ਕੋਵਿਡ 19 ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ ?

0
260

ਕੋਵਿਡ 19 ਬੀਮਾਰੀ ਦੇ ਟੈਸਟ ਕਿੰਨੇ ਕੁ ਸਹੀ ?

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-ਫੋਨ ਨੰ: 0175-2216783

ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ ਵਿਚ ਸੰਨ 1989 ਵਿਚ ਛਪਿਆ ਸੀ ਕਿ ਸਾਇੰਸ ਕਿੰਨੀ ਵੀ ਤਰੱਕੀ ਕਰ ਲਵੇ ਪਰ ਟੈਸਟ ਕਰਨ ਵਿਚ ਕੁੱਝ ਨਾ ਕੁੱਝ ਕੁਤਾਹੀ ਤਾਂ ਹੁੰਦੀ ਹੀ ਰਹੇਗੀ।

ਫਿਰ ਸੰਨ 2009 ਵਿਚ ਬਰਿਟਿਸ਼ ਨੈਸ਼ਨਲ ਹੈਲਥ ਸਿਸਟਮ ਨੇ ਸਰਵੇਖਣ ਕਰ ਕੇ ਦੱਸਿਆ ਕਿ 15 ਫੀਸਦੀ ਮਰੀਜ਼ਾਂ ਦੇ ਟੈਸਟਾਂ ਦੀਆਂ ਰਿਪੋਰਟਾਂ ਠੀਕ ਨਹੀਂ ਆ ਰਹੀਆਂ।

ਇਸ ਤੋਂ ਬਾਅਦ ਸੰਨ 2014 ਵਿਚ ਅਮਰੀਕਾ ਨੇ ਵੀ ਮੰਨਿਆ ਕਿ ਹਸਪਤਾਲਾਂ ਵਿਚ ਦਾਖਲ ਅਤੇ ਫੈਮਿਲੀ ਡਾਕਟਰ ਤੋਂ ਦਵਾਈ ਲੈਂਦੇ ਮਰੀਜ਼ਾਂ ਦੇ ਟੈਸਟਾਂ ਵਿੱਚੋਂ 12 ਮਿਲੀਅਨ ਦੀਆਂ ਰਿਪੋਰਟਾਂ ਗ਼ਲਤ ਸਨ। ਇਹ ਨੰਬਰ ਬਹੁਤ ਜ਼ਿਆਦਾ ਸੀ। ਸੋ ਹਲਚਲ ਮਚਣੀ ਹੀ ਸੀ।

ਟੈਸਟ ਕਰਨ ਵਾਲੀਆਂ ਕਿੱਟਾਂ, ਮਸ਼ੀਨਾਂ ਅਤੇ ਟੈਸਟ ਲੈਣ ਦੇ ਢੰਗ ਆਦਿ ਅਨੇਕ ਚੀਜ਼ਾਂ ਸਨ ਜਿਨ੍ਹਾਂ ਸਦਕਾ ਟੈਸਟਾਂ ਦੀਆਂ ਰਿਪੋਰਟਾਂ ਠੀਕ ਨਹੀਂ ਸਨ ਆ ਰਹੀਆਂ।

ਇਹੋ ਨੁਕਸ ਸੰਨ 2019 ਵਿਚ ਵੀ ਉਸੇ ਤਰ੍ਹਾਂ ਦਿਸ ਰਿਹਾ ਸੀ। ਹੁਣ ਦੁਨੀਆ ਭਰ ਦੀ ਕੋਰੋਨਾ ਮਹਾਂਮਾਰੀ ਦੌਰਾਨ ਬਹੁਤ ਸਾਰੇ ਟੈਸਟ ਜਲਦਬਾਜ਼ੀ ਵਿਚ ਤਿਆਰ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਕੁੱਝ ਵਾਇਰਸ ਦੀ ਬਣਤਰ ਦੀ ਫੋਟੋ ਕਾਪੀ ਤਿਆਰ ਕਰ ਕੇ ਉਸ ਨਾਲ ਮੇਚਣ ਵਾਲੇ ਹਨ। ਜਦੋਂ ਵਾਇਰਸ ਹਾਲੇ ਤੱਕ ਆਪਣੀ ਸ਼ਕਲ ਜਾਂ ਬਣਤਰ ਹੀ ਤਬਦੀਲ ਕਰ ਰਹੀ ਹੋਵੇ ਤਾਂ ਸਮਝ ਆ ਸਕਦੀ ਹੈ ਕਿ ਟੈਸਟ ਵੀ 100 ਫੀਸਦੀ ਸਹੀ ਨਹੀਂ ਹੋ ਸਕਦੇ।

ਇਸ ਗੱਲ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਅੱਗੇ ਦੱਸੀਆਂ ਚਾਰ ਕਿਸਮਾਂ ਬਾਰੇ ਜਾਣੀਏ:-

  1. ਅਸਲ ਪਾਜ਼ੀਟਿਵ :- ਜਿਹੜਾ ਕੋਵਿਡ-19 ਪੀੜਤ ਹੋਵੇ ਤੇ ਉਸ ਦਾ ਟੈਸਟ ਵੀ ਪਾਜ਼ੀਟਿਵ ਹੋਵੇ।
  2. ਨਕਲੀ ਪਾਜ਼ੀਟਿਵ :- ਜਿਸ ਨੂੰ ਕੋਵਿਡ-19 ਨਾ ਹੋਵੇ ਪਰ ਟੈਸਟ ਪਾਜ਼ੀਟਿਵ ਹੋਵੇ।
  3. ਨਕਲੀ ਨੈਗੇਟਿਵ :- ਜਿਸ ਨੂੰ ਕੋਵਿਡ-19 ਬੀਮਾਰੀ ਹੋਵੇ ਪਰ ਟੈਸਟ ਨੈਗੇਟਿਵ ਹੋਵੇ।
  4. ਅਸਲ ਨੈਗੇਟਿਵ :- ਜਿਸ ਨੂੰ ਕੋਵਿਡ ਬੀਮਾਰੀ ਨਾ ਹੋਵੇ ਤੇ ਟੈਸਟ ਵੀ ਨੈਗੇਟਿਵ ਹੋਵੇ।

ਇਨ੍ਹਾਂ ਚਾਰਾਂ ਨੂੰ ਆਧਾਰ ਬਣਾ ਕੇ ਕਿਸੇ ਵੀ ਟੈਸਟ ਕਿੱਟ ਨੂੰ ਚੰਗੀ ਜਾਂ ਮਾੜੀ ਕਿਹਾ ਜਾ ਸਕਦਾ ਹੈ ਪਰ ਹਾਲੇ ਤਕ ਅਜਿਹਾ ਕੋਈ ਜੰਤਰ ਨਹੀਂ ਜਿਸ ਰਾਹੀਂ ਟੈਸਟਾਂ ਵਿਚ 100 ਫੀਸਦੀ ਸਹੀ ਰਿਪੋਰਟ ਮਿਲ ਰਹੀ ਹੋਵੇ।

ਇਕੱਲਾ ਹੀਮੋਗਲੋਬਿਨ ਵੀ ਜੇ ਵੱਖੋ-ਵੱਖ ਲੈਬਾਰਟਰੀਆਂ ਵਿੱਚੋਂ ਟੈਸਟ ਕਰਵਾਇਆ ਜਾਵੇ ਤਾਂ ਇੱਕੋ ਰਿਪੋਰਟ ਨਹੀਂ ਆਉਂਦੀ। ਭਲਾ ਫੇਰ ਕੋਵਿਡ 19 ਦਾ ਟੈਸਟ ਸੌ ਫੀਸਦੀ ਸਹੀ ਕਿਵੇਂ ਆ ਸਕਦਾ ਹੈ।

ਉੱਪਰ ਦੱਸੀਆਂ ਚਾਰ ਕਿਸਮਾਂ ਵਿੱਚੋਂ ਪਹਿਲੀ ਤੇ ਤੀਜੀ ਕਿਸਮ; ਬੀਮਾਰੀ ਹੈ। ਇਸੇ ਲਈ ਇਨ੍ਹਾਂ ਮਰੀਜ਼ਾਂ ਦੇ ਟੈਸਟਾਂ ਨੂੰ ਆਧਾਰ ਬਣਾ ਕੇ ਕਿਸੇ ਟੈਸਟ ਦੀ ਗੁਣਵੱਤਾ ਮੰਨੀ ਜਾਂਦੀ ਹੈ ਕਿ ਟੈਸਟ ਕਿੰਨਿਆਂ ਵਿਚ ਸਹੀ ਬੀਮਾਰੀ ਲੱਭ ਸਕਣ ਦੇ ਸਮਰੱਥ ਹੈ।

ਦੂਜੀ ਤੇ ਚੌਥੀ ਕਿਸਮ; ਬੀਮਾਰੀ ਨਹੀਂ ਹੈ। ਇਨ੍ਹਾਂ ਦੇ ਆਧਾਰ ਉੱਤੇ ਕਿਸੇ ਟੈਸਟ ਬਾਰੇ ਪਤਾ ਲਾਇਆ ਜਾ ਸਕਦਾ ਹੈ ਕਿ ਇਹ ਕਿੰਨੇ ਬੀਮਾਰੀ ਤੋਂ ਬਗ਼ੈਰ ਵਾਲਿਆਂ ਨੂੰ ਅਸਲ ਵਿਚ ਬੀਮਾਰੀ ਰਹਿਤ ਦੱਸ ਸਕਦਾ ਹੈ।

ਦੁਨੀਆ ਦੇ ਵੱਖੋ-ਵੱਖਰੇ ਹਿੱਸਿਆਂ ਵਿਚ ਆਰ. ਟੀ. ਪੀ. ਸੀ. ਆਰ. ਟੈਸਟ, ਜੋ ਕੋਵਿਡ-19 ਬਾਰੇ ਦੱਸਦਾ ਹੈ, ਦੇ ਵੱਖੋ-ਵੱਖ ਨਤੀਜੇ ਸਾਹਮਣੇ ਆ ਰਹੇ ਹਨ। ਚੀਨ ਦੇ ਇੱਕ ਹਿੱਸੇ ਵਿਚ 51 ਕੋਵਿਡ ਦੇ ਮਰੀਜ਼ਾਂ ਵਿੱਚੋਂ 29 ਫੀਸਦੀ ਦੇ ਟੈਸਟ ਨੈਗੇਟਿਵ ਆਏ। ਅਮਰੀਕਾ ਵਿਚ ਪਹਿਲਾਂ 95 ਫੀਸਦੀ, ਫੇਰ 85 ਫੀਸਦੀ ਤੇ ਹੁਣ 75 ਫੀਸਦੀ ਵਿਚ ਬੀਮਾਰੀ ਦੇ ਹੁੰਦਿਆਂ ਟੈਸਟ ਨੈਗੇਟਿਵ ਆਏ ਹਨ।

ਇਸੇ ਲਈ ਦੋ ਵਾਰ ਟੈਸਟ ਕਰਨ ਨੂੰ ਕਿਹਾ ਗਿਆ ਹੈ। ਜੇ ਪਹਿਲੇ ਟੈਸਟ ਵਿਚ ਨੈਗੇਟਿਵ ਹੈ ਤੇ ਦੋ ਦਿਨ ਬਾਅਦ ਵੀ ਟੈਸਟ ਵਿਚ ਕੁੱਝ ਨਹੀਂ ਆਇਆ ਤਾਂ ਮੰਨ ਲਿਆ ਗਿਆ ਕਿ ਉਸ ਬੰਦੇ ਨੂੰ ਬੀਮਾਰੀ ਨਹੀਂ ਹੈ। ਇਨ੍ਹਾਂ ਵਿੱਚੋਂ ਵੀ ਅੱਗੋਂ ਇੱਕ ਫੀਸਦੀ ਨੂੰ ਬੀਮਾਰੀ ਹੋਈ ਲੱਭੀ ਹੈ।

ਇਸ ਦਾ ਮਤਲਬ ਸਪਸ਼ਟ ਹੈ ਕਿ ਜੇ ਦੁਨੀਆ ਭਰ ਵਿਚ ਦੋ ਕਰੋੜ ਲੋਕਾਂ ਦਾ ਟੈਸਟ ਕੀਤਾ ਗਿਆ ਹੈ ਤਾਂ ਉਸ ਵਿੱਚੋਂ ਦੋ ਲੱਖ ਲੋਕਾਂ ਦੇ ਟੈਸਟ ਦੀ ਰਿਪੋਰਟ ਗ਼ਲਤ ਹੈ।

ਹੁਣ ਹੋਰ ਕੋਈ ਚਾਰਾ ਨਾ ਵੇਖ ਕੇ ਇੱਕੋ ਰਾਹ ਰਹਿ ਜਾਂਦਾ ਹੈ ਕਿ ਭਾਵੇਂ ਟੈਸਟ ਨੈਗੇਟਿਵ ਵੀ ਹੋਵੇ ਤਾਂ ਵੀ ਜੇ ਸ਼ੱਕ ਹੋਵੇ ਤਾਂ 14 ਦਿਨ ਏਕਾਂਤਵਾਸ ਜ਼ਰੂਰੀ ਹੈ।

ਜਿਨ੍ਹਾਂ ਦੇ ਸਰੀਰ ਅੰਦਰ ਕੋਰੋਨਾ ਵੜ ਚੁੱਕਿਆ ਹੋਵੇ, ਉਨ੍ਹਾਂ ਬਾਰੇ ਬਾਕੀ ਵਾਇਰਲ ਕੀਟਾਣੂਆਂ ਵਾਂਗ ਇਹ ਸੋਚਿਆ ਗਿਆ ਸੀ ਕਿ ਹੁਣ ਇਨ੍ਹਾਂ ਦਾ ਸਰੀਰ ਇਸ ਬੀਮਾਰੀ ਨੂੰ ਝੱਲਣ ਦੇ ਸਮਰੱਥ ਹੋ ਚੁੱਕਿਆ ਹੈ, ਇਸੇ ਲਈ ਵਾਇਰਸ ਦੇ ਖ਼ਿਲਾਫ਼ ਤਿਆਰ ਹੋਏ ‘ਐਂਟੀਬਾਡੀ’ ਸੈੱਲਾਂ ਨੂੰ ਟੈਸਟ ਕੀਤਾ ਜਾ ਸਕਦਾ ਹੈ। ਕੋਵਿਡ-19 ਦਰਅਸਲ ਨਵੀਂ ਬੀਮਾਰੀ ਹੈ ਅਤੇ ਇਸ ਦੇ ਬਾਰੇ ਪੂਰੀ ਸਮਝ ਨਾ ਹੋਣ ਸਦਕਾ ਇਹ ਪੱਕਾ ਨਹੀਂ ਹੋ ਸਕਿਆ ਕਿ ‘ਐਂਟੀਬਾਡੀ’ ਸਰੀਰ ਅੰਦਰ ਤਿਆਰ ਹੋਏ ਹਨ ਜਾਂ ਨਹੀਂ। ਜਿੰਨੇ ਕੁ ਟੈਸਟ ਕੀਤੇ ਗਏ ਹਨ, ਉਨ੍ਹਾਂ ਬਾਰੇ ਕੁੱਝ ਮੁਲਕਾਂ ਵਿੱਚੋਂ ਇਹੋ ਪਤਾ ਲੱਗ ਸਕਿਆ ਹੈ ਕਿ ਆਰ. ਟੀ. ਪੀ. ਸੀ. ਆਰ. ਵਿੱਚੋਂ ਘੱਟ ਨਕਲੀ ਨੈਗੇਟਿਵ ਹਨ ਪਰ ਜ਼ਿਆਦਾ ਨਕਲੀ ਪਾਜ਼ੀਟਿਵ ਲੱਭ ਰਹੇ ਹਨ।

ਪੂਰਾ ਜ਼ੋਰ ਲਾਉਣ ਬਾਅਦ ਵੀ ਹਾਲੇ ਤੱਕ ਕਿਸੇ ਟੈਸਟ ਉੱਤੇ 100 ਫੀਸਦੀ ਨਿਰਭਰ ਨਹੀਂ ਹੋਇਆ ਜਾ ਸਕਦਾ। ਸੌਖੇ ਤਰੀਕੇ ਸਮਝਣ ਲਈ ਅੰਦਾਜ਼ਾ ਇਹ ਲਾਇਆ ਜਾ ਸਕਦਾ ਹੈ ਕਿ ਜੇ ਕਿਸੇ ਕਲੋਨੀ ਵਿਚ 20 ਫੀਸਦੀ ਨੂੰ ਬੀਮਾਰੀ ਹੈ, ਤਾਂ ਉਨ੍ਹਾਂ ਵਿੱਚੋਂ 80 ਫੀਸਦੀ ਦੇ ਟੈਸਟ ਪਾਜ਼ੀਟਿਵ ਆਉਣਗੇ ਤੇ ਅਸਲ ਨੈਗੇਟਿਵ 90 ਫੀਸਦੀ ਹੋਣਗੇ।

ਯਾਨੀ ਹਰ ਵੀਹ ਵਿੱਚੋਂ ਇੱਕ ਜਾਂ ਦੋ ਅਜਿਹੇ ਹੋਣਗੇ ਜਿਨ੍ਹਾਂ ਨੂੰ ਬੀਮਾਰੀ ਹੋਵੇਗੀ ਪਰ ਟੈਸਟ ਨੈਗੇਟਿਵ ਆਉਣਗੇ ਤੇ 33.3 ਫੀਸਦੀ ਨੂੰ ਬੀਮਾਰੀ ਨਾ ਹੋਣ ਉੱਤੇ ਵੀ ਨਕਲੀ ਪਾਜ਼ੀਟਿਵ ਕੱਢਿਆ ਜਾਵੇਗਾ। ਜਿਵੇਂ ਜਿਵੇਂ ਮਰੀਜ਼ ਵਧਣਗੇ, ਇਹ ਗਿਣਤੀ ਵੀ ਵਧਦੀ ਜਾਵੇਗੀ ਤੇ ਟੈਸਟ ਦੇ ਗ਼ਲਤ ਆਉਣ ਦੀ ਦਰ ਵੀ ਵਧ ਜਾਵੇਗੀ।

ਏਸੇ ਲਈ ਪੁਲਿਟਜ਼ਰ ਇਨਾਮ ਜੇਤੂ ਸਿਧਾਰਥ ਮੁਕਰਜੀ, ਜੋ ਕੈਂਸਰ ਦੀ ਖੋਜ ਵਿਚ ਮੋਹਰੀ ਸਨ, ਨੇ 2015 ਵਿਚ ਸਪਸ਼ਟ ਕਹਿ ਦਿੱਤਾ ਸੀ ਕਿ ਕਮਜ਼ੋਰ ਟੈਸਟ ਨਾਲੋਂ ਡਾਕਟਰ ਵੱਲੋਂ ਪੈਦਾ ਕੀਤਾ ਸ਼ੱਕ ਜ਼ਿਆਦਾ ਮਾਅਨੇ ਰੱਖਦਾ ਹੈ।

ਮੌਜੂਦਾ ਹਾਲਾਤ ਵਿਚ ਜਦੋਂ ਹਾਲੇ ਸਭ ਕੁੱਝ ਖੋਜ ਅਧੀਨ ਹੈ, ਤਾਂ ਇੱਕੋ ਹੱਲ ਬਚਦਾ ਹੈ ਕਿ ਜਿਹੜਾ ਵੀ ਟੈਸਟ ਮੌਜੂਦ ਹੈ, ਉਸੇ ਦੇ ਹਿਸਾਬ ਨਾਲ ਅਤੇ ਡਾਕਟਰ ਦੀ ਸਲਾਹ ਨਾਲ, ਜਾਨ ਬਚਾਉਣ ਅਤੇ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਏਕਾਂਤਵਾਸ ਵਿਚ ਰਹਿਣਾ ਹੀ ਪੈਣਾ ਹੈ।