JAP (Pori No. 25)

0
655

ਬਹੁਤਾ ਕਰਮੁ; ਲਿਖਿਆ ਨਾ ਜਾਇ ॥ ਵਡਾ ਦਾਤਾ; ਤਿਲੁ ਨ ਤਮਾਇ ॥ ਕੇਤੇ ਮੰਗਹਿ; ਜੋਧ ਅਪਾਰ ॥

ਕੇਤਿਆ; ਗਣਤ ਨਹੀ ਵੀਚਾਰੁ ॥ ਕੇਤੇ; ਖਪਿ ਤੁਟਹਿ ਵੇਕਾਰ ॥ ਕੇਤੇ; ਲੈ ਲੈ ਮੁਕਰੁ ਪਾਹਿ ॥

ਕੇਤੇ; ਮੂਰਖ ਖਾਹੀ ਖਾਹਿ ॥ ਕੇਤਿਆ; ਦੂਖ ਭੂਖ ਸਦ ਮਾਰ ॥ ਏਹਿ ਭਿ ਦਾਤਿ ਤੇਰੀ; ਦਾਤਾਰ ! ॥

ਬੰਦਿ ਖਲਾਸੀ; ਭਾਣੈ ਹੋਇ ॥ ਹੋਰੁ; ਆਖਿ ਨ ਸਕੈ ਕੋਇ ॥ ਜੇ ਕੋ ਖਾਇਕੁ; ਆਖਣਿ ਪਾਇ ॥

ਓਹੁ ਜਾਣੈ; ਜੇਤੀਆ ਮੁਹਿ ਖਾਇ ॥ ਆਪੇ ਜਾਣੈ; ਆਪੇ ਦੇਇ ॥ ਆਖਹਿ ਸਿ ਭਿ; ਕੇਈ ਕੇਇ ॥

ਜਿਸ ਨੋ ਬਖਸੇ; ਸਿਫਤਿ ਸਾਲਾਹ ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥੨੫॥ (ਜਪੁ /ਮ: ੧)

ਉਚਾਰਨ ਸੇਧ: ਮੰਗਹਿਂ, ਕੇਤਿਆਂ, ਤੁਟਹਿਂ, ਪਾਹਿਂ, ਖਾਹਿਂ, ਕੇਤਿਆਂ, ਏਹ ਭਿ, ਓਹ (ਜਾਣੈ), ਜੇਤੀਆਂ, ਮੁਹ (ਮੁੰਹ), ਆਖਹਿਂ, ਬਖ਼ਸ਼ੇ, ਪਾਤਿਸ਼ਾਹੀਂ।

ਪਦ ਅਰਥ: (ਬਹੁਤਾ) ਕਰਮੁ– (ਵਿਆਪਕ) ਮਿਹਰ (ਇੱਕ ਵਚਨ ਨਾਂਵ, ਜਿਸ ਦਾ ਇੱਕ ਵਚਨ ਪੁਲਿੰਗ ਅਰਥ ‘ਫ਼ਜ਼ਲ’ ਵੀ ਲਿਆ ਜਾ ਸਕਦਾ ਹੈ)।, ਤਿਲੁ- ਕਪਟ (ਇੱਕ ਵਚਨ ਪੁਲਿੰਗ)।, ਤਮਾਇ- ਤਮਅ, ਲਾਲਚ (ਇਸਤ੍ਰੀ ਲਿੰਗ ਨਾਂਵ)।, ਕੇਤੇ -ਕਿਤਨੇ, ਕਿੰਨੇ (ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ)।, ਮੰਗਹਿ- ਮੰਗਦੇ ਹਨ (ਵਰਤਮਾਨ ਬਹੁ ਵਚਨ ਕਿਰਿਆ)।, ਅਪਾਰ- ਬੇਸ਼ੁਮਾਰ (ਗਿਣਤੀ ਵਾਚਕ ਵਿਸ਼ੇਸ਼ਣ)।, ਕੇਤਿਆ- ਕਿਤਨਿਆਂ ਦੀ, ਕਈਆਂ ਦੀ (ਗਿਣਤੀ ਵਾਚਕ ਕਿਰਿਆ ਵਿਸ਼ੇਸ਼ਣ)।, ਗਣਤ- ਗਿਣਤੀ (ਇਸਤ੍ਰੀ ਲਿੰਗ ਨਾਂਵ)।, ਖਪਿ- ਖਪ-ਖਪ ਕੇ, ਦੁਖੀ ਹੋ ਹੋ ਕੇ, ਸਰੀਰਕ ਕਸ਼ਟ ਸਹਾਰ-ਸਹਾਰ ਕੇ (ਕਿਰਿਆ ਵਿਸ਼ੇਸ਼ਣ)।, ਤੁਟਹਿ- ਟੁੱਟ ਜਾਂਦੇ ਹਨ, ਥੱਕ ਜਾਂਦੇ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਲੈ ਲੈ- ਲੈ ਲੈ ਕੇ, ਪ੍ਰਾਪਤ ਕਰ ਕਰ ਕੇ (ਕਿਰਿਆ ਵਿਸ਼ੇਸ਼ਣ)।, ਮੁਕਰੁ (ਮੁਕਰਿ) ਪਾਹਿ- ਮੁਕਰ ਪੈਂਦੇ ਹਨ, ਅਕ੍ਰਿਤਘਣ ਹੋ ਜਾਂਦੇ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਦੂਖ, ਭੂਖ, ਮਾਰ- ਅਨੇਕਾਂ ਸਰੀਰਕ ਦੁੱਖ, ਮਾਨਸਿਕ ਅਸੰਤੁਸ਼ਟੀ (ਅਤ੍ਰਿਪਤੀ) ਤੇ ਵਿਕਾਰਾਂ ਦੀ ਮਾਰ (‘ਦੂਖ’-ਬਹੁ ਵਚਨ ਪੁਲਿੰਗ ਨਾਂਵ, ‘ਭੂਖ’ ਤੇ ‘ਮਾਰ’- ਇੱਕ ਵਚਨ ਇਸਤ੍ਰੀ ਲਿੰਗ ਨਾਂਵ। (ਨੋਟ: ਧਿਆਨ ਰਹੇ ਕਿ ਇਸ ਦੇ ਅਰਥ ‘ਦੁੱਖਾਂ ਦੀ ਮਾਰ ਤੇ ਭੁੱਖਾਂ ਦੀ ਮਾਰ’ ਨਹੀਂ ਬਣ ਸਕਦੇ ਕਿਉਂਕਿ ‘ਮਾਰ’ ਇੱਕ ਵਚਨ ਹੈ ਪਰ ਅਗਲੀ ਤੁਕ ਵਿੱਚ ਆ ਰਿਹਾ ਸ਼ਬਦ ‘ਏਹਿ’ ਜੋ ਇਸ ਦੇ ਸੰਬੰਧ ਵਿੱਚ ਹੈ ‘ਬਹੁ ਵਚਨ’ ਹੈ।), ਏਹਿ-ਇਹ ਸਭ ਭਾਵ ‘ਦੂਖ, ਭੂਖ ਤੇ ਮਾਰ’ ਰੂਪ (ਬਹੁ ਵਚਨ ਪੜਨਾਂਵ)।, ਦਾਤਾਰ- ਹੇ ਸਮੂਹਿਕ ਦਾਤਾਂ ਦੇ ਮਾਲਕ! (ਸੰਬੋਧਨ)।, ਬੰਦਿ-ਬੰਦੀ, ਕੈਦ, ਜੇਲ (ਇਸਤ੍ਰੀ ਲਿੰਗ ਨਾਂਵ)।, ਖਲਾਸੀ-ਮੁਕਤੀ, ਰਿਹਾਈ (ਇਸਤ੍ਰੀ ਲਿੰਗ ਨਾਂਵ)।, ਭਾਣੈ- (ਤੇਰੀ) ਰਜ਼ਾ ਵਿੱਚ (ਚੱਲ ਕੇ, ਅਧਿਕਰਣ ਕਾਰਕ, ਨਾਂਵ)।, ਹੋਰੁ-ਤਰੀਕਾ (ਇੱਕ ਵਚਨ ਪੁਲਿੰਗ ਅਨਿਸ਼ਚਿਤ ਪੜਨਾਂਵ)।, ਆਖਿ ਨ ਸਕੈ- ਨਾ ਆਖਿ ਸਕੈ (‘ਨ’ ਕਿਰਿਆ ਵਿਸ਼ੇਸ਼ਣ, ‘ਆਖਿ ਸਕੈ’ ਇੱਕ ਵਚਨ ਵਰਤਮਾਨ ਕਿਰਿਆ)।, ਕੋਇ- ਕੋਈ ਵੀ (ਇੱਕ ਵਚਨ ਪੜਨਾਂਵ)।, ਖਾਇਕੁ-ਗਪੌੜੂ, ਮੂੰਹ-ਰੱਖ, ਮੂਰਖ (ਇੱਕ ਵਚਨ ਪੁਲਿੰਗ)।, ਓਹੁ- (‘ਖਾਇਕੁ’, ਇੱਕ ਵਚਨ ਪੜਨਾਂਵ)।, ਜੇਤੀਆ- ਜਿਤਨੀਆਂ (ਫ਼ਿਟਕਾਰਾਂ, ਵਿਕਾਰਾਂ ਦੀਆਂ ਚੋਟਾਂ, ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ)।, ਮੁਹਿ- ਮੂੰਹ ਉੱਤੇ (ਅਧਿਕਰਣ ਕਾਰਕ)।, ਸਿ (ਭਿ)- ਇਹ ਰਾਜ, ਭੇਤ ਵੀ (ਇੱਕ ਵਚਨ ਪੜਨਾਂਵ)।, ਕੇਈ ਕੇਇ- ਕਈ (ਮਨੁੱਖ, ਬਹੁ ਵਚਨ ਪੜਨਾਂਵ)।, ਜਿਸ ਨੋ- ਜਿਸ ਲਈ (ਸੰਪਰਦਾਨ ਕਾਰਕ, ਪੜਨਾਂਵ)।, ਨਾਨਕ- ਹੇ ਨਾਨਕ (ਸੰਬੋਧਨ)।, ਪਾਤਿਸਾਹੀ-ਪਾਤਿਸ਼ਾਹਾਂ ਦਾ (ਸੰਬੰਧਕੀ ਬਹੁ ਵਚਨ ਨਾਂਵ)।

(ਨੋਟ: ‘ਜਪੁ’ ਬਾਣੀ ਦੀ ਪਿਛਲੀ ਪਉੜੀ ਨੰਬਰ 24 ਦੀ ਸਮਾਪਤੀ ‘‘ਕਰਤੇ ਕੈ ਕਰਣੈ; ਨਾਹੀ ਸੁਮਾਰੁ ॥’’ ਨੂੰ ਬਖ਼ਸ਼ਸ਼ ਕੀਤੀਆਂ ਜਾ ਰਹੀਆਂ ਅਸੀਮ ਦਾਤਾਂ ‘‘ਜੇਵਡੁ ਆਪਿ; ਜਾਣੈ ਆਪਿ ਆਪਿ ॥ ਨਾਨਕ ! ਨਦਰੀ ਕਰਮੀ ਦਾਤਿ ॥੨੪॥’’ ਭਾਵ ਜਿਤਨਾ ਵੱਡਾ ਕਰਤਾਰ ਦਾ ਵਿਸਥਾਰ ਹੈ ਉਤਨੀ ਹੀ ਅਸੀਮ (ਭਾਵ ‘ਮਿਹਰ ਦੀ ਨਜ਼ਰ ਕਰਨ ਵਾਲੇ ਦੀ ਮਿਹਰ ਨਾਲ, ਉਨ੍ਹਾਂ ਸਭ ਨੂੰ ਹਰ ਪ੍ਰਕਾਰ ਦੀ) ਦਾਤ ਮਿਲਦੀ ਹੈ, ਨਾਲ ਸਮਾਪਤੀ ਕੀਤੀ ਗਈ ਸੀ ਅਤੇ 94 ਸ਼ਬਦਾਂ ਦੇ ਸੁਮੇਲ ਨਾਲ ਮੁਕੰਮਲ ਇਸ ਪਉੜੀ (ਨੰਬਰ 25) ਰਾਹੀਂ ਉਨ੍ਹਾਂ ਅਸੀਮ ਦਾਤਾਂ ਨੂੰ ਅਲੱਗ-ਅਲੱਗ ਭਾਗਾਂ ’ਚ ਵੰਡ ਕੇ ਰੂਪਮਾਨ ਕੀਤਾ ਗਿਆ ਹੈ।

ਅਜੋਕੇ ਵਿਗਿਆਨਿਕ ਯੁੱਗ ਦੇ ਪ੍ਰਭਾਵ ਹੇਠ ਕੁਝ ਗੁਰਸਿੱਖ ਪ੍ਰਚਾਰਕ ਰੱਬੀ ਬਖ਼ਸ਼ਸ਼ ਨਾਲ ਜੀਵਨ (ਹੋਂਦ, ਜਿਸ ਵਿੱਚ ਮਨੁੱਖਾ ਜੂਨੀ ਵੀ ਸ਼ਾਮਲ ਹੈ) ਦੀ ਆਰੰਭਤਾ, ਜੀਵਨ ਦੌਰਾਨ ਮਿਲਣ ਵਾਲੀਆਂ ਤਮਾਮ ਦਾਤਾਂ ਅਤੇ ਅੰਤ ਸਮੇਂ ਜ਼ਿੰਦਗੀ (ਜੂਨਾਂ, ਆਕਾਰ) ਦੇ ਭਾਗ ਵਿੱਚੋਂ ਅਲੱਗ (ਮੁਕਤ) ਹੋ ਕੇ ਰੱਬੀ ਮਿਲਾਪ ਹੋਣ, ਆਦਿ ਨੂੰ ਕਰਤਾਰ ਦੀ ਬਖ਼ਸ਼ਸ਼ ਦਾ ਹਿੱਸਾ ਨਹੀਂ ਮੰਨਦੇ ਜਦਕਿ ਗੁਰਬਾਣੀ ਉਕਤ ਤਿੰਨੇ ਜ਼ਿੰਦਗੀ ਦੇ ਪੜਾਵਾਂ (ਅਵਸਥਾਵਾਂ) ਨੂੰ ਰੱਬੀ ਬਖ਼ਸ਼ਸ਼ ਦਾ ਭਾਗ ਮੰਨਦੀ ਹੈ; ਜਿਵੇਂ:

(1). ਜ਼ਿੰਦਗੀ ਦੀ ਆਰੰਭਤਾ: ‘‘ਕਰਮੀ ਆਵੈ ਕਪੜਾ; ਨਦਰੀ ਮੋਖੁ ਦੁਆਰੁ ॥’’ (ਜਪੁ /ਮ: ੧) ਭਾਵ ਰੱਬੀ ਬਖ਼ਸ਼ਸ ਨਾਲ ਸਰੀਰ (ਆਕਾਰ) ਰੂਪੀ ਕੱਪੜਾ ਮਿਲਦਾ ਹੈ ਤੇ ਰੱਬੀ ਮਿਹਰ ਨਾਲ ਹੀ ਇਸ (ਆਕਾਰ ਰੂਪੀ ਸਰੀਰ-ਕੱਪੜੇ ਤੋਂ) ‘ਮੋਖ ਦੁਆਰ’ ਮਿਲਦਾ ਹੈ ਕਿਉਂਕਿ ‘‘ਕਪੜੁ ਰੂਪੁ ਸੁਹਾਵਣਾ, ਛਡਿ ਦੁਨੀਆ ਅੰਦਰਿ ਜਾਵਣਾ ॥’’ (ਮ: ੧/੪੭੧) ਅਟੱਲ ਸਚਾਈ ਹੈ, ਆਦਿ।

(2) ਜ਼ਿੰਦਗੀ ਦੌਰਾਨ ਪ੍ਰਾਪਤ ਹੋ ਰਹੀਆਂ ਤਮਾਮ ਦਾਤਾਂ: ‘‘ਦਦਾ, ਦਾਤਾ ਏਕੁ ਹੈ; ਸਭ ਕਉ ਦੇਵਨਹਾਰ ॥ ਦੇਂਦੇ ਤੋਟਿ ਨ ਆਵਈ; ਅਗਨਤ (ਗਿਣਤੀ ਰਹਿਤ) ਭਰੇ ਭੰਡਾਰ ॥’’ (ਮ: ੫/੨੫੭), ‘‘ਗੁਰਾ ! ਇਕ ਦੇਹਿ ਬੁਝਾਈ ॥ ਸਭਨਾ ਜੀਆ ਕਾ ਇਕੁ ਦਾਤਾ; ਸੋ, ਮੈ ਵਿਸਰਿ ਨ ਜਾਈ ॥’’ (ਜਪੁ /ਮ: ੧) ਆਦਿ।

(3) ਜ਼ਿੰਦਗੀ (ਆਕਾਰ) ਦੀ ਸਮਾਪਤੀ: ‘‘ਦੂਖ, ਦਰਦ, ਬਿਨਸੇ ਭੈ ਭਰਮ ॥ ਆਵਣ ਜਾਣ ਰਖੇ; ਕਰਿ ਕਰਮ ॥’’ (ਮ: ੫/੧੮੩) ਭਾਵ ਆਕਾਰ (ਸਰੀਰ) ਰੂਪ ਦੁੱਖ, ਦਰਦ, ਡਰ, ਭਰਮ-ਭੁਲੇਖੇ ਆਦਿ ਖ਼ਤਮ ਹੋ ਗਏ ਕਿਉਂਕਿ ਰੱਬੀ ਮਿਹਰ ਕਰਕੇ ਆਕਾਰ ਰੂਪ ਆਵਣ-ਜਾਣ (ਜੂਨਾਂ, ਸਰੀਰ-ਕੱਪੜੇ ਹੀ) ਰਹੇ (ਖ਼ਤਮ ਹੋ ਗਏ)।

 ਇਸ ਪੰਕਤੀ ’ਚ ‘ਕਰਮੁ’ (ਬਖ਼ਸ਼ਸ਼) ਦੀ ਬਜਾਏ ‘ਕਰਮ’ (ਅੰਤ ਮੁਕਤਾ) ਸਰੂਪ ਦਰਜ ਹੈ ਕਿਉਂਕਿ ਪਹਿਲੀ ਪੰਕਤੀ ’ਚ ‘ਭਰਮ’ ਸ਼ਬਦ ਅੰਤ ਮੁਕਤਾ ਹੈ।)

ਆਕਾਰ (ਸਰੀਰ) ਰੂਪ ’ਚ ਅੰਤਮ ਬਖ਼ਸ਼ਸ਼ ਨੂੰ ਗੁਰਬਾਣੀ ਵਿੱਚ ‘‘ਕਰਮ ਖੰਡ ਕੀ ਬਾਣੀ ਜੋਰੁ ॥’’ (ਜਪੁ /ਮ: ੧) ਕਹਿ ਕੇ ਰੂਪਮਾਨ ਕੀਤਾ ਗਿਆ ਹੈ ਤੇ ਸੰਬੰਧਿਤ ‘ਜਪੁ’ ਪਉੜੀ (25) ਦੀ ਸਮਾਪਤੀ ਵੀ ‘‘ਜਿਸ ਨੋ ਬਖਸੇ; ਸਿਫਤਿ ਸਾਲਾਹ ॥’’ ਨਾਲ ਹੀ ਹੋ ਰਹੀ ਹੈ।

ਭਾਈ ਕਾਹਨ ਸਿੰਘ ਜੀ ਨਾਭਾ (ਮਹਾਨ ਕੋਸ਼) ਅਨੁਸਾਰ ਗੁਰਸਿੱਖ ਵਿਦਵਾਨਾਂ ਨੇ ‘ਕਰਮ’ (ਕੀਤੇ ਜਾ ਰਹੇ ਕੰਮ) ਤਿੰਨ ਪ੍ਰਕਾਰ ਦੇ ਮੰਨੇ ਹਨ; ਜਿਵੇਂ:

(ੳ). ਕ੍ਰਿਯਮਾਣ:- ਜੋ ਵਰਤਮਾਨ ਵਿੱਚ ਕੀਤੇ ਜਾ ਰਹੇ ਹਨ; ਜਿਵੇਂ: ‘‘ਕਰਮ (ਸੇਵਾ) ਕਰਤ ਹੋਵੈ ਨਿਹਕਰਮ (ਇੱਛਾ ਰਹਿਤ)॥’’ ਗਉੜੀ ਸੁਖਮਨੀ (ਮ: ੫/੨੭੪), ‘‘ਕਰਮੀ ਕਰਮੀ (ਕੀਤੇ ਜਾ ਰਹੇ ਕੰਮਾਂ ਅਨੁਸਾਰ) ਹੋਇ ਵੀਚਾਰੁ ॥’’ (ਜਪੁ /ਮ: ੧), ਅਹਿ ਕਰੁ (ਇਹ ਹੱਥ, ਜੋ) ਕਰੇ ਸੁ ਅਹਿ (ਇਹੀ) ਕਰੁ ਪਾਏ; ਕੋਈ ਨ ਪਕੜੀਐ, ਕਿਸੈ ਥਾਇ (ਦੂਸਰੇ ਦੇ ਬਦਲੇ) ॥’’ (ਮ: ੫/੪੦੬) ਆਦਿ।

(ਅ) ਪ੍ਰਾਰਬਧ:- ਜਿਨ੍ਹਾਂ (ਕਰਮਾਂ) ਅਨੁਸਾਰ ਮਨੁੱਖਾ ਦੇਹ ਪ੍ਰਾਪਤ ਹੋਈ ਹੈ; ਜਿਵੇਂ: ‘‘ਕਿਰਤਿ ਕਰਮ ਕੇ (ਕੀਤੇ ਗਏ ਕੰਮਾਂ ਕਾਰਨ) ਵੀਛੁੜੇ; ਕਰਿ ਕਿਰਪਾ ਮੇਲਹੁ ਰਾਮ ! ॥’’ (ਮ: ੫/੧੩੩) ‘‘ਦਦੈ, ਦੋਸੁ ਨ ਦੇਊ ਕਿਸੈ; ਦੋਸੁ ਕਰੰਮਾ ਆਪਣਿਆ ॥ ਜੋ ਮੈ ਕੀਆ, ਸੋ ਮੈ ਪਾਇਆ; ਦੋਸੁ ਨ ਦੀਜੈ ਅਵਰ ਜਨਾ ॥ ’’ (ਮ: ੧/੪੩੩) ਆਦਿ।

(ੲ) ਉਹ ਕਰਮ, ਜੋ ਜਨਮਾਂ ਦੇ ਬਾਕੀ ਚਲੇ ਆ ਰਹੇ ਹਨ, ਜਿਨ੍ਹਾਂ ਦਾ ਫਲ ਭੋਗਣਾ ਅਜੇ ਬਾਕੀ ਹੈ; ਜਿਵੇਂ: ‘‘ਜਨਮ ਜਨਮ ਕੀ, ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ (ਬਹੁਤਾ ਕਾਲਾ)॥’’ (ਮ: ੩/੬੫੧), ‘‘ਜੈਸੀ ਕਲਮ ਵੁੜੀ (ਚੱਲੀ) ਹੈ ਮਸਤਕਿ (ਮੱਥੇ ਉੱਤੇ); ਤੈਸੀ (ਵੈਸੀ) ਜੀਅੜੇ (ਜੀਵ ਦੇ) ਪਾਸਿ ॥’’ (ਮ: ੧/੭੪), (ਜੋ) ‘‘ਅਖਰ ਲਿਖੇ, ਸੇਈ (ਉਨ੍ਹਾਂ ਅਨੁਸਾਰ) ਗਾਵਾ (ਚੱਲਦੀ ਹਾਂ); ਅਵਰ ਨ ਜਾਣਾ ਬਾਣੀ (ਬਨਾਵਟ ਘੜਨੀ)॥੧॥ ਰਹਾਉ ॥’’ (ਮ: ੧/੧੧੭੧) ਭਾਵ ਤਕਦੀਰ (ਭਾਗ, ਨਸੀਬ) ਦੇ ‘‘ਜਿਨਿ (ਜਿਸ ਪ੍ਰਭੂ ਨੇ) ਏਹਿ ਲਿਖੇ ॥’’ ਅੱਖਰਾਂ ਅਨੁਸਾਰ ਹੀ ਜੀਵਨ ਬਸਰ ਕਰ ਰਹੀ ਹਾਂ (ਕੇਵਲ ਆਪਣੇ ਉਦਮ ਨਾਲ) ਹੋਰ ਤਬਦੀਲੀ ਨਹੀਂ ਲਿਆ ਸਕਦੀ। ਇਨ੍ਹਾਂ (ਕਰਜ਼ਿਆਂ) ਤੋਂ ਮੁਕਤੀ ਕਰਵਾਉਣ ਵਾਲਾ ਦਾਤਾ ਕੇਵਲ ‘ਗੁਰੂ’ ਹੈ: ‘‘ਜਨਮ ਜਨਮ ਕੇ ਕਿਲਬਿਖ ਦੁਖ ਉਤਰੇ; ਗੁਰਿ (ਨੇ) ਨਾਮੁ ਦੀਓ ਰਿਨੁ (ਕਰਜ਼ਾ) ਲਾਥਾ (ਲਹਿ ਗਿਆ)॥’’ (ਮ: ੪/੬੯੬) ਆਦਿ।, ਪਰ ‘‘ਇਸੁ ਪਉੜੀ ਤੇ ਜੋ ਨਰੁ ਚੂਕੈ; ਸੋ, ਆਇ ਜਾਇ ਦੁਖੁ ਪਾਇਦਾ ॥’’ (ਮ: ੫/੧੦੭੫) ਭਾਵ ‘‘ਇਸੁ (ਮਨੁੱਖਾ-ਜੂਨੀ ਰੂਪ) ਪਉੜੀ ਤੇ (ਤੋਂ) ਜੋ ਨਰੁ ਚੂਕੈ (ਰਹਿ ਗਿਆ); ਸੋ, ਆਇ (ਜਨਮ ਲੈਂਦਿਆਂ ਜੂਨਾਂ ’ਚ ਆ ਕੇ) ਜਾਇ (ਮਰ ਕੇ ਚਲੇ ਜਾਣਾ ਤੇ ਲੰਬਾ ਸਮਾਂ) ਦੁਖੁ ਪਾਇਦਾ ॥’’ (ਮ: ੫/੧੦੭੫), ‘‘ਕਰ ਮਹਿ (ਰੱਬੀ ਬਖ਼ਸ਼ਸ਼ ਨਾਲ ਹੱਥਾਂ ਵਿੱਚ) ਅੰਮ੍ਰਿਤੁ ਆਣਿ (ਲਿਆ ਕੇ) ਨਿਸਾਰਿਓ (ਦਿੱਤਾ ਸੀ)॥ (ਪਰ ਮੂਰਖਤਾ ਕਾਰਨ) ਖਿਸਰਿ ਗਇਓ (ਲੀਕ ਹੋ ਗਿਆ ਭਾਵ), ਭੂਮ ਪਰਿ ਡਾਰਿਓ (ਧਰਤੀ ’ਤੇ ਡੁੱਲ ਗਿਆ, ਸਰੀਰ ਮਿੱਟੀ ’ਚ ਮਿਲ ਗਿਆ) ॥’’ (ਮ: ੫/੩੮੯), (ਹੁਣ) ‘‘ਮੰਦਾ ਚੰਗਾ ਆਪਣਾ, ਆਪੇ ਹੀ ਕੀਤਾ ਪਾਵਣਾ ॥’’ (ਮ: ੧/੪੭੧) ਆਦਿ।)

‘‘ਬਹੁਤਾ ਕਰਮੁ; ਲਿਖਿਆ ਨਾ ਜਾਇ ॥’’- ਇਸ ਪੰਕਤੀ ’ਚ ਦਰਜ ‘ਕਰਮੁ’ ਸ਼ਬਦ ਧਿਆਨ ਮੰਗਦਾ ਹੈ। ਗੁਰਬਾਣੀ ਵਿੱਚ ‘ਕਰਮ’ (ਬਹੁ ਵਚਨ ਜਾਂ ਸੰਬੰਧਕ ਕਾਰਨ ਅੰਤ ਮੁਕਤਾ) ਸ਼ਬਦ 385 ਵਾਰ ਦਰਜ ਹੈ; ਜਿਵੇਂ:

‘‘ਕੇਤੀਆ ‘ਕਰਮ’ (ਕੰਮ ਕਰਨ ਵਾਲੀਆਂ) ਭੂਮੀ; ਮੇਰ ਕੇਤੇ; ਕੇਤੇ ਧੂ (ਧਰੂ ਭਗਤ ਦੇ) ਉਪਦੇਸ ॥’’ (ਜਪੁ /ਮ: ੧) (‘ਕਰਮ’ ਭਾਵ ਬਹੁ ਵਚਨ)

ਬੇਦ ਪੁਰਾਨ ਸਭੈ (ਦੇ) ਮਤ ਸੁਨਿ ਕੈ; ਕਰੀ ‘ਕਰਮ ਕੀ’ ਆਸਾ ॥’’ (ਭਗਤ ਕਬੀਰ/੬੫੪) (‘ਕਰਮ’ ਭਾਵ ਇੱਕ ਵਚਨ, ਪਰ ਸੰਬੰਧਕ ਕਾਰਨ ਅੰਤ ਮੁਕਤਾ) ਆਦਿ।

‘ਕਰਮਿ’ (ਇੱਕ ਵਚਨ ਪੁਲਿੰਗ ਅਧਿਕਰਣ ਕਾਰਕ, ਜਿਸ ਦਾ ਅਰਥ ਹੈ ‘ਬਖ਼ਸ਼ਸ਼ ਨਾਲ’) ਸ਼ਬਦ 100 ਵਾਰ ਦਰਜ ਹੈ; ਜਿਵੇਂ:

‘‘ਨਦਰੀ (ਮਿਹਰਵਾਨ ਦੀ) ਕਰਮਿ (ਬਖ਼ਸ਼ਸ਼ ਨਾਲ); ਪਵੈ ਨੀਸਾਣੁ ॥’’ (ਜਪੁ /ਮ: ੧)

(ਜਦ) ‘‘ਕਰਮਿ (ਬਖ਼ਸ਼ਸ਼ ਨਾਲ) ਮਿਲੈ; (ਤਾਂ) ਨਾਹੀ ਠਾਕਿ ਰਹਾਈਆ (ਹੋਰ ਰੁਕਾਵਟ ਨਹੀਂ ਆ ਸਕਦੀ) ॥’’ (ਸੋ ਦਰੁ ਆਸਾ /ਮ: ੧) ਆਦਿ।

‘ਕਰਮੀ’ ਸ਼ਬਦ 33 ਵਾਰ ਦਰਜ ਹੈ; ਜਿਵੇਂ:

‘‘ਕਰਮੀ (ਬਖ਼ਸ਼ਸ਼ ਨਾਲ) ਆਵੈ ਕਪੜਾ; ਨਦਰੀ (ਬਖ਼ਸ਼ਸ਼ ਨਾਲ) ਮੋਖੁ ਦੁਆਰੁ ॥’’ (ਜਪੁ /ਮ: ੧)

‘‘ਗੁਰ ਪਹਿ ਸਿਫਤਿ ਭੰਡਾਰੁ, (ਪਰ ਰੱਬੀ) ਕਰਮੀ (ਬਖ਼ਸ਼ਸ਼ ਨਾਲ) ਪਾਈਐ ॥’’ (ਮ: ੫/੫੧੯) ਆਦਿ।

(ਨੋਟ: ਧਿਆਨ ਰਹੇ ਕਿ ਗੁਰਬਾਣੀ ਵਿੱਚ ‘ਕਰਮ’ (ਬਹੁ ਵਚਨ, ਜਿਸ ਦਾ ਅਰਥ ‘ਦੁਨਿਆਵੀ ਕੰਮ’ ਹੈ) ਤੋਂ ਵੀ ਕਾਵਿ ਤੋਲ ਕਾਰਨ ‘ਕਰਮੀ’ ਬਣਿਆ ਹੈ ਜਿਸ ਦਾ ਅਰਥ ਵੀ ‘ਮਨੁੱਖਾਂ ਦੁਆਰਾ ਕੀਤੇ ਜਾਂਦੇ ਕੰਮ’ ਹਨ; ਜਿਵੇਂ:

‘‘ਕਰਮੀ ਕਰਮੀ (ਕੀਤੇ ਜਾ ਰਹੇ ਕੰਮਾਂ ਅਨੁਸਾਰ); ਹੋਇ (ਰੱਬੀ ਦਰ ਉੱਤੇ) ਵੀਚਾਰੁ ॥’’ (ਜਪੁ /ਮ: ੧)

‘‘ਕਰਮੀ ਆਪੋ ਆਪਣੀ (ਅਨੁਸਾਰ); ਕੇ (ਕਈ, ਰੱਬ ਦੇ) ਨੇੜੈ, ਕੇ (ਕਈ) ਦੂਰਿ (ਭਾਵ ਜੂਨਾਂ ’ਚ)॥’’ (ਜਪੁ /ਮ: ੧)

(ਰੱਬ) ‘‘ਹੁਕਮਿ (ਵਿੱਚ) ਚਲਾਏ ਆਪਣੈ; (ਪਰ ਜੀਵਾਂ ਦੇ) ਕਰਮੀ (ਕੰਮਾਂ ਅਨੁਸਾਰ ਹੀ) ਵਹੈ ਕਲਾਮ (ਰੱਬੀ ਲੇਖਾ ਰੂਪ ਕਲਮ ਚੱਲਦੀ ਹੈ)॥’’ (ਮ: ੧/੧੨੪੧), ਆਦਿ।)

‘ਕਰਮੁ’ 99 ਵਾਰ ਦੇ ਅਰਥ ਹਨ: (1). ‘ਰੱਬੀ ਬਖ਼ਸ਼ਸ’ (2). ‘ਮਨੁੱਖਾਂ ਦੁਆਰਾ ਕੀਤਾ ਜਾਂਦਾ ਕੰਮ’ (ਇੱਕ ਵਚਨ) (3). ‘ਦੋ ਕਦਮ’ (ਭਾਵ 3 ਫੁੱਟ), (4). ‘ਭਾਗ’ ਆਦਿ; ਜਿਵੇਂ:

(1). ‘ਕਰਮੁ’ ਭਾਵ ‘ਭਾਗ, ਨਸੀਬ, ਕਿਸਮਤ’; ਜਿਵੇਂ:

‘‘ਗੁਰ ਕੈ ਬਚਨਿ (ਨਾਲ); ਜਾਗਿਆ ਮੇਰਾ ਕਰਮੁ (ਭਾਗ) ॥’’ (ਮ: ੫/੨੩੯)

‘‘ਮਸਤਕਿ (ਮੱਥੇ ਉੱਤੇ) ‘ਕਰਮੁ’ (ਨਸੀਬ) ਲਿਖਿਓ; ਧੁਰਿ (ਤੋਂ) ਜਾ ਕੈ (ਜਿਸ ਮਾਲਕ ਰਾਹੀਂ)॥’’ (ਮ: ੫/੨੫੨), ਆਦਿ।

(2). ‘ਕਰਮੁ’ ਭਾਵ ‘ਦੋ ਕਦਮ,’; ਜਿਵੇਂ (ਕੇਵਲ 1 ਵਾਰ):

‘‘ਸਾਗਰ, ਮੇਰ (ਪਹਾੜ), ਉਦਿਆਨ (ਜੰਗਲ), ਬਨ; ਨਵ ਖੰਡ ਬਸੁਧਾ (ਸਾਰੀ ਧਰਤੀ ਦਾ) ਭਰਮ (ਭ੍ਰਮਣ, ਭਟਕਣਾ)॥ ਮੂਸਨ ! (ਇਨ੍ਹਾਂ ਤਮਾਮ ਕਾਰਜਾਂ ਨੂੰ) ਪ੍ਰੇਮ ਪਿਰੰਮ ਕੈ (ਪਤੀ ਦੇ ਪ੍ਰੇਮ ਬਦਲੇ); ਗਨਉ ਏਕ ਕਰਿ (ਕੇ) ‘ਕਰਮ’ (ਇੱਕ ਕਰਮ ਭਾਵ ਦੋ ਕਦਮ, ਨਾ-ਮਾਤ੍ਰ)॥’’ (ਮ: ੫/੧੩੬੪)

(ਨੋਟ: ਇਸ ਪੰਕਤੀ ਦੇ ਅਖ਼ੀਰਲੇ ਸ਼ਬਦ ‘ਕਰਮ’ ਭਾਵ ਦੋ ਕਦਮ ਤੇ ‘ਭਰਮ’ ਭਾਵ ਭਟਕਣਾ, ਯਾਤਰਾ, ਭ੍ਰਮਣ ਇਸਤ੍ਰੀ ਲਿੰਗ ਹੋਣ ਕਾਰਨ ਅੰਤ ਮੁਕਤੇ ਹਨ; ਜਿਵੇਂ: ‘‘ਸਗਲ ਜਨਮ ‘ਭਰਮ’ ਹੀ ‘ਭਰਮ’ ਖੋਇਓ; ਨਹ ਅਸਥਿਰੁ ਮਤਿ ਪਾਈ ॥’’ ਮ: ੯/੬੩੨)

(3). ‘ਕਰਮੁ’ ਭਾਵ ‘ਦੁਨਿਆਵੀ ਇੱਕ ਵਚਨ ਕੰਮ’; ਜਿਵੇਂ:

‘‘ਜੈਸੀ (ਰੱਬੀ) ਆਗਿਆ; ਤੈਸਾ (ਮਨੁੱਖਾਂ ਵੱਲੋਂ) ਕਰਮੁ (ਕੰਮ ਕਰੀਦਾ ਹੈ)॥’’ (ਮ: ੫/੨੯੪)

‘‘ਮੇਰਾ ਕਰਮੁ ਕੁਟਿਲਤਾ (ਮਾੜਾ ਕੰਮ); ਜਨਮੁ ਕੁਭਾਂਤੀ (ਛੋਟੀ ਜਾਤ ’ਚ ਜਨਮ)॥’’ (ਭਗਤ ਰਵਿਦਾਸ/੩੪੫)

‘‘ਕਰਮੁ (ਆਪਣੇ ਆਪ ਚੰਗਾ ਕੰਮ ਕਰਨਾ) ਨ ਜਾਣਾ, ਧਰਮੁ ਨ ਜਾਣਾ; ਲੋਭੀ ਮਾਇਆਧਾਰੀ ॥’’ (ਮ: ੫/੬੨੪)

‘‘ਦੁਕ੍ਰਿਤੁ (ਪਾਪ), ਸੁਕ੍ਰਿਤੁ (ਪੁੰਨ), ਥਾਰੋ (ਤੇਰਾ) ਕਰਮੁ, ਰੀ (ਹੇ ਭੈਣ) ! ॥’’ (ਭਗਤ ਤ੍ਰਿਲੋਚਨ/੬੯੫)

‘‘ਗਿਆਨੁ ਧਿਆਨੁ ਕਿਛੁ ‘ਕਰਮੁ’ (ਚੰਗਾ ਕੰਮ) ਨ ਜਾਣਾ; ਸਾਰ (ਕਦਰ) ਨ ਜਾਣਾ ਤੇਰੀ ॥’’ (ਮ: ੫/੭੫੦)

‘‘ਨਾਨਕ ! (ਜਿਸ ਨੂੰ) ਨਾਮੁ (ਰੂਪ) ਮਿਲੈ ਵਡਿਆਈ; ਏਦੂ ਉਪਰਿ ਕਰਮੁ (ਸ੍ਰੇਸ਼ਟ ਕੰਮ) ਨਹੀ ॥’’ (ਮ: ੧/੯੦੩)

‘‘ਸੋਈ ‘ਕਰਮੁ’ ਕਮਾਵੈ (ਕਰਦਾ ਹੈ) ਪ੍ਰਾਣੀ; ਜੇਹਾ (ਹੇ ਪ੍ਰਭੂ) ਤੂ ਫੁਰਮਾਏ (ਹੁਕਮ ਕਰਦਾ)॥’’ (ਮ: ੫/੧੧੧੭), ਆਦਿ।

(4). ‘ਕਰਮੁ’ ਭਾਵ ‘ਰੱਬੀ ਬਖ਼ਸ਼ਸ਼’; ਜਿਵੇਂ:

‘‘ਇਆਹੂ ਜੁਗਤਿ; ਬਿਹਾਨੇ ਕਈ ਜਨਮ ॥ ਨਾਨਕ ! ਰਾਖਿ ਲੇਹੁ; ਆਪਨ ਕਰਿ (ਕੇ) ਕਰਮ (ਬਖ਼ਸ਼ਸ)॥’’ (ਮ: ੫/੨੬੮)

(ਨੋਟ: ‘ਕਰਮੁ’ ਤੋਂ ‘ਕਰਮ’ (ਅੰਤ ਮੁਕਤਾ) ਪਹਿਲੀ ਤੁਕ ’ਚ ਦਰਜ ‘ਜਨਮ’ (ਅੰਤ ਮੁਕਤਾ ਬਹੁ ਵਚਨ) ਕਾਰਨ ਹੈ।)

‘‘ਕਰਮੁ (ਬਖ਼ਸ਼ਸ਼) ਹੋਵੈ, ਸਤਿਗੁਰੁ ਮਿਲੈ; ਬੂਝੈ ਬੀਚਾਰਾ ॥’’ (ਮ: ੧/੪੧੮)

‘‘ਜੰਤ ਉਪਾਇ ਧੰਧੈ (ਵਿੱਚ) ਸਭ ਲਾਏ; (ਜਿਨ੍ਹਾਂ ਉੱਤੇ) ਕਰਮੁ (ਮਿਹਰ) ਹੋਆ, ਤਿਨ ਨਾਮੁ ਲਇਆ ॥’’ (ਮ: ੧/੪੩੪)

‘‘ਕਰਮੁ (ਬਖ਼ਸ਼ਸ਼) ਹੋਵੈ, ਤਾ ਪਰਮ ਪਦੁ ਪਾਈਐ; ਕਥੇ ਅਕਥ ਕਹਾਣੀ ॥’’ (ਮ: ੩/੪੨੩)

‘‘ਸੋ ਲਗਾ ਸਤਿਗੁਰ ਸੇਵ; ਜਾ ਕਉ ਕਰਮੁ (ਬਖ਼ਸ਼ਸ਼) ਧੁਰਿ (ਤੋਂ) ॥’’ (ਮ: ੫/੫੧੯)

‘‘ਕਬੀਰ ! ਕਰਮੁ (ਬਖ਼ਸ਼ਸ਼) ਕਰੀਮ (ਬਖ਼ਸ਼ਸ਼ ਕਰਨ ਵਾਲੇ) ਕਾ; (ਪਰ ਜਿਸ ਉੱਤੇ) ਉਹੁ (ਪ੍ਰਭੂ ਆਪਣੀ ਬਖ਼ਸ਼ਸ਼) ਕਰੈ, (ਇਸ ਭੇਤ ਬਾਰੇ ਕੇਵਲ) ਜਾਨੈ ਸੋਇ (ਉਹੀ)॥’’ (ਭਗਤ ਕਬੀਰ/੭੨੭), ਆਦਿ।

(ਨੋਟ: ਉਪਰੋਕਤ ਤਮਾਮ ਵੀਚਾਰ ਦਾ ਮਤਲਬ ਕੇਵਲ ਇਹੀ ਹੈ ਕਿ ਗੁਰਬਾਣੀ ਵਿੱਚ ਦਰਜ ‘ਕਰਮਿ’ ਤੇ ‘ਕਰਮੀ’ ਸ਼ਬਦ, ਜਿਨ੍ਹਾਂ ਦਾ ਅਰਥ ‘ਬਖ਼ਸ਼ਸ ਨਾਲ’ ਹੈ, ਉਨ੍ਹਾਂ ਦਾ ਮੂਲ ਸਰੋਤ ਸ਼ਬਦ ‘ਕਰਮੁ’ (ਅੰਤ ਔਂਕੜ) ਹੈ ਜਿਸ ਦਾ ਅਰਥ ਹੈ ‘ਬਖ਼ਸ਼ਸ’ ਅਤੇ ਇਹੀ (ਕਰਮੁ) ਸ਼ਬਦ ‘ਜਪੁ’ ਪਉੜੀ 25 ਦਾ ਆਰੰਭਕ ਸ਼ਬਦ ਵੀ ਹੈ।)

‘‘ਵਡਾ ਦਾਤਾ; ਤਿਲੁ ਨ ਤਮਾਇ ॥’’- ਇਸ ਪੰਕਤੀ ’ਚ ਦਰਜ ‘ਤਮਾਇ’ ਸ਼ਬਦ ਦਾ ਅਰਥ ਹੈ ‘ਤਮਅ, ਲਾਲਚ, ਤ੍ਰਿਸ਼ਨਾ’ ਭਾਵ ਜੀਵਾਂ ਨੂੰ (ਮਾਲਕ ਵੱਲੋਂ) ਦਿੱਤੀਆਂ ਜਾ ਰਹੀਆਂ ਤਮਾਮ ਦਾਤਾਂ ਬਦਲੇ ਕੋਈ ਮੰਗ (ਇੱਛਾ) ਨਾ ਹੋਣਾ; ਇਸ ਭਾਵਨਾ (ਵਿਸ਼ੇ) ਨੂੰ ਹੀ ਗੁਰੂ ਅਰਜੁਨ ਸਾਹਿਬ ਜੀ ਮਨੁੱਖਾਂ ਪ੍ਰਤੀ ਇਉਂ ਬਿਆਨ ਕਰ ਰਹੇ ਹਨ: ‘‘ਕਰਮ (ਸੇਵਾ) ਕਰਤ, ਹੋਵੈ ਨਿਹਕਰਮ (ਇੱਛਾ ਰਹਿਤ)॥’’ (ਮ: ੫/੨੭੪) ਕਿਉਂਕਿ ‘‘ਹਰਿ ਜਨੁ, ਐਸਾ ਚਾਹੀਐ; ਜੈਸਾ, ਹਰਿ ਹੀ ਹੋਇ ॥’’ (ਭਗਤ ਕਬੀਰ/੧੩੭੨), ਆਦਿ।

‘ਤਿਲੁ ਨ ਤਮਾਇ’- ਇਹ ਜੁੜਤ ਸ਼ਬਦ ਗੁਰਬਾਣੀ ਵਿੱਚ 12 ਵਾਰ ਦਰਜ ਹਨ। ਜਿਸ ਦਾ ਅਰਥ ‘ਤਿਲ ਮਾਤ੍ਰ ਤਮਾਅ’ ਕਰਨਾ ਉਚਿਤ ਨਹੀਂ ਕਿਉਂਕਿ ਇਉਂ ਅਰਥ ਕੀਤਿਆਂ ‘ਤਿਲੁ’ (ਪੁਲਿੰਗ) ਵਿਸ਼ੇਸ਼ਣ ਬਣ ਜਾਂਦਾ ਹੈ ਜਦਕਿ ‘ਤਮਾਅ’ ਇਸਤ੍ਰੀ ਲਿੰਗ ਹੈ, ਇਸ ਲਈ ਉਸ (ਤਮਾਇ) ਦੇ ਵਿਸ਼ੇਸ਼ਣ (ਤਿਲੁ) ਨੂੰ ਔਂਕੜ ਨਹੀਂ ਆ ਸਕਦੀ ਜਿਵੇਂ: ‘ਅਕਾਲ ਮੂਰਤਿ’ ’ਚ ‘ਅਕਾਲ’ ਵਿਸ਼ੇਸ਼ਣ ਅੰਤ ਮੁਕਤਾ ਇਸ ਲਈ ਹੈ ਕਿਉਂਕਿ ‘ਮੂਰਤਿ’ ਇਸਤ੍ਰੀ ਲਿੰਗ ਹੈ। ‘ਤਿਲੁ’ ਦਾ ਅਰਥ ਕਪਟ (ਇੱਕ ਵਚਨ ਪੁਲਿੰਗ ਨਾਂਵ) ਵਧੇਰੇ ਢੁੱਕਦਾ ਹੈ ਭਾਵ ‘ਨਾ ਉਸ ਨੂੰ ਕਪਟ ਹੈ ਨਾ ਤਮਾਅ’ ਹੈ। ‘ਨ’ ਸ਼ਬਦ ਨੂੰ ਦੇਹਲੀ ਦੀਪਕ ਲੈਣਾ ਉਚਿਤ ਹੋਵੇਗਾ। ਤੀਸਰੇ ਪਾਤਿਸ਼ਾਹ ਜੀ ਵੀ ਬਿਲਕੁਲ ਅਜਿਹੇ ਹੀ ਬਚਨ ਕਰ ਰਹੇ ਹਨ; ਜਿਵੇਂ:

‘‘ਮੇਰਾ ਪ੍ਰਭੁ ਵੇਪਰਵਾਹੁ ਹੈ; ਨਾ ਤਿਸੁ ਤਿਲੁ (ਕਪਟ), ਨ ਤਮਾਇ ॥’’ (ਮ: ੩/੯੯੫) ਭਾਵ ਮਾਇਆ ਦੇ ਮੁਕਾਬਲੇ ਵੇਪਰਵਾਹ (ਬੇ-ਮੁਥਾਜ) ਸੋਚ (ਧਾਰਨਾ) ਹੀ ‘‘ਨ ਤਿਲੁ (ਕਪਟ), ਨ ਤਮਾਇ (ਲਾਲਚ)’’ ਵਾਲੀ ਹੁੰਦੀ ਹੈ।

‘‘ਵਡਾ ਦਾਤਾ ਤਿਲੁ (ਨਾ ਕਪਟ) ਨ ਤਮਾਇ (ਲਾਲਚ) ॥’’ (ਮ: ੩/੧੧੭੪) (‘ਨ’ ਸ਼ਬਦ ਨੂੰ ਦੇਹਲੀ ਦੀਪਕ ਮੰਨ ਲਿਆ ਜਾਣਾ ਚਾਹੀਦਾ ਹੈ।) ਆਦਿ।

(ਨੋਟ: ਧਿਆਨ ਰਹੇ ਕਿ ਗੁਰਬਾਣੀ ਵਿੱਚ ਇੱਕ ਵਾਰ ਕੇਵਲ ‘ਤਮਾਇ’ ਸ਼ਬਦ ਵੀ ਦਰਜ ਹੈ ਜਿਸ ਦਾ ਅਰਥ ਹੈ ‘ਜੀਵਾਂ ਅੰਦਰ ਪ੍ਰਭੂ ਪਿਆਰ ਪ੍ਰਤੀ ਪਾਈ ਗਈ ਲਗਨ (ਖਿੱਚ)’; ਜਿਵੇਂ: ‘‘ਸੁਣਿ ਸੁਣਿ ਆਖਣੁ ਆਖਣਾ; ਜੇ ਭਾਵੈ, ਕਰੇ ਤਮਾਇ॥’’ (ਮ: ੧/੧੪) ਭਾਵ ‘‘ਸੁਣਿ ਸੁਣਿ (ਕੇ, ਰੱਬੀ ਸ਼ਕਤੀ, ਬਜ਼ੂਰਗੀ ਬਾਰੇ) ਆਖਣੁ ਆਖਣਾ (ਆਖਦੇ ਰਹਿੰਦੇ ਹਨ ਜੋ ਨਿਰਮੂਲ ਹੈ); (ਪਰ) ਜੇ (ਰੱਬ ਨੂੰ) ਭਾਵੈ (ਪਸੰਦ ਹੋਵੇ, ਤਾਂ ਉਹ ਜਗਿਆਸੂ ਅੰਦਰ ਇਸ ਪਿਆਰ ਪ੍ਰਤੀ) ਕਰੇ ਤਮਾਇ (ਖਿੱਚ ਪੈਦਾ ਕਰ ਦੇਂਦਾ ਹੈ)॥’’ ਮ: ੧/੧੪)

ਬਹੁਤਾ ਕਰਮੁ, ਲਿਖਿਆ ਨਾ ਜਾਇ॥ ਵਡਾ ਦਾਤਾ, ਤਿਲੁ ਨ ਤਮਾਇ॥

ਭਾਵ- (ਹਰ ਜੀਵ ’ਤੇ ਦਾਤਾਰ ਮਾਲਕ ਦਾ) ਅਪਾਰ ਪ੍ਰਸਾਦ (ਬੇਅੰਤ ਫ਼ਜ਼ਲ, ਮਿਹਰ ਹੈ, ਜੋ ਪੂਰਨ ਤੌਰ ’ਤੇ) ਲਿਖਿਆ ਨਹੀਂ ਜਾ ਸਕਦਾ। (ਅਣਮੰਗਿਆਂ ਦਾਤਾਂ ਦੇਣ ਬਦਲੇ ਉਸ ਨੂੰ) ਤਿਲ ਮਾਤਰ ਤਮਾ (ਲਾਲਚ) ਨਹੀਂ, ਇਸ ਲਈ ਉਹ ਵੱਡਾ ਦਾਤਾਰ ਅਖਵਾਉਂਦਾ ਹੈ (ਭਾਵ ਕੋਈ ਉਸ ਨੂੰ ਯਾਦ ਕਰੇ ਜਾਂ ਨਾ ਕਰੇ, ਦਾਤ ਸਦਾ ਮਿਲਦੀ ਰਹਿਣੀ ਹੈ, ‘‘ਜੇ, ਸਭਿ ਮਿਲਿ ਕੈ, ਆਖਣ ਪਾਹਿ ॥ ਵਡਾ ਨ ਹੋਵੈ; ਘਾਟਿ ਨ ਜਾਇ ॥’’ ਮਹਲਾ ੧/੯)

‘‘ਕੇਤੇ ਮੰਗਹਿ; ਜੋਧ ਅਪਾਰ ॥ ਕੇਤਿਆ; ਗਣਤ ਨਹੀ ਵੀਚਾਰੁ ॥ ਕੇਤੇ; ਖਪਿ ਤੁਟਹਿ ਵੇਕਾਰ ॥’’- ਇਨ੍ਹਾਂ ਪੰਕਤੀਆਂ ’ਚ ਦਰਜ ‘ਕੇਤੇ’ ਦਾ ਅਰਥ ਹੈ ‘ਕਿਤਨੇ’ ਅਤੇ ‘ਕੇਤਿਆ’ ਦਾ ਅਰਥ ਹੈ ‘ਕਿਤਨਿਆਂ ਦੀ’ ਭਾਵ ‘ਕੇਤਿਆ’ ਸ਼ਬਦ ਵਿੱਚੋਂ ਸੰਬੰਧਕੀ ਚਿੰਨ੍ਹ ‘ਦਾ’ ਮਿਲਦਾ ਹੈ, ਜੋ ‘ਕੇਤੇ’ ਸ਼ਬਦ ਵਿੱਚੋਂ ਨਹੀਂ ਮਿਲਦਾ।

‘ਮੰਗਹਿ, ਤੁਟਹਿ’- ਇਹ ਦੋਵੇਂ ਸ਼ਬਦ ਬਹੁ ਵਚਨ, ਵਰਤਮਾਨ ਕਿਰਿਆ ਹਨ, ਜਿਨ੍ਹਾਂ ਦਾ ਅਰਥ ਹੈ ‘ਮੰਗਦੇ ਹਨ’ ਤੇ ‘ਤੁਟਦੇ (ਲਾਚਾਰ ਹੁੰਦੇ) ਹਨ।’ ਇਨ੍ਹਾਂ ਦਾ ਉਚਾਰਨ ਹੈ: ‘ਮੰਗਹਿਂ, ਤੁਟਹਿਂ’।

‘ਜੋਧ ਅਪਾਰ’- ਇਨ੍ਹਾਂ ਸ਼ਬਦਾਂ ’ਚ ‘ਜੋਧ’ ਬਹੁ ਵਚਨ ਪਲਿੰਗ ਨਾਂਵ ਹੈ, ਜਿਸ ਦਾ ਅਰਥ ਹੈ ‘ਮਹਾਂਬਲੀ ਜੋਧੇ’ ਤੇ ‘ਅਪਾਰ’ ਸ਼ਬਦ ‘ਜੋਧ’ ਦਾ ਹੀ ‘ਬਹੁ ਵਚਨ ਵਿਸ਼ੇਸ਼ਣ’ ਹੈ ਭਾਵ ‘ਅਣਗਿਣਤ ਮਹਾਂਬਲੀ ਜੋਧੇ’। ਗੁਰਬਾਣੀ ਵਿੱਚ ਸ਼ਬਦ ‘ਜੋਧ’ (9 ਵਾਰ) ਨਾਲ ‘ਮਹਾਬਲ ਸੂਰਾ (ਮਹਾਂਬਲੀ ਸੂਰਮੇ) ਸ਼ਬਦ ਦਰਜ ਹੈ; ਜਿਵੇਂ:

‘‘ਗਾਵਹਿ ‘ਜੋਧ ਮਹਾਬਲ ਸੂਰਾ’; ਗਾਵਹਿ ਖਾਣੀ ਚਾਰੇ ॥’’ (ਜਪੁ /ਮ: ੧)

‘‘ਤਿਥੈ; ‘ਜੋਧ ਮਹਾਬਲ ਸੂਰ’ ॥’’ (ਜਪੁ /ਮ: ੧)

‘‘ਭੈ ਵਿਚਿ; ‘ਜੋਧ ਮਹਾਬਲ ਸੂਰ’ ॥’’ (ਮ: ੧/੪੬੪) ਆਦਿ।

‘ਗਣਤ ਨਹੀ ਵੀਚਾਰੁ’: ਇਸ ਪੰਕਤੀ ’ਚ ਦਰਜ ‘ਗਣਤ’ ਇਸਤ੍ਰੀ ਲਿੰਗ ਸ਼ਬਦ ਹੈ ਜਿਸ ਦਾ ਅਰਥ ਹੈ: ‘ਗਿਣਤੀ’ ਜਦਕਿ ‘ਵੀਚਾਰੁ’ ਇੱਕ ਵਚਨ ਪੁਲਿਗ ਨਾਂਵ ਹੈ। ‘ਗਣਤ’ ਤੇ ਵੀਚਾਰੁ’ (ਦੋਵੇਂ ਸ਼ਬਦ) ਗਿਣਤੀ ਨਾਲ ਸੰਬੰਧਿਤ ਹਨ ਇਸ ਲਈ ‘ਗਣਤ (ਦੀ) ਵੀਚਾਰੁ’ ਅਰਥ ਨਹੀਂ ਬਣ ਸਕਦੇ।

ਗੁਰਬਾਣੀ ਵਿੱਚ ‘ਵੀਚਾਰੁ’ (ਅੰਤ ਔਂਕੜ) 74 ਵਾਰ ਤੇ ‘ਵੀਚਾਰ’ (ਅੰਤ ਮੁਕਤਾ) 16 ਵਾਰ ਦਰਜ ਹੈ। ਸੰਬੰਧਿਤ ਪੰਕਤੀ ’ਚ ‘ਵੀਚਾਰੁ’ (ਔਂਕੜ ਸਹਿਤ) ਕਿਉਂ ਦਰਜ ਹੈ ਜਦਕਿ ਇਸ ਤੋਂ ਪਹਿਲੀ ਤੇ ਅਗਲੀ ਪੰਕਤੀ ਦੇ ਅਖ਼ੀਰ ਵਿੱਚ ‘ਅਪਾਰ’ ਤੇ ‘ਵੇਕਾਰ’ ਸ਼ਬਦ ਅੰਤ ਮੁਕਤੇ ਹਨ, ਇਸ ਨੂੰ ਸਮਝਣਾ ਵੀ ਜ਼ਰੂਰਤ ਹੈ।

‘ਵੀਚਾਰੁ’ ਸ਼ਬਦ ਇੱਕ ਵਚਨ ਪੁਲਿੰਗ ਹੈ ਜਿਸ ਦੇ ਅੰਤ ਵਿੱਚ ਹਮੇਸ਼ਾਂ ਔਂਕੜ ਹੋਣੀ ਚਾਹੀਦੀ ਹੈ। ‘ਵੀਚਾਰੁ’ ਸ਼ਬਦ ਨਾਲ ਸੰਬੰਧਿਤ ਅਗਾਂਹ ਕੁਝ ਪੰਕਤੀਆਂ ਦਿੱਤੀਆਂ ਜਾ ਰਹੀਆਂ ਹਨ, ਜਿਨ੍ਹਾਂ ਦੇ ਤੁਕਾਂਤ ਮੇਲ ਵਾਲੀਆਂ ਦੂਜੀਆਂ ਪੰਕਤੀਆਂ ਦੇ ਅਖੀਰਲੇ ਸ਼ਬਦ ’ਤੇ ਧਿਆਨ ਦੇਣ ਦੀ ਜ਼ਰੂਰੀ ਹੈ; ਜਿਵੇਂ:

(1). 74 ਵਾਰ ‘ਵੀਚਾਰੁ’ (ਅੰਤ ਔਂਕੜ ਸਮੇਤ):

‘‘ਅਸੰਖ ਨਿੰਦਕ ਸਿਰਿ ਕਰਹਿ ‘ਭਾਰੁ’ ॥ ਨਾਨਕੁ ਨੀਚੁ ਕਹੈ ‘ਵੀਚਾਰੁ’ ॥’’ (ਜਪੁ /ਮ: ੧)

‘‘ਵੇਖੈ ਵਿਗਸੈ ਕਰਿ ‘ਵੀਚਾਰੁ’ ॥ ਨਾਨਕ ! ਕਥਨਾ ਕਰੜਾ ‘ਸਾਰੁ’ ॥’’ (ਜਪੁ /ਮ: ੧) ਆਦਿ।

(2). 16 ਵਾਰ ‘ਵੀਚਾਰ’ (ਅੰਤ ਮੁਕਤਾ):

‘‘ਹੁਕਮੀ ਸਗਲ ਕਰੇ ‘ਆਕਾਰ’ ॥ ਆਪੇ ਜਾਣੈ, ਸਰਬ ‘ਵੀਚਾਰ’ ॥’’ (ਮ: ੧/੧੫੦)

‘‘ਅਤਿ ਨਿਰਮਲੁ ਗੁਰ ਸਬਦ ‘ਵੀਚਾਰ’ ॥ ਨਾਨਕ ! ਨਾਮਿ ‘ਸਵਾਰਣਹਾਰ’ ॥’’ (ਮ: ੩/੩੬੨), ਆਦਿ।

(ਨੋਟ: ਉਪਰੋਕਤ ਪੰਕਤੀਆਂ ’ਚ ‘ਵੀਚਾਰ’ (ਅੰਤ ਮੁਕਤਾ) ਆਉਣ ਦਾ ਕਾਰਨ ਕੇਵਲ ਸੰਬੰਧਿਤ ਪੰਕਤੀ ’ਚ ਅਖ਼ੀਰਲਾ ਸ਼ਬਦ ਅੰਤ ਮੁਕਤਾ ਹੋਣਾ ਹੀ ਹੈ; ਜਿਵੇਂ: ‘ਆਕਾਰ’ ਤੇ ‘ਸਵਾਰਣਹਾਰ’ (ਅੰਤ ਮੁਕਤੇ); ਪਰ ‘ਜਪੁ’ ਬਾਣੀ ਦੀ ਸੰਬੰਧਿਤ ਪੰਕਤੀ ਦਾ ਸੰਬੰਧ 2 ਤੁਕਾ ਨਹੀਂ ਬਲਕਿ 3 ਤੁਕਾ ਹੈ; ਜਿਵੇਂ: ‘‘ਕੇਤੇ ਮੰਗਹਿ; ਜੋਧ ‘ਅਪਾਰ’ ॥ ਕੇਤਿਆ; ਗਣਤ ਨਹੀ ‘ਵੀਚਾਰੁ’ ॥ ਕੇਤੇ; ਖਪਿ ਤੁਟਹਿ ‘ਵੇਕਾਰ’ ॥’’ ਇਸ ਲਈ ਵਿਚਕਾਰਲੀ ਪੰਕਤੀ ਦਾ ਅਖ਼ੀਰਲਾ ਸ਼ਬਦ ‘ਵੀਚਾਰੁ’ ਅੰਤ ਮੁਕਤਾ ਨਹੀਂ ਹੋਇਆ ਤਾਂ ਜੋ ‘ਅਪਾਰ’ ਦਾ ਸੰਬੰਧ ਕੇਵਲ ‘ਵੀਚਾਰੁ’ ਤੱਕ ਹੀ ਸੀਮਤ ਨਾ ਰੱਖਿਆ ਜਾਵੇ ਬਲਕਿ ਤੀਸਰੀ ਤੁਕ ‘ਵੇਕਾਰ’ ਤੱਕ ਸੰਪੂਰਨ ਕੀਤਾ ਜਾਵੇ।)

ਕੇਤੇ ਮੰਗਹਿ, ਜੋਧ ਅਪਾਰ॥ ਕੇਤਿਆ, ਗਣਤ ਨਹੀਂ ਵੀਚਾਰੁ॥ ਕੇਤੇ, ਖਪਿ ਤੁਟਹਿ ਵੇਕਾਰ॥

ਭਾਵ- ਕਿਤਨੇ ਯੋਧੇ (ਰਾਜੇ; ‘ਵਡਾ ਦਾਤਾ’ ਪਾਸੋਂ ਹੋਰ ਵਧੀਕ ਦਾਤਾਂ) ਮੰਗਦੇ ਰਹਿੰਦੇ ਹਨ, ਅਨੇਕਾਂ (ਹੋਰ ਮੰਗਤਿਆਂ) ਦੀ ਗਿਣਤੀ ਦਾ ਅੰਦਾਜ਼ਾ ਨਹੀਂ (ਪਰ ‘‘ਦਾਤਿ ਪਿਆਰੀ; ਵਿਸਰਿਆ ਦਾਤਾਰਾ ॥’’ ਮਹਲਾ ੫/੬੭੬) ਔਗੁਣਾਂ ਕਰ ਕੇ) ਕਿਤਨੇ ਹੀ ਵਿਕਾਰਾਂ (ਦਾਤ ਦੇ ਲਾਲਚ) ’ਚ ਖਪ-ਖਪ ਕੇ ਮਰ ਗਏ।

(ਨੋਟ : ਅਗਰ ਮਿਲੀ ਦਾਤ ਉਪਰੰਤ ਦਾਤਾਰ ਯਾਦ ਨਾ ਆਵੇ ਤਾਂ ਪ੍ਰਾਪਤ ਹੋਈ ਦਾਤ ਹੀ ਵਿਕਾਰ ਬਣ ਜਾਂਦੀ ਹੈ; ਜਿਵੇਂ

ਚਚਾ; ਰਚਿਤ ਚਿਤ੍ਰ ਹੈ ਭਾਰੀ ॥ ਤਜਿ ਚਿਤ੍ਰੈ; ਚੇਤਹੁ ਚਿਤਕਾਰੀ॥

ਚਿਤ੍ਰ ਬਚਿਤ੍ਰ ਇਹੈ, ਅਵਝੇਰਾ ॥ ਤਜਿ ਚਿਤ੍ਰੈ; ਚਿਤੁ ਰਾਖਿ ਚਿਤੇਰਾ॥ (ਕਬੀਰ/੩੪੦)

ਭਾਵ ‘ਚ’ ਅੱਖਰ ਰਾਹੀਂ ਕਬੀਰ ਜੀ (‘ਚਿਤ੍ਰ’ ਬਾਰੇ) ਸਮਝਾਉਂਦੇ ਹਨ ਕਿ, ‘ਰਚਿਤ ਚਿੱਤ੍ਰ’ ਬਣਾਈ ਗਈ ਫੋਟੋ (ਕੁਦਰਤ/ਜਗਤ, ਮਾਯਾ), ਜੋ ਬਹੁਤ ਵੱਡੀ ਹੈ (ਤੇ ਮਨੁੱਖ ਦੇ ਵਰਤਣ ਲਈ ਇਹ ਸੰਸਾਰਕ ਫੋਟੋ-ਮਾਯਾ ਰੱਬੀ ਦਾਤ ਵੀ ਹੈ, ਜਿਸ ਤੋਂ ਅਗਾਂਹ (ਦਾਤ ’ਚ ਮਸਤ ਹੋਏ ਨੂੰ) ਦਾਤਾਰ ਨਜ਼ਰ ਨਹੀਂ ਆਉਂਦਾ, ਇਹ ‘‘ਕੇਤੇ, ਖਪਿ ਤੁਟਹਿ ਵੇਕਾਰ॥’’ ਹੈ, ਇਸ ਲਈ) ‘‘ਤਜਿ (ਛੱਡ ਕੇ) ਚਿਤ੍ਰੈ (ਦਾਤ ਨੂੰ); ਚੇਤਹੁ ਚਿਤਕਾਰੀ (ਚਿਤਰਕਾਰ ਦਾਤਾਰ ਨੂੰ ਯਾਦ ਕਰੋ)॥’’ ਕਿਉਂਕਿ ‘‘ਚਿਤ੍ਰ ਬਚਿਤ੍ਰ ਇਹੈ (ਇਹ ਮੋਹਿਤ ਕਰਨ ਵਾਲ਼ੀ ਦਾਤ) ਅਵਝੇਰਾ॥’’ ਝੰਬੇਲਾ ਹੈ, ਤਾਂ ਤੇ ‘‘ਤਜਿ (ਕੇ) ਚਿਤ੍ਰੈ (ਦਾਤ ਨੂੰ); ਚਿਤੁ (ਨੂੰ) ਰਾਖਿ ਚਿਤੇਰਾ (ਚਿਤਕਾਰੀ-ਦਾਤਾਰ ਵੱਲ)॥’’ ਕਬੀਰ/੩੪੦)

‘‘ਕੇਤੇ; ਲੈ ਲੈ ਮੁਕਰੁ ਪਾਹਿ ॥ ਕੇਤੇ; ਮੂਰਖ ਖਾਹੀ ਖਾਹਿ ॥’’- ਇਸ ਪੰਕਤੀ ’ਚ ਦਰਜ ਸ਼ਬਦ ‘ਮੁਕਰੁ ਪਾਹਿ’ ਦਾ ਸਰੂਪ ‘ਮੁਕਰਿ ਪਾਹਿ’ ਲਿਖਤ ਨਿਯਮਾਂ ਅਨੁਸਾਰ ਜ਼ਿਆਦਾ ਦਰੁਸਤ ਜਾਪਦਾ ਹੈ। ਕੁਝ ਹੱਥ ਲਿਖਤ ਬੀੜਾਂ ’ਚ ਇਹ ਸਰੂਪ ਮਿਲਦਾ ਵੀ ਹੈ। ਗੁਰਬਾਣੀ ਵਿੱਚ ਇਸ (‘ਮੁਕਰਿ’) ਸ਼ਬਦ ਨਾਲ ਸੰਬੰਧਿਤ ਸ਼ਬਦ (‘ਪਾਹਿ’) ਦਾ ਰੂਪ ਥੋੜਾ ਬਦਲਵੇਂ ਰੂਪ ’ਚ 3 ਵਾਰ (‘ਪਾਉ, ਪਾਇਆ, ਪਉਦੇ’) ਦਰਜ ਹੈ। ਇਸ ਜੁੜਤ ਰੂਪ ’ਚ ‘ਮੁਕਰਿ’ (ਅੰਤ ਸਿਹਾਰੀ) ਸ਼ਬਦ ਦਰੁਸਤ ਵੀ ਹੈ:

‘‘ਤੂ ਦੇਖਹਿ ਹਉ ‘ਮੁਕਰਿ ਪਾਉ’ ॥’’ (ਮ: ੧/੨੫)

‘‘ਸਭੁ ਕਿਛੁ ਸੁਣਦਾ ਵੇਖਦਾ; ਕਿਉ ‘ਮੁਕਰਿ ਪਇਆ’ ਜਾਇ? ॥’’ (ਮ: ੩/੩੬)

‘‘ਲੈ ਲੈ ‘ਮੁਕਰਿ ਪਉਦੇ’ ਕਾਚੇ ॥’’ (ਮ: ੧/੧੦੨੪)

‘ਲੈ ਲੈ’ ਇਹ ਸ਼ਬਦ ਕਿਰਿਆ ਵਿਸ਼ੇਸ਼ਣ ਹਨ ਜੋ ਆਪਣੇ ਅਰਥਾਂ ਨਾਲ ‘ਕੇ’ ਦੀ ਲੁਪਤ ਆਵਾਜ਼ ਦੇਂਦੇ ਹਨ ਭਾਵ ‘ਲੈ ਲੈ ਕੇ’। ਧਿਆਨ ਰਹੇ ਕਿ ‘ਲੈ’ ਇਕੱਲਾ ਸ਼ਬਦ ਵੀ ਜਦ ਕਿਰਿਆ ਵਿਸ਼ੇਸ਼ਣ ਹੁੰਦਾ ਹੈ ਤਾਂ ਆਪਣੇ ਨਾਲ ‘ਕੇ’ ਲੁਪਤ (ਅਰਥ ਵੀ) ਦੇਂਦਾ ਹੈ; ਜਿਵੇਂ:

‘‘ਗਾਵੈ ਕੋ; ਜੀਅ ਲੈ (ਕੇ) ਫਿਰਿ ਦੇਹ ॥’’ (ਜਪੁ /ਮ: ੧)

ਮੇਰੇ ਮਨ ! ਲੈ (ਕੇ) ਲਾਹਾ (ਅਸਲ) ਘਰਿ (ਵਿੱਚ) ਜਾਹਿ (ਜਾਹ)॥’’ (ਮ: ੧/੨੦) ਆਦਿ।

‘ਖਾਹੀ ਖਾਹਿ’ ਇਹ ਜੁੜਤ ਸ਼ਬਦ ਵੀ ਉਪਰੋਕਤ ਕੀਤੀ ਗਈ ਵੀਚਾਰ (‘ਮੁਕਰਿ ਪਾਹਿ’) ਵਾਙ ਹੀ ‘ਖਾਹਿ ਖਾਹਿ’ ਹੋਣਾ ਸੀ, ਜੋ ਕਾਵਿ ਤੋਲ ਕਾਰਨ ‘ਖਾਹੀ ਖਾਹਿ’ ਬਣ ਗਿਆ। ਗੁਰਬਾਣੀ ਵਿੱਚ ਇੱਕ ਵਾਰ ਹੋਰ ਵੀ ਇਹੀ ‘ਖਾਹੀ ਖਾਹਿ’ ਸਰੂਪ ਦਰਜ ਹੈ; ਜਿਵੇਂ:

‘‘ਜੁਗਾ ਜੁਗੰਤਰਿ ਖਾਹੀ ਖਾਹਿ ॥’’ (ਜਪੁ /ਮ: ੧)

(ਨੋਟ: ‘ਖਾਹਿ’ (ਬਹੁ ਵਚਨ ਕਿਰਿਆ) ਸ਼ਬਦ ਦਾ ਉਚਾਰਨ ਬਿੰਦੀ ਸਹਿਤ ਕਰਨ ਦੀ ਪ੍ਰੇਰਨਾ ਇਨ੍ਹਾਂ ਪੰਕਤੀਆਂ ਰਾਹੀਂ ਮਿਲਦੀ ਹੈ:

‘‘ਆਪਿ ਬੀਜਿ; ਆਪੇ ਹੀ ‘ਖਾਂਹਿ’ ॥’’ (ਮ: ੫/੧੧੯੨)

‘‘ਕਬੀਰ ! ਭਾਂਗ ਮਾਛੁਲੀ ਸੁਰਾ (ਸ਼ਰਾਬ) ਪਾਨਿ; ਜੋ ਜੋ ਪ੍ਰਾਨੀ ‘ਖਾਂਹਿ’ ॥’’ (ਭਗਤ ਕਬੀਰ/੧੩੭੭)

ਕੇਤੇ, ਲੈ ਲੈ ਮੁਕਰਿ ਪਾਹਿ॥ ਕੇਤੇ ਮੂਰਖ, ਖਾਹੀ ਖਾਹਿ॥

ਭਾਵ- ਬੇਅੰਤ ਲੋਕ (ਦਾਤਾਰ ਪਾਸੋਂ ਦਾਤਾਂ) ਲੈ ਲੈ ਕੇ ਮੁਕਰ ਜਾਂਦੇ ਹਨ (ਭਾਵ ਮਾਲਕ ਵੱਲੋਂ ਮਿਲੀ ਹਰ ਦਾਤ ਉੱਤੇ ‘‘ਹਮਰੀ ਭੂਮਿ; ਕਉਣੁ ਘਾਲੈ ਪੈਰੁ ? ॥’’ (ਮਹਲਾ ੫/੧੭੮) ਵਾਙ ਆਪਣਾ ਹੱਕ ਜਤਾਉਂਦੇ ਹਨ) ਅਣਗਿਣਤ ਮੂਰਖ (‘‘ਦੇਨਹਾਰੁ ਪ੍ਰਭ ਛੋਡਿ ਕੈ; ਲਾਗਹਿ ਆਨ ਸੁਆਇ ॥’’ (ਮਹਲਾ ੫/੨੬੮) ਹੋਰ ਸੁਆਦ ’ਚ ਲੱਗਦੇ ਹਨ ਭਾਵ) ਕੇਵਲ ਦਾਤਾਂ ਹੀ ਭੋਗਦੇ ਰਹਿੰਦੇ ਹਨ।

‘‘ਕੇਤਿਆ; ਦੂਖ, ਭੂਖ ਸਦ ਮਾਰ ॥ ਏਹਿ ਭਿ, ਦਾਤਿ ਤੇਰੀ; ਦਾਤਾਰ ! ॥’’- ਇਸ ਪੰਕਤੀ ’ਚ ‘ਦੂਖ’ (ਬਹੁ ਵਚਨ ਪੁਲਿੰਗ) ‘ਭੂਖ’ ਤੇ ‘ਮਾਰ’ (ਇੱਕ ਵਚਨ ਇਸਤ੍ਰੀ ਲਿੰਗ) ਹਨ। ‘ਦੂਖ, ਭੂਖ ਤੇ ਮਾਰ’ ਆਦਿ (ਬਹੁ ਵਚਨ ਨਾਂਵਾਂ) ਦਾ ਪੜਨਾਂਵ ਵੀ ਅਗਲੀ ਪੰਕਤੀ ’ਚ ‘ਏਹਿ’ ਬਹੁ ਵਚਨ ਹੈ, ਜਿਸ ਨਾਲ ‘ਭਿ’ (ਅਵਯ) ਸ਼ਬਦ ਲੱਗਿਆ ਹੋਇਆ ਹੈ। ‘ਅਵਯ’ ਸ਼ਬਦ ਉਹ ਹੁੰਦਾ ਹੈ ਜੋ ਕਿਸੇ ਵੀ ‘ਨਾਂਵ, ਪੜਨਾਂਵ, ਕਿਰਿਆ, ਇੱਕ ਵਚਨ, ਬਹੁ ਵਚਨ, ਇਸਤ੍ਰੀ ਲਿੰਗ, ਪੁਲਿੰਗ’ ਆਦਿ ਨਾਲ ਦਰਜ ਹੋ ਸਕਦਾ ਹੋਵੇ ਤੇ ਸੰਬੰਧਿਤ ਸ਼ਬਦ ਦੇ ਅਰਥਾਂ ਨੂੰ ਨਿਸ਼ਚਿਤ ਕਰ ਦੇਵੇ, ਯਕੀਨ ਵਿੱਚ ਬਦਲ ਦੇਵੇ, ਪੰਜਾਬੀ ਤੇ ਗੁਰਮੁਖੀ ’ਚ ‘ਭਿ, ਭੀ, ਵੀ, ਹੀ’ ਆਦਿ ‘ਅਵਯ’ ਸ਼ਬਦ ਹਨ; ਜਿਵੇਂ: ‘ਮੋਹਨ ਵੀ’ ਚੰਗਾ ਹੈ।, ‘ਉਹ ਭੀ’ ਪੜ੍ਹਦਾ ਹੈ।, ਲੜਕੀ ਚਲਦੀ ਚਲਦੀ ਭੀ ਗਾਉਂਦੀ ਹੈ।, ਇਹ ਸਭ ਉਨ੍ਹਾਂ ਹੀ ਕੀਤਾ ਹੈ।’ ਆਦਿ ਵਾਕਾਂ ’ਚ ਪਹਿਲਾ ‘ਮੋਹਨ’ ਇੱਕ ਵਚਨ ਪੁਲਿੰਗ ਨਾਂਵ ਹੈ, ਦੂਸਰਾ ‘ਉਹ’ ਪੜਨਾਂਵ ਹੈ, ਤੀਸਰਾ ‘ਚਲਦੀ’ ਕਿਰਿਆ ਹੈ ਤੇ ਚੌਥਾ ‘ਉਨ੍ਹਾਂ’ ਬਹੁ ਵਚਨ ਪੜਨਾਂਵ ਹੈ ਪਰ ਸਾਰਿਆਂ ਨਾਲ ਹੀ ‘ਅਵਯ’ ਸ਼ਬਦ (ਭਿ, ਭੀ, ਵੀ, ਹੀ’) ਦਰਜ ਹੋ ਗਏ ਜਿਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਨੂੰ ਯਕੀਨ ’ਚ ਬਦਲ ਦਿੱਤਾ ਇਸ ਲਈ ਇਨ੍ਹਾਂ ਸ਼ਬਦਾਂ ਨੂੰ ‘ਨਿਸ਼ਚੇ ਬੋਧਕ’ ਸ਼ਬਦ ਕਿਹਾ ਜਾਂਦਾ ਹੈ।

ਸੰਬੰਧਿਤ ਪੰਕਤੀ ’ਚ ‘ਏਹਿ ਭਿ’ ਤੋਂ ਭਾਵ ਹੈ ਕਿ ਸਮਾਜਿਕ ਸੁੱਖ ਭਰਪੂਰ ਦਾਤਾਂ ਤੋਂ ਇਲਾਵਾ ਇਹ ਵੀ (ਭਾਵ ‘ਦੁੱਖ, ਭੁੱਖ ਤੇ ਵਿਕਾਰਾਂ ਦੀ ਮਾਰ’ ਆਦਿ ਵੀ) ‘ਦਾਤਿ ਤੇਰੀ’, (ਹੇ) ‘ਦਾਤਾਰ !’

ਗੁਰਬਾਣੀ ਵਿੱਚ ‘ਏਹਿ’ ਸ਼ਬਦ ਬਹੁ ਵਚਨ ਦੇ ਰੂਪ ’ਚ 30 ਵਾਰ ਦਰਜ ਹੈ; ਜਿਵੇਂ:

‘‘ਨਾਨਕ ! ਮੂਰਖ ‘ਏਹਿ’ ਗੁਣ; ਬੋਲੇ ਸਦਾ ਵਿਣਾਸੁ ॥’’ (ਮ: ੧/੧੪੩)

‘‘ਸਤੀਆ ‘ਏਹਿ’ ਨ ਆਖੀਅਨਿ; ਜੋ ਮੜਿਆ (ਨਾਲ) ਲਗਿ (ਕੇ) ਜਲੰਨਿ੍ ॥’’ (ਮ: ੩/੭੮੭)

‘‘ਧਨ ਪਿਰੁ ‘ਏਹਿ’ ਨ ਆਖੀਅਨਿ; ਬਹਨਿ ਇਕਠੇ ਹੋਇ (ਕੇ)॥’’ (ਮ: ੩/੭੮੮)

‘‘ਏਹਿ’’ ‘ਥਿਤੀ (ਤੇ) ਵਾਰ’ ਦੂਜਾ ਦੋਇ (ਦੂਜਾ ਭਾਵ ਦਵੈਤ)॥’’ (ਮ: ੩/੮੪੩)

‘‘ਕਹੈ ਨਾਨਕੁ ‘ਏਹਿ’ ਨੇਤ੍ਰ ਅੰਧ ਸੇ; ਸਤਿਗੁਰਿ ਮਿਲਿਐ (ਨਾਲ) ਦਿਬ ਦ੍ਰਿਸਟਿ ਹੋਈ ॥’’ (ਮ: ੩/੯੨੨) ਆਦਿ।

ਉਪਰੋਕਤ ਤਮਾਮ ਪੰਕਤੀਆਂ ’ਚ ‘ਏਹਿ’ (ਬਹੁ ਵਚਨ ਪੜਨਾਂਵ ਵਿਸ਼ੇਸ਼ਣ ਸ਼ਬਦ) ਦੇ ਸਮਾਨੰਤਰ ਹੀ ਬਹੁ ਵਚਨ ਨਾਂਵ ਸ਼ਬਦ ਦਰਜ ਹਨ; ਜਿਵੇਂ ਤਰਤੀਬਵਾਰ: ‘‘ਏਹਿ ‘ਗੁਣ’, ਏਹਿ ‘ਸਤੀਆ’, ਏਹਿ ‘ਧਨ ਪਿਰੁ’ (ਭਾਵ ਪਤੀ ਤੇ ਪਤਨੀ), ਏਹਿ ‘ਥਿਤਿ ਵਾਰ’ (ਭਾਵ ਦਿਨ ਤੇ ਥਿੱਤਾਂ), ਏਹਿ ‘ਨੇਤ੍ਰ’’ ਆਦਿ, ਇਸ ਲਈ ਸੰਬੰਧਿਤ ਪੰਕਤੀ ’ਚ ‘ਏਹਿ’ ਦਾ ਸੰਬੰਧ ਕੇਵਲ ‘ਮਾਰ’ (ਇੱਕ ਵਚਨ) ਨਾਲ ਨਹੀਂ ਹੋ ਸਕਦਾ ਬਲਕਿ ‘ਦੂਖ, ਭੂਖ ਤੇ ਮਾਰ’ (ਬਹੁ ਵਚਨ) ਨਾਲ ਹੈ, ਜਿਸ ਦੀ ਪ੍ਰੋੜ੍ਹਤਾ (ਸਮਰਥਨ) ਅਵਯ ਸ਼ਬਦ ‘ਭਿ’ ਕਰਦਾ ਹੈ।

ਕੇਤਿਆ; ਦੂਖ ਭੂਖ ਸਦ ਮਾਰ॥ ਏਹਿ ਭਿ, ਦਾਤਿ ਤੇਰੀ; ਦਾਤਾਰ ! ॥ 

ਭਾਵ- ਕਈਆਂ ਨੂੰ ਦੁੱਖ, ਭੁੱਖ (ਇਤਿਆਦਿਕ ਪੀੜ) ਸਦਾ ਮਾਰਦੀ ਹੈ (ਪਰ) ਹੇ ਦਾਤਾਰ ਮਾਲਕ ! (ਤੇਰੀਆਂ ਸੁਖਦਾਈ ਦਾਤਾਂ ਵਾਙ) ਇਹ (ਪੀੜ/ਔਖ ਵੀ) ਤੇਰੀ ਹੀ ਇੱਕ ਦਾਤ ਹੈ (ਭਾਵ ਤੇਰੇ ਹੁਕਮ ’ਚ ਹੀ ‘ਦੂਖ ਭੂਖ’ ਮਿਲਦੇ ਹਨ)।

(ਨੋਟ : (1). ਗੁਰਬਾਣੀ ’ਚ ਕੁਝ ਅਜਿਹੇ ਵਾਕ ਸਾਮ੍ਹਣੇ ਆਉਂਦੇ ਹਨ ਕਿ ਅਕਾਲ ਪੁਰਖ, ਆਪਣੇ ਸੇਵਕ ਦੇ ਸਾਰੇ ਰੋਗ ਮਿਟਾ ਦਿੰਦਾ ਹੈ। ਦਰਅਸਲ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਭਗਤ ‘ਦੁੱਖ-ਭੁੱਖ’ ਨੂੰ ਰੱਬੀ ਰਜ਼ਾ ਸਮਝ ਕੇ ਆਸਾਨੀ ਨਾਲ਼ ਇਨ੍ਹਾਂ ਦਾ ਮੁਕਾਬਲਾ ਕਰਦਾ ਹੈ।

ਇਹ ਅਟੱਲ ਸਚਾਈ ਹੈ ਕਿ ਜਦ ਤੱਕ ਸਰੀਰ (ਜੂਨ) ਹੈ ਤਦ ਤੱਕ ਦੁੱਖ-ਤਕਲੀਫ਼ ਆਉਂਦੇ-ਜਾਂਦੇ ਰਹਿੰਦੇ ਹਨ, ਇਨ੍ਹਾਂ ਤੋਂ ਮੁਕਤੀ ਪਾਉਣ ਲਈ ਗੁਰੂ ਜਾਂ ਅਕਾਲ ਪੁਰਖ ਅੱਗੇ ਕੀਤੀ ਗਈ ਬੇਨਤੀ, ਉਸ ਮੰਗਤੇ ਵਾਙ ਝੱਖ ਮਾਰਨਾ ਹੈ, ਜੋ ਕਿਸੇ ਦੀ ਦਹਿਲੀਜ਼ ’ਤੇ ਕਈ ਘੰਟੇ ਮੰਗ ਕੇ ਆਖ਼ਰ ਬਿਨਾਂ ਖ਼ੈਰ ਮਿਲੀ ਚਲਾ ਜਾਂਦਾ ਹੈ, ‘‘ਨਾਨਕ ! ਬੋਲਣੁ ਝਖਣਾ; ਦੁਖ ਛਡਿ (ਕੇ), ਮੰਗੀਅਹਿ ਸੁਖ ॥ (ਕਿਉਂਕਿ) ਸੁਖੁ ਦੁਖੁ ਦੁਇ, ਦਰਿ ਕਪੜੇ; ਪਹਿਰਹਿ ਜਾਇ ਮਨੁਖ ॥ (ਇਸ ਲਈ) ਜਿਥੈ ਬੋਲਣਿ ਹਾਰੀਐ; ਤਿਥੈ ਚੰਗੀ ਚੁਪ ॥’’ (ਮ: ੧/੧੪੯)

ਸੋ, ‘‘ਪਰਮੇਸਰ ਤੇ ਭੁਲਿਆਂ, ਵਿਆਪਨਿ ਸਭੇ ਰੋਗ॥’’ (ਮਹਲਾ ੫/੧੩੫) ਦਾ ਮਤਲਬ ਹੈ ਕਿ ਰੱਬੀ ਰਜ਼ਾ ਨੂੰ ਨਾ ਮੰਨਣ ਵਾਲ਼ਾ ਦੁੱਖ-ਪੀੜਾ ਨੂੰ ਬਹੁਤ ਵਧਾ ਕੇ ਲੈਂਦਾ ਹੈ, ਜਿਸ ਕਾਰਨ ਉਸ ਦਾ ਮੁਕਾਬਲਾ ਕਰਨ ਵਾਲ਼ੀ ਸ਼ਕਤੀ ਨਹੀਂ ਜੁਟਾ ਸਕਦਾ ਜਦ ਕਿ ਭਗਤ ਦਾ ਜੀਵਨ ‘‘ਹਸੰਦਿਆ; ਖੇਲੰਦਿਆ; ਪੈਨੰਦਿਆ; ਖਾਵੰਦਿਆ; ਵਿੱਚੇ ਹੋਵੈ ਮੁਕਤਿ॥’’ (ਮਹਲਾ ੫/੫੨੨) ਵਾਲ਼ਾ ਹੁੰਦਾ ਹੈ ਕਿਉਂਕਿ ‘ਦਾਤਾਰਾ ਪਿਆਰਾ ॥’ ਹੈ, ਨਾ ਕਿ ‘‘ਦਾਤਿ ਪਿਆਰੀ’’ ।

(2). ਸਿੱਖ ਭਾਈਚਾਰੇ ਵਿੱਚ ਨਾ-ਸਮਝੀ ਕਾਰਨ ਇਸ (‘‘ਏਹਿ ਭਿ, ਦਾਤਿ ਤੇਰੀ; ਦਾਤਾਰ ! ॥’’) ਪੰਕਤੀ ਨੂੰ ‘ਸੁਖਦਾਇਕ ਦਾਤਾਂ’ ਨਾਲ ਸੰਬੰਧਿਤ ਮੰਨ ਲਿਆ ਜਾਂਦਾ ਹੈ ਤੇ ਜਿਸ ‘ਦਾਤ’ (ਵਿਸ਼ੇ ਭਾਵ ‘‘ਦੂਖ, ਭੂਖ, ਸਦ ਮਾਰ ॥’’) ਪ੍ਰਥਾਏ ਇਹ ਪੰਕਤੀ ਦਰਜ ਹੈ ਉਸ ਦੇ ਵਾਪਰਨ ’ਤੇ ਮਨੁੱਖ ਰੋਂਦਾ ਹੈ, ਵਿਲਕਦਾ ਹੈ।

ਦੂਸਰੇ ਪਾਸੇ ਕੁਝ ਅਜੋਕੇ ਵਿਦਵਾਨ ਸੱਜਣ ਵੀ ਹਨ ਜੋ ਰੱਬੀ ਬਖ਼ਸ਼ਸ਼ ਨਾਲ ਸੰਬੰਧਿਤ (ਉਕਤ ਬਿਆਨ ਕੀਤੀਆਂ ਗਈਆਂ) ‘‘ਦੂਖ, ਭੂਖ, ਸਦ ਮਾਰ ॥’’ ਰੂਪ ਦਾਤਾਂ ਨੂੰ ਰੱਬੀ ਨਿਯਮ ਦਾ ਭਾਗ ਮੰਨਣ ਦੀ ਬਜਾਏ ਜਿਨ੍ਹਾਂ ਉੱਪਰ ਇਹ ਦਾਤਾਂ ਵਾਪਰ ਰਹੀਆਂ ਹਨ ਉਨ੍ਹਾਂ ਮਨੁੱਖਾਂ ਨੂੰ ਹੀ ਪ੍ਰਮਾਤਮਾ ਵੱਲੋਂ ਨਿਯੁਕਤ ਕੀਤੇ ਕੁਦਰਤੀ ਨਿਯਮਾਂ ਵਿੱਚੋਂ ਆਕੀ ਮੰਨ ਲਿਆ ਜਾਂਦਾ ਹੈ।

ਦਰਅਸਲ, ਇੱਕ ਭਗਤ ਦੀ ਦ੍ਰਿਸ਼ਟੀ ’ਚ ਰੱਬੀ ਸੁਭਾਵ ਵਾਙ ਗੁਣਾਂ ਭਰਪੂਰ ਜੀਵਨ ਬਤੀਤ ਕਰਨ ਨਾਲ ਕੁਦਰਤ ਦਾ ਵਿਕਾਸ ਹੀ ਅਸੰਭਵ ਹੈ ਕਿਉਂਕਿ ਸਮੂਹ ਆਕਾਰ ਹੀ ਉਸ ਦਾਤਾਰ ਦੇ ਗੁਣਾਂ ਵਾਙ ਪਵਿੱਤਰ ਰਹਿਣੀ ਦਾ ਮਾਲਕ ਬਣ ਕੇ ਉਸ ਵਿੱਚ ਲੀਨ ਹੋ ਜਾਵੇਗਾ, ਇਸ ਲਈ ਜ਼ਰੂਰੀ ਹੈ ਕਿ ਕੁਦਰਤ ਦੇ ਵਿਕਾਸ ਨੂੰ ਸਦੀਵੀ ਬਣਾਏ ਲਈ ਸਮਾਜਿਕ ਸੋਚ ਵਿੱਚ (ਸਚਾਈ ਵੱਲੋਂ, ਹਉਮੈ ਰੂਪ) ਪਰਦਾ ਬਣਾਇਆ ਜਾਏ, ਜਿਸ (ਪਰਦੇ) ਨੂੰ ਇੱਕ ਭਗਤ ‘‘ਧਨ (ਜੀਵ ਇਸਤ੍ਰੀ) ਪਿਰ (ਪ੍ਰਭੂ ਪਤੀ) ਕਾ ਇਕ ਹੀ ਸੰਗਿ ਵਾਸਾ; (ਪਰ) ਵਿਚਿ, ਹਉਮੈ (ਦੀ) ਭੀਤਿ ਕਰਾਰੀ (ਕਠੋਰ ਦੀਵਾਰ)॥ (ਮ: ੪/੧੨੬੩) ਦੇ ਨਾਮ ਨਾਲ ਯਾਦ ਰੱਖਦਾ ਹੈ ਕਿਉਂਕਿ ਜਦ ਭਗਤ ਅੰਦਰ ‘‘ਕਹੁ ਨਾਨਕ ! ਹਉਮੈ ਭੀਤਿ ਗੁਰਿ (ਨੇ) ਖੋਈ; ਤਉ ਦਇਆਰੁ (ਦਿਆਲੂ) ਬੀਠਲੋ ਪਾਇਓ ॥’’ (ਮ: ੫/੬੨੪) ਵਾਲਾ ਪ੍ਰਕਾਸ਼ ਹੋ ਜਾਂਦਾ ਹੈ ਤਾਂ ਉਹ ਰੱਬੀ ਨਿਯਮਾਂ ਅਨੁਸਾਰ ਸਮਾਜਿਕ ਅਸਮਾਨਤਾ (ਸੁਆਰਥੀ ਸੋਚ) ਦੁਆਰਾ ਵਾਪਰ ਰਹੇ ‘‘ਦੂਖ, ਭੂਖ, ਸਦ ਮਾਰ ॥’’ ਨੂੰ ਸਮਾਪਤ ਕਰਨ ਪ੍ਰਤੀ ਸੰਘਰਸ਼ (ਜੱਦੋ-ਜਹਿਦ) ਕਰਦਾ ਹੈ। ਇਸ ਸੰਘਰਸ਼ ਲਈ ਹੀ ਗੁਰੂ ਜੀ ਭਗਤਾਂ ਅੰਦਰ ਉਤਸ਼ਾਹ ਭਰਦੇ ਹਨ; ਜਿਵੇਂ: ‘‘ਸੂਰਾ ਸੋ ਪਹਿਚਾਨੀਐ; ਜੁ, ਲਰੈ ਦੀਨ ਕੇ ਹੇਤ (ਸਚਾਈ ਪ੍ਰਤੀ)॥ ਪੁਰਜਾ ਪੁਰਜਾ ਕਟਿ (ਕੇ) ਮਰੈ; ਕਬਹੂ ਨ ਛਾਡੈ ਖੇਤੁ ॥’’ (ਭਗਤ ਕਬੀਰ/੧੧੦੫), ‘‘ਜਉ ਤਉ, ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ (ਕੇ) ਤਲੀ (ਉੱਤੇ), ਗਲੀ ਮੇਰੀ (ਮੇਰੇ ਮਾਰਗ- ਸਿਧਾਂਤ ਵਿੱਚ) ਆਉ ॥ ਇਤੁ ਮਾਰਗਿ (ਉੱਤੇ) ਪੈਰੁ ਧਰੀਜੈ ॥ ਸਿਰੁ ਦੀਜੈ, (ਪਰ) ਕਾਣਿ (ਸਮਝੋਤਾ) ਨ ਕੀਜੈ ॥’’ (ਮ: ੧/੧੪੧੨) ਆਦਿ। ਇਸ ਸੰਘਰਸ਼ ਰੂਪੀ ਖੇਡ ਦੇ ਦੋਵੇਂ ਪਾਸੇ (ਭਾਵ ‘‘ਦੂਖ, ਭੂਖ, ਸਦ ਮਾਰ ॥’’ ਹਾਲਾਤ ਬਣਾਉਣ ਵਾਲੇ ਤੇ ਇਨ੍ਹਾਂ ਹਾਲਾਤਾਂ ਨੂੰ ਮਿਟਾਉਣ ਵਾਲੇ ਰੱਬੀ (ਨਿਯਮ) ਦਾ ਹੀ ਭਾਗ ਹੁੰਦੇ ਹਨ।

ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਖੜਗ ਨਾਲ ਪੈਂਦੇਖ਼ਾਨ ਦੇ ਸਰੀਰ ਦੇ ਦੋ ਟੁਕੜੇ ਕਰਨ ਉਪਰੰਤ ਵੀ ਉਸ ਦੀ ਅੰਤਿਮ ਰਸਮ ਆਪ ਕਰਵਾਈ, ਗੁਰੂ ਗੋਬਿੰਦ ਸਾਹਿਬ ਜੀ ਨੇ ਭਾਈ ਘਨੱਈਆ ਜੀ ਨੂੰ ਦੁਸ਼ਮਣ ਦੀਆਂ ਫੌਜਾਂ ਨੂੰ ਪਾਣੀ ਪਿਲਾਉਣ ਤੇ ਮਲ੍ਹਮ-ਪੱਟੀ (ਦਵਾ-ਦਾਰੂ) ਦੇਣ ਵਾਲੀ ਸੇਵਾ ਨੂੰ ਨਿਰੰਤਰ ਜਾਰੀ ਰੱਖਣ ਲਈ ਪ੍ਰੇਰਿਆ ਤੇ ਸਿੰਘਾਂ ਨੇ ਯੁੱਧ ਦੇ ਮੈਦਾਨ ਵਿੱਚ ਭੱਜਦੀਆਂ ਫੌਜਾਂ ਦਾ ਕਦੇ ਵੀ ਪਿੱਛਾ ਨਾਹੀਂ ਕੀਤਾ ਆਦਿ।

ਉਕਤ ਪੰਕਤੀ (‘‘ਕੇਤਿਆ; ਦੂਖ, ਭੂਖ, ਸਦ ਮਾਰ ॥ ਏਹਿ ਭਿ, ਦਾਤਿ ਤੇਰੀ; ਦਾਤਾਰ ! ॥’’) ਦੇ ਅਰਥ ਵੀਰ ਭੁਪਿੰਦਰ ਸਿੰਘ ਜੀ ਇਉਂ ਕਰਦੇ ਹਨ: ‘ਰੱਬ ਤੋਂ ਵਿਛੋੜੇ ਦੇ ਦੁੱਖ ਨੂੰ ਮਹਿਸੂਸ ਕਰਨਾ ਅਤੇ ਸੱਚੇ ਨਾਮ ਦੀ ਭੁੱਖ ਮਹਿਸੂਸ ਕਰਨ ਵਾਲੀ ਮੱਤ ਹੀ ਤੇਰਾ ਸੱਦਾ ਹੈ ਅਤੇ ਉਸ ਦੁੱਖ ਤੋਂ ਛੁੱਟਣ ਲਈ ਸੱਚੇ ਦੇ ਨਾਮਣੇ ਦੀ ਭੁੱਖ ਲੱਗ ਜਾਵੇ ਇਹ ਦਾਤ ਹੈ। (ਵੀਰ ਭੁਪਿੰਦਰ ਸਿੰਘ, ਕਿਤਾਬ ‘ਸਚਿਆਰਾ ਕਿਵੇਂ ਬਣੀਏ ? ਵਿੱਚੋਂ)

ਉਕਤ ਅਰਥ ਵੀਚਾਰਨ ਯੋਗ ਹਨ ਕਿਉਂਕਿ ਇਸ ਤਰ੍ਹਾਂ ਅਸੁਖਦਾਇਕ ਦਾਤ ਨੂੰ ਸੁਖਦਾਇਕ ਦਾਤ ’ਚ ਤਬਦੀਲ ਕਰਨ ਨਾਲ ਸੰਘਰਸ਼ਮਈ ਤੇ ਸੇਵਾ-ਭਾਵਨਾ ਵਾਲੇ ਜੀਵਨ ਪੈਦਾ ਨਹੀਂ ਹੋ ਸਕਦੇ ਤੇ ਕਈ ਸਵਾਲ ਜ਼ਰੂਰ ਖੜੇ ਹੋ ਜਾਂਦੇ ਹਨ; ਜਿਵੇਂ:

(1). ਕੀ ਪ੍ਰਭੂ ਤੋਂ ਵਿਛੋੜੇ ਦੇ ਦੁੱਖ (ਇੱਕ ਵਚਨ) ਨੂੰ ਪੰਕਤੀ ’ਚ ਦਰਜ ‘ਦੂਖ’ (ਬਹੁ ਵਚਨ) ਨਾਲ ਜੋੜਿਆ ਜਾ ਸਕਦਾ ਹੈ?

(2). ਇਨ੍ਹਾਂ ਅਰਥਾਂ ’ਚ ‘ਦੂਖ’ ਤੇ ‘ਭੂਖ’ ਨੂੰ ਤਾਂ ਹਾਂ ਪੱਖੀ ਦ੍ਰਿਸ਼ਟੀਕੋਣ (ਨਜ਼ਰੀਏ) ਤੋਂ ਵੀਚਾਰ ਲਿਆ ਗਿਆ ਹੈ ਪਰ ‘ਸਦ ਮਾਰ’ ਦੇ ਅਰਥ ਕਿਉਂ ਨਹੀਂ ਕੀਤੇ? ਕਿਉਂਕਿ ਇਨ੍ਹਾਂ (ਸਦ ਮਾਰ) ਸ਼ਬਦਾਂ ਦੇ ਅਰਥਾਂ ਨੂੰ ਸੁਖਦਾਇਕ ਦਾਤ ਵੱਲ ਉਲਥਾਇਆ ਹੀ ਨਹੀਂ ਜਾ ਸਕਦਾ।

(3). ਕੀ ‘ਦਾਤਿ ਤੇਰੀ’ (ਦੂਜਾ ਪੁਰਖ) ਦੇ ਅਰਥ ‘ਇਹ ਦਾਤ ਹੈ’ (ਅਨਯ ਪੁਰਖ) ’ਚ ਬਦਲਿਆ ਜਾ ਸਕਦੇ ਹਨ ? ਕਿਉਂਕਿ ‘ਤੇਰੀ’ (ਇਸਤ੍ਰੀ ਲਿੰਗ ਦੂਜਾ ਪੁਰਖ ਪੜਨਾਂਵ) ਸ਼ਬਦ ਨੂੰ ‘ਦਾਤਾਰ’ (ਇੱਕ ਵਚਨ ਪੁਲਿੰਗ) ਦੇ ਪ੍ਰਤੀ ਤਾਂ ਹੀ ਉਲਥਾਇਆ ਜਾ ਸਕਦਾ ਹੈ ਜੇਕਰ ‘ਦਾਤਾਰ’ ਨੂੰ ਸੰਬੋਧਨ (ਦੂਜਾ ਪੁਰਖ ਇੱਕ ਵਚਨ) ਰੂਪ ’ਚ ਮੰਨਿਆ ਜਾਵੇ; ਜਿਵੇਂ: ‘ਹੇ ਦਾਤਾਰ!’; ਇਸ ਲਈ ‘ਦਾਤਾਰ’ ਤੇ ‘ਤੇਰੀ’ ਦੋਵੇਂ ਸ਼ਬਦਾਂ ਦੇ ਅਰਥ ਨਾ ਕਰਨੇ, ਮਨਮਤ ਨੂੰ ਹੀ ਪ੍ਰਗਟ ਕਰਨਾ ਹੈ।

ਦਰਅਸਲ ਉਕਤ ਸੋਚ ਕੇਵਲ ਵੀਰ ਭੁਪਿੰਦਰ ਸਿੰਘ ਜੀ ਦੀ ਹੀ ਨਹੀਂ ਹੈ ਬਲਕਿ ਕੁਝ ਵਿਦਵਾਨ ਅਖਵਾਉਣ ਵਾਲੇ ਹੋਰ ਵੀ ਕਈ ਸੱਜਣ ਹਨ, ਜੋ ਸਮਾਜਿਕ ਗਿਆਨ (ਵਿਗਿਆਨ) ਤੋਂ ਪ੍ਰਭਾਵ ਹੋ ਕੇ ‘‘ਧੁਰ ਕੀ ਬਾਣੀ॥’’ ਨੂੰ ਤੁੱਛ ਬੁਧੀ ਨਾਲ ਵੀਚਾਰ ਰਹੇ, ਮਹਿਸੂਸ ਹੋ ਰਹੇ ਹਨ।

ਅਜਿਹੀ ਸੋਚ ਦਾ ਪਿਛੋਕੜ ਆਧਾਰ ਕੀ ਹੈ? ਇਸ ਬਾਰੇ ਸਮਝਣਾ ਜ਼ਰੂਰੀ ਹੈ। ਜਿਸ ਦਾ ਜਵਾਬ ਵੀਰ ਭੁਪਿੰਦਰ ਸਿੰਘ ਜੀ ਦੁਆਰਾ ਲਿਖੇ ਗਏ ‘ਮਨ ਕੀ ਮਤ’ (ਕੂੜਿਆਰ ਅਵਸਥਾ) ਤੇ ‘ਸਤਿਗੁਰ ਕੀ ਮਤ’ (ਸਚਿਆਰ ਅਵਸਥਾ) ਦੇ ਤੁਲਨਾਤਮਿਕ ਅਧਿਐਨ ਰਾਹੀਂ ਮਿਲ ਸਕਦਾ ਹੈ, ਜੋ ਉਨ੍ਹਾਂ ਦੁਆਰਾ ਲਿਖੀ ਗਈ ਪੁਸਤਕ ਦੇ ਪੰਨਾ 11 ’ਤੇ ਤਰਤੀਬਵਾਰ ਇਸ ਪ੍ਰਕਾਰ ਦਿੱਤਾ ਗਿਆ ਹੈ:

(ਨੋਟ: ਹੇਠਾਂ ਦਿੱਤੀ ਗਈ ਸੂਚੀ ਵਿੱਚ ਬਰੈਕਟ ਤੋਂ ਬਾਹਰ ‘ਮਨ ਕੀ ਮਤ’ (ਕੂੜਿਆਰ ਅਵਸਥਾ) ਹੈ ਤੇ ਉਸ ਦੇ ਮੁਕਾਬਲੇ ਬਰੈਕਟ ’ਚ ਬੰਦ ‘ਸਤਿਗੁਰ ਕੀ ਮਤ’ (ਸਚਿਆਰ ਅਵਸਥਾ) ਬਿਆਨ ਕੀਤੀ ਗਈ ਹੈ; ਜਿਵੇਂ:

‘ਡੋਲਦਾ ਰਹਿਣਾ (ਅਡੋਲਤਾ), ਭਟਕਣਾ (ਸਥਿਰਤਾ), ਭ੍ਰਮਣਾ (ਟਿਕਾਉ), ਮੈਲਾ (ਨਿਰਮਲ), ਰੱਬ ਤੋਂ ਦੂਰੀ (ਮਿਲਨ, ਨੇੜਤਾ), ਦਿਖਾਵਾ ਕਰਨਾ (ਬੇਪਰਵਾਹ), ਅਲਪ ਸੁੱਖ (ਸਦੀਵੀ ਸੁੱਖ), ਬੇਚੈਨੀ (ਚੈਨ), ਦ੍ਵੈਤਤਾ (ਅਦ੍ਵੈਤ), ਕਰਮ ਕਾਂਡੀ (ਅਮਲੀ ਜੀਵਨ), ਪਾਖੰਡੀ (ਨਿਰਮਲ ਭਉ), ਦੁਨੀਆਦਾਰੀ (ਰੱਬੀ ਨਿਯਮਾਵਲੀ), ਅਸ਼ਾਂਤ (ਵਿਗਾਸ), ਸਰੀਰਕ ਵਿਚੋਲੇ ਨੂੰ ਮੰਨਣਾ (ਇਕਮਿਕਤਾ), ਤੀਰਥਾਂ ਦੀ ਭਟਕਣਾ (ਜਿਊਂਦੇ ਜੀਅ ਸੱਚਖੰਡ, ਬੈਕੁੰਠ ਅਤੇ ਪਰਮਪਦ ਦੀ ਅਵਸਥਾ), ਵਹਿਮ ਭਰਮ (ਸਤਿਗੁਰ ਦੀ ਰਜ਼ਾ), ਖ਼ੁਦਗਰਜ਼ (ਰੱਬੀ ਗੁਣਾਂ ਭਰਪੂਰ), ਭੇਖੀ (ਅਭੇਦ)।’ (ਵੀਰ ਭੁਪਿੰਦਰ ਸਿੰਘ)

ਵੀਚਾਰ: ਉਕਤ ਬਿਆਨ ਕੀਤੀ ਗਈ ‘ਮਨ ਕੀ ਮਤ’ (ਕੂੜਿਆਰ ਅਵਸਥਾ) ਤੇ ‘ਸਤਿਗੁਰ ਕੀ ਮਤ’ (ਸਚਿਆਰ ਅਵਸਥਾ) ਵਿੱਚ ‘ਰੱਬ’ ਜਾਂ ‘ਗੁਰੂ’ ਦੀ ਬਖ਼ਸ਼ਸ਼ ਕਿੱਥੇ ਆਉਂਦੀ ਹੈ ? ਬਾਰੇ ਕੋਈ ਜ਼ਿਕਰ ਨਹੀਂ, ਆਖ਼ਰ ਕਿਉਂ ?

ਦਰਅਸਲ ਇਹ ਲੋਕ ਵਿਗਿਆਨਿਕ ਸੋਚ ਅਨੁਸਾਰ ‘ਰੱਬੀ ਬਖ਼ਸ਼ਸ’ ਤੇ ‘ਗੁਰੂ ਦੀ ਬਖ਼ਸ਼ਸ਼’ ਨੂੰ ਕੋਈ ਅਦ੍ਰਿਸ਼ ਸ਼ਕਤੀ ਨਹੀਂ ਮੰਨਦੇ; ਤਾ ਤੇ ‘ਰੱਬ’ ਤੇ ‘ਗੁਰੂ’ ਅੱਗੇ ਕੀਤੀ ਜਾ ਰਹੀ ਅਰਦਾਸ ਦਾ ਕੋਈ ਮਤਲਬ ਵੀ ਨਹੀਂ ਰਹਿ ਜਾਂਦਾ। ਜਾਣੇ-ਅਣਜਾਣੇ ਵਿੱਚ ਧਾਰਨ ਕੀਤੀ ਗਈ ਅਜਿਹੀ ਸੋਚ ‘ਗੁਰਮਤਿ ਫ਼ਿਲਾਸਫ਼ੀ’ ਨੂੰ ਬਹੁਤ ਹੀ ਭਾਰੀ ਨੁਕਸਾਨ ਪਹੁੰਚਾ ਰਹੀ ਹੈ।)

‘‘ਬੰਦਿ ਖਲਾਸੀ; ਭਾਣੈ ਹੋਇ ॥ ਹੋਰੁ; ਆਖਿ ਨ ਸਕੈ ਕੋਇ ॥ ਜੇ ਕੋ ਖਾਇਕੁ; ਆਖਣਿ ਪਾਇ ॥ ਓਹੁ ਜਾਣੈ; ਜੇਤੀਆ ਮੁਹਿ ਖਾਇ ॥’’- ਇਨ੍ਹਾਂ ਚਾਰੇ ਪੰਕਤੀਆਂ ਦਾ ਭਾਵਾਰਥ ਆਪਸ ਵਿੱਚ ਵਧੀਕ ਮੇਲ ਰੱਖਦਾ ਹੈ।

‘ਬੰਦਿ’- ਇਹ ਸ਼ਬਦ ‘ਬੰਦੀ’ ਭਾਵ ਕੈਦ (ਜੇਲ) ਇਸਤ੍ਰੀ ਲਿੰਗ ਹੈ, ਜੋ ਕਾਵਿ ਤੋਲ ਕਾਰਨ ‘ਬੰਦਿ’ ਬਣ ਗਿਆ। ਗੁਰਬਾਣੀ ਵਿੱਚ ‘ਬੰਦੀ’ ਸ਼ਬਦ 9 ਵਾਰ ਦਰਜ ਹੈ, ਜਿਸ ਦਾ ਅਰਥ ਹੈ ‘ਜੇਲ, ਕੈਦ’; ਜਿਵੇਂ:

‘‘ਨਾਨਕ ਕਉ ਪ੍ਰਭ ! ਰਾਖਿ ਲੇਹਿ; (ਹੇ) ਮੇਰੇ ਸਾਹਿਬ ਬੰਦੀ ਮੋਚ (ਕੈਦ ਤੋਂ ਮੁਕਤ ਕਰਨ ਵਾਲੇ) ! ॥’’ (ਮ: ੫/੧੩੫)

‘‘ਸਾ (ਉਹ ਜੀਵ ਇਸਤ੍ਰੀ) ਬੰਦੀ ਤੇ (ਕੈਦ ਤੋਂ); ਲਈ ਛਡਾਇ ॥’’ (ਮ: ੫/੩੭੪)

‘‘ਜਗੁ ਬੰਦੀ; (ਕੇਵਲ ਉਹ) ਮੁਕਤੇ (ਜਿਨ੍ਹਾਂ) ਹਉ ਮਾਰੀ ॥’’ (ਮ: ੧/੪੧੩) ਆਦਿ।

‘ਬੰਦੀ’ ਤੋਂ ਕਾਵਿ ਤੋਲ ਕਾਰਨ ‘ਬੰਦਿ’ ਬਣਿਆ ਰੂਪ ਵੀ 5 ਵਾਰ ਦਰਜ ਹੈ; ਜਿਵੇਂ:

‘‘ਹੁਕਮੇ (ਵਿੱਚ) ਹੀ ਸਿਰਿ (ਉੱਤੇ) ਮਾਰ (ਪੈਂਦੀ, ਜੋ); ਬੰਦਿ ਰੱਬਾਣੀਐ (ਰੱਬ ਦੀ ਕੈਦ ਹੈ)॥’’ (ਮ: ੧/੪੨੦)

‘‘ਕਾਟੀ ਬੇਰੀ (ਬੇੜੀ) ਪਗਹ ਤੇ (ਪੈਰਾਂ ਤੋਂ); ਗੁਰਿ (ਨੇ) ਕੀਨੀ (ਕੀਤੀ) ਬੰਦਿ (ਤੋਂ) ਖਲਾਸੁ (ਮੁਕਤੀ)॥’’ (ਮ: ੫/੧੦੦੨)

‘‘ਹਕੁ (ਸੱਚਾ, ਉਸ ਦਾ) ਹੁਕਮੁ, ਸਚੁ (ਸੱਚਾ) ਖੁਦਾਇਆ (ਖ਼ੁਦਾ, ਅੱਲਾਹ, ਇਹ ਰਾਜ); ਬੁਝਿ (ਕੇ) ਨਾਨਕ ! ਬੰਦਿ ਖਲਾਸ ਤਰਾ ॥’’ (ਮ: ੫/੧੦੮੪)

‘‘ਇਕਨ੍ਾ ਗਲੀਂ ਜੰਜੀਰ, ਬੰਦਿ ਰਬਾਣੀਐ (ਰੱਬ ਦੀ ਕੈਦ ਭਾਵ ਰਜ਼ਾ ਅਨੁਸਾਰ)॥’’ (ਮ: ੧/੧੨੮੭) ਆਦਿ।

‘ਭਾਣੈ’ (ਹੋਇ)-ਇਸ ਪੰਕਤੀ ’ਚ ਦਰਜ ‘ਭਾਣੈ’ ਦਾ ਅਰਥ ਹੈ ‘ਰਜ਼ਾ ਵਿੱਚ’। ‘ਭਾਣਾ’ ਸ਼ਬਦ ਦਾ ਅਰਥ ਹੈ ‘ਰਜ਼ਾ’; ਜਿਵੇਂ 111 ਵਾਰ:

‘‘ਜੋ ਤਿਸੁ ‘ਭਾਣਾ’; ਸੋਈ ਹੂਆ ॥’’ (ਮ: ੧/੧੫੪)

‘‘ਜੋ ਕਿਛੁ ਵਰਤੈ; ਸਭ ਤੇਰਾ ‘ਭਾਣਾ’ ॥’’ (ਮ: ੫/੧੯੩)

‘‘ਪ੍ਰਭ ਕਾ ‘ਭਾਣਾ’ (ਹੁਕਮ); ਲਾਗਾ ਮੀਠਾ ॥’’ (ਮ: ੫/੩੮੭) ਆਦਿ, ਪਰ ਜਦ ‘ਭਾਣਾ’ ਸ਼ਬਦ ’ਚੋਂ ‘ਵਿੱਚ, ਨਾਲ, ਨੇ, ਦਾ’ ਆਦਿ ਕਾਰਕੀ ਚਿੰਨ੍ਹ ਲੈਣ ਦੀ ਜ਼ਰੂਰਤ ਪਵੇ ਤਾਂ ‘ਭਾਣਾ’ ਦਾ ਸਰੂਪ ‘ਭਾਣੈ’ ਬਣ ਜਾਂਦਾ ਹੈ; ਜਿਵੇਂ:

‘‘ਗੁਰ ਕੈ ਭਾਣੈ (ਰਜ਼ਾ ਵਿੱਚ), ਜੋ ਚਲੈ; ਦੁਖੁ ਨ ਪਾਵੈ ਕੋਇ ॥’’ (ਮ: ੩/੩੧)

(ਰੱਬੀ) ‘‘ਭਾਣੈ (ਰਜ਼ਾ ਵਿੱਚ) ਉਝੜ (ਕੁਰਾਹੇ ਪੈਂਦਾ); ਭਾਣੈ (ਵਿੱਚ) ਰਾਹਾ (ਸਹੀ ਰਸਤੇ ਪੈਂਦਾ) ॥’’ (ਮ: ੫/੯੮)

‘‘ਹਰਿ ਕੈ ਭਾਣੈ (ਵਿੱਚ), ਸਤਿਗੁਰੁ ਮਿਲੈ; ਸਚੁ ਸੋਝੀ ਹੋਈ ॥’’ (ਮ: ੩/੩੬੫)

‘‘ਮਨੁ ਹਰਿ ਕੈ ਭਾਣੈ (ਵਿੱਚ); ਆਵੈ ਜਾਇ (ਭਟਕਦਾ ਹੈ) ॥’’ (ਮ: ੧/੧੧੮੮)

(ਪ੍ਰਭੂ, ਆਪਣੇ) ‘‘ਭਾਣੈ (ਵਿੱਚ) ਬਖਸ (ਕਰਦਾ); ਭਾਣੈ (ਵਿੱਚ) ਦੇਇ ਸਜਾਇ ॥’’ (ਮ: ੫/੧੨੭੦) ਆਦਿ।

‘ਖਾਇਕੁ’- ਇਹ ਸ਼ਬਦ ਇੱਕ ਵਚਨ ਪੁਲਿੰਗ ਨਾਂਵ ਹੈ, ਜਿਸ ਦਾ ਅਰਥ ਹੈ ‘ਮੂਰਖ’ ਤੇ ਉਸ ਮਨੁੱਖ ਦੇ ਸਬੰਧ ਵਿੱਚ ਦਰਜ ਹੈ, ਜੋ ਰੱਬੀ ਰਜ਼ਾ ਅਨੁਸਾਰ ‘‘ਦੂਖ, ਭੂਖ, ਸਦ ਮਾਰ॥’’ ਰੂਪ ‘ਬੰਦਿ’ (ਕੈਦ) ਤੋਂ ‘ਖਲਾਸੀ’ (ਮੁਕਤੀ) ਨੂੰ ਰੱਬੀ ‘‘ਭਾਣੈ (ਵਿੱਚ) ਹੋਇ॥’’ ਨਹੀਂ ਮੰਨਦਾ। ਗੁਰਬਾਣੀ ਵਿੱਚ ‘ਖਾਇਕੁ’ ਸ਼ਬਦ ਕੇਵਲ ਇੱਕ ਵਾਰ ਇੱਥੇ ਹੀ ਦਰਜ ਹੈ ਪਰ ‘ਖਾਇਕਾ’ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਵਾਰ ਹੋਰ ਦਰਜ ਕੀਤਾ ਹੈ; ਜਿਵੇਂ :

‘‘ਦੀਦਾਰੁ ਪੂਰੇ (ਦਾ) ਪਾਇਸਾ; ਥਾਉ (ਸ਼ਾਂਤੀ) ਨਾਹੀ ਖਾਇਕਾ (ਨੂੰ)॥’’ (ਮ: ੧/੮੩) ਭਾਵ (ਰੱਬੀ ਸ਼ਕਤੀ ’ਤੇ ਭਰੋਸਾ ਰੱਖਣ ਵਾਲੇ ਹੀ) ਪੂਰਨ ਪ੍ਰਭੂ-ਸ਼ਕਤੀ ਦਾ ‘ਦੀਦਾਰੁ’ (ਦਰਸ਼ਨ) ਕਰਦੇ ਹਨ, ਅਨੁਭਵ ਕਰਦੇ ਹਨ ਪਰ ‘ਖਾਇਕਾ’ (ਮੂਰਖਾਂ) ਨੂੰ ਆਤਮਿਕ ‘ਥਾਉ’ (ਸ਼ਾਂਤੀ) ਨਹੀਂ ਮਿਲਦੀ ਭਾਵ ਰੱਬ ’ਤੇ ਭਰੋਸਾ ਨਾ ਰੱਖਣ ਵਾਲੇ ਭਟਕਦੇ ਰਹਿੰਦੇ ਹਨ, ਆਤਮਿਕ ਤੌਰ ’ਤੇ ਅਸ਼ਾਂਤ ਰਹਿੰਦੇ ਹਨ।

‘‘ਓਹੁ ਜਾਣੈ; ਜੇਤੀਆ ਮੁਹਿ ਖਾਇ ॥’’- ਇਸ ਪੰਕਤੀ ’ਚ ‘ਓਹੁ’ (ਇੱਕ ਵਚਨ ਪੁਲਿੰਗ ਪੜਨਾਂਵ) ਸ਼ਬਦ ‘ਖਾਇਕੁ’ ਦੇ ਪ੍ਰਥਾਏ ਦਰਜ ਹੈ।

‘ਜੇਤੀਆ’-ਇਹ ਸ਼ਬਦ ਇਸਤ੍ਰੀ ਲਿੰਗ ਬਹੁ ਵਚਨ (ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ) ਹੈ, ਇਸ ਲਈ ਇਸ ਦਾ ਅਰਥ ‘ਅਣਗਿਣਤ ਜੁਤੀਆਂ, ਅਨੇਕਾਂ ਫਿਟਕਾਰਾਂ, ਬੇਸ਼ੁਮਾਰ ਵਿਕਾਰਾਂ ਦੀਆਂ ਮਾਰਾਂ’ ਆਦਿ ਢੁਕਵਾਂ ਅਰਥ ਹੈ।

‘‘ਮੁਹਿ ਖਾਇ ॥’’- ਇਸ ਪੰਕਤੀ ’ਚ ‘ਮੁਹਿ’ ਸ਼ਬਦ ਅਧਿਕਰਣ ਕਾਰਕ ਨਾਲ ਸੰਬੰਧਿਤ ਹੋਣ ਕਾਰਨ ‘ਮੂੰਹ ਉੱਤੇ’ ਦੇ ਅਰਥ ਦੇਵੇਗਾ ਤੇ ਗੁਰਬਾਣੀ ਵਿੱਚ 41 ਵਾਰ ਦਰਜ ਹੈ; ਜਿਵੇਂ:

‘‘ਮੰਨੈ; ਮੁਹਿ (ਉੱਤੇ) ਚੋਟਾ ਨਾ ਖਾਇ ॥’’ (ਜਪੁ /ਮ: ੧)

‘‘ਮੁਹਿ ਡਿਠੈ ਜਨ ਕੈ (ਨਾਲ); ਜੀਵੀਐ ॥’’ (ਮ: ੫/੧੩੨) (ਭਾਵ ਰੱਬੀ ਸੇਵਕ ਦੇ ਮੂੰਹ ਵੇਖਣ ਨਾਲ ਆਤਮਿਕ ਸ਼ਾਂਤੀ ਮਿਲਦੀ ਹੈ।)

‘‘ਨਾਨਕ ! ਭੈ ਵਿਣੁ ਜੇ ਮਰੈ; ਮੁਹਿ ਕਾਲੈ (ਨਾਲ) ਉਠਿ ਜਾਇ ॥’’ (ਮ: ੩/੧੪੯) (ਭਾਵ ਹੇ ਨਾਨਕ ! ਰੱਬੀ ਡਰ-ਅਦਬ ਵਿੱਚ ਜੀਵਨ ਬਸਰ ਕਰਨ ਦੀ ਬਜਾਏ ਵਿਕਾਰਾਂ ਦੇ ਮੁਕਾਬਲੇ ਜੇ ਮਰੈ ਤਾਂ ਉਹ ਫ਼ਿਟਕਾਰੀ ਜੀਵਨ ਸਮੇਤ ਹੀ ਸੰਸਾਰਕ ਯਾਤ੍ਰਾ ਪੂਰੀ ਕਰਕੇ ਚਲਾ ਜਾਵੇਗਾ) ਆਦਿ।

ਬੰਦਿ ਖਲਾਸੀ; ਭਾਣੈ ਹੋਇ॥ ਹੋਰੁ; ਆਖਿ ਨ ਸਕੈ, ਕੋਇ॥

ਭਾਵ- (ਦੂਖ ਭੂਖ ਸਦ ਮਾਰ॥) ਬੰਧਨ ਤੋਂ ਮੁਕਤੀ (ਦਾਤਾਰ ਦੀ) ਰਜ਼ਾ ’ਚ (ਚੱਲ ਕੇ) ਹੁੰਦੀ ਹੈ। (ਇਸ ਤੋਂ ਇਲਾਵਾ) ਹੋਰ ਕੋਈ ਤਰੀਕਾ ਬਿਆਨਿਆ ਨਹੀਂ ਜਾ ਸਕਦਾ।

(ਨੋਟ : ‘ਜਪੁ’ ਬਾਣੀ ਦੀ ਪਹਿਲੀ ਪਉੜੀ ’ਚ ‘‘ਕਿਵ ਸਚਿਆਰਾ ਹੋਈਐ ? ਕਿਵ ਕੂੜੈ ਤੁਟੈ ਪਾਲਿ ?॥’’ ਦਾ ਜਵਾਬ ਵੀ ‘‘ਹੁਕਮਿ ਰਜਾਈ ਚਲਣਾ॥’’ ਦਿੱਤਾ ਗਿਆ ਹੈ। ਦਰਅਸਲ, ਰੱਬੀ ਰਜ਼ਾ ਅਨੁਸਾਰ ਮਿਲੀ ਦਾਤ, ਦੀ ਸਮਝ ਰੱਖਣ ਵਾਲ਼ਾ, ‘‘ਦਾਤਿ ਪਿਆਰੀ’’ ਬਣਾ ਕੇ ਇਸ ਉੱਤੇ ਆਪਣਾ ਹੱਕ ਨਹੀਂ ਜਤਾਉਂਦਾ, ਜੋ ‘‘ਦੂਖ ਭੂਖ ਸਦ ਮਾਰ॥’’ ਪੀੜਾ ਦਾ ਮੂਲ ਕਾਰਨ ਬਣਦਾ ਹੈ।

ਉਪਰੋਕਤ ਪੰਕਤੀਆਂ ਦੀ ਭਾਵਨਾ ਉਸ ਵਿਸ਼ੇ ਵੱਲ ਸੰਕੇਤ ਕਰਦੀ ਹੈ ਜਦ ਮਨੁੱਖ ਆਪਣੇ ਉਦਮ ਨਾਲ ਹੀ ਸਭ ਕੁਝ ਕਰਨ ਦਾ ਯਤਨ ਕਰਦਾ ਹੋਵੇ ਕਿਉਂਕਿ ਗੁਰਬਾਣੀ ਵਾਕ ਹੈ: ‘‘ਭਾਣੈ (ਵਿੱਚ) ਚਲੈ ਆਪਣੈ; ਬਹੁਤੀ ਲਹੈ ਸਜਾਇ ॥’’ (ਮ: ੩/੯੪੯) ਭਾਵ ਰੱਬੀ ਭਾਣਾ (ਰਜ਼ਾ) ਜਾਂ ਗੁਰੂ ਭਾਣਾ (ਰਜ਼ਾ) ਤੋਂ ਮੁਨਕਰ ਹੀ ‘ਆਪਣੈ ਭਾਣੈ (ਰਜ਼ਾ ਵਿੱਚ, ਮਨੁੱਖ) ਚੱਲਦਾ ਹੈ ਜਿਸ ਦਾ ਨਤੀਜਾ ‘‘ਬਹੁਤੀ ਲਹੈ ਸਜਾਇ ॥’’ ਭਾਵ ‘‘ਓਹੁ ਜਾਣੈ; ਜੇਤੀਆ ਮੁਹਿ ਖਾਇ ॥’’ ਹੁੰਦਾ ਹੈ।

ਰੱਬੀ ਰਜ਼ਾ ਦੀ ਵਿਆਪਕਤਾ ਬਾਰੇ ਗੁਰਬਾਣੀ ਫ਼ੁਰਮਾਨ ਹੈ ਕਿ ‘‘ਨਕਿ (ਵਿੱਚ) ਨਥ, ਖਸਮ (ਦੇ) ਹਥ; ਕਿਰਤੁ ਧਕੇ ਦੇ ॥ ਜਹਾ ਦਾਣੇ, ਤਹਾਂ ਖਾਣੇ; ਨਾਨਕਾ ! ਸਚੁ ਹੇ ॥ (ਮ: ੨/੬੫੩), ਮਤਾ (ਸਲਾਹ) ਕਰੈ ਪਛਮ ਕੈ ਤਾਈ (ਲਈ, ਪਰ ਪ੍ਰਭੂ); ਪੂਰਬ (ਵੱਲ) ਹੀ ਲੈ ਜਾਤ (ਲੈ ਜਾਂਦਾ ਹੈ)॥ (ਮ: ੫/੪੯੬), ਕਬੀਰ ! ਕੂਕਰੁ (ਕੁੱਤਾ) ਰਾਮ ਕੋ (ਦਾ); ਮੁਤੀਆ (ਮੋਤੀ) ਮੇਰੋ ਨਾਉ ॥ ਗਲੇ ਹਮਾਰੇ ਜੇਵਰੀ (ਰੱਸੀ); ਜਹ (ਜਿੱਧਰ) ਖਿੰਚੈ ਤਹ ਜਾਉ ॥’’ (ਭਗਤ ਕਬੀਰ/੧੩੬੮) ਆਦਿ।)

ਜੇ ਕੋ ਖਾਇਕੁ; ਆਖਣਿ ਪਾਇ॥ ਓਹੁ ਜਾਣੈ; ਜੇਤੀਆ ਮੁਹਿ ਖਾਇ॥         

ਭਾਵ- ਅਗਰ ਕੋਈ ਮੂਰਖ (ਮੂੰਹ+ਰੱਖ ਭਾਵ ਹਰ ਦਾਤ ਬਦਲੇ ਸਮਾਜ ’ਚ ਆਪਣਾ ਮੂੰਹ ਰੱਖਣ ਵਾਲ਼ਾ, ‘‘ਦੂਖ-ਭੂਖ ਸਦ ਮਾਰ’’ ਤੋਂ ‘‘ਬੰਦਿ ਖਲਾਸੀ’’ ਪਾਉਣ ਲਈ ਰੱਬੀ ਰਜ਼ਾ ’ਚ ਚੱਲਣ ਦੀ ਬਜਾਇ ਕੋਈ ਹੋਰ ਤਰੀਕਾ) ਦੱਸਣ ਦਾ ਯਤਨ ਕਰਦਾ ਹੈ (ਤਾਂ ਉਹ ਕਾਮਯਾਬ ਨਹੀਂ, ਅਜਿਹਾ ਹਾਰਿਆ ਹੋਇਆ ਜੀਵਨ ‘‘ਦੂਖ-ਭੂਖ ਸਦ ਮਾਰ’’ ਦੀਆਂ) ਜਿੰਨੀਆਂ ਚੋਟਾਂ ਆਪਣੇ ਮੂੰਹ ’ਤੇ ਸਹਾਰਦਾ ਹੈ ? (ਇਸ ਬਾਬਤ) ਉਹ ਆਪ ਹੀ ਜਾਣਦਾ ਹੈ।

‘‘ਆਪੇ ਜਾਣੈ; ਆਪੇ ਦੇਇ ॥ ਆਖਹਿ ਸਿ ਭਿ; ਕੇਈ ਕੇਇ ॥’’- ਇਸ ਪੰਕਤੀ ’ਚ ‘ਆਪੇ’ ਸ਼ਬਦ ਦਾ ਅਰਥ ਹੈ ‘ਆਪ ਹੀ’ ਭਾਵ ‘ਅਵਯ’ (‘ਹੀ’ ਸ਼ਬਦ) ਜ਼ਰੂਰ ਮਿਲਦਾ ਹੈ।

‘ਸਿ ਭਿ’- ਉਕਤ ਕੀਤੀ ਗਈ ਵੀਚਾਰ ਕਿ ‘ਭਿ’ ਅਵਯ ਸ਼ਬਦ ਹੈ ਜੋ ਆਪਣੇ ਨਾਲ ਸੰਬੰਧਿਤ ਸ਼ਬਦ ਦੇ ਭਾਵਾਰਥਾਂ ਨੂੰ ਯਕੀਨ ਵਿੱਚ ਬਦਲਦਾ ਹੈ। ਇੱਥੇ ਇਸ ‘ਭਿ’ ਨਾਲ ਸੰਬੰਧਿਤ ਸ਼ਬਦ ‘ਸਿ’ ਪੜਨਾਂਵ ਹੈ, ਜਿਸ ਦਾ ਅਰਥ ਹੈ ‘ਇਹ’ (ਰਾਜ, ਸੰਕੇਤ, ਭੇਤ ਵੀ)। ‘ਸਿ’ ਸ਼ਬਦ ਗੁਰਬਾਣੀ ਵਿੱਚ 55 ਵਾਰ ਦਰਜ ਹੈ, ਜੋ ਇਸਤ੍ਰੀ ਲਿੰਗ ਪੜਨਾਂਵ, ਇੱਕ ਵਚਨ ਪੁਲਿੰਗ ਪੜਨਾਂਵ ਤੇ ਬਹੁ ਵਚਨ ਪੁਲਿੰਗ ਪੜਨਾਂਵ’ ਲਈ ਵਰਤਿਆ ਹੋਇਆ ਹੈ; ਜਿਵੇਂ:

‘‘ਕਵਣਿ ‘ਸਿ’ (‘ਉਹ’ ਇਸਤ੍ਰੀ ਲਿੰਗ) ਰੁਤੀ, ਮਾਹੁ ਕਵਣੁ; ਜਿਤੁ, ਹੋਆ ਆਕਾਰੁ ॥’’ (ਜਪੁ /ਮ: ੧)

‘‘ਪ੍ਰਭ ਕਉ ਸਿਮਰਹਿ, ‘ਸਿ’ (ਉਹ ਪੁਲਿੰਗ ਬਹੁ ਵਚਨ) ਸਰਬ ਕੇ ਰਾਜੇ ॥’’ (ਮ: ੫/੨੬੩)

‘‘ਨਾਨਕੁ ਵਖਾਣੈ, ਗੁਰ ਬਚਨਿ (ਰਾਹੀਂ) ਜਾਣੈ; ਜਾ ਕੈ ਮਸਤਕਿ (ਉੱਤੇ) ਭਾਗ, ‘ਸਿ’ (ਉਹ ਪੁਲਿੰਗ ਇੱਕ ਵਚਨ) ਸੇਵਾ ਲਾਇਆ ॥’’ (ਮ: ੫/੪੫੭) ਆਦਿ।

ਆਪੇ ਜਾਣੈ; ਆਪੇ ਦੇਇ॥ ਆਖਹਿ; ਸਿ ਭਿ, ਕੇਈ ਕੇਇ॥

ਭਾਵ- (ਸੰਸਾਰ ’ਚ ਸਾਰੇ ਅਿਤਘਣ ਵੀ ਨਹੀਂ, ਰੱਬੀ ਪਿਆਰੇ) ਕਈ ਸੰਤੋਖਧਾਰੀ ਭਗਤ ਹਨ, ਜੋ ਇਹ ਵੀ ਆਖਦੇ ਹਨ (ਕਿ ਮਾਲਕ, ਜੀਵਾਂ ਦੀ ਦਿਲੀ ਤਮੰਨਾ ਮੁਤਾਬਕ) ਆਪ ਹੀ ਜਾਣਦਾ ਹੈ (ਤੇ ਲੋੜ ਅਨੁਸਾਰ) ਆਪ ਹੀ (ਦਾਤਾਂ) ਦੇਈ ਜਾਂਦਾ ਹੈ (ਭਾਵ ਸਾਨੂੰ ‘‘ਕੇਤੇ ਮੰਗਹਿ, ਜੋਧ ਅਪਾਰ॥’’ ਵਾਙ ‘ਦੇਹਿ-ਦੇਹਿ’ ਕਹਿਣ ਦੀ ਵਾਧੂ ਜ਼ਰੂਰਤ ਨਹੀਂ ਪੈਂਦੀ)।

‘‘ਜਿਸ ਨੋ ਬਖਸੇ; ਸਿਫਤਿ ਸਾਲਾਹ ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥੨੫॥’’- ਇਸ ਪਉੜੀ ਦੀ ਆਰੰਭਤਾ ‘ਬਹੁਤਾ ਕਰਮੁ’ ਭਾਵ ਰੱਬੀ ਦਾਤ ਤੋਂ ਹੋਈ ਸੀ ਪਰ ਉਪਰੋਕਤ ਤਮਾਮ ਪੰਕਤੀਆਂ ’ਚ ਕੇਵਲ ਦੁਨਿਆਵੀ ਦਾਤਾਂ ਦਾ ਹੀ ਜ਼ਿਕਰ ਕੀਤਾ ਗਿਆ ਹੈ, ਜਿਨ੍ਹਾਂ ਲਈ ਰੱਬੀ ਦਰ ’ਤੇ ਤਮਾਮ ਮਨੁੱਖ ਫ਼ਰਿਆਦੀ ਬਣਦੇ ਹਨ। ਇਸ ਅੰਤਮ ਪੰਕਤੀ ’ਚ ਇੱਕ ਵਿਸ਼ੇਸ਼ ਦਾਤ ਦਾ ਵਰਨਣ (ਵੇਰਵਾ) ਹੈ, ਜੋ ਕੇਵਲ ਜਗਿਆਸੂ ਮਨੁੱਖ ਨੂੰ ਹੀ ਗੁਰੂ ਬੋਲੀ (ਰੱਬੀ ਸ਼ਕਤੀ ਦਾ ਡਰ-ਅਦਬ) ਗ੍ਰਹਿਣ ਕਰਨ ਉਪਰੰਤ ਹੀ ਰੱਬੀ ਦਰ ’ਤੇ ਕੀਤੀ ਗਈ ਫ਼ਰਿਆਦ ਉਪਰੰਤ ਮਿਲਦੀ ਹੈ।

‘ਪਾਤਿਸਾਹੀ’- ਇਹ ਸ਼ਬਦ ਕਾਰਕ ਰੂਪ ’ਚ ‘ਦਾ’ ਲੁਪਤ ਅਰਥ ਦੇਂਦਾ ਹੈ; ਜਿਵੇਂ: ‘ਪਾਤਿਸ਼ਾਹਾਂ ਦਾ’ ਪਰ ਇਹ ਸੰਬੰਧਕੀ ਚਿੰਨ੍ਹ ‘ਦਾ’ (ਲੁਪਤ) ਤਦ ਹੀ (ਲੁਪਤ) ਮਿਲਦਾ ਹੈ ਜਦ ਇਹ ਸ਼ਬਦ ਸਮਾਨੰਤਰ ਦੋ ਵਾਰ (‘ਪਾਤਿਸਾਹੀ ਪਾਤਿਸਾਹੁ’) ਦਰਜ ਹੋਵੇ ਅਗਰ ‘ਪਾਤਿਸਾਹੀ’ ਸ਼ਬਦ ਕੇਵਲ ਇਕੱਲਾ ਹੀ ਪੰਕਤੀ ’ਚ ਦਰਜ ਹੈ ਤਾਂ ਸੰਬੰਧਕੀ ਚਿੰਨ੍ਹ ‘ਦਾ’ (ਲੁਪਤ) ਨਹੀਂ ਮਿਲਦਾ; ਜਿਵੇਂ 8 ਵਾਰ:

‘‘ਕੀੜਾ ਥਾਪਿ (ਕੇ) ਦੇਇ ਪਾਤਿਸਾਹੀ; (ਪਰ) ਲਸਕਰ (ਅਣਗਿਣਤ ਫੌਜਾਂ ਨੂੰ) ਕਰੇ ਸੁਆਹ ॥’’ (ਮ: ੧/੧੪੪)

‘‘ਸਾਚਾ ਤਖਤੁ; ਸਚੀ ਪਾਤਿਸਾਹੀ ॥’’ (ਮ: ੫/੧੦੭੩) ਆਦਿ।

ਜਿਸ ਨੋ ਬਖਸੇ; ਸਿਫਤਿ ਸਾਲਾਹ॥ ਨਾਨਕ ! ਪਾਤਿਸਾਹੀ ਪਾਤਿਸਾਹੁ॥ ੨੫॥

ਭਾਵ- ਹੇ ਨਾਨਕ ! (ਬੇਅੰਤ ਸੰਸਾਰਕ ਦਾਤਾਂ ਤੋਂ ਇਲਾਵਾ) ਜਿਸ ਨੂੰ (ਦਾਤਾਰ, ਆਪਣੀ) ਸ਼ਲਾਘਾ ਕਰਵਾਉਣ ਵਾਲ਼ੀ (ਸਰਬੋਤਮ ਦਾਤ) ਦੇਂਦਾ ਹੈ, ਉਹ ਦੁਨਿਆਵੀ ਪਾਤਿਸ਼ਾਹਾਂ ਦਾ ਬਾਦਸ਼ਾਹ ਬਣ ਜਾਂਦਾ ਹੈ (ਭਾਵ ਉਹ ‘‘ਦੂਖ-ਭੂਖ ਸਦ ਮਾਰ’’ ਅੱਗੇ ਹਾਰਦਾ ਨਹੀਂ ਅਤੇ ਹਾਰਿਆ ਹੋਇਆ, ਕਿਸੇ ਸਮਾਜ ਦੀ ਅਗਵਾਈ ਨਹੀਂ ਕਰ ਸਕਦਾ)।

(ਨੋਟ : ਉਕਤ ਪਉੜੀ ’ਚ ਮਨੁੱਖਾ ਦ੍ਰਿਸ਼ਟੀ ਤੋਂ ਜੋ ‘ਦਾਤ’ ਹੈ, ਉਹੀ ਦਾਤਾਰ-ਮਾਲਕ ਦੀ ਦ੍ਰਿਸ਼ਟੀ ਤੋਂ ‘ਗੁਣ’ ਹਨ ਭਾਵ ਮਿਲਣ ਵਾਲ਼ੇ ਲਈ ਜੋ ਦਾਤ ਹੈ, ਦੇਣ ਵਾਲ਼ੇ ਦੇ ਉਹ ਗੁਣ ਅਖਵਾਉਂਦੇ ਹਨ, ਜਿਨ੍ਹਾਂ ਦਾ ਵਰਣਨ ਅਗਲੀ ਪਉੜੀ ’ਚ ਦਰਜ ਹੈ।)

28800cookie-checkJAP (Pori No. 25)