JAP (Pori No. 24)

0
307

ਅੰਤੁ ਨ ਸਿਫਤੀ; ਕਹਣਿ ਨ ਅੰਤੁ ॥ ਅੰਤੁ ਨ ਕਰਣੈ; ਦੇਣਿ ਨ ਅੰਤੁ ॥

ਅੰਤੁ ਨ ਵੇਖਣਿ; ਸੁਣਣਿ ਨ ਅੰਤੁ ॥ ਅੰਤੁ ਨ ਜਾਪੈ; ਕਿਆ ਮਨਿ ਮੰਤੁ ? ॥

ਅੰਤੁ ਨ ਜਾਪੈ; ਕੀਤਾ ਆਕਾਰੁ ॥ ਅੰਤੁ ਨ ਜਾਪੈ; ਪਾਰਾਵਾਰੁ ॥

ਅੰਤ ਕਾਰਣਿ; ਕੇਤੇ ਬਿਲਲਾਹਿ ॥ ਤਾ ਕੇ ਅੰਤ; ਨ ਪਾਏ ਜਾਹਿ ॥

ਏਹੁ ਅੰਤੁ; ਨ ਜਾਣੈ ਕੋਇ ॥ ਬਹੁਤਾ ਕਹੀਐ; ਬਹੁਤਾ ਹੋਇ ॥

ਵਡਾ ਸਾਹਿਬੁ; ਊਚਾ ਥਾਉ ॥ ਊਚੇ ਉਪਰਿ; ਊਚਾ ਨਾਉ ॥

ਏਵਡੁ ਊਚਾ; ਹੋਵੈ ਕੋਇ ॥ ਤਿਸੁ ਊਚੇ ਕਉ; ਜਾਣੈ ਸੋਇ ॥

ਜੇਵਡੁ ਆਪਿ; ਜਾਣੈ ਆਪਿ ਆਪਿ ॥ ਨਾਨਕ ! ਨਦਰੀ ਕਰਮੀ ਦਾਤਿ ॥੨੪॥ (ਜਪੁ /ਮ: ੧)

ਉਚਾਰਨ ਸੇਧ: ਸਿਫਤੀਂ, ਬਿਲਲਾਹਿਂ, ਤਾ (ਕੇ, ਬਿੰਦੀ ਰਹਿਤ), ਜਾਹਿਂ, ਏਹ (ਅੰਤੁ), ਥਾਉਂ, ਨਾਉਂ, ਕਉ (ਕੌ)।

