ਗੁਰਮਤਿ ਦੀ ਵਿਲੱਖਣਤਾ
ਗਿਆਨੀ ਅਵਤਾਰ ਸਿੰਘ
ਕਰਤਾਰ ਨੇ ਸਮੂਹ ਕੁਦਰਤ ਨੂੰ ਥੋੜ੍ਹੀ-ਬਹੁਤੀ ਅਕਲ ਬਖ਼ਸ ਕੇ ਪੈਦਾ ਕੀਤਾ ਹੈ ਤਾਂ ਜੋ ਇਹ ਆਪਣਾ ਵਿਕਾਸ ਖ਼ੁਦ ਕਰਦੀ ਰਹੇ। ਇਸੇ ਅਨੁਸਾਰ ਸਾਰੇ ਜੀਵ-ਜੰਤ; ਆਪਣੇ ਬੱਚੇ ਪੈਦਾ ਕਰ ਉਨ੍ਹਾਂ ਦਾ ਪਾਲਣ-ਪੋਸ਼ਣ ਕਰਦੇ ਹਨ। ਇਹ ਸਚਾਈ; ਗੁਰੂ ਨਾਨਕ ਸਾਹਿਬ ਨੇ ਬਿਆਨ ਕੀਤੀ ਹੈ, ‘‘ਏਕਾ ਸੁਰਤਿ; ਜੇਤੇ ਹੈ ਜੀਅ ॥ ਸੁਰਤਿ ਵਿਹੂਣਾ; ਕੋਇ ਨ ਕੀਅ ॥’’ (ਮਹਲਾ ੧/੨੫), ਇਹੀ ਕੁਦਰਤ ਦਾ ਨਿਯਮ ਹੈ, ਵਿਧਾਨ ਹੈ।
ਜਿਸ ਤਰ੍ਹਾਂ ਹਰ ਦੇਸ਼; ਆਪਣੇ ਸੰਵਿਧਾਨ ’ਚ ਬਦਲਾਅ ਕਰਦਾ ਆਇਆ ਹੈ; ਵੈਸਾ ਹੀ ਕਰਤਾਰ ਨੇ ਆਪਣੇ ਇਸ ਵਿਧਾਨ ’ਚ ਸਦੀਆਂ ਤੋਂ ਬਦਲਾਅ ਕਰਨਾ ਜਾਰੀ ਰੱਖਿਆ ਹੈ ਯਾਨੀ ਜੀਵਾਂ ਦੀ ਸੁਰਤਿ ’ਚ ਨਵੀਂ ਨਵੀਂ ਚੇਤਨਾ ਪੈਦਾ ਕੀਤੀ ਗਈ ਹੈ ਤਾਂ ਕਿ ਸਮਾਜ ਸਮੇਂ ਦਾ ਹਾਣੀ ਬਣਦਾ ਰਹੇ;ਜਿਵੇਂ ਜੰਗਲ਼ੀ ਮਾਨਵ ਨੂੰ ਅੱਗ ਮਚਾਉਣ, ਨੰਗੇ ਰਹਿਣ ਦਾ ਅਹਿਸਾਸ ਕਰਾਉਣ, ਖੇਤੀ ਕਰਨ ਲਈ ਨਵੇਂ ਔਜਾਰ ਸਥਾਪਿਤ ਕਰਨ ਲਈ ਉਸ ਦੀ ਸੋਚ ’ਚ ਨਿਰੰਤਰ ਵਾਧਾ ਕੀਤਾ, ਜੋ ਹੁਣ ਭੀ ਜਾਰੀ ਹੈ ਤੇ ਅਗਾਂਹ ਭੀ ਜਾਰੀ ਰਹੇਗੀ। 15 ਤੋਂ 14 ਲੱਖ ਸਾਲ ਪੂਰਬ ਤੋਂ ਮਨੁੱਖ ਅੰਦਰ ਵਧੀ ਇਹ ਚੇਤਨਾ ਆਧੁਨਿਕ ਯੁਗ ਅਖਵਾਉਂਦੀ ਆਈ, ਜੋ ਹੁਣ ਭੀ ਜਾਰੀ ਹੈ ਤੇ ਅਗਾਂਹ ਭੀ ਆਧੁਨਿਕ ਯੁਗ ਅਖਵਾਏਗੀ ਤੇ ਬੀਤ ਚੁੱਕਿਆ ਸਮਾਂ ਰੂੜ੍ਹੀਵਾਦੀ ਸੋਚ ਐਲਾਨਿਆ ਜਾਂਦਾ ਰਹੇਗਾ ਭਾਵੇਂ ਕਿ ਉਹ ਭੀ ਕਦੇ ਆਧੁਨਿਕ ਹੀ ਸੀ।
15 ਕੁ ਹਜ਼ਾਰ ਸਾਲ ਤੋਂ ਮਨੁੱਖ-ਜਾਤੀ ਨੇ ਇੱਕ ਦੂਜੇ ਉੱਤੇ ਰਾਜ ਕਰਨ ਨੂੰ ਵੱਧ ਤਰਜੀਹ ਦੇਣੀ ਸ਼ੁਰੂ ਕੀਤੀ। ਆਪਣੇ ਆਪਣੇ ਕਬੀਲੇ ਦੇ ਸਰਦਾਰ ਨੂੰ ਮਹਾਨ ਪੁਰਸ਼ ਐਲਾਨਿਆ ਜਾਣ ਲੱਗਾ, ਜਿਸ ਦੀ ਨਕਲ ਅੱਜ ਭੀ ਭਾਰਤ ’ਚ ਕੀਤੀ ਜਾਂਦੀ ਹੈ। ਸਮੂਹ ਭਾਈਚਾਰੇ ਦਾ ਸਿਰ ਉਸ ਅੱਗੇ ਝੁਕਾਇਆ ਜਾਣ ਲੱਗਾ; ਜੈਸਾ ਕਿ ਸਿੱਖ ਸਮਾਜ ’ਚ ਭੀ ਸੰਤ, ਬ੍ਰਹਮਗਿਆਨੀ ਆਦਿ ਬਣਾ-ਬਣਾ ਪੈਰੀਂ ਹੱਥ ਲਗਵਾਏ ਜਾਂਦੇ ਹਨ। ਸਰਦਾਰਾਂ ਦੀ ਮੌਤ ਉਪਰੰਤ ਉਨ੍ਹਾਂ ਦੀ ਮੂਰਤੀ ਬਣਾ ਉਸ ਨੂੰ ਪੂਜਣਾ; 5 ਕੁ ਹਜ਼ਾਰ ਸਾਲ ਪੂਰਬ ਆਧੁਨਿਕ ਧਰਮ ਵਜੋਂ ਜਾਣਿਆ ਜਾਂਦਾ ਸੀ।
ਮਨੁੱਖਤਾ ਅੰਦਰ ਹੋਰ-ਹੋਰ ਚੇਤਨਾ ਭਰਨ ਲਈ ਸਮਾਜ ’ਚ ਅਨੇਕਾਂ ਮਹਾਂ ਪੁਰਸ਼ ਬਣ ਵਿਚਰਦੇ ਰਹੇ। ਕਈ ਜਗਿਆਸੂਆਂ ਨੇ ਪ੍ਰਚਲਿਤ ਰਹੁ-ਰੀਤਾਂ ਨੂੰ ਅਰਥਹੀਣ ਸਾਬਤ ਭੀ ਕੀਤਾ ਜਾਂ ਕਹਿ ਲਈਏ ਕਿ ਪ੍ਰਾਚੀਨ ਧਰਮ ਜਦ ਸਮੇਂ ਦੇ ਹਾਣੀ ਨਾ ਹੋਏ ਤਾਂ ਨਵੇਂ ਨਵੇਂ ਧਰਮਾਂ ਨੇ ਜਨਮ ਲਿਆ। ਧਰਮਾਂ ਦੀ ਇਸ ਕੜੀ ’ਚੋਂ ਹੀ ਇੱਕ ਆਧੁਨਿਕ ਅਤੇ ਨਿਵੇਕਲਾ ਧਰਮ ਉਪਜਿਆ ਹੈ ‘ਗੁਰਮਤਿ’ ਜਾਂ ‘ਸਿੱਖ ਧਰਮ’। ਇਸ ਨੇ ਉਕਤ ਕੁਦਰਤੀ ਨਿਯਮ ‘‘ਏਕਾ ਸੁਰਤਿ; ਜੇਤੇ ਹੈ ਜੀਅ ॥’’ ਦੀ ਹੋਰ ਵਿਆਖਿਆ ਕਰ ਸਮਝਾਇਆ ਕਿ ‘‘ਜੇਹੀ ਸੁਰਤਿ; ਤੇਹਾ ਤਿਨ ਰਾਹੁ ॥ ਲੇਖਾ ਇਕੋ ਆਵਹੁ ਜਾਹੁ ॥’’ ਭਾਵ ਕਰਤਾਰ; ਜੀਵਾਂ ਨੂੰ ਜਿੰਨੀ ਕੁ ਸੋਝੀ ਦਿੰਦਾ ਹੈ; ਵੈਸਾ ਹੀ ਮਾਰਗ ਜੀਵ ਅਪਣਾਉਂਦੇ ਹਨ। ਓਨੀ ਕੁ ਸੋਝੀ (ਨਸੀਬ, ਭਾਗ) ਲੈ ਕੇ ਮਨੁੱਖ ਜੰਮਦੇ ਹਨ ਤੇ ਉਸ ਅਨੁਸਾਰ ਕਿਰਤ-ਵਿਹਾਰ ਕਰਦਿਆਂ ਇੱਕ ਦਿਨ ਮਰ ਜਾਂਦੇ ਹਨ ਯਾਨੀ ਮਨੁੱਖ ਅਸਫਲ ਜ਼ਿੰਦਗੀ ਭੋਗਦੇ ਰਹੇ ਕਿਉਂਕਿ ਉਨ੍ਹਾਂ ਦੇ ਹੱਥ-ਵੱਸ ਕੁੱਝ ਨਹੀਂ ਹੁੰਦਾ। ਇਹੀ ਵਿਚਾਰ ਆਪ ਨੇ ਜਪੁ ਬਾਣੀ ’ਚ ਦਿੱਤੇ ਹਨ, ‘‘ਆਖਣਿ ਜੋਰੁ; ਚੁਪੈ ਨਹ ਜੋਰੁ .. ਜੋਰੁ ਨ ਜੀਵਣਿ; ਮਰਣਿ ਨਹ ਜੋਰੁ ..॥੩੩॥’’ ਭਾਵ ਬਹੁਤਾ ਬੋਲਣ ’ਚ ਜਾਂ ਮੌਨ ਧਾਰਨ ’ਚ ਕਿਸੇ ਦਾ ਜ਼ੋਰ ਨਹੀਂ। ‘‘ਜੇ ਜੁਗ ਚਾਰੇ ਆਰਜਾ.. ॥੭॥’’ ਜਿੰਨੀ ਲੰਬੀ ਉਮਰ ਕਰਨ ’ਚ ਜਾਂ ਜਲਦੀ ਮਰਨ ’ਚ ਕਿਸੇ ਕੋਲ਼ ਸਮਰੱਥਾ ਨਹੀਂ, ਆਦਿ ਆਦਿ ਕਿਉਂਕਿ ਮਾਲਕ ਦੇ ਹੱਥ ’ਚ ਹੀ ਸਭ ਕੁੱਝ ਕਰਨ/ਕਰਾਉਣ ਦੀ ਸਮਰੱਥਾ ਹੈ। ਉਸ ਨੇ ਸਭ ਤਾਕਤ ਆਪਣੇ ਹੱਥ ’ਚ ਰੱਖੀ ਹੈ, ‘‘ਜਿਸੁ ਹਥਿ (ਚ) ਜੋਰੁ; ਕਰਿ ਵੇਖੈ ਸੋਇ ॥’’; ਜੇਕਰ ਕਰਤਾਰ; ਕੁਦਰਤ ਤੋਂ ਹਰ ਕਾਰਜ ਕਰਵਾ ਰਿਹਾ ਹੈ ਤਾਂ ਉਹ ਕੁਦਰਤ ਅੰਦਰ ਹੀ ਵਿਰਾਜਮਾਨ ਹੋਵੇਗਾ, ਕਣ ਕਣ ’ਚ ਮੌਜੂਦ ਹੋਏਗਾ, ਨਾ ਕਿ ਇਸ ਤੋਂ ਵੱਖਰਾ 7ਵੇਂ ਅਸਮਾਨ ਉੱਤੇ ਬੈਠਾ ਹੈ ਜਾਂ ਇੱਕ ਮੰਦਿਰ ’ਚ ਮੂਰਤੀ ਵਜੋਂ ਸਥਾਪਿਤ ਹੈ। ਸੋ ਬਾਣੀਕਾਰਾਂ ਦੁਆਰਾ ਕੁਦਰਤ ਦੇ ਮਾਲਕ (ਅਸਲ ਸਚਾਈ/ਧਰਮ) ਦੀ ਕੀਤੀ ਇਹ ਵਿਆਖਿਆ ਨਿਵੇਕਲੀ ਹੈ, ਜੋ ਪਰੰਪਰਾਵਾਦੀ ਧਰਮਾਂ ਦੁਆਰਾ ਆਪਣੇ ਇਸ਼ਟ ਦੀ ਕੀਤੀ ਵਿਆਖਿਆ ਤੋਂ ਭਿੰਨ ਹੈ।
ਜੋ ਕਰਤਾਰ; ਹਰ ਜੀਵਨ ਜਾਂ ਜਾਨਦਾਰ ਵਸਤੂ ਅੰਦਰ ਵਿਆਪਕ ਹੈ; ਉਹ ਨਿਰਜਿੰਦ ਨਹੀਂ ਹੋ ਸਕਦਾ। ਉਹ ਸਭ ਕੁੱਝ ਸੁਣਦਾ ਤੇ ਹਰ ਹਰਕਤ ਵੇਖਦਾ ਹੈ, ‘‘ਸਭੁ ਕਿਛੁ ਸੁਣਦਾ ਵੇਖਦਾ.. ॥’’ (ਮਹਲਾ ੩/੩੬) ਇਸ ਸਚਾਈ ਨੂੰ ਓਹੀ ਸਵੀਕਾਰ ਸਕਦਾ ਹੈ, ਜਿਸ ਨੂੰ ਉਹ ਵੇਖਣਯੋਗ ਨੇਤਰ ਬਖ਼ਸ਼ਦਾ ਹੈ, ‘‘ਸੋ ਪ੍ਰਭੁ ਨਦਰਿ ਨ ਆਵਈ; ਮਨਮੁਖਿ ਬੂਝ ਨ ਪਾਇ ॥ ਜਿਸੁ ਵੇਖਾਲੇ, ਸੋਈ ਵੇਖੈ; ਨਾਨਕ ! ਗੁਰਮੁਖਿ ਪਾਇ ॥’’ (ਮਹਲਾ ੩/੩੬) ਧਰਮ ਦੇ ਇਹੀ ਸੂਖਮ ਤੇ ਮੂਲ ਨੁਕਤੇ ਦ੍ਰਿੜ੍ਹ ਕਰਵਾਉਣ ਲਈ ਸ਼ਰਧਾਵਾਨਾਂ ਲਈ ਨਿਤਨੇਮ ਨਿਰਧਾਰਿਤ ਕੀਤਾ ਹੁੰਦਾ ਹੈ।
ਅੱਲ੍ਹਾ ਦਾ ਦੀਦਾਰ 7ਵੇਂ ਅਕਾਸ਼ ਉੱਤੇ ਸਿੱਧ ਕਰਨ ਲਈ ਜਾਂ ਇਸ਼ਟ ਨੂੰ ਮੂਰਤੀ ’ਚ ਸਾਬਤ ਕਰਨ ਲਈ ਅਨੁਯਾਈਆਂ ਅਤੇ ਪੈਰੋਕਾਰਾਂ (ਚੇਲਿਆਂ) ਵਿੱਚ ਨਿਜ ਦੀ ਘਾਲ-ਕਮਾਈ ਉਜਾਗਰ ਕਰਨ ਦੀ ਲੋੜ ਨਹੀਂ ਹੁੰਦੀ ਜਦਕਿ ਕਰਤਾਰ ਨੂੰ ਹਿਰਦੇ ’ਚੋਂ ਪ੍ਰਗਟ ਕਰ ਹੋਰਾਂ ਨੂੰ ਦਰਸ਼ਨ ਕਰਾਉਣ ਲਈ ਰਹਿਬਰ, ਪੀਰ, ਗੁਰੂ, ਆਦਿ ਨੂੰ ਆਪਣਾ ਸਰੀਰ; ਹਨੂੰਮਾਨ ਵਾਙ ਖੋਲ੍ਹ ਕੇ ਵਿਖਾਉਣਾ ਪੈਂਦਾ ਹੈ। ਗੁਰੂ ਨਾਨਕ ਸਾਹਿਬ ਦੇ ਬਚਨ ਹਨ, ‘‘ਬਿਨੁ ਸਤਿਗੁਰ ਕਿਨੈ ਨ ਪਾਇਓ; ਬਿਨੁ ਸਤਿਗੁਰ, ਕਿਨੈ ਨ ਪਾਇਆ ॥ ਸਤਿਗੁਰ ਵਿਚਿ ਆਪੁ ਰਖਿਓਨੁ; ਕਰਿ ਪਰਗਟੁ ਆਖਿ ਸੁਣਾਇਆ ॥’’ (ਆਸਾ ਕੀ ਵਾਰ/ਮਹਲਾ ੧/੪੬੬) ਅਰਥ : ਸਤਿਗੁਰੂ ਤੋਂ ਬਿਨਾਂ ਕਿਸੇ ਨੇ ਕਰਤਾਰ ਨੂੰ ਨਹੀਂ ਪਾਇਆ, ਉਸ ਦਾ ਦੀਦਾਰ ਨਹੀਂ ਕੀਤਾ। ਕਰਤਾਰ ਨੇ ਆਪਣੇ ਆਪ ਨੂੰ ਸਤਿਗੁਰੂ ਅੰਦਰ ਟਿਕਾ ਰੱਖਿਆ ਹੈ ਤਾਹੀਓਂ ਸਤਿਗੁਰੂ ਉਸ ਬਾਰੇ ਖੋਲ੍ਹ ਕੇ ਵਿਚਾਰ ਆਖ ਸੁਣਾਉਂਦਾ ਹੈ ਭਾਵ ਕਰਤਾਰ ਆਪ ਹੀ ਸਤਿਗੁਰੂ ਦੇ ਮੂੰਹੋਂ ਬੋਲਦਾ ਪਿਆ ਹੈ, ਦਰਸ਼ਨ ਕਰਾ ਰਿਹਾ ਹੈ।
ਮੁਸਲਮਾਨ; ਕਾਬਾ (ਮੱਕੇ) ਨੂੰ ਅੱਲ੍ਹਾ ਦਾ ਘਰ ਮੰਨਦਾ ਹੈ, ਨਾ ਕਿ ਉਸ ਅਨੁਸਾਰ ਹਰ ਮਨੁੱਖ ਅੰਦਰ ‘ਅੱਲ੍ਹਾ’ ਹੈ ਤਾਹੀਓਂ ਉਸ ਦੀ ਫਿਰਕੂ ਸੋਚ ਨਾ ਮਰੀ। ਇਸਲਾਮੀ ਕਿਤਾਬਾਂ ’ਚ ਕਾਬੇ ਵਾਲ਼ਾ ਮੰਦਿਰ; ਹਜਰਤ ਆਦਮ ਨੇ ਬਣਾਇਆ ਹੈ। ਭਗਤ ਕਬੀਰ ਜੀ ਨੇ ਫ਼ੁਰਮਾਇਆ ਕਿ ਅਸਲ ਕਾਬਾ (ਖ਼ੁਦਾ ਦਾ ਗੁਪਤ ਘਰ) ਹਰ ਸਰੀਰ ਅੰਦਰ ਹੈ, ‘‘ਸਤਰਿ (ਭਾਵ ਗੁਪਤ) ਕਾਬਾ ਘਟ ਹੀ ਭੀਤਰਿ; ਜੇ ਕਰਿ ਜਾਨੈ ਕੋਈ ॥’’ (ਭਗਤ ਕਬੀਰ/੪੮੦) ਪੰਡਿਤਾਂ ਅਨੁਸਾਰ ਬਨਾਰਸ (ਕਾਂਸ਼ੀ) ’ਚ ਮਰਨ ਵਾਲ਼ਾ ਹੀ ਸੁਰਗ ’ਚ ਜਾਏਗਾ। ਭਗਤ ਕਬੀਰ ਜੀ ਨੇ ਆਪਣੀ ਸਾਰੀ ਉਮਰ ਕਾਂਸ਼ੀ ’ਚ ਗੁਜ਼ਾਰੀ, ਪਰ ਅੰਤਮ ਸਮੇਂ ਸ਼ਰਾਪੀ ਹੋਈ ਜਗ੍ਹਾ ਮਗਹਰ (ਹਾੜੰਬਾ) ਜਾ ਸਰੀਰ ਛੱਡਿਆ। ਆਪ ਜੀ ਨੇ ਬਚਨ ਕੀਤੇ ਕਿ ‘‘ਮਨਹੁ ਕਠੋਰੁ ਮਰੈ ਬਾਨਾਰਸਿ (’ਚ); ਨਰਕੁ ਨ ਬਾਂਚਿਆ ਜਾਈ ॥ ਹਰਿ ਕਾ ਸੰਤੁ ਮਰੈ ਹਾੜੰਬੈ; ਤ ਸਗਲੀ ਸੈਨ ਤਰਾਈ ॥’’ (ਭਗਤ ਕਬੀਰ/੪੮੪) ਭਾਵ ਜੇਕਰ ਮਨ ’ਚ ਜਾਤੀ ਅਭਿਮਾਨ (ਕਠੋਰਤਾ) ਹੈ ਤਾਂ ਬਨਾਰਸ ’ਚ ਮਰ ਕੇ ਭੀ ਨਰਕ ਭੋਗਣਾ ਪੈਣਾ ਹੈ ਤੇ ਹਰੀ ਦਾ ਭਗਤ; ਮਗਹਰ ’ਚ ਸਰੀਰ ਤਿਆਗ ਕੇ ਭੀ ਤਰ ਜਾਏਗਾ। ਉਹ ਸਾਰੀ ਸੰਗਤ ਨੂੰ ਭੀ ਤਾਰ ਲਏਗਾ। ਇਹੀ ਵਿਚਾਰ ਭਾਈ ਗੁਰਦਾਸ ਜੀ ਦੇ ਹਨ, ‘‘ਗੰਗ ਬਨਾਰਸਿ ਹਿੰਦੂਆਂ; ਮਕਾ ਕਾਬਾ ਮੁਸਲਮਾਣੇ।’’ ਅਤੇ ਅੰਤ ’ਚ ਮਨ ਦੀ ਕਠੋਰਤਾ ਨੂੰ ਉਜਾਗਰ ਕੀਤੀ, ‘‘ਰਾਮ ਰਹੀਮ ਕਹਾਇਦੇ; ਇਕੁ ਨਾਮੁ ਦੁਇ ਰਾਹ ਭੁਲਾਣੇ। ਬੇਦ ਕਤੇਬ ਭੁਲਾਇ ਕੈ; ਮੋਹੇ ਲਾਲਚ ਦੁਨੀ ਸੈਤਾਣੇ। ਸਚੁ ਕਿਨਾਰੇ ਰਹਿ ਗਇਆ; ਖਹਿ ਮਰਦੇ ਬਾਹਮਣ ਮਉਲਾਣੇ। ਸਿਰੋ ਨ ਮਿਟੇ; ਆਵਣ ਜਾਣੇ ॥੨੧॥’’ (ਵਾਰ ੧ ਪਉੜੀ ੨੧) ਯਾਨੀ ਧਰਮ ਦਾ ਮੁੱਢਲਾ ਕਾਰਜ ਮਨ ਦੀ ਕਠੋਰਤਾ ਮਾਰਨਾ ਹੈ ਤਾਹੀਓਂ ਗੁਰੂ ਸਾਹਿਬ ਨੇ ਮੌਲਵੀ ਨੂੰ ਇਹ ਉਪਦੇਸ਼ ਕੀਤਾ, ‘‘ਮੁਸਲਮਾਣੁ; ਮੋਮ ਦਿਲਿ ਹੋਵੈ ॥ ਅੰਤਰ ਕੀ ਮਲੁ; ਦਿਲ ਤੇ ਧੋਵੈ ॥’’ (ਮਹਲਾ ੫/੧੦੮੪)
ਸੋ ਅਸਲ ਧਰਮ ਓਹੀ ਹੈ, ਜੋ ਮਨੁੱਖ ਦੇ ਅੰਦਰਲੇ ਔਗੁਣਾਂ ਨੂੰ ਚੇਤੇ ਕਰਾ-ਕਰਾ ਉਸ ਦਾ ਮਨ ਨਰਮ ਰੱਖੇ, ਅੰਤਹਿਕਰਣ ਪਾਰਦਰਸ਼ੀ ਕਰੇ ਤਾਂ ਕਿ ਅੰਦਰਲੇ ਜੋਤਿ-ਸਰੂਪ ਕਰਤਾਰ ਦਾ ਪਾਰਦਰਸ਼ੀ ਹੋਏ ਅੰਤਹਿਕਰਣ ਰਾਹੀਂ ਸੁਰਤਿ ਨੂੰ ਅਹਿਸਾਸ ਹੋਵੇ, ਦਰਸ਼ਨ ਹੋ ਜਾਵੇ। ਮਨੁੱਖੀ ਜਨਮ ਬੜਾ ਕੀਮਤੀ ਹੈ, ਅਮੋਲਕ ਹੈ। ਧਰਮ-ਗਿਆਨ ਨੂੰ ਐਨਕ ਬਣਾ ਹੋਰਾਂ ਦੇ ਔਗੁਣ ਫਰੋਲ-ਫਰੋਲ ਆਪਣੇ ਅਹੰਕਾਰ ਨੂੰ ਪੱਠੇ ਪਾਉਣ ਨਾਲ਼ ਖ਼ੁਦ ਦਾ ਜੀਵਨ ਅਜਾਈਂ ਚਲਾ ਜਾਣਾ ਹੈ। ਕਰਤਾਰ ਦਾ ਭੀ ਹੁਕਮ ਹੈ ਕਿ ‘‘ਪਹਿਲਾ ਮਰਣੁ ਕਬੂਲਿ; ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ; ਤਉ ਆਉ ਹਮਾਰੈ ਪਾਸਿ ॥’’ (ਮਹਲਾ ੫/੧੧੦੨) ਐਸੀ ਜੀਵਨਸ਼ੈਲੀ ਸਦਾ ਨਵੀਤਨ ਰਹਿੰਦੀ ਹੈ। ਆਧੁਨਿਕ ਰਹਿੰਦੀ ਹੈ। ਸਮੇਂ ਦੀ ਹਾਣੀ ਬਣੀ ਰਹਿੰਦੀ ਹੈ। ਵਾਰ-ਵਾਰ ਨਵੇਂ ਆਧੁਨਿਕ ਧਰਮ ਸਥਾਪਿਤ ਕਰਨ ਦੀ ਲੋੜ ਨਹੀਂ ਪੈਂਦੀ।
ਮੁਕਤੀ : ਧਰਮ ਦਾ ਅਸਲ ਫਲ਼; ਮੁਕਤੀ ਪ੍ਰਾਪਤ ਕਰਨਾ ਹੈ। ਫਲ਼ਦਾਰ ਰੁੱਖ ਲਗਾਏ ਦਾ ਤਾਂ ਹੀ ਫ਼ਾਇਦਾ ਹੈ ਜੇਕਰ ਉਸ ਨੂੰ ਫਲ਼ ਲੱਗਣ। ਧਰਮੀ ਹੋਣ ਦਾ ਭੀ ਤਾਂ ਹੀ ਲਾਭ ਹੈ; ਜੇਕਰ ਬੰਦਾ ਮੁਕਤ ਹੋਵੇ। ਸਵਾਲ : ਮੁਕਤੀ ਕੀ ਹੈ ? ਜਵਾਬ : ਹਿੰਦੂ ਮੱਤ; ‘ਆਤਮਾ’ (ਰੂਹ, ਜਿੰਦ, ਸੂਖਮ ਸਰੀਰ) ਨੂੰ ਮੁਕਤ ਕਰਨਾ ਮੰਨਦੀ ਹੈ। ਇਸ ਦੀ ਮੁਕਤੀ ਲਈ 68 ਤੀਰਥ-ਸਥਾਨ ਭੀ ਬਣਾਏ ਗਏ ਹਨ। ਜੇਕਰ ਫਿਰ ਭੀ ਇਹ ਮੁਕਤ ਨਾ ਹੋਇਆ ਤਾਂ ਮਰਨ ਉਪਰੰਤ ਗਊ ਦਾਨ ਕਰਨੀ ਪੈਣੀ ਹੈ ਤਾਂ ਜੋ ਉਸ ਦੀ ਪੂਛ ਫੜ ਕੇ ‘ਆਤਮਾ/ਸੂਖਮ ਸਰੀਰ’; ਵੈਤਰਣੀ ਨਦੀ (ਨਰਕ ਦਾ ਦਰਿਆ; ਜੋ ਤਕਰੀਬਨ 16 ਮੀਲ ਚੌੜਾ; ਦੁਰਗੰਧ ਤੇ ਅੱਗ ਵਰਗੇ ਗਰਮ ਪਾਣੀ ਨਾਲ਼ ਭਰਿਆ ਹੈ) ਪਾਰ ਕਰ ਸਕੇ ਭਾਵ ਮੁਕਤ ਹੋ ਜਾਵੇ।
ਈਸਾਈ, ਇਸਲਾਮ, ਆਦਿ ਮੱਤਾਂ ਅਨੁਸਾਰ ਬੰਦਾ; ਬੰਦਗੀ ਕਰੇ ਜਾਂ ਨਾ ਕਰੇ; ਉਸ ਦੀ ਰੂਹ ਨੇ ਕਿਆਮਤ ਤੱਕ ਕਬਰ ’ਚ ਰਹਿਣਾ ਹੈ। ਕਿਆਮਤ ਭਾਵ ਸ੍ਰਿਸ਼ਟੀ ਦੇ ਅੰਤ ਹੋਣ ਤੋਂ ਬਾਅਦ ਬੰਦਗੀ ਕਰਨ ਵਾਲ਼ੇ ਦੀ ਰੂਹ (ਪੈਗ਼ੰਬਰ ਦੀ ਗਵਾਹੀ ਨਾਲ਼) ਮੁਕਤ ਹੋ ਜਾਏਗੀ ਅਤੇ ਕਾਫ਼ਿਰ (ਨਾਸਤਿਕ) ਦੀ ਰੂਹ ਨੇ ਪੁਲਸਿਰਾਤ (ਨਰਕ ਦਾ ਪੁਲ; ਜਿਸ ਹੇਠਾਂ ਕਿੱਲਾਂ ਵਰਗੇ ਨੁਕੀਲੇ ਚੋਭ ਅਤੇ ਅੱਗ ਦੇ ਭਾਂਬੜ ਬਲ਼ਦੇ ਹਨ) ’ਚ ਕਸ਼ਟ ਸਹਾਰਨੇ ਪੈਂਦੇ ਹਨ। ਬਾਬਾ ਫ਼ਰੀਦ ਜੀ ਦੇ ਬੋਲ ਹਨ, ‘‘ਵਾਲਹੁ ਨਿਕੀ ਪੁਰਸਲਾਤ; ਕੰਨੀ ਨ ਸੁਣੀ ਆਇ ॥ ਫਰੀਦਾ ! ਕਿੜੀ ਪਵੰਦੀਈ; ਖੜਾ ਨ ਆਪੁ ਮੁਹਾਇ ॥’’ (ਬਾਬਾ ਫਰੀਦ/੧੩੭੭) ਭਾਵ ਹੇ ਬੰਦੇ ! ਤੈਂ ਕਦੇ ਪੁਲਸਿਰਾਤ ਦਾ ਨਾਂ ਨਹੀਂ ਸੁਣਿਆ, ਜੋ ਵਾਲ ਤੋਂ ਭੀ ਬਰੀਕ ਹੈ। ਕੰਨੀਂ ਵਾਜਾਂ ਪੈਣ ’ਤੇ ਭੀ ਆਪਣਾ ਆਪ ਨਾ ਲੁਟਾ ਭਾਵ ਪ੍ਰਤੱਖ ਸੂਝ ਹੋਣ ਦੇ ਬਾਵਜੂਦ ਭੀ ਕਾਫ਼ਿਰ ਨਾ ਬਣ।
‘ਮੁਕਤੀ’ ਦੀ ਉਕਤ ਕੀਤੀ ਵਿਆਖਿਆ; ਪ੍ਰਾਚੀਨ ਧਰਮਾਂ ਦੀ ਹੈ ਜਦਕਿ ਗੁਰਬਾਣੀ ਅਨੁਸਾਰ ‘ਆਤਮਾ’; ਕਰਤਾਰ ਦਾ ਅੰਸ਼ ਹੈ, ਜਿਸ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾ ਸਕਦੀ। ਭਗਤ ਕਬੀਰ ਜੀ ਦੇ ਬੋਲ ਹਨ, ‘‘ਇਆ ਮੰਦਰ (ਸਰੀਰ) ਮਹਿ ਕੌਨ ਬਸਾਈ ?॥ ਤਾ ਕਾ ਅੰਤੁ; ਨ ਕੋਊ ਪਾਈ ॥੧॥ ਰਹਾਉ ॥.. ਨਾ ਇਹੁ ਤਪਾ; ਕਹਾਵੈ ਸੇਖੁ ॥ ਨਾ ਇਹੁ ਜੀਵੈ; ਨ ਮਰਤਾ ਦੇਖੁ ॥ ਇਸੁ ਮਰਤੇ ਕਉ ਜੇ ਕੋਊ ਰੋਵੈ ॥ ਜੋ ਰੋਵੈ; ਸੋਈ ਪਤਿ ਖੋਵੈ ॥੩॥ ਗੁਰ ਪ੍ਰਸਾਦਿ (ਨਾਲ਼) ਮੈ ਡਗਰੋ (ਸਹੀ ਮਾਰਗ) ਪਾਇਆ ॥ ਜੀਵਨ ਮਰਨੁ ਦੋਊ ਮਿਟਵਾਇਆ ॥ ਕਹੁ ਕਬੀਰ ! ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ ॥੪॥ (ਭਗਤ ਕਬੀਰ/੮੭੧) ਭਾਵ ਜਿਵੇਂ ਕਾਗਜ਼ ਉੱਤੇ ਛਪੀ ਸਿਆਹੀ ਨਹੀਂ ਮਿਟਦੀ; ਵੈਸੇ ਹੀ ਆਤਮਾ; (ਪ੍ਰਭੂ ਵਾਙ) ਅਮਰ ਹੈ।
ਗੁਰਬਾਣੀ ਅਨੁਸਾਰ ਮੁਕਤੀ; ਆਪਣੇ ਅੰਤਹਿਕਰਣ (ਅੰਦਰਲੀ ਇੰਦ੍ਰੀ, ਜਿਸ ਦੀ ਪ੍ਰੇਰਨਾ ਨਾਲ਼ ਬਾਹਰਲੀਆਂ 4 ਇੰਦ੍ਰੀਆਂ ‘ਸੁਰਤਿ, ਮਤਿ, ਮਨ, ਬੁਧਿ’ ਕਾਰਜ ਕਰਦੀਆਂ ਹਨ) ਨੂੰ ਪਾਰਦਰਸ਼ੀ ਕਰਨਾ ਹੈ ਤਾਂ ਜੋ ਸਰਬ ਵਿਆਪਕ ਰੱਬੀ ਜੋਤਿ (ਆਤਮਾ) ਦਾ ਹੂ-ਬਹੂ ਪ੍ਰਕਾਸ਼; ਇਨ੍ਹਾਂ ਬਾਹਰਲੀਆਂ ਚਾਰੋਂ ਇੰਦ੍ਰੀਆਂ ਨੂੰ ਮਿਲ ਸਕੇ। ਇਹੀ ਹੈ ‘ਪ੍ਰਭੂ ਦਾ ਦਰਸ਼ਨ, ਜੀਵਨ ਮੁਕਤ ਹੋਣਾ’। ਜੋ ਅੰਦਰਲੇ ਤੀਰਥ ਉੱਤੇ ਇਸ਼ਨਾਨ ਕੀਤਿਆਂ (ਅੰਤਰਗਤਿ ਤੀਰਥਿ (’ਤੇ) ਮਲਿ ਨਾਉ ॥੨੧॥ ਜਪੁ) ਭਾਵ ਗੁਰਮਤਿ ਅਨੁਸਾਰੀ ਸਵੈ ਪੜਚੋਲ ਕੀਤਿਆਂ ਹੋਣਾ ਹੈ। ਜੇਕਰ ਸਿੱਖ ਇਸ ਸੰਘਰਸ਼ ’ਚ ਅਸਫਲ ਰਿਹਾ ਤਾਂ ਜਿਹੜੀ ‘‘ਜਨਮ ਜਨਮ ਕੀ ਇਸੁ ਮਨ (ਅੰਤਹਿਕਰਣ) ਕਉ ਮਲੁ ਲਾਗੀ.. ॥’’ (ਮਹਲਾ ੩/੬੫੧) ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ‘ਕੂੜ ਦੀ ਕੰਧ/ਪਰਦਾ’ ਭੀ ਕਿਹਾ ਹੈ, ‘‘ਕਿਵ ਕੂੜੈ ਤੁਟੈ ਪਾਲਿ ? ..॥੧॥’’ (ਜਪੁ), ਨੇ ਅਗਲਾ ਜਨਮ ਅਵੱਸ਼ ਕਰਾਉਣਾ ਹੈ; ਜੈਸਾ ਕਿ ਵਾਕ ਹੈ, ‘‘ਸੁਨਹੁ ਰੇ ! ਤੂ ਕਉਨੁ ? ਕਹਾ ਤੇ ਆਇਓ ? ॥ ਏਤੀ ਨ ਜਾਨਉ, ਕੇਤੀਕ ਮੁਦਤਿ ? ਚਲਤੇ ਖਬਰਿ ਨ ਪਾਇਓ ॥੧॥ ਰਹਾਉ ॥.. ਜਿਨਿ ਰਚਿ ਰਚਿਆ ਪੁਰਖਿ+ਬਿਧਾਤੈ (ਨੇ); ਨਾਲੇ ਹਉਮੈ ਪਾਈ ॥ ਜਨਮ ਮਰਣੁ ਉਸ (ਹਉਮੈ/ਮੈਲ਼) ਹੀ ਕਉ ਹੈ ਰੇ ! ਓਹਾ ਆਵੈ ਜਾਈ ॥੩॥ (ਮਹਲਾ ੫/੯੯੯) ਭਾਵ ਆਵਾਗਮਣ ’ਚ ਜਨਮ ਜਨਮ ਦੀ ਮੈਲ਼, ਜੋ ਬੰਦੇ ਦੁਆਰਾ ਕੀਤੇ ਕੰਮਾਂ ਦਾ ਫਲ਼ ਹੈ; ਹੀ ਜਾਂਦੀ ਹੈ। ਉਸ ਲਈ ਸਹਾਰਾ ਫਿਰ ਰੱਬੀ ਜੋਤਿ (ਆਤਮਾ, ਰੂਹ, ਜਿੰਦ) ਬਣ ਜਾਂਦਾ ਹੈ, ਨਾ ਕਿ ਪ੍ਰਾਚੀਨ ਮੱਤਾਂ ਵਾਙ ‘ਆਤਮਾ’ ਨੂੰ ਮੁਕਤ ਕਰਨਾ ਹੈ।
ਅੰਤ ’ਚ ਸ਼ਰਧਾਵਾਨ ਮਨੁੱਖਾਂ ਨੂੰ ਸਤਿਗੁਰੂ ਦੇ ਮਾਨਵਤਾ ਲਈ ਕੀਤੇ ਅਹਿਸਾਸ, ਗੁਰੂ ਦੀ ਅਹਿਮੀਅਤ ਅਤੇ ਗੁਰੂ ਦੇ ਅਪਾਰ ਰੂਹਾਨੀਅਤ ਬਲ ਦਾ ਸਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ, ਜਿਨ੍ਹਾਂ ਦੁਆਰਾ ਬਖ਼ਸ਼ੀ ਗਿਆਨ-ਰੌਸ਼ਨੀ ਨਾਲ਼ ਅਪਹੁੰਚ ਮਾਲਕ (ਕਰਤਾਰ) ਨਾਲ਼ ਪ੍ਰੀਤ ਬਣ ਸਕੀ ਤੇ ਜਨਮ ਸਫਲ ਹੋਇਆ। ਭਗਤ ਕਬੀਰ ਜੀ ਦੇ ਬਚਨ ਹਨ, ‘‘ਕਬੀਰ ! ਸੇਵਾ ਕਉ ਦੁਇ ਭਲੇ; ਏਕੁ ਸੰਤੁ ਇਕੁ ਰਾਮੁ ॥ ਰਾਮੁ ਜੁ ਦਾਤਾ ਮੁਕਤਿ ਕੋ; ਸੰਤੁ ਜਪਾਵੈ ਨਾਮੁ ॥’’ (ਭਗਤ ਕਬੀਰ/੧੩੭੩)
ਨੋਟ : ਉਕਤ ਵਾਕ ’ਚ ‘ਸੰਤੁ’ ਦਾ ਅਰਥ ‘ਸਤਿਗੁਰੂ’ ਹੈ, ਕੋਈ ਚੋਲ਼ਾਧਾਰੀ ਪਾਖੰਡੀ ਨਹੀਂ ਅਤੇ ‘ਰਾਮੁ’ ਦਾ ਅਰਥ ‘ਕਣ ਕਣ ’ਚ ਵਿਆਪਕ ਕਰਤਾਰ ਹੈ’, ਅਯੁੱਧਿਆ ਪਤੀ ਰਾਜੇ ਦਸ਼ਰਥ ਦਾ ਪੁੱਤਰ ‘ਸ਼੍ਰੀ ਰਾਮ ਚੰਦਰ’ ਨਹੀਂ; ਜਿਸ ਨੂੰ ਵਿਸ਼ਨੂੰ ਦਾ 22ਵਾਂ ਅਵਤਾਰ ਮੰਨਿਆ ਜਾਂਦਾ ਹੈ ਤੇ ਇਸ ਦਾ ਜਨਮ ਚੇਤ ਸੁਦੀ ੯, ਸੰਮਤ ੨੦੫੭ (12 ਅਪਰੈਲ 2000) ਤੋਂ 8,80,100 ਸਾਲ ਪਹਿਲਾਂ ਹੋਇਆ ਮੰਨਿਆ ਜਾਂਦਾ ਹੈ।
ਜੀਵ ਵਿਗਿਆਨ ਅਨੁਸਾਰ 8 ਲੱਖ ਵਰ੍ਹੇ ਤੋਂ 4 ਲੱਖ ਵਰ੍ਹੇ ਪਹਿਲਾਂ, ਜੋ ਪਹਿਲੀ ਮਨੁੱਖੀ ਨਸਲ ‘ਹੋਮੋ ਇਰੈਕਟਸ’ ਵਜੂਦ ’ਚ ਆਈ; ਉਸ ਕੋਲ਼ ਅਜੋਕੇ ਮਨੁੱਖ ਵਰਗੇ ਵਿਕਸਿਤ ਹੱਥ ਤੇ ਵਿਕਸਿਤ ਦਿਮਾਗ਼ ਨਹੀਂ ਸਨ ਭਾਵੇਂ ਕਿ ਉਹ ਅੱਗ ਮਚਾਉਣਾ ਸਿੱਖ ਚੁੱਕੀ ਸੀ ਜਦਕਿ ਰਾਮ ਚੰਦਰ ਜੀ ਦਾ ਜਨਮ ਇਸ ਨਸਲ ਤੋਂ ਭੀ 80 ਹਜ਼ਾਰ ਸਾਲ ਤੋਂ ਵੱਧ ਸਮਾਂ ਪਹਿਲਾਂ ਹੋਇਆ ਮੰਨਿਆ ਗਿਆ ਹੈ।