ਕੁਦਰਤ ਤੋਂ ਬਲਿਹਾਰ ਹੋਣਾ ਅਤੇ ਕੁਦਰਤ ਰਾਹੀਂ ਕਾਦਰ ਤੋਂ ਬਲਿਹਾਰ ਹੋਣ ’ਚ ਅੰਤਰ

0
6105

1. ਕੁਦਰਤ ਤੋਂ ਬਲਿਹਾਰ ਅਤੇ ਕੁਦਰਤ ਰਾਹੀਂ ਕਾਦਰ ਤੋਂ ਬਲਿਹਾਰ ਹੋਣ ’ਚ ਅੰਤਰ

ਗਿਆਨੀ ਅਵਤਾਰ ਸਿੰਘ

ਧਾਰਮਿਕ ਵਿਸ਼ਵਾਸ ਨਾਲ ਕੁਦਰਤ ਨੂੰ ਜਾਣਨਾ ਜਾਂ ਕੁਦਰਤ ਨੂੰ ਪੂਜਣਾ ਜਾਂ ਕੁਦਰਤ ਤੋਂ ਸਦਕੇ ਜਾਣਾ; ਭਾਵੇਂ ਇਹ ਤਿੰਨ ਦ੍ਰਿਸ਼ਟੀਕੋਣ ਜਾਪਦੇ ਹਨ ਪਰ ਇਨ੍ਹਾਂ ’ਚ ਬਹੁਤ ਹੀ ਗੂੜ੍ਹਾ ਸੰਬੰਧ ਹੈ। ਕੁਦਰਤ ਰਚਣ ਦੀ ਕਲਾ ਨੂੰ ਘੋਖਦਿਆਂ-ਘੋਖਦਿਆਂ ਇਸ ਨੂੰ ਬਣਾਉਣ ਵਾਲੇ (ਕਾਦਰ) ਤੱਕ; ਜੇ ਸਿੱਖ ਦਾ ਬੌਧਿਕ ਵਿਕਾਸ ਨਾ ਹੋਵੇ ਤਾਂ ਇਹ ਤਿੰਨੇ ਨਜ਼ਰੀਏ ਸ਼ਰਧਾਵਾਨ ਨੂੰ ਕੁਦਰਤ ਤੋਂ ਹੀ ਪ੍ਰਭਾਵਤ ਕਰਨ ਤੱਕ ਸੀਮਤ ਹਨ, ਜਿਸ ਦਾ ਗੁਰਮਤਿ ਵਿਰੋਧ ਕਰਦੀ ਹੈ। ਗੁਰਬਾਣੀ ’ਚ ‘ਕੁਦਰਤਿ’ ਸ਼ਬਦ 73 ਵਾਰ ਅਤੇ ‘ਕੁਦਰਤੀ’ 5 ਵਾਰ ਦਰਜ ਹੈ, ਪਰ ਇੱਕ ਵਾਰ ਵੀ ਮਨੁੱਖ ਨੂੰ ‘ਕੁਦਰਤ ਤੋਂ ਬਲਿਹਾਰ’ ਹੋਣ ਦਾ ਇਸ਼ਾਰਾ ਨਹੀਂ ਮਿਲਦਾ।

ਕਾਦਰ ਨਾਲ ਸਾਂਝ ਪਾ ਚੁੱਕੇ ਸ਼ਖ਼ਸ ਦੀ ਕੁਦਰਤ ਬਾਰੇ ਸਮਝ; ਰਹੱਸਮਈ ਹੁੰਦੀ ਹੈ। ਉਹ ਕੁਦਰਤ ਬਣਾਉਣ ਦੀ ਕਲਾ ਸਾਮ੍ਹਣੇ ਆਪਣੇ ਆਪ ਨੂੰ ਅਲਪ ਮਤ (ਮਾਮੂਲੀ ਗਿਆਨ ਦਾ ਮਾਲਕ) ਮਹਿਸੂਸ ਕਰਦਾ-ਕਰਦਾ ਕਾਦਰ ’ਤੇ ਬਣੀ ਆਪਣੀ ਸ਼ਰਧਾ ਨੂੰ ਯਕੀਨ ’ਚ ਬਦਲ ਚੁੱਕਾ ਹੁੰਦਾ ਹੈ। ਇੱਕ ਵਕੀਲ ਵੀ ਆਪਣੇ ਸਿਲੇਬਸ (ਕਾਨੂੰਨ) ਦੀ ਪੜਚੋਲ ਹੀ ਕਰਦਾ ਹੁੰਦਾ ਹੈ; ਪਰ ਉਹ, ਇਸ ਵਿੱਚੋਂ ਕਦੇ ਰਹੱਸ ਨਹੀਂ ਮਾਣ ਸਕਦਾ ਕਿਉਂਕਿ ਦੇਸ਼ ਦਾ ਸੰਵਿਧਾਨ ਇਕਹਿਰੀ ਪ੍ਰਣਾਲੀ ’ਤੇ ਆਧਾਰਿਤ ਹੁੰਦਾ ਹੈ ਜਦਕਿ ਕੁਦਰਤ ਦਾ ਵਿਧਾਨ; ਅਨੇਕਾਂ ਆਪਾ ਵਿਰੋਧੀ ਸਿਧਾਂਤਾਂ ਦਾ ਸੰਗ੍ਰਹਿ ਹੈ, ਜਿਨ੍ਹਾਂ ਦੀ ਗੁੰਝਲ਼ਤਾ ਨੂੰ ਪਲਟਦਿਆਂ-ਪਲਟਦਿਆਂ ਖੋਜੀ ਸ਼ਰਧਾਵਾਨ ਆਪਣੀ ਹਾਰ ਮੰਨ ਬੈਠਦਾ ਹੈ। ਇਹੀ, ਕੁਦਰਤ ਨੂੰ ਬਣਾਉਣ ਵਾਲੇ ਤੋਂ ਬਲਿਹਾਰ ਜਾਣਾ ਹੈ, ਆਪਾ ਨਿਛਾਵਰ ਕਰਨਾ ਹੈ।

ਦੂਸਰੇ ਪਾਸੇ ਕੁਦਰਤ ਦਾ ਮਨੋਰੰਜਨ ਕਰਨ ਵਾਲੇ ਸੈਲਾਨੀ (ਟੂਰਿਸਟ) ਵੀ ਕੁਦਰਤੀ ਦਿੱਖ (ਨਜ਼ਾਰੇ) ਤੋਂ ਪ੍ਰਭਾਵਤ ਹੀ ਹੁੰਦੇ ਹਨ। ਉਨ੍ਹਾਂ ਦਾ ਕੁਦਰਤ ਤੋਂ ਪ੍ਰਭਾਵਤ ਹੋਣਾ ਅਤੇ ਕਾਦਰ ਦੇ ਆਸ਼ਕ (ਭਗਤ) ਦਾ ਕੁਦਰਤ ’ਚੋਂ ਕਾਦਰ ਦੇ ਦਰਸ਼ਨ ਕਰ ਪ੍ਰਭਾਵਤ ਹੋਣਾ; ਬੜਾ ਅੰਤਰ ਰੱਖਦਾ ਹੈ ਤਾਹੀਓਂ ਕੁਦਰਤ ’ਚੋਂ ਸ਼ਰਧਾਵਾਨ ਦੇ ਮਨ ’ਤੇ ਪਿਆ ਪ੍ਰਭਾਵ; ਲੰਬੇ ਸਮੇਂ ਤੱਕ ਰਹਿੰਦਾ ਹੈ ‘‘ਮੇਰੇ ਰਮਈਏ ਰੰਗੁ ਮਜੀਠ ਕਾ; ਕਹੁ ਰਵਿਦਾਸ ਚਮਾਰ ’’ (ਭਗਤ ਰਵਿਦਾਸ ਜੀ/੩੪੬) ਜਦਕਿ ਸੈਲਾਨੀ ਦਾ ਮਨ-ਪਰਚਾਵਾ ਘਰ ਵਾਪਸ ਪਰਤਦਿਆਂ ਲਹਿ ਜਾਂਦਾ ਹੈ। ਸੈਲਾਨੀ ਦੀ ਸੋਚ ਨੂੰ ਪਰਣਾਇ ਕੁਝ ਸਿੱਖ ਪ੍ਰਚਾਰਕ ਵੀ ਕੁਦਰਤ ਤੋਂ ਬਲਿਹਾਰ ਹਾਂ; ਆਖ ਕੇ ਅਕਸਰ (ਸੱਚੇ ਭਗਤਾਂ ਵਾਲੀ ਅਵਸਥਾ ਭੋਗਣ ਦਾ) ਭਰਮ ਪਾਉਂਦੇ ਹਨ।  ਜੇ ਇਹ ਵਾਕਿਆ ਈ ਗੁਰਮਤਿ ਅਨੁਸਾਰੀ ਉੱਚੀ ਅਵਸਥਾ ਭੋਗ ਰਹੇ ਹੁੰਦੇ ਤਾਂ ਕੁਦਰਤ ਦੀ ਬਜਾਇ ਇਸ ਦੇ ਰਚੇਤਾ ‘ਕਾਦਰ ਤੋਂ ਬਲਿਹਾਰ ਜਾਂਦੇ’, ਨਾ ਕਿ ਉਸ ਦੇ ਵਜੂਦ ਤੋਂ ਇਨਕਾਰੀ ਹੁੰਦੇ। ਗੁਰੂ ਨਾਨਕ ਜੀ ਵਚਨ ਕਰਦੇ ਹਨ ਕਿ ਜੋ ਸੱਚਾ ਦਾਤਾਰ ਹੈ ਉਸ ਦੀ ਸ਼ਨਾਖ਼ਤ (ਪਛਾਣ) ਕੁਦਰਤ ’ਚੋਂ ਹੋਣੀ ਹੈ, ‘‘ਨਾਨਕਸਚ ਦਾਤਾਰੁ; ਸਿਨਾਖਤੁ ਕੁਦਰਤੀ ’’ (ਮਹਲਾ /੧੪੧) ਤਾਂ ਤੇ ਕੁਦਰਤ ਰਚਣ ਵਾਲੀ ਆਪਾ-ਵਿਰੋਧੀ ਗੁੰਝਲ਼ਤਾ (ਕਲਾ) ਨੂੰ ਸਮਝਣਾ ਜ਼ਰੂਰੀ ਹੈ ਤਾਂ ਜੋ ਅਸਲ ਮਾਲਕ ਨਾਲ ਜੁੜ ਸਕੀਏ :

ਪਸ਼ੂ-ਪੰਛੀਆਂ ’ਚ ਸੰਘਰਸ਼ ਹੋਣ ਦੇ ਤਿੰਨ ਕਾਰਨ ਹੁੰਦੇ ਹਨ: ‘ਵੰਸ਼ ਵਧਾਉਣ ਲਈ (ਕਾਮ ਉਤੇਜਨਾ ਕਾਰਨ), ਭੋਜਨ ਲਈ ਅਤੇ ਇਲਾਕੇ ’ਤੇ ਕਬਜ਼ਾ ਜਮਾਉਣ ਲਈ’।  ਜਾਨਵਰਾਂ ਦਾ ਇਹ ਸੁਭਾਅ ਕੁਦਰਤੀ ਹੈ, ਜੋ ਬਚਪਨ ਤੋਂ ਮਰਨ ਤੱਕ ਰਹਿੰਦਾ ਹੈ। ਇਸ ਨੂੰ ਰੋਗ ਜਾਂ ਨਿੱਜੀ ਸਹੇੜਿਆਂ ਰੋਗ ਨਹੀਂ ਕਹਿ ਸਕਦੇ।

ਜਾਨਵਰ ਭਾਵੇਂ ਹੋਰਾਂ ਨਾਲ ਭੋਜਨ ਲਈ ਲੜਨ, ਪਰ ਆਪਣੇ ਪਰਵਾਰ ’ਚ ਵੰਡ ਕੇ ਖਾਂਦੇ ਹਨ। ਇਸ ਤੋਂ ਜਾਪਦਾ ਹੈ ਕਿ ਲੜਾਈ (ਜੋ ਕਿ ਕ੍ਰੋਧ ਹੈ) ਦੇ ਨਾਲ-ਨਾਲ ਲੋਭ (ਲਾਲਚ) ਵੀ ਜਾਨਵਰਾਂ ਅੰਦਰ ਹੁੰਦਾ ਹੈ ਅਤੇ ਇਹ ਲਾਲਚ; ਪਰਵਾਰਿਕ ਪਿਆਰ (ਮੋਹ) ’ਚੋਂ ਪੈਦਾ ਹੋਇਆ ਹੁੰਦਾ ਹੈ। ਇਲਾਕੇ ’ਤੇ ਅਧਿਕਾਰ ਜਮਾਉਣਾ ਅਹੰਕਾਰ ਹੀ ਹੈ, ਜੋ ਹਰ ਜਾਨਵਰ ’ਚ ਕੁਦਰਤੀ ਗੁਣ ਹੈ। ਜੇ ਇਲਾਕਾ ਨਹੀਂ, ਘੋਂਸਲਾ (ਆਲ੍ਹਣਾ) ਜਾਂ ਖੁੱਡ ਨਹੀਂ ਤਾਂ ਬੱਚਿਆਂ ਦਾ ਜਨਮ ਅਤੇ ਸਾਂਭ-ਸੰਭਾਲ਼ ਨਹੀਂ ਹੋ ਸਕਦੀ। ਸੋ ਜਾਨਵਰਾਂ ਦੇ ਕੁਦਰਤੀ ਸੁਭਾਅ ’ਚ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਹੁੰਦੇ ਹਨ। ਕੁਦਰਤੀ ਸੁਭਾਅ ਹੀ ਕੁਦਰਤ ਦਾ ਨਿਯਮ ਹੈ; ਤਾਂ ਤੇ ਇਹ ਪੰਜੇ ਲੱਛਣ; ਰੋਗ ਜਾਂ ਨਿੱਜੀ ਸਹੇੜੇ ਰੋਗ ਨਹੀਂ।

