ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਦੂਜਾ)

0
546

ਬੇੜੀ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਦੂਜਾ)

ਗਿਆਨੀ ਅਵਤਾਰ ਸਿੰਘ

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਪਹਿਲਾ)

ਹਥਲੇ ਵਿਸ਼ੇ ਦੀ ਹੋਰ ਵਿਚਾਰ ਕਰਨ ਤੋਂ ਪਹਿਲਾਂ ‘ਭਾਗ ਪਹਿਲਾ’ ਨੂੰ ਪੜ੍ਹਨ ਉਪਰੰਤ ਪੁੱਛੇ ਗਏ ਤਿੰਨ ਕੁ ਸਵਾਲ ਵਿਚਾਰ ਲੈਣੇ ਜ਼ਰੂਰੀ ਹਨ।

ਸਵਾਲ ਪਹਿਲਾ : ‘ਬੇੜੀ ’ਚ ਪੱਥਰ ਭਰਨ’ ਤੋਂ ਕੀ ਭਾਵ ਹੈ ?

ਜਵਾਬ : ਇੱਕ ਨਸ਼ੇੜੀ ਦੀ ਨਸ਼ਾ ਛੱਡਣ ’ਚ ਮਦਦ ਕਰੀਏ, ਪਰ ਉਹ ਸਹਿਯੋਗ ਨਾ ਕਰੇ ਤਾਂ ਉਹ ਖ਼ੁਦ ਆਪਣੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ। ਇਸੇ ਤਰ੍ਹਾਂ ਜੇਕਰ ਅਨੇਕਾਂ ਸਮਾਜਿਕ ਮਿਸਾਲਾਂ ਦੇ ਦੇ ਕੇ ਸਰਲ ਤੇ ਸਪਸ਼ਟ ਕੀਤੀ ਗੁਰਮਤਿ ਨੂੰ ਸਮਝਣ ’ਚ ਸਿੱਖ ਅਸਫਲ ਹੈ ਤਾਂ ਉਹ ਕਾਹਦਾ ਸਿੱਖ ? ਉਹ, ਗੁਰੂ ਦਾ ਪੈਰੋਕਾਰ ਨਹੀਂ ਬਣ ਸਕਦਾ ਭਾਵੇਂ ਸਿੱਖੀ ਲਿਬਾਸ ਧਾਰਨ ਕੀਤਾ ਹੋਵੇ। ਸਮਝੋ ਉਹ ਆਪਣੀ ਜੀਵਨ-ਬੇੜੀ ’ਚ ਪੱਥਰ ਭਰ ਸੰਸਾਰ-ਸਮੁੰਦਰ ’ਚ ਡੋਬ ਰਿਹਾ ਹੈ।

ਸਵਾਲ ਦੂਜਾ : ਕੀ ਅਕਾਲ ਪੁਰਖ ਦਾ ਹੁਕਮ ਤੇ ਕੁਦਰਤ ਦਾ ਨਿਯਮ ਇਕੋ ਹਨ; ਜੈਸਾ ਕਿ ਕੁਝ ਸਿੱਖ ਪ੍ਰਚਾਰਕ ਕਹਿੰਦੇ ਹਨ ?

ਜਵਾਬ : ਕੁਦਰਤ ਦਾ ਨਿਯਮ ਤੇ ਇਲਾਹੀ ਹੁਕਮ; ਦੋਵੇਂ ਅਕਾਲ ਪੁਰਖ ਦੇ ਸੁਭਾਅ/ਮਰਜ਼ੀ (ਜਾਂ ਖੇਡ) ਦਾ ਹਿੱਸਾ ਹਨ। ਕੁਦਰਤੀ ਨਿਯਮ ਦਾ ਸਬੰਧ ਜਿੱਥੇ ਸਾਰੇ ਜੀਵ-ਜੰਤ, ਬਨਸਪਤੀ, ਖੰਡ-ਬ੍ਰਹਿਮੰਡ, ਆਦਿ ਨਾਲ਼ ਹੈ; ਓਥੇ ਹੁਕਮ ਦਾ ਸਬੰਧ ਕੇਵਲ ਮਨੁੱਖ ਜਾਤੀ ਨਾਲ਼ ਹੈ। ਗੁਰਬਾਣੀ ’ਚ ਇਨ੍ਹਾਂ ਦੋਵਾਂ ਨੂੰ ਅਲੱਗ-ਅਲੱਗ ਵਿਸਥਾਰ ਸਹਿਤ ਸਮਝਾਇਆ ਹੈ; ਜਿਵੇਂ ਕਿ

(). ਕੁਦਰਤੀ ਨਿਯਮ : ਕੁਦਰਤ ਦਾ ਨਿਯਮ ਦੋ ਆਪਾ ਵਿਰੋਧੀ ਸ਼ਕਤੀਆਂ ਦਾ ਸੁਮੇਲ ਹੈ; ਜੈਸਾ ਕਿ ਹਰ ਲੱਕੜ ’ਚ ਅੱਗ ਹੈ, ਫਿਰ ਭੀ ਲੱਕੜ ਨੂੰ ਨਹੀਂ ਜਲਾਉਂਦੀ। ਧਰਤੀ ਉੱਤੇ ਤਿੰਨ ਹਿੱਸੇ ਪਾਣੀ (ਸਮੁੰਦਰ) ਹੈ, ਫਿਰ ਭੀ ਧਰਤੀ (ਮਿੱਟੀ) ਨੂੰ ਆਪਣੇ ਅੰਦਰ ਨਹੀਂ ਘੋਲ਼ਦਾ/ਡੋਬਦਾ। ਗੁਰਬਾਣੀ ਦੇ ਬੋਲ ਹਨ, ‘‘ੲੰੀਧਨ ਤੇ ਬੈਸੰਤਰੁ ਭਾਗੈ ਮਾਟੀ ਕਉ ਜਲੁ ਦਹ ਦਿਸ ਤਿਆਗੈ ’’ (ਮਹਲਾ /੯੦੦) ਅਰਥ : ਲੱਕੜ ਤੋਂ ਅੱਗ ਭੱਜਦੀ ਹੈ ਭਾਵ ਲੱਕੜ ਨੂੰ ਨਹੀਂ ਸਾੜਦੀ (ਜਦ ਤੱਕ ਬਾਹਰੋਂ ਮਾਚਸ/ਤੀਲੀ ਨਾ ਲਾਈ ਜਾਏ)। ਪਾਣੀ; ਧਰਤੀ ਨੂੰ ਦਸੇ ਪਾਸਿਓਂ ਤਿਆਗਦਾ ਹੈ ਯਾਨੀ ਧਰਤੀ ਦੇ ਹਰ ਪਾਸੇ ਪਾਣੀ ਹੈ; ਫਿਰ ਭੀ ਧਰਤੀ ਨੂੰ ਆਪਣੇ ਤੋਂ ਬਾਹਰ (ਅਛੋਹ) ਰੱਖਦਾ ਹੈ (ਜਿਵੇਂ ਪਾਣੀ ’ਚ ਕਮਲ-ਫੁੱਲ ਅਛੋਹ ਹੁੰਦਾ ਹੈ ‘‘ਜਿਉ ਕਮਲੁ ਰਹੈ ਵਿਚਿ ਪਾਣੀ ਹੇ (ਮਹਲਾ /੧੦੭੦), ਜੈਸੇ ਜਲ ਮਹਿ ਕਮਲ ਅਲੇਪ ’’ ਸੁਖਮਨੀ/ਮਹਲਾ /੨੭੨)

ਨੋਟ : ‘ਦਹ ਦਿਸ’ ਦਾ ਅਰਥ ਹੈ : 10 ਦਿਸ਼ਾਵਾਂ (ਚਾਰ ਹਨ ‘ਪੂਰਵ, ਪੱਛਮ, ਉੱਤਰ ਤੇ ਦੱਖਣ’; ਚਾਰ ਇਨ੍ਹਾਂ ਦੇ ਕੋਨੇ ‘ਪੂਰਵ-ਉੱਤਰ, ਉੱਤਰ-ਪੱਛਮ, ਪੱਛਮ-ਦੱਖਣ, ਦੱਖਣ-ਪੂਰਵ’; ਹੇਠਲਾ ਪਾਸਾ ਤੇ ਉਪਰਲਾ ਹਿੱਸਾ)।

ਮੈਡੀਕਲ ਸਾਇੰਸ ਮੁਤਾਬਕ ਭੀ ਸਰੀਰ ਅੰਦਰ ਅਨੇਕਾਂ ਆਪਾ ਵਿਰੋਧੀ ਸ਼ਕਤੀਆਂ ਹਨ; ਜਿਵੇਂ ਕਿ (ੳ). ‘ਚੰਗਾ ਕੋਲੇਸਟ੍ਰੋਲ (HDL) ਬਨਾਮ ਮਾੜਾ ਕੋਲੇਸਟ੍ਰੋਲ (LDL); ਜਿਨ੍ਹਾਂ ਦਾ ਅਨੁਪਾਤ 1:2 ਹੁੰਦਾ ਹੈ ਯਾਨੀ ਇੱਕ ਤੰਦਰੁਸਤ ਸਰੀਰ ’ਚ HDL=35-70 ਤੇ LDL=130 (ਦੁੱਗਣਾ) ਹੋਣਾ ਜ਼ਰੂਰੀ ਹੈ। ਸਰੀਰ ਅੰਦਰ ਇਹ ਦੋਵੇਂ ਪਰਸਪਰ ਵਿਰੋਧੀ ਕਾਰਜ ਕਰਦੇ ਹਨ। (ਅ). ਸ਼ੂਗਰ ਨੂੰ ਨਿਯੰਤਰਨ ਰੱਖਣ ਲਈ ਦੋ ਹਾਰਮੋਨ [ਇਨਸੁਲੀਨ ਤੇ ਗਲੂਕਾਗਨ/insulin and glucagon, ਜੋ ਕਿ ਇੱਕੋ ਸਰੀਰਕ ਅੰਗ (ਪੈਨਕ੍ਰੀਅਸ/pancreas) ਤੋਂ ਬੀਟਾ ਸੈੱਲ ਤੇ ਅਲਫ਼ਾ ਸੈੱਲ ਰਾਹੀਂ ਬਣ ਕੇ 90 ਤੋਂ 120 ਦਿਨਾਂ ’ਚ ਮਰ ਜਾਂਦੇ ਹਨ]; ਆਪਸੀ ਜੁੱਧ ਹੀ ਕਰਦੇ ਹਨ ਤਾਹੀਓਂ ਸ਼ੂਗਰ ਦਾ ਅਸਲ ਪੱਧਰ; ਤਿੰਨ ਮਹੀਨਿਆਂ ਵਾਲ਼ੀ ਖ਼ੂਨ ਜਾਂਚ ਨਾਲ਼ ਸਾਮ੍ਹਣੇ ਆਉਂਦਾ ਹੈ। ਸਰੀਰ ਅੰਦਰਲੇ ਇਹ ਸੰਘਰਸ਼ ਹੀ ਜਿਗਰ/ਲੀਵਰ, ਦਿਲ, ਗੁਰਦਾ/ਕਿਡਨੀ, ਪੱਠੇ/ਮਾਂਸਪੇਸ਼ੀਆਂ, ਆਦਿ ਨੂੰ ਮਜ਼ਬੂਤ ਰੱਖਦੇ ਹਨ।

ਮਨ ਭੀ ਦੋ ਆਪਾ ਵਿਰੋਧੀ ਸ਼ਕਤੀਆਂ (ਸੰਕਲਪ/ਵਿਕਲਪ) ਦਾ ਸੁਮੇਲ ਹੈ। ਸੰਕਲਪ ਤੋਂ ਭਾਵ ‘ਨਵੇਂ ਵਿਚਾਰ ਪੈਦਾ ਹੋਣੇ’ ਤੇ ਵਿਕਲਪ ਤੋਂ ਭਾਵ ‘ਉਨ੍ਹਾਂ ਨੂੰ ਮਾਰਨਾ’ ਯਾਨੀ ਉਨ੍ਹਾਂ ’ਤੇ ਦ੍ਰਿੜ੍ਹ ਨਾ ਰਹਿਣ ਦੇਣਾ। ਵਿਕਲਪ ਨੂੰ ਦੁਬਿਧਾ/ਭਰਮ ਭੀ ਕਿਹਾ ਹੈ। ਵਿਕਲਪ ਦੇ ਭਾਰੂਪਣ ਕਾਰਨ ਮਨਮੁਖ; ਸਦਾ ਦੁਚਿੱਤੀ ’ਚ ਹੁੰਦਾ ਹੈ। ਜ਼ਿੰਦਗੀ ਦਾ ਕੋਈ ਟੀਚਾ ਨਹੀਂ ਚੁਣ ਸਕਦਾ। ਇਹ ਅਸਪਸ਼ਟਤਾ/ਅਗਿਆਨਤਾ/ਹਨ੍ਹੇਰਾ ਹੀ ‘ਕੂੜ ਦੀ ਪਾਲਿ’ ਹੈ।

ਖਗੋਲ ਵਿਗਿਆਨ ਅਨੁਸਾਰ ਭੀ ਅਕਾਸ਼ ਗੰਗਾ ’ਚ 68.3% ਡਾਰਕ ਐਨਰਜੀ (Dark Energy) ਹੈ ਤੇ 26.8% ਡਾਰਕ ਮੈਟਰ (Dark Matter); ਜੋ ਪਰਸਪਰ ਵਿਰੋਧੀ ਸ਼ਕਤੀਆਂ ਹਨ। ਡਾਰਕ ਐਨਰਜੀ; ਰੌਸ਼ਨੀ ਦੀ ਗਤੀ (2,99,792 ਕਿਲੋਮੀਟਰ ਪ੍ਰਤੀ ਸਕਿੰਟ) ਨਾਲ਼ 4.9% ਤਾਰਿਆਂ ਦੇ ਝੁੰਡ (Galaxies) ਨੂੰ ਬਾਹਰ ਧਕੇਲ ਰਹੀ ਹੈ ਜਦ ਕਿ ਡਾਰਕ ਮੈਟਰ; ਆਪਣੇ ਗੁਰੁਤਾਕਰਸ਼ਨ ਬਲ (Gravity) ਨਾਲ਼ ਇਨ੍ਹਾਂ ਤਾਰਿਆਂ ਨੂੰ ਆਪਣੇ ਕੇਂਦਰ (ਬਲੈਕ ਹੋਲ) ਵੱਲ ਖਿੱਚ ਰਿਹਾ ਹੈ। ਤਾਰਿਆਂ ’ਚ ਸਮਾਨ ਦੂਰੀ ਗੁਰੁਤਾਕਰਸ਼ਨ ਬਲ ਕਾਰਨ ਰਹਿੰਦੀ ਹੈ ਤਾਹੀਓ ਸੂਰਜ ਤੋਂ ਧਰਤੀ ਤੇ ਧਰਤੀ ਤੋਂ ਚੰਦ ਹੋਰ ਦੂਰ ਨਹੀਂ ਜਾਂਦੇ; ਨਹੀਂ ਤਾਂ ਡਾਰਕ ਐਨਰਜੀ ਦੇ ਫੈਲਾਅ ਨੇ ਸਭ ਨੂੰ ਨਿਖੇੜ ਦੇਣਾ ਸੀ।

ਨੋਟ : ‘ਬਲੈਕ ਹੋਲ’; ਇੱਕ ਸੁਰੰਗ ਨਹੀਂ ਬਲਕਿ ਬਹੁਤ ਹੀ ਵਜ਼ਨਦਾਰ ਅਦ੍ਰਿਸ਼ ਪਦਾਰਥ ਹੈ, ਤਾਰਾ/ਗ੍ਰਹਿ ਹੈ। ਡਾਰਕ ਐਨਰਜੀ; ਤਾਰਿਆਂ ਨੂੰ ਜਦ ਬਾਹਰ ਧੱਕਦੀ ਹੈ ਤਾਂ ਡਾਰਕ ਮੈਟਰ; ਉਨ੍ਹਾਂ ਨੂੰ ਆਪਣੇ ਕੇਂਦਰ ਵੱਲ ਖਿੱਚਦਾ ਹੈ; ਇਹੀ ਪਰਸਪਰ ਦਬਾਅ ਗਲੈਕਸੀਆਂ (ਤਾਰਿਆਂ) ਨੂੰ ਆਪਣੇ-ਆਪਣੇ ਧੁਰੇ ਦੁਆਲੇ ਅਤੇ ਬਲੈਕ ਹੋਲ (ਗਲੈਕਸੀ ਦੇ ਕੇਂਦਰ) ਚੁਫੇਰੇ ਚੱਕਰ ਲਾਉਣ ਲਈ ਮਜਬੂਰ ਕਰਦਾ ਹੈ। ਤਾਰਿਆਂ ਦਾ ਇਹ ਘੁਮਾ ਜੇ ਰੁਕ ਜਾਏ ਤਾਂ ਬ੍ਰਹਿਮੰਡ ਮਰ ਜਾਏਗਾ; ਜਿਵੇਂ ਕਿ ਸਰੀਰ ਦੇ ਕਿਸੇ ਅੰਗ ਦੇ ਹਰਕਤ ਨਾ ਕਰਨ ਨਾਲ਼ ਉਹ ਮਰ ਜਾਂ ਨਕਾਰਾ/ਅਪਾਹਜ ਹੋ ਜਾਂਦਾ ਹੈ।

ਬ੍ਰਹਿਮੰਡ ’ਚ ਵਾਪਰਦਾ ਇਹ ਆਪਾ ਵਿਰੋਧੀ ਵਤੀਰਾ ਹੀ ਕੁਦਰਤ ਦਾ ਨਿਯਮ ਹੈ। ਭਗਤ ਕਬੀਰ ਜੀ; ਪੰਡਿਤ ਨੂੰ ਇਹੀ ਸਮਝਾ ਰਹੇ ਹਨ, ‘‘ਓਇ ਜੁ ਦੀਸਹਿ; ਅੰਬਰਿ (’) ਤਾਰੇ ਕਿਨਿ ਓਇ ਚੀਤੇ; ਚੀਤਨਹਾਰੇ  ? ਕਹੁ ਰੇ ਪੰਡਿਤ  ! ਅੰਬਰੁ ਕਾ ਸਿਉ ਲਾਗਾ ? ਬੂਝੈ; ਬੂਝਨਹਾਰੁ ਸਭਾਗਾ ਰਹਾਉ ’’ (ਭਗਤ ਕਬੀਰ/੩੨੯) ਅਰਥ : ਹੇ ਪੰਡਿਤ ! (ਜੇ ਨਿਰਜਿੰਦ ਪੱਥਰ ਹੀ ਭਗਵਾਨ ਹੈ ਤਾਂ ਮੈਨੂੰ) ਸਮਝਾਅ ਕਿ ਅਕਾਸ਼ ’ਚ ਜੋ ਉਹ ਤਾਰੇ ਵਿਖਾਈ ਦਿੰਦੇ ਹਨ, ਉਹ ਕਿਸ ਕਾਰੀਗਰ ਨੇ ਬਣਾਏ ਤੇ ਕਿਸ ਦੇ ਆਸਰੇ ਤਣੇ ਹੋਏ ਹਨ ? ਚੰਗੇ ਭਾਗਾਂ ਵਾਲ਼ਾ ਕੋਈ ਬਿਬੇਕੀ ਇਹ ਰਾਜ਼ ਜਾਣਦਾ ਹੈ। ਇਸ ਸਚਾਈ ਨੂੰ ਭਗਤ ਪੀਪਾ ਜੀ ਨੇ ਇਉਂ ਬਿਆਨ ਕੀਤਾ, ‘‘ਜੋ ਬ੍ਰਹਮੰਡੇ, ਸੋਈ ਪਿੰਡੇ; ਜੋ ਖੋਜੈ, ਸੋ ਪਾਵੈ ’’ (ਭਗਤ ਪੀਪਾ/੬੯੫) ਭਾਵ ਜੋ ਅਦ੍ਰਿਸ਼ ਸ਼ਕਤੀ; ਬ੍ਰਹਿਮੰਡ ਵਿਖੇ ਕਾਰਜਸ਼ੀਲ ਹੈ, ਉਹੀ ਸਰੀਰ ਅੰਦਰ ਕਿਰਿਆਸ਼ੀਲ ਹੈ।

ਭੋਜਨ ਨਾਲ਼ ਸਰੀਰ ਅੰਦਰ 41% ਲਾਲ ਸੈੱਲ ਤੇ 4% ਸਫ਼ੈਦ ਸੈੱਲ (ਅੰਦਰੂਨੀ ਰੱਖਿਆ ਕੱਵਚ/immunity, 55% ਪਲਾਜ਼ਮਾ) ਬਣਦੇ ਹਨ; ਐਸੇ ਹੀ ਅਕਾਸ਼ ਗੰਗਾ ’ਚ ਬਲੈਕ ਹੋਲ ਦੇ ਉਲ਼ਟ ਸਫ਼ੈਦ ਹੋਲ ਹਨ। ਬਲੈਕ ਹੋਲ; ਪਦਾਰਥਾਂ (ਤਾਰਿਆਂ) ਨੂੰ ਖਾਂਦੇ ਹਨ ਤੇ ਸਫ਼ੈਦ ਹੋਲ; ਹੋਰ ਤਾਰੇ (immunity) ਬਣਾਉਂਦੇ ਹਨ। ਐਸਾ ਕਿਹਾ ਜਾਂਦਾ ਹੈ ਕਿ ਬਲੈਕ ਹੋਲ ਮਰ ਕੇ ਸਫ਼ੈਦ ਹੋਲ ਬਣਦਾ ਹੈ। ਬਲੈਕ ਹੋਲ ਵਾਲ਼ੇ ਦਬਾਅ/ਖਿਚਾਅ ਨਾਲ਼ ਡਾਰਕ ਮੈਟਰ ਬਣਦਾ ਹੈ ਤੇ ਸਫ਼ੈਦ ਹੋਲ ਵਾਲ਼ੇ ਦਬਾਅ (ਫੁਹਾਰੇ) ਨਾਲ਼ ਡਾਰਕ ਐਨਰਜੀ। ਬਿਗ ਬੈਂਗ ਧਮਾਕਾ ਭੀ ਸ਼ਾਇਦ ਸਫ਼ੈਦ ਹੋਲ ’ਚ ਹੋਇਆ ਸੀ। ਇਸੇ ਤਰ੍ਹਾਂ ਬਿਮਾਰੀਆਂ ਨਾਲ਼ ਲੜਨ ਲਈ ਸਫ਼ੈਦ ਹੋਲ (ਸਫ਼ੈਦ ਸੈੱਲ); ਸਰੀਰ ਅੰਦਰ ਰੱਖਿਆ ਕੱਵਚ ਬਣਾਉਂਦੇ ਹਨ। ਗੁਰਬਾਣੀ ਦੇ ਬੋਲ ਹਨ, ‘‘ਜੋ ਬਾਹਰਿ; ਸੋ ਭੀਤਰਿ ਜਾਨਿਆ ਭਇਆ ਭੇਦੁ (ਰਾਜ਼); ਭੂਪਤਿ ਪਹਿਚਾਨਿਆ (ਭਗਤ ਕਬੀਰ/੩੪੨), ਬਾਹਰਿ ਭੀਤਰਿ ਏਕੋ ਜਾਨਹੁ; ਇਹੁ ਗੁਰ ਗਿਆਨੁ ਬਤਾਈ ’’ (ਮਹਲਾ /੬੮੪) ਅਰਥ : ਸਰੀਰ ਦੇ ਅੰਦਰ ਤੇ ਬਾਹਰ ਇੱਕੋ ਅਕਾਲ ਪੁਰਖ (ਦੀ ਸ਼ਕਤੀ) ਨੂੰ ਗਤੀਮਾਨ ਜਾਣਨਾ ਹੈ; ਗੁਰੂ ਦਾ ਗਿਆਨ ਇਹੀ ਰਾਜ਼ ਖੋਲ੍ਹਦਾ ਹੈ।

ਸੋ ਅਕਾਸ਼ ਗੰਗਾ ’ਚ ਅਨੇਕਾਂ ਆਪਾ ਵਿਰੋਧੀ ਕਣ, ਗੈਸਾਂ ਆਦਿ; ਆਪਸ ’ਚ ਟਕਰਾਅ-ਟਕਰਾਅ (ਮਰ-ਮਰ ਕੇ) ਨਵੇਂ ਰੂਪ ਧਾਰਦੇ ਰਹਿੰਦੇ ਹਨ ਤੇ ਸਰੀਰ ਅੰਦਰ ਤਕਰੀਬਨ ਤਿੰਨ ਲੱਖ ਕਰੋੜ (300 ਖਰਬ/3,00,00,00,00,00,000) ਸੈੱਲ ਹਨ, ਜੋ ਆਪਸ ’ਚ ਸੰਘਰਸ਼ ਕਰ ਕਰ ਮਰਦੇ ਤੇ ਨਵੇਂ ਜਨਮ ਲੈਂਦੇ ਰਹਿੰਦੇ ਹਨ। ਪੂਰੇ ਬ੍ਰਹਿਮੰਡ ’ਚ ਨਿਰੰਤਰ ਵਾਪਰਦਾ ਇਹ ਵਿਸ਼ਾਲ ਦਵੈਤ ਹੀ ‘ਕੁਦਰਤ ਦਾ ਨਿਯਮ’ ਹੈ। ਇੱਥੇ ਇਹ ਪੱਖ ਭੀ ਵਿਚਾਰਨਾ ਜ਼ਰੂਰੀ ਕਿ ਕੁਦਰਤ ਨੂੰ ਰਚਨਹਾਰ (ਦਾਤਾਰ-ਪਿਤਾ) ਨੇ ਆਪਣੇ ਇਸ ਨਿਯਮ ਵਿਰੁੱਧ ਭੀ ਸੰਖੇਪ ਜਿਹਾ ਇੱਕ ਹੋਰ ਅਨੋਖਾ ਨਿਯਮ ਬਣਾ ਰੱਖਿਆ ਹੈ ਤਾਂ ਜੋ ਕੁਦਰਤ ਅੰਦਰ ਲੁਪਤ ਰੂਪ ’ਚ ਗਤੀਸ਼ੀਲ ਸ਼ਕਤੀ (ੴ) ਨੂੰ ਗੁਰੂ ਗਿਆਨ ਨਾਲ਼ ਸੁਜਾਖਾ ਹੋਇਆ ਭਗਤ, ਪਹਿਚਾਣ ਸਕੇ; ਜਿਵੇਂ ਕਿ ਹਰ ਮਾਦਾ (ਔਰਤ), ਬੱਚੇ ਨੂੰ ਜਨਮ ਦਿੰਦੀ ਹੈ, ਪਰ ਸਮੁੰਦਰੀ ਘੋੜਿਆਂ ’ਚ ਇੱਕ ਐਸੀ ਨਸਲ ਹੈ, ਜਿਸ ਦਾ ਨਰ; ਬੱਚੇ ਨੂੰ ਜਨਮ ਦਿੰਦਾ ਹੈ। ਲੈਟਿਨ ਅਮਰੀਕਾ (Latin America) ਵਿਖੇ ਉਗਣ ਵਾਲ਼ਾ ਸੁਕਰਾਤ ਐਕਸੋਰਾਇਜਾ ਦਰਖ਼ਤ (socratea exorrhiza tree); ਹਰ ਦਿਨ 2-3 ਸੈਂਟੀਮੀਟਰ ਚੱਲਦਾ ਹੈ, ਜੋ ਬਨਸਪਤੀ-ਨਿਯਮ ਦੇ ਵਿਰੁੱਧ ਹੈ। ਬ੍ਰਹਿਮੰਡ ਅੰਦਰ ਬਹੁਤਾਤ ਤਾਰੇ; ਘੜੀ ਦੀਆਂ ਸੂਈਆਂ ਦੇ ਵਿਪਰੀਤ (Anti clock wise) ਘੁੰਮਦੇ ਹਨ, ਪਰ ਬਹੁਤ ਥੋੜ੍ਹੇ ਇਸ ਨਿਯਮ ਦੇ ਉਲ਼ਟ (Clock wise) ਭੀ ਘੁੰਮਦੇ ਹਨ; ਜਿਵੇਂ ਕਿ ਸਾਡੇ ਸੂਰਜ ਪਰਵਾਰ ’ਚ ਦੂਸਰਾ ਸ਼ੁਕਰ (Venus) ਤੇ 7ਵਾਂ ਯੂਰੇਨਸ (Uranus) ਗ੍ਰਹਿ ਹਨ। ਇਸੇ ਤਰ੍ਹਾਂ ਚੰਦਨ; ਸਾਰੀ ਬਨਸਪਤੀ ਨੂੰ ਆਪਣੀ ਵਾਸਨਾ ਦਿੰਦਾ, ਮੰਨਿਆ ਗਿਆ, ਪਰ ਬਾਂਸ ਨੂੰ ਮਹਿਕ ਨਹੀਂ ਦੇ ਸਕਦਾ, ‘‘ਚੰਦਨ ਕੈ ਨਿਕਟੇ ਬਸੈ; ਬਾਂਸੁ ਸੁਗੰਧੁ ਹੋਇ ’’ (ਭਗਤ ਕਬੀਰ/੧੩੬੫), ਆਦਿ।

