35.5 C
Jalandhar
Sunday, May 17, 2026
spot_img
Home Blog Page 69

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਪਹਿਲਾ)

0

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਪਹਿਲਾ)

ਗਿਆਨੀ ਅਵਤਾਰ ਸਿੰਘ

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਦੂਜਾ)

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਤੀਜਾ)

ਸਮੁੱਚੀ ਗੁਰਬਾਣੀ ਦੇ ਲਿਖਤ ਨਿਯਮਾਂ ਦੀ ਸੰਖੇਪ ਵਿਚਾਰ (ਭਾਗ ਚੌਥਾ)

ਆਰੰਭਕ ਬੇਨਤੀ : ਕਿਸੇ ਭਾਸ਼ਾਈ ਲਿਖਤ ਨੂੰ ਜਾਣਨ ਦੀ ਉਤਸੁਕਤਾ; ਉਸ ਦੀ ਤਹਿ (ਬਾਰੀਕੀ) ਵੱਲ ਵਧਣ ਦੀ ਸ਼ੁਰੂਆਤ ਹੁੰਦੀ ਹੈ ਸ਼ਬਦ ਸੰਗ੍ਰਹਿ ਦਾ ਕੰਠ ਹੋਣਾ ਅਤੇ ਉਸ ਦੇ ਲਿਖਤ ਨਿਯਮਾਂ ਦਾ ਬੋਧ ਹੀਭਾਸ਼ਾਈ ਵਿਗਿਆਨੀਬਣਾ ਦਿੰਦਾ ਹੈ ਇਸ ਦੀ ਅਰੰਭਤਾ; ਸ਼ਬਦਾਂ ਦੀ ਵੰਡ ਤੋਂ ਹੈ; ਜਿਵੇਂਨਾਂਵ, ਪੜਨਾਂਵ, ਵਿਸ਼ੇਸ਼ਣ, ਕ੍ਰਿਆਵਿਸ਼ੇਸ਼ਣ, ਕ੍ਰਿਆ, ਸੰਬੰਧਕ, ਯੋਜਕ ਤੇ ਵਿਸਮਿਕਭਾਵ 8 ਤਰ੍ਹਾਂ ਦੀ ਭਾਸ਼ਾਈ ਸ਼ਾਬਦਿਕ ਵੰਡ ਹਰ ਭਾਸ਼ਾ ਨਾਂਵ, ਪੜਨਾਂਵ ਤੇ ਕ੍ਰਿਆਸ਼ਬਦਾਂ ਨੇ ਹੀ 80% ਜਗ੍ਹਾ ਮੱਲੀ ਹੁੰਦੀ ਹੈ ਵੈਸੇ ਇਹ ਵੀ ਬਾਕੀਆਂ ਤੋਂ ਬਿਨਾਂ ਭਾਸ਼ਾ ਨੂੰ ਮਜ਼ਬੂਤੀ ਨਹੀਂ ਦੇ ਸਕਦੇ

ਸੰਬੰਧਕ ਸ਼ਬਦ; ਨਾਂਵ, ਪੜਨਾਂਵ, ਵਿਸ਼ੇਸ਼ਣ ਅਤੇ ਕ੍ਰਿਆਵਾਚੀ ਸ਼ਬਦਾਂ ਨੂੰ ਜੋੜਨ ਪੁਲ਼ ਦਾ ਕੰਮ ਕਰਦੇ ਹਨ ਇਨ੍ਹਾਂ ਨੂੰ ਹੀ 8 ਕਾਰਕਾਂ ਦੇ ਚਿੰਨ੍ਹ ਕਿਹਾ ਜਾਂਦਾ ਹੈ ਗੁਰਬਾਣੀ; ਕਈ ਭਾਸ਼ਾਈ ਸ਼ਬਦਾਂ ਦਾ ਕਾਵਿਕ ਸੰਗ੍ਰਹਿ ਹੈ ਭਾਵੇਂ ਕਿ ਇਹ ਸ਼ਬਦ ਗਿਣੇ ਜਾ ਚੁੱਕੇ ਹਨ ਜੇਕਰਸੰਬੰਧਕ, ਯੋਜਕ ਅਤੇ ਕ੍ਰਿਆਵਿਸ਼ੇਸ਼ਣਸ਼ਬਦਾਂ ਨੂੰ ਕੰਠ ਕਰ ਲਿਆ ਜਾਵੇ ਅਤੇ ਕਿਸੇ ਵਾਕ ਇਨ੍ਹਾਂ ਦੀ ਅਹਿਮੀਅਤ ਜਾਣ ਲਈ ਜਾਵੇ ਤਾਂਨਾਂਵ, ਪੜਨਾਂਵ, ਕ੍ਰਿਆਵਾਚੀਸ਼ਬਦਾਂ ਦੇ ਲਿਖਤ ਨਿਯਮਾਂ ਅਤੇ ਉਨ੍ਹਾਂ ਦੇ ਅਰਥਭਾਵ ਨੂੰ ਜਾਣਨਾ ਬਹੁਤਾ ਕਠਿਨ ਨਹੀਂ ਰਹਿ ਜਾਂਦਾ ਇਨ੍ਹਾਂ (ਨਾਂਵ, ਪੜਨਾਂਵ, ਕ੍ਰਿਆ ਸ਼ਬਦਾਂ) ਦੇ ਅਰਥ; ਬੜੇ ਵਿਸ਼ਾਲ ਹੁੰਦੇ ਹਨ ਭਾਵ ਹਰ ਤੁੱਕ ਚਲਦੇ ਪ੍ਰਸੰਗ ਮੁਤਾਬਕ ਆਪਣਾ ਨਿਵੇਕਲਾ ਅਰਥ ਦੇਣ ਦੇ ਸਮਰੱਥ ਹਨ ਭਾਵੇਂ ਕਿ ਉਹ ਅਰਥ ਕਿਸੇ ਕੋਸ਼ ਨਾ ਵੀ ਹੋਵੇ ਇਨ੍ਹਾਂ ਦਾ ਰੱਟਾ ਜਾਂ ਇੱਕ ਸ਼ਬਦ ਦੇ ਸੀਮਤ ਅਰਥ ਕਰਨੇ; ਤੰਗਦਿਲੀ ਦਾ ਕਾਰਨ ਬਣ ਜਾਂਦਾ ਹੈ

ਹਥਲਾ ਵਿਸ਼ਾ; ਜਟਿਲ ਸਮਝ ਕੇ ਦਰਕਿਨਾਰ ਕਰ ਦਿੱਤਾ ਜਾਂਦਾ ਹੈ ਭਾਵੇਂ ਕਿ ਇਸ ਦਾ ਖ਼ਮਿਆਜ਼ਾ ਅਸੀਂ (ਗੁਰਬਾਣੀ ਦੇ ਆਪਾਵਿਰੋਧੀ ਅਰਥ ਹੁੰਦੇ ਵੇਖ) ਸਾਰੇ ਭੁਗਤਦੇ ਰਹੇ ਹਾਂ ਇਹ ਵਿਸ਼ਾ; ਆਮ ਬੰਦੇ ਦੀ ਪਕੜ ਲਿਆਉਣ ਦੇ ਮਨੋਰਥ ਨਾਲ ਲਿਖਿਆ ਗਿਆ ਹੈ, ਪਰ ਥੋੜ੍ਹਾ ਗੰਭੀਰਤਾ ਨਾਲ ਵਾਚਣ ਦੀ ਜ਼ਰੂਰਤ ਹੈ ਪਾਠਕਾਂ ਦੀ ਮਦਦ ਲਈ ਸ਼ਬਦਾਂ ਦੀ ਭਿੰਨ ਭਿੰਨ ਵੰਡ ਕਰ ਉਨ੍ਹਾਂ ਦਾ ਖ਼ਾਸ ਜਗ੍ਹਾ ਉਚਾਰਨ ਅਤੇ ਅਰਥ ਵੀ ਲਿਖੇ ਗਏ ਹਨ ਤਾਂ ਜੋ ਗੁਰਬਾਣੀ ਇੱਕੋ ਸ਼ਬਦ ਕਈ ਅਰਥਾਂ ਮਿਲਦਿਆਂ ਭੁਲੇਖਾ ਨਾ ਪਵੇ  ਮੇਰਾ ਵਿਸ਼ਵਾਸ ਹੈ ਕਿ 30 ਕੁ ਹਜ਼ਾਰ ਸ਼ਬਦਾਂ ਪੂਰਾ ਹੋਣ ਵਾਲਾ ਇਹ ਵਿਸ਼ਾ; ਜਿਨ੍ਹਾਂ ਨੇ ਸਮਝ ਲਿਆ ਉਨ੍ਹਾਂ ਨੂੰ ਗੁਰਬਾਣੀ ਦਾ ਪਾਠ ਕਰਦਿਆਂ 90% ਅਰਥ ਸਹਿਜੇ ਹੀ ਸਮਝ ਸਕਦੇ ਹਨ

ਸੋ ਹਥਲੇ ਲੇਖ ਪਾਠਕਾਂ ਨਾਲ ਪਹਿਲਾਂਸੰਬੰਧਕ, ਯੋਜਕ, ਕ੍ਰਿਆਵਿਸ਼ੇਸ਼ਣਸ਼ਬਦਾਂ ਦੀ ਬਣਤਰ ਅਤੇ ਉਨ੍ਹਾਂ ਦੇ ਅਰਥਾਂ ਨੂੰ ਵਾਚਣ ਦਾ ਯਤਨ ਕੀਤਾ ਗਿਆ ਹੈ ਤਾਂ ਜੋ ਬਾਕੀ 80% ਸ਼ਬਦਾਂ ਦੇ ਲਿਖਤ ਨਿਯਮ ਸਹਿਜੇ ਹੀ ਸਮਝ ਜਾਣ

ਅਹਿਮ ਜਾਣਕਾਰੀ : ਗੁਰਬਾਣੀ ਕਾਵਿਕ ਰਚਨਾ ਹੈ। ਕਾਵਿ ਤੋਲ ’ਚ ਕਈ ਵਾਰ ਕ੍ਰਿਆ ਦਾ ਕੰਮ ਸਪਸ਼ਟ ਸੰਕੇਤ ਨਹੀਂ ਕਰਦਾ, ਜਿਸ ਕਾਰਨ ਭਾਸ਼ਾਈ ਸ਼ਬਦਾਂ ਦੀ ਵੰਡ ਕਰਦਿਆਂ ਇੱਕੋ ਸ਼ਬਦ; ਇੱਕ ਤੋਂ ਵਧੇਰੇ ਸ਼੍ਰੇਣੀਆਂ ’ਚ ਆ ਜਾਂਦਾ ਹੈ।

ਜੋ ਸ਼ਬਦ ਵਿਆਕਰਣ ਕਿਤਾਬਾਂ ’ਚ ‘ਸੰਬੰਧਕ’ ਲਿਖਿਆ ਗਿਆ ਉਸੇ ਤੁਕ ਦਾ ਓਹੀ ਸ਼ਬਦ ਕਿਸੇ ਕੋਸ਼ ’ਚ ‘ਕ੍ਰਿਆ-ਵਿਸ਼ੇਸ਼ਣ’ ਲਿਖਿਆ ਮਿਲਦਾ ਹੈ। ਇੱਥੋਂ ਤੱਕ ਕਿ ਇੱਕੋ ਵਿਆਕਰਣ ਕਿਤਾਬ ’ਚ ਤੁਕ ’ਚੋਂ ਲਿਆ ਇੱਕ ਸ਼ਬਦ; ਕ੍ਰਿਆ-ਵਿਸ਼ੇਸ਼ਣ ਮੰਨਿਆ ਗਿਆ, ਓਹੀ ਸ਼ਬਦ ਦੂਸਰੀ ਸ਼ਬਦ ਵੰਡ ’ਚ ਸੰਬੰਧਕ ਜਾਂ ਯੋਜਕ ਵੀ। ਸਧਾਰਨ ਪਾਠਕ ਨੂੰ ਇਹ ਬੜਾ ਹੈਰਾਜੀਜਨਕ ਨਿਯਮ ਜਾਪਦਾ  ਹੈ।

ਗੁਰਬਾਣੀ ’ਚ ਅਜਿਹੇ ਸ਼ਬਦ ਹਨ: ‘ਸਮਾਨਿ, ਬਰਾਬਰਿ, ਤੁਲਿ, ਸਮ, ਸਮਸਰਿ’ ਆਦਿਕ, ਇਨ੍ਹਾਂ ਦੇ ਅਕਸਰ ਅਰਥ ਵੀ ਇੱਕੋ ਹੀ ਹਨ। ਇਸ ਗੁੰਝਲ਼ ਦਾ ਕੁਝ ਸੁਖਾਲਾ ਤਰੀਕਾ ਇਹੀ ਹੈ ਕਿ ਜਿੱਥੇ ਇਨ੍ਹਾਂ ਦਾ ਅਰਥ ‘ਵਰਗਾ, ਜਿੱਡਾ’ ਬਣਦਾ ਹੋਵੇ ਓਥੇ ਇਹ ਸੰਬੰਧਕ ਹਨ ਅਤੇ ਜਿੱਥੇ ਇਨ੍ਹਾਂ ਦਾ ਅਰਥ ‘ਇੱਕੋ ਜਿਹਾ, ਇੱਕ ਸਮਾਨ’ ਬਣਦਾ ਹੋਵੇ ਓਥੇ ਇਹ ਕ੍ਰਿਆ-ਵਿਸ਼ੇਸ਼ਣ ਹਨ।

ਭਾਵੇਂ ਕਿਸੇ ਕੋਸ਼ ’ਚ ਇਨ੍ਹਾਂ ਸ਼ਬਦਾਂ ਨੂੰ ਵਿਸ਼ੇਸ਼ਣ ਵੀ ਲਿਖਿਆ ਗਿਆ ਹੋਵੇ ਪਰ ਗੁਰਬਾਣੀ ’ਚ ਇਨ੍ਹਾਂ ਦੇ ਲਿਖਤ ਨਿਯਮ; ਸੰਬੰਧਕ ਸ਼ਬਦਾਂ ਵਾਲੇ ਹਨ। ਸੰਬੰਧਕ ਸ਼ਬਦ; ਇੱਕ ਵਚਨ ਪੁਲਿੰਗ ਨਾਂਵ ਨੂੰ ਅੰਤ ਮੁਕਤਾ ਜਾਂ ਅੰਤ ਦੁਲਾਵਾਂ ਕਰ ਦਿੰਦਾ ਹੈ, ਇਸ ਤਰ੍ਹਾਂ ਜਿੱਥੇ ਇਨ੍ਹਾਂ ਦਾ ਅਰਥ ‘ਵਰਗਾ, ਬਰਾਬਰ, ਜਿੱਡਾ’ ਮਿਲਦਾ ਹੈ ਓਥੇ ਇਹ ਵੀ ਆਪਣੇ ਨਾਲ ਸੰਬੰਧਿਤ ਨਾਂਵ ਨੂੰ ਅੰਤ ਮੁਕਤਾ ਜਾਂ ਅੰਤ ਦੁਲਾਵਾਂ ਕਰ ਦਿੰਦੇ ਹਨ; ਜਿਵੇਂ ਕਿ

ਨਰ ਤੇ ਉਪਜਿ ਸੁਰਗ ਕਉ ਜੀਤਿਓ; ਸੋ ਅਵਖਧ ਮੈ ਪਾਈ ॥ (ਭਗਤ ਨਾਮਦੇਵ/੮੭੩) (ਸੁਰਗੁ ਨੂੰ ਸੰਬੰਧਕ ‘ਕਉ’ ਨੇ ਅੰਤ ਮੁਕਤਾ ਕਰ ਦਿੱਤਾ।)

ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ; ਨਾਨਕ ਸਭੋ ਜਾਉ ॥ (ਮਹਲਾ ੧/੧੪੨) (ਸੁਰਗੁ  ਨੂੰ ਸੰਬੰਧਕ ‘ਦੀਆ’ ਨੇ ਕਾਵਿਕ ਪੱਖੋਂ ਅੰਤ ਦੁਲਾਵਾਂ ਕਰ ਦਿੱਤਾ।)

ਗੁਰ ਸਮਾਨਿ ਤੀਰਥੁ ਨਹੀ ਕੋਇ ॥ (ਮਹਲਾ ੧/੧੩੨੮) (ਗੁਰੁ ਨੂੰ ਸੰਬੰਧਕ ‘ਸਮਾਨਿ’ ਨੇ ਅੰਤ ਮੁਕਤਾ ਕਰ ਦਿੱਤਾ।)

ਜੋ ਭਲਾਈ; ਸੋ ਬੁਰਾ ਜਾਨੈ ॥  ਸਾਚੁ ਕਹੈ; ਸੋ ਬਿਖੈ ਸਮਾਨੈ ॥ (ਮਹਲਾ ੫/੧੮੦) (ਬਿਖੁ ਨੂੰ ਸੰਬੰਧਕ ‘ਸਮਾਨੈ’ ਨੇ ਕਾਵਿਕ ਪੱਖੋਂ ਅੰਤ ਦੁਲਾਵਾਂ ਕਰ ਦਿੱਤਾ।

ਤਿਸੁ ਠਾਕੁਰ ਕਉ ਰਖੁ ਮਨ ਮਾਹਿ ॥ (ਸੁਖਮਨੀ/ਮਹਲਾ ੫/੨੬੯) (ਮਨੁ ਨੂੰ ਸੰਬੰਧਕ ‘ਮਾਹਿ’ ਨੇ ਅੰਤ ਮੁਕਤਾ ਕਰ ਦਿੱਤਾ।)

ਨਾਨਕ  ! ਅੰਮ੍ਰਿਤੁ ਮਨੈ ਮਾਹਿ;  ਪਾਈਐ ਗੁਰ ਪਰਸਾਦਿ (ਨਾਲ) ॥ (ਮਹਲਾ ੨/੧੨੩੮) (ਮਨੁ ਨੂੰ ਸੰਬੰਧਕ ‘ਮਾਹਿ’ ਨੇ ਕਾਵਿਕ ਪੱਖੋਂ ਅੰਤ ਦੁਲਾਵਾਂ ਕਰ ਦਿੱਤਾ।)

ਸੋ ਵਿਚਾਰ ਅਧੀਨ ਉਕਤ ਸਾਰੇ ਸ਼ਬਦਾਂ ਨੂੰ ਵਿਸ਼ੇਸ਼ਣ ਦੀ ਬਜਾਇ ਸੰਬੰਧਕ ਮੰਨਣਾ ਸਹੀ ਹੈ ਜਾਂ ਕ੍ਰਿਆਵਿਸ਼ੇਸ਼ਣ।  ਹੇਠਲੀ ਮਿਸਾਲ ਸਹਾਇਕ ਹੋ ਸਕਦੀ ਹੈ:

(1). ਇੱਕ ਘਰ ਦੇ ਸਮਾਨ ਦੂਜਾ ਘਰ ਹੈ ਜਾਂ ਇੱਕ ਘਰ ਦੇ ਬਰਾਬਰ ਦੂਜਾ ਘਰ ਨਹੀਂ। (ਇੱਥੇ ‘ਸਮਾਨ/ਬਰਾਬਰ’ ਦਾ ਅਰਥ ਹੈ: ‘ਨਾਲ’, ਜੋ ਕਿ ਸੰਬੰਧਕ ਹੈ।)

(2). ਇੱਕ ਦੇ ਬਰਾਬਰ-ਬਰਾਬਰ ਦੂਜਾ ਚੱਲ ਰਿਹਾ ਹੈ। (ਇੱਥੇ ‘ਬਰਾਬਰ’ ਦਾ ਅਰਥ ਹੈ: ‘ਨਾਲ ਨਾਲ’, ਜੋ ਕਿ ਕ੍ਰਿਆ-ਵਿਸ਼ੇਸ਼ਣ ਹੈ।

ਭਾਗ ਪਹਿਲਾ

ਹਰ ਭਾਸ਼ਾ ’ਚ ਦੋ ਤਰ੍ਹਾਂ ਦੇ ਸ਼ਬਦ ਹੁੰਦੇ ਹਨ:

(1). ਸਾਰਥਕ ਸ਼ਬਦ; ਜਿਨ੍ਹਾਂ ਦਾ ਕੋਈ ਨਾ ਕੋਈ ਅਰਥ ਨਿਕਲੇ; ਜਿਵੇਂ ‘ਗੁਰਮੁਖ, ਕਣਕ, ਦੁੱਧ, ਸੁੰਦਰ, ਇਕੱਠ, ਗਰਮੀ, ਜਾਣਾ, ਹੌਲ਼ੀ, ਅਤੇ, ਵਾਹ, ਓਇ, ਮੈਂ, ਇਹ, ਉਹ’ ਆਦਿਕ, ਇਨ੍ਹਾਂ ਨੂੰ ਵਾਚਕ ਸ਼ਬਦ ਵੀ ਕਿਹਾ ਜਾਂਦਾ ਹੈ।

(2). ਨਿਰਾਰਥਕ ਸ਼ਬਦ; ਜਿਨ੍ਹਾਂ ਦਾ ਕੋਈ ਅਰਥ ਨਾ ਨਿਕਲੇ; ਜਿਵੇਂ ‘ਲੱਸੀ-ਲੁਸੀ’ ’ਚ ‘ਲੁਸੀ’, ‘ਦੁੱਧ-ਸ਼ੁਧ’ ’ਚ ‘ਸ਼ੁਧ’, ਚੋਰੀ-ਸ਼ੋਰੀ ’ਚ ‘ਸ਼ੋਰੀ’, ‘ਟੂਣਾ-ਟੱਪਾ’ ’ਚ ‘ਟੱਪਾ’ ਸ਼ਬਦ; ਨਿਰਾਰਥਕ ਸ਼ਬਦ ਹਨ।

ਵਿਆਕਰਣ ਦਾ ਸੰਬੰਧ ਕੇਵਲ ਸਾਰਥਕ (ਵਾਚਕ) ਸ਼ਬਦਾਂ ਨਾਲ ਹੀ ਹੁੰਦਾ ਹੈ। ਭਾਸ਼ਾਈ ਨਿਯਮਾਂ ਪੱਖੋਂ ਇਨ੍ਹਾਂ ਨੂੰ ਅੱਠ ਭਾਗਾਂ ’ਚ ਵੰਡਿਆ ਜਾਂਦਾ ਹੈ :

  1. ਨਾਂਵ (Noun) : ਜੀਵ, ਵਸਤੂ ਅਤੇ ਸਥਾਨ ਬਾਰੇ ਜਾਣਕਾਰੀ ਦੇਣ ਵਾਲੇ ਸ਼ਬਦ, ਨਾਂਵ ਹੁੰਦੇ ਹਨ; ਜਿਵੇਂ ‘ਗੁਰਮੁਖ ਸਿੰਘ, ਕਣਕ, ਅੰਮ੍ਰਿਤਸਰ’।
  2. ਪੜਨਾਂਵ (Pronoun) : ਨਾਂਵ ਦੀ ਗ਼ੈਰ ਹਾਜ਼ਰੀ ’ਚ ਉਸ (ਨਾਂਵ) ਦੀ ਥਾਂ ਵਰਤੇ ਜਾਣ ਵਾਲੇ ਸ਼ਬਦ, ਜੋ ਅਰਥਾਂ ’ਚ ਫ਼ਰਕ ਨਾ ਪਾਉਣ; ਪੜਨਾਂਵ ਹੁੰਦੇ ਹਨ; ਜਿਵੇਂ ‘ਉਹ, ਇਹ, ਕੌਣ, ਕਿਸ, ਜਿਸ, ਮੈਂ, ਤੂੰ, ਆਪ, ਇਨ੍ਹਾਂ, ਉਨ੍ਹਾਂ, ਜਿਨ੍ਹਾਂ, ਕਿਨ੍ਹਾਂ’।
  3. ਵਿਸ਼ੇਸ਼ਣ (Adjective) : ਨਾਂਵ ਜਾਂ ਪੜਨਾਂਵ ਦੇ ‘ਗੁਣ/ਔਗੁਣ’ ਜਾਂ ‘ਗਿਣਤੀ/ਮਿਣਤੀ’ ਦੱਸ ਕੇ ਉਨ੍ਹਾਂ ਨੂੰ ਆਮ ਤੋਂ ਖ਼ਾਸ ਬਣਾਉਣ ਵਾਲੇ ਸ਼ਬਦ, ਵਿਸ਼ੇਸ਼ਣ ਹੁੰਦੇ ਹਨ; ਜਿਵੇਂ ‘ਚੰਗਾ, ਮਾੜਾ, ਕਾਲ਼ਾ, ਸੁੰਦਰ, ਹੁਸ਼ਿਆਰ, ਲੰਬਾ, ਛੋਟਾ, ਥੋੜ੍ਹਾ, ਬਹੁਤਾ’।
  4. ਕ੍ਰਿਆ (Verb) : ਜਿਨ੍ਹਾਂ ਸ਼ਬਦ ਤੋਂ ਕਿਸੇ ਕੰਮ ਦੇ ਕਾਲ ਸਹਿਤ ਹੋਣ, ਕਰਨ ਜਾਂ ਵਾਪਰਨ ਦਾ ਪਤਾ ਲੱਗਦਾ ਹੈ, ਉਹ ‘ਕ੍ਰਿਆ’ ਅਖਵਾਉਂਦੇ ਹਨ; ਜਿਵੇਂ ‘ਮੋਹਨ ਘਰ ਗਿਆ। ਮੋਹਨ ਘਰ ਜਾਂਦਾ ਹੈ। ਮੋਹਨ ਘਰ ਜਾਏਗਾ।’ ਵਾਕਾਂ ’ਚ ‘ਗਿਆ’ (ਭੂਤਕਾਲ), ‘ਜਾਂਦਾ ਹੈ’ (ਵਰਤਮਾਨ), ‘ਜਾਏਗਾ’ (ਭਵਿੱਖਕਾਲ) ਕ੍ਰਿਆ-ਬੋਧਕ ਸ਼ਬਦ ਹਨ।
  5. ਕ੍ਰਿਆਵਿਸ਼ੇਸ਼ਣ (Adverb) : ਜੋ ਸ਼ਬਦ; ਕਿਸੇ ਕ੍ਰਿਆ, ਕਿਸੇ ਵਿਸ਼ੇਸ਼ਣ ਜਾਂ ਕਿਸੇ ਕ੍ਰਿਆ-ਵਿਸ਼ੇਸ਼ਣ ਦੀ ਹੀ ਵਿਸ਼ੇਸ਼ਤਾ ਪ੍ਰਗਟ ਕਰੇ, ਉਹ ਕ੍ਰਿਆ-ਵਿਸ਼ੇਸ਼ਣ ਹੁੰਦਾ ਹੈ। ਇਸ ਦੀਆਂ ਤਿੰਨ ਕਿਸਮਾਂ ਹੁੰਦੀਆਂ ਹਨ :

(). ਕ੍ਰਿਆ ਦੇ ਅਰਥਭਾਵ ਵਿਸ਼ੇਸ਼ਤਾ : ‘ਹੌਲ਼ੀ ਚੱਲੋ। ਨਾ ਖਾਓ।’ ਵਾਕਾਂ ’ਚ ‘ਹੌਲ਼ੀ’ ਅਤੇ ‘ਨਾ’; ਕ੍ਰਿਆ-ਵਿਸ਼ੇਸ਼ਣ ਹਨ ਕਿਉਂਕਿ ਇਹ ਦੋਵੇਂ ਹੀ ਕ੍ਰਿਆਵਾਂ (ਚੱਲੋ/ਖਾਓ) ਦੀ ਵਿਸ਼ੇਸ਼ਤਾ ਦੱਸਦੇ ਹਨ।

(). ਵਿਸ਼ੇਸ਼ਣ ਦੇ ਅਰਥਭਾਵ ਵਿਸ਼ੇਸ਼ਤਾ: ਬਹੁਤ ਡਰਾਵਣਾ ਦ੍ਰਿਸ਼। ਬੜੀ ਸੁੰਦਰ ਕਲਾਕਾਰੀ। ਇਨ੍ਹਾਂ ਵਾਕਾਂ ’ਚ ‘ਬਹੁਤ’ ਅਤੇ ‘ਬੜੀ’; ਕ੍ਰਿਆ-ਵਿਸ਼ੇਸ਼ਣ ਹਨ ਕਿਉਂਕਿ ਇਹ ਦੋਵੇਂ ਹੀ ਵਿਸ਼ੇਸ਼ਣਾਂ (ਡਰਾਵਣਾ/ਸੁੰਦਰ) ਦੀ ਵਿਸ਼ੇਸ਼ਤਾ ਦੱਸਦੇ ਹਨ, ਜੋ ਆਪ ਵੀ ਨਾਂਵਾਂ (ਦ੍ਰਿਸ਼/ਕਲਾਕਾਰੀ) ਦੇ ਵਿਸ਼ੇਸ਼ਣ ਸਨ।

(). ਕ੍ਰਿਆਵਿਸ਼ੇਸ਼ਣ ਦੇ ਹੀ ਅਰਥਭਾਵ ਵਿਸ਼ੇਸ਼ਤਾ : ‘ਜ਼ਰਾ ਛੇਤੀ ਆਓ। ਸਵੇਰੇ ਜਲਦੀ ਉੱਠਣਾ।’ ਵਾਕਾਂ ’ਚ ‘ਜ਼ਰਾ’ ਅਤੇ ‘ਸਵੇਰੇ’; ਕ੍ਰਿਆ-ਵਿਸ਼ੇਸ਼ਣ ਹਨ ਕਿਉਂਕਿ ਇਹ ਦੋਵੇਂ; ਕ੍ਰਿਆ-ਵਿਸ਼ੇਸ਼ਣਾਂ (ਛੇਤੀ/ਜਲਦੀ) ਦੀ ਵਿਸ਼ੇਸ਼ਤਾ ਦੱਸਦੇ ਹਨ, ਜੋ ਪਹਿਲਾਂ ਤੋਂ ਹੀ ਆਪ ਦੋਵੇਂ; ਕ੍ਰਿਆਵਾਂ (ਆਓ/ਉੱਠਣਾ) ਦੇ ਵਿਸ਼ੇਸ਼ਣ ਹਨ। ਚੇਤੇ ਰਹੇ ਕਿ ‘ਜ਼ਰਾ’ ਅਤੇ ‘ਸਵੇਰੇ’ ਸ਼ਬਦ; ਕ੍ਰਿਆਵਾਂ (ਆਓ/ਉੱਠਣਾ) ਦੀ ਸਿੱਧੀ ਵਿਸ਼ੇਸ਼ਤਾ ਇੱਥੇ ਨਹੀਂ ਦੱਸ ਰਹੇ। ਕ੍ਰਿਆਵਾਂ ਦੀ ਸਿੱਧੀ ਵਿਸ਼ੇਸ਼ਤਾ ਦੱਸਣ ਵਾਲਾ ਕ੍ਰਿਆ-ਵਿਸ਼ੇਸ਼ਣ; ਇਸੇ ਦਾ ਭਾਗ (ੳ) ਹੈ।

ਕ੍ਰਿਆ-ਵਿਸ਼ੇਸ਼ਣ ਦੀਆਂ ਉਕਤ ਤਿੰਨੇ ਕਿਸਮਾਂ ਨੂੰ ਅਗਾਂਹ 8 ਭਾਗਾਂ ’ਚ ਵੰਡਿਆ ਜਾਂਦਾ ਹੈ (ਨੋਟ: ਹੇਠਾਂ ਬਰੈਕਟਾਂ ਬੰਦੇ ਕੀਤੇ ਸ਼ਬਦ; ਅਰਥ ਹਨ, ਨਾ ਕਿ ਗੁਰਬਾਣੀ ਦੇ ਸ਼ਬਦ):

(). ਕਾਲਵਾਚੀ : ਉਹ ਕ੍ਰਿਆ-ਵਿਸ਼ੇਸ਼ਣ, ਜੋ ਕ੍ਰਿਆ ਦੇ ਹੋਣ ਦਾ ਸਮਾਂ ਦੱਸਣ; ਜਿਵੇਂ ਕਿ ‘ਓਦੋਂ, ਜਦੋਂ, ਕਦੋਂ, ਜਦ, ਕਦ, ਕਦੀ, ਹੁਣ, ਹੁਣੇ, ਅੱਜ, ਕੱਲ੍ਹ, ਸਵੇਰੇ, ਪਰਸੋਂ, ਦੁਪਹਿਰ, ਕੁਵੇਲੇ, ਸੁਵੇਲੇ, ਕਦੀ ਕਦਾਈਂ, ਸ਼ਾਮੀ, ਰਾਤ, ਦਿਨ, ਫਿਰ ਕਦੇ’ ਆਦਿ।

ਗੁਰਬਾਣੀ ’ਚ ਇਨ੍ਹਾਂ ਦੇ ਸਰੂਪ ਹਨ : ‘ਉਪਜੰਪਿ (ਸਵੇਰੇ), ਸਵੇਰੈ, ਅੰਮ੍ਰਿਤ ਵੇਲੈ, ਦਿਹੁ ਦੀਵੀਂ (ਦਿਨ ਚੜ੍ਹੇ), ਅਵਲਿ/ਅਉਲਿ/ਪਹਿਲਾਂ, ਅਗਹੁ (ਪਹਿਲਾਂ), ਪ੍ਰਥਮੈ/ਪਹਿਲੋ ਦੇ/ਧੁਰਿ/ਪੂਰਬਿ (ਪਹਿਲਾਂ ਤੋਂ/ਮੁੱਢ ਤੋਂ), ਅਹਿਨਿਸਿ (ਦਿਨ ਰਾਤ), ਦਿਨਸੁ ਰੈਣਾਰੇ/ਰਾਤਿ ਦਿਨੰਤੁ/ਦਿਨਸੁ ਅਰੁ ਰਾਤਿ/ਦਿਨੁ/ਰੈਨਿ, ਰਾਤਿ/ਨਿਸਿ (ਰਾਤ), ਬਾਸੁਰ (ਦਿਨ), ਸਾਝ (ਸ਼ਾਮ), ਅੰਤ ਕੀ ਬੇਲਾ, ਅੰਤਿ ਕਾਲਿ, ਨ ਕਾਹੂ ਬੇਰੇ (ਕਿਸੇ ਵੇਲੇ ਭੀ ਨਾ), ਅਬ/ਦਰਹਾਲੁ/ਹੁਣਿ/ਅਜੈ (ਹੁਣੇ), ਅਨਦਿਨੁ (ਰੋਜ਼ਾਨਾ), ਆਜੁ/ਅਜੁ, ਕਲਿ/ਕਲਿ੍ (ਕੱਲ੍ਹ), ਭਲਕੇ (ਨਿੱਤ), ਸਦਾ, ਸਦਾਕਾਰਿ (ਸਦਾ ਹੀ), ਆਠ ਪਹਰ, ਕਬ/ਕਬਹੂ (ਕਦੇ ਵੀ), ਕਦੇ/ਕਡੂ/ਕਦਿ/ਕਦਹੁ (ਹੁਣ ਕਦੋਂ), ਜਾ/ਜਦਹੁ/ਜਬ/ਜਦਿ/ਜਾਮਿ (ਜਦੋਂ), ਤ/ਤਬ/ਤਦਹੁ/ਤਦਿ/ਤਬਹਿ/ਤਾਮਿ (ਤਦੋਂ), ਤਦੇ (ਤਦ ਹੀ), ਦਰਹਾਲੁ/ਤੁਰੰਤਹ/ਤਾਲਿ (ਤੁਰੰਤ/ਤਤਕਾਲ), ਫਰਕਿ (ਫ਼ੌਰਨ/ਯੱਕਦਮ), ਬੇਗਿ (ਛੇਤੀ/ਵੇਲੇ ਸਿਰ), ਤੜ (ਤੜੱਕ/ਤੁਰੰਤ), ਪਿਛੈ/ਪੀਛੈ/ਪਾਛੇ/ਪਾਛੈ/ਪਿਛੋ ਦੇ (ਫਿਰ/ਮੁੜ ਕੇ), ਪਿਛਹੁ, ਜੌ (ਜਦ/ਜਿਸ ਵੇਲੇ), ਅੰਤੇ/ਨਿਦਾਨਿ (ਅੰਤ ਨੂੰ), ਤਤਕਾਲ/ਤਤਕਾਲਿ/ਤਤਕਾਲੇ/ਤਤਖਿਣ (ਹੁਣੇ ਹੀ), ਨਿਤ ਪ੍ਰਤਿ/ਨਿਤਾਪ੍ਰਤਿ, ਜਬ ਲਗੁ/ਤਬ ਲਗੁ/ਜਉ ਲਉ/ਤਉ ਲਉ (ਜਦ ਤੱਕ/ਤਦ ਤੱਕ), ਇਬ ਕੇ ਰਾਹੇ (ਹੁਣ ਦੇ ਬੀਜੇ), ਅਬ ਕੈ ਕਹਿਐ’।

ਨੋਟ: ਗੁਰਬਾਣੀ ਇੱਕੋ ਸ਼ਬਦ ਸਰੂਪ; ‘ਪੜਨਾਂਵ, ਸੰਬੰਧਕ, ਵਿਸ਼ੇਸ਼ਣ, ਯੋਜਕ ਜਾਂ ਕ੍ਰਿਆਵਿਸ਼ੇਸ਼ਣਹੋ ਸਕਦਾ ਹੈ ਹੇਠਲੀਆਂ ਪੰਕਤੀਆਂਪਿਛੈਅਤੇਪੀਛੈਸ਼ਬਦਾਂ ਦਾ ਵਾਕ ਸਥਾਨ ਅਤੇ ਇਨ੍ਹਾਂ ਦੇ ਅਰਥ ਵਾਚਣਯੋਗ ਹਨ :

ਸੰਤਾ ਨਾਲਿ ਵੈਰੁ ਕਮਾਵਦੇ; ਦੁਸਟਾ ਨਾਲਿ ਮੋਹੁ ਪਿਆਰੁ ॥ ਅਗੈ ਪਿਛੈ ਸੁਖੁ ਨਹੀ; ਮਰਿ ਜੰਮਹਿ ਵਾਰੋ ਵਾਰ ॥ (ਮਹਲਾ ੩/੬੪੯) (ਅਗੈ ਪਿਛੈ; ਕਾਲ-ਵਾਚਕ ਕ੍ਰਿਆ-ਵਿਸ਼ੇਸ਼ਣ ਹਨ ਭਾਵ ਪਹਿਲਾਂ ਅਤੇ ਬਾਅਦ ਵਿੱਚ।)

ਪਿਛੈ; ਪਤਲਿ ਸਦਿਹੁ ਕਾਵ ॥ (ਮਹਲਾ ੧/੧੩੮) (ਪਿਛੈ; ਕਾਲ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ ਭਾਵ ਮਰਨ ਤੋਂ ਬਾਅਦ ਵਿੱਚ।)

ਜਾਗਾਤੀ ਮਿਲੇ ਦੇ ਭੇਟ; ਗੁਰ ਪਿਛੈ (ਗੁਰੂ ਦੇ ਨਾਲ) ਲੰਘਾਇ ਦੀਆ ॥ (ਮਹਲਾ ੪/੧੧੧੬) (ਪਿਛੈ; ਸੰਬੰਧਕ ਹੈ, ਜੋ ਇੱਕ ਵਚਨ ਪੁਲਿੰਗ ਨਾਂਵ (ਗੁਰੁ) ਨੂੰ ਅੰਤ ਮੁਕਤਾ (ਗੁਰ) ਕਰ ਗਿਆ।)

ਗੁਰ ਸਤਿਗੁਰ ਪਿਛੈ  (ਸਤਿਗੁਰ ਦੇ ਕਾਰਨ) ਤਰਿ ਗਇਆ; ਜਿਉ ਲੋਹਾ ਕਾਠ ਸੰਗੋਇਆ ॥ (ਮਹਲਾ ੪/੩੦੯) (ਪਿਛੈ; ਸੰਬੰਧਕ ਹੈ। ਇਸ ਨਾਲ ‘ਗੁਰੁ ਸਤਿਗੁਰੁ’ ਦੋਵੇਂ ਸ਼ਬਦ; ਅੰਤ ਮੁਕਤਾ ਹੋ ਗਏ।)

ਧਰਮੁ ਅਰਥੁ ਸਭੁ ਕਾਮੁ ਮੋਖੁ ਹੈ; (ਇਨ੍ਹਾਂ ’ਚੋਂ ਹਰ ਕੋਈ) ਜਨ ਪੀਛੈ ਲਗਿ ਫਿਰਥਈ (ਫਿਰਦਾ ਹੈ) ॥ (ਮਹਲਾ ੪/੧੩੨੦) (ਪੀਛੈ; ਸੰਬੰਧਕ ਹੈ। ਇਸ ਨੇ ਇੱਕ ਵਚਨ ਪੁਲਿੰਗ ਨਾਂਵ (ਜਨੁ) ਨੂੰ ਅੰਤ ਮੁਕਤਾ (ਜਨ) ਕਰ ਦਿੱਤਾ ਹੈ ਭਾਵ ਸੇਵਕ ਦੇ ਪਿੱਛੇ।)

ਜਬ ਇਸ ਤੇ (ਮਾਯਾ ਤੋਂ); ਇਹੁ ਹੋਇਓ ਜਉਲਾ (ਵੱਖ ਭਾਵ ਮੁਕਤ)॥ ਪੀਛੈ; ਲਾਗਿ ਚਲੀ ਉਠਿ (ਕੇ) ਕਉਲਾ (ਮਾਯਾ)॥ (ਮਹਲਾ ੫/੨੩੫) (ਪਿਛੈ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ ਭਾਵ ਮਗਰ। ਇੱਥੇ ਕਾਲ-ਵਾਚਕ ਕ੍ਰਿਆ ਵਿਸ਼ੇਸ਼ਣ ‘ਜਬ’ (ਜਦੋਂ) ਹੈ, ਉਸ ਦੇ ਵਾਪਰਨ ਤੋਂ ‘ਪਿਛੈ’ ਭਾਵ ਮਗਰ-ਮਗਰ, ਨਾ ਕਿ ਕਿਸੇ ਕਿਸੇ ਨਾਂਵ ਦਾ ਸੰਬੰਧਕ ਹੈ।)

ਕਰਤੈ ਪੁਰਖਿ (ਨੇ) ਤਾਲੁ (ਨਾਮ-ਖ਼ਜ਼ਾਨਾ) ਦਿਵਾਇਆ ॥ ਪਿਛੈ; ਲਗਿ ਚਲੀ ਮਾਇਆ ॥ (ਮਹਲਾ ੫/੬੨੫) (ਪੀਛੈ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ।)

(). ਸਥਾਨਵਾਚੀ : ਉਹ ਕ੍ਰਿਆ-ਵਿਸ਼ੇਸ਼ਣ, ਜੋ ਕ੍ਰਿਆ ਦੇ ਹੋਣ ਦੀ ਜਗ੍ਹਾ ਦੱਸੇ; ਜਿਵੇਂ ‘ਉੱਤੇ, ਉੱਪਰ, ਵਿਚਕਾਰ, ਵਿੱਚ, ਹੇਠਾਂ, ਅੰਦਰ, ਬਾਹਰ, ਉਰ੍ਹੇ, ਖੱਬੇ, ਸੱਜੇ, ਇਧਰ, ਓਧਰ, ਕਿਧਰ, ਕਿੱਥੇ, ਓਥੇ, ਨੇੜੇ, ਦੂਰ, ਅੱਗੇ/ਸਾਮ੍ਹਣੇ, ਪਿੱਛੇ, ਮਗਰ’।

ਗੁਰਬਾਣੀ ’ਚ ਇਨ੍ਹਾਂ ਦੇ ਸਰੂਪ ਹਨ : ‘ਐਥਾਉ (ਇੱਥੋਂ), ਏਥਹੁ, ਐਥੈ, ਸਉਹੇ (ਸਾਮ੍ਹਣੇ), ਸਾਮ੍ਣੇ/ਸਨਮੁਖ, ਨੇਰਾ, ਨਿਕਟਿ/ਦੂਰਿ/ਨੇੜੈ, ਨੇਰੇ/ਨਾਲੇ, ਨਾਲਿ/ਸਾਥਿ (ਨਾਲ), ਨੇਰੈ ਹੀ ਤੇ ਨੇਰਾ, ਈਭੈ/ਤਲੇ (ਹੇਠਾਂ), ਪਇਆਲੇ (ਪਾਤਾਲ/ਹੇਠਾਂ), ਓਰੈ (ਉਰ੍ਹਾਂ/ਮੇਰੇ ਵੱਲ), ਵਲਿ (ਨੇੜੇ),  ਨੇਰਉ (ਨੇੜਿਓਂ ਹੀ), ਉਭੈ/ਊਭਿ/ਉਪਰਿ/ਊਪਰਿ (ਉਤਾਂਹ), ਅੰਦਰਹੁ, ਭੀਤਰਿ (ਅੰਦਰ), ਬਾਹਰਿ, ਬਾਹਰਹੁ, ਅੰਤਰਿ-ਬਾਹਰਿ, ਬੀਚ/ਵਿਚਿ/ਵਿਚਹੁ, ਪਿਛੈ/ਪੀਛੈ, ਪਿਛਾਹਾ/ਪਿਛਹੁ, ਕਰਿ ਦਾਹਿਣੈ (ਸੱਜੇ ਪਾਸੇ), ਦੂਰਹੁ ਹੀ/ਦੂਰ ਤੇ (ਦੂਰ ਤੋਂ ਹੀ), ਪਰਤਖਿ (ਪੂਰਨ), ਭਰਪੂਰੇ/ਭਰਪੁਰਿ/ਭਰਪੂਰਿ/ਪੂਰਿ/ਨਿਰੰਤਰ (ਹਰ ਥਾਂ), ਹਦੂਰੇ/ਹਦੂਰਿ/ਹਜੂਰਿ (ਅੰਗ-ਸੰਗ), ਸਭਤੈ/ਸਭਤੁ/ਸਰਬਤ/ਸਰਬਤਿ (ਹਰ ਥਾਂ), ਹੋਰਤੁ (ਹੋਰ ਥਾਂ), ਜਹ/ਜਹਾ/ਜਤ/ਜਤ੍ਰ/ਜਿਥੈ (ਜਿੱਥੇ), ਤਹ/ਤਹਾਂ/ਤਤ/ਤਿਥੈ/ਊਤ/ਊਘੈ/ਓਥੈ/ਉਹਾਂ/ਊਹਾਂ (ਓਥੇ), ਕਹ/ਕਹਾ/ਕਤ/ਕਿਥੈ (ਕਿੱਥੇ), ਈਹਾਂ/ਈਤ/ਈਘੈ (ਇੱਥੇ), ਇਤ ਉਤ/ਇਤ ਉਤਹਿ/ਈਤ ਊਤ (ਇੱਥੇ ਓਥੇ), ਕਿਥਹੁ (ਕਿਸ ਥਾਂ ’ਚੋਂ), ਕੇਤਕੁ (ਕਿਸ ਥਾਂ ਤੱਕ), ਕਤਹਿ (ਕਿਸੇ ਹੋਰ ਪਾਸੇ), ਆਸਿ ਪਾਸਿ/ਪਾਸਿ ਦੁਆਸਿ, ਉਰਵਾਰਿ ਪਾਰਿ, ਦਹਦਿਸਿ, ਤਿਥਹੁ (ਓਥੋਂ), ਆਦਿ/ਮਧਿ/ਅੰਤਿ, ਚਉਗਿਰਦ (ਚਾਰੇ ਪਾਸੇ), ਚਉਦਿਸ (14 ਲੋਕਾਂ ’ਚ), ਵਣਿ ਤ੍ਰਿਣਿ (ਜੰਗਲ਼ ਤੇ ਘਾਹ ’ਚ), ਅਨ ਕਤਹਿ ਨ (ਨਾ ਹੋਰ ਥਾਂ), ਆਦਿ ਜੁਗਾਦਿ (’ਚ), ਪੇਈਐ-ਸਾਹੁਰੈ/ਹਲਤਿ ਪਲਤਿ (ਪੇਕੇ ਸਹੁਰੇ ’ਚ/ਲੋਕ ਪ੍ਰਲੋਕ ’ਚ)’।

ਨੋਟ : ਹੇਠਲੇ ਵਾਕਾਂ ’ਚ ਪਿਛਹੁ, ਸਾਥਿ, ਊਪਰਿ, ਤਲੈ/ਹੇਠਿ, ਨਾਲਿ, ਵਿਚਹੁ ਸ਼ਬਦਾਂ ਦਾ ਵਾਕ ’ਚ ਸਥਾਨ ਅਤੇ ਉਨ੍ਹਾਂ ਦੇ ਅਰਥ ਵਾਚਣਯੋਗ ਹਨ :

ਅਗਹੁ ਦੇਖੈ ਪਿਛਹੁ ਦੇਖੈ; ਤੁਝ ਤੇ ਕਹਾ ਛਪਾਵੈ ॥ (ਮਹਲਾ ੧/੧੫੬) (ਪਿਛਹੁ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ।)

ਪਿਛਹੁ ਰਾਤੀ (ਅੰਮ੍ਰਿਤ ਵੇਲੇ ਦਾ) ਸਦੜਾ; ਨਾਮੁ ਖਸਮ ਕਾ, ਲੇਹਿ ॥ (ਮਹਲਾ ੧/੯੮੯) (ਪਿਛਹੁ; ਵਿਸ਼ੇਸ਼ਣ ਹੈ।)

ਮੰਨੈ; ਜਮ ਕੈ ਸਾਥਿ, ਨ ਜਾਇ ॥ (ਜਪੁ/ਮਹਲਾ ੧) (ਕੈ ਸਾਥਿ; ਸੰਬੰਧਕ ਹੈ, ਜੋ ਇੱਕ ਵਚਨ ਪੁਲਿੰਗ ਨਾਂਵ (ਜਮੁ) ਨਾਲ ਸੰਬੰਧ ‘ਦੇ ਨਾਲ’ ਰੱਖਣ ਕਾਰਨ ਇਸ ਨੂੰ ‘ਜਮ’ (ਅੰਤਮ ਮੁਕਤ) ਕਰ ਗਿਆ।

ਭਾਈ ਰੇ ! ਤਨੁ ਧਨੁ ਸਾਥਿ ਨ ਹੋਇ ॥ (ਮਹਲਾ ੧/੬੨) (ਸਾਥਿ; ਕ੍ਰਿਆ-ਵਿਸ਼ੇਸ਼ਣ ਹੈ। ਜੇ ਸੰਬੰਧਕ ਹੁੰਦਾ ਤਾਂ ‘ਤਨੁ ਧਨੁ’ ਨੂੰ ਅੰਤ ਮੁਕਤਾ ਕਰ ਦਿੰਦਾ।)

ਊਪਰਿ ਚਰਨ; ਤਲੈ (ਹੇਠਾਂ) ਆਕਾਸੁ ॥ (ਮਹਲਾ ੫/੯੦੦) (ਊਪਰਿ/ਤਲੈ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹਨ।)

ਊਪਰਿ  ਹਾਟੁ, ਹਾਟ ਪਰਿ ਆਲਾ..॥ (ਭਗਤ ਬੇਣੀ/੯੭੪) (ਊਪਰਿ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ।)

ਸਿਰ ਊਪਰਿ; ਠਾਢਾ (ਖੜ੍ਹਾ) ਗੁਰੁ ਸੂਰਾ ॥ (ਮਹਲਾ ੫/੨੯੩) (ਊਪਰਿ; ਸੰਬੰਧਕ ਹੈ, ਜਿਸ ਨੇ ਇੱਕ ਵਚਨ ਪੁਲਿੰਗ ਨਾਂਵ (ਸਿਰੁ) ਨੂੰ ਅੰਤ ਮੁਕਤਾ (ਸਿਰ) ਕਰ ਦਿੱਤਾ।)

ਆਤਮ ਰਾਮੁ ਸਭ (ਥਾਂ) ਏਕੈ ਹੈ ਪਸਰੇ; ਸਭ ਚਰਨ ਤਲੇ, ਸਿਰੁ ਦੀਜੈ ॥ (ਮਹਲਾ ੪/੧੩੨੫) (ਤਲੇ; ਸੰਬੰਧਕ ਹੈ ਭਾਵ ਰਾਮ; ਕਣ-ਕਣ ’ਚ ਵਿਆਪਕ ਹੈ, ਇਸ ਲਈ ਸਾਰਿਆਂ ਦੇ ਚਰਨਾਂ ਹੇਠ ਆਪਣਾ ਸਿਰ ਰੱਖਣਾ ਬਣਦਾ ਹੈ ਭਾਵ ਅਹੰਕਾਰ ਦੂਰ ਕਰਨਾ ਚਾਹੀਦਾ ਹੈ।)

ਤ੍ਰਿਣ ਕੋ (ਭਾਵ ਘਾਹ ਦਾ) ਮੰਦਰੁ ਸਾਜਿ ਸਵਾਰਿਓ; ਪਾਵਕੁ (ਅੱਗ), ਤਲੈ ਜਰਾਵਤ ਹੇ ॥ (ਮਹਲਾ ੫/੮੨੧) (ਤਲੈ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ। ਜੇ ਸੰਬੰਧਕ ਹੁੰਦਾ ਤਾਂ ‘ਪਾਵਕੁ’ ਨੂੰ ਅੰਤ ਮੁਕਤਾ ਕਰਦਾ; ਜਿਵੇਂ ‘ਸੰਗਿ’ ਸੰਬੰਧਕ ਨੇ ਕੀਤਾ ਹੈ ‘‘ਜਿਉ ਪਾਵਕ ਸੰਗਿ; ਸੀਤ ਕੋ ਨਾਸ ॥ (ਮਹਲਾ ੫/੯੧੪) ਭਾਵ ਜਿਵੇਂ ਅੱਗ ਨਾਲ ਠੰਡ ਦੂਰ ਹੁੰਦੀ ਹੈ।)

ਭਾਗੁ ਮਸਤਕਿ ਹੋਇ ਜਿਸ ਕੈ; ਤਿਸੁ ਗੁਰ ਨਾਲਿ ਸਨੇਹਾ ॥ (ਮਹਲਾ ੫/੫੪੨) (ਨਾਲਿ; ਸੰਬੰਧਕ ਹੈ। ਇਸ ਨੇ ‘ਗੁਰੁ’ ਨੂੰ ਅੰਤ ਮੁਕਤਾ  (ਗੁਰ) ਕਰ ਦਿੱਤਾ।)

ਜਾ ਕੀ ਪ੍ਰੀਤਿ; ਅਪੁਨੇ ਪ੍ਰਭ ਨਾਲਿ ॥ (ਮਹਲਾ ੫/੧੯੯) (ਨਾਲਿ; ਸੰਬੰਧਕ ਹੈ। ‘ਪ੍ਰਭੁ’ ਨੂੰ ਅੰਤ ਮੁਕਤਾ (ਪ੍ਰਭ) ਕਰ ਦਿੱਤਾ।)

ਤਨੁ ਮਨੁ ਗੁਰ ਪਹਿ ਵੇਚਿਆ; ਮਨੁ ਦੀਆ, ਸਿਰੁ ਨਾਲਿ ॥ (ਮਹਲਾ ੧/੨੦) (ਨਾਲਿ; ਕ੍ਰਿਆ-ਵਿਸ਼ੇਸ਼ਣ ਹੈ, ਨਹੀਂ ਤਾਂ ‘ਸਿਰੁ’ ਨੂੰ ਅੰਤ ਮੁਕਤਾ ਕਰਦਾ। ਅਰਥ ਹੈ: ਗੁਰੂ ਅੱਗੇ ਮਨ ਤੇ ਤਨ ਭੇਟ ਕਰ ਦਿੱਤਾ ਅਤੇ ਸਿਰ ਭੀ ਨਾਲ ਹੀ ਦੇ ਦਿੱਤਾ ਭਾਵ ਅਹੰਕਾਰ ਤਿਆਗ ਦਿੱਤਾ।)

ਹੁਕਮਿ ਰਜਾਈ ਚਲਣਾ; ਨਾਨਕ !  ਲਿਖਿਆ ਨਾਲਿ ॥ (ਜਪੁ) (ਨਾਲਿ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ ਭਾਵ ਤਕਦੀਰ ਵਿੱਚ/ਭਾਗ ਵਿੱਚ। ਇਸ ਨੇ ਕ੍ਰਿਆ (ਲਿਖਿਆ) ਦਾ ਸਥਾਨ (ਬੰਦੇ ਦੇ ਨਾਲਿ) ਦੱਸਿਆ ਹੈ।)

ਸਹਸ ਸਿਆਣਪਾ ਲਖ ਹੋਹਿ; ਤ ਇਕ ਨ ਚਲੈ ਨਾਲਿ ॥ (ਜਪੁ) (ਨਾਲਿ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ ਭਾਵ ਪ੍ਰਲੋਕ ਵਿੱਚ; ਇੱਕ ਸਿਆਣਪ ਵੀ ਨਹੀਂ ਜਾਂਦੀ।)

ਮੂਰਖੈ ਨਾਲਿ; ਨ ਲੁਝੀਐ ॥ (ਮਹਲਾ ੧/੪੭੩) (ਨਾਲਿ; ਸੰਬੰਧਕ ਹੈ।)

ਬਿਰਖੈ ਹੇਠਿ;  ਸਭਿ ਜੰਤ ਇਕਠੇ ॥ (ਮਹਲਾ ੫/੧੦੧੯) (ਹੇਠਿ; ਸੰਬੰਧਕ ਹੈ।)

ਨੋਟ : ਉਕਤ ਦੋਵੇਂ ਸੰਬੰਧਕਾਂ (ਨਾਲਿ/ਹੇਠਿ) ਨੇ ਗੁਰਬਾਣੀ ਕਾਵਿ ਤੋਲ ਬਣਾਉਣ ਲਈ ਇੱਕ ਵਚਨ ਪੁਲਿੰਗ ਨਾਂਵਾਂ (ਮੂਰਖੁ/ਬਿਰਖੁ) ਨੂੰ ਅੰਤ ਮੁਕਤਾ (ਮੂਰਖ/ਬਿਰਖ) ਕਰਨ ਦੀ ਥਾਂ ਅੰਤ ਦੁਲਾਵਾਂ ਕਰ ਦਿੱਤਾ ਹੈ ਭਾਵ ਆਪਣੇ ਅਸਲ ਸਰੂਪ (ਮੂਰਖੁ/ਬਿਰਖੁ) ’ਚ ਨਹੀਂ ਰਹਿਣ ਦਿੱਤਾ।

ਧੋਤੀ ਖੋਲਿ (ਕੇ), ਵਿਛਾਏ ਹੇਠਿ ॥ (ਮਹਲਾ ੫/੨੦੧) (ਹੇਠਿ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ ਭਾਵ ਆਪਣੇ ਹੇਠਾਂ।)

ਪਾਣੀ ਵਿਚਹੁ ਰਤਨ ਉਪੰਨੇ; ਮੇਰੁ ਕੀਆ ਮਾਧਾਣੀ ॥ (ਮਹਲਾ ੧/੧੫੦) (ਵਿਚਹੁ; ਸੰਬੰਧਕ ਹੈ।)

ਵਿਚਹੁ ਆਪੁ (ਹਉਮੈ) ਗਵਾਇ ਕੈ; ਰਹਨਿ ਸਚਿ (’ਚ) ਲਿਵ ਲਾਇ ॥ (ਮਹਲਾ ੩/੮੮) (ਵਿਚਹੁ; ਸਥਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ। ਇਸ ਨੇ ਕ੍ਰਿਆ ਦਾ ਸਥਾਨ (ਮਨ ’ਚੋਂ) ਦੱਸਿਆ ਹੈ।)

ਸੋ ‘ਨਾਲ ਗਿਆ, ਵਿੱਚ ਬੈਠਿਆ, ਉਪਰ ਚੜ੍ਹਿਆ’; ਵਾਕਾਂ ’ਚ ‘ਨਾਲ’ (ਕਾਲ ਵਾਚਕ), ‘ਵਿੱਚ/ਉਪਰ’ (ਸਥਾਨ-ਵਾਚਕ); ਕ੍ਰਿਆ-ਵਿਸ਼ੇਸ਼ਣ ਹਨ ਜਦਕਿ ‘ਗੁਰੂ ਨਾਲ ਜੁੜ, ਸੰਗਤ ਵਿੱਚ ਬੈਠ, ਧਵਲੈ ਉਪਰਿ ਕੇਤਾ ਭਾਰੁ ?॥; ਵਾਕਾਂ ’ਚ ‘ਨਾਲ, ਵਿੱਚ, ਉਪਰਿ’; ਸੰਬੰਧਕ ਸ਼ਬਦ ਹਨ ਕਿਉਂਕਿ ਇਹ ਤਿੰਨੇ ਸੰਬੰਧਕ; ਨਾਂਵਾਂ (ਗੁਰੂ, ਸੰਗਤ, ਧਵਲੈ-ਬਲ਼ਦ) ਨਾਲ ਸਿੱਧੇ ਜੁੜੇ ਹਨ, ਨਾ ਕਿ ਕਿਸੇ ਕ੍ਰਿਆ ਨਾਲ।

(). ਪ੍ਰਕਾਰਵਾਚੀ/ਵਿਧੀਵਾਚਕ) : ਉਹ ਕ੍ਰਿਆ-ਵਿਸ਼ੇਸ਼ਣ, ਜੋ ਕ੍ਰਿਆ ਦੇ ਹੋਣ ਦਾ ਢੰਗ ਜਾਂ ਤਰੀਕਾ ਦੱਸੇ; ਜਿਵੇਂ ‘ਉਂਝ, ਇੰਞ, ਓਦਾਂ, ਇੱਦਾਂ, ਇਸ ਤਰ੍ਹਾਂ, ਉਸ ਤਰ੍ਹਾਂ, ਕਿਸ ਤਰ੍ਹਾਂ, ਹੌਲ਼ੀ, ਤੇਜ਼, ਧੀਰੇ, ਉੱਚੀ ਉੱਚੀ, ਸਹਿਜੇ ਸਹਿਜੇ, ਛੇਤੀ ਛੇਤੀ, ਕਿਵੇਂ, ਇਵੇਂ, ਜਿਵੇਂ’।

ਗੁਰਬਾਣੀ ’ਚ ਇਨ੍ਹਾਂ ਦੀ ਬਣਤਰ ਹੈ : ‘ਇਵ ਹੀ/ਇਉ/ਏਵੈ/ਇਵ/ਏਵ, ਤਿਉ/ਤਿਵੈ, ਜਿਉ/ਜਿਵ/ਜੇਵ/ਜਿਵੈ, ਕੇਵ/ਕਿਵ/ਕਿਵੈ/ਕਿਕੂ/ਕੇਹ/ਕੇਉ/ਕਾਹਿ/ਕਿਉ/ਕਿਵ ਕਰਿ/ਕਿਉ ਕਰਿ (ਕਿਵੇਂ/ਕਿਸ ਤਰ੍ਹਾਂ), ਕਵਨ ਮੁਖਿ (ਕਿਸ ਤਰ੍ਹਾਂ), ਜਸ/ਜੈਸਾ/ਜੈਸੇ, ਐਸੇ ਐਸੇ, ਸਹਜਿ/ਸਹਜੇ, ਧ੍ਰੁਕਿ ਵਿਲਾੜਿ (ਦੌੜ ਭੱਜ ਕੇ), ਪ੍ਰਚੰਡੁ (ਤੇਜ਼), ਅਚਿੰਤਾ/ਅਚਿੰਤੁ (ਬੇਫ਼ਿਕਰ ਹੋ ਕੇ), ਨਿਸੰਗੁ (ਝਾਕਾ ਲਾਹ ਕੇ), ਉਰਧਿ (ਸਿਰ ਪਰਨੇ ਹੋ ਕੇ), ਊਪਰਿ ਭੁਜਾ ਕਰਿ, ਉਚਾ (ਉੱਚਾ ਕੂਕਦਾ), ਧਾਹੀ (ਧਾਹਾਂ ਮਾਰ ਕੇ), ਰੋਂਦੇ, ਖਿਰ ਖਿਰ (ਹੱਸਣਾ), ਲੁਡੰਦੜੀ (ਲਿੱਬੜਦੀ/ਲਿਟਦੀ ਹੋਈ), ਕਿਨ ਬਿਧਿ/ਕਿਹਿ ਬਿਧਿ (ਕਿਸ ਤਰੀਕੇ ਨਾਲ), ਇਨਿ ਬਿਧਿ/ਇਹ ਬਿਧਿ (ਇਸ ਤਰ੍ਹਾਂ), ਬਹੁ ਬਿਧਿ, ਇਤੁ ਕਰਿ (ਇਸ ਤਰ੍ਹਾਂ), ਜਿਤੁ ਕਰਿ (ਜਿਸ ਤਰ੍ਹਾਂ), ਦੁਇ ਕਰ ਜੋੜਿ, ਇਕ ਮਨਿ/ਇਕ ਚਿਤਿ, ਏਕੈ ਭਾਇ/ਸਹਜ ਭਾਇ/ਸਤ ਭਾਇ/ਸੁਖਿ ਭਾਇ/ਭੋਲੇ ਭਾਇ, ਅਨਤ ਭਾਇ (ਅਨੇਕਾਂ ਤਰ੍ਹਾਂ), ਮਨ ਭਾਇ/ਭਗਤਿ ਭਾਇ/ਗੁਰ ਕੈ ਭਾਇ, ਮਟਕਿ ਮਟਕਿ (ਕੇ), ਲੁਡਿ ਲੁਡਿ (ਕੇ), ਰਸਿ ਰਸਿ/ਰਸਕਿ ਰਸਕਿ (ਕੇ), ਵਿਗਸਿ ਵਿਗਸਿ (ਕੇ), ਊਂਨਵਿ ਊਂਨਵਿ (ਕੇ), ਨੀਠਿ ਨੀਠਿ (ਕੇ), ਥਰ ਥਰ/ਥਰਹਰਿ, ਝਿਮਿ ਝਿਮਿ (ਕੇ), ਅਗੋ ਪਿਛੀ, ਓਤਿ ਪੋਤਿ, ਸਾਸਿ ਗਿਰਾਸਿ (ਨਾਲ), ਵਖਿ ਵਖਿ (ਕਰਕੇ), ਵਤਿ (ਮੁੜ ਮੁੜ ਕੇ), ਪੁਨਰਪਿ (ਮੁੜ ਮੁੜ ਕੇ), ਬਹੋਰਿ (ਮੁੜ ਕੇ)’।

(). ਪਰਮਾਣਵਾਚੀ : ਉਹ ਕ੍ਰਿਆ-ਵਿਸ਼ੇਸ਼ਣ, ਜੋ ਕ੍ਰਿਆ ਦੇ ਕੰਮ ਦਾ ਅੰਦਾਜ਼ਾ ਜਾਂ ਮਿਣਤੀ ਦੱਸਣ; ਜਿਵੇਂ ‘ਇੰਨਾ, ਜਿੰਨਾ, ਕਿੰਨਾ, ਜ਼ੱਰ੍ਹਾ ਕੁ, ਥੋੜ੍ਹਾ ਜਿਹਾ/ਜ਼ਰਾ ਕੁ, ਬਹੁਤ, ਸਾਰਾ, ਪੂਰਾ, ਨਿਰਾ, ਨਿਰਾ-ਪੁਰਾ, ਅਧੂਰਾ, ਘੱਟ, ਕੁਝ, ਨਿਮਖ ਮਾਤਰ’।

ਗੁਰਬਾਣੀ ’ਚ ਇਨ੍ਹਾਂ ਦੀ ਬਣਤਰ ਹੈ : ‘ਅਤਿ (ਬਹੁਤ), ਖਿਨੁ (ਥੋੜ੍ਹਾ), ਪਲੁ (ਚਾਰ ਤੋਲਾ ਭਾਰ), ਚਿਰੁ, ਬਹੁਤੁ/ਬਹੁਤਾ, ਘਾਟਿ, ਤਿਲੁ ਸਾਰ (ਤਿਲ ਜਿੰਨਾ ਭੀ), ਨੈਕ/ਕਿੰਚਤ (ਰੱਤਾ ਭਰ), ਸਮਸਰਿ/ਸਮ/ਸਮਾਨਿ/ਬਰਾਬਰੀ/ਤੁਲਿ (ਬਰਾਬਰ/ਇੱਕੋ ਜਿਹੀ), ਅਤੋਲਵੀ, ਕੇਤਾ/ਕੇਤੜਾ (ਕਿੰਨਾ ਕੁ), ਖੋੜਸਾ (16 ਵਾਰੀ), ਘਣਾ (ਬਹੁਤ), ਜੇਤਾ (ਜਿੰਨਾ ਕੁ), ਤੇਤਾ (ਓਨਾ ਕੁ), ਜੁ (ਇੰਨਾ)’।

ਗੁਰਬਾਣੀ ਦੇ ਹੇਠਲੇ ਵਾਕਾਂ ’ਚ ਇੱਕੋ ਜਿਹੇ ਸਰੂਪ ਵਾਲੇ ਸ਼ਬਦਾਂ (ਜੁ, ਥੋੜਾ, ਤੁਲਿ, ਸਮਾਨਿ) ਦਾ ਤੁਕ ’ਚ ਸਥਾਨ ਅਤੇ ਇਨ੍ਹਾਂ ਦੇ ਅਰਥ ਵਿਚਾਰਨਯੋਗ ਹਨ :

ਇਨ ਪੰਚਨ; ਮੇਰੋ ਮਨੁ ਜੁ (ਐਨਾ/ਜ਼ਿਆਦਾ) ਬਿਗਾਰਿਓ ॥ ਪਲੁ ਪਲੁ; ਹਰਿ ਜੀ ਤੇ (ਤੋਂ) ਅੰਤਰੁ ਪਾਰਿਓ ॥ (ਭਗਤ ਰਵਿਦਾਸ/੭੧੦) (ਜੁ; ਪਰਮਾਣ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ। ਕ੍ਰਿਆ ਦਾ ਮਾਪ ਕਿੰਨਾ ਬਿਗਾਰਿਓ ? ਜਵਾਬ ਹੈ: ਐਨਾ ਜ਼ਿਆਦਾ।)

ਸੋ ਬੂਝੈ; ਜੁ ਦਯਿ (ਨੇ) ਸਵਾਰਿਆ ॥ (ਮਹਲਾ ੪/੩੧੬) (ਜੁ; ਪੜਨਾਂਵ ਹੈ। ਅਰਥ ਹਨ: ‘ਜਿਹੜਾ’ ਭਾਵ ਉਹੀ ਸਮਝਦਾ ਹੈ ਜਿਹੜਾ ਦਇਆ ਦੇ ਘਰ ਪ੍ਰਭੂ ਨੇ (ਮਿਹਰ ਕਰਕੇ) ਸੋਹਣਾ ਬਣਾ ਦਿੱਤਾ।)

ਜਿਥੈ ਥੋੜਾ ਧਨੁ ਵੇਖੈ, ਤਿਥੈ ਤਪਾ ਭਿਟੈ ਨਾਹੀ; ਧਨਿ ਬਹੁਤੈ ਡਿਠੈ, ਤਪੈ (ਨੇ) ਧਰਮੁ ਹਾਰਿਆ ॥ (ਮਹਲਾ ੪/੩੧੫) (ਥੋੜਾ; ਵਿਸ਼ੇਸ਼ਣ ਹੈ। ਇੱਕ ਵਚਨ ਪੁਲਿੰਗ ਨਾਂਵ ‘ਧਨੁ’ ਦੀ ਵਿਸ਼ੇਸ਼ਤਾ ਦੱਸਦਾ ਹੈ।)

ਸਹਜੇ ਸਚੁ ਧਨੁ ਖਟਿਆ; ਥੋੜਾ ਕਦੇ ਨ ਹੋਇ ॥ (ਮਹਲਾ ੩/੧੦੯੨) (ਥੋੜਾ; ਪਰਮਾਣ-ਵਾਚੀ ਕ੍ਰਿਆ ਵਿਸ਼ੇਸ਼ਣ ਹੈ।)

ਸੋ ਗੁਰਬਾਣੀ ’ਚ ਇੱਕੋ ਜਿਹੇ ਸ਼ਬਦ; ਕਈ ਅਰਥਾਂ ’ਚ ਮਿਲਦੇ ਹਨ, ਇਸੇ ਲਈ ‘ਸਬਦੁ ਬੀਚਾਰੁ’ ਨੂੰ ਸਿਰਮੌਰਤਾ ਦਿੱਤੀ ਗਈ ਹੈ : ‘‘ਸਭਸੈ ਊਪਰਿ; ਗੁਰ ਸਬਦੁ ਬੀਚਾਰੁ ॥ (ਮਹਲਾ ੧/੯੦੪), ਡਿਠੈ ਮੁਕਤਿ ਨ ਹੋਵਈ; ਜਿਚਰੁ ਸਬਦਿ ਨ ਕਰੇ ਵੀਚਾਰੁ ॥’’ (ਮਹਲਾ ੩/੫੯੪)

(). ਸੰਖਿਆਵਾਚੀ : ਉਹ ਕ੍ਰਿਆ-ਵਿਸ਼ੇਸ਼ਣ, ਜੋ ਕ੍ਰਿਆ ਦੇ ਕੰਮ ਦੀ ਗਿਣਤੀ ਜਾਂ ਵਾਰੀ ਦੱਸਣ; ਜਿਵੇਂ ‘ਇਕ ਇਕ, ਇਕ ਵਾਰ, ਇਕਹਿਰਾ, ਮੁੜ ਮੁੜ, ਫਿਰ ਫਿਰ, ਦੁਬਾਰਾ, ਦੂਹਰਾ, ਦੋ-ਦੋ ਵਾਰ, ਘੜੀ-ਮੁੜੀ’।

ਗੁਰਬਾਣੀ ’ਚ ਇਨ੍ਹਾਂ ਦੇ ਸਰੂਪ ਹਨ : ‘ਏਕ ਬਾਰ/ਏਕਾ ਵਾਰ, ਦੋਊ ਬਾਰਾ, ਅਨਿਕ ਬਾਰ, ਨੀਤਾ ਨੀਤਿ/ਨਿਤ ਨੀਤਿ, ਬਾਰੰ ਬਾਰ, ਬਹੁਰਿ ਬੁਹਰਿ/ਵਲਿ ਵਲਿ/ਫੁਨਿ ਫੁਨਿ/ਫਿਰਿ ਫਿਰਿ (ਮੁੜ ਮੁੜ), ਸਦ ਵਾਰ, ਲਖ ਲਖ, ਲਖ ਬਰੀਆ’।

(). ਨਿਰਣਾਵਾਚੀ : ਉਹ ਕ੍ਰਿਆ-ਵਿਸ਼ੇਸ਼ਣ, ਜੋ ਕ੍ਰਿਆ ਦੁਆਰਾ ਹੋਣ ਜਾਂ ਨਾ ਹੋਣ ਵਾਲੇ ਕੰਮ ਬਾਰੇ ਫ਼ੈਸਲਾ ਦੇਣ; ਜਿਵੇਂ ‘ਹਾਂ, ਆਹੋ, ਠੀਕ, ਸਤ ਬਚਨ, ਹਾਂ ਜੀ, ਬਹੁਤ ਅੱਛਾ, ਜੀ ਨਹੀਂ, ਨਹੀਂ, ਨਾ, ਨ, ਮਤੁ (ਨਹੀਂ)’।

ਗੁਰਬਾਣੀ ’ਚ ਇਨ੍ਹਾਂ ਦੇ ਸਰੂਪ ਹਨ : ‘ਨ, ਨਾ, ਨਾਹਿਨ, ਨਹੀਨ, ਨਹ/ਨਹੁ, ਨੀਮਿ੍/ਨੀਮ੍ੀ (ਨਹੀਂ), ਜਿਨਿ (ਨਾ), ਮਤ (ਨਾ/ਵੇਖੀਂ ਕਿਤੇ), ਸਤਿ ਸਤਿ, ਮਨਹਿ (ਮਨ੍ਹਾ)’। ਮਿਸਾਲ ਵਜੋਂ ਕੁਝ ਵਾਕ ਹੇਠਾਂ ਦਿੱਤੇ ਗਏ ਹਨ :

ਭਾਈ ! ਮਤ (ਵੇਖਿਓ ਕਿਤੇ/ਨਾ) ਕੋਈ ਜਾਣਹੁ, ਕਿਸੀ ਕੈ ਕਿਛੁ ਹਾਥਿ ਹੈ; ਸਭ ਕਰੇ ਕਰਾਇਆ ॥ (ਮਹਲਾ ੪/੧੬੮)

ਨਾਨਕ  ! ਚਿੰਤਾ ਮਤ (ਬਿਲਕੁਲ ਨਾ) ਕਰਹੁ; ਚਿੰਤਾ ਤਿਸ (ਰੱਬ) ਹੀ ਹੇਇ (ਹੈ) ॥ (ਮਹਲਾ ੨/੯੫੫)

ਧਨੁ ਦਾਰਾ ਸੰਪਤਿ ਸਗਲ; ਜਿਨਿ (ਬਿਲਕੁਲ ਵੀ ਨਾ) ਅਪੁਨੀ ਕਰਿ ਮਾਨਿ (ਮੰਨ) ॥ (ਮਹਲਾ ੯/੧੪੨੬)

(ਕਾਦਰ) ਆਪਿ ਉਪਾਏ; ਆਪੇ ਦੇਇ ॥ ਆਪੇ ਦੁਰਮਤਿਮਨਹਿ  (ਮਨ੍ਹਾ) ਕਰੇਇ ॥ (ਮਹਲਾ ੧/੩੪੯)

(). ਕਾਰਨਵਾਚੀ : ਉਹ ਕ੍ਰਿਆ-ਵਿਸ਼ੇਸ਼ਣ, ਜੋ ਕ੍ਰਿਆ ਦੇ ਹੋਣ ਜਾਂ ਨਾ ਹੋਣ ਦੇ ਕਾਰਣ ਦੱਸਣ; ਜਿਵੇਂ ‘ਕਿਉਂਕਿ, ਕਿਉਂ ਜੁ, ਤਾਂ ਜੋ, ਤਾਂ ਕਿ, ਤਾਂ ਹੀ, ਇਸ ਲਈ, ਸੋ, ਇਸ ਕਾਰਣ, ਕਾਹਦੇ ਲਈ, ਕਿਉਂ’।

ਗੁਰਬਾਣੀ ’ਚ ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ ਦੇ ਸਰੂਪ ਹਨ : ‘ਕਾਏ/ਕਿਉ (ਕਿਸ ਵਾਸਤੇ), ਕਾਇਤੁ (ਕਿਸ ਕਾਰਨ), ਕਿਤੁ/ਕਾਹਿ (ਕਿਉਂ), ਕਾਹੇ (ਕਾਹਦੇ ਲਈ), ਸੁ (ਇਸ ਲਈ/ਤਾਂ ਤੇ), ਯਾ ਤੇ (ਜਿਸ ਕਾਰਨ), ਤਾ ਤੇ (ਇਸ ਲਈ)’ ।

ਹੇਠਲੇ ਵਾਕਾਂ ’ਚ ‘ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ’ ਸ਼ਬਦ; ਬੋਲਡ ਕੀਤੇ ਗਏ ਹਨ :

ਸੁ ਕਹੁ ਟਲ ਗੁਰੁ ਸੇਵੀਐ; ਅਹਿਨਿਸਿ ਸਹਜਿ ਸੁਭਾਇ ॥ (ਭਟ ਕਲੵ/੧੩੯੨) (ਸੋ; ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ ਭਾਵ ‘ਤਾਂ ਤੇ/ਇਸ ਲਈ’ (ਗੁਰੂ ਨੂੰ ਚੇਤੇ ਕਰਨਾ ਬਣਦਾ ਹੈ)।

ਅਗੋ ਦੇ ਜੇ ਚੇਤੀਐ; ਤਾਂ ਕਾਇਤੁ ਮਿਲੈ ਸਜਾਇ ? ॥ (ਮਹਲਾ ੧/੪੧੭) (ਕਾਇਤੁ ਭਾਵ ਕਿਉਂ (ਕਾਹਦੇ ਲਈ) ?, ਜੇ ‘ਕਾਇਤੁ’ ਦਾ ਅਰਥ ‘ਕਿਵੇਂ ਜਾਂ ਕਿਸ ਤਰ੍ਹਾਂ ?’ ਹੁੰਦਾ ਤਾਂ ਇਹ ਪ੍ਰਕਾਰ-ਵਾਚੀ ਕ੍ਰਿਆ ਵਿਸ਼ੇਸ਼ਣ ਹੋਣਾ ਸੀ।)

ਬਿਸ੍ਰਾਮ ਪਾਏ ਮਿਲਿ ਸਾਧਸੰਗਿ ਤਾ ਤੇ  ਬਹੁੜਿ ਨ ਧਾਉ ॥ (ਮਹਲਾ ੫/੮੧੮) (ਤਾ ਤੇ ਭਾਵ ਇਸ ਕਰਕੇ।)

ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥ (ਮਹਲਾ ੯/੨੧੯) (ਯਾ ਤੇ ਭਾਵ ਜਿਸ ਕਾਰਣ (ਮਨ) ਥਿਰੁ ਨ ਰਹਾਈ।)

ਪਾਪੀ ਹੀਐ ਮੈ; ਕਾਮੁ ਬਸਾਇ ॥ ਮਨੁ ਚੰਚਲੁ ਯਾ ਤੇ  ਗਹਿਓ ਨ ਜਾਇ ॥ (ਮਹਲਾ ੯/੧੧੮੬) (ਯਾ ਤੇ ਭਾਵ ਜਿਸ ਕਾਰਣ)

ਹੇਠਲੇ ਵਾਕਾਂ ’ਚ ‘ਕਿਉ, ਕੇਹ, ਕਾਹਿ’ ਸ਼ਬਦਾਂ ਦਾ ਤੁਕ ’ਚ ਸਥਾਨ ਅਤੇ ਉਨ੍ਹਾਂ ਦੇ ਅਰਥ; ਗਹੁ ਨਾਲ ਵਾਚਣਯੋਗ ਹਨ :

ਖੁਸਰੈ (ਨੇ), ਕਿਉ ਨ ਪਰਮ ਗਤਿ ਪਾਈ  ?॥ (ਭਗਤ ਕਬੀਰ/੩੨੪) (ਕਿਉ; ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਉਂ’)

ਸੋ ਕਿਉ ਬਿਸਰੈ ? ਜਿ ਘਾਲ ਨ ਭਾਨੈ ॥ (ਮਹਲਾ ੫/੨੮੯) (ਕਿਉ; ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਉਂ/ਕਾਹਦੇ ਲਈ’ ਭਾਵ ਜਿਹੜਾ ਮਾਲਕ ਕਿਸੇ ਦੀ ਭਗਤੀ-ਬੰਦਗੀ (ਮਿਹਨਤ) ਨੂੰ ਅਜਾਈਂ ਨਹੀਂ ਜਾਣ ਦਿੰਦਾ ਉਹ (ਮਨ ਤੋਂ) ਕਿਉਂ ਭੁਲੇ ?)

ਹਰਿ ਪ੍ਰਭੁ ਚਿਤਿ (’ਚ) ਨ ਆਵਈ; ਕਿਉ ਛੂਟਾ ? ਮੇਰੇ ਹਰਿ ਰਾਇਆ ! ॥ (ਮਹਲਾ ੪/੧੬੭) (ਕਿਉ; ਪ੍ਰਕਾਰ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਵੇਂ/ਕਿਸ ਤਰ੍ਹਾਂ’ (ਮਾਯਾ ਤੋਂ) ਛੁੱਟਾਂ ?)

ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ !  ਕਿਉ ਧਨ ਸੇਜੈ ਜਾਏ  ?॥ (ਮਹਲਾ ੧/੭੨੨) (ਕਿਉ; ਪ੍ਰਕਾਰ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਵੇਂ/ਕਿਸ ਤਰ੍ਹਾਂ’ ਭਾਵ ਔਰਤ; ਪਤੀ-ਪ੍ਰਭੂ ਦੀ ਸੇਜ ਕਿਵੇਂ ਮਾਣੇ ਜਦ ਪਿਆਰੇ ਪਤੀ ਨੂੰ ਸਰੀਰ (ਕਿਰਦਾਰ) ਹੀ ਪਸੰਦ ਨਹੀਂ ?)

ਆਵਤੁ ਕਿਨੈ ਨ ਰਾਖਿਆ; ਜਾਵਤੁ ਕਿਉ ਰਾਖਿਆ ਜਾਇ ॥ (ਮਹਲਾ ੧/੧੩੨੯) (ਕਿਉ; ਪ੍ਰਕਾਰ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਵੇਂ/ਕਿਸ ਤਰ੍ਹਾਂ’ ਭਾਵ ਜਦ ਬੰਦੇ ਨੂੰ ਜਨਮ ਲੈਂਦਿਆਂ ਕੋਈ ਨਹੀਂ ਰੋਕ ਸਕਦਾ ਤਾਂ ਮਰਨ ਵੇਲੇ ਕਿਵੇਂ ਰੋਕਿਆ ਜਾ ਸਕਦਾ ਹੈ ?)

ਸਰ ਭਰਿ ਥਲ ਹਰੀਆਵਲੇ; ਇਕ ਬੂੰਦ ਨ ਪਵਈ ਕੇਹ ॥ (ਮਹਲਾ ੧/੬੦) (ਕੇਹ; ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਉਂ/ਕਾਹਦੇ ਲਈ’ ਭਾਵ ਵਰਖਾ-ਪਾਣੀ ਨਾਲ ਧਰਤੀ, ਤਲਾਬ; ਨੱਕਾ-ਨੱਕ ਭਰੇ ਗਏ, ਪਰ ਪਪੀਹੇ ਨੂੰ ਇੱਕ ਬੂੰਦ ਨਾ ਮਿਲੀ। ਓਹਦੇ ਲਈ ਇੰਨਾ ਪਾਣੀ ਕਿਸ ਅਰਥ ਜਾਂ ਕਾਹਦੇ ਲਈ ?।)

ਕਹਹੁ; ਗੁਸਾਈ ਮਿਲੀਐ ਕੇਹ ? ॥ ਜੋ ਬਿਬਰਜਤ; ਤਿਸ ਸਿਉ ਨੇਹ ॥ (ਮਹਲਾ ੫/੧੮੫) (ਕੇਹ; ਪ੍ਰਕਾਰ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਵੇਂ/ਕਿਸ ਤਰ੍ਹਾਂ’ ਭਾਵ ਜੋ ਮਨ੍ਹਾ ਕੀਤਾ ਹੈ ਉਸ ਨਾਲ ਤਾਂ ਪਿਆਰ ਪਾ ਰੱਖਿਆ ਹੈ ਫਿਰ ਦੱਸੋ ਖ਼ਸਮ ਨੂੰ ਕਿਵੇਂ ਮਿਲੀਏ ?)

ਮਾਗਉ ਕਾਹਿ, ਰੰਕ ਸਭ ਦੇਖਉ ? ਤੁਮ੍ ਹੀ ਤੇ (ਤੋਂ) ਮੇਰੋ ਨਿਸਤਾਰੁ ॥ (ਭਗਤ ਕਬੀਰ/੮੫੬) (ਕਾਹਿ; ਪੜਨਾਂਵ ਹੈ। ਅਰਥ ਹੈ: ‘ਕਿਸ ਤੋਂ’ ਭਾਵ (ਹੇ ਪ੍ਰਭੂ !) ਕਿਸ ਤੋਂ ਮੰਗਾਂ ? ਹਰ ਥਾਂ ਕੰਗਾਲ ਵੇਖ ਰਿਹਾ ਹਾਂ। ਬਸ ਹੁਣ ਤਾਂ ਮੇਰਾ, ਤੇਰੇ ਪਾਸੋਂ ਹੀ ਪਾਰ ਉਤਾਰਾ ਹੋਣਾ ਹੈ।)

ਪ੍ਰਭ ਦੀਨਾ ਨਾਥ !  ਦੁਖੁ ਕਹਉ ਕਾਹਿ ॥ (ਭਗਤ ਕਬੀਰ/੧੧੯੪) (ਕਾਹਿ; ਪੜਨਾਂਵ ਹੈ। ਅਰਥ ਹੈ: (ਆਪਣਾ ਦੁੱਖ) ‘ਕਿਸ ਨੂੰ’ ਦੱਸਾਂ।)

ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ  ਮਨ !  ਭਉ ਕਰਿਆ ॥ (ਮਹਲਾ ੫/੪੯੫) (ਕਾਹਿ; ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਉਂ/ਕਾਹਦੇ ਲਈ’)

ਮਾਨਸ ਜਨਮੁ ਅਮੋਲਕੁ ਪਾਇਓ; ਬਿਰਥਾ ਕਾਹਿ ਗਵਾਵਉ  ?॥ (ਮਹਲਾ ੯/੨੧੯) (ਕਾਹਿ; ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਉਂ/ਕਾਹਦੇ ਲਈ’)

ਕਹੁ ਨਾਨਕ ਸੁਨੁ ਰੇ ਮਨਾ ! ਸਿਮਰਤ ਕਾਹਿ ਨ ਰਾਮੁ ॥ (ਮਹਲਾ ੯/੧੪੨੬) (ਕਾਹਿ; ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਉਂ/ਕਾਹਦੇ ਲਈ’)

ਕਹੁ ਕਬੀਰ ! ਇਹ ਕਹੀਐ ਕਾਹਿ  ?॥ ਸਾਧਸੰਗਤਿ ਬੈਕੁੰਠੈ ਆਹਿ (ਹੈ)॥ (ਭਗਤ ਕਬੀਰ/੩੨੫) (ਕਾਹਿ; ਪ੍ਰਕਾਰ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਕਿਵੇਂ/ਕਿਸ ਤਰ੍ਹਾਂ’। ਸੋ ਇੱਥੇ ਕ੍ਰਿਆ ਨਾਲ ‘ਕਿਉਂ’ (ਕਾਰਨ-ਵਾਚੀ) ਨਹੀਂ ਲਗਦਾ। ਕਿਵੇਂ (ਕਿਵੇਂ ਕਹੀਐ ਜਾਂ ਕਿਸ ਤਰ੍ਹਾਂ ਕਹੀਐ ?) ਲਗਦਾ ਹੈ ਤਾਹੀਓਂ ‘ਕਾਹਿ’; ਪ੍ਰਕਾਰ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ, ਨਾ ਕਿ ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ।)

ਆਪੇ ਪਟੀ ਕਲਮ ਆਪਿ; ਉਪਰਿ ਲੇਖੁ ਭਿ ਤੂੰ ॥ ਏਕੋ ਕਹੀਐ ਨਾਨਕਾ !  ਦੂਜਾ ਕਾਹੇ ਕੂ ॥ (ਮਹਲਾ ੧/੧੨੯੧) (ਕਾਹਿ; ਪ੍ਰਕਾਰ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: (ਹੋਰ ਤੇਰੇ ਵਰਗਾ)) ‘ਕਿਵੇਂ/ਕਿਸ ਤਰ੍ਹਾਂ’ ਹੋ ਸਕਦਾ ਹੈ ?)

ਨੋਟ :  ‘ਮੋਹਨ  ਹੁਸ਼ਿਆਰ ਹੈ। ਉਹ  ਸਕੂਲ ਜਾਂਦਾ ਹੈ। ਜਿਸ ਨੇ ਦਸਤਾਰ ਸਜਾਈ ਹੈ, ਉਹ ਮੋਹਨ ਹੈ।’ ਵਾਕਾਂ ’ਚੋਂ ਪਹਿਲੇ ਵਾਕ ’ਚ ‘ਮੋਹਨ’; ਨਾਂਵ ਹੈ। ਦੂਜੇ ’ਚ ‘ਉਹ’; ਪੜਨਾਂਵ ਹੈ। ਤੀਜੇ ’ਚ ‘ਉਹ’ (ਮੋਹਨ); ਪੜਨਾਂਵੀ ਵਿਸ਼ੇਸ਼ਣ ਹੈ ਭਾਵ ਜਦ ਨਾਂਵ (ਮੋਹਨ) ਦੀ ਗ਼ੈਰ ਹਾਜ਼ਰੀ ’ਚ ‘ਉਹ’ ਆਵੇ ਤਾਂ ‘ਉਹ’; ਪੜਨਾਂਵ ਹੁੰਦਾ ਹੈ ਅਤੇ ਜੇ ਨਾਂਵ (ਮੋਹਨ) ਦੇ ਬਰਾਬਰ ‘ਉਹ’ ਹੋਵੇ ਤਾਂ ‘ਉਹ’; ਪੜਨਾਂਵੀ ਵਿਸ਼ੇਸ਼ਣ।

ਹੇਠਲੇ ਵਾਕਾਂਕਿਤੁਨਾਲ ਜਦ ਕੋਈ ਅੰਤ ਸਿਹਾਰੀ ਜਾਂ ਅੰਤ ਦੁਲਾਵਾਂਨਾਂਵਹੋਵੇ ਤਾਂ ਇਹ ਪੜਨਾਂਵੀ ਵਿਸ਼ੇਸ਼ਣ ਹੈ ਅਤੇ ਜਦ ਇਹ ਇਕੱਲਾ ਹੈ ਤਾਂ ਕ੍ਰਿਆਵਿਸ਼ੇਸ਼ਣ :

ਪਿਰ ਕੀ ਨਾਰਿ ਸੁਹਾਵਣੀ; ਮੁਤੀ ਸੋ ਕਿਤੁ ਸਾਦਿ  ?॥ (ਮਹਲਾ ੧/੫੬) (ਕਿਤੁ; ਪੜਨਾਂਵੀ ਵਿਸ਼ੇਸ਼ਣ ਹੈ। ਅਰਥ ਹਨ: ਕਿਸ ਸੁਆਦ ’ਚ ?)

ਹਉਮੈ ਕਿਥਹੁ ਊਪਜੈ; ਕਿਤੁ ਸੰਜਮਿ  ਇਹ ਜਾਇ ॥ (ਮਹਲਾ ੨/੪੬੬) (ਕਿਤੁ; ਪੜਨਾਂਵੀ ਵਿਸ਼ੇਸ਼ਣ ਹੈ। ਅਰਥ ਹਨ: ਕਿਸ ਤਰੀਕੇ ਨਾਲ ?)

ਸਭਿ ਗੁਣ ਤੇਰੇ, ਠਾਕੁਰ ਮੇਰੇ ! ਕਿਤੁ ਮੁਖਿ  ਤੁਧੁ ਸਾਲਾਹੀ ॥ (ਮਹਲਾ ੫/੫੭੭) (ਕਿਤੁ; ਪੜਨਾਂਵੀ ਵਿਸ਼ੇਸ਼ਣ ਹੈ। ਅਰਥ ਹਨ: ਕਿਸ ਮੂੰਹ ਨਾਲ ?)

ਹਰਿ ਪ੍ਰਭੁ ਵੇਪਰਵਾਹੁ ਹੈ; ਕਿਤੁ ਖਾਧੈ  ਤਿਪਤਾਇ ॥ (ਮਹਲਾ ੩/੧੪੧੪) (ਕਿਤੁ; ਪੜਨਾਂਵੀ ਵਿਸ਼ੇਸ਼ਣ ਹੈ। ਅਰਥ ਹਨ: ਕਿਹੜਾ ਖਾਣ ਨਾਲ ?)

ਓਇ ਜਿ ਆਵਹਿ ਆਸ ਕਰਿ; ਜਾਹਿ ਨਿਰਾਸੇ ਕਿਤੁ  ?॥ (ਮਹਲਾ ੧/੪੭੦) (ਕਿਤੁ; ਕਾਰਨ-ਵਾਚੀ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ : ਕਿਉਂ/ਕਾਹਦੇ ਲਈ ? ਭਾਵ ਜੋ ਪੰਛੀ (ਫਲ਼ ਦੀ) ਉਮੀਦ ਨਾਲ ਸਿੰਮਲ-ਰੁੱਖ ’ਤੇ ਆਉਂਦੇ ਹਨ ਉਹ ਨਿਰਾਸ਼ੇ (ਵਾਪਸ) ਕਿਉਂ ਜਾਂਦੇ ਹਨ ?)

(). ਤਾਕੀਦ (ਪ੍ਰੋੜ੍ਹਤਾ)-ਵਾਚੀ : ਉਹ ਕ੍ਰਿਆ-ਵਿਸ਼ੇਸ਼ਣ, ਜੋ ਕ੍ਰਿਆ ਦੁਆਰਾ ਹੋਣ ਵਾਲੇ ਕੰਮ ਦੀ ਪੁਸ਼ਟੀ ਕਰਨ ਜਾਂ ਸਮਰਥਨ ਦੇਣ; ਜਿਵੇਂ ‘ਹੀ, ਜ਼ਰੂਰ, ਵੀ, ਭੀ, ਤਾਂ ਤੇ ਬਿਲਕੁਲ’।

ਗੁਰਬਾਣੀ ’ਚ ਇਨ੍ਹਾਂ ਦੇ ਸਰੂਪ ਹਨ : ‘ਨ (ਉੱਡ ਨਾ/ਪਿਆਰ ਜਤਾਉਣ ਲਈ), ਸਰਪਰ (ਜ਼ਰੂਰ), ਨਿਹਚਉ (ਜ਼ਰੂਰ), ਭਿ, ਭੀ, ਮੂਲੇ/ਮੂਲਿ (ਬਿਲਕੁਲ ਹੀ), ਹੀ, ਹੂ/ਹੂੰ (ਭੀ), ਈ (ਹੀ)’।

ਨੋਟ:ਕਾਲ਼ੀ ਕਾਰ ਹੈ ਬਿਲਕੁਲ ਕਾਲ਼ੀ ਕਾਰ ਹੈ ਬਾਣੀ; ਗੁਰੂ ਨੇ ਉਚਾਰੀ ਹੈ ਬਾਣੀ; ਗੁਰੂ ਨੇ ਹੀ ਉਚਾਰੀ ਹੈ ਜੀਵਾਂ ਨੂੰ ਹਰ ਦਾਤ; ਨਿਰਾਕਾਰ ਵੱਲੋਂ ਮਿਲਦੀ ਹੈ ਦਰਅਸਲ ਜੀਵਾਂ ਨੂੰ ਹਰ ਦਾਤ; ਨਿਰਾਕਾਰ ਵੱਲੋਂ ਮਿਲਦੀ ਹੈਇਨ੍ਹਾਂ ਵਾਕਾਂਬਿਲਕੁਲ, ਹੀ, ਦਰਅਸਲ’; ਤਿੰਨੇ ਤਾਕੀਦਵਾਚੀ ਕ੍ਰਿਆਵਿਸ਼ੇਸ਼ਣ ਹਨ ਕਿਉਂਕਿ ਇਨ੍ਹਾਂ ਨੇ ਕਿਸੇ ਵਿਸ਼ੇਸ਼ਣ (ਕਾਲ਼ੀ) ਜਾਂ ਕਿਸੇ ਕ੍ਰਿਆ (ਉਚਾਰੀ ਹੈ/ਮਿਲਦੀ ਹੈ) ਦੀ ਵਿਸ਼ੇਸ਼ਤਾ ਦੱਸੀ ਹੈ

ਇਹ ਕ੍ਰਿਆਵਿਸ਼ੇਸ਼ਣ; ਬਾਣੀਕਾਰਾਂ ਦੁਆਰਾ ਆਪਣੇ ਵਿਚਾਰਾਂਤੇ ਦ੍ਰਿੜ੍ਹਤਾ ਦੇ ਪ੍ਰਤੀਕ ਨੂੰ ਉਜਾਗਰ ਕਰਦਾ ਹੈ ਗੁਰਬਾਣੀ ਦੇ ਵਿਚਾਰਾਂ ਦੀ ਐਨੀ ਦ੍ਰਿੜ੍ਹ ਪ੍ਰੋੜ੍ਹਤਾ; ਗੁਰਬਾਣੀ ਦੇ ਟੀਕਾਕਾਰ, ਵਿਆਖਿਆਕਾਰ ਜਾਂ ਨਕਲੀ ਗੁਰੂ; ਉੱਕਾ ਹੀ ਨਹੀਂ ਕਰ ਸਕਦੇ

ਹੇਠਲੇ ਵਾਕ; ਕੇਵਲ ਤਾਕੀਦ-ਵਾਚੀ ਕ੍ਰਿਆ-ਵਿਸ਼ੇਸ਼ਣ ਵਾਲੇ ਹਨ ਕਿਉਂਕਿ ਇੱਥੇ ਗੁਰੂ ਸਾਹਿਬਾਨ ਦੁਆਰਾ ਆਪਣੇ ਸਿਧਾਂਤ ’ਤੇ ਕੀਤੀ ਪ੍ਰੋੜ੍ਹਤਾ; ਵਿਸ਼ੇਸ਼ ਧਿਆਨ ਮੰਗਦੀ ਹੈ।  ਪ੍ਰੋੜ੍ਹਤਾ ਪੱਖ ਉਜਾਗਰ ਕਰਨ ਵਾਲੇ ਇਨ੍ਹਾਂ ਤਾਕੀਦ-ਵਾਚੀ ਕ੍ਰਿਆ-ਵਿਸ਼ੇਸ਼ਣਾਂ ਨੂੰ ਬੋਲਡ ਕੀਤਾ ਗਿਆ ਹੈ :

ਸਭਿ ਫੋਕਟ ਨਿਸਚਉ ਕਰਮੰ ॥ (ਮਹਲਾ ੧/੪੭੦)

ਉਡਹੁ ਕਾਗਾ ਕਾਰੇ  !॥  ਬੇਗਿ ਮਿਲੀਜੈ; ਅਪੁਨੇ ਰਾਮ ਪਿਆਰੇ ॥ (ਭਗਤ ਕਬੀਰ/੩੩੮)

ਰਾਵਨ ਹੂੰ  ਤੇ ਅਧਿਕ ਛਤ੍ਰਪਤਿ; ਖਿਨ ਮਹਿ ਗਏ ਬਿਲਾਤ ॥ (ਭਗਤ ਕਬੀਰ/੧੨੫੧) (‘ਰਾਵਨ ਹੂੰ ਤੇ’ ਭਾਵ ਰਾਵਨ ਤੋਂ ਭੀ ਵੱਡੇ ਰਾਜੇ।)

ਐਸੋ ਗਿਆਨੁ; ਬਿਰਲੋ   (ਹੀ) ਪਾਏ ॥ (ਮਹਲਾ ੫/੮੦੩)

ਇਸੁ ਮਨ ਕੀ ਬਿਧਿ ਮਨ ਹੂ  (ਹੀ) ਜਾਣੈ; ਬੂਝੈ ਸਬਦਿ ਵੀਚਾਰਿ (ਕੇ) ॥ (ਮਹਲਾ ੩/੧੨੬੦)

ਹੇਠਲੇ ਵਾਕਾਂ ਗੁਰੂ ਜੀ ਨੇ ਜੋ ਸਿਧਾਂਤਕ ਪ੍ਰੋੜ੍ਹਤਾ ਕੀਤੀ ਹੈ ਉਸ ਦੀ ਓਨੇ ਭਰੋਸੇ ਨਾਲ ਕਥਾ ਕਰਨੀ ਵੀ ਅਸੰਭਵ ਹੈ :

ਜੋਤੀ ਹੂ ਪ੍ਰਭੁ ਜਾਪਦਾ; ਬਿਨੁ ਸਤਗੁਰ, ਬੂਝ ਨ ਪਾਇ ॥ (ਮਹਲਾ ੩/੩੫) (ਭਾਵ ਜੋਤ ਤੋਂ ਪ੍ਰਭੂ ਜਾਣਿਆ ਜਾਂਦਾ ਹੈ।)

ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ; ਭਗਤੀ (ਨੇ) ਹੂ ਤੂ ਜਾਤਾ ॥ (ਮਹਲਾ ੩/੬੩੭) (ਭਾਵ ਭਗਤਾਂ ਨੇ ਹੀ ਤੈਨੂੰ ਜਾਣਿਆ ਹੈ।)

ਮਨ ਕੀ ਪਤ੍ਰੀ ਵਾਚਣੀ; ਸੁਖੀ ਹੂ ਸੁਖੁ ਸਾਰੁ ॥ (ਮਹਲਾ ੩/੧੦੯੩)

ਗੁਰ ਕਾ ਕਹਿਆ ਜੇ ਕਰੇ; ਸੁਖੀ ਹੂ ਸੁਖੁ ਸਾਰੁ ॥ (ਮਹਲਾ ੩/੧੨੪੮)

ਚਵਰਾਸੀਹ ਲਖ ਜੋਨਿ ਉਪਾਈ; ਰਿਜਕੁ ਦੀਆ ਸਭ ਹੂ ਕਉ ਤਦ ਕਾ ॥ (ਭਟ ਗਯੰਦ/੧੪੦੩)

ਸਰਪਰ ਉਠੀ ਚਲਣਾ; ਛਡਿ ਜਾਸੀ ਲਖ ਕਰੋੜਿ ॥ (ਮਹਲਾ ੫/੫੦) (ਸਰਪਰ ਭਾਵ ਜ਼ਰੂਰ/ਬਿਲਕੁਲ ਹੀ।)

ਰੰਗੁ ਨ ਲਗੀ ਪਾਰਬ੍ਰਹਮ; ਤਾ ਸਰਪਰ ਨਰਕੇ ਜਾਇ ॥ (ਮਹਲਾ ੫/੭੦)

ਸਾਧਸੰਗਿ ਸਰਪਰ ਨਿਸਤਰੈ ॥ (ਮਹਲਾ ੫/੨੭੨)

ਅਪਨੇ ਸੇਵਕ ਕੀ ਸਰਪਰ ਰਾਖੈ ॥ (ਮਹਲਾ ੫/੨੮੫)

ਅੰਦਰਿ ਕਮਾਣਾ ਸਰਪਰ ਉਘੜੈ; ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥ (ਮਹਲਾ ੪/੩੧੬)

ਜੀਵਤ ਦੀਸੈ; ਤਿਸੁ ਸਰਪਰ ਮਰਣਾ ॥ (ਮਹਲਾ ੫/੩੭੪) (ਭਾਵ ਵਿਖਾਈ ਦੇਣ ਵਾਲੀ ਹਰ ਵਸਤੂ ਨਾਸਵਾਨ ਹੈ)

ਏਥੈ ਧੰਧਾ ਕੂੜਾ ਚਾਰਿ ਦਿਹਾ; ਆਗੈ ਸਰਪਰ  ਜਾਣਾ ॥ (ਮਹਲਾ ੧/੫੭੯)

ਮੋਹਿ ਬਾਦਿ ਅਹੰਕਾਰਿ (ਕਾਰਨ) ਸਰਪਰ ਰੁੰਨਿਆ ॥ (ਮਹਲਾ ੫/੭੬੧) (ਭਾਵ ਮੋਹ, ਕ੍ਰੋਧ ਅਹੰਕਾਰ ’ਚ ਰਿਹਾਂ ਜ਼ਰੂਰ ਰੋਣਾ ਪੈਣਾ ਹੈ।)

ਨਾਮ ਬਿਨਾ ਸੁਖੁ ਨਾਹਿ; ਸਰਪਰ ਹਾਰਿਆ ॥ (ਮਹਲਾ ੫/੭੬੧)

ਅਭਿਮਾਨੀ ਕੀ ਜੜ; ਸਰਪਰ ਜਾਏ ॥ (ਮਹਲਾ ੫/੮੬੯)

ਜਿਸੁ ਮਿਲਿਆ ਪੂਰਾ ਗੁਰੂ; ਸੁ ਸਰਪਰ ਤਾਰਣੋ ॥ (ਮਹਲਾ ੫/੯੬੩) (ਭਾਵ ਉਹ ਜ਼ਰੂਰ ਤਰ ਜਾਏਗਾ।)

ਆਗੈ ਹੁਕਮੁ ਨ ਚਲੈ ਮੂਲੇ; ਸਿਰਿ ਸਿਰਿ (’ਤੇ) ਕਿਆ ਵਿਹਾਣਾ (ਕੀਤਾ ਬੀਤਦਾ ਹੈ) ॥ (ਮਹਲਾ ੧/੫੭੯) (ਮੂਲੇ; ਭਾਵ ਅੱਗੇ ਸਾਡਾ ਹੁਕਮ ਬਿਲਕੁਲ ਭੀ ਨਹੀਂ ਚਲਦਾ।)

ਐਸਾ ਕੰਮੁ ਮੂਲੇ ਨ ਕੀਚੈ; ਜਿਤੁ ਅੰਤਿ ਪਛੋਤਾਈਐ ॥ (ਮਹਲਾ ੩/੯੧੮)

ਕੰਡਾ ਪਾਇ ਨ ਗਡਈ ਮੂਲੇ; ਜਿਸੁ ਸਤਿਗੁਰੁ ਰਾਖਣਹਾਰਾ ਹੇ ॥ (ਮਹਲਾ ੧/੧੦੨੯) (ਭਾਵ ਉਸ ਦੇ ਪੈਰ ’ਚ ਕੰਡਾ ਭੀ ਨਹੀਂ ਚੁਭਦਾ)

ਤੋਟਾ ਮੂਲਿ ਨ ਆਵਈ; ਲਾਹਾ ਹਰਿ ਭਾਵੈ ਸੋਇ ॥ (ਮਹਲਾ ੪/੩੧੧)

ਭੇਦੁ ਨ ਜਾਣਹੁ ਮੂਲਿ; ਸਾਂਈ ਜੇਹਿਆ ॥ (ਮਹਲਾ ੫/੩੯੭)

ਮੰਦਾ ਮੂਲਿ ਨ ਕੀਚਈ; ਦੇ ਲੰਮੀ ਨਦਰਿ ਨਿਹਾਲੀਐ ॥ (ਮਹਲਾ ੧/੪੭੪)

ਝੂਠਾ ਮਦੁ ਮੂਲਿ ਨ ਪੀਚਈ; ਜੇ ਕਾ ਪਾਰਿ ਵਸਾਇ ॥ (ਮਹਲਾ ੩/੫੫੪) (ਭਾਵ ਸ਼ਰਾਬ ਬਿਲਕੁਲ ਨਾ ਪੀਤੀ ਜਾਵੇ।)

ਚਿੰਤਾ ਮੂਲਿ ਨ ਹੋਵਈ; (ਜਦੋਂ) ਅਚਿੰਤੁ ਵਸੈ ਮਨਿ ਆਇ (ਕੇ)॥ (ਮਹਲਾ ੩/੫੮੭)

ਗੁਰਮੁਖਿ ਸੰਸਾ ਮੂਲਿ ਨ ਹੋਵਈ; ਚਿੰਤਾ ਵਿਚਹੁ ਜਾਇ ॥ (ਮਹਲਾ ੪/੮੫੩)

ਮਤ ਮੈ ਪਿਛੈ ਕੋਈ ਰੋਵਸੀ; ਸੋ ਮੈ ਮੂਲਿ ਨ ਭਾਇਆ ॥ (ਬਾਬਾ ਸੁੰਦਰ/੯੨੩)

ਬਾਹਰਿ ਮੂਲਿ ਨ ਖੋਜੀਐ; ਘਰ (ਹਿਰਦੇ) ਮਾਹਿ ਬਿਧਾਤਾ ॥ (ਮਹਲਾ ੩/੯੫੩)

ਹਉਮੈ ਮੂਲਿ ਨ ਛੁਟਈ; ਵਿਣੁ ਸਾਧੂ ਸਤਸੰਗੈ ॥ (ਮਹਲਾ ੫/੧੦੯੮)

  1. ਸੰਬੰਧਕ (Preposition) : ਜੋ ਸ਼ਬਦ; ਨਾਂਵ/ਪੜਨਾਂਵ ਦੇ ਪਿੱਛੇ ਲੱਗ ਕੇ ਉਨ੍ਹਾਂ ਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਜੋੜਨ, ਉਹ ਸੰਬੰਧਕ ਹੁੰਦੇ ਹਨ; ਜਿਵੇਂ ‘ਗੁਰ ਕਾ ਵਚਨ ਸਰਬੋਤਮ ਹੈ।, ਉਸ ਦੀ ਕਿਰਪਾ ਲਾਭਕਾਰੀ ਹੈ।, ਮਨ ਵਿੱਚ ਡਰ ਹਾਨੀਕਾਰਕ ਹੈ’; ਵਾਕਾਂ ’ਚ ‘ਕਾ, ਦੀ, ਵਿੱਚ’ ਸੰਬੰਧਕ ਹਨ।

ਗੁਰਬਾਣੀ ’ਚ ਇਹ ਸੰਬੰਧਕ ਸ਼ਬਦ ਹਨ (ਨੋਟ: ਬਰੈਕਟ ਬੰਦ ਸ਼ਬਦ; ਉਚਾਰਨ ਸੇਧ ਹੈ ਜਾਂ ਸ਼ਬਦਾਂ ਦੇ ਅਰਥ ਹਨ, ਗੁਰਬਾਣੀ ਦੀ ਲਿਖਤ ਨਹੀਂ): ‘ਉਤੈ (ਉੱਤੇ), ਊਪਰਿ/ਉਪਰਿ, ਓਰ/ਓਰੁ (ਵੱਲ), ਅੰਤਰਿ/ਅੰਤਰੇ, ਅੰਦਰਿ, ਅਰਥਾ/ਅਰਥਿ (ਉਧਰਣ ਲਈ), ਆਗੈ (ਅੱਗੇ/ਸਾਮ੍ਹਣੇ), ਸਉ/ਸੌ/ਸਿਉ/ਸਣਿ/ਸਣੁ/ਸਣੈ (ਨਾਲ) ਸਟੈ (ਜਿੰਦ ਦੇ ਵੱਟੇ), ਸਹਿਤ/ਸਹੇਤਿ/ਸਮੇਤਿ (ਨਾਲ), ਸੰਦਾ/ਹੰਦਾ (ਦਾ), ਸੰਦੀ/ਹੰਦੀ (ਦੀ), ਸੰਦੇ (ਦੇ), ਸੰਦੜੀ, ਸੰਦੀਆ, ਸਦਕਾਰੀ (ਸਦਕਾ/ਕਾਰਣ), ਸੰਗਿ, ਸਾਥਿ, ਸੇਤੀ (ਨਾਲ), ਸੈ (ਤੋਂ), ਹੇਤਿ (ਲਈ), ਹੂ/ਹੂੰ (ਤੋਂ), ਹੇਠਿ, ਕਹੁ (ਨੂੰ), ਕਰਿ (ਕਰਕੇ/ਨਾਲ), ਕਾ, ਕੀ, ਕੇ, ਕੈ, ਕੋ (ਦਾ), ਕੀਆ, ਕੰਨਹੁ/ਕੰਨੋ (ਕੋਲ਼ੋਂ), ਕਿੵਹੁ (ਤੋਂ), ਕੇਰਾ (ਦਾ), ਕੇਰੀ (ਦੀ), ਕੇਰੇ (ਦੇ), ਕੇਰੀਆ (ਦੀਆਂ), ਕੀਐ/ਨਵਿੱਤ (ਖ਼ਾਤਰ/ਲਈ), ਕਾਰਣਿ/ਕਾਰਨਿ/ਕਾਰਣਾ (ਲਈ), ਕਉ/ਕੰਉ, ਕਨਿ (ਕੋਲ਼), ਕੂ/ਕੌ/ਕੂੰ (ਨੂੰ), ਖੇ (ਦੇ/ਦੀ/ਨੇ/ਨੂੰ), ਚੇ (ਦੇ), ਚੋ (ਦਾ), ਚੀ (ਦੀ), ਚ (ਦੇ), ਚੈ (ਦੇ), ਜੋਗੁ (ਜ਼ਿੰਮੇ/ਮੱਥੇ/ਪੱਲੇ), ਜ਼ੇਰ (ਹੇਠਾਂ), ਡੂੰ (ਤੋਂ), ਤਲਿ (ਹੇਠਾਂ/ਉੱਤੇ), ਤਾਈ (ਲਈ), ਤੇ (ਤੋਂ), ਥੇਂ (ਤੋਂ), ਥੈ (ਵਿੱਚ), ਦਾ, ਦੀ, ਦੇ, ਦੈ, ਦੂ/ਦੂੰ (ਤੋਂ), ਧਿਰਿ (ਪਾਸੇ/ਤਰਫ਼), ਨਉ/ਨੋ (ਨੂੰ), ਨਜੀਕਿ, ਨਿਕਟਿ,ਨਿਰੰਤਰਿ (ਵਿੱਚ), ਨਾਲਿ, ਨਾਲੇ, ਨਾਲਹੁ, ਨਿਆਈ (ਵਾਙ), ਪਹਿ/ਪਾਹਿ/ਪਾਹਾ (ਕੋਲ਼), ਪਹੁ (ਪਾਸੋਂ), ਪਹਿ (ਕੋਲ਼), ਪਰਣੈ (ਆਸਰੇ/ਬਲ), ਪਰਿ (ਉੱਤੇ), ਪ੍ਰਤਿ (ਲਈ), ਪਾਸੀ/ਪਾਹੀ (ਕੋਲ਼), ਪਾਸਾ/ਪਾਹਾ (ਪਾਸ), ਪਾਸਹੁ/ਥਾਵਹੁ (ਕੋਲ਼ੋਂ/ਤੋਂ), ਪਾਛੈ (ਪਿੱਛੇ), ਪੈ (ਵਿੱਚ/ਤੋਂ/ਭੀ), ਬਿਨੁ/ਬਿਨਾ/ਬਿਹੂਨ/ਬਾਝੁ/ਬਾਝਹੁ/ਬਾਝੜਿਅਹੁ, ਬਾਹਰਿ/ਬਾਹਰੀ/ਬਾਹਰਾ, ਬਾਦਰੈ (ਬਦਲੇ), ਭੀਤਰਿ/ਭੀਤਰੇ, ਮਧਿ/ਮਧੇ/ਮੰਧੇ/ਮੰਝਿ/ਮੰਝਾਹੂ/ਮਝਾਹੂ/ਮਝਾਰ/ਮਝਾਰਿ/ਮਝੂਰਿ (ਵਿੱਚ), ਮਾਹੀ/ਮਾਹਿ/ਮਹਿ/ਮੇ/ਮੈ (ਵਿੱਚ), ਮਿਆਨੇ/ਮੰਧਾਹੀ (ਵਿੱਚ), ਸਮਾਨਿ/ਸਮਾਨੰ/ਜੈਸਾ/ਜੈਸੀ/ਜੈਸੇ/ਜੈਹੀ/ਜੈਹ/ਜੇਹੇ/ਜੇਹੀਆ/ਜੇਹਿਆ/ਜੇਵਿਹਾ/ਸਾ/ਸਰਿ/ਸਮਸਰਿ/ਵਤ (ਵਰਗਾ), ਜਸ/ਤੁਲਿ/ਬਰਾਬਰਿ/ਜੇਵਡੁ/ਜੇਵਡ/ਲਵੈ/ਸਾਰ (ਬਰਾਬਰ/ਵਰਗਾ), ਭਰਿ (ਲਈ), ਤੁਲਿ (ਵਰਗਾ) ਬਦਲੇ/ਬਾਦਰੈ/ਬਦਲੈ/ਬਦਲਹਾ/ਬਦਲਾਵਨਿ/ਸਟੈ (ਬਦਲੇ), ਵਾਂਗੀ/ਵਾਂਗੂ/ਵਾਗਿ, ਮਿਕਦਾਰਾ (ਵਾਂਗ), ਸਾਰਖੇ (ਵਰਗੇ), ਰੀ (ਦੀ), ਰੋ (ਦਾ), ਵਿਚਿ/ਬਿਚਿ, ਵਿਣੁ, ਵਲਿ, ਵਿਚਦੋ/ਵਿਚੁਦੇ (ਵਿੱਚੋਂ ਦੀ), ਵਿਚਹੁ, ਵਿਟਹੁ/ਵਿਟੜਿਅਹੁ (ਤੋਂ)’।

ਨੋਟ:  ਹੇਠਲੇ ਵਾਕਾਂ ਇੱਕੋ ਜਿਹੇ ਸ਼ਬਦਾਂ ਦਾ ਤੁਕ ਸਥਾਨ ਅਤੇ ਉਨ੍ਹਾਂ ਦੇ ਅਰਥ ਵਾਚਣਯੋਗ ਹਨ :

ਨਾਨਕ !  ਸੇ ਨਰ ਅਸਲਿ ਖਰ; ਜਿ ਬਿਨੁ ਗੁਣ, ਗਰਬੁ ਕਰੰਤਿ ॥ (ਮਹਲਾ ੧/੧੨੪੬) (ਅਸਲਿ; ਵਿਸ਼ੇਸ਼ਣ ਹੈ। ਅਰਥ ਹੈ : ‘ਅਸਲ ਖੋਤੇ’ ਭਾਵ ਉਹ ਮਨੁੱਖ; ਅਸਲ ਖੋਤੇ ਹਨ। ਜੇ ਵਾਕ ਹੁੰਦਾ ‘ਅਸਲ ਖੋਤਾ ਮਨੁੱਖ’ ਤਾਂ ‘ਅਸਲਿ’; ਕ੍ਰਿਆ-ਵਿਸ਼ੇਸ਼ਣ ਹੁੰਦਾ ਕਿਉਂਕਿ ‘ਖੋਤੇ’ ਵਿਸ਼ੇਸ਼ਣ ਦੀ ਵਿਸ਼ੇਸ਼ਤਾ ਦੱਸ ਰਿਹਾ ਹੁੰਦਾ ਪਰ ਹੁਣ ‘ਖੋਤਾ’ ਨਾਂਵ ਹੈ।)

ਸਿੰਚਹਿ ਦਰਬੁ (ਧਨ); ਦੇਹਿ ਦੁਖੁ ਲੋਗ ॥  ਤੇਰੈ ਕਾਜਿ ਨ; ਅਵਰਾ ਜੋਗ ॥ (ਮਹਲਾ ੫/੮੮੯) (ਜੋਗ; ਸੰਬੰਧਕ ਹੈ, ਅਰਥ ਹਨ: ‘ਹੋਰਾਂ ਜੋਗਾ, ਹੋਰਾਂ ਵਾਸਤੇ’ ਭਾਵ ਹੇ ਮੂਰਖ ! ਤੂੰ ਲੋਕਾਂ ਨੂੰ ਦੁਖ ਦੇ ਕੇ ਧਨ ਇਕੱਠਾ ਕਰਦਾ ਹੈਂ, ਪਰ (ਮਰਨ ਉਪਰੰਤ ਇਹ) ਤੇਰੇ ਕੰਮ ਨਹੀਂ ਆਵੇਗਾ, ਹੋਰਾਂ ਵਾਸਤੇ ਰਹਿ ਜਾਵੇਗਾ।)

ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥ (ਮਹਲਾ ੫/੨੬੫) (ਜੋਗ; ਨਾਂਵ ਹੈ। ਅਰਥ ਹੈ: ‘ਯੋਗ ਮਤ’।)

ਨਾਮੁ ਮੰਤ੍ਰੁ; ਗੁਰਿ (ਨੇ) ਦੀਨੋ ਜਾ ਕਹੁ (ਜਿਨ੍ਹਾਂ ਨੂੰ)॥ (ਮਹਲਾ ੫/੨੫੭) (ਕਹੁ; ਸੰਬੰਧਕ ਹੈ। ਇਹ ਸ਼ਬਦ ‘ਕ੍ਰਿਆ’ ਵੀ ਹੈ, ਓਥੇ ਅਰਥ ਹੋਵੇਗਾ: ‘ਆਖ’।)

ਸੁਰਗੈ ਦੀਆ  ਮੋਹਣੀਆ ਇਸਤਰੀਆ ਹੋਵਨਿ; ਨਾਨਕ  ! ਸਭੋ ਜਾਉ ॥ (ਮਹਲਾ ੧/੧੪੨) (ਦੀਆ; ਸੰਬੰਧਕ ਹੈ। ਉਚਾਰਨ ਹੈ: ‘ਦੀਆਂ’, ਪਰ ਬਾਣੀ ’ਚ ‘ਦੀਆ’ ਦਾ ਅਰਥ ‘ਦਿੱਤਾ’ ਵੀ ਹੈ; ਜਿਵੇਂ ‘‘ਜੋ ਗੁਰਿ (ਨੇ) ਦੀਆ; ਸੁ ਮਨ ਕੈ ਕਾਮਿ (’ਚ) ॥’’ ਮਹਲਾ ੫/੧੭੭)

ਮਨ ਕਰਿ (ਮਨ ਨਾਲ); ਕਬਹੂ ਨ ਹਰਿ ਗੁਨ ਗਾਇਓ ॥ (ਮਹਲਾ ੯/੧੨੩੧) (ਕਰਿ; ਸੰਬੰਧਕ ਹੈ। ਅਰਥ ਹੈ ‘ਨਾਲ’, ਪਰ ਗੁਰਬਾਣੀ ’ਚ ਇਹ ਸ਼ਬਦ ਕ੍ਰਿਆ-ਵਿਸ਼ੇਸ਼ਣ ਵੀ ਹੈ। ਓਥੇ ਅਰਥ ਹੈ: ਕਰਕੇ; ਜਿਵੇਂ ‘‘ਕਰਿ ਕਰਿ ਵੇਖੈ ਸਿਰਜਣਹਾਰੁ ॥’’ (ਜਪੁ)

ਬੇਦ ਪੁਰਾਨ ਜਾਸ ਗੁਨ ਗਾਵਤ; ਤਾ ਕੋ ਨਾਮੁ ਹੀਐ ਮੋ ਧਰੁ ਰੇ ॥ (ਮਹਲਾ ੯/੨੨੦) (ਮੋ; ਸੰਬੰਧਕ ਹੈ। ਅਰਥ ਹੈ: ‘ਵਿੱਚ’, ਪਰ ਇਹ ਸ਼ਬਦ ਪੜਨਾਂਵ ਵੀ ਹੈ, ਜੋ ‘ਮੈਨੂੰ’ ਅਰਥ ਦਿੰਦਾ ਹੈ; ਜਿਵੇਂ ਮੋ ਕਉ  ਤੂੰ ਨ ਬਿਸਾਰਿ; ਤੂ ਨ ਬਿਸਾਰਿ ॥ ਭਗਤ ਨਾਮਦੇਵ/੧੨੯੨)

ਅਨਿਕ ਅਨਿਕ ਭੋਗ ਰਾਜ ਬਿਸਰੇ, ਪ੍ਰਾਣੀ !  ਸੰਸਾਰ ਸਾਗਰ ਪੈ (ਉੱਤੇ) ਅਮਰੁ ਭਇਆ ॥ (ਭਗਤ ਤ੍ਰਿਲੋਚਨ/੯੨) (ਪੈ; ਸੰਬੰਧਕ ਹੈ। ਇਹ ਕ੍ਰਿਆ-ਵਿਸ਼ੇਸ਼ਣ ਵੀ ਹੈ, ਓਥੇ ਅਰਥ ਹਨ: ‘ਪੈ ਕੇ’; ਜਿਵੇਂ ‘‘ਇਕਿ ਨਿਹਾਲੀ ਪੈ (ਕੇ) ਸਵਨਿ੍; ਇਕਿ ਉਪਰਿ ਰਹਨਿ ਖੜੇ ॥’’ ਮਹਲਾ ੧/੪੭੫)

ਗੁਰ ਕਾ ਸਬਦੁ ਗੁਰ ਥੈ (ਅੰਦਰ) ਟਿਕੈ; ਹੋਰ ਥੈ (ਥਾਂ) ਪਰਗਟੁ ਨ ਹੋਇ ॥ (ਮਹਲਾ ੩/੧੨੪੯) (ਪਹਿਲਾ ਥੈ; ਸੰਬੰਧਕ ਹੈ, ਜਿਸ ਨੇ ਇੱਕ ਵਚਨ ਪੁਲਿੰਗ ਨਾਂਵ ‘ਗੁਰੁ’ ਨੂੰ ਅੰਤ ਮੁਕਤਾ ‘ਗੁਰ ਥੈ’ ਕਰ ਦਿੱਤਾ ਅਤੇ ਦੂਜਾ ‘ਹੋਰ ਥੈ’ ਦਾ ਅਰਥ ਹੈ: ‘ਹੋਰ ਥਾਂ’ ਇਸਤ੍ਰੀ ਲਿੰਗ।)

ਨਰ ‘ਸੈ’ (ਤੋਂ); ਨਾਰਿ ਹੋਇ ਅਉਤਰੈ ॥ (ਭਗਤ ਨਾਮਦੇਵ/੮੭੪) (ਸੈ; ਸੰਬੰਧਕ ਹੈ, ਪਰਸੈਦਾ ਅਰਥ ‘100’ ਵੀ ਹੈ; ਜਿਵੇਂ ‘‘ਊਡੇ ਊਡਿ ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ਮਹਲਾ /੧੦)

ਹਰਖ ਸੋਗ ਹਾਨਿ (ਘਾਟਾ) ਮਿਰਤੁ ਦੂਖ ਸੁਖ; ਚਿਤਿ (’ਚ) ਸਮਸਰਿ,  ਗੁਰ ਮਿਲੇ ॥ (ਮਹਲਾ ੫/੨੧੪) (ਸਮਸਰਿ; ਕ੍ਰਿਆ ਵਿਸ਼ੇਸ਼ਣ। ਅਰਥ ਹੈ: ‘ਇੱਕੋ ਜਿਹੇ’)

ਗ੍ਰਿਹੁ ਬਨੁ ਸਮਸਰਿ ਸਹਜਿ ਸੁਭਾਇ ॥ (ਮਹਲਾ ੧/੩੫੧) (ਸਮਸਰਿ; ਕ੍ਰਿਆ ਵਿਸ਼ੇਸ਼ਣ। ਅਰਥ ਹੈ: ‘ਇੱਕੋ ਜਿਹੇ’ ਭਾਵ ਘਰ ਤੇ ਜੰਗਲ਼ ਇੱਕੋ ਜਿਹੇ। ਜੇ ਸੰਬੰਧਕ ਹੁੰਦਾ ਤਾਂ ‘ਬਨੁ’ ਨੂੰ ਅੰਤ ਮੁਕਤਾ ਕਰਦਾ।)

ਜਨੁ ਨਾਨਕੁ ਭਗਤੁ, ਦਰਿ (’ਤੇ) ਤੁਲਿ (ਤੁਲੇ/ਕਬੂਲ ਹੋਏ), ਬ੍ਰਹਮ ਸਮਸਰਿ;  ਏਕ ਜੀਹ ਕਿਆ ਬਖਾਨੈ ?॥ (ਮਹਲਾ ੫/੧੩੮੫) (ਸਮਸਰਿ; ਸੰਬੰਧਕ ਹੈ। ਅਰਥ ਹੈ: ‘ਵਰਗੇ’ । ਇਸ ਨੇ ‘ਬ੍ਰਹਮ’ ਨੂੰ ਅੰਤ ਮੁਕਤਾ ਕਰ ਦਿੱਤਾ ਭਾਵ (ਰੱਬ ਦੇ) ਭਗਤ ਗੁਰੂ ਨਾਨਕ ਜੀ; ਰੱਬੀ ਦਰ ’ਤੇ ਕਬੂਲ ਹੋਏ ਹੋਏ ਰੱਬ ਵਰਗੇ ਹਨ। ਇੱਕ ਜੀਭ (ਗੁਰੂ ਨਾਨਕ ਜੀ ਬਾਰੇ) ਹੋਰ ਕੀ-ਕੀ ਦੱਸ ਸਕਦੀ ਹੈ ਭਾਵ ਉਨ੍ਹਾਂ ਦੇ ਸਾਰੇ ਗੁਣ ਬਿਆਨ ਨਹੀਂ ਹੋ ਸਕਦੇ?)

ਨਾਨਕ !  ਗੁਰ ਸਮਾਨਿ ਤੀਰਥੁ ਨਹੀ ਕੋਈ; ਸਾਚੇ ਗੁਰ ਗੋਪਾਲਾ ॥ (ਮਹਲਾ ੧/੪੩੭) (ਸਮਾਨਿ; ਸੰਬੰਧਕ ਹੈ। ਅਰਥ ਹੈ: ‘ਵਰਗਾ’। ਇਸ ਨੇ ‘ਗੁਰੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਤੇਰਾ ਸਭੁ ਕੀਆ, ਤੂੰ ਥਿਰੁ ਥੀਆ (ਹੈਂ);  ਤੁਧੁ ਸਮਾਨਿ  ਕੋ ਨਾਹੀ ॥ (ਮਹਲਾ ੧/੪੩੭) (ਸਮਾਨਿ; ਸੰਬੰਧਕ ਹੈ। ਅਰਥ ਹੈ: ‘ਵਰਗਾ’। ‘ਤੁਧੁ’; ਪੜਨਾਂਵ ਕਾਰਨ ਅੰਤ ਮੁਕਤਾ ਨਹੀਂ ਹੋਇਆ।)

ਸੋ ਹਰਿ ਜਨੁ ਨਾਮੁ ਧਿਆਇਦਾ; ਹਰਿ ਹਰਿ ਜਨੁ ਇਕ ਸਮਾਨਿ ॥ (ਮਹਲਾ ੪/੬੫੨) (ਸਮਾਨਿ; ਕ੍ਰਿਆ ਵਿਸ਼ੇਸ਼ਣ ਹੈ। ਅਰਥ ਹੈ: ‘ਇੱਕ ਜਿਹਾ’। ਜੇ ਸੰਬੰਧਕ ਹੁੰਦਾ ਤਾਂ ‘ਜਨੁ’ ਨੂੰ ਅੰਤ ਮੁਕਤਾ ਕਰਦਾ।)

ਖੀਰ ਸਮਾਨਿ  ਸਾਗੁ ਮੈ ਪਾਇਆ; ਗੁਨ ਗਾਵਤ ਰੈਨਿ ਬਿਹਾਨੀ ॥ (ਭਗਤ ਕਬੀਰ/੧੧੦੫) (ਸਮਾਨਿ; ਸੰਬੰਧਕ ਹੈ। ਅਰਥ ਹੈ: ‘ਵਰਗਾ/ਜੈਸਾ’। ਇਸ ਨੇ ‘ਖੀਰੁ’ ਨੂੰ ਅੰਤ ਮੁਕਤਾ ਕਰ ਦਿੱਤਾ। ਚੇਤੇ ਰਹੇ ਕਿ ‘ਖੀਰੁ’ ਪੁਲਿੰਗ ਹੈ, ‘‘ਜਿਉ ਬਾਰਿਕੁ ਪੀ (ਕੇ) ਖੀਰੁ ਅਘਾਵੈ ॥’’ ਮਹਲਾ ੫/੧੦੦)

ਇਤ ਉਤ ਦਹ ਦਿਸਿ ਰਵਿਓ; ਮੇਰ ਤਿਨਹਿ ਸਮਾਨਿ ॥ (ਮਹਲਾ ੫/੧੩੨੨) (ਸਮਾਨਿ; ਪ੍ਰਮਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਇੱਕੋ ਜਿਹਾ’; ਭਾਵ ਇੱਥੇ ਓਥੇ, ਦਸ ਦਿਸਾਵਾਂ ਚ, ਮੇਰੂ ਪਰਬਤ ਅਤੇ ਘਾਹ ’ਚ ਰੱਬ ‘ਇੱਕੋ ਜਿਹਾ’ ਵਸਿਆ ਹੈ।ਸਮਾਨਿ; ‘ਰਵਿਓ’ (ਕ੍ਰਿਆ) ਨਾਲ ਹੈ, ਕਿਸੇ ਨਾਂਵ ਨਾਲ ਨਹੀਂ।)

ਭਰਿ ਸਰਵਰੁ ਜਬ ਊਛਲੈ; ਤਬ ਤਰਣੁ ਦੁਹੇਲਾ ॥ (ਬਾਬਾ ਫਰੀਦ/੭੯੪) (ਭਰਿ; ਕ੍ਰਿਆ-ਵਿਸ਼ੇਸ਼ਣ। ਅਰਥ ਹੈ: ‘ਭਰ ਕੇ’)

ਏਕ ਬੂੰਦ ਭਰਿ  ਤਨੁ ਮਨੁ ਦੇਵਉ; ਜੋ ਮਦੁ ਦੇਇ ਕਲਾਲੀ ਰੇ ॥ (ਭਗਤ ਕਬੀਰ/੯੬੯) (ਭਰਿ; ਸੰਬੰਧਕ ਹੈ। ਅਰਥ ਹੈ: ‘ਲਈ/ਬਦਲੇ’)

ਸਾ  ਮਤਿ ਦੀਜੈ; ਜਿਤੁ ਤੁਧੁ ਧਿਆਈ ॥ (ਮਹਲਾ ੫/੧੦੦) (ਸਾ; ਪੜਨਾਂਵੀ ਵਿਸ਼ੇਸ਼ਣ। ਅਰਥ ਹੈ: ‘ਉਹ’)

ਆਪੁ ਬੀਚਾਰਿ (ਕੇ), ਮਾਰਿ (ਕੇ) ਮਨੁ, ਦੇਖਿਆ; ਤੁਮ ਸਾ  ਮੀਤੁ ਨ ਅਵਰੁ ਕੋਈ ॥ (ਮਹਲਾ ੧/੩੫੬) (ਸਾ; ਸੰਬੰਧਕ ਹੈ। ਅਰਥ ਹੈ: ‘ਤੇਰੇ ਵਰਗਾ’)

ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ !  ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥ (ਮਹਲਾ ੪/੧੬੭) (ਸਾ; ਪੜਨਾਂਵੀ ਵਿਸ਼ੇਸ਼ਣ ਹੈ। ਅਰਥ ਹੈ: ‘ਉਹ’)

ਹਰਿ ਸਾ ਪ੍ਰੀਤਮੁ; ਅਵਰੁ ਨ ਕੋਇ ॥ (ਮਹਲਾ ੫/੧੧੫੧) (ਸਾ; ਸੰਬੰਧਕ ਹੈ। ਅਰਥ ਹੈ: ‘ਹਰੀ ਵਰਗਾ’)

ਤੁਮ ਮਖਤੂਲ (ਰੇਸ਼ਮ) ਸੁਪੇਦ ਸਪੀਅਲ (ਪੀਲ਼ਾ); ਹਮ ਬਪੁਰੇ ਜਸ ਕੀਰਾ ॥ (ਭਗਤ ਰਵਿਦਾਸ/੪੮੬) (ਜਸ; ਸੰਬੰਧਕ ਹੈ। ਅਰਥ ਹੈ: ‘ਕੀੜੇ ਵਰਗੇ’)

ਜਸ  ਕਾਗਦ ਪਰ (ਉੱਤੇ); ਮਿਟੈ ਨ ਮੰਸੁ (ਸਿਆਹੀ)॥ (ਭਗਤ ਕਬੀਰ/੮੭੧) (ਜਸ; ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਜਿਵੇਂ’)

ਧਣਖੁ ਚੜਾਇਓ ਸਤ ਦਾ; ਜਸ ਹੰਦਾ ਬਾਣੁ ॥ (ਬਲਵੰਡ ਸਤਾ/੯੬੮) (ਜਸ; ਨਾਂਵ ਹੈ। ਅਰਥ ਹੈ: ‘ਸਿਫ਼ਤ’ ਭਾਵ ਸਿਫ਼ਤ ਦਾ ਤੀਰ। ਹੰਦਾ (ਭਾਵ “ਦਾ”) ਸੰਬੰਧਕ ਨੇ ‘ਜਸੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਕਨਕ ਕਟਿਕ (ਸੋਨੇ ਤੇ ਕੜੇ ਦਾ ਅੰਤਰ); ਜਲ ਤਰੰਗ ਜੈਸਾ ॥ (ਭਗਤ ਰਵਿਦਾਸ/੯੩) (ਜੈਸਾ; ਸੰਬੰਧਕ ਹੈ। ਅਰਥ ਹੈ: ‘ਵਰਗਾ’ ਭਾਵ ਪਾਣੀ ਦੇ ਤਰੰਗ ਵਰਗਾ। ਇਸ ਨੇ ‘ਤਰੰਗੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਜੈਸਾ ਸਤਿਗੁਰੁ ਸੁਣੀਦਾ; ਤੈਸੋ ਹੀ ਮੈ ਡੀਠੁ ॥ (ਮਹਲਾ ੫/੯੫੭) (ਜੈਸਾ; ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਜਿਸ ਤਰ੍ਹਾਂ ਦਾ’)

ਗੁਰ ਜੈਸਾ ; ਨਾਹੀ ਕੋ ਦੇਵ ॥ (ਮਹਲਾ ੫/੧੧੪੨) (ਜੈਸਾ; ਸੰਬੰਧਕ। ਅਰਥ ਹੈ: ‘ਵਰਗਾ’, ਇਸ ਲਈ ‘ਗੁਰੁ’ ਅੰਤ ਮੁਕਤਾ ਹੈ।)

ਪਾਨੀ ਮਾਹਿ; ਦੇਖੁ ਮੁਖੁ ਜੈਸਾ ॥ (ਭਗਤ ਨਾਮਦੇਵ/੧੩੧੮) (ਜੈਸਾ; ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਜਿਵੇਂ’। ਇੱਥੇ ‘ਜੈਸਾ ਦੇਖੁ’ ਹੈ, ਨਾ ਕਿ ‘ਮੁਖੁ ਜੈਸਾ’; ਨਹੀਂ ਤਾਂ ‘ਮੁਖੁ’ ਅੰਤ ਮੁਕਤਾ ਹੁੰਦਾ ਅਤੇ ਅਰਥ ਹੁੰਦੇ: ‘ਮੂੰਹ ਵਰਗਾ’।)

ਵਤ  ਲਗੀ ਸਚੇ ਨਾਮ ਕੀ; ਜੋ ਬੀਜੇ ਸੋ ਖਾਇ ॥ (ਮਹਲਾ ੫/੩੨੧) (ਵਤ; ਇਸਤਰੀ ਲਿੰਗ ਨਾਂਵ ਹੈ। ਅਰਥ ਹੈ: ‘ਵੱਤ, ਵੱਤਰ, ਬੀਜਣ ਲਈ ਢੁੱਕਵੀਂ ਨਮੀਂ’)

ਇਹੁ ਸੰਸਾਰੁ ਬਿਖੁ ਵਤ ਅਤਿ ਭਉਜਲੁ; ਗੁਰ ਸਬਦੀ ਹਰਿ ਪਾਰਿ ਲੰਘਾਈ ॥ (ਮਹਲਾ ੧/੩੫੩) (ਵਤ; ਸੰਬੰਧਕ ਹੈ। ਅਰਥ ਹੈ: ‘ਜ਼ਹਰ ਵਰਗਾ/ਜ਼ਹਰ ਸਮਾਨ’। ‘ਬਿਖੁ’ ਦੀ ਅੰਤ ਔਂਕੜ; ਮੂਲਕ ਹੋਣ ਕਾਰਨ ਨਹੀਂ ਹਟੀ।)

ਸੰਤ ਹੇਤਿ;  ਪ੍ਰਭਿ (ਨੇ) ਤ੍ਰਿਭਵਣ ਧਾਰੇ ॥ (ਮਹਲਾ ੧/੨੨੪) (ਹੇਤਿ; ਸੰਬੰਧਕ ਹੈ। ਅਰਥ ਹੈ: ‘ਲਈ’ ਭਾਵ ਸੰਤ ਬਣਾਨ ਲਈ। ਇਸ ਨੇ ‘ਸੰਤੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਕਮਲ ਹੇਤਿ ਬਿਨਸਿਓ ਹੈ ਭਵਰਾ; ਉਨਿ ਮਾਰਗੁ ਨਿਕਸਿ ਨ ਪਾਇਓ ॥ (ਮਹਲਾ ੫/੬੭੦) (ਹੇਤਿ; ਸੰਬੰਧਕ ਹੈ। ਅਰਥ ਹੈ: ‘ਲਈ’। ਇਸ ਨੇ ‘ਕਮਲ’ ਨੂੰ ਅੰਤ ਮੁਕਤਾ ਕਰ ਦਿੱਤਾ।)

ਭਗਤਿ ਹੇਤਿ;  ਗੁਰ ਸਬਦਿ ਤਰੰਗਾ ॥ (ਮਹਲਾ ੧/੧੦੪੨) (ਹੇਤਿ; ਸੰਬੰਧਕ ਹੈ। ਅਰਥ ਹੈ: ‘ਲਈ’। ‘ਭਗਤਿ’ ਦੀ ਅੰਤ ਸਿਹਾਰੀ ਮੂਲਕ ਹੋਣ ਕਾਰਨ ਨਹੀਂ ਹਟੀ।)

ਭਗਤ ਹੇਤਿ ਮਾਰਿਓ ਹਰਨਾਖਸੁ; ਨਰਸਿੰਘ ਰੂਪ ਹੋਇ ਦੇਹ ਧਰਿਓ ॥ (ਭਗਤ ਨਾਮਦੇਵ/੧੧੦੫) (ਹੇਤਿ; ਸੰਬੰਧਕ ਹੈ। ਅਰਥ ਹੈ: ‘ਲਈ’। ਇਸ ਨੇ ‘ਭਗਤੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਦਿਨ ਪ੍ਰਤਿ ਕਰੈ, ਕਰੈ ਪਛੁਤਾਪੈ; ਸੋਗ ਲੋਭ ਮਹਿ ਸੂਕੈ ॥ (ਮਹਲਾ ੫/੬੭੨) (ਪ੍ਰਤਿ; ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਹਰ ਦਿਨ’ ਭਾਵ ਬੁਰੇ ਕੰਮ ਰੋਜ਼ ਕਰਦਾ ਹੈ।)

ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ  ਕੀਨੀ; ਕਰਿ (ਕਹਿ ਕੇ) ਨਾਰਾਇਣ ਬੋਲਾਰੇ ॥ (ਮਹਲਾ ੪/੯੮੧) (ਪ੍ਰਤਿ; ਸੰਬੰਧਕ ਹੈ। ਅਰਥ ਹੈ: ‘ਨਾਲ’। ਇਸ ਨੇ ‘ਪੁਤ੍ਰੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਗੁਰ ਨਾਲਿ ਤੁਲਿ  ਨ ਲਗਈ; ਖੋਜਿ ਡਿਠਾ ਬ੍ਰਹਮੰਡੁ ॥ (ਮਹਲਾ ੫/੫੦) (ਨਾਲਿ; ਸੰਬੰਧਕ ਹੈ। ਅਰਥ ਹੈ: ‘ਦੇ ਬਰਾਬਰ’। ਇਸ ਨੇ ‘ਗੁਰੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਨਾਮ ਤੁਲਿ ; ਕਛੁ ਅਵਰੁ ਨ ਹੋਇ ॥ (ਸੁਖਮਨੀ/ਮਹਲਾ ੫/੨੬੫) (ਤੁਲਿ; ਸੰਬੰਧਕ ਹੈ। ਅਰਥ ਹੈ: ‘ਵਰਗਾ’। ਇਸ ਨੇ ‘ਨਾਮੁ’ ਨੂੰ ਅੰਤ ਮੁਕਤਾ ਕਰ ਦਿੱਤਾ।)

ਜੈਸੇ ਰਾਜ ਰੰਕ ਕਉ; ਲਾਗੈ ਤੁਲਿ ਪਵਾਨ ॥ (ਮਹਲਾ ੫/੨੭੨) (ਤੁਲਿ; ਪ੍ਰਮਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਇੱਕੋ ਜਿਹੀ’ ਭਾਵ ਜਿਵੇਂ ਗ਼ਰੀਬ-ਅਮੀਰ ਨੂੰ ਹਵਾ ‘ਇੱਕੋ ਜਿਹੀ’ ਲਗਦੀ ਹੈ। ਇੱਥੇ ਤੁਲਿ; ਪਵਾਨ ਨਾਲ ਨਹੀਂ, ‘ਲਾਗੈ’ (ਕ੍ਰਿਆ) ਨਾਲ ਹੈ।)

ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ; ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥ (ਮਹਲਾ ੪/੧੪੨੧) (ਤੁਲਿ; ਪ੍ਰਮਾਨ-ਵਾਚਕ ਕ੍ਰਿਆ-ਵਿਸ਼ੇਸ਼ਣ ਹੈ। ਅਰਥ ਹੈ: ‘ਇੱਕੋ ਜਿਹੀ’। ਇੱਥੇ ਤੁਲਿ; ਹੋਇ (ਕ੍ਰਿਆ) ਨਾਲ ਹੈ, ਨਾ ਕਿ ‘ਨਿੰਦਾ ਉਸਤਤਿ’ ਨਾਂਵ ਨਾਲ।)

  1. ਯੋਜਕ (Conjunction) : ਕਿਸੇ ਦੋ ਸ਼ਬਦਾਂ ਜਾਂ ਦੋ ਵਾਕਾਂ ਨੂੰ ਜੋੜਨ ਵਾਲੇ ਸ਼ਬਦ; ਯੋਜਕ ਹੁੰਦੇ ਹਨ; ਜਿਵੇਂ ਲੜਕਾ ਅਤੇ ਲੜਕੀ। ਸੌਂ ਜਾਹ ਕਿਉਂਕਿ ਸਵੇਰੇ ਜਲਦੀ ਉੱਠਣਾ ਹੈ। ਮੈਂ ਗਿਆ ਸੀ ਪਰ ਉਹ ਨਾ ਮਿਲਿਆ; ਵਾਕਾਂ ’ਚ ‘ਅਤੇ, ਕਿਉਂਕਿ, ਪਰ’ ਯੋਜਕ ਹਨ।

ਗੁਰਬਾਣੀ ’ਚ ਯੋਜਕ ਸ਼ਬਦ ਹਨ : ‘ਅਉ (ਅਤੇ), ਅਕੈ (ਜਾਂ), ਅਥਵਾ (ਅਤੇ), ਅਤੈ (ਅਤੇ), ਅਰੁ (ਅਤੇ), ਅਵਰ/ਅਵਰੁ (ਅਤੇ), ਕਿ (ਜਾਂ), ਕੈ (ਜਾਂ), ਚ (ਅਤੇ), ਜਉ (ਜੇਕਰ), ਜਿਉ (ਜਿਵੇਂ), ਜਣੁ/ਜਨੁ/ਜਾਨਉ/ਜਾਨਊ/ਜਨਕ (ਮਾਨੋ ਕਿ/ਸਮਝੋ ਕਿ), ਜਿ (ਕਿ), ਜੇ (ਜੇਕਰ/ਭਾਵੈ), ਜਾਂ, ਤਉ ਭੀ, ਤ, ਤ ਭੀ, ਤਊ/ਤਉ (ਤਾਂ ਭੀ), ਤਾਂ, ਤਾ (ਤਾਂ/ਤਾਂ ਤੇ), ਤੈ (ਅਤੇ), ਨਾ/ਨ (ਨੋਟ: ਜਦ ਇਹ ਸ਼ਬਦ ਕਿਸੇ ਨਾਂਵ/ਪੜਨਾਂਵ ਨਾਲ ਆਵੇ ਤਾਂ ਯੋਜਕ ਹੁੰਦਾ ਹੈ, ਪਰ ਜੇ ਕ੍ਰਿਆ ਨਾਲ ਆਵੇ ਤਾਂ ਕ੍ਰਿਆਵਿਸ਼ੇਸ਼ਣ), ਨਾਹੀ (ਨਹੀਂ ਤਾਂ), ਨਾਹੀ ਤ, ਨਤਰ/ਨਤਰੁ/ਨਾਤਰਿ (ਨਹੀਂ ਤਾਂ), ਪੈ/ਪਰੁ (ਪਰ), ਮਤੁ/ਮਤ (ਮਤਾਂ ਕਿਤੇ/ਵੇਖੀਂ ਕਿਤੇ), ਭੀ, ਭਾਵੈ, ਯਾ ਤੇ (ਜਾਂ ਤੇ)’।

ਹੇਠਲੀਆਂ ਪੰਕਤੀਆਂ ’ਚ ‘ਯੋਜਕ’ ਸ਼ਬਦ ਨੂੰ ਬੋਲਡ ਕੀਤਾ ਗਿਆ ਹੈ। ਚੇਤੇ ਰਹੇ ਕਿ ਯੋਜਕ ਤੋਂ ਪਹਿਲਾਂ ਜਾਂ ਬਾਅਦ ’ਚ ਵਿਸਰਾਮ ਦੇਣ ਦੀ ਬਹੁਤੀ ਜ਼ਰੂਰਤ ਨਹੀਂ ਹੁੰਦੀ :

ਖਾਟ ਮਾਂਗਉ ਚਉਪਾਈ ॥  ਸਿਰਹਾਨਾ ਅਵਰ (ਅਤੇ) ਤੁਲਾਈ ॥ (ਭਗਤ ਕਬੀਰ/੬੫੬) (ਅਵਰ; ਯੋਜਕ ਹੈ, ਪਰ ਇਹ ‘ਹੋਰ’ ਦੇ ਅਰਥਾਂ ’ਚ ਪੜਨਾਂਵ ਵੀ ਹੈ; ਜਿਵੇਂ ‘‘ਰਹਤ ਅਵਰ; ਕਛੁ ਅਵਰ ਕਮਾਵਤ ॥’’ ਮਹਲਾ ੫/੨੬੯)

ਆਖਹਿ ਗੋਪੀ ਤੈ (ਅਤੇ) ਗੋਵਿੰਦ ॥ (ਜਪੁ)

ਬਾਣ ਬੇਧੰ (ਅਤੇ) ਕੁਰੰਕ ਨਾਦੰ; ਅਲਿ ਬੰਧਨ ਕੁਸਮ ਬਾਸਨਹ ॥ (ਮਹਲਾ ੫/੭੦੮) (‘ਚ’; ਯੋਜਕ ਹੈ ਪਰ ਇਹ ਸੰਬੰਧਕ ‘ਦੇ’ ਵਜੋਂ ਵੀ ਹੈ।)

ਇਹੁ ਮਨੁ ਬਡਾ ਕਿ (ਜਾਂ) ਜਾ ਸਉ ਮਨੁ ਮਾਨਿਆ ॥ ਰਾਮੁ ਬਡਾ ਕੈ (ਜਾਂ) ਰਾਮਹਿ ਜਾਨਿਆ ॥ (ਭਗਤ ਕਬੀਰ/੩੩੧) (‘ਕਿ’ ਦਾ ਅਰਥ ਬਾਣੀ ’ਚ ‘ਕੀ’ ਭੀ ਹੈ; ਜਿਵੇਂ ‘‘ਹੋਰੁ ਕਿ  ਕਰੇ ? ਕੀਤੈ ਕਿਆ ਹੋਈ ? ॥’’ (ਮਹਲਾ ੩/੧੨੪)

ਨਾਮੁ ਸੁਨਤ ਜਨੁ (ਸਮਝੋ ਕਿ) ਬਿਛੂਅ ਡਸਾਨਾ ॥ (ਮਹਲਾ ੫/੮੯੩) (ਜਨੁ; ਯੋਜਕ ਹੈ, ਪਰ ਇਹ ਸ਼ਬਦ ਅਕਸਰ ‘ਸੇਵਕ’ ਦੇ ਅਰਥਾਂ ’ਚ ਦਰਜ ਹੁੰਦਾ ਹੈ।)

ਕ੍ਰਿਸ੍ਨਾ ਤੇ ਜਾਨਊ (ਭਾਵ ਮਾਯਾ ਤੋਂ ‘ਸਮਝੋ ਕਿ’) ਹਰਿ ਹਰਿ ਨਾਚੰਤੀ ਨਾਚਨਾ ॥ (ਭਗਤ ਨਾਮਦੇਵ/੬੯੩) (ਜਾਨਊ; ਯੋਜਕ ਹੈ ਕਿਉਂਕਿ ਦੋ ਵਾਕਾਂ ਨੂੰ ਜੋੜਦਾ ਹੈ, ਪਰ ਗੁਰਬਾਣੀ ’ਚ ‘ਜਾਨਊ’ ਕ੍ਰਿਆ ਵੀ ਹੈ; ਜਿਵੇਂ ‘‘ਸੇਵਾ ਕਛੂ ਨ ਜਾਨਊ; ਨੀਚੁ ਮੂਰਖਾਰੇ ॥’’ (ਮਹਲਾ ੫/੮੦੯) (ਜਾਨਊਂ ਭਾਵ ਮੈਂ ਨੀਚ-ਮੂਰਖ; ਸੇਵਾ ਬਿਲਕੁਲ ਨਹੀਂ ਜਾਣਦਾ। ‘ਜਾਨਊ’; ਕ੍ਰਿਆ, ਇੱਕ ਵਚਨ ਉੱਤਮ ਪੁਰਖ।)

ਸੇਜ ਏਕ ਪੈ (ਪਰ, ਫਿਰ ਵੀ) ਮਿਲਨੁ ਦੁਹੇਰਾ ॥ (ਭਗਤ ਕਬੀਰ/੪੮੩)

ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ (ਇਸ ਲਈ) ਥਿਰੁ ਨ ਰਹਾਈ ॥ (ਮਹਲਾ ੯/੨੧੯) (ਯਾ ਤੇ; ਯੋਜਕ ਹੈ, ਪਰ ਇਹ ਕ੍ਰਿਆ-ਵਿਸ਼ੇਸ਼ਣ ਵੀ ਹੈ।)

ਜਨਨੀ ਜਾਨਤ ਸੁਤੁ ਬਡਾ ਹੋਤੁ ਹੈ; ਇਤਨਾ ਕੁ ਨ ਜਾਨੈ ਜਿ (ਕਿ) ਦਿਨ ਦਿਨ ਅਵਧ ਘਟਤੁ ਹੈ ॥ (ਭਗਤ ਕਬੀਰ/੯੧) (ਜਿ; ਯੋਜਕ ਹੈ। ਅਰਥ ਹੈ ‘ਕਿ’; ਪਰ ਗੁਰਬਾਣੀ ’ਚ ਜਿ  ਦਾ ਅਰਥ ‘ਜਿਹੜਾ’ (ਪੜਨਾਂਵ) ਵੀ ਹੈ; ਜਿਵੇਂ ‘‘ਸੋ ਜਨੁ ਸਾਚਾ; ਜਿ  ਹਉਮੈ ਮਾਰੈ ॥’’ (ਮਹਲਾ ੩/੨੩੦)

ਨਾਨਕ  ! ਜਨਮੁ ਸਕਾਰਥਾ ਜੇ (ਜੇਕਰ) ਤਿਨ ਕੈ ਸੰਗਿ ਮਿਲਾਹ ॥ (ਮਹਲਾ ੧/੮੫)

ਕਿਆ ਕਾਸੀ  ? ਕਿਆ ਊਖਰੁ ਮਗਹਰੁ ? ਰਾਮੁ ਰਿਦੈ ਜਉ (ਜੇਕਰ) ਹੋਈ ॥ (ਭਗਤ ਕਬੀਰ/੬੯੨)

ਖੰਡ ਖੰਡ ਕਰਿ ਭੋਜਨੁ ਕੀਨੋ ਤਊ (ਤਾਂ ਭੀ) ਨ ਬਿਸਰਿਓ ਪਾਨੀ ॥ (ਭਗਤ ਰਵਿਦਾਸ/੬੫੮)

ਸਤਿਗੁਰੁ ਸੇਵਹਿ ਤਾ ਸੁਖੁ ਪਾਵਹਿ ਨਾਹਿ   (ਨਹੀਂ ਤਾਂ) ਜਾਹਿਗਾ ਜਨਮੁ ਗਵਾਇ (ਕੇ) ॥ (ਮਹਲਾ ੩/੬੦੩)

ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ (ਨਹੀਂ ਤਾਂ) ਕੁਧਕਾ ਦਿਵਈਹੈ ਰੇ ॥ (ਭਗਤ ਕਬੀਰ/੮੫੫)

ਅੰਦਰਿ ਕਮਾਣਾ ਸਰਪਰ ਉਘੜੈ ਭਾਵੈ  (ਚਾਹੇ) ਕੋਈ ਬਹਿ ਧਰਤੀ ਵਿਚਿ ਕਮਾਈ ॥ (ਮਹਲਾ ੪/੩੧੬)

ਅਉਖਧ ਮੰਤ੍ਰ ਮੂਲੁ ਮਨ ਏਕੈ; ਜੇਕਰਿ ਦ੍ਰਿੜੁ ਚਿਤੁ ਕੀਜੈ ਰੇ ॥ (ਮਹਲਾ ੧/੧੫੬)

  1. ਵਿਸਮਿਕ (Interjection) : ਕਿਸੇ ਨੂੰ ਬੁਲਾਉਣ ਜਾਂ ਆਪਣੇ ਮਨ ਦੇ ਭਾਵ (ਖ਼ੁਸ਼ੀ, ਗ਼ਮੀ, ਹੈਰਾਨੀ) ਪ੍ਰਗਟਾਉਣ ਲਈ ਆਪ-ਮੁਹਾਰੇ ਮੂੰਹੋਂ ਨਿਕਲੇ ਬੋਲ ਵਿਸਮਿਕ ਹੁੰਦੇ ਹਨ; ਜਿਵੇਂ ‘ਵਾਹ !, ਓਏ !, ਹਾਏ !’।

ਵਿਸਮਿਕ; 9 ਪ੍ਰਕਾਰ ਦੇ ਹੁੰਦੇ ਹਨ: (1). ਸੰਬੋਧਨੀ (ਜਿਵੇਂ ਓਏ !), (2). ਪ੍ਰਸੰਸਾ-ਵਾਚਕ (ਜਿਵੇਂ ਸ਼ਾਬਾਸ਼ !), (3). ਸ਼ੋਕ-ਵਾਚਕ (ਜਿਵੇਂ ਹਾਏ !), (4). ਹੈਰਾਨੀ-ਵਾਚਕ (ਜਿਵੇਂ ਵਾਹ !), (5). ਫਿਟਕਾਰ-ਵਾਚਕ (ਜਿਵੇਂ ਫਿੱਟੇ ਮੂੰਹ !), (6). ਸਤਿਕਾਰ-ਵਾਚਕ (ਜਿਵੇਂ ਜੀ ਆਇਆਂ ਨੂੰ !), (7). ਅਸੀਸ-ਵਾਚਕ (ਜਿਵੇਂ ਖ਼ੁਸ਼ ਰਹੋ !), (8). ਇੱਛਿਆ-ਵਾਚਕ (ਜਿਵੇਂ ਹੇ ਦਾਤਾ ! ਜਾਂ ਬਖ਼ਸ਼ ਲੈ !), (9). ਸੂਚਨਾ-ਵਾਚਕ (ਜਿਵੇਂ ਸੁਣੋ ਜੀ !)

ਗੁਰਬਾਣੀ ’ਚ ਵਿਸਮਿਕ ਸ਼ਬਦ ਹਨ : ‘ਓਇ, ਆਉ ਜੀ, ਆਉ ਬੈਠੁ, ਐ ਜੀ, ਅਹ (ਹੇ), ਅਹੋ (ਵਾਹ !), ਆਹਿ, ਅਰੀ, ਏ, ਹਉ ਵਾਰੀ/ਹਉ ਵਾਰਣੈ, ਹਲੇ, ਹਾ ਹਾ, ਹਾਂ, ਹੇ, ਹੈ, ਹੋ ਜੀ (ਹੇ ਪ੍ਰਭੂ ਜੀ), ਕਿਆ ਖੂਬੁ, ਖੰਨੀਐ ਵੰਞਾ, ਘੋਲਿ ਘੁਮਾਈ, ਜਲਿ ਜਾਉ/ਜਲਿ ਬਲਿ ਜਾਉ, ਜੀਵਹੁ/ਚਿਰੁ ਜੀਵਹੁ/ਜੁਗੁ ਜੁਗ ਜੀਵਹੁ, ਜੈ ਜੈ/ਜੈ ਜਏ, ਜਯੋ ਜਯ, ਮੁਈਏ (ਮਰ ਜਾਣੀਏਂ), ਰੀ, ਰੇ (ਹੇ), ਰੇ ਰੇ (ਓਇ ਓਇ !), ਬਲਿ ਬਲਿ, ਸਦ ਬਲਿਹਾਰਿ, ਬਾਰਨੈ ਬਲਿਹਾਰਨੈ, ਬੇ, ਬੋ, ਵੇ, ਭੋ, ਤਾਸੁ ਤਾਸੁ, ਤ੍ਰਾਹਿ ਤ੍ਰਾਹਿ, ਧਨੁ ਧੰਨੁ, ਧ੍ਰਿਗੁ ਧ੍ਰਿਗੁ, ਬਾਹ ਦੇਹਿ-ਬਾਹ ਦੇਹਿ, ਫਿਟੁ, ਹਰਿ/ਅਲਹ (ਰੱਬ ਕਰੇ/ਰੱਬ ਕਰਕੇ), ਰਾਖੁ ਰਾਖੁ, ਵਾਹ/ਵਾਹੁ/ਵਾਹਿ, ਵਾਰੀ ਵੰਞਾ/ਘੋਲੀ ਵੰਞਾ’। ਮਿਸਾਲ ਵਜੋਂ ਕੁਝ ਗੁਰਬਾਣੀ ਵਾਕ ਹਨ :

ਓਇ ਪਰਦੇਸੀਆ ! ਹਾਂ ॥ (ਮਹਲਾ ੫/੪੧੦

ਮੇਰੇ ਮਨ ਪਰਦੇਸੀ ਵੇ ਪਿਆਰੇ ! ਆਉ ਘਰੇ ॥ (ਮਹਲਾ ੪/੪੫੧)

ਆਪਣੇ ਪਿਰ ਕੈ ਰੰਗਿ ਰਤੀ ਮੁਈਏ ! ਸੋਭਾਵੰਤੀ ਨਾਰੇ ॥ (ਮਹਲਾ ੩/੫੬੭)

ਆਹਿ (ਹੇ) ਮੇਰੇ ਠਾਕੁਰ ! ਤੁਮਰਾ ਜੋਰੁ ॥  ਕਾਜੀ ਬਕਿਬੋ ਹਸਤੀ ਤੋਰੁ ॥ (ਭਗਤ ਕਬੀਰ/੮੭੦)

ਤੂ ਕੁਨੁ ਰੇ ॥  ਮੈ ਜੀ ॥  ਨਾਮਾ ॥  ਹੋ ਜੀ ! (ਹੇ ਪ੍ਰਭੂ ਜੀ !) ॥  ਆਲਾ ਤੇ ਨਿਵਾਰਣਾ; ਜਮ ਕਾਰਣਾ ॥ (ਭਗਤ ਨਾਮਦੇਵ/੬੯੪)

ਦੁਸਟ ਮੁਏ ਬਿਖੁ ਖਾਈ, ਰੀ  ਮਾਈ ॥ (ਮਹਲਾ ੫/੧੨੬੯) (ਨੋਟ: ਇੱਥੇਰੀ ਮਾਈ’; ਹੈਰਾਨੀ ਵਾਚਕ ਵਜੋਂ ਹੈ, ਇਹ ਸ਼ਬਦ ਸੰਬੋਧਨ ਵਜੋਂ ਵੀ ਹੈ)

ਹਾ ਹਾ ਪ੍ਰਭ ! ਰਾਖਿ ਲੇਹੁ ॥ (ਮਹਲਾ ੫/੬੭੫)

ਪਾਪੀ ਕਰਮ ਕਮਾਵਦੇ; ਕਰਦੇ ਹਾਏ ਹਾਇ ॥ (ਮਹਲਾ ੫/੧੪੨੫)

ਤ੍ਰਾਹਿ ਤ੍ਰਾਹਿ  (ਹਾਏ ! ਹਾਏ !) ਕਰਿ ਸਰਨੀ ਆਏ; ਜਲਤਉ ਕਿਰਪਾ ਕੀਜੈ ॥ (ਮਹਲਾ ੫/੧੨੬੯)

ਹਲੇ ਯਾਰਾ ਹਲੇ ਯਾਰਾ ! ਖੁਸਿ ਖਬਰੀ ॥ (ਭਗਤ ਨਾਮਦੇਵ/੭੨੭)

ਵਾਹੁ ਮੇਰੇ ਸਾਹਿਬਾ  ! ਵਾਹੁ ॥  ਗੁਰਮੁਖਿ ਸਦਾ ਸਲਾਹੀਐ; ਸਚਾ ਵੇਪਰਵਾਹੁ ॥ (ਮਹਲਾ ੩/੭੫੫)

ਰੇ ਮਨ ! ਕਿਆ ਕਰਹਿ ਹੈ ? ਹਾ ਹਾ ॥ (ਮਹਲਾ ੫/੪੦੨)

ਧ੍ਰਿਗੁ ਖਾਣਾ ਧ੍ਰਿਗੁ ਪੈਨ੍ਣਾ; ਜਿਨ੍ਾ ਦੂਜੈ ਭਾਇ ਪਿਆਰੁ ॥ (ਮਹਲਾ ੩/੧੩੪੭)

ਰੇ ਰੇ; ਦਰਗਹ ਕਹੈ ਨ ਕੋਊ ॥ (ਮਹਲਾ ੫/੨੫੨)

ਹਰਿ ਹਰਿ (ਰੱਬ ਦਾ ਵਾਸਤਾ ਹੈ ਕਿ) ਤਿਨ ਕਾ ਦਰਸੁ ਨ ਕਰੀਅਹੁ; ਜਿਨੀ ਹਰਿ ਹਰਿ ਨਾਮੁ ਨ ਧਿਆਇਆ ॥ (ਮਹਲਾ ੪/੫੭੪)

ਅੰਮ੍ਰਿਤੁ ਪੀਵਹੁ, ਸਦਾ ਚਿਰੁ ਜੀਵਹੁ; ਹਰਿ ਸਿਮਰਤ ਅਨਦ ਅਨੰਤਾ ॥ (ਮਹਲਾ ੫/੪੯੬)

ਜਲਿ ਜਾਉ ਏਹੁ ਬਡਪਨਾ; ਮਾਇਆ ਲਪਟਾਏ ॥ (ਮਹਲਾ ੫/੭੪੫)

ਸ੍ਰੀ ਗੁਰ ਰਾਮਦਾਸ ! ਜਯੋ ਜਯ ਜਗ ਮਹਿ; ਤੈ ਹਰਿ ਪਰਮ ਪਦੁ ਪਾਇਯਉ ॥ (ਭਟ ਬਲੵ/੧੪੦੫)

ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਪਹਿਲਾਂ ਹੋਈ ਹੈ ਜਾਂ ਮੀਰੀ-ਪੀਰੀ; ਪਹਿਲਾਂ ਧਾਰਨ ਕੀਤੀ ਗਈ ਹੈ ?

0

ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਪਹਿਲਾਂ ਹੋਈ ਹੈ ਜਾਂ ਮੀਰੀ-ਪੀਰੀ; ਪਹਿਲਾਂ ਧਾਰਨ ਕੀਤੀ ਗਈ ਹੈ ?

ਕਿਰਪਾਲ ਸਿੰਘ ਬਠਿੰਡਾ

ਬਠਿੰਡਾ 7 ਜੁਲਾਈ : ਸ਼੍ਰੋਮਣੀ ਕਮੇਟੀ ਦੇ ਕੈਲੰਡਰ ਤੋਂ ਨਹੀਂ ਪਤਾ ਲਗਦਾ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ-ਪੀਰੀ ਪਹਿਲਾਂ ਧਾਰਨ ਕੀਤੀ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਪਹਿਲਾਂ ਕੀਤੀ ? ਇਹ ਸ਼ਬਦ ਕਿਰਪਾਲ ਸਿੰਘ ਬਠਿੰਡਾ ਨੇ ਸ਼੍ਰੋਮਣੀ ਕਮੇਟੀ ’ਤੇ ਸਵਾਲ ਕਰਦਿਆਂ ਕਹੇ। ਉਨ੍ਹਾਂ ਕਿਹਾ ਗੁਰਗੱਦੀ ’ਤੇ ਬਿਰਾਜਮਾਨ ਹੋਣ ਉਪਰੰਤ ਗੁਰੂ ਹਰਗੋਬਿੰਦ ਜੀ ਨੇ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਾਮ੍ਹਣੇ 18 ਹਾੜ ਬਿਕ੍ਰਮੀ ਸੰਮਤ 1663 (15 ਜੂਨ 1606 ਈ:) ਨੂੰ ਇੱਕ ਥੜੇ ਦੀ ਉਸਾਰੀ ਕਰਨ ਲਈ ਨੀਂਹ ਰੱਖੀ। ਸਿੱਖ ਇਤਿਹਾਸ ਵਿੱਚ 18 ਹਾੜ ਨੂੰ ਸ੍ਰੀ ਅਕਾਲ ਤਖਤ ਦੀ ਸਿਰਜਣਾ ਦਿਵਸ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਠੀਕ 20 ਦਿਨਾਂ ਬਾਅਦ ਇਸੇ ਥੜੇ ’ਤੇ ਵਿਰਾਜਮਾਨ ਹੋ ਕੇ 6 ਸਾਵਣ ਸੰਮਤ 1663 (5 ਜੁਲਾਈ 1606) ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਨੂੰ ਦੋ ਤਲਵਾਰਾਂ ਪੇਸ਼ ਕਰਨ ਲਈ ਕਿਹਾ। ਇਕ ਸੱਜੇ ਪਾਸੇ ਪਹਿਨੀ ਅਤੇ ਦੂਜੀ ਖੱਬੇ ਪਾਸੇ। ਜਿਨ੍ਹਾਂ ਵਿੱਚੋਂ ਇਕ ‘ਮੀਰੀ’ ਦਾ ਪ੍ਰਤੀਕ ਅਤੇ ਦੂਜੀ ‘ਪੀਰੀ’ ਦੀ ਹੈ। ਇਸ ਦਿਨ ਨੂੰ ਮੀਰੀ-ਪੀਰ ਦਿਵਸ ਦੇ ਤੌਰ ’ਤੇ ਮਨਾਇਆ ਜਾਂਦਾ ਹੈ। ਅੰਗਰੇਜ਼ੀ ਕੈਲੰਡਰ ਵਿੱਚ 1752 ਈਸਵੀ ਵਿੱਚ ਹੋਈ 11 ਦਿਨ ਦੀ ਸੋਧ ਅਤੇ ਬਿਕ੍ਰਮੀ ਕੈਲੰਡਰ ਦਾ ਰੁੱਤਾਂ ਨਾਲੋਂ ਟੁੱਟ ਰਹੇ ਸੰਬੰਧ ਕਾਰਨ ਅੱਜ ਕੱਲ੍ਹ 18 ਹਾੜ; 15 ਜੂਨ ਦੀ ਬਜਾਏ ਇੱਕ ਜਾਂ ਦੋ ਜੁਲਾਈ ਨੂੰ ਅਤੇ 6 ਸਾਵਣ; ਹਰ ਸਾਲ 21 ਜੁਲਾਈ ਨੂੰ ਆ ਰਿਹਾ ਹੈ। ਨਾਨਕਸ਼ਾਹੀ ਕੈਲੰਡਰ ਵਿੱਚ ਪੱਕੇ ਤੌਰ ’ਤੇ 18 ਹਾੜ; ਹਰ ਸਾਲ 2 ਜੁਲਾਈ ਅਤੇ 6 ਸਾਵਣ; 21 ਜੁਲਾਈ ਨੂੰ ਆਉਂਦਾ ਹੈ ਅਤੇ ਆਉਂਦੇ ਰਹਿਣਗੇ, ਪਰ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਇਸ ਸਾਲ ਮੀਰੀ ਪੀਰੀ ਦਿਵਸ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਤੋਂ 19-20 ਦਿਨ ਬਾਅਦ ’ਚ ਆਉਣ ਦੀ ਬਜਾਏ ਇੱਕ ਦਿਨ ਪਹਿਲਾਂ ਵਿਖਾਇਆ ਤੇ ਮਨਾਇਆ ਗਿਆ ਭਾਵ ਮੀਰੀ-ਪੀਰੀ ਦਿਵਸ 17 ਹਾੜ ਨੂੰ ਅਤੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ 18 ਹਾੜ ਨੂੰ। ਇਤਿਹਾਸ ਵਿੱਚ ਪਾਏ ਜਾ ਰਹੇ ਇਸ ਵਿਗਾੜ ਸੰਬੰਧੀ ਸ਼੍ਰੋਮਣੀ ਕਮੇਟੀ ਤੋਂ ਪੁੱਛੇ ਗਏ ਕਿਸੇ ਵੀ ਸਵਾਲ ਦਾ ਉਹ ਤਸੱਲੀਬਖ਼ਸ਼ ਜਵਾਬ ਨਹੀਂ ਦਿੰਦੀ।

ਇਸ ਵਿਗਾੜ ਦਾ ਮੂਲ ਕਾਰਨ ਇਹ ਹੈ ਕਿ ਬ੍ਰਾਹਮਣੀ ਵਿਚਾਰਧਾਰਾ ਅਧੀਨ ਸ਼੍ਰੋਮਣੀ ਕਮੇਟੀ ਮੀਰੀ-ਪੀਰੀ ਦਿਵਸ ਚੰਦਰ ਕੈਲੰਡਰ ਮੁਤਾਬਕ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਸੂਰਜੀ ਕੈਲੰਡਰ ਮੁਤਾਬਕ ਮਨਾਉਂਦੀ ਹੈ, ਜਿਸ ਸਦਕਾ ਸਿੱਖ ਇਤਿਹਾਸ ਵਿੱਚ ਪਹਿਲਾਂ ਆਉਣ ਵਾਲੀ ਘਟਨਾ ਬਾਅਦ ’ਚ ਅਤੇ ਪਿਛੋਂ ਆਉਣ ਵਾਲੀ ਘਟਨਾ; ਪਹਿਲਾਂ ਹੀ ਆ ਜਾਂਦੀ ਹੈ। ਇਸ ਨਾਲ ਮਨ ਵਿੱਚ ਦੁਬਿਧਾ ਪੈਦਾ ਹੋ ਜਾਂਦੀ ਹੈ ਕਿ ਗੁਰੂ ਸਾਹਿਬ ਜੀ ਨੇ ਮੀਰੀ-ਪੀਰੀ ਪਹਿਲਾਂ ਧਾਰਨ ਕੀਤੀ ਹੈ ਜਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਪਹਿਲਾਂ ਕੀਤੀ ਹੈ ?

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਵਾਲ ਕਰਨਾ ਬਣਦਾ ਹੈ ਕਿ ਸਿੱਖੀ ਸਿਧਾਂਤ ਜਾਂ ਸਿੱਖੀ ਇਤਿਹਾਸ ’ਚ ਕਿੱਥੇ ਲਿਖਿਆ ਹੈ ਕਿ ਕੁਝ ਇਤਿਹਾਸਕ ਦਿਹਾੜੇ ਚੰਦਰਮਾ ਕੈਲੰਡਰ ਅਨੁਸਾਰ ਅਤੇ ਕੁਝ ਸੂਰਜੀ ਕੈਲੰਡਰ ਅਨੁਸਾਰ ਹੀ ਹਰ ਸਾਲ ਮਨਾਉਣੇ ਚਾਹੀਦੇ ਹਨ ?

ਬਾਬਾ ਬੰਦਾ ਬਹਾਦਰ ਜੀ ਦੀ ਸ਼ਹੀਦੀ ਤਾਰੀਖ ?

0

ਬਾਬਾ ਬੰਦਾ ਬਹਾਦਰ ਜੀ ਦੀ ਸ਼ਹੀਦੀ ਤਾਰੀਖ ?

ਸਰਵਜੀਤ ਸਿੰਘ ਸੈਕਰਾਮੈਂਟੋ

ਇੰਡੀਆ ਵਿੱਚ ਗਰੈਗੋਰੀਅਨ ਕੈਲੰਡਰ ਗੋਰਿਆਂ ਦੇ ਨਾਲ ਹੀ ਆਇਆ ਸੀ। ਇਸ ਤੋਂ ਪਹਿਲਾ ਤਾਂ ਉਥੇ ਆਮ ਤੌਰ ਤੇ ਬਿਕ੍ਰਮੀ ਕੈਲੰਡਰ ਹੀ ਪ੍ਰਚਲਿਤ ਸੀ। ਸਰਕਾਰੀ ਕਾਰ-ਵਿਹਾਰ ਵਿੱਚ ਹਿਜਰੀ ਕੈਲੰਡਰ ਲਾਗੂ ਸੀ। ਗੋਰਿਆਂ ਨੇ ਆਪਣੀ ਸਹੂਲਤ ਲਈ ਸਤੰਬਰ 1752 ਈ. ਤੋਂ ਪਹਿਲੀਆਂ ਬਿਕ੍ਰਮੀ ਜਾਂ ਹਿਜਰੀ ਤਾਰੀਖਾਂ ਨੂੰ ਜੂਲੀਅਨ ਵਿੱਚ ਅਤੇ ਉਸ ਤੋਂ ਪਿਛੋਂ ਦੀਆਂ ਤਾਰੀਖਾਂ ਨੂੰ ਗਰੈਗੋਰੀਅਨ ਵਿੱਚ ਬਦਲੀ ਕਰ/ਕਰਵਾ ਲਿਆ। ਮਿਸਾਲ ਦੇ ਤੌਰ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਤਾਂ ਉਸ ਵੇਲੇ ਦੇ ਪ੍ਰਚਲਿਤ ਕੈਲੰਡਰਾਂ ਮੁਤਾਬਕ ਇਹ ਤਾਰੀਖ 23 ਪੋਹ ਜਾਂ ਪੋਹ ਸੁਦੀ 7 ਸੰਮਤ 1723 ਬਿਕ੍ਰਮੀ ਸੀ। ਜਦੋਂ ਇਸ ਤਾਰੀਖ ਨੂੰ ਜੂਲੀਅਨ ਕੈਲੰਡਰ ਵਿਚ ਬਦਲੀ ਕੀਤਾ ਗਿਆ ਤਾਂ ਇਹ 22 ਦਸੰਬਰ ਲਿਖੀ ਗਈ। ਫਰਜ਼ ਕਰੋ ਕਿ ਇੰਗਲੈਂਡ ਵਾਲੇ ਵੀ ਜੂਲੀਅਨ ਕੈਲੰਡਰ ਵਿੱਚ ਕੀਤੀ ਗਈ ਸੋਧ ਨੂੰ 1582 ਈ. ਵਿੱਚ ਹੀ ਪ੍ਰਵਾਨ ਕਰ ਲੈਂਦੇ ਤਾਂ ਇਹ ਤਾਰੀਖ ਗਰੈਗੋਰੀਅਨ ਕੈਲੰਡਰ ਵਿੱਚ ਵੀ ਲਿਖੀ ਜਾਣੀ ਸੀ ਅਤੇ ਇਹ 1 ਜਨਵਰੀ 1667 ਈ. ਹੋਣੀ ਸੀ। ਇਹ ਹੀ ਕਾਰਨ ਹੈ ਕਿ ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਸੱਜਣ ਵਾਰ-ਵਾਰ ਇਹ ਕਹਿੰਦੇ ਹੈਂ ਕਿ ਗੁਰੂ ਜੀ ਦਾ ਜਨਮ 5 ਜਨਵਰੀ ਨੂੰ ਨਹੀ ਸਗੋਂ 1 ਜਨਵਰੀ ਦਾ ਬਣਦਾ ਹੈ। ਗੋਰਿਆਂ ਦੇ ਆਉਣ ਤੋਂ ਪਿਛੋਂ ਸਾਡੇ ਵਿਦਵਾਨਾਂ ਵੱਲੋਂ ਵੀ, ਆਪਣੀਆਂ ਲਿਖਤਾਂ ਵਿੱਚ ਬਿਕ੍ਰਮੀ ਕੈਲੰਡਰ ਦੀਆਂ ਅਸਲ ਤਾਰੀਖਾਂ ਲਿਖਣ ਦੀ ਬਜਾਏ, 1752 ਈ. ਤੋਂ ਪਹਿਲੀਆਂ ਬਿਕ੍ਰਮੀ ਤਾਰੀਖਾਂ ਨੂੰ ਜੂਲੀਅਨ ਕੈਲੰਡਰ ਦੀਆਂ ਤਾਰੀਖਾਂ ਵਿੱਚ ਹੀ ਲਿਖਿਆ ਜਾਣ ਲੱਗ ਪਿਆ। ਉਹ ਇਹ ਭੁੱਲ ਹੀ ਗਏ ਹਨ ਕਿ ਜੂਲੀਅਨ ਕੈਲੰਡਰ ਤਾਂ ਕਦੇ ਇੰਡੀਆ ਵਿਚ ਲਾਗੂ ਹੀ ਨਹੀਂ ਹੋਇਆ ।

ਪਿਛਲੇ ਦਿਨੀਂ ਇਕ ਸੱਜਣ ਨੇ ਡਾ. ਸੁਖਦਿਆਲ ਸਿੰਘ ਦੀ ਇਕ ਪੋਸਟ ਭੇਜ ਕੇ ਸਵਾਲ ਕੀਤਾ ਕਿ ਬਾਬਾ ਬੰਦਾ ਬਹਾਦਰ ਜੀ ਦੀ ਸ਼ਹੀਦੀ ਦੀ ਤਾਰੀਖ ਕਿੰਨੀ ਹੈ ? ਅਸਲ ਵਿੱਚ ਉਹ ਪੋਸਟ ਡਾ. ਪਰਮਵੀਰ ਸਿੰਘ (ਸਿੱਖ ਵਿਸ਼ਵਕੋਸ਼ ਵਿਭਾਗ) ਦੀ ਲਿਖੀ ਹੋਈ ਸੀ। ਡਾ. ਸੁਖਦਿਆਲ ਸਿੰਘ ਨੇ ਤਾ ਅੱਗੋਂ ਸਾਂਝੀ ਹੀ ਕੀਤੀ ਸੀ। ਉਸ ਲਿਖਤ ਮੁਤਾਬਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ 9 ਜੂਨ ਨੂੰ ਹੋਈ ਸੀ। ਜਦੋਂ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਗਏ ਕੈਲੰਡਰ ਵਿੱਚ ਇਹ ਸ਼ਹੀਦੀ ਦਿਹਾੜਾ 11 ਹਾੜ (24 ਜੂਨ) ਦਾ ਦਰਜ ਹੈ। ਜਦੋਂ ਇਸ ਤਾਰੀਖ ਦੀ ਪੜਤਾਲ ਕਰੀਏ ਤਾਂ ਜਾਣਕਾਰੀ ਮਿਲਦੀ ਹੈ ਕਿ ਬਾਬਾ ਬੰਦਾ ਬਹਾਦਰ ਜੀ ਦੀ ਸ਼ਹੀਦੀ, ਉਸ ਵੇਲੇ ਦੇ ਸਰਕਾਰੀ ਕੈਲੰਡਰ ਵਿੱਚ 29 ਜਮਾਦੀ-ਉਲ ਸਾਨੀ 1128 ਹਿਜਰੀ ਦਰਜ ਹੈ ।

“ਹੈਰਾਨੀ ਅਤੇ ਪ੍ਰੇਸ਼ਾਨੀ ਉਸ ਸਮੇਂ ਆਉਂਦੀ ਹੈ ਜਦੋਂ ਵਿਲੀਅਮ ਇਰਵਿਨ ਅਤੇ ਡਾ. ਗੰਡਾ ਸਿੰਘ ਹਿਜਰੀ ਦੀ ਇਕੋ ਜਿਹੀ ਮਿਤੀ ਦੇ ਕੇ ਫਿਰ ਸੰਨ ਈਸਵੀ ਦੀ ਅਲੱਗ-ਅਲੱਗ ਮਿਤੀ ਦੇ ਦਿੰਦੇ ਹਨ।…ਇਸੇ ਤਰ੍ਹਾਂ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹਿਜਰੀ ਸੰਮਤ 29 ਜਮਾਦੀ-ਉ-ਸਾਨੀ, 1128 ਨੂੰ ਵਿਲੀਅਮ ਇਰਵਿਨ ਨੇ 19 ਜੂਨ, 1716 ਲਿਖਿਆ ਹੈ ਅਤੇ ਗੰਡਾ ਸਿੰਘ ਨੇ 9 ਜੂਨ 1716 ਲਿਖਿਆ ਹੈ। ਹੁਣ ਦੋਹਾਂ ਵਿੱਚੋਂ  ਅਪਣਾਇਆ ਕਿਸ ਨੂੰ ਜਾਵੇ। ਦੋਵੇਂ ਹੀ ਇਤਿਹਾਸਕਾਰ ਆਪਣੇ ਆਪ ਵਿੱਚ ਬੰਦਾ ਸਿੰਘ ਬਹਾਦਰ ਦੇ ਇਤਿਹਾਸ ਲਿਖਣ ਵਿਚ ਪੂਰੀ ਅਥਾਰਟੀ ਹਨ। ਜੇਕਰ ਵਿਲੀਅਮ ਇਰਵਿਨ ਦੀਆਂ ਮਿਤੀਆਂ ਮੰਨ ਕੇ ਚਲਦੇ ਹਾਂ ਤਾਂ ਗੰਡਾ ਸਿੰਘ ਦਾ ਲੱਭਿਆ ਅਖ਼ਬਾਰ-ਏ-ਦਰਬਾਰ-ਏ-ਮੁਅੱਲਾ ਦਾ ਮਹਾਨ ਫਾਰਸੀ ਸਰੋਤ ਗਲਤ ਹੋ ਜਾਂਦਾ ਹੈ ਕਿਉਂਕਿ ਇਸ ਨੂੰ ਗੰਡਾ ਸਿੰਘ ਆਪਣੀਆਂ ਮਿਤੀਆਂ ਮੁਤਾਬਕ ਉਲਥਾਇਆ ਹੈ। ਸਹੀ ਮਿਤੀ ਤਾਂ ਹਿਜਰੀ ਸੰਮਤ ਵਾਲੀ ਹੀ ਹੈ, ਪਰ ਇਸ ਨੂੰ ਪੰਜਾਬ ਅਤੇ ਭਾਰਤੀ ਇਤਿਹਾਸ ਵਿੱਚ ਇਸ ਸਮੇਂ ਅਪਣਾਇਆ ਨਹੀਂ ਜਾ ਰਿਹਾ। ਇਸ ਦੁਚਿੱਤੀ ਵਾਲੇ ਮਾਹੌਲ ਵਿੱਚ ਆਖਰਕਾਰ ਬਿਨਾਂ ਕੋਈ ਠੋਸ ਕਾਰਨ ਦੱਸੇ ਦੇ ਗੰਡਾ ਸਿੰਘ ਵਾਲੀਆਂ ਮਿਤੀਆਂ ਨੂੰ ਹੀ ਅਪਣਾਅ ਕੇ ਚੱਲਿਆ ਜਾ ਰਿਹਾ ਹੈ”। (ਬੰਦਾ ਸਿੰਘ ਬਹਾਦਰ: ਇਤਿਹਾਸਕ ਅਧਿਐਨ, 2010 ਈ:, ਪੰਨਾ 216)

ਹਿਜਰੀ ਕੈਲੰਡਰ ਦੀ ਤਾਰੀਖ, 29 ਜਮਾਦੀ-ਉਲ ਸਾਨੀ 1128 ਹਿਜਰੀ ਨਾਲ ਤਾਂ ਡਾ. ਸੁਖਦਿਆਲ ਸਿੰਘ ਸਹਿਮਤ ਹੈ ਪਰ ਡਾ. ਗੰਡਾ ਸਿੰਘ ਅਤੇ ਵਿਲੀਅਮ ਇਰਵਿਨ ਵੱਲੋਂ ਲਿਖੀਆਂ ਵੱਖ-ਵੱਖ ਅੰਗਰੇਜੀ ਤਾਰੀਖਾਂ ਉਸ ਲਈ ਹੈਰਾਨੀ-ਪ੍ਰੇਸ਼ਾਨੀ ਦਾ ਸਬੱਬ ਬਣਦੀਆਂ ਹਨ। ਉਹ ਬਿਨਾਂ ਕਿਸੇ ਠੋਸ ਕਾਰਨ ਦੇ ਜਾਂ ਪੜਤਾਲ ਕੀਤਿਆਂ ਵਿਲੀਅਮ ਇਰਵਿਨ ਦੀ ਤਾਰੀਖ (19 ਜੂਨ) ਨੂੰ ਗਲਤ ਮੰਨ ਕੇ ਡਾ. ਗੰਡਾ ਸਿੰਘ ਦੀ ਤਾਰੀਖ (9 ਜੂਨ) ਨੂੰ ਸਹੀ ਮੰਨ ਲੈਂਦਾ ਹੈ। “ਇਸ ਦੁਚਿੱਤੀ ਵਾਲੇ ਮਾਹੌਲ ਵਿੱਚ ਆਖਰਕਾਰ ਬਿਨਾਂ ਕੋਈ ਠੋਸ ਕਾਰਨ ਦੱਸੇ ਦੇ ਗੰਡਾ ਸਿੰਘ ਵਾਲੀਆਂ ਮਿਤੀਆਂ ਨੂੰ ਹੀ ਅਪਣਾਅ ਕੇ ਚੱਲਿਆ ਜਾ ਰਿਹਾ ਹੈ”।ਇਹ ਹੈ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਮੁਖੀ ਦਾ, ਆਪਣੀ ਕਲਮ ਨਾਲ ਲਿਖਿਆ ਆਪਣੀ ਅਗਿਆਨਤਾ ਦਾ ਸਬੂਤ। ਡਾ. ਸੁਖਦਿਆਲ ਸਿੰਘ ਨੇ ਆਪਣੀ ਕਿਤਾਬ ਦੇ ਅਖੀਰ ਵਿੱਚ, ਪਾਠਕਾਂ ਉਤੇ ਪ੍ਰਭਾਵ ਪਾਉਣ ਲਈ 134 ਕਿਤਾਬਾਂ (ਅੰਗਰੇਜੀ ਅਤੇ ਪੰਜਾਬੀ) ਦੀ ਸੂਚੀ ਦਿੱਤੀ ਹੈ। ਕਾਸ਼! ਡਾ. ਸੁਖਦਿਆਲ ਸਿੰਘ ਨੇ ਵਿਲੀਅਮ ਇਰਵਿਨ ਦੀ ਕਿਤਾਬ ਦੇ ਪਹਿਲੇ ਅਧਿਆਇ ਦੇ ਪਹਿਲੇ ਪਹਿਰੇ ਨੂੰ ਹੀ ਪੜਿਆ ਹੁੰਦਾ ਤਾਂ ਇਸ ਨਮੋਸ਼ੀ ਦਾ ਸਾਹਮਣਾ ਨਾ ਕਰਨ ਪੈਂਦਾ ।

ਪੜ੍ਹੋ,“The Later Mughals” ਦੇ ਪਹਿਲੇ ਅਧਿਆਇ ਦੀ ਪਹਿਲੀ ਪੰਗਤੀ After an illness of a few days Alamgir died in his camp at Ahmednagar on the 28th Zul Qada 1118 A.H., corresponding to the 3rd march, 1707, New Style” ਇਥੇ “New Style ਤੋਂ ਸਪੱਸ਼ਟ ਹੋ ਜਾਂਦਾ ਹੈ ਕਿ William Irvine ਦੀਆਂ ਸਾਰੀਆਂ ਤਾਰੀਖ਼ਾਂ ਗਰੈਗੋਰੀਅਨ ਕੈਲੰਡਰ ਮੁਤਾਬਕ ਹਨ। ਜੇ ਇਸ ਨੂੰ ਜੂਲੀਅਨ ਕੈਲੰਡਰ ਵਿਚ ਲਿਖਣਾ ਹੋਵੇ ਤਾਂ ਇਹ 20 February 1707, Old Style. ਲਿਖੀ ਜਾਣੀ ਸੀ। ਕਾਸ਼ ! ਡਾ. ਸੁਖਦਿਆਲ ਸਿੰਘ ਨੇ ਇਸ ਕਿਤਾਬ ਦਾ ਹਵਾਲਾ ਦੇਣ ਤੋਂ ਪਹਿਲਾ ਇਸ ਦੇ ਦਰਸ਼ਨ ਕੀਤੇ ਹੁੰਦੇ। ਪਹਿਲੇ ਅਧਿਆਇ ਦੀ ਪਹਿਲੀ ਪੰਗਤੀ ਨੂੰ ਹੀ ਪੜ੍ਹ ਕੇ ਸਮਝਿਆ ਹੁੰਦਾ ਤਾਂ ਜਿਹੜਾ ਨੁਕਤਾ ਉਸ ਨੂੰ ਕਈ ਦਹਾਕਿਆਂ (ਪੜ੍ਹਨ ਅਤੇ ਪੜ੍ਹਾਉਣ ਦਾ ਸਮਾਂ) ਵਿੱਚ ਸਮਝ ਨਹੀਂ ਆਇਆ, ਕੁਝ ਸੈਕਿੰਡ ਵਿਚ ਸਮਝ ਆ ਜਾਣਾ ਸੀ। ਡਾ. ਸੁਖਦਿਆਲ ਸਿੰਘ ਜੀ, ਜਿਥੇ ਦੋ ਲਿਖਾਰੀਆਂ ਵੱਲੋਂ ਲਿਖੀ ਅੰਗਰੇਜੀ ਤਾਰੀਖ ਵਿਚ 10-11 ਦਿਨਾਂ ਦਾ ਫ਼ਰਕ ਹੋਵੇ, ਉਥੇ ਜੂਲੀਅਨ ਅਤੇ ਗਰੈਗੋਰੀਅਨ ਕੈਲੰਡਰ ਦਾ ਝਮੇਲਾ ਹੁੰਦਾ ਹੈ।

ਸਰਕਾਰੀ ਸੋਮਿਆਂ ਮੁਤਾਬਕ 29 ਜਮਾਦੀ-ਉਲ ਸਾਨੀ 1128 ਹਿਜਰੀ ਹੈ। ਜਿਵੇਂ ਕਿ ਪਾਠਕ ਉਪਰ ਪੜ੍ਹ ਆਏ ਹਨ ਕਿ ਅੰਗਰੇਜਾਂ ਨੇ ਆਪਣੀ ਸਹੂਲਤ ਲਈ ਭਾਰਤੀ ਇਤਿਹਾਸ ਦੀਆਂ ਤਾਰੀਖਾਂ (ਬਿਕ੍ਰਮੀ ਅਤੇ ਹਿਜਰੀ) ਨੂੰ, 2 ਸਤੰਬਰ 1752 ਈ: ਤੋਂ ਪਹਿਲੀਆਂ ਨੂੰ ਜੂਲੀਅਨ ਅਤੇ 14 ਸਤੰਬਰ ਪਿਛੋਂ ਦੀਆਂ ਤਾਰੀਖਾਂ ਨੂੰ ਗਰੈਗੋਰੀਅਨ ਕੈਲੰਡਰ ਵਿਚ ਬਦਲੀ ਕਰਨ ਦਾ ਪ੍ਰਬੰਧ ਕਰ ਲਿਆ ਸੀ। ਇਸ ਮੁਤਾਬਕ ਡਾ. ਗੰਡਾ ਸਿੰਘ ਵਾਲੀ ਤਾਰੀਖ ਭਾਵ 9 ਜੂਨ ਜੂਲੀਅਨ ਕੈਲੰਡਰ ਦੀ ਤਾਰੀਖ ਬਣਦੀ ਹੈ। ਵਿਲੀਅਮ ਇਰਵਿਨ ਨੇ ਇਸ ਤਾਰੀਖ ਨੂੰ ਜੂਲੀਅਨ ਵਿੱਚ ਨਹੀਂ, ਸਿਧਾ ਗਰੈਗੋਰੀਅਨ ਵਿੱਚ ਬਦਲੀ ਕਰ ਲਿਆ ਉਸ ਮੁਤਾਬਕ ਇਹ 19 ਜੂਨ ਬਣਦੀ ਹੈ, ਪਰ ਕੀ ਉਸ ਸਮੇਂ ਇਹ ਕੈਲੰਡਰ ਸਾਡੇ ਦੇਸ਼ ਵਿਚ ਲਾਗੂ ਸਨ ? ਜਵਾਬ ਹੈ ਨਹੀਂ। ਤਾਂ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਕੈਲੰਡਰਾਂ ਵਿੱਚ ਇਤਿਹਾਸ ਕਿਵੇਂ ਲਿਖਿਆ ਜਾ ਸਕਦਾ ਸੀ ।

ਆਓ, ਵੇਖੀਏ ਕਿ ਆਪਣੇ ਦੇਸ਼ ਵਿੱਚ ਪ੍ਰਚਲਿਤ ਬਿਕ੍ਰਮੀ ਕੈਲੰਡਰ ਮੁਤਾਬਕ ਇਹ ਤਾਰੀਕ ਕਿੰਨੀ ਸੀ ?  29 ਜਮਾਦੀ-ਉਲ ਸਾਨੀ 1128 ਹਿਜਰੀ ਮੁਤਾਬਕ ਇਹ 11 ਹਾੜ ਸੰਮਤ 1773 ਬਿਕ੍ਰਮੀ ਸੀ। “11 ਹਾੜ, ਸੁਦੀ ਏਕਮ (29 ਜਮਾਦੀ-ਉਲ ਆਖਿਰ 1128 ਹਿ:=9 ਜੂਨ 1716) ਛਨਿਛਰਵਾਰਿ, ਜਦੋਂ ਤਿੰਨ ਕੁ ਨੇਜਿਆਂ ਸਾਨ ਸੂਰਜ ਉੱਭਰਿਆ; ਤਦ ਬਾਬਾ ਬੰਦਾ ਸਿੰਘ ਬਹਾਦਰ, ਉਨ੍ਹਾਂ ਦੇ ਮਾਸੂਮ ਪੁੱਤ੍ਰ ਅਜੈ ਸਿੰਘ ਅਤੇ ਭਾਈ ਬਾਜ ਸਿੰਘ, ਰਾਮ ਸਿੰਘ, ਭਾਈ ਫਤਹਿ ਸਿੰਘ, ਆਲੀ ਸਿੰਘ ਤੇ ਗੁਲਾਬ ਸਿੰਘ ਬਖਸ਼ੀ ਆਦਿ ਛੱਬੀਹ ਹੋਰ ਸਿੰਘਾਂ ਨੂੰ, ਲਾਲ ਕਿਲੇ ਦੇ ਬੰਦੀਖ਼ਾਨੇ `ਚੋਂ ਕੱਢ ਕੇ ਸਰਬਰਾਹ ਖਾਨ ਕੋਤਵਾਲ ਤੇ ਇਬਰਾਹੀਮ ਮੁੱਦੀਨ ਖਾਨ ਮੀਰ ਆਤਿਸ਼ ਹੋਰਾਂ ਜਲੂਸ ਦੇ ਰੂਪ ਵਿੱਚ, ਹਜ਼ਰਤ ਖ਼ਵਾਜਾ ਕੁਤਬ ਦੀਨ ਬਖਤਯਾਰ ਕਾਕੀ ਦੇ ਮਿਜਾਰ ਲਾਗੇ ਆਂਦਾ”। (ਸਿੱਖ ਇਤਿਹਾਸ ਦੇ ਪ੍ਰਤੱਖ ਦਰਸ਼ਨ , ਸੰਪਾਦਕ ਰਣਧੀਰ ਸਿੰਘ ਭਾਗ ਪਹਿਲਾ, ਪੰਨਾ 243) ਇਹ ਤਾਰੀਖ ਭਾਵ 11 ਹਾੜ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਜਾਂਦੇ ਕੈਲੰਡਰ ਵਿੱਚ ਦਰਜ ਹੈ। ਇਹ ਗੱਲ ਵੱਖਰੀ ਹੈ ਕਿ ਹਾੜ ਮਹੀਨੇ ਦੀ ਸੰਗਰਾਂਦ ਇਕ ਦਿਨ ਅੱਗੇ ਪਿਛੇ ਹੋ ਜਾਂਦੀ ਹੈ ਇਸ ਲਈ ਇਸ ਸਾਲ 11 ਹਾੜ 24 ਜੂਨ ਨੂੰ ਹੈ, ਪਰ ਪਿਛਲੇ ਸਾਲ 25 ਜੂਨ ਨੂੰ ਸੀ ਅਤੇ ਆਉਣ ਵਾਲੇ ਸਾਲ 11 ਹਾੜ 25 ਜੂਨ ਨੂੰ ਹੋਵੇਗੀ। ਦੂਜੇ ਪਾਸੇ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ, ਬਾਬਾ ਬੰਦਾ ਬਹਾਦਰ ਜੀ ਦੀ ਸ਼ਹੀਦੀ ਦੀ ਤਾਰੀਖ 11 ਹਾੜ ਨੂੰ, ਸਦਾ ਵਾਸਤੇ 25 ਜੂਨ ਹੀ ਹੋਵੇਗੀ।

ਗੁਰੂ ਨਾਨਕ ਮੋਦੀ

0

ਗੁਰੂ ਨਾਨਕ ਮੋਦੀ

ਰਸ਼ਪਾਲ ਸਿੰਘ ਹੁਸ਼ਿਆਰਪੁਰ

                ਮੁਹੱਬਤ ਤੇ ਖ਼ਲਕਤ

ਭਾਈ ਜੈ ਰਾਮ ਜੀ ਦੇ ਸੁਨੇਹੇ ਨੂੰ ਸਵੀਕਾਰਦਿਆਂ ਪੈਂਤੀ ਸਾਲ ਸਾਢੇ ਛੇ ਮਹੀਨੇ ਦਾ ਬਹੁਤ ਹੋਣਹਾਰ, ਹਿੰਮਤੀ ਤੇ ਹੁਸ਼ਿਆਰ ਨੌਜਵਾਨ ਸੁਲਤਾਨਪੁਰ ਨੂੰ ਚੱਲ ਪਿਆ। ਰਾਜ-ਜੋਗ ਮਾਲਕ ਨੇ ਤਲਵੰਡੀ ਤੋਂ ਤੁਰਨ ਲੱਗਿਆਂ ਆਪਣੇ ਨਾਲ ਡੇਢ ਕੁ ਦਹਾਕੇ ਤੋਂ ਬਣੇ ਗੂੜ੍ਹੇ ਆੜੀ ਗ਼ਰੀਬ ਮਿਰਾਸੀ ਨੂੰ ਵੀ ਨਾਲ ਹੀ ਲੈ ਲਿਆ, ਜੋ ਕਿ ਰੂਹ ਦੀ ਖ਼ੁਰਾਕ ਦਾ ਸਤਿਸੰਗ ਹੈ। ਕੀਰਤਨ ਕਰਨ ਮੌਕੇ ਬਤੌਰ ਸਾਜੰਦਾ ਹੈ। ਤਕਰੀਬਨ 30 ਅਕਤੂਬਰ 1504 ਸੀ।

ਸੁਲਤਾਨ ਪੁਰ 11ਵੀਂ ਸਦੀ ਵਿੱਚ ਮਹਿਮੂਦ ਗਜ਼ਨਵੀ ਦੇ ਫ਼ੌਜਦਾਰ ਸੁਲਤਾਨ ਖ਼ਾਨ ਨੇ ਵਸਾਇਆ ਸੀ। ਭਾਈ ਜੈ ਰਾਮ ਨੇ ਹੋਣਹਾਰ ਨੌਜਵਾਨ ਦਾ ਜੀਵਨ-ਵੇਰਵਾ ਨਵਾਬ ਦੌਲਤ ਖ਼ਾਨ ਦੀ ਸਰਕਾਰ ਕੋਲ ਭੇਜਿਆ। ਚੋਣ ਪ੍ਰਕਿਰਿਆ ਹੋਈ ਅਤੇ ਮੋਦੀ ਦਾ ਅਹੁਦਾ ਦਿੱਤਾ ਗਿਆ। ਸਾਰਾ ਸਰਕਾਰੀ ਕੰਮ ਕਾਰ ਇਸੇ ਮਹਿਕਮੇ ਦੇ ਆਸਰੇ ਸੀ। ਮੋਦੀ ਦਾ ਅਹੁਦਾ ਬੜੀ ਭਾਰੀ ਜ਼ਿੰਮੇਵਾਰੀ ਦਾ ਸੀ। ਭਾਰੀ ਕਾਬਲੀਅਤ ਬਿਨਾਂ ਇਸ ਅਹੁਦੇ ਨੂੰ ਨਿਭਾਉਣਾ ਅਸੰਭਵ ਹੈ। ਉਸ ਸਮੇਂ ਕਿਸਾਨ ਲੋਕ ਸਰਕਾਰੀ ਮਾਮਲਾ ਆਮ ਤੌਰ ’ਤੇ ਜਿਨਸ ਵਿੱਚ ਦਿਆ ਕਰਦੇ ਸਨ। ਸਰਕਾਰੀ ਮੁਲਾਜ਼ਮਾਂ ਨੂੰ ਤਨਖ਼ਾਹਾਂ ਇਸੇ ਜਿਨਸ ਵਿੱਚੋਂ ਹੀ ਦਿੱਤੀਆਂ ਜਾਂਦੀਆਂ ਸਨ। ਵਧੀ ਜਿਨਸ ਵੇਚ ਕੇ ਰੁਪਇਆ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਾਉਣਾ ਹੁੰਦਾ ਸੀ।

ਕਚਹਿਰੀਆਂ ਜਾਂ ਮਾਲ ਮਹਿਕਮੇ ਨਾਲ ਜਿਸ ਦਾ ਵਾਹ ਪੈਂਦਾ ਹੈ, ਉਹ ਜਾਣ ਜਾਂਦਾ ਹੈ ਕਿ ਉੱਥੇ ਰਿਸ਼ਵਤ ਦਾ ਜ਼ੋਰ ਹੁੰਦਾ ਹੈ। ਵਿਰਲਾ ਅਧਿਕਾਰੀ ਜਾਂ ਮੁਲਾਜ਼ਮ ਹੀ ਇਸ ਬੁਰਿਆਈ ਤੋਂ ਬਚਦਾ ਹੈ। ਇਮਾਨਦਾਰ ਕਰਮਚਾਰੀ ਜਿੱਥੇ ਉੱਪਰਲੀ ਕਮਾਈ ਨੂੰ ਲੱਤ ਮਾਰਦਾ ਹੈ, ਉੱਥੇ ਭ੍ਰਿਸ਼ਟ ਲੋਕਾਂ ਦੇ ਵਿਰੋਧ ਨਾਲ ਟੱਕਰ ਲੈਣ ਲਈ ਵੀ ਮਜ਼ਬੂਰ ਹੁੰਦਾ ਹੈ। ਰਿਸ਼ਵਤ-ਖ਼ੋਰ ਕਰਮਚਾਰੀ ਆਪਣੇ-ਆਪਣੇ ਮਹਿਕਮੇ ਵਿੱਚੋਂ  ਇਮਾਨਦਾਰ ਮੁਲਾਜ਼ਮਾਂ ਤੋਂ ਮੁਕਤ ਹੋਣ ਲਈ ਹੱਥ-ਪੈਰ ਮਾਰਦੇ ਹਨ। ਰਿਸ਼ਵਤ ਦੇਣ-ਦਿਵਾਣ ਵਾਲਿਆਂ ਨੂੰ ਭੀ ਇਮਾਨਦਾਰ ਕਰਮਚਾਰੀ ਪਸੰਦ ਨਹੀਂ ਆਉਂਦੇ ਕਿਉਂਕਿ ਅਯੋਗ ਕੰਮ ਕਰਵਾਉਣੇ ਹੁੰਦੇ ਹਨ, ਪਰ ਆਮ ਜਨਤਾ ਨੂੰ ਇਮਾਨਦਾਰ ਮੁਲਾਜ਼ਮਾਂ ਨਾਲ ਬੜੀ ਮੁਹੱਬਤ ਹੁੰਦੀ ਹੈ। ਮੋਦੀਖ਼ਾਨੇ ਦਾ ਮੋਦੀ ਵੀ ਸਭ ਨੂੰ ਬੜਾ ਪਿਆਰਾ ਲੱਗੇ ਲੋਕ-ਗੀਤ ਗਾਏ ਜਾਂਦੇ ਹਨ; ਗੁਰੂ ਨਾਨਕ ਸਭ ਦਾ ਪਿਆਰਾ ਜਿਹੜਾ ਤੇਰਾਂ ਤੇਰਾਂ ਤੋਲਦਾ, ‘‘ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ ॥ (ਜਪੁ) ਦਾ ਭੰਡਾਰਾ ਵਰਤਾਉਣ ਵਾਲਾ; ਤੱਕੜੀ ਤੋਲਦਿਆਂ ਦਿਲੋਂ ਤੇਰਾ-ਤੇਰਾ ਬੋਲਦਾ ਹੈ, ‘‘ਕਬੀਰ! ਮੇਰਾ ਮੁਝ ਮਹਿ ਕਿਛੁ ਨਹੀ; ਜੋ ਕਿਛੁ ਹੈ, ਸੋ ਤੇਰਾ ॥ ਤੇਰਾ, ਤੁਝ ਕਉ ਸਉਪਤੇ; ਕਿਆ ਲਾਗੈ ਮੇਰਾ ?॥’’ (ਭਗਤ ਕਬੀਰ ਜੀ/੧੩੭੫) ਸੁਨੇਹਾ ਵੰਡੀ ਜਾਂਦੇ ਹਨ ਕਿ ਕਿਛ ਨਹੀਂ ਮੇਰਾ, ਸਭ ਕਿਛ ਤੇਰਾ!

ਤਲਵੰਡੀ ’ਚ ਲਾਏ 20 ਰੁਪਏ ਦੇ ਲੰਗਰ ਵਾਂਗ ਏਥੇ ਵੀ ਆਪਣੀ ਕਮਾਈ ’ਚੋਂ ਗੁਰੂ ਨਾਨਕ ਪਾਤਸ਼ਾਹ ਖੁੱਲ੍ਹੇ ਦਿਲ ਗ਼ਰੀਬ ਲੋੜਵੰਦਾਂ ਦੇ ਮੱਦਦਗਾਰ ਬਣੇ ਹੋਏ ਹਨ। ਗ਼ਰੀਬਾਂ ਦਾ ਦਰਦ ਵੰਡਾਉਣ ਦੀ ਸ਼ੋਭਾ ਸੁਣ ਕੇ ‘ਗ਼ਰੀਬ ਬ੍ਰਾਹਮਣ, ਮੋਦੀ ਕੋਲ ਆਣ ਹਾਜ਼ਰ ਹੋਇਆ। ਅਰਜ਼ ਕੀਤੀ ਪੱਲੇ ਕੁਝ ਨਹੀਂ ਜਵਾਨ ਧੀ ਵਿਆਹੁਣ-ਯੋਗ ਹੈ। ਮੋਦੀ ਨੇ ਸਮਾਨ ਦੀ ਸੂਚੀ ਤਿਆਰ ਕਰਵਾਈ। ਕੁਝ ਸਮਾਨ ਐਸਾ ਸੀ ਖ਼ਰੀਦਦਾਰੀ ਲਈ ਲਾਹੌਰ ਜਾਣ ਦੀ ਲੋੜ ਬਣ ਗਈ। ਸੁਲਤਾਨਪੁਰ ਦੇ ਵਣਜ-ਵਾਪਾਰ ਵਾਂਗ ਸੰਬੰਧ ਲਾਹੌਰ ਨਾਲ ਵੀ ਸਨ। ਗੁਰੂ ਨਾਨਕ ਪਾਤਸ਼ਾਹ ਨੇ ਭਾਈ ਭਗੀਰਥ ਨੂੰ ਲਾਹੌਰ ਭੇਜਿਆ। ਭਾਈ ਭਗੀਰਥ ਉੱਥੋਂ ਦੇ ਇਕ ਵਾਪਾਰੀ ਮਨਸੁਖ ਨੂੰ ਜਾ ਮਿਲਿਆ। ਭਾਈ ਭਗੀਰਥ ਦੀ ਅਲੌਕਿਕ ਜੀਵਨ-ਧਾਰਾ ਦੇ ਵਹਿਣ ਵਿੱਚ ਮਨਸੁਖ ਵੀ ਮੋਦੀ ਦੇ ਦਰਸ਼ਨ ਕਰਨ ਸੁਲਤਾਨਪੁਰ ਆ ਪੁੱਜਾ। ਮਨਸੁਖ ਵੀ ਸਿੱਖੀ ਵਾਲਾ ਮਾਰਗ ਦ੍ਰਿੜ੍ਹ ਕਰ ਗਿਆ। ਆਗਿਆ ਅਨੁਸਾਰ ਮੁੜ ਵਾਪਾਰ ਦੇ ਕਾਰ-ਵਿਹਾਰ ਜਾ ਲੱਗਾ। ਮਨਸੁਖ ਵਾਪਾਰ ਕਰਨ ਦੇਸ਼-ਪ੍ਰਦੇਸ਼ ਜਾਂਦਾ ਸੀ। ਸਿੰਘਲਾਦੀਪ ਵੀ ਜਾਇਆ ਕਰਦਾ ਸੀ। ਲੰਕਾ ਨਿਵਾਸੀ ਜਾਣੂ-ਪਛਾਣੂ ਸਨ। ਸਿੰਘਲਾਦੀਪ ਦੇ ਰਾਜੇ ਸ਼ਿਵਨਾਭ ਨਾਲ ਵੀ ਡੂੰਘੀ ਸਾਂਝ ਸੀ, ਪਰ ਇਸ ਵਾਰੀ ਸਾਰੇ ਜਾਣੂ-ਪਛਾਣੂ ਤੇ ਰਾਜਾ ਭਾਈ ਮਨਸੁਖ ਦੇ ਉੱਚੇ-ਸੁੱਚੇ ਜੀਵਨ ਢੰਗ ਤੋਂ ਹੈਰਾਨ ਸਨ। ਕਈ ਸਿੰਘਾਲੀ ਲੋਕ ਅਤੇ ਰਾਜਾ ਸ਼ਿਵਨਾਭ ਗੁਰੂਚਰਨਾਂ ਦੇ ਭੌਰੇ ਬਣ ਗਏ 

ਮੋਦੀ ਦੀ ਖੁੱਲ੍ਹਦਿਲੀ ਅਤੇ ਗ਼ਰੀਬਪਰਵਰੀ ਦੀ ਸ਼ੋਭਾ ਅਤੇ ਸੁਗੰਧੀ ਦੂਰ ਦੂਰ ਤੱਕ ਖਿੱਲਰ ਰਹੀ ਸੀ ਿਸ਼ਵਤਖ਼ੋਰ ਕਰਮਚਾਰੀਆਂ ਨੇ ਨਵਾਬ ਦੌਲਤ ਖ਼ਾਨ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਕਿ ਨਵਾਂ ਮੋਦੀ ਸਰਕਾਰੀ ਮੋਦੀਖ਼ਾਨਾ ਲੁਟਾਈ ਜਾ ਰਿਹਾ ਹੈ ਲੇਖਾਜੋਖਾ ਹੋਇਆ ਤੇ ਸਭ ਕੁਝ ਬਹੁਤ ਤਸੱਲੀ ਬਖਸ਼ ਪਾਇਆ ਗਿਆ ਹੁਣ ਪੌਣੇ ਤਿੰਨ ਕੁ ਸਾਲ ਮੋਦੀ ਦੇ ਅਹੁਦੇਤੇ ਲੰਘ ਚੁੱਕੇ ਸਨ ਅਗਸਤ 1507 ਦਾ ਸਮਾਂ ਜਦੋਂ ਭੈਣ ਬੇਬੇ ਨਾਨਕੀ ਜੀ ਤੋਂ ਸਿਵਾਏ ਸਭ ਨੂੰ ਖਿਆਲ ਆਇਆ ਮੋਦੀ ਡੁੱਬ ਗਿਆ ਹੈ। ਭਾਈ ਗੁਰਦਾਸ ਜੀ ਦੀ ਸਾਖੀ ਤੋਂ ਇਸ਼ਾਰਾ ਮਿਲਦਾ ਹੈ ਕਿ ਮੋਦੀ ਡੁੱਬਿਆ ਨਹੀਂ ਸੀ ਬਲਕਿ ਧਰਤ ਲੋਕਾਈ ਨੂੰ ਸੋਧਣ ਲਈ ਸੋਚ-ਵਿਚਾਰ ਕਰ ਰਿਹਾ ਸੀ। ਗੁਰੂ ਨਾਨਕ ਪਾਤਸ਼ਾਹ ਜੀ ਗ਼ਰੀਬ ਜਨਤਾ ਉੱਤੇ ਹੋ ਰਹੇ ਜਬਰ-ਜ਼ੁਲਮ ਨੂੰ ਰੋਕਣ ਵਾਸਤੇ ਵਿਉਂਤਬੰਦੀ ਕਰ ਰਹੇ ਸਨ। ਭਾਈ ਗੁਰਦਾਸ ਜੀ ਅਨੁਸਾਰ : ‘‘ਬਾਬਾ ਦੇਖੈ ਧਿਆਨ ਧਰਿ; ਜਲਤੀ ਸਭਿ ਪ੍ਰਿਥਵੀ ਦਿਸਿ ਆਈ। ਬਾਝਹੁ ਗੁਰੂ ਗੁਬਾਰ ਹੈ; ਹੈ ਹੈ ਕਰਦੀ ਸੁਣੀ ਲੁਕਾਈ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੪) ਚੁਣੌਤੀ ਸੀ ਕਿ ਸਿਰ ਤਲੀ ’ਤੇ ਧਰ ਕੇ ਤੁਰਨਾ ਪੈਣਾ ਸੀ। ਜੀਵਨ-ਜਾਚ ਸਿਖਾਉਣ ਲਈ ਬਣੇ ਹਿੰਦੂ, ਮੁਸਲਿਮ ਤੇ ਜੋਗੀਆਂ ਦੇ ਧਰਮ-ਅਸਥਾਨ ਹੀ ਜਨਤਾ ਨੂੰ ਪੈਰਾਂ ਹੇਠ ਲਤਾੜ ਰਹੇ ਸਨ। ਬ੍ਰਾਹਮਣਾਂ, ਜੋਗੀਆਂ, ਸਿੱਧਾਂ ਤੇ ਸਈਅਦਾਂ ਸਭਨਾਂ ਦੀਆਂ ਵਧੀਕੀਆਂ ਨਸ਼ਰ ਕਰਨੀਆਂ ਪੈਣੀਆਂ ਸਨ। ਸੁੱਤੀ ਤੇ ਸਹਿਮੀ ਜਨਤਾ ਜਗਾਉਣੀ ਪੈਣੀ ਸੀ। ਗ਼ਰੀਬਾਂ ਤੇ ਦੁਖੀਆਂ ਦੀ ਬਾਂਹ ਫੜਨ ਲਈ ਮਸੂਮ ਸਪੁੱਤਰਾਂ ਤੇ ਜਵਾਨ ਸੁਪਤਨੀ ਨਾਲੋਂ ਮਜ਼ਬੂਰੀ ਵਸ ਵਿਛੜਨਾ ਪੈਣਾ ਸੀ। ਅਥਾਹ ਸਰੀਰਕ ਕਸ਼ਟ ਸਹਾਰਨੇ ਪੈਣੇ ਸਨ। ਭੱਠ-ਤਪਦੇ ਰੇਤ-ਥਲੇ, ਕੜਕਦੀ ਠੰਡੇ ਤੇ ਜੰਗਲੀਂ ਪਹਾੜੀਂ ਭੁੱਖੇ-ਤ੍ਰੇਹੇ ਹਜ਼ਾਰਾਂ ਮੀਲਾਂ ਦਾ ਪੈਦਲ ਸਫ਼ਰ ਸਰ ਕਰਨਾ ਸੀ। ਚਤਰ-ਚਲਾਕ, ਜਾਂਗਲੀ ਤੇ ਮਾਣਸ-ਖਾਣੇ ਓਪਰੇ ਉਪਰੇ ਓਪਰੀਆਂ ਬੋਲੀਆਂ ਬੋਲਣ ਵਾਲੇ ਲੋਕਾਂ ਨਾਲ ਵਾਹ ਪੈਣਾ ਸੀ। ਦੁਖੀ ਦੁਨੀਆਂ ਦਾ ਦਰਦ ਵੰਡਾਉਣ ਤੋਂ ਪਹਿਲਾਂ ਅੱਖਾਂ ਪਾੜਦੇ ਦੁੱਖ ਦਿਖ ਰਹੇ ਸਨ। ਦੂਜੇ ਪਾਸੇ ਘਰ ਦੇ ਸੁੱਖ ਸਨ। ਮਿੱਠੇ ਮੇਵੇ ਮਾਪੇ, ਆਗਿਆਕਾਰੀ ਸੁਪਤਨੀ ਅਤੇ ਛੋਟੇ ਛੋਟੇ ਬਾਲ (ਲਾਲ) ਅੱਖਾਂ ਤੋਂ ਬਾਹਰ ਨਹੀਂ ਸਨ। ਅਹਿਮ ਮੰਤਰਾਲੇ ਦਾ ਅਹਿਮ ਅਹੁਦਾ ਅਤੇ ਮਾਨਸਨਮਾਨ ਛੱਡਣਾ ਪੈਣਾ ਸੀ

ਨਵਾਬ ਦੌਲਤ ਖ਼ਾਨ ਤਾਂ ਇਮਾਨਦਾਰ ਮੋਦੀ ਦਾ ਮੁਰੀਦ ਹੀ ਬਣਿਆ ਹੋਇਆ ਸੀ। ਸੁਲਤਾਨਪੁਰ ਦੀਆਂ ਗਲੀਆਂ ਦੇ ਕੱਖਾਂ ਦੀ ਵੀ ਜੀਭ ਆਖਦੀ ਸੀ ‘ਧੰਨ ਨਾਨਕ ਮੋਦੀ, ਧੰਨ ਨਾਨਕ ਮੋਦੀ’। ਮੋਦੀ ਨੇ ਅੱਜ ਦੋਹਾਂ ਪਾਸਿਆਂ ਨੂੰ ਤੱਕੜੀ ਵਿੱਚ ਤੋਲ ਲਿਆ। ਫ਼ੈਸਲਾ ਕਰ ਲਿਆ ਕਿ ਸੜ ਰਹੀ ਧਰਤੀ ਉੱਤੇ ਠੰਡ ਵਰਤਾਉਣ ਲਈ ਨਿੱਜੀ ਸੁੱਖ ਕੁਰਬਾਨ ਕਰ ਦੇਣੇ ਹਨ। ਸੁਲਤਾਨਪੁਰ ਦੇ ਕਬਰਿਸਤਾਨ ਵਿੱਚ ਆ ਡੇਰਾ ਕੀਤਾ। ਪਲਾਂ ਵਿੱਚ ਘਰ ਘਰ ਖ਼ਬਰ ਘੁੰਮ ਗਈ ਕਿ ਪਿਆਰਾ ਪਿਆਰਾ ਮੋਦੀ ਜੀਊਂਦਾ ਹੈ ਮੋਦੀ ਜੀਊਂਦਾ ਹੈ ਕੀ ਨਵਾਬ ਤੇ ਕੀ ਗ਼ਰੀਬ; ਸਭ ਕਬਰਿਸਤਾਨ ਵਿੱਚ ਆਣ ਢੁੱਕੇ, ਪਰ ਹੁਣ ਮੋਦੀ ਨੇ ਸੁਲਤਾਨਪੁਰ ਛੱਡ ਸੰਸਾਰ ਦੇ ਵੱਡੇ ਮੋਦੀਖ਼ਾਨੇ ਦਾ ਮੋਦੀ ਹੋ ਜਾਣ ਬਾਰੇ ਮੁੱਖ ਖੋਲ੍ਹ ਦਿੱਤਾ ਨਵਾਬ ਨੂੰ ਹਿਸਾਬ ਸਾਂਭਣਾ ਪੈ ਗਿਆ। ਆਮਦਨ-ਖਰਚ ਲੇਖਾ ਹੋਇਆ। ਦੇਣਦਾਰੀ ਦੀ ਥਾਂ ਲੈਣਦਾਰੀ ਨਿੱਕਲੀ। ਬਾਕੀ ਰਕਮ ਜੁੜੀ ਭੀੜ ਵਿੱਚ ਖੜ੍ਹੇ ਗ਼ਰੀਬਾਂ ਨੂੰ ਵੰਡ ਦਿੱਤੀ। ਵੇਈਂ ਨਦੀ ਤੋਂ ਵਾਪਸ ਆ ਕੇ ਗੁਰੂ ਨਾਨਕ ਪਾਤਸ਼ਾਹ ਨੇ ਇੱਕੋ ਗੱਲ ਕੀਤੀ ਕਿ ‘ਨਾ ਕੋਈ ਹਿੰਦੂ, ਨਾ ਮੁਸਲਮਾਨ’। ਵਿਤਕਰੇ ਛੱਡੋ। ਖ਼ਾਲਿਕ ਨੂੰ ਸਾਰੀ ਖ਼ਲਕਤ ਵਿੱਚ ਤੱਕੋ। ਕੀ ਬੱਚੇ ਤੇ ਕੀ ਬੁੱਢੇ; ਸਭ ਘਬਰਾ ਗਏ ਕਿ ਉਨ੍ਹਾਂ ਦਾ ਹਰਮਨ ਪਿਆਰਾ ਮੋਦੀ ਉਨ੍ਹਾਂ ਤੋਂ ਸਦਾ ਲਈ ਵਿਛੜ ਚੱਲਿਆ ਹੈ, ਪਰ ਉਹ ਵਿਛੜਿਆ ਨਹੀਂ ਸੀ ਬਲਕਿ ਉਹ ਤਾਂ ਵਿਸ਼ਵ ਨੂੰ ਕਲਾਵੇ ਵਿੱਚ ਲੈ ਬੈਠਾ।

ਵਿਸ਼ਵ; ਉਨ੍ਹਾਂ ਤੋਂ ਲੇਖਾ ਕਰਨਾ (ਬੈਂਕਿੰਗ, ਅਕਾਊਂਟੈਂਸੀ ਤੇ ਹਿਊਮੈਨਿਟੀ ਲੈਸਨ) ਸਿੱਖੇ। ਸੇਵਾ ਦਾ ਮਾਰਗ ਪੁੱਛੇ। ਇਮਾਨਦਾਰੀ ਦਾ ਪਾਠ ਪੜ੍ਹੇ। ਕਰੋਨਾ ਵਿਸ਼ਾਣੂ ਕਾਰਨ ਵਿਸ਼ਵ ਵੱਡੇ ਸੰਕਟਾਂ ਵਿੱਚ ਆ ਘਿਰਿਆ ਹੈ। ਗੂਰੂ ਨਾਨਕ ਪਾਤਸ਼ਾਹ ਦੀ ਰੂਹਾਨੀ ਸਿੱਖਿਆ ਬੜੇ ਸੁੱਖ ਸਮੋਈ ਬੈਠੀ ਹੈ, ਪਰ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦਾ ਵਿਸ਼ਾ ਚੁਣ ਕਰ ਪੜ੍ਹਨਾ ਹੋਵੇਗਾ।

ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦੀ ਫੌਰੀ ਲੋੜ ਹੈ। ਅਨਾਜ ਦੀ ਲੋੜ ਸਭ ਤੋਂ ਮੁੱਢਲੀ ਲੋੜ ਹੈ। ਜਿਸ ਦੇਸ਼ ਭਾਰਤ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਯਾਤਰਾ ਅਰੰਭ ਕੀਤੀ, ਉਸ ਦੇਸ਼ ਦੀ ਇੱਕ ਅੰਦਾਜ਼ੇ ਮੁਤਾਬਿਕ 80% ਜਨਸੰਖਿਆ ਨੂੰ ਪ੍ਰਤੀ ਸ਼ਖ਼ਸ 10 ਕਿੱਲੋ ਅਨਾਜ ਪ੍ਰਤੀ ਮਹੀਨਾ 6 ਮਹੀਨਿਆਂ ਲਈ ਮੁਫ਼ਤ ਦਿੱਤਾ ਜਾਵੇ ਤਾਂ ਇਸ ਦਾ ਕੁੱਲ ਖ਼ਰਚ ਦੇਸ਼ ਦੇ ਕੁੱਲ ਰਾਸ਼ਟਰੀ ਉਤਪਾਦ ਦਾ 3% ਬਣੇਗਾ ਕੀ ਭਾਰਤ ਸਰਕਾਰ ਅਤੇ ਭਾਰਤੀ ਜਨਤਾ ਸਭ ਦੇ ਪਿਆਰੇ ਮੋਦੀ ਬਾਬੇ ਨਾਨਕ ਤੋਂ ਕੁਝ ਸਿੱਖੇਗੀ ?

ਰਸ਼ਪਾਲ ਸਿੰਘ ਹੁਸ਼ਿਆਰਪੁਰ                                             ਕਮਿਊਨਿਟੀ ਮੋਬਿਲਾਈਜ਼ਰ ਐਨ. ਜੀ. ਓ. ਜ਼

    98554-40151                                                   rashpalsingh714@gmail.com <mailto:rashpalsingh714@gmail.com>

ਸ਼ਹਿਨਸ਼ਾਹ ਖੁਦ ਹੀ ਕਉ ਭਾਖਤ

0

ਸ਼ਹਿਨਸ਼ਾਹ ਖੁਦ ਹੀ ਕਉ ਭਾਖਤ

ਗਿਆਨੀ ਕੇਵਲ ਸਿੰਘ (ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ)-੯੫੯੨੦-੯੩੪੭੨

ਸੰਸਾਰ ਦੇ ਇਤਿਹਾਸ ਅੰਦਰ ਸਿੱਖ ਕੌਮ ਦੀ ਬਿਲਕੁਲ ਵਿਲੱਖਣ ਅਤੇ ਆਦਰਯੋਗ ਥਾਂ ਹੈ। ਗਿਣਤੀ ਪੱਖੋਂ ਸਿੱਖ ਕੌਮ ਬਹੁਤ ਥੋੜ੍ਹੀ ਹੈ। ਇਸ ਦਾ ਸਰੂਪ ਸਿਧਾਂਤ ਅਤੇ ਜੀਵਨ ਕਰਨੀ; ਨਿਰਮਲ, ਨਿਆਰੀ ਅਤੇ ਗੁਣਾਂ ਭਰਪੂਰ ਹੈ। ਜਿਸ ਤੋਂ ਸੰਸਾਰ ਦੇ ਦੂਜੇ ਭਾਈਚਾਰੇ ਪ੍ਰਭਾਵਤ ਹੁੰਦੇ ਰਹੇ ਹਨ। ਜਦੋਂ ਸਿੱਖ ਕੌਮ ਦੇ ਅਤਿ ਮਾਣਯੋਗ ਇਤਿਹਾਸ ਨੂੰ ਘੋਖਵੀਂ ਅੱਖ ਨਾਲ ਕੋਈ ਸੰਸਾਰ ਦਾ ਸਿੱਖ ਅਤੇ ਗ਼ੈਰਸਿੱਖ ਚਿੰਤਕ ਵੇਖਦਾ ਹੈ ਤਾਂ ਉਸ ਦਾ ਸਿਰ, ਗੁਰੂ ਸਾਹਿਬਾਨ ਦੀ ਨਿਰੰਤਰ ਘਾਲਣਾ ਅੱਗੇ ਮੱਲੋ ਮੱਲੀ ਝੁਕ ਜਾਂਦਾ ਹੈ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਅਕਾਲੀ ਜੋਤਿ-ਜੁਗਤਿ ਦੇ ਵਾਰਸ ਹੋ ਕੇ ਅਕਾਲ ਪੁਰਖ ਦੀ ਖ਼ੁਦਾਈ ਰਹਿਮਤ ਸਦਕਾ ਸੰਸਾਰ ਦੀ ਧਰਤੀ ਉੱਤੇ ਆਉਂਦੇ ਹਨ ਤਾਂ ਉਸ ਵਕਤ ਮਨੁੱਖੀ ਸਮਾਜ ਦੀ ਹਾਲਤ ਅਤਿ ਤਿੜਕੀ ਹੋਈ, ਜ਼ੋਰ-ਜ਼ੁਲਮ ਦਾ ਸੰਤਾਪ ਸਹਿੰਦੀ ਅਤੇ ਢਹਿੰਦੀ ਦਿਸ਼ਾ ਵਿੱਚ ਸੀ। ਸੰਸਾਰ ਦਾ ਉਹ ਖਿੱਤਾ ਜਿੱਥੇ ਗੁਰੂ ਨਾਨਕ ਪਾਤਸ਼ਾਹ ਜੀ ਆਉਂਦੇ ਹਨ, ਉਹ ਰਾਜਨੀਤਕ ਪੱਖੋਂ ਸਦੀਆਂ ਦੀ ਗ਼ੁਲਾਮੀ ਦੀ ਸੱਟ ਸਹਿੰਦਾ ਆ ਰਿਹਾ ਸੀ। ਮੁਗ਼ਲ-ਪਠਾਣਾਂ ਦੀ ਗ਼ੁਲਾਮੀ ਇਸ ਖਿੱਤੇ ਦੇ ਲੋਕਾਂ ਦੀ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਆਰਥਿਕ ਦਸ਼ਾ ਨੂੰ ਬੁਰੀ ਤਰ੍ਹਾਂ ਤਬਾਹ ਕਰ ਚੁੱਕੀ ਸੀ। ਭਾਰਤੀ ਖੱਤਰੀ ਰਾਜਪੂਤ ਮਰਾਠੇ ਅਤੇ ਹੋਰ ਲੜਾਕੂ ਭਾਈਚਾਰੇ ਇਨ੍ਹਾਂ ਬਾਹਰੋਂ ਆਏ ਜ਼ਰਵਾਣਿਆਂ ਦਾ ਪਾਣੀ ਭਰਨ ਲਈ ਮਜ਼ਬੂਰ ਹੋ ਚੁੱਕੇ ਸਨ। ਇਸ ਖਿੱਤੇ ਦੇ ਲੋਕਾਂ ਦੀ ਆਬਰੂ, ਬਹੁਤ ਬੁਰੀ ਤਰ੍ਹਾਂ ਲੁੱਟ ਕੇ ਪੈਰਾਂ ਹੇਠ ਮਸਲ ਦਿੱਤੀ ਗਈ ਸੀ।

ਬੇਸ਼ੱਕ ਕਹਿਣ ਨੂੰ ਉਸ ਮੌਕੇ ਤਿੰਨ ਮਜ਼੍ਹਬ ਆਪਣਾ ਆਪਣਾ ਪ੍ਰਭਾਵ ਰੱਖਦੇ ਸਨ। ਇਸਲਾਮ ਬਾਹਰੋਂ ਆਏ ਹਮਲਾਵਰਾਂ ਦਾ ਮੱਤ ਸੀ, ਜੋ ਬੜੇ ਜ਼ੋਰ-ਜ਼ੁਲਮ ਅਤੇ ਕਪਟੀ ਢੰਗਾਂ ਨਾਲ ਫੈਲਾਇਆ ਗਿਆ ਸੀ। ਰਾਜਿਆਂ ਦਾ ਮਤ ਹੋਣ ਕਰਕੇ ਮਨਮਾਨੀ ਦੇ ਸਾਰੇ ਸਾਧਨ ਝੋਕਣ ਤੋਂ ਰੱਤਾ ਵੀ ਗੁਰੇਜ਼ ਨਹੀਂ ਕੀਤਾ ਜਾਂਦਾ ਸੀ। ਹਿੰਦੂ ਮਤ ਦਰਜਾ-ਬਦਰਜਾ ਮਨੁੱਖੀ ਸਮਾਜ ਨੂੰ ਜਾਤੀ ਵੰਡ ਦਾ ਸ਼ਿਕਾਰ ਬਣਾਉਣ ਦਾ ਆਪਣਾ ਸਦੀਆਂ ਪੁਰਾਣਾ ਵਤੀਰਾ ਜਿਉਂ ਦਾ ਤਿਉਂ ਜਾਰੀ ਰੱਖਣ ਵਾਸਤੇ ਬਜ਼ਿੱਦ ਸੀ। ਇਸ ਦੇ ਧਾਰਮਿਕ ਮੁਖੀ; ਸਮੇਂ ਦੇ ਜ਼ੋਰ ਜ਼ੁਲਮ ਦੇ ਖ਼ਿਲਾਫ ਅਤੇ ਹਿੰਦੂ ਧਾਰਮਿਕ ਮਾਨਤਾਵਾਂ ’ਤੇ ਕੀਤੇ ਜਾਂਦੇ ਹਮਲਿਆਂ ਦਾ ਜਵਾਬ ਦੇਣ ਲਈ ਕਿਸੇ ਵੀ ਤਰ੍ਹਾਂ ਹਿੰਮਤ ਜੁਟਾਉਣ ਦੇ ਯੋਗ ਨਹੀਂ ਸਨ। ਮਨੁੱਖੀ ਜੀਵਨ ਦੀ ਮਹਾਨਤਾ ਦਾ ਘੋਰ ਨਿਰਾਦਰ ਇਹ ਲੋਕ ਖ਼ੁਦ ਵੀ ਕਰਦੇ ਸਨ। ਤੀਜੀ ਜਮਾਤ ਜੋਗ ਮਤ ਦੀ ਸੀ, ਜੋ ਗ਼ੈਰ-ਸਮਾਜਿਕ ਸਰੋਕਾਰਾਂ ਦੇ ਧਾਰਨੀ ਸਨ। ਕੇਵਲ ਆਪਣੇ ਮੱਤ ਦੇ ਕਠਿਨ ਕਰਮਕਾਂਡਾਂ ਨਾਲ ਆਪਣਾ ਜਾਤੀ ਅੱਗਾ ਸੰਵਾਰਨ ਅਤੇ ਪੂਜਾ ਪ੍ਰਤਿਸ਼ਟਾ ਨੂੰ ਮੰਨਣ ਤੱਕ ਹੀ ਜੀਵਨ ਕਿਰਿਆ ਸੀਮਤ ਰੱਖੀ ਹੋਈ ਸੀ। ਆਮ ਸਮਾਜ ਦੇ ਸਿਰ ’ਤੇ ਇਹ ਲੋਕ ਇੱਕ ਭਾਰ ਤੋਂ ਸਿਵਾਏ ਕੁਝ ਵੀ ਐਸਾ ਨਹੀਂ ਸਨ ਜੋ ਮਨੁੱਖੀ ਜ਼ਿੰਦਗੀ ਨੂੰ ਸਮੇਂ ਦੀਆ ਬੁਰਾਈਆਂ ਜਾਂ ਜ਼ੋਰ-ਜ਼ੁਲਮ ਦੇ ਖ਼ਿਲਾਫ ਅਣਖੀ ਜ਼ਿੰਦਗੀ ਜੀਊਣ ਦਾ ਸਬਕ ਦੇ ਦੇਂਦੇ।

ਐਸੇ ਅਧੋਗਤੀ ਦੇ ਦੌਰ ਵਿੱਚ ਫਸੇ ਹੋਏ ਮਨੁੱਖੀ ਸਮਾਜ ਲਈ ਜ਼ਿੰਦਗੀ ਨੂੰ ਸਹੀ ਸਚਿਆਰ ਮਾਰਗ ਦੱਸਣ ਦਾ ਨਿਸ਼ਾਨਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਪਾਸ ਸੀ। ਉਨ੍ਹਾਂ ਨੇ ਪਹਿਲਾਂ ਫੈਲੀਆਂ ਕਮਜ਼ੋਰੀਆਂ, ਬੁਰਾਈਆਂ ਅਤੇ ਧੱਕੇਸ਼ਾਹੀਆਂ ਤਰਾਸਦੀਆਂ ਨੂੰ ਰੱਬੀ ਗਿਆਨ ਦੀ ਅੱਖ ਨਾਲ ਵੇਖਿਆ। ਭਾਈ ਗੁਰਦਾਸ ਜੀ ਅਨੁਸਾਰ, ‘‘ਬਾਬਾ ਦੇਖੈ ਧਿਆਨ ਧਰਿ; ਜਲਤੀ ਸਭਿ ਪ੍ਰਿਥਵੀ ਦਿਸਿ ਆਈ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੪) ਸੰਸਾਰ ਦੀ ਇਸ ਭਿਆਨਕ ਅਧੋਗਤੀ ਨੂੰ ਸੁਧਾਰਨ ਸੰਵਾਰਨ ਲਈ ਲੰਮੀ ਰਣਨੀਤੀ ਅਤੇ ਜੁਗਤਿ ਦੀ ਜ਼ਰੂਰਤ ਸੀ। ਗ਼ੁਲਾਮੀ ਦੀ ਰਸਾਤਲ ਵਿੱਚ ਧਸੇ ਹੋਏ ਮਨੁੱਖੀ ਸਮਾਜ ਨੂੰ ਜ਼ਿੰਦਗੀ ਦਾ ਵਡਮੁੱਲਾ ਮਕਸਦ ਸਮਝਾਉਣਾ ਅਤੇ ‘‘ਆਪਣ ਹਥੀ ਆਪਣਾ; ਆਪੇ ਹੀ ਕਾਜੁ ਸਵਾਰੀਐ ’’ (ਮਹਲਾ /੪੭੪) ਦੀ ਆਤਮ-ਨਿਰਭਰਤਾ ਭਰਨਾ, ਉਸ ਵਕਤ ਸਭ ਤੋਂ ਔਖਾ ਕੰਮ ਸੀ। ਜਿਸ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਵੀਕਾਰ ਕਰਕੇ ‘‘ਚੜ੍ਹਿਆ ਸੋਧਣਿ; ਧਰਤਿ ਲੁਕਾਈ ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੪) ਅਤੇ ਅਕਾਲ ਪੁਰਖੀ ਸਿੰਘ ਨਾਦ ਵਜਾਇਆ। ਜਿਸ ਦੀ ਗਰਜ ਨੇ ਸਾਰੇ ਪਾਸੇ ਥਰ-ਥਰਾਹਟ ਪੈਦਾ ਕਰ ਦਿੱਤੀ। ਉਨ੍ਹਾਂ ਜੋ ਨਿਸ਼ਾਨਾ ਮਿੱਥਿਆ, ਉਹ ਪੜ੍ਹ ਸੁਣ ਕੇ ਉਂਗਲਾਂ ਮੂੰਹੀਂ ਆ ਜਾਂਦੀਆਂ ਹਨ। ਦਬੇ-ਕੁਚਲੇ ਅਤੇ ਸਾਹ-ਸਤ ਹੀਣ ਸਮਾਜ ਅੰਦਰ ਜ਼ਿੰਦਗੀ ਦਾ ਉੱਚਾ ਸੁੱਚਾ ਮਕਸਦ ਭਰਨ ਦਾ ਨਿਰਣਾ ਲਿਆ। ਦੋ ਅਹਿਮ ਸਵਾਲਾਂ ਰਾਹੀਂ ਇਸ ਮਕਸਦ (ਇਲਾਹੀ ਪੈਗਾਮ) ਬਾਰੇ ਚੇਤਨਾ ਪੈਦਾ ਕੀਤੀ ਗਈ, ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੂਟੈ ਪਾਲਿ ?’’ ਇਨ੍ਹਾਂ ਦੋਵੇਂ ਸਵਾਲਾਂ ਅੰਦਰ ਕ੍ਰਾਂਤੀ-ਇਨਕਲਾਬ ਦੀਆਂ ਮਜ਼ਬੂਤ ਜੜ੍ਹਾਂ ਹਨ। ਬੇ-ਅਰਥੀ ਤੇ ਬੇ-ਰਸੀ ਜ਼ਿੰਦਗੀ ਜੀਊਣ ਵਾਲੀ ਲੁਕਾਈ ਨੂੰ ਇਨ੍ਹਾਂ ਦੋਵੇਂ ਸਵਾਲਾਂ ਦਾ ਉੱਤਰ ਵੀ ਬਖਸ਼ਿਆ ਕਿ ‘‘ਹੁਕਮਿ ਰਜਾਈ ਚਲਣਾ; ਨਾਨਕ ! ਲਿਖਿਆ ਨਾਲਿ ’’ (ਜਪੁ/ਮਹਲਾ ) ਬੜਾ ਸਪਸ਼ਟ ਸੰਦੇਸ਼ ਹੈ ਕਿ ਐ ਮਨੁੱਖ ! ਗ਼ੁਲਾਮੀ ਤੋਂ ਆਜ਼ਾਦੀ ਵੱਲ ਜਾਣ ਲਈ (ਭਾਵ ਸਮੇਂ ਦੀਆਂ ਬਾਦਸ਼ਾਹੀਆਂ ਨੂੰ ਵੰਗਾਰਨ ਲਈ) ਅਰਥਹੀਣ ਰੂੜ੍ਹੀਵਾਦੀ ਧਾਰਮਿਕ ਰਵਾਇਤਾਂ ਅਤੇ ਵਕਤੀ ਰਾਜਿਆਂ ਦੀ ਤਾਨਾਸ਼ਾਹੀ ਅੱਗੇ ਸਿਰ ਝੁਕਾਉਣਾ; ਛੱਡ ਕੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਜੋ ਇੱਕੋ ਇੱਕ ਹਨ, ਉਨ੍ਹਾਂ ਦੀ ਹੋਂਦ ਨੂੰ ਸਵੀਕਾਰ ਕੇ ਭਗਤੀ ਕਰਨ ਲੱਗ ਜਾਓ। ਜ਼ਿੰਦਗੀ ਸਚਿਆਰ ਹੋ ਜਾਵੇਗੀ। ਕੂੜ-ਗ਼ੁਲਾਮੀ ਦੀ ਕੰਧ ਢਹਿ-ਢੇਰੀ ਹੋ ਜਾਵੇਗੀ। ਮਨੁੱਖ ਦੇ ਅੰਦਰ ਸੁੱਤੀਆਂ ਕਲਾਂ ਜਗਾਉਣ ਦੇ ਵੱਡੇ ਮਕਸਦ ਲਈ ਉਨ੍ਹਾਂ ਆਵਾਜ਼ ਕੀਤੀ, ‘‘ਜਉ ਤਉ; ਪ੍ਰੇਮ ਖੇਲਣ ਕਾ ਚਾਉ ਸਿਰੁ ਧਰਿ ਤਲੀ; ਗਲੀ ਮੇਰੀ ਆਉ ਇਤੁ ਮਾਰਗਿ; ਪੈਰੁ ਧਰੀਜੈ ਸਿਰੁ ਦੀਜੈ; ਕਾਣਿ ਕੀਜੈ ’’ (ਮਹਲਾ /੧੪੧੨)

ਹਰ ਪ੍ਰਕਾਰ ਦੀ ਗ਼ੁਲਾਮੀ ਤੋਂ ਆਜ਼ਾਦੀ ਵੱਲ ਵੱਡੀ ਪੁਲਾਂਘ ਪੁੱਟਣ ਦੇ ਮੁਤਲਾਸ਼ੀ (ਖੋਜੀ); ਜਿਵੇਂ ਜਿਵੇਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚੌਗਿਰਦੇ ਇਕੱਠੇ ਹੋਏ ਉਹ ਇਤਿਹਾਸ ਦੇ ਪੰਨੇ ਬਾਖ਼ੂਬੀ ਦੱਸ ਰਹੇ ਹਨ। ਗੁਰੂ ਜੀ ਨੇ ਇੱਕ ਅਹਿਮ ਖ਼ੁਦਾਈ ਬਖ਼ਸ਼ਿਸ਼ ਦੇ ਰਾਜ਼ ਦੀ ਗੱਲ ਹੋਰ ਵੀ ਸਮਝਾਈ ਕਿ ਦੁਨਿਆਵੀ ਤਖ਼ਤਾਂ ਤਾਜਾਂ ਦੇ ਮਗਰ ਭੱਜਣ ਦੀ ਥਾਂ ਪਹਿਲਾਂ ਉਸ ਪਾਤਸ਼ਾਹੀ ਨੂੰ ਪ੍ਰਾਪਤ ਕਰਨ ਲਈ ਖ਼ੁਦਾਈ ਹੁਕਮ ਅੰਦਰ ਜੀਊਣਾ ਲਾਜ਼ਮੀ ਹੈ। ਜਿੱਥੇ ਬੰਦਿਆਂ ਦੀ ਤਾਰੀਫ਼ ਦੀ ਥਾਂ ਇੱਕੋ ਇੱਕ ਖ਼ੁਦਾ ਦੀ ਸਿਫ਼ਤੋਂ ਸਾਲਾਹ ਦੀ ਬਖ਼ਸ਼ਿਸ਼ ਮਿਲਦੀ ਹੈ। ਇਸ ਬਖ਼ਸ਼ਿਸ਼ ਵਿੱਚ ਕਾਦਰ ਦੀ ਆਪਣੀ ਪਾਤਸ਼ਾਹੀ ਭਰੀ ਹੋਈ ਹੈ। ਗੁਰੂ ਗਿਆਨ ਦੇ ਅੰਮ੍ਰਿਤ ਬੋਲ ਹਨ, ‘‘ਜਿਸ ਨੋ ਬਖਸੇ; ਸਿਫਤਿ ਸਾਲਾਹ ਨਾਨਕ ! ਪਾਤਿਸਾਹੀ ਪਾਤਿਸਾਹੁ ’’ (ਜਪੁ) ਇੱਥੇ ਸਾਰੀਆਂ ਬਾਦਸ਼ਾਹੀਆਂ ਝੁਕਦੀਆਂ ਹਨ। ਸਮੇਂ ਦੇ ਸ਼ਕਤੀਸ਼ਾਲੀ ਬਾਦਸ਼ਾਹ ਬਾਬਰ ਨੂੰ ਸੰਸਾਰ ਨੇ ਖ਼ੁਦ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨਾਂ ਅੱਗੇ ਹਾਰਦਾ ਵੇਖਿਆ। ਇੱਥੋਂ ਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖਾਂ ਅੰਦਰ ਰੂਹਾਨੀਅਤ ਦੀਆਂ ਸਿਖ਼ਰਾਂ ਛੂਹਣ ਵਾਲੀ ਅਮਲੀ ਕਮਾਈ ਦੀ ਜਿੱਥੇ ਪ੍ਰਬਲ ਲਾਲਸਾ ਪੈਦਾ ਹੁੰਦੀ ਹੈ, ਉੱਥੇ ਖ਼ੁਦ ਨੂੰ ਦੁਨਿਆਵੀ ਬਾਦਸ਼ਾਹ ਦੀਆਂ ਕੂੜੀਆਂ ਗ਼ੁਲਾਮੀਆਂ ਨਾ ਮੰਨਣ ਦੀ ਹਿੰਮਤ ਪੈਦਾ ਹੁੰਦੀ ਹੈ।

ਇਤਿਹਾਸ ਪੜ੍ਹ ਕੇ ਪਤਾ ਲੱਗਦਾ ਹੈ ਕਿ ਧੰਨ ਗੁਰੂ ਅੰਗਦ ਪਾਤਸ਼ਾਹ ਜੀ ਤੋਂ ਅਸ਼ੀਰਵਾਦ ਲੈਣ ਹਮਾਯੂੰ ਵਰਗਾ ਪਾਤਸ਼ਾਹ ਵੀ ਆਉਂਦਾ ਹੈ। ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਅਕਬਰ ਬਾਦਸ਼ਾਹ ਹਾਜ਼ਰੀ ਭਰਨੀ ਗ਼ਨੀਮਤ ਸਮਝਦਾ ਹੈ। ਸਮੇਂ ਦੀਆਂ ਹਕੂਮਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ-ਘਰ ਦੀ ਅਹਿਮੀਅਤ ਦੀ ਬੇਬਾਕ ਜਾਣਕਾਰੀ ਭਾਈ ਜੇਠਾ ਜੀ, ਜੋ ਸਮੇਂ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਹੋ ਕੇ ਰੱਬੀ ਫ਼ਰਜ਼ ਪਾਲ਼ਦੇ ਪ੍ਰਸਾਰਦੇ ਹਨ, ਲਾਹੌਰ ਜਾ ਕੇ ਦੇਂਦੇ ਹਨ। ਜਦੋਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਪਾਸੋਂ ਸਮੇਂ ਦੇ ਜਰਵਾਣੇ (ਬਲਵਾਨ) ਬਾਦਸ਼ਾਹ ਦਾ ਕਰਿੰਦਾ ‘ਬੀਰਬਲ’ ਹਕੂਮਤੀ ਜਜ਼ੀਆ-ਟੈਕਸ ਮੰਗਦਾ ਹੈ ਤਾਂ ਗੁਰੂ ਸਾਹਿਬ ਜੀ ਦਾ ਸਪਸ਼ਟ ਜਵਾਬ ਸੀ ਕਿ ਇਹ ਇੱਕ ਅਕਾਲ ਪੁਰਖ ਦੀ ਬੰਦਗੀ ਕਰਨ ਵਾਲੀ ਕੌਮ ਹੈ, ਤੀਰਥ-ਅਸਥਾਨਾਂ ’ਤੇ ਭਰਮਣ ਕਰਨ ਵਾਲੀ ਨਹੀਂ । ਇਹ ਕੇਵਲ ਅਕਾਲ ਪੁਰਖ ਸ਼ਹਿਨਸ਼ਾਹ ਦਾ ਹੁਕਮ ਮੰਨਦੀ ਹੈ, ਇਸ ਲਈ ਹਕੂਮਤੀ ਜਜ਼ੀਆ ਨਹੀਂ ਭਰਿਆ ਜਾਵੇਗਾ। ਸਮੇਂ ਦੇ ਹਾਕਮ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ-ਘਰ ਅੰਦਰ ਨਿਰਭਉ-ਨਿਰਵੈਰ ਖ਼ੁਦਾਈ ਗੁਣਾਂ ਵਾਲੇ ਤਿਆਰ ਹੋ ਰਹੇ ਸਚਿਆਰ ਮਨੁੱਖਾਂ ਨੂੰ ਤਖ਼ਤੋ ਤਾਜਾਂ ਲਈ ਵੰਗਾਰ ਵਜੋਂ ਲੰਮੇ ਸਮੇਂ ਤੋਂ ਦੇਖ ਰਹੇ ਸਨ। ਇਸੇ ਲਈ ਇਨਕਲਾਬ ਦੀ ਅਦੁੱਤੀ ਖਾਣ ਦੇ ਮਾਲਕ ਧੰਨ ਗੁਰੂ ਅਰਜੁਨ ਸਾਹਿਬ ਜੀ ਨੂੰ ਤੱਤੀ ਤਵੀ ’ਤੇ ਬਿਠਾ ਕੇ ਅਣਮਨੁੱਖੀ ਤਸੀਹੇ ਦੇਂਦੇ ਹਨ। ਗੁਰੂ ਪਾਤਸ਼ਾਹ ਦੀ ਸ਼ਹਾਦਤ ਨੇ ਸਮੇਂ ਦੀਆਂ ਸਲਤਨਤਾਂ (ਹੁਕੂਮਤਾਂ) ਦੇ ਥੰਮ੍ਹਾਂ ਨੂੰ ਹਿਲਾਉਣ ਦਾ ਕੰਮ ਕੀਤਾ। ਦੁਨਿਆਵੀ ਬਾਦਸ਼ਾਹੀ ਦੀ ਗ਼ੁਲਾਮੀ ਤੋਂ ਸੁਤੰਤਰ ਹੋ ਕੇ ਕੇਵਲ ਖ਼ੁਦਾਈ ਪਾਤਸ਼ਾਹੀ ਅੱਗੇ ਸਿਜਦਾ ਕਰਨ ਵਾਲੇ ਸਚਿਆਰ ਸਿੱਖਾਂ ਦਾ ਕਾਫ਼ਲਾ, ਸੱਚੇ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਰਹਿਨੁਮਾਈ ਹੇਠ, ਜ਼ੋਰ ਅਤੇ ਜ਼ੁਲਮ ਢਾਹੁਣ ਵਾਲੇ ਜ਼ਰਵਾਣਿਆਂ ਨਾਲ ਖੰਡੇ ਨਾਲ ਖੰਡਾ ਖੜਕਾ ਅਜਿੱਤ ਹੋ ਵਕਤੀ ਹਾਕਮਾਂ ਦੀਆਂ ਦੰਦੀਆਂ ਜੋੜ ਦੇਂਦਾ ਹੈ। ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਦੇ ਵੱਡੇ ਅਰਥ; ਗੁਰੂ ਜੀ ਨੇ ਖ਼ੁਦ ਸਮਝਾਏ ਸਨ ਕਿ ਮੀਰੀ ਕਿਰਪਾਨ ਨਾਲ ਮੀਰਾਂ (ਜ਼ਰਵਾਣਿਆਂ) ਦੀ ਮੀਰੀ ਖਿੱਚ ਲੈਣੀ ਹੈ ਅਤੇ ਪੀਰੀ ਕਿਰਪਾਨ ਨਾਲ ਅੰਧਵਿਸ਼ਵਾਸ ਦੇ ਭਰਮ-ਭੁਲੇਖੇ ਖਿੱਚ ਲੈਣੇ ਹਨ। ਇੱਥੋਂ ਤੱਕ ਆਪਾਂ ਦੇਖ ਲਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰ-ਘਰ ਤਿਆਰ ਹੋਣ ਵਾਲੇ ਸਚਿਆਰ ਮਨੁੱਖਾਂ ਅੰਦਰ ਦੁਨਿਆਵੀ ਬਾਦਸ਼ਾਹੀ ਦੀ ਸਰਦਾਰੀ ਕਬੂਲਣ ਦਾ ਕਿਧਰੇ ਲੇਸ ਮਾਤਰ ਅੰਸ਼ ਵੀ ਪ੍ਰਵੇਸ਼ ਨਹੀਂ ਹੋਣ ਦਿੱਤਾ ਗਿਆ। ਸੱਚੀ ਪਾਤਸ਼ਾਹੀ ਗੁਰੂ ਦਰ-ਘਰ ਦਾ ਡੰਕਾ ਉਦੋਂ ਹੋਰ ਉੱਚਾ ਹੋ ਗਿਆ ਜਦੋਂ ਇਸ ਪਾਤਸ਼ਾਹੀ ਨੇ ਕੈਦੀ ਰਾਜਿਆਂ ਨੂੰ ਮੌਤ ਦੇ ਮੂੰਹ ਵਿੱਚੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਕਰਵਾਇਆ।

ਧੰਨ ਗੁਰੂ ਹਰਿਰਾਇ ਪਾਤਸ਼ਾਹ ਜੀ ਨੇ ਨਿਰਭਉ-ਨਿਰਵੈਰ ਵਿਚਰਦਿਆਂ 2200 ਘੋੜ ਸਵਾਰ ਤਿਆਰ-ਬਰ-ਤਿਆਰ ਹਰ ਵਕਤ ਨਾਲ ਰੱਖ ਕੇ ਸਮੇਂ ਦੀ ਬਾਦਸ਼ਾਹੀ ਦਾ ਕੋਈ ਅਸਰ ਨਹੀਂ ਕਬੂਲਿਆ। ਧੰਨ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ‘ਨਹਿ ਦਰਸਹਿ, ਨਹਿ ਦਰਸਾਵਹਿ ਦਰਸ਼ਨ’ ਵਾਕ ਕਹਿ ਕੇ ਔਰੰਗਜ਼ੇਬ ਵਰਗੇ ਜ਼ਾਬਰ ਨੂੰ ਚਕਨਾਚੂਰ ਕਰ ਸੱਚੀ ਪਾਤਸ਼ਾਹੀ ਦਾ ਜਾਹੋ-ਜਲਾਲ ਬਰਕਰਾਰ ਰੱਖਿਆ। ਧੰਨ ਗੁਰੂ ਤੇਗ਼ ਬਹਾਦਰ ਪਾਤਸ਼ਾਹ ਜੀ ਨੇ ਦੁਨਿਆਵੀ ਬਾਦਸ਼ਾਹੀਆਂ ਨੂੰ ਸੱਚੀ ਪਾਤਸ਼ਾਹੀ ਦਾ ਲੋਹਾ ਮੰਨਵਾਉਣ ਲਈ ਮਜਬੂਰ ਕੀਤਾ। ਵਕਤ ਆਉਣ ’ਤੇ ਦੁਨਿਆਵੀ ਤਖ਼ਤੋ ਤਾਜ ਤੋਂ ਮਿਲੇ ਮੌਤ ਵਰਗੇ ਡਰਾਵਿਆਂ ਨੂੰ ਵਗਾਹ ਮਾਰਿਆ। ਜਿਨ੍ਹਾਂ ਪੰਡਿਤਾਂ ਦੇ ਮਜ਼੍ਹਬੀ ਅਕੀਦੇ ਅੰਦਰ ਗੁਰੂ ਨਾਨਕ ਜੀ ਦੇ ਫ਼ਲਸਫ਼ੇ ਪ੍ਰਤੀ ਪੂਰਨ ਯਕੀਨ ਵੀ ਨਹੀਂ ਸੀ, ਉਨ੍ਹਾਂ ਦੀ ਰੱਖਿਆ ਲਈ ਅਤੇ ਜਰਵਾਣੇ ਹਾਕਮਾਂ ਦੀ ਜ਼ੁਲਮ ਕਰਦੀ ਤਲਵਾਰ ਨੂੰ ਖੁੰਢਿਆਂ ਕਰਨ ਲਈ ਦਿੱਲੀ ਆ ਵੰਗਾਰਿਆ। ਸਿਰ ਦੇ ਕੇ ਸੱਚੀ ਪਾਤਸ਼ਾਹੀ ਨੂੰ ਸੰਸਾਰ ਅੰਦਰ ਉਜਾਗਰ ਕੀਤਾ। ਸ਼ਰੇਆਮ ਜਿਸ ਚੜ੍ਹਦੀ ਕਲਾ ਅੰਦਰ ਗੁਰੂ ਕੇ ਤਿੰਨ ਸਚਿਆਰ ਸਿੱਖਾਂ (ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ) ਨੇ ਦੁਨਿਆਵੀ ਤਖ਼ਤ ਦੁਰਕਾਰਦਿਆਂ ਸਿਰ ਵਾਰੇ, ਏਥੋਂ ਸਚਿਆਰ ਸਿੱਖਾਂ ਅੰਦਰ ਭਰੇ ਜਾ ਚੁੱਕੇ ਸੱਚੀ ਪਾਤਸ਼ਾਹੀ ਦੇ ਮਹਾਨ ਸੰਕਲਪ ਦਾ ਭਵਿੱਖ ਉਭਰਦਾ ਹੈ।

ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਨੇ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਸਚਿਆਰ ਮਨੁੱਖਾਂ ਦਾ ਜਥੇਬੰਦ ਕਾਫ਼ਲਾ; ਦੁਨਿਆਵੀ ਬਾਦਸ਼ਾਹੀਆਂ ਤੋਂ ਪੂਰੀ ਤਰ੍ਹਾਂ ਸਦੀਵੀ ਮੁਕਤ ਕਰਨ ਲਈ ਅਕਾਲ ਪੁਰਖ ਜੀ ਦੇ ਅਨੁਸਾਰ ‘ਸਚਿਆਰ ਖ਼ਾਲਸਾ’ ਪ੍ਰਗਟ ਕੀਤਾ। ਸੰਨ 1699 ਦੀ ਵੈਸਾਖੀ ਨੂੰ ‘‘ਪ੍ਰਗਟਿਓ ਖ਼ਾਲਸਾ ਪ੍ਰਮਾਤਮ ਕੀ ਮੌਜ’’ ਨੇ ਸਮੇਂ ਦੀਆਂ ਬਾਦਸ਼ਾਹੀਆਂ ਦੇ ਜ਼ੁਲਮ-ਸਿਤਮ ਨੂੰ ਖ਼ਤਮ ਕਰਨ ਦੀ ਮਨਸ਼ਾ ਨਾਲ ਕਿੰਨੀਆਂ ਹੀ ਲੜਾਈਆਂ ਲੜੀਆਂ ਤੇ ਜਿੱਤੀਆਂ। ਅਕਾਲ ਪੁਰਖ ਕੀ ਖ਼ਾਲਸਾ ਫ਼ੌਜ, ਸੰਸਾਰ ਦੇ ਬਾਦਸ਼ਾਹੀ ਘਰਾਂ ਅੰਦਰ ਇੱਕ ਅਜੀਬੋ ਗ਼ਰੀਬ ਘਬਰਾਹਟ ਖੜ੍ਹੀ ਕਰ ਦੇਂਦੀ ਹੈ। ਸਮਰੱਥ ਗੁਰੂ ਪਾਤਸ਼ਾਹ ਜੀ ਦੀ ਸ਼ਹਿਨਸ਼ਾਹਤ ਹੇਠ ਰੱਬੀ ਰੰਗ ’ਚ ਰੱਤੇ ਹੋਏ ਦੂਲੇ ਖ਼ਾਲਸੇ; ਦੁਨਿਆਵੀ ਸੁੱਖਾਂ ਅਤੇ ਸਭ ਲਾਲਸਾਵਾਂ ਤੋਂ ਪੂਰਨ ਤੌਰ ’ਤੇ ਮੁਕਤ ਸਨ। ਰੂਹਾਂ ਵਿੱਚੋਂ ਇਹ ਗੁਰੂ ਵਾਕ ਆਪ ਮੁਹਾਰੇ ਪ੍ਰਗਟ ਹੁੰਦਾ ਹੈ ‘‘ਰਾਜੁ ਚਾਹਉ, ਮੁਕਤਿ ਚਾਹਉ; ਮਨਿ ਪ੍ਰੀਤਿ ਚਰਨ ਕਮਲਾਰੇ ’’ (ਮਹਲਾ /੫੩੪)

ਅਕਾਲ ਪੁਰਖ ਵਾਹਿਗੁਰੂ ਜੀ ਵੱਲੋਂ, ਜੋ ‘ਜੋਤਿ ਜੁਗਤਿ’ ਪਹਿਲੀ ਪਾਤਸ਼ਾਹੀ ਨੂੰ ਬਖ਼ਸ਼ੀ ਗਈ ਸੀ, 1708 ਈਸਵੀ ਅੰਦਰ ਉਸ ਦੇ ਵਾਰਸ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਹਨ। ਉਨ੍ਹਾਂ ਨੇ ਆਪਣੀ ‘ਨਾਨਕ ਜੋਤਿ’; ਧੰਨ ਗੁਰੂ ਗਰੰਥ ਸਾਹਿਬ ਜੀ ਅੰਦਰ ਸਥਾਪਿਤ ਕਰ ਗੁਰਤਾ ਗੱਦੀ ਬਖ਼ਸ਼ ਦਿੱਤੀ ਅਤੇ ਆਪਣੀ ‘ਨਾਨਕ ਜੁਗਤਿ’; ਅਕਾਲ ਪੁਰਖ ਕੀ ਫ਼ੌਜ ਖ਼ਾਲਸਾ ’ਚ ਸਥਾਪਿਤ ਕਰ ਗੁਰੂ ਗਰੰਥ ਸਾਹਿਬ ਪਾਤਸ਼ਾਹ ਜੀ ਅਨੁਸਾਰੀ ਵਰਤਣ ਦਾ ਆਦੇਸ਼ ਦਿੱਤਾ। ਖ਼ਾਲਸੇ ਦੀ ਤੇਗ਼ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਅਗਵਾਈ ਵਿੱਚ ਸਮੁੱਚੇ ਭਾਰਤ ’ਚੋਂ ਦੁਨਿਆਵੀ ਬਾਦਸ਼ਾਹੀ ਦਾ ਸਾਹ-ਸਤ (ਘਮੰਡ) ਸੂਤ (ਖਿੱਚ) ਲਿਆ ਸੀ, ਜਿਸ ਨਾਲ ਬਾਦਸ਼ਾਹੀ ਤਖ਼ਤ ਡੱਕੇ ਡੋਲੇ ਖਾਣ ਲੱਗ ਪਿਆ ਸੀ। ਅਜਿਹੀ ਸੱਚੀ ਪਾਤਸ਼ਾਹੀ ਦਾ ਵਾਰਸ ਸਚਿਆਰ ਖ਼ਾਲਸਾ; ਵਕਤ ਦੇ ਤਖ਼ਤੋ ਤਾਜਾਂ ਵਾਲਿਆਂ ਨੂੰ ਭਾਜੜ ਪਾਉਣ ਲਈ ਖ਼ੁਦ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿੰਘਾਂ ਦੀ ਸਰਪ੍ਰਸਤੀ ਹੇਠ ਭਾਈ ਗੁਰਬਖਸ਼ ਸਿੰਘ ਜੀ (ਬਾਬਾ ਬੰਦਾ ਸਿੰਘ ਬਹਾਦਰ) ਨੂੰ ਥਾਪੜਾ ਦੇ ਕੇ ਨੰਦੇੜ ਦੀ ਧਰਤੀ ਤੋਂ ਪੰਜਾਬ ਵੱਲ ਤੋਰਿਆ।

ਸਚਿਆਰ ਮਨੁੱਖ/ਖ਼ਾਲਸੇ ਦੀ ਵਿਰਾਸਤ ਵਿੱਚ ਗ਼ੁਲਾਮੀ ਸ਼ਬਦ ਨਹੀਂ ਹੈ ਭਾਵੇਂ ਕਿ ਸਦੀਆਂ ਤੋਂ ਜਰਵਾਣੇ ਰਾਜੇ; ਲੋਕਾਂ ਦੇ ਗਲ਼ੀਂ ਜ਼ੰਜੀਰਾਂ ਪਾ ਕੇ ਮਨਮਰਜ਼ੀਆਂ ਕਰਵਾਉਂਦੇ ਆ ਰਹੇ ਸਨ। ਖ਼ਾਲਸੇ ਅੰਦਰ ਕੇਵਲ ਅਕਾਲ ਪੁਰਖ ਵਾਹਿਗੁਰੂ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਈ ਵਿਸ਼ਵਾਸ ਬਣਾਏ ਰੱਖਣਾ ਹੀ ਇੱਕੋ ਇੱਕ ਗ਼ੁਲਾਮੀ ਸੀ, ਇਹੀ ਰੂਹਾਨੀਅਤ ਵਰਤਾਰਾ ਸੀ। ਇਸ ਦੇ ਵਾਸਤੇ ਆਪਣਾ ਤਨ, ਮਨ, ਧਨ ਸੌਂਪਣ ਨੂੰ ਤਤਪਰ ਰਹਿੰਦੇ। ਇਸ ਉੱਤਮ ਜੀਵਨ ਰਹੱਸ ਨੂੰ ਮਾਨਣ ਵਾਲੇ ਖ਼ਾਲਸੇ; ਗੁਰੂ ਜੀ ਦੇ ਸਚਿਆਰ ਸਿੱਖ; ਆਪਣੇ ਆਪੇ ਨੂੰ ਵਧੇਰੇ ਸੰਵਾਰਨ ਲਈ ਆਪਣੇ ਸਤਿਸੰਗੀਆਂ ਦੀ ਗ਼ੁਲਾਮੀ (ਸੇਵਾ) ਮੰਗਦੇ ਰਹਿੰਦੇ, ‘‘ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ; ਜਿਨ੍ਾ ਅਨਦਿਨੁ, ਹਰਿ ਪ੍ਰਭੁ ਪੁਰਖੁ ਧਿਆਇਆ ’’ (ਮਹਲਾ /੪੯੩)

ਦੁਨਿਆਵੀ ਬਾਦਸ਼ਾਹੀ ਅੱਗੇ ਸਿਰ ਝੁਕਾਉਣ ਦਾ ਵਰਤਾਰਾ; ਸਿੱਖ ਜ਼ਮੀਰ ਨੇ ਨੇੜੇ ਨਹੀਂ ਫਟਕਣ ਦਿੱਤਾ ਗਿਆ। ਸੰਨ 1708 ਤੋਂ ਬਾਅਦ ਅਕਾਲ ਪੁਰਖ ਕੀ ਫ਼ੌਜ (ਖ਼ਾਲਸਾ); ਲੰਮਾ ਸਮਾਂ ਕੂੜੀਆਂ ਬਾਦਸ਼ਾਹੀਆਂ ਦੇ ਅਣਸੁਖਾਵੇ ਵਰਤਾਰਿਆਂ ਨੂੰ ਰੋਕਣ ਲਈ ਸੰਘਰਸ਼ ਕਰਦਾ ਹੈ। ਖ਼ਾਲਸਈ ਰਾਜ-ਭਾਗ ਦੀ ਵਿਆਖਿਆ; ਗੁਰੂ ਗਿਆਨ ਦੇ ਝਰੋਖੇ (ਰੌਸ਼ਨਦਾਨ), ‘‘ਸਭ ਸੁਖਾਲੀ ਵੁਠੀਆ; ਇਹੁ ਹੋਆ ਹਲੇਮੀ ਰਾਜੁ ਜੀਉ ॥’’ (ਮਹਲਾ ੫/੭੪) ’ਚੋਂ ਹੁੰਦੀ ਹੈ। ਸੰਸਾਰ; ਖ਼ਾਲਸੇ ਦੇ ਹਲੇਮੀ ਰਾਜ ਨੂੰ ਸਭ ਤੋਂ ਵੱਧ ਲੋਕ-ਰਾਜੀ, ਲੋਕ-ਹਿਤੂ, ਲੋਕ ਹੱਕੀ ਸਮਝਦਾ ਆ ਰਿਹਾ ਹੈ। ਅੱਜ ਸੰਸਾਰਭਰ ਅੰਦਰ ਕੌਮ ਆਜ਼ਾਦ ਹੈ। ਇਸ ਕੋਲ਼ ਜ਼ਿੰਦਗੀ ਜੀਊਣ ਦਾ ਗੁਰੂ ਬਖ਼ਸ਼ਿਆ ਮਕਸਦ, ‘‘ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ’’ (ਮਹਲਾ /੧੨) ਅਤੇ ‘‘ਵਿਚਿ ਦੁਨੀਆ ਸੇਵ ਕਮਾਈਐ   ਤਾ ਦਰਗਹ ਬੈਸਣੁ ਪਾਈਐ   ਕਹੁ ਨਾਨਕ  ! ਬਾਹ ਲੁਡਾਈਐ ’’ (ਮਹਲਾ /੨੬) ਮੌਜੂਦ ਹੈ।

ਖ਼ਾਲਸਾ; ਗੁਰੂ ਬਖ਼ਸ਼ੇ ਨਿਯਮਾਂ ਦੀ ਪਾਲਣਾ ਕਰਦਾ ਹੈ। ਇਸ ਨੂੰ ਕਿਸੇ ਵੀ ਹਕੂਮਤ ਦੀ ਗ਼ੁਲਾਮੀ ਕਰਨੀ ਪਰਵਾਨ ਨਹੀਂ। ਆਪਣੀ ਨਿਵੇਕਲੀ ਪਹਿਚਾਣ ਅਤੇ ਗੁਰੂ ਸਿਧਾਂਤ ਨੂੰ ਬਰਕਰਾਰ ਰੱਖਣ ਵਾਸਤੇ; ਹਰ ਕੀਮਤ ਤਾਰਨ ਲਈ ਤਿਆਰ-ਬਰ-ਤਿਆਰ ਹੈ। ਖ਼ਾਲਸਾ ਹੋ ਕੇ ਅਮਲੀ ਜ਼ਿੰਦਗੀ ਜੀਊਣ ਦਾ ਮਾਣ ਹਾਸਲ ਕਰਨ ਵਾਲਾ; ਸ੍ਵੈਮਾਣ ਦੇ ਉਸ ਮੁਕਾਮ ’ਤੇ ਵੱਸਦਾ ਹੈ, ਜਿਸ ਲਈ ਸ਼ਹਿਨਸ਼ਾਹ ਖੁਦ ਹੀ ਕੋ ਭਾਖਤ ਬੋਲ ਉਚਾਰੇ ਗਏ ਹਨ। ਅੱਜ ਵੀ ਸੰਸਾਰਕ ਪੱਧਰੀ ਰਾਜ ਸਥਾਪਤ ਕਰਨ ਵਾਲਾ; ਖ਼ਾਲਸੇ ਅੰਦਰ ਵੱਡਾ ਆਤਮਿਕ ਗੁਣ ‘ਸਰਬੱਤ ਦਾ ਭਲਾ’ ਸੰਕਲਪ ਜੀਊਂਦਾ ਹੈ। ਇਸ ਦਾ ਜੀਊਂਦੇ ਰਹਿਣਾ ਹੀ ਖ਼ਾਲਸਾ ਹੋਣ ਦਾ ਪ੍ਰਮਾਣ ਹੈ। ਸਮੇਂ ਦੀਆਂ ਸਭ ਪ੍ਰਕਾਰ ਦੀਆਂ ਬੁਰਾਈਆਂ ਨਾਲ ਜੂਝਣ ਵਾਸਤੇ ਇੱਕ ਰਾਜੇ ਵਾਂਗ ਸ੍ਵੈ ਫ਼ੈਸਲੇ ਲੈਣ ਦਾ ਅਧਿਕਾਰ; ਅਕਾਲ ਪੁਰਖ ਪਾਤਸ਼ਾਹ ਦੇ ਡਰ-ਅਦਬ ਵਿੱਚ ਹੁੰਦਾ ਹੈ। ਇਸ ਪਾਤਸ਼ਾਹੀ ਦਾਹਵੇ ਦਾ ਆਧਾਰ; ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁੰਦੇ ਹਨ, ਜਿਨ੍ਹਾਂ ਦੁਆਰਾ ‘ਹੁਕਮਿ ਰਜਾਈ’ ਚੱਲ ਕੇ ਕਥਨੀ ਤੇ ਕਰਣੀ ਨੂੰ ਇੱਕ ਸਮਾਨ ਰੱਖਦਿਆਂ ਸੱਚੇ ਸੁਚੇ ਸਚਿਆਰ ਮਨੁੱਖ ਬਣੀਦਾ ਹੈ। ਇਸੇ ਆਚਾਰਣਿਕ ਬੁਨਿਆਦ ਵਿੱਚੋਂ ਆਵਾਜ਼ ਪ੍ਰਗਟ ਹੁੰਦੀ ਹੈ, ‘‘ਭੈ ਕਾਹੂ ਕਉ ਦੇਤ ਨਹਿ; ਨਹਿ ਭੈ ਮਾਨਤ ਆਨ ਕਹੁ ਨਾਨਕ ਸੁਨਿ ਰੇ ਮਨਾ ! ਗਿਆਨੀ ਤਾਹਿ ਬਖਾਨਿ ੧੬’’ (ਮਹਲਾ /੧੪੨੭)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦੇ ਨਾਂ ਖ਼ਤ

0

                                                   ਵਾਹਿਗੁਰੂ ਜੀ ਕੀ ਫਤਿਹ

ਆਦਰਯੋਗ ਭਾਈ ਗੋਬਿੰਦ ਸਿੰਘ ਲੌਂਗੋਵਾਲ ਜੀ,

ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।

ਵਿਸ਼ਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਜਾਰੀ ਹੁੰਦੇ ਕੈਲੰਡਰ ਨੂੰ ਨਾਨਕਸ਼ਾਹੀ ਦੀ ਥਾਂ ਬ੍ਰਾਹਮਣਵਾਦੀ ਕੈਲੰਡਰ ਲਿਖਣ ਬਾਰੇ।

ਵਾਹਿਗੁਰੂ ਜੀ ਕਾ ਖ਼ਾਲਸਾ॥ ਵਾਹਿਗੁਰੂ ਜੀ ਕੀ ਫਤਿਹ॥

ਪ੍ਰਧਾਨ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਾਸੋਹੀਣੀ ਗ਼ੁਲਾਮ ਸੋਚ ਉੱਤੇ ਬੜਾ ਹੀ ਅਫ਼ਸੋਸ ਹੈ। ਕਿੱਥੇ ਉਹ ਸਮਾਂ ਸੰਨ 1995 ਦਾ ਵਿਸ਼ਵ ਸਿੱਖ ਸੰਮੇਲਨ ਕੀਤਾ ਜਾਂਦਾ ਹੈ। ਖ਼ਾਲਸਾ ਪੰਥ ਦੀ ਉਸ ਨਿਰਮਲ ਅਤੇ ਨਿਆਰੀ ਹੋਂਦ ਨੂੰ ਸੰਸਾਰ ਸਾਹਮਣੇ ਪ੍ਰਗਟਾਉਣ ਲਈ ਇਤਿਹਾਸਕ ਕਦਮ ਸ਼੍ਰੋ: ਗੁ: ਪ੍ਰੰ: ਕਮੇਟੀ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਪੁੱਟਦੀ ਹੈ ਤੇ ਸਪੱਸ਼ਟ ਕਰਦੀ ਹੈ ਕਿ ਸਿੱਖ ਕੌਮ ਆਜ਼ਾਦ ਕੌਮ ਹੈ। ਇਸ ਦਾ ਆਪਣਾ ਕੈਲੰਡਰ ਹੋਣਾ ਜ਼ਰੂਰੀ ਮਹਿਸੂਸ ਕਰਕੇ ਸ: ਪਾਲ ਸਿੰਘ ਜੀ ਪੁਰੇਵਾਲ ਵੱਲੋਂ ਲੰਮੀ ਮਿਹਨਤ ਨਾਲ ਕੈਲੰਡਰ ਤਿਆਰ ਕੀਤਾ ਗਿਆ। ਨਾਨਕਸ਼ਾਹੀ ਕੈਲੰਡਰ ਦਾ ਖਰੜਾ ਸ਼੍ਰੋ: ਗੁ: ਪ੍ਰੰ: ਕਮੇਟੀ, ਡਾ: ਖੜਗ ਸਿੰਘ ਜੀ ਦੀ ਅਗਵਾਈ ਹੇਠ ਵਿਦਵਾਨਾਂ ਨੂੰ ਸੌਂਪਦੀ ਹੈ। ਵਡਮੁਲੀਆਂ ਰਾਵਾਂ ਉਪਰੰਤ ਖ਼ਾਲਸਾ ਪੰਥ ਦੇ 300 ਸਾਲਾ ਸਾਜਨਾ ਦਿਹਾੜ੍ਹੇ ਮੌਕੇ ਲਾਗੂ ਕਰਨ ਦਾ ਨਿਰਣਾ ਲੈਂਦੀ ਹੈ। ਕਾਰਜਕਾਰਨੀ ਅਤੇ ਆਮ ਅਜਲਾਸ ਇਸ ਇਤਿਹਾਸਕ ਨਿਰਣੈ ਨੂੰ ਪ੍ਰਵਾਨਗੀ ਦੇਂਦੇ ਹਨ।

ਸਮੇਂ ਦੇ ਬ੍ਰਾਹਮਣਵਾਦੀ ਦੇ ਪ੍ਰਭਾਵ ਵਾਲੇ ਸਿੱਖ ਭੇਖ ਵਾਲੇ ਡੇਰੇਦਾਰ ਗਿਆਨੀ ਪੂਰਨ ਸਿੰਘ ਰਾਹੀਂ ਕੌਮੀ ਆਜ਼ਾਦ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਰੁਕਵਾ ਲੈਂਦੇ ਹਨ। ਫਿਰ ਪੜਚੋਲ ਲਈ ਵਿਦਵਾਨਾਂ ਦੀ ਕਮੇਟੀ ਬਣਦੀ ਹੈ। ਸੰਨ 2003 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੇਠਲੇ ਤਹਿਖ਼ਾਨੇ ਅੰਦਰ ਕੁਝ ਸੋਧਾਂ ਕਰਕੇ ਸ: ਕ੍ਰਿਪਾਲ ਸਿੰਘ ਜੀ ਦੀ ਪ੍ਰਧਾਨਗੀ ਹੇਠ, ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀ ਹਾਜ਼ਰੀ ਵਿੱਚ ਬੜੇ ਹੀ ਜੋਸ਼ੋ ਖਰੋਸ਼ ਮਾਹੌਲ ਅੰਦਰ ਜੈਕਾਰਿਆਂ ਦੀ ਗੂੰਜ ਵਿੱਚ ਲਾਗੂ ਕਰਨ ਦਾ ਐਲਾਨ ਸ਼੍ਰੋ: ਗੁ: ਪ੍ਰੰ: ਕਮੇਟੀ ਕਰਦੀ ਹੈ। ਹਾਲਾਂ ਕਿ ਇਸ ਮੌਕੇ ਸਵਾਲ ਉਠਾਇਆ ਗਿਆ ਸੀ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਅਤੇ ਧਾਰਮਿਕ ਆਗੂਆਂ ਦੀ ਹਾਮੀ ਨਾਲ ਜ਼ਰੂਰੀ ਹੈ ਤਾਂ ਸ: ਕ੍ਰਿਪਾਲ ਸਿੰਘ ਜੀ ਬਡੂੰਗਰ ਨੇ ਬੜੇ ਮਾਣ ਨਾਲ ਆਖਿਆ ਸੀ ਕਿ ਤਿੰਨ ਤਖ਼ਤ ਸਾਡੇ ਪ੍ਰਬੰਧ ਹੇਠ ਹਨ ਉਹ ਸਾਡਾ ਕੁਝ ਨਹੀਂ ਵਿਗਾੜ ਸਕਦੇ ਹਨ। ਦਾਸ ਦਾ ਉੱਤਰ ਸੀ ਕਿ ਜਦੋਂ ਉਨ੍ਹਾਂ ਨੇ ਵਿਗਾੜਨਾ ਹੈ, ਤੁਸਾਂ ਪ੍ਰਧਾਨ ਨਹੀਂ ਹੋਣਾ।

ਪ੍ਰਧਾਨ ਜੀ, ਭਾਰਤ ਅੰਦਰਲੀਆਂ ਬਿਪਰਵਾਦੀ ਤਾਕਤਾਂ ਸਿੱਖ ਕੌਮ ਨੂੰ ਆਪਣੀ ਪੀਢੀ ਕੈਦ ਵਿੱਚੋਂ ਕਦਾਚਿਤ ਛੱਡਣ ਲਈ ਤਿਆਰ ਨਹੀਂ। ਇਹਨਾਂ ਤਾਕਤਾਂ ਨੇ ਸਿੱਖ ਕੌਮ ਦੇ ਅੰਦਰ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਸਮੱਰਥਕ ਕਈ ਡੇਰੇ ਸੰਪਰਦਾਵਾਂ ਨੂੰ ਉਤਸ਼ਾਹਿਤ ਕਰਕੇ ਅੱਗੇ ਕੀਤਾ ਹੈ। ਉਨ੍ਹਾਂ ਸਭ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ, ਜੋ ਖ਼ਾਲਸਈ ਸਿਧਾਂਤ ਦੀ ਪਹਿਰੇਦਾਰੀ ਨਾਲੋਂ ਬ੍ਰਾਹਮਣਵਾਦੀ ਵਿਚਾਰਧਾਰਾ ਦਾ ਵਧੇਰੇ ਵਫ਼ਾਦਾਰ ਹੈ; ਨੂੰ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਲਈ ਰਾਜ਼ੀ ਕਰ ਲਿਆ। ਇਸ ਦਲ ਦੀ ਗ਼ੁਲਾਮ ਹੋ ਕੇ ਕੰਮ ਕਰਦੀ ਸ਼੍ਰੋ: ਗੁ: ਪ੍ਰੰ: ਕਮੇਟੀ ਨੇ 2011 ਵਿੱਚ ਨਾਨਕਸ਼ਾਹੀ ਕੈਲੰਡਰ ਨੂੰ ਜ਼ਿਬ੍ਹਾ ਕਰ ਦਿੱਤਾ। ਚੰਦ ਵੋਟਾਂ ਦੀ ਖਾਤਰ। ਪ੍ਰਧਾਨ ਜੀ ! ਕੀ ਆਖੀਏ ਸ਼੍ਰੋ: ਗੁ: ਪ੍ਰੰ: ਕਮੇਟੀ ਅਤੇ ਤਖ਼ਤ ਸਾਹਿਬ ’ਤੇ ਬੈਠੇ ਜਥੇਦਾਰ ਸੱਜਣਾਂ ਨੂੰ ; ਜਿਨ੍ਹਾਂ ਨੂੰ ਖ਼ਾਲਸਾ ਪੰਥ ਦੀ ਨਿਰਮਲ ਨਿਆਰੀ ਹੋਂਦ ਦੀ ਪਹਿਰੇਦਾਰੀ ਦੀ ਜ਼ਿੰਮੇਵਾਰੀ ਸੌਂਪੀ ਹੋਈ ਸੀ, ਉਨ੍ਹਾਂ ਨੇ ਬ੍ਰਾਹਮਣਵਾਦੀ ਨੀਤਾਂ ਅਤੇ ਰਹੁ-ਰੀਤਾਂ ਨੂੰ ਤਰਜੀਹ ਦੇਣ ’ਚ ਆਪਣੀ ਬਿਹਤਰੀ ਸਮਝੀ। ਜੇਕਰ ਕੋਈ ਚਾਰ ਤਰੀਖਾਂ 2003 ਨੂੰ ਪ੍ਰਵਾਨ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਵਾਲੀਆਂ ਬਚੀਆਂ ਸਨ, ਉਹ ਵੀ ਕੁਝ 2013 ਵਿੱਚ ਤੇ ਕੁਝ ਬਾਅਦ ਵਿੱਚ ਬਦਲ ਕੇ ਬ੍ਰਾਹਮਣਵਾਦੀ ਰੰਗ ਢੰਗ ਨੂੰ ਪੂਰੀ ਤਰ੍ਹਾਂ ਅਪਣਾਅ ਲਿਆ ਗਿਆ।

ਇਹ ਪੱਤਰ ਲਿਖਣ ਦਾ ਹੀਆ ਮਜ਼ਬੂਰੀ ਵਿੱਚ ਕੀਤਾ ਹੈ। ਮੌਜੂਦਾ ਸਮੇਂ ਸ਼੍ਰੋ: ਗੁ: ਪ੍ਰੰ: ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ ਕੈਲੰਡਰ ਜਾਰੀ ਕੀਤਾ ਹੋਇਆ ਹੈ, ਉਹ ਨਾਨਕਸ਼ਾਹੀ ਕੈਲੰਡਰ ਨਹੀਂ ਹੈ। ਅਖੌਤੀ ਕੈਲੰਡਰ ਹੈ। ਉਸ ਵਿੱਚ ਪਿਛਲੇ ਸਾਲ ਸੰਨ 2020 ਦੀ 6 ਜੂਨ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਨਹੀਂ ਸੀ। ਇਸ ਵਾਰ ਕਿਉਂ ਅਤੇ ਕਿਵੇਂ ਆ ਗਿਆ। ਕਿੱਡੀ ਨਮੋਸ਼ੀ ਭਰੀ ਗੱਲ ਹੈ ਕਿ 3 ਜੂਨ 1984 ਨੂੰ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੀ (ਉਦੋਂ ਨਾਨਕਸ਼ਾਹੀ ਕੈਲੰਡਰ ਕੌਮ ਵੱਲੋਂ ਨਹੀਂ ਸੀ ਬਣਿਆ)।  3 ਜੂਨ, 6 ਜੂਨ ਅਸੀਂ ਬਦਲਣ ਲਈ ਤਿਆਰ ਨਹੀਂ ਹਾਂ, ਕਿਉਂ ? ਇਹ ਵੀ ਬ੍ਰਾਹਮਣਵਾਦੀ ਕੈਲੰਡਰ ਮੁਤਾਬਕ ਘੁਮਾਉ। ਫਿਰ ਅਹਿਸਾਸ ਹੋਊ। ਕਿੱਥੇ ਸ਼੍ਰੋ: ਗੁ: ਪ੍ਰੰ: ਕਮੇਟੀ ਖ਼ਾਲਸਾ ਪੰਥ ਦੀ ਨੁੰਮਾਇੰਦਾ ਜਮਾਤ ਸੀ, ਅੱਜ ਚੰਦ ਡੇਰਿਆਂ ਦੀ ਨੁੰਮਾਇੰਦਗੀ ਕਰਦੀ ਦਿੱਸਦੀ ਹੈ। ਇਸ ਲਈ ਪ੍ਰਧਾਨ ਜੀ ! ਹੁਣ ਖੁਸ਼ੀ ਖੁਸ਼ੀ ਤੁਸੀਂ ਜੋ ਕੈਲੰਡਰ ਸ਼੍ਰੋ: ਗੁ: ਕਮੇਟੀ ਵੱਲੋਂ ਛਾਪਦੇ ਹੋ ਉਸ ’ਤੇ ਐਲਾਨੀਆ ਲਿਖ ਦਿਓ ‘ਬ੍ਰਾਹਮਣਵਾਦੀ ਕੈਲੰਡਰ’। ਇਹ ਵੀ ਵਿਸਥਾਰ ਦਿੱਤਾ ਜਾਵੇ ਕਿ ਬ੍ਰਾਹਮਣਵਾਦੀ ਤਾਕਤਾਂ ਦੀ ਭਰਪੂਰ ਪ੍ਰਸੰਨਤਾ ਅਤੇ ਬ੍ਰਾਹਮਣਵਾਦੀ ਚੰਦ ਡੇਰੇਦਾਰਾਂ ਦੀ ਖੁਸ਼ੀ ਲੈਂਦਿਆਂ ਇਹ ਕੈਲੰਡਰ ਜਾਰੀ ਕੀਤਾ ਗਿਆ। ਗੁਰੂ ਦਾ ਵਾਸਤਾ !!! ਇਸ ਨੂੰ ਨਾਨਕਸ਼ਾਹੀ ਕੈਲੰਡਰ ਨਾ ਲਿਖੋ ਤੇ ਨਾ ਆਖੋ। ਪੰਥ ਦੇ ਗੁਰਮਤੇ ਦੀ ਤੌਹੀਨ ਨਾ ਕਰੋ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਬ੍ਰਾਹਮਣਵਾਦ ਨੂੰ ਪਛਾੜ ਕੇ ਨਿਰਾਲਾ ਪੰਥ ਕੀਤਾ ਸੀ। ਜੇਕਰ ਸੱਚੀਂ ਤੁਹਾਡੇ ਅੰਦਰ ਗੁਰੂ ਪੰਥ ਦੇ ਸਿੱਖ ਹੋਣ ਦਾ ਕਿਧਰੇ ਕਿਤੇ ਅਹਿਸਾਸ ਹੈ ਤਾਂ ਦਲੇਰੀ ਕਰਕੇ ਸੰਨ 2003 ਨੂੰ ਸ਼੍ਰੋ: ਗੁ: ਪ੍ਰੰ: ਕਮੇਟੀ ਵੱਲੋਂ ਲਾਗੂ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰ ਦਿਓ। ਨਹੀਂ ਤਾਂ ਨਾਨਕਸ਼ਾਹੀ ਸ਼ਬਦ ਦੀ ਵਰਤੋਂ ਕੈਲੰਡਰ ’ਤੇ ਨਾ ਕਰੋ। ਇਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਗਿਆਨ ਸੋਚ ਨਾਲੋਂ ਵਿਛੋੜਾ ਹੈ ਤੇ ਪੰਥ ਨਾਲ ਧੋਖਾ ਹੈ।

ਉਮੀਦ ਕੀਤੀ ਜਾਵੇਗੀ ਕਿ ਗੁਰੂ-ਪੰਥ ਦੀ ਖੁਸ਼ੀ ਲੈਣ ਲਈ 2003 ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਛਾਪੋਗੇ ਅਤੇ ਸੰਸਾਰ ਭਰ ਦੇ ਸਿੱਖਾਂ ਅੰਦਰ ਹਰ ਸਾਲ ਗੁਰ ਪੁਰਬਾਂ ਅਤੇ ਸ਼ਹੀਦੀ ਦਿਹਾੜਿਆਂ ਸੰਬੰਧੀ ਪੈਦਾ ਹੁੰਦੇ ਪ੍ਰਸ਼ਨਾਂ ਦੀ ਉਲਝਣ ’ਚੋਂ ਕੱਢੋਗੇ। ਜ਼ਮੀਰ ਨਾ ਜਾਗੇ ਤਾਂ ਐਨਾ ਕੁ ਹੀ ਇਮਾਨ ਨਿਭਾਉ ਕਿ ਕੈਲੰਡਰ ਜਾਂ ਜੰਤਰੀ ’ਤੇ ਨਾਨਕਸ਼ਾਹੀ ਸ਼ਬਦ ਨਾ ਛਾਪੋ। ਨਾਨਕਸ਼ਾਹੀ ਸ਼ਬਦ ਦੀ ਵਰਤੋਂ ਕਰਕੇ ਪੰਥ ਨੂੰ ਦਰਦ ਨਾ ਦੇਵੋ।  ਭੁੱਲਾਂ ਦੀ ਖ਼ਿਮਾਂ ਕਰਨੀ ਜੀ।

 ਮਿਤੀ : 16/6/2020

ਗੁਰੂ ਪੰਥ ਦਾ ਦਾਸ   ਕੇਵਲ ਸਿੰਘ

ਗਿਆਨੀ ਕੇਵਲ ਸਿੰਘ                                         ਪਿੰਡ : ਪੰਡੋਰੀ ਰਣ ਸਿੰਘ

ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ                      ਜ਼ਿਲ੍ਹਾ : ਤਰਨਤਾਰਨ ਸਾਹਿਬ 95920-93472                                     panthaknagara@gmail.com <mailto:panthaknagara@gmail.com>

ਸ਼੍ਰੋਮਣੀ ਕਮੇਟੀ ਦਾ ਕੈਲੰਡਰ ਬਣਾ ਰਿਹਾ ਹੈ ਸਿੱਖ ਇਤਿਹਾਸ ਨੂੰ ਮਿਥਿਹਾਸ

0

ਸ਼੍ਰੋਮਣੀ ਕਮੇਟੀ ਦਾ ਕੈਲੰਡਰ ਬਣਾ ਰਿਹਾ ਹੈ ਸਿੱਖ ਇਤਿਹਾਸ ਨੂੰ ਮਿਥਿਹਾਸ

ਕਿਰਪਾਲ ਸਿੰਘ ਬਠਿੰਡਾ-88378-13661

ਹਰ ਸਾਲ 1 ਜੂਨ ਤੋਂ 6 ਜੂਨ ਤੱਕ 1984 ਦੀਆਂ ਕੌੜੀਆਂ ਯਾਦਾਂ ਨੂੰ ਯਾਦ ਕਰਦਿਆਂ ਸਿੱਖ ਕੌਮ ਸ਼ਹੀਦੀ ਹਫਤਾ ਮਨਾਉਂਦੀ ਹੈ। ਇਸ ਹਫਤੇ ਦੌਰਾਨ ਦੇਸ਼ ਵਿਦੇਸ਼ ਦੇ ਹਰ ਗੁਰਦੁਆਰੇ ਵਿੱਚ ਕਥਾਕਾਰ ਅਤੇ ਪ੍ਰਚਾਰਕ ਇਹ ਗੱਲ ਅਕਸਰ ਹੀ ਕਹਿੰਦੇ ਰਹਿੰਦੇ ਹਨ ਕਿ 1984 ’ਚ 3 ਜੂਨ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸੀ। ਜਦੋਂ ਸਿੱਖ ਸੰਗਤਾਂ ਸ਼ਹੀਦੀ ਗੁਰਪੁਰਬ ਮਨਾਉਣ ਲਈ ਵੱਡੀ ਗਿਣਤੀ ਵਿੱਚ ਦਰਬਾਰ ਸਾਹਿਬ ਪਹੁੰਚੀਆਂ ਹੋਈਆਂ ਸਨ ਤਾਂ ਭਾਰਤ ਸਰਕਾਰ ਨੇ ਕਰਫਿਊ ਲਗਾ ਦਿੱਤਾ ਅਤੇ 4 ਜੂਨ ਨੂੰ ਭਾਰਤੀ ਫੌਜ ਨੇ ਤੋਪਾਂ ਤੇ ਟੈਂਕਾਂ ਰਾਹੀਂ ਦਰਬਰ ਸਾਹਿਬ ’ਤੇ ਹਮਲਾ ਕਰ ਦਿੱਤਾ; 6 ਜੂਨ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਢਹਿਢੇਰੀ ਕਰ ਦਿੱਤਾ ਅਤੇ ਸੰਤ ਜਰਨੈਲ ਸਿੰਘ ਸਮੇਤ ਸੈਂਕੜੇ ਸਿੰਘ ਸਿੰਘਣੀਆਂ ਨੂੰ ਸ਼ਹੀਦ ਕਰ ਦਿੱਤਾ।

ਇਹ ਦੋਵੇਂ ਘਟਨਾਵਾਂ ਸ਼੍ਰੋਮਣੀ ਕਮੇਟੀ ਵੱਲੋਂ ਛਾਪੇ ਨਾਨਕਸ਼ਾਹੀ ਕੈਲੰਡਰ ਸੰਮਤ ੫੫੧ (2019-20) ’ਚ ਕਰਮਵਾਰ ਤੀਜਾ ਘੱਲੂਘਾਰਾ ਸ਼੍ਰੀ ਅਕਾਲ ਤਖ਼ਤ ਸਾਹਿਬ (ਜੂਨ 1984) = 21 ਜੇਠ ਅਤੇ ਸ਼ਹੀਦੀ ਸੰਤ ਜਰਨੈਲ ਸਿੰਘ = 23 ਜੇਠ ਲਿਖੀਆਂ ਸਨ ਅਤੇ ਇਸ ਸਾਲ ਸੰਮਤ ੫੫੨ (2020-21) ’ਚ ਕਰਮਵਾਰ 22 ਜੇਠ ਅਤੇ 24 ਜੇਠ। ਜਿਹੜੇ ਪ੍ਰਚਾਰਕ/ਕਥਾਵਾਚਕ ਪਿਛਲੇ ਸਾਲ ਕਹਿ ਰਹੇ ਸਨ ਕਿ ਅੱਜ 4 ਜੂਨ ਜਿਹੜਾ ਕਿ ਨਾਨਕਸ਼ਾਹੀ ਕੈਲੰਡਰ ਵਿੱਚ 21 ਜੇਠ ਹੈ, ਉਹੀ ਪ੍ਰਚਾਰਕ/ਕਥਾਵਾਚਕ ਅੱਜ ਕਹਿ ਰਹਿ ਸਨ ਕਿ ਅੱਜ ਦਾ ਦਿਹਾੜਾ ਜਿਹੜਾ ਕਿ ਨਾਨਕਸ਼ਾਹੀ ਕੈਲੰਡਰ ਵਿੱਚ 22 ਜੇਠ ਨੂੰ ਵਾਪਰਿਆ। ਇਨ੍ਹਾਂ ਪ੍ਰਚਾਰਕਾਂ/ਕਥਾਵਾਚਕਾਂ ਨੂੰ ਸਨਿਮਰ ਬੇਨਤੀ ਹੈ ਕਿ ਤੁਸੀਂ ਜਾਣਦੇ ਬੁਝਦੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਬਦਨਾਮ ਨਾ ਕਰੋ; ਅਜੇਹੇ ਮੌਕਿਆਂ ’ਤੇ ਪਿਛਲੇ ਇੱਕ ਦੋ ਸਾਲਾਂ ਦੇ ਕੈਲੰਡਰ ਵੇਖ ਲਏ ਜਾਣ ਅਤੇ ਉਨ੍ਹਾਂ ਦੇ ਫਰਕ ਨੂੰ ਸਮਝਿਆ ਜਾਵੇ। ਨਾਨਕਸ਼ਾਹੀ ਕੈਲੰਡਰ ਵਿੱਚ ਇਸ ਤਰ੍ਹਾਂ ਤਰੀਖ ਨਾ ਕਦੀ ਬਦਲੀ ਹੈ ਅਤੇ ਨਾ ਹੀ ਕਦੇ ਬਦਲੇਗੀ। ਨਾਨਕਸ਼ਾਹੀ ਕੈਲੰਡਰ ਵਿੱਚ ਹਮੇਸ਼ਾਂ ਲਈ ਕਰਮਵਾਰ ਇਹ ਦੋਵੇਂ ਤਰੀਖਾਂ 21 ਤੇ 23 ਜੇਠ ਹੀ ਰਹਿਣਗੀਆਂ, ਜੋ ਸਾਂਝੇ ਸਾਲ ਵਿੱਚ ਹਰ ਸਾਲ 4 ਅਤੇ 6 ਜੂਨ ਹੀ ਰਹਿਣਗੀਆਂ। ਸਾਰੇ ਪ੍ਰਚਾਰਕਾਂ/ਕਥਾਵਾਚਕਾਂ ਨੂੰ ਭਲੀਭਾਂਤ ਪਤਾ ਹੈ ਕਿ ਅੱਜ 4 ਜੂਨ ਦੇ ਜਿਹੜੇ ਦਿਹਾੜੇ ਨੂੰ ਨਾਨਕਸ਼ਾਹੀ ਕੈਲੰਡਰ ਦੀ 22 ਜੇਠ ਦੱਸ ਰਹੇ ਹਨ ਉਹ ਨਾਨਕਸ਼ਾਹੀ ਕੈਲੰਡਰ ਦੀ ਨਹੀਂ ਬਲਕਿ ਬਿਕ੍ਰਮੀ ਕੈਲੰਡਰ ਦੀ ਹੈ ਜਿਸ ਵਿੱਚ ਅਕਸਰ ਹੀ ਇਹ ਬਦਲਦੀ ਰਹੇਗੀ। ਉਨ੍ਹਾਂ ਦੀ ਜਾਣਕਾਰੀ ਹਿਤ ਦੱਸਿਆ ਜਾਂਦਾ ਹੈ ਕਿ ਸੰਨ 3000 ਵਿੱਚ 4 ਅਤੇ 6 ਜੂਨ ਨੂੰ ਕਰਮਵਾਰ 8 ਜੇਠ ਅਤੇ 10 ਜੇਠ ਹੋਵੇਗਾ। ਉਸ ਸਾਲ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4 ਹੋਵੇਗਾ, 31 ਜੇਠ ਨੂੰ ਭਾਵ ਤੀਜੇ ਘੱਲੂਘਾਰੇ ਦੀ ਤਰੀਖ 8 ਜੇਠ ਤੋਂ ਪੂਰੇ 23 ਦਿਨ ਬਾਅਦ ਵਿੱਚ ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਅਨੁਸਾਰ ਇਸ ਸਾਲ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਤੀਜੇ ਘੱਲੂਘਾਰੇ ਤੋਂ 9 ਦਿਨ ਪਹਿਲਾਂ 26 ਮਈ ਨੂੰ ਲੰਘ ਚੁੱਕਾ ਹੈ ਅਤੇ 1984 ਵਿੱਚ ਕੇਵਲ 1 ਦਿਨ ਪਹਿਲਾਂ ਸੀ। ਕਥਾਕਾਰਾਂ/ਪ੍ਰਚਾਰਕਾਂ ਨੂੰ ਬੇਨਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਅਤੇ ਬਿਕ੍ਰਮੀ ਕੈਲੰਡਰ ਨੂੰ ਰਲ਼ਗੱਡ ਕਰਕੇ ਸੰਗਤਾਂ ਨੂੰ ਦੁਬਿਧਾ ਵਿੱਚ ਪਾਉਣ ਤੋਂ ਗੁਰੇਜ ਕੀਤਾ ਜਾਵੇ ਅਤੇ ਅਜੇਹੇ ਮੌਕਿਆਂ ’ਤੇ ਸੱਚ ਬੋਲਿਆ ਜਾਵੇ ਕਿ ਇਹ ਤਰੀਖਾਂ ਉਸ ਸਮੇ ਤੱਕ ਅੱਗੇ ਪਿੱਛੇ ਹੁੰਦੀਆਂ ਰਹਿਣਗੀਆਂ ਜਦ ਤੱਕ ਕੌਮ ਨਾਨਕਸ਼ਾਹੀ ਕੈਲੰਡਰ ਨਹੀਂ ਅਪਣਾਅ ਲੈਂਦੀ।

ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ/ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਵੀ ਅਪੀਲ ਹੈ ਕਿ ਇਹ ਪ੍ਰਚਾਰਕਾਂ/ਕਥਾਵਾਚਕਾਂ ਦਾ ਤਾਂ ਰੋਟੀ ਰੋਜ਼ੀ ਦਾ ਮਸਲਾ ਹੈ ਜਿਸ ਕਾਰਨ ਜਾਣਦੇ ਬੁਝਦੇ ਵੀ ਇਨ੍ਹਾਂ ਨੂੰ ਗੁਰੂ ਦੀ ਹਜ਼ੂਰੀ ਵਿੱਚ ਝੂਠ ਬੋਲਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਪਰ ਤੁਹਾਡੀ ਕੀ ਮਜ਼ਬੂਰੀ ਹੈ ਕਿ ਤੁਸੀਂ ਦੋਵੇਂ ਧਿਰਾਂ ਰਲ਼ ਕੇ ਸਿੱਖ ਕੌਮ ਦੇ ਸੁਨਹਿਰੀ ਇਤਿਹਾਸ ਨੂੰ ਤਾਂ ਮਿਥਿਹਾਸ ਬਣਾ ਹੀ ਰਹੇ ਹੋ; ਇਨ੍ਹਾਂ ਗ਼ਰੀਬ ਪ੍ਰਚਾਰਕਾਂ ਨੂੰ ਵੀ ਗੁਰੂ ਦੀ ਹਜ਼ੂਰੀ ਵਿੱਚ ਝੂਠ ਬੋਲਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਕਿਉਂਕਿ ਜੇ ਕੋਈ ਪ੍ਰਚਾਰਕ ਸੱਚ ਬੋਲਣ ਦੀ ਹਿੰਮਤ ਕਰਦਾ ਹੈ ਤਾਂ ਉਸ ਨੂੰ ਨੌਕਰੀ ਤੋਂ ਛੁੱਟੀ ਕਰਨ ਦੇ ਡਰਾਵੇ ਦੇ ਕੇ ਚੁੱਪ ਕਰਵਾ ਦਿੱਤਾ ਜਾਂਦਾ ਹੈ। ਤੁਸੀਂ ਸਾਰੇ ਯਾਦ ਰੱਖੋ ਕਿ ਜਦੋਂ ਤੱਕ ਕਿਸੇ ਕੌਮ ਦੇ ਪ੍ਰਚਾਰਕ ਅਤੇ ਆਗੂ ਸ਼ਰੇਆਮ ਗੁਰੂ ਦੀ ਹਜ਼ੂਰੀ ਵਿੱਚ ਝੂਠ ਬੋਲਣਗੇ ਤਾਂ ਉਹ ਕੌਮ ਕਦਾਚਿਤ ਵੀ ਸੱਚ ਦੀ ਧਾਰਨੀ ਨਹੀਂ ਬਣ ਸਕਦੀ।

ਇਸ ਨਿੱਘਰੀ ਕੌਮੀ ਹਾਲਤ ਲਈ ਜ਼ਿੰਮੇਵਾਰ ਅਸੀਂ ਸਾਰੇ ਵੀ ਘੱਟ ਨਹੀਂ ਹਾਂ ਜੋ ਝੂਠ ਸੁਣਨ ਅਤੇ ਹਜ਼ਮ ਕਰਨ ਦੇ ਆਦੀ ਹੋ ਗਏ ਹਾਂ। ਹਰ ਵੀਰ ਭੈਣ ਜਿਸ ਪਾਸ ਮੇਰੀ ਇਹ ਬੇਨਤੀ ਪਹੁੰਚਦੀ ਹੈ ਉਹ ਇਸ ਨੂੰ ਇੰਨਾ ਸ਼ੇਅਰ ਕਰੇ ਕਿ ਸਾਡੇ ਕੌਮੀ ਆਗੂਆਂ ਅਤੇ ਪ੍ਰਚਾਰਕਾਂ ਦੇ ਬੋਲ਼ੇ ਕੰਨਾਂ ਤੱਕ ਇਸ ਦੀ ਗੂੰਜ ਪੈ ਸਕੇ ਤਾਂ ਕਿ ਉਹ ਕੁੰਭਕਰਨ ਦੀ ਨੀਂਦ ਤੋਂ ਜਾਗ ਕੇ ਕੌਮੀ ਹਿੱਤਾਂ ਲਈ ਕੁਝ ਸੋਚਣਾ ਸ਼ੁਰੂ ਕਰ ਦੇਣ।

ਸਰਕਾਰ ਅਤੇ ਸਮਾਜ ਦਾ ਆਦਰਸ਼ ਆਚਰਣ ਹੀ ਪੰਜਾਬ ਦਾ ਖ਼ਜ਼ਾਨਾ ਭਰੇਗਾ

0

ਸਰਕਾਰ ਅਤੇ ਸਮਾਜ ਦਾ ਆਦਰਸ਼ ਆਚਰਣ ਹੀ ਪੰਜਾਬ ਦਾ ਖ਼ਜ਼ਾਨਾ ਭਰੇਗਾ

ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ- 95920-93472

panthaknagara@gmail.com

ਮਨੁੱਖ ਦੀਆਂ ਜਨਮ ਤੋਂ ਮੌਤ ਦੀ ਯਾਤਰਾ ਤੱਕ ਮੁੱਢਲੀਆਂ ਲੋੜਾਂ ਹੁੰਦੀਆਂ ਹਨ। ਚੰਗੀ ਸਿਹਤ, ਸਿੱਖਿਆ, ਸੁਰੱਖਿਆ, ਸਨਮਾਨ, ਸੁਤੰਤਰਤਾ, ਸਮਾਨਤਾ, ਅਮਨ ਤੇ ਚੰਗਾ ਨਿਆਂ; ਜਿਹੀਆਂ ਕਈ ਆਸਾਂ ਨਾਲ ਬੰਦਾ ਜ਼ਿੰਦਗੀ ਜ਼ਿਊਂਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਕੁਪ੍ਰਬੰਧ ਵਿਵਸਥਾਵਾਂ ਕਾਰਨ ਮੁੱਢਲੀਆਂ ਲੋੜਾਂ ਪੂਰੀਆਂ ਹੁੰਦੀਆਂ ਹੀ ਨਹੀਂ ਹਨ। ਦੂਸਰਾ ਤ੍ਰਿਸ਼ਨਾ ਗ੍ਰਸੇ ਮਨੁੱਖ ਦੇ ਸੁਆਸ ਮੁੱਕ ਜਾਂਦੇ ਹਨ ਪਰ ਆਸਾਵਾਂ ਨਹੀਂ ਮੁੱਕਦੀਆਂ। ਹਾਲਾਂ ਕਿ ਕੁਦਰਤ ਮਾਂ ਦੀ ਤਰ੍ਹਾਂ ਵਿਵਹਾਰ ਕਰਦੀ ਹੈ; ਜਿਵੇਂ ਬੱਚੇ ਦੇ ਜਨਮ ਤੋਂ ਪਹਿਲਾਂ ਮਾਂ ਦੁੱਧ ਦੀ ਮਾਲਕ ਬਣੀ ਬੈਠੀ ਹੁੰਦੀ ਹੈ। ਕੁਦਰਤ ਪਾਲਣ ਪੋਸ਼ਣ ਕਰਦੀ ਥੱਕਦੀ ਨਹੀਂ। ਮਨੁੱਖ ਨੂੰ ਇਹ ਬੜੀ ਵੱਡੀ ਪੂੰਜੀ ਮਿਲੀ ਹੁੰਦੀ ਹੈ। 

ਆਮ ਧਾਰਨਾ ਅਨੁਸਾਰ ਧਨ ਅਤੇ ਪਦਾਰਥਕ ਪ੍ਰਾਪਤੀ ਨੂੰ ਪੂੰਜੀ ਦੀ ਪ੍ਰਾਪਤੀ ਮੰਨਿਆ ਜਾਂਦਾ ਹੈ। ਪੂੰਜੀ ਦਾ ਸੰਬੰਧ ਅਰਥਚਾਰੇ ਨਾਲ ਜੋੜ ਕੇ ਹੀ ਦੇਖਿਆ ਜਾਂਦਾ ਹੈ। ਕਦੇ ਕਿਤੇ ਪੂੰਜੀਵਾਦ, ਸਮਾਜਵਾਦ ਅਤੇ ਸਾਮਵਾਦ ਦੇ ਤਜ਼ਰਬੇ ਹੋਏ, ਜੋ ਕੌੜੇ ਤੇ ਖੱਟੇ ਸਿੱਧ ਹੋਏ। ਕਿਤੇ ਡਿਜੀਟਲ ਦੇਸ਼ ਤੇ ਡਿਜੀਟਲ ਅਰਥਚਾਰੇ ਦੀ ਸਿਰਜਣਾ ਲਈ ਸਿਹਰਾਬੰਦੀ ਹੋ ਰਹੀ ਹੈ, ਪਰ ਆਰਥਿਕ ਅਸਮਾਨਤਾ ਅਸਮਾਨ ’ਤੇ ਹੈ। ਅਸਲ ਵਿੱਚ ਪੂੰਜੀ ਧਰਮ, ਅਰਥ, ਗਿਆਨ, ਵਿਗਿਆਨ, ਤਕਨੀਕਾਂ, ਸੱਤਾ, ਸਮਾਜਕ ਰਿਸ਼ਤਿਆਂ ਅਤੇ ਕੁਦਰਤੀ ਰਿਸ਼ਤਿਆਂ ਇਤਿਆਦਿਕ ਵਿਚਕਾਰ ਇਕ ਗੱਡੀ ਹੈ। ਮਨੁੱਖ ਜਿੰਨਾ ਕੁ ਗਿਆਨਵਾਨ ਹੈ, ਉਸ ਅਨੁਸਾਰ ਪੂੰਜੀ ਦੀ ਗੱਡੀ ਨੂੰ ਦਿਸ਼ਾ ਦਿੰਦਾ ਹੈ। ਜੇਕਰ ਮਨੁੱਖ ਨੈਤਿਕਤਾ ਦਾ ਮਾਲਕ ਹੈ ਤਾਂ ਉਹ ਗੱਡੀ ਨੂੰ ਬਤੌਰ ਸਫਲ ਅਰਥ ਸ਼ਾਸਤਰੀ, ਸਫਲ ਵਪਾਰੀ ਤੇ ਸਫਲ ਸੱਤਾਧਾਰੀ; ਕੁਦਰਤ ਮੁਖੀ ਰਸਤੇ ’ਤੇ ਰੱਖਦਾ ਹੈ। ਇਹ ਗੱਡੀ ਅਨੰਦ ਤੇ ਖੇੜੇ ਦਾ ਮਾਲ ਵੰਡਦੀ ਹੈ। ਇਸ ਪੂੰਜੀ ਦੀਆਂ ਜੜ੍ਹਾਂ ਸਮਾਜਕਤਾ ਦੀ ਧਰਤੀ ਵਿੱਚ ਹੁੰਦੀਆਂ ਹਨ। ਕਿਸੇ ਵੀ ਵਿਕਾਸ ਪ੍ਰਕਿਰਿਆ ਵਿੱਚ ਉਨ੍ਹਾਂ ਤੱਤਾਂ ਦੀ ਵੀ ਬਹੁਤ ਮਹੱਤਤਾ ਹੁੰਦੀ ਹੈ ਜੋ ਆਰਥਿਕ ਨਹੀਂ ਹੁੰਦੇ। ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇਸ ਨੂੰ ਸਾਬਤ ਪੂੰਜੀ ਦੇ ਨਾਮ ਨਾਲ ਨਿਵਾਜਿਆ ਹੋਇਆ ਹੈ। ਜਿਸ ਵਿੱਚ ਸੱਚੇ ਵਣਜ ਵਪਾਰ ਦਾ ਸਿਧਾਂਤ ਲਾਗੂ ਹੈ। ਇਸ ਵਿੱਚ ਸੁਰਤਿ, ਮਤਿ, ਮਨ ਅਤੇ ਬੁਧਿ ਦੀ ਸਾਂਝ ਵਾਲੀ ਸਾਇੰਸ ਹੈ। ਜਿਸ ਸਦਕਾ ਸੱਚੀ ਸੁੱਚੀ ਕਿਰਤ ਕਰਕੇ ਪ੍ਰਾਪਤ ਹੋਈ ਪੂੰਜੀ ਕਾਰਨ ਕਰਤੇ ਦੀ ਯਾਦ ਅਤੇ ਕੀਰਤੀ ਬਣੇ ਰਹਿੰਦੇ ਹਨ। ਇਹ ਨਾਨਕਵਾਦ ਹਰ ਇਕ ਕਣ ਦੀ ਮਹੱਤਤਾ ਦਾ ਅਹਿਸਾਸ ਕਰਾਉਂਦਿਆਂ ਉਸ ਪ੍ਰਤੀ ਜ਼ਿੰਮੇਵਾਰੀ ਤੈਅ ਕਰਦਾ ਹੈ। ਆਦਰਸ਼ਕ ਵਾਕ ‘ਜੋ ਜੀਅ ਆਵੇ ਸੋ ਰਾਜੀ ਜਾਵੇ’ ਦੀ ਦਰਿਆਦਿਲੀ ਬਖ਼ਸ਼ਦਾ ਹੈ। ਪਰਾਏ ਹੱਕ ਨੂੰ ਮਾਰਨ ਦੀ ਮਨਾਹੀ ਹੈ।

ਇਹ ਨਾਨਕਵਾਦ ਹਰ ਸਮਾਜਕ-ਆਰਥਕ ਵਿਕਾਸ ਨੂੰ ਸਿਖ਼ਰ ਦੀ ਸਫ਼ਲਤਾ ਦੇਣ ਦਾ ਗੁਣ ਰੱਖਦਾ ਹੈ। ਉਹ ਵਿਸ਼ੇਸ਼ ਗੁਣ ਹੈ ਜੋ ਇਕੋ ਸਮੇਂ ਮਨੁੱਖ ਦੀ ਰੂਹਾਨੀ ਤੇ ਸੰਸਾਰੀ ਜ਼ਿੰਦਗੀ ਨੂੰ ਸੰਬੋਧਨ ਹੁੰਦਾ ਹੈ। ਨਿਰੰਕਾਰੀ ਵੀ ਤੇ ਸੰਸਾਰੀ ਖ਼ਜ਼ਾਨੇ ਦੀ ਲੋੜ, ਕਦਰ ਤੇ ਪਹਿਰੇਦਾਰ ਪਹੁੰਚ ਦੀ ਅਹਿਮੀਅਤ ਦਾ ਗਿਆਨ ਪ੍ਰਗਟਾਉਂਦਾ ਹੈ। ਗੁਰੂ ਅਰਜਨ ਸਾਹਿਬ ਜੀ ਨੇ ਕਮਾਲ ਦੀ ਜੁਗਤਿ ਸੰਸਾਰੀ ਜੀਵ ਦੇ ਸਾਹਮਣੇ ਰੱਖੀ ਹੈ : ‘‘ਹਮ ਧਨਵੰਤ; ਭਾਗਠ ਸਚ ਨਾਇ ॥  ਹਰਿ ਗੁਣ ਗਾਵਹ; ਸਹਜਿ ਸੁਭਾਇ ॥੧॥ ਰਹਾਉ ॥ ਪੀਊ ਦਾਦੇ ਕਾ; ਖੋਲਿ ਡਿਠਾ ਖਜਾਨਾ ॥  ਤਾ ਮੇਰੈ ਮਨਿ; ਭਇਆ ਨਿਧਾਨਾ ॥੧॥  ਰਤਨ ਲਾਲ; ਜਾ ਕਾ ਕਛੂ ਨ ਮੋਲੁ ॥  ਭਰੇ ਭੰਡਾਰ ਅਖੂਟ ਅਤੋਲ ॥੨॥  ਖਾਵਹਿ ਖਰਚਹਿ; ਰਲਿ ਮਿਲਿ ਭਾਈ ॥  ਤੋਟਿ ਨ ਆਵੈ; ਵਧਦੋ ਜਾਈ ॥੩॥  ਕਹੁ ਨਾਨਕ ! ਜਿਸੁ ਮਸਤਕਿ; ਲੇਖੁ ਲਿਖਾਇ ॥ ਸੁ ਏਤੁ ਖਜਾਨੈ; ਲਇਆ ਰਲਾਇ ॥੪॥’’ (ਮਹਲਾ ੫/੧੮੬)

ਕਾਦਰ-ਕੁਦਰਤ ਦੇ ਮਹਾਨ ਖ਼ਜ਼ਾਨੇ ਦਾ ਕਦਰਦਾਨ ਹੀ ਪੀਊ ਦਾਦੇ ਦੇ ਅਮੀਰ ਖ਼ਜ਼ਾਨੇ ਦਾ ਲਾਹਾ ਲੈਂਦਾ ਹੈ। ਖੋ-ਖਿੱਚ ਦੀ ਥਾਂ ਸਭ ਨਾਲ ਰਲ਼ ਮਿਲ਼ ਕੇ ਖਾਂਦਾ ਤੇ ਖਰਚਦਾ ਹੈ। ਜਿਸ ਕਰਕੇ ਖ਼ਜ਼ਾਨੇ ਵਿੱਚ ਤੋਟ ਨਹੀਂ ਆਉਂਦੀ ਬਲਕਿ ਵਧਦਾ ਜਾਂਦਾ ਹੈ। ਕੀ ਇਸ ਉੱਤਮ ਵਿਚਾਰ ਤੋਂ ਬਿਨਾਂ ਕਿਸੇ ਦੇਸ਼ ਦੀ ਅਰਥ ਵਿਵਸਥਾ ਅਤੇ ਅਰਥ ਸੰਸਥਾਵਾਂ ਨੂੰ ਬਚਾਇਆ ਜਾ ਸਕਦਾ ਹੈ ? ਕਦੇ ਵੀ ਨਹੀਂ। 

ਪਰ ਜਦੋਂ ਮਨੁੱਖ ਗੈਰਕੁਦਰਤੀ ਸਿਰਜਤ ਮੰਡੀ ਵਿੱਚ ਅਤੇ ਨਿੱਜੀ ਮਰਜ਼ੀ ਵੱਲ ਗੱਡੀ ਤੋਰ ਲੈਂਦਾ ਹੈ ਤਾਂ ਇਹ ਪੂੰਜੀ ਕੂੜੀ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਬੋਲ ਹਨ : ‘‘ਕੂੜੀ ਰਾਸਿ; ਕੂੜਾ ਵਾਪਾਰੁ ॥ ਕੂੜੁ ਬੋਲਿ; ਕਰਹਿ ਆਹਾਰੁ ॥ ਸਰਮ ਧਰਮ ਕਾ ਡੇਰਾ; ਦੂਰਿ ॥ ਨਾਨਕ! ਕੂੜੁ ਰਹਿਆ ਭਰਪੂਰਿ ॥’’ (ਆਸਾ ਕੀ ਵਾਰ/ ਮਹਲਾ ੧/੪੭੨) ਤ੍ਰਿਸ਼ਨਾਲੂ ਮਨੁੱਖ ਨੇ ਹਰ ਪੂੰਜੀ ਜਾਂ ਖ਼ਜ਼ਾਨੇ ਦੇ ਮੂਲ ਸਰੋਤ ਕੁਦਰਤ ਅਤੇ ਕੁਦਰਤ ਦੇ ਸੋਮਿਆਂ ਨੂੰ ਬੜੀ ਨਿਰਦਇਤਾ ਨਾਲ ਲੁੱਟਿਆ ਹੈ। ਜਿਸ ਦੇ ਨਤੀਜੇ ਵਜੋਂ ਸੰਸਾਰ ਟਿਕਾਉ ਵਿੱਚ ਨਹੀਂ ਹੈ, ਬਲਕਿ ਡਾਵਾਂਡੋਲ ਹੈ।

ਕਰੋਨਾ ਵਾਇਰਸ ਨੇ ਸੰਸਾਰ ਦੀ ਆਰਥਿਕਤਾ ਡੋਲਣ ਲਾ ਦਿੱਤੀ ਹੈ। ਸਾਰੇ ਦੇਸ਼ਾਂ ਦੇ ਮੁਖੀ ਆਪਣੇ-ਆਪਣੇ ਢੰਗ ਨਾਲ ਦੇਸ਼ ਦੀ ਆਰਥਿਕਤਾ ਉੱਤੇ ਪੈਣ ਵਾਲੇ ਜਾਂ ਪੈ ਚੁੱਕੇ ਪ੍ਰਭਾਵ ਦਾ ਮੁਲਾਂਕਣ ਕਰ ਰਹੇ ਹਨ। ਭਾਰਤ ਦੇਸ਼ ਦਾ ਅਰਥਚਾਰਾ ਮਹਾਂਮਾਰੀ ਦੀ ਮਾਰ ਤੋਂ ਪਹਿਲਾਂ ਹੀ ਡਗਮਗਾ ਰਿਹਾ ਸੀ। ਦੇਸ਼ ਦੀ ਜਿਸ ਜੀ. ਡੀ. ਪੀ. ਦੇ 8 ਪ੍ਰਤੀਸ਼ਤ ਹੋਣ ਦੇ ਦਮਗਜੇ ਮਾਰੇ ਜਾ ਰਹੇ ਸਨ। ਉਹ ਅੱਜ 4.5 ਪ੍ਰਤੀਸ਼ਤ ਹੈ। ਇਸ ਸੰਭਾਵੀ ਭਿਆਨਕ ਸਥਿਤੀ ਦੀ ਭਵਿੱਖਬਾਣੀ ਅਰਥ ਸ਼ਾਸਤਰੀ ਕਰਦੇ ਆ ਰਹੇ ਸਨ। ਇਸ ਭਵਿੱਖਬਾਣੀ ਦੇ ਸੱਚ ਹੋਣ ਦੀ ਸਥਿਤੀ ਦੇ ਨਾਲ ਹੀ ਮਹਾਂਮਾਰੀ ਦੀ ਸ਼ਮੂਲੀਅਤ ਨੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸਨਅਤ ਕਾਰੋਬਾਰ, ਵਪਾਰ, ਸਰਵਿਸ, ਕਿਸਾਨ, ਮਜ਼ਦੂਰ ਖੇਤਰ ਹੀ ਨਹੀਂ ਬਲਕਿ ਧਾਰਮਕ, ਵਿਦਿਅਕ ਅਤੇ ਸਮਾਜਕ ਖੇਤਰ ਵੀ ਆਰਥਕ ਮੰਦਵਾੜੇ ਨੇ ਪੜ੍ਹਨੇ ਪਾਏ ਹੋਏ ਹਨ।

ਪੰਜਾਬ ਦਾ ਖ਼ਜ਼ਾਨਾ ਤਾਂ ਦਹਾਕਿਆਂ ਤੋਂ ਕਰਜ਼ਾਈ ਹੈ ਮੁਢਲੀਆਂ ਸਿੱਖਿਆ ਸੇਵਾਵਾਂ, ਸਿਹਤ ਸੇਵਾਵਾਂ ਅਤੇ ਰੋਜ਼ਗਾਰ ਸੇਵਾਵਾਂ ਪਹਿਲ ਦੇ ਆਧਾਰਤੇ ਨਿਭਾਉਣ ਦੀ ਥਾਂ ਖਾਲੀ ਠੂਠੇ ਦੀਆਂ ਲੇਲੜੀਆਂ ਕੱਢਣੀਆਂ ਹੀ ਲਿਆਕਤ ਹੈ ਸੂਬੇ ਦੀ ਪੰਜਾਬ ਸਰਕਾਰਾਂ ਦੀਆਂ ਭਾਈਭਤੀਜਾਵਾਦ ਅਤੇ ਨਿੱਜਵਾਦ ਨੂੰ ਸੇਧਿਤ ਆਰਥਿਕ ਨੀਤੀਆਂ ਕਾਰਨ ਅੱਜ ਪੰਜਾਬ ਕਰੀਬ ਡੇਢ ਲੱਖ ਕਰੋੜ ਦਾ ਕਰਜ਼ਾਈ ਹੋ ਚੁੱਕਾ ਹੈ ਇਸ ਤਰਾਸਦੀ ਨੂੰ ਪੜ੍ਹਦਿਆਂ, ਸੁਣਦਿਆਂ ਤੇ ਵੇਖਦਿਆਂ ਸਾਡੇ ਵਰਗਾ ਜਨਸਾਧਾਰਨ ਵੀ ਇਸ ਚਿੰਤਾ ਦਾ ਪਾਤਰ ਬਣ ਰਿਹਾ ਹੈ ਧੁਰ ਅੰਦਰੋਂ ਪਹਿਲਾ ਸਵਾਲ ਨਿੱਕਲਦਾ ਹੈ ਕਿ ਕੀ ਕੋਈ ਵੀ ਰਾਜਸੀ ਧਿਰ ਪੰਜਾਬ ਪ੍ਰਤੀ ਇਮਾਨਦਾਰ ਹੈ? ਜੇ ਰਾਜਸੀ ਧਿਰਾਂ ਰੂਹਾਨੀਅਤ ਤੋਂ ਪ੍ਰੇਰਿਤ ਤੇ ਇਮਾਨਦਾਰ ਹੁੰਦੀਆਂ ਤਾਂ ਪੰਜਾਬ ਦੀ ਸਥਿਤੀ ਅਜਿਹੀ ਨਹੀਂ ਹੋਣੀ ਸੀ ਪੰਜਾਬ ਦੇ ਖ਼ਜ਼ਾਨੇ ਦੀ ਸਵੈਨਿਰਭਰਤਾ ਦੀ ਕਹਾਣੀ ਵੀ ਪੜ੍ਹਨੀ ਹੋਵੇ ਤਾਂ ਲੱਭਣੀ ਔਖੀ ਹੈ   

ਜਿਸ ਸੂਬੇ ਦੇ ਮੁਲਾਜ਼ਮ ਹੱਕਾਂ ਲਈ ਲੰਮਾ ਲੰਮਾ ਸਮਾਂ ਸੜਕਾਂ ’ਤੇ ਲੋਹੇ ਲਾਖ਼ੇ ਹੋ ਤੜਫ਼ਦੇ ਰਹਿਣਗੇ, ਉਹ ਕਿਵੇਂ ਸੂਬੇ ਦੇ ਹਿਤ ਵਿੱਚ ਆਪਣੀ ਸ਼ਕਤੀ ਲਾ ਸਕਦੇ ਹਨ। ਪੰਜਾਬ ਦੇ ਸਾਰੇ ਕਿੱਤਾਕਾਰੀ ਵਰਗਾਂ, ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਤੇ ਕਾਰਖ਼ਾਨੇਦਾਰਾਂ ਲਈ ਬੜਾ ਗੰਭੀਰ ਹੋਣਾ ਪਵੇਗਾ। ਪੰਜਾਬ ਦੀਆਂ ਸਾਰੀਆਂ ਰਾਜਸੀ ਧਿਰਾਂ ਨੂੰ ਵਿਧੀਵਤ ਢੰਗ ਨਾਲ ਸਿਰ ਜੋੜ ਕੇ ਬੈਠਣ ਦੀ ਲੋੜ ਹੈ। ਕੁਝ ਸਮਾਂ ਵਿਰੋਧ ਲਈ ਵਿਰੋਧ ਛੱਡ ਕੇ ਪੰਜਾਬ ਦੇ ਹੱਕ ਵਿੱਚ ਹੋ ਜਾਈਏ, ਸਰਕਾਰ ਪਹਿਲ ਕਰੇ।  ਪੰਜਾਬ ਸਰਕਾਰ ਨੇ ਸਿਹਤਮੰਦ ਆਰਥਿਕਤਾ ਲਈ ਨਾਮਵਰ ਅਰਥ ਸ਼ਾਸਤਰੀਆਂ ਦੀ ਕਮੇਟੀ ਦਾ ਗਠਨ ਕਰ ਦਿੱਤਾ ਹੈ, ਪਰ ਏਥੇ ਇਕ ਵੱਡਾ ਸਵਾਲ ਜਾਂ ਸ਼ੰਕਾ ਰਹੇਗਾ ਕਿ ਇਹ ਕਮੇਟੀ ਕਿਤੇ ਕਾਰਪੋਰੇਟ ਸੈਕਟਰ ਪੱਖੀ ਯੋਜਨਾਬੰਦੀ ਵੱਲ ਤਾਂ ਨਹੀਂ ਖੜ੍ਹੇਗੀ ਜਦ ਕਿ ਕੇਵਲ ਪੰਜਾਬ ਨੂੰ ਹੀ ਨਹੀਂ ਬਲਕਿ ਵਿਸ਼ਵ ਨੂੰ ਕੋਆਪ੍ਰੇਟਿਵ ਮਾਡਲ ਦੀ ਲੋੜ ਹੈ ਪੰਜਾਬ ਦੇ ਖ਼ਜ਼ਾਨੇ ਨੂੰ ਕੋਆਪਰੇਟਿਵ ਮਾਡਲ ਰਾਹੀਂ ਹੀ ਭਰਪੂਰ ਕੀਤਾ ਜਾ ਸਕਦਾ ਹੈ

ਪੰਜਾਬ ਦੇ ਖ਼ਜ਼ਾਨੇ ਨੂੰ ਭਰਨ ਲਈ ਪੰਜਾਬ ਸਰਕਾਰ ਤੇ ਸਮੁੱਚੇ ਢਾਂਚੇ ਨੂੰ ਆਦਰਸ਼ ਆਚਰਣ ਦੇ ਧਾਰਨੀ ਬਣਨਾ ਹੋਵੇਗਾ। ਸਭ ਤੋਂ ਪਹਿਲਾਂ ਪੰਜਾਬ ਦੇ ਰਾਜਨੀਤਕ ਲੋਕ ਜੋ ਸੱਤਾ ਦਾ ਹਿੱਸਾ ਰਹਿ ਚੁੱਕੇ ਹਨ ਜਾਂ ਹਨ ਉਹ ਵੀ ਐਲਾਨ ਕਰ ਦੇਣ ਕਿ ਅਸੀਂ 10 ਸਾਲ ਪੰਜਾਬ ਸੇਵਕ ਬਣ ਕੇ ਕੰਮ ਕਰਾਂਗੇ। ਸਰਕਾਰੀ ਖ਼ਜਾਨੇ ਵਿੱਚੋਂ ਨਾ ਤਨਖਾਹ ਲਵਾਂਗੇ ਅਤੇ ਨਾ ਹੀ ਪੈਨਸ਼ਨ ਪ੍ਰਾਪਤ ਕਰਾਂਗੇ ਵਿਧਾਇਕ ਕੇਵਲ ਇਕ ਪੈਨਸ਼ਨ ਲੈਣੀ ਵੀ ਪਾਪ ਸਮਝ ਲੈਣਪੰਜਾਬ ਤੋਂ ਲੋਕ ਸਭਾ ਜਾਂ ਰਾਜ ਸਭਾ ਮੈਂਬਰ ਮਿਲਦੀ ਪੈਨਸ਼ਨ ਪੰਜਾਬ ਨੂੰ ਭੇਟਾ ਕਰਨ ਸਿਆਸੀ ਲੋਕਾਂ ਅਤੇ ਅਫ਼ਸਰਾਂ ਦੀ ਸੁਰੱਖਿਆਤੇ ਰੁੜ੍ਹਦੇ ਧਨ ਨੂੰ ਬਚਾ ਕੇ ਪੰਜਾਬ ਦੇ ਲੇਖੇ ਲਾਇਆ ਜਾ ਸਕਦਾ ਹੈ ਸੁਰੱਖਿਆ ਛਤਰੀਆਂ ਦੀ ਛਾਂ ਮਾਣਨ ਵਾਲੇ ਲੋਕ ਅਕਸਰ ਵਿਦੇਸ਼ਾਂ ਦੇ ਦੌਰੇ ਕਰਦੇ ਹਨ, ਇਹ ਵਿਦੇਸ਼ਾਂ ਵਿਚਲੀ ਸੁਰੱਖਿਆ ਪ੍ਰਣਾਲੀ ਤੋਂ ਕੋਈ ਸਿੱਖਿਆਦਾਨ ਪ੍ਰਾਪਤ ਕਰ ਸਕਦੇ ਹਨ

ਦੂਸਰਾ ਪੰਜਾਬ ਦੇ ਸਰਕਾਰੀ ਤੰਤਰ ਵਿੱਚ ਕੰਮ ਕਰਦੇ ਦਾਨੇ ਅਕਲਦਾਨ ਅਫ਼ਸਰ ਆਪਣੇ ਆਪ ਨੂੰ ਸਿੱਧ ਕਰਨ ਕਿ ਪੰਜਾਬ ਦੇ ਸੁਘੜ ਸਿਆਣੇ ਪੁੱਤਰ ਧੀਆਂ ਹਨ। ਐਲਾਨ ਕਰਨ ਕਿ ਅਸੀਂ ਪੂਰੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਸੇਵਾ ਕਰਾਂਗੇ। ਅਗਰ ਇਹ ਵਰਗ ਪੰਜਾਬ ਦੀ ਆਰਥਕ ਹੋਣੀ ਨੂੰ ਸੰਵਾਰਨ ਲਈ ਪੂਰੀ ਦ੍ਰਿੜ੍ਹਤਾ ਨਾਲ ਸੰਕਲਪ ਲੈ ਲੈਂਦਾ ਹੈ ਤਾਂ ਠੇਕੇਦਾਰੀ ਪ੍ਰਬੰਧਾਂ ਕਾਰਨ ਖ਼ੁਰਦ ਬੁਰਦ ਹੁੰਦੇ ਕਰੋੜਾਂ ਦੀ ਬੱਚਤ ਹੋ ਸਕੇਗੀ।

ਤੀਸਰਾ ਸਮਾਜ ਦਾ ਵੀ ਬੜਾ ਵੱਡਾ ਫ਼ਰਜ਼ ਹੈ ਕਿ ਜਿਸ ਖੂਹ ਤੋਂ ਪਾਣੀ ਪੀਂਦੇ ਹਾਂ ਉਸ ਦੇ ਸੋਕੇ ਨੂੰ ਦੂਰ ਕਰਨਾ ਆਪਣਾ ਫ਼ਰਜ਼ ਸਮਝੀਏ। ਪੰਜਾਬ ਸਰਕਾਰ ਤੋਂ ਸੇਵਾ ਮੁਕਤ ਸਬਰ-ਸੰਤੋਖੀ ਲੋਕਾਂ ਦਾ ਕਹਿਣਾ ਹੈ ਕਿ ਲੱਖ-ਲੱਖ ਰੁਪਿਆ ਪੈਨਸ਼ਨ ਲੈਂਦਿਆਂ ਸਾਨੂੰ ਸਾਲਾਨਾ ਵਧਦੇ ਭੱਤੇ ਨਹੀਂ ਮਿਲਣੇ ਚਾਹੀਦੇ। ਇਹ ਗਰੀਬਾਂ ਤੇ ਲੋੜਵੰਦਾਂ ਦੀ ਰੋਟੀ ਰੋਜ਼ੀ ਦੇ ਵਸੀਲੇ ਪੈਦਾ ਕਰਨ ਲਈ ਜਾਣੇ ਚਾਹੀਦੇ ਹਨ। ਅਜਿਹੀ ਉੱਚੀ ਸੁੱਚੀ ਸੋਚ ਵਾਲੇ ਰਾਹ-ਦਸੇਰਾ ਬਣ ਕੇ ਕਾਫ਼ਲਾ ਬਣਾ ਸਕਦੇ ਹਨ। ਜੇਕਰ ਇਹ ਲੋਕ ਸਾਲਾਨਾ ਭੱਤਾ ਵਾਧਾ ਤਿਆਗ ਦੇਂਦੇ ਹਨ ਅਤੇ ਮਿਲਦੀ ਪੈਨਸ਼ਨ ਦਾ ਦਸਵਾਂ ਹਿੱਸਾ ਪੰਜਾਬ ਦੇ ਖ਼ਜਾਨੇ ਵਿੱਚ ਪਾਉਣਾ ਅਰੰਭ ਕਰ ਦਿੰਦੇ ਹਨ ਤਾਂ ਆਸਰਾ ਮਿਲ ਸਕਦਾ ਹੈ। ਵਿਦੇਸ਼ਾਂ ਵਿੱਚ ਵਸ ਚੁੱਕੇ ਸੇਵਾ-ਮੁਕਤ ਲੋਕ ਸਿੱਧੀ ਸੇਵਾ ਭੇਟ ਕਰਨ ਦੀ ਸਹਿਮਤੀ ਦਰਜ ਕਰਾ ਸਕਦੇ ਹਨ। ਪੰਜਾਬ ਅੰਦਰ ਸੇਵਾ ਕਰ ਰਹੇ ਅਤੇ ਸੇਵਾ-ਮੁਕਤ ਪੰਜਾਬ ਹਿਤੈਸ਼ੀਆਂ ਨੂੰ ਹੱਥ ਜੋੜ ਬੇਨਤੀ ਹੈ ਕਿ ਪ੍ਰਸਪਰ ਹਮਦਰਦੀ ਤੇ ਸੁਹਿਰਦਤਾ ਬਿਨਾਂ ਕੋਈ ਵੀ ਢਾਂਚਾ, ਵਿਵਸਥਾ ਜਾ ਵਿਚਾਰਧਾਰਾ ਅਧੂਰੇ ਹਨ। ਅਧੂਰੇ ਖ਼ਜ਼ਾਨੇ ਕੰਗਾਲੀ ਹਨ।

ਆਓ ਪੰਜਾਬ ਨੂੰ ਆਪਣਾ ਪੰਜਾਬ ਮੰਨ ਲਈਏ। ਇਸ ਦੀ ਆਰਥਿਕਤਾ ਅਤੇ ਵਿਕਾਸ ਲਈ ਖੁਦ ਨੂੰ ਪੇਸ਼ ਕਰੀਏ। ਪੰਜਾਬ ਦੀ ਨੌਜਵਾਨੀ ਦੇ ਵਸਣ ਰਸਣ ਲਈ ਕੋਈ ਮੌਕੇ ਬਣਾ ਦੇਈਏ। ਪੰਜਾਬ ਵਿੱਚੋਂ ਵਿਦੇਸ਼ੀ ਪੜ੍ਹਾਈ ਦੇ ਨਾਂ ’ਤੇ 40 ਤੋਂ 50 ਹਜ਼ਾਰ ਕਰੋੜ ਵਿਦੇਸ਼ਾਂ ਨੂੰ ਜਾ ਰਿਹਾ ਹੈ।

ਪੰਜਾਬ ਸਰਕਾਰ ਕੇਵਲ ਸ਼ਰਾਬ ਦੀ ਆਮਦਨ ਦੇ ਮਾਨਵ-ਵਿਰੋਧੀ ਵਰਤਾਰੇ ਨੂੰ ਤਿਆਗ ਕੇ ਉੱਚੇ ਸੁੱਚੇ ਸਰੋਤਾਂ ਦਾ ਸਹਾਰਾ ਲਵੇ ਅਤੇ ਨਸ਼ਿਆਂ ਨਾਲ ਹੁੰਦੀ ਅਗਿਣਵੀਂ ਤਬਾਹੀ ਤੋਂ ਬਚਾਅ ਕਰੇ। ਸਿੱਖਿਆ ਖੇਤਰ ਅਤੇ ਸਿਹਤ ਖੇਤਰ ਅੰਦਰ ਸਰਕਾਰੀ ਆਮਦਨ ਦੇ ਵਸੀਲੇ ਪੈਦਾ ਕਰਨ ਲਈ ਗੁਆਚੀ ਭਰੋਸੇਯੋਗਤਾ ਨੂੰ ਬਹਾਲ ਕਰੇ।

ਪੰਜਾਬ ਦਾ ਖ਼ਜਾਨਾ ਭਰ ਸਕਦਾ ਹੈ। ਲੋੜ ਹੈ ਸਰਕਾਰ ਤੇ ਸਭ ਧਿਰਾਂ ਦੀ ਸੁਹਿਰਦਤਾ ਦੀ। ਚੰਗੀ ਨੀਅਤ ਤੇ ਚੰਗੀ ਨੀਤੀ ਦੀ। ਪੰਜਾਬ ਦੇ ਜਾਏ ਅਜੇ ਪਰਾਏ ਨਹੀਂ ਹੋਏ ਹਨ। ਉਹ ਵਿਦੇਸ਼ਾਂ ਵਿੱਚ ਬੈਠੇ ਵੀ ਪੰਜਾਬ ਦੀ ਸੱਚੀ ਸੁੱਚੀ ਆਵਾਜ਼ ਦਾ ਹੁੰਗਾਰਾ ਭਰਨ ਲਈ ਪੱਬਾਂ ਭਾਰ ਹਨ।

ਕੋਰੋਨਾ 19

0

        ਕੋਰੋਨਾ 19

ਕਰਫ਼ਿਊ ਅਤੇ ਕੋਰੋਨਾ ਪੈ ਗਏ, ਹਨ ਪਬਲਿਕ ’ਤੇ ਭਾਰੂ।

ਤਰਸੀ ਪਈ ਲੋਕਾਈ ਹਰ ਥਾਂ, ਮਿਲੇ ਨਾ ਚੀਜ਼ ਬਜ਼ਾਰੂ।

ਨਾ ਕੁੱਝ ਮਿਲ ਰਿਹਾ ਖਾਣ ਪੀਣ ਨੂੰ, ਨਾ ਹੀ ਦਵਾ ਤੇ ਦਾਰੂ।

ਢਹਿੰਦੀ ਕਲਾ ਦਾ ਪਿਆ ਖਿਲਾਰਾ, ਉੱਡ ਗਈ ਸੋਚ ਉਸਾਰੂ।

ਦੋਹੇਂ ਹੱਥੀਂ ਲੁੱਟ ਰਹੇ ਨੇ, ਜਿਨ੍ਹਾਂ ਦੀ ਪਹੁੰਚ ਵਪਾਰੂ।

ਜਿਸ ਦੀ ਜੇਬ ਜਵਾਬ ਦੇ ਗਈ, ਕਿੰਝ ਭਲਾ ਡੰਗ ਸਾਰੂ।

ਕੋਰੋਨੇ ਤਾਈਂ ਹਰਾਵਣ ਵਾਲਾ, ਭੁੱਖਮਰੀ ਤੋਂ ਹਾਰੂ।

ਆਇਆ ਸਮਾਂ ਭਿਆਨਕ, ਖਬਰੇ ਕੀ ਕੁੱਝ ਕਰ ਗੁਜਾਰੂ।

ਜਿਸ ਦਾ ਡਾਢਾ ਸਾਹਿਬ ਹੈ ‘ਚੋਹਲਾ’, ਕੌਣ ਉਸ ਨੂੰ ਮਾਰੂ।

      —0—      

-ਰਮੇਸ਼ ਬੱਗਾ ਚੋਹਲਾ, ਗਲੀ ਨੰ: 8 ਰਿਸ਼ੀ ਨਗਰ ਐਕਸਟੈਂਸ਼ਨ (ਲੁਧਿਆਣਾ) ਮੋਬਾ: 94631-32719

Most Viewed Posts