ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਪਹਿਲਾ)

0
605

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ

ਗਿਆਨੀ ਅਵਤਾਰ ਸਿੰਘ

ਕਿਸੇ ਕੌਮ ਲਈ ਭਾਵੇਂ ਕਿੰਨਾ ਭੀ ਉੱਚਾ-ਸੁੱਚਾ ਧਾਰਮਿਕ ਏਜੰਡਾ ਬਣਾ ਦਿੱਤਾ ਜਾਵੇ, ਜੇਕਰ ਉਸ ਨੂੰ ਅਮਲ ’ਚ ਲਿਆ ਕੇ ਹੋਰਾਂ ਨਾਲ਼ ਸਾਂਝਾ ਨਾ ਕੀਤਾ ਜਾਏ ਤਾਂ ਉਹ; ਕਿਤਾਬਾਂ, ਗ੍ਰੰਥਾਂ ਆਦਿ ’ਚ ਪਿਆ ਆਪਣੇ ਆਪ ਦਮ ਤੋੜ ਲੈਂਦਾ ਹੈ। ਉਸ ਦਾ ਲਾਭ ਲੈਣ ਲਈ ਉਸ ਲਿਖਤ ਨੂੰ ਖੋਲ੍ਹ ਕੇ ਨਿਰੰਤਰ ਪੜ੍ਹਨਾ, ਸਮਝਣਾ, ਵਿਚਾਰਨਾ ਤੇ ਅਮਲ ’ਚ ਲਿਆਉਣਾ ਪੈਂਦਾ ਹੈ। ਜੇਕਰ ਉਹ ਏਜੰਡਾ; ਮਨੁੱਖ ਨੂੰ ਸਮੇਂ ਦਾ ਹਾਣੀ ਬਣਾਉਣਯੋਗ ਨਾ ਹੋਵੇ ਤਾਂ ਉਸ ਦਾ ਤੋੜਿਆ ਦਮ; ਕੋਈ ਮਾਇਨਾ ਨਹੀਂ ਰੱਖਦਾ, ਪਰ ਜੇ ਉਹ ਏਜੰਡਾ ਹੀ ਮਨੁੱਖ ਜਾਤੀ ਨੂੰ ਸਮੇਂ ਦਾ ਹਾਣੀ ਬਣਾਵੇ, ਫਿਰ ਭੀ ਉਸ ਦੀ ਕਦਰ ਨਾ ਕੀਤੀ ਜਾਵੇ ਤਾਂ ਉਹ ਕੌਮ; ਖ਼ੁਦ ਆਪਣਾ ਨਾਮ-ਨਿਸ਼ਾਨ ਮਿਟਾਉਂਦੀ ਹੈ। ਇਸ ਲੇਖ ਰਾਹੀਂ ਗੁਰਮੁਖੀ ਲਿਪੀ ਅਤੇ ਉਸ ਵਿੱਚ ਸੰਭਾਲ਼ੇ ਗੁਰਮਤਿ-ਸਿਧਾਂਤ ਨੂੰ ਘੋਖਣ ’ਚ ਸਿੱਖਾਂ ਦੀ ਲਾਪਰਵਾਹੀ ਤੇ ਨਾਸਮਝੀ ਨੂੰ ਵਾਚਣਾ ਹੈ।

ਗੁਰੂ ਗ੍ਰੰਥ ਸਾਹਿਬ ਅੰਦਰ ਭਾਵੇਂ ਦਰਜਨ ਤੋਂ ਵੱਧ ਭਾਸ਼ਾਵਾਂ ਹਨ, ਪਰ ਮੂਲ ਲਿਪੀ ‘ਗੁਰਮੁਖੀ’ ਹੈ। ਜਦ ਸਿੱਖਾਂ ਨੇ ਗੁਰੂ ਸਾਹਿਬ ਨੂੰ ਗੁਰਬਾਣੀ ਦਾ ਟੀਕਾ ਕਰਨ ਲਈ ਬੇਨਤੀ ਕੀਤੀ, ਤਾਂ ਉਨ੍ਹਾਂ ਦਾ ਜਵਾਬ ਸੀ ਕਿ ਮੇਰੇ ਸਿੱਖ; ਗੁਰਮਤਿ ਨੂੰ ਸਮਝਣ ’ਚ ਸਮਰੱਥ ਹੋਣਗੇ ਕਿਉਂਕਿ ਜਿਸ ਤਰ੍ਹਾਂ ਅਜੋਕੀ ਕਿਸੇ ਕਵਿਤਾ ਨੂੰ ਲਿਖਣ ਸਮੇਂ ਉਸ ਦਾ ਨਾਲ਼-ਨਾਲ਼ ਟੀਕਾ ਕਰਨ ਦੀ ਲੋੜ ਨਹੀਂ ਭਾਂਪਦੀ ਕਿਉਂਕਿ ਹਰ ਕੋਈ ਅਜੋਕੀ ਪੰਜਾਬੀ ਤੋਂ ਜਾਣੂ ਹੁੰਦਾ ਹੈ; ਵੈਸੇ ਹੀ ਅਤੀਤ ’ਚ ਪੁਰਾਤਨ ਪੰਜਾਬੀ (ਗੁਰਮੁਖੀ) ਦੀ ਲਿਖਤ ਤੋਂ ਸਾਰੇ ਸਿੱਖ ਵਾਕਫ਼ ਸਨ ਤੇ ਗੁਰਮਤਿ ਨੂੰ ਸਹਿਜੇ ਹੀ ਸਮਝ ਲੈਂਦੇ ਸਨ। ਕੋਈ ਟੀਕਾ ਕਰਨ ਦੀ ਲੋੜ ਨਹੀਂ ਸੀ, ਪਰ ਹੁਣ ਆਧੁਨਿਕ ਪੰਜਾਬੀ ਵੱਲ ਵਧਣ ਕਾਰਨ ਪੁਰਾਤਨ ਲਿਪੀ ’ਚ ਸੰਭਾਲ਼ਿਆ ਗੁਰਮਤਿ-ਖ਼ਜ਼ਾਨਾ ਸਮਝਣਾ ਕਠਿਨ ਹੋ ਗਿਆ ਹੈ; ਇਸੇ ਲਈ ਗੁਰਬਾਣੀ ਦੇ ਵਾਰ-ਵਾਰ ਟੀਕੇ ਕੀਤੇ ਗਏ, ਜਿਨ੍ਹਾਂ ਵਿੱਚ ਟੀਕੇਕਾਰਾਂ ਦੀ ਨਿਜੀ ਸੋਚ ਭੀ ਰਲਗੱਡ ਹੋ ਗਈ। ਜਿਸ ਨੇ ਸਿੱਖਾਂ ਅੰਦਰ ਵਿਵਾਦ ਪੈਦਾ ਕਰ ਦਿੱਤੇ। ਇਉਂ ਇੱਕ ਪਾਸੇ ਸਿੱਖ; ਗੁਰਮਤਿ ਤੋਂ ਟੁਟਦੇ ਗਏ, ਦੂਜੇ ਪਾਸੇ ਆਪਸੀ ਮਤਭੇਦਾਂ ਕਾਰਨ ਗੁਰੂ ਸਾਹਿਬਾਨ ਦੁਆਰਾ ਅਪਣਾਇਆ ਮਿਲ ਬੈਠ ਚਰਚਾ ਕਰਨ ਵਾਲ਼ਾ ਰਾਹ ਭੀ ਬੰਦ ਕਰ ਲਿਆ। ਹੁਣ ਇਹੋ ਹੱਲ ਹੈ ਕਿ ਸਿੱਖ ਸੰਗਤ; ਖ਼ੁਦ ਗੁਰਮੁਖੀ ਲਿਪੀ ਨੂੰ ਸਮਝੇ ਤੇ ਉਨ੍ਹਾਂ ਸ਼ਬਦਾਂ ਨੂੰ ਨਵੀਆਂ ਲਿਖਤਾਂ ’ਚ ਵਰਤੇ ਤਾਂ ਜੋ ਪੁਰਾਤਨ ਸਿੱਖਾਂ ਵਾਂਗ ਸੁਤੇ ਹੀ ਗੁਰਮਤਿ ਸਮਝ ਆਉਂਦੀ ਰਹੇ। ਫਿਰ ਨਾ ਗੁਰਬਾਣੀ ਦੇ ਟੀਕੇ ਕਰਨ ਦੀ ਲੋੜ ਪਏਗੀ ਤੇ ਨਾ ਆਪਸੀ ਵਿਵਾਦ ਵਧਣਗੇ ਵਰਨਾ ਰਵਾਇਤੀ ਧਰਮਾਂ ਵਾਂਗ ਸਿੱਖਾਂ ਨੇ ਭੀ ਅਲੱਗ-ਅਲੱਗ ਧੜੇ ਬਣਾ ਗੁਰਬਾਣੀ ਦੇ ਸਰਬ ਸਾਂਝੇ ਸਿਧਾਂਤ ਨੂੰ ਆਪ ਹੀ ਖ਼ਤਮ ਕਰ ਲੈਣਾ ਹੈ।

ਮਿਸਾਲ ਵਜੋਂ ਗੁਰਮੁਖੀ ਲਿਪੀ ਦੇ ਪੁਰਾਤਨ ਸ਼ਬਦ ਹਨ, ‘ਉਨ੍ਹਾ, ਸੁਬਹ, ਸਾਮ੍ਹਣੇ, ਗ੍ਰਿਸਤ/ਗ੍ਰਿਹਸਤ, ਪਾਤਿਸਾਹ, ਬਾਦਿਸਾਹ, ਪਰਵਾਰ, ਫੁਰਮਾਨ, ਸਹਰ, ਜਹਰ, ਕਹਰ, ਜੁਗਤੀ, ਨਾਵਾ (ਨਾਵਾਂ), ਪ੍ਰਸਾਦ (ਕੜਾਹ ਪ੍ਰਸ਼ਾਦ), ਪਹਿਚਾਨ/ਪਹਿਚਾਣ, ਵਖਿਆਣ/ਬਖਿਆਨ, ਬੁਰਿਆਈ, ਪੰਡਿਤ, ਪਛੁਤਾਵਾ, ਭੀ, ਕਵਲ’ ਆਦਿ, ਜਿਨ੍ਹਾਂ ਨੂੰ ਹੁਣ ਪੜ੍ਹਿਆ ਤੇ ਲਿਖਿਆ ਜਾ ਰਿਹਾ ਹੈ ‘ਉਹਨਾ, ਸੁਬ੍ਹਾ, ਸਾਹਮਣੇ, ਗ੍ਰਹਿਸਤ, ਪਾਤਸਾਹ, ਬਾਦਸਾਹ, ਪਰਿਵਾਰ, ਫਰਮਾਨ, ਸਹਿਰ, ਜਹਿਰ, ਕਹਿਰ, ਯੁਕਤੀ, ਨੌਵਾਂ, ਪ੍ਰਸ਼ਾਦਿ, ਪਛਾਣ, ਵਿਖਿਆਨ, ਬੁਰਾਈ, ਪੰਡਤ, ਪਛਤਾਵਾ, ਵੀ, ਕੰਵਲ’। ਸਿੱਖ ਰਹਿਤ ਮਰਯਾਦਾ ’ਚ (ਕੜਾਹ) ‘ਪ੍ਰਸ਼ਾਦ’ ਨੂੰ ਹਰ ਥਾਂ (ਕੜਾਹ) ‘ਪ੍ਰਸ਼ਾਦਿ’ ਲਿਖਿਆ ਹੈ ਤਾਹੀਓਂ ਹਰ ਗੁਰਦੁਆਰਾ ਸਾਹਿਬ ਅੰਦਰ ‘ਕੜਾਹਿ ਪ੍ਰਸ਼ਾਦਿ’ (ਗ਼ਲਤ) ਲਿਖਣਾ ਪ੍ਰਚਲਿਤ ਹੋ ਗਿਆ। ਇਨ੍ਹਾਂ ਨੂੰ ਪੜ੍ਹ ਕੇ ਮੂਲ ਮੰਤਰ ਵਾਲ਼ੇ ‘ਗੁਰ ਪ੍ਰਸਾਦਿ’ ਨੂੰ ‘ਗੁਰ ਪ੍ਰਸ਼ਾਦਿ’ ਪੜ੍ਹਨ ਦੀ ਗ਼ਲਤੀ ਲੱਗਦੀ ਹੈ ਜਦਕਿ ‘ਗੁਰ ਪ੍ਰਸਾਦਿ’ ਦੇ ਅਰਥ ਹਨ ‘ਗੁਰੂ ਦੀ ਕਿਰਪਾ ਨਾਲ਼’, ਨਾ ਕਿ ‘ਗੁਰੂ ਦੇ ਪ੍ਰਸ਼ਾਦ/ਦੇਗ ਨਾਲ਼’। ਸੁਬਹ ਤੇ ਸ਼ਾਮ (ਸਾਂਝ) ਕੀਤੀ ਜਾਂਦੀ ਅਰਦਾਸ ’ਚ ‘ਪਾਤਿਸਾਹ’ ਨੂੰ ‘ਪਾਤਸਾਹ’ ਲਿਖਿਆ ਹੈ। ਸੋ ਅਜੋਕੇ ਸਿੱਖ; ਪੁਰਾਤਨ ਗੁਰਮੁਖੀ ਤੋਂ ਬੜੀ ਤੇਜ਼ੀ ਨਾਲ਼ ਦੂਰ ਹੋ ਰਹੇ ਹਨ। ਜਿਸ ਵੱਲ ਧਿਆਨ ਦੇਣ ਦੀ ਅਤਿ ਲੋੜ ਹੈ।

ਪੰਜਾਬੀ ਵਰਣਮਾਲਾ ’ਚ 35 ਅੱਖਰ ਹਨ। ਜਿਨ੍ਹਾਂ ’ਚ ਤਿੰਨ ਸਵਰ (ੳ, ਅ, ੲ) ਤੇ ਬਾਕੀ 32 ਵਿਅੰਜਨ ਹਨ। ਸਵਰ ਅੱਖਰ ਉਹ ਹੁੰਦੇ ਹਨ, ਜਿਨ੍ਹਾਂ ਦੀ ਉਚਾਰਨ ਧੁਨੀ; ਗਲ਼ੇ (ਘੰਡੀ) ਤੋਂ ਉਪਜਦੀ ਹੈ ਤੇ ਵਿਅੰਜਨ ਅੱਖਰ-ਧੁਨੀ; ‘ਦੰਦ, ਹੋਂਠ, ਤਾਲੂਆ, ਨੱਕ’ ਆਦਿ ਦੀ ਮਦਦ ਨਾਲ਼ ਪੈਦਾ ਹੁੰਦੀ ਹੈ। ਭਾਰਤ ’ਚ ਪਨਪੀ ਭਗਤੀ ਲਹਿਰ, ਯੋਗ ਮੱਤ ਆਦਿ ਨੇ ਧਿਆਨ ਸਾਧਨਾ ਲਈ ‘ਓਮ’ (ਓ+ਮ) ਸਵਰ-ਧੁਨੀ ਨੂੰ ਸਿਰਮੌਰ ਮੰਨਿਆ ਕਿਉਂਕਿ ਵਿਅੰਜਨ-ਧੁਨੀ ਉਚਾਰਦਿਆਂ ਮੂੰਹ (ਅੰਦਰ ਜੀਭ) ਦੀ ਹਰਕਤ ਧਿਆਨ ਇਕਾਗਰਤਾ ਨੂੰ ਤੋੜਦੀ ਹੈ, ਪਰ ਇਸ ‘ਓਮ’ (ਸਵਰ-ਧੁਨੀ) ਨਾਲ਼ ਉਪਜੇ ਭਰਮ (ਕਿ ਤਿੰਨ ਦੇਵਤੇ ‘ਬ੍ਰਹਮਾ, ਵਿਸ਼ਨੂੰ, ਸ਼ਿਵ’; ਜਗਤ-ਰਚਨਾ ਦਾ ਆਧਾਰ ਹਨ) ਦਾ ਖੰਡਨ ਕਰਨ ਲਈ ਗੁਰੂ ਨਾਨਕ ਸਾਹਿਬ ਨੇ ‘ਓਮ’ ਦਾ ਸਰੂਪ ‘ੴ’ ਬਣਾ ਕੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਰੰਭਕ ਸ਼ਬਦ ਵਜੋਂ ਚੁਣਿਆ। ਸਮੁੱਚੀ ਗੁਰਬਾਣੀ ’ਚ ਇਹ 568 ਵਾਰ ਹੈ। ਪ੍ਰਾਚੀਨ ਸ਼ਬਦ ’ਚ ਕੀਤੀ ਇਹ ਤਬਦੀਲੀ ਵੈਸੀ ਹੀ ਹੈ; ਜਿਵੇਂ ਕਿ ਦਸਮੇਸ਼ ਪਿਤਾ ਨੇ ‘ਹੋਲੀ’ ਨੂੰ ‘ਹੋਲਾ ਮਹੱਲਾ’ ਤਿਉਹਾਰ ’ਚ ਤਬਦੀਲ ਕੀਤਾ ਹੈ ਤਾਂ ਕਿ ਕੱਚੇ ਰੰਗਾਂ ਨਾਲ਼ ਮਸਤ ਹੋ ਹੋ ਕੇ ਕਾਇਰ ਹੋਈ ਮਨੁੱਖਤਾ ਨੂੰ ਅਣਖ ਤੇ ਸਵੈਮਾਨ ਨਾਲ਼ ਜਗਾਇਆ ਜਾ ਸਕੇ।

