JAP (Pori No. 23)

0
350

ਸਾਲਾਹੀ ਸਾਲਾਹਿ; ਏਤੀ ਸੁਰਤਿ ਨ ਪਾਈਆ ॥ ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥

ਸਮੁੰਦ ਸਾਹ ਸੁਲਤਾਨ; ਗਿਰਹਾ ਸੇਤੀ ਮਾਲੁ ਧਨੁ ॥ ਕੀੜੀ ਤੁਲਿ ਨ ਹੋਵਨੀ; ਜੇ, ਤਿਸੁ ਮਨਹੁ ਨ ਵੀਸਰਹਿ ॥੨੩॥ ( ਜਪੁ /ਮ: ੧)

ਉਚਾਰਨ ਸੇਧ: ਸਾਲਾਹ, ਨਦੀਆਂ, ਪਵਹਿਂ, ਜਾਣਅਹਿਂ (ਜਾਣੀਐਂ), ਸ਼ਾਹ, ਮਨਹੁਂ (ਮਨੋਂ), ਵੀਸਰਹਿਂ (ਵੀਸਰੈਂ)।

ਪਦ ਅਰਥ: ਸਾਲਾਹੀ- ਸਲਾਹੁਣ ਯੋਗ ਪ੍ਰਭੂ (ਇੱਕ ਵਚਨ ਪੁਲਿੰਗ ਨਾਂਵ)।, ਸਾਲਾਹਿ-ਸਿਫ਼ਤ ਸਾਲਾਹ (ਕਰ) ਕੇ (ਕਿਰਿਆ ਵਿਸ਼ੇਸ਼ਣ)।, ਏਤੀ- ਇਤਨੀ ਕੁ (ਕਿਰਿਆ ਵਿਸ਼ੇਸ਼ਣ)।, ਪਾਈਆ-ਪ੍ਰਾਪਤ ਕੀਤੀ (ਕਿਰਿਆ, ਇੱਕ ਵਚਨ)।, ਅਤੈ-ਤੇ (ਯੋਜਕ)।, ਵਾਹ-ਨਾਲੇ, ਪ੍ਰਵਾਹ (ਬਹੁ ਵਚਨ ਨਾਂਵ)।, ਪਵਹਿ-ਪੈਂਦੇ ਹਨ (ਬਹੁ ਵਚਨ ਕਿਰਿਆ)।, ਸਮੁੰਦਿ- ਸਮੁੰਦਰ ਵਿੱਚ (ਅਧਿਕਰਣ ਕਾਰਕ, ਇੱਕ ਵਚਨ ਪੁਲਿੰਗ ਨਾਂਵ)।, ਸਾਹ-ਪਾਤਿਸ਼ਾਹ (ਬਹੁ ਵਚਨ ਨਾਂਵ)।, ਗਿਰਹਾ- ਗ੍ਰਹਿ, ਘਰ (ਇੱਕ ਵਚਨ ਪੁਲਿੰਗ)।, ਸੇਤੀ-ਨਾਲ (ਭਾਵ ਸਾਥ, ਸੰਬੰਧਕ)।, ਤੁਲਿ-ਬਰਾਬਰ (ਪ੍ਰਮਾਣ ਵਾਚਕ ਵਿਸ਼ੇਸ਼ਣ)।, ਮਨਹੁ- ਮਨ ਤੋਂ (ਅਪਾਦਾਨ ਕਾਰਕ)।, (ਨ) ਵੀਸਰਹਿਂ-ਤੂੰ (ਨਾ) ਭੁੱਲੇਂ (ਮਧਮ ਪੁਰਖ, ਇੱਕ ਵਚਨ ਕਿਰਿਆ)।

(ਨੋਟ: ‘ਜਪੁ’ ਬਾਣੀ ਦੀ ‘‘ਪੰਚ ਪਰਵਾਣ, ਪੰਚ ਪਰਧਾਨੁ ॥’’ (ਪਾ: ੧੬) ’ਚ ‘‘ਕਰਤੇ ਕੈ ਕਰਣੈ; ਨਾਹੀ ਸੁਮਾਰੁ ॥’’ ਵਾਲਾ ਵਿਸ਼ਾ ਪ੍ਰਧਾਨ ਸੀ, ਜਿਸ (‘‘ਕਰਤੇ ਕੈ ਕਰਣੈ.॥’’ ) ਦੇ ਮੁਕਾਬਲੇ ਅਗਲੀਆਂ ਪਉੜੀਆਂ ’ਚ ‘‘ਕੁਦਰਤਿ ਕਵਣ ਕਹਾ ਵੀਚਾਰੁ ॥’’ ਵਾਲੀ ਭਾਵਨਾ ਨਿਰੰਤਰ ਵਿਅਕਤ ਕੀਤੀ ਗਈ ਸੀ ਤੇ ਪਿਛਲੀ ‘‘ਲੇਖਾ ਹੋਇ, ਤ ਲਿਖੀਐ; ਲੇਖੈ ਹੋਇ ਵਿਣਾਸੁ ॥’’ (ਪਾ: ੨੨) ਰਾਹੀਂ ਉਕਤ ਵਿਸ਼ੇ (‘‘ਕਰਤੇ ਕੈ ਕਰਣੈ.॥’’ ) ਨੂੰ ਸਮੇਟਿਆ ਗਿਆ ਸੀ। ਇਸ ਪਉੜੀ ਨੰਬਰ 23 ਰਾਹੀਂ ਉਸ ਅਸੀਮ ਸ਼ਕਤੀ (ਸਮੁੰਦਰ) ਵਿੱਚ ਲੀਨ ਹੋਣ ਵਾਲੇ ਭਗਤ (ਪੰਚ) ਦੇ ਮਕਸਦ ਨੂੰ ਰੂਪਮਾਨ (ਉਜਾਗਰ) ਕੀਤਾ ਗਿਆ ਹੈ।)

‘‘ਸਾਲਾਹੀ ਸਾਲਾਹਿ; ਏਤੀ ਸੁਰਤਿ ਨ ਪਾਈਆ ॥’’- ਇਸ ਪੰਕਤੀ ’ਚ ‘ਸਾਲਾਹੀ’ ਤੇ ‘ਸਾਲਾਹਿ’ (ਦੋਵੇਂ) ਸ਼ਬਦ ਸਮਾਨੰਤਰ ਦਰਜ ਹਨ ਤੇ ਦੋਵੇਂ ਹੀ ‘ਕਿਰਿਆਵਾਚੀ’ ਸ਼ਬਦ ਹੋਣ ਦਾ ਭਰਮ ਪੈਦਾ ਕਰਦੇ ਹਨ। ਕੁਝ ਸੱਜਣ ਇਸ ਦਾ ਉਚਾਰਨ ‘ਸਾਲਾਹੀ ਸਾਲਾਹ’ ਕਰਦੇ ਹਨ ਤੇ ਕੁਝ ‘ਸਾਲਾਹੀ ਸਾਲਾਹੇ’।

ਗੁਰਬਾਣੀ ਵਿੱਚ ‘ਸਾਲਾਹੀ’ (68 ਵਾਰ) ਤੇ ‘ਸਲਾਹੀ’ (18 ਵਾਰ) ਦਰਜ ਹੈ, ਜਿਸ ਦਾ ਅਰਥ ਹੈ ‘ਮੈ ਰੱਬੀ ਸਿਫ਼ਤ ਸਾਲਾਹ ਕਰਾਂ’ (ਭਾਵ ਉੱਤਮ ਪੁਰਖ ਇੱਕ ਵਚਨ ਕਿਰਿਆ) ਤੇ ਇਨ੍ਹਾਂ ਤਮਾਮ ਸ਼ਬਦਾਂ ਦਾ ਉਚਾਰਨ ‘ਸਾਲਾਹੀਂ, ਸਲਾਹੀਂ ’ (ਭਾਵ ਬਿੰਦੀ ਸਹਿਤ) ਦਰੁਸਤ ਹੋਵੇਗਾ; ਜਿਵੇਂ:

