ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਤੀਜਾ)

0
306

ਬੇੜੀ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਤੀਜਾ)

ਗਿਆਨੀ ਅਵਤਾਰ ਸਿੰਘ

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਪਹਿਲਾ)

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਦੂਜਾ)

ਬਹੁਤਾਤ ਸਿੱਖਾਂ ਦਾ ਮੰਨਣਾ ਹੈ ਕਿ ਸਿੱਖ-ਧਰਮ; ਵਿਗਿਆਨਿਕ ਧਰਮ ਹੈ ਕਿਉਂਕਿ (1). ਆਧੁਨਿਕ ਵਿਗਿਆਨ ਭੀ ਗੁਰੂ ਸ਼ਬਦ-ਗਿਆਨ ਦੀ ਪੁਸ਼ਟੀ ਕਰਦਾ ਹੈ। (2). ਗੁਰਬਾਣੀ ਨੇ ਅਲੌਕਿਕ, ਮਨੋਕਲਪਿਤ, ਅਤਿਕਥਨੀ ਤੇ ਅਰਥਹੀਣ ਮਨੌਤਾਂ ਨੂੰ ਰੱਦ ਕੀਤਾ ਹੈ।

ਵਿਚਾਰ : ਜੇਕਰ ਉਕਤ ਧਾਰਨਾ ਸਹੀ ਮੰਨੀਏ ਤਾਂ ਇਹ ਭੀ ਮੰਨਣਾ ਪਏਗਾ ਕਿ (ੳ). ਗੁਰਮਤਿ ਦੇ ਨਿਰਾਕਾਰ ਨਾਲ਼ ਸੰਬੰਧਿਤ (ਅਲੌਕਿਕ) ਪੱਖ ਭੀ ਪ੍ਰਾਚੀਨ ਧਰਮਾਂ ਦੀ ਮਨੌਤ ਦਾ ਖੰਡਨ ਕਰਨ ਲਈ ਹਨ, ਨਾ ਕਿ ਸਿੱਖਾਂ ਲਈ ਕੋਈ ਹਿਦਾਇਤ। (ਅ). ਗੁਰਬਾਣੀ ਨੂੰ ਅਮਲ ’ਚ ਲਿਆਉਣ ਲਈ ਸਿੱਖਾਂ ਅੰਦਰ ਸ਼ਰਧਾ ਜਾਂ ਭਰੋਸੇ ਦਾ ਹੋਣਾ ਭੀ ਜ਼ਰੂਰੀ ਨਹੀਂ; ਜੈਸਾ ਕਿ ਸਾਇੰਸਦਾਨਾਂ ਲਈ ਸ਼ਰਧਾ ਕੋਈ ਮਾਇਨਾ ਨਹੀਂ ਰੱਖਦੀ। ਸੋ ਲੇਖ-ਲੜੀ ਦੇ ਇਸ ਤੀਜੇ ਭਾਗ ’ਚ ਉਕਤ ਧਾਰਨਾ ਕਿੰਨੀ ਕੁ ਸਹੀ ਹੈ ਜਾਂ ਗ਼ਲਤ, ਇਸ ਨੂੰ ਵਿਚਾਰਿਆ ਜਾਣਾ ਹੈ।

‘ਜਪੁ’ ਬਾਣੀ ਦੀਆਂ 4 ਪਉੜੀਆਂ (8 ਤੋਂ 11) ’ਚ ਗੁਰੂ ਦੀ ਸਿੱਖਿਆ ਨੂੰ ਸੁਣਨ ਨਾਲ਼ ਉਪਜਦੇ ਮਾਨਸਿਕ ਬਲ/ਚਾਨਣ ਦਾ ਜ਼ਿਕਰ ਹੈ ਤੇ ਅਗਾਂਹ 4 ਪਉੜੀਆਂ (12-15) ’ਚ ਗੁਰੂ ਸਿੱਖਿਆ ’ਤੇ ਅਮਲ ਕਰਨ ਨਾਲ਼ ਉਪਜਦੇ ਆਤਮ ਪ੍ਰਕਾਸ਼/ਬਲ ਦਾ ਜ਼ਿਕਰ ਹੈ। ਇਹ ਦੋਵੇਂ ਪੜਾਅ ਪੂਰੇ ਕਰ ਚੁੱਕਾ ਸਿੱਖ; ‘ਪੰਚ’ ਬਣ ਜਾਂਦਾ ਹੈ, ਜਿਸ ਦੀ ਸਮਝ ਤੇ ਨਜ਼ਰ ਨੂੰ 16ਵੀਂ ਪਉੜੀ (ਪੰਚ ਪਰਵਾਣ ਪੰਚ ਪਰਧਾਨੁ) ’ਚ ਦਰਸਾਇਆ ਗਿਆ ਹੈ।

ਬੇੜੀ ਰਾਹੀਂ ਸਮੁੰਦਰ ਪਾਰ ਕਰ ਚੁੱਕਾ ਸਿੱਖ; ਆਪਣੀ ਪਿਛਲੀ ਯਾਤਰਾ ਨੂੰ ਯਾਦ ਕਰਦਾ ਹੈ ਕਿ ‘‘ਕਿਥਹੁ ਉਪਜੈ ? ਕਹ ਰਹੈ ? ਕਹ ਮਾਹਿ ਸਮਾਵੈ ਜੀਅ ਜੰਤ ਸਭਿ ਖਸਮ ਕੇ; ਕਉਣੁ ਕੀਮਤਿ ਪਾਵੈ ? ਕਹਨਿ, ਧਿਆਇਨਿ, ਸੁਣਨਿ ਨਿਤ; ਸੇ ਭਗਤ ਸੁਹਾਵੈ ਅਗਮੁ ਅਗੋਚਰੁ ਸਾਹਿਬੋ; ਦੂਸਰੁ ਲਵੈ ਲਾਵੈ ਸਚੁ, ਪੂਰੈ+ਗੁਰਿ (ਨੇ) ਉਪਦੇਸਿਆ; ਨਾਨਕੁ ਸੁਣਾਵੈ ’’ (ਬਸੰਤੁ ਕੀ ਵਾਰ/ਮਹਲਾ /੧੧੯੩) ਅਰਥ : ਜੀਵ ਕਿੱਥੋਂ ਉਪਜਦਾ ਹੈ, (ਉਪਜ ਕੇ) ਕਿੱਥੇ ਰਹਿੰਦਾ ਹੈ ਤੇ (ਆਖ਼ਿਰ ਮਰਨ ਉਪਰੰਤ) ਕਿਸ ਅੰਦਰ ਸਮਾ ਜਾਂਦਾ ਹੈ ਯਾਨੀ ਕਿ ਜੀਵ ਪੈਦਾ ਹੋ ਕਰ ਭੀ ਨਾ ਕਰਤਾਰ ਤੋਂ ਵੱਖ ਹੋਇਆ ਸੀ, ਨਾ ਜ਼ਿੰਦਗੀ ਭੋਗਣ ਸਮੇਂ ਉਸ ਤੋਂ ਵੱਖ ਸੀ ਤੇ ਨਾ ਹੀ ਮਰਨ ਤੋਂ ਬਾਅਦ (ਯਾਨੀ ਸਮੁੰਦਰ ਪਾਰ ਲੰਘਣ ਉਪਰੰਤ) ਉਸ ਤੋਂ ਇਲਾਵਾ ਕਿਸੇ ਹੋਰ ’ਚ ਸਮਾਇਆ ਹੈ ਭਾਵ ਕਰਤਾਰ; ਆਪ ਹੀ ਮੁਸਾਫ਼ਰ ਸੀ ਤੇ ਆਪ ਹੀ ਸਫ਼ਰ ਕਰਦਾ ਹੋਇਆ ਸੰਸਾਰ-ਸਮੁੰਦਰ ਪਾਰ ਹੋਇਆ ਹੈ। ਸਾਰੀ ਜੀਵਨ-ਯਾਤਰਾ ’ਚ ਮਨੁੱਖ ਦਾ ਕੋਈ ਵੱਸ ਨਹੀਂ ਚੱਲਦਾ, ਤਾਂ ਕਿ ਉਹ ਕੁੱਝ ਕਰ ਸਕਦਾ ਕਿਉਂਕਿ ਸਾਰੇ ਜੀਵ-ਜੰਤ; ਮਾਲਕ ਦੇ ਬੱਚੇ ਹਨ (ਜੀਅ ਜੰਤ ਸਭਿ ਖਸਮ ਕੇ), ਉਸ ਦੀ ਕਲਾ/ਖੇਡ ਦਾ ਕੌਣ ਅੰਤ ਪਾ ਸਕਦਾ ਹੈ (ਕਉਣੁ ਕੀਮਤਿ ਪਾਵੈ), ਆਪਣੇ ਮਨ ’ਚ ਐਸੀ ਆਸਥਾ ਬਣਾ ਜੋ ਮਾਲਕ ਦੇ ਗੁਣ ਗਾਉਂਦੇ ਹਨ। ਉਸ ਨੂੰ ਯਾਦ ਰੱਖਦੇ ਹਨ। ਉਸ ਦੀ ਮਹਿਮਾ ਸੁਣਦੇ ਹਨ; ਉਹੀ ਭਗਤ-ਜਨ ਹਰ ਥਾਂ ਸ਼ੋਭਦੇ ਹਨ (ਕਹਨਿ, ਧਿਆਇਨਿ, ਸੁਣਨਿ ਨਿਤ; ਸੇ ਭਗਤ ਸੁਹਾਵੈ ), ਮਾਲਕ; ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ (ਅਪਰੰਪਰ) ਹੈ ਤੇ ਉਸ ਦੇ ਬਰਾਬਰ ਦਾ ਕੋਈ ਹੋਰ ਨਹੀਂ (ਅਗਮੁ ਅਗੋਚਰੁ ਸਾਹਿਬੋ; ਦੂਸਰੁ ਲਵੈ ਲਾਵੈ)। ਇਹ ਸਚਾਈ; ਪੂਰਨ ਗੁਰੂ (ਨਾਨਕ ਜੀ) ਨੇ ਦੱਸੀ, ਜਿਸ ਨੂੰ ਹੁਣ ਨਾਨਕ (ਗੁਰੂ ਅਰਜਨ ਜੀ) ਬਿਆਨ ਕਰ ਰਿਹਾ ਹੈ (ਸਚੁ, ਪੂਰੈ+ਗੁਰਿ (ਨੇ) ਉਪਦੇਸਿਆ; ਨਾਨਕੁ ਸੁਣਾਵੈ )। ਸੋ ਗੁਰੂ ਸਿੱਖਿਆ ਸੁਣਨ ਤੇ ਮੰਨਣ ਉਪਰੰਤ ਬਣੀ ਪੰਚ ਅਵਸਥਾ ’ਚ ਕਰਤਾਰ ਦੀ ਕਲਾ/ਸ਼ਕਤੀ; ਇੱਕ ਜਗਤ-ਖੇਡ ਵਜੋਂ ਨਜ਼ਰ ਆਉਂਦੀ ਹੈ। ਪੰਚ-ਜਨ ਨੂੰ ਜਾਪਦਾ ਹੈ ਕਿ ਕਰਤਾਰ ਦੇ ਹੁਕਮ ’ਚ ਹੀ ਸਭ ਕੁੱਝ ਵਾਪਰ ਰਿਹਾ ਹੈ। ਸਚਖੰਡ ’ਚ ਭੀ ਇਹੀ ਜ਼ਿਕਰ ਹੈ ਕਿ ਹਰ ਕੋਈ ਅਕਾਲ ਪੁਰਖ ਦੇ ਹੁਕਮ ’ਚ ਹੈ, ‘‘ਸਚਖੰਡਿ (’) ਵਸੈ ਨਿਰੰਕਾਰੁ   ਕਰਿ ਕਰਿ ਵੇਖੈ; ਨਦਰਿ ਨਿਹਾਲ .. ਤਿਥੈ, ਲੋਅ ਲੋਅ ਆਕਾਰ   ਜਿਵ ਜਿਵ ਹੁਕਮੁ; ਤਿਵੈ ਤਿਵ ਕਾਰ ..੩੭’’ (ਜਪੁ)