ਨੋਟ : ਸੰਸਕ੍ਰਿਤ ਲਿਪੀ ’ਚ ਟਿੱਪੀ ( ੰ ) ਦੀ ਥਾਂ ਚੰਦ ਬਿੰਦੀ (ॐ) ਹੁੰਦੀ ਹੈ, ਜਿਸ ਦੀ ਉਚਾਰਨ-ਧੁਨੀ ‘ਮ’ ਹੈ ਜਦਕਿ ਗੁਰਮੁਖੀ ’ਚ ਟਿੱਪੀ ਦੀ ਉਚਾਰਨ-ਧੁਨੀ ‘ਅੰਙ’ ਭੀ ਹੈ। ਇਸ ਤਰ੍ਹਾਂ ‘ਓ+ਮ’ ਤੋਂ ‘ਓ+ਅੰਙ’ ਬਣਨ ਨਾਲ਼ ‘ੴ’ ਦਾ ਉਚਾਰਨ ‘ਇੱਕ+ਓਅੰ+ਕਾਰ’ ਹੋ ਗਿਆ।

ਗੁਰਮੁਖੀ ’ਚ ‘ਟਿੱਪੀ’ ਤੋਂ ਬਾਅਦ ਜੇ ਇਹ 27 ਵਿਅੰਜਨ ਅੱਖਰ (‘ਸ’ ਤੋਂ ‘ਨ’, ‘ਯ’ ਤੋਂ ‘ਵ’) ਹੋਣ ਤਾਂ ‘ਟਿੱਪੀ’ ਦਾ ਉਚਾਰਨ ‘ਨ’ ਜਾਂ ‘ਅੰਙ’ ਹੁੰਦਾ ਹੈ; ਜਿਵੇਂ ‘ਸੰਸਾ, ਕੰਧ, ਵੰਞਾ (ਭਾਵ ਜਾਵਾਂ), ਵੰਸ਼, ਡੰਡਾ, ਬੰਦ, ਵੰਡ, ਫ਼ੰਡ, ਫੰਧਾ’ ਸ਼ਬਦਾਂ ’ਚ ਟਿੱਪੀ ਦਾ ਉਚਾਰਨ ‘ਨ’ ਹੈ ਤੇ ‘ਸ਼ੰਕਾ, ਕੰਘਾ, ਖੰਘ, ਚੰਗਾ, ਪੰਖਾ, ਵੰਗਾਂ’ ਸ਼ਬਦਾਂ ’ਚ ਟਿੱਪੀ ਦੀ ਧੁਨੀ ‘ਅੰਙ’ ਹੈ।

ਜਦ ‘ਟਿੱਪੀ’ ਤੋਂ ਬਾਅਦ ਪਵਰਗ ਵਾਲ਼ੇ ਇਹ 5 ਅੱਖਰ (ਪ, ਫ, ਬ, ਭ, ਮ) ਹੋਣ ਤਾਂ ‘ਟਿੱਪੀ’ ਦਾ ਉਚਾਰਨ ਸੰਸਕ੍ਰਿਤ ਵਾਂਗ ‘ਮ’ ਹੁੰਦਾ ਹੈ; ਜਿਵੇਂ ‘ਜੰਪ, ਅੰਬ, ਚੰਬਾ, ਕੰਬਣਾ, ਲੰਬਾ, ਖੰਭ, ਸੰਭਾਲ਼, ਸੰਭਵ, ਸੰਬੰਧ (ਸ+ਮ+ਬ+ਨ+ਧ) ਆਦਿ। ਗੁਰਮੁਖੀ ਸ਼ਬਦ ‘ਕਵਲ’ ਨੂੰ ਹੁਣ ‘ਕੰਵਲ’ ਲਿਖਣਾ ਪ੍ਰਚਲਿਤ ਹੋ ਗਿਆ, ਜੋ ਕਿ ਸਹੀ ਨਹੀਂ ਕਿਉਂਕਿ ਕੰਵਲ (ਕ+ਮ+ਵ+ਲ) ਵਾਲ਼ੀ ਧੁਨੀ ‘ਕਮਲ’ ਸ਼ਬਦ ’ਚ ਮੌਜੂਦ ਹੈ।

ਅੱਜ ਕਈ ਸਿੱਖ; ‘ੴ’ ਦਾ ਉਚਾਰਨ ‘ਇੱਕ ਓਅੰਕਾਰ’ ਦੀ ਥਾਂ ‘ਏਕੋ’ ਜਾਂ ‘ਏਕੰਕਾਰ’ ਕਰਨ ਲੱਗੇ ਹਨ, ਜਿਸ ਨਾਲ਼ ਇਸ ਵਿਚਲੀ ‘ਓ’ (ਸਵਰ-ਧੁਨੀ) ਅਲੋਪ ਹੋ ਜਾਂਦੀ ਹੈ ਜਦਕਿ ਇਸ ਦੀ ਵਿਆਖਿਆ ਲਈ ਗੁਰੂ ਨਾਨਕ ਸਾਹਿਬ ਨੇ ‘ਦਖਣੀ ਓਅੰਕਾਰੁ’ ਬਾਣੀ ਭੀ ਰਚੀ ਹੈ।

35 ਬਾਣੀਕਾਰਾਂ ’ਚੋਂ ਪਹਿਲੀ ਵਾਰ ‘ਓਮ’ ਦਾ ‘ਓਅੰਕਾਰੁ’ ਸਰੂਪ; ਭਗਤ ਕਬੀਰ ਜੀ ਨੇ ਕੀਤਾ ਹੈ। ਆਪ ਨੇ ‘ਓਅੰਕਾਰੁ’ ਨੂੰ ਸ੍ਰਿਸ਼ਟੀ ਦਾ ਮੁੱਢ ਮੰਨਿਆ, ‘‘ਓਅੰਕਾਰ; ਆਦਿ ਮੈ ਜਾਨਾ ’’ (ਬਾਵਨ/ਭਗਤ ਕਬੀਰ/੩੪੦), ਫਿਰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਓਅੰਕਾਰ ਤੋਂ ਹੀ ਅਖੌਤੀ ਜਗਤ-ਰਚੇਤਾ ਬ੍ਰਹਮਾ ਉਪਜਿਆ ਹੈ, ‘‘ਓਅੰਕਾਰਿ (ਤੋਂ) ਬ੍ਰਹਮਾ ਉਤਪਤਿ ’’ (ਮਹਲਾ /੯੩੦), ਗੁਰੂ ਅਮਰਦਾਸ ਜੀ ਨੇ ਕਿਹਾ ਕਿ ਓਅੰਕਾਰ ਨੇ ਹੀ ਜਗਤ-ਰਚਨਾ ਕੀਤੀ ਹੈ, ‘‘ਓਅੰਕਾਰਿ (ਨੇ) ਸਭ ਸ੍ਰਿਸਟਿ ਉਪਾਈ ’’ (ਮਹਲਾ /੧੦੬੧), ਗੁਰੂ ਰਾਮਦਾਸ ਜੀ ਨੇ ਕਿਹਾ ਕਿ ਓਅੰਕਾਰ; ਸਰਬ ਵਿਆਪਕ ਹੈ ਤੇ ਕਿਆਮਤ ਉਪਰੰਤ ਸਾਰੇ ਜੀਵ-ਜੰਤ ਉਸੇ ਅੰਦਰ ਸਮਾ ਜਾਣਗੇ, ‘‘ਓਅੰਕਾਰੁ ਏਕੋ ਰਵਿ ਰਹਿਆ; ਸਭੁ ਏਕਸ ਮਾਹਿ ਸਮਾਵੈਗੋ ’’ (ਮਹਲਾ /੧੩੧੦), ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤੇ ਕਿ ਗੁਰਮੁਖ ਕੀਰਤਨੀਆ ਉਸ ਓਅੰਕਾਰ ’ਚ ਹੀ ਧੁਨ ਟਿਕਾ (ਧਿਆਨ ਇਕਾਗਰ ਕਰ) ਉਸ ਦੀ ਮਹਿਮਾ ਗਾਉਂਦਾ ਹੈ, ‘‘ਓਅੰਕਾਰਿ ਏਕ ਧੁਨਿ ਏਕੈ; ਏਕੈ ਰਾਗੁ ਅਲਾਪੈ ’’ (ਮਹਲਾ /੮੮੫)

ਨੋਟ : ‘ੴ’ ਦਾ ਪਹਿਲੀ ਵਾਰ ‘ਏਕੋ’ ਉਚਾਰਨ; ਦੇਹਧਾਰੀ ਰਾਧਾ ਸੁਆਮੀ ਸੰਪਰਦਾ ਵੱਲੋਂ ਪ੍ਰਚਾਰਿਆ ਗਿਆ ਕਿਉਂਕਿ ‘ਓਅੰਕਾਰ’ ਸ਼ਬਦ; ਉਨ੍ਹਾਂ ਦੁਆਰਾ ਦਿੱਤੇ ਜਾਂਦੇ ਪੰਜ ਗੁਪਤ ਨਾਵਾਂ (ਜੋਤਿ ਨਿਰੰਜਣ, ਓਅੰਕਾਰ, ਰਰੰਕਾਰ, ਸੋਹੰ, ਸਤਿਨਾਮ) ਵਿੱਚੋਂ ਇੱਕ ਹੈ। ਆਪਣਾ ਮੱਤ; ਸਿੱਖਾਂ ਤੋਂ ਵੱਖਰਾ ਦਰਸਾਉਣ ਲਈ ਐਸਾ ਕੀਤਾ ਗਿਆ ਹੈ। ਵੈਸੇ ਇਨ੍ਹਾਂ ਦੀ ਮੂਲ ਕਿਤਾਬ ‘ਸਾਰ-ਬਚਨ’ ਅੰਦਰ ਸਾਰੀ ਗੁਰਬਾਣੀ ਹੀ ਹੈ।

ਰਾਧਾ ਸੁਆਮੀਆਂ ਦਾ ਵਿਰੋਧ ਕਰਨ ਦੀ ਥਾਂ ਉਨ੍ਹਾਂ ਪਿੱਛੇ ਲੱਗ ‘ੴ’ ਦਾ ‘ਏਕੋ’ ਉਚਾਰਨ ਕਰਨ ਵਾਲ਼ੇ ਸਿੱਖ; ਕੁੱਝ ਹੋਰ ਗੁਰਮਤਿ-ਸਿਧਾਂਤਾਂ; ਜਿਵੇਂ ਕਿ ਅਕਾਲ ਪੁਰਖ ਨਾਲ਼ ਧਿਆਨ ਜੋੜਨ (ਜਿਸ ਲਈ ‘ਓਮ’ ਸਵਰ-ਧੁਨੀ ਨੂੰ ਆਧਾਰ ਬਣਾਇਆ) ਦੇ ਭੀ ਵਿਰੋਧੀ ਹਨ ਭਾਵੇਂ ਕਿ ਗੁਰੂ ਨਾਨਕ ਸਾਹਿਬ ਨੇ ਜੋਗੀਆਂ ਨਾਲ਼ ਧਰਮ-ਚਰਚਾ ਕਰਦਿਆਂ ਸਪਸ਼ਟ ਕੀਤਾ ਹੈ ਕਿ ਮੇਰਾ ਗੁਰੂ; ‘ਸਬਦੁ’ (ਨਿਰਾਕਾਰ ਦੀ ਮਹਿਮਾ) ਹੈ ਤੇ ਸੁਰਤਿ ਦਾ ਟਿਕਾਅ ਭਾਵ (ਉਸ ‘ਸਬਦੁ’ ’ਚ) ਧਿਆਨ ਇਕਾਗਰ ਕਰਨਾ; ਚੇਲਾ ਹੈ, ਸਿੱਖ ਹੋਣਾ ਹੈ, ‘‘ਸਬਦੁ ਗੁਰੂ; ਸੁਰਤਿ ਧੁਨਿ ਚੇਲਾ ’’ (ਗੋਸਟਿ/ਮਹਲਾ /੯੪੩੦)

ਸੋ ਗੁਰਬਾਣੀ ਦੇ ਮੂਲ ਸ਼ਬਦ (ੴ) ਦਾ ਇਤਿਹਾਸ ਤੇ ਅਰਥ; ਸਮਝਣ ’ਚ ਹੀ ਜੇ ਅੱਜ ਸਿੱਖ ਨਾਕਾਮ ਹਨ ਤਾਂ ਸਮੁੱਚੀ ਗੁਰਬਾਣੀ ਨੂੰ ਸਮਝਣ ’ਚ ਕਿੰਨੇ ਕੁ ਸਫਲ ਹਨ; ਉਸ ਦੀ ਸੰਖੇਪ ਜਿਹੀ ਵਿਚਾਰ ਹੇਠਾਂ ਕੀਤੀ ਗਈ ਹੈ।

ਸਾਰੇ ਹੀ ਵਿਦਵਾਨ ਟੀਕਾਕਾਰਾਂ ਨੇ ‘ਜਪੁ’ ਬਾਣੀ ਦੀ ਦੂਜੀ ਪਉੜੀ ਦੇ ਇਸ ਵਾਕ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ.. ’’ (ਜਪੁ) ਦਾ ਅਰਥ ਕੀਤਾ ਹੈ ਕਿ ‘ਹਰ ਕੋਈ ਮਾਲਕ ਦੇ ਹੁਕਮ ਅੰਦਰ ਹੈ, ਹੁਕਮ ਤੋਂ ਆਕੀ ਕੋਈ ਨਹੀਂ’ ਅਤੇ ਪਹਿਲੀ ਪਉੜੀ ਦੇ ਇਸ ਅਰੰਭਕ ਸਵਾਲ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ  ?’’ ਦੇ ਜਵਾਬ ਵਜੋਂ ਦਰਜ ਇਸ ਵਾਕ ‘‘ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ ’’ ਦਾ ਭਾਵਾਰਥ ਲਿਆ ਹੈ ਕਿ ‘ਕੂੜ ਦੀ ਕੰਧ; ਮਾਲਕ ਦੀ ਰਜ਼ਾ ’ਚ ਚੱਲ ਕੇ ਨਾਸ ਹੁੰਦੀ ਹੈ’ ਯਾਨੀ ਇਹ ਅਰਥ; ਉਕਤ ਅਰਥਾਂ ਕਿ ‘ਹਰ ਕੋਈ ਹੁਕਮ ’ਚ ਹੈ’; ਦੇ ਉਲ਼ਟ ਹਨ। ਇਨ੍ਹਾਂ ਅਰਥਾਂ ਤੋਂ ਹੁਣ ਜਾਪਦਾ ਹੈ ਕਿ ਸ਼ਾਇਦ ‘ਸਾਰੇ ਜੀਵ-ਜੰਤ; ਪ੍ਰਭੂ ਦੀ ਰਜ਼ਾ ’ਚ ਨਹੀਂ ਤਾਹੀਓਂ ਕੂੜ ਦੀ ਪਾਲਿ/ਕੰਧ ਸਭ ਅੰਦਰ ਜਿਉਂ ਦੀ ਤਿਉਂ ਕਾਇਮ ਹੈ’ ਜਦਕਿ ਇਹ ਧਾਰਨਾ; ਗੁਰਮਤਿ ਵਿਰੁਧ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਹੀ ਬਚਨ ਹਨ, ‘‘ਹੁਕਮੁ ਸਾਜਿ, ਹੁਕਮੈ ਵਿਚਿ ਰਖੈ; ਨਾਨਕ  ! ਸਚਾ ਆਪਿ ’’ (ਮਹਲਾ /੧੪੫) ਅਰਥ : (‘ਆਦਿ ਸਚੁ’ ਪ੍ਰਭੂ; ਸਾਰੇ ਜੀਵ-ਜੰਤਾਂ ਨੂੰ) ਆਪਣੇ ਹੁਕਮ ’ਚ ਪੈਦਾ ਕਰਕੇ ਖ਼ੁਦ ਹੁਕਮ ’ਚ ਰੱਖਦਾ ਹੈ, ਚਲਾਉਂਦਾ ਹੈ। ਐਸੇ ਹੀ ਬਚਨ ਗੁਰੂ ਅੰਗਦ ਸਾਹਿਬ ਦੇ ਹਨ, ‘‘ਹੁਕਮੁ ਸਾਜਿ, ਹੁਕਮੈ ਵਿਚਿ ਰਖੈ; ਹੁਕਮੈ ਅੰਦਰਿ ਵੇਖੈ ’’ (ਮਹਲਾ /੧੨੪੩) ਆਪ ਜੀ ਨੇ ਇਸ ਸਿਧਾਂਤ ਨੂੰ ਇਉਂ ਭੀ ਸਮਝਾਇਆ ਹੈ, ‘‘ਆਪਿ ਉਪਾਏ ਨਾਨਕਾ  ! ਆਪੇ ਰਖੈ ਵੇਕ ਮੰਦਾ ਕਿਸ ਨੋ ਆਖੀਐ ? ਜਾਂ ਸਭਨਾ ਸਾਹਿਬੁ ਏਕੁ ਸਭਨਾ ਸਾਹਿਬੁ ਏਕੁ ਹੈ; ਵੇਖੈ ਧੰਧੈ (’) ਲਾਇ (ਲਾ ਕੇ) ਕਿਸੈ ਥੋੜਾ, ਕਿਸੈ ਅਗਲਾ; ਖਾਲੀ ਕੋਈ ਨਾਹਿ ’’ (ਮਹਲਾ /੧੨੩੮) ਅਰਥ : ਸਾਰੇ ਜੀਵ-ਜੰਤਾਂ ਦਾ ਮਾਲਕ ਇਕੋ ਹੈ। ਉਹ ਆਪ ਹੀ (ਸਭ ਨੂੰ) ਪੈਦਾ ਕਰਦਾ ਹੈ। ਆਪ ਹੀ ਵੱਖ-ਵੱਖ (ਮਨੋਸਥਿਤੀ ’ਚ) ਰੱਖਦਾ ਹੈ। ਸਭ ਨੂੰ ਮਾਇਆਵੀ ਧੰਦੇ ’ਚ ਲਾ ਕੇ ਵੇਖਦਾ ਭੀ ਹੈ। ਕਿਸੇ ਨੂੰ ਛੋਟਾ (ਮਾਇਆਵੀ ਰੋਗ) ਹੈ ਤੇ ਕਿਸੇ ਨੂੰ ਬਹੁਤ ਵੱਡਾ, ਪਰ (ਰੋਗ ਤੋਂ) ਮੁਕਤ ਕੋਈ ਨਹੀਂ। ਇਸ ਲਈ ਕਿਵੇਂ ਕਿਸੇ ਨੂੰ ਕਹੀਏ ਕਿ ਫਲਾਣਾ (ਅਮਕਾ) ਮਾੜਾ ਹੈ (ਭਾਵ ਉਹ ਹੁਕਮ ’ਚ ਨਹੀਂ) ?

