ਸਵਾਲ ਜਵਾਬ (4-2024)

0
32

ਸਵਾਲ ਜਵਾਬ (4-2024)

ਸਵਾਲ :ਹੁਕਮਿ ਰਜਾਈ ਚਲਣਾ ਤੋਂ ਕੀ ਭਾਵ ਹੈ  ?

ਜਵਾਬ : ‘ਰਜਾਈ’ ਤੋਂ ਭਾਵ ਹੈ ਰਜ਼ਾ ਦਾ ਮਾਲਕ ਪ੍ਰਭੂ। ਹੁਕਮਿ ਰਜਾਈ ਚਲਣਾ ਤੋਂ ਭਾਵ ਪ੍ਰਭੂ ਪਰਮਾਤਮਾ ਦਾ ਹੁਕਮ ਮੰਨਣਾ, ਉਸ ਰੱਬ ਦੇ ਸੁਭਾਅ ਨਾਲ ਆਪਣਾ ਸੁਭਾਉ ਬਣਾਉਣਾ, ਜਿਸ ਦਾ ਮਤਲਬ ਹੈ-ਗੁਰੂ ਦੇ ਦੱਸੇ ਰਸਤੇ ’ਤੇ ਚਲਦਿਆਂ ਪ੍ਰਭੂ ਦੀ ਸਿਫਤ ਸਾਲਾਹ ਵਿਚ ਸੁਰਤ ਜੋੜਨੀ ਅਤੇ ਪ੍ਰਭੂ ਦੇ ਗੁਣਾਂ ਨੂੰ ਆਪਣੇ ਹਿਰਦੇ ਅੰਦਰ ਟਿਕਾਉਣਾ।

ਸਵਾਲ : ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਕਿੱਥੇ ਹੋਈ ? ਉਨ੍ਹਾਂ ਦੇ ਨਾਲ ਕਿੰਨੇ ਹੋਰ ਸਿੱਖ ਸ਼ਹੀਦੀ ਹੋਏ ? ਭਾਈ ਬਾਜ ਸਿੰਘ ਦੀ ਸ਼ਹੀਦੀ ਕਿਵੇਂ ਹੋਈ ?

ਜਵਾਬ : ਮਹਿਰੋਲੀ (ਦਿੱਲੀ) ਵਿਚ, ਜਿੱਥੇ ਕੁਤਬਦੀਨ ਬਖ਼ਤਿਆਰੀ ਕਾਕੀ ਦੀ ਮਜ਼ਾਰ ਹੈ, ਉੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ 740 ਸਿੱਖ ਕੈਦੀਆਂ ਸਮੇਤ ਲਿਆਂਦਾ ਗਿਆ। ਬੰਦਾ ਸਿੰਘ ਅੰਤ ਸਮੇਂ ਤੱਕ ਇਹਤਮਾਦ-ਉਦ-ਦੌਲਾ ਅਮੀਨ ਖ਼ਾਨ ਬਹਾਦਰ ਦੀ ਸਪੁਰਦਗੀ ’ਚ ਰਹੇ। ਇੱਥੇ ਹੀ ਹਰ ਰੋਜ਼ 100 ਸਿੰਘਾਂ ਨੂੰ ਤਸੀਹੇ ਦੇ ਕੇ ਮਾਰਿਆ ਜਾਂਦਾ, ਪਰ ਕੋਈ ਸਿਦਕ ਤੋਂ ਨਾ ਡੋਲਿਆ। ਅਖੀਰ ’ਚ ੧੧ ਹਾੜ ਬਿਕ੍ਰਮੀ ਸੰਮਤ ੧੭੭੩/ 9 ਜੂਨ 1716 ਜੂਲੀਅਨ ਨੂੰ ਪਹਿਲਾਂ 40 ਸਿੰਘਾਂ ਨੂੰ ਸ਼ਹੀਦ ਕੀਤਾ, ਫਿਰ ਉਸ ਦੇ 4 ਸਾਲ ਦੇ ਬੱਚੇ ਅਜੈ ਸਿੰਘ ਦਾ ਕਲੇਜਾ ਕੱਢ ਕੇ ਉਸ ਦੇ ਮੂੰਹ ’ਚ ਤੁੰਨਿਆ ਗਿਆ ਅਤੇ ਅਖੀਰ ਗਰਮ ਜਮੂੰਰਾਂ ਨਾਲ ਬਾਬਾ ਬੰਦਾ ਸਿੰਘ ਦੇ ਮਾਸ ਦੀਆਂ ਬੋਟੀਆਂ ਖਿੱਚ ਕੇ ਹੱਡੀਆਂ ਨਾਲੋਂ ਵੱਖ ਕੀਤੀਆਂ ਤੇ ਸ਼ਹੀਦ ਕਰ ਦਿੱਤਾ ਗਿਆ ਸੀ।

ਸਿੱਖ ਇਤਿਹਾਸਕ ਦਿਹਾੜਿਆਂ ਲਈ ਪ੍ਰਵਿਸ਼ਟਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ, ਇਸ ਲਈ ਅੱਜ ਕੱਲ੍ਹ ਨਾਨਕਸ਼ਾਹੀ ਕੈਲੰਡਰ ’ਚ ੧੧ ਹਾੜ ਹਰ ਸਾਲ 25 ਜੂਨ ਨੂੰ ਆਉਂਦਾ ਹੈ ਜਦੋਂ ਕਿ ਬਿਕ੍ਰਮੀ ਕੈਲੰਡਰ ’ਚ ਜੋ ੧੧ ਹਾੜ 1716 ਈ: ’ਚ 9 ਜੂਨ ਨੂੰ ਸੀ, ਉਹੀ ੧੧ ਹਾੜ ਅੱਜ ਕੱਲ੍ਹ ਕਦੇ 24 ਤੇ ਕਦੇ 25 ਜੂਨ ਨੂੰ ਆਉਂਦਾ ਹੈ। ਜੇ ਇਹੀ ਕੈਲੰਡਰ ਰਿਹਾ ਤਾਂ ਸੰਨ 3000 ’ਚ 8 ਜੁਲਾਈ ਨੂੰ ਆਵੇਗਾ ਭਾਵ ਸੰਨ 1716 ਨਾਲੋਂ ਪੂਰਾ ਇੱਕ ਮਹੀਨਾ ਪਿੱਛੋਂ। ਬਿਕ੍ਰਮੀ ਕੈਲੰਡਰ ਦੀਆਂ ਐਸੀਆਂ ਤਾਰੀਖ਼ਾਂ ਦੀ ਪੜਚੋਲ ਕਰ ਸੋਚਣਾ ਬਣਦਾ ਹੈ ਕਿ ਨਾਨਕਸ਼ਾਹੀ ਕੈਲੰਡਰ ਅਤੇ ਬਿਕ੍ਰਮੀ ਕੈਲੰਡਰ ’ਚੋਂ ਕਿਹੜਾ ਠੀਕ ਹੈ, ਕਿਹੜਾ ਗ਼ਲਤ।

ਇੱਥੇ ਹੀ ਭਾਈ ਬਾਜ ਸਿੰਘ ਨੂੰ ਮੁਗਲ ਅਧਿਕਾਰੀ ਨੇ ਮਿਹਣਾ ਮਾਰਿਆ ਕਿ ਤੂੰ ਬੜਾ ਬਲਵਾਨ ਸਮਝਦਾ ਹੈਂ, ਹੁਣ ਵਿਖਾ ਬਹਾਦਰੀ ? ਬਾਜ ਸਿੰਘ ਨੇ ਕਿਹਾ ਕਿ ਬਹਾਦਰੀ ਵੇਖਣੀ ਹੈ ਤਾਂ ਬੇੜੀਆਂ ਖੋਲ੍ਹ ਦਿਓ। ਬੇੜੀਆਂ ਖੋਲ੍ਹਣ ’ਤੇ ਉਸ ਨੇ ਆਪਣੇ ਹੱਥ ਨੂੰ ਲੱਗੀ ਹੱਥਕੜੀ ਦਾ ਸੰਗਲ ਫੜ ਕੇ ਐਨੀ ਜੋਰ ਤੇ ਤੇਜੀ ਨਾਲ ਘੁੰਮਾਇਆ ਕਿ ਉਸ ਅਧਿਕਾਰੀ ਤੇ ਕਈ ਹੋਰਾਂ ਨੂੰ ਗੱਡੀ ਚੜ੍ਹਾ ਦਿੱਤਾ। ਅੰਤ ਉਸ ਨੂੰ ਫੜ ਕੇ ਤਸੀਹੇ ਦੇ ਦੇ ਸ਼ਹੀਦ ਕਰ ਦਿੱਤਾ ਗਿਆ।

ਸਵਾਲ : ਸਿੱਖ ਰਹਿਤ ਮਰਯਾਦਾ ਅਨੁਸਾਰ ਅੰਮ੍ਰਿਤ ਵੇਲੇ ਦੇ ਨਿਤਨੇਮ ’ਚ ਕੇਵਲ ਤਿੰਨ ਬਾਣੀਆਂ (ਜਪੁ, ਜਾਪ, ਸਵੈਯੇ) ਹੀ ਹਨ, ਪਰ ਅੰਮ੍ਰਿਤ ਵੇਲੇ ਪੰਜ ਬਾਣੀਆਂ ਪੜ੍ਹਨ ਲਈ ਭੀ ਕਿਹਾ ਜਾਂਦਾ ਹੈ। ਐਸਾ ਕਿਉਂ ?