ਬਾਜ਼ ਨੂੰ ਤੇਜ਼ ਨਜ਼ਰ, ਹਾਥੀ ਨੂੰ ਤੇਜ਼ ਸੁੰਘਣ ਸ਼ਕਤੀ, ਮਾਸਾਹਾਰੀਆਂ ਨੂੰ ਮਜ਼ਬੂਤ ਜਬਾੜ੍ਹੇ, ਸਾਕਾਹਾਰੀਆਂ ਨੂੰ ਆਪਣੀ ਹਿਫ਼ਾਜ਼ਤ ਲਈ ਸਿਙ (ਸਿੰਗ) ਜਾਂ ਤੇਜ਼ ਰਫ਼ਤਾਰ ਆਦਿਕ ਸਭ ਕੁਦਰਤ ਵੱਲੋਂ ਮਿਲੀਆਂ ਦਾਤਾਂ ਹਨ। ਇੱਕੋ ਜੀਵ ’ਚ ਦੋ ਵਿਰੋਧੀ ਸੁਭਾਅ ਵੀ ਹੁੰਦੇ ਹਨ; ਜਿਵੇਂ ਕੁੱਤਾ ਵਫ਼ਾਦਾਰ ਵੀ ਹੈ ਤੇ ਲਾਲਚੀ ਵੀ। ਦੋ ਵਿਰੋਧੀ ਖ਼ੁਰਾਕਾਂ ਵੀ ਹਨ: ‘ਮਾਸਾਹਾਰੀ ਤੇ ਸਾਕਾਹਾਰੀ। ਭਾਵੇਂ ਸ਼ਿਕਾਰ ਕਰਨ ਵਾਲਾ ਜਾਨਵਰ ਹਮਲਾ ਕਰੇ, ਪਰ ਆਪਣੀ ਹਿਫ਼ਾਜ਼ਤ ਲਈ ਸ਼ਿਕਾਰ ਹੋਣ ਵਾਲਾ ਜਾਨਵਰ ਵੀ ਲੜਦਾ ਹੈ। ਇਨ੍ਹਾਂ ’ਚੋਂ ਕਿਸੇ ਨੂੰ ਵੀ ਕੁਦਰਤ; ਦੋਸ਼ੀ ਜਾਂ ਨਿਰਦੋਸ਼ ਨਹੀਂ ਮੰਨਦੀ, ਪਰ ਮਨੁੱਖ ਦੀ ਦ੍ਰਿਸ਼ਟੀ ’ਚ ਇੱਥੋਂ ਵਿਤਕਰਾ ਸ਼ੁਰੂ ਹੋ ਜਾਂਦਾ ਹੈ। ਇੱਕ ਤਰਫ਼ ਹਮਦਰਦੀ ਅਤੇ ਦੂਜੇ ਪ੍ਰਤਿ ਨਫ਼ਰਤ। ਹਮਦਰਦੀ; ਕੁਝ ਕਾਰਨਾਂ ਕਰਕੇ ਮੱਧਮ ਪੈਂਦੀ ਰਹਿੰਦੀ ਹੈ ਪਰ ਨਫ਼ਰਤ; ਨਾ-ਪੱਖੀ ਸੋਚ ਸਿਰਜ ਦਿੰਦੀ ਹੈ। ਇਸ ਨਕਾਰਾਤਮਿਕ ਸੋਚ ਨੂੰ ਸਕਾਰਾਤਮਿਕ ਬਣਾਉਣਾ ਹੀ ਧਰਮ ਕਮਾਉਣਾ ਹੈ। ਕੁਦਰਤ ਵਰਗਾ ਸੁਭਾਅ; ਸਤਿਗੁਰੂ ਦਾ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ; ਭਾਈ ਘਨ੍ਹਈਆ ਜੀ ਵਰਗਿਆਂ ਤੋਂ ਜ਼ਖ਼ਮੀ ਵੈਰੀਆਂ ਦੀ ਸੇਵਾ-ਸੰਭਾਲ਼ ਵੀ ਆਪਣਿਆਂ ਵਾਙ ਕਰਵਾਉਂਦੇ ਰਹੇ ਹਨ। ਅਜਿਹਾ ਹੀ ਕੁਦਰਤ ਕਰਦੀ ਹੈ, ਜੋ ਆਪਾ ਵਿਰੋਧੀ ਸੁਭਾਅ ਸਿਰਜ ਕੇ ਵੀ ਕਿਸੇ ਨਾਲ ਦ੍ਵੈਤ-ਭਾਵਨਾ ਨਹੀਂ ਰੱਖਦੀ।

ਕੁਦਰਤ ਦੇ ਇਸ ਆਪਾ-ਵਿਰੋਧੀ ਸੁਭਾਅ (ਨਿਯਮ) ਤੋਂ ਜਾਪਦਾ ਹੈ ਕਿ ਜੀਵਨ; ਸ਼ਾਂਤੀ ਦਾ ਨਾਮ ਨਹੀਂ ਬਲਕਿ ਸੰਘਰਸ਼ ਹੀ ਜੀਵਨ ਹੈ। ਜੋ ਇਸ ਖੇਡ ਲਈ ਤਿਆਰ ਨਾ ਹੋਇਆ, ਉਹ ਜੀਵਨ ’ਚੋਂ ਹੀ ਬਾਹਰ ਹੋ ਜਾਏਗਾ, ਮਰ ਜਾਏਗਾ। ਕੁਦਰਤ ਨੂੰ ਅਜਿਹੇ ਜੀਵਨ ਪਸੰਦ ਨਹੀਂ। ਉਹ ਆਪਣੇ ’ਚ ਸਮੇਟ ਲੈਂਦੀ ਹੈ। ਗੁਰੂ ਜੀ ਨੇ ਮਨੁੱਖਤਾ ਅੰਦਰ ਰੂਹਾਨੀਅਤ ਗੁਣਾਂ ਦੇ ਨਾਲ-ਨਾਲ ਸ੍ਵੈਮਾਨ ਵੀ ਪੈਦਾ ਕੀਤਾ ਤਾਂ ਜੋ ਇਨਸਾਨੀਅਤ ਪੱਖੋਂ ਕੁਦਰਤ ਰਚਣ ਦੇ ਢੰਗ ਵਾਙ ਚੱਲਿਆ ਜਾ ਸਕੇ ਭਾਵ ਸੰਘਰਸ਼ ਕਰੀਏ, ਨਾ ਕਿ ਜਣੇ-ਖਣੇ ਦਾ ਸ਼ਿਕਾਰ ਬਣਦੇ ਜਾਈਏ।  ਰੂਹਾਨੀਅਤ ਬਲ ਪੀਰੀ ਹੈ ਅਤੇ ਸ੍ਵੈਮਾਨ; ਮੀਰੀ। ਗੁਰੂ ਨਾਨਕ ਜੀ ਨੇ ਇਨ੍ਹਾਂ ਦੋਵਾਂ ਦੀ ਬੁਨਿਆਦ ਇਉਂ ਰੱਖੀ, ‘‘ਸੋ ਜੀਵਿਆ; ਜਿਸੁ ਮਨਿ ਵਸਿਆ ਸੋਇ ਨਾਨਕ  ! ਅਵਰੁ ਜੀਵੈ, ਕੋਇ ’’ ਭਾਵ ਜਿਸ ਦੇ ਮਨ ’ਚ ਉਹ (ਕਾਦਰ) ਵਸਦਾ ਹੈ, ਦਰਅਸਲ ਉਹੀ ਜਿੳੂਂਦਾ ਹੈ, ਬਾਕੀ ਸਭ ਤੁਰੀਆਂ ਫਿਰਦੀਆਂ ਲੋਥਾਂ ਹਨ। ਇਹ; ਸੱਚੇ ਧਰਮ ਦਾ ਇੱਕ ਤਰਫ਼ਾ ਗੁਣ, ‘ਪੀਰੀ’ ਹੈ, ਇਸ ਦੀ ਮੁਕੰਮਲਤਾ ਲਈ ਦੂਸਰਾ ਗੁਣ ਮੀਰੀ; ਵੀ ਨਾਲ ਹੀ ਦਰਜ ਕੀਤਾ ਗਿਆ, ‘‘ਜੇ ਜੀਵੈ; ਪਤਿ ਲਥੀ ਜਾਇ ਸਭੁ ਹਰਾਮੁ; ਜੇਤਾ ਕਿਛੁ ਖਾਇ ’’ (ਮਹਲਾ /੧੪੨) ਭਾਵ ਜੇ ਰੂਹਾਨੀਅਤ ਗੁਣ ਹੋਣ ’ਤੇ ਵੀ ਸ੍ਵੈਮਾਨ ਨਾ ਬਚੇ ਤਾਂ ਸਮਝੋ ਜਿੰਨਾ ਖਾਧਾ-ਪੀਤਾ ਹੈ, ਸਭ ਵਿਅਰਥ ਹੈ ਭਾਵ ਜ਼ਿੰਦਗੀ ਅਸਫਲ ਹੋ ਗਈ। ਤਲਵਾਰ ਉਠਾਉਣ ਵਾਲਾ ਕ੍ਰਾਂਤੀਕਾਰੀ ਨਿਯਮ ਜੇ ਧਰਮ ’ਚ ਸ਼ਾਮਲ ਨਾ ਹੋਵੇ ਤਾਂ ਮੌਤ ਨੂੰ ਖਿੜੇ ਮੱਥੇ ਕੋਈ ਵੀ ਪ੍ਰਵਾਨ ਨਹੀਂ ਕਰੇਗਾ। ਇਨ੍ਹਾਂ ਗੁਣਾਂ ਕਾਰਨ ਹੀ ‘ਗੁਰਮਤਿ’ ਦੁਨੀਆ ਦਾ ਇਕਲੌਤਾ ਸੰਪੂਰਨ ਧਰਮ ਹੈ। ਬਾਕੀ ਸਾਰਿਆਂ ਧਰਮਾਂ ਦੀ ਵਿਆਖਿਆ ਇਸ ਪੱਖੋਂ ਅੱਧ-ਪਚੱਧ ਹੀ ਹੈ, ‘‘ਸਤਿਗੁਰ ਕੀ ਰੀਸੈ, ਹੋਰਿ ਕਚੁ ਪਿਚੁ ਬੋਲਦੇ; ਸੇ ਕੂੜਿਆਰ, ਕੂੜੇ ਝੜਿ ਪੜੀਐ ’’ (ਮਹਲਾ /੩੦੪)

ਕੁਦਰਤ ਬੜੀ ਵਿਸ਼ਾਲ ਹੈ। ਇਸ ਦੇ ਨਿਯਮ ਵੀ ਓਨੇ ਹੀ ਗੁਝਲ਼ਦਾਰ ਹਨ। ਇਨ੍ਹਾਂ ਦਾ ਦਾਇਰਾ ਕੇਵਲ ਜੀਵ-ਜੰਤਾਂ ਦੇ ਸੁਭਾਅ ਤੱਕ ਸਿਮਟਿਆ ਹੋਇਆ ਨਹੀਂ। ਪੁਲਾੜ ’ਚ ਅਨੇਕਾਂ ਤਾਰੇ ਆਪਸ ’ਚ ਟਕਰਾਅ (ਖ਼ਤਮ ਹੋ) ਕੇ ਵੀ ਨਵਿਆਂ ਨੂੰ ਜਨਮ ਦੇ ਜਾਂਦੇ ਹਨ। ਸੰਨ 1998 ’ਚ ਤਿੰਨ ਅੰਤਰਰਾਸ਼ਟਰੀ ਖਗੋਲ ਵਿਗਿਆਨੀਆਂ (ਅਮਰੀਕਾ ਦੇ ਐਡਮ ਰਾਈਸ (Adam Riess)/ਸੌਲ ਪਰਲਮਟਰ (Saul Perlmutter) ਅਤੇ ਆਸਟਰੇਲੀਆਈ ਬ੍ਰਾਇਨ ਸ਼ਮਿਟ/Brian Schmidt) ਦੀ ਖੋਜ ’ਚ ਸਾਮ੍ਹਣੇ ਆਇਆ ਕਿ 13.8 ਅਰਬ ਸਾਲ ਪਹਿਲਾਂ ਹੋਏ ਵੱਡੇ ਧਮਾਕੇ (ਬਿਗ ਬੈਂਗ) ਤੋਂ ਬਾਅਦ 68.3% ਡਾਰਕ ਐਨਰਜੀ (Dark Energy); ਗਲੈਕਸੀਆਂ (Galaxies/ਤਾਰਿਆਂ ਦੇ ਝੁੰਡ) ਨੂੰ ਰੌਸ਼ਨੀ ਦੀ ਗਤੀ (2,99,792 ਕਿਲੋਮੀਟਰ ਪ੍ਰਤੀ ਸੈਕਿੰਡ) ਨਾਲ ਬਾਹਰ ਵੱਲ ਧੱਕਦੀ ਪਈ ਹੈ ਅਤੇ 26.8% ਡਾਰਕ ਮੈਟਰ (Dark Matter); ਇਸ ਤੋਂ ਉਲ਼ਟ ਤਾਰਿਆਂ ’ਚ ਆਪਸੀ ਦੂਰੀ ਵਧਣ ਨਹੀਂ ਦਿੰਦਾ। ਮਾਤਰ 4.9% ਤਾਰੇ ਹਨ, ਜੋ ਇਨ੍ਹਾਂ ਦੋਵੇਂ ਸ਼ਕਤੀਆਂ ਦੇ ਖਿੱਚ-ਖਿਚਾਅ ਕਾਰਨ ਤਣੇ ਪਏ ਹਨ ਭਾਵੇਂ ਕਈ ਆਪਣੇ ਆਪ ਚਮਕਦੇ ਹਨ, ਕੁਝ ਇਨ੍ਹਾਂ ਤੋਂ ਰੌਸ਼ਨੀ ਲੈ ਲੈਂਦੇ ਹਨ ਤੇ ਕਈ ਬਿਲਕੁਲ ਵੀ ਨਹੀਂ ਚਮਕਦੇ, ‘‘ਓਇ ਜੁ ਦੀਸਹਿ; ਅੰਬਰਿ (ਅਕਾਸ਼) ਤਾਰੇ ਕਿਨਿ ਓਇ ਚੀਤੇ (ਚਿੱਤਰੇ) ? ਚੀਤਨਹਾਰੇ ਕਹੁ ਰੇ ਪੰਡਿਤ ! ਅੰਬਰੁ, ਕਾ ਸਿਉ ਲਾਗਾ  ? ਬੂਝੈ; ਬੂਝਨਹਾਰੁ ਸਭਾਗਾ ਰਹਾਉ ਸੂਰਜ ਚੰਦੁ ਕਰਹਿ ਉਜੀਆਰਾ ਸਭ ਮਹਿ ਪਸਰਿਆ; ਬ੍ਰਹਮ ਪਸਾਰਾ ਕਹੁ ਕਬੀਰ ! ਜਾਨੈਗਾ ਸੋਇ ਹਿਰਦੈ ਰਾਮੁ; ਮੁਖਿ (’ ਵੀ) ਰਾਮੈ (ਹੀ) ਹੋਇ ’’ (ਭਗਤ ਕਬੀਰ ਜੀ/੩੨੯)

ਸੋ ਡਾਰਕ ਐਨਰਜੀ ਭਾਵੇਂ ਗਲੈਕਸੀਆਂ ਨੂੰ ਬਾਹਰ ਵੱਲ ਧੱਕਦੀ ਪਈ ਹੈ, ਪਰ ਡਾਰਕ ਮੈਟਰ ਆਪਣੇ ਗੁਰੁਤਾਕਰਸ਼ਨ ਬਲ (Gravity) ਨਾਲ ਸਭ ਨੂੰ ਅੰਦਰ (ਬਲੈਕ ਹੋਲ/Black hole) ਵੱਲ ਖਿੱਚਦਾ ਪਿਆ ਹੈ। ਇਨ੍ਹਾਂ ਦੋ ਆਪਾ-ਵਿਰੋਧੀ ਸ਼ਕਤੀਆਂ ਕਾਰਨ ਹੀ ਖਗੋਲ ਵਿਗਿਆਨੀ; ਇਸ ਸਚਾਈ ’ਤੇ ਆਮ ਰਾਇ ਨਹੀਂ ਬਣਾ ਪਾ ਰਹੇ ਕਿ ਬ੍ਰਹਿਮੰਡ; ਡਾਰਕ ਐਨਰਜੀ ਨਾਲ ਫੈਲਦਾ-ਫੈਲਦਾ ਨਸ਼ਟ ਹੋਏਗਾ ਜਾਂ ਡਾਰਕ ਮੈਟਰ ਕਾਰਨ ਬਲੈਕ ਹੋਲ ’ਚ ਸਮਾ ਕੇ ਖ਼ਤਮ ਹੋਣਾ ਹੈ।

ਨੋਟ: ਧਰਤੀ ’ਤੇ ਢਾਈ ਲੱਖ ਸਾਲ ਬਾਅਦ ਗੁਰੁਤਾਕਰਸ਼ਨ ’ਚ ਕੁੱਝ ਬਦਲਾਅ ਆਉਂਦਾ; ਵੇਖਿਆ ਗਿਆ ਹੈ।  ਹੋ ਸਕਦਾ ਹੈ ਕਿ ਇੱਕ ਦਿਨ ਡਾਰਕ ਮੈਟਰ; ਡਾਰਕ ਐਨਰਜੀ ਤੋਂ ਵਧੇਰੇ ਤਾਕਤਵਰ ਹੋ ਕੇ ਪੂਰੇ ਬ੍ਰਹਿਮੰਡ ਨੂੰ ਬਲੈਕ ਹੋਲ ’ਚ ਖਿੱਚ ਲਵੇ।

ਪੁਲਾੜ ’ਚ ਤਾਰੇ ਘੜੀ ਦੀਆਂ ਸੂਈਆਂ ਵਾਙ ਵੀ ਘੁੰਮਦੇ ਹਨ ਅਤੇ ਇਸ ਦੇ ਉਲ਼ਟ ਵੀ। ਸ਼ੁੱਕਰ (Venus); ਇਕਲੌਤਾ ਗ੍ਰਹਿ ਹੈ, ਜੋ ਆਪਣੇ ਸੂਰਜ ਪਰਵਾਰ ਦੇ ਵਿਪਰੀਤ ਗਤੀ ਕਰਦਾ ਪਿਆ ਹੈ। ਅਜਿਹੀਆਂ ਅਦਭੁਤ ਹਰਕਤਾਂ ਵੇਖ ਕੁਝ ਤਾਰਾ ਵਿਗਿਆਨੀਆਂ ਦਾ ਮੰਨਣਾ ਹੈ ਕਿ ਦੋ ਆਪਾ ਵਿਰੋਧੀ ਵੱਡੀਆਂ ਸ਼ਕਤੀਆਂ (ਡਾਰਕ ਮੈਟਰ/ਡਾਰਕ ਐਨਰਜੀ) ਆਪਣੇ ਆਪ ਹੀ ਪੈਦਾ ਨਹੀਂ ਹੋ ਸਕਦੀਆਂ। ਇਨ੍ਹਾਂ ਦਾ ਵੀ ਅਗਾਂਹ ਕੋਈ ਸਰੋਤ ਹੋਣਾ ਹੈ। ਗੁਰਬਾਣੀ; ਉਸੇ ਸਰੋਤ ਨੂੰ ‘ਨਿਰਾਕਾਰ, ਅਦ੍ਰਿਸ਼, ਸਦੀਵੀ ਸਥਿਰ, ਕਣ-ਕਣ ਵਿੱਚ ਵਿਆਪਕ, ਜੋਤ ਸਰੂਪ ੴ’ ਮੰਨਦੀ ਹੈ।

‘‘ਜੋ ਬ੍ਰਹਮੰਡੇ, ਸੋਈ ਪਿੰਡੇ; ਜੋ ਖੋਜੈ ਸੋ ਪਾਵੈ ’’ (ਭਗਤ ਪੀਪਾ ਜੀ/੬੯੫) ਭਾਵ ਪੁਲਾੜੀ ਨਿਯਮਾਂ ਵਾਙ ਧਰਤੀ ’ਤੇ ਵੀ ਆਪਾ ਵਿਰੋਧੀ ਨਿਯਮ ਹਨ। ਕਈ ਜਾਨਵਰਾਂ ਨੂੰ ਰੌਸ਼ਨੀ ’ਚ ਵਿਖਾਈ ਦਿੰਦਾ ਹੈ ਤੇ ਕੁਝ ਨੂੰ ਹਨ੍ਹੇਰੇ ’ਚ। ਕੁਝ ਪੌਦੇ ਸੂਰਜ ਦੀ ਰੌਸ਼ਨੀ ਨਾਲ ਕਾਰਬਨ ਡਾਇਆਕਸਾਇਡ ਨੂੰ ਆਕਸੀਜਨ ’ਚ ਬਦਲਦੇ ਹਨ, ਪਰ ਪਿੱਪਲ, ਨਿੰਮ, ਤੁਲਸੀ ਵਗ਼ੈਰਾ ਹਨ੍ਹੇਰੇ ’ਚ ਵੀ ਆਕਸੀਜਨ ਦਿੰਦੇ ਪਏ ਹਨ। ਔਰਤ; ਬੱਚੇ ਨੂੰ ਜਨਮ ਦਿੰਦੀ ਹੈ, ਪਰ ਸਮੁੰਦਰੀ ਘੋੜਾ (Sea Horse) ਇਕਲੌਤਾ ਬਾਪ ਹੈ, ਜੋ ਬੱਚੇ ਨੂੰ ਜਨਮ ਦਿੰਦਾ ਪਿਆ ਹੈ। ਲੱਕੜ ’ਚ ਦੋ ਵਿਰੋਧੀ ਤੱਤ (ਅੱਗ/ਪਾਣੀ) ਇੱਕ ਜਗ੍ਹਾ ਸ਼ਾਂਤ ਹਨ। ਦੋ ਵਿਰੋਧੀ ਤੱਤ; ਮਿੱਟੀ ਤੇ ਪਾਣੀ ਵੀ ਆਪਸ ’ਚ ਨਹੀਂ ਘੁਲ਼ਦੇ। ਗੁਰਬਾਣੀ ’ਚ ਇਹ ਸਚਾਈ ਇਉਂ ਦਰਜ ਹਨ, ‘‘ੲੰੀਧਨ ਤੇ ਬੈਸੰਤਰੁ ਭਾਗੈ ਮਾਟੀ ਕਉ; ਜਲੁ ਦਹ ਦਿਸ ਤਿਆਗੈ ’’ (ਮਹਲਾ /੯੦੦), ਚੰਦਨ; ਹਰ ਪੌਦੇ ਨੂੰ ਸੁਗੰਧਿਤ ਕਰ ਸਕਦਾ ਹੈ ਪਰ ਬਾਂਸ ਨੂੰ ਨਹੀਂ, ‘‘ਚੰਦਨ ਕੈ ਨਿਕਟੇ ਬਸੈ; ਬਾਂਸੁ ਸੁਗੰਧੁ ਹੋਇ ’’ (ਭਗਤ ਕਬੀਰ ਜੀ/੧੩੬੫), ਪੇੜ-ਪੌਦੇ ਅਤੇ ਜੀਵ-ਜੰਤ; ਆਪਾ ਵਿਰੋਧੀ ਗੈਸਾਂ (ਆਕਸੀਜਨ/ਕਾਰਬਨ ਡਾਈਆਕਸਾਇਡ) ਨੂੰ ਹੈਰਾਨੀਜਨਕ ਤਰੀਕੇ ਨਾਲ ਵਾਯੂ-ਮੰਡਲ (ਧਰਤੀ ਤੋਂ ਇੱਕ ਹਜ਼ਾਰ ਕਿਲੋਮੀਟਰ ਤੱਕ ਗੈਸ-ਪਰਤ) ’ਚੋਂ ਆਸਾਨੀ ਨਾਲ ਪ੍ਰਾਪਤ ਕਰਦੇ ਪਏ ਹਨ ਇਤਿਆਦਿਕ। ਗੁਰੂ ਨਾਨਕ ਜੀ ਨੇ ਅਜਿਹੇ ਪੇਚੀਦਾ ਕੁਦਰਤੀ ਵਿਧਾਨ ਨੂੰ ਵੇਖ ਅਚੰਭਿਤ ਹੁੰਦਿਆਂ ਵਚਨ ਉਚਾਰੇ ਹਨ, ‘‘ਵਿਸਮਾਦੁ ਨਾਦ; ਵਿਸਮਾਦੁ ਵੇਦ ਵਿਸਮਾਦੁ ਜੀਅ; ਵਿਸਮਾਦੁ ਭੇਦ ਵਿਸਮਾਦੁ ਰੂਪ; ਵਿਸਮਾਦੁ ਰੰਗ ਵਿਸਮਾਦੁ; ਨਾਗੇ ਫਿਰਹਿ ਜੰਤ .. ਵੇਖਿ (ਕੇ) ਵਿਡਾਣੁ; ਰਹਿਆ ਵਿਸਮਾਦੁ ਨਾਨਕ ! ਬੁਝਣੁ ਪੂਰੈ ਭਾਗਿ (ਨਾਲ)’’ (ਆਸਾ ਕੀ ਵਾਰ/ਮਹਲਾ /੪੬੪)

ਉਕਤ ਵਾਕ ’ਚ ਗੁਰੂ ਨਾਨਕ ਜੀ ਦਾ ਮੰਨਣਾ ਹੈ ‘‘ਵਿਸਮਾਦੁ; ਨਾਗੇ ਫਿਰਹਿ ਜੰਤ ’’; ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੌਣ ਹੈ ਜੋ ਜੀਵ-ਜੰਤਾਂ ਨੂੰ ਨੰਗਿਆਂ ਵੇਖ ਹੈਰਾਨ ਹੁੰਦਾ ਪਿਆ ਹੈ ? ਜਵਾਬ: ਕੋਈ ਨਹੀਂ। ਮਨੁੱਖ ਨੂੰ ਨੰਗਾ ਵੇਖ ਕੇ ਵੀ ਕੋਈ ਵਿਸਮਾਦੀ ਨਹੀਂ ਹੁੰਦਾ। ਸ਼ਰਮ ਆਉਣੀ ਅਤੇ ਵਿਸਮਾਦੀ ਹੋਣਾ; ਭਿੰਨ-ਭਿੰਨ ਅਹਿਸਾਸ ਹੈ। ਇੱਥੇ ਵਿਸ਼ਾ ਹੈਰਾਨਗੀ ਹੈ, ਨਾ ਕਿ ਸ਼ਰਮਿੰਦਗੀ। ਫਿਰ ਗੁਰੂ ਜੀ ਕਿਉਂ ਕਹਿ ਰਹੇ ਹਨ ‘‘ਵਿਸਮਾਦੁ; ਨਾਗੇ ਫਿਰਹਿ ਜੰਤ ’’ ?

ਦਰਅਸਲ ਬਸਤਰਧਾਰੀ ਅਤੇ ਨੰਗੇਜ; ਦੋ ਆਪਾ-ਵਿਰੋਧੀ ਕੁਦਰਤੀ ਵਿਧਾਨ ਹਨ, ਜਿੱਥੋਂ ਵਿਸਮਾਦ ਨੇ ਪੈਦਾ ਹੋਣਾ ਹੈ ਭਾਵੇਂ ਕਿ ਵਿਸਮਾਦੁ; ਬਸਤਰ ਪਹਿਰਹਿ ਜੰਤ ਤੁਕ ਗੁਰਬਾਣੀ ’ਚ ਇੱਥੇ ਸ਼ਾਮਲ ਨਹੀਂ, ਪਰ ਇਸ ਨੂੰ ਨਜ਼ਰ-ਅੰਦਾਜ਼ ਕਰ ‘‘ਵਿਸਮਾਦੁ; ਨਾਗੇ ਫਿਰਹਿ ਜੰਤ ’’ ਵਾਕ ਦਾ ਭਾਵਾਰਥ ਵੀ ਸਪਸ਼ਟ ਨਹੀਂ ਹੁੰਦਾ। ਜਿਵੇਂ ਨੰਗੇ ਜੀਵ-ਜੰਤਾਂ ਨੂੰ ਵੇਖ ਆਮ ਬੰਦਾ ਵਿਸਮਾਦਿਤ ਨਹੀਂ ਹੁੰਦਾ; ਓਵੇਂ ਹੀ ਕੁਦਰਤ ਦੀ ਬਾਹਰੀ ਦਿੱਖ ਨੂੰ ਵੇਖ ਸੈਲਾਨੀ (ਕਾਦਰ ਦੇ ਸੱਚੇ ਭਗਤਾਂ ਵਾਙ) ਵਿਸਮਾਦਿਤ ਨਹੀਂ ਹੋ ਸਕਦਾ ਕਿਉਂਕਿ ਇਨ੍ਹਾਂ ਦੀ ਸੋਚ; ਕੁਦਰਤ ਦੇ ਬਹੁਤੇ ਗਹਿਰੇ ਰਾਜ਼ ਨੂੰ ਪਕੜਨਯੋਗ ਨਹੀਂ ਹੁੰਦੀ। ਇਹ ਵੀ ਚੰਗੇ ਨਸੀਬ ਨਾਲ ਪਕੜ ’ਚ ਆਉਂਦਾ ਹੈ, ਜਿਸ ਨੂੰ ਸਮਝ ਆ ਗਿਆ, ਉਹ ਪੁਕਾਰ ਉੱਠਦਾ ਹੈ, ‘‘ਬਲਿਹਾਰੀ; ਕੁਦਰਤਿ ਵਸਿਆ ! ਤੇਰਾ ਅੰਤੁ; ਜਾਈ ਲਖਿਆ ਰਹਾਉ ’’ (ਮਹਲਾ /੪੬੯) ਭਾਵ ‘ਹੇ ਕੁਦਰਤ ’ਚ ਵੱਸ ਰਹੇ ਰਚਨਹਾਰ !  ਤੇਰਾ ਅੰਤ, ਸਮਝਿਆ ਨਹੀਂ ਜਾ ਸਕਦਾ, ਪਾਇਆ ਨਹੀਂ ਜਾ ਸਕਦਾ; ਮੈਂ ਤੈਥੋਂ ਕੁਰਬਾਨ ਹਾਂ, ਸਦਕੇ ਹਾਂ।’ ਅਜਿਹਾ ਸਦਕੇ; ਵਕੀਲ ਆਪਣੇ ਸਿਲੇਬਸ ਤੋਂ ਜਾਂ ਸੈਲਾਨੀ, ਕੁਦਰਤ ਤੋਂ; ਬਿਲਕੁਲ ਨਹੀਂ ਹੋ ਸਕਦਾ ਕਿਉਂਕਿ ਇਹ ਭਾਵਨਾ; ਕੁਦਰਤ ਦੀ ਗੁੰਝਲ਼ਤਾ ਨੂੰ ਸਮਝਦਿਆਂ-ਸਮਝਦਿਆਂ, ਉਸ ਦੇ ਮੁਕਾਬਲੇ ਆਪਣੀ ਹੋਈ ਹਾਰ ’ਚੋਂ ਪ੍ਰਗਟ ਹੋਈ ਹੁੰਦੀ ਹੈ। ਦੂਜੇ ਪਾਸੇ ਅਹੰਕਾਰ ਹੈ, ਜੋ ਨਾ ਨਿਵਦਾ ਹੈ, ਨਾ ਕਦੇ ਹਾਰ ਮੰਨਦਾ ਹੈ। ਇਹ; ਕਿਸੇ ਤੋਂ ਬਲਿਹਾਰ ਕਿਵੇਂ ਹੋਏਗਾ ਭਾਵੇਂ ਕਿ ਕੁਦਰਤ ਹੀ ਹੋਵੇ ? ਜੇ ਜ਼ਬਾਨੀ-ਜ਼ਬਾਨੀ ਬਲਿਹਾਰ ਹੋਣ ਦਾ ਕੋਈ ਦਾਹਵਾ ਕਰਦਾ ਪਿਆ ਹੈ ਤਾਂ ਉਹ ਦਾਹਵਾ ਵੀ ਸੈਲਾਨੀ ਦੇ ਮਨੋਰੰਜਨ ਵਰਗਾ ਹੀ ਹੈ।

ਗੁਰੂ ਨਾਨਕ ਸਾਹਿਬ ਜੀ; ‘ਜਪੁ’ ਬਾਣੀ ਦੀ 16ਵੀਂ ਪਉੜੀ ‘‘ਪੰਚ ਪਰਵਾਣ; ਪੰਚ ਪਰਧਾਨੁ ੧੬’’ ਤੋਂ ਲੈ ਕੇ 19ਵੀਂ ਪਉੜੀ ‘‘ਅਸੰਖ ਨਾਵ; ਅਸੰਖ ਥਾਵ ੧੯’’  ਤੱਕ; ਕਾਦਰ ਨਾਲ ਸੰਵਾਦ ਕਰਦਿਆਂ ਉਨ੍ਹਾਂ ਦੁਆਰਾ ਕੁਦਰਤ ਨੂੰ ਸਿਰਜਣ ਦੇ ਤੌਰ ਤਰੀਕੇ ਅਤੇ ਮਨੁੱਖੀ ਸੁਭਾਅ; ਦੋਵਾਂ ਦੀ ਮਿਸਾਲ ਵਜੋਂ ਟੇਕ ਲੈਂਦੇ ਹਨ, ਪਰ ਮਤਾਂ ਕਿਤੇ ਆਪਣੇ ਅੰਦਰ ਹੀ ਅਹੰਕਾਰ ਆ ਜਾਵੇ ਕਿ ਮੈਂ ਰੱਬ ਦੀ ਵਿਸ਼ਾਲਤਾ ਦਾ ਅੰਤ ਪਾ ਲਿਆ, ਇਸ ਲਈ ਹਰ ਪਉੜੀ ਦੀ ਸਮਾਪਤੀ ’ਚ ਆਪਣੀ ਤੁੱਛਤਾ ਇਉਂ ਪ੍ਰਗਟਾਉਂਦੇ ਹਨ, ‘‘ਕੁਦਰਤਿ ਕਵਣ; ਕਹਾ ਵੀਚਾਰੁ ਵਾਰਿਆ ਜਾਵਾ; ਏਕ ਵਾਰ ’’ ਭਾਵ ਹੇ ਨਿਰਾਕਾਰ ! ਮੇਰੀ ਕੀ ਸਮਰੱਥਾ ਹੈ ਕਿ ਤੇਰੀ ਸੰਪੂਰਨ ਰਚਨਾ ਨੂੰ ਵਰਣਨ ਕਰ ਸਕਾਂ। ਮੈਂ ਤਾਂ ਇਕ ਵਾਰ ਵੀ ਤੈਥੋਂ ਕੁਰਬਾਨ ਨਹੀਂ ਹੋ ਸਕਦਾ, ਸਦਕੇ ਨਹੀਂ ਹੋ ਸਕਦਾ।

ਨੋਟ : ਉਕਤ ਚਾਰੇ ਪਉੜੀਆਂ ’ਚ ਭਾਵੇਂ ਕੁਦਰਤ ਅਤੇ ਮਨੁੱਖੀ ਸੋਚ ਦੀ ਟੇਕ ਲਈ ਗਈ ਹੈ ਪਰ ‘ਸਦਕੇ, ਕੁਰਬਾਨ ਜਾਂ ਬਲਿਹਾਰ’; ਕਾਦਰ ਤੋਂ ਹੀ ਹੋਇਆ ਗਿਆ ਹੈ। ਕੁਦਰਤ ਨੂੰ ਕੇਵਲ ਇਉਂ ਹੀ ਵਰਤਿਆ ਹੈ, ‘‘ਬਿਸਮੁ ਭਏ ਬਿਸਮਾਦ; ਦੇਖਿ (ਕੇ) ਕੁਦਰਤਿ ਤੇਰੀਆ ’’ (ਮਹਲਾ /੫੨੧)  ਭਾਵ ਹੇ ਕਾਦਰ ! ਤੇਰੀ ਰਚੀ ਕੁਦਰਤ ਨੂੰ ਵੇਖ ਕੇ (ਅਸੀਂ) ਵਿਸਮਾਦਿਤ ਹੋ ਗਏ ਹਾਂ। ਹੁਣ ‘ਕੁਰਬਾਨ ਹੋਣਾ, ਸਦਕੇ ਜਾਣਾ, ਬਲਿਹਾਰੀ ਜਾਣਾ, ਵਾਰਿਆ ਜਾਣਾ’ ਕੀ ਹੈ ? ਕੀ ਬੰਦਾ ਆਪਣੇ ਸਰੀਰ ਨੂੰ ਕਟਵਾ ਲੈਂਦਾ ਹੈ ? ਜਵਾਬ: ਨਹੀਂ। ਆਪਾ ਨਿਛਾਵਰ ਕਰਨਾ ਜਾਂ ਆਪਣੀ ਹਾਰ ਮੰਨ ਲੈਣੀ ਹੀ ‘ਸਦਕੇ ਜਾਣਾ, ਕੁਰਬਾਨ ਹੋਣਾ’ ਹੁੰਦਾ ਹੈ।

‘‘ਬਲਿਹਾਰੀ; ਕੁਦਰਤਿ ਵਸਿਆ !’’ ਤੁਕ ਦੇ ਭਿੰਨ-ਭਿੰਨ ਦੋ ਤਰ੍ਹਾਂ ਦੇ ਅਰਥ ਕਰਨ ਨਾਲ ਇਹ ਰਾਜ਼ ਹੋਰ ਵੀ ਸਪਸ਼ਟ ਹੋ ਸਕਦਾ ਹੈ :

(ਅਰਥ 1). ਹੇ ਕੁਦਰਤ ’ਚ ਵੱਸ ਰਹੇ ਕਾਦਰ !  ਮੈਂ ਤੈਥੋਂ ਬਲਿਹਾਰ ਹਾਂ (ਭਾਵ ਤੇਰੀ ਗੁੰਝਲ਼ਦਾਰ ਨਿਯਮਾਵਲੀ ਨੂੰ ਮੈਂ ਸਮਝਣ ਤੋਂ ਅਸਮਰੱਥ ਹਾਂ)।

(ਅਰਥ 2). ਮੈਂ ਕੁਦਰਤ ਤੋਂ ਬਲਿਹਾਰ ਜਾਂਦਾ ਹਾਂ।

ਵਿਚਾਰ : ਉਕਤ ਨੰਬਰ (1). ਵਾਲੇ ਅਰਥਾਂ ’ਚ ਕੁਦਰਤ ਦੇ ਨਿਯਮਾਂ ’ਚ ਵਿਰੋਧਾਭਾਸ ਪਛਾਣ ਕੇ ਆਪਣੇ ਆਪ ਹਾਰ ਮੰਨੀ ਗਈ ਹੈ ਜਦਕਿ ਨੰਬਰ (2). ਵਾਲੇ ਅਰਥਾਂ ’ਚ ਗੁਰਮਤਿ ਦ੍ਰਿਸ਼ਟੀਕੋਣ ਤੋਂ ਤਿੰਨ ਗ਼ਲਤੀਆਂ ਹਨ :

(ੳ). ‘ਵਸਿਆ’ ਸ਼ਬਦ ਦੇ ਅਰਥ ਨੂੰ ਅਣਗੌਲ਼ਿਆ ਕਰ ਦਿੱਤਾ ਗਿਆ ਹੈ। ਕੌਣ ਵਸਿਆ ? ਉਨ੍ਹਾਂ ਨੂੰ ਸਮਝਣ ਲਈ ਹੀ ਤਾਂ ਇਹ ਪਾਵਨ ਵਚਨ ਰਚੇ ਗਏ ਹਨ। ਗੁਰੂ ਨਾਨਕ ਜੀ ਹੀ ਆਪਣੀ ਬਾਣੀ ’ਚ ਇੱਕ ਹੋਰ ਥਾਂ ‘ਵਸਿਆ’ ਦੇ ਅਰਥ ਸਪਸ਼ਟ ਕਰਦੇ ਪਏ ਹਨ, ‘‘ਕੁਦਰਤਿ ਕਰਿ ਕੈ; ਵਸਿਆ ਸੋਇ ॥’’ (ਮਹਲਾ ੧/੮੩) ‘ਸੋਇ’ ਭਾਵ ਉਹ (ਕਾਦਰ/ਇੱਕ ਵਚਨ ਪੁਲਿੰਗ, ਨਾ ਕਿ ਇਸਤਰੀ ਲਿੰਗ ‘ਕੁਦਰਤਿ’)।

(ਅ). ਕੁਦਰਤ ਦੇ ਰਚੇਤਾ ਦੀ ਬਜਾਇ ਕੁਦਰਤ ਤੋਂ ਹੀ ਬਲਿਹਾਰ ਹੋਣਾ ਗ਼ਲਤ ਹੈ। ਇਹ; ਕੁਦਰਤ ਨੂੰ ਪੂਜਣ ਵਾਲਿਆਂ ਵਾਙ ਕੁਦਰਤ ਤੋਂ ਪ੍ਰਭਾਵਤ ਹੋਣਾ ਹੀ ਹੈ। ਗੁਰਬਾਣੀ; ਮਨੁੱਖ ਦੀ ਸੁਰਤਿ ਨੂੰ ਕੁਦਰਤ ਨਾਲੋਂ ਤੋੜ ਕੇ ਕਾਦਰ ਨਾਲ ਜੋੜਦੀ ਹੈ। ਕੁਦਰਤ; ਇੱਕ ਚਿੱਤਰਕਾਰੀ ਹੈ, ਫੋਟੋ ਹੈ। ਇਸ ਨੂੰ ਬਣਾਉਣ ਵਾਲਾ ਚਿੱਤਰਕਾਰ ਹੈ, ਨਾ ਕਿ ਚਿੱਤਰਕਾਰੀ ਕਰਨ ਦਾ ਢੰਗ ਜਾਂ ਕਲਾ। ਕੁਦਰਤ ਦੇ ਢੰਗ, ਕਲਾ ਜਾਂ ਨਿਯਮ ਨੂੰ ਕੁਦਰਤ ਦਾ ਕਰਤਾ ਮੰਨਣਾ; ਭਾਰੀ ਕੁਤਾਹੀ ਹੈ ‘‘ਚਚਾ; ਰਚਿਤ ਚਿਤ੍ਰ ਹੈ ਭਾਰੀ ਤਜਿ (ਕੇ) ਚਿਤ੍ਰੈ; ਚੇਤਹੁ ਚਿਤਕਾਰੀ ਚਿਤ੍ਰ ਬਚਿਤ੍ਰ ਇਹੈ ਅਵਝੇਰਾ ਤਜਿ ਚਿਤ੍ਰੈ; ਚਿਤੁ ਰਾਖਿ ਚਿਤੇਰਾ ’’ (ਬਾਵਨ ਅਖਰੀ/ਭਗਤ ਕਬੀਰ ਜੀ/੩੪੦) ਭਾਵ ‘ਚ’ ਅੱਖਰ ਰਾਹੀਂ ਉਪਦੇਸ਼ ਹੈ ਕਿ (ਕਾਦਰ ਦੁਆਰਾ) ਰਚਿਆ ਜਗਤ (ਭਾਵੇਂ) ਵਿਸ਼ਾਲ ਚਿੱਤਰਕਾਰੀ ਹੈ, ਪਰ ਇਸ ਚਿੱਤਰਕਾਰੀ ਨੂੰ ਛੱਡ ਕੇ ਚਿੱਤਰਕਾਰ (ਸਿਰਜਣਹਾਰ) ਨੂੰ ਚੇਤੇ ਕਰੋ। ਇਹ ਚਿੱਤਰਕਾਰੀ; ਬੜੀ ਝੰਬੇਲ਼ੇਦਾਰ ਹੈ, ਉਲ਼ਝਾਉਣ ਵਾਲੀ ਹੈ (ਕਾਦਰ ਅਤੇ ਮਨੁੱਖ ਵਿਚਕਾਰ; ਪਰਦਾ ਹੈ ਤਾਂ ਤੇ ਇਸ) ਚਿੱਤਰ ਨੂੰ ਛੱਡ ਕੇ ਚਿੱਤਰਕਾਰ (ਕਾਦਰ) ਨਾਲ ਚਿੱਤ ਜੋੜੋ।)

ਗੁਰਬਾਣੀ; ਕੁਦਰਤ ਨੂੰ ਟਹਿਣੀਆਂ ਮੰਨਦੀ ਹੈ ਅਤੇ ਕਾਦਰ ਨੂੰ ਦਰਖ਼ਤ ਜਾਂ ਇਸ ਦਾ ਮੂਲ ਭਾਵ ਜੜ੍ਹ; ਜਿਵੇਂ ਬੀਜ ਤੋਂ ਬੋਹੜ ਬਣਿਆ; ਇਉਂ ਹੀ ਕਾਦਰ ਤੋਂ ਕੁਦਰਤ ਬਣੀ ਹੈ, ‘‘ਤੂੰ ਪੇਡੁ; ਸਾਖ ਤੇਰੀ ਫੂਲੀ   ਤੂੰ ਸੂਖਮੁ; ਹੋਆ ਅਸਥੂਲੀ ’’ (ਮਹਲਾ /੧੦੨) ਭਾਵ ਹੇ ਪਭੂ ! ਤੂੰ ਦਰਖ਼ਤ ਹੈਂ ਅਤੇ ਟਹਿਣੀਆਂ ਵਜੋਂ ਤੇਰੀ ਕੁਦਰਤ ਪੁੰਗਰੀ-ਫੁੱਟੀ ਹੈ। ਤੂੰ ਸੂਖਮ-ਅਦ੍ਰਿਸ਼ ਜੜ੍ਹ ਹੈਂ, ਜਿਸ ਤੋਂ ਦ੍ਰਿਸ਼ਟਮਾਨ ਵੱਡਾ-ਆਕਾਰ ਬਣਿਆ ਹੈ। ਗੁਰੂ ਨਾਨਕ ਜੀ ਦੇ ਵਚਨ ਹਨ ਕਿ ਜੋ ਮੂਲ (ਜੜ੍ਹ) ਨੂੰ ਛੱਡ ਕੇ ਟਹਿਣੀਆਂ ਨਾਲ ਜੁੜੇ ਹਨ, ਟਹਿਣੀਆਂ ਤੋਂ ਪ੍ਰਭਾਵਤ ਹਨ ਉਹ ਕੀ ਸੁਆਹ ਪਾਉਣਗੇ ?, ‘‘ਮੂਲੁ ਛੋਡਿ, ਡਾਲੀ ਲਗੇ; ਕਿਆ ਪਾਵਹਿ ਛਾਈ ’’ (ਮਹਲਾ /੪੨੦)  ਸੋ ਕੁਦਰਤਿ ਨਾਲ ਜੁੜਨਾ, ਕੁਦਰਤਿ ਤੋਂ ਪ੍ਰਭਾਵਤ ਹੋਣਾ; ਸੁਆਹ ਪਾਉਣਾ ਹੈ, ਫ਼ਜ਼ੂਲ ਪਾਣੀ ਰਿੜਕਣਾ ਹੈ।

ਜੇ ਸਾਫ਼ ਪਾਣੀ ਨੂੰ ਕਾਦਰ ਅਤੇ ਪਾਣੀ ਦੇ ਗੰਧਲ਼ੇਪਣ ਨੂੰ ਕੁਦਰਤ ਮੰਨੀਏ ਤਦੋਂ ਸਰੋਤ ਤਾਂ ਸਾਫ਼ ਪਾਣੀ (ਕਾਦਰ) ਹੀ ਹੋਵੇਗਾ। ਕਿਸੇ ਲੰਬੀ ਰਚਨਾ ’ਚ ਲਿਖਾਰੀ ਜਦ ਆਪਣੇ ਮਾਲਕ ਨੂੰ ਯਾਦ ਕਰ ਵਿਸ਼ਾ ਆਰੰਭ ਕਰਦਾ ਹੈ ਤਾਂ ਆਰੰਭਕ ਭੂਮਿਕਾ; ਮੰਗਲਾਚਰਨ ਅਖਵਾਉਂਦੀ ਹੈ। ਆਸਾ ਕੀ ਵਾਰ ਦੀ ਪਹਿਲੀ ਪਉੜੀ ਮੰਗਲਾਚਰਨ ਵਜੋਂ ਹੈ ਤਾਹੀਓਂ ਇਸ ਵਿੱਚ ਕਾਦਰ ਨੂੰ ਪਹਿਲਾ ਅਤੇ ਕੁਦਰਤ ਨੂੰ ‘ਦੁਯੀ ਕੁਦਰਤਿ’ ਭਾਵ ਦੂਜਾ ਖ਼ਿਤਾਬ ਦਿੱਤਾ ਗਿਆ ਹੈ :

ਆਪੀਨ੍ੈ ਆਪੁ ਸਾਜਿਓ; ਆਪੀਨ੍ੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ; ਕਰਿ ਆਸਣੁ ਡਿਠੋ ਚਾਉ ॥

ਦਾਤਾ ਕਰਤਾ ਆਪਿ ਤੂੰ; ਤੁਸਿ ਦੇਵਹਿ, ਕਰਹਿ ਪਸਾਉ ॥ ਤੂੰ ਜਾਣੋਈ ਸਭਸੈ; ਦੇ ਲੈਸਹਿ ਜਿੰਦੁ, ਕਵਾਉ ॥

ਕਰਿ ਆਸਣੁ; ਡਿਠੋ ਚਾਉ ॥੧॥’’ (ਆਸਾ ਕੀ ਵਾਰ/ਮਹਲਾ ੧/੪੬੩)

ਅਰਥ: ਆਪ (ਕਾਦਰ) ਨੇ ਆਪਣੇ ਆਪ ਨੂੰ ਰਚਿਆ (ਭਾਵ ਸਾਫ਼ ਪਾਣੀ ਆਪ ਬਣਿਆ), ਆਪ ਨੇ ਹੀ ਆਪਣੇ ਗੁਣ ਪੈਦਾ ਕੀਤੇ (ਭਾਵ ਕਾਦਰ; ਗੁਣਾਂ ਭਰਪੂਰ ਹੈ)। ਦੂਸਰੀ ਕੁਦਰਤ ਬਣਾਈ (ਭਾਵ ਫਿਰ ਪਾਣੀ ’ਤੇ ਗੰਧਲ਼ਾਪਣ ਬਣਾਇਆ, ਜਿਸ ਅੰਦਰ ਕਾਦਰ; ਸਾਫ਼ ਪਾਣੀ ਵਜੋਂ ਆਪਣਾ) ਨਿਵਾਸ ਰੱਖ ਕੇ (ਆਪ) ਨਜ਼ਾਰਾ ਵੇਖ ਰਿਹਾ ਹੈ (ਭਾਵ ਗੰਧਲ਼ੇਪਣ ਨੂੰ ਦੁੱਖ-ਸੁੱਖ ਭੋਗਦੇ ਵੇਖ ਰਿਹਾ ਹੈ। ਹੇ ਕਾਦਰ !) ਤੂੰ ਆਪ ਹੀ (ਸਭ ਕੁੱਝ) ਦੇਣ ਵਾਲਾ (ਦਾਤਾ) ਤੇ ਪੈਦਾ ਕਰਨ ਵਾਲਾ (ਕਰਤਾ) ਹੈਂ। (ਆਪ ਹੀ) ਪ੍ਰਸੰਨ ਹੋ ਕੇ ਮਿਹਰ ਕਰਦਾ ਹੈਂ। (ਆਪਣਾ) ਹੁਕਮ ਚਲਾਉਂਦਾ ਹੈਂ। ਤੂੰ ਸਭ ਦੇ ਦਿਲ ਦੀ ਜਾਣਨਹਾਰ ਹੈਂ। (ਆਪਣੇ) ਹੁਕਮ ਮੁਤਾਬਕ (ਪਹਿਲਾਂ ਇੱਕ ਸਰੀਰ ਨੂੰ) ਜਿੰਦ ਦੇ ਕੇ (ਮੁੜ) ਲੈ ਲੈਂਦਾ ਹੈਂ (ਭਾਵ ਜਨਮ ਦੇ ਕੇ ਮਾਰਦਾ ਭੀ ਹੈਂ, ਸਾਰਿਆਂ ’ਚ) ਸਿੰਘਾਸਣ ਬਣਾ ਕੇ (ਹਰ) ਕੌਤਕ ਵੇਖ ਰਿਹਾ ਹੈਂ (ਭਾਵ ਤਖ਼ਤ ’ਤੇ ਬੈਠ ਹੁਕਮ ਵੀ ਕਰਦਾ ਹੈਂ ਤੇ ਉਸ ਮੁਤਾਬਕ ਸਭ ਨੂੰ ਚਲਦਿਆਂ ਵੀ ਵੇਖ ਰਿਹਾ ਹੈਂ)।

(ੲ). ਨੰਬਰ (2). ਵਾਲੇ ਅਰਥਾਂ ’ਚ ਕੁਦਰਤ ਦਾ ਗਹਿਰਾ ਰਾਜ਼ ਵਾਚਣਯੋਗ ਦ੍ਰਿਸ਼ਟੀ ਨਾ ਬਣ ਸਕੀ ਤਾਂ ਜੋ ਇਸ ਦੇ ਰਚੇਤਾ ਦੀ ਕਲਾ ਦੇ ਸਾਮ੍ਹਣੇ ਆਪਣੀ ਹਾਰ ਹੁੰਦੀ, ਵੇਖ ਸਕਦਾ। ਬਲਿਹਾਰ ਜਾਣ ਵਾਸਤੇ ਆਪਾ ਨਿਛਾਵਰ ਕਰਨਾ ਭਾਵ ਅਹੰਕਾਰ ਦੀ ਮੌਤ; ਮੁੱਢਲੀ ਸ਼ਰਤ ਹੈ। ਇੱਥੋਂ ਹੀ ਕਾਦਰ ਦੀ ਹੋਂਦ ’ਤੇ ਬਣੀ ਸ਼ਰਧਾ ਨੇ ਯਕੀਨ ’ਚ ਤਬਦੀਲ ਹੋਣਾ ਸੀ।

ਸੋ ‘‘ਬਲਿਹਾਰੀ; ਕੁਦਰਤਿ ਵਸਿਆ !’’ ਤੁਕ ਦੇ ਉਕਤ (2). ਵਾਲੇ ਅਰਥ ‘ਮੈਂ ਕੁਦਰਤ ਤੋਂ ਬਲਿਹਾਰ ਜਾਂਦਾ ਹਾਂ’; ਗੁਰਮਤਿ ਵਿਰੋਧੀ ਹਨ, ਸੈਲਾਨੀ ਦੀ ਸੋਚ ਨੂੰ ਪਰਣਾਇ ਹੋਣ ਕਾਰਨ‘‘ਨਚਣੁ ਕੁਦਣੁ ਮਨ ਕਾ ਚਾਉ ’’ (ਮਹਲਾ /੪੬੫) ਵਾਙ ਕੁਦਰਤਿ ’ਚੋਂ ਮਨ ਪਰਚਾਵਾ ਹੀ ਕਰਵਾਉਂਦੇ ਹਨ, ਨਾ ਕਿ ਕਾਦਰ ਦੇ ਆਸ਼ਕ ਵਾਲਾ ਅਹਿਸਾਸ (ਹੇ ਕੁਦਰਤ ’ਚ ਵੱਸ ਰਹੇ ਕਾਦਰ ! ਮੈਂ ਤੈਥੋਂ ਬਲਿਹਾਰ ਹਾਂ।) ਕਰਵਾਉਂਦੇ ਹਨ। ਜਿੱਥੇ ਰੱਬੀ ਆਸ਼ਕ ਇਨ੍ਹਾਂ ਪਾਵਨ ਵਚਨਾਂ ਰਾਹੀਂ ਆਪਾ ਨਿਛਾਵਰ ਕਰਦਿਆਂ ਅਹੰਕਾਰ ਮੁਕਤ ਹੋ ਜਾਂਦਾ ਹੈ; ਓਥੇ ਸੈਲਾਨੀ ਸੋਚ ਵਾਲੇ ਸਿੱਖ, ਅਹੰਕਾਰ ਤੋਂ ਮੁਕਤ ਨਹੀਂ ਹੋ ਸਕਦੇ ਭਾਵੇਂ ਕਿ ‘‘ਬਲਿਹਾਰੀ; ਕੁਦਰਤਿ ਵਸਿਆ !’’ ਵਾਲੇ ਪਾਵਨ ਵਚਨ; ਅਹੰਕਾਰ ਦੀ ਮੁਕਤੀ ਲਈ ਹੀ ਉਚਾਰੀ ਗਈ ‘ਆਸਾ ਕੀ ਵਾਰ’ ਦੀ 12ਵੀਂ ਪਉੜੀ ਦਾ ਸਾਰੰਸ਼ ਹਨ, ਓਥੇ ਅਹੰਕਾਰ ਹਾਰਦਾ ਵਿਖਾਇਆ ਗਿਆ ਹੈ; ਜਿਵੇ ਕਿ

ਪੜਿਆ ਹੋਵੈ ਗੁਨਹਗਾਰੁ; ਤਾ ਓਮੀ ਸਾਧੁ ਮਾਰੀਐ ਜੇਹਾ ਘਾਲੇ ਘਾਲਣਾ; ਤੇਵੇਹੋ ਨਾਉ ਪਚਾਰੀਐ

ਐਸੀ ਕਲਾ ਖੇਡੀਐ; ਜਿਤੁ ਦਰਗਹ ਗਇਆ ਹਾਰੀਐ ਪੜਿਆ ਅਤੈ ਓਮੀਆ; ਵੀਚਾਰੁ ਅਗੈ ਵੀਚਾਰੀਐ

ਮੁਹਿ ਚਲੈ; ਸੁ ਅਗੈ ਮਾਰੀਐ ੧੨

ਅਰਥ: ਜੇ ਅਕਲ ਵਾਲਾ ਦੋਸ਼ੀ ਹੈ ਤਾਂ ਨਾਸਮਝ ਨੂੰ ਸਜ਼ਾ ਨਹੀਂ ਮਿਲਦੀ। ਜਿਹੋ ਜਿਹਾ ਕੋਈ ਕੰਮ ਕਰੇਗਾ ਓਹੋ ਜਿਹਾ ਨਾਮ ਉਘੜਦਾ ਹੈ। ਅਜਿਹੀ ਖੇਡ ਨਹੀਂ ਖੇਡਣੀ ਚਾਹੀਦੀ, ਜਿਸ ਨਾਲ ਦਰਗਾਹ ’ਚ ਹਾਰਨਾ ਪਵੇ ਕਿਉਂਕਿ ਸਿਆਣੇ ਅਤੇ ਮੂਰਖ ਦੀ ਓਥੇ ਹੀ ਪਰਖ ਹੋਣੀ ਹੈ। (ਜਿਸ ਦਾ ਇੱਥੇ ਨਿਰਾ) ਮੂੰਹ ਚੱਲਦਾ ਹੈ, ਉਹ (ਅਵੱਸ਼ ਹੀ) ਅਗਾਂਹ ਹਾਰਦਾ ਹੈ॥੧੨॥

ਇਸ ਪਉੜੀ ਨਾਲ 5 ਸਲੋਕ ਦਰਜ ਹਨ, ਜਿਨ੍ਹਾਂ ’ਚੋਂ ਪਹਿਲੇ 2 ਸਲੋਕ; ਗੁਰੂ ਨਾਨਕ ਜੀ ਦੇ ਹਨ। ਇਨ੍ਹਾਂ ਵਿਚਕਾਰ ਹੀ ‘‘ਬਲਿਹਾਰੀ; ਕੁਦਰਤਿ ਵਸਿਆ ! ਤੇਰਾ ਅੰਤੁ; ਜਾਈ ਲਖਿਆ ਰਹਾਉ ’’ ਪੰਕਤੀ ਵਿਸ਼ੇ ਦੇ ਸਾਰੰਸ਼ ਵਜੋਂ ਦਰਜ ਹੈ। ਅਗਾਂਹ ਤੀਜਾ ਅਤੇ ਚੌਥਾ ਸਲੋਕ ਗੁਰੂ ਅੰਗਦ ਦੇਵ ਜੀ ਦਾ ਹੈ ਜਦਕਿ ਅੰਤਮ ਪੰਜਵਾਂ ਸਲੋਕ ਫਿਰ ਗੁਰੂ ਨਾਨਕ ਜੀ ਹੈ।  ਪਉੜੀ ਦੇ ਵਿਸ਼ੇ ਮੁਤਾਬਕ ਹੀ ਪਉੜੀ ਨਾਲ ਸਲੋਕ ਦਰਜ ਹੁੰਦੇ ਹਨ। ਗੁਰੂ ਨਾਨਕ ਜੀ ਦੇ ਪਹਿਲੇ 2 ਸਲੋਕ ਹਨ :

ਸਲੋਕੁ ਮਹਲਾ ਦੁਖੁ ਦਾਰੂ, ਸੁਖੁ ਰੋਗੁ ਭਇਆ; ਜਾ ਸੁਖੁ, ਤਾਮਿ ਹੋਈ

ਤੂੰ ਕਰਤਾ ਕਰਣਾ, ਮੈ ਨਾਹੀ; ਜਾ ਹਉ ਕਰੀ, ਹੋਈ

ਅਰਥ: ਦੁੱਖ; (ਹਉਮੈ ਰੋਗ ਦੀ) ਦਵਾ ਬਣ ਜਾਂਦਾ ਹੈ (ਕਿਉਂਕਿ ਬੰਦਾ; ਇਲਾਜ ਲੱਭਦੈ, ਪਰ) ਸੁੱਖ; ਰੋਗ ਹੁੰਦਾ ਹੈ (ਕਿਉਂਕਿ ਰੱਬ ਨੂੰ ਭੁੱਲ ਜਾਈਦਾ ਹੈ) ਜਦੋਂ (ਰੱਬੀ ਮਿਲਾਪ ਨਾਲ) ਅਨੰਦ ਆਉਂਦਾ ਹੈ ਤਦੋਂ (ਹਉਮੈ-ਦੁੱਖ ਹੀ) ਨਹੀਂ ਹੁੰਦਾ (ਤਾਂ ਜੋ ਇਲਾਜ ਲੱਭਣਾ ਪਏ, ਪਰ ਹੇ ਕਾਦਰ ! ਮੇਰੇ ਵੀ ਕੀ ਵੱਸ ’ਚ ਹੈ ? ਸਭ ਕੁੱਝ ਤਾਂ) ਤੂੰ ਹੀ ਕਰਨ-ਕਰਾਵਣਹਾਰ ਹੈਂ (ਤੇਰੀ ਰਹਿਮਤ ਬਿਨਾਂ) ਮੈਂ (ਕੁੱਝ ਵੀ ਕਰਨਯੋਗ) ਨਹੀਂ।  ਜੇ ਮੈਂ ਕਰਨਾ ਭੀ ਚਾਹਾਂ ਤਾਂ ਵੀ ਨਹੀਂ ਕਰ ਸਕਦਾ (ਭਾਵ ਅਹੰਕਾਰ-ਦੁੱਖ ਨੂੰ ਨਹੀਂ ਮਾਰ ਸਕਦਾ)॥੧॥

ਬਲਿਹਾਰੀ; ਕੁਦਰਤਿ ਵਸਿਆ ਤੇਰਾ ਅੰਤੁ; ਜਾਈ ਲਖਿਆ ਰਹਾਉ

ਅਰਥ: ਹੇ ਕੁਦਰਤਿ ਵਸਿਆ ! ਭਾਵ ਕੁਦਰਤ ’ਚ ਵੱਸ ਰਹੇ ਕਾਦਰ !  ਤੇਰਾ ਵਿਸਥਾਰ (ਅੰਤੁ) ਜਾਣਿਆ ਨਹੀਂ ਜਾ ਸਕਦਾ, ਸਮਝਿਆ ਨਹੀਂ ਜਾ ਸਕਦਾ।  ਮੈਂ ਤੈਥੋਂ ਬਲਿਹਾਰ ਹਾਂ॥੧॥ ਰਹਾਉ॥

ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ; ਅਕਲ ਕਲਾ ਭਰਪੂਰਿ ਰਹਿਆ

ਤੂੰ ਸਚਾ ਸਾਹਿਬੁ; ਸਿਫਤਿ ਸੁਆਲਿ੍ਉ; ਜਿਨਿ ਕੀਤੀ, ਸੋ ਪਾਰਿ ਪਇਆ

ਕਹੁ ਨਾਨਕ  ! ਕਰਤੇ ਕੀਆ ਬਾਤਾ; ਜੋ ਕਿਛੁ ਕਰਣਾ, ਸੁ ਕਰਿ ਰਹਿਆ

ਅਰਥ: ਹੇ ਨਾਨਕ ! ਆਖ ਕਿ ਹਰ ਜੀਵ ’ਚ (ਤੇਰੀ) ਜੋਤ (ਨੂਰ) ਹੈ। ਇਸੇ ਨੂਰ ਤੋਂ ਪਛਾਣਿਆ ਜਾਂਦਾ ਹੈਂ ਕਿ ਤੂੰ ਇੱਕ ਰਸ ਸਰਬ ਵਿਆਪਕ ਹੈਂ। ਤੂੰ ਸਦੀਵੀ ਮਾਲਕ ਹੈਂ। ਤੇਰੀ ਉਪਮਾ ਸਲਾਹੁਣਯੋਗ ਹੈ, ਜਿਸ ਨੇ (ਇਹ ਉਪਮਾ) ਕੀਤੀ, ਉਹ (ਜਗਤ ਤੋਂ) ਤਰ ਗਿਆ। ਕਾਦਰ ਦੀਆਂ ਹੀ ਸਭ ਗੱਲਾਂ (ਖੇਡਾਂ) ਹਨ। ਉਹ ਜੋ ਵੀ ਕਰਨਾ ਚਾਹੇ, ਉਹੀ ਕਰਦਾ ਪਿਆ ਹੈ॥੨॥

ਉਕਤ ‘‘ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ’’ ਪਾਵਨ ਵਿਸ਼ਾ ਹੀ ਗੁਰੂ ਨਾਨਕ ਜੀ; ਸੋਹਿਲਾ ਬਾਣੀ ’ਚ ਸਮਝਾਉਂਦੇ ਹਨ, ‘‘ਸਭ ਮਹਿ ਜੋਤਿ; ਜੋਤਿ ਹੈ ਸੋਇ ਤਿਸ ਦੈ ਚਾਨਣਿ; ਸਭ ਮਹਿ ਚਾਨਣੁ ਹੋਇ ’’ (ਸੋਹਿਲਾ/ਮਹਲਾ /੧੩) ਭਾਵ ਹਰ ਇੱਕ ਜੀਵ ’ਚ ਉਸ (ਕਾਦਰ) ਦੀ ਜੋਤ ਹੈ। ਉਸ ਦੇ ਜੋਤ-ਨੂਰ ਨਾਲ ਹੀ ਸਾਰਿਆਂ ’ਚ ਪ੍ਰਕਾਸ਼ (ਕਾਦਰ ਬਾਰੇ ਬੋਧ) ਹੁੰਦਾ ਹੈ।

ਸੋ ਉਕਤ 12ਵੀਂ ਪਉੜੀ ਸਮੇਤ ਪੰਜੇ ਸਲੋਕਾਂ ਦਾ ਸਾਰੰਸ਼ ‘‘ਬਲਿਹਾਰੀ; ਕੁਦਰਤਿ ਵਸਿਆ  !’’  ਤੁਕ ਹੀ ਹੈ, ਪਰ ਇਸ ਦੇ ਮਨਮਤੀ ਅਰਥ ਮੈਂ ਕੁਦਰਤ ਤੋਂ ਬਲਿਹਾਰ ਜਾਂਦਾ ਹਾਂ ਕਰਦਿਆਂ ਕਾਦਰ ਦੀ ਹੋਂਦ ਤੋਂ ਹੀ ਮੁਨਕਰ ਹੋਣਾ; ਅਹੰਕਾਰ ਦੀ ਨਿਸ਼ਾਨੀ ਹੈ, ਜਿਸ ਨੂੰ ਖ਼ਤਮ ਕਰਨ ਲਈ ਇਹ ਪਾਵਨ ਵਚਨ ਰਚੇ ਗਏ ਹਨ। ਕਾਦਰ ਦੇ ਡਰ-ਅਦਬ ਨੇ ਅਹੰਕਾਰ ਖ਼ਤਮ ਕਰਨਾ ਸੀ ਪਰ ਜੋ ਕਾਦਰ ਨੂੰ ਹੀ ਨਾ ਮੰਨੇ ਉਹ ਆਪਣਾ ਅਹੰਕਾਰ ਕਿਵੇਂ ਮਾਰ ਸਕਦਾ ਹੈ ?

ਕੁਝ ਕੁ ਕੁਤਰਕ ਦਿੰਦੇ ਹਨ ਕਿ ਕੁਦਰਤ ਦੇ ਨਿਯਮਾਂ ਨੂੰ ਸਮਝੋ ਅਤੇ ਉਨ੍ਹਾਂ ਨੂੰ ਅਪਣਾਓ, ਪਰ ਕਿਹੜੇ ਨਿਯਮ ? ਜੋ ਕੁੱਤੇ ਨੂੰ ਲਾਲਚੀ ਬਣਾਉਣ ਜਾਂ ਜੋ ਵਫ਼ਾਦਾਰ ਬਣਾਉਣ ? ਜਿਸ ਨਿਯਮ ਮੁਤਾਬਕ ਮਾਦਾ; ਜਨਨੀ ਹੈ ਜਾਂ ਜਿਸ ਮੁਤਾਬਕ ਨਰ; ਜਨਨੀ ਹੈ ? ਜਿਸ ਮੁਤਾਬਕ ਜ਼ਾਲਮ ਬਣੀਦਾ ਹੈ ਜਾਂ ਜਿਸ ਮੁਤਾਬਕ ਹਿਫ਼ਾਜ਼ਤ ਕਰੀਦੀ ਹੈ ? ਜੋ ਡਾਰਕ ਐਨਰਜੀ ਵਾਙ ਬਾਹਰ ਨੂੰ ਧੱਕੇ ਜਾਂ ਜੋ ਡਾਰਕ ਮੈਟਰ ਵਾਙ ਅੰਦਰ ਨੂੰ ਖਿੱਚੇ ਆਦਿਕ ?

ਇੱਕ ਬੰਦਾ ਸੁਭ੍ਹਾ ਚੋਰ, ਦੁਪਹਿਰੇ ਦੇਵਤਾ ਤੇ ਸ਼ਾਮ ਨੂੰ ਕੁਕਰਮੀ ਹੋ ਸਕਦਾ ਹੈ। ਉਸ ਨੂੰ ਧਰਮੀ ਕਹੀਏ ਜਾਂ ਅਧਰਮੀ ? ਕੋਰੋਨਾ ਬਿਮਾਰੀ ਤੋਂ ਪਹਿਲਾਂ ਕਈਆਂ ਦੀ ਸੋਚ ਮੁਤਾਬਕ ਕੁਦਰਤ ਦੇ ਨਿਯਮ ਦਾ ਪਾਲਣ; ਯੂਰਪ ਅਤੇ ਅਮਰੀਕਾ ਵਰਗੇ ਵਿਕਸਿਤ ਦੇਸ਼ ਕਰਦੇ ਪਏ ਸਨ, ਪਰ ਕੀ ਹੁਣ ਉਹ ਅਧਰਮੀ ਹੋ ਗਏ, ਜੋ ਕੁਦਰਤ-ਨਿਯਮ ਸਮਝ ਕੇ ਕੋਰੋਨਾ ਨੂੰ ਕਾਬੂ ਨਾ ਕਰ ਸਕੇ ?

ਜਦ ਕੁਦਰਤ ਦੇ ਨਿਯਮ; ਆਪਾ ਵਿਰੋਧੀ ਹਨ ਤਾਂ ਉਨ੍ਹਾਂ ਲਈ ਭਗਤ ਨੂੰ ਆਪਣੇ ਦਿਮਾਗ਼ ’ਤੇ ਬਹੁਤਾ ਜ਼ੋਰ ਦੇਣਾ; ਫ਼ਜ਼ੂਲ ਹੈ।  ਕੰਵਲ ਦੀ ਨਾੜ ’ਚੋਂ ਪੈਦਾ ਹੋਣ ਵਾਲੇ ਬ੍ਰਹਮਾ ਦੀ ਇੱਕ ਮਿੱਥ-ਸਾਖੀ ਦੇ ਹਵਾਲੇ ਨਾਲ ਕੁਦਰਤ ਦਾ ਵਿਸਥਾਰ ਜਾਣਨ ਨੂੰ ਹੀ ਗ਼ਲਤ ਮੰਨਿਆ ਗਿਆ, ‘‘ਨਾਲਿ ਕੁਟੰਬੁ ਸਾਥਿ ਵਰਦਾਤਾ; ਬ੍ਰਹਮਾ ਭਾਲਣ ਸ੍ਰਿਸਟਿ ਗਇਆ ਆਗੈ ਅੰਤੁ ਪਾਇਓ ਤਾ ਕਾ..’’ (ਮਹਲਾ /੩੫੧) ਭਾਵ ਉਸ ਨੇ 18 ਯੁੱਗ ਜਾਂਦਿਆਂ ਅਤੇ 18 ਯੁੱਗ ਵਾਪਸ ਪਰਤਦਿਆਂ ਹੀ ਖ਼ਰਾਬ ਕਰ ਦਿੱਤੇ।

ਸੋ ਕੁਦਰਤ ਦਾ ਸਮੁੱਚਾ ਵਿਸਥਾਰ ਜਾਣਨਾ; ਰੱਬ ਦੇ ਚਾਹਵਾਨ ਦਾ ਕੰਮ ਨਹੀਂ। ਉਸ ਦੀ ਮੰਜ਼ਲ ਅਦ੍ਰਿਸ਼ ਕਾਦਰ ਹੈ, ਨਾ ਕਿ ਕੁਦਰਤ। ਕਾਦਰ ਦੀ ਪ੍ਰਾਪਤੀ ਅਤੇ ਉਸ ਦੇ ਵਡੱਪਣ ਨੂੰ ਜਾਣਨ ਲਈ ਕੁਦਰਤ; ਇੱਕ ਮਿਸਾਲ ਹੈ। ਇਸ ਰਾਜ਼ ਤੋਂ ਸੱਖਣਾ ਸ਼ਰਧਾਵਾਨ ‘‘ਚਿਤ੍ਰ ਬਚਿਤ੍ਰ ਇਹੈ ਅਵਝੇਰਾ ’’ ’ਚ ਹੀ ਉਲ਼ਝਿਆ ਰਹਿੰਦਾ ਹੈ ਤੇ ਉਲ਼ਝਿਆ ਰਹੇਗਾ ਭਾਵੇਂ ਕਿ ਉਹ ਆਪਣੇ ਆਪ ਨੂੰ ‘ਕੁਦਰਤ ਨੂੰ ਜਾਣਨਾ ਜਾਂ ਕੁਦਰਤ ਨੂੰ ਪੂਜਣਾ ਜਾਂ ਕੁਦਰਤ ਤੋਂ ਸਦਕੇ ਜਾਣਾ’; ਵਿੱਚੋਂ ਕੋਈ ਇੱਕ ਨਾਂ ਹੀ ਕਿਉਂ ਨਾ ਦਿੰਦਾ ਰਹੇ। ਜੋ ਕੁਦਰਤ ’ਚੋਂ ਕਾਦਰ ਨੂੰ ਨਾ ਪਛਾਣ ਸਕਿਆ, ਉਹ ਅਹੰਕਾਰੀ ਹੈ, ਗੰਦੇ ਕਿਰਦਾਰ ਵਾਲਾ ਹੈ, ‘‘ਸੋਈ ਕੁਚੀਲੁ; ਕੁਦਰਤਿ (’ਚੋਂ) ਨਹੀ ਜਾਨੈ ’’ (ਮਹਲਾ /੧੧੫੧)

ਭਾਵੇਂ ਕੁਦਰਤ ਦੇ ਨਿਯਮਾਂ ’ਚ ਆਪਸੀ ਟਕਰਾਅ ਹਨ, ਪਰ ਇਨ੍ਹਾਂ ’ਚ ਬੜੀ ਅਸਮਾਨਤਾ ਵੀ ਹੈ; ਜਿਵੇਂ ਮਾਦਾ ਜਨਨੀ ਦੇ ਮੁਕਾਬਲੇ ਨਰ ਜਨਨੀ ਸੰਖੇਪ ਮਾਤਰ। ਚੰਦਨ ਨਾਲ ਸੁਗੰਧਿਤ ਹੋਣ ਵਾਲੇ ਪੌਦਿਆਂ ਦੇ ਮੁਕਾਬਲੇ ਬਾਂਸ ਸੰਖੇਪ ਮਾਤਰ। ਚਾਨਣ ’ਚ ਆਕਸੀਜਨ ਦੇਣ ਵਾਲੇ ਪੌਦਿਆਂ ਦੇ ਮੁਕਾਬਲੇ ਰਾਤ ਨੂੰ ਵੀ ਆਕਸੀਜਨ ਦੇਣ ਵਾਲੇ ਪੌਦੇ ਸੰਖੇਪ ਮਾਤਰ। ਰੌਸ਼ਨੀ ਨਾਲ ਵੇਖਣ ਵਾਲੇ ਜਾਨਵਰਾਂ ਦੇ ਮੁਕਾਬਲੇ ਹਨ੍ਹੇਰੇ ਨਾਲ ਵੇਖਣ ਵਾਲੇ ਜੀਵ-ਜੰਤ ਸੰਖੇਪ ਮਾਤਰ। ਅਨੇਕਾਂ ਦੁੱਖਾਂ ਦੇ ਮੁਕਾਬਲੇ ਅਨੰਦ ਸੰਖੇਪ ਮਾਤਰ। ਅਸੰਖ ਮਨਮੁਖਾਂ ਦੇ ਮੁਕਾਬਲੇ ਗੁਰਮੁਖ ਸੰਖੇਪ ਮਾਤਰ, ‘‘ਹੈਨਿ ਵਿਰਲੇ, ਨਾਹੀ ਘਣੇ; ਫੈਲ ਫਕੜੁ ਸੰਸਾਰੁ ’’ (ਮਹਲਾ /੧੪੧੧) ਆਦਿਕ।

ਕੁਦਰਤ ’ਚ ਬਹੁਤਾਤ ਦੇ ਮੁਕਾਬਲੇ ਸੰਖੇਪਤਾ ਦਾ ਕਾਇਮ ਵਜੂਦ ਹੋਣਾ; ਇਹ ਸਿੱਧ ਕਰਦਾ ਹੈ ਕਿ ਬ੍ਰਹਿਮੰਡ ਦੇ ਪਿੱਛੇ ਕੋਈ ਅਦ੍ਰਿਸ਼ ਸ਼ਕਤੀ ਕਾਰਜਸ਼ੀਲ ਹੈ, ਜੋ ਇਨ੍ਹਾਂ ਥੋੜ੍ਹਿਆਂ ਰਾਹੀਂ ਆਪਣੀ ਹੋਂਦ ਪ੍ਰਗਟਾਅ ਰਹੀ ਹੈ। ਕੁਦਰਤ ਦੇ ਸਾਰੇ ਨਿਯਮ; 100% ਇੱਕ ਪੱਖੀ ਵੀ ਹੋ ਸਕਦੇ ਸਨ। ਸਾਰੇ ਜੀਵ ਰੌਸ਼ਨੀ ’ਚ ਵੇਖਦੇ ਹੁੰਦੇ, ਨਾ ਕਿ ਹਨ੍ਹੇਰੇ ’ਚ। ਮਾਦਾ ਹੀ ਜਨਨੀ ਹੁੰਦੀ, ਨਰ ਜਨਨੀ ਦੀ ਕੀ ਜ਼ਰੂਰਤ ਸੀ ? ਚੰਦਨ ਨਾਲ ਬਾਂਸ ਵੀ ਸੁਗੰਧਿਤ ਹੋ ਸਕਦਾ ਸੀ ਇਤਿਆਦਿਕ ?

ਕਾਦਰ ਵੱਲੋਂ ਬਖ਼ਸ਼ੀ ਥੋੜ੍ਹਿਆਂ ਨੂੰ ਅਸੀਮ ਸ਼ਕਤੀ ਦੇ ਭਰੋਸੇ ਹੀ ਗੁਰੂ ਗੋਬਿੰਦ ਸਿੰਘ ਜੀ; ਰਣ ਭੂਮੀ ’ਚ ਬਹੁਤਾਤ ਵੈਰੀਆਂ ਨੂੰ ਸਾਮ੍ਹਣੇ ਵੇਖ ਬੁਲੰਦ ਆਵਾਜ਼ ’ਚ ਆਖਦੇ ਪਏ ਹਨ, ‘‘ਚਿੜੀਓਂ ਸੇ ਮੈਂ ਬਾਜ਼ ਤੁੜਾਊਂ, ਸਵਾ ਲਾਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ’’ ਗੁਰੂ ਸਾਹਿਬਾਨ ਦੁਆਰਾ ਕੀਤੇ ਗਏ ਸੰਘਰਸ਼ ‘ਨਾ ਜ਼ਰ (ਧਨ) ਨਾਲ ਸੰਬੰਧਿਤ ਸਨ, ਨਾ ਜ਼ੋਰੂ (ਔਰਤ) ਨਾਲ ਅਤੇ ਨਾ ਹੀ ਜ਼ਮੀਨ ਭਾਵ ਕਿਸੇ ਇਲਾਕੇ ’ਤੇ ਕਬਜ਼ਾ ਕਰਨ ਲਈ ਸਨ। ਸਿਰਫ਼ ਇਨਸਾਨੀਅਤ ਬਚਾਉਣ ਵਾਲੇ ਯੋਧੇ ਤਿਆਰ ਕਰਨਾ ਤਾਂ ਜੋ ਕਿਆਮਤ ਤੱਕ ਬਹੁਤਾਤ; ਸੰਖੇਪਤਾ ਨੂੰ ਖ਼ਤਮ ਨਾ ਕਰ ਸਕੇ।’ ਗੁਰਬਾਣੀ ਮੁਤਾਬਕ ਜਗਤ ਰਚਨਾ ਇੱਕ ਖੇਡ ਹੈ। ਖੇਡ ਲਈ ਜ਼ਰੂਰੀ ਹੁੰਦਾ ਹੈ ਕਿ ਦੋਹਾਂ ਪਾਸਿਓਂ ਪਹਿਲਵਾਨ ਤਿਆਰ ਹੋਣ। ਧਰਮ; ਮਨੁੱਖਤਾ ਨੂੰ ਕਾਦਰ ਨਾਲ ਜੋੜ ਕੇ ਰੂਹਾਨੀਅਤ ਅਤੇ ਮਾਨਸਿਕ ਬਲ ਬਖ਼ਸ਼ਦਾ ਹੈ ਭਾਵੇਂ ਕਿ ਇਹ ਥੋੜ੍ਹੇ ਹੀ ਰਹਿਣ ਕਿਉਂਕਿ ਸੰਖੇਪਤਾ; ਕਦੇ ਵੀ ਬਹੁਤਾਤ ਨਹੀਂ ਬਣ ਸਕਦੀ।

ਸੋ ਗੁਰਮਤਿ; ਅਸਲ ਵਿਗਿਆਨਿਕ ਤੱਥ (ਕੁਦਰਤੀ ਕਾਢ) ਆਧਾਰਿਤ ਹੈ। ਅਜੋਕਾ ਵਿਗਿਆਨ ਅਜੇ ਇਸ ਤੋਂ ਬਹੁਤ ਪਿਛਾਂਹ ਹੈ। ਜੋ ਦੁਨਿਆਵੀ ਵਿਗਿਆਨ ਨੇ ਅੱਜ ਕਿਹਾ ਉਸ ਵਿੱਚ ਇੱਕ ਦਿਨ ਕੁਝ ਤਬਦੀਲੀ ਹੋ ਸਕਦੀ ਹੈ, ਪਰ ਗੁਰਮਤਿ ਨੇ ਅਜਿਹੇ ਬਦਲਾਅ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਭਾਵੇਂ ਕਿ ਇਸ ਦਾ ਸੰਬੰਧ ਕੇਵਲ ਸਫਲ ਮਨੁੱਖਾ ਜੀਵਨ ਤੱਕ ਹੀ ਹੈ। ਗੁਰਮਤਿ ਦਾ ਆਧਾਰ ‘ਗੁਰੂ ਨਾਲ ਲਗਾਓ, ਸ੍ਵੈ ਪੜਚੋਲ ਅਤੇ ਰੱਬ ’ਤੇ ਵਿਸ਼ਵਾਸ’ ਕਰਨਾ ਹੈ। ਇਸ ਨੂੰ ਸਮਝਣ ’ਚ ਟਪਲਾ ਲੱਗ ਸਕਦਾ ਹੈ ਤਾਹੀਓਂ ਗੁਰੂ ਜੀ ਨੇ ਸਿੱਖ ਨੂੰ ਪਹਿਲਾਂ ਆਪਣਾ ਮਾਨਸਿਕ ਸੰਤੁਲਨ ਸਥਿਰ ਕਰਨ ’ਤੇ ਜ਼ੋਰ ਦਿੱਤਾ ਤਾਂ ਜੋ ਹੋਰਾਂ ਦੀ ਤਸੱਲੀ ਕਰਵਾਉਂਦਿਆਂ ਦੁਚਿੱਤੀ ਨਾ ਬਣੀ ਰਹੇ, ‘‘ਪ੍ਰਥਮੇ ਮਨੁ ਪਰਬੋਧੈ ਅਪਨਾ; ਪਾਛੈ ਅਵਰ ਰੀਝਾਵੈ ਰਾਮ ਨਾਮ ਜਪੁ ਹਿਰਦੈ ਜਾਪੈ; ਮੁਖ ਤੇ ਸਗਲ ਸੁਨਾਵੈ ’’ (ਮਹਲਾ /੩੮੧ਇਸ ਨੂੰ ਮਨੁੱਖ ਦਾ ਅੰਨ੍ਹਾਪਣ ਹੀ ਕਹੀਏ ਕਿ ਮਾਨਸਿਕ ਸਥਿਰਤਾ ਤੋਂ ਸੱਖਣਾ ਵਕਤਾ (ਸਿੱਖ ਪ੍ਰਚਾਰਕ); 100% ਆਪਣੇ ਵਿਚਾਰ ਬਦਲ ਕੇ ਵੀ ਓਹੀ ਰੁਤਬਾ ਕਾਇਮ ਰੱਖਣ ’ਚ ਕਾਮਯਾਬ ਰਹਿੰਦਾ ਹੈ।

ਅੰਤ ’ਚ ਸਮੁੱਚੀ ਵਿਚਾਰ ਦਾ ਸਾਰੰਸ਼ ਇਉਂ ਹੈ :

(1). ਕਾਦਰ ਦਾ ਹੁਕਮ ਹੀ ਕੁਦਰਤ ਦਾ ਸੁਭਾਅ ਹੈ, ਕੁਦਰਤੀ ਨਿਯਮ ਹੈ।

(2). ਕੁਦਰਤ ਦੇ ਨਿਯਮ ਆਪਾ ਵਿਰੋਧੀ ਹਨ, ਜੋ ਆਪਣੇ ਆਪ ਤੋਂ ਪੈਦਾ ਨਹੀਂ ਹੋ ਸਕਦੇ। ਇਨ੍ਹਾਂ ਦਾ ਵੀ ਇੱਕ ਸਰੋਤ (ਕਾਦਰ) ਹੈ ਭਾਵੇਂ ਕਿ ਉਸ ਬਾਰੇ ਅਜੋਕੇ ਵਿਗਿਆਨਕ ਸਬੂਤ ਨਹੀਂ ਮਿਲਦੇ।

(3). ਕੁਦਰਤ ’ਚ ਬਹੁਤਾਤ ਤੋਂ ਹਿਫ਼ਾਜ਼ਤ ਲਈ ਕਾਦਰ; ਥੋੜ੍ਹਿਆਂ ਨੂੰ ਵਿਸ਼ੇਸ਼ ਅਧਿਕਾਰ ਦਿੰਦਾ ਹੈ। ਇੱਥੋਂ ਹੀ ਉਸ ਦੀ ਹੋਂਦ ਪ੍ਰਗਟ ਹੁੰਦੀ ਹੈ।

(4). ਸਮੁੱਚੀ ਕੁਦਰਤ ਦਾ ਵਿਸਥਾਰ ਜਾਣਨਾ; ਭਗਤ ਦਾ ਟੀਚਾ ਨਹੀਂ।  ਕੁਦਰਤ ਰਚਣ ਦੀ ਗੁੰਝਲ਼ਤਾ (ਕਲਾ) ’ਚੋਂ ਇਸ ਦੇ ਮੂਲ-ਸਰੋਤ (ਕਾਦਰ) ਨੂੰ ਵਾਚਣਾ ਹੈ। ਉਸ ਅੱਗੇ ਆਪਾ ਨਿਛਾਵਰ ਕਰਨਾ ਹੈ। ਅਹੰਕਾਰ ਮੁਕਤ ਹੋਣਾ ਹੈ।

(5). ਕੁਦਰਤੀ ਸੁਭਾਅ ’ਚੋਂ ਹੀ ਵਿਕਾਰ ਉਪਜਦੇ ਹਨ ਤਾਹੀਓਂ ਇਹ ਮਰਦੇ ਨਹੀਂ। ਇਨ੍ਹਾਂ ਨੂੰ ਸੰਜਮ ’ਚ ਰੱਖਣ ਦੇ ਸਾਧਨ ਹਨ :

(ੳ). ਜਿਸ ਕਾਦਰ ਨੇ ਸੁਭਾਅ ਸਿਰਜੇ, ਉਸੇ ਦੀ ਮਿਹਰ ਨਾਲ।

(ਅ). ਕਾਦਰ ਦੇ ਡਰ-ਅਦਬ ’ਚ ਰਹਿ ਕੇ।

(ੲ). ਕਾਦਰ ਨਾਲ ਜੁੜ ਕੇ ਉੱਚੀ ਹੋਈ ਸੁਰਤ ਨੂੰ ਇਨ੍ਹਾਂ ਦਾ ਸੁਆਦ, ਫਿੱਕਾ ਜਾਪਣ ਨਾਲ।

(ਸ). ਇਨ੍ਹਾਂ ਰੋਗਾਂ ਤੋਂ ਪੀੜਤ ਹੋਣ ਵਾਲੀ ਮਨੁੱਖਤਾ ਨੂੰ ਸਾਂਝਾ ਪਰਵਾਰ ਸਮਝ ਕੇ।

(6). ਕੁਦਰਤ ਨੂੰ ਭੋਗਣਾ (ਸੈਲਾਨੀ ਸੋਚ) ਵੀ ਮਨ ਪਰਚਾਵਾ ਹੀ ਹੈ, ਰੋਗ ਹੈ।

(7). ਗੁਰਮਤਿ; ਬੰਦੇ ਦੀ ਨਕਾਰਾਤਮਿਕ (Negative) ਸੋਚ ਨੂੰ ਸਕਾਰਾਤਮਿਕ (Positive) ਸਿਰਜਦੀ ਹੈ।

ਕੁੱਝ ਸਿੱਖ; ਅਕਸਰ ਇਹ ਸਵਾਲ ਕਰਦੇ ਹਨ ਕਿ ਬੁਰੇ ਬੰਦਿਆਂ ਨੂੰ ਰੱਬ ਦੇ ਹੁਕਮ ’ਚ ਵਿਚਰਦੇ ਕਹਿ ਕੇ ਉਨ੍ਹਾਂ ਨੂੰ ਨਿਰਦੋਸ਼ ਸਾਬਤ ਕਰਨਾ ਹੈ ਤਾਂ ਜੋ ਉਹ ਨਿਡਰ ਹੋ ਕੇ ਹੋਰ ਮਾੜੇ ਕੰਮ ਕਰਦੇ ਰਹਿਣ। ਦਰਅਸਲ ਅਜਿਹੇ ਸਵਾਲਾਂ ’ਚ ਪ੍ਰਸ਼ਨ ਕਰਤਾ ਦੀ ਲਾਚਾਰੀ ਛੁਪੀ ਹੁੰਦੀ ਹੈ। ਉਹ, ਰੱਬ ਦੀ ਭਗਤੀ ਕਰਨ ਬਦਲੇ ਸੁਖਾਵਾਂ ਮਾਹੌਲ ਚਾਹੁੰਦਾ ਹੈ ਤਾਂ ਜੋ ਕੋਈ ਸਰੀਰਕ ਕਸ਼ਟ ਨਾ ਉਠਾਉਣਾ ਪਵੇ ਜਦਕਿ ਹਥਲਾ ਵਿਸ਼ਾ ਹੀ ਸੰਘਰਸ਼ਮਈ ਜ਼ਿੰਦਗੀ ਪੈਦਾ ਕਰਨਾ ਹੈ ਕਿਉਂਕਿ ਸੱਚਾ ਧਰਮ; ਸੰਘਰਸ਼ਮਈ ਜੀਵਨ ਸਿਰਜਦਾ ਹੈ। ਸਿੱਖਾਂ ਦੀ ਜੁਝਾਰੂ ਸੋਚ ਦਾ ਪ੍ਰਤੀਕ; ਵੱਡੀ ਕਿਰਪਾਨ ਅਤੇ ਉਸ ਦੀ ਤੇਜ਼ ਧਾਰ ਲਾ ਕੇ ਰੱਖਣਾ ਹੈ। ਇਸ ਪਾਸਿਓਂ ਕਮਜ਼ੋਰੀ ਹੀ ਸਿਧਾਂਤਹੀਣ ਸਵਾਲ ਪੈਦਾ ਕਰਨ ਲਈ ਉਕਸਾਉਂਦੀ ਹੈ।

ਬੁਰੇ ਬੰਦੇ ਬਾਰੇ ਆਪਣੇ ਮਨ ’ਚ ਇਹ ਖ਼ਿਆਲ ਰੱਖ ਕੇ ਕਿ ਇਹ ਰੱਬ ਦੇ ਹੁਕਮ ’ਚ ਬੁਰਿਆਈ ਕਰੇਗਾ ਤੇ ਮੈਂ ਰੱਬ ਦੇ ਹੁਕਮ ’ਚ ਇਸ ਦਾ ਵਿਰੋਧ ਕਰਾਂਗਾ, ਇਸ ਤਰ੍ਹਾਂ ਉਸ ਨੂੰ ਮਾਫ਼ ਕਰਨਾ ਜਾਂ ਦੋਸ਼ ਮੁਕਤ ਕਰਨਾ ਕਿਵੇਂ ਹੋਇਆ ? ਇਹ ਤਾਂ ਸਗੋਂ ਆਪਣੇ ਆਪ ਨੂੰ ਵੈਰ-ਭਾਵਨਾ ਰਹਿਤ ਹੋ ਕੇ ਯੁੱਧ ਲਈ ਤਿਆਰ ਕਰਨਾ ਹੈ। ਇਉਂ ਰਣ ਭੂਮੀ ’ਚ ਵਧੇਰੇ ਜਿੱਤ ਮਿਲਦੀ ਹੈ ਤੇ ਆਪਣਾ ਰੂਹਾਨੀਅਤ ਬਲ ਵੀ ਈਰਖਾ ਕਾਰਨ ਨਹੀਂ ਸੜਦਾ। ਅਜਿਹੇ ਯੋਧੇ; ਭੱਜਦੇ ਦੁਸ਼ਮਣਾਂ ਦਾ ਪਿੱਛਾ ਵੀ ਨਹੀਂ ਕਰਦੇ ਹੁੰਦੇ ਕਿਉਂਕਿ ਉਨ੍ਹਾਂ ਦਾ ਲਕਸ਼ ਪੂਰਾ ਹੋ ਚੁੱਕਿਆ ਹੁੰਦਾ ਹੈ।

ਅੱਜ ਕਿਤੇ ਵੀ ਦੋ ਦੇਸ਼ਾਂ ਦੀ ਲੜਾਈ ਹੋਵੇ ਓਥੇ ਵਿਸ਼ਵ ਸਿਹਤ ਵਿਭਾਗ ਆਪਣੀ ਰੈੱਡ ਕ੍ਰਾਸ ਟੀਮ ਭੇਜਦਾ ਹੈ ਕਿਉਂਕਿ ਵੈਰੀ ਦਲ ਤੋਂ ਹਮਦਰਦੀ ਦੀ ਬਿਲਕੁਲ ਉਮੀਦ ਨਹੀਂ ਹੁੰਦੀ, ਪਰ ਧੰਨਤਾਯੋਗ ਹਨ ਦਸਮੇਸ਼ ਪਿਤਾ ਜੀ; ਜਿਨ੍ਹਾਂ ਨੇ ਯੁੱਧ ਨੂੰ ਵੀ ਖੇਡ ਵਾਙ ਖੇਡਦਿਆਂ ਵੈਰੀ ਦਲ ਦਾ ਪੂਰਾ ਖ਼ਿਆਲ ਰੱਖਿਆ ਤੇ ਯੁੱਧ ਨੀਤੀ ਦੀ ਨਵੀਂ ਮਿਸਾਲ ਪੈਦਾ ਕੀਤੀ। ਇਹੀ ਹੈ ਸੱਚੇ ਸਤਿਗੁਰੂ ਜੀ ਦਾ ‘ਸੰਤ’ ਅਤੇ ‘ਸਿਪਾਹੀ’ ਪਦ ਦੀ ਵਿਆਖਿਆ ਕਰਦਾ ਆਪਣੇ ਅਨੁਯਾਈ ਸਿੱਖਾਂ ਲਈ ਅਨੋਖਾ ਪੈਗ਼ਾਮ (ਸੁਨੇਹਾ)।

ਸਤਿਗੁਰੂ ਜੀ ਦੀ ਵਿਲੱਖਣਤਾ; ਗੁਰਮਤਿ ਦੇ ਗਹਿਰੇ ਰਾਜ਼ ਹੀ ਹਨ। ਇਨ੍ਹਾਂ ਨੂੰ ਸਮਝਣਾ ਅਤੇ ਹੋਰਾਂ ਨਾਲ ਸਾਂਝੇ ਕਰਨਾ ਹੀ ਗੁਰਮਤਿ ਵਿਚਾਰਧਾਰਾ ਦੇ ਝੰਡੇ ਨੂੰ ਬੁਲੰਦ ਕਰੇਗਾ। ਬਾਕੀ ਗਿਆਨ ਤਾਂ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ’ਚੋਂ ਮਿਲ ਜਾਂਦਾ ਹੈ।

2. ਰੱਬ; ਸਰਬ ਵਿਆਪਕ ‘ਜੋਤਿ ਰੂਪ ਹੈ ਜਾਂ ਤੱਤ ਰੂਪ ਜਾਂ ਗੁਣ ਰੂਪ ਜਾਂ ਪ੍ਰਤਿਬਿੰਬ ਰੂਪ’ ਹੈ ?, ਦੀ ਵਿਚਾਰ

3. ਆਤਮਾ ਬਨਾਮ ਅੰਤਹਕਰਣ

4. ਆਤਮ ਪ੍ਰਕਾਸ਼