ਸੋ ਗੁਰਬਾਣੀ ਦੇ ਆਪਾ ਵਿਰੋਧੀ ਕੀਤੇ ਉਕਤ ਅਰਥਾਂ ਕਾਰਨ ਹੁਣ ਕੁੱਝ ਸਿੱਖ ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ.. ’’ ਦਾ ਅਰਥ ਕਰਨ ਲੱਗ ਪਏ ਹਨ ਕਿ ‘ਜੋ ਹੁਕਮ ’ਚ ਹੈ, ਉਹ ਸੁਖੀ ਹੈ। ਜੋ ਹੁਕਮ ’ਚ ਨਹੀਂ, ਉਹ ਦੁਖੀ ਹੈ’। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਮਨੁੱਖ ਕੋਲ਼ ਕਿਹੜਾ ਪੈਮਾਨਾ ਹੈ, ਜਿਸ ਨਾਲ਼ ਨਾਪਿਆ ਜਾਏ ਕਿ ਕੌਣ ਹੁਕਮ ’ਚ ਹੈ ਤੇ ਕੌਣ ਨਹੀਂ ? ਹਰ ਕੋਈ ਸਮਝਦਾ ਹੈ ਕਿ ਮੈ ਤਾਂ ਹੁਕਮ ’ਚ ਹਾਂ, ਦੂਸਰਾ ਨਹੀਂ ਕਿਉਂਕਿ ਹਰ ਕੋਈ ਆਪਣੇ ਆਪ ਨੂੰ ਸਿਆਣਾ ਸਮਝਦਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਦੇ ਹੀ ਬਚਨ ਹਨ, ‘‘ਨਾਨਕ  ! ਆਖਣਿ ਸਭੁ ਕੋ ਆਖੈ; ਇਕ ਦੂ ਇਕੁ ਸਿਆਣਾ.. ੨੧ (ਜਪੁ)

ਉਕਤ ਕੀਤੇ ਨਵੇਂ ਅਰਥ ਕਿ ‘ਹੁਕਮ ’ਚ ਚੱਲਣ ਵਾਲ਼ਾ ਸੁਖੀ ਹੈ ਤੇ ਨਾ ਚੱਲਣ ਵਾਲ਼ਾ ਦੁਖੀ’; ਨੂੰ ਇਸੇ ਪਉੜੀ ’ਚ ਇਹ ਵਾਕ ਰੱਦ ਭੀ ਕਰਦਾ ਹੈ, ‘‘ਹੁਕਮਿ ਲਿਖਿ, ਦੁਖ ਸੁਖ ਪਾਈਅਹਿ ’’ (ਜਪੁ) ਭਾਵ ਹੁਕਮ ਲਿਖੇ ਅਨੁਸਾਰ ਯਾਨੀ ਹੁਕਮ ’ਚ ਹੀ ਹਰੇਕ ਨੂੰ ਦੁੱਖ-ਸੁੱਖ ਮਿਲਦੇ ਹਨ’। ਇਸ ਲਈ ਇਹ ਸਮਝਣਾ ਕਿ ‘ਹੁਕਮ ’ਚ ਚੱਲਣ ਵਾਲ਼ਾ ਸੁਖੀ ਹੈ ਤੇ ਨਾ ਚੱਲਣ ਵਾਲ਼ਾ ਦੁਖੀ’, ਨਿਰੋਲ ਮਨਮਤ ਹੈ।

ਚੇਤੇ ਰਹੇ ਕਿ ਇਹ ਵਿਚਾਰ ਕੇਵਲ ਇੱਕ ਪੰਕਤੀ ਜਾਂ ਇੱਕ ਪਉੜੀ ਨਾਲ਼ ਸਬੰਧਿਤ ਨਹੀਂ ਬਲਕਿ ਗੁਰਮਤਿ ਦੀ ਵਿਲੱਖਣਤਾ ਨੂੰ ਜ਼ਾਹਰ ਕਰਨ ਨਾਲ਼ ਜੁੜੀ ਹੈ। ਗੁਰਬਾਣੀ ਅਨੁਸਾਰ ਇਹ ਸਚਖੰਡ ਅਵਸਥਾ ਹੈ; ਜਿੱਥੇ ਪੂਰਾ ਬ੍ਰਹਿਮੰਡ ਉਸ ਦੇ ਹੁਕਮ ’ਚ ਵਿਚਰਦਾ ਪ੍ਰਤੀਤ ਹੁੰਦਾ ਹੈ ਤੇ ਉਹ ਸਭ ਦੀ ਆਪ ਸੰਭਾਲ਼ ਕਰਦਾ, ਜਾਪਦਾ ਹੈ, ‘‘ਸਚਖੰਡਿ ਵਸੈ ਨਿਰੰਕਾਰੁ   ਕਰਿ ਕਰਿ ਵੇਖੈ ਨਦਰਿ ਨਿਹਾਲ .. ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ..੩੭’’ (ਜਪੁ) ਇਸ ਲਈ ਗੁਰੂ ਅਰਜਨ ਸਾਹਿਬ ਨੇ ਤੱਤੀ ਤਵੀ ’ਤੇ ਬੈਠ ਕਰ ਐਸੇ ਬੋਲ ਉਚਾਰਨ ਕੀਤੇ ਹਨ, ‘‘ਤੇਰਾ ਕੀਆ ਮੀਠਾ ਲਾਗੈ ’’ (ਮਹਲਾ /੩੯੪) ਜਦਕਿ ਅਤੀਤ ’ਚ ਈਸਾ ਮਸੀਹ ਨੇ ਸੂਲ਼ੀ ’ਤੇ ਚੜ੍ਹਦਿਆਂ ਆਪਣੇ ਖ਼ੁਦਾ ਦੇ ਹੁਕਮ ਵਿਰੁਧ ਇਉਂ ਸ਼ੰਕਾ ਜ਼ਾਹਰ ਕੀਤਾ ਸੀ, ‘ਹੇ ਪ੍ਰਭੂ ! ਤੂੰ ਮੈਨੂੰ ਕਿਉਂ ਭੁਲਾ ਦਿੱਤਾ ਹੈ ?’ ਈਸਾ ਮਸੀਹ ਨੇ ਆਪਣੇ 3 ਸਾਲ ਦੇ ਈਸਾਈ ਜੀਵਨ ਦੌਰਾਨ ਖ਼ੁਦ ਨੂੰ ਖ਼ੁਦਾ ਦਾ ਇਕਲੌਤਾ ਪੁੱਤਰ ਪ੍ਰਚਾਰਿਆ ਸੀ, ਜਿਸ ਕਾਰਨ ਸਜ਼ਾ ਦਿੱਤੀ ਗਈ। ਈਸਾ ਮਸੀਹ ਕੇਵਲ 3 ਸਾਲ ਹੀ ਈਸਾਈ ਸਨ। ਉਸ ਤੋਂ ਪਹਿਲਾਂ ਯਹੂਦੀ ਸੀ ਤੇ ਉਨ੍ਹਾਂ ਮੁਤਾਬਕ ਸੁੰਨਤ ਭੀ ਕਰਾ ਰੱਖੀ ਸੀ।

ਕੀ ਉਕਤ ਵਾਕ ਦੇ ਅਰਥ ਕਰਦਿਆਂ ਮੰਨਿਆ ਜਾ ਸਕਦਾ ਹੈ ਕਿ ਗੁਰੂ ਅਰਜਨ ਸਾਹਿਬ ਨੇ ਕਰਤਾਰ ਦਾ ਹੁਕਮ ਨਹੀਂ ਮੰਨਿਆ, ਇਸ ਲਈ ਤਵੀ ’ਤੇ ਬੈਠ ਕਰ ਦੁੱਖ ਸਹਾਰਨੇ ਪਏ ਜਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਹੁਕਮ ਨਹੀਂ ਮੰਨਿਆ, ਇਸ ਲਈ ਸ਼ਹੀਦ ਹੋਣਾ ਪਿਆ ? ਜਵਾਬ ਹੈ : ਨਹੀਂ।

‘ਜਪੁ’ ਬਾਣੀ ਦੀ 25ਵੀਂ ਪਉੜੀ ’ਚ ਭੀ ਇਹੀ ਸਿਧਾਂਤ ਦੁਹਰਾਇਆ ਹੈ ਕਿ ‘‘ਕੇਤਿਆ; ਦੂਖ ਭੂਖ ਸਦ ਮਾਰ ਏਹਿ ਭਿ ਦਾਤਿ ਤੇਰੀ; ਦਾਤਾਰ  !੨੫’’ ਭਾਵ ਹੇ ਦਾਤਾਰ ਪਿਤਾ ! ਕਈਆਂ ਨੂੰ ਦੁੱਖ, ਭੁੱਖ ਵਾਲ਼ੀ ਸਦਾ ਮਾਰ ਪਈ ਰਹਿੰਦੀ ਹੈ ਭਾਵੇਂ ਕਿ ਇਹ ਭੀ ਤੇਰੀ ਹੀ ਬਖ਼ਸ਼ਸ਼ ਹੈ ਭਾਵ ਤੇਰੇ ਹੁਕਮ ’ਚ ਹੀ ਦੁੱਖ ਤੇ ਭੁੱਖ ਮਿਲਦੇ ਹਨ। ਜਿਹੜਾ ਇਸ ਸਿਧਾਂਤ ਨੂੰ ਫਿਰ ਭੀ ਨਾ ਸਮਝੇ, ਉਸ ਦਾ ਫਲ਼ ਭੀ ਨਿਰਧਾਰਿਤ ਕੀਤਾ ਹੈ, ‘‘ਜੇ ਕੋ ਖਾਇਕੁ ਆਖਣਿ ਪਾਇ ਓਹੁ ਜਾਣੈ; ਜੇਤੀਆ ਮੁਹਿ ਖਾਇ ’’ ਭਾਵ ਜੇ ਕੋਈ ਮੂਰਖ; ਹੋਰ ਕਾਰਨ ਦੱਸਦਾ ਹੈ, ਬਿਆਨ ਕਰਦਾ ਹੈ, ਤਾਂ ਵਿਕਾਰਾਂ ਦੀਆਂ ਕਿੰਨੀਆਂ ਚੋਟਾਂ; ਉਹ ਆਪਣੇ ਮੂੰਹ ’ਤੇ ਸਹਾਰਦਾ ਹੈ; ਖ਼ੁਦ ਹੀ ਜਾਣਦਾ ਹੈ ਭਾਵ ਗਿਣਨ ’ਚ ਨਹੀਂ ਆਉਂਦੀਆਂ ਯਾਨੀ ਕਿ ‘ਕੂੜ ਦੀ ਪਾਲਿ’ ਕਾਰਨ ਉਪਜਦੀਆਂ ਵਾਸ਼ਨਾਵਾਂ ਘਟਦੀਆਂ ਨਹੀਂ ਸਗੋਂ ਗ਼ਲਤ ਸੋਚ ਧਾਰਨ ਕਰਨ ਨਾਲ਼ ਵਧਦੀਆਂ ਜਾਂਦੀਆਂ ਹਨ।

ਸੋ ‘‘ਹੁਕਮਿ ਰਜਾਈ ਚਲਣਾ.. ’’ ਵਾਕ ’ਚ ਦਰਜ ‘ਚਲਣਾ’ ਦਾ ਅਰਥ ਅਤੇ ਬਣਤਰ ਨੂੰ ਜਾਣਨਾ ਜ਼ਰੂਰੀ ਹੈ। ਇਹ ਸ਼ਬਦ ਗੁਰਬਾਣੀ ’ਚ 19 ਵਾਰ ਹੈ। ਜਿਨ੍ਹਾਂ ’ਚੋਂ 13 ਵਾਰ ਗੁਰੂ ਨਾਨਕ ਸਾਹਿਬ ਨੇ ਹੀ ਵਰਤਿਆ ਹੈ। ਇਸ ਦੇ 17 ਵਾਰ ਅਰਥ ਹਨ ‘ਸਰੀਰਕ ਮੌਤ’ ਜਾਂ ‘ਨਾਸ ਹੋਣਾ’; ਜਿਵੇਂ ਕਿ ਵਾਕ ਹਨ, ‘‘ਬਾਬਾ  ! ਆਇਆ ਹੈਉਠਿ ਚਲਣਾ’; ਇਹੁ ਜਗੁ ਝੂਠੁ ਪਸਾਰੋਵਾ (ਖਿਲਾਰਾ) (ਮਹਲਾ /੫੮੧), ‘ਉਠਿ ਚਲਣਾ’, ਖਸਮੈ ਭਾਣਾ (ਮਹਲਾ /੯੮੯), ਕਿਉ ਰਹੀਐ  ? ‘ਉਠਿ ਚਲਣਾ’; ਬੁਝੁ ਸਬਦ ਬੀਚਾਰਾ ’’ (ਮਹਲਾ /੧੦੧੨) ਗੁਰਬਾਣੀ ’ਚ 12 ਵਾਰ ‘ਚਲਣੁ’ ਸ਼ਬਦ ਭੀ ਹੈ, ਜਿਸ ਦਾ ਅਰਥ ਹੈ ‘ਚੱਲਣ ਨੂੰ, ਮੌਤ ਨੂੰ’; ਜਿਵੇਂ ਕਿ ‘‘ਜਿਨੀ ਚਲਣੁ ਜਾਣਿਆ; ਸੇ ਕਿਉ ਕਰਹਿ ਵਿਥਾਰ (ਵਿਸਥਾਰ) ? (ਮਹਲਾ /੭੮੭), ਜਿਨੀ ਚਲਣੁ ਸਹੀ ਜਾਣਿਆ; ਸਤਿਗੁਰੁ ਸੇਵਹਿ ਨਾਮੁ ਸਮਾਲੇ (ਸੰਭਾਲ਼ ਕੇ)’’ (ਮਹਲਾ /੫੮੪)

