ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਚੌਥਾ)

0
371

ਬੇੜੀ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਚੌਥਾ)

ਗਿਆਨੀ ਅਵਤਾਰ ਸਿੰਘ

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਪਹਿਲਾ)

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਦੂਜਾ)

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਤੀਜਾ)

ਦੁਨਿਆਵੀ ਮਨੁੱਖ ਕੋਲ਼ ਅਸਲ ਖ਼ਜ਼ਾਨਾ; ਉਸ ਨੇ ਆਪਣੇ ਪੰਜ ਗਿਆਨ ਇੰਦ੍ਰਿਆਂ (ਅੱਖ, ਨੱਕ, ਕੰਨ, ਜੀਭ ਤੇ ਚਮੜੀ) ਰਾਹੀਂ ਪਾਇਆ ਗਿਆਨ ਹੀ ਹੁੰਦਾ ਹੈ। ਕਿਸੇ ਘਟਨਾ ਜਾਂ ਚਿੱਤਰ ਨੂੰ ਅੱਖਾਂ ਨਾਲ਼ ਵੇਖ ਕੇ, ਫੁੱਲਾਂ ਦੀ ਮਹਿਕ ਜਾਂ ਗੰਦ ਨੂੰ ਨੱਕ ਨਾਲ਼ ਸੁੰਘ ਕੇ, ਆਵਾਜ਼ ਨੂੰ ਕੰਨਾਂ ਨਾਲ਼ ਸੁਣ ਕੇ, ਪਦਾਰਥਾਂ ਨੂੰ ਜੀਭ ਨਾਲ਼ ਚੱਖ ਕੇ ਤੇ ਹੱਥ-ਪੈਰ (ਭਾਵ ਚਮੜੀ) ਨਾਲ਼ ਵਸਤੂ ਨੂੰ ਛੋਹ ਕੇ ਪ੍ਰਾਪਤ ਹੁੰਦਾ ਗਿਆਨ ਹੀ ਹਰ ਮਨੁੱਖ ਦਾ ਪ੍ਰੇਰਨਾ-ਸ੍ਰੋਤ ਹੁੰਦਾ ਹੈ, ਜੋ ਦਿਮਾਗ਼ ਨੂੰ ਸੰਤੁਸ਼ਟ ਕਰੀ ਰੱਖਦਾ ਹੈ ਤਾਹੀਓਂ ਉਹ ਕਦੇ ਇਹ ਸੰਦੇਹ ਜਾਂ ਤਰਕ ਨਹੀਂ ਕਰਦਾ ਕਿ ਛੋਹੀ ਗਈ ਵਸਤੂ; ਵਸਤੂ ਨਹੀਂ ਸੀ। ਸੁੰਘੀ ਗਈ ਮਹਿਕ; ਮਹਿਕ ਨਹੀਂ ਸੀ। ਵੇਖੀ ਗਈ ਘਟਨਾ; ਕੋਈ ਹਾਦਸਾ ਨਹੀਂ ਸੀ, ਆਦਿ।

ਦੂਜੇ ਪਾਸੇ ਧਰਮ ਦਾ ਗਿਆਨ; ਗੁਰੂ ਸਾਹਿਬਾਨ, ਭਗਤ ਸਾਹਿਬਾਨ ਆਦਿਕ ਦੇ ਅੰਦਰੋਂ ਫੁਟਿਆ ਉਹ ਅਨੁਭਵ ਹੈ, ਜੋ ਗਿਆਨ ਇੰਦ੍ਰਿਆਂ ਤੋਂ ਇਲਾਵਾ ਇੱਕ ਗ਼ੈਬੀ/ਅਦ੍ਰਿਸ਼ ਸ਼ਕਤੀ ਨਾਲ਼ ਲਗਾਅ ਪੈਦਾ ਕਰ ਉਤਪੰਨ ਹੋਇਆ ਹੁੰਦਾ ਹੈ। ਇਸ ਨਾਲ਼ ਹੋਇਆ ਸ਼ਾਂਤ ਮਨ, ਦੁਬਿਧਾ ਮੁਕਤ (ਸਥਿਰ) ਦਿਮਾਗ਼ ਤੇ ਬੋਲ-ਬਾਣੀ ’ਚ ਉਪਜੀ ਹਾਂ-ਪੱਖੀ ਭਾਵਨਾ ਆਮ ਜ਼ਿੰਦਗੀ ਨਾਲ਼ੋਂ ਬਹੁਤ ਭਿੰਨ ਹੁੰਦੀ ਹੈ। ਆਪਣੇ ਬੌਧਿਕ ਪੱਧਰ ਨਾਲ਼ ਬਾਣੀਕਾਰ, ਜਿੱਥੇ ਸਭ ਨੂੰ ਇੱਕ ਸਮਾਨ ਵੇਖਦਾ ਹੈ; ਓਥੇ ਆਮ ਮਨੁੱਖ ਦੀ ਦ੍ਰਿਸ਼ਟੀ ’ਚ ਕਈ ਤਰੇੜਾਂ ਹੁੰਦੀਆਂ ਹਨ, ਜੋ ਵਿਤਕਰਿਆਂ ਨੂੰ ਜਨਮ ਦਿੰਦੀਆਂ ਰਹਿੰਦੀਆਂ ਹਨ।

ਗੁਰੂ ਅਮਰਦਾਸ ਜੀ ਨੇ ਆਪਣੇ ਲੰਬੇ ਅਨੁਭਵ ਨੂੰ ਬਿਆਨ ਕਰਦਿਆਂ ਕਿਹਾ ਕਿ ਹਰ ਮਨੁੱਖ; ਸਰੀਰਕ ਰਸਾਂ-ਕਸਾਂ ਨੂੰ ਹੀ ਅਸਲ ਅਨੰਦ ਸਮਝ ਬੈਠਦਾ ਹੈ, ਜੋ ਅਸਲ ’ਚ ਗੁਰੂ ਪਾਸੋਂ ਮਿਲਦਾ ਹੈ, ‘‘ਆਨੰਦੁ ਆਨੰਦੁ ਸਭੁ ਕੋ ਕਹੈ; ਆਨੰਦੁ ਗੁਰੂ ਤੇ ਜਾਣਿਆਅੰਦਰਹੁ ਜਿਨ ਕਾ ਮੋਹੁ ਤੁਟਾ; ਤਿਨ ਕਾ ਸਬਦੁ ਸਚੈ ਸਵਾਰਿਆ   ਕਹੈ ਨਾਨਕੁ ਏਹੁ ਅਨੰਦੁ ਹੈ; ਆਨੰਦੁ ਗੁਰ ਤੇ ਜਾਣਿਆ (ਮਹਲਾ /੯੧੭) ਅਰਥ : ਹਰ ਕੋਈ ਸਰੀਰਕ ਰਸ ਨੂੰ ਹੀ ਅਨੰਦ ਮੰਨਦਾ ਹੈ ਜਦਕਿ ਅਸਲ ਅਨੰਦ ਦੀ ਪ੍ਰਾਪਤੀ ਸਤਿਗੁਰੂ ਪਾਸੋਂ ਹੁੰਦੀ ਹੈ। ਜਿਨ੍ਹਾਂ ਨੂੰ ਅਸਲ ਅਨੰਦ ਆਇਆ, ਉਨ੍ਹਾਂ ਅੰਦਰ ਮਾਇਆ ਦੀ ਖਿੱਚ ਨਹੀਂ ਰਹਿੰਦੀ। ਉਨ੍ਹਾਂ ਦਾ ਬੋਲ/ਆਚਰਨ ਸੱਚੇ-ਪ੍ਰਭੂ ਨੇ ਸੋਹਣਾ ਬਣਾ ਦਿੱਤਾ ਹੁੰਦਾ ਹੈ।

ਸੋ ਆਤਮਿਕ ਅਨੰਦ ਤੇ ਸਰੀਰਕ ਇੰਦ੍ਰਿਆਂ ਦੇ ਰਸ ’ਚ ਬੜਾ ਅੰਤਰ ਹੁੰਦਾ ਹੈ। ਜਿਸ ਤਰ੍ਹਾਂ ਫਲ਼ਦਾਰ ਰੁੱਖ ਲਗਾਉਣ ਦਾ ਤਦ ਹੀ ਲਾਭ ਹੈ, ਜੇ ਉਸ ਨੂੰ ਫਲ਼ ਲੱਗਣ। ਉਸ ਦਾ ਵਧਣਾ-ਫੈਲਣਾ ਕੋਈ ਅਰਥ ਨਹੀਂ ਰੱਖਦਾ; ਇਸੇ ਤਰ੍ਹਾਂ ਮਨੁੱਖ ਨੇ ਕਿੰਨੇ ਜਪ-ਤਪ, ਦਾਨ, ਤੀਰਥ ਇਸ਼ਨਾਨ, ਨਿਤਨੇਮ ਆਦਿ ਕੀਤੇ ਤਾਂ ਹੀ ਮਾਅਨਾ ਰੱਖਦੇ ਹਨ, ਜੇਕਰ ਉਸ ਦਾ ਹਿਰਦਾ ਖਿੜਿਆ ਹੋਵੇ ਵਰਨਾ ਇਹ ਸਭ ਕਰਮਕਾਂਡ ਹੀ ਹਨ। ਕਰਮਕਾਂਡ ਤੋਂ ਭਾਵ ਲੋਕ ਵਿਖਾਵੇ ਮਾਤਰ ਕੀਤੇ ਜਾਣ ਵਾਲ਼ੇ ਧਾਰਮਿਕ ਕਰਮ, ਜਿਨ੍ਹਾਂ ਨੂੰ ਕਰਨ ਨਾਲ਼ ਮਨ ’ਚ ਸਗੋਂ ਮਾਣ ਭਾਵਨਾ ਜਨਮ ਲੈਂਦੀ ਹੈ ਕਿ ਮੈ ਤਾਂ ਧਰਮੀ ਹਾਂ। ਪਾਵਨ ਬਚਨ ਹਨ, ‘‘ਤੀਰਥੁ ਤਪੁ ਦਇਆ ਦਤੁ ਦਾਨੁ   ਜੇ ਕੋ ਪਾਵੈ; ਤਿਲ ਕਾ ਮਾਨੁ .. ਨਾਨਕ  ! ਜੇ ਕੋ ਆਪੌ ਜਾਣੈ; ਅਗੈ ਗਇਆ ਸੋਹੈ ੨੧’’ (ਜਪੁ) ਅਰਥ : ਤੀਰਥ-ਇਸ਼ਨਾਨ, ਰਹਿਮਦਿਲੀ ਭਾਵ ਅਹਿੰਸਕ ਹੋਣਾ, ਦਾਨ ਦੇਣਾ, ਆਦਿ ਬਦਲੇ ਜੇ ਕੋਈ ਇੱਜ਼ਤ-ਮਾਣ ਲੈਣਾ ਚਾਹੇ ਤਾਂ ਕੇਵਲ ਐਨਾ ਕੁ ਮਿਲਦਾ ਹੈ ਕਿ ਥੋੜ੍ਹੇ ਸਮੇਂ ਲਈ ਲੋਕ ਕਹਿ ਦਿੰਦੇ ਹਨ ਕਿ ਇਹ ਬੰਦਾ ਧਰਮੀ ਹੈ। ਇਸ ਤਰ੍ਹਾਂ ਆਪਣੇ ਆਪ ਸਿਆਣਾ ਬਣਿਆਂ ਰੱਬ ਦੀ ਦਰਗਾਹ ’ਚ ਸਤਿਕਾਰ ਨਹੀਂ ਮਿਲਦਾ।

ਧਰਮ ਦੇ ਉੱਚੇ-ਸੁੱਚੇ ਅਸੂਲਾਂ ਤੱਕ ਹਰ ਮਨੁੱਖ ਦੀ ਪਹੁੰਚ ਕਰਵਾਉਣ ਲਈ ਧਰਮ ਦੀ ਵਿਆਖਿਆ ’ਚ ਕਈ ਸਮਾਜਿਕ ਤੇ ਇਤਿਹਾਸਕ ਮਿਸਾਲਾਂ ਭੀ ਦੇਣੀਆਂ ਪੈਂਦੀਆਂ ਹਨ, ਜੋ ਧਰਮ ਨਹੀਂ ਬਲਕਿ ਧਰਮ ਨੂੰ ਸਮਝਣ ਲਈ ਹੁੰਦੀਆਂ ਹਨ। ਇਨ੍ਹਾਂ ਮਿਸਾਲਾਂ ਨੂੰ ਭੀ ਧਰਮ ਮੰਨਣ ਨਾਲ਼ ਧਰਮ ਦੀ ਚਮਕ; ਮੱਧਮ ਪੈ ਜਾਂਦੀ ਹੈ। ਧਰਮ ਦੀ ਚਮਕ (ਜੋ ਕਿ ਮਿਸਾਲ ਨਹੀਂ) ਨੂੰ ਹੀ ਸਿੱਖ ਦਾ ਨਿਤਨੇਮ ਬਣਾਇਆ ਗਿਆ ਤਾਂ ਜੋ ਸਹਿਜੇ-ਸਹਿਜੇ ਸੁਰਤ, ਧਰਮ ਦੇ ਉੱਚੇ-ਸੁੱਚੇ ਗੁਣਾਂ ਨੂੰ ਧਾਰਨ ਕਰ ਸਕੇ। ਸਨਾਤਨ ਹਿੰਦੂ ਦਾ ਨਿਤਨੇਮ, ਇਤਿਹਾਸ ਹੈ; ਜਿਵੇਂ ਕਿ ਰਾਮ ਕਥਾ (ਰਮਾਇਣ), ਕ੍ਰਿਸ਼ਨ ਕਥਾ (ਗੀਤਾ), ਹਨੂੰਮਾਨ ਚਾਲੀਸਾ, ਆਦਿ। ਵੇਦ, ਬਾਇਬਲ ਆਦਿਕ ਗ੍ਰੰਥ ਭੀ ਇਤਿਹਾਸਿਕ ਸਰੋਤ ਹਨ। ਇਤਿਹਾਸ ਦੀ ਕਥਾ ਕਰਨੀ ਬੜੀ ਸੁਖਾਲੀ ਹੈ ਕਿਉਂਕਿ ਇਸ ਨਾਲ਼ ਖ਼ੁਦ ਦਾ ਕਿਰਦਾਰ ਪੜਚੋਲ ’ਚ ਨਹੀਂ ਆਉਂਦਾ, ਪਰ ਸਿੱਖ ਦਾ ਨਿਤਨੇਮ; ਹੋਰਾਂ ਦੀ ਕਥਾ ਭਾਵ ਇਤਿਹਾਸ ਨਹੀਂ ਹੈ। ਇਹ ਮੂਲ ਅਸੂਲ; ਖ਼ੁਦ ਕੀਤੀ ਕਮਾਈ ਰਾਹੀਂ ਜ਼ਬਾਨ ’ਚੋਂ ਨਿਕਲ ਕੇ ਹੋਰਾਂ ਨੂੰ ਪ੍ਰਭਾਵਤ ਕਰਦੇ ਹਨ। ਜੇਕਰ ਆਪ ਕਮਾਈ ਨਾ ਕੀਤੀ ਜਾਏ ਤਾਂ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਕਰਨਾ ਅਤਿ ਕਠਿਨ ਹੈ। ਉਦਾਹਰਨ ਲਈ ਜੇਕਰ ਵਕਤਾ ਰਸਾਂ-ਕਸਾਂ ਨੂੰ ਹੀ ਅਨੰਦ ਸਮਝਦਾ ਰਹੇ ਤਾਂ ਗੁਰਬਾਣੀ ’ਚ ਦਰਸਾਇਆ ਅਸਲ ਅਨੰਦ ਕਿਵੇਂ ਬਿਆਨ ਹੋਏਗਾ। ਇਸ ਲਈ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਵਿਸ਼ੇਸ਼ ਹਿਦਾਇਤਾਂ ਕੀਤੀਆਂ ਹਨ ਕਿ ਧਾਰਮਿਕ ਵਿਚਾਰ ਵਟਾਂਦਰਾ ਕਰਨ ਤੋਂ ਪਹਿਲਾਂ ਖ਼ੁਦ; ਧਰਮ ਤੋਂ ਲਾਹਾ ਲੈਣਾ ਸਿੱਖਣਾ ਹੈ, ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ   ਰਾਮ ਨਾਮ ਜਪੁ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ’’ (ਮਹਲਾ /੩੮੧) ਅਰਥ : ਪਹਿਲਾਂ ਆਪਣੇ ਮਨ ਨੂੰ ਕਾਬੂ ਕਰਨਾ ਸਿੱਖਣਾ ਹੈ, ਫਿਰ ਹੋਰਾਂ ਨੂੰ ਮਨ ਕਾਬੂ ਕਰਨ ਦੀ ਜੁਗਤੀ ਦੱਸਣੀ ਹੈ। (ਸਵਾਲ : ਮਨ ਕਾਬੂ ਕਿਵੇਂ ਹੋਵੇ  ? ਜਵਾਬ ਹੈ) ਦਿਲੋਂ ਰੱਬ ਦਾ ਨਾਮ ਜਪਣਾ ਹੈ ਤੇ (ਇਸ ਵਿੱਚ ਮਿਲੀ ਸਫਲਤਾ ਨੂੰ) ਜ਼ਬਾਨ ਨਾਲ਼ ਸਭ ਨਾਲ਼ ਸਾਂਝਾ ਕਰਨਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਭੀ ਬਚਨ ਹਨ, ‘‘ਪਹਿਲਾ ਵਸਤੁ ਸਿਞਾਣਿ ਕੈ; ਤਾਂ ਕੀਚੈ ਵਾਪਾਰੁ ’’ (ਮਹਲਾ /੧੪੧੦) ਭਾਵ ਪਹਿਲਾਂ ਵਸਤੂ ਨੂੰ ਪਰਖ ਕੇ, ਫਿਰ ਉਸ ਦਾ ਵਪਾਰ ਕਰਨਾ ਹੈ ਯਾਨੀ ਫਿਰ ਹੀ ਵਿਚਾਰ-ਵਟਾਂਦਰਾ ਕਰਨਾ ਸਹੀ ਹੈ। ਗੁਰੂ ਅੰਗਦ ਸਾਹਿਬ ਜੀ ਦੇ ਭੀ ਬੋਲ ਹਨ, ‘‘ਨਾਨਕ  ! ਪਰਖੇ ਆਪ ਕਉ; ਤਾ ਪਾਰਖੁ ਜਾਣੁ   ਰੋਗੁ ਦਾਰੂ ਦੋਵੈ ਬੁਝੈ; ਤਾ ਵੈਦੁ ਸੁਜਾਣੁ ’’ (ਮਹਲਾ /੧੪੮) ਅਰਥ : ਜੋ ਧਰਮ ਦੀ ਕਸੌਟੀ ’ਤੇ ਆਪਣਾ ਜੀਵਨ ਪਰਖਦਾ ਹੈ, ਓਹੀ ਅਸਲ ’ਚ ਵਿਚਾਰਵਾਨ ਹੈ, ਸਿਆਣਾ ਹੈ। ਸੰਸਾਰਕ ਰੋਗ ਤੇ ਉਨ੍ਹਾਂ ਦੀ ਦਵਾ (ਨਾਮ ਸਿਮਰਨ) ਨੂੰ ਸਮਝਣ ਵਾਲ਼ਾ ਮਨੁੱਖ ਹੀ ਸਿਆਣਾ ਹੈ, ਫ਼ਿਲਾਸਫ਼ਰ ਹੈ, ਧਰਮ ਪ੍ਰਚਾਰਕ ਹੈ। ਸੋ ਗੁਰਬਾਣੀ ’ਚ ਵਾਰ-ਵਾਰ ਦਰਜ ਕੀਤੇ ਇਹ ਪਾਵਨ ਬਚਨ; ਸਪਸ਼ਟ ਸੰਕੇਤ ਕਰਦੇ ਹਨ ਕਿ ਅਧਰਮੀ ਬੰਦੇ ਨੂੰ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ’ਚ ਭੂਮਿਕਾ ਨਹੀਂ ਨਿਭਾਉਣੀ ਚਾਹੀਦੀ। ਗੁਰੂ ਸਾਹਿਬਾਨ ਦੀ ਇਸ ਦੂਰ-ਦ੍ਰਿਸ਼ਟੀ ਨੂੰ ਸਤਾ-ਬਲਵੰਡ ਜੀ ਨੇ ਬਿਆਨ ਕਰਦਿਆਂ ਕਿਹਾ ਕਿ ਹੇ ਗੁਰੂ ਜੀ ! ਮਨੁੱਖ ਬੜਾ ਨੇੜੇ ਵੇਖਦਾ ਹੈ ਭਾਵ ਇਸ ਸੰਸਾਰ ਤੱਕ ਹੀ ਸੋਚਦਾ ਹੈ, ਪਰ ਤੁਹਾਡੀ ਤੀਖਣ ਬਿਰਤੀ ਬੜੀ ਅਗਾਂਹ ਵੇਖਦੀ ਹੈ, ‘‘ਨੇੜੈ ਦਿਸੈ ਮਾਤ ਲੋਕ; ਤੁਧੁ ਸੁਝੈ ਦੂਰੁ ’’ (ਬਲਵੰਡ ਸਤਾ/੯੬੭), ਪਰ ਅੱਜ ਅਕਸਰ ਵੇਖਿਆ ਜਾਂਦਾ ਹੈ ਕਿ ਬਹੁਤਾਤ ਸਿੱਖ; ਗੁਰਮਤਿ ਦੀ ਥਾਂ ਗ਼ੈਰ ਧਰਮਾਂ ਵਾਙ ਇਤਿਹਾਸ ਦੀ ਹੀ ਕਥਾ ਕਰਦੇ ਹਨ, ਜੋ ਕਿ ਮਿਸਾਲ ਦੇਣ ਮਾਤਰ ਸੀ। ਵਕਤਿਆਂ ’ਚ ਵਿਖਾਈ ਦਿੰਦੀ ਇਹ ਗਿਰਾਵਟ ਵੈਸੀ ਹੀ ਹੈ; ਜੈਸੀ ਕਿ ਮਸੰਦਾਂ ਅੰਦਰ ਸੀ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਠੋਰ ਸਜ਼ਾਵਾਂ ਦਿੱਤੀਆਂ ਸਨ ਕਿਉਂਕਿ ਧਰਮ ਅਨੁਸਾਰੀ ਚਰਿੱਤਰ ਤੇ ਗੁਰਮਤਿ ਦੇ ਮੂਲ ਅਸੂਲਾਂ ਦਾ ਚਾਨਣ; ਉਨ੍ਹਾਂ ਅੰਦਰੋਂ ਭੀ ਗ਼ਾਇਬ ਹੈ।

