘‘ਅਠਵੈ; ਕ੍ਰੋਧੁ ਹੋਆ ਤਨ ਨਾਸੁ ’’ ਨਾਵੇਂ ਪੜਾਅ ’ਚ ਧੌਲ਼ੇ ਆ ਜਾਂਦੇ ਹਨ ਤੇ ਸਾਹ ਚੜ੍ਹਨ ਲੱਗਦਾ ਹੈ ਭਾਵ ਸਰੀਰਕ ਇੰਦ੍ਰੇ ਜਵਾਬ ਦੇਣ ਲੱਗ ਪਏ, ਜਿਨ੍ਹਾਂ ਨੂੰ ਤ੍ਰਿਪਤ ਕਰਨ ਲਈ ਸਾਰੀ ਉਮਰ ਭੱਜ-ਦੌੜ ਕਰਦਾ ਰਿਹਾ, ‘‘ਨਾਵੈ; ਧਉਲੇ ਉਭੇ ਸਾਹ ’’ ਦਸਵੇਂ ਪੜਾਅ ’ਚ ਮੌਤ ਆ ਦਬਾਉਂਦੀ ਹੈ ਤੇ ਮ੍ਰਿਤਕ ਸਰੀਰ ਸੜ ਕੇ ਸੁਆਹ ਹੋ ਜਾਂਦਾ ਹੈ, ‘‘ਦਸਵੈ; ਦਧਾ ਹੋਆ ਸੁਆਹ ’’ ਇੱਥੇ ਭੋਗ ਸਮੇਂ ਰਾਗੀ ਸ਼ਬਦ ਪੜ੍ਹਦੇ ਹਨ ਕਿ ‘‘ਘਲੇ ਆਵਹਿ ਨਾਨਕਾ ! ਸਦੇ ਉਠੀ ਜਾਹਿ ’’ (ਮਹਲਾ /੧੨੩੯) ਅਰਥ : (ਮਾਲਕ ਦੇ) ਭੇਜੇ ਹੋਏ (ਜੀਵ ਜਗਤ ’ਚ) ਆਉਂਦੇ ਹਨ ਤੇ ਜਦ ਉਹ ਵਾਪਸ ਬੁਲਾਉਂਦਾ ਹੈ ਤਾਂ ਮਰ ਜਾਂਦੇ ਹਨ, ਸੰਸਾਰ ਤੋਂ ਉੱਠ ਜਾਂਦੇ ਹਨ। ਧਿਆਨ ਰਹੇ ਕਿ ‘ਚਲਣਾ’ ਦਾ ਭੀ ਇੱਕ ਅਰਥ ‘ਉੱਠ ਜਾਣਾ’, ਮਰ ਜਾਣਾ ਹੈ।

ਉਕਤ ਵਿਚਾਰ ਤੋਂ ਬਾਅਦ ਭੀ ‘‘ਹੁਕਮਿ ਰਜਾਈ ਚਲਣਾ’’ ਦਾ ਇਹ ਅਰਥ ਕਰਨਾ ਕਿ ‘ਮਾਲਕ ਦੇ ਹੁਕਮ ’ਚ ਚੱਲਣ ਨਾਲ਼ ਕੂੜ ਦੀ ਕੰਧ ਢਹਿੰਦੀ ਹੈ’; ਕੂੜ-ਭਰਮ ਨੂੰ ਮਿਟਾਉਣਾ ਨਹੀਂ ਸਗੋਂ ਬਚਾਉਣਾ ਹੈ ਕਿਉਂਕਿ ਹੁਕਮ ’ਚ ਚੱਲਦਿਆਂ ਹੀ ਤਾਂ ਬੰਦਾ ਸਾਰੀ ਜ਼ਿੰਦਗੀ ਭੋਗਦਾ ਪਿਆ ਹੈ। ਇਸ ਨੂੰ ਪਹਿਲੀ ਪਉੜੀ ’ਚ ‘‘ਲਿਖਿਆ ਨਾਲਿ ’’ ਸ਼ਬਦਾਂ ’ਚ ਬਿਆਨ ਕੀਤਾ ਹੈ ਯਾਨੀ ਹੁਕਮ ’ਚ ਚੱਲਣਾ; ਬਚਪਨ ਤੋਂ ਮਨੁੱਖ ਦੇ ਨਾਲ਼ ਲਿਖਿਆ ਹੋਇਆ ਹੁੰਦਾ ਹੈ। ਇਹੀ ਸੰਦੇਸ਼ ‘ਜਪੁ’ ਬਾਣੀ ਦੀ 31ਵੀਂ ਪਉੜੀ ’ਚ ਹੈ, ‘‘ਜੋ ਕਿਛੁ ਪਾਇਆ; ਸੁ ਏਕਾ ਵਾਰ ..੩੧’’ ਭਾਵ ਮਨੁੱਖ ਦੀ ਤਕਦੀਰ ’ਚ ਜੋ ਪਾਉਣਾ ਸੀ, ਉਹ ਜਨਮ ਤੋਂ ਇੱਕ ਵਾਰ ਹੀ ਪਾ ਦਿੱਤਾ ਗਿਆ। ਗੁਰੂ ਨਾਨਕ ਸਾਹਿਬ ਇਸੇ ਨੂੰ ‘ਲੇਖ’ ਕਹਿੰਦੇ ਹਨ, ‘‘ਸਰਬ ਜੀਆ ਸਿਰਿ ਲੇਖੁ ਧੁਰਾਹੂ; ਬਿਨੁ ਲੇਖੈ ਨਹੀ ਕੋਈ ਜੀਉ ਆਪਿ ਅਲੇਖੁ, ਕੁਦਰਤਿ ਕਰਿ ਦੇਖੈ; ਹੁਕਮਿ ਚਲਾਏ ਸੋਈ ਜੀਉ ’’ (ਮਹਲਾ /੫੯੮) ਅਰਥ : ਹਰ ਜੀਵ-ਜੰਤ ਦੇ ਸਿਰ ਉੱਤੇ ਧੁਰ ਤੋਂ ਯਾਨੀ ਜੀਵਨ ਦੀ ਹੋਂਦ ਬਣਨ ਵੇਲ਼ੇ ਤੋਂ ਲੇਖ ਲਿਖਿਆ ਹੈ। ਇਸ ਲੇਖ ਤੋਂ ਬਿਨਾਂ ਕੋਈ ਜੀਵ ਪੈਦਾ ਨਹੀਂ ਹੋਇਆ। ਮਾਲਕ ਆਪ ਲੇਖ ਤੋਂ ਰਹਿਤ ਹੈ, ਜੋ ਸਾਰੀ ਕੁਦਰਤ ਨੂੰ (ਲੇਖੇ ’ਚ) ਪੈਦਾ ਕਰਕੇ ਵੇਖਦਾ ਹੈ, ਸੰਭਾਲ਼ਦਾ ਹੈ (ਕਿ ਕੀ ਲੇਖ ਅਨੁਸਾਰ ਸਭ ਭੋਗਿਆ ਜਾ ਰਿਹਾ ਹੈ ਜਾਂ ਨਹੀਂ) ਉਹ ਆਪ ਹੀ ਸਭ ਨੂੰ ਆਪਣੇ ਹੁਕਮ ’ਚ ਚਲਾਉਂਦਾ ਹੈ (ਹੁਕਮਿ ਚਲਾਏ ਸੋਈ ਜੀਉ ) ਇੱਥੇ ‘ਲੇਖ’ ਅਤੇ ‘ਹੁਕਮ’ ਦਾ ਇਉਂ ਪਰਸਪਰ ਸਬੰਧ ਹੈ; ਜਿਵੇਂ ਮਾਲਕ ਆਪਣੇ ਨੌਕਰ ਨੂੰ ਵਸਤੂ ਦੇ ਕੇ ਕਿਤੇ ਭੇਜੇ; ਭੇਜਣਾ ‘ਹੁਕਮ’ ਹੈ ਤੇ ਵਸਤੂ ‘ਲੇਖ ਹੈ, ਨਸੀਬ ਹੈ, ਤਕਦੀਰ ਹੈ’। ਸਚਿਆਰ ਹੋਣ ਲਈ ਮਨੁੱਖ ਨੇ ਕੇਵਲ ਇਹ ਵਿਸ਼ਵਾਸ ਧਾਰਨਾ ਹੈ ਕਿ ਮੈ ਹੁਕਮ ’ਚ ਹਾਂ, ਮੈ ਮਾਲਕ ਦਾ ਆਗਿਆਕਾਰੀ ਸੇਵਕ ਹਾਂ। ਐਸੀ ਭਾਵਨਾ ਜੇ ਹਿਰਦੇ ’ਚ ਹੋਵੇ ਤਾਂ ਨੌਕਰ ਆਪਣੇ ਦੁਆਰਾ ਕੀਤੇ ਕੰਮਾਂ ਦਾ ਮਹੱਤਵ ਆਪਣੇ ’ਤੇ ਲੈ ਕੇ ‘ਕੂੜ ਦੀ ਪਾਲਿ’ ਨੂੰ ਵੱਡਾ ਨਹੀਂ ਕਰਦਾ, ਆਪਣਾ ਅਹੰਕਾਰ ਨਹੀਂ ਵਧਾਉਂਦਾ ਸਗੋਂ ਨਿਮਾਣੇ ਭਾਵ ’ਚ ਰਹਿ ਕੇ ਮਾਲਕ ਦਾ ਸ਼ੁਕਰਾਨਾ ਕਰਦਾ ਹੈ। ਮਾਲਕ ਦਾ ਡਰ-ਅਦਬ ਸਦਾ ਹਿਰਦੇ ’ਚ ਬਣਿਆ ਰਹਿੰਦਾ ਹੈ। ਇਹੀ ਹੈ ‘ਕੂੜ ਦੀ ਪਾਲਿ’ ਢਾਹੁਣਾ। ‘ਕੂੜ’ ਦਾ ਅਰਥ ਹੈ ‘ਜੋ ਸੱਚ ਨਹੀਂ’ ਤੇ ‘ਪਾਲਿ’ ਦਾ ਅਰਥ ਹੈ ‘ਕੰਧ, ਪਰਦਾ, ਓਹਲਾ, ਭਰਮ’; ਜਿਵੇਂ ਬੁਖ਼ਾਰ ਹੋਣ ’ਤੇ ਡਾਕਟਰ ਦਵਾ ਦੇਵੇ, ਪਰ ਕੋਈ ਵਹਿਮੀ ਬੰਦਾ ਸਲਾਹ ਦੇ ਦੇਵੇ ਕਿ ਇਹ ਦਵਾ ਤਾਂ ਅਸਰ ਕਰੇਗੀ ਜੇ ਸੁਬਹ ਪੂਰਵ ਵੱਲ ਤੇ ਸ਼ਾਮ ਨੂੰ ਪੱਛਮ ਵੱਲ ਮੂੰਹ ਕਰਕੇ ਖਾਏਂਗਾ। ਐਸਾ ਭਰਮ; ਅਸਲ ਸਚਾਈ (ਕਿ ਦਵਾ ਕਾਰਨ ਬੁਖ਼ਾਰ ਉਤਰਿਆ ਹੈ) ਨਾਲ਼ੋਂ ਤੋੜਦਾ ਹੈ। ਗੁਰਬਾਣੀ ਦੇ ਬਚਨ ਹਨ ਕਿ ਅਹੰਕਾਰ (ਭਰਮ) ਤੇ ਨਾਮ (ਸਚਾਈ) ਇੱਕੋ ਹਿਰਦੇ ’ਚ ਨਹੀਂ ਹੁੰਦੇ, ‘‘ਹਉਮੈ (ਦਾ) ਨਾਵੈ ਨਾਲਿ ਵਿਰੋਧੁ ਹੈ; ਦੁਇ ਵਸਹਿ ਇਕ ਠਾਇ ’’ (ਮਹਲਾ /੫੬੦)

ਅੰਨ੍ਹੇ ਨੂੰ ਰਾਹ ਦੱਸਣ ਲਈ ਅੱਗੇ ਆਉਣਾ ਤੇ ਭਰਮ-ਭੁਲੇਖੇ (ਬੁਰਿਆਈ) ਨੂੰ ਮਿਟਾਉਣਾ; ਰੌਸ਼ਨ-ਦਿਮਾਗ਼ ਬੰਦੇ ਦਾ ਨੈਤਿਕ ਫ਼ਰਜ਼ ਹੈ ਤੇ ਕਿਸੇ ਦੇ ਰਾਹ ਦਾ ਰੋੜਾ ਬਣਨਾ; ਗੁਰਮਤਿ ਵਿਰੁਧ ਹੈ। ਇਹੀ ਕਾਰਨ ਰਿਹਾ ਸੀ ਕਿ ਸਿੱਖਾਂ ਨੇ ਭੱਜਦੇ ਦੁਸ਼ਮਣ ਦਾ ਕਦੇ ਪਿੱਛਾ ਨਹੀਂ ਕੀਤਾ। ਅੱਜ ਬੜਾ ਅਸਚਰਜ ਹੁੰਦਾ ਹੈ ਜਦ ਇੱਕ ਸਿੱਖ; ਦੂਸਰੇ ਸਿੱਖ ਦੇ ਰਾਹ ਦਾ ਰੋੜਾ ਇਸ ਲਈ ਬਣ ਬੈਠਦਾ ਹੈ ਕਿਉਂਕਿ ਉਸ ਨਾਲ਼ ਵਿਚਾਰਿਕ ਅਸਹਿਮਤੀ ਹੁੰਦੀ ਹੈ। ਗੁਰਸਿੱਖ ਨੂੰ ਤਾਂ ਮਿਲ ਬੈਠ ਕਰ ਮਤਭੇਦ ਦੂਰ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ; ਜਿਵੇਂ ਕਿ ਬਚਨ ਹਨ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ, ਲਿਵ ਲਾਇ ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ’’ (ਮਹਲਾ /੧੧੮੫)

ਵਿਚਾਰ ਅਧੀਨ ਵਾਕ ‘‘ਹੁਕਮਿ ਰਜਾਈ ਚਲਣਾ..’’ ’ਚ ਜੇ ਕਾਵਿ ਪਿੰਗਲ ਪ੍ਰਭਾਵ ਨਾ ਹੁੰਦਾ ਤਾਂ ਇੱਥੇ ‘ਚਲਣਾ’ ਦੀ ਥਾਂ ਸ਼ਬਦ ‘ਚਲਣੁ’ ਹੁੰਦਾ; ਜਿਸ ਦਾ ਅਰਥ ਹੈ ‘ਚੱਲਣ ਨੂੰ’। ਪਹਿਲੀ ਤੁਕ (ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ) ਦੇ ਮੁਕਾਬਲੇ ਦੂਜੀ ਤੁਕ (ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ ) ’ਚ 2 ਅੰਕ (25-23=2) ਪਹਿਲਾਂ ਹੀ ਘੱਟ ਹਨ; ਜਿਵੇਂ ਕਿ ਹੇਠਾਂ ਵਿਚਾਰਿਆ ਗਿਆ ਹੈ। ਇੱਥੇ ‘ਚਲਣੁ’ ਲਿਖਣ ਨਾਲ਼ ਇਹ ਅੰਤਰ ਵਧ ਕੇ 3 ਹੋ ਜਾਂਦਾ, ਇਸ ਲਈ ਕਾਵਿ-ਪਿੰਗਲ ਨੇ ਇਹ ਇਜਾਜ਼ਤ ਨਾ ਦਿੱਤੀ :

ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ

[ਕਿਵ (1+1)+ਸਚਿਆਰਾ (1+1+2+2)+ਹੋਈਐ (1+2+2)

+ਕਿਵ (1+1)+ਕੂੜੈ (2+2)+ਤੁਟੈ (1+2)+ਪਾਲਿ (2+1)=25]

ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ

[ਹੁਕਮਿ (1+1+1)+ਰਜਾਈ (1+2+2)+ਚਲਣਾ (1+1+2)

+ਨਾਨਕ (2+1+1)+ਲਿਖਿਆ (1+1+2)+ਨਾਲਿ (2+1)=23]

ਉਕਤ ਵਿਚਾਰਿਆ ਗਿਆ ਹੈ ਕਿ ‘ਚਲਣਾ’ ਦਾ ਅਰਥ ਹੈ ‘ਮੌਤ’ ਜਾਂ ‘ਨਾਸ ਹੋਣਾ’। ਗੁਰਮਤਿ ਅਨੁਸਾਰ ਸਿੱਖ ਨੇ ਜੀਵਦਿਆਂ ਹੀ ਮਰਨਾ ਹੈ, ਮੁਕਤ ਹੋਣਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਹੀ ਬਚਨ ਹਨ, ‘‘ਮੁਇਆ ਜਿਤੁ ਘਰਿ ਜਾਈਐ; ਤਿਤੁ ਜੀਵਦਿਆ ਮਰੁ ਮਾਰਿ ’’ (ਮਹਲਾ /੨੧) ਅਰਥ : ਮਰਨ ਤੋਂ ਬਾਅਦ ਜਿਸ ਘਰ (ਭਾਵ ਪ੍ਰਭੂ ਚਰਨਾਂ) ’ਚ ਜਾਣਾ ਹੈ; ਉਸ ਵਿੱਚ ਜੀਵਦਿਆਂ ਹੀ (ਮਾਇਆ ਮੋਹ ਨੂੰ) ਮਾਰ ਕੇ ਪਹੁੰਚ। ਐਸੀ ਅਵਸਥਾ ਬਣਾਉਣ (ਚਲਣਾ) ਨੂੰ ਗੁਰੂ ਅਮਰਦਾਸ ਜੀ ਬੜਾ ਕਠਿਨ ਮਾਰਗ ਦੱਸਦੇ ਹਨ, ‘‘ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਹ ਕੇਰੀ (ਦੀ); ਬਿਖਮ ਮਾਰਗਿ (’ਤੇ) ਚਲਣਾ ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ; ਬਹੁਤੁ ਨਾਹੀ ਬੋਲਣਾ ..੧੪’’ (ਅਨੰਦ/ਮਹਲਾ /੯੧੯) ਇਉਂ ‘‘ਹੁਕਮਿ ਰਜਾਈ ਚਲਣਾ (ਚਲਣੁ); ਨਾਨਕ  ! ਲਿਖਿਆ ਨਾਲਿ ’’ ਦਾ ਸ਼ਾਬਦਿਕ ਅਰਥ ਹੋਇਆ ‘ਰਜ਼ਾ ਦੇ ਮਾਲਕ ਦੇ ਹੁਕਮ ’ਚ ਚੱਲਣ ਨੂੰ (ਸਮਝ, ਜੋ ਤੇਰੀ ਹੋਂਦ ਤੋਂ ਤੇਰੇ) ਨਾਲ਼ ਲਿਖਿਆ ਹੈ।

ਜਿਸ ਤਰ੍ਹਾਂ ਨਸੇੜੀ ਨੂੰ ਨਸ਼ੇ ਦਾ ਮਾੜਾ ਪ੍ਰਭਾਵ ਸਮਝਣਾ ਅਸਾਨ ਹੈ, ਪਰ ਆਦਤ ਛੁਡਾਉਣੀ ਮੁਸ਼ਕਲ ਹੁੰਦੀ ਹੈ; ਵੈਸੇ ਹੀ ਉਕਤ ਸਿਧਾਂਤ ਸਮਝਣਾ ਭਾਵੇਂ ਮੁਸ਼ਕਲ ਨਹੀਂ, ਪਰ ਇਸ ਅਨੁਸਾਰ ਜੀਵਨ ਬਸਰ ਕਰ ਭਰਮ ਤੋਂ ਬਚੇ ਰਹਿਣਾ ਬੜਾ ਕਠਿਨ ਹੈ ਤਾਹੀਓਂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਹਨ, ‘‘ਹੈਨਿ ਵਿਰਲੇ ਨਾਹੀ ਘਣੇ; ਫੈਲ ਫਕੜੁ ਸੰਸਾਰੁ ’’ (ਮਹਲਾ /੧੪੧੧) ਅਰਥ : ਮਨੁੱਖ ਅਕਸਰ ਵਿਖਾਵੇ ਦੇ ਕੰਮ (ਕਰਮਕਾਂਡ) ਕਰਦਾ ਹੈ, ਕੋਈ ਵਿਰਲਾ ਹੀ ‘ੴ’ ਨਾਲ਼ ਨਿਰੰਤਰ ਧਿਆਨ ਜੋੜਨ ’ਚ ਸਫਲ ਹੁੰਦਾ ਹੈ, ਬਹੁਤੇ ਨਹੀਂ। ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬ ਦੇ ਸਮੇਂ ਤਿੰਨ ਕਰੋੜ ਸਿੱਖ ਸਨ ਜਦਕਿ 15ਵੀਂ ਤੋਂ 16ਵੀਂ ਸਦੀ ਤੱਕ ਵਿਸ਼ਵ ਦੀ ਕੁੱਲ ਅਬਾਦੀ ਕੇਵਲ 45-50 ਕਰੋੜ ਹੀ ਸੀ। ਗੁਰੂ ਅਰਜਨ ਸਾਹਿਬ ਜੀ ਨੇ ਭੀ ਇਹੀ ਤੱਤ ਕੱਢਿਆ ਹੈ, ‘‘ਜਿਨ੍ਹਾ ਦਿਸੰਦੜਿਆ ਦੁਰਮਤਿ ਵੰਞੈ (ਦੂਰ ਹੋਵੇ); ਮਿਤ੍ਰ ਅਸਾਡੜੇ ਸੇਈ ਹਉ ਢੂਢੇਦੀ ਜਗੁ ਸਬਾਇਆ; ਜਨ ਨਾਨਕ ਵਿਰਲੇ ਕੇਈ ’’ (ਮਹਲਾ /੫੨੦) ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਭੀ ਬਚਨ ਹਨ, ‘‘ਨਿਸਿ ਦਿਨੁ ਮਾਇਆ ਕਾਰਨੇ; ਪ੍ਰਾਨੀ ਡੋਲਤ ਨੀਤ ਕੋਟਨ ਮੈ ਨਾਨਕ ਕੋਊ; ਨਾਰਾਇਨੁ ਜਿਹ ਚੀਤਿ (’)’’ (ਮਹਲਾ /੧੪੨੭)

ਧਰਮ ਦੇ ਇਲਾਹੀ ਰਾਜ਼; ਆਮ ਮਨੁੱਖ ਨੂੰ ਦ੍ਰਿੜ੍ਹ ਕਰਵਾਉਣੇ ਬੜੇ ਕਠਿਨ ਹਨ, ਇਸ ਲਈ ‘ਜਪੁ’ ਬਾਣੀ ਦੀ ਦੂਸਰੀ ਪਉੜੀ ’ਚ ਹੀ ‘ਹੁਕਮ’ ਦੀ ਵਿਸਥਾਰ ਸਹਿਤ ਵਿਆਖਿਆ ਕੀਤੀ ਹੈ ਕਿ ਹੇ ਮਨੁੱਖ ! ਤੂੰ ‘ੴ’ ਦੇ ਹੁਕਮ ’ਚ ਇਕੱਲਾ ਹੀ ਨਹੀਂ ਚੱਲਦਾ; ਵੇਖ ਸਾਰੇ ਸਰੀਰ ਹੁਕਮ ’ਚ ਬਣੇ ਹਨ (ਹੁਕਮੀ ਹੋਵਨਿ ਆਕਾਰ), ਇਨ੍ਹਾਂ ’ਚ ਰੂਹਾਂ ਭੀ ਹੁਕਮ ਨਾਲ਼ ਪਾਈਆਂ ਹਨ (ਹੁਕਮੀ ਹੋਵਨਿ ਜੀਅ), ਹੁਕਮ ਲਿਖੇ ਅਨੁਸਾਰ ਹੀ ਦੁੱਖ-ਸੁੱਖ ਮਿਲਦੇ ਹਨ (ਹੁਕਮਿ ਲਿਖਿ ਦੁਖ ਸੁਖ ਪਾਈਅਹਿ), ਨਿਚੋੜ ਇਹੀ ਹੈ ਕਿ ਹਰ ਕੋਈ ਹੁਕਮ ’ਚ ਹੈ, ਹੁਕਮ ਤੋਂ ਆਕੀ ਕੋਈ ਨਹੀਂ (ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ) ਪਉੜੀ ਦੇ ਅੰਤ ’ਚ ਕਿਹਾ ਹੈ ਕਿ ਜੋ ਹੁਕਮ ’ਚ ਚੱਲਦਾ ਹਾਂ, ਨੂੰ ਸਵੀਕਾਰ ਲੈਂਦਾ ਹੈ; ਉਸ ਨੂੰ ਇਹੀ ਫਲ਼ ਮਿਲਦਾ ਹੈ ਕਿ ਉਸ ਅੰਦਰ ਅਹੰਕਾਰ ਨਹੀਂ ਰਹਿੰਦਾ ਯਾਨੀ ‘ਕੂੜ ਦੀ ਪਾਲਿ’ ਮਿਟ ਜਾਂਦੀ ਹੈ (ਨਾਨਕ  ! ਹੁਕਮੈ ਜੇ ਬੁਝੈ; ਹਉਮੈ ਕਹੈ ਕੋਇ ) ‘ਹੁਕਮ’ ਦੀ ਐਨੀ ਵਿਸਥਾਰ ਸਹਿਤ ਵਿਆਖਿਆ ਤੋਂ ਬਾਅਦ ਭੀ ਜੇ ਕੋਈ ਆਪ ਸਮਝਦਾ ਤੇ ਸੰਗਤਾਂ ਨੂੰ ਭਰਮ ’ਚ ਪਾਉਂਦਾ ਫਿਰੇ ਕਿ ‘ਜੋ ਹੁਕਮ ’ਚ ਹੈ, ਉਹੀ ਸੁਖੀ ਹੈ, ਜੋ ਨਹੀਂ ਉਹ ਦੁਖੀ ਹੈ’ ਤਾਂ ਐਸੇ ਭਰਮ ਨੂੰ ਤੋੜਨਾ ਅਸੰਭਵ ਹੈ। ਪੂਰੀ ਵਿਚਾਰ ਦਾ ਨਚੋੜ ਹੈ ਕਿ ਗੁਰਮਤਿ ਦੇ ਹੇਠਲੇ ਦੋ ਨਿਯਮ ਹੀ ਪ੍ਰਾਚੀਨ ਧਰਮਾਂ ਨਾਲੋਂ ਗੁਰਮਤਿ ਨੂੰ ਨਿਆਰਾ ਕਰਦੇ ਹਨ :

(1). ਸਾਰਾ ਬ੍ਰਹਿਮੰਡ; ‘ੴ’ ਦੇ ਹੁਕਮ ’ਚ ਹੈ ਤੇ ਉਹ ਆਪ ਜ਼ਰਰੇ-ਜ਼ਰਰੇ ’ਚ ਵਿਆਪਕ ਹੋ ਕੇ ਸਭ ਕੁੱਝ ਕਰਦਾ ਤੇ ਵੇਖਦਾ ਹੈ। ਪਾਵਨ ਬਚਨ ਹਨ, ‘‘ ਮਨ ! ਮਤ ਜਾਣਹਿ ਹਰਿ ਦੂਰਿ ਹੈ; ਸਦਾ ਵੇਖੁ ਹਦੂਰਿ ਸਦ ਸੁਣਦਾ, ਸਦ ਵੇਖਦਾ; ਸਬਦਿ ਰਹਿਆ ਭਰਪੂਰਿ ਰਹਾਉ ’’ (ਮਹਲਾ /੪੨੯) ਅਰਥ : ਹੇ ਮਨ ! ਤੂੰ ਇਹ ਨਾ ਸਮਝ ਕਿ ਹਰੀ ਤੈਥੋਂ ਦੂਰ ਹੈ। ਉਸ ਨੂੰ ਅੰਗ ਸੰਗ ਪਹਿਚਾਣ। ਉਹ ਸਭ ਕੁੱਝ ਸੁਣਦਾ ਹੈ, ਵੇਖਦਾ ਹੈ; ਗੁਰੂ ਦੀ ਸਿੱਖਿਆ ਨਾਲ਼ ਉਸ ਨੂੰ ਅੰਗ-ਸੰਗ ਮਹਿਸੂਸ ਕੀਤਾ ਜਾ ਸਕਦਾ ਹੈ।

(2). ਗੁਰਮਤਿ ਦੀ ਇਸ ਵਿਲੱਖਣਤਾ ਪ੍ਰਤੀ ਬਣੇ ਹਰ ‘ਭਰਮ, ਕੂੜ, ਪਰਦੇ’ ਨੂੰ ਗੁਰਬਾਣੀ ਤੋੜਦੀ ਹੈ।

ਇਹ ਦੋਵੇਂ ਹਥਿਆਰ ਧਾਰਨ ਕਰ ਗੁਰੂ ਨਾਨਕ ਸਾਹਿਬ ਜੀ ਨੇ ਬਿਖੜੇ ਮਾਰਗ ਰਾਹੀਂ ਮੱਕਾ-ਸ਼ਹਰ ਪਹੁੰਚ ਕੇ ਮੌਲਵੀ ਨੂੰ ਕਿਹਾ ‘ਜਿੱਧਰ ਖ਼ੁਦਾ ਨਹੀਂ, ਓਧਰ ਮੇਰੇ ਪੈਰ ਕਰ ਦਿਓ’। ਉਡੀਸਾ ਦੀ ਜਗਨਨਾਥ ਪੁਰੀ ਵਿਖੇ ਪੰਡਿਤਾਂ ਨੂੰ ਕਿਹਾ ਕਿ ਸਾਰੀ ਕੁਦਰਤ; ਆਪਣੇ ਆਪ ਹੀ ਜਗਨਨਾਥ ਦੀ ਆਰਤੀ ਕਰਦੀ ਪਈ ਹੈ; ਉਸ ਲਈ ਵੱਖਰੀ ਆਰਤੀ ਕਰਨ ਦੀ ਲੋੜ ਨਹੀਂ ਸਗੋਂ ਤੂੰ ਭੀ ਆਪਣੇ ਆਪ ਨੂੰ ਉਸ ਆਰਤੀ ਦਾ ਭਾਗ ਸਮਝ ਯਾਨੀ ਤੂੰ ਭੀ ਕੁਦਰਤ ਵਾਂਗ ਉਸ ਦੇ ਹੁਕਮ ’ਚ ਹੈਂ, ਉਸ ’ਤੇ ਭਰੋਸਾ ਧਾਰ। ਹਰਦੁਆਰ ਵਿਖੇ ਪੱਛਮ ਵੱਲ ਪਾਣੀ ਸੁਟ ਕੇ ਇਹ ਭਰਮ ਤੋੜਿਆ ਕਿ ਹਰੀ; ਇੰਨਾ ਦੂਰ ਨਹੀਂ। ਕੁਰਕਸ਼ੇਤਰ ਵਿਖੇ ਹਿਰਨ ਦਾ ਮਾਸ ਰਿੰਨ੍ਹ ਕੇ ਸੂਰਜ ਗ੍ਰਹਿਣ ਸਮੇਂ ਅੱਗ ਨਾ ਬਾਲਣ ਤੇ ਮਾਸ ਨਾ ਰਿੰਨ੍ਹਣ ਵਾਲ਼ਾ ਭਰਮ ਤੋੜਿਆ, ਆਦਿ।

ਗੁਰਬਾਣੀ ਤੋਂ ਇਲਾਵਾ ਕਿਸੇ ਭੀ ਧਾਰਮਿਕ ਗ੍ਰੰਥ ’ਚ ‘ਓਮ, ਅਲਹ, ਪ੍ਰਭੂ, ਰਾਮ, ਬ੍ਰਹਮਾ, ਵਿਸ਼ਨੂੰ, ਸ਼ਿਵ’ ਆਦਿਕ ਨੂੰ ਸਰਬ ਵਿਆਪਕ ਨਹੀਂ ਬਿਆਨ ਕੀਤਾ। ਇਹੀ ਕਾਰਨ ਹੈ ਕਿ ਪੰਡਿਤ ਨੂੰ ਸ਼ੂਦਰ, ਔਰਤ ਤੇ ਮੁਸਲਮਾਨ ’ਚ ਰਾਮ ਨਜ਼ਰ ਨਹੀਂ ਆਉਂਦਾ। ਹਮਲਾਵਰ ਮੁਲਸਮਾਨਾਂ ਨੂੰ ਔਰਤਾਂ, ਬੱਚਿਆਂ, ਬਜ਼ੁਰਗਾਂ ’ਚ ਅਲਹ ਦਾ ਦੀਦਾਰ ਨਾ ਹੋਇਆ। ਯਹੂਦੀਆਂ ਤੇ ਈਸਾਈਆਂ ਨੂੰ ਮੁਸਲਮਾਨਾਂ ’ਚ ਪ੍ਰਭੂ ਨਜ਼ਰ ਨਹੀਂ ਆਉਂਦਾ। ਬਾਣੀਕਾਰਾਂ ਨੇ ‘ੴ’ ਦੀ ਸਰਬ ਵਿਆਪਕ ਵਿਆਖਿਆ ਹੀ ਨਹੀਂ ਕੀਤੀ ਬਲਕਿ ਪੂਰਾ ਬ੍ਰਹਿਮੰਡ ਉਸ ਦੇ ਹੁਕਮ ’ਚ ਹੈ, ਕਹਿ ਕੇ ਉਸ ਨੂੰ ਜਾਨਦਾਰ ਸਰਬ ਸ਼ਕਤੀਮਾਨ ਭੀ ਮੰਨਿਆ ਹੈ। ਇਸੇ ਕਾਰਨ ਸਿੱਖਾਂ ਨੇ ਕਿਸੇ ਗ਼ੈਰ ਧਰਮ ਜਾਂ ਔਰਤ ਨਾਲ਼ ਕੋਈ ਵਿਤਕਰਾ ਨਾ ਕੀਤਾ ਤਾਂ ਕਿ ਮਤਾਂ ਕਿਤੇ ਮਾਲਕ ਦੀ ਪ੍ਰਸੰਨਤਾ ਖੁਸ ਜਾਵੇ।

ਸੋ ਗੁਰਬਾਣੀ ਨੂੰ ਸਰਲ ਤੇ ਸਪਸ਼ਟ ਕਰਨ ’ਚ ਨਿਭਾਈ 35 ਬਾਣੀਕਾਰਾਂ ਦੀ ਭੂਮਿਕਾ ਤੋਂ ਬਾਅਦ ਗੁਰਮਤਿ-ਏਜੰਡੇ ਨੂੰ ਸਮਝਣਾ ਕੋਈ ਮੁਸ਼ਕਲ ਨਹੀਂ, ਪਰ ਇਸ ਅੰਦਰ ਕਈ ਭਾਸ਼ਾਵਾਂ ਤੇ ਪੁਰਾਤਨ ਲਿਪੀ (ਗੁਰਮੁਖੀ) ਹੋਣ ਕਾਰਨ ਸਿੱਖ ਲਈ ਇਹ ਕਠਿਨਾਈ ਜਾਪਦੀ ਹੈ। ਜੇ ਗੁਰਮਤਿ ਦੇ ਸੰਖੇਪ ਜਿਹੇ ਅਸੂਲ ਸਮਝਣੇ ਐਨੇ ਕਠਿਨ ਹੁੰਦੇ, ਜਿੰਨੇ ਕਿ ਅੱਜ ਪ੍ਰਤੀਤ ਹੋ ਰਹੇ ਹਨ ਤਾਂ ਇਨ੍ਹਾਂ ਨੂੰ ਅਮਲ ’ਚ ਲਿਆਉਣ ਲਈ ਤਾਂ ਕਈ ਜਨਮ ਲੈਣੇ ਪੈਣੇ ਸਨ। ਮੁਲਤਾਨ ਜ਼ਿਲ੍ਹੇ ਦੇ ਡਾਕੂ ਸੱਜਣ ਠੱਗ ਤੇ ਦੱਖਣ ਵਿੰਧਿਆਚਲ ਦੇ ਕੌਡਾ ਰਾਖਸ਼ ਨੇ ਗੁਰੂ ਨਾਨਕ ਸਾਹਿਬ ਜੀ ਦੀ ਕਿੰਨੀ ਕੁ ਸੰਗਤ ਕੀਤੀ ਹੋਵੇਗੀ ? ਲਾਹੌਰ ਨਿਵਾਸੀ ਮਥੋ ਮੁਰਾਰੀ, ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਨੇ ਮੰਜੀ ਬਖ਼ਸ਼ੀ, ਉਸ ਨੂੰ ਪਹਿਲਾਂ ਪ੍ਰੇਮਾ ਕੋਹੜੀ ਸਮਝਿਆ ਜਾਂਦਾ ਸੀ। ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ; ਦਸਮੇਸ਼ ਪਿਤਾ ਨਾਲ਼ ਕਿੰਨਾ ਕੁ ਚਿਰ ਰਹੇ ਹਨ ? ਗੁਰੂ ਸਾਹਿਬਾਨ ਨੇ ਧਰਮ ਦੇ ਜੋ ਮੂਲ ਅਸੂਲ ਸਮਝਾਏ; ਇਨ੍ਹਾਂ ਸਭ ਨੇ ਉਨ੍ਹਾਂ ਉੱਤੇ ਅਟੁੱਟ ਭਰੋਸਾ ਰੱਖ ਨਿਰੰਤਰ ਅਭਿਆਸ ਕੀਤਾ ਤੇ ਆਤਮ ਗਿਆਨੀ ਬਣ ਮੁਕਤ ਹੋ ਗਏ। ਅੱਜ ਬਜ਼ੁਰਗ ਸਿੱਖ ਸੰਗਤ ਭੀ ਗੁਰੂ ਘਰਾਂ ਅੰਦਰ ਗੁਟਕਾ ਸਾਹਿਬ ਤੋਂ ਪੜ੍ਹ ਕੇ ਨਿਤਨੇਮ ਕਰਦੀ ਹੈ। ਗੁਰਬਾਣੀ-ਪਾਠ ਰਾਹੀਂ ਜਿਸ ਸੁਰਤਿ ਨੇ ‘ੴ’ ਨਾਲ਼ ਧਿਆਨ ਇਕਾਗਰ ਕਰ ਭਰਮ ਮੁਕਤ ਹੋ ਉੱਚਾ ਉੱਠਣਾ ਸੀ, ਉਹ ਸਾਰੀ ਉਮਰ ਬੀਤ ਜਾਣ ਉਪਰੰਤ ਭੀ ਉਨ੍ਹਾਂ ਨਾਸਵਾਨ ਅੱਖਰਾਂ ਦੀ ਟੇਕ ਲੈਂਦੀ ਪਈ ਹੈ, ਜਿਨ੍ਹਾਂ ਬਾਰੇ ਬਚਨ ਹਨ, ‘‘ ਅਖਰ ਖਿਰਿ ਜਾਹਿਗੇ; ਓਇ ਅਖਰ ਇਨ ਮਹਿ ਨਾਹਿ ’’ (ਬਾਵਨ ਅਖਰੀ/ਭਗਤ ਕਬੀਰ/੩੪੦) ਅਰਥ : ਸੰਸਕ੍ਰਿਤ ਦੇ ਇਹ 52 ਅੱਖਰ (ਜਾਂ ਗੁਰਮੁਖੀ ਦੇ 35 ਅੱਖਰ ਦ੍ਰਿਸ਼ਟਮਾਨ-ਜਗਤ ਵਾਂਗ) ਨਾਸ ਹੋ ਜਾਣਗੇ ਇਨ੍ਹਾਂ ਰਾਹੀਂ ਬਿਆਨ ਕੀਤਾ ਉਹ ਨਾਸ ਰਹਿਤ ਪ੍ਰਭੂ; ਇਨ੍ਹਾਂ ਅੰਦਰ ਨਹੀਂ ਹਨ। ਸੋ ਜ਼ਰੂਰਤ ਹੈ ਨਿਤਨੇਮ ਬਾਣੀਆਂ ਨੂੰ ਕੰਠ ਕਰ ਸੁਰਤਿ ਦੀ ਇਕਾਗਰਤਾ ਨਾਲ਼ ਰੂਹਾਨੀਅਤ ਪੜਾਅ ਦਰ ਪੜਾਅ ਸਫ਼ਰ ਕਰਨ ਦੀ, ਤਾਂ ਜੋ ਆਤਮ-ਪ੍ਰਕਾਸ਼/ਬਲ ਨਾਲ਼ ਸਰੀਰਕ, ਪਰਵਾਰਿਕ, ਸਮਾਜਿਕ, ਆਰਥਿਕ ਤੇ ਰਾਜਨੀਤਿਕ ਖੇਤਰ ’ਚ ਆਦਰਸ਼ ਜੀਵਨ ਵਜੋਂ ਮੋਹਰੀ ਰੋਲ ਅਦਾ ਕੀਤਾ ਜਾ ਸਕੇ।

—–ਚੱਲਦਾ—–

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਦੂਜਾ)

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਤੀਜਾ)

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਚੌਥਾ)

Most Viewed Posts