ਗੁਰਬਾਣੀ ਇੱਕ ਕਾਵਿਮਈ ਰਚਨਾ ਹੈ। ਜਿਸ ਅੰਦਰ ਇੱਕ ਤੋਂ ਵੱਧ ਭਾਸ਼ਾਵਾਂ ਹਨ। ਇਸ ਪੂਰੇ ਸ਼ਬਦ ਸੰਗ੍ਰਹਿ ਨੂੰ ਤਿੰਨ ਭਾਗਾਂ ’ਚ ਵੰਡ ਕੇ ਵਿਚਾਰਨਾ ਜ਼ਰੂਰੀ ਹੈ (ੳ). ਤਤਸਮ ਸ਼ਬਦ (ਜੋ ਦੂਸਰੀਆਂ ਭਾਸ਼ਾਵਾਂ ਦੇ ਹਨ; ਜਿਵੇਂ ‘ਹਰਿ, ਭੂਮਿ, ਭਗਤਿ, ਕਲਿਜੁਗ, ਅਲਹ, ਸਤਿ, ਵਸਤੁ’), (ਅ). ਗੁਰਮੁਖੀ ਸ਼ਬਦ (ਜਿਵੇਂ ‘ਨਾਨਕੁ, ਗੁਰੁ, ਗੁਰਮੁਖਿ, ਮਨਮੁਖੁ, ਬਹੁਤੁ, ਪ੍ਰਭੁ, ਉਹੁ, ਇਹੁ, ਚਾਰਿ, ਪੰਜਿ, ਸਭੁ, ਵਸਤੂ’), (ੲ). ਤਦਭਵ ਸ਼ਬਦ (ਜੋ ਇਨ੍ਹਾਂ ਦੋਵੇਂ ਸ਼ਬਦਾਂ ਦਾ ਬਦਲਿਆ ਰੂਪ ਹੈ; ਜਿਵੇਂ ‘ਕਲਿ, ਬਹੁ, ਬਹੁਤੇਰਿਆ, ਅਧਿਕਾਈ, ਸਚੁ, ਅਲਾਹਿ’। ਤਦਭਵ ਸ਼ਬਦ; ਕਿਸੇ ਕੋਸ਼ ’ਚ ਨਹੀਂ ਹੁੰਦੇ ਕਿਉਂਕਿ ਕਾਵਿ ਪਿੰਗਲ-ਤੋਲ ਨੂੰ ਪੂਰਾ ਕਰਨ ਲਈ ਇਨ੍ਹਾਂ ਦੀ ਵਰਤੋਂ ਕੇਵਲ ਕਵਿਤਾ ’ਚ ਕੀਤੀ ਜਾਂਦੀ ਹੈ। ਇਸੇ ਕਾਰਨ ਜ਼ਿਆਦਾਤਰ ਤਦਭਵ ਸ਼ਬਦਾਂ ਉੱਤੇ ਗੁਰਬਾਣੀ ਵਿਆਕਰਨ ਨਿਯਮ ਲਾਗੂ ਨਹੀਂ ਹਨ; ਜਿਵੇਂ ਕਿ ਵਾਕ ਹੈ ‘‘ਕਲਿਜੁਗ ਕਾ ਧਰਮੁ; ਕਹਹੁ ਤੁਮ ਭਾਈ ! .. ’’ (ਮਹਲਾ /੬੬੮) ਇੱਥੇ ‘ਕਲਿਜੁਗੁ’ ਨੂੰ ਔਂਕੜ ਅੰਤ ਸੀ, ਜੋ ‘ਕਾ’ (ਸਬੰਧਕੀ/ਚਿੰਨ੍ਹ) ਨੇ ਹਟਾ ਦਿੱਤਾ ਭਾਵ ਇਹ ਸ਼ਬਦ; ਵਿਆਕਰਨਿਕ ਨਿਯਮਾਂ ਅਧੀਨ ਹੈ, ਪਰ ਇਸੇ ਦੇ ਤਦਭਵ ਰੂਪ ‘ਕਲਿ’ ਦੇ ਅੰਤ ’ਚ ਹੁਣ ਸਿਹਾਰੀ ਹੈ, ਜਿਸ ਨੂੰ ‘ਕਾ, ਕੇ’ ਨਹੀਂ ਹਟਾ ਸਕਦੇ; ਜਿਵੇਂ ਕਿ ‘‘ਜੇ ਕੋ ਨਾਉ ਲਏ ਬਦਨਾਵੀ; ‘ਕਲਿ ਕੇਲਖਣ ਏਈ ’’ (ਮਹਲਾ /੯੦੨) ਇਸੇ ਲਈ ‘ਕਲਿ’; ਕਿਸੇ ਵਿਆਕਰਨਿਕ ਨਿਯਮ ਅੰਦਰ ਨਹੀਂ। ਇਹ ਸਿਹਾਰੀ; ਸ਼ਬਦ ਦੀ ਮੂਲਕ ਹੈ, ਆਪਣੀ ਹੈ; ਜਿਵੇਂ ਕਿ ਤਤਸਮ ਸ਼ਬਦਾਂ ਦੇ ਅੰਤ ’ਚ ਅਕਸਰ ਆਪਣੀ ਸਿਹਾਰੀ ਹੁੰਦੀ ਹੈ ‘ਹਰਿ, ਮੂਰਤਿ, ਭਗਤਿ, ਭੂਮਿ, ਮੁਨਿ’। ਇਹ ਸਿਹਾਰੀ ਸਬੰਧਿਤ ਭਾਸ਼ਾ ’ਚ ਉਚਾਰਨ ਹੁੰਦੀ ਹੈ, ਨਾ ਕਿ ਵਿਆਕਰਨ ਨਿਯਮ ਅਨੁਸਾਰ ਕੋਈ ਅਰਥ ਦਿੰਦੀ ਹੈ।

ਸੋ ਸਪਸ਼ਟ ਹੈ ਕਿ ਵਿਆਕਰਨ-ਨਿਯਮ ਦਾ ਸਬੰਧ; ਇੱਕ ਪੂਰਨ ਸ਼ਬਦ ਦੇ ਅੰਤਲੇ ਅੱਖਰ ਨੂੰ ਲੱਗੀ ਲਗ ਨਾਲ਼ ਹੁੰਦਾ ਹੈ, ਸ਼ਬਦ ਦੀ ਕਿਸੇ ਮੂਲਕ ਲਗ-ਧੁਨੀ ਨਾਲ਼ ਨਹੀਂ। ਇਸੇ ਤਰ੍ਹਾਂ ਗੁਰਬਾਣੀ ’ਚ ‘ਬਹੁਤੁ’ (164 ਵਾਰ) ਦੀ ਔਂਕੜ ਅੰਤ ਦਾ ਸਬੰਧ ਵਿਆਕਰਨ ਨਿਯਮ ਨਾਲ਼ ਹੈ, ਪਰ 416 ਵਾਰ ਆਏ ‘ਬਹੁ’ ਦੀ ਔਂਕੜ; ਮੂਲਕ ਹੈ, ਉਚਾਰਨ ਦਾ ਭਾਗ ਹੈ, ਨਾ ਕਿ ਅਰਥ ਕਰਨ ਲਈ ਭਾਵੇਂ ਕਿ ਦੋਵਾਂ ਦਾ ਅਰਥ ਇੱਕੋ ਹੈ।

ਤਦਭਵ ਸ਼ਬਦ; ਕੇਵਲ ਗੁਰਬਾਣੀ ’ਚ ਹੀ ਨਹੀਂ ਬਲਕਿ ਹਰੇਕ ਬੰਦ ਕਵਿਤਾ (ਉਹ ਪਦ ਰਚਨਾ; ਜਿਸ ’ਚ ਪਿੰਗਲ ਤੇ ਤੁਕਾਂਤ ਮੇਲ ਹੋਵੇ) ’ਚ ਹੁੰਦੇ ਹਨ। ਖੁੱਲ੍ਹੀ ਕਵਿਤਾ (ਉਹ ਪਦ ਰਚਨਾ, ਜਿਸ ’ਚ ਪਿੰਗਲ ਤੇ ਤੁਕਾਂਤ ਬਰਾਬਰ ਨਾ ਹੋਣ) ’ਚ ਐਸੇ ਸ਼ਬਦ ਨਾਮਾਤਰ ਹੀ ਹੁੰਦੇ ਹਨ।

ਗੁਰਮੁਖੀ ਲਿਪੀ ’ਚ 10 ਲਗਾਂ (ਮੁਕਤਾ, ਕੰਨਾ, ਸਿਹਾਰੀ, ਬਿਹਾਰੀ, ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੌੜਾ) ਹਨ, ਜਿਨ੍ਹਾਂ ਨੂੰ ਕਾਵਿ-ਪਿੰਗਲ ਨੇ ਦੋ ਭਾਗਾਂ (ਲਘੂ/ਛੋਟੀ ਤੇ ਦੀਰਘ/ਵੱਡੀ) ’ਚ ਵੰਡਿਆ ਹੈ। ਅੱਧੀਆਂ ਲਗਾਂ (ਮੁਕਤਾ, ਔਂਕੜ, ਸਿਹਾਰੀ, ਲਾਂ ਤੇ ਹੋੜਾ) ਲਘੂ ਮਾਤਰਾਵਾਂ ਹਨ ਤੇ ਅੱਧੀਆਂ ਲਗਾਂ (ਕੰਨਾ, ਦੁਲੈਂਕੜ, ਬਿਹਾਰੀ, ਦੁਲਾਵਾਂ ਤੇ ਕਨੌੜਾ) ਦੀਰਘ ਮਾਤਰਾਵਾਂ ਹਨ। ਲਘੂ ਮਾਤਰਾ (ਧੁਨੀ) ਨੂੰ ਉਚਾਰਨ ਸਮੇਂ ਜਿੰਨਾ ਸਮਾਂ ਲੱਗਦਾ ਹੈ, ਉਸ ਤੋਂ ਦੁੱਗਣਾ ਸਮਾਂ ਦੀਰਘ ਮਾਤਰਾ ਨੂੰ ਉਚਾਰਨ ’ਚ ਲੱਗਦਾ ਹੈ ਯਾਨੀ ਲਘੂ ਮਾਤਰਾ ਦਾ 1 ਅੰਕ ਤੇ ਦੀਰਘ ਮਾਤਰਾ ਦਾ 2 ਅੰਕ ਹੈ। ਹੇਠਲੇ ਵਾਕਾਂ ’ਚ ਤੁਕਾਂਤ ਤੇ ਪਿੰਗਲ ਸੰਖਿਆ ਬਰਾਬਰ ਹੋਣ ਕਾਰਨ ਗੁਰਬਾਣੀ ਬੰਦ ਕਵਿਤਾ ਅਖਵਾਉਂਦੀ ਹੈ :

(1). ਜੀਅ ਜਾਤਿ ਰੰਗਾ ਕੇ ਨਾਵ ॥

[ਜੀਅ (2+1)+ਜਾਤਿ (2+1)+ਰੰਗਾ (2+2)+ਕੇ (1)+ਨਾਵ (2+1)=14]

(2). ਸਭਨਾ ਲਿਖਿਆ ਵੁੜੀ ਕਲਾਮ ॥

[ਸਭਨਾ (1+1+2)+ਲਿਖਿਆ (1+1+2)+ਵੁੜੀ (1+2)+ਕਲਾਮ (1+2+1)=15]

ਨੋਟ : ਪੂਰੇ ਵਾਕ ’ਚ ਪਿੰਗਲ ਅੰਕ; ਇੱਕ ਵੱਧ ਜਾਂ ਇੱਕ ਘੱਟ ਹੋਣਾ ਗ਼ਲਤੀ ਨਹੀਂ ਹੁੰਦੀ; ਜਿਵੇਂ ਕਿ ਉਕਤ ਪਹਿਲੀ ਤੁਕ ’ਚ ਅੰਕ 14 ਦੇ ਮੁਕਾਬਲੇ ਦੂਜੀ ਪੰਕਤੀ ’ਚ ਅੰਕ 15 ਹੈ। ਇਸ ਦਾ ਮੂਲ ਕਾਰਨ ਪਹਿਲੀ ਤੁਕ ਦੇ ਅੰਤ ’ਚ ਆਏ ‘ਨਾਵ’ ਸ਼ਬਦ ਨਾਲ਼ ਤੁਕਾਂਤ ਮੇਲ ਕਰਨ ਲਈ ਦੂਜੇ ਵਾਕ ’ਚ ‘ਕਲਾਮ’ ਲਿਖਣਾ ਹੈ, ਨਹੀਂ ਤਾਂ ਇੱਥੇ ਸ਼ਬਦ ‘ਕਲਮ’ ਹੁੰਦਾ। ‘ਕਲਾਮ’ (ਫ਼ਾਰਸੀ ਭਾਸ਼ਾ) ਦਾ ਅਰਥ ਹੈ ‘ਬੋਲੀ’ ਜਦਕਿ ਪ੍ਰਸੰਗ ਮੁਤਾਬਕ ਇੱਥੇ ਅਰਥ ‘ਕਲਮ’ (ਤਕਦੀਰ ਲਿਖਣ ਵਾਲ਼ੀ) ਬਣਦਾ ਹੈ। ਇਉਂ ਭੀ ਕਹਿ ਸਕਦੇ ਹਾਂ ਕਿ ਵਾਰਤਕ ’ਚ ਲੇਖਕ; ‘ਪਾਣੀ ਖਾਧਾ, ਰੋਟੀ ਪੀਤੀ’ ਨਹੀਂ ਲਿਖ ਸਕਦਾ ਕਿਉਂਕਿ ਉਹ ਭਾਸ਼ਾਈ ਸ਼ਬਦ-ਬਣਤਰ ਦੀ ਬੰਦਿਸ਼ ’ਚ ਹੁੰਦਾ ਹੈ, ਪਰ ਕਵਿਤਾ ’ਚ ਕਵੀ; ‘ਹਰਿ ਰਸੁ ਖਾਧਾ’ ਤੇ ‘ਹਰਿ ਰਸੁ ਪੀਤਾ’ ਦੋਵੇਂ ਲਿਖ ਸਕਦਾ ਹੈ ਕਿਉਂਕਿ ਕਵੀ; ਭਾਸ਼ਾਈ ਸ਼ਾਬਦਿਕ ਮਰਯਾਦਾ ’ਚ ਨਹੀਂ ਬੱਝਾ ਹੁੰਦਾ। ਹੇਠਲੇ ਵਾਕਾਂ ’ਚ ‘ਰਸੁ ਪੀਤਾ’ ਤੇ ‘ਰਸੁ ਖਾਧਾ’ ਦੋਵੇਂ ਲਿਖੇ ਹਨ :

ਸੇ ਜਨ ਸਾਚੇ ਸਦਾ ਸਦਾ; ਜਿਨੀਹਰਿ ਰਸੁ ਪੀਤਾ (ਮਹਲਾ /੯੫੫)

ਸੇ ਵਡਭਾਗੀ ਵਡ ਜਾਣੀਅਹਿ; ਜਿਨਹਰਿ ਰਸੁ ਖਾਧਾਗੁਰ ਭਾਇ (ਮਹਲਾ /੪੧)

ਕਵਿਤਾ; ਕਵੀ ਦੇ ਅਨੁਭਵ ’ਚੋਂ ਫੁੱਟਣ ਕਾਰਨ ਉਸ ਨੂੰ ਭਾਸ਼ਾਈ ਬੰਦਿਸ਼ ਤੋਂ ਅਜ਼ਾਦ ਰੱਖਦੀ ਹੈ ਤਾਹੀਓਂ ਗੁਰਬਾਣੀ ਦੇ 80-85% ਸ਼ਬਦਾਂ ਉੱਤੇ ਹੀ ਵਿਆਕਰਨ ਨਿਯਮ ਲਾਗੂ ਹਨ, 100% ’ਤੇ ਨਹੀਂ [ਯਾਨੀ ਕਾਵਿ ਪਿੰਗਲ ਕਾਰਨ ਆਪਣਾ ਅਸਲ ਰੂਪ ਬਦਲਾਅ ਚੁੱਕੇ ਤਦਭਵ ਸ਼ਬਦ ਅਤੇ ਤਤਸਮ ਸ਼ਬਦਾਂ ’ਤੇ ਵਿਆਕਰਨ ਨਿਯਮ ਲਾਗੂ ਨਹੀਂ ਹੁੰਦੇ। ਇਨ੍ਹਾਂ ਸ਼ਬਦਾਂ ਦੀ ਅੰਤਮ ਸਿਹਾਰੀ ਤੇ ਅੰਤਮ ਔਂਕੜ ਉਚਾਰਨ ਦਾ ਭਾਗ ਹੁੰਦੇ ਹਨ, ਨਾ ਕਿ ਅਰਥ ਕਰਨ ਲਈ] ਜਦਕਿ ਵਾਰਤਕ (ਸਾਹਿਤਿਕ ਰਚਨਾ) ਪੂਰਾ ਦਿਮਾਗ਼ੀ ਗਿਆਨ ਹੋਣ ਕਾਰਨ ਲੇਖਕ; ਭਾਸ਼ਾਈ ਸ਼ਬਦਾਵਲੀ ਨੂੰ ਹੂ-ਬਹੂ ਅਪਣਾਉਂਦਾ ਹੈ। ਇਸ ਤੋਂ ਸਾਫ਼ ਹੈ ਕਿ ਗੁਰਬਾਣੀ-ਕਵਿਤਾ ਦੇ ਹਰ ਸਲੋਕ, ਛੰਤ, ਪਉੜੀ ਆਦਿ ਦਾ ਭਾਵਾਰਥ (ਗੁਰਮਤਿ) ਜਾਣਨ ਲਈ ਕੇਵਲ ਸ਼ਬਦ-ਬਣਤਰ ’ਤੇ ਹੀ ਨਿਰਭਰ ਨਹੀਂ ਰਹਿਣਾ ਬਲਕਿ ਪੂਰੇ ਸ਼ਬਦ ’ਚ ਚੱਲਦੇ ਪ੍ਰਸੰਗ ਨੂੰ ਭੀ ਧਿਆਨ ’ਚ ਰੱਖਣਾ ਜ਼ਰੂਰੀ ਹੈ; ਜਿਵੇਂ ਕਿ ‘ਗਾਵਹਿ’ ਦਾ ਅਰਥ ਜ਼ਰੂਰੀ ਨਹੀਂ ਕਿ ਹਰ ਥਾਂ ‘ਗਾਉਂਦੇ ਹਨ’ ਹੀ ਹੋਵੇ ਜਾਂ ‘ਜਾਪਤ’ ਦਾ ਅਰਥ, ਹਰ ਵਾਰ ‘ਜਪਦੇ ਹਨ’ ਹੀ ਹੋਵੇ; ਜੈਸਾ ਕਿ ਵਾਕ ਹੈ ‘‘ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ; ਸੁ ਬਿਨੁ ਹਰਿ, ਜਾਪਤ ਹੈ ਨਹੀ ਹੋਰ ’’ (ਮਹਲਾ /੧੨੬੫) ਇੱਥੇ ‘ਜਾਪਤ’ ਦੇ ਸ਼ਾਬਦਿਕ ਅਰਥ ਨੂੰ ਆਧਾਰ ਬਣਾ ਇਹ ਨਹੀਂ ਸਮਝ ਲੈਣਾ ਕਿ ‘ਹਿਰਨ, ਮੱਛੀ, ਪੰਛੀ’ ਆਦਿ; ਜੋ ਬੋਲ ਬੋਲਦੇ ਹਨ, ਉਨ੍ਹਾਂ ਰਾਹੀਂ ਉਹ ‘ਹਰੀ ਨੂੰ ਹੀ ਜਪਦੇ ਹਨ’ ਕਿਉਂਕਿ ਜੇਕਰ ਐਨਾ ਰੌਸ਼ਨ-ਦਿਮਾਗ਼ ਪਸ਼ੂ-ਪੰਛੀਆਂ ਕੋਲ਼ ਹੁੰਦਾ ਤਾਂ ਮਨੁੱਖ ਦੇ ਮਾਰਗ-ਦਰਸ਼ਨ ਲਈ ਭੀ ‘ਗੁਰੂ’ ਦੀ ਲੋੜ ਨਾ ਰਹਿੰਦੀ। ਐਸਾ ਹੀ ਇਹ ਵਾਕ ਹੈ, ‘‘ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ..੨੭’’ ਇੱਥੇ ਭੀ ‘ਗਾਵਹਿ’ ਦਾ ਇਹ ਅਰਥ ਨਹੀਂ ਕਿ ਧਰਤੀ, ਸੂਰਜ-ਮੰਡਲ, ਬ੍ਰਹਿਮੰਡ ਆਦਿਕ ਹਰੀ ਦੇ ਗੁਣ ਗਾਉਂਦੇ ਹਨ। ਇਨ੍ਹਾਂ ਦੋਵੇਂ ਵਾਕਾਂ ’ਚ ਪ੍ਰਸੰਗ ਚੱਲਦਾ ਹੈ ਕਿ ਪਸ਼ੂ-ਪੰਛੀ, ਖੰਡ-ਮੰਡਲ ਆਦਿ ਹਰੀ ਦੇ ਹੁਕਮ ’ਚ ਚੱਲਦੇ ਹਨ; ਜਿਵੇਂ ਇੱਕ ਨੌਕਰ; ਜੇਕਰ ਮਾਲਕ ਦੇ ਕਹੇ ਅਨੁਸਾਰ ਕੰਮ ਕਰਦਾ ਹੈ ਤਾਂ ਇਹੀ ਮਤਲਬ ਹੁੰਦਾ ਹੈ ਕਿ ਨੌਕਰ; ਮਾਲਕ ਨੂੰ ਗਾਉਂਦਾ ਹੈ ਭਾਵ ਮਾਲਕ ਦੇ ਹੁਕਮ ’ਚ ਬੱਝਾ ਹੈ, ਮਾਲਕ ਦੇ ਅਧੀਨ ਹੈ।

ਪ੍ਰਾਚੀਨ ਧਰਮਾਂ ਨਾਲ਼ੋਂ ਗੁਰਮਤਿ ਦੀ ਇਹੀ ਵਿਲੱਖਣਤਾ ਹੈ ਕਿ ਇਸ ਦੇ ਸੰਖੇਪ ਜਿਹੇ ਬੜੇ ਸਰਲ ਅਸੂਲ ਹਨ, ਜੋ ਸਰਬ ਸਾਂਝੇ ਹਨ। ਇਨ੍ਹਾਂ ’ਚੋਂ ਇੱਕ ਹੈ ਕਿ ਸਾਰੇ ਜੀਵ-ਜੰਤ; ‘ੴ’ ਨੇ ਪੈਦਾ ਕੀਤੇ ਹੋਏ ਹਨ ਤੇ ਉਸੇ ਦੇ ਹੁਕਮ ’ਚ ਜੀਵਨ ਬਤੀਤ ਕਰਦੇ ਹਨ। ਗੁਰਬਾਣੀ ਅੰਦਰ ਕਈ ਭਾਸ਼ਾਵਾਂ ਹੋਣ ਕਾਰਨ ‘ਹੁਕਮ’ ਦੇ ਅਰਥ ਲਈ ਕਾਵਿ ਪਿੰਗਲ ਨੂੰ ਧਿਆਨ ’ਚ ਰੱਖਦਿਆਂ ਭਿੰਨ-ਭਿੰਨ ਸ਼ਬਦ ਵਰਤੇ ਗਏ ਹਨ ਤੇ ਜ਼ਿਆਦਾਤਰ ਸਿੱਖ; ਚੱਲਦੇ ਵਿਸ਼ੇ-ਪ੍ਰਸੰਗ ਦੀ ਤਹਿ ਤੱਕ ਜਾਣ ਦੀ ਬਜਾਇ ਇਨ੍ਹਾਂ ਸ਼ਾਬਦਿਕ-ਅਰਥਾਂ ਨੂੰ ਹੀ ਗੁਰਮਤਿ ਸਮਝ ਬੈਠਦੇ ਹਨ; ਜਿਵੇਂ ਕਿ ਇੱਕ ਸ਼ਬਦ ’ਚ ਪ੍ਰਸੰਗ ਹੈ ਕਿ ਝੂਠਾ ਬੰਦਾ; ਆਪਣੀ ਬੋਲ-ਬਾਣੀ ’ਚੋਂ ਝੂਠ ਕੇਰਨਾ/ਬੋਲਣਾ ਬੰਦ ਨਹੀਂ ਕਰ ਸਕਦਾ; ਜਿਵੇਂ ਕਿ ਮਾਹਵਾਰੀ ਨੂੰ ਔਰਤ ਨਹੀਂ ਰੋਕ ਸਕਦੀ, ‘‘ਜਿਉ ਜੋਰੂ ਸਿਰਨਾਵਣੀ; ਆਵੈ ਵਾਰੋ ਵਾਰ ਜੂਠੇ ਜੂਠਾ ਮੁਖਿ ਵਸੈ; ਨਿਤ ਨਿਤ ਹੋਇ ਖੁਆਰੁ ’’ (ਮਹਲਾ / ੪੭੨), ਪਰ ਇੱਥੇ ਸ਼ਾਬਦਿਕ ਅਰਥਾਂ ਨੂੰ ਹੀ ਗੁਰਮਤਿ-ਸਿਧਾਂਤ ਸਮਝ ਲਿਆ ਕਿ ਮਾਹਵਾਰੀ ਕਾਰਨ ਔਰਤ ਅਪਵਿੱਤਰ ਹੁੰਦੀ ਹੈ। ਇਸ ਲਈ ਉਹ; ਸਿੱਖਾਂ ਵਾਂਗ ਹਰ ਪੰਥਕ ਕਾਰਜ ਨਹੀਂ ਨਿਭਾ ਸਕਦੀ। ਇਸੇ ਤਰ੍ਹਾਂ ਵਾਕ ਹੈ, ‘‘ਰਾਮਦਾਸ ਸਰੋਵਰਿ ਨਾਤੇ ਸਭਿ ਉਤਰੇ ਪਾਪ ਕਮਾਤੇ ’’ ਇੱਥੇ ਭੀ ਸ਼ਾਬਦਿਕ ਅਰਥਾਂ ਨੂੰ ਗੁਰਮਤਿ ਮੰਨ ਲਿਆ ਕਿ ਗੁਰੂ ਰਾਮਦਾਸ ਜੀ ਦੁਆਰਾ ਬਣਾਏ ਅੰਮ੍ਰਿਤਸਰ ਸਰੋਵਰ ’ਚ ਸਰੀਰਕ-ਇਸ਼ਨਾਨ ਕਰਨ ਨਾਲ਼ ਕੀਤੇ ਸਾਰੇ ਪਾਪ ਲਹਿ ਜਾਂਦੇ ਹਨ ਜਦਕਿ ਇੱਥੇ ਵਿਸ਼ਾ-ਪ੍ਰਸੰਗ ਚੱਲ ਰਿਹਾ ਹੈ, ‘‘ਗੁਰ ਕਾ ਸਬਦੁ ਵੀਚਾਰੇ ਰਹਾਉ ਸਾਧਸੰਗਿ ਮਲੁ ਲਾਥੀ ਪਾਰਬ੍ਰਹਮੁ ਭਇਓ ਸਾਥੀ ’’ (ਮਹਲਾ /੬੨੫) ਭਾਵ ਸਾਧ ਸੰਗਤ ਰਾਹੀਂ ਗੁਰੂ ਦਾ ਸ਼ਬਦ ਵਿਚਾਰ-ਵਿਚਾਰ ਕੇ ਪਾਪ-ਮੈਲ਼ ਉਤਰਦੀ ਹੈ। ਜੇਕਰ ਇੱਦਾਂ ਹੀ ਸ਼ਾਬਦਿਕ ਅਰਥਾਂ ਨੂੰ ਸਿਧਾਂਤ ਮੰਨ ਲਈਏ ਤਾਂ ਇਸ ਸਿਧਾਂਤ ਦਾ ਕੀ ਬਣੇਗਾ, ‘‘ਜਲ ਕੈ ਮਜਨਿ (ਨਾਲ਼), ਜੇ ਗਤਿ ਹੋਵੈ; ਨਿਤ ਨਿਤ ਮੇਂਡੁਕ ਨਾਵਹਿ ਜੈਸੇ ਮੇਂਡੁਕ, ਤੈਸੇ ਓਇ ਨਰ; ਫਿਰਿ ਫਿਰਿ ਜੋਨੀ ਆਵਹਿ ’’ (ਭਗਤ ਕਬੀਰ/੪੮੪) ਅਰਥ : ਪਾਣੀ ਦੇ ਵਿੱਚ ਟੁੱਬੀ ਮਾਰਨ ਨਾਲ਼ ਜੇਕਰ ਨਿਰਮਲ਼ ਹੋਇਆ ਜਾਂਦਾ ਹੋਵੇ ਤਾਂ ਡੱਡੂ ਤਾਂ ਪਾਣੀ ’ਚ ਹੀ ਰਹਿੰਦੇ ਹਨ। (ਦਰਅਸਲ ਇਉਂ ਮਨ ਨਿਰਮਲ਼ ਨਹੀਂ ਹੁੰਦਾ; ਐਸੇ ਕਰਮ ਦਾ ਇਹੀ ਫਲ਼ ਮਿਲਦਾ ਹੈ ਕਿ) ਜਿਵੇਂ ਡੱਡੂ ਆਵਾਗਮਣ ’ਚ ਪੈਂਦੇ ਹਨ; ਵੈਸੇ ਹੀ ਉਹ ਮਨੁੱਖ ਜੂਨਾਂ ’ਚ ਪੈਂਦੇ ਹਨ (ਜੋ ਪਾਣੀ ’ਚ ਟੁੱਭੀ ਮਾਰ ਨਿਰਮਲ਼ ਹੋਣ ਵਾਲ਼ੇ ਭਰਮ ’ਚ ਹਨ)।

ਇਸੇ ਤਰ੍ਹਾਂ ਦੀ ਵਿਆਖਿਆ ਕਰਦਾ ਸ਼ਬਦ ਹੈ, ‘‘ਆਦਿ ਪੂਰਨ, ਮਧਿ ਪੂਰਨ; ਅੰਤਿ ਪੂਰਨ ਪਰਮੇਸੁਰਹ ਸਿਮਰੰਤਿ ਸੰਤ ਸਰਬਤ੍ਰ ਰਮਣੰ; ਨਾਨਕ  ! ਅਘਨਾਸਨ ਜਗਦੀਸੁਰਹ ’’ (ਮਹਲਾ /੭੦੫) ਅਰਥ : ਪਾਪਾਂ ਨੂੰ ਨਾਸ ਕਰਨ ਵਾਲ਼ਾ ਪਰਮੇਸ਼ਰ, ਜੋ ਜਗਤ ਦਾ ਮਾਲਕ ਹੈ; ਉਹ ਸ੍ਰਿਸ਼ਟੀ ਬਣਨ ਤੋਂ ਪਹਿਲਾਂ ਭੀ ਸੀ, ਹੁਣ ਭੀ ਹੈ ਤੇ ਕਿਆਮਤ ਤੋਂ ਬਾਅਦ ਭੀ ਰਹੇਗਾ ਯਾਨੀ ਉਹ ਸਰਬ ਵਿਆਪਕ ਹੈ। ਰੌਸ਼ਨ ਦਿਮਾਗ਼ ਸੰਤ-ਜਨ ਉਸ ਨੂੰ ਸਿਮਰਦੇ ਹਨ ਭਾਵ ਇੱਥੇ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਇਸ ਸਲੋਕ ‘‘ਆਦਿ ਸਚੁ, ਜੁਗਾਦਿ ਸਚੁ ਹੈ ਭੀ ਸਚੁ; ਨਾਨਕ  ! ਹੋਸੀ ਭੀ ਸਚੁ ’’ (ਜਪੁ) ਵਾਲ਼ੇ ਸਿਧਾਂਤ ਨੂੰ ਹੀ ਆਪਣੇ ਸ਼ਬਦਾਂ ’ਚ ਦੁਹਰਾਇਆ ਹੈ, ਪਰ ਨਾਸਮਝੀ ਕਾਰਨ ਡੇਰੇਦਾਰ ਸਿੱਖ; ਜਿੱਥੇ ਇਸ ਵਾਕ ਨੂੰ ਗੁਰੂ ਗ੍ਰੰਥ ਸਾਹਿਬ ਦਾ ਮੱਧ ਸਮਝ ਕੇ ਅਖੰਡ ਪਾਠ ਦੌਰਾਨ ਮੱਧ ਦੀ ਅਰਦਾਸ ਕਰਦੇ ਹਨ, ਓਥੇ ਗੁਰੂ ਨਾਨਕ ਸਾਹਿਬ ਦੇ ਇਸ ‘‘ਆਦਿ ਸਚੁ ਜੁਗਾਦਿ ਸਚੁ’’ ਸਲੋਕ ਨੂੰ ਭੀ ਮੂਲ ਮੰਤਰ ਹੀ ਮੰਨਦੇ ਹਨ। ਗੁਰਮਤਿ-ਸਿਧਾਂਤ ਨੂੰ ਗਹੁ ਨਾਲ਼ ਵਾਚਣ ਲਈ ਆਪਣੀ ਕਠੋਰ ਮਨਮਤ ਤੋਂ ਐਨਾ ਕੁ ਭੀ ਨਹੀਂ ਪੁੱਛਦੇ ਕਿ ‘ਗੁਰੂ ਗ੍ਰੰਥ ਸਾਹਿਬ’ ਜੀ ਦੇ ਕੁੱਲ 1430 ਅੰਕ ਹਨ, ਜਿਨ੍ਹਾਂ ਦਾ ਮੱਧ 705 ਅੰਕ ’ਤੇ ਕਿਵੇਂ ਹੋਇਆ ?