ਇਹ ਨਹੀਂ ਸਮਝ ਲੈਣਾ ਕਿ ਸਿੱਖ-ਸੰਗਤਾਂ ਨੂੰ ਇਤਿਹਾਸ ਸੁਣਾਉਣਾ ਹੀ ਨਹੀਂ ਕਿਉਂਕਿ ਇਤਿਹਾਸ ਹੀ ਕੌਮਾਂ ਦੀ ਅਸਲ ਪੂੰਜੀ ਹੁੰਦੀ ਹੈ ਯਾਨੀ ਧਰਮ ਉੱਤੇ ਸਿੱਖਾਂ ਨੇ ਕਿਸ ਤਰ੍ਹਾਂ ਅਸਹਿ ਤਸੀਹੇ ਸਹਾਰ ਕੇ ਪਹਿਰਾ ਦਿੱਤਾ, ਇਸ ਦਾ ਅਸਲ ਸਬੂਤ ਇਤਿਹਾਸ ’ਚੋਂ ਹੀ ਮਿਲਣਾ ਹੈ, ਪਰ ਖੋਜ ਦਾ ਵਿਸ਼ਾ ਇਹ ਹੈ ਕਿ ਇਤਿਹਾਸ; ਮਨੁੱਖ ਅੰਦਰ ਜਜ਼ਬਾਤ ਭਰਦਾ ਹੈ ਜਦਕਿ ਜੀਵਨ ਦੀ ਘਾੜਤ; ਇਤਿਹਾਸ ਰਾਹੀਂ ਨਹੀਂ; ਕੌਮੀ ਫ਼ਲਸਫ਼ੇ ਦੁਆਰਾ ਘੜੀ ਜਾਂਦੀ ਹੈ। ਕਿੰਨਾ ਭੀ ਸੁਨਹਿਰਾ ਇਤਿਹਾਸ ਕਿਉਂ ਨਾ ਹੋਵੇ, ਉਹ ਨਵੀਂ ਪੀੜੀ ਨੂੰ ਸਵੈ ਪੜਚੋਲ ਕਰਨ ਲਈ ਨਹੀਂ ਪ੍ਰੇਰਦਾ। ਇਸੇ ਕਾਰਨ ਜ਼ਿਆਦਾਤਰ ਗ਼ੈਰ ਧਰਮ; ਏਕਤਾ, ਪਿਆਰ, ਸੁਤੰਤਰਤਾ, ਆਦਿਕ ਸਰਬ ਸਾਂਝੇ ਗੁਣ ਆਪਣੇ ਅਨੁਯਾਈਆਂ ’ਚ ਨਾ ਭਰ ਸਕੇ। ਸਿੱਖਾਂ ਅੰਦਰ ਵਿਵਾਦਾਂ ਦੀ ਜੜ੍ਹ ਭੀ ਧਰਮ ਦੀ ਟੇਕ ਲੈਣ ਤੋਂ ਦੂਰ ਹੋਣਾ ਹੈ।

ਨਿਰੇ ਇਤਿਹਾਸ ਦੀ ਕਥਾ ਕਰਨ ਦਾ ਨੁਕਸਾਨ : ਹਰ ਬੰਦਾ ਆਪਣੀ ਅਕਲ ਨੂੰ ਅਸਲ ਧਰਮ ਸਿੱਧ ਕਰਨ ਲਈ ਇਤਿਹਾਸ ਨੂੰ ਤੋੜ-ਮਰੋੜ ਲੈਂਦਾ ਹੈ ਜਾਂ ਇਤਿਹਾਸ ਦਾ ਉਹ ਅੱਧ-ਅਧੂਰਾ ਹਿੱਸਾ ਸੁਣਾਉਂਦਾ ਹੈ, ਜਿਸ ਨਾਲ਼ ਉਸ ਦੀ ਆਪਣੀ ਸੋਚ ਸਹੀ ਜਾਪੇ। ਇੱਕ ਇਤਿਹਾਸਕ ਤੱਥ ਵਿਚਰਨਾ ਜ਼ਰੂਰੀ ਹੈ। ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ (੨ ਹਾੜ ਬਿਕ੍ਰਮੀ ਸੰਮਤ ੧੬੬੩/30 ਮਈ 1606) ਤੋਂ ਬਾਅਦ ਬਦਲੇ ਜ਼ਮੀਨੀ ਹਾਲਾਤਾਂ [ਜਿਵੇਂ ਕਿ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਨੀਆਂ, ਤਖ਼ਤ ਬੁੰਗਾ (ਜੋ ਕਿ ਹੁਣ ਅਕਾਲ ਤਖ਼ਤ ਸਾਹਿਬ ਹੈ) ਦੀ ਸਿਰਜਣਾ ਕਰਨੀ, ਹਿਫ਼ਾਜ਼ਤ ਲਈ ਹਥਿਆਰਬੰਦ ਸਿੱਖ ਫ਼ੌਜ ਖੜ੍ਹੀ ਕਰਨੀ ਤੇ ਢਾਡੀ ਵਾਰਾਂ ਗਾਉਣ] ਕਾਰਨ ਗੁਰੂ ਹਰਗੋਬਿੰਦ ਸਾਹਿਬ ਜੀ ਵਿਰੁੱਧ; ਜੁਲਾਈ 1611 ’ਚ ਲਾਹੌਰ ਦੇ ਨਵੇਂ ਬਣੇ ਕੱਟੜ ਗਵਰਨਰ ਮੁਰਤਜ਼ਾ ਖ਼ਾਨ ਅਤੇ ਕੱਟੜ ਹਿੰਦੂ ਬ੍ਰਾਹਮਣਾਂ ਨੇ ਬਾਦਿਸ਼ਾਹ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਤੇ ਉਸ ਨੇ ਦਸੰਬਰ 1612 ’ਚ ਗੁਰੂ ਸਾਹਿਬ ਨੂੰ 12 ਸਾਲ ਦੀ ਸਜ਼ਾ ਸੁਣਾ ਗਵਾਲੀਅਰ ਦੇ ਕਿਲ੍ਹੇ ’ਚ ਬੰਦ ਕਰ ’ਤਾ। ਇਸ ਪਿੱਛੋਂ ਸਿੱਖ ਕੌਮ ਦੀ ਅਗਵਾਈ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਸੰਭਾਲ਼ੀ, ਜੋ ਗੁਰਮਤਿ ਦੇ ਮਹਾਨ ਵਿਦਵਾਨ ਸਨ। ਉਨ੍ਹਾਂ ਨੇ ਹਕੂਮਤ ਵਿਰੁੱਧ ਸ਼ਾਂਤਮਈ ਸੰਘਰਸ਼ ਅਰੰਭਿਆ। ਦੂਰੋਂ ਦੂਰੋਂ ਸੰਗਤਾਂ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੀਆਂ ਗਵਾਲੀਅਰ ਪਹੁੰਚਦੀਆਂ, ਕੁੱਝ ਦਿਨ ਕਿਲ੍ਹੇ ਦੇ ਚਾਰੋਂ ਤਰਫ਼ ਪਰਕਰਮਾ ਕਰਦੀਆਂ ਤੇ ਵਾਪਸ ਪਰਤ ਆਉਂਦੀਆਂ [ਗੁਰੂ ਜੀ ਦੀ ਪਰਕਰਮਾ ਕਰਨ ਵਾਲ਼ੀ ਇਹ ਰੀਤ ਹੁਣ ਭੀ ਦਰਬਾਰ ਸਾਹਿਬ (ਅੰਮ੍ਰਿਤਸਰ) ਵਿਖੇ ਕਾਇਮ ਹੈ]। ਇਸ ਨਾਲ਼ ਚਾਰੋਂ ਤਰਫ਼ ਤਾਨਾਸ਼ਾਹ ਮੁਗ਼ਲ ਹਾਕਮ ਵਿਰੁੱਧ ਮਹੌਲ ਬਣਨ ਲੱਗਾ। ਜਿਸ ਦੇ ਡਰ ਕਾਰਨ ਉਸ ਨੇ ਸਜ਼ਾ ਪੂਰੀ ਹੋਣ ਤੋਂ 5 ਸਾਲ ਪਹਿਲਾਂ ਹੀ ਗੁਰੂ ਜੀ ਨੂੰ ਰਿਹਾਅ ਕਰਨ ਦਾ ਫ਼ੈਸਲਾ ਲੈ ਲਿਆ, ਪਰ ਗੁਰੂ ਜੀ ਨੇ ਓਥੇ ਹੀ ਕੈਦ 52 ਹੋਰ ਪਹਾੜੀ ਰਾਜਿਆਂ ਨੂੰ ਆਪਣੇ ਨਾਲ਼ ਰਿਹਾਅ ਕਰਨ ਦੀ ਸ਼ਰਤ ਰੱਖ ਦਿੱਤੀ। ਜਿਸ ਨੂੰ ਮੰਨਦਿਆਂ ਗੁਰੂ ਸਾਹਿਬ ਸਮੇਤ ਸਭ ਰਾਜਿਆਂ ਨੂੰ 26 ਅਕਤੂਬਰ 1619 ਨੂੰ ਰਿਹਾਅ ਕਰਨਾ ਪਿਆ। ਇਨ੍ਹਾਂ 7 ਸਾਲਾਂ (1612-1619) ’ਚ ਗੁਰੂ ਸਾਹਿਬ ਦੇ ਰੁਤਬੇ, ਉਪਦੇਸ਼ ਅਤੇ ਸਿੱਖ ਸੰਗਤਾਂ ਦੇ ਸਾਹਸੀ ਕਦਮ ਦਾ ਇਹ ਪ੍ਰਭਾਵ ਹੋਇਆ ਕਿ ਜੇਲ੍ਹ ਦਾ ਦਰੋਗਾ (ਹਰੀ ਦਾਸ ਯਾਦਵ), ਕਈ ਰਾਜੇ ਅਤੇ ਅਨੇਕਾਂ ਹੋਰ ਲੋਕ ਸਿੱਖ ਧਰਮ ਨਾਲ਼ ਜੁੜ ਗਏ।  28 ਮਾਰਚ 1624 ਨੂੰ ਗੁਰੂ ਦੇ ਚੱਕ (ਅੰਮ੍ਰਿਤਸਰ) ’ਚ ਹੋਏ ਸਿੱਖਾਂ ਦੇ ਵੱਡੇ ਇਕੱਠ ’ਚ ਬਿਲਾਸਪੁਰ, ਹੰਡੂਰ ਤੇ ਕਈ ਹੋਰ ਰਿਆਸਤਾਂ ਦੇ ਰਿਹਾਅ ਕਰਵਾਏ ਰਾਜੇ ਭੀ ਸ਼ਾਮਲ ਹੋਏ। ਇਸੇ ਦਾ ਨਤੀਜਾ ਸੀ ਕਿ ਅਗਲੇ 70 ਸਾਲਾਂ ਤੱਕ (ਯਾਨੀ ਕਿ ਸੰਨ 1688 ’ਚ ਹੋਏ ਪਹਿਲੇ ਭੰਗਾਣੀ ਦੇ ਜੁੱਧ ਤੱਕ) ਸਾਰੇ ਪਹਾੜੀ (ਹਿਮਾਚਲ, ਉਤਰਾਖੰਡ ਆਦਿ ਦੇ) ਰਾਜੇ ਗੁਰੂ ਘਰ ਨਾਲ਼ ਅਥਾਹ ਪ੍ਰੇਮ ਕਰਦੇ ਰਹੇ ਭਾਵੇਂ ਕਿ ਬਾਅਦ ’ਚ ਉਨ੍ਹਾਂ ਦੀਆਂ ਔਲਾਦਾਂ ਨੇ ਆਪਣੀ ਮੁੜ ਕੱਟੜ ਹਿੰਦੂ ਸੋਚ ਕਾਰਨ ਅਕ੍ਰਿਤਘਣ ਹੋ ਕੇ ਗੁਰੂ ਸਾਹਿਬ ਨਾਲ਼ ਜੁੱਧ ਕੀਤੇ।  ਸੰਨ 1621 ਤੋਂ 1635 ਵਿਚਕਾਰ ਕੁੱਝ ਮੁਗ਼ਲ ਹਾਕਮਾਂ ਤੇ ਗੁਰੂ ਘਰ ਦੇ ਦੋਖੀਆਂ ਨੇ ਗੁਰੂ ਘਰ ’ਤੇ 4 ਹਮਲੇ ਕੀਤੇ, ਜਿਨ੍ਹਾਂ ਦਾ ਗੁਰੂ ਹਰਗੋਬਿੰਦ ਸਾਹਿਬ ਨੇ ਹਥਿਆਰਾਂ ਨਾਲ਼ ਭੀ ਮੁਕਾਬਲਾ ਕੀਤਾ, ਜੋ ਕਿ ਆਤਮ ਰੱਖਿਆ ਲਈ ਜ਼ਰੂਰੀ ਸੀ ਕਿਉਂਕਿ ਉਸ ਸਮੇਂ ਅੱਜ ਦੀ ਤਰ੍ਹਾਂ ਅਦਾਲਤਾਂ, ਮੀਡੀਆ ਜਾਂ ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਸਥਾਵਾਂ; ਨਾਲ਼ ਖੜਨ ਲਈ ਨਹੀਂ ਸਨ। ਹਾਲਾਤ ਇਹ ਸੀ ਕਿ ‘ਜਿਸ ਦੀ ਲਾਠੀ ਉਸ ਦੀ ਭੈਂਸ’ ਜਦਕਿ ਹੁਣ ਹਾਲਾਤ ਬਹੁਤ ਭਿੰਨ ਹਨ।  ਅਜੋਕੀਆਂ ਸਰਕਾਰਾਂ ਨੇ ਬੜੇ ਖ਼ਤਰਨਾਕ ਹਥਿਆਰ ਬਣਾ ਲਏ। ਆਮ ਜਨਤਾ ਨੂੰ ਘੱਟ ਗਿਣਤੀਆਂ ਵਿਰੁੱਧ ਉਕਸਾਉਣ ਦੇ ਭੀ ਨਵੇਂ ਨਵੇਂ ਪੈਂਤੜੇ ਅਖ਼ਤਿਆਰ ਕਰ ਲਏ ਹਨ। ਅੱਜ ਹਥਿਆਰਬੰਦ ਸੰਘਰਸ਼ ਕਰਨਾ ਆਪਣੀ ਕੌਮ ਨੂੰ ਖ਼ਤਮ ਕਰਨਾ ਹੈ ਜਦਕਿ ਸ਼ਾਂਤਮਈ ਸੰਘਰਸ਼ ਅੱਜ ਭੀ ਕਾਰਗਰ ਹੈ, ਪਰ ਰਾਜਸੀ ਸੋਚ ਦੇ ਮਾਲਕ ਸਿੱਖਾਂ ਨੇ ਸ਼ਾਂਤਮਈ ਸੰਘਰਸ਼ਾਂ ਨੂੰ ਕਾਇਰਤਾ ਕਹਿਣਾ ਸ਼ੁਰੂ ਕਰ ਦਿੱਤਾ ਤਾਹੀਓਂ ਸਤੰਬਰ 2020 ਤੋਂ ਨਵੰਬਰ 2021 ਤੱਕ ਚੱਲੇ ਸ਼ਾਂਤਮਈ ਕਿਸਾਨ ਅੰਦੋਲਨ ਨੂੰ ਭੀ ਹਿੰਸਕ ਬਣਾਉਣ ਲਈ ਪੂਰਾ ਜ਼ੋਰ ਲਾਈ ਰੱਖਿਆ। ਇਸੇ ਤਰ੍ਹਾਂ 8 ਅਪਰੈਲ 1982 ਨੂੰ ਇੰਦਰਾ ਗਾਂਧੀ ਦੁਆਰਾ ਸਤਲੁਜ-ਯਮਨਾ ਲਿੰਕ ਨਹਿਰ ਜੋੜ ਕੇ ਹਰਿਆਣਾ, ਰਾਜਸਤਾਨ ਨੂੰ ਪਾਣੀ ਦੇਣ ਲਈ ਲਾਏ ਗਏ ਪਿੰਡ ਕਪੂਰੀ (ਜ਼ਿਲ੍ਹਾ ਪਟਿਆਲਾ) ’ਚ ਟੱਕ ਦੇ ਵਿਰੁੱਧ ਆਰੰਭੇ ਸ਼ਾਂਤਮਈ ਕਪੂਰੀ ਮੋਰਚੇ ਨੂੰ ਬਾਅਦ ’ਚ ‘ਧਰਮ ਯੁੱਧ ਮੋਰਚਾ’ ਮੰਨ ਅਕਾਲ ਤਖ਼ਤ ਸਾਹਿਬ (ਅੰਮ੍ਰਿਤਸਰ) ਵਿਖੇ ਲਿਆਂਦਾ ਗਿਆ। ਜਿਸ ਨੂੰ ਸਾਲ ਕੁ ’ਚ ਹਥਿਆਰਬੰਦ ਬਣਾ ਲਿਆ ਕਿਉਂਕਿ ਇੰਦਰਾ ਗਾਂਧੀ ਭੀ ਚੋਣਾ ਨੂੰ ਨੇੜੇ ਵੇਖਦਿਆਂ ਐਸਾ ਕਰਨ ਲਈ ਕਾਹਲ਼ੀ ਸੀ। ਇਸ ਨਾਲ਼ ਜਿੱਥੇ ਸਿੱਖਾਂ ਦੀ ਵੱਡੇ ਪੱਧਰ ’ਤੇ ਨਸਲਕੁਸ਼ੀ ਕੀਤੀ ਗਈ; ਓਥੇ ਦਸੰਬਰ 1984 ’ਚ ਹੋਈਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਨੇ 543 ’ਚੋਂ 414 ਸੀਟਾਂ ਜਿੱਤ ਲਈਆਂ। ਇਹੀ ਨੀਤੀ ਪ੍ਰਧਾਨ ਮੰਤਰੀ ਨਰਿੰਦਰ ਮੰਦੀ ਨੇ ਅਪਰੈਲ-ਮਈ 2024 ’ਚ ਹੋਏ ਚੁਣਾਵ ਦੌਰਾਨ ਮਹੌਲ ਨੂੰ ਸੰਪਰਦਾਇਕ ਰੂਪ ਦੇਣ ਲਈ ਅਪਣਾਈ। ਜੇਕਰ ਸਿੱਖਾਂ ਵਾਙ ਮੁਸਲਮਾਨ ਭੀ ਹਿੰਸਕ ਹੋ ਜਾਂਦੇ ਤਾਂ ਮੋਦੀ ਨੇ ਭੀ 240 ਦੀ ਥਾਂ 400 ਤੋਂ ਵੱਧ ਸੀਟਾਂ ਜਿੱਤ ਲੈਣੀਆਂ ਸਨ। ਸਿੱਖ ਕੌਮ ਦਾ ਵੱਡਾ ਦੁਖਾਂਤ ਹੈ ਕਿ ਇਹ ਸਮਾਜਿਕ ਮੁੱਦਿਆਂ ਨੂੰ ਭੀ ਕੌਮੀ ਸਮੱਸਿਆ ਬਣਾ ਬਹੁਤਾਤ ਸਮਾਜ ਨੂੰ ਉਸ ਵਿੱਚੋਂ ਮਨਫ਼ੀ/ਘਟਾਅ ਲੈਂਦੀ ਹੈ ਜਦਕਿ ਚਾਹੀਦਾ ਇਹ ਸੀ ਕਿ ਕੌਮੀ ਮੁੱਦਿਆਂ ਨੂੰ ਭੀ ਸਮਾਜਿਕ ਸੰਘਰਸ਼ ਬਣਾ ਆਪ ਪਿਛਾਂਹ ਰਹਿ ਕੇ ਹਰ ਵਰਗ ਨੂੰ ਮੂਹਰੇ ਲਗਾ ਤੋਰਦੀ।