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਰਤਾਰ ਦਾ ਹੁਕਮ; ਇੱਕ ਜ਼ਿੰਦਗੀ ’ਚ ਕਿਵੇਂ ਵਾਪਰਦਾ ਹੈ ? ਜਵਾਬ ਹੈ ‘ਲੇਖ/ਨਸੀਬ ਰਾਹੀਂ’; ਜੈਸਾ ਕਿ ਇਸੇ 16ਵੀਂ ਪਉੜੀ ’ਚ ਹੈ, ‘‘ਜੀਅ ਜਾਤਿ ਰੰਗਾ ਕੇ ਨਾਵ ਸਭਨਾ ਲਿਖਿਆ ਵੁੜੀ ਕਲਾਮ ਏਹੁ ਲੇਖਾ; ਲਿਖਿ ਜਾਣੈ ਕੋਇ ਲੇਖਾ ਲਿਖਿਆ ਕੇਤਾ ਹੋਇ.. ੧੬’’ ਅਰਥ : ਕੁਦਰਤ ’ਚ ਕਈ ਰੰਗਾਂ ਦੇ, ਕਈ ਨਸਲਾਂ ਦੇ, ਕਈ ਨਾਂਵਾਂ ਦੇ ਜੀਵ-ਜੰਤ (ਪੈਦਾ ਕੀਤੇ ਹੋਏ) ਹਨ। ਇਨ੍ਹਾਂ ਸਾਰਿਆਂ ਦੇ (ਨਸੀਬ ’ਚ) ਚੱਲਦੀ ਹੋਈ ਕਲਮ ਨਾਲ਼ ਭਾਵ ਜਨਮ ਤੋਂ ਮਰਨ ਤੱਕ ਦਾ ਲੇਖ ਲਿਖਿਆ ਹੈ। ਅਗਰ ਇਹ ਸਾਰਾ ਲੇਖ ਲਿਖਿਆ ਜਾਏ ਤਾਂ ਕਿੰਨਾ ਹੀ ਹੋ ਜਾਏਗਾ (ਲੇਖਾ ਲਿਖਿਆ ਕੇਤਾ ਹੋਇ.. ) ਭਾਵ ਬੜਾ ਵਿਸ਼ਾਲ ਹੋਣ ਕਾਰਨ ਸਾਰਾ ਲਿਖਣਾ ਅਸੰਭਵ ਹੈ, ਪਰ ਮਨੁੱਖਤਾ ਨੂੰ ਇਸ ਦੀ ਸੋਝੀ ਕਰਾਉਣ ਲਈ ਵਿਰਲਾ ਹੀ ਇਸ ਨੂੰ (ਥੋੜ੍ਹਾ ਬਹੁਤ ਕਲਮ ਨਾਲ਼) ਲਿਖਦਾ ਹੈ (ਏਹੁ ਲੇਖਾ; ਲਿਖਿ ਜਾਣੈ ਕੋਇ )

ਵਿਚਾਰ : ਇਸ ਵਾਕ ‘‘ਏਹੁ ਲੇਖਾ; ਲਿਖਿ ਜਾਣੈ ਕੋਇ ’’ ਦਾ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੇ ਅਰਥ ਕੀਤਾ ਹੈ, ‘ਕੋਈ ਵਿਰਲਾ ਮਨੁੱਖ ਇਹ ਲੇਖਾ ਲਿਖਣਾ ਜਾਣਦਾ ਹੈ (ਭਾਵ, ਪਰਮਾਤਮਾ ਦੀ ਕੁਦਰਤ ਦਾ ਅੰਤ ਕੋਈ ਭੀ ਜੀਵ ਨਹੀਂ ਪਾ ਸਕਦਾ)’। ਸਾਹਿਬ ਸਿੰਘ ਜੀ ਨੇ ਅਰਥ ਤਾਂ ਠੀਕ ਕੀਤੇ ਸਨ, ਪਰ ਕੀਤੇ ਭਾਵਾਰਥ ’ਚ ਅਰਥਾਂ ਨੂੰ ਗ਼ਲਤ ਸਾਬਤ ਭੀ ਕਰ ਦਿੱਤਾ।

ਲੇਖ ਨੂੰ ਲਿਖਣ ਤੋਂ ਭਾਵ ਲੇਖ ਦਾ ਅੰਤ ਪਾਉਣਾ ਨਹੀਂ ਹੁੰਦਾ। ਗੁਰਬਾਣੀ ਨੇ ਨਿਰਾਕਾਰ ਦੀ ਗੱਲ ਕੀਤੀ ਹੈ, ਪਰ ਇਸ ਦਾ ਇਹ ਮਤਲਬ ਨਹੀਂ ਕਿ ਨਿਰਾਕਾਰ ਦਾ ਅੰਤ ਪਾ ਲਿਆ। ਨਿਰਾਕਾਰ ਤੋਂ ਇਨਕਾਰੀ ਕੁੱਝ ਸਿੱਖ, ਅਕਸਰ ਕਹਿੰਦੇ ਹਨ ਕਿ ਜਦ ਨਿਰਾਕਾਰ ਦਾ ਅੰਤ ਨਹੀਂ ਪੈ ਸਕਦਾ ਤਾਂ ਉਸ ਦੀ ਗੱਲ ਕਰਕੇ ਕਿਉਂ ਆਪਣਾ ਸਮਾਂ ਖ਼ਰਾਬ ਕਰੀਏ; ਐਸਾ ਕਹਿ ਕਹਿ ਕਈ ਹੋਰ ਨਾਸਮਝਾਂ ਨੂੰ ਭੀ ਨਾਸਤਿਕ ਬਣਾ ਦਿੱਤਾ ! !

ਗਿਆਨੀ ਹਰਬੰਸ ਸਿੰਘ ਜੀ ਨੇ ਇਸ ਤੁਕ ਦੇ ਅਰਥ ਕੀਤੇ ਹਨ ਕਿ ‘ਇਹ ਲੇਖ ਕੋਈ (ਮਨੁੱਖ) ਲਿਖਣਾ ਜਾਣਦਾ ਹੋਵੇ (ਤਾਂ ਦੱਸੇ ?), ਇਸ ਦਾ ਭਾਵ ਇਹ ਹੋਇਆ ਕਿ ‘ਪਾਣੀ ਨਾਲ਼ ਪਿਆਸ ਮਰਦੀ ਹੈ (ਤਾਂ ਕੋਈ ਦੱਸੇ ?)’ ਯਾਨੀ ਪਾਣੀ ਨਾਲ਼ ਪਿਆਸ ਨਹੀਂ ਮਰਦੀ ਜਾਂ ਕੋਈ ਭੀ ਲੇਖਾ ਨਹੀਂ ਲਿਖ ਸਕਦਾ ਜਦ ਕਿ ਵਾਕ ਹੈ, ‘‘ਏਹੁ ਲੇਖਾ; ਲਿਖਿ ਜਾਣੈ ਕੋਇ ’’ ਭਾਵ ਇਹ ਲੇਖ ਕੋਈ ਵਿਰਲਾ ਲਿਖਣਾ (ਭੀ) ਜਾਣਦਾ ਹੈ। ਇਸ ਲਈ ਉਕਤ ਦੋਵੇਂ ਅਰਥ ਭਰਮ ਦੂਰ ਨਹੀਂ ਕਰਦੇ। ਇਸ ਵਾਕ ਨੂੰ ਗਹੁ ਨਾਲ਼ ਵਾਚਣ ਦੀ ਲੋੜ ਹੈ।

ਪੰਚ-ਜਨਾਂ ਨੂੰ ਇਸ 16ਵੀਂ ਪਉੜੀ ਰਾਹੀਂ ਜਾਪਦਾ ਹੈ ਕਿ ਬ੍ਰਹਿਮੰਡ; ਨਿਰਾਕਾਰ ਦੇ ਇੱਕੋ ਹੁਕਮ ਨਾਲ਼ ਬਣਿਆ ਹੈ, ‘‘ਕੀਤਾ ਪਸਾਉ; ਏਕੋ ਕਵਾਉ ’’, ਇਸ ਪਸਾਉ (ਪਸਾਰੇ) ’ਚ ਲੱਖਾਂ ਦਰਿਆ (ਜੀਵ-ਜੰਤ ਰੂਪ ਅਨੇਕਾਂ ਲਹਿਰਾਂ) ਬਣ ਗਏ, ‘‘ਤਿਸ ਤੇ ਹੋਏ; ਲਖ ਦਰੀਆਉ ੧੬’’, ਜੋ ਕਈ ਰੰਗਾਂ ਦੇ, ਕਈ ਨਸਲਾਂ ਦੇ ਹਨ (ਜੀਅ ਜਾਤਿ ਰੰਗਾ ਕੇ ਨਾਵ )। ਗੁਰੂ ਨਾਨਕ ਸਾਹਿਬ ਨੇ ਆਪਣੇ ਇੱਕ ਹੋਰ ਸ਼ਬਦ ’ਚ ਕਿਹਾ ਹੈ ਕਿ ਸਾਰੇ ਜੀਵ-ਜੰਤ ਲੇਖੇ ’ਚ ਬੱਝੇ ਹੁੰਦੇ ਹਨ, ‘‘ਸਰਬ ਜੀਆ ਸਿਰਿ (’ਤੇ) ਲੇਖੁ ਧੁਰਾਹੂ; ਬਿਨੁ ਲੇਖੈ, ਨਹੀ ਕੋਈ ਜੀਉ ਆਪਿ ਅਲੇਖੁ, ਕੁਦਰਤਿ ਕਰਿ ਦੇਖੈ; ਹੁਕਮਿ ਚਲਾਏ ਸੋਈ ਜੀਉ ’’ (ਮਹਲਾ /੫੯੮) ਅਰਥ : ਸਾਰੇ ਜੀਵ-ਜੰਤਾਂ ਦੇ ਸਿਰ ਉੱਤੇ ਜਨਮ ਤੋਂ ਲੇਖ ਲਿਖਿਆ ਹੁੰਦਾ ਹੈ। ਲੇਖ ਤੋਂ ਰਹਿਤ ਕੋਈ ਨਹੀਂ, ਪਰ ਹਾਂ ਜਿਸ ਕਰਤਾਰ ਨੇ ਇਹ ਲੇਖ ਲਿਖਿਆ ਹੈ, ਉਹ ਆਪ ‘ਲੇਖ ਰਹਿਤ’ ਹੈ, ਜੋ ਸਭ ਨੂੰ ਲੇਖੇ ’ਚ ਪੈਦਾ ਕਰ ਸੰਭਾਲ਼ਦਾ ਹੈ, ਸਭ ਨੂੰ ਲੇਖ/ਹੁਕਮ ’ਚ ਪੈਦਾ ਕਰ ਚਲਾਉਂਦਾ ਹੈ।