ਸਿੱਖ-ਸੰਗਤਾਂ ਨੂੰ ਪੁਰਾਤਨ ਲਿਪੀ (ਗੁਰਮੁਖੀ) ਦੀ ਲਿਖਤ (ਵਿਆਕਰਨ) ਨੂੰ ਭੀ ਗੁਰੂ ਦੀ ਸਿੱਖਿਆ ਸਮਝ ਕੇ ਸਮਝਣਾ ਚਾਹੀਦਾ ਹੈ ਤਾਂ ਕਿ ਮੂਲ ਗੁਰਮਤਿ ਨੂੰ ਸਮਝ ਕੇ ਉਸ ’ਤੇ ਪਹਿਰਾ ਦਿੱਤਾ ਜਾ ਸਕੇ। ਇਸ ਬਹਿਕਾਵੇ ’ਚ ਨਹੀਂ ਆਉਣਾ ਕਿ ਸਰੋਵਰ ਤੇ ਅਰਦਾਸ ਦਾ ਵਿਰੋਧ ਕਰਨ ਵਾਲ਼ੇ ਨਾਸਤਿਕ ਲੋਕ ਹਨ ਜਾਂ ਗੁਰਬਾਣੀ ’ਤੇ ਕਿਹੜਾ 100% ਵਿਆਕਰਨ ਲਾਗੂ ਹੈ ਤਾਂ ਜੋ ਅਸੀਂ ਸਮਝੀਏ।

ਮੂਲ ਸਵਾਲ ਹੈ ‘‘ਕਿਵ ਕੂੜੈ ਤੁਟੈ ਪਾਲਿ  ?’’ ਇੱਥੇ ਕੂੜ ਦੀ ਕੰਧ ਢਹਿਣਾ; ਸਚਿਆਰ ਹੋਣਾ ਹੈ ਤੇ ਸਚਿਆਰ ਹੋਣਾ; ਕੂੜ ਦੀ ਕੰਧ ਮਿਟਣਾ ਹੈ। ਕੂੜ ਦੀ ਕੰਧ; ਮਨੁੱਖ ਅੰਦਰ 10 ਸਾਲ ਦੀ ਉਮਰ ’ਚ ਜਾਂ 20 ਸਾਲ ’ਚ ਜਾਂ 50 ਸਾਲ ਬਾਅਦ ਖੜ੍ਹੀ ਨਹੀਂ ਹੋਈ। ਗੁਰੂ ਨਾਨਕ ਸਾਹਿਬ ਜੀ ਅਨੁਸਾਰ ਮਨੁੱਖ ਦਾ ਕੂੜ ਨਾਲ਼ ਸਬੰਧ ਬਚਪਨ ਤੋਂ ਹੈ। ਇਸੇ ਪ੍ਰਭਾਵ ਅਧੀਨ ਬੱਚਾ; ਜ਼ਿੰਦਗੀ ਦੇ ਪਹਿਲੇ ਪੜਾਅ ’ਚ (ਮਾਤਾ ਦੇ) ਥਣਾਂ ਨਾਲ਼ ਪਿਆਰ (ਲਾਲਚ) ਕਰਦਾ ਹੈ, ‘‘ਪਹਿਲੈ; ਪਿਆਰਿ ਲਗਾ ਥਣ ਦੁਧਿ ’’, ਇਹੀ ਸਚਾਈ ਗੁਰੂ ਅਮਰਦਾਸ ਜੀ ਨੇ ਇਉਂ ਬਿਆਨ ਕੀਤੀ ਹੈ, ‘‘ਲਿਵ ਛੁੜਕੀ, ਲਗੀ ਤ੍ਰਿਸਨਾ; ਮਾਇਆ ਅਮਰੁ ਵਰਤਾਇਆ ’’ (ਅਨੰਦ/ਮਹਲਾ /੯੨੧) ਅਰਥ : (ਮਾਤਾ ਦੇ ਗਰਭ ’ਚ ਬੱਚੇ ਦੀ ਲਗਨ ਪ੍ਰਭੂ ਨਾਲ਼ ਜੁੜੀ ਸੀ, ਜਨਮ ਲੈਂਦਿਆਂ ਹੀ ਇਹ) ਧਿਆਨ ਟੁੱਟ ਗਿਆ ਤੇ ਮਾਇਆਵੀ ਤ੍ਰਿਸ਼ਨਾ ਨੇ ਆਪਣਾ ਪ੍ਰਭਾਵ ਪਾ ਲਿਆ।

ਜ਼ਿੰਦਗੀ ਦੇ ਦੂਸਰੇ ਪੜਾਅ ’ਚ ਮਾਤਾ-ਪਿਤਾ ਨਾਲ਼ ਮੋਹ ਵਧ ਗਿਆ, ‘‘ਦੂਜੈ; ਮਾਇ ਬਾਪ ਕੀ ਸੁਧਿ ’’, ਤੀਜੇ ਪੜਾਅ ’ਚ ਭਰਾ, ਭਰਜਾਈ, ਭੈਣ ਆਦਿ ਨਾਲ਼ ਭੀ ਮੋਹ ਪੈ ਗਿਆ, ‘‘ਤੀਜੈ; ਭਯਾ ਭਾਭੀ ਬੇਬ ’’, ਚੌਥੇ ਪੜਾਅ ’ਚ ਦੋਸਤਾਂ ਨਾਲ਼ ਭੀ ਮੋਹ ਵਧ ਗਿਆ। ਉਨ੍ਹਾਂ ਨਾਲ਼ ਖੇਡਣ ਲੱਗਾ, ‘‘ਚਉਥੈ; ਪਿਆਰਿ ਉਪੰਨੀ ਖੇਡ ’’ ਪੰਜਵੇਂ ਪੜਾਅ ’ਚ ਜੀਭ-ਰਸ ਪੈਦਾ ਹੋ ਗਿਆ, ‘‘ਪੰਜਵੈ; ਖਾਣ ਪੀਅਣ ਕੀ ਧਾਤੁ ’’, ਛੇਵੇਂ ਪੜਾਅ ’ਚ ਕਾਮ-ਵਾਸ਼ਨਾ; ਜਾਤ-ਪਾਤ ਵਾਲ਼ੀ ਛੂਤ-ਛਾਤ ਨੂੰ ਭੀ ਬੁਰਾ ਨਹੀਂ ਮਨਾਉਂਦੀ, ‘‘ਛਿਵੈ; ਕਾਮੁ ਪੁਛੈ ਜਾਤਿ ’’, ਸਤਵੇਂ ਪੜਾਅ ’ਚ ਘਰ ਲਈ ਧਨ-ਪਦਾਰਥ ਜੋੜਦਾ ਹੈ, ‘‘ਸਤਵੈ; ਸੰਜਿ ਕੀਆ ਘਰ ਵਾਸੁ ’’ ਅੱਠਵੇਂ ਪੜਾਅ ’ਚ (ਇਨ੍ਹਾਂ ਪਦਾਰਥਾਂ ਨੂੰ ਪੁੱਤਰ-ਧੀਅ ਤੋਂ ਬਚਾਉਣ ਲਈ) ਕਰੋਧਿਤ ਹੋ ਆਪਣਾ ਸਰੀਰ ਨਾਸ ਕਰਦਾ ਹੈ, ‘‘ਅਠਵੈ; ਕ੍ਰੋਧੁ ਹੋਆ ਤਨ ਨਾਸੁ ’’ ਨਾਵੇਂ ਪੜਾਅ ’ਚ ਧੌਲ਼ੇ ਆ ਜਾਂਦੇ ਹਨ ਤੇ ਸਾਹ ਚੜ੍ਹਨ ਲੱਗਦਾ ਹੈ ਭਾਵ ਸਰੀਰਕ ਇੰਦ੍ਰੇ ਜਵਾਬ ਦੇਣ ਲੱਗ ਪਏ, ਜਿਨ੍ਹਾਂ ਨੂੰ ਤ੍ਰਿਪਤ ਕਰਨ ਲਈ ਸਾਰੀ ਉਮਰ ਭੱਜ-ਦੌੜ ਕਰਦਾ ਰਿਹਾ, ‘‘ਨਾਵੈ; ਧਉਲੇ ਉਭੇ ਸਾਹ ’’ ਦਸਵੇਂ ਪੜਾਅ ’ਚ ਮੌਤ ਆ ਦਬਾਉਂਦੀ ਹੈ ਤੇ ਮ੍ਰਿਤਕ ਸਰੀਰ ਸੜ ਕੇ ਸੁਆਹ ਹੋ ਜਾਂਦਾ ਹੈ, ‘‘ਦਸਵੈ; ਦਧਾ ਹੋਆ ਸੁਆਹ ’’ ਇੱਥੇ ਭੋਗ ਸਮੇਂ ਰਾਗੀ ਸ਼ਬਦ ਪੜ੍ਹਦੇ ਹਨ ਕਿ ‘‘ਘਲੇ ਆਵਹਿ ਨਾਨਕਾ ! ਸਦੇ ਉਠੀ ਜਾਹਿ ’’ (ਮਹਲਾ /੧੨੩੯) ਅਰਥ : (ਮਾਲਕ ਦੇ) ਭੇਜੇ ਹੋਏ (ਜੀਵ ਜਗਤ ’ਚ) ਆਉਂਦੇ ਹਨ ਤੇ ਜਦ ਉਹ ਵਾਪਸ ਬੁਲਾਉਂਦਾ ਹੈ ਤਾਂ ਮਰ ਜਾਂਦੇ ਹਨ, ਸੰਸਾਰ ਤੋਂ ਉੱਠ ਜਾਂਦੇ ਹਨ। ਧਿਆਨ ਰਹੇ ਕਿ ‘ਚਲਣਾ’ ਦਾ ਭੀ ਇੱਕ ਅਰਥ ‘ਉੱਠ ਜਾਣਾ’, ਮਰ ਜਾਣਾ ਹੈ।

ਉਕਤ ਵਿਚਾਰ ਤੋਂ ਬਾਅਦ ਭੀ ‘‘ਹੁਕਮਿ ਰਜਾਈ ਚਲਣਾ’’ ਦਾ ਇਹ ਅਰਥ ਕਰਨਾ ਕਿ ‘ਮਾਲਕ ਦੇ ਹੁਕਮ ’ਚ ਚੱਲਣ ਨਾਲ਼ ਕੂੜ ਦੀ ਕੰਧ ਢਹਿੰਦੀ ਹੈ’; ਕੂੜ-ਭਰਮ ਨੂੰ ਮਿਟਾਉਣਾ ਨਹੀਂ ਸਗੋਂ ਬਚਾਉਣਾ ਹੈ ਕਿਉਂਕਿ ਹੁਕਮ ’ਚ ਚੱਲਦਿਆਂ ਹੀ ਤਾਂ ਬੰਦਾ ਸਾਰੀ ਜ਼ਿੰਦਗੀ ਭੋਗਦਾ ਪਿਆ ਹੈ। ਇਸ ਨੂੰ ਪਹਿਲੀ ਪਉੜੀ ’ਚ ‘‘ਲਿਖਿਆ ਨਾਲਿ ’’ ਸ਼ਬਦਾਂ ’ਚ ਬਿਆਨ ਕੀਤਾ ਹੈ ਯਾਨੀ ਹੁਕਮ ’ਚ ਚੱਲਣਾ; ਬਚਪਨ ਤੋਂ ਮਨੁੱਖ ਦੇ ਨਾਲ਼ ਲਿਖਿਆ ਹੋਇਆ ਹੁੰਦਾ ਹੈ। ਇਹੀ ਸੰਦੇਸ਼ ‘ਜਪੁ’ ਬਾਣੀ ਦੀ 31ਵੀਂ ਪਉੜੀ ’ਚ ਹੈ, ‘‘ਜੋ ਕਿਛੁ ਪਾਇਆ; ਸੁ ਏਕਾ ਵਾਰ ..੩੧’’ ਭਾਵ ਮਨੁੱਖ ਦੀ ਤਕਦੀਰ ’ਚ ਜੋ ਪਾਉਣਾ ਸੀ, ਉਹ ਜਨਮ ਤੋਂ ਇੱਕ ਵਾਰ ਹੀ ਪਾ ਦਿੱਤਾ ਗਿਆ। ਗੁਰੂ ਨਾਨਕ ਸਾਹਿਬ ਇਸੇ ਨੂੰ ‘ਲੇਖ’ ਕਹਿੰਦੇ ਹਨ, ‘‘ਸਰਬ ਜੀਆ ਸਿਰਿ ਲੇਖੁ ਧੁਰਾਹੂ; ਬਿਨੁ ਲੇਖੈ ਨਹੀ ਕੋਈ ਜੀਉ ਆਪਿ ਅਲੇਖੁ, ਕੁਦਰਤਿ ਕਰਿ ਦੇਖੈ; ਹੁਕਮਿ ਚਲਾਏ ਸੋਈ ਜੀਉ ’’ (ਮਹਲਾ /੫੯੮) ਅਰਥ : ਹਰ ਜੀਵ-ਜੰਤ ਦੇ ਸਿਰ ਉੱਤੇ ਧੁਰ ਤੋਂ ਯਾਨੀ ਜੀਵਨ ਦੀ ਹੋਂਦ ਬਣਨ ਵੇਲ਼ੇ ਤੋਂ ਲੇਖ ਲਿਖਿਆ ਹੈ। ਇਸ ਲੇਖ ਤੋਂ ਬਿਨਾਂ ਕੋਈ ਜੀਵ ਪੈਦਾ ਨਹੀਂ ਹੋਇਆ। ਮਾਲਕ ਆਪ ਲੇਖ ਤੋਂ ਰਹਿਤ ਹੈ, ਜੋ ਸਾਰੀ ਕੁਦਰਤ ਨੂੰ (ਲੇਖੇ ’ਚ) ਪੈਦਾ ਕਰਕੇ ਵੇਖਦਾ ਹੈ, ਸੰਭਾਲ਼ਦਾ ਹੈ (ਕਿ ਕੀ ਲੇਖ ਅਨੁਸਾਰ ਸਭ ਭੋਗਿਆ ਜਾ ਰਿਹਾ ਹੈ ਜਾਂ ਨਹੀਂ) ਉਹ ਆਪ ਹੀ ਸਭ ਨੂੰ ਆਪਣੇ ਹੁਕਮ ’ਚ ਚਲਾਉਂਦਾ ਹੈ (ਹੁਕਮਿ ਚਲਾਏ ਸੋਈ ਜੀਉ ) ਇੱਥੇ ‘ਲੇਖ’ ਅਤੇ ‘ਹੁਕਮ’ ਦਾ ਇਉਂ ਪਰਸਪਰ ਸਬੰਧ ਹੈ; ਜਿਵੇਂ ਮਾਲਕ ਆਪਣੇ ਨੌਕਰ ਨੂੰ ਵਸਤੂ ਦੇ ਕੇ ਕਿਤੇ ਭੇਜੇ; ਭੇਜਣਾ ‘ਹੁਕਮ’ ਹੈ ਤੇ ਵਸਤੂ ‘ਲੇਖ ਹੈ, ਨਸੀਬ ਹੈ, ਤਕਦੀਰ ਹੈ’। ਸਚਿਆਰ ਹੋਣ ਲਈ ਮਨੁੱਖ ਨੇ ਕੇਵਲ ਇਹ ਵਿਸ਼ਵਾਸ ਧਾਰਨਾ ਹੈ ਕਿ ਮੈ ਹੁਕਮ ’ਚ ਹਾਂ, ਮੈ ਮਾਲਕ ਦਾ ਆਗਿਆਕਾਰੀ ਸੇਵਕ ਹਾਂ। ਐਸੀ ਭਾਵਨਾ ਜੇ ਹਿਰਦੇ ’ਚ ਹੋਵੇ ਤਾਂ ਨੌਕਰ ਆਪਣੇ ਦੁਆਰਾ ਕੀਤੇ ਕੰਮਾਂ ਦਾ ਮਹੱਤਵ ਆਪਣੇ ’ਤੇ ਲੈ ਕੇ ‘ਕੂੜ ਦੀ ਪਾਲਿ’ ਨੂੰ ਵੱਡਾ ਨਹੀਂ ਕਰਦਾ, ਆਪਣਾ ਅਹੰਕਾਰ ਨਹੀਂ ਵਧਾਉਂਦਾ ਸਗੋਂ ਨਿਮਾਣੇ ਭਾਵ ’ਚ ਰਹਿ ਕੇ ਮਾਲਕ ਦਾ ਸ਼ੁਕਰਾਨਾ ਕਰਦਾ ਹੈ। ਮਾਲਕ ਦਾ ਡਰ-ਅਦਬ ਸਦਾ ਹਿਰਦੇ ’ਚ ਬਣਿਆ ਰਹਿੰਦਾ ਹੈ। ਇਹੀ ਹੈ ‘ਕੂੜ ਦੀ ਪਾਲਿ’ ਢਾਹੁਣਾ। ‘ਕੂੜ’ ਦਾ ਅਰਥ ਹੈ ‘ਜੋ ਸੱਚ ਨਹੀਂ’ ਤੇ ‘ਪਾਲਿ’ ਦਾ ਅਰਥ ਹੈ ‘ਕੰਧ, ਪਰਦਾ, ਓਹਲਾ, ਭਰਮ’; ਜਿਵੇਂ ਬੁਖ਼ਾਰ ਹੋਣ ’ਤੇ ਡਾਕਟਰ ਦਵਾ ਦੇਵੇ, ਪਰ ਕੋਈ ਵਹਿਮੀ ਬੰਦਾ ਸਲਾਹ ਦੇ ਦੇਵੇ ਕਿ ਇਹ ਦਵਾ ਤਾਂ ਅਸਰ ਕਰੇਗੀ ਜੇ ਸੁਬਹ ਪੂਰਵ ਵੱਲ ਤੇ ਸ਼ਾਮ ਨੂੰ ਪੱਛਮ ਵੱਲ ਮੂੰਹ ਕਰਕੇ ਖਾਏਂਗਾ। ਐਸਾ ਭਰਮ; ਅਸਲ ਸਚਾਈ (ਕਿ ਦਵਾ ਕਾਰਨ ਬੁਖ਼ਾਰ ਉਤਰਿਆ ਹੈ) ਨਾਲ਼ੋਂ ਤੋੜਦਾ ਹੈ। ਗੁਰਬਾਣੀ ਦੇ ਬਚਨ ਹਨ ਕਿ ਅਹੰਕਾਰ (ਭਰਮ) ਤੇ ਨਾਮ (ਸਚਾਈ) ਇੱਕੋ ਹਿਰਦੇ ’ਚ ਨਹੀਂ ਹੁੰਦੇ, ‘‘ਹਉਮੈ (ਦਾ) ਨਾਵੈ ਨਾਲਿ ਵਿਰੋਧੁ ਹੈ; ਦੁਇ ਵਸਹਿ ਇਕ ਠਾਇ ’’ (ਮਹਲਾ /੫੬੦)

