ਸਵਾਲ ਜਵਾਬ (4-5-24)

0
75

ਸਵਾਲ : ਉਥਾਨਿਕਾ ਦਾ ਕੀ ਅਰਥ ਹੈ ? ਕੀ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਨਾਲ ਇਸ ਦਾ ਕੋਈ ਸਬੰਧ ਹੈ ?

ਜਵਾਬ : ਉਥਾਨਕਾ (ਉਥਾਨਿਕਾ) ਦਾ ਸਿੱਧਾ-ਸਾਦਾ ਅਰਥ ਹੈ ‘ਭੂਮਿਕਾ’। ਪੁਰਾਣੇ ਕਥਾਕਾਰ; ਸ਼ਬਦ ਦੇ ਅਰਥ ਕਰਨ ਤੋਂ ਪਹਿਲਾਂ ਸ਼ਬਦ ਦੇ ਉਚਾਰੇ ਜਾਣ ਬਾਰੇ ਕੁਝ ਵਿਚਾਰ ਦੱਸਦੇ ਸਨ। ਉਸ ਨੂੰ ਉਥਾਨਕਾ ਕਿਹਾ ਜਾਂਦਾ ਸੀ।

ਭਾਈ ਕਾਨ੍ਹ ਸਿੰਘ ਜੀ ਨਾਭਾ ਗੁਰਮਤਿ ਮਾਰਤੰਡ ਵਿਚ ਲਿਖਦੇ ਹਨ; ਸੰਪ੍ਰਦਾਈ ਗਿਆਨੀਆਂ ਨੇ ਮਨ-ਕਲਪਿਤ ਉਥਾਨਿਕਾ ਗ੍ਰੰਥ ਲਿਖ ਕੇ, ਉਸ ਦਾ ਕਰਤਾ ਗੁਰੂ ਅਰਜਨ ਦੇਵ ਜੀ ਅਤੇ ਦਸਮੇਸ਼ ਜੀ ਨੂੰ ਮੰਨਿਆ ਹੈ, ਅਰ ਭਾਈ ਗੁਰਦਾਸ ਜੀ ਅਤੇ ਭਾਈ ਮਨੀ ਸਿੰਘ ਹੱਥੀਂ ਉਥਾਨਿਕਾ ਦਾ ਲਿਖੇ ਜਾਣਾ ਕਲਪਿਆ ਹੈ, ਪਰ ਬਹੁਤ ਸ਼ਬਦਾਂ ਦੀ ਉਥਾਨਿਕਾ ਮੂਲੋਂ ਅਸੰਗਤ (ਗਲਤ) ਹੈ, ਜਿਵੇਂ- ‘‘ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ’’ ਦੀ ਉਥਾਨਿਕਾ ਘੜੀ ਹੈ ਕਿ ਮਸਕੀਨੀਆਂ ਪਹਿਲਵਾਨ ਉਪਕਾਰ ਵਾਸਤੇ ਮੱਲ-ਅਖਾੜੇ ਵਿਚ ਢਹਿ ਪਿਆ। (ਇਸੇ ਤਰ੍ਹਾਂ) ‘‘ਕੀੜਾ ਥਾਪਿ ਦੇਇ ਪਾਤਿਸਾਹੀ’’ ਦੀ ਉਥਾਨਿਕਾ ਇਹ ਵੀ ਲਿਖੀ ਹੈ ਕਿ ਗੁਰੂ ਨਾਨਕ ਦੇਵ ਜੀ ਕੀਟਨਗਰ ਗਏ, ਉੱਥੇ ਕੀੜਿਆਂ ਦਾ ਰਾਜ ਸੀ, ਇਕ ਰਾਜੇ ਦੀ ਸਾਰੀ ਫੌਜ, ਕੀੜਿਆਂ ਨੇ ਪਤਾਲੋਂ ਜ਼ਹਰ ਲਿਆ ਕੇ ਮਾਰ ਮੁਕਾਈ, ਆਦਿ।

ਜੋ ਉਥਾਨਿਕਾ ਇਤਿਹਾਸ ਨਾਲ ਸਬੰਧ ਰੱਖਦੀ ਹੈ ਅਤੇ ਯੁਕਤਿ (ਦਲੀਲ) ਵਿਰੁੱਧ ਨਹੀਂ, ਉਹ ਮੰਨਣੀ ਚਾਹੀਦੀ ਹੈ, ਜਿਵੇਂ ਜਗੰਨਾਥ ਪੁਰੀ ਜਾ ਕੇ ਗੁਰੂ ਸਾਹਿਬ ਨੇ ‘‘ਗਗਨ ਮੈ ਥਾਲੁ’’ ਸ਼ਬਦ ਉਚਾਰਿਆ ਅਤੇ, ਯਥਾ ਗਯਾ ਤੀਰਥ ’ਤੇ ‘‘ਪਿੰਡੁ ਪਤਲਿ ਮੇਰੀ ਕੇਸਉ ਕਿਰਿਆ … ’’ ਕਥਨ ਕੀਤਾ ਇਤਿਆਦਿ ।

ਸਵਾਲ : ਭਾਈ ਬਾਲੇ ਵਾਲੀ ਜਨਮ ਸਾਖੀ ਦਾ ਪਹਿਲਾਂ ਕਰਤਾ ਕੌਣ ਸੀ  ?