ਗੁਰੂ ਨਾਨਕ ਸਾਹਿਬ ਨੇ ‘ਜਪੁ’ ਜੀ ਦੀ ਪਹਿਲੀ ਪਉੜੀ ’ਚ, ਜਿਸ ਨੂੰ ਕੂੜ ਦੀ ਪਾਲਿ ਕਿਹਾ, ਲਿਖਿਆ ਨਾਲਿ ਕਿਹਾ; ਉਸੇ ਨੂੰ ਗੁਰੂ ਅਮਰਦਾਸ ਜੀ ਨੇ ਜਨਮ ਜਨਮ ਦੀ ਮੈਲ਼ ਕਿਹਾ ਹੈ, ਜੋ ਮਨ (ਅੰਤਹਿਕਰਣ) ਨੂੰ ਲੱਗੀ ਹੈ, ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ’’ (ਮਹਲਾ /੬੫੧); ਇਹੀ ਮੈਲ਼; ਲੇਖ ਹੈ, ਕਰਤਾਰ ਦਾ ਹੁਕਮ ਹੈ, ਜਿਸ ਨਾਲ਼ ਬੰਦਾ ਦੁੱਖ-ਸੁੱਖ ਭੋਗਦਾ ਹੈ। ਸਮੁੱਚੀ ਗੁਰਬਾਣੀ; ਕਰਤਾਰ ਦੇ ਹੁਕਮ, ਨਾਮ, ਲੇਖ, ਦਾਤ, ਕਿਰਪਾ, ਆਦਿ ਦੀ ਹੀ ਵਿਆਖਿਆ ਹੈ। ਅਜੋਕਾ ਵਿਗਿਆਨ; ਇਸ ਸਚਾਈ ਤੋਂ ਜਾਣੂ ਨਾ ਹੋਣ ਕਾਰਨ ਇਨਕਾਰੀ ਹੈ। ਐਸੇ ਵਿਗਿਆਨ ਦੇ ਪੂਜਾਰੀ ਸਿੱਖਾਂ ਨੇ ਹੀ ਕਹਿਣਾ ਸ਼ੁਰੂ ਕੀਤਾ ਕਿ ਆਧੁਨਿਕ ਵਿਗਿਆਨ; ਗੁਰੂ ਸ਼ਬਦ-ਗਿਆਨ ਦੀ ਪੁਸ਼ਟੀ ਕਰਦਾ ਹੈ, ਜੋ ਕਿ ਬਿਲਕੁਲ ਗ਼ਲਤ ਹੈ।

ਗੁਰੂ ਸਾਹਿਬ ਨੇ ਕਿਹਾ ਹੈ ਕਿ ਗੁਰੂ ਦੀ ਸਿੱਖਿਆ ਮੰਨਣ ਵਾਲ਼ੇ ਅੰਦਰਲੀ ਤਬਦੀਲੀ ਪੂਰੀ ਬਿਆਨ ਨਹੀਂ ਹੋ ਸਕਦੀ, ‘‘ਮੰਨੇ ਕੀ ਗਤਿ; ਕਹੀ ਜਾਇ.. ੧੨’’ (ਜਪੁ), ਪਰ ਇਨ੍ਹਾਂ ਚਾਰ ਪਉੜੀਆਂ (12-15) ’ਚ ਕੁੱਝ ਬਿਆਨ ਭੀ ਕੀਤਾ ਹੈ; ਇਸੇ ਤਰ੍ਹਾਂ ਸਭ ਜੀਵਾਂ ਦਾ ਲੇਖ ਲਿਖਿਆ ਨਹੀਂ ਜਾ ਸਕਦਾ, ‘‘ਲੇਖਾ ਲਿਖਿਆ ਕੇਤਾ ਹੋਇ.. ’’, ਪਰ ਗੁਰੂ ਸਾਹਿਬ ਨੇ ਇਸ ਤੋਂ ਜਾਣੂ ਕਰਾਉਣ ਲਈ ਲੇਖਾ ਲਿਖਿਆ ਭੀ ਹੈ; ਜਿਵੇਂ ਕਿ ਅਗਲੀ 17ਵੀਂ, 18ਵੀਂ, 19ਵੀਂ ਪਉੜੀ ’ਚ ਕਿਹਾ ਕਿ ‘ਹੇ ਨਿਰਾਕਾਰ ! ਤੇਰੀ ਜਗਤ-ਖੇਡ (ਲੇਖੇ) ’ਚ ਬੱਝੇ ਅਣਗਿਣਤ ਭਗਤ ਹਨ, ਅਨੇਕਾਂ ਪੂਜਾ ਪਾਠ ਕਰਨ ਵਾਲ਼ੇ ਹਨ, ‘‘ਅਸੰਖ ਜਪ; ਅਸੰਖ ਭਾਉ ਅਸੰਖ ਪੂਜਾ; ਅਸੰਖ ਤਪ ਤਾਉ ..੧੭’’ ਅਣਗਿਣਤ ਹੀ ਮੂਰਖ ਹਨ, ਅਨੇਕਾਂ ਚੋਰ ਹਨ, ‘‘ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮਖੋਰ ..੧੮’’, ਇਨ੍ਹਾਂ ਨੂੰ ‘ਅਸੰਖ’ ਕਹਿਣਾ ਭੀ ਤੇਰੀ ਜਗਤ-ਖੇਡ (ਲੇਖੇ) ਨੂੰ ਥੋੜ੍ਹਾ ਕਰਕੇ ਆਂਕਣਾ ਹੈ, ‘‘ਅਸੰਖ ਕਹਹਿ; ਸਿਰਿ (’ਤੇ) ਭਾਰੁ ਹੋਇ.. ੧੯’’, ਪਰ ਮੈਨੂੰ ‘ਅਸੰਖ’ ਕਹਿਣਾ ਪਿਆ ਕਿਉਂਕਿ ਤੇਰੀ ਵਿਸ਼ਾਲਤਾ ਦੱਸਣ ਲਈ ਕੋਈ ਅੱਖਰ (ਸ਼ਬਦ) ਤਾਂ ਚਾਹੀਏ। ਜਿਸ (ਮਾਲਕ) ਨੇ ਜੀਵਾਂ ਦੇ ਸਿਰ/ਜ਼ਿੰਮੇ ਇਹ ਲੇਖ ਲਿਖੇ ਹਨ, ਉਸ ਦੇ ਆਪਣੇ ਜ਼ਿੰਮੇ ਕੋਈ ਲੇਖ ਨਹੀਂ ਹੈ, ‘‘ਜਿਨਿ ਏਹਿ ਲਿਖੇ; ਤਿਸੁ ਸਿਰਿ (’ਤੇ) ਨਾਹਿ ..੧੯’’ ਤਾਹੀਓਂ ਇਨ੍ਹਾਂ ਚਾਰੇ (16-19) ਪਉੜੀਆਂ ਦੇ ਅੰਤ ’ਚ ਉਸ ਨੂੰ ਸਦੀਵੀ ਸਥਿਰ ਕਿਹਾ ਹੈ, ‘‘ਤੂ ਸਦਾ ਸਲਾਮਤਿ; ਨਿਰੰਕਾਰ  !੧੯’’ ਯਾਨੀ ਜੋ ਲੇਖੇ ’ਚ ਹਨ, ਉਹ ਸਦੀਵੀ ਸਥਿਰ ਨਹੀਂ; ਜਿਵੇਂ ਕਿ ‘‘ਦ੍ਰਿਸਟਿਮਾਨ ਹੈ ਸਗਲ ਮਿਥੇਨਾ (ਮਿਥਿਆ/ਨਾਸ਼ਵਾਨ)’’ (ਮਹਲਾ /੧੦੮੩), ਵਿਰਲਾ ਹੀ ਇਸ ਅਲੌਕਿਕ ਲੇਖ ਨੂੰ ਲਿਖਦਾ ਹੈ (ਏਹੁ ਲੇਖਾ; ਲਿਖਿ ਜਾਣੈ ਕੋਇ ) ਤਾਂ ਕਿ ਮਨੁੱਖਤਾ ਨੂੰ ਇਸ ਦੀ ਸੋਝੀ ਕਰਾਈ ਜਾ ਸਕੇ, ਜਿਸ ਉਪਰੰਤ ਲੇਖ ਲਿਖਣ ਵਾਲ਼ੇ ਦਾ ਡਰ-ਅਦਬ ਤੇ ਪਿਆਰ ਮਨ ’ਚ ਉਪਜੇ। ਇਸ ਸੂਖਮ ਲੇਖ ਨੂੰ ਕਲਮਬੰਦ ਕਰਨ ਵਾਲ਼ਾ ਹੀ ਅਸਲ ’ਚ  ਸੱਚਾ ਗੁਰੂ ਹੈ ਕਿਉਂਕਿ ਮਨੁੱਖ ਦੇ ਗਿਆਨ ਇੰਦ੍ਰਿਆਂ ਦੀ ਪਕੜ ਤੋਂ ਦੂਰ ਪ੍ਰਭੂ ਦੁਆਰਾ ਰਚੀ ਜਗਤ-ਖੇਡ ਦੀ ਇਸ ਸਚਾਈ ਨੂੰ ਓਹੀ ਜਾਣ ਸਕਦਾ ਹੈ।

ਹਰ ਜੀਵ ਦੇ ਭਿੰਨ-ਭਿੰਨ ਲੇਖ ਅਨੁਸਾਰ ਹੀ ਹਰ ਇੱਕ ਲਈ ਵੱਖਰਾ-ਵੱਖਰਾ ਕਰਤਾਰ ਦਾ ਹੁਕਮ ਹੈ। ਜਿਸ ਅਨੁਸਾਰ ਹਰ ਦਾਤ ਮਿਲਦੀ ਹੈ। ਮਿਹਰ ਹੁੰਦੀ ਹੈ। ਇਹੀ ਜ਼ਿਕਰ ਅਗਾਂਹ 25ਵੀਂ ਪਉੜੀ ’ਚ ਹੈ, ‘‘ਬਹੁਤਾ ਕਰਮੁ (ਮਿਹਰ); ਲਿਖਿਆ ਨਾ ਜਾਇ ਵਡਾ ਦਾਤਾ; ਤਿਲੁ ਤਮਾਇ .. ਜਿਸ ਨੋ ਬਖਸੇ; ਸਿਫਤਿ ਸਾਲਾਹ ਨਾਨਕ  ! ਪਾਤਿਸਾਹੀ ਪਾਤਿਸਾਹੁ ੨੫’’, 27ਵੀਂ ਪਉੜੀ ’ਚ ਭੀ ਲੇਖ/ਹੁਕਮ ’ਚ ਚੱਲਣ ਵਾਲ਼ਿਆਂ ਦਾ ਜਿਕਰ ਹੈ, ‘‘ਗਾਵਹਿ ਤੁਹ ਨੋ ਪਉਣੁ ਪਾਣੀ ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ .. ਗਾਵਹਿ ਈਸਰੁ ਬਰਮਾ ਦੇਵੀ; ਸੋਹਨਿ ਸਦਾ ਸਵਾਰੇ .. ਗਾਵਹਿ ਖੰਡ ਮੰਡਲ ਵਰਭੰਡਾ; ਕਰਿ ਕਰਿ ਰਖੇ ਧਾਰੇ ..੨੭’’ (ਜਪੁ) ਭਾਵ ਹੇ ਪ੍ਰਭੂ ! ਤੇਰੇ ਲੇਖ-ਹੁਕਮ ’ਚ ਅੱਗ, ਪਾਣੀ, ਹਵਾ, ਖੰਡ, ਮੰਡਲ. ਬ੍ਰਹਿਮੰਡ, ਧਰਮਰਾਜ, ਸ਼ਿਵਜੀ, ਬ੍ਰਹਮਾ, ਦੇਵੀਆਂ, ਆਦਿ ਹਨ। ਇਸ ਪਉੜੀ ਦੇ ਅੰਤ ’ਚ ਭੀ ਲੇਖ ਰਹਿਤ (ਪ੍ਰਭੂ) ਨੂੰ ਸਦੀਵੀ ਸਥਿਰ ਕਿਹਾ ਹੈ, ‘‘ਸੋਈ ਸੋਈ ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ ਹੈ ਭੀ ਹੋਸੀ, ਜਾਇ ਜਾਸੀ; ਰਚਨਾ ਜਿਨਿ ਰਚਾਈ ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ; ਮਾਇਆ ਜਿਨਿ ਉਪਾਈ ’’ ਭਾਵ ਜਿਸ (ਨਿਰਾਕਾਰ) ਨੇ ਕਈ ਰੰਗਾਂ ਦੀ, ਕਈ ਨਾਵਾਂ ਦੀ, ਕਈ ਨਸਲਾਂ ਦੀ ਮਾਇਆ (ਲੇਖ ਅਧੀਨ) ਪੈਦਾ ਕੀਤੀ। ਉਹ ਆਪ ਲੇਖ ਮੁਕਤ ਹੈ, ਸਦੀਵੀ ਸਥਿਰ ਹੈ ਤਾਹੀਓਂ ਪਾਤਿਸ਼ਾਹਾਂ ਦਾ ਪਾਤਿਸ਼ਾਹ ਹੈ, ‘‘ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ; ਨਾਨਕ  ! ਰਹਣੁ ਰਜਾਈ ੨੭’’ (ਜਪੁ) ਆਪਣੇ-ਆਪਣੇ ਲੇਖ (ਰਜ਼ਾ/ਹੁਕਮ) ਨੂੰ ਪੜ੍ਹ ਕੇ ਰਜ਼ਾ ਦੇ ਮਾਲਕ ਨੂੰ ਪਹਿਚਾਨਣਾ ਹੈ। ਇਹੀ ਹੈ ‘‘ਹੁਕਮ ’ਚ ਚੱਲਣਾ, ਕੂੜ ਦੀ ਪਾਲਿ ਤੋਂ ਮੁਕਤ ਹੋਣਾ, ਮਾਲਕ ਵਾਂਗ ਸਦੀਵੀ ਸਥਿਰ ਹੋਣਾ’’।