ਸਿੱਖਾਂ ਨੇ ਨੌਜਵਾਨ ਪੀੜੀ ਨੂੰ ਸ਼ਾਂਤਮਈ ਸੰਘਰਸ਼ ਦੇ ਲਾਭ ਦੱਸਣ ਦਾ ਕਦੇ ਉਪਰਾਲਾ ਨਹੀਂ ਕੀਤਾ ਤਾਹੀਓਂ ਐਰਾ-ਗ਼ੈਰਾ ਇਹ ਕੱਚੀ ਰਚਨਾ (ਸ਼ਸਤ੍ਰਨ ਕੇ ਅਧੀਨ ਹੈ ਰਾਜ ਰਾਜ ਬਿਨਾ ਨਹਿ ਧਰਮ ਚਲੈ ਹੈਂ ਧਰਮ ਬਿਨਾ ਸਭ ਦਲੇ ਮਲੇ ਹੈਂ ਕੋਊ ਕਿਸੀ ਕੋ ਰਾਜ ਨਹਿ ਦੇ ਹੈਂ ਜੋ ਲੇ ਹੈਂ ਨਿਜ ਬਲ ਸੇ ਲੈ ਹੈਂ) ਨੂੰ ਗੁਰੂ ਉਪਦੇਸ਼ ਕਹਿ ਕਹਿ ਪ੍ਰਚਾਰਿਆ ਜਾ ਰਿਹਾ ਹੈ ਜਦਕਿ ਐਸਾ ਕੋਈ ਸੇਧ ਨਾ ਪੂਰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ’ਚ 35 ਬਾਣੀਕਾਰਾਂ ਨੇ ਦਿੱਤੀ, ਨਾ ਦਸਮ ਗ੍ਰੰਥ ’ਚ ਹੈ, ਨਾ ਭਾਈ ਗੁਰਦਾਸ ਜੀ ਤੇ ਭਾਈ ਨੰਦ ਲਾਲ ਸਿੰਘ ਜੀ ਦੀ ਕਿਸੇ ਰਚਨਾ ’ਚ ਹੈ। ਇਹ ਬੋਲ ਕਿਸ ਲਿਖਾਰੀ ਦੇ ਹਨ, ਇਹ ਭੀ ਸਪਸ਼ਟ ਨਹੀਂ, ਪਰ ਪੰਜਾਬ ਦੀ ਨੌਜਵਾਨੀ ਨੂੰ ਇਨ੍ਹਾਂ ਨਾਲ਼ ਗੁਮਰਾਹ ਕਰਨਾ ਜਾਰੀ ਹੈ। ਸ਼ਾਂਤਮਈ ਤੇ ਹਥਿਆਰਬੰਦ ਜੁੱਧ ਦੇ ਨਫ਼ੇ-ਨੁਕਸਾਨ ਵਾਚਣ ਲਈ ਸਿੱਖਾਂ ਦਾ ਇਕੱਠ ਬੁਲਾਉਣ ਦੇ ਭੀ ਇਹ ਲੋਕ ਘੋਰ ਵਿਰੋਧੀ ਹਨ। ਗੁਰੂ ਸਾਹਿਬਾਨ ਨੇ ਜਿੰਨੇ ਹਥਿਆਰਬੰਦ ਜੁੱਧ ਲੜੇ, ਉਨ੍ਹਾਂ ਦਾ ਮਕਸਦ ਜ਼ਰ (ਸੰਪੱਤੀ), ਜ਼ੋਰੂ (ਔਰਤ) ਤੇ ਜ਼ਮੀਨ ਨਹੀਂ ਸੀ। ਆਤਮ ਰੱਖਿਆ ਲਈ ਤਾਂ ਅੱਜ ਭੀ ਸਿੱਖੀ ਦੇ ਪੰਜ ਕਕਾਰਾਂ ’ਚ ਤਲਵਾਰ ਨੂੰ ਸ਼ਾਮਲ ਕੀਤਾ ਹੋਇਆ ਹੈ, ਨਾ ਕਿ ਲੋਕਾਂ ਨੂੰ ਡਰਾਉਣ ਲਈ। ਇਹ ਵੱਖਰੀ ਗੱਲ ਹੈ ਕਿ 99% ਸਿੱਖਾਂ ਨੇ ਕਿਰਪਾਨ ਨੂੰ ਜਨੇਊ ਦੀ ਤਰ੍ਹਾਂ ਰਸਮੀ ਤੌਰ ’ਤੇ ਹੀ ਧਾਰਨ ਕੀਤਾ ਹੈ, ਆਤਮ ਰੱਖਿਆ ਲਈ ਨਹੀਂ ਵਰਨਾ ਇਸ ਦਾ ਸਾਈਜ਼ ਦਿਨ-ਬ-ਦਿਨ ਘਟਦਾ ਨਾ ਜਾਂਦਾ।

ਭਗਤ ਕਬੀਰ ਜੀ ਦੇ ਇਹ ਬੋਲ ਹਥਿਆਰ ਚੁੱਕਣ ਲਈ ਨਹੀਂ ਬਲਕਿ ਸਵੈਮਾਨ ਨੂੰ ਜਗਾਉਣ ਲਈ ਹਨ, ‘‘ਗਗਨ ਦਮਾਮਾ ਬਾਜਿਓ; ਪਰਿਓ ਨੀਸਾਨੈ ਘਾਉ   ਖੇਤੁ ਜੁ ਮਾਂਡਿਓ ਸੂਰਮਾ; ਅਬ ਜੂਝਨ ਕੋ ਦਾਉ ਸੂਰਾ ਸੋ ਪਹਿਚਾਨੀਐ; ਜੁ ਲਰੈ ਦੀਨ ਕੇ ਹੇਤ   ਪੁਰਜਾ ਪੁਰਜਾ ਕਟਿ ਮਰੈ; ਕਬਹੂ ਛਾਡੈ ਖੇਤੁ ’’ (ਭਗਤ ਕਬੀਰ/੧੧੦੫) ਅਰਥ : ਭਗਤ ਦੇ ਦਸਮ ਦੁਆਰ ’ਚ ਧੌਂਸਾ ਵੱਜਦਾ ਹੈ, ਨਿਸ਼ਾਨੇ ’ਤੇ ਚੋਟ ਪੈਂਦੀ ਹੈ ਭਾਵ ਉਸ ਦਾ ਮਨ; ਪ੍ਰਭੂ ਚਰਨਾਂ ’ਚ ਜੁੜਿਆ ਹੋਇਆ ਉੱਚੀਆਂ ਉਡਾਰੀਆਂ ਲਾਉਂਦਾ ਹੈ, ਜਿੱਥੇ ਕਿਸੇ ਵਿਕਾਰ ਦੀ ਆਵਾਜ਼ ਨਹੀਂ ਸੁਣਾਈ ਦਿੰਦੀ, ਪ੍ਰਭਾਵ ਨਹੀਂ ਪਾਉਂਦੀ। ਜੋ ਇਸ ਜਗਤ (ਰਣ-ਭੂਮੀ) ’ਚ ਵਿਕਾਰਾਂ ਦੇ ਸਾਮ੍ਹਣੇ ਅੜ ਜਾਵੇ ਤੇ ਸਮਝੇ ਕਿ ਇਹੀ ਜਨਮ ਵਿਕਾਰਾਂ ਨਾਲ਼ ਮੁਕਾਬਲਾ ਕਰਨ ਲਈ ਹੈ, ਉਹ ਅਸਲ ਸੂਰਮਾ ਹੈ (ਪਰ ਹਾਂ, ਉਸ ਨੂੰ ਭੀ) ਸੂਰਮਾ ਸਮਝਣਾ ਹੈ, ਜੋ ਕਮਜ਼ੋਰਾਂ ਦਾ ਸਹਾਰਾ ਬਣਦਾ ਹੈ। ਸਚਾਈ ਲਈ ਆਵਾਜ਼ ਬੁਲੰਦ ਕਰਦਿਆਂ ਭਾਵੇਂ ਕੁਰਬਾਨ ਹੋਣਾ ਪਵੇ, ਕਦੇ ਮੂੰਹ ਨਹੀਂ ਮੋੜਦਾ ਭਾਵ ਸੱਚ ਦਾ ਸਾਥ ਦਿੰਦੇ ਰਹਿਣਾ ਹੈ।

ਭਗਤ ਕਬੀਰ ਜੀ ਨੂੰ ਬੰਨ੍ਹ ਕੇ ਮਸਤ ਹਾਥੀ ਅੱਗੇ ਸੁੱਟਿਆ ਗਿਆ; ਜਿਵੇਂ ਕਿ ਵਾਕ ਹੈ, ‘‘ਕਿਆ ਅਪਰਾਧੁ ਸੰਤ ਹੈ ਕੀਨ੍ਹਾ  ?   ਬਾਂਧਿ ਪੋਟ; ਕੁੰਚਰ ਕਉ ਦੀਨ੍ਹਾ ’’ (ਭਗਤ ਕਬੀਰ/੮੭੦), ਜੰਜੀਰ ਨਾਲ਼ ਬੰਨ੍ਹ ਕੇ ਗੰਗਾ ’ਚ ਸੁੱਟਿਆ ਗਿਆ, ‘‘ਗੰਗਾ ਕੀ ਲਹਰਿ (ਨਾਲ਼) ਮੇਰੀ ਟੁਟੀ ਜੰਜੀਰ ਮ੍ਰਿਗਛਾਲਾ ਪਰ ਬੈਠੇ ਕਬੀਰ ’’ (ਭਗਤ ਕਬੀਰ/੧੧੬੨), ਫਿਰ ਭੀ ਕਬੀਰ ਜੀ ਨੇ ਸੱਚ ਦਾ ਸਾਥ ਦੇਣਾ ਨਾ ਛੱਡਿਆ। ਇਸੇ ਤਰ੍ਹਾਂ ਗੁਰੂ ਨਾਨਕ ਜੀ ਨੇ ਬਾਬਰ ਨੂੰ ਉਸ ਦੇ ਮੂੰਹ ਉੱਤੇ ਜਾਬਰ (ਜ਼ਾਲਮ, ਹਤਿਆਰਾ) ਕਿਹਾ ਕਿਉਂਕਿ ਆਪ ਜੀ ਦਾ ਟੀਚਾ ਸੀ, ‘‘ਸਚੁ ਸੁਣਾਇਸੀ ਸਚ ਕੀ ਬੇਲਾ ’’ (ਮਹਲਾ /੭੨੩) ਭਾਵ ਵਕਤ ਉੱਤੇ ਸੱਚ ਬੋਲਣਾ ਜ਼ਰੂਰੀ ਹੈ। ਸੱਚ ਬੋਲ ਬੋਲ ਕੇ ਕ੍ਰਾਂਤੀਕਾਰੀ ਜਮਾਤ ਪੈਦਾ ਕਰਨਾ ਭੀ ਜੁੱਧ ਨੀਤੀ ਦਾ ਹੀ ਭਾਗ ਹੁੰਦਾ ਹੈ।

ਗੁਰਬਾਣੀ ’ਚ ਐਸਾ ਬਚਨ ਤਾਂ ਹੈ ਕਿ ਹਰ ਕੋਈ ਰਾਜ ਸੱਤਾ ਦੀ ਖ਼ੁਸ਼ਾਮਦ ਕਰਦਾ ਹੈ, ‘‘ਜਿਸ ਹੀ ਕੀ ਸਿਰਕਾਰ ਹੈ; ਤਿਸ ਹੀ ਕਾ ਸਭੁ ਕੋਇ ’’ (ਮਹਲਾ /੨੭), ਪਰ ਇਹ ਉਪਦੇਸ਼ ਨਹੀਂ ਕਿ ਰਾਜ ਸੱਤਾ ਹਾਸਲ ਕਰਨ ਤੋਂ ਬਿਨਾਂ ਧਰਮ ਦਾ ਪ੍ਰਚਾਰ-ਪ੍ਰਸਾਰ ਨਹੀਂ ਹੋ ਸਕਦਾ ਸਗੋਂ ਗੁਰੂ ਜੀ ਇਸ ਤੋਂ ਵਿਪਰੀਤ ਕਹਿ ਰਹੇ ਹਨ ਕਿ ਮੈਨੂੰ ਰਾਜ ਸੱਤਾ ਨਹੀਂ ਚਾਹੀਦੀ, ‘‘ਰਾਜੁ ਚਾਹਉ.. (ਮਹਲਾ /੫੩੪), ਰਾਜ ਮਿਲਖ ਸਿਕਦਾਰੀਆ; ਅਗਨੀ ਮਹਿ ਜਾਲੁ ’’ (ਮਹਲਾ /੮੧੧) ਅਰਥ : (ਹੇ ਭਾਈ !) ਰਾਜ ਸੱਤਾ, ਜ਼ਮੀਨ ਦੀ ਮਾਲਕੀ ਤੇ ਚੌਧਰਪੁਣਾ (ਦੀ ਭੁੱਖ ਨੂੰ) ਅੱਗ ’ਚ ਜਲਾ ਦੇਹ। ਗੁਰਬਾਣੀ ਅਨੁਸਾਰ ਰਾਜ ਕਰਨ ਤੋਂ ਭਾਵ ਲੋਕਾਂ ਦੇ ਦਿਲਾਂ ’ਤੇ ਰਾਜ ਕਰਨਾ ਹੈ। ਸਿਆਸੀ ਰਾਜ ਸਥਾਪਿਤ ਕਰਨਾ ਭੀ ਕੋਈ ਗੁਨਾਹ ਨਹੀਂ, ਪਰ ਜਿਸ ਛਲ-ਕਪਟ ਤੇ ਝੂਠ ਨਾਲ਼ ਅੱਜ ਰਾਜ ਹਥਿਆਉਣ ਲਈ ਹੱਥਕੰਡੇ ਅਪਣਾਏ ਜਾ ਰਹੇ ਹਨ, ਉਹ ਗੁਰਮਤਿ ਅਨੁਕੂਲ ਨਹੀਂ। ਇਸ ਲਈ ਗੁਰਮਤਿ ਅਸੂਲਾਂ ਦੀ ਟੇਕ ਲੈਣ ਤੋਂ ਬਿਨਾਂ ਸੁਣਾਏ ਜਾਂਦੇ ਇਤਿਹਾਸ ਵਿੱਚੋਂ ਇਹ ਸਚਾਈ ਅਲੋਪ ਹੀ ਕਰ ਦਿੱਤੀ ਗਈ ਹੈ।

ਦਸਮੇਸ਼ ਪਿਤਾ ਨੇ ਸਿੱਖ ਕੌਮ ਨੂੰ ਪੰਜ ਪ੍ਰਧਾਨੀ ਪ੍ਰਣਾਲੀ (ਪੰਜ ਪਿਆਰਿਆਂ ਦੇ ਸਾਂਝੇ ਫ਼ੈਸਲੇ) ਅਧੀਨ ਰੱਖਿਆ ਸੀ ਤਾਂ ਕਿ ਵਿਅਕਤੀ ਵਿਸ਼ੇਸ਼ ਰਾਜਾ ਬਣ ਗੁਰਮਤਿ ਦਾ ਘਾਣ ਨਾ ਕਰੇ, ਪਰ ਅੱਜ ਕੱਲ੍ਹ ਹਰ ਸਿਆਸਤਦਾਨ; ਪਵਿੱਤਰ ਮੀਰੀ-ਪੀਰੀ ਸਿਧਾਂਤ ਦੇ ਗ਼ਲਤ ਅਰਥ ਕੱਢ ਗੁਰੂ ਦੀ ਗੋਲਕ (ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਉੱਤੇ ਕਾਬਜ਼ ਹੋਣ ਲਈ ਕਾਹਲ਼ਾ ਹੈ। ਚਾਹੀਦਾ ਇਹ ਸੀ ਕਿ ਪੀਰੀ (ਰੂਹਾਨੀਅਤ ਸ਼ਕਤੀ) ਅਧੀਨ ਮੀਰੀ (ਬਾਦਿਸ਼ਾਹੀ) ਹੁੰਦੀ, ਪਰ ਰਾਜਸੀ ਮਨਸ਼ਾ ਪਾਲਣ ਵਾਲ਼ਿਆਂ ਨੇ ਬਿਲੁਕਲ ਉਲ਼ਟ ਕਰ ਰੱਖਿਆ ਹੈ ਫਿਰ ਭੀ ਕੋਈ ਸਿੱਖ ਪ੍ਰਚਾਰਕ; ਇਸ ਪਰਵਾਰਵਾਦ ਵਿਰੁੱਧ ਜ਼ਬਾਨ ਨਹੀਂ ਖੋਲ੍ਹਦਾ ਕਿਉਂਕਿ ਚਾਰੋਂ ਤਰਫ਼ ਸਿੱਖ, ‘ਸ਼ਸਤ੍ਰਨ ਕੇ ਅਧੀਨ ਹੈ ਰਾਜ ਰਾਜ ਬਿਨਾ ਨਹਿ ਧਰਮ ਚਲੈ ਹੈਂਵਾਲ਼ੀ ਬਿਮਾਰ ਮਾਨਸਿਕਤਾ ਤੋਂ ਪੀੜਤ ਹੋ ਚੁੱਕੇ ਹਨ। ਇਹੀ ਕਾਰਨ ਹੈ ਕਿ ਦਰਬਾਰ ਸਾਹਿਬ (ਅੰਮ੍ਰਿਤਸਰ ਸਾਹਿਬ) ਤੋਂ ਹੁਕਮਨਾਮੇ ਦੀ ਨਿੱਤ ਹੁੰਦੀ ਕਥਾ ’ਚ ਭੀ ਸਮਾਜਿਕ ਉਥਲ-ਪੁਥਲ ਭਾਰੂ ਰਹਿੰਦੀ ਹੈ, ਨਾ ਕਿ ਰੂਹਾਨੀਅਤ ਉੱਨਤੀ ਬਾਰੇ ਕੋਈ ਜੁਗਤੀ ਸਮਝਾਈ ਜਾਂਦੀ ਹੈ।

ਸੋ ਗੁਰਮਤਿ ਨੂੰ ਆਧਾਰ ਬਣਾ ਕਥਾ ਕਰਨੀ ਸਮੇਂ ਦੀ ਮੁੱਖ ਲੋੜ ਹੈ। ਇਸ ਵਿੱਚ ਇਤਿਹਾਸ ਨੂੰ ਮਿਸਾਲ ਬਣਾਇਆ ਜਾ ਸਕਦਾ ਹੈ। ਕੇਵਲ ਇਤਿਹਾਸ ਦੀ ਕਥਾ ਰਾਹੀਂ ਵਿਅਕਤੀ ਵਿਸ਼ੇਸ਼ ਨੂੰ ਗੁਰੂ ਸਮਾਨ ਮਹਾਨਤਾ ਦੇਣੀ ਗੁਰਮਤਿ ਦਾ ਘੋਰ ਅਪਮਾਨ ਹੈ। ਜੂਨ 1984 ’ਚ ਦਰਬਾਰ ਸਾਹਿਬ (ਅੰਮ੍ਰਿਤਸਰ) ’ਤੇ ਭਾਰਤੀ ਹਕੂਮਤ ਨੇ ਜਦ ਹਮਲਾ ਕਰ ਸੈਂਕੜੇ ਸਿੱਖ ਸ਼ਹੀਦ ਕੀਤੇ ਸਨ ਤਾਂ ਓਥੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਸੀ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਹੀ ਨਹੀਂ ਕੀਤੀ ਬਲਕਿ ਮਾਨਵਤਾ ਲਈ ਕਈ ਖੂਹ ਖੁਦਵਾਏ, ਦਵਾਖ਼ਾਨੇ ਭੀ ਖੋਲ੍ਹੇ ਸਨ, ਪਰ ਬੜੀ ਜਲਦੀ ਹੀ ਇਸ ਯਾਦਗਾਰੀ ਦਿਵਸ ਨੂੰ ਗੁਰੂ ਸਾਹਿਬ ਦੇ ਸ਼ਹੀਦੀ ਹਵਾਲੇ ਨਾਲ਼ ਨਹੀਂ; ਸਿੱਖ ਸ਼ਹੀਦਾਂ ਦੇ ਹਵਾਲੇ ਨਾਲ਼ ਮਨਾਇਆ ਜਾਣ ਲੱਗਾ। ਗੁਰਬਾਣੀ ਦਾ ਵਾਕ ਹੈ, ‘‘ਬਾਬਾਣੀਆ ਕਹਾਣੀਆ; ਪੁਤ ਸਪੁਤ ਕਰੇਨਿ   ਜਿ ਸਤਿਗੁਰ ਭਾਵੈ, ਸੁ ਮੰਨਿ ਲੈਨਿ; ਸੇਈ ਕਰਮ ਕਰੇਨਿ ’’ (ਮਹਲਾ /੯੫੧) ਅਰਥ : ਬਜ਼ੁਰਗਾਂ ਦੀਆਂ ਕਥਾ-ਸਾਖੀਆਂ; ਪੁੱਤਰਾਂ ਨੂੰ ਸੁਚੱਜੇ ਪੁੱਤਰ ਬਣਾ ਦਿੰਦੀਆਂ ਹਨ ਕਿਉਂਕਿ ਜੋ ਬਜ਼ੁਰਗਾਂ ਨੂੰ ਪਸੰਦ ਸੀ, ਉਸ ਨੂੰ ਮੰਨ ਲਈਦਾ ਹੈ ਯਾਨੀ ਸੁਚੱਜੇ ਪੁੱਤਰ ਭੀ ਬਜ਼ੁਰਗਾਂ ਦੀ ਤਰ੍ਹਾਂ ਕੰਮ ਕਰਨ ਲੱਗ ਜਾਂਦੇ ਹਨ। ਸਵਾਲ : ਬਜ਼ੁਰਗਾਂ (ਸਤਿਗੁਰ ਸਾਹਿਬਾਨ) ਨੂੰ ਕੀ ਪਸੰਦ ਸੀ ? ਜਵਾਬ : ਉਨ੍ਹਾਂ ਨੂੰ ਪਸੰਦ ਸੀ ਕਿ ਮਨੁੱਖਤਾ; ਇੱਕ ਮਾਲਕ (ੴ) ਦੀ ਉਸਤਤ ਕਰੇ। ਜੋ ਸਭ ਨੂੰ ਪੈਦਾ ਕਰਨ ਵਾਲ਼ਾ, ਰਿਜ਼ਕ ਦੇਣ ਵਾਲ਼ਾ, ਮਾਰਨਾ ਵਾਲ਼ਾ ਤੇ ਸਤਿਗੁਰੂ ਜੀ ਦੀ ਅਗਵਾਈ ਬਖ਼ਸ਼ਣ ਵਾਲ਼ਾ ਹੈ; ਜਿਨ੍ਹਾਂ ਨੇ ਦੱਸਿਆ ਕਿ ਹਰ ਕੋਈ ਉਸ ਦੇ ਹੁਕਮ ’ਚ ਹੈ ਤਾਂ ਤੇ ਹਰ ਕੰਮ ਦਾ ਮਹੱਤਵ ਆਪਣੇ ’ਤੇ ਲੈ ਕੇ ਮਨ ’ਚ ਅਹੰਕਾਰ/ਕੂੜ ਭਰਮ ਦੀ ਥਾਂ ਮਾਲਕ ਨੂੰ ਸਿਰਮੌਰਤਾ ਦੇਣੀ ਬਣਦੀ ਹੈ।

ਗੁਰਬਾਣੀ ਦੀ ਸੰਪਾਦਨਾ ਸਮੇਂ ‘ਇਤਿਹਾਸ ਬਨਾਮ ਸਿਧਾਂਤ’ ਵਿੱਚੋਂ ਸਿਧਾਂਤ ਨੂੰ ਸਿਰਮੌਰ ਮੰਨਣ ਕਾਰਨ ਹੀ ਭਾਈ ਗੁਰਦਾਸ ਜੀ ਦੀ ਰਚਨਾ (ਜਿਸ ਵਿੱਚ ਜ਼ਿਆਦਾਤਰ ਇਤਿਹਾਸ ਹੈ) ਨੂੰ ਗੁਰੂ ਗ੍ਰੰਥ ਸਾਹਿਬ ’ਚ ਸਥਾਨ ਨਹੀਂ ਮਿਲਿਆ। ਦਸਮ ਗ੍ਰੰਥ ਭੀ ਜ਼ਿਆਦਾਤਰ ਇਤਿਹਾਸ ਸਰੋਤ ਹੈ, ਜਿਸ ਨੂੰ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰ ‘ਸਬਦੁ ਗੁਰੂ’ ਦੀ ਮਹਾਨਤਾ ਨੂੰ ਘਟਾਇਆ ਜਾ ਰਿਹਾ ਹੈ।

ਸਿੱਖਾਂ ’ਚ ਦੂਜੀ ਜਮਾਤ; ਗੁਰਮਤਿ ਨੂੰ ਸ਼ਰਧਾ ਭਾਵਨਾ ਨਾਲ਼ ਨਹੀਂ ਬਲਕਿ ਵਿਗਿਆਨਿਕ ਖੋਜ (ਜਿਸ ਦਾ ਆਧਾਰ ਪੰਜ ਗਿਆਨ ਇੰਦ੍ਰੇ ਹਨ) ਨਾਲ਼ ਸਮਝਣ ਨੂੰ ਮਹੱਤਵ ਦਿੰਦੀ ਹੈ ਤਾਹੀਓਂ ਇਨ੍ਹਾਂ ਅਨੁਸਾਰ ਮਰਨ ਉਪਰੰਤ ਕੋਈ ਆਵਾਗਮਣ ਨਹੀਂ ਹੁੰਦਾ ਭਾਵ ਇਸੇ ਜਨਮ ’ਚ ਚੰਗੇ-ਮੰਦੇ ਕਰਮਾਂ ਦਾ ਲੇਖਾ-ਜੋਖਾ ਹੁੰਦਾ ਰਹਿੰਦਾ ਹੈ, ਪਰ ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨ ਕਰਦੇ ਇਹ ਪਾਵਨ ਬਚਨ; ਇਸ ਸੋਚ ਦੇ ਉਲ਼ ਕਹਿ ਰਹੇ ਹਨ, ‘‘ਜਬ ਜਰੀਐ ਤਬ ਹੋਇ ਭਸਮ ਤਨੁ; ਰਹੈ ਕਿਰਮ ਦਲ ਖਾਈ   ਕਾਚੀ ਗਾਗਰਿ ਨੀਰੁ ਪਰਤੁ ਹੈ; ਇਆ ਤਨ ਕੀ ਇਹੈ ਬਡਾਈ   ਕਾਹੇ ਭਈਆ ! ਫਿਰਤੌ ਫੂਲਿਆ ਫੂਲਿਆ   ਜਬ ਦਸ ਮਾਸ ਉਰਧ ਮੁਖ ਰਹਤਾ; ਸੋ ਦਿਨੁ ਕੈਸੇ ਭੂਲਿਆ ਰਹਾਉ ਜਿਉ ਮਧੁ ਮਾਖੀ, ਤਿਉ ਸਠੋਰਿ ਰਸੁ; ਜੋਰਿ ਜੋਰਿ ਧਨੁ ਕੀਆ   ਮਰਤੀ ਬਾਰ ਲੇਹੁ ਲੇਹੁ ਕਰੀਐ; ਭੂਤੁ ਰਹਨ ਕਿਉ ਦੀਆ ?   ਦੇਹੁਰੀ ਲਉ ਬਰੀ ਨਾਰਿ ਸੰਗਿ ਭਈ; ਆਗੈ ਸਜਨ ਸੁਹੇਲਾ   ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ; ਆਗੈ ਹੰਸੁ ਅਕੇਲਾ ’’ (ਭਗਤ ਕਬੀਰ/੬੫੪) ਅਰਥ : ਹੇ ਭਾਈ ! ਸਰੀਰ (ਚਿਖ਼ਾ ’ਚ) ਸਾੜਨ ਨਾਲ਼ ਸੁਆਹ ਬਣਦਾ ਹੈ। ਕਬਰ ’ਚ ਦਫ਼ਨਾਉਣ ਨਾਲ਼ ਕੀੜੇ ਖਾ ਜਾਂਦੇ ਹਨ। ਕੱਚੇ ਘੜੇ ’ਚੋਂ ਸਿੰਮਦੇ ਪਾਣੀ (ਵਾਙ ਸੁਆਸ ਖ਼ਤਮ ਹੋ ਰਹੇ ਹਨ, ਜੋ) ਇਸ ਸਰੀਰ ਦੀ ਬੁਨਿਆਦ ਹਨ॥੧॥ (ਇਸ ਲਈ) ਤੂੰ (ਸਰੀਰ ਦਾ) ਕਾਹਦਾ ਮਾਣ ਕਰਦਾ ਹੈਂ ? ਜਦ ਮਾਂ ਦੇ ਪੇਟ ’ਚ 10 ਮਹੀਨੇ ਉਲ਼ਟਾ ਲੇਟਿਆ ਸੀ (ਤਾਂ ਕਰਤਾਰ ਬਚਾਉਂਦਾ ਰਿਹਾ ਹੁਣ ਤੂੰ) ਉਹ ਦਿਨ ਕਿਉਂ ਭੁੱਲ ਗਿਆ ?॥ ਰਹਾਉ॥ ਜਿਵੇਂ ਮੱਖੀ (ਫੁੱਲਾਂ ਦਾ) ਰਸ ਜੋੜ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ (ਪਰ ਸ਼ਹਿਦ ਕੋਈ ਹੋਰ ਲੈ ਜਾਂਦਾ ਹੈ; ਇਉਂ) ਮੂਰਖ ਧਨ ਹੀ ਜੋੜਦਾ ਰਿਹਾ (ਜੋ ਅੰਤ ਨੂੰ ਔਲਾਦ ਲੈ ਗਈ। ਅਸਲ ਮਦਦਗਾਰ ਪ੍ਰਭੂ ਦਾ ਨਾਮ ਨਾ ਜਪਿਆ) ਮਰਨ ਵੇਲ਼ੇ ਇਹੀ ਔਲਾਦ ਤੁਰੰਤ ਕਹਿੰਦੀ ਹੈ ਕਿ ਜਲਦੀ ਸ਼ਮਸ਼ਾਨ ਘਾਟ ਲੈ ਜਾਓ, ਘਰ ’ਚ ਬਹੁਤੀ ਦੇਰ ਨਾ ਰੱਖੋ॥੨॥ (ਮੁਰਦੇ ਨੂੰ ਸ਼ਮਸ਼ਾਨ ਵੱਲ ਲੈ ਜਾਂਦਿਆਂ) ਦੇਹਲ਼ੀ/ਦਹਿਲੀਜ਼ ਤੱਕ ਪਤਨੀ ਨਾਲ਼ ਜਾਂਦੀ ਹੈ। ਅਗਾਂਹ ਸ਼ਮਸ਼ਾਨ ਘਾਟ ਤੱਕ ਸਨੇਹੀ-ਪਿਆਰੇ ਚੁੱਕ ਲੈ ਜਾਂਦੇ ਹਨ ਤੇ ਉਸ ਤੋਂ ਅਗਾਂਹ ਜੀਵਾਤਮਾ (ਹੰਸ) ਇਕੱਲਾ ਹੀ ਜਾਂਦਾ ਹੈ।

