JAP (Pori No. 28)

0
665

ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ ਕਰਹਿ ਬਿਭੂਤਿ ॥

ਖਿੰਥਾ ਕਾਲੁ, ਕੁਆਰੀ ਕਾਇਆ ਜੁਗਤਿ; ਡੰਡਾ ਪਰਤੀਤਿ ॥

ਆਈ ਪੰਥੀ, ਸਗਲ ਜਮਾਤੀ; ਮਨਿ ਜੀਤੈ, ਜਗੁ ਜੀਤੁ ॥

ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥੨੮॥ (ਜਪੁ /ਮ: ੧)

ਉਚਾਰਨ ਸੇਧ: ਮੁੰਦਾਂ, ਸ਼੍ਰਮ, ਝੋਲ਼ੀ, ਕਰਹਿਂ, ਕਾਇਆਂ।

ਪਦ ਅਰਥ : ਮੁੰਦਾ- ਜੋਗੀਆਂ ਦੇ ਕੰਨਾਂ ’ਚ ਪਹਿਨੇ ਹੋਏ ਕੁੰਡਲ (ਬਹੁ ਵਚਨ ਨਾਂਵ)।, ਸਰਮੁ- ਸ਼੍ਰਮ, ਮੁਸ਼ੱਕਤ, ਘਾਲਣਾ, ਸਰੀਰਕ ਅੰਗਾਂ ਨਾਲ ਕੀਤੀ ਗਈ ਮਿਹਨਤ (ਇੱਕ ਵਚਨ ਪੁਲਿੰਗ ਨਾਂਵ; ‘ਸ੍ਰਮੁ’ ਕਰਤੇ ਦਮ ਆਢ ਕਉ (ਅੱਧੀ ਕੌਡੀ ਲਈ), ਤੇ ਗਨੀ ਧਨੀਤਾ (ਉਹ ਧਨੀ ਬਣ ਗਏ)॥’’ (ਮ: ੫/੮੧੦)।, ਪਤੁ-ਪਾਤ੍ਰ, ਭਿਖਿਆ ਮੰਗਣ ਵਾਲਾ ਭਾਂਡਾ, ਖੱਪਰ (ਇੱਕ ਵਚਨ ਪੁਲਿੰਗ ਨਾਂਵ)।, ਕਰਹਿ- (ਤੂੰ) ਕਰੇਂ (ਦੂਜਾ ਪੁਰਖ, ਇੱਕ ਵਚਨ, ਵਰਤਮਾਨ ਕਿਰਿਆ)।, ਬਿਭੂਤਿ- ਗੋਹੇ, ਲਕੜੀਆਂ ਆਦਿ ਦੀ ਸੁਆਹ (ਇਸਤ੍ਰੀ ਲਿੰਗ ਨਾਂਵ)।, ਕਾਲੁ- ਮੌਤ, ਨਿਸ਼ਚਿਤ ਸਮਾਂ (ਇੱਕ ਵਚਨ ਪੁਲਿੰਗ ਨਾਂਵ)।, ਕੁਆਰੀ- ਅਣਵਿਆਹੀ, ਅਵਿਕਾਰੀ, ਪਵਿੱਤਰ (ਇਸਤ੍ਰੀ ਲਿੰਗ ਵਿਸ਼ੇਸ਼ਣ)।, ਕਾਇਆ- ਸਰੀਰ, ਦੇਹ (ਇਸਤ੍ਰੀ ਲਿੰਗ ਨਾਂਵ)।, ਜੁਗਤਿ- ਜੋਗ-ਜੁਗਤੀ, ਜੋਗੀਆਂ ਦੀ ਮਰਿਆਦਾ, ਅਨੁਸ਼ਾਸਨ (ਇਸਤ੍ਰੀ ਲਿੰਗ ਨਾਂਵ)।, ਡੰਡਾ- ਜੋਗੀਆਂ ਦੇ ਹੱਥ ’ਚ ਫੜੀ ਹੋਈ ਲੱਕੜੀ, ਸਹਾਰਾ (ਇੱਕ ਵਚਨ ਨਾਂਵ)।, ਆਈ ਪੰਥੀ- ਜੋਗੀਆਂ ਦੇ ਬਾਰ੍ਹਾਂ (‘ਹੇਤੁ, ਪਾਵ, ਆਈ, ਗਮ੍ਯ, ਪਾਗਲ, ਗੋਪਾਲ, ਕੰਥੜੀ, ਬਨ, ਧ੍ਵਜ, ਚੋਲੀ, ਰਾਵਲ ਤੇ ਦਾਸ’) ਫ਼ਿਰਕਿਆਂ ’ਚੋਂ ਸਰਬੋਤਮ ਉਦਾਰਵਾਦੀ ਕਬੀਲਾ (ਨਾਂਵ)।, ਜਮਾਤੀ- ਹਮਖ਼ਿਆਲੀ, ਸਤਸੰਗੀ (ਇਸਤ੍ਰੀ ਲਿੰਗ ਨਾਂਵ)।, ਮਨਿ+ਜੀਤੈ- ਮਨ ਨੂੰ ਜਿੱਤਣ ਨਾਲ ਭਾਵ ਜੇ ਮਨ ਜਿੱਤ ਲਿਆ ਜਾਵੇ (‘ਮਨਿ’-ਕਰਣ ਕਾਰਕ ਨਾਂਵ, ‘ਜੀਤੈ’- ਕਰਣ ਕਾਰਕ ਕਿਰਦੰਤ ਭਾਵ ਕਾਰਦੰਤਕ, ਜਿਸ ਉੱਤੇ ‘ਨਾਂਵ’ ਵਾਙ ਤਮਾਮ ਵਿਆਕਰਨਿਕ ਨਿਯਮ ਲਾਗੂ ਹੋਣ; ਜਿਵੇਂ: ‘‘ਹੋਵੈ ਸੁਖੁ ਘਣਾ, ‘ਦਯਿ+ਧਿਆਇਐ’ ॥’’ (ਮ: ੫/੫੨੦)।, ਜਗੁ+ ਜੀਤੁ- ਜਗਤ ਨੂੰ ਜਿੱਤਣਾ (‘ਜਗੁ’- ਨਾਂਵ ਤੇ ‘ਜੀਤੁ’-ਕਿਰਦੰਤ, ਸੰਧੀ ਨਿਯਮ)।, ਆਦੇਸੁ- ਡੰਡੌਤ, ਨਮਸਕਾਰ, ਪਰਣਾਮ (ਨਾਂਵ)।, ਤਿਸੈ- ਉਸ (‘ਆਦਿ, ਅਨੀਲੁ, ਅਨਾਦਿ, ਅਨਾਹਤਿ’ ਪ੍ਰਭੂ) ਨੂੰ (ਪੜਨਾਂਵ ਇੱਕ ਵਚਨ)।, ਆਦਿ-ਆਕਾਰ ਦਾ ਮੂਲ, ਮੁੱਢ (ਨਾਂਵ)।, ਅਨੀਲੁ-ਅ+ ਨੀਲੁ, ਅ+ ਰੰਗੀਨ, ਅ+ਗੰਧਲਾ ਭਾਵ ਪਵਿੱਤਰ (ਨਾਂਵ)।, ਅਨਾਦਿ- ਅਣ+ਆਦਿ, ਅ+ਮੁੱਢ, ਜਿਸ ਦਾ ਕੋਈ ਖ਼ਾਸ ਇੱਕ ਤਰਫ਼ ਧੁਰਾ ਨਹੀਂ ਭਾਵ ਸਰਬ ਵਿਆਪਕ, ਮੁੱਢ ਰਹਿਤ (ਨਾਂਵ)।, ਅਨਾਹਤਿ- ਅਣ+ ਆਹਤਿ, ਅ+ਮੌਤ, ਅ+ਨਾਸ਼ ਭਾਵ ਸਦੀਵੀ ਸਥਿਰ (ਨਾਂਵ)।, ਏਕੋ ਵੇਸੁ-ਅ+ਬਾਲਕ, ਅ+ਜਵਾਨ, ਅ+ ਬੁਢੇਪਾ ਭਾਵ ਨਿਰੰਤਰ ਇੱਕ ਸਮਾਨ ਸ਼ਖ਼ਸੀਅਤ, ਇੱਕੋ ਜਿਹਾ ਸਰੂਪ ਜਾਂ ਪਹਿਰਾਵਾ (‘ਏਕੋ’-ਇੱਕ ਵਚਨ ਪੁਲਿੰਗ ਪੜਨਾਂਵੀ ਵਿਸ਼ੇਸ਼ਣ, ‘ਵੇਸੁ’-ਇੱਕ ਵਚਨ ਪੁਲਿੰਗ ਨਾਂਵ)।

(ਨੋਟ: ‘ਜਪੁ’ ਬਾਣੀ ਦੀ ਪਉੜੀ ਨੰਬਰ 16 (‘‘ਪੰਚ ਪਰਵਾਣ ਪੰਚ ਪਰਧਾਨੁ॥’’) ਤੋਂ ਨਿਰੰਤਰ ਚੱਲ ਰਹੇ ਵਿਸ਼ੇ (‘‘ਕਰਤੇ ਕੈ ਕਰਣੈ, ਨਾਹੀ ਸੁਮਾਰੁ ॥’’) ਦੀ ਪਿਛਲੀ ਪਉੜੀ ਨੰਬਰ 27 (‘‘ਸੋ ਦਰੁ ਕੇਹਾ, ਸੋ ਘਰੁ ਕੇਹਾ॥’’) ’ਚ ਹਿੰਦੂ ਮੱਤ ਦੀ ਟੇਕ ਲੈ ਕੇ ਕਰਤਾਰ ਦੇ ਵਿਆਪਕ ਰੂਪ ਦੀ ਵਿਆਖਿਆ ਕੀਤੀ ਗਈ ਸੀ ਅਤੇ 35 ਸ਼ਬਦਾਂ ਦੇ ਸੁਮੇਲ ਨਾਲ ਭਰਪੂਰ ਇਸ (ਪਉੜੀ ਨੰਬਰ 28) ’ਚ ਸਨਾਤਨ ਮੱਤ ਨਾਲ ਹੀ ਸਬੰਧਿਤ ‘ਯੋਗ ਮੱਤ’ ਨੂੰ ਆਧਾਰ ਬਣਾ ਕੇ (‘‘ਕਰਤੇ ਕੈ ਕਰਣੈ, ਨਾਹੀ ਸੁਮਾਰੁ ॥’’) ਦੇ ਸਰੂਪ ਨੂੰ ਵਿਸਥਾਰ ਦਿੱਤਾ ਜਾ ਰਿਹਾ ਹੈ।

‘ਜਪੁ’ ਬਾਣੀ ਲਈ ਇੱਕ ਗੱਲ ਵਿਸ਼ੇਸ਼ ਧਿਆਨ ਮੰਗਦੀ ਹੈ ਕਿ ਇਸ ਬਾਣੀ ਵਿੱਚ 4 ਅੰਕਾਂ ਦੀ ਅਸਿੱਧੇ ਤੌਰ ’ਤੇ ਵਧੇਰੇ ਟੇਕ ਲਈ ਗਈ ਹੈ; ਜਿਵੇਂ: ‘ਸੁਣਿਐ’ ਦੀਆਂ 4 ਪਉੜੀਆਂ, ‘ਮੰਨੈ’ ਦੀਆਂ 4 ਪਉੜੀਆਂ, ‘ਤੂ ਸਦਾ ਸਲਾਮਤਿ, ਨਿਰੰਕਾਰ ! ॥’ ਦੀਆਂ 4 ਪਉੜੀਆਂ, ‘ਆਦੇਸੁ, ਤਿਸੈ ਆਦੇਸੁ ॥’ ਨਾਲ ਸਬੰਧਿਤ 4 ਪਉੜੀਆਂ, 5 ਅਵਸਥਾਵਾਂ (‘ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਤੇ ਸਚ ਖੰਡਿ’) ਦੀ ਸੰਪੂਰਨਤਾ ਲਈ ਵੀ 4 ਪਉੜੀਆਂ’ ਆਦਿ। ਅਗਰ ਇਸ ਵਿਸ਼ੇ ਨੂੰ ਹੋਰ ਗੰਭੀਰਤਾ ਨਾਲ ਵੀਚਾਰਿਆ ਜਾਵੇ ਤਾਂ ‘ਆਦਿ’, ‘ਜੁਗਾਦਿ’, ‘ਹੈ ਭੀ’ ਤੇ ‘ਹੋਸੀ’ ਰੂਪ ਸਲੋਕ (ਵਿਸ਼ੇ) ਲਈ ਵੀ 4 ਸ਼ਬਦ, ‘ਸੋਚੈ, ਚੁਪੈ, ਭੁਖਿਆ, ਸਿਆਣਪਾ’ (ਕਰਮਕਾਂਡਾਂ) ਲਈ ਵੀ 4 ਸ਼ਬਦ, ਆਦਿ ਤੋਂ ਲੈ ਕੇ ‘ਪਵਣੁ’, ‘ਪਾਣੀ’, ‘ਧਰਤਿ’ ਤੇ ‘ਦਿਨ-ਰਾਤਿ’ ਤੱਕ ਭਾਵ ‘ਜਪੁ’ ਬਾਣੀ ਦੇ ਸੰਪੂਰਨ ਵਿਸ਼ੇ ’ਚ ਹੀ 4 ਸ਼ਬਦਾਂ ਦੀ ਟੇਕ, ਵਧੇਰੇ ਲਈ ਜਾਪਦੀ ਹੈ।)

‘‘ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ ਕਰਹਿ ਬਿਭੂਤਿ ॥’’– ਇਸ ਪੰਕਤੀ ’ਚ ਇੱਕ-ਇੱਕ ਸ਼ਬਦ ਕਰਮਕਾਂਡੀ ਵਿਚਾਰਧਾਰਾ ਨਾਲ ਸਬੰਧਿਤ ਹੈ; ਜਿਵੇਂ: ‘ਮੁੰਦਾ, ਪਤੁ, ਝੋਲੀ, ਬਿਭੂਤਿ’ ਅਤੇ ਇੱਕ-ਇੱਕ ਸ਼ਬਦ ਸ਼ੁੱਭ (ਸਾਰਥਿਕ ਭਗਤੀ ਭਰਪੂਰ) ਗੁਣਾਂ ਨਾਲ ਸਬੰਧਿਤ ਹੈ; ਜਿਵੇਂ: ‘ਸੰਤੋਖੁ, ਸਰਮੁ, ਧਿਆਨ’। ਦੋਵਾਂ (ਕਰਮਕਾਂਡੀ ਤੇ ਸ਼ੁੱਭ ਗੁਣਾਂ) ਵਿੱਚ ਭਿੰਨਤਾ ਇਹੀ ਹੈ ਕਿ ‘ਕਰਮਕਾਂਡੀ’ ਸ਼ਬਦ ਬਹੁ ਵਚਨ ਤੇ ਇਸਤ੍ਰੀ ਲਿੰਗ ਹਨ ਜਦਕਿ ‘ਸ਼ੁੱਭ ਗੁਣ’ ਸ਼ਬਦ ਕੇਵਲ ‘ਇੱਕ ਵਚਨ ਪੁਲਿੰਗ’ ਹੀ ਹਨ।

‘ਮੁੰਦਾ’– ਇਹ ਸ਼ਬਦ ਗੁਰਬਾਣੀ ’ਚ ਕੇਵਲ 3 ਵਾਰ (ਜੋਗੀਆਂ ਦੇ ਪ੍ਰਥਾਏ) ਹੀ ਦਰਜ ਹੈ; ਜਿਵੇਂ ਸਬੰਧਿਤ ਪੰਕਤੀ ਤੋਂ ਇਲਾਵਾ 2 ਵਾਰ:

‘‘ਸੁਰਤਿ (ਧਿਆਨ ਜੋੜਨਾ) ਸਿਮ੍ਰਿਤਿ (ਯਾਦ ਰੱਖਣਾ) ਦੁਇ, ਕੰਨੀ ‘ਮੁੰਦਾ’; ਪਰਮਿਤਿ (ਸਹੀ ਗਿਆਨ) ਬਾਹਰਿ ਖਿੰਥਾ (ਗੋਦੜੀ)॥’’ (ਭਗਤ ਕਬੀਰ/੩੩੪)

‘‘ਘਰਿ ਘਰਿ (ਵਿੱਚ ਜਾ ਕੇ) ਖਾਇਆ, ਪਿੰਡੁ (ਸਰੀਰ) ਬਧਾਇਆ; ਖਿੰਥਾ ‘ਮੁੰਦਾ’ ਮਾਇਆ ॥’’ (ਭਗਤ ਤ੍ਰਿਲੋਚਨ/੫੨੬)

‘ਸਰਮੁ’-ਇਸ ਸ਼ਬਦ ਦੇ ਅਰਥ ਤੇ ਸਹੀ ਉਚਾਰਨ ਲਈ ਇਸ ਨੂੰ ਸਮਝਣਾ ਅਤਿ ਜ਼ਰੂਰੀ ਹੈ। ‘ਸ਼੍ਰਮੁ’ ਸ਼ਬਦ ਸੰਸਕ੍ਰਿਤ ’ਚ ਇੱਕ ਵਚਨ ਪੁਲਿੰਗ ਹੈ, ਜਿਸ ਦਾ ਅਰਥ ਹੈ: ‘ਮਿਹਨਤ, ਦੌੜ-ਭੱਜ, ਦੁੱਖ-ਸੰਤਾਪ, ਤਪ, ਥਕਾਵਟ, ਕਸਰਤ, ਸੰਘਰਸ਼’ ਆਦਿ। ਗੁਰਬਾਣੀ ਵਿੱਚ ਇਹ ਸ਼ਬਦ 19 ਵਾਰ ਦਰਜ ਹੈ; ਜਿਵੇਂ:

‘‘ਛੋਡਿ ਜਾਇ; ਤਿਸ (ਉਸ ਮਾਯਾ) ਕਾ ‘ਸ੍ਰਮੁ’ (ਲਈ ਮਿਹਨਤ) ਕਰੈ ॥’’ (ਮ: ੫/੨੬੭)

‘‘ਫਿਰਤ ਫਿਰਤ ਬਹੁਤੁ ‘ਸ੍ਰਮੁ’ (ਥਕਾਵਟ) ਪਾਇਓ; ਸੰਤ ਦੁਆਰੈ ਆਇਓ ॥’’ (ਮ: ੫/੫੩੧)

‘‘ਮਾਨੁਖ ਕਉ ਜਾਚਤ (ਮਨੁੱਖ ਅੱਗੇ ਹੱਥ ਫੈਲਾਇਆਂ) ‘ਸ੍ਰਮੁ’ (ਖੱਜਲ-ਖੁਆਰੀ) ਪਾਈਐ; ਪ੍ਰਭ ਕੈ ਸਿਮਰਨਿ ਮੋਖ (ਮੁਕਤੀ)॥’’ (ਮ: ੫/੬੮੨)

‘‘ਸ੍ਰਮੁ’’ ਥਾਕਾ (ਦੌੜ-ਭੱਜ ਮੁਕ ਗਈ), ਪਾਏ ਬਿਸ੍ਰਾਮਾ (ਸ਼ਾਂਤੀ); ਮਿਟਿ ਗਈ ਸਗਲੀ ਧਾਈ (ਭਟਕਣਾ)॥’’ (ਮ: ੫/੧੦੦੦)

‘ਨੀਰੁ ਬਿਲੋਵੈ (ਪਾਣੀ ਰਿੜਕਣ ਨਾਲ), ਅਤਿ ‘ਸ੍ਰਮੁ’ (ਥਕਾਵਟ) ਪਾਵੈ; ਨੈਨੂ (ਮੱਖਣ) ਕੈਸੇ ਰੀਸੈ ? ॥’’ (ਮ: ੫/੧੨੦੫)

‘‘ਮਾਇਆ ਕਾਰਨਿ; ‘ਸ੍ਰਮੁ’ (ਘਾਲਣਾ) ਅਤਿ ਕਰੈ ॥’’ (ਭਗਤ ਨਾਮਦੇਵ/੧੨੫੨) ਆਦਿ।

ਗੁਰਬਾਣੀ ’ਚ ‘ਸ੍ਰਮੁ’ ਸ਼ਬਦ ਕੇਵਲ 3 ਵਾਰ ਤਦ ਅੰਤ ਮੁਕਤਾ ‘ਸ੍ਰਮ’ ਬਣ ਜਾਂਦਾ ਹੈ ਜਦ ਇਹ ਬਹੁ ਵਚਨ ਜਾਂ ਸਬੰਧਕੀ ਸਮੇਤ ਹੋਵੇ; ਜਿਵੇਂ:

‘‘ਕਈ ਕੋਟਿ; ਮਾਇਆ ‘ਸ੍ਰਮ ਮਾਹਿ’ (ਮਾਯਾ ਦੀ ਭੱਜ-ਦੌੜ ਵਿੱਚ) ॥’’ (ਮ: ੫/੨੭੫)

‘‘ਸੀਤਲ ਸੁਖੁ ਪਾਇਓ ਮਨ ਤ੍ਰਿਪਤੇ; ਹਰਿ ਸਿਮਰਤ ‘ਸ੍ਰਮ’ (ਥਕੇਵੇਂ, ਦੁੱਖ) ਸਗਲੇ ਲਾਥ (ਲਹਿ ਗਏ)॥’’ (ਮ: ੫/੮੨੮)

‘‘ਆਵਤ ਜਾਤ ਰਹੇ, ‘ਸ੍ਰਮ’ (ਸਾਰੇ ਦੁੱਖ) ਨਾਸੇ; ਸਿਮਰਤ ਸਾਧੂ ਸੰਗਿ ॥’’ (ਮ: ੫/੧੩੦੦)

ਕਾਵਿ ਤੋਲ ਨੂੰ ਮੁੱਖ ਰੱਖਦਿਆਂ ਗੁਰਬਾਣੀ ’ਚ ‘ਸ੍ਰਮੁ’ ਸ਼ਬਦ 3 ਵਾਰ ਤਦ ‘ਸਰਮੁ’ ਬਣ ਜਾਂਦਾ ਹੈ ਜਦ ਇਸ ਵਿੱਚੋਂ ‘ਨੂੰ’ (ਸਬੰਧਕੀ) ਸ਼ਬਦ ਨਿਕਲਦਾ ਹੋਵੇ; ਜਿਵੇਂ ‘ਜਪੁ’ ਬਾਣੀ ਦੀ ਸਬੰਧਿਤ ਪੰਕਤੀ ਤੋਂ ਇਲਾਵਾ 2 ਵਾਰ:

‘‘(ਰੱਬੀ ਡਰ ਰੂਪ) ਭੈ ਵਿਚਿ (ਕੋਰੇ ਮਨ ਨੂੰ) ਖੁੰਬਿ (ਉੱਤੇ) ਚੜਾਈਐ; ‘ਸਰਮੁ’ (ਮਸ਼ੱਕਤ ਨੂੰ) ਪਾਹੁ (ਬਣਾ, ਜੋ) ਤਨਿ (ਵਿੱਚ) ਹੋਇ ॥’’ (ਮ: ੧/੪੬੮)

‘‘ਮਨੁ (ਨੂੰ) ਹਾਲੀ, ਕਿਰਸਾਣੀ (ਖੇਤੀ ਨੂੰ) ਕਰਣੀ; ‘ਸਰਮੁ’ (ਮਿਹਨਤ ਨੂੰ) ਪਾਣੀ, ਤਨੁ (ਨੂੰ) ਖੇਤੁ ॥’’ (ਮ: ੧/੫੯੫)

ਗੁਰਬਾਣੀ ’ਚ ‘ਸਰਮੁ’ (ਸ਼੍ਰਮੁ) ਸ਼ਬਦ ਕੇਵਲ 2 ਵਾਰ ਤਦ ਅੰਤ ਮੁਕਤਾ ‘ਸਰਮ’ ਬਣ ਜਾਂਦਾ ਹੈ ਜਦ ਇਸ ਨਾਲ ਸਬੰਧਕੀ ਸ਼ਬਦ ‘ਕਾ, ਕੀ’ ਹੋਵੇ; ਜਿਵੇਂ:

‘‘ਸਰਮ ਖੰਡ ਕੀ’’ (ਮਿਹਨਤ ਅਵਸਥਾ ਦੀ); ਬਾਣੀ ਰੂਪੁ (ਬਨਾਵਟ ਸੁੰਦਰ)॥’’ (ਜਪੁ/ਮ: ੧)

‘‘ਸਿਫਤਿ (ਰੂਪ) ‘ਸਰਮ ਕਾ’ (ਮਿਹਨਤ ਦਾ) ਕਪੜਾ ਮਾਂਗਉ; ਹਰਿ ਗੁਣ ਨਾਨਕ ! ਰਵਤੁ ਰਹੈ ॥’’ (ਮ: ੧/੧੩੨੯)

(ਨੋਟ: ਧਿਆਨ ਰਹੇ ਕਿ ਗੁਰਬਾਣੀ ’ਚ ਸਰਮੁ’ (ਇੱਕ ਵਚਨ ਪੁਲਿੰਗ) ਸ਼ਬਦ ਅਰਬੀ ਭਾਸ਼ਾ ਦਾ ਵੀ ਹੈ ਜਿਸ ਦਾ ਅਰਥ ਹੈ: ‘ਅਣਖ, ਗੌਰਵ, ਮਾਣ’; ਜਿਵੇਂ 4 ਵਾਰ:

‘‘ਗੁਣ (ਨੂੰ) ਮੰਡੇ (ਰੋਟੀਆਂ) ਕਰਿ, ਸੀਲੁ (ਸ਼ਾਂਤ ਸੁਭਾਉ ਨੂੰ) ਘਿਉ; ‘ਸਰਮੁ’ (ਅਣਖ ਨੂੰ) ਮਾਸੁ ਆਹਾਰੁ ॥’’ (ਮ: ੧/੫੫੩)

‘‘ਸਰਮੁ’’ ਧਰਮੁ (ਗੌਰਵ ਤੇ ਸਚਾਈ) ਦੁਇ, ਛਪਿ ਖਲੋਏ; ਕੂੜੁ ਫਿਰੈ ਪਰਧਾਨੁ ਵੇ ਲਾਲੋ ! ॥’’ (ਮ: ੧/੭੨੨)

‘‘ਸਰਮੁ’’ (ਗੌਰਵ) ਗਇਆ ਘਰਿ ਆਪਣੈ; ਪਤਿ (ਇੱਜ਼ਤ) ਉਠਿ (ਕੇ) ਚਲੀ ਨਾਲਿ ॥’’ (ਮ: ੧/੧੨੪੩)

‘‘ਸਰਮੁ’’ ਧਰਮੁ (ਗੌਰਵ ਤੇ ਨੇਕ-ਦਿਲੀ) ਦੁਇ; ਨਾਨਕਾ ! ਜੇ ਧਨੁ ਪਲੈ ਪਾਇ ॥’’ (ਮ: ੧/੧੨੮੭)

ਗੁਰਬਾਣੀ ’ਚ ‘ਸਰਮੁ’ ਸ਼ਬਦ ਕੇਵਲ 1 ਵਾਰ ਤਦ ਅੰਤ ਮੁਕਤਾ ‘ਸਰਮ’ ਹੋ ਜਾਂਦਾ ਹੈ ਜਦ ਇਹ ਸਬੰਧਕੀ ਸਮੇਤ ਹੋਵੇ; ਜਿਵੇਂ:

‘‘ਸਰਮ ਧਰਮ (ਗੌਰਵ ਤੇ ਨੇਕ-ਦਿਲੀ) ਕਾ; ਡੇਰਾ ਦੂਰਿ ॥’’ (ਮ: ੧/੪੭੧)

ਧਿਆਨ ਰਹੇ ਕਿ ਗੁਰਬਾਣੀ ’ਚ ‘ਸਰਮੁ’ ਸ਼ਬਦ ਕੇਵਲ 4 ਵਾਰ ਤਦ ਅੰਤ ਮੁਕਤਾ ‘ਸਰਮ’ (ਇਸਤ੍ਰੀ ਲਿੰਗ) ਹੁੰਦਾ ਹੈ ਜਦ ਇਸ ਨਾਲ ‘ਇਸਤ੍ਰੀ ਲਿੰਗ ਪੜਨਾਂਵੀ ਵਿਸ਼ੇਸ਼ਣ ਜਾਂ ਇਸਤ੍ਰੀ ਲਿੰਗ ਕਿਰਿਆ’ ਸ਼ਬਦ ਦਰਜ ਹੋਵੇ ਤੇ ਇਸ ਦਾ ਅਰਥ ਹੁੰਦਾ ਹੈ: ‘ਇੱਜ਼ਤ’; ਜਿਵੇਂ:

‘‘ਕਰਿ ਕਿਰਪਾ ਨਾਨਕੁ ਗੁਣ ਗਾਵੈ; ਰਾਖਹੁ ‘ਸਰਮ ਅਸਾੜੀ’ (ਸਾਡੀ ਇੱਜ਼ਤ) ਜੀਉ ॥’’ (ਮ: ੫/੧੦੫)

‘‘ਸਰਮ ਪਈ (ਇੱਜ਼ਤ ਬਣਾਈ) ਨਾਰਾਇਣੈ (ਨੇ), ਨਾਨਕ! ਦਰਿ (ਉੱਤੇ) ਪਈਆਹੁ ॥’’ (ਮ: ੫/੧੩੫)

‘‘ਸਰਮ ਸੁੰਨਤਿ’’, ਸੀਲੁ ਰੋਜਾ; ਹੋਹੁ ਮੁਸਲਮਾਣੁ ॥’’ (ਮ: ੧/੧੪੦)

‘‘ਸਰਮ ਸੁਰਤਿ’’ ਦੁਇ; ਸਸੁਰ ਭਏ ॥’’ (ਮ: ੧/੧੫੨)

ਇਹ ਵੀ ਧਿਆਨ ਰਹੇ ਕਿ ਗੁਰਬਾਣੀ ਵਿੱਚ ਕੇਵਲ ਉਹੀ ‘ਸਰਮੁ’ ਸ਼ਬਦ ਆਪਣੇ ਮੂਲ ਰੂਪ ’ਚ ‘ਸ੍ਰਮੁ’ ਜਾਂ ‘ਸ੍ਰਮ’ ਕਰਕੇ ਲਿਖਿਆ ਹੋਇਆ ਹੈ ਜਿਸ ਦਾ ਅਰਥ ‘ਮਿਹਨਤ, ਮਸ਼ੱਕਤ, ਘਾਲਣਾ, ਥਕਾਵਟ, ਦੌੜ-ਭੱਜ, ਦੁੱਖ’ ਆਦਿ ਹੋਵੇ ਭਾਵ ਜੋ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਦਕਿ ਅਰਬੀ ਭਾਸ਼ਾ ਦਾ ਸ਼ਬਦ ‘ਸਰਮੁ’, ਜਿਸ ਦਾ ਅਰਥ ‘ਅਣਖ, ਗੌਰਵ, ਇੱਜ਼ਤ, ਮਾਣ’ ਆਦਿ ਹੈ ਉਸ ਦਾ ਸਰੂਪ ‘ਸ੍ਰਮੁ’ ਗੁਰਬਾਣੀ ਵਿੱਚ ਦਰਜ ਨਹੀਂ।)

ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ; ਧਿਆਨ ਕੀ ਕਰਹਿ ਬਿਭੂਤਿ॥

ਭਾਵ- (ਹੇ ਯੋਗੀ !) ਜੇ ਤੂੰ ਸੰਤੋਖ ਦੀਆਂ ਮੁੰਦ੍ਰਾਂ, ਸ਼੍ਰਮ (ਮਿਹਨਤ, ਹੱਕ ਹਲਾਲ ਦੀ ਕਮਾਈ) ਨੂੰ ਭੀਖ ਮੰਗਣ ਵਾਲ਼ਾ ਖੱਪਰ (ਚਿੱਪੀ) ਜਾਂ ਝੋਲ਼ੀ (ਬਗਲੀ) ਬਣਾ ਲਵੇਂ ਤੇ ਰੱਬੀ ਯਾਦ ਨੂੰ ਆਪਣੇ ਸਰੀਰ ਉੱਤੇ ਸੁਆਹ ਮਲ਼ਨਾ ਕਰ ਲਵੇਂ।

(ਨੋਟ : ਕੰਨ ਦੀਆਂ ਮੁੰਦ੍ਰਾਂ, ਰੱਬ ਵੱਲੋਂ ਬਖ਼ਸ਼ੇ ਸਰੂਪ ’ਤੇ ਅਸੰਤੁਸ਼ਟਤਾ ਦਾ ਪ੍ਰਤੀਕ ਹਨ, ਜਿਸ ਦਾ ਬਦਲ ਹੈ, ‘‘ਸਾਬਤ ਸੂਰਤਿ’’ (ਮਹਲਾ ੫/੧੦੮੪), ਇਸ ਲਈ ‘ਮੁੰਦਾ’ ਨੂੰ ‘ਸੰਤੋਖੁ’ ਨਾਲ਼ ਜੋੜਿਆ ਗਿਆ, ‘ਸਰਮੁ’ (ਸ਼੍ਰਮੁ) ਭਾਵ ਮਿਹਨਤ, ਮਸ਼ੱਕਤ ਦਾ ਬਦਲ ਹੈ ਭੀਖ ਮੰਗਣਾ, ਜੋ ‘ਪਤੁ’ (ਖੱਪਰ ਚੁੱਕ ਕੇ) ਜਾਂ ‘ਝੋਲ਼ੀ’ (ਅੱਡ ਕੇ) ਮੰਗੀ ਜਾਂਦੀ ਹੈ। ਸਰੀਰ ’ਤੇ ਸੁਆਹ ਮਲ਼ਨੀ ਮੌਤ ਦਾ ਪ੍ਰਤੀਕ ਹੈ, ਜਿਸ ਦਾ ਬਦਲ ਗੁਰਮਤ ਅਨੁਸਾਰ ਮਾਲਕ ਨਾਲ਼ ਧਿਆਨ ਜੋੜਨਾ ਹੈ, ਜਿਸ ਦੇ ਹੁਕਮ ’ਚ ਮੌਤ ਆਉਂਦੀ ਹੈ, ਇਸ ਲਈ ‘ਬਿਭੂਤਿ’ ਤੇ ‘ਧਿਆਨ’ ਦੀ ਸੰਧੀ ਕੀਤੀ ਗਈ ਜਾਪਦੀ ਹੈ।)

‘‘ਖਿੰਥਾ ਕਾਲੁ, ਕੁਆਰੀ ਕਾਇਆ ਜੁਗਤਿ; ਡੰਡਾ ਪਰਤੀਤਿ ॥’’– ਇਸ ਪੰਕਤੀ ’ਚ ਵਿਸਰਾਮ ਦੇਣ ’ਚ ਵੀ ਕੁਝ ਭਿੰਨਤਾ ਪਾਈ ਜਾਂਦੀ ਹੈ; ਜਿਵੇਂ: ‘‘ਖਿੰਥਾ ਕਾਲੁ, ਕੁਆਰੀ ਕਾਇਆ; ਜੁਗਤਿ ਡੰਡਾ ਪਰਤੀਤਿ ॥’’ ਭਾਵ ‘‘ਜੁਗਤਿ ਡੰਡਾ ਪਰਤੀਤਿ॥’’ ਨੂੰ ਇਕੱਠਾ ਜੋੜ ਕੇ ਅਰਥ ਕੀਤੇ ਜਾਂਦੇ ਹਨ ਕਿ ਦ੍ਰਿੜ੍ਹ ਭਰੋਸੇ ਨੂੰ ਹੀ ਜੋਗ ਦੀ ਜੁਗਤੀ ਤੇ ਡੰਡਾ ਬਣਾ। ਇਉਂ ਅਰਥ ਕੀਤਿਆਂ ‘ਕੁਆਰੀ ਕਾਇਆ’ ਦੇ ਅਰਥ ਬਣਦੇ ਹਨ: ‘ਸਰੀਰ ਨੂੰ ਨਿਰਮਲ ਰੱਖ’, ਜਿਸ ਲਈ ਕੋਈ ਕਰਮਕਾਂਡੀ ਜੋਗ-ਸ਼ਬਦ ਨਹੀਂ ਰਹਿ ਜਾਂਦਾ, ਇਸ ਲਈ ‘‘ਕੁਆਰੀ ਕਾਇਆ ਜੁਗਤਿ..॥’’ ’ਚ ਜੋਗ ਦੀ ‘ਜੁਗਤਿ’ (’ਚ ਕਰਮਕਾਂਡੀ) ਸ਼ਬਦ ਆ ਜਾਂਦਾ ਹੈ ਤੇ ਭਾਵਾਰਥਾਂ ’ਚ ਵੀ ਕੋਈ ਭਿੰਨਤਾ ਨਹੀਂ ਰਹਿ ਜਾਂਦੀ।

ਖਿੰਥਾ ਕਾਲੁ, ਕੁਆਰੀ ਕਾਇਆ ਜੁਗਤਿ; ਡੰਡਾ ਪਰਤੀਤਿ॥ 

ਭਾਵ- ਗੋਦੜੀ (ਫਟੇ ਹੋਏ ਕਮੀਜ਼) ਨੂੰ ਮੌਤ ਨਜ਼ਦੀਕ ਦਾ ਪ੍ਰਤੀਕ ਮੰਨ, ਵਿਕਾਰਾਂ ਵੱਲੋਂ ਅਛੋਹ ਸਰੀਰਕ (ਇੰਦ੍ਰਿਆਂ) ਨੂੰ ਯੋਗ ਯੁਕਤੀ (ਮਰਿਆਦਾ) ਬਣਾ, ਮਾਲਕ ਉੱਤੇ ਭਰੋਸੇ ਨੂੰ (ਪੂਰਨ ਯਕੀਨ ਨਾਲ਼ ਕਰਾਮਾਤਾਂ ਵਿਖਾਉਣ ਵਾਲ਼ਾ) ਡੰਡਾ ਮੰਨ ਲੈ।

‘‘ਆਈ ਪੰਥੀ, ਸਗਲ ਜਮਾਤੀ; ਮਨਿ + ਜੀਤੈ, ਜਗੁ + ਜੀਤੁ ॥’’-ਇਸ ਪੰਕਤੀ ’ਚ ‘ਮਨਿ + ਜੀਤੈ’ ਤੇ ‘ਜਗੁ + ਜੀਤੁ’ ਸੰਧੀ ਨਿਯਮਾਂ ਅਧੀਨ ਦੋ ਜੁੜਤ ਸ਼ਬਦ ਦਰਜ ਹਨ। ਇਸ ਲਈ ਇਨ੍ਹਾਂ ਬਾਰੇ ਜਾਣਕਾਰੀ ਅਤਿ ਜ਼ਰੂਰੀ ਹੈ।

ਗੁਰਬਾਣੀ ਲਿਖਤ ਨਿਯਮਾਂ ਅਨੁਸਾਰ ਜਿਵੇਂ ‘ਨਾਂਵ’ ਤੇ ‘ਪੜਨਾਂਵ’ ਸ਼ਬਦਾਂ ਦੀ ਵੰਡ ਕਾਰਕਾਂ (‘ਕਰਤਾ ਕਾਰਕ, ਕਰਮ ਕਾਰਕ, ਕਰਣ ਕਾਰਕ’ ਆਦਿ) ’ਚ ਦਰਜ ਹੁੰਦੀ ਹੈ, ਉਸ ਤਰ੍ਹਾਂ ਹੀ ਕਾਰਦੰਤਕਾਂ (ਕਿਰਦੰਤਾਂ) ਦੀ ਵੰਡ ਵੀ ਕਾਰਕਾਂ ’ਚ ਹੁੰਦੀ ਹੈ, ਬੇਸ਼ੱਕ ਕਿਰਦੰਤ ਸ਼ਬਦਾਂ ਦਾ ‘ਧਾਤੂ’ (ਮੂਲ) ਨਾਂਵ ਦੀ ਬਜਾਏ ਕਿਰਿਆਵਾਚੀ ਸ਼ਬਦਾਂ ਵਾਲਾ ‘ਧਾਤੂ’ ਹੀ ਹੁੰਦਾ ਹੈ। ਇੱਥੇ ਇਹ ਵੀ ਵੀਚਾਰ ਦਾ ਵਿਸ਼ਾ ਹੈ ਕਿ ਕੇਵਲ ਉਨ੍ਹਾਂ ਸ਼ਬਦਾਂ ਦੀ ਹੀ ਗੁਰਬਾਣੀ ਵਿੱਚ ਸੰਧੀ (ਜੋੜ, ਸੁਮੇਲ) ਹੁੰਦੀ ਹੈ ਜਿਹੜੇ ਸ਼ਬਦ ਕਿਸੇ ਇੱਕ ਕਾਰਕ ’ਚ ਹੀ ਹੋਣ; ਬੇਸ਼ੱਕ ਉਹ ਸ਼ਬਦ; ‘ਨਾਂਵ ਤੇ ਪੜਨਾਂਵ’ ਹੋਣ, ‘ਪੜਨਾਂਵ ਤੇ ਕਿਰਦੰਤ’ ਹੋਣ ਜਾਂ ‘ਨਾਂਵ ਤੇ ਕਿਰਦੰਤ’ ਹੋਣ; ਜਿਵੇਂ: ‘‘ਹੋਵੈ ਸੁਖੁ ਘਣਾ, ‘ਦਯਿ+ਧਿਆਇਐ’ ॥’’ ਪੰਕਤੀ ’ਚ ‘ਦਯੁ’ (ਇੱਕ ਵਚਨ ਪੁਲਿੰਗ ਨਾਂਵ) ਤੋਂ ਕਰਣ ਕਾਰਕ ‘ਦਯਿ’ ਸ਼ਬਦ ਬਣ ਗਿਆ ਜਿਸ ਦਾ ਅਰਥ ਹੈ: ‘ਦਈ ਨਾਲ, ਦਈ ਰਾਹੀਂ, ਦਇਆ ਕਰਨ ਵਾਲੇ ਪ੍ਰਭੂ ਦੁਆਰਾ’ ਅਤੇ ‘ਧਿਆਇਐ’ ਕਿਰਦੰਤ ਵੀ ਕਰਣ ਕਾਰਕ ਹੈ ਜਿਸ ਦਾ ਅਰਥ ਹੈ: ‘ਧਿਆਉਣ ਨਾਲ, ਧਿਆਉਣ ਰਾਹੀਂ, ਧਿਆਉਣ ਦੁਆਰਾ’। ਇਸ ਲਈ ਇਨ੍ਹਾਂ ਦੋਵੇਂ (‘ਦਯਿ+ਧਿਆਇਐ’) ਸ਼ਬਦਾਂ ਦੀ ਸੰਧੀ ਹੋ ਗਈ ਤੇ ਅਰਥ ਬਣ ਗਿਆ ‘ਦਈ ਦੇ ਧਿਆਉਣ ਨਾਲ, ਦਈ ਨੂੰ ਯਾਦ ਕਰਨ ਨਾਲ’ ਆਦਿ। ਇਸ ਤਰ੍ਹਾਂ ਹੀ ‘ਮਨਿ + ਜੀਤੈ’ ਦਾ ਅਰਥ ਬਣ ਗਿਆ ‘ਮਨ ਦੇ ਜਿੱਤਣ ਨਾਲ, ਮਨ ਨੂੰ ਜਿੱਤਣ ਨਾਲ’ ਆਦਿ।

ਦੂਸਰਾ ਸੰਧੀ ਸ਼ਬਦ ਹੈ: ‘ਜਗੁ + ਜੀਤੁ’; ਗੁਰਬਾਣੀ ਵਿੱਚ ਜਿਵੇਂ ‘ਦਤੁ + ਦਾਨੁ’ ਸੰਧੀ ਸ਼ਬਦ ਹੈ: ‘‘ਤੀਰਥੁ ਤਪੁ ਦਇਆ ‘ਦਤੁ + ਦਾਨੁ’ ॥’’ (ਜਪੁ) ਭਾਵ ‘ਦਾਨੁ’ ਨਾਂਵ ਤੇ ‘ਦਤੁ’ ਕਿਰਦੰਤ ਦਾ ਅਰਥ ਬਣਦਾ ਹੈ: ‘ਦਿੱਤਾ ਹੋਇਆ ਦਾਨ’, ਇਸ ਤਰ੍ਹਾਂ ਹੀ ‘ਜਗੁ + ਜੀਤੁ’ ਦਾ ਅਰਥ ਹੈ: ‘ਜਿੱਤਿਆ ਹੋਇਆ ਜਗ, ਜਿੱਤਿਆ ਜਾਂਦਾ ਹੈ ਜਗ (ਸਮਾਜਿਕ ਪਿਆਰ)’।

ਆਈ ਪੰਥੀ, ਸਗਲ ਜਮਾਤੀ; ਮਨਿ ਜੀਤੈ, ਜਗੁ ਜੀਤੁ॥

ਭਾਵ- ਸਮਾਜਿਕ ਪ੍ਰੇਮ ਨੂੰ ‘ਆਈ ਪੰਥੀ’ (ਯੋਗੀਆਂ ਦੇ 12 ਸੰਪਰਦਾਇਆਂ/ਕਬੀਲਿਆਂ ’ਚੋਂ ਸਰਬੋਤਮ ਆਦਰਸ਼ਕ ਫ਼ਿਰਕਾ) ਮੰਨ, (ਇਉਂ) ਮਨ ਨੂੰ ਜਿੱਤਣ ਨਾਲ਼ ਸਮਾਜਿਕ ਹਮਦਰਦੀ ਤੇ ਪਿਆਰ ਮਿਲੇਗਾ (ਜੋ ਜਗਤ ਜਿੱਤਣ ਵਰਗਾ ਹੈ ਤੇ ‘ਕੂੜ ਦੀ ਕੰਧ’ ਢਹਿ ਜਾਵੇਗੀ)।

‘‘ਆਦੇਸੁ, ਤਿਸੈ ਆਦੇਸੁ ॥ ਆਦਿ, ਅਨੀਲੁ, ਅਨਾਦਿ, ਅਨਾਹਤਿ; ਜੁਗੁ ਜੁਗੁ ਏਕੋ ਵੇਸੁ ॥’’-ਇਸ ਪੰਕਤੀ ’ਚ ਜ਼ਿਆਦਾਤਰ ਸ਼ਬਦ ਅਗੇਤਰ ‘ਅ’ ਜਾਂ ‘ਅਨ’ ਲਗਾ ਕੇ ਨਾ-ਪੱਖੀ ਬਣਾਏ ਗਏ ਹਨ; ਜਿਵੇਂ: ‘ਉਦੇਸ਼’ ਦਾ ਮਤਲਬ ਹੁੰਦਾ ਹੈ: ‘ਨਿਸ਼ਾਨਾ, ਸੰਕਲਪ’ ਭਾਵ ਉਪਦੇਸ਼ ਲੈ ਕੇ ਜਾਣਾ ਜਾਂ ਪ੍ਰਵਚਨ ਦੇਣ ਜਾਣਾ ਜਦਕਿ ‘ਆਦੇਸ’ ਦਾ ਅਰਥ ਹੈ: ‘ਉਪਦੇਸ਼ ਗ੍ਰਹਿਣ ਕਰਨ ਲਈ ਆਪਾ ਤਿਆਰ ਕਰਨਾ, ਪ੍ਰਵਚਨ ਲੈਣਾ, ਸਿਰ ਝੁਕਾਉਣਾ, ‘ਨਮਸਕਾਰ’ ਕਰਨਾ।, ‘ਨੀਲ’ ਦਾ ਮਤਲਬ ਹੈ: ‘ਰੰਗਿਆ ਹੋਇਆ, ਧੁੰਦਲਾ, ਗੰਦਾ’ ਜਦਕਿ ‘ਅਨੀਲ’ ਦਾ ਅਰਥ ਹੈ: ‘ਪਵਿੱਤਰ’।, ‘ਆਦਿ’ ਦਾ ਮਤਲਬ ਹੈ: ‘ਆਕਾਰ ਦਾ ਮੁੱਢ (ਮੂਲ, ਜੜ੍ਹ)’ ਜਦਕਿ ‘ਅਨ+ਆਦਿ’ ਦਾ ਅਰਥ ਹੈ: ‘ਜਿਸ ਦਾ ਆਪਣਾ ਕੋਈ ਮੁੱਢ ਨਹੀਂ ’।, ‘ਆਹਤਿ’ ਦਾ ਮਤਲਬ ਹੈ: ‘ਮਰਨਾ, ਖ਼ਤਮ ਹੋਣਾ’ ਜਦਕਿ ‘ਅਨ+ਆਹਤਿ’ ਦਾ ਅਰਥ ਹੈ: ‘ਅਮਰ, ਸਦੀਵੀ ਹੋਂਦ ਵਾਲਾ’ ਆਦਿ।

‘ਆਦੇਸੁ’– ਇਹ ਸ਼ਬਦ ਗੁਰਬਾਣੀ ’ਚ 19 ਵਾਰ ਦਰਜ ਹੈ, ਜਿਸ ਦਾ ਅਰਥ ਵੀ ਕੇਵਲ ਇੱਕੋਂ ਹੀ ਹੈ ਭਾਵ ‘ਨਮਸਕਾਰ’; ਜਿਵੇਂ:

‘‘ਜੁਗੁ ਜੁਗੁ ਹਰਿ ਹਰਿ ਏਕੋ ਵਰਤੈ; ਤਿਸੁ ਆਗੈ ਹਮ ਆਦੇਸੁ (ਸਾਡੀ ਨਮਸਕਾਰ)॥’’ (ਮ: ੪/੩੬੮)

‘‘ਗੋਵਿੰਦ ਗੁਣ ਨਿਧਿ ਸ੍ਰੀਰੰਗ ਸੁਆਮੀ; ਆਦਿ ਕਉ ਆਦੇਸੁ (ਨਮਸਕਾਰ) ਜੀਉ ॥’’ (ਮ: ੫/੯੨੯) ਆਦਿ।

‘ਅਨੀਲੁ’– ਇਹ ਸ਼ਬਦ ਗੁਰਬਾਣੀ ’ਚ ਕੇਵਲ 4 ਵਾਰ ਸਬੰਧਿਤ ਪੰਕਤੀਆਂ ’ਚ ਹੀ ਦਰਜ ਹੈ।

‘ਅਨਾਦਿ’-ਇਹ ਸ਼ਬਦ ਗੁਰਬਾਣੀ ’ਚ 10 ਵਾਰ ਦਰਜ ਹੈ ਜਿਸ ਦਾ ਅਰਥ 7 ਵਾਰ ‘ਮੁੱਢ ਰਹਿਤ ਪ੍ਰਭੂ’ ਹੈ; ਜਿਵੇਂ ਸਬੰਧਿਤ 4 ਪੰਕਤੀਆਂ ਤੋਂ ਇਲਾਵਾ ਕੇਵਲ ਭੱਟਾਂ ਦੀ ਬਾਣੀ ’ਚ:

‘‘ਅਗਮੁ ਅਨੰਤੁ ‘ਅਨਾਦਿ’ (ਮੁੱਢ ਰਹਿਤ) ਆਦਿ; ਜਿਸੁ ਕੋਇ ਨ ਜਾਣੈ ॥’’ (ਭਟ ਮਥੁਰਾ/੧੪੦੪)

‘‘ਆਦਿ ਜੁਗਾਦਿ ‘ਅਨਾਦਿ’ (ਮੁੱਢ ਰਹਿਤ); ਕਲਾ ਧਾਰੀ ਤ੍ਰਿਹੁ ਲੋਅਹ ॥’’ (ਭਟ ਸਲੵ /੧੪੦੬) ਆਦਿ।

ਜਦਕਿ ‘ਅਨਾਦਿ’ ਸ਼ਬਦ (ਜਿਸ ਦਾ ਦਰੁਸਤ ਉਚਾਰਨ ‘ਅੰਨਾਦਿ’ ਹੈ।) ਕੇਵਲ 3 ਵਾਰ ਭਗਤ ਕਬੀਰ ਜੀ ਦੀ ਬਾਣੀ ’ਚ ‘ਅੰਨ + ਆਦਿ’ ਭਾਵ ‘ਭੋਜਨ ਵਗ਼ੈਰਾ’ ਦੇ ਅਰਥਾਂ ’ਚ ਵੀ ਦਰਜ ਹੈ; ਜਿਵੇਂ:

‘‘ਧੰਨੁ ਅਨਾਦਿ; ਭੂਖੇ ਕਵਲੁ ਟਹਕੇਵ ॥’’ (ਭਗਤ ਕਬੀਰ/੮੭੩) ਭਾਵ ਅੰਨ (ਭੋਜਨ) ਆਦਿ ਧੰਨਤਾਯੋਗ ਹੈ ਜਿਸ ਨਾਲ ਭੁੱਖੇ ਦਾ ਮਨ (ਹਿਰਦਾ ਕਮਲ) ਖਿੜ ਜਾਂਦਾ ਹੈ।

‘‘ਆਦਿ ਪੁਰਖ ਤੇ (ਤੋਂ); ਹੋਇ ਅਨਾਦਿ (ਭੋਜਨ ਆਦਿ) ॥’’ (ਭਗਤ ਕਬੀਰ/੮੭੩)

‘‘ਧੰਨੁ ਅਨਾਦਿ (ਭੋਜਨ ਆਦਿ, ਜਿਸ ਨੂੰ ਖਾ ਕੇ, ਸਿਮਰਨ ਕੀਤਿਆਂ); ਠਾਕੁਰ (ਦਾ) ਮਨੁ (ਸਾਡੇ ਉੱਤੇ) ਮਾਨਿਆ (ਦਿਆਲੂ ਹੋਇਆ) ॥’’ (ਭਗਤ ਕਬੀਰ/੮੭੩)

‘ਅਨਾਹਤਿ’-ਇਹ ਸ਼ਬਦ ਕੇਵਲ ਸਬੰਧਿਤ ਪੰਕਤੀਆਂ ’ਚ ਹੀ 4 ਵਾਰ ਦਰਜ ਹੈ।

ਆਦੇਸੁ, ਤਿਸੈ ਆਦੇਸੁ॥ ਆਦਿ ਅਨੀਲੁ ਅਨਾਦਿ ਅਨਾਹਤਿ; ਜੁਗੁ ਜੁਗੁ ਏਕੋ ਵੇਸੁ॥ ੨੮॥

ਭਾਵ- ਉਸ (ਨਾਥ-ਖ਼ਸਮ) ਨੂੰ ਨਮਸਕਾਰ ਕਰ; ਜੋ ਸ੍ਰਿਸ਼ਟੀ ਦਾ ਮੁੱਢ (ਜੜ੍ਹ/ਮੂਲ) ਹੈ, ਦਾਗ਼ ਰਹਿਤ (ਉੱਜਲ) ਹੈ, ਉਹ ਆਪ ਮੁੱਢ (ਸੀਮਾ) ਰਹਿਤ ਅਬਿਨਾਸ਼ੀ ਹੈ ਤੇ ਆਦਿ ਕਾਲ (ਯੁਗਾ-ਯੁਗਾਂਤਰ) ਤੋਂ ਇੱਕ ਸਮਾਨ ਹਸਤੀ ਵਾਲ਼ਾ (ਸਤਿ ਸਰੂਪ) ਹੈ।

(ਨੋਟ : ਸੰਸਾਰ ਦੀ ਹਰ ਛੋਟੀ ਜਾਂ ਵੱਡੀ ਵਸਤੂ, ਆਪਣੇ ਸਰੀਰ ਨੂੰ ਬਾਲ, ਜੁਆਨੀ ਤੇ ਬਿਰਧ ਆਕਾਰ ਰਾਹੀਂ ਛੋਟਾ, ਵੱਡਾ ਫਿਰ ਛੋਟਾ ਕਰਦੀ ਰਹਿੰਦੀ ਹੈ, ਪਰ ਅਕਾਲ ਪੁਰਖ, ਜੋ ਅਜੂਨੀ ਹੈ, ਉਹ ‘‘ਜੁਗੁ ਜੁਗੁ ਏਕੋ ਵੇਸੁ॥’’ ਕਾਇਮ ਰਹਿੰਦਾ ਹੈ, ਇਸ ਲਈ ‘ਜਪੁ’ ਦੇ ਅਰੰਭ ’ਚ ਹੀ ‘‘ਆਦਿ ਸਚੁ; ਜੁਗਾਦਿ ਸਚੁ ॥ ਹੈ ਭੀ ਸਚੁ; ਨਾਨਕ ! ਹੋਸੀ ਭੀ ਸਚੁ ॥’’ ਬਿਆਨਿਆ ਗਿਆ ਹੈ।

ਯੋਗ ਮਤ ਨਾਲ਼ ਸੰਬੰਧਿਤ ਇਨ੍ਹਾਂ ਸ਼ਬਦਾਂ ’ਚ ‘ਯੋਗੀ’ ਨੂੰ ਸੰਬੋਧਨ ਮੰਨਣ ਦਾ ਕਾਰਨ ‘‘ਧਿਆਨ ਕੀ ਕਰਹਿ ਬਿਭੂਤਿ॥’’ ਤੁਕ ’ਚ ‘ਕਰਹਿ’ (ਮਧਮ ਪੁਰਖ, ਇੱਕ ਵਚਨ ਕਿਰਿਆ) ਦਾ ਹੋਣਾ ਹੈ, ਜਿਸ ਦਾ ਅਰਥ ਹੈ, ‘ਜੇ ਤੂੰ ਕਰੇਂ’।)