 ਜਵਾਬ : ਪੁਰਾਣੇ ਰਹਿਤਨਾਮਿਆਂ ਵਿਚ ਨਿਤਨੇਮ ਬਾਰੇ ਵੱਖ-ਵੱਖ ਬਾਣੀਆਂ ਦਾ ਜ਼ਿਕਰ ਹੈ। ਕਿਸੇ ਵਿਚ ਵੀ ਪੰਜ ਬਾਣੀਆਂ ਦਾ ਜ਼ਿਕਰ ਨਹੀਂ। ਕਈ ਸਿੰਘ ਪੰਜ ਬਾਣੀਆਂ ਦਾ ਪਾਠ ਪਰੰਪਰਾ ਵਜੋਂ ਦੱਸ ਕੇ ਕਰਦੇ ਹਨ। ਰਹਿਤ ਮਰਯਾਦਾ ’ਚ ਇਕਸਾਰਤਾ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਸੰਨ 1931 ’ਚ ਰਹੁ ਰੀਤ ਕਮੇਟੀ ਦਾ ਗਠਨ ਕੀਤਾ। ਕਮੇਟੀ ਵੱਲੋਂ ਤਿਆਰ ਕੀਤੇ ਖਰੜੇ ’ਤੇ 14 ਸਾਲ ਦੇ ਲੰਬੇ ਸਮੇਂ ਤੱਕ ਵਿਚਾਰਾਂ ਹੁੰਦੀਆਂ ਰਹੀਆਂ ਅਤੇ ਆਖ਼ਿਰ ਸ੍ਰੋਮਣੀ ਕਮੇਟੀ ਨੇ ਮਿਤੀ 03.02.1945 ਨੂੰ ਆਪਣੀ ਇਕੱਤਰਤਾ ’ਚ ਮਤਾ ਨੰਬਰ 97 ਰਾਹੀਂ ਇਹ ਮਰਿਆਦਾ ਨੂੰ ਪ੍ਰਵਾਨਗੀ ਦੇ ਦਿੱਤੀ। ਇੰਨੇ ਸਾਲਾਂ ਦੀ ਵਿਚਾਰ ਤੋਂ ਬਾਅਦ ਅੰਮ੍ਰਿਤ ਵੇਲੇ ਦੀਆਂ ਤਿੰਨ ਬਾਣੀਆਂ ’ਤੇ ਸਹਿਮਤੀ ਬਣੀ। ਸ੍ਰੋਮਣੀ ਕਮੇਟੀ ਇਸ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਲੱਖਾਂ ਦੀ ਗਿਣਤੀ ’ਚ ਛਪਾ ਕੇ ਪ੍ਰਚਾਰ ਹਿੱਤ ਵੰਡ ਰਹੀ ਹੈ। ਗੁਰੂ ਪੰਥ ਦੇ ਇਸ ਫ਼ੈਸਲੇ ਨੂੰ ਮੰਨਣਾ ਹਰੇਕ ਸਿੱਖ ਲਈ ਜ਼ਰੂਰੀ ਹੈ; ਬਾਕੀ, ਵੱਧ ਬਾਣੀ ਪੜ੍ਹਨ ’ਤੇ ਕੋਈ ਰੋਕ ਨਹੀਂ ਹੈ। ਜੇਕਰ ਅੱਜ ਹਰ ਮੁਸਲਮਾਨ ਪੰਜ ਨਮਾਜਾਂ ਪੜ੍ਹਦਾ ਹੈ ਤਾਂ ਇਹ ਉਨ੍ਹਾਂ ਦੀ ਕੌਮੀ ਏਕਤਾ ਦਾ ਪ੍ਰਤੀਕ ਹੈ। ਇਸੇ ਤਰ੍ਹਾਂ ਸਿੱਖ ਦੇ ਨਿਤਨੇਮ ’ਚ ਭੀ ਪੰਜ ਬਾਣੀਆਂ (ਤਿੰਨ ਸਵੇਰੇ, ਇੱਕ ਸ਼ਾਮ ਨੂੰ ਰਹਰਾਸਿ ਤੇ ਇੱਕ ਰਾਤ ਨੂੰ ਸੋਹਿਲਾ ਸਾਹਿਬ) ਪੜ੍ਹਨ ਦਾ ਵਿਧਾਨ ਹੈ।

ਸਵਾਲ : ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਦੋ ਸਾਥੀਆਂ-ਭਾਈ ਬਾਲਾ ਤੇ ਭਾਈ ਮਰਦਾਨਾ ਜੀ ਦਾ ਜ਼ਿਕਰ ਹੁੰਦਾ ਸੀ। ਫੋਟੋਆਂ ਵਿਚ ਵੀ ਦੋਵੇਂ ਦਿਖਾਏ ਜਾਂਦੇ ਸਨ, ਪਰ ਅੱਜ-ਕੱਲ੍ਹ ਭਾਈ ਬਾਲਾ ਜੀ ਬਾਰੇ ਕੁਝ ਨਹੀਂ ਦੱਸਿਆ ਜਾਂਦਾ। ਐਸਾ ਕਿਉਂ ?

ਜਵਾਬ : ਇਕ ਸਦੀ ਤੋਂ ਵੀ ਪਹਿਲਾਂ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਇਕ ਪੁਸਤਕ ਲਿਖੀ ਸੀ ‘ਕੱਤਕ ਕਿ ਵੈਸਾਖ’। ਉਨ੍ਹਾਂ ਨੇ ਕਹੀ ਜਾਂਦੀ ਭਾਈ ਬਾਲੇ ਵਾਲੀ ਸਾਖੀ ’ਚੋਂ ਤੱਥਾਂ ਸਹਿਤ ਪ੍ਰਮਾਣ ਦੇ ਕੇ ਸਿੱਧ ਕੀਤਾ ਕਿ ਭਾਈ ਬਾਲਾ ਨਾਂ ਦਾ ਕੋਈ ਵਿਅਕਤੀ ਗੁਰੂ ਨਾਨਕ ਸਾਹਿਬ ਜੀ ਦਾ ਸਾਥੀ ਨਹੀਂ ਹੋਇਆ। ਗੁਰੂ ਨਾਨਕ ਸਾਹਿਬ ਜੀ ਨਾਲ ਭਾਈ ਬਾਲੇ ਦੀ ਫੋਟੋ ਕਲਪਿਤ ਹੈ। ਭਾਈ ਬਾਲੇ ਦੇ ਨਾਂ ‘ਜਨਮ ਸਾਖੀ ਭਾਈ ਬਾਲਾ’ ਮਿਲਦੀ ਹੈ, ਜੋ ਗੁਰੂ ਘਰ ਦੇ ਵਿਰੋਧੀਆਂ ਵੱਲੋਂ ਲਿਖਾਈ ਗਈ ਸੀ। ਇਸ ਜਨਮ ਸਾਖੀ ਵਿਚ ਗੁਰੂ ਨਾਨਕ ਜੀ ਦੇ ਚਰਿੱਤਰ ਬਾਰੇ ਭੀ ਅਪੱਤੀ ਜਨਕ ਗੱਲਾਂ ਲਿਖੀਆਂ ਹਨ। ਇਸ ਵਿੱਚ ‘ਸਹਿਜ-ਕੁਸਹਿਜ’ ਅਤੇ ‘ਮਝੌਤ’ ਨਾਂ ਦੀਆਂ ਸਾਖੀਆਂ ’ਚ ਬਹੁਤ ਹੀ ਅਸ਼ਲੀਲ ਢੰਗ ਨਾਲ ਗੁਰੂ ਜੀ ਦੇ ਚਰਿੱਤਰ ਨੂੰ ਬਿਆਨ ਕੀਤਾ ਹੈ। ਇਹ ਜਨਮ ਸਾਖੀ ਖਾਲਸਾ ਕਾਲਜ ਅੰਮ੍ਰਿਤਸਰ ਦੀ ਲਾਇਬ੍ਰੇਰੀ ’ਚ ਪਈ ਹੋਈ ਹੈ। ਅਸ਼ਲੀਲ ਸ਼ਬਦਾਵਲੀ ਵਾਲੀਆਂ ਸਾਖੀਆਂ ਨੂੰ ਪ੍ਰਕਾਸਕਾਂ ਨੇ, ਸਿੱਖਾਂ ਦੇ ਡਰ ਕਾਰਨ ਜਨਮ ਸਾਖੀ ਵਿਚੋਂ ਕੱਢ ਦਿੱਤਾ ਹੈ।

ਇੰਨਾ ਕੁਝ ਲਿਖਣ ਦਾ ਇਹੀ ਭਾਵ ਹੈ ਕਿ ਗ਼ਲਤ ਸ਼ਬਦਾਵਲੀ ਵਾਲੀਆਂ ਸਾਖੀਆਂ ਪ੍ਰਚਾਰਨ ਲਈ ‘ਭਾਈ ਬਾਲਾ’ ਨਾਂ ਦਾ ਪਾਤਰ ਸਿਰਜਿਆ ਗਿਆ ਸੀ, ਇਸ ਲਈ ਲੇਖਕਾਂ ਨੇ ਭਾਈ ਬਾਲੇ ਦਾ ਜ਼ਿਕਰ ਕਰਨਾ ਬੰਦ ਕਰ ਦਿੱਤਾ ਹੈ। ਭਾਈ ਗੁਰਦਾਸ ਜੀ ਨੇ ਵੀ ਪਹਿਲੀ ਪਾਤਿਸ਼ਾਹੀ ਸਮੇਂ ਹੋਏ ਸਿੱਖਾਂ ਦਾ ਵਰਣਨ ਕਰਦਿਆਂ ਆਪਣੀ 11ਵੀਂ ਵਾਰ ਦੀ 13ਵੀਂ ਪਉੜੀ ’ਚ ਭਾਈ ਮਰਦਾਨਾ ਜੀ ਦਾ ਜ਼ਿਕਰ ਕੀਤਾ ਹੈ, ਕਿਸੇ ਬਾਲੇ ਦਾ ਨਹੀਂ; ਜਿਵੇਂ ਕਿ ‘‘ਭਲਾ ਰਬਾਬ ਵਜਾਇੰਦਾ; ਮਜਲਸ ਮਰਦਾਨਾ ਮੀਰਾਸੀ’’ (ਵਾਰ ੧੧ ਪਉੜੀ ੧੩), ਇਸੇ ਤਰ੍ਹਾਂ ਪਹਿਲੀ ਵਾਰ ’ਚ ਗੁਰੂ ਨਾਨਕ ਸਾਹਿਬ ਜੀ ਦੀਆਂ ਪ੍ਰਚਾਰ ਫੇਰੀਆਂ (ਉਦਾਸੀਆਂ) ਦਾ ਸੰਖੇਪ ਜਿਹਾ ਜ਼ਿਕਰ ਹੈ। ਉਨ੍ਹਾਂ ਨੇ ਬਾਬੇ ਨਾਨਕ ਜੀ ਨਾਲ ਕੇਵਲ ਮਰਦਾਨਾ ਹੀ ਲਿਖਿਆ ਹੈ, ‘‘ਇਕ ਬਾਬਾ ਅਕਾਲ ਰੂਪੁ; ਦੂਜਾ ਰਬਾਬੀ ਮਰਦਾਨਾ ’’ (ਵਾਰ ਪਉੜੀ ੩੫)

ਸਵਾਲ : ਗੁਰ ਮੰਤਰ ਬਾਰੇ ਜਾਣਕਾਰੀ ਦੇਣ ਦੀ ਕ੍ਰਿਪਾਲਤਾ ਕਰੋ ਜੀ।

ਜਵਾਬ : ਸਿੱਖ ਧਰਮ ’ਚ ਗੁਰ ਮੰਤਰ ਦਾ ਭਾਵ ਗੁਰੂ ਦਾ ਉਪਦੇਸ ਹੈ। ‘ਵਾਹਿਗੁਰੂ’ ਨੂੰ ਯਾਦ ਕਰਨਾ ਭਾਵ ਸ੍ਰਿਸਟੀ ਦੇ ਕਰਤੇ, ਪਾਲਣਹਾਰ ਤੇ ਨਾਸ ਕਰਨ ਵਾਲੇ ਅਕਾਲ ਪੁਰਖ ਦੀ ਯਾਦ ਹਰ ਸਮੇਂ ਹਿਰਦੇ ’ਚ ਵਸਾਉਣਾ। ਅੰਮ੍ਰਿਤ ਛਕਣ ਸਮੇਂ ਪੰਜ ਪਿਆਰਿਆਂ ਪਾਸੋਂ ਗੁਰ ਮੰਤਰ ਦੀ ਸੋਝੀ ਹੁੰਦੀ ਹੈ। ਗੁਰ ਮੰਤਰ ਪਹਿਲੇ ਰਸਨਾ ਦੁਆਰਾ ਜਪਿਆ ਜਾਂਦਾ ਹੈ। ਮੂਲ ਮੰਤਰ ਤੋਂ ਲੈ ਕੇ ਗੁਰ ਪ੍ਰਸਾਦਿ ਵਿਚ, ਜੋ ਗੁਣ ਅਕਾਲ ਪੁਰਖ ਦੇ ਵਰਣਨ ਕੀਤੇ ਗਏ ਹਨ, ਉਨ੍ਹਾਂ ਨੂੰ ਹਿਰਦੇ ’ਚ ਵਸਾ ਕੇ ਆਪਣੇ ਜੀਵਨ ਵਿਚੋਂ ਪ੍ਰਗਟ ਕਰਨੇ ਹਨ ਭਾਵ ਉਨ੍ਹਾਂ ਅਨੁਸਾਰ ਸਮਾਜਿਕ ਕਾਰ-ਵਿਹਾਰ ਕਰਨਾ ਹੈ। ਨਾਮ ਜਪਣ ਦਾ ਵੱਡਾ ਲਾਭ ਹੈ, ਪੰਜ ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ) ਦੀ ਫਾਹੀ ਕੱਟ ਕੇ ਅਕਾਲ ਪੁਰਖ ਵਾਹਿਗੁਰੂ ਵਿਚ ਅਭੇਦ ਹੋਣਾ। ਆਵਾਗਵਨ ਦੇ ਚੱਕਰ ਨੂੰ ਖਤਮ ਕਰਨਾ ਹੀ ਮਨੁੱਖਾ ਜ਼ਿੰਦਗੀ ਦਾ ਮਨੋਰਥ ਹੈ।

ਸਵਾਲ : ਬ੍ਰਹਮ ਗਿਆਨੀ ਕੌਣ ਹੈ ਅਤੇ ਇਹ ਪਦਵੀ ਕਿਵੇਂ ਪ੍ਰਾਪਤ ਹੁੰਦੀ ਹੈ ?

ਜਵਾਬ : ਬ੍ਰਹਮ ਤੋਂ ਭਾਵ ਹੈ ‘ਅਕਾਲ ਪੁਰਖ ਦਾ ਗਿਆਨ ਹਾਸਲ ਕਰਨ ਵਾਲਾ ਬ੍ਰਹਮ ਗਿਆਨੀ’ ਭਾਵ ਉਹ ਮਨੁੱਖ ਜਿਸ ਦੀ ਬਿਰਤੀ ਪਰਮ-ਆਤਮਾ (ਪਰਮਾਤਮਾ) ਨਾਲ ਅਭੇਦ ਹੈ, ਓਹੀ ਬ੍ਰਹਮ ਗਿਆਨੀ ਹੈ, ਪਰ ਐਸੇ ਗੁਰਮੁਖ ਪਿਆਰੇ ਸੰਸਾਰ ਅੰਦਰ ਵਿਰਲੇ ਹੁੰਦੇ ਹਨ। ਭਗਤ ਕਬੀਰ ਜੀ ਉਨ੍ਹਾਂ ਨੂੰ ‘ਤੇਰਾ ਜਨੁ ਮੰਨਦੇ ਹਨ ‘‘ਤੇਰਾ ਜਨੁ ਏਕੁ ਆਧੁ ਕੋਈ ਕਾਮੁ ਕ੍ਰੋਧੁ ਲੋਭੁ ਮੋਹੁ ਬਿਬਰਜਿਤ; ਹਰਿ ਪਦੁ ਚੀਨ੍ਹੈ ਸੋਈ ’’ (ਭਗਤ ਕਬੀਰ/੧੧੨੩)

ਸ੍ਰੀ ਗੁਰੂ ਅਰਜਨ ਦੇਵ ਜੀ ਬ੍ਰਹਮ ਗਿਆਨੀ ਦੀ ਤਾਰੀਫ਼ ’ਚ ਲਿਖਦੇ ਹਨ ‘‘ਮਨਿ ਸਾਚਾ, ਮੁਖਿ ਸਾਚਾ ਸੋਇ ਅਵਰੁ ਪੇਖੈ; ਏਕਸੁ ਬਿਨੁ ਕੋਇ ਨਾਨਕ  ! ਇਹ ਲਛਣ, ਬ੍ਰਹਮ ਗਿਆਨੀ ਹੋਇ’’ (ਸੁਖਮਨੀ, ਮਹਲਾ /੨੭੨) ਅਰਥ : ਜਿਸ ਦੇ ਮਨ ’ਚ ਸਦਾ ਥਿਰ ਰਹਿਣ ਵਾਲਾ ਪ੍ਰਭੂ ਵਸਦਾ ਹੈ, ਜੋ ਮੂੰਹ ਨਾਲ ਵੀ ਉਸ ਨੂੰ ਜਪਦਾ ਹੈ ਅਤੇ ਉਸ ਤੋਂ ਬਿਨਾਂ ਕਿਸੇ ਹੋਰ ਨੂੰ ਕਿਸੇ ਥਾਂ ’ਚ ਨਹੀਂ ਦੇਖਦਾ; ਉਹ ਮਨੁੱਖ, ਇਨ੍ਹਾਂ ਲੱਛਣਾਂ (ਗੁਣਾਂ) ਕਾਰਨ ਬ੍ਰਹਮ ਗਿਆਨੀ ਹੈ।

ਸਵਾਲ : ਅਨੰਦ ਕਾਰਜ ਦੀ ਅਰੰਭਤਾ ਸਮੇਂ ਕੀਤੀ ਜਾਂਦੀ ਅਰਦਾਸ ’ਚ ਕੇਵਲ ਲੜਕਾ ਲੜਕੀ ਤੇ ਉਨ੍ਹਾਂ ਦੇ ਮਾਤਾ ਪਿਤਾ ਹੀ ਕਿਉਂ ਖੜ੍ਹੇ ਹੁੰਦੇ ਹਨ ? ਬਾਕੀ ਸੰਗਤ ਕਿਉਂ ਨਹੀਂ ?

ਜਵਾਬ : ਕਿਉਂਕਿ ਉਸ ਕਾਰਜ ਦੀ ਅਰੰਭਤਾ ਵਿਸੇਸ ਤੌਰ ’ਤੇ ਲੜਕਾ-ਲੜਕੀ ਤੇ ਪਰਵਾਰ ਲਈ ਹੁੰਦੀ ਹੈ; ਅਰਦਾਸ ਕਰਨ ਤੋਂ ਪਹਿਲਾਂ ਬਾਕੀ ਸੰਗਤ ਦੀ ਆਗਿਆ ਲਈ ਜਾਂਦੀ ਹੈ। ਇਹ ਆਗਿਆ ਲੈਣਾ ਹੀ ਉਸ ਅਰਦਾਸ ’ਚ ਸਭ ਦਾ ਸਹਿਯੋਗ ਮੰਨਿਆ ਜਾਂਦਾ ਹੈ। ਇਸ ਲਈ ਸਾਰੀ ਸੰਗਤ ਨੂੰ ਖੜ੍ਹੇ ਹੋਣ ਲਈ ਨਹੀਂ ਕਿਹਾ ਜਾਂਦਾ। ‘ਸਿੱਖ ਰਹਿਤ ਮਰਯਾਦਾ’ ’ਚ ਇਸ ਦਾ ਖ਼ਾਸ ਜ਼ਿਕਰ ਕੀਤਾ ਹੈ।

ਸਵਾਲ : ਕੀ ਕੜਾਹ ਪ੍ਰਸ਼ਾਦ ਛਕਣ ਉਪਰੰਤ ਹੱਥ ਦਾੜ੍ਹੀ ਨਾਲ ਪੂੰਝਣੇ ਠੀਕ ਹਨ  ? ਜੇ ਨਹੀਂ ਤਾਂ ਕਿਉਂ ?

ਜਵਾਬ : ਐਸਾ ਕਰਨਾ ਠੀਕ ਨਹੀਂ। ਭਾਈ ਕਾਹਨ ਸਿੰਘ ਜੀ ਨਾਭਾ ਗੁਰਮਤਿ ਮਾਰਤੰਡ (ਪੰਨਾ ੨੯੨) ਵਿਚ ਲਿਖਦੇ ਹਨ ਕਿ ‘ਕਈ ਥਾਈਂ ਕੜਾਹ ਪ੍ਰਸ਼ਾਦ ਵਾਲੇ ਥਿੰਦੇ ਹੱਥ ਲੋਕਾਂ ਨੂੰ ਮੁਖ, ਦਾੜ੍ਹੀ ਨਾਲ ਪੂੰਝਦੇ ਵੇਖਿਆ ਹੈ, ਜੋ ਅਸਭ੍ਯਤਾ ਦੀ ਨਿਸਾਨੀ ਹੈ। ਇਸ ਥਿੰਦੇ ਵਿਚ ਮਿੱਠੇ ਦਾ ਅੰਸ਼ ਮਿਲਿਆ ਹੋਣ ਕਰਕੇ ਮੂੰਹ ’ਤੇ ਮੱਖੀਆਂ ਭਿਣਕਦੀਆਂ ਹਨ ਅਤੇ ਜ਼ਮੀਨ ’ਤੇ ਸੁੱਤੇ ਪਏ ਲੋਕਾਂ ਦੀ ਦਾੜ੍ਹੀ ’ਚ ਕੀੜੀਆਂ ਪ੍ਰਵੇਸ ਕਰ ਜਾਂਦੀਆਂ ਹਨ।

ਸਵਾਲ : ਕੀ ਬੀਬੀਆਂ ਤਖਤਾਂ ਜਾਂ ਗੁਰਦੁਆਰਿਆਂ ਵਿਚ ਅਰਦਾਸ ਕਰ ਸਕਦੀਆਂ ਹਨ ?

ਜਵਾਬ : ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ਅਤੇ ਸਿੱਖ ਵਿਚਾਰਧਾਰਾ ਦੋਵਾਂ ਵਿਚ ਹੀ ਸਿੱਖ ਮਰਦ ਜਾਂ ਇਸਤਰੀ ਨੂੰ ਬਰਾਬਰ ਦਾ ਦਰਜਾ ਦਿੱਤਾ ਗਿਆ ਹੈ। ਇਸ ਲਈ ਸਿੱਖ ਬੀਬੀ ਨੂੰ ਵੀ ਧਰਮ-ਕਰਮ ਕਰਨ ਦਾ ਪੂਰਾ ਅਧਿਕਾਰ ਹੈ। ਸਪਸ਼ਟ ਸਿਧਾਂਤ ਹੁੰਦਿਆਂ ਹੋਇਆਂ ਵੀ ਅਜੇ ਤੱਕ ਅਮਲੀ ਰੂਪ ’ਚ ਬੀਬੀਆਂ ਨੂੰ ਕੁਝ ਸੇਵਾਵਾਂ ਤੋਂ ਵਾਂਝਿਆਂ ਰੱਖਿਆ ਜਾਂਦਾ ਹੈ, ਜੋ ਗੁਰਮਤਿ ਵਿਚਾਰਧਾਰਾ ਦੇ ਉਲ਼ਟ ਹੈ। ਇਸ ਮਨਮਤ ਨੂੰ ਖ਼ਤਮ ਕਰਨ ਲਈ ਪੰਥਕ ਤੌਰ ’ਤੇ ਯਤਨ ਕਰਨੇ ਅਤਿਅੰਤ ਜ਼ਰੂਰੀ ਹਨ।

ਸਵਾਲ : ਗੁਰਬਾਣੀ ਨੂੰ ਗਾਇਣ ਕਰਦਿਆਂ ਬਾਹਰਲੀਆਂ ਕਿੰਨੀਆਂ ਧੁਨੀਆਂ ਦੀ ਵਰਤੋਂ ਕਰਨ ਦਾ ਜ਼ਿਕਰ ਹੈ ?

ਜਵਾਬ : ਧੁਨੀ ਦੇ ਅਰਥ ਹਨ : ਆਵਾਜ਼ ਦੀ ਗੂੰਜ, ਲੈ। ਗੁਰੂ ਗ੍ਰੰਥ ਸਾਹਿਬ ਵਿਚ 22 ਵਾਰਾਂ; 17 ਰਾਗਾਂ ਵਿਚ ਦਰਜ ਹਨ। ਜਿਨ੍ਹਾਂ ਵਿਚੋਂ 9 ਵਾਰਾਂ ਨੂੰ ਖ਼ਾਸ ਧੁਨੀਆਂ ਅਨੁਸਾਰ ਗਾਉਣ ਦੀ ਤਾਕੀਦ ਕੀਤੀ ਗਈ ਹੈ, ਜੋ ਇਸ ਪ੍ਰਕਾਰ ਹਨ :

  1. ਮਾਝ ਕੀ ਵਾਰ-ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ।
  2. ਗਉੜੀ ਕੀ ਵਾਰ ਮਹਲਾ ੫- ਰਾਇ ਕਮਾਲਦੀ ਮੋਜਦੀ ਕੀ ਵਾਰ ਕੀ ਧੁਨਿ।
  3. ਆਸਾ ਕੀ ਵਾਰ-ਟੁੰਡੇ ਅਸਰਾਜੈ ਕੀ ਧੁਨੀ।
  4. ਗੂਜਰੀ ਕੀ ਵਾਰ-ਸਿਕੰਦਰ ਬਿਰਾਹਿਮ ਕੀ ਵਾਰ ਕੀ ਧੁਨੀ।
  5. ਵਡਹੰਸ ਕੀ ਵਾਰ-ਲਲਾਂ ਬਹਿਲੀਮਾ ਕੀ ਧੁਨਿ।
  6. ਰਾਮਕਲੀ ਕੀ ਵਾਰ ਮਹਲਾ ੩-ਜੋਧੈ ਵੀਰੈ ਪੂਰਬਾਣੀ ਕੀ ਧੁਨੀ ।
  7. ਸਾਰੰਗ ਕੀ ਵਾਰ-ਰਾਇ ਮਹਮੇ ਹਸਨੇ ਕੀ ਧੁਨਿ॥
  8. ਮਲਾਰ ਕੀ ਵਾਰ-ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ ।
  9. ਕਾਨੜੇ ਕੀ ਵਾਰ-ਮੂਸੇ ਕੀ ਵਾਰ ਕੀ ਧੁਨੀ ।

ਸਵਾਲ : ਕੀਰਤਪੁਰ ਸਾਹਿਬ ਅਸਤੀਆਂ (ਫੁੱਲ) ਕਿਉਂ ਪਾਏ ਜਾਂਦੇ ਹਨ ? ਬਾਹਰਲੇ ਮੁਲਕਾਂ ਵਿਚ ਰਹਿੰਦੀ ਸੰਗਤ ਕੀ ਕਰੇ ?

ਜਵਾਬ : ਸਿੱਖ ਰਹਿਤ ਮਰਯਾਦਾ ਦੇ ਪੰਨਾ 25 ’ਤੇ ਦਰਜ ਹੈ ਕਿ ਮ੍ਰਿਤਕ ਪ੍ਰਾਣੀ ਦਾ ਅੰਗੀਠਾ ਠੰਡਾ ਹੋਣ ’ਤੇ ਦੇਹ ਦੀ ਸਾਰੀ ਭਸਮ ਅਸਥੀਆਂ ਸਮੇਤ ਉੱਠਾ ਕੇ ਜਲ ’ਚ ਪ੍ਰਵਾਹ ਕਰ ਦਿੱਤੀ ਜਾਵੇ ਜਾਂ ਉੱਥੇ ਹੀ ਦੱਬ ਕੇ ਜ਼ਮੀਨ ਬਰਾਬਰ ਕਰ ਦਿੱਤੀ ਜਾਵੇ। ਗੁਰ ਨਾਨਕ ਪਾਤਿਸਾਹ ਜੀ ਦੇ ਬਚਨ ਹਨ, ‘‘ਇਕ ਦਝਹਿ, ਇਕ ਦਬੀਅਹਿ, ਇਕਨਾ ਕੁਤੇ ਖਾਹਿ ਇਕਿ ਪਾਣੀ ਵਿਚਿ ਉਸਟੀਅਹਿ, ਇਕਿ ਭੀ ਫਿਰਿ ਹਸਣਿ ਪਾਹਿ ਨਾਨਕ  ! ਏਵ ਜਾਪਈ, ਕਿਥੈ ਜਾਇ ਸਮਾਹਿ ? ’’ ਭਾਵ ਮ੍ਰਿਤਕ ਸਰੀਰ ਨੂੰ ਕਈ ਸਾੜਦੇ ਹਨ, ਕਈ ਦੱਬਦੇ ਹਨ, ਕਈਆਂ ਦੇ ਸਰੀਰ ਖੂਹ ਆਦਿ ’ਚ ਸੁੱਟੇ ਹੋਣ ਕਾਰਨ (ਜਾਨਵਰ) ਖਾਂਦੇ ਹਨ। ਕਈ ਜਲ ਪ੍ਰਵਾਹ ਕਰਦੇ ਹਨ, ਆਦਿ (ਪਰ ਜੀਵਨ ’ਚ ਕੀਤੀ ਕਮਾਈ ਦਾ ਚੰਗਾ-ਮੰਦਾ ਫਲ਼ ਰੂਹ ਨੂੰ ਮਿਲਦਾ ਹੈ, ਜੋ) ਪਤਾ ਨਹੀਂ ਕਿੱਧਰ ਭਾਵ ਕਿਸ ਜੂਨ ’ਚ ਜਾ ਨਿਵਾਸ ਕਰਦੀ ਹੈ। ਇਸ ਦਾ ਨਚੋੜ ਇਹੀ ਹੈ ਕਿ ਰੂਹ/ਜ਼ਮੀਰ ਨੂੰ ਸੁਤੰਤਰ/ਨਿਰਮਲ ਕਰਨ ਵਾਲ਼ੇ ਕੰਮ ਜੀਵਦਿਆਂ ਕਰਨੇ ਚਾਹੀਦੇ ਹਨ, ਨਾ ਕਿ ਮਰਨ ਉਪਰੰਤ ਮ੍ਰਿਤ ਸਰੀਰ ਦਾ ਕੀ ਕਰਨਾ ਹੈ, ਇਸ ਝਗੜੇ ’ਚ ਪੈਣਾ ਹੈ। ਇਸ ਲਈ ਕੀਰਤਪੁਰ ਸਾਹਿਬ ਫੁੱਲ ਪਾਉਣੇ, ਜ਼ਰੂਰੀ ਨਹੀਂ। ਜੇਕਰ ਐਸਾ ਹੀ ਹੁੰਦਾ ਤਾਂ ਕੀਰਤਪੁਰ ’ਚ ਨਿਵਾਸ ਰੱਖਣ ਵਾਲ਼ੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਫੁੱਲ ਗੁਰਦੁਆਰਾ ਬਾਲਾ ਸਾਹਿਬ (ਦਿੱਲੀ) ਵਿਖੇ ਨਾ ਸੁਸ਼ੋਭਿਤ ਹੁੰਦੇ।

ਇਹ ਭੀ ਸਹੀ ਹੈ ਕਿ ਜਾਣੇ-ਅਣਜਾਣੇ ਸਿੱਖਾਂ ਨੇ ਕੀਰਤਪੁਰ ਸਾਹਿਬ ਨੂੰ ਦੂਜਾ ਹਰਿਦੁਆਰ ਬਣਾ ਲਿਆ ਹੈ ਭਾਵੇਂ ਕਿ ਸਿੱਖ ਰਹਿਤ ਮਰਯਾਦਾ ਵਿਚ ਐਸਾ ਕੁਝ ਵੀ ਦਰਜ ਨਹੀਂ। ਜਿੱਥੋਂ ਤੱਕ ਵਿਦੇਸਾਂ ’ਚ ਰਹਿੰਦੇ ਸਿੱਖਾਂ ਦਾ ਸਵਾਲ ਹੈ, ਉਹ ਸਿੱਖ ਰਹਿਤ ਮਰਯਾਦਾ ਅਨੁਸਾਰ ਅੰਗੀਠੇ ਦੀ ਸੰਭਾਲ਼ ਕਰਨ। ਉੱਥੇ ਨੇੜੇ ਚਲਦੇ ਕਿਸੇ ਪਾਣੀ ਵਿਚ ਫੁੱਲ (ਅਸਤ) ਵਹਾ ਦੇਣੇ ਚਾਹੀਦੇ ਹਨ। ਗੁਰਬਾਣੀ ਪੜ੍ਹਨ ਨਾਲ ਹਨ੍ਹੇਰਾ ਦੂਰ ਹੁੰਦਾ ਹੈ, ਅੰਦਰ ਪ੍ਰਕਾਸ਼ ਹੁੰਦਾ ਹੈ। ਹਰੇਕ ਪ੍ਰਾਣੀ ਗੁਰਬਾਣੀ ਨੂੰ ਜ਼ਿੰਦਗੀ ਦਾ ਆਧਾਰ ਬਣਾਵੇ ਤੇ ਆਪਣਾ ਜਨਮ ਸਫਲਾ ਕਰੇ, ਨਾ ਕਿ ਕਿਸੇ ਵਹਿਮ-ਭਰਮ ’ਚ ਡੁੱਬਿਆ ਰਹੇ।

ਸਵਾਲ : ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦੋ ਬਾਰਹਮਾਹਾ (ਮਾਝ ਤੇ ਤੁਖਾਰੀ ਰਾਗ ’ਚ) ਹਨ, ਪਰ ਸੰਗਰਾਂਦ ਵਾਲ਼ੇ ਦਿਨ ਕੇਵਲ ਮਾਝ ਰਾਗ ਵਾਲੇ ਬਾਰਹਮਾਹਾ ਦਾ ਪਾਠ ਕੀਤਾ ਜਾਂਦਾ ਹੈ। ਐਸਾ ਕਿਉਂ  ?

ਜਵਾਬ : ਗੁਰਮਤਿ ਸਿਧਾਂਤ ਨੂੰ ਉਜਾਗਰ ਕਰਨ ਲਈ ਗੁਰਬਾਣੀ ਵਿਚ ਕਈ ਪੱਖਾਂ ਰਾਹੀਂ ਉਪਦੇਸ਼ ਦਿੱਤੇ ਗਏ ਹਨ; ਜਿਵੇਂ, ਵਾਰ, ਪਹਿਰੇ, ਦਿਨ-ਰੈਣ, ਥਿਤੀ, ਸਤਵਾਰਾ, ਆਰਤੀ, ਸਦੁ, ਗੋਸਟਿ, ਅਲਾਹਣੀਆ, ਆਦਿ; ਇਉਂ ਹੀ ਗੁਰਮਤਿ ਸਪਸ਼ਟ ਕਰਨ ਲਈ ਮਾਝ ਤੇ ਤੁਖਾਰੀ ਰਾਗਾਂ ’ਚ ਦੋ ਬਾਰਹਮਾਹ ਦੀਆਂ ਬਾਣੀਆਂ ਹਨ ਭਾਵੇਂ ਕਿ ਇਹ ਸੰਗਰਾਂਦ ਮਨਾਉਣ ਲਈ ਨਹੀਂ ਰਚੀਆਂ ਗਈਆਂ। ਮਾਝ ਰਾਗ ’ਚ ਉਚਾਰੇ ਬਾਰਹਮਾਹਾ ’ਚ ਅਸਾਨ ਸ਼ਬਦਾਵਲੀ ਹੋਣ ਕਾਰਨ ਸੰਗਤਾਂ ਵਿਚ ਇਹ ਵਧੇਰੇ ਪ੍ਰਚਲਿਤ ਹੋ ਗਿਆ ਹੈ। ਗੁਰਬਾਣੀ ’ਚ ਮੱਸਿਆ, ਪੂਰਨਮਾਸ਼ੀ (ਪੁੰਨਿਆ), ਸੰਗਰਾਂਦ ਆਦਿਕ ਦਿਨਾਂ ਨੂੰ ਕੋਈ ਖ਼ਾਸ ਮਹਾਨਤਾ ਨਹੀਂ ਦਿੱਤੀ ਗਈ, ਸਗੋਂ ਸਭ ਦਿਨਾਂ, ਘੜੀਆਂ ਨੂੰ ਇਕ ਸਮਾਨ ਮੰਨਿਆ ਹੈ। ਗੁਰਸਿੱਖ ਲਈ ਉਹੀ ਦਿਨ, ਓਹੀ ਸਮਾਂ ਜਾਂ ਘੜੀ ਸਫਲ ਹੈ ਜਦੋਂ ਉਹ ਪ੍ਰਭੂ ਦੀ ਯਾਦ ’ਚ ਜੁੜਦਾ ਹੈ। ਪ੍ਰਭੂ ਨੂੰ ਭੁਲਾ ਕੇ ਲੰਘਿਆ ਹਰ ਮਿੰਟ, ਸਕਿੰਟ ਬੇਕਾਰ ਹੈ, ਅਸੁੱਭ ਹੈ; ਜਿਵੇਂ ਕਿ ਬਚਨ ਹਨ :

ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ! ਜਿਤੁ (ਜਿਸ ਦਿਨ) ਜਪੀਐ ਹਰਿ ਨਾਉ (ਮਹਲਾ /੪੩੨)

ਨਾਨਕ  ! ਸੋਈ ਦਿਨਸੁ ਸੁਹਾਵੜਾ; ਜਿਤੁ, ਪ੍ਰਭੁ ਆਵੈ ਚਿਤਿ (’) ਜਿਤੁ ਦਿਨਿ ਵਿਸਰੈ ਪਾਰਬ੍ਰਹਮੁ; ਫਿਟੁ ਭਲੇਰੀ ਰੁਤਿ (ਮਹਲਾ /੩੧੮)

 ਸਤਿਗੁਰ ਬਾਝਹੁ ਅੰਧੁ ਗੁਬਾਰੁ ਥਿਤੀ ਵਾਰ ਸੇਵਹਿ; ਮੁਗਧ ਗਵਾਰ (ਮਹਲਾ /੮੪੩)

ਬਾਰਹਮਾਹਾ ਬਾਣੀਆਂ ’ਚ ਅਕਾਲ ਪੁਰਖ ਤੋਂ ਪਏ ਵਿਛੋੜੇ ਅਤੇ ਉਸ ਨੂੰ ਮਿਲਾਪ ਲਈ ਮਨ ’ਚ ਪੈਦਾ ਹੋਈ ਬਿਰਹਾ (ਤੜਫ) ਦਾ ਮੌਸਮ ਪਰਿਵਰਤਨ ਦੀਆਂ ਉਦਾਹਰਨਾਂ ਰਾਹੀਂ ਵਰਣਨ ਕੀਤਾ ਗਿਆ ਹੈ ਤਾਂ ਕਿ ਮਨ ਨਿਰੰਤਰ ਪ੍ਰਭੂ ਦੀ ਯਾਦ ਨਾਲ਼ ਹਰ ਮਹੀਨੇ ਮੌਸਮੀ ਰੁੱਤ ਨੂੰ ਭਾਂਪਦਿਆਂ ਜੁੜਿਆ ਰਹੇ ਤੇ ਅਨੰਦਿਤ ਜੀਵਨ ਬਸਰ ਕਰੇ। ਮਾਝ ਤੇ ਤੁਖਾਰੀ ਰਾਗ ਵਿਚ ਮੌਸਮ ਪਰਿਵਰਤਨ ਦੀਆਂ ਦਿੱਤੀਆਂ ਮਿਸਾਲਾਂ ਇੱਕ ਸਮਾਨ ਹਨ, ਜਿਨ੍ਹਾਂ ਰਾਹੀਂ ਜੀਵ ਇਸਤਰੀ ਨੂੰ ਆਪਣੇ ਅਸਲੇ (ਪ੍ਰਭੂ) ਮਿਲਾਪ ਲਈ ਵਿਲਕਦਾ, ਲੇਲ੍ਹੜੀਆਂ ਭਰਦੇ ਬਿਆਨ ਕੀਤਾ ਗਿਆ ਹੈ। ਜੇਕਰ ਦੋਵੇਂ ਬਾਰਹਾਮਾਹਾ ਦਾ ਸੰਬੰਧ 12 ਮਹੀਨਿਆਂ ਨਾਲ਼ ਹੀ ਹੁੰਦਾ ਤਾਂ ਇੱਕ ਬਾਰਾਹਮਾਹਾ ਦੇ 14 ਪਦੇ ਅਤੇ ਦੂਜਰੇ ਦੇ 17 ਬੰਦ ਨਾ ਹੁੰਦੇ। ਇਸ ਲਈ ਇਹ ਚੇਤੇ ਰੱਖਣਾ ਹੈ ਕਿ ਮੌਸਮੀ-ਰੁੱਤ ਦੀ ਮਿਸਾਲ ਨਾਲ਼ ਦਿੱਤੇ 12-12 ਬੰਦਾਂ ’ਚ ਉਪਦੇਸ਼ ਦਾ ਤਤਸਾਰ ਮੰਗਲਾਚਰਨ ਵਜੋਂ ਦਰਜ ਪਹਿਲੇ ਅਤੇ ਅੰਤਮ ਪਦਿਆਂ ਵਿੱਚ ਹੈ। ਜਿਨ੍ਹਾਂ ਰਾਹੀਂ ਸਪਸ਼ਟ ਕੀਤਾ ਹੈ ਕਿ ਇਨ੍ਹਾਂ ਉਪਦੇਸ਼ਾਂ ਨੂੰ ਕਿਸੇ ਖ਼ਾਸ ਦਿਨ ਜਾਂ ਖ਼ਾਸ ਸਮੇਂ ਨਾਲ਼ ਜੋੜ ਕੇ ਨਾ ਵਾਚਣਾ ਬਲਕਿ ਅਕਾਲ ਪੁਰਖ ਦੀ ਮਿਹਰ ਦਾ ਪਾਤਰ ਬਣਨ ਲਈ ਉਸ ਦਾ ਨਿਰੰਤਰ ਸਿਮਰਨ ਕਰਨਾ ਹੈ। ਦੋਵੇਂ ਬਾਰਹਾਮਾਹਾ ’ਚ ਅੰਤਮ ਬੰਦ ਹਨ, ‘‘ਮਾਹ ਦਿਵਸ ਮੂਰਤ ਭਲੇ; ਜਿਸ ਕਉ ਨਦਰਿ ਕਰੇ ਨਾਨਕੁ ਮੰਗੈ ਦਰਸ ਦਾਨੁ; ਕਿਰਪਾ ਕਰਹੁ ਹਰੇ  !੧੪ (ਮਾਝ ਬਾਰਹਮਾਹਾ/ਮਹਲਾ /੧੩੬), ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ਘੜੀ ਮੂਰਤ ਪਲ ਸਾਚੇ; ਆਏ ਸਹਜਿ ਮਿਲੇ .. ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ; ਗੁਰਮੁਖਿ ਮਸਤਕਿ ਭਾਗੋ ਨਾਨਕ  ! ਅਹਿਨਿਸਿ ਰਾਵੈ ਪ੍ਰੀਤਮੁ; ਹਰਿ ਵਰੁ ਥਿਰੁ ਸੋਹਾਗੋ ੧੭ (ਤੁਖਾਰੀ ਬਾਰਹਮਾਹਾ/ਮਹਲਾ /੧੧੧੦) ਅਰਥ : 12 ਮਹੀਨੇ, 6 ਰੁੱਤਾਂ, (ਚੰਨ ਨਾਲ਼ ਸੰਬੰਧਿਤ 15) ਥਿਤਾਂ, (ਸੂਰਜ ਨਾਲ਼ ਸੰਬੰਧਿਤ 7) ਦਿਨ, 64 ਘੜੀਆਂ, ਸਮਾਂ, ਪਲ ਤਾਂ ਹੀ ਸਫਲ ਹਨ, ਜੇਕਰ (ਨਾਮ ਜਪ ਕੇ) ਅਡੋਲ ਹੋਏ ਹਿਰਦੇ ਅੰਦਰ ਆ ਕੇ ਪ੍ਰਭੂ-ਪਤੀ ਵਸ ਜਾਏ ਕਿਉਂਕਿ ਉਹ ਸਦੀਵੀ ਸਥਿਰ ਪਤੀ ਨੇ ਉਸੇ ਜੀਵ-ਇਸਤਰੀ ਨੂੰ ਭੋਗਣਾ ਹੈ, ਅਪਣਾਉਣਾ ਹੈ, ਪਸੰਦ ਕਰਨਾ ਹੈ, ਜਿਸ ਦੀ ਹਿਰਦੇ-ਘਰ ਵਿੱਚ ਸੇਜ ਸੁੰਦਰ ਹੈ ਭਾਵ ਗੁਣਾਂ ਭਰਪੂਰ ਹੈ। ਉਸੇ ਦੇ ਮੱਥੇ ਉੱਤੇ ਸਮਝੋ ਕਿ ਭਾਗ ਜਾਗ ਪਿਆ ਕਿਉਂਕਿ ਉਹ ਹਰ ਸਮੇਂ ਪਤੀ-ਪਰਮੇਸ਼ਰ ਨੂੰ ਯਾਦ ਕਰਦੀ ਹੈ।

ਸਵਾਲ : ਕੀ ਵਿਆਹ ਦੇ ਸਮੇਂ ਸਿਹਰਾ ਜਾਂ ਸਿੱਖਿਆ ਪੜ੍ਹੀ ਜਾ ਸਕਦੀ ਹੈ ?

ਜਵਾਬ : ਸਿੱਖ ਧਰਮ ਵਿਚ ਵਿਆਹ, ਅਨੰਦ ਕਾਰਜ; ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਲਾਵਾਂ ਪੜ੍ਹ ਕੇ ਕਰਨ ਦਾ ਵਿਧਾਨ ਹੈ। ਲਾਵਾਂ ਦੇ ਪਾਠ ਵਿਚ ਜੋ ਉਪਦੇਸ਼ ਦਿੱਤੇ ਹਨ, ਉਨ੍ਹਾਂ ਦੀ ਵਿਆਖਿਆ ਕਰਨੀ ਬਣਦੀ ਹੈ। ਇਹ ਉਪਦੇਸ਼ ਹੀ ਸਿਹਰਾ ਹੈ, ਸਿੱਖਿਆ ਹੈ, ਹੋਰ ਕਿਸੇ ਵਿਖਾਵੇ ਦੀ ਲੋੜ ਨਹੀਂ ਰਹਿੰਦੀ। ਗੁਰੂ ਸਾਹਿਬ ਦੀ ਹਜੂਰੀ ’ਚ ਸੰਸਾਰਿਕ ਮਹਿਮਾਨਾਂ ਦੀ ਵਡਿਆਈ ਕਰਨ ਵਾਲੀ ਕੱਚ-ਘਰੜ ਸਿੱਖਿਆ ਜਾਂ ਸਿਹਰਾ ਨਹੀਂ ਪੜ੍ਹਿਆ ਜਾ ਸਕਦਾ।

ਸਵਾਲ : ਹਰ ਕਾਰਜ ਸੁਰੂ ਕਰਨ ਤੋਂ ਪਹਿਲਾਂ ਅਰਦਾਸ ਕਰਨ ਦਾ ਕੀ ਮਹੱਤਵ ਹੈ ?

ਜਵਾਬ : ਅਰਦਾਸ ਦਾ ਸਿੱਖ ਦੀ ਨਿੱਜੀ ਜ਼ਿੰਦਗੀ ਵਿੱਚ ਅਤੇ ਕੌਮੀ (ਪੰਥਕ) ਕਾਰਜਾਂ ਵਿੱਚ ਅਰਦਾਸ ਕਰਨ ਦਾ ਖ਼ਾਸ ਮਹੱਤਵ ਹੈ। ਹੋਰਨਾਂ ਧਰਮਾਂ ਦੀ ਤਰ੍ਹਾਂ ਅਰਦਾਸ ’ਚ ਸਮਾਜਿਕ ਮੰਗਾਂ ਦੀ ਲਿਸਟ ਨਹੀਂ ਕੱਢਣੀ ਹੁੰਦੀ ਬਲਕਿ ਅਰਦਾਸ ਦੌਰਾਨ ਹਰ ਕਾਰਜ ਦੀ ਸਫਲਤਾ ਲਈ ਪ੍ਰਭੂ ਦਾ ਓਟ-ਆਸਰਾ ਲੈਣਾ ਹੁੰਦਾ ਹੈ। ਗੁਰਸਿੱਖ ਪ੍ਰਭੂ ਨਾਲ ਜੁੜ ਕੇ, ਉਸ ਨੂੰ ਅੰਗ ਸੰਗ ਜਾਣ ਕੇ ਆਪਣੇ ਆਪ ਨੂੰ ਅਥਾਹ ਸ਼ਕਤੀ ਸੰਪੰਨ ਸਮਝਦਾ ਹੈ। ਅਰਦਾਸ ਮਨੁੱਖ ਨੂੰ ਚੜ੍ਹਦੀ ਕਲਾ ਬਖ਼ਸ਼ਦੀ ਹੈ, ਜੋ ਦੁੱਖ-ਸੁੱਖ, ਅਮੀਰੀ ਗਰੀਬੀ, ਰੋਗ-ਸੋਗ ਸਮੇਂ ਸਹਿਜ ਅਵਸਥਾ ਧਾਰਨ ਲਈ ਜ਼ਰੂਰੀ ਹੈ। ਗੁਰੂ ਰਾਮਦਾਸ ਜੀ ਹਰ ਕਾਰਜ ਦੀ ਅਰੰਭਤਾ ’ਚ ਅਰਦਾਸ ਕਰਨ ਦਾ ਇਉਂ ਉਪਦੇਸ਼ ਦਿੰਦੇ ਹਨ, ‘‘ਕੀਤਾ ਲੋੜੀਐ ਕੰਮੁ; ਸੁ ਹਰਿ ਪਹਿ ਆਖੀਐ ਕਾਰਜੁ ਦੇਇ ਸਵਾਰਿ; ਸਤਿਗੁਰ ਸਚੁ ਸਾਖੀਐ ’’ (ਮਹਲਾ /੯੧) ਭਾਵ ਸਤਿਗੁਰ ਦੇ ਆਸ਼ੇ ਅਨੁਸਾਰ ਜੇਕਰ ਕੋਈ ਕੰਮ ਨੇਪਰੇ ਚਾੜ੍ਹਨਾ ਚਾਹੁੰਦਾ ਹੈ ਤਾਂ ਉਸ ਲਈ ਪ੍ਰਭੂ ਅੱਗੇ ਅਰਦਾਸ-ਜੋਦੜੀ ਕਰਨੀ ਬਣਦੀ ਹੈ ਤਾਂ ਹੀ ਉਹ, ਉਸ ਕਾਰਜ ਨੂੰ ਸਫਲ ਕਰਦਾ ਹੈ।

ਸਵਾਲ : ਦਸਮ ਗ੍ਰੰਥ ਬਾਰੇ ਤੁਹਾਡੇ ਕੀ ਵਿਚਾਰ ਹਨ ? ਕੀ ਇਸ ਨੂੰ ਗੁਰੂ ਗ੍ਰੰਥ ਸਾਹਿਬ ਵਾਙ ਮਹਾਨਤਾ ਦਿੱਤੀ ਜਾ ਸਕਦੀ ਹੈ ?

ਜਵਾਬ : ਇਸ ਗ੍ਰੰਥ ਬਾਰੇ ਸਿੱਖ ਵਿਦਵਾਨਾਂ ’ਚ ਕਈ ਮਤਭੇਦ ਹਨ। ਕਈ ਇਸ ਦੀ ਸਾਰੀ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੇ ਹਨ ਤੇ ਕਈ ਬਹੁਤ ਥੋੜ੍ਹੀ ਰਚਨਾ ਨੂੰ ਗੁਰੂ ਸਾਹਿਬ ਦੀ ਰਚਨਾ ਮੰਨਦੇ ਹਨ, ਬਾਕੀ ਨੂੰ ਤਿੰਨ ਕਵੀਆਂ (ਰਾਮ, ਸਿਆਮ ਤੇ ਕਾਲ) ਦੀ ਰਚਨਾ ਮੰਨਦੇ ਹਨ; ਜਿਵੇਂ ਕਿ ਇਸ ਵਿੱਚ ਕਵੀਆਂ ਦਾ ਨਾਂ ਵਾਰ-ਵਾਰ ਦਰਜ ਹੈ :

(1). ਮਿਲਿ ਦੇਵ ਅਦੇਵਨ ਸਿੰਧੁ ਮਥਿਯੋ ਕਬਿ ਸ੍ਯਾਮ ਕਵਿਤਨ ਮਧਿ ਕਥਿਯੋ (੨੪ ਅਵਤਾਰ/ ਸਮੁੰਦ੍ਰ ਮਥਨ) ਅਰਥ : ਦੇਵਤੇ ਅਤੇ ਦੈਂਤਾਂ ਨੇ ਮਿਲ ਕੇ ਸਮੁੰਦਰ ਰਿੜਕਿਆ। ਇਹ ਬ੍ਰਿਤਾਂਤ ਕਵੀ ਸ਼ਾਮ ਨੇ ਕਵਿਤਾ ਵਿੱਚ ਰਚਿਆ।

(2). ਕਥਾ ਸਤ੍ਰਵੀ ਰਾਮ ਕਬਿ ਉਚਰੀ ਹਿਤ ਚਿਤ ਲਾਇ ਬਹੁਰਿ ਕਥਾ ਬੰਧਨ ਨਿਮਿਤ ਮਨ ਮੈ ਕਹਿਯੋ ਉਪਾਇ (ਚਰਿਤ੍ਰ ੧੮) ਅਰਥ : ਕਵੀ ਰਾਮ ਨੇ 17ਵੀਂ ਕਥਾ ਬੜੀ ਰੁਚੀ ਨਾਲ਼ ਗਾਈ ਤੇ ਫਿਰ ਕਥਾ ਕਰਨ ਲਈ ਮਨ ’ਚ ਉਪਾ/ਹੀਲਾ ਕੀਤਾ।

(3). ਅਤਿ ਬਰਿ ਕੈ ਭਾਰੀ ਜੁਝ੍ਯੋ; ਤਨਕ ਮੋਰਿਯੋ ਅੰਗ ਸੁ ਕਬਿ ਕਾਲ ਪੂਰਨ ਭਯੋ, ਤਬ ਹੀ ਕਥਾ ਪ੍ਰਸੰਗ ੨੯ (ਚਰਿਤ੍ਰ ੧੯੫) ਅਰਥ :  ਕਵੀ ਕਾਲ ਕਹਿੰਦਾ ਹੈ ਕਿ ਜਦੋਂ ਬੜਾ ਬਲਵਾਨ (ਸੂਰਮਾ) ਜੂਝ ਮਰਿਆ, ਜਿਸ ਨੇ ਜ਼ਰਾ ਭੀ (ਯੁੱਧ ਸਮੇਂ) ਪਿੱਠ ਨਾ ਮੋੜੀ ਭਾਵ ਪਿੱਛੇ ਨਾ ਹਟਿਆ ਤਦ ਹੀ (ਮੇਰੇ ਦੁਆਰਾ ਬਿਆਨ ਕੀਤੀ ਜਾ ਰਹੀ) ਕਥਾ ਦਾ ਪ੍ਰਸੰਗ ਪੂਰਾ ਹੋ ਗਿਆ।

ਇਸ ਗ੍ਰੰਥ ਦਾ ਪਹਿਲਾਂ ਨਾਮ ‘ਬਚਿੱਤਰ ਨਾਟਕ’ ਸੀ, ਫਿਰ ‘ਦਸਵੇਂ ਪਾਤਿਸਾਹ ਕਾ ਗ੍ਰੰਥ’, ਫਿਰ ‘ਦਸਮ ਗ੍ਰੰਥ’, ਫਿਰ ‘ਦਸਮ ਸ੍ਰੀ ਗੁਰੂ ਦਸਮ ਗ੍ਰੰਥ’, ਆਦਿ। ਇਸ ਵਿੱਚ ਜ਼ਿਆਦਾਤਰ ਰਚਨਾ ਹਿੰਦੂ ਇਤਿਹਾਸ ਦਾ ਉਲਥਾ ਕੀਤਾ ਹੋਇਆ ਹੈ। ਕਾਫ਼ੀ ਸ਼ਬਦਾਵਲੀ ਅਸ਼ਲੀਲਤਾ ਦੀ ਵਿਆਖਿਆ ਕਰਦੀ ਹੈ। ਬਹੁਤ ਥੋੜ੍ਹੀ ਰਚਨਾ; ਜਿਵੇਂ ਕਿ ਜਾਪੁ ਸਾਹਿਬ, ਅਕਾਲ ਉਸਤਤਿ, ਜ਼ਫ਼ਰਨਾਮਾ, ਆਦਿ ਬਾਰੇ ਸਿੱਖ ਕੌਮ ਅੰਦਰ ਖ਼ਾਸ ਵਿਵਾਦ ਨਹੀਂ ਕਿ ਇਹ ਰਚਨਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਹੀਂ।

ਗੁਰੂ ਗੋਬਿੰਦ ਸਿੰਘ ਜੀ ਨੇ ਗੁਰਿਆਈ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਹੈ, ਇਸ ਲਈ ਇਸ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਤੁੱਲ ਨਹੀਂ ਮੰਨਿਆ ਜਾ ਸਕਦਾ ਅਤੇ ਨਾ ਹੀ ਇਸ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਣਾ ਚਾਹੀਦਾ ਹੈ; ਜਿਵੇਂ ਕਿ ਕੁੱਝ ਤਖ਼ਤ ਸਾਹਿਬ, ਨਹਿੰਗ ਜਥੇਬੰਦੀਆਂ, ਆਦਿ ਦੁਆਰਾ ਕਈ ਗੁਰੂ ਘਰਾਂ ਵਿੱਚ ਕੀਤਾ ਜਾਂਦਾ ਹੈ।

ਸਵਾਲ : ਕੀ ਭਾਈ ਮਰਦਾਨਾ ਜੀ ਨੇ ਕੋਈ ਬਾਣੀ ਉਚਾਰਨ ਕੀਤੀ ਹੈ ?

ਜਵਾਬ : ਭਾਈ ਮਰਦਾਨਾ ਜੀ ਨੇ ਕੋਈ ਬਾਣੀ ਉਚਾਰਨ ਨਹੀਂ ਕੀਤੀ ਅਤੇ ਨਾ ਹੀ ਐਸੀ ਕੋਈ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸਲੋਕ ਮਰਦਾਨਾ ਦੇ ਸਿਰਲੇਖ ਹੇਠ ਤਿੰਨ ਸ਼ਬਦ ਭਾਈ ਮਰਦਾਨਾ ਜੀ ਦੇ ਪ੍ਰਥਾਇ ਉਚਾਰਨ ਕੀਤੇ ਹਨ। ਜੇਕਰ ਮਰਦਾਨਾ ਜੀ ਦੁਆਰਾ ਇਹ ਸ਼ਬਦ ਉਚਾਰੇ ਹੁੰਦੇ ਤਾਂ ਇਨ੍ਹਾਂ ਦੇ ਅੰਤ ’ਚ ‘ਨਾਨਕ’ ਮੋਹਰ ਨਾ ਹੁੰਦੀ; ਜਿਵੇਂ ਕਿ ਇਹ ਹੈ, ‘‘ਸਲੋਕੁ ਮਰਦਾਨਾ   ਕਲਿ ਕਲਵਾਲੀ ਕਾਮੁ ਮਦੁ; ਮਨੂਆ ਪੀਵਣਹਾਰੁ ਗੁਣ ਮੰਡੇ ਕਰਿ, ਸੀਲੁ ਘਿਉ; ਸਰਮੁ ਮਾਸੁ ਆਹਾਰੁ   ਗੁਰਮੁਖਿ ਪਾਈਐ ਨਾਨਕਾ ! ਖਾਧੈ ਜਾਹਿ ਬਿਕਾਰ ਮਰਦਾਨਾ   ਕਾਇਆ ਲਾਹਣਿ ਆਪੁ ਮਦੁ; ਮਜਲਸ ਤ੍ਰਿਸਨਾ ਧਾਤੁ ਗਿਆਨੁ ਗੁੜੁ, ਸਾਲਾਹ ਮੰਡੇ; ਭਉ ਮਾਸੁ ਆਹਾਰੁ   ਨਾਨਕ  ! ਇਹੁ ਭੋਜਨੁ ਸਚੁ ਹੈ; ਸਚੁ ਨਾਮੁ ਆਧਾਰੁ (ਮਹਲਾ /੫੫੩), ਇਹ ਸ਼ਬਦ ਗੁਰੂ ਸਾਹਿਬ ਨੇ ਆਪਣੇ ਅਤਿ ਸਨੇਹੀ ਭਾਈ ਮਰਦਾਨਾ ਜੀ ਯਾਦ ਨੂੰ ਸਦੀਵੀ ਇਤਿਹਾਸਕ ਬਣਾਉਣ ਲਈ ਇਨ੍ਹਾਂ ਸ਼ਬਦਾਂ ਦੇ ਸਿਰਲੇਖ ’ਚ ਮਰਦਾਨਾ ਜੀ ਦਾ ਨਾਂ ਦਰਜ ਕੀਤਾ ਹੈ। ਇੱਥੋਂ ਇਹ ਭੀ ਸਪਸ਼ਟ ਹੁੰਦਾ ਹੈ ਕਿ ਜੇਕਰ ਭਾਈ ਬਾਲਾ ਭੀ ਗੁਰੂ ਸਾਹਿਬ ਦਾ ਸਾਥੀ ਹੁੰਦਾ ਤਾਂ ਉਸ ਦਾ ਨਾਂ ਭੀ ਗੁਰੂ ਸਾਹਿਬ ਗੁਰਬਾਣੀ ਅੰਦਰ ਜ਼ਰੂਰ ਸੰਭਾਲ਼ਦੇ।

ਸਵਾਲ : ਗੁਰਬਾਣੀ ਦਾ ਪਾਠ ਕਰਨ ਵੇਲੇ ਸਿਰ ਢੱਕਣਾ ਕਿਉਂ ਜ਼ਰੂਰੀ ਹੈ ?

ਜਵਾਬ : ਕੇਵਲ ਗੁਰਬਾਣੀ ਦੇ ਪਾਠ ਵੇਲੇ ਹੀ ਨਹੀਂ, ਸਗੋਂ ਹਰ ਸਮੇਂ ਸਿਰ ਨੂੰ ਢੱਕ ਕੇ ਰੱਖਣਾ ਕੇਸਾਂ ਦਾ ਸਤਿਕਾਰ ਹੈ। ਜੋ ਇਹ ਕਹਿੰਦੇ ਹਨ ਕਿ ਮਨ ਅੰਦਰ ਸਿੱਖੀ ਹੋਣੀ ਚਾਹੀਦੀ ਹੈ, ਸਿਰ ਢੱਕਣ ਜਾਂ ਨਾ ਢੱਕਣ ’ਚ ਕੀ ਰੱਖਿਆ ਹੈ, ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਜੇਕਰ ਸਿਰ ਢੱਕਣ ਵਾਲ਼ਾ ਹੁਕਮ ਹੀ ਨਾ ਮੰਨਿਆ, ਤਾਂ ਅੰਦਰ ਸਿੱਖੀ ਹੈ, ਇਹ ਕਿਸ ਕਿਸ ਨੂੰ ਦਸਦੇ ਫਿਰਾਂਗੇ। ਅਨੁਸਾਸ਼ਨ ’ਚ ਰਹਿਣਾ ਹੀ ਸਿੱਖੀ ਹੈ। ਕੇਸਾਂ ਨੂੰ ਧੁੱਪ ਜਾਂ ਹਵਾ ਲਵਾਉਣ ਲਈ ਕੇਸ ਨੰਗੇ ਰੱਖੇ ਜਾ ਸਕਦੇ ਹਨ, ਪਰ ਉਹ ਭੀ ਘਰ ਅੰਦਰ ਹੀ, ਨਾ ਕਿ ਬਜ਼ਾਰਾਂ ਵਿੱਚ।

ਸਵਾਲ : ਜੇਕਰ ਸਾਰੇ ਮਨੁੱਖ ਅਕਾਲ ਪੁਰਖ ਦੇ ਬਣਾਏ ਹੋਏ ਹਨ, ਫਿਰ ਮਨੁੱਖ ਵਿੱਚ ਅਵਗੁਣ ਕਿਉਂ ਹਨ ?

ਜਵਾਬ : ਗੁਣਾਂ ਦਾ ਸੋਮਾ ਅਕਾਲ ਪੁਰਖ ਹੈ। ਜਿਨ੍ਹਾਂ ਕੁ ਕੋਈ ਉਸ ਨਾਲ ਜੁੜਦਾ ਹੈ, ਉਸ ਦੇ ਡਰ-ਅਦਬ ’ਚ ਰਹਿੰਦਾ ਹੈ; ਓਨੇ ਕੁ ਉਸ ਅੰਦਰ ਪ੍ਰਭੂ ਵਾਲ਼ੇ ਗੁਣ ਆ ਜਾਂਦੇ ਹਨ। ਜੋ ਉਸ ਨਾਲ਼ ਨਹੀਂ ਜੁੜਦਾ, ਉਸ ਦੇ ਡਰ-ਅਦਬ ’ਚ ਨਹੀਂ ਰਹਿੰਦਾ; ਮਨਮਤ ਦੇ ਹਨ੍ਹੇਰੇ ਕਾਰਨ ਉਸ ਅੰਦਰ ਅਵਗੁਣ ਵਧਦੇ ਜਾਂਦੇ ਹਨ। ਅਕਾਲ ਪੁਰਖ ਵੱਲੋਂ ਹਰ ਜੀਵ-ਜੰਤ ਅੰਦਰ ਆਤਮ-ਪ੍ਰਕਾਸ਼ (ਆਪਣਾ ਵਜੂਦ) ਸਥਾਪਿਤ ਕੀਤਾ ਹੈ, ਜੋ ਚੰਗੇ-ਮੰਦੇ ਦੀ ਪਹਿਚਾਨ ਕਰਾਉਂਦਾ ਰਹਿੰਦਾ ਹੈ। ਕੋਈ ਉਸ ਦਾ ਲਾਭ ਨਾ ਉਠਾਏ ਤਾਂ ਢੱਠੇ ਖੂਹ ’ਚ ਪਏ। ਅਕਾਲ ਪੁਰਖ ਜਾਂ ਗੁਰੂ ਨੂੰ ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ। ਵੇਖਣਾ ਇਹ ਹੈ ਕਿ ਬੰਦੇ ਨੇ ਆਪਣੀ ਜ਼ਮੀਰ (ਆਤਮ ਪ੍ਰਕਾਸ਼) ਨੂੰ ਮਾਰਨਾ ਹੈ ਜਾਂ ਬਚਾਉਣਾ ਹੈ।

ਸਵਾਲ : ਕੀ ਹੇਮਕੁੰਟ ਸਾਹਿਬ ਦੀ ਕੋਈ ਇਤਿਹਾਸਕ ਮਹੱਤਤਾ ਹੈ ?

ਜਵਾਬ : ਪਹਾੜੀ ਇਲਾਕੇ ’ਚ ਰਮਣੀਕ ਥਾਂ ’ਤੇ ਬਣਿਆ ਗੁਰਦੁਆਰਾ ਹੇਮਕੁੰਟ ਇਤਿਹਾਸਕ ਸਥਾਨ ਨਹੀਂ। ਇਸ ਦਾ ਸੰਬੰਧ ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਜਨਮ ਨਾਲ ਜੋੜਿਆ ਜਾਂਦਾ ਹੈ, ਜੋ ਕਿ ਗ਼ਲਤ ਹੈ ਕਿਉਂਕਿ 9 ਗੁਰੂ ਸਾਹਿਬਾਨ ਨੇ ਆਪਣੇ ਪੂਰਵਲੇ ਜਨਮ ਦਾ ਵਰਣਨ ਨਹੀਂ ਕੀਤਾ ਤਾਂ 10ਵੇਂ ਜਾਮੇ ’ਚ ਆ ਕੇ ਅਚਾਨਕ ਐਸਾ ਵਰਣਨ ਕਰਨ ਦੀ ਕੀ ਲੋੜ ਪਈ। ਐਸਾ ਪ੍ਰਤੀਤ ਹੁੰਦਾ ਹੈ ਕਿ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਸਾਹਿਬ ਜੀ ਅਤੇ ਅੰਤਮ 10ਵੇਂ ਪਾਤਿਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਨਮ ਨੂੰ ਕਿਸੇ ਦੇਵੀ-ਦੇਵਤੇ ਦੇ ਅਸ਼ੀਰਵਾਦ ਨਾਲ਼ ਇਸ ਜਨਮ ’ਚ ਆਉਣਾ, ਸਿੱਧ ਕਰਨ ਲਈ ਇਹ ਕਾਲਪਨਿਕ ਖੋਜ ਦਾ ਹਵਾਲਾ ਦਿੱਤਾ ਜਾਂਦਾ ਹੈ।

ਇਸ ਸਥਾਨ ’ਤੇ ਪਹਿਲੀ ਵਾਰ ਸੰਨ 1932 ਵਿੱਚ ਸੰਤ ਸੋਹਣ ਸਿੰਘ ਟੇਹਰੀਵਾਲਾ ਪਹੁੰਚਿਆ, ਜਿਸ ਨੇ ਸੰਨ 1935 ’ਚ ਭਾਈ ਵੀਰ ਸਿੰਘ ਜੀ ਨੂੰ ਦੱਸਿਆ ਅਤੇ ਉਸ ਨੇ ਇਸ ਨੂੰ ਇਤਿਹਾਸਕ ਸਥਾਨ ਕਿਹਾ। ਸੋਚਣਾ ਬਣਦਾ ਹੈ ਕਿ ਐਸੀ ਖੋਜ, ਜੋ 20ਵੀਂ ਸਦੀ ਤੱਕ ਸਿੱਖ ਇਤਿਹਾਸ ’ਚ ਦਰਜ ਨਹੀਂ ਸੀ, ਉਹ ਅਚਾਨਕ ਗੁਰੂ ਗੋਬਿੰਦ ਸਿੰਘ ਜੀ ਨਾਲ਼ ਜੋੜ ਕੇ ਇਤਿਹਾਸਕ ਸਿੱਧ ਕਰ ਦਿੱਤੀ। 

ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਵੇਂ ਪਾਤਿਸ਼ਾਹ ਜੀ ਪਾਸੋਂ ਗੁਰੂ ਨਾਨਕ-ਜੋਤ ਗੁਰਿਆਈ ਮਿਲਣ ਤੋਂ ਬਾਅਦ ਹੀ 10ਵੇਂ ਗੁਰੂ ਬਣੇ ਹਨ। ਆਪਣੇ ਜੀਵਨ ਕਾਲ (ਸੰਨ 1666-1708) ਤੱਕ ਆਪ ਇੱਕ ਵਾਰ ਭੀ ਆਪਣੀ ਤਪੋ ਭੂਮੀ (ਹੇਮਕੁੰਡ) ਨਾ ਗਏ ਭਾਵੇਂ ਕਿ ਉਨ੍ਹਾਂ ਦਾ ਜਨਮ ਪਟਨਾ (ਬਿਹਾਰ) ’ਚ ਹੋਇਆ ਤੇ ਉੱਤਰ ਭਾਰਤ ’ਚ ਕਈ ਯਾਤਰਾਵਾਂ ਕੀਤੀਆਂ। ਲੰਬਾ ਸਮਾਂ ਪਾਉਂਟਾ ਸਾਹਿਬ (ਹਿਮਾਚਲ ਪ੍ਰਦੇਸ਼) ਵਿਖੇ ਰਹੇ, ਜੋ ਇਸ ਕਲਪਿਤ ਤਪੋ ਭੂਮੀ ਦੇ ਨੇੜੇ ਹੈ। ਪਿਛਲੇ ਜਨਮ ਵਿੱਚ ਉਹ ਕੀ ਸਨ, ਇਸ ਨਾਲ ਸਿੱਖਾਂ ਦਾ ਕੀ ਵਾਹ-ਵਾਸਤਾ ?

ਗੁਰੂ ਅੰਗਦ ਦੇਵ ਜੀ ਇਸੇ ਜਨਮ ’ਚ ਮਾਤਾ ਵੈਸਨੋ ਦੇਵੀ (ਜੰਮੂ) ਦੀ ਯਾਤਰਾ ’ਤੇ ਹਰ ਸਾਲ ਜਾਂਦੇ ਰਹੇ। ਗੁਰੂ ਅਮਰਦਾਸ ਜੀ ਲੰਬਾ ਸਮਾਂ ਹਰਦੁਆਰ ਵਿਖੇ ਗਏ, ਪਰ ਜਦ ਗੁਰੂ ਨਾਨਕ ਜੋਤਿ ਦੇ ਉੱਤਰਾਧਿਕਾਰੀ ਬਣੇ ਤਾਂ ਉਨ੍ਹਾਂ ਨੇ ਇੱਕ ਵਾਰ ਭੀ ਆਪਣੀ ਬਾਣੀ ਵਿੱਚ ਆਪਣੀਆਂ ਪਿਛਲੀਆਂ ਕਹਾਣੀਆਂ ਜਾ ਜ਼ਿਕਰ ਨਾ ਕੀਤਾ ਫਿਰ 10ਵੇਂ ਜਾਮੇ ’ਚ ਗੁਰੂ ਨਾਨਕ ਜੋਤਿ (ਗੁਰੂ ਗੋਬਿੰਦ ਸਿੰਘ ਸਾਹਿਬ) ਨੂੰ ਆਪਣਾ ਪਿਛਲਾ ਵੇਰਵਾ ਦੇਣ ਦੀ ਕੀ ਲੋੜ ਪਈ ਹੋਏਗੀ। ਸੋ ਹੇਮਕੁੰਟ ਜਗ੍ਹਾ ਦਾ ਸਤਿਕਾਰ ਬਾਕੀ ਗੁਰੂ ਘਰਾਂ ਵਾਙ ਓਥੇ ਗੁਰਦੁਆਰਾ ਸਾਹਿਬ ਹੋਣ ਕਾਰਨ ਹੈ, ਨਾ ਕਿ ਇਤਿਹਾਸਕ ਸਥਾਨ ਹੋਣ ਕਾਰਨ।