ਹੁਣ ਜੇਕਰ ਮੰਨੀਏ ਕਿ ਆਵਾਗਮਣ ਨਹੀਂ ਹੁੰਦਾ ਤਾਂ ਇਹ ਹੰਸ ਅਗਾਂਹ ਇਕੱਲਾ ਕਿੱਥੇ ਜਾ ਰਿਹਾ ਹੈ ? ਐਸੇ ਹੀ ਬਚਨ ਆਪਣੇ ਅੰਤਮ ਸਮੇਂ ਗੁਰੂ ਅਮਰਦਾਸ ਜੀ ਨੇ ਬੋਲੇ ਹਨ, ਜਿਨ੍ਹਾਂ ਨੂੰ ਬਾਬਾ ਸੁੰਦਰ ਜੀ ਲਿਖ ਰਹੇ ਸਨ, ‘‘ਮੇਰੇ ਸਿਖ ਸੁਣਹੁ ਪੁਤ ਭਾਈਹੋ  ! ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ .. ਤੁਸੀ ਪੁਤ ਭਾਈ ਪਰਵਾਰੁ ਮੇਰਾ; ਮਨਿ ਵੇਖਹੁ ਕਰਿ ਨਿਰਜਾਸਿ ਜੀਉ   ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ; ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ਸਤਿਗੁਰਿ (ਨੇ) ਭਾਣੈ ਆਪਣੈ ਬਹਿ ਪਰਵਾਰੁ ਸਦਾਇਆ   ਮਤ ਮੈ ਪਿਛੈ ਕੋਈ ਰੋਵਸੀ; ਸੋ ਮੈ ਮੂਲਿ ਭਾਇਆ .. ਸਤਿਗੁਰੂ ਪਰਤਖਿ ਹੋਦੈ; ਬਹਿ ਰਾਜੁ ਆਪਿ ਟਿਕਾਇਆ   ਸਭਿ ਸਿਖ ਬੰਧਪ ਪੁਤ ਭਾਈ; ਰਾਮਦਾਸ ਪੈਰੀ (ਪੈਰੀਂ) ਪਾਇਆ ’’ (ਸਦ/ਬਾਬਾ ਸੁੰਦਰ/੯੨੩) ਅਰਥ : ਹੇ ਭਾਈਓ ! ਮੇਰੇ ਸਿੱਖੋ, ਮੇਰੇ ਪੁੱਤਰੋ ! ਮੇਰੇ ਕੋਲ਼ ਆਓ ਤੇ ਗ਼ੌਰ ਨਾਲ਼ ਸੁਣੋ; ਇਹੀ ਹਰੀ ਨੂੰ ਪਸੰਦ ਹੈ ਭਾਵ ਮੇਰੀ ਸਰੀਰਕ ਮੌਤ ਨਿਸ਼ਚਿਤ ਹੈ। ਤੁਸੀਂ ਮੇਰਾ ਪਰਵਾਰ ਹੋ। ਮਨ ’ਚ ਨਿਰਣਾ ਕਰਕੇ ਵੇਖੋ ਕਿ ਰੱਬੀ ਦਰਗਾਹ ਤੋਂ ਲਿਖਿਆ (ਮੌਤ ਦਾ) ਲੇਖ/ਸੁਨੇਹਾ ਮੁੜਦਾ ਨਹੀਂ ਹੁੰਦਾ। ਗੁਰੂ (ਅਮਰਦਾਸ ਜੀ ਤਾਂ) ਹਰੀ ਕੋਲ਼ ਜਾ ਰਿਹਾ ਹੈ। ਸਤਿਗੁਰੂ ਨੇ ਆਪਣੀ ਇੱਛਾ ਅਨੁਸਾਰ ਪਰਵਾਰ ਨੂੰ ਨੇੜੇ ਬੁਲਾਇਆ (ਤੇ ਕਿਹਾ ਕਿ) ਮੇਰੇ (ਮਰਨ) ਤੋਂ ਬਾਅਦ ਰੌਣਾ ਨਹੀਂ। ਮੈਨੂੰ ਐਸਾ ਬਿਲਕੁਲ ਪਸੰਦ ਨਹੀਂ (ਕਿਉਂਕਿ ਹਰੀ ’ਚ ਅਭੇਦ ਹੋਣ ਲਈ ਤਾਂ ਸਾਰੀ ਉਮਰ ਬੰਦਗੀ ਕੀਤੀ ਹੈ)। ਸਤਿਗੁਰੂ ਨੇ ਜੀਵਦਿਆਂ ਸੰਗਤ ਦੇ ਅੱਗੇ ਬੈਠ ਕੇ ਆਪ (ਗੁਰਸਿੱਖ ਰਾਮਦਾਸ ਜੀ) ਨੂੰ ਗੁਰਿਆਈ-ਤਿਲਕ ਲਾਇਆ ਤੇ ਸਾਰੇ ਸਿੱਖ, ਰਿਸ਼ਤੇਦਾਰ, ਦੋਸਤਾਂ ਆਦਿ ਨੂੰ ਗੁਰੂ ਰਾਮਦਾਸ ਜੀ ਦੇ ਚਰਨੀਂ ਲਗਾ ਦਿੱਤਾ। ਫਿਰ ਭੀ ਜੇਕਰ ਮੰਨੀਏ ਕਿ ਮਰਨ ਉਪਰੰਤ (ਸਰੀਰ ’ਚੋਂ) ਕੋਈ ਆਤਮਾ (ਹੰਸ) ਨਹੀਂ ਨਿਕਲਦਾ ਤਾਂ ‘‘ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ’’ ਦਾ ਕੀ ਅਰਥ ਰਹਿ ਜਾਏਗਾ।

ਆਵਾਗਮਣ ਦੀ ਹੋਂਦ ਤੋਂ ਇਨਕਾਰੀ ਸਿੱਖ; ਆਪਣੀ ਸੋਚ ਨੂੰ ਸਹੀ ਸਿੱਧ ਕਰਨ ਲਈ ਹੇਠਲੇ ਸ਼ਬਦ ਦਾ ਸਹਾਰਾ ਲੈਂਦੇ ਹਨ ਜਦਕਿ ਇਸ ਸ਼ਬਦ ’ਚ ਜ਼ਿੰਦਗੀ ਦੀ ਬੁਨਿਆਦ ਆਤਮਾ/ਜੋਤਿ ਨੂੰ ਅਮਰ (ਇਲਾਹੀ ਨੂਰ) ਸਿੱਧ ਕਰਨ ਲਈ ਸਰੀਰ ਅੰਦਰਲੀਆਂ ਹੋਰ ਸੂਖਮ ਤਾਕਤਾਂ (ਜਿਵੇਂ ਕਿ ਸੁਆਸ, ਅੱਗ ਤੱਤ, ਹਵਾ ਤੱਤ, ਪਾਣੀ ਤੱਤ, ਮਿੱਟੀ ਤੱਤ, ਅਕਾਸ਼ ਤੱਤ); ਆਪਣੇ-ਆਪਣੇ ਸਰੋਤ ’ਚ ਮਿਲਦੀਆਂ ਨੂੰ ਮਿਸਾਲ ਬਣਾਇਆ ਗਿਆ ਹੈ ਤਾਂ ਜੋ ਸਰੀਰਕ ਮੋਹ ਕਾਰਨ ਕਿਸੇ ਦੀ ਮੌਤ ’ਤੇ ਅਫ਼ਸੋਸ ਨਾ ਕੀਤਾ ਜਾਏ। ਪੂਰਾ ਸ਼ਬਦ ਹੈ, ‘‘ਪਵਨੈ ਮਹਿ ਪਵਨੁ ਸਮਾਇਆ   ਜੋਤੀ ਮਹਿ ਜੋਤਿ ਰਲਿ ਜਾਇਆ   ਮਾਟੀ ਮਾਟੀ ਹੋਈ ਏਕ   ਰੋਵਨਹਾਰੇ ਕੀ ਕਵਨ ਟੇਕ ?   ਕਉਨੁ ਮੂਆ ਰੇ ! ਕਉਨੁ ਮੂਆ   ਬ੍ਰਹਮ ਗਿਆਨੀ ਮਿਲਿ ਕਰਹੁ ਬੀਚਾਰਾ; ਇਹੁ ਤਉ ਚਲਤੁ ਭਇਆ ਰਹਾਉ   ਅਗਲੀ; ਕਿਛੁ ਖਬਰਿ ਪਾਈ  ਰੋਵਨਹਾਰੁ ਭਿ ਊਠਿ ਸਿਧਾਈ   ਭਰਮ ਮੋਹ ਕੇ ਬਾਂਧੇ ਬੰਧ   ਸੁਪਨੁ ਭਇਆ; ਭਖਲਾਏ ਅੰਧ   ਇਹੁ ਤਉ; ਰਚਨੁ ਰਚਿਆ ਕਰਤਾਰਿ (ਨੇ)   ਆਵਤ ਜਾਵਤ ਹੁਕਮਿ+ਅਪਾਰਿ (’)   ਨਹ ਕੋ ਮੂਆ; ਮਰਣੈ ਜੋਗੁ   ਨਹ ਬਿਨਸੈ; ਅਬਿਨਾਸੀ ਹੋਗੁ   ਜੋ ਇਹੁ ਜਾਣਹੁ; ਸੋ ਇਹੁ ਨਾਹਿ   ਜਾਨਣਹਾਰੇ ਕਉ ਬਲਿ ਜਾਉ   ਕਹੁ ਨਾਨਕ  ! ਗੁਰਿ (ਨੇ) ਭਰਮੁ ਚੁਕਾਇਆ   ਨਾ ਕੋਈ ਮਰੈ; ਆਵੈ ਜਾਇਆ (ਮਹਲਾ /੮੮੫) ਅਰਥ : ਹੇ ਭਾਈ ! (ਗ਼ੌਰ ਕਰ; ਮੌਤ ਉਪਰੰਤ) ਸੁਆਸ; ਆਪਣੇ ਸਰੋਤ ਸੁਆਸ-ਸੰਗ੍ਰਹਿ (ਪ੍ਰਭੂ) ’ਚ ਜਾ ਸਮਾਉਂਦੇ ਹਨ ਭਾਵ ਜਿਸ ਮਾਲਕ ਨੇ ਸੁਆਸ-ਪੂੰਜੀ ਬਖ਼ਸ਼ੀ ਸੀ; ਉਸੇ ਨੇ ਸੁਆਸ ਵਾਪਸ ਖਿੱਚ ਲਏ, ਨਾ ਕਿ ਉਹ ਆਪ ਮਰਿਆ ਹੈ। ਸਰੀਰ ਅੰਦਰਲੀ ਜੋਤਿ ਭੀ ਜੋਤਾਂ ਦੇ ਸਮੂਹ (ਪ੍ਰਭੂ) ’ਚ ਲੀਨ ਹੋ ਗਈ (ਨੋਟ : ਚੇਤੇ ਰਹੇ ਕਿ ਭਗਤੀ; ਜੋਤਿ ਨੂੰ ਮੁਕਤ ਕਰਨ ਲਈ ਨਹੀਂ; ਅੰਤਹਿਕਰਣ ’ਤੇ ਚੜੀ ਜਨਮ ਜਨਮ ਦੀ ਮੈਲ਼ (ਕੂੜੈ ਪਾਲਿ) ਰੂਪ ਪਰਤ/ਹਉਮੈ ਨੂੰ ਸਵੈ ਪੜਚੋਲ ਨਾਲ਼ ਉਤਾਰਨ ਲਈ ਕਰਨੀ ਹੈ ਤਾਂ ਜੋ ਪਾਰਦਰਸ਼ੀ ਹੋਏ ਅੰਤਹਿਕਰਣ ਰਾਹੀਂ ਅੰਦਰਲੀ ਜੋਤਿ/ਆਤਮ ਪ੍ਰਕਾਸ਼ ਦਾ ਹੂ-ਬਹੂ ਚਾਨਣ/ਅਹਿਸਾਸ; ਦਿਮਾਗ਼ ਨੂੰ ਹੋਵੇ। ਇਹੀ ‘ਪ੍ਰਭੂ ਦਾ ਦਰਸ਼ਨ’ ਹੈ। ਅਸ਼ਰਧਕ ਬੰਦੇ ਅੰਦਰਲੀ ਮੈਲ਼; ਆਵਾਗਮਣ ਭੋਗਦੀ ਹੈ; ਜਿਵੇਂ ਕਿ ਵਾਕ ਹੈ, ‘‘ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ); ਨਾਲੇ ਹਉਮੈ ਪਾਈ ਜਨਮ ਮਰਣੁ ਉਸ (ਹਉਮੈ) ਹੀ ਕਉ ਹੈ ਰੇ ! ਓਹਾ ਆਵੈ ਜਾਈ ’’ (ਮਹਲਾ /੯੯੯) ਇਸ (ਹਉਮੈ) ਦਾ ਫਿਰ ਆਧਾਰ ਬਣਦੀ ਹੈ ਓਹੀ ‘ਰੱਬੀ ਜੋਤਿ/ਰੂਹ’।) ਜੋਤਿ/ਆਤਮਾ; ਆਪਣੇ ਅਬਿਨਾਸੀ ਸਰੋਤ (ਜੋਤਾਂ ਦੇ ਸਮੂਹ ਪ੍ਰਭੂ) ’ਚ ਜਾ ਸਮਾਉਂਦਾ ਹੈ। ਮਿੱਟੀ ਤੱਤ; ਸੁਆਹ ਬਣ ਆਪਣੇ ਸਰੋਤ ਮਿੱਟੀ ਤੱਤ ਭਾਵ ਧਰਤੀ ’ਚ ਜਾ ਮਿਲਦਾ ਹੈ। ਸਰੀਰਕ ਮੌਤ ਦਾ ਵਿਰਲਾਪ ਕਰਨ ਵਾਲ਼ੇ ਕੋਲ਼ ਰੌਣ ਦਾ ਆਧਾਰ ਕੀ ਬਚਿਆ ?॥੧॥ ਹੇ ਭਾਈ ! (ਮੌਤ ਉਪਰੰਤ) ਕੀ ਖ਼ਤਮ ਹੋਇਆ ਹੈ ਭਾਵ ਕੁੱਝ ਭੀ ਖ਼ਤਮ ਨਹੀਂ ਹੁੰਦਾ। ਇਹ ਅਸਲੀਅਤ ਜਾਣ ਚੁੱਕੇ ਮਿਲ ਕੇ ਵਿਚਾਰੋ, ਸੋਚੋ ਕਿਉਂਕਿ ਇਹ (ਆਉਣਾ-ਜਾਣਾ) ਤਾਂ ਕਰਤਾਰ ਦੀ ਇੱਕ ਖੇਡ ਹੈ॥ ਰਹਾਉ॥ ਪਹਿਲਾਂ ਮਰ ਚੁਕਿਆਂ ਬਾਰੇ ਕੋਈ ਜਾਣਕਾਰੀ ਨਹੀਂ (ਕਿ ਕੌਣ ਕਿਸ ਜੂਨ ’ਚ ਹੈ ਜਾਂ ਕੌਣ ਪ੍ਰਭੂ ’ਚ ਲੀਨ ਹੈ; ਹੁਣ) ਰੌਣਵਾਲ਼ਾ ਭੀ ਇੱਕ ਦਿਨ ਇੱਥੋਂ ਚਲਾ ਜਾਏਗਾ। ਸਾਰੇ ਭਰਮ-ਮੋਹ ਦੇ ਬੰਧਨਾਂ ’ਚ ਬੱਝੇ ਹਨ, ਸਚਾਈ ਤੋਂ ਅਣਜਾਣ ਹਨ। (ਆਤਮਾ/ਜੋਤਿ ਤੇ ਸਰੀਰ ਦਾ ਸਬੰਧ) ਸੁਫਨਾ ਹੋ ਬੀਤ ਜਾਣਾ ਹੈ। ਅਗਿਆਨੀ (ਕਿਸੇ ਦੀ ਮੌਤ ’ਤੇ ਐਵੇਂ) ਕਲਪਦੇ ਹਨ॥੨॥ ਇਹ ਜਗਤ-ਖੇਡ ਤਾਂ ਕਰਤਾਰ ਨੇ ਰਚੀ ਹੈ। ਉਸ ਦੇ ਅਪਾਰ ਹੁਕਮ ’ਚ ਹੀ ਸਭ (ਜਗਤ-ਖੇਡ ਖੇਡਣ) ਆਉਂਦੇ, ਜਾਂਦੇ ਹਨ। ਨਾ ਕੋਈ ਮਰਿਆ ਹੈ, ਨਾ ਮਰਨ ਵਾਲ਼ਾ ਹੈ। ਕੋਈ (ਜੋਤਿ/ਆਤਮਾ) ਮਰਦਾ ਨਹੀਂ ਕਿਉਂਕਿ ਇਹ ਨਾਸ ਰਹਿਤ ਹੈ॥੩॥ ਆਤਮਾ ਨੂੰ ਜੈਸਾ ਸਮਝਦੇ ਹੋ; ਵੈਸਾ ਇਹ ਨਹੀਂ ਹੈ ਭਾਵ ਇਹ ਕੋਈ ਸਰੀਰਕ ਅੰਗ ਨਹੀਂ ਕਿ ਸਕੈਨਿੰਗ ਨਾਲ਼ ਵੇਖਿਆ ਜਾਵੇ। ਜੋ ਇਸ ਆਤਮ ਪ੍ਰਕਾਸ਼ ਨੂੰ (ਆਪਣਾ ਪਾਰਦਰਸ਼ੀ ਅੰਤਹਿਕਰਣ ਬਣਾ) ਮਹਿਸੂਸ ਕਰ ਲੈਂਦਾ ਹੈ, ਮੈ ਉਸ ਤੋਂ ਕੁਰਬਾਨ ਹਾਂ। ਗੁਰੂ ਨੇ ਜਿਸ ਦਾ ਭਰਮ ਮਿਟਾ ਦਿੱਤਾ ਭਾਵ ਅੰਤਹਿਕਰਣ ਪਾਰਦਰਸ਼ੀ ਕਰ ਦਿੱਤਾ; ਉਹ (ਵਾਰ-ਵਾਰ) ਨਾ ਮਰਦਾ ਹੈ, ਨਾ ਜਗਤ-ਖੇਡ ਖੇਡਣ ਲਈ ਆਉਂਦਾ ਹੈ, ਨਾ ਇੱਥੋਂ ਜਾਂਦਾ ਹੈ ਭਾਵ ਉਹ ਆਵਾਗਮਣ ਮੁਕਤ ਹੋ ਸਦਾ ਲਈ ਪ੍ਰਭੂ ’ਚ ਲੀਨ ਹੋ ਜਾਂਦਾ ਹੈ। ਸੋ ਇਸ ਪੂਰੇ ਸ਼ਬਦ ’ਚ ਨਹੀਂ ਜਾਪਦਾ ਕਿ ਆਵਾਗਮਣ ਦੀ ਹੋਂਦ ਨੂੰ ਰੱਦ ਕਰਨ ਵਾਲ਼ਾ ਕੋਈ ਫ਼ੁਰਮਾਨ ਹੈ। ਸਰੀਰਕ ਬੁਨਿਆਦ (ਆਤਮਾ) ਨੂੰ ਅਮਰ ਅਤੇ ਇਸ ਸਚਾਈ ਨੂੰ ਨਾ ਸਮਝਣਾ; ਭਰਮ ਸਿੱਧ ਕੀਤਾ ਗਿਆ ਹੈ। ਇਲਾਹੀ ਹੁਕਮ ਅਤੇ ਇਸ ’ਤੇ ਭਰੋਸਾ ਨਾ ਕਰਨਾ ਭਰਮ; ਹਥਲੇ ਚਾਰੇ ਭਾਗਾਂ ਦਾ ਮੂਲ ਵਿਸ਼ਾ ਰਿਹਾ ਹੈ।