ਜਵਾਬ : ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਦੇ ਅਨੁਸਾਰ ਤਾਂ ਭਾਈ ਬਾਲਾ ਨਾਂ ਦਾ ਕੋਈ ਪਾਤਰ ਹੋਇਆ ਹੀ ਨਹੀਂ, ਜਿਸ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਾਥ ਨਿਭਾਇਆ ਹੋਵੇ। ਇਸ ਜਨਮ ਸਾਖੀ ਤੋਂ ਪਤਾ ਲੱਗਦਾ ਹੈ ਕਿ ਭਾਈ ਬਾਲਾ ਦਾਅਵਾ ਤਾਂ ਇਹ ਕਰਦਾ ਹੈ ਕਿ ਉਹ ਗੁਰੂ ਨਾਨਕ ਸਾਹਿਬ ਜੀ ਦੇ ਬਚਪਨ ਤੋਂ ਸਾਥੀ ਰਿਹਾ ਅਤੇ ਸਾਰੀਆਂ ਉਦਾਸੀਆਂ (ਪ੍ਰਚਾਰਕ ਦੌਰਿਆਂ) ਦੌਰਾਨ ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨਾਲ ਸਾਥ ਨਿਭਾਇਆ ਹੈ, ਪਰ ਇਸ ਜਨਮ ਸਾਖੀ ਤੋਂ ਹੀ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਨਾਲ ਸੱਤ ਸਾਲ ਰਹਿਣ ਵਾਲੇ ਗੁਰੂ ਅੰਗਦ ਦੇਵ ਜੀ; ਲੰਬਾ ਸਮਾਂ ਗੁਰੂ ਨਾਨਕ ਸਾਹਿਬ ਜੀ ਨਾਲ ਰਹਿਣ ਵਾਲੇ ਭਾਈ ਬਾਲਾ ਬਾਰੇ ਕੁਝ ਨਹੀਂ ਜਾਣਦੇ ਸਨ।

ਡਾ: ਗੁਰਬਚਨ ਕੌਰ ਅਨੁਸਾਰ ਭਾਈ ਜੰਡਿਆਲੇ ਵਾਲੇ ਹਿੰਦਾਲ ਦੇ ਪੁੱਤਰ ਬਾਲ ਚੰਦ ਨੇ ਭਾਈ ਬਾਲੇ ਦੇ ਫਰਜੀ ਨਾਂ ਥੱਲੇ ਇਹ ਜਨਮ ਸਾਖੀ ਲਿਖੀ ਹੈ। ਇਸ ਜਨਮ ਸਾਖੀ ’ਚ ਗੁਰੂ ਨਾਨਕ ਸਾਹਿਬ ਨੂੰ ਬਾਬਾ ਹਿੰਦਾਲ ਤੋਂ ਨੀਵਾਂ ਦੱਸਿਆ ਹੈ। ਗੁਰੂ ਨਾਨਕ ਸਾਹਿਬ ਦੇ ਚਰਿੱਤਰ ’ਤੇ ਚਿੱਕੜ ਉਛਾਲਣ ਵਾਲੀਆਂ ਅਤੇ ‘ਸਹਿਜ ਕੁਸਹਿਜ’ ਨਾਮ ਦੀਆਂ ਸਾਖੀਆਂ ਪ੍ਰਕਾਸ਼ਕਾਂ ਨੇ ਸਿੱਖਾਂ ਦੇ ਡਰੋਂ ਇਸ ਜਨਮ ਸਾਖੀ ਵਿਚੋਂ ਕੱਢ ਦਿੱਤੀਆਂ ਹਨ। ਇਸ ਜਨਮ ਸਾਖੀ ਬਾਰੇ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਉਹ ਭਾਈ ਬਾਲੇ ਦੇ ਨਾਮ ਨਾਲ ਆਰੰਭ ਹੁੰਦੀ ਹੈ ਅਤੇ ਉਸ ਦੇ ਨਾਮ ਨਾਲ ਹੀ ਸਮਾਪਤ ਹੁੰਦੀ ਹੈ।

ਸਵਾਲ : ਸੂਰਜ ਪ੍ਰਕਾਸ਼ ਗ੍ਰੰਥ ਦੇ ਲੇਖਕ ਭਾਈ ਸੰਤੋਖ ਸਿੰਘ ਜੀ ਬਾਰੇ ਕੁਝ ਜਾਣਕਾਰੀ ਦਿਓ ਜੀ ।

ਜਵਾਬ : ਕਵੀ ਸੰਤੋਖ ਸਿੰਘ ਜੀ ਦਾ ਜਨਮ ਨੂਰਦੀਨ ਸਰਾਂ ਦੇ ਨਿਵਾਸੀ ਭਾਈ ਦੇਵ ਸਿੰਘ ਦੇ ਘਰ ਸੰਮਤ 1845 (ਸੰਨ 1788) ਨੂੰ ਹੋਇਆ।  ਉਨ੍ਹਾਂ ਨੇ ਗਿਆਨੀ ਸੰਤ ਸਿੰਘ ਪਾਸੋਂ ਵਿੱਦਿਆ ਪ੍ਰਾਪਤ ਕੀਤੀ।