‘‘ਕਿਵ ਕਰਿ ਆਖਾ ? ਕਿਵ ‘ਸਾਲਾਹੀ’ ? ਕਿਉ ਵਰਨੀ ? ਕਿਵ ਜਾਣਾ ? ॥’’

‘‘ਕਿਆ ‘ਸਾਲਾਹੀ’ ਸਚੇ ਪਾਤਿਸਾਹ ! ਜਾਂ ਤੂ ਸੁਘੜੁ ਸੁਜਾਣੁ ॥’’ (ਬਲਵੰਡ ਸਤਾ/੯੬੮)

‘‘ਹਰਿ ਨਾਮੁ ‘ਸਲਾਹੀ’ ਰੰਗ ਸਿਉ (ਪ੍ਰੇਮ ਸਹਿਤ, ਇਸ ਲਈ), ਸਭਿ ਕਿਲਵਿਖ ਕ੍ਰਿਖਾ (ਪਾਪ ਨਾਸ਼ ਹੋ ਜਾਂਦੇ ਹਨ)॥’’ (ਮ: ੪/੬੫੦)

‘‘ਸਬਦਿ (ਰਾਹੀਂ) ਸਲਾਹੀ; (ਸਿਫ਼ਤ ਕਰਦਾ ਹਾਂ, ਤਾਂ ਜੋ ਰੱਬ) ਮਨਿ ਵਸੈ; ਹਉਮੈ (ਰੂਪ) ਦੁਖੁ ਜਲਿ ਜਾਉ (ਖਤਮ ਹੋ ਜਾਂਦਾ ਹੈ)॥’’ (ਮ: ੧/੫੮

‘‘ਹਉ ਆਖਿ (ਕੇ) ‘ਸਲਾਹੀ’ ਸਿਫਤਿ ਸਚੁ; ਸਚੁ ਸਚੇ ਕੀ ਵਡਿਆਈ ॥’’ (ਮ: ੪/੩੧੦) ਆਦਿ।

(ਨੋਟ: ਉਕਤ ‘ਸਾਲਾਹੀ’ ਤੇ ‘ਸਲਾਹੀ’ ਸ਼ਬਦਾਂ ਨੂੰ ਅੰਤ ਬਿੰਦੀ ਲਗਾਉਣ ਦੀ ਪ੍ਰੇਰਨਾ ਸਾਨੂੰ ਇਸ ਪੰਕਤੀ ਤੋਂ ਮਿਲਦੀ ਹੈ: ‘‘ਜੋ ਕਿਛੁ ਵਰਤੈ ਤੁਧੈ ‘ਸਲਾਹਂੀ’ ; ਸਭ ਤੇਰੀ ਵਡਿਆਈ ॥’’ ਮ: ੧/੧੩੪੪)

ਪਰ ਗੁਰਬਾਣੀ ਵਿੱਚ ‘ਸਾਲਾਹੀ’ ਸ਼ਬਦ ਨੂੰ (ਸੰਬੰਧਿਤ ਪੰਕਤੀ ਤੋਂ ਇਲਾਵਾ 3 ਜਗ੍ਹਾ ਹੋਰ) ਅੰਤ ਬਿੰਦੀ ਨਹੀਂ ਲੱਗ ਸਕਦੀ ਕਿਉਂਕਿ ਇਨ੍ਹਾਂ ਨਾਲ ਸੰਬੰਧਿਤ ਸ਼ਬਦ ਇਉਂ ਦਰਜ ਹਨ: ‘ਸਾਲਾਹੀ ਸਾਲਾਹਿ, ਸਾਲਾਹੀ ਸਾਲਾਹਨਿ, ਸਾਲਾਹੀ ਸਾਲਾਹਣਾ’; ਜਿਵੇਂ:

‘‘ਹਿੰਦੂ ‘ਸਾਲਾਹੀ ਸਾਲਾਹਨਿ’; ਦਰਸਨਿ ਰੂਪਿ ਅਪਾਰੁ ॥’’ (ਮ: ੧/੪੬੫)

‘‘ਸਾਲਾਹੀ ਸਾਲਾਹਣਾ’’ ਪਿਆਰੇ ! ਦੂਜਾ ਅਵਰੁ ਨ ਕੋਇ ॥’’ (ਮ: ੧/੬੩੬)

‘‘ਸਾਲਾਹੀ ਸਾਲਾਹਣਾ’’; ਭੀ ਸਚਾ ਸਾਲਾਹਿ ॥’’ (ਮ: ੩/੧੪੧੩)

ਸੋ, ‘ਸਾਲਾਹੀ’ ਸ਼ਬਦ ਦਾ ਅਰਥ ਉਪਰੋਕਤ ਤਿੰਨੇ ਪੰਕਤੀਆਂ ’ਚ ‘ਮੈ ਰੱਬੀ ਸਿਫ਼ਤ ਸਾਲਾਹ ਕਰਾਂ’ (ਉੱਤਮ ਪੁਰਖ ਕਿਰਿਆ) ਨਹੀਂ ਬਣ ਸਕਦਾ, ਜਿਨ੍ਹਾਂ ਪੰਕਤੀਆਂ ’ਚ ‘ਸਾਲਾਹੀ’ ਸ਼ਬਦ ਦੇ ਸਮਾਨੰਤਰ ‘ਸਾਲਾਹਿ, ਸਾਲਾਹਨਿ, ਸਾਲਾਹਣਾ’ (ਕਿਰਿਆਵਾਚੀ) ਸ਼ਬਦ ਦਰਜ ਹੋਣ ਕਿਉਂਕਿ ਤਦ ਇਸ (ਸਾਲਾਹੀ) ਦਾ ਅਰਥ ਹੋਵੇਗਾ ‘ਸਾਲਾਹੁਣ ਯੋਗ’ (ਪ੍ਰਭੂ ਨੂੰ, ਤੇ ਉਚਾਰਨ ਬਿੰਦੀ ਰਹਿਤ ਹੋਵੇਗਾ: ‘ਸਾਲਾਹੀ’ (ਭਾਵ ਨਾਂਵ ਪੁਲਿੰਗ, ਨਾ ਕਿ ਕਿਰਿਆ )।

‘ਸਾਲਾਹਿ’- ਗੁਰਬਾਣੀ ਵਿੱਚ ‘ਸਾਲਾਹਿ’ (23 ਵਾਰ) ਤੇ ‘ਸਲਾਹਿ’ (24 ਵਾਰ) ਦਰਜ ਹੈ, ਜਿਸ ਦਾ ਅਰਥ ਹੈ ‘ਤੂੰ ਸਿਫਤ ਕਰ’ (ਭਾਵ ਇੱਕ ਵਚਨ ਹੁਕਮੀ ਭਵਿੱਖ ਕਾਲ ਕਿਰਿਆ) ਤੇ ‘ਸਾਲਾਹ ਕੇ, ਸਿਫ਼ਤ ਕਰ-ਕਰ ਕੇ’ (ਭਾਵ ਕਿਰਿਆ ਵਿਸ਼ੇਸ਼ਣ)।

ਧਿਆਨ ਰਹੇ ਕਿ ਜਦ ‘ਸਾਲਾਹਿ’ ਜਾਂ ‘ਸਲਾਹਿ’ ਸ਼ਬਦ ‘ਕਿਰਿਆ ਵਿਸ਼ੇਸ਼ਣ’ ਹੋਵੇਗਾ ਤਾਂ ਉਸ ਵਾਕ ਵਿੱਚ ਇੱਕ ਹੋਰ ‘ਮੁੱਖ ਕਿਰਿਆ’ ਸ਼ਬਦ ਜ਼ਰੂਰ ਦਰਜ ਹੋਵੇਗਾ; ਜਿਵੇਂ:

