ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੱਤਰ

0
27

ਸ. ਹਰਜਿੰਦਰ ਸਿੰਘ ਧਾਮੀ ਜੀ,

ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,

ਸ਼੍ਰੀ ਅੰਮ੍ਰਿਤਸਰ ਸਾਹਿਬ। 

ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ। 

ਵਿਸ਼ਾ :- ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 

ਸਤਿਕਾਰ ਯੋਗ ਪ੍ਰਧਾਨ ਜੀ ! ਬੇਨਤੀ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬ ਸਾਈਟ ਮੁਤਾਬਕ, ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ੧੯ ਵੈਸਾਖ, ਵੈਸਾਖ ਵਦੀ ੭ ਸੰਮਤ ੧੬੨੦ ਬਿਕ੍ਰਮੀ ਨੂੰ ਗੋਇੰਦਵਾਲ ਸਾਹਿਬ ਵਿਖੇ ਹੋਇਆ ਸੀ। ਅੰਗਰੇਜੀ ਰਾਜ ਵੇਲੇ, ਜਦੋਂ ਅੰਗਰੇਜੀ ਤਾਰੀਖਾਂ ਲਿਖਣ ਦਾ ਰਿਵਾਜ ਪਿਆ ਤਾਂ ਇਹ ਤਾਰੀਖ, 15 ਅਪ੍ਰੈਲ 1563 ਈ: (ਜੂਲੀਅਨ) ਲਿਖੀ ਗਈ।  

“Sri Guru Arjan Dev ji, the youngest son of Sri Guru Ramdas ji and Mata Bhani ji, was born at Goindwal Shaib on Vaisakh Vadi 7th 19 Vaisakh Samvat 1620 (April 15, 1563)”. (sgpc.net)

ਸਿੱਖ ਇਤਿਹਾਸ ਦੀਆਂ ਕਈ ਤਾਰੀਖਾਂ ਬਾਰੇ ਵਿਦਵਾਨਾਂ ਵਿੱਚ ਮਤਭੇਦ ਹਨ, ਪਰ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ਼ ੧੯ ਵੈਸਾਖ, ਵੈਸਾਖ ਵਦੀ ੭ ਸੰਮਤ ੧੬੨੦ ਬਿਕ੍ਰਮੀ ਸਬੰਧੀ ਕੋਈ ਮਤਭੇਦ ਨਹੀਂ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ੧੯ ਵੈਸਾਖ ਦਾ ਹੀ ਦਰਜ ਹੈ। 

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਦੇ ਨਾਂ ਹੇਠ ਛਾਪੇ ਜਾਂਦੇ ਸੂਰਜੀ ਬਿਕ੍ਰਮੀ ਕੈਲੰਡਰ (ਦ੍ਰਿਕਗਿਣਤ ਸਿਧਾਂਤ) ਵਿੱਚ, ਇਸ ਸਾਲ ਇਹ ਦਿਹਾੜਾ ੧੮ ਵੈਸਾਖ (30 ਅਪ੍ਰੈਲ) ਦਿਨ ਮੰਗਲਵਾਰ ਦਾ ਦਰਜ ਹੈ। ਪਿਛਲੇ ਸਾਲ ਦੇ ਕੈਲੰਡਰ ਵਿੱਚ ਇਹ ਦਿਹਾੜਾ ੩੦ ਚੇਤ (12 ਅਪ੍ਰੈਲ) ਦਾ ਦਰਜ ਸੀ ਜਦੋਂ ਕਿ ਕੈਲੰਡਰ ਹਰ ਸਾਲ ੧ ਚੇਤ ਤੋਂ ਹੀ ਆਰੰਭ ਹੁੰਦਾ ਹੈ। ਸੂਰਜੀ ਸਾਲ ਵਿੱਚ 365 ਦਿਨ ਹੁੰਦੇ ਹਨ। ਹਰ ਸਾਲ ਹਰ ਦਿਹਾੜਾ ਮੁੜ ਉਸੇ ਪ੍ਰਵਿਸ਼ਟੇ ਨੂੰ ਆਉਂਦਾ ਹੈ। ਇਸ ਸਾਲ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ 383 ਦਿਨਾਂ ਪਿਛੋਂ ਆ ਰਿਹਾ ਹੈ। ਅਜਿਹਾ ਕਿਉਂ ? 