‘ਜਪੁ’ ਬਾਣੀ ਦਾ ਅਰੰਭਕ ਸਲੋਕ ਲੇਖਾ ਰਹਿਤ (ਨਿਰਾਕਾਰ) ਦੀ ਵਿਆਖਿਆ ਹੈ, ‘‘ਆਦਿ ਸਚੁ; ਜੁਗਾਦਿ ਸਚੁ ਹੈ ਭੀ ਸਚੁ; ਨਾਨਕ  ! ਹੋਸੀ ਭੀ ਸਚੁ ’’ (ਜਪੁ) ਅਰਥ : ਜਗਤ-ਰਚਨਾ ਤੋਂ ਪਹਿਲਾਂ ਭੀ (ਪ੍ਰਭੂ) ਸਦੀਵੀ ਸਥਿਰ ਸੀ। ਜੁਗਾਂ ਦੀ ਅਰੰਭਤਾ ਸਮੇਂ ਭੀ ਸਦੀਵੀ ਸਥਿਰ ਸੀ। ਹੁਣ ਭੀ ਸਦੀਵੀ ਸਥਿਰ (ਕਣ ਕਣ ’ਚ ਜੋਤ ਰੂਪ ਵਜੋਂ ਵਿਆਪਕ) ਹੈ ਤੇ ਕਿਆਮਤ ਉਪਰੰਤ ਭੀ ਸਦੀਵੀ ਸਥਿਰ ਰਹੇਗਾ ਜਦ ਕਿ ‘ਜਪੁ’ ਬਾਣੀ ਦੇ ਅੰਤਮ ਸਲੋਕ ਵਿੱਚ ਲੇਖੇ ’ਚ ਪੈਦਾ ਹੋਈ ਕੁਦਰਤ ਦਾ ਸੰਖੇਪ ਜਿਹਾ ਵਰਣਨ ਹੈ। ਜਿਸ ਦੇ ਇਹ ਨਿਚੋੜ ਨਿਕਲਿਆ ਕਿ ਜਿਨ੍ਹਾਂ ਨੇ ਸਦੀਵੀ ਸਥਿਰ ਨੂੰ ਜਪਿਆ; ਉਹ ਸਦੀਵੀ ਸਥਿਰ ਹੋ ਗਏ ਤੇ ਉਨ੍ਹਾਂ ਦੀ ਸੰਗਤ ਭੀ ਤਰ ਗਈ ਭਾਵ ਲੇਖ ਮੁਕਤ ਹੋ ਗਈ, ‘‘ਪਵਣੁ ਗੁਰੂ ਪਾਣੀ ਪਿਤਾ; ਮਾਤਾ ਧਰਤਿ ਮਹਤੁ ਦਿਵਸੁ ਰਾਤਿ ਦੁਇ, ਦਾਈ ਦਾਇਆ; ਖੇਲੈ ਸਗਲ ਜਗਤੁ ਚੰਗਿਆਈਆ ਬੁਰਿਆਈਆ; ਵਾਚੈ ਧਰਮੁ, ਹਦੂਰਿ ਕਰਮੀ ਆਪੋ ਆਪਣੀ; ਕੇ ਨੇੜੈ ਕੇ ਦੂਰਿ ਜਿਨੀ ਨਾਮੁ ਧਿਆਇਆ; ਗਏ ਮਸਕਤਿ ਘਾਲਿ ਨਾਨਕ  ! ਤੇ ਮੁਖ ਉਜਲੇ; ਕੇਤੀ ਛੁਟੀ ਨਾਲਿ ’’ (ਜਪੁ) ਅਰਥ : (ਕੀਤਾ ਪਸਾਉ ਰੂਪ) ਜਗਤ ਦੀ ਅਰੰਭਕ ਕੂੰਜੀ (ਗੁਰ, ਗੈਸ ਆਦਿ), ਹਵਾ ਹੈ। ਜੀਵ-ਜੰਤਾਂ ਦਾ ਅਸਲ ਪਿਤਾ, ਪਾਣੀ ਹੈ ਭਾਵ ਪਾਣੀ ਤੋਂ ਜੀਵ-ਜੰਤ ਬਣੇ ਹਨ (ਜਿਵੇਂ ਕਿ ਵਾਕ ਹੈ ‘‘ਪਹਿਲਾ ਪਾਣੀ ਜੀਉ ਹੈ; ਜਿਤੁ ਹਰਿਆ ਸਭੁ ਕੋਇ ’’ ਮਹਲਾ /੪੭੨) ਸਭ ਤੋਂ ਵੱਡੀ ਜਨਨੀ/ਮਾਤਾ, ਧਰਤੀ ਹੈ। ਦਿਨ (ਖਿਡਾਵਾ) ਤੇ ਰਾਤ (ਖਿਡਾਵੀ) ਰਾਹੀਂ ਸਾਰਾ ਜਗਤ ਖੇਡ ਰਿਹਾ ਹੈ। ਜੀਵ-ਜੰਤਾਂ ਦੇ ਚੰਗੇ-ਮੰਦੇ ਕੰਮ ਨੂੰ (ਨਿਰਾਕਾਰ ਦੀ) ਹਜ਼ੂਰੀ ’ਚ ਵਾਚਿਆ ਜਾਂਦਾ ਹੈ। ਇਨ੍ਹਾਂ ਕਰਮਾਂ ਅਨੁਸਾਰ ਕਈ ਪ੍ਰਭੂ ਦੇ ਨੇੜੇ ਤੇ ਕਈ ਦੂਰ ਭਾਵ ਜੂਨਾਂ ’ਚ ਚਲੇ ਜਾਂਦੇ ਹਨ। ਜਿਨ੍ਹਾਂ ਨੇ ਨਾਮ ਜਪਿਆ, ਉਹ ਆਪਣੀ ਮਿਹਨਤ ਸਫਲ ਕਰ ਗਏ (ਭਾਵ ਉਹ ਪ੍ਰਭੂ ਦੇ ਨੇੜੇ ਹੋ ਗਏ, ਲੇਖ ਮੁਕਤ ਹੋ ਗਏ, ਉਸ ’ਚ ਲੀਨ ਹੋ ਗਏ)। ਉਨ੍ਹਾਂ ਦੇ ਚਿਹਰੇ ਰੌਸ਼ਨ ਹੋ ਗਏ। ਹੋਰ ਭੀ ਲੁਕਾਈ ਉਨ੍ਹਾਂ ਦੀ ਸੰਗਤ ਕਰ, ਆਪਣਾ ਜੀਵਨ ਸਫਲਾ ਕਰ ਗਈ।

ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਇੱਕ ਹੋਰ ਸ਼ਬਦ ’ਚ ਭੀ ਜਗਤ-ਰਚਨਾ ਦਾ ਸੰਖੇਪ ਜਿਹਾ ਵਰਣਨ ਕੀਤਾ ਹੈ, ‘‘ਸਾਚੇ ਤੇ ਪਵਨਾ ਭਇਆ; ਪਵਨੈ ਤੇ ਜਲੁ ਹੋਇ ਜਲ ਤੇ ਤ੍ਰਿਭਵਣੁ ਸਾਜਿਆ; ਘਟਿ ਘਟਿ ਜੋਤਿ ਸਮੋਇ ਨਿਰਮਲੁ, ਮੈਲਾ ਨਾ ਥੀਐ; ਸਬਦਿ ਰਤੇ, ਪਤਿ ਹੋਇ (ਮਹਾਲ /੨੦) ਅਰਥ : ‘ਆਦਿ ਸਚੁ’ ਤੋਂ ਹਵਾ (ਗੈਸ ਆਦਿ) ਬਣੀ। ਹਵਾ ਤੋਂ ਪਾਣੀ ਬਣਿਆ। ਪਾਣੀ ਤੋਂ ਤਿੰਨ ਲੋਕਾਂ (ਸੁਰਗ, ਮਾਤ ਤੇ ਪਾਤਾਲ) ਦੇ ਜੀਵ-ਜੰਤ ਬਣੇ, ਜਿਨ੍ਹਾਂ ਅੰਦਰ ਉਸ (ਆਦਿ ਸਚੁ) ਦੀ ਜੋਤਿ ਵਿਆਪਕ ਹੈ। ਜੋ ਗੁਰੂ ਦੇ ਸ਼ਬਦ ’ਚ ਰੰਗੇ ਗਏ, ਉਹ ਮੈਲ਼ ਰਹਿਤ (ਲੇਖ ਮੁਕਤ) ਹੋ ਕੇ ਇੱਜ਼ਤ ਮਾਣਦੇ ਹਨ। ਮੁੜ ਮੈਲ਼ੇ ਨਹੀਂ ਹੁੰਦੇ, ਲੇਖੇ ’ਚ ਨਹੀਂ ਆਉਂਦੇ।

ਅਜੋਕਾ ਵਿਗਿਆਨ ਐਨਾ ਕੁ ਤਾਂ ਮੰਨਦਾ ਹੈ ਕਿ ਗੈਸ ਤੋਂ ਪਾਣੀ ਬਣਿਆ, ਪਰ ਅਜੇ ਇਹ ਨਹੀਂ ਮੰਨਦਾ ਕਿ ‘ਆਦਿ ਸਚੁ ਤੋਂ ਹਵਾ ਆਦਿ ਬਣੀ, ਉਹੀ ਹੁਣ ਸਰਬ ਵਿਆਪਕ ਹੈ ਤੇ ਕਿਆਮਤ ਉਪਰੰਤ ਭੀ ਕਾਇਮ ਰਹੇਗਾ’। ਵਿਗਿਆਨ ਅਜੇ ਤੱਕ ਇਹ ਭੀ ਨਹੀਂ ਖੋਜ ਪਾਇਆ ਕਿ ਇਸ ਧਰਤੀ ਤੋਂ ਇਲਾਵਾ; ਕਿਸੇ ਹੋਰ ਗ੍ਰਹਿ (ਧਰਤੀ) ਉੱਤੇ ਭੀ ਜੀਵਨ ਮੌਜੂਦ ਹੈ ਜਦ ਕਿ ਗੁਰੂ ਨਾਨਕ ਸਾਹਿਬ ਨੇ ਬ੍ਰਹਿਮੰਡ ’ਚ ਅਨੇਕਾਂ ਧਰਤੀਆਂ (ਜਿੱਥੇ ਜੀਵਨ ਹੈ) ਦਾ ਜ਼ਿਕਰ ਕੀਤਾ ਹੈ; ਜਿਵੇਂ ਕਿ ‘‘ਕੇਤੀਆ ਕਰਮ ਭੂਮੀ.. ੩੫’’ (ਜਪੁ) ਭਾਵ ਕਿੰਨੀਆਂ ਹੀ ਕਰਮ ਕਰਨਯੋਗ ਧਰਤੀਆਂ ਹਨ। ਇਸ ਸਚਾਈ ਨੂੰ ਇੱਕ ਦਿਨ ਵਿਗਿਆਨ ਨੇ ਭੀ ਜ਼ਰੂਰ ਮੰਨਣਾ ਹੈ।

ਸੋ ‘ਜਪੁ’ ਬਾਣੀ ਦੀ ਅਰੰਭਕ ਪਉੜੀ ’ਚ ਉਠਾਏ ਮੂਲ ਸਵਾਲ (ਕਿਵ ਕੂੜੈ ਤੁਟੈ ਪਾਲਿ  ?) ਨੂੰ ‘ਜਪੁ’ ਅੰਦਰ ਹੀ ‘ਸਿਰ ਦੇ ਲੇਖ’ ਕਿਹਾ ਹੈ, ‘‘ਭਰੀਐ ਮਤਿ; ਪਾਪਾ ਕੈ ਸੰਗਿ ..੨੦’’ ਕਿਹਾ ਹੈ, ‘‘ਜੋ ਕਿਛੁ ਪਾਇਆ; ਸੁ ਏਕਾ ਵਾਰ.. ੩੧’’ ਕਿਹਾ ਹੈ, ‘‘ਲਿਖਿਆ ਨਾਲਿ ’’ ਕਿਹਾ ਹੈ, ਆਦਿ। ਇਸੇ ਲੇਖ/ਹੁਕਮ ’ਚ ਅਸੰਖ ਪਾਖੰਡੀ ਹਨ, ਅਨੇਕਾਂ ਪਾਪੀ ਹਨ, ਅਣਗਿਣਤ ਨਾਸਤਿਕ ਹਨ ਕਿਉਂਕਿ ਇਹ ਸਭ ਆਪਣੇ ਸਿਰ ਦੇ ਲੇਖ/ਹੁਕਮ ਨੂੰ ਨਾ ਪੜ੍ਹ ਸਕੇ, ‘‘ਕਾਇਆ ਕਾਗਦੁ; ਮਨੁ ਪਰਵਾਣਾ ਸਿਰ ਕੇ ਲੇਖ; ਪੜੈ ਇਆਣਾ ’’ (ਮਹਲਾ /੬੬੨) ਅਰਥ : ਕਾਗਜ਼ ਵਾਂਗ ਸਰੀਰ ਜਲਦੀ ਨਾਸ ਹੋਣ ਵਾਲ਼ਾ ਹੈ। ਮਨ; ਇਸ ਸਰੀਰ-ਕਾਗਜ਼ ’ਤੇ ਲਿਖਿਆ ਇਲਾਹੀ ਹੁਕਮ ਹੈ ਭਾਵ ਮਨ; ਹੁਕਮ/ਲੇਖ ’ਚ ਬੱਝਾ ਹੋਇਆ ਹੈ, ਪਰ ਮੂਰਖ ਮਨੁੱਖ ਆਪਣਾ ਇਹ ਲੇਖ ਨਹੀਂ ਪੜ੍ਹਦਾ, ਸਮਝਦਾ। ਇਹੀ ਸੋਝੀ ‘‘ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ ’’ ਰਾਹੀਂ ਦਿੱਤੀ ਹੈ ਭਾਵ ਹੇ ਮਨੁੱਖ ! ਜੋ ਤੇਰੇ ਨਾਲ਼ ਲਿਖਿਆ ਹੈ, ਜੋ ਤੇਰੇ ਜ਼ਿੰਮੇ ਲਿਖਿਆ ਹੈ; ਓਹੀ ਰਜ਼ਾ ਦੇ ਮਾਲਕ ਦਾ ਹੁਕਮ ਹੈ, ਉਸ ਨੂੰ ਪਹਿਚਾਣ, ਸਵੀਕਾਰ ਕਰ ਤਾਂ ਕਿ ਤੂੰ ਉਸ ਦੇ ਡਰ-ਅਦਬ ’ਚ ਰਹਿ ਕੇ ਹਰ ਕੰਮ ਦਾ ਮਹੱਤਵ ਆਪਣੇ ’ਤੇ ਨਾ ਲਵੇਂ, ਅਹੰਕਾਰ ਰੂਪ ਦੀਵਾਰ ਹੋਰ ਵੱਡੀ ਖੜ੍ਹੀ ਨਾ ਕਰ ਸਕੇਂ। ਜੇ ਫਿਰ ਭੀ ਸਿੱਖ ਕਹਿੰਦਾ ਫਿਰੇ ਕਿ ਔਹ ਹੁਕਮ ’ਚ ਨਹੀਂ ਚੱਲਦਾ, ਆਹ ਹੁਕਮ ’ਚ ਨਹੀਂ ਚੱਲਦਾ ਤਾਂ ਇਹ ਖ਼ੁਦ ਸਵੈ ਪੜਚੋਲ ਨਾ ਕਰਨਾ ਹੈ। ਆਪਣੀ ਕੂੜ ਦੀ ਪਾਲਿ ਨੂੰ ਨਾ ਪਹਿਚਾਨਣਾ ਹੈ। ਲੇਖ/ਹੁਕਮ ’ਚ ਚੱਲਣ ਨੂੰ ਨਾ ਸਵੀਕਾਰਨਾ ਹੈ। ਆਪਣੀ ਪਾਪਾਂ ਭਰੀ ਮੱਤ ਤੋਂ ਹੀ ਸੰਤੁਸ਼ਟ ਰਹਿਣਾ ਹੈ।

ਧਰਮ ਦੇ ਇਨ੍ਹਾਂ ਅਹਿਮ ਅਸੂਲਾਂ ਨੂੰ ਸੁਣਨ, ਸਮਝਣ ਤੇ ਅਮਲ ’ਚ ਲਿਆਉਣ ਲਈ ਮਨ ਅੰਦਰ ਲਗਨ, ਸ਼ਰਧਾ, ਭਰੋਸਾ ਤੇ ਅਰਦਾਸ ਭਾਵਨਾ ਹੋਣੀ ਅਤਿ ਜ਼ਰੂਰੀ ਹੈ। ਇਹ ਗੁਣ; ਮਨ ਅੰਦਰ ਨਿਰੰਤਰ ਉਪਜਦੇ ਰਹਿਣ, ਇਸ ਲਈ ‘ਜਪੁ’ ਬਾਣੀ ਨੂੰ ਨਿਤਨੇਮ (ਨਿੱਤ ਦਾ ਨੇਮ) ਬਣਾਇਆ ਗਿਆ ਤਾਂ ਕਿ ਅਰਦਾਸ ਰਾਹੀਂ ਹਰ ਦਿਨ ਭਰੋਸਾ ਦਾਨ ਮੰਗਿਆ ਜਾ ਸਕੇ। ਇਸ ਸਚਾਈ ਤੋਂ ਮੁਨਕਰ ਹੋਣਾ, ਆਪਣੇ ਆਪ ਨੂੰ ਧੋਖੇ/ਭਰਮ ’ਚ ਰੱਖਣਾ ਹੈ। ਸ਼ਰਧਾਵਾਨ ਸਿੱਖ ਨੂੰ ਕਹਿਣਾ ਚਾਹੀਦਾ ਹੈ ਕਿ ਗੁਰਬਾਣੀ; ਅਜੋਕੀ ਵਿਗਿਆਨਿਕ ਖੋਜ ਵਾਂਗ ਤੱਥਾਂ ਆਧਾਰਿਤ ਗੱਲ ਕਰਦੀ ਹੈ ਭਾਵੇਂ ਕਿ ਗੁਰਬਾਣੀ ਦੇ ਮੁਕਾਬਲੇ ਆਧੁਨਿਕ ਵਿਗਿਆਨ ਅਜੇ ਅਧੂਰੀ ਖੋਜ ਹੈ।

ਦੂਸਰਾ ਪੱਖ ਹੈ ਕਿ ਗੁਰਬਾਣੀ ਨੇ ਮਨੋਕਲਪਿਤ, ਅਤਿਕਥਨੀ ਤੇ ਅਰਥਹੀਣ ਮਨੌਤਾਂ ਨੂੰ ਰੱਦ ਕੀਤਾ ਹੈ। ਇਹ ਭੀ ਪੂਰਨ ਸਚਾਈ ਨਹੀਂ ਕਿਉਂਕਿ ਐਸਾ ਮੰਨਣ ਨਾਲ਼ ਗੁਰਮਤਿ ਦੇ ਹੀ ਕੁੱਝ ਅਸੂਲਾਂ ਦਾ ਖੰਡਨ ਹੁੰਦਾ ਹੈ। ਜਿਨ੍ਹਾਂ ਨੂੰ ਵਿਚਾਰਨਾ ਬੜਾ ਜ਼ਰੂਰੀ ਹੈ; ਜੈਸਾ ਕਿ