(ੳ). ‘ਸਾਲਾਹਿ, ਸਲਾਹਿ’ (ਕਿਰਿਆ ਵਿਸ਼ੇਸ਼ਣ); ਜਿਵੇਂ:

‘‘ਨਾਮੁ ‘ਸਲਾਹਿ’ (ਕੇ), ਸਦਾ ਸੁਖੁ ‘ਪਾਇਆ’; ਨਿਜ ਘਰਿ ਵਾਸਾ ਪਾਇਦਾ ॥’’ (ਮ: ੩/੧੦੬੪)    (ਮੁੱਖ ਕਿਰਿਆ ‘ਪਾਇਆ’)

‘‘ਮਨੁ ਨਾਨਕ ‘ਮਾਨਿਆ’; ਸਚੁ ‘ਸਲਾਹਿ’ (ਕੇ) ॥’’ (ਮ: ੧/੧੧੮੮)      (ਮੁੱਖ ਕਿਰਿਆ ‘ਮਾਨਿਆ’)

‘‘ਨਾਨਕ ! ਸਚਾ ਸਬਦੁ ‘ਸਲਾਹਿ’ (ਕੇ); ਸਚੁ ‘ਪਛਾਣੀਐ’ ॥’’ (ਮ: ੧/੧੨੮੦)     (ਮੁੱਖ ਕਿਰਿਆ ‘ਪਛਾਣੀਐ’)

‘‘ਗੁਰਮੁਖਿ (ਗੁਰੂ ਰਾਹੀਂ) ਹਰਿ ਸਾਲਾਹਿਆ ਜਿੰਨਾ; ਤਿਨ ‘ਸਲਾਹਿ’ (ਕੇ) ਹਰਿ (ਨੂੰ) ‘ਜਾਤਾ’ (ਜਾਣਿਆ) ॥’’ (ਮ: ੩/੧੩੩੩)    (ਮੁੱਖ ਕਿਰਿਆ ‘ਜਾਤਾ’) ਆਦਿ।

‘‘ਗੁਰਮਤੀ ਸਾਲਾਹਿ (ਕੇ) ਸਚੁ; ਹਰਿ ‘ਪਾਇਆ’ ਗੁਣਤਾਸੁ ॥’’ (ਮ: ੩/੨੭)     (ਮੁੱਖ ਕਿਰਿਆ ‘ਪਾਇਆ’)

‘‘ਹਉ ਗੁਰੁ ਸਾਲਾਹਿ (ਕੇ) ਨ ‘ਰਜਊ’; ਮੈ ਮੇਲੇ ਹਰਿ ਪ੍ਰਭੁ ਪਾਸਿ ॥’’ (ਮ: ੪/੪੧)      (ਮੁੱਖ ਕਿਰਿਆ ‘ਰਜਊ’)

‘‘ਗੁਰਮੁਖਿ ਨਾਮੁ ਸਾਲਾਹਿ (ਕੇ); ਜਨਮੁ ਸਵਾਰਿਆ ॥’’ (ਮ: ੩/੮੬)          (ਮੁੱਖ ਕਿਰਿਆ ‘ਸਵਾਰਿਆ’)

‘‘ਨਾਨਕ ! ਸਚੁ ਸਾਲਾਹਿ (ਕੇ); ਪੂਰਾ ‘ਪਾਇਆ’ ॥’’ (ਮ: ੧/੧੫੦)         (ਮੁੱਖ ਕਿਰਿਆ ‘ਪਾਇਆ’)

‘‘ਤੁਧੁ ਸਾਲਾਹਿ (ਕੇ) ਨ ‘ਰਜਾ’ ਕਬਹੂੰ; ਸਚੇ ਨਾਵੈ ਕੀ ਭੁਖ ਲਾਵਣਿਆ ॥’’ (ਮ: ੩/੧੧੩)       (ਮੁੱਖ ਕਿਰਿਆ ‘ਰਜਾ’)

‘‘ਹਉ ‘ਜੀਵਾ’ ਤੁਧੁ ਸਾਲਾਹਿ (ਕੇ); ਮੈ ਟੇਕ ਅਧਾਰੁ ਤੂੰ ॥’’ (ਮ: ੧/੪੨੨)    (ਮੁੱਖ ਕਿਰਿਆ ‘ਜੀਵਾ’)

‘‘ਜਨੁ ਨਾਨਕੁ ਸਾਲਾਹਿ (ਕੇ) ਨ ‘ਰਜੈ’ ਤੁਧੁ ਕਰਤੇ! ਤੂ ਹਰਿ ਸੁਖਦਾਤਾ ਵਡਨੁ (ਵੱਡਾ) ॥’’ (ਮ: ੪/੫੫੨)    (ਮੁੱਖ ਕਿਰਿਆ ‘ਰਜੈ’) ਆਦਿ।

(ਅ). ‘ਸਾਲਾਹਿ, ਸਲਾਹਿ’ (ਇੱਕ ਵਚਨ ਹੁਕਮੀ ਭਵਿੱਖ ਕਾਲ ਕਿਰਿਆ); ਜਿਵੇਂ:

‘‘ਨਾਨਕ ! ਨਾਮੁ ‘ਸਲਾਹਿ’ ਤੂੰ; ਅੰਤੁ ਨ ਪਾਰਾਵਾਰੁ ॥’’ (ਮ: ੩/੩੬)    (ਮੁੱਖ ਕਿਰਿਆ ‘ਸਲਾਹਿ’)

‘‘ਨਾਨਕ ! ਨਾਮੁ ‘ਸਲਾਹਿ’ ਤੂ; ਹਰਿ ਗੁਣੀ ਗਹੀਰੁ ॥’’ (ਮ: ੩/੭੮੯)    (ਮੁੱਖ ਕਿਰਿਆ ‘ਸਲਾਹਿ’)

‘‘ਰਾਮ ਨਾਮੁ ‘ਸਾਲਾਹਿ’ ਤੂ; ਫਿਰਿ ਆਵਣ ਜਾਣੁ ਨ ਹੋਇ ॥’’ (ਮ: ੩/੩੬)    (ਮੁੱਖ ਕਿਰਿਆ ‘ਸਾਲਾਹਿ’)

‘‘ਮਨ ਮੇਰੇ ! ਕਰਤੇ ਨੋ (ਨੂੰ, ਤੂੰ) ‘ਸਾਲਾਹਿ’ ॥’’ (ਮ: ੫/੪੩)    (ਮੁੱਖ ਕਿਰਿਆ ‘ਸਾਲਾਹਿ’)

‘‘ਹਰਿ ਤਿਸੈ ਨੋ (ਤੂੰ) ‘ਸਾਲਾਹਿ’; ਜਿ, ਤੁਧੁ ਰਖੈ ਬਾਹਰਿ ਘਰਿ ॥’’ (ਮ: ੪/੮੩)     (ਮੁੱਖ ਕਿਰਿਆ ‘ਸਾਲਾਹਿ’)

‘‘ਏਕੋ ਜਪਿ; ਏਕੋ (ਨੂੰ, ਤੂੰ) ‘ਸਾਲਾਹਿ’ ॥’’ (ਮ: ੫/੨੮੯)    (ਮੁੱਖ ਕਿਰਿਆ ‘ਸਾਲਾਹਿ’)

‘‘ਲੋਕਾ ਨ (ਤੂੰ) ‘ਸਾਲਾਹਿ’; ਜੋ ਮਰਿ (ਕੇ) ਖਾਕੁ ਥੀਈ (ਮਿੱਟੀ ਹੁੰਦੇ)॥’’ (ਮ: ੩/੭੫੫)    (ਮੁੱਖ ਕਿਰਿਆ ‘ਸਾਲਾਹਿ’)

‘‘ਮਨ ਮੇਰੇ ! ਗੁਰੁ ਪੂਰਾ (ਨੂੰ, ਤੂੰ) ‘ਸਾਲਾਹਿ’ ॥’’ (ਮ: ੫/੧੨੭੧)    (ਮੁੱਖ ਕਿਰਿਆ ‘ਸਾਲਾਹਿ’)

(ਨੋਟ: ਯਾਦ ਰਹੇ ਕਿ ਗੁਰਬਾਣੀ ਵਿੱਚ ਜਦ ‘ਸਾਲਾਹੇ’ (ਭਾਵ ਸਲਾਹੁੰਦੇ ਹਨ, ਬਹੁ ਵਚਨ ਕਿਰਿਆ) ਦੀ ਜ਼ਰੂਰਤ ਪੈਂਦੀ ਹੈ ਤਾਂ ਸ਼ਬਦ ਸਰੂਪ ‘ਸਾਲਾਹਹਿ’ ਹੁੰਦਾ ਹੈ; ਜਿਵੇਂ 3 ਵਾਰ:

‘‘ਗੁਰਮੁਖਿ ਪੜਹਿ, ਹਰਿ ਨਾਮੁ ‘ਸਲਾਹਹਿ’; ਦਰਿ ਸਚੈ ਸੋਭਾ ਪਾਵਣਿਆ ॥’’ (ਮ: ੩/੧੨੭)    (‘ਸਾਲਾਹਹਿ’ ਉਚਾਰਨ ‘ਸਾਲਾਹੈਂ’)

‘‘ਸਬਦੁ ‘ਸਲਾਹਹਿ’, ਸੇ ਜਨ ਨਿਰਮਲ; ਨਿਜ ਘਰਿ ਵਾਸਾ ਤਾਹਾ ਹੇ ॥’’ (ਮ: ੩/੧੦੫੪)    (‘ਸਾਲਾਹਹਿ’ ਉਚਾਰਨ ‘ਸਾਲਾਹੈਂ’)

‘‘ਸੇਵਕ ਸੇਵਹਿ; ਸਬਦਿ ‘ਸਲਾਹਹਿ’ ॥’’ (ਮ: ੩/੧੦੫੭)       (‘ਸਾਲਾਹਹਿ’ ਉਚਾਰਨ ‘ਸਾਲਾਹੈਂ’)

ਉਪਰੋਕਤ ਵੀਚਾਰ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਗੁਰਬਾਣੀ ਵਿੱਚ ‘ਸਾਲਾਹਿ’ (23 ਵਾਰ) ਜਾਂ ‘ਸਲਾਹਿ’ (24 ਵਾਰ) ਸ਼ਬਦਾਂ ਦਾ ਉਚਾਰਨ ‘ਸਾਲਾਹ’ ਜਾਂ ‘ਸਲਾਹ’ ਕਰਨਾ ਹੀ ਦਰੁਸਤ ਹੈ, ਨਾ ਕਿ ‘ਸਾਲਾਹੇ’ ਜਾਂ ‘ਸਲਾਹੇ’; ਭਾਵ ਇਹ ਦੋਵੇਂ ਸ਼ਬਦ ਬੇਸ਼ਕ ‘ਕਿਰਿਆ’ ਹੋਣ ਜਾਂ ‘ਕਿਰਿਆ ਵਿਸ਼ੇਸ਼ਣ’ ਅੰਤ ਸਿਹਾਰੀ ਦਾ ਉਚਾਰਨ ਨਹੀਂ ਹੋਵੇਗਾ।

ਇਸ ਲਈ ਜੋ ਸੱਜਣ ‘ਜਪੁ’ (ਬਾਣੀ ਦੀ ਸੰਬੰਧਿਤ) ਪੰਕਤੀ ‘ਸਾਲਾਹੀ ਸਾਲਾਹਿ’ ਦਾ ਉਚਾਰਨ ‘ਸਾਲਾਹੀ ਸਾਲਾਹੇ’ (ਸਲਾਹੁਣ ਯੋਗ ਨੂੰ ਸਲਾਹੁੰਦੇ ਹਨ ਭਾਵ ਬਹੁ ਵਚਨ ਕਿਰਿਆ) ਕਰਦੇ ਹਨ ਉਹ ਦਰੁਸਤ ਨਹੀਂ। ਇਸ ਦਾ ਦਰੁਸਤ ਉਚਾਰਨ ਹੈ ‘ਸਾਲਾਹੀ ਸਾਲਾਹ’ ਭਾਵ ਸਲਾਹੁਣ ਯੋਗ ਪ੍ਰਭੂ ਨੂੰ ਸਾਲਾਹ-ਸਾਲਾਹ ਕੇ’।

‘ਏਤੀ’ (ਸੁਰਤਿ)- ਇਹ ਸ਼ਬਦ ‘ਇਸਤ੍ਰੀ ਲਿੰਗ ਕਿਰਿਆ ਵਿਸ਼ੇਸ਼ਣ’ ਹੈ, ਜਿਸ ਦਾ ਅਰਥ ਹੈ ‘ਇਤਨੀ ਕੁ’ (ਅਕਲ) ਭਾਵ ‘ਨਾ-ਮਾਤ੍ਰ ਵੀ’, ਤੇ ਗੁਰਬਾਣੀ ਵਿੱਚ 2 ਵਾਰ ਦਰਜ ਹੈ; ਜਿਵੇਂ:

‘‘ਏਤੀ’’ (ਇਤਨੀ ਕੁ ਗੱਲ) ਨ ਜਾਨਉ, (ਕਿ) ਕੇਤੀਕ ਮੁਦਤਿ; ਚਲਤੇ ਖਬਰਿ ਨ ਪਾਇਓ ? ॥’’ (ਮ: ੫/੯੯੯) (ਭਾਵ ਮੈਂ ਇਤਨੀ ਕੁ ਗੱਲ ਨਹੀਂ ਸਮਝ ਸਕਦਾ ਕਿ ਕਿਨ੍ਹਾਂ ਕੁ ਸਮਾਂ ਆਕਾਰ (ਜੂਨਾਂ) ’ਚ ਵਿਚਰਦਿਆਂ (ਘੁੰਮਦਿਆਂ) ਬਤੀਤ ਕੀਤਾ।

ਧਿਆਨ ਰਹੇ ਕਿ ਗੁਰਬਾਣੀ ਵਿੱਚ ਇੱਕ ਵਾਰ ‘ਏਤੀ’ (ਹੈਰਾਨੀ-ਵਾਚਕ) ਸ਼ਬਦ ਦਾ ਅਰਥ ‘ਇਤਨੀ’ ! ਭਾਵ ‘ਅਣਗਿਣਤ, ਬੇਸ਼ੁਮਾਰ’ ਵੀ ਦਰਜ ਹੈ; ਜਿਵੇਂ: ‘‘ਏਤੀ’’ ਮਾਰ ਪਈ ਕਰਲਾਣੇ; ਤੈਂ ਕੀ ਦਰਦੁ ਨ ਆਇਆ ॥’’ ਮ: ੧/੩੬੦)

ਸਾਲਾਹੀ ਸਾਲਾਹਿ, ਏਤੀ ਸੁਰਤਿ ਨ ਪਾਈਆ॥

ਭਾਵ- ਸਲਾਹੁਣ ਯੋਗ (ਕਰਤਾਰ) ਨੂੰ ਸਾਲਾਹ-ਸਾਲਾਹ ਕੇ (ਭਗਤ, ਉਸ ’ਚ ਅਭੇਦ ਹੋ ਗਿਆ ਪਰ) ਇੰਨੀ ਸੂਝ ਨਾ ਪਾ ਸਕਿਆ (ਕਿ ਉਹ ਕਿੰਨਾ ਵੱਡਾ ਹੈ? ਜਿਵੇਂ ਕਿ)

‘‘ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥’’– ਇਸ ਪੰਕਤੀ ’ਚ ਦਰਜ ‘ਅਤੈ’ ਸ਼ਬਦ ਯੋਜਕ ਹੈ, ਜੋ (ਸਮੁੰਦਰ ਵਿੱਚ ਪੈਣ ਵਾਲੇ) ‘ਨਦੀਆਂ’ ਤੇ ‘ਵਾਹ’ (ਨਾਲਿਆਂ) ਦਾ ਪਰਸਪਰ (ਆਪਸੀ) ਸੰਬੰਧ ਮਿਲਾਉਂਦਾ ਹੈ। ‘ਨਦੀਆਂ’ ਤੇ ‘ਨਾਲੇ’ (ਬਹੁ ਵਚਨ ਨਾਂਵ) ਹੋਣ ਕਾਰਨ ਹੀ ਇਸ ਵਾਕ ਦੀ ਮੁੱਖ ਕਿਰਿਆ ‘ਪਵਹਿ’ (ਬਹੁ ਵਚਨ) ਦਰਜ ਹੈ ਜਿਸ ਦਾ ਅਰਥ ਹੈ ‘ਪੈਂਦੇ ਹਨ’ (ਵਰਤਮਾਨ ਕਿਰਿਆ)।

‘ਸਮੁੰਦਿ’- ਇਹ ਸ਼ਬਦ ਦਾ ਮੂਲ ਸਰੋਤ ਸ਼ਬਦ ਹੈ: ‘ਸਮੁੰਦਰਿ’ (ਅਧਿਕਰਣ ਕਾਰਕ), ਜਿਸ ਦਾ ਅਰਥ ਹੈ ‘ਸਮੁੰਦਰ ਵਿੱਚ’ ਤੇ ਗੁਰਬਾਣੀ ਵਿੱਚ ‘ਸਮੁੰਦ੍ਰ’ (‘ਰ’ ਸਮੇਤ) ਸ਼ਬਦ 7 ਵਾਰ ਦਰਜ ਹੈ; ਜਿਵੇਂ:

‘‘ਅਜਹੁ ਸੁ ਨਾਉ ‘ਸਮੁੰਦ੍ਰ’ ਮਹਿ; ਕਿਆ ਜਾਨਉ ਕਿਆ ਹੋਇ ॥’’ (ਭਗਤ ਕਬੀਰ/੧੩੬੬)

‘‘ਖਾਰ ‘ਸਮੁਦ੍ਰੁ’ ਢੰਢੋਲੀਐ; ਇਕੁ ਮਣੀਆ ਪਾਵੈ ॥’’ (ਮ: ੧/੧੦੧੨)

ਕਹੁ ਕਬੀਰ ! ਕੰਚਨੁ ਭਇਆ; ਭ੍ਰਮੁ ਗਇਆ ‘ਸਮੁਦ੍ਰੈ’ ਪਾਰਿ ॥’’ (ਭਗਤ ਕਬੀਰ/੧੧੦੩) ਆਦਿ।

ਗੁਰਬਾਣੀ ਕਾਵਿ ਰੂਪ ’ਚ ਹੋਣ ਕਾਰਨ ਕੁਝ ਕਾਵਿ ਨਿਯਮਾਂ ਨੂੰ ਮੁੱਖ ਰੱਖਦਿਆਂ ਸ਼ਬਦ ਬਣਤਰ ‘ਦੀਰਘ’ ਜਾਂ ‘ਲਘੂ’ ਕਰਨੀ ਪੈਂਦੀ ਹੈ; ਜਿਵੇਂ: ‘ਕਲਮ ਤੋਂ ਕਲਾਮ, ਕਲਿਯੁਗ ਤੋਂ ਕਲਿ, ਵਥੂ ਤੋਂ ਵਥੁ, ਵਿਸੁ ਤੋਂ ਵਿਸੂ, ਬਹੁਤ ਤੋਂ ਬਹੁ, ਜਾਣੂ ਤੋਂ ਜਾਣੁ, ਰਾਹੂ ਤੋਂ ਰਾਹੁ’ ਆਦਿ।

ਗੁਰਬਾਣੀ ਵਿੱਚ ‘ਸਮੁੰਦਿ’ ਸ਼ਬਦ ਕੇਵਲ ਇੱਕ ਵਾਰ ਇੱਥੇ ਹੀ ਦਰਜ ਹੈ ਪਰ ‘ਸਮੁੰਦ’ (‘ਰ’ ਤੋਂ ਬਿਨਾ, ਬਹੁ ਵਚਨ 12 ਵਾਰ), ‘ਸਮੁੰਦੁ’ (ਇੱਕ ਵਚਨ 13 ਵਾਰ), ‘ਸਮੁਦ’ (2 ਵਾਰ), ‘ਸਮੁਦੁ’ (1 ਵਾਰ, ਕੇਵਲ ਇਸ ਪਉੜੀ ’ਚ ਹੀ ਅਗਾਂਹ) ਆਦਿ; ਜਿਵੇਂ:

‘‘ਸਮੁੰਦ’’ ਸਾਹ ਸੁਲਤਾਨ; ਗਿਰਹਾ ਸੇਤੀ ਮਾਲੁ ਧਨੁ ॥’’ (ਜਪੁ /ਮ: ੧)

‘‘ਸਮੁੰਦੁ’’ ਵਿਰੋਲਿ ਸਰੀਰੁ ਹਮ ਦੇਖਿਆ; ਇਕ ਵਸਤੁ ਅਨੂਪ ਦਿਖਾਈ ॥’’ (ਮ: ੪/੪੪੨)

‘‘ਕਈ ਕੋਟਿ ਕੀਏ; ਰਤਨ ‘ਸਮੁਦ’ ॥’’ (ਮ: ੫/੨੭੬)

‘‘ਮਹਾ ਸਾਗਰੁ ‘ਸਮੁਦੁ’ ਲੰਘਨਾ; ਪਾਰਿ ਨ ਪਰਨਾ ਜਾਇ ॥’’ (ਮ: ੫/੧੦੦੧) ਆਦਿ।

ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ॥ 

ਭਾਵ- ਨਦੀਆਂ ਅਤੇ ਨਾਲੇ (ਛੋਟੇ ਜਲ ਪ੍ਰਵਾਹ, ਜਦ ਬੇਅੰਤ) ਸਮੁੰਦਰ ਵਿੱਚ ਪੈ ਜਾਂਦੇ ਹਨ (ਤਾਂ ਆਪਣਾ ਪਿਛਲਾ ਵਜੂਦ ਕਿ ਕੌਣ ਗੰਗਾ, ਯਮਨਾ ਜਾਂ ਸਤਲੁਜ ਸੀ ?, ਬਾਰੇ) ਨਹੀਂ ਜਾਣ ਸਕਦੇ (ਇਸ ਲਈ ਮਨੁੱਖ ਦਾ ਟੀਚਾ ਕਰਤਾਰ ’ਚ ਅਭੇਦ ਹੋਣਾ ਹੈ, ਨਾ ਕਿ ਬ੍ਰਹਮਾ ਵਾਙ ਆਪਣੇ ਮੂਲ ਦਾ ਅੰਤ ਪਾਉਣਾ)।

‘‘ਸਮੁੰਦ ਸਾਹ ਸੁਲਤਾਨ; ਗਿਰਹਾ ਸੇਤੀ ਮਾਲੁ ਧਨੁ ॥’’-ਉਪਰੋਕਤ ਪੰਕਤੀ ’ਚ ‘ਸਮੁੰਦਿ’ ਸ਼ਬਦ, ਇੱਕ ਵਚਨ ਪੁਲਿੰਗ ਨਾਂਵ (ਪ੍ਰਭੂ ਭਾਵ ਅਥਾਹ ਸ਼ਕਤੀ ਸਮੁੰਦਰ) ਦੇ ਪ੍ਰਤੀਕ ਵਜੋਂ ਦਰਜ ਸੀ ਪਰ ਇਸ ਪੰਕਤੀ ’ਚ ਦਰਜ ਤਮਾਮ ਸ਼ਬਦ ਬਹੁ ਵਚਨ ਦੇ ਪ੍ਰਤੀਕ ਹਨ; ਜਿਵੇਂ: ‘ਸਮੁੰਦ’- ਕਈ ਸਮੁੰਦਰ ਭਾਵ ‘‘ਤਿਸ ਤੇ ਹੋਏ ‘ਲਖ ਦਰੀਆਉ’ ॥’’, ‘ਸਾਹ ਸੁਲਤਾਨ’-ਭਾਵ ਕਈ ਦੁਨਿਆਵੀ ਪਾਤਿਸ਼ਾਹ ਤੇ ਬਾਦਸ਼ਾਹ; ਜਿਵੇਂ: ‘‘ਜਿਤਨੇ ਪਾਤਿਸਾਹ, ਸਾਹ, ਰਾਜੇ, ਖਾਨ, ਉਮਰਾਵ (ਅਮੀਰ ਲੋਕ), ਸਿਕਦਾਰ (ਸਰਦਾਰ) ਹਹਿ: ਤਿਤਨੇ ਸਭਿ ਹਰਿ ਕੇ ਕੀਏ ॥’’ (ਮ: ੪/੮੫੧)

(ਨੋਟ: ਉਕਤ ਪੰਕਤੀ ’ਚ ਤਮਾਮ ਜ਼ਿਕਰ ਉਨ੍ਹਾਂ ਰਾਜਿਆਂ-ਮਹਾਰਾਜਿਆਂ ਦਾ ਹੈ ਜਿਨ੍ਹਾਂ ਨੇ ਸਮਾਜਿਕ ਜੀਵਾਂ ’ਤੇ ਆਪਣੀ ਪ੍ਰਭੁਤਾ (ਪੂਰਨ ਸੁਤੰਤਰਤਾ) ਰਾਹੀਂ ਪ੍ਰਭਾਵ ਪਾਇਆ ਹੋਇਆ ਸੀ/ ਹੈ, ਦੀ ਤੁਲਨਾ ਉਕਤ ਬਿਆਨ ਕੀਤੀ ਗਈ ਉਸ ਸੋਚ ਦੇ ਮੁਕਾਬਲੇ ਦਰਜ ਹੈ, ਜੋ ‘‘ਪਵਹਿ ਸਮੁੰਦਿ, ਨ ਜਾਣੀਅਹਿ ॥’’ ਭਾਵ ਜਿਨ੍ਹਾਂ ਪੰਚ-ਜਨਾਂ ਦੀਆਂ ਨਜ਼ਰਾਂ ਵਿੱਚ ‘‘ਬਾਦਿਸਾਹ, ਸਾਹ, ਉਮਰਾਵ (ਅਮੀਰ), ਖਾਨ; ਢਾਹਿ (ਕੇ) ਡੇਰੇ ਜਾਸੀ (ਇਕੱਠੀ ਕੀਤੀ ਪੂੰਜੀ ਛੱਡ ਕੇ ਜਾਣਗੇ) ॥’’ (ਮ: ੫/੧੧੦੦) ਦਾ ਪ੍ਰਭਾਵ ਬਿਲਕੁਲ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ‘‘ਸਤਿਗੁਰਿ (ਨੇ) ਬੂਝ ਬੁਝਾਈ (ਸਮਝ ਬਖ਼ਸ਼ੀ)॥’’ ਕਿ ਅਸਲ ਦਾਤਾਰ ਬਾਦਸ਼ਾਹ ਕੇਵਲ ਇੱਕੋ ਹੀ ਹੈ; ਜਿਵੇਂ: ‘‘ਬੇਸੁਮਾਰ ਵਡ ਸਾਹ ਦਾਤਾਰਾ; ਊਚੇ ਹੀ ਤੇ ਊਚਾ ॥’’ ਮ: ੫/੧੨੩੫)

‘ਗਿਰਹਾ’- ਇਹ ਸ਼ਬਦ ਗੁਰਬਾਣੀ ਵਿੱਚ ਕੇਵਲ ਇੱਕ ਵਾਰ ਇਸ ਪੰਕਤੀ ਵਿੱਚ ਹੀ ਦਰਜ ਹੈ। ਇਸ ਸ਼ਬਦ ਦੇ ਅੱਖਰੀਂ ਅਰਥਾਂ ’ਚ ਟੀਕਾਕਾਰਾਂ ਵੱਲੋਂ ਭਿੰਨਤਾ ਵਿਖਾਈ ਗਈ ਹੈ ਕਿਉਂਕਿ ਕਾਵਿ ਤੋਲ ਦੇ ਪ੍ਰਭਾਵ ਕਾਰਨ ਇਸ ਸ਼ਬਦ ਦਾ ਸਰੂਪ ਕਿਸੇ ਵੀ ਭਾਸ਼ਾਈ ਸ਼ਬਦ ਨਾਲ ਮੇਲ ਨਹੀਂ ਖਾਂਦਾ ਹੈ। ਇਸ ਲਈ ਪ੍ਰਿੰਸੀਪਲ ਸਾਹਿਬ ਸਿੰਘ ਜੀ ਨੇ ਇਸ ਸ਼ਬਦ ਨੂੰ ‘ਗਿਰਿ’; ਜਿਵੇਂ: ‘‘ਕਈ ਜਨਮ; ਸੈਲ (ਪੱਥਰ) ‘ਗਿਰਿ’ (ਪਹਾੜ) ਕਰਿਆ ॥’’ (ਮ: ੫/੧੭੬) ਭਾਵ ਪਹਾੜ ਮੰਨ ਕੇ ਉਕਤ ਰਾਜਿਆਂ ਦੀ ਦੁਨਿਆਵੀ ਸੰਪਤੀ (ਧਨ-ਦੌਲਤ) ਨੂੰ ਪਹਾੜਾਂ ਵਾਙ ਅਸੀਮ ਦਰਸਾਈ ਹੈ ਜਦ ਕਿ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਅਨੁਸਾਰ ਇਹ ਸ਼ਬਦ ‘ਗ੍ਰਿਹ’ (ਘਰ, ਪੱਲੇ); ਜਿਵੇਂ: ‘‘ਜਾ ਕੈ ‘ਗ੍ਰਿਹ’ ਮਹਿ; ਸਗਲ ਨਿਧਾਨ ॥’’ (ਮ: ੫/੧੧੫੨) ਮੰਨਿਆ ਹੈ।

ਦੋਵੇਂ ਹੀ ਸ਼ਬਦਾਰਥ ਗੁਰਬਾਣੀ ਵਿਆਕਰਨ ਦੇ ਕਿਸੇ ਨਿਯਮ ਦੀ ਉਲੰਘਣਾ ਨਹੀਂ ਕਰਦੇ ਹਨ ਤੇ ਦੋਵਾਂ ਅਰਥਾਂ ਦਾ ਭਾਵਾਰਥ ਵੀ ਇੱਕੋ ਹੀ ਹੈ ਭਾਵ ‘ਦੁਨਿਆਵੀ ਅਥਾਹ ਸੰਪਤੀ ਸੰਪੰਨ ਰਾਜੇ ਮਹਾਰਾਜੇ’, ਪਰ ਇਸ ਦਾ ਦਰੁਸਤ ਭਾਵਾਰਥ, ਇਸ ਸ਼ਬਦ ਨਾਲ ਦਰਜ ‘ਸੇਤੀ’ ਸ਼ਬਦ ਦੀ ਵੀਚਾਰ ਕੀਤਿਆਂ ਮਾਲੁਮ ਹੋਵੇਗਾ।

‘ਸੇਤੀ’- ਇਹ ਸ਼ਬਦ ਗੁਰਬਾਣੀ ਵਿੱਚ 152 ਵਾਰ ਦਰਜ ਹੈ, ਜਿਸ ਦਾ ਅਰਥ ਹੈ ‘ਨਾਲ, ਸਾਥ, ਸਮੇਤ’ ਆਦਿ; ਜਿਵੇਂ:

‘‘ਸਚੇ ‘ਸੇਤੀ’ ਰਤਿਆ; ਸਚੋ ਪਲੈ ਪਾਇ ॥’’ (ਮ: ੧/੫੬)

‘‘ਸਦ ਬਲਿਹਾਰੀ ਗੁਰ ਅਪੁਨੇ ਵਿਟਹੁ (ਉੱਪਰੋਂ); ਜਿ (ਜਿਹੜਾ) ਹਰਿ ਸੇਤੀ (ਨਾਲ, ਮੇਰਾ) ਚਿਤੁ ਲਾਏ ॥’’ (ਮ: ੩/੬੮)

‘‘ਧਰਮ ਸੇਤੀ (ਨਾਲ) ਵਾਪਾਰੁ ਨ ਕੀਤੋ; ਕਰਮੁ (ਉੱਚਾ ਆਚਰਨ) ਨ ਕੀਤੋ ਮਿਤੁ (ਬਣਾਇਆ ਮਿੱਤਰ)॥’’ (ਮ: ੧/੭੫)

‘‘ਹਉ ਵਾਰੀ, ਜੀਉ ਵਾਰੀ; ਹਰਿ ‘ਸੇਤੀ’ ਚਿਤੁ ਲਾਵਣਿਆ ॥’’ (ਮ: ੩/੧੧੬)

‘‘ਗੋਰੀ ਸੇਤੀ (ਔਰਤ ਨਾਲ); ਤੁਟੈ ਭਤਾਰੁ (ਪਤੀ ਨਾਰਾਜ਼ ਹੋ ਜਾਵੇ)॥’’ (ਮ: ੧/੧੪੩), ਆਦਿ।

(ਨੋਟ: ਉਕਤ ਤਮਾਮ ਪੰਕਤੀ ਵਿੱਚ ‘ਗਿਰਹਾ ਸੇਤੀ’ ਦਾ ਅਰਥ ‘ਘਰ ਵਿੱਚ’ ਜਾਂ ‘ਪੱਲੇ ਵਿੱਚ’ ਨਹੀਂ ਬਣ ਰਿਹਾ ਹੈ ਜਦਕਿ ‘ਗਿਰਹਾ ਸੇਤੀ’ ਦਾ ਭਾਵਾਰਥ ‘ਪਹਾੜਾਂ ਨਾਲ’ (ਤੁਲਨਾ) ਜਾਂ ‘ਪਹਾੜਾਂ ਵਰਗੇ’ ਕੀਤਾ ਜਾ ਸਕਦਾ ਹੈ।)

ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲੁ ਧਨੁ॥

ਭਾਵ- ਸਮੁੰਦਰਾਂ ਵਾਙ (ਵਿਆਪਕ ਰਾਜ ਸਥਾਪਿਤ ਕਰਨ ਵਾਲ਼ੇ) ਬਾਦਸ਼ਾਹ-ਸੁਲਤਾਨ, (ਜਿਨ੍ਹਾਂ ਦੇ) ਗ੍ਰਹਿ ਨਾਲ (ਭਾਵ ਘਰ ’ਚ ਇਕੱਠਾ ਕੀਤਾ ਬੇਅੰਤ) ਧੰਨ ਪਦਾਰਥ ਹੈ।

‘‘ਕੀੜੀ ਤੁਲਿ ਨ ਹੋਵਨੀ; ਜੇ, ਤਿਸੁ ਮਨਹੁ ਨ ਵੀਸਰਹਿ ॥’’-ਇਸ ਪੰਕਤੀ ’ਚ ਦਰਜ ‘ਕੀੜੀ’ (ਨਾ-ਮਾਤ੍ਰ) ਸ਼ਬਦ ਨੂੰ ਉਕਤ ਪੰਕਤੀ ’ਚ ਦਰਜ ‘‘ਸਮੁੰਦ ਸਾਹ ਸੁਲਤਾਨ..॥’’ ਦੇ ਵਿਆਪਕ ਪ੍ਰਭਾਵ ਦੇ ਪ੍ਰਥਾਏ ਦਰਜ ਕੀਤਾ ਗਿਆ ਹੈ ਜੋ ਸਮਾਜਿਕ ਜੀਵਾਂ ’ਤੇ ਇਨ੍ਹਾਂ ਦੁਆਰਾ ਪਾਇਆ ਜਾ ਰਿਹਾ ਸੀ।

‘ਤੁਲਿ’– ਇਹ ਸ਼ਬਦ ਗੁਰਬਾਣੀ ਵਿੱਚ 24 ਵਾਰ ਦਰਜ ਹੈ ਤੇ ਇਸ ਦੇ ਭਾਵਾਰਥ ਦੋ ਪ੍ਰਕਾਰ ਮਿਲਦੇ ਹਨ (ੳ). ਜਦ ਦੋ ਚੀਜ਼ਾਂ ਨੂੰ ਇੱਕ ਸਮਾਨ (ਬਰਾਬਰ) ਮਹੱਤਵ ਦਿੱਤਾ ਗਿਆ ਹੋਵੇ; ਜਿਵੇਂ: ‘ਰਾਮ ਤੇ ਸਾਮ ਸਕੂਲ ਵਿੱਚੋਂ ਦੋਵੇਂ ‘ਬਰਾਬਰ’ ਨੰਬਰ ਲੈ ਕੇ ਆਉਂਦੇ ਹਨ’ ਜਾਂ ‘ਹਵਾ; ਗ਼ਰੀਬ ਤੇ ਅਮੀਰ ਨੂੰ ‘ਇੱਕ ਸਮਾਨ’ ਠੰਡਕ ਪਹੁੰਚਾਉਂਦੀ ਹੈ।’ ਇਸ ਭਾਵਾਰਥ ਦੇ ਪ੍ਰਥਾਏ ਗੁਰਬਾਣੀ ਵਾਕ ਹੈ: ‘‘ਜੈਸੇ, ਰਾਜ ਰੰਕ ਕਉ ਲਾਗੈ; ‘ਤੁਲਿ’ ਪਵਾਨ (ਹਵਾ) ॥’’ (ਮ: ੫/੨੭੨), ‘‘ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ; ਜਿਸੁ (ਲਈ) ਨਿੰਦਾ ਉਸਤਤਿ ਤੁਲਿ (ਬਰਾਬਰ, ਇੱਕ ਸਮਾਨ) ਹੋਇ ॥’’ (ਮ: ੪/੧੪੨੧) ਆਦਿ।

(ਅ). ਜਦ ਇੱਕ ਵਸਤੂ ਨੂੰ ਦੂਸਰੇ ਦੇ ਮੁਕਾਬਲੇ ਤੁੱਛ ਬਿਆਨ ਕੀਤਾ ਗਿਆ ਹੋਵੇ; ਜਿਵੇਂ: ‘ਰਾਮ; ਸਾਮ ਦੇ ‘ਬਰਾਬਰ’ (ਮੁਕਾਬਲੇ) ਨੰਬਰ ਨਹੀਂ ਲਿਆ ਸਕਦਾ’ ਜਾਂ ‘ਦੁਨਿਆਵੀ ਪਦਾਰਥ ਰੱਬੀ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ।’ ਇਸ ਭਾਵਾਰਥ ਦੇ ਪ੍ਰਥਾਏ ਗੁਰਬਾਣੀ ਵਾਕ ਹੈ: ‘‘ਨਾਮ (ਦੇ) ਤੁਲਿ (ਮੁਕਾਬਲੇ, ਬਰਾਬਰ), ਕਛੁ ਅਵਰੁ ਨ ਹੋਇ ॥’’ (ਮ: ੫/੨੬੫), ‘‘ਜਾਪ ਤਾਪ ਕੋਟਿ ਲਖ ਪੂਜਾ; ਹਰਿ ਸਿਮਰਣ ਤੁਲਿ (ਮੁਕਾਬਲੇ) ਨ ਲਾਇਣ (ਪੁਜਦੇ)॥’’ (ਮ: ੫/੯੭੯) ਆਦਿ।

ਸੰਬੰਧਿਤ ਪੰਕਤੀ ’ਚ ‘‘ਸਮੁੰਦ ਸਾਹ ਸੁਲਤਾਨ..॥’’ ਦੇ ਮੁਕਾਬਲੇ ‘ਕੀੜੀ’ (ਨਾ-ਮਾਤ੍ਰ) ਨੂੰ ਮਹੱਤਵ ਦਿੱਤਾ ਗਿਆ ਹੈ ਭਾਵ ਉਕਤ ਦੋਵੇਂ ਉਦਾਹਰਣਾਂ ਵਿੱਚੋਂ ‘ਅ’ ਭਾਗ ਵਾਙ ਤੁਲਨਾ ਕੀਤੀ ਗਈ ਹੈ।

‘ਵੀਸਰਹਿ’– ਇਸ ਸ਼ਬਦ ਦਾ ਮੂਲ ਸਰੋਤ ਸ਼ਬਦ ਗੁਰਬਾਣੀ ਵਿੱਚ ‘ਵਿਸਰਹਿ’ (14 ਵਾਰ) ਦਰਜ ਹੈ। ਇਹ ਸ਼ਬਦ ਮਧਮ ਪੁਰਖ ਇੱਕ ਵਚਨ ਦਾ ਲਖਾਇਕ ਹੈ, ਜਿਸ ਦਾ ਅਰਥ ਹੈ ‘ਤੂੰ ਨਾ ਭੁੱਲੇਂ’ ਤੇ ਉਚਾਰਨ ਹੋਵੇਗਾ ‘ਵੀਸਰੈਂ’ (ਬਿੰਦੀ ਸਹਿਤ); ਜਿਵੇਂ:

‘‘ਸਾ ਬੁਧਿ ਦੀਜੈ; ਜਿਤੁ (ਜਿਸ ਨਾਲ, ਤੂੰ) ਵਿਸਰਹਿ ਨਾਹੀ ॥’’ (ਮ: ੫/੧੦੦)

ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ! ਜਾਣਉ ਬਰਸ ਪਚਾਸਾ (50 ਸਾਲ)॥’’ (ਮ: ੩/੬੦੧)

‘‘ਜਿਨ ਤੂ ਵਿਸਰਹਿ ਪਾਰਬ੍ਰਹਮ ਸੁਆਮੀ ! ਸੇ ਤਨ ਹੋਏ ਧੂੜਿ ॥’’ (ਮ: ੫/੬੪੧), ਆਦਿ।

(ਨੋਟ : ਗੁਰਮਤ; ਕਿਸੇ ਅਦ੍ਰਿਸ਼ ਵਿਸ਼ੇ ਨੂੰ ਸਰਲ ਕਰਨ ਲਈ ਜਦ ਕੋਈ ਦੁਨਿਆਵੀ ਮਿਸਾਲ ਦਿੰਦੀ ਹੈ ਤਾਂ ਤੁਰੰਤ ਉਸ (ਮਿਸਾਲ ਵਜੋਂ ਵਰਤੀ ਵਸਤੂ) ਨੂੰ ਵੀ ਤੁੱਛ ਬਿਆਨ ਕਰਦੀ ਹੈ ਤਾਂ ਜੋ ਮਨੁੱਖ ਕਦੇ ਉਸੇ ਨੂੰ ਹੀ ਵੱਡਾ-ਸ਼ਕਤੀਸ਼ਾਲੀ ਮੰਨ ਕੇ ਪੂਜਣਾ ਸ਼ੁਰੂ ਨਾ ਕਰ ਦੇਵੇ; ਜਿਵੇਂ ਕਿ

ਗੁਰੂ ਨਾਨਕ ਸਾਹਿਬ ਜੀ ਨੇ ‘ਮਾਸ’ ਵਿਸ਼ੇ ਨਾਲ਼ ਸਬੰਧਿਤ ਸ਼ਬਦ ’ਚ ‘ਪਾਣੀ’ ਦੀ ਮਿਸਾਲ ਲਈ, ਜਿਸ ਤੋਂ ਕਈ ਵਸਤੂਆਂ ਪੈਦਾ ਹੁੰਦੀਆਂ ਹਨ ਤੇ ਅੰਤ ’ਚ ਪਾਣੀ ਵਿੱਚ ਵੀ ਕਈ ਵਿਕਾਰ ਹਨ, ਬਾਰੇ ਸਮਝਾਇਆ ਗਿਆ, ‘‘ਪਾਂਡੇ ! ਤੂ ਜਾਣੈ ਹੀ ਨਾਹੀ; ਕਿਥਹੁ ਮਾਸੁ ਉਪੰਨਾ ? ॥ ਤੋਇਅਹੁ (ਪਾਣੀ ਤੋਂ) ਅੰਨੁ, ਕਮਾਦੁ, ਕਪਾਹਾਂ; ਤੋਇਅਹੁ ਤ੍ਰਿਭਵਣੁ, ਗੰਨਾ ॥ (ਪਰ) ਤੋਆ (ਪਾਣੀ) ਆਖੈ ਹਉ ਬਹੁ ਬਿਧਿ ਹਛਾ; ਤੋਐ (ਪਾਣੀ ’ਚ ਵੀ) ਬਹੁਤੁ ਬਿਕਾਰਾ ॥’’ (ਮ: ੧/੧੨੯੦), ਇਸੇ ਤਰ੍ਹਾਂ ਹੀ ਉਕਤ ਪਉੜੀ ’ਚ ਭਗਤ ਦੀ ਰੱਬ ’ਚ ਅਭੇਦਤਾ ਲਈ ਨਦੀ ਤੇ ਨਾਲਿਆਂ ਨੂੰ ਵਿਸ਼ਾਲ ਸਮੁੰਦਰ ’ਚ ਪਾਉਣ ਵਜੋਂ ਮਿਸਾਲ ਦਿੱਤੀ ਗਈ ਤੇ ਤੁਰੰਤ ਸਮੁੰਦਰ ਨੂੰ ਤੁੱਛ ਸਾਬਤ ਕਰਨ ਲਈ ਅਗਾਂਹ ਕੀੜੀ ਦੀ ਮਿਸਾਲ ਦੇ ਦਿੱਤੀ।)

ਕੀੜੀ ਤੁਲਿ ਨ ਹੋਵਨੀ; ਜੇ, ਤਿਸੁ ਮਨਹੁ ਨ ਵੀਸਰਹਿ॥ ੨੩॥ 

ਭਾਵ- (ਹੇ ਦਾਤਾਰ ਮਾਲਕ ! ਅਜਿਹੇ ਸਮਰਾਟ ਵੀ) ਕੀੜੀ ਸਮਾਨ ਨਹੀਂ ਹੁੰਦੇ, ਅਗਰ ਉਸ (ਕੀੜੀ ਦੇ) ਮਨੋਂ ਤੂੰ ਨਾ ਭੁੱਲੇਂ।

28760cookie-checkJAP (Pori No. 23)