ਭਾਈ ਜੀ ਕਵਿਤਾ ਰਚਨ ਵਿਚ ਪੂਰੀ ਮੁਹਾਰਤ ਰੱਖਦੇ ਸਨ। ਉਨ੍ਹਾਂ ਨੇ ਬੂੜੀਏ (ਹਰਿਆਣਾ) ਵਿਚ ਰਹਿ ਕੇ ‘ਅਮਰ ਕੋਸ਼’ ਦਾ ਅਨੁਵਾਦ ਕੀਤਾ ਫਿਰ ‘ਗੁਰੂ ਨਾਨਕ ਪ੍ਰਕਾਸ਼’ ਪੁਸਤਕ ਰਚੀ। ਇਸ ਦੇ ਮਗਰੋਂ ਮਹਾਰਾਜਾ ਕਰਮ ਸਿੰਘ ਕੋਲ ਪਟਿਆਲੇ ਜਾ ਨੌਕਰ ਹੋਏ। ਸੰਮਤ 1882 (ਸੰਨ 1825) ਵਿਚ ਕੈਥਲ ਦੇ ਰਾਜੇ ਉਦੈ ਸਿੰਘ ਨੇ ਇਨ੍ਹਾਂ ਨੂੰ ਪਟਿਆਲੇ ਤੋਂ ਮੰਗ ਲਿਆ ਅਤੇ ਸਨਮਾਨ ਸਹਿਤ ਆਪਣੇ ਕੋਲ ਰੱਖਿਆ।

ਕੈਥਲ ਵਿਚ ਰਹਿ ਕੇ ਭਾਈ ਜੀ ਨੇ ਰਾਜੇ ਉਦੈ ਸਿੰਘ ਦੇ ਨੌਕਰ ਪੰਡਿਤਾਂ ਦੀ ਸਹਾਇਤਾ ਨਾਲ ਕਈ ਪੁਸਤਕਾਂ ਰਚੀਆਂ। ਉੱਥੇ ਹੀ ਸਤਿਗੁਰਾਂ ਦਾ ਜੀਵਨ ਬ੍ਰਿਤਾਂਤ ‘ਗੁਰ ਪ੍ਰਤਾਪ ਸੂਰਯ ਗ੍ਰੰਥ’ (ਸੂਰਜ ਪ੍ਰਕਾਸ਼) ਗ੍ਰੰਥ ਰਚਿਆ, ਜੋ ਸਾਵਨ ਮਹੀਨੇ ’ਚ ਸੰਮਤ 1900 (ਸੰਨ 1843) ਵਿਚ ਸੰਪੂਰਨ ਹੋਇਆ। ਇਸੇ ਸਾਲ ਹੀ ਆਪ ਕੱਤਕ ਦੇ ਮਹੀਨੇ ਵਿਚ ਅਕਾਲ ਚਲਾਣਾ ਕਰ ਗਏ।

ਭਾਈ ਸਾਹਿਬ ਨੇ ਸਾਰੇ ਗ੍ਰੰਥ ਬ੍ਰਾਹਮਣਾਂ ਦੀ ਸਹਾਇਤਾ ਨਾਲ ਲਿਖੇ ਸਨ, ਜਿਨ੍ਹਾਂ ਦਾ ਇਹ ਕਹਿਣਾ ਸੀ ਕਿ ਜੇ ਤੁਸੀਂ ਗੁਰੂਆਂ ਦੀ ਕਥਾ ਨੂੰ ਪੁਰਾਣ-ਰੀਤੀ ਅਨੁਸਾਰ ਅਵਤਾਰਾਂ ਦੇ ਜੀਵਨ ਵਰਗੀ ਲਿਖੋਗੇ ਅਤੇ ਹਿੰਦੂ ਗ੍ਰੰਥ ਸ਼ਾਸਤਰਾਂ ਦੇ ਵਿਰੁੱਧ ਨਹੀਂ ਹੋਣਗੇ ਤਾਂ ਉਨ੍ਹਾਂ ਦਾ ਬਹੁਤ ਪ੍ਰਚਾਰ ਹੋਵੇਗਾ ਤੇ ਆਪ ਦੀ ਰਚਨਾ ਨੂੰ ਲੋਕ ਸਤਿਕਾਰ ਸਹਿਤ ਪੜ੍ਹਨਗੇ। ਇਸ ਲਈ ਭਾਈ ਸਾਹਿਬ ਨੇ ਕਈ ਸਾਖੀਆਂ ਨੂੰ ਪੌਰਾਣਕ ਰੰਗਣ ਦੇ ਕੇ ਲਿਖਿਆ ਹੈ, ਜੋ ਸਗੋਂ ਮਿਥਿਹਾਸਿਕ ਜਾਪਣ ਲੱਗ ਪਈਆਂ ਹਨ।

ਸਵਾਲ : ਅਕਾਸ਼-ਬਾਣੀ ਤੇ ਗੁਰਬਾਣੀ ਵਿਚ ਕੀ ਫ਼ਰਕ ਹੈ ?

ਜਵਾਬ : ਕਈ ਧਰਮਾਂ ਵਾਲੇ ਇਹ ਮੰਨਦੇ ਹਨ ਕਿ ਕੁੱਝ ਧਾਰਮਿਕ ਆਗੂਆਂ (ਗੁਰੂਆਂ) ਨੂੰ ਅਕਾਸ਼ ਤੋਂ ਪ੍ਰਮੇਸ਼ਰ ਦੀ ਬਾਣੀ ਸੁਣਾਈ ਦਿੰਦੀ ਹੈ, ਕਈ ਕਹਿੰਦੇ ਹਨ ਪਰਮਾਤਮਾ ਕਿਸੇ ਦੇਵਤੇ ਜਾਂ ਦੂਤ ਦੇ ਰਾਹੀਂ ਬਾਣੀ ਭੇਜਦਾ ਹੈ। ਗੁਰਬਾਣੀ ਇਨ੍ਹਾਂ ਗੱਲਾਂ ਨਾਲ ਸਹਿਮਤ ਨਹੀਂ ਹੈ।

ਗੁਰਬਾਣੀ ਅਨੁਸਾਰ ਗੁਰੂ ਸਾਹਿਬਾਨ ਦੁਆਰਾ ਲਿਖੀ ਅਤੇ ਪ੍ਰਚਾਰੀ ਗਈ ਬਾਣੀ ਹੀ ‘ਗੁਰਬਾਣੀ’ ਹੈ। ਜੋ ਗਿਆਨ; ਗੁਰੂ ਸਾਹਿਬ ਨੂੰ ਅਕਾਲ ਪੁਰਖ ਨਾਲ ਅਭੇਦ ਹੋਣ ਮਗਰੋਂ ਜਾਂ ਅਨੁਭਵ ਦੁਆਰਾ ਪ੍ਰਾਪਤ ਹੁੰਦਾ ਸੀ, ਗੁਰੂ ਸਾਹਿਬ ਉਸ ਨੂੰ ਅੱਖਰਾਂ/ਸ਼ਬਦਾਂ ਰਾਹੀਂ ਪ੍ਰਗਟ ਕਰਦੇ ਸਨ।  ਗੁਰੂ ਸਾਹਿਬ ਖ਼ੁਦ ਬਚਨ ਹਨ :

ਜੈਸੀ ਮੈ ਆਵੈ ਖਸਮ ਕੀ ਬਾਣੀ; ਤੈਸੜਾ ਕਰੀ ਗਿਆਨੁ ਵੇ ਲਾਲੋ

ਦਾਸਨਿ ਦਾਸੁ ਕਹੈ ਜਨੁ ਨਾਨਕੁ; ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨੁ

ਹਉ ਆਪਹੁ ਬੋਲਿ ਜਾਣਦਾ; ਮੈ ਕਹਿਆ ਸਭੁ ਹੁਕਮਾਉ ਜੀਉ

ਸਵਾਲ : ‘ਸਤਿਗੁਰੂ ਦੇ ਦਰਸ਼ਨ ਕਰਨਾ’ ਕਿਸ ਨੂੰ ਆਖਦੇ ਹਨ  ?

ਜਵਾਬ : ਗੁਰੂ ਗ੍ਰੰਥ ਸਾਹਿਬ ਅੱਗੇ ਮੱਥਾ ਟੇਕਣਾ; ਗੁਰੂ ਗ੍ਰੰਥ ਸਾਹਿਬ ਜੀ ਤੋਂ ਰੁਮਾਲਾ ਚੁੱਕ ਕੇ ਦਰਸ਼ਨ ਕਰਨੇ ਗੁਰਮਤਿ ਅਨੁਸਾਰ ਦਰਸ਼ਨ ਕਰਨਾ ਨਹੀਂ ਹਨ। ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥਾਂ ਸਹਿਤ ਸਹਿਜ ਪਾਠ ਕਰਨਾ ਹੀ ਸਹੀ ਮਾਅਨਿਆਂ ’ਚ ਦਰਸ਼ਨ ਕਰਨਾ ਹੈ। ਘੱਟ ਤੋਂ ਘੱਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਅਦਬ ਨਾਲ ਵਾਕ (ਹੁਕਮ) ਲੈਣਾ ਜਾਂ ਸੁਣਨਾ, ਸਤਿਗੁਰੂ ਦੇ ਦਰਸ਼ਨ ਕਰਨੇ ਹਨ।

ਸਵਾਲ : ਅਨੰਦ ਕਾਰਜ ਤੋਂ ਪਹਿਲਾਂ ਕੁੜਮਾਈ ਰਸਮ ਸਬੰਧੀ ਰਹਿਤ ਮਰਯਾਦਾ ’ਚ ਕੀ ਦਰਜ ਹੈ  ?

ਜਵਾਬ : ਸਿੱਖ ਰਹਿਤ ਮਰਯਾਦਾ ਅਨੁਸਾਰ ਕੁੜਮਾਈ ਦੀ ਰਸਮ ਜ਼ਰੂਰੀ ਨਹੀਂ। ਜੇ ਕਰਨੀ ਹੋਵੇ ਤਾਂ ਲੜਕੀ ਵਾਲੇ ਕਿਸੇ ਦਿਨ ਸੰਗਤ ਜੋੜ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜੂਰ ਅਰਦਾਸਾ ਸੋਧ ਕੇ, ਇਕ ਕਿਰਪਾਨ, ਕੜਾ ਤੇ ਕੁਝ ਮਿੱਠਾ ਲੜਕੇ ਦੇ ਪੱਲੇ ਪਾ ਦੇਣ।

ਸਵਾਲ : ਜਾਤਾਂ-ਬਰਾਦਰੀਆਂ ਦੇ ਨਾਮ ਉੱਤੇ ਬਣਨ ਵਾਲੇ ਗੁਰਦੁਆਰਿਆਂ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ  ?