ਇਸ ਦਾ ਕਾਰਨ ਇਹ ਹੈ ਕਿ ਸ੍ਰੋਮਣੀ ਕਮੇਟੀ ਵੱਲੋਂ ਇਹ ਦਿਹਾੜਾ ਮਨਾਇਆ ਤਾਂ ਚੰਦ ਦੇ ਕੈਲੰਡਰ ਮੁਤਾਬਕ, ਵੈਸਾਖ ਵਦੀ ੭ ਨੂੰ ਜਾਂਦਾ ਹੈ, ਪਰ ਦਰਜ ਸੂਰਜੀ ਕੈਲੰਡਰ (ਪ੍ਰਵਿਸ਼ਟਿਆਂ) ਮੁਤਾਬਕ ਕੀਤਾ ਜਾਂਦਾ ਹੈ। ਚੰਦ ਦੇ ਸਾਲ ਵਿਚ 354 ਦਿਨ ਹੁੰਦੇ ਹਨ। ਸਧਾਰਨ ਸਾਲ ਵਿੱਚ ਤਾਂ ਵੈਸਾਖ ਵਦੀ ੭, 354 ਦਿਨਾਂ ਪਿਛੋਂ ਆਉਂਦੀ ਹੈ, ਪਰ ਜਦੋਂ ਚੰਦ ਦੇ ਸਾਲ ਵਿੱਚ ਮਲਮਾਸ ਆ ਜਾਵੇ ਤਾਂ ਸਾਲ ਦੇ ਦਿਨ 383-384 ਹੋ ਜਾਂਦੇ ਹਨ। 

ਪ੍ਰਧਾਨ ਜੀ ! ਕੀ ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਕੈਲੰਡਰ ਤਾਂ ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ) ਛਾਪਿਆ ਜਾਂਦਾ ਹੈ, ਪਰ ਦਿਹਾੜੇ ਵਦੀ-ਸੁਦੀ ਮੁਤਾਬਕ, ਹਰ ਸਾਲ ਬਦਲਵੇਂ ਪ੍ਰਵਿਸ਼ਟੇ ਨੂੰ ਦਰਜ ਕੀਤੇ ਜਾਂਦੇ ਹਨ ? ਸੂਰਜੀ ਕੈਲੰਡਰ ਮੁਤਾਬਕ ਹਰ ਸਾਲ ਜੇ ਵੈਸਾਖੀ; ੧ ਵੈਸਾਖ ਨੂੰ ਮਨਾਈ ਜਾ ਸਕਦੀ ਹੈ ਤਾਂ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ੧੯ ਵੈਸਾਖ ਨੂੰ ਕਿਉਂ ਨਹੀਂ ਮਨਾਇਆ ਜਾ ਸਕਦਾ ? ਜੇ ਕੁਝ ਦਿਹਾੜੇ ਵਦੀ-ਸੁਦੀ ਮੁਤਾਬਕ ਅਤੇ ਕੁਝ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ ਮਨਾਉਣੇ, ਸ਼੍ਰੋਮਣੀ ਕਮੇਟੀ ਦੀ ਕੋਈ ਮਜ਼ਬੂਰੀ ਹੈ ਤਾਂ ਕੈਲੰਡਰ ਵੀ ਉਸੇ ਅਨੁਸਾਰ, ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਕਿਉਂ ਨਹੀਂ ਛਾਪਿਆ ਜਾਂਦਾ ? ਸ਼੍ਰੋਮਣੀ ਕਮੇਟੀ, ਇਤਿਹਾਸਿਕ ਦਿਹਾੜਿਆਂ ਦੀਆਂ ਤਾਰੀਖਾਂ ਸਬੰਧੀ ਦੁਬਿਧਾ, ਕਿਉਂ ਪਾਈ ਰੱਖਣਾ ਚਾਹੁੰਦੀ ਹੈ ? 

ਪ੍ਰਧਾਨ ਜੀ ! ਹੈਰਾਨੀ ਤਾਂ ਉਦੋਂ ਹੋਈ ਜਦੋਂ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਦਰਜ ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦਾ ਪ੍ਰਵਿਸ਼ਟਾ ਭਾਵ ੧੮ ਵੈਸਾਖ (30 ਅਪ੍ਰੈਲ) ਮੁਤਾਬਕ ਜੰਤਰੀਆਂ ਵਿੱਚ ਚੰਦ ਦੀ ਤਿੱਥ ਵੇਖੀ  !

ਜੋ ‘ਅਸਲੀ ਤਿਥ ਪਤ੍ਰਿਕਾ’ (ਪੰਡਿਤ ਦੇਵੀ ਦਿਆਲ ਜੀ) ਮੁਤਾਬਕ ਤਾਂ ੧੮ ਵੈਸਾਖ (30 ਅਪ੍ਰੈਲ) ਦਿਨ ਮੰਗਲਵਾਰ ਨੂੰ ਵੈਸਾਖ ਵਦੀ ੬ ਹੈ। (ਪੰਨਾ ੪੨) ਸ਼੍ਰੋਮਣੀ ਕਮੇਟੀ ਇਸ ਸਾਲ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ, ਵੈਸਾਖ ਵਦੀ ੬, ੧੮ ਵੈਸਾਖ (30 ਅਪ੍ਰੈਲ) ਦਿਨ ਮੰਗਲਵਾਰ ਨੂੰ ਮਨਾ ਰਹੀ ਹੈ। ‘ਵਪਾਰ ਆਲਮ ਬਿਕ੍ਰਮੀ ਤਿਥ ਪੱਤ੍ਰਿਕਾ’ (ਜੋਤਸ਼ੀ ਪ੍ਰਤਾਪ ਸਿੰਘ ਜੀ ਗਿਆਨੀ) ਮੁਤਾਬਕ ਵੈਸਾਖ ਵਦੀ ੭ ਤਾਂ ੧੯ ਵੈਸਾਖ, 1 ਮਈ ਦਿਨ ਬੁੱਧਵਾਰ ਨੂੰ ਹੈ।

ਪ੍ਰਧਾਨ ਜੀ ! ਕੀ ਕਾਰਨ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸ ਸਾਲ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਅਸਲ ਤਿੱਥ, ਵੈਸਾਖ ਵਦੀ ੭ (੧੯ ਵੈਸਾਖ, 1 ਮਈ) ਦਿਨ ਬੁੱਧਵਾਰ ਦੀ ਬਜਾਇ ਵੈਸਾਖ ਵਦੀ ੬ (੧੮ ਵੈਸਾਖ, 30 ਅਪ੍ਰੈਲ) ਦਿਨ ਮੰਗਲਵਾਰ ਨੂੰ ਮਨਾ ਰਹੀ ਹੈ ? 

ਸ. ਹਰਜਿੰਦਰ ਸਿੰਘ ਧਾਮੀ ਜੀ ! ਨਿਮਰਤਾ ਸਹਿਤ ਬੇਨਤੀ ਹੈ ਕਿ ਹੇਠ ਲਿਖੀ ਜਾਣਕਾਰੀ ਸਾਂਝੀ ਕਰਨ ਦੀ ਕ੍ਰਿਪਾਲਤਾ ਕਰਨੀ ਜੀ। 

1 . ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਇਸ ਸਾਲ ਵੈਸਾਖ ਵਦੀ ੭ ਦੀ ਬਜਾਇ, ਵੈਸਾਖ ਵਦੀ ੬ ਨੂੰ ਕਿਉਂ ਮਨਾਇਆ ਜਾ ਰਿਹਾ ਹੈ ?

  1. ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਸੂਰਜੀ ਕੈਲੰਡਰ ਛਾਪਿਆ ਜਾਂਦਾ ਹੈ ਤਾਂ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ ਅਸਲ ਸੂਰਜੀ ਪ੍ਰਵਿਸ਼ਟੇ ਭਾਵ ੧੯ ਵੈਸਾਖ ਨੂੰ ਕਿਉਂ ਨਹੀਂ ਮਨਾਇਆ ਜਾਂਦਾ ?
  2. ਜੇ ਇਤਿਹਾਸਿਕ ਦਿਹਾੜੇ ਵਦੀ-ਸੁਦੀ ਮੁਤਾਬਕ ਮਨਾਉਣੇ ਹਨ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਕਿਉਂ ਨਹੀਂ ਛਾਪਿਆ ਜਾਂਦਾ ? ਧੰਨਵਾਦ।

ਸਤਿਕਾਰ ਸਹਿਤ ਸਰਵਜੀਤ ਸਿੰਘ ਸੈਕਰਾਮੈਂਟੋ ੧੨ ਵੈਸਾਖ, ਨਾ: ਸੰ: ੫੫੬ (25 ਅਪ੍ਰੈਲ 2024 ਈ:)