(1). ਭਾਗਵਤ ’ਚ ਪ੍ਰਸੰਗ ਹੈ ਕਿ ਵਿਸ਼ਨੂੰ ਦੇ ਚੌਥੇ ਅਵਤਾਰ (ਨਰਸਿੰਘ/ਸ਼ੇਰ ਦੇ ਸਿਰ ਵਾਲ਼ੇ ਮਨੁੱਖ) ਨੇ ਆਪਣੇ ਭਗਤ ਪ੍ਰਹਿਲਾਦ ਦੀ ਰੱਖਿਆ ਕਰਨ ਲਈ ਉਸ ਦੇ ਪਿਤਾ (ਹਰਨਾਖਸ਼) ਨੂੰ ਨੌਹਾਂ ਨਾਲ਼ ਪਾੜ ਕੇ ਮਾਰ ਦਿੱਤਾ। ਇਸ ਘਟਨਾ ਦਾ ਜ਼ਿਕਰ ਗੁਰਬਾਣੀ ’ਚ 4 ਗੁਰੂ ਸਾਹਿਬਾਨ, 2 ਭਗਤ ਸਾਹਿਬਾਨ ਤੇ 2 ਭੱਟ ਸਾਹਿਬਾਨ ਨੇ ਕੀਤਾ ਹੈ; ਜਿਵੇਂ ਕਿ ‘‘ਹਰਣਾਖਸੁ ਲੇ ਨਖਹੁ ਬਿਧਾਸਾ (ਮਹਲਾ /੨੨੪), ਹਰਣਾਖਸੁ ਨਖੀ ਬਿਦਾਰਿਆ (ਨੌਹਾਂ ਨਾਲ਼ ਪਾੜਿਆ); ਪ੍ਰਹਲਾਦੁ ਲੀਆ ਉਬਾਰਿ (ਮਹਲਾ /੧੧੩੩), ਹਰਣਾਖਸੁ ਦੁਸਟੁ ਹਰਿ (ਨੇ) ਮਾਰਿਆ; ਪ੍ਰਹਲਾਦੁ ਤਰਾਇਆ (ਮਹਲਾ /੪੫੧), ਕੀਨੀ ਰਖਿਆ ਭਗਤ ਪ੍ਰਹਿਲਾਦੈ (ਦੀ); ਹਰਨਾਖਸ ਨਖਹਿ ਬਿਦਾਰੇ (ਮਹਲਾ /੯੯੯), ਸੰਤ ਪ੍ਰਹਲਾਦ ਕੀ ਪੈਜ ਜਿਨਿ (ਨੇ) ਰਾਖੀ; ਹਰਨਾਖਸੁ ਨਖ ਬਿਦਰਿਓ (ਭਗਤ ਕਬੀਰ/੮੫੬), ਭਗਤ ਹੇਤਿ ਮਾਰਿਓ ਹਰਨਾਖਸੁ; ਨਰਸਿੰਘ ਰੂਪ ਹੋਇ ਦੇਹ ਧਰਿਓ ’’ (ਭਗਤ ਨਾਮਦੇਵ/੧੧੦੫), ਆਦਿ; ਜਦ ਕਿ ਇਹ ਸਾਖੀ ਨਿਰੋਲ ਕਾਲਪਨਿਕ ਹੈ ਕਿਉਂਕਿ ਮਨੁੱਖ ਦੇ ਸ਼ੇਰ ਦਾ ਸਿਰ ਨਹੀਂ ਹੋ ਸਕਦਾ। ਸਚਾਈ ਇਹ ਹੈ ਕਿ ਹਰਨਾਖਸ਼; ਦਰਾਵੜ ਰਾਜਾ ਸੀ, ਜਿਸ ਦਾ ਪੁੱਤਰ (ਪ੍ਰਹਿਲਾਦ); ਆਰੀਅਨ ਰਾਜੇ (ਇੰਦਰ ਤੇ ਉਸ ਦੇ ਛੋਟੇ ਭਰਾ ਵਿਸ਼ਨੂੰ) ਦੀ ਉਸੇ ਤਰ੍ਹਾਂ ਮਦਦ ਕਰਦਾ ਸੀ; ਜਿਵੇਂ ਰਾਵਣ (ਦਰਾਵੜ) ਦੇ ਭਰਾ (ਭਭੀਖਣ) ਨੇ ਆਰੀਅਨ ਰਾਜੇ (ਰਾਮ ਚੰਦਰ) ਦੀ ਮਦਦ ਕੀਤੀ ਸੀ। ਜਿਸ ਤੋਂ ਦੰਦ ਕਥਾ ਚੱਲੀ ਕਿ ‘ਘਰ ਕਾ ਭੇਤੀ ਲੰਕਾ ਢਾਹੇ’ ਕਿਉਂਕਿ ਭਭੀਖਣ ਨੇ ਘਰ (ਰਾਵਣ) ਦਾ ਭੇਤ; ਰਾਮ ਚੰਦਰ ਨੂੰ ਦਿੱਤਾ, ਜਿਸ ਤੋਂ ਬਾਅਦ ਰਾਵਣ ਨੂੰ ਮਾਰਿਆ ਜਾ ਸਕਾ।

ਜੇਕਰ ਗੁਰਬਾਣੀ ਨੇ ਸਾਰੀਆਂ ਮਨੋਕਲਪਿਤ ਮਨੌਤਾਂ ਰੱਦ ਕੀਤੀਆਂ ਹੁੰਦੀਆਂ ਤਾਂ ਇਸ ਸਾਖੀ ਦੀ ਵਾਰ-ਵਾਰ ਮਿਸਾਲ ਦੇਣ ਦੀ ਲੋੜ ਨਾ ਹੁੰਦੀ। ਇਸ ਨੂੰ ਝੂਠਾ ਸਿੱਧ ਕੀਤਾ ਹੁੰਦਾ। ਦਰਅਸਲ ਬਾਣੀਕਾਰਾਂ ਨੂੰ ਪਤਾ ਸੀ ਕਿ ਆਮ ਮਨੁੱਖ; ਕੂੜ ਤੋਂ ਚੰਗੀ ਤਰ੍ਹਾਂ ਵਾਕਫ਼ ਹੈ। ਕਿਉਂ ਨਾ ਇਸ ਦਾ ਸਾਰਥਕ ਪ੍ਰਯੋਗ ਕੀਤਾ ਜਾਵੇ ਯਾਨੀ ਇਨ੍ਹਾਂ ਦੀ ਮਿਸਾਲ ਨਾਲ਼ ਧਰਮ ਦਾ ਮੂਲ ਵਿਸ਼ਾ ਕਿ ਨਿਰਾਕਾਰ ਪ੍ਰਭੂ; ਆਪਣੇ ਭਗਤਾਂ ਦੀ ਰੱਖਿਆ ਕਰਦਾ ਹੈ, ਨੂੰ ਦ੍ਰਿੜ੍ਹ ਕਰਾਇਆ ਜਾਵੇ। ਇਹੀ ਕਾਰਨ ਸਨ ਕਿ ਅਤੀਤ ਦੇ ਮਨਘੜਤ ਪ੍ਰਸੰਗਾਂ ਨੂੰ ਰੱਦ ਨਾ ਕੀਤਾ, ਪਰ ਅੱਜ ਕਈ ਸਿੱਖ ਇਨ੍ਹਾਂ ਨੂੰ ਕੂੜ ਸਿੱਧ ਕਰਨ ਲੱਗੇ ਹੋਏ ਹਨ। ਜਿਸ ਨਾਲ਼ ਵਿਵਾਦ ਵਧ ਗਏ, ਪਰ ਪ੍ਰਾਪਤੀ ਕੁੱਝ ਨਾ ਹੋਈ। ਸਤੰਬਰ 2022 ’ਚ ਧਰਮ ਦੇ ਕੇਂਦਰ ਅੰਮ੍ਰਿਤਸਰ ’ਚ ਹੀ ਈਸਾਈਆਂ ਨੇ 5 ਲੱਖ ਦਾ ਇਕੱਠ ਕਰ ਲਿਆ, ਜੋ ਸੰਨ 2011 ਤੱਕ ਪੰਜਾਬ ’ਚ ਕੁੱਲ 3 ਲੱਖ 48 ਹਜ਼ਾਰ ਹੀ ਸਨ। ਸਿੱਖ ਸਮਾਜ; ਧਰਮ ਤੋਂ ਦੂਰ ਹੁੰਦਾ ਗਿਆ ਜਾਂ ਚੂੰਚ-ਗਿਆਨ ਤੱਕ ਸੀਮਤ ਰਹਿ ਗਿਆ।

ਇੱਕ ਹੋਰ ਸਾਖੀ ਹੈ ਕਿ ਗੋਤਮ ਰਿਸ਼ੀ ਦੀ ਪਤਨੀ ਅਹਿਲੀਆ ਨਾਲ਼ ਇੰਦਰ ਨੇ ਭੇਖ ਬਦਲਾਅ ਕੇ ਯਾਨੀ ਗੋਤਮ ਰਿਸ਼ੀ ਦਾ ਭੇਸ ਧਾਰ ਕੇ ਕੁਕਰਮ ਕੀਤਾ। ਗੋਤਮ ਰਿਸ਼ੀ ਨੇ ਸਰਾਪ ਦੇ ਕੇ ਅਹਿਲਿਆ ਨੂੰ ਪੱਥਰ ਬਣਾ ਦਿੱਤਾ ਤੇ ਇੰਦਰ ਦੇ ਸਰੀਰ ਉੱਤੇ ਹਜ਼ਾਰਾਂ ਔਰਤ ਦੇ ਗੁਪਤ ਅੰਗ (ਭਗ) ਬਣਾ ਦਿੱਤੇ। ਇਸ ਦੀ ਮਿਸਾਲ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ, ‘‘ਗੋਤਮੁ ਤਪਾ ਅਹਿਲਿਆ ਇਸਤ੍ਰੀ; ਤਿਸੁ ਦੇਖਿ ਇੰਦ੍ਰੁ ਲੁਭਾਇਆ ਸਹਸ ਸਰੀਰ ਚਿਹਨ ਭਗ ਹੂਏ; ਤਾ ਮਨਿ (’) ਪਛੋਤਾਇਆ ’’ (ਮਹਲਾ /੧੩੪੪) ਇੱਥੇ ਭੀ ਗੁਰੂ ਸਾਹਿਬ ਨੇ ਇਸ ਸਾਖੀ ਨੂੰ ਝੂਠਾ ਸਿੱਧ ਨਹੀਂ ਕੀਤਾ ਬਲਕਿ ਇਸ ਰਾਹੀਂ ਅਸਲ ਸਚਾਈ ਸਮਝਾਈ ਕਿ ਇੰਦਰ ਆਪਣੇ ਆਪ ਕੁਰਾਹੇ ਨਹੀਂ ਪਿਆ, ਉਸ ਨੂੰ ਮਾਲਕ ਦੁਆਰਾ ਲਿਖੇ ਲੇਖ-ਹੁਕਮ ਨੇ ਕੁਰਾਹੇ ਪਾਇਆ ਹੈ। ਇਹ ਭਾਵ ਸ਼ਬਦ ਦੇ ਕੇਂਦਰੀ ਭਾਵ (ਰਹਾਉ) ’ਚ ਦਰਜ ਹੈ, ‘‘ਕੋਈ ਜਾਣਿ (ਕੇ) ਭੂਲੈ, ਭਾਈ  ! ਸੋ ਭੂਲੈ, ਜਿਸੁ ਆਪਿ ਭੁਲਾਏ; ਬੂਝੈ, ਜਿਸੈ ਬੁਝਾਈ ਰਹਾਉ ’’ (ਮਹਲਾ /੧੩੪੪)

ਗੁਰੂ ਸਾਹਿਬ ਅਨੁਸਾਰ ਇਹ ਸਮੇਂ ਦੇ ਰਾਜੇ ਸਨ, ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ’’ (ਮਹਲਾ /੪੨੩), ਜਿਨ੍ਹਾਂ ਨੂੰ ਪੰਡਿਤਾਂ ਨੇ ਭੋਲ਼ੀ-ਭਾਲ਼ੀ ਜਨਤਾ ਸਾਮ੍ਹਣੇ ਦੇਵਤੇ, ਭਗਵਾਨ ਆਦਿ ਬਣਾ ਰੱਖਿਆ ਸੀ। ਇਨ੍ਹਾਂ ਦੀ ਬਹੁਤੀ ਉਧੇੜ ਬੁਣ (ਢਾਹ ਭੰਨ) ਕਰਨ ਦੀ ਥਾਂ ਇਨ੍ਹਾਂ ਦੇ ਸਮਾਨੰਤਰ ਵੱਡੀ ਲਕੀਰ ਖਿੱਚਣਾ ਵੱਧ ਮਦਦਗਾਰ ਹੋਇਆ; ਜਿਵੇਂ ਕਿ ਆਮ ਧਾਰਨਾ ਸੀ ਕਿ ਇੰਦਰ; ਵਰਖਾ ਕਰਦਾ ਹੈ। ਗੁਰੂ ਸਾਹਿਬ ਨੇ ਇਸ ਨੂੰ ਨਿਕਾਰਨ ਦੀ ਥਾਂ ਇਸ ਦੇ ਬਰਾਬਰ ਵੱਡੀ ਲਕੀਰ ਖਿੱਚੀ ਕਿ ਜਿਸ ਦੇ ਹੁਕਮ ’ਚ ਇੰਦਰ ਵਰਖਾ ਕਰਦਾ ਹੈ, ਮੈ ਉਸ ਤੋਂ ਕੁਰਬਾਨ ਹਾਂ, ‘‘ਜਿਸ ਕੈ ਹੁਕਮਿ (ਨਾਲ਼) ਇੰਦੁ ਵਰਸਦਾ; ਤਿਸ ਕੈ ਸਦ ਬਲਿਹਾਰੈ ਜਾਂਉ ’’ (ਮਹਲਾ /੧੨੮੫) ਇਸੇ ਤਰ੍ਹਾਂ ਵੱਡੀ ਲਕੀਰ ਖਿੱਚੀ ਕਿ ਹੇ ਹਰੀ ! ਨਰਸਿੰਘ ਰੂਪ ਧਾਰ ਕੇ ਤੈਂ ਹੀ ਪ੍ਰਹਿਲਾਦ ਦੀ ਰੱਖਿਆ ਕੀਤੀ ਹੈ, ‘‘ਪ੍ਰਹਿਲਾਦ ਜਨ ਤੁਧੁ ਰਾਖਿ ਲਏ, ਹਰਿ ਜੀਉ ! ਹਰਣਾਖਸੁ ਮਾਰਿ ਪਚਾਇਆ ’’ (ਮਹਲਾ /੬੩੭)

ਉਕਤ ਵਿਚਾਰ ਕੀਤੀ ਗਈ ਹੈ ਕਿ ਹਰ ਮਨੁੱਖ; ਲੇਖ-ਹੁਕਮ ’ਚ ਬੱਝਿਆ ਹੋਇਆ ਹੈ। ਪੰਡਿਤ ਦੇ ਅੰਨ੍ਹੇਪਣ ਦਾ ਕਾਰਨ ਭੀ ਉਸ ਦਾ ਲੇਖ ਹੈ। ਗੁਰਬਾਣੀ ਦਾ ਵਾਕ ਹੈ ਕਿ ਜਿਸ ਮਾਲਕ ਨੇ ਗਿਆਨ-ਅੱਖਾਂ ਖੋਹੀਆਂ ਹਨ, ਜੇਕਰ ਉਸ ਨੂੰ ਯਾਦ ਕਰੀਏ ਤਾਂ ਓਹੀ ਮੁੜ ਦਿੰਦਾ ਹੈ, ‘‘ਹੋਰੁ ਬਿਰਹਾ ਸਭ ਧਾਤੁ ਹੈ; ਜਬ ਲਗੁ ਸਾਹਿਬ ਪ੍ਰੀਤਿ ਹੋਇ ਇਹੁ ਮਨੁ ਮਾਇਆ ਮੋਹਿਆ; ਵੇਖਣੁ ਸੁਨਣੁ ਹੋਇ ਸਹ ਦੇਖੇ ਬਿਨੁ ਪ੍ਰੀਤਿ ਊਪਜੈ; ਅੰਧਾ ਕਿਆ ਕਰੇਇ  ? ਨਾਨਕ  ! ਜਿਨਿ ਅਖੀ ਲੀਤੀਆ; ਸੋਈ ਸਚਾ ਦੇਇ ’’ (ਮਹਲਾ /੮੩) ਅਰਥ : ਜਦ ਤੱਕ ਮਾਲਕ ਨਾਲ਼ ਪ੍ਰੇਮ ਨਹੀਂ ਉਪਜਦਾ ਤਦ ਤੱਕ ਸਾਰੀ ਦੌੜ-ਭੱਜ ਮਾਇਆ ਨਾਲ਼ ਹੀ ਪਿਆਰ ਹੈ। ਮਾਇਆ-ਗ੍ਰਸਤ ਇਹ ਮਨ; (ਅਦ੍ਰਿਸ਼ ਪ੍ਰਭੂ ਨੂੰ) ਵੇਖ ਤੇ ਸੁਣ ਨਹੀਂ ਸਕਦਾ ਤੇ ਮਾਲਕ ਨੂੰ ਵੇਖੇ ਬਿਨਾਂ (ਉਸ ਨਾਲ਼) ਪ੍ਰੇਮ ਨਹੀਂ ਉਪਜਦਾ, ਇਸ ਲਈ ਗਿਆਨਹੀਣ ਪੰਡਿਤ ਕਿਵੇਂ (ਉਸ ਨਾਲ਼) ਪ੍ਰੇਮ ਕਰੇ। ਜਿਸ ਮਾਲਕ ਨੇ ਇਹ ਅੱਖਾਂ ਖੋਹੀਆਂ ਹਨ (ਕਿ ਹਰ ਮਨੁੱਖ ਮੈਨੂੰ ਵੇਖ ਨਾ ਸਕੇ, ਗੁਰੂ ਦੀ ਰਾਹੀਂ ਕਿਸੇ ਵਡਭਾਗੇ ਨੂੰ ਹੀ) ਉਹ ਸਦੀਵੀ ਸਥਿਰ ਮਾਲਕ ਅੱਖਾਂ ਬਖ਼ਸ਼ਦਾ ਹੈ (ਤਾਂ ਕਿ ਉਨ੍ਹਾਂ ਰਾਹੀਂ ਮਾਲਕ ਨੂੰ ਵੇਖ ਕੇ ਉਸ ਨਾਲ਼ ਪ੍ਰੇਮ ਪਾ ਸਕੇ)।

ਧਰਮ ਦੇ ਇਸ ਸੂਖਮ ਵਿਸ਼ੇ ਨੂੰ ਇਉਂ ਸੁਖਾਲਾ ਸਮਝਿਆ ਜਾ ਸਕਦਾ ਹੈ ਕਿ ਹਰ ਮਨੁੱਖ ਅੰਦਰ ਆਤਮ-ਪ੍ਰਕਾਸ਼; (ਜੋ ਕਿ ਰੱਬੀ ਜੋਤਿ ਹੈ) 100% ਹੈ। ਅੰਤਹਿਕਰਣ ਦੀ ਮੈਲ਼ ਰੂਪ ਪਰਦਾ ਵਿਚਕਾਰ ਹੋਣ ਕਾਰਨ ਬੁੱਧੀ ਤੱਕ ਇਸ ਦੀ ਰੌਸ਼ਨੀ ਮਾਨੋ 10% ਪਹੁੰਚਦੀ ਹੈ। ਸੰਸਾਰਿਕ ਜ਼ਿੰਦਗੀ ਭੋਗਣ ’ਚ ਮਨੁੱਖ ਕੋਲ਼ ਇਹੀ ਮਾਨਸਿਕ ਬਲ/ਚਾਨਣ ਹੁੰਦਾ ਹੈ। ਸਮਾਜਿਕ ਵਿੱਦਿਆ; ਇਸ 10% ਨੂੰ ਤਰਾਸ਼ਦੀ ਹੈ ਜਦ ਕਿ ਗੁਰੂ ਗਿਆਨ ਰਾਹੀਂ ਸਵੈ ਪੜਚੋਲ ਕੀਤਿਆਂ ਪਾਰਦਰਸ਼ੀ ਹੁੰਦੇ ਅੰਤਹਿਕਰਣ ਨਾਲ਼ ਇਸ 10% ’ਚ ਵਾਧਾ ਹੁੰਦਾ ਹੈ, ਜੋ ਕਿ ਅਦ੍ਰਿਸ਼-ਮਾਲਕ ਨੂੰ ਵੇਖਣ ਲਈ ਅਨੁਭਵੀ ਅੱਖਾਂ ਬਣਦੀਆਂ ਹਨ। ਇਸੇ ਬੌਧਿਕ ਬਲ ਨਾਲ਼ ਗੁਰੂ ਸਾਹਿਬਾਨ, ਭਗਤ ਸਾਹਿਬਾਨ ਆਦਿ ਨੇ ਜ਼ਿੰਦਗੀ, ਕੁਦਰਤ ਤੇ ਨਿਰਾਕਾਰ ਬਾਰੇ ਤੱਥਾਂ ਆਧਾਰਿਤ ਗਿਆਨ ਕਲਮਬੰਦ ਕੀਤਾ ਜਦ ਕਿ ਦੁਨਿਆਵੀ ਵਿੱਦਿਆ ਨਾਲ਼ ਇੱਕੋ ਮਨੁੱਖ; ਡਾਕਟਰ, ਖਗੋਲ ਤੇ ਜੀਵ ਵਿਗਿਆਨੀ, ਆਦਿ ਨਹੀਂ ਬਣ ਸਕਦਾ।

ਪੰਡਿਤ ਨੂੰ ਜਿੱਥੇ ਅਦ੍ਰਿਸ਼ ਮਾਲਕ ਦੀ ਸਮਝ ਨਹੀਂ; ਓਥੇ ਆਪਣੇ ਇਸ਼ਟਦੇਵ/ਦੇਵਤਿਆਂ ਦੇ ਕਿਰਦਾਰ ਉੱਤੇ ਭੀ ਸੰਦੇਹ ਰਹਿੰਦਾ ਹੈ, ਇਸ ਲਈ ਉਹ ਦੋਵੇਂ ਅੱਖਾਂ ਤੋਂ ਅੰਨ੍ਹਾ ਹੈ, ‘‘ਹਿੰਦੂ ਅੰਨ੍ਹਾ; ਤੁਰਕੂ ਕਾਣਾ ਦੁਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੈ ਦੇਹੁਰਾ; ਮੁਸਲਮਾਣੁ ਮਸੀਤਿ ਨਾਮੇ ਸੋਈ ਸੇਵਿਆ; ਜਹ ਦੇਹੁਰਾ ਮਸੀਤਿ ’’ (ਭਗਤ ਨਾਮਦੇਵ/੮੭੫) ਅਰਥ : ਪੰਡਿਤ ਪੱਥਰ ਨੂੰ ਰੱਬ ਸਮਝ ਪੂਜਦਾ ਹੈ ਤੇ ਮੁਸਲਮਾਨ ਕੇਵਲ ਮਸਜਿਦ ’ਚ ਅੱਲ੍ਹਾ ਨੂੰ ਮੰਨਦਾ ਹੈ। ਪੰਡਿਤ ਕੋਲ਼ ਦੋਵੇਂ ਅੱਖਾਂ ਨਹੀਂ ਤੇ ਮੁਸਲਮਾਨ ਦਾ ਹਜ਼ਰਤ ਸਾਹਿਬ ਉੱਤੇ ਅਟੁੱਟ ਵਿਸ਼ਵਾਸ ਹੋਣ ਕਾਰਨ ਕੇਵਲ ਇੱਕ ਅੱਖ ਖ਼ਰਾਬ ਹੈ (ਜਿਸ ਕਾਰਨ ਅੱਲ੍ਹਾ ਨੂੰ ਸਰਬ ਵਿਆਪਕ ਨਹੀਂ ਵੇਖ ਪਾ ਰਿਹਾ)। ਗਿਆਨਵਾਨ ਨਾਮਦੇਵ ਕੋਲ਼ ਦੋਵੇਂ ਅੱਖਾਂ ਹਨ ਤਾਹੀਓਂ ਉਸ ਮਾਲਕ ਨੂੰ ਸਿਮਰਦਾ ਹੈ, ਜੋ ਨਾ ਪੱਥਰ ’ਚ ਹੈ ਤੇ ਨਾ ਕੇਵਲ ਮਸਜਿਦ ’ਚ।

ਅੰਤ ’ਚ ‘ਜਪੁ’ ਬਾਣੀ ਦੀ 26ਵੀਂ ਪਉੜੀ (ਅਮੁਲ ਗੁਣ; ਅਮੁਲ ਵਾਪਾਰ ) ਦੀ ਸੰਖੇਪ ਜਿਹੀ ਵਿਚਾਰ ਜ਼ਰੂਰੀ ਹੈ। ਪਿਛਲੀ 25ਵੀਂ ਪਉੜੀ (ਬਹੁਤਾ ਕਰਮੁ; ਲਿਖਿਆ ਨਾ ਜਾਇ ) ’ਚ ਇਲਾਹੀ ਬਖ਼ਸ਼ਸ਼ਾਂ, ਦਾਤਾਂ ਦਾ ਜ਼ਿਕਰ ਹੈ, ਜਿਨ੍ਹਾਂ ਨੂੰ ਇਸ ਪਉੜੀ ’ਚ ਅਮੋਲਕ ਕਿਹਾ ਹੈ ਯਾਨੀ ਇਹ ਦਾਤਾਂ, ਬਖ਼ਸ਼ਸ਼ਾਂ; ਕਿਸੇ ਦੁਨਿਆਵੀ ਪਦਾਰਥ ਨੂੰ ਭੇਟ ਕਰਨ ਜਾਂ ਚੜ੍ਹਾਵਾ ਚੜਾਉਣ ਬਦਲੇ ਨਹੀਂ ਮਿਲਦੀਆਂ। ਪਉੜੀ ’ਚ ਇਨ੍ਹਾਂ ਇਲਾਹੀ ਦਾਤਾਂ ਨੂੰ ਅਮੋਲਕ ਦਾਤਾਂ ਕਹਿਣ ਵਾਲ਼ੇ ਅਨੇਕਾਂ (ਮਨੁੱਖਾਂ) ਦਾ ਜ਼ਿਕਰ ਕਰਨ ਤੋਂ ਬਾਅਦ ਇਹ ਭੀ ਕਿਹਾ ਹੈ ਕਿ ਸਨਾਤਨੀ ਧਾਰਮਿਕ ਗ੍ਰੰਥ ਭੀ ਇਹੀ ਕਹਿੰਦੇ ਹਨ, ‘‘ਆਖਹਿ ਵੇਦ; ਪਾਠ ਪੁਰਾਣ ਆਖਹਿ ਪੜੇ; ਕਰਹਿ ਵਖਿਆਣ ਆਖਹਿ ਬਰਮੇ; ਆਖਹਿ ਇੰਦ ਆਖਹਿ ਗੋਪੀ ਤੈ ਗੋਵਿੰਦ ਆਖਹਿ ਈਸਰ; ਆਖਹਿ ਸਿਧ ਆਖਹਿ, ਕੇਤੇ ਕੀਤੇ ਬੁਧ ਆਖਹਿ ਦਾਨਵ; ਆਖਹਿ ਦੇਵ ਆਖਹਿ ਸੁਰਿ ਨਰ; ਮੁਨਿ ਜਨ ਸੇਵ ..੨੬ (ਜਪੁ) ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੇ ਇਸ ਦੇ ਅਰਥ ਕੀਤੇ ਹਨ ‘ਵੇਦਾਂ ਦੇ ਮੰਤਰ ਤੇ ਪੁਰਾਣ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ। ਵਿਦਵਾਨ ਮਨੁੱਖ ਭੀ, ਜੋ (ਹੋਰਨਾਂ ਨੂੰ) ਉਪਦੇਸ਼ ਕਰਦੇ ਹਨ, (ਅਕਾਲ ਪੁਰਖ ਦਾ) ਬਿਆਨ ਕਰਦੇ ਹਨ। ਕਈ ਬ੍ਰਹਮਾ, ਕਈ ਇੰਦਰ ਅਕਾਲ ਪੁਰਖ ਦੀ ਵਡਿਆਈ ਆਖਦੇ ਹਨ। ਗੋਪੀਆਂ ਤੇ ਕਈ ਕਾਨ੍ਹ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ। ਕਈ ਸ਼ਿਵ ਤੇ ਸਿੱਧ ਅਕਾਲ ਪੁਰਖ ਦੀ ਵਡਿਆਈ ਆਖਦੇ ਹਨ। ਅਕਾਲ ਪੁਰਖ ਦੇ ਪੈਦਾ ਕੀਤੇ ਹੋਏ ਬੇਅੰਤ ਬੁੱਧ ਉਸ ਦੀ ਵਡਿਆਈ ਆਖਦੇ ਹਨ। ਰਾਕਸ਼ ਤੇ ਦੇਵਤੇ (ਵੀ) ਅਕਾਲ ਪੁਰਖ ਦੀ ਵਡਿਆਈ ਆਖਦੇ ਹਨ। ਦੇਵਤਾ-ਸੁਭਾਉ ਮਨੁੱਖ, ਮੁਨੀ ਲੋਕ ਤੇ ਸੇਵਕ ਅਕਾਲ ਪੁਰਖ ਦਾ ਅੰਦਾਜ਼ਾ ਲਾਂਦੇ ਹਨ।

 ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਰਾਕਸ਼ਾਂ ਸਮੇਤ ਸਾਰੇ ਪ੍ਰਾਚੀਨ ਧਰਮ ਭੀ ਓਹੀ ਜਾਣਕਾਰੀ ਰੱਖਦੇ ਹਨ, ਜੋ 35 ਬਾਣੀਕਾਰ ਆਖਦੇ ਹਨ ਤਾਂ ਗੁਰਮਤਿ ਦੀ ਵਿਲੱਖਣਾ ਕਾਹਦੀ ਰਹਿ ਗਈ ਜਦ ਕਿ ਗੁਰਮਤਿ ਦੀ ਵਿਲੱਖਣਤਾ ਦੇ ਪ੍ਰਤੀਕ ਬਚਨ ਹਨ, ‘‘ਪੰਡਿਤ ਮੁਲਾਂ; ਜੋ ਲਿਖਿ ਦੀਆ ਛਾਡਿ ਚਲੇ ਹਮ; ਕਛੂ ਲੀਆ (ਭਗਤ ਕਬੀਰ/੧੧੫੯), ਕਾਦੀ ਕੂੜੁ ਬੋਲਿ; ਮਲੁ ਖਾਇ ਬ੍ਰਾਹਮਣੁ ਨਾਵੈ; ਜੀਆ ਘਾਇ ਜੋਗੀ, ਜੁਗਤਿ ਜਾਣੈ ਅੰਧੁ ਤੀਨੇ; ਓਜਾੜੇ ਕਾ ਬੰਧੁ ’’ (ਮਹਲਾ /੬੬੨) ਅਰਥ : ਕਾਜ਼ੀ ਝੂਠ ਬੋਲ ਕੇ ਹਰਾਮ ਦਾ ਮਾਲ (ਰਿਸ਼ਵਤ) ਖਾਂਦਾ ਹੈ। ਬ੍ਰਾਹਮਣ ਕਰੋੜਾਂ (ਸ਼ੂਦਰ ਜਾਤਾਂ ਨੂੰ ਦੁਖੀ ਕਰ-ਕਰ) ਤੀਰਥ ਇਸ਼ਨਾਨ ਕਰਦਾ ਹੈ। ਜੋਗੀ ਅੰਨ੍ਹਾ ਹੈ ਕਿਉਂਕਿ ਜੀਵਨ-ਜਾਚ ਨਹੀਂ ਜਾਣਦਾ। ਇਹ ਤਿੰਨੇ (ਧਾਰਮਿਕ ਆਗੂ ਹੀ) ਆਤਮਿਕ ਜੀਵਨ ਤੋਂ ਸੱਖਣੇ ਹਨ, ਕੁਰਾਹੇ ਪਏ ਹੋਏ ਹਨ (ਇਨ੍ਹਾਂ ਪਾਸੋਂ ਕਿਹੜੀ ਸੇਧ ਲਈ ਜਾ ਸਕਦੀ ਹੈ)।

ਵਿਚਾਰ : ਸਾਹਿਬ ਸਿੰਘ ਜੀ ਦੁਆਰਾ ਕੀਤੇ ਉਕਤ ਅਰਥ; ਸ਼ਾਬਦਿਕ ਅਰਥ ਹਨ। ਇਸ ਬੰਦਸ਼ ’ਚ ਰਹਿਣਾ ਟੀਕੇਕਾਰਾਂ ਦੀ ਮਜਬੂਰੀ ਹੁੰਦੀ ਹੈ। ਇਨ੍ਹਾਂ ਦਾ ਭਾਵਾਰਥ ਇਹੀ ਹੈ ਕਿ ਹਰ ਮਨੁੱਖ ਨੂੰ ਮਿਲੀ ਸੋਝੀ ਅਮੋਲਕ ਦਾਤ ਹੈ। ਪੰਡਿਤਾਂ ਨੂੰ ਨਸੀਬ ਹੋਈ ਅਗਿਆਨਤਾ ਭੀ ਅਮੋਲਕ ਦਾਤ ਹੈ ਕਿਉਂਕਿ ਇਸ ਨੂੰ ਪਾਉਣ ਲਈ ਭੀ ਉਸ ਨੇ ਕਿਹੜਾ ਕੋਈ ਪਦਾਰਥ ਭੇਟ ਕੀਤੇ ਹਨ। ਕਰਤਾਰ ਵੱਲੋਂ ਲਿਖੇ ਲੇਖ/ਹੁਕਮ ਅਨੁਸਾਰ ਹੀ ਐਸਾ ਗਿਆਨ (ਆਖਹਿ ਦਾਨਵ; ਆਖਹਿ ਦੇਵ) ਪੰਡਿਤਾਂ, ਰਾਕਸ਼ਾਂ, ਆਦਿ ਨੂੰ ਨਸੀਬ ਹੋਇਆ ਹੁੰਦਾ ਹੈ।

ਸੋ ਗੁਰਸਿੱਖ ਨੇ ਭਰਮ ਮੁਕਤ ਹੋਣ ਲਈ ਗੁਰਬਾਣੀ ਦੀ ਲਿਖਤ ਨੂੰ ਆਧਾਰ ਬਣਾ ਗੁਰਮਤਿ ਨੂੰ ਵਿਚਾਰਨਾ ਹੈ, ਨਾ ਕਿ ਪੰਡਿਤਾਂ, ਮੌਲਵੀਆਂ, ਆਦਿ ਵਾਂਗ ਭਰਮ ’ਚ ਪਏ ਸਿੱਖਾਂ ਪਾਸੋਂ ਗੁਰਬਾਣੀ ਨੂੰ ਸਮਝਣਾ ਹੈ। ਇਸ ਲੇਖ-ਲੜੀ ਦੇ ਅਗਲੇ ਚੌਥੇ ਤੇ ਅੰਤਮ ਭਾਗ ’ਚ ਗੁਰਮਤਿ ਪ੍ਰਚਾਰ ਕਰਨ ਦੇ ਢੰਗ (ਮੀਰੀ) ਨੂੰ ਵਿਚਾਰਿਆ ਜਾਣਾ ਹੈ।

—ਚੱਲਦਾ—

ਬੇੜੀ ’ਚ ਪੱਥਰ ਭਰਨ ਨਾਲ਼ ਸਮੁੰਦਰ ਪਾਰ ਨਹੀਂ ਹੁੰਦੇ (ਭਾਗ ਚੌਥਾ)