ਸਰਕਾਰੀ ‘ਸਖੀ ਸੈਂਟਰ’ ਬਨਾਮ ‘ਸਖੀ-ਭਾਵ’ ਪ੍ਰਚਾਰ ਕੇਂਦਰ

0
330

ਸਰਕਾਰੀ ‘ਸਖੀ ਸੈਂਟਰ’ ਬਨਾਮ ‘ਸਖੀ-ਭਾਵ’ ਪ੍ਰਚਾਰ ਕੇਂਦਰ

ਜਗਤਾਰ ਸਿੰਘ ਜਾਚਕ, ਨਿਊਯਾਰਕ , ਵਟਸਅਪ : 98995-63906

ਗੁਰਮਤ ਪ੍ਰਕਾਸ਼ ਤੋਂ ਪਹਿਲਾਂ ਸਰਗੁਣ-ਵਾਦੀ ਵੈਸ਼ਨਵ ਭਗਤੀ ਸਾਧਨਾ ਦੇ ਖੇਤਰ ਵਿੱਚ ‘ਸਖਾ-ਭਾਵ’ ਤੇ ‘ਸਖੀ-ਭਾਵ’। ਭਗਤੀ ਨੂੰ ਬੜਾ ਮਹੱਤਵ ਦਿੱਤਾ ਜਾਂਦਾ ਰਿਹਾ ਹੈ। ਬਿਪਰਵਾਦੀ ਵੈਸ਼ਨਵ (ਵਿਸ਼ਨੂੰ ਭਗਤ) ਪ੍ਰਚਾਰਕ ਅਜੋਕੇ ਦੌਰ ਵਿੱਚ ਵੀ ਉਪਰੋਕਤ ਭਗਤੀ-ਸਾਧਨਾ ਨੂੰ ਬੜੇ ਜ਼ੋਰ-ਸ਼ੋਰ ਨਾਲ ਪ੍ਰਚਾਰ ਰਹੇ ਹਨ। ਪੌਰਾਣਿਕ ਭਗਤੀ ਸਾਹਿਤ ਵਿੱਚ ਊਧੌ, ਅਕ੍ਰੂਰ, ਬਿਦਰ, ਸੁਦਾਮਾ ਤੇ ਅਰਜਨ ਨੂੰ ਸ੍ਰੀ ਕ੍ਰਿਸ਼ਨ ਭਗਵਾਨ ਦੇ ਅਜਿਹੇ ਭਗਤਾਂ ਵਿੱਚ ਗਿਣਿਆ ਜਾਂਦਾ ਹੈ, ਜਿਹੜੇ ਸ੍ਰੀ ਕ੍ਰਿਸ਼ਨ ਪ੍ਰਤੀ ਸਖਾ-ਭਾਵ ਰੱਖਦੇ ਸਨ। ਮਤਲਬ ਕਿ ਇਹ ਸਾਰੇ ਆਪਣੇ ਆਪ ਨੂੰ ਭਗਵਾਨ ਦੇ ਮਿਤ੍ਰ ਮੰਨ ਕੇ ਭਗਤੀ ਕਰਦੇ ਸਨ। ਕਈ ਸ੍ਰੀ ਕ੍ਰਿਸ਼ਨ ਨੂੰ ਆਪਣਾ ਸਖਾ (ਜਾਰ/ਯਾਰ, ਦੋਸਤ) ਮੰਨਦੇ ਹੋਏ ਆਪਣੇ ਆਪ ਨੂੰ ਗੋਪੀਆਂ ਵਾਂਗ ਉਸ ਦੀਆਂ ਸਖੀਆਂ (ਗਰਲ ਫਰਿੰਡ) ਸਮਝਦੇ ਹਨ। ਅਜਿਹੀ ਭਗਤੀ ਦਾ ਨਾਂ ‘ਸਖੀ-ਭਾਵ’ ਹੈ, ਇਹੀ ਕਾਰਨ ਹੈ ਕਿ ਹਿੰਦੂਆਂ ਵਿੱਚ ਇਸ ਕਿਸਮ ਦੇ ਬਹੁਤ ਸਾਰੇ ਲੋਕ ਹਨ, ਜੋ ਪੁਰਸ਼ ਹੁੰਦੇ ਹੋਏ ਵੀ ਸਾੜ੍ਹੀ ਪਹਿਨਦੇ ਹਨ, ਅੱਖਾਂ ਵਿੱਚ ਸੁਰਮਾ ਮਟਕਾਉਂਦੇ ਹਨ ਅਤੇ ਮੱਥੇ ’ਤੇ ਬਿੰਦੀਆਂ ਵੀ ਚਮਕਾਉਂਦੇ ਹਨ। ਕਈ ਤਾਂ ਮਹੀਨੇ ਵਿੱਚ ਚਾਰ ਦਿਨ ਮਾਹਵਾਰੀ ਹੋਣ ਦਾ ਸਾਂਗ ਵੀ ਰਚਾਉਂਦੇ ਹਨ। ਚੈਤੰਨ ਮਹਾਂਪ੍ਰਭੂ ਆਪਣੇ ਆਪ ਨੂੰ ਸ੍ਰੀ ਕ੍ਰਿਸ਼ਨ ਦੀ ਅਤਿ ਪਿਆਰੀ ਪ੍ਰੇਮਿਕਾ (ਸਖੀ ਰਾਧਾ) ਦਾ ਅਵਤਾਰ ਮੰਨਦੇ ਸਨ। ਇਸ ਲਈ ਉਹ ਭਗਵਾਨ ਦੇ ਬਿਰਹਾ ਵਿੱਚ ਬੜੀ ਬਿਹਬਲਤਾ ਨਾਲ ਔਰਤਾਂ ਵਾਂਗ ਰੋਂਦੇ ਚਿਲਲਾਂਦੇ ਸਨ। ਮੰਦਰਾਂ ਵਿੱਚ ਸ੍ਰੀ ਕ੍ਰਿਸ਼ਨ ਅਤੇ ਰਾਧਾ ਦੀ ਜੁੜਵੀਂ ਮੂਰਤੀ ਦੀ ਪੂਜਾ ਹੁੰਦੀ ਹੈ ਅਤੇ ਉਸ ਅੱਗੇ ਪੁਰਸ਼ ਇਸਤ੍ਰੀਆਂ ਮਿਲ ਕੇ ਨ੍ਰਿਤ ਸਹਿਤ ਭਜਨਾਂ ਦਾ ਗਾਇਨ ਕਰਦੇ ਹਨ; ਜਿਵੇਂ – ਰਾਧਾ ਤੂ ਬਡਭਾਗਨੀ, ਕੌਨ ਤਪਸਿਆ ਕੀਨ। ਤੀਨ ਲੋਕ ਕੇ ਨਾਥ ਜੋ, ਸੋ ਤੇਰੇ ਅਧੀਨ।

ਪੁਰਾਣਾ ਮੁਤਾਬਕ ਕ੍ਰਿਸ਼ਨ ਦਾ ਸੰਬੰਧ ਅਨੇਕ ਇਸਤ੍ਰੀਆਂ ਨਾਲ ਰਿਹਾ ਹੈ, ਜਿਨ੍ਹਾਂ ਨਾਲ ਉਹ ਵ੍ਰਿੰਦਾਵਨ (ਬਿਦ੍ਰਾਬਨ) ਵਿਖੇ ਰਾਸ (ਪ੍ਰੇਮ-ਲੀਲਾ) ਰਚਾਉਂਦੇ ਰਹੇ, ਪਰ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਨਿਕਟਤਾ ਹਾਸਲ ਰਹੀ ਹੈ ਗੋਪੀ ‘ਰਾਧਾ’ ਨੂੰ, ਜੋ ਉਨ੍ਹਾਂ ਦੀ ਪਾਲਕ ਮਾਤਾ ਯਸ਼ੋਧਾ ਦੇ ਭਰਾ ਰਾਯਾਣ ਵੈਸ਼ਵ ਦੀ ਪਤਨੀ ਹੋਣ ਕਰਕੇ ਮਾਮੀ ਲਗਦੀ ਸੀ। ਪੌਰਾਣਿਕ ਮੱਤੀਂ ਪ੍ਰਚਾਰਕਾਂ ਨੇ ਪਰਦਾ ਪਾਉਣ ਲਈ ਕਿਹਾ ਕਿ ਰਾਧਾ ਨਾਲ ਕ੍ਰਿਸ਼ਨ ਦਾ ਵਿਆਹ ਤਾਂ ਭਾਵੇਂ ਨਹੀਂ ਹੋਇਆ ਸੀ, ਪਰੰਤੂ ਬ੍ਰਹਮਾ ਜੀ ਖ਼ੁਦ ਪ੍ਰਗਟ ਹੋ ਕੇ ਰਾਧਾ ਦਾ ਪੱਲਾ ਉਨ੍ਹਾਂ ਨੂੰ ਫੜਾ ਗਏ ਸਨ। ਸ੍ਰੀ ਕ੍ਰਿਸ਼ਨ ਦੇ ਅਜਿਹੇ ‘ਧੱਕੇ ਅਤੇ ਛਲ ਦੀ ਪ੍ਰੋੜ੍ਹਤਾ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਹੇਠ ਲਿਖੇ ਕਥਨ ਤੋਂ ਵੀ ਹੁੰਦੀ ਹੈ; ਜੋ ਇੱਕ ਅਕਾਲ ਪੁਰਖ ਦੇ ਉਪਾਸ਼ਕ ਗੁਰਸਿੱਖਾਂ ਨੂੰ ਸੁਚੇਤ ਕਰਨ ਲਈ ਗੁਰਦੁਆਰਿਆਂ ਵਿਖੇ ਆਸਾ ਦੀ ਵਾਰ ਰਾਹੀਂ ਹਰ ਰੋਜ਼ ਗਾਇਨ ਕੀਤਾ ਜਾਂਦਾ ਹੈ :‘‘ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ; ਕਾਨ੍ ਕ੍ਰਿਸਨੁ ਜਾਦਮੁ ਭਇਆ ॥  ਪਾਰਜਾਤੁ ਗੋਪੀ ਲੈ ਆਇਆ; ਬਿੰਦ੍ਰਾਬਨ ਮਹਿ ਰੰਗੁ ਕੀਆ ॥’’ (ਮਹਲਾ ੧/ ਪੰਨਾ ੪੭੦)

ਸ੍ਰੀ ਕ੍ਰਿਸ਼ਨ ਦੇ ਬਿੰਦ੍ਰਾਬਨੀ ਚੋਜ ਜਾਨਣ ਲਈ ‘ਸ਼੍ਰੀ ਮਦਭਾਗਵਤ ਪੁਰਾਣ’, ‘ਬ੍ਰਹਮਵੈਰਤ ਪੁਰਾਣ’ ਅਤੇ ‘ਪਦਮ ਪੁਰਾਣ’ ਆਦਿਕ ਸੰਸਕ੍ਰਿਤ ਦੇ ਗ੍ਰੰਥ ਵਾਚੇ ਜਾ ਸਕਦੇ ਹਨ। ਪੰਜਾਬੀ ਵਿੱਚ ‘ਭਾਗਵਤ ਪੁਰਾਣ’ ਦੇ ਦਸਵੇਂ ਸਕੰਧ (ਅਧਿਆਇ) ਦਾ ਉਲੱਥਾ ਰੂਪ ਬਚਿਤ੍ਰਨਾਟਕੀ ਰਚਨਾ ‘ਕ੍ਰਿਸਨਾਵਤਾਰ’ ਵੀ ਪੜ੍ਹੀ ਜਾ ਸਕਦੀ ਹੈ। ਵੈਸ਼ਨਵ ਭਗਤੀ ਸਾਹਿਤ ਵਿੱਚ ਤਾਂ ਭਾਵੇਂ ਉਪਰੋਕਤ ਕਿਸਮ ਦੇ ਸਖੀ-ਭਾਵ ਨੂੰ ਸਭ ਤੋਂ ਸ੍ਰੇਸ਼ਟ ਦਰਜਾ ਹਾਸਲ ਹੈ ਕਿਉਂਕਿ ਇਸ ਰਿਸ਼ਤੇ ਵਿੱਚ ਸਮਾਜਕ ਪੱਖੋਂ ਕਿਸੇ ਕਿਸਮ ਦਾ ਕੋਈ ਮਰਯਾਦਿਕ ਬੰਧਨ ਨਹੀਂ ਰਹਿੰਦਾ। ਸਾਧਕ-ਜਨ ‘ਰਾਧਾ’ ਵਾਂਗ ਸਮਾਜਕ ਭਾਈਚਾਰੇ ਤੋਂ ਬੇਪ੍ਰਵਾਹ ਹੋ ਕੇ ਆਪਣੇ ਪ੍ਰੀਤਮ ਨਾਲ ਪ੍ਰੇਮ ਦਾ ਖੇਲ ਖੁੱਲ੍ਹ ਕੇ ਖੇਲਦੇ ਹਨ। ਮੀਰਾਂਬਾਈ ਦੇ ‘‘ਮੈਂ ਨਿਰਗੁਣੀਆ, ਗੁਣ ਨਹੀਂ ਜਾਨੀ। ਏਕ ਧਨੀ ਕੇ ਹਾਥ ਬਿਕਾਨੀ’’ ਆਦਿਕ ਭਜਨਾਂ ਨੂੰ ਉਪਰੋਕਤ ਪੱਖੋਂ ਵਿਚਾਰਿਆ ਜਾ ਸਕਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ਸਖੀ-ਭਾਵ ਦਾ ਬਿਲਕੁਲ ਅਭਾਵ ਹੈ। ਗੁਰੂ ਸਾਹਿਬਾਨ ਤੇ ਭਗਤ-ਜਨਾਂ ਵੱਲੋਂ ਏਕੰਕਾਰੀ ਅਕਾਲ ਪੁਰਖ ਨਾਲ ਆਪਣੀ ਪਿਆਰ ਭਰੀ ਸਾਂਝ ਪ੍ਰਗਟਾਉਣ ਲਈ ਸਖੀ-ਭਾਵ ਦੀ ਥਾਂ ਪਤੀਵ੍ਰਤ ਪਤਨੀ-ਭਾਵ ਤੇ ਦਾਸ-ਭਾਵ ਨੂੰ ਵਧੇਰੇ ਤਰਜੀਹ ਦਿੱਤੀ ਗਈ ਹੈ। ਬਾਰਿਕ (ਬਾਲਕ)-ਭਾਵ ਦੇ ਝਲਕਾਰੇ ਵੀ ਕਈ ਸ਼ਬਦਾਂ ਵਿੱਚ ਤੱਕੇ ਜਾ ਸਕਦੇ ਹਨ। ਕਾਰਨ ਇਹੀ ਹੈ ਕਿ ਇਸ ਪ੍ਰਕਾਰ ਦੇ ਸਾਰੇ ਰਿਸ਼ਤੇ ਸਮਾਜਕ ਮਰਯਾਦਾ ਦੇ ਅੰਤਰਗਤਿ ਹਨ। ਇਨ੍ਹਾਂ ਦੀ ਪੇ੍ਰਮ-ਸਾਂਝ ਤੇ ਵਰਤਾਰੇ ਤੋਂ ਕੋਈ ਐਸੀ ਪ੍ਰੇਰਨਾ ਨਹੀਂ ਮਿਲਦੀ, ਜਿਸ ਦੀ ਬਦੌਲਤ ਧਰਮ ਦੇ ਪਰਦੇ ਹੇਠ ਕੋਈ ਸਮਾਜਕ ਅਨੈਕਿਤਾ ਫੈਲੇ; ਜਿਵੇਂ ਕਿ ਸਖੀ-ਭਾਵ ਦੀ ਭਗਤੀ ’ਚੋਂ ਹਿੰਦੂ ਮੰਦਰਾਂ ਵਿੱਚ ਦੇਵ-ਦਾਸੀਆਂ ਵਰਗੀ ਮਲੀਨ ਪ੍ਰਥਾ ਦਾ ਜਨਮ ਹੋਇਆ, ਜੋ ਸਮਾਜ ਲਈ ਅਤਿਅੰਤ ਸ਼ਰਮਨਾਕ ਪਤਨ ਦਾ ਕਾਰਨ ਬਣੀ।

ਪ੍ਰਸਿੱਧ ਸਿੱਖ ਚਿੰਤਕ ਤੇ ਇਤਿਹਾਸਕਾਰ ਪ੍ਰਿਸੀਪਲ ਸਤਬੀਰ ਸਿੰਘ ਦੀ ਬੇਟੀ ਸਿਮਰਨ ਕੌਰ ਨੇ ਇੱਕ ਬਹੁਤ ਹੀ ਪਿਆਰੀ ਪੁਸਤਕ ਲਿਖੀ ਹੈ ‘ਪ੍ਰਸਿੱਧ ਸਿੱਖ ਬੀਬੀਆਂ’। ਇਸ ਪੁਸਤਕ ਦੀ ਭੂਮਿਕਾ ਵਜੋਂ ਲਿਖੀ ਮੁੱਢਲੀ ਵੀਚਾਰ ਦੀ ਲਿਖਤ ਹੈ ‘ਸਖਾ ਭਗਤੀ ਬਹੁਤ ਦੇਰ ਚਲਦੀ ਰਹੀ। (ਇੱਸ ਪੱਖੋਂ) ਸੁਦਾਮੇ ਦੀ ਉਦਾਹਰਨ, ਉਧੂ ਦੀ ਮਿਸਾਲ ਜਾਂ ਅਰਜਨ ਤੇ ਕ੍ਰਿਸ਼ਨ ਦੀ ਦੋਸਤੀ ਸਭ ਪ੍ਰਚਾਰਦੇ ਹਨ। ਸਖਾ-ਭਗਤੀ ਬਾਅਦ ਜੇ ਕਿਸੇ ਹੋਰ ਦਾ ਹਿੰਦੁਸਤਾਨ ਵਿੱਚ ਜ਼ੋਰ ਰਿਹਾ ਤਾਂ ਉਹ ‘ਸਖੀ’ ’ਤੇ ਹੈ। ਇਸੇ ‘ਸਖੀ ਭਗਤੀ’ ਨੇ ਰਾਧਾ ਨੂੰ ਜਨਮ ਦਿੱਤਾ। ਇਸ਼ਕ ਮਿਜ਼ਾਜੀ ਨੇ ਇਸ਼ਕ ਹਕੀਕੀ ਦੀ ਸ਼ਕਲ ਧਾਰਨ ਕੀਤੀ। ਇਸ ਸਖੀ ਭਗਤੀ ਨੇ ਹਿੰਦੁਸਤਾਨ ਵਿੱਚ ਔਰਤ ਦੇ ਪੱਧਰ ਨੂੰ ਇੰਨਾ ਨੀਵਾਂ ਕਰ ਦਿੱਤਾ ਕਿ ਉਹ ਪਹਿਲਾਂ ਮੰਦਿਰਾਂ ਦਾ ਸ਼ਿੰਗਾਰ ਦੇਵਦਾਸੀ ਦੇ ਰੂਪ ਵਿੱਚ ਬਣੀ, ਫਿਰ ਦੇਵੀ ਦੇ ਰੂਪ ਵਿੱਚ ਪ੍ਰਗਟ ਹੋਈ। ਆਤਮਕ ਉਚਾਈਆਂ ਨਾ ਛੁਹੇ ਜਾਣ ਜਾਣ ਦਾ ਕਾਰਨ ਇਹ ਕੋਝੀ ਸਖੀ-ਭਗਤੀ ਪ੍ਰਥਾ ਸੀ।’ (ਪੰ.15, ਐਡੀਸ਼ਨ 1991)

ਹਿੰਦੀ ਸਾਹਿਤ ਦੇ ਇਤਿਹਾਸ ਵਿੱਚ ਰਾਮਚੰਦਰ ਸ਼ੁਕਲਾ ਨੇ ਲਿਖਿਆ ਹੈ ਕਿ ‘ਵੈਸ਼ਣਵੋਂ ਕੀ ਭਗਤੀ ਸ਼ਾਖ ਨੇ ਕੇਵਲ ਪ੍ਰੇਮ ਲੱਛਣਾ (ਸਖੀ ਭਾਵ) ਕੀ ਭਗਤੀ ਕੀ (ਕੀਤੀ), ਫਲ ਯਹਿ ਹੂਆ ਕਿ ਉਸ ਨੇ ਅਸ਼ਲੀਲ ਬਿਲਾਸਤਾ ਕੀ ਪ੍ਰਵਿਰਤੀ ਜਗਾਈ। ਸ੍ਰੀ ਮਦ ਭਾਗਵਤ ਗ੍ਰੰਥ ਮੇਂ ਸ੍ਰੀ ਕ੍ਰਿਸ਼ਨ ਕੇ ਮਧੁਰ ਰੂਪ ਕਾ ਵਿਸ਼ੇਸ਼ ਵਰਨਣ ਹੋਨੇ ਸੇ, ਭਗਤੀ ਛੇਤ੍ਰ ਮੇਂ ਗੋਪੀਓਂ ਕੇ ਢੰਗ ਕੇ ਮਧੁਰ੍ਯ-ਭਾਵ (ਸਖੀ-ਭਾਵ) ਕਾ ਰਸਤਾ ਖੁੱਲ੍ਹਾ। ਇਸ ਕੇ ਪ੍ਰਚਾਰ ਮੇਂ ਦਖਸ਼ਣ ਮੇਂ ਮੰਦਰੋਂ ਕੀ ਦੇਵਦਾਸੀਆਂ ਕੀ ਪ੍ਰਥਾ ਵਿਸ਼ੇਸ਼ ਰੂਪ ਵਿੱਚ ਸਹਾਇਕ ਹੋਈ। ਮਾਤਾ ਪਿਤਾ ਲੜਕੀਆਂ ਕੋ ਮੰਦਰ ਮੇਂ ਚੜ੍ਹਾ ਜਾਤੇ ਥੇ। ਉਨ ਕਾ ਵਿਆਹ ਭੀ ਠਾਕੁਰ (ਪੱਥਰ ਦੇ ਭਗਵਾਨ) ਕੇ ਸਾਥ ਹੋ ਜਾਤਾ ਥਾ। ਇਨ ਕੇ ਲੀਏ ਮੰਦਰ ਮੇਂ ਸਥਾਪਿਤ ਭਗਵਾਨ ਕੀ ਉਪਾਸ਼ਨਾ ਪਤੀ ਕੇ ਰੂਪ ਮੇਂ ਵਿਧੇਯ ਥੀ।’

ਕਿੰਨੀ ਨਖਿੱਧ ਹੈ ਦੇਵਦਾਸੀਆਂ ਦੀ ਪ੍ਰਥਾ, ਇਸ ਹਕੀਕਤ ਦੇ ਪ੍ਰਮਾਣ ਵੱਜੋਂ ‘ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ (ਐਡੀਸ਼ਨ ਮਈ 1990) ਦੀ ਭੂਮਿਕਾ ਪੜ੍ਹੀ ਜਾ ਸਕਦੀ ਹੈ। ਲਿਖਿਆ ਹੈ ਕਿ ਅਜੌਕੇ ਦੌਰ ਵਿੱਚ ਵੀ ‘ਬੰਬਈ, ਮਦਰਾਸ, ਕਰਨਾਟਕਾ ਤੇ ਕੇਰਲਾ ਦੇ ਵੇਸ਼ਆਲਿਆਂ ਵਿੱਚ ਦੇਵਦਾਸੀਆਂ ਦੀ ਵਧ ਰਹੀ ਗਿਣਤੀ ਅਤੇ ਮੰਦਰਾਂ ਵਿੱਚ ਹੋ ਰਹੀਆਂ ਵਿਭਚਾਰ ਦੀਆਂ ਦੁਰਘਟਨਾਵਾਂ ਸੰਬੰਧਤ ਪ੍ਰਾਂਤਾਂ ਦੀਆਂ ਸਰਕਾਰਾਂ ਲਈ ਕੌਮੀ ਸਿਰਦਰਦੀ ਬਣੀਆਂ ਹੋਈਆਂ ਹਨ। ਆਚਰਣਹੀਨਤਾ ਦੂਰ ਕਰਨ ਲਈ ਕਰੜੇ ਕਨੂਨ ਬਣਾਏ ਜਾ ਰਹੇ ਹਨ। ਹੁਣੇ ਹੀ ਫਰਵਰੀ 1990 ਦੇ ਮਾਸਕ ਪੱਤਰ ‘ਸੰਚੇਤਨਾ’ ਦਾ ਲੇਖ ਹੈ ‘ਖ਼ੂਬ ਵਧ ਫਲ ਰਹੀ ਹੈ ਦੇਵਦਾਸੀਓਂ ਕੀ ਪ੍ਰਥਾ’। ਇਹ ਹੈ ਫਲ ਸਰਗੁਣ ਭਗਤੀ ਧਾਰਾ ਦੀ ਮਧੁਰਤਾ, ਸੀਤਾ ਰਾਮ, ਰਾਧਾ ਕ੍ਰਿਸ਼ਨ ਦੇ ਨਾਮ ਹੇਠਾਂ ਪ੍ਰਚਲਿਤ ਕ੍ਰੀੜਾ, ਰੰਗਸ਼ਾਲਾ ਜਾਂ ਰਾਸ ਲੀਲਾ ਤੇ ਰਾਮ ਲੀਲਾ ਆਦਿ ਦਾ।’

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਖੇ ‘ਸਖੀ, ਸਖੀਆ ਅਤੇ ਸਖੀਏ’ ਲਫ਼ਜ਼ਾਂ ਦੀ ਵਰਤੋਂ ਤਾਂ ਭਾਵੇਂ ਮਿਲਦੀ ਹੈ, ਪਰ ਉਹ ਕੇਵਲ ਤੇ ਕੇਵਲ ‘ਸਤਿਸੰਗੀ ਸਹੇਲੀਆਂ’ ਦੇ ਅਰਥ ਵਿੱਚ। ਖ਼ੂਬਸੂਰਤੀ ਇਹ ਹੈ ਕਿ ਗੁਰਬਾਣੀ ਵਿੱਚ ਪਤੀ ਪਤਨੀ ਦੇ ਸਮਾਜਕ ਰਿਸ਼ਤੇ ਨੂੰ ਹੀ ‘ਸਖਾ’ ਤੇ ‘ਸਖੀ’ ਦੇ ਰੂਪ ਵਿੱਚ ਚਿਤਵਿਆ ਗਿਆ ਹੈ ਤਾਂ ਕਿ ਸਮਾਜ ਭਾਈਚਾਰਾ ਅਜਿਹੀ ਸਮਾਜਕ ਸਾਂਝ ਨੂੰ ਮੈਤ੍ਰੀ-ਭਾਵ (ਦੋਸਤਾਨਾ ਢੰਗ) ਨਾਲ ਨਿਭਾਵੇ, ਨਾ ਕਿ ਇੱਕ ਦੂਜੇ ਨੂੰ ਆਪਣੀ ਮਲਕੀਅਤ ਸਮਝ ਕੇ; ਜਿਵੇਂ ਗੁਰਵਾਕ ਹੈ ‘‘ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ; ਜੋ ਭਾਵੈ ਪਿਰ ਸਾ ਭਲੀ ॥’’ (ਦੇਵਗੰਧਾਰੀ/ਮਹਲਾ ੪/ ਪੰਨਾ ੫੨੭)

ਗੁਰਬਾਣੀ ਵਿੱਚ ਕੋਈ ਇੱਕ ਵੀ ਅਜਿਹਾ ਸੰਕੇਤ ਨਹੀਂ ਮਿਲਦਾ, ਜਿੱਥੇ ਕਿਸੇ ਵੀ ਰੰਗਰੱਤੇ ਬਾਣੀਕਾਰ ਨੇ ਆਪਣੇ ਆਪ ਨੂੰ ਪਤੀ ਪਰਮਾਤਮਾ ਦੇ ਸਨਮੁਖ ‘ਸਖੀ’ ਰੂਪ ਵਿੱਚ ਪੇਸ਼ ਕੀਤਾ ਹੋਵੇ। ਗੁਰੂ ਸਾਹਿਬਾਨ ਤੇ ਭਗਤ-ਜਨਾਂ ਨੇ ਜਦੋਂ ਵੀ ਅਕਾਲ ਪੁਰਖ ਨਾਲ ਆਪਣੀ ਆਤਮਕ ਸਾਂਝ ਦਾ ਪ੍ਰਗਟਾਵਾ ਕੀਤਾ ਤਾਂ ਉਹ ਪੇਸ਼ਕਾਰੀ ਕੇਵਲ ਇੱਕ ਪਤੀਵ੍ਰਤਾ ਸੁਹਾਗਣ ਦੇ ਰੂਪ ਵਿੱਚ ਹੀ ਮਿਲਦੀ ਹੈ; ਜਿਵੇਂ ਕਿ ‘‘ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥ (ਭੈਰਉ/ਮ: ੩/ਪੰਨਾ ੧੧੨੮), ਹਰਿ ਮੇਰੋ ਪਿਰੁ; ਹਉ ਹਰਿ ਕੀ ਬਹੁਰੀਆ ॥’’ (ਆਸਾ/ਭਗਤ ਕਬੀਰ/ ਪੰਨਾ ੪੮੩) ਆਦਿ।

ਭਾਰਤ ਦੇ ਕੇਂਦਰੀ ‘ਮਹਿਲਾ ਤੇ ਬਾਲ ਵਿਕਾਸ ਮੰਤਰਾਲੇ’ ਵੱਲੋਂ ਪੀੜਤ ਮਹਿਲਾਵਾਂ ਤੇ ਬਾਲਿਕਾਵਾਂ ਦੀ ਸੁਰੱਖਿਅਕ ਸਹਾਇਤਾ ਲਈ ਰਾਜ ਸਰਕਾਰਾਂ ਦੁਆਰਾ ਦੇਸ਼ਭਰ ਵਿੱਚ ‘ਵੰਨ ਸਟਾਪ ਸੈਂਟਰ’ ਖੋਲ੍ਹੇ ਜਾ ਰਹੇ ਹਨ। ਇਹ ਇੱਕ ਵਧੀਆ ਤੇ ਸਲਾਹੁਣ ਯੋਗ ਕਦਮ ਹੈ ਭਾਵੇਂ ਕਿ ਇਸ ਤੋਂ ਪਹਿਲਾਂ ਵੀ ਪੀੜਤ ਨਾਰੀਆਂ ਤੇ ਬਾਲਿਕਾਂ ਦੀ ਸਹਾਇਤਾ ਦੇ ਅਜਿਹੇ ਕੇਂਦਰ ਵੱਖ ਵੱਖ ਰਾਜਾਂ ਵਿੱਚ ਮੌਜੂਦ ਹਨ, ਪ੍ਰੰਤੂ ਕੇਂਦਰ ਸਰਕਾਰ ਦੇ ‘ਵੰਨ ਸਟਾਪ ਸੈਂਟਰ’ ਨੂੰ ‘ਸਖੀ ਸੈਂਟਰ’ ਦਾ ਨਾਂ ਦੇਣਾ ਤੇ ਰਾਜ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਬੜੇ ਜ਼ੋਰ-ਸ਼ੋਰ ਨਾਲ ‘ਸਖੀ ਸੈਂਟਰਾਂ’ ਵਜੋਂ ਪ੍ਰਚਾਰਨਾ ਕੇਂਦਰ ਸਰਕਾਰ ਦੇ ਮਨੋਰਥ ਨੂੰ ਸ਼ੱਕੀ (ਸੰਦਿਗਧ) ਕਰਦਾ ਹੈ। ਚੰਗਾ ਹੁੰਦਾ ਜੇ ਐਸੇ ਭਲਾਈ ਸੈਂਟਰਾਂ ਨੂੰ ‘ਨਾਰੀ ਸਹਾਇਤਾ ਕੇਂਦਰ’ ਨਾਂ ਦਿੱਤਾ ਜਾਂਦਾ। ਕਾਰਨ ਇਹ ਹੈ ਕਿ ਹੁਣ ਤਾਂ ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਇਸ ਪਿੱਛੇ ਵੀ ਆਰ.ਐਸ.ਐਸ ਦੀ ਉਹੀ ਬਿਪਰਵਾਦੀ ਸੋਚ ਹੀ ਕੰਮ ਕਰਦੀ ਪਈ ਹੈ, ਜਿਹੜੀ ਸਖੀ-ਭਾਵ ਦੀ ਗਲ਼ੀ-ਸੜੀ ਵੈਸ਼ਨਵ ਭਗਤੀ ਸਾਧਨਾ ਨੂੰ ਮੁੜ ਸੁਰਜੀਤ ਕਰਕੇ ਹਿੰਦੁਸਤਾਨ ਦੇ ਨਾਂ ਹੇਠ ਹਿੰਦੂ ਰਾਸ਼ਟਰ ਦੀ ਸਥਾਪਨਾ ਹਿੱਤ ਯਤਨਸ਼ੀਲ ਹੈ, ਇਸ ਲਈ ਜਿਹੜੇ ਮਾਨਵ-ਹਿਤਕਾਰੀ ਲੋਕ ਭਾਰਤ ਦੇ ਲੋਕ-ਰਾਜੀ ਸੰਵਿਧਾਨ ਦੀ ਸੁਰੱਖਿਆ ਲਈ ਮੌਜੂਦਾ ਕੇਂਦਰ ਸਰਕਾਰ ਦੀਆਂ ਨਾਗਰਿਕਤਾ ਸੋਧ ਬਿੱਲ ਵਰਗੀਆਂ ਡਿਕਟੇਟਰੀ ਤੇ ਮਾਰੂ ਨੀਤੀਆਂ ਦਾ ਵਿਰੋਧ ਕਰ ਰਹੇ ਹਨ, ਉਨ੍ਹਾਂ ਨੂੰ ਸਖੀ ਸੈਂਟਰਾਂ ਦੇ ਪਿਛੋਕੜ ਵਿੱਚ ਬੈਠੀ ਹਿੰਦੂਤਵੀ ਬਦਨੀਤ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਖ਼ਤਰਾ ਹੈ ਕਿ ਜਿਵੇਂ ਵੈਸ਼ਨਵ ਸਖੀ-ਭਾਵ ਨੇ ਕਥਿਤ ਧਾਰਮਿਕ ਮੰਦਿਰਾਂ ਨੂੰ ਦੇਵਦਾਸੀਆਂ ਦੇ ਰੂਪ ਵਿੱਚ ਵਿਭਚਾਰ ਦੇ ਅੱਡੇ ਬਣਾ ਦਿੱਤਾ ਹੈ, ਕਿਤੇ ਐਸਾ ਨਾ ਹੋਵੇ ਕਿ ਸਰਕਾਰੀ ‘ਸਖੀ ਸੈਂਟਰ’ ਪੱਛਮੀ ਸਭਿਆਚਾਰ ਦੇ ‘ਗਰਲ ਫਰਿੰਡ ਕੇਂਦਰ’ ਬਣ ਕੇ ਸਮਾਜਿਕ ਅਨੈਕਤਾ ਫੈਲਾਉਣ ਤੇ ਬਦਨਾਮੀ ਦਾ ਕਾਰਨ ਬਣਨ। ਕੀ ਮਰਦ ਕਰਮਚਾਰੀ ਤੇ ਹੋਰ ਲੋਕ ‘ਸਖੀ ਸੈਂਟਰ’ ਵਿੱਚ ਸ਼ਰਨ ਲੈਣ ਵਾਲੀਆਂ ਧੀਆਂ, ਭੈਣਾਂ ਤੇ ਮਾਵਾਂ ਨੂੰ ਸਖੀ (ਫਰਿੰਡ) ਕਹਿ ਕੇ ਨਹੀਂ ਬਲਾਉਣਗੇ ? ਯਾਦ ਰੱਖਿਏ ਕਿ ਨਾਵਾਂ ਪਿੱਛੇ ਬਹੁਤ ਕੁਝ ਐਸਾ ਵੀ ਲੁਕਿਆ ਹੁੰਦਾ ਹੈ, ਜਿਹੜਾ ਸਮਾਜ ਦੀਆਂ ਸਭਿਆਚਾਰਕ, ਧਾਰਮਿਕ ਤੇ ਰਾਜਨੀਤਕ ਭਾਵਨਾਵਾਂ ਨੂੰ ਬਦਲਣ ਦੀ ਸਮਰਥਾ ਰੱਖਦਾ ਹੈ। ਇਹੀ ਕਾਰਨ ਹੈ ਕਿ ਮੋਦੀ ਸਰਕਾਰ ਆਪਣੇ ਵਿਭਾਗਾਂ, ਸ਼ਹਿਰਾਂ, ਸੜਕਾਂ, ਜੰਗੀ ਬੇੜਿਆਂ ਤੇ ਮਿਸਾਈਲਾਂ ਆਦਿਕਾਂ ਦੇ ਨਾਂ ਬਦਲ ਕੇ ਅਜਿਹੇ ਪੌਰਾਣਿਕ ਨਾਂ ਦੇ ਰਹੇ ਹਨ, ਜਿਹੜੇ ਦੇਸ਼ ਦੇ ਹਰੇਕ ਵਰਗ ਨੂੰ ਭਗਵੇਂ ਰੰਗ ਵਿੱਚ ਰੰਗ ਕੇ ਉਨ੍ਹਾਂ ਦੇ ਹਿੰਦੂਤਵੀ ਮਨੋਰਥਾਂ ਦੀ ਪੂਰਤੀ ਕਰ ਸਕਣ।