ਸਿੱਖ ਕੌਮ ਖੋਜੀ ਕਲਮਕਾਰ ਪੈਦਾ ਕਰਨ ਬਾਰੇ ਨਿਰਣਾ ਲਵੇ

0
536

ਸਿੱਖ ਕੌਮ ਖੋਜੀ ਕਲਮਕਾਰ ਪੈਦਾ ਕਰਨ ਬਾਰੇ ਨਿਰਣਾ ਲਵੇ

ਗਿਆਨੀ ਕੇਵਲ ਸਿੰਘ, ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ- 95920-93472

panthaknagara@gmail.com <mailto:panthaknagara@gmail.com>

ਇਤਿਹਾਸ ਅੰਦਰ ਕੌਮਾਂ ਦੀ ਮਜ਼ਬੂਤ ਸਥਾਪਤੀ ਵਾਸਤੇ ਉਸ ਕੌਮ ਦੇ ਸਮਰਪਿਤ ਕਲਮਕਾਰਾਂ ਦਾ ਵੱਡਾ ਹਿੱਸਾ ਹੁੰਦਾ ਹੈ। ਸਿੱਖ ਕੌਮ ਨੇ ਕਲਮਕਾਰਾਂ ਦਾ ਮਜ਼ਬੂਤ ਪੂਰ ਸਿੰਘ ਸਭਾ ਲਹਿਰ ਦੇ ਦੌਰ ਵਿਚ ਪੈਦਾ ਕੀਤਾ। ਉਸ ਦੌਰ ਦਾ ਇਤਿਹਾਸ ਪੜ੍ਹਿਆਂ ਸਿੱਖ ਕੌਮ ਦਾ ਸਿਰ ਉੱਚਾ ਹੁੰਦਾ ਹੈ। ਦੂਜੀਆਂ ਕੌਮਾਂ ਦੇ ਮੁਕਾਬਲੇ ਛੋਟੀ ਤੇ ਖਿੰਡੀ ਪੁੰਡੀ ਹੋਣ ਦੇ ਬਾਵਜੂਦ ਵੀ ਆਪਣੇ ਕੌਮੀ ਜਥੇਬੰਦਕ ਫ਼ਰਜ਼ਾਂ ਲਈ ਲਾਮਬੰਦ ਹੋਣ ਵਿਚ ਸਫ਼ਲ ਹੁੰਦੀ ਹੈ। ਤਿੰਨ ਵੱਡੀਆਂ ਮਜ਼੍ਹਬੀ ਤਾਕਤਾਂ ਜਿੱਥੇ ਆਪਣੇ ਮਜ਼੍ਹਬੀ ਆਧਾਰ ਨੂੰ ਮਜ਼ਬੂਤ ਕਰਨ ਲਈ ਲਾਮਬੰਦ ਹੁੰਦੀਆਂ ਹਨ, ਉੱਥੇ ਉਨ੍ਹਾਂ ਦੇ ਅੰਦਰ ਇਕ ਦੂਜੇ ਨੂੰ ਖੋਰਾ ਲਾਉਣ ਦੀ ਭਾਵਨਾ ਵੀ ਹੈ। ਸਿੱਧੇ ਅਸਿੱਧੇ ਢੰਗ ਨਾਲ ਤਿੰਨੇ ਤਾਕਤਾਂ (ਇਸਲਾਮਿਕ, ਹਿੰਦੂਤਵ ਅਤੇ ਈਸਾਈਅਤ) ਸਿੱਖ ਕੌਮ ਨੂੰ ਖਤਮ ਕਰਨ ਦੀ ਧਾਰਨਾ ਲੈ ਕੇ ਕੰਮ ਕਰਦੀਆਂ ਦਿੱਸਦੀਆਂ ਹਨ। ਇਨ੍ਹਾਂ ਤਿੰਨਾਂ ਹੀ ਤਾਕਤਾਂ ਦੇ ਦਿਲ ਦਿਮਾਗ਼ ਅੰਦਰ ਇਹ ਖਿਆਲ ਘੁੰਮ ਰਿਹਾ ਹੈ ਕਿ ਸਿੱਖ ਕੌਮ ਸੰਨ 1849 ਈ: ਵਿਚ ਰਾਜ ਭਾਗ ਖਤਮ ਹੋਣ ਬਾਅਦ ਆਪਣੀ ਕੌਮੀ ਵਿਉਂਤਬੰਦੀ ਦੇ ਸਮਰੱਥ ਨਹੀਂ ਹੈ ਅਤੇ ਨਾ ਹੀ ਇਸ ਬਾਰੇ ਸੋਚਣ ਹੀ ਦੇਣਾ ਚਾਹੀਦਾ ਹੈ। ਆਪਣੀ ਮਨਸ਼ਾ ਪੂਰਤੀ ਲਈ ਉਨ੍ਹਾਂ ਨੇ ਆਪਣੀ-ਆਪਣੀ ਸਮਰੱਥਾ ਅਨੁਸਾਰ ਸੋਚਿਆ ਵੀ, ਵਿਉਂਤਿਆ ਵੀ ਅਤੇ ਕੰਮ ਵੀ ਕੀਤਾ।

ਰਾਜ-ਭਾਗ ਦੇ ਤਖ਼ਤੋ ਤਾਜ ਤੋਂ ਸੰਨ 1839 ਵਿਚ ਸਿੱਖ ਕੌਮ ਡਗਮਗਾਉਣੀ ਸ਼ੁਰੂ ਹੋ ਗਈ ਸੀ। ਸਿੱਖ ਰਾਜ-ਭਾਗ ਦੇ ਹੁੰਦਿਆਂ ਉਪਰੋਕਤ ਵਿਰੋਧੀ ਤਾਕਤਾਂ ਇਸ ਮੌਕੇ ਦੀ ਤਾਕ ਵਿਚ ਸਨ ਕਿ ਕਿਸੇ ਨ ਕਿਸੇ ਤਰ੍ਹਾਂ ਇਹ ਮਹਾਨ ਤਪ ਤੇਜ ਵਾਲੀ ਅਤੇ ਸੰਸਾਰ ਦਾ ਸਭ ਤੋਂ ਬਿਹਤਰੀਨ ਰਾਜ ਪ੍ਰਬੰਧ ਦੇਣ ਵਾਲੀ ਕੌਮ ਘਸਿਆਰੀ ਬਣ ਕੇ ਦਰ-ਬ-ਦਰ ਠੋਕਰਾਂ ਖਾਣ ਲਈ ਮਜ਼ਬੂਰ ਹੋਵੇ। ਸਿੱਖ ਰਾਜ ਘਰਾਣੇ ਦੀਆਂ ਦਰਾਰਾਂ ਨੂੰ ਹੋਰ ਤੋਂ ਹੋਰ ਮੋਕਲਾ ਕਰਨ, ਇਕ ਦੂਜੇ ਪ੍ਰਤੀ ਨਫ਼ਰਤ ਭਰਨ ਅਤੇ ਏਥੋਂ ਤੱਕ ਕਿ ਖ਼ੂਨ ਦੇ ਪਿਆਸੇ ਬਣਾਉਣ ਲਈ ਇਨ੍ਹਾਂ ਅੰਦਰ ਬੈਠੀਆਂ ਤਾਕਤਾਂ ਵਿੱਚੋਂ ਹਿੰਦੂਵਾਦੀ, ਡੋਗਰਾਸ਼ਾਹੀ ਅਤੇ ਈਸਾਈਅਤ ਦੀ ਪਕੜ ਵਾਲੀ ਈਸਟ ਇੰਡੀਆ ਕੰਪਨੀ ਦੇ ਤੇਜ਼ ਤਰਾਰ ਦਿਮਾਗ਼ ਨੇ ਪੂਰੀ ਵਿਉਂਤਬੰਦੀ ਨਾਲ ਅਲੱਗ-ਅਲੱਗ ਦਿਖਾਈ ਦੇ ਕੇ, ਅੰਦਰੋਂ ਇਕ ਹੋ ਕੇ ਕੰਮ ਕਰਦੇ ਇਤਿਹਾਸ ਦੇ ਪੰਨਿਆਂ ਨੂੰ ਪੜ੍ਹ ਸੁਣ ਸਕਦੇ ਹਾਂ। 

ਇੱਕੀਵੀਂ ਸਦੀ ਦਾ ਦੂਜਾ ਦਹਾਕਾ ਮੁੱਕਣ ਜਾ ਰਿਹਾ ਹੈ। ਸੰਸਾਰ ਭਰ ਅੰਦਰ ਸਫਲ ਕਿਰਤੀ ਅਤੇ ਕਾਰੋਬਾਰੀ ਦੇ ਤੌਰ ’ਤੇ ਸਿੱਖ ਕੌਮ ਦੀ ਸਥਾਪਤੀ ਜੱਗ ਜ਼ਾਹਰ ਹੈ। ਸਿੱਖ ਗੁਰੂ ਸਾਹਿਬਾਨ ਵੱਲੋਂ ਸਦੀਆਂ ਦੀ ਘਾਲ ਨਾਲ ਇਸ ਦੀਆਂ ਡੂੰਘੀਆਂ ਜੜ੍ਹਾਂ ਅੰਦਰ ਇਨਸਾਨੀਅਤ ਦੇ ਅਮੋਲਕ ਮਹਾਨ ਗੁਣ ਭਰ, ਸਚਿਆਰਤਾ ਦਾ ਮਜ਼ਬੂਤ ਆਧਾਰ ਅਤੇ ਨਿਰਮਲ ਨਿਆਰੇਪਣ ਦਾ ਮਹੱਲ ਬਖ਼ਸ਼ਿਆ। ਬਖ਼ਸ਼ੇ ਗਏ ਅਮੋਲਕ ਗੁਣਾਂ ਦੀ ਅਮੀਰ ਤਾਸੀਰ ਪੀੜ੍ਹੀ ਦਰ ਪੀੜ੍ਹੀ ਆਪਣੀ ਸੁਗੰਧ ਖਿਲਾਰੀ ਅੱਜ ਵੀ ਜਲਵਾਗਰ ਹੋ ਰਹੀ ਹੈ। ਨਾਮਵਰ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਦੀ ਵਾਰ ਦੇ ਬੋਲ ਹਨ : ‘ਹੁਕਮ ਰਜਾਈ ਚੱਲਣਾ, ਜੋ ਕਰੇਂ ਚੰਗੇਰਾ ਪੰਥ ਵਸੇ ਮੈਂ ਉੱਜੜਾਂ, ਮਨ ਚਾਉ ਘਨੇਰਾ ਕੌਮਾਂ ਪ੍ਰਤੀ ਸਮਰਪਿਤ ਜਾਗਰੂਪ ਹਿੱਸਾ ਆਪਣੀ ਕੌਮੀ ਜਥੇਬੰਦੀ ਦੀ ਮਜ਼ਬੂਤੀ, ਇਕਸੁਰਤਾ ਤੇ ਇਕਸਾਰਤਾ ਲਈ ਹਰ ਵਕਤ ਤਤਪਰ ਰਹਿ ਕੰਮ ਕਰਦਾ ਹੈ। ਇਸ ਨੂੰ ਆਪਣੀ ਕੌਮ ਦੇ ਅੰਦਰਲੇ ਵਿਹੜੇ ਅੰਦਰ ਪਨਪ ਰਹੀਆਂ ਕਮਜ਼ੋਰੀਆਂ ਦਾ ਪੂਰਾ ਗਿਆਨ ਹੁੰਦਾ ਹੈ। ਆਲੇ-ਦੁਆਲੇ ਕੌਮ ਦੇ ਦਰਪੇਸ਼ ਵਿਰੋਧੀ ਤਾਕਤਾਂ ਵੱਲੋਂ ਨਵੇਂ-ਨਵੇਂ ਰੂਪਾਂ ਅੰਦਰ ਖੜ੍ਹੀਆਂ ਹੋ ਰਹੀਆਂ ਚੁਣੌਤੀਆਂ ਬਾਰੇ ਵੀ ਸੋਹ ਹੁੰਦੀ ਹੈ। ਆਪਣੀ ਕੌਮ ਪ੍ਰਤੀ ਫਰਜ਼ਾਂ ਤੋਂ ਪੂਰੀ ਤਰ੍ਹਾਂ ਅਗਾਹ ਹੋਣ ਲਈ ਬੀਤੇ ਤੇ ਅੱਜ ਨੂੰ ਇਹ ਘੋਖਵੀਂ ਨਿਗਾਹ ਨਾਲ ਪੜ੍ਹਦਾ ਹੈ। ਮੁਕਾਬਲੇ ਦੇ ਯੋਗ ਸਹੀ ਧਿਰਾਂ ਨੂੰ ਜਗਾਉਂਦਾ ਵੀ ਹੈ।

ਪਿਛਲੇ ਦੋ ਮਹੀਨਿਆਂ (22 ਮਾਰਚ-22 ਮਈ, 2020) ਦੇ ਅਰਸੇ ਦੌਰਾਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਰਸ ਸਦਕਾ ਖ਼ੁਦ ਲਈ ਪੜ੍ਹਨ ਦਾ ਮੌਕਾ ਸਮਝਦਿਆਂ ਰੱਬੀ ਜੋਤ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਇਤਿਹਾਸ ਨੂੰ ਪੜ੍ਹਿਆ ਘੋਖਿਆ ਹੈ। ਮਹਿਸੂਸ ਕੀਤਾ ਹੈ ਕਿ ਆਪਣੇ ਮਹਾਨ ਸਤਿਗੁਰਾਂ ਦੀ ਅਦੁੱਤੀ ਸ਼ਖ਼ਸੀਅਤ ਨੂੰ ਅਸੀਂ ਵਰਤਮਾਨ ਮੌਕੇ ਆਪਣੇ ਕੌਮੀ ਹਿਰਦਿਆਂ ਅੰਦਰ ਵਸਾਉਣ ਤੋਂ ਬਹੁਤ ਹੀ ਬੁਰੀ ਤਰ੍ਹਾਂ ਖੁੰਝੇ ਹੋਏ ਹਾਂ। ਸਾਡਾ ਗੁਰੂਆਂ ਪ੍ਰਤੀ ਨਜ਼ਰੀਆ ਸਾਡੀ ਬੁੱਧੀ ਦੀਆਂ ਸੌੜੀਆਂ ਤੰਗ ਘੁੰਤਰਾਂ ਵਿੱਚੋਂ ਹੋ ਕੇ ਬਹੁਤ ਹੀ ਛੋਟਾ-ਛੋਟਾ ਹੁੰਦਾ ਜਾ ਰਿਹਾ ਹੈ। ਸਿੱਖ ਗੁਰੂ ਸਾਹਿਬਾਨ ਪ੍ਰਤੀ, ਜੋ ਵਿਸ਼ਵਾਸ ਪਿਆਰ ਸਾਡੀਆਂ ਰਗਾਂ ਅੰਦਰ ਖ਼ੂਨ ਦੇ ਗੇੜੇ ਨਾਲੋ ਤੇਜ ਦੌੜਨਾ ਬੜਾ ਜ਼ਰੂਰੀ ਸੀ, ਅਸੀਂ ਉਸ ਤੋਂ ਬਹੁਤ ਪਿੱਛੇ ਹਾਂ। ਅਸੀਂ ਗੱਲੀਂ ਬਾਤੀਂ ਸੰਸਾਰ ਅੰਦਰ ਸਿੱਖ ਕੌਮ ਦੀ ਮਜ਼ਬੂਤੀ ਨਾਲ ਸਥਾਪਤੀ ਦੇ ਸੁਪਨੇ ਲਗਾਤਾਰ ਲੈ ਰਹੇ ਹਾਂ। ਸੁਪਨੇ ਸਾਕਾਰ ਕਰਨ ਵਾਸਤੇ ਬਤੌਰੇ ਸਿੱਖ ਜਿੱਥੇ ਅਮਲੀ ਤਪ ਤੇਜ ਦਾ ਪਰਤਾਪ ਹੋਣਾ ਜ਼ਰੂਰੀ ਹੈ, ਉੱਥੇ  ਧਿਆਨ ਕੇਂਦ੍ਰਿਤ ਰੱਖਣਾ ਲਾਜ਼ਮੀ ਹੈ।

ਹਰ ਸਾਲ ਦਸੰਬਰ ਮਹੀਨੇ ਅੰਦਰ ਸਿੱਖ ਨਵੀਂ ਪੀੜ੍ਹੀ ਨੂੰ ਗੁਰੂ ਪਿਆਰ ਵਿਸ਼ਵਾਸ ਨਾਲ ਭਰਨ ਬਾਰੇ ਸਿੱਖ ਕੌਮ ਅੰਦਰ ਜਜ਼ਬੇ ਦਾ ਹੜ੍ਹ ਆਉਂਦਾ ਹੈ। ਅਸੀਂ ਗੁਰੂ ਸਪੁੱਤਰਾਂ ਮਹਾਨ ਸ਼ਹੀਦਾਂ ਕੌਮੀ ਬਾਬਿਆਂ ਵੱਡੇ ਅਤੇ ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਪੜ੍ਹਨ-ਸੁਣਨ, ਵਿਚਾਰਨ ਤੇ ਪ੍ਰਚਾਰਨ ਉੱਤੇ ਬਹੁਤ ਜ਼ੋਰ ਦੇਂਦੇ ਹਾਂ। ਐਸਾ ਕਰਨਾ ਸਾਡਾ ਕੌਮੀ ਫ਼ਰਜ਼ ਵੀ ਬਣਦਾ ਹੈ। ਸਦੀਆਂ ਬੀਤ ਜਾਣ ’ਤੇ ਵੀ ਸਾਡੇ ਕੌਮੀ ਸ਼ਹੀਦਾਂ ਦਾ ਇਤਿਹਾਸ ਹਰ ਵੇਲੇ ਨਵਾਂ ਤੇ ਤਰੋ ਤਾਜ਼ਾ ਹੋ ਕੇ ਸਾਡੀਆਂ ਰਗਾਂ ਵਿਚ ਜੰਮੇ ਹੋਏ ਖ਼ੂਨ ਨੂੰ ਉਬਾਲ ਦੇਂਦਾ ਹੈ। ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਉੱਪਰ ਪਤਾ ਨਹੀਂ ਕਿੰਨਾ ਕੁ ਨਵਾਂ ਲਿਖਣ ਬੋਲਣ ਦਾ ਕੰਮ ਵਾਰਤਕ ਅਤੇ ਕਵਿਤਾ ਦੇ ਰੂਪ ਵਿਚ ਹੋ ਜਾਂਦਾ ਹੈ।

ਦਾਸ (ਕੇਵਲ ਸਿੰਘ) ਇਨ੍ਹਾਂ ਸ਼ਹਾਦਤਾਂ ਨੂੰ ਹੋਰ ਸਮਝਣ ਘੋਖਣ ਦੇ ਨਜ਼ਰੀਏ ਨਾਲ ਪੁਸਤਕਾਂ ਦੇ ਪੁਰਾਤਨ ਅਦਾਰੇ ਸਿੰਘ ਬ੍ਰਦਰਜ਼ ਸ੍ਰੀ ਅੰਮ੍ਰਿਤਸਰ ਵਿਖੇ ਸ: ਗੁਰਸਾਗਰ ਸਿੰਘ ਜੀ ਪਾਸ ਗਿਆ। ਇਤਿਹਾਸਕ ਇਨ੍ਹਾਂ ਸ਼ਹੀਦੀ ਵਰਤਾਰਿਆਂ ਦੀ ਗੱਲ ਚੱਲੀ ਤਾਂ ਕਹਿਣ ਲੱਗੇ ਤੁਸਾਂ ਅੱਲ੍ਹਾ ਯਾਰ ਖਾਂ ਜੋਗੀ ਦੀਆਂ ਲਿਖਤਾਂ ਜਾਂ ਭਾਈ ਦੁਨਾ ਸਿੰਘ ਜੀ ਦੀਆ ਲਿਖਤਾਂ ਜੋ ਸ੍ਰ: ਪਿਆਰਾ ਸਿੰਘ ਪਦਮ ਜੀ ਦੁਆਰਾ ਸੰਪਾਦਨ ਹਨ, ਪੜ੍ਹੀਆਂ ਹੀ ਹਨ। ਇਨ੍ਹਾਂ ਸ਼ਹੀਦੀਆਂ ਬਾਰੇ ਇਕ ਪੁਰਾਣੀ ਕਾਵਿਕ ਲਿਖਤ ਨਵੀਂ ਛਪ ਕੇ ਸਾਹਮਣੇ ਆਈ ਹੈ, ਉਸ ਨੂੰ ਵੀ ਪੜ੍ਹੋ। ਦਾਸ ਇਸ ਲਿਖਤ ਨੂੰ ਅਦਬ ਨਾਲ ਲੈ ਕੇ ਆਇਆ ਜੋ ਸ: ਗੁਰਬਖਸ਼ ਸਿੰਘ ਜੀ ਕੇਸਰੀ ਹੁਣਾਂ ਦੀ ਲਿਖੀ ਹੈ।

ਸਮਾਜ ਸੇਵਾ ਤੇ ਕੌਮੀ ਜ਼ਿੰਮੇਵਾਰੀਆਂ ਦੇ ਚੱਲਦੇ ਰੁਝੇਵਿਆਂ ਕਰਕੇ ਇਸ ਪੁਸਤਕ ਨੂੰ ਨਾਲ ਤਾਂ ਲੰਮਾ ਸਮਾਂ ਚੁੱਕੀ ਰੱਖਿਆ ਪਰ ਪੜ੍ਹ ਨਾ ਸਕਿਆ। ਹੁਣ ਜਦੋਂ ਰੱਬੀ ਬਖ਼ਸ਼ੇ ਸਮੇਂ ਦਰਮਿਆਨ ਇਸ ਪੁਸਤਕ ਨੂੰ ਪੜ੍ਹਨ ਦਾ ਮੌਕਾ ਮਿਲਿਆ ਤਾਂ ਰੋਮ-ਰੋਮ ਬੇਮੁਹਾਰੇ ਅੰਗੜਾਈ ਲੈ ਗਿਆ। ਲੇਖਕ, ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਗਿਆਨੀ ਗਿਆਨ ਸਿੰਘ ਜੀ, ਡਾ: ਜੋਧ ਸਿੰਘ ਜੀ , ਗਿ: ਦਿੱਤ ਸਿੰਘ ਜੀ ਆਦਿ ਮਹਾਨ ਲੇਖਕਾਂ ਦਾ ਸਮਕਾਲੀ ਕੱਟੜ ਸਿੰਘ ਸਭੀਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਵਿਚਾਰਧਾਰਾ ਨੂੰ ਪੂਰੀ ਤਰ੍ਹਾਂ ਪਰਣਾਈ ਸ਼ਖ਼ਸੀਅਤ ਹੈ। ਪੁਸਤਕ ਦੇ ਸੰਪਾਦਕ ਡਾ: ਕਰਨੈਲ ਸਿੰਘ ਸੋਮਲ ਹਨ, ਜੋ ਕੌਮੀ ਹੀਰੇ ਸਿੰਘ ਸਭਾ ਲਹਿਰ ਦੇ ਮਹਾਨ ਯੋਧੇ ਗਿਆਨੀ ਦਿੱਤ ਸਿੰਘ ਜੀ ਦੇ ਪਿੰਡ ਨੰਦਗੜ੍ਹ ਕਲੌੜ ਦੇ ਵਸਨੀਕ ਹਨ। ਉਨ੍ਹਾਂ ਨੇ ਸ: ਗੁਰਬਖਸ਼ ਸਿੰਘ ਜੀ ਕੇਸਰੀ ਦੇ ਜੀਵਨ ਤੱਥਾਂ ਨੂੰ ਲੱਭਣ ਵਾਲੀ ਪੇਸ਼ ਕਰਨ ਵਾਲੀ ਕਮਾਲ ਕਰ ਦਿੱਤੀ ਹੈ। ਕਵਿਤਾ ਭਾਗ ਤੋਂ ਪਹਿਲਾਂ ਲੇਖਕ ਦੀ ਸ਼ਖ਼ਸੀਅਤ ਦਾ ਪੇਸ਼ ਕੀਤਾ ਗਿਆ ਜੀਵਨ ਘਾਲਣਾ ਦਾ ਸੰਖੇਪ ਅਤੇ ਮਹੱਤਵਪੂਰਨ ਖ਼ਾਕਾ ਹੈ। ਰੌਂਗਟੇ ਖੜ੍ਹੇ ਕਰਨ ਵਾਲਾ ਹੈ। ਪੜ੍ਹਦਿਆਂ-ਪੜ੍ਹਦਿਆਂ ਇਸ ਕੌਮ-ਪ੍ਰਸਤ ਲੇਖਕ ਦੀ ਕਰਨੀ ’ਤੇ ਨਾ ਕੇਵਲ ਮਾਣ ਹੋਇਆ ਹੈ ਬਲਕਿ ਖ਼ੁਦ ਦੀਆਂ ਕਮਜ਼ੋਰੀਆਂ ਦਾ ਪਸ਼ਚਾਤਾਪ ਵੀ ਹੋਇਆ ਹੈ। ਉਸ ਵਕਤ ਚੱਲੀਆਂ ਕਲਮਾਂ ਦਾ ਕੌਮੀ ਮੁਹਾਣ ਵਾਲਾ ਪੂਰ ਅੱਗੇ ਚੱਲ ਕੇ ਨਾਸਤਕਵਾਦ ਦੇ ਰੇਗਿਸਥਾਨ ਅੰਦਰ ਖੁਸ਼ਕ-ਖੁਸ਼ਕ ਹੁੰਦਾ ਦਿਖਾਈ ਦੇਣ ਲੱਗਦਾ ਹੈ।

ਅੱਜ ਕੌਮੀ ਵਿਹੜੇ ਅੰਦਰ ਝਾਤ ਮਾਰ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰ ਪਾਤਸ਼ਾਹ ਜੀ ਦੀਆਂ ਜੀਵਨ ਘਾਲਣਾਵਾਂ ਤੋਂ ਬਲਿਹਾਰ ਜਾ ਕੇ ਲਿਖਣ ਵਾਲੀਆਂ ਕਲਮਾਂ ਟਾਵੀਆਂ ਹੀ ਨਜ਼ਰੇ ਪੈਂਦੀਆਂ ਹਨ। ਕਲਮਾਂ ਚੱਲ ਵੀ ਰਹੀਆਂ ਹਨ ਤੇ ਭੁਲੇਖਾ ਵੀ ਪਾ ਰਹੀਆਂ ਹਨ ਕਿ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖ਼ਾਲਸਾ ਪੰਥ ਦੀ ਵਾੜ ਵਿਚ ਹੀ ਹਨ? ਉਨ੍ਹਾਂ ਵਿਚ ਬਹੁਤਿਆਂ ਪਾਸ ਗੁਰਬਾਣੀ ਗਿਆਨ ਦੀ ਕਮਾਈ ਹੋਈ ਗਹਿਰਾਈ ਤੇ ਮਾਣੇ ਹੋਏ ਰਸ ਦੀ ਜਿੱਥੇ ਘਾਟ ਮਹਿਸੂਸ ਹੁੰਦੀ ਹੈ, ਉੱਥੇ ਇਤਿਹਾਸਕ ਪੱਖ ਨੂੰ ਗੁਰਬਾਣੀ ਗਿਆਨ ਦੀ ਅਕੱਟ ਕਸੌਟੀ ’ਤੇ ਪਰਖਣ ਦੀ ਹਿੰਮਤ ਅਤੇ ਜਾਚ ਦੇ ਪੱਖੋਂ ਕੋਰਾਪਣ ਹੈ। ਕੌਮੀ ਘਰ ਦੇ ਵਿਹੜੇ ਅੰਦਰ ਨਵੇਂ ਕੌਮ-ਪ੍ਰਸਤ ਕਲਮਕਾਰ ਤਿਆਰ ਕਰਨ ਦੀ ਬੀਤੇ ਕਈ ਦਹਾਕਿਆਂ ਤੋਂ ਤੁਰੀ ਆਉਂਦੀ ਘਾਟ ਨੇ ਆਣ ਵੰਗਾਰਿਆ ਹੈ। ਸਿੱਖ ਕੌਮ ਜਾਗਰੂਪ ਵਾਰਸਾਂ ਅਤੇ ਕੌਮੀ ਸੰਸਥਾਵਾਂ ਦੇ ਮੁਖੀਆਂ ਸਾਹਮਣੇ ਇਕ ਰੂਹ ਦੀ ਹੂਕ ਵਜੋਂ ਇਹ ਅੱਖਰ ਪੇਸ਼ ਕਰਨ ਦਾ ਹੀਆ ਕੀਤਾ ਹੈ। ਅਸੀਂ ਮੁੜ ਧਿਆਨ ਕੇਂਦ੍ਰਿਤ ਕਰੀਏ। ਆਪਣੇ ਕੌਮੀ ਅਨਮੋਲ ਸਰਮਾਏ ਨੂੰ ਗੁਰਬਾਣੀ ਗਿਆਨ ਦੇ ਯੁਗ ਪਲਟਾਊ ਬਲ ਨੂੰ ਅਪਣਾਅ ਕੇ ਗੁਰਮਤਿ ਸਿਧਾਂਤਾਂ ਅਤੇ ਸਿੱਖ ਰਹਿਤ ਮਰਯਾਦਾ ਜੀਵਨ-ਜਾਚ ਵਾਲੇ ਨੌਜਵਾਨ ਕਲਮਕਾਰ ਸਖ਼ਤ ਘਾਲਣਾ ਘਾਲ ਕੇ ਪੈਦਾ ਕਰਨ ਦਾ ਦਾਈਆ ਨਿਸ਼ਚਿਤ ਕਰੀਏ।

ਅੱਜ ਵੀ ਸਾਡੇ ਕੋਲ ਸ: ਅਜਮੇਰ ਸਿੰਘ ਜੀ ਵਰਗੇ ਪ੍ਰੋੜ ਕੌਮ-ਪ੍ਰਸਤ ਲੇਖਕ ਮੌਜੂਦ ਹਨ। ਅਜਿਹੇ ਹੋਰ ਵੀ ਵਿਦਵਾਨਾਂ ਦੀ ਦੇਖ-ਰੇਖ ਹੇਠ ਸਿੰਘ ਸਭਾ ਲਹਿਰ ਦੀ ਕੁੱਖ ਵਿੱਚੋਂ ਪੈਦਾ ਹੋਏ ਲੇਖਕਾਂ ਵਰਗੇ ਲੇਖਕ ਕੌਮੀ ਵਿਹੜੇ ਦਾ ਸ਼ਿੰਗਾਰ ਬਣਾ ਸਕਦੇ ਹਾਂ। ਅੱਜ ਵੀ ਸਾਡੇ ਚਹੁੰ ਪਾਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗਿਆਨ ਵਿਚਾਰਧਾਰਾ ਨੂੰ ਤੇ ਸਿੱਖ ਇਤਿਹਾਸ ਦੇ ਸਿਧਾਂਤਕ ਵਿਰਸੇ ਨੂੰ ਨੁਕਸਾਨ ਪਹੁੰਚਾਉਣ ਲਈ  ਮਿੱਥ ਕੇ ਚੱਲਣ ਵਾਲੀਆਂ ਕਲਮਾਂ ਦੀ ਫ਼ੌਜ ਕੰਮ ਕਰ ਰਹੀ ਹੈ। ਜੋ ਵੱਖ-ਵੱਖ ਭਾਸ਼ਾਵਾਂ ਵਿਚ ਆਪਣੇ ਮਿਥੇ ਹੋਏ ਨਿਸ਼ਾਨੇ ਸਰ ਕਰਨ ਵਾਸਤੇ ਬਿਨ੍ਹਾਂ ਰੋਕ ਅੱਗੇ ਤੋਂ ਅੱਗੇ ਵਧਦੇ ਆ ਰਹੇ ਹਨ। ਸਿੱਖ ਜ਼ਿੰਮੇਵਾਰ ਸੰਸਥਾਵਾਂ ਦੇ ਪ੍ਰਬੰਧਕ ਕੌਮੀ ਸਮਰਪਿਤ ਭਾਵਨਾ ਤੋਂ ਭਟਕੇ ਹੋਣ ਕਰਕੇ ਕੌਮੀ ਇਕਸੁਰਤਾ ਅਤੇ ਇਕਸਾਰਤਾ ਲਈ ਬਣਦੇ ਫ਼ਰਜ਼ਾਂ ਤੋਂ ਅਵੇਸਲੇ ਦਿਖਾਈ ਦੇ ਰਹੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਛਪਦੀਆਂ ਲਿਖਤਾਂ ਵਿਚ ਭਾਰੀ ਕੁਤਾਹੀਆਂ ਕਾਰਨ ਪੈਦਾ ਹੋਏ ਨਵੇਂ ਵਿਵਾਦਾਂ ਨੇ ਕੌਮੀ ਵਿਹੜੇ ਨੂੰ ਉਦਾਸ ਕੀਤਾ ਹੈ। ਦਾਸ ਨੇ 550 ਸਾਲਾ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮਾਗਮ ਮੌਕੇ ਵਰਤਮਾਨ ਸਮੇਂ ਸ਼੍ਰੋ: ਗੁ: ਪ੍ਰੰ: ਕਮੇਟੀ ਵੱਲੋਂ ਗੁਰਮਤਿ ਪ੍ਰਕਾਸ਼ ਦੇ ਕੱਢੇ ਅੰਕਾਂ ਨੂੰ 1969 ਵਿੱਚ ਛਪੇ ਅੰਕਾਂ ਦੇ ਲਿਖਤੀ ਅਤੇ ਛਪਾਈ ਮਿਆਰ ਦੇ ਮੁਕਾਬਲੇ ਘੋਖਵੀਂ ਦ੍ਰਿਸ਼ਟੀ ਨਾਲ ਦੇਖਿਆ ਹੈ। ਮਹਿਸੂਸ ਕੀਤਾ ਹੈ, 50 ਸਾਲਾਂ ਬਾਅਦ ਸਾਡਾ ਹਰ ਮਿਆਰ ਉੱਚਾ ਹੋਣ ਦੀ ਥਾਂ ਜ਼ਮੀਨਦੋਜ ਹੋਇਆ ਹੈ। ਸਥਾਪਿਤ ਸਿਰਮੌਰ ਸੰਸਥਾਵਾਂ ਆਪਣੀ ਸਮਰੱਥਾ ਨੂੰ ਖੋਜੀ ਕਲਮਕਾਰ ਪੈਦਾ ਕਰਨ ਲਈ ਨਿਰਣਾ ਲੈਣ। ਜਿਸ ਨਾਲ ਕੌਮ ਨੂੰ ਬਲ ਤੇ ਉਤਸ਼ਾਹ ਮਿਲੇਗਾ। ਸੰਸਾਰ ਵਿਚ ਕੌਮੀ ਜਸ ਹੋਵੇਗਾ।