ਨੋਟ : ਜੇਕਰ ਕੁਦਰਤ ਦਾ ਨਿਯਮ; ਇੱਕ ਸਮਾਨ ਹੁੰਦਾ ਭਾਵ ਸਮੁੰਦਰੀ ਘੋੜਾ (ਨਰ) ਭੀ ਬੱਚਿਆਂ ਨੂੰ ਜਨਮ ਨਾ ਦਿੰਦਾ। ਚੰਦਨ; ਬਾਂਸ ਨੂੰ ਭੀ ਸੁਗੰਧਿਤ ਕਰਦਾ। ਸ਼ੁਕਰ ਤੇ ਯੂਰੇਨਸ ਗ੍ਰਹਿ ਭੀ ਬਾਕੀ ਗ੍ਰਹਿ ਵਾਂਗ ਇੱਕੋ ਦਿਸ਼ਾ ਵੱਲ ਘੁੰਮਦੇ, ਆਦਿ; ਤਾਂ ਮੰਨਿਆ ਜਾ ਸਕਦਾ ਸੀ ਕਿ ਕੁਦਰਤ ਦੇ ਪਿੱਛੇ ਕੋਈ ਅਦ੍ਰਿਸ਼-ਸ਼ਕਤੀ (ੴ) ਕਾਰਜਸ਼ੀਲ ਨਹੀਂ ਹੈ।

ਇੱਕ ਸੈਲਾਨੀ (Tourist) ਜਿੱਥੇ ਕੁਦਰਤ ਦੀ ਬਾਹਰਲੀ ਸੁੰਦਰਤਾ (ਦ੍ਰਿਸ਼) ਨੂੰ ਲੱਭਦਾ ਹੈ; ਓਥੇ ਭਗਤ, ਕੁਦਰਤ ਦੇ ਇਨ੍ਹਾਂ ਆਪਾ ਵਿਰੋਧੀ ਵਤੀਰਿਆਂ ਅੰਦਰ ਗਤੀਸ਼ੀਲ ਸ਼ਕਤੀ (ੴ) ਨੂੰ ਪਾਉਂਦਾ ਹੈ, ਉਸ ਤੋਂ ਬਲਿਹਾਰ ਜਾਂਦਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਦੇ ਬੋਲ ਹਨ, ‘‘ਬਲਿਹਾਰੀ, ਕੁਦਰਤਿ ਵਸਿਆ ਤੇਰਾ, ਅੰਤੁ ਜਾਈ ਲਖਿਆ ਰਹਾਉ ’’ (ਮਹਲਾ /੪੬੯) ਇਸ ਵਾਕ ’ਚ ਸੈਲਾਨੀ ਵਾਂਗ ਕੁਦਰਤ ਤੋਂ ਬਲਿਹਾਰ ਹੋਣ ਲਈ ਨਹੀਂ ਕਿਹਾ; ਜੈਸਾ ਕਿ ਕੁੱਝ ਸਿੱਖ ਪ੍ਰਚਾਰਕ ਭਰਮ ਕਾਰਨ ਐਸਾ ਬੋਲਦੇ ਹਨ ਬਲਕਿ ਜੋ ਕੁਦਰਤ ਅੰਦਰ ਲੁਪਤ ਰੂਪ ’ਚ ਵਸਿਆ ਹੈ, ਸਮਾਇਆ ਹੈ ਭਾਵ ਜਿਸ ਨੇ ਦੋ ਆਪਾ ਵਿਰੋਧੀ ਸ਼ਕਤੀਆਂ ਨੂੰ ਇੱਕ ਥਾਂ ਮੇਲ ਰੱਖਿਆ ਹੈ; ਉਸ ਤੋਂ ਕੁਰਬਾਨ ਜਾਣ ਲਈ ਕਿਹਾ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਦੇ ਹੀ ਬੋਲ ਹਨ, ‘‘ਕੁਦਰਤਿ ਕਰਿ ਕੈ; ਵਸਿਆ ਸੋਇ ਵਖਤੁ ਵੀਚਾਰੇ; ਸੁ ਬੰਦਾ ਹੋਇ .. ਸਿਦਕੁ ਕਰਿ ਸਿਜਦਾ; ਮਨੁ ਕਰਿ ਮਖਸੂਦੁ ਜਿਹ ਧਿਰਿ ਦੇਖਾ; ਤਿਹ ਧਿਰਿ ਮਉਜੂਦੁ ’’ (ਮਹਲਾ /੮੪) ਅਰਥ : ਕਰਤਾਰ; ਕੁਦਰਤ ਨੂੰ ਬਣਾ ਕੇ ਇਸ ਅੰਦਰ ਵਸਿਆ ਹੈ, ਸਮਾਇਆ ਹੋਇਆ ਹੈ। ਜੋ ਸਮਾਂ ਰਹਿੰਦੇ ਭਾਵ ਇਸੇ ਜਨਮ ’ਚ ਉਸ ਨੂੰ ਜਾਣ ਲੈਂਦਾ ਹੈ; ਓਹੀ ਸੱਚਾ ਸੇਵਕ (ਬੰਦਾ) ਹੈ। (ਹੇ ਬੰਦੇ !) ਉਸ ’ਤੇ ਭਰੋਸਾ ਕਰ; ਇਹੀ ਹੈ ਉਸ ਅੱਗੇ ਸਿਰ ਝੁਕਾਉਣਾ/ਉਸ ਤੋਂ ਬਲਿਹਾਰ ਜਾਣਾ (ਸਿਦਕੁ ਕਰਿ ਸਿਜਦਾ/ਇਹੀ ਸੰਦੇਸ਼ ਇਸ ਵਾਕ ’ਚ ਹੈ, ‘‘ਤੁਧ ਨੋ ਨਿਵਣੁ; ਮੰਨਣੁ ਤੇਰਾ ਨਾਉ ਤਾ ਸੁਣਿ ਸਦਿ ਬਹਾਲੇ ਪਾਸਿ ’’ (ਮਹਲਾ /੮੭੮) ਭਾਵ ਤੇਰਾ ਨਾਉਂ/ਵਜੂਦ ਨੂੰ ਸਵੀਕਾਰਨਾ ਹੀ ਤੇਰੇ ਅੱਗੇ ਝੁਕਣਾ ਹੈ। ਫਿਰ ਉਸ ਨੂੰ ਪ੍ਰਭੂ ਆਪਣੇ ਕੋਲ਼ ਬੁਲਾ ਕੇ ਬੈਠਾਉਂਦਾ ਹੈ); ਭਟਕਦੇ ਮਨ ਨੂੰ ਸਥਿਰ ਕਰਨਾ; ਟੀਚਾ ਬਣਾ (ਮਨੁ ਕਰਿ ਮਖਸੂਦੁ) [ਨੋਟ : ਇਹੀ ਪੈਗ਼ਾਮ ਇਸ ਵਾਕ ’ਚ ਹੈ, ‘‘ਸੁਰਤਿ ਧੁਨਿ ਚੇਲਾ ’’ (ਮਹਲਾ /੯੪੩) ਭਾਵ ਧਿਆਨ ਦੀ ਇਕਾਗਰਤਾ ਹੀ ਚੇਲਾ ਹੈ, ਸਿੱਖ ਹੈ]। ਫਿਰ ਜਿੱਧਰ ਭੀ ਨਜ਼ਰ ਮਾਰੇਂਗਾ; ਓਧਰ ਹੀ ਅੱਲ੍ਹਾ ਨਜ਼ਰ ਆਏਗਾ (ਨਾ ਕਿ ਕੇਵਲ ਮਸਜਿਦ ’ਚ ਕਿਉਂਕਿ ਉਹ ਕਣ-ਕਣ ’ਚ ਵਿਆਪਕ ਹੈ, ਨਾ ਕਿ ਸੈਲਾਨੀ ਵਾਂਗ ਕਿਸੇ ਖ਼ਾਸ ਜਗ੍ਹਾ ਤੋਂ ਪ੍ਰਸੰਨ ਹੋਣਾ ਪਏਗਾ)।

(). ਅਕਾਲ ਪੁਰਖ ਦਾ ਹੁਕਮ : ਸੰਸਾਰ-ਸਮੁੰਦਰ; ਇੱਕ ਐਸੀ ਘੁੰਮਣਘੇਰੀ ਹੈ, ਜਿਸ ਵਿੱਚ ਹਰ ਸ਼ਕਤੀ (ਦ੍ਰਿਸ਼ ਤੇ ਅਦ੍ਰਿਸ਼) ਲੜਦੀ, ਮਰਦੀ, ਫਿਰ ਜਨਮ ਲੈਂਦੀ ਹੈ। ਇਹੀ ਕੁਦਰਤ ਦੇ ਵਿਕਾਸ ਦਾ ਆਧਾਰ ਹੈ। ਅਕਸਰ ਕਿਹਾ ਭੀ ਜਾਂਦਾ ਹੈ ਕਿ ‘ਸੰਘਰਸ਼ ਹੀ ਜੀਵਨ’ ਹੈ। ਕੁਦਰਤ ਦੇ ਇਸ ਸੰਘਰਸ਼ਮਈ ਵਿਧਾਨ ’ਚੋਂ ਕਿਸੇ ਖ਼ਾਸ (ਭਾਗਾਂ ਵਾਲ਼ੇ) ਨੂੰ ਗੁਰੂ ਦੇ ਲੜ ਲਗਾ ਕੇ ਅਚਾਨਕ ਵੱਖ ਕਰਨਾ; ਕਰਤਾਰ ਦਾ ਵਿਸ਼ੇਸ਼ ਨਿਯਮ ਹੈ। ਇਸ ਉਪਕਾਰ ਨੂੰ ਭਗਤ ਸਦਾ ਯਾਦ ਰੱਖੇ; ਇਸ ਲਈ ਇਸ ਨੂੰ ਕਰਤਾਰ ਦਾ ਹੁਕਮ ਕਿਹਾ ਕਿਉਂਕਿ ਇਹ ਸੁਵਿਧਾ; ਹਰ ਜੂਨ ਵਾਸਤੇ ਨਹੀਂ ਹੁੰਦੀ।

ਕਰਤਾਰ ਦਾ ਹੁਕਮ; ਇੱਕੋ ਜ਼ਿੰਦਗੀ ’ਚ ਕੁਦਰਤੀ ਨਿਯਮ ਵਾਂਗ ਇੱਕੋ ਸਮੇਂ ਆਪਾ ਵਿਰੋਧੀ ਨਹੀਂ ਘਟਦਾ/ਵਾਪਰਦਾ। ਇੱਕ ਬੰਦਾ ਹੁਕਮ ’ਚ ਸੁਖੀ ਹੈ, ਅਨੰਦ ਮਾਣਦਾ ਹੈ ਤੇ ਦੂਸਰਾ ਉਸੇ ਦੇ ਹੁਕਮ ’ਚ ਦੁਖੀ ਤੇ ਬੇਚੈਨ ਹੈ; ਜਿਵੇਂ ਕਿ ਬਚਨ ਹਨ, ‘‘ਇਕਿ ਨਿਹਾਲੀ ਪੈ ਸਵਨਿ੍; ਇਕਿ ਉਪਰਿ ਰਹਨਿ ਖੜੇ ’’ (ਮਹਲਾ /੪੭੫) ਅਰਥ : ਕਈ ਤੁਲਾਈਆਂ/ਗੱਦਿਆਂ ਉੱਤੇ ਬੇਫ਼ਿਕਰ ਹੋ ਸੌਂਦੇ ਹਨ ਤੇ ਕਈ ਉਨ੍ਹਾਂ ਲਈ ਰਾਤ ਭਰ ਜਾਗ ਕੇ ਪਹਿਰਾ ਦਿੰਦੇ ਹਨ। ਮਨਮੁਖ ਤੋਂ ਗੁਰਮੁਖ ਬਣੇ ਮਨੁੱਖ ਲਈ ਭੀ ਪਹਿਲਾਂ ਅਤੇ ਬਾਅਦ ’ਚ ਵੱਖ ਵੱਖ ਹੁਕਮ ਸੀ/ਹੈ, ਨਾ ਕਿ ਕੁਦਰਤ ਦੇ ਨਿਯਮ ਵਾਂਗ ਆਪਾ ਵਿਰੋਧੀ ਯਾਨੀ ਇੱਕੋ ਜ਼ਿੰਦਗੀ, ਇੱਕੋ ਸਮੇਂ ਮਨਮੁਖ ਅਤੇ ਗੁਰਮੁਖ ਨਹੀਂ ਹੋ ਸਕਦੀ।

ਜਿਵੇਂ ਬਾਂਸ; ਚੰਦਨ ਦੀ ਸੁਗੰਧ ਨਹੀਂ ਲੈ ਸਕਦਾ; ਉਸੇ ਤਰ੍ਹਾਂ ਮਨਮੁਖ; ਪਸ਼ੂ-ਪੰਛੀ ਤੇ ਬਾਂਸ ਵਾਂਗ ਭਾਵੇਂ ਕੁਦਰਤ ਦੇ ਨਿਯਮ (ਹੁਕਮ) ’ਚ ਹੈ, ਪਰ ਗੁਰੂ ਦੀ ਸ਼ਰਨ ਆ ਕੇ ਨਾਮ-ਰਸ ਨਹੀਂ ਮਾਣ ਸਕਦਾ ਕਿਉਂਕਿ ਕਰਤਾਰ ਨੇ ਉਸ ਨੂੰ ਬਾਂਸ ਵਾਂਗ ਜੂਨ ਭੋਗਣ ਲਈ ਦਿੱਤੀ ਹੈ, ਨਾ ਕਿ ਗੁਰਮੁਖ ਬਣਾ ਆਪਣਾ ਦਰਸ਼ਨ ਕਰਾਉਣ ਲਈ। ਗੁਰੂ ਅਮਰਦਾਸ ਜੀ ਅਨੁਸਾਰ ਗੁਰਮੁਖ; (ਮਾਇਆ ਤੋਂ) ਨਿਰਲੇਪ ਹੁੰਦਾ ਹੈ, ਪਰ ਮਨਮੁਖ ’ਤੇ ਕਿਵੇਂ ਭਰੋਸਾ ਕੀਤਾ ਜਾਏ ਕਿ ਉਹ ਭੀ ਨਿਰਲੇਪ ਹੈ, ‘‘ਗੁਰਮੁਖਿ ਹੋਵੈ, ਸੁ ਅਲਿਪਤੋ ਵਰਤੈ; ਮਨਮੁਖ ਕਾ ਕਿਆ ਵੇਸਾਹਾ ਹੇ  ?’’ (ਮਹਲਾ /੧੦੫੪) ਯਾਨੀ ਸ਼ਰਧਾਹੀਣ (ਬਾਂਸ); ਸ਼ਰਧਾਵਾਨ ਵਾਂਗ ਗੁਰੂ (ਚੰਦਨ) ਪਾਸੋਂ ਮਹਿਕ ਨਹੀਂ ਮਾਣ ਸਕਦਾ। ਸੋ ਮਨੁੱਖਤਾ ਲਈ ਗੁਰੂ ਦਾ ਆਗਮਨ, ਗੁਰੂ ਦਾ ਗਿਆਨ, ਗੁਰੂ ਦੀ ਮਿਹਰ ਆਦਿ; ਕਰਤਾਰ ਦੇ ਹੁਕਮ ਦਾ ਹਿੱਸਾ ਹਨ, ਕੁਦਰਤੀ ਨਿਯਮ ਦਾ ਨਹੀਂ ਕਿਉਂਕਿ ਇਹ ਮਨੁੱਖ ਜਾਤੀ ਲਈ ਵਿਸ਼ੇਸ਼ ਦਾਤਾਂ-ਬਖ਼ਸ਼ਸ਼ਾਂ ਹਨ, ਨਾ ਕਿ ਸਭ ਜੂਨਾਂ ਨਾਲ਼।

ਇਹ ਕਿਆਸ ਲਗਾਉਣਾ ਕਿ ਮਨਮੁਖ; ਹੁਕਮ ਤੋਂ ਆਕੀ ਹੋ ਸਕਦਾ ਹੈ; ਨਿਰੀ ਮਨਮਤ ਹੈ ਕਿਉਂਕਿ ਗੁਰਬਾਣੀ ਅਨੁਸਾਰ (ੳ). ਹਰ ਕੋਈ ਹੁਕਮ ’ਚ ਹੈ, ਹੁਕਮ ਤੋਂ ਆਕੀ ਕੋਈ ਨਹੀਂ, ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਕੋਇ ’’ (ਜਪੁ)

(ਅ). ਗੁਰਬਾਣੀ ਦਾ ਹਰ ਵਿਸ਼ਾ; ‘ਗੁਰਮੁਖ ਬਨਾਮ ਮਨਮੁਖ’ ਹੈ, ਨਾ ਕਿ ਕੇਵਲ ਮਨਮੁਖ ਦੀ ਵਿਆਖਿਆ। ਚੇਤੇ ਰਹੇ ਕਿ ‘ਗੁਰਮੁਖ’ ਅਤੇ ‘ਮਨਮੁਖ’ ਕੋਈ ਵਿਅਕਤੀ ਨਹੀਂ ਹਨ ਬਲਕਿ ਦੋ ਪਾਤਰ ਹਨ, ਜਿਨ੍ਹਾਂ ਦੇ ਜੀਵਨ ਦੀ ਮਿਸਾਲ ਦੇ ਕੇ ਗੁਰਮਤਿ-ਸਿਧਾਂਤ ਸਮਝਾਇਆ ਜਾਂਦਾ ਹੈ। ਗੁਰਬਾਣੀ ਅੰਦਰ 22 ਵਾਰਾਂ ਹਨ। ਵਾਰਾਂ ’ਚ ਜੋਧਿਆਂ ਦੇ ਸੰਘਰਸ਼ਮਈ ਜੀਵਨ ਦੇ ਪ੍ਰਸੰਗ ਗਾਏ ਜਾਂਦੇ ਹਨ। ਗੁਰਬਾਣੀ ਦੀਆਂ ਰੂਹਾਨੀਅਤ ਵਾਰਾਂ ’ਚ ਭੀ ‘ਗੁਰਮੁਖ’ ਤੇ ‘ਮਨਮੁਖ’ ਦੀ ਜੀਵਨ-ਘਾਲਣਾ ਨੂੰ ਜੋਧਿਆਂ ਵਾਂਗ ਤੁਲਨਾਤਮਿਕ ਵਿਚਾਰਿਆ ਹੈ; ਜਿਵੇਂ ਕਿ

(1). ਇਕਨਾ ਹੁਕਮੀ ਬਖਸੀਸ; ਇਕਿ ਹੁਕਮੀ ਸਦਾ ਭਵਾਈਅਹਿ .. (ਜਪੁ)

ਅਰਥ : ਰੱਬ ਦੇ ਹੁਕਮ ’ਚ ਕਈਆਂ ਉੱਤੇ ਮਿਹਰ ਹੁੰਦੀ ਹੈ (ਭਾਵ ਉਹ ਪ੍ਰਭੂ ’ਚ ਲੀਨ ਹੁੰਦੇ ਹਨ, ਅਨੰਦ ਮਾਣਦੇ ਹਨ ਤੇ) ਹੁਕਮ ’ਚ ਕਈ (ਮਨਮੁਖ ਬਣਾ) ਜਨਮ ਮਰਨ ਦੇ ਗੇੜ ’ਚ ਘੁਮਾਏ ਜਾਂਦੇ ਹਨ (ਜਿਵੇਂ ਕਿ ਬਾਂਸ, ਪਸ਼ੂ-ਪੰਛੀ, ਆਦਿ)।

ਇੱਕ ਮਾਲਕ; ਆਪਣੇ ਸਾਰੇ ਨੌਕਰਾਂ ਨੂੰ ਬਰਾਬਰ ਮਜ਼ਦੂਰੀ ਦਿੰਦਾ ਹੈ, ਪਰ ਕਈ ਵੱਧ ਵਫ਼ਾਦਾਰ ਹੋਣ ਕਾਰਨ ਮਾਲਕ ਤੋਂ ਵਜ਼ੀਫ਼ਾ ਭੀ ਲਵਾ ਲੈਂਦੇ ਹਨ; ਜਿਵੇਂ ਕਿ ਬਚਨ ਹਨ, ‘‘ਚਾਕਰੁ ਲਗੈ ਚਾਕਰੀ; ਜੇ ਚਲੈ ਖਸਮੈ ਭਾਇ ਹੁਰਮਤਿ ਤਿਸ ਨੋ ਅਗਲੀ; ਓਹੁ ਵਜਹੁ ਭਿ ਦੂਣਾ ਖਾਇ ਖਸਮੈ ਕਰੇ ਬਰਾਬਰੀ; ਫਿਰਿ ਗੈਰਤਿ ਅੰਦਰਿ ਪਾਇ ਵਜਹੁ ਗਵਾਏ ਅਗਲਾ; ਮੁਹੇ ਮੁਹਿ ਪਾਣਾ ਖਾਇ ..’’ (ਮਹਲਾ /੪੭੪) ਅਰਥ : ਜੋ ਨੌਕਰ; ਮਾਲਕ ਦੀ ਮਰਜ਼ੀ ’ਚ ਚੱਲਦਾ ਹੈ, ਓਹੀ (ਸਮਝੋ) ਨੌਕਰੀ ਕਰਦਾ ਹੈ। ਉਸ ਨੂੰ ਬੜੀ ਇੱਜ਼ਤ ਮਿਲਦੀ ਹੈ ਤੇ ਤਨਖ਼ਾਹ ਭੀ ਦੂਣੀ ਵਧਾ ਲੈਂਦਾ ਹੈ, ਪਰ ਜੋ ਆਪ ਭੀ ਮਾਲਕ/ਸ਼ਰੀਕ ਬਣ ਬੈਠੇ, ਉਹ ਆਖ਼ਿਰ ਸ਼ਰਮਿੰਦਾ ਹੁੰਦਾ ਹੈ ਭਾਵ ਉਸ ਨੂੰ ਇੱਜ਼ਤ ਤੇ ਵਜ਼ੀਫ਼ਾ ਤਾਂ ਕੀ ਮਿਲਣਾ ਸੀ ਸਗੋਂ ਨੌਕਰੀ ਭੀ ਗਵਾ ਲੈਂਦਾ ਹੈ। ਕਸ਼ਟ ਸਹਾਰਦਾ ਹੋਇਆ ਮੂੰਹ ਉੱਤੇ ਜੁੱਤੀਆਂ ਖਾਂਦਾ ਹੈ। ਇਹ ਵਜ਼ੀਫ਼ਾ; ਵਿਸ਼ੇਸ਼ ਦਾਤ ਹੋਣ ਕਾਰਨ ਗੁਰੂ ਰਾਹੀਂ ਕੇਵਲ ਮਨੁੱਖ ਪਾਉਂਦਾ ਹੈ ਵਰਨਾ ਜੀਵਨ ਭੋਗਣ ਵਾਲ਼ੀ ਦਾਤ (ਤਨਖ਼ਾਹ) ਤਾਂ ਸਭ ਲਈ ਇੱਕ ਸਮਾਨ ਹੈ। ਕੁਦਰਤ ਦਾ ਨਿਯਮ ਤਾਂ ਸਭ ਲਈ ਸਾਂਝਾ ਹੀ ਹੈ।

ਨੋਟ : ਪਹਿਲੇ ਭਾਗ ’ਚ ਕੀਤੀ ਗਈ ਵਿਚਾਰ ਕਿ ਬੰਦ-ਕਵਿਤਾ ’ਚ ਸ਼ਾਬਦਿਕ ਅਰਥ ਕਰਨ ਲਈ ਸ਼ਬਦ ਦਾ ਵਿਸ਼ਾ-ਪ੍ਰਸੰਗ ਚੇਤੇ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ, ਨੂੰ ਮੁੜ ਚੇਤੇ ਕਰਨ ਲਈ ਇੱਥੇ ਇੱਕੋ ਸ਼ਬਦ; ਦੋ ਵਾਰ ‘ਅਗਲਾ’ ਤੇ ‘ਅਗਲੀ’ ਲਿਖਿਆ ਹੈ, ‘‘ਹੁਰਮਤਿ ਤਿਸ ਨੋ ਅਗਲੀ/ਵਜਹੁ ਗਵਾਏ ਅਗਲਾ’’, ਪਰ ਇਸ ਦੇ ਦੋਵੇਂ ਥਾਂ ਅਰਥ ਆਪਾ ਵਿਰੋਧੀ ਹਨ। ‘ਅਗਲੀ’ ਦਾ ਅਰਥ ਹੈ ‘ਬਹੁਤੀ (ਇੱਜ਼ਤ ਮਿਲਦੀ ਹੈ ਯਾਨੀ ਭਵਿੱਖ ਸੂਚਕ ਸੰਕੇਤ ਹੈ ਜਦ ਕਿ) ‘ਅਗਲਾ’ ਦਾ ਅਰਥ ਹੈ ‘ਪਿਛਲੀ’ (ਨੌਕਰੀ ਗਵਾ ਬੈਠਦਾ ਹੈ/ਭੂਤਕਾਲ)।

ਮਾਲਕ ਪਾਸੋਂ ਸਭ ਜੀਵ-ਜੰਤਾਂ ਨੂੰ ਬਰਾਬਰ ਦਾਤ (ਤਨਖ਼ਾਹ) ਮਿਲਦੀ ਹੈ; ਜਿਵੇਂ ਕਿ ਵਾਕ ਹੈ, ‘‘ਦਦਾ; ਦਾਤਾ ਏਕੁ ਹੈ, ਸਭ ਕਉ ਦੇਵਨਹਾਰ ’’ (ਮਹਲਾ /੨੫੭), ਪਰ ਵਫ਼ਾਦਾਰ ਭਗਤ; ਮਾਲਕ ਦੇ ਵਜੂਦ ਨੂੰ ਸਵੀਕਾਰਦੇ ਹਨ। ਉਸ ਦੇ ਗੁਣ ਗਾਉਂਦੇ ਹਨ ਤਾਹੀਓਂ ਵਜ਼ੀਫ਼ੇ ਦੇ ਰੂਪ ’ਚ ਖ਼ਾਸ ਦਾਤ (ਬਖ਼ਸ਼ਸ਼) ਭੀ ਪਾ ਜਾਂਦੇ ਹਨ; ਜੈਸਾ ਕਿ ਵਾਕ ਹੈ, ‘‘ਦਾਤੈ (ਨੇ) ਦਾਤਿ ਰਖੀ ਹਥਿ+ਅਪਣੈ (’); ਜਿਸੁ ਭਾਵੈ, ਤਿਸੁ ਦੇਈ ’’ (ਮਹਲਾ /੬੦੪), ‘ਆਸਾ ਕੀ ਵਾਰ’ ਦੀ ਉਕਤ ਪਉੜੀ (ਚਾਕਰੁ ਲਗੈ ਚਾਕਰੀ; ਜੇ ਚਲੈ ਖਸਮੈ ਭਾਇ ) ਦੀ ਸਮਾਪਤੀ ’ਚ ਭੀ ਵਜ਼ੀਫ਼ੇ ਵਜੋਂ ਖ਼ਾਸ ਦਾਤ ਲੈਣ ਲਈ ਇਹ ਅਰਦਾਸ ਕਰਨ ਲਈ ਪ੍ਰੇਰਿਆ ਹੈ, ‘‘ਜਿਸ ਦਾ ਦਿਤਾ ਖਾਵਣਾ; ਤਿਸੁ ਕਹੀਐ ਸਾਬਾਸਿ ਨਾਨਕ  ! ਹੁਕਮੁ ਚਲਈ; ਨਾਲਿ ਖਸਮ ਚਲੈ ਅਰਦਾਸਿ ੨੨’’ (ਮਹਲਾ /੪੭੪) ਭਾਵ ਹਰ ਕੰਮ ਦੀ ਮਹੱਤਤਾ ਆਪਣੇ ਉੱਤੇ ਲੈ ਕੇ ਮਾਲਕ ਦਾ ਸ਼ਰੀਕ ਨਹੀਂ ਬਣਨਾ ਸਗੋਂ ਮਾਲਕ ਦੀ ਹਕੂਮਤ ਨੂੰ ਸਵੀਕਾਰਨਾ ਹੈ। ਉਸ ਨੂੰ ਮਹਾਨਤਾ ਦੇਣੀ ਹੈ, ਸਿਰਮੌਰ ਮੰਨਣਾ ਹੈ ਤਾਂ ਹੀ ‘‘ਇਕ ਦੂ ਇਕੁ ਸਿਆਣਾ ..੨੧’’ (ਜਪੁ) ਅਤੇ ਆਸਾ ਕੀ ਵਾਰ ਦੇ ਵਾਕ ‘‘ਸਭੁ ਕੋ ਪੂਰਾ ਆਪੇ ਹੋਵੈ; ਘਟਿ ਕੋਈ ਆਖੈ ’’ (ਮਹਲਾ /੪੬੯) ’ਚ ਬਿਆਨ ਕੀਤੀ ਆਕੜ ਮਰਦੀ ਹੈ। ਸਚਖੰਡ-ਅਵਸਥਾ ਦੀ ਵਿਆਖਿਆ ਕਰਦਿਆਂ ਭੀ ਸਪਸ਼ਟ ਕੀਤਾ ਹੈ ਕਿ ਹਰ ਕੋਈ; ਨਿਰਾਕਾਰ-ਪ੍ਰਭੂ ਦੇ ਹੁਕਮ ’ਚ ਹੈ, ‘‘ਸਚਖੰਡਿ (’) ਵਸੈ ਨਿਰੰਕਾਰੁ ਕਰਿ ਕਰਿ ਵੇਖੈ; ਨਦਰਿ ਨਿਹਾਲ ਤਿਥੈ; ਲੋਅ ਲੋਅ ਆਕਾਰ ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ..੩੭’’ (ਜਪੁ); ਇਹੀ ‘ਜਪੁ’ ਬਾਣੀ ਦੇ ਅਰੰਭਕ ਅਤੇ ਮੂਲ ਸਵਾਲ ‘‘ਕਿਵ ਕੂੜੈ ਤੁਟੈ ਪਾਲਿ ..’’ (ਜਪੁ) ਦਾ ਜਵਾਬ ਹੈ। ਇਸ ਵਿਲੱਖਣ ਸਿਧਾਂਤ ਨੂੰ ਸਰਲ ਤੇ ਸਪਸ਼ਟ ਕਰਨ ਲਈ ਹੀ 35 ਮਹਾਂ ਪੁਰਸ਼ਾਂ ਨੇ ਸਮੁੱਚੀ ਬਾਣੀ ਰਚੀ ਹੈ।

‘ਜਪੁ’ ਬਾਣੀ ਦੀ 25ਵੀਂ ਪਉੜੀ ’ਚ ਹਰ ਮਨੁੱਖ ਨੂੰ ਇੱਕ ਸਮਾਨ ਮਿਲਦੀਆਂ ਦਾਤਾਂ ਦਾ ਵੇਰਵਾ ਹੈ, ‘‘ਬਹੁਤਾ ਕਰਮੁ; ਲਿਖਿਆ ਨਾ ਜਾਇ   ਵਡਾ ਦਾਤਾ; ਤਿਲੁ ਤਮਾਇ ਕੇਤਿਆ; ਦੂਖ ਭੂਖ ਸਦ ਮਾਰ   ਏਹਿ ਭਿ ਦਾਤਿ ਤੇਰੀ; ਦਾਤਾਰ  ! ’’ ਜਿਸ ਦੇ ਅੰਤ ’ਚ ਭੀ ਇਸ ਖ਼ਾਸ ਦਾਤ (ਮਿਹਰ) ਦਾ ਜ਼ਿਕਰ ਹੈ, ‘‘ਜਿਸ ਨੋ ਬਖਸੇ; ਸਿਫਤਿ ਸਾਲਾਹ   ਨਾਨਕ  ! ਪਾਤਿਸਾਹੀ ਪਾਤਿਸਾਹੁ ੨੫’’ (ਜਪੁ) ਭਾਵ ਸਭ ਨੂੰ ਮਿਲਦੀਆਂ ਬਰਾਬਰ ਦਾਤਾਂ ਤੋਂ ਇਲਾਵਾ, ਜੋ ਮਾਲਕ ਨੂੰ ਪ੍ਰਸੰਨ ਕਰ ਉਸ ਪਾਸੋਂ ਮਿਹਰ ਕਰਾ ਲੈਂਦਾ ਹੈ; ਉਹ ਦੁੱਗਣੀ ਚੌਗੁਣੀ ਤਨਖ਼ਾਹ ਪਾਉਂਦਾ ਹੈ, ਅਨੰਦ ਮਾਣਦਾ ਹੈ। ਪਾਤਿਸ਼ਾਹਾਂ ਦਾ ਪਾਤਿਸ਼ਾਹ ਬਣ ਜਾਂਦਾ ਹੈ।

ਉਕਤ ਵਾਕ ‘‘ਇਕਨਾ ਹੁਕਮੀ ਬਖਸੀਸ; ਇਕਿ ਹੁਕਮੀ ਸਦਾ ਭਵਾਈਅਹਿ ..’’ ’ਚ ਭੀਹੁਕਮੀ ਬਖਸੀਸਦਾ ਇਹੀ ਭਾਵ ਹੈ ਕਿ ਕਈਆਂ ’ਤੇ ਖ਼ਾਸ ਮਿਹਰ ਹੋਈ ਹੈ। ਜਿਸ ਨੂੰ ਪਾਉਣ ਤੋਂ ‘‘ਇਕਿ ਹੁਕਮੀ ਸਦਾ ਭਵਾਈਅਹਿ’’ ਵਾਲ਼ੇ ਲੋਕ ਵਾਂਝੇ ਰਹਿ ਗਏ। ਇਹੀ ਸੰਦੇਸ਼ ਗੁਰੂ ਰਾਮਦਾਸ ਜੀ ਵਾਰ-ਵਾਰ ਦੇ ਰਹੇ ਹਨ, ‘‘ਹਰਿ ਇਕਨਾ ਮਾਰਗਿ (’) ਪਾਏ ਆਪੇ; ਹਰਿ ਇਕਨਾ ਉਝੜਿ ਪਾਏ (ਮਹਲਾ /੫੫੦), ਆਪੇ ਉਝੜਿ ਪਾਇਦਾ ਪਿਆਰਾ; ਆਪਿ ਵਿਖਾਲੇ ਰਾਹੁ ’’ (ਮਹਲਾ /੬੦੪) ਗੁਰੂ ਅਮਰਦਾਸ ਜੀ ਦੇ ਭੀ ਬੋਲ ਹਨ, ‘‘ਇਕਿ ਆਪੇ ਉਝੜਿ ਪਾਇਅਨੁ; ਇਕਿ ਭਗਤੀ ਲਾਇਅਨੁ ’’ (ਮਹਲਾ /੯੫੬) ਅਰਥ : ਉਸ (ਪ੍ਰਭ) ਨੇ ਆਪ ਹੀ ਕਈ (ਮਨਮੁਖ); ਗ਼ਲਤ ਮਾਰਗ ਪਾਏ ਹਨ ਤੇ ਕਈ (ਗੁਰਮੁਖ ਬਣਾ) ਆਪ ਹੀ ਉਸ ਨੇ ਭਗਤੀ ਵਾਲ਼ੇ ਸਹੀ ਮਾਰਗ ਪਾਏ ਹਨ। ਧਿਆਨ ਰਹੇ ਕਿ ਇਹ ਸਾਰੇ ਵਾਕ ਕੇਵਲ ਮਨਮੁਖ ਦੇ ਜੀਵਨ ਦੀ ਵਿਆਖਿਆ ਨਹੀਂ ਕਰਦੇ, ਤਾਂ ਕਿ ਕਿਆਸ ਲੱਗ ਸਕੇ ਕਿ ਉਹ, ਹੁਕਮ ਤੋਂ ਆਕੀ ਹੁੰਦਾ ਹੈ। ਐਸੀ ਤੁਲਨਾਤਮਿਕ ਵਿਚਾਰ ਗੁਰਬਾਣੀ ’ਚ ਹਰ ਥਾਂ ਕੀਤੀ ਮਿਲਦੀ ਹੈ; ਜਿਵੇਂ ਕਿ ਹੋਰ ਵਾਕ ਹਨ :

(2). ਮਨਮੁਖ ਭਉਜਲਿ ਪਚਿ ਮੁਏ; ਗੁਰਮੁਖਿ ਤਰੇ ਅਥਾਹੁ (ਮਹਲਾ /੬੪)

ਅਰਥ : ਮਨਮੁਖ ਬੰਦੇ ਮਾਇਆਵੀ ਸੰਸਾਰ ’ਚ ਉਲ਼ਝ-ਉਲ਼ਝ ਮਰ ਗਏ ਤੇ ਗੁਰਮੁਖ ਇਸ ਅਥਾਹ-ਸਮੁੰਦਰ ਨੂੰ ਤਰ ਗਏ।

(3). ਗੁਰਮੁਖਿ ਲਾਹਾ ਲੈ ਗਏ; ਮਨਮੁਖ ਚਲੇ ਮੂਲੁ ਗਵਾਇ ਜੀਉ (ਮਹਲਾ /੭੪)

ਅਰਥ : ਗੁਰਮੁਖ ਬੰਦੇ ਆਪਣੀ ਸੁਆਸ-ਪੂੰਜੀ ਸਫਲ ਕਰ ਗਏ ਤੇ ਮਨਮੁਖ ਆਪਣੀ ਪੂੰਜੀ ਅਜਾਈਂ ਗਵਾ ਗਏ (ਜਿਵੇਂ ਪਸ਼ੂ, ਬਾਂਸ ਆਦਿ)।

(4). ਨਾਨਕ  ! ਕਰਤੈ (ਨੇ) ਬਣਤ ਬਣਾਈ; ਮਨਮੁਖ ਕੂੜੁ ਬੋਲਿ ਬੋਲਿ ਡੁਬੇ; ਗੁਰਮੁਖਿ ਤਰੇ, ਜਪਿ ਹਰਿ ਨਾਉ (ਮਹਲਾ /੫੧੧)

ਅਰਥ : (ਪਰ ਵਿਚਾਰੇ ਮਨਮੁਖ ਭੀ ਕੀ ਕਰਨ ਜਦ) ਕਰਤਾਰ ਨੇ ਆਪਣੀ ਜੁਗਤੀ/ਖੇਡ ਹੀ ਐਸੀ ਬਣਾਈ ਹੈ ਕਿ ਮਨਮੁਖਾਂ ਨੇ ਝੂਠ ਬੋਲ-ਬੋਲ ਕੇ ਸੰਸਾਰ-ਸਮੁੰਦਰ ’ਚ ਡੁੱਬਣਾ ਹੈ ਤੇ ਗੁਰਮੁਖਾਂ ਨੇ ਹਰੀ ਦਾ ਨਾਮ ਜਪ ਕੇ ਤੈਰਨਾ ਹੈ। ਜਿਨ੍ਹਾਂ ਨੂੰ ਮਾਲਕ ਨੇ ਅੰਨ੍ਹਾ ਕੀਤਾ ਹੈ, ਉਹੀ ਸੁਜਾਖਾ ਕਰਦਾ ਹੈ, ਨਾ ਕਿ ਮਨਮੁਖ ਕੋਲ਼ ਖ਼ੁਦ ਸੁਜਾਖਾ ਹੋਣ ਦੀ ਸਮਰੱਥਾ ਹੈ, ‘‘ਸਾਹਿਬਿ (ਨੇ) ਅੰਧਾ ਜੋ ਕੀਆ; ਕਰੇ ਸੁਜਾਖਾ, ਹੋਇ (ਮਹਲਾ /੯੫੪), ਨਾਨਕ  ! ਜਿਨਿ ਅਖੀ (ਅੱਖਾਂ) ਲੀਤੀਆ; ਸੋਈ ਸਚਾ ਦੇਇ ’’ (ਮਹਲਾ /੮੩) ‘ਜਪੁ’ ਬਾਣੀ ਦੀ 33ਵੀਂ ਪਉੜੀ ’ਚ ਭੀ ਇਹੀ ਉਪਦੇਸ਼ ਹੈ, ‘‘ਜਿਸੁ ਹਥਿ (’) ਜੋਰੁ; ਕਰਿ ਵੇਖੈ ਸੋਇ ਨਾਨਕ  ! ਉਤਮੁ ਨੀਚੁ ਕੋਇ ੩੩’’ (ਜਪੁ) ਭਾਵ ਜਿਸ ਮਾਲਕ ਦੇ ਹੱਥ ’ਚ ਤਾਕਤ ਹੈ; ਓਹੀ ਜਗਤ ’ਚ ਕਿਸੇ ਨੂੰ ਉੱਤਮ ਤੇ ਕਿਸੇ ਨੂੰ ਨੀਚ ਬਣਾਉਂਦਾ ਹੈ। ਖ਼ੁਦ ਕੋਈ ਉੱਤਮ ਜਾਂ ਨੀਚ ਨਹੀਂ ਬਣਦਾ, ਇਸ ਲਈ ਮਨਮੁਖ ਵਿਚਾਰੇ ਦਾ ਭੀ ਕੀ ਕਸੂਰ ਹੈ; ਜਿਵੇਂ ਕਿ ਅਗਾਂਹ ਹੋਰ ਬਚਨ ਹਨ :

(5). ਸਭੁ ਕਿਛੁ ਕਰਤੇ ਹਥਿ (’); ਕਾਰਣੁ ਜੋ ਕਰੈ (ਮਹਲਾ /੫੨੩)

ਅਰਥ : ਕਰਤਾਰ ਦੇ ਹੱਥ ’ਚ ਸਭ ਕੁੱਝ ਹੈ। (ਕਿਸੇ ਨੂੰ ਸੁੱਖ ਜਾਂ ਦੁੱਖ ਦੇਣ ਲਈ) ਸਬੱਬ ਜੋ ਭੀ ਬਣਾਏ (ਓਹੀ ਬਣ ਜਾਂਦਾ ਹੈ ਯਾਨੀ ਜੇ ਸਰੀਰਕ ਕਸ਼ਟ ਦੇਣਾ ਚਾਹੇ ਤਾਂ ਤਨ ਨੂੰ ਰੋਗੀ ਕਰ ਦਿੰਦਾ ਹੈ। ਜੇਕਰ ਮਾਨਸਿਕ ਰੋਗ ਦੇਣਾ ਚਾਹੇ ਤਾਂ ਭਰਮ ’ਚ ਰੱਖ ਕੁਰਾਹੇ ਪਾ ਦਿੰਦਾ ਹੈ; ਜਿਵੇਂ ਕਿ ਬਚਨ ਹਨ :

(6). ਭਾਣੈ ਉਝੜ; ਭਾਣੈ ਰਾਹਾ (ਮਹਲਾ /੯੮)

ਅਰਥ : ਆਪਣੀ ਰਜ਼ਾ ’ਚ (ਮਨਮੁਖ ਨੂੰ) ਕੁਰਾਹੇ ਪਾਉਂਦਾ ਹੈ ਤੇ ਆਪਣੀ ਰਜ਼ਾ ’ਚ ਹੀ (ਗੁਰਮੁਖ ਨੂੰ) ਸਹੀ ਰਾਹ ਵਿਖਾਉਂਦਾ ਹੈ।

(7). ਉਝੜਿ ਭੁਲੇ; ਰਾਹ ਗੁਰਿ (ਰਾਹੀਂ) ਵੇਖਾਲਿਆ (ਮਹਲਾ /੧੪੯)

ਅਰਥ : (ਮਾਨਵਤਾ ਦੇ ਕਲਿਆਣ ਲਈ ਪ੍ਰਭੂ ਨੇ ਇਹੀ ਜੁਗਤੀ ਬਣਾਈ ਹੈ ਕਿ) ਅੰਨ੍ਹੇਪਣ ਕਾਰਨ ਕੁਰਾਹੇ ਪਏ ਮਨੁੱਖ ਨੂੰ ਗੁਰੂ ਰਾਹੀਂ ਸਹੀ ਰਾਹ ਪਾਉਣਾ ਹੈ। ਗੁਰੂ ਸੋਝੀ ਬਖ਼ਸ਼ਦਾ ਹੈ ਕਿ ਮਾਲਕ ਨੇ ਖ਼ੁਦ ਜੋ ਕੁਰਾਹੇ ਪਾਏ ਹਨ, ਉਨ੍ਹਾਂ ਦੁਆਰਾ ਕੀਤੇ ਜਾਂਦੇ ਸਾਰੇ ਕੰਮ ਅਜਾਈਂ ਹੁੰਦੇ ਹਨ, ‘‘ਪ੍ਰਭੂ ਭੁਲਾਏ, ਊਝੜਿ ਪਾਏ; ਨਿਹਫਲ ਸਭਿ ਕਰਮਾਨ ’’ (ਮਹਲਾ /੧੨੦੩), ਜਿਸ ਨੂੰ ਇਹ ਸਮਝ ਆ ਗਈ, ਉਸ ਦੇ ਅੰਦਰੋਂ ਇਹੀ ਪੁਕਾਰ ਉੱਠਦੀ ਹੈ, ‘‘ਉਝੜ, ਮਾਰਗੁ ਸਭੁ, ਤੁਮ ਹੀ ਕੀਨਾ; ਚਲੈ ਨਾਹੀ ਕੋ ਵੇਪਾੜਾ ’’ (ਮਹਲਾ /੧੦੮੧) ਅਰਥ : ਹੇ ਪ੍ਰਭੂ ! ਭੈੜਾ ਰਾਹ ਤੇ ਸਹੀ ਮਾਰਗ; ਤੈਂ ਹੀ ਬਣਾਇਆ ਹੈ। ਭਰਮ ’ਚ ਪਿਆ ਮਨੁੱਖ; ਖ਼ੁਦ ਸਹੀ ਮਾਰਗ ’ਤੇ ਨਹੀਂ ਚੱਲ ਸਕਦਾ। ਐਸੀ ਮਨੋਬਿਰਤੀ ਪਨਪਨ ਉਪਰੰਤ ਹੁੰਦੀ ਖ਼ਾਸ ਮਿਹਰ/ਵਜ਼ੀਫ਼ਾ; ਅੰਤਹਿਕਰਣ ’ਚ ਬਣੀ ‘ਕੂੜ ਦੀ ਪਾਲਿ’ ਮਿਟ ਕੇ ਆਤਮ-ਪ੍ਰਕਾਸ਼ (ਵਿਆਪਕ ਰੱਬੀ ਜੋਤਿ) ਦਾ ਹੂ-ਬਹੂ ਪ੍ਰਕਾਸ਼; ਦਿਮਾਗ਼ ਤੱਕ ਪਹੁੰਚਦਾ ਹੈ ਯਾਨੀ ਉਸ ਨੂੰ ਆਤਮ-ਪ੍ਰਕਾਸ਼/ਬਲ ਦਾ ਅਹਿਸਾਸ ਹੋ ਜਾਂਦਾ ਹੈ। ਇਹੀ ਹੈ : ‘ਪ੍ਰਭੂ ਦਾ ਦਰਸ਼ਨ’।

ਇਸ ਸਾਰੀ ਵਿਚਾਰ ਦਾ ਤਤਸਾਰ ਇਹ ਹੈ ਕਿ ਭਾਵੇਂ ਅਕਾਲ ਪੁਰਖ ਦੇ ਸੁਭਾਅ (ਮਰਜ਼ੀ ਜਾਂ ਖੇਡ) ਦਾ ਹਿੱਸਾ ਹੀ ਹਨ ‘ਕੁਦਰਤ ਦਾ ਨਿਯਮ’ ਤੇ ‘ਇਲਾਹੀ ਹੁਕਮ’, ਪਰ ਇਨ੍ਹਾਂ ਦੇ ਅੰਤਰ ਦੀ ਸੋਝੀ; ਗੁਰਮੁਖ ਤੋਂ ਬਿਨਾਂ ਕਿਸੇ ਜੀਵ-ਜੰਤ, ਖੰਡ-ਬ੍ਰਹਿਮੰਡ, ਬਾਂਸ ਜਾਂ ਮਨਮੁਖ, ਆਦਿ ਨੂੰ ਨਹੀਂ ਹੋ ਸਕਦੀ। ਇਨ੍ਹਾਂ ਸਭ ਨੇ ਤਾਂ ਕੁਦਰਤ ਦਾ ਨਿਯਮ ਹੀ ਅਪਣਾਉਣਾ ਹੁੰਦਾ ਹੈ। ਉਸੇ ’ਚ ਬੱਝੇ ਚੱਲਦੇ, ਦੁਖੀ ਹੁੰਦੇ ਤੇ ਮਰਦੇ ਹਨ। ਜ਼ਿੰਦਗੀ ਦਾ ਕੋਈ ਟੀਚਾ ਚੁਣਨ ਵਾਲ਼ਾ ਅੰਦਰ ਚਾਨਣ/ਗਿਆਨ ਨਹੀਂ ਹੁੰਦਾ ਕਿਉਂਕਿ ਅੰਦਰ ਹਨ੍ਹੇਰਾ ਹੈ। ‘ਕੂੜ ਦੀ ਪਾਲਿ’; ਬੜੀ ਸੰਘਣੀ ਹੈ, ਜੋ ਕਈ ਜਨਮਾਂ ’ਚ ਇਕੱਠੀ ਹੋਈ ਹੈ; ਜਿਵੇਂ ਕਿ ਵਾਕ ਹੈ, ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ   ਖੰਨਲੀ ਧੋਤੀ, ਉਜਲੀ ਹੋਵਈ; ਜੇ ਸਉ ਧੋਵਣਿ ਪਾਹੁ ਗੁਰ ਪਰਸਾਦੀ ਜੀਵਤੁ ਮਰੈ; ਉਲਟੀ ਹੋਵੈ ਮਤਿ ਬਦਲਾਹੁ   ਨਾਨਕ  ! ਮੈਲੁ ਲਗਈ; ਨਾ ਫਿਰਿ ਜੋਨੀ ਪਾਹੁ ’’ (ਮਹਲਾ /੬੫੧) ਅਰਥ : ਅਨੇਕਾਂ ਜਨਮਾਂ ਦੀ ਇਸ ਅੰਤਹਿਕਰਣ (ਮਨ) ਨੂੰ ਮੈਲ਼ ਲੱਗੀ ਹੈ, ਜੋ ਕੋਹਲੂ ’ਚ ਫੇਰਨ ਵਾਲ਼ੀ ਉਸ ਲੀਰ ਵਾਂਗ ਬੜਾ ਕਾਲ਼ਾ ਹੋ ਗਿਆ, ਜੋ 100 ਵਾਰ ਧੋਣ ਨਾਲ਼ ਭੀ ਸਫ਼ੈਦ ਨਹੀਂ ਹੁੰਦੀ, ਪਰ ਹਾਂ ਗੁਰੂ ਦੀ ਖ਼ਾਸ ਮਿਹਰ ਨਾਲ਼ ਇਸੇ ਜਨਮ ’ਚ (ਜੇ ਵਿਕਾਰਾਂ ਵੱਲੋਂ) ਨਿਰਮੋਹ ਹੋ ਜਾਈਏ ਤਾਂ ਇਹ ਮੈਲ਼ਾ ਅੰਤਹਿਕਰਣ ਪਾਰਦਰਸ਼ੀ ਹੋ ਦਿਮਾਗ਼ ’ਚ ਬਿਬੇਕ ਪੈਦਾ ਹੋ ਸਕਦਾ ਹੈ। ਜਿਸ ਨੂੰ ਮੁੜ ਕਦੇ ਮੈਲ਼ ਨਹੀਂ ਲੱਗਦੀ ਤੇ ਨਾ ਹੀ ਵਾਰ-ਵਾਰ ਜਨਮ ਮਰਨ ਹੁੰਦਾ ਹੈ। ਐਸਾ ਚਾਨਣ/ਗਿਆਨ; ਗੁਰਮੁਖ ਤੋਂ ਇਲਾਵਾ ਕਿਸੇ ਜੀਵ-ਜੰਤ ਨੂੰ ਨਹੀਂ ਹੁੰਦਾ। ਉਨ੍ਹਾਂ ਵਰਗਾ ਹੀ ਮਨਮੁਖ ਹੈ ਤਾਹੀਓਂ ਗੁਰੂ ਪਾਸੋਂ ਵਜ਼ੀਫ਼ਾ/ਖ਼ਾਸ ਮਿਹਰ ਪਾਉਣ ਲਈ ਵਫ਼ਾਦਾਰ ਨਹੀਂ ਬਣਦਾ।

