ਕੋਰੋਨਾ ਸੰਬੰਧੀ ਕੁੱਝ ਸ਼ੰਕੇ

0
406

ਕੋਰੋਨਾ ਸੰਬੰਧੀ ਕੁੱਝ ਸ਼ੰਕੇ

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28,

ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਕੋਰੋਨਾ ਨੇ ਸਾਰੀ ਦੁਨੀਆ ਨੂੰ ਆਪਣੇ ਸ਼ਿਕੰਜੇ ਵਿਚ ਕਸ ਲਿਆ ਹੋਇਆ ਹੈ। ਇਸ ਬਾਰੇ ਵੱਖੋ-ਵੱਖ ਅਦਾਰੇ ਆਪੋ ਆਪਣੇ ਸ਼ੰਕੇ ਉਜਾਗਰ ਕਰ ਕੇ ਵੱਖੋ-ਵੱਖ ਖੋਜੀਆਂ ਦੇ ਆਧਾਰ ਉੱਤੇ ਜਵਾਬ ਦੇ ਰਹੇ ਹਨ ਜਿਸ ਨਾਲ ਆਮ ਲੋਕਾਂ ਵਿਚ ਭੰਬਲਭੂਸਾ ਪਿਆ ਹੋਇਆ ਹੈ। ਦਰਅਸਲ ਇਹ ਵਾਇਰਸ ਨਵੀਂ ਹੈ ਤੇ ਇਸ ਬਾਰੇ ਖੋਜਾਂ ਹਾਲੇ ਵੱਡੀ ਪੱਧਰ ’ਤੇ ਜਾਰੀ ਹਨ। ਇਸੇ ਲਈ ਹਰ ਰੋਜ਼ ਨਵੀਂ ਗੱਲ ਸਾਹਮਣੇ ਆ ਰਹੀ ਹੈ। ਕੁੱਝ ਪਿੱਛਲੀਆਂ ਖੋਜਾਂ ਬਾਰੇ ਕਿੰਤੂ-ਪਰੰਤੂ ਹੋ ਜਾਂਦਾ ਹੈ ਤੇ ਕੁੱਝ ਖੋਜਾਂ ਨੂੰ ਉੱਕਾ ਹੀ ਰੱਦ ਕਰ ਦਿੱਤਾ ਜਾਂਦਾ ਹੈ।

ਮਜ਼ੇਦਾਰ ਗੱਲ ਇਹ ਹੈ ਕਿ ਬਹੁਤੀਆਂ ਖੋਜਾਂ ਉੱਤੇ ਕਿੰਤੂ-ਪਰੰਤੂ ਕਰਨ ਵਾਲੇ ਜਾਂ ਤਾਂ ਗਿਣੇ ਚੁਣੇ ਮੀਡੀਆ ਦੇ ਕੁੱਝ ਲੋਕ ਹਨ ਜਾਂ ਉਹ ਲੋਕ ਹਨ, ਜੋ ਵਿਗਿਆਨ ਦੇ ਨੇੜੇ-ਤੇੜੇ ਵੀ ਨਹੀਂ ਹਨ।

ਅਜਿਹੇ ਲੋਕ ਅੱਜ ਤੋਂ ਨਹੀਂ, ਸਦੀਆਂ ਤੋਂ ਇਸੇ ਤਰ੍ਹਾਂ ਕਰਦੇ ਆਏ ਹਨ। ਉਨ੍ਹਾਂ ਦਾ ਕੰਮ ਹੀ ਸਿਰਫ਼ ਵਿਰੋਧ ਕਰਨਾ ਹੁੰਦਾ ਹੈ ਕਿਉਂਕਿ ਹੋਰ ਕੁੱਝ ਉਨ੍ਹਾਂ ਦੇ ਪੱਲੇ ਹੀ ਨਹੀਂ ਹੁੰਦਾ। ਅਗਿਆਨਤਾ ਨੇ ਹਮੇਸ਼ਾ ਤੋਂ ਹੀ ਵਿਗਿਆਨੀਆਂ ਤੇ ਖੋਜੀਆਂ ਦੇ ਪੈਰੀਂ ਬੇੜੀਆਂ ਪਾਈਆਂ ਹਨ। ਇਤਿਹਾਸ ਵਿੱਚ ਝਾਤ ਮਾਰੀਏ ਤਾਂ ਅਜਿਹੀਆਂ ਕਈ ਉਦਾਹਰਨਾਂ ਮਿਲ ਜਾਣਗੀਆਂ।

ਗੈਲੀਲੀਓ ਨੇ ਜਦੋਂ ਸਭਨਾਂ ਦੀ ਸੋਚ ਦੇ ਉਲਟ ਇਹ ਕਿਹਾ ਕਿ ਧਰਤੀ ਖਲੋਤੀ ਨਹੀਂ ਹੋਈ ਬਲਕਿ ਸੂਰਜ ਦੇ ਦੁਆਲੇ ਘੁੰਮਦੀ ਪਈ ਹੈ ਤਾਂ ਇਸ ਨੂੰ ਬਾਈਬਲ ਦੇ ਉਲ਼ਟ ਮੰਨਦਿਆਂ ਉਸ ਨੂੰ ਸਜ਼ਾ ਦੇ ਤੌਰ ’ਤੇ ਹਮੇਸ਼ਾ ਲਈ ਘਰ ਅੰਦਰ ਨਜ਼ਰਬੰਦ ਕਰ ਦਿੱਤਾ ਗਿਆ।

ਬਿਲਕੁਲ ਇੰਜ ਹੀ ਹਰ ਨਵੀਂ ਖੋਜ ਉੱਤੇ ਅੱਜ ਤੱਕ ਵੀ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਮੌਜੂਦਾ ਕੋਰੋਨਾ ਵਾਇਰਸ ਏਨਾ ਮਹੀਨ ਕੀਟਾਣੂ ਹੈ ਜਿਸ ਬਾਰੇ ਹਾਲੇ ਤੱਕ ਪੂਰੀ ਜਾਣਕਾਰੀ ਹਾਸਲ ਹੀ ਨਹੀਂ ਹੋ ਸਕੀ। ਜਿੰਨਾ ਕੁੱਝ ਅੱਜ ਦੇ ਦਿਨ ਤੱਕ ਖੋਜਾਂ ਰਾਹੀਂ ਸਾਹਮਣੇ ਆਇਆ ਹੈ, ਉਨ੍ਹਾਂ ਨੂੰ ਸਾਂਝਾ ਕਰਨ ਲੱਗੀ ਹਾਂ। ਇਹ ਵੀ ਕੋਈ ਪਤਾ ਨਹੀਂ ਕਿ ਕੱਲ੍ਹ ਨੂੰ ਨਵੀਂ ਖੋਜ ਰਾਹੀਂ ਇਹ ਸਾਰੇ ਤੱਥ ਗਲਤ ਸਾਬਤ ਹੋ ਜਾਣ ਜਾਂ ਵਾਇਰਸ ਹੀ ਵੱਖ ਰੂਪ ਇਖ਼ਤਿਆਰ ਕਰ ਕੇ ਹੋਰ ਰੂਪ ਵਿਚ ਸਾਹਮਣੇ ਆ ਜਾਏ !

ਸਵਾਲ 1.    ਕੀ ਇਹ ਵਾਇਰਸ ਨਵੀਂ ਹੈ ?

ਜਵਾਬ : ਨਹੀਂ, ਕੋਰੋਨਾ ਵਾਇਰਸ ਕੀਟਾਣੂ ਲਗਭਗ 400 ਕਿਸਮਾਂ ਦੇ ਹਨ। ਕੋਵਿਡ 19 ਬੀਮਾਰੀ ਕਰਨ ਵਾਲਾ ਕੋਰੋਨਾ ਵਾਇਰਸ ਪਹਿਲਾਂ ਦੀ ਸਾਰਸ ਬੀਮਾਰੀ ਕਰਨ ਵਾਲੇ ਕੀਟਾਣੂ ਨਾਲ ਕਾਫ਼ੀ ਮਿਲਦਾ ਜੁਲਦਾ ਹੈ। ਇਸੇ ਲਈ ਇਸ ਨੂੰ ‘‘ਸਾਰਸ ਕੋਵ-2’’ ਨਾਂ ਦੇ ਦਿੱਤਾ ਗਿਆ ਹੈ।

ਸਵਾਲ 2.    ਪਹਿਲੀ ਵਾਰ ਇਹ ਵਾਇਰਸ ਕਿੱਥੋਂ ਲੱਭੀ ?

ਜਵਾਬ : ਵੂਹਾਨ (ਚੀਨ) ਵਿਚ ਦਸੰਬਰ 2019 ਵਿਚ ਪਹਿਲਾ ਕੇਸ ਲੱਭਿਆ ਤੇ ਇਸ ਬੀਮਾਰੀ ਦਾ ਨਾਂ ‘ਕੋਵਿਡ 19’ ਦੇ ਦਿੱਤਾ ਗਿਆ।

ਸਵਾਲ 3.    ਇਸ ਵਾਇਰਸ ਦਾ ਜਾਨਵਰਾਂ ਨਾਲ ਕੀ ਸੰਬੰਧ ਹੈ ?

ਜਵਾਬ :‘ਸਾਰਸ ਵਾਇਰਸ’ ਸਿਵਟ ਬਿੱਲੀਆਂ ਤੋਂ ਬੰਦਿਆਂ ਵਿੱਚ ਆਇਆ ਹੈ। ‘ਮਰਸ ਵਾਇਰਸ’ ਊਠਾਂ ਵਿੱਚੋਂ ਬੰਦਿਆਂ ਵਿੱਚ ਆਇਆ। ਇਹ ਦੋਨੋਂ ਕਿਸਮਾਂ ਕੋਰੋਨਾ ਦੀਆਂ ਹਨ। ਕੋਵਿਡ 19 ਬਾਰੇ ਕਿਆਸ ਲਾਇਆ ਜਾ ਰਿਹਾ ਹੈ ਕਿ ਇਹ ਚਮਗਿੱਦੜ ਤੋਂ ਇਨਸਾਨ ਵਿੱਚ ਵੜਿਆ ਤੇ ਅੱਗੋਂ ਹੁਣ ਤੱਕ ਕੁੱਝ ਪਾਲਤੂ (ਕੁੱਤੇ, ਬਿੱਲੀਆਂ) ਤੇ ਕੁੱਝ ਚਿੜੀਆਘਰ ਦੇ (ਬਾਂਦਰ, ਸ਼ੇਰ) ਜਾਨਵਰ੍ਹਾਂ ਵਿੱਚ ਲੱਭਿਆ ਜਾ ਚੁੱਕਿਆ ਹੈ। ਇਨ੍ਹਾਂ ਜਾਨਵਰਾਂ ਤੋਂ ਅੱਗੋਂ ਕਿਸੇ ਬੰਦੇ ਵਿੱਚ ਜਾਣ ਦੀਆਂ ਖੋਜਾਂ ਹਾਲੇ ਤੱਕ ਸ਼ੁਰੂ ਨਹੀਂ ਹੋਈਆਂ। ਚਿੜੀਆ ਘਰਾਂ ਵੱਲੋਂ ਪੰਛੀਆਂ ਵਿਚ ਵੀ ਇਸ ਵਾਇਰਸ ਦੇ ਲੱਛਣ ਲੱਭਣ ਦੀਆਂ ਹਦਾਇਤਾਂ ਦੇ ਦਿੱਤੀਆਂ ਗਈਆਂ ਹਨ।

ਸਵਾਲ 4.    ਕੀ ਹੁਣ ਦੇ ਮਾਹੌਲ ਵਿਚ ਕੱਚਾ ਦੁੱਧ ਪੀਤਾ ਜਾ ਸਕਦਾ ਹੈ ?

ਜਵਾਬ : ਕੱਚਾ ਦੁੱਧ ਪੀਣ ਨਾਲ ਕਈ ਕਿਸਮਾਂ ਦੇ ਵਾਇਰਸ ਤੇ ਬੈਕਟੀਰੀਆ ਕੀਟਾਣੂ ਹਮਲਾ ਬੋਲ ਸਕਦੇ ਹਨ ਜਿਨ੍ਹਾਂ ਵਿਚ ਅੰਤੜੀਆਂ ਦੀ ਟੀ. ਬੀ. ਵੀ ਸ਼ਾਮਲ ਹੈ। ਇਸੇ ਲਈ ਦੁੱਧ ਹਮੇਸ਼ਾ ਉਬਾਲ ਕੇ ਹੀ ਪੀਣਾ ਚਾਹੀਦਾ ਹੈ।

ਸਵਾਲ 5.    ਕੋਰੋਨਾ ਕਿੰਨੀ ਦੇਰ ਤੱਕ ਆਲੇ ਦੁਆਲੇ ਦੀਆਂ ਚੀਜ਼ਾਂ ਉੱਤੇ ਜ਼ਿੰਦਾ ਰਹਿੰਦਾ ਹੈ ?

ਜਵਾਬ : ਵੱਖੋ-ਵੱਖ ਤਾਪਮਾਨ ਤੇ ਨਮੀ ਦੇ ਹਿਸਾਬ ਨਾਲ ਕੁੱਝ ਘੰਟਿਆਂ ਤੋਂ ਕਈ ਦਿਨਾਂ ਤੱਕ ਕੋਰੋਨਾ ਜ਼ਿੰਦਾ ਰਹਿ ਸਕਦਾ ਹੈ। ਜਦੋਂ ਤਾਪਮਾਨ 53 ਡਿਗਰੀ ਫਾਰਨਹੀਟ ਤੱਕ ਪਹੁੰਚ ਜਾਵੇ ਤਾਂ ਇਹ ਵਾਇਰਸ ਮਰ ਜਾਂਦਾ ਹੈ। ਪਲਾਸਟਿਕ ਤੇ ਸਟੀਲ ਉੱਤੇ 4 ਦਿਨ ਤੱਕ ਟਿਕਿਆ ਰਹਿ ਸਕਦਾ ਹੈ। ਇਸੇ ਲਈ ਇਨ੍ਹਾਂ ਥਾਵਾਂ ਨੂੰ ਸਾਫ਼ ਕਰਨ ਲਈ ਸਾਬਣ ਜਾਂ ਡਿਟੋਲ ਜਾਂ ਸਪਿਰਿਟ ਵਰਤੀ ਜਾ ਸਕਦੀ ਹੈ।

ਸਵਾਲ 6.    ਕੀ ਪਾਰਸਲ ਜਾਂ ਚਿੱਠੀਆਂ ਰਾਹੀਂ ਇਹ ਫੈਲਦਾ ਹੈ ?

ਜਵਾਬ : ਬਾਹਰਲੇ ਗੱਤੇ ਜਾਂ ਕਾਗਜ਼ ਨੂੰ ਘਰੋਂ ਬਾਹਰ ਹੀ ਖੋਲ੍ਹ ਕੇ ਸਮਾਨ ਜਾਂ ਚਿੱਠੀ ਘਰ ਅੰਦਰ ਲਿਆਣੀ ਚਾਹੀਦੀ ਹੈ। ਹਾਲੇ ਤੱਕ ਦੀ ਖੋਜ ਦਰਸਾਉਂਦੀ ਹੈ ਕਿ ਇਨ੍ਹਾਂ ਰਾਹੀਂ ਵਾਇਰਸ ਫੈਲਣ ਦਾ ਖ਼ਤਰਾ ਘੱਟ ਹੈ।

ਸਵਾਲ 7. ਕੀ ਨੋਟਾਂ ਤੇ ਸਿੱਕਿਆਂ ਰਾਹੀਂ ਕੋਰੋਨਾ ਫੈਲਦਾ ਹੈ ?

ਜਵਾਬ : ਨੋਟਾਂ ਤੇ ਸਿੱਕਿਆਂ ਰਾਹੀਂ ਬੀਮਾਰੀ ਫੈਲਣ ਦੀ ਸ਼ੰਕਾ ਵਿਸ਼ਵ ਪੱਧਰ ਉੱਤੇ ਜਤਾਈ ਜਾ ਰਹੀ ਹੈ। ਕਨੇਡਾ, ਆਸਟ੍ਰੇਲੀਆ ਤੇ ਯੂ. ਕੇ. ਵਿਚ ਪਲਾਸਟਿਕ ਦੇ ਨੋਟਾਂ ਨੂੰ ਵਰਤਣ ਦੀ ਸਲਾਹ ਦਿੱਤੀ ਗਈ ਹੈ। ਜਦ ਤੱਕ ਖੋਜਾਂ ਸਪਸ਼ਟ ਨਹੀਂ ਕਰਦੀਆਂ, ਧਿਆਨ ਰੱਖਣ ਦੀ ਲੋੜ ਹੈ ਤੇ ਇਹਤਿਆਤ ਵਜੋਂ ਸਿੱਲ੍ਹੇ ਨੋਟ ਕੁੱਝ ਘੰਟੇ ਧੁੱਪੇ ਰੱਖੇ ਜਾ ਸਕਦੇ ਹਨ। ਸਿੱਕੇ ਸਪਿਰਿਟ ਵਾਲੇ ਹੱਥਾਂ ਨਾਲ ਸੌਖਿਆਂ ਸਾਫ਼ ਕੀਤੇ ਜਾ ਸਕਦੇ ਹਨ।

ਸਵਾਲ 8.    ਗਰਭਵਤੀ ਔਰਤਾਂ ਨੂੰ ਕਿੰਨਾ ਖ਼ਤਰਾ ਹੈ  ?

ਜਵਾਬ : ਹਾਲੇ ਤੱਕ ਦੀਆਂ ਖੋਜਾਂ ਵਿੱਚ ਗਰਭਵਤੀ ਔਰਤਾਂ ਨੂੰ ਵੱਧ ਖ਼ਤਰਾ ਨਹੀਂ ਲੱਭਿਆ। ਭਰੂਣ ਤੱਕ ਕੋਰੋਨਾ ਦੇ ਪਹੁੰਚਣ ਬਾਰੇ ਵੀ ਹਾਲੇ ਤੱਕ ਕਿਸੇ ਖੋਜੀ ਨੇ ਨਹੀਂ ਦੱਸਿਆ। ਬਾਕੀਆਂ ਵਾਂਗ ਗਰਭਵਤੀ ਔਰਤਾਂ ਨੂੰ ਵੀ ਪਰਹੇਜ਼ ਤੇ ਸਫ਼ਾਈ ਰੱਖਣ ਦੀ ਲੋੜ ਹੈ ?

ਸਵਾਲ 9.    ਕੀ ਨਵਜੰਮੇ ਬੱਚੇ ਨੂੰ ਕੋਰੋਨਾ ਪੀੜਤ ਮਾਂ ਦੁੱਧ ਪਿਆ ਸਕਦੀ ਹੈ ?

ਜਵਾਬ : ਜੀ ਹਾਂ।

ਸਵਾਲ 10.  ਫਲੂ ਤੇ ਕੋਵਿਡ 19 ਵਿਚ ਕੀ ਫ਼ਰਕ ਹੈ ?

ਜਵਾਬ : ਇਨ੍ਹਾਂ ਦੇ ਲੱਛਣ ਲਗਭਗ ਇੱਕੋ ਜਿਹੇ ਹੁੰਦੇ ਹਨ ਪਰ ਫਲੂ ਬੱਚਿਆਂ ਵਿਚ ਵੱਧ ਹੁੰਦਾ ਹੈ। ਇੱਕ ਤੋਂ ਦੂਜੇ ਵੱਲ ਜਾਣ ਦਾ ਖ਼ਤਰਾ ਕੋਵਿਡ 19 ਵਿਚ ਵੱਧ ਹੈ। ਫਲੂ ਦਾ ਖ਼ਤਰਾ ਗਰਭਵਤੀ ਔਰਤਾਂ ਤੇ ਬਜ਼ੁਰਗਾਂ ਵਿਚ ਵੀ ਵੱਧ ਹੁੰਦਾ ਹੈ। ਕੋਵਿਡ 19 ਬਜ਼ੁਰਗਾਂ ਤੇ ਬੀਮਾਰਾਂ ਉੱਤੇ ਵੱਧ ਹੱਲਾ ਬੋਲਦਾ ਹੈ, ਖ਼ਾਸ ਕਰ ਸ਼ੱਕਰ ਰੋਗੀਆਂ ਅਤੇ ਬਲੱਡ ਪ੍ਰੈੱਸ਼ਰ ਦੇ ਰੋਗੀਆਂ ਉੱਤੇ।

ਸਵਾਲ 11.  ਕੋਵਿਡ ਤੋਂ ਮੌਤ ਦਾ ਖ਼ਤਰਾ ਕਿੰਨਾ ਹੈ ?

ਜਵਾਬ : ਹਾਲੇ ਤੱਕ ਦੇ ਡਾਟੇ ਅਨੁਸਾਰ ਤਿੰਨ ਤੋਂ ਚਾਰ ਪ੍ਰਤੀਸ਼ਤ ਹੈ। ਫਲੂ ਤੋਂ ਹੋਈਆਂ ਮੌਤਾਂ ਦੀ ਦਰ ਸਿਰਫ਼ 0.1 ਪ੍ਰਤੀਸ਼ਤ ਹੈ।

ਸਵਾਲ 12. ਕੀ ਕੋਵਿਡ 19 ਬੀਮਾਰੀ ਦੇ ਹੁੰਦਿਆਂ ਵੀ ਟੈਸਟ ਨੈਗੇਟਿਵ ਆ ਸਕਦਾ ਹੈ ?

ਜਵਾਬ : ਪੀ. ਸੀ.ਆਰ. ਟੈਸਟ 30 ਫੀਸਦੀ ਕੇਸਾਂ ਵਿਚ ਨੈਗੇਟਿਵ ਆ ਸਕਦੇ ਹਨ।

ਸਵਾਲ 13.  ਕੀ ਮਾਸਕ ਪਾਉਣਾ ਹਰ ਕਿਸੇ ਲਈ ਜ਼ਰੂਰੀ ਹੈ ?

ਜਵਾਬ : ਕਮਿਊਨਿਟੀ ਰਾਹੀਂ ਫੈਲਾਓ ਤੋਂ ਬਚਣ ਲਈ ਘਰੋਂ ਬਾਹਰ ਨਿਕਲਣ ਵੇਲੇ ਹਰ ਕਿਸੇ ਨੂੰ ਮਾਸਕ ਪਾ ਲੈਣਾ ਚਾਹੀਦਾ ਹੈ।

ਸਵਾਲ 14. ਕਿਸ ਕਿਸਮ ਦਾ ਮਾਸਕ ਬਿਹਤਰ ਹੈ ?

ਜਵਾਬ : ਆਮ ਬੰਦਿਆਂ ਲਈ ਕੱਪੜੇ ਦਾ ਮਾਸਕ ਵੀ ਅਸਰਦਾਰ ਹੈ। ਇਸ ਮਾਸਕ ਨੂੰ ਰੋਜ਼ ਸਾਬਣ ਨਾਲ ਧੋਣਾ ਚਾਹੀਦਾ ਹੈ।

ਸਵਾਲ 15. ਕੀ ਇਹ ਹਵਾ ਰਾਹੀਂ ਫੈਲਦਾ ਹੈ ?

ਜਵਾਬ : ਕਿਸੇ ਕੋਵਿਡ 19 ਦੀ ਬੀਮਾਰੀ ਨਾਲ ਪੀੜਤ ਮਰੀਜ਼ ਦੀ ਨਿੱਛ ਜਾਂ ਖੰਘ ਨਾਲ ਇੱਕ ਮੀਟਰ ਦੂਰ ਤੱਕ ਖੜ੍ਹੇ ਲੋਕਾਂ ਨੂੰ ਇਸ ਬੀਮਾਰੀ ਦੇ ਹੋਣ ਦਾ ਖ਼ਤਰਾ ਹੈ। ਇਸ ਤੋਂ ਅੱਗੇ ਦੀਆਂ ਖੋਜਾਂ ਕਿ ਇਹ ਕਿੰਨੀ ਦੇਰ ਹਵਾ ਵਿਚ ਟਿਕਿਆ ਰਹਿ ਸਕਦਾ ਹੈ, ਹਾਲੇ ਜਾਰੀ ਹਨ। ਹੁਣ ਤੱਕ ਇਹੀ ਕਿਹਾ ਜਾ ਰਿਹਾ ਹੈ ਕਿ ਨਿੱਛ ਮਾਰਨ ਬਾਅਦ ਆਲੇ-ਦੁਆਲੇ ਜਾਂ ਸਾਹਮਣੇ ਖੜ੍ਹੇ ਬੰਦੇ ਦੇ ਕੱਪੜਿਆਂ, ਮੂੰਹ, ਹੱਥਾਂ, ਰੇਲਿੰਗ, ਕੰਧਾਂ ਰਾਹੀਂ ਇਹ ਦੂਜੇ ਨੂੰ ਜਕੜ ਲੈਂਦਾ ਹੈ।

ਸਵਾਲ 16. ਕੀ ਹਰ ਕੋਰੋਨਾ ਪੀੜਤ ਬੰਦੇ ਨੂੰ ਬੀਮਾਰੀ ਦੇ ਲੱਛਣ ਹੁੰਦੇ ਹਨ ?

ਜਵਾਬ : 80 ਫੀਸਦੀ ਵਿਚ ਲਗਭਗ ਨਾ ਬਰਾਬਰ ਲੱਛਣ ਹੁੰਦੇ ਹਨ। ਚੀਨ ਵਿਚ ਵੀ ਹਰ ਚਾਰਾਂ ਵਿੱਚੋਂ ਇੱਕ ਨੂੰ ਕੋਈ ਵੀ ਲੱਛਣ ਨਾ ਲੱਭੇ ਜਾਣ ਸਦਕਾ ਹੀ ਇਹ ਬੀਮਾਰੀ ਮਹਾਂਮਾਰੀ ਵਾਂਗ ਫੈਲੀ। ਇਹ ਲੋਕ, ਜਿਨ੍ਹਾਂ ਨੂੰ ਕੋਈ ਲੱਛਣ ਨਹੀਂ ਹਨ, ਅੱਗੋਂ ਬੀਮਾਰੀ ਫੈਲਾਉਣ ਦੇ ਸਮਰੱਥ ਹੁੰਦੇ ਹਨ। ਇਸੇ ਲਈ ਮਾਸਕ ਪਾ ਕੇ ਹੀ ਘਰੋਂ ਬਾਹਰ ਨਿਕਲਣਾ ਚਾਹੀਦਾ ਹੈ ਤੇ ਆਪਣੇ ਹੱਥ ਸਾਬਣ ਨਾਲ ਵਾਰ-ਵਾਰ ਧੋ ਕੇ ਸਾਫ਼ ਕਰਨੇ ਚਾਹੀਦੇ ਹਨ ਜਾਂ ਸੈਨੇਟਾਈਜ਼ ਕਰਨੇ ਚਾਹੀਦੇ ਹਨ।

ਸਵਾਲ 17.  ਕੋਵਿਡ 19 ਦੇ ਲੱਛਣ ਕੀ ਹਨ  ?

ਜਵਾਬ : ਤੇਜ਼ ਬੁਖਾਰ, ਸੁੱਕੀ ਖੰਘ, ਸਾਹ ਚੜ੍ਹਨਾ ਜਾਂ ਸਾਹ ਲੈਣ ਵਿਚ ਔਖਿਆਈ ਮਹਿਸੂਸ ਹੋਣੀ। ਕੁੱਝ ਮਰੀਜ਼ਾਂ ਨੂੰ ਸਰੀਰ ਟੁੱਟਦਾ ਮਹਿਸੂਸ ਹੋ ਸਕਦਾ ਹੈ, ਨੱਕ ਬੰਦ ਹੋਣਾ ਜਾਂ ਵੱਗਣਾ, ਟੱਟੀਆਂ ਲੱਗਣੀਆਂ, ਗਲੇ ਵਿਚ ਪੀੜ, ਆਦਿ ਵੀ ਹੋ ਸਕਦੇ ਹਨ।

ਸਵਾਲ 18. ਕੀ ਕੋਈ ਟੀਕਾ ਬਣਿਆ ਹੈ ?

ਜਵਾਬ : ਹਾਲੇ ਤੱਕ ਕੋਵਿਡ 19 ਲਈ ਕੋਈ ਵੀ ਟੀਕਾ ਨਹੀਂ ਬਣਿਆ। ਖੋਜਾਂ ਜਾਰੀ ਹਨ।

ਸਵਾਲ 19.  ਕੀ ਅਖਬਾਰਾਂ ਰਾਹੀਂ ਕੋਰੋਨਾ ਫੈਲ ਸਕਦਾ ਹੈ ?

ਜਵਾਬ : ਸਿਰਫ਼ ਇੱਕ ਖੋਜ ਨੇ ਸਪਸ਼ਟ ਕੀਤਾ ਸੀ ਕਿ ਕੋਰੋਨਾ ਜੇ ਅਖ਼ਬਾਰੀ ਕਾਗਜ਼ ਉੱਤੇ ਲੱਗ ਜਾਵੇ ਤਾਂ 4 ਜਾਂ 5 ਦਿਨ ਤੱਕ ਉੱਥੇ ਟਿਕਿਆ ਰਹਿ ਸਕਦਾ ਹੈ।

ਵਿਸ਼ਵ ਸਿਹਤ ਸੰਸਥਾ ਨੇ ਵੀ ਖ਼ਦਸ਼ਾ ਜ਼ਾਹਰ ਕੀਤਾ ਹੈ ਕਿ ਬੈਂਕ ਦੇ ਨੋਟਾਂ ਤੇ ਅਖ਼ਬਾਰੀ ਕਾਗਜ਼ਾਂ ਰਾਹੀਂ ਕੋਰੋਨਾ ਵਾਇਰਸ ਦੇ ਫੈਲਣ ਦਾ ਖ਼ਤਰਾ ਹੋ ਸਕਦਾ ਹੈ। ਇਸ ਬਾਰੇ ਹਾਲੇ ਤੱਕ ਸਪਸ਼ਟ ਖੋਜ ਸਾਹਮਣੇ ਨਹੀਂ ਆਈ। ਇਸੇ ਲਈ ਸਿਰਫ਼ ਧਿਆਨ ਰੱਖਣ ਦੀ ਲੋੜ ਹੈ। ਅਖ਼ਬਾਰਾਂ ਬਿਸਤਰਿਆਂ ਵਿਚ ਨਾ ਰੱਖੀਆਂ ਜਾਣ। ਇਹਤਿਆਤ ਵਜੋਂ ਪੜ੍ਹਨ ਬਾਅਦ ਹੱਥ ਅਤੇ ਮੇਜ਼ ਸਾਫ਼ ਕਰ ਲੈਣੇ ਚਾਹੀਦੇ ਹਨ।

ਸਵਾਲ 20.  ਕੀ ਹਾਈਡਰੌਕਸੀ ਕਲੋਰੋਕਵਿਨ ਦਵਾਈ ਕੋਰੋਨਾ ਲਈ ਅਸਰਦਾਰ ਹੈ ?

ਜਵਾਬ : ਹਾਲੇ ਕੋਵਿਡ 19 ਬੀਮਾਰੀ ਬਾਰੇ ਪੂਰੀ ਸਮਝ ਹੀ ਨਹੀਂ ਪੈ ਸਕੀ। ਇਸੇ ਲਈ ਵੱਖੋ-ਵੱਖ ਮੁਲਕਾਂ ਵਿਚ ਇਸ ਦੇ ਇਲਾਜ ਲਈ ਵੱਖੋ-ਵੱਖ ਦਵਾਈਆਂ ਦਾ ਤਜਰਬਾ ਕੀਤਾ ਜਾ ਰਿਹਾ ਹੈ।

ਹਾਈਡਰੌਕਸੀ ਕਲੋਰੋਕਵਿਨ ਦਵਾਈ ਬਿਨਾਂ ਲੋੜ ਦੇ ਨਹੀਂ ਖਾਣੀ ਚਾਹੀਦੀ। ਇਹ ਦਵਾਈ ਕਈ ਤਰ੍ਹਾਂ ਦੀਆਂ ਜੋੜਾਂ ਦੀਆਂ ਬੀਮਾਰੀਆਂ ਤੇ ਮਲੇਰੀਆ ਲਈ ਵਰਤੀ ਜਾਂਦੀ ਹੈ। ਇਸ ਦੇ ਮਾੜੇ ਅਸਰ ਨਜ਼ਰ ਅਤੇ ਦਿਲ ਉੱਤੇ ਪੈਂਦੇ ਹਨ। ਇਸ ਦੇ ਖਾਣ ਨਾਲ ਇਸ ਬੀਮਾਰੀ ਤੋਂ ਬਚਾਓ ਵਾਸਤੇ ਹਾਲੇ ਤੱਕ ਆਮ ਜਨਤਾ ਨੂੰ ਕੋਈ ਫ਼ਾਇਦਾ ਹੋਇਆ ਨਹੀਂ ਲੱਭਿਆ। ਸਿਰਫ਼ ਡਾਕਟਰੀ ਦੇਖ-ਰੇਖ ਹੇਠਾਂ, ਬੀਮਾਰੀ ਦੇ ਲੱਛਣ ਦਿਸਣ ਤੋਂ ਬਾਅਦ ਹੀ ਇਸ ਦੀ ਵਰਤੋਂ ਲੋੜ ਅਨੁਸਾਰ ਕੀਤੀ ਜਾ ਸਕਦੀ ਹੈ।

ਸਵਾਲ 21. ਕੀ ਕੋਈ ਦੇਸੀ ਦਵਾਈ ਬਚਾਓ ਲਈ ਖਾਧੀ ਜਾ ਸਕਦੀ ਹੈ ?

ਜਵਾਬ : ਹਾਲੇ ਤੱਕ ਦੀਆਂ ਵਿਸ਼ਵ ਪੱਧਰੀ ਖੋਜਾਂ ਵਿੱਚ ਕੋਈ ਦੇਸੀ ਜਾਂ ਅੰਗਰੇਜ਼ੀ ਦਵਾਈ ਅਸਰਦਾਰ ਸਾਬਤ ਨਹੀਂ ਹੋਈ। ਸਿਰਫ਼ ਪਰਹੇਜ਼ ਅਤੇ ਸਾਫ਼ ਸਫਾਈ ਰੱਖਣ ਬਾਅਦ ਆਪਣੇ ਆਪ ਨੂੰ ਭੀੜ ਤੋਂ ਪਰ੍ਹਾਂ ਰੱਖ ਕੇ ਹੀ ਕੋਰੋਨਾ ਤੋਂ ਬਚਿਆ ਜਾ ਸਕਦਾ ਹੈ !