ਪੌਰਾਣਿਕ ਰਾਮ-ਰਾਜ ਬਨਾਮ ਗੁਰਮਤੀ ਰਾਮ-ਰਾਜ

0
70

ਪੌਰਾਣਿਕ ਰਾਮਰਾਜ ਬਨਾਮ ਗੁਰਮਤੀ ਰਾਮਰਾਜ

ਗਿਆਨੀ ਜਗਤਾਰ ਸਿੰਘ ਜਾਚਕ

ਸੰਯੁਕਤ ਰਾਸ਼ਟਰ ਸੰਘ ਦੇ ਮੈਨਹਟਨ (ਨਿਊਯਾਰਕ) ਸ਼ਹਿਰ ਵਿਖੇ ਸਥਿਤ ਦਫ਼ਤਰ ਮੁਤਾਬਕ ਸੰਸਾਰ ਭਰ ਵਿਖੇ ਇਸ ਮੌਕੇ ਕੁੱਲ 195 ਦੇਸ਼ ਮੰਨੇ ਜਾਂਦੇ ਹਨ, ਜਿਨ੍ਹਾਂ ’ਚੋਂ 193 ਸੰਸਾਰ ਦੀ ਇਸ ਸਾਂਝੀ ਪੰਚਾਇਤ ਵੱਲੋਂ ਮਾਨਤਾ ਪ੍ਰਾਪਤ ਹਨ। ਇਨ੍ਹਾਂ ’ਚੋਂ 80 ਅਜਿਹੇ ਹਨ, ਜਿਨ੍ਹਾਂ ਵਿੱਚ ਰਾਜਾਸ਼ਾਹੀ (Dictator Ship) ਸਥਾਪਿਤ ਹੈ।  113 ਦੇਸ਼ ਐਸੇ ਹਨ, ਜਿਨ੍ਹਾਂ ਨੂੰ ਹੁਣ (Democratic) ਕਿਹਾ ਜਾਂਦਾ ਹੈ, ਕਿਉਂਕਿ ਉਨ੍ਹਾਂ ਦੇਸ਼ਾਂ ਵਿੱਚ ਲੋਕਤੰਤ੍ਰੀ ਪ੍ਰਣਾਲੀ (Democracy) ਲਾਗੂ ਹੋ ਚੁੱਕੀ ਹੈ। ਗੁਰੂ-ਕਾਲ ਮੌਕੇ ਅਤੇ ਉਸ ਤੋਂ ਪਹਿਲਾਂ ਹਿੰਦੋਸਤਾਨ ਸਮੇਤ ਲਗਭਗ ਸਾਰੇ ਦੇਸ਼ਾਂ ਵਿੱਚ ਰਾਜਾਸ਼ਾਹੀ ਹਕੂਮਤ ਹੀ ਸੀ। ਰਾਜੇ ਤੇ ਪੁਜਾਰੀਆਂ ਦੇ ਗਠਜੋੜ ਸਦਕਾ ਹਿੰਦੋਸਤਾਨ ਵਿੱਚ ਤਾਂ ‘ਦਲੀਸ਼੍ਵਰੋ ਈਸ਼੍ਵਰੋ’ ਦਾ ਪ੍ਰਚਾਰ ਸਿਖਰ ’ਤੇ ਸੀ। ਬਾਲਮੀਕੀ ਰਮਾਇਣ ਦਾ ਤਾਂ ਆਰੰਭ ਹੀ ਇੱਥੋਂ ਹੁੰਦਾ ਹੈ ਕਿ ਅਯੁਧਿਆ-ਪਤੀ ਸ੍ਰੀ ਰਾਮ; ਵਿਸ਼ਨੂੰ ਦਾ ਅਵਤਾਰ ਹੈ। ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਵਰਣਨ ਹੈ ਕਿ ਭਾਰਤ ਵਿਖੇ ਵੱਖੋ ਵੱਖਰੇ ਸਮਿਆਂ ’ਚ ਜਿਹੜੇ ਕੁੱਝ ਇਲਾਕਾਈ ਰਾਜੇ ਹੋਏ, ਉਨ੍ਹਾਂ ਦੀ ਰੱਬੀ-ਅਵਤਾਰਾਂ ਦੇ ਰੂਪ ’ਚ ਮਹਿਮਾ ਗਾਈ ਗਈ। ਪਾਵਨ ਗੁਰ ਵਾਕ ਹੈ : ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ’’ (ਮਹਲਾ /੪੨੩)