ਕੱਝ ਪਾਠਕਾਂ ਨੇ ਹੇਠਲੇ ਦੋ ਵਾਕਾਂ ਦੇ ਅਰਥ ਸਮਝਾਉਣ ਲਈ ਕਿਹਾ ਹੈ :

(). ਹਮ ਕੀਆ ਹਮ ਕਰਹਗੇ; ਹਮ ਮੂਰਖ ਗਾਵਾਰ ਕਰਣੈ ਵਾਲਾ ਵਿਸਰਿਆ; ਦੂਜੈ ਭਾਇ ਪਿਆਰੁ ਮਾਇਆ ਜੇਵਡੁ ਦੁਖੁ ਨਹੀ; ਸਭਿ ਭਵਿ ਥਕੇ ਸੰਸਾਰੁ ਗੁਰਮਤੀ ਸੁਖੁ ਪਾਈਐ; ਸਚੁ ਨਾਮੁ ਉਰ ਧਾਰਿ (ਮਹਲਾ /੩੯) ਅਰਥ : (ਜੋ ਨੌਕਰ; ਮਾਲਕ ਨੂੰ ਅਣਡਿੱਠ ਕਰ ਸਮਝਦੇ ਹਨ ਕਿ ਆਹ ਕੰਮ, ਓਹ ਕੰਮ) ਅਸੀਂ ਕੀਤਾ ਹੈ, ਅਸੀਂ ਹੀ ਕਰ ਸਕਦੇ ਹਾਂ; ਉਹ ਮੂਰਖ ਹਨ, ਨਾਸਮਝ ਹਨ (ਕਿਉਂਕਿ ਉਹ) ਹੋਰ ਹੋਰ (ਅਹੰਕਾਰ ਪੈਦਾ ਕਰਨ ਵਾਲ਼ੀ) ਭੁੱਖ ਕਾਰਨ ਜਨਮ ਦੇਣ ਵਾਲ਼ੇ ਪਿਆਰੇ ਪ੍ਰਭੂ ਨੂੰ ਭੁਲਾ ਬੈਠੇ। (ਇਸ ਅਹੰਕਾਰ-ਭੁੱਖ ਰੂਪ) ਮਾਇਆ ਜਿੱਡੀ ਵਿਸ਼ਾਲ ਹੋਰ ਕੋਈ ਪੀੜਾ ਨਹੀਂ, ਜਿਸ ਕਾਰਨ ਸਾਰੇ ਮਨੁੱਖ ਭਟਕ-ਭਟਕ ਕੇ ਮਰ ਗਏ। ਗੁਰੂ ਦੀ ਮੱਤ ਲੈ ਹਿਰਦੇ ’ਚ ਸੱਚਾ ਨਾਮ ਵਸਾ ਕੇ ਅਨੰਦ ਮਿਲਦਾ ਹੈ (ਅਹੰਕਾਰ ਮਰਦਾ ਹੈ)।

ਨੋਟ : ਇੱਥੇ ਤਨਖ਼ਾਹਦਾਰ ਨੌਕਰ ਦੁਆਰਾ ਮਾਲਕ ਦੇ ਕੰਮਾਂ ਦਾ ਮਹੱਤਵ ਆਪਣੇ ਉੱਤੇ ਲੈਣ ਨਾਲ਼ ਹੋਈ ਪੀੜਾ ਦਾ ਜ਼ਿਕਰ ਹੈ, ਜੋ ਅਹੰਕਾਰ-ਭੁੱਖ ਕਾਰਨ ਉਪਜੀ ਹੈ। ਇੱਥੇ ਸ਼ਬਦ ‘ਮੂਰਖ’ ਹੈ, ਜਿਸ ਦਾ ਅਰਥ ਹੁੰਦਾ ਹੈ ‘ਮੂੰਹ ਰੱਖ’ ਭਾਵ ਮੈ ਹੀ ਸਹੀ ਹਾਂ। ਮੇਰਾ ਹੀ ਬੋਲ ਤੇ ਕੰਮ ਸਹੀ ਹੈ। ਮੈ ਹੀ ਸਭ ਕੁੱਝ ਦਾ ਕਰਤਾ-ਧਰਤਾ ਹਾਂ। ਜਿਸ ਕੰਮ ਨੂੰ ਕਰਨ ’ਚ ਬੰਦਾ ਸ਼ਰਮਿੰਦਗੀ ਮਹਿਸੂਸ ਕਰੇ, ਮੂਰਖ ਉਸ ਨੂੰ ਕਰਨ ਤੋਂ ਬਾਅਦ ਗਰਬ ਮਹਿਸੂਸ ਕਰਦਾ ਹੈ। ਐਸੀ ਅਹੰਕਾਰ ਭਾਵਨਾ; ਨੌਕਰ ਤੇ ਮਾਲਕ ’ਚ ਪਿਆਰ ਨਹੀਂ ਪੈਦਾ ਹੋਣ ਦਿੰਦੀ। ਇਹੀ ਹੈ ‘ਜਨਮ ਜਨਮ ਕੀ ਮੈਲ਼, ਕੂੜ ਦੀ ਪਾਲਿ’।

ਉਕਤ ਅਰਥਾਂ ’ਚ ਸ਼ਾਇਦ ਇਹ ਭੁਲੇਖਾ ਲੱਗਿਆ ਹੈ ਕਿ ਮਨਮੁਖ ਬੰਦਾ; ਰੱਬ ਦੇ ਹੁਕਮ ਤੋਂ ਆਕੀ ਹੋ ਗਿਆ, ਇਸ ਲਈ ਅਹੰਕਾਰ ਪੈਦਾ ਹੋਇਆ। ਐਸਾ ਹੀ ਬਚਨ ਭਗਤ ਰਵਿਦਾਸ ਜੀ ਦਾ ਹੈ, ‘‘ਹਮ ਬਡ ਕਬਿ, ਕੁਲੀਨ ਹਮ ਪੰਡਿਤ; ਹਮ ਜੋਗੀ ਸੰਨਿਆਸੀ   ਗਿਆਨੀ ਗੁਨੀ ਸੂਰ ਹਮ ਦਾਤੇ; ਇਹ ਬੁਧਿ ਕਬਹਿ ਨਾਸੀ ’’ (ਭਗਤ ਰਵਿਦਾਸ/੯੭੪) ਅਰਥ : ਅਸੀਂ ਵੱਡੇ ਕਵੀ ਹਾਂ। ਉੱਚੀ ਕੁੱਲ ਵਾਲ਼ੇ ਪੰਡਿਤ ਹਾਂ। ਜੋਗ ਸਾਧਨਾ ’ਚ ਨਿਪੁੰਨ ਹਾਂ। ਗ੍ਰਿਹਸਤ ਤੋਂ ਨਿਰਮੋਹ ਹਾਂ। ਗੁਣੀ ਗਿਆਨੀ, ਵੱਡੇ ਸੂਰਮੇ ਤੇ ਦਾਨੀ ਸੁਭਾਅ ਹਾਂ। (ਮਨਮੁਖ ਅੰਦਰੋਂ) ਐਸੀ ਸੋਚ ਕਦੇ ਨਹੀਂ ਮਰਦੀ।

ਵਿਚਾਰ : ਉਕਤ ਦੋਵੇਂ ਵਾਕ; ਆਪਣੇ-ਆਪਣੇ ਸ਼ਬਦਾਂ ਦੇ ਨਾ ਆਰੰਭ ’ਚ ਹਨ ਤੇ ਨਾ ਹੀ ਅੰਤ ’ਚ ਹਨ ਭਾਵ ਵਿਚਕਾਰ ਹਨ। ਤੀਸਰੇ ਪਾਤਿਸ਼ਾਹ ਦੇ ਚਾਰ ਬੰਦਾਂ ਵਾਲ਼ੇ ਸ਼ਬਦ ’ਚ ਇਹ ਪੰਕਤੀ; ਤੀਜੇ ਬੰਦ ’ਚ ਹੈ ਤੇ ਭਗਤ ਰਵਿਦਾਸ ਜੀ ਦੇ ਤਿੰਨ ਬੰਦਾਂ ਵਾਲ਼ੇ ਸ਼ਬਦ ’ਚ ਇਹ ਪੰਕਤੀ; ਦੂਜੇ ਬੰਦ ’ਚ ਹੈ। ਸ਼ਬਦ ਦੇ ਵਿਚਕਾਰ ਅਕਸਰ ਮਿਸਾਲ ਦਿੱਤੀ ਜਾਂਦੀ ਹੈ। ਸ਼ਬਦ ਦਾ ਕੇਂਦਰੀ ਭਾਵ ‘ਰਹਾਉ’ ਪਦੇ ’ਚ ਹੁੰਦਾ ਹੈ, ਜਿਸ ਦਾ ਸੰਖੇਪ ਜਿਹਾ ਇਸ਼ਾਰਾ ਅੰਤਮ ਬੰਦ ’ਚ ਭੀ ਹੁੰਦਾ ਹੈ। ਗੁਰੂ ਅਮਰਦਾਸ ਜੀ ਦੇ ਸ਼ਬਦ ਦਾ ‘ਰਹਾਉ’ ਵਾਕ ਹੈ, ‘‘ਮਨ ਮੇਰੇ  ! ਗੁਰ ਸਰਣਿ ਆਵੈ; ਤਾ ਨਿਰਮਲੁ ਹੋਇ   ਮਨਮੁਖ ਹਰਿ ਹਰਿ ਕਰਿ ਥਕੇ; ਮੈਲੁ ਸਕੀ ਧੋਇ ਰਹਾਉ ’’ ਅਰਥ : ਹੇ ਮੇਰੇ ਮਨ ! ਜੋ ਗੁਰੂ ਦੀ ਸ਼ਰਨ ’ਚ ਆਉਂਦਾ ਹੈ, ਉਹੀ ਨਿਰਮਲ ਹੁੰਦਾ ਹੈ। ਵੇਖ, ਗੁਰੂ ਦੀ ਸ਼ਰਨ ਤੋਂ ਬਿਨਾਂ ਮਨਮੁਖ ਲੋਕ; ਹਰੀ ਹਰੀ ਜਪਦੇ ਰਹੇ, ਫਿਰ ਭੀ ਮਨ ਨਿਰਮਲ ਨਾ ਕਰ ਸਕੇ।

‘‘ਹਮ ਕੀਆ ਹਮ ਕਰਹਗੇ’’ ਦੇ ਅਰਥਾਂ ਤੋਂ ਸਪਸ਼ਟ ਹੁੰਦਾ ਹੈ ਕਿ ਇੱਥੇ ਭੀ ਵੈਸੀ ਹੀ ਮਿਸਾਲ ਹੈ; ਜੈਸੀ ਕਿ ‘ਜਪੁ’ ਬਾਣੀ ਦੀ 18ਵੀਂ ਪਉੜੀ ’ਚ ਗੁਰੂ ਨਾਨਕ ਸਾਹਿਬ ਜੀ ਵੱਲੋਂ ਦਿੱਤੀ ਗਈ ਹੈ ਕਿ ‘ਹੇ ਨਿਰਾਕਾਰ ਪ੍ਰਭੂ ! ਤੇਰੀ ਕੁਦਰਤ ’ਚ ਅਣਗਿਣਤ ਮੂਰਖ ਹਨ, ਅਸੰਖ ਚੋਰ ਹਨ। ਅਸੰਖ ਹਤਿਆਰੇ ਹਨ, ‘‘ਅਸੰਖ ਮੂਰਖ ਅੰਧ ਘੋਰ   ਅਸੰਖ ਚੋਰ ਹਰਾਮਖੋਰ ਅਸੰਖ ਪਾਪੀ; ਪਾਪੁ ਕਰਿ ਜਾਹਿ   ਅਸੰਖ ਕੂੜਿਆਰ; ਕੂੜੇ ਫਿਰਾਹਿ ..੧੮’’ (ਜਪੁ) ਐਸੇ ਮਨਮੁਖ ਬਾਂਸ ਵਾਂਗ ਕੁਦਰਤ ਦੇ ਨਿਯਮ ’ਚ ਹੁੰਦੇ ਹਨ, ਪਰ ਗੁਰੂ ਦੀ ਮਿਹਰ (ਵਜ਼ੀਫ਼ੇ) ਤੋਂ ਸੱਖਣੇ ਹੁੰਦੇ ਹਨ। ਇਹ ਗੱਲ; ਤੀਸਰੇ ਪਾਤਿਸ਼ਾਹ ਉਕਤ ਸ਼ਬਦ ਦੇ ਪਹਿਲੇ ਬੰਦ ’ਚ ਕਹਿ ਰਹੇ ਹਨ, ‘‘ਮਲੁ ਹਉਮੈ ਧੋਤੀ ਕਿਵੈ ਉਤਰੈ; ਜੇ ਸਉ ਤੀਰਥ ਨ੍ਹਾਇ   ਬਹੁ ਬਿਧਿ ਕਰਮ ਕਮਾਵਦੇ; ਦੂਣੀ ਮਲੁ ਲਾਗੀ ਆਇ   ਪੜਿਐ ਮੈਲੁ ਉਤਰੈ; ਪੂਛਹੁ ਗਿਆਨੀਆ ਜਾਇ ’’ ਸ਼ਬਦ ਦੇ ਅੰਤਮ ਬੰਦ ’ਚ ਗੁਰੂ ਜੀ ਸਾਫ਼ ਕਰਦੇ ਹਨ ਕਿ ‘‘ਜਿਸ ਨੋ ਮੇਲੇ, ਸੋ ਮਿਲੈ; ਹਉ ਤਿਸੁ ਬਲਿਹਾਰੈ ਜਾਉ ..’’ (ਮਹਲਾ /੩੯) ਭਾਵ ਜਿਸ ਨੂੰ ਕਰਤਾਰ; ਖ਼ੁਦ ਆਪਣੇ ਨਾਲ਼ ਮੇਲਣਾ ਚਾਹੇ, ਓਹੀ ‘‘ਹਮ ਕੀਆ ਹਮ ਕਰਹਗੇ’’ ਵਾਲ਼ਾ ਅਹੰਕਾਰ ਛੱਡ ਉਸ ਨਾਲ਼ ਮਿਲਦਾ ਹੈ; ਖ਼ੁਦ ਕੋਈ ਨਹੀਂ ਮਿਲ ਸਕਦਾ। ਇਸੇ ਤਰ੍ਹਾਂ ਭਗਤ ਰਵਿਦਾਸ ਜੀ; ‘ਰਹਾਉ’ ਬੰਦ ’ਚ ਸਮਝਾਉਂਦੇ ਹਨ, ‘‘ਦੇਵ  ! ਸੰਸੈ ਗਾਂਠਿ ਛੂਟੈ   ਕਾਮ ਕ੍ਰੋਧ ਮਾਇਆ ਮਦ ਮਤਸਰ; ਇਨ ਪੰਚਹੁ ਮਿਲਿ ਲੂਟੇ ਰਹਾਉ ’’ (ਭਗਤ ਰਵਿਦਾਸ/੯੭੪) ਹੇ ਪ੍ਰਕਾਸ਼ਮਈ ਪ੍ਰਭੂ ! (ਤੇਰੀ ਖ਼ਾਸ ਮਿਹਰ/ਵਜ਼ੀਫ਼ੇ ਤੋਂ ਬਿਨਾਂ) ਸੰਦੇਹ-ਭਰਮ (ਭਾਵ ਮਨ ਦਾ ਵਿਕਲਪ) ਰੂਪ ਗੰਢ ਨਹੀਂ ਖੁੱਲ੍ਹਦੀ/ਮਿਟਦੀ ਤਾਹੀਓਂ ਇਨ੍ਹਾਂ ਪੰਜੇ (ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ) ਵਿਕਾਰਾਂ ਨੇ ਮਿਲ ਕੇ ਸੁਆਸ ਪੂੰਜੀ ਲੁੱਟ ਲਈ ਹੈ ਯਾਨੀ ਇਨ੍ਹਾਂ ਸ਼ਬਦਾਂ ’ਚ ‘ਗੁਰਮੁਖ ਬਨਾਮ ਮਨਮੁਖ’ ਦੀ ਵਿਚਾਰ ਕਰਦਿਆਂ ਗੁਰਮੁਖ ਨੂੰ ਗੁਰੂ ਦੀ ਸ਼ਰਨ ਪ੍ਰਾਪਤ ਕਰ ਸਫਲ ਹੁੰਦਾ ਵਿਖਾਇਆ ਗਿਆ ਹੈ ਤੇ ਮਨਮੁਖ ਨੂੰ ਗੁਰੂ ਦੀ ਸ਼ਰਨ ਨਾ ਲੈਣ ਕਾਰਨ ਜੀਵਨ-ਬਾਜ਼ੀ ਹਾਰਦਾ ਵਿਖਾਇਆ ਗਿਆ ਹੈ। ‘ਕੂੜ ਦੀ ਪਾਲਿ’ ਜਿਉਂ ਦੀ ਤਿਉਂ ਬਣੀ ਹੋਣ ਕਾਰਨ ਇਨ੍ਹਾਂ ਅੰਦਰਲੀ ਦਸ਼ਾ ਪਸ਼ੂ-ਪੰਛੀ, ਬਾਂਸ ਆਦਿ ਵਰਗੀ ਹੁੰਦੀ ਹੈ।

(). ਜਬ ਲਗੁ ਹੁਕਮੁ ਬੂਝਤਾ; ਤਬ ਹੀ ਲਉ ਦੁਖੀਆ ਗੁਰ ਮਿਲਿ ਹੁਕਮੁ ਪਛਾਣਿਆ; ਤਬ ਹੀ ਤੇ ਸੁਖੀਆ (ਮਹਲਾ /੪੦੦) ਅਰਥ : ਜਦ ਤੱਕ ਮਨਮੁਖ; ਗੁਰੂ ਨੂੰ ਮਿਲ ਕੇ ਮਾਲਕ ਦੀ ਮਰਜ਼ੀ ਨੂੰ ਨਹੀਂ ਸਵੀਕਾਰਦਾ ਤਦ ਤੱਕ (ਮਿਹਰ ਤੋਂ ਸੱਖਣਾ ਰਹਿ ਕੇ) ਦੁਖੀ ਹੈ, ਬੇਚੈਨ ਹੈ। ਜਦ ਰਜ਼ਾ (ਦੇ ਮਾਲਕ) ਨੂੰ ਸਮਝ ਗਿਆ ਤਾਂ ਸੁਖੀ ਹੋ ਗਿਆ ਭਾਵ ਖ਼ੁਦ ਨੂੰ ਮਾਲਕ ਬਣਨਾ ਤਿਆਗ ਦਿੱਤਾ। ਫਿਰ ਤੱਤੀ ਤਵੀ ’ਤੇ ਬੈਠਾ ਭੀ ‘‘ਤੇਰਾ ਕੀਆ ਮੀਠਾ ਲਾਗੈ ’’ (ਮਹਲਾ /੩੯੪) ਗਾਉਂਦਾ ਹੈ।

ਜਿਸ ਤਰ੍ਹਾਂ ਹੋਮਿਓਪੈਥਿਕ; ਰੋਗ ਦਾ ਨਹੀਂ, ਰੋਗੀ/ਮਰੀਜ਼ ਦਾ ਇਲਾਜ ਕਰਦੀ ਹੈ; ਉਸੇ ਤਰ੍ਹਾਂ ਗੁਰੂ ਸਿੱਖਿਆ; ਸਰੀਰਕ ਰੋਗਾਂ ਦਾ ਨਹੀਂ, ਮਾਨਸਿਕ ਰੋਗਾਂ ਦਾ ਇਲਾਜ ਕਰਦੀ ਹੈ। ਇਹ ਭੀ ਸੱਚ ਹੈ ਕਿ ਮਾਨਸਿਕ ਰੋਗਾਂ ਦੇ ਇਲਾਜ ਨਾਲ਼ ਕਈ ਸਰੀਰਕ ਰੋਗ ਭੀ ਖ਼ਤਮ ਹੋ ਜਾਂਦੇ ਹਨ। ਇਹ ਦਾਤੇ ਦੀ ਕਲਾ ਹੈ ਕਿ ਕਦੇ ਕਦਾਈਂ ਆਪਣੀ ਹੋਂਦ ਨੂੰ ਜ਼ਾਹਰ ਕਰਨ ਲਈ ਅਣਹੋਣੀ ਨੂੰ ਹੋਣੀ ’ਚ ਭੀ ਬਦਲ ਦਿੰਦਾ ਹੈ ਭਾਵ ਕਿਸੇ ਦੇ ਸਰੀਰਕ ਰੋਗ ਭੀ ਇਉਂ ਖ਼ਤਮ ਕਰ ਦਿੰਦਾ ਹੈ; ਜਿਵੇਂ ਕਿ ਔਰਤ ਹੀ ਜਨਨੀ ਹੈ ਜਾਂ ਦਾੜ੍ਹੀ ਮਨੁੱਖ ਦੇ ਹੀ ਹੁੰਦੀ ਹੈ, ਦਾ ਭਰਮ ਤੋੜ ਕੇ ਨਰ ਤੋਂ ਬੱਚਾ ਪੈਦਾ ਕਰ ਦਿੰਦਾ ਹੈ, ਔਰਤ ਦੇ ਮੂੰਹ ’ਤੇ ਦਾੜ੍ਹੀ ਲਿਆ ਦਿੰਦਾ ਹੈ, ਆਦਿ।

ਸਵਾਲ ਤੀਜਾ : ਜੇਕਰ ਮਨਮੁਖ ਭੀ ਹੁਕਮ ’ਚ ਹੈ ਤਾਂ ਉਸ ਨੂੰ ਸਮਝਾਉਣ ਦੀ ਕੀ ਲੋੜ ਹੈ ?

ਜਵਾਬ : ਗੁਰਮਤਿ ਦੇ ਦੋ ਪੱਖ ਹਨ : ‘ਪੀਰੀ ਅਤੇ ਮੀਰੀ’। ‘ਪੀਰੀ’ ਦਾ ਅਰਥ ਹੈ ‘ਗੁਰੂ ਸਿੱਖਿਆ ਰਾਹੀਂ ਸਵੈ ਪੜਚੋਲ ਕਰ-ਕਰ ਆਤਮ-ਪ੍ਰਕਾਸ਼/ਬਲ ਨੂੰ ਮਹਿਸੂਸ ਕਰਨਾ ਜਾਂ ਅੰਤਹਿਕਰਣ ਪਾਰਦਰਸ਼ੀ ਕਰਨਾ ਭਾਵ ਮਨ ਨਿਰਮਲ ਕਰਨਾ’ ਅਤੇ ਮੀਰੀ ਦਾ ਅਰਥ ਹੈ : ‘ਪੀਰੀ/ਸੱਚ ਦੀ ਵਕਾਲਤ ਕਰਨਾ ਭਾਵ ਮਾਨਵਤਾ ਲਈ ਆਦਰਸ਼ ਬਣਨਾ; ਸਮਾਜਿਕ ਏਕਤਾ, ਪਿਆਰ ਤੇ ਸੁਤੰਤਰਤਾ ਕਾਇਮ ਕਰਨ ’ਚ ਆਪਣਾ ਫ਼ਰਜ਼ ਅਦਾ ਕਰਨਾ ਕਿਉਂਕਿ ਗੁਰਮਤਿ ਅਨੁਸਾਰ ‘ੴ’; ਹਰ ਇੱਕ ’ਚ ਮੌਜੂਦ ਹੈ। ਮਾਨਵਤਾ ਦੀ ਸੇਵਾ ਰਾਹੀਂ ਮਾਲਕ ਦੀ ਪ੍ਰਸੰਨਤਾ ਹਾਸਲ ਹੁੰਦੀ ਹੈ।

‘ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ’ ਵਿਸ਼ੇ ਦੀ ਕੀਤੀ ਗਈ ਹੁਣ ਤੱਕ ਵਿਚਾਰ ‘ਪੀਰੀ’ ਪੱਖ ਨਾਲ਼ ਸਬੰਧਿਤ ਹੈ। ਇਸ ਲੜੀ ਦੇ ਚੌਥੇ (ਅੰਤਮ) ਭਾਗ ’ਚ ‘ਮੀਰੀ’ ਵਿਸ਼ਾ ਵਿਚਾਰਿਆ ਜਾਏਗਾ, ਜਿਸ ਵਿੱਚ ਇਹ ਸਵਾਲ ਕਿ ‘ਜੇਕਰ ਮਨਮੁਖ ਭੀ ਹੁਕਮ ’ਚ ਹੈ ਤਾਂ ਉਸ ਨੂੰ ਸਮਝਾਉਣ ਦੀ ਕੀ ਲੋੜ ਹੈ’ ਦਾ ਵਿਸਥਾਰ ਸਹਿਤ ਜਵਾਬ ਦਿੱਤਾ ਜਾਏਗਾ।

ਸੋ ਅੰਤ ’ਚ ਮੁੜ ਯਾਦ ਰੱਖਣ ਹੈ ਕਿ ਗੁਰਮਤਿ ਦੇ ਦੋ ਮੂਲ ਸਿਧਾਂਤ ਹਨ (1). ਕਰਤਾਰ ਦੇ ਹੁਕਮ ਅੰਦਰ ਪੂਰੀ ਕਾਇਨਾਤ ਹੈ, ਨੂੰ ਸਵੀਕਾਰ ਕੇ ਹੋਰਾਂ ਅੰਦਰ ਇਹ ਵਿਸ਼ਵਾਸ ਪੈਦਾ ਕਰਨਾ ਅਤੇ (2). ਇਸ ਉੱਤੇ ਬਣੀ ਅਸ਼ਰਧਾ (ਭਰਮ) ਨੂੰ ਤੋੜਨਾ।

–ਚੱਲਦਾ–

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਤੀਜਾ)

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਚੌਥਾ)