ਆਤਮ ਪ੍ਰਕਾਸ਼

0
1257

4. ਆਤਮ ਪ੍ਰਕਾਸ਼

ਗਿਆਨੀ ਅਵਤਾਰ ਸਿੰਘ

ਹਰ ਬੰਦੇ ਦੀ ਮਾਨਤਾ ਉਸ ਲਈ ਇੱਕ ਧਰਮ ਹੁੰਦਾ ਹੈ। ਵੈਸੇ ਦੁਨੀਆ ’ਚ 300 ਤੋਂ ਵੱਧ ਧਰਮ; ਗਿਣਤੀ ਕੀਤੇ ਗਏ। ਇਨ੍ਹਾਂ ’ਚੋਂ ਪ੍ਰਾਚੀਨਤਾ ਪੱਖੋਂ ਕ੍ਰਮਵਾਰ ਇਹ 12 ਪ੍ਰਮੁੱਖ ਹਨ : ‘ਹਿੰਦੂ, ਜੈਨੀ, ਯਹੂਦੀ, ਪੇਗਨ, ਵੂਡੋ, ਪਾਰਸੀ, ਜੇਨ (ਇਹ ‘ਜੈਨ’ ਨਹੀਂ ਹੈ), ਬੌਧੀ, ਸਿੰਤੋ, ਈਸਾਈ, ਇਸਲਾਮ ਅਤੇ ਸਿੱਖ’।  ਸਿੱਖ ਧਰਮ ਤੋਂ ਬਗ਼ੈਰ ਬਾਕੀ ਇਹ 11 ਪ੍ਰਮੁੱਖ ਧਰਮ ਵੀ ਸਿੱਧੇ ਜਾਂ ਅਸਿੱਧੇ ਤੌਰ ’ਤੇ ‘ਜਾਦੂ-ਟੂਣੇ, ਕਰਮਕਾਂਡ ਅਤੇ ਦੇਵਤਿਆਂ-ਪੈਗ਼ੰਬਰਾਂ ਦੇ ਅਸਤਿੱਤਵ’ ’ਤੇ ਨਿਰਭਰ ਹਨ ਬਾਕੀ 288 ਧਰਮਾਂ ਤੋਂ ਕਾਹਦੀ ਉਮੀਦ ਰੱਖੀ ਜਾ ਸਕਦੀ ਹੈ। ਇਨ੍ਹਾਂ ਸਭ ਦਾ ਇਸਟ (ਪੂਜ੍ਯ ਦੇਵ/ਰੱਬ) ਕਣ-ਕਣ ’ਚ ਵਿਆਪਕ ਜੋਤ ਸੂਰਪ ਨਹੀਂ; ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ’ਚ ਬਿਅਨ ਕੀਤਾ ਗਿਆ ਹੈ।

ਜਦ ਕਿਸੇ ਦਾ ਪੂਜ੍ਯ ਦੇਵ ਹੀ ਸਰਵ ਵਿਆਪਕ ਨਾ ਹੋਵੇ ਤਾਂ ਉਸ ਲਈ ਰੂਹਾਨੀਅਤ ਬਲ, ਚੇਤੰਨ ਸੱਤਾ ਜਾਂ ਆਤਮ ਪ੍ਰਕਾਸ ਦਾ ਮਤਲਬ ਵੀ ਉਹ ਨਹੀਂ ਹੋਏਗਾ, ਜੋ ਸਿੱਖ ਧਰਮ ’ਚ ਬਿਆਨ ਕੀਤਾ ਹੈ। ਹਰ ਬੰਦਾ ਆਪਣੇ-ਆਪਣੇ ਧਰਮ ਨੂੰ ਵਿਲੱਖਣ ਮੰਨ ਕੇ ਹੀ ਉਸ ਨਾਲ ਜੁੜਿਆ ਹੁੰਦਾ ਹੈ। ਸਿੱਖ ਵੀ ਆਪਣੇ ਧਰਮ ਨੂੰ ਵਿਲੱਖਣ ਮੰਨਦੇ ਹਨ ਭਾਵੇਂ ਕਿ ਇਸ ਵਿਲੱਖਣਤਾ ਨੂੰ ਬਹੁਤੇ ਸਿੱਖ ਬਿਆਨ ਨਾ ਕਰ ਸਕਣ।

ਕਿਸੇ ਧਰਮ ਦੀ ਵਿਲੱਖਣਤਾ; ਉਸ ਦੇ ਰਹਿਬਰ ਜਾਂ ਗੁਰੂ ਦੀ ਸੋਚ ’ਚੋਂ ਉਪਜਦੀ ਹੈ। ਜਿੰਨੀ ਗਹਿਰੀ ਅਤੇ ਉੱਚੀ ਸੋਚ ਹੋਏਗੀ ਓਨੀ ਹੀ ਵਿਲੱਖਣਤਾ ਹੋਵੇਗੀ। ਸਿੱਖ ਧਰਮ ਦੀ ਵਿਲੱਖਣਤਾ ਤੋਂ ਭਾਵ ਗੁਰੂ ਨਾਨਕ ਸਾਹਿਬ ਜੀ ਦੀ ਸੋਚ ਹੈ, ਜਿਸ ਨੂੰ ਉਨ੍ਹਾਂ ਆਪ ਲਿਖਤੀ ਰੂਪ ਦਿੱਤਾ। ਪਿਛਲੇ ਲੇਖ (ਆਤਮਾ ਬਨਾਮ ਅੰਤਹਕਰਣ) ’ਚ ਗੁਰੂ ਨਾਨਕ ਜੀ ਦਾ ‘ਆਤਮ ਪ੍ਰਕਾਸ਼’ ਜਨਮ ਤੋਂ; ਵਿਚਾਰਿਆ ਗਿਆ ਸੀ ਕਿਉਂਕਿ ਉਨ੍ਹਾਂ ਨੇ ਜਗਤ ’ਚ ਰਹਿੰਦਿਆਂ ਕਿਸੇ ਨੂੰ ਗੁਰੂ ਧਾਰਨ ਨਹੀਂ ਕੀਤਾ ਹੈ।

ਗੁਰੂ ਨਾਨਕ ਸਾਹਿਬ ਜੀ ਦੇ ‘ਆਤਮ ਪ੍ਰਕਾਸ਼’ ਦੀ ਮਿਸਾਲ ‘ਜਪੁ’ ਬਾਣੀ ਹੈ, ਜੋ ਸਮੁੱਚੀ ਗੁਰਬਾਣੀ ਦਾ ਨਿਚੋੜ (ਸਾਰੰਸ਼) ਹੋਣ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਦੇ ਆਰੰਭ ’ਚ ਦਰਜ ਹੈ। ‘ਜਪੁ’ ਬਾਣੀ ਦਾ ਵਿਸਥਾਰ ਹੀ ਸਮੁੱਚੀ ਗੁਰਬਾਣੀ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਗੁਰੂ ਨਾਨਕ ਜੀ ਦੀ ਸੋਚ ਦੀ ਵਿਆਖਿਆ ਹੀ ਬਾਕੀ 34 ਬਾਣੀਕਾਰ ਕਰਦੇ ਹਨ। ਇਹ ਭੁਲੇਖਾ ਨਾ ਰਹੇ ਕਿ 15 ਭਗਤ; ਜੋ ਗੁਰੂ ਨਾਨਕ ਜੀ ਦੇ ਜਨਮ ਤੋਂ ਪਹਿਲਾਂ ਪੈਦਾ ਹੋਏ ਹਨ ਉਨ੍ਹਾਂ ਦੀ ਬਾਣੀ ਕਿਵੇਂ ਗੁਰੂ ਨਾਨਕ ਜੀ ਦੀ ਬਾਣੀ ਦੀ ਵਿਆਖਿਆ ਹੈ ? ਇਸ ਦਾ ਜਵਾਬ, ਗੁਰੂ ਅਰਜਨ ਸਾਹਿਬ ਜੀ ਦੇ 20 ਸਵੱਈਏ, 11 ਭੱਟ ਸਾਹਿਬਾਨ ਦੇ 123 ਸਵੱਈਏ ਅਤੇ ਸੱਤਾ-ਬਲਵੰਡ ਜੀ ਦੀ ਵਾਰ (2 ਸ਼ਬਦ) ਦੀ ਵਿਚਾਰ ਕੀਤਿਆਂ ਮਿਲ ਜਾਂਦਾ ਹੈ। ਇਨ੍ਹਾਂ 145 ਸ਼ਬਦਾਂ ਨੂੰ ਪੜਚੋਲਿਆਂ ਗੁਰਮਤਿ ਦੀ ਵਿਲੱਖਣਤਾ ਨਜ਼ਰ ਆਉਂਦੀ ਹੈ ਕਿਉਂਕਿ ਇਨ੍ਹਾਂ ’ਚ ‘ਨਾਨਕ ਜੋਤਿ’ ਨੂੰ ਵੇਖਣ ਦਾ ਨਜ਼ਰੀਆ ਹੀ ਦਰਜ ਹੈ।

ਗੁਰਮਤਿ ਫ਼ਲਸਫ਼ੇ ਦਾ ਆਧਾਰ ਇਹ ਵਿਸ਼ੇ ਹਨ : ‘ਨਿਰਾਕਾਰ ਦੇ ਵਜੂਦ ਨੂੰ ਪ੍ਰਗਟ ਕਰਨਾ, ਉਨ੍ਹਾਂ ਦੇ ਹੁਕਮ ਤੇ ਰਹਿਮਦਿਲ ਦੀ ਵਿਆਖਿਆ, ਗੁਰੂ ਦੀ ਭੂਮਿਕਾ ਨੂੰ ਰੂਪਮਾਨ ਕਰਨਾ, ਸਦਾਚਾਰ ਤੇ ਦੁਰਾਚਾਰ ਦੀ ਵਿਆਖਿਆ ਅਤੇ ਰੂੜ੍ਹੀਵਾਦੀ ਧਾਰਮਿਕ ਵਿਸ਼ਵਾਸ ਨੂੰ ਤਰਕ ਸੰਗਤ ਦਲੀਲਾਂ ਨਾਲ਼ ਅਰਥਹੀਣ ਸਾਬਤ ਕਰਨਾ’। ਹਥਲਾ ਲੇਖ ਗੁਰੂ ਦੀ ਭੂਮਿਕਾ ਨਾਲ ਸੰਬੰਧਿਤ ਹੈ, ਜਿਸ ਨੂੰ ‘ਗੁਰੂ ਗਿਆਨ, ਗੁਰੂ ਸਰੀਰ ਤੇ ਗੁਰੂ ਜੋਤਿ’ ’ਚ ਵੰਡ ਕੇ ਕੇਵਲ ‘ਨਾਨਕ ਜੋਤਿ’ ਪੱਖ ਵਿਚਾਰਨਾ ਹੈ ਕਿਉਂਕਿ ਇੱਥੋਂ ਹੀ ਗੁਰਮਤਿ ਦੀ ਵਿਲੱਖਣਤਾ ਸਾਬਤ ਹੋਣੀ ਹੈ।

ਗੁਰਬਾਣੀ ਮੁਤਾਬਕ ਨਾਮ ਅੰਮ੍ਰਿਤ ਹਰ ਇੱਕ ਜੀਵ ਅੰਦਰ ਹੈ ‘‘ਨਾਨਕ  ! ਅੰਮ੍ਰਿਤੁ ਏਕੁ ਹੈ; ਦੂਜਾ ਅੰਮ੍ਰਿਤੁ ਨਾਹਿ   ਨਾਨਕ  ! ਅੰਮ੍ਰਿਤੁ ਮਨੈ ਮਾਹਿ; ਪਾਈਐ ਗੁਰ ਪਰਸਾਦਿ (ਨਾਲ) (ਮਹਲਾ /੧੨੩੮), ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ   ਦੇਹੀ ਮਹਿ ਇਸ ਕਾ ਬਿਸ੍ਰਾਮੁ ’’ (ਮਹਲਾ /੨੯੩), ਇਹ ਨਾਮ ਅੰਮ੍ਰਿਤ ਹੀ ਨਿਰਾਕਾਰੀ/ਰੱਬੀ ਜੋਤਿ ਹੈ ‘‘ਸਭ ਮਹਿ ਜੋਤਿ; ਜੋਤਿ ਹੈ ਸੋਇ (ਉਸ ਰੱਬ ਦੀ)’’ (ਸੋਹਿਲਾ/ਮਹਲਾ /੧੩) ਉਕਤ 145 ਸ਼ਬਦ; ਰੱਬੀ ਜੋਤਿ ਨੂੰ ਨਾਨਕ ਜੋਤਿ ਮੰਨਦੇ ਹਨ ‘‘ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ .. ’’ (ਸਵਈਏ ਮਹਲੇ ਪੰਜਵੇਂ ਕੇ/ਭਟ ਮਥੁਰਾ/੧੪੦੮) ਤਾਂ ਤੇ ਨਾਨਕ ਜੋਤਿ ਵੀ ਸਰਬ ਵਿਆਪਕ ਹੈ ‘‘ਪਰਤਾਪੁ ਸਦਾ ਗੁਰ ਕਾ, ਘਟਿ ਘਟਿ (’)’’ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੨)

ਨਿਰਾਕਾਰੀ ਜੋਤਿ ਅਤੇ ਮਨੁੱਖਤਾ ਦੀ ਅਗਵਾਈ ਕਰਦੀ ‘ਨਾਨਕ ਜੋਤਿ’ ਭਾਵੇਂ ਸਰਬ ਵਿਆਪਕ ਹੀ ਹਨ ਪਰ ‘ਨਾਨਕ ਜੋਤਿ’ ਨੂੰ ਅਕਾਲ ਪੁਰਖ ਦੁਆਰਾ ਧਾਰਨ ਕੀਤਾ ਵਿਸ਼ੇਸ਼ ਰੂਪ ਮੰਨਿਆ ਹੈ ‘‘ਆਪਿ ਨਰਾਇਣੁ ਕਲਾ ਧਾਰਿ (ਕੇ); ਜਗ ਮਹਿ ਪਰਵਰਿਯਉ ਨਿਰੰਕਾਰਿ (ਨੇ) ਆਕਾਰੁ (ਭਾਵ ਨਾਨਕ ਜੋਤਿ ਧਾਰ ਕੇ); ਜੋਤਿ (ਚਾਨਣ) ਜਗ ਮੰਡਲਿ (’) ਕਰਿਯਉ ਜਹ ਕਹ ਤਹ (ਭਾਵ ਹਰ ਥਾਂ) ਭਰਪੂਰੁ; ਸਬਦੁ ਦੀਪਕਿ (ਨਾਲ਼) ਦੀਪਾਯਉ.. (ਸਵਈਏ ਮਹਲੇ ਤੀਜੇ ਕੇ/ਭਟ ਕੀਰਤ/੧੩੯੫) ਭਾਈ ਗੁਰਦਾਸ ਜੀ ਵੀ ਗੁਰੂ ਨਾਨਕ ਸਾਹਿਬ ਦੁਆਰਾ ਜਗਤ ’ਚ ਚਾਨਣ ਹੋਇਆ, ਮੰਨਦੇ ਹਨ ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ਧੁੰਧੁ, ਜਗਿ (’) ਚਾਨਣੁ ਹੋਆ’’ (ਭਾਈ ਗੁਰਦਾਸ ਜੀ/ਵਾਰ ਪਉੜੀ ੨੭)

ਚੇਤੇ ਰਹੇ ਕਿ (ੳ). ਉਕਤ ਭਾਵੇਂ ‘ਸਵਈਏ ਮਹਲੇ ਤੀਜੇ ਕੇ’ ਹਨ, ਪਰ ਸ਼ੁਰੂਆਤ ਗੁਰੂ ਨਾਨਕ ਜੀ ਤੋਂ ਹੀ ਹੁੰਦੀ ਹੈ।

(ਅ). ਭੱਟ ਬਾਣੀ ਦੀ ਵਿਚਾਰ ਕਰਦਿਆਂ ਸ਼ਬਦ ਸਮਾਪਤੀ ’ਚ ਦਿੱਤੀ ਅੰਕ ਸੰਖਿਆ, ਭੱਟ ਦਾ ਨਾਂ ਅਤੇ ਗੁਰਬਾਣੀ ਦਾ ਪੰਨਾ ਨੰਬਰ; ਵਿਸ਼ੇਸ਼ ਧਿਆਨ ਮੰਗਦਾ ਹੁੰਦਾ ਹੈ। ਇਸ ਲਈ ਹਥਲੇ ਲੇਖ ’ਚ ਹਰ ਤੁਕ ਨਾਲ਼ ਇਹ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ।

ਗੁਰਬਾਣੀ ਲਿਖਤ ਤਰਤੀਬ ਮੁਤਾਬਕ ਪਹਿਲਾਂ ਇਸ਼ਟ ਨੂੰ ਯਾਦ ਕਰੀਦਾ ਹੈ, ਫਿਰ ਹਰ ਵਿਸ਼ੇ ’ਤੇ ਵਿਚਾਰ ਹੁੰਦੀ ਹੈ; ਜਿਵੇਂ ਕਿ ਜਪੁ ਬਾਣੀ ’ਚ ‘‘ਆਦਿ ਸਚੁ ਜੁਗਾਦਿ ਸਚੁ ’’  ਸਲੋਕ ਮੰਗਲਾਚਰਨ (ਭਾਵ ਆਪਣੇ ਇਸ਼ਟ ਨੂੰ ਯਾਦ ਕੀਤਾ) ਹੈ, ਤਾਂ ਜੋ ਅਗਾਂਹ ‘‘ਸੋਚੈ ਸੋਚਿ ਹੋਵਈ; ਜੇ ਸੋਚੀ ਲਖ ਵਾਰ’’  ਪਹਿਲੀ ਪਉੜੀ ਨਾਲ਼ ਜਪੁ ਵਿਸ਼ਾ ਵਿਚਾਰਿਆ ਜਾਵੇ, ਪਰ ਭੱਟ ਸਾਹਿਬਾਨ ਨੇ ਆਪਣਾ ਇਸ਼ਟ; ਨਿਰਾਕਾਰ ਦੀ ਥਾਂ ਸਤਿਗੁਰੂ ਨੂੰ ਮੰਨਿਆ ਹੈ ਭਾਵ ਮੰਗਲਾਚਰਨ ਸਤਿਗੁਰੂ ਨਾਲ ਸੰਬੰਧਿਤ ਹਨ। ਵੈਸੇ ਸਾਰੀ ਭੱਟ ਬਾਣੀ ਹੀ ਗੁਰੂ ਉਪਮਾ ਹੈ। ਉੱਚੇ ਇਖ਼ਲਾਕ ਵਾਲ਼ੇ ਭੱਟ ਸਾਹਿਬਾਨ ਦੇ ਨਜ਼ਰੀਏ ਨਾਲ਼ ਸਤਿਗੁਰੂ ਨੂੰ ਵਾਚਣ ਲਈ ਸਿੱਖ ਅੰਦਰ ਸ਼ਰਧਾ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਗੁਰੂ ਸਿੱਖਿਆ ਮੰਨਣ ਵਾਲ਼ੇ ਬਾਰੇ ਮੰਨਣ ਵਾਲ਼ਾ ਹੀ ਜਾਣ ਸਕਦਾ ਹੈ ਉਂਝ ਭਾਵੇਂ ਇਹ ਬਿਆਨ ਰਹਿਤ ਅਵਸਥਾ ਹੈ ‘‘ਮੰਨੇ ਕੀ ਗਤਿ; ਕਹੀ ਨ ਜਾਇ ॥…. (ਪਰ ਹਾਂ)  ਜੇ ਕੋ ਮੰਨਿ (ਕੇ) ਜਾਣੈ; ਮਨਿ (’ਚ) ਕੋਇ ॥ (ਜਪੁ) ਭਾਵ ਆਪ ਮੰਨਣ ਵਾਲ਼ਾ ਹੀ ਕੁਝ ਸਮਝਣਯੋਗ ਹੁੰਦਾ ਹੈ।

ਗੁਰਬਾਣੀ ’ਚ ‘ਹਰਿ/ਹਰੀ’ ਸ਼ਬਦ 7171 ਵਾਰ ਹੈ, ਪ੍ਰਭੂ/ਪ੍ਰਭੁ/ਪ੍ਰਭਿ 2744 ਵਾਰ, ਰਾਮ/ਰਾਮੁ/ਰਾਮਿ 1967 ਵਾਰ ਹੈ, ਪਰ 10 ਰੂਪਾਂ ’ਚ ‘ਕਰਤਾਰ’ ਸ਼ਬਦ ਮਾਤਰ 105 ਵਾਰ ਹੈ ਭਾਵ ਬਹੁਤ ਹੀ ਘੱਟ; ਫਿਰ ਵੀ ਭੱਟ ਬਾਣੀ ’ਚ ‘ਕਰਤਾਰ’ ਸ਼ਬਦ ਦੀ ਵਰਤੋਂ ਵਧੇਰੇ ਹੈ। ‘ਕਰਤਾਰ’ ਦਾ ਅਰਥ ਹੈ : ‘ਸਿਰਜਣਾ, ਪੈਦਾ ਕਰਨਾ’; ਜਿਵੇਂ ਰੱਬ; ਸ੍ਰਿਸ਼ਟੀ ਨੂੰ ਸਿਰਜਦਾ ਹੈ; ਓਸੇ ਤਰ੍ਹਾਂ ਸਤਿਗੁਰੂ; ਮਨੁੱਖਤਾ ਨੂੰ ਸਿਰਜਦਾ ਹੈ। ‘ਕਰਤਾਰ’ ਸ਼ਬਦ ਤੋਂ ਇਲਾਵਾ ‘ਕਰਤਾਰੈ, ਕਰਤਾ/ਕਰਤੈ, ਕਰਣ ਕਾਰਣ, ਤਰਣ ਤਾਰਣ’ ਸ਼ਬਦ ਵੀ ਹਨ, ਜੋ ਸਿਰਜਣਾਤਮਿਕ ਅਰਥ ਹੀ ਦਿੰਦੇ ਹਨ। ਇਨ੍ਹਾਂ ਤੋਂ ਜਾਪਦਾ ਹੈ ਕਿ ਭੱਟ ਸਾਹਿਬਾਨ ‘ਸਤਿਗੁਰੂ’ ਨੂੰ ਰੱਬ ਸਮਾਨ ਮੰਨਦੇ ਹਨ, ਪਰ ਜਿੱਥੇ ‘ਕਰਤਾਰ ਨਾਮ, ਕਰਤਾਰ ਜਨ’ ਕਾਵਿ ਤੋਲ ਨਹੀਂ ਬੈਠਦਾ ਓਥੇ ‘ਹਰਿ ਨਾਮ, ਹਰਿ ਦਰਸ, ਹਰਿ ਭਗਤ, ਹਰਿ ਜਨ’ ਸ਼ਬਦ ਵੀ ਹਨ। ਸਿਰਜਣਾਤਮਿਕ ਸ਼ਬਦ; ਗੁਰੂ ਅਰਜਨ ਸਾਹਿਬ ਜੀ ਦੇ ਸਵੱਈਆਂ ਦੀ ਪਹਿਲੀ ਤੁਕ ‘‘ਆਦਿ ਪੁਰਖ ਕਰਤਾਰ; ਕਰਣ ਕਾਰਣ ਸਭ ਆਪੇ ’’ (ਸਵਈਏ ਸ੍ਰੀ ਮੁਖਬਾਕੵ/ਮਹਲਾ /੧੩੮੫) ’ਚ ਵੀ ਹਨ। ਗੁਰੂ ਸਾਹਿਬ ਦੇ ਸਵੱਈਏ ਵੀ ਸਿਧਾਂਤਿਕ ਪੱਖੋਂ ਭੱਟ ਬਾਣੀ ਦੇ ਨੇੜੇ ਹੀ ਹਨ।

ਭੱਟ ਬਾਣੀ ਦਾ ਕੋਈ ਸਵੱਈਆ ਜੇ ਰੱਬ ਦੇ ਸੰਬੰਧ ’ਚ ਹੁੰਦਾ ਤਾਂ ਉਸ ਦਾ ਸਥਾਨ ਹਰ ਭੱਟ ਰਚਨਾ ’ਚ ਆਰੰਭਕ ਹੋਣਾ ਸੀ; ਜਿਵੇਂ ਕਿ ਭੱਟ ਮਥੁਰਾ ਜੀ ਅਤੇ ਭੱਟ ਬਲੵ ਜੀ ਦੇ ਹੇਠਲੇ ਇੱਕ-ਇੱਕ ਅਰੰਭਕ ਸ਼ਬਦ ’ਚ ਨਿਰਾਕਾਰ ਦਾ ਕੁਝ ਕੁ ਹਵਾਲਾ ਹੈ :

(ੳ). ਅਗਮੁ ਅਨੰਤੁ ਅਨਾਦਿ ਆਦਿ; ਜਿਸੁ ਕੋਇ ਜਾਣੈ   ਸਿਵ ਬਿਰੰਚਿ (ਬ੍ਰਹਮਾ) ਧਰਿ ਧੵਾਨੁ ਨਿਤਹਿ; ਜਿਸੁ ਬੇਦੁ ਬਖਾਣੈ   ਨਿਰੰਕਾਰੁ ਨਿਰਵੈਰੁ; ਅਵਰੁ ਨਹੀ ਦੂਸਰ ਕੋਈ   ਭੰਜਨ ਗੜ੍ਹਣ ਸਮਥੁ; ਤਰਣ ਤਾਰਣ ਪ੍ਰਭੁ ਸੋਈ   ਨਾਨਾ (ਕਈ) ਪ੍ਰਕਾਰ (ਦਾ) ਜਿਨਿ ਜਗੁ ਕੀਓ; ਜਨੁ ਮਥੁਰਾ ਰਸਨਾ ਰਸੈ (ਜੀਭ ਜਪਦੀ ਹੈ ਕਿ ਉਹ)  ਸ੍ਰੀ ਸਤਿ ਨਾਮੁ ਕਰਤਾ ਪੁਰਖੁ; ਗੁਰ ਰਾਮਦਾਸ ਚਿਤਹ ਬਸੈ (ਸਵਈਏ ਮਹਲੇ ਚਉਥੇ ਕੇ/ਭਟ ਮਥੁਰਾ/੧੪੦੪)

(ਅ). ਤੀਨਿ ਭਵਨ; ਭਰਪੂਰਿ ਰਹਿਓ, ਸੋਈ   ਅਪਨ ਸਰਸੁ (ਵਰਗਾ); ਕੀਅਉ ਜਗਤਿ (’) ਕੋਈ   ਆਪੁਨ ਆਪੁ, ਆਪ ਹੀ ਉਪਾਯਉ ਸੁਰਿ ਨਰ ਅਸੁਰ; ਅੰਤੁ ਨਹੀ ਪਾਯਉ .. ਸ੍ਰੀ ਗੁਰ ਰਾਮਦਾਸ  ! ਜਯੋ ਜਯ ਜਗ ਮਹਿ; ਤੈ ਹਰਿ ਪਰਮ ਪਦੁ ਪਾਇਯਉ (ਸਵਈਏ ਮਹਲੇ ਚਉਥੇ ਕੇ/ਭਟ ਬਲੵ/੧੪੦੫) ਇਨ੍ਹਾਂ ਦੋਵੇਂ ਸਵੱਈਆਂ ’ਚ ਅੰਤਲਾ ਅੰਕ ੧ ਚੇਤੇ ਰੱਖਣਯੋਗ ਹੈ।

ਗੁਰਬਾਣੀ ਵਚਨ ਹਨ : ‘‘ਨਾਨਕ  ! ਅੰਮ੍ਰਿਤੁ ਮਨੈ ਮਾਹਿ..’’  ਭਾਵ ਨਾਮ ਅੰਮ੍ਰਿਤ; ਸਭ ਅੰਦਰ ਹੈ। ਇਹ ਨਾਮ ਅੰਮ੍ਰਿਤ ਹੀ ਆਤਮ ਪ੍ਰਕਾਸ਼ ਹੈ, ਰੱਬੀ ਜੋਤਿ ਹੈ, ਜਿਸ ਨੂੰ ਗੁਰੂ ਨਾਨਕ ਜੀ ਨੇ ਜਾਣ ਲਿਆ ਤਾਹੀਓਂ (ਬਾਲਪਣ ਤੋਂ) ਇਕਾਗਰ ਚਿੱਤ ਹੋ ਕੇ ਰੱਬ ਨਾਲ ਧਿਆਨ ਜੋੜਦੇ ਰਹੇ ‘‘ਨਾਨਕਿ (ਨੇ) ਨਾਮੁ ਨਿਰੰਜਨ ਜਾਨੵਉ; ਕੀਨੀ ਭਗਤਿ ਪ੍ਰੇਮ ਲਿਵ ਲਾਈ ’’ (ਸਵਈਏ ਮਹਲੇ ਚਉਥੇ ਕੇ/ਭਟ ਕੀਰਤ/੧੪੦੬)  ‘ਨਾਮੁ ਨਿਰੰਜਨ’ ਦਾ ਅਰਥ ਹੈ : ‘ਕਾਲ਼ਖ਼ ਰਹਿਤ (ਰੱਬ) ਦਾ ਅੰਮ੍ਰਿਤ ਨਾਮ, ਚੇਤੰਨ ਸੱਤਾ, ਆਤਮ ਪ੍ਰਕਾਸ਼’।  ਜੇ ਸਰਬ ਵਿਆਪਕ ਰੱਬੀ ਜੋਤਿ ਨੂੰ ਨਾਮ ਅੰਮ੍ਰਿਤ ਨਾ ਮੰਨੀਏ ਤਾਂ ‘ਨਾਮੁ ਨਿਰੰਜਨ’; ਗੁਰੂ ਨਾਨਕ ਜੀ ਨੇ ਕਿਸ ਤੋਂ ਜਾਣਿਆ ਹੈ ? ਸਵਾਲ ਪੈਦਾ ਹੋਏਗਾ।

ਨਾਮ ਅੰਮ੍ਰਿਤ ਰਾਹੀਂ ਨਾਨਕ ਜੀ ਅਨੰਦ ਮਾਣਦੇ ਰਹੇ। ਗੁਰੂ ਨਾਨਕ ਜੀ ਤੋਂ ਇਹ ਨਾਮ ਅੰਮ੍ਰਿਤ ਜਾਣਨ ਉਪਰੰਤ ਲਹਿਣਾ ਜੀ ਗੁਰੂ ਥਾਪੇ ਗਏ ਭਾਵ ‘ਨਾਮੁ ਨਿਰੰਜਨ’; ਗੁਰੂ ਅੰਗਦ ਜੀ ਨੇ ਜਾਣ ਲਿਆ, ਜਿਸ ਕਾਰਨ ਬਹੁਤਾਤ ਸਫਲਤਾ ਮਿਲੀ ‘‘ਤਿਤੁ ਨਾਮਿ ਰਸਿਕੁ ਨਾਨਕੁ, ਲਹਣਾ ਥਪਿਓ; ਜੇਨ ਸ੍ਰਬ ਸਿਧੀ ’’ (ਸਵਈਏ ਮਹਲੇ ਤੀਜੇ ਕੇ/ਭਟ ਕਲੵ/੧੩੯੨) ਪਦ ਅਰਥ : ਤਿਤੁ ਨਾਮਿ- ਉਸ ਨਾਮ ਨਾਲ਼, ਰਸਿਕੁ- ਅਨੰਦ ਮਾਣਿਆ, ਜੇਨ- ਜਿਸ ਕਰਕੇ (ਬਹੁਤੀ ਸਫਲਤਾ ਮਿਲੀ)।

‘ਨਾਮੁ ਨਿਰੰਜਨ’ ਦੀ ਪ੍ਰਾਪਤੀ ਲਈ ਸਾਰੇ ਜੁਗਾਂ ’ਚ ਮੁਨੀ ਧਿਆਨ ਧਰਦਾ ਫਿਰਿਆ। ਕੋਈ ਵਿਰਲਾ ਹੀ ਆਤਮ ਪ੍ਰਕਾਸ਼ (ਨਾਮ ਅੰਮ੍ਰਿਤ) ਪਾ ਸਕਿਆ ‘‘ਜਾ ਕਉ ਮੁਨਿ ਧੵਾਨੁ ਧਰੈ ਫਿਰਤ ਸਗਲ ਜੁਗ; ਕਬਹੁ ਕੋਊ ਪਾਵੈ ਆਤਮ ਪ੍ਰਗਾਸ ਕਉ ’’ (ਸਵਈਏ ਮਹਲੇ ਚਉਥੇ ਕੇ/ਭਟ ਮਥੁਰਾ/੧੪੦੪)

ਸੋ ਆਤਮ ਪ੍ਰਕਾਸ਼ ਹੀ ਅੰਮ੍ਰਿਤ ਨਾਮ ਹੈ, ਰੱਬੀ ਜੋਤਿ ਹੈ, ਨਾਨਕ ਜੋਤਿ ਹੈ, ਜੋ ਕਣ-ਕਣ ’ਚ ਮੌਜੂਦ ਅਤੇ ਸਦੀਵੀ ਸਥਿਰ ਹੈ। ਇਹ ਆਤਮ ਪ੍ਰਕਾਸ਼; ਗੁਰੂ ਨਾਨਕ ਜੀ ਅੰਦਰ ਬਚਪਨ ਤੋਂ ਸੀ ਭਾਵ ਉਨ੍ਹਾਂ ਦਾ ਅੰਤਹਕਰਣ ਨਿਰਮਲ (ਪਾਰਦਰਸ਼ੀ) ਸੀ, ਜਿਸ ਕਾਰਨ ਆਤਮ ਪ੍ਰਕਾਸ਼; ਹੂ-ਬਹੂ ਦਿਮਾਗ਼ ’ਚੋਂ ਬਿਬੇਕ ਬਣ ਪ੍ਰਗਟ ਹੁੰਦਾ ਰਿਹਾ। ਇਸ ਮੁਕਾਮ ਨੂੰ ਪਾਉਣ ਲਈ ਬਾਕੀ ਸਭ ਨੂੰ ਅੰਤਹਕਰਣ ਪਾਰਦਰਸ਼ੀ ਕਰਨਾ ਪੈਣਾ ਹੈ।  ਸੁਰਤਿ, ਮਤਿ, ਮਨਿ, ਬੁਧਿ ਨੂੰ ਘੜਨਾ ਪੈਣਾ ਹੈ; ਜਿਵੇਂ ਕਿ ਬਾਕੀ 34 ਬਾਣੀਕਾਰਾਂ ਨੇ ਵੀ ਸਤਿਗੁਰੂ ਦੀ ਮਦਦ ਨਾਲ਼ ਘੜਿਆ ਹੈ।

ਅੰਮ੍ਰਿਤ ਨਾਮ, ਆਤਮ ਪ੍ਰਕਾਸ਼, ਰੱਬੀ ਜੋਤਿ ਅਤੇ ਨਾਨਕ ਜੋਤਿ ਇੱਕੋ ਹੀ ਹੋਣ ਕਾਰਨ ਉਕਤ 145 ਸ਼ਬਦਾਂ ’ਚ ਗੁਰੂ ਨਾਨਕ ਸਾਹਿਬ ਜੀ ਨੂੰ ਰੱਬ ਸਮਾਨ ਮੰਨਿਆ ਹੈ; ਜਿਵੇਂ ਕਿ ਗੁਰੂ ਅਰਜਨ ਸਾਹਿਬ ਜੀ; ਆਪਣੇ ਪਹਿਲੇ 4 ਸਵੱਈਆਂ ਦੇ ਅੰਤ ’ਚ ਇਹ ਲਿਖਦੇ ਹਨ ‘‘ਜਨੁ ਨਾਨਕੁ ਭਗਤੁ ਦਰਿ (’ਤੇ); ਤੁਲਿ ਬ੍ਰਹਮ ਸਮਸਰਿ; ਏਕ ਜੀਹ ਕਿਆ ਬਖਾਨੈ ?’’ (ਸਵਈਏ ਸ੍ਰੀ ਮੁਖਬਾਕੵ/ਮਹਲਾ /੧੩੮੭)  ਅਰਥ : ਰੱਬੀ ਸੇਵਕ/ਦਾਸ; ਗੁਰੂ ਨਾਨਕ ਜੀ; ਰੱਬ ਦੇ ਦਰ ’ਤੇ ਪ੍ਰਵਾਨ ਹਨ। ਰੱਬ ਵਰਗੇ ਹਨ, ਰੱਬ ਸਮਾਨ ਹਨ। ਇੱਕ ਜੀਭ ਉਨ੍ਹਾਂ ਬਾਰੇ ਕੀ ਕੀ ਬਿਆਨ ਕਰ ਸਕਦੀ ਹੈ ? ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਨਾਨਕ ਜੀ ਨੂੰ ਇੱਕ ਜਗ੍ਹਾ ਇਉਂ ਵੀ ਕਿਹਾ ਹੈ‘‘ਸਭ ਤੇ ਵਡਾ ਸਤਿਗੁਰੁ ਨਾਨਕੁ; ਜਿਨਿ ਕਲ ਰਾਖੀ ਮੇਰੀ ੧੦੫੭(ਮਹਲਾ /੭੫੦)

ਨੋਟ : ਰੱਬ ਹੋਣਾ ਅਤੇ ਰੱਬ ਦਾ ਰੂਪ ਹੋਣਾ; ਦੋਵਾਂ ’ਚ ਅੰਤਰ ਹੁੰਦਾ ਹੈ। ਗੁਰਬਾਣੀ ’ਚ ਸਤਿਗੁਰੂ ਨੂੰ ਰੱਬ ਦਾ ਰੂਪ ਮੰਨਿਆ ਹੈ, ਰੱਬ ਨਹੀਂ। ਗੁਰੂ ਅਰਜਨ ਸਾਹਿਬ ਜੀ ਦੇ ਉਕਤ ਸ਼ਬਦ ਦੇ ਅੰਤ ’ਚ ਦਿੱਤੀ ਅੰਕ ਸੰਖਿਆ ੧੦੫੭ ਦਰਸਾਉਂਦੀ ਹੈ ਕਿ ਇੱਥੇ 10ਵੇਂ ਸ਼ਬਦ ਦੀ ਸਮਾਪਤੀ ਹੈ। ਇੱਥੋਂ ਤੱਕ ਪਹੁੰਚਦਿਆਂ ਇਲਾਹੀ ਬਾਣੀ ਦੇ ਪਏ ਮਨ ’ਤੇ ਪ੍ਰਭਾਵ ਉਪਰੰਤ ਨਿਮਾਣਾ ਹੋਇਆ ਮਨ; ਸਹਿਜੇ ਹੀ ਇਸ਼ਟ (ਸਤਿਗੁਰੂ) ਬਾਰੇ ਵਾਹ-ਵਾਹ ਕਹਿ ਉੱਠਦਾ ਹੈ ਤਾਹੀਓਂ ‘‘ਸਭ ਤੇ ਵਡਾ ਸਤਿਗੁਰੁ ਨਾਨਕੁ’’  ਬੋਲ ਪ੍ਰਗਟ ਹੋਏ।

ਸੰਦੇਹ ਹੋ ਸਕਦਾ ਹੈ ਕਿ ਗੁਰੂ ਅਰਜਨ ਸਾਹਿਬ ਜੀ ਆਪ ਵੀ ‘ਨਾਨਕ ਜੋਤਿ’ ਹਨ, ਇਸ ਲਈ ਆਪਣੇ ਆਪ ਨੂੰ ‘ਸਭ ਤੇ ਵਡਾ’ ਨਹੀਂ ਕਹਿ ਸਕਦੇ, ਇਸ ਲਈ ‘ਸਤਿਗੁਰੁ ਨਾਨਕੁ’ ਨਹੀਂ, ‘ਸਤਿਗੁਰੁ ਨਾਨਕ’ ਹੈ ਭਾਵ ਹੇ ਨਾਨਕ ! ਸਭ ਤੋਂ ਵੱਡਾ ਸਤਿਗੁਰ ਹੈ, ਪਰ ਸਵਾਲ ਫਿਰ ਵੀ ਰਹੇਗਾ ਕਿ ਕਿਹੜਾ ਸਤਿਗੁਰ ? ਜਵਾਬ ਹੋਏਗਾ : ‘ਨਾਨਕ’।  ਗੁਰੂ ਜੀ ਉਕਤ ਵਾਕ‘‘ਜਨੁ ਨਾਨਕੁ ਭਗਤੁ ਦਰਿ (’ਤੇ); ਤੁਲਿ ਬ੍ਰਹਮ ਸਮਸਰਿ’’  ’ਚ ਪ੍ਰਤੱਖ ਕਹਿ ਹੀ ਰਹੇ ਹਨ ਕਿ ‘ਸਭ ਤੇ ਵਡਾ’ ਨਾਨਕ ਹੈ ਕਿਉਂਕਿ ਰੱਬ ਸਮਾਨ ਹੈ। ਫਿਰ ਤਾਂ ਇੱਥੇ ਵੀ ਕਹਿਣਾ ਬਣਦਾ ਹੈ ਕਿ ਆਪਣੇ ਆਪ ਨੂੰ ਰੱਬ ਸਮਾਨ ਕਿਵੇਂ ਕਹਿ ਸਕਦੇ ਹਨ। ਦਰਅਸਲ ਸਮੁੱਚੀ ਗੁਰਬਾਣੀ ਦਾ ਅਧਿਐਨ ਕਰਨ ਤੋਂ ਬਿਨਾਂ ਸੰਦੇਹ ਹੀ ਉਪਜਦੇ ਹਨ। ਸਚਾਈ ਇਹ ਹੈ ਕਿ ਭਾਵੇਂ ਸਾਰੇ ਗੁਰੂ ਸਾਹਿਬਾਨ ‘ਨਾਨਕ ਜੋਤਿ’ ਹੀ ਹਨ, ਫਿਰ ਵੀ ਗੁਰੂ ਨਾਨਕ ਜੀ ਨੂੰ ਮਾਣ ਬਖ਼ਸ਼ਿਆ ਗਿਆ ਹੈ; ਜਿਵੇਂ ਕਿ

(ੳ). ‘ਨਾਨਕੁ ਨੀਚੁ’ ਸ਼ਬਦ 6 ਵਾਰ ਕੇਵਲ ਗੁਰੂ ਨਾਨਕ ਜੀ ਨੇ ਹੀ ਵਰਤਿਆ ਹੈ :

ਨਾਨਕੁ ਨੀਚੁ ਕਹੈ ਵੀਚਾਰੁ ॥ (ਜਪੁ)

ਨਾਨਕੁ ਨੀਚੁ ਕਹੈ ਬੀਚਾਰੁ ॥ ਧਾਣਕ ਰੂਪਿ ਰਹਾ; ਕਰਤਾਰ ! ॥ (ਮਹਲਾ ੧/੨੪)

ਨਾਨਕੁ ਨੀਚੁ ਕਹੈ ਲਿਵ ਲਾਇ ॥ (ਮਹਲਾ ੧/੨੨੩)

ਭਾਇ ਮਿਲੈ; ਭਾਵੈ ਭਇਕਾਰੁ ॥ ਨਾਨਕੁ ਨੀਚੁ ਕਹੈ ਬੀਚਾਰੁ ॥ (ਮਹਲਾ ੧/੪੧੩)

ਨਾਨਕੁ ਨੀਚੁ ਭਿਖਿਆ ਦਰਿ (’ਤੇ) ਜਾਚੈ; ਮੈ ਦੀਜੈ ਨਾਮੁ ਵਡਾਈ ਹੇ ॥ (ਮਹਲਾ ੧/੧੦੨੧)

ਨਾਨਕੁ ਨੀਚੁ ਕਹੈ ਬੇਨੰਤੀ; ਦਰਿ ਦੇਖਹੁ ਲਿਵ ਲਾਈ ਹੇ ॥ (ਮਹਲਾ ੧/੧੦੨੨), ਇਸ ਦਾ ਇਹ ਮਤਲਬ ਨਹੀਂ ਕਿ ਬਾਕੀ ਗੁਰੂ ਸਾਹਿਬਾਨ ਦੁਆਰਾ ਇਹ ਸ਼ਬਦ ਨਾ ਵਰਤਣ ਕਾਰਨ ਉਨ੍ਹਾਂ ਅੰਦਰ ਅਹੰਕਾਰ ਹੈ।

(ਅ). ਗੁਰੂ ਨਾਨਕ ਜੀ ਦਾ ਇੱਕੋ ਸ਼ਬਦ ‘ਸੋ ਦਰੁ’, ਗੁਰਬਾਣੀ ’ਚ ਤਿੰਨ ਵਾਰ ਹੈ ਤੇ ਸੁਬ੍ਹਾ-ਸ਼ਾਮ ਨਿਤਨੇਮ ਦਾ ਭਾਗ ਹੈ। ਇਹ ਸਭ ਗੁਰੂ ਨਾਨਕ ਜੀ ਨੂੰ ਦਿੱਤਾ ਮਹੱਤਵ ਹੀ ਹੈ। ਅਫ਼ਸੋਸ ਕਿ ਅੱਜ ‘ਚੌਪਈ’ ਨੂੰ ਸੁਬ੍ਹਾ-ਸ਼ਾਮ ਨਿਤਨੇਮ ’ਚ ਸ਼ਾਮਲ ਕਰ ਇਹ ਬਜ਼ੁਰਗੀ ਅਲੋਪ ਕਰ ਦਿੱਤੀ ਗਈ।

(ੲ).  ਸਮੁੱਚੀ ਗੁਰਬਾਣੀ ’ਚ ਗੁਰੂ ਰਾਮਦਾਸ ਜੀ ਤੱਕ ਦੇ ਸ਼ਬਦਾਂ ਦਾ ਕੁੱਲ ਜੋੜ ਦੇਣ ਉਪਰੰਤ ਗੁਰੂ ਅਰਜਨ ਸਾਹਿਬ ਜੀ ਆਪਣੇ ਸ਼ਬਦਾਂ ਦਾ ਜੋੜ ਵੱਖਰਾ ਦਿੰਦੇ ਹਨ ਭਾਵ ਪੰਜਵੇਂ ਪਾਤਿਸ਼ਾਹ; ਪਹਿਲੇ ਚਾਰ ਗੁਰੂ ਸਾਹਿਬਾਨ ਦਾ ਸਤਿਕਾਰ ਵੀ ਕਰਦੇ ਹਨ।

ਗੁਰੂ ਅਰਜਨ ਸਾਹਿਬ ਜੀ ਵਾਙ ਭੱਟ ਗਯੰਦ ਜੀ ਵੀ ਗੁਰੂ ਨਾਨਕ ਜੀ ਨੂੰ ਸਭ ਤੋਂ ਵੱਡਾ ਕਹਿ ਰਹੇ ਹਨ ‘‘ਸਿਰੀ ਗੁਰੂ ਸਾਹਿਬੁ ਸਭ ਊਪਰਿ   ਕਰੀ ਕ੍ਰਿਪਾ ਸਤਜੁਗਿ (’) ਜਿਨਿ (ਨੇ) ਧ੍ਰੂ ਪਰਿ …. ਪਰਤਖਿ ਦੇਹ ਪਾਰਬ੍ਰਹਮੁ ਸੁਆਮੀ; ਆਦਿ ਰੂਪਿ ਪੋਖਣ ਭਰਣੰ .. ’’ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੧)  ਅੰਤ ’ਚ ਦਿੱਤੀ ਅੰਕ ਸੰਖਿਆ ਚੇਤੇ ਰਹੇ ਕਿਉਂਕਿ ‘ਸਵਈਏ ਮਹਲੇ ਚਉਥੇ ਕੇ’ ਹਨ, ਜਿਨ੍ਹਾਂ ਦੇ ਅਰੰਭ ’ਚ ਮੰਗਲਾਚਰਨ ਗੁਰੂ ਨਾਨਕ ਜੀ ਦੇ ਸੰਬੰਧ ’ਚ ਹੈ।

ਭੱਟ ਸਲੵ ਜੀ; ਸਤਿਗੁਰੂ ਜੀ ਬਾਰੇ ਲਿਖਦੇ ਹਨ ‘‘ਤੂ ਸਤਿਗੁਰੁ ਚਹੁ ਜੁਗੀ; ਆਪਿ ਆਪੇ ਪਰਮੇਸਰੁ ’’…੬੦ (ਸਵਈਏ ਮਹਲੇ ਚਉਥੇ ਕੇ/ਭਟ ਸਲੵ/੧੪੦੬) ਭੱਟ ਕਲਸਹਾਰ ਜੀ; ਗੁਰੂ ਨਾਨਕ ਜੀ ਬਾਰੇ ਲਿਖਦੇ ਹਨ ‘‘ਸਤਜੁਗਿ ਤੈ ਮਾਣਿਓ; ਛਲਿਓ ਬਲਿ, ਬਾਵਨ ਭਾਇਓ   ਤ੍ਰੇਤੈ ਤੈ ਮਾਣਿਓ; ਰਾਮੁ ਰਘੁਵੰਸੁ ਕਹਾਇਓ ਦੁਆਪੁਰਿ (’) ਕ੍ਰਿਸਨ ਮੁਰਾਰਿ; ਕੰਸੁ ਕਿਰਤਾਰਥੁ ਕੀਓ  .. (ਤੇਰੇ) ਗੁਣ ਗਾਵੈ ਰਵਿਦਾਸੁ; ਭਗਤੁ ਜੈਦੇਵ, ਤ੍ਰਿਲੋਚਨ ਨਾਮਾ ਭਗਤੁ ਕਬੀਰੁ; ਸਦਾ ਗਾਵਹਿ, ਸਮ ਲੋਚਨ ਭਗਤੁ ਬੇਣਿ ਗੁਣ ਰਵੈ; ਸਹਜਿ ਆਤਮ ਰੰਗੁ ਮਾਣੈ (ਸਵਈਏ ਮਹਲੇ ਪਹਿਲੇ ਕੇ/ਭਟ ਕਲੵ/੧੩੯੦) ਚੇਤੇ ਰਹੇ ਕਿ ਇੱਥੇ ਅੰਕ ਭਾਵੇਂ ॥੭॥ ਹੈ, ਪਰ ‘ਸਵਈਏ ਮਹਲੇ ਪਹਿਲੇ ਕੇ’ ਹੀ ਹਨ, ਜਿਨ੍ਹਾਂ ਦੀ ਸਮਾਪਤੀ ਤੱਕ ਗੁਰੂ ਨਾਨਕ ਜੀ ਦੀ ਉਪਮਾ ਹੀ ਹੋਣੀ ਹੈ।

ਕਲਸਹਾਰ ਜੀ ਦੇ ਉਕਤ ਵਚਨ ਮੁਤਾਬਕ ‘ਨਾਨਕ ਜੋਤਿ’; ‘ਆਤਮ ਪ੍ਰਕਾਸ਼’ ਰੂਪ ’ਚ ਹਰ ਜੁਗ ਵਿਖੇ ਰਹੀ ਹੈ। ਇਸੇ ਕਾਰਨ ਬਾਣੀਕਾਰ ਭਗਤ ਵੀ ‘ਨਾਨਕ ਜੋਤਿ’ ਦੇ ਆਦਿ ਨੂੰ ਗਾਉਂਦੇ ਹਨ। ਇੱਥੇ ਇਹ ਵੀ ਵਿਚਾਰਨਯੋਗ ਹੈ ਕਿ ਭਗਤਾਂ ਅਤੇ ਬਾਕੀ ਗੁਰੂ ਸਾਹਿਬਾਨ ਨੂੰ ਜੁਗ-ਜੁਗ ਵਿਖੇ ਨਹੀਂ ਮੰਨਿਆ ਸਗੋਂ ਸਤਿਗੁਰੂ ਪਾਸੋਂ ‘ਨਾਮੁ ਨਿਰੰਜਨ’ ਪ੍ਰਾਪਤ ਕਰਦੇ, ਵਿਖਾਇਆ ਹੈ। ਭੱਟ ਕਲਸਹਾਰ ਜੀ, ਜਾਲਪ ਜੀ ਤੇ ਕੀਰਤ ਜੀ ਦੇ ਹੇਠਲੇ ਵਾਕ ਇਸ ਦੀ ਪੁਸ਼ਟੀ ਕਰਦੇ ਹਨ :

(ੳ). (ਜਿਸ ਨਾਮ ਨਾਲ਼) ਉਧਉ (ਕ੍ਰਿਸ਼ਨ ਭਗਤ) ਅਕ੍ਰੂਰੁ ਤਿਲੋਚਨੁ ਨਾਮਾ; ਕਲਿ ਕਬੀਰਿ (ਨੇ) ਕਿਲਵਿਖ ਹਰਿਆ (ਪਾਪ ਦੂਰ ਕੀਤਾ) ਸੋਈ ਨਾਮੁ ਅਛਲੁ; ਭਗਤਹ ਭਵ ਤਾਰਣੁ; ਅਮਰਦਾਸ ਗੁਰ ਕਉ ਫੁਰਿਆ …. ਭਲਉ ਪ੍ਰਸਿਧੁ ਤੇਜੋ ਤਨੌ; ਕਲੵ ਜੋੜਿ ਕਰ ਧੵਾਇਅਓ ਸੋਈ ਨਾਮੁ, ਭਗਤ ਭਵਜਲ ਹਰਣੁ (ਮੁਕਤ ਕਰਨ ਵਾਲ਼ਾ); ਗੁਰ ਅਮਰਦਾਸ ਤੈ ਪਾਇਓ (ਸਵਈਏ ਮਹਲੇ ਤੀਜੇ ਕੇ/ਭਟ ਕਲੵ/੧੩੯੩)

(ਅ). ਜਿ (ਜਿਹੜੀ) ਮਤਿ ਗਹੀ ਜੈਦੇਵਿ (ਨੇ); ਜਿ ਮਤਿ ਨਾਮੈ (’) ਸੰਮਾਣੀ   ਜਿ ਮਤਿ ਤ੍ਰਿਲੋਚਨ ਚਿਤਿ (’); ਭਗਤ ਕੰਬੀਰਹਿ (ਨੇ) ਜਾਣੀ (ਹੇ ਗੁਰੂ ਅਮਰਦਾਸ ਜੀ ! ਤੈਂ)ਸੁ ਮਤਿ ਜਲੵ (ਜਾਲਪ) ਜਾਣੀ ਜੁਗਤਿ ਗੁਰੁ ਅਮਰਦਾਸੁ ਨਿਜ ਭਗਤੁ ਹੈ; ਦੇਖਿ ਦਰਸੁ ਪਾਵਉ ਮੁਕਤਿ ੧੩ (ਸਵਈਏ ਮਹਲੇ ਤੀਜੇ ਕੇ/ਭਟ ਜਾਲਪ/੧੩੯੪) ਭਾਵ ਜੋ ਮੱਤ ਭਗਤਾਂ ਨੇ ਪਾਈ ਉਹੀ (ਸੁ ਮਤਿ ਜਾਣੀ ਜੁਗਤਿ) ਗੁਰੂ ਅਮਰਦਾਸ ਜੀ ਨੇ (ਗੁਰੂ ਪਾਸੋਂ) ਜੁਗਤੀ ਨਾਲ਼ ਜਾਣ ਲਈ ਹੈ।

(). ਧ੍ਰੂ ਪ੍ਰਹਲਾਦ ਕਬੀਰ ਤਿਲੋਚਨ; ਨਾਮੁ ਲੈਤ ਉਪਜੵੋ ਜੁ ਪ੍ਰਗਾਸੁ ਜਿਹ ਪਿਖਤ ਅਤਿ ਹੋਇ ਰਹਸੁ ਮਨਿ (’); ਸੋਈ ਸੰਤ ਸਹਾਰੁ ਗੁਰੂ ਰਾਮਦਾਸੁ (ਸਵਈਏ ਮਹਲੇ ਚਉਥੇ ਕੇ/ਭਟ ਕੀਰਤ/੧੪੦੬)  ਅਰਥ : ਧਰੂ, ਪ੍ਰਹਿਲਾਦ, ਕਬੀਰ ਤੇ ਤਿਲੋਚਨ ਜੀ ਅੰਦਰ ‘ਨਾਮੁ ਨਿਰੰਜਨ’ ਜਪਦਿਆਂ ਜੋ ਆਤਮ ਪ੍ਰਕਾਸ਼ ਹੋਇਆ ਉਹੀ ਆਤਮ ਪ੍ਰਕਾਸ਼ ਸੰਤਾਂ ਦੇ ਰਖਵਾਲੇ ਗੁਰੂ ਰਾਮਦਾਸ ਜੀ ਨੂੰ ਹੋਇਆ, ਜਿਨ੍ਹਾਂ ਦੇ ਦਰਸ਼ਨ ਕੀਤਿਆਂ ਮਨ ’ਚ ਬੜਾ ਅਨੰਦ ਹੁੰਦਾ ਹੈ।

ਸੋ ਉਕਤ ਸਵੱਈਆਂ ’ਚ ਭਗਤ ਸਾਹਿਬਾਨ, ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ‘ਆਤਮ ਪ੍ਰਕਾਸ਼’ ਕਮਾਈ ਕਰਕੇ ਪਾਉਂਦੇ ਹਨ।

ਸਾਵਧਾਨੀ : ਇਹ ਵਿਚਾਰ 35 ਬਾਣੀਕਾਰਾਂ ਦੇ ਰੂਹਾਨੀਅਤ ਬਲ ਦਾ ਅੰਤਰ ਵਾਚਣ ਲਈ ਨਹੀਂ ਬਲਕਿ ‘ਆਤਮ ਪ੍ਰਕਾਸ਼/ਅੰਮ੍ਰਿਤ ਨਾਮੁ’; ਇਨਸਾਨੀ ਜ਼ਿੰਦਗੀ ’ਚ ‘ਨਾਨਕ ਜੋਤਿ’ ਕਦੋਂ ਬਣਿਆ ਭਾਵੇਂ ਕਿ ਇਸ ਦੀ ਮੌਜੂਦਗੀ ਸ੍ਰਿਸ਼ਟੀ ਦੇ ਆਦਿ (ਮੁੱਢ) ਤੋਂ ਹੈ, ਨੂੰ ਪੜਚੋਲਣਾ ਹੈ।  ਵੈਸੇ ਸਾਰੇ ਗੁਰੂ ਸਾਹਿਬਾਨ ’ਚ ਆਤਮ ਪ੍ਰਕਾਸ਼ ਇੱਕ ਸਮਾਨ ਹੈ। ਇਸ ਦੀ ਪੁਸ਼ਟੀ ਹੇਠਲੇ ਸ਼ਬਦ ਕਰਦੇ ਹਨ :

(1). ਜੋਤਿ ਰੂਪਿ ਹਰਿ ਆਪਿ; ਗੁਰੂ ਨਾਨਕੁ ਕਹਾਯਉ   ਤਾ ਤੇ ਅੰਗਦੁ ਭਯਉ; ਤਤ ਸਿਉ ਤਤੁ ਮਿਲਾਯਉ  (ਸਵਈਏ ਮਹਲੇ ਪੰਜਵੇਂ ਕੇ/ਭਟ ਮਥੁਰਾ/੧੪੦੮) ਅਰਥ : ‘ਜੋਤਿ ਸਰੂਪ ਹਰੀ; ਆਪ ਹੀ ਜਗਤ ’ਚ ਗੁਰੂ ਨਾਨਕ ਜੀ ਅਖਵਾਇਆ ਹੈ। ਉਸ ਨਾਨਕ ਜੋਤਿ ਤੋਂ ਗੁਰੂ ਅੰਗਦ ਜੀ ਹੋਏ। ਅੰਗਦ ਜੀ ਦੀ ਜੋਤਿ (ਤਤ) ਨਾਲ਼ ਗੁਰੂ ਨਾਨਕ ਦੀ ਜੋਤਿ (ਤਤੁ) ਮਿਲ ਗਈ।’ ਅਜਿਹਾ ਹੀ ਸੱਤਾ-ਬਲਵੰਡ ਜੀ ਆਖਦੇ ਹਨ ‘‘ਜੋਤਿ ਓਹਾ ਜੁਗਤਿ ਸਾਇ; (ਨਾਨਕ-) ਸਹਿ (ਨੇ) ਕਾਇਆ ਫੇਰਿ ਪਲਟੀਐ ’’ (ਬਲਵੰਡ ਸਤਾ/੯੬੬)

ਨੋਟ : ਉਕਤ ਤੁਕ ‘‘ਤਤ ਸਿਉ ਤਤੁ ਮਿਲਾਯਉ’’  ’ਚ ਪਹਿਲਾ ‘ਤਤ’ ਅੰਤ ਮੁਕਤ; ਸੰਬੰਧਕ ‘ਸਿਉ’ ਨੇ ਕੀਤਾ ਹੈ, ਇਸ ਲਈ ਹੀ ‘ਤਤੁ’ ਦਾ ਅਰਥ ‘ਜੋਤਿ’ ਬਣਿਆ ਹੈ। ਗੁਰਬਾਣੀ ’ਚ ‘ਤਤੁ’ (ਅੰਤ ਔਂਕੜ) ਦਾ ਅਰਥ ਪੰਜ ਤੱਤ (ਅੱਗ, ਪਾਣੀ, ਹਵਾ, ਧਰਤੀ ਤੇ ਅਕਾਸ਼) ਵੀ ਹੈ। ਓਥੇ ਇਸ ਦੀ ਅੰਤ ਔਂਕੜ; ਕਿਸੇ ਸੰਬੰਧਕ ਚਿੰਨ੍ਹ ਆਇਆਂ ਹਟਦੀ ਨਹੀਂ; ਜਿਵੇਂ ਕਿ ‘‘ਇਹੁ ਮਨੁ; ਪੰਚ ਤਤੁ ਤੇ ਜਨਮਾ ’’ (ਮਹਲਾ /੪੧੫) ਤੁਕ ’ਚ ‘ਪੰਚ’ ਬਹੁ ਵਚਨ ਵਿਸ਼ੇਸ਼ਣ ਵੀ ਹੈ ਅਤੇ ‘ਤੇ’ ਸੰਬੰਧਕੀ ਵੀ; ਫਿਰ ਵੀ ‘ਤਤੁ’ ਅੰਤ ਮੁਕਤ ਨਹੀਂ ਹੋਇਆ। ਇਸ ਦਾ ਉਚਾਰਨ ਹੈ : ‘ਤਤ੍ਵ’; ਜਿਵੇਂ ਕਿ ‘ਮਹਤੁ, ਵਿਸੁ’ ਦਾ ਉਚਾਰਨ ਹੁੰਦਾ ਹੈ : ‘ਮਹਤ੍ਵ, ਵਿਸ੍ਵ’, ਨਾ ਕਿ ‘ਮਹਤ, ਵਿਸ਼’। ਇਹ ਦੂਜੀ ਬੋਲੀ ’ਚੋਂ ਆਏ ਸ਼ਬਦ ਹਨ, ਜਿਨ੍ਹਾਂ ਨੂੰ ‘ਤਤਸਮ’ ਕਿਹਾ ਗਿਆ ਜਦ ਕਿ ‘ਤਤੁ’ (ਸੰਬੰਧਕ ਨਾਲ਼ ਅੰਤ ਮੁਕਤ ਹੋਣ ਵਾਲ਼ੇ) ਦਾ ਅਰਥ ਹੈ : ‘ਜੋਤਿ, ਅਸਲੀਅਤ, ਨਿਚੋੜ, ਸੱਚ, ਰੱਬ, ਮੱਖਣ, ਤੁਰੰਤ’। ਇਹ ਗੁਰਮੁਖੀ ਸ਼ਬਦ ਹੈ, ਜਿਸ ’ਤੇ ਵਿਆਕਰਣ ਨਿਯਮ ਲਾਗੂ ਹੁੰਦੇ ਹਨ ਭਾਵ ਇਸ ਦੇ ‘ਤਤ/ਤਤੁ/ਤਤਿ’ ਰੂਪਾਂ ’ਚੋਂ ਲੁਪਤ ਅਰਥ ਮਿਲਦੇ ਹਨ। ਇਨ੍ਹਾਂ ਦਾ ਉਚਾਰਨ ਹੋਏਗਾ : ‘ਤਤ’, ਨਾ ਕਿ ਤਤ੍ਵ।

(2). ਗੁਰਿ+ਨਾਨਕਿ (ਨੇ) ਅੰਗਦੁ ਵਰੵਉ; ਗੁਰਿ+ਅੰਗਦਿ (ਨੇ) ਅਮਰ ਨਿਧਾਨੁ   ਗੁਰਿ+ਰਾਮਦਾਸਿ (ਨੇ) ਅਰਜੁਨੁ ਵਰੵਉ; ਪਾਰਸੁ ਪਰਸੁ ਪ੍ਰਮਾਣੁ (ਸਵਈਏ ਮਹਲੇ ਪੰਜਵੇਂ ਕੇ/ਭਟ ਕਲੵ/੧੪੦੭)

ਅਰਥ : ਗੁਰੂ ਨਾਨਕ ਜੀ ਨੇ ਗੁਰੂ ਅੰਗਦ ਜੀ ਨੂੰ ਵਰਦਾਨ ਦਿੱਤਾ। ਗੁਰੂ ਅੰਗਦ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਣੀ ਨਿਧਾਨ ਬਣਾਇਆ। (ਉਨ੍ਹਾਂ ਨੇ ਗੁਰੂ ਰਾਮਦਾਸ ਜੀ ਨੂੰ ਅਤੇ) ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਜੀ ਨੂੰ ਵਰਦਾਨ ਦਿੱਤਾ। ਪਾਰਸ (ਗੁਰੂ ਨਾਨਕ ਜੀ) ਨੂੰ ਛੁਹ ਕੇ ਉੱਤਰਾਧਿਕਾਰੀ ਵੀ ਪ੍ਰਮਾਣੀਕ (ਆਤਮ ਪ੍ਰਕਾਸ਼ ਸਹਿਤ) ਹੋ ਗਏ।

(3). ਰਾਮਦਾਸਿ ਗੁਰੂ (ਨੇ) ਜਗ ਤਾਰਨ ਕਉ; ਗੁਰ (ਨਾਨਕ) ਜੋਤਿ, ਅਰਜੁਨ ਮਾਹਿ ਧਰੀ ॥੪॥ (ਸਵਈਏ ਮਹਲੇ ਪੰਜਵੇਂ ਕੇ/ਭਟ ਮਥੁਰਾ/੧੪੦੯)

ਨੋਟ : ਜੋ ਜੋਤਿ ਗੁਰੂ ਨਾਨਕ ਜੀ ਨੇ ਗੁਰੂ ਅੰਗਦ ਜੀ ਅੰਦਰ ਧਰੀ, ਓਹੀ ਜੋਤਿ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਸਾਹਿਬ ਅੰਦਰ ਧਰੀ; ਇਉਂ ਹੀ ਨਾਵੇਂ ਪਾਤਿਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਅੰਦਰ ਧਰੀ, ਜੋ ਹੁਣ ਗੁਰੂ ਗ੍ਰੰਥ ਸਾਹਿਬ ਅੰਦਰ ਸੁਸ਼ੋਭਿਤ ਹੈ ਅਤੇ ਆਪਣੇ ਸ਼ਬਦ ਗਿਆਨ ’ਤੇ ਵਿਸ਼ਵਾਸ ਬਣਾਏ ਰੱਖਣ ਲਈ ਸ਼ਰਧਾਵਾਨ ਉੱਤੇ ਬਖ਼ਸ਼ਸ਼ ਕਰਦੀ ਹੈ, ਪਰ ਜੋ ਦਸਮੇਸ਼ ਪਿਤਾ ਅੰਦਰ ਆਤਮ ਪ੍ਰਕਾਸ਼; ‘ਨਾਨਕ ਜੋਤਿ ਰਾਹੀਂ ਨਹੀਂ ਬਲਕਿ ਪੂਰਵਲੀ ਤਪੱਸਿਆ ਦਾ ਫਲ਼ ਮੰਨਦੇ ਹਨ, ਉਹ ਨਾਨਕ ਜੋਤਿ ਦੇ ਨਿੰਦਕ ਹਨ।

ਉਕਤ ਕੀਤੀ ਵਿਚਾਰ ਕਿ ਨਾਨਕ ਜੋਤਿ; ਆਦਿ ਕਾਲ ਤੋਂ ਹੈ, ਜੋ ਸ੍ਰਿਸ਼ਟੀ ਦੇ ਅੰਤ ਤੱਕ ਰਹੇਗੀ, ਇਸ ਲਈ ਗੁਰੂ ਰਾਮਦਾਸ ਜੀ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਭੀ ਭੱਟ ਹਰਬੰਸ ਜੀ ਉਨ੍ਹਾਂ ਨੂੰ ਜੀਵਤ ਕਹਿ ਰਹੇ ਹਨ ‘‘ਮਿਲਿ ਨਾਨਕ ਅੰਗਦ ਅਮਰ ਗੁਰ; ਗੁਰੁ ਰਾਮਦਾਸੁ ਹਰਿ ਪਹਿ ਗਯਉ ਹਰਿਬੰਸ ਜਗਤਿ (’) ਜਸੁ ਸੰਚਰੵਉ (ਪਸਰਿਆ); ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ? (ਸਵਈਏ ਮਹਲੇ ਪੰਜਵੇਂ ਕੇ/ਭਟ ਹਰਿਬੰਸ/੧੪੦੯)

ਆਮ ਸਿੱਖ ਦਾ ਵਿਸ਼ਵਾਸ ਬਣਾਏ ਰੱਖਣ ਲਈ ਭੱਟ ਮਥੁਰਾ ਜੀ ਵਚਨ ਕਰਦੇ ਹਨ ਕਿ ਜੋ ਬ੍ਰਹਮ ਰੂਪ ਗੁਰੂ ਨਾਨਕ ਜੀ ਸਨ, ਉਹੀ ਹੁਣ ਗੁਰੂ ਅਰਜਨ ਜੀ ਹਨ (ਤੇ ਅਗਾਂਹ ਗੁਰੂ ਗੋਬਿੰਦ ਸਿੰਘ ਜੀ ਹੋਣਗੇ)। ਕੋਈ ਸੰਦੇਹ ਨਾ ਕਰ ਬੈਠਿਓ ਕਿ ਇਹ ਚਮਤਕਾਰ ‘ਨਾਨਕ ਜੋਤਿ’ ਦਾ ਨਹੀਂ ਬਲਕਿ ਕਿਸੇ ਪੂਰਵਲੀ ਤਪੱਸਿਆ ਦਾ ਹੈ ‘‘ਜਗ ਅਉਰੁ ਯਾਹਿ ਮਹਾ ਤਮ ਮੈ (ਡੂੰਘੇ ਹਨ੍ਹੇਰੇ); ਅਵਤਾਰੁ ਉਜਾਗਰੁ ਆਨਿ (ਲਿਆ ਕੇ) ਕੀਅਉ ਤਿਨ ਕੇ ਦੁਖ ਕੋਟਿਕ ਦੂਰਿ ਗਏ; ਮਥੁਰਾ  ! ਜਿਨ੍ ਅੰਮ੍ਰਿਤ ਨਾਮੁ ਪੀਅਉ ਇਹ ਪਧਤਿ ਤੇ (ਇਸ ਰਾਹ/ਵਿਸ਼ਵਾਸ ਤੋਂ) ਮਤ ਚੂਕਹਿ ਰੇ ਮਨ ! ਭੇਦੁ ਬਿਭੇਦੁ ਜਾਨ ਬੀਅਉ (ਕੋਈ ਦੂਜਾ ਤਪੱਸਿਆ ਵਰਗਾ) ਪਰਤਛਿ ਰਿਦੈ ਗੁਰ ਅਰਜੁਨ ਕੈ; ਹਰਿ ਪੂਰਨ ਬ੍ਰਹਮਿ (ਨੇ) ਨਿਵਾਸੁ ਲੀਅਉ ’’ (ਸਵਈਏ ਮਹਲੇ ਪੰਜਵੇਂ ਕੇ/ਭਟ ਮਥੁਰਾ/੧੪੦੯)

(4). ਧਰਨਿ ਗਗਨ ਨਵ ਖੰਡ ਮਹਿ; ਜੋਤਿ ਸ੍ਵਰੂਪੀ ਰਹਿਓ ਭਰਿ (ਵਿਆਪਕ) ਭਨਿ ਮਥੁਰਾ ਕਛੁ ਭੇਦੁ ਨਹੀ; ਗੁਰੁ ਅਰਜੁਨੁ ਪਰਤਖੵ ਹਰਿ ੧੯ (ਸਵਈਏ ਮਹਲੇ ਪੰਜਵੇਂ ਕੇ/ਭਟ ਮਥੁਰਾ/੧੪੦੯)

ਅਰਥ : ਧਰਤੀ ਤੋਂ ਆਕਾਸ਼ ਤੱਕ 9 ਖੰਡਾਂ ’ਚ ਜੋਤਿ ਸਰੂਪ (ਹਰੀ, ਆਤਮ ਪ੍ਰਕਾਸ਼, ਨਾਮ ਅੰਮ੍ਰਿਤ, ਨਾਨਕ ਜੋਤਿ) ਵਿਆਪਕ ਹੈ, ਇਸ ਲਈ ਹੇ ਭੱਟ ਮਥੁਰਾ ! ਮਿਸਾਲ ਵਜੋਂ ਇਹ ਜਾਣ ਲੈ ਕਿ ਗੁਰੂ ਨਾਨਕ ਜੀ ਵਾਙ ਹੁਣ ਵੀ ਹਰੀ ਅਤੇ ਗੁਰੂ ਅਰਜਨ ਜੀ ’ਚ ਕੋਈ ਭੇਦ ਨਹੀਂ, ਜੋ ਸਾਡੇ ਰੂ-ਬਰੂ ਵਿਰਾਜਮਾਨ ਹਨ (ਭਾਵ ਮਥੁਰਾ ਜੀ ਦੇ ਬਾਣੀ ਲਿਖਣ ਸਮੇਂ ਗੁਰੂ ਅਰਜਨ ਸਾਹਿਬ ਜੀ ਸਿੱਖ ਕੌਮ ਦੇ ਪ੍ਰਮਾਣੀਕ ਗੁਰੂ ਸਨ)।

ਨੋਟ : ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਕੁਝ ਵਡੇਰੀ ਉਮਰ ’ਚ ਗੁਰੂ ਸ਼ਰਨ ਆਏ ਹਨ ਪਰ ਗੁਰੂ ਅਰਜਨ ਸਾਹਿਬ ਜੀ ਬਾਰੇ ਭੱਟ ਸਾਹਿਬਾਨ ਫ਼ੁਰਮਾਉਂਦੇ ਹਨ ‘‘ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ.. (ਸਵਈਏ ਮਹਲੇ ਪੰਜਵੇਂ ਕੇ/ਭਟ ਕਲੵ/੧੪੦੭) ਭਾਵ ਤੈਂ ਬਚਪਨ ਤੋਂ ਹੀ ਗੁਰੂ ਦੀ ਸੰਗਤ ’ਚ ਰਹਿ ਕੇ ਨਿਰਾਕਾਰ (ਨਾਮੁ ਨਿਰੰਜਨ) ਨੂੰ ਜਾਣਿਆ ਹੈ। ਚੇਤੇ ਰਹੇ ਕਿ ਭੱਟ ਬਾਣੀ ’ਚ ਇਸ ਤਰ੍ਹਾਂ ਦੇ ਕੁੱਝ ਇਤਿਹਾਸਕ ਤੱਥ ਮਿਲਦੇ ਹਨ।

ਗੁਰਬਾਣੀ ’ਚ ‘ਵਾਹ ਵਾਹ’ ਸੰਯੁਕਤ ਸ਼ਬਦ 75 ਵਾਰ ਹਨ, ਜਿਨ੍ਹਾਂ ’ਚ ਕੇਵਲ ਗੁਰੂ ਅਮਰਦਾਸ ਜੀ ਦੇ ਹੀ 49 ਵਾਰ ਇਉਂ ਵਰਤਿਆ ਹੈ :

ਵਾਹੁ ਵਾਹੁ ਕਰਤਿਆ; ਸਦਾ ਅਨੰਦੁ ਹੋਵੈ ਮੇਰੀ ਮਾਇ ! ॥ (ਮਹਲਾ ੩/੫੧੪)

ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ; ਹਉਮੈ ਵਿਚਹੁ ਜਾਇ ॥ (ਮਹਲਾ ੩/੫੧੫)

ਵਾਹੁ ਵਾਹੁ ਹਿਰਦੈ (’ਚੋਂ) ਉਚਰਾ; ਮੁਖਹੁ ਭੀ ਵਾਹੁ ਵਾਹੁ ਕਰੇਉ ॥ (ਮਹਲਾ ੩/੫੧੫)

ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ; ਗੁਰ ਪੂਰੇ (ਨੂੰ) ਵਾਹੁ ਵਾਹੁ ਭਾਵੈ ॥ (ਮਹਲਾ ੩/੫੧੫)

ਵਾਹੁ ਵਾਹੁ ਬਾਣੀ ਨਿਰੰਕਾਰ ਹੈ; ਤਿਸੁ ਜੇਵਡੁ ਅਵਰੁ ਨ ਕੋਇ ॥ (ਮਹਲਾ ੩/੫੧੫)

ਵਾਹੁ ਵਾਹੁ ਅੰਮ੍ਰਿਤ ਨਾਮੁ ਹੈ; ਗੁਰਮੁਖਿ ਪਾਵੈ ਕੋਇ ॥ (ਮਹਲਾ ੩/੫੧੫)

ਵਾਹੁ ਵਾਹੁ ਸਚੇ ਪਾਤਿਸਾਹ ਤੂ; ਸਚੀ ਨਾਈ (ਵਡਿਆਈ)॥੧॥ ਰਹਾਉ ॥ (ਮਹਲਾ ੩/੯੪੭)

ਵਾਹੁ ਮੇਰੇ ਸਾਹਿਬਾ ! ਵਾਹੁ ॥ (ਮਹਲਾ ੩/੭੫੫) ਆਦਿ, ਇਸੇ ਲਈ ਹੀ ਭੱਟ ਬਲੵ ਜੀ ਨੇ ਲਿਖਿਆ ਹੈ ‘‘ਗੁਰਿ+ਅਮਰਦਾਸਿ (ਨੇ) ਕਰਤਾਰੁ ਕੀਅਉ ਵਸਿ (’); ਵਾਹੁ ਵਾਹੁ ਕਰਿ ਧੵਾਇਯਉ’’ (ਸਵਈਏ ਮਹਲੇ ਚਉਥੇ ਕੇ/ਭਟ ਬਲੵ/੧੪੦੫), ਪਰ ਅਫ਼ਸੋਸ ਕਿ ਅੱਜ ਸਾਡਾ ਮਨ ‘ਵਾਹਿ ਗੁਰੂ ! ਵਾਹਿ ਗੁਰੂ !’ ਉਚਾਰਨ ਨੂੰ ਪਾਖੰਡ ਸਮਝਦਾ ਹੈ ਤਾਂ ਜੋ ਆਪਣਾ ਮਨਹਠ ਕਾਇਮ ਰਹੇ।

(5). ਹੇਠਲੇ 5 ਸਵੱਈਆਂ ਦੇ ਅੰਤ ’ਚ ਕ੍ਰਮਵਾਰ ਅੰਕ ਸੰਖਿਆ ॥੮॥੧੨॥ ਦਾ ਮਤਲਬ ਹੈ ਕਿ ਭੱਟ ਨਲੵ ਜੀ ਦਾ ਇਹ ੮ਵਾਂ ਨਹੀਂ, ੧੨ਵਾਂ ਸ਼ਬਦ ਹੈ।, ਭੱਟ ਗਯੰਦ ਜੀ ਦੇ 4 ਸਵੱਈਆਂ ’ਚੋਂ ਪਹਿਲੇ ਅੰਕ ॥੩॥੮॥ ਦਾ ਮਤਲਬ ਹੈ ੮ਵਾਂ ਸ਼ਬਦ, ॥੧॥੧੧॥ ਦਾ ਮਤਲਬ ਹੈ ੧੧ਵਾਂ ਸ਼ਬਦ, ॥੨॥੧੨॥ ਦਾ ਮਤਲਬ ਹੈ ੧੨ਵਾਂ ਸ਼ਬਦ ਅਤੇ ਅੰਤਮ ਅੰਕ ਸੰਖਿਆ ॥੩॥੧੩॥੪੨॥ ਦਾ ਮਤਲਬ ਹੈ ੧੩ਵਾਂ ਸ਼ਬਦ ਭਾਵ ਹਰ ਪਹਿਲੇ ਅੰਕ ‘॥੮॥,॥੩॥,॥੧॥, ॥੨॥,॥੩॥’ ਨੂੰ ਸ਼ਬਦ ਅੰਕ ਸੰਖਿਆ ਨਾ ਸਮਝ ਲੈਣਾ ਕਿਉਂਕਿ ਫਿਰ ਇਹ ਸਾਰੇ ਸ਼ਬਦ ਜੋ ਗੁਰੂ ਰਾਮਦਾਸ ਜੀ ਦੇ ਸੰਬੰਧ ’ਚ ਉਚਾਰੇ ਹਨ, ਉਹ ਮੰਗਲਾਚਰਨ ਵਜੋਂ ‘ਨਿਰਾਕਾਰ’ ਜਾਂ ‘ਗੁਰੂ ਨਾਨਕ ਜੀ’ ਦੇ ਸੰਬੰਧ ’ਚ ਉਚਾਰੇ ਗਏ ਹੋਣ ਦਾ ਭੁਲੇਖਾ ਪੈ ਸਕਦਾ ਹੈ। ਹੇਠਲੇ ਸ਼ਬਦਾਂ ’ਚ ਗੁਰੂ ਰਾਮਦਾਸ ਜੀ ਦਾ ਆਤਮ ਪ੍ਰਕਾਸ਼ ਵੀ ਗੁਰੂ ਨਾਨਕ ਜੀ ਦੇ ਆਤਮ ਪ੍ਰਕਾਸ਼ ਵਾਙ ਸ੍ਰਿਸ਼ਟੀ ਦੇ ਆਦਿ ਤੋਂ ਮੰਨ ਕੇ ਫ਼ਰਿਆਦ ਕੀਤੀ ਗਈ ਹੈ :

(ੳ). ਅਬ ਰਾਖਹੁ ਦਾਸ ਭਾਟ ਕੀ ਲਾਜ ॥  ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ; ਹਰਨਾਖਸ ਫਾਰੇ ਕਰ ਆਜ ॥  ਫੁਨਿ ਦ੍ਰੋਪਤੀ ਲਾਜ ਰਖੀ ਹਰਿ ਪ੍ਰਭ ਜੀ ! ਛੀਨਤ ਬਸਤ੍ਰ ਦੀਨ ਬਹੁ ਸਾਜ ॥  ਸੋਦਾਮਾ ਅਪਦਾ ਤੇ ਰਾਖਿਆ; ਗਨਿਕਾ ਪੜ੍ਹਤ ਪੂਰੇ ਤਿਹ ਕਾਜ ॥  ਸ੍ਰੀ ਸਤਿਗੁਰ ਸੁਪ੍ਰਸੰਨ ਕਲਜੁਗ ਹੋਇ; ਰਾਖਹੁ ਦਾਸ ਭਾਟ ਕੀ ਲਾਜ ॥੮॥੧੨॥ (ਸਵਈਏ ਮਹਲੇ ਚਉਥੇ ਕੇ/ਭਟ ਨਲੵ/੧੪੦੦)

ਪਦ ਅਰਥ : ਭਾਟ- ਭੱਟ ਨਲੵ, ਕਰ ਆਜ-ਹੱਥਾਂ ਦੇ ਨਹੂੰਆਂ ਨਾਲ਼, ਫੁਨਿ-ਭੀ, ਹਰਿ ਪ੍ਰਭ ਜੀ- ਭਾਵ ਹੇ ਗੁਰੂ ਰਾਮਦਾਸ ਜੀ !, ਦੀਨ-ਦਿੱਤੇ, ਸਾਜ-ਸਮਾਨ/ਬਸਤਰ, ਅਪਦਾ -ਗ਼ਰੀਬੀ, ਗਨਿਕਾ-ਵੇਸਵਾ, ਪੜ੍ਹਤ-ਰਾਮ ਨਾਮ ਪੜ੍ਹਦਿਆਂ, ਤਿਹ-ਉਸ ਦੇ।

ਨੋਟ : ‘ਹਰਿ ਪ੍ਰਭ ਜੀ’ ਸ਼ਬਦਾਂ ਦਾ ਅਰਥ ‘ਕ੍ਰਿਸ਼ਨ ਜੀ’ ਨਹੀਂ ਹੋ ਸਕਦਾ ਕਿਉਂਕਿ ਕ੍ਰਿਸ਼ਨ ਜੀ; ਭੱਟ ਨਲੵ ਜੀ ਦੇ ਸਨਮੁਖ ਨਹੀਂ ਸਨ। ਭਾਵੇਂ ਕਿ ਇਹ ਨਾਂ, ਗੁਰੂ ਰਾਮਦਾਸ ਜੀ ਦੇ ਵੀ ਨਹੀਂ ਪਰ ਭੱਟ ਬਾਣੀ ਮੁਤਾਬਕ ‘ਹਰੀ ਜੋਤਿ ਹੀ ਨਾਨਕ ਜੋਤਿ ਹੈ’।

(ਅ). ਅਕਥ ਕਥਾ; ਕਥੀ ਨ ਜਾਇ; ਤੀਨਿ ਲੋਕ ਰਹਿਆ ਸਮਾਇ; ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ! (ਭਾਵ ਹੇ ਗੁਰੂ ਰਾਮਦਾਸ ਜੀ !) ॥  ਸਤਿ ਸਾਚੁ ਸ੍ਰੀ ਨਿਵਾਸੁ; ਆਦਿ ਪੁਰਖੁ ਸਦਾ ਤੁਹੀ; ਵਾਹਿ ਗੁਰੂ ! ਵਾਹਿ ਗੁਰੂ ! ਵਾਹਿ ਗੁਰੂ ਵਾਹਿ ਜੀਉ ॥੩॥੮॥ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੩)

ਨੋਟ : ਜੋ ਸਿੱਖ; ਵਾਹਿ ਗੁਰੂ ਨੂੰ ਵਾਹਿਗੁਰੂ (ਅਕਾਲ ਪੁਰਖ) ਮੰਨਦੇ ਹਨ, ਉਹ ਭੱਟ ਬਾਣੀ ’ਚੋਂ ਗੁਰਮਤਿ ਦੀ ਵਿਲੱਖਣਤਾ ਨਹੀਂ ਵੇਖ ਸਕਦੇ। ਗੁਰਬਾਣੀ ਸੰਪਾਦਨਾ ਸਮੇਂ ਵਰਤੀ ਗਈ ਅੰਕ ਸੰਖਿਆ ਅਤੇ ਗੁਰਮਤਿ ਫ਼ਲਸਫ਼ੇ ਬਾਰੇ ਉਹ ਦੁਬਿਧਾ ’ਚ ਹਨ, ਇਸ ਲਈ ‘ਸਤਿਗੁਰੂ’ ਦੀ ਮਹਾਨਤਾ ਨੂੰ ਵੀ ਰੱਬ ਦਾ ਸਿਮਰਨ ਬਣਾ ਬੈਠੇ ਜਦ ਕਿ ਭੱਟ ਬਾਣੀ ਦੇ ਸਿਰਲੇਖ ਹੀ ਗੁਰੂ ਉਪਮਾ ਵਾਲ਼ੀ ਬਾਣੀ, ਸਾਬਤ ਕਰਦੇ ਹਨ। ਵੈਸੇ ਵੀ ਗੁਰਬਾਣੀ ‘ਚ ‘ਵਾਹਿਗੁਰੂ’ ਸ਼ਬਦ ਦਰਜ ਨਹੀਂ ਹੈ। ਵੈਸੇ ਵੀ ਗੁਰਬਾਣੀ ’ਚ ‘ਵਾਹਿਗੁਰੂ’ ਸ਼ਬਦ ਦਰਜ ਨਹੀਂ ਹੈ, ਜਿਸ ਦਾ ਅਰਥ ‘ਅਕਾਲ ਪੁਰਖ/ ਨਿਰਾਕਾਰ’ ਹੋਵੇ।

(ੲ). ਸੇਵਕ ਕੈ (ਅੰਦਰ, ਤੂੰ) ਭਰਪੂਰ ਜੁਗੁ ਜੁਗੁ; ਵਾਹ ਗੁਰੂ (ਭਾਵ ਹੇ ਗੁਰੂ ਰਾਮਦਾਸ ਜੀ) ! ਤੇਰਾ ਸਭੁ ਸਦਕਾ ॥  ਨਿਰੰਕਾਰੁ ਪ੍ਰਭੁ (ਵਾਙ ਤੂੰ ਵੀ) ਸਦਾ ਸਲਾਮਤਿ; ਕਹਿ ਨ ਸਕੈ ਕੋਊ, ਤੂ ਕਦ ਕਾ (ਭਾਵ ਤੂੰ ਆਦਿ ਤੋਂ ਹੈਂ)॥  ਬ੍ਰਹਮਾ ਬਿਸਨੁ ਸਿਰੇ (ਸਿਰਜੇ) ਤੈ ਅਗਨਤ; ਤਿਨ ਕਉ ਮੋਹੁ ਭਯਾ ਮਨ ਮਦ ਕਾ ॥  ਚਵਰਾਸੀਹ ਲਖ ਜੋਨਿ ਉਪਾਈ; ਰਿਜਕੁ ਦੀਆ ਸਭ ਹੂ ਕਉ ਤਦ ਕਾ ॥  ਸੇਵਕ ਕੈ (ਹਿਰਦੇ ’ਚ) ਭਰਪੂਰ ਜੁਗੁ ਜੁਗੁ; ਵਾਹ ਗੁਰੂ  ! ਤੇਰਾ ਸਭੁ ਸਦਕਾ ॥੧॥੧੧॥ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੩)

ਨੋਟ : ਚੇਤੇ ਰਹੇ ਕਿ ਸਿਰਜਣਾਤਮਿਕ ਸ਼ਬਦਾਂ ਦੀ ਵਧੇਰੇ ਵਰਤੋਂ ’ਚੋਂ ‘‘ਰਿਜਕੁ ਦੀਆ ਸਭ ਹੂ ਕਉ ਤਦ ਕਾ’’ ਵਾਕ ਦਾ ਭਾਵਾਰਥ ਸਿੱਧਾ ਹੀ ਗੁਰੂ ਜੀ ਵੱਲੋਂ ਦਿੱਤੀ ਜਾਂਦੀ ਰੂਹਾਨੀਅਤ ਖ਼ੁਰਾਕ (ਨਾਮ ਅੰਮ੍ਰਿਤ) ਨਾਲ਼ ਸੰਬੰਧਿਤ ਹੈ ਕਿਉਂਕਿ ਇਹ ਤੁਕ; ‘‘ਮੋਹੁ ਭਯਾ ਮਨ ਮਦ ਕਾ’’ ਦੇ ਇਲਾਜ ਵਜੋਂ ਹੈ।

(ਸ). ਵਾਹੁ ਵਾਹੁ (ਸਤਿਗੁਰੂ ਰਾਮਦਾਸ) ਕਾ ਬਡਾ ਤਮਾਸਾ ॥ ਆਪੇ ਹਸੈ, ਆਪਿ ਹੀ ਚਿਤਵੈ; ਆਪੇ ਚੰਦੁ ਸੂਰੁ ਪਰਗਾਸਾ ॥ ਆਪੇ ਜਲੁ, ਆਪੇ ਥਲੁ ਥੰਮ੍ਨੁ; ਆਪੇ ਕੀਆ ਘਟਿ ਘਟਿ (’ਚ) ਬਾਸਾ ॥ ਆਪੇ ਨਰੁ; ਆਪੇ ਫੁਨਿ ਨਾਰੀ; ਆਪੇ ਸਾਰਿ (ਸ਼ਾਰਿ/ਨਰਦਾਂ) ਆਪ ਹੀ ਪਾਸਾ (ਚੌਪੜ) ॥ ਗੁਰਮੁਖਿ ਸੰਗਤਿ ਸਭੈ ਬਿਚਾਰਹੁ; ਵਾਹੁ ਵਾਹੁ (ਸਤਿਗੁਰੂ) ਕਾ ਬਡਾ ਤਮਾਸਾ ॥੨॥੧੨॥ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੩)

(ਹ). ਗੁਰ ਪ੍ਰਸਾਦਿ (ਰਾਹੀਂ) ਪਾਈਐ ਪਰਮਾਰਥੁ (ਉੱਚਾ ਰੁਤਬਾ); ਸਤਸੰਗਤਿ ਸੇਤੀ ਮਨੁ ਖਚਨਾ (ਜੁੜਨਾ)॥ ਕੀਆ ਖੇਲੁ ਬਡ ਮੇਲੁ ਤਮਾਸਾ; ਵਾਹ ਗੁਰੂ (ਹੇ ਗੁਰੂ ਰਾਮਦਾਸ ਜੀ) ! ਤੇਰੀ ਸਭ ਰਚਨਾ (ਹੀ ਅਨੰਦਿਤ ਹੁੰਦੀ ਹੈ) ॥੩॥੧੩॥੪੨॥ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੪)

ਨੋਟ : ਜੇ ਉਕਤ ਸ਼ਬਦਾਂ ਨੂੰ ਮੰਗਲਾਚਰਨ ਵਜੋਂ ਵੇਖੀਏ ਤਾਂ ਇਹ ਅਰੰਭਕ ਸ਼ਬਦ ਹੋਣੇ ਚਾਹੀਦੇ ਹਨ, ਨਾ ਕਿ ਅੰਤਮ। ਇਸ ਨਾਸਮਝੀ ਕਾਰਨ ਹੀ ਕੁਝ ਸਿੱਖ ਉੱਚੇ ਇਖ਼ਲਾਕ ’ਚੋਂ ਉਪਜੀ ਬਾਣੀ ਨੂੰ ਆਪਣੇ ਨਜ਼ਰੀਏ ਨਾਲ਼ ਵੇਖਣ ਦੀ ਜ਼ਿੱਦ ਕਰਦੇ ਹਨ। ਭੱਟ ਗਯੰਦ ਜੀ ਆਪ ਹੀ ਇਨ੍ਹਾਂ ਸਵੱਈਆਂ ਤੋਂ ਪਹਿਲਾਂ ਆਪਣੇ ੫ਵੇਂ ਸਵੱਈਏ ’ਚ ਹੀ ਇਸ ਮੂਰਖਤਾ ਵੱਲੋਂ ਸਾਵਧਾਨ ਕਰਦੇ ਹਨ ‘‘ਜਿਨਹੁ ਬਾਤ ਨਿਸਲ ਧ੍ਰੂਅ ਜਾਨੀ; ਤੇਈ ਜੀਵ ਕਾਲ ਤੇ ਬਚਾ ਕੁੰਡਲਨੀ ਸੁਰਝੀ ਸਤਸੰਗਤਿ; ਪਰਮਾਨੰਦ ਗੁਰੂ ਮੁਖਿ ਮਚਾ   ਸਿਰੀ ਗੁਰੂ ਸਾਹਿਬੁ ਸਭ ਊਪਰਿ; ਮਨ ਬਚ ਕ੍ਰੰਮ ਸੇਵੀਐ ਸਚਾ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੨) ਪਦ ਅਰਥ : ਗੁਰੂ ਮੁਖਿ-ਗੁਰੂ ਵੱਲ ਮੂੰਹ ਕਰਕੇ, ਮਚਾ-ਪ੍ਰਗਟ ਹੋਏ।

ਅਰਥ : ਜਿਨ੍ਹਾਂ ਨੇ ਸਤਿਗੁਰੂ ਨੂੰ ਧਰੂ ਭਗਤ ਵਾਙ ਟਿਕ ਕੇ ਸਮਝਿਆ ਉਹੀ ਆਤਮਕ ਮੌਤ ਤੋਂ ਬਚੇ। ਗੁਰੂ ਵੱਲ ਮੂੰਹ ਕਰਕੇ ਅੰਤਹਕਰਣ ਸ਼ੁੱਧ ਹੋ ਗਿਆ ਭਾਵ ਮਾਇਆ ਦੀ ਗੰਢ ਖੁੱਲ੍ਹ ਗਈ (ਅੰਨ੍ਹਾਪਣ ਦੂਰ ਹੋ ਗਿਆ)। ਸਤਿਗੁਰੂ; ਸਰਬੋਤਮ ਹੈ, ਉਸ ਰਾਹੀਂ ਸ੍ਰੇਸ਼ਟ ਅਨੰਦ (ਆਤਮ ਪ੍ਰਕਾਸ਼) ਲੈ ਕੇ ਪ੍ਰਗਟ ਹੋ ਗਏ। ਉਸ ਸਰਬੋਤਮ ਸੱਚੇ-ਗੁਰੂ ਨੂੰ ਮਨ ਕਰਕੇ, ਵਚਨ ਕਰਕੇ, ਕਰਮ ਕਰਕੇ ਸਿਮਰਨਾ ਬਣਦਾ ਹੈ ਭਾਵ ਤਨ, ਮਨ ਤੇ ਕਾਰ-ਵਿਹਾਰ ’ਚ ਗੁਰੂ ਦਾ ਡਰ- ਅਦਬ ਹੋਣਾ ਚਾਹੀਦਾ ਹੈ। ਚੇਤੇ ਰਹੇ ਕਿ ਇੱਥੇ ਸ਼ਬਦ ‘ਸਚਾ’ ਹੈ ਕਿਉਂਕਿ ਕਈ ‘ਕਚੇ’ ਗੁਰੂ ਭੀ ਹੁੰਦੇ ਹਨ।

ਹੁਣ ਸਵਾਲ ਪੈਦਾ ਹੋਣਗੇ ਕਿ ਹਰ ਧਰਮ ਦਾ ਵਿਅਕਤੀ ਆਪਣੇ-ਆਪਣੇ ‘ਗੁਰੂ, ਰਹਿਬਰ, ਪੀਰ, ਪੈਗ਼ੰਬਰ, ਦੇਵਤੇ ਆਦਿ ਨੂੰ ਹੀ ‘ਆਤਮ ਪ੍ਰਕਾਸ਼’ ਭਰਪੂਰ ਕਹੇਗਾ। ਕਿਵੇਂ ਨਿਰਣਾ ਹੋਵੇ ਕਿ ਕੌਣ ਗੁਰੂ ਜਾਂ ਅਚਾਰੀਆ ਸਹੀ ਹੈ ਤੇ ਕੌਣ ਗ਼ਲਤ ? ਇਸ ਦੀ ਪਛਾਣ ਕਰਨੀ ਮੁਸ਼ਕਲ ਨਹੀਂ। ਜੋ ਆਪਣੇ ਨਾਲ਼ ਜੋੜੇ ਉਹ ਨਕਲੀ ਹੈ ਅਤੇ ਜੋ ਮਨੁੱਖ ਤੋਂ ਸਵੈ ਪੜਚੋਲ ਕਰਵਾਏ, ਅੰਤਰਮੁਖੀ ਕਰੇ; ਜਿਵੇਂ ਕਿ ਵਾਕ ਹਨ ‘‘ਅੰਤਰਗਤਿ ਤੀਰਥਿ (’ਤੇ); ਮਲਿ ਨਾਉ (ਜਪੁ), .. ਹਰਿ ਬਸੇ ਨਿਰੰਤਰਿ; ਘਟ ਹੀ ਖੋਜਹੁ ਭਾਈ  ! (ਮਹਲਾ /੬੮੪), ਆਤਮੁ ਚੀਨਹੁ ਭਾਈ ! (ਮਹਲਾ /੮੮੩), ਆਤਮ ਚੀਨਹੁ; ਰਿਦੈ (’) ਮੁਰਾਰੀ (ਮਹਲਾ /੧੦੪੧), ਇਸੁ ਮਨ (ਅੰਤਹਕਰਣ) ਕਉ; ਕੋਈ ਖੋਜਹੁ ਭਾਈ  !   ਮਨੁ ਖੋਜਤ; ਨਾਮੁ (ਅੰਮ੍ਰਿਤ/ਆਤਮ ਪ੍ਰਕਾਸ਼) ਨਉ ਨਿਧਿ ਪਾਈ (ਮਹਲਾ /੧੧੨੮), ਬੰਦੇ ! ਖੋਜੁ ਦਿਲ, ਹਰ ਰੋਜ; ਨਾ ਫਿਰੁ ਪਰੇਸਾਨੀ ਮਾਹਿ (ਭਗਤ ਕਬੀਰ ਜੀ/੭੨੭), ਦਿਲ ਮਹਿ ਖੋਜਿ (ਕੇ) ਦਿਲੈ ਦਿਲਿ ਖੋਜਹੁ; ਏਹੀ ਠਉਰ ਮੁਕਾਮਾ (ਰੱਬ ਦਾ ਘਰ)’’ (ਭਗਤ ਕਬੀਰ/੧੩੪੯)  ਵੱਲ ਲੈ ਜਾਵੇ ਉਹ ਸੱਚਾ ਗੁਰੂ ਹੋਵੇਗਾ ‘‘ਜਿਹ (ਜਿਸ) ਸਤਿਗੁਰ ਸਿਮਰੰਤ; ਨਯਨ ਕੇ ਤਿਮਰ (ਹਨ੍ਹੇਰੇ/ਖਿੱਚ/ਵੱਟ) ਮਿਟਹਿ ਖਿਨੁ ਜਿਹ ਸਤਿਗੁਰ ਸਿਮਰੰਥਿ (ਯਾਦ ਕੀਤਿਆਂ); ਰਿਦੈ (’) ਹਰਿ ਨਾਮੁ ਦਿਨੋ ਦਿਨੁ   ਜਿਹ ਸਤਿਗੁਰ ਸਿਮਰੰਥਿ (ਨਾਲ਼); ਜੀਅ ਕੀ ਤਪਤਿ ਮਿਟਾਵੈ   ਜਿਹ ਸਤਿਗੁਰ ਸਿਮਰੰਥਿ; ਰਿਧਿ ਸਿਧਿ ਨਵ ਨਿਧਿ ਪਾਵੈ   ਸੋਈ ਰਾਮਦਾਸੁ ਗੁਰੁ ਬਲੵ ਭਣਿ (ਆਖਦਾ ਹੈ); ਮਿਲਿ ਸੰਗਤਿ ਧੰਨਿ ਧੰਨਿ ਕਰਹੁ ਜਿਹ ਸਤਿਗੁਰ ਲਗਿ (ਕੇ) ਪ੍ਰਭੁ ਪਾਈਐ; ਸੋ ਸਤਿਗੁਰੁ ਸਿਮਰਹੁ ਨਰਹੁ (ਹੇ ਲੋਕੋ !)  !੫੪ (ਸਵਈਏ ਮਹਲੇ ਚਉਥੇ ਕੇ/ਭਟ ਬਲੵ/੧੪੦੫)

ਸੱਚਾ ਸਤਿਗੁਰੂ ਜੋ ਕਰਨਾ ਲੋਚਦਾ ਹੈ ਓਹੀ ਨਿਰਾਕਾਰ ਤੁਰੰਤ ਕਰਦਾ ਹੈ ‘‘ਸਤਿਗੁਰੁ ਆਖੈ ਸਚਾ ਕਰੇ; ਸਾ ਬਾਤ ਹੋਵੈ ਦਰਹਾਲੀ ’’ (ਬਲਵੰਡ ਸਤਾ/੯੬੭) ਕਿਉਂਕਿ ਸੱਚਾ ਗੁਰੂ; ਅਕਾਲ ਪੂਰਖ ਦਾ ਰੂਪ ਹੈ ‘‘(ਗੁਰੂ ਅਮਰਦਾਸ ਜੀ) ਕਲਿ ਮਾਹਿ ਰੂਪੁ ਕਰਤਾ ਪੁਰਖੁ; ਸੋ ਜਾਣੈ ਜਿਨਿ ਕਿਛੁ ਕੀਅਉ ’’ (ਸਵਈਏ ਮਹਲੇ ਤੀਜੇ ਕੇ/ਭਟ ਭਿਖਾ/੧੩੯੫)  ਸੱਚਾ ਸਤਿਗੁਰੂ; ਮਨੁੱਖ ਦੀ ਸੁਰਤ ਨੂੰ ਜੋਤਿ ਸਰੂਪ (ਰੱਬ, ਨਾਮ ਅੰਮ੍ਰਿਤ, ਆਤਮ ਪ੍ਰਕਾਸ਼) ਨਾਲ਼ ਜੋੜਦਾ ਹੈ ‘‘ਕੰਚਨੁ ਤਨੁ ਹੋਇ ਪਰਸਿ (ਕੇ) ਪਾਰਸ (ਸੱਚੇ ਗੁਰੂ) ਕਉ; ਜੋਤਿ ਸਰੂਪੀ ਧੵਾਨੁ ਧਰੰ ’’ (ਸਵਈਏ ਮਹਲੇ ਚਉਥੇ ਕੇ/ਭਟ ਗਯੰਦ/੧੪੦੨)

ਗੁਰੂ ਨਾਨਕ ਜੀ ਦੇ ਰੂਹਾਨੀਅਤ ਬਲ ਦੇ ਦਰਸ਼ਨ ਕਰ ਗੁਰੂ ਅੰਗਦ ਸਾਹਿਬ ਨੇ ਆਸਾ ਕੀ ਵਾਰ ਦੇ ਆਰੰਭ ’ਚ ਫ਼ੁਰਮਾਇਆ ਹੈ ‘‘ਜੇ ਸਉ ਚੰਦਾ ਉਗਵਹਿ; ਸੂਰਜ ਚੜਹਿ ਹਜਾਰ   ਏਤੇ ਚਾਨਣ ਹੋਦਿਆਂ; ਗੁਰ ਬਿਨੁ ਘੋਰ ਅੰਧਾਰ ’’ (ਆਸਾ ਕੀ ਵਾਰ/ਮਹਲਾ /੪੬੩) ਭੱਟ ਨਲੵ ਜੀ ਨੇ ਵੀ ਕੁਝ ਇਉਂ ਫ਼ੁਰਮਾਇਆ ‘‘ਗੁਰ ਬਿਨੁ ਘੋਰੁ ਅੰਧਾਰੁ; ਗੁਰੂ ਬਿਨੁ ਸਮਝ ਆਵੈ (ਸਵਈਏ ਮਹਲੇ ਚਉਥੇ ਕੇ/ਭਟ ਨਲੵ/੧੩੯੯), ਜਉ ਹਰਿ ਬੁਧਿ ਰਿਧਿ ਸਿਧਿ ਚਾਹਤ; ਗੁਰੂ ਗੁਰੂ ! ਗੁਰੁ ਕਰੁ ਮਨ ਮੇਰੇ  ! ’’ (ਸਵਈਏ ਮਹਲੇ ਚਉਥੇ ਕੇ/ਭਟ ਨਲੵ/੧੪੦੦)

ਭੱਟ ਭਿਖਾ ਜੀ ਆਪਣੇ ਜੀਵਨ ਦਾ ਅਨੁਭਵ ਇਉਂ ਬਿਆਨ ਕਰਦੇ ਹਨ ‘‘ਰਹਿਓ ਸੰਤ ਹਉ ਟੋਲਿ; ਸਾਧ ਬਹੁਤੇਰੇ ਡਿਠੇ   ਸੰਨਿਆਸੀ ਤਪਸੀਅਹ; ਮੁਖਹੁ ਪੰਡਿਤ ਮਿਠੇ   ਬਰਸੁ ਏਕੁ ਹਉ ਫਿਰਿਓ; ਕਿਨੈ ਨਹੁ ਪਰਚਉ ਲਾਯਉ   ਕਹਤਿਅਹ ਕਹਤੀ ਸੁਣੀ; ਰਹਤ ਕੋ ਖੁਸੀ ਆਯਉ (ਜੋ) ਹਰਿ ਨਾਮੁ ਛੋਡਿ, ਦੂਜੈ ਲਗੇ; ਤਿਨ੍ ਕੇ ਗੁਣ ਹਉ ਕਿਆ ਕਹਉ ?   ਗੁਰੁ ਦਯਿ (ਨੇ) ਮਿਲਾਯਉ ਭਿਖਿਆ ! (ਹੁਣ) ਜਿਵ ਤੂ ਰਖਹਿ, ਤਿਵ ਰਹਉ ੨੦’’ (ਸਵਈਏ ਮਹਲੇ ਤੀਜੇ ਕੇ/ਭਟ ਭਿਖਾ/੧੩੯੬)  ਸਮੁੱਚੀ ਗੁਰਬਾਣੀ; ਆਤਮ ਪ੍ਰਕਾਸ਼ ਦੀ ਲਾਜਵਾਬ ਮਿਸਾਲ ਹੈ । ਇਸ ਦੀ ਸਮਝ ਆਉਂਦਿਆਂ ਹੀ ਭੱਟ ਭਿੱਖਾ ਜੀ ਵਾਙ ਅਨੁਭਵ ਬਿਆਨ ਹੋਣ ਲਗਦਾ ਹੈ ਤਾਹੀਓਂ ਗੁਰਸਿੱਖ; ਸਤਿਗੁਰੂ ਨੂੰ ਰੱਬ ਸਮਾਨ ਜਾਣ ਕੇ ਨਮਸਕਾਰ ਕਰਦੇ ਹਨ ‘‘ਧੰਨੁ ਧੰਨੁ ਰਾਮਦਾਸ ਗੁਰੁ; ਜਿਨਿ ਸਿਰਿਆ ਤਿਨੈ ਸਵਾਰਿਆ ਸਿਖੀ ਅਤੈ ਸੰਗਤੀ; ਪਾਰਬ੍ਰਹਮੁ ਕਰਿ ਨਮਸਕਾਰਿਆ ’’ (ਬਲਵੰਡ ਸਤਾ/੯੬੮

ਅੰਤ ’ਚ ਭਗਤ ਨਾਮਦੇਵ ਜੀ ਦਾ ਇਹ ਵਿਚਾਰ ਦੁਚਿੱਤੀ ’ਚ ਪਏ ਸਿੱਖ ਨੂੰ ਜ਼ਰੂਰ ਸਾਵਧਾਨ ਕਰੇਗਾ ਕਿ ਹਿੰਦੂ; ਆਪਣੇ ਇਸ਼ਟ-ਦੇਵਤੇ ਅਤੇ ਰੱਬ ਵੱਲੋਂ ਅਸ਼ਰਧਕ ਹੋਣ ਕਾਰਨ ਦੋਵੇਂ ਅੱਖਾਂ ਗਵਾ ਬੈਠਾ ਹੈ। ਪੈਗ਼ੰਬਰ ’ਤੇ ਸ਼ਰਧਾ ਬਚੀ ਹੋਣ ਕਾਰਨ ਮੁਸਲਮਾਨ ਦੀ ਅਜੇ ਇੱਕ ਅੱਖ ਬਚੀ ਹੈ ਭਾਵ ਕਾਣਾ ਹੀ ਹੈ ‘‘ਹਿੰਦੂ ਅੰਨ੍ਹਾ; ਤੁਰਕੂ ਕਾਣਾ ’’ (ਭਗਤ ਨਾਮਦੇਵ/੮੭੫) ਸੁਜਾਖਾ ਓਹੀ ਹੈ ਜੋ ਸੱਚੇ ਗੁਰੂ ਅਤੇ ਰੱਬ ’ਤੇ ਬਰਾਬਰ ਭਰੋਸਾ ਰੱਖੇ। ‘ਧਰਮ’ ਦਾ ਅਰਥ ਵੀ ‘ਰੱਬ ਦੀ ਸਰਬ ਵਿਆਪਕਤਾ (ਆਤਮ ਪ੍ਰਕਾਸ਼) ਨਾਲ਼ ਅੰਤਹਕਰਣ ਨੂੰ ਨਿਰਮਲ ਕਰਨਾ ਹੈ ਤਾਂ ਜੋ ‘ਆਤਮ ਪ੍ਰਕਾਸ਼’; ਹੂ-ਬਹੂ ਬਿਬੇਕ ਬਣ ਜ਼ਿੰਦਗੀ ਨੂੰ ਮੰਜ਼ਲ ਤੱਕ ਲੈ ਜਾਵੇ। ਸਿੱਖਾਂ ਨੂੰ ‘ਦੁੱਖ ਭੰਜਨੀ, ਚੌਪਈ ਅਤੇ ਸੁਖਮਨੀ ਸਾਹਿਬ ਦੇ ਪਾਠਾਂ ਤੋਂ ਅੱਗੇ ਵਧ ਕੇ ਇਨ੍ਹਾਂ 145 ਸ਼ਬਦਾਂ ਨੂੰ ਵੀ ਨਿਤਨੇਮ ਬਣਾਉਣਾ ਚਾਹੀਦਾ ਹੈ ਤਾਂ ਜੋ ਭੱਟ ਸਾਹਿਬਾਨ ਵਰਗਾ ਉੱਚਾ ਇਖ਼ਲਾਕ ਬਣ ਸਕੇ। ਨਹੀਂ ਤਾਂ ਬਾਬਾ ਰਾਮਰਾਏ ਨੇ ਇੱਕ ਤੁਕ ਬਦਲੀ ਸੀ; ਸਤਿਗੁਰੂ ਨੇ ਮੂੰਹ ਨਹੀਂ ਲਾਇਆ। ਅਸੀਂ ਗੁਰਮਤਿ ਨੂੰ ਮਨਮਤ ਬਣਾ ਕੇ ਕਿੱਥੇ ਬਖ਼ਸ਼ੇ ਜਾਵਾਂਗੇ ?

ਸੋ ਰੱਬੀ ਜੋਤਿ, ਜਿਸ ਨੂੰ ਆਤਮਾ, ਰੂਹ, ਜਿੰਦੁ ਵੀ ਕਿਹਾ ਹੈ; ਜ਼ਰਰੇ-ਜ਼ੱਰੇ ’ਚ ਵਿਆਪਕ ਹੈ। ਇਹੀ ‘ਨਾਮ ਅੰਮ੍ਰਿਤ’ ਤੇ ‘ਆਤਮ ਪ੍ਰਕਾਸ਼’ ਹੈ। ਗੁਰੂ ਨਾਨਕ ਜੀ ਦੇ ਜਨਮ ਤੋਂ ਇਸ ਨੂੰ ‘ਨਾਨਕ ਜੋਤਿ’ ਕਿਹਾ ਗਿਆ। ਅਗਲਾ ਲੇਖ ‘ਪਾਰਦਰਸ਼ੀ ਅੰਤਹਕਰਣ’ ਹੋਏਗਾ ਕਿਉਂਕਿ ਉਸ ਨੇ ਹੀ ‘ਆਤਮ ਪ੍ਰਕਾਸ਼’ ਦਾ ਮਨੁੱਖੀ ਜੀਵਨ ’ਤੇ ਪੈਂਦਾ ਪ੍ਰਭਾਵ; ਪ੍ਰਗਟ ਕਰਨਾ ਹੈ।

1. ਕੁਦਰਤ ਤੋਂ ਬਲਿਹਾਰ ਹੋਣਾ ਅਤੇ ਕੁਦਰਤ ਰਾਹੀਂ ਕਾਦਰ ਤੋਂ ਬਲਿਹਾਰ ਹੋਣ ’ਚ ਅੰਤਰ

2. ਰੱਬ; ਸਰਬ ਵਿਆਪਕ ‘ਜੋਤਿ ਰੂਪ ਹੈ ਜਾਂ ਤੱਤ ਰੂਪ ਜਾਂ ਗੁਣ ਰੂਪ ਜਾਂ ਪ੍ਰਤਿਬਿੰਬ ਰੂਪ’ ਹੈ ?, ਦੀ ਵਿਚਾਰ

3. ਆਤਮਾ ਬਨਾਮ ਅੰਤਹਕਰਣ