ਪੌਰਾਣਿਕ ਪਰਿਪੇਖ ਵਿੱਚ ਜਿਸ ਰਾਜ ਨੂੰ ‘ਰਾਮ-ਰਾਜ’ ਮੰਨਿਆ ਜਾਂਦਾ ਹੈ, ਅਸਲ ਵਿੱਚ ਉਹ ਤ੍ਰੇਤਾਯੁਗੀ ਰਾਜਾਸ਼ਾਹੀ ਹਕੂਮਤ ਹੀ ਹੈ। 20ਵੀਂ ਸਦੀ ਦੇ ਮਹਾਨ ਫ਼ਿਲਾਸਫ਼ਰ ਤੇ ਵਕਤਾ ਅਚਾਰੀਆ ਰਜਨੀਸ਼ (ਓਸ਼ੋ) ਨੇ ਭਾਵੇਂ 80 ਦੇ ਦਹਾਕੇ ਵਿੱਚ ਹੀ ਭਾਰਤ ਵਾਸੀਆਂ ਨੂੰ ਚੇਤਾਵਨੀ ਵਜੋਂ ਆਖਿਆ ਸੀ ਕਿ ਭਾਰਤ ਵਿੱਚ ਭੁੱਲ ਕੇ ਵੀ ਉਸ ਰਾਮ-ਰਾਜ ਨੂੰ ਸਥਾਪਤ ਨਾ ਹੋਣ ਦਿੱਤਾ ਜਾਵੇ, ਜਿਸ ਦੀ ਵਕਾਲਤ ਮਹਾਤਮਾ ਗਾਂਧੀ ਕਰਦੇ ਰਹੇ ਹਨ। ਜੇ ਉਹ ਰਾਮ-ਰਾਜ ਮੁੜ ਸਥਾਪਿਤ ਹੋ ਗਿਆ ਤਾਂ ਸ਼ੂਦਰਾਂ ਨੂੰ ਆਪਣੇ ਕੰਨਾਂ ਵਿੱਚ ਗਰਮ ਤੇ ਪਿਘਲਿਆ ਹੋਇਆ ਸ਼ੀਸ਼ਾ ਪਵਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਯੂ-ਟਿਊਬ ਅਤੇ ਸ਼ੋਸ਼ਲ ਮੀਡੀਏ ’ਤੇ ਘੁੰਮਦੀ ਹੋਈ ਆਡੀਓ ਵਿੱਚ ਅਚਾਰੀਆ ਜੀ ਨੇ ਜਿਸ ਢੰਗ ਨਾਲ ਤ੍ਰੇਤਾਯੁਗੀ ਰਾਮ ਰਾਜ ਦਾ ਵਰਣਨ ਕੀਤਾ ਹੈ, ਉਹ ਸੁਣ ਕੇ ਤਾਂ ਦੇਸ਼ ਦਾ ਕੋਈ ਵੀ ਨਾਗਰਿਕ ਇਤਨਾ ਨਹੀਂ ਗਿਰੇਗਾ ਕਿ ਉਹ ਅਜਿਹੇ ਰਾਜ ਦੀ ਸਥਾਪਨਾ ਬਾਰੇ ਸੋਚੇ ਭੀ, ਪ੍ਰੰਤੂ ਹੁਣ ਜਦੋਂ ਦੇਸ਼ ਦੀਆਂ ਅਖ਼ਬਾਰਾਂ ਮੁਤਾਬਕ ਭਾਰਤ ਦੇ ਰੱਖਿਆ ਮੰਤ੍ਰੀ, ਭਾਜਪਾਈ ਆਗੂ ਅਤੇ ਆਰ. ਐੱਸ. ਐੱਸ. ਦੇ ਕੱਟੜ ਪ੍ਰਚਾਰਕ ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਅੰਦਰਲੇ ਕਠੂਆ ਜ਼ਿਲ੍ਹੇ ਦੇ ਨਗਰ ਬਸੋਹਲੀ ਵਿਖੇ 15 ਅਪ੍ਰੈਲ 2024, ਸੋਮਵਾਰ ਦੇ ਦਿਨ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸਪਸ਼ਟ ਐਲਾਨ ਕੀਤਾ ਕਿ ‘ਰਾਮ-ਰਾਜ ਨੇ ਜੜ੍ਹਾਂ ਫੜ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਹੁਣ ਇਸ ਨੂੰ ਹਕੀਕਤ ਬਣਨ ਤੋਂ ਕੋਈ ਨਹੀਂ ਰੋਕ ਸਕਦਾ’ ਭਾਵ ਭਾਰਤ ਵਿੱਚ ਰਾਮ-ਰਾਜ ਸ਼ੁਰੂ ਹੋ ਚੁੱਕਾ ਹੈ, ਇਸ ਨੂੰ ਕੋਈ ਨਹੀਂ ਰੋਕ ਸਕਦਾ। ਇਸ ਲਈ ਗੁਰਮਤ ਪ੍ਰਚਾਰਕ ਹੋਣ ਦੇ ਨਾਂ ਤੇ ਦਾਸ (ਜਾਚਕ) ਦਾ ਇਹ ਨੈਤਿਕ ਫ਼ਰਜ਼ ਬਣ ਜਾਂਦਾ ਹੈ ਕਿ ਦੇਸ਼ ਵਾਸੀਆਂ ਨਾਲ ਇਸ ਪੱਖੋਂ ਗੁਰਮਤਿ ਦਾ ਨਜ਼ਰੀਆ ਸਾਂਝਾ ਕੀਤਾ ਜਾਵੇ।

ਵੱਡਾ ਕਾਰਨ ਇਹ ਹੈ ਕਿ ਪੌਰਾਣਿਕ-ਮੱਤੀ ਰਾਮ-ਰਾਜ ਦੇ ਪ੍ਰਚਾਰਕ ਆਪਣੇ ਖ਼ਿਆਲਾਂ ਦੀ ਪ੍ਰੋੜ੍ਹਤਾ ਵਜੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਬਿਲਾਵਲੁ ਮਹਲਾ 5’ ਦੇ ਸਿਰਲੇਖ ਹੇਠਲੇ ਗੁਰ ਵਾਕ ‘‘ਰਾਮ ਰਾਜ ਰਾਮਦਾਸ ਪੁਰਿ; ਕੀਨ੍ਹੇ ਗੁਰਦੇਵ ਰਹਾਉ ’’ (ਮਹਲਾ /੮੧੭) ਦਾ ਹਵਾਲਾ ਵੀ ਪੇਸ਼ ਕਰਦੇ ਹਨ। ਗੁਰਬਾਣੀ ਦੇ ਚਾਨਣ ਵਿੱਚ ਅਜਿਹਾ ਹਵਾਲਾ ਮਾਨਵ-ਹਿਤਕਾਰੀ ਦੇਸ਼ ਵਾਸੀਆਂ ਅਤੇ ਖ਼ਾਸ ਕਰ ਸਿੱਖ-ਜਗਤ ਨਾਲ ਵੱਡਾ ਧੋਖਾ ਹੈ; ਕਿਉਂਕਿ ਗੁਰਬਾਣੀ ਵਿੱਚ ਜਿਸ ਰਾਮ-ਰਾਜ ਦੀ ਗੱਲ ਕੀਤੀ ਗਈ ਹੈ, ਉਹ ‘‘ਰਮਤ ਰਾਮੁ ਸਭ ਰਹਿਓ ਸਮਾਇ ’’ (ਮਹਲਾ /੮੬੫) ਗੁਰ ਵਾਕ ਦੇ ਚਾਨਣ ਵਿੱਚ ਸਰਬ-ਵਿਆਪੀ ਰਾਮ ਦੇ ਰੂਹਾਨੀ ਰਾਜ ਦੀ ਹੈ, ਨਾ ਕਿ ਤ੍ਰੇਤਾਯੁਗੀ ਅਤੇ ਅਯੁਧਿਆ-ਪਤੀ ਰਾਜਾ ਦਸ਼ਰਥ ਦੀ ਰਾਣੀ ਕੌਸ਼ਲਿਆ ਦੀ ਕੁੱਖੋਂ, ਰਿਸ਼ੀ ਸ਼੍ਰੂੰਗ ਦੁਆਰਾ ਖਵਾਏ ਚੌਲਾਂ ਦੇ ਪਿੰਡ ਦੁਆਰਾ ਪੈਦਾ ਹੋਏ ਸ਼੍ਰੀ ਰਾਮਚੰਦ੍ਰ ਦੇ ਰਾਜ ਦੀ। ‘ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਸਟੀਕ ਵਿੱਚ ਸ਼ਬਦ ਦੇ ਸੰਪੂਰਨ ਪ੍ਰਸੰਗ ਨੂੰ ਧਿਆਨ ’ਚ ਰੱਖ ਕੇ ਉਪਰੋਕਤ ਤੁਕ ਵਾਲੇ ‘ਰਹਾਉ’ ਪਦੇ ਨੂੰ ਇਉਂ ਅਰਥਾਇਆ ਗਿਆ ਹੈ : ‘‘ਰਾਖਨਹਾਰ ਅਪਾਰ ਪ੍ਰਭ; ਤਾ ਕੀ ਨਿਰਮਲ ਸੇਵ   ਰਾਮ ਰਾਜ ਰਾਮਦਾਸ ਪੁਰਿ; ਕੀਨ੍ਹੇ ਗੁਰਦੇਵ ਰਹਾਉ ’’ (ਮਹਲਾ /੮੧੭) ਅਰਥ :-ਹੇ ਭਾਈ  ! ਗੁਰੂ ਨੇ (ਰਾਮ ਦੇ ਦਾਸਾਂ ਦੇ ਸ਼ਹਰ ਭਾਵ) ਸਾਧ ਸੰਗਤਿ ਵਿਚ ਰੂਹਾਨੀ ਰਾਜ ਕਾਇਮ ਕਰ ਦਿੱਤਾ ਹੈ। ਪ੍ਰਭੂ ਬੇਅੰਤ ਅਤੇ ਰੱਖਿਆ ਕਰਨ ਦੇ ਸਮਰੱਥ ਹੈ, (ਸਾਧ ਸੰਗਤਿ ਵਿਚ ਟਿਕ ਕੇ ਕੀਤੀ ਹੋਈ) ਉਸ ਦੀ ਸੇਵਾ-ਭਗਤੀ (ਜੀਵਨ ਨੂੰ) ਪਵਿੱਤਰ (ਬਣਾ ਦੇਂਦੀ ਹੈ)’ ਭਾਵ ਜਿਵੇਂ ਗੁਰਦੁਆਰੇ ਦੀ ਸੰਗਤ ਤੇ ਪੰਗਤ ਵਿੱਚ ਜਾਤ-ਪਾਤ, ਊਚ-ਨੀਚ ਅਤੇ ਅਮੀਰ ਗ਼ਰੀਬ ਦੇ ਵਿਤਕਰੇ ਤੋਂ ਰਹਿਤ ਇੱਕ-ਸਮਾਨ ਵਰਤਾਰਾ ਵਰਤਦਾ ਹੈ। ਤਿਵੇਂ ਦਾ ਹੀ ਵਰਤਾਰਾ ਵਰਤਦਾ ਹੈ ‘ਗੁਰਮਤੀ ਰਾਮ-ਰਾਜ ਵਿੱਚ’। ਗੁਰੂ-ਦ੍ਰਿਸ਼ਟੀ ਵਿੱਚ ਪ੍ਰਵਾਨ-ਚੜ੍ਹੇ ਕੀਰਤਨੀਏ ਭਾਈ ਬਲਵੰਡ ਰਾਇ ਦੇ ਕਥਨ ਮੁਤਾਬਕ ਇਸ ਗੁਰਮਤੀ ਰਾਮ-ਰਾਜ ਦੀ ਪੱਕੀ ਨੀਂਹ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਸੱਚ ਦਾ ਕਿਲ੍ਹਾ ਬਣਾ ਕੇ ਆਪ ਰੱਖੀ । ਰਾਮਕਲੀ ਕੀ ਵਾਰ ਦੇ ਅਮਰ-ਬੋਲ ਹਨ : ‘‘ਨਾਨਕਿ (ਨੇ) ਰਾਜੁ ਚਲਾਇਆ; ਸਚੁ ਕੋਟੁ ਸਤਾਣੀ ਨੀਵ ਦੈ ’’ (ਬਲਵੰਡ ਸਤਾ/੯੬੬)

ਗੁਰਬਾਣੀ ਦੇ ਉਪਰੋਕਤ ਪਦੇ ਅਤੇ ਅਰਥਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਹਵਾਲਾ-ਜਨਕ ਤੁਕ ਵਿੱਚ ਜਿਸ ਰਾਮ-ਰਾਜ ਦੀ ਗੱਲ ਕੀਤੀ ਗਈ ਹੈ, ਉਹ ਰਾਮ ‘ਰਾਖਨਹਾਰ ਅਪਾਰ ਪ੍ਰਭੁ’ ਹੈ; ਨਾ ਕਿ ਕੋਈ ਅਯੁਧਿਆ ਦਾ ਤ੍ਰੇਤਾਯੁਗੀ ਰਾਜਾ ਸ਼੍ਰੀ ਰਾਮ । ਕਾਰਨ ਹੈ ਕਿ ਇੱਕ ਤਾਂ ਸ਼੍ਰੀ ਰਾਮਚੰਦ੍ਰ ਨੂੰ ‘ਅਪਾਰ ਪ੍ਰਭ’ ਨਹੀਂ ਮੰਨਿਆ ਜਾ ਸਕਦਾ, ਕਿਉਂਕਿ ਜਨਮ ਮਰਨ ਦੇ ਰੂਪ ਵਿੱਚ ਉਸ ਦਾ ਆਰ ਪਾਰ ਅਤੇ ਆਦਿ ਅੰਤ ਨਿਸ਼ਚਿਤ ਹੈ। ਦੂਜੇ, ਉਸ ਨਾਲ ‘ਰਾਖਨਹਾਰ ਪ੍ਰਭ’ ਦਾ ਵਿਸ਼ੇਸ਼ਣ ਵੀ ਨਹੀਂ ਸ਼ੋਭਦਾ; ਕਿਉਂਕਿ ਜਿੱਥੇ, ਉਹ ਆਪਣੇ ਆਪ ਨੂੰ ਅਸੁਰੱਖਿਅਤ ਸਮਝ ਕੇ ਪਤਨੀ ਸੀਤਾ ਦੇ ਵਿਛੋੜੇ ਅਤੇ ਭਰਾ ਲਛਮਣ ਦੇ ਮੂਰਛਿਤ ਹੋਣ ’ਤੇ ਸਧਾਰਨ ਵਿਅਕਤੀਆਂ ਵਾਂਗ ਝੂਰਦਾ ਹੈ। ਉੱਥੇ, ਉਹ ਮਹਾਂਬਲੀ ਰਾਵਣ ਨਾਲ ਜੂਝਣ ਮੌਕੇ ਆਪਣੀ ਸਹਾਇਤਾ ਲਈ ਹਨੂੰਮਾਨ ਦੀ ਅਰਾਧਨਾ ਤੋਂ ਇਲਾਵਾ ਧੋਖੇ ਨਾਲ ਰਾਜਾ ਬਾਲੀ ਨੂੰ ਮਾਰ ਕੇ ਉਸ ਦੇ ਭਰਾ ਸੁਗਰੀਵ ਨੂੰ ਰਾਜਾ ਬਣਾ ਕੇ ਆਪਣੇ ਨਾਲ ਜੋੜਦਾ ਹੈ। ਜਦੋਂ ਫਿਰ ਵੀ ਉਹ ਰਾਜਾ ਰਾਵਣ ਦੇ ਸਾਹਮਣੇ ਆਪਣੇ ਆਪ ਨੂੰ ਕਮਜ਼ੋਰ ਵੇਖਦਾ ਹੈ ਤਾਂ ਉਸ ਦੇ ਭਰਾ ਭਭੀਖਣ ਨੂੰ ਰਾਜ-ਭਾਗ ਦਾ ਲਾਲਚ ਦੇ ਕੇ ਆਪਣੇ ਨਾਲ ਗੰਢਦਾ ਹੈ ਤਾਂ ਕਿ ਰਾਵਣ ਦਾ ਸਾਰਾ ਭੇਦ ਲੈ ਕੇ ਉਸ ਨੂੰ ਮਾਰਿਆ ਜਾ ਸਕੇ । ਤਾਂ ਹੀ ਤਾਂ ਮੁਹਾਵਰਾ ਬਣਿਆ ‘ਘਰ ਦਾ ਭੇਤੀ, ਲੰਕਾ ਢਾਹੇ’। ਗੁਰੂ ਨਾਨਕ ਸਾਹਿਬ ਜੀ ਦਾ ਬੇਬਾਕ-ਕਥਨ ਹੈ : ‘‘ਮਨ ਮਹਿ ਝੂਰੈ ਰਾਮਚੰਦੁ; ਸੀਤਾ ਲਛਮਣ ਜੋਗੁ   ਹਣਵੰਤਰੁ ਆਰਾਧਿਆ; ਆਇਆ ਕਰਿ ਸੰਜੋਗੁ ’’ (ਮਹਲਾ /੧੪੧੨)

ਤ੍ਰੇਤਾਯੁਗੀ ਰਾਜੇ ਸ੍ਰੀ ਰਾਮਚੰਦ੍ਰ ਜੀ ਦੇ ਉਪਰੋਕਤ ਵਰਤਾਰੇ ਅਤੇ ਭਾਰਤ ਦੀ ਮੌਜੂਦਾ ਭਾਜਪਾਈ ਸਰਕਾਰ ਵਾਲੀ ਰਾਜਨੀਤਕ ਧੱਕੇਸ਼ਾਹੀ, ਘੱਟ ਗਿਣਤੀ ਕੌਮਾਂ ਸਬੰਧੀ ਉਸ ਦੀ ਵਿਤਕਰੇ ਭਰਪੂਰ ਨੀਤੀ, ਰਣਨੀਕਿ ਗੱਠ-ਜੋੜ ਤੇ ਲਾਲਚੀ ਧੋਖਾ-ਧੜੀ ਆਦਿਕ ਦੇ ਵਿਸ਼ਲੇਸ਼ਣ ਤੋਂ ਭਾਵੇਂ ਮੌਜੂਦਾ ਰੱਖਿਆ ਮੰਤ੍ਰੀ ਰਾਜਨਾਥ ਸਿੰਘ ਦੇ ਉਪਰੋਕਤ ਐਲਾਨ ਪ੍ਰਤੀ ਕੋਈ ਸ਼ੰਕਾ ਨਹੀਂ ਰਹਿ ਜਾਂਦੀ, ਪਰ ਫਿਰ ਵੀ ਵਰਣਨ ਕਰਨਾ ਬਣਦਾ ਹੈ ਕਿ ਸੰਸਾਰ ਪ੍ਰਸਿੱਧ ਵਿਦਵਾਨ ਅਚਾਰੀਆ ਰਜਨੀਸ਼ ਅਤੇ ਭਾਰਤੀ ਸੰਵਿਧਾਨ ਦਾ ਮੁੱਢਲਾ ਲੇਖਕ ਡਾ. ਭੀਮਰਾਓ ਅੰਬੇਦਕਰ, ਸ੍ਰੀ ਰਾਮਚੰਦਰ ਜੀ ਦੇ ਉਪਰੋਕਤ ਵਰਤਾਰੇ ਨੂੰ ਧਿਆਨ ਵਿੱਚ ਰੱਖਦਿਆਂ ਉਸ ਨੂੰ ਇੱਕ ਆਦਰਸ਼ਕ ਰਾਜੇ ਦੇ ਰੂਪ ਵਿੱਚ ਨਹੀਂ ਵੇਖਦੇ। ਅਚਾਰੀਆ ਰਜਨੀਸ਼ ਤਾਂ ਸਪਸ਼ਟ ਆਖਦਾ ਹੈ ਕਿ ਸ੍ਰੀ ਰਾਮ ਦੇ ਰਾਜ ਵਿੱਚ ਇਸਤ੍ਰੀਆਂ ਤੇ ਪੁਰਸ਼; ਪਸ਼ੂਆਂ ਵਾਂਗ ਮੰਡੀਆਂ ਵਿੱਚ ਵਿਕਦੇ ਸਨ ਅਤੇ ਵਿਭਚਾਰ ਸਿੱਖਰਾਂ ’ਤੇ ਸੀ, ਜਿਸ ਤੋਂ ਸਿੱਧ ਹੁੰਦਾ ਹੈ ਕਿ ਰਾਜ ਦੇ ਆਮ ਲੋਕ ਗ਼ਰੀਬ ਸਨ। ‘ਹਿੰਦੂ ਇਜ਼ਮ ਧਰਮ ਜਾਂ ਕਲੰਕ’ ਪੁਸਤਕ ਦੇ ਲੇਖਕ ਐੱਲ. ਆਰ. ਬਾਲੀ ਨੇ ‘ਬਾਲਮੀਕੀ ਰਮਾਇਣ’ ਦੇ ਪ੍ਰਮਾਣਾਂ ਸਹਿਤ ਲਿਖਿਆ ਹੈ ਕਿ ਸ਼੍ਰੀ ਰਾਮਚੰਦ੍ਰ ਜੀ ਵੱਲੋਂ ਆਪਣੀ ਗਰਭਵਤੀ ਪਤਨੀ ਸੀਤਾ ਨੂੰ ਘਰੋਂ ਕੱਢ ਕੇ ਘਣੇ ਜੰਗਲ ਵਿੱਚ ਛੱਡਣ ਵਰਗਾ ਕਰੂਰ ਕਰਮ ਅਤੇ ਆਪਣੇ ਰਾਜ ਰਿਖੀ ਸ੍ਰੀ ਵਿਸਿਸ਼ਟ ਦੇ ਆਦੇਸ਼ ਮੁਤਾਬਕ ਮਨੂੰ-ਸਿਮ੍ਰਤੀ ਨੂੰ ਆਧਾਰ ਬਣਾ ਕੇ ਬੰਦਗੀ ਕਰ ਰਹੇ ਸ਼ੂਦਰ ਰਿਸ਼ੀ ਸ਼ੰਭੂਕ ਨੂੰ ਕਤਲ ਕਰਨਾ, ਅਜਿਹੇ ਘੋਰ ਅਨਿਆਈ ਜ਼ੁਲਮ ਹਨ; ਜਿਹੜੇ ਰਾਮ-ਰਾਜ ਲਈ ਸਦਾ ਵਾਸਤੇ ਕਲੰਕ ਮੰਨੇ ਜਾਣਗੇ, ਭਾਵੇਂ ਕਿ ਅਜਿਹੇ ਕਾਰਜਾਂ ਕਰਕੇ ਸਮਕਾਲੀ ਬ੍ਰਾਹਮਣਾਂ ਨੇ ਸ਼੍ਰੀ ਰਾਮ ਨੂੰ ਮਰਯਾਦਾ ਪ੍ਰਸ਼ੋਤਮ ਦਾ ਦਰਜਾ ਦਿੱਤਾ ਹੈ।

ਪ੍ਰੰਤੂ ਜਿਸ ਰਾਮ-ਰਾਜ ਦੀ ਪੱਕੀ ਨੀਂਹ ਗੁਰੂ ਨਾਨਕ ਪਾਤਿਸ਼ਾਹ ਹੀ ਨੇ ਆਪ ਰੱਖੀ, ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਉਸ ਨੂੰ ‘ਰਾਮ-ਰਾਜ’ (ਰੂਹਾਨੀ-ਰਾਜ) ਤੋਂ ਇਲਾਵਾ ‘ਹਲੇਮੀ-ਰਾਜ’ (ਨਿਮ੍ਰਤਾ ਦਾ ਰਾਜ) ਦਾ ਨਾਂ ਦਿੱਤਾ ਹੈ। ਕਾਰਨ ਹਨ ਕਿ ਇੱਕ ਤਾਂ ਇਸ ਰਾਜ ਵਿੱਚ ਸਾਰੇ ਜੀਆਂ ਪ੍ਰਤੀ ਸਮਦ੍ਰਿਸ਼ਟ, ਗ਼ਰੀਬ-ਨਿਵਾਜ਼ ਤੇ ਮਿਹਰਵਾਨ-ਪ੍ਰਭੂ ਜੀ ਦਾ ਹੁਕਮ ਚੱਲਦਾ ਹੈ, ਜਿਸ ਅਧੀਨ ਸ਼੍ਰੀ ਰਾਮ ਵਾਂਗ ਸੀਤਾ ਵਰਗੀ ਪਤੀਵ੍ਰਤ ਤੇ ਗਰਭਵਤੀ ਔਰਤ ਨੂੰ ਘਰੋਂ ਕੱਢਣ ਅਤੇ ਬਿਨਾਂ ਕਿਸੇ ਅਪਰਾਧ ਦੇ ਸ਼ੰਭੂਕ ਵਰਗੇ ਭਗਤ ਵਿਅਕਤੀ ਦਾ ਕਤਲ ਕਰਨ ਵਰਗੀ ਧੱਕੇਸ਼ਾਹੀ ਹੋਣੀ ਅਸੰਭਵ ਹੈ। ਦੂਜੇ, ‘‘ਤਖਤਿ ਬਹੈ; ਤਖਤੈ ਕੀ ਲਾਇਕ ’’ (ਮਹਲਾ /੧੦੩੯) ਅਤੇ ‘‘ਹਰਿ ਵਰਤੈ ਧਰਮ ਨਿਆਏ ’’ (ਮਹਲਾ /੫੪੨) ਵਰਗੀ ਵਿਤਕਰੇ ਰਹਿਤ ਨਿਆ-ਪ੍ਰਨਾਲੀ ਹੋਣ ਕਰਕੇ ਸਾਰੀ ਪਰਜਾ ਸੁਖੀ ਵੱਸਦੀ ਹੈ। ਕਿਸੇ ਨੂੰ ਕੋਈ ਰਞਾਣਦਾ ਨਹੀਂ ਭਾਵ ਧੱਕੇ ਨਾਲ ਦੁਖੀ ਨਹੀਂ ਕਰਦਾ। ਪਾਵਨ ਗੁਰ ਵਾਕ ਹੈ : ‘‘ਹੁਣਿ ਹੁਕਮੁ ਹੋਆ ਮਿਹਰਵਾਣ ਦਾ   ਪੈ ਕੋਇ ਕਿਸੈ ਰਞਾਣਦਾ   ਸਭ ਸੁਖਾਲੀ ਵੁਠੀਆ; ਇਹੁ ਹੋਆ ਹਲੇਮੀ ਰਾਜੁ ਜੀਉ ’’ (ਮਹਲਾ /੭੪)

ਭਗਤ ਰਵਿਦਾਸ ਜੀ ਨੇ ਇਸ ਹਲੇਮੀ ਭਰਪੂਰ ਰੂਹਾਨੀ ਰਾਮ-ਰਾਜ ਨੂੰ ‘ਬੇਗ਼ਮ ਪੁਰਾ’ ਨਾਂ ਦਿੱਤਾ ਹੈ; ਕਿਉਂਕਿ ਉੱਥੋਂ ਦੇ ਕਿਸੇ ਸ਼ਹਰੀ ਨੂੰ ਕੋਈ ਦੁੱਖ ਤੇ ਚਿੰਤਾ ਆਦਿਕ ਨਹੀਂ ਵਾਪਰਦੀ। ਉੱਥੇ ਤ੍ਰੇਤਾਯੁਗੀ ਰਾਮ-ਰਾਜ ਵਾਲੇ ਸ਼ੰਭੂਕ ਰਿਖੀ ਵਰਗਾ ਕੋਈ ਦੂਜੇ ਤਾਂ ਤੀਜੇ ਦਰਜੇ ਦਾ ਨਾਗਰਿਕ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਉਸ ਪਾਤਿਸ਼ਾਹੀ ਦੇ ਖੁੱਸਣ ਦਾ ਵੀ ਕੋਈ ਡਰ ਨਹੀਂ ਰਹਿੰਦਾ। ਭਗਤ ਜੀ ਦਾ ਉਹ ਰੂਹਾਨੀ-ਕਥਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਇਉਂ ਅੰਕਿਤ ਹੈ, ‘‘ਬੇਗਮ ਪੁਰਾ; ਸਹਰ ਕੋ ਨਾਉ   ਦੂਖੁ ਅੰਦੋਹੁ ਨਹੀ; ਤਿਹਿ ਠਾਉ ਕਾਇਮੁ ਦਾਇਮੁ ਸਦਾ ਪਾਤਿਸਾਹੀ   ਦੋਮ ਸੇਮ; ਏਕ ਸੋ ਆਹੀ ’’ (ਭਗਤ ਰਵਿਦਾਸ/੩੪੫) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰਾਂ ਨੇ ਉਪਰੋਕਤ ਕਿਸਮ ਦੇ ਸ਼ਬਦਾਂ ਵਿੱਚ ਭਾਵੇਂ ਪ੍ਰਭੂ-ਮਿਲਾਪ ਦੀ ਆਤਮਕ ਅਵਸਥਾ ਦਾ ਵਰਣਨ ਕੀਤਾ ਹੈ, ਪਰ ਅਸਲ ਵਿੱਚ ਉਹ ਪ੍ਰਗਟਾਵਾ ਹੈ ਤਾਂ ਰਮਤ-ਰਾਮ ਦੇ ਸਰਬ-ਦੇਸ਼ੀ, ਸਰਬ-ਕਾਲੀ ਤੇ ਸਰਬ ਸਾਂਝੇ ਰੂਹਾਨੀ-ਵਿਧਾਨ ਦਾ, ਜਿਸ ਦਾ ਸਭ ਤੋਂ ਉੱਤਮ ਤੇ ਸ੍ਰੇਸ਼ਟ ਪ੍ਰਮਾਣ ਹੈ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੀ ਬਣਤਰ ਅਤੇ ਗੁਰੂ-ਦਰਬਾਰ ਵਿਖੇ ਇੱਕੋ ਚੰਦੋਏ, ਇੱਕੋ ਤਖ਼ਤ ’ਤੇ ਇੱਕੋ ਚਵਰ ਹੇਠਾਂ ਸਮੂਹ ਬਾਣੀਕਾਰਾਂ ਦਾ ਇੱਕ ਸਮਾਨ ਸਤਿਕਾਰ, ਜਿਹੜਾ ਤ੍ਰੇਤਾਯੁਗੀ ਪੌਰਾਣਿਕ ਰਾਮ-ਰਾਜ ਵਿੱਚ ਭਾਲਿਆਂ ਭੀ ਨਹੀਂ ਲੱਭਦਾ। ਇਹ ਫ਼ੈਸਲਾ ਹੁਣ ਦੇਸ਼ ਵਾਸੀਆਂ ਨੇ ਕਰਨਾ ਹੈ ਕਿ ਉਹ ਗੁਰਮਤੀ ਰਾਮ-ਰਾਜ ਚਾਹੁੰਦੇ ਹਨ ਜਾਂ ਪੌਰਾਣਿਕ-ਮੱਤੀ ਰਾਮ-ਰਾਜ।