ਅੰਨ੍ਹੇ ਨੂੰ ਰਾਹ ਦੱਸਣ ਲਈ ਅੱਗੇ ਆਉਣਾ ਤੇ ਭਰਮ-ਭੁਲੇਖੇ (ਬੁਰਿਆਈ) ਨੂੰ ਮਿਟਾਉਣਾ; ਰੌਸ਼ਨ-ਦਿਮਾਗ਼ ਬੰਦੇ ਦਾ ਨੈਤਿਕ ਫ਼ਰਜ਼ ਹੈ ਤੇ ਕਿਸੇ ਦੇ ਰਾਹ ਦਾ ਰੋੜਾ ਬਣਨਾ; ਗੁਰਮਤਿ ਵਿਰੁਧ ਹੈ। ਇਹੀ ਕਾਰਨ ਰਿਹਾ ਸੀ ਕਿ ਸਿੱਖਾਂ ਨੇ ਭੱਜਦੇ ਦੁਸ਼ਮਣ ਦਾ ਕਦੇ ਪਿੱਛਾ ਨਹੀਂ ਕੀਤਾ। ਅੱਜ ਬੜਾ ਅਸਚਰਜ ਹੁੰਦਾ ਹੈ ਜਦ ਇੱਕ ਸਿੱਖ; ਦੂਸਰੇ ਸਿੱਖ ਦੇ ਰਾਹ ਦਾ ਰੋੜਾ ਇਸ ਲਈ ਬਣ ਬੈਠਦਾ ਹੈ ਕਿਉਂਕਿ ਉਸ ਨਾਲ਼ ਵਿਚਾਰਿਕ ਅਸਹਿਮਤੀ ਹੁੰਦੀ ਹੈ। ਗੁਰਸਿੱਖ ਨੂੰ ਤਾਂ ਮਿਲ ਬੈਠ ਕਰ ਮਤਭੇਦ ਦੂਰ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ; ਜਿਵੇਂ ਕਿ ਬਚਨ ਹਨ ‘‘ਹੋਇ ਇਕਤ੍ਰ ਮਿਲਹੁ ਮੇਰੇ ਭਾਈ ! ਦੁਬਿਧਾ ਦੂਰਿ ਕਰਹੁ, ਲਿਵ ਲਾਇ ਹਰਿ ਨਾਮੈ ਕੇ ਹੋਵਹੁ ਜੋੜੀ; ਗੁਰਮੁਖਿ ਬੈਸਹੁ ਸਫਾ ਵਿਛਾਇ ’’ (ਮਹਲਾ /੧੧੮੫)

ਵਿਚਾਰ ਅਧੀਨ ਵਾਕ ‘‘ਹੁਕਮਿ ਰਜਾਈ ਚਲਣਾ..’’ ’ਚ ਜੇ ਕਾਵਿ ਪਿੰਗਲ ਪ੍ਰਭਾਵ ਨਾ ਹੁੰਦਾ ਤਾਂ ਇੱਥੇ ‘ਚਲਣਾ’ ਦੀ ਥਾਂ ਸ਼ਬਦ ‘ਚਲਣੁ’ ਹੁੰਦਾ; ਜਿਸ ਦਾ ਅਰਥ ਹੈ ‘ਚੱਲਣ ਨੂੰ’। ਪਹਿਲੀ ਤੁਕ (ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ) ਦੇ ਮੁਕਾਬਲੇ ਦੂਜੀ ਤੁਕ (ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ ) ’ਚ 2 ਅੰਕ (25-23=2) ਪਹਿਲਾਂ ਹੀ ਘੱਟ ਹਨ; ਜਿਵੇਂ ਕਿ ਹੇਠਾਂ ਵਿਚਾਰਿਆ ਗਿਆ ਹੈ। ਇੱਥੇ ‘ਚਲਣੁ’ ਲਿਖਣ ਨਾਲ਼ ਇਹ ਅੰਤਰ ਵਧ ਕੇ 3 ਹੋ ਜਾਂਦਾ, ਇਸ ਲਈ ਕਾਵਿ-ਪਿੰਗਲ ਨੇ ਇਹ ਇਜਾਜ਼ਤ ਨਾ ਦਿੱਤੀ :

ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ

[ਕਿਵ (1+1)+ਸਚਿਆਰਾ (1+1+2+2)+ਹੋਈਐ (1+2+2)

+ਕਿਵ (1+1)+ਕੂੜੈ (2+2)+ਤੁਟੈ (1+2)+ਪਾਲਿ (2+1)=25]

ਹੁਕਮਿ ਰਜਾਈ ਚਲਣਾ; ਨਾਨਕ  ! ਲਿਖਿਆ ਨਾਲਿ

[ਹੁਕਮਿ (1+1+1)+ਰਜਾਈ (1+2+2)+ਚਲਣਾ (1+1+2)

+ਨਾਨਕ (2+1+1)+ਲਿਖਿਆ (1+1+2)+ਨਾਲਿ (2+1)=23]

ਉਕਤ ਵਿਚਾਰਿਆ ਗਿਆ ਹੈ ਕਿ ‘ਚਲਣਾ’ ਦਾ ਅਰਥ ਹੈ ‘ਮੌਤ’ ਜਾਂ ‘ਨਾਸ ਹੋਣਾ’। ਗੁਰਮਤਿ ਅਨੁਸਾਰ ਸਿੱਖ ਨੇ ਜੀਵਦਿਆਂ ਹੀ ਮਰਨਾ ਹੈ, ਮੁਕਤ ਹੋਣਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਹੀ ਬਚਨ ਹਨ, ‘‘ਮੁਇਆ ਜਿਤੁ ਘਰਿ ਜਾਈਐ; ਤਿਤੁ ਜੀਵਦਿਆ ਮਰੁ ਮਾਰਿ ’’ (ਮਹਲਾ /੨੧) ਅਰਥ : ਮਰਨ ਤੋਂ ਬਾਅਦ ਜਿਸ ਘਰ (ਭਾਵ ਪ੍ਰਭੂ ਚਰਨਾਂ) ’ਚ ਜਾਣਾ ਹੈ; ਉਸ ਵਿੱਚ ਜੀਵਦਿਆਂ ਹੀ (ਮਾਇਆ ਮੋਹ ਨੂੰ) ਮਾਰ ਕੇ ਪਹੁੰਚ। ਐਸੀ ਅਵਸਥਾ ਬਣਾਉਣ (ਚਲਣਾ) ਨੂੰ ਗੁਰੂ ਅਮਰਦਾਸ ਜੀ ਬੜਾ ਕਠਿਨ ਮਾਰਗ ਦੱਸਦੇ ਹਨ, ‘‘ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਹ ਕੇਰੀ (ਦੀ); ਬਿਖਮ ਮਾਰਗਿ (’ਤੇ) ਚਲਣਾ ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ; ਬਹੁਤੁ ਨਾਹੀ ਬੋਲਣਾ ..੧੪’’ (ਅਨੰਦ/ਮਹਲਾ /੯੧੯) ਇਉਂ ‘‘ਹੁਕਮਿ ਰਜਾਈ ਚਲਣਾ (ਚਲਣੁ); ਨਾਨਕ  ! ਲਿਖਿਆ ਨਾਲਿ ’’ ਦਾ ਸ਼ਾਬਦਿਕ ਅਰਥ ਹੋਇਆ ‘ਰਜ਼ਾ ਦੇ ਮਾਲਕ ਦੇ ਹੁਕਮ ’ਚ ਚੱਲਣ ਨੂੰ (ਸਮਝ, ਜੋ ਤੇਰੀ ਹੋਂਦ ਤੋਂ ਤੇਰੇ) ਨਾਲ਼ ਲਿਖਿਆ ਹੈ।

ਜਿਸ ਤਰ੍ਹਾਂ ਨਸੇੜੀ ਨੂੰ ਨਸ਼ੇ ਦਾ ਮਾੜਾ ਪ੍ਰਭਾਵ ਸਮਝਣਾ ਅਸਾਨ ਹੈ, ਪਰ ਆਦਤ ਛੁਡਾਉਣੀ ਮੁਸ਼ਕਲ ਹੁੰਦੀ ਹੈ; ਵੈਸੇ ਹੀ ਉਕਤ ਸਿਧਾਂਤ ਸਮਝਣਾ ਭਾਵੇਂ ਮੁਸ਼ਕਲ ਨਹੀਂ, ਪਰ ਇਸ ਅਨੁਸਾਰ ਜੀਵਨ ਬਸਰ ਕਰ ਭਰਮ ਤੋਂ ਬਚੇ ਰਹਿਣਾ ਬੜਾ ਕਠਿਨ ਹੈ ਤਾਹੀਓਂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤੇ ਹਨ, ‘‘ਹੈਨਿ ਵਿਰਲੇ ਨਾਹੀ ਘਣੇ; ਫੈਲ ਫਕੜੁ ਸੰਸਾਰੁ ’’ (ਮਹਲਾ /੧੪੧੧) ਅਰਥ : ਮਨੁੱਖ ਅਕਸਰ ਵਿਖਾਵੇ ਦੇ ਕੰਮ (ਕਰਮਕਾਂਡ) ਕਰਦਾ ਹੈ, ਕੋਈ ਵਿਰਲਾ ਹੀ ‘ੴ’ ਨਾਲ਼ ਨਿਰੰਤਰ ਧਿਆਨ ਜੋੜਨ ’ਚ ਸਫਲ ਹੁੰਦਾ ਹੈ, ਬਹੁਤੇ ਨਹੀਂ। ਇਤਿਹਾਸ ਗਵਾਹ ਹੈ ਕਿ ਗੁਰੂ ਸਾਹਿਬ ਦੇ ਸਮੇਂ ਤਿੰਨ ਕਰੋੜ ਸਿੱਖ ਸਨ ਜਦਕਿ 15ਵੀਂ ਤੋਂ 16ਵੀਂ ਸਦੀ ਤੱਕ ਵਿਸ਼ਵ ਦੀ ਕੁੱਲ ਅਬਾਦੀ ਕੇਵਲ 45-50 ਕਰੋੜ ਹੀ ਸੀ। ਗੁਰੂ ਅਰਜਨ ਸਾਹਿਬ ਜੀ ਨੇ ਭੀ ਇਹੀ ਤੱਤ ਕੱਢਿਆ ਹੈ, ‘‘ਜਿਨ੍ਹਾ ਦਿਸੰਦੜਿਆ ਦੁਰਮਤਿ ਵੰਞੈ (ਦੂਰ ਹੋਵੇ); ਮਿਤ੍ਰ ਅਸਾਡੜੇ ਸੇਈ ਹਉ ਢੂਢੇਦੀ ਜਗੁ ਸਬਾਇਆ; ਜਨ ਨਾਨਕ ਵਿਰਲੇ ਕੇਈ ’’ (ਮਹਲਾ /੫੨੦) ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਭੀ ਬਚਨ ਹਨ, ‘‘ਨਿਸਿ ਦਿਨੁ ਮਾਇਆ ਕਾਰਨੇ; ਪ੍ਰਾਨੀ ਡੋਲਤ ਨੀਤ ਕੋਟਨ ਮੈ ਨਾਨਕ ਕੋਊ; ਨਾਰਾਇਨੁ ਜਿਹ ਚੀਤਿ (’)’’ (ਮਹਲਾ /੧੪੨੭)

ਧਰਮ ਦੇ ਇਲਾਹੀ ਰਾਜ਼; ਆਮ ਮਨੁੱਖ ਨੂੰ ਦ੍ਰਿੜ੍ਹ ਕਰਵਾਉਣੇ ਬੜੇ ਕਠਿਨ ਹਨ, ਇਸ ਲਈ ‘ਜਪੁ’ ਬਾਣੀ ਦੀ ਦੂਸਰੀ ਪਉੜੀ ’ਚ ਹੀ ‘ਹੁਕਮ’ ਦੀ ਵਿਸਥਾਰ ਸਹਿਤ ਵਿਆਖਿਆ ਕੀਤੀ ਹੈ ਕਿ ਹੇ ਮਨੁੱਖ ! ਤੂੰ ‘ੴ’ ਦੇ ਹੁਕਮ ’ਚ ਇਕੱਲਾ ਹੀ ਨਹੀਂ ਚੱਲਦਾ; ਵੇਖ ਸਾਰੇ ਸਰੀਰ ਹੁਕਮ ’ਚ ਬਣੇ ਹਨ (ਹੁਕਮੀ ਹੋਵਨਿ ਆਕਾਰ), ਇਨ੍ਹਾਂ ’ਚ ਰੂਹਾਂ ਭੀ ਹੁਕਮ ਨਾਲ਼ ਪਾਈਆਂ ਹਨ (ਹੁਕਮੀ ਹੋਵਨਿ ਜੀਅ), ਹੁਕਮ ਲਿਖੇ ਅਨੁਸਾਰ ਹੀ ਦੁੱਖ-ਸੁੱਖ ਮਿਲਦੇ ਹਨ (ਹੁਕਮਿ ਲਿਖਿ ਦੁਖ ਸੁਖ ਪਾਈਅਹਿ), ਨਿਚੋੜ ਇਹੀ ਹੈ ਕਿ ਹਰ ਕੋਈ ਹੁਕਮ ’ਚ ਹੈ, ਹੁਕਮ ਤੋਂ ਆਕੀ ਕੋਈ ਨਹੀਂ (ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ) ਪਉੜੀ ਦੇ ਅੰਤ ’ਚ ਕਿਹਾ ਹੈ ਕਿ ਜੋ ਹੁਕਮ ’ਚ ਚੱਲਦਾ ਹਾਂ, ਨੂੰ ਸਵੀਕਾਰ ਲੈਂਦਾ ਹੈ; ਉਸ ਨੂੰ ਇਹੀ ਫਲ਼ ਮਿਲਦਾ ਹੈ ਕਿ ਉਸ ਅੰਦਰ ਅਹੰਕਾਰ ਨਹੀਂ ਰਹਿੰਦਾ ਯਾਨੀ ‘ਕੂੜ ਦੀ ਪਾਲਿ’ ਮਿਟ ਜਾਂਦੀ ਹੈ (ਨਾਨਕ  ! ਹੁਕਮੈ ਜੇ ਬੁਝੈ; ਹਉਮੈ ਕਹੈ ਕੋਇ ) ‘ਹੁਕਮ’ ਦੀ ਐਨੀ ਵਿਸਥਾਰ ਸਹਿਤ ਵਿਆਖਿਆ ਤੋਂ ਬਾਅਦ ਭੀ ਜੇ ਕੋਈ ਆਪ ਸਮਝਦਾ ਤੇ ਸੰਗਤਾਂ ਨੂੰ ਭਰਮ ’ਚ ਪਾਉਂਦਾ ਫਿਰੇ ਕਿ ‘ਜੋ ਹੁਕਮ ’ਚ ਹੈ, ਉਹੀ ਸੁਖੀ ਹੈ, ਜੋ ਨਹੀਂ ਉਹ ਦੁਖੀ ਹੈ’ ਤਾਂ ਐਸੇ ਭਰਮ ਨੂੰ ਤੋੜਨਾ ਅਸੰਭਵ ਹੈ। ਪੂਰੀ ਵਿਚਾਰ ਦਾ ਨਚੋੜ ਹੈ ਕਿ ਗੁਰਮਤਿ ਦੇ ਹੇਠਲੇ ਦੋ ਨਿਯਮ ਹੀ ਪ੍ਰਾਚੀਨ ਧਰਮਾਂ ਨਾਲੋਂ ਗੁਰਮਤਿ ਨੂੰ ਨਿਆਰਾ ਕਰਦੇ ਹਨ :

(1). ਸਾਰਾ ਬ੍ਰਹਿਮੰਡ; ‘ੴ’ ਦੇ ਹੁਕਮ ’ਚ ਹੈ ਤੇ ਉਹ ਆਪ ਜ਼ਰਰੇ-ਜ਼ਰਰੇ ’ਚ ਵਿਆਪਕ ਹੋ ਕੇ ਸਭ ਕੁੱਝ ਕਰਦਾ ਤੇ ਵੇਖਦਾ ਹੈ। ਪਾਵਨ ਬਚਨ ਹਨ, ‘‘ ਮਨ ! ਮਤ ਜਾਣਹਿ ਹਰਿ ਦੂਰਿ ਹੈ; ਸਦਾ ਵੇਖੁ ਹਦੂਰਿ ਸਦ ਸੁਣਦਾ, ਸਦ ਵੇਖਦਾ; ਸਬਦਿ ਰਹਿਆ ਭਰਪੂਰਿ ਰਹਾਉ ’’ (ਮਹਲਾ /੪੨੯) ਅਰਥ : ਹੇ ਮਨ ! ਤੂੰ ਇਹ ਨਾ ਸਮਝ ਕਿ ਹਰੀ ਤੈਥੋਂ ਦੂਰ ਹੈ। ਉਸ ਨੂੰ ਅੰਗ ਸੰਗ ਪਹਿਚਾਣ। ਉਹ ਸਭ ਕੁੱਝ ਸੁਣਦਾ ਹੈ, ਵੇਖਦਾ ਹੈ; ਗੁਰੂ ਦੀ ਸਿੱਖਿਆ ਨਾਲ਼ ਉਸ ਨੂੰ ਅੰਗ-ਸੰਗ ਮਹਿਸੂਸ ਕੀਤਾ ਜਾ ਸਕਦਾ ਹੈ।

(2). ਗੁਰਮਤਿ ਦੀ ਇਸ ਵਿਲੱਖਣਤਾ ਪ੍ਰਤੀ ਬਣੇ ਹਰ ‘ਭਰਮ, ਕੂੜ, ਪਰਦੇ’ ਨੂੰ ਗੁਰਬਾਣੀ ਤੋੜਦੀ ਹੈ।

ਇਹ ਦੋਵੇਂ ਹਥਿਆਰ ਧਾਰਨ ਕਰ ਗੁਰੂ ਨਾਨਕ ਸਾਹਿਬ ਜੀ ਨੇ ਬਿਖੜੇ ਮਾਰਗ ਰਾਹੀਂ ਮੱਕਾ-ਸ਼ਹਰ ਪਹੁੰਚ ਕੇ ਮੌਲਵੀ ਨੂੰ ਕਿਹਾ ‘ਜਿੱਧਰ ਖ਼ੁਦਾ ਨਹੀਂ, ਓਧਰ ਮੇਰੇ ਪੈਰ ਕਰ ਦਿਓ’। ਉਡੀਸਾ ਦੀ ਜਗਨਨਾਥ ਪੁਰੀ ਵਿਖੇ ਪੰਡਿਤਾਂ ਨੂੰ ਕਿਹਾ ਕਿ ਸਾਰੀ ਕੁਦਰਤ; ਆਪਣੇ ਆਪ ਹੀ ਜਗਨਨਾਥ ਦੀ ਆਰਤੀ ਕਰਦੀ ਪਈ ਹੈ; ਉਸ ਲਈ ਵੱਖਰੀ ਆਰਤੀ ਕਰਨ ਦੀ ਲੋੜ ਨਹੀਂ ਸਗੋਂ ਤੂੰ ਭੀ ਆਪਣੇ ਆਪ ਨੂੰ ਉਸ ਆਰਤੀ ਦਾ ਭਾਗ ਸਮਝ ਯਾਨੀ ਤੂੰ ਭੀ ਕੁਦਰਤ ਵਾਂਗ ਉਸ ਦੇ ਹੁਕਮ ’ਚ ਹੈਂ, ਉਸ ’ਤੇ ਭਰੋਸਾ ਧਾਰ। ਹਰਦੁਆਰ ਵਿਖੇ ਪੱਛਮ ਵੱਲ ਪਾਣੀ ਸੁਟ ਕੇ ਇਹ ਭਰਮ ਤੋੜਿਆ ਕਿ ਹਰੀ; ਇੰਨਾ ਦੂਰ ਨਹੀਂ। ਕੁਰਕਸ਼ੇਤਰ ਵਿਖੇ ਹਿਰਨ ਦਾ ਮਾਸ ਰਿੰਨ੍ਹ ਕੇ ਸੂਰਜ ਗ੍ਰਹਿਣ ਸਮੇਂ ਅੱਗ ਨਾ ਬਾਲਣ ਤੇ ਮਾਸ ਨਾ ਰਿੰਨ੍ਹਣ ਵਾਲ਼ਾ ਭਰਮ ਤੋੜਿਆ, ਆਦਿ।

ਗੁਰਬਾਣੀ ਤੋਂ ਇਲਾਵਾ ਕਿਸੇ ਭੀ ਧਾਰਮਿਕ ਗ੍ਰੰਥ ’ਚ ‘ਓਮ, ਅਲਹ, ਪ੍ਰਭੂ, ਰਾਮ, ਬ੍ਰਹਮਾ, ਵਿਸ਼ਨੂੰ, ਸ਼ਿਵ’ ਆਦਿਕ ਨੂੰ ਸਰਬ ਵਿਆਪਕ ਨਹੀਂ ਬਿਆਨ ਕੀਤਾ। ਇਹੀ ਕਾਰਨ ਹੈ ਕਿ ਪੰਡਿਤ ਨੂੰ ਸ਼ੂਦਰ, ਔਰਤ ਤੇ ਮੁਸਲਮਾਨ ’ਚ ਰਾਮ ਨਜ਼ਰ ਨਹੀਂ ਆਉਂਦਾ। ਹਮਲਾਵਰ ਮੁਲਸਮਾਨਾਂ ਨੂੰ ਔਰਤਾਂ, ਬੱਚਿਆਂ, ਬਜ਼ੁਰਗਾਂ ’ਚ ਅਲਹ ਦਾ ਦੀਦਾਰ ਨਾ ਹੋਇਆ। ਯਹੂਦੀਆਂ ਤੇ ਈਸਾਈਆਂ ਨੂੰ ਮੁਸਲਮਾਨਾਂ ’ਚ ਪ੍ਰਭੂ ਨਜ਼ਰ ਨਹੀਂ ਆਉਂਦਾ। ਬਾਣੀਕਾਰਾਂ ਨੇ ‘ੴ’ ਦੀ ਸਰਬ ਵਿਆਪਕ ਵਿਆਖਿਆ ਹੀ ਨਹੀਂ ਕੀਤੀ ਬਲਕਿ ਪੂਰਾ ਬ੍ਰਹਿਮੰਡ ਉਸ ਦੇ ਹੁਕਮ ’ਚ ਹੈ, ਕਹਿ ਕੇ ਉਸ ਨੂੰ ਜਾਨਦਾਰ ਸਰਬ ਸ਼ਕਤੀਮਾਨ ਭੀ ਮੰਨਿਆ ਹੈ। ਇਸੇ ਕਾਰਨ ਸਿੱਖਾਂ ਨੇ ਕਿਸੇ ਗ਼ੈਰ ਧਰਮ ਜਾਂ ਔਰਤ ਨਾਲ਼ ਕੋਈ ਵਿਤਕਰਾ ਨਾ ਕੀਤਾ ਤਾਂ ਕਿ ਮਤਾਂ ਕਿਤੇ ਮਾਲਕ ਦੀ ਪ੍ਰਸੰਨਤਾ ਖੁਸ ਜਾਵੇ।

ਸੋ ਗੁਰਬਾਣੀ ਨੂੰ ਸਰਲ ਤੇ ਸਪਸ਼ਟ ਕਰਨ ’ਚ ਨਿਭਾਈ 35 ਬਾਣੀਕਾਰਾਂ ਦੀ ਭੂਮਿਕਾ ਤੋਂ ਬਾਅਦ ਗੁਰਮਤਿ-ਏਜੰਡੇ ਨੂੰ ਸਮਝਣਾ ਕੋਈ ਮੁਸ਼ਕਲ ਨਹੀਂ, ਪਰ ਇਸ ਅੰਦਰ ਕਈ ਭਾਸ਼ਾਵਾਂ ਤੇ ਪੁਰਾਤਨ ਲਿਪੀ (ਗੁਰਮੁਖੀ) ਹੋਣ ਕਾਰਨ ਸਿੱਖ ਲਈ ਇਹ ਕਠਿਨਾਈ ਜਾਪਦੀ ਹੈ। ਜੇ ਗੁਰਮਤਿ ਦੇ ਸੰਖੇਪ ਜਿਹੇ ਅਸੂਲ ਸਮਝਣੇ ਐਨੇ ਕਠਿਨ ਹੁੰਦੇ, ਜਿੰਨੇ ਕਿ ਅੱਜ ਪ੍ਰਤੀਤ ਹੋ ਰਹੇ ਹਨ ਤਾਂ ਇਨ੍ਹਾਂ ਨੂੰ ਅਮਲ ’ਚ ਲਿਆਉਣ ਲਈ ਤਾਂ ਕਈ ਜਨਮ ਲੈਣੇ ਪੈਣੇ ਸਨ। ਮੁਲਤਾਨ ਜ਼ਿਲ੍ਹੇ ਦੇ ਡਾਕੂ ਸੱਜਣ ਠੱਗ ਤੇ ਦੱਖਣ ਵਿੰਧਿਆਚਲ ਦੇ ਕੌਡਾ ਰਾਖਸ਼ ਨੇ ਗੁਰੂ ਨਾਨਕ ਸਾਹਿਬ ਜੀ ਦੀ ਕਿੰਨੀ ਕੁ ਸੰਗਤ ਕੀਤੀ ਹੋਵੇਗੀ ? ਲਾਹੌਰ ਨਿਵਾਸੀ ਮਥੋ ਮੁਰਾਰੀ, ਜਿਨ੍ਹਾਂ ਨੂੰ ਗੁਰੂ ਅਮਰਦਾਸ ਜੀ ਨੇ ਮੰਜੀ ਬਖ਼ਸ਼ੀ, ਉਸ ਨੂੰ ਪਹਿਲਾਂ ਪ੍ਰੇਮਾ ਕੋਹੜੀ ਸਮਝਿਆ ਜਾਂਦਾ ਸੀ। ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ; ਦਸਮੇਸ਼ ਪਿਤਾ ਨਾਲ਼ ਕਿੰਨਾ ਕੁ ਚਿਰ ਰਹੇ ਹਨ ? ਗੁਰੂ ਸਾਹਿਬਾਨ ਨੇ ਧਰਮ ਦੇ ਜੋ ਮੂਲ ਅਸੂਲ ਸਮਝਾਏ; ਇਨ੍ਹਾਂ ਸਭ ਨੇ ਉਨ੍ਹਾਂ ਉੱਤੇ ਅਟੁੱਟ ਭਰੋਸਾ ਰੱਖ ਨਿਰੰਤਰ ਅਭਿਆਸ ਕੀਤਾ ਤੇ ਆਤਮ ਗਿਆਨੀ ਬਣ ਮੁਕਤ ਹੋ ਗਏ। ਅੱਜ ਬਜ਼ੁਰਗ ਸਿੱਖ ਸੰਗਤ ਭੀ ਗੁਰੂ ਘਰਾਂ ਅੰਦਰ ਗੁਟਕਾ ਸਾਹਿਬ ਤੋਂ ਪੜ੍ਹ ਕੇ ਨਿਤਨੇਮ ਕਰਦੀ ਹੈ। ਗੁਰਬਾਣੀ-ਪਾਠ ਰਾਹੀਂ ਜਿਸ ਸੁਰਤਿ ਨੇ ‘ੴ’ ਨਾਲ਼ ਧਿਆਨ ਇਕਾਗਰ ਕਰ ਭਰਮ ਮੁਕਤ ਹੋ ਉੱਚਾ ਉੱਠਣਾ ਸੀ, ਉਹ ਸਾਰੀ ਉਮਰ ਬੀਤ ਜਾਣ ਉਪਰੰਤ ਭੀ ਉਨ੍ਹਾਂ ਨਾਸਵਾਨ ਅੱਖਰਾਂ ਦੀ ਟੇਕ ਲੈਂਦੀ ਪਈ ਹੈ, ਜਿਨ੍ਹਾਂ ਬਾਰੇ ਬਚਨ ਹਨ, ‘‘ ਅਖਰ ਖਿਰਿ ਜਾਹਿਗੇ; ਓਇ ਅਖਰ ਇਨ ਮਹਿ ਨਾਹਿ ’’ (ਬਾਵਨ ਅਖਰੀ/ਭਗਤ ਕਬੀਰ/੩੪੦) ਅਰਥ : ਸੰਸਕ੍ਰਿਤ ਦੇ ਇਹ 52 ਅੱਖਰ (ਜਾਂ ਗੁਰਮੁਖੀ ਦੇ 35 ਅੱਖਰ ਦ੍ਰਿਸ਼ਟਮਾਨ-ਜਗਤ ਵਾਂਗ) ਨਾਸ ਹੋ ਜਾਣਗੇ ਇਨ੍ਹਾਂ ਰਾਹੀਂ ਬਿਆਨ ਕੀਤਾ ਉਹ ਨਾਸ ਰਹਿਤ ਪ੍ਰਭੂ; ਇਨ੍ਹਾਂ ਅੰਦਰ ਨਹੀਂ ਹਨ। ਸੋ ਜ਼ਰੂਰਤ ਹੈ ਨਿਤਨੇਮ ਬਾਣੀਆਂ ਨੂੰ ਕੰਠ ਕਰ ਸੁਰਤਿ ਦੀ ਇਕਾਗਰਤਾ ਨਾਲ਼ ਰੂਹਾਨੀਅਤ ਪੜਾਅ ਦਰ ਪੜਾਅ ਸਫ਼ਰ ਕਰਨ ਦੀ, ਤਾਂ ਜੋ ਆਤਮ-ਪ੍ਰਕਾਸ਼/ਬਲ ਨਾਲ਼ ਸਰੀਰਕ, ਪਰਵਾਰਿਕ, ਸਮਾਜਿਕ, ਆਰਥਿਕ ਤੇ ਰਾਜਨੀਤਿਕ ਖੇਤਰ ’ਚ ਆਦਰਸ਼ ਜੀਵਨ ਵਜੋਂ ਮੋਹਰੀ ਰੋਲ ਅਦਾ ਕੀਤਾ ਜਾ ਸਕੇ।

—–ਚੱਲਦਾ—–

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਦੂਜਾ)

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਤੀਜਾ)

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਚੌਥਾ)