15.2 C
Jalandhar
Wednesday, April 8, 2026
spot_img
Home Blog Page 70

ਇਮਿਊਨ ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ ?

0

ਇਮਿਊਨ ਸਿਸਟਮ ਕਿਵੇਂ ਰਵਾਂ ਕੀਤਾ ਜਾ ਸਕਦਾ ਹੈ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)- 0175-2216783

(ਨੋਟ-ਇਹ ਲੇਖ ਇਸ ਆਧਾਰ ਤੇ ਹੈ ਕਿ ਕੀ ਭਗਤੀ-ਭਾਵਨਾ ਨਾਲ immune system ਮਜ਼ਬੂਤ ਹੁੰਦਾ ਹੈ ਕਿਉਂਕਿ ਵਿਸ਼ਵ ਪੱਧਰੀ ਖੋਜ ਨੇ ਇਸ ਤੇ ਸੰਦੇਹ ਜਤਾਇਆ ਹੈ।)

ਸਾਡੇ ਸਰੀਰ ਅੰਦਰ ਪੂਰੀ ਜ਼ਿੰਦਗੀ ਵਿਚ ਲਗਭਗ ਇੱਕ ਮਿਲੀਅਨ ਦੇ ਕਰੀਬ ਵੱਖੋ-ਵੱਖ ਕਿਸਮਾਂ ਦੇ ਕੀਟਾਣੂ, ਖ਼ੁਰਾਕ ਵਿਚਲੇ ਨਵੇਂ ਤੱਥ, ਕਈ ਤਰ੍ਹਾਂ ਦੇ ਹਲਕੇ ਜ਼ਹਿਰ ਅਤੇ ਹੋਰ ਵੀ ਕਈ ਕੁੱਝ ਜੋ ਇਨਸਾਨੀ ਸਰੀਰ ਦੇ ਹਿਸਾਬ ਨਾਲ ਅਨੁਕੂਲ ਨਾ ਹੋਵੇ, ਵੜ ਜਾਂਦੇ ਹਨ। ਇਸ ਨੂੰ ਸੌਖੇ ਤਰੀਕੇ ਸਮਝਣ ਲਈ ਇਹ ਕਿਹਾ ਜਾ ਸਕਦਾ ਹੈ ਕਿ ਸਾਡਾ ਸਰੀਰ ਹਰ ਪਲ ਕਿਸੇ ਅਣਕਿਆਸੇ ਦੁਸ਼ਮਣ ਨਾਲ ਜੰਗ ਲੜਨ ਨੂੰ ਤਿਆਰ ਰਹਿੰਦਾ ਹੈ, ਭਾਵੇਂ ਉਹ ਸਾਹ ਰਾਹੀਂ, ਲਹੂ ਰਾਹੀਂ, ਮੂੰਹ ਰਾਹੀਂ, ਅੱਖਾਂ ਰਾਹੀਂ ਜਾਂ ਚਮੜੀ ਰਾਹੀਂ ਅੰਦਰ ਵੜ ਰਿਹਾ ਹੋਵੇ।

ਇਸ ਵਾਸਤੇ ਕੁਦਰਤ ਨੇ ਸਰੀਰ ਦੇ ਅੰਦਰ ਵੱਖੋ-ਵੱਖ ਥਾਵਾਂ ਉੱਤੇ ਅਨੇਕ ਫ਼ੌਜੀ ਯੂਨਿਟ ਬਣਾਏ ਹੋਏ ਹਨ। ਇਹ ਯੂਨਿਟ ਅੰਤੜੀਆਂ ਵਿਚ, ਫੇਫੜਿਆਂ ਵਿਚ, ਲਿੰਫ ਨੋਡ ਵਿਚ, ਹੱਡੀਆਂ ਵਿਚ, ਟੌਂਸਿਲ ਵਿਚ, ਐਡੀਨਾਇਡ ਵਿਚ, ਥਾਇਮਸ ਗਲੈਂਡ ਵਿਚ, ਬੱਚੇ ਪੈਦਾ ਕਰਨ ਵਾਲੇ ਅੰਗਾਂ ਵਿਚ ਤੇ ਹੋਰ ਵੀ ਕਈ ਥਾਈਂ ਆਪੋ ਆਪਣੇ ਕੰਮ ਲੱਗੇ ਹੋਏ ਹਨ। ਜਿਉਂ ਹੀ ਕੀਟਾਣੂ ਸਰੀਰ ਅੰਦਰ ਵੜਨ; ਲੋੜ ਮੁਤਾਬਕ ਇਹ ਸੈਂਟਰ ਰਵਾਂ ਹੋ ਜਾਂਦੇ ਹਨ ਤੇ ਢੇਰਾਂ ਦੇ ਢੇਰ ਸੈੱਲ ਤਿਆਰ ਕਰ ਕੇ ਉਸ ਕੀਟਾਣੂ ਦੇ ਆਕਾਰ, ਵਿਹਾਰ ਅਤੇ ਹੱਲਾ ਬੋਲਣ ਦੇ ਢੰਗ ਦੇ ਹਿਸਾਬ ਨਾਲ ਉਸ ਨੂੰ ਕਾਬੂ ਕਰਨ ਲੱਗ ਪੈਂਦੇ ਹਨ।

ਜੇ ਸਰੀਰ ਕੋਲ ਵਾਧੂ ਸੈੱਲ ਬਣਾਉਣ ਦੀ ਸਮਰੱਥਾ ਹੋਵੇ ਤਾਂ ਇਮਿਊਨ ਸਿਸਟਮ ਦੇ ਸੈੱਲ ਇਸ ਕੀਟਾਣੂ ਨੂੰ ਮਾਰ ਮੁਕਾਉਂਦੇ ਹਨ। ਉਸ ਕੀਟਾਣੂ ਬਾਰੇ ਪੂਰਾ ਗਿਆਨ ਹਾਸਲ ਕਰ ਕੇ ਦੁਬਾਰਾ ਕਦੇ ਵੀ ਉਸ ਵੱਲੋਂ ਹੱਲਾ ਬੋਲੇ ਜਾਣ ਉੱਤੇ ਪਹਿਲਾਂ ਤੋਂ ਤਿਆਰ ਹੋਏ ਫ਼ੌਜੀ ਸੈੱਲ ਝਟਪਟ ਉਸ ਨੂੰ ਮਾਰ ਮੁਕਾਉਂਦੇ ਹਨ ਤੇ ਸਰੀਰ ਅੰਦਰ ਫੈਲਣ ਦਾ ਸਮਾਂ ਹੀ ਨਹੀਂ ਦਿੰਦੇ।

ਜੇ ਸਰੀਰ ਦਾ ਇਮਿਊਨ ਸਿਸਟਮ ਢਿੱਲਾ ਹੋਵੇ ਤਾਂ ਕੀਟਾਣੂਆਂ ਨੂੰ ਰੋਕਣ ਲਈ ਪੂਰੇ ਸੈੱਲ ਬਣਦੇ ਹੀ ਨਹੀਂ। ਇੰਜ ਕੀਟਾਣੂਆਂ ਨੂੰ ਸਰੀਰ ਅੰਦਰ ਫੈਲ ਕੇ ਬੀਮਾਰੀ ਕਰਨ ਦਾ ਸਮਾਂ ਮਿਲ ਜਾਂਦਾ ਹੈ। ਜੇ ਇਮਿਊਨ ਸਿਸਟਮ ਤਕੜਾ ਹੋਵੇ ਪਰ ਕੀਟਾਣੂ ਦੇ ਆਕਾਰ, ਵਿਹਾਰ ਤੇ ਉਸ ਦੇ ਹੱਲਾ ਬੋਲਣ ਦੇ ਢੰਗ ਬਾਰੇ ਸਰੀਰ ਸਮਝ ਹੀ ਨਾ ਸਕੇ ਤਾਂ ਫ਼ੌਜੀ ਯੂਨਿਟ ’ਚੋਂ ਸੈੱਲ ਤਿਆਰ ਹੋ ਕੇ ਨਿਕਲਣ ਵਿਚ ਦੇਰ ਹੋ ਸਕਦੀ ਹੈ। ਅਜਿਹੇ ਮੌਕੇ ਕੀਟਾਣੂ ਬੀਮਾਰੀ ਕਰ ਸਕਦੇ ਹਨ ਪਰ ਬੀਮਾਰੀ ਬਹੁਤੀ ਫੈਲਦੀ ਨਹੀਂ ਤੇ ਛੇਤੀ ਕਾਬੂ ਵਿਚ ਆ ਜਾਂਦੀ ਹੈ।

ਸਾਈਕੋਨਿਊਰੋਇਮਿਊਨੌਲੋਜੀ ਦੇ ਸੈਂਟਰ ਵਿਖੇ ਲਾਸ ਏਂਜਲਸ ਦੀ ਕੈਲੀਫੌਰਨੀਆ ਯੂਨੀਵਰਸਿਟੀ ਵਿਚ ਖੋਜੀ ‘ਕੋਲ’ ਨੇ ਇਕ ਖੋਜ ਆਰੰਭੀ ਕਿਉਂਕਿ ਉਹ ਸਮਝਣਾ ਚਾਹੁੰਦਾ ਸੀ ਕਿ ਇਮਿਊਨ ਸਿਸਟਮ ਦਾ ਕੰਮ-ਕਾਰ ਹਰ ਸਰੀਰ ਅੰਦਰ ਵੱਖ ਕਿਉਂ ਹੈ ? ਕਿਸੇ ਨੂੰ ਉਹੀ ਕੀਟਾਣੂ ਵੱਧ ਮਾਰੂ ਬਿਮਾਰੀ ਕਰਦੇ ਹਨ ਤੇ ਕਿਸੇ ਨੂੰ ਘੱਟ। ਕਿਸੇ ਦੇ ਸਰੀਰ ਅੰਦਰ ਉਹੀ ਕੀਟਾਣੂ ਬਿਲਕੁਲ ਹੀ ਮਾਰ ਨਹੀਂ ਮਾਰਦੇ।

‘ਕੋਲ’ ਨੇ ਸਾਰੀ ਉਮਰ ਵੱਖੋ-ਵੱਖ ਤਰ੍ਹਾਂ ਦੀਆਂ ਖੋਜਾਂ ਇਸੇ ਵਿਸ਼ੇ ਉੱਤੇ ਕੀਤੀਆਂ। ਉਸ ਨੇ ਪਹਿਲੀ ਖੋਜ ਕਰਨ ਸਮੇਂ ਨੋਟ ਕੀਤਾ ਕਿ ਜਿਹੜੇ ਲੋਕ ਤਣਾਅ ਅਧੀਨ ਰਹਿੰਦੇ ਸਨ, ਉਨ੍ਹਾਂ ਵਿਚ ਸ਼ੱਕਰ ਰੋਗ ਕਾਫ਼ੀ ਵੱਧ ਹੋ ਰਿਹਾ ਸੀ। ਉਸ ਨੇ ਸਰੀਰ ਦੇ ਮਾਲੀਕੁਲਰ ਪੱਧਰ ਉੱਤੇ ਸੈੱਲਾਂ ਅੰਦਰਲੀ ਤਬਦੀਲੀ ਬਾਰੇ ਖੋਜ ਆਰੰਭੀ।

ਇਮਿਊਨ ਸਿਸਟਮ ਅਤੇ ਦਿਮਾਗ਼ ਵਿਚਲੇ ਆਪਸੀ ਸੰਬੰਧਾਂ ਦੇ ਤਾਲਮੇਲ ਨੂੰ ਘੋਖਣ ਲਈ ਉਸ ਨੇ ਦੋ ਹਿੱਸਿਆਂ ਵਿਚ ਆਮ ਲੋਕਾਂ ਨੂੰ ਵੰਡ ਲਿਆ। ਪਹਿਲੇ ਉਹ ਜਿਹੜੇ ਇਕੱਲੇ ਰਹਿ ਰਹੇ ਸਨ ਤੇ ਦੂਜੇ ਉਹ ਜੋ ਟੱਬਰਦਾਰ ਸਨ।

ਉਸ ਤੋਂ ਬਾਅਦ ਉਸ ਨੇ ਉਨ੍ਹਾਂ ਵਿਚ ਸ਼ੱਕਰ ਰੋਗ, ਦਿਲ ਦੇ ਰੋਗ, ਏਡਜ਼, ਕੈਂਸਰ ਆਦਿ ਬੀਮਾਰੀਆਂ ਨੋਟ ਕਰ ਕੇ ਉਨ੍ਹਾਂ ਦਾ ਛੇਤੀ ਵਧਣਾ ਤੇ ਉਨ੍ਹਾਂ ਦੇ ਮਾਰੂ ਅਸਰ ਘੋਖੇ। ਉਸ ਦੇ ਨਾਲੋ-ਨਾਲ ‘ਕੋਲ’ ਨੇ ਉਨ੍ਹਾਂ ਦਾ ਖ਼ੁਸ਼ੀ ਦਾ ਮੀਟਰ ਵੀ ਨੋਟ ਕੀਤਾ ਕਿ ਕਿੰਨੇ ਢਹਿੰਦੀ ਕਲਾ ਵਿਚ ਰਹਿੰਦੇ ਸਨ ਤੇ ਕਿੰਨੇ ਖ਼ੁਸ਼ ਜਾਂ ਸੰਤੁਸ਼ਟ ਸਨ।

ਅਜਿਹਾ ਕਰਨ ਤੋਂ ਪਹਿਲਾਂ ਖੋਜੀ ਕੋਲ ਨੇ ਇੱਕ ਖੋਜ ਪੱਤਰ ਪੜ੍ਹਿਆ ਸੀ, ਜੋ ਸੰਨ 1964 ਵਿਚ ਛਪਿਆ ਸੀ। ਉਸ ਖੋਜ ਪੱਤਰ ਵਿਚ ਇੱਕ ਮਰੀਜ਼ ਨੌਰਮਨ ਦਾ ਜ਼ਿਕਰ ਸੀ, ਜਿਸ ਨੂੰ ਜੋੜਾਂ ਦੀ ਤਕਲੀਫ਼ (ਐਨਕਾਈਲੋਜ਼ਿੰਗ ਸਪੌਂਡੀਲਾਈਟਿਸ) ਸੀ ਜਿਸ ਦੇ ਠੀਕ ਹੋਣ ਦੇ ਆਸਾਰ ਬਹੁਤ ਹੀ ਘੱਟ ਹੁੰਦੇ ਹਨ ਤੇ ਇਹ ਇਮਿਊਨ ਸਿਸਟਮ ਵਿਚ ਗੜਬੜੀ ਸਦਕਾ ਹੁੰਦੀ ਹੈ। ਉਸ ਮਰੀਜ਼ ਨੂੰ ‘ਹੈਪੀਨੈੱਸ ਥੈਰੇਪੀ’ ਦਿੱਤੀ ਗਈ।

ਇਸ ਇਲਾਜ ਅਧੀਨ ਰੋਜ਼ ਦਿਨ ਵਿਚ ਤਿੰਨ ਵਾਰ ਇੱਕ-ਇੱਕ ਘੰਟੇ ਵਾਸਤੇ ਹਾਸੇ ਦੀਆਂ ਫ਼ਿਲਮਾਂ ਜਾਂ ਚੁਟਕੁਲੇ ਸੁਣਾਏ ਗਏ। ਦੋ ਹਫ਼ਤਿਆਂ ਬਾਅਦ ਹੀ ਉਸ ਦੇ ਜੋੜਾਂ ਵਿਚ ਕਾਫ਼ੀ ਸੁਧਾਰ ਦਿਸਿਆ। ਉਦੋਂ ਇਸ ਖੋਜ ਦਾ ਕਾਫ਼ੀ ਵਿਰੋਧ ਹੋਇਆ ਤੇ ਕਈ ਖੋਜੀਆਂ ਨੇ ਇਸ ਖੋਜ ਨੂੰ ਕੋਈ ਅਹਿਮੀਅਤ ਨਾ ਦਿੱਤੀ। ਕੁੱਝ ਨੇ ਤਾਂ ਏਥੋਂ ਤੱਕ ਕਹਿ ਦਿੱਤਾ ਕਿ ਨੌਰਮਨ ਨੂੰ ਬੀਮਾਰੀ ਹੋਣੀ ਹੀ ਨਹੀਂ ਤੇ ਪਾਖੰਡ ਕਰ ਰਿਹਾ ਹੋਣਾ ਹੈ।

ਸੰਨ 1980 ਅਤੇ ਫੇਰ 1990 ਵਿਚ ਹੋਰ ਖੋਜਾਂ ਕੀਤੀਆਂ ਗਈਆਂ, ਜਿਨ੍ਹਾਂ ਵਿਚ ਦਿਮਾਗ਼ ਅਤੇ ਇਮਿਊਨ ਸਿਸਟਮ ਦੇ ਵਿਚ ਡੂੰਘਾ ਸੰਬੰਧ ਲੱਭ ਲਿਆ ਗਿਆ। ਸੰਤੁਸ਼ਟੀ ਅਤੇ ਚੜ੍ਹਦੀ ਕਲਾ ਦੇ ਇਹਸਾਸ (ਅਹਿਸਾਸ) ਰੱਖਣ ਵਾਲਿਆਂ ਅਤੇ ਖ਼ੁਸ਼ ਰਹਿਣ ਵਾਲਿਆਂ ਵਿਚ ਉਨ੍ਹਾਂ ਦੇ ਇਮਿਊਨ ਸਿਸਟਮ ਵਿਚਲੇ ਥਾਇਮਸ ਗਲੈਂਡ ਤੇ ਹੱਡੀਆਂ ਦੇ ਮਾਦੇ ਵਿਚਲੇ ਸੈੱਲਾਂ ਉੱਤੇ ਲੱਗੇ ਰਿਸੈਪਟਰ ਦੇ ਸਿਰੇ ਜ਼ਿਆਦਾ ਚੁਸਤ ਲੱਭੇ।

ਇਸ ਖੋਜ ਦੀ ਪਕਿਆਈ ਕਰਨ ਲਈ ਉਹ ਲੋਕ ਲੱਭੇ ਗਏ ਜਿਹੜੇ ਤਣਾਅ ਅਧੀਨ ਰਹਿੰਦੇ ਸਨ। ਖੋਜੀ ਰੋਨੈਲਡ ਗਲੇਜ਼ਰ ਨੇ ਓਹੀਓ ਸਟੇਟ ਯੂਨੀਵਰਸਿਟੀ ਵਿਚ ‘ਇੰਸਟੀਚਿਊਟ ਫੌਰ ਬਿਹੇਵਿਓਰਲ ਮੈਡੀਸ਼ਨ ਰਿਸਰਚ’ ਵਿਚ ਸੰਨ 1980 ਵਿਚ ਪਹਿਲੀ ਵਾਰ ਇਹ ਤੱਥ ਸਭ ਦੇ ਸਾਹਮਣੇ ਰੱਖੇ। ਉਸ ਨੇ ਡਾਕਟਰੀ ਪੜ੍ਹਦੇ ਵਿਦਿਆਰਥੀਆਂ ਦੇ ਲਹੂ ਦੇ ਸੈਂਪਲ ਲਏ ਤੇ ਨੋਟ ਕੀਤਾ ਕਿ ਇਮਤਿਹਾਨਾਂ ਨੇੜੇ ਉਨ੍ਹਾਂ ਦੇ ਇਮਿਊਨ ਸਿਸਟਮ ਦੇ ਸੈੱਲ ਘੱਟ ਕੰਮ ਕਰਦੇ ਸਨ। ਉਸ ਸਮੇਂ ਉਨ੍ਹਾਂ ਉੱਤੇ ਵਾਇਰਸ ਕੀਟਾਣੂ ਵੱਧ ਹਮਲਾ ਕਰਦੇ ਸਨ। ਕਈਆਂ ਦੇ ਤਾਂ ਪਹਿਲਾਂ ਦੇ ਥੋੜ੍ਹੀ ਮਾਤਰਾ ਵਿਚ ਪਏ ਵਾਇਰਸ ਕੀਟਾਣੂ ਇਕਦਮ ਦੁਗਣੇ ਤਿਗਣੇ ਹੋ ਗਏ ਲੱਭੇ। ਇਸ ਗੱਲ ਨੂੰ ਧਿਆਨ ਵਿਚ ਰੱਖ ਕੇ ਵਿਕਸਿਤ ਮੁਲਕਾਂ ਵਿਚ ਡਾਕਟਰਾਂ ਦੇ ਮਨੋਬਲ ਨੂੰ ਵਧਾਉਣ ਉੱਤੇ ਜ਼ੋਰ ਦਿੱਤਾ ਗਿਆ।

ਲੰਮੀ ਦੇਰ ਚੱਲੀ ਖੋਜ ਵਿਚ ਇਹ ਤੱਥ ਸਾਹਮਣੇ ਆਏ ਕਿ ਤਣਾਅ ਤੇ ਢਹਿੰਦੀ ਕਲਾ ਨਾਲ ਇਮਿਊਨ ਸਿਸਟਮ ਦਾ ਕੰਮ-ਕਾਰ ਢਿੱਲਾ ਪੈ ਜਾਂਦਾ ਹੈ। ਢਿੱਲਾ ਪੈਣ ਦਾ ਮਤਲਬ ਹੈ ਕਿ ਵਾਇਰਸ ਕੀਟਾਣੂ ਤੇਜ਼ੀ ਨਾਲ ਫੈਲ ਕੇ ਸਰੀਰ ਅੰਦਰ ਬੀਮਾਰੀ ਕਰ ਸਕਦੇ ਹਨ।

1967 ਵਿਚ ਬਰਿਟੇਨ ਦੇ ਸਰਕਾਰੀ ਮੁਲਾਜ਼ਮਾਂ ਦੇ ਵੀ ਇਹੋ ਟੈਸਟ ਕੀਤੇ ਗਏ ਸਨ ਤੇ ਲੱਭਿਆ ਗਿਆ ਸੀ ਕਿ ਜ਼ਿਆਦਾ ਤੇ ਲਗਾਤਾਰ ਤਣਾਅ ਅਧੀਨ ਰਹਿਣ ਵਾਲਿਆਂ ਵਿਚ ਦਿਲ ਦੇ ਰੋਗ ਅਤੇ ਸ਼ੱਕਰ ਰੋਗ ਵੱਧ ਹੁੰਦੇ ਸਨ।

ਜਿੱਥੇ ਗ਼ਰੀਬਾਂ ਵਿਚ ਉਸ ਸਮੇਂ ਲਾਗ ਨਾਲ ਹੋਣ ਵਾਲੀਆਂ ਬੀਮਾਰੀਆਂ ਵੱਧ ਲੱਭੀਆਂ, ਉੱਥੇ ਰੱਜੇ ਪੁੱਜਿਆਂ ਵਿਚ ਤਣਾਅ ਨਾਲ ਸਰੀਰ ਅੰਦਰ ਕੌਰਟੀਸੋਲ ਤੇ ਸਾਈਟੋਕੀਨ ਵਧੇ ਹੋਏ ਲੱਭੇ, ਜੋ ਬਲੱਡ ਪ੍ਰੈੱਸ਼ਰ, ਸ਼ੱਕਰ ਰੋਗ, ਦਿਲ ਦੇ ਰੋਗ, ਕੈਂਸਰ, ਆਦਿ ਵਰਗੀਆਂ ਬੀਮਾਰੀਆਂ ਵਧਾ ਰਹੇ ਸਨ।

ਬਾਅਦ ਵਿਚ ਕੀਤੀਆਂ ਖੋਜਾਂ ਜੋ ਏਡਜ਼ ਦੇ ਮਰੀਜ਼ਾਂ ਉੱਤੇ ਕੀਤੀਆਂ ਗਈਆਂ, ਨੇ ਵੀ ਸਪਸ਼ਟ ਕੀਤਾ ਕਿ ਤਣਾਅ ਪਾਲਣ ਵਾਲਿਆਂ ਵਿਚ ਵਾਇਰਸ ਵੱਧ ਤੇਜ਼ੀ ਨਾਲ ਫੈਲੀ।

ਸੰਨ 2007 ਵਿਚ ਇਕੱਲੇ ਰਹਿਣ ਵਾਲਿਆਂ ਉੱਤੇ ਖੋਜਾਂ ਕੀਤੀਆਂ ਗਈਆਂ। ਇਹ ਵੇਖਣ ਵਿਚ ਆਇਆ ਕਿ ਇਕੱਲੇ ਰਹਿਣ ਵਾਲੇ ਤੇ ਖ਼ਾਸ ਕਰ ਜਿਨ੍ਹਾਂ ਦੇ ਦੋਸਤ ਜਾਂ ਰਿਸ਼ਤੇਦਾਰ ਨਾ ਹੋਣ, ਤਾਂ ਅਜਿਹੇ ਲੋਕ ਖਾਣਾ ਵੀ ਠੀਕ ਨਹੀਂ ਖਾਂਦੇ ਤੇ ਉਨ੍ਹਾਂ ਦੇ ਇਮਿਊਨ ਸਿਸਟਮ ਦੇ ਕੰਮ-ਕਾਰ ਵੀ ਘੱਟ ਜਾਂਦੇ ਹਨ। ਇਨ੍ਹਾਂ ਵਿਚ ਢਹਿੰਦੀ ਕਲਾ ਵੱਧ ਲੱਭੀ, ਮਾਨਸਿਕ ਰੋਗ ਵੱਧ ਲੱਭੇ, ਦਿਲ ਦੇ ਰੋਗ, ਸ਼ੱਕਰ ਰੋਗ, ਜੋੜਾਂ ਦੇ ਰੋਗ, ਐਲਰਜੀ, ਕੈਂਸਰ, ਆਦਿ ਵੀ ਵੱਧ ਲੱਭੇ। ਇਕੱਲੇ ਰਹਿਣ ਵਾਲਿਆਂ ਵਿਚ ਸ਼ਰਾਬ ਪੀਣ ਜਾਂ ਨਸ਼ਾ ਕਰਨ ਦਾ ਰੁਝਾਨ ਵੀ ਵੱਧ ਦਿਸਿਆ ਤੇ ਮੌਤ ਦਾ ਭੈਅ ਵੀ ਵੱਧ ਲੱਭਿਆ।

ਕੋਲ ਖੋਜੀ ਨੇ ਆਪਣੇ ਸਾਥੀਆਂ ਨਾਲ 6 ਸਦੀਵੀ ਇਕੱਲੇ ਰਹਿਣ ਵਾਲਿਆਂ ਦੇ ਲਹੂ ਵਿਚਲੇ ਬੀਮਾਰੀ ਨਾਲ ਲੜਨ ਵਾਲੇ ਚਿੱਟੇ ਸੈੱਲਾਂ ਦੇ ਜੀਨ ਐਕਸਪ੍ਰੈਸ਼ਨ ਉੱਤੇ ਖੋਜ ਕੀਤੀ। ਫੇਰ ਉਨ੍ਹਾਂ ਨੇ 8 ਅਜਿਹੇ ਇਕੱਲੇ ਰਹਿਣ ਵਾਲੇ ਸ਼ਾਮਲ ਕੀਤੇ, ਜਿਨ੍ਹਾਂ ਦਾ ਰੋਜ਼ ਦੋਸਤਾਂ-ਮਿੱਤਰਾਂ ਨਾਲ ਮੇਲ ਜੋਲ ਸੀ ਤੇ ਰਿਸ਼ਤੇਦਾਰੀ ਨਾਲ ਵੀ ਸਨ।

ਇਸ ਖੋਜ ਦੇ ਨਤੀਜੇ ਸਨ :-

ਇਨਸਾਨੀ ਸਰੀਰ ਵਿਚਲੇ ਜੀਨੋਮ ਵਿੱਚੋਂ ਲਗਭਗ 22,000 ਜੀਨਾਂ ਵਿੱਚੋਂ 209 ਅਜਿਹੇ ਜੀਨ ਲੱਭ ਲਏ ਗਏ, ਜੋ ਸਿਰਫ਼ ਬਿਲਕੁਲ ਇਕੱਲੇ ਰਹਿਣ ਵਾਲੇ, ਉਨ੍ਹਾਂ ਲੋਕਾਂ ਵਿਚ ਸਨ ਜਿਹੜੇ ਕਿਸੇ ਨਾਲ ਕੋਈ ਮੇਲ-ਜੋਲ ਨਹੀਂ ਰੱਖਦੇ ਸਨ। ਇਹ ਜੀਨ ਵੱਖ-ਵੱਖ ਤਰ੍ਹਾਂ ਦੀ ਪ੍ਰੋਟੀਨ ਬਣਾਉਣ ਦਾ ਕੰਮ ਕਰਦੇ ਹਨ ਜੋ ਵਾਇਰਲ ਕੀਟਾਣੂਆਂ ਦੇ ਹਮਲੇ ਵਿਚ ਉਸ ਦਾ ਮਾਰੂ ਅਸਰ ਵਧਾ ਦਿੰਦੇ ਹਨ।

ਜਿਹੜੇ ਇਕੱਲੇ ਰਹਿੰਦੇ ਹੋਏ ਵੀ ਸਭ ਨਾਲ ਰਲ-ਮਿਲ ਰਹੇ ਸਨ, ਉਨ੍ਹਾਂ ਦੇ ਸਰੀਰ ਅੰਦਰਲੇ ਇਹੀ ਜੀਨ ਵਾਇਰਸ ਨੂੰ ਮਾਰਨ ਵਿਚ ਮਦਦ ਕਰਦੇ ਲੱਭੇ। ਇਸ ਨੂੰ ‘ਜੀਨ ਐਕਸਪ੍ਰੈਸ਼ਨ’ ਵਿਚਲਾ ਫ਼ਰਕ ਮੰਨ ਲਿਆ ਗਿਆ ਜੋ ਪਹਿਲੀ ਵਾਰ ਦੁਨੀਆ ਸਾਹਮਣੇ ਵਿਗਿਆਨਿਕ ਤੌਰ ਉੱਤੇ ਸਾਬਤ ਕਰਨ ਵਿਚ ਸਹਾਈ ਹੋਇਆ ਕਿ ਇਕੱਲੇ ਸਾਰਿਆਂ ਤੋਂ ਕੱਟ ਕੇ ਰਹਿਣਾ ਕਿੰਨਾ ਹਾਣੀਕਾਰਕ ਹੋ ਸਕਦਾ ਹੈ !

ਇਸ ਖੋਜ ਤੋਂ ਬਾਅਦ 93 ਹੋਰ ਉਨ੍ਹਾਂ ਬੰਦਿਆਂ ਨੂੰ ਸ਼ਾਮਲ ਕੀਤਾ ਗਿਆ ਜੋ ਕਿਸੇ ਹਾਲਾਤ ਸਦਕਾ, ਮਜਬੂਰੀ ਵਸ ਜਾਂ ਬੀਮਾਰੀ ਕਰ ਕੇ ਇਕੱਲੇ ਰਹਿ ਗਏ ਸਨ ਜਾਂ ਸਮਾਜ ’ਚੋਂ ਛੇਕੇ ਗਏ ਸਨ। ਇਨ੍ਹਾਂ ਵਿਚ ਵੀ ਜੀਨਾਂ ਵਿਚ ਹੋ ਰਹੀ ਤਬਦੀਲੀ ਸਪਸ਼ਟ ਨਜ਼ਰੀ ਪੈ ਗਈ ਜੋ ਬੀਮਾਰੀਆਂ ਨੂੰ ਸੱਦਾ ਦੇਣ ਲੱਗ ਪਈ ਸੀ ਤੇ ਉਨ੍ਹਾਂ ਦੀ ਉਮਰ ਵੀ ਛੋਟੀ ਕਰ ਰਹੀ ਸੀ।

ਇਹ ਵੀ ਤੱਥ ਨਜ਼ਰੀਂ ਪਏ ਕਿ ਇਕੱਲੇ ਰਹਿਣ ਵਾਲਿਆਂ ਦੇ ਜ਼ਖ਼ਮ ਭਰਨ ਵਿਚ ਵੀ ਵੱਧ ਸਮਾਂ ਲੱਗਦਾ ਹੈ ਤੇ ਬੈਕਟੀਰੀਅਲ ਕੀਟਾਣੂਆਂ ਦਾ ਹਮਲਾ ਵੀ ਵੱਧ ਹੁੰਦਾ ਹੈ।

ਇਸ ਤੋਂ ਬਾਅਦ ਇਹ ਕਿਆਸ ਲਾਇਆ ਗਿਆ ਕਿ ਸਦੀਆਂ ਪਹਿਲਾਂ ਜਦੋਂ ਲੋਕ ਛੋਟੇ ਝੁੰਡਾਂ ਵਿਚ ਰਹਿੰਦੇ ਸਨ ਤਾਂ ਵਾਇਰਲ ਬੀਮਾਰੀਆਂ ਬਥੇਰੀਆਂ ਫੈਲਦੀਆਂ ਹੋਣਗੀਆਂ ਪਰ ਉਨ੍ਹਾਂ ਦਾ ਸਰੀਰ ਉਨ੍ਹਾਂ ਕੀਟਾਣੂਆਂ ਵਿਰੁੱਧ ਬੀਮਾਰੀ ਨਾਲ ਲੜਨ ਵਾਲੇ ਸੈੱਲ ਤੇਜ਼ੀ ਨਾਲ ਤਿਆਰ ਕਰ ਕੇ ਉਨ੍ਹਾਂ ਨੂੰ ਬਚਾ ਲੈਂਦਾ ਹੋਵੇਗਾ।

ਮੌਜੂਦਾ ਸਮੇਂ ਦਾ ਕੰਮ ਦਾ ਤਣਾਅ ਜਿੱਥੇ ਦਿਲ ਦੀਆਂ ਨਾੜੀਆਂ ਦੀ ਪਰਤ ਖ਼ਰਾਬ ਕਰ ਕੇ ਉਸ ਥਾਂ ਘੱਪੇ ਜੰਮਣ ਵਿਚ ਮਦਦ ਕਰਦਾ ਹੈ, ਉੱਥੇ ਬਲੱਡ ਪ੍ਰੈੱਸ਼ਰ, ਕੈਂਸਰ ਤੇ ਸ਼ੱਕਰ ਰੋਗ ਵਧਾਉਣ ਵਿਚ ਚਾਰ ਜਾਂ ਪੰਜ ਗੁਣਾਂ ਵੱਧ ਮਾਰੂ ਸਾਬਤ ਹੋ ਰਿਹਾ ਹੈ।

ਨਿਊਯਾਰਕ ਦੇ ਰੌਕਫੈਲਰ ਯੂਨੀਵਰਸਿਟੀ ਦੇ ਇਮਿਊਨੋਲੋਜਿਸਟ, ਐਲਗਜ਼ਾਂਡਰ ਤਰੋਕਵਸਕੀ ਨੇ ਸਪਸ਼ਟ ਕੀਤਾ ਹੈ ਕਿ ‘ਕੋਲ’ ਦੀ ਖੋਜ ਨੇ ਹੋਰ ਖੋਜਾਂ ਲਈ ਰਾਹ ਖੋਲ੍ਹ ਦਿੱਤਾ ਹੈ, ਪਰ ਹਾਲੇ ਤੱਕ ਇਹ ਸਮਝ ਨਹੀਂ ਲੱਗ ਸਕੀ ਕਿ ਜੀਨਾਂ ਦੀ ਕਿਹੜੀ ਹਰਕਤ ਨਾਲ ਔਖੇ ਹਾਲਾਤ ਨੂੰ ਕੁੱਝ ਜਣੇ ਵਧੀਆ ਤਰੀਕੇ ਜਰ ਕੇ ਅਣਕਿਆਸੀ ਸਫਲਤਾ ਪ੍ਰਾਪਤ ਕਰ ਜਾਂਦੇ ਹਨ ਤੇ ਕੁੱਝ ਉਸੇ ਹਾਲਾਤ ਵਿਚ ਖ਼ੁਦਕੁਸ਼ੀ ਕਰ ਜਾਂਦੇ ਹਨ।

ਐਟਲਾਂਟਾ ਦੇ ਜੌਰਜੀਆ ਇੰਸਟੀਚਿਊਟ ਔਫ ਟੈਕਨਾਲੋਜੀ ਦੇ ਗਰੈਗ ਗਿਬਸਨ ਨੇ ਵੀ ਹਾਮੀ ਭਰੀ ਹੈ ਕਿ ਜੇ ਜੀਨਾਂ ਵਿਚਲੀ ਹੋਰ ਬਰੀਕੀ ਸਮਝ ਆ ਜਾਵੇ ਤਾਂ ਢਹਿੰਦੀ ਕਲਾ ਦਾ ਇਲਾਜ ਕਰਨ ਵਿਚ ਸੌਖ ਹੋ ਜਾਵੇਗੀ, ਪਰ ਉਦੋਂ ਤਕ ਹਰ ਹਾਲ ਵਿਚ ਲੰਮੀ ਉਮਰ ਭੋਗਣ ਲਈ ਖ਼ੁਸ਼ ਰਹਿਣਾ ਹੀ ਪੈਣਾ ਹੈ।

ਸੰਨ 2010 ਵਿਚ ‘ਕੋਲ’ ਦੀ ਖੋਜ ਦੇ ਆਧਾਰ ਉੱਤੇ ਨਾਰਥ ਕੈਰੋਲੀਨਾ ਯੂਨੀਵਰਸਿਟੀ ਵਿਖੇ ਖ਼ੁਸ਼ੀ ਤੇ ਚੜ੍ਹਦੀ ਕਲਾ ਦਾ ਅਸਰ ਤਣਾਅ ਅਧੀਨ ਆ ਚੁੱਕੇ ਲੋਕਾਂ ਉੱਤੇ ਵੇਖਿਆ ਗਿਆ।

ਇਸ ਵਾਸਤੇ 45 ਆਪੋ ਆਪਣੇ ਟੱਬਰ ਵਿਚ ਰਹਿੰਦੇ ਚਿੰਤਾ ਤੇ ਤਣਾਅ ਗ੍ਰਸਤ ਲੋਕ ਸ਼ਾਮਲ ਕੀਤੇ ਗਏ ਤੇ 40 ਇਕੱਲੇ ਰਹਿੰਦੇ ਬੰਦੇ। ਉਨ੍ਹਾਂ ਦੇ ਲਹੂ ਵਿਚਲੇ ਕੌਰਟੀਸੋਲ ਨਾਪੇ ਗਏ ਤੇ ਸਵਾਲਾਂ ਦੇ ਚਾਰ ਫਾਰਮ ਭਰਵਾਏ ਗਏ। ਉਸ ਤੋਂ ਬਾਅਦ ਉਨ੍ਹਾਂ ਕੋਲੋਂ ਰੋਜ਼ ਇੱਕ ਘੰਟਾ ਮੈਡੀਟੇਸ਼ਨ ਦੇ ਨਾਲ ਇੱਕ ਘੰਟਾ ਸਵੇਰੇ ਤੇ ਇੱਕ ਘੰਟਾ ਸ਼ਾਮ ਖੁੱਲ੍ਹ ਕੇ ਹੱਸਣ ਵਾਲੇ ਸੈਸ਼ਨ ਕਰਵਾਏ ਗਏ।

ਇੱਕ ਹਫਤੇ ਬਾਅਦ ਹੀ ਨਤੀਜੇ ਹੈਰਾਨ ਕਰ ਦੇਣ ਵਾਲੇ ਸਨ। ਉਨ੍ਹਾਂ ਦੇ ਬੀਮਾਰੀ ਵਧਾਉਣ ਵਾਲੇ ‘ਜੀਨ ਐਕਸਪ੍ਰੈਸ਼ਨ’ ਵਿੱਚ ਤਬਦੀਲੀ ਦਿੱਸਣ ਲੱਗ ਪਈ ਤੇ ਵਾਇਰਲ ਕੀਟਾਣੂਆਂ ਨਾਲ ਲੜਨ ਦੀ ਸਮਰਥਾ ਵੱਧ ਗਈ।

ਇਸ ਖੋਜ ਨੂੰ ਅੱਗੇ ਤੋਰਦਿਆਂ ਫਲੋਰੀਡਾ ਦੇ ਯੂਨੀਵਰਸਿਟੀ ਔਫ ਮਿਆਮੀ ਦੇ ਮਾਈਕਲ ਐਨਟੋਨੀ ਨੇ 200 ਉਨ੍ਹਾਂ ਔਰਤਾਂ ਨੂੰ ਸ਼ਾਮਲ ਕੀਤਾ ਜਿਨ੍ਹਾਂ ਨੂੰ ਛਾਤੀ ਦੇ ਕੈਂਸਰ ਦੀ ਪਹਿਲੀ ਸਟੇਜ ਸੀ, ਇਨ੍ਹਾਂ ਵਿੱਚੋਂ 100 ਨੂੰ 10 ਹਫ਼ਤੇ ਦੀ ਮੈਡੀਟੇਸ਼ਨ ਤੇ ਖੁੱਲ੍ਹ ਕੇ ਹੱਸਣ ਦੇ ਸੈਸ਼ਨ ਕਰਵਾਏ ਗਏ ਜਦਕਿ ਬਾਕੀ 100 ਨੂੰ ਸਿਰਫ਼ ਇਕ ਦਿਨ ਦੇ ਸੈਮੀਨਾਰ ਵਿਚ ਹਿੰਮਤ ਵਧਾਉਣ ਤੇ ਚੜ੍ਹਦੀ ਕਲਾ ਬਾਰੇ ਦੱਸਿਆ ਗਿਆ।

ਦਸ ਹਫ਼ਤਿਆਂ ਬਾਅਦ ਦੀ ਸਰੀਰਕ ਤਬਦੀਲੀ ਨੇ ਸੰਸਾਰ ਭਰ ਦੇ ਖੋਜੀਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਉਹ ਜੀਨ ਜਿਹੜੇ ‘‘ਟਾਈਪ 1 ਇੰਟਰਫਿਰੋਨ ਰਿਸਪੌਂਸ’’ ਅਧੀਨ ਰਸੌਲੀਆਂ ਤੇ ਵਾਇਰਸ ਕੀਟਾਣੂਆਂ ਨਾਲ ਲੜਦੇ ਹਨ, ਕਈ ਗੁਣਾਂ ਵੱਧ ਚੁਸਤ ਉਨ੍ਹਾਂ 100 ਔਰਤਾਂ ਵਿਚ ਸਨ ਜਿਹੜੀਆਂ ਰੋਜ਼ ਖ਼ੁਸ਼ ਰਹਿਣ ਦੇ ਕੋਰਸ ਕਰ ਰਹੀਆਂ ਸਨ। ਇਸ ਦੇ ਨਾਲ-ਨਾਲ ਉਹ ਜੀਨ ਜੋ ਵਾਇਰਸ ਕੀਟਾਣੂ ਦਾ ਹਮਲਾ ਵਧਾਉਂਦੇ ਹਨ ਜਾਂ ਕੈਂਸਰ ਨੂੰ ਫੈਲਣ ਵਿਚ ਮਦਦ ਕਰਦੇ ਹਨ, ਉੱਕਾ ਹੀ ਸੁਸਤ ਪਏ ਹੋਏ ਲੱਭੇ !

ਇਨ੍ਹਾਂ ਸਾਰੀਆਂ ਔਰਤਾਂ ਨੂੰ ਲਗਾਤਾਰ ਚੈੱਕਅੱਪ ਕਰਦੇ ਰਹਿਣ ਬਾਅਦ ਪਤਾ ਲੱਗਿਆ ਕਿ ਖ਼ੁਸ਼ ਰਹਿਣ ਤੇ ਤਣਾਅ ਛੱਡਣ ਵਾਲੀਆਂ 100 ਔਰਤਾਂ ਕੈਂਸਰ ਰਹਿਤ ਹੋ ਗਈਆਂ ਸਨ ਜਦਕਿ ਦੂਜੇ ਗਰੁੱਪ ਦੀਆਂ 100 ਵਿੱਚੋਂ 60 ਦਾ ਕੈਂਸਰ ਫੈਲ ਗਿਆ ਸੀ !

ਸਪਸ਼ਟ ਹੋ ਗਿਆ ਕਿ ਕੈਂਸਰ ਵਰਗੀ ਨਾ ਮੁਰਾਦ ਬੀਮਾਰੀ ਨਾਲ ਵੀ ਚੜ੍ਹਦੀ ਕਲਾ ਵਿਚ ਰਹਿਣ ਨਾਲ ਲੰਮੀ ਉਮਰ ਭੋਗੀ ਜਾ ਸਕਦੀ ਹੈ ਤੇ ਕੈਂਸਰ ਦੇ ਸੈੱਲਾਂ ਨੂੰ ਮਾਰ ਮੁਕਾਇਆ ਜਾ ਸਕਦਾ ਹੈ। ਇੰਜ ਹੀ ਵਾਇਰਲ ਕੀਟਾਣੂਆਂ ਦੇ ਹਮਲੇ ਦਾ ਅਸਰ ਵੀ, ਖ਼ੁਸ਼ ਰਹਿ ਕੇ ਘਟਾਇਆ ਜਾ ਸਕਦਾ ਹੈ।

ਇਸ ਖੋਜ ਤੋਂ ਬਾਅਦ ਖ਼ੁਸ਼ ਰਹਿਣ ਵਾਲੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਗਈ ਤੇ ਉਨ੍ਹਾਂ ਦੇ ਲਹੂ ਦੇ ਟੈਸਟਾਂ ਦੇ ਨਾਲ ਤਿੰਨ ਫਾਰਮ ਵੀ ਭਰਵਾਏ ਗਏ। ਉਨ੍ਹਾਂ ਦੇ ਖਾਣ-ਪੀਣ, ਰਹਿਣ ਸਹਿਣ, ਦੋਸਤਾਂ ਮਿੱਤਰਾਂ ਦੇ ਸਾਥ ਅਤੇ ਜਿਸਮਾਨੀ ਸੰਬੰਧਾਂ ਬਾਰੇ ਵੀ ਪੁੱਛਿਆ ਗਿਆ। ਇੱਕ ਫਾਰਮ ਵਿਚ ਉਨ੍ਹਾਂ ਦੇ ਰਿਸ਼ਤਿਆਂ ਦੀ ਡੂੰਘਿਆਈ, ਪੱਕੀ ਦੋਸਤੀ ਤੇ ਸਮਾਜ ਸੇਵੀ ਕੰਮਾਂ ਬਾਰੇ ਵੀ ਨੋਟ ਕੀਤਾ ਗਿਆ।

ਇਹ ਵੇਖਿਆ ਗਿਆ ਕਿ ਖ਼ੁਸ਼ ਰਹਿਣ ਵਾਲਿਆਂ ਵਿੱਚੋਂ ਜਿੰਨ੍ਹਾਂ ਦੀ ਜ਼ਿੰਦਗੀ ਵਿਚ ਸੰਤੁਸ਼ਟੀ ਸੀ, ਗੂੜ੍ਹੇ ਰਿਸ਼ਤੇ ਸੀ, ਪੱਕੀ ਦੋਸਤੀ ਸੀ, ਸਮਾਜ ਸੇਵੀ ਕੰਮਾਂ ਨਾਲ ਜੁੜੇ ਸਨ ਤੇ ਜ਼ਿੰਦਗੀ ਪ੍ਰਤੀ ਸਕਾਰਾਤਮਕ ਨਜ਼ਰੀਆ ਸੀ, ਉਨ੍ਹਾਂ ਦੇ ਜੀਨ ਵਧੀਆ ਅਸਰ ਵਿਖਾ ਰਹੇ ਸਨ। ਜਿਹੜੇ ਵੇਖਣ ਨੂੰ ਖ਼ੁਸ਼ ਸਨ ਪਰ ਉਨ੍ਹਾਂ ਦੇ ਕੋਈ ਪੱਕੇ ਦੋਸਤ ਮਿੱਤਰ ਨਹੀਂ ਸਨ, ਜੀਵਨ ਸਾਥੀ ਨਾਲ ਰਿਸ਼ਤਾ ਨਿੱਘਾ ਨਹੀਂ ਸੀ, ਸਿਰਫ਼ ਕੰਮ ਕਾਰ ਵਿਚ ਹੀ ਆਪਣੇ ਆਪ ਨੂੰ ਮਸਰੂਫ਼ ਰੱਖ ਰਹੇ ਸਨ ਅਤੇ ਬਾਕੀ ਸਮਾਂ ਸ਼ਰਾਬ ਪੀ ਕੇ ਜਾਂ ਮਸਤੀ ਕਰ ਕੇ ਲੰਘਾ ਰਹੇ ਸਨ, ਉਨ੍ਹਾਂ ਦੇ ਸਰੀਰਾਂ ਅੰਦਰ ਉਹੋ ਜਿਹਾ ਹੀ ਹਾਲ ਲੱਭਿਆ ਜਿਹੋ ਜਿਹਾ ਇਕੱਲੇ ਰਹਿਣ ਵਾਲਿਆਂ ਵਿਚ ਸੀ। ਯਾਨੀ ਅਜਿਹੇ ਲੋਕ ਔਖੇ ਸਮੇਂ ਛੇਤੀ ਢਹਿ ਢੇਰੀ ਹੋ ਜਾਂਦੇ ਸਨ ਤੇ ਬੀਮਾਰੀਆਂ ਵੀ ਛੇਤੀ ਸਹੇੜ ਰਹੇ ਸਨ। ਇਨ੍ਹਾਂ ਦਾ ਇਮਿਊਨ ਸਿਸਟਮ ਓਨਾ ਤਕੜਾ ਨਹੀਂ ਸੀ। ਜਿਵੇਂ ਹੀ ਇਨ੍ਹਾਂ ਵਿੱਚੋਂ ਕੁੱਝ ਦਾ ਧਿਆਨ ਹੋਰ ਪਾਸਿਆਂ ਵੱਲ ਵੰਡਾ ਕੇ ਤਣਾਅ ਘਟਾਇਆ ਗਿਆ ਤਾਂ ਇਨ੍ਹਾਂ ਦੇ ਸਰੀਰਾਂ ਵਿਚ ਵੀ ਤਬਦੀਲੀ ਦਿਸ ਪਈ। ਇਹ ਹੋਰ ਪਾਸੇ ਸਨ-ਸਮਾਜ ਸੇਵਾ, ਫੋਟੋਗ੍ਰਾਫੀ, ਪੇਂਟਿੰਗ, ਖੇਡਾਂ, ਡਾਂਸ ਸਿੱਖਣਾ, ਕਸਰਤ ਕਰਨੀ, ਪਾਲਿਟਿਕਸ ਵੱਲ ਰੁਝਾਨ, ਆਦਿ।

ਇਸ ਖੋਜ ਉੱਤੇ ਆਧਾਰਿਤ ਹੁਣ ਮੈਡੀਕਲ ਦੀਆਂ ਕਿਤਾਬਾਂ ਵਿਚ ਦਰਜ ਚੈਪਟਰ ਵੀ ਪੜ੍ਹਨ ਨੂੰ ਮਿਲਦੇ ਹਨ, ਜਿਨ੍ਹਾਂ ਵਿਚ ਸ਼ੁਰੂਆਤ ਹੀ ਇਨ੍ਹਾਂ ਸਤਰਾਂ ਤੋਂ ਕੀਤੀ ਜਾਂਦੀ ਹੈ :-

‘‘ਖ਼ੁਸ਼ੀ ਤੇ ਚੜ੍ਹਦੀ ਕਲਾ ਸਿਹਤ ਅਤੇ ਲੰਮੀ ਉਮਰ ਦਾ ਰਾਜ਼ ਹਨ। ਸਕਾਰਾਤਮਕ ਸੋਚ ਮਾੜੀ ਤੋਂ ਮਾੜੀ ਬੀਮਾਰੀ ਨਾਲ ਲੜਨ ਦੀ ਸਮਰੱਥਾ ਚੌਗੁਣੀ ਕਰ ਦਿੰਦੀ ਹੈ ਤੇ ਕਈ ਵਾਰ ਇਮਿਊਨ ਸਿਸਟਮ ਨੂੰ ਏਨਾ ਰਵਾਂ ਕਰ ਦਿੰਦੀ ਹੈ ਕਿ ਬਿਨਾਂ ਦਵਾਈ ਦੇ ਵੀ ਬੀਮਾਰੀ ਠੀਕ ਹੋ ਜਾਂਦੀ ਹੈ।’’

ਜਿਹੜਾ ਫਾਰਮੂਲਾ ਦੁਨੀਆ ਭਰ ਦੇ ਡਾਕਟਰ ਯਾਦ ਕਰਦੇ ਹਨ, ਉਹ ਹੈ :-

ਕਿੰਨੇ ਕੀਟਾਣੂ           X        ਕੀਟਾਣੂਆਂ ਦੀ ਤਾਕਤ

ਬੀਮਾਰੀ ਕਿੰਨੀ ਵੱਧ =         ——————————

ਸਰੀਰ ਵਿਚਲੀ ਬੀਮਾਰੀਆਂ ਨਾਲ ਲੜਨ ਦੀ ਤਾਕਤ  (ਖਿੜਿਆ ਮਨ, ਚੜ੍ਹਦੀਕਲਾ ਤੇ ਸਕਾਰਾਤਮਕ ਸੋਚ)

ਅੰਤ ਵਿਚ ਸਿਰਫ਼ ਏਨਾ ਕਹਿਣਾ ਚਾਹੁੰਦੀ ਹਾਂ ਕਿ ਮੇਰੀ ਮਤ ਭਾਵੇਂ ਥੋੜ੍ਹੀ ਹੈ ਪਰ ਫਿਰ ਵੀ ਮੈਂ ਆਪਣੀ ਸਮਝ ਅਨੁਸਾਰ ਹੈਰਾਨ ਜ਼ਰੂਰ ਹੋਈ ਹਾਂ ਕਿ ਚੜ੍ਹਦੀ ਕਲਾ ਬਾਰੇ 60 ਸਾਲਾਂ ਦੀ ਖੋਜ ਤੋਂ ਬਾਅਦ ਹੀ ਮੈਡੀਕਲ ਸਾਇੰਸ ਸਮਝ ਸਕੀ ਹੈ ਕਿ ਇਹ ਕਿੰਨੀ ਬੇਸ਼ਕੀਮਤੀ ਹੈ, ਪਰ ਸਵਾਲ ਇਹ ਹੈ ਕਿ ਸਿੱਖਾਂ ਦੀ ਅਰਦਾਸ ਵਿਚ ਚੜ੍ਹਦੀ ਕਲਾ ਤੇ ਸਰਬੱਤ ਦਾ ਭਲਾ ਸਦੀਆਂ ਪਹਿਲਾਂ ਕਿਵੇਂ ਸ਼ਾਮਲ ਹੋ ਗਏ ਸਨ ?

ਕੋਰੋਨਾ ਅਤੇ ਬੱਚੇ

0

ਕੋਰੋਨਾ ਅਤੇ ਬੱਚੇ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਲਗਭਗ ਸਾਰੇ ਹੀ ਮਾਪੇ ਆਪਣੇ ਨਿੱਕੇ ਬੱਚਿਆਂ ਲਈ ਬਹੁਤ ਚਿੰਤਿਤ ਹਨ ਅਤੇ ਉਨ੍ਹਾਂ ਨੂੰ ਬਿਮਾਰੀ ਤੋਂ ਬਚਾਉਣ ਲਈ ਹਰ ਸੰਭਵ ਯਤਨ ਕਰ ਰਹੇ ਹਨ। ਵਾਰ-ਵਾਰ ਨਿੱਕੇ ਬੱਚਿਆਂ ਦੇ ਹੱਥਾਂ ਨੂੰ ਸੈਨੇਟਾਈਜ਼ਰ ਨਾਲ ਸਾਫ਼ ਕਰਨ ਤੋਂ ਲੈ ਕੇ ਮਾਸਕ ਪਾਉਣ ਅਤੇ ਘਰਾਂ ਅੰਦਰ ਡੱਕਣ ਦੀ ਅਣਥੱਕ ਕੋਸ਼ਿਸ਼ ਕਰ ਰਹੇ ਹਨ। ਕਈ ਮਾਪਿਆਂ ਨੂੰ ਤਾਂ ਬੱਚਿਆਂ ਦੇ ਬੀਮਾਰ ਹੋ ਜਾਣ ਦੇ ਡਰ ਸਦਕਾ ਨੀਂਦਰ ਆਉਣੀ ਘੱਟ ਚੁੱਕੀ ਹੈ।

ਕੁੱਝ ਨੁਕਤੇ ਜੋ ਬੱਚਿਆਂ ਵਿੱਚ ਕੋਰੋਨਾ ਬਾਰੇ ਮਾਪਿਆਂ ਨੂੰ ਪਤਾ ਹੋਣੇ ਚਾਹੀਦੇ ਹਨ, ਉਹ ਹਨ :-

  1. ਚੀਨ ਤੇ ਸਿੰਗਾਪੁਰ ਵਿੱਚ ਇੱਕ ਵੀ 9 ਸਾਲ ਤੋਂ ਛੋਟੇ ਬੱਚੇ ਦੀ ਕੋਵਿਡ ਨਾਲ ਮੌਤ ਨਹੀਂ ਹੋਈ।
  2. ਸਿਵਾਏ ਇੱਕ 13 ਮਹੀਨੇ ਦੇ ਬੱਚੇ ਦੇ, ਜਿਸ ਨੂੰ ਨਿਮੂਨੀਆ ਹੋਇਆ, ਹੋਰ ਕਿਸੇ ਬੱਚੇ ਨੂੰ ਕੋਵਿਡ ਨਾਲ ਬਹੁਤੀ ਸੀਰੀਅਸ ਬੀਮਾਰੀ ਨਹੀਂ ਹੋਈ।
  3. ਛੋਟੇ ਬੱਚੇ ਕੋਰੋਨਾ ਵਾਇਰਸ ਨਾਲ ਬੀਮਾਰ ਘੱਟ ਹੁੰਦੇ ਹਨ ਪਰ ਇਨ੍ਹਾਂ ਤੋਂ ਅੱਗੇ ਹੋਰਨਾਂ ਨੂੰ ਬੀਮਾਰੀ ਹੋਣ ਦਾ ਖ਼ਤਰਾ ਹੁੰਦਾ ਹੈ, ਯਾਨੀ ਇਨ੍ਹਾਂ ਦਾ ਬੀਮਾਰੀ ਫੈਲਾਉਣ ਵਿੱਚ ਰੋਲ ਹੈ।
  4. ਡਾ. ਵਿਲਿਅਮ, ਜੋ ਹਾਵਰਡ ਸਕੂਲ ਆਫ਼ ਪਬਲਿਕ ਹੈਲਥ ਦੇ ਵਿੱਚ ਐਪੀਡੀਮੀਓਲੋਜਿਸਟ ਹਨ, ਨੇ ਕਿਹਾ ਹੈ ਕਿ ਸਕੂਲ ਵਿੱਚ ਛੋਟੇ ਬੱਚਿਆਂ ਤੋਂ ਵੱਡੇ ਬੱਚਿਆਂ, ਸਫ਼ਾਈ ਸੇਵਕਾਂ ਤੇ ਅਧਿਆਪਿਕਾਂ ਨੂੰ ਬੀਮਾਰੀ ਦੇ ਕੀਟਾਣੂ ਚੰਬੜ ਸਕਦੇ ਹਨ। ਨਿੱਕੇ ਬੱਚਿਆਂ ਦੇ ਸਰੀਰਾਂ ਵਿੱਚੋਂ ਵਾਇਰਸ ਕੀਟਾਣੂ ਵੱਡੇ ਬੱਚਿਆਂ ਨਾਲੋਂ ਘੱਟ ਮਾਤਰਾ ਵਿੱਚ ਬਾਹਰ ਨਿਕਲਦੇ ਹਨ।
  5. ਸਾਇੰਸ ਰਸਾਲੇ ਵਿੱਚ ਛਪੀ ਚੀਨ ਦੀ ਇਕ ਖੋਜ ਨੇ ਸਪਸ਼ਟ ਕੀਤਾ ਹੈ ਕਿ 15 ਸਾਲਾਂ ਤੋਂ ਛੋਟੇ ਬੱਚਿਆਂ ਵਿੱਚ ਬੀਮਾਰੀ ਦਾ ਪ੍ਰਕੋਪ ਘੱਟ ਹੁੰਦਾ ਹੈ। ਪੰਦਰਾਂ ਤੋਂ 64 ਸਾਲ ਦੀ ਉਮਰ ਵਿੱਚ ਬੀਮਾਰੀ ਓਨੀ ਸੀਰੀਅਸ ਨਹੀਂ ਹੁੰਦੀ ਜਿੰਨੀ 64 ਸਾਲਾਂ ਤੋਂ ਵੱਧ ਉਮਰ ਦੇ ਬੰਦਿਆਂ ਵਿੱਚ ਹੁੰਦੀ ਹੈ।
  6. ਲਾਸ ਏਂਜਲਸ ਦੇ ਸਿਨਾਈ ਮੈਡੀਕਲ ਸੈਂਟਰ ਦੀ ਡਾਕਟਰ ਪ੍ਰਿਆ ਸੋਨੀ ਨੇ ਵੀ ਮੰਨਿਆ ਹੈ ਕਿ ਕੋਵਿਡ-19 ਬਾਰੇ ਹਾਲੇ ਤੱਕ ਪੂਰੀ ਸਮਝ ਨਹੀਂ ਪੈ ਸਕੀ ਤੇ ਖੋਜਾਂ ਜਾਰੀ ਹਨ। ਉਸ ਨੇ ਸਿੰਗਾਪੁਰ ਦੇ ਇਕ ਕੇਸ ਦਾ ਜ਼ਿਕਰ ਕੀਤਾ ਹੈ ਜਿੱਥੇ ਦੋਨੋਂ ਮਾਪੇ ਕੋਵਿਡ ਨਾਲ ਕਾਫ਼ੀ ਢਿੱਲੇ ਹੋ ਗਏ ਸਨ ਪਰ ਉਨ੍ਹਾਂ ਦੇ 6 ਮਹੀਨੇ ਦੇ ਬੇਟੇ ਵਿੱਚ ਕੋਵਿਡ ਬੀਮਾਰੀ ਦੇ ਕੀਟਾਣੂ ਹੁੰਦਿਆਂ ਵੀ ਸਿਰਫ਼ ਇੱਕ ਘੰਟੇ ਦੇ ਹਲਕੇ ਬੁਖ਼ਾਰ ਦੇ ਹੀ ਲੱਛਣ ਦਿੱਸੇ। ਤਿੰਨ ਹਫ਼ਤੇ ਤੱਕ ਉਸ ਦਾ ਚੈੱਕਅੱਪ ਕਰਦੇ ਰਹਿਣ ਬਾਅਦ ਦਿਸਿਆ ਕਿ ਉਸ ਦੇ ਸਰੀਰ ਅੰਦਰੋਂ ਭਾਰੀ ਮਾਤਰਾ ਵਿੱਚ ਵਾਇਰਸ ਬਾਹਰ ਨਿਕਲਦੀ ਰਹੀ ਪਰ ਉਸ ਵਿੱਚ ਕੋਈ ਵੀ ਲੱਛਣ ਨਹੀਂ ਦਿਸਿਆ। ਬੀਮਾਰੀ ਦੇ 17ਵੇਂ ਦਿਨ ਉਸ ਦਾ ਟੈਸਟ ਨੈਗੇਟਿਵ ਆਇਆ ਪਰ ਉਦੋਂ ਤੱਕ ਖ਼ਰਬਾਂ ਵਾਇਰਸ ਉਸ ਦਾ ਸਰੀਰ ਬਾਹਰ ਸੁੱਟ ਚੁੱਕਿਆ ਸੀ।

ਇਸ ਦਾ ਮਤਲਬ ਕੱਢਿਆ ਗਿਆ ਕਿ ਸਕੂਲ ਬਸ ਰਾਹੀਂ ਜੇ ਬੱਚੇ ਸਕੂਲਾਂ ਵਿਚ ਜਾਂਦੇ ਹਨ ਤਾਂ ਆਪ ਭਾਵੇਂ ਬੀਮਾਰ ਨਾ ਹੋਣ ਪਰ ਦੂਜਿਆਂ ਨੂੰ ਬੀਮਾਰੀ ਦੇ ਸਕਦੇ ਹਨ। ਇੰਜ ਹੀ ਸਕੂਲ ਵਿਚਲਾ ਕਾਫ਼ੀ ਹਾਊਸ, ਕੈਂਟੀਨ, ਹੌਸਟਲ ਜਾਂ ਲਾਇਬਰੇਰੀ ਵੀ ਬੱਚਿਆਂ ਸਦਕਾ ਕੀਟਾਣੂਆਂ ਨਾਲ ਭਰ ਸਕਦੇ ਹਨ, ਜਿੱਥੋਂ ਬਾਕੀਆਂ ਨੂੰ ਬੀਮਾਰੀ ਹੋ ਸਕਦੀ ਹੈ। ਇਸੇ ਲਈ ਬੱਚਿਆਂ ਨੂੰ ਸਕੂਲ ਨਾ ਭੇਜਣ ਵਿੱਚ ਹੀ ਸਿਆਣਪ ਹੈ।

  1. ਜੌਨ ਹਾਪਕਿੰਨਸ ਹਸਪਤਾਲ ਬਾਲਟੀਮੋਰ ਦੇ ਡਾ. ਐਨਾ ਸੈਮੂਅਲ ਨੇ ਸਲਾਹ ਦਿੱਤੀ ਹੈ ਕਿ ਜੇ ਬੱਚਿਆਂ ਤੋਂ ਵੱਡਿਆਂ ਵੱਲ ਬੀਮਾਰੀ ਫੈਲਣ ਤੋਂ ਰੋਕਣੀ ਹੈ ਤਾਂ ਬੱਚਿਆਂ ਨੂੰ ਨਿੱਛ ਮਾਰਨ ਲੱਗਿਆਂ ਜਾਂ ਖੰਘਣ ਲੱਗਿਆਂ ਮੂੰਹ ਢੱਕਣ ਜਾਂ ਮੋਢਾ ਅਗਾਂਹ ਕਰ ਲੈਣਾ ਸਿਖਾਉਣਾ ਚਾਹੀਦਾ ਹੈ। ਬੱਚਿਆਂ ਨੂੰ ਦਿਨ ਵਿਚ ਛੇ ਸੱਤ ਵਾਰ ਹੱਥ ਜ਼ਰੂਰ ਚੰਗੀ ਤਰ੍ਹਾਂ ਸਾਬਣ ਨਾਲ ਧੋ ਕੇ ਸਾਫ਼ ਕਰਨ ਲਈ ਸਮਝਾਉਣਾ ਚਾਹੀਦਾ ਹੈ।
  2. ਸੈਂਟਰ ਫਾਰ ਡੀਜ਼ੀਜ਼ ਕੰਟਰੋਲ ਅਮਰੀਕਾ ਨੇ ਸਪਸ਼ਟ ਕੀਤਾ ਹੈ ਕਿ ਦੋ ਸਾਲ ਤੋਂ ਛੋਟੇ ਬੱਚਿਆਂ ਨੂੰ ਮਾਸਕ ਨਹੀਂ ਪਾਉਣੇ ਚਾਹੀਦੇ ਕਿਉਂਕਿ ਉਨ੍ਹਾਂ ਨੂੰ ਮਾਸਕ ਪਾਉਣ ਦੀ ਸਮਝ ਨਹੀਂ ਹੁੰਦੀ ਤੇ ਉਹ ਵਾਰ-ਵਾਰ ਮਾਸਕ ਨੂੰ ਹੱਥ ਲਾਉਂਦੇ, ਖ਼ੁਰਕਦੇ ਸਗੋਂ ਬੀਮਾਰੀ ਫੈਲਾ ਦਿੰਦੇ ਹਨ ਜਾਂ ਸਹੇੜ ਲੈਂਦੇ ਹਨ।
  3. ਨਿੱਕੇ ਬੱਚਿਆਂ ਦੇ ਹੱਥ ਸੈਨੇਟਾਈਜ਼ਰ ਨਾਲ ਸਾਫ਼ ਕਰਨ ਦੀ ਥਾਂ ਸਾਬਣ ਨਾਲ ਧੋਣੇ ਹੀ ਬਿਹਤਰ ਰਹਿੰਦੇ ਹਨ।
  4. ਗਰਭਵਤੀ ਔਰਤਾਂ ਨੂੰ ਬਾਕੀਆਂ ਵਾਂਗ ਹੀ ਆਪਣੀ ਸਾਫ਼ ਸਫ਼ਾਈ ਦਾ ਧਿਆਨ ਰੱਖਣ ਦੀ ਲੋੜ ਹੈ।
  5. ਬੱਚਾ ਜੰਮਣ ਤੋਂ ਬਾਅਦ ਕੋਰੋਨਾ ਬੀਮਾਰੀ ਦੌਰਾਨ ਵੀ ਮਾਂ ਆਪਣੇ ਨਵਜੰਮੇਂ ਬੱਚੇ ਨੂੰ ਦੁੱਧ ਪਿਆ ਸਕਦੀ ਹੈ।
  6. ਆਪਣੇ ਸਰੀਰ ਨਾਲ ਬੱਚੇ ਦਾ ਸਰੀਰ ਜੋੜਨ ਨਾਲ ਬੱਚੇ ਦੇ ਮਾਨਸਿਕ ਵਿਕਾਸ ਵਿੱਚ ਵਾਧਾ ਹੁੰਦਾ ਹੈ। ਇਸ ਤਰ੍ਹਾਂ ਦੇ ਪਿਆਰੇ ਨਿੱਘੇ ਇਹਸਾਸ ਨਾਲ ਇਮਿਊਨ ਸਿਸਟਮ ਵੀ ਰਵਾਂ ਹੋ ਜਾਂਦਾ ਹੈ।
  7. ਨਵਜੰਮੇਂ ਬੱਚੇ ਨੂੰ ਆਂਢ-ਗੁਆਂਢ ਜਾਂ ਘਰ ਦੇ ਜੀਆਂ ਵੱਲੋਂ ਨਹੀਂ ਚੁੱਕਣਾ ਚਾਹੀਦਾ।
  8. ਮਾਂ ਨੂੰ ਚਾਹੀਦਾ ਹੈ ਕਿ ਬੱਚੇ ਨੂੰ ਦੁੱਧ ਪਿਆਉਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਹੱਥ ਚੰਗੀ ਤਰ੍ਹਾਂ ਜ਼ਰੂਰ ਧੋਵੇ।
  9. ਬੱਚੇ ਦੇ ਮਲ ਮੂਤਰ ਨੂੰ ਦਸਤਾਨੇ ਪਾ ਕੇ ਸਾਫ਼ ਕਰਨਾ ਚਾਹੀਦਾ ਹੈ। ਉਸ ਤੋਂ ਬਾਅਦ ਕੋਸੇ ਖੁੱਲ੍ਹੇ ਪਾਣੀ ਨਾਲ ਬੱਚੇ ਨੂੰ ਸਾਫ਼ ਕਰਕੇ, ਪੂੰਝ ਕੇ, ਕੱਪੜੇ ਪਾਉਣੇ ਚਾਹੀਦੇ ਹਨ।
  10. ਬੱਚੇ ਦੇ ਕੱਪੜੇ ਬਾਕੀਆਂ ਨਾਲੋਂ ਵੱਖਰੇ ਧੋਣ ਦੀ ਲੋੜ ਹੁੰਦੀ ਹੈ।
  11. ਕਿਸੇ ਵੀ ਬੇਬੀ ਸਾਬਣ ਜਾਂ ਗਲਿਸਰੀਨ ਵਾਲੇ ਸਾਬਣ ਨਾਲ ਬੱਚੇ ਨੂੰ ਨੁਹਾਇਆ ਜਾ ਸਕਦਾ ਹੈ। ਐਂਟੀ ਬੈਕਟੀਰੀਅਲ ਸਾਬਣ ਵਰਤਣ ਦੀ ਲੋੜ ਨਹੀਂ ਹੁੰਦੀ।
  12. ਓਪਰਾ ਦੁੱਧ ਜਾਂ ਪਾਣੀ 6 ਮਹੀਨੇ ਦੀ ਉਮਰ ਪੂਰੀ ਹੋਣ ਤੱਕ ਬਿਲਕੁਲ ਨਹੀਂ ਪਿਆਉਣਾ ਚਾਹੀਦਾ। ਮਾਂ ਦੇ ਦੁੱਧ ਵਿਚਲੇ ਕੁਦਰਤੀ ਜਿਊਂਦੇ ਸੈੱਲ ਬੱਚੇ ਦੇ ਸਰੀਰ ਅੰਦਰ ਬੀਮਾਰੀ ਨਾਲ ਲੜਨ ਦੀ ਕੁਦਰਤੀ ਤਾਕਤ ਵਧਾ ਦਿੰਦੇ ਹਨ। ਇਹੀ ਸੈੱਲ ਇਮਿਊਨ ਸਿਸਟਮ ਏਨਾ ਤਕੜਾ ਕਰ ਦਿੰਦੇ ਹਨ ਕਿ ਬੱਚਿਆਂ ਨੂੰ ਕੋਵਿਡ ਬੀਮਾਰੀ ਹੁੰਦੀ ਹੀ ਨਹੀਂ।

ਇਸ ਸਾਰੀ ਖੋਜ ਵਿੱਚੋਂ ਕੁੱਝ ਗੱਲਾਂ ਸਪਸ਼ਟ ਹੋ ਜਾਂਦੀਆਂ ਹਨ :-

  1. ਕੁਦਰਤੀ ਤੌਰ ਉੱਤੇ ਬੱਚਿਆਂ ਵਿੱਚ ਮਾਂ ਵੱਲੋਂ ਬੀਮਾਰੀ ਨਾਲ ਲੜਨ ਦੀ ਤਾਕਤ ਪਹੁੰਚ ਜਾਂਦੀ ਹੈ।
  2. ਕੁਦਰਤ ਦਾ ਸੁਨੇਹਾ ਹੈ ਕਿ ਜੇ ਮੇਰੇ ਨਾਲ ਬਹੁਤੀ ਛੇੜਛਾੜ ਨਹੀਂ ਕਰੋਗੇ ਤਾਂ ਮੈਂ ਵੀ ਤੁਹਾਨੂੰ ਆਪਣੇ ਬੱਚਿਆਂ ਵਾਂਗ ਪਾਲਾਂਗੀ ਪੋਸਾਂਗੀ।
  3. ਨਵਜੰਮੇ ਬੱਚਿਆਂ ਨੂੰ ਕੀ ਬੀਮਾਰੀਆਂ ਤੋਂ ਬਚਣ ਵਾਲੇ ਟੀਕੇ ਜੰਮਦੇ ਸਾਰ ਲਾਉਣ ਦੀ ਲੋੜ ਹੈ ਜਾਂ ਕੁੱਝ ਠਹਿਰ ਕੇ ਲਾਉਣੇ ਚਾਹੀਦੇ ਹਨ?
  4. ਸੰਤੁਲਿਤ ਖ਼ੁਰਾਕ ਸਰੀਰ ਨੂੰ ਤੰਦਰੁਸਤ ਰੱਖਦੀ ਹੈ। ਬੱਚਿਆਂ ਨੂੰ ਤਲੀਆਂ ਚੀਜ਼ਾਂ ਤੇ ਬਜ਼ਾਰੀ ਚੀਜ਼ਾਂ ਖਾਣ ਤੋਂ ਰੋਕਣਾ ਚਾਹੀਦਾ ਹੈ।

ਕੋਰੋਨਾ ਸੰਬੰਧੀ ਕੁੱਝ ਸ਼ੰਕੇ

0

ਕੋਰੋਨਾ ਸੰਬੰਧੀ ਕੁੱਝ ਸ਼ੰਕੇ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਕੋਰੋਨਾ ਨੇ ਸਾਰੀ ਦੁਨੀਆ ਨੂੰ ਆਪਣੇ ਸ਼ਿਕੰਜੇ ਵਿਚ ਕਸ ਲਿਆ ਹੋਇਆ ਹੈ। ਇਸ ਬਾਰੇ ਵੱਖੋ-ਵੱਖ ਅਦਾਰੇ ਆਪੋ ਆਪਣੇ ਸ਼ੰਕੇ ਉਜਾਗਰ ਕਰ ਕੇ ਵੱਖੋ-ਵੱਖ ਖੋਜੀਆਂ ਦੇ ਆਧਾਰ ਉੱਤੇ ਜਵਾਬ ਦੇ ਰਹੇ ਹਨ ਜਿਸ ਨਾਲ ਆਮ ਲੋਕਾਂ ਵਿਚ ਭੰਬਲਭੂਸਾ ਪਿਆ ਹੋਇਆ ਹੈ। ਦਰਅਸਲ ਇਹ ਵਾਇਰਸ ਨਵੀਂ ਹੈ ਤੇ ਇਸ ਬਾਰੇ ਖੋਜਾਂ ਹਾਲੇ ਵੱਡੀ ਪੱਧਰ ’ਤੇ ਜਾਰੀ ਹਨ। ਇਸੇ ਲਈ ਹਰ ਰੋਜ਼ ਨਵੀਂ ਗੱਲ ਸਾਹਮਣੇ ਆ ਰਹੀ ਹੈ। ਕੁੱਝ ਪਿੱਛਲੀਆਂ ਖੋਜਾਂ ਬਾਰੇ ਕਿੰਤੂ-ਪਰੰਤੂ ਹੋ ਜਾਂਦਾ ਹੈ ਤੇ ਕੁੱਝ ਖੋਜਾਂ ਨੂੰ ਉੱਕਾ ਹੀ ਰੱਦ ਕਰ ਦਿੱਤਾ ਜਾਂਦਾ ਹੈ।

ਮਜ਼ੇਦਾਰ ਗੱਲ ਇਹ ਹੈ ਕਿ ਬਹੁਤੀਆਂ ਖੋਜਾਂ ਉੱਤੇ ਕਿੰਤੂ-ਪਰੰਤੂ ਕਰਨ ਵਾਲੇ ਜਾਂ ਤਾਂ ਗਿਣੇ ਚੁਣੇ ਮੀਡੀਆ ਦੇ ਕੁੱਝ ਲੋਕ ਹਨ ਜਾਂ ਉਹ ਲੋਕ ਹਨ, ਜੋ ਵਿਗਿਆਨ ਦੇ ਨੇੜੇ-ਤੇੜੇ ਵੀ ਨਹੀਂ ਹਨ।

ਅਜਿਹੇ ਲੋਕ ਅੱਜ ਤੋਂ ਨਹੀਂ, ਸਦੀਆਂ ਤੋਂ ਇਸੇ ਤਰ੍ਹਾਂ ਕਰਦੇ ਆਏ ਹਨ। ਉਨ੍ਹਾਂ ਦਾ ਕੰਮ ਹੀ ਸਿਰਫ਼ ਵਿਰੋਧ ਕਰਨਾ ਹੁੰਦਾ ਹੈ ਕਿਉਂਕਿ ਹੋਰ ਕੁੱਝ ਉਨ੍ਹਾਂ ਦੇ ਪੱਲੇ ਹੀ ਨਹੀਂ ਹੁੰਦਾ। ਅਗਿਆਨਤਾ ਨੇ ਹਮੇਸ਼ਾ ਤੋਂ ਹੀ ਵਿਗਿਆਨੀਆਂ ਤੇ ਖੋਜੀਆਂ ਦੇ ਪੈਰੀਂ ਬੇੜੀਆਂ ਪਾਈਆਂ ਹਨ। ਇਤਿਹਾਸ ਵਿੱਚ ਝਾਤ ਮਾਰੀਏ ਤਾਂ ਅਜਿਹੀਆਂ ਕਈ ਉਦਾਹਰਨਾਂ ਮਿਲ ਜਾਣਗੀਆਂ।

ਗੈਲੀਲੀਓ ਨੇ ਜਦੋਂ ਸਭਨਾਂ ਦੀ ਸੋਚ ਦੇ ਉਲਟ ਇਹ ਕਿਹਾ ਕਿ ਧਰਤੀ ਖਲੋਤੀ ਨਹੀਂ ਹੋਈ ਬਲਕਿ ਸੂਰਜ ਦੇ ਦੁਆਲੇ ਘੁੰਮਦੀ ਪਈ ਹੈ ਤਾਂ ਇਸ ਨੂੰ ਬਾਈਬਲ ਦੇ ਉਲ਼ਟ ਮੰਨਦਿਆਂ ਉਸ ਨੂੰ ਸਜ਼ਾ ਦੇ ਤੌਰ ’ਤੇ ਹਮੇਸ਼ਾ ਲਈ ਘਰ ਅੰਦਰ ਨਜ਼ਰਬੰਦ ਕਰ ਦਿੱਤਾ ਗਿਆ।

ਬਿਲਕੁਲ ਇੰਜ ਹੀ ਹਰ ਨਵੀਂ ਖੋਜ ਉੱਤੇ ਅੱਜ ਤੱਕ ਵੀ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਮੌਜੂਦਾ ਕੋਰੋਨਾ ਵਾਇਰਸ ਏਨਾ ਮਹੀਨ ਕੀਟਾਣੂ ਹੈ ਜਿਸ ਬਾਰੇ ਹਾਲੇ ਤੱਕ ਪੂਰੀ ਜਾਣਕਾਰੀ ਹਾਸਲ ਹੀ ਨਹੀਂ ਹੋ ਸਕੀ। ਜਿੰਨਾ ਕੁੱਝ ਅੱਜ ਦੇ ਦਿਨ ਤੱਕ ਖੋਜਾਂ ਰਾਹੀਂ ਸਾਹਮਣੇ ਆਇਆ ਹੈ, ਉਨ੍ਹਾਂ ਨੂੰ ਸਾਂਝਾ ਕਰਨ ਲੱਗੀ ਹਾਂ। ਇਹ ਵੀ ਕੋਈ ਪਤਾ ਨਹੀਂ ਕਿ ਕੱਲ੍ਹ ਨੂੰ ਨਵੀਂ ਖੋਜ ਰਾਹੀਂ ਇਹ ਸਾਰੇ ਤੱਥ ਗਲਤ ਸਾਬਤ ਹੋ ਜਾਣ ਜਾਂ ਵਾਇਰਸ ਹੀ ਵੱਖ ਰੂਪ ਇਖ਼ਤਿਆਰ ਕਰ ਕੇ ਹੋਰ ਰੂਪ ਵਿਚ ਸਾਹਮਣੇ ਆ ਜਾਏ !

ਸਵਾਲ 1.    ਕੀ ਇਹ ਵਾਇਰਸ ਨਵੀਂ ਹੈ ?

ਜਵਾਬ : ਨਹੀਂ, ਕੋਰੋਨਾ ਵਾਇਰਸ ਕੀਟਾਣੂ ਲਗਭਗ 400 ਕਿਸਮਾਂ ਦੇ ਹਨ। ਕੋਵਿਡ 19 ਬੀਮਾਰੀ ਕਰਨ ਵਾਲਾ ਕੋਰੋਨਾ ਵਾਇਰਸ ਪਹਿਲਾਂ ਦੀ ਸਾਰਸ ਬੀਮਾਰੀ ਕਰਨ ਵਾਲੇ ਕੀਟਾਣੂ ਨਾਲ ਕਾਫ਼ੀ ਮਿਲਦਾ ਜੁਲਦਾ ਹੈ। ਇਸੇ ਲਈ ਇਸ ਨੂੰ ‘‘ਸਾਰਸ ਕੋਵ-2’’ ਨਾਂ ਦੇ ਦਿੱਤਾ ਗਿਆ ਹੈ।

ਸਵਾਲ 2.    ਪਹਿਲੀ ਵਾਰ ਇਹ ਵਾਇਰਸ ਕਿੱਥੋਂ ਲੱਭੀ ?

ਜਵਾਬ : ਵੂਹਾਨ (ਚੀਨ) ਵਿਚ ਦਸੰਬਰ 2019 ਵਿਚ ਪਹਿਲਾ ਕੇਸ ਲੱਭਿਆ ਤੇ ਇਸ ਬੀਮਾਰੀ ਦਾ ਨਾਂ ‘ਕੋਵਿਡ 19’ ਦੇ ਦਿੱਤਾ ਗਿਆ।

ਸਵਾਲ 3.    ਇਸ ਵਾਇਰਸ ਦਾ ਜਾਨਵਰਾਂ ਨਾਲ ਕੀ ਸੰਬੰਧ ਹੈ ?

ਜਵਾਬ :‘ਸਾਰਸ ਵਾਇਰਸ’ ਸਿਵਟ ਬਿੱਲੀਆਂ ਤੋਂ ਬੰਦਿਆਂ ਵਿੱਚ ਆਇਆ ਹੈ। ‘ਮਰਸ ਵਾਇਰਸ’ ਊਠਾਂ ਵਿੱਚੋਂ ਬੰਦਿਆਂ ਵਿੱਚ ਆਇਆ। ਇਹ ਦੋਨੋਂ ਕਿਸਮਾਂ ਕੋਰੋਨਾ ਦੀਆਂ ਹਨ। ਕੋਵਿਡ 19 ਬਾਰੇ ਕਿਆਸ ਲਾਇਆ ਜਾ ਰਿਹਾ ਹੈ ਕਿ ਇਹ ਚਮਗਿੱਦੜ ਤੋਂ ਇਨਸਾਨ ਵਿੱਚ ਵੜਿਆ ਤੇ ਅੱਗੋਂ ਹੁਣ ਤੱਕ ਕੁੱਝ ਪਾਲਤੂ (ਕੁੱਤੇ, ਬਿੱਲੀਆਂ) ਤੇ ਕੁੱਝ ਚਿੜੀਆਘਰ ਦੇ (ਬਾਂਦਰ, ਸ਼ੇਰ) ਜਾਨਵਰ੍ਹਾਂ ਵਿੱਚ ਲੱਭਿਆ ਜਾ ਚੁੱਕਿਆ ਹੈ। ਇਨ੍ਹਾਂ ਜਾਨਵਰਾਂ ਤੋਂ ਅੱਗੋਂ ਕਿਸੇ ਬੰਦੇ ਵਿੱਚ ਜਾਣ ਦੀਆਂ ਖੋਜਾਂ ਹਾਲੇ ਤੱਕ ਸ਼ੁਰੂ ਨਹੀਂ ਹੋਈਆਂ। ਚਿੜੀਆ ਘਰਾਂ ਵੱਲੋਂ ਪੰਛੀਆਂ ਵਿਚ ਵੀ ਇਸ ਵਾਇਰਸ ਦੇ ਲੱਛਣ ਲੱਭਣ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ।

ਸਵਾਲ 4.    ਕੀ ਹੁਣ ਦੇ ਮਾਹੌਲ ਵਿਚ ਕੱਚਾ ਦੁੱਧ ਪੀਤਾ ਜਾ ਸਕਦਾ ਹੈ ?

ਜਵਾਬ : ਕੱਚਾ ਦੁੱਧ ਪੀਣ ਨਾਲ ਕਈ ਕਿਸਮਾਂ ਦੇ ਵਾਇਰਸ ਤੇ ਬੈਕਟੀਰੀਆ ਕੀਟਾਣੂ ਹਮਲਾ ਬੋਲ ਸਕਦੇ ਹਨ ਜਿਨ੍ਹਾਂ ਵਿਚ ਅੰਤੜੀਆਂ ਦੀ ਟੀ. ਬੀ. ਵੀ ਸ਼ਾਮਲ ਹੈ। ਇਸੇ ਲਈ ਦੁੱਧ ਹਮੇਸ਼ਾ ਉਬਾਲ ਕੇ ਹੀ ਪੀਣਾ ਚਾਹੀਦਾ ਹੈ।

ਸਵਾਲ 5.    ਕੋਰੋਨਾ ਕਿੰਨੀ ਦੇਰ ਤੱਕ ਆਲੇ ਦੁਆਲੇ ਦੀਆਂ ਚੀਜ਼ਾਂ ਉੱਤੇ ਜ਼ਿੰਦਾ ਰਹਿੰਦਾ ਹੈ ?

ਜਵਾਬ : ਵੱਖੋ-ਵੱਖ ਤਾਪਮਾਨ ਤੇ ਨਮੀ ਦੇ ਹਿਸਾਬ ਨਾਲ ਕੁੱਝ ਘੰਟਿਆਂ ਤੋਂ ਕਈ ਦਿਨਾਂ ਤੱਕ ਕੋਰੋਨਾ ਜ਼ਿੰਦਾ ਰਹਿ ਸਕਦਾ ਹੈ। ਜਦੋਂ ਤਾਪਮਾਨ 53 ਡਿਗਰੀ ਫਾਰਨਹੀਟ ਤੱਕ ਪਹੁੰਚ ਜਾਵੇ ਤਾਂ ਇਹ ਵਾਇਰਸ ਮਰ ਜਾਂਦਾ ਹੈ। ਪਲਾਸਟਿਕ ਤੇ ਸਟੀਲ ਉੱਤੇ 4 ਦਿਨ ਤੱਕ ਟਿਕਿਆ ਰਹਿ ਸਕਦਾ ਹੈ। ਇਸੇ ਲਈ ਇਨ੍ਹਾਂ ਥਾਵਾਂ ਨੂੰ ਸਾਫ਼ ਕਰਨ ਲਈ ਸਾਬਣ ਜਾਂ ਡਿਟੋਲ ਜਾਂ ਸਪਿਰਿਟ ਵਰਤੀ ਜਾ ਸਕਦੀ ਹੈ।

ਸਵਾਲ 6.    ਕੀ ਪਾਰਸਲ ਜਾਂ ਚਿੱਠੀਆਂ ਰਾਹੀਂ ਇਹ ਫੈਲਦਾ ਹੈ ?

ਜਵਾਬ : ਬਾਹਰਲੇ ਗੱਤੇ ਜਾਂ ਕਾਗਜ਼ ਨੂੰ ਘਰੋਂ ਬਾਹਰ ਹੀ ਖੋਲ੍ਹ ਕੇ ਸਮਾਨ ਜਾਂ ਚਿੱਠੀ ਘਰ ਅੰਦਰ ਲਿਆਣੀ ਚਾਹੀਦੀ ਹੈ। ਹਾਲੇ ਤੱਕ ਦੀ ਖੋਜ ਦਰਸਾਉਂਦੀ ਹੈ ਕਿ ਇਨ੍ਹਾਂ ਰਾਹੀਂ ਵਾਇਰਸ ਫੈਲਣ ਦਾ ਖ਼ਤਰਾ ਘੱਟ ਹੈ।

ਸਵਾਲ 7. ਕੀ ਨੋਟਾਂ ਤੇ ਸਿੱਕਿਆਂ ਰਾਹੀਂ ਕੋਰੋਨਾ ਫੈਲਦਾ ਹੈ ?

ਜਵਾਬ : ਨੋਟਾਂ ਤੇ ਸਿੱਕਿਆਂ ਰਾਹੀਂ ਬੀਮਾਰੀ ਫੈਲਣ ਦੀ ਸ਼ੰਕਾ ਵਿਸ਼ਵ ਪੱਧਰ ਉੱਤੇ ਜਤਾਈ ਜਾ ਰਹੀ ਹੈ। ਕਨੇਡਾ, ਆਸਟ੍ਰੇਲੀਆ ਤੇ ਯੂ. ਕੇ. ਵਿਚ ਪਲਾਸਟਿਕ ਦੇ ਨੋਟਾਂ ਨੂੰ ਵਰਤਣ ਦੀ ਸਲਾਹ ਦਿੱਤੀ ਗਈ ਹੈ। ਜਦ ਤੱਕ ਖੋਜਾਂ ਸਪਸ਼ਟ ਨਹੀਂ ਕਰਦੀਆਂ, ਧਿਆਨ ਰੱਖਣ ਦੀ ਲੋੜ ਹੈ ਤੇ ਇਹਤਿਆਤ ਵਜੋਂ ਸਿੱਲ੍ਹੇ ਨੋਟ ਕੁੱਝ ਘੰਟੇ ਧੁੱਪੇ ਰੱਖੇ ਜਾ ਸਕਦੇ ਹਨ। ਸਿੱਕੇ ਸਪਿਰਿਟ ਵਾਲੇ ਹੱਥਾਂ ਨਾਲ ਸੌਖਿਆਂ ਸਾਫ਼ ਕੀਤੇ ਜਾ ਸਕਦੇ ਹਨ।

ਸਵਾਲ 8.    ਗਰਭਵਤੀ ਔਰਤਾਂ ਨੂੰ ਕਿੰਨਾ ਖ਼ਤਰਾ ਹੈ  ?

ਜਵਾਬ : ਹਾਲੇ ਤੱਕ ਦੀਆਂ ਖੋਜਾਂ ਵਿੱਚ ਗਰਭਵਤੀ ਔਰਤਾਂ ਨੂੰ ਵੱਧ ਖ਼ਤਰਾ ਨਹੀਂ ਲੱਭਿਆ। ਭਰੂਣ ਤੱਕ ਕੋਰੋਨਾ ਦੇ ਪਹੁੰਚਣ ਬਾਰੇ ਵੀ ਹਾਲੇ ਤੱਕ ਕਿਸੇ ਖੋਜੀ ਨੇ ਨਹੀਂ ਦੱਸਿਆ। ਬਾਕੀਆਂ ਵਾਂਗ ਗਰਭਵਤੀ ਔਰਤਾਂ ਨੂੰ ਵੀ ਪਰਹੇਜ਼ ਤੇ ਸਫ਼ਾਈ ਰੱਖਣ ਦੀ ਲੋੜ ਹੈ ?

ਸਵਾਲ 9.    ਕੀ ਨਵਜੰਮੇ ਬੱਚੇ ਨੂੰ ਕੋਰੋਨਾ ਪੀੜਤ ਮਾਂ ਦੁੱਧ ਪਿਆ ਸਕਦੀ ਹੈ ?

ਜਵਾਬ : ਜੀ ਹਾਂ।

ਸਵਾਲ 10.  ਫਲੂ ਤੇ ਕੋਵਿਡ 19 ਵਿਚ ਕੀ ਫ਼ਰਕ ਹੈ ?

ਜਵਾਬ : ਇਨ੍ਹਾਂ ਦੇ ਲੱਛਣ ਲਗਭਗ ਇੱਕੋ ਜਿਹੇ ਹੁੰਦੇ ਹਨ ਪਰ ਫਲੂ ਬੱਚਿਆਂ ਵਿਚ ਵੱਧ ਹੁੰਦਾ ਹੈ। ਇੱਕ ਤੋਂ ਦੂਜੇ ਵੱਲ ਜਾਣ ਦਾ ਖ਼ਤਰਾ ਕੋਵਿਡ 19 ਵਿਚ ਵੱਧ ਹੈ। ਫਲੂ ਦਾ ਖ਼ਤਰਾ ਗਰਭਵਤੀ ਔਰਤਾਂ ਤੇ ਬਜ਼ੁਰਗਾਂ ਵਿਚ ਵੀ ਵੱਧ ਹੁੰਦਾ ਹੈ। ਕੋਵਿਡ 19 ਬਜ਼ੁਰਗਾਂ ਤੇ ਬੀਮਾਰਾਂ ਉੱਤੇ ਵੱਧ ਹੱਲਾ ਬੋਲਦਾ ਹੈ, ਖ਼ਾਸ ਕਰ ਸ਼ੱਕਰ ਰੋਗੀਆਂ ਅਤੇ ਬਲੱਡ ਪ੍ਰੈੱਸ਼ਰ ਦੇ ਰੋਗੀਆਂ ਉੱਤੇ।

ਸਵਾਲ 11.  ਕੋਵਿਡ ਤੋਂ ਮੌਤ ਦਾ ਖ਼ਤਰਾ ਕਿੰਨਾ ਹੈ ?

ਜਵਾਬ : ਹਾਲੇ ਤੱਕ ਦੇ ਡਾਟੇ ਅਨੁਸਾਰ ਤਿੰਨ ਤੋਂ ਚਾਰ ਪ੍ਰਤੀਸ਼ਤ ਹੈ। ਫਲੂ ਤੋਂ ਹੋਈਆਂ ਮੌਤਾਂ ਦੀ ਦਰ ਸਿਰਫ਼ 0.1 ਪ੍ਰਤੀਸ਼ਤ ਹੈ।

ਸਵਾਲ 12. ਕੀ ਕੋਵਿਡ 19 ਬੀਮਾਰੀ ਦੇ ਹੁੰਦਿਆਂ ਵੀ ਟੈਸਟ ਨੈਗੇਟਿਵ ਆ ਸਕਦਾ ਹੈ ?

ਜਵਾਬ : ਪੀ. ਸੀ.ਆਰ. ਟੈਸਟ 30 ਫੀਸਦੀ ਕੇਸਾਂ ਵਿਚ ਨੈਗੇਟਿਵ ਆ ਸਕਦੇ ਹਨ।

ਸਵਾਲ 13.  ਕੀ ਮਾਸਕ ਪਾਉਣਾ ਹਰ ਕਿਸੇ ਲਈ ਜ਼ਰੂਰੀ ਹੈ ?

ਜਵਾਬ : ਕਮਿਊਨਿਟੀ ਰਾਹੀਂ ਫੈਲਾਓ ਤੋਂ ਬਚਣ ਲਈ ਘਰੋਂ ਬਾਹਰ ਨਿਕਲਣ ਵੇਲੇ ਹਰ ਕਿਸੇ ਨੂੰ ਮਾਸਕ ਪਾ ਲੈਣਾ ਚਾਹੀਦਾ ਹੈ।

ਸਵਾਲ 14. ਕਿਸ ਕਿਸਮ ਦਾ ਮਾਸਕ ਬਿਹਤਰ ਹੈ ?

ਜਵਾਬ : ਆਮ ਬੰਦਿਆਂ ਲਈ ਕੱਪੜੇ ਦਾ ਮਾਸਕ ਵੀ ਅਸਰਦਾਰ ਹੈ। ਇਸ ਮਾਸਕ ਨੂੰ ਰੋਜ਼ ਸਾਬਣ ਨਾਲ ਧੋਣਾ ਚਾਹੀਦਾ ਹੈ।

ਸਵਾਲ 15. ਕੀ ਇਹ ਹਵਾ ਰਾਹੀਂ ਫੈਲਦਾ ਹੈ ?

ਜਵਾਬ : ਕਿਸੇ ਕੋਵਿਡ 19 ਦੀ ਬੀਮਾਰੀ ਨਾਲ ਪੀੜਤ ਮਰੀਜ਼ ਦੀ ਨਿੱਛ ਜਾਂ ਖੰਘ ਨਾਲ ਇੱਕ ਮੀਟਰ ਦੂਰ ਤੱਕ ਖੜ੍ਹੇ ਲੋਕਾਂ ਨੂੰ ਇਸ ਬੀਮਾਰੀ ਦੇ ਹੋਣ ਦਾ ਖ਼ਤਰਾ ਹੈ। ਇਸ ਤੋਂ ਅੱਗੇ ਦੀਆਂ ਖੋਜਾਂ ਕਿ ਇਹ ਕਿੰਨੀ ਦੇਰ ਹਵਾ ਵਿਚ ਟਿਕਿਆ ਰਹਿ ਸਕਦਾ ਹੈ, ਹਾਲੇ ਜਾਰੀ ਹਨ। ਹੁਣ ਤੱਕ ਇਹੀ ਕਿਹਾ ਜਾ ਰਿਹਾ ਹੈ ਕਿ ਨਿੱਛ ਮਾਰਨ ਬਾਅਦ ਆਲੇ-ਦੁਆਲੇ ਜਾਂ ਸਾਹਮਣੇ ਖੜ੍ਹੇ ਬੰਦੇ ਦੇ ਕੱਪੜਿਆਂ, ਮੂੰਹ, ਹੱਥਾਂ, ਰੇਲਿੰਗ, ਕੰਧਾਂ ਰਾਹੀਂ ਇਹ ਦੂਜੇ ਨੂੰ ਜਕੜ ਲੈਂਦਾ ਹੈ।

ਸਵਾਲ 16. ਕੀ ਹਰ ਕੋਰੋਨਾ ਪੀੜਤ ਬੰਦੇ ਨੂੰ ਬੀਮਾਰੀ ਦੇ ਲੱਛਣ ਹੁੰਦੇ ਹਨ ?

ਜਵਾਬ : 80 ਫੀਸਦੀ ਵਿਚ ਲਗਭਗ ਨਾ ਬਰਾਬਰ ਲੱਛਣ ਹੁੰਦੇ ਹਨ। ਚੀਨ ਵਿਚ ਵੀ ਹਰ ਚਾਰਾਂ ਵਿੱਚੋਂ ਇੱਕ ਨੂੰ ਕੋਈ ਵੀ ਲੱਛਣ ਨਾ ਲੱਭੇ ਜਾਣ ਸਦਕਾ ਹੀ ਇਹ ਬੀਮਾਰੀ ਮਹਾਂਮਾਰੀ ਵਾਂਗ ਫੈਲੀ। ਇਹ ਲੋਕ, ਜਿਨ੍ਹਾਂ ਨੂੰ ਕੋਈ ਲੱਛਣ ਨਹੀਂ ਹਨ, ਅੱਗੋਂ ਬੀਮਾਰੀ ਫੈਲਾਉਣ ਦੇ ਸਮਰੱਥ ਹੁੰਦੇ ਹਨ। ਇਸੇ ਲਈ ਮਾਸਕ ਪਾ ਕੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਤੇ ਆਪਣੇ ਹੱਥ ਸਾਬਣ ਨਾਲ ਵਾਰ-ਵਾਰ ਧੋ ਕੇ ਸਾਫ਼ ਕਰਨੇ ਚਾਹੀਦੇ ਹਨ ਜਾਂ ਸੈਨੇਟਾਈਜ਼ ਕਰਨੇ ਚਾਹੀਦੇ ਹਨ।

ਸਵਾਲ 17.  ਕੋਵਿਡ 19 ਦੇ ਲੱਛਣ ਕੀ ਹਨ  ?

ਜਵਾਬ : ਤੇਜ਼ ਬੁਖਾਰ, ਸੁੱਕੀ ਖੰਘ, ਸਾਹ ਚੜ੍ਹਨਾ ਜਾਂ ਸਾਹ ਲੈਣ ਵਿਚ ਔਖਿਆਈ ਮਹਿਸੂਸ ਹੋਣੀ। ਕੁੱਝ ਮਰੀਜ਼ਾਂ ਨੂੰ ਸਰੀਰ ਟੁੱਟਦਾ ਮਹਿਸੂਸ ਹੋ ਸਕਦਾ ਹੈ, ਨੱਕ ਬੰਦ ਹੋਣਾ ਜਾਂ ਵੱਗਣਾ, ਟੱਟੀਆਂ ਲੱਗਣੀਆਂ, ਗਲੇ ਵਿਚ ਪੀੜ, ਆਦਿ ਵੀ ਹੋ ਸਕਦੇ ਹਨ।

ਸਵਾਲ 18. ਕੀ ਕੋਈ ਟੀਕਾ ਬਣਿਆ ਹੈ ?

ਜਵਾਬ : ਹਾਲੇ ਤੱਕ ਕੋਵਿਡ 19 ਲਈ ਕੋਈ ਵੀ ਟੀਕਾ ਨਹੀਂ ਬਣਿਆ। ਖੋਜਾਂ ਜਾਰੀ ਹਨ।

ਸਵਾਲ 19.  ਕੀ ਅਖਬਾਰਾਂ ਰਾਹੀਂ ਕੋਰੋਨਾ ਫੈਲ ਸਕਦਾ ਹੈ ?

ਜਵਾਬ : ਸਿਰਫ਼ ਇੱਕ ਖੋਜ ਨੇ ਸਪਸ਼ਟ ਕੀਤਾ ਸੀ ਕਿ ਕੋਰੋਨਾ ਜੇ ਅਖ਼ਬਾਰੀ ਕਾਗਜ਼ ਉੱਤੇ ਲੱਗ ਜਾਵੇ ਤਾਂ 4 ਜਾਂ 5 ਦਿਨ ਤੱਕ ਉੱਥੇ ਟਿਕਿਆ ਰਹਿ ਸਕਦਾ ਹੈ।

ਵਿਸ਼ਵ ਸਿਹਤ ਸੰਸਥਾ ਨੇ ਵੀ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਬੈਂਕ ਦੇ ਨੋਟਾਂ ਤੇ ਅਖ਼ਬਾਰੀ ਕਾਗਜ਼ਾਂ ਰਾਹੀਂ ਕੋਰੋਨਾ ਵਾਇਰਸ ਦੇ ਫੈਲਣ ਦਾ ਖ਼ਤਰਾ ਹੋ ਸਕਦਾ ਹੈ। ਇਸ ਬਾਰੇ ਹਾਲੇ ਤੱਕ ਸਪਸ਼ਟ ਖੋਜ ਸਾਹਮਣੇ ਨਹੀਂ ਆਈ। ਇਸੇ ਲਈ ਸਿਰਫ਼ ਧਿਆਨ ਰੱਖਣ ਦੀ ਲੋੜ ਹੈ। ਅਖ਼ਬਾਰਾਂ ਬਿਸਤਰਿਆਂ ਵਿਚ ਨਾ ਰੱਖੀਆਂ ਜਾਣ। ਇਹਤਿਆਤ ਵਜੋਂ ਪੜ੍ਹਨ ਬਾਅਦ ਹੱਥ ਅਤੇ ਮੇਜ਼ ਸਾਫ਼ ਕਰ ਲੈਣੇ ਚਾਹੀਦੇ ਹਨ।

ਸਵਾਲ 20.  ਕੀ ਹਾਈਡਰੌਕਸੀ ਕਲੋਰੋਕਵਿਨ ਦਵਾਈ ਕੋਰੋਨਾ ਲਈ ਅਸਰਦਾਰ ਹੈ ?

ਜਵਾਬ : ਹਾਲੇ ਕੋਵਿਡ 19 ਬੀਮਾਰੀ ਬਾਰੇ ਪੂਰੀ ਸਮਝ ਹੀ ਨਹੀਂ ਪੈ ਸਕੀ। ਇਸੇ ਲਈ ਵੱਖੋ-ਵੱਖ ਮੁਲਕਾਂ ਵਿਚ ਇਸ ਦੇ ਇਲਾਜ ਲਈ ਵੱਖੋ-ਵੱਖ ਦਵਾਈਆਂ ਦਾ ਤਜਰਬਾ ਕੀਤਾ ਜਾ ਰਿਹਾ ਹੈ।

ਹਾਈਡਰੌਕਸੀ ਕਲੋਰੋਕਵਿਨ ਦਵਾਈ ਬਿਨਾਂ ਲੋੜ ਦੇ ਨਹੀਂ ਖਾਣੀ ਚਾਹੀਦੀ। ਇਹ ਦਵਾਈ ਕਈ ਤਰ੍ਹਾਂ ਦੀਆਂ ਜੋੜਾਂ ਦੀਆਂ ਬੀਮਾਰੀਆਂ ਤੇ ਮਲੇਰੀਆ ਲਈ ਵਰਤੀ ਜਾਂਦੀ ਹੈ। ਇਸ ਦੇ ਮਾੜੇ ਅਸਰ ਨਜ਼ਰ ਅਤੇ ਦਿਲ ਉੱਤੇ ਪੈਂਦੇ ਹਨ। ਇਸ ਦੇ ਖਾਣ ਨਾਲ ਇਸ ਬੀਮਾਰੀ ਤੋਂ ਬਚਾਓ ਵਾਸਤੇ ਹਾਲੇ ਤੱਕ ਆਮ ਜਨਤਾ ਨੂੰ ਕੋਈ ਫ਼ਾਇਦਾ ਹੋਇਆ ਨਹੀਂ ਲੱਭਿਆ। ਸਿਰਫ਼ ਡਾਕਟਰੀ ਦੇਖ-ਰੇਖ ਹੇਠਾਂ, ਬੀਮਾਰੀ ਦੇ ਲੱਛਣ ਦਿਸਣ ਤੋਂ ਬਾਅਦ ਹੀ ਇਸ ਦੀ ਵਰਤੋਂ ਲੋੜ ਅਨੁਸਾਰ ਕੀਤੀ ਜਾ ਸਕਦੀ ਹੈ।

ਸਵਾਲ 21. ਕੀ ਕੋਈ ਦੇਸੀ ਦਵਾਈ ਬਚਾਓ ਲਈ ਖਾਧੀ ਜਾ ਸਕਦੀ ਹੈ ?

ਜਵਾਬ : ਹਾਲੇ ਤੱਕ ਦੀਆਂ ਵਿਸ਼ਵ ਪੱਧਰੀ ਖੋਜਾਂ ਵਿੱਚ ਕੋਈ ਦੇਸੀ ਜਾਂ ਅੰਗਰੇਜ਼ੀ ਦਵਾਈ ਅਸਰਦਾਰ ਸਾਬਤ ਨਹੀਂ ਹੋਈ। ਸਿਰਫ਼ ਪਰਹੇਜ਼ ਅਤੇ ਸਾਫ਼ ਸਫਾਈ ਰੱਖਣ ਬਾਅਦ ਆਪਣੇ ਆਪ ਨੂੰ ਭੀੜ ਤੋਂ ਪਰ੍ਹਾਂ ਰੱਖ ਕੇ ਹੀ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ !

ਕੋਵਿਡ 19 ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ ?

0

ਕੋਵਿਡ 19 ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-ਫੋਨ ਨੰ: 0175-2216783

ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿਚ ਸੰਨ 1989 ਵਿਚ ਛਪਿਆ ਸੀ ਕਿ ਸਾਇੰਸ ਕਿੰਨੀ ਵੀ ਤਰੱਕੀ ਕਰ ਲਵੇ ਪਰ ਟੈਸਟ ਕਰਨ ਵਿਚ ਕੁੱਝ ਨਾ ਕੁੱਝ ਕੁਤਾਹੀ ਤਾਂ ਹੁੰਦੀ ਹੀ ਰਹੇਗੀ।

ਫਿਰ ਸੰਨ 2009 ਵਿਚ ਬਰਿਟਿਸ਼ ਨੈਸ਼ਨਲ ਹੈਲਥ ਸਿਸਟਮ ਨੇ ਸਰਵੇਖਣ ਕਰ ਕੇ ਦੱਸਿਆ ਕਿ 15 ਫੀਸਦੀ ਮਰੀਜ਼ਾਂ ਦੇ ਟੈਸਟਾਂ ਦੀਆਂ ਰਿਪੋਰਟਾਂ ਠੀਕ ਨਹੀਂ ਆ ਰਹੀਆਂ।

ਇਸ ਤੋਂ ਬਾਅਦ ਸੰਨ 2014 ਵਿਚ ਅਮਰੀਕਾ ਨੇ ਵੀ ਮੰਨਿਆ ਕਿ ਹਸਪਤਾਲਾਂ ਵਿਚ ਦਾਖਲ ਅਤੇ ਫੈਮਿਲੀ ਡਾਕਟਰ ਤੋਂ ਦਵਾਈ ਲੈਂਦੇ ਮਰੀਜ਼ਾਂ ਦੇ ਟੈਸਟਾਂ ਵਿੱਚੋਂ 12 ਮਿਲੀਅਨ ਦੀਆਂ ਰਿਪੋਰਟਾਂ ਗ਼ਲਤ ਸਨ। ਇਹ ਨੰਬਰ ਬਹੁਤ ਜ਼ਿਆਦਾ ਸੀ। ਸੋ ਹਲਚਲ ਮਚਣੀ ਹੀ ਸੀ।

ਟੈਸਟ ਕਰਨ ਵਾਲੀਆਂ ਕਿੱਟਾਂ, ਮਸ਼ੀਨਾਂ ਅਤੇ ਟੈਸਟ ਲੈਣ ਦੇ ਢੰਗ ਆਦਿ ਅਨੇਕ ਚੀਜ਼ਾਂ ਸਨ ਜਿਨ੍ਹਾਂ ਸਦਕਾ ਟੈਸਟਾਂ ਦੀਆਂ ਰਿਪੋਰਟਾਂ ਠੀਕ ਨਹੀਂ ਸਨ ਆ ਰਹੀਆਂ।

ਇਹੋ ਨੁਕਸ ਸੰਨ 2019 ਵਿਚ ਵੀ ਉਸੇ ਤਰ੍ਹਾਂ ਦਿਸ ਰਿਹਾ ਸੀ। ਹੁਣ ਦੁਨੀਆ ਭਰ ਦੀ ਕੋਰੋਨਾ ਮਹਾਂਮਾਰੀ ਦੌਰਾਨ ਬਹੁਤ ਸਾਰੇ ਟੈਸਟ ਜਲਦਬਾਜ਼ੀ ਵਿਚ ਤਿਆਰ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਕੁੱਝ ਵਾਇਰਸ ਦੀ ਬਣਤਰ ਦੀ ਫੋਟੋ ਕਾਪੀ ਤਿਆਰ ਕਰ ਕੇ ਉਸ ਨਾਲ ਮੇਚਣ ਵਾਲੇ ਹਨ। ਜਦੋਂ ਵਾਇਰਸ ਹਾਲੇ ਤੱਕ ਆਪਣੀ ਸ਼ਕਲ ਜਾਂ ਬਣਤਰ ਹੀ ਤਬਦੀਲ ਕਰ ਰਹੀ ਹੋਵੇ ਤਾਂ ਸਮਝ ਆ ਸਕਦੀ ਹੈ ਕਿ ਟੈਸਟ ਵੀ 100 ਫੀਸਦੀ ਸਹੀ ਨਹੀਂ ਹੋ ਸਕਦੇ।

ਇਸ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਅੱਗੇ ਦੱਸੀਆਂ ਚਾਰ ਕਿਸਮਾਂ ਬਾਰੇ ਜਾਣੀਏ:-

  1. ਅਸਲ ਪਾਜ਼ੀਟਿਵ :- ਜਿਹੜਾ ਕੋਵਿਡ-19 ਪੀੜਤ ਹੋਵੇ ਤੇ ਉਸ ਦਾ ਟੈਸਟ ਵੀ ਪਾਜ਼ੀਟਿਵ ਹੋਵੇ।
  2. ਨਕਲੀ ਪਾਜ਼ੀਟਿਵ :- ਜਿਸ ਨੂੰ ਕੋਵਿਡ-19 ਨਾ ਹੋਵੇ ਪਰ ਟੈਸਟ ਪਾਜ਼ੀਟਿਵ ਹੋਵੇ।
  3. ਨਕਲੀ ਨੈਗੇਟਿਵ :- ਜਿਸ ਨੂੰ ਕੋਵਿਡ-19 ਬੀਮਾਰੀ ਹੋਵੇ ਪਰ ਟੈਸਟ ਨੈਗੇਟਿਵ ਹੋਵੇ।
  4. ਅਸਲ ਨੈਗੇਟਿਵ :- ਜਿਸ ਨੂੰ ਕੋਵਿਡ ਬੀਮਾਰੀ ਨਾ ਹੋਵੇ ਤੇ ਟੈਸਟ ਵੀ ਨੈਗੇਟਿਵ ਹੋਵੇ।

ਇਨ੍ਹਾਂ ਚਾਰਾਂ ਨੂੰ ਆਧਾਰ ਬਣਾ ਕੇ ਕਿਸੇ ਵੀ ਟੈਸਟ ਕਿੱਟ ਨੂੰ ਚੰਗੀ ਜਾਂ ਮਾੜੀ ਕਿਹਾ ਜਾ ਸਕਦਾ ਹੈ ਪਰ ਹਾਲੇ ਤਕ ਅਜਿਹਾ ਕੋਈ ਜੰਤਰ ਨਹੀਂ ਜਿਸ ਰਾਹੀਂ ਟੈਸਟਾਂ ਵਿਚ 100 ਫੀਸਦੀ ਸਹੀ ਰਿਪੋਰਟ ਮਿਲ ਰਹੀ ਹੋਵੇ।

ਇਕੱਲਾ ਹੀਮੋਗਲੋਬਿਨ ਵੀ ਜੇ ਵੱਖੋ-ਵੱਖ ਲੈਬਾਰਟਰੀਆਂ ਵਿੱਚੋਂ ਟੈਸਟ ਕਰਵਾਇਆ ਜਾਵੇ ਤਾਂ ਇੱਕੋ ਰਿਪੋਰਟ ਨਹੀਂ ਆਉਂਦੀ। ਭਲਾ ਫੇਰ ਕੋਵਿਡ 19 ਦਾ ਟੈਸਟ ਸੌ ਫੀਸਦੀ ਸਹੀ ਕਿਵੇਂ ਆ ਸਕਦਾ ਹੈ।

ਉੱਪਰ ਦੱਸੀਆਂ ਚਾਰ ਕਿਸਮਾਂ ਵਿੱਚੋਂ ਪਹਿਲੀ ਤੇ ਤੀਜੀ ਕਿਸਮ; ਬੀਮਾਰੀ ਹੈ। ਇਸੇ ਲਈ ਇਨ੍ਹਾਂ ਮਰੀਜ਼ਾਂ ਦੇ ਟੈਸਟਾਂ ਨੂੰ ਆਧਾਰ ਬਣਾ ਕੇ ਕਿਸੇ ਟੈਸਟ ਦੀ ਗੁਣਵੱਤਾ ਮੰਨੀ ਜਾਂਦੀ ਹੈ ਕਿ ਟੈਸਟ ਕਿੰਨਿਆਂ ਵਿਚ ਸਹੀ ਬੀਮਾਰੀ ਲੱਭ ਸਕਣ ਦੇ ਸਮਰੱਥ ਹੈ।

ਦੂਜੀ ਤੇ ਚੌਥੀ ਕਿਸਮ; ਬੀਮਾਰੀ ਨਹੀਂ ਹੈ। ਇਨ੍ਹਾਂ ਦੇ ਆਧਾਰ ਉੱਤੇ ਕਿਸੇ ਟੈਸਟ ਬਾਰੇ ਪਤਾ ਲਾਇਆ ਜਾ ਸਕਦਾ ਹੈ ਕਿ ਇਹ ਕਿੰਨੇ ਬੀਮਾਰੀ ਤੋਂ ਬਗ਼ੈਰ ਵਾਲਿਆਂ ਨੂੰ ਅਸਲ ਵਿਚ ਬੀਮਾਰੀ ਰਹਿਤ ਦੱਸ ਸਕਦਾ ਹੈ।

ਦੁਨੀਆ ਦੇ ਵੱਖੋ-ਵੱਖਰੇ ਹਿੱਸਿਆਂ ਵਿਚ ਆਰ. ਟੀ. ਪੀ. ਸੀ. ਆਰ. ਟੈਸਟ, ਜੋ ਕੋਵਿਡ-19 ਬਾਰੇ ਦੱਸਦਾ ਹੈ, ਦੇ ਵੱਖੋ-ਵੱਖ ਨਤੀਜੇ ਸਾਹਮਣੇ ਆ ਰਹੇ ਹਨ। ਚੀਨ ਦੇ ਇੱਕ ਹਿੱਸੇ ਵਿਚ 51 ਕੋਵਿਡ ਦੇ ਮਰੀਜ਼ਾਂ ਵਿੱਚੋਂ 29 ਫੀਸਦੀ ਦੇ ਟੈਸਟ ਨੈਗੇਟਿਵ ਆਏ। ਅਮਰੀਕਾ ਵਿਚ ਪਹਿਲਾਂ 95 ਫੀਸਦੀ, ਫੇਰ 85 ਫੀਸਦੀ ਤੇ ਹੁਣ 75 ਫੀਸਦੀ ਵਿਚ ਬੀਮਾਰੀ ਦੇ ਹੁੰਦਿਆਂ ਟੈਸਟ ਨੈਗੇਟਿਵ ਆਏ ਹਨ।

ਇਸੇ ਲਈ ਦੋ ਵਾਰ ਟੈਸਟ ਕਰਨ ਨੂੰ ਕਿਹਾ ਗਿਆ ਹੈ। ਜੇ ਪਹਿਲੇ ਟੈਸਟ ਵਿਚ ਨੈਗੇਟਿਵ ਹੈ ਤੇ ਦੋ ਦਿਨ ਬਾਅਦ ਵੀ ਟੈਸਟ ਵਿਚ ਕੁੱਝ ਨਹੀਂ ਆਇਆ ਤਾਂ ਮੰਨ ਲਿਆ ਗਿਆ ਕਿ ਉਸ ਬੰਦੇ ਨੂੰ ਬੀਮਾਰੀ ਨਹੀਂ ਹੈ। ਇਨ੍ਹਾਂ ਵਿੱਚੋਂ ਵੀ ਅੱਗੋਂ ਇੱਕ ਫੀਸਦੀ ਨੂੰ ਬੀਮਾਰੀ ਹੋਈ ਲੱਭੀ ਹੈ।

ਇਸ ਦਾ ਮਤਲਬ ਸਪਸ਼ਟ ਹੈ ਕਿ ਜੇ ਦੁਨੀਆ ਭਰ ਵਿਚ ਦੋ ਕਰੋੜ ਲੋਕਾਂ ਦਾ ਟੈਸਟ ਕੀਤਾ ਗਿਆ ਹੈ ਤਾਂ ਉਸ ਵਿੱਚੋਂ ਦੋ ਲੱਖ ਲੋਕਾਂ ਦੇ ਟੈਸਟ ਦੀ ਰਿਪੋਰਟ ਗ਼ਲਤ ਹੈ।

ਹੁਣ ਹੋਰ ਕੋਈ ਚਾਰਾ ਨਾ ਵੇਖ ਕੇ ਇੱਕੋ ਰਾਹ ਰਹਿ ਜਾਂਦਾ ਹੈ ਕਿ ਭਾਵੇਂ ਟੈਸਟ ਨੈਗੇਟਿਵ ਵੀ ਹੋਵੇ ਤਾਂ ਵੀ ਜੇ ਸ਼ੱਕ ਹੋਵੇ ਤਾਂ 14 ਦਿਨ ਏਕਾਂਤਵਾਸ ਜ਼ਰੂਰੀ ਹੈ।

ਜਿਨ੍ਹਾਂ ਦੇ ਸਰੀਰ ਅੰਦਰ ਕੋਰੋਨਾ ਵੜ ਚੁੱਕਿਆ ਹੋਵੇ, ਉਨ੍ਹਾਂ ਬਾਰੇ ਬਾਕੀ ਵਾਇਰਲ ਕੀਟਾਣੂਆਂ ਵਾਂਗ ਇਹ ਸੋਚਿਆ ਗਿਆ ਸੀ ਕਿ ਹੁਣ ਇਨ੍ਹਾਂ ਦਾ ਸਰੀਰ ਇਸ ਬੀਮਾਰੀ ਨੂੰ ਝੱਲਣ ਦੇ ਸਮਰੱਥ ਹੋ ਚੁੱਕਿਆ ਹੈ, ਇਸੇ ਲਈ ਵਾਇਰਸ ਦੇ ਖ਼ਿਲਾਫ਼ ਤਿਆਰ ਹੋਏ ‘ਐਂਟੀਬਾਡੀ’ ਸੈੱਲਾਂ ਨੂੰ ਟੈਸਟ ਕੀਤਾ ਜਾ ਸਕਦਾ ਹੈ। ਕੋਵਿਡ-19 ਦਰਅਸਲ ਨਵੀਂ ਬੀਮਾਰੀ ਹੈ ਅਤੇ ਇਸ ਦੇ ਬਾਰੇ ਪੂਰੀ ਸਮਝ ਨਾ ਹੋਣ ਸਦਕਾ ਇਹ ਪੱਕਾ ਨਹੀਂ ਹੋ ਸਕਿਆ ਕਿ ‘ਐਂਟੀਬਾਡੀ’ ਸਰੀਰ ਅੰਦਰ ਤਿਆਰ ਹੋਏ ਹਨ ਜਾਂ ਨਹੀਂ। ਜਿੰਨੇ ਕੁ ਟੈਸਟ ਕੀਤੇ ਗਏ ਹਨ, ਉਨ੍ਹਾਂ ਬਾਰੇ ਕੁੱਝ ਮੁਲਕਾਂ ਵਿੱਚੋਂ ਇਹੋ ਪਤਾ ਲੱਗ ਸਕਿਆ ਹੈ ਕਿ ਆਰ. ਟੀ. ਪੀ. ਸੀ. ਆਰ. ਵਿੱਚੋਂ ਘੱਟ ਨਕਲੀ ਨੈਗੇਟਿਵ ਹਨ ਪਰ ਜ਼ਿਆਦਾ ਨਕਲੀ ਪਾਜ਼ੀਟਿਵ ਲੱਭ ਰਹੇ ਹਨ।

ਪੂਰਾ ਜ਼ੋਰ ਲਾਉਣ ਬਾਅਦ ਵੀ ਹਾਲੇ ਤੱਕ ਕਿਸੇ ਟੈਸਟ ਉੱਤੇ 100 ਫੀਸਦੀ ਨਿਰਭਰ ਨਹੀਂ ਹੋਇਆ ਜਾ ਸਕਦਾ। ਸੌਖੇ ਤਰੀਕੇ ਸਮਝਣ ਲਈ ਅੰਦਾਜ਼ਾ ਇਹ ਲਾਇਆ ਜਾ ਸਕਦਾ ਹੈ ਕਿ ਜੇ ਕਿਸੇ ਕਲੋਨੀ ਵਿਚ 20 ਫੀਸਦੀ ਨੂੰ ਬੀਮਾਰੀ ਹੈ, ਤਾਂ ਉਨ੍ਹਾਂ ਵਿੱਚੋਂ 80 ਫੀਸਦੀ ਦੇ ਟੈਸਟ ਪਾਜ਼ੀਟਿਵ ਆਉਣਗੇ ਤੇ ਅਸਲ ਨੈਗੇਟਿਵ 90 ਫੀਸਦੀ ਹੋਣਗੇ।

ਯਾਨੀ ਹਰ ਵੀਹ ਵਿੱਚੋਂ ਇੱਕ ਜਾਂ ਦੋ ਅਜਿਹੇ ਹੋਣਗੇ ਜਿਨ੍ਹਾਂ ਨੂੰ ਬੀਮਾਰੀ ਹੋਵੇਗੀ ਪਰ ਟੈਸਟ ਨੈਗੇਟਿਵ ਆਉਣਗੇ ਤੇ 33.3 ਫੀਸਦੀ ਨੂੰ ਬੀਮਾਰੀ ਨਾ ਹੋਣ ਉੱਤੇ ਵੀ ਨਕਲੀ ਪਾਜ਼ੀਟਿਵ ਕੱਢਿਆ ਜਾਵੇਗਾ। ਜਿਵੇਂ ਜਿਵੇਂ ਮਰੀਜ਼ ਵਧਣਗੇ, ਇਹ ਗਿਣਤੀ ਵੀ ਵਧਦੀ ਜਾਵੇਗੀ ਤੇ ਟੈਸਟ ਦੇ ਗ਼ਲਤ ਆਉਣ ਦੀ ਦਰ ਵੀ ਵਧ ਜਾਵੇਗੀ।

ਏਸੇ ਲਈ ਪੁਲਿਟਜ਼ਰ ਇਨਾਮ ਜੇਤੂ ਸਿਧਾਰਥ ਮੁਕਰਜੀ, ਜੋ ਕੈਂਸਰ ਦੀ ਖੋਜ ਵਿਚ ਮੋਹਰੀ ਸਨ, ਨੇ 2015 ਵਿਚ ਸਪਸ਼ਟ ਕਹਿ ਦਿੱਤਾ ਸੀ ਕਿ ਕਮਜ਼ੋਰ ਟੈਸਟ ਨਾਲੋਂ ਡਾਕਟਰ ਵੱਲੋਂ ਪੈਦਾ ਕੀਤਾ ਸ਼ੱਕ ਜ਼ਿਆਦਾ ਮਾਅਨੇ ਰੱਖਦਾ ਹੈ।

ਮੌਜੂਦਾ ਹਾਲਾਤ ਵਿਚ ਜਦੋਂ ਹਾਲੇ ਸਭ ਕੁੱਝ ਖੋਜ ਅਧੀਨ ਹੈ, ਤਾਂ ਇੱਕੋ ਹੱਲ ਬਚਦਾ ਹੈ ਕਿ ਜਿਹੜਾ ਵੀ ਟੈਸਟ ਮੌਜੂਦ ਹੈ, ਉਸੇ ਦੇ ਹਿਸਾਬ ਨਾਲ ਅਤੇ ਡਾਕਟਰ ਦੀ ਸਲਾਹ ਨਾਲ, ਜਾਨ ਬਚਾਉਣ ਅਤੇ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਏਕਾਂਤਵਾਸ ਵਿਚ ਰਹਿਣਾ ਹੀ ਪੈਣਾ ਹੈ।

ਸਰਕਾਰੀ ‘ਸਖੀ ਸੈਂਟਰ’ ਬਨਾਮ ‘ਸਖੀ-ਭਾਵ’ ਪ੍ਰਚਾਰ ਕੇਂਦਰ

0

ਸਰਕਾਰੀ ‘ਸਖੀ ਸੈਂਟਰ’ ਬਨਾਮ ‘ਸਖੀ-ਭਾਵ’ ਪ੍ਰਚਾਰ ਕੇਂਦਰ

ਜਗਤਾਰ ਸਿੰਘ ਜਾਚਕ, ਨਿਊਯਾਰਕ , ਵਟਸਅਪ : 98995-63906

ਗੁਰਮਤ ਪ੍ਰਕਾਸ਼ ਤੋਂ ਪਹਿਲਾਂ ਸਰਗੁਣ-ਵਾਦੀ ਵੈਸ਼ਨਵ ਭਗਤੀ ਸਾਧਨਾ ਦੇ ਖੇਤਰ ਵਿੱਚ ‘ਸਖਾ-ਭਾਵ’ ਤੇ ‘ਸਖੀ-ਭਾਵ’। ਭਗਤੀ ਨੂੰ ਬੜਾ ਮਹੱਤਵ ਦਿੱਤਾ ਜਾਂਦਾ ਰਿਹਾ ਹੈ। ਬਿਪਰਵਾਦੀ ਵੈਸ਼ਨਵ (ਵਿਸ਼ਨੂੰ ਭਗਤ) ਪ੍ਰਚਾਰਕ ਅਜੋਕੇ ਦੌਰ ਵਿੱਚ ਵੀ ਉਪਰੋਕਤ ਭਗਤੀ-ਸਾਧਨਾ ਨੂੰ ਬੜੇ ਜ਼ੋਰ-ਸ਼ੋਰ ਨਾਲ ਪ੍ਰਚਾਰ ਰਹੇ ਹਨ। ਪੌਰਾਣਿਕ ਭਗਤੀ ਸਾਹਿਤ ਵਿੱਚ ਊਧੌ, ਅਕ੍ਰੂਰ, ਬਿਦਰ, ਸੁਦਾਮਾ ਤੇ ਅਰਜਨ ਨੂੰ ਸ੍ਰੀ ਕ੍ਰਿਸ਼ਨ ਭਗਵਾਨ ਦੇ ਅਜਿਹੇ ਭਗਤਾਂ ਵਿੱਚ ਗਿਣਿਆ ਜਾਂਦਾ ਹੈ, ਜਿਹੜੇ ਸ੍ਰੀ ਕ੍ਰਿਸ਼ਨ ਪ੍ਰਤੀ ਸਖਾ-ਭਾਵ ਰੱਖਦੇ ਸਨ। ਮਤਲਬ ਕਿ ਇਹ ਸਾਰੇ ਆਪਣੇ ਆਪ ਨੂੰ ਭਗਵਾਨ ਦੇ ਮਿਤ੍ਰ ਮੰਨ ਕੇ ਭਗਤੀ ਕਰਦੇ ਸਨ। ਕਈ ਸ੍ਰੀ ਕ੍ਰਿਸ਼ਨ ਨੂੰ ਆਪਣਾ ਸਖਾ (ਜਾਰ/ਯਾਰ, ਦੋਸਤ) ਮੰਨਦੇ ਹੋਏ ਆਪਣੇ ਆਪ ਨੂੰ ਗੋਪੀਆਂ ਵਾਂਗ ਉਸ ਦੀਆਂ ਸਖੀਆਂ (ਗਰਲ ਫਰਿੰਡ) ਸਮਝਦੇ ਹਨ। ਅਜਿਹੀ ਭਗਤੀ ਦਾ ਨਾਂ ‘ਸਖੀ-ਭਾਵ’ ਹੈ, ਇਹੀ ਕਾਰਨ ਹੈ ਕਿ ਹਿੰਦੂਆਂ ਵਿੱਚ ਇਸ ਕਿਸਮ ਦੇ ਬਹੁਤ ਸਾਰੇ ਲੋਕ ਹਨ, ਜੋ ਪੁਰਸ਼ ਹੁੰਦੇ ਹੋਏ ਵੀ ਸਾੜ੍ਹੀ ਪਹਿਨਦੇ ਹਨ, ਅੱਖਾਂ ਵਿੱਚ ਸੁਰਮਾ ਮਟਕਾਉਂਦੇ ਹਨ ਅਤੇ ਮੱਥੇ ’ਤੇ ਬਿੰਦੀਆਂ ਵੀ ਚਮਕਾਉਂਦੇ ਹਨ। ਕਈ ਤਾਂ ਮਹੀਨੇ ਵਿੱਚ ਚਾਰ ਦਿਨ ਮਾਹਵਾਰੀ ਹੋਣ ਦਾ ਸਾਂਗ ਵੀ ਰਚਾਉਂਦੇ ਹਨ। ਚੈਤੰਨ ਮਹਾਂਪ੍ਰਭੂ ਆਪਣੇ ਆਪ ਨੂੰ ਸ੍ਰੀ ਕ੍ਰਿਸ਼ਨ ਦੀ ਅਤਿ ਪਿਆਰੀ ਪ੍ਰੇਮਿਕਾ (ਸਖੀ ਰਾਧਾ) ਦਾ ਅਵਤਾਰ ਮੰਨਦੇ ਸਨ। ਇਸ ਲਈ ਉਹ ਭਗਵਾਨ ਦੇ ਬਿਰਹਾ ਵਿੱਚ ਬੜੀ ਬਿਹਬਲਤਾ ਨਾਲ ਔਰਤਾਂ ਵਾਂਗ ਰੋਂਦੇ ਚਿਲਲਾਂਦੇ ਸਨ। ਮੰਦਰਾਂ ਵਿੱਚ ਸ੍ਰੀ ਕ੍ਰਿਸ਼ਨ ਅਤੇ ਰਾਧਾ ਦੀ ਜੁੜਵੀਂ ਮੂਰਤੀ ਦੀ ਪੂਜਾ ਹੁੰਦੀ ਹੈ ਅਤੇ ਉਸ ਅੱਗੇ ਪੁਰਸ਼ ਇਸਤ੍ਰੀਆਂ ਮਿਲ ਕੇ ਨ੍ਰਿਤ ਸਹਿਤ ਭਜਨਾਂ ਦਾ ਗਾਇਨ ਕਰਦੇ ਹਨ; ਜਿਵੇਂ – ਰਾਧਾ ਤੂ ਬਡਭਾਗਨੀ, ਕੌਨ ਤਪਸਿਆ ਕੀਨ। ਤੀਨ ਲੋਕ ਕੇ ਨਾਥ ਜੋ, ਸੋ ਤੇਰੇ ਅਧੀਨ।

ਪੁਰਾਣਾ ਮੁਤਾਬਕ ਕ੍ਰਿਸ਼ਨ ਦਾ ਸੰਬੰਧ ਅਨੇਕ ਇਸਤ੍ਰੀਆਂ ਨਾਲ ਰਿਹਾ ਹੈ, ਜਿਨ੍ਹਾਂ ਨਾਲ ਉਹ ਵ੍ਰਿੰਦਾਵਨ (ਬਿਦ੍ਰਾਬਨ) ਵਿਖੇ ਰਾਸ (ਪ੍ਰੇਮ-ਲੀਲਾ) ਰਚਾਉਂਦੇ ਰਹੇ, ਪਰ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਨਿਕਟਤਾ ਹਾਸਲ ਰਹੀ ਹੈ ਗੋਪੀ ‘ਰਾਧਾ’ ਨੂੰ, ਜੋ ਉਨ੍ਹਾਂ ਦੀ ਪਾਲਕ ਮਾਤਾ ਯਸ਼ੋਧਾ ਦੇ ਭਰਾ ਰਾਯਾਣ ਵੈਸ਼ਵ ਦੀ ਪਤਨੀ ਹੋਣ ਕਰਕੇ ਮਾਮੀ ਲਗਦੀ ਸੀ। ਪੌਰਾਣਿਕ ਮੱਤੀਂ ਪ੍ਰਚਾਰਕਾਂ ਨੇ ਪਰਦਾ ਪਾਉਣ ਲਈ ਕਿਹਾ ਕਿ ਰਾਧਾ ਨਾਲ ਕ੍ਰਿਸ਼ਨ ਦਾ ਵਿਆਹ ਤਾਂ ਭਾਵੇਂ ਨਹੀਂ ਹੋਇਆ ਸੀ, ਪਰੰਤੂ ਬ੍ਰਹਮਾ ਜੀ ਖ਼ੁਦ ਪ੍ਰਗਟ ਹੋ ਕੇ ਰਾਧਾ ਦਾ ਪੱਲਾ ਉਨ੍ਹਾਂ ਨੂੰ ਫੜਾ ਗਏ ਸਨ। ਸ੍ਰੀ ਕ੍ਰਿਸ਼ਨ ਦੇ ਅਜਿਹੇ ‘ਧੱਕੇ ਅਤੇ ਛਲ ਦੀ ਪ੍ਰੋੜ੍ਹਤਾ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਹੇਠ ਲਿਖੇ ਕਥਨ ਤੋਂ ਵੀ ਹੁੰਦੀ ਹੈ; ਜੋ ਇੱਕ ਅਕਾਲ ਪੁਰਖ ਦੇ ਉਪਾਸ਼ਕ ਗੁਰਸਿੱਖਾਂ ਨੂੰ ਸੁਚੇਤ ਕਰਨ ਲਈ ਗੁਰਦੁਆਰਿਆਂ ਵਿਖੇ ਆਸਾ ਦੀ ਵਾਰ ਰਾਹੀਂ ਹਰ ਰੋਜ਼ ਗਾਇਨ ਕੀਤਾ ਜਾਂਦਾ ਹੈ :‘‘ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ; ਕਾਨ੍ ਕ੍ਰਿਸਨੁ ਜਾਦਮੁ ਭਇਆ ॥  ਪਾਰਜਾਤੁ ਗੋਪੀ ਲੈ ਆਇਆ; ਬਿੰਦ੍ਰਾਬਨ ਮਹਿ ਰੰਗੁ ਕੀਆ ॥’’ (ਮਹਲਾ ੧/ ਪੰਨਾ ੪੭੦)

ਸ੍ਰੀ ਕ੍ਰਿਸ਼ਨ ਦੇ ਬਿੰਦ੍ਰਾਬਨੀ ਚੋਜ ਜਾਨਣ ਲਈ ‘ਸ਼੍ਰੀ ਮਦਭਾਗਵਤ ਪੁਰਾਣ’, ‘ਬ੍ਰਹਮਵੈਰਤ ਪੁਰਾਣ’ ਅਤੇ ‘ਪਦਮ ਪੁਰਾਣ’ ਆਦਿਕ ਸੰਸਕ੍ਰਿਤ ਦੇ ਗ੍ਰੰਥ ਵਾਚੇ ਜਾ ਸਕਦੇ ਹਨ। ਪੰਜਾਬੀ ਵਿੱਚ ‘ਭਾਗਵਤ ਪੁਰਾਣ’ ਦੇ ਦਸਵੇਂ ਸਕੰਧ (ਅਧਿਆਇ) ਦਾ ਉਲੱਥਾ ਰੂਪ ਬਚਿਤ੍ਰਨਾਟਕੀ ਰਚਨਾ ‘ਕ੍ਰਿਸਨਾਵਤਾਰ’ ਵੀ ਪੜ੍ਹੀ ਜਾ ਸਕਦੀ ਹੈ। ਵੈਸ਼ਨਵ ਭਗਤੀ ਸਾਹਿਤ ਵਿੱਚ ਤਾਂ ਭਾਵੇਂ ਉਪਰੋਕਤ ਕਿਸਮ ਦੇ ਸਖੀ-ਭਾਵ ਨੂੰ ਸਭ ਤੋਂ ਸ੍ਰੇਸ਼ਟ ਦਰਜਾ ਹਾਸਲ ਹੈ ਕਿਉਂਕਿ ਇਸ ਰਿਸ਼ਤੇ ਵਿੱਚ ਸਮਾਜਕ ਪੱਖੋਂ ਕਿਸੇ ਕਿਸਮ ਦਾ ਕੋਈ ਮਰਯਾਦਿਕ ਬੰਧਨ ਨਹੀਂ ਰਹਿੰਦਾ। ਸਾਧਕ-ਜਨ ‘ਰਾਧਾ’ ਵਾਂਗ ਸਮਾਜਕ ਭਾਈਚਾਰੇ ਤੋਂ ਬੇਪ੍ਰਵਾਹ ਹੋ ਕੇ ਆਪਣੇ ਪ੍ਰੀਤਮ ਨਾਲ ਪ੍ਰੇਮ ਦਾ ਖੇਲ ਖੁੱਲ੍ਹ ਕੇ ਖੇਲਦੇ ਹਨ। ਮੀਰਾਂਬਾਈ ਦੇ ‘‘ਮੈਂ ਨਿਰਗੁਣੀਆ, ਗੁਣ ਨਹੀਂ ਜਾਨੀ। ਏਕ ਧਨੀ ਕੇ ਹਾਥ ਬਿਕਾਨੀ’’ ਆਦਿਕ ਭਜਨਾਂ ਨੂੰ ਉਪਰੋਕਤ ਪੱਖੋਂ ਵਿਚਾਰਿਆ ਜਾ ਸਕਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸਖੀ-ਭਾਵ ਦਾ ਬਿਲਕੁਲ ਅਭਾਵ ਹੈ। ਗੁਰੂ ਸਾਹਿਬਾਨ ਤੇ ਭਗਤ-ਜਨਾਂ ਵੱਲੋਂ ਏਕੰਕਾਰੀ ਅਕਾਲ ਪੁਰਖ ਨਾਲ ਆਪਣੀ ਪਿਆਰ ਭਰੀ ਸਾਂਝ ਪ੍ਰਗਟਾਉਣ ਲਈ ਸਖੀ-ਭਾਵ ਦੀ ਥਾਂ ਪਤੀਵ੍ਰਤ ਪਤਨੀ-ਭਾਵ ਤੇ ਦਾਸ-ਭਾਵ ਨੂੰ ਵਧੇਰੇ ਤਰਜੀਹ ਦਿੱਤੀ ਗਈ ਹੈ। ਬਾਰਿਕ (ਬਾਲਕ)-ਭਾਵ ਦੇ ਝਲਕਾਰੇ ਵੀ ਕਈ ਸ਼ਬਦਾਂ ਵਿੱਚ ਤੱਕੇ ਜਾ ਸਕਦੇ ਹਨ। ਕਾਰਨ ਇਹੀ ਹੈ ਕਿ ਇਸ ਪ੍ਰਕਾਰ ਦੇ ਸਾਰੇ ਰਿਸ਼ਤੇ ਸਮਾਜਕ ਮਰਯਾਦਾ ਦੇ ਅੰਤਰਗਤਿ ਹਨ। ਇਨ੍ਹਾਂ ਦੀ ਪੇ੍ਰਮ-ਸਾਂਝ ਤੇ ਵਰਤਾਰੇ ਤੋਂ ਕੋਈ ਐਸੀ ਪ੍ਰੇਰਨਾ ਨਹੀਂ ਮਿਲਦੀ, ਜਿਸ ਦੀ ਬਦੌਲਤ ਧਰਮ ਦੇ ਪਰਦੇ ਹੇਠ ਕੋਈ ਸਮਾਜਕ ਅਨੈਕਿਤਾ ਫੈਲੇ; ਜਿਵੇਂ ਕਿ ਸਖੀ-ਭਾਵ ਦੀ ਭਗਤੀ ’ਚੋਂ ਹਿੰਦੂ ਮੰਦਰਾਂ ਵਿੱਚ ਦੇਵ-ਦਾਸੀਆਂ ਵਰਗੀ ਮਲੀਨ ਪ੍ਰਥਾ ਦਾ ਜਨਮ ਹੋਇਆ, ਜੋ ਸਮਾਜ ਲਈ ਅਤਿਅੰਤ ਸ਼ਰਮਨਾਕ ਪਤਨ ਦਾ ਕਾਰਨ ਬਣੀ।

ਪ੍ਰਸਿੱਧ ਸਿੱਖ ਚਿੰਤਕ ਤੇ ਇਤਿਹਾਸਕਾਰ ਪ੍ਰਿਸੀਪਲ ਸਤਬੀਰ ਸਿੰਘ ਦੀ ਬੇਟੀ ਸਿਮਰਨ ਕੌਰ ਨੇ ਇੱਕ ਬਹੁਤ ਹੀ ਪਿਆਰੀ ਪੁਸਤਕ ਲਿਖੀ ਹੈ ‘ਪ੍ਰਸਿੱਧ ਸਿੱਖ ਬੀਬੀਆਂ’। ਇਸ ਪੁਸਤਕ ਦੀ ਭੂਮਿਕਾ ਵਜੋਂ ਲਿਖੀ ਮੁੱਢਲੀ ਵੀਚਾਰ ਦੀ ਲਿਖਤ ਹੈ ‘ਸਖਾ ਭਗਤੀ ਬਹੁਤ ਦੇਰ ਚਲਦੀ ਰਹੀ। (ਇੱਸ ਪੱਖੋਂ) ਸੁਦਾਮੇ ਦੀ ਉਦਾਹਰਨ, ਉਧੂ ਦੀ ਮਿਸਾਲ ਜਾਂ ਅਰਜਨ ਤੇ ਕ੍ਰਿਸ਼ਨ ਦੀ ਦੋਸਤੀ ਸਭ ਪ੍ਰਚਾਰਦੇ ਹਨ। ਸਖਾ-ਭਗਤੀ ਬਾਅਦ ਜੇ ਕਿਸੇ ਹੋਰ ਦਾ ਹਿੰਦੁਸਤਾਨ ਵਿੱਚ ਜ਼ੋਰ ਰਿਹਾ ਤਾਂ ਉਹ ‘ਸਖੀ’ ’ਤੇ ਹੈ। ਇਸੇ ‘ਸਖੀ ਭਗਤੀ’ ਨੇ ਰਾਧਾ ਨੂੰ ਜਨਮ ਦਿੱਤਾ। ਇਸ਼ਕ ਮਿਜ਼ਾਜੀ ਨੇ ਇਸ਼ਕ ਹਕੀਕੀ ਦੀ ਸ਼ਕਲ ਧਾਰਨ ਕੀਤੀ। ਇਸ ਸਖੀ ਭਗਤੀ ਨੇ ਹਿੰਦੁਸਤਾਨ ਵਿੱਚ ਔਰਤ ਦੇ ਪੱਧਰ ਨੂੰ ਇੰਨਾ ਨੀਵਾਂ ਕਰ ਦਿੱਤਾ ਕਿ ਉਹ ਪਹਿਲਾਂ ਮੰਦਿਰਾਂ ਦਾ ਸ਼ਿੰਗਾਰ ਦੇਵਦਾਸੀ ਦੇ ਰੂਪ ਵਿੱਚ ਬਣੀ, ਫਿਰ ਦੇਵੀ ਦੇ ਰੂਪ ਵਿੱਚ ਪ੍ਰਗਟ ਹੋਈ। ਆਤਮਕ ਉਚਾਈਆਂ ਨਾ ਛੁਹੇ ਜਾਣ ਜਾਣ ਦਾ ਕਾਰਨ ਇਹ ਕੋਝੀ ਸਖੀ-ਭਗਤੀ ਪ੍ਰਥਾ ਸੀ।’ (ਪੰ.15, ਐਡੀਸ਼ਨ 1991)

ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ਰਾਮਚੰਦਰ ਸ਼ੁਕਲਾ ਨੇ ਲਿਖਿਆ ਹੈ ਕਿ ‘ਵੈਸ਼ਣਵੋਂ ਕੀ ਭਗਤੀ ਸ਼ਾਖ ਨੇ ਕੇਵਲ ਪ੍ਰੇਮ ਲੱਛਣਾ (ਸਖੀ ਭਾਵ) ਕੀ ਭਗਤੀ ਕੀ (ਕੀਤੀ), ਫਲ ਯਹਿ ਹੂਆ ਕਿ ਉਸ ਨੇ ਅਸ਼ਲੀਲ ਬਿਲਾਸਤਾ ਕੀ ਪ੍ਰਵਿਰਤੀ ਜਗਾਈ। ਸ੍ਰੀ ਮਦ ਭਾਗਵਤ ਗ੍ਰੰਥ ਮੇਂ ਸ੍ਰੀ ਕ੍ਰਿਸ਼ਨ ਕੇ ਮਧੁਰ ਰੂਪ ਕਾ ਵਿਸ਼ੇਸ਼ ਵਰਨਣ ਹੋਨੇ ਸੇ, ਭਗਤੀ ਛੇਤ੍ਰ ਮੇਂ ਗੋਪੀਓਂ ਕੇ ਢੰਗ ਕੇ ਮਧੁਰ੍ਯ-ਭਾਵ (ਸਖੀ-ਭਾਵ) ਕਾ ਰਸਤਾ ਖੁੱਲ੍ਹਾ। ਇਸ ਕੇ ਪ੍ਰਚਾਰ ਮੇਂ ਦਖਸ਼ਣ ਮੇਂ ਮੰਦਰੋਂ ਕੀ ਦੇਵਦਾਸੀਆਂ ਕੀ ਪ੍ਰਥਾ ਵਿਸ਼ੇਸ਼ ਰੂਪ ਵਿੱਚ ਸਹਾਇਕ ਹੋਈ। ਮਾਤਾ ਪਿਤਾ ਲੜਕੀਆਂ ਕੋ ਮੰਦਰ ਮੇਂ ਚੜ੍ਹਾ ਜਾਤੇ ਥੇ। ਉਨ ਕਾ ਵਿਆਹ ਭੀ ਠਾਕੁਰ (ਪੱਥਰ ਦੇ ਭਗਵਾਨ) ਕੇ ਸਾਥ ਹੋ ਜਾਤਾ ਥਾ। ਇਨ ਕੇ ਲੀਏ ਮੰਦਰ ਮੇਂ ਸਥਾਪਿਤ ਭਗਵਾਨ ਕੀ ਉਪਾਸ਼ਨਾ ਪਤੀ ਕੇ ਰੂਪ ਮੇਂ ਵਿਧੇਯ ਥੀ।’

ਕਿੰਨੀ ਨਖਿੱਧ ਹੈ ਦੇਵਦਾਸੀਆਂ ਦੀ ਪ੍ਰਥਾ, ਇਸ ਹਕੀਕਤ ਦੇ ਪ੍ਰਮਾਣ ਵੱਜੋਂ ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ (ਐਡੀਸ਼ਨ ਮਈ 1990) ਦੀ ਭੂਮਿਕਾ ਪੜ੍ਹੀ ਜਾ ਸਕਦੀ ਹੈ। ਲਿਖਿਆ ਹੈ ਕਿ ਅਜੌਕੇ ਦੌਰ ਵਿੱਚ ਵੀ ‘ਬੰਬਈ, ਮਦਰਾਸ, ਕਰਨਾਟਕਾ ਤੇ ਕੇਰਲਾ ਦੇ ਵੇਸ਼ਆਲਿਆਂ ਵਿੱਚ ਦੇਵਦਾਸੀਆਂ ਦੀ ਵਧ ਰਹੀ ਗਿਣਤੀ ਅਤੇ ਮੰਦਰਾਂ ਵਿੱਚ ਹੋ ਰਹੀਆਂ ਵਿਭਚਾਰ ਦੀਆਂ ਦੁਰਘਟਨਾਵਾਂ ਸੰਬੰਧਤ ਪ੍ਰਾਂਤਾਂ ਦੀਆਂ ਸਰਕਾਰਾਂ ਲਈ ਕੌਮੀ ਸਿਰਦਰਦੀ ਬਣੀਆਂ ਹੋਈਆਂ ਹਨ। ਆਚਰਣਹੀਨਤਾ ਦੂਰ ਕਰਨ ਲਈ ਕਰੜੇ ਕਨੂਨ ਬਣਾਏ ਜਾ ਰਹੇ ਹਨ। ਹੁਣੇ ਹੀ ਫਰਵਰੀ 1990 ਦੇ ਮਾਸਕ ਪੱਤਰ ‘ਸੰਚੇਤਨਾ’ ਦਾ ਲੇਖ ਹੈ ‘ਖ਼ੂਬ ਵਧ ਫਲ ਰਹੀ ਹੈ ਦੇਵਦਾਸੀਓਂ ਕੀ ਪ੍ਰਥਾ’। ਇਹ ਹੈ ਫਲ ਸਰਗੁਣ ਭਗਤੀ ਧਾਰਾ ਦੀ ਮਧੁਰਤਾ, ਸੀਤਾ ਰਾਮ, ਰਾਧਾ ਕ੍ਰਿਸ਼ਨ ਦੇ ਨਾਮ ਹੇਠਾਂ ਪ੍ਰਚਲਿਤ ਕ੍ਰੀੜਾ, ਰੰਗਸ਼ਾਲਾ ਜਾਂ ਰਾਸ ਲੀਲਾ ਤੇ ਰਾਮ ਲੀਲਾ ਆਦਿ ਦਾ।’

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਸਖੀ, ਸਖੀਆ ਅਤੇ ਸਖੀਏ’ ਲਫ਼ਜ਼ਾਂ ਦੀ ਵਰਤੋਂ ਤਾਂ ਭਾਵੇਂ ਮਿਲਦੀ ਹੈ, ਪਰ ਉਹ ਕੇਵਲ ਤੇ ਕੇਵਲ ‘ਸਤਿਸੰਗੀ ਸਹੇਲੀਆਂ’ ਦੇ ਅਰਥ ਵਿੱਚ। ਖ਼ੂਬਸੂਰਤੀ ਇਹ ਹੈ ਕਿ ਗੁਰਬਾਣੀ ਵਿੱਚ ਪਤੀ ਪਤਨੀ ਦੇ ਸਮਾਜਕ ਰਿਸ਼ਤੇ ਨੂੰ ਹੀ ‘ਸਖਾ’ ਤੇ ‘ਸਖੀ’ ਦੇ ਰੂਪ ਵਿੱਚ ਚਿਤਵਿਆ ਗਿਆ ਹੈ ਤਾਂ ਕਿ ਸਮਾਜ ਭਾਈਚਾਰਾ ਅਜਿਹੀ ਸਮਾਜਕ ਸਾਂਝ ਨੂੰ ਮੈਤ੍ਰੀ-ਭਾਵ (ਦੋਸਤਾਨਾ ਢੰਗ) ਨਾਲ ਨਿਭਾਵੇ, ਨਾ ਕਿ ਇੱਕ ਦੂਜੇ ਨੂੰ ਆਪਣੀ ਮਲਕੀਅਤ ਸਮਝ ਕੇ; ਜਿਵੇਂ ਗੁਰਵਾਕ ਹੈ ‘‘ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ; ਜੋ ਭਾਵੈ ਪਿਰ ਸਾ ਭਲੀ ॥’’ (ਦੇਵਗੰਧਾਰੀ/ਮਹਲਾ ੪/ ਪੰਨਾ ੫੨੭)

ਗੁਰਬਾਣੀ ਵਿੱਚ ਕੋਈ ਇੱਕ ਵੀ ਅਜਿਹਾ ਸੰਕੇਤ ਨਹੀਂ ਮਿਲਦਾ, ਜਿੱਥੇ ਕਿਸੇ ਵੀ ਰੰਗਰੱਤੇ ਬਾਣੀਕਾਰ ਨੇ ਆਪਣੇ ਆਪ ਨੂੰ ਪਤੀ ਪਰਮਾਤਮਾ ਦੇ ਸਨਮੁਖ ‘ਸਖੀ’ ਰੂਪ ਵਿੱਚ ਪੇਸ਼ ਕੀਤਾ ਹੋਵੇ। ਗੁਰੂ ਸਾਹਿਬਾਨ ਤੇ ਭਗਤ-ਜਨਾਂ ਨੇ ਜਦੋਂ ਵੀ ਅਕਾਲ ਪੁਰਖ ਨਾਲ ਆਪਣੀ ਆਤਮਕ ਸਾਂਝ ਦਾ ਪ੍ਰਗਟਾਵਾ ਕੀਤਾ ਤਾਂ ਉਹ ਪੇਸ਼ਕਾਰੀ ਕੇਵਲ ਇੱਕ ਪਤੀਵ੍ਰਤਾ ਸੁਹਾਗਣ ਦੇ ਰੂਪ ਵਿੱਚ ਹੀ ਮਿਲਦੀ ਹੈ; ਜਿਵੇਂ ਕਿ ‘‘ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥ (ਭੈਰਉ/ਮ: ੩/ਪੰਨਾ ੧੧੨੮), ਹਰਿ ਮੇਰੋ ਪਿਰੁ; ਹਉ ਹਰਿ ਕੀ ਬਹੁਰੀਆ ॥’’ (ਆਸਾ/ਭਗਤ ਕਬੀਰ/ ਪੰਨਾ ੪੮੩) ਆਦਿ।

ਭਾਰਤ ਦੇ ਕੇਂਦਰੀ ‘ਮਹਿਲਾ ਤੇ ਬਾਲ ਵਿਕਾਸ ਮੰਤਰਾਲੇ’ ਵੱਲੋਂ ਪੀੜਤ ਮਹਿਲਾਵਾਂ ਤੇ ਬਾਲਿਕਾਵਾਂ ਦੀ ਸੁਰੱਖਿਅਕ ਸਹਾਇਤਾ ਲਈ ਰਾਜ ਸਰਕਾਰਾਂ ਦੁਆਰਾ ਦੇਸ਼ਭਰ ਵਿੱਚ ‘ਵੰਨ ਸਟਾਪ ਸੈਂਟਰ’ ਖੋਲ੍ਹੇ ਜਾ ਰਹੇ ਹਨ। ਇਹ ਇੱਕ ਵਧੀਆ ਤੇ ਸਲਾਹੁਣ ਯੋਗ ਕਦਮ ਹੈ ਭਾਵੇਂ ਕਿ ਇਸ ਤੋਂ ਪਹਿਲਾਂ ਵੀ ਪੀੜਤ ਨਾਰੀਆਂ ਤੇ ਬਾਲਿਕਾਂ ਦੀ ਸਹਾਇਤਾ ਦੇ ਅਜਿਹੇ ਕੇਂਦਰ ਵੱਖ ਵੱਖ ਰਾਜਾਂ ਵਿੱਚ ਮੌਜੂਦ ਹਨ, ਪ੍ਰੰਤੂ ਕੇਂਦਰ ਸਰਕਾਰ ਦੇ ‘ਵੰਨ ਸਟਾਪ ਸੈਂਟਰ’ ਨੂੰ ‘ਸਖੀ ਸੈਂਟਰ’ ਦਾ ਨਾਂ ਦੇਣਾ ਤੇ ਰਾਜ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਬੜੇ ਜ਼ੋਰ-ਸ਼ੋਰ ਨਾਲ ‘ਸਖੀ ਸੈਂਟਰਾਂ’ ਵਜੋਂ ਪ੍ਰਚਾਰਨਾ ਕੇਂਦਰ ਸਰਕਾਰ ਦੇ ਮਨੋਰਥ ਨੂੰ ਸ਼ੱਕੀ (ਸੰਦਿਗਧ) ਕਰਦਾ ਹੈ। ਚੰਗਾ ਹੁੰਦਾ ਜੇ ਐਸੇ ਭਲਾਈ ਸੈਂਟਰਾਂ ਨੂੰ ‘ਨਾਰੀ ਸਹਾਇਤਾ ਕੇਂਦਰ’ ਨਾਂ ਦਿੱਤਾ ਜਾਂਦਾ। ਕਾਰਨ ਇਹ ਹੈ ਕਿ ਹੁਣ ਤਾਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਇਸ ਪਿੱਛੇ ਵੀ ਆਰ.ਐਸ.ਐਸ ਦੀ ਉਹੀ ਬਿਪਰਵਾਦੀ ਸੋਚ ਹੀ ਕੰਮ ਕਰਦੀ ਪਈ ਹੈ, ਜਿਹੜੀ ਸਖੀ-ਭਾਵ ਦੀ ਗਲ਼ੀ-ਸੜੀ ਵੈਸ਼ਨਵ ਭਗਤੀ ਸਾਧਨਾ ਨੂੰ ਮੁੜ ਸੁਰਜੀਤ ਕਰਕੇ ਹਿੰਦੁਸਤਾਨ ਦੇ ਨਾਂ ਹੇਠ ਹਿੰਦੂ ਰਾਸ਼ਟਰ ਦੀ ਸਥਾਪਨਾ ਹਿੱਤ ਯਤਨਸ਼ੀਲ ਹੈ, ਇਸ ਲਈ ਜਿਹੜੇ ਮਾਨਵ-ਹਿਤਕਾਰੀ ਲੋਕ ਭਾਰਤ ਦੇ ਲੋਕ-ਰਾਜੀ ਸੰਵਿਧਾਨ ਦੀ ਸੁਰੱਖਿਆ ਲਈ ਮੌਜੂਦਾ ਕੇਂਦਰ ਸਰਕਾਰ ਦੀਆਂ ਨਾਗਰਿਕਤਾ ਸੋਧ ਬਿੱਲ ਵਰਗੀਆਂ ਡਿਕਟੇਟਰੀ ਤੇ ਮਾਰੂ ਨੀਤੀਆਂ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਸਖੀ ਸੈਂਟਰਾਂ ਦੇ ਪਿਛੋਕੜ ਵਿੱਚ ਬੈਠੀ ਹਿੰਦੂਤਵੀ ਬਦਨੀਤ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਖ਼ਤਰਾ ਹੈ ਕਿ ਜਿਵੇਂ ਵੈਸ਼ਨਵ ਸਖੀ-ਭਾਵ ਨੇ ਕਥਿਤ ਧਾਰਮਿਕ ਮੰਦਿਰਾਂ ਨੂੰ ਦੇਵਦਾਸੀਆਂ ਦੇ ਰੂਪ ਵਿੱਚ ਵਿਭਚਾਰ ਦੇ ਅੱਡੇ ਬਣਾ ਦਿੱਤਾ ਹੈ, ਕਿਤੇ ਐਸਾ ਨਾ ਹੋਵੇ ਕਿ ਸਰਕਾਰੀ ‘ਸਖੀ ਸੈਂਟਰ’ ਪੱਛਮੀ ਸਭਿਆਚਾਰ ਦੇ ‘ਗਰਲ ਫਰਿੰਡ ਕੇਂਦਰ’ ਬਣ ਕੇ ਸਮਾਜਿਕ ਅਨੈਕਤਾ ਫੈਲਾਉਣ ਤੇ ਬਦਨਾਮੀ ਦਾ ਕਾਰਨ ਬਣਨ। ਕੀ ਮਰਦ ਕਰਮਚਾਰੀ ਤੇ ਹੋਰ ਲੋਕ ‘ਸਖੀ ਸੈਂਟਰ’ ਵਿੱਚ ਸ਼ਰਨ ਲੈਣ ਵਾਲੀਆਂ ਧੀਆਂ, ਭੈਣਾਂ ਤੇ ਮਾਵਾਂ ਨੂੰ ਸਖੀ (ਫਰਿੰਡ) ਕਹਿ ਕੇ ਨਹੀਂ ਬਲਾਉਣਗੇ ? ਯਾਦ ਰੱਖਿਏ ਕਿ ਨਾਵਾਂ ਪਿੱਛੇ ਬਹੁਤ ਕੁਝ ਐਸਾ ਵੀ ਲੁਕਿਆ ਹੁੰਦਾ ਹੈ, ਜਿਹੜਾ ਸਮਾਜ ਦੀਆਂ ਸਭਿਆਚਾਰਕ, ਧਾਰਮਿਕ ਤੇ ਰਾਜਨੀਤਕ ਭਾਵਨਾਵਾਂ ਨੂੰ ਬਦਲਣ ਦੀ ਸਮਰਥਾ ਰੱਖਦਾ ਹੈ। ਇਹੀ ਕਾਰਨ ਹੈ ਕਿ ਮੋਦੀ ਸਰਕਾਰ ਆਪਣੇ ਵਿਭਾਗਾਂ, ਸ਼ਹਿਰਾਂ, ਸੜਕਾਂ, ਜੰਗੀ ਬੇੜਿਆਂ ਤੇ ਮਿਸਾਈਲਾਂ ਆਦਿਕਾਂ ਦੇ ਨਾਂ ਬਦਲ ਕੇ ਅਜਿਹੇ ਪੌਰਾਣਿਕ ਨਾਂ ਦੇ ਰਹੇ ਹਨ, ਜਿਹੜੇ ਦੇਸ਼ ਦੇ ਹਰੇਕ ਵਰਗ ਨੂੰ ਭਗਵੇਂ ਰੰਗ ਵਿੱਚ ਰੰਗ ਕੇ ਉਨ੍ਹਾਂ ਦੇ ਹਿੰਦੂਤਵੀ ਮਨੋਰਥਾਂ ਦੀ ਪੂਰਤੀ ਕਰ ਸਕਣ।

ਸਿੱਖ ਕੌਮ ਖੋਜੀ ਕਲਮਕਾਰ ਪੈਦਾ ਕਰਨ ਬਾਰੇ ਨਿਰਣਾ ਲਵੇ

0

ਸਿੱਖ ਕੌਮ ਖੋਜੀ ਕਲਮਕਾਰ ਪੈਦਾ ਕਰਨ ਬਾਰੇ ਨਿਰਣਾ ਲਵੇ

ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ- 95920-93472

panthaknagara@gmail.com <mailto:panthaknagara@gmail.com>

ਇਤਿਹਾਸ ਅੰਦਰ ਕੌਮਾਂ ਦੀ ਮਜ਼ਬੂਤ ਸਥਾਪਤੀ ਵਾਸਤੇ ਉਸ ਕੌਮ ਦੇ ਸਮਰਪਿਤ ਕਲਮਕਾਰਾਂ ਦਾ ਵੱਡਾ ਹਿੱਸਾ ਹੁੰਦਾ ਹੈ। ਸਿੱਖ ਕੌਮ ਨੇ ਕਲਮਕਾਰਾਂ ਦਾ ਮਜ਼ਬੂਤ ਪੂਰ ਸਿੰਘ ਸਭਾ ਲਹਿਰ ਦੇ ਦੌਰ ਵਿਚ ਪੈਦਾ ਕੀਤਾ। ਉਸ ਦੌਰ ਦਾ ਇਤਿਹਾਸ ਪੜ੍ਹਿਆਂ ਸਿੱਖ ਕੌਮ ਦਾ ਸਿਰ ਉੱਚਾ ਹੁੰਦਾ ਹੈ। ਦੂਜੀਆਂ ਕੌਮਾਂ ਦੇ ਮੁਕਾਬਲੇ ਛੋਟੀ ਤੇ ਖਿੰਡੀ ਪੁੰਡੀ ਹੋਣ ਦੇ ਬਾਵਜੂਦ ਵੀ ਆਪਣੇ ਕੌਮੀ ਜਥੇਬੰਦਕ ਫ਼ਰਜ਼ਾਂ ਲਈ ਲਾਮਬੰਦ ਹੋਣ ਵਿਚ ਸਫ਼ਲ ਹੁੰਦੀ ਹੈ। ਤਿੰਨ ਵੱਡੀਆਂ ਮਜ਼੍ਹਬੀ ਤਾਕਤਾਂ ਜਿੱਥੇ ਆਪਣੇ ਮਜ਼੍ਹਬੀ ਆਧਾਰ ਨੂੰ ਮਜ਼ਬੂਤ ਕਰਨ ਲਈ ਲਾਮਬੰਦ ਹੁੰਦੀਆਂ ਹਨ, ਉੱਥੇ ਉਨ੍ਹਾਂ ਦੇ ਅੰਦਰ ਇਕ ਦੂਜੇ ਨੂੰ ਖੋਰਾ ਲਾਉਣ ਦੀ ਭਾਵਨਾ ਵੀ ਹੈ। ਸਿੱਧੇ ਅਸਿੱਧੇ ਢੰਗ ਨਾਲ ਤਿੰਨੇ ਤਾਕਤਾਂ (ਇਸਲਾਮਿਕ, ਹਿੰਦੂਤਵ ਅਤੇ ਈਸਾਈਅਤ) ਸਿੱਖ ਕੌਮ ਨੂੰ ਖਤਮ ਕਰਨ ਦੀ ਧਾਰਨਾ ਲੈ ਕੇ ਕੰਮ ਕਰਦੀਆਂ ਦਿੱਸਦੀਆਂ ਹਨ। ਇਨ੍ਹਾਂ ਤਿੰਨਾਂ ਹੀ ਤਾਕਤਾਂ ਦੇ ਦਿਲ ਦਿਮਾਗ਼ ਅੰਦਰ ਇਹ ਖਿਆਲ ਘੁੰਮ ਰਿਹਾ ਹੈ ਕਿ ਸਿੱਖ ਕੌਮ ਸੰਨ 1849 ਈ: ਵਿਚ ਰਾਜ ਭਾਗ ਖਤਮ ਹੋਣ ਬਾਅਦ ਆਪਣੀ ਕੌਮੀ ਵਿਉਂਤਬੰਦੀ ਦੇ ਸਮਰੱਥ ਨਹੀਂ ਹੈ ਅਤੇ ਨਾ ਹੀ ਇਸ ਬਾਰੇ ਸੋਚਣ ਹੀ ਦੇਣਾ ਚਾਹੀਦਾ ਹੈ। ਆਪਣੀ ਮਨਸ਼ਾ ਪੂਰਤੀ ਲਈ ਉਨ੍ਹਾਂ ਨੇ ਆਪਣੀ-ਆਪਣੀ ਸਮਰੱਥਾ ਅਨੁਸਾਰ ਸੋਚਿਆ ਵੀ, ਵਿਉਂਤਿਆ ਵੀ ਅਤੇ ਕੰਮ ਵੀ ਕੀਤਾ।

ਰਾਜ-ਭਾਗ ਦੇ ਤਖ਼ਤੋ ਤਾਜ ਤੋਂ ਸੰਨ 1839 ਵਿਚ ਸਿੱਖ ਕੌਮ ਡਗਮਗਾਉਣੀ ਸ਼ੁਰੂ ਹੋ ਗਈ ਸੀ। ਸਿੱਖ ਰਾਜ-ਭਾਗ ਦੇ ਹੁੰਦਿਆਂ ਉਪਰੋਕਤ ਵਿਰੋਧੀ ਤਾਕਤਾਂ ਇਸ ਮੌਕੇ ਦੀ ਤਾਕ ਵਿਚ ਸਨ ਕਿ ਕਿਸੇ ਨ ਕਿਸੇ ਤਰ੍ਹਾਂ ਇਹ ਮਹਾਨ ਤਪ ਤੇਜ ਵਾਲੀ ਅਤੇ ਸੰਸਾਰ ਦਾ ਸਭ ਤੋਂ ਬਿਹਤਰੀਨ ਰਾਜ ਪ੍ਰਬੰਧ ਦੇਣ ਵਾਲੀ ਕੌਮ ਘਸਿਆਰੀ ਬਣ ਕੇ ਦਰ-ਬ-ਦਰ ਠੋਕਰਾਂ ਖਾਣ ਲਈ ਮਜ਼ਬੂਰ ਹੋਵੇ। ਸਿੱਖ ਰਾਜ ਘਰਾਣੇ ਦੀਆਂ ਦਰਾਰਾਂ ਨੂੰ ਹੋਰ ਤੋਂ ਹੋਰ ਮੋਕਲਾ ਕਰਨ, ਇਕ ਦੂਜੇ ਪ੍ਰਤੀ ਨਫ਼ਰਤ ਭਰਨ ਅਤੇ ਏਥੋਂ ਤੱਕ ਕਿ ਖ਼ੂਨ ਦੇ ਪਿਆਸੇ ਬਣਾਉਣ ਲਈ ਇਨ੍ਹਾਂ ਅੰਦਰ ਬੈਠੀਆਂ ਤਾਕਤਾਂ ਵਿੱਚੋਂ ਹਿੰਦੂਵਾਦੀ, ਡੋਗਰਾਸ਼ਾਹੀ ਅਤੇ ਈਸਾਈਅਤ ਦੀ ਪਕੜ ਵਾਲੀ ਈਸਟ ਇੰਡੀਆ ਕੰਪਨੀ ਦੇ ਤੇਜ਼ ਤਰਾਰ ਦਿਮਾਗ਼ ਨੇ ਪੂਰੀ ਵਿਉਂਤਬੰਦੀ ਨਾਲ ਅਲੱਗ-ਅਲੱਗ ਦਿਖਾਈ ਦੇ ਕੇ, ਅੰਦਰੋਂ ਇਕ ਹੋ ਕੇ ਕੰਮ ਕਰਦੇ ਇਤਿਹਾਸ ਦੇ ਪੰਨਿਆਂ ਨੂੰ ਪੜ੍ਹ ਸੁਣ ਸਕਦੇ ਹਾਂ। 

ਇੱਕੀਵੀਂ ਸਦੀ ਦਾ ਦੂਜਾ ਦਹਾਕਾ ਮੁੱਕਣ ਜਾ ਰਿਹਾ ਹੈ। ਸੰਸਾਰ ਭਰ ਅੰਦਰ ਸਫਲ ਕਿਰਤੀ ਅਤੇ ਕਾਰੋਬਾਰੀ ਦੇ ਤੌਰ ’ਤੇ ਸਿੱਖ ਕੌਮ ਦੀ ਸਥਾਪਤੀ ਜੱਗ ਜ਼ਾਹਰ ਹੈ। ਸਿੱਖ ਗੁਰੂ ਸਾਹਿਬਾਨ ਵੱਲੋਂ ਸਦੀਆਂ ਦੀ ਘਾਲ ਨਾਲ ਇਸ ਦੀਆਂ ਡੂੰਘੀਆਂ ਜੜ੍ਹਾਂ ਅੰਦਰ ਇਨਸਾਨੀਅਤ ਦੇ ਅਮੋਲਕ ਮਹਾਨ ਗੁਣ ਭਰ, ਸਚਿਆਰਤਾ ਦਾ ਮਜ਼ਬੂਤ ਆਧਾਰ ਅਤੇ ਨਿਰਮਲ ਨਿਆਰੇਪਣ ਦਾ ਮਹੱਲ ਬਖ਼ਸ਼ਿਆ। ਬਖ਼ਸ਼ੇ ਗਏ ਅਮੋਲਕ ਗੁਣਾਂ ਦੀ ਅਮੀਰ ਤਾਸੀਰ ਪੀੜ੍ਹੀ ਦਰ ਪੀੜ੍ਹੀ ਆਪਣੀ ਸੁਗੰਧ ਖਿਲਾਰੀ ਅੱਜ ਵੀ ਜਲਵਾਗਰ ਹੋ ਰਹੀ ਹੈ। ਨਾਮਵਰ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਦੀ ਵਾਰ ਦੇ ਬੋਲ ਹਨ : ‘ਹੁਕਮ ਰਜਾਈ ਚੱਲਣਾ, ਜੋ ਕਰੇਂ ਚੰਗੇਰਾ ਪੰਥ ਵਸੇ ਮੈਂ ਉੱਜੜਾਂ, ਮਨ ਚਾਉ ਘਨੇਰਾ ਕੌਮਾਂ ਪ੍ਰਤੀ ਸਮਰਪਿਤ ਜਾਗਰੂਪ ਹਿੱਸਾ ਆਪਣੀ ਕੌਮੀ ਜਥੇਬੰਦੀ ਦੀ ਮਜ਼ਬੂਤੀ, ਇਕਸੁਰਤਾ ਤੇ ਇਕਸਾਰਤਾ ਲਈ ਹਰ ਵਕਤ ਤਤਪਰ ਰਹਿ ਕੰਮ ਕਰਦਾ ਹੈ। ਇਸ ਨੂੰ ਆਪਣੀ ਕੌਮ ਦੇ ਅੰਦਰਲੇ ਵਿਹੜੇ ਅੰਦਰ ਪਨਪ ਰਹੀਆਂ ਕਮਜ਼ੋਰੀਆਂ ਦਾ ਪੂਰਾ ਗਿਆਨ ਹੁੰਦਾ ਹੈ। ਆਲੇ-ਦੁਆਲੇ ਕੌਮ ਦੇ ਦਰਪੇਸ਼ ਵਿਰੋਧੀ ਤਾਕਤਾਂ ਵੱਲੋਂ ਨਵੇਂ-ਨਵੇਂ ਰੂਪਾਂ ਅੰਦਰ ਖੜ੍ਹੀਆਂ ਹੋ ਰਹੀਆਂ ਚੁਣੌਤੀਆਂ ਬਾਰੇ ਵੀ ਸੋਹ ਹੁੰਦੀ ਹੈ। ਆਪਣੀ ਕੌਮ ਪ੍ਰਤੀ ਫਰਜ਼ਾਂ ਤੋਂ ਪੂਰੀ ਤਰ੍ਹਾਂ ਅਗਾਹ ਹੋਣ ਲਈ ਬੀਤੇ ਤੇ ਅੱਜ ਨੂੰ ਇਹ ਘੋਖਵੀਂ ਨਿਗਾਹ ਨਾਲ ਪੜ੍ਹਦਾ ਹੈ। ਮੁਕਾਬਲੇ ਦੇ ਯੋਗ ਸਹੀ ਧਿਰਾਂ ਨੂੰ ਜਗਾਉਂਦਾ ਵੀ ਹੈ।

ਪਿਛਲੇ ਦੋ ਮਹੀਨਿਆਂ (22 ਮਾਰਚ-22 ਮਈ, 2020) ਦੇ ਅਰਸੇ ਦੌਰਾਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਰਸ ਸਦਕਾ ਖ਼ੁਦ ਲਈ ਪੜ੍ਹਨ ਦਾ ਮੌਕਾ ਸਮਝਦਿਆਂ ਰੱਬੀ ਜੋਤ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਇਤਿਹਾਸ ਨੂੰ ਪੜ੍ਹਿਆ ਘੋਖਿਆ ਹੈ। ਮਹਿਸੂਸ ਕੀਤਾ ਹੈ ਕਿ ਆਪਣੇ ਮਹਾਨ ਸਤਿਗੁਰਾਂ ਦੀ ਅਦੁੱਤੀ ਸ਼ਖ਼ਸੀਅਤ ਨੂੰ ਅਸੀਂ ਵਰਤਮਾਨ ਮੌਕੇ ਆਪਣੇ ਕੌਮੀ ਹਿਰਦਿਆਂ ਅੰਦਰ ਵਸਾਉਣ ਤੋਂ ਬਹੁਤ ਹੀ ਬੁਰੀ ਤਰ੍ਹਾਂ ਖੁੰਝੇ ਹੋਏ ਹਾਂ। ਸਾਡਾ ਗੁਰੂਆਂ ਪ੍ਰਤੀ ਨਜ਼ਰੀਆ ਸਾਡੀ ਬੁੱਧੀ ਦੀਆਂ ਸੌੜੀਆਂ ਤੰਗ ਘੁੰਤਰਾਂ ਵਿੱਚੋਂ ਹੋ ਕੇ ਬਹੁਤ ਹੀ ਛੋਟਾ-ਛੋਟਾ ਹੁੰਦਾ ਜਾ ਰਿਹਾ ਹੈ। ਸਿੱਖ ਗੁਰੂ ਸਾਹਿਬਾਨ ਪ੍ਰਤੀ, ਜੋ ਵਿਸ਼ਵਾਸ ਪਿਆਰ ਸਾਡੀਆਂ ਰਗਾਂ ਅੰਦਰ ਖ਼ੂਨ ਦੇ ਗੇੜੇ ਨਾਲੋ ਤੇਜ ਦੌੜਨਾ ਬੜਾ ਜ਼ਰੂਰੀ ਸੀ, ਅਸੀਂ ਉਸ ਤੋਂ ਬਹੁਤ ਪਿੱਛੇ ਹਾਂ। ਅਸੀਂ ਗੱਲੀਂ ਬਾਤੀਂ ਸੰਸਾਰ ਅੰਦਰ ਸਿੱਖ ਕੌਮ ਦੀ ਮਜ਼ਬੂਤੀ ਨਾਲ ਸਥਾਪਤੀ ਦੇ ਸੁਪਨੇ ਲਗਾਤਾਰ ਲੈ ਰਹੇ ਹਾਂ। ਸੁਪਨੇ ਸਾਕਾਰ ਕਰਨ ਵਾਸਤੇ ਬਤੌਰੇ ਸਿੱਖ ਜਿੱਥੇ ਅਮਲੀ ਤਪ ਤੇਜ ਦਾ ਪਰਤਾਪ ਹੋਣਾ ਜ਼ਰੂਰੀ ਹੈ, ਉੱਥੇ  ਧਿਆਨ ਕੇਂਦ੍ਰਿਤ ਰੱਖਣਾ ਲਾਜ਼ਮੀ ਹੈ।

ਹਰ ਸਾਲ ਦਸੰਬਰ ਮਹੀਨੇ ਅੰਦਰ ਸਿੱਖ ਨਵੀਂ ਪੀੜ੍ਹੀ ਨੂੰ ਗੁਰੂ ਪਿਆਰ ਵਿਸ਼ਵਾਸ ਨਾਲ ਭਰਨ ਬਾਰੇ ਸਿੱਖ ਕੌਮ ਅੰਦਰ ਜਜ਼ਬੇ ਦਾ ਹੜ੍ਹ ਆਉਂਦਾ ਹੈ। ਅਸੀਂ ਗੁਰੂ ਸਪੁੱਤਰਾਂ ਮਹਾਨ ਸ਼ਹੀਦਾਂ ਕੌਮੀ ਬਾਬਿਆਂ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਪੜ੍ਹਨ-ਸੁਣਨ, ਵਿਚਾਰਨ ਤੇ ਪ੍ਰਚਾਰਨ ਉੱਤੇ ਬਹੁਤ ਜ਼ੋਰ ਦੇਂਦੇ ਹਾਂ। ਐਸਾ ਕਰਨਾ ਸਾਡਾ ਕੌਮੀ ਫ਼ਰਜ਼ ਵੀ ਬਣਦਾ ਹੈ। ਸਦੀਆਂ ਬੀਤ ਜਾਣ ’ਤੇ ਵੀ ਸਾਡੇ ਕੌਮੀ ਸ਼ਹੀਦਾਂ ਦਾ ਇਤਿਹਾਸ ਹਰ ਵੇਲੇ ਨਵਾਂ ਤੇ ਤਰੋ ਤਾਜ਼ਾ ਹੋ ਕੇ ਸਾਡੀਆਂ ਰਗਾਂ ਵਿਚ ਜੰਮੇ ਹੋਏ ਖ਼ੂਨ ਨੂੰ ਉਬਾਲ ਦੇਂਦਾ ਹੈ। ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਉੱਪਰ ਪਤਾ ਨਹੀਂ ਕਿੰਨਾ ਕੁ ਨਵਾਂ ਲਿਖਣ ਬੋਲਣ ਦਾ ਕੰਮ ਵਾਰਤਕ ਅਤੇ ਕਵਿਤਾ ਦੇ ਰੂਪ ਵਿਚ ਹੋ ਜਾਂਦਾ ਹੈ।

ਦਾਸ (ਕੇਵਲ ਸਿੰਘ) ਇਨ੍ਹਾਂ ਸ਼ਹਾਦਤਾਂ ਨੂੰ ਹੋਰ ਸਮਝਣ ਘੋਖਣ ਦੇ ਨਜ਼ਰੀਏ ਨਾਲ ਪੁਸਤਕਾਂ ਦੇ ਪੁਰਾਤਨ ਅਦਾਰੇ ਸਿੰਘ ਬ੍ਰਦਰਜ਼ ਸ੍ਰੀ ਅੰਮ੍ਰਿਤਸਰ ਵਿਖੇ ਸ: ਗੁਰਸਾਗਰ ਸਿੰਘ ਜੀ ਪਾਸ ਗਿਆ। ਇਤਿਹਾਸਕ ਇਨ੍ਹਾਂ ਸ਼ਹੀਦੀ ਵਰਤਾਰਿਆਂ ਦੀ ਗੱਲ ਚੱਲੀ ਤਾਂ ਕਹਿਣ ਲੱਗੇ ਤੁਸਾਂ ਅੱਲ੍ਹਾ ਯਾਰ ਖਾਂ ਜੋਗੀ ਦੀਆਂ ਲਿਖਤਾਂ ਜਾਂ ਭਾਈ ਦੁਨਾ ਸਿੰਘ ਜੀ ਦੀਆ ਲਿਖਤਾਂ ਜੋ ਸ੍ਰ: ਪਿਆਰਾ ਸਿੰਘ ਪਦਮ ਜੀ ਦੁਆਰਾ ਸੰਪਾਦਨ ਹਨ, ਪੜ੍ਹੀਆਂ ਹੀ ਹਨ। ਇਨ੍ਹਾਂ ਸ਼ਹੀਦੀਆਂ ਬਾਰੇ ਇਕ ਪੁਰਾਣੀ ਕਾਵਿਕ ਲਿਖਤ ਨਵੀਂ ਛਪ ਕੇ ਸਾਹਮਣੇ ਆਈ ਹੈ, ਉਸ ਨੂੰ ਵੀ ਪੜ੍ਹੋ। ਦਾਸ ਇਸ ਲਿਖਤ ਨੂੰ ਅਦਬ ਨਾਲ ਲੈ ਕੇ ਆਇਆ ਜੋ ਸ: ਗੁਰਬਖਸ਼ ਸਿੰਘ ਜੀ ਕੇਸਰੀ ਹੁਣਾਂ ਦੀ ਲਿਖੀ ਹੈ।

ਸਮਾਜ ਸੇਵਾ ਤੇ ਕੌਮੀ ਜ਼ਿੰਮੇਵਾਰੀਆਂ ਦੇ ਚੱਲਦੇ ਰੁਝੇਵਿਆਂ ਕਰਕੇ ਇਸ ਪੁਸਤਕ ਨੂੰ ਨਾਲ ਤਾਂ ਲੰਮਾ ਸਮਾਂ ਚੁੱਕੀ ਰੱਖਿਆ ਪਰ ਪੜ੍ਹ ਨਾ ਸਕਿਆ। ਹੁਣ ਜਦੋਂ ਰੱਬੀ ਬਖ਼ਸ਼ੇ ਸਮੇਂ ਦਰਮਿਆਨ ਇਸ ਪੁਸਤਕ ਨੂੰ ਪੜ੍ਹਨ ਦਾ ਮੌਕਾ ਮਿਲਿਆ ਤਾਂ ਰੋਮ-ਰੋਮ ਬੇਮੁਹਾਰੇ ਅੰਗੜਾਈ ਲੈ ਗਿਆ। ਲੇਖਕ, ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਗਿਆਨੀ ਗਿਆਨ ਸਿੰਘ ਜੀ, ਡਾ: ਜੋਧ ਸਿੰਘ ਜੀ , ਗਿ: ਦਿੱਤ ਸਿੰਘ ਜੀ ਆਦਿ ਮਹਾਨ ਲੇਖਕਾਂ ਦਾ ਸਮਕਾਲੀ ਕੱਟੜ ਸਿੰਘ ਸਭੀਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਪਰਣਾਈ ਸ਼ਖ਼ਸੀਅਤ ਹੈ। ਪੁਸਤਕ ਦੇ ਸੰਪਾਦਕ ਡਾ: ਕਰਨੈਲ ਸਿੰਘ ਸੋਮਲ ਹਨ, ਜੋ ਕੌਮੀ ਹੀਰੇ ਸਿੰਘ ਸਭਾ ਲਹਿਰ ਦੇ ਮਹਾਨ ਯੋਧੇ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਨੰਦਗੜ੍ਹ ਕਲੌੜ ਦੇ ਵਸਨੀਕ ਹਨ। ਉਨ੍ਹਾਂ ਨੇ ਸ: ਗੁਰਬਖਸ਼ ਸਿੰਘ ਜੀ ਕੇਸਰੀ ਦੇ ਜੀਵਨ ਤੱਥਾਂ ਨੂੰ ਲੱਭਣ ਵਾਲੀ ਪੇਸ਼ ਕਰਨ ਵਾਲੀ ਕਮਾਲ ਕਰ ਦਿੱਤੀ ਹੈ। ਕਵਿਤਾ ਭਾਗ ਤੋਂ ਪਹਿਲਾਂ ਲੇਖਕ ਦੀ ਸ਼ਖ਼ਸੀਅਤ ਦਾ ਪੇਸ਼ ਕੀਤਾ ਗਿਆ ਜੀਵਨ ਘਾਲਣਾ ਦਾ ਸੰਖੇਪ ਅਤੇ ਮਹੱਤਵਪੂਰਨ ਖ਼ਾਕਾ ਹੈ। ਰੌਂਗਟੇ ਖੜ੍ਹੇ ਕਰਨ ਵਾਲਾ ਹੈ। ਪੜ੍ਹਦਿਆਂ-ਪੜ੍ਹਦਿਆਂ ਇਸ ਕੌਮ-ਪ੍ਰਸਤ ਲੇਖਕ ਦੀ ਕਰਨੀ ’ਤੇ ਨਾ ਕੇਵਲ ਮਾਣ ਹੋਇਆ ਹੈ ਬਲਕਿ ਖ਼ੁਦ ਦੀਆਂ ਕਮਜ਼ੋਰੀਆਂ ਦਾ ਪਸ਼ਚਾਤਾਪ ਵੀ ਹੋਇਆ ਹੈ। ਉਸ ਵਕਤ ਚੱਲੀਆਂ ਕਲਮਾਂ ਦਾ ਕੌਮੀ ਮੁਹਾਣ ਵਾਲਾ ਪੂਰ ਅੱਗੇ ਚੱਲ ਕੇ ਨਾਸਤਕਵਾਦ ਦੇ ਰੇਗਿਸਥਾਨ ਅੰਦਰ ਖੁਸ਼ਕ-ਖੁਸ਼ਕ ਹੁੰਦਾ ਦਿਖਾਈ ਦੇਣ ਲੱਗਦਾ ਹੈ।

ਅੱਜ ਕੌਮੀ ਵਿਹੜੇ ਅੰਦਰ ਝਾਤ ਮਾਰ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰ ਪਾਤਸ਼ਾਹ ਜੀ ਦੀਆਂ ਜੀਵਨ ਘਾਲਣਾਵਾਂ ਤੋਂ ਬਲਿਹਾਰ ਜਾ ਕੇ ਲਿਖਣ ਵਾਲੀਆਂ ਕਲਮਾਂ ਟਾਵੀਆਂ ਹੀ ਨਜ਼ਰੇ ਪੈਂਦੀਆਂ ਹਨ। ਕਲਮਾਂ ਚੱਲ ਵੀ ਰਹੀਆਂ ਹਨ ਤੇ ਭੁਲੇਖਾ ਵੀ ਪਾ ਰਹੀਆਂ ਹਨ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖ਼ਾਲਸਾ ਪੰਥ ਦੀ ਵਾੜ ਵਿਚ ਹੀ ਹਨ? ਉਨ੍ਹਾਂ ਵਿਚ ਬਹੁਤਿਆਂ ਪਾਸ ਗੁਰਬਾਣੀ ਗਿਆਨ ਦੀ ਕਮਾਈ ਹੋਈ ਗਹਿਰਾਈ ਤੇ ਮਾਣੇ ਹੋਏ ਰਸ ਦੀ ਜਿੱਥੇ ਘਾਟ ਮਹਿਸੂਸ ਹੁੰਦੀ ਹੈ, ਉੱਥੇ ਇਤਿਹਾਸਕ ਪੱਖ ਨੂੰ ਗੁਰਬਾਣੀ ਗਿਆਨ ਦੀ ਅਕੱਟ ਕਸੌਟੀ ’ਤੇ ਪਰਖਣ ਦੀ ਹਿੰਮਤ ਅਤੇ ਜਾਚ ਦੇ ਪੱਖੋਂ ਕੋਰਾਪਣ ਹੈ। ਕੌਮੀ ਘਰ ਦੇ ਵਿਹੜੇ ਅੰਦਰ ਨਵੇਂ ਕੌਮ-ਪ੍ਰਸਤ ਕਲਮਕਾਰ ਤਿਆਰ ਕਰਨ ਦੀ ਬੀਤੇ ਕਈ ਦਹਾਕਿਆਂ ਤੋਂ ਤੁਰੀ ਆਉਂਦੀ ਘਾਟ ਨੇ ਆਣ ਵੰਗਾਰਿਆ ਹੈ। ਸਿੱਖ ਕੌਮ ਜਾਗਰੂਪ ਵਾਰਸਾਂ ਅਤੇ ਕੌਮੀ ਸੰਸਥਾਵਾਂ ਦੇ ਮੁਖੀਆਂ ਸਾਹਮਣੇ ਇਕ ਰੂਹ ਦੀ ਹੂਕ ਵਜੋਂ ਇਹ ਅੱਖਰ ਪੇਸ਼ ਕਰਨ ਦਾ ਹੀਆ ਕੀਤਾ ਹੈ। ਅਸੀਂ ਮੁੜ ਧਿਆਨ ਕੇਂਦ੍ਰਿਤ ਕਰੀਏ। ਆਪਣੇ ਕੌਮੀ ਅਨਮੋਲ ਸਰਮਾਏ ਨੂੰ ਗੁਰਬਾਣੀ ਗਿਆਨ ਦੇ ਯੁਗ ਪਲਟਾਊ ਬਲ ਨੂੰ ਅਪਣਾਅ ਕੇ ਗੁਰਮਤਿ ਸਿਧਾਂਤਾਂ ਅਤੇ ਸਿੱਖ ਰਹਿਤ ਮਰਯਾਦਾ ਜੀਵਨ-ਜਾਚ ਵਾਲੇ ਨੌਜਵਾਨ ਕਲਮਕਾਰ ਸਖ਼ਤ ਘਾਲਣਾ ਘਾਲ ਕੇ ਪੈਦਾ ਕਰਨ ਦਾ ਦਾਈਆ ਨਿਸ਼ਚਿਤ ਕਰੀਏ।

ਅੱਜ ਵੀ ਸਾਡੇ ਕੋਲ ਸ: ਅਜਮੇਰ ਸਿੰਘ ਜੀ ਵਰਗੇ ਪ੍ਰੋੜ ਕੌਮ-ਪ੍ਰਸਤ ਲੇਖਕ ਮੌਜੂਦ ਹਨ। ਅਜਿਹੇ ਹੋਰ ਵੀ ਵਿਦਵਾਨਾਂ ਦੀ ਦੇਖ-ਰੇਖ ਹੇਠ ਸਿੰਘ ਸਭਾ ਲਹਿਰ ਦੀ ਕੁੱਖ ਵਿੱਚੋਂ ਪੈਦਾ ਹੋਏ ਲੇਖਕਾਂ ਵਰਗੇ ਲੇਖਕ ਕੌਮੀ ਵਿਹੜੇ ਦਾ ਸ਼ਿੰਗਾਰ ਬਣਾ ਸਕਦੇ ਹਾਂ। ਅੱਜ ਵੀ ਸਾਡੇ ਚਹੁੰ ਪਾਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਿਆਨ ਵਿਚਾਰਧਾਰਾ ਨੂੰ ਤੇ ਸਿੱਖ ਇਤਿਹਾਸ ਦੇ ਸਿਧਾਂਤਕ ਵਿਰਸੇ ਨੂੰ ਨੁਕਸਾਨ ਪਹੁੰਚਾਉਣ ਲਈ  ਮਿੱਥ ਕੇ ਚੱਲਣ ਵਾਲੀਆਂ ਕਲਮਾਂ ਦੀ ਫ਼ੌਜ ਕੰਮ ਕਰ ਰਹੀ ਹੈ। ਜੋ ਵੱਖ-ਵੱਖ ਭਾਸ਼ਾਵਾਂ ਵਿਚ ਆਪਣੇ ਮਿਥੇ ਹੋਏ ਨਿਸ਼ਾਨੇ ਸਰ ਕਰਨ ਵਾਸਤੇ ਬਿਨ੍ਹਾਂ ਰੋਕ ਅੱਗੇ ਤੋਂ ਅੱਗੇ ਵਧਦੇ ਆ ਰਹੇ ਹਨ। ਸਿੱਖ ਜ਼ਿੰਮੇਵਾਰ ਸੰਸਥਾਵਾਂ ਦੇ ਪ੍ਰਬੰਧਕ ਕੌਮੀ ਸਮਰਪਿਤ ਭਾਵਨਾ ਤੋਂ ਭਟਕੇ ਹੋਣ ਕਰਕੇ ਕੌਮੀ ਇਕਸੁਰਤਾ ਅਤੇ ਇਕਸਾਰਤਾ ਲਈ ਬਣਦੇ ਫ਼ਰਜ਼ਾਂ ਤੋਂ ਅਵੇਸਲੇ ਦਿਖਾਈ ਦੇ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਛਪਦੀਆਂ ਲਿਖਤਾਂ ਵਿਚ ਭਾਰੀ ਕੁਤਾਹੀਆਂ ਕਾਰਨ ਪੈਦਾ ਹੋਏ ਨਵੇਂ ਵਿਵਾਦਾਂ ਨੇ ਕੌਮੀ ਵਿਹੜੇ ਨੂੰ ਉਦਾਸ ਕੀਤਾ ਹੈ। ਦਾਸ ਨੇ 550 ਸਾਲਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮਾਗਮ ਮੌਕੇ ਵਰਤਮਾਨ ਸਮੇਂ ਸ਼੍ਰੋ: ਗੁ: ਪ੍ਰੰ: ਕਮੇਟੀ ਵੱਲੋਂ ਗੁਰਮਤਿ ਪ੍ਰਕਾਸ਼ ਦੇ ਕੱਢੇ ਅੰਕਾਂ ਨੂੰ 1969 ਵਿੱਚ ਛਪੇ ਅੰਕਾਂ ਦੇ ਲਿਖਤੀ ਅਤੇ ਛਪਾਈ ਮਿਆਰ ਦੇ ਮੁਕਾਬਲੇ ਘੋਖਵੀਂ ਦ੍ਰਿਸ਼ਟੀ ਨਾਲ ਦੇਖਿਆ ਹੈ। ਮਹਿਸੂਸ ਕੀਤਾ ਹੈ, 50 ਸਾਲਾਂ ਬਾਅਦ ਸਾਡਾ ਹਰ ਮਿਆਰ ਉੱਚਾ ਹੋਣ ਦੀ ਥਾਂ ਜ਼ਮੀਨਦੋਜ ਹੋਇਆ ਹੈ। ਸਥਾਪਿਤ ਸਿਰਮੌਰ ਸੰਸਥਾਵਾਂ ਆਪਣੀ ਸਮਰੱਥਾ ਨੂੰ ਖੋਜੀ ਕਲਮਕਾਰ ਪੈਦਾ ਕਰਨ ਲਈ ਨਿਰਣਾ ਲੈਣ। ਜਿਸ ਨਾਲ ਕੌਮ ਨੂੰ ਬਲ ਤੇ ਉਤਸ਼ਾਹ ਮਿਲੇਗਾ। ਸੰਸਾਰ ਵਿਚ ਕੌਮੀ ਜਸ ਹੋਵੇਗਾ।

ਕੁਦਰਤ ਤੋਂ ਬਲਿਹਾਰ ਹੋਣਾ ਅਤੇ ਕੁਦਰਤ ਰਾਹੀਂ ਕਾਦਰ ਤੋਂ ਬਲਿਹਾਰ ਹੋਣ ’ਚ ਅੰਤਰ

0

1. ਕੁਦਰਤ ਤੋਂ ਬਲਿਹਾਰ ਅਤੇ ਕੁਦਰਤ ਰਾਹੀਂ ਕਾਦਰ ਤੋਂ ਬਲਿਹਾਰ ਹੋਣ ’ਚ ਅੰਤਰ

ਗਿਆਨੀ ਅਵਤਾਰ ਸਿੰਘ

ਧਾਰਮਿਕ ਵਿਸ਼ਵਾਸ ਨਾਲ ਕੁਦਰਤ ਨੂੰ ਜਾਣਨਾ ਜਾਂ ਕੁਦਰਤ ਨੂੰ ਪੂਜਣਾ ਜਾਂ ਕੁਦਰਤ ਤੋਂ ਸਦਕੇ ਜਾਣਾ; ਭਾਵੇਂ ਇਹ ਤਿੰਨ ਦ੍ਰਿਸ਼ਟੀਕੋਣ ਜਾਪਦੇ ਹਨ ਪਰ ਇਨ੍ਹਾਂ ’ਚ ਬਹੁਤ ਹੀ ਗੂੜ੍ਹਾ ਸੰਬੰਧ ਹੈ। ਕੁਦਰਤ ਰਚਣ ਦੀ ਕਲਾ ਨੂੰ ਘੋਖਦਿਆਂ-ਘੋਖਦਿਆਂ ਇਸ ਨੂੰ ਬਣਾਉਣ ਵਾਲੇ (ਕਾਦਰ) ਤੱਕ; ਜੇ ਸਿੱਖ ਦਾ ਬੌਧਿਕ ਵਿਕਾਸ ਨਾ ਹੋਵੇ ਤਾਂ ਇਹ ਤਿੰਨੇ ਨਜ਼ਰੀਏ ਸ਼ਰਧਾਵਾਨ ਨੂੰ ਕੁਦਰਤ ਤੋਂ ਹੀ ਪ੍ਰਭਾਵਤ ਕਰਨ ਤੱਕ ਸੀਮਤ ਹਨ, ਜਿਸ ਦਾ ਗੁਰਮਤਿ ਵਿਰੋਧ ਕਰਦੀ ਹੈ। ਗੁਰਬਾਣੀ ’ਚ ‘ਕੁਦਰਤਿ’ ਸ਼ਬਦ 73 ਵਾਰ ਅਤੇ ‘ਕੁਦਰਤੀ’ 5 ਵਾਰ ਦਰਜ ਹੈ, ਪਰ ਇੱਕ ਵਾਰ ਵੀ ਮਨੁੱਖ ਨੂੰ ‘ਕੁਦਰਤ ਤੋਂ ਬਲਿਹਾਰ’ ਹੋਣ ਦਾ ਇਸ਼ਾਰਾ ਨਹੀਂ ਮਿਲਦਾ।

ਕਾਦਰ ਨਾਲ ਸਾਂਝ ਪਾ ਚੁੱਕੇ ਸ਼ਖ਼ਸ ਦੀ ਕੁਦਰਤ ਬਾਰੇ ਸਮਝ; ਰਹੱਸਮਈ ਹੁੰਦੀ ਹੈ। ਉਹ ਕੁਦਰਤ ਬਣਾਉਣ ਦੀ ਕਲਾ ਸਾਮ੍ਹਣੇ ਆਪਣੇ ਆਪ ਨੂੰ ਅਲਪ ਮਤ (ਮਾਮੂਲੀ ਗਿਆਨ ਦਾ ਮਾਲਕ) ਮਹਿਸੂਸ ਕਰਦਾ-ਕਰਦਾ ਕਾਦਰ ’ਤੇ ਬਣੀ ਆਪਣੀ ਸ਼ਰਧਾ ਨੂੰ ਯਕੀਨ ’ਚ ਬਦਲ ਚੁੱਕਾ ਹੁੰਦਾ ਹੈ। ਇੱਕ ਵਕੀਲ ਵੀ ਆਪਣੇ ਸਿਲੇਬਸ (ਕਾਨੂੰਨ) ਦੀ ਪੜਚੋਲ ਹੀ ਕਰਦਾ ਹੁੰਦਾ ਹੈ; ਪਰ ਉਹ, ਇਸ ਵਿੱਚੋਂ ਕਦੇ ਰਹੱਸ ਨਹੀਂ ਮਾਣ ਸਕਦਾ ਕਿਉਂਕਿ ਦੇਸ਼ ਦਾ ਸੰਵਿਧਾਨ ਇਕਹਿਰੀ ਪ੍ਰਣਾਲੀ ’ਤੇ ਆਧਾਰਿਤ ਹੁੰਦਾ ਹੈ ਜਦਕਿ ਕੁਦਰਤ ਦਾ ਵਿਧਾਨ; ਅਨੇਕਾਂ ਆਪਾ ਵਿਰੋਧੀ ਸਿਧਾਂਤਾਂ ਦਾ ਸੰਗ੍ਰਹਿ ਹੈ, ਜਿਨ੍ਹਾਂ ਦੀ ਗੁੰਝਲ਼ਤਾ ਨੂੰ ਪਲਟਦਿਆਂ-ਪਲਟਦਿਆਂ ਖੋਜੀ ਸ਼ਰਧਾਵਾਨ ਆਪਣੀ ਹਾਰ ਮੰਨ ਬੈਠਦਾ ਹੈ। ਇਹੀ, ਕੁਦਰਤ ਨੂੰ ਬਣਾਉਣ ਵਾਲੇ ਤੋਂ ਬਲਿਹਾਰ ਜਾਣਾ ਹੈ, ਆਪਾ ਨਿਛਾਵਰ ਕਰਨਾ ਹੈ।

ਦੂਸਰੇ ਪਾਸੇ ਕੁਦਰਤ ਦਾ ਮਨੋਰੰਜਨ ਕਰਨ ਵਾਲੇ ਸੈਲਾਨੀ (ਟੂਰਿਸਟ) ਵੀ ਕੁਦਰਤੀ ਦਿੱਖ (ਨਜ਼ਾਰੇ) ਤੋਂ ਪ੍ਰਭਾਵਤ ਹੀ ਹੁੰਦੇ ਹਨ। ਉਨ੍ਹਾਂ ਦਾ ਕੁਦਰਤ ਤੋਂ ਪ੍ਰਭਾਵਤ ਹੋਣਾ ਅਤੇ ਕਾਦਰ ਦੇ ਆਸ਼ਕ (ਭਗਤ) ਦਾ ਕੁਦਰਤ ’ਚੋਂ ਕਾਦਰ ਦੇ ਦਰਸ਼ਨ ਕਰ ਪ੍ਰਭਾਵਤ ਹੋਣਾ; ਬੜਾ ਅੰਤਰ ਰੱਖਦਾ ਹੈ ਤਾਹੀਓਂ ਕੁਦਰਤ ’ਚੋਂ ਸ਼ਰਧਾਵਾਨ ਦੇ ਮਨ ’ਤੇ ਪਿਆ ਪ੍ਰਭਾਵ; ਲੰਬੇ ਸਮੇਂ ਤੱਕ ਰਹਿੰਦਾ ਹੈ ‘‘ਮੇਰੇ ਰਮਈਏ ਰੰਗੁ ਮਜੀਠ ਕਾ; ਕਹੁ ਰਵਿਦਾਸ ਚਮਾਰ ’’ (ਭਗਤ ਰਵਿਦਾਸ ਜੀ/੩੪੬) ਜਦਕਿ ਸੈਲਾਨੀ ਦਾ ਮਨ-ਪਰਚਾਵਾ ਘਰ ਵਾਪਸ ਪਰਤਦਿਆਂ ਲਹਿ ਜਾਂਦਾ ਹੈ। ਸੈਲਾਨੀ ਦੀ ਸੋਚ ਨੂੰ ਪਰਣਾਇ ਕੁਝ ਸਿੱਖ ਪ੍ਰਚਾਰਕ ਵੀ ਕੁਦਰਤ ਤੋਂ ਬਲਿਹਾਰ ਹਾਂ; ਆਖ ਕੇ ਅਕਸਰ (ਸੱਚੇ ਭਗਤਾਂ ਵਾਲੀ ਅਵਸਥਾ ਭੋਗਣ ਦਾ) ਭਰਮ ਪਾਉਂਦੇ ਹਨ।  ਜੇ ਇਹ ਵਾਕਿਆ ਈ ਗੁਰਮਤਿ ਅਨੁਸਾਰੀ ਉੱਚੀ ਅਵਸਥਾ ਭੋਗ ਰਹੇ ਹੁੰਦੇ ਤਾਂ ਕੁਦਰਤ ਦੀ ਬਜਾਇ ਇਸ ਦੇ ਰਚੇਤਾ ‘ਕਾਦਰ ਤੋਂ ਬਲਿਹਾਰ ਜਾਂਦੇ’, ਨਾ ਕਿ ਉਸ ਦੇ ਵਜੂਦ ਤੋਂ ਇਨਕਾਰੀ ਹੁੰਦੇ। ਗੁਰੂ ਨਾਨਕ ਜੀ ਵਚਨ ਕਰਦੇ ਹਨ ਕਿ ਜੋ ਸੱਚਾ ਦਾਤਾਰ ਹੈ ਉਸ ਦੀ ਸ਼ਨਾਖ਼ਤ (ਪਛਾਣ) ਕੁਦਰਤ ’ਚੋਂ ਹੋਣੀ ਹੈ, ‘‘ਨਾਨਕਸਚ ਦਾਤਾਰੁ; ਸਿਨਾਖਤੁ ਕੁਦਰਤੀ ’’ (ਮਹਲਾ /੧੪੧) ਤਾਂ ਤੇ ਕੁਦਰਤ ਰਚਣ ਵਾਲੀ ਆਪਾ-ਵਿਰੋਧੀ ਗੁੰਝਲ਼ਤਾ (ਕਲਾ) ਨੂੰ ਸਮਝਣਾ ਜ਼ਰੂਰੀ ਹੈ ਤਾਂ ਜੋ ਅਸਲ ਮਾਲਕ ਨਾਲ ਜੁੜ ਸਕੀਏ :

ਪਸ਼ੂ-ਪੰਛੀਆਂ ’ਚ ਸੰਘਰਸ਼ ਹੋਣ ਦੇ ਤਿੰਨ ਕਾਰਨ ਹੁੰਦੇ ਹਨ: ‘ਵੰਸ਼ ਵਧਾਉਣ ਲਈ (ਕਾਮ ਉਤੇਜਨਾ ਕਾਰਨ), ਭੋਜਨ ਲਈ ਅਤੇ ਇਲਾਕੇ ’ਤੇ ਕਬਜ਼ਾ ਜਮਾਉਣ ਲਈ’।  ਜਾਨਵਰਾਂ ਦਾ ਇਹ ਸੁਭਾਅ ਕੁਦਰਤੀ ਹੈ, ਜੋ ਬਚਪਨ ਤੋਂ ਮਰਨ ਤੱਕ ਰਹਿੰਦਾ ਹੈ। ਇਸ ਨੂੰ ਰੋਗ ਜਾਂ ਨਿੱਜੀ ਸਹੇੜਿਆਂ ਰੋਗ ਨਹੀਂ ਕਹਿ ਸਕਦੇ।

ਜਾਨਵਰ ਭਾਵੇਂ ਹੋਰਾਂ ਨਾਲ ਭੋਜਨ ਲਈ ਲੜਨ, ਪਰ ਆਪਣੇ ਪਰਵਾਰ ’ਚ ਵੰਡ ਕੇ ਖਾਂਦੇ ਹਨ। ਇਸ ਤੋਂ ਜਾਪਦਾ ਹੈ ਕਿ ਲੜਾਈ (ਜੋ ਕਿ ਕ੍ਰੋਧ ਹੈ) ਦੇ ਨਾਲ-ਨਾਲ ਲੋਭ (ਲਾਲਚ) ਵੀ ਜਾਨਵਰਾਂ ਅੰਦਰ ਹੁੰਦਾ ਹੈ ਅਤੇ ਇਹ ਲਾਲਚ; ਪਰਵਾਰਿਕ ਪਿਆਰ (ਮੋਹ) ’ਚੋਂ ਪੈਦਾ ਹੋਇਆ ਹੁੰਦਾ ਹੈ। ਇਲਾਕੇ ’ਤੇ ਅਧਿਕਾਰ ਜਮਾਉਣਾ ਅਹੰਕਾਰ ਹੀ ਹੈ, ਜੋ ਹਰ ਜਾਨਵਰ ’ਚ ਕੁਦਰਤੀ ਗੁਣ ਹੈ। ਜੇ ਇਲਾਕਾ ਨਹੀਂ, ਘੋਂਸਲਾ (ਆਲ੍ਹਣਾ) ਜਾਂ ਖੁੱਡ ਨਹੀਂ ਤਾਂ ਬੱਚਿਆਂ ਦਾ ਜਨਮ ਅਤੇ ਸਾਂਭ-ਸੰਭਾਲ਼ ਨਹੀਂ ਹੋ ਸਕਦੀ। ਸੋ ਜਾਨਵਰਾਂ ਦੇ ਕੁਦਰਤੀ ਸੁਭਾਅ ’ਚ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਹੁੰਦੇ ਹਨ। ਕੁਦਰਤੀ ਸੁਭਾਅ ਹੀ ਕੁਦਰਤ ਦਾ ਨਿਯਮ ਹੈ; ਤਾਂ ਤੇ ਇਹ ਪੰਜੇ ਲੱਛਣ; ਰੋਗ ਜਾਂ ਨਿੱਜੀ ਸਹੇੜੇ ਰੋਗ ਨਹੀਂ।

ਬਾਜ਼ ਨੂੰ ਤੇਜ਼ ਨਜ਼ਰ, ਹਾਥੀ ਨੂੰ ਤੇਜ਼ ਸੁੰਘਣ ਸ਼ਕਤੀ, ਮਾਸਾਹਾਰੀਆਂ ਨੂੰ ਮਜ਼ਬੂਤ ਜਬਾੜ੍ਹੇ, ਸਾਕਾਹਾਰੀਆਂ ਨੂੰ ਆਪਣੀ ਹਿਫ਼ਾਜ਼ਤ ਲਈ ਸਿਙ (ਸਿੰਗ) ਜਾਂ ਤੇਜ਼ ਰਫ਼ਤਾਰ ਆਦਿਕ ਸਭ ਕੁਦਰਤ ਵੱਲੋਂ ਮਿਲੀਆਂ ਦਾਤਾਂ ਹਨ। ਇੱਕੋ ਜੀਵ ’ਚ ਦੋ ਵਿਰੋਧੀ ਸੁਭਾਅ ਵੀ ਹੁੰਦੇ ਹਨ; ਜਿਵੇਂ ਕੁੱਤਾ ਵਫ਼ਾਦਾਰ ਵੀ ਹੈ ਤੇ ਲਾਲਚੀ ਵੀ। ਦੋ ਵਿਰੋਧੀ ਖ਼ੁਰਾਕਾਂ ਵੀ ਹਨ: ‘ਮਾਸਾਹਾਰੀ ਤੇ ਸਾਕਾਹਾਰੀ। ਭਾਵੇਂ ਸ਼ਿਕਾਰ ਕਰਨ ਵਾਲਾ ਜਾਨਵਰ ਹਮਲਾ ਕਰੇ, ਪਰ ਆਪਣੀ ਹਿਫ਼ਾਜ਼ਤ ਲਈ ਸ਼ਿਕਾਰ ਹੋਣ ਵਾਲਾ ਜਾਨਵਰ ਵੀ ਲੜਦਾ ਹੈ। ਇਨ੍ਹਾਂ ’ਚੋਂ ਕਿਸੇ ਨੂੰ ਵੀ ਕੁਦਰਤ; ਦੋਸ਼ੀ ਜਾਂ ਨਿਰਦੋਸ਼ ਨਹੀਂ ਮੰਨਦੀ, ਪਰ ਮਨੁੱਖ ਦੀ ਦ੍ਰਿਸ਼ਟੀ ’ਚ ਇੱਥੋਂ ਵਿਤਕਰਾ ਸ਼ੁਰੂ ਹੋ ਜਾਂਦਾ ਹੈ। ਇੱਕ ਤਰਫ਼ ਹਮਦਰਦੀ ਅਤੇ ਦੂਜੇ ਪ੍ਰਤਿ ਨਫ਼ਰਤ। ਹਮਦਰਦੀ; ਕੁਝ ਕਾਰਨਾਂ ਕਰਕੇ ਮੱਧਮ ਪੈਂਦੀ ਰਹਿੰਦੀ ਹੈ ਪਰ ਨਫ਼ਰਤ; ਨਾ-ਪੱਖੀ ਸੋਚ ਸਿਰਜ ਦਿੰਦੀ ਹੈ। ਇਸ ਨਕਾਰਾਤਮਿਕ ਸੋਚ ਨੂੰ ਸਕਾਰਾਤਮਿਕ ਬਣਾਉਣਾ ਹੀ ਧਰਮ ਕਮਾਉਣਾ ਹੈ। ਕੁਦਰਤ ਵਰਗਾ ਸੁਭਾਅ; ਸਤਿਗੁਰੂ ਦਾ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ; ਭਾਈ ਘਨ੍ਹਈਆ ਜੀ ਵਰਗਿਆਂ ਤੋਂ ਜ਼ਖ਼ਮੀ ਵੈਰੀਆਂ ਦੀ ਸੇਵਾ-ਸੰਭਾਲ਼ ਵੀ ਆਪਣਿਆਂ ਵਾਙ ਕਰਵਾਉਂਦੇ ਰਹੇ ਹਨ। ਅਜਿਹਾ ਹੀ ਕੁਦਰਤ ਕਰਦੀ ਹੈ, ਜੋ ਆਪਾ ਵਿਰੋਧੀ ਸੁਭਾਅ ਸਿਰਜ ਕੇ ਵੀ ਕਿਸੇ ਨਾਲ ਦ੍ਵੈਤ-ਭਾਵਨਾ ਨਹੀਂ ਰੱਖਦੀ।

ਕੁਦਰਤ ਦੇ ਇਸ ਆਪਾ-ਵਿਰੋਧੀ ਸੁਭਾਅ (ਨਿਯਮ) ਤੋਂ ਜਾਪਦਾ ਹੈ ਕਿ ਜੀਵਨ; ਸ਼ਾਂਤੀ ਦਾ ਨਾਮ ਨਹੀਂ ਬਲਕਿ ਸੰਘਰਸ਼ ਹੀ ਜੀਵਨ ਹੈ। ਜੋ ਇਸ ਖੇਡ ਲਈ ਤਿਆਰ ਨਾ ਹੋਇਆ, ਉਹ ਜੀਵਨ ’ਚੋਂ ਹੀ ਬਾਹਰ ਹੋ ਜਾਏਗਾ, ਮਰ ਜਾਏਗਾ। ਕੁਦਰਤ ਨੂੰ ਅਜਿਹੇ ਜੀਵਨ ਪਸੰਦ ਨਹੀਂ। ਉਹ ਆਪਣੇ ’ਚ ਸਮੇਟ ਲੈਂਦੀ ਹੈ। ਗੁਰੂ ਜੀ ਨੇ ਮਨੁੱਖਤਾ ਅੰਦਰ ਰੂਹਾਨੀਅਤ ਗੁਣਾਂ ਦੇ ਨਾਲ-ਨਾਲ ਸ੍ਵੈਮਾਨ ਵੀ ਪੈਦਾ ਕੀਤਾ ਤਾਂ ਜੋ ਇਨਸਾਨੀਅਤ ਪੱਖੋਂ ਕੁਦਰਤ ਰਚਣ ਦੇ ਢੰਗ ਵਾਙ ਚੱਲਿਆ ਜਾ ਸਕੇ ਭਾਵ ਸੰਘਰਸ਼ ਕਰੀਏ, ਨਾ ਕਿ ਜਣੇ-ਖਣੇ ਦਾ ਸ਼ਿਕਾਰ ਬਣਦੇ ਜਾਈਏ।  ਰੂਹਾਨੀਅਤ ਬਲ ਪੀਰੀ ਹੈ ਅਤੇ ਸ੍ਵੈਮਾਨ; ਮੀਰੀ। ਗੁਰੂ ਨਾਨਕ ਜੀ ਨੇ ਇਨ੍ਹਾਂ ਦੋਵਾਂ ਦੀ ਬੁਨਿਆਦ ਇਉਂ ਰੱਖੀ, ‘‘ਸੋ ਜੀਵਿਆ; ਜਿਸੁ ਮਨਿ ਵਸਿਆ ਸੋਇ ਨਾਨਕ  ! ਅਵਰੁ ਜੀਵੈ, ਕੋਇ ’’ ਭਾਵ ਜਿਸ ਦੇ ਮਨ ’ਚ ਉਹ (ਕਾਦਰ) ਵਸਦਾ ਹੈ, ਦਰਅਸਲ ਉਹੀ ਜਿੳੂਂਦਾ ਹੈ, ਬਾਕੀ ਸਭ ਤੁਰੀਆਂ ਫਿਰਦੀਆਂ ਲੋਥਾਂ ਹਨ। ਇਹ; ਸੱਚੇ ਧਰਮ ਦਾ ਇੱਕ ਤਰਫ਼ਾ ਗੁਣ, ‘ਪੀਰੀ’ ਹੈ, ਇਸ ਦੀ ਮੁਕੰਮਲਤਾ ਲਈ ਦੂਸਰਾ ਗੁਣ ਮੀਰੀ; ਵੀ ਨਾਲ ਹੀ ਦਰਜ ਕੀਤਾ ਗਿਆ, ‘‘ਜੇ ਜੀਵੈ; ਪਤਿ ਲਥੀ ਜਾਇ ਸਭੁ ਹਰਾਮੁ; ਜੇਤਾ ਕਿਛੁ ਖਾਇ ’’ (ਮਹਲਾ /੧੪੨) ਭਾਵ ਜੇ ਰੂਹਾਨੀਅਤ ਗੁਣ ਹੋਣ ’ਤੇ ਵੀ ਸ੍ਵੈਮਾਨ ਨਾ ਬਚੇ ਤਾਂ ਸਮਝੋ ਜਿੰਨਾ ਖਾਧਾ-ਪੀਤਾ ਹੈ, ਸਭ ਵਿਅਰਥ ਹੈ ਭਾਵ ਜ਼ਿੰਦਗੀ ਅਸਫਲ ਹੋ ਗਈ। ਤਲਵਾਰ ਉਠਾਉਣ ਵਾਲਾ ਕ੍ਰਾਂਤੀਕਾਰੀ ਨਿਯਮ ਜੇ ਧਰਮ ’ਚ ਸ਼ਾਮਲ ਨਾ ਹੋਵੇ ਤਾਂ ਮੌਤ ਨੂੰ ਖਿੜੇ ਮੱਥੇ ਕੋਈ ਵੀ ਪ੍ਰਵਾਨ ਨਹੀਂ ਕਰੇਗਾ। ਇਨ੍ਹਾਂ ਗੁਣਾਂ ਕਾਰਨ ਹੀ ‘ਗੁਰਮਤਿ’ ਦੁਨੀਆ ਦਾ ਇਕਲੌਤਾ ਸੰਪੂਰਨ ਧਰਮ ਹੈ। ਬਾਕੀ ਸਾਰਿਆਂ ਧਰਮਾਂ ਦੀ ਵਿਆਖਿਆ ਇਸ ਪੱਖੋਂ ਅੱਧ-ਪਚੱਧ ਹੀ ਹੈ, ‘‘ਸਤਿਗੁਰ ਕੀ ਰੀਸੈ, ਹੋਰਿ ਕਚੁ ਪਿਚੁ ਬੋਲਦੇ; ਸੇ ਕੂੜਿਆਰ, ਕੂੜੇ ਝੜਿ ਪੜੀਐ ’’ (ਮਹਲਾ /੩੦੪)

ਕੁਦਰਤ ਬੜੀ ਵਿਸ਼ਾਲ ਹੈ। ਇਸ ਦੇ ਨਿਯਮ ਵੀ ਓਨੇ ਹੀ ਗੁਝਲ਼ਦਾਰ ਹਨ। ਇਨ੍ਹਾਂ ਦਾ ਦਾਇਰਾ ਕੇਵਲ ਜੀਵ-ਜੰਤਾਂ ਦੇ ਸੁਭਾਅ ਤੱਕ ਸਿਮਟਿਆ ਹੋਇਆ ਨਹੀਂ। ਪੁਲਾੜ ’ਚ ਅਨੇਕਾਂ ਤਾਰੇ ਆਪਸ ’ਚ ਟਕਰਾਅ (ਖ਼ਤਮ ਹੋ) ਕੇ ਵੀ ਨਵਿਆਂ ਨੂੰ ਜਨਮ ਦੇ ਜਾਂਦੇ ਹਨ। ਸੰਨ 1998 ’ਚ ਤਿੰਨ ਅੰਤਰਰਾਸ਼ਟਰੀ ਖਗੋਲ ਵਿਗਿਆਨੀਆਂ (ਅਮਰੀਕਾ ਦੇ ਐਡਮ ਰਾਈਸ (Adam Riess)/ਸੌਲ ਪਰਲਮਟਰ (Saul Perlmutter) ਅਤੇ ਆਸਟਰੇਲੀਆਈ ਬ੍ਰਾਇਨ ਸ਼ਮਿਟ/Brian Schmidt) ਦੀ ਖੋਜ ’ਚ ਸਾਮ੍ਹਣੇ ਆਇਆ ਕਿ 13.8 ਅਰਬ ਸਾਲ ਪਹਿਲਾਂ ਹੋਏ ਵੱਡੇ ਧਮਾਕੇ (ਬਿਗ ਬੈਂਗ) ਤੋਂ ਬਾਅਦ 68.3% ਡਾਰਕ ਐਨਰਜੀ (Dark Energy); ਗਲੈਕਸੀਆਂ (Galaxies/ਤਾਰਿਆਂ ਦੇ ਝੁੰਡ) ਨੂੰ ਰੌਸ਼ਨੀ ਦੀ ਗਤੀ (2,99,792 ਕਿਲੋਮੀਟਰ ਪ੍ਰਤੀ ਸੈਕਿੰਡ) ਨਾਲ ਬਾਹਰ ਵੱਲ ਧੱਕਦੀ ਪਈ ਹੈ ਅਤੇ 26.8% ਡਾਰਕ ਮੈਟਰ (Dark Matter); ਇਸ ਤੋਂ ਉਲ਼ਟ ਤਾਰਿਆਂ ’ਚ ਆਪਸੀ ਦੂਰੀ ਵਧਣ ਨਹੀਂ ਦਿੰਦਾ। ਮਾਤਰ 4.9% ਤਾਰੇ ਹਨ, ਜੋ ਇਨ੍ਹਾਂ ਦੋਵੇਂ ਸ਼ਕਤੀਆਂ ਦੇ ਖਿੱਚ-ਖਿਚਾਅ ਕਾਰਨ ਤਣੇ ਪਏ ਹਨ ਭਾਵੇਂ ਕਈ ਆਪਣੇ ਆਪ ਚਮਕਦੇ ਹਨ, ਕੁਝ ਇਨ੍ਹਾਂ ਤੋਂ ਰੌਸ਼ਨੀ ਲੈ ਲੈਂਦੇ ਹਨ ਤੇ ਕਈ ਬਿਲਕੁਲ ਵੀ ਨਹੀਂ ਚਮਕਦੇ, ‘‘ਓਇ ਜੁ ਦੀਸਹਿ; ਅੰਬਰਿ (ਅਕਾਸ਼) ਤਾਰੇ ਕਿਨਿ ਓਇ ਚੀਤੇ (ਚਿੱਤਰੇ) ? ਚੀਤਨਹਾਰੇ ਕਹੁ ਰੇ ਪੰਡਿਤ ! ਅੰਬਰੁ, ਕਾ ਸਿਉ ਲਾਗਾ  ? ਬੂਝੈ; ਬੂਝਨਹਾਰੁ ਸਭਾਗਾ ਰਹਾਉ ਸੂਰਜ ਚੰਦੁ ਕਰਹਿ ਉਜੀਆਰਾ ਸਭ ਮਹਿ ਪਸਰਿਆ; ਬ੍ਰਹਮ ਪਸਾਰਾ ਕਹੁ ਕਬੀਰ ! ਜਾਨੈਗਾ ਸੋਇ ਹਿਰਦੈ ਰਾਮੁ; ਮੁਖਿ (’ ਵੀ) ਰਾਮੈ (ਹੀ) ਹੋਇ ’’ (ਭਗਤ ਕਬੀਰ ਜੀ/੩੨੯)

ਸੋ ਡਾਰਕ ਐਨਰਜੀ ਭਾਵੇਂ ਗਲੈਕਸੀਆਂ ਨੂੰ ਬਾਹਰ ਵੱਲ ਧੱਕਦੀ ਪਈ ਹੈ, ਪਰ ਡਾਰਕ ਮੈਟਰ ਆਪਣੇ ਗੁਰੁਤਾਕਰਸ਼ਨ ਬਲ (Gravity) ਨਾਲ ਸਭ ਨੂੰ ਅੰਦਰ (ਬਲੈਕ ਹੋਲ/Black hole) ਵੱਲ ਖਿੱਚਦਾ ਪਿਆ ਹੈ। ਇਨ੍ਹਾਂ ਦੋ ਆਪਾ-ਵਿਰੋਧੀ ਸ਼ਕਤੀਆਂ ਕਾਰਨ ਹੀ ਖਗੋਲ ਵਿਗਿਆਨੀ; ਇਸ ਸਚਾਈ ’ਤੇ ਆਮ ਰਾਇ ਨਹੀਂ ਬਣਾ ਪਾ ਰਹੇ ਕਿ ਬ੍ਰਹਿਮੰਡ; ਡਾਰਕ ਐਨਰਜੀ ਨਾਲ ਫੈਲਦਾ-ਫੈਲਦਾ ਨਸ਼ਟ ਹੋਏਗਾ ਜਾਂ ਡਾਰਕ ਮੈਟਰ ਕਾਰਨ ਬਲੈਕ ਹੋਲ ’ਚ ਸਮਾ ਕੇ ਖ਼ਤਮ ਹੋਣਾ ਹੈ।

ਨੋਟ: ਧਰਤੀ ’ਤੇ ਢਾਈ ਲੱਖ ਸਾਲ ਬਾਅਦ ਗੁਰੁਤਾਕਰਸ਼ਨ ’ਚ ਕੁੱਝ ਬਦਲਾਅ ਆਉਂਦਾ; ਵੇਖਿਆ ਗਿਆ ਹੈ।  ਹੋ ਸਕਦਾ ਹੈ ਕਿ ਇੱਕ ਦਿਨ ਡਾਰਕ ਮੈਟਰ; ਡਾਰਕ ਐਨਰਜੀ ਤੋਂ ਵਧੇਰੇ ਤਾਕਤਵਰ ਹੋ ਕੇ ਪੂਰੇ ਬ੍ਰਹਿਮੰਡ ਨੂੰ ਬਲੈਕ ਹੋਲ ’ਚ ਖਿੱਚ ਲਵੇ।

ਪੁਲਾੜ ’ਚ ਤਾਰੇ ਘੜੀ ਦੀਆਂ ਸੂਈਆਂ ਵਾਙ ਵੀ ਘੁੰਮਦੇ ਹਨ ਅਤੇ ਇਸ ਦੇ ਉਲ਼ਟ ਵੀ। ਸ਼ੁੱਕਰ (Venus); ਇਕਲੌਤਾ ਗ੍ਰਹਿ ਹੈ, ਜੋ ਆਪਣੇ ਸੂਰਜ ਪਰਵਾਰ ਦੇ ਵਿਪਰੀਤ ਗਤੀ ਕਰਦਾ ਪਿਆ ਹੈ। ਅਜਿਹੀਆਂ ਅਦਭੁਤ ਹਰਕਤਾਂ ਵੇਖ ਕੁਝ ਤਾਰਾ ਵਿਗਿਆਨੀਆਂ ਦਾ ਮੰਨਣਾ ਹੈ ਕਿ ਦੋ ਆਪਾ ਵਿਰੋਧੀ ਵੱਡੀਆਂ ਸ਼ਕਤੀਆਂ (ਡਾਰਕ ਮੈਟਰ/ਡਾਰਕ ਐਨਰਜੀ) ਆਪਣੇ ਆਪ ਹੀ ਪੈਦਾ ਨਹੀਂ ਹੋ ਸਕਦੀਆਂ। ਇਨ੍ਹਾਂ ਦਾ ਵੀ ਅਗਾਂਹ ਕੋਈ ਸਰੋਤ ਹੋਣਾ ਹੈ। ਗੁਰਬਾਣੀ; ਉਸੇ ਸਰੋਤ ਨੂੰ ‘ਨਿਰਾਕਾਰ, ਅਦ੍ਰਿਸ਼, ਸਦੀਵੀ ਸਥਿਰ, ਕਣ-ਕਣ ਵਿੱਚ ਵਿਆਪਕ, ਜੋਤ ਸਰੂਪ ੴ’ ਮੰਨਦੀ ਹੈ।

‘‘ਜੋ ਬ੍ਰਹਮੰਡੇ, ਸੋਈ ਪਿੰਡੇ; ਜੋ ਖੋਜੈ ਸੋ ਪਾਵੈ ’’ (ਭਗਤ ਪੀਪਾ ਜੀ/੬੯੫) ਭਾਵ ਪੁਲਾੜੀ ਨਿਯਮਾਂ ਵਾਙ ਧਰਤੀ ’ਤੇ ਵੀ ਆਪਾ ਵਿਰੋਧੀ ਨਿਯਮ ਹਨ। ਕਈ ਜਾਨਵਰਾਂ ਨੂੰ ਰੌਸ਼ਨੀ ’ਚ ਵਿਖਾਈ ਦਿੰਦਾ ਹੈ ਤੇ ਕੁਝ ਨੂੰ ਹਨ੍ਹੇਰੇ ’ਚ। ਕੁਝ ਪੌਦੇ ਸੂਰਜ ਦੀ ਰੌਸ਼ਨੀ ਨਾਲ ਕਾਰਬਨ ਡਾਇਆਕਸਾਇਡ ਨੂੰ ਆਕਸੀਜਨ ’ਚ ਬਦਲਦੇ ਹਨ, ਪਰ ਕੁੱਝ ਹਨ੍ਹੇਰੇ ’ਚ ਵੀ ਆਕਸੀਜਨ ਦਿੰਦੇ ਹਨ। ਔਰਤ; ਬੱਚੇ ਨੂੰ ਜਨਮ ਦਿੰਦੀ ਹੈ, ਪਰ ਸਮੁੰਦਰੀ ਘੋੜਾ (Sea Horse) ਇਕਲੌਤਾ ਬਾਪ ਹੈ, ਜੋ ਬੱਚੇ ਨੂੰ ਜਨਮ ਦਿੰਦਾ ਪਿਆ ਹੈ। ਲੱਕੜ ’ਚ ਦੋ ਵਿਰੋਧੀ ਤੱਤ (ਅੱਗ/ਪਾਣੀ) ਇੱਕ ਜਗ੍ਹਾ ਸ਼ਾਂਤ ਹਨ। ਦੋ ਵਿਰੋਧੀ ਤੱਤ; ਮਿੱਟੀ ਤੇ ਪਾਣੀ ਵੀ ਆਪਸ ’ਚ ਨਹੀਂ ਘੁਲ਼ਦੇ। ਗੁਰਬਾਣੀ ’ਚ ਇਹ ਸਚਾਈ ਇਉਂ ਦਰਜ ਹਨ, ‘‘ੲੰੀਧਨ ਤੇ ਬੈਸੰਤਰੁ ਭਾਗੈ ਮਾਟੀ ਕਉ; ਜਲੁ ਦਹ ਦਿਸ ਤਿਆਗੈ ’’ (ਮਹਲਾ /੯੦੦), ਚੰਦਨ; ਹਰ ਪੌਦੇ ਨੂੰ ਸੁਗੰਧਿਤ ਕਰ ਸਕਦਾ ਹੈ ਪਰ ਬਾਂਸ ਨੂੰ ਨਹੀਂ, ‘‘ਚੰਦਨ ਕੈ ਨਿਕਟੇ ਬਸੈ; ਬਾਂਸੁ ਸੁਗੰਧੁ ਹੋਇ ’’ (ਭਗਤ ਕਬੀਰ ਜੀ/੧੩੬੫), ਪੇੜ-ਪੌਦੇ ਅਤੇ ਜੀਵ-ਜੰਤ; ਆਪਾ ਵਿਰੋਧੀ ਗੈਸਾਂ (ਆਕਸੀਜਨ/ਕਾਰਬਨ ਡਾਈਆਕਸਾਇਡ) ਨੂੰ ਹੈਰਾਨੀਜਨਕ ਤਰੀਕੇ ਨਾਲ ਵਾਯੂ-ਮੰਡਲ (ਧਰਤੀ ਤੋਂ ਇੱਕ ਹਜ਼ਾਰ ਕਿਲੋਮੀਟਰ ਤੱਕ ਗੈਸ-ਪਰਤ) ’ਚੋਂ ਆਸਾਨੀ ਨਾਲ ਪ੍ਰਾਪਤ ਕਰਦੇ ਪਏ ਹਨ ਇਤਿਆਦਿਕ। ਗੁਰੂ ਨਾਨਕ ਜੀ ਨੇ ਅਜਿਹੇ ਪੇਚੀਦਾ ਕੁਦਰਤੀ ਵਿਧਾਨ ਨੂੰ ਵੇਖ ਅਚੰਭਿਤ ਹੁੰਦਿਆਂ ਵਚਨ ਉਚਾਰੇ ਹਨ, ‘‘ਵਿਸਮਾਦੁ ਨਾਦ; ਵਿਸਮਾਦੁ ਵੇਦ ਵਿਸਮਾਦੁ ਜੀਅ; ਵਿਸਮਾਦੁ ਭੇਦ ਵਿਸਮਾਦੁ ਰੂਪ; ਵਿਸਮਾਦੁ ਰੰਗ ਵਿਸਮਾਦੁ; ਨਾਗੇ ਫਿਰਹਿ ਜੰਤ .. ਵੇਖਿ (ਕੇ) ਵਿਡਾਣੁ; ਰਹਿਆ ਵਿਸਮਾਦੁ ਨਾਨਕ ! ਬੁਝਣੁ ਪੂਰੈ ਭਾਗਿ (ਨਾਲ)’’ (ਆਸਾ ਕੀ ਵਾਰ/ਮਹਲਾ /੪੬੪)

ਉਕਤ ਵਾਕ ’ਚ ਗੁਰੂ ਨਾਨਕ ਜੀ ਦਾ ਮੰਨਣਾ ਹੈ ‘‘ਵਿਸਮਾਦੁ; ਨਾਗੇ ਫਿਰਹਿ ਜੰਤ ’’; ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੌਣ ਹੈ ਜੋ ਜੀਵ-ਜੰਤਾਂ ਨੂੰ ਨੰਗਿਆਂ ਵੇਖ ਹੈਰਾਨ ਹੁੰਦਾ ਪਿਆ ਹੈ ? ਜਵਾਬ: ਕੋਈ ਨਹੀਂ। ਮਨੁੱਖ ਨੂੰ ਨੰਗਾ ਵੇਖ ਕੇ ਵੀ ਕੋਈ ਵਿਸਮਾਦੀ ਨਹੀਂ ਹੁੰਦਾ। ਸ਼ਰਮ ਆਉਣੀ ਅਤੇ ਵਿਸਮਾਦੀ ਹੋਣਾ; ਭਿੰਨ-ਭਿੰਨ ਅਹਿਸਾਸ ਹੈ। ਇੱਥੇ ਵਿਸ਼ਾ ਹੈਰਾਨਗੀ ਹੈ, ਨਾ ਕਿ ਸ਼ਰਮਿੰਦਗੀ। ਫਿਰ ਗੁਰੂ ਜੀ ਕਿਉਂ ਕਹਿ ਰਹੇ ਹਨ ‘‘ਵਿਸਮਾਦੁ; ਨਾਗੇ ਫਿਰਹਿ ਜੰਤ ’’ ?

ਦਰਅਸਲ ਬਸਤਰਧਾਰੀ ਅਤੇ ਨੰਗੇਜ; ਦੋ ਆਪਾ-ਵਿਰੋਧੀ ਕੁਦਰਤੀ ਵਿਧਾਨ ਹਨ, ਜਿੱਥੋਂ ਵਿਸਮਾਦ ਨੇ ਪੈਦਾ ਹੋਣਾ ਹੈ ਭਾਵੇਂ ਕਿ ਵਿਸਮਾਦੁ; ਬਸਤਰ ਪਹਿਰਹਿ ਜੰਤ ਤੁਕ ਗੁਰਬਾਣੀ ’ਚ ਇੱਥੇ ਸ਼ਾਮਲ ਨਹੀਂ, ਪਰ ਇਸ ਨੂੰ ਨਜ਼ਰ-ਅੰਦਾਜ਼ ਕਰ ‘‘ਵਿਸਮਾਦੁ; ਨਾਗੇ ਫਿਰਹਿ ਜੰਤ ’’ ਵਾਕ ਦਾ ਭਾਵਾਰਥ ਵੀ ਸਪਸ਼ਟ ਨਹੀਂ ਹੁੰਦਾ। ਜਿਵੇਂ ਨੰਗੇ ਜੀਵ-ਜੰਤਾਂ ਨੂੰ ਵੇਖ ਆਮ ਬੰਦਾ ਵਿਸਮਾਦਿਤ ਨਹੀਂ ਹੁੰਦਾ; ਓਵੇਂ ਹੀ ਕੁਦਰਤ ਦੀ ਬਾਹਰੀ ਦਿੱਖ ਨੂੰ ਵੇਖ ਸੈਲਾਨੀ (ਕਾਦਰ ਦੇ ਸੱਚੇ ਭਗਤਾਂ ਵਾਙ) ਵਿਸਮਾਦਿਤ ਨਹੀਂ ਹੋ ਸਕਦਾ ਕਿਉਂਕਿ ਇਨ੍ਹਾਂ ਦੀ ਸੋਚ; ਕੁਦਰਤ ਦੇ ਬਹੁਤੇ ਗਹਿਰੇ ਰਾਜ਼ ਨੂੰ ਪਕੜਨਯੋਗ ਨਹੀਂ ਹੁੰਦੀ। ਇਹ ਵੀ ਚੰਗੇ ਨਸੀਬ ਨਾਲ ਪਕੜ ’ਚ ਆਉਂਦਾ ਹੈ, ਜਿਸ ਨੂੰ ਸਮਝ ਆ ਗਿਆ, ਉਹ ਪੁਕਾਰ ਉੱਠਦਾ ਹੈ, ‘‘ਬਲਿਹਾਰੀ; ਕੁਦਰਤਿ ਵਸਿਆ ! ਤੇਰਾ ਅੰਤੁ; ਜਾਈ ਲਖਿਆ ਰਹਾਉ ’’ (ਮਹਲਾ /੪੬੯) ਭਾਵ ‘ਹੇ ਕੁਦਰਤ ’ਚ ਵੱਸ ਰਹੇ ਰਚਨਹਾਰ !  ਤੇਰਾ ਅੰਤ, ਸਮਝਿਆ ਨਹੀਂ ਜਾ ਸਕਦਾ, ਪਾਇਆ ਨਹੀਂ ਜਾ ਸਕਦਾ; ਮੈਂ ਤੈਥੋਂ ਕੁਰਬਾਨ ਹਾਂ, ਸਦਕੇ ਹਾਂ।’ ਅਜਿਹਾ ਸਦਕੇ; ਵਕੀਲ ਆਪਣੇ ਸਿਲੇਬਸ ਤੋਂ ਜਾਂ ਸੈਲਾਨੀ, ਕੁਦਰਤ ਤੋਂ; ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਇਹ ਭਾਵਨਾ; ਕੁਦਰਤ ਦੀ ਗੁੰਝਲ਼ਤਾ ਨੂੰ ਸਮਝਦਿਆਂ-ਸਮਝਦਿਆਂ, ਉਸ ਦੇ ਮੁਕਾਬਲੇ ਆਪਣੀ ਹੋਈ ਹਾਰ ’ਚੋਂ ਪ੍ਰਗਟ ਹੋਈ ਹੁੰਦੀ ਹੈ। ਦੂਜੇ ਪਾਸੇ ਅਹੰਕਾਰ ਹੈ, ਜੋ ਨਾ ਨਿਵਦਾ ਹੈ, ਨਾ ਕਦੇ ਹਾਰ ਮੰਨਦਾ ਹੈ। ਇਹ; ਕਿਸੇ ਤੋਂ ਬਲਿਹਾਰ ਕਿਵੇਂ ਹੋਏਗਾ ਭਾਵੇਂ ਕਿ ਕੁਦਰਤ ਹੀ ਹੋਵੇ ? ਜੇ ਜ਼ਬਾਨੀ-ਜ਼ਬਾਨੀ ਬਲਿਹਾਰ ਹੋਣ ਦਾ ਕੋਈ ਦਾਹਵਾ ਕਰਦਾ ਪਿਆ ਹੈ ਤਾਂ ਉਹ ਦਾਹਵਾ ਵੀ ਸੈਲਾਨੀ ਦੇ ਮਨੋਰੰਜਨ ਵਰਗਾ ਹੀ ਹੈ।

ਗੁਰੂ ਨਾਨਕ ਸਾਹਿਬ ਜੀ; ‘ਜਪੁ’ ਬਾਣੀ ਦੀ 16ਵੀਂ ਪਉੜੀ ‘‘ਪੰਚ ਪਰਵਾਣ; ਪੰਚ ਪਰਧਾਨੁ ੧੬’’ ਤੋਂ ਲੈ ਕੇ 19ਵੀਂ ਪਉੜੀ ‘‘ਅਸੰਖ ਨਾਵ; ਅਸੰਖ ਥਾਵ ੧੯’’  ਤੱਕ; ਕਾਦਰ ਨਾਲ ਸੰਵਾਦ ਕਰਦਿਆਂ ਉਨ੍ਹਾਂ ਦੁਆਰਾ ਕੁਦਰਤ ਨੂੰ ਸਿਰਜਣ ਦੇ ਤੌਰ ਤਰੀਕੇ ਅਤੇ ਮਨੁੱਖੀ ਸੁਭਾਅ; ਦੋਵਾਂ ਦੀ ਮਿਸਾਲ ਵਜੋਂ ਟੇਕ ਲੈਂਦੇ ਹਨ, ਪਰ ਮਤਾਂ ਕਿਤੇ ਆਪਣੇ ਅੰਦਰ ਹੀ ਅਹੰਕਾਰ ਆ ਜਾਵੇ ਕਿ ਮੈਂ ਰੱਬ ਦੀ ਵਿਸ਼ਾਲਤਾ ਦਾ ਅੰਤ ਪਾ ਲਿਆ, ਇਸ ਲਈ ਹਰ ਪਉੜੀ ਦੀ ਸਮਾਪਤੀ ’ਚ ਆਪਣੀ ਤੁੱਛਤਾ ਇਉਂ ਪ੍ਰਗਟਾਉਂਦੇ ਹਨ, ‘‘ਕੁਦਰਤਿ ਕਵਣ; ਕਹਾ ਵੀਚਾਰੁ ਵਾਰਿਆ ਜਾਵਾ; ਏਕ ਵਾਰ ’’ ਭਾਵ ਹੇ ਨਿਰਾਕਾਰ ! ਮੇਰੀ ਕੀ ਸਮਰੱਥਾ ਹੈ ਕਿ ਤੇਰੀ ਸੰਪੂਰਨ ਰਚਨਾ ਨੂੰ ਵਰਣਨ ਕਰ ਸਕਾਂ। ਮੈਂ ਤਾਂ ਇਕ ਵਾਰ ਵੀ ਤੈਥੋਂ ਕੁਰਬਾਨ ਨਹੀਂ ਹੋ ਸਕਦਾ, ਸਦਕੇ ਨਹੀਂ ਹੋ ਸਕਦਾ।

ਨੋਟ : ਉਕਤ ਚਾਰੇ ਪਉੜੀਆਂ ’ਚ ਭਾਵੇਂ ਕੁਦਰਤ ਅਤੇ ਮਨੁੱਖੀ ਸੋਚ ਦੀ ਟੇਕ ਲਈ ਗਈ ਹੈ ਪਰ ‘ਸਦਕੇ, ਕੁਰਬਾਨ ਜਾਂ ਬਲਿਹਾਰ’; ਕਾਦਰ ਤੋਂ ਹੀ ਹੋਇਆ ਗਿਆ ਹੈ। ਕੁਦਰਤ ਨੂੰ ਕੇਵਲ ਇਉਂ ਹੀ ਵਰਤਿਆ ਹੈ, ‘‘ਬਿਸਮੁ ਭਏ ਬਿਸਮਾਦ; ਦੇਖਿ (ਕੇ) ਕੁਦਰਤਿ ਤੇਰੀਆ ’’ (ਮਹਲਾ /੫੨੧)  ਭਾਵ ਹੇ ਕਾਦਰ ! ਤੇਰੀ ਰਚੀ ਕੁਦਰਤ ਨੂੰ ਵੇਖ ਕੇ (ਅਸੀਂ) ਵਿਸਮਾਦਿਤ ਹੋ ਗਏ ਹਾਂ। ਹੁਣ ‘ਕੁਰਬਾਨ ਹੋਣਾ, ਸਦਕੇ ਜਾਣਾ, ਬਲਿਹਾਰੀ ਜਾਣਾ, ਵਾਰਿਆ ਜਾਣਾ’ ਕੀ ਹੈ ? ਕੀ ਬੰਦਾ ਆਪਣੇ ਸਰੀਰ ਨੂੰ ਕਟਵਾ ਲੈਂਦਾ ਹੈ ? ਜਵਾਬ: ਨਹੀਂ। ਆਪਾ ਨਿਛਾਵਰ ਕਰਨਾ ਜਾਂ ਆਪਣੀ ਹਾਰ ਮੰਨ ਲੈਣੀ ਹੀ ‘ਸਦਕੇ ਜਾਣਾ, ਕੁਰਬਾਨ ਹੋਣਾ’ ਹੁੰਦਾ ਹੈ।

‘‘ਬਲਿਹਾਰੀ; ਕੁਦਰਤਿ ਵਸਿਆ !’’ ਤੁਕ ਦੇ ਭਿੰਨ-ਭਿੰਨ ਦੋ ਤਰ੍ਹਾਂ ਦੇ ਅਰਥ ਕਰਨ ਨਾਲ ਇਹ ਰਾਜ਼ ਹੋਰ ਵੀ ਸਪਸ਼ਟ ਹੋ ਸਕਦਾ ਹੈ :

(ਅਰਥ 1). ਹੇ ਕੁਦਰਤ ’ਚ ਵੱਸ ਰਹੇ ਕਾਦਰ !  ਮੈਂ ਤੈਥੋਂ ਬਲਿਹਾਰ ਹਾਂ (ਭਾਵ ਤੇਰੀ ਗੁੰਝਲ਼ਦਾਰ ਨਿਯਮਾਵਲੀ ਨੂੰ ਮੈਂ ਸਮਝਣ ਤੋਂ ਅਸਮਰੱਥ ਹਾਂ)।

(ਅਰਥ 2). ਮੈਂ ਕੁਦਰਤ ਤੋਂ ਬਲਿਹਾਰ ਜਾਂਦਾ ਹਾਂ।

ਵਿਚਾਰ : ਉਕਤ ਨੰਬਰ (1). ਵਾਲੇ ਅਰਥਾਂ ’ਚ ਕੁਦਰਤ ਦੇ ਨਿਯਮਾਂ ’ਚ ਵਿਰੋਧਾਭਾਸ ਪਛਾਣ ਕੇ ਆਪਣੇ ਆਪ ਹਾਰ ਮੰਨੀ ਗਈ ਹੈ ਜਦਕਿ ਨੰਬਰ (2). ਵਾਲੇ ਅਰਥਾਂ ’ਚ ਗੁਰਮਤਿ ਦ੍ਰਿਸ਼ਟੀਕੋਣ ਤੋਂ ਤਿੰਨ ਗ਼ਲਤੀਆਂ ਹਨ :

(ੳ). ‘ਵਸਿਆ’ ਸ਼ਬਦ ਦੇ ਅਰਥ ਨੂੰ ਅਣਗੌਲ਼ਿਆ ਕਰ ਦਿੱਤਾ ਗਿਆ ਹੈ। ਕੌਣ ਵਸਿਆ ? ਉਨ੍ਹਾਂ ਨੂੰ ਸਮਝਣ ਲਈ ਹੀ ਤਾਂ ਇਹ ਪਾਵਨ ਵਚਨ ਰਚੇ ਗਏ ਹਨ। ਗੁਰੂ ਨਾਨਕ ਜੀ ਹੀ ਆਪਣੀ ਬਾਣੀ ’ਚ ਇੱਕ ਹੋਰ ਥਾਂ ‘ਵਸਿਆ’ ਦੇ ਅਰਥ ਸਪਸ਼ਟ ਕਰਦੇ ਪਏ ਹਨ, ‘‘ਕੁਦਰਤਿ ਕਰਿ ਕੈ; ਵਸਿਆ ਸੋਇ ॥’’ (ਮਹਲਾ ੧/੮੩) ‘ਸੋਇ’ ਭਾਵ ਉਹ (ਕਾਦਰ/ਇੱਕ ਵਚਨ ਪੁਲਿੰਗ, ਨਾ ਕਿ ਇਸਤਰੀ ਲਿੰਗ ‘ਕੁਦਰਤਿ’)।

(ਅ). ਕੁਦਰਤ ਦੇ ਰਚੇਤਾ ਦੀ ਬਜਾਇ ਕੁਦਰਤ ਤੋਂ ਹੀ ਬਲਿਹਾਰ ਹੋਣਾ ਗ਼ਲਤ ਹੈ। ਇਹ; ਕੁਦਰਤ ਨੂੰ ਪੂਜਣ ਵਾਲਿਆਂ ਵਾਙ ਕੁਦਰਤ ਤੋਂ ਪ੍ਰਭਾਵਤ ਹੋਣਾ ਹੀ ਹੈ। ਗੁਰਬਾਣੀ; ਮਨੁੱਖ ਦੀ ਸੁਰਤਿ ਨੂੰ ਕੁਦਰਤ ਨਾਲੋਂ ਤੋੜ ਕੇ ਕਾਦਰ ਨਾਲ ਜੋੜਦੀ ਹੈ। ਕੁਦਰਤ; ਇੱਕ ਚਿੱਤਰਕਾਰੀ ਹੈ, ਫੋਟੋ ਹੈ। ਇਸ ਨੂੰ ਬਣਾਉਣ ਵਾਲਾ ਚਿੱਤਰਕਾਰ ਹੈ, ਨਾ ਕਿ ਚਿੱਤਰਕਾਰੀ ਕਰਨ ਦਾ ਢੰਗ ਜਾਂ ਕਲਾ। ਕੁਦਰਤ ਦੇ ਢੰਗ, ਕਲਾ ਜਾਂ ਨਿਯਮ ਨੂੰ ਕੁਦਰਤ ਦਾ ਕਰਤਾ ਮੰਨਣਾ; ਭਾਰੀ ਕੁਤਾਹੀ ਹੈ ‘‘ਚਚਾ; ਰਚਿਤ ਚਿਤ੍ਰ ਹੈ ਭਾਰੀ ਤਜਿ (ਕੇ) ਚਿਤ੍ਰੈ; ਚੇਤਹੁ ਚਿਤਕਾਰੀ ਚਿਤ੍ਰ ਬਚਿਤ੍ਰ ਇਹੈ ਅਵਝੇਰਾ ਤਜਿ ਚਿਤ੍ਰੈ; ਚਿਤੁ ਰਾਖਿ ਚਿਤੇਰਾ ’’ (ਬਾਵਨ ਅਖਰੀ/ਭਗਤ ਕਬੀਰ ਜੀ/੩੪੦) ਭਾਵ ‘ਚ’ ਅੱਖਰ ਰਾਹੀਂ ਉਪਦੇਸ਼ ਹੈ ਕਿ (ਕਾਦਰ ਦੁਆਰਾ) ਰਚਿਆ ਜਗਤ (ਭਾਵੇਂ) ਵਿਸ਼ਾਲ ਚਿੱਤਰਕਾਰੀ ਹੈ, ਪਰ ਇਸ ਚਿੱਤਰਕਾਰੀ ਨੂੰ ਛੱਡ ਕੇ ਚਿੱਤਰਕਾਰ (ਸਿਰਜਣਹਾਰ) ਨੂੰ ਚੇਤੇ ਕਰੋ। ਇਹ ਚਿੱਤਰਕਾਰੀ; ਬੜੀ ਝੰਬੇਲ਼ੇਦਾਰ ਹੈ, ਉਲ਼ਝਾਉਣ ਵਾਲੀ ਹੈ (ਕਾਦਰ ਅਤੇ ਮਨੁੱਖ ਵਿਚਕਾਰ; ਪਰਦਾ ਹੈ ਤਾਂ ਤੇ ਇਸ) ਚਿੱਤਰ ਨੂੰ ਛੱਡ ਕੇ ਚਿੱਤਰਕਾਰ (ਕਾਦਰ) ਨਾਲ ਚਿੱਤ ਜੋੜੋ।)

ਗੁਰਬਾਣੀ; ਕੁਦਰਤ ਨੂੰ ਟਹਿਣੀਆਂ ਮੰਨਦੀ ਹੈ ਅਤੇ ਕਾਦਰ ਨੂੰ ਦਰਖ਼ਤ ਜਾਂ ਇਸ ਦਾ ਮੂਲ ਭਾਵ ਜੜ੍ਹ; ਜਿਵੇਂ ਬੀਜ ਤੋਂ ਬੋਹੜ ਬਣਿਆ; ਇਉਂ ਹੀ ਕਾਦਰ ਤੋਂ ਕੁਦਰਤ ਬਣੀ ਹੈ, ‘‘ਤੂੰ ਪੇਡੁ; ਸਾਖ ਤੇਰੀ ਫੂਲੀ   ਤੂੰ ਸੂਖਮੁ; ਹੋਆ ਅਸਥੂਲੀ ’’ (ਮਹਲਾ /੧੦੨) ਭਾਵ ਹੇ ਪਭੂ ! ਤੂੰ ਦਰਖ਼ਤ ਹੈਂ ਅਤੇ ਟਹਿਣੀਆਂ ਵਜੋਂ ਤੇਰੀ ਕੁਦਰਤ ਪੁੰਗਰੀ-ਫੁੱਟੀ ਹੈ। ਤੂੰ ਸੂਖਮ-ਅਦ੍ਰਿਸ਼ ਜੜ੍ਹ ਹੈਂ, ਜਿਸ ਤੋਂ ਦ੍ਰਿਸ਼ਟਮਾਨ ਵੱਡਾ-ਆਕਾਰ ਬਣਿਆ ਹੈ। ਗੁਰੂ ਨਾਨਕ ਜੀ ਦੇ ਵਚਨ ਹਨ ਕਿ ਜੋ ਮੂਲ (ਜੜ੍ਹ) ਨੂੰ ਛੱਡ ਕੇ ਟਹਿਣੀਆਂ ਨਾਲ ਜੁੜੇ ਹਨ, ਟਹਿਣੀਆਂ ਤੋਂ ਪ੍ਰਭਾਵਤ ਹਨ ਉਹ ਕੀ ਸੁਆਹ ਪਾਉਣਗੇ ?, ‘‘ਮੂਲੁ ਛੋਡਿ, ਡਾਲੀ ਲਗੇ; ਕਿਆ ਪਾਵਹਿ ਛਾਈ ’’ (ਮਹਲਾ /੪੨੦)  ਸੋ ਕੁਦਰਤਿ ਨਾਲ ਜੁੜਨਾ, ਕੁਦਰਤਿ ਤੋਂ ਪ੍ਰਭਾਵਤ ਹੋਣਾ; ਸੁਆਹ ਪਾਉਣਾ ਹੈ, ਫ਼ਜ਼ੂਲ ਪਾਣੀ ਰਿੜਕਣਾ ਹੈ।

ਜੇ ਸਾਫ਼ ਪਾਣੀ ਨੂੰ ਕਾਦਰ ਅਤੇ ਪਾਣੀ ਦੇ ਗੰਧਲ਼ੇਪਣ ਨੂੰ ਕੁਦਰਤ ਮੰਨੀਏ ਤਦੋਂ ਸਰੋਤ ਤਾਂ ਸਾਫ਼ ਪਾਣੀ (ਕਾਦਰ) ਹੀ ਹੋਵੇਗਾ। ਕਿਸੇ ਲੰਬੀ ਰਚਨਾ ’ਚ ਲਿਖਾਰੀ ਜਦ ਆਪਣੇ ਮਾਲਕ ਨੂੰ ਯਾਦ ਕਰ ਵਿਸ਼ਾ ਆਰੰਭ ਕਰਦਾ ਹੈ ਤਾਂ ਆਰੰਭਕ ਭੂਮਿਕਾ; ਮੰਗਲਾਚਰਨ ਅਖਵਾਉਂਦੀ ਹੈ। ਆਸਾ ਕੀ ਵਾਰ ਦੀ ਪਹਿਲੀ ਪਉੜੀ ਮੰਗਲਾਚਰਨ ਵਜੋਂ ਹੈ ਤਾਹੀਓਂ ਇਸ ਵਿੱਚ ਕਾਦਰ ਨੂੰ ਪਹਿਲਾ ਅਤੇ ਕੁਦਰਤ ਨੂੰ ‘ਦੁਯੀ ਕੁਦਰਤਿ’ ਭਾਵ ਦੂਜਾ ਖ਼ਿਤਾਬ ਦਿੱਤਾ ਗਿਆ ਹੈ :

ਆਪੀਨ੍ੈ ਆਪੁ ਸਾਜਿਓ; ਆਪੀਨ੍ੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ; ਕਰਿ ਆਸਣੁ ਡਿਠੋ ਚਾਉ ॥

ਦਾਤਾ ਕਰਤਾ ਆਪਿ ਤੂੰ; ਤੁਸਿ ਦੇਵਹਿ, ਕਰਹਿ ਪਸਾਉ ॥ ਤੂੰ ਜਾਣੋਈ ਸਭਸੈ; ਦੇ ਲੈਸਹਿ ਜਿੰਦੁ, ਕਵਾਉ ॥

ਕਰਿ ਆਸਣੁ; ਡਿਠੋ ਚਾਉ ॥੧॥’’ (ਆਸਾ ਕੀ ਵਾਰ/ਮਹਲਾ ੧/੪੬੩)

ਅਰਥ: ਆਪ (ਕਾਦਰ) ਨੇ ਆਪਣੇ ਆਪ ਨੂੰ ਰਚਿਆ (ਭਾਵ ਸਾਫ਼ ਪਾਣੀ ਆਪ ਬਣਿਆ), ਆਪ ਨੇ ਹੀ ਆਪਣੇ ਗੁਣ ਪੈਦਾ ਕੀਤੇ (ਭਾਵ ਕਾਦਰ; ਗੁਣਾਂ ਭਰਪੂਰ ਹੈ)। ਦੂਸਰੀ ਕੁਦਰਤ ਬਣਾਈ (ਭਾਵ ਫਿਰ ਪਾਣੀ ’ਤੇ ਗੰਧਲ਼ਾਪਣ ਬਣਾਇਆ, ਜਿਸ ਅੰਦਰ ਕਾਦਰ; ਸਾਫ਼ ਪਾਣੀ ਵਜੋਂ ਆਪਣਾ) ਨਿਵਾਸ ਰੱਖ ਕੇ (ਆਪ) ਨਜ਼ਾਰਾ ਵੇਖ ਰਿਹਾ ਹੈ (ਭਾਵ ਗੰਧਲ਼ੇਪਣ ਨੂੰ ਦੁੱਖ-ਸੁੱਖ ਭੋਗਦੇ ਵੇਖ ਰਿਹਾ ਹੈ। ਹੇ ਕਾਦਰ !) ਤੂੰ ਆਪ ਹੀ (ਸਭ ਕੁੱਝ) ਦੇਣ ਵਾਲਾ (ਦਾਤਾ) ਤੇ ਪੈਦਾ ਕਰਨ ਵਾਲਾ (ਕਰਤਾ) ਹੈਂ। (ਆਪ ਹੀ) ਪ੍ਰਸੰਨ ਹੋ ਕੇ ਮਿਹਰ ਕਰਦਾ ਹੈਂ। (ਆਪਣਾ) ਹੁਕਮ ਚਲਾਉਂਦਾ ਹੈਂ। ਤੂੰ ਸਭ ਦੇ ਦਿਲ ਦੀ ਜਾਣਨਹਾਰ ਹੈਂ। (ਆਪਣੇ) ਹੁਕਮ ਮੁਤਾਬਕ (ਪਹਿਲਾਂ ਇੱਕ ਸਰੀਰ ਨੂੰ) ਜਿੰਦ ਦੇ ਕੇ (ਮੁੜ) ਲੈ ਲੈਂਦਾ ਹੈਂ (ਭਾਵ ਜਨਮ ਦੇ ਕੇ ਮਾਰਦਾ ਭੀ ਹੈਂ, ਸਾਰਿਆਂ ’ਚ) ਸਿੰਘਾਸਣ ਬਣਾ ਕੇ (ਹਰ) ਕੌਤਕ ਵੇਖ ਰਿਹਾ ਹੈਂ (ਭਾਵ ਤਖ਼ਤ ’ਤੇ ਬੈਠ ਹੁਕਮ ਵੀ ਕਰਦਾ ਹੈਂ ਤੇ ਉਸ ਮੁਤਾਬਕ ਸਭ ਨੂੰ ਚਲਦਿਆਂ ਵੀ ਵੇਖ ਰਿਹਾ ਹੈਂ)।

(ੲ). ਨੰਬਰ (2). ਵਾਲੇ ਅਰਥਾਂ ’ਚ ਕੁਦਰਤ ਦਾ ਗਹਿਰਾ ਰਾਜ਼ ਵਾਚਣਯੋਗ ਦ੍ਰਿਸ਼ਟੀ ਨਾ ਬਣ ਸਕੀ ਤਾਂ ਜੋ ਇਸ ਦੇ ਰਚੇਤਾ ਦੀ ਕਲਾ ਦੇ ਸਾਮ੍ਹਣੇ ਆਪਣੀ ਹਾਰ ਹੁੰਦੀ, ਵੇਖ ਸਕਦਾ। ਬਲਿਹਾਰ ਜਾਣ ਵਾਸਤੇ ਆਪਾ ਨਿਛਾਵਰ ਕਰਨਾ ਭਾਵ ਅਹੰਕਾਰ ਦੀ ਮੌਤ; ਮੁੱਢਲੀ ਸ਼ਰਤ ਹੈ। ਇੱਥੋਂ ਹੀ ਕਾਦਰ ਦੀ ਹੋਂਦ ’ਤੇ ਬਣੀ ਸ਼ਰਧਾ ਨੇ ਯਕੀਨ ’ਚ ਤਬਦੀਲ ਹੋਣਾ ਸੀ।

ਸੋ ‘‘ਬਲਿਹਾਰੀ; ਕੁਦਰਤਿ ਵਸਿਆ !’’ ਤੁਕ ਦੇ ਉਕਤ (2). ਵਾਲੇ ਅਰਥ ‘ਮੈਂ ਕੁਦਰਤ ਤੋਂ ਬਲਿਹਾਰ ਜਾਂਦਾ ਹਾਂ’; ਗੁਰਮਤਿ ਵਿਰੋਧੀ ਹਨ, ਸੈਲਾਨੀ ਦੀ ਸੋਚ ਨੂੰ ਪਰਣਾਇ ਹੋਣ ਕਾਰਨ‘‘ਨਚਣੁ ਕੁਦਣੁ ਮਨ ਕਾ ਚਾਉ ’’ (ਮਹਲਾ /੪੬੫) ਵਾਙ ਕੁਦਰਤਿ ’ਚੋਂ ਮਨ ਪਰਚਾਵਾ ਹੀ ਕਰਵਾਉਂਦੇ ਹਨ, ਨਾ ਕਿ ਕਾਦਰ ਦੇ ਆਸ਼ਕ ਵਾਲਾ ਅਹਿਸਾਸ (ਹੇ ਕੁਦਰਤ ’ਚ ਵੱਸ ਰਹੇ ਕਾਦਰ ! ਮੈਂ ਤੈਥੋਂ ਬਲਿਹਾਰ ਹਾਂ।) ਕਰਵਾਉਂਦੇ ਹਨ। ਜਿੱਥੇ ਰੱਬੀ ਆਸ਼ਕ ਇਨ੍ਹਾਂ ਪਾਵਨ ਵਚਨਾਂ ਰਾਹੀਂ ਆਪਾ ਨਿਛਾਵਰ ਕਰਦਿਆਂ ਅਹੰਕਾਰ ਮੁਕਤ ਹੋ ਜਾਂਦਾ ਹੈ; ਓਥੇ ਸੈਲਾਨੀ ਸੋਚ ਵਾਲੇ ਸਿੱਖ, ਅਹੰਕਾਰ ਤੋਂ ਮੁਕਤ ਨਹੀਂ ਹੋ ਸਕਦੇ ਭਾਵੇਂ ਕਿ ‘‘ਬਲਿਹਾਰੀ; ਕੁਦਰਤਿ ਵਸਿਆ !’’ ਵਾਲੇ ਪਾਵਨ ਵਚਨ; ਅਹੰਕਾਰ ਦੀ ਮੁਕਤੀ ਲਈ ਹੀ ਉਚਾਰੀ ਗਈ ‘ਆਸਾ ਕੀ ਵਾਰ’ ਦੀ 12ਵੀਂ ਪਉੜੀ ਦਾ ਸਾਰੰਸ਼ ਹਨ, ਓਥੇ ਅਹੰਕਾਰ ਹਾਰਦਾ ਵਿਖਾਇਆ ਗਿਆ ਹੈ; ਜਿਵੇ ਕਿ

ਪੜਿਆ ਹੋਵੈ ਗੁਨਹਗਾਰੁ; ਤਾ ਓਮੀ ਸਾਧੁ ਮਾਰੀਐ ਜੇਹਾ ਘਾਲੇ ਘਾਲਣਾ; ਤੇਵੇਹੋ ਨਾਉ ਪਚਾਰੀਐ

ਐਸੀ ਕਲਾ ਖੇਡੀਐ; ਜਿਤੁ ਦਰਗਹ ਗਇਆ ਹਾਰੀਐ ਪੜਿਆ ਅਤੈ ਓਮੀਆ; ਵੀਚਾਰੁ ਅਗੈ ਵੀਚਾਰੀਐ

ਮੁਹਿ ਚਲੈ; ਸੁ ਅਗੈ ਮਾਰੀਐ ੧੨

ਅਰਥ: ਜੇ ਅਕਲ ਵਾਲਾ ਦੋਸ਼ੀ ਹੈ ਤਾਂ ਨਾਸਮਝ ਨੂੰ ਸਜ਼ਾ ਨਹੀਂ ਮਿਲਦੀ। ਜਿਹੋ ਜਿਹਾ ਕੋਈ ਕੰਮ ਕਰੇਗਾ ਓਹੋ ਜਿਹਾ ਨਾਮ ਉਘੜਦਾ ਹੈ। ਅਜਿਹੀ ਖੇਡ ਨਹੀਂ ਖੇਡਣੀ ਚਾਹੀਦੀ, ਜਿਸ ਨਾਲ ਦਰਗਾਹ ’ਚ ਹਾਰਨਾ ਪਵੇ ਕਿਉਂਕਿ ਸਿਆਣੇ ਅਤੇ ਮੂਰਖ ਦੀ ਓਥੇ ਹੀ ਪਰਖ ਹੋਣੀ ਹੈ। (ਜਿਸ ਦਾ ਇੱਥੇ ਨਿਰਾ) ਮੂੰਹ ਚੱਲਦਾ ਹੈ, ਉਹ (ਅਵੱਸ਼ ਹੀ) ਅਗਾਂਹ ਹਾਰਦਾ ਹੈ॥੧੨॥

ਇਸ ਪਉੜੀ ਨਾਲ 5 ਸਲੋਕ ਦਰਜ ਹਨ, ਜਿਨ੍ਹਾਂ ’ਚੋਂ ਪਹਿਲੇ 2 ਸਲੋਕ; ਗੁਰੂ ਨਾਨਕ ਜੀ ਦੇ ਹਨ। ਇਨ੍ਹਾਂ ਵਿਚਕਾਰ ਹੀ ‘‘ਬਲਿਹਾਰੀ; ਕੁਦਰਤਿ ਵਸਿਆ ! ਤੇਰਾ ਅੰਤੁ; ਜਾਈ ਲਖਿਆ ਰਹਾਉ ’’ ਪੰਕਤੀ ਵਿਸ਼ੇ ਦੇ ਸਾਰੰਸ਼ ਵਜੋਂ ਦਰਜ ਹੈ। ਅਗਾਂਹ ਤੀਜਾ ਅਤੇ ਚੌਥਾ ਸਲੋਕ ਗੁਰੂ ਅੰਗਦ ਦੇਵ ਜੀ ਦਾ ਹੈ ਜਦਕਿ ਅੰਤਮ ਪੰਜਵਾਂ ਸਲੋਕ ਫਿਰ ਗੁਰੂ ਨਾਨਕ ਜੀ ਹੈ।  ਪਉੜੀ ਦੇ ਵਿਸ਼ੇ ਮੁਤਾਬਕ ਹੀ ਪਉੜੀ ਨਾਲ ਸਲੋਕ ਦਰਜ ਹੁੰਦੇ ਹਨ। ਗੁਰੂ ਨਾਨਕ ਜੀ ਦੇ ਪਹਿਲੇ 2 ਸਲੋਕ ਹਨ :

ਸਲੋਕੁ ਮਹਲਾ ਦੁਖੁ ਦਾਰੂ, ਸੁਖੁ ਰੋਗੁ ਭਇਆ; ਜਾ ਸੁਖੁ, ਤਾਮਿ ਹੋਈ

ਤੂੰ ਕਰਤਾ ਕਰਣਾ, ਮੈ ਨਾਹੀ; ਜਾ ਹਉ ਕਰੀ, ਹੋਈ

ਅਰਥ: ਦੁੱਖ; (ਹਉਮੈ ਰੋਗ ਦੀ) ਦਵਾ ਬਣ ਜਾਂਦਾ ਹੈ (ਕਿਉਂਕਿ ਬੰਦਾ; ਇਲਾਜ ਲੱਭਦੈ, ਪਰ) ਸੁੱਖ; ਰੋਗ ਹੁੰਦਾ ਹੈ (ਕਿਉਂਕਿ ਰੱਬ ਨੂੰ ਭੁੱਲ ਜਾਈਦਾ ਹੈ) ਜਦੋਂ (ਰੱਬੀ ਮਿਲਾਪ ਨਾਲ) ਅਨੰਦ ਆਉਂਦਾ ਹੈ ਤਦੋਂ (ਹਉਮੈ-ਦੁੱਖ ਹੀ) ਨਹੀਂ ਹੁੰਦਾ (ਤਾਂ ਜੋ ਇਲਾਜ ਲੱਭਣਾ ਪਏ, ਪਰ ਹੇ ਕਾਦਰ ! ਮੇਰੇ ਵੀ ਕੀ ਵੱਸ ’ਚ ਹੈ ? ਸਭ ਕੁੱਝ ਤਾਂ) ਤੂੰ ਹੀ ਕਰਨ-ਕਰਾਵਣਹਾਰ ਹੈਂ (ਤੇਰੀ ਰਹਿਮਤ ਬਿਨਾਂ) ਮੈਂ (ਕੁੱਝ ਵੀ ਕਰਨਯੋਗ) ਨਹੀਂ।  ਜੇ ਮੈਂ ਕਰਨਾ ਭੀ ਚਾਹਾਂ ਤਾਂ ਵੀ ਨਹੀਂ ਕਰ ਸਕਦਾ (ਭਾਵ ਅਹੰਕਾਰ-ਦੁੱਖ ਨੂੰ ਨਹੀਂ ਮਾਰ ਸਕਦਾ)॥੧॥

ਬਲਿਹਾਰੀ; ਕੁਦਰਤਿ ਵਸਿਆ ਤੇਰਾ ਅੰਤੁ; ਜਾਈ ਲਖਿਆ ਰਹਾਉ

ਅਰਥ: ਹੇ ਕੁਦਰਤਿ ਵਸਿਆ ! ਭਾਵ ਕੁਦਰਤ ’ਚ ਵੱਸ ਰਹੇ ਕਾਦਰ !  ਤੇਰਾ ਵਿਸਥਾਰ (ਅੰਤੁ) ਜਾਣਿਆ ਨਹੀਂ ਜਾ ਸਕਦਾ, ਸਮਝਿਆ ਨਹੀਂ ਜਾ ਸਕਦਾ।  ਮੈਂ ਤੈਥੋਂ ਬਲਿਹਾਰ ਹਾਂ॥੧॥ ਰਹਾਉ॥

ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ; ਅਕਲ ਕਲਾ ਭਰਪੂਰਿ ਰਹਿਆ

ਤੂੰ ਸਚਾ ਸਾਹਿਬੁ; ਸਿਫਤਿ ਸੁਆਲਿ੍ਉ; ਜਿਨਿ ਕੀਤੀ, ਸੋ ਪਾਰਿ ਪਇਆ

ਕਹੁ ਨਾਨਕ  ! ਕਰਤੇ ਕੀਆ ਬਾਤਾ; ਜੋ ਕਿਛੁ ਕਰਣਾ, ਸੁ ਕਰਿ ਰਹਿਆ

ਅਰਥ: ਹੇ ਨਾਨਕ ! ਆਖ ਕਿ ਹਰ ਜੀਵ ’ਚ (ਤੇਰੀ) ਜੋਤ (ਨੂਰ) ਹੈ। ਇਸੇ ਨੂਰ ਤੋਂ ਪਛਾਣਿਆ ਜਾਂਦਾ ਹੈਂ ਕਿ ਤੂੰ ਇੱਕ ਰਸ ਸਰਬ ਵਿਆਪਕ ਹੈਂ। ਤੂੰ ਸਦੀਵੀ ਮਾਲਕ ਹੈਂ। ਤੇਰੀ ਉਪਮਾ ਸਲਾਹੁਣਯੋਗ ਹੈ, ਜਿਸ ਨੇ (ਇਹ ਉਪਮਾ) ਕੀਤੀ, ਉਹ (ਜਗਤ ਤੋਂ) ਤਰ ਗਿਆ। ਕਾਦਰ ਦੀਆਂ ਹੀ ਸਭ ਗੱਲਾਂ (ਖੇਡਾਂ) ਹਨ। ਉਹ ਜੋ ਵੀ ਕਰਨਾ ਚਾਹੇ, ਉਹੀ ਕਰਦਾ ਪਿਆ ਹੈ॥੨॥

ਉਕਤ ‘‘ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ’’ ਪਾਵਨ ਵਿਸ਼ਾ ਹੀ ਗੁਰੂ ਨਾਨਕ ਜੀ; ਸੋਹਿਲਾ ਬਾਣੀ ’ਚ ਸਮਝਾਉਂਦੇ ਹਨ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ’’ (ਸੋਹਿਲਾ/ਮਹਲਾ /੧੩) ਭਾਵ ਹਰ ਇੱਕ ਜੀਵ ’ਚ ਉਸ (ਕਾਦਰ) ਦੀ ਜੋਤ ਹੈ। ਉਸ ਦੇ ਜੋਤ-ਨੂਰ ਨਾਲ ਹੀ ਸਾਰਿਆਂ ’ਚ ਪ੍ਰਕਾਸ਼ (ਕਾਦਰ ਬਾਰੇ ਬੋਧ) ਹੁੰਦਾ ਹੈ।

ਸੋ ਉਕਤ 12ਵੀਂ ਪਉੜੀ ਸਮੇਤ ਪੰਜੇ ਸਲੋਕਾਂ ਦਾ ਸਾਰੰਸ਼ ‘‘ਬਲਿਹਾਰੀ; ਕੁਦਰਤਿ ਵਸਿਆ  !’’  ਤੁਕ ਹੀ ਹੈ, ਪਰ ਇਸ ਦੇ ਮਨਮਤੀ ਅਰਥ ਮੈਂ ਕੁਦਰਤ ਤੋਂ ਬਲਿਹਾਰ ਜਾਂਦਾ ਹਾਂ ਕਰਦਿਆਂ ਕਾਦਰ ਦੀ ਹੋਂਦ ਤੋਂ ਹੀ ਮੁਨਕਰ ਹੋਣਾ; ਅਹੰਕਾਰ ਦੀ ਨਿਸ਼ਾਨੀ ਹੈ, ਜਿਸ ਨੂੰ ਖ਼ਤਮ ਕਰਨ ਲਈ ਇਹ ਪਾਵਨ ਵਚਨ ਰਚੇ ਗਏ ਹਨ। ਕਾਦਰ ਦੇ ਡਰ-ਅਦਬ ਨੇ ਅਹੰਕਾਰ ਖ਼ਤਮ ਕਰਨਾ ਸੀ ਪਰ ਜੋ ਕਾਦਰ ਨੂੰ ਹੀ ਨਾ ਮੰਨੇ ਉਹ ਆਪਣਾ ਅਹੰਕਾਰ ਕਿਵੇਂ ਮਾਰ ਸਕਦਾ ਹੈ ?

ਕੁਝ ਕੁ ਕੁਤਰਕ ਦਿੰਦੇ ਹਨ ਕਿ ਕੁਦਰਤ ਦੇ ਨਿਯਮਾਂ ਨੂੰ ਸਮਝੋ ਅਤੇ ਉਨ੍ਹਾਂ ਨੂੰ ਅਪਣਾਓ, ਪਰ ਕਿਹੜੇ ਨਿਯਮ ? ਜੋ ਕੁੱਤੇ ਨੂੰ ਲਾਲਚੀ ਬਣਾਉਣ ਜਾਂ ਜੋ ਵਫ਼ਾਦਾਰ ਬਣਾਉਣ ? ਜਿਸ ਨਿਯਮ ਮੁਤਾਬਕ ਮਾਦਾ; ਜਨਨੀ ਹੈ ਜਾਂ ਜਿਸ ਮੁਤਾਬਕ ਨਰ; ਜਨਨੀ ਹੈ ? ਜਿਸ ਮੁਤਾਬਕ ਜ਼ਾਲਮ ਬਣੀਦਾ ਹੈ ਜਾਂ ਜਿਸ ਮੁਤਾਬਕ ਹਿਫ਼ਾਜ਼ਤ ਕਰੀਦੀ ਹੈ ? ਜੋ ਡਾਰਕ ਐਨਰਜੀ ਵਾਙ ਬਾਹਰ ਨੂੰ ਧੱਕੇ ਜਾਂ ਜੋ ਡਾਰਕ ਮੈਟਰ ਵਾਙ ਅੰਦਰ ਨੂੰ ਖਿੱਚੇ ਆਦਿਕ ?

ਇੱਕ ਬੰਦਾ ਸੁਭ੍ਹਾ ਚੋਰ, ਦੁਪਹਿਰੇ ਦੇਵਤਾ ਤੇ ਸ਼ਾਮ ਨੂੰ ਕੁਕਰਮੀ ਹੋ ਸਕਦਾ ਹੈ। ਉਸ ਨੂੰ ਧਰਮੀ ਕਹੀਏ ਜਾਂ ਅਧਰਮੀ ? ਕੋਰੋਨਾ ਬਿਮਾਰੀ ਤੋਂ ਪਹਿਲਾਂ ਕਈਆਂ ਦੀ ਸੋਚ ਮੁਤਾਬਕ ਕੁਦਰਤ ਦੇ ਨਿਯਮ ਦਾ ਪਾਲਣ; ਯੂਰਪ ਅਤੇ ਅਮਰੀਕਾ ਵਰਗੇ ਵਿਕਸਿਤ ਦੇਸ਼ ਕਰਦੇ ਪਏ ਸਨ, ਪਰ ਕੀ ਹੁਣ ਉਹ ਅਧਰਮੀ ਹੋ ਗਏ, ਜੋ ਕੁਦਰਤ-ਨਿਯਮ ਸਮਝ ਕੇ ਕੋਰੋਨਾ ਨੂੰ ਕਾਬੂ ਨਾ ਕਰ ਸਕੇ ?

ਜਦ ਕੁਦਰਤ ਦੇ ਨਿਯਮ; ਆਪਾ ਵਿਰੋਧੀ ਹਨ ਤਾਂ ਉਨ੍ਹਾਂ ਲਈ ਭਗਤ ਨੂੰ ਆਪਣੇ ਦਿਮਾਗ਼ ’ਤੇ ਬਹੁਤਾ ਜ਼ੋਰ ਦੇਣਾ; ਫ਼ਜ਼ੂਲ ਹੈ।  ਕੰਵਲ ਦੀ ਨਾੜ ’ਚੋਂ ਪੈਦਾ ਹੋਣ ਵਾਲੇ ਬ੍ਰਹਮਾ ਦੀ ਇੱਕ ਮਿੱਥ-ਸਾਖੀ ਦੇ ਹਵਾਲੇ ਨਾਲ ਕੁਦਰਤ ਦਾ ਵਿਸਥਾਰ ਜਾਣਨ ਨੂੰ ਹੀ ਗ਼ਲਤ ਮੰਨਿਆ ਗਿਆ, ‘‘ਨਾਲਿ ਕੁਟੰਬੁ ਸਾਥਿ ਵਰਦਾਤਾ; ਬ੍ਰਹਮਾ ਭਾਲਣ ਸ੍ਰਿਸਟਿ ਗਇਆ ਆਗੈ ਅੰਤੁ ਪਾਇਓ ਤਾ ਕਾ..’’ (ਮਹਲਾ /੩੫੧) ਭਾਵ ਉਸ ਨੇ 18 ਯੁੱਗ ਜਾਂਦਿਆਂ ਅਤੇ 18 ਯੁੱਗ ਵਾਪਸ ਪਰਤਦਿਆਂ ਹੀ ਖ਼ਰਾਬ ਕਰ ਦਿੱਤੇ।

ਸੋ ਕੁਦਰਤ ਦਾ ਸਮੁੱਚਾ ਵਿਸਥਾਰ ਜਾਣਨਾ; ਰੱਬ ਦੇ ਚਾਹਵਾਨ ਦਾ ਕੰਮ ਨਹੀਂ। ਉਸ ਦੀ ਮੰਜ਼ਲ ਅਦ੍ਰਿਸ਼ ਕਾਦਰ ਹੈ, ਨਾ ਕਿ ਕੁਦਰਤ। ਕਾਦਰ ਦੀ ਪ੍ਰਾਪਤੀ ਅਤੇ ਉਸ ਦੇ ਵਡੱਪਣ ਨੂੰ ਜਾਣਨ ਲਈ ਕੁਦਰਤ; ਇੱਕ ਮਿਸਾਲ ਹੈ। ਇਸ ਰਾਜ਼ ਤੋਂ ਸੱਖਣਾ ਸ਼ਰਧਾਵਾਨ ‘‘ਚਿਤ੍ਰ ਬਚਿਤ੍ਰ ਇਹੈ ਅਵਝੇਰਾ ’’ ’ਚ ਹੀ ਉਲ਼ਝਿਆ ਰਹਿੰਦਾ ਹੈ ਤੇ ਉਲ਼ਝਿਆ ਰਹੇਗਾ ਭਾਵੇਂ ਕਿ ਉਹ ਆਪਣੇ ਆਪ ਨੂੰ ‘ਕੁਦਰਤ ਨੂੰ ਜਾਣਨਾ ਜਾਂ ਕੁਦਰਤ ਨੂੰ ਪੂਜਣਾ ਜਾਂ ਕੁਦਰਤ ਤੋਂ ਸਦਕੇ ਜਾਣਾ’; ਵਿੱਚੋਂ ਕੋਈ ਇੱਕ ਨਾਂ ਹੀ ਕਿਉਂ ਨਾ ਦਿੰਦਾ ਰਹੇ। ਜੋ ਕੁਦਰਤ ’ਚੋਂ ਕਾਦਰ ਨੂੰ ਨਾ ਪਛਾਣ ਸਕਿਆ, ਉਹ ਅਹੰਕਾਰੀ ਹੈ, ਗੰਦੇ ਕਿਰਦਾਰ ਵਾਲਾ ਹੈ, ‘‘ਸੋਈ ਕੁਚੀਲੁ; ਕੁਦਰਤਿ (’ਚੋਂ) ਨਹੀ ਜਾਨੈ ’’ (ਮਹਲਾ /੧੧੫੧)

ਭਾਵੇਂ ਕੁਦਰਤ ਦੇ ਨਿਯਮਾਂ ’ਚ ਆਪਸੀ ਟਕਰਾਅ ਹਨ, ਪਰ ਇਨ੍ਹਾਂ ’ਚ ਬੜੀ ਅਸਮਾਨਤਾ ਵੀ ਹੈ; ਜਿਵੇਂ ਮਾਦਾ ਜਨਨੀ ਦੇ ਮੁਕਾਬਲੇ ਨਰ ਜਨਨੀ ਸੰਖੇਪ ਮਾਤਰ। ਚੰਦਨ ਨਾਲ ਸੁਗੰਧਿਤ ਹੋਣ ਵਾਲੇ ਪੌਦਿਆਂ ਦੇ ਮੁਕਾਬਲੇ ਬਾਂਸ ਸੰਖੇਪ ਮਾਤਰ। ਚਾਨਣ ’ਚ ਆਕਸੀਜਨ ਦੇਣ ਵਾਲੇ ਪੌਦਿਆਂ ਦੇ ਮੁਕਾਬਲੇ ਰਾਤ ਨੂੰ ਵੀ ਆਕਸੀਜਨ ਦੇਣ ਵਾਲੇ ਪੌਦੇ ਸੰਖੇਪ ਮਾਤਰ। ਰੌਸ਼ਨੀ ਨਾਲ ਵੇਖਣ ਵਾਲੇ ਜਾਨਵਰਾਂ ਦੇ ਮੁਕਾਬਲੇ ਹਨ੍ਹੇਰੇ ਨਾਲ ਵੇਖਣ ਵਾਲੇ ਜੀਵ-ਜੰਤ ਸੰਖੇਪ ਮਾਤਰ। ਅਨੇਕਾਂ ਦੁੱਖਾਂ ਦੇ ਮੁਕਾਬਲੇ ਅਨੰਦ ਸੰਖੇਪ ਮਾਤਰ। ਅਸੰਖ ਮਨਮੁਖਾਂ ਦੇ ਮੁਕਾਬਲੇ ਗੁਰਮੁਖ ਸੰਖੇਪ ਮਾਤਰ, ‘‘ਹੈਨਿ ਵਿਰਲੇ, ਨਾਹੀ ਘਣੇ; ਫੈਲ ਫਕੜੁ ਸੰਸਾਰੁ ’’ (ਮਹਲਾ /੧੪੧੧) ਆਦਿਕ।

ਕੁਦਰਤ ’ਚ ਬਹੁਤਾਤ ਦੇ ਮੁਕਾਬਲੇ ਸੰਖੇਪਤਾ ਦਾ ਕਾਇਮ ਵਜੂਦ ਹੋਣਾ; ਇਹ ਸਿੱਧ ਕਰਦਾ ਹੈ ਕਿ ਬ੍ਰਹਿਮੰਡ ਦੇ ਪਿੱਛੇ ਕੋਈ ਅਦ੍ਰਿਸ਼ ਸ਼ਕਤੀ ਕਾਰਜਸ਼ੀਲ ਹੈ, ਜੋ ਇਨ੍ਹਾਂ ਥੋੜ੍ਹਿਆਂ ਰਾਹੀਂ ਆਪਣੀ ਹੋਂਦ ਪ੍ਰਗਟਾਅ ਰਹੀ ਹੈ। ਕੁਦਰਤ ਦੇ ਸਾਰੇ ਨਿਯਮ; 100% ਇੱਕ ਪੱਖੀ ਵੀ ਹੋ ਸਕਦੇ ਸਨ। ਸਾਰੇ ਜੀਵ ਰੌਸ਼ਨੀ ’ਚ ਵੇਖਦੇ ਹੁੰਦੇ, ਨਾ ਕਿ ਹਨ੍ਹੇਰੇ ’ਚ। ਮਾਦਾ ਹੀ ਜਨਨੀ ਹੁੰਦੀ, ਨਰ ਜਨਨੀ ਦੀ ਕੀ ਜ਼ਰੂਰਤ ਸੀ ? ਚੰਦਨ ਨਾਲ ਬਾਂਸ ਵੀ ਸੁਗੰਧਿਤ ਹੋ ਸਕਦਾ ਸੀ ਇਤਿਆਦਿਕ ?

ਕਾਦਰ ਵੱਲੋਂ ਬਖ਼ਸ਼ੀ ਥੋੜ੍ਹਿਆਂ ਨੂੰ ਅਸੀਮ ਸ਼ਕਤੀ ਦੇ ਭਰੋਸੇ ਹੀ ਗੁਰੂ ਗੋਬਿੰਦ ਸਿੰਘ ਜੀ; ਰਣ ਭੂਮੀ ’ਚ ਬਹੁਤਾਤ ਵੈਰੀਆਂ ਨੂੰ ਸਾਮ੍ਹਣੇ ਵੇਖ ਬੁਲੰਦ ਆਵਾਜ਼ ’ਚ ਆਖਦੇ ਪਏ ਹਨ, ‘‘ਚਿੜੀਓਂ ਸੇ ਮੈਂ ਬਾਜ਼ ਤੁੜਾਊਂ, ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ’’ ਗੁਰੂ ਸਾਹਿਬਾਨ ਦੁਆਰਾ ਕੀਤੇ ਗਏ ਸੰਘਰਸ਼ ‘ਨਾ ਜ਼ਰ (ਧਨ) ਨਾਲ ਸੰਬੰਧਿਤ ਸਨ, ਨਾ ਜ਼ੋਰੂ (ਔਰਤ) ਨਾਲ ਅਤੇ ਨਾ ਹੀ ਜ਼ਮੀਨ ਭਾਵ ਕਿਸੇ ਇਲਾਕੇ ’ਤੇ ਕਬਜ਼ਾ ਕਰਨ ਲਈ ਸਨ। ਸਿਰਫ਼ ਇਨਸਾਨੀਅਤ ਬਚਾਉਣ ਵਾਲੇ ਯੋਧੇ ਤਿਆਰ ਕਰਨਾ ਤਾਂ ਜੋ ਕਿਆਮਤ ਤੱਕ ਬਹੁਤਾਤ; ਸੰਖੇਪਤਾ ਨੂੰ ਖ਼ਤਮ ਨਾ ਕਰ ਸਕੇ।’ ਗੁਰਬਾਣੀ ਮੁਤਾਬਕ ਜਗਤ ਰਚਨਾ ਇੱਕ ਖੇਡ ਹੈ। ਖੇਡ ਲਈ ਜ਼ਰੂਰੀ ਹੁੰਦਾ ਹੈ ਕਿ ਦੋਹਾਂ ਪਾਸਿਓਂ ਪਹਿਲਵਾਨ ਤਿਆਰ ਹੋਣ। ਧਰਮ; ਮਨੁੱਖਤਾ ਨੂੰ ਕਾਦਰ ਨਾਲ ਜੋੜ ਕੇ ਰੂਹਾਨੀਅਤ ਅਤੇ ਮਾਨਸਿਕ ਬਲ ਬਖ਼ਸ਼ਦਾ ਹੈ ਭਾਵੇਂ ਕਿ ਇਹ ਥੋੜ੍ਹੇ ਹੀ ਰਹਿਣ ਕਿਉਂਕਿ ਸੰਖੇਪਤਾ; ਕਦੇ ਵੀ ਬਹੁਤਾਤ ਨਹੀਂ ਬਣ ਸਕਦੀ।

ਸੋ ਗੁਰਮਤਿ; ਅਸਲ ਵਿਗਿਆਨਿਕ ਤੱਥ (ਕੁਦਰਤੀ ਕਾਢ) ਆਧਾਰਿਤ ਹੈ। ਅਜੋਕਾ ਵਿਗਿਆਨ ਅਜੇ ਇਸ ਤੋਂ ਬਹੁਤ ਪਿਛਾਂਹ ਹੈ। ਜੋ ਦੁਨਿਆਵੀ ਵਿਗਿਆਨ ਨੇ ਅੱਜ ਕਿਹਾ ਉਸ ਵਿੱਚ ਇੱਕ ਦਿਨ ਕੁਝ ਤਬਦੀਲੀ ਹੋ ਸਕਦੀ ਹੈ, ਪਰ ਗੁਰਮਤਿ ਨੇ ਅਜਿਹੇ ਬਦਲਾਅ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਭਾਵੇਂ ਕਿ ਇਸ ਦਾ ਸੰਬੰਧ ਕੇਵਲ ਸਫਲ ਮਨੁੱਖਾ ਜੀਵਨ ਤੱਕ ਹੀ ਹੈ। ਗੁਰਮਤਿ ਦਾ ਆਧਾਰ ‘ਗੁਰੂ ਨਾਲ ਲਗਾਓ, ਸ੍ਵੈ ਪੜਚੋਲ ਅਤੇ ਰੱਬ ’ਤੇ ਵਿਸ਼ਵਾਸ’ ਕਰਨਾ ਹੈ। ਇਸ ਨੂੰ ਸਮਝਣ ’ਚ ਟਪਲਾ ਲੱਗ ਸਕਦਾ ਹੈ ਤਾਹੀਓਂ ਗੁਰੂ ਜੀ ਨੇ ਸਿੱਖ ਨੂੰ ਪਹਿਲਾਂ ਆਪਣਾ ਮਾਨਸਿਕ ਸੰਤੁਲਨ ਸਥਿਰ ਕਰਨ ’ਤੇ ਜ਼ੋਰ ਦਿੱਤਾ ਤਾਂ ਜੋ ਹੋਰਾਂ ਦੀ ਤਸੱਲੀ ਕਰਵਾਉਂਦਿਆਂ ਦੁਚਿੱਤੀ ਨਾ ਬਣੀ ਰਹੇ, ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ਰਾਮ ਨਾਮ ਜਪੁ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ’’ (ਮਹਲਾ /੩੮੧ਇਸ ਨੂੰ ਮਨੁੱਖ ਦਾ ਅੰਨ੍ਹਾਪਣ ਹੀ ਕਹੀਏ ਕਿ ਮਾਨਸਿਕ ਸਥਿਰਤਾ ਤੋਂ ਸੱਖਣਾ ਵਕਤਾ (ਸਿੱਖ ਪ੍ਰਚਾਰਕ); 100% ਆਪਣੇ ਵਿਚਾਰ ਬਦਲ ਕੇ ਵੀ ਓਹੀ ਰੁਤਬਾ ਕਾਇਮ ਰੱਖਣ ’ਚ ਕਾਮਯਾਬ ਰਹਿੰਦਾ ਹੈ।

ਅੰਤ ’ਚ ਸਮੁੱਚੀ ਵਿਚਾਰ ਦਾ ਸਾਰੰਸ਼ ਇਉਂ ਹੈ :

(1). ਕਾਦਰ ਦਾ ਹੁਕਮ ਹੀ ਕੁਦਰਤ ਦਾ ਸੁਭਾਅ ਹੈ, ਕੁਦਰਤੀ ਨਿਯਮ ਹੈ।

(2). ਕੁਦਰਤ ਦੇ ਨਿਯਮ ਆਪਾ ਵਿਰੋਧੀ ਹਨ, ਜੋ ਆਪਣੇ ਆਪ ਤੋਂ ਪੈਦਾ ਨਹੀਂ ਹੋ ਸਕਦੇ। ਇਨ੍ਹਾਂ ਦਾ ਵੀ ਇੱਕ ਸਰੋਤ (ਕਾਦਰ) ਹੈ ਭਾਵੇਂ ਕਿ ਉਸ ਬਾਰੇ ਅਜੋਕੇ ਵਿਗਿਆਨਕ ਸਬੂਤ ਨਹੀਂ ਮਿਲਦੇ।

(3). ਕੁਦਰਤ ’ਚ ਬਹੁਤਾਤ ਤੋਂ ਹਿਫ਼ਾਜ਼ਤ ਲਈ ਕਾਦਰ; ਥੋੜ੍ਹਿਆਂ ਨੂੰ ਵਿਸ਼ੇਸ਼ ਅਧਿਕਾਰ ਦਿੰਦਾ ਹੈ। ਇੱਥੋਂ ਹੀ ਉਸ ਦੀ ਹੋਂਦ ਪ੍ਰਗਟ ਹੁੰਦੀ ਹੈ।

(4). ਸਮੁੱਚੀ ਕੁਦਰਤ ਦਾ ਵਿਸਥਾਰ ਜਾਣਨਾ; ਭਗਤ ਦਾ ਟੀਚਾ ਨਹੀਂ।  ਕੁਦਰਤ ਰਚਣ ਦੀ ਗੁੰਝਲ਼ਤਾ (ਕਲਾ) ’ਚੋਂ ਇਸ ਦੇ ਮੂਲ-ਸਰੋਤ (ਕਾਦਰ) ਨੂੰ ਵਾਚਣਾ ਹੈ। ਉਸ ਅੱਗੇ ਆਪਾ ਨਿਛਾਵਰ ਕਰਨਾ ਹੈ। ਅਹੰਕਾਰ ਮੁਕਤ ਹੋਣਾ ਹੈ।

(5). ਕੁਦਰਤੀ ਸੁਭਾਅ ’ਚੋਂ ਹੀ ਵਿਕਾਰ ਉਪਜਦੇ ਹਨ ਤਾਹੀਓਂ ਇਹ ਮਰਦੇ ਨਹੀਂ। ਇਨ੍ਹਾਂ ਨੂੰ ਸੰਜਮ ’ਚ ਰੱਖਣ ਦੇ ਸਾਧਨ ਹਨ :

(ੳ). ਜਿਸ ਕਾਦਰ ਨੇ ਸੁਭਾਅ ਸਿਰਜੇ, ਉਸੇ ਦੀ ਮਿਹਰ ਨਾਲ।

(ਅ). ਕਾਦਰ ਦੇ ਡਰ-ਅਦਬ ’ਚ ਰਹਿ ਕੇ।

(ੲ). ਕਾਦਰ ਨਾਲ ਜੁੜ ਕੇ ਉੱਚੀ ਹੋਈ ਸੁਰਤ ਨੂੰ ਇਨ੍ਹਾਂ ਦਾ ਸੁਆਦ, ਫਿੱਕਾ ਜਾਪਣ ਨਾਲ।

(ਸ). ਇਨ੍ਹਾਂ ਰੋਗਾਂ ਤੋਂ ਪੀੜਤ ਹੋਣ ਵਾਲੀ ਮਨੁੱਖਤਾ ਨੂੰ ਸਾਂਝਾ ਪਰਵਾਰ ਸਮਝ ਕੇ।

(6). ਕੁਦਰਤ ਨੂੰ ਭੋਗਣਾ (ਸੈਲਾਨੀ ਸੋਚ) ਵੀ ਮਨ ਪਰਚਾਵਾ ਹੀ ਹੈ, ਰੋਗ ਹੈ।

(7). ਗੁਰਮਤਿ; ਬੰਦੇ ਦੀ ਨਕਾਰਾਤਮਿਕ (Negative) ਸੋਚ ਨੂੰ ਸਕਾਰਾਤਮਿਕ (Positive) ਸਿਰਜਦੀ ਹੈ।

ਕੁੱਝ ਸਿੱਖ; ਅਕਸਰ ਇਹ ਸਵਾਲ ਕਰਦੇ ਹਨ ਕਿ ਬੁਰੇ ਬੰਦਿਆਂ ਨੂੰ ਰੱਬ ਦੇ ਹੁਕਮ ’ਚ ਵਿਚਰਦੇ ਕਹਿ ਕੇ ਉਨ੍ਹਾਂ ਨੂੰ ਨਿਰਦੋਸ਼ ਸਾਬਤ ਕਰਨਾ ਹੈ ਤਾਂ ਜੋ ਉਹ ਨਿਡਰ ਹੋ ਕੇ ਹੋਰ ਮਾੜੇ ਕੰਮ ਕਰਦੇ ਰਹਿਣ। ਦਰਅਸਲ ਅਜਿਹੇ ਸਵਾਲਾਂ ’ਚ ਪ੍ਰਸ਼ਨ ਕਰਤਾ ਦੀ ਲਾਚਾਰੀ ਛੁਪੀ ਹੁੰਦੀ ਹੈ। ਉਹ, ਰੱਬ ਦੀ ਭਗਤੀ ਕਰਨ ਬਦਲੇ ਸੁਖਾਵਾਂ ਮਾਹੌਲ ਚਾਹੁੰਦਾ ਹੈ ਤਾਂ ਜੋ ਕੋਈ ਸਰੀਰਕ ਕਸ਼ਟ ਨਾ ਉਠਾਉਣਾ ਪਵੇ ਜਦਕਿ ਹਥਲਾ ਵਿਸ਼ਾ ਹੀ ਸੰਘਰਸ਼ਮਈ ਜ਼ਿੰਦਗੀ ਪੈਦਾ ਕਰਨਾ ਹੈ ਕਿਉਂਕਿ ਸੱਚਾ ਧਰਮ; ਸੰਘਰਸ਼ਮਈ ਜੀਵਨ ਸਿਰਜਦਾ ਹੈ। ਸਿੱਖਾਂ ਦੀ ਜੁਝਾਰੂ ਸੋਚ ਦਾ ਪ੍ਰਤੀਕ; ਵੱਡੀ ਕਿਰਪਾਨ ਅਤੇ ਉਸ ਦੀ ਤੇਜ਼ ਧਾਰ ਲਾ ਕੇ ਰੱਖਣਾ ਹੈ। ਇਸ ਪਾਸਿਓਂ ਕਮਜ਼ੋਰੀ ਹੀ ਸਿਧਾਂਤਹੀਣ ਸਵਾਲ ਪੈਦਾ ਕਰਨ ਲਈ ਉਕਸਾਉਂਦੀ ਹੈ।

ਬੁਰੇ ਬੰਦੇ ਬਾਰੇ ਆਪਣੇ ਮਨ ’ਚ ਇਹ ਖ਼ਿਆਲ ਰੱਖ ਕੇ ਕਿ ਇਹ ਰੱਬ ਦੇ ਹੁਕਮ ’ਚ ਬੁਰਿਆਈ ਕਰੇਗਾ ਤੇ ਮੈਂ ਰੱਬ ਦੇ ਹੁਕਮ ’ਚ ਇਸ ਦਾ ਵਿਰੋਧ ਕਰਾਂਗਾ, ਇਸ ਤਰ੍ਹਾਂ ਉਸ ਨੂੰ ਮਾਫ਼ ਕਰਨਾ ਜਾਂ ਦੋਸ਼ ਮੁਕਤ ਕਰਨਾ ਕਿਵੇਂ ਹੋਇਆ ? ਇਹ ਤਾਂ ਸਗੋਂ ਆਪਣੇ ਆਪ ਨੂੰ ਵੈਰ-ਭਾਵਨਾ ਰਹਿਤ ਹੋ ਕੇ ਯੁੱਧ ਲਈ ਤਿਆਰ ਕਰਨਾ ਹੈ। ਇਉਂ ਰਣ ਭੂਮੀ ’ਚ ਵਧੇਰੇ ਜਿੱਤ ਮਿਲਦੀ ਹੈ ਤੇ ਆਪਣਾ ਰੂਹਾਨੀਅਤ ਬਲ ਵੀ ਈਰਖਾ ਕਾਰਨ ਨਹੀਂ ਸੜਦਾ। ਅਜਿਹੇ ਯੋਧੇ; ਭੱਜਦੇ ਦੁਸ਼ਮਣਾਂ ਦਾ ਪਿੱਛਾ ਵੀ ਨਹੀਂ ਕਰਦੇ ਹੁੰਦੇ ਕਿਉਂਕਿ ਉਨ੍ਹਾਂ ਦਾ ਲਕਸ਼ ਪੂਰਾ ਹੋ ਚੁੱਕਿਆ ਹੁੰਦਾ ਹੈ।

ਅੱਜ ਕਿਤੇ ਵੀ ਦੋ ਦੇਸ਼ਾਂ ਦੀ ਲੜਾਈ ਹੋਵੇ ਓਥੇ ਵਿਸ਼ਵ ਸਿਹਤ ਵਿਭਾਗ ਆਪਣੀ ਰੈੱਡ ਕ੍ਰਾਸ ਟੀਮ ਭੇਜਦਾ ਹੈ ਕਿਉਂਕਿ ਵੈਰੀ ਦਲ ਤੋਂ ਹਮਦਰਦੀ ਦੀ ਬਿਲਕੁਲ ਉਮੀਦ ਨਹੀਂ ਹੁੰਦੀ, ਪਰ ਧੰਨਤਾਯੋਗ ਹਨ ਦਸਮੇਸ਼ ਪਿਤਾ ਜੀ; ਜਿਨ੍ਹਾਂ ਨੇ ਯੁੱਧ ਨੂੰ ਵੀ ਖੇਡ ਵਾਙ ਖੇਡਦਿਆਂ ਵੈਰੀ ਦਲ ਦਾ ਪੂਰਾ ਖ਼ਿਆਲ ਰੱਖਿਆ ਤੇ ਯੁੱਧ ਨੀਤੀ ਦੀ ਨਵੀਂ ਮਿਸਾਲ ਪੈਦਾ ਕੀਤੀ। ਇਹੀ ਹੈ ਸੱਚੇ ਸਤਿਗੁਰੂ ਜੀ ਦਾ ‘ਸੰਤ’ ਅਤੇ ‘ਸਿਪਾਹੀ’ ਪਦ ਦੀ ਵਿਆਖਿਆ ਕਰਦਾ ਆਪਣੇ ਅਨੁਯਾਈ ਸਿੱਖਾਂ ਲਈ ਅਨੋਖਾ ਪੈਗ਼ਾਮ (ਸੁਨੇਹਾ)।

ਸਤਿਗੁਰੂ ਜੀ ਦੀ ਵਿਲੱਖਣਤਾ; ਗੁਰਮਤਿ ਦੇ ਗਹਿਰੇ ਰਾਜ਼ ਹੀ ਹਨ। ਇਨ੍ਹਾਂ ਨੂੰ ਸਮਝਣਾ ਅਤੇ ਹੋਰਾਂ ਨਾਲ ਸਾਂਝੇ ਕਰਨਾ ਹੀ ਗੁਰਮਤਿ ਵਿਚਾਰਧਾਰਾ ਦੇ ਝੰਡੇ ਨੂੰ ਬੁਲੰਦ ਕਰੇਗਾ। ਬਾਕੀ ਗਿਆਨ ਤਾਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ’ਚੋਂ ਮਿਲ ਜਾਂਦਾ ਹੈ।

2. ਰੱਬ; ਸਰਬ ਵਿਆਪਕ ‘ਜੋਤਿ ਰੂਪ ਹੈ ਜਾਂ ਤੱਤ ਰੂਪ ਜਾਂ ਗੁਣ ਰੂਪ ਜਾਂ ਪ੍ਰਤਿਬਿੰਬ ਰੂਪ’ ਹੈ ?, ਦੀ ਵਿਚਾਰ

3. ਆਤਮਾ ਬਨਾਮ ਅੰਤਹਕਰਣ

4. ਆਤਮ ਪ੍ਰਕਾਸ਼

ਕੀ ‘‘ਸਿਖੀ, ਸਿਖਿਆ ਗੁਰ ਵੀਚਾਰਿ॥’’ ਤੁਕ ’ਚ ‘ਸਿਖੀ’ ਦਾ ਅਰਥ ‘ਸਿੱਖ-ਵਿਚਾਰਧਾਰਾ’ ਹੈ ?

0

ਕੀ ‘‘ਸਿਖੀ, ਸਿਖਿਆ ਗੁਰ ਵੀਚਾਰਿ॥’’ ਤੁਕ ’ਚ ‘ਸਿਖੀ’ ਦਾ ਅਰਥ ‘ਸਿੱਖ-ਵਿਚਾਰਧਾਰਾ’ ਹੈ ?

ਵਿਚਾਰ: ਗੁਰਬਾਣੀ; ਦਾ ਸਰੋਤ ਗੁਰਮਤਿ (ਗੁਰੂ ਦੀ ਮਤਿ) ਹੈ, ਨਾ ਕਿ ‘ਸਿੱਖ ਮੱਤ’ ਕਿਉਂਕਿ ‘ਸਿਖ’; ਸਿੱਖਿਆਰਥੀ (ਸ਼ਗਿਰਦ) ਹੁੰਦਾ ਹੈ, ਜਿਸ ਦੀ ਮਰਨ ਤੱਕ ਵੀ ਆਪਣੀ ਕੋਈ ਸਥਿਰ ਵਿਚਾਰਧਾਰਾ (ਮੱਤ) ਨਹੀਂ ਹੋਣੀ ਚਾਹੀਦੀ।

ਗੁਰੂ ਨਾਨਕ ਸਾਹਿਬ ਜੀ ਨੇ ਹਥਲੇ ਸ਼ਬਦ ’ਚ ਅਨਮਤ ਦੀ ਮਿਸਾਲ ਨਾਲ ਗੁਰਮਤਿ ਦਾ ਇਹ ਵਿਸ਼ਾ ਕਿ ‘ਕੁਦਰਤ ਨੂੰ ਬਣਾਉਣ ਵਾਲਾ ਹੀ ਸੇਵਕ ਨੂੰ ਕੁਦਰਤ ’ਚੋਂ ਪਾਰ ਲੰਘਾਉਂਦਾ ਹੈ’, ਸਪਸ਼ਟ ਕੀਤਾ ਹੈ। ਸ਼ਬਦ ਦਾ ਸਾਰ-ਅੰਸ਼, ਜੋ ਸਾਡੇ ਲਈ ਉਪਦੇਸ਼ ਹੈ, ਉਹ ਇਨ੍ਹਾਂ ਤੁਕਾਂ ’ਚ ਹੈ: ‘‘ਨਿਰਭਉ ਨਿਰੰਕਾਰੁ ਸਚੁ ਨਾਮੁ ॥ ਜਾ ਕਾ ਕੀਆ ਸਗਲ ਜਹਾਨੁ ॥ ਸੇਵਕ ਸੇਵਹਿ; ਕਰਮਿ ਚੜਾਉ ॥ ਭਿੰਨੀ ਰੈਣਿ; ਜਿਨ੍ਾ ਮਨਿ ਚਾਉ ॥ ਸਿਖੀ; ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ; ਲਘਾਏ ਪਾਰਿ ॥’’ (ਆਸਾ ਕੀ ਵਾਰ/ਮ: ੧/੪੬੫)

ਅਰਥ: ਰੱਬ ਆਕਾਰ ਰਹਿਤ, ਨਿਡਰ ਤੇ ਸਦੀਵੀ ਸਥਿਰ ਵਡਿਆਈ ਵਾਲਾ ਹੈ (ਨਿਰਭਉ ਨਿਰੰਕਾਰੁ ਸਚੁ ਨਾਮੁ॥), ਜਿਸ ਨੇ ਸਾਰੀ ਕੁਦਰਤ ਸਾਜੀ ਹੈ (ਜਾ ਕਾ ਕੀਆ ਸਗਲ ਜਹਾਨੁ॥)। ਸੇਵਕ (ਉਸ ਨੂੰ) ਸਿਮਰਦੇ ਹਨ (ਬਦਲੇ ’ਚ ਉਸ ਦੀ) ਮਿਹਰ ਨਾਲ ਚੜ੍ਹਦੀ ਕਲਾ ਮਾਣਦੇ ਹਨ (ਸੇਵਕ ਸੇਵਹਿ; ਕਰਮਿ ਚੜਾਉ ॥) ਜਿਨ੍ਹਾਂ ਦੇ ਹਿਰਦੇ ’ਚ ਖਿੜਾਓ ਹੈ (ਉਨ੍ਹਾਂ ਦੀ ਜ਼ਿੰਦਗੀ ਰੂਪੀ) ਰਾਤ ਅਨੰਦਮਈ ਬਣ ਗਈ (ਭਿੰਨੀ ਰੈਣਿ; ਜਿਨ੍ਾ ਮਨਿ ਚਾਉ ॥) ਸੋ ਸਿੱਖਾਂ ਨੂੰ ਗੁਰੂ ਦੀ ਵਿਚਾਰ, ਗੁਰੂ ਦੀ ਸਿੱਖਿਆ ਹੀ ਬਖ਼ਸ਼ਣਹਾਰ (ਰੱਬ) ਦੀ ਮਿਹਰ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦੀ ਹੈ (ਸਿਖੀ; ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ; ਲਘਾਏ ਪਾਰਿ ॥)।

ਉਕਤ ਵਿਚਾਰ ਦਾ ਤੱਤ-ਸਾਰ ਹੈ ਕਿ ਬਖ਼ਸ਼ਹਾਰ ਨੇ ਕੁਦਰਤ ਸਾਜੀ ਹੈ ਅਤੇ ਗੁਰੂ-ਸ਼ਬਦ ਵਿਚਾਰ ਉਪਰੰਤ ਉਸ ਦੀ ਮਿਹਰ ਨੇ ਹੀ ਸਿੱਖਾਂ ਨੂੰ ਪਾਰ ਲੰਘਾਉਣਾ ਹੈ ਭਾਵ ਜਿਸ ਨੇ ਕੁਦਰਤ ਬਣਾਈ ਉਸ ਦੀ ਮਿਹਰ ਨਾਲ ਹੀ ਕੁਦਰਤ ’ਚੋਂ ਸੇਵਕ ਨੇ ਕਾਦਿਰ ’ਚ ਲੀਨ ਹੋਣਾ ਹੈ।

ਹੁਣ ਇਸ ਸ਼ਬਦ ’ਚ ਕਿੱਥੇ ਲਿਖਿਆ ਹੈ ਕਿ ‘ਸਿਖ’ ਦਾ ਅਰਥ ‘ਸਿੱਖ ਦੀ ਵਿਚਾਰਧਾਰਾ’ ਹੈ; ਜਿਵੇਂ ਕਿ ਇਸ ਵੀਡੀਓ ’ਚ ਭਾਈ ਸਾਹਿਬ ਕਹਿ ਰਿਹਾ ਹੈ। ਕਿੰਨਾ ਭੁਲੇਖਾ ਹੈ ‘ਗੁਰ ਵਿਚਾਰਿ’ ਸਮਝਣ ’ਚ। ਸ਼ਬਦ ਵੀ ਓਹੀ ਵਰਤੇ ਗਏ ਜਿਨ੍ਹਾਂ ’ਚ ਮਨਮਤ ਨੂੰ ਕੋਈ ਸਥਾਨ ਨਹੀਂ, ਪਰ ਫਿਰ ਵੀ ਮਨਮਤ ਕਾਇਮ ਰੱਖੀ ਗਈ।

ਇਸ ਸੰਪੂਰਨ ਸ਼ਬਦ ’ਚ ‘ਗੁਰਮਤਿ’ ਤੋਂ ਪਹਿਲਾਂ ਅਤੇ ਬਾਅਦ ’ਚ ਮਿਸਾਲ ਵਜੋਂ ਲਈ ਗਈ ਅਨਮਤ ਇਹ ਹੈ:

ਵਾਇਨਿ ਚੇਲੇ ਨਚਨਿ ਗੁਰ ॥ ਪੈਰ ਹਲਾਇਨਿ ਫੇਰਨਿ੍ ਸਿਰ ॥ ਉਡਿ ਉਡਿ ਰਾਵਾ, ਝਾਟੈ ਪਾਇ ॥ ਵੇਖੈ ਲੋਕੁ, ਹਸੈ ਘਰਿ ਜਾਇ ॥ ਰੋਟੀਆ ਕਾਰਣਿ ਪੂਰਹਿ ਤਾਲ ॥ ਆਪੁ ਪਛਾੜਹਿ ਧਰਤੀ ਨਾਲਿ ॥ ਗਾਵਨਿ ਗੋਪੀਆ, ਗਾਵਨਿ ਕਾਨ੍ ॥ ਗਾਵਨਿ ਸੀਤਾ, ਰਾਜੇ ਰਾਮ ॥ ‘‘ਨਿਰਭਉ ਨਿਰੰਕਾਰੁ ਸਚੁ ਨਾਮੁ ਜਾ ਕਾ ਕੀਆ ਸਗਲ ਜਹਾਨੁ ਸੇਵਕ ਸੇਵਹਿ; ਕਰਮਿ ਚੜਾਉ ਭਿੰਨੀ ਰੈਣਿ; ਜਿਨ੍ਾ ਮਨਿ ਚਾਉ ਸਿਖੀ; ਸਿਖਿਆ ਗੁਰ ਵੀਚਾਰਿ ਨਦਰੀ ਕਰਮਿ; ਲਘਾਏ ਪਾਰਿ ’’ ਕੋਲੂ ਚਰਖਾ ਚਕੀ ਚਕੁ ॥ ਥਲ ਵਾਰੋਲੇ ਬਹੁਤੁ ਅਨੰਤੁ ॥ ਲਾਟੂ ਮਾਧਾਣੀਆ ਅਨਗਾਹ ॥ ਪੰਖੀ ਭਉਦੀਆ ਲੈਨਿ ਨ ਸਾਹ ॥ ਸੂਐ ਚਾੜਿ ਭਵਾਈਅਹਿ ਜੰਤ ॥ ਨਾਨਕ ਭਉਦਿਆ ਗਣਤ ਨ ਅੰਤ ॥ ਬੰਧਨ ਬੰਧਿ ਭਵਾਏ, ਸੋਇ ॥ ਪਇਐ ਕਿਰਤਿ, ਨਚੈ ਸਭੁ ਕੋਇ ॥ ਨਚਿ ਨਚਿ ਹਸਹਿ; ਚਲਹਿ ਸੇ ਰੋਇ ॥ ਉਡਿ ਨ ਜਾਹੀ; ਸਿਧ ਨ ਹੋਹਿ ॥ ਨਚਣੁ ਕੁਦਣੁ; ਮਨ ਕਾ ਚਾਉ ॥ ਨਾਨਕ! ਜਿਨ੍ ਮਨਿ ਭਉ; ਤਿਨ੍ਾ ਮਨਿ ਭਾਉ ॥ (ਆਸਾ ਕੀ ਵਾਰ/ਮ: ੧/੪੬੫)

ਭਾਵ : ਅਖੌਤੀ ਗੁਰੂ ਨੱਚਦੇ ਹਨ ਅਤੇ ਚੇਲੇ (ਸਾਜ) ਵਜਾਉਂਦੇ ਹਨ। ਸਿਰ ਅਤੇ ਪੈਰਾਂ ਨਾਲ ਕਲਾ ਵਿਖਾਉਂਦੇ ਹਨ। ਪੈਰਾਂ ਨਾਲ ਰੇਤਾ ਉੱਡ ਕੇ ਸਿਰ ਦੇ ਕੇਸਾਂ ’ਚ ਪੈਂਦਾ ਹੈ। ਲੋਕ (ਪ੍ਰਭਾਵਤ ਹੋਣ ਦੀ ਬਜਾਇ) ਘਰ ਜਾ ਕੇ ਹੱਸਦੇ ਹਨ ਕਿ ਇਹ ਸਭ ਰੋਟੀਆਂ ਲਈ ਸੀ। ਧਰਤੀ ’ਤੇ ਘੁੰਮਦਿਆਂ ਡਿੱਗਣਾ, ਕ੍ਰਿਸ਼ਨ-ਗੋਪੀਆਂ, ਰਾਮ ਚੰਦ੍ਰ ਤੇ ਸੀਤਾ ਆਦਿ ਦੇ ਪ੍ਰਸੰਗ ਗਾਉਣੇ; ਇਉਂ ਸਨ; ਜਿਵੇਂ ਤੇਲ ਕੱਢਣ ਵਾਲੇ ਕੋਹਲੂ, ਰੂੰ ਪਿੰਜਣ ਵਾਲੇ ਚਰਖੇ, ਆਟਾ ਪੀਹਣ ਵਾਲੀ ਚੱਕੀ, ਘੁੰਮਿਆਰ ਦੇ ਚੱਕ, ਵਾ-ਵਰੋਲ਼ੇ, ਲਾਟੂ, ਦੁੱਧ ਰਿੜਕਣ ਵਾਲੀਆਂ ਮਧਾਣੀਆਂ, ਅਕਾਸ਼ ’ਚ ਨਿਰੰਤਰ ਇੱਧਰ-ਓਧਰ ਉੱਡਦੇ ਪੰਛੀ, ਕਸ਼ਟਾਂ ’ਤੇ ਚਾੜ੍ਹ ਕੇ ਜੀਵ-ਜੰਤ ਆਦਿ ਘੁੰਮਦੇ ਹਨ, ਇਨ੍ਹਾਂ ਘੁੰਮਦਿਆਂ ਦੀ ਬਿਲਕੁਲ ਗਿਣਤੀ ਨਹੀਂ ਹੋ ਸਕਦੀ।

ਉਹ ਰੱਬ; ਮਾਯਾ-ਬੰਧਨਾ ’ਚ ਬੰਨ੍ਹ ਕੇ ਘੁੰਮਾਉਂਦਾ ਹੈ। ਸਾਰੇ ਆਪਣੀ-ਆਪਣੀ ਕਿਰਤ (ਨਸੀਬ) ਮੁਤਾਬਕ ਨੱਚਦੇ ਪਏ ਹਨ ਭਾਵ ਅਖੌਤੀ ਗੁਰੂ-ਚੇਲੇ ਦਾ ਨੱਚਣਾ ਉਨ੍ਹਾਂ ਦਾ ਹੀ ਬੀਜਿਆ ਹੋਇਆ ਨਸੀਬ ਹੈ। ਭਾਵੇਂ ਕਿ ਇਹ ਇੱਥੇ ਨੱਚਦੇ ਅਤੇ ਹੱਸਦੇ ਹਨ ਪਰ ਅੰਤ ਨੂੰ ਰੋਣਗੇ ਕਿਉਂਕਿ ਉੱਚਾ ਮੁਕਾਮ; ਉੱਡ ਕੇ ਹਾਸਲ ਨਹੀਂ ਹੁੰਦਾ। ਨੱਚਣਾ-ਕੁੱਦਣਾ ਕੇਵਲ ਮਨ-ਪਰਚਾਵਾ ਹੀ ਹੈ (ਜੀਵਨ ’ਚ ਬਦਲਾਅ ਹੋਣਾ ਨਹੀਂ), ਹੇ ਨਾਨਕ! ਜਿਨ੍ਹਾਂ ਦੇ ਮਨ ’ਚ ਰੱਬ ਦਾ ਡਰ-ਅਦਬ ਹੁੰਦਾ ਹੈ ਉਨ੍ਹਾਂ ਅੰਦਰ ਹੀ ਉਸ ਲਈ ਪ੍ਰੇਮ ਜਾਗਦਾ ਹੈ।

ਰੱਬ ਆਕਾਰ ਰਹਿਤ, ਨਿਡਰ ਤੇ ਸਦੀਵੀ ਸਥਿਰ ਵਡਿਆਈ ਵਾਲਾ ਹੈ (ਨਿਰਭਉ ਨਿਰੰਕਾਰੁ ਸਚੁ ਨਾਮੁ॥), ਜਿਸ ਨੇ ਸਾਰੀ ਕੁਦਰਤ ਸਾਜੀ ਹੈ (ਜਾ ਕਾ ਕੀਆ ਸਗਲ ਜਹਾਨੁ॥)। ਸੇਵਕ (ਉਸ ਨੂੰ) ਸਿਮਰਦੇ ਹਨ (ਬਦਲੇ ’ਚ ਉਸ ਦੀ) ਮਿਹਰ ਨਾਲ ਚੜ੍ਹਦੀ ਕਲਾ ਮਾਣਦੇ ਹਨ (ਸੇਵਕ ਸੇਵਹਿ; ਕਰਮਿ ਚੜਾਉ ॥) ਜਿਨ੍ਹਾਂ ਦੇ ਹਿਰਦੇ ’ਚ ਖਿੜਾਓ ਹੈ (ਉਨ੍ਹਾਂ ਦੀ ਜ਼ਿੰਦਗੀ ਰੂਪੀ) ਰਾਤ ਅਨੰਦਮਈ ਬਣ ਗਈ (ਭਿੰਨੀ ਰੈਣਿ; ਜਿਨ੍ਾ ਮਨਿ ਚਾਉ ॥) ਸੋ ਸਿੱਖਾਂ ਨੂੰ ਗੁਰੂ ਦੀ ਵਿਚਾਰ, ਗੁਰੂ ਦੀ ਸਿੱਖਿਆ ਹੀ ਬਖ਼ਸ਼ਣਹਾਰ (ਰੱਬ) ਦੀ ਮਿਹਰ ਨਾਲ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦੀ ਹੈ (ਸਿਖੀ; ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ; ਲਘਾਏ ਪਾਰਿ ॥)।

ਉਕਤ ਵਿਚਾਰ ਦਾ ਮਤਲਬ ਸਿੱਖਾਂ ਦੁਆਰਾ ‘ਗੁਰ ਵਿਚਾਰਿ’ ਬਾਰੇ ਨਜ਼ਰੀਆ ਭਿੰਨ-ਭਿੰਨ ਹੋਣ ਇਹ ਕਾਰਨ ਹੁੰਦਾ ਹੈ ਕਿ ਗੁਰਬਾਣੀ ਅਨੁਸਾਰ ਆਪਣੀ ਸੋਚ ਬਦਲਣ ਦੀ ਬਜਾਇ ਅਹੰਕਾਰ ਆਪਣੀ ਸੋਚ ਮੁਤਾਬਕ ‘ਗੁਰ ਵਿਚਾਰਿ’ ਦੇ ਅਰਥ ਕਰਵਾ ਦਿੰਦਾ ਹੈ।

ਅੰਤ ਚ ਉਕਤ ਵਿਚਾਰ ਦਾ ਸਾਰ-ਅੰਸ਼ ਇਹੀ ਹੈ ਕਿ ਸਿਖ, ਸਿਖਾਂਦਰੂ (Student) ਹੀ ਹੈ। ਇਹ, ਗੁਰੂ ਵਾਙ ਅਗਵਾਈ ਕਰਨਯੋਗ ਕਦੇ ਨਹੀਂ ਬਣ ਸਕਦਾ, ਤਾਹੀਓਂ ਗੁਰਬਾਣੀ ਨੂੰ ਗੁਰਮਤਿ ਕਿਹਾ ਜਾਂਦਾ ਹੈ, ਨਾ ਕਿ ਸਿਖ ਮੱਤ।

ਗਿਆਨੀ ਅਵਤਾਰ ਸਿੰਘ

Most Viewed Posts