ਜਵਾਬ : ਉਦੋਂ ਹੀ ਰੋਕਿਆ ਜਾ ਸਕੇਗਾ ਜਦੋਂ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਲੈਣਗੇ, ਗੁਰੂ ਜੀ ਦੀ ਵਿਚਾਰਧਾਰਾ ਨੂੰ ਸਮਰਪਿਤ ਹੋ ਜਾਣਗੇ। ਇਸ ਤੋਂ ਬਿਨਾਂ ਕੌਮ ਦੇ ਨਾਂ ਹੁਕਮਨਾਮੇ ਜਾਰੀ ਕਰਨ ਨਾਲ ਜਾਂ ਗੁਰਦੁਆਰਾ ਕਾਨੂੰਨ ਵਿਚ ਸੋਧ ਕਰਨ ਨਾਲ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ। ਵਿਦਵਾਨ ਜਾਂ ਧਾਰਮਿਕ/ਪ੍ਰਚਾਰਕ ਸੰਸਥਾਵਾਂ ਤਾਂ ਕੇਵਲ ਸਲਾਹ ਜਾਂ ਸੇਧ ਹੀ ਦੇ ਸਕਦੀਆਂ ਹਨ, ਅਸਲ ਕੰਮ ਤਾਂ ਪ੍ਰਬੰਧਕੀ ਸੰਸਥਾਵਾਂ ਦਾ ਹੁੰਦਾ ਹੈ।

ਦੂਜੀ ਗੱਲ ਪੰਜਾਬ ਦੇ ਹਰੇਕ ਪ੍ਰਾਣੀ ਮਾਤਰ ਨੂੰ ਜਦ ਤੱਕ ਗੁਰਮਤਿ-ਵਿਚਾਰਧਾਰਾ, ਸਿੱਖ ਸੱਭਿਆਚਾਰ ਤੇ ਗੁਰੂ ਸਾਹਿਬਾਨ ਦੇ ਨਿਸ਼ਾਨਿਆ ਦੀ ਜਾਣਕਾਰੀ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਕਿਸੇ ਵੀ ਕੌਮੀ ਮਸਲੇ ਦੇ ਹੱਲ ਦੀ ਆਸ ਨਹੀਂ ਰੱਖੀ ਜਾ ਸਕਦੀ। ਅੱਜ ਤੌਖਲੇ ਪ੍ਰਗਟ ਕਰਨ ਵਾਲੇ ਜਾਂ ਨਿਰੀ ਚਰਚਾ ਕਰਨ ਵਾਲੇ ਸਿੱਖਾਂ ਦੀ ਘਾਟ ਨਹੀਂ ਹੈ, ਪਰ ਰੋਜਾਨਾ ਤੇ ਲਗਾਤਾਰ ਅਣਥੱਕ ਯਤਨ ਕਰਨ ਵਾਲੇ ਮੁਸ਼ਕਿਲ ਨਾਲ ਲੱਭਦੇ ਹਨ।

ਸਵਾਲ : ਪੜ੍ਹੇ ਲਿਖੇ ਨੌਜੁਆਨ ਆਖਦੇ ਹਨ ਕਿ ਦਿਲ ਸਾਫ਼ ਹੋਣਾ ਚਾਹੀਦਾ ਹੈ, ਪਾਠ ਕਰਨ ਦੀ ਲੋੜ ਨਹੀਂ। ਕੀ ਇਹ ਕਥਨ ਠੀਕ ਹੈ  ?

ਜਵਾਬ : ਗੁਰਬਾਣੀ ਦੇ ਪਾਠ ਨਾਲ ਸੁਚੱਜੀ ਜੀਵਨ ਜਾਚ ਦੀ ਅਗਵਾਈ ਮਿਲਦੀ ਹੈ। ਸ਼ਬਦ ਦੀ ਵਿਚਾਰ ਤੋਂ ਬਿਨਾਂ ਪ੍ਰਭੂ ਬਾਰੇ ਗਿਆਨ, ਸੁਭ ਗੁਣਾਂ ਬਾਰੇ ਜਾਣਕਾਰੀ, ਚੰਗੇ ਕੰਮਾਂ ਤੇ ਸੇਵਾ ਦੀ ਭਾਵਨਾ ਪੈਦਾ ਨਹੀਂ ਹੁੰਦੀ। ਮਨ ਕੇਵਲ ਗੱਲਾਂ ਨਾਲ ਸਾਫ਼ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਧਾਰਨ ਕਰਕੇ ਸਾਧ ਸੰਗਤ ਵਿਚ ਬੈਠਿਆਂ ਮਨ ਪ੍ਰਭੂ ਦੀ ਕ੍ਰਿਪਾ ਦਾ ਪਾਤਰ ਬਣਨਾ ਜ਼ਰੂਰੀ ਹੈ। ਸੰਗਤ ’ਚ ਸਹਿਜ ਦੀ ਪ੍ਰਾਪਤੀ ਹੁੰਦੀ ਹੈ, ਜਿਸ ਨਾਲ ਮਨੁੱਖ ਦਾ ਜੀਵਨ ਬੁਰਾਈਆਂ ਤੇ ਵਿਕਾਰਾਂ ਤੋਂ ਮੁਕਤ ਹੁੰਦਾ ਹੈ। ਸੋ ਦਿਲ ਨੂੰ ਸਾਫ਼ ਕਰਨ ਲਈ ਪਾਠ ਕਰਨਾ ਜ਼ਰੂਰੀ ਹੈ। ਚੰਗੇ ਕੰਮ ਕਰਨ ਲਈ, ਬੁਰਿਆਈ ਦਾ ਟਾਕਰਾ ਕਰਨ ਲਈ ਅਤੇ ਦੁੱਖ-ਸੁਖ ਵਿਚ ਅਡੋਲ ਰਹਿਣ ਲਈ ਪ੍ਰਭੂ ਨਾਲ ਸਾਂਝ ਪਾਉਣੀ ਜ਼ਰੂਰੀ ਹੈ, ਜੋ ਗੁਰਬਾਣੀ ਦਾ ਪਾਠ ਕਰਨ ਤੇ ਅਮਲ ਕਰਨ ਨਾਲ ਹੀ ਹੋ ਸਕਦੀ ਹੈ। ਇਹ ਪ੍ਰਭੂ ਦਾ ਨਾਮ ਜਪਣਾ ਹੀ ਹੈ।

ਸਵਾਲ : ਨਾਮ ਸਿਮਰਨ ਦੇ ਵੱਖ-ਵੱਖ ਪੱਖ ਕਿਹੜੇ ਹਨ  ?

ਜਵਾਬ : ਨਾਮ ਸਿਮਰਨ ਦੇ ਤਰਤੀਬਵਾਰ ਕਈ ਪੱਖ ਹੇਠ ਲਿਖੇ ਅਨੁਸਾਰ ਹਨ :

(ੳ). ਉਚਰਨਾ ਜਾਂ ਸੁਣਨਾ : ਪਰਮਾਤਮਾ ਦੇ ਗੁਣਾਂ ਨੂੰ ਉਚਾਰਨਾ, ਗਾਉਣਾ ਜਾਂ ਸੁਣਨਾ।

(ਅ). ਧਿਆਨ : ਪ੍ਰਭੂ ਦੇ ਨਾਮ ਅਥਵਾ ਗੁਣਾਂ (ਜੋ ਗੁਰਬਾਣੀ ਵਿਚ ਥਾਂ-ਥਾਂ ਬਿਆਨ ਕੀਤੇ ਗਏ ਹਨ) ਵਿਚ ਸੁਰਤ ਜੋੜਨਾ।

(ੲ). ਵਿਚਾਰ : ਧਿਆਨ ਜੋੜ ਕੇ, ਪ੍ਰਭੂ ਦੇ ਗੁਣਾਂ ਦਾ ਚਿੰਤਨ ਜਾਂ ਵਿਚਾਰ ਕਰਨੀ ।

(ਸ). ਗਿਆਨ : ਵਿਚਾਰਾਂ ਦੀ ਗਹਿਰਾਈ ਨਾਲ ਤੱਤ-ਗਿਆਨ ਪੈਦਾ ਹੋਵੇਗਾ ਅਥਵਾ ਅਸਲੀਅਤ ਦੀ ਸੋਝੀ ਹੋਵੇਗੀ।

(ਹ). ਵਿਸਮਾਦ : ਐਸਾ ਨਿਰਮਲ ਅਤੇ ਪ੍ਰਦਰਸ਼ਿਤ ਗਿਆਨ ਸਿਮਰਨ ਵਿਚ ਲੱਗੇ ਮਨੁੱਖ ਦੇ ਮਨ ਵਿਚ ਅਸਚਰਜਤਾ ਦੀ ਦਸ਼ਾ ਪੈਦਾ ਕਰੇਗਾ।

(ਕ). ਪਿਆਰ : ਵਿਸਮਾਦੀ ਦਸ਼ਾ ਪ੍ਰਭੂ ਪਿਆਰ ਨੂੰ ਜਨਮ ਦੇਵੇਗੀ ਜਾਂ ਪਹਿਲੋਂ ਉਪਜੇ ਪਿਆਰ ਨੂੰ ਹੋਰ ਪ੍ਰਪੱਕ ਕਰੇਗੀ।

(ਖ). ਲਿਵ : ਉਪਰੋਕਤ ਸਾਧਨ ਕਦੇ ਨਾ ਟੁੱਟਣ ਵਾਲੀ ਲਿਵ ਪੈਦਾ ਕਰਦੇ ਹਨ। ਇਸ ਲਿਵ ਤੋਂ ਹੀ ਪ੍ਰਭੂ-ਪਿਆਰ ਦਾ ਰਸ (ਨਾਮ-ਰਸ) ਪੈਦਾ ਹੁੰਦਾ ਹੈ। ਇਸ ਲਿਵ ਵਾਲੀ ਅਵਸਥਾ ਵਿਚ ਸੁਰਤ ਅੰਦਰ ਪ੍ਰਭੂ ਦਾ ਮਿਲਾਪ (ਅਨੁਭਵਤਾ) ਮਨੁੱਖੀ ਘਾਲਣਾ ਦਾ ਸਿਖਰ ਹੈ। ਇਹ ਗੁਣ ਕਹਿ ਗੁਣੀ ਸਮਾਵਣਿਆ ਵਾਲੀ ਅਵਸਥਾ ਹੈ।

ਸਵਾਲ : ਕਿਹਾ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਅਕਾਲੀ ਫੂਲਾ ਸਿੰਘ ਜੀ ਡੋਗਰਿਆਂ ਨਾਲ਼ ਨਫਰਤ ਕਰਦੇ ਸਨ । ਕੀ ਇਹ ਸੱਚ ਹੈ ?

ਜਵਾਬ : ਕਿਉਂਕਿ ਡੋਗਰਿਆਂ ਦਾ ਸਿੱਖ-ਰਾਜ ਅਤੇ ਸਿੱਖ-ਪੰਥ ਦੀ ਚੜ੍ਹਦੀ ਕਲਾ ਨਾਲ ਕੋਈ ਵਾਸਤਾ ਨਹੀਂ ਸੀ। ਉਨ੍ਹਾਂ ਦਾ ਆਸ਼ਾ ਕੇਵਲ ਆਪਣੇ ਤੇ ਆਪਣੇ ਰਿਸ਼ਤੇਦਾਰਾਂ ਲਈ ਅਹੁਦੇ (ਪਦਵੀਆਂ) ਤੇ ਧਨ ਪਦਾਰਥ ਹਾਸਲ ਕਰਨਾ ਸੀ। ਆਪਣੇ ਇਸ ਮਨੋਰਥ ਦੀ ਪ੍ਰਾਪਤੀ ਲਈ ਉਹ ਚਾਲਾਂ ਚੱਲਦੇ ਰਹਿੰਦੇ ਸਨ। ਮਹਾਰਾਜੇ ਅਤੇ ਉਸ ਦੇ ਪੁੱਤਰਾਂ ਵਿਚਕਾਰ ਫੁੱਟ ਦੇ ਬੀਜ ਬੀਜਦੇ ਸਨ। ਸਿੱਖ ਰਾਜ ਲਈ ਤਨ-ਮਨ ਵਾਰਨ ਵਾਲੇ ਸਰਦਾਰਾਂ ਅਤੇ ਸਰਦਾਰ ਹਰੀ ਸਿੰਘ ਨਲੂਆ ਵਰਗੇ ਜਰਨੈਲਾਂ ਨੂੰ ਮਹਾਰਾਜੇ ਤੋਂ ਦੂਰ ਰੱਖਣ ਦੇ ਯਤਨ ਕਰਦੇ ਰਹਿੰਦੇ ਸਨ। ਇਸ ਲਈ ਅਕਾਲੀ ਫੂਲਾ ਸਿੰਘ ਜੀ ਡੋਗਰਿਆਂ ਨੂੰ ਪਸੰਦ ਨਹੀਂ ਕਰਦੇ ਸਨ।

ਸਵਾਲ : ਪੀਰ ਬੁੱਧੂ ਸ਼ਾਹ ਜੀ ਦੇ ਬਾਰੇ ਜਾਣਕਾਰੀ ਦਿਓ, ਜੀ।

ਜਵਾਬ : ਪੀਰ ਬੁੱਧੂ ਸ਼ਾਹ ਜੀ ਉੱਚੀ ਆਤਮਿਕ ਅਵਸਥਾ ਵਾਲੇ ਰੱਬੀ ਭਗਤ ਸਨ ਅਤੇ ਅਜੋਕੇ ਹਰਿਆਣਾ ਪ੍ਰਾਂਤ ਦੇ ਨਗਰ ਸਢੌਰਾ ਵਿਖੇ ਰਹਿੰਦੇ ਸਨ। ਉਨ੍ਹਾਂ ਦਾ ਪੂਰਾ ਨਾਮ ‘ਸ਼ੇਖ਼ ਬਦਰੁੱਦੀਨ’ ਸੀ। ਆਪ ਗੁਰੂ ਗੋਬਿੰਦ ਸਿੰਘ ਜੀ ਦੇ ਬੜੇ ਸ਼ਰਧਾਲੂ ਸਨ। ਆਪ ਜੀ ਨੇ 500 ਪਠਾਣ; ਗੁਰੂ ਜੀ ਦੀ ਫ਼ੌਜ ਵਿਚ ਨੌਕਰ ਰਖਵਾਏ ਸਨ, ਪਰ ਉਨ੍ਹਾਂ ਵਿਚੋਂ 400; ਸਾਥੀਆਂ ਸਮੇਤ ਕਾਲ਼ੇ ਖ਼ਾਨ ਸਰਦਾਰ ਭੰਗਾਣੀ ਦੀ ਲੜਾਈ ਦੇ ਆਰੰਭ ਹੋਣ ਤੋਂ ਪਹਿਲਾਂ ਹੀ ਗੁਰੂ ਜੀ ਦਾ ਸਾਥ ਛੱਡ ਗਏ। ਪਤਾ ਲੱਗਣ ’ਤੇ ਪੀਰ ਬੁੱਧੂ ਸ਼ਾਹ ਜੀ ਨੇ ਭੰਗਾਣੀ ਦੀ ਲੜਾਈ ਵਿਚ ਆਪਣੇ ਦੋ ਭਰਾ, ਚਾਰ ਪੁੱਤਰ ਅਤੇ 700 ਮੁਰੀਦ ਭੇਜੇ ਸਨ। ਲੜਾਈ ਵਿਚ ਪੀਰ ਜੀ ਦੇ ਦੋ ਪੁੱਤਰ, ਇਕ ਭਰਾ ਤੇ ਕਈ ਮੁਰੀਦ ਸ਼ਹੀਦ ਹੋ ਗਏ। ਲੜਾਈ ਜਿੱਤਣ ਪਿੱਛੋਂ ਦਸਮ ਪਾਤਿਸ਼ਾਹ ਜੀ ਨੇ ਪੀਰ ਜੀ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਕੋਈ ਤੋਹਫ਼ਾ ਦੇਣਾ ਚਾਹਿਆ। ਪੀਰ ਜੀ ਨੇ ਕਿਹਾ ਸਾਹਿਬ ਜੀ ! ਜੇ ਤਰੁੱਠੇ ਹੀ ਹੋ ਤਾਂ ਇਹ ਕੰਘਾ, ਜਿਸ ਨਾਲ ਕੇਸ ਵਾਹ ਰਹੇ ਹੋ; ਟੁੱਟੇ ਕੇਸਾਂ ਸਮੇਤ ਨਿਸ਼ਾਨੀ ਵਜੋਂ ਬਖ਼ਸ਼ ਦਿਓ। ਗੁਰੂ ਜੀ ਨੇ ਪੀਰ ਬੁੱਧੂ ਸ਼ਾਹ ਦੀ ਮੰਗ ’ਤੇ ਆਪਣਾ ਉਹ ਕੰਘਾ, ਜਿਸ ਨਾਲ ਕੇਸ ਵਾਹ ਰਹੇ ਸਨ (ਵਾਹੇ ਕੇਸਾਂ ਸਮੇਤ) ਪੀਰ ਜੀ ਨੂੰ ਦੇ ਦਿੱਤਾ। ਆਪ ਜੀ ਨੇ ਇਕ ਹੁਕਮਨਾਮਾ ਅਤੇ ਇਕ ਛੋਟੀ ਕਿਰਪਾਨ ਵੀ ਪੀਰ ਜੀ ਨੂੰ ਬਖਸੀ। ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦੇਣ ਕਾਰਨ, ਸਢੌਰੇ ਦੇ ਹਾਕਮ ਉਸਮਾਨ ਖ਼ਾਨ ਨੇ ਪੀਰ ਬੁੱਧੂ ਸ਼ਾਹ ਜੀ ਨੂੰ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰੇ ’ਤੇ ਕਹਿਰੀ ਹਮਲਾ ਕੀਤਾ ਅਤੇ ਪੀਰ ਬੁੱਧੂ ਸ਼ਾਹ ਜੀ ਨੂੰ ਸ਼ਹੀਦ ਕਰਨ ਵਾਲੇ ਉਸਮਾਨ ਖਾਨ ਨੂੰ ਮੌਤ ਦੇ ਘਾਟ ਉਤਾਰ ਕੇ ਉਸ ਨੂੰ ਬਣਦੀ ਸਜ਼ਾ ਦਿੱਤੀ।

ਸਵਾਲ : ਅਖੰਡ ਪਾਠ ਕਰਨ ਲਈ ਕਿੰਨਾ ਸਮਾਂ ਨਿਯਤ ਕੀਤਾ ਹੈ। ਇਸ ਸਬੰਧੀ ਸਪਸ਼ਟ ਕਰੋ  ?

ਜਵਾਬ : ‘ਅਖੰਡ ਪਾਠ’ ਦੀ ਮਰਯਾਦਾ ਸਿਰਲੇਖ ਹੇਠ ਸਪਸ਼ਟ ਲਿਖਿਆ ਹੈ ਕਿ ਬਾਣੀ ਮੂੰਹੋਂ ਬੋਲ ਕੇ ਪ੍ਰੇਮ ਸਤਿਕਾਰ ਨਾਲ ਪੜ੍ਹਨੀ ਹੈ, ਜੋ ਸੁਣਨ ਵਾਲੇ ਨੂੰ ਚੰਗੀ ਤਰ੍ਹਾਂ ਸਮਝ ਆ ਸਕੇ, ਸਮਾਂ ਭਾਵੇਂ ਕਿੰਨਾ ਵੀ ਵੱਧ ਲੱਗ ਜਾਵੇ, ਇਸ ਦਾ ਕੋਈ ਹਰਜ ਨਹੀਂ। ਸਮੇਂ ਦੀ ਮਹਾਨਤਾ ਨਹੀਂ, ਗੁਰਬਾਣੀ ਪੜ੍ਹਨ ਤੇ ਸਮਝਾ ਸਕਣ ਦੀ ਮਹਾਨਤਾ ਹੈ। ਚੁੱਪ ਗੜੁੱਪ ਪਾਠ, ਨਜ਼ਰਾਂ ਫੇਰਨ ਵਾਲਾ ਪਾਠ, ਕਾਹਲੀ ਕਾਹਲੀ ਦਾ ਪਾਠ, ਸਪੀਡਾਂ ਚੁੱਕਣ ਵਾਲਾ ਤੇ ਜਲਦੀ ਜਲਦੀ ਭੋਗ ਪਾਉਣਾ ਹੋਵੇ ਅਤੇ ਪਾਠ ਵਧੇਰੇ ਰਹਿੰਦਾ ਹੋਵੇ ਤਾਂ ਪਾਠੀ ਸੱਜਣ ਤੇਜ਼ ਤੇਜ਼ ਪਾਠ ਕਰਦਾ ਹੈ, ਜਿਸ ਦੀ ਸਮਝ ਨਹੀਂ ਆਉਂਦੀ। ਬੱਸ ਇਹੀ ਦਿਸਦਾ ਹੈ ਕਿ ਪਾਠੀ ਗੁਰੂ ਗ੍ਰੰਥ ਸਾਹਿਬ ਉੱਪਰ ਨਜ਼ਰਾਂ ਘੁਮਾ ਰਿਹਾ ਹੈ। ਐਸਾ ਕਰਨਾ ਗੁਰਬਾਣੀ ਦੀ ਨਿਰਾਦਰੀ ਹੈ। ਪਾਠ ਰੱਖਣ ਰਖਵਾਉਣ ਵਾਲਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ।