JAP (Pori No. 27)

0
427

ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ ॥

ਵਾਜੇ ਨਾਦ ਅਨੇਕ ਅਸੰਖਾ; ਕੇਤੇ ਵਾਵਣਹਾਰੇ ॥ ਕੇਤੇ ਰਾਗ, ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇ ॥

ਗਾਵਹਿ ਤੁਹ ਨੋ ਪਉਣੁ, ਪਾਣੀ, ਬੈਸੰਤਰੁ; ਗਾਵੈ ਰਾਜਾ-ਧਰਮੁ, ਦੁਆਰੇ ॥ ਗਾਵਹਿ ਚਿਤੁ ਗੁਪਤੁ, ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥

ਗਾਵਹਿ ਈਸਰੁ, ਬਰਮਾ, ਦੇਵੀ; ਸੋਹਨਿ ਸਦਾ ਸਵਾਰੇ ॥ ਗਾਵਹਿ ਇੰਦ, ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥

ਗਾਵਹਿ ਸਿਧ, ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ ॥ ਗਾਵਨਿ ਜਤੀ, ਸਤੀ, ਸੰਤੋਖੀ; ਗਾਵਹਿ ਵੀਰ ਕਰਾਰੇ ॥

ਗਾਵਨਿ ਪੰਡਿਤ, ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ ॥ ਗਾਵਹਿ, ਮੋਹਣੀਆ ਮਨੁ ਮੋਹਨਿ; ਸੁਰਗਾ ਮਛ ਪਇਆਲੇ ॥

ਗਾਵਨਿ, ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥ ਗਾਵਹਿ ਜੋਧ, ਮਹਾ ਬਲ, ਸੂਰਾ; ਗਾਵਹਿ ਖਾਣੀ ਚਾਰੇ ॥

ਗਾਵਹਿ ਖੰਡ, ਮੰਡਲ, ਵਰਭੰਡਾ; ਕਰਿ ਕਰਿ ਰਖੇ ਧਾਰੇ ॥ ਸੇਈ ਤੁਧੁਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥

ਹੋਰਿ, ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ ॥

ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ; ਸਾਚੀ ਨਾਈ ॥ ਹੈ ਭੀ, ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥

ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ; ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ, ਕੀਤਾ ਆਪਣਾ; ਜਿਵ ਤਿਸ ਦੀ ਵਡਿਆਈ ॥

ਜੋ ਤਿਸੁ ਭਾਵੈ, ਸੋਈ ਕਰਸੀ; ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ, ਸਾਹਾ ਪਾਤਿਸਾਹਿਬੁ; ਨਾਨਕ ! ਰਹਣੁ ਰਜਾਈ ॥੨੭॥ (ਜਪੁ /ਮ: ੧)

ਉਚਾਰਨ ਸੇਧ: ਸੰਮ੍ਹਾਲੇਂ, ਸਿਉਂ, ਕਹੀਅਨ੍, ਈਸ਼ਰ, ਗਾਵਨ੍, ਗਾਵਹਿਂ, ਜਾਣਹਿਂ, ਦੇਵਤਿਆਂ, ਪੜ੍ਹਨ, ਵੇਦਾਂ, ਮੋਹਣੀਆਂ, ਪਇਆਲੇ (ਪਿਆਲੇ ਨਹੀਂ), ਮਹਾਂ, ਭਾਵਨ੍, ਆਵਨ੍, ਰੰਗੀਂ-ਰੰਗੀਂ, ਭਾਂਤੀਂ, ਪਤਿਸ਼ਾਹ, ਸ਼ਾਹਾਂ।

ਪਦ ਅਰਥ : ਸੋ-ਉਹ (ਪੜਨਾਂਵੀ ਵਿਸ਼ੇਸ਼ਣ, ਇੱਕ ਵਚਨ, ਅਨ੍ਯ ਪੁਰਖ)।, ਦਰੁ- ਦਰਵਾਜ਼ਾ, ਡਿਓੜੀ (ਇੱਕ ਵਚਨ ਪੁਲਿੰਗ ਨਾਂਵ)।, ਕੇਹਾ- ਕਿਹੋ ਜਿਹਾ ਅਦਭੁਤ ! ਕੈਸਾ ਅਜੀਬ ! (ਅਸਚਰਜਤਾ ਬੋਧਕ, ਵਿਸਮਕ)।, ਘਰੁ-ਟਿਕਾਣਾ, ਨਿਵਾਸ-ਸਥਾਨ (ਇੱਕ ਵਚਨ ਪੁਲਿੰਗ ਨਾਂਵ)।, ਜਿਤੁ-ਜਿਸ ਵਿੱਚ (ਅਧਿਕਰਣ ਕਾਰਕ, ਪੜਨਾਂਵ)।, ਬਹਿ- ਬੈਠ ਕੇ (ਕਿਰਿਆ ਵਿਸ਼ੇਸ਼ਣ)।, ਸਮਾਲੇ- ਸੰਭਾਲ ਕਰਦਾ ਹੈਂ (ਮੱਧਮ ਪੁਰਖ, ਇੱਕ ਵਚਨ ਕਿਰਿਆ)।, ਵਾਜੇ- ਸਾਜ਼, ਹਾਰਮੋਨੀਅਮ, ਬੈਂਡ (ਬਹੁ ਵਚਨ ਨਾਂਵ)।, ਨਾਦ- ਧੁਨੀ, ਆਵਾਜ਼, ਸੰਗੀਤ, ਰਾਗ (ਪਲਿੰਗ ਬਹੁ ਵਚਨ ਨਾਂਵ)।, ਅਨੇਕ ਅਸੰਖਾ-ਅਣਗਿਣਤ (ਗਿਣਤੀ-ਵਾਚਕ ਵਿਸ਼ੇਸ਼ਣ)।, ਕੇਤੇ- ਕਿਤਨੇ ਹੀ (ਬਹੁ ਵਚਨ ਪੜਨਾਂਵ)।, ਵਾਵਣਹਾਰੇ-(ਉਨ੍ਹਾਂ ਸਾਜ਼ਾਂ ਨੂੰ) ਵਜਾਉਣ ਵਾਲੇ (ਬਹੁ ਵਚਨ ਨਾਂਵ)।, ਪਰੀ ਸਿਉ- ਪਰੀਆਂ (ਰਾਗਣੀਆਂ) ਸਮੇਤ (ਪਰੀ-ਇਸਤ੍ਰੀ ਲਿੰਗ ਬਹੁ ਵਚਨ ਨਾਂਵ, ਸਿਉ-ਸੰਬੰਧਕੀ)।, ਕਹੀਅਨਿ- ਮੰਨੇ (ਕਹੇ) ਜਾਂਦੇ ਹਨ (ਬਹੁ ਵਚਨ, ਵਰਤਮਾਨ ਕਿਰਿਆ)।, ਗਾਵਣਹਾਰੇ- (ਰਾਗ-ਰਾਗਣੀਆਂ ਰਾਹੀਂ) ਗਾਉਣ ਵਾਲੇ (ਬਹੁ ਵਚਨ ਨਾਂਵ)।, ਗਾਵਹਿ- ਗਾਉਂਦੇ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਤੁਹ ਨੋ- ਤੈਨੂੰ (ਮੱਧਮ ਪੁਰਖ, ਇੱਕ ਵਚਨ ਪੁਲਿੰਗ ਪੜਨਾਂਵ)।, ਪਉਣੁ- ਹਵਾ (ਇੱਕ ਵਚਨ ਪੁਲਿੰਗ ਨਾਂਵ)।, ਬੈਸੰਤਰੁ- ਅੱਗ (ਇੱਕ ਵਚਨ ਪੁਲਿੰਗ ਨਾਂਵ; ਜਿਵੇਂ ‘‘ਅੰਨੁ ਦੇਵਤਾ, ਪਾਣੀ ਦੇਵਤਾ, ‘ਬੈਸੰਤਰੁ ਦੇਵਤਾ’ ਲੂਣੁ; ਪੰਜਵਾ, ਪਾਇਆ ਘਿਰਤੁ ॥’’ (ਮ: ੧/੪੭੩)।, ਗਾਵੈ- ਗਾਉਂਦਾ ਹੈ (ਇੱਕ ਵਚਨ ਵਰਤਮਾਨ ਕਿਰਿਆ)।, ਰਾਜਾ ਧਰਮੁ -(ਮੰਨਿਆ ਜਾਂਦਾ) ਧਰਮਰਾਜ, ਨਿਆਂਧੀਸ਼, ਜੱਜ (ਇੱਕ ਵਚਨ ਪੁਲਿੰਗ ਨਾਂਵ)।, ਦੁਆਰੇ- (ਤੇਰੇ) ਦਰ ਉੱਤੇ (ਨਾਂਵ, ਅਧਿਕਰਣ ਕਾਰਕ)।, ਚਿਤੁ ਗੁਪਤੁ- (ਮਨੁੱਖ ਦੇ ਦੋਵੇਂ ਕੰਧਿਆਂ (ਮੋਢਿਆਂ) ਉੱਤੇ ਨਿਵਾਸ ਰੱਖਣ ਵਾਲੇ ਮੰਨੇ ਜਾਂਦੇ) ਚਿੱਤ੍ਰ ਗੁਪਤ, ਧਰਮਰਾਜ ਦੇ ਮੁਨਸ਼ੀ (ਨਾਂਵ)।, ਲਿਖਿ ਜਾਣਹਿ- ਲਿਖਣਾ ਜਾਣਦੇ ਹਨ (ਬਹੁ ਵਚਨ ਵਰਤਮਾਨ ਕਿਰਿਆ), ਲਿਖਿ ਲਿਖਿ- (ਜਿਨ੍ਹਾਂ ਦੁਆਰਾ) ਲਿਖ ਲਿਖ ਕੇ (ਇਕੱਤਰ ਕੀਤੇ ਹੋਏ ਨੂੰ) (ਕਿਰਿਆ ਵਿਸ਼ੇਸ਼ਣ)।, ਧਰਮੁ-ਧਰਮਰਾਜ, ਜੱਜ (ਨਾਂਵ)।, ਈਸਰੁ-ਸ਼ਿਵ (ਨਾਂਵ), ਸੋਹਨਿ- ਸੋਭਦੇ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਸਦਾ ਸਵਾਰੇ-(ਆਸਤਿਕ ਮਨੁੱਖਾਂ ਲਈ ਸਦੀਵੀ) ਪ੍ਰਭਾਵਸ਼ਾਲੀ ਬਣਾਏ ਹੋਏ।, ਇੰਦ- ਇੰਦਰ ਰਾਜੇ (ਬਹੁ ਵਚਨ ਨਾਂਵ)।, ਇਦਾਸਣਿ- ਇੰਦਰ ਆਪਣੇ ਆਸਣ ਉੱਤੇ (ਬੈਠੇ, ਅਧਿਕਰਣ ਕਾਰਕ, ਨਾਂਵ)। ਦੇਵਤਿਆ ਨਾਲੇ- ਦੇਵਤਿਆਂ ਸਮੇਤ।, ਦਰਿ- (ਤੇਰੇ) ਦਰ ਉੱਤੇ (ਖਲੋਤੇ; ਅਧਿਕਰਣ ਕਾਰਕ, ਨਾਂਵ)।, ਸਿਧ- ਜੋਗ-ਸਾਧਨਾ ’ਚ ਪੁੱਗੇ ਹੋਏ ਜੋਗੀ, ਜਿਨ੍ਹਾਂ ਨੇ ਆਪਣੇ ਮਨ ਨੂੰ ਕਾਬੂ ’ਚ ਕਰ ਲਿਆ (ਬਹੁ ਵਚਨ ਨਾਂਵ)।, ਗਾਵਨਿ- ਗਾਉਂਦੇ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਜਤੀ-ਬ੍ਰਹਮਚਾਰੀ (ਬਹੁ ਵਚਨ ਨਾਂਵ)।, ਸਤੀ-ਦਾਨੀ, ਪਰਉਕਾਰੀ (ਬਹੁ ਵਚਨ ਨਾਂਵ)।, ਵੀਰ- ਬਵੰਜਾ ਬੀਰ (ਹਨੂਮਾਨ, ਭੈਰਵ, ਨਾਰਸਿੰਘ ਆਦਿ, ਬਹੁ ਵਚਨ ਨਾਂਵ)।, ਕਰਾਰੇ- ਤਕੜੇ, ਬਲਵਾਨ (ਵਿਸ਼ੇਸ਼ਣ)।, ਰਖੀਸਰ-ਰਿਖੀ+ ਈਸ਼ਵਰ, ਮਹਾਨ ਤਪੱਸਵੀ, ਅਨੇਕਾਂ ਰਿਸ਼ੀ ਮੁਨਿ (ਬਹੁ ਵਚਨ ਨਾਂਵ)।, ਵੇਦਾ ਨਾਲੇ-ਵੇਦ ਸਮੇਤ, ਵੇਦਾਂ ਦੀ ਮਦਦ ਨਾਲ (ਵੇਦਾ- 4 ਵੇਦ, ਨਾਲੇ- ਸੰਬੰਧਕੀ)।, ਮੋਹਣੀਆ-ਸੁੰਦਰ ਇਸਤ੍ਰੀਆਂ, ਅਪਸਰਾਵਾਂ (ਬਹੁ ਵਚਨ ਇਸਤ੍ਰੀ ਲਿੰਗ ਨਾਂਵ)।, ਮਨੁ-ਮਨ ਨੂੰ (ਕਰਮ ਕਾਰਕ)।, ਮੋਹਨਿ-ਮੋਹ ਲੈਂਦੀਆਂ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਸੁਰਗਾ- ਸਵਰਗ ਲੋਕ (ਕਾਲਪਨਿਕ ਨਗਰੀ, ਨਾਂਵ)।, ਮਛ-ਮਾਤ ਲੋਕ (ਧਰਤੀ, ਨਾਂਵ)।, ਪਇਆਲੇ- ਪਾਤਾਲ (ਨਾਂਵ)।, ਰਤਨ- 14 ਕਾਲਪਨਿਕ ਕੀਮਤੀ ਰਤਨ (ਨਾਂਵ)।, ਅਠਸਠਿ-ਕਪਿਲ ਤੰਤ੍ਰ (ਸਾਂਖ੍ਯ ਸ਼ਾਸਤ੍ਰ) ਅਨੁਸਾਰ ਮੰਨੇ ਜਾਂਦੇ 68 ਤੀਰਥ (ਸੰਖਿਅਕ ਵਾਚਕ ਵਿਸ਼ੇਸ਼ਣ)।, ਸੂਰਾ- ਸੂਰਮੇ (ਬਹੁ ਵਚਨ ਨਾਂਵ)।, ਖਾਣੀ ਚਾਰੇ-ਜੀਵ-ਜੰਤਾਂ ਦੀ ਉਤਪਤੀ ਦੇ ਮੰਨੇ ਜਾਂਦੇ 4 ਸਾਧਨਾਂ (ਅੰਡਜ ਦੁਆਰਾ ਪੈਦਾ ਹੋਣ ਵਾਲੇ; ਜਿਵੇਂ: ਆਕਾਸ਼ ਦੇ ਪੰਛੀ, ਜ਼ਿਆਦਾਤਰ ਸਮੁੰਦਰੀ ਆਦਿ ਚੋਗਾਧਾਰੀ ਜੀਵ, ਜੇਰਜ- ਵੀਰਜ ਦੁਆਰਾ ਪੈਦਾ ਹੋਣ ਵਾਲੇ; ਜਿਵੇਂ: ਮਨੁੱਖ, ਪਸ਼ੂ ਆਦਿ ਥਣਧਾਰੀ ਜੀਵ, ਸੇਤਜ-ਪਸੀਨੇ (ਮੁੜ੍ਹਕੇ) ਦੁਆਰਾ ਪੈਦਾ ਹੋਣ ਵਾਲੇ; ਜਿਵੇਂ: ਜੂੰ, ਲੀਖ, ਪਿੱਸੂ, ਚਿੱਚੜ ਆਦਿ, ਉਤਭੁਜ-ਪਾਣੀ ਤੇ ਜ਼ਮੀਨੀ ਭਾਫ ਨਾਲ ਪੈਦਾ ਹੋਣ ਵਾਲੇ; ਜਿਵੇਂ: ਦਰਖ਼ਤ, ਪੌਦੇ, ਖੇਤੀ ਆਦਿ) ਦੀ ਪ੍ਰਧਾਨ ਵੰਡ।, ਖੰਡ-ਬ੍ਰਹਿਮੰਡ ਦੇ ਟੁਕੜੇ ਭਾਵ ਧਰਤੀਆਂ (ਬਹੁ ਵਚਨ ਨਾਂਵ)।, ਮੰਡਲ- ਇੱਕ-ਇੱਕ ਸੂਰਜ ਦੇ ਪਰਵਾਰਿਕ ਸਮੂਹ (ਬਹੁ ਵਚਨ ਨਾਂਵ)।, ਵਰਭੰਡ- ਅਨੇਕਾਂ ਸੂਰਜਾਂ ਦੇ ਪਰਵਾਰਿਕ ਸਮੂਹ (ਬਹੁ ਵਚਨ ਨਾਂਵ)।, ਤੁਧੁਨੋ- ਤੈਨੂੰ (ਮੱਧਮ ਪੁਰਖ ਇੱਕ ਵਚਨ ਪੜਨਾਂਵ)।, ਭਾਵਨਿ- ਪਸੰਦ ਹਨ (ਬਹੁ ਵਚਨ ਵਰਤਮਾਨ ਕਿਰਿਆ)।, ਰਸਾਲੇ- ਰਸਾਂ ਦੇ ਘਰ (ਵਿਸ਼ੇਸ਼ਣ)।, ਹੋਰਿ- (‘‘ਰਤੇ ਤੇਰੇ ਭਗਤ ਰਸਾਲੇ॥’’ ਤੋਂ ਇਲਾਵਾ) ਹੋਰ ਅਨੇਕਾਂ (ਬਹੁ ਵਚਨ ਪੜਨਾਂਵ)।, ਕੇਤੇ- ਕਿਤਨੇ ਹੀ (ਪੜਨਾਂਵ)।, ਸੇ- ਉਹ (ਬਹੁ ਵਚਨ ਪੜਨਾਂਵ)।, ਚਿਤਿ- ਯਾਦ ਵਿੱਚ (ਅਧਿਕਰਣ ਕਾਰਕ, ਨਾਂਵ)।, ਸੋਈ ਸੋਈ- ਨਿਰੋਲ ਉਹੀ (ਭਾਵ ‘ਸੋ ਦਰੁ, ਸੋ ਘਰੁ’ ਦਾ ਮਾਲਕ, ਇੱਕ ਵਚਨ ਪੜਨਾਂਵ)।, ਸਚੁ- ਸਦੀਵੀ ਸਥਿਰ (ਵਿਸ਼ੇਸ਼ਣ)।, ਨਾਈ- ਅਸਨਾਈ, ਸਨਾਈ, ਵਡਿਆਈ (ਇਸਤ੍ਰੀ ਲਿੰਗ ਨਾਂਵ)।, ਹੈ ਭੀ- ਹੁਣ ਵੀ ਹੈ (ਵਰਤਮਾਨ ਕਿਰਿਆ)।, ਹੋਸੀ- ਹੋਵੇਗਾ (ਭਵਿਖਕਾਲ ਕਿਰਿਆ)।, ਜਾਇ- ਜੰਮਣਾ (ਕਿਰਿਆ)।, ਜਾਸੀ-ਮਰਨਾ (ਕਿਰਿਆ, ਭਵਿਖਕਾਲ)।, ਜਿਨਿ- ਜਿਸ ਮਾਲਕ ਨੇ (ਇੱਕ ਵਚਨ ਪੜਨਾਂਵ)।, ਰੰਗੀ ਰੰਗੀ ਭਾਤੀ- ਕਈ ਰੰਗਾਂ-ਰੰਗਾਂ ਦੀ, ਭਾਂਤਾਂ-ਭਾਂਤਾਂ ਦੀ (ਬਹੁ ਵਚਨ ਨਾਂਵ)।, ਜਿਨਸੀ- ਪ੍ਰਕਾਰ ਦੀ, ਕਿਸਮ ਦੀ (ਨਾਂਵ)।, ਵਡਿਆਈ-ਰਜ਼ਾ, ਮਰਜ਼ੀ, ਪ੍ਰਸਿੱਧੀ (ਇਸਤ੍ਰੀ ਲਿੰਗ ਨਾਂਵ)।, ਤਿਸੁ- ਉਸ ਨੂੰ (ਅਨ੍ਯ ਪੁਰਖ ਪੜਨਾਂਵ)।, ਭਾਵੈ- ਪਸੰਦ ਹੈ (ਇੱਕ ਵਚਨ ਵਰਤਮਾਨ ਕਿਰਿਆ)।, ਕਰਸੀ- ਕਰੇਗਾ (ਭਵਿਖਕਾਲ ਕਿਰਿਆ)।, ਸਾਹਾ- ਬਾਦਿਸ਼ਾਹਾਂ ਦਾ (ਬਹੁ ਵਚਨ ਨਾਂਵ)।, ਰਹਣੁ- ਰਹਿਣਾ ਚਾਹੀਦਾ ਹੈ, ਟਿਕਣਾ ਬਣਦਾ ਹੈ (ਕਿਰਿਆ)।, ਰਜਾਈ-ਰਜ਼ਾ ਵਿੱਚ, ਭਾਣੇ ਵਿੱਚ (ਨਾਂਵ, ਅਧਿਕਰਣ ਕਾਰਕ)।

(ਨੋਟ: ਪਿਛਲੀ ਪਉੜੀ ਨੰਬਰ 26 ’ਚ ਰੱਬੀ ਅਮੋਲਕ ਦਾਤਾਂ ਨੂੰ ‘‘ਅਮੁਲੋ ਅਮੁਲੁ, ਆਖਿਆ ਨ ਜਾਇ ॥’’ ਕਰਕੇ ਰੂਪਮਾਨ ਕੀਤਾ ਗਿਆ ਸੀ ਜਿਨ੍ਹਾਂ ਦੀ ਕੀਮਤ ਬਦਲੇ ਕੋਈ ਵੀ ਦੁਨਿਆਵੀ ਭੇਟਾ ਤੁਛ ਜਾਪਦੀ ਸੀ ਪਰ ਜਿਸ ਨੇ ਦੁਨਿਆਵੀ ਪਦਾਰਥਾਂ ਰਾਹੀਂ ਇਨ੍ਹਾਂ ਦੀ ਪ੍ਰਾਪਤੀ ਮੰਨ ਲਈ, ਉਸ (ਹੋਛੀ ਮਤਿ) ਨੂੰ ‘‘ਜੇ ਕੋ, ਆਖੈ ਬੋਲੁਵਿਗਾੜੁ ॥ ਤਾ, ਲਿਖੀਐ ਸਿਰਿ ਗਾਵਾਰਾ ਗਾਵਾਰੁ ॥’’ ਸ਼ਬਦਾਂ ਨਾਲ ਪਉੜੀ ਦੀ ਸਮਾਪਤੀ ਕੀਤੀ ਗਈ ਸੀ, ਜਿਸ ਤੋਂ ਉਪਰੰਤ 200 ਸ਼ਬਦਾਂ ਨਾਲ ਸੰਪੰਨ ਇਸ (27 ਵੀਂ) ਪਉੜੀ ’ਚ ਕਰਤਾਰ ਦੀ ਅਸੀਮ ਪ੍ਰਭਾਵਸ਼ਾਲੀ ਸ਼ਕਤੀ ਦੇ ਸਨਮੁਖ (ਸਾਹਮਣੇ) ਤਮਾਮ ਦੁਨਿਆਵੀ ਅਖੌਤੀ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ; ਡੰਡੌਤ-ਬੰਦਨਾ ਕਰਦੀਆਂ ਬਿਆਨ ਕੀਤੀਆਂ ਗਈਆਂ ਹਨ। ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਡੰਡੌਤਧਾਰੀਆਂ ’ਚ ਕਈ ਹਸਤੀਆਂ ਭੂਤਕਾਲ ਤੇ ਕਾਲਪਨਿਕ ਧਾਰਨਾਵਾਂ ਨਾਲ ਸਬੰਧਤ ਹਨ ਪਰ ਉਨ੍ਹਾਂ ਦਾ ਪ੍ਰਭਾਵ ਸਬੰਧਤ ਆਸਥਾ ਭਰਪੂਰ ਮਨੁੱਖਾਂ ਉੱਤੇ ਵਰਤਮਾਨ ’ਚ ਪੈਣ ਕਾਰਨ ਉਨ੍ਹਾਂ (ਸਤਿਕਾਰਯੋਗ ਮੰਨੀਆਂ ਜਾਂਦੀਆਂ ਹਸਤੀਆਂ) ਨੂੰ ਵੀ ਵਰਤਮਾਨ ’ਚ ਹੀ ਰੱਖ ਕੇ ਬਿਆਨਿਆ ਗਿਆ ਹੈ।

ਗੁਰੂ ਗ੍ਰੰਥ ਸਾਹਿਬ ਜੀ ਅੰਦਰ ਕੇਵਲ ਇਹ ਇਕਲੌਤੀ ਪਉੜੀ ਹੈ ਜਿਸ ਨੂੰ ਸਭ ਤੋਂ ਵਧੀਕ (ਭਾਵ 3 ਵਾਰ) ਦਰਜ ਕੀਤਾ ਗਿਆ ਹੈ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਵਿਸ਼ਾ ਉਨ੍ਹਾਂ ਮਨੁੱਖਾਂ ਲਈ ਕਿੰਨਾ ਮਹੱਤਵਪੂਰਨ ਹੈ ਜੋ ਕੇਵਲ ਆਸਥਾ ਅਧੀਨ ਜਗ੍ਹਾ ਜਗ੍ਹਾ ਆਪਣਾ ਸਿਰ ਝੁਕਾਉਂਦੇ ਰਹਿੰਦੇ ਹਨ। ਇਹ ਵੀ ਜ਼ਰੂਰੀ ਹੈ ਕਿ ਇਸ ਪਉੜੀ ’ਚ ਦਰਜ, ਤਮਾਮ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਬਾਰੇ ਹਾਂ ਪੱਖੀ ਦ੍ਰਿਸ਼ਟੀਕੋਣ ਹੀ ਦਰਜ ਕੀਤਾ ਗਿਆ ਹੈ, ਜਿਸ ਨੂੰ ‘ਰੂਪਕ ਅਲੰਕਾਰ’ ਵਜੋਂ ਬਿਆਨਿਆ ਗਿਆ ਕਹਿ ਸਕਦੇ ਹਾਂ। )

‘‘ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ ॥’’ ਇਸ ਪੰਕਤੀ ’ਚ ਦੋ ਵਾਰ ‘ਕੇਹਾ’ (ਵਿਸਮਕ) ਸ਼ਬਦ ਦਰਜ ਹੈ, ਜਿਸ ਨੂੰ ਪ੍ਰਸ਼ਨ ਵਾਚਕ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਪ੍ਰਸ਼ਨ ਉਸ ਵਿਅਕਤੀ ਅੰਦਰੋਂ ਹੀ ਉਤਪੰਨ ਹੁੰਦਾ ਹੈ ਜਿਸ ਨੂੰ ਉਸ ਦਾ ਜਵਾਬ ਮਾਲੂਮ ਨਾ ਹੋਵੇ ਪਰ ‘ਗੁਰੂ’ ਜੀ ਅਗਲੀਆਂ ਤੁਕਾਂ ’ਚ ‘ਸੋ ਦਰੁ, ਸੋ ਘਰੁ’ ਦੀ ਹੋਂਦ ਬਾਰੇ ਵਿਆਪਕ ਵਿਸਥਾਰ ਵੀ ਦੇ ਰਹੇ ਹਨ ਇਸ ਲਈ ਇਸ ਪੰਕਤੀ ’ਚ ਦਰਜ ‘ਕੇਹਾ’ ਸ਼ਬਦ ਨੂੰ ਪ੍ਰਸ਼ਨਵਾਚੀ (ਪੜਨਾਂਵ) ਮੰਨਣ ਦੀ ਬਜਾਏ ਅਸਚਰਜਤਾ ਭਰਪੂਰ (ਵਿਸਮਕ) ਵਜੋਂ ਲੈਣਾ ਉਚਿਤ ਹੋਵੇਗਾ।

‘ਸੋ’ ਸ਼ਬਦ ਦੇ ਸਮਾਨੰਤਰ ‘ਦਰੁ’ ਤੇ ‘ਘਰੁ’ (ਇੱਕ ਵਚਨ ਪੁਲਿੰਗ ਨਾਂਵ) ਦਰਜ ਹੋਣ ਕਾਰਨ ‘ਸੋ’ ਨੂੰ ‘ਪੜਨਾਂਵ’ ਨਹੀਂ ਬਲਕਿ ‘ਪੜਨਾਂਵੀ ਵਿਸ਼ੇਸ਼ਣ’ ਕਿਹਾ ਜਾਏਗਾ।

ਅਗਰ ‘ਸੋ’ (ਇੱਕ ਵਚਨ) ਸ਼ਬਦ ਦੀ ਬਜਾਏ ‘ਸੇ’ (ਬਹੁ ਵਚਨ) ਸ਼ਬਦ ਹੁੰਦਾ ਤਾਂ ‘ਦਰ’ ਤੇ ‘ਘਰ’ ਵੀ ਅੰਤ ਮੁਕਤੇ ਭਾਵ ਬਹੁ ਵਚਨ ਹੀ ਹੋਣੇ ਸਨ; ਜਿਵੇਂ: ‘‘ਭਾਉ (ਪ੍ਰੇਮ) ਕਰਮ ਕਰਿ ਜੰਮਸੀ; ‘ਸੇ ਘਰ’ ਭਾਗਠ (ਉਹ ਹਿਰਦੇ ਭਾਗਾਂ ਵਾਲੇ) ਦੇਖੁ ॥’’ (ਮ: ੧/੫੯੫)

‘ਜਿਤੁ’- ਇਹ ਸ਼ਬਦ ਹਮੇਸ਼ਾਂ ਅੰਤ ਔਂਕੜ ਹੀ (ਗੁਰਬਾਣੀ ’ਚ 356 ਵਾਰ) ਦਰਜ ਹੈ ਅਤੇ ਇਸ ਦੇ ਅਰਥ ‘ਜਿਸ ਵਿੱਚ’ (ਅਧਿਕਰਣ ਕਾਰਕ) ਜਾਂ ‘ਜਿਸ ਰਾਹੀਂ, ਜਿਸ ਨਾਲ’ (ਕਰਣ ਕਾਰਕ) ਬਣਦੇ ਹਨ; ਜਿਵੇਂ:

(1). ਅਧਿਕਰਣ ਕਾਰਕ:

‘‘ਸਾ ਰੁਤਿ ਸੁਹਾਵੀ; ‘ਜਿਤੁ’ (ਜਿਸ ‘ਰੁਤ’ ਵਿੱਚ) ਤੁਧੁ ਸਮਾਲੀ (ਤੈਨੂੰ ਯਾਦ ਕਰਦਾ)॥’’ (ਮ: ੫/੯੭)

‘‘ਗੁਰੂ ਸਮੁੰਦੁ, ਨਦੀ ਸਭਿ ਸਿਖੀ (ਸਾਰੀਆਂ ਨਦੀਆਂ ‘ਸਿੱਖ’ ਹਨ); ਨਾਤੈ ‘ਜਿਤੁ’ (ਜਿਸ ‘ਸੰਗਤ’ ਵਿੱਚ) ਵਡਿਆਈ ॥’’ (ਮ: ੧/੧੫੦) ਆਦਿ।

(2). ਕਰਣ ਕਾਰਕ:

‘‘ਹਰਿ ਕਪੜੋ, ਹਰਿ ਸੋਭਾ ਦੇਵਹੁ; ‘ਜਿਤੁ’ (ਜਿਸ ‘ਨਾਮ-ਕੱਪੜੇ ਰੂਪ ਦਾਜ’ ਰਾਹੀਂ), ਸਵਰੈ ਮੇਰਾ ਕਾਜੋ ॥’’ (ਮ: ੪/੭੯)

‘‘ਹਰਿ ਹਰਿ ਨਾਮੁ ਜਪਹੁ, ਮਨ ਮੇਰੇ ! ‘ਜਿਤੁ’ (ਜਿਸ ‘ਨਾਮ’ ਨਾਲ), ਸਦਾ ਸੁਖੁ ਹੋਵੈ, ਦਿਨੁ ਰਾਤੀ ॥’’ (ਮ: ੪/੮੮) ਆਦਿ।

ਸੋ ਦਰੁ ਕੇਹਾ ! ਸੋ ਘਰੁ ਕੇਹਾ ! ਜਿਤੁ ਬਹਿ, ਸਰਬ ਸਮਾਲੇ॥

ਭਾਵ- (ਹੇ ਨਿਰਾਕਾਰ ਮਾਲਕ ! ਤੇਰਾ) ਉਹ ਨਿਵਾਸ ਦੁਆਰ ਤੇ ਨਿਵਾਸ ਸਥਾਨ ਕਿਹੋ ਜਿਹਾ (ਅਦਭੁਤ, ਅਲੌਕਿਕ) ਹੈ ! ਜਿਸ ਵਿੱਚ ਬੈਠ ਕੇ ਤੂੰ (ਸਭ ਜੀਵਾਂ ਦੀ) ਸੰਭਾਲ਼ (ਦੇਖ-ਭਾਲ਼, ਪਰਵਰਿਸ਼) ਕਰਦਾ ਹੈਂ !

(ਨੋਟ : ਉਕਤ ਸਵਾਲ, ਗੁਰੂ ਜੀ ਸਿੱਖ ਮਨੋਬਿਰਤੀ ਨਾਲ਼ ਉੱਠਾ ਰਹੇ ਹਨ ਤੇ ਅਗਾਂਹ ਪੰਕਤੀਆਂ ’ਚ ਕਰਤਾਰ ਦਾ ਰੂਪ ਹੋ ਕੇ ਜਵਾਬ ਦੇ ਰਹੇ ਹਨ।)

‘‘ਵਾਜੇ ਨਾਦ ਅਨੇਕ ਅਸੰਖਾ; ਕੇਤੇ ਵਾਵਣਹਾਰੇ ॥ ਕੇਤੇ ਰਾਗ, ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇ ॥’’– ਇਸ ਪੰਕਤੀ ’ਚ ‘ਵਾਜੇ’ ਸ਼ਬਦ ਦਾ ਅਰਥ ‘ਸਾਜ਼’ (ਸੰਗੀਤ ਪੈਦਾ ਕਰਨ ਵਾਲਾ ਯੰਤਰ) ਹੈ ਜਦਕਿ ‘ਨਾਦ’ ਦਾ ਅਰਥ ‘ਧੁਨੀ’ ਭਾਵ ‘ਆਵਾਜ਼’ ਹੈ, ਜੋ ‘ਵਾਜੇ’ (ਸਾਜ਼ਾਂ) ਵਿੱਚੋਂ ਨਿਕਲਦੀ ਹੈ।

ਗੁਰਬਾਣੀ ’ਚ ‘ਵਾਜੇ’ ਸ਼ਬਦ 43 ਵਾਰ ਦਰਜ ਹੈ, ਜਿਸ ਦੇ 2 ਅਰਥ ਹਨ: (ੳ). ‘ਵਾਜੇ’ ਭਾਵ ਸਾਜ਼ (ਨਾਂਵ) (ਅ). ‘ਵਾਜੇ’ ਭਾਵ ਵੱਜਦੇ ਹਨ (ਕਿਰਿਆ), ਪੰਕਤੀ ਦੇ ਪ੍ਰਸੰਗ ਅਨੁਸਾਰ ਇਨ੍ਹਾਂ ਦੀ ਪਹਿਚਾਣ ਸਹਿਜੇ ਹੀ ਹੋ ਜਾਂਦੀ ਹੈ; ਜਿਵੇਂ ‘ਵਾਜੇ’ ਦਾ ਅਰਥ ‘ਸਾਜ਼’ ਤਦ ਹੁੰਦਾ ਹੈ ਜਦ : (1). ਰੱਬੀ ਮਿਲਾਪ ਵਾਲੀ ‘ਅਨਹਦ ਧੁਨੀ’ (ਭਾਵ ਇੱਕ ਰਸ ਨਿਰੰਤਰ ਚਲ ਰਹੀ ਸ਼ਾਂਤੀਮਈ ਧੁਨੀ) ਦਾ ਜ਼ਿਕਰ ਹੋ ਰਿਹਾ ਹੋਵੇ; ਜਿਵੇਂ :

‘‘ਅਨਹਤ ‘ਵਾਜੇ’ (ਸਾਜ਼) ਵਜਹਿ, ਘਰ ਮਹਿ; ਪਿਰ ਸੰਗਿ ਸੇਜ ਵਿਛਾਈ ॥’’ (ਮ: ੫/੨੪੭)

‘‘ਤਹ (ਉਸ ਮਿਲਾਪ ਅਵਸਥਾ ’ਚ) ਅਨੇਕ ‘ਵਾਜੇ’ (‘ਸਾਜ਼’ ਵੱਜਦੇ, ਕਿਉਂਕਿ), ਸਦਾ ਅਨਦੁ ਹੈ; ਸਚੇ ਰਹਿਆ ਸਮਾਏ ॥’’ (ਮ: ੩/੪੪੧)

‘‘ਅਨਹਦ ਧੁਨਿ, ਵਾਜਹਿ ਨਿਤ ‘ਵਾਜੇ’ (ਸਾਜ਼, ਜਦ); ਗਾਈ ਸਤਿਗੁਰ (ਦੀ) ਬਾਣੀ ॥’’ (ਮ: ੪/੪੪੨)

‘‘ਅਨਹਦ ‘ਵਾਜੇ’ (ਸਾਜ਼) ਧੁਨਿ ਵਜਦੇ; (ਪਰ) ਗੁਰ ਸਬਦਿ (ਰਾਹੀਂ ਹੀ) ਸੁਣੀਜੈ ॥’’ (ਮ: ੩/੯੫੪), ਆਦਿ।

(2). ‘ਵਾਜੇ’ ਦਾ ਅਰਥ ‘ਸਾਜ਼’ ਤਦ ਵੀ ਹੁੰਦਾ ਹੈ ਜਦ ਕੋਈ ਰਾਜਾ ਜਿੱਤ ਪ੍ਰਾਪਤ ਕਰੇ ਜਾਂ ‘ਪਾਖੰਡਧਾਰੀ ਗੁਰੂ’ ਰਾਸਾਂ ਪਾਉਣ; ਜਿਵੇਂ

‘‘ਬਹੁ ਤਾਲ ਪੂਰੇ; ‘ਵਾਜੇ’ (ਸਾਜ਼) ਵਜਾਏ ॥’’ (ਮ: ੩/੧੨੨)

‘‘ਲਖ ਲਸਕਰ (ਫੌਜਾਂ), ਲਖ ‘ਵਾਜੇ’ (ਸਾਜ਼) ਨੇਜੇ (ਸਲਾਮਧਾਰੀ); ਲਖੀ ਘੋੜੀ ਪਾਤਿਸਾਹ ॥’’ (ਮ: ੧/੧੨੮੭), ਆਦਿ।

(ਅ). ਗੁਰਬਾਣੀ ਵਿੱਚ ‘ਵਾਜੇ’ ਸ਼ਬਦ ਦਾ ਅਰਥ ‘ਵੱਜਦੇ ਹਨ’ (ਕਿਰਿਆ) ਤਦ ਹੁੰਦਾ ਹੈ ਜਦ ਇਸ ਨਾਲ ‘ਸਬਦ’ (ਬਹੁ ਵਚਨ) ਸ਼ਬਦ ਦਰਜ ਹੋਵੇ; ਜਿਵੇਂ:

‘‘ਨਾਮੁ ਜਿਨ ਕੈ ਮਨਿ ਵਸਿਆ; ‘ਵਾਜੇ’ (ਵੱਜਦੇ ਹਨ) ਸਬਦ ਘਨੇਰੇ ॥’’ (ਮ: ੩/੯੧੭)

‘‘ਵਾਜੇ’’ (ਵੱਜਦੇ ਹਨ) ਪੰਚ ਸਬਦ, ਤਿਤੁ ਘਰਿ ਸਭਾਗੈ (ਉਸ ਭਾਗਾਂ ਵਾਲੇ ਘਰ ਵਿੱਚ)॥’’ (ਮ: ੩/੯੧੭), ਆਦਿ।

‘ਵਾਵਣਹਾਰੇ’- ਇਸ ਸ਼ਬਦ ਦਾ ਅਰਥ ਹੈ ‘ਵਜਾਉਣ ਵਾਲੇ’ (ਬਹੁ ਵਚਨ, ਨਾਂਵ), ਪਰ ਇਹ ਸ਼ਬਦ ਗੁਰਬਾਣੀ ਵਿੱਚ ਕੇਵਲ 3 ਵਾਰ ਇਸ ਪਉੜੀ ਵਿੱਚ ਹੀ ਦਰਜ ਹੈ ਕਿਉਂਕਿ ਇਹ ਪਉੜੀ ਗੁਰਬਾਣੀ ’ਚ 3 ਵਾਰ ਦਰਜ ਹੈ।

‘ਪਰੀ ਸਿਉ’- ਇਨ੍ਹਾਂ ਜੁੜਤ ਸ਼ਬਦਾਂ ਦਾ ਅਰਥ ਹੈ ‘ਪਰੀਆਂ ਸਮੇਤ’ ਭਾਵ ‘ਪਰੀਆਂ’ (ਸੁੰਦਰ ਕਾਲਪਨਿਕ ਇਸਤ੍ਰੀਆਂ) ਵਾਙ ਮਨ ਨੂੰ ਪ੍ਰਭਾਵਤ ਕਰ ਲੈਣ ਵਾਲੀਆਂ ‘ਰਾਗਣੀਆਂ ਸਮੇਤ’।

ਗੁਰਬਾਣੀ ’ਚ ‘ਪਰੀ’ ਸ਼ਬਦ 33 ਵਾਰ ਦਰਜ ਹੈ, ਸਬੰਧਤ ਪਉੜੀ ’ਚ ਦਰਜ 3 ਵਾਰ ਤੋਂ ਇਲਾਵਾ 30 ਵਾਰ ਇਸ ਦਾ ਅਰਥ ਹੈ ‘ਪਈ, ਹੋਈ’ (ਕਿਰਿਆ) ਹੈ; ਜਿਵੇਂ:

‘‘ਸਾਂਝ ਪਰੀ (ਸਮਝ ਹੋਈ ਤਾਂ) ਦਹ ਦਿਸ ਅੰਧਿਆਰਾ ॥’’ (ਭਗਤ ਰਵਿਦਾਸ/੭੯੪)

‘‘ਕਾਮੁ, ਕ੍ਰੋਧੁ, ਅਹੰਕਾਰੁ ਨਿਵਾਰੈ; (ਜਦ) ਗੁਰ ਕੈ ਸਬਦਿ (ਰਾਹੀਂ) ਸੁ ਸਮਝ ਪਰੀ (ਪਈ)॥’’ (ਮ: ੧/੯੩੯)

‘‘ਸਤਸੰਗਤਿ ਕੀ ਧੂਰਿ, ਪਰੀ (ਪਈ) ਉਡਿ (ਕੇ) ਨੇਤ੍ਰੀ; ਸਭ ਦੁਰਮਤਿ ਮੈਲੁ ਗਵਾਈ ॥’’ (ਮ: ੪/੧੨੬੩), ਆਦਿ।

‘ਕਹੀਅਨਿ’- ਇਸ ਸ਼ਬਦ ਦਾ ਅਰਥ ਹੈ ‘ਕਹੇ ਜਾਂਦੇ’ (ਬਹੁ ਵਚਨ ਵਰਤਮਾਨ ਕਿਰਿਆ) ਇਹ ਸ਼ਬਦ ਸਬੰਧਤ ਪਉੜੀ ਤੋਂ ਇਲਾਵਾ ਕੇਵਲ ਇੱਕ ਵਾਰ ਹੋਰ ਦਰਜ ਹੈ; ਜਿਵੇਂ:

‘‘ਘੁਟਿ ਘੁਟਿ (ਗਲੋਂ ਘੁੱਟ-ਘੁੱਟ ਕੇ) ਜੀਆ ਖਾਵਣੇ; ਬਗੇ (ਅੰਦਰੋਂ ਸਾਫ਼) ਨਾ ‘ਕਹੀਅਨਿ੍’ (ਕਹੇ ਜਾਂਦੇ)॥’’ (ਮ: ੧/੭੨੯)

(ਨੋਟ: ‘ਕਹੀਅਨਿ’ ਸ਼ਬਦ ਦਾ ਰੂਪਾਂਤਰਨ (ਬਦਲਿਆ ਹੋਇਆ ਸ਼ਬਦ) ‘ਕਹੀਅਹਿ’ (ਬਹੁ ਵਚਨ ਵਰਤਮਾਨ ਕਿਰਿਆ) ਗੁਰਬਾਣੀ ਵਿੱਚ 25 ਵਾਰ ਦਰਜ ਹੈ; ਜਿਵੇਂ:

‘‘ਕੇਤੇ ਤੇਰੇ ਰਾਗ, ਪਰੀ ਸਿਉ ‘ਕਹੀਅਹਿ’; ਕੇਤੇ ਤੇਰੇ ਗਾਵਣਹਾਰੇ ॥’’ (ਮ: ੧/੮)

‘‘ਐਸੇ ਪਿਤਰ ਤੁਮਾਰੇ ‘ਕਹੀਅਹਿ’ (ਕਹੇ ਜਾਂਦੇ ਹਨ); ਆਪਨ ਕਹਿਆ ਨ ਲੇਹੀ (ਨਾ ਲੈ ਸਕਦੇ) ॥’’ (ਭਗਤ ਕਬੀਰ/੩੩੨), ਆਦਿ।)

ਵਾਜੇ ਨਾਦ, ਅਨੇਕ ਅਸੰਖਾ; ਕੇਤੇ ਵਾਵਣਹਾਰੇ॥  ਕੇਤੇ ਰਾਗ, ਪਰੀ ਸਿਉ ਕਹੀਅਨਿ; ਕੇਤੇ ਗਾਵਣਹਾਰੇ॥

ਭਾਵ- (ਜਵਾਬ : ਉਸ ਅਦਭੁਤ ਦਰ-ਘਰ ’ਚ) ਅਣਗਿਣਤ ਕਿਸਮ ਦੇ ਅਨੰਦਮਈ ਸੰਗੀਤ-ਧੁਨਿ ਵੱਜ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਵਜਾਉਣ ਵਾਲ਼ੇ (ਅਨੁਭਵੀ) ਭਗਤ-ਜਨ ਵੀ ਬੇਅੰਤ ਹਨ (ਭਾਵ ਸਰਬ ਵਿਆਪਕ ਅਕਾਲ ਪੁਰਖ ਨਾਲ਼ ਅਭੇਦ ਹੋਏ ਕਿੰਨੇ ਭਗਤ-ਜਨ ਸੰਗੀਤਮਈ ਧੁਨੀ ਦੇ ਪ੍ਰਭਾਵ ਵਾਙ ਮਸਤੀ ’ਚ ਐਸ਼-ਅਰਾਮ ਜੀਵਨ ਬਸਰ ਕਰ ਰਹੇ ਹਨ)। ਰਾਗਣੀਆਂ ਸਮੇਤ ਕਿੰਨੇ ਰਾਗ ਦੱਸੇ ਜਾਂਦੇ ਹਨ, (ਜਿਨ੍ਹਾਂ ਰਾਹੀਂ, ਰੱਬੀ ਗੁਣ) ਗਾਉਣ ਵਾਲ਼ੇ ਕਿੰਨੇ ਸੇਵਕ ਹਨ।

(ਨੋਟ : ਉਕਤ ਪੰਕਤੀ ਦਾ ‘ਸਾਰ’ ਇਹ ਮਿਲਦਾ ਹੈ ਕਿ ਰੱਬੀ ਕੁਦਰਤ ’ਚ ਵਿਚਰਨ ਵਾਲੇ ਅਣਗਿਣਤ ਹੀ ਅਸ਼ਾਂਤ ਜੀਵ-ਜੰਤਾਂ ਵਿੱਚੋਂ ਕਿਤਨੇ ਹੀ ਭਗਤ ਰੱਬੀ ਮਿਲਾਪ ਦਾ ਅਨੰਦ ਮਾਣਦੇ ਹੋਏ ਸ਼ਾਂਤੀਮਈ ਜੀਵਨ ਬਸਰ (ਨਿਰਬਾਹ) ਕਰ ਰਹੇ ਹਨ, ਜਿਨ੍ਹਾਂ ਬਾਰੇ ਗੁਰੂ ਨਾਨਕ ਸਾਹਿਬ ਜੀ ਨੇ ‘‘ਅਸੰਖ ਭਗਤ, ਗੁਣ ਗਿਆਨ ਵੀਚਾਰ ॥’’ ਵਾਲੀ (17 ਵੀਂ) ਪਉੜੀ ’ਚ ਵੀ ਜ਼ਿਕਰ ਕੀਤਾ ਸੀ ਤੇ 37 ਵੀਂ ਪਉੜੀ ਵਿੱਚ ਵੀ ‘‘ਤਿਥੈ ਭਗਤ ਵਸਹਿ ਕੇ ਲੋਅ ॥ ਕਰਹਿ ਅਨੰਦੁ, ਸਚਾ ਮਨਿ ਸੋਇ ॥’’ ਦਰਜ ਕੀਤਾ ਗਿਆ ਹੈ।

ਆਸਥਾ ਭਰਪੂਰ ਮਨੁੱਖਾਂ ਨੇ ਕੁਝ ਦੁਨਿਆਵੀ ਅਖੌਤੀ ਸ਼ਖ਼ਸੀਅਤਾਂ ਨੂੰ ਇਸ ਅਵਸਥਾ ਦੇ ਕਾਬਲ ਮੰਨ ਕੇ ਉਨ੍ਹਾਂ ਤੋਂ ਨਿਰੰਤਰ ਪ੍ਰਭਾਵਤ ਹੋਣਾ ਜਾਰੀ ਰੱਖਿਆ ਹੋਇਆ ਸੀ। ਭਾਈ ਗੁਰਦਾਸ ਜੀ ਇਸ ਭਾਵਨਾ ਪ੍ਰਥਾਏ ਆਖ ਰਹੇ ਹਨ: ‘‘ਸਤਿਗੁਰ ਸਾਹਿਬੁ ਛਡਿ ਕੈ; ਮਨਮੁਖ ਹੋਇ, ਬੰਦੇ ਦਾ ਬੰਦਾ।’’ (ਵਾਰ ੧੫ ਪਉੜੀ ੪) ਇਸ ਲਈ ‘ਗੁਰੂ ਸਾਹਿਬਾਨ’ ਦੁਆਰਾ ਅਗਲੀਆਂ ਤੁੱਕਾਂ ’ਚ ਉਨ੍ਹਾਂ ਤਮਾਮ ਹਸਤੀਆਂ ਨੂੰ ਕੇਵਲ ਇੱਕ ਨਿਰਾਕਾਰ ਸ਼ਖ਼ਸੀਅਤ ਦੇ ਅਧੀਨ ਹੀ ਬਿਆਨਿਆ ਗਿਆ ਹੈ ਭਾਵ ਰਵਾਇਤੀ ਆਕਾਰੀ ਸ਼ਖ਼ਸੀਅਤਾਂ ਦੇ ਮੁਕਾਬਲੇ ਨਿਰਾਕਾਰ ਸ਼ਖ਼ਸੀਅਤ ਰੂਪ ਲਕੀਰ ਨੂੰ ਵੱਡਾ ਕਰਕੇ ਖਿਚਿਆ ਗਿਆ ਹੈ, ਨਾ ਕਿ ਰਵਾਇਤੀ ਲਕੀਰ ਨੂੰ ਮਿਟਾਇਆ ਜਾ ਕਬੂਲ ਕੀਤਾ ਗਿਆ ਹੈ।)

‘‘ਗਾਵਹਿ ਤੁਹ ਨੋ ਪਉਣੁ, ਪਾਣੀ, ਬੈਸੰਤਰੁ; ਗਾਵੈ ਰਾਜਾ-ਧਰਮੁ, ਦੁਆਰੇ ॥ ਗਾਵਹਿ ਚਿਤੁ ਗੁਪਤੁ, ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥’’- ਇਸ ਪੰਕਤੀ ’ਚ ਦਰਜ ‘ਗਾਵਹਿ’ ਤੇ ਅਗਲੀਆਂ ਤੁੱਕਾਂ ’ਚ ਦਰਜ ‘ਗਾਵਨਿ’ (ਦੋਵੇਂ ਹੀ) ਸ਼ਬਦ ਬਹੁ ਵਚਨ ਵਰਤਮਾਨ ਕਿਰਿਆ ਨਾਲ ਸਬੰਧਤ ਹਨ, ਜਿਨ੍ਹਾਂ ਦਾ ਅਰਥ ਹੈ ‘ਗਾਉਂਦੇ ਹਨ’।

‘ਤੁਹ ਨੋ’- (ਕੇਵਲ 1 ਵਾਰ) ਇਹ ਸ਼ਬਦ ‘ਤੁਧ ਨੋ’ (36 ਵਾਰ) ਦਾ ਬਦਲਿਆ ਹੋਇਆ ਰੂਪ ਹੈ; ਜਿਵੇਂ: ‘‘ਤੁਧ ਨੋ ਨਿਵਣੁ, ਮੰਨਣੁ ਤੇਰਾ ਨਾਉ ॥’’ (ਮ: ੧/੮੭੮) ਅਤੇ ਇਸ (‘ਤੁਹ ਨੋ’) ਸ਼ਬਦ ਸਰੂਪ ਦਰਜ ਕਰਨ ਦਾ ਮਤਲਬ ਇਹੀ ਸੰਕੇਤ ਦੇਂਦਾ ਹੈ ਕਿ ‘ਜਪੁ’ ਬਾਣੀ ਦੀ ਇਸ ਪਉੜੀ ਦੇ 27 ਸ਼ਬਦ ਸਰੂਪ (‘ਗਾਵਹਿ’- 9 ਵਾਰ, ਵੀਚਾਰੇ-2 ਵਾਰ ਅਤੇ ‘ਕਹੀਅਨਿ, ਤੁਹ ਨੋ, ਪਉਣੁ, ਜਾਣਹਿ, ਬਰਮਾ, ਇੰਦ, ਇਦਾਸਣਿ, ਵਿਚਾਰੇ, ਰਖੀਸਰ, ਸੁਰਗਾ, ਮਛ, ਵਰਭੰਡਾ, ਤੁਧੁਨੋ, ਵੇਖੈ, ਜਿਵ ਤੇ ਪਤਿ’ ਕੇਵਲ ਇੱਕ=ਇੱਕ ਵਾਰ) ਅਜਿਹੇ ਹਨ ਜੋ ‘ਸੋ ਦਰੁ’ (ਰਹਰਾਸਿ) ਵਿੱਚ ਦਰਜ ਨਹੀਂ ਹਨ ਅਤੇ ‘ਸੋ ਦਰੁ’ ਰਹਰਾਸਿ ਬਾਣੀ ਦੇ 50 ਸ਼ਬਦ ਸਰੂਪ (‘ਤੇਰੇ’-6 ਵਾਰ, ‘ਤੁਧ ਨੋ’-14 ਵਾਰ, ‘ਗਾਵਨਿ’-11 ਵਾਰ, ‘ਬੀਚਾਰੇ’-3 ਵਾਰ, ਅਤੇ ‘ਤੇਰਾ, ਕਹੀਅਹਿ, ਤੁਧੁਨੋ, ਪਵਣੁ, ਜਾਣਨਿ, ਬ੍ਰਹਮਾ, ਇੰਦ੍ਰ, ਇੰਦ੍ਰਾਸਣਿ, ਰਖੀਸੁਰ, ਸੁਰਗੁ, ਮਛੁ, ਬ੍ਰਹਮੰਡਾ, ਦੇਖੈ, ਜਿਉ, ਫਿਰਿ ਤੇ ਪਾਤਿ’ ਕੇਵਲ ਇੱਕ-ਇੱਕ ਵਾਰ) ਅਜਿਹੇ ਹਨ ਜੋ ‘ਜਪੁ’ ਬਾਣੀ ਵਿੱਚ ਦਰਜ ਨਹੀਂ ਹਨ, ਜਿਨ੍ਹਾਂ ਨੂੰ ਧਿਆਨ ਨਾਲ ਪੜ੍ਹਨਾ ਹੈ, ਬੇਸ਼ੱਕ ਦੋਵੇਂ ਪਉੜੀਆਂ ਦੇ ਸ਼ਬਦਾਰਥ ਤੇ ਭਾਵਾਰਥਾਂ ’ਚ ਕੋਈ ਭਿੰਨਤਾ ਵੀ ਨਹੀਂ ਹੈ।

‘‘ਪਉਣੁ (ਹਵਾ), ਪਾਣੀ, ਬੈਸੰਤਰੁ (ਅੱਗ), ਚਿਤੁ-ਗੁਪਤੁ (ਚਿਤ੍ਰ-ਗੁਪਤ)’ ਦੇਵਤਿਆਂ ਵਾਙ ਹੀ ਸਨਾਤਨ ਸੋਚ ‘ਰਾਜਾ-ਧਰਮੁ (ਧਰਮਰਾਜ) ਨੂੰ ਵੀ ਦੇਵਤਾ ਮੰਨ ਕੇ ਉਸ ਤੋਂ ਪ੍ਰਭਾਵਤ ਹੁੰਦੀ ਹੈ, ਇਸ ਲਈ ਸਬੰਧਤ ਪੰਕਤੀ ’ਚ ‘ਰਾਜਾ-ਧਰਮੁ’ ਤੇ ‘ਧਰਮੁ’ ਦੋਵੇਂ ਸ਼ਬਦ ਹੀ ‘ਧਰਮਰਾਜ’ ਦੇ ਪ੍ਰਥਾਏ ਦਰਜ ਕੀਤੇ ਗਏ ਹਨ।

ਗੁਰਬਾਣੀ ਵਿੱਚ ‘ਧਰਮੁ’ ਸ਼ਬਦ 102 ਵਾਰ ਦਰਜ ਹੈ, ਜਿਨ੍ਹਾਂ ਵਿੱਚੋਂ ਕੇਵਲ 6 ਵਾਰ ਤਦ ‘ਧਰਮਰਾਜ’ ਜਾਂ ‘ਯਮਰਾਜ’ ਦੇ ਪ੍ਰਥਾਏ ਦਰਜ ਹੈ ਜਦ ਇਸ ਨਾਲ ‘ਰਾਜਾ, ਚਿਤੁ-ਗੁਪਤੁ ਤੇ ਦੂਤ’ ਸ਼ਬਦ ਦਰਜ ਹੋਣ; ਜਿਵੇਂ: ‘ਸੋ ਦਰੁ’ ਦੇ ਤਿੰਨੇ ਸ਼ਬਦਾਂ ’ਚ ਦਰਜ 5 ਵਾਰ ਤੋਂ ਇਲਾਵਾ ਇੱਕ ਵਾਰ ਪੰਜਵੇਂ ਪਾਤਿਸ਼ਾਹ ਜੀ ਦੁਆਰਾ ਦਰਜ ਕੀਤਾ ਹੋਇਆ ਮਿਲਦਾ ਹੈ: ‘‘ਜੈ ਜੈ ‘ਧਰਮੁ’ (ਧਰਮਰਾਜ) ਕਰੇ; ਦੂਤ ਭਏ ਪਲਾਇਣ ॥’’ (ਮ: ੫/੪੬੦) ਇਨ੍ਹਾਂ ਤੋਂ ਇਲਾਵਾ ਕਿਤੇ ਵੀ ‘ਧਰਮੁ’ ਸ਼ਬਦ ਨੂੰ ‘ਧਰਮਰਾਜ’ ਦੇ ਪ੍ਰਥਾਏ ਦਰਜ ਕੀਤਾ ਹੋਇਆ ਨਹੀਂ ਮਿਲਦਾ ਕਿਉਂਕਿ ਗੁਰਬਾਣੀ ਵਿੱਚ ‘ਧਰਮਰਾਜ’ ਲਈ ‘ਧਰਮਰਾਇ’ ਸ਼ਬਦ (45 ਵਾਰ) ਉਪਲਬਧ ਹੈ; ਜਿਵੇਂ:

‘‘ਤਿਸ ਨੋ ਜੋਹਹਿ (ਤੱਕਦੇ ਹਨ); ਦੂਤ ‘ਧਰਮਰਾਇ’ (ਧਰਮਰਾਜ ਦੇ ਦੂਤ: ਕਾਮ, ਕ੍ਰੋਧ ਆਦਿ)॥’’ (ਮ: ੫/੧੯੫)

‘‘ਧਰਮ ਰਾਇ’’ ਨੋ ਹੁਕਮੁ ਹੈ; ਬਹਿ (ਕੇ) ਸਚਾ ਧਰਮੁ ਬੀਚਾਰਿ ॥’’ (ਮ: ੩/੩੮) ਆਦਿ।

ਗਾਵਹਿ ਤੁਹ ਨੋ, ਪਉਣੁ, ਪਾਣੀ, ਬੈਸੰਤਰੁ; ਗਾਵੈ ਰਾਜਾ ਧਰਮੁ, ਦੁਆਰੇ॥ ਗਾਵਹਿ ਚਿਤੁ ਗੁਪਤੁ, ਲਿਖਿ ਜਾਣਹਿ; ਲਿਖਿ ਲਿਖਿ, ਧਰਮੁ ਵੀਚਾਰੇ॥

ਭਾਵ- ਹਵਾ, ਪਾਣੀ, ਅੱਗ ਆਦਿਕ ਤੱਤ ਤੈਨੂੰ ਗਾਉਂਦੇ ਹਨ (ਭਾਵ ਤੇਰੇ ਨਿਯਮ ’ਚ ਚੱਲ ਰਹੇ ਹਨ) ਤੇਰੇ ਬੂਹੇ ’ਤੇ (ਆਗਿਆਕਾਰ ਬਣ ਕੇ ਖੜ੍ਹੋਤਾ) ਧਰਮਰਾਜ ਵੀ ਤੈਨੂੰ ਗਾਉਂਦਾ ਹੈ। ਚਿਤ੍ਰ ਗੁਪਤ (ਜੋ, ਜੀਵਾਂ ਦੁਆਰਾ ਕੀਤੇ ਜਾਂਦੇ ਕਰਮ) ਲਿਖਣਾ ਜਾਣਦੇ (ਮੰਨੇ ਗਏ) ਹਨ, ਵੀ ਤੈਨੂੰ ਗਾਉਂਦੇ ਹਨ, ਜਿਨ੍ਹਾਂ ਦੁਆਰਾ ਲਿਖ-ਲਿਖ ਕੇ (ਸੰਭਾਲ਼ਿਆ ਗਿਆ ਰਿਕਾਰਡ) ਧਰਮਰਾਜ ਵਿਚਾਰਦਾ (ਮੰਨਿਆ ਜਾਂਦਾ) ਹੈ।

‘‘ਗਾਵਹਿ ਈਸਰੁ, ਬਰਮਾ, ਦੇਵੀ; ਸੋਹਨਿ ਸਦਾ ਸਵਾਰੇ ॥ ਗਾਵਹਿ ਇੰਦ, ਇਦਾਸਣਿ ਬੈਠੇ; ਦੇਵਤਿਆ ਦਰਿ ਨਾਲੇ ॥’’-ਇਸ ਪੰਕਤੀ ’ਚ ਦਰਜ ‘‘ਈਸਰੁ (ਸ਼ਿਵ), ਬਰਮਾ, ਦੇਵੀ (ਦੇਵੀਆਂ); ਇੰਦ, ਇਦਾਸਣਿ (ਉੱਤੇ) ਬੈਠੇ’’ ਆਦਿ ਸਨਾਤਨੀ ਸੋਚ ਨਾਲ ਸਬੰਧਤ ਮਨੁੱਖਾਂ ਨੂੰ ਪ੍ਰਭਾਵਤ ਕਰਨ ਵਾਲੀਆਂ ਸ਼ਖ਼ਸੀਅਤਾਂ ਹਨ।

‘ਸਦਾ ਸਵਾਰੇ’- ਇਨ੍ਹਾਂ ਜੁੜਤ ਸ਼ਬਦਾਂ ਦਾ ਅਰਥ ਹੈ: (ਰੱਬੀ ਸ਼ਕਤੀ ਦੁਆਰਾ ਸਨਾਤਨੀ ਸੋਚ ਮਨੁੱਖਾਂ ਦੀਆਂ ਨਜ਼ਰਾਂ ’ਚ) ‘ਪ੍ਰਭਾਵਸ਼ਾਲੀ ਬਣਾਏ ਹੋਏ’।

‘ਇਦਾਸਣਿ’- ਇਹ ਸ਼ਬਦ ਇੱਕ ਵਚਨ ਪੁਲਿੰਗ ਨਾਂਵ (ਅਧਿਕਰਣ ਕਾਰਕ) ਹੈ, ਜਿਸ ਦਾ ਅਰਥ ਹੈ ‘ਇੰਦਰ ਦੇ ਆਸਣ ਉੱਤੇ’ ਅਤੇ ਗੁਰਬਾਣੀ ਵਿੱਚ ਕੇਵਲ ਇੱਕ ਵਾਰ ਸਬੰਧਤ ਪੰਕਤੀ ’ਚ ਹੀ ਦਰਜ ਹੈ।

‘ਦਰਿ’- ਇਹ ਸ਼ਬਦ ਵੀ ਇੱਕ ਵਚਨ ਪੁਲਿੰਗ ਨਾਂਵ (ਅਧਿਕਰਣ ਕਾਰਕ) ਹੈ, ਜਿਸ ਦਾ ਅਰਥ ਹੈ ‘ਰੱਬੀ ਦਰ ਉੱਤੇ’। ਧਿਆਨ ਰਹੇ ਕਿ ਉਪਰੋਕਤ ਪੰਕਤੀ ’ਚ ਵੀ ‘‘ਗਾਵੈ ਰਾਜਾ-ਧਰਮੁ’’ ਤੋਂ ਉਪਰੰਤ ‘ਦੁਆਰੇ’ ਭਾਵ ‘ਰੱਬੀ ਦਰ ਉੱਤੇ’ (ਅਧਿਕਰਣ ਕਾਰਕ) ਸ਼ਬਦ ਆ ਚੁੱਕਾ ਹੈ। ਬਾਰ-ਬਾਰ ‘ਰੱਬੀ ਦਰ’ ਸ਼ਬਦ ਦਰਜ ਕਰਨਾ ਸਪਸ਼ਟ ਕਰਦਾ ਹੈ ਕਿ ਇਹੀ ‘‘ਸੋ ਦਰੁ ਕੇਹਾ’’ ਹੈ, ਜਿਸ ਨਾਲ ਪਉੜੀ ਦੀ ਆਰੰਭਤਾ ਕੀਤੀ ਗਈ ਹੈ। ਆਸਥਾ ਭਰਪੂਰ ਮਨੁੱਖ ਦੀ ਸੁਰਤ ਇਸ ‘ਦਰੁ’ ਨਾਲੋਂ ਟੁੱਟਣ ਕਾਰਨ ਹੀ ਇਨ੍ਹਾਂ ਅਖੌਤੀ ਟਹਿਣੀਆਂ ਨਾਲ ਜੁੜੀ ਹੋਈ ਹੈ, ਜਿਸ ਬਾਬਤ ਗੁਰੂ ਨਾਨਕ ਸਾਹਿਬ ਜੀ ਬਿਆਨ ਕਰ ਰਹੇ ਹਨ ਕਿ ‘‘ਮੂਲੁ (ਰੱਬੀ ‘ਦਰੁ’) ਛੋਡਿ (ਕੇ) ਡਾਲੀ ਲਗੇ; ਕਿਆ ਪਾਵਹਿ ਛਾਈ (ਸੁਆਹ) ? ॥’’ (ਮ: ੧/੪੨੦)

ਗਾਵਹਿ ਈਸਰੁ, ਬਰਮਾ, ਦੇਵੀ; ਸੋਹਨਿ ਸਦਾ ਸਵਾਰੇ॥ ਗਾਵਹਿ ਇੰਦ ਇਦਾਸਣਿ ਬੈਠੇ; ਦੇਵਤਿਆ, ਦਰਿ ਨਾਲੇ॥

ਭਾਵ- ਸ਼ਿਵ, ਬ੍ਰਹਮਾ, ਦੇਵੀਆਂ ਆਦਿ ਵੀ ਤੈਨੂੰ ਗਾਉਂਦੇ ਹਨ, ਜੋ ਤੇਰੇ ਦੁਆਰਾ ਪ੍ਰਭਾਵਸ਼ਾਲੀ ਬਣਾਏ ਸਦਾ ਸ਼ੋਭਦੇ ਹਨ (ਭਾਵ ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮ: ੩/੪੨੩) ਵਾਲ਼ੀ ਮਾਨਸਿਕਤਾ ਵੀ ਤੇਰੇ ਦੁਆਰਾ ਮਿਲੀ ‘ਦਾਤ’ ਹੈ) (ਤੇਰੇ ਅਦਭੁਤ) ਦਰ ਤੋਂ (ਮਿਲੀ ‘ਦਾਤ’ ਉਪਰੰਤ) ਦੇਵਤਿਆਂ ਸਮੇਤ ਅਨੇਕਾਂ ਇੰਦ੍ਰ, ਆਪਣੇ ਸਿੰਘਾਸਣ ਉੱਤੇ ਬੈਠੇ, ਤੈਨੂੰ ਗਾਉਂਦੇ ਹਨ।

(ਨੋਟ : ਉਕਤ ਕਾਲਪਨਿਕ ਦੇਵਤਿਆਂ ਵਾਲ਼ਾ ਦਿੱਤਾ ਜਾ ਰਿਹਾ ਦ੍ਰਿਸ਼ਟਾਂਤ ਕੇਵਲ ਇਨ੍ਹਾਂ ਦੀ ਸ਼ਕਤੀ ਨੂੰ ਇਨ੍ਹਾਂ ਦੇ ਅਨੁਯਾਈਆਂ ਸਾਹਮਣੇ ਤੁੱਛ ਸਾਬਤ ਕਰਨ ਹੈ, ਨਾ ਕਿ ਇਹ ਵਾਕਿਆ ਈ ਰੱਬੀ ਗੁਣ ਗਾਉਂਦੇ ਹਨ। ਇਨ੍ਹਾਂ ਦੇ ਜੀਵਨ ਅਤੇ ਵਜੂਦ ਬਾਰੇ ‘ਗੁਰਮਤ’ ਬੜੀ ਸਪਸ਼ਟ ਹੈ; ਜਿਵੇਂ ਕਿ ‘‘ਇੰਦ੍ਰ ਇੰਦ੍ਰਾਸਣਿ ਬੈਠੇ, ਜਮ ਕਾ ਭਉ ਪਾਵਹਿ॥’’ (ਮਹਲਾ ੩/੧੦੪੯) ਭਾਵ ਕਾਲਪਨਿਕ ਸਵਰਗ ’ਚ ਵੀ ਸ਼ਾਂਤੀ ਨਹੀਂ, ‘‘ਦੇਵੀ, ਦੇਵਾ; ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ; ਜਿੰਨਿ ਉਪਾਇਆ ॥’’ (ਮਹਲਾ ੩/੧੨੯) ਭਾਵ ਮਾਇਆਵੀ ਸੋਚ ਹੀ ਦੇਵੀ-ਦੇਵਤਿਆਂ ਦਾ ਵਜੂਦ ਹੈ, ਇਸ (ਮਾਇਆ-ਸੁਆਰਥ) ਨੇ ਸਿਮਰਤੀ, ਸ਼ਾਸਤਰ ਰਚੇ (ਜਿੱਥੋਂ ਇਹ ਹੋਂਦ ’ਚ ਆਏ), ਆਦਿ; ਇਸ ਲਈ ‘ਗਾਵਹਿ’ ਦਾ ਭਾਵਾਰਥ ‘ਹੁਕਮ ਵਿੱਚ ਚੱਲਦੇ ਹਨ’ ਸਮਝਣਾ ਵੀ ਗੁਰਮਤਿ ਅਨੁਸਾਰੀ ਹੋਏਗਾ; ਜਿਵੇਂ ਕਿ ‘‘ਗਾਵਹਿ ਖੰਡ, ਮੰਡਲ, ਵਰਭੰਡਾ..॥’’ ਦਾ ਭਾਵਾਰਥ ਲਿਆ ਜਾਂਦਾ ਹੈ।)

‘‘ਗਾਵਹਿ ਸਿਧ, ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ ॥ ਗਾਵਨਿ ਜਤੀ, ਸਤੀ, ਸੰਤੋਖੀ; ਗਾਵਹਿ ਵੀਰ ਕਰਾਰੇ ॥’’- ਇਸ ਪੰਕਤੀ ’ਚ ਦਰਜ ‘ਸਿਧ’ (ਸਫਲਤਾ ਪਾ ਚੁੱਕੇ ਜੋਗੀ), ‘ਸਾਧ’ (ਮਨ ਨੂੰ ਕਾਬੂ ਕਰਨ ’ਚ ਲੱਗੇ ਹੋਏ), ‘ਜਤੀ’ (ਬ੍ਰਹਮਚਾਰੀ), ‘ਸਤੀ’ (ਦਾਨੀ, ਪਰਉਪਕਾਰੀ, ਉਦਾਰਵਾਦੀ), ‘ਸੰਤੋਖੀ’ (ਸੰਜਮੀ), ‘ਵੀਰ’ (ਹਨੂਮਾਨ, ਭੈਰਵ ਆਦਿ 52 ਬੀਰ) ਆਦਿ ਸਾਰੇ ਹੀ ਸਨਾਤਨੀ ਸੋਚ (ਮਾਨਸਿਕਤਾ) ਨੂੰ ਪ੍ਰਭਾਵਤ ਕਰਦੇ ਹਨ। ਇਸ ਪੰਕਤੀ ’ਚ ‘ਸਾਧ’ ਨਾਲ ‘ਵਿਚਾਰੇ’ ਸ਼ਬਦ ਦਰਜ ਤੋਂ ਭਾਵ ਹੈ ਕਿ ‘ਸਾਧ’ ਆਪਣੇ ਮਨ ਨੂੰ ਕਾਬੂ, ਗਿਆਨ ਨੂੰ ਵੀਚਾਰ ਵੀਚਾਰ ਕੇ ਕਰਦੇ ਹਨ ਅਤੇ ‘ਵੀਰ’ ਨਾਲ ‘ਕਰਾਰੇ’ ਸ਼ਬਦ ਦਰਜ ਤੋਂ ਭਾਵ ਤਕੜੇ ਯੋਧੇ, ਸੂਰਮੇ 52 ਬੀਰ ਮੰਨੇ ਜਾਂਦੇ ਸਨ।

(ਨੋਟ: ਉਕਤ ਪੰਕਤੀ ’ਚ ‘ਵੀਰ ਕਰਾਰੇ’ ਦਾ ਪ੍ਰਚਲਤ ਅਰਥ (ਦੁਨਿਆਵੀ) ‘ਬਲੀ ਰਾਜੇ, ਸੂਰਮੇ’ ਹੈ ਜਦਕਿ ਅਗਲੀਆਂ ਪੰਕਤੀਆਂ ’ਚ ਵੀ ਦੁਨਿਆਵੀ ‘ਮਹਾਂ ਬਲੀ ਯੋਧੇ ਰਾਜਿਆਂ’ ਦਾ ਜ਼ਿਕਰ ਆ ਰਿਹਾ ਹੈ ਇਸ ਲਈ ਇਸ ਪੰਕਤੀ ’ਚ ‘ਵੀਰ’ ਤੋਂ ਭਾਵ ‘52 ਬੀਰ’ (‘ਹਨੂਮਾਨ, ਭੈਰਵ’ ਆਦਿ) ਲੈਣਾ ਵਧੇਰੇ ਦਰੁਸਤ ਲੱਗਦਾ ਹੈ ਕਿਉਂਕਿ ਸਬੰਧਤ ਪੰਕਤੀ ’ਚ ਤਮਾਮ ਕਾਲਪਨਿਕ ਦੇਵਤਿਆਂ ਦਾ ਹੀ ਜ਼ਿਕਰ ਹੈ।)

ਗਾਵਹਿ ਸਿਧ, ਸਮਾਧੀ ਅੰਦਰਿ; ਗਾਵਨਿ ਸਾਧ ਵਿਚਾਰੇ॥   ਗਾਵਨਿ ਜਤੀ, ਸਤੀ, ਸੰਤੋਖੀ; ਗਾਵਹਿ ਵੀਰ ਕਰਾਰੇ॥

ਭਾਵ- ਯੋਗ ਸਾਧਨਾ ਰਾਹੀਂ ਬਣੇ ਪੂਰਨ ਯੋਗੀ ਤੇ ਮਨ ਨੂੰ ਕਾਬੂ ਰੱਖਣ ਵਾਲ਼ੇ ਸਾਧ-ਜਨ, ਸਮਾਧੀ ਰਾਹੀਂ ਵਿਚਾਰ ਵਿਚਾਰ ਕੇ ਤੈਨੂੰ ਗਾਉਂਦੇ ਹਨ। ਉੱਚੇ ਆਚਰਨ ਵਾਲ਼ੇ, ਉਦਾਰਵਾਦੀ ਭਾਵ ਦਾਨੀ, ਸਬਰ ਸੰਤੋਖਵਾਨ ਤੇ ਤਕੜੇ ਸੂਰਵੀਰ ਤੈਨੂੰ ਗਾਉਂਦੇ ਹਨ।

‘‘ਗਾਵਨਿ ਪੰਡਿਤ, ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ ॥ ਗਾਵਹਿ, ਮੋਹਣੀਆ ਮਨੁ ਮੋਹਨਿ; ਸੁਰਗਾ ਮਛ ਪਇਆਲੇ ॥’’– ਇਸ ਪੰਕਤੀ ’ਚ ‘ਪੰਡਿਤ, ਰਖੀਸਰ’ (ਰਿਖੀ ਮੁਨੀ) ਤੇ ਇਨ੍ਹਾਂ ਦੁਆਰਾ ਬਣਾਈਆਂ ਗਈਆਂ ਕਾਲਪਨਿਕ ਮਨ ਨੂੰ ਮੋਹ ਲੈਣ ਵਾਲੀਆਂ ਅਪਸਰਾਵਾਂ’ ਦਾ ਸੰਬੰਧ ਤ੍ਰਿਲੋਕੀ ਭਾਵ ‘ਸਵਰਗ ਲੋਕ, ਮਾਤ ਲੋਕ ਤੇ ਪਾਤਾਲ ਲੋਕ’ ਨਾਲ ਸਦੀਆਂ ਤੋਂ ਭਾਵ ਜੁਗਾਂ-ਜੁਗਾਂ ਤੋਂ ਮੰਨਿਆ ਜਾਂਦਾ ਹੈ ਜਿਸ ਦਾ ਜ਼ਿਕਰ ਗੁਰੂ ਜੀ ਇਸ ਇੱਕ ਪੰਕਤੀ ’ਚ ਕਰ ਰਹੇ ਹਨ।

ਗਾਵਨਿ ਪੰਡਿਤ ਪੜਨਿ ਰਖੀਸਰ; ਜੁਗੁ ਜੁਗੁ ਵੇਦਾ ਨਾਲੇ॥ ਗਾਵਹਿ ਮੋਹਣੀਆ ਮਨੁ ਮੋਹਨਿ; ਸੁਰਗਾ, ਮਛ, ਪਇਆਲੇ॥

ਭਾਵ- ਪੰਡਿਤ ਤੇ ਮਹਾਂ ਰਿਸ਼ੀ, ਜੋ ਸਦਾ ਤੋਂ ਵੇਦਾਂ ਰਾਹੀਂ ਵਿੱਦਿਆ ਪੜ੍ਹਦੇ ਆ ਰਹੇ ਹਨ, ਉਹ ਵੀ ਤੈਨੂੰ ਗਾਉਂਦੇ ਹਨ। ਸਵਰਗ ਲੋਕ, ਮਾਤ ਲੋਕ ਅਤੇ ਪਤਾਲ ਲੋਕ ਦੀਆਂ ਸੁੰਦਰੀਆਂ, ਜੋ ਮਨ ਨੂੰ ਮੋਹ ਲੈਂਦੀਆਂ ਹਨ, ਤੈਨੂੰ ਗਾਉਂਦੀਆਂ ਹਨ।

‘‘ਗਾਵਨਿ, ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ ॥ ਗਾਵਹਿ ਜੋਧ, ਮਹਾ ਬਲ, ਸੂਰਾ; ਗਾਵਹਿ ਖਾਣੀ ਚਾਰੇ ॥ ਗਾਵਹਿ ਖੰਡ, ਮੰਡਲ, ਵਰਭੰਡਾ; ਕਰਿ ਕਰਿ ਰਖੇ ਧਾਰੇ ॥’’- ਇਸ ਪੰਕਤੀ ’ਚ ਸਮੁੰਦਰ ਨੂੰ ਰਿੜਕ ਕੇ ਕੱਢੇ ਗਏ 14 ਕੀਮਤੀ ਰਤਨ, ਜਿਨ੍ਹਾਂ ਵਿੱਚੋਂ ਇੱਕ ਅੰਮ੍ਰਿਤ ਰਤਨ ਦੇ (ਦੇਵਤਿਆਂ ਤੇ ਦੈਂਤਾਂ ਦੀ ਲੜਾਈ ਕਾਰਨ) ਡੁਲ ਜਾਣ ਕਾਰਨ ਹੋਂਦ ’ਚ ਆਏ ਕੁੰਭ ਦੇ 4 ਮੇਲਿਆਂ ਸਮੇਤ 68 ਤੀਰਥਾਂ ਦਾ ਜ਼ਿਕਰ ਹੈ, ਦੁਨਿਆਵੀ ਰਾਜੇ; ਜਿਵੇਂ: ‘ਯੋਧੇ, ਮਹਾਂਬਲੀ, ਸੂਰਮੇ’ ਆਦਿ ਸਮੇਤ ਧਰਤੀ ਦੀਆਂ 4 ਖਾਣੀਆਂ (ਅੰਡਜ, ਜੇਰਜ, ਸੇਤਜ ਤੇ ਉਤਭੁਜ) ਤੋਂ ਇਲਾਵਾ ਆਕਾਸ਼ ਦੇ ਤਾਰਿਆਂ, ਨਛੱਤਰਾਂ (ਖੰਡ, ਮੰਡਲ ਤੇ ਵਰਭੰਡ) ਆਦਿ ਦਾ ਜ਼ਿਕਰ ਕਰਨ ਉਪਰੰਤ ਸਪਸ਼ਟ ਹੁੰਦਾ ਹੈ ਕਿ ਇਸ ਤੋਂ ਉਪਰੰਤ ‘ਗਾਵਹਿ’ ਸ਼ਬਦ ਨਾਲ ਸਬੰਧਤ ਪੰਕਤੀਆਂ ਵਿੱਚੋਂ ਇਹ ਆਖ਼ਰੀ ਪੰਕਤੀ ਹੈ, ਜਿਨ੍ਹਾਂ ਰਾਹੀਂ ਦੁਨਿਆਵੀ ਸ਼ਖ਼ਸੀਅਤਾਂ ਨੂੰ ਬਿਆਨਿਆ ਜਾ ਰਿਹਾ ਸੀ।

ਗਾਵਨਿ ਰਤਨ ਉਪਾਏ ਤੇਰੇ; ਅਠਸਠਿ ਤੀਰਥ ਨਾਲੇ॥  ਗਾਵਹਿ ਜੋਧ ਮਹਾ ਬਲ ਸੂਰਾ; ਗਾਵਹਿ ਖਾਣੀ ਚਾਰੇ॥  ਗਾਵਹਿ ਖੰਡ, ਮੰਡਲ, ਵਰਭੰਡਾ; ਕਰਿ ਕਰਿ ਰਖੇ ਧਾਰੇ॥

ਤੇਰੇ ਦੁਆਰਾ ਪੈਦਾ ਕੀਤੇ ਗਏ 68 ਤੀਰਥਾਂ ਸਮੇਤ 14 ਰਤਨ ਤੈਨੂੰ ਗਾਉਂਦੇ ਹਨ (ਭਾਵ ਤੇਰੇ ਹੁਕਮ ਰਾਹੀਂ ਇਹ ਸਭ ਵਜੂਦ ’ਚ ਆਏ)। ਮਹਾਂ ਬਲੀ ਯੋਧੇ, ਸੂਰਮੇ ਤੈਨੂੰ ਗਾਉਂਦੇ ਹਨ, ਚਾਰੇ ਖਾਣੀਆਂ (ਅੰਡਜ, ਜੇਰਜ, ਸੇਤਜ, ਉਤਭੁਜ) ਤੈਨੂੰ ਗਾਉਂਦੀਆਂ ਹਨ (ਤੇਰੀ ਰਜ਼ਾ ’ਚ ਚਲਦੀਆਂ ਹਨ)। ਖੰਡ (ਛੋਟਾ ਟੁਕੜਾ ਭਾਵ ਪ੍ਰਿਥਵੀ), ਮੰਡਲ (ਸੂਰਜ ਪਰਵਾਰ) ਤੇ ਬ੍ਰਹਿਮੰਡ (ਅਨੇਕਾਂ ਸੂਰਜਾਂ ਦਾ ਸੰਗ੍ਰਹਿ, ਜੋ ਅਦਭੁਤ ਸਹਾਰੇ ਨਾਲ਼) ਤੇਰੇ ਦੁਆਰਾ ਟਿਕਾਏ ਹੋਏ ਹਨ, ਤੈਨੂੰ ਗਾਉਂਦੇ ਹਨ (ਭਾਵ ਤੇਰੇ ਹੁਕਮ ’ਚ ਹਨ)।

‘‘ਸੇਈ ਤੁਧੁਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ ਰਸਾਲੇ ॥’’-ਇਸ ਪਉੜੀ ਦੇ ਆਰੰਭ ’ਚ ‘ਤੁਹਨੋ’ ਸ਼ਬਦ ਦਰਜ ਸੀ ਜਿਸ ਦਾ ਰੂਪਾਂਤਰਨ ਸ਼ਬਦ ‘ਤੁਧੁਨੋ’ ਇਸ ਪੰਕਤੀ ’ਚ ਦਰਜ ਕੀਤਾ ਗਿਆ ਹੈ, ਇਨ੍ਹਾਂ ਦੋਵੇਂ ਸ਼ਬਦਾਂ ਦਾ ਅਰਥ ਹੈ: ‘ਤੈਨੂੰ’ (ਮੱਧਮ ਪੁਰਖ, ਇੱਕ ਵਚਨ ਪੁਲਿੰਗ ਪੜਨਾਂਵ, ਕਰਮ ਕਾਰਕ)।

ਗੁਰਬਾਣੀ ਵਿੱਚ ‘ਤੁਧੁਨੋ’ ਸ਼ਬਦ 7 ਵਾਰ ਦਰਜ ਹੈ, ਧਿਆਨ ਰਹੇ ਕਿ ਇਸ ਸ਼ਬਦ ਨੂੰ ‘ਤੁਧੁ ਨੋ’ (ਪਦਛੇਦ) ਨਹੀਂ ਕਰਨਾ ਹੈ ਕਿਉਂਕਿ ਪਦਛੇਦ ਕੀਤਿਆਂ ‘ਨੋ’ ਸਬੰਧਕੀ ਸ਼ਬਦ ‘ਤੁਧੁ’ (ਪੜਨਾਂਵ) ਨੂੰ ਅੰਤ ਮੁਕਤਾ ਕਰ ਦੇਵੇਗਾ, ਇਸ ਲਈ ਗੁਰਬਾਣੀ ਦੀ ਤਮਾਮ ਲਿਖਤ ਨੂੰ ‘ਪਦਛੇਦ’ ਕਰਦਿਆਂ ਵਿਦਵਾਨਾਂ ਨੇ ਇਨ੍ਹਾਂ ਨੂੰ ਪਦਛੇਦ ਨਹੀਂ ਕੀਤਾ; ਜਿਵੇਂ 7 ਵਾਰ:

‘‘ਬਿਨੁ ਸਬਦੈ ‘ਤੁਧੁਨੋ’ ਕੋਈ ਨ ਜਾਣੀ ॥’’ (ਮ: ੩/੧੦੫੬)

‘‘ਤੁਧੁਨੋ’’ ਸੇਵਹਿ; ਜੋ ਤੁਧੁ ਭਾਵਹਿ ॥’’ (ਮ: ੩/੧੦੬੭) ਆਦਿ।

ਉਕਤ ਵੀਚਾਰ ਦੀ ਪੁਸ਼ਟੀ ਲਈ ਗੁਰਬਾਣੀ ਵਿੱਚ ਕੇਵਲ 2 ਵਾਰ ‘ਤੁਧ ਨੋ’ (ਪਦਛੇਦ) ਸਰੂਪ ਵੀ ਦਰਜ ਹੈ, ਜਿਸ ਵਿੱਚ ‘ਨੋ’ ਨੇ ‘ਤੁਧ’ ਨੂੰ ਅੰਤ ਮੁਕਤਾ ਕਰ ਦਿੱਤਾ ਹੈ। ਧਿਆਨ ਰਹੇ ਕਿ ਇਨ੍ਹਾਂ ਪੰਕਤੀਆਂ ’ਚ ਆਪਣੇ ਵੱਲੋਂ ‘ਤੁਧਨੋ’ (ਪਦਛੇਦ ਰਹਿਤ) ਨਹੀਂ ਕਰਨਾ ਹੈ; ਜਿਵੇਂ:

‘‘ਨ ਹੋਵੀ ਪਛੋਤਾਉ; ‘ਤੁਧ ਨੋ’ ਜਪਤਿਆ ॥’’ (ਮ: ੫/੫੧੯)

‘‘ਜਿ, ‘ਤੁਧ ਨੋ’ ਸਾਲਾਹੇ, ਸੁ ਸਭੁ ਕਿਛੁ ਪਾਵੈ; ‘ਜਿਸ ਨੋ’ ਕਿਰਪਾ ਨਿਰੰਜਨ ਕੇਰੀ (ਦੀ) ॥’’ (ਮ: ੪/੫੫੫)

(ਨੋਟ: ਅਖ਼ੀਰਲੀ ਪੰਕਤੀ ’ਚ ‘ਨੋ’ ਸ਼ਬਦ ਦੋ ਵਾਰ ਦਰਜ ਹੈ ਜਿਸ ਨੇ ‘ਤੁਧ’ ਦੇ ਨਾਲ-ਨਾਲ ‘ਜਿਸ’ (ਪੜਨਾਂਵ) ਨੂੰ ਵੀ ਅੰਤ ਮੁਕਤਾ ਕਰ ਦਿੱਤਾ ਹੈ ਇਸ ਨਿਯਮ ਅਨੁਸਾਰ ਹੀ ਇਸ ਪਉੜੀ ਦੀ ਆਰੰਭਕ ਪੰਕਤੀ ’ਚ ‘ਤੁਹਨੋ’ ਨੂੰ ਪਦਛੇਦ ਕਰਕੇ ‘ਤੁਹ ਨੋ’ ਪੜ੍ਹਨਾ ਦਰੁਸਤ ਹੋਵੇਗਾ।)

ਉਪਰੋਕਤ ਪੰਕਤੀ ’ਚ ਕੀਤੀ ਗਈ ਵੀਚਾਰ ਅਨੁਸਾਰ ਨਿਰਜਿੰਦ (ਬੇਜਾਨ) ਵਸਤੂਆਂ ਦੇ ਸ਼ਬਦਾਰਥਾਂ ਨੂੰ ਹੀ ਅਗਰ ਭਾਵਾਰਥ ਮੰਨ ਲਿਆ ਜਾਏ ਕਿ ‘ਰੱਬੀ ਹੁਕਮ ਵਿੱਚ ਚੱਲਣਾ ਹੀ ਉਸ ਨੂੰ ਗਾਉਣਾ ਹੈ’, ਤਾਂ ‘‘ਸੇਈ ਤੁਧੁਨੋ ਗਾਵਹਿ, ਜੋ ਤੁਧੁ ਭਾਵਨਿ’’ ਦਾ ਅਰਥ ਬਣੇਗਾ ਕਿ ਉਹੀ ਤੇਰੇ ਹੁਕਮ ਵਿੱਚ ਚੱਲਦੇ ਹਨ ਜੋ ਤੈਨੂੰ ਪਸੰਦ ਹਨ। ਇਹ ਅਰਥ ਗੁਰਮਤਿ ਅਨੁਸਾਰੀ ਦਰੁਸਤ ਨਹੀਂ ਮੰਨੇ ਜਾ ਸਕਦੇ ? ਕਿਉਂਕਿ ਗੁਰਬਾਣੀ ਫ਼ੁਰਮਾਨ : ‘‘ਹੁਕਮੈ ਅੰਦਰਿ ਸਭੁ ਕੋ; ਬਾਹਰਿ ਹੁਕਮ ਨ ਕੋਇ ॥’’ (ਜਪੁ /ਮ: ੧) ਮੌਜੂਦ ਹੈ। ਇਸ ਲਈ ਉਪਰੋਕਤ ਤਮਾਮ ਸ਼ਖ਼ਸੀਅਤਾਂ ਦਾ ਕਰਤਾਰ ਨੂੰ ਗਾਉਣਾ ਇੱਕ ਰੂਪਕ ਅਲੰਕਾਰ ਵਜੋਂ ਹੈ, ਨਾ ਕਿ ਯਥਾਰਥ (ਸਚਾਈ, ਵਾਸਤਵਿਕਤਾ) ਕਿਉਂਕਿ ਅਗਰ ਇਹ ‘‘ਈਸਰੁ, ਬਰਮਾ, ਦੇਵੀ, ਇੰਦ’’ ਆਦਿ ਦੇਵਤੇ ਰੱਬੀ ਗੁਣਾਂ ਨੂੰ ਗਾਉਂਦੇ ਹੁੰਦੇ ਤਾਂ ਇਹ ਆਚਰਨਹੀਣ ਨਾ ਹੁੰਦੇ। ਗੁਰਬਾਣੀ ਇਨ੍ਹਾਂ ਦੇ ਯਥਾਰਥ ਪੱਖ ਨੂੰ ਇਉਂ ਬਿਆਨ ਕਰਦੀ ਹੈ: ‘‘ਜੁਗਹ ਜੁਗਹ ਕੇ ਰਾਜੇ ਕੀਏ; ਗਾਵਹਿ ਕਰਿ ਅਵਤਾਰੀ ॥’’ (ਮ: ੩/੪੨੩)

ਸੇਈ ਤੁਧੁ ਨੋ ਗਾਵਹਿ, ਜੋ ਤੁਧੁ ਭਾਵਨਿ; ਰਤੇ ਤੇਰੇ ਭਗਤ, ਰਸਾਲੇ !॥

ਭਾਵ- ਹੇ ਅਨੰਦਮਈ ਜੀਵਨ ਦੇ ਸ੍ਰੋਤ (ਰਸ+ਆਲਯ, ਅਨੰਦ ਦੇ ਘਰ ! ਅਸਲ ’ਚ) ਉਹੀ ਤੁਹਾਨੂੰ ਗਾਉਂਦੇ ਹਨ (ਭਾਵ ਉਨ੍ਹਾਂ ਦੁਆਰਾ ਗਾਇਆ ਹੀ ਤੈਨੂੰ ਕਬੂਲ ਹੈ) ਜੋ ਭਗਤ-ਜਨ ਤੇਰੇ ਪ੍ਰੇਮ ਰੰਗ ’ਚ ਭਿੱਜੇ ਹੋਏ ਹੁੰਦੇ ਹਨ ਤੇ ਤੁਹਾਨੂੰ ਪਸੰਦ ਆ ਜਾਂਦੇ ਹਨ।

(ਨੋਟ : ਇਸ ਅੰਤਮ ਤੁਕ ਰਾਹੀਂ ਬੋਧ ਹੁੰਦਾ ਹੈ ਕਿ ‘ਪਉਣੁ, ਪਾਣੀ, ਬੈਸੰਤਰ, ਚਿਤੁ ਗੁਪਤੁ, ਇੰਦ, ਈਸਰੁ, ਬਰਮਾ, ਦੇਵੀ, ਚਾਰੇ ਖਾਣੀ, ਖੰਡ, ਮੰਡਲ, ਵਰਭੰਡ’ ਆਦਿ ਦਾ ਗਾਉਣਾ ਰੱਬ ਜੀ ਨੂੰ ਮਨਜ਼ੂਰ ਨਹੀਂ, ਇਸੇ ਕਾਰਨ ਉਹ ਖ਼ੁਸ਼ ਨਹੀਂ ਹੁੰਦੇ।

ਗੁਰੂ ਜੀ ਦੁਆਰਾ ਇਨ੍ਹਾਂ ਦਾ ਜ਼ਿਕਰ ਕਰਨਾ, ਕੇਵਲ ਉਸ ਮਨੁੱਖੀ ਮਾਨਸਿਕਤਾ ਨੂੰ ਅਸਲ ਦਾਤਾਰ ਨਾਲ਼ ਜੋੜਨਾ ਹੈ, ਜੋ ਇਨ੍ਹਾਂ ਦੇ ਪੂਜਾਰੀ ਸਨ ਤੇ ਇਨ੍ਹਾਂ ਨੂੰ ਪੂਜਦੇ ਆ ਰਹੇ ਸਨ, ਵੈਸੇ ‘ਗਾਵਹਿ’ ਸ਼ਬਦ ਦਾ ਅਰਥ ‘ਹੁਕਮ ’ਚ ਚੱਲਦੇ ਹਨ’ (ਬਹੁ ਵਚਨ, ਵਰਤਮਾਨ) ਕਰਨ ਨਾਲ਼ ਹਰ ਤੁਕ ਦਾ ਭਾਵਾਰਥ ਸਮਝਣਾ ਆਸਾਨ ਬਣਾਇਆ ਜਾ ਸਕਦਾ ਹੈ।

ਅਗਲੀ ਪੰਕਤੀ ‘‘ਹੋਰਿ ਕੇਤੇ ਗਾਵਨਿ’’, ਭਾਵੇਂ ‘‘ਸੇਈ ਤੁਧੁ ਨੋ ਗਾਵਹਿ’’ ਤੁਕ ਤੋਂ ਬਾਅਦ ’ਚ ਦਰਜ ਹੈ, ਪਰ ਇਸ ਦਾ ਸਬੰਧ ਪਉੜੀ ਦੇ ਚਲਦੇ ਆ ਰਹੇ ਉਕਤ ਪ੍ਰਸੰਗ ਨਾਲ਼ ਹੈ, ਜਿਸ ਰਾਹੀਂ ਕਾਲਪਨਿਕ ਸ਼ਕਤੀਆਂ ਨੂੰ ਅਕਾਲ ਪੁਰਖ ਦੇ ਅਧੀਨ ਵਿਚਰਦੇ ਦਰਸਾਇਆ ਗਿਆ ਹੈ।)

‘‘ਹੋਰਿ, ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ ॥’’– ਉਕਤ ਪੰਕਤੀਆਂ ’ਚ ਤਮਾਮ ‘ਨਾਂਵ’ ਤੇ ‘ਕਿਰਿਆਵਾਚੀ’ ਸ਼ਬਦ ਬਹੁ ਵਚਨ ਦਰਜ ਕੀਤੇ ਗਏ ਸਨ ਤੇ ਇਸ ਪੰਕਤੀ ’ਚ ਵੀ ‘ਹੋਰਿ, ਸੇ’ (ਪੜਨਾਂਵ), ‘ਗਾਵਨਿ, ਆਵਨਿ’ (ਕਿਰਿਆ) ਆਦਿ ਸ਼ਬਦ ਬਹੁ ਵਚਨ ਹੀ ਹਨ ਭਾਵ ਕੁਦਰਤ ਦੇ ਵਿਆਪਕ ਵਿਸਥਾਰ (’ਚ ਹਾਜ਼ਰ-ਨਾਜ਼ਰ ‘ਸੋ ਦਰੁ’ ਤੇ ‘ਸੋ ਘਰੁ’ ਇੱਕ ਵਚਨ) ਦੇ ਮੁਕਾਬਲੇ ਤਮਾਮ ਬਹੁ ਵਚਨ ਸ਼ਬਦ ਇਸਤੇਮਾਲ ਕਰਨ ਤੋਂ ਉਪਰੰਤ ਵੀ ਅਸੀਮ-ਅਸੀਮ ਹੀ ਬਿਆਨਿਆ ਜਾ ਰਿਹਾ ਹੈ।

ਹੋਰਿ ਕੇਤੇ ਗਾਵਨਿ; ਸੇ, ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ ?॥

ਭਾਵ- (ਉਕਤ ਸਭ ਮਿਸਾਲਾਂ ਤੋਂ ਇਲਾਵਾ ਵੀ) ਹੋਰ ਕਿੰਨੇ ਤੈਨੂੰ ਗਾਉਂਦੇ ਹਨ, ਜੋ ਮੇਰੇ ਧਿਆਨ ’ਚ ਨਹੀਂ ਆਉਂਦੇ (ਕਿਉਂਕਿ ਤੇਰੀ ਵਿਸ਼ਾਲਤਾ ਦੇ ਮੁਕਾਬਲੇ) ਨਿਮਾਣਾ ਜਿਹਾ ਨਾਨਕ ਕਿੰਨੀ ਕੁ ਵਿਚਾਰ ਕਰ ਸਕਦਾ ਹੈ? (ਜੇਤੀ ਪ੍ਰਭੂ (ਨੇ) ਜਨਾਈ (ਸੂਝ ਦਿੱਤੀ), ਰਸਨਾ (ਨੇ) ਤੇਤ ਭਨੀ (ਓਨੀ ਹੀ ਦੱਸੀ)॥ ਅਨਜਾਨਤ ਜੋ ਸੇਵੈ, ਤੇਤੀ (ਉਹ ਸਭ) ਨਹ ਜਾਇ ਗਨੀ (ਗਿਣੀ ਨਾ ਜਾਂਦੀ)॥’’ ਮਹਲਾ ੫/੪੫੬)

‘‘ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ; ਸਾਚੀ ਨਾਈ ॥ ਹੈ ਭੀ, ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ ॥’’- ਇਸ ਪੰਕਤੀ ਦੇ ਵਿਸਰਾਮ ਦੇਣ ’ਚ ਕੁਝ ਭਿੰਨਤਾ ਪਾਈ ਜਾਂਦੀ ਹੈ, ਜਿਸ ਦੀ ਵੀਚਾਰ ਲਈ ਇਹ ਨੁਕਤਾ ਜ਼ਰੂਰੀ ਹਨ :

ਇਸ ਪੰਕਤੀ ’ਚ ‘‘ਸੋਈ ਸੋਈ ਸਦਾ ਸਚੁ, ਸਾਹਿਬੁ ਸਾਚਾ.. (ਤੇ) ਜਿਨਿ ॥’’ ਸ਼ਬਦ ਇੱਕ ਵਚਨ ਪੁਲਿੰਗ ਨਾਂਵ, ਪੜਨਾਂਵ ਤੇ ਵਿਸ਼ੇਸ਼ਣ ਹਨ ਜਦਕਿ ‘‘ਸਾਚੀ ਨਾਈ’’ ਇਸਤ੍ਰੀ ਲਿੰਗ ਨਾਂਵ ਤੇ ਇਸਤ੍ਰੀ ਲਿੰਗ ਹੀ ਵਿਸ਼ੇਸ਼ਣ ਹੈ, ਜਿਸ ਦਾ ਅਰਥ ਹੈ ‘ਸਦੀਵੀ ਸਥਿਰ ਰਹਿਣ ਵਾਲੀ ਵਡਿਆਈ’ ਇਸ ਲਈ ‘ਸਾਚਾ’ (ਪੁਲਿੰਗ ਵਿਸ਼ੇਸ਼ਣ) ਨੂੰ ‘ਸਾਚੀ’ ਇਸਤ੍ਰੀ ਲਿੰਗ (ਵਿਸ਼ੇਸ਼ਣ) ਨਾਲ ਜੋੜ ਕੇ ‘‘ਸੋਈ ਸੋਈ ਸਦਾ ਸਚੁ ਸਾਹਿਬੁ, ਸਾਚਾ ਸਾਚੀ ਨਾਈ ॥’’ ਵਾਙ ਵਿਸਰਾਮ ਦੇਣਾ ਅਣਉਚਿਤ ਹੈ।

‘‘ਹੈ ਭੀ, ਹੋਸੀ, ਜਾਇ ਨ ਜਾਸੀ..॥’’-ਇਸ ਪੰਕਤੀ ’ਚ ਵਰਤਮਾਨ ਤੇ ਭਵਿੱਖਕਾਲ ਨਾਲ ਸਬੰਧਤ ਸਮੇਂ ਵੱਲ ਸੰਕੇਤ ਕੀਤਾ ਗਿਆ ਹੈ; ਜਿਵੇਂ: ‘ਹੈ ਭੀ’ ਤੇ ‘ਜਾਇ’ (ਭਾਵ ਜੰਮਣਾ) ਵਰਤਮਾਨ ਨਾਲ ਸਬੰਧਤ ਸ਼ਬਦ ਹਨ ਜਦਕਿ ‘ਹੋਸੀ’ (ਭਾਵ ਹੋਵੇਗਾ) ਤੇ ‘ਜਾਸੀ’ (ਭਾਵ ਜਾਏਗਾ ਜਾਂ ਮਰੇਗਾ) ਭਵਿੱਖਕਾਲ ਨਾਲ ਸਬੰਧਤ ਸ਼ਬਦ ਹਨ।

ਗੁਰਬਾਣੀ ਦੀ ਲਿਖਤ ਅਨੁਸਾਰ ਜ਼ਿਆਦਾਤਰ ਉਹ (ਕਿਰਿਆਵਾਚੀ) ਸ਼ਬਦ ਭਵਿਖਕਾਲ ਨਾਲ ਸਬੰਧਤ ਹੁੰਦੇ ਹਨ ਜਿਨ੍ਹਾਂ ਦੇ ਅਖ਼ੀਰ ’ਚ ‘ਸੀ’ ਅੱਖਰ ਲੱਗਿਆ ਹੋਵੇ; ਜਿਵੇਂ ‘ਗਵਾਸੀ’ (ਦੂਰ ਹੋਵੇਗਾ), ‘ਗਾਵਸੀ’ (ਗਾ ਸਕਾਂਗਾ), ‘ਸੁਣਾਇਸੀ’ (ਸੁਣਾਉਂਦਾ ਰਹੇਗਾ) ਆਦਿ ; ਜਿਵੇਂ :

‘‘ਜਿਨ ਨਿਰਭਉ, ਜਿਨ ਹਰਿ ਨਿਰਭਉ ਧਿਆਇਆ ਜੀ; ਤਿਨ ਕਾ ਭਉ, ਸਭੁ ‘ਗਵਾਸੀ’ (ਉਨ੍ਹਾਂ ਦਾ ਤਮਾਮ ਡਰ ਦੂਰ ਹੋ ਜਾਵੇਗਾ)॥’’ (ਮ: ੪/੧੧)

‘‘ਮੈ ਦੀਜੈ ਨਾਮ ਨਿਵਾਸੁ; (ਤਾਂ ਜੋ) ਹਰਿ ਗੁਣ ‘ਗਾਵਸੀ’ (ਗਾ ਸਕਾਂਗਾ)॥’’ (ਮ: ੧/੭੫੨)

‘‘ਸਚ ਕੀ ਬਾਣੀ ਨਾਨਕੁ ਆਖੈ; ਸਚੁ ‘ਸੁਣਾਇਸੀ’ (ਸੁਣਾਉਂਦਾ ਰਹੇਗਾ), ਸਚ ਕੀ ਬੇਲਾ ॥’’ (ਮ: ੧/੭੨੩) ਆਦਿ।

‘ਨਾਈ’- ਇਹ ਸ਼ਬਦ ਗੁਰਬਾਣੀ ਵਿੱਚ 28 ਵਾਰ ਦਰਜ ਹੈ ਜਿਸ ਦਾ ਅਰਥ ਭਿੰਨ-ਭਿੰਨ ਹੈ; ਜਿਵੇਂ: ‘ਅਸਨਾਈ’ (ਵਡਿਆਈ), ਨਾਮ, ਇਸ਼ਨਾਨ, ਛੀਂਬਾ ਜਾਤ, (ਸਿਰ) ਝੁਕਾਉਣਾ, ਨਿਵਾਉਣਾ’; ਗੁਰਬਾਣੀ ਫ਼ੁਰਮਾਨ ਹਨ :

(1). ‘ਨਾਈ’ ਭਾਵ (ਰੱਬੀ) ‘ਨਾਮ ਰਾਹੀਂ’ ਜਾਂ ‘ਨਾਮ ਵਿੱਚ’ (ਕਰਣ ਕਾਰਕ ਜਾਂ ਅਧਿਕਰਣ ਕਾਰਕ); ਇਹ ਅਰਥ (2 ਵਾਰ) ਤਦ ਬਣਦੇ ਹਨ ਜਦ ‘ਨਾਈ’ ਸ਼ਬਦ ਨਾਲ ਦਰਜ ‘ਵਿਸ਼ੇਸ਼ਣ’ ਅਤੇ ‘ਪੜਨਾਂਵ’ ਲਾਂ ਜਾਂ ਦੁਲਾਵਾਂ ਸਮੇਤ ਹੋਣ; ਜਿਵੇਂ:

‘‘ਸਭਿ ਦੁਖ ਮੇਟੇ; ‘ਸਾਚੈ ਨਾਈ’ (ਸੱਚੇ ਨਾਮ ਦੀ ਰਾਹੀਂ) ॥’’ (ਮ: ੧/੪੧੨)

‘‘ਅਲਹ ! ਰਾਮ ! ਜੀਵਉ, ‘ਤੇਰੇ ਨਾਈ’ (ਤੇਰੇ ਨਾਮ ਵਿੱਚ ਜੁੜ ਕੇ)॥’’ (ਭਗਤ ਕਬੀਰ/੧੩੪੯)

(2). ‘ਨਾਈ’ ਭਾਵ ‘ਨਹਾ ਕੇ, ਇਸ਼ਨਾਨ ਕਰਕੇ’ ਜਾਂ (ਸਿਰ) ਨਿਵਾ ਕੇ, ਝੁਕਾ ਕੇ’ (ਕਿਰਿਆ ਵਿਸ਼ੇਸ਼ਣ); ਜਿਵੇਂ (2 ਵਾਰ):

‘‘ਬੁਤ ਪੂਜਿ ਪੂਜਿ (ਕੇ) ਹਿੰਦੂ ਮੂਏ, ਤੁਰਕ ਮੂਏ ਸਿਰੁ ‘ਨਾਈ’ (ਸਿਰ ‘ਨਿਵਾ ਕੇ, ਝੁਕਾ ਕੇ’)॥’’ (ਭਗਤ ਕਬੀਰ/੬੫੪)

‘‘ਜੂਠਿ ਨ ਅੰਨੀ (ਨਾ ਬਰਤ ਰੱਖਿਆਂ ਲਹਿੰਦੀ); ਜੂਠਿ ਨ ‘ਨਾਈ’ (ਨਾ ਤੀਰਥਾਂ ਉੱਤੇ ‘ਨਹਾ ਕੇ’ ਉਤਰਦੀ)॥’’ (ਮ: ੧/੧੨੪੦)

(3). ‘ਨਾਈ’ ਭਾਵ ‘ਛੀਂਬਾ ਜਾਤ’ (ਨਾਂਵ); ਜਿਵੇਂ (3 ਵਾਰ):

‘‘ਸੈਨੁ ‘ਨਾਈ’ ਬੁਤਕਾਰੀਆ (ਬਿਨਾ ਮਜ਼ਦੂਰੀ ਸੇਵਾ ਕਰਨ ਵਾਲਾ ਛੀਂਬਾ), ਓਹੁ ਘਰਿ ਘਰਿ (ਵਿੱਚ) ਸੁਨਿਆ ॥’’ (ਮ: ੫/੪੮੭)

‘‘ਨਾਈ’’ ਉਧਰਿਓ ਸੈਨੁ ਸੇਵ (ਰੱਬੀ ਸੇਵਾ ਕਰਕੇ)॥’’ (ਮ: ੫/੧੧੯੨)

‘‘ਭਲੋ ਕਬੀਰੁ ਦਾਸੁ ਦਾਸਨ ਕੋ; ਊਤਮੁ ਸੈਨੁ ਜਨੁ ‘ਨਾਈ’ (ਛੀਂਬਾ)॥’’ (ਮ: ੫/੧੨੦੭)

(4). ‘ਨਾਈ’ ਭਾਵ ‘ਵਡਿਆਈ’ (ਇਸਤ੍ਰੀ ਲਿੰਗ ਨਾਂਵ); ਇਹ ਅਰਥ (21 ਵਾਰ) ਤਦ ਬਣਦੇ ਹਨ ਜਦ ‘ਨਾਈ’ ਸ਼ਬਦ ਦੇ ਸਮਾਨੰਤਰ ਦਰਜ ਵਿਸ਼ੇਸ਼ਣ ਦੇ ਅੰਤ ਬਿਹਾਰੀ ਲੱਗੀ ਹੋਈ ਹੋਵੇ; ਜਿਵੇਂ:

‘‘ਵਡਾ ਸਾਹਿਬੁ, ‘ਵਡੀ ਨਾਈ’ (ਵਡਿਆਈ); ਕੀਤਾ ਜਾ ਕਾ ਹੋਵੈ ॥’’ (ਜਪੁ /ਮ: ੧)

‘‘ਸਚਾ ਸਾਹਿਬੁ; ‘ਸਚੀ ਨਾਈ’ (ਵਡਿਆਈ) ॥’’ (ਮ: ੫/੧੦੪)

‘‘ਹਰਿ ਜੀਉ ਸਾਚਾ; ‘ਸਾਚੀ ਨਾਈ’ (ਵਡਿਆਈ) ॥’’ (ਮ: ੩/੧੨੩) ਆਦਿ।

ਸੋਈ ਸੋਈ ਸਦਾ ਸਚੁ; ਸਾਹਿਬੁ ਸਾਚਾ, ਸਾਚੀ ਨਾਈ॥ ਹੈ ਭੀ ਹੋਸੀ, ਜਾਇ ਨ ਜਾਸੀ; ਰਚਨਾ ਜਿਨਿ ਰਚਾਈ॥

ਭਾਵ- (ਸਾਰਾ ਜਗਤ ਚਲਾਇਮਾਨ ਹੈ) ਕੇਵਲ ਉਹੀ ਮਾਲਕ ਸਦਾ ਸਥਿਰ ਹੈ ਤੇ ਉਸ ਦੀ ਮਹਿਮਾ ਵੀ ਸਦਾ ਸਥਿਰ ਹੈ (ਭਾਵ ਜਿਸ ਹਿਰਦੇ ’ਚੋਂ ਇਹ ਉਸਤਤ ਕੀਤੀ ਜਾਂਦੀ ਹੈ ਉਹ ਵੀ ਸਥਿਰ ਬਣ ਜਾਂਦਾ ਹੈ, ਜੂਨਾਂ ’ਚ ਵਾਰ-ਵਾਰ ਨਹੀਂ ਮਰਦਾ) । ਜਿਸ (ਕਰਤਾਰ) ਨੇ ਸਾਰੀ (ਆਰਜ਼ੀ) ਰਚਨਾ ਰਚੀ, ਉਹ ਹੁਣ ਵੀ ਹੈ ਤੇ ਅਗਾਂਹ (ਕਿਆਮਤ ਉਪਰੰਤ) ਵੀ ਮੌਜੂਦ ਰਹੇਗਾ ਕਿਉਂਕਿ ਉਹ ਨਾ ਜੰਮਦਾ ਹੈ, ਨਾ ਮਰਦਾ ਹੈ।

‘‘ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ; ਮਾਇਆ ਜਿਨਿ ਉਪਾਈ ॥ ਕਰਿ ਕਰਿ ਵੇਖੈ, ਕੀਤਾ ਆਪਣਾ; ਜਿਵ ਤਿਸ ਦੀ ਵਡਿਆਈ ॥’’- ਇਨ੍ਹਾਂ ਪੰਕਤੀਆਂ ’ਚ ਉਸੇ ‘ਰਚਨਾ’ ਦੇ ਵਿਸਥਾਰ ਦਾ ਜ਼ਿਕਰ ਹੈ, ਜੋ ਉਪਰੋਕਤ ਪੰਕਤੀ ’ਚ ‘‘ਰਚਨਾ ਜਿਨਿ ਰਚਾਈ’’ ਬਿਆਨਿਆ ਗਿਆ ਸੀ। ‘ਰਚਨਾ’ (ਕੁਦਰਤ) ਇੱਕ ਵਚਨ ਇਸਤ੍ਰੀ ਲਿੰਗ ਦਾ ਵਿਸਥਾਰ ਹੀ ਇਸ ਪੰਕਤੀ ’ਚ ਬਹੁ ਵਚਨ ਸ਼ਬਦਾਂ (ਰੰਗੀ ਰੰਗੀ ਭਾਤੀ.. ਜਿਨਸੀ) ਰਾਹੀਂ ਬਿਆਨਿਆ ਗਿਆ ਹੈ।

‘‘ਕਰਿ ਕਰਿ ਵੇਖੈ, ਕੀਤਾ ਆਪਣਾ’’-ਇਸ ਪੰਕਤੀ ਦੇ ਅਖਰੀਂ ਅਰਥ ਬਣਦੇ ਹਨ : ‘ਆਪਣਾ ਬਣਾਇਆ ਹੋਇਆ (ਜਗਤ ਨੂੰ ਪੈਦਾ) ਕਰ ਕਰ ਕੇ ਵੇਖਦਾ ਹੈ।’ ਵੀਚਾਰ ਦਾ ਵਿਸ਼ਾ ਇਹ ਹੈ ਕਿ ਸੰਸਾਰ ਨੂੰ ਪੈਦਾ ਕਰਨ ਉਪਰੰਤ (‘ਸੋ ਦਰੁ, ਸੋ ਘਰੁ’ ਰੂਪ ਜਗਤ ਦਾ ਕਰਤਾ) ਕੀ ਵੇਖਦਾ ਹੈ ? ਜਿਸ ਬਾਬਤ ਅਗਲੀ ਤੁਕ ਇਉਂ ਵੀ ਦਰਜ ਹੈ: ‘‘..ਜਿਵ ਤਿਸ ਦੀ ਵਡਿਆਈ ॥’’ ਭਾਵ ‘ਜਿਵੇਂ ਉਸ (ਜਗਤ ਦੇ ਮਾਲਕ) ਦੀ ਵਡਿਆਈ ਹੈ, ਰਜ਼ਾ ਹੈ, ਸੁਭਾਵ ਹੈ, ਵੈਸੇ ਹੀ ਉਹ (ਸੰਸਾਰ ਨੂੰ) ਵੇਖਦਾ ਹੈ।’ ਕੀ ਇਸ ਤੋਂ ਇਹ ਸਪਸ਼ਟ ਨਹੀਂ ਹੁੰਦਾ ਕਿ ਉਹੀ ਸੰਸਾਰਕ ਜੀਵਾਂ ਨੂੰ ਪੈਦਾ ਕਰਕੇ ਆਪਣੇ ਸੁਭਾਵ ਅਨੁਸਾਰ ਵੇਖਦਾ ਹੈ ਭਾਵ ਪ੍ਰੇਰਦਾ ਹੈ, ਚਲਾਉਂਦਾ ਹੈ, ਸੰਭਾਲਦਾ ਹੈ, (ਨਾ ਕਿ ਉਕਤ ਬਿਆਨ ਕੀਤੀਆਂ ਗਈਆਂ ਤਮਾਮ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ਦਾ ਸਮਾਜ ਨੂੰ ਬਣਾਉਣ, ਸੰਭਾਲਣ ਆਦਿ ’ਚ ਕੋਈ ਰੋਲ ਹੈ)।

ਰੰਗੀ ਰੰਗੀ ਭਾਤੀ, ਕਰਿ ਕਰਿ ਜਿਨਸੀ, ਮਾਇਆ ਜਿਨਿ ਉਪਾਈ॥ ਕਰਿ ਕਰਿ ਵੇਖੈ, ਕੀਤਾ ਆਪਣਾ; ਜਿਵ, ਤਿਸ ਦੀ ਵਡਿਆਈ॥

ਭਾਵ- ਜਿਸ (ਕਰਤਾਰ) ਨੇ ਭਿੰਨ ਭਿੰਨ ਰੰਗਾਂ ’ਚ ਭਾਂਤ-ਭਾਂਤ ਦੀ, ਕਈ ਕਿਸਮ ਦੀ ਮਾਇਆ ਬਣਾਈ ਹੈ। ਜਿਵੇਂ ਉਸ ਦੀ ਮਰਜ਼ੀ (ਸਲਾਹ) ਹੈ, ਆਪਣੀ (ਨਾਸ਼ਵਾਨ) ਰਚਨਾ ਨੂੰ ਪੈਦਾ ਕਰ-ਕਰ ਕੇ ਉਸ ਦੀ ਸੰਭਾਲ਼ ਕਰਦਾ ਹੈ।

‘‘ਜੋ ਤਿਸੁ ਭਾਵੈ, ਸੋਈ ਕਰਸੀ; ਹੁਕਮੁ ਨ ਕਰਣਾ ਜਾਈ ॥ ਸੋ ਪਾਤਿਸਾਹੁ, ਸਾਹਾ ਪਾਤਿਸਾਹਿਬੁ; ਨਾਨਕ ! ਰਹਣੁ ਰਜਾਈ ॥’’-ਪਿਛਲੀ ਤੁਕ ਦੀ ਸਮਾਪਤੀ ‘‘ਜਿਵ ਤਿਸ ਦੀ ਵਡਿਆਈ ॥’’ ਨਾਲ ਕੀਤੀ ਗਈ ਸੀ ਤੇ ਇਸ ਪੰਕਤੀ ਦੀ ਆਰੰਭਤਾ ਵੀ ‘‘ਜੋ ਤਿਸੁ ਭਾਵੈ..॥’’ ਭਾਵ ਜੋ ਉਸ ਨੂੰ ਮਨਜ਼ੂਰ ਹੁੰਦਾ ਹੈ, ਨਾਲ ਕੀਤੀ ਗਈ ਹੈ।

ਇਸ ਸਮੂਹਿਕ ਪਉੜੀ ਦੀਆਂ ਤਮਾਮ ਉਪਰੋਕਤ ਪੰਕਤੀਆਂ ’ਚ ਜ਼ਿਆਦਾਤਰ ਸ਼ਬਦ ਬਹੁ ਵਚਨ ਹੀ ਦਰਜ ਕੀਤੇ ਗਏ ਹਨ ਪਰ ਪਉੜੀ ਦੀ ਸਮਾਪਤੀ ’ਤੇ ਤਮਾਮ ਸ਼ਬਦ (‘ਜੋ, ਤਿਸੁ, ਸੋਈ, ਹੁਕਮੁ, ਸੋ, ਪਾਤਿਸਾਹੁ, ਪਾਤਿਸਾਹਿਬੁ’ ਆਦਿ) ਇੱਕ ਵਚਨ ਹਨ ਕਿਉਂਕਿ ਪਉੜੀ ਦੀ ਸਮਾਪਤੀ ਵੀ ਵਿਸ਼ੇ ਅਨੁਸਾਰ ਆਰੰਭਕ ਸ਼ਬਦ ‘ਸੋ ਦਰੁ, ਸੋ ਘਰੁ’ ਵਾਙ ਇੱਕ ਵਚਨ ਨਾਲ ਹੀ ਸਬੰਧਤ ਚਾਹੀਦੀ ਹੈ।

ਜੋ ਤਿਸੁ ਭਾਵੈ, ਸੋਈ ਕਰਸੀ; ਹੁਕਮੁ ਨ ਕਰਣਾ ਜਾਈ॥ ਸੋ ਪਾਤਿਸਾਹੁ, ਸਾਹਾ ਪਾਤਿ ਸਾਹਿਬੁ; ਨਾਨਕ ! ਰਹਣੁ ਰਜਾਈ॥ ੨੭॥

ਭਾਵ- ਜੋ ਉਸ ਨੂੰ ਪਸੰਦ ਹੈ, ਉਸ ਤਰ੍ਹਾਂ ਜਗਤ ਰਚਨਾ ਕਰੇਗਾ (ਇਸ ਨਿਯਮ ’ਚ) ਸਲਾਹ ਨਹੀਂ ਦਿੱਤੀ ਜਾ ਸਕਦੀ। ਹੇ ਨਾਨਕ ! ਉਹ ਬਾਦਸ਼ਾਹ; ਦੁਨਿਆਵੀ ਹੁਕਮਰਾਨਾਂ ਦਾ ਵੀ ਹੁਕਮਰਾਨ ਹੈ (ਭਾਵ ਸਾਰੇ ਸ਼ਾਸਕ ਉਸ ਦੇ ਹੁਕਮ ’ਚ ਬੱਧੇ ਹੋਏ ਹਨ, ਤਾਂ ਤੇ ਅਸਾਂ ਨੂੰ ਵੀ) ਉਸ ਦੀ ਰਜ਼ਾ ’ਚ ਚਲਦੇ ਰਹਿਣ (ਨੂੰ ਸਦਾ ਚੇਤੇ ਰੱਖਣਾ ਚਾਹੀਦਾ ਹੈ, ਜੋ ਭਗਤੀ ਹੈ)।