ਸਰੀਰਕ ਮੌਤ ਉਪਰੰਤ ਆਵਾਗਮਣ (ਜਾਂ ਪ੍ਰਭੂ ’ਚ ਲੀਨ/ਅਭੇਦ ਕੋਈ) ਹੁੰਦਾ ਹੈ ਜਾਂ ਨਹੀਂ; ਇਹ ਨਿਰਣਾ ਕਰਨ ਤੋਂ ਪਹਿਲਾਂ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਇਹ ਲੋਕ; ਸਥੂਲ ਸਰੀਰਾਂ ’ਚ ਸੂਖਮ ਆਤਮਾ (ਹੰਸ) ਦੀ ਹੋਂਦ ਤੋਂ ਇਨਕਾਰੀ ਭੀ ਹਨ, ਜਿਸ ਨੂੰ ਬਾਣੀਕਾਰਾਂ ਨੇ ਪ੍ਰਭੂ ਦੀ ਜੋਤਿ, ਰੂਹ, ਜਿੰਦ, ਆਤਮਾ, ਜੀਅ ਆਦਿ ਕਿਹਾ; ਜੈਸਾ ਕਿ ਗੁਰੂ ਨਾਨਕ ਸਾਹਿਬ ਦੇ ਹੀ ਬਚਨ ਹਨ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ   ਤਿਸ ਦੈ ਚਾਨਣਿ (ਨਾਲ਼); ਸਭ ਮਹਿ ਚਾਨਣੁ ਹੋਇ (ਸੋਹਿਲਾ/ਮਹਲਾ /੧੩), ਜੇਤੇ ਦਾਣੇ ਅੰਨ ਕੇ; ਜੀਆ (ਜਿੰਦ) ਬਾਝੁ ਕੋਇ (ਮਹਲਾ /੪੭੨), ਪਹਿਲਾ ਪਾਣੀ ਜੀਉ (ਜੋਤਿ) ਹੈ; ਜਿਤੁ (ਜਿਸ ਨਾਲ਼) ਹਰਿਆ ਸਭੁ ਕੋਇ (ਮਹਲਾ /੪੭੨), ਜਲਿ (’) ਥਲਿ (’) ਮਹੀਅਲਿ (ਅਕਾਸ਼) ਭਰਿਪੁਰਿ ਲੀਣਾ; ਘਟਿ ਘਟਿ (’) ਜੋਤਿ ਤੁਮ੍ਾਰੀ (ਮਹਲਾ /੭੯੫), ਅਗਨਿ ਪਾਣੀ ਜੀਉ (ਸਰੀਰ) ਜੋਤਿ ਤੁਮਾਰੀ; ਸੁੰਨੇ ਕਲਾ ਰਹਾਇਦਾ ’’ (ਮਹਲਾ /੧੦੩੭), ਆਦਿ ਭਾਵ ਕੂੜੈ ਪਾਲਿ ਜਾਂ ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ’’ (ਮਹਲਾ /੬੫੧) ਵਾਲ਼ੇ ਹਰ ਸਰੀਰ ਅੰਦਰ ਰੱਬ ਦੀ ਜੋਤਿ ਹੈ, ‘‘ਨਿਰੰਕਾਰਿ (ਨੇ) ਆਕਾਰੁ (ਬਣਾਨ ਲਈ); ਜੋਤਿ ਜਗ ਮੰਡਲਿ (’) ਕਰਿਯਉ ’’ (ਭਟ ਕੀਰਤ/੧੩੯੫), ਇਸੇ ਨੂੰ ਭਗਤ ਕਬੀਰ ਜੀ ਨੇ ‘ਹੰਸ’ (ਆਗੈ ਹੰਸੁ ਅਕੇਲਾ) ਕਿਹਾ ਹੈ।

ਸ਼ਰਧਾ ਤੋਂ ਸੱਖਣੇ ਬੰਦਿਆਂ ਦੀ ਅਕਲ ਦਾ ਦਿਵਾਲ਼ਾਪਣ ਇੱਥੇ ਹੀ ਖ਼ਤਮ ਨਹੀਂ ਹੁੰਦਾ। ਗੁਰੂ ਸਾਹਿਬਾਨ ਅੰਦਰ ਇਹੀ ਨਿਰਮਲ ਜੋਤਿ-ਸ਼ਕਤੀ ਹੈ, ਜੋ ਉਨ੍ਹਾਂ ਨੂੰ ਆਮ ਤੋਂ ਖ਼ਾਸ ਬਣਾਉਂਦੀ ਹੈ। ਸੱਤਾ-ਬਲਵੰਡ ਜੀ ਤੇ ਭੱਟ ਸਾਹਿਬਾਨ ਗਵਾਹੀ ਭੀ ਭਰਦੇ ਹਨ, ‘‘ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ ’’ (ਭਟ ਮਥੁਰਾ/੧੪੦੮) ਭਾਵ ਅਕਾਲ ਪੁਰਖ ਦੀ ਨਿਰਮਲ ਜੋਤਿ ਹੀ ਆਕਾਰ ਰੂਪ ’ਚ ਗੁਰੂ ਨਾਨਕ ਜੀ ਹਨ। ਗੁਰੂ ਨਾਨਕ ਸਾਹਿਬ ਜੀ ਦੇ ਜੋਤੀ-ਜੋਤਿ ਸਮਾਉਣ ਸਮੇਂ ਆਪਣੇ ਅੰਦਰਲੀ ਇਹ ਜੋਤਿ; ਗੁਰੂ ਅੰਗਦ ਸਾਹਿਬ ’ਚ ਸੁਸ਼ੋਭਿਤ ਕਰ ਦਿੱਤੀ, ‘‘ਜੋਤਿ ਓਹਾ, ਜੁਗਤਿ ਸਾਇ; ਸਹਿ (ਗੁਰੂ ਨਾਨਕ ਨੇ) ਕਾਇਆ ਫੇਰਿ ਪਲਟੀਐ ’’ (ਬਲਵੰਡ ਸਤਾ/੯੬੬) ਅਗਾਂਹ ਤਬਦੀਲ ਹੁੰਦੀ ਹੋਈ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਸਾਹਿਬ ’ਚ ਟਿਕਾ ਦਿੱਤੀ, ‘‘ਰਾਮਦਾਸਿ (ਨੇ) ਗੁਰੂ ਜਗ ਤਾਰਨ ਕਉ; ਗੁਰ ਜੋਤਿ, ਅਰਜੁਨ ਮਾਹਿ ਧਰੀ ’’ (ਭਟ ਮਥੁਰਾ/੧੪੦੯), ਇਹੀ ਜੋਤਿ ਹੁਣ ‘ਗੁਰੂ ਗ੍ਰੰਥ ਸਾਹਿਬ’ ਅੰਦਰ ਸੁਭਾਇਮਾਨ ਹੈ, ਜੋ ਸ਼ਰਧਾਵਾਨ ਸਿੱਖਾਂ ਉੱਤੇ ਬਖ਼ਸ਼ਸ਼ ਕਰਦੀ ਹੈ। ਇਸੇ ਨੂੰ ਮੂਲ ਮੰਤਰ ਦੇ ਅੰਤ ’ਚ ‘ਗੁਰ ਪ੍ਰਸਾਦਿ’ ਭਾਵ ‘ਗੁਰੂ ਦੀ ਮਿਹਰ ਨਾਲ਼’ (ੴ ਮਿਲਦਾ ਹੈ) ਸ਼ਬਦਾਂ ਰਾਹੀਂ ਬਿਆਨ ਕੀਤਾ ਹੈ।

ਕਿਸੇ ਬੰਦੇ ’ਚ ਤਬਦੀਲੀ ਆਉਣ ਜਾਂ ਲਿਆਉਣ ਦੇ ਚਾਰ ਹੀ ਕਾਰਗਰ ਉਪਾਅ ਹੁੰਦੇ ਹਨ (ੳ). ਪੈਦਾਇਸ਼ ਤੋਂ ਰੁਚੀ ਹੋਣੀ; ਜਿਵੇਂ ਕਿ ਗੁਰੂ ਨਾਨਕ ਸਾਹਿਬ ਅੰਦਰ ਬਚਪਨ ਤੋਂ ਨਿਰਾਕਾਰ ਪ੍ਰਤੀ ਲਗਨ ਸੀ ਤਾਹੀਓਂ 3 ਕੁ ਸਾਲ ਦੀ ਉਮਰ ’ਚ ਇਕਾਂਤ ਚਿੱਤ ਲੰਬਾ ਸਮਾਂ ਬੈਠੇ ਰਹਿੰਦੇ ਸਨ। (ਅ). ਕੁੱਝ ਲਾਲਚ ਦੇ ਕੇ ਰੁਚੀ ਪੈਦਾ ਕਰਨਾ; ਜਿਵੇਂ ਕਿ ਬਾਬਾ ਫ਼ਰੀਦ ਜੀ ਨੂੰ ਉਨ੍ਹਾਂ ਦੀ ਮਾਤਾ ਮਰੀਅਮ ਜੀ; ਨਮਾਜ਼ ਪੜ੍ਹਨ ਬਦਲੇ ਗੁੜ ਦਿਆ ਕਰਦੀ ਸੀ। (ੲ). ਪਿਆਰ ਜਾਂ ਹੱਲਾਸ਼ੇਰੀ ਨਾਲ਼ ਰੁਚੀ ਪੈਦਾ ਕਰਨੀ; ਜਿਵੇਂ ਕਿ ਭਗਤ ਰਵਿਦਾਸ ਜੀ ਉਤਸ਼ਾਹ ਭਰਦੇ ਹਨ, ‘‘ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ; ਗਏ ਹਰਿ ਕੈ ਪਾਸਿ ਐਸੇ ਦੁਰਮਤਿ ਨਿਸਤਰੇ; ਤੂ ਕਿਉ ਤਰਹਿ ? ਰਵਿਦਾਸ ! ’’ (ਭਗਤ ਰਵਿਦਾਸ/੧੧੨੪) ਅਰਥ : ਹੇ ਭਾਈ ! ਵੇਖ ਦੁਰਾਚਾਰੀ ਅਜਾਮਲ ਬ੍ਰਾਹਮਣ, ਵੇਸਵਾ ਪਿੰਗੁਲਾ, ਸ਼ਿਕਾਰੀ ਲੁਬਧਕ ਤੇ ਹਾਥੀ; ਹਰੀ ਦਾ ਨਾਮ ਲੈਣ ਨਾਲ਼ ਤਰ ਗਏ। ਤੂੰ ਕਿਉਂ ਨਹੀਂ ਤਰ ਸਕਦਾ ਭਾਵ ਤੂੰ ਭੀ ਹਰੀ ਦਾ ਨਾਮ ਜਪ; ਜ਼ਰੂਰ ਤਰ ਜਾਏਂਗਾ।

ਨੋਟ : ਉਕਤ ਵਾਕ ’ਚ ਚਾਰ ਨਾਂਵਾਂ ਦਾ ਜ਼ਿਕਰ ਹੈ, ਜਿਨ੍ਹਾਂ ਦਾ ਪੁਰਤਾਨ ਗ੍ਰੰਥਾਂ ’ਚ ਇਸ ਤਰ੍ਹਾਂ ਹਵਾਲਾ ਹੈ (1). ਭਗਤਮਾਲ ਤੇ ਭਾਗਵਤ ’ਚ ਸਾਖੀ ਹੈ ਕਿ ਕਨੌਜ ਦੇਸ਼ ਦੇ ਬ੍ਰਾਹਮਣ (ਅਜਾਮਲ) ਨੇ ਇੱਕ ਵੇਸਵਾ ਨਾਲ਼ ਸ਼ਾਦੀ ਕਰ ਲਈ, ਜਿਸ ਤੋਂ 10 ਪੁੱਤਰ ਪੈਦਾ ਹੋਏ। ਸਭ ਤੋਂ ਛੋਟੇ ਦਾ ਨਾਂ ਨਾਰਾਇਣ ਸੀ। ਆਪਣੇ ਪੁੱਤਰ ਨੂੰ ਨਾਰਾਇਣ-ਨਰਾਇਣ ਕਹਿ ਕੇ ਅਜਾਮਲ; ਆਪਣੇ ਦੁਰਾਚਾਰੀ ਪਾਪ ਤੋਂ ਮੁਕਤ ਹੋ ਗਿਆ। (2). ਭਾਗਵਤ ਦੇ 11ਵੇਂ ਸਕੰਧ ਦੇ 8ਵੇਂ ਅਧਿਆਏ ’ਚ ਪ੍ਰਸੰਗ ਹੈ ਕਿ ਵਿਦੇਹ ਨਗਰ (ਜਨਕਪੁਰੀ) ’ਚ ਇੱਕ ਵੇਸਵਾ ਰਹਿੰਦੀ ਸੀ, ਜਿਸ ਦਾ ਨਾਂ ਪਿੰਗੁਲਾ ਸੀ। ਇੱਕ ਦਿਨ ਉਹ, ਧਨੀ ਤੇ ਸੁੰਦਰ ਜਵਾਨ ਨੂੰ ਵੇਖ ਕਾਮ ’ਚ ਵਿਆਕੁਲ ਹੋ ਗਈ ਤੇ ਸਾਰੀ ਰਾਤ ਉਸ ਨਾਲ਼ ਗੁਜ਼ਾਰੀ। ਅਚਾਨਕ ਮਨ ’ਚ ਵੈਰਾਗ ਉੱਠਿਆ ਕਿ ਜੇ ਐਸਾ ਪਿਆਰ ਈਸ਼ਵਰ ਨਾਲ਼ ਕਰਦੀ ਤਾਂ ਸਦਾ ਅਨੰਦ ਮਿਲਦਾ। ਉਹ, ਪ੍ਰਭੂ ਦਾ ਸਿਮਰਨ ਕਰਨ ਲੱਗੀ ਤੇ ਅੰਤ ਵੇਸਵਾ-ਪਾਪ ਤੋਂ ਮੁਕਤ ਹੋ ਗਈ। (3). ਇੱਕ ਲੋਦੀਆ (ਲੁਭਤ/ਲੁਬਧਕ) ਨਾਂ ਦਾ ਸ਼ਿਕਾਰੀ ਸੀ। ਉਸ ਨੇ ਸੰਤਾਂ ਦੀ ਸੇਵਾ ਕੀਤੀ। ਅਗਲੇ ਦਿਨ ਉਸ ਨੂੰ ਬਹੁਤ ਸ਼ਿਕਾਰ ਮਿਲੇ। ਇੱਕ ਸ਼ਿਕਾਰ ਸੰਤਾਂ ਲਈ ਲੈ ਆਇਆ। ਸੰਤਾਂ ਨੇ ਕਿਹਾ ਕਿ ਇਹ ਸਾਡੇ ਕੰਮ ਦਾ ਨਹੀਂ। ਤੂੰ ਸਾਡੇ ਲਈ ਕੋਈ ਸੰਖ ਚਕ੍ਰ ਗਦਾ ਵਾਲ਼ਾ (ਭਾਵ ਹਰੀ) ਲੱਭ ਕੇ ਲਿਆ। ਸ਼ਿਕਾਰੀ ਲੱਭਦਾ ਰਿਹਾ, ਪਰ ਉਹ ਨਾ ਮਿਲਿਆ।  ਉਹ ਮਾਯੂਸ ਹੋ ਕੇ ਮਰਨ ਲੱਗਾ। ਅਚਾਨਕ ਭਗਵਾਨ ਨੇ ਪ੍ਰਗਟ ਹੋ ਕੇ ਦਰਸ਼ਨ ਦਿੱਤੇ ਤੇ ਸ਼ਿਕਾਰ-ਬਿਰਤੀ ਪਾਪ ਤੋਂ ਮੁਕਤੀ ਪਾ ਗਿਆ। (4). ਭਾਗਵਤ ਕਥਾ ਅਨੁਸਾਰ ਇੱਕ ਗੰਧਰਵ (ਸੁਰਗ ’ਚ ਰਾਗ-ਸੰਗੀਤ ਗਾਉਣ ਵਾਲ਼ਾ; ਅਥ੍ਰਵਣ ਵੇਦ ’ਚ ਇਨ੍ਹਾਂ ਦੀ ਗਿਣਤੀ 6333 ਦੱਸੀ ਹੈ), ਜੋ ਰਿਖੀ ਦੇ ਸਰਾਪ ਨਾਲ਼ ਹਾਥੀ ਬਣ ਗਿਆ ਸੀ। ਉਸ ਨੂੰ ਵਰੁਣ ਦੇ ਤਲਾ ’ਚ ਇੱਕ ਤੇਂਦੂਆ ਆਪਣੀਆਂ ਤੰਦਾਂ ’ਚ ਪਕੜ ਬੈਠਾ ਸੀ; ਰਾਮ ਨਾਮ ਜਪਣ ਨਾਲ਼ ਮੁਕਤ ਹੋ ਗਿਆ। ਚੇਤੇ ਰਹੇ ਕਿ ਇਹ ਕਥਾਵਾਂ ਸੱਚੀਆਂ ਹਨ ਜਾਂ ਝੂਠੀਆਂ; ਗੁਰਬਾਣੀ ਇਹ ਨਿਰਣਾ ਨਹੀਂ ਕਰਦੀ। ਬਾਣੀਕਾਰਾਂ ਦਾ ਮਕਸਦ ਅੰਬ (ਸਾਖੀ ਦਾ ਤਤਸਾਰ) ਖਾਣਾ ਹੈ, ਨਾ ਕਿ ਪੇੜ ਗਿਣਨਾ।)

(ਸ). ਅਰੰਭਕ ਰੁਚੀ; ਪੈਦਾਇਸ਼ ਤੋਂ ਹੁੰਦੀ ਹੈ। ਦੂਜੀ; 10-12 ਸਾਲ ਤੱਕ ਦੇ ਬੱਚੇ ’ਚ ਪਾਈ ਜਾ ਸਕਦਾ ਹੈ। ਤੀਜੀ; 15 ਤੋਂ 25 ਕੁ ਸਾਲ ਤੱਕ ਦੀ ਉਮਰ ’ਚ ਭਰੀ ਜਾ ਸਕਦੀ ਹੈ, ਪਰ ਜੇਕਰ ਇਹ ਤਿੰਨੇ ਨਾ ਹੋਣ ਤਾਂ ਆਖ਼ਿਰ ‘ਡਰ’ ਨਾਲ਼ ਰੁਚੀ ਪੈਦਾ ਕੀਤੀ ਜਾਂਦੀ ਹੈ। ਇਹ ਡਰ; ਮੌਤ ਜਾਂ ਆਵਾਗਮਣ ਦਾ ਹੀ ਹੋ ਸਕਦਾ ਹੈ; ਜਿਵੇਂ ਕਿ ਬਚਨ ਹਨ, ‘‘ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ ਆਇ ਜਾਇ ਦੁਖੁ ਪਾਇਦਾ ’’ (ਮਹਲਾ /੧੦੭੫) ਭਾਵ ਇਸ ਮਨੁੱਖਾ ਜਨਮ ਨੂੰ ਅਜਾਈਂ ਗਵਾ ਕੇ ਮੁੜ (ਜੂਨਾਂ ’ਚ ਵਾਰ-ਵਾਰ) ਜਨਮ ਲੈ ਕੇ, ਮਰ ਕੇ ਦੁੱਖ ਭੋਗਣਾ ਪੈਂਦਾ ਹੈ। ਭਗਤ ਕਬੀਰ ਜੀ ਦੇ ਭੀ ਬੋਲ ਹਨ, ‘‘ਚਾਰਿ ਪਾਵ, ਦੁਇ ਸਿੰਗ ਗੁੰਗ ਮੁਖ; ਤਬ ਕੈਸੇ ਗੁਨ ਗਈਹੈ  ?  ਊਠਤ ਬੈਠਤ ਠੇਗਾ ਪਰਿਹੈ ? ਤਬ ਕਤ ਮੂਡ ਲੁਕਈਹੈ   ਹਰਿ ਬਿਨੁ; ਬੈਲ ਬਿਰਾਨੇ ਹੁਈਹੈ   ਫਾਟੇ ਨਾਕਨ, ਟੂਟੇ ਕਾਧਨ; ਕੋਦਉ ਕੋ ਭੁਸੁ ਖਈਹੈ ਰਹਾਉ ’’ (ਭਗਤ ਕਬੀਰ/੫੨੪) ਅਰਥ : ਹਰੀ ਦਾ ਨਾਮ ਜਪਣ ਤੋਂ ਬਿਨਾਂ (ਅਗਾਂਹ ਜੂਨ ਵਜੋਂ) ਪਰਾਏ ਮਨੁੱਖ ਦੇ ਬਲ਼ਦ ਬਣਨਾ ਪੈਣਾ ਹੈ। (ਨੱਥ ਨਾਲ਼) ਨੱਕ ਫਟੇ ਹੋਣਗੇ। (ਜੂਲੇ ਜਾਂ ਪੰਜਾਲੀ ਨਾਲ਼) ਕੰਧੇ ਫਿੱਸੇ ਹੋਣਗੇ। ਕੋਧ੍ਰਾ (ਬਾਥੂ ਵਰਗਾ) ਘਾਹ ਖਾਏਂਗਾ॥ ਰਹਾਉ॥ ਚਾਰ ਪੈਰ ਤੇ ਦੋ ਸਿੰਗ ਹੋਣਗੇ। ਮੂੰਹ ਤੋਂ ਗੂੰਗਾ ਹੋਵੇਂਗਾ, ਤਾਂ ਉਸ ਸਮੇਂ ਕਿਵੇਂ ਨਾਮ ਜਪੇਂਗਾ (ਜੇਕਰ ਹੁਣ ਨਾ ਜਪ ਸਕਿਆ) ?

ਹੁਣ ਜੇ ਮੰਨੀਏ ਕਿ ਆਵਾਗਮਣ ਨਹੀਂ ਹੁੰਦਾ ਤਾਂ ਜੀਵਨ ਬਦਲਣ ਲਈ ਆਖ਼ਿਰ ਨੂੰ ਕਾਹਦਾ ਡਰ ਦਿੱਤਾ ਜਾ ਸਕਦਾ ਹੈ ? ਦਰਅਸਲ ਜ਼ਿਆਦਾਤਰ ਸਿੱਖਾਂ ਅੰਦਰ ਗੁਰਮਤਿ ਪ੍ਰਤੀ ਸ਼ਰਧਾ ਹੀ ਨਹੀਂ; ਗੁਰਬਾਣੀ ਨੂੰ ਵਿਚਾਰਨ ਦਾ ਸਮਾਂ ਨਹੀਂ; ਉਂਝ ਇਹ ਗੁਰੂ ਘਰਾਂ ’ਚ ਵਕਤਾ ਬਣ ਆਪਣੀਆਂ ਲੋੜਾਂ ਭੀ ਪੂਰੀਆਂ ਕਰਦੇ ਹਨ, ਜੋ ਸੰਗਤਾਂ ਦੇ ਭੋਲ਼ੇਪਣ ਦਾ ਨਾਜਾਇਜ਼ ਲਾਭ ਉਠਾਉਣਾ ਹੈ। ਬਹੁਤੀ ਸੰਗਤ ਭਾਵੇਂ ਗੁਰਬਾਣੀ ਪੜ੍ਹਦੀ ਹੈ, ਪਰ ਗੁਰਮਤਿ ਦੇ ਭਾਵਾਰਥ ਨਹੀਂ ਸਮਝਦੀ ਤਾਹੀਓਂ ਬਚਨ ਕੀਤੇ ਹਨ, ‘‘ਪੜਿਐ ਨਾਹੀ; ਭੇਦੁ ਬੁਝਿਐ ਪਾਵਣਾ ’’ (ਮਹਲਾ /੧੪੮) ਐਸੇ ਹੀ ਕੁੱਝ ਕਾਰਨ ਹਨ ਕਿ ਗੁਰਬਾਣੀ ਦੀ ਮੂਲ ਲਿਖਤ ‘ਫੁਰਮਾਨ ਤੋਂ ਫਰਮਾਨ, ਪਰਵਾਰ ਤੋਂ ਪਰਿਵਾਰ, ਬਾਦਿਸਾਹ ਤੋਂ ਬਾਦਸਾਹ, ਪਾਤਿਸਾਹ ਤੋਂ ਪਾਤਸਾਹ’, ਕੜਾਹ ਪ੍ਰਸਾਦ ਤੋਂ ਕੜਾਹਿ ਪ੍ਰਸਾਦਿ, ਆਦਿਕ ਸ਼ਬਦਸ਼ੈਲੀ ਨੂੰ ਭਾਸ਼ਾਈ ਵਿਕਾਸ ਦੇ ਨਾਂ ’ਤੇ ਸਵੀਕਾਰਿਆ ਗਿਆ। ਅੰਤ ’ਚ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਅਤੇ ਡਾਕਟਰ ਹਰਜਿੰਦਰ ਸਿੰਘ ਜੀ ਦਲਗੀਰ ਦੇ ਨਵੇਂ ਮਹਾਨ ਕੋਸ਼ ’ਚੋਂ ਦੋ ਕੁ ਸ਼ਬਦਾਂ ਦੇ ਅਰਥ ’ਚ ਆਏ ਬਦਲਾਅ ਨੂੰ ਵਿਚਾਰਨਾ ਜ਼ਰੂਰੀ ਹੈ ਤਾਂ ਜੋ ਸਿੱਖ ਸੁਚੇਤ ਹੋ ਜਾਣ।

(1). ਗੁਰਬਾਣੀ ’ਚ ‘ਅੰਤਰਜਾਮੀ’ ਸ਼ਬਦ 131 ਵਾਰ ਹੈ। ਮਹਾਨ ਕੋਸ਼ ’ਚ ਇਸ ਦਾ ਅਰਥ ਹੈ ‘ਅੰਦਰ ਦੀ ਜਾਣਨ ਵਾਲ਼ਾ, ਮਨ ਦੀ ਬੁੱਝਣ ਵਾਲਾ’। ਇਸ ਨਾਲ ਭਾਈ ਸਾਹਿਬ ਨੇ ਵਾਕ ਦਿੱਤਾ ਹੈ, ‘‘ਜਤਨ ਕਰੈ ਮਾਨੁਖ ਡਹਕਾਵੈ; ਓਹੁ ਅੰਤਰਜਾਮੀ ਜਾਨੈ (ਮਹਲਾ /੬੮੦) ਅਰਥ : (ਬੰਦਾ ਲਾਲਚ ਲਈ ਅਨੇਕਾਂ) ਕੋਸ਼ਿਸ਼ਾਂ ਭਾਵ ਛਲ-ਕਪਟ ਕਰਦਾ ਹੈ। ਮਨੁੱਖਾਂ ਨੂੰ ਧੋਖੇ ਦਿੰਦਾ ਹੈ, ਪਰ ਦਿਲਾਂ ਦੀ ਜਾਣਨ ਵਾਲ਼ਾ ਉਹ (ਮਾਲਕ) ਸਭ ਕੁੱਝ ਜਾਣੀ-ਜਾਣ ਹੈ, ਸਭ ਕੁੱਝ ਸਮਝਦਾ ਹੈ। ਡਾਕਟਰ ਦਲਗੀਰ ਨੇ ਇਸ ਦਾ ਅਰਥ ਕੀਤਾ ਹੈ, ‘ਦਿਲ ਦਾ ਮਾਲਕ, ਪ੍ਰੇਰਕ’; ਇਸ ਦੀ ਪੁਸ਼ਟੀ ਲਈ ਗੁਰਬਾਣੀ ਦੇ 17 ਵਾਕ ਭੀ ਦਿੱਤੇ ਹਨ, ਪਰ ਮਹਾਨ ਕੋਸ਼ ਵਾਲ਼ਾ ਵਾਕ (ਜਤਨ ਕਰੈ ਮਾਨੁਖ ਡਹਕਾਵੈ; ਓਹੁ ਅੰਤਰਜਾਮੀ ਜਾਨੈ) ਨਹੀਂ ਦਿੱਤਾ ਜਦਕਿ ਗੁਰਬਾਣੀ ’ਚ ਐਸੇ ਹੋਰ ਭੀ ਕਈ ਵਾਕ ਹਨ; ਜਿਵੇਂ ਕਿ ‘‘ਅੰਤਰਜਾਮੀ ਸਭੁ ਕਿਛੁ ਜਾਨੈ; ਉਸ ਤੇ ਕਹਾ ਛਪਾਇਆ (ਮਹਲਾ /੩੮੧), ਅੰਤਰਜਾਮੀ ਪੁਰਖ ਸੁਆਮੀ ! ਅਨਬੋਲਤ ਹੀ ਜਾਨਹੁ ਹਾਲ (ਸਾਡੀ ਅੰਦਰਲੀ ਸਥਿਤੀ)) (ਮਹਲਾ /੮੨੮), ਅੰਤਰਜਾਮੀ ਸਭ ਬਿਧਿ ਜਾਨੈ; ਤਿਸ ਤੇ ਕਹਾ ਦੁਲਾਰਿਓ (ਉਸ ਤੋਂ ਛੁਪਾ ਕੇ ਕਿੱਥੇ ਭੱਜਿਆ ਜਾ ਸਕਦਾ ਹੈ)॥’’ (ਮਹਲਾ /੧੦੦੦), ਆਦਿ। ਇੱਥੇ ਭਾਈ ਗੁਰਦਾਸ ਜੀ ਦਾ 305ਵਾਂ ਕਬਿੱਤ ਵਾਚਣਾ ਭੀ ਜ਼ਰੂਰੀ ਹੈ, ‘‘ਭਗਤ ਵਛਲ ਸੁਨਿ ਹੋਤ ਹੋ ਨਿਰਾਸ ਰਿਦੈ; ਪਤਿਤ ਪਾਵਨ ਸੁਨਿ ਆਸਾ ਉਰ ਧਾਰਿ ਹੌਂ ਅੰਤਰਜਾਮੀ ਸੁਨਿ ਕੰਪਤ ਹੌ ਅੰਤਰਗਤਿ (ਭਾਵ ਮਨ); ਦੀਨ ਕੋ ਦਇਆਲ ਸੁਨਿ ਭੈ ਭ੍ਰਮ ਟਾਰ ਹੌਂ..੫੦੩॥’’ (ਭਾਈ ਗੁਰਦਾਸ ਜੀ/ਕਬਿੱਤ ੫੦੩) ਅਰਥ : ਪ੍ਰਭੂ ਭਗਤਾਂ ਨੂੰ ਪਿਆਰ ਕਰਨ ਵਾਲ਼ਾ ਹੈ; ਇਹ ਸੁਣ ਕੇ ਮੇਰਾ ਮਨ ਉਦਾਸ ਹੋ ਜਾਂਦਾ ਹੈ (ਕਿਉਂਕਿ ਮੈ ਭਗਤ ਨਹੀਂ, ਇਸ ਲਈ ਉਹ ਮੇਰੇ ਨਾਲ਼ ਪਿਆਰ ਨਹੀਂ ਕਰੇਗਾ, ਪਰ) ਉਹ ਪਾਪੀਆਂ ਨੂੰ ਤਾਰਨ ਵਾਲ਼ਾ ਹੈ; ਇਹ ਸੁਣ ਕੇ ਹਿਰਦੇ ’ਚ ਆਸਾ ਜਾਗ ਪੈਂਦੀ ਹੈ, ਹੌਂਸਲਾ ਆ ਜਾਂਦਾ ਹੈ (ਕਿ ਮੈ ਭੀ ਤਰ ਸਕਦਾ ਹਾਂ)। ਉਹ ਦਿਲਾਂ ਦੀ ਜਾਣਨਹਾਰ ਹੈ; ਇਹ ਸੁਣ ਕੇ ਮੇਰਾ ਹਿਰਦਾ ਕੰਬ ਜਾਂਦਾ ਹੈ (ਕਿਉਂਕਿ ਮੈ ਆਪਣੇ ਅੰਦਰਲੇ ਪਾਪ ਨਹੀਂ ਛੁਪਾ ਸਕਦਾ, ਪਰ) ਉਹ ਗ਼ਰੀਬਾਂ ਉੱਤੇ ਮਿਹਰ ਕਰਨ ਵਾਲ਼ਾ ਹੈ; ਇਹ ਸੁਣ ਕੇ ਮੇਰੇ ਸਾਰੇ ਭਰਮ ਖ਼ਤਮ ਹੋ ਜਾਂਦੇ ਹਨ (ਕਿ ਮੈ ਪਾਪੀ ਭੀ ਤਰ ਸਕਦਾ ਹਾਂ)। ਭਾਈ ਗੁਰਦਾਸ ਜੀ; 315ਵੇਂ ਕਬਿੱਤ ’ਚ ਭੀ ਪ੍ਰਭੂ ਨੂੰ ਦਿਲਾਂ ਦੀ ਜਾਣਨਹਾਰ ਲਿਖਦੇ ਹਨ, ‘‘ਅੰਤਰ ਕੀ ਅੰਤਰਜਾਮੀ ਜਾਨੈ ਅੰਤਰਗਤਿ; ਕੈਸੇ ਨਿਰਬਾਹੁ ਕਰੈ, ਸਰੈ ? ਨਰਹਰ ਹੈ  ! ੩੧੫॥’’ (ਭਾਈ ਗੁਰਦਾਸ ਜੀ/ਕਬਿੱਤ ੩੧੫) ਅਰਥ : ਹੇ ਨਰਹਰੀ ਪ੍ਰਭੂ ! ਤੁਸੀਂ ਮੇਰੀ ਅੰਦਰਲੀ ਦਸ਼ਾਂ/ਅਵਸਥਾ ਜਾਣਨਹਾਰ ਹੋ। ਮੈ ਤੁਹਾਨੂੰ ਕਿਵੇਂ ਆਪਣੇ ਅਪਰਾਧ ਦੱਸਾਂ, ਕਿਵੇਂ ਪੂਰਾ ਉੱਤਰਾਂ ਭਾਵ ਮੈ ਗੁਣਹੀਣ ਕਿਵੇਂ ਤਰਾਂਗਾ ?

ਹੁਣ ਸਮਝਣਾ ਹੈ ਕਿ ਇਨ੍ਹਾਂ ਦੋਵੇਂ ਅਰਥਾਂ ’ਚ ਕੀ ਅੰਤਰ ਹੈ। ‘ਦਿਲ ਦੀ ਜਾਣਨ’ ਤੋਂ ਭਾਵ ਹੈ ਕਿ ਉਹ ਪ੍ਰਭੂ ਜੋਤਿ ਰੂਪ ’ਚ ਸਾਰਿਆਂ ਅੰਦਰ ਹੈ ਜਦਕਿ ‘ਦਿਲ ਦੇ ਮਾਲਕ ਜਾਂ ਪ੍ਰੇਰਕ’ ਤੋਂ ਭਾਵ ਹੈ; ਜਿਵੇਂ ਮਾਤਾ-ਪਿਤਾ ਬੱਚੇ ਦੇ ਬਾਹਰੋਂ ਪ੍ਰੇਰਨਾ-ਸਰੋਤ ਹੁੰਦੇ ਹਨ, ਨਾ ਕਿ ਬੱਚੇ ਦੇ ਅੰਦਰ ਬੈਠੇ ਹੁੰਦੇ ਹਨ। ਇਨ੍ਹਾਂ ਕਾਰਨਾਂ ਕਰਕੇ ਹੀ ਇਹ ਲੋਕ ‘ਜੋਤਿ, ਆਤਮਾ, ਰੂਹ, ਜਿੰਦ’ ਦੇ ਵਜੂਦ ਤੋਂ ਇਨਕਾਰੀ ਹਨ। ਅੰਤਰਰਾਸ਼ਟਰੀ ਪ੍ਰਚਾਰਕ ਸ. ਇੰਦਰ ਸਿੰਘ ਘੱਗਾ ਤਾਂ ‘ਆਤਮਾ’ ਦਾ ਅਰਥ ‘ਦਿਮਾਗ਼’ ਕਰਦਾ ਹੈ। ਉਸ ਅਨੁਸਾਰ ਅਤੀਤ ’ਚ ‘ਦਿਮਾਗ਼’ ਨੂੰ ਹੀ ਆਤਮਾ ਕਿਹਾ ਜਾਂਦਾ ਸੀ, ਪਰ ਇਸ ਦਾ ਕਿਸੇ ਪੁਰਾਤਨ ਗ੍ਰੰਥ ’ਚੋਂ ਸਬੂਤ ਕਦੇ ਨਹੀਂ ਦਿੱਤਾ।

(2). ਗੁਰੂ ਨਾਨਕ ਸਾਹਿਬ ਜੀ; ਸੰਨ 1521 (ਸੰਮਤ 1578) ’ਚ ਆਪਣੀ ਚੌਥੀ ਉਦਾਸੀ ਦੇ ਅੰਤ ’ਚ ਤਰਖਾਣ ਭਾਈ ਲਾਲੋ ਜੀ ਦੇ ਘਰ ਏਮਨਾਬਾਦ (ਪਾਕਿਸਤਾਨ) ਵਿਖੇ ਠਹਿਰੇ ਹੋਏ ਸਨ। ਉਨ੍ਹੀਂ ਦਿਨੀਂ ਬਾਬਰ ਨੇ ਉਸ ਸ਼ਹਰ ’ਤੇ ਹਮਲਾ ਕਰ ਦਿੱਤਾ ਤੇ ਗੁਰੂ ਸਾਹਿਬ ਦੀ ਜ਼ਬਾਨ ਤੋਂ ਸੁੱਤੇ ਹੀ ਇਹ ਬਚਨ ਨਿਕਲੇ ਕਿ ‘‘ਆਵਨਿ ਅਠਤਰੈ, ਜਾਨਿ ਸਤਾਨਵੈ; ਹੋਰੁ ਭੀ ਉਠਸੀ ਮਰਦ ਕਾ ਚੇਲਾ ’’ (ਮਹਲਾ /੭੨੩) ਭਾਵ ਮੁਗ਼ਲ ਹਾਕਮ (ਬਾਬਰ) ਹੁਣ ਹਿੰਦੋਸਤਾਨ ਆ ਰਹੇ ਹਨ ਤੇ ਸੰਮਤ ੧੫੯੭ (ਸੰਨ 1540) ’ਚ ਕਿਸੇ ਹੋਰ ਮਰਦ ਦੇ ਚੇਲੇ ਕੋਲ਼ੋ ਹਾਰ ਕੇ ਆਪਣੇ ਦੇਸ਼ (ਈਰਾਨ, ਜੋ ਕਿ ਹੁਣ ਅਫ਼ਗਾਨਿਸਤਾਨ ਹੈ) ਵੱਲ ਵਾਪਸ ਭੱਜਣਗੇ। ਇਹ ਘਟਨਾ 17 ਮਈ 1540 ’ਚ ਵਾਪਰ ਭੀ ਚੁੱਕੀ ਹੈ, ਜਿਸ ਨੂੰ ਗੁੱਗਲ ਤੋਂ ਪੜ੍ਹਿਆ ਜਾ ਸਕਦੀ ਹੈ।  17 ਮਈ 1540 (ਸੰਮਤ ੧੫੯੭) ’ਚ ਸ਼ੇਰ ਸ਼ਾਹ ਸੂਰੀ ਤੋਂ (ਬਾਬਰ ਦਾ ਪੁੱਤਰ) ਹਮਾਯੂੰ ਹਾਰ ਕੇ ਵਾਪਸ ਭੱਜਦਿਆਂ ਖਡੂਰ ਸਾਹਿਬ ਵਿਖੇ ਗੁਰੂ ਅੰਗਦ ਸਾਹਿਬ ਉੱਤੇ ਤਲਵਾਰ ਕੱਢਦਾ ਹੈ ਕਿਉਂਕਿ ਗੁਰੂ ਜੀ ਨੇ ਉਸ ਵੱਲ ਵਿਸ਼ੇਸ਼ ਧਿਆਨ ਨਾ ਦਿੱਤਾ। ਗੁਰੂ ਜੀ ਨੇ ਨਿਡਰਤਾ ਨਾਲ਼ ਕਿਹਾ ਕਿ ਇਹ ਤਲਵਾਰ ਮੈਦਾਨੇ ਜੰਗ ’ਚ ਕਿਉਂ ਨਾ ਚੱਲੀ। ਐਸੀ ਹੀ ਨਿਡਰਤਾ ਸੰਨ 1521 ’ਚ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਜਾਬਰ ਬੋਲ ਕੇ ਵਿਖਾਈ ਸੀ। ਇਨ੍ਹਾਂ ਘਟਨਾਵਾਂ ਤੋਂ ਜਾਪਦਾ ਹੈ ਕਿ ਗੁਰੂ ਜੀ ਬਾਣੀ (ਹਰਿ ਬਿਨੁ, ਕੋਈ ਮਾਰਿ ਜੀਵਾਲਿ ਸਕੈ; ਮਨ ! ਹੋਇ ਨਿਚਿੰਦ, ਨਿਸਲੁ ਹੋਇ ਰਹੀਐ ਮਹਲਾ /੫੯੪) ’ਤੇ ਕਿੰਨੇ ਸਿੱਦਕ ਨਾਲ਼ ਪਹਿਰਾ ਦਿੰਦੇ ਰਹੇ ਹਨ। ਪਿਛਲੇ ਭਾਗਾਂ ’ਚ ਵਿਚਾਰਿਆ ਭੀ ਗਿਆ ਹੈ ਕਿ ਸਭ ਕੁੱਝ ਕਰਤਾਰ ਦੇ ਹੁਕਮ ਅਨੁਸਾਰ ਹੀ ਵਾਪਰਨਾ ਹੁੰਦਾ ਹੈ।

ਮਹਾਨ ਕੋਸ਼ ’ਚ ਇਸ ‘ਅਠਤਰੈ’ ਦਾ ਅਰਥ; ਉਕਤ ਸਾਖੀ ਅਨੁਸਾਰ ਹੈ, ਪਰ ਡਾਕਟਰ ਦਲਗੀਰ ਨੇ ਇਸ ਦਾ ਅਰਥ ਕਰਨ ਉਪਰੰਤ ਇਹ ਭੀ ਲਿਖਿਆ ਹੈ, ‘ਬਹੁਤ ਸਾਰੇ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਤੁਕ ਗੁਰੂ ਅੰਗਦ ਸਾਹਿਬ ਦੀ ਲਿਖੀ ਹੋਈ ਹੈ। ਗੁਰੂ ਨਾਨਕ ਸਾਹਿਬ ਦੇ ਜੋਤੀ-ਜੋਤਿ ਸਮਾਉਣ ਵੇਲੇ [ਭਾਵ ਅੱਸੂ ਵਦੀ ੧੦, ੧੫੯੬, ੮ ਅੱਸੂ/7 ਸਤੰਬਰ 1539] ਤੱਕ ਸ਼ੇਰ ਸ਼ਾਹ ਸੂਰੀ ਨੇ ਅਜੇ ਹਮਾਯੂੰ ਤੋਂ ਹਕੂਮਤ ਨਹੀਂ ਖੋਹੀ ਸੀ। ਸਿੱਖ ਫ਼ਲਸਫ਼ੇ ਵਿਚ ਪੇਸ਼ੀਨਗੋਈ ਦੀ ਕੋਈ ਜਗ੍ਹਾ ਨਹੀਂ’। ਆਪਣੇ ਕੋਸ਼ ’ਚ ਇਸ ਨੇ ‘ਪੇਸ਼ੀਨਗੋਈ’ (ਪੇਸ਼ਗੋਈ) ਦਾ ਅਰਥ ਕੀਤਾ ਹੈ ‘ਭਵਿੱਖਬਾਣੀ’, ਪਰ ‘ਅਠਤਰੈ’ ਦੇ ਅਰਥ ਨੂੰ ਗੁੰਝਲ਼ਦਾਰ (ਪੇਸ਼ੀਨਗੋਈ ਕਹਿ ਕੇ) ਬਣਾਇਆ ਗਿਆ ਤਾਂ ਜੋ ਸਿੱਖ ਸੰਗਤਾਂ ਵਿਰੋਧ ਨਾ ਕਰਨ। ਵੀਰ ਭੁਪਿੰਦਰ ਸਿੰਘ (ਦਿੱਲੀ ਵਾਲ਼ੇ) ਨੇ ‘ਅਠਤਰੈ’ ਦਾ ਅਰਥ ਕੀਤਾ ਹੈ ‘ਅਠ+ ਤਰੈ’ ਭਾਵ ਸਰੀਰ ’ਚ ਆਏ 8 ਵਿਕਾਰ (ਕਾਮ, ਕਰੋਧ, ਲੋਭ, ਮੋਹ, ਅਹੰਕਾਰ, ਮਨ, ਈਰਖਾ, ਦਵੈਤ ਆਦਿ) ਤਰ ਜਾਂਦੇ ਹਨ ਜਦਕਿ ਗੁਰਮਤਿ ਅਨੁਸਾਰ ਵਿਕਾਰ-ਵਾਸ਼ਨਾ ਤਰਦੀ ਨਹੀਂ, ਮਰਦੀ ਹੈ ਤਾਂ ਜੋ ਹੰਸ/ਜੀਵਾਤਮਾ ਤਰ ਜਾਏ, ਆਵਾਗਮਣ ਮੁਕਤ ਹੋ ਜਾਵੇ। ਭੁਪਿੰਦਰ ਸਿੰਘ ਵਾਲ਼ੇ ਅਰਥ ਤਾਂ ਸਹੀ ਹੁੰਦੇ, ਜੇ ‘ਅਠ ਤਰੈ’ ਦੀ ਥਾਂ ‘ਅਠ ਤਰਹਿ’ ਸ਼ਬਦ ਹੁੰਦਾ ਕਿਉਂਕਿ ‘ਆਵਨਿ’ ਬਹੁ ਵਚਨ ਕਿਰਿਆ ਹੈ ਭਾਵ ਜੇ ਸਰੀਰ ’ਚ 8 ਆਏ ਤਾਂ ‘ਤਰੈ’ (ਇੱਕ ਵਚਨ ਕਿਰਿਆ) ਨਾਲ਼ ਇੱਕ ਨਾ ਤਰਦਾ; ਜਿਵੇਂ ਕਿ ਵਾਕ ਹੈ, ‘‘ਮੰਨੈ; ‘ਤਰੈਤਾਰੇ ਗੁਰੁ ਸਿਖ ’’ (ਜਪੁ) ਭਾਵ ਗੁਰੂ ਸਿੱਖਿਆ ਨੂੰ ਮੰਨਣ ਨਾਲ਼ (ਬੰਦਾ ਆਪ) ਤਰਦਾ ਹੈ (ਤੇ ਹੋਰਾਂ ਨੂੰ ਭੀ ਤਾਰਦਾ ਹੈ) ਜਦਕਿ ‘ਤਰਹਿ’ ਬਹੁ ਵਚਨ ਹੁੰਦੀ; ਜਿਵੇਂ ਕਿ ਵਾਕ ਹੈ, ‘‘ਜਾ ਕੀ ਸੇਵ (ਨਾਲ਼), ਸਿਵ ਸਿਧ ਸਾਧਿਕ ਸੁਰ ਅਸੁਰ ਗਣਤਰਹਿਤੇਤੀਸ; ਗੁਰ ਬਚਨ ਸੁਣਿ ਕੰਨ ਰੇ ’’ (ਭਟ ਨਲ/੧੪੦੧) ਡਾਕਟਰ ਚਮਕੌਰ ਸਿੰਘ, ਜੋ ਕਿ ਆਪਣੇ ਆਪ ਨੂੰ ਗੁਰਬਾਣੀ ਵਿਆਕਰਨ ਦੇ ਗਿਆਤਾ ਮੰਨਦੇ ਹਨ, ਉਹ ‘‘ਆਵਨਿ ਅਠਤਰੈ, ਜਾਨਿ ਸਤਾਨਵੈ’’ ਦੇ ਅਰਥ ਕਰਦੇ ਹਨ ‘ਸੰਸਾਰ ’ਚ ਤੇਰੇ ਵਰਗੇ 78 ਆਉਂਦੇ ਹਨ ਤੇ 97 ਜਾਂਦੇ ਹਨ, ਮਰਦੇ ਹਨ’ ਹੁਣ ਵਿਚਾਰਨਾ ਬਣਦਾ ਹੈ ਕਿ ਜੇਕਰ ਪੈਦਾ 78 ਹੀ ਹੋਏ ਹਨ ਤਾਂ 97 ਕਿਵੇਂ ਮਰਨਗੇ ? ਕੀ ਕੋਈ ਕਹਿ ਸਕਦਾ ਹੈ ਕਿ ਮੇਰਾ ਇੱਕ ਬਾਪ ਸੀ, ਪਰ ਮਰੇ ਦੋ ਬਾਪ ਹਨ ? ਪਟਿਆਲਾ ਯੂਨੀਵਰਸਿਟੀ ’ਚ ਇਤਿਹਾਸ ਵਿਭਾਗ ਦੇ ਮੁਖੀ ਰਹੇ ਡਾਕਟਰ ਸੁਖਦਿਆਲ ਸਿੰਘ; ਇਸੇ ਵਾਕ ਨੂੰ ਆਧਾਰ ਬਣਾ ਕੇ ਗੁਰੂ ਨਾਨਕ ਸਾਹਿਬ ਜੀ ਦਾ ਜੋਤਿ ਜੋਤਿ ਸਮਾਉਣਾ ਸੰਨ 1539 ਦੀ ਥਾਂ 1540 ਮੰਨਦਾ ਹੈ ਤਾਂ ਜੋ ਇਸ ਵਾਕ ਰਾਹੀਂ 19 ਸਾਲ ਪਹਿਲਾਂ ਸੰਨ 1521 ’ਚ ਕੀਤੀ ਭਵਿੱਖਬਾਣੀ ਤੋਂ ਇਨਕਾਰੀ ਹੋਇਆ ਜਾ ਸਕੇ। ਇਹ ਸਭ ਸਿੱਖਾਂ ਅੰਦਰ ਪੈਦਾ ਹੋਈ ਅਸ਼ਰਧਕਪੁਣੇ ਦੀ ਨਿਸ਼ਾਨੀ ਹੈ, ਜੋ ਪੰਜ ਗਿਆਨ ਇੰਦ੍ਰਿਆਂ ਵਾਲ਼ੇ ਸੀਮਤ ਗਿਆਨ ਨੂੰ ਹੀ ਸਿਰਮੌਰ ਪਦਵੀ ਮੰਨਣ ਦੀ ਗ਼ਲਤੀ ਕਰ ਰਹੇ ਹਨ। ਉਕਤ ਦਿੱਤੇ ਸੰਖੇਪ ਜਿਹੇ ਹਵਾਲਿਆਂ ’ਚ ਸਾਰੇ ਹੀ ਲੇਖਕ ਹਨ, ਇਤਿਹਾਸਕਾਰ ਹਨ, ਗੁਰਬਾਣੀ ਦਾ ਟੀਕਾ ਕਰ ਰਹੇ ਹਨ ਭਾਵ ਸਿੱਖਾਂ ’ਚ ਪੜ੍ਹੀ ਲਿਖੀ ਜਮਾਤ ਮੰਨੀ ਜਾ ਰਹੀ ਹੈ।

ਸੋ ਪੰਥ ਦਰਦੀ ਸੁਹਿਰਦ ਸਿੱਖ ਪ੍ਰਚਾਰਕਾਂ ਦਾ ਫ਼ਰਜ਼ ਬਣਦਾ ਹੈ ਕਿ ਉਹ, ਸਿੱਖ ਸੰਗਤਾਂ ਅੰਦਰ ਗੁਰਮਤਿ ਸਾਹਿਤ ਨੂੰ ਪੜ੍ਹਨ, ਵਿਚਾਰਨ ਲਈ ਰੁਚੀ ਪੈਦਾ ਕਰਨ ਤਾਂ ਜੋ ਕੌਮੀ ਦੇ ਵਿਲੱਖਣ ਫ਼ਲਸਫ਼ੇ ’ਚ ਗਿਰਾਵਟ ਪੈਦਾ ਕਰਨ ਵਾਲ਼ੇ ਇਨ੍ਹਾਂ ਵਿਚੋਲਿਆਂ ਨੂੰ ਬੇਦਾਵਾ ਦਿੱਤਾ ਜਾ ਸਕੇ। ਵੈਸੇ ਇਹ ਖ਼ੁਦ ਭੀ ਕਹਿੰਦੇ ਹਨ ਕਿ ਸਿੱਖਾਂ ਅੰਦਰ ਪੂਜਾਰੀਵਾਦ ਭਾਵ ਵਿਚੋਲੇ ਦੀ ਕੋਈ ਥਾਂ ਨਹੀਂ ਜਦਕਿ ਸਾਰੇ ਹੀ ਵਿਚੋਲੇ ਬਣੇ ਹੋਏ ਹਨ। ਗੁਰਬਾਣੀ ਨੂੰ ਖ਼ੁਦ ਪੜ੍ਹਨ, ਸਮਝਣ ਤੇ ਅਪਣਾਉਣ ਨਾਲ਼ ਹੀ ਹਿਰਦੇ ’ਚ ਅਸਲ ਅਨੰਦ, ਦਿਮਾਗ਼ ’ਚ ਸਥਿਰਤਾ ਭਾਵ ਦੁਚਿੱਤੀ ਮੁਕਤ ਹੋਣਾ ਅਤੇ ਹਾਂ ਪੱਖੀ ਵਿਚਾਰ ਪਨਪਨੇ ਹਨ, ਜਿਨ੍ਹਾਂ ਨੂੰ ਗੁਰਬਾਣੀ ਦੇ ਅੰਤਮ ਸ਼ਬਦ ’ਚ ਤਿੰਨ ਵਸਤੂ (ਥਾਲ ਵਿਚਿ ਤਿੰਨਿ ਵਸਤੂ ਪਈਓ; ਸਤੁ ਸੰਤੋਖੁ ਵੀਚਾਰੋ ਮਹਲਾ /੧੪੨੯) ਕਿਹਾ ਹੈ। ‘ਸਤੁ’ ਤੋਂ ਭਾਵ ਉੱਚਾ ਆਚਰਨ (ਸਥਿਰ ਦਿਮਾਗ਼), ‘ਸੰਤੋਖ’ ਤੋਂ ਭਾਵ ਅਸਲ ਅਨੰਦ ਅਤੇ ‘ਵਿਚਾਰ’ ਤੋਂ ਭਾਵ ਹਾਂ-ਪੱਖੀ ਸੋਚ ਵਿਕਸਿਤ ਕਰਨਾ ਹੈ, ਨਾ ਕਿ ਸ਼ਰਧਹੀਣ ਸਿੱਖਾਂ ਪਾਸੋਂ ਗੁਰਬਾਣੀ ਦੀ ਵਿਆਖਿਆ ਸੁਣ ਆਪਣਾ ਕੀਮਤੀ ਸਮਾਂ ਤੇ ਜੀਵਨ ਅਜਾਈਂ ਗਵਾਉਣਾ ਹੈ।

–ਸਮਾਪਤ–