25 C
Jalandhar
Wednesday, April 22, 2026
spot_img
Home Blog Page 178

JAP (Pori No. 31)

0

ਆਸਣੁ ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ; ਸੁ ਏਕਾ ਵਾਰ ॥ ਕਰਿ ਕਰਿ ਵੇਖੈ; ਸਿਰਜਣਹਾਰੁ ॥

ਨਾਨਕ ! ਸਚੇ ਕੀ ਸਾਚੀ ਕਾਰ ॥ ਆਦੇਸੁ; ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੩੧॥ (ਜਪੁ /ਮ: ੧)

ਪਦ ਅਰਥ: ਆਸਣੁ- ਟਿਕਾਣਾ, ਸਥਿਰਤਾ, ਮੌਜੂਦਗੀ (ਇੱਕ ਵਚਨ ਨਾਂਵ)।, ਲੋਇ ਲੋਇ- ਲੋਕ ਲੋਕ ਵਿੱਚ ਭਾਵ ਹਰ ਜਗ੍ਹਾ ਜਾਂ ਕਣ ਕਣ ਵਿੱਚ (ਅਧਿਕਰਣ ਕਾਰਨ, ਇੱਕ ਵਚਨ ਨਾਂਵ)।, ਸੁ-ਉਹ ਸਭ (ਇੱਕ ਵਚਨ ਪੜਨਾਂਵ)।, ਏਕਾ ਵਾਰ- ਇੱਕ ਵਾਰੀ ਭਾਵ ਇਕੱਠਾ ਹੀ (ਗਿਣਤੀ ਵਾਚਕ ਕਿਰਿਆ ਵਿਸ਼ੇਸ਼ਣ)।, ਕਰਿ ਕਰਿ- ਪੈਦਾ ਕਰ ਕਰਕੇ (ਕਿਰਿਆ ਵਿਸ਼ੇਸ਼ਣ)।, ਸਚੇ- ਸਦੀਵੀ ਸਥਿਰ ਕਰਤਾਰ (ਨਾਂਵ)।, ਸਾਚੀ ਕਾਰ- ਸਦੀਵੀ ਸਥਿਰ ਕਾਰ, ਨਿਰੰਤਰ ਚੱਲਣ ਵਾਲੀ ਨਿਰਵਿਘਨ ਮਰਿਆਦਾ (ਸਾਚੀ-ਵਿਸ਼ੇਸ਼ਣ, ਕਾਰ-ਇਸਤ੍ਰੀ ਲਿੰਗ ਨਾਂਵ)।

‘ਜਪੁ’ ਬਾਣੀ ਦੀਆਂ ਪਉੜੀਆਂ ਨੰਬਰ 28 ਤੋਂ 31 ਤੱਕ ‘ਜੋਗ ਮਤ’ ਨੂੰ ਆਧਾਰ ਬਣਾ ਕੇ ‘ਗੁਰਮਤਿ’ ਰੂਪ ਸਚਾਈ ਨੂੰ ਰੂਪਮਾਨ ਕੀਤਾ ਜਾ ਰਿਹਾ ਹੈ, ਜਿਨ੍ਹਾਂ ਰਾਹੀਂ ਵਿਸ਼ਿਆਂ ਨੂੰ ਤਰਤੀਬ ਇਸ ਪ੍ਰਕਾਰ ਦਿੱਤੀ ਗਈ:

(1). ਪਉੜੀ ਨੰਬਰ 28: ਜਿਸ ਤਰ੍ਹਾਂ ‘ਜਪੁ’ ਬਾਣੀ ਦੀ ਆਰੰਭਕ ਪਉੜੀ ਨੰਬਰ 1 ’ਚ ਹਿੰਦੂ ਕਰਮਕਾਂਡਾਂ (‘ਤੀਰਥ ਇਸਨਾਨ, ਮੋਨ ਬ੍ਰਤ, ਤ੍ਰਿਸਨਾ ਦੀ ਭੁੱਖ, ਮਾਨਸਿਕ ਗਿਆਨ ਜਾਂ ਸਿਆਣਪ’ ਆਦਿ) ਦੀ ਟੇਕ ਲਈ ਗਈ ਸੀ ਉਸ ਤਰ੍ਹਾਂ ਹੀ ਇਸ ਪਉੜੀ ’ਚ ‘ਜੋਗ ਮੱਤ’ ਦੇ ਕਰਮਕਾਂਡਾਂ (ਮੁੰਦਾ, ਪਤੁ (ਖੱਪਰ) ਝੋਲੀ, ਬਿਭੂਤਿ, ਖਿੰਥਾ, ਡੰਡਾ’ ਆਦਿ) ਨੂੰ ਆਧਾਰ ਬਣਾਇਆ ਗਿਆ ਹੈ।

(2). ਪਉੜੀ ਨੰਬਰ 29: ਕੁਦਰਤ ਦੇ ਮਾਲਕ ਦੀ ‘‘ਸੰਜੋਗੁ ਵਿਜੋਗੁ’’ ਰੂਪ ‘‘ਕਾਰ’’ ਰਾਹੀਂ ਸਮਾਜ ਦੇ ਨਿਰੰਤਰ ਹੋ ਰਹੇ ਵਿਕਾਸ ਨੂੰ ਦਰਸਾਉਣ ਲਈ ‘ਗਿਆਨੁ, ਦਇਆ, ਕਣ ਕਣ ਵਿੱਚ ਵਿਆਪਕਤਾ’ ਆਦਿ ਗੁਣਾਂ ਰਾਹੀ ਜਗਤ ਦੇ ਅਸਲ ‘ਨਾਥੁ’ ਨੂੰ ਰੂਪਮਾਨ ਕੀਤਾ ਗਿਆ ਹੈ, ਜਿਸ ਦੇ ਹੁਕਮ ’ਚ ਹੀ ‘‘ਲੇਖੇ ਆਵਹਿ ਭਾਗ॥’’ ਅਟੱਲ ਸਚਾਈ ਹੈ।

(3). ਪਉੜੀ ਨੰਬਰ 30: ਸਿੱਧ (ਸ਼ਿਵ) ਨੂੰ ਵੱਡਾ ਦਰਸਾਉਣ ਲਈ ਘੜੀ ਗਈ ‘‘ਏਕਾ ਮਾਈ, ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ॥’’ ਰੂਪ ਮਿਥ (ਝੂਠ) ਦੇ ਮੁਕਾਬਲੇ ‘‘ਬਹੁਤਾ ਏਹੁ ਵਿਡਾਣੁ ॥’’ ਰੂਪ ਅਲੌਕਿਕ ਦ੍ਰਿਸ਼ ਬਿਆਨਿਆ ਗਿਆ ਹੈ, ਜਿਸ ਰਾਹੀਂ ‘‘ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ॥’’ ਭਾਵ ਤਿੰਨੇ ਕਾਲਪਨਿਕ ਰੱਬਾਂ ਨੂੰ ‘‘ਓਨਾ ਨਦਰਿ ਨ ਆਵੈ॥’’ ਕਹਿਣਾ, ਉਕਤ ਧਾਰਨਾ ਨੂੰ ਮਿਥਿਹਾਸ ਸਾਬਤ ਕਰਨਾ, ਦਰੁਸਤ ਜਾਪਦਾ ਸੀ।

(4). ਪਉੜੀ ਨੰਬਰ 31: ਇਸ ਪਉੜੀ ਰਾਹੀਂ ਉਪਰੋਕਤ ‘‘ਆਦੇਸੁ; ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥’’ ਵੱਲੋਂ ਕੁਦਰਤ ਦੇ ਖ਼ਜ਼ਾਨਿਆਂ ’ਚ ‘‘ਜੋ ਕਿਛੁ ਪਾਇਆ; ਸੁ ਏਕਾ ਵਾਰ ॥’’ ਨੂੰ ਰੂਪਮਾਨ ਕਰਨਾ, ਦਰੁਸਤ ਜਾਪਦਾ ਹੈ ਤਾਂ ਕਿ ‘‘ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ॥’’ ਬਾਰੇ ਥੋੜੀ ਬਹੁਤੀ ਰਹਿ ਚੁੱਕੀ ਧਾਰਨਾ ਨੂੰ ਵੀ ਮੂਲੋਂ ਹੀ ਰੱਦ ਕੀਤਾ ਜਾ ਸਕੇ। ਇਸ ਪਉੜੀ ਦਾ ਵਿਸ਼ਾ ਉਕਤ ਪਉੜੀ ’ਚ ਵਧੇਰੇ ਆਉਣ ਕਾਰਨ ਇਸ ਵਿੱਚ ਕੇਵਲ ਸੰਖੇਪ ਮਾਤ੍ਰ ਹੀ ਬਿਆਨ ਕੀਤਾ ਗਿਆ ਹੈ ਭਾਵ ਕੁੱਲ 36 ਸ਼ਬਦਾਂ ਦੇ ਸੁਮੇਲ ਵਾਲੀ ਇਹ ਪਉੜੀ ‘ਜਪੁ’ ਬਾਣੀ ਦੀ ਸਭ ਤੋਂ ਛੋਟੀ ਪਉੜੀ ਕਹੀ ਜਾ ਸਕਦੀ ਹੈ।

‘‘ਆਸਣੁ ਲੋਇ ਲੋਇ ਭੰਡਾਰ ॥ ਜੋ ਕਿਛੁ ਪਾਇਆ; ਸੁ ਏਕਾ ਵਾਰ ॥’’-ਇਸ ਪੰਕਤੀ ’ਚ ‘ਲੋਇ ਲੋਇ’ ਸ਼ਬਦ ਦੋ ਵਾਰ ਤੇ ਗੁਰਬਾਣੀ ਵਿੱਚ 31 ਵਾਰ ਦਰਜ ਹੈ, ਜਿਸ ਦਾ ਅਰਥ ਆਮ ਤੌਰ ਤੇ ਸਨਾਤਨ ਸੋਚ ’ਚੋਂ ਲਿਆ ਗਿਆ ‘ਤ੍ਰਿਲੋਕੀ’ (ਸਵਰਗ ਲੋਕ, ਮਾਤ ਲੋਕ ਤੇ ਪਾਤਾਲ ਲੋਕ) ਹੈ; ਜਿਵੇਂ:

‘‘ਭਗਤੁ, ਭਗਤੁ, ਸੁਨੀਐ ਤਿਹੁ ਲੋਇ ॥’’ (ਮ: ੫/੨੮੩)

‘‘ਜਾਪੈ ਆਪਿ ਪ੍ਰਭੂ; ਤਿਹੁ ਲੋਇ ॥’’ (ਮ: ੧/੯੩੩)

‘‘ਰਾਮ ਨਾਮੁ ਰਵਿ ਰਹਿਆ; ਤਿਹੁ ਲੋਇ ॥’’ (ਮ: ੩/੧੧੩੦), ਆਦਿ।

ਗੁਰਬਾਣੀ ’ਚ ‘ਲੋਇ’ ਦਾ ਅਰਥ ‘ਲੋਕਾਂ ਨੂੰ’ ਤੇ ‘ਜਗਤ ਵਿੱਚ’ (ਅਧਿਕਰਣ ਕਾਰਕ) ’ਚ ਵੀ ਦਰਜ ਹੈ; ਜਿਵੇਂ:

‘‘ਕਬੀਰ ! ਜਪਨੀ ਕਾਠ ਕੀ; ਕਿਆ ਦਿਖਲਾਵਹਿ ਲੋਇ ? ॥’’ (ਭਗਤ ਕਬੀਰ/੧੩੬੮) ਭਾਵ ‘ਸਿਮਰਨ’ ਲਈ ਚੁੱਕੀ ਫਿਰਦਾ ਲੱਕੜੀ (ਤੁਲਸੀ, ਰੁਦ੍ਰਾਖ ਆਦਿ) ਦੀ ਮਾਲਾ ਲੋਕਾਂ ਨੂੰ ਕਿਉਂ ਵਿਖਾ ਰਿਹਾ ਹੈਂ ?

‘‘ਕਾਮ, ਕ੍ਰੋਧਿ (ਨੇ) ਮਨੁ ਹਿਰਿ (ਲੁੱਟ) ਲਇਆ; ਮਨਮੁਖ ਅੰਧਾ ਲੋਇ (ਜਗਤ ਵਿੱਚ)॥’’ (ਮ: ੩/੧੪੧੪), ਆਦਿ।

ਸਬੰਧਿਤ ਪੰਕਤੀ ’ਚ ‘ਲੋਇ ਲੋਇ’ ਦਾ ਅਰਥ ਤਿੰਨੇ ਲੋਕ ਭਾਵ ਹਰ ਜਗ੍ਹਾ ਦਰੁਸਤ ਜਾਪਦਾ ਹੈ, ਜਿਸ ਦੀ ਪੁਸਟੀ ਅਗਲੀ ਤੁਕ ‘‘ਜੋ ਕਿਛੁ ਪਾਇਆ; ਸੁ ਏਕਾ ਵਾਰ ॥’’ ਭਾਵ ਤਿੰਨੇ ਲੋਕਾਂ ’ਚ ਪਦਾਰਥਾਂ ਦਾ ਭੰਡਾਰ ਇਕ ਵਾਰੀ ਦੀ ਬਣਾ ਦਿੱਤਾ, ਕਰ ਦਿੰਦੀ ਹੈ।

ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ, ਸੁ ਏਕਾ ਵਾਰ॥

ਭਾਵ- (ਜੀਵਾਂ ਲਈ ਰਿਜ਼ਕ ਦਾਤਾ ‘ਵਿਸ਼ਨੂੰ’ ਜਾਂ ‘ਮੀਕਾਇਲ ਫ਼ਰਿਸ਼ਤਾ’ ਨਹੀਂ ਬਲਕਿ) ਹਰ ਲੋਕ ਵਿੱਚ (ਭਾਵੇਂ ਉਹ ਅਕਾਸ਼ ਲੋਕ ਹੋਵੇ, ਮਾਤ ਲੋਕ ਜਾਂ ਪਤਾਲ ਲੋਕ ਹੋਵੇ, ਸਾਰੀਆਂ ਵਸਤੂਆਂ ਦਾ) ਸਟੋਰ ਸਥਾਨ ਹੈ, ਇਨ੍ਹਾਂ ਭੰਡਾਰਿਆਂ ’ਚ ਜੋ ਕੁਝ ਪਾਉਣਾ ਸੀ ਉਹ ਇੱਕ ਵਾਰੀ ਹੀ ਪਾ ਦਿੱਤਾ ਗਿਆ ਹੈ।

(ਨੋਟ : ਕੁਦਰਤ ਦੇ ਵਿਕਾਸ ’ਚ ਜ਼ਿੰਦਗੀ ਦੀ ਅਰੰਭਤਾ ਜਲ-ਜੀਵਾਂ ਤੋਂ ਹੋਈ ਹੈ, ਜੋ ਬਾਅਦ ’ਚ ਥੋੜ੍ਹਾ ਉੱਡਣ ਤੇ ਪਾਣੀ ’ਚੋਂ ਬਾਹਰ ਨਿਕਲਣ ਲੱਗੇ ਪਰ ਅਰੰਭਕ ਜੀਵ, ਪਾਣੀ ਦੀ ਕਾਈ ਤੋਂ ਖ਼ੁਰਾਕ ਲੈਣ ਲੱਗਿਆ ਭਾਵ ਪਹਿਲੇ ਜੀਵ ਦੀ ਉਤਪਤੀ ਤੋਂ ਪਹਿਲਾਂ ਹੀ ਕਾਈ (ਖ਼ੁਰਾਕ) ਸੀ, ਮਾਤਾ ਦੇ ਗਰਭ ’ਚ ਬੱਚੇ ਦੀ ਖ਼ੁਰਾਕ, ਮਾਤਾ ਦੇ ਖ਼ੂਨ ਰਾਹੀਂ ਪਹਿਲਾਂ ਬਣੀ, ਜੋ ਜਨਮ ਉਪਰੰਤ ਖ਼ੂਨ ਤੋਂ ਦੁੱਧ ਬਣਿਆ ਭਾਵ ਬੱਚੇ ਦੇ ਜਨਮ ਤੋਂ ਪਹਿਲਾਂ ਦੁੱਧ (ਖ਼ੁਰਾਕ) ਸੀ, ਇਸ ਦੀ ਪੁਸ਼ਟੀ ਗੁਰਬਾਣੀ ਇਉਂ ਕਰਦੀ ਹੈ, ‘‘ਪਹਿਲੋ ਦੇ (ਦੇ ਕੇ); ਤੈਂ ਰਿਜਕੁ ਸਮਾਹਾ (ਪਹੁੰਚਾਇਆ)॥ ਪਿਛੋ ਦੇ (ਕੇ); ਤੈਂ ਜੰਤੁ ਉਪਾਹਾ ॥’’ (ਮਹਲਾ ੫/੧੩੦)

‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ, ‘‘ਨਾਨਕ ! ਲਿਖਿਆ ਨਾਲਿ॥ ੧॥’’ ਸੰਕੇਤ ਦਰਜ ਹੈ, ਇਸ ਦਾ ਮਤਲਬ ਕਿਸੇ ਕਾਰਜ ਦੀ ਅਰੰਭਤਾ ਤੋਂ ਪਹਿਲਾਂ, ਉਸ ਕਾਰਜ ਬਾਰੇ ‘ਹੁਕਮ’ ਹੁੰਦਾ (ਯੋਜਨਾ ਬਣਦੀ) ਹੈ, ਇੱਥੇ ਜਿਸ ਹੁਕਮ ’ਚ ਚੱਲਣ ਦਾ ਸੰਕੇਤ ਹੈ ਉਹ ਪਹਿਲਾਂ ਤੋਂ ਕਾਰਜਸ਼ੀਲ ਹੈ ਭਾਵ ਬੱਚੇ ਦੀ ਜ਼ਿੰਦਗੀ ਦੀ ਸ਼ੁਰੂਆਤ ਤੋਂ ਪਹਿਲਾਂ ਹੁਕਮ ਵਰਤ ਰਿਹਾ ਹੈ, ਇਸੇ ਹੁਕਮ ’ਚ ਰਿਜ਼ਕ ਦਾ ਸਾਧਨ ਬਣਦਾ ਹੈ, ਜਿਸ ਨੂੰ ‘‘ਨਾਨਕ ! ਲਿਖਿਆ ਨਾਲਿ॥ ੧॥’’ ਕਿਹਾ ਗਿਆ ਤੇ ਇਸ ‘ਲਿਖਿਆ ਨਾਲ਼ਿ’ ਅਤੇ ‘‘ਜੋ ਕਿਛੁ ਪਾਇਆ, ਸੁ ਏਕਾ ਵਾਰ॥’’ ਨੂੰ ਮਿਲਾਈਏ ਤਾਂ ਜੀਵਨ ਦੀ ਬੁਨਿਆਦ ਤਿਆਰ ਹੋ ਜਾਂਦੀ ਹੈ ਭਾਵ ‘‘ਏਕਾ ਵਾਰ॥’’ ਪਾਉਣਾ ਤੇ ‘ਲਿਖਿਆ ਨਾਲਿ’ ਹੀ ਜ਼ਿੰਦਗੀ ਨੂੰ ਅਰੰਭ ਕਰਦੇ ਹਨ।)

‘‘ਕਰਿ ਕਰਿ ਵੇਖੈ; ਸਿਰਜਣਹਾਰੁ ॥ ਨਾਨਕ ! ਸਚੇ ਕੀ, ਸਾਚੀ ਕਾਰ ॥’’– ਇਸ ਪੰਕਤੀ ’ਚ ਦਰਜ ‘ਸਿਰਜਨਹਾਰੁ’ ਸ਼ਬਦ ਦਾ ਸਬੰਧ ਉਕਤ ਪਉੜੀ ’ਚ ‘‘ਓਹੁ ਵੇਖੈ..॥’’ ਨਾਲ ਹੈ ਤੇ ‘ਸਿਰਜਨਹਾਰੁ’ ਹੀ ‘‘ਕਰਿ ਕਰਿ ਵੇਖੈ॥’’ ਕਿਉਂਕਿ ‘‘ਓਨਾ ਨਦਰਿ ਨ ਆਵੈ..॥’’ ਨੂੰ ਤਾਂ ਵਿਖਾਈ ਹੀ ਨਹੀਂ ਦੇ ਰਿਹਾ ਫਿਰ ਵੇਖਣਗੇ ਕਿਵੇਂ? ਇਸ ਨਿਯਮ ਨੂੰ ਹੀ ‘‘ਸਚੇ ਕੀ ਸਾਚੀ ਕਾਰ ॥’’ ਕਿਹਾ ਗਿਆ ਹੈ, ਨਾ ਕਿ ਕਿਸੇ ਬ੍ਰਹਮਾ, ਵਿਸ਼ਨੂੰ ਜਾਂ ਸ਼ਿਵ ਦਾ ਇਸ ਵਿੱਚ ਕੋਈ ਰੋਲ ਹੈ।

ਕਰਿ ਕਰਿ ਵੇਖੈ ਸਿਰਜਣਹਾਰੁ॥ ਨਾਨਕ ! ਸਚੇ ਕੀ, ਸਾਚੀ ਕਾਰ॥

ਭਾਵ- ਹੇ ਨਾਨਕ ! (ਕੁਦਰਤ ਦਾ ਵਿਕਾਸ ਭਾਵ ਜੀਵ) ਪੈਦਾ ਕਰ-ਕਰ ਕੇ (ਅਦ੍ਰਿਸ਼) ਜਗਤ ਰਚੇਤਾ (ਹੀ ਇਨ੍ਹਾਂ ਨੂੰ) ਸੰਭਾਲ਼ਦਾ ਹੈ (ਨਾ ਕਿ ਕੋਈ ਕਾਲਪਨਿਕ ਸ਼ਕਤੀਆਂ), ਸਥਿਰ ਮਾਲਕ ਦੀ ਇਹ ਅਟੁੱਟ (ਅਭੰਗ) ਜਗਤ ਕਾਰ-ਵਿਹਾਰ ਗਤੀਸ਼ੀਲ ਹੈ।

ਆਦੇਸੁ, ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ॥ ੩੧॥

ਭਾਵ- ਉਸ (ਨਾਥ-ਖ਼ਸਮ) ਨੂੰ ਨਮਸਕਾਰ ਕਰ; ਜੋ ਸ੍ਰਿਸ਼ਟੀ ਦਾ ਮੁੱਢ (ਜੜ੍ਹ/ਮੂਲ) ਹੈ, ਦਾਗ਼ ਰਹਿਤ (ਉੱਜਲ) ਹੈ, ਉਹ ਆਪ ਮੁੱਢ (ਸੀਮਾ) ਰਹਿਤ ਅਬਿਨਾਸ਼ੀ ਹੈ ਤੇ ਆਦਿ ਕਾਲ (ਯੁਗਾ-ਯੁਗਾਂਤਰ) ਤੋਂ ਇੱਕ ਸਮਾਨ ਹਸਤੀ ਵਾਲ਼ਾ (ਸਤਿ ਸਰੂਪ) ਹੈ।

JAP (Pori No. 30)

0

ਏਕਾ ਮਾਈ, ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ॥

ਜਿਵ ਤਿਸੁ ਭਾਵੈ, ਤਿਵੈ ਚਲਾਵੈ; ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ, ਓਨਾ ਨਦਰਿ ਨ ਆਵੈ; ਬਹੁਤਾ ਏਹੁ ਵਿਡਾਣੁ ॥

ਆਦੇਸੁ; ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੩੦॥ (ਜਪੁ /ਮ: ੧)

ਉਚਾਰਨ ਸੇਧ : ਤਿੰਨ, ਫ਼ੁਰਮਾਣ, ਓਹ, ਓਨ੍ਹਾਂ, ਏਹ ।

ਪਦ ਅਰਥ: ਏਕਾ- ਇਕੱਲੀ ਭਾਵ ਕੇਵਲ ਇੱਕ ਹੀ (ਪੜਨਾਂਵੀ ਵਿਸ਼ੇਸ਼ਣ)।, ਮਾਈ– ਮਾਇਆ, ਆਕਾਰ ਹੋਂਦ ’ਚ ਸ਼ਕਤੀ (ਇਸਤ੍ਰੀ ਲਿੰਗ)।, ਜੁਗਤਿ- ਵਿਧੀ (ਇਸਤ੍ਰੀ ਲਿੰਗ ਨਾਂਵ)।, ਵਿਆਈ-ਪ੍ਰਸੂਤ ਹੋਈ, ਬੱਚਿਆਂ ਨੂੰ ਜਨਮ ਦਿੱਤਾ, ਸੂਈ (ਨਾਂਵ)।, ਤਿਨਿ- ਤਿੰਨ (ਸੰਖਿਅਕ ਸ਼ਬਦ)।, ਚੇਲੇ-ਪੁੱਤਰ (ਬਹੁ ਵਚਨ ਨਾਂਵ)।, ਪਰਵਾਣੁ- (ਸਨਾਤਨੀ ਸੋਚ ਅਨੁਸਾਰ) ਮੰਨੇ ਗਏ, ਸਵੀਕਾਰ ਕਰ ਲਏ ਗਏ।, ਸੰਸਾਰੀ- ਸਿ੍ਰਸ਼ਟੀ ਕਰਤਾ, ਜਗਤ ਨੂੰ ਪੈਦਾ ਕਰਨ ਵਾਲਾ, ਬ੍ਰਹਮਾ (ਇੱਕ ਵਚਨ ਨਾਂਵ)।, ਭੰਡਾਰੀ- ਭੰਡਾਰਿਆਂ ਦਾ ਮਾਲਕ, ਰਿਜ਼ਕ ਦਾਤਾ, ਵਿਸ਼ਨੂੰ (ਇੱਕ ਵਚਨ ਨਾਂਵ)।, ਦੀਬਾਣੁ-ਹਰਤਾ, ਸੰਘਾਰ ਕਰਨ ਵਾਲਾ, ਸ਼ਿਵਜੀ (ਇੱਕ ਵਚਨ ਨਾਂਵ)।, ਤਿਸੁ- ਉਸ (ਪ੍ਰਮਾਤਮਾ) ਨੂੰ (ਕਰਮ ਕਾਰਕ, ਇੱਕ ਵਚਨ, ਅਨ੍ਯ ਪੁਰਖ ਪੜਨਾਂਵ)।, ਭਾਵੈ- ਪਸੰਦ ਹੈ (ਇੱਕ ਵਚਨ ਵਰਤਮਾਨ ਕਿਰਿਆ)।, ਤਿਵੈ- ਉਸੇ ਤਰ੍ਹਾਂ ਹੀ (ਕਿਰਿਆ ਵਿਸ਼ੇਸ਼ਣ)।, ਫ਼ੁਰਮਾਨੁ- ਹੁਕਮ, ਆਗਿਆ (ਨਾਂਵ)।, ਓਹੁ- ਨਿਰਾਕਾਰ ਦਾਤਾਰ (ਇੱਕ ਵਚਨ ਅਨ੍ਯ ਪੁਰਖ ਪੜਨਾਂਵ)।, ਓਨਾ- ਉਨ੍ਹਾਂ ਨੂੰ, ਉਨ੍ਹਾਂ ਲਈ (ਸੰਪਰਦਾਨ ਕਾਰਕ, ਬਹੁ ਵਚਨ ਅਨ੍ਯ ਪੁਰਖ ਪੜਨਾਂਵ)।, ਏਹੁ ਵਿਡਾਣੁ-ਇਹ ਕੌਤਕ, ਅਜਿਹਾ ਅਸਚਰਜ (‘ਏਹੁ’- ਇੱਕ ਵਚਨ ਪੜਨਾਂਵੀ ਵਿਸ਼ੇਸ਼ਣ ਤੇ ‘ਵਿਡਾਣੁ’- ਇੱਕ ਵਚਨ ਨਾਂਵ)।

(ਨੋਟ : 48 ਸ਼ਬਦਾਂ ਦੇ ਸੁਮੇਲ ਨਾਲ ਭਰਪੂਰ ‘ਜਪੁ’ ਬਾਣੀ ਦੀ ਇਸ 30 ਵੀਂ ਪਉੜੀ ’ਚ ਸਨਾਤਨੀ ਮੱਤ ਨਾਲ ਸਬੰਧਿਤ ਇੱਕ ਪੁਰਾਣਿਕ, ਕਾਲਪਨਿਕ ਤੇ ਪ੍ਰਚੱਲਤ ਧਾਰਨਾ ਨੂੰ ਮੁੱਖ ਰੱਖ ਕੇ ਗੁਰੂ ਜੀ, ਅਸਲ ਸੱਚ ਬਾਰੇ ਆਪਣੇ ਵੀਚਾਰ ਵਿਅਕਤ ਕਰ ਰਹੇ ਹਨ। ਕਾਲਪਨਿਕ ਮਿੱਥ ਇਸ ਪ੍ਰਕਾਰ ਹੈ: ‘ਬਿਨਾ ਪਤੀ ਤੋਂ ਇਕੱਲੀ ਮਾਇਆ (ਇਸਤ੍ਰੀ) ਕਿਸੇ ਅਦਭੁਤ ਤਰੀਕੇ ਨਾਲ ਸੂ ਪਈ।

ਉਕਤ ਧਾਰਨਾ ਇਉਂ ਵੀ ਬਿਆਨ ਕੀਤੀ ਜਾਂਦੀ ਹੈ ਕਿ ਆਕਾਰ ਰੂਪ ’ਚ ਬੈਠੀ ਇਕੱਲੀ ਔਰਤ ਨੇ ਜਗਤ ਦੀ ਰਚਨਾ ਕਰਨ ਲਈ ਆਪਣਾ ਸਰੀਰ ਖੁਜਲਾ ਕੇ ਇੱਕ ਛਾਲਾ ਪੈਦਾ ਕੀਤਾ, ਜਿਸ ਦੇ ਫੁੱਟਣ ’ਤੇ ਬ੍ਰਹਮਾ ਦਾ ਰੂਪ ਬਣ ਗਿਆ। ਔਰਤ (ਮਾਈ) ਨੇ ਉਸ ਨਾਲ ਸਰੀਰਕ ਸਬੰਧ ਬਣਾ ਕੇ ਜਗਤ ਰਚਨਾ ਆਰੰਭ ਕਰਨੀ ਚਾਹੀ ਪਰ ਬ੍ਰਹਮਾ ਨੇ ਉਸ ਨੂੰ ਮਾਂ ਦਾ ਦਰਜਾ ਦੇ ਕੇ ਉਸ ਨਾਲ ਸ਼ਾਦੀ ਕਰਨਾ ਉਚਿਤ ਨਾ ਸਮਝਿਆ। ਮਾਈ ਦੀ ਇੱਛਾ ਪੂਰੀ ਨਾ ਹੋਣ ਕਾਰਨ ਉਸ ਨੂੰ ਪੱਥਰ ਬਣਾ ਕੇ ਦੂਸਰਾ ਛਾਲਾ ਪੈਦਾ ਕੀਤਾ ਗਿਆ, ਜਿਸ ਤੋਂ ਵਿਸ਼ਨੂੰ ਪੈਦਾ ਹੋ ਗਿਆ। ਉਹੀ ਮੰਗ ਤੇ ਉਹੀ ਜਵਾਬ ਮਿਲਣ ਕਾਰਨ ਉਸ ਨੂੰ ਵੀ ਪੱਥਰ ਬਣਾ ਕੇ ਤੀਸਰੇ ਛਾਲੇ ਰਾਹੀਂ ਸ਼ਿਵਜੀ ਪੈਦਾ ਕੀਤਾ ਗਿਆ। ਮਾਈ ਵੱਲੋਂ ਸ਼ਾਦੀ ਦੀ ਮੰਗ ਰੱਖੀ ਗਈ ਜਿਸ ਦੇ ਜਵਾਬ ’ਚ ਤੀਖਣ ਬੁੱਧੀ ਦੇ ਮਾਲਕ ਸ਼ਿਵਜੀ ਨੇ ਆਪਣੇ ਦੋਵੇਂ ਪੱਥਰ ਬਣੇ ਭਰਾਵਾਂ ਨੂੰ ਮੁੜ ਸੁਰਜੀਤ ਕਰਨ ਉਪਰੰਤ ਸ਼ਾਦੀ ਕਰਨੀ ਸਵੀਕਾਰ ਕਰ ਲਈ ਤੇ ਜਗਤ ਰਚਨਾ ਆਰੰਭ ਹੋ ਗਈ ਇਸ ਮਿਥਿਹਾਸ ਅਨੁਸਾਰ ‘ਏਕਾ’ ਦਾ ਅਰਥ (ਸੰਸਕ੍ਰਿਤ ’ਚ) ‘ਦੁਰਗਾ’ ਬਣ ਜਾਂਦਾ ਹੈ, ਜਿਵੇਂ ਕਿ ਮਹਾਨਕੋਸ਼ ’ਚ ਭਾਈ ਕਾਹਨ ਸਿੰਘ ਜੀ ਨਾਭਾ ਵੀ ਜ਼ਿਕਰ ਕਰ ਰਹੇ ਹਨ।

  ਜੋਗ ਮੱਤ ਨਾਲ ਸਬੰਧਿਤ ‘ਜਪੁ’ ਬਾਣੀ ਦੀਆਂ ਇਨ੍ਹਾਂ 4 ਪਉੜੀਆਂ (28-31) ’ਚ ਉਕਤ ਵਿਸ਼ਾ ਦਰਜ ਕਰਨਾ ਇਹ ਸੰਕੇਤ ਵੀ ਦੇਂਦਾ ਹੈ ਕਿ ‘ਸ਼ਿਵਜੀ’ ਨੂੰ ਬਾਕੀ ਦੋ (ਬ੍ਰਹਮਾ, ਵਿਸ਼ਨੂੰ) ਦੇ ਮੁਕਾਬਲੇ ਤੀਖਣ ਬੁਧੀ ਦਾ ਮਾਲਕ ਵਿਖਾਇਆ ਗਿਆ ਹੈ ਕਿਉਂਕਿ ਸ਼ਿਵ ਨੂੰ ਜੋਗੀ ਆਪਣਾ ਇਸ਼ਟ ਮੰਨਦੇ ਹਨ।)

‘‘ਏਕਾ ਮਾਈ, ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ ॥’’-ਇਸ ਪੰਕਤੀ ’ਚ ਦਰਜ ‘ਮਾਈ, ਵਿਆਈ, ਤਿਨਿ ਚੇਲੇ’ ਆਦਿ ਸ਼ਬਦ ਇੱਕ ਮਿਥਿਹਾਸਿਕ ਪਰਵਾਰਿਕ ਜੀਵਨ ਵੱਲ ਸੰਕੇਤ ਕਰਦੇ ਹਨ, ਜੋ ਹਿੰਦੂ ਮੱਤ ਦਾ ਆਧਾਰ ਵੀ ਹੈ। ਗੁਰਬਾਣੀ ਵਿੱਚ ਇਹ ਸੰਕੇਤ ਵੀ ਮਿਲਦਾ ਹੈ ਕਿ ਗੁਰੂ ਸਾਹਿਬ ਪਹਿਲਾਂ ਅਨ੍ਯ ਮੱਤ ਦੇ ਵੇਦ, ਸ਼ਾਸਤ੍ਰ, ਸਿਮਰਤੀਆਂ ਆਦਿ ਦਾ ਹਵਾਲਾ ਦੇ ਕੇ ਆਪਣਾ ਸਿਧਾਂਤਕ ਪੱਖ ਬਾਅਦ ਵਿੱਚ ਦਰਜ ਕਰਦੇ ਹਨ; ਜਿਵੇਂ: ‘‘ਪਹਿਲਾ ‘ਆਗਮੁ’ (ਸ਼ਾਸਤ੍ਰ) ਨਿਗਮੁ (ਵੇਦ ਆਦਿ ਬਾਰੇ) ਨਾਨਕੁ ਆਖਿ (ਕੇ) ਸੁਣਾਏ; ਪੂਰੇ ਗੁਰ ਕਾ ਬਚਨੁ ਉਪਰਿ ਆਇਆ ॥’’ (ਮ: ੪/੩੦੪)

‘ਵਿਆਈ’-ਇਹ ਸ਼ਬਦ ਗੁਰਬਾਣੀ ’ਚ ਕੇਵਲ ਇੱਕ ਵਾਰ ਸਬੰਧਿਤ ਪੰਕਤੀ ’ਚ ਹੀ ਦਰਜ ਹੈ ਅਤੇ ਇਸ ਦਾ ਰੂਪਾਂਤਰਨ (ਬਦਲਿਆ ਰੂਪ) ‘ਬਿਆਈ’ ਸ਼ਬਦ ਵੀ ਇੱਕ ਵਾਰ ਦਰਜ ਹੈ; ਜਿਵੇਂ: ‘‘ਜਲ ਕੀ ਮਛੁਲੀ; ਤਰਵਰਿ ‘ਬਿਆਈ’ ॥’’ (ਭਗਤ ਕਬੀਰ/੪੮੧) ਭਾਵ ਸੰਗਤ ਰੂਪ ਸਮੁੰਦਰ ’ਚ ਰਹਿਣ ਵਾਲੀ ਮੱਛੀ (ਨਿਮਾਣੀ ਜਿੰਦ) ਰੈਣ-ਬਸੇਰੇ ਦਰਖ਼ਤ (ਸਮਾਜਿਕ ਸਬੰਧਾਂ) ਉੱਤੇ ਸੂ ਪਈ, ਗ਼ਲਤੀ ਨਾਲ ਪੱਕਾ ਟਿਕਾਣਾ ਮੰਨ ਬੈਠੀ।

‘ਤਿਨਿ’– ਇਹ ਸ਼ਬਦ ਗੁਰਬਾਣੀ ਵਿੱਚ 179 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ 176 ਵਾਰ ਇਸ ਦਾ ਅਰਥ ਹੈ: ‘ਉਸ ਨੇ’ (ਇੱਕ ਵਚਨ ਪੜਨਾਂਵ, ਕਰਤਾ ਕਾਰਕ); ਜਿਵੇਂ:

(1).‘‘ਜਿਨਿ ਹਰਿ ਸੇਵਿਆ; ‘ਤਿਨਿ’ (ਉਸ ਨੇ) ਸੁਖੁ ਪਾਇਆ ॥’’ (ਮ: ੪/੩੬੫)

(2).‘‘ਰਵਿਦਾਸੁ ਢੁਵੰਤਾ ਢੋਰ ਨੀਤਿ; ‘ਤਿਨਿ’ (ਉਸ ਨੇ) ਤਿਆਗੀ ਮਾਇਆ ॥’’ (ਮ: ੫/੪੮੭)

(3).‘‘ਕਹੈ ਨਾਨਕੁ ਜਿਸ ਨੋ ਆਪਿ ਤੁਠਾ; ‘ਤਿਨਿ’ (ਉਸ ਨੇ) ਅੰਮ੍ਰਿਤੁ ਗੁਰ ਤੇ ਪਾਇਆ ॥’’ (ਮ: ੩/੯੧੮)

(4).‘‘ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ; ‘ਤਿਨਿ’ (ਉਸ ਨੇ) ਤਉ ਅਉਰੈ ਠਾਨੀ ॥’’ (ਭਗਤ ਨਾਮਦੇਵ/੧੧੬੫) ਆਦਿ।

ਗੁਰਬਾਣੀ ’ਚ ਕੇਵਲ ਇੱਕ ਵਾਰ ‘ਤਿਨਿ’ ਸ਼ਬਦ ਦਾ ਅਰਥ ਹੈ: ‘ਤ੍ਰਿਣ’ ਭਾਵ ‘ਸੁੱਕਾ ਘਾਹ-ਫੂਸ’ (ਇੱਕ ਵਚਨ ਪੁਲਿੰਗ ਨਾਂਵ); ਜਿਵੇਂ

‘‘ਬਨਿ, ਤਿਨਿ, ਪਰਬਤਿ; ਹੈ ਪਾਰਬ੍ਰਹਮੁ ॥’’ (ਮ: ੫/੨੯੪) ਭਾਵ ਪ੍ਰਮਾਤਮਾ ਹਰਿਆਲੇ ਜੰਗਲ ਵਿੱਚ, ਸੁੱਕੇ ਘਾਹ-ਫੂਸ ਵਿੱਚ, ਪਰਬਤ ਵਿੱਚ (ਭਾਵ ਹਰ ਥਾਂ) ਵਿਆਪਕ ਹੈ।

ਗੁਰੂ ਨਾਨਕ ਸਾਹਿਬ ਜੀ ਹੀ ‘ਜਪੁ’ ਬਾਣੀ ਦੀ ਉਕਤ (ਸਬੰਧਿਤ) ਪੰਕਤੀ ਤੋਂ ਇਲਾਵਾ ਕੇਵਲ ਇੱਕ ਵਾਰ ਹੋਰ ‘ਤਿਨਿ’ ਸ਼ਬਦ ਦਾ ਅਰਥ: ‘ਤਿੰਨ’ (ਸੰਖਿਆ ਵਾਚਕ) ਹੀ ਕਰਦੇ ਹਨ; ਜਿਵੇਂ:

‘‘ਆਂਟ ਸੇਤੀ ਨਾਕੁ ਪਕੜਹਿ; ਸੂਝਤੇ ‘ਤਿਨਿ’ ਲੋਅ ॥’’ (ਮ: ੧/੬੬੨) ਭਾਵ ਹੱਥਾਂ ਦੀਆਂ ਉਂਗਲੀਆਂ ਨਾਲ ਨੱਕ ਪਕੜ੍ਹ ਕੇ (ਸਮਾਧੀ ਦੀ ਸ਼ਕਲ ’ਚ) ਤ੍ਰਿਲੋਕੀ (ਸਵਰਗ ਲੋਕ, ਮਾਤ ਲੋਕ ਤੇ ਪਾਤਾਲ ਲੋਕ ਭਾਵ ਤਿੰਨੇ ਲੋਕ) ਵਿਖਾਈ ਦੇਣ ਦਾ ਪਾਖੰਡ ਕਰਦੇ ਹਨ।

(ਨੋਟ: ਗੁਰੂ ਨਾਨਕ ਸਾਹਿਬ ਜੀ ਵੱਲੋਂ ਦਰਜ ਕੀਤੀਆਂ ਗਈਆਂ ਉਕਤ ਦੋਵੇਂ ਪੰਕਤੀ ’ਚ ‘ਤਿਨਿ’ ਸ਼ਬਦ ਦਾ ਉਚਾਰਨ ‘ਤਿੰਨ’ ਕਰਨਾ ਦਰੁਸਤ ਹੋਵੇਗਾ ਕਿਉਂਕਿ ਇਹ ਸ਼ਬਦ ‘ਨਾਂਵ’ ਜਾਂ ‘ਪੜਨਾਂਵ’ ਨਹੀਂ ਬਲਕਿ ‘ਸੰਖਿਅਕ’ (ਗਿਣਤੀ ਵਾਚਕ) ਸ਼ਬਦ ਹੈ, ਇਸ ਉਚਾਰਨ ਬਾਰੇ ਗੁਰਬਾਣੀ ਵੀ ਇੱਕ ਵਾਰ ਸੇਧ ਬਖ਼ਸ਼ਸ਼ ਕਰਦੀ ਹੈ; ਜਿਵੇਂ: ‘‘ਥਾਲ ਵਿਚਿ ‘ਤਿੰਨਿ’ ਵਸਤੂ ਪਈਓ; ਸਤੁ ਸੰਤੋਖੁ ਵੀਚਾਰੋ ॥’’ ਮ: ੫/੧੪੨੯)

ਏਕਾ ਮਾਈ, ਜੁਗਤਿ ਵਿਆਈ; ਤਿਨਿ ਚੇਲੇ ਪਰਵਾਣੁ॥ 

ਭਾਗ- (ਹਿੰਦੂ ਮਿੱਥ ਅਨੁਸਾਰ ਜਗਤ ਉਤਪਤੀ ਦੇ ਅਰੰਭ ’ਚ) ਇਕਲੌਤੀ ਔਰਤ ਸੀ, ਜੋ ਕਿਸੇ ਯੁਗਤੀ ਨਾਲ਼ (ਭਾਵ ਬਿਨਾਂ ਮਰਦ ਤੋਂ) ਪ੍ਰਸੂਤ ਹੋਈ (ਜਣੇਪਾ ਕੀਤਾ, ਜਿਸ ਦੇ) ਤਿੰਨ ਚੇਲੇ (ਭਾਵ ਪੁੱਤਰ ‘ਬ੍ਰਹਮਾ, ਵਿਸ਼ਨੂੰ ਤੇ ਸ਼ਿਵ’ ਦੇਵਤੇ ਰੂਪ ’ਚ) ਕਬੂਲ ਕਰ ਲਏ ਗਏ।

(ਨੋਟ : ਧਿਆਨ ਰਹੇ ਕਿ ਉਕਤ ਮਿੱਥ, ਹਿੰਦੂ ਮਤ ਅਨੁਸਾਰ ਹੈ ਜਦ ਕਿ ਬਾਇਬਲ ਤੇ ਕੁਰਾਨ ’ਚ ਪਹਿਲਾ ਆਦਮੀ ‘ਬਾਬਾ ਆਦਮ’ ਲਿਖਿਆ ਹੈ, ਜਿਸ ਦੀ ਉਮਰ 930 ਸਾਲ ਦੱਸੀ ਗਈ। ਇਸ ਦੀ ਸ਼ਕਲ, ਖ਼ੁਦਾ ਨੇ ਮਿੱਟੀ ਤੋਂ ਆਪਣੇ ਵਰਗੀ ਬਣਾਈ ਸੀ ਤੇ ਸੁੱਤੇ ਪਏ ਦੀ ਇੱਕ ਪਸਲੀ ਕੱਢ ਕੇ ਨਾਰੀ ‘ਹਵਾ’ ਬਣਾਈ । ਜੋ ਭਿਸ਼ਤ (ਸਵਰਗ) ’ਚੋਂ ਮਨ੍ਹਾ ਕੀਤੇ ਫਲ਼ ਖਾਣ ਕਾਰਨ ਧਰਤੀ ’ਤੇ ਸੁੱਟੇ ਗਏ। ਗੁਰਬਾਣੀ ਵਾਕ ਹੈ, ‘‘ਬਾਬਾ ਆਦਮ ਕਉ; ਕਿਛੁ ਨਦਰਿ ਦਿਖਾਈ ॥ ਉਨਿ ਭੀ; ਭਿਸਤਿ ਘਨੇਰੀ ਪਾਈ ॥’’ (ਭਗਤ ਕਬੀਰ/੧੧੬੧) ਬਾਬਾ ਆਦਮ ਸ਼੍ਰੀ ਲੰਕਾ ’ਚ ਤੇ ਬੀਬੀ ‘ਹਵਾ’ ਅਰਬ ’ਚ ਜੱਦਾਹ ਪਾਸ ਡਿੱਗੀ, ਜਿਨ੍ਹਾਂ ਨੂੰ 100 ਸਾਲ ਬਾਅਦ ਜਬਰਾਇਲ ਫ਼ਰਿਸ਼ਤੇ ਨੇ ਮਿਲਾਇਆ, ਜੋ ਪੈਗ਼ੰਬਰ ਨੂੰ ਖ਼ੁਦਾ ਦੇ ਹੁਕਮ ਲਿਆ ਕੇ ਦਿੰਦਾ ਹੈ।

ਭਾਰਤ ਅਤੇ ਸ਼੍ਰੀ ਲੰਕਾ ਵਿਚਕਾਰ ਬਣਿਆ ਕਾਲਪਨਿਕ ਪੁਲ, ਇਸਲਾਮ ਮੁਤਾਬਕ ਬਾਬਾ ਆਦਮ ਜੀ ਨੇ ਅਤੇ ਹਿੰਦੂ ਮਤ ਅਨੁਸਾਰ ਰਾਮ ਚੰਦਰ ਜੀ ਨੇ ਬਣਾਇਆ ਹੈ। ਹਿੰਦੂ ਮਤ ਅਤੇ ਇਸਲਾਮ ਮਤ ਦਾ ਬਹੁਤ ਕੁਝ ਸਾਂਝਾ ਵੀ ਹੈ, ਕੇਵਲ ਨਾਮ ਹੀ ਬਦਲੇ ਗਏ ਹਨ; ਜਿਵੇਂ ਕਿ

(1). ਹਿੰਦੂ ਦਾ ‘ਸ਼ਿਵ’ (ਨਾਸ਼ ਕਰਨ ਵਾਲ਼ਾ ਦੇਵਤਾ) ਤੇ ਇਸਲਾਮ ਦਾ ‘ਇਸਰਾਫ਼ੀਲ’ ਤੇ ‘ਇਜ਼ਰਾਈਲ’ (ਅਜ਼ਰਾਈਲ ਜਾਂ ਮਲਕਲ ਮਉਤ ਫ਼ਰਿਸ਼ਤਾ) ਹੈ। ਗੁਰਬਾਣੀ ਵਾਕ ਹਨ, ‘ਮਲਕਲ ਮਉਤ’ ਜਾਂ ਆਵਸੀ; ਸਭ ਦਰਵਾਜੇ ਭੰਨਿ ॥ (ਬਾਬਾ ਫਰੀਦ/੧੩੮੩), ‘ਅਜਰਾਈਲੁ ਫਰੇਸਤਾ’; ਤਿਲ ਪੀੜੇ ਘਾਣੀ ॥ (ਮ: ੪/੩੧੫), ਆਦਿ।

(2). ਹਿੰਦੂ ਦਾ ‘ਵਿਸ਼ਨੂੰ’ (ਰਿਜ਼ਕ ਦੇਣ ਵਾਲ਼ਾ) ਅਤੇ ‘ਇੰਦਰ’ (ਵਰਖਾ/ਬਾਰਸ਼ ਕਰਨ ਵਾਲ਼ਾ) ਹੈ ਪਰ ਇਸਲਾਮ ਦਾ ‘ਮੀਕਾਇਲ ਫ਼ਰਿਸ਼ਤਾ’ ਇਹ ਦੋਵੇਂ ਕੰਮ ਕਰਦਾ ਹੈ।

(3). ਹਿੰਦੂ ਦੇ ‘ਚਿਤਰ-ਗੁਪਤ’ ਅਤੇ ਇਸਲਾਮ ਦੇ ‘ਕਿਰਾਮਨ-ਕਾਤਿਬੀਨ’ ਫ਼ਰਿਸ਼ਤੇ ਹਨ, ਜੋ ਜੀਵਾਂ ਦੇ ਚੰਗੇ-ਮੰਦੇ ਲੇਖ ਲਿਖਦੇ ਹਨ।

(4). ਹਿੰਦੂ ਦਾ ‘ਮਨੁ’ ਹੀ ਇਸਲਾਮ ਦਾ ‘ਨੂਹ’ ਹੈ।

(5). ਹਿੰਦੂ ਦਾ ‘ਸਵਰਗ’ ਤੇ ਇਸਲਾਮ ਦਾ ‘ਭਿਸ਼ਤ’ (ਬਹਿਸ਼ਤ) ਹੈ, ਆਦਿ।)

‘‘ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ ॥’’– ਇਸ ਪੰਕਤੀ ’ਚ ਤਿੰਨ ਵਾਰ ਦਰਜ ‘ਇਕੁ’ (ਇੱਕ ਵਚਨ ਪੁਲਿੰਗ ਪੜਨਾਂਵ) ਸ਼ਬਦ ਇਹੀ ਸੰਕੇਤ ਦੇਂਦਾ ਹੈ ਕਿ ਉਕਤ ਪੰਕਤੀ ’ਚ ‘ਤਿਨਿ ਚੇਲੇ’ ਕੇਵਲ ਪੁਰਖਵਾਚਕ (ਪੁਲਿੰਗ) ਸ਼ਬਦ ਹੀ ਹਨ, ਨਾ ਕਿ ਕੋਈ ਇਸਤ੍ਰੀ ਲਿੰਗ (ਮਾਤਾ) ਵੀ।

‘ਸੰਸਾਰੀ’– ਇਹ ਸ਼ਬਦ ਗੁਰਬਾਣੀ ਵਿੱਚ 14 ਵਾਰ ਦਰਜ ਹੈ, ਜਿਸ ਦਾ ਅਰਥ ਕੇਵਲ ਦੁਨਿਆਵੀ ਪੱਧਰ ਤੱਕ ਹੀ ਸੀਮਤ ਹੈ; ਜਿਵੇਂ:

(1). ‘‘ਰਾਮ ਨਾਮ ਕੀ ਗਤਿ ਨਹੀ ਜਾਨੀ; ਭੈ (ਦੁਨਿਆਵੀ ਡਰ ’ਚ) ਡੂਬੇ ‘ਸੰਸਾਰੀ’ (ਦੁਨਿਆਵੀ ਮਾਨਸਿਕਤਾ ਵਾਲੇ ਲੋਕ)॥’’ (ਭਗਤ ਕਬੀਰ/੩੩੨)

(2). ‘‘ਸਾਸਤੁ, ਬੇਦੁ ਬਕੈ ਖੜੋ ਭਾਈ ! ਕਰਮ ਕਰਹੁ ‘ਸੰਸਾਰੀ’ (ਦੁਨਿਆਵੀ ਪੱਧਰ ਤੱਕ ਦੇ ਹੀ)॥’’ (ਮ: ੧/੬੩੫)

(3). (ਗੁਰੂ ਸ਼ਬਦ ਰੂਪ) ‘‘ਹੀਰਾ ਹਾਥਿ (ਉੱਤੇ) ਚੜਿਆ ਨਿਰਮੋਲਕੁ; ਛੂਟਿ ਗਈ ‘ਸੰਸਾਰੀ’ (ਦੁਨਿਆਵੀ ਮਾਨਸਿਕਤਾ) ॥’’ (ਭਗਤ ਕਬੀਰ/੧੧੨੩) ਆਦਿ।

‘ਭੰਡਾਰੀ’– ਇਹ ਸ਼ਬਦ ਗੁਰਬਾਣੀ ਵਿੱਚ 9 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ ਕੇਵਲ ਇੱਕ ਵਾਰ (‘ਜਪੁ’ ਪਉੜੀ ਦੀ ਸਬੰਧਿਤ ਪੰਕਤੀ ’ਚ) ਹਿੰਦੂ ਮਿਥਿਹਾਸ ਨਾਲ ਸਬੰਧਿਤ ਪਦਾਰਥਵਾਦੀ ਦਾਤਾਂ ਦੇ ਸਬੰਧ ’ਚ ਅਤੇ ਬਾਕੀ 8 ਵਾਰ ਨਿਰੋਲ ਰੱਬੀ ਗੁਣਾਂ ਰੂਪ ਭੰਡਾਰਿਆਂ ਨਾਲ ਸਬੰਧਿਤ ਹੈ; ਜਿਵੇਂ:

(1). ‘‘ਅੰਦਰੁ ਸਾਚਾ, ਮਨੁ ਤਨੁ ਸਾਚਾ; ਭਗਤਿ ਭਰੇ ‘ਭੰਡਾਰੀ’ ਹੇ ॥’’ (ਮ: ੩/੧੦੫੧)

(2). ‘‘ਧਰਤੀ ਦੇਗ ਮਿਲੈ ਇਕ ਵੇਰਾ (ਵਾਰੀ); ਭਾਗੁ ਤੇਰਾ ‘ਭੰਡਾਰੀ’ ॥’’ (ਮ: ੧/੧੧੯੦)

(3). ‘‘ਜਹ ‘ਭੰਡਾਰੀ’ ਹੂ ਗੁਣ ਨਿਕਲਹਿ; ਤੇ ਕੀਅਹਿ ਪਰਵਾਣੁ ॥’’ (ਮ: ੨/੧੨੩੯) ਭਾਵ ਜਿਸ ਹਿਰਦੇ ਘਰ ਵਿੱਚੋਂ (ਰੱਬੀ ਦਰ ਉੱਤੇ) ਕੇਵਲ ਗੁਣ ਹੀ ਗੁਣ ਨਿਕਲਦੇ ਹਨ ਉਹ (ਜੀਵਨ) ਕਬੂਲ ਕਰ ਲਏ ਜਾਂਦੇ ਹਨ।) ਆਦਿ।

‘ਦੀਬਾਣੁ’– ਇਹ ਸ਼ਬਦ ਗੁਰਬਾਣੀ ਵਿੱਚ 29 ਵਾਰ (ਤੇ ‘ਦੀਬਾਨੁ’ 5 ਵਾਰ) ਦਰਜ ਹੈ, ਜਿਨ੍ਹਾਂ ਦਾ ਅਰਥ ਹੈ: ‘ਰੱਬੀ ਦਰ, ਤਖ਼ਤ, ਕਚਹਿਰੀ, ਆਸਰਾ; ਜਿਵੇਂ:

(1). ‘‘ਦੀਬਾਨੁ’’ (ਅਦਾਲਤ) ਏਕੋ, ਕਲਮ ਏਕਾ; ਹਮਾ ਤੁਮ੍ਾ ਮੇਲੁ ॥’’ (ਮ: ੧/੪੭੩)

(2). ‘‘ਤੂੰ ਸਚਾ ‘ਦੀਬਾਣੁ’ (ਆਸਰਾ); ਹੋਰਿ ਆਵਣ ਜਾਣਿਆ ॥’’ (ਮ: ੧/੧੫੦)

(3). ‘‘ਮੈ (ਮੇਰਾ) ਤਾਣੁ ‘ਦੀਬਾਣੁ’ (ਆਸਰਾ) ਤੂਹੈ ਮੇਰੇ ਸੁਆਮੀ ! ਮੈ ਤੁਧੁ ਆਗੈ ਅਰਦਾਸਿ ॥’’ (ਮ: ੪/੭੩੫) ਆਦਿ।

ਇਕੁ ਸੰਸਾਰੀ, ਇਕੁ ਭੰਡਾਰੀ; ਇਕੁ ਲਾਏ ਦੀਬਾਣੁ॥

ਭਾਗ- (ਤਿੰਨੇ ਪੁੱਤਰਾਂ ’ਚੋਂ) ਇੱਕ ਜੀਵਾਂ ਨੂੰ ਪੈਦਾ ਕਰਨ ਵਾਲ਼ਾ (ਬ੍ਰਹਮਾ, ਸੰਸਾਰੀ), ਇੱਕ ਖ਼ੁਰਾਕ ਦੇਣ ਵਾਲ਼ਾ (ਵਿਸ਼ਨੂੰ, ਭੰਡਾਰੀ) ਤੇ ਇੱਕ (ਜੀਵਾਂ ਨੂੰ ਮਾਰਨ ਵਾਲ਼ਾ ਸ਼ਿਵ) ਕਚਹਿਰੀ ਲਾਉਂਦਾ (ਮੰਨਿਆ ਗਿਆ) ਹੈ।

(ਨੋਟ : ਹਿੰਦੂ ਸਮਾਜ ਧਨ-ਦੌਲਤ (ਵਿਸਨੂੰ-ਲੱਛਮੀ) ਤੇ ਮੌਤ ਦੇ ਡਰ ਕਾਰਨ (ਸ਼ਿਵ-ਪਾਰਬਤੀ) ਦੀ ਪੂਜਾ ਕਰਦਾ ਹੈ, ਪਰ ਸਭ ਨੂੰ ਪੈਦਾ ਕਰਨ ਵਾਲ਼ੇ ‘ਬ੍ਰਹਮਾ’ ਦੇ ਭਗਤ ਤੇ ਮੰਦਿਰਾਂ ਦਾ ਨਾ ਹੋਣਾ ਇਸ ਦੀ ਅਹਿਮੀਅਤ ਨੂੰ ਹੀ ਰੱਦ ਕਰਦੀ ਹੈ।

ਅਗਾਂਹ ਸਭ ਪੰਕਤੀਆਂ ਨਿਰੋਲ ਗੁਰਮਤਿ ਭਾਵਾਰਥਾਂ ਨਾਲ ਸਬੰਧਿਤ ਹਨ ਕਿਉਂਕਿ ਅਨਮਤ ਦੀ ਧਾਰਨਾ ਉਕਤ ਪੰਕਤੀਆਂ ਤੱਕ ਹੀ ਸਮਾਪਤ ਹੋ ਚੁੱਕੀ ਹੈ।)

‘‘ਜਿਵ ਤਿਸੁ ਭਾਵੈ, ਤਿਵੈ ਚਲਾਵੈ; ਜਿਵ ਹੋਵੈ ਫੁਰਮਾਣੁ ॥’’– ਇਸ ਪੰਕਤੀ ’ਚ ‘ਤਿਸੁ, ਭਾਵੈ, ਚਲਾਵੈ, ਹੋਵੈ’ ਆਦਿ (ਪੜਨਾਂਵ ਤੇ ਕਿਰਿਆਵਾਚੀ) ਸ਼ਬਦ ਇੱਕ ਵਚਨ ਭਾਵਾਰਥਾਂ ਨਾਲ ਸਬੰਧਿਤ ਹਨ, ਇਸ ਲਈ ਇਸ ਪੰਕਤੀ ਨੂੰ ਉਕਤ ‘ਤਿਨਿ ਚੇਲੇ’ (ਬਹੁ ਵਚਨ) ਨਾਲ ਨਹੀਂ ਜੋੜਿਆ ਜਾ ਸਕਦਾ।

ਉਕਤ ਪੰਕਤੀ ’ਚ ‘ਜਿਵ’ ਸ਼ਬਦ ਦੋ ਵਾਰ ਦਰਜ ਹੈ, ਜਿਸ ਰਾਹੀਂ ਇਉਂ ਅਰਥ ਜ਼ਿਆਦਾ ਸਪਸ਼ਟ ਹੋ ਜਾਂਦੇ ਹਨ: ‘ਤਿਸੁ’ ਭਾਵ ਉਸ (ਅਸਲ ਮਾਲਕ, ਅਕਾਲ ਪੁਰਖ) ਨੂੰ ‘‘ਜਿਵ, ਜਿਵ ਫੁਰਮਾਣੁ ਭਾਵੈ’’ ਭਾਵ ਜਿਵੇਂ ਜਿਵੇਂ ਹੁਕਮ ਪਸੰਦ ਹੈ ਅਤੇ ‘‘ਤਿਵੈ ਚਲਾਵੈ, ਤਿਵੈ ਹੋਵੈ’’।

ਜਿਵ ਤਿਸੁ ਭਾਵੈ, ਤਿਵੈ ਚਲਾਵੈ; ਜਿਵ ਹੋਵੈ ਫੁਰਮਾਣੁ॥

ਭਾਗ- (ਦਰਅਸਲ, ਕੁਦਰਤ ਬਾਰੇ ਹਕੀਕਤ ਇਹ ਹੈ ਕਿ) ਜਿਵੇਂ ਉਸ (ਅਦ੍ਰਿਸ਼ ਮਾਲਕ) ਨੂੰ ਪਸੰਦ ਹੈ, ਜਿਵੇਂ ਉਸ ਦੀ ਰਜ਼ਾ ਹੈ; ਉਸੇ ਤਰ੍ਹਾਂ ਹੀ (ਕੁਦਰਤ ਦਾ ਵਿਕਾਸ ਤੇ ਸੰਘਾਰ ਕਰਨਾ) ਚਲਾਉਂਦਾ ਹੈ।

(ਨੋਟ : ਉਕਤ ਪੰਕਤੀ ’ਚ ਕੁਦਰਤ ਦੇ ਵਿਕਾਸ ਤੇ ਸੰਘਾਰ ਤੋਂ ਇਲਾਵਾ ਰਿਜ਼ਕ ਦੇਣ ਦਾ ਜ਼ਿਕਰ, ਇਸ ਲਈ ਨਹੀਂ ਕੀਤਾ ਗਿਆ ਕਿਉਂਕਿ ਅਗਾਂਹ ਪੰਕਤੀ ‘‘ਆਸਣੁ ਲੋਇ ਲੋਇ ਭੰਡਾਰ॥ ਜੋ ਕਿਛੁ ਪਾਇਆ, ਸੁ ਏਕਾ ਵਾਰ॥’’ ’ਚ ਇਹ ਪੱਖ ਸ਼ਾਮਲ ਹੈ।

ਉਕਤ ਗੁਰੂ ਸ਼ਬਦ ਦੀ ਵਿਚਾਰ ਉਪਰੰਤ ਸ਼ਾਇਦ ਹੀ ਕੋਈ ਗੁਰਸਿੱਖ ਇਸ ਵਿਚਾਰ ਨਾਲ਼ ਸਹਿਮਤ ਹੋਏਗਾ ਕਿ ਕੋਈ ਮਨਮੁਖ ਵਿਅਕਤੀ, ਰੱਬੀ ਰਜ਼ਾ ’ਚੋਂ ਆਕੀ ਹੋ ਕੇ ਆਪਣਾ ਜੀਵਨ ਬਸਰ ਕਰ ਸਕਦਾ ਹੈ ਭਾਵੇਂ ਮਨੁੱਖਾ ਸੋਚ ਲਈ ਇਹ ਯਕੀਨ ਕਰਨਾ ਬੜਾ ਕਠਿਨ ਹੈ।)

‘‘ਓਹੁ ਵੇਖੈ, ਓਨਾ ਨਦਰਿ ਨ ਆਵੈ; ਬਹੁਤਾ ਏਹੁ ਵਿਡਾਣੁ ॥’’–ਇਸ ਪੰਕਤੀ ’ਚ ‘ਓਹੁ’ ਸ਼ਬਦ ਇੱਕ ਵਚਨ ਪੜਨਾਂਵ ਹੋਣ ਕਾਰਨ ‘ਅਕਾਲ ਪੁਰਖ’ ਨਾਲ ਹੀ ਸਬੰਧਿਤ ਹੈ ਜਦਕਿ ‘ਓਨਾ’ (ਬਹੁ ਵਚਨ ਪੜਨਾਂਵ) ਹੋਣ ਕਾਰਨ ‘ਏਕਾ ਮਾਈ, ਤਿਨਿ ਚੇਲੇ’ ਸਮੇਤ ਤਮਾਮ ਜਗਤ ਦੇ ਜੀਵਾਂ ਲਈ ਦਰੁਸਤ ਜਾਪਦਾ ਹੈ।

‘ਵਿਡਾਣੁ’-ਇਹ ਸ਼ਬਦ ਗੁਰਬਾਣੀ ’ਚ ਗੁਰੂ ਨਾਨਕ ਸਾਹਿਬ ਜੀ ਨੇ ਤਿੰਨ ਵਾਰ ਦਰਜ ਕੀਤਾ ਹੈ, ਜਿਸ ਦਾ ਅਰਥ ਹੈ ‘ਅਸਚਰਜ ਕੌਤਕ’ ਅਤੇ ਇਸ ਨੂੰ ਇਸਤੇਮਾਲ ਕਰਨ ਦੇ ਪਿੱਛੇ ਕਿਸੇ ਅਡੰਬਰ (ਪਾਖੰਡ) ਦੀ ਅਸਲੀਅਤ ਬਿਆਨ ਕਰਨਾ ਵੀ ਹੁੰਦਾ ਹੈ; ਜਿਵੇਂ:

(1). ‘‘ਵਿਸਮਾਦੁ ਨੇੜੈ; ਵਿਸਮਾਦੁ ਦੂਰਿ ॥ ਵਿਸਮਾਦੁ ਦੇਖੈ; ਹਾਜਰਾ ਹਜੂਰਿ ॥ ਵੇਖਿ ‘ਵਿਡਾਣੁ’; ਰਹਿਆ ਵਿਸਮਾਦੁ ॥ ਨਾਨਕ ! ਬੁਝਣੁ ਪੂਰੈ ਭਾਗਿ ॥’’ (ਮ: ੧/੪੬੪)

(2). ‘‘ਸੁਣਿ ਵੇਖਹੁ ਲੋਕਾ! ਏਹੁ ‘ਵਿਡਾਣੁ’ ॥ ਮਨਿ ਅੰਧਾ; ਨਾਉ ਸੁਜਾਣੁ ॥’’ (ਮ: ੧/੪੭੧)

ਓਹੁ ਵੇਖੈ, ਓਨਾ ਨਦਰਿ ਨ ਆਵੈ; ਬਹੁਤਾ ਏਹੁ ਵਿਡਾਣੁ॥ 

ਭਾਗ- ਉਹ (ਮਾਲਕ, ਜੀਵਾਂ ਦੀ ਹਰ ਹਰਕਤ ਨੂੰ) ਵਾਚਦਾ ਹੈ (ਪਰ) ਉਨ੍ਹਾਂ (ਜੀਵਾਂ ਨੂੰ) ਨਜ਼ਰ ਨਹੀਂ ਆਉਂਦਾ, ਇਹ ਅਚੰਭਾ ਬੜਾ ਹੈਰਾਨ ਕਰਨ ਵਾਲ਼ਾ ਹੈ।

ਆਦੇਸੁ, ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ॥ ੩੦॥

ਭਾਗ- ਉਸ (ਨਾਥ-ਖ਼ਸਮ) ਨੂੰ ਨਮਸਕਾਰ ਕਰ; ਜੋ ਸ੍ਰਿਸ਼ਟੀ ਦਾ ਮੁੱਢ (ਜੜ੍ਹ/ਮੂਲ) ਹੈ, ਦਾਗ਼ ਰਹਿਤ (ਉੱਜਲ) ਹੈ, ਉਹ ਆਪ ਮੁੱਢ (ਸੀਮਾ) ਰਹਿਤ ਅਬਿਨਾਸ਼ੀ ਹੈ ਤੇ ਆਦਿ ਕਾਲ (ਯੁਗਾ-ਯੁਗਾਂਤਰ) ਤੋਂ ਇੱਕ ਸਮਾਨ ਹਸਤੀ ਵਾਲ਼ਾ (ਸਤਿ ਸਰੂਪ) ਹੈ।

JAP (Pori No. 29)

0

ਭੁਗਤਿ ਗਿਆਨੁ, ਦਇਆ ਭੰਡਾਰਣਿ; ਘਟਿ ਘਟਿ ਵਾਜਹਿ ਨਾਦ ॥

ਆਪਿ ਨਾਥੁ, ਨਾਥੀ ਸਭ ਜਾ ਕੀ; ਰਿਧਿ, ਸਿਧਿ ਅਵਰਾ ਸਾਦ ॥

ਸੰਜੋਗੁ, ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗ ॥

ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੨੯॥ (ਜਪੁ /ਮ: ੧)

ਉਚਾਰਨ ਸੇਧ: ਵਾਜਹਿਂ, ਚਲਾਵਹਿਂ, ਆਵਹਿਂ।

ਪਦ ਅਰਥ: ਭੁਗਤਿ-ਭੁਕਤਿ, ਭੋਜਨ, ਖ਼ੁਰਾਕ, ਜੰਗਲੀ ਕੰਦ-ਮੂਲ ਨੂੰ ਰਗੜ ਕੇ ਬਣਾਇਆ ਗਿਆ ਚੂਰਮਾ (ਇਸਤ੍ਰੀ ਲਿੰਗ ਨਾਂਵ)।, ਭੰਡਾਰਣਿ- ਭੰਡਾਰਾ ਰੱਖਣ ਜਾਂ ਵਰਤਾਉਣ ਵਾਲੀ, ਵਰਤਾਵੀ (ਇਸਤ੍ਰੀ ਲਿੰਗ ਨਾਂਵ)।, ਘਟਿ-ਘਟਿ- ਹਰ ਇੱਕ ਦੇ ਹਿਰਦੇ ਵਿੱਚ (ਅਧਿਕਰਣ ਕਾਰਕ, ਨਾਂਵ)।, ਨਾਦ- ਸ਼ਬਦ, ਧੁਨੀਆਂ, ਆਵਾਜ਼ਾਂ (ਬਹੁ ਵਚਨ ਨਾਂਵ)।, ਆਪਿ- (ਉਹ ਮਾਲਕ) ਆਪ ਹੀ (ਪੜਨਾਂਵ)।, ਨਾਥੁ- ਖਸਮ, ਮਾਲਕ (ਨਾਂਵ)।, ਨਾਥੀ- ਨੱਥੀ ਹੋਈ, ਵਿੰਨੀ ਹੋਈ, ਕਾਬੂ ਕੀਤੀ ਹੋਈ (ਕਿਰਿਆ)।, ਸਭ- ਸਾਰੀ ਲੁਕਾਈ (ਇਸਤ੍ਰੀ ਲਿੰਗ, ਪੜਨਾਂਵ)।, ਜਾ ਕੀ- ਜਿਸ (‘ਨਾਥੁ’, ਮਾਲਕ) ਦੀ (‘ਜਾ’ ਪੜਨਾਂਵ ਤੇ ‘ਕੀ’ ਸਬੰਧਕੀ)।, ਰਿਧਿ= ਰਿਧੀ, ਸੰਪਦਾ, ਉੱਚੀ ਪਦਵੀ, ਪ੍ਰਤਿਸ਼ਠਾ (ਇਸਤ੍ਰੀ ਲਿੰਗ ਨਾਂਵ)।, ਸਿਧਿ-ਕਰਾਮਾਤੀ ਸ਼ਕਤੀ (ਜੋਗੀਆਂ ਦੇ ਕਬੀਲਿਆਂ ’ਚ ਮੰਨੀਆਂ ਜਾਂਦੀਆਂ ਅੱਠ ਅਲੌਕਿਕ ਸ਼ਕਤੀਆਂ; ਜਿਵੇਂ: (1). ਬਿਲਕੁਲ ਹੀ ਛੋਟਾ ਬਣ ਜਾਣਾ (ਅਣਿਮਾ), (2). ਆਪਣਾ ਭਾਰ ਬਿਲਕੁਲ ਹਲਕਾ ਕਰ ਲੈਣਾ (ਲਘਿਮਾ), (3). ਹਰ ਵਸਤੂ ਪ੍ਰਾਪਤ ਕਰ ਲੈਣੀ (ਪ੍ਰਾਪਤੀ), (4). ਸੁਤੰਤਰ ਸੋਚ ਧਾਰਨ ਕਰ ਲੈਣਾ (ਪ੍ਰਾਕਾਮਯ), (5) ਬਹੁ ਆਕਾਰੀ ਰੂਪ ਧਾਰਨ ਕਰ ਲੈਣਾ (ਮਹਿਮਾ), (6). ਆਦਰਮਈ ਬਣ ਜਾਣਾ (ਇਸ਼ਿੱਤ੍ਰ) (7). ਹੋਰਾਂ ਦੀ ਸੋਚ ਨੂੰ ਆਪਣੇ ਅਧੀਨ ਕਰ ਲੈਣਾ (ਵਸ਼ਿਤ੍ਰ) ਤੇ (8). ਕਾਮ ਇੰਦ੍ਰੀਆਂ ਨੂੰ ਕਾਬੂ ਕਰ ਲੈਣਾ (ਕਾਮਾਵਸਾਇਤਾ)।, ਅਵਰਾ- ਹੋਰ (ਭਾਵ ਅਨੰਦਹੀਣ, ਬੇਰਸਾ, ਅਲਪ ਸੁੱਖ ਆਦਿ ਪੜਨਾਂਵ)।, ਸੰਜੋਗੁ-ਸੁਮੇਲ, ਪਰਵਾਰਿਕ ਇਕੱਠ (ਇੱਕ ਵਚਨ ਨਾਂਵ)।, ਵਿਜੋਗੁ- ਵਿਛੁੜਨਾ (ਸਦੀਵੀ ਪਰਵਾਰਿਕ ਵਿਛੋੜਾ, ਇੱਕ ਵਚਨ ਨਾਂਵ)।, ਦੁਇ- ਦੋਵੇਂ (ਸੰਖਿਅਕ ਸ਼ਬਦ)।, ਕਾਰ- ਜਗਤ ਉਤਪਤੀ ਵਾਲੀ ਨਿਰੰਤਰ ਕਿਰਿਆ (ਇਸਤ੍ਰੀ ਲਿੰਗ ਨਾਂਵ)।, ਚਲਾਵਹਿ- ਚਲਾਉਂਦੇ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਲੇਖੇ- ਕਿਰਤ ਅਨੁਸਾਰ, ਕੀਤੇ ਗਏ ਕਰਮਾਂ ਕਰਕੇ (ਅਧਿਕਰਣ ਕਾਰਕ)।, ਆਵਹਿ- ਆਉਂਦੇ ਹਨ, ਮਿਲਦੇ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਭਾਗ-ਨਸੀਬ, ਤਕਦੀਰ, ਸੰਸਕਾਰ (ਬਹੁ ਵਚਨ ਨਾਂਵ)।

(ਨੋਟ: ਪਿਛਲੀ ਪਉੜੀ ਨੰਬਰ 28 ’ਚ ਜੋਗ ਮੱਤ ਨਾਲ ਸਬੰਧਿਤ ਵਿਸ਼ਾ ਚੱਲ ਰਿਹਾ ਸੀ ਜੋ ਨਿਰੰਤਰ 31 ਪਉੜੀ ਤੱਕ ਅਗਾਂਹ ਚੱਲੇਗਾ। )

‘‘ਭੁਗਤਿ ਗਿਆਨੁ, ਦਇਆ ਭੰਡਾਰਣਿ; ਘਟਿ ਘਟਿ ਵਾਜਹਿ ਨਾਦ ॥’’– ਇਸ ਪੰਕਤੀ ’ਚ ਦਰਜ ‘ਭੁਗਤਿ, ਭੰਡਾਰਣਿ, ਨਾਦ’ ਸ਼ਬਦ ਯੋਗ ਮੱਤ ਨਾਲ ਸਬੰਧਿਤ ਹਨ, ਜਿਨ੍ਹਾਂ ਦੇ ਪ੍ਰਥਾਏ ‘ਗੁਰਮਤਿ’ ਦੇ ਸ਼ਬਦ ‘ਗਿਆਨੁ, ਦਇਆ (ਨਿਮਰਤਾ), ਘਟਿ ਘਟਿ’ ਇਸਤੇਮਾਲ ਕੀਤੇ ਗਏ ਹਨ। ਜੋਗੀਆਂ ਦੇ ਇਨ੍ਹਾਂ ਤਿੰਨੇ ਸ਼ਬਦਾਂ ਤੋਂ ਬੋਧ ਹੁੰਦਾ ਹੈ ਕਿ ਇਸ ਪੰਕਤੀ ’ਚ ਸਰੀਰਕ ਤ੍ਰਿਪਤੀ ਲਈ ਤਿਆਰ ਕੀਤੇ ਜਾਂਦੇ ਭੋਜਨ (ਵਿਸ਼ੇ) ਨੂੰ ਆਤਮਿਕ ਖ਼ੁਰਾਕ ਰੂਪ ਵਿਸ਼ੇ ’ਚ ਤਬਦੀਲ ਕੀਤਾ ਗਿਆ ਹੈ।

ਗੁਰਬਾਣੀ ਵਿੱਚ ‘ਭੁਗਤਿ’ ਸ਼ਬਦ 14 ਵਾਰ ਦਰਜ ਹੈ ਜੋ ਕੇਵਲ ਆਤਮਿਕ ਜਾਂ ਸਰੀਰਕ ਤ੍ਰਿਪਤੀ ਬਾਰੇ ਹੀ ਭਾਵਾਰਥ ਦੇਂਦਾ ਹੈ; ਜਿਵੇਂ: ‘‘ਮੁਕਤਿ, ਭੁਗਤਿ, ਜੁਗਤਿ, ਤੇਰੀ ਸੇਵਾ; ਜਿਸੁ ਤੂੰ ਆਪਿ ਕਰਾਇਹਿ ॥’’ (ਮ: ੫/੭੪੯) ਭਾਵ (ਹੇ ਪ੍ਰਭੂ !) ਵਿਕਾਰਾਂ ਤੋਂ ਮੁਕਤੀ, ਆਤਮਿਕ ਖ਼ੁਰਾਕ ਤੇ ਜੀਵਨ ਜਾਚ ਤੇਰੀ ਸੇਵਾ-ਭਗਤੀ ਕੀਤਿਆਂ ਹੀ ਉਸ ਨੂੰ ਪ੍ਰਾਪਤ ਹੁੰਦੀ ਹੈ, ਜਿਸ ਨੂੰ ਤੂੰ ਆਪ ਕਰਨ ਲਈ ਪ੍ਰੇਰਦਾ ਹੈਂ।

‘ਭੰਡਾਰਣਿ’- ਇਹ ਸ਼ਬਦ ਕੇਵਲ ਸਬੰਧਿਤ ਪੰਕਤੀ ’ਚ ਹੀ ਇੱਕ ਵਾਰ ਦਰਜ ਹੈ।

‘ਦਇਆ’- ਇਹ ਸ਼ਬਦ ਇਸ ਪੰਕਤੀ ’ਚ ਕਿਸੇ ਜੀਵ ਹੱਤਿਆ ਨਾਲ ਸਬੰਧਿਤ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਜੋਗੀ ਲੋਕ ਕੋਈ ਵੀ ਜੀਵ ਹੱਤਿਆ ਨਹੀਂ ਕਰਦੇ ਪਰ ਆਪਣੀ ਮਨਹੱਠ ਨਾਲ ਪ੍ਰਾਪਤ ਕੀਤੀ ਗਈ ਕਠੋਰਤਾ (ਰਿਧੀਆਂ- ਸਿੱਧੀਆਂ) ਕਾਰਨ ਮਨੁੱਖਾਂ ਨੂੰ ਸਰਾਪ ਵਗ਼ੈਰਾ ਜ਼ਰੂਰ ਦੇ ਦਿੰਦੇ ਹਨ।

ਭੁਗਤਿ ਗਿਆਨੁ, ਦਇਆ ਭੰਡਾਰਣਿ; ਘਟਿ ਘਟਿ ਵਾਜਹਿ ਨਾਦ॥

ਭਾਗ- (ਹੇ ਯੋਗੀ ! ) ਰੱਬੀ ਗਿਆਨ ਨੂੰ ‘ਭੁਗਤਿ’ (ਚੂਰਮਾ/ਭੋਜਨ) ਬਣਾ, (ਜਿਸ ਨੂੰ) ਵਰਤਾਉਣ ਵਾਲ਼ੀ (ਭੰਡਾਰਣਿ), ਰਹਿਮਦਿਲੀ ਹੋਵੇ, ਹਰ ਇੱਕ ਹਿਰਦੇ ’ਚ ਚੱਲਣ ਵਾਲ਼ੀ (ਤੇ ਰੱਬੀ ਮੌਜੂਦਗੀ ਨੂੰ ਦਰਸਾਉਂਦੀ) ਜੀਵਨ ਰੌ (ਆਵਾਜ਼-ਧੁਨਿ) ਤੇਰੇ ਸਿੰਙੀ-ਨਾਦ ਵਜਦੇ ਹੋਣ (ਭਾਵ ਰੱਬੀ ਗਿਆਨ ਨੂੰ ਖ਼ੁਰਾਕ, ਪਰਉਪਕਾਰੀ ਸੋਚ ’ਚ ਦਇਆ ਹੋਵੇ, ਬਾਹਰੀ ਨਾਦ (ਅਵਾਜ਼) ਦੀ ਬਜਾਇ ਰੱਬੀ ਰੌ-ਧੁਨਿ ਸੁਣ, ਜੋ ਸਰਬ ਵਿਆਪਕ ਹੈ)।

‘‘ਆਪਿ ਨਾਥੁ, ਨਾਥੀ ਸਭ ਜਾ ਕੀ; ਰਿਧਿ, ਸਿਧਿ ਅਵਰਾ ਸਾਦ ॥’’-ਇਸ ਪੰਕਤੀ ’ਚ ਦਰਜ ‘ਨਾਥੁ, ਰਿਧਿ, ਸਿਧਿ’ ਸ਼ਬਦ ਜੋਗ ਮੱਤ ਨਾਲ ਸਬੰਧਿਤ ਹੋਣ ਕਾਰਨ ਹੀ ‘ਸਾਦ’ (ਸੁਆਦ, ਆਨੰਦ) ਸ਼ਬਦ ਨੂੰ ਵੀ ਜੋਗ ਮੱਤ ਨਾਲ ਸਬੰਧਿਤ ਹੀ ਮੰਨਣਾ ਪਵੇਗਾ, ਨਾ ਕਿ ‘ਗੁਰਮਤਿ’ ਵਾਲਾ ‘ਸਦੀਵੀ ਅਨੰਦ’।

ਗੁਰੂ ਜੀ ਇਸ ਤੁਕ ਰਾਹੀਂ ਜੋਗੀਆਂ ਨੂੰ ਇਸ ਗੱਲ ਦਾ ਅਹਿਸਾਸ ਕਰਵਾ ਰਹੇ ਹਨ ਕਿ ਜਗਤ ਰਚਨਾ; ਪ੍ਰਮਾਤਮਾ ਦੀ ਇੱਕ ਖੇਡ ਹੈ, ਇਸ ਲਈ ਸਾਨੂੰ ਉਸ ਖੇਡ ਦਾ ਭਾਗ ਬਣਦਿਆਂ ਸਦੀਵੀ ਆਨੰਦ ਪ੍ਰਾਪਤ ਕਰਨਾ ਚਾਹੀਦਾ ਹੈ, ਨਾ ਕਿ ਖੇਡ ਦੇ ਵਿਪ੍ਰੀਤ ਅਲੌਕਿਕ ਸ਼ਕਤੀਆਂ ਦੀ ਟੇਕ ਨਾਲ ਅਲਪ ਸੁੱਖ ’ਚ ਮਸਤ ਹੋ ਕੇ ਆਪਣਾ ਜੀਵਨ ਅਜਾਈਂ ਨਸ਼ਟ ਕਰਨਾ ਚਾਹੀਦਾ ਹੈ। ਗੁਰੂ ਸਾਹਿਬਾਨ ਜੀ ਨੇ ਇਸ ਗੱਲ ਨੂੰ ਸਮਝਾਉਣ ਲਈ ਸ਼ਬਦ ਵੀ ਜੋਗ ਮੱਤ ਨਾਲ ਸਬੰਧਿਤ ਹੀ ਵਰਤੇ ਹਨ, ਤਾਂ ਜੋ ਉਨ੍ਹਾਂ ਨੂੰ ਆਸਾਨੀ ਨਾਲ ਵਿਸ਼ੇ ਦੀ ਸਮਝ ਆ ਜਾਵੇ।

ਗੁਰਬਾਣੀ ਵਿੱਚ ਦਰਜ ‘ਨਾਥੁ’ ਤੇ ‘ਨਾਥੀ’ ਸ਼ਬਦ ਬਾਰੇ ਕੁਝ ਜਾਣਕਾਰੀ ਜ਼ਰੂਰੀ ਹੈ। ‘ਨਾਥੁ’ (ਇੱਕ ਵਚਨ ਪੁਲਿੰਗ ਨਾਂਵ) ਸ਼ਬਦ ਦੀ ਵਰਤੋਂ 41 ਵਾਰ ਕੀਤੀ ਗਈ ਮਿਲਦੀ ਹੈ, ਜਿਸ ਦਾ ਅਰਥ ਹੈ: ‘ਪ੍ਰਾਣਾਂ ਜਾਂ ਜਿੰਦ ਦਾ ਮਾਲਕ, ਬੇਸਹਾਰਿਆਂ (ਅਨਾਥਾਂ) ਦਾ ਮਾਲਕ, ਜੋਗੀਆਂ ਦਾ ਧਾਰਮਿਕ ਗੁਰੂ ‘ਨਾਥੁ’ ਆਦਿ; ਜਿਵੇਂ:

‘‘ਸੋ ਸਿਮਰਹੁ; ਅਨਾਥ ਕੋ ‘ਨਾਥੁ’ ॥’’ (ਮ: ੫/੧੮੪)

‘‘ਅਵਿਗਤ ‘ਨਾਥੁ’; ਨ ਲਖਿਆ (ਬਿਆਨ ਕੀਤਾ) ਜਾਇ ॥’’ (ਮ: ੧/੪੧੧)

(ਨੋਟ: ‘ਅਵਿਗਤ’ ਸ਼ਬਦ ਦਾ ਅਰਥ ਹੈ: ‘ਅ+ਵਿਗਤ, ਅ+ ਵਿਅਕਤ, ਅ+ ਵਿਅਕਤੀ’ ਭਾਵ ਅਦ੍ਰਿਸ਼ਟ ‘ਨਾਥੁ’)

‘‘ਦੀਨਾ (ਆਤਮਿਕ ਕੰਗਾਲਾਂ ਦਾ) ‘ਨਾਥੁ’, ਜੀਆ ਕਾ ਦਾਤਾ; ਪੂਰੇ ਗੁਰ ਤੇ (ਤੋਂ) ਪਾਏ ॥’’ (ਮ: ੪/੪੪੪)

‘‘ਸੁਣਿ ਬਾਵਰੇ ! ਸੇਵਿ ਠਾਕੁਰੁ, ‘ਨਾਥੁ’ ਪਰਾਣਾ (ਪ੍ਰਾਣਾਂ ਦਾ ਸਹਾਰਾ)॥’’ (ਮ: ੫/੭੭੭)

‘‘ਸੁਰਿ ਨਰ, ਨਾਥਹ ‘ਨਾਥੁ’ ਤੂ; ਨਿਧਾਰਾ ਆਧਾਰੁ ॥’’ (ਮ: ੧/੯੩੪)

‘‘ਜੋਗੀ ਜੰਗਮ ਭੇਖੁ ਨ ਕੋਈ; ਨਾ ਕੋ ‘ਨਾਥੁ’ ਕਹਾਇਦਾ ॥’’ (ਮ: ੧/੧੦੩੫) (ਜੋਗ ਮੱਤ ਨਾਲ ਸਬੰਧਿਤ ਸ਼ਬਦ ‘ਨਾਥੁ’)

‘‘ਆਪਿ ‘ਨਾਥੁ’, ਸਭ (ਸਾਰੀ ਲੁਕਾਈ) ਨਥੀਅਨੁ (ਉਸ ਨੇ ਨੱਥੀ); ਸਭ (ਨੂੰ) ਹੁਕਮਿ (’ਚ) ਚਲਾਈ ॥’’ (ਮ: ੪/੧੨੫੧)

‘‘ਨਾਨਕ ! ਇਕੁ ਸ੍ਰੀਧਰ ‘ਨਾਥੁ’ ; ਜਿ ਟੂਟੇ ਲੇਇ ਸਾਂਠਿ ॥’’ (ਮ: ੫/੧੩੬੩)

(ਨੋਟ: ‘ਸ੍ਰੀਧਰ’ ਦਾ ਅਰਥ ਹੈ: ‘ਸ੍ਰੀ’ (ਲਕਸ਼ਮੀ, ਮਾਇਆ) ਦਾ ‘ਧਰ’ (ਆਸਰਾ, ਸਹਾਰਾ) ਇੱਕ (ਭਾਵ ਕੇਵਲ ਏਕ ਹੀ) ‘ਨਾਥੁ’), ਆਦਿ।

ਗੁਰਬਾਣੀ ਵਿੱਚ ‘ਨਾਥੀ’ ਸ਼ਬਦ ਕੇਵਲ ਇੱਕ ਵਾਰ ਸਬੰਧਿਤ ਪੰਕਤੀ ’ਚ ਹੀ ਦਰਜ ਹੈ ਪਰ ਇੱਕ ਜਗ੍ਹਾ ਹੋਰ ਇਸ ਸ਼ਬਦ ਨੂੰ ‘ਨਥਂੀ’ ਕਰਕੇ ਲਿਖਿਆ ਮਿਲਦਾ ਹੈ, ਜਿਸ ਦਾ ਸਬੰਧਿਤ ਪੰਕਤੀ ਵਾਙ ਸਹੀ ਸਰੂਪ ਪੁਰਾਤਨ ਬੀੜਾਂ ’ਚ ‘ਨਾਥੀ’ ਮਿਲਦਾ ਹੈ: ‘‘ਆਪਿ ‘ਨਾਥੁ’, ‘ਨਥਂੀ’ (‘ਨਾਥੀ’) ਸਭ ਜਾ ਕੀ; ਬਖਸੇ ਮੁਕਤਿ ਕਰਾਇਦਾ ॥’’ (ਮ: ੧/੧੦੩੭)

ਆਪਿ ਨਾਥੁ, ਨਾਥੀ ਸਭ ਜਾ ਕੀ; ਰਿਧਿ ਸਿਧਿ ਅਵਰਾ ਸਾਦ॥

ਭਾਗ- (ਅਕਾਲ ਪੁਰਖ) ਆਪ ਹੀ ਨਾਥ ਹੈ, ਜਿਸ ਦੀ (ਮਰਯਾਦਾ ’ਚ) ਸਾਰੀ ਰਚਨਾ ਵਿੰਨ੍ਹੀ (ਪਰੋਈ) ਹੋਈ ਹੈ। ਰਿਧੀ ਸਿਧੀ (ਕਰਾਮਾਤੀ ਸ਼ਕਤੀਆਂ, ਮਾਲਕ ਨਾਲ਼ ਜੋੜਨ ਦੀ ਬਜਾਇ ‘ਮੈਂ-ਮੇਰੀ’ ਪੈਦਾ ਕਰ) ਹੋਰ ਸੁਆਦ (ਦੂਜੈ ਭਾਇ) ’ਚ ਲਗਾ ਦਿੰਦੀਆਂ ਹਨ।

(ਨੋਟ : ਯੋਗ ਮਤ ਦੀਆਂ 18 ਕਾਲਪਨਿਕ ਸ਼ਕਤੀਆਂ ਹਨ :

(1). ਅਣਿਮਾ- ਨਾ-ਮਾਤ੍ਰ (ਬਹੁਤ ਛੋਟਾ) ਸਰੀਰ ਬਣਾ ਲੈਣਾ।

(2). ਮਹਿਮਾ-ਬਹੁਤ ਵੱਡਾ ਸਰੀਰ (ਆਕਾਰ) ਬਣਾ ਲੈਣਾ।

(3). ਗਰਿਮਾ- ਬਹੁਤ ਭਾਰੀ ਹੋ ਜਾਣਾ।

(4). ਲਘਿਮਾ- ਬਹੁਤ ਹਲਕਾ ਹੋ ਜਾਣਾ।

(5). ਪ੍ਰਾਪਤਿ- ਮਨ-ਚਾਹਤ ਵਸਤੂ ਪ੍ਰਾਪਤ ਕਰ ਲੈਣੀ।

(6). ਪ੍ਰਾਕਾਮ੍ਯ- ਸਭ ਦੇ ਮਨ ਦੀ ਜਾਣ ਲੈਣਾ।

(7). ਈਸ਼ਿਤ-ਆਪਣੀ ਇੱਛਾ ਅਨੁਸਾਰ ਸਭ ਨੂੰ ਪ੍ਰੇਰਨਾ।

(8). ਵਸ਼ਿਤਾ- ਸਭ ਨੂੰ ਕਾਬੂ ’ਚ ਕਰ ਲੈਣਾ।

(9). ਅਨੂਰਮਿ- ਭੁੱਖ-ਤ੍ਰੇਹ ਨਾ ਲੱਗਣਾ।

(10). ਦੂਰ ਸ਼੍ਰਵਣ- ਦੂਰ ਦੀਆਂ ਗੱਲਾਂ ਸੁਣ ਲੈਣੀਆਂ।

(11). ਦੂਰ ਦਰਸ਼ਨ-ਦੂਰ ਦੇ ਕੌਤਕ ਵੇਖ ਲੈਣੇ।

(12). ਮਨੋਵੇਗ- ਮਨ ਦੀ ਰਫ਼ਤਾਰ ਵਾਙ ਚੱਲਣਾ।

(13). ਕਾਮ ਰੂਪ- ਇੱਛਾ ਅਨੁਸਾਰ ਸਰੀਰਕ ਬਣਤਰ ਬਣਾ ਲੈਣੀ।

(14). ਪਰ ਕਾਯ ਪ੍ਰਵੇਸ਼- ਦੂਸਰਿਆਂ ਦੇ ਸਰੀਰ ’ਚ ਵੜਨਾ।

(15). ਸ੍ਵਛੰਦ ਮ੍ਰਿਤਯੁ- ਜਦ ਚਾਹੇ, ਮਰ ਜਾਣਾ।

(16). ਸੁਰ ਕ੍ਰੀੜਾ- ਦੇਵਤਿਆਂ ਨਾਲ਼ ਮਿਲ ਕੇ ਭੋਗ-ਬਿਲਾਸ ਕਰਨਾ (ਰੰਗ-ਰਲੀਆਂ ਮਨਾਉਣੀਆਂ)।

(17). ਸੰਕਲਪ ਸਿੱਧੀ- ਜੋ ਸੋਚਿਆ, ਉਹ ਪ੍ਰਾਪਤ ਕਰ ਲੈਣਾ।

(18). ਅਪ੍ਰਤਿਹਤ ਗਤਿ- ਕਿਸੇ ਵੀ ਜਗ੍ਹਾ ਪਹੁੰਚਣ ’ਚ ਵਿਘਨ ਨਾ ਪੈਣਾ।)

‘‘ਸੰਜੋਗੁ, ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗ ॥’’-ਇਸ ਪੰਕਤੀ ’ਚ ਦਰਜ ‘ਸੰਜੋਗੁ, ਵਿਜੋਗੁ, ਕਾਰ, ਲੇਖੇ, ਭਾਗ’ ਆਦਿ ਸ਼ਬਦ ‘ਗੁਰਮਤਿ’ ਨਾਲ ਸਬੰਧਿਤ ਹਨ, ਨਾ ਕਿ ‘ਜੋਗ ਮੱਤ ਨਾਲ’ ਕਿਉਂਕਿ ਇਸ ਪਉੜੀ ਦੀ ਉਕਤ ਪੰਕਤੀ ਦੀ ਸਮਾਪਤੀ ਤੱਕ ‘ਜੋਗ ਮੱਤ’ ਨਾਲ ਸਬੰਧਿਤ ਸ਼ਬਦਾਂ ਦੀ ਟੇਕ ਲੈ ਕੇ ਸਮਝਾਉਣ ਵਾਲਾ ਵਿਸ਼ਾ ਸਮਾਪਤ ਹੋ ਚੁੱਕਾ ਹੈ ਅਤੇ ਜੋਗੀ ਆਪਣੀ ਵਿਚਾਰਧਾਰਾ ਅਨੁਸਾਰ ‘ਸੰਜੋਗੁ, ਵਿਜੋਗੁ, ਕਾਰ, ਲੇਖੇ, ਭਾਗ’ ਆਦਿ ’ਤੇ ਉੱਕਾ ਹੀ ਯਕੀਨ ਨਹੀਂ ਰੱਖਦੇ।

ਗੁਰਬਾਣੀ ’ਚ ਸਬੰਧਿਤ ਪੰਕਤੀ ਤੋਂ ਇਲਾਵਾ 6 ਵਾਰ ਹੋਰ ਦੋਵੇਂ (‘ਸੰਜੋਗੁ’ ਤੇ ‘ਵਿਜੋਗੁ’) ਜੁੜਤ ਸ਼ਬਦ ਮੌਜ਼ੂਦ ਹਨ, ਜਿਨ੍ਹਾਂ ਰਾਹੀਂ ਇਸ ਸ਼ਬਦ ਦੇ ਇਹ ਭਾਵਾਰਥ ਵੀ ਸਪੱਸ਼ਟ ਹੋ ਜਾਂਦੇ ਹਨ, ਕਿ ਇਹ ਵਿਸ਼ਾ ‘ਗੁਰਮਤਿ’ ਨਾਲ ਹੀ ਸਬੰਧਿਤ ਹੈ; ਜਿਵੇਂ:

‘‘ਸਾਹਾ ‘ਸੰਜੋਗੁ’ ਵੀਆਹੁ ‘ਵਿਜੋਗੁ’ ॥’’ (ਮ: ੧/੧੫੨) (‘ਸਾਹਾ’ ਦਾ ਅਰਥ ਹੈ: ‘ਸੁ’ (ਚੰਗਾ) ਤੇ ਅਹ (ਦਿਨ) ਸ਼ੁਭ ਦਿਨ ਹੋਵੇ ‘ਸੰਜੋਗੁ’ (ਭਾਵ ਸਤਸੰਗ ਦਾ ਮਿਲਾਪ) ਤੇ ‘ਵਿਆਹੁ’ (ਭਾਵ ਪ੍ਰਭੂ ਨਾਲ ਸਬੰਧ) ਹੋਵੇ ‘ਵਿਜੋਗੁ’ (ਭਾਵ ਸੰਸਾਰਕ ਪਦਾਰਥਾਂ ਵੱਲੋਂ ਉਪਰਾਮਤਾ, ਵਿਛੋੜਾ, ਤਿਆਗ।)

‘‘ਵਿਸਮਾਦੁ ‘ਸੰਜੋਗੁ’, ਵਿਸਮਾਦੁ ‘ਵਿਜੋਗੁ’ ॥’’ (ਮ: ੧/੪੬੪) (ਭਾਵ ਅਸਚਰਜ ਪੈਦਾ ਹੁੰਦਾ ਹੈ, ਜਦ ਰੱਬੀ ਮਿਲਾਪ ਤੇ ਮਾਇਆ ਦਾ ਤਿਆਗ ਹੋਵੇ।)

‘‘ਸੰਜੋਗੁ ਵਿਜੋਗੁ ਉਪਾਇਓਨੁ ; ਸ੍ਰਿਸਟੀ ਕਾ ਮੂਲੁ ਰਚਾਇਆ ॥’’ (ਮ: ੩/੫੦੯) (ਭਾਵ ਦੁਨਿਆਵੀ ਪਰਵਾਰਿਕ ਸਬੰਧ ਤੇ ਪਰਵਾਰਿਕ ਵਿਛੋੜਾ ਉਸ ਮਾਲਕ ਨੇ ਬਣਾਇਆ ਹੈ ਤੇ ਇਹੀ ਜਗਤ ਰਚਨਾ ਦਾ ਆਧਾਰ ਬਣ ਗਿਆ।)

‘‘ਸੰਜੋਗੁ ਵਿਜੋਗੁ; ਧੁਰਹੁ (ਰੱਬੀ ਨਿਯਮ ਅਨੁਸਾਰ ‘ਧੂਰੋਂ’) ਹੀ ਹੂਆ ॥’’ (ਮ: ੫/੧੦੦੭)

‘‘ਸੰਜੋਗੁ ਵਿਜੋਗੁ; ਮੇਰੈ ਪ੍ਰਭਿ (ਨੇ) ਕੀਏ ॥’’ (ਮ: ੧/੧੦੩੨)

‘‘ਸੰਜੋਗੁ ਵਿਜੋਗੁ ਕਰਤੈ (ਨੇ) ਲਿਖਿ (ਕੇ) ਪਾਏ; (ਹੁਣ ਇਹ ਰੱਬੀ) ਕਿਰਤੁ ਨ ਚਲੈ ਚਲਾਹਾ ਹੇ ॥’’ (ਮ: ੩/੧੦੫੮)

ਸੰਜੋਗੁ ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗ॥

ਭਾਗ- (ਪਰਵਾਰਿਕ ਜਾਂ ਰੱਬੀ) ਸਬੰਧ ਤੇ (ਪਰਵਾਰਿਕ ਜਾਂ ਰੱਬੀ) ਵਿਛੋੜਾ, ਇਹ ਦੋਵੇਂ (ਜਗਤ ਦਾ) ਕਾਰ ਵਿਹਾਰ ਚਲਾਉਂਦੇ ਹਨ, (ਜੀਵਾਂ ਦੀ ਕਿਰਤ ਜਾਂ ਨਸੀਬ ਭਾਵ) ‘ਲੇਖੇ’ ਅਨੁਸਾਰ (ਅਗਲੇ) ਨਸੀਬ (‘ਭਾਗ’, ਆਪਣੇ ਹਿੱਸੇ) ਆਉਂਦੇ ਹਨ (ਭਾਵ ਰੱਬੀ ਮਿਲਾਪ ਜਾਂ ਜੂਨ ਭਾਵ ਕੋਈ ਪਰਵਾਰਿਕ ਸਬੰਧ ਬਣਦਾ ਹੈ)।

ਸੋ, ‘‘ਸੰਜੋਗੁ, ਵਿਜੋਗੁ ਦੁਇ, ਕਾਰ ਚਲਾਵਹਿ; ਲੇਖੇ ਆਵਹਿ ਭਾਗ ॥’’ ਭਾਵ (ਹੇ ਜੋਗੀ ! ਪਰਵਾਰਿਕ) ਮਿਲਾਪ ਤੇ ਪਰਵਾਰਿਕ ਵਿਛੋੜਾ ਰੂਪ ਦੋਵੇਂ (ਨਿਯਮ, ਅਸੂਲ ਹੀ ਜਗਤ ਰਚਨਾ ਰੂਪ) ਕਿਰਿਆ ਨੂੰ ਚਲਾਉਂਦੇ ਹਨ, (ਜਿਸ ਕਿਰਿਆ ਵਿੱਚ ਰੱਬੀ ਦਰਗਾਹੋਂ) ਲਿਖੇ ਅਨੁਸਾਰ ਨਸੀਬ ਮਿਲਦੇ ਹਨ (ਭਾਵ ਸਾਡੇ ਹਿੱਸੇ) ਭਾਗ ਆਉਂਦੇ ਹਨ।

‘‘ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥’’-ਇਸ ਪੰਕਤੀ ਦੀ ਸ਼ਬਦ ਵੀਚਾਰ ਪਿਛਲੀ ਪਉੜੀ ’ਚ ਹੋ ਚੁੱਕੀ ਹੈ, ਕੇਵਲ ਇੱਥੇ ਅਖਰੀਂ ਅਰਥ ਹੀ ਕੀਤੇ ਜਾ ਰਹੇ ਹਨ।

ਆਦੇਸੁ, ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ॥੨੯॥

ਭਾਗ- ਉਸ (ਨਾਥ-ਖ਼ਸਮ) ਨੂੰ ਨਮਸਕਾਰ ਕਰ; ਜੋ ਸ੍ਰਿਸ਼ਟੀ ਦਾ ਮੁੱਢ (ਜੜ੍ਹ/ਮੂਲ) ਹੈ, ਦਾਗ਼ ਰਹਿਤ (ਉੱਜਲ) ਹੈ, ਉਹ ਆਪ ਮੁੱਢ (ਸੀਮਾ) ਰਹਿਤ ਅਬਿਨਾਸ਼ੀ ਹੈ ਤੇ ਆਦਿ ਕਾਲ (ਯੁਗਾ-ਯੁਗਾਂਤਰ) ਤੋਂ ਇੱਕ ਸਮਾਨ ਹਸਤੀ ਵਾਲ਼ਾ (ਸਤਿ ਸਰੂਪ) ਹੈ।

JAP (Pori No. 28)

0

ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ ਕਰਹਿ ਬਿਭੂਤਿ ॥

ਖਿੰਥਾ ਕਾਲੁ, ਕੁਆਰੀ ਕਾਇਆ ਜੁਗਤਿ; ਡੰਡਾ ਪਰਤੀਤਿ ॥

ਆਈ ਪੰਥੀ, ਸਗਲ ਜਮਾਤੀ; ਮਨਿ ਜੀਤੈ, ਜਗੁ ਜੀਤੁ ॥

ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੨੮॥ (ਜਪੁ /ਮ: ੧)

ਉਚਾਰਨ ਸੇਧ: ਮੁੰਦਾਂ, ਸ਼੍ਰਮ, ਝੋਲ਼ੀ, ਕਰਹਿਂ, ਕਾਇਆਂ।

ਪਦ ਅਰਥ : ਮੁੰਦਾ- ਜੋਗੀਆਂ ਦੇ ਕੰਨਾਂ ’ਚ ਪਹਿਨੇ ਹੋਏ ਕੁੰਡਲ (ਬਹੁ ਵਚਨ ਨਾਂਵ)।, ਸਰਮੁ- ਸ਼੍ਰਮ, ਮੁਸ਼ੱਕਤ, ਘਾਲਣਾ, ਸਰੀਰਕ ਅੰਗਾਂ ਨਾਲ ਕੀਤੀ ਗਈ ਮਿਹਨਤ (ਇੱਕ ਵਚਨ ਪੁਲਿੰਗ ਨਾਂਵ; ‘ਸ੍ਰਮੁ’ ਕਰਤੇ ਦਮ ਆਢ ਕਉ (ਅੱਧੀ ਕੌਡੀ ਲਈ), ਤੇ ਗਨੀ ਧਨੀਤਾ (ਉਹ ਧਨੀ ਬਣ ਗਏ)॥’’ (ਮ: ੫/੮੧੦)।, ਪਤੁ-ਪਾਤ੍ਰ, ਭਿਖਿਆ ਮੰਗਣ ਵਾਲਾ ਭਾਂਡਾ, ਖੱਪਰ (ਇੱਕ ਵਚਨ ਪੁਲਿੰਗ ਨਾਂਵ)।, ਕਰਹਿ- (ਤੂੰ) ਕਰੇਂ (ਦੂਜਾ ਪੁਰਖ, ਇੱਕ ਵਚਨ, ਵਰਤਮਾਨ ਕਿਰਿਆ)।, ਬਿਭੂਤਿ- ਗੋਹੇ, ਲਕੜੀਆਂ ਆਦਿ ਦੀ ਸੁਆਹ (ਇਸਤ੍ਰੀ ਲਿੰਗ ਨਾਂਵ)।, ਕਾਲੁ- ਮੌਤ, ਨਿਸ਼ਚਿਤ ਸਮਾਂ (ਇੱਕ ਵਚਨ ਪੁਲਿੰਗ ਨਾਂਵ)।, ਕੁਆਰੀ- ਅਣਵਿਆਹੀ, ਅਵਿਕਾਰੀ, ਪਵਿੱਤਰ (ਇਸਤ੍ਰੀ ਲਿੰਗ ਵਿਸ਼ੇਸ਼ਣ)।, ਕਾਇਆ- ਸਰੀਰ, ਦੇਹ (ਇਸਤ੍ਰੀ ਲਿੰਗ ਨਾਂਵ)।, ਜੁਗਤਿ- ਜੋਗ-ਜੁਗਤੀ, ਜੋਗੀਆਂ ਦੀ ਮਰਿਆਦਾ, ਅਨੁਸ਼ਾਸਨ (ਇਸਤ੍ਰੀ ਲਿੰਗ ਨਾਂਵ)।, ਡੰਡਾ- ਜੋਗੀਆਂ ਦੇ ਹੱਥ ’ਚ ਫੜੀ ਹੋਈ ਲੱਕੜੀ, ਸਹਾਰਾ (ਇੱਕ ਵਚਨ ਨਾਂਵ)।, ਆਈ ਪੰਥੀ- ਜੋਗੀਆਂ ਦੇ ਬਾਰ੍ਹਾਂ (‘ਹੇਤੁ, ਪਾਵ, ਆਈ, ਗਮ੍ਯ, ਪਾਗਲ, ਗੋਪਾਲ, ਕੰਥੜੀ, ਬਨ, ਧ੍ਵਜ, ਚੋਲੀ, ਰਾਵਲ ਤੇ ਦਾਸ’) ਫ਼ਿਰਕਿਆਂ ’ਚੋਂ ਸਰਬੋਤਮ ਉਦਾਰਵਾਦੀ ਕਬੀਲਾ (ਨਾਂਵ)।, ਜਮਾਤੀ- ਹਮਖ਼ਿਆਲੀ, ਸਤਸੰਗੀ (ਇਸਤ੍ਰੀ ਲਿੰਗ ਨਾਂਵ)।, ਮਨਿ+ਜੀਤੈ- ਮਨ ਨੂੰ ਜਿੱਤਣ ਨਾਲ ਭਾਵ ਜੇ ਮਨ ਜਿੱਤ ਲਿਆ ਜਾਵੇ (‘ਮਨਿ’-ਕਰਣ ਕਾਰਕ ਨਾਂਵ, ‘ਜੀਤੈ’- ਕਰਣ ਕਾਰਕ ਕਿਰਦੰਤ ਭਾਵ ਕਾਰਦੰਤਕ, ਜਿਸ ਉੱਤੇ ‘ਨਾਂਵ’ ਵਾਙ ਤਮਾਮ ਵਿਆਕਰਨਿਕ ਨਿਯਮ ਲਾਗੂ ਹੋਣ; ਜਿਵੇਂ: ‘‘ਹੋਵੈ ਸੁਖੁ ਘਣਾ, ‘ਦਯਿ+ਧਿਆਇਐ’ ॥’’ (ਮ: ੫/੫੨੦)।, ਜਗੁ+ ਜੀਤੁ- ਜਗਤ ਨੂੰ ਜਿੱਤਣਾ (‘ਜਗੁ’- ਨਾਂਵ ਤੇ ‘ਜੀਤੁ’-ਕਿਰਦੰਤ, ਸੰਧੀ ਨਿਯਮ)।, ਆਦੇਸੁ- ਡੰਡੌਤ, ਨਮਸਕਾਰ, ਪਰਣਾਮ (ਨਾਂਵ)।, ਤਿਸੈ- ਉਸ (‘ਆਦਿ, ਅਨੀਲੁ, ਅਨਾਦਿ, ਅਨਾਹਤਿ’ ਪ੍ਰਭੂ) ਨੂੰ (ਪੜਨਾਂਵ ਇੱਕ ਵਚਨ)।, ਆਦਿ-ਆਕਾਰ ਦਾ ਮੂਲ, ਮੁੱਢ (ਨਾਂਵ)।, ਅਨੀਲੁ-ਅ+ ਨੀਲੁ, ਅ+ ਰੰਗੀਨ, ਅ+ਗੰਧਲਾ ਭਾਵ ਪਵਿੱਤਰ (ਨਾਂਵ)।, ਅਨਾਦਿ- ਅਣ+ਆਦਿ, ਅ+ਮੁੱਢ, ਜਿਸ ਦਾ ਕੋਈ ਖ਼ਾਸ ਇੱਕ ਤਰਫ਼ ਧੁਰਾ ਨਹੀਂ ਭਾਵ ਸਰਬ ਵਿਆਪਕ, ਮੁੱਢ ਰਹਿਤ (ਨਾਂਵ)।, ਅਨਾਹਤਿ- ਅਣ+ ਆਹਤਿ, ਅ+ਮੌਤ, ਅ+ਨਾਸ਼ ਭਾਵ ਸਦੀਵੀ ਸਥਿਰ (ਨਾਂਵ)।, ਏਕੋ ਵੇਸੁ-ਅ+ਬਾਲਕ, ਅ+ਜਵਾਨ, ਅ+ ਬੁਢੇਪਾ ਭਾਵ ਨਿਰੰਤਰ ਇੱਕ ਸਮਾਨ ਸ਼ਖ਼ਸੀਅਤ, ਇੱਕੋ ਜਿਹਾ ਸਰੂਪ ਜਾਂ ਪਹਿਰਾਵਾ (‘ਏਕੋ’-ਇੱਕ ਵਚਨ ਪੁਲਿੰਗ ਪੜਨਾਂਵੀ ਵਿਸ਼ੇਸ਼ਣ, ‘ਵੇਸੁ’-ਇੱਕ ਵਚਨ ਪੁਲਿੰਗ ਨਾਂਵ)।

(ਨੋਟ: ‘ਜਪੁ’ ਬਾਣੀ ਦੀ ਪਉੜੀ ਨੰਬਰ 16 (‘‘ਪੰਚ ਪਰਵਾਣ ਪੰਚ ਪਰਧਾਨੁ॥’’) ਤੋਂ ਨਿਰੰਤਰ ਚੱਲ ਰਹੇ ਵਿਸ਼ੇ (‘‘ਕਰਤੇ ਕੈ ਕਰਣੈ, ਨਾਹੀ ਸੁਮਾਰੁ ॥’’) ਦੀ ਪਿਛਲੀ ਪਉੜੀ ਨੰਬਰ 27 (‘‘ਸੋ ਦਰੁ ਕੇਹਾ, ਸੋ ਘਰੁ ਕੇਹਾ॥’’) ’ਚ ਹਿੰਦੂ ਮੱਤ ਦੀ ਟੇਕ ਲੈ ਕੇ ਕਰਤਾਰ ਦੇ ਵਿਆਪਕ ਰੂਪ ਦੀ ਵਿਆਖਿਆ ਕੀਤੀ ਗਈ ਸੀ ਅਤੇ 35 ਸ਼ਬਦਾਂ ਦੇ ਸੁਮੇਲ ਨਾਲ ਭਰਪੂਰ ਇਸ (ਪਉੜੀ ਨੰਬਰ 28) ’ਚ ਸਨਾਤਨ ਮੱਤ ਨਾਲ ਹੀ ਸਬੰਧਿਤ ‘ਯੋਗ ਮੱਤ’ ਨੂੰ ਆਧਾਰ ਬਣਾ ਕੇ (‘‘ਕਰਤੇ ਕੈ ਕਰਣੈ, ਨਾਹੀ ਸੁਮਾਰੁ ॥’’) ਦੇ ਸਰੂਪ ਨੂੰ ਵਿਸਥਾਰ ਦਿੱਤਾ ਜਾ ਰਿਹਾ ਹੈ।

‘ਜਪੁ’ ਬਾਣੀ ਲਈ ਇੱਕ ਗੱਲ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਇਸ ਬਾਣੀ ਵਿੱਚ 4 ਅੰਕਾਂ ਦੀ ਅਸਿੱਧੇ ਤੌਰ ’ਤੇ ਵਧੇਰੇ ਟੇਕ ਲਈ ਗਈ ਹੈ; ਜਿਵੇਂ: ‘ਸੁਣਿਐ’ ਦੀਆਂ 4 ਪਉੜੀਆਂ, ‘ਮੰਨੈ’ ਦੀਆਂ 4 ਪਉੜੀਆਂ, ‘ਤੂ ਸਦਾ ਸਲਾਮਤਿ, ਨਿਰੰਕਾਰ ! ॥’ ਦੀਆਂ 4 ਪਉੜੀਆਂ, ‘ਆਦੇਸੁ, ਤਿਸੈ ਆਦੇਸੁ ॥’ ਨਾਲ ਸਬੰਧਿਤ 4 ਪਉੜੀਆਂ, 5 ਅਵਸਥਾਵਾਂ (‘ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੇ ਸਚ ਖੰਡਿ’) ਦੀ ਸੰਪੂਰਨਤਾ ਲਈ ਵੀ 4 ਪਉੜੀਆਂ’ ਆਦਿ। ਅਗਰ ਇਸ ਵਿਸ਼ੇ ਨੂੰ ਹੋਰ ਗੰਭੀਰਤਾ ਨਾਲ ਵੀਚਾਰਿਆ ਜਾਵੇ ਤਾਂ ‘ਆਦਿ’, ‘ਜੁਗਾਦਿ’, ‘ਹੈ ਭੀ’ ਤੇ ‘ਹੋਸੀ’ ਰੂਪ ਸਲੋਕ (ਵਿਸ਼ੇ) ਲਈ ਵੀ 4 ਸ਼ਬਦ, ‘ਸੋਚੈ, ਚੁਪੈ, ਭੁਖਿਆ, ਸਿਆਣਪਾ’ (ਕਰਮਕਾਂਡਾਂ) ਲਈ ਵੀ 4 ਸ਼ਬਦ, ਆਦਿ ਤੋਂ ਲੈ ਕੇ ‘ਪਵਣੁ’, ‘ਪਾਣੀ’, ‘ਧਰਤਿ’ ਤੇ ‘ਦਿਨ-ਰਾਤਿ’ ਤੱਕ ਭਾਵ ‘ਜਪੁ’ ਬਾਣੀ ਦੇ ਸੰਪੂਰਨ ਵਿਸ਼ੇ ’ਚ ਹੀ 4 ਸ਼ਬਦਾਂ ਦੀ ਟੇਕ, ਵਧੇਰੇ ਲਈ ਜਾਪਦੀ ਹੈ।)

‘‘ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ ਕਰਹਿ ਬਿਭੂਤਿ ॥’’– ਇਸ ਪੰਕਤੀ ’ਚ ਇੱਕ-ਇੱਕ ਸ਼ਬਦ ਕਰਮਕਾਂਡੀ ਵਿਚਾਰਧਾਰਾ ਨਾਲ ਸਬੰਧਿਤ ਹੈ; ਜਿਵੇਂ: ‘ਮੁੰਦਾ, ਪਤੁ, ਝੋਲੀ, ਬਿਭੂਤਿ’ ਅਤੇ ਇੱਕ-ਇੱਕ ਸ਼ਬਦ ਸ਼ੁੱਭ (ਸਾਰਥਿਕ ਭਗਤੀ ਭਰਪੂਰ) ਗੁਣਾਂ ਨਾਲ ਸਬੰਧਿਤ ਹੈ; ਜਿਵੇਂ: ‘ਸੰਤੋਖੁ, ਸਰਮੁ, ਧਿਆਨ’। ਦੋਵਾਂ (ਕਰਮਕਾਂਡੀ ਤੇ ਸ਼ੁੱਭ ਗੁਣਾਂ) ਵਿੱਚ ਭਿੰਨਤਾ ਇਹੀ ਹੈ ਕਿ ‘ਕਰਮਕਾਂਡੀ’ ਸ਼ਬਦ ਬਹੁ ਵਚਨ ਤੇ ਇਸਤ੍ਰੀ ਲਿੰਗ ਹਨ ਜਦਕਿ ‘ਸ਼ੁੱਭ ਗੁਣ’ ਸ਼ਬਦ ਕੇਵਲ ‘ਇੱਕ ਵਚਨ ਪੁਲਿੰਗ’ ਹੀ ਹਨ।

‘ਮੁੰਦਾ’– ਇਹ ਸ਼ਬਦ ਗੁਰਬਾਣੀ ’ਚ ਕੇਵਲ 3 ਵਾਰ (ਜੋਗੀਆਂ ਦੇ ਪ੍ਰਥਾਏ) ਹੀ ਦਰਜ ਹੈ; ਜਿਵੇਂ ਸਬੰਧਿਤ ਪੰਕਤੀ ਤੋਂ ਇਲਾਵਾ 2 ਵਾਰ:

‘‘ਸੁਰਤਿ (ਧਿਆਨ ਜੋੜਨਾ) ਸਿਮ੍ਰਿਤਿ (ਯਾਦ ਰੱਖਣਾ) ਦੁਇ, ਕੰਨੀ ‘ਮੁੰਦਾ’; ਪਰਮਿਤਿ (ਸਹੀ ਗਿਆਨ) ਬਾਹਰਿ ਖਿੰਥਾ (ਗੋਦੜੀ)॥’’ (ਭਗਤ ਕਬੀਰ/੩੩੪)

‘‘ਘਰਿ ਘਰਿ (ਵਿੱਚ ਜਾ ਕੇ) ਖਾਇਆ, ਪਿੰਡੁ (ਸਰੀਰ) ਬਧਾਇਆ; ਖਿੰਥਾ ‘ਮੁੰਦਾ’ ਮਾਇਆ ॥’’ (ਭਗਤ ਤ੍ਰਿਲੋਚਨ/੫੨੬)

‘ਸਰਮੁ’-ਇਸ ਸ਼ਬਦ ਦੇ ਅਰਥ ਤੇ ਸਹੀ ਉਚਾਰਨ ਲਈ ਇਸ ਨੂੰ ਸਮਝਣਾ ਅਤਿ ਜ਼ਰੂਰੀ ਹੈ। ‘ਸ਼੍ਰਮੁ’ ਸ਼ਬਦ ਸੰਸਕ੍ਰਿਤ ’ਚ ਇੱਕ ਵਚਨ ਪੁਲਿੰਗ ਹੈ, ਜਿਸ ਦਾ ਅਰਥ ਹੈ: ‘ਮਿਹਨਤ, ਦੌੜ-ਭੱਜ, ਦੁੱਖ-ਸੰਤਾਪ, ਤਪ, ਥਕਾਵਟ, ਕਸਰਤ, ਸੰਘਰਸ਼’ ਆਦਿ। ਗੁਰਬਾਣੀ ਵਿੱਚ ਇਹ ਸ਼ਬਦ 19 ਵਾਰ ਦਰਜ ਹੈ; ਜਿਵੇਂ:

‘‘ਛੋਡਿ ਜਾਇ; ਤਿਸ (ਉਸ ਮਾਯਾ) ਕਾ ‘ਸ੍ਰਮੁ’ (ਲਈ ਮਿਹਨਤ) ਕਰੈ ॥’’ (ਮ: ੫/੨੬੭)

‘‘ਫਿਰਤ ਫਿਰਤ ਬਹੁਤੁ ‘ਸ੍ਰਮੁ’ (ਥਕਾਵਟ) ਪਾਇਓ; ਸੰਤ ਦੁਆਰੈ ਆਇਓ ॥’’ (ਮ: ੫/੫੩੧)

‘‘ਮਾਨੁਖ ਕਉ ਜਾਚਤ (ਮਨੁੱਖ ਅੱਗੇ ਹੱਥ ਫੈਲਾਇਆਂ) ‘ਸ੍ਰਮੁ’ (ਖੱਜਲ-ਖੁਆਰੀ) ਪਾਈਐ; ਪ੍ਰਭ ਕੈ ਸਿਮਰਨਿ ਮੋਖ (ਮੁਕਤੀ)॥’’ (ਮ: ੫/੬੮੨)

‘‘ਸ੍ਰਮੁ’’ ਥਾਕਾ (ਦੌੜ-ਭੱਜ ਮੁਕ ਗਈ), ਪਾਏ ਬਿਸ੍ਰਾਮਾ (ਸ਼ਾਂਤੀ); ਮਿਟਿ ਗਈ ਸਗਲੀ ਧਾਈ (ਭਟਕਣਾ)॥’’ (ਮ: ੫/੧੦੦੦)

‘ਨੀਰੁ ਬਿਲੋਵੈ (ਪਾਣੀ ਰਿੜਕਣ ਨਾਲ), ਅਤਿ ‘ਸ੍ਰਮੁ’ (ਥਕਾਵਟ) ਪਾਵੈ; ਨੈਨੂ (ਮੱਖਣ) ਕੈਸੇ ਰੀਸੈ ? ॥’’ (ਮ: ੫/੧੨੦੫)

‘‘ਮਾਇਆ ਕਾਰਨਿ; ‘ਸ੍ਰਮੁ’ (ਘਾਲਣਾ) ਅਤਿ ਕਰੈ ॥’’ (ਭਗਤ ਨਾਮਦੇਵ/੧੨੫੨) ਆਦਿ।

ਗੁਰਬਾਣੀ ’ਚ ‘ਸ੍ਰਮੁ’ ਸ਼ਬਦ ਕੇਵਲ 3 ਵਾਰ ਤਦ ਅੰਤ ਮੁਕਤਾ ‘ਸ੍ਰਮ’ ਬਣ ਜਾਂਦਾ ਹੈ ਜਦ ਇਹ ਬਹੁ ਵਚਨ ਜਾਂ ਸਬੰਧਕੀ ਸਮੇਤ ਹੋਵੇ; ਜਿਵੇਂ:

‘‘ਕਈ ਕੋਟਿ; ਮਾਇਆ ‘ਸ੍ਰਮ ਮਾਹਿ’ (ਮਾਯਾ ਦੀ ਭੱਜ-ਦੌੜ ਵਿੱਚ) ॥’’ (ਮ: ੫/੨੭੫)

‘‘ਸੀਤਲ ਸੁਖੁ ਪਾਇਓ ਮਨ ਤ੍ਰਿਪਤੇ; ਹਰਿ ਸਿਮਰਤ ‘ਸ੍ਰਮ’ (ਥਕੇਵੇਂ, ਦੁੱਖ) ਸਗਲੇ ਲਾਥ (ਲਹਿ ਗਏ)॥’’ (ਮ: ੫/੮੨੮)

‘‘ਆਵਤ ਜਾਤ ਰਹੇ, ‘ਸ੍ਰਮ’ (ਸਾਰੇ ਦੁੱਖ) ਨਾਸੇ; ਸਿਮਰਤ ਸਾਧੂ ਸੰਗਿ ॥’’ (ਮ: ੫/੧੩੦੦)

ਕਾਵਿ ਤੋਲ ਨੂੰ ਮੁੱਖ ਰੱਖਦਿਆਂ ਗੁਰਬਾਣੀ ’ਚ ‘ਸ੍ਰਮੁ’ ਸ਼ਬਦ 3 ਵਾਰ ਤਦ ‘ਸਰਮੁ’ ਬਣ ਜਾਂਦਾ ਹੈ ਜਦ ਇਸ ਵਿੱਚੋਂ ‘ਨੂੰ’ (ਸਬੰਧਕੀ) ਸ਼ਬਦ ਨਿਕਲਦਾ ਹੋਵੇ; ਜਿਵੇਂ ‘ਜਪੁ’ ਬਾਣੀ ਦੀ ਸਬੰਧਿਤ ਪੰਕਤੀ ਤੋਂ ਇਲਾਵਾ 2 ਵਾਰ:

‘‘(ਰੱਬੀ ਡਰ ਰੂਪ) ਭੈ ਵਿਚਿ (ਕੋਰੇ ਮਨ ਨੂੰ) ਖੁੰਬਿ (ਉੱਤੇ) ਚੜਾਈਐ; ‘ਸਰਮੁ’ (ਮਸ਼ੱਕਤ ਨੂੰ) ਪਾਹੁ (ਬਣਾ, ਜੋ) ਤਨਿ (ਵਿੱਚ) ਹੋਇ ॥’’ (ਮ: ੧/੪੬੮)

‘‘ਮਨੁ (ਨੂੰ) ਹਾਲੀ, ਕਿਰਸਾਣੀ (ਖੇਤੀ ਨੂੰ) ਕਰਣੀ; ‘ਸਰਮੁ’ (ਮਿਹਨਤ ਨੂੰ) ਪਾਣੀ, ਤਨੁ (ਨੂੰ) ਖੇਤੁ ॥’’ (ਮ: ੧/੫੯੫)

ਗੁਰਬਾਣੀ ’ਚ ‘ਸਰਮੁ’ (ਸ਼੍ਰਮੁ) ਸ਼ਬਦ ਕੇਵਲ 2 ਵਾਰ ਤਦ ਅੰਤ ਮੁਕਤਾ ‘ਸਰਮ’ ਬਣ ਜਾਂਦਾ ਹੈ ਜਦ ਇਸ ਨਾਲ ਸਬੰਧਕੀ ਸ਼ਬਦ ‘ਕਾ, ਕੀ’ ਹੋਵੇ; ਜਿਵੇਂ:

‘‘ਸਰਮ ਖੰਡ ਕੀ’’ (ਮਿਹਨਤ ਅਵਸਥਾ ਦੀ); ਬਾਣੀ ਰੂਪੁ (ਬਨਾਵਟ ਸੁੰਦਰ)॥’’ (ਜਪੁ/ਮ: ੧)

‘‘ਸਿਫਤਿ (ਰੂਪ) ‘ਸਰਮ ਕਾ’ (ਮਿਹਨਤ ਦਾ) ਕਪੜਾ ਮਾਂਗਉ; ਹਰਿ ਗੁਣ ਨਾਨਕ ! ਰਵਤੁ ਰਹੈ ॥’’ (ਮ: ੧/੧੩੨੯)

(ਨੋਟ: ਧਿਆਨ ਰਹੇ ਕਿ ਗੁਰਬਾਣੀ ’ਚ ਸਰਮੁ’ (ਇੱਕ ਵਚਨ ਪੁਲਿੰਗ) ਸ਼ਬਦ ਅਰਬੀ ਭਾਸ਼ਾ ਦਾ ਵੀ ਹੈ ਜਿਸ ਦਾ ਅਰਥ ਹੈ: ‘ਅਣਖ, ਗੌਰਵ, ਮਾਣ’; ਜਿਵੇਂ 4 ਵਾਰ:

‘‘ਗੁਣ (ਨੂੰ) ਮੰਡੇ (ਰੋਟੀਆਂ) ਕਰਿ, ਸੀਲੁ (ਸ਼ਾਂਤ ਸੁਭਾਉ ਨੂੰ) ਘਿਉ; ‘ਸਰਮੁ’ (ਅਣਖ ਨੂੰ) ਮਾਸੁ ਆਹਾਰੁ ॥’’ (ਮ: ੧/੫੫੩)

‘‘ਸਰਮੁ’’ ਧਰਮੁ (ਗੌਰਵ ਤੇ ਸਚਾਈ) ਦੁਇ, ਛਪਿ ਖਲੋਏ; ਕੂੜੁ ਫਿਰੈ ਪਰਧਾਨੁ ਵੇ ਲਾਲੋ ! ॥’’ (ਮ: ੧/੭੨੨)

‘‘ਸਰਮੁ’’ (ਗੌਰਵ) ਗਇਆ ਘਰਿ ਆਪਣੈ; ਪਤਿ (ਇੱਜ਼ਤ) ਉਠਿ (ਕੇ) ਚਲੀ ਨਾਲਿ ॥’’ (ਮ: ੧/੧੨੪੩)

‘‘ਸਰਮੁ’’ ਧਰਮੁ (ਗੌਰਵ ਤੇ ਨੇਕ-ਦਿਲੀ) ਦੁਇ; ਨਾਨਕਾ ! ਜੇ ਧਨੁ ਪਲੈ ਪਾਇ ॥’’ (ਮ: ੧/੧੨੮੭)

ਗੁਰਬਾਣੀ ’ਚ ‘ਸਰਮੁ’ ਸ਼ਬਦ ਕੇਵਲ 1 ਵਾਰ ਤਦ ਅੰਤ ਮੁਕਤਾ ‘ਸਰਮ’ ਹੋ ਜਾਂਦਾ ਹੈ ਜਦ ਇਹ ਸਬੰਧਕੀ ਸਮੇਤ ਹੋਵੇ; ਜਿਵੇਂ:

‘‘ਸਰਮ ਧਰਮ (ਗੌਰਵ ਤੇ ਨੇਕ-ਦਿਲੀ) ਕਾ; ਡੇਰਾ ਦੂਰਿ ॥’’ (ਮ: ੧/੪੭੧)

ਧਿਆਨ ਰਹੇ ਕਿ ਗੁਰਬਾਣੀ ’ਚ ‘ਸਰਮੁ’ ਸ਼ਬਦ ਕੇਵਲ 4 ਵਾਰ ਤਦ ਅੰਤ ਮੁਕਤਾ ‘ਸਰਮ’ (ਇਸਤ੍ਰੀ ਲਿੰਗ) ਹੁੰਦਾ ਹੈ ਜਦ ਇਸ ਨਾਲ ‘ਇਸਤ੍ਰੀ ਲਿੰਗ ਪੜਨਾਂਵੀ ਵਿਸ਼ੇਸ਼ਣ ਜਾਂ ਇਸਤ੍ਰੀ ਲਿੰਗ ਕਿਰਿਆ’ ਸ਼ਬਦ ਦਰਜ ਹੋਵੇ ਤੇ ਇਸ ਦਾ ਅਰਥ ਹੁੰਦਾ ਹੈ: ‘ਇੱਜ਼ਤ’; ਜਿਵੇਂ:

‘‘ਕਰਿ ਕਿਰਪਾ ਨਾਨਕੁ ਗੁਣ ਗਾਵੈ; ਰਾਖਹੁ ‘ਸਰਮ ਅਸਾੜੀ’ (ਸਾਡੀ ਇੱਜ਼ਤ) ਜੀਉ ॥’’ (ਮ: ੫/੧੦੫)

‘‘ਸਰਮ ਪਈ (ਇੱਜ਼ਤ ਬਣਾਈ) ਨਾਰਾਇਣੈ (ਨੇ), ਨਾਨਕ! ਦਰਿ (ਉੱਤੇ) ਪਈਆਹੁ ॥’’ (ਮ: ੫/੧੩੫)

‘‘ਸਰਮ ਸੁੰਨਤਿ’’, ਸੀਲੁ ਰੋਜਾ; ਹੋਹੁ ਮੁਸਲਮਾਣੁ ॥’’ (ਮ: ੧/੧੪੦)

‘‘ਸਰਮ ਸੁਰਤਿ’’ ਦੁਇ; ਸਸੁਰ ਭਏ ॥’’ (ਮ: ੧/੧੫੨)

ਇਹ ਵੀ ਧਿਆਨ ਰਹੇ ਕਿ ਗੁਰਬਾਣੀ ਵਿੱਚ ਕੇਵਲ ਉਹੀ ‘ਸਰਮੁ’ ਸ਼ਬਦ ਆਪਣੇ ਮੂਲ ਰੂਪ ’ਚ ‘ਸ੍ਰਮੁ’ ਜਾਂ ‘ਸ੍ਰਮ’ ਕਰਕੇ ਲਿਖਿਆ ਹੋਇਆ ਹੈ ਜਿਸ ਦਾ ਅਰਥ ‘ਮਿਹਨਤ, ਮਸ਼ੱਕਤ, ਘਾਲਣਾ, ਥਕਾਵਟ, ਦੌੜ-ਭੱਜ, ਦੁੱਖ’ ਆਦਿ ਹੋਵੇ ਭਾਵ ਜੋ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਦਕਿ ਅਰਬੀ ਭਾਸ਼ਾ ਦਾ ਸ਼ਬਦ ‘ਸਰਮੁ’, ਜਿਸ ਦਾ ਅਰਥ ‘ਅਣਖ, ਗੌਰਵ, ਇੱਜ਼ਤ, ਮਾਣ’ ਆਦਿ ਹੈ ਉਸ ਦਾ ਸਰੂਪ ‘ਸ੍ਰਮੁ’ ਗੁਰਬਾਣੀ ਵਿੱਚ ਦਰਜ ਨਹੀਂ।)

ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ ਕਰਹਿ ਬਿਭੂਤਿ॥

ਭਾਵ- (ਹੇ ਯੋਗੀ !) ਜੇ ਤੂੰ ਸੰਤੋਖ ਦੀਆਂ ਮੁੰਦ੍ਰਾਂ, ਸ਼੍ਰਮ (ਮਿਹਨਤ, ਹੱਕ ਹਲਾਲ ਦੀ ਕਮਾਈ) ਨੂੰ ਭੀਖ ਮੰਗਣ ਵਾਲ਼ਾ ਖੱਪਰ (ਚਿੱਪੀ) ਜਾਂ ਝੋਲ਼ੀ (ਬਗਲੀ) ਬਣਾ ਲਵੇਂ ਤੇ ਰੱਬੀ ਯਾਦ ਨੂੰ ਆਪਣੇ ਸਰੀਰ ਉੱਤੇ ਸੁਆਹ ਮਲ਼ਨਾ ਕਰ ਲਵੇਂ।

(ਨੋਟ : ਕੰਨ ਦੀਆਂ ਮੁੰਦ੍ਰਾਂ, ਰੱਬ ਵੱਲੋਂ ਬਖ਼ਸ਼ੇ ਸਰੂਪ ’ਤੇ ਅਸੰਤੁਸ਼ਟਤਾ ਦਾ ਪ੍ਰਤੀਕ ਹਨ, ਜਿਸ ਦਾ ਬਦਲ ਹੈ, ‘‘ਸਾਬਤ ਸੂਰਤਿ’’ (ਮਹਲਾ ੫/੧੦੮੪), ਇਸ ਲਈ ‘ਮੁੰਦਾ’ ਨੂੰ ‘ਸੰਤੋਖੁ’ ਨਾਲ਼ ਜੋੜਿਆ ਗਿਆ, ‘ਸਰਮੁ’ (ਸ਼੍ਰਮੁ) ਭਾਵ ਮਿਹਨਤ, ਮਸ਼ੱਕਤ ਦਾ ਬਦਲ ਹੈ ਭੀਖ ਮੰਗਣਾ, ਜੋ ‘ਪਤੁ’ (ਖੱਪਰ ਚੁੱਕ ਕੇ) ਜਾਂ ‘ਝੋਲ਼ੀ’ (ਅੱਡ ਕੇ) ਮੰਗੀ ਜਾਂਦੀ ਹੈ। ਸਰੀਰ ’ਤੇ ਸੁਆਹ ਮਲ਼ਨੀ ਮੌਤ ਦਾ ਪ੍ਰਤੀਕ ਹੈ, ਜਿਸ ਦਾ ਬਦਲ ਗੁਰਮਤ ਅਨੁਸਾਰ ਮਾਲਕ ਨਾਲ਼ ਧਿਆਨ ਜੋੜਨਾ ਹੈ, ਜਿਸ ਦੇ ਹੁਕਮ ’ਚ ਮੌਤ ਆਉਂਦੀ ਹੈ, ਇਸ ਲਈ ‘ਬਿਭੂਤਿ’ ਤੇ ‘ਧਿਆਨ’ ਦੀ ਸੰਧੀ ਕੀਤੀ ਗਈ ਜਾਪਦੀ ਹੈ।)

‘‘ਖਿੰਥਾ ਕਾਲੁ, ਕੁਆਰੀ ਕਾਇਆ ਜੁਗਤਿ; ਡੰਡਾ ਪਰਤੀਤਿ ॥’’– ਇਸ ਪੰਕਤੀ ’ਚ ਵਿਸਰਾਮ ਦੇਣ ’ਚ ਵੀ ਕੁਝ ਭਿੰਨਤਾ ਪਾਈ ਜਾਂਦੀ ਹੈ; ਜਿਵੇਂ: ‘‘ਖਿੰਥਾ ਕਾਲੁ, ਕੁਆਰੀ ਕਾਇਆ; ਜੁਗਤਿ ਡੰਡਾ ਪਰਤੀਤਿ ॥’’ ਭਾਵ ‘‘ਜੁਗਤਿ ਡੰਡਾ ਪਰਤੀਤਿ॥’’ ਨੂੰ ਇਕੱਠਾ ਜੋੜ ਕੇ ਅਰਥ ਕੀਤੇ ਜਾਂਦੇ ਹਨ ਕਿ ਦ੍ਰਿੜ੍ਹ ਭਰੋਸੇ ਨੂੰ ਹੀ ਜੋਗ ਦੀ ਜੁਗਤੀ ਤੇ ਡੰਡਾ ਬਣਾ। ਇਉਂ ਅਰਥ ਕੀਤਿਆਂ ‘ਕੁਆਰੀ ਕਾਇਆ’ ਦੇ ਅਰਥ ਬਣਦੇ ਹਨ: ‘ਸਰੀਰ ਨੂੰ ਨਿਰਮਲ ਰੱਖ’, ਜਿਸ ਲਈ ਕੋਈ ਕਰਮਕਾਂਡੀ ਜੋਗ-ਸ਼ਬਦ ਨਹੀਂ ਰਹਿ ਜਾਂਦਾ, ਇਸ ਲਈ ‘‘ਕੁਆਰੀ ਕਾਇਆ ਜੁਗਤਿ..॥’’ ’ਚ ਜੋਗ ਦੀ ‘ਜੁਗਤਿ’ (’ਚ ਕਰਮਕਾਂਡੀ) ਸ਼ਬਦ ਆ ਜਾਂਦਾ ਹੈ ਤੇ ਭਾਵਾਰਥਾਂ ’ਚ ਵੀ ਕੋਈ ਭਿੰਨਤਾ ਨਹੀਂ ਰਹਿ ਜਾਂਦੀ।

ਖਿੰਥਾ ਕਾਲੁ, ਕੁਆਰੀ ਕਾਇਆ ਜੁਗਤਿ; ਡੰਡਾ ਪਰਤੀਤਿ॥ 

ਭਾਵ- ਗੋਦੜੀ (ਫਟੇ ਹੋਏ ਕਮੀਜ਼) ਨੂੰ ਮੌਤ ਨਜ਼ਦੀਕ ਦਾ ਪ੍ਰਤੀਕ ਮੰਨ, ਵਿਕਾਰਾਂ ਵੱਲੋਂ ਅਛੋਹ ਸਰੀਰਕ (ਇੰਦ੍ਰਿਆਂ) ਨੂੰ ਯੋਗ ਯੁਕਤੀ (ਮਰਿਆਦਾ) ਬਣਾ, ਮਾਲਕ ਉੱਤੇ ਭਰੋਸੇ ਨੂੰ (ਪੂਰਨ ਯਕੀਨ ਨਾਲ਼ ਕਰਾਮਾਤਾਂ ਵਿਖਾਉਣ ਵਾਲ਼ਾ) ਡੰਡਾ ਮੰਨ ਲੈ।

‘‘ਆਈ ਪੰਥੀ, ਸਗਲ ਜਮਾਤੀ; ਮਨਿ + ਜੀਤੈ, ਜਗੁ + ਜੀਤੁ ॥’’-ਇਸ ਪੰਕਤੀ ’ਚ ‘ਮਨਿ + ਜੀਤੈ’ ਤੇ ‘ਜਗੁ + ਜੀਤੁ’ ਸੰਧੀ ਨਿਯਮਾਂ ਅਧੀਨ ਦੋ ਜੁੜਤ ਸ਼ਬਦ ਦਰਜ ਹਨ। ਇਸ ਲਈ ਇਨ੍ਹਾਂ ਬਾਰੇ ਜਾਣਕਾਰੀ ਅਤਿ ਜ਼ਰੂਰੀ ਹੈ।

ਗੁਰਬਾਣੀ ਲਿਖਤ ਨਿਯਮਾਂ ਅਨੁਸਾਰ ਜਿਵੇਂ ‘ਨਾਂਵ’ ਤੇ ‘ਪੜਨਾਂਵ’ ਸ਼ਬਦਾਂ ਦੀ ਵੰਡ ਕਾਰਕਾਂ (‘ਕਰਤਾ ਕਾਰਕ, ਕਰਮ ਕਾਰਕ, ਕਰਣ ਕਾਰਕ’ ਆਦਿ) ’ਚ ਦਰਜ ਹੁੰਦੀ ਹੈ, ਉਸ ਤਰ੍ਹਾਂ ਹੀ ਕਾਰਦੰਤਕਾਂ (ਕਿਰਦੰਤਾਂ) ਦੀ ਵੰਡ ਵੀ ਕਾਰਕਾਂ ’ਚ ਹੁੰਦੀ ਹੈ, ਬੇਸ਼ੱਕ ਕਿਰਦੰਤ ਸ਼ਬਦਾਂ ਦਾ ‘ਧਾਤੂ’ (ਮੂਲ) ਨਾਂਵ ਦੀ ਬਜਾਏ ਕਿਰਿਆਵਾਚੀ ਸ਼ਬਦਾਂ ਵਾਲਾ ‘ਧਾਤੂ’ ਹੀ ਹੁੰਦਾ ਹੈ। ਇੱਥੇ ਇਹ ਵੀ ਵੀਚਾਰ ਦਾ ਵਿਸ਼ਾ ਹੈ ਕਿ ਕੇਵਲ ਉਨ੍ਹਾਂ ਸ਼ਬਦਾਂ ਦੀ ਹੀ ਗੁਰਬਾਣੀ ਵਿੱਚ ਸੰਧੀ (ਜੋੜ, ਸੁਮੇਲ) ਹੁੰਦੀ ਹੈ ਜਿਹੜੇ ਸ਼ਬਦ ਕਿਸੇ ਇੱਕ ਕਾਰਕ ’ਚ ਹੀ ਹੋਣ; ਬੇਸ਼ੱਕ ਉਹ ਸ਼ਬਦ; ‘ਨਾਂਵ ਤੇ ਪੜਨਾਂਵ’ ਹੋਣ, ‘ਪੜਨਾਂਵ ਤੇ ਕਿਰਦੰਤ’ ਹੋਣ ਜਾਂ ‘ਨਾਂਵ ਤੇ ਕਿਰਦੰਤ’ ਹੋਣ; ਜਿਵੇਂ: ‘‘ਹੋਵੈ ਸੁਖੁ ਘਣਾ, ‘ਦਯਿ+ਧਿਆਇਐ’ ॥’’ ਪੰਕਤੀ ’ਚ ‘ਦਯੁ’ (ਇੱਕ ਵਚਨ ਪੁਲਿੰਗ ਨਾਂਵ) ਤੋਂ ਕਰਣ ਕਾਰਕ ‘ਦਯਿ’ ਸ਼ਬਦ ਬਣ ਗਿਆ ਜਿਸ ਦਾ ਅਰਥ ਹੈ: ‘ਦਈ ਨਾਲ, ਦਈ ਰਾਹੀਂ, ਦਇਆ ਕਰਨ ਵਾਲੇ ਪ੍ਰਭੂ ਦੁਆਰਾ’ ਅਤੇ ‘ਧਿਆਇਐ’ ਕਿਰਦੰਤ ਵੀ ਕਰਣ ਕਾਰਕ ਹੈ ਜਿਸ ਦਾ ਅਰਥ ਹੈ: ‘ਧਿਆਉਣ ਨਾਲ, ਧਿਆਉਣ ਰਾਹੀਂ, ਧਿਆਉਣ ਦੁਆਰਾ’। ਇਸ ਲਈ ਇਨ੍ਹਾਂ ਦੋਵੇਂ (‘ਦਯਿ+ਧਿਆਇਐ’) ਸ਼ਬਦਾਂ ਦੀ ਸੰਧੀ ਹੋ ਗਈ ਤੇ ਅਰਥ ਬਣ ਗਿਆ ‘ਦਈ ਦੇ ਧਿਆਉਣ ਨਾਲ, ਦਈ ਨੂੰ ਯਾਦ ਕਰਨ ਨਾਲ’ ਆਦਿ। ਇਸ ਤਰ੍ਹਾਂ ਹੀ ‘ਮਨਿ + ਜੀਤੈ’ ਦਾ ਅਰਥ ਬਣ ਗਿਆ ‘ਮਨ ਦੇ ਜਿੱਤਣ ਨਾਲ, ਮਨ ਨੂੰ ਜਿੱਤਣ ਨਾਲ’ ਆਦਿ।

ਦੂਸਰਾ ਸੰਧੀ ਸ਼ਬਦ ਹੈ: ‘ਜਗੁ + ਜੀਤੁ’; ਗੁਰਬਾਣੀ ਵਿੱਚ ਜਿਵੇਂ ‘ਦਤੁ + ਦਾਨੁ’ ਸੰਧੀ ਸ਼ਬਦ ਹੈ: ‘‘ਤੀਰਥੁ ਤਪੁ ਦਇਆ ‘ਦਤੁ + ਦਾਨੁ’ ॥’’ (ਜਪੁ) ਭਾਵ ‘ਦਾਨੁ’ ਨਾਂਵ ਤੇ ‘ਦਤੁ’ ਕਿਰਦੰਤ ਦਾ ਅਰਥ ਬਣਦਾ ਹੈ: ‘ਦਿੱਤਾ ਹੋਇਆ ਦਾਨ’, ਇਸ ਤਰ੍ਹਾਂ ਹੀ ‘ਜਗੁ + ਜੀਤੁ’ ਦਾ ਅਰਥ ਹੈ: ‘ਜਿੱਤਿਆ ਹੋਇਆ ਜਗ, ਜਿੱਤਿਆ ਜਾਂਦਾ ਹੈ ਜਗ (ਸਮਾਜਿਕ ਪਿਆਰ)’।

ਆਈ ਪੰਥੀ, ਸਗਲ ਜਮਾਤੀ; ਮਨਿ ਜੀਤੈ, ਜਗੁ ਜੀਤੁ॥

ਭਾਵ- ਸਮਾਜਿਕ ਪ੍ਰੇਮ ਨੂੰ ‘ਆਈ ਪੰਥੀ’ (ਯੋਗੀਆਂ ਦੇ 12 ਸੰਪਰਦਾਇਆਂ/ਕਬੀਲਿਆਂ ’ਚੋਂ ਸਰਬੋਤਮ ਆਦਰਸ਼ਕ ਫ਼ਿਰਕਾ) ਮੰਨ, (ਇਉਂ) ਮਨ ਨੂੰ ਜਿੱਤਣ ਨਾਲ਼ ਸਮਾਜਿਕ ਹਮਦਰਦੀ ਤੇ ਪਿਆਰ ਮਿਲੇਗਾ (ਜੋ ਜਗਤ ਜਿੱਤਣ ਵਰਗਾ ਹੈ ਤੇ ‘ਕੂੜ ਦੀ ਕੰਧ’ ਢਹਿ ਜਾਵੇਗੀ)।

‘‘ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥’’-ਇਸ ਪੰਕਤੀ ’ਚ ਜ਼ਿਆਦਾਤਰ ਸ਼ਬਦ ਅਗੇਤਰ ‘ਅ’ ਜਾਂ ‘ਅਨ’ ਲਗਾ ਕੇ ਨਾ-ਪੱਖੀ ਬਣਾਏ ਗਏ ਹਨ; ਜਿਵੇਂ: ‘ਉਦੇਸ਼’ ਦਾ ਮਤਲਬ ਹੁੰਦਾ ਹੈ: ‘ਨਿਸ਼ਾਨਾ, ਸੰਕਲਪ’ ਭਾਵ ਉਪਦੇਸ਼ ਲੈ ਕੇ ਜਾਣਾ ਜਾਂ ਪ੍ਰਵਚਨ ਦੇਣ ਜਾਣਾ ਜਦਕਿ ‘ਆਦੇਸ’ ਦਾ ਅਰਥ ਹੈ: ‘ਉਪਦੇਸ਼ ਗ੍ਰਹਿਣ ਕਰਨ ਲਈ ਆਪਾ ਤਿਆਰ ਕਰਨਾ, ਪ੍ਰਵਚਨ ਲੈਣਾ, ਸਿਰ ਝੁਕਾਉਣਾ, ‘ਨਮਸਕਾਰ’ ਕਰਨਾ।, ‘ਨੀਲ’ ਦਾ ਮਤਲਬ ਹੈ: ‘ਰੰਗਿਆ ਹੋਇਆ, ਧੁੰਦਲਾ, ਗੰਦਾ’ ਜਦਕਿ ‘ਅਨੀਲ’ ਦਾ ਅਰਥ ਹੈ: ‘ਪਵਿੱਤਰ’।, ‘ਆਦਿ’ ਦਾ ਮਤਲਬ ਹੈ: ‘ਆਕਾਰ ਦਾ ਮੁੱਢ (ਮੂਲ, ਜੜ੍ਹ)’ ਜਦਕਿ ‘ਅਨ+ਆਦਿ’ ਦਾ ਅਰਥ ਹੈ: ‘ਜਿਸ ਦਾ ਆਪਣਾ ਕੋਈ ਮੁੱਢ ਨਹੀਂ ’।, ‘ਆਹਤਿ’ ਦਾ ਮਤਲਬ ਹੈ: ‘ਮਰਨਾ, ਖ਼ਤਮ ਹੋਣਾ’ ਜਦਕਿ ‘ਅਨ+ਆਹਤਿ’ ਦਾ ਅਰਥ ਹੈ: ‘ਅਮਰ, ਸਦੀਵੀ ਹੋਂਦ ਵਾਲਾ’ ਆਦਿ।

‘ਆਦੇਸੁ’– ਇਹ ਸ਼ਬਦ ਗੁਰਬਾਣੀ ’ਚ 19 ਵਾਰ ਦਰਜ ਹੈ, ਜਿਸ ਦਾ ਅਰਥ ਵੀ ਕੇਵਲ ਇੱਕੋਂ ਹੀ ਹੈ ਭਾਵ ‘ਨਮਸਕਾਰ’; ਜਿਵੇਂ:

‘‘ਜੁਗੁ ਜੁਗੁ ਹਰਿ ਹਰਿ ਏਕੋ ਵਰਤੈ; ਤਿਸੁ ਆਗੈ ਹਮ ਆਦੇਸੁ (ਸਾਡੀ ਨਮਸਕਾਰ)॥’’ (ਮ: ੪/੩੬੮)

‘‘ਗੋਵਿੰਦ ਗੁਣ ਨਿਧਿ ਸ੍ਰੀਰੰਗ ਸੁਆਮੀ; ਆਦਿ ਕਉ ਆਦੇਸੁ (ਨਮਸਕਾਰ) ਜੀਉ ॥’’ (ਮ: ੫/੯੨੯) ਆਦਿ।

‘ਅਨੀਲੁ’– ਇਹ ਸ਼ਬਦ ਗੁਰਬਾਣੀ ’ਚ ਕੇਵਲ 4 ਵਾਰ ਸਬੰਧਿਤ ਪੰਕਤੀਆਂ ’ਚ ਹੀ ਦਰਜ ਹੈ।

‘ਅਨਾਦਿ’-ਇਹ ਸ਼ਬਦ ਗੁਰਬਾਣੀ ’ਚ 10 ਵਾਰ ਦਰਜ ਹੈ ਜਿਸ ਦਾ ਅਰਥ 7 ਵਾਰ ‘ਮੁੱਢ ਰਹਿਤ ਪ੍ਰਭੂ’ ਹੈ; ਜਿਵੇਂ ਸਬੰਧਿਤ 4 ਪੰਕਤੀਆਂ ਤੋਂ ਇਲਾਵਾ ਕੇਵਲ ਭੱਟਾਂ ਦੀ ਬਾਣੀ ’ਚ:

‘‘ਅਗਮੁ ਅਨੰਤੁ ‘ਅਨਾਦਿ’ (ਮੁੱਢ ਰਹਿਤ) ਆਦਿ; ਜਿਸੁ ਕੋਇ ਨ ਜਾਣੈ ॥’’ (ਭਟ ਮਥੁਰਾ/੧੪੦੪)

‘‘ਆਦਿ ਜੁਗਾਦਿ ‘ਅਨਾਦਿ’ (ਮੁੱਢ ਰਹਿਤ); ਕਲਾ ਧਾਰੀ ਤ੍ਰਿਹੁ ਲੋਅਹ ॥’’ (ਭਟ ਸਲੵ /੧੪੦੬) ਆਦਿ।

ਜਦਕਿ ‘ਅਨਾਦਿ’ ਸ਼ਬਦ (ਜਿਸ ਦਾ ਦਰੁਸਤ ਉਚਾਰਨ ‘ਅੰਨਾਦਿ’ ਹੈ।) ਕੇਵਲ 3 ਵਾਰ ਭਗਤ ਕਬੀਰ ਜੀ ਦੀ ਬਾਣੀ ’ਚ ‘ਅੰਨ + ਆਦਿ’ ਭਾਵ ‘ਭੋਜਨ ਵਗ਼ੈਰਾ’ ਦੇ ਅਰਥਾਂ ’ਚ ਵੀ ਦਰਜ ਹੈ; ਜਿਵੇਂ:

‘‘ਧੰਨੁ ਅਨਾਦਿ; ਭੂਖੇ ਕਵਲੁ ਟਹਕੇਵ ॥’’ (ਭਗਤ ਕਬੀਰ/੮੭੩) ਭਾਵ ਅੰਨ (ਭੋਜਨ) ਆਦਿ ਧੰਨਤਾਯੋਗ ਹੈ ਜਿਸ ਨਾਲ ਭੁੱਖੇ ਦਾ ਮਨ (ਹਿਰਦਾ ਕਮਲ) ਖਿੜ ਜਾਂਦਾ ਹੈ।

‘‘ਆਦਿ ਪੁਰਖ ਤੇ (ਤੋਂ); ਹੋਇ ਅਨਾਦਿ (ਭੋਜਨ ਆਦਿ) ॥’’ (ਭਗਤ ਕਬੀਰ/੮੭੩)

‘‘ਧੰਨੁ ਅਨਾਦਿ (ਭੋਜਨ ਆਦਿ, ਜਿਸ ਨੂੰ ਖਾ ਕੇ, ਸਿਮਰਨ ਕੀਤਿਆਂ); ਠਾਕੁਰ (ਦਾ) ਮਨੁ (ਸਾਡੇ ਉੱਤੇ) ਮਾਨਿਆ (ਦਿਆਲੂ ਹੋਇਆ) ॥’’ (ਭਗਤ ਕਬੀਰ/੮੭੩)

‘ਅਨਾਹਤਿ’-ਇਹ ਸ਼ਬਦ ਕੇਵਲ ਸਬੰਧਿਤ ਪੰਕਤੀਆਂ ’ਚ ਹੀ 4 ਵਾਰ ਦਰਜ ਹੈ।

ਆਦੇਸੁ, ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ॥ ੨੮॥

ਭਾਵ- ਉਸ (ਨਾਥ-ਖ਼ਸਮ) ਨੂੰ ਨਮਸਕਾਰ ਕਰ; ਜੋ ਸ੍ਰਿਸ਼ਟੀ ਦਾ ਮੁੱਢ (ਜੜ੍ਹ/ਮੂਲ) ਹੈ, ਦਾਗ਼ ਰਹਿਤ (ਉੱਜਲ) ਹੈ, ਉਹ ਆਪ ਮੁੱਢ (ਸੀਮਾ) ਰਹਿਤ ਅਬਿਨਾਸ਼ੀ ਹੈ ਤੇ ਆਦਿ ਕਾਲ (ਯੁਗਾ-ਯੁਗਾਂਤਰ) ਤੋਂ ਇੱਕ ਸਮਾਨ ਹਸਤੀ ਵਾਲ਼ਾ (ਸਤਿ ਸਰੂਪ) ਹੈ।

(ਨੋਟ : ਸੰਸਾਰ ਦੀ ਹਰ ਛੋਟੀ ਜਾਂ ਵੱਡੀ ਵਸਤੂ, ਆਪਣੇ ਸਰੀਰ ਨੂੰ ਬਾਲ, ਜੁਆਨੀ ਤੇ ਬਿਰਧ ਆਕਾਰ ਰਾਹੀਂ ਛੋਟਾ, ਵੱਡਾ ਫਿਰ ਛੋਟਾ ਕਰਦੀ ਰਹਿੰਦੀ ਹੈ, ਪਰ ਅਕਾਲ ਪੁਰਖ, ਜੋ ਅਜੂਨੀ ਹੈ, ਉਹ ‘‘ਜੁਗੁ ਜੁਗੁ ਏਕੋ ਵੇਸੁ॥’’ ਕਾਇਮ ਰਹਿੰਦਾ ਹੈ, ਇਸ ਲਈ ‘ਜਪੁ’ ਦੇ ਅਰੰਭ ’ਚ ਹੀ ‘‘ਆਦਿ ਸਚੁ; ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥’’ ਬਿਆਨਿਆ ਗਿਆ ਹੈ।

ਯੋਗ ਮਤ ਨਾਲ਼ ਸੰਬੰਧਿਤ ਇਨ੍ਹਾਂ ਸ਼ਬਦਾਂ ’ਚ ‘ਯੋਗੀ’ ਨੂੰ ਸੰਬੋਧਨ ਮੰਨਣ ਦਾ ਕਾਰਨ ‘‘ਧਿਆਨ ਕੀ ਕਰਹਿ ਬਿਭੂਤਿ॥’’ ਤੁਕ ’ਚ ‘ਕਰਹਿ’ (ਮਧਮ ਪੁਰਖ, ਇੱਕ ਵਚਨ ਕਿਰਿਆ) ਦਾ ਹੋਣਾ ਹੈ, ਜਿਸ ਦਾ ਅਰਥ ਹੈ, ‘ਜੇ ਤੂੰ ਕਰੇਂ’।)

JAP (Pori No. 27)

0

ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ ॥

ਵਾਜੇ ਨਾਦ ਅਨੇਕ ਅਸੰਖਾ; ਕੇਤੇ ਵਾਵਣਹਾਰੇ ॥ ਕੇਤੇ ਰਾਗ, ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇ ॥

ਗਾਵਹਿ ਤੁਹ ਨੋ ਪਉਣੁ, ਪਾਣੀ, ਬੈਸੰਤਰੁ; ਗਾਵੈ ਰਾਜਾ-ਧਰਮੁ, ਦੁਆਰੇ ॥ ਗਾਵਹਿ ਚਿਤੁ ਗੁਪਤੁ, ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥

ਗਾਵਹਿ ਈਸਰੁ, ਬਰਮਾ, ਦੇਵੀ; ਸੋਹਨਿ ਸਦਾ ਸਵਾਰੇ ॥ ਗਾਵਹਿ ਇੰਦ, ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥

ਗਾਵਹਿ ਸਿਧ, ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ ॥ ਗਾਵਨਿ ਜਤੀ, ਸਤੀ, ਸੰਤੋਖੀ; ਗਾਵਹਿ ਵੀਰ ਕਰਾਰੇ ॥

ਗਾਵਨਿ ਪੰਡਿਤ, ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ ॥ ਗਾਵਹਿ, ਮੋਹਣੀਆ ਮਨੁ ਮੋਹਨਿ; ਸੁਰਗਾ ਮਛ ਪਇਆਲੇ ॥

ਗਾਵਨਿ, ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥ ਗਾਵਹਿ ਜੋਧ, ਮਹਾ ਬਲ, ਸੂਰਾ; ਗਾਵਹਿ ਖਾਣੀ ਚਾਰੇ ॥

ਗਾਵਹਿ ਖੰਡ, ਮੰਡਲ, ਵਰਭੰਡਾ; ਕਰਿ ਕਰਿ ਰਖੇ ਧਾਰੇ ॥ ਸੇਈ ਤੁਧੁਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥

ਹੋਰਿ, ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ ॥

ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ; ਸਾਚੀ ਨਾਈ ॥ ਹੈ ਭੀ, ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥

ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ; ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ, ਕੀਤਾ ਆਪਣਾ; ਜਿਵ ਤਿਸ ਦੀ ਵਡਿਆਈ ॥

ਜੋ ਤਿਸੁ ਭਾਵੈ, ਸੋਈ ਕਰਸੀ; ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ, ਸਾਹਾ ਪਾਤਿਸਾਹਿਬੁ; ਨਾਨਕ ! ਰਹਣੁ ਰਜਾਈ ॥੨੭॥ (ਜਪੁ /ਮ: ੧)

ਉਚਾਰਨ ਸੇਧ: ਸੰਮ੍ਹਾਲੇਂ, ਸਿਉਂ, ਕਹੀਅਨ੍, ਈਸ਼ਰ, ਗਾਵਨ੍, ਗਾਵਹਿਂ, ਜਾਣਹਿਂ, ਦੇਵਤਿਆਂ, ਪੜ੍ਹਨ, ਵੇਦਾਂ, ਮੋਹਣੀਆਂ, ਪਇਆਲੇ (ਪਿਆਲੇ ਨਹੀਂ), ਮਹਾਂ, ਭਾਵਨ੍, ਆਵਨ੍, ਰੰਗੀਂ-ਰੰਗੀਂ, ਭਾਂਤੀਂ, ਪਤਿਸ਼ਾਹ, ਸ਼ਾਹਾਂ।

ਪਦ ਅਰਥ : ਸੋ-ਉਹ (ਪੜਨਾਂਵੀ ਵਿਸ਼ੇਸ਼ਣ, ਇੱਕ ਵਚਨ, ਅਨ੍ਯ ਪੁਰਖ)।, ਦਰੁ- ਦਰਵਾਜ਼ਾ, ਡਿਓੜੀ (ਇੱਕ ਵਚਨ ਪੁਲਿੰਗ ਨਾਂਵ)।, ਕੇਹਾ- ਕਿਹੋ ਜਿਹਾ ਅਦਭੁਤ ! ਕੈਸਾ ਅਜੀਬ ! (ਅਸਚਰਜਤਾ ਬੋਧਕ, ਵਿਸਮਕ)।, ਘਰੁ-ਟਿਕਾਣਾ, ਨਿਵਾਸ-ਸਥਾਨ (ਇੱਕ ਵਚਨ ਪੁਲਿੰਗ ਨਾਂਵ)।, ਜਿਤੁ-ਜਿਸ ਵਿੱਚ (ਅਧਿਕਰਣ ਕਾਰਕ, ਪੜਨਾਂਵ)।, ਬਹਿ- ਬੈਠ ਕੇ (ਕਿਰਿਆ ਵਿਸ਼ੇਸ਼ਣ)।, ਸਮਾਲੇ- ਸੰਭਾਲ ਕਰਦਾ ਹੈਂ (ਮੱਧਮ ਪੁਰਖ, ਇੱਕ ਵਚਨ ਕਿਰਿਆ)।, ਵਾਜੇ- ਸਾਜ਼, ਹਾਰਮੋਨੀਅਮ, ਬੈਂਡ (ਬਹੁ ਵਚਨ ਨਾਂਵ)।, ਨਾਦ- ਧੁਨੀ, ਆਵਾਜ਼, ਸੰਗੀਤ, ਰਾਗ (ਪਲਿੰਗ ਬਹੁ ਵਚਨ ਨਾਂਵ)।, ਅਨੇਕ ਅਸੰਖਾ-ਅਣਗਿਣਤ (ਗਿਣਤੀ-ਵਾਚਕ ਵਿਸ਼ੇਸ਼ਣ)।, ਕੇਤੇ- ਕਿਤਨੇ ਹੀ (ਬਹੁ ਵਚਨ ਪੜਨਾਂਵ)।, ਵਾਵਣਹਾਰੇ-(ਉਨ੍ਹਾਂ ਸਾਜ਼ਾਂ ਨੂੰ) ਵਜਾਉਣ ਵਾਲੇ (ਬਹੁ ਵਚਨ ਨਾਂਵ)।, ਪਰੀ ਸਿਉ- ਪਰੀਆਂ (ਰਾਗਣੀਆਂ) ਸਮੇਤ (ਪਰੀ-ਇਸਤ੍ਰੀ ਲਿੰਗ ਬਹੁ ਵਚਨ ਨਾਂਵ, ਸਿਉ-ਸੰਬੰਧਕੀ)।, ਕਹੀਅਨਿ- ਮੰਨੇ (ਕਹੇ) ਜਾਂਦੇ ਹਨ (ਬਹੁ ਵਚਨ, ਵਰਤਮਾਨ ਕਿਰਿਆ)।, ਗਾਵਣਹਾਰੇ- (ਰਾਗ-ਰਾਗਣੀਆਂ ਰਾਹੀਂ) ਗਾਉਣ ਵਾਲੇ (ਬਹੁ ਵਚਨ ਨਾਂਵ)।, ਗਾਵਹਿ- ਗਾਉਂਦੇ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਤੁਹ ਨੋ- ਤੈਨੂੰ (ਮੱਧਮ ਪੁਰਖ, ਇੱਕ ਵਚਨ ਪੁਲਿੰਗ ਪੜਨਾਂਵ)।, ਪਉਣੁ- ਹਵਾ (ਇੱਕ ਵਚਨ ਪੁਲਿੰਗ ਨਾਂਵ)।, ਬੈਸੰਤਰੁ- ਅੱਗ (ਇੱਕ ਵਚਨ ਪੁਲਿੰਗ ਨਾਂਵ; ਜਿਵੇਂ ‘‘ਅੰਨੁ ਦੇਵਤਾ, ਪਾਣੀ ਦੇਵਤਾ, ‘ਬੈਸੰਤਰੁ ਦੇਵਤਾ’ ਲੂਣੁ; ਪੰਜਵਾ, ਪਾਇਆ ਘਿਰਤੁ ॥’’ (ਮ: ੧/੪੭੩)।, ਗਾਵੈ- ਗਾਉਂਦਾ ਹੈ (ਇੱਕ ਵਚਨ ਵਰਤਮਾਨ ਕਿਰਿਆ)।, ਰਾਜਾ ਧਰਮੁ -(ਮੰਨਿਆ ਜਾਂਦਾ) ਧਰਮਰਾਜ, ਨਿਆਂਧੀਸ਼, ਜੱਜ (ਇੱਕ ਵਚਨ ਪੁਲਿੰਗ ਨਾਂਵ)।, ਦੁਆਰੇ- (ਤੇਰੇ) ਦਰ ਉੱਤੇ (ਨਾਂਵ, ਅਧਿਕਰਣ ਕਾਰਕ)।, ਚਿਤੁ ਗੁਪਤੁ- (ਮਨੁੱਖ ਦੇ ਦੋਵੇਂ ਕੰਧਿਆਂ (ਮੋਢਿਆਂ) ਉੱਤੇ ਨਿਵਾਸ ਰੱਖਣ ਵਾਲੇ ਮੰਨੇ ਜਾਂਦੇ) ਚਿੱਤ੍ਰ ਗੁਪਤ, ਧਰਮਰਾਜ ਦੇ ਮੁਨਸ਼ੀ (ਨਾਂਵ)।, ਲਿਖਿ ਜਾਣਹਿ- ਲਿਖਣਾ ਜਾਣਦੇ ਹਨ (ਬਹੁ ਵਚਨ ਵਰਤਮਾਨ ਕਿਰਿਆ), ਲਿਖਿ ਲਿਖਿ- (ਜਿਨ੍ਹਾਂ ਦੁਆਰਾ) ਲਿਖ ਲਿਖ ਕੇ (ਇਕੱਤਰ ਕੀਤੇ ਹੋਏ ਨੂੰ) (ਕਿਰਿਆ ਵਿਸ਼ੇਸ਼ਣ)।, ਧਰਮੁ-ਧਰਮਰਾਜ, ਜੱਜ (ਨਾਂਵ)।, ਈਸਰੁ-ਸ਼ਿਵ (ਨਾਂਵ), ਸੋਹਨਿ- ਸੋਭਦੇ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਸਦਾ ਸਵਾਰੇ-(ਆਸਤਿਕ ਮਨੁੱਖਾਂ ਲਈ ਸਦੀਵੀ) ਪ੍ਰਭਾਵਸ਼ਾਲੀ ਬਣਾਏ ਹੋਏ।, ਇੰਦ- ਇੰਦਰ ਰਾਜੇ (ਬਹੁ ਵਚਨ ਨਾਂਵ)।, ਇਦਾਸਣਿ- ਇੰਦਰ ਆਪਣੇ ਆਸਣ ਉੱਤੇ (ਬੈਠੇ, ਅਧਿਕਰਣ ਕਾਰਕ, ਨਾਂਵ)। ਦੇਵਤਿਆ ਨਾਲੇ- ਦੇਵਤਿਆਂ ਸਮੇਤ।, ਦਰਿ- (ਤੇਰੇ) ਦਰ ਉੱਤੇ (ਖਲੋਤੇ; ਅਧਿਕਰਣ ਕਾਰਕ, ਨਾਂਵ)।, ਸਿਧ- ਜੋਗ-ਸਾਧਨਾ ’ਚ ਪੁੱਗੇ ਹੋਏ ਜੋਗੀ, ਜਿਨ੍ਹਾਂ ਨੇ ਆਪਣੇ ਮਨ ਨੂੰ ਕਾਬੂ ’ਚ ਕਰ ਲਿਆ (ਬਹੁ ਵਚਨ ਨਾਂਵ)।, ਗਾਵਨਿ- ਗਾਉਂਦੇ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਜਤੀ-ਬ੍ਰਹਮਚਾਰੀ (ਬਹੁ ਵਚਨ ਨਾਂਵ)।, ਸਤੀ-ਦਾਨੀ, ਪਰਉਕਾਰੀ (ਬਹੁ ਵਚਨ ਨਾਂਵ)।, ਵੀਰ- ਬਵੰਜਾ ਬੀਰ (ਹਨੂਮਾਨ, ਭੈਰਵ, ਨਾਰਸਿੰਘ ਆਦਿ, ਬਹੁ ਵਚਨ ਨਾਂਵ)।, ਕਰਾਰੇ- ਤਕੜੇ, ਬਲਵਾਨ (ਵਿਸ਼ੇਸ਼ਣ)।, ਰਖੀਸਰ-ਰਿਖੀ+ ਈਸ਼ਵਰ, ਮਹਾਨ ਤਪੱਸਵੀ, ਅਨੇਕਾਂ ਰਿਸ਼ੀ ਮੁਨਿ (ਬਹੁ ਵਚਨ ਨਾਂਵ)।, ਵੇਦਾ ਨਾਲੇ-ਵੇਦ ਸਮੇਤ, ਵੇਦਾਂ ਦੀ ਮਦਦ ਨਾਲ (ਵੇਦਾ- 4 ਵੇਦ, ਨਾਲੇ- ਸੰਬੰਧਕੀ)।, ਮੋਹਣੀਆ-ਸੁੰਦਰ ਇਸਤ੍ਰੀਆਂ, ਅਪਸਰਾਵਾਂ (ਬਹੁ ਵਚਨ ਇਸਤ੍ਰੀ ਲਿੰਗ ਨਾਂਵ)।, ਮਨੁ-ਮਨ ਨੂੰ (ਕਰਮ ਕਾਰਕ)।, ਮੋਹਨਿ-ਮੋਹ ਲੈਂਦੀਆਂ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਸੁਰਗਾ- ਸਵਰਗ ਲੋਕ (ਕਾਲਪਨਿਕ ਨਗਰੀ, ਨਾਂਵ)।, ਮਛ-ਮਾਤ ਲੋਕ (ਧਰਤੀ, ਨਾਂਵ)।, ਪਇਆਲੇ- ਪਾਤਾਲ (ਨਾਂਵ)।, ਰਤਨ- 14 ਕਾਲਪਨਿਕ ਕੀਮਤੀ ਰਤਨ (ਨਾਂਵ)।, ਅਠਸਠਿ-ਕਪਿਲ ਤੰਤ੍ਰ (ਸਾਂਖ੍ਯ ਸ਼ਾਸਤ੍ਰ) ਅਨੁਸਾਰ ਮੰਨੇ ਜਾਂਦੇ 68 ਤੀਰਥ (ਸੰਖਿਅਕ ਵਾਚਕ ਵਿਸ਼ੇਸ਼ਣ)।, ਸੂਰਾ- ਸੂਰਮੇ (ਬਹੁ ਵਚਨ ਨਾਂਵ)।, ਖਾਣੀ ਚਾਰੇ-ਜੀਵ-ਜੰਤਾਂ ਦੀ ਉਤਪਤੀ ਦੇ ਮੰਨੇ ਜਾਂਦੇ 4 ਸਾਧਨਾਂ (ਅੰਡਜ ਦੁਆਰਾ ਪੈਦਾ ਹੋਣ ਵਾਲੇ; ਜਿਵੇਂ: ਆਕਾਸ਼ ਦੇ ਪੰਛੀ, ਜ਼ਿਆਦਾਤਰ ਸਮੁੰਦਰੀ ਆਦਿ ਚੋਗਾਧਾਰੀ ਜੀਵ, ਜੇਰਜ- ਵੀਰਜ ਦੁਆਰਾ ਪੈਦਾ ਹੋਣ ਵਾਲੇ; ਜਿਵੇਂ: ਮਨੁੱਖ, ਪਸ਼ੂ ਆਦਿ ਥਣਧਾਰੀ ਜੀਵ, ਸੇਤਜ-ਪਸੀਨੇ (ਮੁੜ੍ਹਕੇ) ਦੁਆਰਾ ਪੈਦਾ ਹੋਣ ਵਾਲੇ; ਜਿਵੇਂ: ਜੂੰ, ਲੀਖ, ਪਿੱਸੂ, ਚਿੱਚੜ ਆਦਿ, ਉਤਭੁਜ-ਪਾਣੀ ਤੇ ਜ਼ਮੀਨੀ ਭਾਫ ਨਾਲ ਪੈਦਾ ਹੋਣ ਵਾਲੇ; ਜਿਵੇਂ: ਦਰਖ਼ਤ, ਪੌਦੇ, ਖੇਤੀ ਆਦਿ) ਦੀ ਪ੍ਰਧਾਨ ਵੰਡ।, ਖੰਡ-ਬ੍ਰਹਿਮੰਡ ਦੇ ਟੁਕੜੇ ਭਾਵ ਧਰਤੀਆਂ (ਬਹੁ ਵਚਨ ਨਾਂਵ)।, ਮੰਡਲ- ਇੱਕ-ਇੱਕ ਸੂਰਜ ਦੇ ਪਰਵਾਰਿਕ ਸਮੂਹ (ਬਹੁ ਵਚਨ ਨਾਂਵ)।, ਵਰਭੰਡ- ਅਨੇਕਾਂ ਸੂਰਜਾਂ ਦੇ ਪਰਵਾਰਿਕ ਸਮੂਹ (ਬਹੁ ਵਚਨ ਨਾਂਵ)।, ਤੁਧੁਨੋ- ਤੈਨੂੰ (ਮੱਧਮ ਪੁਰਖ ਇੱਕ ਵਚਨ ਪੜਨਾਂਵ)।, ਭਾਵਨਿ- ਪਸੰਦ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਰਸਾਲੇ- ਰਸਾਂ ਦੇ ਘਰ (ਵਿਸ਼ੇਸ਼ਣ)।, ਹੋਰਿ- (‘‘ਰਤੇ ਤੇਰੇ ਭਗਤ ਰਸਾਲੇ॥’’ ਤੋਂ ਇਲਾਵਾ) ਹੋਰ ਅਨੇਕਾਂ (ਬਹੁ ਵਚਨ ਪੜਨਾਂਵ)।, ਕੇਤੇ- ਕਿਤਨੇ ਹੀ (ਪੜਨਾਂਵ)।, ਸੇ- ਉਹ (ਬਹੁ ਵਚਨ ਪੜਨਾਂਵ)।, ਚਿਤਿ- ਯਾਦ ਵਿੱਚ (ਅਧਿਕਰਣ ਕਾਰਕ, ਨਾਂਵ)।, ਸੋਈ ਸੋਈ- ਨਿਰੋਲ ਉਹੀ (ਭਾਵ ‘ਸੋ ਦਰੁ, ਸੋ ਘਰੁ’ ਦਾ ਮਾਲਕ, ਇੱਕ ਵਚਨ ਪੜਨਾਂਵ)।, ਸਚੁ- ਸਦੀਵੀ ਸਥਿਰ (ਵਿਸ਼ੇਸ਼ਣ)।, ਨਾਈ- ਅਸਨਾਈ, ਸਨਾਈ, ਵਡਿਆਈ (ਇਸਤ੍ਰੀ ਲਿੰਗ ਨਾਂਵ)।, ਹੈ ਭੀ- ਹੁਣ ਵੀ ਹੈ (ਵਰਤਮਾਨ ਕਿਰਿਆ)।, ਹੋਸੀ- ਹੋਵੇਗਾ (ਭਵਿਖਕਾਲ ਕਿਰਿਆ)।, ਜਾਇ- ਜੰਮਣਾ (ਕਿਰਿਆ)।, ਜਾਸੀ-ਮਰਨਾ (ਕਿਰਿਆ, ਭਵਿਖਕਾਲ)।, ਜਿਨਿ- ਜਿਸ ਮਾਲਕ ਨੇ (ਇੱਕ ਵਚਨ ਪੜਨਾਂਵ)।, ਰੰਗੀ ਰੰਗੀ ਭਾਤੀ- ਕਈ ਰੰਗਾਂ-ਰੰਗਾਂ ਦੀ, ਭਾਂਤਾਂ-ਭਾਂਤਾਂ ਦੀ (ਬਹੁ ਵਚਨ ਨਾਂਵ)।, ਜਿਨਸੀ- ਪ੍ਰਕਾਰ ਦੀ, ਕਿਸਮ ਦੀ (ਨਾਂਵ)।, ਵਡਿਆਈ-ਰਜ਼ਾ, ਮਰਜ਼ੀ, ਪ੍ਰਸਿੱਧੀ (ਇਸਤ੍ਰੀ ਲਿੰਗ ਨਾਂਵ)।, ਤਿਸੁ- ਉਸ ਨੂੰ (ਅਨ੍ਯ ਪੁਰਖ ਪੜਨਾਂਵ)।, ਭਾਵੈ- ਪਸੰਦ ਹੈ (ਇੱਕ ਵਚਨ ਵਰਤਮਾਨ ਕਿਰਿਆ)।, ਕਰਸੀ- ਕਰੇਗਾ (ਭਵਿਖਕਾਲ ਕਿਰਿਆ)।, ਸਾਹਾ- ਬਾਦਿਸ਼ਾਹਾਂ ਦਾ (ਬਹੁ ਵਚਨ ਨਾਂਵ)।, ਰਹਣੁ- ਰਹਿਣਾ ਚਾਹੀਦਾ ਹੈ, ਟਿਕਣਾ ਬਣਦਾ ਹੈ (ਕਿਰਿਆ)।, ਰਜਾਈ-ਰਜ਼ਾ ਵਿੱਚ, ਭਾਣੇ ਵਿੱਚ (ਨਾਂਵ, ਅਧਿਕਰਣ ਕਾਰਕ)।

(ਨੋਟ: ਪਿਛਲੀ ਪਉੜੀ ਨੰਬਰ 26 ’ਚ ਰੱਬੀ ਅਮੋਲਕ ਦਾਤਾਂ ਨੂੰ ‘‘ਅਮੁਲੋ ਅਮੁਲੁ, ਆਖਿਆ ਨ ਜਾਇ ॥’’ ਕਰਕੇ ਰੂਪਮਾਨ ਕੀਤਾ ਗਿਆ ਸੀ ਜਿਨ੍ਹਾਂ ਦੀ ਕੀਮਤ ਬਦਲੇ ਕੋਈ ਵੀ ਦੁਨਿਆਵੀ ਭੇਟਾ ਤੁਛ ਜਾਪਦੀ ਸੀ ਪਰ ਜਿਸ ਨੇ ਦੁਨਿਆਵੀ ਪਦਾਰਥਾਂ ਰਾਹੀਂ ਇਨ੍ਹਾਂ ਦੀ ਪ੍ਰਾਪਤੀ ਮੰਨ ਲਈ, ਉਸ (ਹੋਛੀ ਮਤਿ) ਨੂੰ ‘‘ਜੇ ਕੋ, ਆਖੈ ਬੋਲੁਵਿਗਾੜੁ ॥ ਤਾ, ਲਿਖੀਐ ਸਿਰਿ ਗਾਵਾਰਾ ਗਾਵਾਰੁ ॥’’ ਸ਼ਬਦਾਂ ਨਾਲ ਪਉੜੀ ਦੀ ਸਮਾਪਤੀ ਕੀਤੀ ਗਈ ਸੀ, ਜਿਸ ਤੋਂ ਉਪਰੰਤ 200 ਸ਼ਬਦਾਂ ਨਾਲ ਸੰਪੰਨ ਇਸ (27 ਵੀਂ) ਪਉੜੀ ’ਚ ਕਰਤਾਰ ਦੀ ਅਸੀਮ ਪ੍ਰਭਾਵਸ਼ਾਲੀ ਸ਼ਕਤੀ ਦੇ ਸਨਮੁਖ (ਸਾਹਮਣੇ) ਤਮਾਮ ਦੁਨਿਆਵੀ ਅਖੌਤੀ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ; ਡੰਡੌਤ-ਬੰਦਨਾ ਕਰਦੀਆਂ ਬਿਆਨ ਕੀਤੀਆਂ ਗਈਆਂ ਹਨ। ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਡੰਡੌਤਧਾਰੀਆਂ ’ਚ ਕਈ ਹਸਤੀਆਂ ਭੂਤਕਾਲ ਤੇ ਕਾਲਪਨਿਕ ਧਾਰਨਾਵਾਂ ਨਾਲ ਸਬੰਧਤ ਹਨ ਪਰ ਉਨ੍ਹਾਂ ਦਾ ਪ੍ਰਭਾਵ ਸਬੰਧਤ ਆਸਥਾ ਭਰਪੂਰ ਮਨੁੱਖਾਂ ਉੱਤੇ ਵਰਤਮਾਨ ’ਚ ਪੈਣ ਕਾਰਨ ਉਨ੍ਹਾਂ (ਸਤਿਕਾਰਯੋਗ ਮੰਨੀਆਂ ਜਾਂਦੀਆਂ ਹਸਤੀਆਂ) ਨੂੰ ਵੀ ਵਰਤਮਾਨ ’ਚ ਹੀ ਰੱਖ ਕੇ ਬਿਆਨਿਆ ਗਿਆ ਹੈ।

ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕੇਵਲ ਇਹ ਇਕਲੌਤੀ ਪਉੜੀ ਹੈ ਜਿਸ ਨੂੰ ਸਭ ਤੋਂ ਵਧੀਕ (ਭਾਵ 3 ਵਾਰ) ਦਰਜ ਕੀਤਾ ਗਿਆ ਹੈ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਵਿਸ਼ਾ ਉਨ੍ਹਾਂ ਮਨੁੱਖਾਂ ਲਈ ਕਿੰਨਾ ਮਹੱਤਵਪੂਰਨ ਹੈ ਜੋ ਕੇਵਲ ਆਸਥਾ ਅਧੀਨ ਜਗ੍ਹਾ ਜਗ੍ਹਾ ਆਪਣਾ ਸਿਰ ਝੁਕਾਉਂਦੇ ਰਹਿੰਦੇ ਹਨ। ਇਹ ਵੀ ਜ਼ਰੂਰੀ ਹੈ ਕਿ ਇਸ ਪਉੜੀ ’ਚ ਦਰਜ, ਤਮਾਮ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਬਾਰੇ ਹਾਂ ਪੱਖੀ ਦ੍ਰਿਸ਼ਟੀਕੋਣ ਹੀ ਦਰਜ ਕੀਤਾ ਗਿਆ ਹੈ, ਜਿਸ ਨੂੰ ‘ਰੂਪਕ ਅਲੰਕਾਰ’ ਵਜੋਂ ਬਿਆਨਿਆ ਗਿਆ ਕਹਿ ਸਕਦੇ ਹਾਂ। )

‘‘ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ ॥’’ ਇਸ ਪੰਕਤੀ ’ਚ ਦੋ ਵਾਰ ‘ਕੇਹਾ’ (ਵਿਸਮਕ) ਸ਼ਬਦ ਦਰਜ ਹੈ, ਜਿਸ ਨੂੰ ਪ੍ਰਸ਼ਨ ਵਾਚਕ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਪ੍ਰਸ਼ਨ ਉਸ ਵਿਅਕਤੀ ਅੰਦਰੋਂ ਹੀ ਉਤਪੰਨ ਹੁੰਦਾ ਹੈ ਜਿਸ ਨੂੰ ਉਸ ਦਾ ਜਵਾਬ ਮਾਲੂਮ ਨਾ ਹੋਵੇ ਪਰ ‘ਗੁਰੂ’ ਜੀ ਅਗਲੀਆਂ ਤੁਕਾਂ ’ਚ ‘ਸੋ ਦਰੁ, ਸੋ ਘਰੁ’ ਦੀ ਹੋਂਦ ਬਾਰੇ ਵਿਆਪਕ ਵਿਸਥਾਰ ਵੀ ਦੇ ਰਹੇ ਹਨ ਇਸ ਲਈ ਇਸ ਪੰਕਤੀ ’ਚ ਦਰਜ ‘ਕੇਹਾ’ ਸ਼ਬਦ ਨੂੰ ਪ੍ਰਸ਼ਨਵਾਚੀ (ਪੜਨਾਂਵ) ਮੰਨਣ ਦੀ ਬਜਾਏ ਅਸਚਰਜਤਾ ਭਰਪੂਰ (ਵਿਸਮਕ) ਵਜੋਂ ਲੈਣਾ ਉਚਿਤ ਹੋਵੇਗਾ।

‘ਸੋ’ ਸ਼ਬਦ ਦੇ ਸਮਾਨੰਤਰ ‘ਦਰੁ’ ਤੇ ‘ਘਰੁ’ (ਇੱਕ ਵਚਨ ਪੁਲਿੰਗ ਨਾਂਵ) ਦਰਜ ਹੋਣ ਕਾਰਨ ‘ਸੋ’ ਨੂੰ ‘ਪੜਨਾਂਵ’ ਨਹੀਂ ਬਲਕਿ ‘ਪੜਨਾਂਵੀ ਵਿਸ਼ੇਸ਼ਣ’ ਕਿਹਾ ਜਾਏਗਾ।

ਅਗਰ ‘ਸੋ’ (ਇੱਕ ਵਚਨ) ਸ਼ਬਦ ਦੀ ਬਜਾਏ ‘ਸੇ’ (ਬਹੁ ਵਚਨ) ਸ਼ਬਦ ਹੁੰਦਾ ਤਾਂ ‘ਦਰ’ ਤੇ ‘ਘਰ’ ਵੀ ਅੰਤ ਮੁਕਤੇ ਭਾਵ ਬਹੁ ਵਚਨ ਹੀ ਹੋਣੇ ਸਨ; ਜਿਵੇਂ: ‘‘ਭਾਉ (ਪ੍ਰੇਮ) ਕਰਮ ਕਰਿ ਜੰਮਸੀ; ‘ਸੇ ਘਰ’ ਭਾਗਠ (ਉਹ ਹਿਰਦੇ ਭਾਗਾਂ ਵਾਲੇ) ਦੇਖੁ ॥’’ (ਮ: ੧/੫੯੫)

‘ਜਿਤੁ’- ਇਹ ਸ਼ਬਦ ਹਮੇਸ਼ਾਂ ਅੰਤ ਔਂਕੜ ਹੀ (ਗੁਰਬਾਣੀ ’ਚ 356 ਵਾਰ) ਦਰਜ ਹੈ ਅਤੇ ਇਸ ਦੇ ਅਰਥ ‘ਜਿਸ ਵਿੱਚ’ (ਅਧਿਕਰਣ ਕਾਰਕ) ਜਾਂ ‘ਜਿਸ ਰਾਹੀਂ, ਜਿਸ ਨਾਲ’ (ਕਰਣ ਕਾਰਕ) ਬਣਦੇ ਹਨ; ਜਿਵੇਂ:

(1). ਅਧਿਕਰਣ ਕਾਰਕ:

‘‘ਸਾ ਰੁਤਿ ਸੁਹਾਵੀ; ‘ਜਿਤੁ’ (ਜਿਸ ‘ਰੁਤ’ ਵਿੱਚ) ਤੁਧੁ ਸਮਾਲੀ (ਤੈਨੂੰ ਯਾਦ ਕਰਦਾ)॥’’ (ਮ: ੫/੯੭)

‘‘ਗੁਰੂ ਸਮੁੰਦੁ, ਨਦੀ ਸਭਿ ਸਿਖੀ (ਸਾਰੀਆਂ ਨਦੀਆਂ ‘ਸਿੱਖ’ ਹਨ); ਨਾਤੈ ‘ਜਿਤੁ’ (ਜਿਸ ‘ਸੰਗਤ’ ਵਿੱਚ) ਵਡਿਆਈ ॥’’ (ਮ: ੧/੧੫੦) ਆਦਿ।

(2). ਕਰਣ ਕਾਰਕ:

‘‘ਹਰਿ ਕਪੜੋ, ਹਰਿ ਸੋਭਾ ਦੇਵਹੁ; ‘ਜਿਤੁ’ (ਜਿਸ ‘ਨਾਮ-ਕੱਪੜੇ ਰੂਪ ਦਾਜ’ ਰਾਹੀਂ), ਸਵਰੈ ਮੇਰਾ ਕਾਜੋ ॥’’ (ਮ: ੪/੭੯)

‘‘ਹਰਿ ਹਰਿ ਨਾਮੁ ਜਪਹੁ, ਮਨ ਮੇਰੇ ! ‘ਜਿਤੁ’ (ਜਿਸ ‘ਨਾਮ’ ਨਾਲ), ਸਦਾ ਸੁਖੁ ਹੋਵੈ, ਦਿਨੁ ਰਾਤੀ ॥’’ (ਮ: ੪/੮੮) ਆਦਿ।

ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ॥

ਭਾਵ- (ਹੇ ਨਿਰਾਕਾਰ ਮਾਲਕ ! ਤੇਰਾ) ਉਹ ਨਿਵਾਸ ਦੁਆਰ ਤੇ ਨਿਵਾਸ ਸਥਾਨ ਕਿਹੋ ਜਿਹਾ (ਅਦਭੁਤ, ਅਲੌਕਿਕ) ਹੈ ! ਜਿਸ ਵਿੱਚ ਬੈਠ ਕੇ ਤੂੰ (ਸਭ ਜੀਵਾਂ ਦੀ) ਸੰਭਾਲ਼ (ਦੇਖ-ਭਾਲ਼, ਪਰਵਰਿਸ਼) ਕਰਦਾ ਹੈਂ !

(ਨੋਟ : ਉਕਤ ਸਵਾਲ, ਗੁਰੂ ਜੀ ਸਿੱਖ ਮਨੋਬਿਰਤੀ ਨਾਲ਼ ਉੱਠਾ ਰਹੇ ਹਨ ਤੇ ਅਗਾਂਹ ਪੰਕਤੀਆਂ ’ਚ ਕਰਤਾਰ ਦਾ ਰੂਪ ਹੋ ਕੇ ਜਵਾਬ ਦੇ ਰਹੇ ਹਨ।)

‘‘ਵਾਜੇ ਨਾਦ ਅਨੇਕ ਅਸੰਖਾ; ਕੇਤੇ ਵਾਵਣਹਾਰੇ ॥ ਕੇਤੇ ਰਾਗ, ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇ ॥’’– ਇਸ ਪੰਕਤੀ ’ਚ ‘ਵਾਜੇ’ ਸ਼ਬਦ ਦਾ ਅਰਥ ‘ਸਾਜ਼’ (ਸੰਗੀਤ ਪੈਦਾ ਕਰਨ ਵਾਲਾ ਯੰਤਰ) ਹੈ ਜਦਕਿ ‘ਨਾਦ’ ਦਾ ਅਰਥ ‘ਧੁਨੀ’ ਭਾਵ ‘ਆਵਾਜ਼’ ਹੈ, ਜੋ ‘ਵਾਜੇ’ (ਸਾਜ਼ਾਂ) ਵਿੱਚੋਂ ਨਿਕਲਦੀ ਹੈ।

ਗੁਰਬਾਣੀ ’ਚ ‘ਵਾਜੇ’ ਸ਼ਬਦ 43 ਵਾਰ ਦਰਜ ਹੈ, ਜਿਸ ਦੇ 2 ਅਰਥ ਹਨ: (ੳ). ‘ਵਾਜੇ’ ਭਾਵ ਸਾਜ਼ (ਨਾਂਵ) (ਅ). ‘ਵਾਜੇ’ ਭਾਵ ਵੱਜਦੇ ਹਨ (ਕਿਰਿਆ), ਪੰਕਤੀ ਦੇ ਪ੍ਰਸੰਗ ਅਨੁਸਾਰ ਇਨ੍ਹਾਂ ਦੀ ਪਹਿਚਾਣ ਸਹਿਜੇ ਹੀ ਹੋ ਜਾਂਦੀ ਹੈ; ਜਿਵੇਂ ‘ਵਾਜੇ’ ਦਾ ਅਰਥ ‘ਸਾਜ਼’ ਤਦ ਹੁੰਦਾ ਹੈ ਜਦ : (1). ਰੱਬੀ ਮਿਲਾਪ ਵਾਲੀ ‘ਅਨਹਦ ਧੁਨੀ’ (ਭਾਵ ਇੱਕ ਰਸ ਨਿਰੰਤਰ ਚਲ ਰਹੀ ਸ਼ਾਂਤੀਮਈ ਧੁਨੀ) ਦਾ ਜ਼ਿਕਰ ਹੋ ਰਿਹਾ ਹੋਵੇ; ਜਿਵੇਂ :

‘‘ਅਨਹਤ ‘ਵਾਜੇ’ (ਸਾਜ਼) ਵਜਹਿ, ਘਰ ਮਹਿ; ਪਿਰ ਸੰਗਿ ਸੇਜ ਵਿਛਾਈ ॥’’ (ਮ: ੫/੨੪੭)

‘‘ਤਹ (ਉਸ ਮਿਲਾਪ ਅਵਸਥਾ ’ਚ) ਅਨੇਕ ‘ਵਾਜੇ’ (‘ਸਾਜ਼’ ਵੱਜਦੇ, ਕਿਉਂਕਿ), ਸਦਾ ਅਨਦੁ ਹੈ; ਸਚੇ ਰਹਿਆ ਸਮਾਏ ॥’’ (ਮ: ੩/੪੪੧)

‘‘ਅਨਹਦ ਧੁਨਿ, ਵਾਜਹਿ ਨਿਤ ‘ਵਾਜੇ’ (ਸਾਜ਼, ਜਦ); ਗਾਈ ਸਤਿਗੁਰ (ਦੀ) ਬਾਣੀ ॥’’ (ਮ: ੪/੪੪੨)

‘‘ਅਨਹਦ ‘ਵਾਜੇ’ (ਸਾਜ਼) ਧੁਨਿ ਵਜਦੇ; (ਪਰ) ਗੁਰ ਸਬਦਿ (ਰਾਹੀਂ ਹੀ) ਸੁਣੀਜੈ ॥’’ (ਮ: ੩/੯੫੪), ਆਦਿ।

(2). ‘ਵਾਜੇ’ ਦਾ ਅਰਥ ‘ਸਾਜ਼’ ਤਦ ਵੀ ਹੁੰਦਾ ਹੈ ਜਦ ਕੋਈ ਰਾਜਾ ਜਿੱਤ ਪ੍ਰਾਪਤ ਕਰੇ ਜਾਂ ‘ਪਾਖੰਡਧਾਰੀ ਗੁਰੂ’ ਰਾਸਾਂ ਪਾਉਣ; ਜਿਵੇਂ

‘‘ਬਹੁ ਤਾਲ ਪੂਰੇ; ‘ਵਾਜੇ’ (ਸਾਜ਼) ਵਜਾਏ ॥’’ (ਮ: ੩/੧੨੨)

‘‘ਲਖ ਲਸਕਰ (ਫੌਜਾਂ), ਲਖ ‘ਵਾਜੇ’ (ਸਾਜ਼) ਨੇਜੇ (ਸਲਾਮਧਾਰੀ); ਲਖੀ ਘੋੜੀ ਪਾਤਿਸਾਹ ॥’’ (ਮ: ੧/੧੨੮੭), ਆਦਿ।

(ਅ). ਗੁਰਬਾਣੀ ਵਿੱਚ ‘ਵਾਜੇ’ ਸ਼ਬਦ ਦਾ ਅਰਥ ‘ਵੱਜਦੇ ਹਨ’ (ਕਿਰਿਆ) ਤਦ ਹੁੰਦਾ ਹੈ ਜਦ ਇਸ ਨਾਲ ‘ਸਬਦ’ (ਬਹੁ ਵਚਨ) ਸ਼ਬਦ ਦਰਜ ਹੋਵੇ; ਜਿਵੇਂ:

‘‘ਨਾਮੁ ਜਿਨ ਕੈ ਮਨਿ ਵਸਿਆ; ‘ਵਾਜੇ’ (ਵੱਜਦੇ ਹਨ) ਸਬਦ ਘਨੇਰੇ ॥’’ (ਮ: ੩/੯੧੭)

‘‘ਵਾਜੇ’’ (ਵੱਜਦੇ ਹਨ) ਪੰਚ ਸਬਦ, ਤਿਤੁ ਘਰਿ ਸਭਾਗੈ (ਉਸ ਭਾਗਾਂ ਵਾਲੇ ਘਰ ਵਿੱਚ)॥’’ (ਮ: ੩/੯੧੭), ਆਦਿ।

‘ਵਾਵਣਹਾਰੇ’- ਇਸ ਸ਼ਬਦ ਦਾ ਅਰਥ ਹੈ ‘ਵਜਾਉਣ ਵਾਲੇ’ (ਬਹੁ ਵਚਨ, ਨਾਂਵ), ਪਰ ਇਹ ਸ਼ਬਦ ਗੁਰਬਾਣੀ ਵਿੱਚ ਕੇਵਲ 3 ਵਾਰ ਇਸ ਪਉੜੀ ਵਿੱਚ ਹੀ ਦਰਜ ਹੈ ਕਿਉਂਕਿ ਇਹ ਪਉੜੀ ਗੁਰਬਾਣੀ ’ਚ 3 ਵਾਰ ਦਰਜ ਹੈ।

‘ਪਰੀ ਸਿਉ’- ਇਨ੍ਹਾਂ ਜੁੜਤ ਸ਼ਬਦਾਂ ਦਾ ਅਰਥ ਹੈ ‘ਪਰੀਆਂ ਸਮੇਤ’ ਭਾਵ ‘ਪਰੀਆਂ’ (ਸੁੰਦਰ ਕਾਲਪਨਿਕ ਇਸਤ੍ਰੀਆਂ) ਵਾਙ ਮਨ ਨੂੰ ਪ੍ਰਭਾਵਤ ਕਰ ਲੈਣ ਵਾਲੀਆਂ ‘ਰਾਗਣੀਆਂ ਸਮੇਤ’।

ਗੁਰਬਾਣੀ ’ਚ ‘ਪਰੀ’ ਸ਼ਬਦ 33 ਵਾਰ ਦਰਜ ਹੈ, ਸਬੰਧਤ ਪਉੜੀ ’ਚ ਦਰਜ 3 ਵਾਰ ਤੋਂ ਇਲਾਵਾ 30 ਵਾਰ ਇਸ ਦਾ ਅਰਥ ਹੈ ‘ਪਈ, ਹੋਈ’ (ਕਿਰਿਆ) ਹੈ; ਜਿਵੇਂ:

‘‘ਸਾਂਝ ਪਰੀ (ਸਮਝ ਹੋਈ ਤਾਂ) ਦਹ ਦਿਸ ਅੰਧਿਆਰਾ ॥’’ (ਭਗਤ ਰਵਿਦਾਸ/੭੯੪)

‘‘ਕਾਮੁ, ਕ੍ਰੋਧੁ, ਅਹੰਕਾਰੁ ਨਿਵਾਰੈ; (ਜਦ) ਗੁਰ ਕੈ ਸਬਦਿ (ਰਾਹੀਂ) ਸੁ ਸਮਝ ਪਰੀ (ਪਈ)॥’’ (ਮ: ੧/੯੩੯)

‘‘ਸਤਸੰਗਤਿ ਕੀ ਧੂਰਿ, ਪਰੀ (ਪਈ) ਉਡਿ (ਕੇ) ਨੇਤ੍ਰੀ; ਸਭ ਦੁਰਮਤਿ ਮੈਲੁ ਗਵਾਈ ॥’’ (ਮ: ੪/੧੨੬੩), ਆਦਿ।

‘ਕਹੀਅਨਿ’- ਇਸ ਸ਼ਬਦ ਦਾ ਅਰਥ ਹੈ ‘ਕਹੇ ਜਾਂਦੇ’ (ਬਹੁ ਵਚਨ ਵਰਤਮਾਨ ਕਿਰਿਆ) ਇਹ ਸ਼ਬਦ ਸਬੰਧਤ ਪਉੜੀ ਤੋਂ ਇਲਾਵਾ ਕੇਵਲ ਇੱਕ ਵਾਰ ਹੋਰ ਦਰਜ ਹੈ; ਜਿਵੇਂ:

‘‘ਘੁਟਿ ਘੁਟਿ (ਗਲੋਂ ਘੁੱਟ-ਘੁੱਟ ਕੇ) ਜੀਆ ਖਾਵਣੇ; ਬਗੇ (ਅੰਦਰੋਂ ਸਾਫ਼) ਨਾ ‘ਕਹੀਅਨਿ੍’ (ਕਹੇ ਜਾਂਦੇ)॥’’ (ਮ: ੧/੭੨੯)

(ਨੋਟ: ‘ਕਹੀਅਨਿ’ ਸ਼ਬਦ ਦਾ ਰੂਪਾਂਤਰਨ (ਬਦਲਿਆ ਹੋਇਆ ਸ਼ਬਦ) ‘ਕਹੀਅਹਿ’ (ਬਹੁ ਵਚਨ ਵਰਤਮਾਨ ਕਿਰਿਆ) ਗੁਰਬਾਣੀ ਵਿੱਚ 25 ਵਾਰ ਦਰਜ ਹੈ; ਜਿਵੇਂ:

‘‘ਕੇਤੇ ਤੇਰੇ ਰਾਗ, ਪਰੀ ਸਿਉ ‘ਕਹੀਅਹਿ’; ਕੇਤੇ ਤੇਰੇ ਗਾਵਣਹਾਰੇ ॥’’ (ਮ: ੧/੮)

‘‘ਐਸੇ ਪਿਤਰ ਤੁਮਾਰੇ ‘ਕਹੀਅਹਿ’ (ਕਹੇ ਜਾਂਦੇ ਹਨ); ਆਪਨ ਕਹਿਆ ਨ ਲੇਹੀ (ਨਾ ਲੈ ਸਕਦੇ) ॥’’ (ਭਗਤ ਕਬੀਰ/੩੩੨), ਆਦਿ।)

ਵਾਜੇ ਨਾਦ, ਅਨੇਕ ਅਸੰਖਾ; ਕੇਤੇ ਵਾਵਣਹਾਰੇ॥  ਕੇਤੇ ਰਾਗ, ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇ॥

ਭਾਵ- (ਜਵਾਬ : ਉਸ ਅਦਭੁਤ ਦਰ-ਘਰ ’ਚ) ਅਣਗਿਣਤ ਕਿਸਮ ਦੇ ਅਨੰਦਮਈ ਸੰਗੀਤ-ਧੁਨਿ ਵੱਜ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਵਜਾਉਣ ਵਾਲ਼ੇ (ਅਨੁਭਵੀ) ਭਗਤ-ਜਨ ਵੀ ਬੇਅੰਤ ਹਨ (ਭਾਵ ਸਰਬ ਵਿਆਪਕ ਅਕਾਲ ਪੁਰਖ ਨਾਲ਼ ਅਭੇਦ ਹੋਏ ਕਿੰਨੇ ਭਗਤ-ਜਨ ਸੰਗੀਤਮਈ ਧੁਨੀ ਦੇ ਪ੍ਰਭਾਵ ਵਾਙ ਮਸਤੀ ’ਚ ਐਸ਼-ਅਰਾਮ ਜੀਵਨ ਬਸਰ ਕਰ ਰਹੇ ਹਨ)। ਰਾਗਣੀਆਂ ਸਮੇਤ ਕਿੰਨੇ ਰਾਗ ਦੱਸੇ ਜਾਂਦੇ ਹਨ, (ਜਿਨ੍ਹਾਂ ਰਾਹੀਂ, ਰੱਬੀ ਗੁਣ) ਗਾਉਣ ਵਾਲ਼ੇ ਕਿੰਨੇ ਸੇਵਕ ਹਨ।

(ਨੋਟ : ਉਕਤ ਪੰਕਤੀ ਦਾ ‘ਸਾਰ’ ਇਹ ਮਿਲਦਾ ਹੈ ਕਿ ਰੱਬੀ ਕੁਦਰਤ ’ਚ ਵਿਚਰਨ ਵਾਲੇ ਅਣਗਿਣਤ ਹੀ ਅਸ਼ਾਂਤ ਜੀਵ-ਜੰਤਾਂ ਵਿੱਚੋਂ ਕਿਤਨੇ ਹੀ ਭਗਤ ਰੱਬੀ ਮਿਲਾਪ ਦਾ ਅਨੰਦ ਮਾਣਦੇ ਹੋਏ ਸ਼ਾਂਤੀਮਈ ਜੀਵਨ ਬਸਰ (ਨਿਰਬਾਹ) ਕਰ ਰਹੇ ਹਨ, ਜਿਨ੍ਹਾਂ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ‘‘ਅਸੰਖ ਭਗਤ, ਗੁਣ ਗਿਆਨ ਵੀਚਾਰ ॥’’ ਵਾਲੀ (17 ਵੀਂ) ਪਉੜੀ ’ਚ ਵੀ ਜ਼ਿਕਰ ਕੀਤਾ ਸੀ ਤੇ 37 ਵੀਂ ਪਉੜੀ ਵਿੱਚ ਵੀ ‘‘ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦੁ, ਸਚਾ ਮਨਿ ਸੋਇ ॥’’ ਦਰਜ ਕੀਤਾ ਗਿਆ ਹੈ।

ਆਸਥਾ ਭਰਪੂਰ ਮਨੁੱਖਾਂ ਨੇ ਕੁਝ ਦੁਨਿਆਵੀ ਅਖੌਤੀ ਸ਼ਖ਼ਸੀਅਤਾਂ ਨੂੰ ਇਸ ਅਵਸਥਾ ਦੇ ਕਾਬਲ ਮੰਨ ਕੇ ਉਨ੍ਹਾਂ ਤੋਂ ਨਿਰੰਤਰ ਪ੍ਰਭਾਵਤ ਹੋਣਾ ਜਾਰੀ ਰੱਖਿਆ ਹੋਇਆ ਸੀ। ਭਾਈ ਗੁਰਦਾਸ ਜੀ ਇਸ ਭਾਵਨਾ ਪ੍ਰਥਾਏ ਆਖ ਰਹੇ ਹਨ: ‘‘ਸਤਿਗੁਰ ਸਾਹਿਬੁ ਛਡਿ ਕੈ; ਮਨਮੁਖ ਹੋਇ, ਬੰਦੇ ਦਾ ਬੰਦਾ।’’ (ਵਾਰ ੧੫ ਪਉੜੀ ੪) ਇਸ ਲਈ ‘ਗੁਰੂ ਸਾਹਿਬਾਨ’ ਦੁਆਰਾ ਅਗਲੀਆਂ ਤੁੱਕਾਂ ’ਚ ਉਨ੍ਹਾਂ ਤਮਾਮ ਹਸਤੀਆਂ ਨੂੰ ਕੇਵਲ ਇੱਕ ਨਿਰਾਕਾਰ ਸ਼ਖ਼ਸੀਅਤ ਦੇ ਅਧੀਨ ਹੀ ਬਿਆਨਿਆ ਗਿਆ ਹੈ ਭਾਵ ਰਵਾਇਤੀ ਆਕਾਰੀ ਸ਼ਖ਼ਸੀਅਤਾਂ ਦੇ ਮੁਕਾਬਲੇ ਨਿਰਾਕਾਰ ਸ਼ਖ਼ਸੀਅਤ ਰੂਪ ਲਕੀਰ ਨੂੰ ਵੱਡਾ ਕਰਕੇ ਖਿਚਿਆ ਗਿਆ ਹੈ, ਨਾ ਕਿ ਰਵਾਇਤੀ ਲਕੀਰ ਨੂੰ ਮਿਟਾਇਆ ਜਾ ਕਬੂਲ ਕੀਤਾ ਗਿਆ ਹੈ।)

‘‘ਗਾਵਹਿ ਤੁਹ ਨੋ ਪਉਣੁ, ਪਾਣੀ, ਬੈਸੰਤਰੁ; ਗਾਵੈ ਰਾਜਾ-ਧਰਮੁ, ਦੁਆਰੇ ॥ ਗਾਵਹਿ ਚਿਤੁ ਗੁਪਤੁ, ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥’’- ਇਸ ਪੰਕਤੀ ’ਚ ਦਰਜ ‘ਗਾਵਹਿ’ ਤੇ ਅਗਲੀਆਂ ਤੁੱਕਾਂ ’ਚ ਦਰਜ ‘ਗਾਵਨਿ’ (ਦੋਵੇਂ ਹੀ) ਸ਼ਬਦ ਬਹੁ ਵਚਨ ਵਰਤਮਾਨ ਕਿਰਿਆ ਨਾਲ ਸਬੰਧਤ ਹਨ, ਜਿਨ੍ਹਾਂ ਦਾ ਅਰਥ ਹੈ ‘ਗਾਉਂਦੇ ਹਨ’।

‘ਤੁਹ ਨੋ’- (ਕੇਵਲ 1 ਵਾਰ) ਇਹ ਸ਼ਬਦ ‘ਤੁਧ ਨੋ’ (36 ਵਾਰ) ਦਾ ਬਦਲਿਆ ਹੋਇਆ ਰੂਪ ਹੈ; ਜਿਵੇਂ: ‘‘ਤੁਧ ਨੋ ਨਿਵਣੁ, ਮੰਨਣੁ ਤੇਰਾ ਨਾਉ ॥’’ (ਮ: ੧/੮੭੮) ਅਤੇ ਇਸ (‘ਤੁਹ ਨੋ’) ਸ਼ਬਦ ਸਰੂਪ ਦਰਜ ਕਰਨ ਦਾ ਮਤਲਬ ਇਹੀ ਸੰਕੇਤ ਦੇਂਦਾ ਹੈ ਕਿ ‘ਜਪੁ’ ਬਾਣੀ ਦੀ ਇਸ ਪਉੜੀ ਦੇ 27 ਸ਼ਬਦ ਸਰੂਪ (‘ਗਾਵਹਿ’- 9 ਵਾਰ, ਵੀਚਾਰੇ-2 ਵਾਰ ਅਤੇ ‘ਕਹੀਅਨਿ, ਤੁਹ ਨੋ, ਪਉਣੁ, ਜਾਣਹਿ, ਬਰਮਾ, ਇੰਦ, ਇਦਾਸਣਿ, ਵਿਚਾਰੇ, ਰਖੀਸਰ, ਸੁਰਗਾ, ਮਛ, ਵਰਭੰਡਾ, ਤੁਧੁਨੋ, ਵੇਖੈ, ਜਿਵ ਤੇ ਪਤਿ’ ਕੇਵਲ ਇੱਕ=ਇੱਕ ਵਾਰ) ਅਜਿਹੇ ਹਨ ਜੋ ‘ਸੋ ਦਰੁ’ (ਰਹਰਾਸਿ) ਵਿੱਚ ਦਰਜ ਨਹੀਂ ਹਨ ਅਤੇ ‘ਸੋ ਦਰੁ’ ਰਹਰਾਸਿ ਬਾਣੀ ਦੇ 50 ਸ਼ਬਦ ਸਰੂਪ (‘ਤੇਰੇ’-6 ਵਾਰ, ‘ਤੁਧ ਨੋ’-14 ਵਾਰ, ‘ਗਾਵਨਿ’-11 ਵਾਰ, ‘ਬੀਚਾਰੇ’-3 ਵਾਰ, ਅਤੇ ‘ਤੇਰਾ, ਕਹੀਅਹਿ, ਤੁਧੁਨੋ, ਪਵਣੁ, ਜਾਣਨਿ, ਬ੍ਰਹਮਾ, ਇੰਦ੍ਰ, ਇੰਦ੍ਰਾਸਣਿ, ਰਖੀਸੁਰ, ਸੁਰਗੁ, ਮਛੁ, ਬ੍ਰਹਮੰਡਾ, ਦੇਖੈ, ਜਿਉ, ਫਿਰਿ ਤੇ ਪਾਤਿ’ ਕੇਵਲ ਇੱਕ-ਇੱਕ ਵਾਰ) ਅਜਿਹੇ ਹਨ ਜੋ ‘ਜਪੁ’ ਬਾਣੀ ਵਿੱਚ ਦਰਜ ਨਹੀਂ ਹਨ, ਜਿਨ੍ਹਾਂ ਨੂੰ ਧਿਆਨ ਨਾਲ ਪੜ੍ਹਨਾ ਹੈ, ਬੇਸ਼ੱਕ ਦੋਵੇਂ ਪਉੜੀਆਂ ਦੇ ਸ਼ਬਦਾਰਥ ਤੇ ਭਾਵਾਰਥਾਂ ’ਚ ਕੋਈ ਭਿੰਨਤਾ ਵੀ ਨਹੀਂ ਹੈ।

‘‘ਪਉਣੁ (ਹਵਾ), ਪਾਣੀ, ਬੈਸੰਤਰੁ (ਅੱਗ), ਚਿਤੁ-ਗੁਪਤੁ (ਚਿਤ੍ਰ-ਗੁਪਤ)’ ਦੇਵਤਿਆਂ ਵਾਙ ਹੀ ਸਨਾਤਨ ਸੋਚ ‘ਰਾਜਾ-ਧਰਮੁ (ਧਰਮਰਾਜ) ਨੂੰ ਵੀ ਦੇਵਤਾ ਮੰਨ ਕੇ ਉਸ ਤੋਂ ਪ੍ਰਭਾਵਤ ਹੁੰਦੀ ਹੈ, ਇਸ ਲਈ ਸਬੰਧਤ ਪੰਕਤੀ ’ਚ ‘ਰਾਜਾ-ਧਰਮੁ’ ਤੇ ‘ਧਰਮੁ’ ਦੋਵੇਂ ਸ਼ਬਦ ਹੀ ‘ਧਰਮਰਾਜ’ ਦੇ ਪ੍ਰਥਾਏ ਦਰਜ ਕੀਤੇ ਗਏ ਹਨ।

ਗੁਰਬਾਣੀ ਵਿੱਚ ‘ਧਰਮੁ’ ਸ਼ਬਦ 102 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ ਕੇਵਲ 6 ਵਾਰ ਤਦ ‘ਧਰਮਰਾਜ’ ਜਾਂ ‘ਯਮਰਾਜ’ ਦੇ ਪ੍ਰਥਾਏ ਦਰਜ ਹੈ ਜਦ ਇਸ ਨਾਲ ‘ਰਾਜਾ, ਚਿਤੁ-ਗੁਪਤੁ ਤੇ ਦੂਤ’ ਸ਼ਬਦ ਦਰਜ ਹੋਣ; ਜਿਵੇਂ: ‘ਸੋ ਦਰੁ’ ਦੇ ਤਿੰਨੇ ਸ਼ਬਦਾਂ ’ਚ ਦਰਜ 5 ਵਾਰ ਤੋਂ ਇਲਾਵਾ ਇੱਕ ਵਾਰ ਪੰਜਵੇਂ ਪਾਤਿਸ਼ਾਹ ਜੀ ਦੁਆਰਾ ਦਰਜ ਕੀਤਾ ਹੋਇਆ ਮਿਲਦਾ ਹੈ: ‘‘ਜੈ ਜੈ ‘ਧਰਮੁ’ (ਧਰਮਰਾਜ) ਕਰੇ; ਦੂਤ ਭਏ ਪਲਾਇਣ ॥’’ (ਮ: ੫/੪੬੦) ਇਨ੍ਹਾਂ ਤੋਂ ਇਲਾਵਾ ਕਿਤੇ ਵੀ ‘ਧਰਮੁ’ ਸ਼ਬਦ ਨੂੰ ‘ਧਰਮਰਾਜ’ ਦੇ ਪ੍ਰਥਾਏ ਦਰਜ ਕੀਤਾ ਹੋਇਆ ਨਹੀਂ ਮਿਲਦਾ ਕਿਉਂਕਿ ਗੁਰਬਾਣੀ ਵਿੱਚ ‘ਧਰਮਰਾਜ’ ਲਈ ‘ਧਰਮਰਾਇ’ ਸ਼ਬਦ (45 ਵਾਰ) ਉਪਲਬਧ ਹੈ; ਜਿਵੇਂ:

‘‘ਤਿਸ ਨੋ ਜੋਹਹਿ (ਤੱਕਦੇ ਹਨ); ਦੂਤ ‘ਧਰਮਰਾਇ’ (ਧਰਮਰਾਜ ਦੇ ਦੂਤ: ਕਾਮ, ਕ੍ਰੋਧ ਆਦਿ)॥’’ (ਮ: ੫/੧੯੫)

‘‘ਧਰਮ ਰਾਇ’’ ਨੋ ਹੁਕਮੁ ਹੈ; ਬਹਿ (ਕੇ) ਸਚਾ ਧਰਮੁ ਬੀਚਾਰਿ ॥’’ (ਮ: ੩/੩੮) ਆਦਿ।

ਗਾਵਹਿ ਤੁਹ ਨੋ, ਪਉਣੁ, ਪਾਣੀ, ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ॥ ਗਾਵਹਿ ਚਿਤੁ ਗੁਪਤੁ, ਲਿਖਿ ਜਾਣਹਿ; ਲਿਖਿ ਲਿਖਿ, ਧਰਮੁ ਵੀਚਾਰੇ॥

ਭਾਵ- ਹਵਾ, ਪਾਣੀ, ਅੱਗ ਆਦਿਕ ਤੱਤ ਤੈਨੂੰ ਗਾਉਂਦੇ ਹਨ (ਭਾਵ ਤੇਰੇ ਨਿਯਮ ’ਚ ਚੱਲ ਰਹੇ ਹਨ) ਤੇਰੇ ਬੂਹੇ ’ਤੇ (ਆਗਿਆਕਾਰ ਬਣ ਕੇ ਖੜ੍ਹੋਤਾ) ਧਰਮਰਾਜ ਵੀ ਤੈਨੂੰ ਗਾਉਂਦਾ ਹੈ। ਚਿਤ੍ਰ ਗੁਪਤ (ਜੋ, ਜੀਵਾਂ ਦੁਆਰਾ ਕੀਤੇ ਜਾਂਦੇ ਕਰਮ) ਲਿਖਣਾ ਜਾਣਦੇ (ਮੰਨੇ ਗਏ) ਹਨ, ਵੀ ਤੈਨੂੰ ਗਾਉਂਦੇ ਹਨ, ਜਿਨ੍ਹਾਂ ਦੁਆਰਾ ਲਿਖ-ਲਿਖ ਕੇ (ਸੰਭਾਲ਼ਿਆ ਗਿਆ ਰਿਕਾਰਡ) ਧਰਮਰਾਜ ਵਿਚਾਰਦਾ (ਮੰਨਿਆ ਜਾਂਦਾ) ਹੈ।

‘‘ਗਾਵਹਿ ਈਸਰੁ, ਬਰਮਾ, ਦੇਵੀ; ਸੋਹਨਿ ਸਦਾ ਸਵਾਰੇ ॥ ਗਾਵਹਿ ਇੰਦ, ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥’’-ਇਸ ਪੰਕਤੀ ’ਚ ਦਰਜ ‘‘ਈਸਰੁ (ਸ਼ਿਵ), ਬਰਮਾ, ਦੇਵੀ (ਦੇਵੀਆਂ); ਇੰਦ, ਇਦਾਸਣਿ (ਉੱਤੇ) ਬੈਠੇ’’ ਆਦਿ ਸਨਾਤਨੀ ਸੋਚ ਨਾਲ ਸਬੰਧਤ ਮਨੁੱਖਾਂ ਨੂੰ ਪ੍ਰਭਾਵਤ ਕਰਨ ਵਾਲੀਆਂ ਸ਼ਖ਼ਸੀਅਤਾਂ ਹਨ।

‘ਸਦਾ ਸਵਾਰੇ’- ਇਨ੍ਹਾਂ ਜੁੜਤ ਸ਼ਬਦਾਂ ਦਾ ਅਰਥ ਹੈ: (ਰੱਬੀ ਸ਼ਕਤੀ ਦੁਆਰਾ ਸਨਾਤਨੀ ਸੋਚ ਮਨੁੱਖਾਂ ਦੀਆਂ ਨਜ਼ਰਾਂ ’ਚ) ‘ਪ੍ਰਭਾਵਸ਼ਾਲੀ ਬਣਾਏ ਹੋਏ’।

‘ਇਦਾਸਣਿ’- ਇਹ ਸ਼ਬਦ ਇੱਕ ਵਚਨ ਪੁਲਿੰਗ ਨਾਂਵ (ਅਧਿਕਰਣ ਕਾਰਕ) ਹੈ, ਜਿਸ ਦਾ ਅਰਥ ਹੈ ‘ਇੰਦਰ ਦੇ ਆਸਣ ਉੱਤੇ’ ਅਤੇ ਗੁਰਬਾਣੀ ਵਿੱਚ ਕੇਵਲ ਇੱਕ ਵਾਰ ਸਬੰਧਤ ਪੰਕਤੀ ’ਚ ਹੀ ਦਰਜ ਹੈ।

‘ਦਰਿ’- ਇਹ ਸ਼ਬਦ ਵੀ ਇੱਕ ਵਚਨ ਪੁਲਿੰਗ ਨਾਂਵ (ਅਧਿਕਰਣ ਕਾਰਕ) ਹੈ, ਜਿਸ ਦਾ ਅਰਥ ਹੈ ‘ਰੱਬੀ ਦਰ ਉੱਤੇ’। ਧਿਆਨ ਰਹੇ ਕਿ ਉਪਰੋਕਤ ਪੰਕਤੀ ’ਚ ਵੀ ‘‘ਗਾਵੈ ਰਾਜਾ-ਧਰਮੁ’’ ਤੋਂ ਉਪਰੰਤ ‘ਦੁਆਰੇ’ ਭਾਵ ‘ਰੱਬੀ ਦਰ ਉੱਤੇ’ (ਅਧਿਕਰਣ ਕਾਰਕ) ਸ਼ਬਦ ਆ ਚੁੱਕਾ ਹੈ। ਬਾਰ-ਬਾਰ ‘ਰੱਬੀ ਦਰ’ ਸ਼ਬਦ ਦਰਜ ਕਰਨਾ ਸਪਸ਼ਟ ਕਰਦਾ ਹੈ ਕਿ ਇਹੀ ‘‘ਸੋ ਦਰੁ ਕੇਹਾ’’ ਹੈ, ਜਿਸ ਨਾਲ ਪਉੜੀ ਦੀ ਆਰੰਭਤਾ ਕੀਤੀ ਗਈ ਹੈ। ਆਸਥਾ ਭਰਪੂਰ ਮਨੁੱਖ ਦੀ ਸੁਰਤ ਇਸ ‘ਦਰੁ’ ਨਾਲੋਂ ਟੁੱਟਣ ਕਾਰਨ ਹੀ ਇਨ੍ਹਾਂ ਅਖੌਤੀ ਟਹਿਣੀਆਂ ਨਾਲ ਜੁੜੀ ਹੋਈ ਹੈ, ਜਿਸ ਬਾਬਤ ਗੁਰੂ ਨਾਨਕ ਸਾਹਿਬ ਜੀ ਬਿਆਨ ਕਰ ਰਹੇ ਹਨ ਕਿ ‘‘ਮੂਲੁ (ਰੱਬੀ ‘ਦਰੁ’) ਛੋਡਿ (ਕੇ) ਡਾਲੀ ਲਗੇ; ਕਿਆ ਪਾਵਹਿ ਛਾਈ (ਸੁਆਹ) ? ॥’’ (ਮ: ੧/੪੨੦)

ਗਾਵਹਿ ਈਸਰੁ, ਬਰਮਾ, ਦੇਵੀ; ਸੋਹਨਿ ਸਦਾ ਸਵਾਰੇ॥ ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ, ਦਰਿ ਨਾਲੇ॥

ਭਾਵ- ਸ਼ਿਵ, ਬ੍ਰਹਮਾ, ਦੇਵੀਆਂ ਆਦਿ ਵੀ ਤੈਨੂੰ ਗਾਉਂਦੇ ਹਨ, ਜੋ ਤੇਰੇ ਦੁਆਰਾ ਪ੍ਰਭਾਵਸ਼ਾਲੀ ਬਣਾਏ ਸਦਾ ਸ਼ੋਭਦੇ ਹਨ (ਭਾਵ ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮ: ੩/੪੨੩) ਵਾਲ਼ੀ ਮਾਨਸਿਕਤਾ ਵੀ ਤੇਰੇ ਦੁਆਰਾ ਮਿਲੀ ‘ਦਾਤ’ ਹੈ) (ਤੇਰੇ ਅਦਭੁਤ) ਦਰ ਤੋਂ (ਮਿਲੀ ‘ਦਾਤ’ ਉਪਰੰਤ) ਦੇਵਤਿਆਂ ਸਮੇਤ ਅਨੇਕਾਂ ਇੰਦ੍ਰ, ਆਪਣੇ ਸਿੰਘਾਸਣ ਉੱਤੇ ਬੈਠੇ, ਤੈਨੂੰ ਗਾਉਂਦੇ ਹਨ।

(ਨੋਟ : ਉਕਤ ਕਾਲਪਨਿਕ ਦੇਵਤਿਆਂ ਵਾਲ਼ਾ ਦਿੱਤਾ ਜਾ ਰਿਹਾ ਦ੍ਰਿਸ਼ਟਾਂਤ ਕੇਵਲ ਇਨ੍ਹਾਂ ਦੀ ਸ਼ਕਤੀ ਨੂੰ ਇਨ੍ਹਾਂ ਦੇ ਅਨੁਯਾਈਆਂ ਸਾਹਮਣੇ ਤੁੱਛ ਸਾਬਤ ਕਰਨ ਹੈ, ਨਾ ਕਿ ਇਹ ਵਾਕਿਆ ਈ ਰੱਬੀ ਗੁਣ ਗਾਉਂਦੇ ਹਨ। ਇਨ੍ਹਾਂ ਦੇ ਜੀਵਨ ਅਤੇ ਵਜੂਦ ਬਾਰੇ ‘ਗੁਰਮਤ’ ਬੜੀ ਸਪਸ਼ਟ ਹੈ; ਜਿਵੇਂ ਕਿ ‘‘ਇੰਦ੍ਰ ਇੰਦ੍ਰਾਸਣਿ ਬੈਠੇ, ਜਮ ਕਾ ਭਉ ਪਾਵਹਿ॥’’ (ਮਹਲਾ ੩/੧੦੪੯) ਭਾਵ ਕਾਲਪਨਿਕ ਸਵਰਗ ’ਚ ਵੀ ਸ਼ਾਂਤੀ ਨਹੀਂ, ‘‘ਦੇਵੀ, ਦੇਵਾ; ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ; ਜਿੰਨਿ ਉਪਾਇਆ ॥’’ (ਮਹਲਾ ੩/੧੨੯) ਭਾਵ ਮਾਇਆਵੀ ਸੋਚ ਹੀ ਦੇਵੀ-ਦੇਵਤਿਆਂ ਦਾ ਵਜੂਦ ਹੈ, ਇਸ (ਮਾਇਆ-ਸੁਆਰਥ) ਨੇ ਸਿਮਰਤੀ, ਸ਼ਾਸਤਰ ਰਚੇ (ਜਿੱਥੋਂ ਇਹ ਹੋਂਦ ’ਚ ਆਏ), ਆਦਿ; ਇਸ ਲਈ ‘ਗਾਵਹਿ’ ਦਾ ਭਾਵਾਰਥ ‘ਹੁਕਮ ਵਿੱਚ ਚੱਲਦੇ ਹਨ’ ਸਮਝਣਾ ਵੀ ਗੁਰਮਤਿ ਅਨੁਸਾਰੀ ਹੋਏਗਾ; ਜਿਵੇਂ ਕਿ ‘‘ਗਾਵਹਿ ਖੰਡ, ਮੰਡਲ, ਵਰਭੰਡਾ..॥’’ ਦਾ ਭਾਵਾਰਥ ਲਿਆ ਜਾਂਦਾ ਹੈ।)

‘‘ਗਾਵਹਿ ਸਿਧ, ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ ॥ ਗਾਵਨਿ ਜਤੀ, ਸਤੀ, ਸੰਤੋਖੀ; ਗਾਵਹਿ ਵੀਰ ਕਰਾਰੇ ॥’’- ਇਸ ਪੰਕਤੀ ’ਚ ਦਰਜ ‘ਸਿਧ’ (ਸਫਲਤਾ ਪਾ ਚੁੱਕੇ ਜੋਗੀ), ‘ਸਾਧ’ (ਮਨ ਨੂੰ ਕਾਬੂ ਕਰਨ ’ਚ ਲੱਗੇ ਹੋਏ), ‘ਜਤੀ’ (ਬ੍ਰਹਮਚਾਰੀ), ‘ਸਤੀ’ (ਦਾਨੀ, ਪਰਉਪਕਾਰੀ, ਉਦਾਰਵਾਦੀ), ‘ਸੰਤੋਖੀ’ (ਸੰਜਮੀ), ‘ਵੀਰ’ (ਹਨੂਮਾਨ, ਭੈਰਵ ਆਦਿ 52 ਬੀਰ) ਆਦਿ ਸਾਰੇ ਹੀ ਸਨਾਤਨੀ ਸੋਚ (ਮਾਨਸਿਕਤਾ) ਨੂੰ ਪ੍ਰਭਾਵਤ ਕਰਦੇ ਹਨ। ਇਸ ਪੰਕਤੀ ’ਚ ‘ਸਾਧ’ ਨਾਲ ‘ਵਿਚਾਰੇ’ ਸ਼ਬਦ ਦਰਜ ਤੋਂ ਭਾਵ ਹੈ ਕਿ ‘ਸਾਧ’ ਆਪਣੇ ਮਨ ਨੂੰ ਕਾਬੂ, ਗਿਆਨ ਨੂੰ ਵੀਚਾਰ ਵੀਚਾਰ ਕੇ ਕਰਦੇ ਹਨ ਅਤੇ ‘ਵੀਰ’ ਨਾਲ ‘ਕਰਾਰੇ’ ਸ਼ਬਦ ਦਰਜ ਤੋਂ ਭਾਵ ਤਕੜੇ ਯੋਧੇ, ਸੂਰਮੇ 52 ਬੀਰ ਮੰਨੇ ਜਾਂਦੇ ਸਨ।

(ਨੋਟ: ਉਕਤ ਪੰਕਤੀ ’ਚ ‘ਵੀਰ ਕਰਾਰੇ’ ਦਾ ਪ੍ਰਚਲਤ ਅਰਥ (ਦੁਨਿਆਵੀ) ‘ਬਲੀ ਰਾਜੇ, ਸੂਰਮੇ’ ਹੈ ਜਦਕਿ ਅਗਲੀਆਂ ਪੰਕਤੀਆਂ ’ਚ ਵੀ ਦੁਨਿਆਵੀ ‘ਮਹਾਂ ਬਲੀ ਯੋਧੇ ਰਾਜਿਆਂ’ ਦਾ ਜ਼ਿਕਰ ਆ ਰਿਹਾ ਹੈ ਇਸ ਲਈ ਇਸ ਪੰਕਤੀ ’ਚ ‘ਵੀਰ’ ਤੋਂ ਭਾਵ ‘52 ਬੀਰ’ (‘ਹਨੂਮਾਨ, ਭੈਰਵ’ ਆਦਿ) ਲੈਣਾ ਵਧੇਰੇ ਦਰੁਸਤ ਲੱਗਦਾ ਹੈ ਕਿਉਂਕਿ ਸਬੰਧਤ ਪੰਕਤੀ ’ਚ ਤਮਾਮ ਕਾਲਪਨਿਕ ਦੇਵਤਿਆਂ ਦਾ ਹੀ ਜ਼ਿਕਰ ਹੈ।)

ਗਾਵਹਿ ਸਿਧ, ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ॥   ਗਾਵਨਿ ਜਤੀ, ਸਤੀ, ਸੰਤੋਖੀ; ਗਾਵਹਿ ਵੀਰ ਕਰਾਰੇ॥

ਭਾਵ- ਯੋਗ ਸਾਧਨਾ ਰਾਹੀਂ ਬਣੇ ਪੂਰਨ ਯੋਗੀ ਤੇ ਮਨ ਨੂੰ ਕਾਬੂ ਰੱਖਣ ਵਾਲ਼ੇ ਸਾਧ-ਜਨ, ਸਮਾਧੀ ਰਾਹੀਂ ਵਿਚਾਰ ਵਿਚਾਰ ਕੇ ਤੈਨੂੰ ਗਾਉਂਦੇ ਹਨ। ਉੱਚੇ ਆਚਰਨ ਵਾਲ਼ੇ, ਉਦਾਰਵਾਦੀ ਭਾਵ ਦਾਨੀ, ਸਬਰ ਸੰਤੋਖਵਾਨ ਤੇ ਤਕੜੇ ਸੂਰਵੀਰ ਤੈਨੂੰ ਗਾਉਂਦੇ ਹਨ।

‘‘ਗਾਵਨਿ ਪੰਡਿਤ, ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ ॥ ਗਾਵਹਿ, ਮੋਹਣੀਆ ਮਨੁ ਮੋਹਨਿ; ਸੁਰਗਾ ਮਛ ਪਇਆਲੇ ॥’’– ਇਸ ਪੰਕਤੀ ’ਚ ‘ਪੰਡਿਤ, ਰਖੀਸਰ’ (ਰਿਖੀ ਮੁਨੀ) ਤੇ ਇਨ੍ਹਾਂ ਦੁਆਰਾ ਬਣਾਈਆਂ ਗਈਆਂ ਕਾਲਪਨਿਕ ਮਨ ਨੂੰ ਮੋਹ ਲੈਣ ਵਾਲੀਆਂ ਅਪਸਰਾਵਾਂ’ ਦਾ ਸੰਬੰਧ ਤ੍ਰਿਲੋਕੀ ਭਾਵ ‘ਸਵਰਗ ਲੋਕ, ਮਾਤ ਲੋਕ ਤੇ ਪਾਤਾਲ ਲੋਕ’ ਨਾਲ ਸਦੀਆਂ ਤੋਂ ਭਾਵ ਜੁਗਾਂ-ਜੁਗਾਂ ਤੋਂ ਮੰਨਿਆ ਜਾਂਦਾ ਹੈ ਜਿਸ ਦਾ ਜ਼ਿਕਰ ਗੁਰੂ ਜੀ ਇਸ ਇੱਕ ਪੰਕਤੀ ’ਚ ਕਰ ਰਹੇ ਹਨ।

ਗਾਵਨਿ ਪੰਡਿਤ ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ॥ ਗਾਵਹਿ ਮੋਹਣੀਆ ਮਨੁ ਮੋਹਨਿ; ਸੁਰਗਾ, ਮਛ, ਪਇਆਲੇ॥

ਭਾਵ- ਪੰਡਿਤ ਤੇ ਮਹਾਂ ਰਿਸ਼ੀ, ਜੋ ਸਦਾ ਤੋਂ ਵੇਦਾਂ ਰਾਹੀਂ ਵਿੱਦਿਆ ਪੜ੍ਹਦੇ ਆ ਰਹੇ ਹਨ, ਉਹ ਵੀ ਤੈਨੂੰ ਗਾਉਂਦੇ ਹਨ। ਸਵਰਗ ਲੋਕ, ਮਾਤ ਲੋਕ ਅਤੇ ਪਤਾਲ ਲੋਕ ਦੀਆਂ ਸੁੰਦਰੀਆਂ, ਜੋ ਮਨ ਨੂੰ ਮੋਹ ਲੈਂਦੀਆਂ ਹਨ, ਤੈਨੂੰ ਗਾਉਂਦੀਆਂ ਹਨ।

‘‘ਗਾਵਨਿ, ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥ ਗਾਵਹਿ ਜੋਧ, ਮਹਾ ਬਲ, ਸੂਰਾ; ਗਾਵਹਿ ਖਾਣੀ ਚਾਰੇ ॥ ਗਾਵਹਿ ਖੰਡ, ਮੰਡਲ, ਵਰਭੰਡਾ; ਕਰਿ ਕਰਿ ਰਖੇ ਧਾਰੇ ॥’’- ਇਸ ਪੰਕਤੀ ’ਚ ਸਮੁੰਦਰ ਨੂੰ ਰਿੜਕ ਕੇ ਕੱਢੇ ਗਏ 14 ਕੀਮਤੀ ਰਤਨ, ਜਿਨ੍ਹਾਂ ਵਿੱਚੋਂ ਇੱਕ ਅੰਮ੍ਰਿਤ ਰਤਨ ਦੇ (ਦੇਵਤਿਆਂ ਤੇ ਦੈਂਤਾਂ ਦੀ ਲੜਾਈ ਕਾਰਨ) ਡੁਲ ਜਾਣ ਕਾਰਨ ਹੋਂਦ ’ਚ ਆਏ ਕੁੰਭ ਦੇ 4 ਮੇਲਿਆਂ ਸਮੇਤ 68 ਤੀਰਥਾਂ ਦਾ ਜ਼ਿਕਰ ਹੈ, ਦੁਨਿਆਵੀ ਰਾਜੇ; ਜਿਵੇਂ: ‘ਯੋਧੇ, ਮਹਾਂਬਲੀ, ਸੂਰਮੇ’ ਆਦਿ ਸਮੇਤ ਧਰਤੀ ਦੀਆਂ 4 ਖਾਣੀਆਂ (ਅੰਡਜ, ਜੇਰਜ, ਸੇਤਜ ਤੇ ਉਤਭੁਜ) ਤੋਂ ਇਲਾਵਾ ਆਕਾਸ਼ ਦੇ ਤਾਰਿਆਂ, ਨਛੱਤਰਾਂ (ਖੰਡ, ਮੰਡਲ ਤੇ ਵਰਭੰਡ) ਆਦਿ ਦਾ ਜ਼ਿਕਰ ਕਰਨ ਉਪਰੰਤ ਸਪਸ਼ਟ ਹੁੰਦਾ ਹੈ ਕਿ ਇਸ ਤੋਂ ਉਪਰੰਤ ‘ਗਾਵਹਿ’ ਸ਼ਬਦ ਨਾਲ ਸਬੰਧਤ ਪੰਕਤੀਆਂ ਵਿੱਚੋਂ ਇਹ ਆਖ਼ਰੀ ਪੰਕਤੀ ਹੈ, ਜਿਨ੍ਹਾਂ ਰਾਹੀਂ ਦੁਨਿਆਵੀ ਸ਼ਖ਼ਸੀਅਤਾਂ ਨੂੰ ਬਿਆਨਿਆ ਜਾ ਰਿਹਾ ਸੀ।

ਗਾਵਨਿ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ॥  ਗਾਵਹਿ ਜੋਧ ਮਹਾ ਬਲ ਸੂਰਾ; ਗਾਵਹਿ ਖਾਣੀ ਚਾਰੇ॥  ਗਾਵਹਿ ਖੰਡ, ਮੰਡਲ, ਵਰਭੰਡਾ; ਕਰਿ ਕਰਿ ਰਖੇ ਧਾਰੇ॥

ਤੇਰੇ ਦੁਆਰਾ ਪੈਦਾ ਕੀਤੇ ਗਏ 68 ਤੀਰਥਾਂ ਸਮੇਤ 14 ਰਤਨ ਤੈਨੂੰ ਗਾਉਂਦੇ ਹਨ (ਭਾਵ ਤੇਰੇ ਹੁਕਮ ਰਾਹੀਂ ਇਹ ਸਭ ਵਜੂਦ ’ਚ ਆਏ)। ਮਹਾਂ ਬਲੀ ਯੋਧੇ, ਸੂਰਮੇ ਤੈਨੂੰ ਗਾਉਂਦੇ ਹਨ, ਚਾਰੇ ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ) ਤੈਨੂੰ ਗਾਉਂਦੀਆਂ ਹਨ (ਤੇਰੀ ਰਜ਼ਾ ’ਚ ਚਲਦੀਆਂ ਹਨ)। ਖੰਡ (ਛੋਟਾ ਟੁਕੜਾ ਭਾਵ ਪ੍ਰਿਥਵੀ), ਮੰਡਲ (ਸੂਰਜ ਪਰਵਾਰ) ਤੇ ਬ੍ਰਹਿਮੰਡ (ਅਨੇਕਾਂ ਸੂਰਜਾਂ ਦਾ ਸੰਗ੍ਰਹਿ, ਜੋ ਅਦਭੁਤ ਸਹਾਰੇ ਨਾਲ਼) ਤੇਰੇ ਦੁਆਰਾ ਟਿਕਾਏ ਹੋਏ ਹਨ, ਤੈਨੂੰ ਗਾਉਂਦੇ ਹਨ (ਭਾਵ ਤੇਰੇ ਹੁਕਮ ’ਚ ਹਨ)।

‘‘ਸੇਈ ਤੁਧੁਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥’’-ਇਸ ਪਉੜੀ ਦੇ ਆਰੰਭ ’ਚ ‘ਤੁਹਨੋ’ ਸ਼ਬਦ ਦਰਜ ਸੀ ਜਿਸ ਦਾ ਰੂਪਾਂਤਰਨ ਸ਼ਬਦ ‘ਤੁਧੁਨੋ’ ਇਸ ਪੰਕਤੀ ’ਚ ਦਰਜ ਕੀਤਾ ਗਿਆ ਹੈ, ਇਨ੍ਹਾਂ ਦੋਵੇਂ ਸ਼ਬਦਾਂ ਦਾ ਅਰਥ ਹੈ: ‘ਤੈਨੂੰ’ (ਮੱਧਮ ਪੁਰਖ, ਇੱਕ ਵਚਨ ਪੁਲਿੰਗ ਪੜਨਾਂਵ, ਕਰਮ ਕਾਰਕ)।

ਗੁਰਬਾਣੀ ਵਿੱਚ ‘ਤੁਧੁਨੋ’ ਸ਼ਬਦ 7 ਵਾਰ ਦਰਜ ਹੈ, ਧਿਆਨ ਰਹੇ ਕਿ ਇਸ ਸ਼ਬਦ ਨੂੰ ‘ਤੁਧੁ ਨੋ’ (ਪਦਛੇਦ) ਨਹੀਂ ਕਰਨਾ ਹੈ ਕਿਉਂਕਿ ਪਦਛੇਦ ਕੀਤਿਆਂ ‘ਨੋ’ ਸਬੰਧਕੀ ਸ਼ਬਦ ‘ਤੁਧੁ’ (ਪੜਨਾਂਵ) ਨੂੰ ਅੰਤ ਮੁਕਤਾ ਕਰ ਦੇਵੇਗਾ, ਇਸ ਲਈ ਗੁਰਬਾਣੀ ਦੀ ਤਮਾਮ ਲਿਖਤ ਨੂੰ ‘ਪਦਛੇਦ’ ਕਰਦਿਆਂ ਵਿਦਵਾਨਾਂ ਨੇ ਇਨ੍ਹਾਂ ਨੂੰ ਪਦਛੇਦ ਨਹੀਂ ਕੀਤਾ; ਜਿਵੇਂ 7 ਵਾਰ:

‘‘ਬਿਨੁ ਸਬਦੈ ‘ਤੁਧੁਨੋ’ ਕੋਈ ਨ ਜਾਣੀ ॥’’ (ਮ: ੩/੧੦੫੬)

‘‘ਤੁਧੁਨੋ’’ ਸੇਵਹਿ; ਜੋ ਤੁਧੁ ਭਾਵਹਿ ॥’’ (ਮ: ੩/੧੦੬੭) ਆਦਿ।

ਉਕਤ ਵੀਚਾਰ ਦੀ ਪੁਸ਼ਟੀ ਲਈ ਗੁਰਬਾਣੀ ਵਿੱਚ ਕੇਵਲ 2 ਵਾਰ ‘ਤੁਧ ਨੋ’ (ਪਦਛੇਦ) ਸਰੂਪ ਵੀ ਦਰਜ ਹੈ, ਜਿਸ ਵਿੱਚ ‘ਨੋ’ ਨੇ ‘ਤੁਧ’ ਨੂੰ ਅੰਤ ਮੁਕਤਾ ਕਰ ਦਿੱਤਾ ਹੈ। ਧਿਆਨ ਰਹੇ ਕਿ ਇਨ੍ਹਾਂ ਪੰਕਤੀਆਂ ’ਚ ਆਪਣੇ ਵੱਲੋਂ ‘ਤੁਧਨੋ’ (ਪਦਛੇਦ ਰਹਿਤ) ਨਹੀਂ ਕਰਨਾ ਹੈ; ਜਿਵੇਂ:

‘‘ਨ ਹੋਵੀ ਪਛੋਤਾਉ; ‘ਤੁਧ ਨੋ’ ਜਪਤਿਆ ॥’’ (ਮ: ੫/੫੧੯)

‘‘ਜਿ, ‘ਤੁਧ ਨੋ’ ਸਾਲਾਹੇ, ਸੁ ਸਭੁ ਕਿਛੁ ਪਾਵੈ; ‘ਜਿਸ ਨੋ’ ਕਿਰਪਾ ਨਿਰੰਜਨ ਕੇਰੀ (ਦੀ) ॥’’ (ਮ: ੪/੫੫੫)

(ਨੋਟ: ਅਖ਼ੀਰਲੀ ਪੰਕਤੀ ’ਚ ‘ਨੋ’ ਸ਼ਬਦ ਦੋ ਵਾਰ ਦਰਜ ਹੈ ਜਿਸ ਨੇ ‘ਤੁਧ’ ਦੇ ਨਾਲ-ਨਾਲ ‘ਜਿਸ’ (ਪੜਨਾਂਵ) ਨੂੰ ਵੀ ਅੰਤ ਮੁਕਤਾ ਕਰ ਦਿੱਤਾ ਹੈ ਇਸ ਨਿਯਮ ਅਨੁਸਾਰ ਹੀ ਇਸ ਪਉੜੀ ਦੀ ਆਰੰਭਕ ਪੰਕਤੀ ’ਚ ‘ਤੁਹਨੋ’ ਨੂੰ ਪਦਛੇਦ ਕਰਕੇ ‘ਤੁਹ ਨੋ’ ਪੜ੍ਹਨਾ ਦਰੁਸਤ ਹੋਵੇਗਾ।)

ਉਪਰੋਕਤ ਪੰਕਤੀ ’ਚ ਕੀਤੀ ਗਈ ਵੀਚਾਰ ਅਨੁਸਾਰ ਨਿਰਜਿੰਦ (ਬੇਜਾਨ) ਵਸਤੂਆਂ ਦੇ ਸ਼ਬਦਾਰਥਾਂ ਨੂੰ ਹੀ ਅਗਰ ਭਾਵਾਰਥ ਮੰਨ ਲਿਆ ਜਾਏ ਕਿ ‘ਰੱਬੀ ਹੁਕਮ ਵਿੱਚ ਚੱਲਣਾ ਹੀ ਉਸ ਨੂੰ ਗਾਉਣਾ ਹੈ’, ਤਾਂ ‘‘ਸੇਈ ਤੁਧੁਨੋ ਗਾਵਹਿ, ਜੋ ਤੁਧੁ ਭਾਵਨਿ’’ ਦਾ ਅਰਥ ਬਣੇਗਾ ਕਿ ਉਹੀ ਤੇਰੇ ਹੁਕਮ ਵਿੱਚ ਚੱਲਦੇ ਹਨ ਜੋ ਤੈਨੂੰ ਪਸੰਦ ਹਨ। ਇਹ ਅਰਥ ਗੁਰਮਤਿ ਅਨੁਸਾਰੀ ਦਰੁਸਤ ਨਹੀਂ ਮੰਨੇ ਜਾ ਸਕਦੇ ? ਕਿਉਂਕਿ ਗੁਰਬਾਣੀ ਫ਼ੁਰਮਾਨ : ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ (ਜਪੁ /ਮ: ੧) ਮੌਜੂਦ ਹੈ। ਇਸ ਲਈ ਉਪਰੋਕਤ ਤਮਾਮ ਸ਼ਖ਼ਸੀਅਤਾਂ ਦਾ ਕਰਤਾਰ ਨੂੰ ਗਾਉਣਾ ਇੱਕ ਰੂਪਕ ਅਲੰਕਾਰ ਵਜੋਂ ਹੈ, ਨਾ ਕਿ ਯਥਾਰਥ (ਸਚਾਈ, ਵਾਸਤਵਿਕਤਾ) ਕਿਉਂਕਿ ਅਗਰ ਇਹ ‘‘ਈਸਰੁ, ਬਰਮਾ, ਦੇਵੀ, ਇੰਦ’’ ਆਦਿ ਦੇਵਤੇ ਰੱਬੀ ਗੁਣਾਂ ਨੂੰ ਗਾਉਂਦੇ ਹੁੰਦੇ ਤਾਂ ਇਹ ਆਚਰਨਹੀਣ ਨਾ ਹੁੰਦੇ। ਗੁਰਬਾਣੀ ਇਨ੍ਹਾਂ ਦੇ ਯਥਾਰਥ ਪੱਖ ਨੂੰ ਇਉਂ ਬਿਆਨ ਕਰਦੀ ਹੈ: ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮ: ੩/੪੨੩)

ਸੇਈ ਤੁਧੁ ਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ, ਰਸਾਲੇ !॥

ਭਾਵ- ਹੇ ਅਨੰਦਮਈ ਜੀਵਨ ਦੇ ਸ੍ਰੋਤ (ਰਸ+ਆਲਯ, ਅਨੰਦ ਦੇ ਘਰ ! ਅਸਲ ’ਚ) ਉਹੀ ਤੁਹਾਨੂੰ ਗਾਉਂਦੇ ਹਨ (ਭਾਵ ਉਨ੍ਹਾਂ ਦੁਆਰਾ ਗਾਇਆ ਹੀ ਤੈਨੂੰ ਕਬੂਲ ਹੈ) ਜੋ ਭਗਤ-ਜਨ ਤੇਰੇ ਪ੍ਰੇਮ ਰੰਗ ’ਚ ਭਿੱਜੇ ਹੋਏ ਹੁੰਦੇ ਹਨ ਤੇ ਤੁਹਾਨੂੰ ਪਸੰਦ ਆ ਜਾਂਦੇ ਹਨ।

(ਨੋਟ : ਇਸ ਅੰਤਮ ਤੁਕ ਰਾਹੀਂ ਬੋਧ ਹੁੰਦਾ ਹੈ ਕਿ ‘ਪਉਣੁ, ਪਾਣੀ, ਬੈਸੰਤਰ, ਚਿਤੁ ਗੁਪਤੁ, ਇੰਦ, ਈਸਰੁ, ਬਰਮਾ, ਦੇਵੀ, ਚਾਰੇ ਖਾਣੀ, ਖੰਡ, ਮੰਡਲ, ਵਰਭੰਡ’ ਆਦਿ ਦਾ ਗਾਉਣਾ ਰੱਬ ਜੀ ਨੂੰ ਮਨਜ਼ੂਰ ਨਹੀਂ, ਇਸੇ ਕਾਰਨ ਉਹ ਖ਼ੁਸ਼ ਨਹੀਂ ਹੁੰਦੇ।

ਗੁਰੂ ਜੀ ਦੁਆਰਾ ਇਨ੍ਹਾਂ ਦਾ ਜ਼ਿਕਰ ਕਰਨਾ, ਕੇਵਲ ਉਸ ਮਨੁੱਖੀ ਮਾਨਸਿਕਤਾ ਨੂੰ ਅਸਲ ਦਾਤਾਰ ਨਾਲ਼ ਜੋੜਨਾ ਹੈ, ਜੋ ਇਨ੍ਹਾਂ ਦੇ ਪੂਜਾਰੀ ਸਨ ਤੇ ਇਨ੍ਹਾਂ ਨੂੰ ਪੂਜਦੇ ਆ ਰਹੇ ਸਨ, ਵੈਸੇ ‘ਗਾਵਹਿ’ ਸ਼ਬਦ ਦਾ ਅਰਥ ‘ਹੁਕਮ ’ਚ ਚੱਲਦੇ ਹਨ’ (ਬਹੁ ਵਚਨ, ਵਰਤਮਾਨ) ਕਰਨ ਨਾਲ਼ ਹਰ ਤੁਕ ਦਾ ਭਾਵਾਰਥ ਸਮਝਣਾ ਆਸਾਨ ਬਣਾਇਆ ਜਾ ਸਕਦਾ ਹੈ।

ਅਗਲੀ ਪੰਕਤੀ ‘‘ਹੋਰਿ ਕੇਤੇ ਗਾਵਨਿ’’, ਭਾਵੇਂ ‘‘ਸੇਈ ਤੁਧੁ ਨੋ ਗਾਵਹਿ’’ ਤੁਕ ਤੋਂ ਬਾਅਦ ’ਚ ਦਰਜ ਹੈ, ਪਰ ਇਸ ਦਾ ਸਬੰਧ ਪਉੜੀ ਦੇ ਚਲਦੇ ਆ ਰਹੇ ਉਕਤ ਪ੍ਰਸੰਗ ਨਾਲ਼ ਹੈ, ਜਿਸ ਰਾਹੀਂ ਕਾਲਪਨਿਕ ਸ਼ਕਤੀਆਂ ਨੂੰ ਅਕਾਲ ਪੁਰਖ ਦੇ ਅਧੀਨ ਵਿਚਰਦੇ ਦਰਸਾਇਆ ਗਿਆ ਹੈ।)

‘‘ਹੋਰਿ, ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ ॥’’– ਉਕਤ ਪੰਕਤੀਆਂ ’ਚ ਤਮਾਮ ‘ਨਾਂਵ’ ਤੇ ‘ਕਿਰਿਆਵਾਚੀ’ ਸ਼ਬਦ ਬਹੁ ਵਚਨ ਦਰਜ ਕੀਤੇ ਗਏ ਸਨ ਤੇ ਇਸ ਪੰਕਤੀ ’ਚ ਵੀ ‘ਹੋਰਿ, ਸੇ’ (ਪੜਨਾਂਵ), ‘ਗਾਵਨਿ, ਆਵਨਿ’ (ਕਿਰਿਆ) ਆਦਿ ਸ਼ਬਦ ਬਹੁ ਵਚਨ ਹੀ ਹਨ ਭਾਵ ਕੁਦਰਤ ਦੇ ਵਿਆਪਕ ਵਿਸਥਾਰ (’ਚ ਹਾਜ਼ਰ-ਨਾਜ਼ਰ ‘ਸੋ ਦਰੁ’ ਤੇ ‘ਸੋ ਘਰੁ’ ਇੱਕ ਵਚਨ) ਦੇ ਮੁਕਾਬਲੇ ਤਮਾਮ ਬਹੁ ਵਚਨ ਸ਼ਬਦ ਇਸਤੇਮਾਲ ਕਰਨ ਤੋਂ ਉਪਰੰਤ ਵੀ ਅਸੀਮ-ਅਸੀਮ ਹੀ ਬਿਆਨਿਆ ਜਾ ਰਿਹਾ ਹੈ।

ਹੋਰਿ ਕੇਤੇ ਗਾਵਨਿ; ਸੇ, ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ ?॥

ਭਾਵ- (ਉਕਤ ਸਭ ਮਿਸਾਲਾਂ ਤੋਂ ਇਲਾਵਾ ਵੀ) ਹੋਰ ਕਿੰਨੇ ਤੈਨੂੰ ਗਾਉਂਦੇ ਹਨ, ਜੋ ਮੇਰੇ ਧਿਆਨ ’ਚ ਨਹੀਂ ਆਉਂਦੇ (ਕਿਉਂਕਿ ਤੇਰੀ ਵਿਸ਼ਾਲਤਾ ਦੇ ਮੁਕਾਬਲੇ) ਨਿਮਾਣਾ ਜਿਹਾ ਨਾਨਕ ਕਿੰਨੀ ਕੁ ਵਿਚਾਰ ਕਰ ਸਕਦਾ ਹੈ? (ਜੇਤੀ ਪ੍ਰਭੂ (ਨੇ) ਜਨਾਈ (ਸੂਝ ਦਿੱਤੀ), ਰਸਨਾ (ਨੇ) ਤੇਤ ਭਨੀ (ਓਨੀ ਹੀ ਦੱਸੀ)॥ ਅਨਜਾਨਤ ਜੋ ਸੇਵੈ, ਤੇਤੀ (ਉਹ ਸਭ) ਨਹ ਜਾਇ ਗਨੀ (ਗਿਣੀ ਨਾ ਜਾਂਦੀ)॥’’ ਮਹਲਾ ੫/੪੫੬)

‘‘ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ; ਸਾਚੀ ਨਾਈ ॥ ਹੈ ਭੀ, ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥’’- ਇਸ ਪੰਕਤੀ ਦੇ ਵਿਸਰਾਮ ਦੇਣ ’ਚ ਕੁਝ ਭਿੰਨਤਾ ਪਾਈ ਜਾਂਦੀ ਹੈ, ਜਿਸ ਦੀ ਵੀਚਾਰ ਲਈ ਇਹ ਨੁਕਤਾ ਜ਼ਰੂਰੀ ਹਨ :

ਇਸ ਪੰਕਤੀ ’ਚ ‘‘ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ.. (ਤੇ) ਜਿਨਿ ॥’’ ਸ਼ਬਦ ਇੱਕ ਵਚਨ ਪੁਲਿੰਗ ਨਾਂਵ, ਪੜਨਾਂਵ ਤੇ ਵਿਸ਼ੇਸ਼ਣ ਹਨ ਜਦਕਿ ‘‘ਸਾਚੀ ਨਾਈ’’ ਇਸਤ੍ਰੀ ਲਿੰਗ ਨਾਂਵ ਤੇ ਇਸਤ੍ਰੀ ਲਿੰਗ ਹੀ ਵਿਸ਼ੇਸ਼ਣ ਹੈ, ਜਿਸ ਦਾ ਅਰਥ ਹੈ ‘ਸਦੀਵੀ ਸਥਿਰ ਰਹਿਣ ਵਾਲੀ ਵਡਿਆਈ’ ਇਸ ਲਈ ‘ਸਾਚਾ’ (ਪੁਲਿੰਗ ਵਿਸ਼ੇਸ਼ਣ) ਨੂੰ ‘ਸਾਚੀ’ ਇਸਤ੍ਰੀ ਲਿੰਗ (ਵਿਸ਼ੇਸ਼ਣ) ਨਾਲ ਜੋੜ ਕੇ ‘‘ਸੋਈ ਸੋਈ ਸਦਾ ਸਚੁ ਸਾਹਿਬੁ, ਸਾਚਾ ਸਾਚੀ ਨਾਈ ॥’’ ਵਾਙ ਵਿਸਰਾਮ ਦੇਣਾ ਅਣਉਚਿਤ ਹੈ।

‘‘ਹੈ ਭੀ, ਹੋਸੀ, ਜਾਇ ਨ ਜਾਸੀ..॥’’-ਇਸ ਪੰਕਤੀ ’ਚ ਵਰਤਮਾਨ ਤੇ ਭਵਿੱਖਕਾਲ ਨਾਲ ਸਬੰਧਤ ਸਮੇਂ ਵੱਲ ਸੰਕੇਤ ਕੀਤਾ ਗਿਆ ਹੈ; ਜਿਵੇਂ: ‘ਹੈ ਭੀ’ ਤੇ ‘ਜਾਇ’ (ਭਾਵ ਜੰਮਣਾ) ਵਰਤਮਾਨ ਨਾਲ ਸਬੰਧਤ ਸ਼ਬਦ ਹਨ ਜਦਕਿ ‘ਹੋਸੀ’ (ਭਾਵ ਹੋਵੇਗਾ) ਤੇ ‘ਜਾਸੀ’ (ਭਾਵ ਜਾਏਗਾ ਜਾਂ ਮਰੇਗਾ) ਭਵਿੱਖਕਾਲ ਨਾਲ ਸਬੰਧਤ ਸ਼ਬਦ ਹਨ।

ਗੁਰਬਾਣੀ ਦੀ ਲਿਖਤ ਅਨੁਸਾਰ ਜ਼ਿਆਦਾਤਰ ਉਹ (ਕਿਰਿਆਵਾਚੀ) ਸ਼ਬਦ ਭਵਿਖਕਾਲ ਨਾਲ ਸਬੰਧਤ ਹੁੰਦੇ ਹਨ ਜਿਨ੍ਹਾਂ ਦੇ ਅਖ਼ੀਰ ’ਚ ‘ਸੀ’ ਅੱਖਰ ਲੱਗਿਆ ਹੋਵੇ; ਜਿਵੇਂ ‘ਗਵਾਸੀ’ (ਦੂਰ ਹੋਵੇਗਾ), ‘ਗਾਵਸੀ’ (ਗਾ ਸਕਾਂਗਾ), ‘ਸੁਣਾਇਸੀ’ (ਸੁਣਾਉਂਦਾ ਰਹੇਗਾ) ਆਦਿ ; ਜਿਵੇਂ :

‘‘ਜਿਨ ਨਿਰਭਉ, ਜਿਨ ਹਰਿ ਨਿਰਭਉ ਧਿਆਇਆ ਜੀ; ਤਿਨ ਕਾ ਭਉ, ਸਭੁ ‘ਗਵਾਸੀ’ (ਉਨ੍ਹਾਂ ਦਾ ਤਮਾਮ ਡਰ ਦੂਰ ਹੋ ਜਾਵੇਗਾ)॥’’ (ਮ: ੪/੧੧)

‘‘ਮੈ ਦੀਜੈ ਨਾਮ ਨਿਵਾਸੁ; (ਤਾਂ ਜੋ) ਹਰਿ ਗੁਣ ‘ਗਾਵਸੀ’ (ਗਾ ਸਕਾਂਗਾ)॥’’ (ਮ: ੧/੭੫੨)

‘‘ਸਚ ਕੀ ਬਾਣੀ ਨਾਨਕੁ ਆਖੈ; ਸਚੁ ‘ਸੁਣਾਇਸੀ’ (ਸੁਣਾਉਂਦਾ ਰਹੇਗਾ), ਸਚ ਕੀ ਬੇਲਾ ॥’’ (ਮ: ੧/੭੨੩) ਆਦਿ।

‘ਨਾਈ’- ਇਹ ਸ਼ਬਦ ਗੁਰਬਾਣੀ ਵਿੱਚ 28 ਵਾਰ ਦਰਜ ਹੈ ਜਿਸ ਦਾ ਅਰਥ ਭਿੰਨ-ਭਿੰਨ ਹੈ; ਜਿਵੇਂ: ‘ਅਸਨਾਈ’ (ਵਡਿਆਈ), ਨਾਮ, ਇਸ਼ਨਾਨ, ਛੀਂਬਾ ਜਾਤ, (ਸਿਰ) ਝੁਕਾਉਣਾ, ਨਿਵਾਉਣਾ’; ਗੁਰਬਾਣੀ ਫ਼ੁਰਮਾਨ ਹਨ :

(1). ‘ਨਾਈ’ ਭਾਵ (ਰੱਬੀ) ‘ਨਾਮ ਰਾਹੀਂ’ ਜਾਂ ‘ਨਾਮ ਵਿੱਚ’ (ਕਰਣ ਕਾਰਕ ਜਾਂ ਅਧਿਕਰਣ ਕਾਰਕ); ਇਹ ਅਰਥ (2 ਵਾਰ) ਤਦ ਬਣਦੇ ਹਨ ਜਦ ‘ਨਾਈ’ ਸ਼ਬਦ ਨਾਲ ਦਰਜ ‘ਵਿਸ਼ੇਸ਼ਣ’ ਅਤੇ ‘ਪੜਨਾਂਵ’ ਲਾਂ ਜਾਂ ਦੁਲਾਵਾਂ ਸਮੇਤ ਹੋਣ; ਜਿਵੇਂ:

‘‘ਸਭਿ ਦੁਖ ਮੇਟੇ; ‘ਸਾਚੈ ਨਾਈ’ (ਸੱਚੇ ਨਾਮ ਦੀ ਰਾਹੀਂ) ॥’’ (ਮ: ੧/੪੧੨)

‘‘ਅਲਹ ! ਰਾਮ ! ਜੀਵਉ, ‘ਤੇਰੇ ਨਾਈ’ (ਤੇਰੇ ਨਾਮ ਵਿੱਚ ਜੁੜ ਕੇ)॥’’ (ਭਗਤ ਕਬੀਰ/੧੩੪੯)

(2). ‘ਨਾਈ’ ਭਾਵ ‘ਨਹਾ ਕੇ, ਇਸ਼ਨਾਨ ਕਰਕੇ’ ਜਾਂ (ਸਿਰ) ਨਿਵਾ ਕੇ, ਝੁਕਾ ਕੇ’ (ਕਿਰਿਆ ਵਿਸ਼ੇਸ਼ਣ); ਜਿਵੇਂ (2 ਵਾਰ):

‘‘ਬੁਤ ਪੂਜਿ ਪੂਜਿ (ਕੇ) ਹਿੰਦੂ ਮੂਏ, ਤੁਰਕ ਮੂਏ ਸਿਰੁ ‘ਨਾਈ’ (ਸਿਰ ‘ਨਿਵਾ ਕੇ, ਝੁਕਾ ਕੇ’)॥’’ (ਭਗਤ ਕਬੀਰ/੬੫੪)

‘‘ਜੂਠਿ ਨ ਅੰਨੀ (ਨਾ ਬਰਤ ਰੱਖਿਆਂ ਲਹਿੰਦੀ); ਜੂਠਿ ਨ ‘ਨਾਈ’ (ਨਾ ਤੀਰਥਾਂ ਉੱਤੇ ‘ਨਹਾ ਕੇ’ ਉਤਰਦੀ)॥’’ (ਮ: ੧/੧੨੪੦)

(3). ‘ਨਾਈ’ ਭਾਵ ‘ਛੀਂਬਾ ਜਾਤ’ (ਨਾਂਵ); ਜਿਵੇਂ (3 ਵਾਰ):

‘‘ਸੈਨੁ ‘ਨਾਈ’ ਬੁਤਕਾਰੀਆ (ਬਿਨਾ ਮਜ਼ਦੂਰੀ ਸੇਵਾ ਕਰਨ ਵਾਲਾ ਛੀਂਬਾ), ਓਹੁ ਘਰਿ ਘਰਿ (ਵਿੱਚ) ਸੁਨਿਆ ॥’’ (ਮ: ੫/੪੮੭)

‘‘ਨਾਈ’’ ਉਧਰਿਓ ਸੈਨੁ ਸੇਵ (ਰੱਬੀ ਸੇਵਾ ਕਰਕੇ)॥’’ (ਮ: ੫/੧੧੯੨)

‘‘ਭਲੋ ਕਬੀਰੁ ਦਾਸੁ ਦਾਸਨ ਕੋ; ਊਤਮੁ ਸੈਨੁ ਜਨੁ ‘ਨਾਈ’ (ਛੀਂਬਾ)॥’’ (ਮ: ੫/੧੨੦੭)

(4). ‘ਨਾਈ’ ਭਾਵ ‘ਵਡਿਆਈ’ (ਇਸਤ੍ਰੀ ਲਿੰਗ ਨਾਂਵ); ਇਹ ਅਰਥ (21 ਵਾਰ) ਤਦ ਬਣਦੇ ਹਨ ਜਦ ‘ਨਾਈ’ ਸ਼ਬਦ ਦੇ ਸਮਾਨੰਤਰ ਦਰਜ ਵਿਸ਼ੇਸ਼ਣ ਦੇ ਅੰਤ ਬਿਹਾਰੀ ਲੱਗੀ ਹੋਈ ਹੋਵੇ; ਜਿਵੇਂ:

‘‘ਵਡਾ ਸਾਹਿਬੁ, ‘ਵਡੀ ਨਾਈ’ (ਵਡਿਆਈ); ਕੀਤਾ ਜਾ ਕਾ ਹੋਵੈ ॥’’ (ਜਪੁ /ਮ: ੧)

‘‘ਸਚਾ ਸਾਹਿਬੁ; ‘ਸਚੀ ਨਾਈ’ (ਵਡਿਆਈ) ॥’’ (ਮ: ੫/੧੦੪)

‘‘ਹਰਿ ਜੀਉ ਸਾਚਾ; ‘ਸਾਚੀ ਨਾਈ’ (ਵਡਿਆਈ) ॥’’ (ਮ: ੩/੧੨੩) ਆਦਿ।

ਸੋਈ ਸੋਈ ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ॥ ਹੈ ਭੀ ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ॥

ਭਾਵ- (ਸਾਰਾ ਜਗਤ ਚਲਾਇਮਾਨ ਹੈ) ਕੇਵਲ ਉਹੀ ਮਾਲਕ ਸਦਾ ਸਥਿਰ ਹੈ ਤੇ ਉਸ ਦੀ ਮਹਿਮਾ ਵੀ ਸਦਾ ਸਥਿਰ ਹੈ (ਭਾਵ ਜਿਸ ਹਿਰਦੇ ’ਚੋਂ ਇਹ ਉਸਤਤ ਕੀਤੀ ਜਾਂਦੀ ਹੈ ਉਹ ਵੀ ਸਥਿਰ ਬਣ ਜਾਂਦਾ ਹੈ, ਜੂਨਾਂ ’ਚ ਵਾਰ-ਵਾਰ ਨਹੀਂ ਮਰਦਾ) । ਜਿਸ (ਕਰਤਾਰ) ਨੇ ਸਾਰੀ (ਆਰਜ਼ੀ) ਰਚਨਾ ਰਚੀ, ਉਹ ਹੁਣ ਵੀ ਹੈ ਤੇ ਅਗਾਂਹ (ਕਿਆਮਤ ਉਪਰੰਤ) ਵੀ ਮੌਜੂਦ ਰਹੇਗਾ ਕਿਉਂਕਿ ਉਹ ਨਾ ਜੰਮਦਾ ਹੈ, ਨਾ ਮਰਦਾ ਹੈ।

‘‘ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ; ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ, ਕੀਤਾ ਆਪਣਾ; ਜਿਵ ਤਿਸ ਦੀ ਵਡਿਆਈ ॥’’- ਇਨ੍ਹਾਂ ਪੰਕਤੀਆਂ ’ਚ ਉਸੇ ‘ਰਚਨਾ’ ਦੇ ਵਿਸਥਾਰ ਦਾ ਜ਼ਿਕਰ ਹੈ, ਜੋ ਉਪਰੋਕਤ ਪੰਕਤੀ ’ਚ ‘‘ਰਚਨਾ ਜਿਨਿ ਰਚਾਈ’’ ਬਿਆਨਿਆ ਗਿਆ ਸੀ। ‘ਰਚਨਾ’ (ਕੁਦਰਤ) ਇੱਕ ਵਚਨ ਇਸਤ੍ਰੀ ਲਿੰਗ ਦਾ ਵਿਸਥਾਰ ਹੀ ਇਸ ਪੰਕਤੀ ’ਚ ਬਹੁ ਵਚਨ ਸ਼ਬਦਾਂ (ਰੰਗੀ ਰੰਗੀ ਭਾਤੀ.. ਜਿਨਸੀ) ਰਾਹੀਂ ਬਿਆਨਿਆ ਗਿਆ ਹੈ।

‘‘ਕਰਿ ਕਰਿ ਵੇਖੈ, ਕੀਤਾ ਆਪਣਾ’’-ਇਸ ਪੰਕਤੀ ਦੇ ਅਖਰੀਂ ਅਰਥ ਬਣਦੇ ਹਨ : ‘ਆਪਣਾ ਬਣਾਇਆ ਹੋਇਆ (ਜਗਤ ਨੂੰ ਪੈਦਾ) ਕਰ ਕਰ ਕੇ ਵੇਖਦਾ ਹੈ।’ ਵੀਚਾਰ ਦਾ ਵਿਸ਼ਾ ਇਹ ਹੈ ਕਿ ਸੰਸਾਰ ਨੂੰ ਪੈਦਾ ਕਰਨ ਉਪਰੰਤ (‘ਸੋ ਦਰੁ, ਸੋ ਘਰੁ’ ਰੂਪ ਜਗਤ ਦਾ ਕਰਤਾ) ਕੀ ਵੇਖਦਾ ਹੈ ? ਜਿਸ ਬਾਬਤ ਅਗਲੀ ਤੁਕ ਇਉਂ ਵੀ ਦਰਜ ਹੈ: ‘‘..ਜਿਵ ਤਿਸ ਦੀ ਵਡਿਆਈ ॥’’ ਭਾਵ ‘ਜਿਵੇਂ ਉਸ (ਜਗਤ ਦੇ ਮਾਲਕ) ਦੀ ਵਡਿਆਈ ਹੈ, ਰਜ਼ਾ ਹੈ, ਸੁਭਾਵ ਹੈ, ਵੈਸੇ ਹੀ ਉਹ (ਸੰਸਾਰ ਨੂੰ) ਵੇਖਦਾ ਹੈ।’ ਕੀ ਇਸ ਤੋਂ ਇਹ ਸਪਸ਼ਟ ਨਹੀਂ ਹੁੰਦਾ ਕਿ ਉਹੀ ਸੰਸਾਰਕ ਜੀਵਾਂ ਨੂੰ ਪੈਦਾ ਕਰਕੇ ਆਪਣੇ ਸੁਭਾਵ ਅਨੁਸਾਰ ਵੇਖਦਾ ਹੈ ਭਾਵ ਪ੍ਰੇਰਦਾ ਹੈ, ਚਲਾਉਂਦਾ ਹੈ, ਸੰਭਾਲਦਾ ਹੈ, (ਨਾ ਕਿ ਉਕਤ ਬਿਆਨ ਕੀਤੀਆਂ ਗਈਆਂ ਤਮਾਮ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਦਾ ਸਮਾਜ ਨੂੰ ਬਣਾਉਣ, ਸੰਭਾਲਣ ਆਦਿ ’ਚ ਕੋਈ ਰੋਲ ਹੈ)।

ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ, ਮਾਇਆ ਜਿਨਿ ਉਪਾਈ॥ ਕਰਿ ਕਰਿ ਵੇਖੈ, ਕੀਤਾ ਆਪਣਾ; ਜਿਵ, ਤਿਸ ਦੀ ਵਡਿਆਈ॥

ਭਾਵ- ਜਿਸ (ਕਰਤਾਰ) ਨੇ ਭਿੰਨ ਭਿੰਨ ਰੰਗਾਂ ’ਚ ਭਾਂਤ-ਭਾਂਤ ਦੀ, ਕਈ ਕਿਸਮ ਦੀ ਮਾਇਆ ਬਣਾਈ ਹੈ। ਜਿਵੇਂ ਉਸ ਦੀ ਮਰਜ਼ੀ (ਸਲਾਹ) ਹੈ, ਆਪਣੀ (ਨਾਸ਼ਵਾਨ) ਰਚਨਾ ਨੂੰ ਪੈਦਾ ਕਰ-ਕਰ ਕੇ ਉਸ ਦੀ ਸੰਭਾਲ਼ ਕਰਦਾ ਹੈ।

‘‘ਜੋ ਤਿਸੁ ਭਾਵੈ, ਸੋਈ ਕਰਸੀ; ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ, ਸਾਹਾ ਪਾਤਿਸਾਹਿਬੁ; ਨਾਨਕ ! ਰਹਣੁ ਰਜਾਈ ॥’’-ਪਿਛਲੀ ਤੁਕ ਦੀ ਸਮਾਪਤੀ ‘‘ਜਿਵ ਤਿਸ ਦੀ ਵਡਿਆਈ ॥’’ ਨਾਲ ਕੀਤੀ ਗਈ ਸੀ ਤੇ ਇਸ ਪੰਕਤੀ ਦੀ ਆਰੰਭਤਾ ਵੀ ‘‘ਜੋ ਤਿਸੁ ਭਾਵੈ..॥’’ ਭਾਵ ਜੋ ਉਸ ਨੂੰ ਮਨਜ਼ੂਰ ਹੁੰਦਾ ਹੈ, ਨਾਲ ਕੀਤੀ ਗਈ ਹੈ।

ਇਸ ਸਮੂਹਿਕ ਪਉੜੀ ਦੀਆਂ ਤਮਾਮ ਉਪਰੋਕਤ ਪੰਕਤੀਆਂ ’ਚ ਜ਼ਿਆਦਾਤਰ ਸ਼ਬਦ ਬਹੁ ਵਚਨ ਹੀ ਦਰਜ ਕੀਤੇ ਗਏ ਹਨ ਪਰ ਪਉੜੀ ਦੀ ਸਮਾਪਤੀ ’ਤੇ ਤਮਾਮ ਸ਼ਬਦ (‘ਜੋ, ਤਿਸੁ, ਸੋਈ, ਹੁਕਮੁ, ਸੋ, ਪਾਤਿਸਾਹੁ, ਪਾਤਿਸਾਹਿਬੁ’ ਆਦਿ) ਇੱਕ ਵਚਨ ਹਨ ਕਿਉਂਕਿ ਪਉੜੀ ਦੀ ਸਮਾਪਤੀ ਵੀ ਵਿਸ਼ੇ ਅਨੁਸਾਰ ਆਰੰਭਕ ਸ਼ਬਦ ‘ਸੋ ਦਰੁ, ਸੋ ਘਰੁ’ ਵਾਙ ਇੱਕ ਵਚਨ ਨਾਲ ਹੀ ਸਬੰਧਤ ਚਾਹੀਦੀ ਹੈ।

ਜੋ ਤਿਸੁ ਭਾਵੈ, ਸੋਈ ਕਰਸੀ; ਹੁਕਮੁ ਨ ਕਰਣਾ ਜਾਈ॥ ਸੋ ਪਾਤਿਸਾਹੁ, ਸਾਹਾ ਪਾਤਿ ਸਾਹਿਬੁ; ਨਾਨਕ ! ਰਹਣੁ ਰਜਾਈ॥ ੨੭॥

ਭਾਵ- ਜੋ ਉਸ ਨੂੰ ਪਸੰਦ ਹੈ, ਉਸ ਤਰ੍ਹਾਂ ਜਗਤ ਰਚਨਾ ਕਰੇਗਾ (ਇਸ ਨਿਯਮ ’ਚ) ਸਲਾਹ ਨਹੀਂ ਦਿੱਤੀ ਜਾ ਸਕਦੀ। ਹੇ ਨਾਨਕ ! ਉਹ ਬਾਦਸ਼ਾਹ; ਦੁਨਿਆਵੀ ਹੁਕਮਰਾਨਾਂ ਦਾ ਵੀ ਹੁਕਮਰਾਨ ਹੈ (ਭਾਵ ਸਾਰੇ ਸ਼ਾਸਕ ਉਸ ਦੇ ਹੁਕਮ ’ਚ ਬੱਧੇ ਹੋਏ ਹਨ, ਤਾਂ ਤੇ ਅਸਾਂ ਨੂੰ ਵੀ) ਉਸ ਦੀ ਰਜ਼ਾ ’ਚ ਚਲਦੇ ਰਹਿਣ (ਨੂੰ ਸਦਾ ਚੇਤੇ ਰੱਖਣਾ ਚਾਹੀਦਾ ਹੈ, ਜੋ ਭਗਤੀ ਹੈ)।

JAP (Pori No. 26)

0

ਅਮੁਲ ਗੁਣ; ਅਮੁਲ ਵਾਪਾਰ ॥ ਅਮੁਲ ਵਾਪਾਰੀਏ; ਅਮੁਲ ਭੰਡਾਰ ॥

ਅਮੁਲ ਆਵਹਿ; ਅਮੁਲ ਲੈ ਜਾਹਿ ॥ ਅਮੁਲ ਭਾਇ; ਅਮੁਲਾ ਸਮਾਹਿ ॥

ਅਮੁਲੁ ਧਰਮੁ; ਅਮੁਲੁ ਦੀਬਾਣੁ ॥ ਅਮੁਲੁ ਤੁਲੁ; ਅਮੁਲੁ ਪਰਵਾਣੁ ॥

ਅਮੁਲੁ ਬਖਸੀਸ; ਅਮੁਲੁ ਨੀਸਾਣੁ ॥ ਅਮੁਲੁ ਕਰਮੁ; ਅਮੁਲੁ ਫੁਰਮਾਣੁ ॥

ਅਮੁਲੋ ਅਮੁਲੁ; ਆਖਿਆ ਨ ਜਾਇ ॥ ਆਖਿ ਆਖਿ ਰਹੇ; ਲਿਵ ਲਾਇ ॥

ਆਖਹਿ; ਵੇਦ ਪਾਠ ਪੁਰਾਣ ॥ ਆਖਹਿ; ਪੜੇ ਕਰਹਿ ਵਖਿਆਣ ॥

ਆਖਹਿ ਬਰਮੇ; ਆਖਹਿ ਇੰਦ ॥ ਆਖਹਿ; ਗੋਪੀ ਤੈ ਗੋਵਿੰਦ ॥

ਆਖਹਿ ਈਸਰ; ਆਖਹਿ ਸਿਧ ॥ ਆਖਹਿ; ਕੇਤੇ ਕੀਤੇ ਬੁਧ ॥

ਆਖਹਿ ਦਾਨਵ; ਆਖਹਿ ਦੇਵ ॥ ਆਖਹਿ; ਸੁਰਿ ਨਰ, ਮੁਨਿ ਜਨ, ਸੇਵ ॥

ਕੇਤੇ ਆਖਹਿ; ਆਖਣਿ ਪਾਹਿ ॥ ਕੇਤੇ; ਕਹਿ ਕਹਿ, ਉਠਿ ਉਠਿ ਜਾਹਿ ॥ ਏਤੇ ਕੀਤੇ; ਹੋਰਿ ਕਰੇਹਿ ॥

ਤਾ; ਆਖਿ ਨ ਸਕਹਿ, ਕੇਈ ਕੇਇ ॥ ਜੇਵਡੁ ਭਾਵੈ; ਤੇਵਡੁ ਹੋਇ ॥ ਨਾਨਕ ! ਜਾਣੈ ਸਾਚਾ ਸੋਇ ॥

ਜੇ ਕੋ ਆਖੈ; ਬੋਲੁ ਵਿਗਾੜੁ ॥ ਤਾ, ਲਿਖੀਐ; ਸਿਰਿ ਗਾਵਾਰਾ ਗਾਵਾਰੁ ॥੨੬॥ (ਜਪੁ /ਮ: ੧)

ਉਚਾਰਨ ਸੇਧ: ਆਵਹਿਂ, ਜਾਹਿਂ, ਸਮਾਹਿਂ, ਬਖ਼ਸ਼ੀਸ਼, ਨੀਸ਼ਾਣ, ਫ਼ੁਰਮਾਣ, ਆਖਹਿਂ, ਪੜ੍ਹੇ, ਕਰਹਿਂ, ਪਾਹਿਂ, ਜਾਹਿਂ, ਕਰੇਹਿਂ, ਤਾਂ, ਸਕਹਿਂ, ਤਾਂ, ਗਾਵਾਰਾਂ।

ਪਦ ਅਰਥ: ਅਮੁਲੁ- ਜਿਸ ਅਦ੍ਰਿਸ਼ ਵਸਤੂ (ਸ਼ਕਤੀ) ਦੀ ਦੁਨਿਆਵੀ (ਦ੍ਰਿਸ਼) ਵਸਤੂਆਂ ਨਾਲ ਕੋਈ ਕੀਮਤ ਨਾ ਪਾਈ ਜਾ ਸਕੇ (ਵਿਸ਼ੇਸ਼ਣ)।, ਆਵਹਿ- ਆਉਂਦੇ ਹਨ (ਵਰਤਮਾਨ, ਬਹੁ ਵਚਨ ਕਿਰਿਆ)।, ਲੈ- ਲੈ ਕੇ (ਕਿਰਿਆ ਵਿਸ਼ੇਸ਼ਣ)।, ਜਾਹਿ- ਜਾਂਦੇ ਹਨ (ਵਰਤਮਾਨ, ਬਹੁ ਵਚਨ ਕਿਰਿਆ)।, ਭਾਇ- ਪ੍ਰੇਮ ਵਿੱਚ (ਇੱਕ ਵਚਨ ਪੁਲਿੰਗ ਨਾਂਵ ‘ਭਾਉ’ ਦਾ ਅਧਿਕਰਣ ਕਾਰਕ ਰੂਪ)।, ਸਮਾਹਿ- ਲੀਨ ਹੋ ਜਾਂਦੇ ਹਨ (ਵਰਤਮਾਨ, ਬਹੁ ਵਚਨ ਕਿਰਿਆ)।, ਧਰਮੁ- ਸੱਚ, ਨਿਆਂ, ਇਨਸਾਫ਼ (ਇੱਕ ਵਚਨ ਪੁਲਿਗ ਨਾਂਵ)।, ਦੀਬਾਣੁ- ਕਚਹਿਰੀ-ਅਦਾਲਤ, ਦਰਬਾਰ, ਇਨਸਾਫ਼ ਦਾ ਘਰ (ਇੱਕ ਵਚਨ ਪੁਲਿੰਗ ਨਾਂਵ)।, ਤੁਲੁ- ਤਰਾਜ਼ੂ, ਤੱਕੜੀ, ਇਨਸਾਫ਼ ਦਾ ਕੰਡਾ (ਇੱਕ ਵਚਨ ਪੁਲਿੰਗ)।, ਪਰਵਾਣੁ- ਇਨਸਾਫ਼ ਰੂਪ ਵੱਟਾ (ਕਸੌਟੀ, ਇੱਕ ਵਚਨ ਪੁਲਿੰਗ ਨਾਂਵ)।, ਨੀਸਾਣੁ- ਦਾਤ ਰੂਪ ਚਿੰਨ੍ਹ, ਬਖ਼ਸ਼ਸ਼ ਰੂਪ ਚਿੰਨ੍ਹ (ਇੱਕ ਵਚਨ ਪੁਲਿੰਗ ਨਾਂਵ)।, ਕਰਮੁ- ਬਖ਼ਸ਼ਸ਼, ਪ੍ਰਸਾਦ, ਫ਼ਜ਼ਲ, ਦਇਆ-ਦ੍ਰਿਸ਼ਟੀ, ਦਇਆ-ਦਿਲੀ (ਇੱਕ ਵਚਨ ਪੁਲਿੰਗ ਨਾਂਵ)।, ਫੁਰਮਾਣੁ-ਹੁਕਮ, ਜਗਤ-ਕਾਰ, ਆਕਾਰ ਦਾ ਵਿਸਥਾਰ ਜਾਂ ਵਿਕਾਸ ਰੂਪ (ਇੱਕ ਵਚਨ ਪੁਲਿੰਗ ਨਾਂਵ), ਅਮੁਲੋ ਅਮੁਲੁ- ਅਮੋਲਕ-ਅਮੋਲਕ, ਉੱਕਾ ਹੀ ਦੁਨਿਆਵੀ ਕੀਮਤ ਰਹਿਤ (ਵਿਸ਼ੇਸ਼ਣ)।, ਆਖਿ ਆਖਿ- ਕਹਿ-ਕਹਿ ਕੇ (ਕਿਰਿਆ ਵਿਸ਼ੇਸ਼ਣ)।, ਰਹੇ- ਰਹਿ ਗਏ, ਥੱਕ ਗਏ, ਅਸਮਰੱਥ ਹੋ ਗਏ (ਕਿਰਿਆ)।, ਲਾਇ- ਲਾ ਕੇ (ਕਿਰਿਆ ਵਿਸ਼ੇਸ਼ਣ)।, ਆਖਹਿ- ਆਖਦੇ ਹਨ (ਵਰਤਮਾਨ, ਬਹੁ ਵਚਨ ਕਿਰਿਆ)।, ਵੇਦ ਪਾਠ ਪੁਰਾਣ-ਵੇਦਾਂ ਤੇ ਪੁਰਾਣਾਂ ਦੇ ਪਾਠ (ਅਧਿਆਇ, ਚੈਪਟਰ, ਬਹੁ ਵਚਨ ਨਾਂਵ)।, ਕਰਹਿ- (ਹੋਰਾਂ ਨੂੰ ਵੀ) ਕਰਦੇ ਹਨ (ਵਰਤਮਾਨ, ਬਹੁ ਵਚਨ ਕਿਰਿਆ)।, ਵਖਿਆਣ- ਸਰਲ ਵਿਸਥਾਰ, ਵਰਨਣ, ਉਪਦੇਸ਼ (ਨਾਂਵ)।, ਇੰਦ-ਅਨੇਕਾਂ ਇੰਦ੍ਰ (ਬਹੁ ਵਚਨ ਨਾਂਵ)।, ਗੋਪੀ- ਗੋਪੀਆਂ (ਇਸਤ੍ਰੀ ਲਿੰਗ)।, ਤੈ- ਅਤੇ (ਯੋਜਕ)।, ਗੋਵਿੰਦ- ਅਨੇਕਾਂ ਕ੍ਰਿਸ਼ਨ (ਬਹੁ ਵਚਨ ਨਾਂਵ)।, ਕੇਤੇ- ਕਿਤਨੇ (ਅਨਿਸਚਿਤ ਗਿਣਤੀ-ਵਾਚਕ ਵਿਸ਼ੇਸ਼ਣ)।, ਕੀਤੇ- ਪੈਦਾ ਕੀਤੇ (ਕ੍ਰਿਦੰਤ, ਕਾਰਦੰਤਕ)।, ਬੁਧ- ਕਈ ਮਹਾਤਮਾ ਬੁਧ (ਬਹੁ ਵਚਨ ਨਾਂਵ)।, ਦਾਨਵ- ਰਾਖਸ਼, ਦੈਂਤ (ਬਹੁ ਵਚਨ ਨਾਂਵ)।, ਦੇਵ- ਦੇਵਤੇ (ਬਹੁ ਵਚਨ ਨਾਂਵ)।, ਸੁਰਿ ਨਰ-ਸ੍ਰੇਸ਼ਠ ਮਨੁੱਖ (ਬਹੁ ਵਚਨ ਨਾਂਵ)।, ਮੁਨਿ ਜਨ-ਮੋਨੀ (ਬਹੁ ਵਚਨ ਨਾਂਵ)।, ਕੇਤੇ- (ਹੋਰ ਵੀ) ਕਿਤਨੇ (ਅਨਿਸਚਿਤ ਗਿਣਤੀ-ਵਾਚਕ ਵਿਸ਼ੇਸ਼ਣ)।, ਆਖਣਿ- ਬੋਲਣ ਲਈ (ਕਿ੍ਰਦੰਤ)।, ਪਾਹਿ-ਪੈਂਦੇ ਹਨ, ਯਤਨ ਕਰਦੇ ਹਨ (ਵਰਤਮਾਨ, ਬਹੁ ਵਚਨ ਕਿਰਿਆ)।, ਕਹਿ-ਕਹਿ, ਉਠਿ-ਉਠਿ- ਆਖ-ਆਖ ਕੇ, ਉੱਠ-ਉੱਠ ਕੇ (ਭਾਵ ਬੋਲਦਿਆਂ-ਬੋਲਦਿਆਂ (ਹੀ) ਮਰ-ਮਰ ਕੇ ਭਾਵ ਮਰਦਿਆਂ-ਮਰਦਿਆਂ (ਹੀ), ਕ੍ਰਿਦੰਤ)।, ਜਾਹਿ- (ਮਰ) ਜਾਂਦੇ ਹਨ (ਵਰਤਮਾਨ, ਬਹੁ ਵਚਨ ਕਿਰਿਆ)।, ਏਤੇ- ਇਤਨੇ (ਅਨਿਸਚਿਤ ਗਿਣਤੀ-ਵਾਚਕ ਵਿਸ਼ੇਸ਼ਣ)।, ਹੋਰਿ- (ਉਕਤ ਬਿਆਨ ਕਰਨ ਤੋਂ ਇਲਾਵਾ) ਹੋਰ ਅਣਗਿਣਤ (ਅਨਿਸਚਿਤ ਗਿਣਤੀ-ਵਾਚਕ ਵਿਸ਼ੇਸ਼ਣ)।, ਕਰੇਹਿ-ਤੂੰ ਕਰੇਂ, ਤੂੰ ਕਰ ਦੇਵੇਂ (ਦੂਜਾ ਪੁਰਖ, ਇੱਕ ਵਚਨ ਕਿਰਿਆ)।, ਤਾ- ਤਾਂ ਵੀ (ਯੋਜਕ)।, ਕੇਈ-ਕੇਇ- ਕਈ, ਅਨੇਕਾਂ (ਮਨੁੱਖ, ਬਹੁ ਵਚਨ ਪੜਨਾਂਵ)।, ਜੇਵਡੁ-ਜਿਤਨਾ ਵੱਡਾ (ਕਿਰਿਆ ਵਿਸ਼ੇਸ਼ਣ)।, ਭਾਵੈ-ਪਸੰਦ ਹੈ, ਮਨਜ਼ੂਰ ਹੈ (ਇੱਕ ਵਚਨ ਕਿਰਿਆ)।, ਤੇਵਡੁ- ਉਤਨਾ ਵੱਡਾ (ਕਿਰਿਆ ਵਿਸ਼ੇਸ਼ਣ)।, ਸੋਇ-ਉਹ (ਸਾਚਾ, ਇੱਕ ਵਚਨ ਪੜਨਾਂਵੀ ਵਿਸ਼ੇਸ਼ਣ)।, ਬੋਲੁ ਵਿਗਾੜੁ-ਆਪਣੀ ਭਾਸ਼ਾ (ਇਨਸਾਨੀਅਤ) ਨੂੰ ਵਿਗਾੜਨ ਵਾਲਾ, ਬੜਬੋਲਾ, ਹੋਛਾ, ਫੁਕਰਾ (ਖਾਇਕੁ, ਮੂਰਖ, ਇੱਕ ਵਚਨ ਪੁਲਿੰਗ)।,

(ਨੋਟ: ‘ਬੋਲੁ ਵਿਗਾੜੁ’ ਦੋ ਸ਼ਬਦ ਹਨ, ਨਾ ਕਿ ਇੱਕ, ਕਿਉਂਕਿ ਅਗਰ ਇੱਕ ਮੰਨ ਲਿਆ ਜਾਵੇ ਤਾਂ ‘ਲੁ’ ਦਾ ਅੰਤ ਔਂਕੜ ਉਚਾਰਨ ਦਾ ਭਾਗ ਬਣ ਜਾਵੇਗਾ, ਜੋ ਕਰਮ ਕਾਰਕ ਦੇ ਚਿੰਨ੍ਹ ‘ਨੂੰ’ ਦੇ ਸੰਕੇਤ ਦਾ ਪ੍ਰਤੀਕ ਹੈ।) ਲਿਖੀਐ- ਲਿਖਣਾ ਚਾਹੀਦਾ ਹੈ, ਮੰਨਣਾ ਚਾਹੀਦਾ ਹੈ (ਕਿਰਿਆ)।, ਗਾਵਾਰਾ ਸਿਰਿ- ਮੂਰਖਾਂ ਦੇ ਸਿਰ ਉੱਤੇ (ਭਾਵ ‘ਮੂਰਖਾਂ ਵਿੱਚੋਂ ਵੀ’ ਅਧਿਕਰਣ ਕਾਰਕ)।, ਗਾਵਾਰੁ- ਮੂਰਖ (ਇੱਕ ਵਚਨ ਪੁਲਿੰਗ)।

‘ਜਪੁ’ ਬਾਣੀ ਦੇ 115 ਸ਼ਬਦਾਂ ਦੇ ਸੁਮੇਲ ਨਾਲ ਭਰਪੂਰ ਉਕਤ ਪਉੜੀ ਨੰਬਰ 26 ਦੀ ਲਿਖਤ ’ਚ ਅਤਿ ਧਿਆਨ ਦੇਣ ਯੋਗ ਗੱਲਾਂ:

(1). ਆਕਾਰ (ਕੁਦਰਤ) ਨਾਲ ਸੰਬੰਧਿਤ ਤਮਾਮ ਨਾਂਵ ਸ਼ਬਦ ਬਹੁ ਵਚਨ ਹਨ; ਜਿਵੇਂ: ‘ਗੁਣ, ਵਾਪਾਰ, ਵਾਪਾਰੀਏ, ਭੰਡਾਰ, ਵੇਦ, ਪਾਠ, ਪੁਰਾਣ, ਪੜੇ (ਵਿਦਵਾਨ), ਬਰਮੇ, ਇੰਦ, ਗੋਪੀ, ਗੋਵਿੰਦ, ਈਸਰ, ਸਿਧ, ਬੁਧ, ਦਾਨਵ, ਦੇਵ, ਸੁਰਿ ਨਰ, ਮੁਨਿ ਜਨ, ਸੇਵ (ਸੇਵਕ)’ ਆਦਿ, ਇਸ ਲਈ ਇਨ੍ਹਾਂ ਨਾਲ ਸੰਬੰਧਿਤ ਵਿਸ਼ੇਸ਼ਣ ਵੀ ‘ਅਮੁਲ’ (ਅੰਤ ਮੁਕਤਾ) ਹੈ ਤੇ ਇਨ੍ਹਾਂ ਨਾਲ ਸੰਬੰਧਿਤ ਕਿਰਿਆਵਾਚੀ ਸ਼ਬਦ ‘ਆਵਹਿ, ਜਾਹਿ, ਸਮਾਹਿ, ਆਖਹਿ, ਕਰਹਿ, ਪਾਹਿ, ਜਾਹਿ’ ਆਦਿ ਵੀ ਬਹੁ ਵਚਨ ਦਾ ਪ੍ਰਤੀਕ ਹਨ ਪਰ ਨਿਰਾਕਾਰ ਪ੍ਰਭੂ (ਇੱਕ ਵਚਨ) ਨਾਲ ਸੰਬੰਧਿਤ ਤਮਾਮ ਨਾਂਵ (ਸ਼ਬਦ) ਇੱਕ ਵਚਨ ਹੀ ਹਨ; ਜਿਵੇਂ: ‘ਧਰਮੁ, ਦੀਬਾਣੁ, ਤੁਲੁ, ਪਰਵਾਣੁ, ਬਖਸੀਸ, ਨੀਸਾਣੁ, ਕਰਮੁ, ਫੁਰਮਾਣੁ’ ਆਦਿ, ਇਸ ਲਈ ਇਨ੍ਹਾਂ ਨਾਲ ਸੰਬੰਧਿਤ ਵਿਸ਼ੇਸ਼ਣ ਵੀ ‘ਅਮੁਲੁ’ (ਅੰਤ ਔਂਕੜ, ਇੱਕ ਵਚਨ) ਹੀ ਹੈ।

(2). ਆਕਾਰ (ਕੁਦਰਤ) ਦਾ ਭਾਗ ਮੰਨੇ ਜਾਂਦੇ ਤਮਾਮ ਅਨਿਸਚਿਤ ਗਿਣਤੀ-ਵਾਚਕ ਵਿਸ਼ੇਸ਼ਣ ਵੀ ਬਹੁ ਵਚਨ ਹੀ ਹਨ; ਜਿਵੇਂ: ‘ਕੇਤੇ, ਏਤੇ, ਹੋਰਿ’ ਤੇ ਪੜਨਾਂਵ ‘ਕੇਈ ਕੇਇ’ ਆਦਿ ਪਰ ਪ੍ਰਮਾਤਮਾ (ਇੱਕ ਵਚਨ) ਨਾਲ ਸੰਬੰਧਿਤ ਕਿਰਿਆ ਵਿਸ਼ੇਸ਼ਣ ਸ਼ਬਦ ਵੀ ‘ਜੇਵਡੁ, ਤੇਵਡੁ’ (ਇੱਕ ਵਚਨ) ਹੀ ਦਰਜ ਕੀਤਾ ਗਿਆ ਹੈ।

(3). ਪਉੜੀ ਦੀ ਸਮਾਪਤੀ ਆਕਾਰ ਰੂਪ ’ਚ ਇੱਕ ਵਚਨ (ਨਾ-ਮਾਤ੍ਰ ਹੀ) ਰੱਖੀ ਗਈ ਹੈ; ਜਿਵੇਂ: ‘ਬੋਲੁ ਵਿਗਾੜੁ’ ਤੇ ‘ਗਾਵਾਰੁ’ (ਅੰਤ ਔਂਕੜ), ਜੋ ਕਰਤੇ ਦੀ ਵਿਆਪਕ ਕੁਦਰਤ ਬਾਰੇ ਤਮਾਮ ਆਕਾਰ (ਬਹੁ ਵਚਨ) ਵਿੱਚੋਂ ਕੇਵਲ ਇੱਕ ਵੀ ਬਿਆਨ ਨਹੀਂ ਕਰ ਸਕਦਾ, ਦੇ ਸੰਕੇਤ ਦਾ ਪ੍ਰਤੀਕ ਹੈ।

ਸੋ, ਪਿਛਲੀ ਪਉੜੀ ਨੰਬਰ 25 ਦਾ ਵਿਸ਼ਾ ‘‘ਕਰਤੇ ਕੈ ਕਰਣੈ, ਨਾਹੀ ਸੁਮਾਰੁ॥’’ ਨੂੰ ਦਿੱਤੀਆਂ ਜਾ ਰਹੀਆਂ ਤਮਾਮ ਦਾਤਾਂ ‘‘ਬਹੁਤਾ ਕਰਮੁ, ਲਿਖਿਆ ਨ ਜਾਇ॥’’ ਬਾਰੇ ਜ਼ਿਕਰ ਸੀ, ਜਿਸ ਦੀ ਸਮਾਪਤੀ ‘‘ਜਿਸ ਨੋ ਬਖਸੇ, ਸਿਫਤਿ ਸਾਲਾਹ ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥੨੫॥’’ ਨਾਲ ਕੀਤੀ ਗਈ ਸੀ ਤੇ ਇਸ ਪਉੜੀ (26) ’ਚ ਰੱਬੀ ਬਖ਼ਸ਼ਸ਼ ਨਾਲ ਮਿਲ ਰਹੀਆਂ ਇਨ੍ਹਾਂ ਤਮਾਮ ਦਾਤਾਂ ਦਾ ਮੁੱਲ, ਕੋਈ ਵੀ ਜੀਵ ਦੁਨਿਆਵੀ ਪਦਾਰਥਾਂ ਨਾਲ ਨਹੀਂ ਪਾ ਸਕਦਾ, ਨਾਲ ਸੰਬੰਧਿਤ ਹੀ ਪਉੜੀ ਦਾ ਵਿਸ਼ਾ ਹੈ।

ਉਕਤ ਪਉੜੀ ’ਚ ਮਨੁੱਖਾ ਦ੍ਰਿਸ਼ਟੀ ਤੋਂ ਜੋ ‘ਦਾਤ’ ਹੈ, ਉਹੀ ਦਾਤਾਰ-ਮਾਲਕ ਦੀ ਦ੍ਰਿਸ਼ਟੀ ਤੋਂ ‘ਗੁਣ’ ਹਨ ਭਾਵ ਮਿਲਣ ਵਾਲ਼ੇ ਲਈ ਜੋ ਦਾਤ ਹੈ, ਦੇਣ ਵਾਲ਼ੇ ਦੇ ਉਹ ਗੁਣ ਅਖਵਾਉਂਦੇ ਹਨ, ਜਿਨ੍ਹਾਂ ਦਾ ਵਰਣਨ ਅਗਲੀ ਪਉੜੀ ’ਚ ਦਰਜ ਹੈ।)

‘‘ਅਮੁਲ ਗੁਣ; ਅਮੁਲ ਵਾਪਾਰ ॥ ਅਮੁਲ ਵਾਪਾਰੀਏ; ਅਮੁਲ ਭੰਡਾਰ ॥’’ ਇਸ ਪੰਕਤੀ ’ਚ ਦਰਜ ‘ਅਮੁਲ’ (ਅੰਤ ਮੁਕਤਾ, ਵਿਸ਼ੇਸ਼ਣ) ਸ਼ਬਦ ਆਪਣੇ ਨਾਲ ਸੰਬੰਧਿਤ ਨਾਂਵ (‘ਗੁਣ, ਵਾਪਾਰ, ਵਾਪਾਰੀਏ ਤੇ ਭੰਡਾਰ’) ਅੰਤ ਮੁਕਤੇ ਭਾਵ ਬਹੁ ਵਚਨ ਸ਼ਬਦਾਂ ਕਾਰਨ ਹੈ। ਗੁਰਬਾਣੀ ਵਿੱਚ ‘ਅਮੁਲ’ (ਅੰਤ ਮੁਕਤਾ, ਵਿਸ਼ੇਸ਼ਣ) ਸ਼ਬਦ ਕੇਵਲ 8 ਵਾਰ ਇਸ ਪਉੜੀ ਵਿੱਚ ਹੀ ਦਰਜ ਹੈ।

ਅਮੁਲ ਗੁਣ, ਅਮੁਲ ਵਾਪਾਰ॥ ਅਮੁਲ ਵਾਪਾਰੀਏ, ਅਮੁਲ ਭੰਡਾਰ॥

ਭਾਵ- (ਦਾਤਾਰ ਦੇ) ਗੁਣ ਬਹੁ ਕੀਮਤੀ ਹਨ (ਜੋ, ਅਣਮੰਗਿਆਂ ਮਿਲੀ ਦਾਤ ਜਾਂ ਦੁਨਿਆਵੀ ਭੇਟਾ ਨਾਲ਼ ਨਹੀਂ ਮਿਲਦੇ ‘‘ਕੰਚਨ ਸਿਉ (ਸੋਨੇ ਨਾਲ਼); ਪਾਈਐ ਨਹੀਂ ਤੋਲਿ (ਕੇ) ॥’’ ਇਸ ਲਈ ‘‘ਮਨੁ ਦੇ (ਕੇ), ਰਾਮੁ ਲੀਆ ਹੈ ਮੋਲਿ ॥’’ ਭਗਤ ਕਬੀਰ/੩੨੭) ਇਨ੍ਹਾਂ ਅਮੋਲਕ ਗੁਣਾਂ ਦਾ) ਵਣਜ-ਵਪਾਰ ਵੀ ਬਹੁ ਕੀਮਤੀ ਹੈ (ਭਾਵ ਦੁਨਿਆਵੀ ਵਣਜ-ਵਪਾਰ ਦੇ ਮੁਕਾਬਲੇ ਇਹ ਵਪਾਰ ਵਿਲੱਖਣ ਤੇ ਮਹਿੰਗਾ ਹੈ, ਜਿਸ ਨੂੰ ਨਾਸਮਝ ਨਹੀਂ ਕਮਾ ਸਕਦਾ) ਇਸ ਵਪਾਰ ਨੂੰ ਕਰਨ ਵਾਲ਼ੇ (ਰੱਬੀ ਭਗਤ) ਅਮੋਲਕ ਜੀਵਨ ਵਾਲ਼ੇ ਹੁੰਦੇ ਹਨ (ਭਾਵ ਜਿਸ ਨੇ ਇਹ ਵਪਾਰ ਕੀਤਾ ਉਹ ‘ਕਿਰਦਾਰ’ ਦੁਨਿਆਵੀ ਦਾਤ ਨਾਲ਼ ਵਿਕਦਾ ਨਹੀਂ ਕਿਉਂਕਿ ਉਨ੍ਹਾਂ ਪਾਸ) ਕੀਮਤੀ ਖ਼ਜ਼ਾਨੇ (ਮਤਿ ਵਿਚਿ; ਰਤਨ ਜਵਾਹਰ ਮਾਣਿਕ.. ॥) ਹੁੰਦੇ ਹਨ।

‘‘ਅਮੁਲ ਆਵਹਿ; ਅਮੁਲ ਲੈ ਜਾਹਿ ॥ ਅਮੁਲ ਭਾਇ; ਅਮੁਲਾ ਸਮਾਹਿ ॥’’ ਇਨ੍ਹਾਂ ਪੰਕਤੀਆਂ ’ਚ ਦਰਜ ‘ਅਮੁਲ’ (ਅੰਤ ਮੁਕਤਾ, ਵਿਸ਼ੇਸ਼ਣ) ਤੇ ‘ਆਵਹਿ, ਜਾਹਿ, ਸਮਾਹਿ’ (ਵਰਤਮਾਨ, ਬਹੁ ਵਚਨ ਕਿਰਿਆ) ਆਦਿ ਸ਼ਬਦ ਸਪਸ਼ਟ ਕਰਦੇ ਹਨ ਕਿ ਆਕਾਰ ਰੂਪ ’ਚ ਬਹੁ ਵਚਨ ਨਾਂਵਾਂ ਨਾਲ ਸੰਬੰਧਿਤ ਵਿਸ਼ਾ ਹੈ। ਧਿਆਨ ਰਹੇ ਕਿ ਉਪਰੋਕਤ ਵੀਚਾਰ ਕੀਤੀਆਂ ਜਾ ਚੁੱਕੀਆਂ ਚਾਰੇ ਹੀ ਪੰਕਤੀਆਂ ਬਹੁ ਵਚਨ ਨਾਂਵ (ਆਕਾਰ) ਨਾਲ ਸੰਬੰਧਿਤ ਵਿਸ਼ੇ ਅਧੀਨ ਹਨ।

ਅਮੁਲ ਆਵਹਿ, ਅਮੁਲ ਲੈ ਜਾਹਿ॥ ਅਮੁਲ ਭਾਇ, ਅਮੁਲਾ ਸਮਾਹਿ॥

ਭਾਵ- (ਰੱਬੀ ਆਸ਼ਕ, ਇਨ੍ਹਾਂ) ਕੀਮਤੀ (ਗੁਣਾਂ ਨੂੰ ਖ਼ਰੀਦਣ ਲਈ ਧਰਤੀ ’ਤੇ) ਆਉਂਦੇ ਹਨ, ਇਹ ਕੀਮਤੀ ਵਪਾਰ ਲੈ (ਇਕੱਠਾ ਕਰ) ਕੇ (ਸਮਾਜ ’ਚ) ਵਿਚਰਦੇ ਹਨ (ਅੰਤ ਨੂੰ) ਬਹੁਮੁੱਲੇ ਰੱਬੀ ਪ੍ਰੇਮ ਕਾਰਨ ਅਮੋਲਕ ਗੁਣਾਂ ਦੇ ਸਰੋਤ (ਦਾਤਾਰ) ’ਚ ਲੀਨ ਹੋ ਜਾਂਦੇ ਹਨ (ਜਿਵੇਂ ਸੂਰਜ ਦੀਆਂ ਕਿਰਣਾਂ ਜਾਂ ਨਦੀਆਂ ਤੇ ਨਾਲੇ, ਮੁੜ ਪਾਣੀ (ਸਮੁੰਦਰ) ’ਚ ਅਭੇਦ ਹੋ ਜਾਂਦੇ ਹਨ, ‘‘ਸੂਰਜ ਕਿਰਣਿ ਮਿਲੇ; ਜਲ ਕਾ ਜਲੁ ਹੂਆ ਰਾਮ ॥’’ (ਮਹਲਾ ੫/੮੪੬), ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥ ਜਪੁ)।

‘‘ਅਮੁਲੁ ਧਰਮੁ; ਅਮੁਲੁ ਦੀਬਾਣੁ ॥ ਅਮੁਲੁ ਤੁਲੁ; ਅਮੁਲੁ ਪਰਵਾਣੁ ॥’’-ਇਨ੍ਹਾਂ 2 ਪੰਕਤੀਆਂ ਸਹਿਤ ਅਗਲੀਆਂ 4 ਪੰਕਤੀਆਂ ਵਿੱਚ ਸਾਰੇ ਹੀ ਸ਼ਬਦ ਇੱਕ ਵਚਨ (ਅਦ੍ਰਿਸ਼ ਪ੍ਰਭੂ) ਨਾਲ ਸੰਬੰਧਿਤ ਹੋਣ ਕਾਰਨ ‘ਅੰਤ ਔਂਕੜ’ ਸਮੇਤ ਹਨ। ‘ਅਮੁਲੁ’ (ਅੰਤ ਔਂਕੜ, ਵਿਸ਼ੇਸ਼ਣ) ਸ਼ਬਦ ਗੁਰਬਾਣੀ ਵਿੱਚ 10 ਵਾਰ ਦਰਜ ਹੈ ਜਿਸ ਵਿੱਚੋਂ 9 ਵਾਰ ਸੰਬੰਧਿਤ ਪਉੜੀ ਵਿੱਚ ਤੇ ਕੇਵਲ ਇੱਕ ਵਾਰ ਗੁਰੂ ਅਮਰਦਾਸ ਜੀ ਨੇ ‘ਆਸਾ’ ਰਾਗ ’ਚ ਵਰਤਿਆ ਹੈ; ਜਿਵੇਂ: ‘‘ਨਾਮੁ ਪਦਾਰਥੁ ‘ਅਮੁਲੁ’ ਸਾ (ਸੀ), ਗੁਰਮੁਖਿ ਪਾਵੈ ਕੋਈ ॥’’ (ਮ: ੩/੪੨੫) ਭਾਵ ਇਸ ਪੰਕਤੀ ’ਚ ਵੀ ‘ਅਮੁਲੁ’ ਰੱਬੀ ਨਾਮ (ਇੱਕ ਵਚਨ) ਨਾਲ ਸੰਬੰਧਿਤ ਹੋਣ ਕਾਰਨ ਹੀ ‘ਅੰਤ ਔਂਕੜ’ ਸਹਿਤ ਹੈ।

‘ਧਰਮੁ, ਦੀਬਾਣੁ, ਤੁਲੁ, ਪਰਵਾਣੁ’ ਸ਼ਬਦ ਇੱਕ ਦੂਸਰੇ ਨਾਲ ਸੰਬੰਧਿਤ ਭਾਵਾਰਥ ਦੇਂਦੇ ਹਨ ਭਾਵ ‘ਧਰਮੁ’ ਸੰਵਿਧਾਨ (ਕਨੂੰਨ, ਵਿਵਸਥਾ, ਨਿਯਮ, ਇਨਸਾਫ਼) ਹੈ, ‘ਦੀਬਾਣੁ’ ਕਚਹਿਰੀ (ਅਦਾਲਤ, ਇਨਸਾਫ਼ ਦਾ ਘਰ) ਹੈ, ‘ਤੁਲੁ’ ਇਨਸਾਫ਼ ਦਾ ਤਰਾਜ਼ੂ (ਤੱਕੜੀ) ਹੈ ਤੇ ‘ਪਰਵਾਣੁ’ ਇਨਸਾਫ਼ ਦਾ ਵੱਟਾ (ਪੈਮਾਨਾ, ਮਾਪਦੰਡ, ਕਸੌਟੀ) ਹੈ, ਜਿਸ ਨਾਲ ਮਨੁੱਖਾ ਜੀਵਨ ਦੀ ਪਰਖ (ਜਾਂਚ, ਛਾਣ-ਬੀਣ) ਕੀਤੀ ਜਾਂਦੀ ਹੈ।

ਗੁਰਬਾਣੀ ਵਿੱਚ ‘ਧਰਮੁ’ ਸ਼ਬਦ 103 ਵਾਰ ਦਰਜ ਹੈ; ਜਿਵੇਂ: ‘‘ਧੌਲੁ ‘ਧਰਮੁ’ ਦਇਆ ਕਾ ਪੂਤੁ ॥’’ (ਜਪੁ /ਮ: ੧) ਆਦਿ। ‘ਜਪੁ’ ਬਾਣੀ ਦੀ ਪਉੜੀ ਨੰਬਰ 34 ਭਾਵ ‘‘ਧਰਮ ਖੰਡ ਕਾ ਏਹੋ ਧਰਮੁ ॥’’ (ਜਪੁ /ਮ: ੧) ਵਿੱਚ ਵੀ ‘ਧਰਮ’ (ਰੱਬੀ ਕਨੂੰਨ) ਦੇ ਵਿਆਪਕ ਵਿਸਥਾਰ ਨਾਲ ਸੰਬੰਧਿਤ ਵਿਸ਼ਾ ਹੀ ਦਰਜ ਹੈ, ਜਿਸ (ਕਨੂੰਨ) ਦੀ ਪਰਖ (ਕਸੌਟੀ) ਵਾਲੀ ਜਗ੍ਹਾ ਭਾਵ ਰੱਬੀ ਅਦਾਲਤ ਲਈ ਵੀ ਗੁਰਬਾਣੀ ਵਿੱਚ ‘ਦੀਬਾਣੁ’ (‘ਹਜੂਰੀ’ ਜਾਂ ‘ਹਜੂਰਿ, ਹਦੂਰਿ’ ਆਦਿ) ਸ਼ਬਦ ਦਰਜ ਕੀਤੇ ਗਏ ਹਨ; ਜਿਵੇਂ: ‘‘ਚੰਗਿਆਈਆ ਬੁਰਿਆਈਆ; ਵਾਚੈ ਧਰਮੁ, ‘ਹਦੂਰਿ’ (ਵਿੱਚ ਭਾਵ ‘ਦੀਬਾਣਿ’ ਵਿੱਚ)॥’’ (ਜਪੁ /ਮ: ੧)

(ਨੋਟ: ਧਿਆਨ ਰਹੇ ਕਿ ਉਕਤ ਪੰਕਤੀ (‘‘ਵਾਚੈ ਧਰਮੁ, ਹਦੂਰਿ॥’’) ’ਚ ਦਰਜ ‘ਧਰਮੁ’ ਸ਼ਬਦ ਦੇ ਪ੍ਰਚੱਲਤ ਅਰਥ ‘ਧਰਮਰਾਜ’ ਕੀਤੇ ਜਾਂਦੇ ਹਨ ਜੋ ਕਿ ਦਰੁਸਤ ਨਹੀਂ ਜਾਪਦੇ ਕਿਉਂਕਿ ਇਸ ਪੰਕਤੀ ’ਚ ਸ਼ਬਦ ‘ਵਾਚੈ’ (ਪਰਖਦਾ ਹੈ, ਇੱਕ ਵਚਨ ਪੁਲਿੰਗ ਵਰਤਮਾਨ ਕਿਰਿਆ) ਹੈ ਜਦਕਿ ‘ਧਰਮਰਾਜ’ ਭਵਿੱਖ ਕਾਲ ਦੇ ਪ੍ਰਤੀਕ ਦਾ ਸੰਕੇਤ ਹੈ। ਇਸ ਦੀ ਵਿਸਥਾਰ ਨਾਲ ਵੀਚਾਰ ਸੰਬੰਧਿਤ ‘ਸਲੋਕ’ ’ਚ ਹੀ ਕੀਤੀ ਜਾਵੇਗੀ।)

ਗੁਰਬਾਣੀ ਵਿੱਚ ‘ਦੀਬਾਣੁ’ (ਦਰਬਾਰ, ਅਦਾਲਤ) ਸ਼ਬਦ 29 ਵਾਰ ਦਰਜ ਹੈ; ਜਿਵੇਂ : ‘‘ਸਚਾ ਤੇਰਾ ਅਮਰੁ; ਸਚਾ ਦੀਬਾਣੁ ॥’’ (ਮ: ੧/੪੬੩) ਭਾਵ ਹੇ ਪ੍ਰਭੂ ! ਤੇਰਾ ‘ਅਮਰੁ’ (ਹੁਕਮ, ‘ਧਰਮੁ’, ਕਨੂੰਨ) ਵੀ ਅਟੱਲ ਹੈ ਤੇ ‘ਦੀਬਾਣੁ’ ਵੀ ਅਟੱਲ ਹੈ, ਜਿੱਥੇ ਤੇਰੇ ਕਨੂੰਨ (‘ਅਮਰੁ’, ਹੁਕਮ) ਦੀ ਕਸੌਟੀ ’ਤੇ ਦੁਨਿਆਵੀ ਮਨੁੱਖਾ ਜੀਵਨ ਲਗਾਏ ਜਾਂਦੇ ਹਨ।

ਗੁਰਬਾਣੀ ਲਿਖਤ ਅਨੁਸਾਰ ਜਦ ‘ਅਦਾਲਤ ਵਿੱਚ’ ਦੇ ਅਰਥ ਲੈਣੇ ਹੋਣ ਤਾਂ ‘ਦੀਬਾਣੁ’ (ਅੰਤ ਔਂਕੜ) ਸ਼ਬਦ ਦਾ ਸਰੂਪ ‘ਦੀਬਾਣਿ’ (ਅੰਤ ਸਿਹਾਰੀ) ਬਣ ਜਾਂਦਾ ਹੈ; ਜਿਵੇਂ 6 ਵਾਰ:

‘‘ਸਚੈ ਦੈ ਦੀਬਾਣਿ (ਵਿੱਚ); ਕੂੜਿ (ਨਾਲ) ਨ ਜਾਈਐ ॥’’ (ਮ: ੧/੧੪੬)

‘‘ਖੋਟੇ ਖਰੇ ਪਰਖੀਅਨਿ; ਸਾਹਿਬ ਕੈ ਦੀਬਾਣਿ (ਵਿੱਚ) ॥’’ (ਮ: ੧/੭੮੯)

‘‘ਸਦਾ ਧਰਮੁ (ਇਨਸਾਫ਼ ਹੁੰਦਾ); ਜਾ ਕੈ ਦੀਬਾਣਿ (ਵਿੱਚ)॥’’ (ਮ: ੫/੯੮੭), ਆਦਿ।

ਗੁਰਬਾਣੀ ਵਿੱਚ ‘ਤੁਲੁ’ (ਤੱਕੜੀ) ਸ਼ਬਦ ਸੰਬੰਧਿਤ ਪੰਕਤੀ ਤੋਂ ਇਲਾਵਾ ਇੱਕ ਵਾਰ ਹੋਰ ‘ਪਰਵਾਣੁ’ (ਵੱਟਾ) ਸ਼ਬਦ ਨਾਲ ਹੀ ਸੰਬੰਧਿਤ ਦਰਜ ਹੈ; ਜਿਵੇਂ: ‘‘ਆਪੇ ਕੀਮਤਿ ਪਾਇਦਾ ਪਿਆਰਾ; ਆਪੇ ‘ਤੁਲੁ’ (ਤੇ) ‘ਪਰਵਾਣੁ’ ॥’’ (ਮ: ੪/੬੦੬) ਅਤੇ ‘ਪਰਵਾਣੁ’ ਸ਼ਬਦ 126 ਵਾਰ ਦਰਜ ਹੈ; ਜਿਵੇਂ: ‘‘ਆਏ ਸੇ ‘ਪਰਵਾਣੁ’ ਹੈ; ਸਭ ਕੁਲ ਕਾ ਕਰਹਿ ਉਧਾਰੁ ॥’’ (ਮ: ੩/੬੬) ਆਦਿ।

ਅਮੁਲੁ ਧਰਮੁ, ਅਮੁਲੁ ਦੀਬਾਣੁ॥ ਅਮੁਲੁ ਤੁਲੁ, ਅਮੁਲੁ ਪਰਵਾਣੁ॥

ਭਾਵ- (ਰੱਬੀ ਗੁਣ ਰੂਪ ਅਸੂਲ) ਨਿਯਮ ਵਿਕਦਾ ਨਹੀਂ, ਰੱਬੀ ਇਨਸਾਫ਼-ਘਰ (ਕਿਰਦਾਰ ਨੂੰ ਪਰਖਣ ਵਾਲ਼ਾ ਮਾਪ-ਦੰਡ ਵੀ) ਬਹੁ ਕੀਮਤੀ ਹੈ, ਜਿੱਥੇ ਬਹੁਮੁੱਲੀ ਤਰਾਜ਼ੂ ਤੇ ਅਮੋਲਕ ਵੱਟਾ ਹੈ (ਭਾਵ ਫ਼ੈਸਲਾ ਪਾਰਦਰਸ਼ੀ ਤੇ ਦੁਬਿਧਾ ਰਹਿਤ ਹੁੰਦਾ ਹੈ, ‘‘ਅਹਿ ਕਰੁ (ਇਹ ਹੱਥ) ਕਰੇ, ਸੁ ਅਹਿ ਕਰੁ (ਹੀ) ਪਾਏ; ਕੋਈ ਨ ਪਕੜੀਐ, ਕਿਸੈ ਥਾਇ (ਕਿਸੇ ਦੇ ਬਦਲੇ) ॥’’ ਮਹਲਾ ੫/੪੦੬)।

‘‘ਅਮੁਲੁ ਬਖਸੀਸ; ਅਮੁਲੁ ਨੀਸਾਣੁ ॥ ਅਮੁਲੁ ਕਰਮੁ; ਅਮੁਲੁ ਫੁਰਮਾਣੁ ॥’’- ਇਨ੍ਹਾਂ (ਇੱਕ ਵਚਨ ਅਦ੍ਰਿਸ਼ ਵਿਸ਼ੇ ਨਾਲ ਸੰਬੰਧਿਤ) ਪੰਕਤੀਆਂ ’ਚ ‘ਬਖਸੀਸ’ (ਇਸਤ੍ਰੀ ਲਿੰਗ) ਸ਼ਬਦ ਹੋਣ ਕਾਰਨ ਇਸ ਨਾਲ ਸੰਬੰਧਿਤ ਵਿਸ਼ੇਸ਼ਣ ਸ਼ਬਦ ‘ਅਮੁਲੁ’ (ਅੰਤ ਔਂਕੜ) ਦੀ ਬਜਾਏ ‘ਅਮੁਲ’ (ਅੰਤ ਮੁਕਤਾ) ਹੋਣਾ ਚਾਹੀਦਾ ਸੀ।

(ਨੋਟ: ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ ‘ਅਮੁਲੁ ਬਖਸੀਸ’ ਸ਼ਬਦਾਂ ਨੂੰ ਅਲੱਗ-ਅਲੱਗ ਕਰਕੇ ਭਾਵ ‘ਅਮੁਲੁ’ ਨੂੰ ‘ਬਖਸੀਸ’ (ਇਸਤ੍ਰੀ ਲਿੰਗ) ਦਾ ਵਿਸ਼ੇਸ਼ਣ ਨਾ ਮੰਨ ਕੇ ਇਉਂ ਅਰਥ ਕੀਤੇ ਹਨ : (ਕਰਤਾ ਪੁਰਖ ਦਾ) ‘ਬਖਸ਼ੀਸ਼ ਵਜੋਂ ਦਿੱਤਾ ਹਰੇਕ ‘ਦਾਨ ਅਮੋਲਕ’ ਹੈ।’ ਇਹ ਅਰਥ ਵਿਆਕਰਨ ਨਿਯਮਾਂ ਅਨੁਸਾਰ ਦਰੁਸਤ ਜਾਪਦੇ ਹਨ ਪਰ ਉਪਰੋਕਤ ਤੋਂ ਚੱਲੀ ਆ ਰਹੀ ਤਰਤੀਬ ਤੋਂ ਹੱਟ ਕਰ ‘ਅਮੁਲੁ’ ਨੂੰ ‘ਬਖਸੀਸ’ (ਇਸਤ੍ਰੀ ਲਿੰਗ) ਦੀ ਬਜਾਏ ‘ਦਾਨੁ’ (ਇੱਕ ਵਚਨ ਪੁਲਿੰਗ ਨਾਂਵ) ਦਾ ਵਿਸ਼ੇਸ਼ਣ ਬਣਾਉਣਾ ਪਿਆ ਹੈ।)

‘ਬਖਸੀਸ, ਨੀਸਾਣੁ, ਕਰਮੁ, ਫੁਰਮਾਣੁ’ ਸ਼ਬਦ ਵੀ ਇੱਕ ਦੂਸਰੇ ਨਾਲ ਸੰਬੰਧਿਤ ਭਾਵਾਰਥ ਦੇਂਦੇ ਹਨ ਭਾਵ ‘ਬਖਸੀਸ’ (ਮਿਹਰ-ਦ੍ਰਿਸ਼ਟੀ) ਰਾਹੀਂ ਪ੍ਰਾਪਤ ਕੀਤੀ ਗਈ ਦਾਤ ਦਾ ‘ਨੀਸਾਣੁ’ (ਚਿੰਨ੍ਹ) ਪੈਂਦਾ ਹੈ ਤੇ ‘ਫੁਰਮਾਣੁ’ (ਹੁਕਮ) ਰਾਹੀਂ ਹੀ ‘ਕਰਮੁ’ (ਫ਼ਜ਼ਲ, ਬਖ਼ਸ਼ਸ਼, ਪ੍ਰਸਾਦ) ਹੁੰਦਾ ਹੈ।

ਗੁਰਬਾਣੀ ਵਿੱਚ ‘ਬਖਸੀਸ’ 11 ਵਾਰ ਦਰਜ ਹੈ; ਜਿਵੇਂ :

‘‘ਇਕਨਾ ਹੁਕਮੀ ‘ਬਖਸੀਸ’; ਇਕਿ ਹੁਕਮੀ ਸਦਾ ਭਵਾਈਅਹਿ ॥’’ (ਜਪੁ /ਮ: ੧)

‘‘ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ‘ਬਖਸੀਸ’ ॥’’ (ਮ: ੧/੧੫), ਆਦਿ।

ਗੁਰਬਾਣੀ ਵਿੱਚ ‘ਨੀਸਾਣੁ’ 41 ਵਾਰ ਦਰਜ ਹੈ; ਜਿਵੇਂ :

‘‘ਨਦਰੀ ਕਰਮਿ (ਨਾਲ), ਪਵੈ ‘ਨੀਸਾਣੁ’ ॥’’ (ਜਪੁ /ਮ: ੧)

‘‘ਸਚਾ ਤੇਰਾ ਕਰਮੁ (ਫ਼ਜ਼ਲ, ਪ੍ਰਸਾਦ); ਸਚਾ (ਉਸ ਦਾ) ‘ਨੀਸਾਣੁ’ ॥’’ (ਮ: ੧/੪੬੩), ਆਦਿ।

ਗੁਰਬਾਣੀ ਵਿੱਚ ‘ਕਰਮੁ’ ਕੁਲ 99 ਵਾਰ ਦਰਜ ਵਿੱਚੋਂ ਜ਼ਿਆਦਾਤਰ ਵਾਰ; ਜਿਵੇਂ :

‘‘ਬਹੁਤਾ ਕਰਮੁ (ਫ਼ਜ਼ਲ, ਕਿਰਪਾ), ਲਿਖਿਆ ਨਾ ਜਾਇ ॥’’ (ਜਪੁ /ਮ: ੧)

‘‘ਕਰਮੁ (ਪ੍ਰਸਾਦ, ਮਿਹਰ) ਹੋਵੈ, ਸਤਿਗੁਰੂ ਮਿਲਾਏ ॥’’ (ਮ: ੩/੧੦੯) ਆਦਿ।

ਗੁਰਬਾਣੀ ਵਿੱਚ ‘ਫੁਰਮਾਣੁ’ 7 ਵਾਰ ਤੇ ‘ਫੁਰਮਾਨੁ’ ਵੀ 7 ਵਾਰ ਦਰਜ ਹੈ; ਜਿਵੇਂ :

‘‘ਜਿਵ ਤਿਸੁ ਭਾਵੈ, ਤਿਵੈ ਚਲਾਵੈ; ਜਿਵ ਹੋਵੈ, ‘ਫੁਰਮਾਣੁ’ ॥’’ (ਜਪੁ /ਮ: ੧)

‘‘ਮੇਘੈ (ਬੱਦਲ) ਨੋ ‘ਫੁਰਮਾਨੁ’ ਹੋਆ, ਵਰਸਹੁ ਕਿਰਪਾ ਧਾਰਿ (ਕੇ)॥’’ (ਮ: ੩/੧੨੮੫) ਆਦਿ।

ਅਮੁਲ ਬਖਸੀਸ, ਅਮੁਲੁ ਨੀਸਾਣੁ॥ ਅਮੁਲੁ ਕਰਮੁ, ਅਮੁਲੁ ਫੁਰਮਾਣੁ॥ 

ਭਾਵ- (ਰੱਬੀ ਆਸ਼ਕਾਂ ’ਤੇ ਹੁੰਦੀ) ਮਿਹਰ ਬਹੁ ਕੀਮਤੀ ਹੈ (‘‘ਜਿਸ ਨੋ ਬਖਸੇ, ਸਿਫਤਿ ਸਾਲਾਹ॥’’ ਦਾ ਚਿੰਨ੍ਹ-) ਛਾਪ ਅਮਿੱਟ ਹੈ (ਕਿਉਂਕਿ) ਅਮੋਲਕ ਪ੍ਰਸਾਦ (ਫ਼ਜ਼ਲ, ਬਖ਼ਸ਼ਸ਼) ਕਰਨ ਵਾਲ਼ਾ ਰੱਬੀ ਹੁਕਮ ਹੀ ਅਮੋੜ ਹੈ (ਭਾਵ ਰੱਬੀ ਮਿਹਰ ਜਦ ਹੁੰਦੀ ਹੈ ਤਾਂ ਕੋਈ ਰੁਕਾਵਟ ਨਹੀਂ ਖੜ੍ਹੀ ਕਰ ਸਕਦਾ, ‘‘ਕਰਮਿ ਮਿਲੈ; ਨਾਹੀ ਠਾਕਿ ਰਹਾਈਆ ॥’’ ਸੋ ਦਰੁ, ਆਸਾ /ਮ: ੧)

‘‘ਅਮੁਲੋ ਅਮੁਲੁ; ਆਖਿਆ ਨ ਜਾਇ ॥ ਆਖਿ ਆਖਿ ਰਹੇ; ਲਿਵ ਲਾਇ ॥’’- ਉਪਰੋਕਤ ਵੀਚਾਰੀਆਂ ਗਈਆਂ 4 ਪੰਕਤੀਆਂ ਆਕਾਰ (ਬਹੁ ਵਚਨ) ਨਾਲ ਸੰਬੰਧਿਤ ਸਨ ਤੇ 4 ਪੰਕਤੀਆਂ ਨਿਰਾਕਾਰ (ਇੱਕ ਵਚਨ) ਨਾਲ ਸੰਬੰਧਿਤ ਸਨ। ਪਰ ਇਨ੍ਹਾਂ ਪੰਕਤੀਆਂ ’ਚ ਦੋਵੇਂ ਪਾਸਿਆਂ ਨੂੰ ਮਿਲਾ ਕੇ ਬਿਆਨ ਕੀਤਾ ਗਿਆ (ਦੋ ਵਾਰ ‘ਅਮੁਲੋ ਅਮੁਲੁ’) ਵਿਸ਼ਾ, ਜੋ ਰੱਬੀ ਨਿਯਮ (ਬਖ਼ਸ਼ਸ਼) ਦੇ ਮੁਕਾਬਲੇ ਸਭ ਕੁਝ ਅਧੂਰੇਪਨ ਨੂੰ ਬਿਆਨ ਕਰਦਾ ਹੈ; ਜਿਵੇਂ ਰੱਬੀ ‘ਅਮੋਲਕ ਦਾਤ’ ਪ੍ਰਤੀ: ‘‘ਆਖਿ ਆਖਿ ਲਿਵ ਲਾਇ ਰਹੇ॥’’-ਇਸ ਤੁੱਕ ’ਚ ਕਿਰਿਆ ਵਿਸ਼ੇਸ਼ਣ ‘ਆਖਿ ਆਖਿ ਲਾਇ’ ਭਾਵ (ਮੂੰਹੋਂ ਕੁਝ) ਆਖ-ਆਖ ਕੇ, (ਤੇ ਚੁੱਪ ਧਾਰ-ਧਾਰ ਕੇ ਭਾਵ ਲਿਵ) ਲਾ-ਲਾ ਕੇ’ ਰਹੇ (ਅਸਮਰੱਥ ਹੋ ਗਏ) ਨੂੰ ਬਿਆਨ ਕਰਦਾ ਹੈ।

ਅਮੁਲੋ ਅਮੁਲੁ, ਆਖਿਆ ਨ ਜਾਇ॥ ਆਖਿ ਆਖਿ ਰਹੇ, ਲਿਵ ਲਾਇ॥

ਭਾਵ- (ਉਕਤ ਦਿੱਤੀਆਂ ਗਈਆਂ ਮਿਸਾਲਾਂ ਤੋਂ ਇਲਾਵਾ ਰੱਬੀ ਗੁਣਾਂ ’ਚ ਹੋਰ ਬਹੁਤ ਕੁੱਝ ਵੀ) ਅਮੋਲਕ ਹੀ ਅਮੋਲਕ ਹੈ (ਜਿਸ ਬਾਰੇ ਪੂਰਾ) ਅਨੁਮਾਨ ਨਹੀਂ ਲੱਗ ਸਕਦਾ। ਇਕਾਗਰ ਚਿੱਤ ਹੋ ਕੇ (ਭਗਤ, ਇਨ੍ਹਾਂ ਗੁਣਾਂ ਨੂੰ) ਬਿਆਨ ਕਰ-ਕਰ ਕੇ ਥੱਕ ਗਏ (ਭਾਵ ਸੁਆਸ ਖ਼ਤਮ ਹੋ ਗਏ ਪਰ ਪੂਰਨ ਕਿਆਸ ਨਾ ਲਗਾ ਸਕੇ)।

(ਨੋਟ: ਉਪਰੋਕਤ ਪੰਕਤੀ ’ਚ ਬਿਆਨ ਕੀਤੀ ਗਈ ‘ਅਸਚਰਜ ਅਵਸਥਾ’ ਬਾਰੇ ਅਨੁਭਵੀ ਮਨੁੱਖਾਂ ਦੁਆਰਾ ਲਿਖੀਆਂ (ਮੰਨੀਆਂ) ਗਈਆਂ ਧਾਰਮਿਕ ਪੁਸਤਕਾਂ ਜਾਂ ਜ਼ਬਾਨੀ-ਕਲਾਮੀ ਸੁਣ-ਸੁਣ ਕੇ ਅਨੰਦ ਮਾਣ-ਮਾਣ ਕੇ ਸਮਾਜ ਲਈ ਆਦਰਸ਼ ਬਣੇ (ਮੰਨੇ ਗਏ) ਮਨੁੱਖਾਂ ਬਾਰੇ ਸੰਕੋਚ ਮਾਤ੍ਰ ਅਗਾਂਹ 8 ਪੰਕਤੀਆਂ ’ਚ ਵਰਨਣ ਕੀਤਾ ਗਿਆ ਹੈ।)

‘‘ਆਖਹਿ; ਵੇਦ ਪਾਠ ਪੁਰਾਣ ॥ ਆਖਹਿ; ਪੜੇ ਕਰਹਿ ਵਖਿਆਣ ॥ ਆਖਹਿ; ਬਰਮੇ ਆਖਹਿ ਇੰਦ ॥ ਆਖਹਿ; ਗੋਪੀ ਤੈ ਗੋਵਿੰਦ ॥’’-ਇਨ੍ਹਾਂ ਪੰਕਤੀਆਂ ’ਚ ਤਮਾਮ ‘ਨਾਂਵ’ (‘ਵੇਦ, ਪਾਠ, ਪੁਰਾਣ, ਪੜ੍ਹੇ ਭਾਵ ਵਿਦਵਾਨ, ਬਰਮੇ, ਇੰਦ, ਗੋਪੀ, ਗੋਵਿੰਦ’ ਆਦਿ) ਤੇ ‘ਕਿਰਿਆ’ (‘ਆਖਹਿ, ਕਰਹਿ’ ਆਦਿ) ਸ਼ਬਦ ਬਹੁ ਵਚਨ ਹੋਣ ਕਾਰਨ ‘ਆਕਾਰ, ਦ੍ਰਿਸ਼ਟਮਾਨ’ ਨਾਲ ਸੰਬੰਧਿਤ ਵਿਸ਼ਾ ਹੈ ਪਰ ਕਿਸੇ ਇੱਕ ਖ਼ਾਸ ਫ਼ਿਰਕੇ (ਜਾਤੀ ਸੰਪਰਦਾਇ) ਨਾਲ ਜੋੜਨਾ ਉਚਿਤ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਦੇ ਤਮਾਮ (ਇੱਕ ਵਚਨ) ਦੇਵਤਿਆਂ ਨੂੰ ਇਸ ਪੰਕਤੀ ’ਚ ਬਹੁ ਵਚਨ ਮੰਨਿਆ ਗਿਆ ਹੈ; ਜਿਵੇਂ ‘ਜਪੁ’ ਬਾਣੀ ਦੀ ‘ਗਿਆਨ ਖੰਡ’ ਵਾਲੀ ਪਉੜੀ ਨੰਬਰ 35 ’ਚ ਵਰਨਣ ਕੀਤਾ ਹੋਇਆ ਹੈ: ‘‘ਕੇਤੇ ਕਾਨ (ਕ੍ਰਿਸ਼ਨ) ਮਹੇਸ ॥ ਕੇਤੇ ਬਰਮੇ, ਘਾੜਤਿ ਘੜੀਅਹਿ.. ॥… ਕੇਤੇ ਇੰਦ, ਚੰਦ ਸੂਰ ਕੇਤੇ… ॥ ਕੇਤੇ; ਸਿਧ, ਬੁਧ, ਨਾਥ ਕੇਤੇ; ਕੇਤੇ ਦੇਵੀ ਵੇਸ ॥ ਕੇਤੇ ਦੇਵ, ਦਾਨਵ, ਮੁਨਿ ਕੇਤੇ…॥੩੫॥ ਆਦਿ।)

ਆਖਹਿ; ਵੇਦ, ਪਾਠ, ਪੁਰਾਣ॥ ਆਖਹਿ ਪੜੇ, ਕਰਹਿ ਵਖਿਆਣ॥  ਆਖਹਿ ਬਰਮੇ, ਆਖਹਿ ਇੰਦ॥ ਆਖਹਿ ਗੋਪੀ ਤੈ ਗੋਵਿੰਦ॥

ਭਾਵ- (ਅਜਿਹੇ ਵਿਚਾਰ) ਅਨੇਕਾਂ ਸਨਾਤਨੀ ਪੁਸਤਕਾਂ (ਵੇਦ, ਪੁਰਾਣ ਆਦਿਕ) ਦੇ ਪਾਠਾਂ ਰਾਹੀਂ (ਪੰਡਿਤ) ਆਖਦੇ ਹਨ; ਪੜ੍ਹੇ ਲਿਖੇ ਵਿਦਵਾਨ ਵੀ (ਰੱਬੀ ਗੁਣਾਂ ਦਾ) ਵਰਣਨ ਕਰਦੇ ਹਨ।ਅਣਗਿਣਤ ਬ੍ਰਹਮੇ, ਕਈ ਇੰਦਰ, ਅਨੇਕਾਂ ਗੋਪੀਆਂ ਅਤੇ ਬੇਅੰਤ ਕਿ੍ਰਸ਼ਨ (ਇਤਿਆਦਿਕ ਵੀ ਇਨ੍ਹਾਂ ਰੱਬੀ ਗੁਣਾਂ ਬਾਰੇ) ਆਖਦੇ ਹਨ।

‘‘ਆਖਹਿ ਈਸਰ; ਆਖਹਿ ਸਿਧ ॥ ਆਖਹਿ; ਕੇਤੇ ਕੀਤੇ ਬੁਧ ॥ ਆਖਹਿ ਦਾਨਵ; ਆਖਹਿ ਦੇਵ ॥ ਆਖਹਿ; ਸੁਰਿ ਨਰ, ਮੁਨਿ ਜਨ, ਸੇਵ ॥’’ ਉਪਰੋਕਤ ਬਿਆਨ ਕੀਤੀਆਂ ਗਈਆਂ 4 ਪੰਕਤੀਆਂ ਵਾਙ ਹੀ ਇਨ੍ਹਾਂ 4 ਪੰਕਤੀਆਂ ਵਿੱਚ ਵੀ ਬਹੁ ਵਚਨ (ਅਸੀਮ) ‘ਵਿਸ਼ਾ’ ਹੈ, ਜਿਸ ਵਿੱਚ ਦਰਜ ‘ਕੇਤੇ’ ਸ਼ਬਦ ਬਹੁ ਵਚਨ (ਅਸੀਮ) ਦੀ ਪੁਸ਼ਟੀ ਕਰਦਾ ਹੈ ਜਿਸ ਦਾ ਅਰਥ ਹੈ ‘ਕਿਤਨੇ ਹੀ’ (ਭਾਵ ਅਨਿਸਚਿਤ ਗਿਣਤੀ-ਵਾਚਕ ਵਿਸ਼ੇਸ਼ਣ) ਅਤੇ ‘ਕੀਤੇ’ (ਕ੍ਰਿਦੰਤ) ਵੀ ਬਹੁ ਵਚਨ ਦਾ ਹੀ ਪ੍ਰਤੀਕ ਹੈ ਜਿਸ ਦਾ ਅਰਥ ਹੈ ‘ਕੀਤੇ ਹੋਏ, ਬਣਾਏ ਹੋਏ’ ਭਾਵ ਮੰਨੇ ਜਾਂਦੇ।

ਆਖਹਿ ਈਸਰ, ਆਖਹਿ ਸਿਧ॥ ਆਖਹਿ ਕੇਤੇ, ਕੀਤੇ ਬੁਧ॥ ਆਖਹਿ ਦਾਨਵ, ਆਖਹਿ ਦੇਵ॥ ਆਖਹਿ ਸੁਰਿ-ਨਰ, ਮੁਨਿ ਜਨ ਸੇਵ॥ 

ਭਾਵ- (ਕਰਤਾਰ ਦੁਆਰਾ) ਬਣਾਏ ਗਏ ਕਿੰਨੇ ਹੀ ਬੋਧੀ, ਕਿੰਨੇ ਸ਼ਿਵ, ਕਿੰਨੇ ਯੋਗੀ (ਆਦਿ ਵੀ ਰੱਬੀ ਗੁਣਾਂ ਬਾਰੇ) ਆਖਦੇ ਹਨ। ਬੇਅੰਤ ਰਾਖਸ਼ (ਦੈਂਤ), ਦੇਵਤੇ, ਸ੍ਰੇਸ਼ਟ ਮਨੁੱਖ, ਰਿਸ਼ੀ ਮੁਨੀ, ਭਗਤ ਜਨ (ਆਦਿ ਵੀ ਅਮੋਲਕ ਰੱਬੀ ਗੁਣਾਂ ਬਾਰੇ) ਆਖਦੇ ਹਨ।

(ਨੋਟ: ਉਪਰੋਕਤ 8 ਪੰਕਤੀਆਂ ’ਚ ‘ਕੀਤੇ’ ਭਾਵ ਪੈਦਾ ਕੀਤੇ, ਬਣਾਏ ਗਏ ਜਾਂ ਮੰਨੇ ਜਾਂਦੇ ਆਦਰਸ਼ ਜੀਵਨ ਵਾਲਿਆਂ ਦਾ ਸੰਕੋਚ ਮਾਤ੍ਰ ਜ਼ਿਕਰ ਕੀਤਾ ਗਿਆ ਹੈ ਪਰ ਅਜਿਹੇ ਅਣਗਿਣਤ ਹੋਰ ਵੀ ਹਨ ਜਿਨ੍ਹਾਂ ਬਾਰੇ ਗੁਰੂ ਜੀ ਆਖਦੇ ਹਨ: ‘‘ਹੋਰਿ ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ ॥’’ ਇਨ੍ਹਾਂ ਬਾਰੇ ਵੀ ਕੁਝ ਕੁ ਅਗਾਂਹ 4 ਪੰਕਤੀਆਂ ’ਚ ਵਰਨਣ ਕੀਤਾ ਜਾ ਰਿਹਾ ਹੈ।)

‘‘ਕੇਤੇ ਆਖਹਿ; ਆਖਣਿ ਪਾਹਿ ॥ ਕੇਤੇ; ਕਹਿ ਕਹਿ, ਉਠਿ ਉਠਿ ਜਾਹਿ ॥ ਏਤੇ ਕੀਤੇ; ਹੋਰਿ ਕਰੇਹਿ ॥ ਤਾ; ਆਖਿ ਨ ਸਕਹਿ ਕੇਈ ਕੇਇ ॥’’- ਇਨ੍ਹਾਂ ਪੰਕਤੀਆਂ ’ਚ ਵੀ ਵਿਸ਼ਾ ਬਹੁ ਵਚਨ ਨਾਲ ਹੀ ਸੰਬੰਧਿਤ ਹੈ, ਜਿਸ ਦੀ ਪੁਸ਼ਟੀ ‘ਕੇਤੇ, ਏਤੇ, ਹੋਰਿ, ਆਖਹਿ, ਪਾਹਿ, ਸਕਹਿ, ਕੇਈ-ਕੇਇ’ ਆਦਿ ਸ਼ਬਦ ਕਰਦੇ ਹਨ। ਧਿਆਨ ਰਹੇ ਕਿ ਇਨ੍ਹਾਂ ਪੰਕਤੀਆਂ ’ਚ ਵੀ ‘ਕੀਤੇ’ ਭਾਵ ‘ਮੰਨੇ ਜਾਂਦੇ’ ਸ਼ਬਦ ਦਰਜ ਹੈ।

‘ਆਖਣਿ’-‘ਜਪੁ’ ਬਾਣੀ ਦੀਆਂ ਪਿਛਲੀਆਂ ਪਉੜੀਆਂ ’ਚ ਕੀਤੀ ਗਈ ਵੀਚਾਰ ਅਨੁਸਾਰ ਗੁਰਬਾਣੀ ਵਿੱਚ ‘ਣਿ’ (ਅੰਤ ‘ਣ’ ਨੂੰ ਸਿਹਾਰੀ) ਵਾਲੇ ਕਿਰਿਆ ਰੂਪ ਵਾਙ ਵਿਖਾਈ ਦੇਣ ਵਾਲੇ ਸ਼ਬਦ ‘ਕ੍ਰਿਦੰਤ’ (ਕਾਰਦੰਤਕ) ਹੁੰਦੇ ਹਨ ਜਦਕਿ ‘ਨਿ’ (ਅੰਤ ‘ਨ’ ਨੂੰ ਸਿਹਾਰੀ) ਵਾਲੇ ਸ਼ਬਦ ਬਹੁ ਵਚਨ ਵਰਤਮਾਨ ਦੀ ਕਿਰਿਆ ਹੁੰਦੀ ਹੈ; ਜਿਵੇਂ:

(1). ‘ਕ੍ਰਿਦੰਤ’ ਰੂਪ ਸ਼ਬਦ ‘ਆਖਣਿ, ਸੁਣਣਿ, ਵੇਖਣਿ, ਜੀਵਣਿ’ ਮਰਣਿ’ ਆਦਿ; ਜਿਵੇਂ:

‘‘ਅੰਤੁ ਨ ਵੇਖਣਿ (ਵਿੱਚ); ਸੁਣਣਿ (ਵਿੱਚ) ਨ ਅੰਤੁ ॥’’ (ਜਪੁ /ਮ: ੧)

‘‘ਜੋਰੁ ਨ ਜੀਵਣਿ (ਵਿੱਚ); ਮਰਣਿ (ਵਿੱਚ) ਨਹ ਜੋਰੁ ॥’’ (ਜਪੁ /ਮ: ੧) ਆਦਿ।

(2). ‘ਕਿਰਿਆ’ ਰੂਪ ਸ਼ਬਦ ‘ਗਾਵਨਿ, ਧਿਆਵਨਿ’ ਆਦਿ; ਜਿਵੇਂ:

‘‘ਗਾਵਨਿ, ਜਤੀ ਸਤੀ ਸੰਤੋਖੀ; ਗਾਵਹਿ, ਵੀਰ ਕਰਾਰੇ ॥’’ (ਜਪੁ /ਮ: ੧)

‘‘ਜੋਗੀ ਸੁੰਨਿ ਧਿਆਵਨਿ੍ ਜੇਤੇ; ਅਲਖ ਨਾਮੁ ਕਰਤਾਰੁ ॥’’ (ਮ: ੧/੪੬੫), ਆਦਿ।

ਧਿਆਨ ਰਹੇ ਕਿ ‘ਕ੍ਰਿਦੰਤ’ ਤੇ ‘ਕਿਰਿਆ’ (ਦੋਵੇਂ) ਸ਼ਬਦ ਹੀ ‘ਕਿਰਿਆ ਧਾਤੂ’ (ਮੂਲ) ਤੋਂ ਬਣਦੇ ਹਨ ਪਰ ਕਿਰਿਆ ‘ਕਾਲ’ ਨਾਲ ਸੰਬੰਧਿਤ ਹੁੰਦੀ ਹੈ ਜਦਕਿ ‘ਕ੍ਰਿਦੰਤ’ ਕਾਲ ਮੁਕਤ ਹੁੰਦੇ ਹਨ ਅਤੇ ‘ਕਿਰਿਆ’ ਵਿਆਕਰਨ ਨਿਯਮਾਂ ਦੇ ਅਧੀਨ ਨਹੀਂ ਹੁੰਦੀ ਜਦਕਿ ‘ਕ੍ਰਿਦੰਤ’ ਸ਼ਬਦ ‘ਨਾਂਵ, ਪੜਨਾਂਵ, ਵਿਸ਼ੇਸ਼ਣ’ ਆਦਿ ਸ਼ਬਦਾਂ ਵਾਙ ਤਮਾਮ ਗੁਰਬਾਣੀ ਨਿਯਮ (ਕਾਰਕੀ ਚਿੰਨ੍ਹਾਂ) ਅਧੀਨ ਹੁੰਦੇ ਹਨ। ਇਸ ਲਈ ਸੰਬੰਧਿਤ ਪੰਕਤੀ ’ਚ ਦਰਜ ‘ਆਖਣਿ’ ਸ਼ਬਦ ਕ੍ਰਿਦੰਤ ਹੈ ਜਿਸ ਦਾ ਅਰਥ ਹੈ ‘ਆਖਣ ਲਈ’।

ਕੇਤੇ ਆਖਹਿ, ਆਖਣਿ ਪਾਹਿ॥ ਕੇਤੇ ਕਹਿ ਕਹਿ, ਉਠਿ ਉਠਿ ਜਾਹਿ॥  ਏਤੇ ਕੀਤੇ, ਹੋਰਿ ਕਰੇਹਿ॥ ਤਾ, ਆਖਿ ਨ ਸਕਹਿ; ਕੇਈ ਕੇਇ॥ 

ਭਾਵ- (ਉਕਤ ਮਿਸਾਲਾਂ ਤੋਂ ਇਲਾਵਾ ਰੱਬੀ ਗੁਣਾਂ ਬਾਰੇ) ਕਿੰਨੇ (ਹੋਰ ਜੀਵ) ਆਖਦੇ ਹਨ ? ਕਿੰਨੇ ਆਖਣ ਦਾ ਯਤਨ ਕਰਦੇ ਹਨ ਤੇ ਕਿੰਨੇ ਆਖ ਆਖ ਕੇ (ਸੰਸਾਰ ਤੋਂ) ਚਲੇ ਜਾਂਦੇ ਹਨ। (ਹੇ ਦਾਤਾਰ ਮਾਲਕ ! ਤੇਰੇ ਗੁਣਾਂ ਨੂੰ ਚੇਤੇ ਕਰਨ ਵਾਲ਼ੇ, ਭੂਤਕਾਲ ’ਚ ਤੁਸੀਂ) ਇੰਨੇ ਪੈਦਾ ਕੀਤੇ ਸਨ ਤੇ ਇੰਨੇ (ਭਵਿੱਖ ’ਚ ਵੀ) ਹੋਰ ਪੈਦਾ ਕਰ ਦੇਵੇਂ ਤਾਂ ਵੀ (ਤੇਰੇ ਸਾਰੇ ਗੁਣਾਂ ਦਾ ਅੰਦਾਜ਼ਾ) ਕਈ-ਕਈ ਮਿਲ ਕੇ ਵੀ ਨਹੀਂ ਲਗਾ ਸਕਣਗੇ ।

‘‘ਜੇਵਡੁ ਭਾਵੈ; ਤੇਵਡੁ ਹੋਇ ॥ ਨਾਨਕ ! ਜਾਣੈ ਸਾਚਾ ਸੋਇ ॥’’- ਉਪਰੋਕਤ ਪਉੜੀ ਦਾ ਵਿਸ਼ਾ ਜ਼ਿਆਦਾਤਰ ਬਹੁ ਵਚਨ ਨਾਲ ਸੰਬੰਧਿਤ ਹੀ ਚਲਿਆ ਆ ਰਿਹਾ ਹੈ ਪਰ ਪਉੜੀ ਦੀ ਸਮਾਪਤੀ ’ਚ ਪੂਰਨ ਤੌਰ ’ਤੇ ਵਿਸ਼ਾ (ਆਕਾਰ ਕੇ ਨਿਰਾਕਾਰ ਰੂਪ) ਇੱਕ ਵਚਨ ਬਣ ਗਿਆ ਹੈ। ਜਿਸ (ਆਕਾਰ ਤੇ ਨਿਰਾਕਾਰ) ਵਿੱਚੋਂ ‘ਨਿਰਾਕਾਰ’ ਨਾਲ ਸੰਬੰਧਿਤ ਇਹ ਦੋਵੇਂ ਪੰਕਤੀਆਂ ਹਨ ਜਦਕਿ ‘ਆਕਾਰ’ ਨਾਲ ਸੰਬੰਧਿਤ ਅਗਲੀਆਂ ਦੋਵੇਂ ਪੰਕਤੀਆਂ ਹਨ। ਇਸ (ਇੱਕ ਵਚਨ) ਦੀ ਪੁਸ਼ਟੀ ‘ਜੇਵਡੁ, ਤੇਵਡੁ, ਭਾਵੈ, ਹੋਇ, ਜਾਣੈ, ਸਾਚਾ, ਸੋਇ’ ਆਦਿ ਸ਼ਬਦ ਕਰਦੇ ਹਨ।

ਜੇਵਡੁ ਭਾਵੈ, ਤੇਵਡੁ ਹੋਇ॥ ਨਾਨਕ ! ਜਾਣੈ ਸਾਚਾ ਸੋਇ॥

ਭਾਵ- ਹੇ ਨਾਨਕ ! (ਅਕਾਲ ਪੁਰਖ ਨੂੰ) ਜਿੰਨਾ ਵੱਡਾ (ਆਰਜ਼ੀ) ਵਿਸਥਾਰ ਪਸੰਦ ਹੈ, ਓਨਾ ਵੱਡਾ ਹੋ ਜਾਂਦਾ ਹੈ (ਆਪਣੇ ਸਾਰੇ ਗੁਣਾਂ ਨੂੰ ਕੇਵਲ) ਉਹ ਸਦੀਵੀ ਹੋਂਦ ਵਾਲ਼ਾ, ਆਪ ਹੀ ਜਾਣਦਾ ਹੈ।

‘‘ਜੇ ਕੋ ਆਖੈ; ਬੋਲੁ ਵਿਗਾੜੁ ॥ ਤਾ, ਲਿਖੀਐ; ਸਿਰਿ ਗਾਵਾਰਾ ਗਾਵਾਰੁ ॥’’-ਉਪਰੋਕਤ ਆਕਾਰ ਨਾਲ ਸੰਬੰਧਿਤ ਤਮਾਮ ਬਹੁ ਵਚਨ ਪੰਕਤੀਆਂ ਵਿੱਚੋਂ ਇਹ ਪੰਕਤੀ (ਆਕਾਰ ਰੂਪ ’ਚ ਹੀ) ਕੇਵਲ ਇੱਕ ਵਚਨ ਨਾਲ ਸੰਬੰਧਿਤ ਹੈ, ਜਿਸ ਦੀ ਪੁਸ਼ਟੀ ‘ਕੋ, ਬੋਲੁ ਵਿਗਾੜੁ, ਗਾਵਾਰੁ, ਆਖੈ’ ਆਦਿ (ਇੱਕ ਵਚਨ) ਸ਼ਬਦ ਕਰਦੇ ਹਨ।

ਗੁਰਬਾਣੀ ਵਿੱਚ ‘ਲਿਖੀਐ’ ਸ਼ਬਦ ਦੇ ਸਮਾਨੰਤਰ ਨਿਯਮਾਂ ਵਾਲੇ ‘ਸੁਣੀਐ’ ਤੇ ‘ਸੁਣਿਐ’ ਸ਼ਬਦਾਂ ਦੇ ਲਿਖਤੀ ਅੰਤਰ ਨੂੰ ਸਮਝਣਾ ਜ਼ਰੂਰੀ ਹੈ, ਜਿਸ ਵਿੱਚ ‘ਸੁਣਿਐ’ (ਕ੍ਰਿਦੰਤ) ਹੈ ਜਿਸ ਦਾ ਅਰਥ ਹੈ ‘ਸੁਣਨ ਨਾਲ’; ਜਿਵੇਂ : ‘‘ਸੁਣਿਐ (ਨਾਲ); ਅਠਸਠਿ (68) ਕਾ ਇਸਨਾਨੁ ॥’’ (ਜਪੁ /ਮ: ੧) ਅਤੇ ‘ਸੁਣੀਐ’ (ਕਿਰਿਆ) ਹੈ ਜਿਸ ਦਾ ਅਰਥ ਹੈ ‘ਸੁਣਨਾ ਚਾਹੀਦਾ ਹੈ’; ਜਿਵੇਂ : ‘‘ਹਰਿ ਜਸੁ ਸੁਣੀਐ ਜਿਸ ਤੇ (ਤੋਂ); ਸੋਈ ਭਾਈ ਮਿਤ੍ਰੁ ॥’’ (ਮ: ੫/੨੧੮) ਇਸ ਲਈ ‘ਲਿਖੀਐ’ ਦਾ ਅਰਥ ‘ਲਿਖਣ ਨਾਲ’ (ਭਾਵ ਕ੍ਰਿਦੰਤ) ਨਹੀਂ ਬਣ ਸਕਦਾ, ਬਲਕਿ ‘ਲਿਖਣਾ ਚਾਹੀਦਾ ਹੈ’ ਜਾਂ ‘ਮੰਨਣਾ ਚਾਹੀਦਾ ਹੈ’ (ਕਿਰਿਆ ਰੂਪ) ਬਣਦਾ ਹੈ।

‘ਸਿਰਿ’- ਇਸ ਸ਼ਬਦ ਦਾ ਮੂਲ ਸਰੋਤ ਸ਼ਬਦ ‘ਸਿਰੁ’ (ਇੱਕ ਵਚਨ ਪੁਲਿੰਗ) ਹੈ, ਜੋ ਗੁਰਬਾਣੀ ਵਿੱਚ 61 ਵਾਰ ਦਰਜ ਹੈ; ਜਿਵੇਂ: ‘‘ਜੋ ‘ਸਿਰੁ’ ਸਾਂਈ (ਅੱਗੇ) ਨਾ ਨਿਵੈ; ਸੋ ‘ਸਿਰੁ’ ਦੀਜੈ ਡਾਰਿ ॥’’ (ਮ: ੨/੮੯) ਆਦਿ, ਪਰ ਜਦ ਇਸ (‘ਸਿਰੁ’) ਸ਼ਬਦ ਵਿੱਚੋਂ ਅਧਿਕਰਣ ਕਾਰਕ ਰੂਪ ਚਿੰਨ੍ਹ (‘ਵਿੱਚ, ਉੱਤੇ’ ਆਦਿ) ਅਰਥ ਲੈਣੇ ਹੋਣ ਤਾਂ ਇਸ ਦਾ ਸਰੂਪ ‘ਸਿਰੁ’ (ਅੰਤ ਔਂਕੜ) ਤੋਂ ‘ਸਿਰਿ’ (ਅੰਤ ਸਿਹਾਰੀ) ਬਣ ਜਾਂਦਾ ਹੈ; ਜਿਵੇਂ ਸੰਬੰਧਿਤ ਪੰਕਤੀ ਸਮੇਤ 253 ਵਾਰ ਦਰਜ ਹੈ:

‘‘ਜਿਨਿ ਏਹਿ ਲਿਖੇ; ਤਿਸੁ ਸਿਰਿ (ਉੱਤੇ) ਨਾਹਿ ॥’’ (ਜਪੁ /ਮ: ੧)

‘‘ਭਾਈ ਰੇ ! ਇਉ ਸਿਰਿ (ਉੱਤੇ) ਜਾਣਹੁ ਕਾਲੁ ॥’’ (ਮ: ੧/੫੫), ਆਦਿ।

ਇਸ ਲਈ ‘ਸਿਰਿ ਗਾਵਾਰਾ’ ਪੰਕਤ ’ਚ ਦਰਜ ‘ਸਿਰਿ’ ਸ਼ਬਦ ਵਿੱਚੋਂ ‘ਉੱਤੇ’ (ਅਧਿਕਰਣ ਕਾਰਕ) ਅਰਥ ਲੈਣੇ ਪੈਣਗੇ।

ਜੇ, ਕੋ ਆਖੈ ਬੋਲੁਵਿਗਾੜੁ॥ ਤਾ ਲਿਖੀਐ, ਸਿਰਿ ਗਾਵਾਰਾ ਗਾਵਾਰੁ॥ ੨੬॥ 

ਭਾਵ- ਅਗਰ ਕੋਈ ਬੜਬੋਲਾ (ਹੋਛਾ ਮਨੁੱਖ, ਰੱਬੀ ਗੁਣਾਂ ਦੀ ਪੂਰਨ ਜਾਣਕਾਰੀ ਹੋਣ ਦਾ ਦਾਹਵਾ) ਕਰਦਾ ਹੈ ਤਾਂ ਉਹ ਮੂਰਖਾਂ ’ਚੋਂ ਸਰਬੋਤਮ ਮੂਰਖ ਸਮਝਣਾ ਚਾਹੀਦਾ ਹੈ (ਕਿਉਂਕਿ ‘‘ਪਿਤਾ ਕਾ ਜਨਮੁ, ਕਿ ਜਾਨੈ ਪੂਤੁ ? ॥’’ ਮਹਲਾ ੫/੨੮੪)

(ਨੋਟ : ਅਜੋਕੇ ਤਰਕ-ਸੰਗਤ ਯੁੱਗ ’ਚ ਕੁਝ ਸਿੱਖੀ ਸਰੂਪ, ਸਾਇੰਸ ਦੀ ਮਦਦ ਲੈ ਕੇ ਨਿਰਾਕਾਰ ਨਾਲ਼ ਸਬੰਧਿਤ ਕੁੱਝ ਅਦ੍ਰਿਸ਼ ਵਿਸ਼ਿਆਂ ’ਤੇ ਆਪਣੇ ਵਿਚਾਰ ਪੂਰਨ ਦਾਹਵੇ ਨਾਲ਼ ਇਉਂ ਰੱਖਦੇ ਵੇਖੇ ਜਾ ਸਕਦੇ ਹਨ; ਜਿਵੇਂ ਕਿ ਆਕਾਰ ਰਚਨਾ ਬਾਰੇ ਪੂਰਨ ਗਿਆਨ ਹੋ ਚੁੱਕਾ ਹੋਵੇ, ਅਜਿਹੀ ਸੋਚ ਨੂੰ ਵੀ ‘‘ਤਾ ਲਿਖੀਐ, ਸਿਰਿ ਗਾਵਾਰਾ ਗਾਵਾਰੁ॥’’ ਵੱਲ ਉਲਥਾਉਣਾ ਗ਼ਲਤ ਨਹੀਂ ਹੋਏਗਾ।

ਉਕਤ ਪਉੜੀ ’ਚ ਦਰਜ ‘ਬ੍ਰਹਮਾ, ਇੰਦ੍ਰ, ਸਿਧ, ਬੋਧੀ, ਦੇਵਤੇ, ਦੈਂਤ’ ਆਦਿਕ ਰੱਬੀ ਗੁਣਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਸਨ ਜਾਂ ਨਹੀਂ, ਇਸ ਦੀ ਪੜਚੋਲ ਪਉੜੀ ਦੇ ਵਿਸ਼ੇ ਅਨੁਕੂਲ ਨਹੀ। ਸਿਰਫ਼ ਦੁਨਿਆਵੀ ਮਾਨਸਿਕਤਾ ਨੂੰ ਇਨ੍ਹਾਂ ਦੇ ਪ੍ਰਭਾਵ ਤੋਂ ਮੁਕਤ ਕਰਨ ਲਈ ਹੀ ਅਜਿਹਾ ਨਕਸ਼ਾ ਉਲੀਕਿਆ ਗਿਆ, ਜਾਪਦਾ ਹੈ। ਇਸੇ ਤਰ੍ਹਾਂ ਅਗਲੀ ਪਉੜੀ ’ਚ ‘‘ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥’’ ਆਦਿ ਸ਼ਬਦ ਹਨ, ਇਨ੍ਹਾਂ ਸਾਰੀਆਂ ਤੁਕਾਂ ’ਚ ‘ਗਾਵਹਿ’ ਦਾ ਭਾਵਾਰਥ ‘ਹੁਕਮ ’ਚ ਚੱਲਦੇ ਹਨ’, ਦਰੁਸਤ ਜਾਪਦਾ ਹੈਂ।)

JAP (Pori No. 25)

0

ਬਹੁਤਾ ਕਰਮੁ; ਲਿਖਿਆ ਨਾ ਜਾਇ ॥ ਵਡਾ ਦਾਤਾ; ਤਿਲੁ ਨ ਤਮਾਇ ॥ ਕੇਤੇ ਮੰਗਹਿ; ਜੋਧ ਅਪਾਰ ॥

ਕੇਤਿਆ; ਗਣਤ ਨਹੀ ਵੀਚਾਰੁ ॥ ਕੇਤੇ; ਖਪਿ ਤੁਟਹਿ ਵੇਕਾਰ ॥ ਕੇਤੇ; ਲੈ ਲੈ ਮੁਕਰੁ ਪਾਹਿ ॥

ਕੇਤੇ; ਮੂਰਖ ਖਾਹੀ ਖਾਹਿ ॥ ਕੇਤਿਆ; ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ; ਦਾਤਾਰ ! ॥

ਬੰਦਿ ਖਲਾਸੀ; ਭਾਣੈ ਹੋਇ ॥ ਹੋਰੁ; ਆਖਿ ਨ ਸਕੈ ਕੋਇ ॥ ਜੇ ਕੋ ਖਾਇਕੁ; ਆਖਣਿ ਪਾਇ ॥

ਓਹੁ ਜਾਣੈ; ਜੇਤੀਆ ਮੁਹਿ ਖਾਇ ॥ ਆਪੇ ਜਾਣੈ; ਆਪੇ ਦੇਇ ॥ ਆਖਹਿ ਸਿ ਭਿ; ਕੇਈ ਕੇਇ ॥

ਜਿਸ ਨੋ ਬਖਸੇ; ਸਿਫਤਿ ਸਾਲਾਹ ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥੨੫॥ (ਜਪੁ /ਮ: ੧)

ਉਚਾਰਨ ਸੇਧ: ਮੰਗਹਿਂ, ਕੇਤਿਆਂ, ਤੁਟਹਿਂ, ਪਾਹਿਂ, ਖਾਹਿਂ, ਕੇਤਿਆਂ, ਏਹ ਭਿ, ਓਹ (ਜਾਣੈ), ਜੇਤੀਆਂ, ਮੁਹ (ਮੁੰਹ), ਆਖਹਿਂ, ਬਖ਼ਸ਼ੇ, ਪਾਤਿਸ਼ਾਹੀਂ।

ਪਦ ਅਰਥ: (ਬਹੁਤਾ) ਕਰਮੁ– (ਵਿਆਪਕ) ਮਿਹਰ (ਇੱਕ ਵਚਨ ਨਾਂਵ, ਜਿਸ ਦਾ ਇੱਕ ਵਚਨ ਪੁਲਿੰਗ ਅਰਥ ‘ਫ਼ਜ਼ਲ’ ਵੀ ਲਿਆ ਜਾ ਸਕਦਾ ਹੈ)।, ਤਿਲੁ- ਕਪਟ (ਇੱਕ ਵਚਨ ਪੁਲਿੰਗ)।, ਤਮਾਇ- ਤਮਅ, ਲਾਲਚ (ਇਸਤ੍ਰੀ ਲਿੰਗ ਨਾਂਵ)।, ਕੇਤੇ -ਕਿਤਨੇ, ਕਿੰਨੇ (ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ)।, ਮੰਗਹਿ- ਮੰਗਦੇ ਹਨ (ਵਰਤਮਾਨ ਬਹੁ ਵਚਨ ਕਿਰਿਆ)।, ਅਪਾਰ- ਬੇਸ਼ੁਮਾਰ (ਗਿਣਤੀ ਵਾਚਕ ਵਿਸ਼ੇਸ਼ਣ)।, ਕੇਤਿਆ- ਕਿਤਨਿਆਂ ਦੀ, ਕਈਆਂ ਦੀ (ਗਿਣਤੀ ਵਾਚਕ ਕਿਰਿਆ ਵਿਸ਼ੇਸ਼ਣ)।, ਗਣਤ- ਗਿਣਤੀ (ਇਸਤ੍ਰੀ ਲਿੰਗ ਨਾਂਵ)।, ਖਪਿ- ਖਪ-ਖਪ ਕੇ, ਦੁਖੀ ਹੋ ਹੋ ਕੇ, ਸਰੀਰਕ ਕਸ਼ਟ ਸਹਾਰ-ਸਹਾਰ ਕੇ (ਕਿਰਿਆ ਵਿਸ਼ੇਸ਼ਣ)।, ਤੁਟਹਿ- ਟੁੱਟ ਜਾਂਦੇ ਹਨ, ਥੱਕ ਜਾਂਦੇ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਲੈ ਲੈ- ਲੈ ਲੈ ਕੇ, ਪ੍ਰਾਪਤ ਕਰ ਕਰ ਕੇ (ਕਿਰਿਆ ਵਿਸ਼ੇਸ਼ਣ)।, ਮੁਕਰੁ (ਮੁਕਰਿ) ਪਾਹਿ- ਮੁਕਰ ਪੈਂਦੇ ਹਨ, ਅਕ੍ਰਿਤਘਣ ਹੋ ਜਾਂਦੇ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਦੂਖ, ਭੂਖ, ਮਾਰ- ਅਨੇਕਾਂ ਸਰੀਰਕ ਦੁੱਖ, ਮਾਨਸਿਕ ਅਸੰਤੁਸ਼ਟੀ (ਅਤ੍ਰਿਪਤੀ) ਤੇ ਵਿਕਾਰਾਂ ਦੀ ਮਾਰ (‘ਦੂਖ’-ਬਹੁ ਵਚਨ ਪੁਲਿੰਗ ਨਾਂਵ, ‘ਭੂਖ’ ਤੇ ‘ਮਾਰ’- ਇੱਕ ਵਚਨ ਇਸਤ੍ਰੀ ਲਿੰਗ ਨਾਂਵ। (ਨੋਟ: ਧਿਆਨ ਰਹੇ ਕਿ ਇਸ ਦੇ ਅਰਥ ‘ਦੁੱਖਾਂ ਦੀ ਮਾਰ ਤੇ ਭੁੱਖਾਂ ਦੀ ਮਾਰ’ ਨਹੀਂ ਬਣ ਸਕਦੇ ਕਿਉਂਕਿ ‘ਮਾਰ’ ਇੱਕ ਵਚਨ ਹੈ ਪਰ ਅਗਲੀ ਤੁਕ ਵਿੱਚ ਆ ਰਿਹਾ ਸ਼ਬਦ ‘ਏਹਿ’ ਜੋ ਇਸ ਦੇ ਸੰਬੰਧ ਵਿੱਚ ਹੈ ‘ਬਹੁ ਵਚਨ’ ਹੈ।), ਏਹਿ-ਇਹ ਸਭ ਭਾਵ ‘ਦੂਖ, ਭੂਖ ਤੇ ਮਾਰ’ ਰੂਪ (ਬਹੁ ਵਚਨ ਪੜਨਾਂਵ)।, ਦਾਤਾਰ- ਹੇ ਸਮੂਹਿਕ ਦਾਤਾਂ ਦੇ ਮਾਲਕ! (ਸੰਬੋਧਨ)।, ਬੰਦਿ-ਬੰਦੀ, ਕੈਦ, ਜੇਲ (ਇਸਤ੍ਰੀ ਲਿੰਗ ਨਾਂਵ)।, ਖਲਾਸੀ-ਮੁਕਤੀ, ਰਿਹਾਈ (ਇਸਤ੍ਰੀ ਲਿੰਗ ਨਾਂਵ)।, ਭਾਣੈ- (ਤੇਰੀ) ਰਜ਼ਾ ਵਿੱਚ (ਚੱਲ ਕੇ, ਅਧਿਕਰਣ ਕਾਰਕ, ਨਾਂਵ)।, ਹੋਰੁ-ਤਰੀਕਾ (ਇੱਕ ਵਚਨ ਪੁਲਿੰਗ ਅਨਿਸ਼ਚਿਤ ਪੜਨਾਂਵ)।, ਆਖਿ ਨ ਸਕੈ- ਨਾ ਆਖਿ ਸਕੈ (‘ਨ’ ਕਿਰਿਆ ਵਿਸ਼ੇਸ਼ਣ, ‘ਆਖਿ ਸਕੈ’ ਇੱਕ ਵਚਨ ਵਰਤਮਾਨ ਕਿਰਿਆ)।, ਕੋਇ- ਕੋਈ ਵੀ (ਇੱਕ ਵਚਨ ਪੜਨਾਂਵ)।, ਖਾਇਕੁ-ਗਪੌੜੂ, ਮੂੰਹ-ਰੱਖ, ਮੂਰਖ (ਇੱਕ ਵਚਨ ਪੁਲਿੰਗ)।, ਓਹੁ- (‘ਖਾਇਕੁ’, ਇੱਕ ਵਚਨ ਪੜਨਾਂਵ)।, ਜੇਤੀਆ- ਜਿਤਨੀਆਂ (ਫ਼ਿਟਕਾਰਾਂ, ਵਿਕਾਰਾਂ ਦੀਆਂ ਚੋਟਾਂ, ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ)।, ਮੁਹਿ- ਮੂੰਹ ਉੱਤੇ (ਅਧਿਕਰਣ ਕਾਰਕ)।, ਸਿ (ਭਿ)- ਇਹ ਰਾਜ, ਭੇਤ ਵੀ (ਇੱਕ ਵਚਨ ਪੜਨਾਂਵ)।, ਕੇਈ ਕੇਇ- ਕਈ (ਮਨੁੱਖ, ਬਹੁ ਵਚਨ ਪੜਨਾਂਵ)।, ਜਿਸ ਨੋ- ਜਿਸ ਲਈ (ਸੰਪਰਦਾਨ ਕਾਰਕ, ਪੜਨਾਂਵ)।, ਨਾਨਕ- ਹੇ ਨਾਨਕ (ਸੰਬੋਧਨ)।, ਪਾਤਿਸਾਹੀ-ਪਾਤਿਸ਼ਾਹਾਂ ਦਾ (ਸੰਬੰਧਕੀ ਬਹੁ ਵਚਨ ਨਾਂਵ)।

(ਨੋਟ: ‘ਜਪੁ’ ਬਾਣੀ ਦੀ ਪਿਛਲੀ ਪਉੜੀ ਨੰਬਰ 24 ਦੀ ਸਮਾਪਤੀ ‘‘ਕਰਤੇ ਕੈ ਕਰਣੈ; ਨਾਹੀ ਸੁਮਾਰੁ ॥’’ ਨੂੰ ਬਖ਼ਸ਼ਸ਼ ਕੀਤੀਆਂ ਜਾ ਰਹੀਆਂ ਅਸੀਮ ਦਾਤਾਂ ‘‘ਜੇਵਡੁ ਆਪਿ; ਜਾਣੈ ਆਪਿ ਆਪਿ ॥ ਨਾਨਕ ! ਨਦਰੀ ਕਰਮੀ ਦਾਤਿ ॥੨੪॥’’ ਭਾਵ ਜਿਤਨਾ ਵੱਡਾ ਕਰਤਾਰ ਦਾ ਵਿਸਥਾਰ ਹੈ ਉਤਨੀ ਹੀ ਅਸੀਮ (ਭਾਵ ‘ਮਿਹਰ ਦੀ ਨਜ਼ਰ ਕਰਨ ਵਾਲੇ ਦੀ ਮਿਹਰ ਨਾਲ, ਉਨ੍ਹਾਂ ਸਭ ਨੂੰ ਹਰ ਪ੍ਰਕਾਰ ਦੀ) ਦਾਤ ਮਿਲਦੀ ਹੈ, ਨਾਲ ਸਮਾਪਤੀ ਕੀਤੀ ਗਈ ਸੀ ਅਤੇ 94 ਸ਼ਬਦਾਂ ਦੇ ਸੁਮੇਲ ਨਾਲ ਮੁਕੰਮਲ ਇਸ ਪਉੜੀ (ਨੰਬਰ 25) ਰਾਹੀਂ ਉਨ੍ਹਾਂ ਅਸੀਮ ਦਾਤਾਂ ਨੂੰ ਅਲੱਗ-ਅਲੱਗ ਭਾਗਾਂ ’ਚ ਵੰਡ ਕੇ ਰੂਪਮਾਨ ਕੀਤਾ ਗਿਆ ਹੈ।

ਅਜੋਕੇ ਵਿਗਿਆਨਿਕ ਯੁੱਗ ਦੇ ਪ੍ਰਭਾਵ ਹੇਠ ਕੁਝ ਗੁਰਸਿੱਖ ਪ੍ਰਚਾਰਕ ਰੱਬੀ ਬਖ਼ਸ਼ਸ਼ ਨਾਲ ਜੀਵਨ (ਹੋਂਦ, ਜਿਸ ਵਿੱਚ ਮਨੁੱਖਾ ਜੂਨੀ ਵੀ ਸ਼ਾਮਲ ਹੈ) ਦੀ ਆਰੰਭਤਾ, ਜੀਵਨ ਦੌਰਾਨ ਮਿਲਣ ਵਾਲੀਆਂ ਤਮਾਮ ਦਾਤਾਂ ਅਤੇ ਅੰਤ ਸਮੇਂ ਜ਼ਿੰਦਗੀ (ਜੂਨਾਂ, ਆਕਾਰ) ਦੇ ਭਾਗ ਵਿੱਚੋਂ ਅਲੱਗ (ਮੁਕਤ) ਹੋ ਕੇ ਰੱਬੀ ਮਿਲਾਪ ਹੋਣ, ਆਦਿ ਨੂੰ ਕਰਤਾਰ ਦੀ ਬਖ਼ਸ਼ਸ਼ ਦਾ ਹਿੱਸਾ ਨਹੀਂ ਮੰਨਦੇ ਜਦਕਿ ਗੁਰਬਾਣੀ ਉਕਤ ਤਿੰਨੇ ਜ਼ਿੰਦਗੀ ਦੇ ਪੜਾਵਾਂ (ਅਵਸਥਾਵਾਂ) ਨੂੰ ਰੱਬੀ ਬਖ਼ਸ਼ਸ਼ ਦਾ ਭਾਗ ਮੰਨਦੀ ਹੈ; ਜਿਵੇਂ:

(1). ਜ਼ਿੰਦਗੀ ਦੀ ਆਰੰਭਤਾ: ‘‘ਕਰਮੀ ਆਵੈ ਕਪੜਾ; ਨਦਰੀ ਮੋਖੁ ਦੁਆਰੁ ॥’’ (ਜਪੁ /ਮ: ੧) ਭਾਵ ਰੱਬੀ ਬਖ਼ਸ਼ਸ ਨਾਲ ਸਰੀਰ (ਆਕਾਰ) ਰੂਪੀ ਕੱਪੜਾ ਮਿਲਦਾ ਹੈ ਤੇ ਰੱਬੀ ਮਿਹਰ ਨਾਲ ਹੀ ਇਸ (ਆਕਾਰ ਰੂਪੀ ਸਰੀਰ-ਕੱਪੜੇ ਤੋਂ) ‘ਮੋਖ ਦੁਆਰ’ ਮਿਲਦਾ ਹੈ ਕਿਉਂਕਿ ‘‘ਕਪੜੁ ਰੂਪੁ ਸੁਹਾਵਣਾ, ਛਡਿ ਦੁਨੀਆ ਅੰਦਰਿ ਜਾਵਣਾ ॥’’ (ਮ: ੧/੪੭੧) ਅਟੱਲ ਸਚਾਈ ਹੈ, ਆਦਿ।

(2) ਜ਼ਿੰਦਗੀ ਦੌਰਾਨ ਪ੍ਰਾਪਤ ਹੋ ਰਹੀਆਂ ਤਮਾਮ ਦਾਤਾਂ: ‘‘ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ ॥ ਦੇਂਦੇ ਤੋਟਿ ਨ ਆਵਈ; ਅਗਨਤ (ਗਿਣਤੀ ਰਹਿਤ) ਭਰੇ ਭੰਡਾਰ ॥’’ (ਮ: ੫/੨੫੭), ‘‘ਗੁਰਾ ! ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ ॥’’ (ਜਪੁ /ਮ: ੧) ਆਦਿ।

(3) ਜ਼ਿੰਦਗੀ (ਆਕਾਰ) ਦੀ ਸਮਾਪਤੀ: ‘‘ਦੂਖ, ਦਰਦ, ਬਿਨਸੇ ਭੈ ਭਰਮ ॥ ਆਵਣ ਜਾਣ ਰਖੇ; ਕਰਿ ਕਰਮ ॥’’ (ਮ: ੫/੧੮੩) ਭਾਵ ਆਕਾਰ (ਸਰੀਰ) ਰੂਪ ਦੁੱਖ, ਦਰਦ, ਡਰ, ਭਰਮ-ਭੁਲੇਖੇ ਆਦਿ ਖ਼ਤਮ ਹੋ ਗਏ ਕਿਉਂਕਿ ਰੱਬੀ ਮਿਹਰ ਕਰਕੇ ਆਕਾਰ ਰੂਪ ਆਵਣ-ਜਾਣ (ਜੂਨਾਂ, ਸਰੀਰ-ਕੱਪੜੇ ਹੀ) ਰਹੇ (ਖ਼ਤਮ ਹੋ ਗਏ)।

 ਇਸ ਪੰਕਤੀ ’ਚ ‘ਕਰਮੁ’ (ਬਖ਼ਸ਼ਸ਼) ਦੀ ਬਜਾਏ ‘ਕਰਮ’ (ਅੰਤ ਮੁਕਤਾ) ਸਰੂਪ ਦਰਜ ਹੈ ਕਿਉਂਕਿ ਪਹਿਲੀ ਪੰਕਤੀ ’ਚ ‘ਭਰਮ’ ਸ਼ਬਦ ਅੰਤ ਮੁਕਤਾ ਹੈ।)

ਆਕਾਰ (ਸਰੀਰ) ਰੂਪ ’ਚ ਅੰਤਮ ਬਖ਼ਸ਼ਸ਼ ਨੂੰ ਗੁਰਬਾਣੀ ਵਿੱਚ ‘‘ਕਰਮ ਖੰਡ ਕੀ ਬਾਣੀ ਜੋਰੁ ॥’’ (ਜਪੁ /ਮ: ੧) ਕਹਿ ਕੇ ਰੂਪਮਾਨ ਕੀਤਾ ਗਿਆ ਹੈ ਤੇ ਸੰਬੰਧਿਤ ‘ਜਪੁ’ ਪਉੜੀ (25) ਦੀ ਸਮਾਪਤੀ ਵੀ ‘‘ਜਿਸ ਨੋ ਬਖਸੇ; ਸਿਫਤਿ ਸਾਲਾਹ ॥’’ ਨਾਲ ਹੀ ਹੋ ਰਹੀ ਹੈ।

ਭਾਈ ਕਾਹਨ ਸਿੰਘ ਜੀ ਨਾਭਾ (ਮਹਾਨ ਕੋਸ਼) ਅਨੁਸਾਰ ਗੁਰਸਿੱਖ ਵਿਦਵਾਨਾਂ ਨੇ ‘ਕਰਮ’ (ਕੀਤੇ ਜਾ ਰਹੇ ਕੰਮ) ਤਿੰਨ ਪ੍ਰਕਾਰ ਦੇ ਮੰਨੇ ਹਨ; ਜਿਵੇਂ:

(ੳ). ਕ੍ਰਿਯਮਾਣ:- ਜੋ ਵਰਤਮਾਨ ਵਿੱਚ ਕੀਤੇ ਜਾ ਰਹੇ ਹਨ; ਜਿਵੇਂ: ‘‘ਕਰਮ (ਸੇਵਾ) ਕਰਤ ਹੋਵੈ ਨਿਹਕਰਮ (ਇੱਛਾ ਰਹਿਤ)॥’’ ਗਉੜੀ ਸੁਖਮਨੀ (ਮ: ੫/੨੭੪), ‘‘ਕਰਮੀ ਕਰਮੀ (ਕੀਤੇ ਜਾ ਰਹੇ ਕੰਮਾਂ ਅਨੁਸਾਰ) ਹੋਇ ਵੀਚਾਰੁ ॥’’ (ਜਪੁ /ਮ: ੧), ਅਹਿ ਕਰੁ (ਇਹ ਹੱਥ, ਜੋ) ਕਰੇ ਸੁ ਅਹਿ (ਇਹੀ) ਕਰੁ ਪਾਏ; ਕੋਈ ਨ ਪਕੜੀਐ, ਕਿਸੈ ਥਾਇ (ਦੂਸਰੇ ਦੇ ਬਦਲੇ) ॥’’ (ਮ: ੫/੪੦੬) ਆਦਿ।

(ਅ) ਪ੍ਰਾਰਬਧ:- ਜਿਨ੍ਹਾਂ (ਕਰਮਾਂ) ਅਨੁਸਾਰ ਮਨੁੱਖਾ ਦੇਹ ਪ੍ਰਾਪਤ ਹੋਈ ਹੈ; ਜਿਵੇਂ: ‘‘ਕਿਰਤਿ ਕਰਮ ਕੇ (ਕੀਤੇ ਗਏ ਕੰਮਾਂ ਕਾਰਨ) ਵੀਛੁੜੇ; ਕਰਿ ਕਿਰਪਾ ਮੇਲਹੁ ਰਾਮ ! ॥’’ (ਮ: ੫/੧੩੩) ‘‘ਦਦੈ, ਦੋਸੁ ਨ ਦੇਊ ਕਿਸੈ; ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ, ਸੋ ਮੈ ਪਾਇਆ; ਦੋਸੁ ਨ ਦੀਜੈ ਅਵਰ ਜਨਾ ॥ ’’ (ਮ: ੧/੪੩੩) ਆਦਿ।

(ੲ) ਉਹ ਕਰਮ, ਜੋ ਜਨਮਾਂ ਦੇ ਬਾਕੀ ਚਲੇ ਆ ਰਹੇ ਹਨ, ਜਿਨ੍ਹਾਂ ਦਾ ਫਲ ਭੋਗਣਾ ਅਜੇ ਬਾਕੀ ਹੈ; ਜਿਵੇਂ: ‘‘ਜਨਮ ਜਨਮ ਕੀ, ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ (ਬਹੁਤਾ ਕਾਲਾ)॥’’ (ਮ: ੩/੬੫੧), ‘‘ਜੈਸੀ ਕਲਮ ਵੁੜੀ (ਚੱਲੀ) ਹੈ ਮਸਤਕਿ (ਮੱਥੇ ਉੱਤੇ); ਤੈਸੀ (ਵੈਸੀ) ਜੀਅੜੇ (ਜੀਵ ਦੇ) ਪਾਸਿ ॥’’ (ਮ: ੧/੭੪), (ਜੋ) ‘‘ਅਖਰ ਲਿਖੇ, ਸੇਈ (ਉਨ੍ਹਾਂ ਅਨੁਸਾਰ) ਗਾਵਾ (ਚੱਲਦੀ ਹਾਂ); ਅਵਰ ਨ ਜਾਣਾ ਬਾਣੀ (ਬਨਾਵਟ ਘੜਨੀ)॥੧॥ ਰਹਾਉ ॥’’ (ਮ: ੧/੧੧੭੧) ਭਾਵ ਤਕਦੀਰ (ਭਾਗ, ਨਸੀਬ) ਦੇ ‘‘ਜਿਨਿ (ਜਿਸ ਪ੍ਰਭੂ ਨੇ) ਏਹਿ ਲਿਖੇ ॥’’ ਅੱਖਰਾਂ ਅਨੁਸਾਰ ਹੀ ਜੀਵਨ ਬਸਰ ਕਰ ਰਹੀ ਹਾਂ (ਕੇਵਲ ਆਪਣੇ ਉਦਮ ਨਾਲ) ਹੋਰ ਤਬਦੀਲੀ ਨਹੀਂ ਲਿਆ ਸਕਦੀ। ਇਨ੍ਹਾਂ (ਕਰਜ਼ਿਆਂ) ਤੋਂ ਮੁਕਤੀ ਕਰਵਾਉਣ ਵਾਲਾ ਦਾਤਾ ਕੇਵਲ ‘ਗੁਰੂ’ ਹੈ: ‘‘ਜਨਮ ਜਨਮ ਕੇ ਕਿਲਬਿਖ ਦੁਖ ਉਤਰੇ; ਗੁਰਿ (ਨੇ) ਨਾਮੁ ਦੀਓ ਰਿਨੁ (ਕਰਜ਼ਾ) ਲਾਥਾ (ਲਹਿ ਗਿਆ)॥’’ (ਮ: ੪/੬੯੬) ਆਦਿ।, ਪਰ ‘‘ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ, ਆਇ ਜਾਇ ਦੁਖੁ ਪਾਇਦਾ ॥’’ (ਮ: ੫/੧੦੭੫) ਭਾਵ ‘‘ਇਸੁ (ਮਨੁੱਖਾ-ਜੂਨੀ ਰੂਪ) ਪਉੜੀ ਤੇ (ਤੋਂ) ਜੋ ਨਰੁ ਚੂਕੈ (ਰਹਿ ਗਿਆ); ਸੋ, ਆਇ (ਜਨਮ ਲੈਂਦਿਆਂ ਜੂਨਾਂ ’ਚ ਆ ਕੇ) ਜਾਇ (ਮਰ ਕੇ ਚਲੇ ਜਾਣਾ ਤੇ ਲੰਬਾ ਸਮਾਂ) ਦੁਖੁ ਪਾਇਦਾ ॥’’ (ਮ: ੫/੧੦੭੫), ‘‘ਕਰ ਮਹਿ (ਰੱਬੀ ਬਖ਼ਸ਼ਸ਼ ਨਾਲ ਹੱਥਾਂ ਵਿੱਚ) ਅੰਮ੍ਰਿਤੁ ਆਣਿ (ਲਿਆ ਕੇ) ਨਿਸਾਰਿਓ (ਦਿੱਤਾ ਸੀ)॥ (ਪਰ ਮੂਰਖਤਾ ਕਾਰਨ) ਖਿਸਰਿ ਗਇਓ (ਲੀਕ ਹੋ ਗਿਆ ਭਾਵ), ਭੂਮ ਪਰਿ ਡਾਰਿਓ (ਧਰਤੀ ’ਤੇ ਡੁੱਲ ਗਿਆ, ਸਰੀਰ ਮਿੱਟੀ ’ਚ ਮਿਲ ਗਿਆ) ॥’’ (ਮ: ੫/੩੮੯), (ਹੁਣ) ‘‘ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ ॥’’ (ਮ: ੧/੪੭੧) ਆਦਿ।)

‘‘ਬਹੁਤਾ ਕਰਮੁ; ਲਿਖਿਆ ਨਾ ਜਾਇ ॥’’- ਇਸ ਪੰਕਤੀ ’ਚ ਦਰਜ ‘ਕਰਮੁ’ ਸ਼ਬਦ ਧਿਆਨ ਮੰਗਦਾ ਹੈ। ਗੁਰਬਾਣੀ ਵਿੱਚ ‘ਕਰਮ’ (ਬਹੁ ਵਚਨ ਜਾਂ ਸੰਬੰਧਕ ਕਾਰਨ ਅੰਤ ਮੁਕਤਾ) ਸ਼ਬਦ 385 ਵਾਰ ਦਰਜ ਹੈ; ਜਿਵੇਂ:

‘‘ਕੇਤੀਆ ‘ਕਰਮ’ (ਕੰਮ ਕਰਨ ਵਾਲੀਆਂ) ਭੂਮੀ; ਮੇਰ ਕੇਤੇ; ਕੇਤੇ ਧੂ (ਧਰੂ ਭਗਤ ਦੇ) ਉਪਦੇਸ ॥’’ (ਜਪੁ /ਮ: ੧) (‘ਕਰਮ’ ਭਾਵ ਬਹੁ ਵਚਨ)

ਬੇਦ ਪੁਰਾਨ ਸਭੈ (ਦੇ) ਮਤ ਸੁਨਿ ਕੈ; ਕਰੀ ‘ਕਰਮ ਕੀ’ ਆਸਾ ॥’’ (ਭਗਤ ਕਬੀਰ/੬੫੪) (‘ਕਰਮ’ ਭਾਵ ਇੱਕ ਵਚਨ, ਪਰ ਸੰਬੰਧਕ ਕਾਰਨ ਅੰਤ ਮੁਕਤਾ) ਆਦਿ।

‘ਕਰਮਿ’ (ਇੱਕ ਵਚਨ ਪੁਲਿੰਗ ਅਧਿਕਰਣ ਕਾਰਕ, ਜਿਸ ਦਾ ਅਰਥ ਹੈ ‘ਬਖ਼ਸ਼ਸ਼ ਨਾਲ’) ਸ਼ਬਦ 100 ਵਾਰ ਦਰਜ ਹੈ; ਜਿਵੇਂ:

‘‘ਨਦਰੀ (ਮਿਹਰਵਾਨ ਦੀ) ਕਰਮਿ (ਬਖ਼ਸ਼ਸ਼ ਨਾਲ); ਪਵੈ ਨੀਸਾਣੁ ॥’’ (ਜਪੁ /ਮ: ੧)

(ਜਦ) ‘‘ਕਰਮਿ (ਬਖ਼ਸ਼ਸ਼ ਨਾਲ) ਮਿਲੈ; (ਤਾਂ) ਨਾਹੀ ਠਾਕਿ ਰਹਾਈਆ (ਹੋਰ ਰੁਕਾਵਟ ਨਹੀਂ ਆ ਸਕਦੀ) ॥’’ (ਸੋ ਦਰੁ ਆਸਾ /ਮ: ੧) ਆਦਿ।

‘ਕਰਮੀ’ ਸ਼ਬਦ 33 ਵਾਰ ਦਰਜ ਹੈ; ਜਿਵੇਂ:

‘‘ਕਰਮੀ (ਬਖ਼ਸ਼ਸ਼ ਨਾਲ) ਆਵੈ ਕਪੜਾ; ਨਦਰੀ (ਬਖ਼ਸ਼ਸ਼ ਨਾਲ) ਮੋਖੁ ਦੁਆਰੁ ॥’’ (ਜਪੁ /ਮ: ੧)

‘‘ਗੁਰ ਪਹਿ ਸਿਫਤਿ ਭੰਡਾਰੁ, (ਪਰ ਰੱਬੀ) ਕਰਮੀ (ਬਖ਼ਸ਼ਸ਼ ਨਾਲ) ਪਾਈਐ ॥’’ (ਮ: ੫/੫੧੯) ਆਦਿ।

(ਨੋਟ: ਧਿਆਨ ਰਹੇ ਕਿ ਗੁਰਬਾਣੀ ਵਿੱਚ ‘ਕਰਮ’ (ਬਹੁ ਵਚਨ, ਜਿਸ ਦਾ ਅਰਥ ‘ਦੁਨਿਆਵੀ ਕੰਮ’ ਹੈ) ਤੋਂ ਵੀ ਕਾਵਿ ਤੋਲ ਕਾਰਨ ‘ਕਰਮੀ’ ਬਣਿਆ ਹੈ ਜਿਸ ਦਾ ਅਰਥ ਵੀ ‘ਮਨੁੱਖਾਂ ਦੁਆਰਾ ਕੀਤੇ ਜਾਂਦੇ ਕੰਮ’ ਹਨ; ਜਿਵੇਂ:

‘‘ਕਰਮੀ ਕਰਮੀ (ਕੀਤੇ ਜਾ ਰਹੇ ਕੰਮਾਂ ਅਨੁਸਾਰ); ਹੋਇ (ਰੱਬੀ ਦਰ ਉੱਤੇ) ਵੀਚਾਰੁ ॥’’ (ਜਪੁ /ਮ: ੧)

‘‘ਕਰਮੀ ਆਪੋ ਆਪਣੀ (ਅਨੁਸਾਰ); ਕੇ (ਕਈ, ਰੱਬ ਦੇ) ਨੇੜੈ, ਕੇ (ਕਈ) ਦੂਰਿ (ਭਾਵ ਜੂਨਾਂ ’ਚ)॥’’ (ਜਪੁ /ਮ: ੧)

(ਰੱਬ) ‘‘ਹੁਕਮਿ (ਵਿੱਚ) ਚਲਾਏ ਆਪਣੈ; (ਪਰ ਜੀਵਾਂ ਦੇ) ਕਰਮੀ (ਕੰਮਾਂ ਅਨੁਸਾਰ ਹੀ) ਵਹੈ ਕਲਾਮ (ਰੱਬੀ ਲੇਖਾ ਰੂਪ ਕਲਮ ਚੱਲਦੀ ਹੈ)॥’’ (ਮ: ੧/੧੨੪੧), ਆਦਿ।)

‘ਕਰਮੁ’ 99 ਵਾਰ ਦੇ ਅਰਥ ਹਨ: (1). ‘ਰੱਬੀ ਬਖ਼ਸ਼ਸ’ (2). ‘ਮਨੁੱਖਾਂ ਦੁਆਰਾ ਕੀਤਾ ਜਾਂਦਾ ਕੰਮ’ (ਇੱਕ ਵਚਨ) (3). ‘ਦੋ ਕਦਮ’ (ਭਾਵ 3 ਫੁੱਟ), (4). ‘ਭਾਗ’ ਆਦਿ; ਜਿਵੇਂ:

(1). ‘ਕਰਮੁ’ ਭਾਵ ‘ਭਾਗ, ਨਸੀਬ, ਕਿਸਮਤ’; ਜਿਵੇਂ:

‘‘ਗੁਰ ਕੈ ਬਚਨਿ (ਨਾਲ); ਜਾਗਿਆ ਮੇਰਾ ਕਰਮੁ (ਭਾਗ) ॥’’ (ਮ: ੫/੨੩੯)

‘‘ਮਸਤਕਿ (ਮੱਥੇ ਉੱਤੇ) ‘ਕਰਮੁ’ (ਨਸੀਬ) ਲਿਖਿਓ; ਧੁਰਿ (ਤੋਂ) ਜਾ ਕੈ (ਜਿਸ ਮਾਲਕ ਰਾਹੀਂ)॥’’ (ਮ: ੫/੨੫੨), ਆਦਿ।

(2). ‘ਕਰਮੁ’ ਭਾਵ ‘ਦੋ ਕਦਮ,’; ਜਿਵੇਂ (ਕੇਵਲ 1 ਵਾਰ):

‘‘ਸਾਗਰ, ਮੇਰ (ਪਹਾੜ), ਉਦਿਆਨ (ਜੰਗਲ), ਬਨ; ਨਵ ਖੰਡ ਬਸੁਧਾ (ਸਾਰੀ ਧਰਤੀ ਦਾ) ਭਰਮ (ਭ੍ਰਮਣ, ਭਟਕਣਾ)॥ ਮੂਸਨ ! (ਇਨ੍ਹਾਂ ਤਮਾਮ ਕਾਰਜਾਂ ਨੂੰ) ਪ੍ਰੇਮ ਪਿਰੰਮ ਕੈ (ਪਤੀ ਦੇ ਪ੍ਰੇਮ ਬਦਲੇ); ਗਨਉ ਏਕ ਕਰਿ (ਕੇ) ‘ਕਰਮ’ (ਇੱਕ ਕਰਮ ਭਾਵ ਦੋ ਕਦਮ, ਨਾ-ਮਾਤ੍ਰ)॥’’ (ਮ: ੫/੧੩੬੪)

(ਨੋਟ: ਇਸ ਪੰਕਤੀ ਦੇ ਅਖ਼ੀਰਲੇ ਸ਼ਬਦ ‘ਕਰਮ’ ਭਾਵ ਦੋ ਕਦਮ ਤੇ ‘ਭਰਮ’ ਭਾਵ ਭਟਕਣਾ, ਯਾਤਰਾ, ਭ੍ਰਮਣ ਇਸਤ੍ਰੀ ਲਿੰਗ ਹੋਣ ਕਾਰਨ ਅੰਤ ਮੁਕਤੇ ਹਨ; ਜਿਵੇਂ: ‘‘ਸਗਲ ਜਨਮ ‘ਭਰਮ’ ਹੀ ‘ਭਰਮ’ ਖੋਇਓ; ਨਹ ਅਸਥਿਰੁ ਮਤਿ ਪਾਈ ॥’’ ਮ: ੯/੬੩੨)

(3). ‘ਕਰਮੁ’ ਭਾਵ ‘ਦੁਨਿਆਵੀ ਇੱਕ ਵਚਨ ਕੰਮ’; ਜਿਵੇਂ:

‘‘ਜੈਸੀ (ਰੱਬੀ) ਆਗਿਆ; ਤੈਸਾ (ਮਨੁੱਖਾਂ ਵੱਲੋਂ) ਕਰਮੁ (ਕੰਮ ਕਰੀਦਾ ਹੈ)॥’’ (ਮ: ੫/੨੯੪)

‘‘ਮੇਰਾ ਕਰਮੁ ਕੁਟਿਲਤਾ (ਮਾੜਾ ਕੰਮ); ਜਨਮੁ ਕੁਭਾਂਤੀ (ਛੋਟੀ ਜਾਤ ’ਚ ਜਨਮ)॥’’ (ਭਗਤ ਰਵਿਦਾਸ/੩੪੫)

‘‘ਕਰਮੁ (ਆਪਣੇ ਆਪ ਚੰਗਾ ਕੰਮ ਕਰਨਾ) ਨ ਜਾਣਾ, ਧਰਮੁ ਨ ਜਾਣਾ; ਲੋਭੀ ਮਾਇਆਧਾਰੀ ॥’’ (ਮ: ੫/੬੨੪)

‘‘ਦੁਕ੍ਰਿਤੁ (ਪਾਪ), ਸੁਕ੍ਰਿਤੁ (ਪੁੰਨ), ਥਾਰੋ (ਤੇਰਾ) ਕਰਮੁ, ਰੀ (ਹੇ ਭੈਣ) ! ॥’’ (ਭਗਤ ਤ੍ਰਿਲੋਚਨ/੬੯੫)

‘‘ਗਿਆਨੁ ਧਿਆਨੁ ਕਿਛੁ ‘ਕਰਮੁ’ (ਚੰਗਾ ਕੰਮ) ਨ ਜਾਣਾ; ਸਾਰ (ਕਦਰ) ਨ ਜਾਣਾ ਤੇਰੀ ॥’’ (ਮ: ੫/੭੫੦)

‘‘ਨਾਨਕ ! (ਜਿਸ ਨੂੰ) ਨਾਮੁ (ਰੂਪ) ਮਿਲੈ ਵਡਿਆਈ; ਏਦੂ ਉਪਰਿ ਕਰਮੁ (ਸ੍ਰੇਸ਼ਟ ਕੰਮ) ਨਹੀ ॥’’ (ਮ: ੧/੯੦੩)

‘‘ਸੋਈ ‘ਕਰਮੁ’ ਕਮਾਵੈ (ਕਰਦਾ ਹੈ) ਪ੍ਰਾਣੀ; ਜੇਹਾ (ਹੇ ਪ੍ਰਭੂ) ਤੂ ਫੁਰਮਾਏ (ਹੁਕਮ ਕਰਦਾ)॥’’ (ਮ: ੫/੧੧੧੭), ਆਦਿ।

(4). ‘ਕਰਮੁ’ ਭਾਵ ‘ਰੱਬੀ ਬਖ਼ਸ਼ਸ਼’; ਜਿਵੇਂ:

‘‘ਇਆਹੂ ਜੁਗਤਿ; ਬਿਹਾਨੇ ਕਈ ਜਨਮ ॥ ਨਾਨਕ ! ਰਾਖਿ ਲੇਹੁ; ਆਪਨ ਕਰਿ (ਕੇ) ਕਰਮ (ਬਖ਼ਸ਼ਸ)॥’’ (ਮ: ੫/੨੬੮)

(ਨੋਟ: ‘ਕਰਮੁ’ ਤੋਂ ‘ਕਰਮ’ (ਅੰਤ ਮੁਕਤਾ) ਪਹਿਲੀ ਤੁਕ ’ਚ ਦਰਜ ‘ਜਨਮ’ (ਅੰਤ ਮੁਕਤਾ ਬਹੁ ਵਚਨ) ਕਾਰਨ ਹੈ।)

‘‘ਕਰਮੁ (ਬਖ਼ਸ਼ਸ਼) ਹੋਵੈ, ਸਤਿਗੁਰੁ ਮਿਲੈ; ਬੂਝੈ ਬੀਚਾਰਾ ॥’’ (ਮ: ੧/੪੧੮)

‘‘ਜੰਤ ਉਪਾਇ ਧੰਧੈ (ਵਿੱਚ) ਸਭ ਲਾਏ; (ਜਿਨ੍ਹਾਂ ਉੱਤੇ) ਕਰਮੁ (ਮਿਹਰ) ਹੋਆ, ਤਿਨ ਨਾਮੁ ਲਇਆ ॥’’ (ਮ: ੧/੪੩੪)

‘‘ਕਰਮੁ (ਬਖ਼ਸ਼ਸ਼) ਹੋਵੈ, ਤਾ ਪਰਮ ਪਦੁ ਪਾਈਐ; ਕਥੇ ਅਕਥ ਕਹਾਣੀ ॥’’ (ਮ: ੩/੪੨੩)

‘‘ਸੋ ਲਗਾ ਸਤਿਗੁਰ ਸੇਵ; ਜਾ ਕਉ ਕਰਮੁ (ਬਖ਼ਸ਼ਸ਼) ਧੁਰਿ (ਤੋਂ) ॥’’ (ਮ: ੫/੫੧੯)

‘‘ਕਬੀਰ ! ਕਰਮੁ (ਬਖ਼ਸ਼ਸ਼) ਕਰੀਮ (ਬਖ਼ਸ਼ਸ਼ ਕਰਨ ਵਾਲੇ) ਕਾ; (ਪਰ ਜਿਸ ਉੱਤੇ) ਉਹੁ (ਪ੍ਰਭੂ ਆਪਣੀ ਬਖ਼ਸ਼ਸ਼) ਕਰੈ, (ਇਸ ਭੇਤ ਬਾਰੇ ਕੇਵਲ) ਜਾਨੈ ਸੋਇ (ਉਹੀ)॥’’ (ਭਗਤ ਕਬੀਰ/੭੨੭), ਆਦਿ।

(ਨੋਟ: ਉਪਰੋਕਤ ਤਮਾਮ ਵੀਚਾਰ ਦਾ ਮਤਲਬ ਕੇਵਲ ਇਹੀ ਹੈ ਕਿ ਗੁਰਬਾਣੀ ਵਿੱਚ ਦਰਜ ‘ਕਰਮਿ’ ਤੇ ‘ਕਰਮੀ’ ਸ਼ਬਦ, ਜਿਨ੍ਹਾਂ ਦਾ ਅਰਥ ‘ਬਖ਼ਸ਼ਸ ਨਾਲ’ ਹੈ, ਉਨ੍ਹਾਂ ਦਾ ਮੂਲ ਸਰੋਤ ਸ਼ਬਦ ‘ਕਰਮੁ’ (ਅੰਤ ਔਂਕੜ) ਹੈ ਜਿਸ ਦਾ ਅਰਥ ਹੈ ‘ਬਖ਼ਸ਼ਸ’ ਅਤੇ ਇਹੀ (ਕਰਮੁ) ਸ਼ਬਦ ‘ਜਪੁ’ ਪਉੜੀ 25 ਦਾ ਆਰੰਭਕ ਸ਼ਬਦ ਵੀ ਹੈ।)

‘‘ਵਡਾ ਦਾਤਾ; ਤਿਲੁ ਨ ਤਮਾਇ ॥’’- ਇਸ ਪੰਕਤੀ ’ਚ ਦਰਜ ‘ਤਮਾਇ’ ਸ਼ਬਦ ਦਾ ਅਰਥ ਹੈ ‘ਤਮਅ, ਲਾਲਚ, ਤ੍ਰਿਸ਼ਨਾ’ ਭਾਵ ਜੀਵਾਂ ਨੂੰ (ਮਾਲਕ ਵੱਲੋਂ) ਦਿੱਤੀਆਂ ਜਾ ਰਹੀਆਂ ਤਮਾਮ ਦਾਤਾਂ ਬਦਲੇ ਕੋਈ ਮੰਗ (ਇੱਛਾ) ਨਾ ਹੋਣਾ; ਇਸ ਭਾਵਨਾ (ਵਿਸ਼ੇ) ਨੂੰ ਹੀ ਗੁਰੂ ਅਰਜੁਨ ਸਾਹਿਬ ਜੀ ਮਨੁੱਖਾਂ ਪ੍ਰਤੀ ਇਉਂ ਬਿਆਨ ਕਰ ਰਹੇ ਹਨ: ‘‘ਕਰਮ (ਸੇਵਾ) ਕਰਤ, ਹੋਵੈ ਨਿਹਕਰਮ (ਇੱਛਾ ਰਹਿਤ)॥’’ (ਮ: ੫/੨੭੪) ਕਿਉਂਕਿ ‘‘ਹਰਿ ਜਨੁ, ਐਸਾ ਚਾਹੀਐ; ਜੈਸਾ, ਹਰਿ ਹੀ ਹੋਇ ॥’’ (ਭਗਤ ਕਬੀਰ/੧੩੭੨), ਆਦਿ।

‘ਤਿਲੁ ਨ ਤਮਾਇ’- ਇਹ ਜੁੜਤ ਸ਼ਬਦ ਗੁਰਬਾਣੀ ਵਿੱਚ 12 ਵਾਰ ਦਰਜ ਹਨ। ਜਿਸ ਦਾ ਅਰਥ ‘ਤਿਲ ਮਾਤ੍ਰ ਤਮਾਅ’ ਕਰਨਾ ਉਚਿਤ ਨਹੀਂ ਕਿਉਂਕਿ ਇਉਂ ਅਰਥ ਕੀਤਿਆਂ ‘ਤਿਲੁ’ (ਪੁਲਿੰਗ) ਵਿਸ਼ੇਸ਼ਣ ਬਣ ਜਾਂਦਾ ਹੈ ਜਦਕਿ ‘ਤਮਾਅ’ ਇਸਤ੍ਰੀ ਲਿੰਗ ਹੈ, ਇਸ ਲਈ ਉਸ (ਤਮਾਇ) ਦੇ ਵਿਸ਼ੇਸ਼ਣ (ਤਿਲੁ) ਨੂੰ ਔਂਕੜ ਨਹੀਂ ਆ ਸਕਦੀ ਜਿਵੇਂ: ‘ਅਕਾਲ ਮੂਰਤਿ’ ’ਚ ‘ਅਕਾਲ’ ਵਿਸ਼ੇਸ਼ਣ ਅੰਤ ਮੁਕਤਾ ਇਸ ਲਈ ਹੈ ਕਿਉਂਕਿ ‘ਮੂਰਤਿ’ ਇਸਤ੍ਰੀ ਲਿੰਗ ਹੈ। ‘ਤਿਲੁ’ ਦਾ ਅਰਥ ਕਪਟ (ਇੱਕ ਵਚਨ ਪੁਲਿੰਗ ਨਾਂਵ) ਵਧੇਰੇ ਢੁੱਕਦਾ ਹੈ ਭਾਵ ‘ਨਾ ਉਸ ਨੂੰ ਕਪਟ ਹੈ ਨਾ ਤਮਾਅ’ ਹੈ। ‘ਨ’ ਸ਼ਬਦ ਨੂੰ ਦੇਹਲੀ ਦੀਪਕ ਲੈਣਾ ਉਚਿਤ ਹੋਵੇਗਾ। ਤੀਸਰੇ ਪਾਤਿਸ਼ਾਹ ਜੀ ਵੀ ਬਿਲਕੁਲ ਅਜਿਹੇ ਹੀ ਬਚਨ ਕਰ ਰਹੇ ਹਨ; ਜਿਵੇਂ:

‘‘ਮੇਰਾ ਪ੍ਰਭੁ ਵੇਪਰਵਾਹੁ ਹੈ; ਨਾ ਤਿਸੁ ਤਿਲੁ (ਕਪਟ), ਨ ਤਮਾਇ ॥’’ (ਮ: ੩/੯੯੫) ਭਾਵ ਮਾਇਆ ਦੇ ਮੁਕਾਬਲੇ ਵੇਪਰਵਾਹ (ਬੇ-ਮੁਥਾਜ) ਸੋਚ (ਧਾਰਨਾ) ਹੀ ‘‘ਨ ਤਿਲੁ (ਕਪਟ), ਨ ਤਮਾਇ (ਲਾਲਚ)’’ ਵਾਲੀ ਹੁੰਦੀ ਹੈ।

‘‘ਵਡਾ ਦਾਤਾ ਤਿਲੁ (ਨਾ ਕਪਟ) ਨ ਤਮਾਇ (ਲਾਲਚ) ॥’’ (ਮ: ੩/੧੧੭੪) (‘ਨ’ ਸ਼ਬਦ ਨੂੰ ਦੇਹਲੀ ਦੀਪਕ ਮੰਨ ਲਿਆ ਜਾਣਾ ਚਾਹੀਦਾ ਹੈ।) ਆਦਿ।

(ਨੋਟ: ਧਿਆਨ ਰਹੇ ਕਿ ਗੁਰਬਾਣੀ ਵਿੱਚ ਇੱਕ ਵਾਰ ਕੇਵਲ ‘ਤਮਾਇ’ ਸ਼ਬਦ ਵੀ ਦਰਜ ਹੈ ਜਿਸ ਦਾ ਅਰਥ ਹੈ ‘ਜੀਵਾਂ ਅੰਦਰ ਪ੍ਰਭੂ ਪਿਆਰ ਪ੍ਰਤੀ ਪਾਈ ਗਈ ਲਗਨ (ਖਿੱਚ)’; ਜਿਵੇਂ: ‘‘ਸੁਣਿ ਸੁਣਿ ਆਖਣੁ ਆਖਣਾ; ਜੇ ਭਾਵੈ, ਕਰੇ ਤਮਾਇ॥’’ (ਮ: ੧/੧੪) ਭਾਵ ‘‘ਸੁਣਿ ਸੁਣਿ (ਕੇ, ਰੱਬੀ ਸ਼ਕਤੀ, ਬਜ਼ੂਰਗੀ ਬਾਰੇ) ਆਖਣੁ ਆਖਣਾ (ਆਖਦੇ ਰਹਿੰਦੇ ਹਨ ਜੋ ਨਿਰਮੂਲ ਹੈ); (ਪਰ) ਜੇ (ਰੱਬ ਨੂੰ) ਭਾਵੈ (ਪਸੰਦ ਹੋਵੇ, ਤਾਂ ਉਹ ਜਗਿਆਸੂ ਅੰਦਰ ਇਸ ਪਿਆਰ ਪ੍ਰਤੀ) ਕਰੇ ਤਮਾਇ (ਖਿੱਚ ਪੈਦਾ ਕਰ ਦੇਂਦਾ ਹੈ)॥’’ ਮ: ੧/੧੪)

ਬਹੁਤਾ ਕਰਮੁ, ਲਿਖਿਆ ਨਾ ਜਾਇ॥ ਵਡਾ ਦਾਤਾ, ਤਿਲੁ ਨ ਤਮਾਇ॥

ਭਾਵ- (ਹਰ ਜੀਵ ’ਤੇ ਦਾਤਾਰ ਮਾਲਕ ਦਾ) ਅਪਾਰ ਪ੍ਰਸਾਦ (ਬੇਅੰਤ ਫ਼ਜ਼ਲ, ਮਿਹਰ ਹੈ, ਜੋ ਪੂਰਨ ਤੌਰ ’ਤੇ) ਲਿਖਿਆ ਨਹੀਂ ਜਾ ਸਕਦਾ। (ਅਣਮੰਗਿਆਂ ਦਾਤਾਂ ਦੇਣ ਬਦਲੇ ਉਸ ਨੂੰ) ਤਿਲ ਮਾਤਰ ਤਮਾ (ਲਾਲਚ) ਨਹੀਂ, ਇਸ ਲਈ ਉਹ ਵੱਡਾ ਦਾਤਾਰ ਅਖਵਾਉਂਦਾ ਹੈ (ਭਾਵ ਕੋਈ ਉਸ ਨੂੰ ਯਾਦ ਕਰੇ ਜਾਂ ਨਾ ਕਰੇ, ਦਾਤ ਸਦਾ ਮਿਲਦੀ ਰਹਿਣੀ ਹੈ, ‘‘ਜੇ, ਸਭਿ ਮਿਲਿ ਕੈ, ਆਖਣ ਪਾਹਿ ॥ ਵਡਾ ਨ ਹੋਵੈ; ਘਾਟਿ ਨ ਜਾਇ ॥’’ ਮਹਲਾ ੧/੯)

‘‘ਕੇਤੇ ਮੰਗਹਿ; ਜੋਧ ਅਪਾਰ ॥ ਕੇਤਿਆ; ਗਣਤ ਨਹੀ ਵੀਚਾਰੁ ॥ ਕੇਤੇ; ਖਪਿ ਤੁਟਹਿ ਵੇਕਾਰ ॥’’- ਇਨ੍ਹਾਂ ਪੰਕਤੀਆਂ ’ਚ ਦਰਜ ‘ਕੇਤੇ’ ਦਾ ਅਰਥ ਹੈ ‘ਕਿਤਨੇ’ ਅਤੇ ‘ਕੇਤਿਆ’ ਦਾ ਅਰਥ ਹੈ ‘ਕਿਤਨਿਆਂ ਦੀ’ ਭਾਵ ‘ਕੇਤਿਆ’ ਸ਼ਬਦ ਵਿੱਚੋਂ ਸੰਬੰਧਕੀ ਚਿੰਨ੍ਹ ‘ਦਾ’ ਮਿਲਦਾ ਹੈ, ਜੋ ‘ਕੇਤੇ’ ਸ਼ਬਦ ਵਿੱਚੋਂ ਨਹੀਂ ਮਿਲਦਾ।

‘ਮੰਗਹਿ, ਤੁਟਹਿ’- ਇਹ ਦੋਵੇਂ ਸ਼ਬਦ ਬਹੁ ਵਚਨ, ਵਰਤਮਾਨ ਕਿਰਿਆ ਹਨ, ਜਿਨ੍ਹਾਂ ਦਾ ਅਰਥ ਹੈ ‘ਮੰਗਦੇ ਹਨ’ ਤੇ ‘ਤੁਟਦੇ (ਲਾਚਾਰ ਹੁੰਦੇ) ਹਨ।’ ਇਨ੍ਹਾਂ ਦਾ ਉਚਾਰਨ ਹੈ: ‘ਮੰਗਹਿਂ, ਤੁਟਹਿਂ’।

‘ਜੋਧ ਅਪਾਰ’- ਇਨ੍ਹਾਂ ਸ਼ਬਦਾਂ ’ਚ ‘ਜੋਧ’ ਬਹੁ ਵਚਨ ਪਲਿੰਗ ਨਾਂਵ ਹੈ, ਜਿਸ ਦਾ ਅਰਥ ਹੈ ‘ਮਹਾਂਬਲੀ ਜੋਧੇ’ ਤੇ ‘ਅਪਾਰ’ ਸ਼ਬਦ ‘ਜੋਧ’ ਦਾ ਹੀ ‘ਬਹੁ ਵਚਨ ਵਿਸ਼ੇਸ਼ਣ’ ਹੈ ਭਾਵ ‘ਅਣਗਿਣਤ ਮਹਾਂਬਲੀ ਜੋਧੇ’। ਗੁਰਬਾਣੀ ਵਿੱਚ ਸ਼ਬਦ ‘ਜੋਧ’ (9 ਵਾਰ) ਨਾਲ ‘ਮਹਾਬਲ ਸੂਰਾ (ਮਹਾਂਬਲੀ ਸੂਰਮੇ) ਸ਼ਬਦ ਦਰਜ ਹੈ; ਜਿਵੇਂ:

‘‘ਗਾਵਹਿ ‘ਜੋਧ ਮਹਾਬਲ ਸੂਰਾ’; ਗਾਵਹਿ ਖਾਣੀ ਚਾਰੇ ॥’’ (ਜਪੁ /ਮ: ੧)

‘‘ਤਿਥੈ; ‘ਜੋਧ ਮਹਾਬਲ ਸੂਰ’ ॥’’ (ਜਪੁ /ਮ: ੧)

‘‘ਭੈ ਵਿਚਿ; ‘ਜੋਧ ਮਹਾਬਲ ਸੂਰ’ ॥’’ (ਮ: ੧/੪੬੪) ਆਦਿ।

‘ਗਣਤ ਨਹੀ ਵੀਚਾਰੁ’: ਇਸ ਪੰਕਤੀ ’ਚ ਦਰਜ ‘ਗਣਤ’ ਇਸਤ੍ਰੀ ਲਿੰਗ ਸ਼ਬਦ ਹੈ ਜਿਸ ਦਾ ਅਰਥ ਹੈ: ‘ਗਿਣਤੀ’ ਜਦਕਿ ‘ਵੀਚਾਰੁ’ ਇੱਕ ਵਚਨ ਪੁਲਿਗ ਨਾਂਵ ਹੈ। ‘ਗਣਤ’ ਤੇ ਵੀਚਾਰੁ’ (ਦੋਵੇਂ ਸ਼ਬਦ) ਗਿਣਤੀ ਨਾਲ ਸੰਬੰਧਿਤ ਹਨ ਇਸ ਲਈ ‘ਗਣਤ (ਦੀ) ਵੀਚਾਰੁ’ ਅਰਥ ਨਹੀਂ ਬਣ ਸਕਦੇ।

ਗੁਰਬਾਣੀ ਵਿੱਚ ‘ਵੀਚਾਰੁ’ (ਅੰਤ ਔਂਕੜ) 74 ਵਾਰ ਤੇ ‘ਵੀਚਾਰ’ (ਅੰਤ ਮੁਕਤਾ) 16 ਵਾਰ ਦਰਜ ਹੈ। ਸੰਬੰਧਿਤ ਪੰਕਤੀ ’ਚ ‘ਵੀਚਾਰੁ’ (ਔਂਕੜ ਸਹਿਤ) ਕਿਉਂ ਦਰਜ ਹੈ ਜਦਕਿ ਇਸ ਤੋਂ ਪਹਿਲੀ ਤੇ ਅਗਲੀ ਪੰਕਤੀ ਦੇ ਅਖ਼ੀਰ ਵਿੱਚ ‘ਅਪਾਰ’ ਤੇ ‘ਵੇਕਾਰ’ ਸ਼ਬਦ ਅੰਤ ਮੁਕਤੇ ਹਨ, ਇਸ ਨੂੰ ਸਮਝਣਾ ਵੀ ਜ਼ਰੂਰਤ ਹੈ।

‘ਵੀਚਾਰੁ’ ਸ਼ਬਦ ਇੱਕ ਵਚਨ ਪੁਲਿੰਗ ਹੈ ਜਿਸ ਦੇ ਅੰਤ ਵਿੱਚ ਹਮੇਸ਼ਾਂ ਔਂਕੜ ਹੋਣੀ ਚਾਹੀਦੀ ਹੈ। ‘ਵੀਚਾਰੁ’ ਸ਼ਬਦ ਨਾਲ ਸੰਬੰਧਿਤ ਅਗਾਂਹ ਕੁਝ ਪੰਕਤੀਆਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਤੁਕਾਂਤ ਮੇਲ ਵਾਲੀਆਂ ਦੂਜੀਆਂ ਪੰਕਤੀਆਂ ਦੇ ਅਖੀਰਲੇ ਸ਼ਬਦ ’ਤੇ ਧਿਆਨ ਦੇਣ ਦੀ ਜ਼ਰੂਰੀ ਹੈ; ਜਿਵੇਂ:

(1). 74 ਵਾਰ ‘ਵੀਚਾਰੁ’ (ਅੰਤ ਔਂਕੜ ਸਮੇਤ):

‘‘ਅਸੰਖ ਨਿੰਦਕ ਸਿਰਿ ਕਰਹਿ ‘ਭਾਰੁ’ ॥ ਨਾਨਕੁ ਨੀਚੁ ਕਹੈ ‘ਵੀਚਾਰੁ’ ॥’’ (ਜਪੁ /ਮ: ੧)

‘‘ਵੇਖੈ ਵਿਗਸੈ ਕਰਿ ‘ਵੀਚਾਰੁ’ ॥ ਨਾਨਕ ! ਕਥਨਾ ਕਰੜਾ ‘ਸਾਰੁ’ ॥’’ (ਜਪੁ /ਮ: ੧) ਆਦਿ।

(2). 16 ਵਾਰ ‘ਵੀਚਾਰ’ (ਅੰਤ ਮੁਕਤਾ):

‘‘ਹੁਕਮੀ ਸਗਲ ਕਰੇ ‘ਆਕਾਰ’ ॥ ਆਪੇ ਜਾਣੈ, ਸਰਬ ‘ਵੀਚਾਰ’ ॥’’ (ਮ: ੧/੧੫੦)

‘‘ਅਤਿ ਨਿਰਮਲੁ ਗੁਰ ਸਬਦ ‘ਵੀਚਾਰ’ ॥ ਨਾਨਕ ! ਨਾਮਿ ‘ਸਵਾਰਣਹਾਰ’ ॥’’ (ਮ: ੩/੩੬੨), ਆਦਿ।

(ਨੋਟ: ਉਪਰੋਕਤ ਪੰਕਤੀਆਂ ’ਚ ‘ਵੀਚਾਰ’ (ਅੰਤ ਮੁਕਤਾ) ਆਉਣ ਦਾ ਕਾਰਨ ਕੇਵਲ ਸੰਬੰਧਿਤ ਪੰਕਤੀ ’ਚ ਅਖ਼ੀਰਲਾ ਸ਼ਬਦ ਅੰਤ ਮੁਕਤਾ ਹੋਣਾ ਹੀ ਹੈ; ਜਿਵੇਂ: ‘ਆਕਾਰ’ ਤੇ ‘ਸਵਾਰਣਹਾਰ’ (ਅੰਤ ਮੁਕਤੇ); ਪਰ ‘ਜਪੁ’ ਬਾਣੀ ਦੀ ਸੰਬੰਧਿਤ ਪੰਕਤੀ ਦਾ ਸੰਬੰਧ 2 ਤੁਕਾ ਨਹੀਂ ਬਲਕਿ 3 ਤੁਕਾ ਹੈ; ਜਿਵੇਂ: ‘‘ਕੇਤੇ ਮੰਗਹਿ; ਜੋਧ ‘ਅਪਾਰ’ ॥ ਕੇਤਿਆ; ਗਣਤ ਨਹੀ ‘ਵੀਚਾਰੁ’ ॥ ਕੇਤੇ; ਖਪਿ ਤੁਟਹਿ ‘ਵੇਕਾਰ’ ॥’’ ਇਸ ਲਈ ਵਿਚਕਾਰਲੀ ਪੰਕਤੀ ਦਾ ਅਖ਼ੀਰਲਾ ਸ਼ਬਦ ‘ਵੀਚਾਰੁ’ ਅੰਤ ਮੁਕਤਾ ਨਹੀਂ ਹੋਇਆ ਤਾਂ ਜੋ ‘ਅਪਾਰ’ ਦਾ ਸੰਬੰਧ ਕੇਵਲ ‘ਵੀਚਾਰੁ’ ਤੱਕ ਹੀ ਸੀਮਤ ਨਾ ਰੱਖਿਆ ਜਾਵੇ ਬਲਕਿ ਤੀਸਰੀ ਤੁਕ ‘ਵੇਕਾਰ’ ਤੱਕ ਸੰਪੂਰਨ ਕੀਤਾ ਜਾਵੇ।)

ਕੇਤੇ ਮੰਗਹਿ, ਜੋਧ ਅਪਾਰ॥ ਕੇਤਿਆ, ਗਣਤ ਨਹੀਂ ਵੀਚਾਰੁ॥ ਕੇਤੇ, ਖਪਿ ਤੁਟਹਿ ਵੇਕਾਰ॥

ਭਾਵ- ਕਿਤਨੇ ਯੋਧੇ (ਰਾਜੇ; ‘ਵਡਾ ਦਾਤਾ’ ਪਾਸੋਂ ਹੋਰ ਵਧੀਕ ਦਾਤਾਂ) ਮੰਗਦੇ ਰਹਿੰਦੇ ਹਨ, ਅਨੇਕਾਂ (ਹੋਰ ਮੰਗਤਿਆਂ) ਦੀ ਗਿਣਤੀ ਦਾ ਅੰਦਾਜ਼ਾ ਨਹੀਂ (ਪਰ ‘‘ਦਾਤਿ ਪਿਆਰੀ; ਵਿਸਰਿਆ ਦਾਤਾਰਾ ॥’’ ਮਹਲਾ ੫/੬੭੬) ਔਗੁਣਾਂ ਕਰ ਕੇ) ਕਿਤਨੇ ਹੀ ਵਿਕਾਰਾਂ (ਦਾਤ ਦੇ ਲਾਲਚ) ’ਚ ਖਪ-ਖਪ ਕੇ ਮਰ ਗਏ।

(ਨੋਟ : ਅਗਰ ਮਿਲੀ ਦਾਤ ਉਪਰੰਤ ਦਾਤਾਰ ਯਾਦ ਨਾ ਆਵੇ ਤਾਂ ਪ੍ਰਾਪਤ ਹੋਈ ਦਾਤ ਹੀ ਵਿਕਾਰ ਬਣ ਜਾਂਦੀ ਹੈ; ਜਿਵੇਂ

ਚਚਾ; ਰਚਿਤ ਚਿਤ੍ਰ ਹੈ ਭਾਰੀ ॥ ਤਜਿ ਚਿਤ੍ਰੈ; ਚੇਤਹੁ ਚਿਤਕਾਰੀ॥

ਚਿਤ੍ਰ ਬਚਿਤ੍ਰ ਇਹੈ, ਅਵਝੇਰਾ ॥ ਤਜਿ ਚਿਤ੍ਰੈ; ਚਿਤੁ ਰਾਖਿ ਚਿਤੇਰਾ॥ (ਕਬੀਰ/੩੪੦)

ਭਾਵ ‘ਚ’ ਅੱਖਰ ਰਾਹੀਂ ਕਬੀਰ ਜੀ (‘ਚਿਤ੍ਰ’ ਬਾਰੇ) ਸਮਝਾਉਂਦੇ ਹਨ ਕਿ, ‘ਰਚਿਤ ਚਿੱਤ੍ਰ’ ਬਣਾਈ ਗਈ ਫੋਟੋ (ਕੁਦਰਤ/ਜਗਤ, ਮਾਯਾ), ਜੋ ਬਹੁਤ ਵੱਡੀ ਹੈ (ਤੇ ਮਨੁੱਖ ਦੇ ਵਰਤਣ ਲਈ ਇਹ ਸੰਸਾਰਕ ਫੋਟੋ-ਮਾਯਾ ਰੱਬੀ ਦਾਤ ਵੀ ਹੈ, ਜਿਸ ਤੋਂ ਅਗਾਂਹ (ਦਾਤ ’ਚ ਮਸਤ ਹੋਏ ਨੂੰ) ਦਾਤਾਰ ਨਜ਼ਰ ਨਹੀਂ ਆਉਂਦਾ, ਇਹ ‘‘ਕੇਤੇ, ਖਪਿ ਤੁਟਹਿ ਵੇਕਾਰ॥’’ ਹੈ, ਇਸ ਲਈ) ‘‘ਤਜਿ (ਛੱਡ ਕੇ) ਚਿਤ੍ਰੈ (ਦਾਤ ਨੂੰ); ਚੇਤਹੁ ਚਿਤਕਾਰੀ (ਚਿਤਰਕਾਰ ਦਾਤਾਰ ਨੂੰ ਯਾਦ ਕਰੋ)॥’’ ਕਿਉਂਕਿ ‘‘ਚਿਤ੍ਰ ਬਚਿਤ੍ਰ ਇਹੈ (ਇਹ ਮੋਹਿਤ ਕਰਨ ਵਾਲ਼ੀ ਦਾਤ) ਅਵਝੇਰਾ॥’’ ਝੰਬੇਲਾ ਹੈ, ਤਾਂ ਤੇ ‘‘ਤਜਿ (ਕੇ) ਚਿਤ੍ਰੈ (ਦਾਤ ਨੂੰ); ਚਿਤੁ (ਨੂੰ) ਰਾਖਿ ਚਿਤੇਰਾ (ਚਿਤਕਾਰੀ-ਦਾਤਾਰ ਵੱਲ)॥’’ ਕਬੀਰ/੩੪੦)

‘‘ਕੇਤੇ; ਲੈ ਲੈ ਮੁਕਰੁ ਪਾਹਿ ॥ ਕੇਤੇ; ਮੂਰਖ ਖਾਹੀ ਖਾਹਿ ॥’’- ਇਸ ਪੰਕਤੀ ’ਚ ਦਰਜ ਸ਼ਬਦ ‘ਮੁਕਰੁ ਪਾਹਿ’ ਦਾ ਸਰੂਪ ‘ਮੁਕਰਿ ਪਾਹਿ’ ਲਿਖਤ ਨਿਯਮਾਂ ਅਨੁਸਾਰ ਜ਼ਿਆਦਾ ਦਰੁਸਤ ਜਾਪਦਾ ਹੈ। ਕੁਝ ਹੱਥ ਲਿਖਤ ਬੀੜਾਂ ’ਚ ਇਹ ਸਰੂਪ ਮਿਲਦਾ ਵੀ ਹੈ। ਗੁਰਬਾਣੀ ਵਿੱਚ ਇਸ (‘ਮੁਕਰਿ’) ਸ਼ਬਦ ਨਾਲ ਸੰਬੰਧਿਤ ਸ਼ਬਦ (‘ਪਾਹਿ’) ਦਾ ਰੂਪ ਥੋੜਾ ਬਦਲਵੇਂ ਰੂਪ ’ਚ 3 ਵਾਰ (‘ਪਾਉ, ਪਾਇਆ, ਪਉਦੇ’) ਦਰਜ ਹੈ। ਇਸ ਜੁੜਤ ਰੂਪ ’ਚ ‘ਮੁਕਰਿ’ (ਅੰਤ ਸਿਹਾਰੀ) ਸ਼ਬਦ ਦਰੁਸਤ ਵੀ ਹੈ:

‘‘ਤੂ ਦੇਖਹਿ ਹਉ ‘ਮੁਕਰਿ ਪਾਉ’ ॥’’ (ਮ: ੧/੨੫)

‘‘ਸਭੁ ਕਿਛੁ ਸੁਣਦਾ ਵੇਖਦਾ; ਕਿਉ ‘ਮੁਕਰਿ ਪਇਆ’ ਜਾਇ? ॥’’ (ਮ: ੩/੩੬)

‘‘ਲੈ ਲੈ ‘ਮੁਕਰਿ ਪਉਦੇ’ ਕਾਚੇ ॥’’ (ਮ: ੧/੧੦੨੪)

‘ਲੈ ਲੈ’ ਇਹ ਸ਼ਬਦ ਕਿਰਿਆ ਵਿਸ਼ੇਸ਼ਣ ਹਨ ਜੋ ਆਪਣੇ ਅਰਥਾਂ ਨਾਲ ‘ਕੇ’ ਦੀ ਲੁਪਤ ਆਵਾਜ਼ ਦੇਂਦੇ ਹਨ ਭਾਵ ‘ਲੈ ਲੈ ਕੇ’। ਧਿਆਨ ਰਹੇ ਕਿ ‘ਲੈ’ ਇਕੱਲਾ ਸ਼ਬਦ ਵੀ ਜਦ ਕਿਰਿਆ ਵਿਸ਼ੇਸ਼ਣ ਹੁੰਦਾ ਹੈ ਤਾਂ ਆਪਣੇ ਨਾਲ ‘ਕੇ’ ਲੁਪਤ (ਅਰਥ ਵੀ) ਦੇਂਦਾ ਹੈ; ਜਿਵੇਂ:

‘‘ਗਾਵੈ ਕੋ; ਜੀਅ ਲੈ (ਕੇ) ਫਿਰਿ ਦੇਹ ॥’’ (ਜਪੁ /ਮ: ੧)

ਮੇਰੇ ਮਨ ! ਲੈ (ਕੇ) ਲਾਹਾ (ਅਸਲ) ਘਰਿ (ਵਿੱਚ) ਜਾਹਿ (ਜਾਹ)॥’’ (ਮ: ੧/੨੦) ਆਦਿ।

‘ਖਾਹੀ ਖਾਹਿ’ ਇਹ ਜੁੜਤ ਸ਼ਬਦ ਵੀ ਉਪਰੋਕਤ ਕੀਤੀ ਗਈ ਵੀਚਾਰ (‘ਮੁਕਰਿ ਪਾਹਿ’) ਵਾਙ ਹੀ ‘ਖਾਹਿ ਖਾਹਿ’ ਹੋਣਾ ਸੀ, ਜੋ ਕਾਵਿ ਤੋਲ ਕਾਰਨ ‘ਖਾਹੀ ਖਾਹਿ’ ਬਣ ਗਿਆ। ਗੁਰਬਾਣੀ ਵਿੱਚ ਇੱਕ ਵਾਰ ਹੋਰ ਵੀ ਇਹੀ ‘ਖਾਹੀ ਖਾਹਿ’ ਸਰੂਪ ਦਰਜ ਹੈ; ਜਿਵੇਂ:

‘‘ਜੁਗਾ ਜੁਗੰਤਰਿ ਖਾਹੀ ਖਾਹਿ ॥’’ (ਜਪੁ /ਮ: ੧)

(ਨੋਟ: ‘ਖਾਹਿ’ (ਬਹੁ ਵਚਨ ਕਿਰਿਆ) ਸ਼ਬਦ ਦਾ ਉਚਾਰਨ ਬਿੰਦੀ ਸਹਿਤ ਕਰਨ ਦੀ ਪ੍ਰੇਰਨਾ ਇਨ੍ਹਾਂ ਪੰਕਤੀਆਂ ਰਾਹੀਂ ਮਿਲਦੀ ਹੈ:

‘‘ਆਪਿ ਬੀਜਿ; ਆਪੇ ਹੀ ‘ਖਾਂਹਿ’ ॥’’ (ਮ: ੫/੧੧੯੨)

‘‘ਕਬੀਰ ! ਭਾਂਗ ਮਾਛੁਲੀ ਸੁਰਾ (ਸ਼ਰਾਬ) ਪਾਨਿ; ਜੋ ਜੋ ਪ੍ਰਾਨੀ ‘ਖਾਂਹਿ’ ॥’’ (ਭਗਤ ਕਬੀਰ/੧੩੭੭)

ਕੇਤੇ, ਲੈ ਲੈ ਮੁਕਰਿ ਪਾਹਿ॥ ਕੇਤੇ ਮੂਰਖ, ਖਾਹੀ ਖਾਹਿ॥

ਭਾਵ- ਬੇਅੰਤ ਲੋਕ (ਦਾਤਾਰ ਪਾਸੋਂ ਦਾਤਾਂ) ਲੈ ਲੈ ਕੇ ਮੁਕਰ ਜਾਂਦੇ ਹਨ (ਭਾਵ ਮਾਲਕ ਵੱਲੋਂ ਮਿਲੀ ਹਰ ਦਾਤ ਉੱਤੇ ‘‘ਹਮਰੀ ਭੂਮਿ; ਕਉਣੁ ਘਾਲੈ ਪੈਰੁ ? ॥’’ (ਮਹਲਾ ੫/੧੭੮) ਵਾਙ ਆਪਣਾ ਹੱਕ ਜਤਾਉਂਦੇ ਹਨ) ਅਣਗਿਣਤ ਮੂਰਖ (‘‘ਦੇਨਹਾਰੁ ਪ੍ਰਭ ਛੋਡਿ ਕੈ; ਲਾਗਹਿ ਆਨ ਸੁਆਇ ॥’’ (ਮਹਲਾ ੫/੨੬੮) ਹੋਰ ਸੁਆਦ ’ਚ ਲੱਗਦੇ ਹਨ ਭਾਵ) ਕੇਵਲ ਦਾਤਾਂ ਹੀ ਭੋਗਦੇ ਰਹਿੰਦੇ ਹਨ।

‘‘ਕੇਤਿਆ; ਦੂਖ, ਭੂਖ ਸਦ ਮਾਰ ॥ ਏਹਿ ਭਿ, ਦਾਤਿ ਤੇਰੀ; ਦਾਤਾਰ ! ॥’’- ਇਸ ਪੰਕਤੀ ’ਚ ‘ਦੂਖ’ (ਬਹੁ ਵਚਨ ਪੁਲਿੰਗ) ‘ਭੂਖ’ ਤੇ ‘ਮਾਰ’ (ਇੱਕ ਵਚਨ ਇਸਤ੍ਰੀ ਲਿੰਗ) ਹਨ। ‘ਦੂਖ, ਭੂਖ ਤੇ ਮਾਰ’ ਆਦਿ (ਬਹੁ ਵਚਨ ਨਾਂਵਾਂ) ਦਾ ਪੜਨਾਂਵ ਵੀ ਅਗਲੀ ਪੰਕਤੀ ’ਚ ‘ਏਹਿ’ ਬਹੁ ਵਚਨ ਹੈ, ਜਿਸ ਨਾਲ ‘ਭਿ’ (ਅਵਯ) ਸ਼ਬਦ ਲੱਗਿਆ ਹੋਇਆ ਹੈ। ‘ਅਵਯ’ ਸ਼ਬਦ ਉਹ ਹੁੰਦਾ ਹੈ ਜੋ ਕਿਸੇ ਵੀ ‘ਨਾਂਵ, ਪੜਨਾਂਵ, ਕਿਰਿਆ, ਇੱਕ ਵਚਨ, ਬਹੁ ਵਚਨ, ਇਸਤ੍ਰੀ ਲਿੰਗ, ਪੁਲਿੰਗ’ ਆਦਿ ਨਾਲ ਦਰਜ ਹੋ ਸਕਦਾ ਹੋਵੇ ਤੇ ਸੰਬੰਧਿਤ ਸ਼ਬਦ ਦੇ ਅਰਥਾਂ ਨੂੰ ਨਿਸ਼ਚਿਤ ਕਰ ਦੇਵੇ, ਯਕੀਨ ਵਿੱਚ ਬਦਲ ਦੇਵੇ, ਪੰਜਾਬੀ ਤੇ ਗੁਰਮੁਖੀ ’ਚ ‘ਭਿ, ਭੀ, ਵੀ, ਹੀ’ ਆਦਿ ‘ਅਵਯ’ ਸ਼ਬਦ ਹਨ; ਜਿਵੇਂ: ‘ਮੋਹਨ ਵੀ’ ਚੰਗਾ ਹੈ।, ‘ਉਹ ਭੀ’ ਪੜ੍ਹਦਾ ਹੈ।, ਲੜਕੀ ਚਲਦੀ ਚਲਦੀ ਭੀ ਗਾਉਂਦੀ ਹੈ।, ਇਹ ਸਭ ਉਨ੍ਹਾਂ ਹੀ ਕੀਤਾ ਹੈ।’ ਆਦਿ ਵਾਕਾਂ ’ਚ ਪਹਿਲਾ ‘ਮੋਹਨ’ ਇੱਕ ਵਚਨ ਪੁਲਿੰਗ ਨਾਂਵ ਹੈ, ਦੂਸਰਾ ‘ਉਹ’ ਪੜਨਾਂਵ ਹੈ, ਤੀਸਰਾ ‘ਚਲਦੀ’ ਕਿਰਿਆ ਹੈ ਤੇ ਚੌਥਾ ‘ਉਨ੍ਹਾਂ’ ਬਹੁ ਵਚਨ ਪੜਨਾਂਵ ਹੈ ਪਰ ਸਾਰਿਆਂ ਨਾਲ ਹੀ ‘ਅਵਯ’ ਸ਼ਬਦ (ਭਿ, ਭੀ, ਵੀ, ਹੀ’) ਦਰਜ ਹੋ ਗਏ ਜਿਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਨੂੰ ਯਕੀਨ ’ਚ ਬਦਲ ਦਿੱਤਾ ਇਸ ਲਈ ਇਨ੍ਹਾਂ ਸ਼ਬਦਾਂ ਨੂੰ ‘ਨਿਸ਼ਚੇ ਬੋਧਕ’ ਸ਼ਬਦ ਕਿਹਾ ਜਾਂਦਾ ਹੈ।

ਸੰਬੰਧਿਤ ਪੰਕਤੀ ’ਚ ‘ਏਹਿ ਭਿ’ ਤੋਂ ਭਾਵ ਹੈ ਕਿ ਸਮਾਜਿਕ ਸੁੱਖ ਭਰਪੂਰ ਦਾਤਾਂ ਤੋਂ ਇਲਾਵਾ ਇਹ ਵੀ (ਭਾਵ ‘ਦੁੱਖ, ਭੁੱਖ ਤੇ ਵਿਕਾਰਾਂ ਦੀ ਮਾਰ’ ਆਦਿ ਵੀ) ‘ਦਾਤਿ ਤੇਰੀ’, (ਹੇ) ‘ਦਾਤਾਰ !’

ਗੁਰਬਾਣੀ ਵਿੱਚ ‘ਏਹਿ’ ਸ਼ਬਦ ਬਹੁ ਵਚਨ ਦੇ ਰੂਪ ’ਚ 30 ਵਾਰ ਦਰਜ ਹੈ; ਜਿਵੇਂ:

‘‘ਨਾਨਕ ! ਮੂਰਖ ‘ਏਹਿ’ ਗੁਣ; ਬੋਲੇ ਸਦਾ ਵਿਣਾਸੁ ॥’’ (ਮ: ੧/੧੪੩)

‘‘ਸਤੀਆ ‘ਏਹਿ’ ਨ ਆਖੀਅਨਿ; ਜੋ ਮੜਿਆ (ਨਾਲ) ਲਗਿ (ਕੇ) ਜਲੰਨਿ੍ ॥’’ (ਮ: ੩/੭੮੭)

‘‘ਧਨ ਪਿਰੁ ‘ਏਹਿ’ ਨ ਆਖੀਅਨਿ; ਬਹਨਿ ਇਕਠੇ ਹੋਇ (ਕੇ)॥’’ (ਮ: ੩/੭੮੮)

‘‘ਏਹਿ’’ ‘ਥਿਤੀ (ਤੇ) ਵਾਰ’ ਦੂਜਾ ਦੋਇ (ਦੂਜਾ ਭਾਵ ਦਵੈਤ)॥’’ (ਮ: ੩/੮੪੩)

‘‘ਕਹੈ ਨਾਨਕੁ ‘ਏਹਿ’ ਨੇਤ੍ਰ ਅੰਧ ਸੇ; ਸਤਿਗੁਰਿ ਮਿਲਿਐ (ਨਾਲ) ਦਿਬ ਦ੍ਰਿਸਟਿ ਹੋਈ ॥’’ (ਮ: ੩/੯੨੨) ਆਦਿ।

ਉਪਰੋਕਤ ਤਮਾਮ ਪੰਕਤੀਆਂ ’ਚ ‘ਏਹਿ’ (ਬਹੁ ਵਚਨ ਪੜਨਾਂਵ ਵਿਸ਼ੇਸ਼ਣ ਸ਼ਬਦ) ਦੇ ਸਮਾਨੰਤਰ ਹੀ ਬਹੁ ਵਚਨ ਨਾਂਵ ਸ਼ਬਦ ਦਰਜ ਹਨ; ਜਿਵੇਂ ਤਰਤੀਬਵਾਰ: ‘‘ਏਹਿ ‘ਗੁਣ’, ਏਹਿ ‘ਸਤੀਆ’, ਏਹਿ ‘ਧਨ ਪਿਰੁ’ (ਭਾਵ ਪਤੀ ਤੇ ਪਤਨੀ), ਏਹਿ ‘ਥਿਤਿ ਵਾਰ’ (ਭਾਵ ਦਿਨ ਤੇ ਥਿੱਤਾਂ), ਏਹਿ ‘ਨੇਤ੍ਰ’’ ਆਦਿ, ਇਸ ਲਈ ਸੰਬੰਧਿਤ ਪੰਕਤੀ ’ਚ ‘ਏਹਿ’ ਦਾ ਸੰਬੰਧ ਕੇਵਲ ‘ਮਾਰ’ (ਇੱਕ ਵਚਨ) ਨਾਲ ਨਹੀਂ ਹੋ ਸਕਦਾ ਬਲਕਿ ‘ਦੂਖ, ਭੂਖ ਤੇ ਮਾਰ’ (ਬਹੁ ਵਚਨ) ਨਾਲ ਹੈ, ਜਿਸ ਦੀ ਪ੍ਰੋੜ੍ਹਤਾ (ਸਮਰਥਨ) ਅਵਯ ਸ਼ਬਦ ‘ਭਿ’ ਕਰਦਾ ਹੈ।

ਕੇਤਿਆ; ਦੂਖ ਭੂਖ ਸਦ ਮਾਰ॥ ਏਹਿ ਭਿ, ਦਾਤਿ ਤੇਰੀ; ਦਾਤਾਰ ! ॥ 

ਭਾਵ- ਕਈਆਂ ਨੂੰ ਦੁੱਖ, ਭੁੱਖ (ਇਤਿਆਦਿਕ ਪੀੜ) ਸਦਾ ਮਾਰਦੀ ਹੈ (ਪਰ) ਹੇ ਦਾਤਾਰ ਮਾਲਕ ! (ਤੇਰੀਆਂ ਸੁਖਦਾਈ ਦਾਤਾਂ ਵਾਙ) ਇਹ (ਪੀੜ/ਔਖ ਵੀ) ਤੇਰੀ ਹੀ ਇੱਕ ਦਾਤ ਹੈ (ਭਾਵ ਤੇਰੇ ਹੁਕਮ ’ਚ ਹੀ ‘ਦੂਖ ਭੂਖ’ ਮਿਲਦੇ ਹਨ)।

(ਨੋਟ : (1). ਗੁਰਬਾਣੀ ’ਚ ਕੁਝ ਅਜਿਹੇ ਵਾਕ ਸਾਮ੍ਹਣੇ ਆਉਂਦੇ ਹਨ ਕਿ ਅਕਾਲ ਪੁਰਖ, ਆਪਣੇ ਸੇਵਕ ਦੇ ਸਾਰੇ ਰੋਗ ਮਿਟਾ ਦਿੰਦਾ ਹੈ। ਦਰਅਸਲ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਭਗਤ ‘ਦੁੱਖ-ਭੁੱਖ’ ਨੂੰ ਰੱਬੀ ਰਜ਼ਾ ਸਮਝ ਕੇ ਆਸਾਨੀ ਨਾਲ਼ ਇਨ੍ਹਾਂ ਦਾ ਮੁਕਾਬਲਾ ਕਰਦਾ ਹੈ।

ਇਹ ਅਟੱਲ ਸਚਾਈ ਹੈ ਕਿ ਜਦ ਤੱਕ ਸਰੀਰ (ਜੂਨ) ਹੈ ਤਦ ਤੱਕ ਦੁੱਖ-ਤਕਲੀਫ਼ ਆਉਂਦੇ-ਜਾਂਦੇ ਰਹਿੰਦੇ ਹਨ, ਇਨ੍ਹਾਂ ਤੋਂ ਮੁਕਤੀ ਪਾਉਣ ਲਈ ਗੁਰੂ ਜਾਂ ਅਕਾਲ ਪੁਰਖ ਅੱਗੇ ਕੀਤੀ ਗਈ ਬੇਨਤੀ, ਉਸ ਮੰਗਤੇ ਵਾਙ ਝੱਖ ਮਾਰਨਾ ਹੈ, ਜੋ ਕਿਸੇ ਦੀ ਦਹਿਲੀਜ਼ ’ਤੇ ਕਈ ਘੰਟੇ ਮੰਗ ਕੇ ਆਖ਼ਰ ਬਿਨਾਂ ਖ਼ੈਰ ਮਿਲੀ ਚਲਾ ਜਾਂਦਾ ਹੈ, ‘‘ਨਾਨਕ ! ਬੋਲਣੁ ਝਖਣਾ; ਦੁਖ ਛਡਿ (ਕੇ), ਮੰਗੀਅਹਿ ਸੁਖ ॥ (ਕਿਉਂਕਿ) ਸੁਖੁ ਦੁਖੁ ਦੁਇ, ਦਰਿ ਕਪੜੇ; ਪਹਿਰਹਿ ਜਾਇ ਮਨੁਖ ॥ (ਇਸ ਲਈ) ਜਿਥੈ ਬੋਲਣਿ ਹਾਰੀਐ; ਤਿਥੈ ਚੰਗੀ ਚੁਪ ॥’’ (ਮ: ੧/੧੪੯)

ਸੋ, ‘‘ਪਰਮੇਸਰ ਤੇ ਭੁਲਿਆਂ, ਵਿਆਪਨਿ ਸਭੇ ਰੋਗ॥’’ (ਮਹਲਾ ੫/੧੩੫) ਦਾ ਮਤਲਬ ਹੈ ਕਿ ਰੱਬੀ ਰਜ਼ਾ ਨੂੰ ਨਾ ਮੰਨਣ ਵਾਲ਼ਾ ਦੁੱਖ-ਪੀੜਾ ਨੂੰ ਬਹੁਤ ਵਧਾ ਕੇ ਲੈਂਦਾ ਹੈ, ਜਿਸ ਕਾਰਨ ਉਸ ਦਾ ਮੁਕਾਬਲਾ ਕਰਨ ਵਾਲ਼ੀ ਸ਼ਕਤੀ ਨਹੀਂ ਜੁਟਾ ਸਕਦਾ ਜਦ ਕਿ ਭਗਤ ਦਾ ਜੀਵਨ ‘‘ਹਸੰਦਿਆ; ਖੇਲੰਦਿਆ; ਪੈਨੰਦਿਆ; ਖਾਵੰਦਿਆ; ਵਿੱਚੇ ਹੋਵੈ ਮੁਕਤਿ॥’’ (ਮਹਲਾ ੫/੫੨੨) ਵਾਲ਼ਾ ਹੁੰਦਾ ਹੈ ਕਿਉਂਕਿ ‘ਦਾਤਾਰਾ ਪਿਆਰਾ ॥’ ਹੈ, ਨਾ ਕਿ ‘‘ਦਾਤਿ ਪਿਆਰੀ’’ ।

(2). ਸਿੱਖ ਭਾਈਚਾਰੇ ਵਿੱਚ ਨਾ-ਸਮਝੀ ਕਾਰਨ ਇਸ (‘‘ਏਹਿ ਭਿ, ਦਾਤਿ ਤੇਰੀ; ਦਾਤਾਰ ! ॥’’) ਪੰਕਤੀ ਨੂੰ ‘ਸੁਖਦਾਇਕ ਦਾਤਾਂ’ ਨਾਲ ਸੰਬੰਧਿਤ ਮੰਨ ਲਿਆ ਜਾਂਦਾ ਹੈ ਤੇ ਜਿਸ ‘ਦਾਤ’ (ਵਿਸ਼ੇ ਭਾਵ ‘‘ਦੂਖ, ਭੂਖ, ਸਦ ਮਾਰ ॥’’) ਪ੍ਰਥਾਏ ਇਹ ਪੰਕਤੀ ਦਰਜ ਹੈ ਉਸ ਦੇ ਵਾਪਰਨ ’ਤੇ ਮਨੁੱਖ ਰੋਂਦਾ ਹੈ, ਵਿਲਕਦਾ ਹੈ।

ਦੂਸਰੇ ਪਾਸੇ ਕੁਝ ਅਜੋਕੇ ਵਿਦਵਾਨ ਸੱਜਣ ਵੀ ਹਨ ਜੋ ਰੱਬੀ ਬਖ਼ਸ਼ਸ਼ ਨਾਲ ਸੰਬੰਧਿਤ (ਉਕਤ ਬਿਆਨ ਕੀਤੀਆਂ ਗਈਆਂ) ‘‘ਦੂਖ, ਭੂਖ, ਸਦ ਮਾਰ ॥’’ ਰੂਪ ਦਾਤਾਂ ਨੂੰ ਰੱਬੀ ਨਿਯਮ ਦਾ ਭਾਗ ਮੰਨਣ ਦੀ ਬਜਾਏ ਜਿਨ੍ਹਾਂ ਉੱਪਰ ਇਹ ਦਾਤਾਂ ਵਾਪਰ ਰਹੀਆਂ ਹਨ ਉਨ੍ਹਾਂ ਮਨੁੱਖਾਂ ਨੂੰ ਹੀ ਪ੍ਰਮਾਤਮਾ ਵੱਲੋਂ ਨਿਯੁਕਤ ਕੀਤੇ ਕੁਦਰਤੀ ਨਿਯਮਾਂ ਵਿੱਚੋਂ ਆਕੀ ਮੰਨ ਲਿਆ ਜਾਂਦਾ ਹੈ।

ਦਰਅਸਲ, ਇੱਕ ਭਗਤ ਦੀ ਦ੍ਰਿਸ਼ਟੀ ’ਚ ਰੱਬੀ ਸੁਭਾਵ ਵਾਙ ਗੁਣਾਂ ਭਰਪੂਰ ਜੀਵਨ ਬਤੀਤ ਕਰਨ ਨਾਲ ਕੁਦਰਤ ਦਾ ਵਿਕਾਸ ਹੀ ਅਸੰਭਵ ਹੈ ਕਿਉਂਕਿ ਸਮੂਹ ਆਕਾਰ ਹੀ ਉਸ ਦਾਤਾਰ ਦੇ ਗੁਣਾਂ ਵਾਙ ਪਵਿੱਤਰ ਰਹਿਣੀ ਦਾ ਮਾਲਕ ਬਣ ਕੇ ਉਸ ਵਿੱਚ ਲੀਨ ਹੋ ਜਾਵੇਗਾ, ਇਸ ਲਈ ਜ਼ਰੂਰੀ ਹੈ ਕਿ ਕੁਦਰਤ ਦੇ ਵਿਕਾਸ ਨੂੰ ਸਦੀਵੀ ਬਣਾਏ ਲਈ ਸਮਾਜਿਕ ਸੋਚ ਵਿੱਚ (ਸਚਾਈ ਵੱਲੋਂ, ਹਉਮੈ ਰੂਪ) ਪਰਦਾ ਬਣਾਇਆ ਜਾਏ, ਜਿਸ (ਪਰਦੇ) ਨੂੰ ਇੱਕ ਭਗਤ ‘‘ਧਨ (ਜੀਵ ਇਸਤ੍ਰੀ) ਪਿਰ (ਪ੍ਰਭੂ ਪਤੀ) ਕਾ ਇਕ ਹੀ ਸੰਗਿ ਵਾਸਾ; (ਪਰ) ਵਿਚਿ, ਹਉਮੈ (ਦੀ) ਭੀਤਿ ਕਰਾਰੀ (ਕਠੋਰ ਦੀਵਾਰ)॥ (ਮ: ੪/੧੨੬੩) ਦੇ ਨਾਮ ਨਾਲ ਯਾਦ ਰੱਖਦਾ ਹੈ ਕਿਉਂਕਿ ਜਦ ਭਗਤ ਅੰਦਰ ‘‘ਕਹੁ ਨਾਨਕ ! ਹਉਮੈ ਭੀਤਿ ਗੁਰਿ (ਨੇ) ਖੋਈ; ਤਉ ਦਇਆਰੁ (ਦਿਆਲੂ) ਬੀਠਲੋ ਪਾਇਓ ॥’’ (ਮ: ੫/੬੨੪) ਵਾਲਾ ਪ੍ਰਕਾਸ਼ ਹੋ ਜਾਂਦਾ ਹੈ ਤਾਂ ਉਹ ਰੱਬੀ ਨਿਯਮਾਂ ਅਨੁਸਾਰ ਸਮਾਜਿਕ ਅਸਮਾਨਤਾ (ਸੁਆਰਥੀ ਸੋਚ) ਦੁਆਰਾ ਵਾਪਰ ਰਹੇ ‘‘ਦੂਖ, ਭੂਖ, ਸਦ ਮਾਰ ॥’’ ਨੂੰ ਸਮਾਪਤ ਕਰਨ ਪ੍ਰਤੀ ਸੰਘਰਸ਼ (ਜੱਦੋ-ਜਹਿਦ) ਕਰਦਾ ਹੈ। ਇਸ ਸੰਘਰਸ਼ ਲਈ ਹੀ ਗੁਰੂ ਜੀ ਭਗਤਾਂ ਅੰਦਰ ਉਤਸ਼ਾਹ ਭਰਦੇ ਹਨ; ਜਿਵੇਂ: ‘‘ਸੂਰਾ ਸੋ ਪਹਿਚਾਨੀਐ; ਜੁ, ਲਰੈ ਦੀਨ ਕੇ ਹੇਤ (ਸਚਾਈ ਪ੍ਰਤੀ)॥ ਪੁਰਜਾ ਪੁਰਜਾ ਕਟਿ (ਕੇ) ਮਰੈ; ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫), ‘‘ਜਉ ਤਉ, ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ (ਕੇ) ਤਲੀ (ਉੱਤੇ), ਗਲੀ ਮੇਰੀ (ਮੇਰੇ ਮਾਰਗ- ਸਿਧਾਂਤ ਵਿੱਚ) ਆਉ ॥ ਇਤੁ ਮਾਰਗਿ (ਉੱਤੇ) ਪੈਰੁ ਧਰੀਜੈ ॥ ਸਿਰੁ ਦੀਜੈ, (ਪਰ) ਕਾਣਿ (ਸਮਝੋਤਾ) ਨ ਕੀਜੈ ॥’’ (ਮ: ੧/੧੪੧੨) ਆਦਿ। ਇਸ ਸੰਘਰਸ਼ ਰੂਪੀ ਖੇਡ ਦੇ ਦੋਵੇਂ ਪਾਸੇ (ਭਾਵ ‘‘ਦੂਖ, ਭੂਖ, ਸਦ ਮਾਰ ॥’’ ਹਾਲਾਤ ਬਣਾਉਣ ਵਾਲੇ ਤੇ ਇਨ੍ਹਾਂ ਹਾਲਾਤਾਂ ਨੂੰ ਮਿਟਾਉਣ ਵਾਲੇ ਰੱਬੀ (ਨਿਯਮ) ਦਾ ਹੀ ਭਾਗ ਹੁੰਦੇ ਹਨ।

ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਖੜਗ ਨਾਲ ਪੈਂਦੇਖ਼ਾਨ ਦੇ ਸਰੀਰ ਦੇ ਦੋ ਟੁਕੜੇ ਕਰਨ ਉਪਰੰਤ ਵੀ ਉਸ ਦੀ ਅੰਤਿਮ ਰਸਮ ਆਪ ਕਰਵਾਈ, ਗੁਰੂ ਗੋਬਿੰਦ ਸਾਹਿਬ ਜੀ ਨੇ ਭਾਈ ਘਨੱਈਆ ਜੀ ਨੂੰ ਦੁਸ਼ਮਣ ਦੀਆਂ ਫੌਜਾਂ ਨੂੰ ਪਾਣੀ ਪਿਲਾਉਣ ਤੇ ਮਲ੍ਹਮ-ਪੱਟੀ (ਦਵਾ-ਦਾਰੂ) ਦੇਣ ਵਾਲੀ ਸੇਵਾ ਨੂੰ ਨਿਰੰਤਰ ਜਾਰੀ ਰੱਖਣ ਲਈ ਪ੍ਰੇਰਿਆ ਤੇ ਸਿੰਘਾਂ ਨੇ ਯੁੱਧ ਦੇ ਮੈਦਾਨ ਵਿੱਚ ਭੱਜਦੀਆਂ ਫੌਜਾਂ ਦਾ ਕਦੇ ਵੀ ਪਿੱਛਾ ਨਾਹੀਂ ਕੀਤਾ ਆਦਿ।

ਉਕਤ ਪੰਕਤੀ (‘‘ਕੇਤਿਆ; ਦੂਖ, ਭੂਖ, ਸਦ ਮਾਰ ॥ ਏਹਿ ਭਿ, ਦਾਤਿ ਤੇਰੀ; ਦਾਤਾਰ ! ॥’’) ਦੇ ਅਰਥ ਵੀਰ ਭੁਪਿੰਦਰ ਸਿੰਘ ਜੀ ਇਉਂ ਕਰਦੇ ਹਨ: ‘ਰੱਬ ਤੋਂ ਵਿਛੋੜੇ ਦੇ ਦੁੱਖ ਨੂੰ ਮਹਿਸੂਸ ਕਰਨਾ ਅਤੇ ਸੱਚੇ ਨਾਮ ਦੀ ਭੁੱਖ ਮਹਿਸੂਸ ਕਰਨ ਵਾਲੀ ਮੱਤ ਹੀ ਤੇਰਾ ਸੱਦਾ ਹੈ ਅਤੇ ਉਸ ਦੁੱਖ ਤੋਂ ਛੁੱਟਣ ਲਈ ਸੱਚੇ ਦੇ ਨਾਮਣੇ ਦੀ ਭੁੱਖ ਲੱਗ ਜਾਵੇ ਇਹ ਦਾਤ ਹੈ। (ਵੀਰ ਭੁਪਿੰਦਰ ਸਿੰਘ, ਕਿਤਾਬ ‘ਸਚਿਆਰਾ ਕਿਵੇਂ ਬਣੀਏ ? ਵਿੱਚੋਂ)

ਉਕਤ ਅਰਥ ਵੀਚਾਰਨ ਯੋਗ ਹਨ ਕਿਉਂਕਿ ਇਸ ਤਰ੍ਹਾਂ ਅਸੁਖਦਾਇਕ ਦਾਤ ਨੂੰ ਸੁਖਦਾਇਕ ਦਾਤ ’ਚ ਤਬਦੀਲ ਕਰਨ ਨਾਲ ਸੰਘਰਸ਼ਮਈ ਤੇ ਸੇਵਾ-ਭਾਵਨਾ ਵਾਲੇ ਜੀਵਨ ਪੈਦਾ ਨਹੀਂ ਹੋ ਸਕਦੇ ਤੇ ਕਈ ਸਵਾਲ ਜ਼ਰੂਰ ਖੜੇ ਹੋ ਜਾਂਦੇ ਹਨ; ਜਿਵੇਂ:

(1). ਕੀ ਪ੍ਰਭੂ ਤੋਂ ਵਿਛੋੜੇ ਦੇ ਦੁੱਖ (ਇੱਕ ਵਚਨ) ਨੂੰ ਪੰਕਤੀ ’ਚ ਦਰਜ ‘ਦੂਖ’ (ਬਹੁ ਵਚਨ) ਨਾਲ ਜੋੜਿਆ ਜਾ ਸਕਦਾ ਹੈ?

(2). ਇਨ੍ਹਾਂ ਅਰਥਾਂ ’ਚ ‘ਦੂਖ’ ਤੇ ‘ਭੂਖ’ ਨੂੰ ਤਾਂ ਹਾਂ ਪੱਖੀ ਦ੍ਰਿਸ਼ਟੀਕੋਣ (ਨਜ਼ਰੀਏ) ਤੋਂ ਵੀਚਾਰ ਲਿਆ ਗਿਆ ਹੈ ਪਰ ‘ਸਦ ਮਾਰ’ ਦੇ ਅਰਥ ਕਿਉਂ ਨਹੀਂ ਕੀਤੇ? ਕਿਉਂਕਿ ਇਨ੍ਹਾਂ (ਸਦ ਮਾਰ) ਸ਼ਬਦਾਂ ਦੇ ਅਰਥਾਂ ਨੂੰ ਸੁਖਦਾਇਕ ਦਾਤ ਵੱਲ ਉਲਥਾਇਆ ਹੀ ਨਹੀਂ ਜਾ ਸਕਦਾ।

(3). ਕੀ ‘ਦਾਤਿ ਤੇਰੀ’ (ਦੂਜਾ ਪੁਰਖ) ਦੇ ਅਰਥ ‘ਇਹ ਦਾਤ ਹੈ’ (ਅਨਯ ਪੁਰਖ) ’ਚ ਬਦਲਿਆ ਜਾ ਸਕਦੇ ਹਨ ? ਕਿਉਂਕਿ ‘ਤੇਰੀ’ (ਇਸਤ੍ਰੀ ਲਿੰਗ ਦੂਜਾ ਪੁਰਖ ਪੜਨਾਂਵ) ਸ਼ਬਦ ਨੂੰ ‘ਦਾਤਾਰ’ (ਇੱਕ ਵਚਨ ਪੁਲਿੰਗ) ਦੇ ਪ੍ਰਤੀ ਤਾਂ ਹੀ ਉਲਥਾਇਆ ਜਾ ਸਕਦਾ ਹੈ ਜੇਕਰ ‘ਦਾਤਾਰ’ ਨੂੰ ਸੰਬੋਧਨ (ਦੂਜਾ ਪੁਰਖ ਇੱਕ ਵਚਨ) ਰੂਪ ’ਚ ਮੰਨਿਆ ਜਾਵੇ; ਜਿਵੇਂ: ‘ਹੇ ਦਾਤਾਰ!’; ਇਸ ਲਈ ‘ਦਾਤਾਰ’ ਤੇ ‘ਤੇਰੀ’ ਦੋਵੇਂ ਸ਼ਬਦਾਂ ਦੇ ਅਰਥ ਨਾ ਕਰਨੇ, ਮਨਮਤ ਨੂੰ ਹੀ ਪ੍ਰਗਟ ਕਰਨਾ ਹੈ।

ਦਰਅਸਲ ਉਕਤ ਸੋਚ ਕੇਵਲ ਵੀਰ ਭੁਪਿੰਦਰ ਸਿੰਘ ਜੀ ਦੀ ਹੀ ਨਹੀਂ ਹੈ ਬਲਕਿ ਕੁਝ ਵਿਦਵਾਨ ਅਖਵਾਉਣ ਵਾਲੇ ਹੋਰ ਵੀ ਕਈ ਸੱਜਣ ਹਨ, ਜੋ ਸਮਾਜਿਕ ਗਿਆਨ (ਵਿਗਿਆਨ) ਤੋਂ ਪ੍ਰਭਾਵ ਹੋ ਕੇ ‘‘ਧੁਰ ਕੀ ਬਾਣੀ॥’’ ਨੂੰ ਤੁੱਛ ਬੁਧੀ ਨਾਲ ਵੀਚਾਰ ਰਹੇ, ਮਹਿਸੂਸ ਹੋ ਰਹੇ ਹਨ।

ਅਜਿਹੀ ਸੋਚ ਦਾ ਪਿਛੋਕੜ ਆਧਾਰ ਕੀ ਹੈ? ਇਸ ਬਾਰੇ ਸਮਝਣਾ ਜ਼ਰੂਰੀ ਹੈ। ਜਿਸ ਦਾ ਜਵਾਬ ਵੀਰ ਭੁਪਿੰਦਰ ਸਿੰਘ ਜੀ ਦੁਆਰਾ ਲਿਖੇ ਗਏ ‘ਮਨ ਕੀ ਮਤ’ (ਕੂੜਿਆਰ ਅਵਸਥਾ) ਤੇ ‘ਸਤਿਗੁਰ ਕੀ ਮਤ’ (ਸਚਿਆਰ ਅਵਸਥਾ) ਦੇ ਤੁਲਨਾਤਮਿਕ ਅਧਿਐਨ ਰਾਹੀਂ ਮਿਲ ਸਕਦਾ ਹੈ, ਜੋ ਉਨ੍ਹਾਂ ਦੁਆਰਾ ਲਿਖੀ ਗਈ ਪੁਸਤਕ ਦੇ ਪੰਨਾ 11 ’ਤੇ ਤਰਤੀਬਵਾਰ ਇਸ ਪ੍ਰਕਾਰ ਦਿੱਤਾ ਗਿਆ ਹੈ:

(ਨੋਟ: ਹੇਠਾਂ ਦਿੱਤੀ ਗਈ ਸੂਚੀ ਵਿੱਚ ਬਰੈਕਟ ਤੋਂ ਬਾਹਰ ‘ਮਨ ਕੀ ਮਤ’ (ਕੂੜਿਆਰ ਅਵਸਥਾ) ਹੈ ਤੇ ਉਸ ਦੇ ਮੁਕਾਬਲੇ ਬਰੈਕਟ ’ਚ ਬੰਦ ‘ਸਤਿਗੁਰ ਕੀ ਮਤ’ (ਸਚਿਆਰ ਅਵਸਥਾ) ਬਿਆਨ ਕੀਤੀ ਗਈ ਹੈ; ਜਿਵੇਂ:

‘ਡੋਲਦਾ ਰਹਿਣਾ (ਅਡੋਲਤਾ), ਭਟਕਣਾ (ਸਥਿਰਤਾ), ਭ੍ਰਮਣਾ (ਟਿਕਾਉ), ਮੈਲਾ (ਨਿਰਮਲ), ਰੱਬ ਤੋਂ ਦੂਰੀ (ਮਿਲਨ, ਨੇੜਤਾ), ਦਿਖਾਵਾ ਕਰਨਾ (ਬੇਪਰਵਾਹ), ਅਲਪ ਸੁੱਖ (ਸਦੀਵੀ ਸੁੱਖ), ਬੇਚੈਨੀ (ਚੈਨ), ਦ੍ਵੈਤਤਾ (ਅਦ੍ਵੈਤ), ਕਰਮ ਕਾਂਡੀ (ਅਮਲੀ ਜੀਵਨ), ਪਾਖੰਡੀ (ਨਿਰਮਲ ਭਉ), ਦੁਨੀਆਦਾਰੀ (ਰੱਬੀ ਨਿਯਮਾਵਲੀ), ਅਸ਼ਾਂਤ (ਵਿਗਾਸ), ਸਰੀਰਕ ਵਿਚੋਲੇ ਨੂੰ ਮੰਨਣਾ (ਇਕਮਿਕਤਾ), ਤੀਰਥਾਂ ਦੀ ਭਟਕਣਾ (ਜਿਊਂਦੇ ਜੀਅ ਸੱਚਖੰਡ, ਬੈਕੁੰਠ ਅਤੇ ਪਰਮਪਦ ਦੀ ਅਵਸਥਾ), ਵਹਿਮ ਭਰਮ (ਸਤਿਗੁਰ ਦੀ ਰਜ਼ਾ), ਖ਼ੁਦਗਰਜ਼ (ਰੱਬੀ ਗੁਣਾਂ ਭਰਪੂਰ), ਭੇਖੀ (ਅਭੇਦ)।’ (ਵੀਰ ਭੁਪਿੰਦਰ ਸਿੰਘ)

ਵੀਚਾਰ: ਉਕਤ ਬਿਆਨ ਕੀਤੀ ਗਈ ‘ਮਨ ਕੀ ਮਤ’ (ਕੂੜਿਆਰ ਅਵਸਥਾ) ਤੇ ‘ਸਤਿਗੁਰ ਕੀ ਮਤ’ (ਸਚਿਆਰ ਅਵਸਥਾ) ਵਿੱਚ ‘ਰੱਬ’ ਜਾਂ ‘ਗੁਰੂ’ ਦੀ ਬਖ਼ਸ਼ਸ਼ ਕਿੱਥੇ ਆਉਂਦੀ ਹੈ ? ਬਾਰੇ ਕੋਈ ਜ਼ਿਕਰ ਨਹੀਂ, ਆਖ਼ਰ ਕਿਉਂ ?

ਦਰਅਸਲ ਇਹ ਲੋਕ ਵਿਗਿਆਨਿਕ ਸੋਚ ਅਨੁਸਾਰ ‘ਰੱਬੀ ਬਖ਼ਸ਼ਸ’ ਤੇ ‘ਗੁਰੂ ਦੀ ਬਖ਼ਸ਼ਸ਼’ ਨੂੰ ਕੋਈ ਅਦ੍ਰਿਸ਼ ਸ਼ਕਤੀ ਨਹੀਂ ਮੰਨਦੇ; ਤਾ ਤੇ ‘ਰੱਬ’ ਤੇ ‘ਗੁਰੂ’ ਅੱਗੇ ਕੀਤੀ ਜਾ ਰਹੀ ਅਰਦਾਸ ਦਾ ਕੋਈ ਮਤਲਬ ਵੀ ਨਹੀਂ ਰਹਿ ਜਾਂਦਾ। ਜਾਣੇ-ਅਣਜਾਣੇ ਵਿੱਚ ਧਾਰਨ ਕੀਤੀ ਗਈ ਅਜਿਹੀ ਸੋਚ ‘ਗੁਰਮਤਿ ਫ਼ਿਲਾਸਫ਼ੀ’ ਨੂੰ ਬਹੁਤ ਹੀ ਭਾਰੀ ਨੁਕਸਾਨ ਪਹੁੰਚਾ ਰਹੀ ਹੈ।)

‘‘ਬੰਦਿ ਖਲਾਸੀ; ਭਾਣੈ ਹੋਇ ॥ ਹੋਰੁ; ਆਖਿ ਨ ਸਕੈ ਕੋਇ ॥ ਜੇ ਕੋ ਖਾਇਕੁ; ਆਖਣਿ ਪਾਇ ॥ ਓਹੁ ਜਾਣੈ; ਜੇਤੀਆ ਮੁਹਿ ਖਾਇ ॥’’- ਇਨ੍ਹਾਂ ਚਾਰੇ ਪੰਕਤੀਆਂ ਦਾ ਭਾਵਾਰਥ ਆਪਸ ਵਿੱਚ ਵਧੀਕ ਮੇਲ ਰੱਖਦਾ ਹੈ।

‘ਬੰਦਿ’- ਇਹ ਸ਼ਬਦ ‘ਬੰਦੀ’ ਭਾਵ ਕੈਦ (ਜੇਲ) ਇਸਤ੍ਰੀ ਲਿੰਗ ਹੈ, ਜੋ ਕਾਵਿ ਤੋਲ ਕਾਰਨ ‘ਬੰਦਿ’ ਬਣ ਗਿਆ। ਗੁਰਬਾਣੀ ਵਿੱਚ ‘ਬੰਦੀ’ ਸ਼ਬਦ 9 ਵਾਰ ਦਰਜ ਹੈ, ਜਿਸ ਦਾ ਅਰਥ ਹੈ ‘ਜੇਲ, ਕੈਦ’; ਜਿਵੇਂ:

‘‘ਨਾਨਕ ਕਉ ਪ੍ਰਭ ! ਰਾਖਿ ਲੇਹਿ; (ਹੇ) ਮੇਰੇ ਸਾਹਿਬ ਬੰਦੀ ਮੋਚ (ਕੈਦ ਤੋਂ ਮੁਕਤ ਕਰਨ ਵਾਲੇ) ! ॥’’ (ਮ: ੫/੧੩੫)

‘‘ਸਾ (ਉਹ ਜੀਵ ਇਸਤ੍ਰੀ) ਬੰਦੀ ਤੇ (ਕੈਦ ਤੋਂ); ਲਈ ਛਡਾਇ ॥’’ (ਮ: ੫/੩੭੪)

‘‘ਜਗੁ ਬੰਦੀ; (ਕੇਵਲ ਉਹ) ਮੁਕਤੇ (ਜਿਨ੍ਹਾਂ) ਹਉ ਮਾਰੀ ॥’’ (ਮ: ੧/੪੧੩) ਆਦਿ।

‘ਬੰਦੀ’ ਤੋਂ ਕਾਵਿ ਤੋਲ ਕਾਰਨ ‘ਬੰਦਿ’ ਬਣਿਆ ਰੂਪ ਵੀ 5 ਵਾਰ ਦਰਜ ਹੈ; ਜਿਵੇਂ:

‘‘ਹੁਕਮੇ (ਵਿੱਚ) ਹੀ ਸਿਰਿ (ਉੱਤੇ) ਮਾਰ (ਪੈਂਦੀ, ਜੋ); ਬੰਦਿ ਰੱਬਾਣੀਐ (ਰੱਬ ਦੀ ਕੈਦ ਹੈ)॥’’ (ਮ: ੧/੪੨੦)

‘‘ਕਾਟੀ ਬੇਰੀ (ਬੇੜੀ) ਪਗਹ ਤੇ (ਪੈਰਾਂ ਤੋਂ); ਗੁਰਿ (ਨੇ) ਕੀਨੀ (ਕੀਤੀ) ਬੰਦਿ (ਤੋਂ) ਖਲਾਸੁ (ਮੁਕਤੀ)॥’’ (ਮ: ੫/੧੦੦੨)

‘‘ਹਕੁ (ਸੱਚਾ, ਉਸ ਦਾ) ਹੁਕਮੁ, ਸਚੁ (ਸੱਚਾ) ਖੁਦਾਇਆ (ਖ਼ੁਦਾ, ਅੱਲਾਹ, ਇਹ ਰਾਜ); ਬੁਝਿ (ਕੇ) ਨਾਨਕ ! ਬੰਦਿ ਖਲਾਸ ਤਰਾ ॥’’ (ਮ: ੫/੧੦੮੪)

‘‘ਇਕਨ੍ਾ ਗਲੀਂ ਜੰਜੀਰ, ਬੰਦਿ ਰਬਾਣੀਐ (ਰੱਬ ਦੀ ਕੈਦ ਭਾਵ ਰਜ਼ਾ ਅਨੁਸਾਰ)॥’’ (ਮ: ੧/੧੨੮੭) ਆਦਿ।

‘ਭਾਣੈ’ (ਹੋਇ)-ਇਸ ਪੰਕਤੀ ’ਚ ਦਰਜ ‘ਭਾਣੈ’ ਦਾ ਅਰਥ ਹੈ ‘ਰਜ਼ਾ ਵਿੱਚ’। ‘ਭਾਣਾ’ ਸ਼ਬਦ ਦਾ ਅਰਥ ਹੈ ‘ਰਜ਼ਾ’; ਜਿਵੇਂ 111 ਵਾਰ:

‘‘ਜੋ ਤਿਸੁ ‘ਭਾਣਾ’; ਸੋਈ ਹੂਆ ॥’’ (ਮ: ੧/੧੫੪)

‘‘ਜੋ ਕਿਛੁ ਵਰਤੈ; ਸਭ ਤੇਰਾ ‘ਭਾਣਾ’ ॥’’ (ਮ: ੫/੧੯੩)

‘‘ਪ੍ਰਭ ਕਾ ‘ਭਾਣਾ’ (ਹੁਕਮ); ਲਾਗਾ ਮੀਠਾ ॥’’ (ਮ: ੫/੩੮੭) ਆਦਿ, ਪਰ ਜਦ ‘ਭਾਣਾ’ ਸ਼ਬਦ ’ਚੋਂ ‘ਵਿੱਚ, ਨਾਲ, ਨੇ, ਦਾ’ ਆਦਿ ਕਾਰਕੀ ਚਿੰਨ੍ਹ ਲੈਣ ਦੀ ਜ਼ਰੂਰਤ ਪਵੇ ਤਾਂ ‘ਭਾਣਾ’ ਦਾ ਸਰੂਪ ‘ਭਾਣੈ’ ਬਣ ਜਾਂਦਾ ਹੈ; ਜਿਵੇਂ:

‘‘ਗੁਰ ਕੈ ਭਾਣੈ (ਰਜ਼ਾ ਵਿੱਚ), ਜੋ ਚਲੈ; ਦੁਖੁ ਨ ਪਾਵੈ ਕੋਇ ॥’’ (ਮ: ੩/੩੧)

(ਰੱਬੀ) ‘‘ਭਾਣੈ (ਰਜ਼ਾ ਵਿੱਚ) ਉਝੜ (ਕੁਰਾਹੇ ਪੈਂਦਾ); ਭਾਣੈ (ਵਿੱਚ) ਰਾਹਾ (ਸਹੀ ਰਸਤੇ ਪੈਂਦਾ) ॥’’ (ਮ: ੫/੯੮)

‘‘ਹਰਿ ਕੈ ਭਾਣੈ (ਵਿੱਚ), ਸਤਿਗੁਰੁ ਮਿਲੈ; ਸਚੁ ਸੋਝੀ ਹੋਈ ॥’’ (ਮ: ੩/੩੬੫)

‘‘ਮਨੁ ਹਰਿ ਕੈ ਭਾਣੈ (ਵਿੱਚ); ਆਵੈ ਜਾਇ (ਭਟਕਦਾ ਹੈ) ॥’’ (ਮ: ੧/੧੧੮੮)

(ਪ੍ਰਭੂ, ਆਪਣੇ) ‘‘ਭਾਣੈ (ਵਿੱਚ) ਬਖਸ (ਕਰਦਾ); ਭਾਣੈ (ਵਿੱਚ) ਦੇਇ ਸਜਾਇ ॥’’ (ਮ: ੫/੧੨੭੦) ਆਦਿ।

‘ਖਾਇਕੁ’- ਇਹ ਸ਼ਬਦ ਇੱਕ ਵਚਨ ਪੁਲਿੰਗ ਨਾਂਵ ਹੈ, ਜਿਸ ਦਾ ਅਰਥ ਹੈ ‘ਮੂਰਖ’ ਤੇ ਉਸ ਮਨੁੱਖ ਦੇ ਸਬੰਧ ਵਿੱਚ ਦਰਜ ਹੈ, ਜੋ ਰੱਬੀ ਰਜ਼ਾ ਅਨੁਸਾਰ ‘‘ਦੂਖ, ਭੂਖ, ਸਦ ਮਾਰ॥’’ ਰੂਪ ‘ਬੰਦਿ’ (ਕੈਦ) ਤੋਂ ‘ਖਲਾਸੀ’ (ਮੁਕਤੀ) ਨੂੰ ਰੱਬੀ ‘‘ਭਾਣੈ (ਵਿੱਚ) ਹੋਇ॥’’ ਨਹੀਂ ਮੰਨਦਾ। ਗੁਰਬਾਣੀ ਵਿੱਚ ‘ਖਾਇਕੁ’ ਸ਼ਬਦ ਕੇਵਲ ਇੱਕ ਵਾਰ ਇੱਥੇ ਹੀ ਦਰਜ ਹੈ ਪਰ ‘ਖਾਇਕਾ’ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਵਾਰ ਹੋਰ ਦਰਜ ਕੀਤਾ ਹੈ; ਜਿਵੇਂ :

‘‘ਦੀਦਾਰੁ ਪੂਰੇ (ਦਾ) ਪਾਇਸਾ; ਥਾਉ (ਸ਼ਾਂਤੀ) ਨਾਹੀ ਖਾਇਕਾ (ਨੂੰ)॥’’ (ਮ: ੧/੮੩) ਭਾਵ (ਰੱਬੀ ਸ਼ਕਤੀ ’ਤੇ ਭਰੋਸਾ ਰੱਖਣ ਵਾਲੇ ਹੀ) ਪੂਰਨ ਪ੍ਰਭੂ-ਸ਼ਕਤੀ ਦਾ ‘ਦੀਦਾਰੁ’ (ਦਰਸ਼ਨ) ਕਰਦੇ ਹਨ, ਅਨੁਭਵ ਕਰਦੇ ਹਨ ਪਰ ‘ਖਾਇਕਾ’ (ਮੂਰਖਾਂ) ਨੂੰ ਆਤਮਿਕ ‘ਥਾਉ’ (ਸ਼ਾਂਤੀ) ਨਹੀਂ ਮਿਲਦੀ ਭਾਵ ਰੱਬ ’ਤੇ ਭਰੋਸਾ ਨਾ ਰੱਖਣ ਵਾਲੇ ਭਟਕਦੇ ਰਹਿੰਦੇ ਹਨ, ਆਤਮਿਕ ਤੌਰ ’ਤੇ ਅਸ਼ਾਂਤ ਰਹਿੰਦੇ ਹਨ।

‘‘ਓਹੁ ਜਾਣੈ; ਜੇਤੀਆ ਮੁਹਿ ਖਾਇ ॥’’- ਇਸ ਪੰਕਤੀ ’ਚ ‘ਓਹੁ’ (ਇੱਕ ਵਚਨ ਪੁਲਿੰਗ ਪੜਨਾਂਵ) ਸ਼ਬਦ ‘ਖਾਇਕੁ’ ਦੇ ਪ੍ਰਥਾਏ ਦਰਜ ਹੈ।

‘ਜੇਤੀਆ’-ਇਹ ਸ਼ਬਦ ਇਸਤ੍ਰੀ ਲਿੰਗ ਬਹੁ ਵਚਨ (ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ) ਹੈ, ਇਸ ਲਈ ਇਸ ਦਾ ਅਰਥ ‘ਅਣਗਿਣਤ ਜੁਤੀਆਂ, ਅਨੇਕਾਂ ਫਿਟਕਾਰਾਂ, ਬੇਸ਼ੁਮਾਰ ਵਿਕਾਰਾਂ ਦੀਆਂ ਮਾਰਾਂ’ ਆਦਿ ਢੁਕਵਾਂ ਅਰਥ ਹੈ।

‘‘ਮੁਹਿ ਖਾਇ ॥’’- ਇਸ ਪੰਕਤੀ ’ਚ ‘ਮੁਹਿ’ ਸ਼ਬਦ ਅਧਿਕਰਣ ਕਾਰਕ ਨਾਲ ਸੰਬੰਧਿਤ ਹੋਣ ਕਾਰਨ ‘ਮੂੰਹ ਉੱਤੇ’ ਦੇ ਅਰਥ ਦੇਵੇਗਾ ਤੇ ਗੁਰਬਾਣੀ ਵਿੱਚ 41 ਵਾਰ ਦਰਜ ਹੈ; ਜਿਵੇਂ:

‘‘ਮੰਨੈ; ਮੁਹਿ (ਉੱਤੇ) ਚੋਟਾ ਨਾ ਖਾਇ ॥’’ (ਜਪੁ /ਮ: ੧)

‘‘ਮੁਹਿ ਡਿਠੈ ਜਨ ਕੈ (ਨਾਲ); ਜੀਵੀਐ ॥’’ (ਮ: ੫/੧੩੨) (ਭਾਵ ਰੱਬੀ ਸੇਵਕ ਦੇ ਮੂੰਹ ਵੇਖਣ ਨਾਲ ਆਤਮਿਕ ਸ਼ਾਂਤੀ ਮਿਲਦੀ ਹੈ।)

‘‘ਨਾਨਕ ! ਭੈ ਵਿਣੁ ਜੇ ਮਰੈ; ਮੁਹਿ ਕਾਲੈ (ਨਾਲ) ਉਠਿ ਜਾਇ ॥’’ (ਮ: ੩/੧੪੯) (ਭਾਵ ਹੇ ਨਾਨਕ ! ਰੱਬੀ ਡਰ-ਅਦਬ ਵਿੱਚ ਜੀਵਨ ਬਸਰ ਕਰਨ ਦੀ ਬਜਾਏ ਵਿਕਾਰਾਂ ਦੇ ਮੁਕਾਬਲੇ ਜੇ ਮਰੈ ਤਾਂ ਉਹ ਫ਼ਿਟਕਾਰੀ ਜੀਵਨ ਸਮੇਤ ਹੀ ਸੰਸਾਰਕ ਯਾਤ੍ਰਾ ਪੂਰੀ ਕਰਕੇ ਚਲਾ ਜਾਵੇਗਾ) ਆਦਿ।

ਬੰਦਿ ਖਲਾਸੀ; ਭਾਣੈ ਹੋਇ॥ ਹੋਰੁ; ਆਖਿ ਨ ਸਕੈ, ਕੋਇ॥

ਭਾਵ- (ਦੂਖ ਭੂਖ ਸਦ ਮਾਰ॥) ਬੰਧਨ ਤੋਂ ਮੁਕਤੀ (ਦਾਤਾਰ ਦੀ) ਰਜ਼ਾ ’ਚ (ਚੱਲ ਕੇ) ਹੁੰਦੀ ਹੈ। (ਇਸ ਤੋਂ ਇਲਾਵਾ) ਹੋਰ ਕੋਈ ਤਰੀਕਾ ਬਿਆਨਿਆ ਨਹੀਂ ਜਾ ਸਕਦਾ।

(ਨੋਟ : ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?॥’’ ਦਾ ਜਵਾਬ ਵੀ ‘‘ਹੁਕਮਿ ਰਜਾਈ ਚਲਣਾ॥’’ ਦਿੱਤਾ ਗਿਆ ਹੈ। ਦਰਅਸਲ, ਰੱਬੀ ਰਜ਼ਾ ਅਨੁਸਾਰ ਮਿਲੀ ਦਾਤ, ਦੀ ਸਮਝ ਰੱਖਣ ਵਾਲ਼ਾ, ‘‘ਦਾਤਿ ਪਿਆਰੀ’’ ਬਣਾ ਕੇ ਇਸ ਉੱਤੇ ਆਪਣਾ ਹੱਕ ਨਹੀਂ ਜਤਾਉਂਦਾ, ਜੋ ‘‘ਦੂਖ ਭੂਖ ਸਦ ਮਾਰ॥’’ ਪੀੜਾ ਦਾ ਮੂਲ ਕਾਰਨ ਬਣਦਾ ਹੈ।

ਉਪਰੋਕਤ ਪੰਕਤੀਆਂ ਦੀ ਭਾਵਨਾ ਉਸ ਵਿਸ਼ੇ ਵੱਲ ਸੰਕੇਤ ਕਰਦੀ ਹੈ ਜਦ ਮਨੁੱਖ ਆਪਣੇ ਉਦਮ ਨਾਲ ਹੀ ਸਭ ਕੁਝ ਕਰਨ ਦਾ ਯਤਨ ਕਰਦਾ ਹੋਵੇ ਕਿਉਂਕਿ ਗੁਰਬਾਣੀ ਵਾਕ ਹੈ: ‘‘ਭਾਣੈ (ਵਿੱਚ) ਚਲੈ ਆਪਣੈ; ਬਹੁਤੀ ਲਹੈ ਸਜਾਇ ॥’’ (ਮ: ੩/੯੪੯) ਭਾਵ ਰੱਬੀ ਭਾਣਾ (ਰਜ਼ਾ) ਜਾਂ ਗੁਰੂ ਭਾਣਾ (ਰਜ਼ਾ) ਤੋਂ ਮੁਨਕਰ ਹੀ ‘ਆਪਣੈ ਭਾਣੈ (ਰਜ਼ਾ ਵਿੱਚ, ਮਨੁੱਖ) ਚੱਲਦਾ ਹੈ ਜਿਸ ਦਾ ਨਤੀਜਾ ‘‘ਬਹੁਤੀ ਲਹੈ ਸਜਾਇ ॥’’ ਭਾਵ ‘‘ਓਹੁ ਜਾਣੈ; ਜੇਤੀਆ ਮੁਹਿ ਖਾਇ ॥’’ ਹੁੰਦਾ ਹੈ।

ਰੱਬੀ ਰਜ਼ਾ ਦੀ ਵਿਆਪਕਤਾ ਬਾਰੇ ਗੁਰਬਾਣੀ ਫ਼ੁਰਮਾਨ ਹੈ ਕਿ ‘‘ਨਕਿ (ਵਿੱਚ) ਨਥ, ਖਸਮ (ਦੇ) ਹਥ; ਕਿਰਤੁ ਧਕੇ ਦੇ ॥ ਜਹਾ ਦਾਣੇ, ਤਹਾਂ ਖਾਣੇ; ਨਾਨਕਾ ! ਸਚੁ ਹੇ ॥ (ਮ: ੨/੬੫੩), ਮਤਾ (ਸਲਾਹ) ਕਰੈ ਪਛਮ ਕੈ ਤਾਈ (ਲਈ, ਪਰ ਪ੍ਰਭੂ); ਪੂਰਬ (ਵੱਲ) ਹੀ ਲੈ ਜਾਤ (ਲੈ ਜਾਂਦਾ ਹੈ)॥ (ਮ: ੫/੪੯੬), ਕਬੀਰ ! ਕੂਕਰੁ (ਕੁੱਤਾ) ਰਾਮ ਕੋ (ਦਾ); ਮੁਤੀਆ (ਮੋਤੀ) ਮੇਰੋ ਨਾਉ ॥ ਗਲੇ ਹਮਾਰੇ ਜੇਵਰੀ (ਰੱਸੀ); ਜਹ (ਜਿੱਧਰ) ਖਿੰਚੈ ਤਹ ਜਾਉ ॥’’ (ਭਗਤ ਕਬੀਰ/੧੩੬੮) ਆਦਿ।)

ਜੇ ਕੋ ਖਾਇਕੁ; ਆਖਣਿ ਪਾਇ॥ ਓਹੁ ਜਾਣੈ; ਜੇਤੀਆ ਮੁਹਿ ਖਾਇ॥         

ਭਾਵ- ਅਗਰ ਕੋਈ ਮੂਰਖ (ਮੂੰਹ+ਰੱਖ ਭਾਵ ਹਰ ਦਾਤ ਬਦਲੇ ਸਮਾਜ ’ਚ ਆਪਣਾ ਮੂੰਹ ਰੱਖਣ ਵਾਲ਼ਾ, ‘‘ਦੂਖ-ਭੂਖ ਸਦ ਮਾਰ’’ ਤੋਂ ‘‘ਬੰਦਿ ਖਲਾਸੀ’’ ਪਾਉਣ ਲਈ ਰੱਬੀ ਰਜ਼ਾ ’ਚ ਚੱਲਣ ਦੀ ਬਜਾਇ ਕੋਈ ਹੋਰ ਤਰੀਕਾ) ਦੱਸਣ ਦਾ ਯਤਨ ਕਰਦਾ ਹੈ (ਤਾਂ ਉਹ ਕਾਮਯਾਬ ਨਹੀਂ, ਅਜਿਹਾ ਹਾਰਿਆ ਹੋਇਆ ਜੀਵਨ ‘‘ਦੂਖ-ਭੂਖ ਸਦ ਮਾਰ’’ ਦੀਆਂ) ਜਿੰਨੀਆਂ ਚੋਟਾਂ ਆਪਣੇ ਮੂੰਹ ’ਤੇ ਸਹਾਰਦਾ ਹੈ ? (ਇਸ ਬਾਬਤ) ਉਹ ਆਪ ਹੀ ਜਾਣਦਾ ਹੈ।

‘‘ਆਪੇ ਜਾਣੈ; ਆਪੇ ਦੇਇ ॥ ਆਖਹਿ ਸਿ ਭਿ; ਕੇਈ ਕੇਇ ॥’’- ਇਸ ਪੰਕਤੀ ’ਚ ‘ਆਪੇ’ ਸ਼ਬਦ ਦਾ ਅਰਥ ਹੈ ‘ਆਪ ਹੀ’ ਭਾਵ ‘ਅਵਯ’ (‘ਹੀ’ ਸ਼ਬਦ) ਜ਼ਰੂਰ ਮਿਲਦਾ ਹੈ।

‘ਸਿ ਭਿ’- ਉਕਤ ਕੀਤੀ ਗਈ ਵੀਚਾਰ ਕਿ ‘ਭਿ’ ਅਵਯ ਸ਼ਬਦ ਹੈ ਜੋ ਆਪਣੇ ਨਾਲ ਸੰਬੰਧਿਤ ਸ਼ਬਦ ਦੇ ਭਾਵਾਰਥਾਂ ਨੂੰ ਯਕੀਨ ਵਿੱਚ ਬਦਲਦਾ ਹੈ। ਇੱਥੇ ਇਸ ‘ਭਿ’ ਨਾਲ ਸੰਬੰਧਿਤ ਸ਼ਬਦ ‘ਸਿ’ ਪੜਨਾਂਵ ਹੈ, ਜਿਸ ਦਾ ਅਰਥ ਹੈ ‘ਇਹ’ (ਰਾਜ, ਸੰਕੇਤ, ਭੇਤ ਵੀ)। ‘ਸਿ’ ਸ਼ਬਦ ਗੁਰਬਾਣੀ ਵਿੱਚ 55 ਵਾਰ ਦਰਜ ਹੈ, ਜੋ ਇਸਤ੍ਰੀ ਲਿੰਗ ਪੜਨਾਂਵ, ਇੱਕ ਵਚਨ ਪੁਲਿੰਗ ਪੜਨਾਂਵ ਤੇ ਬਹੁ ਵਚਨ ਪੁਲਿੰਗ ਪੜਨਾਂਵ’ ਲਈ ਵਰਤਿਆ ਹੋਇਆ ਹੈ; ਜਿਵੇਂ:

‘‘ਕਵਣਿ ‘ਸਿ’ (‘ਉਹ’ ਇਸਤ੍ਰੀ ਲਿੰਗ) ਰੁਤੀ, ਮਾਹੁ ਕਵਣੁ; ਜਿਤੁ, ਹੋਆ ਆਕਾਰੁ ॥’’ (ਜਪੁ /ਮ: ੧)

‘‘ਪ੍ਰਭ ਕਉ ਸਿਮਰਹਿ, ‘ਸਿ’ (ਉਹ ਪੁਲਿੰਗ ਬਹੁ ਵਚਨ) ਸਰਬ ਕੇ ਰਾਜੇ ॥’’ (ਮ: ੫/੨੬੩)

‘‘ਨਾਨਕੁ ਵਖਾਣੈ, ਗੁਰ ਬਚਨਿ (ਰਾਹੀਂ) ਜਾਣੈ; ਜਾ ਕੈ ਮਸਤਕਿ (ਉੱਤੇ) ਭਾਗ, ‘ਸਿ’ (ਉਹ ਪੁਲਿੰਗ ਇੱਕ ਵਚਨ) ਸੇਵਾ ਲਾਇਆ ॥’’ (ਮ: ੫/੪੫੭) ਆਦਿ।

ਆਪੇ ਜਾਣੈ; ਆਪੇ ਦੇਇ॥ ਆਖਹਿ; ਸਿ ਭਿ, ਕੇਈ ਕੇਇ॥

ਭਾਵ- (ਸੰਸਾਰ ’ਚ ਸਾਰੇ ਅਿਤਘਣ ਵੀ ਨਹੀਂ, ਰੱਬੀ ਪਿਆਰੇ) ਕਈ ਸੰਤੋਖਧਾਰੀ ਭਗਤ ਹਨ, ਜੋ ਇਹ ਵੀ ਆਖਦੇ ਹਨ (ਕਿ ਮਾਲਕ, ਜੀਵਾਂ ਦੀ ਦਿਲੀ ਤਮੰਨਾ ਮੁਤਾਬਕ) ਆਪ ਹੀ ਜਾਣਦਾ ਹੈ (ਤੇ ਲੋੜ ਅਨੁਸਾਰ) ਆਪ ਹੀ (ਦਾਤਾਂ) ਦੇਈ ਜਾਂਦਾ ਹੈ (ਭਾਵ ਸਾਨੂੰ ‘‘ਕੇਤੇ ਮੰਗਹਿ, ਜੋਧ ਅਪਾਰ॥’’ ਵਾਙ ‘ਦੇਹਿ-ਦੇਹਿ’ ਕਹਿਣ ਦੀ ਵਾਧੂ ਜ਼ਰੂਰਤ ਨਹੀਂ ਪੈਂਦੀ)।

‘‘ਜਿਸ ਨੋ ਬਖਸੇ; ਸਿਫਤਿ ਸਾਲਾਹ ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥੨੫॥’’- ਇਸ ਪਉੜੀ ਦੀ ਆਰੰਭਤਾ ‘ਬਹੁਤਾ ਕਰਮੁ’ ਭਾਵ ਰੱਬੀ ਦਾਤ ਤੋਂ ਹੋਈ ਸੀ ਪਰ ਉਪਰੋਕਤ ਤਮਾਮ ਪੰਕਤੀਆਂ ’ਚ ਕੇਵਲ ਦੁਨਿਆਵੀ ਦਾਤਾਂ ਦਾ ਹੀ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਲਈ ਰੱਬੀ ਦਰ ’ਤੇ ਤਮਾਮ ਮਨੁੱਖ ਫ਼ਰਿਆਦੀ ਬਣਦੇ ਹਨ। ਇਸ ਅੰਤਮ ਪੰਕਤੀ ’ਚ ਇੱਕ ਵਿਸ਼ੇਸ਼ ਦਾਤ ਦਾ ਵਰਨਣ (ਵੇਰਵਾ) ਹੈ, ਜੋ ਕੇਵਲ ਜਗਿਆਸੂ ਮਨੁੱਖ ਨੂੰ ਹੀ ਗੁਰੂ ਬੋਲੀ (ਰੱਬੀ ਸ਼ਕਤੀ ਦਾ ਡਰ-ਅਦਬ) ਗ੍ਰਹਿਣ ਕਰਨ ਉਪਰੰਤ ਹੀ ਰੱਬੀ ਦਰ ’ਤੇ ਕੀਤੀ ਗਈ ਫ਼ਰਿਆਦ ਉਪਰੰਤ ਮਿਲਦੀ ਹੈ।

‘ਪਾਤਿਸਾਹੀ’- ਇਹ ਸ਼ਬਦ ਕਾਰਕ ਰੂਪ ’ਚ ‘ਦਾ’ ਲੁਪਤ ਅਰਥ ਦੇਂਦਾ ਹੈ; ਜਿਵੇਂ: ‘ਪਾਤਿਸ਼ਾਹਾਂ ਦਾ’ ਪਰ ਇਹ ਸੰਬੰਧਕੀ ਚਿੰਨ੍ਹ ‘ਦਾ’ (ਲੁਪਤ) ਤਦ ਹੀ (ਲੁਪਤ) ਮਿਲਦਾ ਹੈ ਜਦ ਇਹ ਸ਼ਬਦ ਸਮਾਨੰਤਰ ਦੋ ਵਾਰ (‘ਪਾਤਿਸਾਹੀ ਪਾਤਿਸਾਹੁ’) ਦਰਜ ਹੋਵੇ ਅਗਰ ‘ਪਾਤਿਸਾਹੀ’ ਸ਼ਬਦ ਕੇਵਲ ਇਕੱਲਾ ਹੀ ਪੰਕਤੀ ’ਚ ਦਰਜ ਹੈ ਤਾਂ ਸੰਬੰਧਕੀ ਚਿੰਨ੍ਹ ‘ਦਾ’ (ਲੁਪਤ) ਨਹੀਂ ਮਿਲਦਾ; ਜਿਵੇਂ 8 ਵਾਰ:

‘‘ਕੀੜਾ ਥਾਪਿ (ਕੇ) ਦੇਇ ਪਾਤਿਸਾਹੀ; (ਪਰ) ਲਸਕਰ (ਅਣਗਿਣਤ ਫੌਜਾਂ ਨੂੰ) ਕਰੇ ਸੁਆਹ ॥’’ (ਮ: ੧/੧੪੪)

‘‘ਸਾਚਾ ਤਖਤੁ; ਸਚੀ ਪਾਤਿਸਾਹੀ ॥’’ (ਮ: ੫/੧੦੭੩) ਆਦਿ।

ਜਿਸ ਨੋ ਬਖਸੇ; ਸਿਫਤਿ ਸਾਲਾਹ॥ ਨਾਨਕ ! ਪਾਤਿਸਾਹੀ ਪਾਤਿਸਾਹੁ॥ ੨੫॥

ਭਾਵ- ਹੇ ਨਾਨਕ ! (ਬੇਅੰਤ ਸੰਸਾਰਕ ਦਾਤਾਂ ਤੋਂ ਇਲਾਵਾ) ਜਿਸ ਨੂੰ (ਦਾਤਾਰ, ਆਪਣੀ) ਸ਼ਲਾਘਾ ਕਰਵਾਉਣ ਵਾਲ਼ੀ (ਸਰਬੋਤਮ ਦਾਤ) ਦੇਂਦਾ ਹੈ, ਉਹ ਦੁਨਿਆਵੀ ਪਾਤਿਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ (ਭਾਵ ਉਹ ‘‘ਦੂਖ-ਭੂਖ ਸਦ ਮਾਰ’’ ਅੱਗੇ ਹਾਰਦਾ ਨਹੀਂ ਅਤੇ ਹਾਰਿਆ ਹੋਇਆ, ਕਿਸੇ ਸਮਾਜ ਦੀ ਅਗਵਾਈ ਨਹੀਂ ਕਰ ਸਕਦਾ)।

(ਨੋਟ : ਉਕਤ ਪਉੜੀ ’ਚ ਮਨੁੱਖਾ ਦ੍ਰਿਸ਼ਟੀ ਤੋਂ ਜੋ ‘ਦਾਤ’ ਹੈ, ਉਹੀ ਦਾਤਾਰ-ਮਾਲਕ ਦੀ ਦ੍ਰਿਸ਼ਟੀ ਤੋਂ ‘ਗੁਣ’ ਹਨ ਭਾਵ ਮਿਲਣ ਵਾਲ਼ੇ ਲਈ ਜੋ ਦਾਤ ਹੈ, ਦੇਣ ਵਾਲ਼ੇ ਦੇ ਉਹ ਗੁਣ ਅਖਵਾਉਂਦੇ ਹਨ, ਜਿਨ੍ਹਾਂ ਦਾ ਵਰਣਨ ਅਗਲੀ ਪਉੜੀ ’ਚ ਦਰਜ ਹੈ।)

JAP (Pori No. 24)

0

ਅੰਤੁ ਨ ਸਿਫਤੀ; ਕਹਣਿ ਨ ਅੰਤੁ ॥ ਅੰਤੁ ਨ ਕਰਣੈ; ਦੇਣਿ ਨ ਅੰਤੁ ॥

ਅੰਤੁ ਨ ਵੇਖਣਿ; ਸੁਣਣਿ ਨ ਅੰਤੁ ॥ ਅੰਤੁ ਨ ਜਾਪੈ; ਕਿਆ ਮਨਿ ਮੰਤੁ ? ॥

ਅੰਤੁ ਨ ਜਾਪੈ; ਕੀਤਾ ਆਕਾਰੁ ॥ ਅੰਤੁ ਨ ਜਾਪੈ; ਪਾਰਾਵਾਰੁ ॥

ਅੰਤ ਕਾਰਣਿ; ਕੇਤੇ ਬਿਲਲਾਹਿ ॥ ਤਾ ਕੇ ਅੰਤ; ਨ ਪਾਏ ਜਾਹਿ ॥

ਏਹੁ ਅੰਤੁ; ਨ ਜਾਣੈ ਕੋਇ ॥ ਬਹੁਤਾ ਕਹੀਐ; ਬਹੁਤਾ ਹੋਇ ॥

ਵਡਾ ਸਾਹਿਬੁ; ਊਚਾ ਥਾਉ ॥ ਊਚੇ ਉਪਰਿ; ਊਚਾ ਨਾਉ ॥

ਏਵਡੁ ਊਚਾ; ਹੋਵੈ ਕੋਇ ॥ ਤਿਸੁ ਊਚੇ ਕਉ; ਜਾਣੈ ਸੋਇ ॥

ਜੇਵਡੁ ਆਪਿ; ਜਾਣੈ ਆਪਿ ਆਪਿ ॥ ਨਾਨਕ ! ਨਦਰੀ ਕਰਮੀ ਦਾਤਿ ॥੨੪॥ (ਜਪੁ /ਮ: ੧)

ਉਚਾਰਨ ਸੇਧ: ਸਿਫਤੀਂ, ਬਿਲਲਾਹਿਂ, ਤਾ (ਕੇ, ਬਿੰਦੀ ਰਹਿਤ), ਜਾਹਿਂ, ਏਹ (ਅੰਤੁ), ਥਾਉਂ, ਨਾਉਂ, ਕਉ (ਕੌ)।

ਪਦ ਅਰਥ: ਅੰਤੁ-ਕਿਨਾਰਾ (ਇੱਕ ਵਚਨ ਪੁਲਿੰਗ ਨਾਂਵ)।, ਸਿਫਤੀ-(ਕਰਤਾਰ ਦੀਆਂ) ਸਿਫ਼ਤਾਂ (ਬਹੁ ਵਚਨ ਇਸਤ੍ਰੀ ਲਿੰਗ)।, ਕਹਣਿ- (ਜੀਭ ਰਾਹੀਂ) ਬੋਲਣ ਨਾਲ (ਕਰਣ ਕਾਰਕ)।, ਕਰਣੈ- ਕੁਦਰਤ (ਆਕਾਰ) ਦਾ (ਨਾਂਵ, ਸੰਬੰਧ ਕਾਰਕ)।, ਦੇਣਿ- (ਰੱਬ ਵੱਲੋਂ, ਕੁਝ) ਦੇਣ ਵਿੱਚ (ਅਧਿਕਰਣ ਕਾਰਕ)।, ਵੇਖਣਿ- (ਅੱਖਾਂ ਰਾਹੀਂ) ਵਿਖਾਈ ਦੇਣ ਵਿੱਚ (ਅਧਿਕਰਣ ਕਾਰਕ)।, ਸੁਣਣਿ- (ਕੰਨਾਂ ਰਾਹੀਂ) ਸੁਣਾਈ ਦੇਣ ਨਾਲ (ਕਰਣ ਕਾਰਕ)।, ਪਾਰਾਵਾਰੁ- ਉਰਲਾ ਤੇ ਪਾਰਲਾ ਕਿਨਾਰਾ (ਇੱਕ ਵਚਨ ਪੁਲਿੰਗ ਨਾਂਵ)।, ਕਾਰਣਿ- ਲਈ (ਸੰਬੰਧਕ)।, ਕੇਤੇ- ਕਿਤਨੇ ਹੀ (ਬਹੁ ਵਚਨ ਪੜਨਾਂਵ)।, ਬਿਲਲਾਹਿ- ਬਿਲਕਦੇ ਹਨ, ਬੇਚੈਨ ਹਨ, ਤਰਲੋਮੱਛੀ ਹੁੰਦੇ ਹਨ (ਤੀਜਾ ਪੁਰਖ, ਬਹੁ ਵਚਨ, ਵਰਤਮਾਨ ਕਿਰਿਆ)।, ਤਾ (ਕੇ)- ਉਸ (ਦੇ, ਇੱਕ ਵਚਨ ਪੁਲਿੰਗ ਪੜਨਾਂਵ)।, ਜਾਹਿ- ਜਾਂਦੇ (ਬਹੁ ਵਚਨ ਵਰਤਮਾਨ ਕਿਰਿਆ)।, ਊਚਾ (ਮਾਇਆ ਦੇ ਪ੍ਰਭਾਵ ਤੋਂ) ਮੁਕਤ (ਵਿਸ਼ੇਸ਼ਣ)।, ਨਾਉ- ਮਹੱਤਵ, ਮਹਾਨਤਾ (ਇੱਕ ਵਚਨ ਪੁਲਿੰਗ ਨਾਂਵ)।, ਏਵਡੁ- ਇਤਨਾ (ਮਹੱਤਵ ਵਾਲਾ, ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ)।, ਜੇਵਡੁ- ਜਿਤਨਾ (ਉੱਜਲ, ਨਿਰਮਲ, ਚਮਕਦਾਰ, ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ)।, ਆਪਿ ਆਪਿ- ਨਿਰੋਲ ਆਪ ਹੀ (ਪੜਨਾਂਵ)।, ਨਾਨਕ- ਹੇ ਨਾਨਕ ! (ਸੰਬੋਧਨ ਕਾਰਕ)।, ਨਦਰੀ- ਦਿਆਲੂ ਦ੍ਰਿਸ਼ਟੀ ਦੇ ਮੂਲ-ਸਰੋਤ (ਸੋਮੇ, ਮਾਲਕ ਭਾਵ ਪ੍ਰਭੂ, ਨਾਂਵ ਇੱਕ ਵਚਨ ਪੁਲਿੰਗ)।, ਕਰਮੀ- ਬਖ਼ਸ਼ਸ (ਮਿਹਰਬਾਨੀ, ਫ਼ਜ਼ਲ) ਨਾਲ (ਇੱਕ ਵਚਨ ਪੁਲਿੰਗ ਨਾਂਵ, ਕਰਣ ਕਾਰਕ)।, ਦਾਤਿ- ਬਖ਼ਸ਼ਸ਼ (ਇਸਤ੍ਰੀ ਲਿੰਗ ਨਾਂਵ)।

(ਨੋਟ: ਉਕਤ ਪਉੜੀ ਵਿੱਚ ਦਰਜ ‘ਕਹਣਿ, ਦੇਣਿ, ਵੇਖਣਿ, ਸੁਣਣਿ’ ਸ਼ਬਦ ਕਾਰਦੰਤਕ (ਕਿਰਦੰਤ) ਹਨ, ਨਾ ਕਿ ਕਿਰਿਆ। ਇਸ ਲਈ ‘ਕਿਰਿਆ’ ਸ਼ਬਦ ਤੇ ‘ਕਿਰਦੰਤ’ ਸ਼ਬਦ ਦੇ ਅੰਤਰ ਨੂੰ ਸਮਝਣਾ ਜ਼ਰੂਰੀ ਹੈ:

‘ਕਿਰਿਆ’ ਬਨਾਮ ‘ਕਿਰਦੰਤ’

‘ਕਿਰਿਆ’ ਤੇ ‘ਕਿਰਦੰਤ’ ਸ਼ਬਦਾਂ ਦਾ ਮੂਲ-ਸਰੋਤ ‘ਕਿਰਿਆ ਧਾਤੂ’ ਹੀ ਹੁੰਦਾ ਹੈ; ਜਿਵੇਂ: ਉਕਤ ਚਾਰੇ (‘ਕਹਣਿ, ਦੇਣਿ, ਵੇਖਣਿ, ਸੁਣਣਿ’) ਸ਼ਬਦਾਂ ਦਾ ‘ਧਾਤੂ’ (ਮੂਲ) ‘ਕਹ, ਦੇ, ਵੇਖ, ਸੁਣ’ (ਕਿਰਿਆ) ਹੈ। ‘ਕਿਰਿਆ ਮੂਲ’ ਤੋਂ ਬਣਿਆ ਸ਼ਬਦ, ਜੋ ਕੰਮ ਦੇ ਸਮੇਂ ਨੂੰ ਨਿਸ਼ਚਿਤ (ਪੱਕਾ) ਕਰੇ ਉਹ ‘ਕਿਰਿਆ’ ਹੁੰਦਾ ਹੈ ਅਤੇ ਜੋ ‘ਕਿਰਿਆ ਮੂਲ’ ਤੋਂ ਹੀ ਬਣਿਆ ਸ਼ਬਦ ਸਮੇਂ ਨੂੰ ਨਿਰਧਾਰਿਤ ਨਾ ਕਰੇ ਤੇ ‘ਨਾਂਵ, ਪੜਨਾਂਵ ਤੇ ਵਿਸ਼ੇਸ਼ਣ’ ਸ਼ਬਦਾਂ ਵਾਙ ਕਾਰਕੀ (ਵਿਆਕਰਨ ਨਿਯਮਾਂ ਅਨੁਸਾਰ ‘ਨੇ, ਨੂੰ, ਨਾਲ, ਵਿੱਚ, ਲਈ, ਤੋਂ, ਦਾ’ ਆਦਿ) ਅਰਥ ਦੇਵੇ ਉਹ ‘ਕਿਰਦੰਤ’ ਹੁੰਦਾ ਹੈ; ਜਿਵੇਂ: ‘ਗੁਰਮੁਖ ਨਾਮ ਜਪਦਾ ਹੈ।’, ਵਾਕ ਵਿੱਚ ‘ਜਪ’ ਧਾਤੂ ਤੋਂ ਬਣਿਆ ਸ਼ਬਦ ‘ਜਪਦਾ’ ਕਿਰਿਆ ਹੈ ਕਿਉਂਕਿ ਇਹ ਸਮੇਂ (ਕਾਲ) ਨੂੰ ਪ੍ਰਗਟ ਕਰਦਾ ਹੈ ਪਰ ‘ਗੁਰਮੁਖ ਨਾਮ ਜਪਦਾ ਜਪਦਾ ਹਰੀ ਦਾ ਰੂਪ ਹੀ ਬਣ ਗਿਆ।’, ਵਾਕ ਵਿੱਚ ‘ਜਪ’ ਧਾਤੂ ਤੋਂ ਹੀ ਬਣਿਆ ਸ਼ਬਦ ‘ਜਪਦਾ’ ਕਿਰਦੰਤ ਹੈ ਕਿਉਂਕਿ ਇਸ ਵਾਕ ਵਿੱਚ ਕੰਮ ਦਾ ਸਮਾਂ (ਕਾਲ) ਨਿਸ਼ਚਿਤ ਨਹੀਂ।

‘‘ਖੰਨਲੀ ਧੋਤੀ ਉਜਲੀ ਨ ਹੋਵਈ; ਜੇ ਸਉ (100 ਵਾਰ) ‘ਧੋਵਣਿ’ ਪਾਹੁ ॥’’ (ਮ: ੩/੬੫੧)  (‘ਧੋਵਣਿ’ ਭਾਵ ‘ਧੋਣ ਲਈ’ ਯਤਨ ਕਰੋ, ਸੰਪਰਦਾਨ ਕਾਰਕ)

ਧਿਆਨ ਰਹੇ ਕਿ ‘ਜਪੁ’ ਬਾਣੀ ਦੀਆਂ ‘ਸੁਣਿਐ’ ਤੇ ‘ਮੰਨੈ’ ਵਾਲੀਆਂ ਪਉੜੀਆਂ ਵਿੱਚ ਵੀ ‘ਸੁਣਿਐ’ ਤੇ ‘ਮੰਨੈ’ ਸ਼ਬਦ ‘ਕਿਰਦੰਤ’ ਹਨ, ਜਿਨ੍ਹਾਂ ਵਿੱਚੋਂ ਕਰਣ ਕਾਰਕ (ਨਾਲ) ਅਰਥ ਲਏ ਗਏ ਹਨ; ਜਿਵੇਂ: ‘ਸੁਣਨ ਨਾਲ’ ਤੇ ‘ਮੰਨਣ ਨਾਲ’।

(‘ਜਪੁ’ ਬਾਣੀ ਦੀ ‘‘ਪੰਚ ਪਰਵਾਣ, ਪੰਚ ਪਰਧਾਨੁ ॥’’ (ਪਾ: ੧੬) ’ਚ ‘‘ਕਰਤੇ ਕੈ ਕਰਣੈ; ਨਾਹੀ ਸੁਮਾਰੁ ॥’’ ਵਾਲਾ ਵਿਸ਼ਾ ਪ੍ਰਧਾਨ ਸੀ ਤੇ ਪਿਛਲੀ (ਪਉੜੀ ਨੰਬਰ 23) ਰਾਹੀਂ ਉਸ ਅਸੀਮ ਸ਼ਕਤੀ (ਸਮੁੰਦਰ) ਵਿੱਚ ਲੀਨ ਹੋਣ ਵਾਲੇ ਭਗਤ (ਪੰਚ) ਦੇ ਮਕਸਦ ਨੂੰ ਰੂਪਮਾਨ (ਉਜਾਗਰ) ਕੀਤਾ ਗਿਆ ਸੀ। 96 ਸ਼ਬਦਾਂ ਦੇ ਸੁਮੇਲ ਨਾਲ ਭਰਪੂਰ ਇਸ ਪਉੜੀ ਨੰਬਰ 24 ਰਾਹੀਂ ‘‘ਕਰਤੇ ਕੈ ਕਰਣੈ..॥’’ ਦੇ ਅਸੀਮ ਪਸਾਰੇ (ਵਿਸਥਾਰ, ਕੁਦਰਤ) ਤੇ ਉਨ੍ਹਾਂ ਨੂੰ ਪ੍ਰਾਪਤ ਹੋਣ ਵਾਲੀਆਂ ਦਾਤਾਂ ਦਾ ਵਰਨਣ (ਬਿਰਤਾਂਤ) ਕੀਤਾ ਗਿਆ ਹੈ।

ਪਉੜੀ ਦੀ ਆਰੰਭਤਾ ਕਰਤਾਰ ਦੀਆਂ ‘ਸਿਫਤੀਂ ’ (ਗੁਣਾਂ, ਬਖ਼ਸ਼ਸ਼ਾਂ) ਰਾਹੀਂ ਹੁੰਦੀ ਹੈ ਤੇ ਸਮਾਪਤੀ ਵੀ ‘ਕਰਮੀ’ (ਭਾਵ ਬਖ਼ਸ਼ਸ਼) ਨਾਲ ਹੀ ਹੁੰਦੀ ਹੈ।

ਧਿਆਨ ਰਹੇ ਕਿ ‘ਅੰਤੁ’ (ਇੱਕ ਵਚਨ ਪੁਲਿੰਗ ਸ਼ਬਦ) ਦਾ ਅਰਥ ਚਾਰੋਂ ਦਿਸ਼ਾਵਾਂ ਦੇ ਸਮੂਹਿਕ (ਸਾਂਝੇ) ਵਿਸਥਾਰ ਦੀ ਸਮਾਪਤੀ ਬਾਰੇ ਸੰਕੇਤ ਦੇਂਦਾ ਹੈ ਜਦਕਿ ‘ਅੰਤ’ (ਬਹੁ ਵਚਨ ਪੁਲਿੰਗ ਸ਼ਬਦ) ਦਾ ਭਾਵਾਰਥ ਕਈ ਦਿਸ਼ਾਵਾਂ ਦੀ ਅਲੱਗ-ਅਲੱਗ ਸਮਾਪਤੀ ਨੂੰ ਬਿਆਨ ਕਰਦਾ ਹੈ।)

‘‘ਅੰਤੁ ਨ ਸਿਫਤੀ; ਕਹਣਿ ਨ ਅੰਤੁ ॥’’- ਇਸ ਪੰਕਤੀ ’ਚ ਦਰਜ ‘ਅੰਤੁ’ ਸ਼ਬਦ ਪ੍ਰਭੂ (ਕਰਤਾਰ, ਨਿਰਾਕਾਰ) ਦੀ ਵਿਆਪਕ (ਆਕਾਰ ਰੂਪ) ਸ਼ਕਤੀ ਬਾਰੇ ਸਮੂਹਿਕ (ਪੂਰਵ, ਪੱਛਮ, ਉੱਤਰ, ਦੱਖਣ, ਉੱਪਰ, ਹੇਠਾਂ ਆਦਿ ਬਾਰੇ ਸਾਂਝੀ) ਜਾਣਕਾਰੀ ਉਪਲਬਧ ਕਰਵਾਉਂਦਾ ਹੈ ਇਨ੍ਹਾਂ ਦੇ ਸਮੂਹਿਕ ਅਖ਼ੀਰਲੇ (ਅੰਤਲੇ) ਕਿਨਾਰੇ ਨੂੰ ‘ਅੰਤੁ’ (ਇੱਕ ਵਚਨ ਪੁਲਿੰਗ) ਮੰਨਣਾ ਦਰੁਸਤ ਹੋਵੇਗਾ।

ਗੁਰਬਾਣੀ ਵਿੱਚ ‘ਅੰਤੁ’ (ਔਂਕੜ ਸਮੇਤ) 188 ਵਾਰ ਦਰਜ ਹੈ; ਜਿਵੇਂ:

‘‘ਗੋਵਿਦੁ ਗੁਣੀ ਨਿਧਾਨੁ ਹੈ, ਅੰਤੁ ਨ ਪਾਇਆ ਜਾਇ ॥’’ (ਮ: ੩/੩੨)

‘‘ਸਚੇ (ਦਾ) ਅੰਤੁ, ਨ ਜਾਣੈ ਕੋਈ ॥’’ (ਮ: ੫/੧੦੭)

‘‘ਊੜੈ; ਉਪਮਾ ਤਾ ਕੀ ਕੀਜੈ; ਜਾ ਕਾ ਅੰਤੁ ਨ ਪਾਇਆ ॥’’ (ਮ: ੧/੪੩੨)

‘‘ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ; ਤਾ ਕਾ ਅੰਤੁ ਨ ਜਾਨਿਆ ॥’’ (ਭਗਤ ਨਾਮਦੇਵ/੧੩੫੧), ਆਦਿ।

ਪਰ ਗੁਰਬਾਣੀ ਵਿੱਚ ‘ਅੰਤ’ (ਅੰਤ ਮੁਕਤਾ) 45 ਵਾਰ ਦਰਜ ਹੈ, ਜਿਸ ਵਿੱਚੋਂ 39 ਵਾਰ ਇਸ (ਅੰਤੁ) ਨਾਲ ਸੰਬੰਧਕੀ ਸ਼ਬਦ ਆਇਆਂ ‘ਅੰਤ’ ਮੁਕਤਾ ਹੋ ਜਾਂਦਾ ਹੈ; ਜਿਵੇਂ:

‘‘ਅੰਤ ਕੀ ਬੇਲਾ, ਲਏ ਛਡਾਈ ॥’’ (ਮ: ੫/੮੯੫)

‘‘ਬਾਰ ਅੰਤ ਕੀ, ਹੋਇ ਸਹਾਇ ॥’’ (ਮ: ੯/੧੧੮੭) ਆਦਿ।

ਇਨ੍ਹਾਂ ਪੰਕਤੀਆਂ ’ਚ ‘ਅੰਤੁ’ ਨੂੰ ‘ਕੀ’ (ਸੰਬੰਧਕੀ) ਨੇ ‘ਅੰਤ’ (ਮੁਕਤਾ) ਬਣਾ ਦਿੱਤਾ ਜਦਕਿ ਕੇਵਲ 6 ਵਾਰ ਹੀ ਇਹ ਸ਼ਬਦ ਬਹੁ ਵਚਨ ਹੈ; ਜਿਵੇਂ:

‘‘ਤਾ ਕੇ ਅੰਤ, ਨ ਪਾਏ ਜਾਹਿ ॥’’ (ਜਪੁ /ਮ: ੧)

‘‘ਤਿਥੈ; ਖੰਡ, ਮੰਡਲ, ਵਰਭੰਡ ॥ ਜੇ ਕੋ ਕਥੈ; ਤ ਅੰਤ ਨ ਅੰਤ ॥’’ (ਜਪੁ /ਮ: ੧)

‘‘ਕੇਤਾ ਆਖਣੁ ਆਖੀਐ; ਤਾ ਕੇ ਅੰਤ ਨ ਜਾਣਾ ॥’’ (ਮ: ੧/੪੨੧)

‘‘ਕਵਨ ਕਵਨ ਜਾਚਹਿ; ਪ੍ਰਭ ਦਾਤੇ! ਤਾ ਕੇ ਅੰਤ ਨ ਪਰਹਿ ਸੁਮਾਰ ॥’’ (ਮ: ੧/੫੦੩)

‘‘ਜਾਤਿ ਅਸੰਖ; ਅੰਤ ਨਹੀ ਮੇਰੇ ॥’’ (ਮ: ੧/੯੩੨) ਭਾਵ ਮੈਂ ਅਣਗਿਣਤ ਜੂਨਾਂ ਵਿੱਚੋਂ ਦੀ ਲੰਘਿਆ ਹਾਂ ਜਿਨ੍ਹਾਂ ਦੀਆਂ ਗਿਣਤੀਆਂ ਦੇ ਮੇਰੇ ਕੋਲ ਅੰਤ ਨਹੀਂ।

‘‘ਹਰਿ ਗੁਨ (ਗੁਣਾਂ ਦੇ) ਨਾਹੀ ਅੰਤ (ਤੇ) ਪਾਰੇ (ਪਾਰਲੇ ਕਿਨਾਰੇ)…॥’’ (ਮ: ੫/੧੩੮੫)

‘ਕਹਣਿ’- ਇਹ (ਕਿਰਦੰਤ) ਸ਼ਬਦ ਗੁਰਬਾਣੀ ਵਿੱਚ 8 ਵਾਰ ਦਰਜ ਹੈ; ਜਿਵੇਂ:

‘‘ਕਥਨੈ ਕਹਣਿ (ਨਾਲ) ਨ ਛੁਟੀਐ; ਨਾ ਪੜਿ (ਕੇ) ਪੁਸਤਕ ਭਾਰ ॥’’ (ਮ: ੧/੫੯)

‘‘ਰਾਮੁ ਨ ਕਬਹੂ ਚੇਤਿਓ, ਹੁਣਿ ਕਹਣਿ (ਨਾਲ) ਨ ਮਿਲੈ ਖੁਦਾਇ ॥’’ (ਮ: ੧/੪੧੭), ਆਦਿ।

‘‘ਅੰਤੁ ਨ ਕਰਣੈ; ਦੇਣਿ ਨ ਅੰਤੁ ॥’’- ਇਸ ਪੰਕਤੀ ’ਚ ਦਰਜ ‘ਕਰਣੈ’ ਸ਼ਬਦ ‘‘ਕਰਤੇ ਕੈ ਕਰਣੈ; ਨਾਹੀ ਸੁਮਾਰੁ ॥’’ (ਪਾ:੧੬) ਪੰਕਤੀ ’ਚ ਦਰਜ ‘ਕਰਣੈ’ ਸ਼ਬਦ ਵਾਲਾ ਭਾਵਾਰਥ ਹੀ ਦੇਂਦਾ ਹੈ ਭਾਵ (ਕਰਤਾਰ ਦੀ) ‘ਕੁਦਰਤ ਦਾ’। ਜਦ ‘ਕਰਣੈ’ ਸ਼ਬਦ ਦਾ ਅਰਥ ਕੁਦਰਤ ਨਾਲ ਸੰਬੰਧਿਤ ਹੋਵੇਗਾ ਤਾਂ ‘ਦੇਣਿ’ ਦੇ ਅਰਥ ਵੀ ‘ਕੁਦਰਤ ਨੂੰ (ਕਰਤਾਰ ਵੱਲੋਂ ਦਾਤਾਂ ਨਿਰੰਤਰ) ਦੇਣ ਵਿੱਚ’ ਅੰਤ ਨਹੀਂ, ਅਰਥ ਢੁੱਕਵੇਂ ਬਣ ਜਾਂਦੇ ਹਨ ਕਿਉਂਕਿ ਪਉੜੀ ਦੀ ਆਰੰਭਤਾ ਵੀ ‘ਸਿਫਤੀ’ (ਕਰਤਾਰ ਦੀਆਂ ਦਾਤਾਂ) ਦੇ ਵਿਆਪਕ ਰੂਪ ਨਾਲ ਹੋਈ ਹੈ ਪਰ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ ‘ਕਰਣੈ’ ਦੇ ਅਰਥ ‘ਮਨੁੱਖ ਵੱਲੋਂ ਨਿਰੰਤਰ ਕੁਝ ਕਰੀ ਜਾਣ ਨਾਲ’ ਅਤੇ ‘ਦੇਣਿ’ ਦੇ ਅਰਥ ਕੁਝ ਹੱਥੋਂ ਨਿਰੰਤਰ ਦੇਣ ਨਾਲ (ਕਰਤਾਰ ਦਾ) ਅੰਤ ਨਹੀਂ, ਅਢੁੱਕਵੇਂ ਅਰਥ ਜਾਪਦੇ ਹਨ ਕਿਉਂਕਿ ਤਮਾਮ ਮਨੁੱਖ ਨਾ ਤਾਂ ਨਿਰੰਤਰ ਕੰਮ ਕਰ ਸਕਦੇ ਹਨ ਤੇ ਨਾ ਹੀ ਨਿਰੰਤਰ ਕੁਝ ਦੇ ਸਕਦੇ ਹਨ। ਇਸ ਲਈ ਇਹ ਵਿਸ਼ੇਸ਼ਤਾ (ਖ਼ੂਬੀ) ਕੇਵਲ ਕੁਦਰਤ ਦੇ ਮਾਲਕ ਵਿੱਚ ਹੀ ਹੈ, ਜੋ ਜੀਵਾਂ ਨੂੰ ਨਿਰੰਤਰ ਦੇ ਰਿਹਾ ਹੈ ਤੇ ਦੇ ਸਕਦਾ ਹੈ।

‘ਦੇਣਿ’- ਇਹ (ਕਿਰਦੰਤ) ਸ਼ਬਦ ਗੁਰਬਾਣੀ ਵਿੱਚ ਕੇਵਲ 2 ਵਾਰ ‘ਜਪੁ’ ਬਾਣੀ ਵਿੱਚ ਹੀ ਦਰਜ ਹੈ; ਜਿਵੇਂ: ‘‘ਜੋਰੁ ਨ ਮੰਗਣਿ; ਦੇਣਿ ਨ ਜੋਰੁ ॥’’ (ਜਪੁ /ਮ: ੧)

ਅੰਤੁ ਨ ਸਿਫਤੀ, ਕਹਣਿ ਨ ਅੰਤੁ॥ ਅੰਤੁ ਨ ਕਰਣੈ, ਦੇਣਿ ਨ ਅੰਤੁ॥ 

ਭਾਵ- (ਕਰਤਾਰ ਦੀਆਂ) ਵਡਿਆਈਆਂ ਦਾ ਅੰਤ ਨਹੀਂ, ਮੂੰਹ ਨਾਲ਼ (ਦੱਸਣ ਨਾਲ਼ ਵੀ) ਅੰਤ ਨਹੀਂ ਪੈਂਦਾ, ਬਣਾਈ ਕੁਦਰਤ ਦਾ ਵੀ ਅੰਤ ਨਹੀਂ (ਤੇ ਇਸ ਨੂੰ ਦਾਤਾਂ) ਦੇਣ ਵਿੱਚ ਵੀ ਅੰਤ ਨਹੀਂ।

‘‘ਅੰਤੁ ਨ ਵੇਖਣਿ; ਸੁਣਣਿ ਨ ਅੰਤੁ ॥’’- ਇਸ ਪੰਕਤੀ ’ਚ ਦਰਜ ‘ਕਿਰਦੰਤ’ ਸ਼ਬਦ ‘ਵੇਖਣਿ’ ਗੁਰਬਾਣੀ ਵਿੱਚ 2 ਵਾਰ ਦਰਜ ਹੈ। ਸੰਬੰਧਤ ਪੰਕਤੀ ਤੋਂ ਇਲਾਵਾ ਗੁਰੂ ਅਮਰਦਾਸ ਜੀ ਵੱਲੋਂ ਕੀਤੀ ਗਈ ਕੁਲਖੇਤ੍ਰ ਯਾਤ੍ਰਾ ਨਾਲ ਸੰਬੰਧਤ ਹੈ; ਜਿਵੇਂ:

‘‘ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ (ਦੀ), ਸਭੁ ਲੋਕੁ ‘ਵੇਖਣਿ’ (ਲਈ) ਆਇਆ ॥’’ (ਮ: ੪/੧੧੧੬)

‘ਸੁਣਣਿ’- ਇਹ (ਕਿਰਦੰਤ) ਸ਼ਬਦ ਗੁਰਬਾਣੀ ਵਿੱਚ ਕੇਵਲ ਇੱਕ ਵਾਰ ਹੀ ਦਰਜ ਹੈ ਪਰ ਇਸ ਦਾ ਮੂਲ-ਸਰੋਤ ਸ਼ਬਦ ‘ਸੁਨਣਿ’ 3 ਵਾਰ ਦਰਜ ਹੈ; ਜਿਵੇਂ:

‘‘ਆਖਣੁ (ਮੂੰਹ) ਆਖਿ (ਕੇ) ਨ ਰਜਿਆ; ‘ਸੁਨਣਿ’ (ਨਾਲ) ਨ ਰਜੇ ਕੰਨ ॥’’ (ਮ: ੨/੧੪੭)

‘‘ਤੁਧੁ ਬਾਝੁ ਇਕੁ ਤਿਲੁ ਰਹਿ ਨ ਸਾਕਾ; (ਤੇਰੀ ਮਦਦ ਬਿਨਾ, ਕੇਵਲ) ਕਹਣਿ (ਨਾਲ) ‘ਸੁਨਣਿ’ (ਨਾਲ) ਨ (ਮਨ) ਧੀਜਏ (ਧੀਰਜ ਫੜਦਾ)॥’’ (ਮ: ੧/੪੩੬)

(ਰੱਬੀ ਸਰੂਪ) ‘‘ਆਖਣਿ (ਵਿੱਚ) ਅਉਖਾ, ‘ਸੁਨਣਿ’ (ਵਿੱਚ) ਅਉਖਾ; ਆਖਿ ਨ ਜਾਪੀ ਆਖਿ ॥’’ (ਮ: ੧/੧੨੩੯)

‘‘ਅੰਤੁ ਨ ਜਾਪੈ; ਕਿਆ ਮਨਿ ਮੰਤੁ ? ॥’’ ਇਸ ਪੰਕਤੀ ’ਚ ‘ਮਨਿ’ ਸ਼ਬਦ ਅਧਿਕਰਣ ਕਾਰਕ ਹੈ ਜਿਸ ਦਾ ਅਰਥ ਹੈ ‘ਮਨ ਵਿੱਚ’।

‘ਮੰਤੁ’- ਇਹ ਸ਼ਬਦ ਇੱਕ ਵਚਨ ਪੁਲਿੰਗ ਹੈ, ਜਿਸ ਦਾ ਅਰਥ ਹੈ ‘ਵੀਚਾਰ, ਸਾਲਾਹ’ ਆਦਿ। ਗੁਰਬਾਣੀ ਵਿੱਚ ਇਹ ਸ਼ਬਦ 33 ਵਾਰ ਦਰਜ ਹੈ, ਜਿਸ ਦਾ ਅਰਥ (ਗੁਰੂ) ਉਪਦੇਸ਼ ਤੇ ‘ਤੰਤ੍ਰ-ਮੰਤ੍ਰ’ ਆਦਿ ਪਾਖੰਡ ਵੀ ਹੈ, ਜਦ ਇਹ ‘ਤੰਤੁ’ ਦੇ ਸਮਾਨੰਤਰ ਦਰਜ ਹੋਵੇ; ਜਿਵੇਂ:

‘‘ਤੰਤੁ ਮੰਤੁ ਨਹ ਜੋਹਈ, ਤਿਤੁ ਚਾਖੁ (ਬੁਰੀ ਨਜ਼ਰ) ਨ ਲਾਗੈ ॥’’ (ਮ: ੫/੮੧੮)

‘‘ਗੁਰਿ ਪੂਰੈ (ਨੇ), ਇਹੁ ਦੀਨੋ ਮੰਤੁ (ਉਪਦੇਸ਼)॥’’ (ਮ: ੫/੮੯੬)

‘‘ਨਿਰਮਲ ਮੰਤੁ ਦੇਇ, ਜਿਸੁ ਦਾਨੁ ॥’’ (ਮ: ੫/੯੦੦)

‘‘ਕਹੁ ਨਾਨਕ ! ਇਹ ਜਗਤ ਮੈ, ਕਿਨ ਜਪਿਓ ਗੁਰ (ਦਾ) ਮੰਤੁ (ਉਪਦੇਸ਼)? ॥’’ (ਮ: ੯/੧੪੨੯) ਆਦਿ।

ਅੰਤੁ ਨ ਵੇਖਣਿ, ਸੁਣਣਿ ਨ ਅੰਤੁ॥ ਅੰਤੁ ਨ ਜਾਪੈ, ਕਿਆ ਮਨਿ ਮੰਤੁ॥

ਭਾਵ- (ਅੱਖਾਂ ਨਾਲ਼ ਕੁਦਰਤ ਨੂੰ) ਵੇਖਣ ’ਚ ਵੀ ਅੰਤ ਨਹੀਂ, (ਕੰਨਾਂ ਰਾਹੀਂ) ਸੁਣਨ ਵਿੱਚ ਵੀ ਅੰਤ ਨਹੀਂ (ਜਗਤ-ਖੇਡ ਨੂੰ ਬਣਾਏ ਰੱਖਣ ਜਾਂ ਢਾਹੁਣ ਲਈ ਕਰਤਾਰ ਦੇ) ਮਨ ’ਚ ਕੀ ਸਲਾਹ-ਮਸ਼ਵਰਾ ਚੱਲ ਰਿਹਾ ਹੈ (ਇਸ ਬਾਰੇ ਵੀ) ਕੁਝ ਸਮਝ ਨਹੀਂ।

‘‘ਅੰਤੁ ਨ ਜਾਪੈ; ਕੀਤਾ ਆਕਾਰੁ ॥ ਅੰਤੁ ਨ ਜਾਪੈ; ਪਾਰਾਵਾਰੁ ॥’’- ਇਸ ਪੰਕਤੀ ’ਚ ਦੋ ਸ਼ਬਦ ਸਮਾਨੰਤਰ ਦਰਜ ਹਨ ਇੱਕ ‘ਆਕਾਰੁ’ ਤੇ ਦੂਜਾ ‘ਪਾਰਾਵਾਰੁ’; ਦੋਵਾਂ ਦੇ ਅੰਤ ਵਿੱਚ ਔਂਕੜ ਵੀ ਮੌਜੂਦ ਹੈ ਭਾਵ ‘ਕੁਦਰਤ ਰੂਪ ਆਕਾਰ’ ਇਕ ਸਮੂਹਿਕ ਪਰਵਾਰ ਹੈ ਜਿਸ ਦੀਆਂ ਸੀਮਾਵਾਂ ਰੂਪ ‘ਪਾਰਾਵਾਰੁ’ ਵੀ ਸਾਂਝੇ (ਇੱਕ ਵਚਨ) ਦਾ ਪ੍ਰਤੀਕ ਹੈ।

‘ਪਾਰਾਵਾਰੁ’ ਇਹ ਸ਼ਬਦ ਗੁਰਬਾਣੀ ਵਿੱਚ 25 ਵਾਰ ਦਰਜ ਹੈ ਤੇ 25 ਵਾਰ ਹੀ ਇਸ ਦੇ ਸਮਾਨੰਤਰ ‘ਅੰਤੁ ਨ’ ਸ਼ਬਦ ਵੀ ਮੌਜੂਦ ਹੈ; ਜਿਵੇਂ:

‘‘ਲਿਖੁ ਨਾਮੁ, ਸਾਲਾਹ ਲਿਖੁ; ਲਿਖੁ, ਅੰਤੁ ਨ ਪਾਰਾਵਾਰੁ ॥’’ (ਮ: ੧/੧੬)

‘‘ਜਹ ਦੇਖਾ, ਤਹ ਏਕੁ ਤੂ; ਅੰਤੁ ਨ ਪਾਰਾਵਾਰੁ ॥’’ (ਮ: ੧/੯੩੪)

‘‘ਭੈ ਤੇ ਨਿਰਭਉ ਪਾਈਐ; ਜਿਸ ਦਾ ਅੰਤੁ ਨ ਪਾਰਾਵਾਰੁ ॥’’ (ਮ: ੧/੧੨੮੮), ਆਦਿ।

(ਨੋਟ: ਧਿਆਨ ਰਹੇ ਕਿ ਗੁਰਬਾਣੀ ਵਿੱਚ 7 ਵਾਰ ‘ਅੰਤੁ ਨ ਪਾਰਾਵਾਰ’ (ਅੰਤ ਮੁਕਤਾ) ਵੀ ਦਰਜ ਹੈ, ਜਿਸ ਦਾ ਕਾਰਨ ਕੇਵਲ ਕਾਵਿ ਤੋਲ ਹੀ ਹੈ ਕਿਉਂਕਿ ਇਸ ਨਾਲ ਸੰਬੰਧਿਤ ਪੰਕਤੀ ’ਚ ਅਖ਼ੀਰਲਾ ਸ਼ਬਦ ਅੰਤ ਮੁਕਤਾ ਹੈ ਜਿਸ ਕਾਰਨ ਇਹ ਵੀ 7 ਵਾਰ ਪੰਕਤੀ ਦੇ ਅਖ਼ੀਰ ’ਚ ਅੰਤ ਮੁਕਤਾ ਬਣ ਗਿਆ; ਜਿਵੇਂ:

‘‘ਉਸਤਤਿ ਕਰਹਿ ਅਨੇਕ ਜਨ, ਅੰਤੁ ਨ ਪਾਰਾਵਾਰ ॥ ਨਾਨਕ ! ਰਚਨਾ ਪ੍ਰਭਿ (ਨੇ) ਰਚੀ, ਬਹੁ ਬਿਧਿ ਅਨਿਕ ਪ੍ਰਕਾਰ ॥’’ (ਮ: ੫/੨੭੫)

‘‘ਸਪਤਮਿ, ਸੰਚਹੁ ਨਾਮ ਧਨੁ, ਟੂਟਿ ਨ ਜਾਹਿ ਭੰਡਾਰ ॥ ਸੰਤਸੰਗਤਿ ਮਹਿ ਪਾਈਐ, ਅੰਤੁ ਨ ਪਾਰਾਵਾਰ ॥’’ (ਮ: ੫/੨੯੮) ਆਦਿ।

ਇਨ੍ਹਾਂ ਪੰਕਤੀਆਂ ’ਚ ਅਗਰ ‘ਅਨਿਕ ਪ੍ਰਕਾਰ’ ਤੇ ‘ਭੰਡਾਰ’ ਸ਼ਬਦ ਅੰਤ ਮੁਕਤੇ ਨਾ ਹੁੰਦੇ ਤਾਂ ‘ਪਾਰਾਵਾਰੁ’ ਨੂੰ ਵੀ ਅੰਤ ਔਂਕੜ ਦਰਜ ਹੋਣੀ ਸੀ।)

ਅੰਤੁ ਨ ਜਾਪੈ, ਕੀਤਾ ਆਕਾਰੁ॥ ਅੰਤੁ ਨ ਜਾਪੈ, ਪਾਰਾਵਾਰੁ॥

ਭਾਵ- (ਕਰਤਾਰ ਦੁਆਰਾ) ਸਿਰਜਿਆ ਗਿਆ ਆਕਾਰ (ਬ੍ਰਹਿਮੰਡ) ਅੰਤ ਰਹਿਤ ਹੋਣ ਕਾਰਨ ਸਮਝ ਤੋਂ ਪਰੇ ਹੈ, ਇਸ ਦਾ ਉਰਲਾ ਪਰਲਾ ਕਿਨਾਰਾ (ਹੱਦਬੰਦੀ) ਨਹੀਂ ਜਾਪਦੀ, ਨਾ ਵਿਖਾਈ ਦਿੰਦੀ।

‘‘ਅੰਤ ਕਾਰਣਿ; ਕੇਤੇ ਬਿਲਲਾਹਿ ॥ ਤਾ ਕੇ ਅੰਤ; ਨ ਪਾਏ ਜਾਹਿ ॥’’- ਇਸ ਪੰਕਤੀ ’ਚ ਦਰਜ (ਇੱਕ ਵਚਨ ਪੁਲਿੰਗ ਨਾਂਵ) ਸ਼ਬਦ ‘ਅੰਤ’ (ਮੁਕਤਾ) ਹੋ ਗਿਆ ਹੈ ਕਿਉਂਕਿ ‘ਕਾਰਣਿ’ ਸੰਬੰਧਕੀ ਸ਼ਬਦ ਦਰਜ ਹੈ। ‘ਕਾਰਣਿ’ ਜਾਂ ‘ਕਾਰਨਿ’ ਸੰਬੰਧਕੀ ਸ਼ਬਦ ਆਪਣੇ ਨਾਲ ਸੰਬੰਧਤ (ਇੱਕ ਵਚਨ ਪੁਲਿੰਗ ਨਾਂਵ) ਸ਼ਬਦਾਂ ਨੂੰ ਅੰਤ ਮੁਕਤਾ ਕਰ ਦੇਂਦੇ ਹਨ; ਜਿਵੇਂ ਅਗਲੀਆਂ ਪੰਕਤੀਆਂ ’ਚ ‘ਪਦ, ਖੇਤ, ਸੁਆਦ, ਮਨ ਤੇ ਦਰ’ (ਇੱਕ ਵਚਨ ਪੁਲਿੰਗ ਨਾਂਵ) ਅੰਤ ਮੁਕਤੇ ਹੋ ਗਏ:

‘‘ਕਹਿ ਕਬੀਰ ! ਜੀਵਨ ‘ਪਦ ਕਾਰਨਿ’, ਹਰਿ ਕੀ ਭਗਤਿ ਕਰੀਜੈ ॥’’ (ਭਗਤ ਕਬੀਰ/੩੩੮)

‘‘ਉਸੁ ‘ਖੇਤ ਕਾਰਣਿ’, ਰਾਖਾ ਕੜੈ ॥’’ (ਮ: ੫/੧੭੯)

‘‘ਨਿਮਖ ਕਾਮ ‘ਸੁਆਦ ਕਾਰਣਿ’, ਕੋਟਿ ਦਿਨਸ ਦੁਖੁ ਪਾਵਹਿ ॥’’ (ਮ: ੫/੪੦੩)

‘‘ਸਚੁ ‘ਮਨ ਕਾਰਣਿ’, ਤਤੁ ਬਿਲੋਵੈ ॥’’ (ਮ: ੧/੪੧੧)

‘‘ਜਿਸੁ ‘ਦਰ ਕਾਰਣਿ’ ਫਿਰਾ ਉਦਾਸੀ, ਸੋ ਦਰੁ ਕੋਈ ਆਇ ਕਹੈ ॥’’ (ਮ: ੧/੮੭੭) ਆਦਿ। ਪਰ ਧਿਆਨ ਰਹੇ ਕਿ ‘ਕਾਰਨਿ’ ਜਾਂ ‘ਕਾਰਣਿ’ (ਸੰਬੰਧਕੀ) ਸ਼ਬਦ ਕੇਵਲ ਆਪਣੇ ਨਾਲ ਦਰਜ ਇੱਕ ਵਚਨ ਪੁਲਿੰਗ ਨਾਂਵ ਸ਼ਬਦਾਂ ਨੂੰ ਹੀ ਅੰਤ ਮੁਕਤਾ ਕਰਦੇ ਹਨ, ਨਾ ਕਿ ਕਿਸੇ ਪੜਨਾਂਵ ਸ਼ਬਦ ਨੂੰ ਵੀ; ਜਿਵੇਂ ਅਗਲੀਆਂ ਪੰਕਤੀਆਂ ’ਚ ‘ਕਿਸੁ, ਕਿਤੁ, ਤਿਤੁ’ (ਪੜਨਾਂਵ) ਅੰਤ ਮੁਕਤੇ ਨਹੀਂ ਕੀਤੇ ਗਏ:

‘‘ਕਿਸੁ ਕਾਰਣਿ’’ ਗ੍ਰਿਹੁ ਤਜਿਓ ਉਦਾਸੀ ॥’’ (ਮ: ੧/੯੩੯)

‘‘ਕਿਤੁ ਕਾਰਣਿ’’ ਸਿਰਿ ਛਾਈ ਪਾਈ ॥’’ (ਮ: ੧/੯੫੧)

‘‘ਤਿਤੁ ਕਾਰਣਿ’’ ਕਨਿ ਮੁੰਦ੍ਰਾ ਪਾਈ ॥’’ (ਮ: ੧/੯੫੨), ਆਦਿ।

‘ਤਾ ਕੇ’ ਇਨ੍ਹਾਂ ਸ਼ਬਦਾਂ ਬਾਰੇ ਜਾਣਕਾਰੀ ਅਤਿ ਜ਼ਰੂਰੀ ਹੈ ਕਿਉਂਕਿ ‘ਤਾ’ ਸ਼ਬਦ ਨੂੰ ‘ਬਿੰਦੀ ਸਹਿਤ’ ਤੇ ‘ਬਿੰਦੀ ਰਹਿਤ’ ਉਚਾਰਨ ਕਰਨਾ ਦਰੁਸਤ ਹੈ। ਇਸ ਦੀ ਆਸਾਨ ਪਹਿਚਾਣ ਇਹ ਹੁੰਦੀ ਹੈ ਕਿ ਅਗਰ ‘ਤਾ’ ਸ਼ਬਦ ਨਾਲ ਕੋਈ ਸੰਬੰਧਕੀ ਸ਼ਬਦ ਦਰਜ ਹੋਵੇ ਤਾਂ ਇਹ ਪੜਨਾਂਵ ਹੁੰਦਾ ਹੈ ਤੇ ਇਸ ਦਾ ਉਚਾਰਨ ‘ਬਿੰਦੀ ਰਹਿਤ’ ਹੋਵੇਗਾ; ਜਿਵੇਂ:

‘‘ਤਾ ਕੀਆ (ਉਸ ਦੀਆਂ) ਗਲਾ, ਕਥੀਆ ਨਾ ਜਾਹਿ ॥’’ (ਜਪੁ /ਮ: ੧)

‘‘ਤਾ ਕੇ (ਉਸ ਦੇ) ਰੂਪ, ਨ ਕਥਨੇ ਜਾਹਿ ॥’’ (ਜਪੁ /ਮ: ੧)

‘‘ਤਾ ਕੀ (ਉਸ ਦੀ) ਕੀਮਤਿ ਨਾ ਪਵੈ, ਜੇ ਲੋਚੈ ਸਭੁ ਕੋਇ ॥ (ਮ: ੧/੬੦)

‘‘ਆਪੇ ਸਾਹ ਵਡੇ ਪ੍ਰਭ ਸੁਆਮੀ, ਹਮ ਵਣਜਾਰੇ ਹਹਿ ਤਾ ਚੇ (ਉਸ ਦੇ)॥ (ਮ: ੪/੧੬੯)

‘‘ਤਾ ਕੈ (ਉਸ ਦੇ) ਨਿਕਟਿ, ਨ ਆਵੈ ਮਾਈ ॥ (ਮ: ੫/੧੮੨)

‘‘ਤਾ ਕਉ (ਉਸ ਨੂੰ) ਚਿੰਤਾ, ਕਤਹੂੰ ਨਾਹਿ ॥’’ (ਮ: ੫/੧੮੬) ਆਦਿ। ਪਰ ਜਦ ਇਸ ਨਾਲ ਕੋਈ ਸੰਬੰਧਕੀ ਸ਼ਬਦ ਦਰਜ ਨਾ ਹੋਵੇ ਤਾਂ ਇਹ ਕਾਲ-ਵਾਚਕ ਕਿਰਿਆ ਵਿਸ਼ੇਸ਼ਣ ਹੁੰਦਾ ਹੈ, ਜਿਸ ਦਾ ਅਰਥ ਹੈ ‘ਤਦੋਂ, ਉਦੋਂ’ ਤੇ ਉਚਾਰਨ ਹੋਵੇਗਾ ‘ਤਾਂ’ (ਬਿੰਦੀ ਸਹਿਤ); ਜਿਵੇਂ:

‘‘ਤਾ ਮਨੁ ਖੀਵਾ ਜਾਣੀਐ, ਜਾ ਮਹਲੀ ਪਾਏ ਥਾਉ ॥’’ (ਮ: ੧/੧੬)

‘‘ਖੇਹੂ ਖੇਹ ਰਲਾਈਐ, ਤਾ ਜੀਉ ਕੇਹਾ ਹੋਇ ॥’’ (ਮ: ੧/੧੭)

‘‘ਤਾ ਤੂ ਮੁਲਾ, ਤਾ ਤੂ ਕਾਜੀ; ਜਾਣਹਿ ਨਾਮੁ ਖੁਦਾਈ ॥’’ (ਮ: ੧/੨੪), ਆਦਿ।

ਇਸ ‘ਤਾ’ (171 ਵਾਰ) ਸ਼ਬਦ ਨੂੰ ਬਿੰਦੀ ਸਹਿਤ ‘ਤਾਂ’ ਉਚਾਰਨ ਦਾ ਬੋਧ ਵੀ ਗੁਰਬਾਣੀ ਵਿੱਚੋਂ ਹੀ ਮਿਲਦਾ ਹੈ; ਜਿਵੇਂ:

‘‘ਮਿਹਰ ਕਰੇ ਜਿਸੁ ਮਿਹਰਵਾਨੁ, ਤਾਂ ਕਾਰਜੁ ਆਵੈ ਰਾਸਿ ॥’’ (ਮ: ੫/੪੪)

‘‘ਵੈਸਾਖੁ ਸੁਹਾਵਾ ਤਾਂ ਲਗੈ, ਜਾ ਸੰਤੁ ਭੇਟੈ ਹਰਿ ਸੋਇ ॥’’ (ਮ: ੫/੧੩੪), ਆਦਿ।

ਅੰਤ ਕਾਰਣਿ, ਕੇਤੇ ਬਿਲਲਾਹਿ॥ ਤਾ ਕੇ ਅੰਤ, ਨ ਪਾਏ ਜਾਹਿ॥

ਭਾਵ- (ਕੁਦਰਤ ਦਾ) ਅੰਤ ਪਾਉਣ ਲਈ ਕਿਤਨੇ ਮਨੁੱਖ ਕਸ਼ਟ ਭੋਗਦੇ ਰਹੇ ਪਰ ਉਸ ਦੇ ਕਿਨਾਰੇ (ਹੱਦ-ਬੰਨੇ) ਨਾ ਲੱਭ ਸਕੇ ।

‘‘ਏਹੁ ਅੰਤੁ; ਨ ਜਾਣੈ ਕੋਇ ॥ ਬਹੁਤਾ ਕਹੀਐ; ਬਹੁਤਾ ਹੋਇ ॥’’- ਇਸ ਪੰਕਤੀ ’ਚ ਫਿਰ ‘ਅੰਤੁ’ (ਔਂਕੜ ਸਹਿਤ) ਦਰਜ ਹੈ ਭਾਵ ਇੱਕ ਵਚਨ ਪੁਲਿੰਗ ਹੈ, ਜੋ ਸਮੂਹਿਕ ਵਿਸਥਾਰ ਵੱਲ ਸੰਕੇਤ ਕਰਦਾ ਹੈ।

ਕੁਝ ਸੱਜਣ ਇਸ (ਅੰਤੁ) ਦੇ ਪੜਨਾਂਵੀ ਵਿਸ਼ੇਸ਼ਣ ‘ਏਹੁ’ ਦੇ ਅਖ਼ੀਰਲੇ ਔਂਕੜ ਨੂੰ (ਕਿਰਿਆਵਾਚੀ ਸ਼ਬਦਾਂ ਵਾਙ) ਉਚਾਰਨ ਦਾ ਭਾਗ ਬਣਾ ਲੈਂਦੇ ਹਨ, ਜੋ ਕਿ ਅਣਉਚਿਤ ਹੈ ਕਿਉਂਕਿ ‘ਏਹੁ’ ਦਾ ਅਖ਼ੀਰਲਾ ਔਂਕੜ ‘ਅੰਤੁ’ ਦੇ ਅਖ਼ੀਰਲੇ ਔਂਕੜ ਕਾਰਨ ਦਰਜ ਹੈ ਭਾਵ ਇੱਕ ਵਚਨ ਪੁਲਿੰਗ ਨਾਂਵ (ਅੰਤੁ) ਦਾ ਇੱਕ ਵਚਨ ਪੁਲਿੰਗ ਹੀ ਪੜਨਾਂਵੀ ਵਿਸ਼ੇਸ਼ਣ (ਏਹੁ) ਹੈ। ਜਦ ‘ਏਹੁ’ ਸ਼ਬਦ ਕਿਸੇ ਇਸਤ੍ਰੀ ਲਿੰਗ ਸ਼ਬਦ ਦਾ ਪੜਨਾਂਵੀ ਵਿਸ਼ੇਸ਼ਣ ਹੁੰਦਾ ਹੈ ਤਾਂ ‘ਏਹੁ’ ਤੋਂ ‘ਏਹ’ (ਅੰਤ ਮੁਕਤਾ) ਬਣ ਜਾਂਦਾ ਹੈ; ਜਿਵੇਂ 91 ਵਾਰ ਦਰਜ ਹੈ:

‘‘ਸਤਿਗੁਰੂ ਫੁਰਮਾਇਆ, ‘ਕਾਰੀ (ਕਿਰਤ) ਏਹ’ ਕਰੇਹੁ ॥’’ (ਮ: ੩/੫੫੪)

‘‘ਗੁਰ ਪੂਰੇ, ‘ਏਹ ਗਲ’ ਸਾਰੀ (ਸਮਝਾਈ)॥’’ (ਮ: ੫/੬੨੮)

‘‘ਨਾਨਕ ਕੀ ‘ਬੇਨੰਤੀ ਏਹ’ ॥’’ (ਮ: ੫/੬੮੪), ਆਦਿ।

ਏਹੁ ਅੰਤੁ, ਨ ਜਾਣੈ ਕੋਇ॥ ਬਹੁਤਾ ਕਹੀਐ, ਬਹੁਤਾ ਹੋਇ॥ 

ਭਾਵ- (10 ਦਿਸ਼ਾਂ ਵਾਲ਼ਾ) ਇਹ (ਅੰਤਮ) ਕਿਨਾਰਾ ਕੋਈ ਨਹੀਂ ਜਾਣਦਾ (ਇਸ ਬਾਬਤ ਅਗਰ) ਬੇਅੰਤ ਸ਼ਬਦ ਵਰਤੀਏ ਤਾਂ ਹੋਰ ਵਧੀਕ ਜਾਪਦਾ ਹੈ।

‘‘ਵਡਾ ਸਾਹਿਬੁ; ਊਚਾ ਥਾਉ ॥ ਊਚੇ ਉਪਰਿ; ਊਚਾ ਨਾਉ ॥’’ ਇਸ ਪੰਕਤੀ ’ਚ ‘ਉੂਚਾ, ਊਚੇ ਉਪਰਿ, ਊਚਾ’ ਸ਼ਬਦਾਂ ਦੀ ਵਧੇਰੇ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਦਾ ਮਤਲਬ (ਅਰਥ-ਭਾਵ):

(1). ਪ੍ਰਮਾਤਮਾ ਦੀ ਕਣ-ਕਣ ਵਿੱਚ ਵਿਆਪਕਤਾ ਤੋਂ ਭਿੰਨ ਨਹੀਂ ਮੰਨਿਆ ਜਾ ਸਕਦਾ। ਇਸ ਲਈ ‘ਵਡਾ ਸਾਹਿਬੁ’ ਦੇ ‘ਊਚਾ ਥਾਉ’ ਦਾ ਭਾਵਾਰਥ ਮਾਇਆ ਦੇ ਪ੍ਰਭਾਵ ਤੋਂ ‘ਨਿਰਲੇਪ ਅਵਸਥਾ’ ਜਾਂ ‘ਨਿਰਮਲ ਪਦ’ ਮੰਨਣਾ ਹੀ ਗੁਰਮਤਿ ਹੋਵੇਗਾ, ਨਾ ਕਿ ਕਿਸੇ ਹੋਰ ਬਾਹਰਲੀ ਦੁਨੀਆ ਵੱਲ (ਰੱਬੀ ਨਿਵਾਸ ਬਾਰੇ) ਆਸ ਰੱਖਣੀ ਗੁਰਮਤਿ ਹੋਵੇਗੀ।

(2). ‘ਵਡਾ ਸਾਹਿਬੁ’ ਦੇ ‘ਊਚਾ ਥਾਉ’ ਰੂਪ ‘ਊਚੇ ਟਿਕਾਣੇ’ ਤੋਂ ਵੀ ‘ਉਪਰਿ’ ਮਾਲਕ ਦਾ ‘ਊਚਾ ਨਾਉ’ ਦਾ ਜ਼ਿਕਰ ਹੈ। ਧਿਆਨ ਰਹੇ ਕਿ ‘ਊਚਾ ਥਾਉ’ ਰੱਬ ਨਹੀਂ ਬਲਕਿ ਰੱਬ ਤਾਂ ਉਸ ‘ਊਚਾ ਥਾਉ’ ’ਤੇ ਵੱਸ ਰਿਹਾ ਹੈ ਜਿਸ ਕਾਰਨ ‘ਊਚਾ ਥਾਉ’ ਦੇ ਮੁਕਾਬਲੇ ਰੱਬ ਦੇ ‘ਊਚਾ ਨਾਉ’ ਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ।

ਜਿਵੇਂ ਚੰਦਨ ਦੇ ਪੌਦੇ ਦੀ ਸੁਗੰਧ ਨੂੰ ਚੰਦਨ ਲੱਕੜੀ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਚੰਦਨ (ਲੱਕੜੀ); ਸੁਗੰਧ ਤੋਂ ਵੱਖਰੀ ਹੋ ਸਕਦੀ ਹੈ ਇਸ ਤਰ੍ਹਾਂ ਹੀ ਪ੍ਰਮਾਤਮਾ (‘ਵਡਾ ਸਾਹਿਬੁ’) ਦੀ ਸਰਬ ਵਿਆਪਕਤਾ (‘ਊਚਾ ਥਾਉ’) ਨੂੰ ਸਮਾਜਿਕ ਸੋਚ (ਮਾਇਆ) ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਭਗਤ ਕਬੀਰ ਜੀ ਰੱਬੀ ਨਿਵਾਸ ਬਾਰੇ ਮਨੁੱਖੀ ਹਿਰਦਾ ਰੂਪ ‘‘ਸੇਜ ਏਕ ਪੈ (ਉੱਤੇ)..॥’’ (੪੮੩) ਉਚਾਰ ਕੇ ਬਿਆਨ ਕਰ ਰਹੇ ਹਨ।

ਸਮਾਜਿਕ ਸੋਚ (ਮਾਇਆਧਾਰੀ ਮਨੁੱਖ) ‘ਵਡਾ ਸਾਹਿਬੁ’ ਦੇ ‘ਊਚਾ ਨਾਉ’ ਨੂੰ ਪਕੜ (ਗ੍ਰਹਿਣ ਕਰ) ਕੇ ਹੀ ‘ਊਚੇ’ ਹੁੰਦੇ ਹਨ, ਨਾ ਕਿ ਉਸ ਦੇ ‘ਊਚਾ ਥਾਉ’ ਨੂੰ। ਇਸ ਲਈ ‘ਊਚਾ ਥਾਉ’ ਦੇ ਮੁਕਾਬਲੇ ‘ਊਚਾ ਨਾਉ’ ਨੂੰ ਵਿਸ਼ੇਸਤਾ ਦਿੱਤੀ ਗਈ ਹੈ। ਗੁਰਬਾਣੀ ਵਿੱਚ ਮਾਇਆ ਦੁਆਰਾ ਮਨੁੱਖਾਂ ’ਤੇ ਪੈ ਰਹੇ ਹਰ ਪ੍ਰਕਾਰ ਦੇ ਪ੍ਰਭਾਵ ਦੀ ਤੁਲਨਾ ‘ਵਡਾ ਸਾਹਿਬੁ’ ਦੇ ‘ਊਚਾ ਥਾਉ’ ਨਾਲ ਨਹੀਂ  ਬਲਕਿ ਉਸ ਦੇ ‘ਊਚਾ ਨਾਉ’ ਨਾਲ ਹੀ ਕੀਤੀ ਹੋਈ ਮਿਲਦੀ ਹੈ; ਜਿਵੇਂ:

‘‘ਨਾਮ ਤੁਲਿ (ਬਰਾਬਰ); ਕਛੁ ਅਵਰੁ ਨ ਹੋਇ ॥’’ (ਮ: ੫/੨੬੫)

‘‘ਧੂਪ ਦੀਪ ਕਰਤੇ; (ਪਰ) ਹਰਿ ਨਾਮ ਤੁਲਿ ਨ ਲਾਗੇ ॥’’ (ਮ: ੫/੧੨੨੯)

‘‘ਰਾਮ ਨਾਮ ਤੁਲਿ ਅਉਰੁ ਨ ਉਪਮਾ; ਜਨ ਨਾਨਕ ਕ੍ਰਿਪਾ ਕਰੀਜੈ ॥’’ (ਮ: ੪/੧੩੨੪), ਆਦਿ।

ਵਡਾ ਸਾਹਿਬੁ; ਊਚਾ ਥਾਉ॥ ਊਚੇ ਉਪਰਿ; ਊਚਾ ਨਾਉ॥

ਭਾਵ- (ਕੁਦਰਤ ਦਾ) ਮਾਲਕ ਬਹੁਤ ਵੱਡਾ ਹੈ, ਉਸ ਦਾ ਨਿਵਾਸ ਸਥਾਨ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਹੈ, ਨਿਰਲੇਪ ਨਿਵਾਸ ਸਥਾਨ ਤੋਂ ਵੀ ਨਿਰਮਲ, ਉਸ ਦੀ ਵਡਿਆਈ (ਗੁਣ) ਹੈ।

(ਨੋਟ : ਕਰਤਾਰ ਦਾ ਨਿਵਾਸ ਸਥਾਨ, ਮਨੁੱਖੀ ਹਿਰਦਾ ਹੈ, ਜਿੱਥੇ ਉਹ, ਜੋਤਿ ਸਰੂਪ ’ਚ ਬਿਰਾਜਮਾਨ ਹੈ, ‘‘ਨਿਰਮਲ ਜੋਤਿ; ਸਭ ਮਾਹਿ ਸਮਾਣੀ ॥’’ (ਮਹਲਾ ੩/੧੨੧) ਅਤੇ ਮਨੁੱਖਾ ਸਰੀਰ ਅੰਦਰ ਹੀ ਮਨ ਦੀ ਮਲ਼ੀਨਤਾ ਹੈ, ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮਹਲਾ ੩/੬੫੧) ਭਾਵ ਕਰਤਾਰ ਦਾ ਨਿਵਾਸ ਸਥਾਨ ਅਤੇ ਮਲ਼ੀਨ ਜੀਵਾਤਮਾ ਦਾ ਨਿਵਾਸ ਸਥਾਨ, ਸਰੀਰ ਅੰਤਰ ਹੀ ਹੈ, ‘‘ਧਨ (ਜੀਵਾਤਮਾ) ਪਿਰ (ਪਤੀ-ਮਾਲਕ) ਕਾ ਇਕ ਹੀ ਸੰਗਿ ਵਾਸਾ; ਵਿਚਿ ਹਉਮੈ ਭੀਤਿ ਕਰਾਰੀ ॥’’ (ਮਹਲਾ ੪/੧੨੬੩) ਜਦ ਕਿ ਕਰਤਾਰ ਦੇ ਗੁਣ, ਉਸ ਦੇ ਨਿਵਾਸ ਸਥਾਨ ਵਾਙ ਕਿਸੇ ਮਲ਼ੀਨ ਜਗ੍ਹਾ ’ਚ ਨਿਵਾਸ ਨਹੀਂ ਰੱਖਦੇ ਭਾਵ ਰੱਬੀ ਗੁਣ ਪ੍ਰਕਾਸ਼ਮਈ ਹੁੰਦੇ ਹਨ, ਇਸ ਲਈ ਭਗਤ, ਮਾਲਕ ਦੇ ਨਿਵਾਸ ਸਥਾਨ ਦਾ ਨਹੀਂ ਸਗੋਂ ਉਸ ਦੀ ਮਹਿਮਾ ਦਾ ਵਖਿਆਨ ਕਰਦਾ ਹੈ, ‘‘ਨਿਰਮਲ ਤੇ ਸਭ ਨਿਰਮਲ ਹੋਵੈ ॥’’ (ਮਹਲਾ ੩/੧੨੧)

ਇਸ ਵਿਚਾਰ ਦਾ ਮਤਲਬ ਕੇਵਲ ‘‘ਊਚਾ ਥਾਉ॥’’ ਦੇ ਮੁਕਾਬਲੇ ‘‘ਊਚੇ ਉਪਰਿ ਊਚਾ ਨਾਉ॥’’ ਵਾਕ ਦਾ ਭਾਵਾਰਥ ਵਿਚਾਰਨਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਕਰਤਾਰ ਦਾ ਟਿਕਾਣਾ ਮਲ਼ੀਨ ਸਥਾਨ ’ਚ ਹੋਣ ਕਾਰਨ ਮਲ਼ੀਨਤਾ (ਜੀਵ ਕਰਮ) ਦਾ ਪ੍ਰਭਾਵ ਕਰਤਾਰ ’ਤੇ ਪੈ ਜਾਂਦਾ ਹੈ, ਰੱਬੀ ਨਿਵਾਸ ਸਥਾਨ ਵੀ ਮਾਇਆ ਦੇ ਮੁਕਾਬਲੇ ‘ਊਚਾ’ ਬਿਆਨਿਆ ਗਿਆ ਹੈ ਪਰ ਮਨੁੱਖ ਲਈ ‘ਊਚਾ ਥਾਉ’ ਨਹੀਂ ਬਲਕਿ ‘ਊਚਾ ਨਾਉ’ ਜਪਣ ਦੀ ਹਦਾਇਤ ਹੁੰਦੀ ਹੈ। ਇਸ ਲਈ ‘‘ਵਡਾ ਸਾਹਿਬੁ, ਊਚਾ ਥਾਉ॥’’ ਦੇ ਮੁਕਾਬਲੇ ‘‘ਊਚੇ ਉਪਰਿ ਊਚਾ ਨਾਉ॥’’ ਤੁਕ ਦਰਜ ਕਰਨਾ, ਦਰੁਸਤ ਜਾਪਦਾ ਹੈ।

ਇਸ ਵਿਸ਼ੇ ਦੀ ਹੋਰ ਸਪੱਸ਼ਟਤਾ ਲਈ ਇਹ ਵਿਚਾਰ ਲਾਭਕਾਰੀ ਹੋ ਸਕਦਾ ਹੈ ਕਿ ‘ਅੰਤਹਿਕਰਣ’; ਜੀਵਾਤਮਾ ’ਤੇ ਚੜ੍ਹੀ ਹੋਈ ਮਲ਼ੀਨਤਾ ਹੈ, ਜਿਸ ਨੂੰ ਭਾਈ ਗੁਰਦਾਸ ਜੀ ‘ਧੁੰਧ’ ਕਹਿੰਦੇ ਹਨ, ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ‘ਧੁੰਧੁ’, ਜਗਿ (’ਚ) ਚਾਨਣੁ ਹੋਆ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੭)

ਇਹ ‘ਧੁੰਧ’; ਜਿਸ ਜੀਵਾਤਮਾ ਨੂੰ ਆਪਣੀ ਪਰਤ ਨਾਲ਼ ਢੱਕਦੀ ਹੈ, ਉਹੀ (ਜੀਵਾਤਮਾ) ਰੱਬੀ ਜੋਤਿ ਹੈ, ਰੱਬੀ ਨਿਵਾਸ ਸਥਾਨ ਹੈ, ਜੋ ਅੰਤਹਿਕਰਣ (ਮਨੁੱਖਾ ਨਸੀਬਾਂ) ਨੇ ਢੱਕ ਲਿਆ ਤੇ ਬਾਹਰ ਅਗਿਆਨਤਾ ਵਿਖਾਈ ਦਿੰਦੀ ਹੈ, ਪਰ ਰੱਬੀ ਗੁਣ (ਪ੍ਰਕਾਸ਼ਮਈ) ਹੋਣ ਕਾਰਨ ਅੰਤਹਿਕਰਣ ਨਾਲ਼ ਢੱਕੇ ਨਹੀਂ ਰਹਿ ਸਕਦੇ। ਰੱਬੀ ਨਿਵਾਸ, ਮਾਯਾ ਦੇ ਪ੍ਰਭਾਵ ਤੋਂ ਸੁਤੰਤਰ ਹੈ ਪਰ ਇਸ ਤੋਂ ਵੀ ਸੁਤੰਤਰ ਹਨ ‘ਰੱਬੀ ਗੁਣ’, ਜਿਨ੍ਹਾਂ ਬਾਬਤ ‘‘ਊਚੇ ਉਪਰਿ; ਊਚਾ ਨਾਉ॥’’ ਬਿਆਨ ਕੀਤਾ ਗਿਆ ਜਾਪਦਾ ਹੈ।)

‘‘ਏਵਡੁ ਊਚਾ; ਹੋਵੈ ਕੋਇ ॥ ਤਿਸੁ ਊਚੇ ਕਉ; ਜਾਣੈ ਸੋਇ ॥’’-ਇਸ ਪੰਕਤੀ ’ਚ ਦਰਜ ਸ਼ਬਦ ‘ਏਵਡੁ’ (ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ) ਅਗਲੀ ਪੰਕਤੀ ’ਚ ਦਰਜ ‘ਜੇਵਡੁ’ (ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ) ਦੇ ਪ੍ਰਥਾਏ (ਸੰਬੰਧ ਵਿੱਚ) ਦਰਜ ਹੈ; ਜਿਵੇਂ ਗੁਰਬਾਣੀ ’ਚ ਇੱਕ ਪੰਕਤੀ ਦਰਜ ਹੈ:

‘‘ਏਵਡੁ’’ ਧਨੁ ਹੋਰੁ ਕੋ ਨਹੀ ਭਾਈ! ‘ਜੇਵਡੁ’ ਸਚਾ ਨਾਉ ॥’’ (ਮ: ੩/੧੪੧੯)

ਗੁਰਬਾਣੀ ਵਿੱਚ ‘ਏਵਡੁ’ ਸ਼ਬਦ 6 ਵਾਰ (3 ਵਾਰ ਗੁਰੂ ਨਾਨਕ ਸਾਹਿਬ ਜੀ ਤੇ 3 ਵਾਰ ਗੁਰੂ ਅਮਰਦਾਸ ਜੀ ਵੱਲੋਂ) ਦਰਜ ਹੈ; ਜਿਵੇਂ:

‘‘ਤੂ ‘ਏਵਡੁ’ ਦਾਤਾ, ਦੇਵਣਹਾਰੁ ॥’’ (ਮ: ੧/੧੫੪)

‘‘ਮਨਹੁ ਕਿਉ ਵਿਸਾਰੀਐ ? ‘ਏਵਡੁ’ ਦਾਤਾ; ਜਿ, ਅਗਨਿ ਮਹਿ ਆਹਾਰੁ ਪਹੁਚਾਵਏ ॥’’ (ਮ: ੩/੯੨੦), ਆਦਿ।

(ਨੋਟ: ਗੁਰਬਾਣੀ ਵਿੱਚ ‘ਏਵਡੁ’ ਸ਼ਬਦ ਦੀ ਵਰਤੋਂ ਉਨ੍ਹਾਂ ਪੰਕਤੀਆਂ ’ਚ ਦਰਜ ਕੀਤੀ ਗਈ ਹੈ ਜਿਸ ਵਿੱਚ ਵਿਸ਼ਾ ‘ਰੱਬੀ ਦਾਤਾਂ, ਬਖ਼ਸ਼ਸ਼ਾਂ’ ਜਾਂ ਮਾਇਆ ਦੇ ਮੁਕਾਬਲੇ ‘ਨਾਮ-ਧਨ’ ਨੂੰ ਰੂਪਮਾਨ ਕੀਤਾ ਗਿਆ ਹੋਵੇ ਭਾਵ ‘ਏਵਡੁ’ ਤੇ ‘ਜੇਵਡੁ’ ਸ਼ਬਦ ਤੁਲਨਾਤਮਿਕ ਪੱਖੋਂ ਦਰਜ ਹੁੰਦੇ ਹਨ; ਜਿਵੇਂ 66 ਵਾਰ ‘ਜੇਵਡੁ’ ਸ਼ਬਦ ਵੀ ਦਰਜ ਹੈ:

‘‘ਮਾਇਆ ‘ਜੇਵਡੁ’ ਦੁਖੁ ਨਹੀ; ਸਭਿ ਭਵਿ ਥਕੇ ਸੰਸਾਰੁ ॥’’ (ਮ: ੩/੩੯)

‘‘ਮੇਰੇ ਮਨ ! ਗੁਰ ‘ਜੇਵਡੁ’ ਅਵਰੁ ਨ ਕੋਇ ॥’’ (ਮ: ੫/੪੯)

‘‘ਗੁਰ ‘ਜੇਵਡੁ’ ਦਾਤਾ ਕੋ ਨਹੀ; ਜਿਨਿ ਦਿਤਾ ਆਤਮ ਦਾਨੁ ॥’’ (ਮ: ੫/੫੨)

‘‘ਤੁਧੁ ‘ਜੇਵਡੁ’ ਮੈ ਅਵਰੁ ਨ ਸੂਝੈ, ਨਾ ਕੋ ਹੋਆ ਨ ਹੋਗੁ ॥’’ (ਮ: ੩/੧੩੩੩), ਆਦਿ।)

ਏਵਡੁ ਊਚਾ; ਹੋਵੈ ਕੋਇ॥ ਤਿਸੁ ਊਚੇ ਕਉ; ਜਾਣੈ ਸੋਇ॥

ਭਾਵ- (ਪਰ) ਇਤਨਾ ਨਿਰਮਲ (ਮਾਇਆ ਤੋਂ ਸੁਤੰਤਰ, ਅਗਰ) ਕੋਈ ਹੋਵੇ, (ਗੁਣਾਂ ਦੀ) ਉਸ ਨਿਰਮਲਤਾ ਨੂੰ ਵੀ ਉਹੀ ਸਮਝਦਾ ਹੈ (ਅਤੇ ਅਜਿਹਾ ਕੋਈ ਹੈ ਵੀ ਨਹੀਂ, ਇਸ ਲਈ)

‘‘ਜੇਵਡੁ ਆਪਿ; ਜਾਣੈ ਆਪਿ ਆਪਿ ॥ ਨਾਨਕ ! ਨਦਰੀ ਕਰਮੀ ਦਾਤਿ ॥’’- ਇਸ ਪੰਕਤੀ ’ਚ ‘ਆਪਿ ਆਪਿ’ ਸ਼ਬਦਾਂ ਦੀ ਵੀਚਾਰ ਜ਼ਰੂਰੀ ਹੈ। ਪਿੱਛੇ ਵੀ ਵੀਚਾਰ ਕੀਤੀ ਗਈ ਸੀ ਕਿ ‘ਆਪੇ’ ਦਾ ਅਰਥ ਹੁੰਦਾ ਹੈ ‘ਆਪ ਹੀ’, ਆਪੁ’ ਦਾ ਅਰਥ ਹੁੰਦਾ ਹੈ ‘ਆਪਣੇ ਆਪ ਨੂੰ’ ਜਾਂ ‘ਹਉਮੈ’, ‘ਆਪਿ’ ਦਾ ਅਰਥ ਹੁੰਦਾ ਹੈ ‘ਤੂੰ’ ਜਾਂ ਕੇਵਲ ‘ਆਪ’ ਅਤੇ ‘ਆਪੇ ਆਪਿ’ (ਜੁੜਤ) ਸ਼ਬਦਾਂ ਦਾ ਅਰਥ ਹੁੰਦਾ ਹੈ ‘ਆਪ ਹੀ ਆਪ’। ਅਗਰ ਸੰਬੰਧਿਤ ਪੰਕਤੀ ’ਚ ਕਾਵਿ ਤੋਲ ਇਜਾਜ਼ਤ ਦੇਂਦਾ ਤਾਂ ਪੰਕਤੀ ਇਉਂ ਦਰਜ ਹੋਣੀ ਸੀ ‘‘ਜੇਵਡੁ ਆਪਿ; ਜਾਣੈ ਆਪੇ ਆਪਿ ॥’’ ਗੁਰਬਾਣੀ ਵਿੱਚ ‘ਆਪੇ ਆਪਿ’ (ਜੁੜਤ) ਸ਼ਬਦ 266 ਵਾਰ ਦਰਜ ਹੈ; ਜਿਵੇਂ:

‘‘ਆਪੇ ਆਪਿ ਨਿਰੰਜਨੁ ਸੋਇ ॥’’ (ਜਪੁ /ਮ: ੧)

‘‘ਤੂੰ ਆਪੇ ਆਪਿ ਵਰਤਦਾ; ਸਭਨੀ ਹੀ ਥਾਈ ॥’’ (ਮ: ੪/੮੩)

‘‘ਤੂ ਆਪੇ ਆਪਿ ਨਿਰੰਕਾਰੁ ਹੈ; ਨਿਰੰਜਨ ਹਰਿ ਰਾਇਆ ॥’’ (ਮ: ੪/੩੦੧)

‘‘ਕਿਸ ਨੋ ਕਹੀਐ ਨਾਨਕਾ ! ਸਭੁ ਕਿਛੁ ਆਪੇ ਆਪਿ ॥’’ (ਮ: ੨/੪੭੫), ਆਦਿ।

ਧਿਆਨ ਰਹੇ ਕਿ ਗੁਰਬਾਣੀ ਵਿੱਚ ਹੋਰ ਜਗ੍ਹਾ ‘ਆਪਿ ਆਪਿ’ (ਜੁੜਤ) ਸ਼ਬਦ ਦਰਜ ਹੋਣ ਨਾਲ ਇਨ੍ਹਾਂ ਵਿਚਕਾਰ ਵਿਸਰਾਮ ਦੇਣਾ ਪੈ ਰਿਹਾ ਹੈ; ਜਿਵੇਂ:

‘‘ਰਾਮ ! ਤੁਮ ਆਪੇ ਆਪਿ, ਆਪਿ ਪ੍ਰਭੁ ਠਾਕੁਰ; ਤੁਮ ਜੇਵਡ ਅਵਰੁ ਨ ਦਾਤੇ ॥’’ (ਮ: ੪/੧੬੯)

‘‘ਨਦਰੀ ਕਰਮੀ’’- ਇਹ ਦੋਵੇਂ ਹੀ ਸ਼ਬਦ ‘ਨਦਰਿ’ (ਮਿਹਰ, ਬਖ਼ਸ਼ਸ਼) ਤੇ ‘ਕਰਮੁ’ (ਬਖ਼ਸ਼ਸ਼, ਮਿਹਰ) ਤੋਂ ਬਣੇ ਹਨ। ‘ਨਦਰਿ’ ਤੋਂ ‘ਨਦਰੀ’ (94 ਵਾਰ) ਬਣੇ ਇਸ ਸ਼ਬਦ ਦਾ ਅਰਥ ‘ਮਿਹਰ ਨਾਲ’ ਹੈ ਤੇ ‘ਕਰਮੁ’ ਤੋਂ ‘ਕਰਮੀ’ (28 ਵਾਰ) ਬਣੇ ਇਸ ਸ਼ਬਦ ਦਾ ਅਰਥ ‘ਬਖ਼ਸ਼ਸ਼ ਨਾਲ’ ਬਣਦਾ ਹੈ; ਜਿਵੇਂ:

‘‘ਕਰਮੀ (ਨਾਲ) ਆਵੈ ਕਪੜਾ, ਨਦਰੀ (ਨਾਲ) ਮੋਖੁ ਦੁਆਰੁ ॥’’ (ਜਪੁ /ਮ: ੧) ਪਰ ਗੁਰਬਾਣੀ ਵਿੱਚ ‘ਕਰਮੁ’ (ਬਖ਼ਸ਼ਸ਼) ਦਾ ਮਾਲਕ ‘ਕਰਮੀ’ (ਪ੍ਰਭੂ ਦੇ ਅਰਥਾਂ ’ਚ) ਸ਼ਬਦ ਦਰਜ ਨਹੀਂ ਹੈ ਜਦਕਿ ‘ਨਦਰਿ’ (ਮਿਹਰ) ਦਾ ਮਾਲਕ ‘ਨਦਰੀ’ (ਪ੍ਰਭੂ ਦੇ ਅਰਥਾਂ ’ਚ 20 ਵਾਰ) ਦਰਜ ਹੈ।

‘ਨਦਰੀ’ ਦਾ ਅਰਥ ਕਿੱਥੇ (94 ਵਾਰ) ‘ਮਿਹਰ ਨਾਲ’ ਬਣਦਾ ਹੈ ਤੇ ਕਿੱਥੇ (20 ਵਾਰ) ‘ਮਿਹਰ ਦਾ ਮਾਲਕ ਪ੍ਰਭੂ’ ਬਣਦਾ ਹੈ, ਦੀ ਪਹਿਚਾਣ ਇਹ ਹੈ ਕਿ ਜਦ ‘ਨਦਰੀ’ ਸ਼ਬਦ ਦੇ ਸਮਾਨੰਤਰ ‘ਕਰਮੁ, ਕਰਮਿ, ਕਰਮੀ, ਨਦਰਿ, ਬਖਸਿ’ ਸ਼ਬਦ ਦਰਜ ਹੋਣਗੇ ਉੱਥੇ ‘ਨਦਰੀ’ ਦਾ ਅਰਥ ‘ਮਿਹਰ ਦਾ ਮਾਲਕ ਪ੍ਰਭੂ’ ਹੋਵੇਗਾ ਤੇ ਬਾਕੀ ਜਗ੍ਹਾ ‘ਨਦਰੀ’ ਦਾ ਅਰਥ ‘ਮਿਹਰ ਨਾਲ’ ਹੋਵੇਗਾ; ਜਿਵੇਂ:

‘‘ਨਦਰੀ ਕਰਮਿ ਪਵੈ ਨੀਸਾਣੁ ॥’’ (ਜਪੁ /ਮ: ੧)        (ਨਦਰੀ ਭਾਵ ਮਿਹਰ ਦਾ ਮਾਲਕ ਪ੍ਰਭੂ)

‘‘ਨਾਨਕ ! ਨਦਰੀ ਨਦਰਿ ਨਿਹਾਲ ॥੩੮॥’’ (ਜਪੁ /ਮ: ੧)      (ਨਦਰੀ ਭਾਵ ਮਿਹਰ ਦਾ ਮਾਲਕ ਪ੍ਰਭੂ)

‘‘ਨਦਰੀ ਕਰਮੀ ਗੁਰ ਬੀਚਾਰੁ ॥’’ (ਮ: ੧/੧੫੧)         (ਨਦਰੀ ਭਾਵ ਮਿਹਰ ਦਾ ਮਾਲਕ ਪ੍ਰਭੂ)

‘‘ਨਦਰੀ ਕਰਮਿ ਲਘਾਏ ਪਾਰਿ ॥’’ (ਮ: ੧/੪੬੫)       (ਨਦਰੀ ਭਾਵ ਮਿਹਰ ਦਾ ਮਾਲਕ ਪ੍ਰਭੂ)

‘‘ਨਾਨਕ ! ਨਦਰੀ ਬਖਸਿ ਲੇਹਿ, ਸਬਦੇ ਮੇਲਿ ਮਿਲਾਹਿ ॥’’ (ਮ: ੩/੬੪੫)        (ਨਦਰੀ ਭਾਵ ਮਿਹਰ ਦਾ ਮਾਲਕ ਪ੍ਰਭੂ)

‘‘ਨਾਨਕ ! ਨਦਰੀ ਨਦਰਿ ਕਰੇ, ਤਾ ਨਾਮ ਧਨੁ ਪਲੈ ਪਾਇ ॥’’ (ਮ: ੩/੮੫੦)     (ਨਦਰੀ ਭਾਵ ਮਿਹਰ ਦਾ ਮਾਲਕ ਪ੍ਰਭੂ)

‘‘ਨਾਨਕ ! ਨਦਰੀ ਕਰਮੁ ਹੋਇ, ਗੁਰ ਮਿਲੀਐ ਭਾਈ ॥’’ (ਮ: ੪/੧੨੪੨)          (ਨਦਰੀ ਭਾਵ ਮਿਹਰ ਦਾ ਮਾਲਕ ਪ੍ਰਭੂ)

‘‘ਕੂਕ ਪੁਕਾਰ ਨ ਹੋਵਈ, ਨਦਰੀ ਨਦਰਿ ਨਿਹਾਲ ॥’’ (ਮ: ੩/੧੨੮੩)        (ਨਦਰੀ ਭਾਵ ਮਿਹਰ ਦਾ ਮਾਲਕ ਪ੍ਰਭੂ)

‘‘ਤੇਰੀ ਨਦਰੀ ਕਰਮਿ, ਪਵੈ ਨੀਸਾਣੁ ॥’’ (ਮ: ੧/੧੩੨੭) ਆਦਿ।      (ਨਦਰੀ ਭਾਵ ਮਿਹਰ ਦਾ ਮਾਲਕ ਪ੍ਰਭੂ)             ਪਰ

‘‘ਨਾਨਕ ! ਨਦਰੀ (ਨਾਲ) ਪਾਈਐ, ਕੂੜੀ ਕੂੜੈ ਠੀਸ ॥੩੨॥’’ (ਜਪੁ /ਮ: ੧)     (ਨਦਰੀ ਭਾਵ ਰੱਬੀ ਮਿਹਰ ਨਾਲ)

‘‘ਨਦਰੀ (ਨਾਲ) ਨਾਮੁ ਧਿਆਈਐ; ਵਿਣੁ ਕਰਮਾ ਪਾਇਆ ਨ ਜਾਇ ॥’’ (ਮ: ੩/੩੫)    (ਨਦਰੀ ਭਾਵ ਰੱਬੀ ਮਿਹਰ ਨਾਲ) ਆਦਿ।

ਧਿਆਨ ਰਹੇ ਕਿ ਗੁਰਬਾਣੀ ਵਿੱਚ ‘ਕਰਮੀ’ ਸ਼ਬਦ ਦਾ ਅਰਥ 5 ਵਾਰ ‘ਰੱਬੀ ਮਿਹਰ ਨਾਲ’ ਸੰਬੰਧਿਤ ਨਹੀਂ ਬਲਕਿ ਜੀਵਾਂ ਦੇ ਕੰਮਾਂ ਨਾਲ ਸੰਬੰਧਿਤ ਹੈ; ਜਿਵੇਂ:

‘‘ਕਰਮੀ ਕਰਮੀ ਹੋਇ ਵੀਚਾਰੁ ॥’’ (ਜਪੁ /ਮ: ੧)

‘‘ਕਰਮੀ ਆਪੋ ਆਪਣੀ; ਕੇ ਨੇੜੈ ਕੇ ਦੂਰਿ ॥’’ (ਮ: ੨/੧੪੬)

‘‘ਕਰਮੀ ਆਪੋ ਆਪਣੀ; ਆਪੇ ਪਛੁਤਾਣੀ ॥’’ (ਮ: ੪/੩੧੫)

‘‘ਕਰਮੀ ਸਹਜੁ ਨ ਊਪਜੈ; ਵਿਣੁ ਸਹਜੈ ਸਹਸਾ ਨ ਜਾਇ ॥’’ (ਮ: ੩/੯੧੯)     (ਕਰਮੀ ਭਾਵ ਕੇਵਲ ਧਾਰਮਿਕ ਵਿਖਾਵੇ ਦੇ ਕੰਮਾਂ ਨਾਲ)

‘‘ਹੁਕਮਿ ਚਲਾਏ ਆਪਣੈ; ਕਰਮੀ ਵਹੈ ਕਲਾਮ ॥’’ (ਮ: ੧/੧੨੪੧)

ਜੇਵਡੁ ਆਪਿ, ਜਾਣੈ ਆਪਿ ਆਪਿ॥ ਨਾਨਕ ! ਨਦਰੀ ਕਰਮੀ ਦਾਤਿ॥੨੪॥

ਭਾਵ- (ਜਗਤ ਰਚੇਤਾ) ਜਿਤਨਾ (ਨਿਰਮਲ) ਆਪ ਹੈ (ਆਪਣੇ ਨਿਰਮਲ ਗੁਣ-ਪਦ ਬਾਰੇ ਵੀ ਉਹ) ਕੇਵਲ ਆਪ ਹੀ ਜਾਣਦਾ ਹੈ। ਹੇ ਨਾਨਕ ! (ਅਜਿਹੀ ਸਮਝ ਭਾਵ) ਦਾਤ ਵੀ ਉਸ ਦਿਆਲੂ ਦ੍ਰਿਸ਼ਟੀ ਵਾਲ਼ੇ ਦੀ ਮਿਹਰ ਨਾਲ਼ ਹੀ ਨਸੀਬ ਹੁੰਦੀ ਹੈ।

JAP (Pori No. 23)

0

ਸਾਲਾਹੀ ਸਾਲਾਹਿ; ਏਤੀ ਸੁਰਤਿ ਨ ਪਾਈਆ ॥ ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥

ਸਮੁੰਦ ਸਾਹ ਸੁਲਤਾਨ; ਗਿਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਲਿ ਨ ਹੋਵਨੀ; ਜੇ, ਤਿਸੁ ਮਨਹੁ ਨ ਵੀਸਰਹਿ ॥੨੩॥ ( ਜਪੁ /ਮ: ੧)

ਉਚਾਰਨ ਸੇਧ: ਸਾਲਾਹ, ਨਦੀਆਂ, ਪਵਹਿਂ, ਜਾਣਅਹਿਂ (ਜਾਣੀਐਂ), ਸ਼ਾਹ, ਮਨਹੁਂ (ਮਨੋਂ), ਵੀਸਰਹਿਂ (ਵੀਸਰੈਂ)।

ਪਦ ਅਰਥ: ਸਾਲਾਹੀ- ਸਲਾਹੁਣ ਯੋਗ ਪ੍ਰਭੂ (ਇੱਕ ਵਚਨ ਪੁਲਿੰਗ ਨਾਂਵ)।, ਸਾਲਾਹਿ-ਸਿਫ਼ਤ ਸਾਲਾਹ (ਕਰ) ਕੇ (ਕਿਰਿਆ ਵਿਸ਼ੇਸ਼ਣ)।, ਏਤੀ- ਇਤਨੀ ਕੁ (ਕਿਰਿਆ ਵਿਸ਼ੇਸ਼ਣ)।, ਪਾਈਆ-ਪ੍ਰਾਪਤ ਕੀਤੀ (ਕਿਰਿਆ, ਇੱਕ ਵਚਨ)।, ਅਤੈ-ਤੇ (ਯੋਜਕ)।, ਵਾਹ-ਨਾਲੇ, ਪ੍ਰਵਾਹ (ਬਹੁ ਵਚਨ ਨਾਂਵ)।, ਪਵਹਿ-ਪੈਂਦੇ ਹਨ (ਬਹੁ ਵਚਨ ਕਿਰਿਆ)।, ਸਮੁੰਦਿ- ਸਮੁੰਦਰ ਵਿੱਚ (ਅਧਿਕਰਣ ਕਾਰਕ, ਇੱਕ ਵਚਨ ਪੁਲਿੰਗ ਨਾਂਵ)।, ਸਾਹ-ਪਾਤਿਸ਼ਾਹ (ਬਹੁ ਵਚਨ ਨਾਂਵ)।, ਗਿਰਹਾ- ਗ੍ਰਹਿ, ਘਰ (ਇੱਕ ਵਚਨ ਪੁਲਿੰਗ)।, ਸੇਤੀ-ਨਾਲ (ਭਾਵ ਸਾਥ, ਸੰਬੰਧਕ)।, ਤੁਲਿ-ਬਰਾਬਰ (ਪ੍ਰਮਾਣ ਵਾਚਕ ਵਿਸ਼ੇਸ਼ਣ)।, ਮਨਹੁ- ਮਨ ਤੋਂ (ਅਪਾਦਾਨ ਕਾਰਕ)।, (ਨ) ਵੀਸਰਹਿਂ-ਤੂੰ (ਨਾ) ਭੁੱਲੇਂ (ਮਧਮ ਪੁਰਖ, ਇੱਕ ਵਚਨ ਕਿਰਿਆ)।

(ਨੋਟ: ‘ਜਪੁ’ ਬਾਣੀ ਦੀ ‘‘ਪੰਚ ਪਰਵਾਣ, ਪੰਚ ਪਰਧਾਨੁ ॥’’ (ਪਾ: ੧੬) ’ਚ ‘‘ਕਰਤੇ ਕੈ ਕਰਣੈ; ਨਾਹੀ ਸੁਮਾਰੁ ॥’’ ਵਾਲਾ ਵਿਸ਼ਾ ਪ੍ਰਧਾਨ ਸੀ, ਜਿਸ (‘‘ਕਰਤੇ ਕੈ ਕਰਣੈ.॥’’ ) ਦੇ ਮੁਕਾਬਲੇ ਅਗਲੀਆਂ ਪਉੜੀਆਂ ’ਚ ‘‘ਕੁਦਰਤਿ ਕਵਣ ਕਹਾ ਵੀਚਾਰੁ ॥’’ ਵਾਲੀ ਭਾਵਨਾ ਨਿਰੰਤਰ ਵਿਅਕਤ ਕੀਤੀ ਗਈ ਸੀ ਤੇ ਪਿਛਲੀ ‘‘ਲੇਖਾ ਹੋਇ, ਤ ਲਿਖੀਐ; ਲੇਖੈ ਹੋਇ ਵਿਣਾਸੁ ॥’’ (ਪਾ: ੨੨) ਰਾਹੀਂ ਉਕਤ ਵਿਸ਼ੇ (‘‘ਕਰਤੇ ਕੈ ਕਰਣੈ.॥’’ ) ਨੂੰ ਸਮੇਟਿਆ ਗਿਆ ਸੀ। ਇਸ ਪਉੜੀ ਨੰਬਰ 23 ਰਾਹੀਂ ਉਸ ਅਸੀਮ ਸ਼ਕਤੀ (ਸਮੁੰਦਰ) ਵਿੱਚ ਲੀਨ ਹੋਣ ਵਾਲੇ ਭਗਤ (ਪੰਚ) ਦੇ ਮਕਸਦ ਨੂੰ ਰੂਪਮਾਨ (ਉਜਾਗਰ) ਕੀਤਾ ਗਿਆ ਹੈ।)

‘‘ਸਾਲਾਹੀ ਸਾਲਾਹਿ; ਏਤੀ ਸੁਰਤਿ ਨ ਪਾਈਆ ॥’’- ਇਸ ਪੰਕਤੀ ’ਚ ‘ਸਾਲਾਹੀ’ ਤੇ ‘ਸਾਲਾਹਿ’ (ਦੋਵੇਂ) ਸ਼ਬਦ ਸਮਾਨੰਤਰ ਦਰਜ ਹਨ ਤੇ ਦੋਵੇਂ ਹੀ ‘ਕਿਰਿਆਵਾਚੀ’ ਸ਼ਬਦ ਹੋਣ ਦਾ ਭਰਮ ਪੈਦਾ ਕਰਦੇ ਹਨ। ਕੁਝ ਸੱਜਣ ਇਸ ਦਾ ਉਚਾਰਨ ‘ਸਾਲਾਹੀ ਸਾਲਾਹ’ ਕਰਦੇ ਹਨ ਤੇ ਕੁਝ ‘ਸਾਲਾਹੀ ਸਾਲਾਹੇ’।

ਗੁਰਬਾਣੀ ਵਿੱਚ ‘ਸਾਲਾਹੀ’ (68 ਵਾਰ) ਤੇ ‘ਸਲਾਹੀ’ (18 ਵਾਰ) ਦਰਜ ਹੈ, ਜਿਸ ਦਾ ਅਰਥ ਹੈ ‘ਮੈ ਰੱਬੀ ਸਿਫ਼ਤ ਸਾਲਾਹ ਕਰਾਂ’ (ਭਾਵ ਉੱਤਮ ਪੁਰਖ ਇੱਕ ਵਚਨ ਕਿਰਿਆ) ਤੇ ਇਨ੍ਹਾਂ ਤਮਾਮ ਸ਼ਬਦਾਂ ਦਾ ਉਚਾਰਨ ‘ਸਾਲਾਹੀਂ, ਸਲਾਹੀਂ ’ (ਭਾਵ ਬਿੰਦੀ ਸਹਿਤ) ਦਰੁਸਤ ਹੋਵੇਗਾ; ਜਿਵੇਂ:

‘‘ਕਿਵ ਕਰਿ ਆਖਾ ? ਕਿਵ ‘ਸਾਲਾਹੀ’ ? ਕਿਉ ਵਰਨੀ ? ਕਿਵ ਜਾਣਾ ? ॥’’

‘‘ਕਿਆ ‘ਸਾਲਾਹੀ’ ਸਚੇ ਪਾਤਿਸਾਹ ! ਜਾਂ ਤੂ ਸੁਘੜੁ ਸੁਜਾਣੁ ॥’’ (ਬਲਵੰਡ ਸਤਾ/੯੬੮)

‘‘ਹਰਿ ਨਾਮੁ ‘ਸਲਾਹੀ’ ਰੰਗ ਸਿਉ (ਪ੍ਰੇਮ ਸਹਿਤ, ਇਸ ਲਈ), ਸਭਿ ਕਿਲਵਿਖ ਕ੍ਰਿਖਾ (ਪਾਪ ਨਾਸ਼ ਹੋ ਜਾਂਦੇ ਹਨ)॥’’ (ਮ: ੪/੬੫੦)

‘‘ਸਬਦਿ (ਰਾਹੀਂ) ਸਲਾਹੀ; (ਸਿਫ਼ਤ ਕਰਦਾ ਹਾਂ, ਤਾਂ ਜੋ ਰੱਬ) ਮਨਿ ਵਸੈ; ਹਉਮੈ (ਰੂਪ) ਦੁਖੁ ਜਲਿ ਜਾਉ (ਖਤਮ ਹੋ ਜਾਂਦਾ ਹੈ)॥’’ (ਮ: ੧/੫੮

‘‘ਹਉ ਆਖਿ (ਕੇ) ‘ਸਲਾਹੀ’ ਸਿਫਤਿ ਸਚੁ; ਸਚੁ ਸਚੇ ਕੀ ਵਡਿਆਈ ॥’’ (ਮ: ੪/੩੧੦) ਆਦਿ।

(ਨੋਟ: ਉਕਤ ‘ਸਾਲਾਹੀ’ ਤੇ ‘ਸਲਾਹੀ’ ਸ਼ਬਦਾਂ ਨੂੰ ਅੰਤ ਬਿੰਦੀ ਲਗਾਉਣ ਦੀ ਪ੍ਰੇਰਨਾ ਸਾਨੂੰ ਇਸ ਪੰਕਤੀ ਤੋਂ ਮਿਲਦੀ ਹੈ: ‘‘ਜੋ ਕਿਛੁ ਵਰਤੈ ਤੁਧੈ ‘ਸਲਾਹਂੀ’ ; ਸਭ ਤੇਰੀ ਵਡਿਆਈ ॥’’ ਮ: ੧/੧੩੪੪)

ਪਰ ਗੁਰਬਾਣੀ ਵਿੱਚ ‘ਸਾਲਾਹੀ’ ਸ਼ਬਦ ਨੂੰ (ਸੰਬੰਧਿਤ ਪੰਕਤੀ ਤੋਂ ਇਲਾਵਾ 3 ਜਗ੍ਹਾ ਹੋਰ) ਅੰਤ ਬਿੰਦੀ ਨਹੀਂ ਲੱਗ ਸਕਦੀ ਕਿਉਂਕਿ ਇਨ੍ਹਾਂ ਨਾਲ ਸੰਬੰਧਿਤ ਸ਼ਬਦ ਇਉਂ ਦਰਜ ਹਨ: ‘ਸਾਲਾਹੀ ਸਾਲਾਹਿ, ਸਾਲਾਹੀ ਸਾਲਾਹਨਿ, ਸਾਲਾਹੀ ਸਾਲਾਹਣਾ’; ਜਿਵੇਂ:

‘‘ਹਿੰਦੂ ‘ਸਾਲਾਹੀ ਸਾਲਾਹਨਿ’; ਦਰਸਨਿ ਰੂਪਿ ਅਪਾਰੁ ॥’’ (ਮ: ੧/੪੬੫)

‘‘ਸਾਲਾਹੀ ਸਾਲਾਹਣਾ’’ ਪਿਆਰੇ ! ਦੂਜਾ ਅਵਰੁ ਨ ਕੋਇ ॥’’ (ਮ: ੧/੬੩੬)

‘‘ਸਾਲਾਹੀ ਸਾਲਾਹਣਾ’’; ਭੀ ਸਚਾ ਸਾਲਾਹਿ ॥’’ (ਮ: ੩/੧੪੧੩)

ਸੋ, ‘ਸਾਲਾਹੀ’ ਸ਼ਬਦ ਦਾ ਅਰਥ ਉਪਰੋਕਤ ਤਿੰਨੇ ਪੰਕਤੀਆਂ ’ਚ ‘ਮੈ ਰੱਬੀ ਸਿਫ਼ਤ ਸਾਲਾਹ ਕਰਾਂ’ (ਉੱਤਮ ਪੁਰਖ ਕਿਰਿਆ) ਨਹੀਂ ਬਣ ਸਕਦਾ, ਜਿਨ੍ਹਾਂ ਪੰਕਤੀਆਂ ’ਚ ‘ਸਾਲਾਹੀ’ ਸ਼ਬਦ ਦੇ ਸਮਾਨੰਤਰ ‘ਸਾਲਾਹਿ, ਸਾਲਾਹਨਿ, ਸਾਲਾਹਣਾ’ (ਕਿਰਿਆਵਾਚੀ) ਸ਼ਬਦ ਦਰਜ ਹੋਣ ਕਿਉਂਕਿ ਤਦ ਇਸ (ਸਾਲਾਹੀ) ਦਾ ਅਰਥ ਹੋਵੇਗਾ ‘ਸਾਲਾਹੁਣ ਯੋਗ’ (ਪ੍ਰਭੂ ਨੂੰ, ਤੇ ਉਚਾਰਨ ਬਿੰਦੀ ਰਹਿਤ ਹੋਵੇਗਾ: ‘ਸਾਲਾਹੀ’ (ਭਾਵ ਨਾਂਵ ਪੁਲਿੰਗ, ਨਾ ਕਿ ਕਿਰਿਆ )।

‘ਸਾਲਾਹਿ’- ਗੁਰਬਾਣੀ ਵਿੱਚ ‘ਸਾਲਾਹਿ’ (23 ਵਾਰ) ਤੇ ‘ਸਲਾਹਿ’ (24 ਵਾਰ) ਦਰਜ ਹੈ, ਜਿਸ ਦਾ ਅਰਥ ਹੈ ‘ਤੂੰ ਸਿਫਤ ਕਰ’ (ਭਾਵ ਇੱਕ ਵਚਨ ਹੁਕਮੀ ਭਵਿੱਖ ਕਾਲ ਕਿਰਿਆ) ਤੇ ‘ਸਾਲਾਹ ਕੇ, ਸਿਫ਼ਤ ਕਰ-ਕਰ ਕੇ’ (ਭਾਵ ਕਿਰਿਆ ਵਿਸ਼ੇਸ਼ਣ)।

ਧਿਆਨ ਰਹੇ ਕਿ ਜਦ ‘ਸਾਲਾਹਿ’ ਜਾਂ ‘ਸਲਾਹਿ’ ਸ਼ਬਦ ‘ਕਿਰਿਆ ਵਿਸ਼ੇਸ਼ਣ’ ਹੋਵੇਗਾ ਤਾਂ ਉਸ ਵਾਕ ਵਿੱਚ ਇੱਕ ਹੋਰ ‘ਮੁੱਖ ਕਿਰਿਆ’ ਸ਼ਬਦ ਜ਼ਰੂਰ ਦਰਜ ਹੋਵੇਗਾ; ਜਿਵੇਂ:

(ੳ). ‘ਸਾਲਾਹਿ, ਸਲਾਹਿ’ (ਕਿਰਿਆ ਵਿਸ਼ੇਸ਼ਣ); ਜਿਵੇਂ:

‘‘ਨਾਮੁ ‘ਸਲਾਹਿ’ (ਕੇ), ਸਦਾ ਸੁਖੁ ‘ਪਾਇਆ’; ਨਿਜ ਘਰਿ ਵਾਸਾ ਪਾਇਦਾ ॥’’ (ਮ: ੩/੧੦੬੪)    (ਮੁੱਖ ਕਿਰਿਆ ‘ਪਾਇਆ’)

‘‘ਮਨੁ ਨਾਨਕ ‘ਮਾਨਿਆ’; ਸਚੁ ‘ਸਲਾਹਿ’ (ਕੇ) ॥’’ (ਮ: ੧/੧੧੮੮)      (ਮੁੱਖ ਕਿਰਿਆ ‘ਮਾਨਿਆ’)

‘‘ਨਾਨਕ ! ਸਚਾ ਸਬਦੁ ‘ਸਲਾਹਿ’ (ਕੇ); ਸਚੁ ‘ਪਛਾਣੀਐ’ ॥’’ (ਮ: ੧/੧੨੮੦)     (ਮੁੱਖ ਕਿਰਿਆ ‘ਪਛਾਣੀਐ’)

‘‘ਗੁਰਮੁਖਿ (ਗੁਰੂ ਰਾਹੀਂ) ਹਰਿ ਸਾਲਾਹਿਆ ਜਿੰਨਾ; ਤਿਨ ‘ਸਲਾਹਿ’ (ਕੇ) ਹਰਿ (ਨੂੰ) ‘ਜਾਤਾ’ (ਜਾਣਿਆ) ॥’’ (ਮ: ੩/੧੩੩੩)    (ਮੁੱਖ ਕਿਰਿਆ ‘ਜਾਤਾ’) ਆਦਿ।

‘‘ਗੁਰਮਤੀ ਸਾਲਾਹਿ (ਕੇ) ਸਚੁ; ਹਰਿ ‘ਪਾਇਆ’ ਗੁਣਤਾਸੁ ॥’’ (ਮ: ੩/੨੭)     (ਮੁੱਖ ਕਿਰਿਆ ‘ਪਾਇਆ’)

‘‘ਹਉ ਗੁਰੁ ਸਾਲਾਹਿ (ਕੇ) ਨ ‘ਰਜਊ’; ਮੈ ਮੇਲੇ ਹਰਿ ਪ੍ਰਭੁ ਪਾਸਿ ॥’’ (ਮ: ੪/੪੧)      (ਮੁੱਖ ਕਿਰਿਆ ‘ਰਜਊ’)

‘‘ਗੁਰਮੁਖਿ ਨਾਮੁ ਸਾਲਾਹਿ (ਕੇ); ਜਨਮੁ ਸਵਾਰਿਆ ॥’’ (ਮ: ੩/੮੬)          (ਮੁੱਖ ਕਿਰਿਆ ‘ਸਵਾਰਿਆ’)

‘‘ਨਾਨਕ ! ਸਚੁ ਸਾਲਾਹਿ (ਕੇ); ਪੂਰਾ ‘ਪਾਇਆ’ ॥’’ (ਮ: ੧/੧੫੦)         (ਮੁੱਖ ਕਿਰਿਆ ‘ਪਾਇਆ’)

‘‘ਤੁਧੁ ਸਾਲਾਹਿ (ਕੇ) ਨ ‘ਰਜਾ’ ਕਬਹੂੰ; ਸਚੇ ਨਾਵੈ ਕੀ ਭੁਖ ਲਾਵਣਿਆ ॥’’ (ਮ: ੩/੧੧੩)       (ਮੁੱਖ ਕਿਰਿਆ ‘ਰਜਾ’)

‘‘ਹਉ ‘ਜੀਵਾ’ ਤੁਧੁ ਸਾਲਾਹਿ (ਕੇ); ਮੈ ਟੇਕ ਅਧਾਰੁ ਤੂੰ ॥’’ (ਮ: ੧/੪੨੨)    (ਮੁੱਖ ਕਿਰਿਆ ‘ਜੀਵਾ’)

‘‘ਜਨੁ ਨਾਨਕੁ ਸਾਲਾਹਿ (ਕੇ) ਨ ‘ਰਜੈ’ ਤੁਧੁ ਕਰਤੇ! ਤੂ ਹਰਿ ਸੁਖਦਾਤਾ ਵਡਨੁ (ਵੱਡਾ) ॥’’ (ਮ: ੪/੫੫੨)    (ਮੁੱਖ ਕਿਰਿਆ ‘ਰਜੈ’) ਆਦਿ।

(ਅ). ‘ਸਾਲਾਹਿ, ਸਲਾਹਿ’ (ਇੱਕ ਵਚਨ ਹੁਕਮੀ ਭਵਿੱਖ ਕਾਲ ਕਿਰਿਆ); ਜਿਵੇਂ:

‘‘ਨਾਨਕ ! ਨਾਮੁ ‘ਸਲਾਹਿ’ ਤੂੰ; ਅੰਤੁ ਨ ਪਾਰਾਵਾਰੁ ॥’’ (ਮ: ੩/੩੬)    (ਮੁੱਖ ਕਿਰਿਆ ‘ਸਲਾਹਿ’)

‘‘ਨਾਨਕ ! ਨਾਮੁ ‘ਸਲਾਹਿ’ ਤੂ; ਹਰਿ ਗੁਣੀ ਗਹੀਰੁ ॥’’ (ਮ: ੩/੭੮੯)    (ਮੁੱਖ ਕਿਰਿਆ ‘ਸਲਾਹਿ’)

‘‘ਰਾਮ ਨਾਮੁ ‘ਸਾਲਾਹਿ’ ਤੂ; ਫਿਰਿ ਆਵਣ ਜਾਣੁ ਨ ਹੋਇ ॥’’ (ਮ: ੩/੩੬)    (ਮੁੱਖ ਕਿਰਿਆ ‘ਸਾਲਾਹਿ’)

‘‘ਮਨ ਮੇਰੇ ! ਕਰਤੇ ਨੋ (ਨੂੰ, ਤੂੰ) ‘ਸਾਲਾਹਿ’ ॥’’ (ਮ: ੫/੪੩)    (ਮੁੱਖ ਕਿਰਿਆ ‘ਸਾਲਾਹਿ’)

‘‘ਹਰਿ ਤਿਸੈ ਨੋ (ਤੂੰ) ‘ਸਾਲਾਹਿ’; ਜਿ, ਤੁਧੁ ਰਖੈ ਬਾਹਰਿ ਘਰਿ ॥’’ (ਮ: ੪/੮੩)     (ਮੁੱਖ ਕਿਰਿਆ ‘ਸਾਲਾਹਿ’)

‘‘ਏਕੋ ਜਪਿ; ਏਕੋ (ਨੂੰ, ਤੂੰ) ‘ਸਾਲਾਹਿ’ ॥’’ (ਮ: ੫/੨੮੯)    (ਮੁੱਖ ਕਿਰਿਆ ‘ਸਾਲਾਹਿ’)

‘‘ਲੋਕਾ ਨ (ਤੂੰ) ‘ਸਾਲਾਹਿ’; ਜੋ ਮਰਿ (ਕੇ) ਖਾਕੁ ਥੀਈ (ਮਿੱਟੀ ਹੁੰਦੇ)॥’’ (ਮ: ੩/੭੫੫)    (ਮੁੱਖ ਕਿਰਿਆ ‘ਸਾਲਾਹਿ’)

‘‘ਮਨ ਮੇਰੇ ! ਗੁਰੁ ਪੂਰਾ (ਨੂੰ, ਤੂੰ) ‘ਸਾਲਾਹਿ’ ॥’’ (ਮ: ੫/੧੨੭੧)    (ਮੁੱਖ ਕਿਰਿਆ ‘ਸਾਲਾਹਿ’)

(ਨੋਟ: ਯਾਦ ਰਹੇ ਕਿ ਗੁਰਬਾਣੀ ਵਿੱਚ ਜਦ ‘ਸਾਲਾਹੇ’ (ਭਾਵ ਸਲਾਹੁੰਦੇ ਹਨ, ਬਹੁ ਵਚਨ ਕਿਰਿਆ) ਦੀ ਜ਼ਰੂਰਤ ਪੈਂਦੀ ਹੈ ਤਾਂ ਸ਼ਬਦ ਸਰੂਪ ‘ਸਾਲਾਹਹਿ’ ਹੁੰਦਾ ਹੈ; ਜਿਵੇਂ 3 ਵਾਰ:

‘‘ਗੁਰਮੁਖਿ ਪੜਹਿ, ਹਰਿ ਨਾਮੁ ‘ਸਲਾਹਹਿ’; ਦਰਿ ਸਚੈ ਸੋਭਾ ਪਾਵਣਿਆ ॥’’ (ਮ: ੩/੧੨੭)    (‘ਸਾਲਾਹਹਿ’ ਉਚਾਰਨ ‘ਸਾਲਾਹੈਂ’)

‘‘ਸਬਦੁ ‘ਸਲਾਹਹਿ’, ਸੇ ਜਨ ਨਿਰਮਲ; ਨਿਜ ਘਰਿ ਵਾਸਾ ਤਾਹਾ ਹੇ ॥’’ (ਮ: ੩/੧੦੫੪)    (‘ਸਾਲਾਹਹਿ’ ਉਚਾਰਨ ‘ਸਾਲਾਹੈਂ’)

‘‘ਸੇਵਕ ਸੇਵਹਿ; ਸਬਦਿ ‘ਸਲਾਹਹਿ’ ॥’’ (ਮ: ੩/੧੦੫੭)       (‘ਸਾਲਾਹਹਿ’ ਉਚਾਰਨ ‘ਸਾਲਾਹੈਂ’)

ਉਪਰੋਕਤ ਵੀਚਾਰ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰਬਾਣੀ ਵਿੱਚ ‘ਸਾਲਾਹਿ’ (23 ਵਾਰ) ਜਾਂ ‘ਸਲਾਹਿ’ (24 ਵਾਰ) ਸ਼ਬਦਾਂ ਦਾ ਉਚਾਰਨ ‘ਸਾਲਾਹ’ ਜਾਂ ‘ਸਲਾਹ’ ਕਰਨਾ ਹੀ ਦਰੁਸਤ ਹੈ, ਨਾ ਕਿ ‘ਸਾਲਾਹੇ’ ਜਾਂ ‘ਸਲਾਹੇ’; ਭਾਵ ਇਹ ਦੋਵੇਂ ਸ਼ਬਦ ਬੇਸ਼ਕ ‘ਕਿਰਿਆ’ ਹੋਣ ਜਾਂ ‘ਕਿਰਿਆ ਵਿਸ਼ੇਸ਼ਣ’ ਅੰਤ ਸਿਹਾਰੀ ਦਾ ਉਚਾਰਨ ਨਹੀਂ ਹੋਵੇਗਾ।

ਇਸ ਲਈ ਜੋ ਸੱਜਣ ‘ਜਪੁ’ (ਬਾਣੀ ਦੀ ਸੰਬੰਧਿਤ) ਪੰਕਤੀ ‘ਸਾਲਾਹੀ ਸਾਲਾਹਿ’ ਦਾ ਉਚਾਰਨ ‘ਸਾਲਾਹੀ ਸਾਲਾਹੇ’ (ਸਲਾਹੁਣ ਯੋਗ ਨੂੰ ਸਲਾਹੁੰਦੇ ਹਨ ਭਾਵ ਬਹੁ ਵਚਨ ਕਿਰਿਆ) ਕਰਦੇ ਹਨ ਉਹ ਦਰੁਸਤ ਨਹੀਂ। ਇਸ ਦਾ ਦਰੁਸਤ ਉਚਾਰਨ ਹੈ ‘ਸਾਲਾਹੀ ਸਾਲਾਹ’ ਭਾਵ ਸਲਾਹੁਣ ਯੋਗ ਪ੍ਰਭੂ ਨੂੰ ਸਾਲਾਹ-ਸਾਲਾਹ ਕੇ’।

‘ਏਤੀ’ (ਸੁਰਤਿ)- ਇਹ ਸ਼ਬਦ ‘ਇਸਤ੍ਰੀ ਲਿੰਗ ਕਿਰਿਆ ਵਿਸ਼ੇਸ਼ਣ’ ਹੈ, ਜਿਸ ਦਾ ਅਰਥ ਹੈ ‘ਇਤਨੀ ਕੁ’ (ਅਕਲ) ਭਾਵ ‘ਨਾ-ਮਾਤ੍ਰ ਵੀ’, ਤੇ ਗੁਰਬਾਣੀ ਵਿੱਚ 2 ਵਾਰ ਦਰਜ ਹੈ; ਜਿਵੇਂ:

‘‘ਏਤੀ’’ (ਇਤਨੀ ਕੁ ਗੱਲ) ਨ ਜਾਨਉ, (ਕਿ) ਕੇਤੀਕ ਮੁਦਤਿ; ਚਲਤੇ ਖਬਰਿ ਨ ਪਾਇਓ ? ॥’’ (ਮ: ੫/੯੯੯) (ਭਾਵ ਮੈਂ ਇਤਨੀ ਕੁ ਗੱਲ ਨਹੀਂ ਸਮਝ ਸਕਦਾ ਕਿ ਕਿਨ੍ਹਾਂ ਕੁ ਸਮਾਂ ਆਕਾਰ (ਜੂਨਾਂ) ’ਚ ਵਿਚਰਦਿਆਂ (ਘੁੰਮਦਿਆਂ) ਬਤੀਤ ਕੀਤਾ।

ਧਿਆਨ ਰਹੇ ਕਿ ਗੁਰਬਾਣੀ ਵਿੱਚ ਇੱਕ ਵਾਰ ‘ਏਤੀ’ (ਹੈਰਾਨੀ-ਵਾਚਕ) ਸ਼ਬਦ ਦਾ ਅਰਥ ‘ਇਤਨੀ’ ! ਭਾਵ ‘ਅਣਗਿਣਤ, ਬੇਸ਼ੁਮਾਰ’ ਵੀ ਦਰਜ ਹੈ; ਜਿਵੇਂ: ‘‘ਏਤੀ’’ ਮਾਰ ਪਈ ਕਰਲਾਣੇ; ਤੈਂ ਕੀ ਦਰਦੁ ਨ ਆਇਆ ॥’’ ਮ: ੧/੩੬੦)

ਸਾਲਾਹੀ ਸਾਲਾਹਿ, ਏਤੀ ਸੁਰਤਿ ਨ ਪਾਈਆ॥

ਭਾਵ- ਸਲਾਹੁਣ ਯੋਗ (ਕਰਤਾਰ) ਨੂੰ ਸਾਲਾਹ-ਸਾਲਾਹ ਕੇ (ਭਗਤ, ਉਸ ’ਚ ਅਭੇਦ ਹੋ ਗਿਆ ਪਰ) ਇੰਨੀ ਸੂਝ ਨਾ ਪਾ ਸਕਿਆ (ਕਿ ਉਹ ਕਿੰਨਾ ਵੱਡਾ ਹੈ? ਜਿਵੇਂ ਕਿ)

‘‘ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥’’– ਇਸ ਪੰਕਤੀ ’ਚ ਦਰਜ ‘ਅਤੈ’ ਸ਼ਬਦ ਯੋਜਕ ਹੈ, ਜੋ (ਸਮੁੰਦਰ ਵਿੱਚ ਪੈਣ ਵਾਲੇ) ‘ਨਦੀਆਂ’ ਤੇ ‘ਵਾਹ’ (ਨਾਲਿਆਂ) ਦਾ ਪਰਸਪਰ (ਆਪਸੀ) ਸੰਬੰਧ ਮਿਲਾਉਂਦਾ ਹੈ। ‘ਨਦੀਆਂ’ ਤੇ ‘ਨਾਲੇ’ (ਬਹੁ ਵਚਨ ਨਾਂਵ) ਹੋਣ ਕਾਰਨ ਹੀ ਇਸ ਵਾਕ ਦੀ ਮੁੱਖ ਕਿਰਿਆ ‘ਪਵਹਿ’ (ਬਹੁ ਵਚਨ) ਦਰਜ ਹੈ ਜਿਸ ਦਾ ਅਰਥ ਹੈ ‘ਪੈਂਦੇ ਹਨ’ (ਵਰਤਮਾਨ ਕਿਰਿਆ)।

‘ਸਮੁੰਦਿ’- ਇਹ ਸ਼ਬਦ ਦਾ ਮੂਲ ਸਰੋਤ ਸ਼ਬਦ ਹੈ: ‘ਸਮੁੰਦਰਿ’ (ਅਧਿਕਰਣ ਕਾਰਕ), ਜਿਸ ਦਾ ਅਰਥ ਹੈ ‘ਸਮੁੰਦਰ ਵਿੱਚ’ ਤੇ ਗੁਰਬਾਣੀ ਵਿੱਚ ‘ਸਮੁੰਦ੍ਰ’ (‘ਰ’ ਸਮੇਤ) ਸ਼ਬਦ 7 ਵਾਰ ਦਰਜ ਹੈ; ਜਿਵੇਂ:

‘‘ਅਜਹੁ ਸੁ ਨਾਉ ‘ਸਮੁੰਦ੍ਰ’ ਮਹਿ; ਕਿਆ ਜਾਨਉ ਕਿਆ ਹੋਇ ॥’’ (ਭਗਤ ਕਬੀਰ/੧੩੬੬)

‘‘ਖਾਰ ‘ਸਮੁਦ੍ਰੁ’ ਢੰਢੋਲੀਐ; ਇਕੁ ਮਣੀਆ ਪਾਵੈ ॥’’ (ਮ: ੧/੧੦੧੨)

ਕਹੁ ਕਬੀਰ ! ਕੰਚਨੁ ਭਇਆ; ਭ੍ਰਮੁ ਗਇਆ ‘ਸਮੁਦ੍ਰੈ’ ਪਾਰਿ ॥’’ (ਭਗਤ ਕਬੀਰ/੧੧੦੩) ਆਦਿ।

ਗੁਰਬਾਣੀ ਕਾਵਿ ਰੂਪ ’ਚ ਹੋਣ ਕਾਰਨ ਕੁਝ ਕਾਵਿ ਨਿਯਮਾਂ ਨੂੰ ਮੁੱਖ ਰੱਖਦਿਆਂ ਸ਼ਬਦ ਬਣਤਰ ‘ਦੀਰਘ’ ਜਾਂ ‘ਲਘੂ’ ਕਰਨੀ ਪੈਂਦੀ ਹੈ; ਜਿਵੇਂ: ‘ਕਲਮ ਤੋਂ ਕਲਾਮ, ਕਲਿਯੁਗ ਤੋਂ ਕਲਿ, ਵਥੂ ਤੋਂ ਵਥੁ, ਵਿਸੁ ਤੋਂ ਵਿਸੂ, ਬਹੁਤ ਤੋਂ ਬਹੁ, ਜਾਣੂ ਤੋਂ ਜਾਣੁ, ਰਾਹੂ ਤੋਂ ਰਾਹੁ’ ਆਦਿ।

ਗੁਰਬਾਣੀ ਵਿੱਚ ‘ਸਮੁੰਦਿ’ ਸ਼ਬਦ ਕੇਵਲ ਇੱਕ ਵਾਰ ਇੱਥੇ ਹੀ ਦਰਜ ਹੈ ਪਰ ‘ਸਮੁੰਦ’ (‘ਰ’ ਤੋਂ ਬਿਨਾ, ਬਹੁ ਵਚਨ 12 ਵਾਰ), ‘ਸਮੁੰਦੁ’ (ਇੱਕ ਵਚਨ 13 ਵਾਰ), ‘ਸਮੁਦ’ (2 ਵਾਰ), ‘ਸਮੁਦੁ’ (1 ਵਾਰ, ਕੇਵਲ ਇਸ ਪਉੜੀ ’ਚ ਹੀ ਅਗਾਂਹ) ਆਦਿ; ਜਿਵੇਂ:

‘‘ਸਮੁੰਦ’’ ਸਾਹ ਸੁਲਤਾਨ; ਗਿਰਹਾ ਸੇਤੀ ਮਾਲੁ ਧਨੁ ॥’’ (ਜਪੁ /ਮ: ੧)

‘‘ਸਮੁੰਦੁ’’ ਵਿਰੋਲਿ ਸਰੀਰੁ ਹਮ ਦੇਖਿਆ; ਇਕ ਵਸਤੁ ਅਨੂਪ ਦਿਖਾਈ ॥’’ (ਮ: ੪/੪੪੨)

‘‘ਕਈ ਕੋਟਿ ਕੀਏ; ਰਤਨ ‘ਸਮੁਦ’ ॥’’ (ਮ: ੫/੨੭੬)

‘‘ਮਹਾ ਸਾਗਰੁ ‘ਸਮੁਦੁ’ ਲੰਘਨਾ; ਪਾਰਿ ਨ ਪਰਨਾ ਜਾਇ ॥’’ (ਮ: ੫/੧੦੦੧) ਆਦਿ।

ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ॥ 

ਭਾਵ- ਨਦੀਆਂ ਅਤੇ ਨਾਲੇ (ਛੋਟੇ ਜਲ ਪ੍ਰਵਾਹ, ਜਦ ਬੇਅੰਤ) ਸਮੁੰਦਰ ਵਿੱਚ ਪੈ ਜਾਂਦੇ ਹਨ (ਤਾਂ ਆਪਣਾ ਪਿਛਲਾ ਵਜੂਦ ਕਿ ਕੌਣ ਗੰਗਾ, ਯਮਨਾ ਜਾਂ ਸਤਲੁਜ ਸੀ ?, ਬਾਰੇ) ਨਹੀਂ ਜਾਣ ਸਕਦੇ (ਇਸ ਲਈ ਮਨੁੱਖ ਦਾ ਟੀਚਾ ਕਰਤਾਰ ’ਚ ਅਭੇਦ ਹੋਣਾ ਹੈ, ਨਾ ਕਿ ਬ੍ਰਹਮਾ ਵਾਙ ਆਪਣੇ ਮੂਲ ਦਾ ਅੰਤ ਪਾਉਣਾ)।

‘‘ਸਮੁੰਦ ਸਾਹ ਸੁਲਤਾਨ; ਗਿਰਹਾ ਸੇਤੀ ਮਾਲੁ ਧਨੁ ॥’’-ਉਪਰੋਕਤ ਪੰਕਤੀ ’ਚ ‘ਸਮੁੰਦਿ’ ਸ਼ਬਦ, ਇੱਕ ਵਚਨ ਪੁਲਿੰਗ ਨਾਂਵ (ਪ੍ਰਭੂ ਭਾਵ ਅਥਾਹ ਸ਼ਕਤੀ ਸਮੁੰਦਰ) ਦੇ ਪ੍ਰਤੀਕ ਵਜੋਂ ਦਰਜ ਸੀ ਪਰ ਇਸ ਪੰਕਤੀ ’ਚ ਦਰਜ ਤਮਾਮ ਸ਼ਬਦ ਬਹੁ ਵਚਨ ਦੇ ਪ੍ਰਤੀਕ ਹਨ; ਜਿਵੇਂ: ‘ਸਮੁੰਦ’- ਕਈ ਸਮੁੰਦਰ ਭਾਵ ‘‘ਤਿਸ ਤੇ ਹੋਏ ‘ਲਖ ਦਰੀਆਉ’ ॥’’, ‘ਸਾਹ ਸੁਲਤਾਨ’-ਭਾਵ ਕਈ ਦੁਨਿਆਵੀ ਪਾਤਿਸ਼ਾਹ ਤੇ ਬਾਦਸ਼ਾਹ; ਜਿਵੇਂ: ‘‘ਜਿਤਨੇ ਪਾਤਿਸਾਹ, ਸਾਹ, ਰਾਜੇ, ਖਾਨ, ਉਮਰਾਵ (ਅਮੀਰ ਲੋਕ), ਸਿਕਦਾਰ (ਸਰਦਾਰ) ਹਹਿ: ਤਿਤਨੇ ਸਭਿ ਹਰਿ ਕੇ ਕੀਏ ॥’’ (ਮ: ੪/੮੫੧)

(ਨੋਟ: ਉਕਤ ਪੰਕਤੀ ’ਚ ਤਮਾਮ ਜ਼ਿਕਰ ਉਨ੍ਹਾਂ ਰਾਜਿਆਂ-ਮਹਾਰਾਜਿਆਂ ਦਾ ਹੈ ਜਿਨ੍ਹਾਂ ਨੇ ਸਮਾਜਿਕ ਜੀਵਾਂ ’ਤੇ ਆਪਣੀ ਪ੍ਰਭੁਤਾ (ਪੂਰਨ ਸੁਤੰਤਰਤਾ) ਰਾਹੀਂ ਪ੍ਰਭਾਵ ਪਾਇਆ ਹੋਇਆ ਸੀ/ ਹੈ, ਦੀ ਤੁਲਨਾ ਉਕਤ ਬਿਆਨ ਕੀਤੀ ਗਈ ਉਸ ਸੋਚ ਦੇ ਮੁਕਾਬਲੇ ਦਰਜ ਹੈ, ਜੋ ‘‘ਪਵਹਿ ਸਮੁੰਦਿ, ਨ ਜਾਣੀਅਹਿ ॥’’ ਭਾਵ ਜਿਨ੍ਹਾਂ ਪੰਚ-ਜਨਾਂ ਦੀਆਂ ਨਜ਼ਰਾਂ ਵਿੱਚ ‘‘ਬਾਦਿਸਾਹ, ਸਾਹ, ਉਮਰਾਵ (ਅਮੀਰ), ਖਾਨ; ਢਾਹਿ (ਕੇ) ਡੇਰੇ ਜਾਸੀ (ਇਕੱਠੀ ਕੀਤੀ ਪੂੰਜੀ ਛੱਡ ਕੇ ਜਾਣਗੇ) ॥’’ (ਮ: ੫/੧੧੦੦) ਦਾ ਪ੍ਰਭਾਵ ਬਿਲਕੁਲ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ‘‘ਸਤਿਗੁਰਿ (ਨੇ) ਬੂਝ ਬੁਝਾਈ (ਸਮਝ ਬਖ਼ਸ਼ੀ)॥’’ ਕਿ ਅਸਲ ਦਾਤਾਰ ਬਾਦਸ਼ਾਹ ਕੇਵਲ ਇੱਕੋ ਹੀ ਹੈ; ਜਿਵੇਂ: ‘‘ਬੇਸੁਮਾਰ ਵਡ ਸਾਹ ਦਾਤਾਰਾ; ਊਚੇ ਹੀ ਤੇ ਊਚਾ ॥’’ ਮ: ੫/੧੨੩੫)

‘ਗਿਰਹਾ’- ਇਹ ਸ਼ਬਦ ਗੁਰਬਾਣੀ ਵਿੱਚ ਕੇਵਲ ਇੱਕ ਵਾਰ ਇਸ ਪੰਕਤੀ ਵਿੱਚ ਹੀ ਦਰਜ ਹੈ। ਇਸ ਸ਼ਬਦ ਦੇ ਅੱਖਰੀਂ ਅਰਥਾਂ ’ਚ ਟੀਕਾਕਾਰਾਂ ਵੱਲੋਂ ਭਿੰਨਤਾ ਵਿਖਾਈ ਗਈ ਹੈ ਕਿਉਂਕਿ ਕਾਵਿ ਤੋਲ ਦੇ ਪ੍ਰਭਾਵ ਕਾਰਨ ਇਸ ਸ਼ਬਦ ਦਾ ਸਰੂਪ ਕਿਸੇ ਵੀ ਭਾਸ਼ਾਈ ਸ਼ਬਦ ਨਾਲ ਮੇਲ ਨਹੀਂ ਖਾਂਦਾ ਹੈ। ਇਸ ਲਈ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਇਸ ਸ਼ਬਦ ਨੂੰ ‘ਗਿਰਿ’; ਜਿਵੇਂ: ‘‘ਕਈ ਜਨਮ; ਸੈਲ (ਪੱਥਰ) ‘ਗਿਰਿ’ (ਪਹਾੜ) ਕਰਿਆ ॥’’ (ਮ: ੫/੧੭੬) ਭਾਵ ਪਹਾੜ ਮੰਨ ਕੇ ਉਕਤ ਰਾਜਿਆਂ ਦੀ ਦੁਨਿਆਵੀ ਸੰਪਤੀ (ਧਨ-ਦੌਲਤ) ਨੂੰ ਪਹਾੜਾਂ ਵਾਙ ਅਸੀਮ ਦਰਸਾਈ ਹੈ ਜਦ ਕਿ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਅਨੁਸਾਰ ਇਹ ਸ਼ਬਦ ‘ਗ੍ਰਿਹ’ (ਘਰ, ਪੱਲੇ); ਜਿਵੇਂ: ‘‘ਜਾ ਕੈ ‘ਗ੍ਰਿਹ’ ਮਹਿ; ਸਗਲ ਨਿਧਾਨ ॥’’ (ਮ: ੫/੧੧੫੨) ਮੰਨਿਆ ਹੈ।

ਦੋਵੇਂ ਹੀ ਸ਼ਬਦਾਰਥ ਗੁਰਬਾਣੀ ਵਿਆਕਰਨ ਦੇ ਕਿਸੇ ਨਿਯਮ ਦੀ ਉਲੰਘਣਾ ਨਹੀਂ ਕਰਦੇ ਹਨ ਤੇ ਦੋਵਾਂ ਅਰਥਾਂ ਦਾ ਭਾਵਾਰਥ ਵੀ ਇੱਕੋ ਹੀ ਹੈ ਭਾਵ ‘ਦੁਨਿਆਵੀ ਅਥਾਹ ਸੰਪਤੀ ਸੰਪੰਨ ਰਾਜੇ ਮਹਾਰਾਜੇ’, ਪਰ ਇਸ ਦਾ ਦਰੁਸਤ ਭਾਵਾਰਥ, ਇਸ ਸ਼ਬਦ ਨਾਲ ਦਰਜ ‘ਸੇਤੀ’ ਸ਼ਬਦ ਦੀ ਵੀਚਾਰ ਕੀਤਿਆਂ ਮਾਲੁਮ ਹੋਵੇਗਾ।

‘ਸੇਤੀ’- ਇਹ ਸ਼ਬਦ ਗੁਰਬਾਣੀ ਵਿੱਚ 152 ਵਾਰ ਦਰਜ ਹੈ, ਜਿਸ ਦਾ ਅਰਥ ਹੈ ‘ਨਾਲ, ਸਾਥ, ਸਮੇਤ’ ਆਦਿ; ਜਿਵੇਂ:

‘‘ਸਚੇ ‘ਸੇਤੀ’ ਰਤਿਆ; ਸਚੋ ਪਲੈ ਪਾਇ ॥’’ (ਮ: ੧/੫੬)

‘‘ਸਦ ਬਲਿਹਾਰੀ ਗੁਰ ਅਪੁਨੇ ਵਿਟਹੁ (ਉੱਪਰੋਂ); ਜਿ (ਜਿਹੜਾ) ਹਰਿ ਸੇਤੀ (ਨਾਲ, ਮੇਰਾ) ਚਿਤੁ ਲਾਏ ॥’’ (ਮ: ੩/੬੮)

‘‘ਧਰਮ ਸੇਤੀ (ਨਾਲ) ਵਾਪਾਰੁ ਨ ਕੀਤੋ; ਕਰਮੁ (ਉੱਚਾ ਆਚਰਨ) ਨ ਕੀਤੋ ਮਿਤੁ (ਬਣਾਇਆ ਮਿੱਤਰ)॥’’ (ਮ: ੧/੭੫)

‘‘ਹਉ ਵਾਰੀ, ਜੀਉ ਵਾਰੀ; ਹਰਿ ‘ਸੇਤੀ’ ਚਿਤੁ ਲਾਵਣਿਆ ॥’’ (ਮ: ੩/੧੧੬)

‘‘ਗੋਰੀ ਸੇਤੀ (ਔਰਤ ਨਾਲ); ਤੁਟੈ ਭਤਾਰੁ (ਪਤੀ ਨਾਰਾਜ਼ ਹੋ ਜਾਵੇ)॥’’ (ਮ: ੧/੧੪੩), ਆਦਿ।

(ਨੋਟ: ਉਕਤ ਤਮਾਮ ਪੰਕਤੀ ਵਿੱਚ ‘ਗਿਰਹਾ ਸੇਤੀ’ ਦਾ ਅਰਥ ‘ਘਰ ਵਿੱਚ’ ਜਾਂ ‘ਪੱਲੇ ਵਿੱਚ’ ਨਹੀਂ ਬਣ ਰਿਹਾ ਹੈ ਜਦਕਿ ‘ਗਿਰਹਾ ਸੇਤੀ’ ਦਾ ਭਾਵਾਰਥ ‘ਪਹਾੜਾਂ ਨਾਲ’ (ਤੁਲਨਾ) ਜਾਂ ‘ਪਹਾੜਾਂ ਵਰਗੇ’ ਕੀਤਾ ਜਾ ਸਕਦਾ ਹੈ।)

ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲੁ ਧਨੁ॥

ਭਾਵ- ਸਮੁੰਦਰਾਂ ਵਾਙ (ਵਿਆਪਕ ਰਾਜ ਸਥਾਪਿਤ ਕਰਨ ਵਾਲ਼ੇ) ਬਾਦਸ਼ਾਹ-ਸੁਲਤਾਨ, (ਜਿਨ੍ਹਾਂ ਦੇ) ਗ੍ਰਹਿ ਨਾਲ (ਭਾਵ ਘਰ ’ਚ ਇਕੱਠਾ ਕੀਤਾ ਬੇਅੰਤ) ਧੰਨ ਪਦਾਰਥ ਹੈ।

‘‘ਕੀੜੀ ਤੁਲਿ ਨ ਹੋਵਨੀ; ਜੇ, ਤਿਸੁ ਮਨਹੁ ਨ ਵੀਸਰਹਿ ॥’’-ਇਸ ਪੰਕਤੀ ’ਚ ਦਰਜ ‘ਕੀੜੀ’ (ਨਾ-ਮਾਤ੍ਰ) ਸ਼ਬਦ ਨੂੰ ਉਕਤ ਪੰਕਤੀ ’ਚ ਦਰਜ ‘‘ਸਮੁੰਦ ਸਾਹ ਸੁਲਤਾਨ..॥’’ ਦੇ ਵਿਆਪਕ ਪ੍ਰਭਾਵ ਦੇ ਪ੍ਰਥਾਏ ਦਰਜ ਕੀਤਾ ਗਿਆ ਹੈ ਜੋ ਸਮਾਜਿਕ ਜੀਵਾਂ ’ਤੇ ਇਨ੍ਹਾਂ ਦੁਆਰਾ ਪਾਇਆ ਜਾ ਰਿਹਾ ਸੀ।

‘ਤੁਲਿ’– ਇਹ ਸ਼ਬਦ ਗੁਰਬਾਣੀ ਵਿੱਚ 24 ਵਾਰ ਦਰਜ ਹੈ ਤੇ ਇਸ ਦੇ ਭਾਵਾਰਥ ਦੋ ਪ੍ਰਕਾਰ ਮਿਲਦੇ ਹਨ (ੳ). ਜਦ ਦੋ ਚੀਜ਼ਾਂ ਨੂੰ ਇੱਕ ਸਮਾਨ (ਬਰਾਬਰ) ਮਹੱਤਵ ਦਿੱਤਾ ਗਿਆ ਹੋਵੇ; ਜਿਵੇਂ: ‘ਰਾਮ ਤੇ ਸਾਮ ਸਕੂਲ ਵਿੱਚੋਂ ਦੋਵੇਂ ‘ਬਰਾਬਰ’ ਨੰਬਰ ਲੈ ਕੇ ਆਉਂਦੇ ਹਨ’ ਜਾਂ ‘ਹਵਾ; ਗ਼ਰੀਬ ਤੇ ਅਮੀਰ ਨੂੰ ‘ਇੱਕ ਸਮਾਨ’ ਠੰਡਕ ਪਹੁੰਚਾਉਂਦੀ ਹੈ।’ ਇਸ ਭਾਵਾਰਥ ਦੇ ਪ੍ਰਥਾਏ ਗੁਰਬਾਣੀ ਵਾਕ ਹੈ: ‘‘ਜੈਸੇ, ਰਾਜ ਰੰਕ ਕਉ ਲਾਗੈ; ‘ਤੁਲਿ’ ਪਵਾਨ (ਹਵਾ) ॥’’ (ਮ: ੫/੨੭੨), ‘‘ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ; ਜਿਸੁ (ਲਈ) ਨਿੰਦਾ ਉਸਤਤਿ ਤੁਲਿ (ਬਰਾਬਰ, ਇੱਕ ਸਮਾਨ) ਹੋਇ ॥’’ (ਮ: ੪/੧੪੨੧) ਆਦਿ।

(ਅ). ਜਦ ਇੱਕ ਵਸਤੂ ਨੂੰ ਦੂਸਰੇ ਦੇ ਮੁਕਾਬਲੇ ਤੁੱਛ ਬਿਆਨ ਕੀਤਾ ਗਿਆ ਹੋਵੇ; ਜਿਵੇਂ: ‘ਰਾਮ; ਸਾਮ ਦੇ ‘ਬਰਾਬਰ’ (ਮੁਕਾਬਲੇ) ਨੰਬਰ ਨਹੀਂ ਲਿਆ ਸਕਦਾ’ ਜਾਂ ‘ਦੁਨਿਆਵੀ ਪਦਾਰਥ ਰੱਬੀ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ।’ ਇਸ ਭਾਵਾਰਥ ਦੇ ਪ੍ਰਥਾਏ ਗੁਰਬਾਣੀ ਵਾਕ ਹੈ: ‘‘ਨਾਮ (ਦੇ) ਤੁਲਿ (ਮੁਕਾਬਲੇ, ਬਰਾਬਰ), ਕਛੁ ਅਵਰੁ ਨ ਹੋਇ ॥’’ (ਮ: ੫/੨੬੫), ‘‘ਜਾਪ ਤਾਪ ਕੋਟਿ ਲਖ ਪੂਜਾ; ਹਰਿ ਸਿਮਰਣ ਤੁਲਿ (ਮੁਕਾਬਲੇ) ਨ ਲਾਇਣ (ਪੁਜਦੇ)॥’’ (ਮ: ੫/੯੭੯) ਆਦਿ।

ਸੰਬੰਧਿਤ ਪੰਕਤੀ ’ਚ ‘‘ਸਮੁੰਦ ਸਾਹ ਸੁਲਤਾਨ..॥’’ ਦੇ ਮੁਕਾਬਲੇ ‘ਕੀੜੀ’ (ਨਾ-ਮਾਤ੍ਰ) ਨੂੰ ਮਹੱਤਵ ਦਿੱਤਾ ਗਿਆ ਹੈ ਭਾਵ ਉਕਤ ਦੋਵੇਂ ਉਦਾਹਰਣਾਂ ਵਿੱਚੋਂ ‘ਅ’ ਭਾਗ ਵਾਙ ਤੁਲਨਾ ਕੀਤੀ ਗਈ ਹੈ।

‘ਵੀਸਰਹਿ’– ਇਸ ਸ਼ਬਦ ਦਾ ਮੂਲ ਸਰੋਤ ਸ਼ਬਦ ਗੁਰਬਾਣੀ ਵਿੱਚ ‘ਵਿਸਰਹਿ’ (14 ਵਾਰ) ਦਰਜ ਹੈ। ਇਹ ਸ਼ਬਦ ਮਧਮ ਪੁਰਖ ਇੱਕ ਵਚਨ ਦਾ ਲਖਾਇਕ ਹੈ, ਜਿਸ ਦਾ ਅਰਥ ਹੈ ‘ਤੂੰ ਨਾ ਭੁੱਲੇਂ’ ਤੇ ਉਚਾਰਨ ਹੋਵੇਗਾ ‘ਵੀਸਰੈਂ’ (ਬਿੰਦੀ ਸਹਿਤ); ਜਿਵੇਂ:

‘‘ਸਾ ਬੁਧਿ ਦੀਜੈ; ਜਿਤੁ (ਜਿਸ ਨਾਲ, ਤੂੰ) ਵਿਸਰਹਿ ਨਾਹੀ ॥’’ (ਮ: ੫/੧੦੦)

ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ! ਜਾਣਉ ਬਰਸ ਪਚਾਸਾ (50 ਸਾਲ)॥’’ (ਮ: ੩/੬੦੧)

‘‘ਜਿਨ ਤੂ ਵਿਸਰਹਿ ਪਾਰਬ੍ਰਹਮ ਸੁਆਮੀ ! ਸੇ ਤਨ ਹੋਏ ਧੂੜਿ ॥’’ (ਮ: ੫/੬੪੧), ਆਦਿ।

(ਨੋਟ : ਗੁਰਮਤ; ਕਿਸੇ ਅਦ੍ਰਿਸ਼ ਵਿਸ਼ੇ ਨੂੰ ਸਰਲ ਕਰਨ ਲਈ ਜਦ ਕੋਈ ਦੁਨਿਆਵੀ ਮਿਸਾਲ ਦਿੰਦੀ ਹੈ ਤਾਂ ਤੁਰੰਤ ਉਸ (ਮਿਸਾਲ ਵਜੋਂ ਵਰਤੀ ਵਸਤੂ) ਨੂੰ ਵੀ ਤੁੱਛ ਬਿਆਨ ਕਰਦੀ ਹੈ ਤਾਂ ਜੋ ਮਨੁੱਖ ਕਦੇ ਉਸੇ ਨੂੰ ਹੀ ਵੱਡਾ-ਸ਼ਕਤੀਸ਼ਾਲੀ ਮੰਨ ਕੇ ਪੂਜਣਾ ਸ਼ੁਰੂ ਨਾ ਕਰ ਦੇਵੇ; ਜਿਵੇਂ ਕਿ

ਗੁਰੂ ਨਾਨਕ ਸਾਹਿਬ ਜੀ ਨੇ ‘ਮਾਸ’ ਵਿਸ਼ੇ ਨਾਲ਼ ਸਬੰਧਿਤ ਸ਼ਬਦ ’ਚ ‘ਪਾਣੀ’ ਦੀ ਮਿਸਾਲ ਲਈ, ਜਿਸ ਤੋਂ ਕਈ ਵਸਤੂਆਂ ਪੈਦਾ ਹੁੰਦੀਆਂ ਹਨ ਤੇ ਅੰਤ ’ਚ ਪਾਣੀ ਵਿੱਚ ਵੀ ਕਈ ਵਿਕਾਰ ਹਨ, ਬਾਰੇ ਸਮਝਾਇਆ ਗਿਆ, ‘‘ਪਾਂਡੇ ! ਤੂ ਜਾਣੈ ਹੀ ਨਾਹੀ; ਕਿਥਹੁ ਮਾਸੁ ਉਪੰਨਾ ? ॥ ਤੋਇਅਹੁ (ਪਾਣੀ ਤੋਂ) ਅੰਨੁ, ਕਮਾਦੁ, ਕਪਾਹਾਂ; ਤੋਇਅਹੁ ਤ੍ਰਿਭਵਣੁ, ਗੰਨਾ ॥ (ਪਰ) ਤੋਆ (ਪਾਣੀ) ਆਖੈ ਹਉ ਬਹੁ ਬਿਧਿ ਹਛਾ; ਤੋਐ (ਪਾਣੀ ’ਚ ਵੀ) ਬਹੁਤੁ ਬਿਕਾਰਾ ॥’’ (ਮ: ੧/੧੨੯੦), ਇਸੇ ਤਰ੍ਹਾਂ ਹੀ ਉਕਤ ਪਉੜੀ ’ਚ ਭਗਤ ਦੀ ਰੱਬ ’ਚ ਅਭੇਦਤਾ ਲਈ ਨਦੀ ਤੇ ਨਾਲਿਆਂ ਨੂੰ ਵਿਸ਼ਾਲ ਸਮੁੰਦਰ ’ਚ ਪਾਉਣ ਵਜੋਂ ਮਿਸਾਲ ਦਿੱਤੀ ਗਈ ਤੇ ਤੁਰੰਤ ਸਮੁੰਦਰ ਨੂੰ ਤੁੱਛ ਸਾਬਤ ਕਰਨ ਲਈ ਅਗਾਂਹ ਕੀੜੀ ਦੀ ਮਿਸਾਲ ਦੇ ਦਿੱਤੀ।)

ਕੀੜੀ ਤੁਲਿ ਨ ਹੋਵਨੀ; ਜੇ, ਤਿਸੁ ਮਨਹੁ ਨ ਵੀਸਰਹਿ॥ ੨੩॥ 

ਭਾਵ- (ਹੇ ਦਾਤਾਰ ਮਾਲਕ ! ਅਜਿਹੇ ਸਮਰਾਟ ਵੀ) ਕੀੜੀ ਸਮਾਨ ਨਹੀਂ ਹੁੰਦੇ, ਅਗਰ ਉਸ (ਕੀੜੀ ਦੇ) ਮਨੋਂ ਤੂੰ ਨਾ ਭੁੱਲੇਂ।

JAP (Pori No. 22)

0

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇਕ ਵਾਤ ॥

ਸਹਸ ਅਠਾਰਹ, ਕਹਨਿ ਕਤੇਬਾ; ਅਸੁਲੂ ਇਕੁ ਧਾਤੁ ॥ ਲੇਖਾ ਹੋਇ, ਤ ਲਿਖੀਐ; ਲੇਖੈ ਹੋਇ ਵਿਣਾਸੁ ॥

ਨਾਨਕ ! ਵਡਾ ਆਖੀਐ; ਆਪੇ ਜਾਣੈ ਆਪੁ ॥੨੨॥ (ਜਪੁ /ਮ: ੧)

ਉਚਾਰਨ ਸੇਧ: ਪਾਤਾਲਾਂ, ਆਗਾਸਾਂ, ਅਠਾਰਹਂ (ਅਠਾਰ੍ਹਾਂ), ਕਤੇਬਾਂ।

ਪਦ ਅਰਥ: ਓੜਕ- ਅੰਤ (ਕੁਦਰਤ ਭਾਵ ਆਕਾਰ ਦੀ ਸੀਮਾ)।, ਭਾਲਿ-ਭਾਲ ਕੇ (ਕਿਰਿਆ ਵਿਸ਼ੇਸ਼ਣ)।, ਕਹਨਿ- ਆਖਦੇ ਹਨ (ਬਹੁ ਵਚਨ ਕਿਰਿਆ)।, ਇਕ ਵਾਤ- ਇੱਕ ਸੁਰ, (ਇੱਕ ਜ਼ਬਾਨ ਹੋ ਕੇ ਭਾਵ ਸਭ ਦਾ ਇੱਕ ਮਤ ਹੈ)।, ਸਹਸ-ਦਸ ਸੌ (ਭਾਵ ਹਜ਼ਾਰ, ਸੰਖਿਅਕ ਵਿਸ਼ੇਸ਼ਣ)।, ਕਤੇਬਾ- ਮੁਸਲਿਮ ਮੱਤ ਦੀਆਂ ਚਾਰ ਕਿਤਾਬਾਂ (ਕੁਰਾਨ, ਅੰਜੀਲ, ਤੌਰੇਤ ਤੇ ਜੰਬੂਰ)।, ਅਸੁਲੂ- ਅਸਲ (ਮੂਲ, ਮੁੱਢ)।, ਧਾਤੁ-ਕਰਤਾਰ (ਇੱਕ ਵਚਨ ਨਾਂਵ)।, ਵਿਣਾਸੁ- ਖ਼ਤਮ (ਭਾਵ ਲੇਖੇ ਦਾ ਅੰਤ)।, ਆਖੀਐ- ਆਖਣਾ ਚਾਹੀਦਾ ਹੈ। (ਕਿਰਿਆ)।, ਆਪੇ- ਆਪ ਹੀ (ਪੜਨਾਂਵ)।, ਆਪੁ-ਆਪਣੇ ਆਪ ਨੂੰ।

(ਨੋਟ: ਪਿਛਲੀ 21 ਵੀਂ ਪਉੜੀ ਵਿੱਚ ਵਿਸ਼ਾ ‘ਪੰਚ’ ਦੀ ਜਾਗਰੂਕ ਸੋਚ ਨਾਲ ਸੰਬੰਧਿਤ ਸੀ, ਜਿਸ ਰਾਹੀਂ ਕਰਤਾਰ ਦੀ ਅਥਾਹ ਸ਼ਕਤੀ ‘‘ਸਭਿ ਗੁਣ ਤੇਰੇ; ਮੈ ਨਾਹੀ ਕੋਇ ॥’’ ਦੇ ਮੁਕਾਬਲੇ ਆਪਣੇ ਆਪ ਨੂੰ ‘‘ਕਿਵ ਕਰਿ ਆਖਾ ? ਕਿਵ ਸਾਲਾਹੀ ? ਬਿਆਨ ਕੀਤਾ ਗਿਆ ਸੀ ਅਤੇ 38 ਸ਼ਬਦਾਂ ਦੇ ਸੁਮੇਲ ਨਾਲ ਭਰਪੂਰ ਇਸ 22 ਵੀਂ ਪਉੜੀ ਵਿੱਚ ਵੀ ਉਹੀ ਵਿਸ਼ਾ (ਭਾਵ ਕਰਤਾਰ ਦਾ ਵਡੱਪਣ) ਨਿਰੰਤਰ ਬਿਆਨਿਆ ਜਾ ਰਿਹਾ ਹੈ।

ਇਸ ਪਉੜੀ ਦੇ ਭਾਵਾਰਥ ਸਮਝਣ ਤੋਂ ਪਹਿਲਾਂ ਇਹ ਵੀਚਾਰ ਵਧੇਰੇ ਧਿਆਨ ਮੰਗਦੀ ਹੈ ਕਿ ਇਸ ਪਉੜੀ ’ਚ ਕੁਦਰਤ ਦੇ ਵਿਆਪਕ ਵਿਸਥਾਰ ਨੂੰ ਨਾਪਣ ਲਈ ਅਨ੍ਯ ਮਤ ਸੰਖਿਅਕ ਸੋਚ ਨੂੰ ਗੁਰੂ ਜੀ ਨੇ ਕਿਸ ਸੰਦਰਭ (ਪਰਿਪੇਖ) ’ਚ ਦਰਜ ਕੀਤਾ ਹੋਇਆ ਹੈ ? ਭਾਵ ਆਪਣੇ ਵੀਚਾਰਾਂ ਦੀ ਪੁਸ਼ਟੀ (ਪ੍ਰੋੜ੍ਹਤਾ, ਸਮਰਥਨ) ਕਰਨ ਲਈ, ਅਨ੍ਯ ਮਤ ਸੰਖਿਅਕ ਸੋਚ ਨੂੰ ਅਪੂਰਨ ਸਿੱਧ ਕਰਨ ਲਈ ਜਾਂ ਅਨ੍ਯ ਮਤ ਸੰਖਿਅਕ ਸੋਚ ਨੂੰ ਰੱਦ ਕਰਨ ਲਈ ?

ਉਕਤ ਤਿੰਨੇ ਕਾਰਨਾਂ ਵਿੱਚੋਂ ਦਰੁਸਤ ਨੂੰ ਲੱਭਣ ਲਈ ‘‘ ਲੇਖਾ ਹੋਇ, ਤ ਲਿਖੀਐ; ਲੇਖੈ ਹੋਇ ਵਿਣਾਸੁ ॥’’ ਪੰਕਤੀ ਦੀ ਟੇਕ ਲੈਣੀ ਲਾਭਕਾਰੀ ਰਹੇਗੀ; ਜਿਵੇਂ:

(1). ਅਗਰ ਗੁਰੂ ਜੀ ਅਨ੍ਯ ਮਤ ਸੰਖਿਅਕ ਸੋਚ (ਲਖ ਪਾਤਾਲ ਜਾਂ ਸਹਸ ਅਠਾਰਹ) ਨੂੰ ਰੱਦ ਕਰਨ ਲਈ ਦਰਜ ਕਰਦੇ ਤਾਂ ‘‘ਲੇਖੈ ਹੋਇ ਵਿਣਾਸੁ ॥’’ ਵਾਕ ਦਰਜ ਨਾ ਕੀਤਾ ਹੁੰਦਾ ਭਾਵ ਗੁਰੂ ਜੀ ਕਰਤਾਰ ਦੀ ਕੁਦਰਤ ਦੇ ਵਿਸਥਾਰ ਨੂੰ ਬਿਆਨ ਕਰਨ ਵਾਲੇ ਲੇਖੇ ਨੂੰ ਰੱਦ ਨਹੀਂ ਕਰ ਰਹੇ ਹਨ ਬਲਕਿ ਲੇਖੇ ਨੂੰ ਅਸੀਮ (ਅਣਗਿਣਤ) ਕਰ ਰਹੇ ਹਨ।

(2). ਅਗਰ ਗੁਰੂ ਜੀ ਅਨ੍ਯ ਮਤ ਸੰਖਿਅਕ ਸੋਚ ਨੂੰ ਆਪਣੇ ਵੀਚਾਰਾਂ ਦੀ ਪੁਸ਼ਟੀ ਲਈ ਦਰਜ ਕਰਦੇ ਤਾਂ ‘‘ਲੇਖਾ ਹੋਇ, ਤ ਲਿਖੀਐ॥’’ ਵਾਕ ਦਰਜ ਨਾ ਕੀਤਾ ਹੁੰਦਾ ਕਿਉਂਕਿ ਇਹ ਪੰਕਤੀ (ਉਪਵਾਕ) ਸੰਖਿਅਕ ਸ਼ਬਦ (‘ਲਖ’ ਤੇ ‘ਸਹਸ’) ਨੂੰ ਅਧੂਰਾ ਸਾਬਤ ਕਰ ਰਹੀ ਹੈ।

ਇਸ ਲਈ ਇਹ ਮੰਨਣਾ ਪਵੇਗਾ ਕਿ ‘‘ਲੇਖਾ ਹੋਇ, ਤ ਲਿਖੀਐ॥’’ ਉਪਵਾਕ ਰਾਹੀਂ ਗੁਰੂ ਜੀ ਵੱਲੋਂ ਸੰਖਿਅਕ ਸ਼ਬਦ (‘ਲਖ’ ਤੇ ‘ਸਹਸ’) ਨੂੰ ਅਪੂਰਨ ਪ੍ਰਮਾਣਿਕ (ਸਿੱਧ) ਕਰਕੇ ਕਰਤਾਰ ਦੀ ਕੁਦਰਤ ਨੂੰ ਅਸੀਮ ਬਿਆਨ ਕੀਤਾ ਗਿਆ ਹੈ ਭਾਵ ਕਿਸੇ ਸੰਖਿਅਕ ਵਿਸ਼ੇ ਨਾਲ ਤੁਲਨਾਤਿਕ ਪੱਖ ਨੂੰ ਵੀਚਾਰਿਆ ਜਾ ਰਿਹਾ ਹੈ। ਇਹੀ ਇਸ ਪਉੜੀ ਦਾ ਮੂਲ ਵਿਸ਼ਾ ਹੈ ਤੇ ਆਰੰਭ ’ਚ ਦਰਜ ਸ਼ਬਦ ‘ਲਖ’ ਤੇ ‘ਸਹਸ’ (ਹਜ਼ਾਰ) ਅਨ੍ਯ ਮਤ ਦੀ ਸੋਚ ਹੈ, ਨਾ ਕਿ ‘ਗੁਰੂ ਨਾਨਕ ਸਾਹਿਬ ਜੀ’ ਦੀ। ਜਿਸ ਦੇ ਸੰਬੰਧ ’ਚ ਗੁਰੂ ਜੀ ਨੇ ‘‘ਲੇਖਾ ਹੋਇ, ਤ ਲਿਖੀਐ॥’’ ਵਾਕ ਦਰਜ ਕਰਕੇ ਕੁਦਰਤ ਨੂੰ ‘‘ਲਿਖਦਿਆ ਲਿਖਦਿਆ ਕਾਗਦ ਮਸੁ ਖੋਈ (ਸਿਆਹੀ ਮੁਕ ਜਾਂਦੀ ਹੈ)॥’’ (ਮ: ੩/੧੨੩), ‘‘ਕਬੀਰ ! ਸਾਤ ਸਮੁੰਦਹਿ ਮਸੁ ਕਰਉ; ਕਲਮ ਕਰਉ ਬਨਰਾਇ (ਸਾਰੀ ਬਨਸਪਤੀ)॥ ਬਸੁਧਾ (ਧਰਤੀ ਨੂੰ) ਕਾਗਦੁ ਜਉ ਕਰਉ; (ਤਾਂ ਵੀ ਤਮਾਮ) ਹਰਿ ਜਸੁ ਲਿਖਨੁ ਨ ਜਾਇ ॥’’ (ਭਗਤ ਕਬੀਰ/੧੩੬੮) ਸਿਧਾਂਤ ਦੀ ਪੁਸ਼ਟੀ ਕੀਤੀ ਗਈ ਹੈ।

ਜਦ ਉਕਤ ਵੀਚਾਰ ਰਾਹੀਂ ਇਹ ਸਪਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਕੁਦਰਤ ਬਾਰੇ ‘ਲਖ’ ਤੇ ‘ਸਹਸ’ (ਹਜ਼ਾਰ) ਸੰਖਿਅਕ ਸ਼ਬਦਾਂ ਨੂੰ ਅਪੂਰਨ ਮੰਨ ਰਹੇ ਹਨ ਤਾਂ ਬਾਲਾ ਸਾਖੀ ’ਚ ਦਰਜ ਇਹ ਮਨਘੜਤ ਸਾਖੀ ਮੂਲੋਂ ਹੀ ਰੱਦ ਹੁੰਦੀ ਹੈ ਕਿ ਗੁਰੂ ਜੀ ਨੇ ਬਗਦਾਦ ਸ਼ਹਿਰ ’ਚ ਪੀਰ ਦੇ ਲੜਕੇ ਨੂੰ ਕੁੱਲ ਲੱਖ ਪਾਤਾਲ ਤੇ ਕੁੱਲ ਲੱਖ ਆਕਾਸ਼ ਵਿਖਾਏ ਤੇ ਵਾਪਸ ਪਰਤਿਆਂ ਕਾਜ਼ੀ ਨੂੰ ਪ੍ਰਸ਼ਾਦ ਵੀ ਛਕਾਇਆ।)

‘‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥’’-ਗੁਰਬਾਣੀ ਵਿੱਚ ਜ਼ਿਆਦਾਤਰ ਸੰਖਿਅਕ ਸ਼ਬਦਾਂ ਨਾਲ ਅੰਤ ਸਿਹਾਰੀ ਦਰਜ ਹੁੰਦੀ ਹੈ; ਜਿਵੇਂ: ‘ਦੁਇ, ਤੀਨਿ, ਚਾਰਿ’ ਆਦਿ ਪਰ ਇਸ ਪੰਕਤੀ ’ਚ ਦਰਜ ਸ਼ਬਦ ‘ਲਖ’ (ਅੰਤ ਮੁਕਤਾ) ਹੈ। ਜਦ ਇਸ ਦਾ ਸਰੂਪ ਅੰਤ ਸਿਹਾਰੀ ਨਾਲ ‘ਲਖਿ’ (ਦੂਸਰੇ ਸੰਖਿਆਵਾਚੀ ਸ਼ਬਦਾਂ ਵਾਙ) ਦਰਜ ਹੋਵੇਗਾ ਤਾਂ ਇਸ ਦਾ ਅਰਥ ਲਖਣਾ, ਵੇਖਣਾ (ਕਿਰਿਆਵਾਚੀ) ਭਾਵ ਸਮਝ ਹੁੰਦਾ ਹੈ, ਜੋ ਗੁਰਬਾਣੀ ਵਿੱਚ ਕੇਵਲ 2 ਵਾਰ ਇਉਂ ਦਰਜ ਹੈ:

‘‘ਸੋਈ ‘ਲਖਿ’, ਮੇਟਣਾ ਨ ਹੋਈ ॥’’ (ਭਗਤ ਕਬੀਰ/੩੪੦) ਭਾਵ ਉਸ (ਪ੍ਰਭੂ) ਨੂੰ ਵੇਖ, ਸਮਝ ਕੇ (ਸੁਰਤ ਇੰਨੀ ਉੱਚੀ ਹੋ ਜਾਂਦੀ ਹੈ ਜੋ ਫਿਰ) ਮਿਟਦੀ ਨਹੀਂ, ਨੀਵੀਂ ਨਹੀਂ ਹੁੰਦੀ।

‘‘ਮੰਨ ਮਝਾਹੂ ‘ਲਖਿ’; ਤੁਧਹੁ ਦੂਰਿ ਨ ਸੁ ਪਿਰੀ ॥ (ਮ: ੫/੧੧੦੦) ਭਾਵ ਆਪਣੇ ਮਨ ਵਿੱਚ ਉਸ ਖਸਮ ਨੂੰ ਵੇਖ (ਸਮਝ) ਉਹ ਤੈਥੋਂ ਦੂਰ ਨਹੀਂ।

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥

ਭਾਵ- (ਸਨਾਤਨੀ ਸੋਚ ਅਨੁਸਾਰ ਕੁਦਰਤ ਦਾ ਅੰਤ, ਹੇਠਾਂ) ਪਾਤਾਲਾਂ ਦੇ ਥੱਲੇ ਲੱਖ ਪਾਤਾਲ ਅਤੇ ਅਕਾਸ਼ਾਂ ਦੇ ਉੱਪਰ ਲੱਖ ਆਕਾਸ਼ ਹਨ।

(ਨੋਟ: ਇਸ ਸੀਮਤ ਸੋਚ ਉੱਤੇ ਗੁਰੂ ਜੀ ਨੇ ‘ਜਪੁ’ ਬਾਣੀ ਵਿੱਚ ਹੀ ਪਿੱਛੇ ਸਵਾਲ ਖੜ੍ਹਾ ਕੀਤਾ ਸੀ ਕਿ ਅਗਰ ਇੱਕ ਧਰਤੀ ਨੂੰ ਚੁੱਕਣ ਵਾਲਾ ਬਲਦ ਉਸ ਤੋਂ ਹੇਠਲੀ ਧਰਤੀ ’ਤੇ ਖੜ੍ਹਾ ਹੈ ਤਾਂ ਲੱਖ ਧਰਤੀ (ਗਿਣਤੀ) ਪੂਰੀ (ਸਮਾਪਤ) ਹੋਣ ਉਪਰੰਤ ਹੇਠਲਾ ਬਦਲ ਕਿਸ ਦੇ ਸਹਾਰੇ ਖੜ੍ਹਾ ਹੈ; ਜਿਵੇਂ: ‘‘ਧਰਤੀ ਹੋਰੁ; ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ, ਤਲੈ; ਕਵਣੁ ਜੋਰੁ ?॥’’ )

‘‘ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇਕ ਵਾਤ ॥’’-ਇਸ ਵਾਕ ’ਚ ਦਰਜ ‘ਓੜਕ’ ਸ਼ਬਦ ਦਾ ਅਰਥ ਹੈ ‘ਅੰਤ, ਹੱਦ ਬੰਨਾ, ਸੀਮਾ’ ਆਦਿ; ਜਿਸ ਦਾ ਦੂਸਰਾ ਰੂਪ ਗੁਰਬਾਣੀ ਵਿੱਚ ‘ਅੰਤਿ’, ਅੰਤ ਤੇ ਅੰਤੁ’ ਦਰਜ ਹੈ। ਪਰ ਇਨ੍ਹਾਂ ਦੇ ਭਾਵਾਰਥ ਬੜੇ ਹੀ ਭਿੰਨ ਸੰਕੇਤ ਦੇਂਦੇ ਹਨ; ਜਿਵੇਂ:

(1). ਅਗਰ ਕਿਰਿਆ ਭਵਿੱਖ ਕਾਲ ਲਈ ਨਿਰੰਤਰ ਅੰਤ ਤੱਕ ਜਾਰੀ ਹੋਵੇ ਤਾਂ ਇਸ ਦਾ ਰੂਪ ‘ਓੜਕਿ’ (ਅੰਤ ਸਿਹਾਰੀ) ਹੋਵੇਗਾ, ਜੋ ਕੇਵਲ 3 ਵਾਰ ਦਰਜ ਹੈ; ਜਿਵੇਂ:

‘‘ਸੁਧੁ ਨ ਹੋਈਐ, ਕਾਹੂ ਜਤਨਾ; ਓੜਕਿ ਕੋ ਨ ਪਹੂਚੇ ॥’’ (ਮ: ੫/੬੧੦) (‘ਓੜਕਿ’ ਭਾਵ ਅੰਤ ਤੱਕ)

‘‘ਕੂੜ ਨਿਖੁਟੇ ਨਾਨਕਾ ! ਓੜਕਿ ਸਚਿ ਰਹੀ ॥’’ (ਮ: ੧/੯੫੩) (‘ਓੜਕਿ’ ਭਾਵ ਅੰਤ ਤੱਕ)

‘‘ਸੇਵਕ ਕੀ ਓੜਕਿ, ਨਿਬਹੀ ਪ੍ਰੀਤਿ ॥’’ (ਮ: ੫/੧੦੦੦) (‘ਓੜਕਿ’ ਭਾਵ ਅੰਤ ਤੱਕ)

ਜਦਕਿ ‘ਅੰਤਿ’ (ਅੰਤ ਸਿਹਾਰੀ) ਵਾਲਾ ਸ਼ਬਦ ਨਿਰੰਤਰ ਅੰਤ ਤੱਕ ਦੇ ਭਾਵਾਰਥ ਨਹੀਂ ਦੇਂਦਾ; ਜਿਵੇਂ 145 ਵਾਰ:

‘‘ਚੇਤਿ ਅਚੇਤ ਮੂੜ ਮਨ ਮੇਰੇ ! ਅੰਤਿ ਨਹੀ ਕਛੁ ਤੇਰਾ ॥’’ (ਮ: ੧/੭੫) (‘ਅੰਤਿ’ ਭਾਵ ਅਖ਼ੀਰ ਨੂੰ)

‘‘ਨਾਮੁ ਵਿਸਾਰਿ, ਅੰਤਿ ਵਿਗੁਤਾ (ਖ਼ੁਆਰ ਹੋਈਦਾ ਹੈ)॥’’ (ਮ: ੩/੧੧੨) (‘ਅੰਤਿ’ ਭਾਵ ਅਖ਼ੀਰ ਨੂੰ)

‘‘ਹਰਿ ਚੇਤਹੁ, ਅੰਤਿ ਹੋਇ ਸਖਾਈ ॥’’ (ਮ: ੩/੧੧੮) (‘ਅੰਤਿ’ ਭਾਵ ਅਖ਼ੀਰ ਨੂੰ) ਆਦਿ।

(2). ਓੜਕੁ (ਅੰਤ ਔਂਕੜ ਸਮੇਤ) ਦਾ ਅਰਥ ਹੈ ‘ਅਖ਼ੀਰ, ਖ਼ਤਮ’ (ਭਵਿੱਖ ਕਾਲ), ਜੋ ਕਿ ਕੇਵਲ ਇੱਕ ਵਾਰ ਹੀ ਦਰਜ ਹੈ; ਜਿਵੇਂ:

‘‘ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ! ਜਰੁ ਜਰਵਾਣਾ ਕੰਨਿ ॥’’ (ਮ: ੧/੭੬) ਭਾਵ ਹੇ ਵਣਜਾਰੇ ਮਿਤਰ ! ਤੇਰੇ ਸੁਆਸਾਂ ਦਾ ਅੰਤ ਆ ਗਿਆ ਬੁਢੇਪਾ ਸਿਰ ਉੱਤੇ ਹੈ ਭਾਵ ਸਮਝੋ ਕਿ ਸੁਆਸ ਮੁੱਕ ਗਏ।

ਜਦਕਿ ‘ਅੰਤੁ’ (ਔਂਕੜ ਸਹਿਤ) ਦਾ ਅਰਥ ਜ਼ਿਆਦਾਤਰ ਵਰਤਮਾਨ ਕਾਲ ਨਾਲ ਸੰਬੰਧਿਤ ਹੈ; ਜਿਵੇਂ:

‘‘ਅੰਤੁ ਨ ਜਾਪੈ; ਕੀਤਾ ਆਕਾਰੁ ॥…..ਏਹੁ ਅੰਤੁ ਨ ਜਾਣੈ ਕੋਇ ॥’’ (ਜਪੁ)

‘‘ਕੇਤੀਆ ਸੁਰਤੀ ਸੇਵਕ ਕੇਤੇ; ਨਾਨਕ ! ਅੰਤੁ ਨ ਅੰਤੁ ॥’’ (ਜਪੁ)

‘‘ਤੂ ਦਰੀਆਉ ਦਾਨਾ ਬੀਨਾ; ਮੈ ਮਛੁਲੀ, ਕੈਸੇ ਅੰਤੁ ਲਹਾ ? ॥’’ (ਮ: ੧/੨੫) ਆਦਿ।

‘ਓੜਕ’- ਇਹ (ਅੰਤ ਮੁਕਤਾ) ਸ਼ਬਦ ਗੁਰਬਾਣੀ ਵਿੱਚ ਕੇਵਲ ਇਸ (ਸੰਬੰਧਿਤ) ਪੰਕਤੀ ਵਿੱਚ ਹੀ ਦਰਜ ਹੈ ਤੇ ਅਰਥ ਭੂਤਕਾਲ ਨਾਲ ਸੰਬੰਧਿਤ ਹਨ।

ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇਕ ਵਾਤ॥

ਭਾਵ- ਵੇਦ (ਸਿਮਰਤੀ, ਆਦਿ ਦੇ ਗਿਆਤਾ/ਪੰਡਿਤ) ਇੱਕ ਰਾਏ ਹੋ ਕੇ ਆਖਦੇ ਹਨ (ਕਿ ਰਿਸ਼ੀ-ਮੁਨੀ ਇਨ੍ਹਾਂ ਪਤਾਲਾਂ ਦਾ) ਅੰਤ (ਤੇ ਅਕਾਸ਼ਾਂ ਦਾ) ਅੰਤ ਲੱਭਦੇ ਥੱਕ ਗਏ (ਭਾਵ ਜੀਵਨ ਯਾਤਰਾ ਸਮਾਪਤ ਹੋ ਗਈ ਪਰ ਸੀਮਾ ਨਾ ਉਲੀਕ ਸਕੇ)।

‘‘ਸਹਸ ਅਠਾਰਹ, ਕਹਨਿ ਕਤੇਬਾ; ਅਸੁਲੂ ਇਕੁ ਧਾਤੁ ॥’’- ਇਸ ਪੰਕਤੀ ’ਚ ਦਰਜ ‘ਸਹਸ’ ਸ਼ਬਦ ਦਾ ਮੂਲ ਸਰੋਤ ਸ਼ਬਦ ‘ਸਹਸ੍ਰ’ ਹੈ ਤੇ ਇਸ ਦਾ ਅਰਥ ਹੈ 10 ਸੌ ਭਾਵ ਹਜ਼ਾਰ; ਜਿਵੇਂ: ‘‘ਜਾਂ ਚੈ ਘਰਿ ਕੂਰਮਾ ਪਾਲੁ ‘ਸਹਸ੍ਰ’ ਫਨੀ; ਬਾਸਕੁ ਸੇਜ ਵਾਲੂਆ ॥’’ (ਭਗਤ ਨਾਮਦੇਵ/੧੨੯੨) ਭਾਵ (ਪ੍ਰਭੂ ਅਜਿਹਾ ਰਾਜਾ ਹੈ) ਜਿਸ ਦੇ ਘਰ ਕੂਰਮਾ (ਵਿਸ਼ਨੂੰ ਰੂਪ ਕੱਛੂ-ਕੁੰਮਾ) ਪਾਲੁ (ਪਲੰਘ, ਮੰਜਾ) ਹੈ ਤੇ ਸਹਸ੍ਰ ਫਨੀ (ਹਜ਼ਾਰਾਂ ਫਣਾਂ ਵਾਲਾ) ਬਾਸਕੁ (ਸ਼ੇਸ਼ਨਾਗ) ਸੇਜ ਵਾਲੂਆ (ਮੰਜੇ ਦੀਆਂ ਦੌਣਾਂ) ਹੈ।

ਭਾਸ਼ਾਈ ਨਿਯਮਾਂ ਅਨੁਸਾਰ ਅਗਰ ਕਿਸੇ ਸ਼ਬਦ ਦੇ ਇੱਕ ਅੱਖਰ ਦੀ ਧੁਨੀ ਨੂੰ ਅੱਧਾ ( ਭਾਵ ਲਘੂ) ਕਰਨਾ ਹੋਵੇ ਤਾਂ ਉਸ ਤੋਂ ਪਹਿਲੇ ਅੱਖਰ ਉੱਤੇ ਟਿੱਪੀ ਲਗਾ ਦਿੱਤੀ ਜਾਂਦੀ ਹੈ; ਜਿਵੇਂ ਉਕਤ ਸ਼ਬਦ ‘ਸਹਸ੍ਰ’ ਦੇ ਦੂਸਰੀ ‘ਸ’ (ਧੁਨੀ) ਨੂੰ (ਲਘੂ) ਕਰਨ ਲਈ ਉਸ ਤੋਂ ਪਹਿਲੇ ‘ਹ’ ਉੱਪਰ ‘ਟਿੱਪੀ’ ਲੱਗੇਗੀ; ਜਿਵੇਂ: ‘‘ਸਹੰਸਰ (ਸਹਸ੍ਰ) ਦਾਨ ਦੇ; ਇੰਦ੍ਰੁ ਰੋਆਇਆ ॥’’ (ਮ: ੧/੯੫੩) ਇਸ ਲਈ ਗੁਰਬਾਣੀ ਵਿੱਚ ‘ਸਹਸ’ ਨੂੰ ‘ਸਹੰਸ’ ਕਰਕੇ ਵੀ 4 ਵਾਰ ਲਿਖਿਆ ਗਿਆ ਹੈ; ਜਿਵੇਂ:

‘‘ਸਹੰਸ ਨਾਮੁ ਲੈ ਲੈ; ਕਰਉ ਸਲਾਮੁ ॥’’ (ਭਗਤ ਕਬੀਰ/੪੭੯)

‘‘ਸੂਤੁ ਏਕੁ, (ਉਸ ’ਚ) ਮਣਿ (ਮਣਕੇ) ਸਤ ‘ਸਹੰਸ’ ਜੈਸੇ; ਓਤਿ ਪੋਤਿ ਪ੍ਰਭੁ ਸੋਈ ॥’’ (ਭਗਤ ਨਾਮਦੇਵ/੪੮੫)

‘‘ਸਉ ਓਲਾਮ੍ਹੇ ਦਿਨੈ ਕੇ; ਰਾਤੀ ਮਿਲਨ੍ਹਿ ‘ਸਹੰਸ’ ॥’’ (ਮ: ੧/੭੯੦)

‘‘ਨਿਰਤਿ (ਗਿਣਤੀ) ਨ ਪਾਈਆ; ਗਣੀ (ਗਿਣਦਾ ਹਾਂ) ‘ਸਹੰਸ’ ॥’’ (ਮ: ੧/੮੭੮)

(ਨੋਟ: ਗੁਰਬਾਣੀ ਵਿੱਚ ਕਿਤੇ ਵੀ ‘ਸਹਸ (33 ਵਾਰ), ਸਹੰਸ (4 ਵਾਰ), ਸਹਸ੍ਰ (1 ਵਾਰ) ਤੇ ਸਹੰਸਰ’ (1 ਵਾਰ) ਸ਼ਬਦਾਂ ਦਾ ਅਰਥ 100 ਨਹੀਂ, ਬਲਕਿ 1000 ਹੀ ਹੈ ਤਾਂ ਫਿਰ ਦਸਮ ਗ੍ਰੰਥ ’ਚ ‘‘ਸੰਮਤ ਸੱਤ੍ਰਹ ‘ਸਹਸ’ ਪਚਾਵਨ ॥ ਹਾੜ ਵਦੀ ਪਿ੍ਰਥਮੈ ਸੁਖ ਦਾਵਨ ॥ ਤ੍ਵ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ ॥ ਭੂਲ ਪਰੀ ਲਹੁ ਲੇਹੁ ਸੁਧਾਰਾ ॥੮੬੦॥ (੨੪ ਅਵਤਾਰ ਰਾਮ) ਤੇ ‘‘ਸੰਬਤ ਸਤ੍ਰਹ ‘ਸਹਸ’ ਭਣਿਜੈ ॥ ਅਰਧ ‘ਸਹਸ’ ਫੁਨਿ ਤੀਨਿ ਕਹਿਜੈ ॥’’ ॥੪੦੫॥ (ਚੌਪਈ) ਪੰਕਤੀਆਂ ’ਚ ਦਰਜ ‘ਸਹਸ’ ਸ਼ਬਦ ਦਾ ਅਰਥ 100 ਕਿਵੇਂ ਬਣ ਗਿਆ? ਜਦਕਿ ਗੁਰਬਾਣੀ ‘ਸਹਸ’ ਦਾ ਅਰਥ 1000 ਬਿਆਨ ਕਰ ਰਹੀ ਹੈ; ਜਿਵੇਂ: ‘‘ਛਪਨ ਕੋਟਿ ਕਾ ਪੇਹਨੁ ਤੇਰਾ; ਸੋਲਹ ਸਹਸ ਇਜਾਰਾ ॥’’ (ਭਗਤ ਨਾਮਦੇਵ/੧੧੬੭ ਭਾਵ 56 ਕ੍ਰੋੜ (ਕਾਲੇ ਬੱਦਲ ਭਾਵ ਸਾਂਵਲੇ ਰੰਗ ਦੇ ਕ੍ਰਿਸ਼ਨ) ਤੇਰਾ ਪੇਹਨੁ (ਪਹਿਰਾਵਾ, ਚੋਲਾ) ਹੈ ਤੇ 16,000 (ਗੋਪੀਆਂ) ਤੇਰਾ ਇਜਾਰਾ (ਪਾਜਾਮਾ) ਹੈ।

ਸੋ, ਗੁਰਬਾਣੀ ਵਿੱਚ ‘ਸਹਸ’ ਦਾ ਅਰਥ ਕੇਵਲ 1000 ਹੀ ਹੈ, ਨਾ ਕਿ 100; ਇਸ ਲਈ ਦਸਮ ਗ੍ਰੰਥ ਦੀ ਲਿਖਤ ਨੂੰ ‘‘ਸੰਮਤ ਸੱਤ੍ਰਹ ‘ਸਹਸ’ ਪਚਾਵਨ ॥ ਨੂੰ ਵੀ ਪੰਡਿਤ ਤਾਰਾ ਸਿੰਘ ਜੀ ‘‘ਸੰਮਤ ਸੱਤ੍ਰਹ ਸੈ ਸੁ ਪਚਾਵਨ ॥ ਕਰਕੇ ਮੰਨ ਰਹੇ ਹਨ ਭਾਵ ਗੁਰਬਾਣੀ ਵਿੱਚ ਕਿਤੇ ਵੀ ‘ਸਹਸ’ ਦਾ ਅਰਥ 100 ਨਹੀਂ ਮੰਨਿਆ ਜਾ ਸਕਦਾ ਬਲਕਿ ਹਰ ਜਗ੍ਹਾ 1000 ਹੀ ਹੈ।)

‘ਅਸੁਲੂ’-ਇਹ ਸ਼ਬਦ ਗੁਰਬਾਣੀ ਵਿੱਚ ਕੇਵਲ ਇੱਕ ਵਾਰ ਇੱਥੇ ਹੀ ਦਰਜ ਹੈ। ਇਸ ਦਾ ਅਰਥ ਹੈ ‘ਅਸਲ, ਮੂਲ, ਮੁੱਢ, ਜੜ੍ਹ, ਆਰੰਭਕ’ ਆਦਿ।

ਸਹਸ ਅਠਾਰਹ, ਕਹਨਿ ਕਤੇਬਾ; ਅਸੁਲੂ ਇਕੁ ਧਾਤੁ॥

ਭਾਵ- ਚਾਰੋਂ ਕਤੇਬਾਂ ਆਖਦੀਆਂ ਹਨ ਕਿ 18 ਹਜ਼ਾਰ (ਆਲਮ, ਇਲਮ-ਬੋਧ ਰੱਖਣ ਵਾਲ਼ੇ) ਹਨ, ਜਿਨ੍ਹਾਂ ਦਾ ‘ਅਸੁਲੂ’ (ਮੁੱਢ) ਇੱਕ ‘ਧਾਤੁ’ (ਤੱਤ-ਸਾਰ ਭਾਵ ਰੱਬ, ਅੱਲਾ/ਖ਼ੁਦਾ) ਹੈ, ਪਰ ਗੁਰਮਤਿ ਅਨੁਸਾਰ, ‘‘ਚੰਦਂੀ ਹਜਾਰ ਆਲਮ; ਏਕਲ ਖਾਨਾਂ ॥ ਹਮ ਚਿਨੀ ਪਾਤਿਸਾਹ ! ਸਾਂਵਲੇ ਬਰਨਾਂ ॥’’ (ਭਗਤ ਨਾਮਦੇਵ/੭੨੭) ਭਾਵ ਹੇ ਪਾਤਿਸ਼ਾਹ ! ‘ਚੰਦ ਈਂ’ (ਕਿਤਨੇ ਹੀ) ਹਜ਼ਾਰ ਆਲਮ (ਦੁਨੀਆ) ਹੈ, ਇਕੱਲਾ ਤੂੰ ਖ਼ਾਨ (ਮਾਲਕ) ਹੈਂ, ‘ਹਮ ਚਿਨੀ’ (ਐਸੇ ਤਰ੍ਹਾਂ ਦਾ ਹੀ) ਸਾਂਵਲੇ ਰੰਗ ਵਾਲ਼ਾ (ਕ੍ਰਿਸ਼ਨ) ਭਾਵ ਤੂੰ ਹੈਂ।

‘‘ਲੇਖਾ ਹੋਇ, ਤ ਲਿਖੀਐ; ਲੇਖੈ ਹੋਇ ਵਿਣਾਸੁ ॥’’- ਅਗਰ ਕਾਵਿ ਤੋਲ ਦੀ ਰੁਕਾਵਟ ਨਾ ਹੁੰਦੀ ਤਾਂ ਇਸ ਪੰਕਤੀ ’ਚ ਦਰਜ ‘ਤ’ ਅੱਖਰ ਦੀ ਬਜਾਏ ‘ਤਾ ਤੇ’ ਸ਼ਬਦ ਦਰਜ ਹੋਣਾ ਸੀ; ਜਿਵੇਂ: ‘‘ਅਰਧ ਸਰੀਰੀ ਨਾਰਿ ਨ ਛੋਡੈ; ‘ਤਾ ਤੇ’, ਹਿੰਦੂ ਹੀ ਰਹੀਐ ॥’’ (ਭਗਤ ਕਬੀਰ/੪੭੭) ਕਿਉਂਕਿ ਇਸ ਤਰ੍ਹਾਂ ਦੇ ਸ਼ਬਦ ਦਾ ਪ੍ਰਯੋਗ ਤਦ ਹੀ ਹੁੰਦਾ ਹੈ ਜਦ ਪਹਿਲੀ ਪੰਕਤੀ (ਭਾਵਨਾ) ਨਾਲ ਪੂਰਨ ਤੌਰ ’ਤੇ ਅਸਹਿਮਤੀ ਦਰਸਾਈ ਗਈ ਹੋਵੇ। ਇਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਗੁਰੂ ਜੀ ‘ਲੱਖ’ ਤੇ ‘ਸਹਸ’ (ਸੰਖਿਅਕ) ਨਾਲ ਉੱਕਾ ਵੀ ਸਹਿਮਤ ਨਹੀਂ ਹਨ।

‘ਲੇਖੈ’- ਇਸ ਸ਼ਬਦ ਦਾ ਮੂਲ ਸਰੋਤ ਸ਼ਬਦ ‘ਲੇਖਾ’ ਹੈ; ਜਿਵੇਂ: ‘‘ਏਹੁ ਲੇਖਾ; ਲਿਖਿ ਜਾਣੈ ਕੋਇ ॥’’ (ਜਪੁ) ਪਰ ਜਦ ‘ਲੇਖਾ’ ਸ਼ਬਦ ਦੇ ਅਰਥਾਂ ਵਿੱਚੋਂ ਸੰਬੰਧਕੀ ਅਰਥ (‘ਵਿੱਚ, ਦਾ, ਨੂੰ’ ਆਦਿ) ਲੈਣੇ ਹੋਣ ਤਾਂ ‘ਲੇਖਾ’ ਤੋਂ ‘ਲੇਖੈ’ ਬਣ ਜਾਂਦਾ ਹੈ; ਜਿਵੇਂ

‘‘ਜਾ ਪਤਿ ਲੇਖੈ ਨਾ ਪਵੈ; ਸਭਾ ਪੂਜ ਖੁਆਰੁ ॥’’ (ਮ: ੧/੧੭) (ਲੇਖੈ- ਭਾਵ ਲੇਖੇ ਵਿੱਚ)

‘‘ਹਠੁ ਕਰਿ ਮਰੈ; ਨ ਲੇਖੈ ਪਾਵੈ ॥’’ (ਮ: ੧/੨੨੬) (ਲੇਖੈ- ਭਾਵ ਲੇਖੇ ਵਿੱਚ)

‘‘ਨਾਨਕ ! ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ ॥’’ (ਮ: ੧/੪੬੭) (ਲੇਖੈ- ਭਾਵ ਲੇਖੇ ਵਿੱਚ)

‘‘ਲੇਖੈ ਗਣਤ ਨ ਛੂਟੀਐ; ਕਾਚੀ ਭੀਤਿ ਨ ਸੁਧਿ ॥’’ (ਮ: ੫/੨੫੨) (ਲੇਖੈ ਗਣਤ- ਭਾਵ ਲੇਖੇ ਦੀ ਗਿਣਤੀ ਕੀਤਿਆਂ)

‘‘ਕੋਇ ਨ ਮੇਟੈ; ਤੇਰੈ ਲੇਖੈ ॥’’ (ਮ: ੩/੮੪੨) (ਲੇਖੈ- ਭਾਵ ਤੇਰੇ ਲੇਖੇ ਨੂੰ) ਆਦਿ।

‘ਵਿਣਾਸੁ’-ਇਹ ਸ਼ਬਦ ਗੁਰਬਾਣੀ ਵਿੱਚ ਕੇਵਲ 12 ਵਾਰ ਦਰਜ ਹੈ ਪਰ ਇਸ ਦੀ ਖ਼ਾਸੀਅਤ ਇਹ ਹੈ ਕਿ ਇਸ ਦੀ ਵਰਤੋਂ ਤਦ ਹੁੰਦੀ ਹੈ ਜਦ ਹੋਰ ਕੋਈ ਗੁੰਜਾਇਸ਼ (ਸੰਭਾਵਨਾ) ਹੀ ਨਾ ਬਚੀ ਹੋਵੇ; ਜਿਵੇਂ:

‘‘ਜੇਹਾ ਰਾਧੇ (ਬੀਜੇ), ਤੇਹਾ ਲੁਣੈ (ਵੱਢੇ); ਬਿਨੁ ਗੁਣ, ਜਨਮੁ ਵਿਣਾਸੁ ॥’’ (ਮ: ੧/੫੬)

‘‘ਗੁਰਮਤੀ ਨਾਉ ਪਾਈਐ; ਮਨਮੁਖ ਮੋਹਿ ਵਿਣਾਸੁ ॥’’ (ਮ: ੩/੮੬)

‘‘ਨਾਨਕ ! ਮੂਰਖ ਏਹਿ ਗੁਣ; ਬੋਲੇ ਸਦਾ ਵਿਣਾਸੁ ॥’’ (ਮ: ੧/੧੪੩)

‘‘ਨਿਹਚਲੁ ਏਕੁ ਸਰੇਵਿਆ; ਹੋਰੁ ਸਭ ਵਿਣਾਸੁ ॥’’ (ਮ: ੫/੩੨੧), ਆਦਿ।

ਲੇਖਾ ਹੋਇ, ਤ ਲਿਖੀਐ; ਲੇਖੈ ਹੋਇ ਵਿਣਾਸੁ॥

ਭਾਵ- (ਲੱਖ ਜਾਂ ਹਜ਼ਾਰ ਗਿਣਤੀ ਨਾਲ਼ ਕੁਦਰਤ ਦਾ) ਅਗਰ ਪੂਰਾ ਹਿਸਾਬ-ਕਿਤਾਬ ਹੁੰਦਾ ਹੋਵੇ ਤਾਂ ਹੀ (ਇਨ੍ਹਾਂ ਸ਼ਬਦਾਂ ਨੂੰ) ਵਰਤਿਆ ਜਾ ਸਕਦਾ ਹੈ। (ਰੱਬੀ ਵਿਸ਼ਾਲਤਾ ਬਾਰੇ ਤਾਂ ਸੰਖਿਅਕ) ਲਿਖਤ ਦਾ ਹੀ ਨਾਸ਼ ਹੋ ਜਾਂਦਾ ਹੈ (ਭਾਵ ‘ਅਸੰਖ’ ਸ਼ਬਦ ਵੀ ਅਧੂਰਾ ਹੈ, ‘‘ਅਸੰਖ ਕਹਹਿ; ਸਿਰਿ ਭਾਰੁ ਹੋਇ ॥, ਕਬੀਰ ! ਸਾਤ ਸਮੁੰਦਹਿ ਮਸੁ (ਸਿਆਹੀ) ਕਰਉ; ਕਲਮ ਕਰਉ ਬਨਰਾਇ (ਪੂਰੀ ਬਨਸਪਤੀ)॥ ਬਸੁਧਾ (ਧਰਤੀ) ਕਾਗਦੁ ਜਉ ਕਰਉ; ਹਰਿ ਜਸੁ ਲਿਖਨੁ ਨ ਜਾਇ ॥’’ ਭਗਤ ਕਬੀਰ/੧੩੬੮)।

(ਨੋਟ: ਅਗਰ ਅਣਗਿਣਤ ਬੰਦੇ ਕੁਦਰਤ ਦੇ ਵਿਆਪਕ ਵਿਸਥਾਰ ਬਾਰੇ ਲਿਖਣ, ਜਿਵੇਂ ਕਿ ਅਜੋਕੇ ਯੁੱਗ ਵਿੱਚ ਲਿਖਿਆ ਜਾ ਰਿਹਾ ਹੈ ਤਾਂ ਅਣਗਿਣਤ ਸਦੀਆਂ ਤੋਂ ਉਪਰੰਤ ਪਿਛਲੀ ਲਿਖਤ ਆਪਣੇ ਆਪ ਹੀ ਵਿਨਾਸ਼ ਹੋਣੀ ਸ਼ੁਰੂ ਹੋ ਜਾਵੇਗੀ। ਜਿਤਨਾ ਅਗਾਂਹ ਲਿਖਣ ਦਾ ਯਤਨ ਕੀਤਾ ਜਾਵੇਗਾ ਉਤਨਾ ਹੀ ਅਤੀਤ ’ਚ ਨਾਸ਼ ਹੁੰਦਾ ਜਾਵੇਗਾ ਜਾਂ ਝੂਠਾ ਸਾਬਤ ਹੋਣ ਕਾਰਨ ਨਸ਼ਟ ਕਰ ਦਿੱਤਾ ਜਾਵੇਗਾ। ਉਕਤ ਪੰਕਤੀਆਂ ’ਚ ਦਰਜ ਕੀਤੇ ਗਏ ‘ਲਖ’ ਤੇ ‘ਸਹਸ’ ਸ਼ਬਦ ਨੂੰ ਪਕੜ ਕੇ ਭਵਿੱਖਕਾਲ ’ਚ ਬੇਇੱਜ਼ਤੀ ਕਰਵਾਉਣ ਦੇ ਤੁਲ (ਬਰਾਬਰ) ਹੈ ਭਾਵ ਮਾਨਵਤਾ ਨੂੰ ਇਨ੍ਹਾਂ ਸਿਖਿਆਵਾਂ ਦੀ ਰਾਹੀਂ ਆਸਤਿਕ (ਰੱਬ ’ਤੇ ਭਰੋਸੇਯੋਗ) ਨਹੀਂ ਬਣਾਇਆ ਜਾ ਸਕਦਾ। 4 ਯੁੱਗਾਂ ਦੀ ਕੁੱਲ ਉਮਰ 43 ਲੱਖ 20, 000 ਸਾਲ ਬਿਆਨ ਕਰਨ ਤੋਂ, ਇਸ ਸੋਚ ਨਾਲ ਸੰਬੰਧਿਤ ਪ੍ਰਚਾਰਕ ਹੀ ਮੁਨਕਰ (ਅਸਹਿਮਤ) ਹੋ ਗਏ ਹਨ।)

‘‘ਨਾਨਕ ! ਵਡਾ ਆਖੀਐ; ਆਪੇ ਜਾਣੈ ਆਪੁ ॥’’-ਇਸ ਪੰਕਤੀ ’ਚ ਦਰਜ ਸ਼ਬਦ ‘ਆਪੇ’ ਤੇ ‘ਆਪੁ’ ਦੇ ਅੰਤਰ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ‘ਆਪੇ’ ਦਾ ਅਰਥ ਹੈ ‘ਆਪ ਹੀ’ ਅਤੇ ‘ਆਪੁ’ ਦਾ ਅਰਥ ਹੈ ‘ਆਪਣੇ ਆਪ ਨੂੰ’ ਜਾਂ ‘ਹਉਮੈ’। ਗੁਰਬਾਣੀ ਵਿੱਚ ‘ਆਪੇ’ ਸ਼ਬਦ 1655 ਵਾਰ ਦਰਜ ਹੈ; ਜਿਵੇਂ: ‘‘ਆਪੇ ਜਾਣੈ ਆਪੇ ਦੇਇ ॥’’ (ਜਪੁ /ਮ: ੧) ਅਤੇ ‘ਆਪੁ’ ਸ਼ਬਦ 410 ਵਾਰ ਦਰਜ ਹੈ; ਜਿਵੇਂ:

‘‘ਗੁਰ ਪਰਸਾਦੀ ਆਪੁ ਪਛਾਣੈ ॥’’ (ਮ: ੩/੮੮) (‘ਆਪੁ’ ਭਾਵ ਆਪਣੇ ਆਪ ਨੂੰ)

‘‘ਆਪੁ ਮਾਰਿ, ਸਹਜੇ ਨਾਮਿ ਸਮਾਣਿਆ ॥’’ (ਮ: ੩/੧੧੭੪) (‘ਆਪੁ’ ਭਾਵ ਹਉਮੈ)

‘‘ਅਨਦਿਨੁ ਰਹਸੁ ਭਇਆ; ਆਪੁ ਗਵਾਇਆ ॥’’ (ਮ: ੧/੧੧੦੯) (‘ਆਪੁ’ ਭਾਵ ਹਉਮੈ)

‘‘ਆਪੀਨ੍ੈ ਆਪੁ ਸਾਜਿ; ਆਪੁ ਪਛਾਣਿਆ ॥’’ (ਮ: ੧/੧੨੭੯) (ਭਾਵ ਪ੍ਰਭੂ ਨੇ ਆਪਣੇ ਆਪ ਨੂੰ (ਆਕਾਰ ਰੂਪ ’ਚ) ਪੈਦਾ ਕਰਕੇ ਆਪਣੇ ਆਪ ਨੂੰ (ਭਗਤ ਰੂਪ ਬਣਾ ਕੇ ਤਤ ਨੂੰ) ਪਛਾਣਿਆ ਹੈ) ਆਦਿ।

ਨਾਨਕ ! ਵਡਾ ਆਖੀਐ; ਆਪੇ ਜਾਣੈ ਆਪੁ॥ ੨੨॥

ਭਾਵ- ਹੇ ਨਾਨਕ ! (ਕਰਤਾਰ) ਆਪ ਹੀ ਆਪਣੇ ਆਪ ਨੂੰ (ਭਾਵ ਆਪਣੀ ਵਿਸ਼ਾਲਤਾ ਨੂੰ) ਜਾਣਦਾ ਹੈ, (ਜੀਵਾਂ ਲਈ ਤਾਂ ਕੇਵਲ ਉਸ ਨੂੰ) ਵੱਡਾ ਕਹਿਣਾ ਹੀ ਫਬਦਾ (ਚੰਗਾ ਲੱਗਦਾ) ਹੈ।

Most Viewed Posts