ਪਦ ਅਰਥ: ਅੰਤੁ-ਕਿਨਾਰਾ (ਇੱਕ ਵਚਨ ਪੁਲਿੰਗ ਨਾਂਵ)।, ਸਿਫਤੀ-(ਕਰਤਾਰ ਦੀਆਂ) ਸਿਫ਼ਤਾਂ (ਬਹੁ ਵਚਨ ਇਸਤ੍ਰੀ ਲਿੰਗ)।, ਕਹਣਿ- (ਜੀਭ ਰਾਹੀਂ) ਬੋਲਣ ਨਾਲ (ਕਰਣ ਕਾਰਕ)।, ਕਰਣੈ- ਕੁਦਰਤ (ਆਕਾਰ) ਦਾ (ਨਾਂਵ, ਸੰਬੰਧ ਕਾਰਕ)।, ਦੇਣਿ- (ਰੱਬ ਵੱਲੋਂ, ਕੁਝ) ਦੇਣ ਵਿੱਚ (ਅਧਿਕਰਣ ਕਾਰਕ)।, ਵੇਖਣਿ- (ਅੱਖਾਂ ਰਾਹੀਂ) ਵਿਖਾਈ ਦੇਣ ਵਿੱਚ (ਅਧਿਕਰਣ ਕਾਰਕ)।, ਸੁਣਣਿ- (ਕੰਨਾਂ ਰਾਹੀਂ) ਸੁਣਾਈ ਦੇਣ ਨਾਲ (ਕਰਣ ਕਾਰਕ)।, ਪਾਰਾਵਾਰੁ- ਉਰਲਾ ਤੇ ਪਾਰਲਾ ਕਿਨਾਰਾ (ਇੱਕ ਵਚਨ ਪੁਲਿੰਗ ਨਾਂਵ)।, ਕਾਰਣਿ- ਲਈ (ਸੰਬੰਧਕ)।, ਕੇਤੇ- ਕਿਤਨੇ ਹੀ (ਬਹੁ ਵਚਨ ਪੜਨਾਂਵ)।, ਬਿਲਲਾਹਿ- ਬਿਲਕਦੇ ਹਨ, ਬੇਚੈਨ ਹਨ, ਤਰਲੋਮੱਛੀ ਹੁੰਦੇ ਹਨ (ਤੀਜਾ ਪੁਰਖ, ਬਹੁ ਵਚਨ, ਵਰਤਮਾਨ ਕਿਰਿਆ)।, ਤਾ (ਕੇ)- ਉਸ (ਦੇ, ਇੱਕ ਵਚਨ ਪੁਲਿੰਗ ਪੜਨਾਂਵ)।, ਜਾਹਿ- ਜਾਂਦੇ (ਬਹੁ ਵਚਨ ਵਰਤਮਾਨ ਕਿਰਿਆ)।, ਊਚਾ (ਮਾਇਆ ਦੇ ਪ੍ਰਭਾਵ ਤੋਂ) ਮੁਕਤ (ਵਿਸ਼ੇਸ਼ਣ)।, ਨਾਉ- ਮਹੱਤਵ, ਮਹਾਨਤਾ (ਇੱਕ ਵਚਨ ਪੁਲਿੰਗ ਨਾਂਵ)।, ਏਵਡੁ- ਇਤਨਾ (ਮਹੱਤਵ ਵਾਲਾ, ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ)।, ਜੇਵਡੁ- ਜਿਤਨਾ (ਉੱਜਲ, ਨਿਰਮਲ, ਚਮਕਦਾਰ, ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ)।, ਆਪਿ ਆਪਿ- ਨਿਰੋਲ ਆਪ ਹੀ (ਪੜਨਾਂਵ)।, ਨਾਨਕ- ਹੇ ਨਾਨਕ ! (ਸੰਬੋਧਨ ਕਾਰਕ)।, ਨਦਰੀ- ਦਿਆਲੂ ਦ੍ਰਿਸ਼ਟੀ ਦੇ ਮੂਲ-ਸਰੋਤ (ਸੋਮੇ, ਮਾਲਕ ਭਾਵ ਪ੍ਰਭੂ, ਨਾਂਵ ਇੱਕ ਵਚਨ ਪੁਲਿੰਗ)।, ਕਰਮੀ- ਬਖ਼ਸ਼ਸ (ਮਿਹਰਬਾਨੀ, ਫ਼ਜ਼ਲ) ਨਾਲ (ਇੱਕ ਵਚਨ ਪੁਲਿੰਗ ਨਾਂਵ, ਕਰਣ ਕਾਰਕ)।, ਦਾਤਿ- ਬਖ਼ਸ਼ਸ਼ (ਇਸਤ੍ਰੀ ਲਿੰਗ ਨਾਂਵ)।

(ਨੋਟ: ਉਕਤ ਪਉੜੀ ਵਿੱਚ ਦਰਜ ‘ਕਹਣਿ, ਦੇਣਿ, ਵੇਖਣਿ, ਸੁਣਣਿ’ ਸ਼ਬਦ ਕਾਰਦੰਤਕ (ਕਿਰਦੰਤ) ਹਨ, ਨਾ ਕਿ ਕਿਰਿਆ। ਇਸ ਲਈ ‘ਕਿਰਿਆ’ ਸ਼ਬਦ ਤੇ ‘ਕਿਰਦੰਤ’ ਸ਼ਬਦ ਦੇ ਅੰਤਰ ਨੂੰ ਸਮਝਣਾ ਜ਼ਰੂਰੀ ਹੈ:

‘ਕਿਰਿਆ’ ਬਨਾਮ ‘ਕਿਰਦੰਤ’

‘ਕਿਰਿਆ’ ਤੇ ‘ਕਿਰਦੰਤ’ ਸ਼ਬਦਾਂ ਦਾ ਮੂਲ-ਸਰੋਤ ‘ਕਿਰਿਆ ਧਾਤੂ’ ਹੀ ਹੁੰਦਾ ਹੈ; ਜਿਵੇਂ: ਉਕਤ ਚਾਰੇ (‘ਕਹਣਿ, ਦੇਣਿ, ਵੇਖਣਿ, ਸੁਣਣਿ’) ਸ਼ਬਦਾਂ ਦਾ ‘ਧਾਤੂ’ (ਮੂਲ) ‘ਕਹ, ਦੇ, ਵੇਖ, ਸੁਣ’ (ਕਿਰਿਆ) ਹੈ। ‘ਕਿਰਿਆ ਮੂਲ’ ਤੋਂ ਬਣਿਆ ਸ਼ਬਦ, ਜੋ ਕੰਮ ਦੇ ਸਮੇਂ ਨੂੰ ਨਿਸ਼ਚਿਤ (ਪੱਕਾ) ਕਰੇ ਉਹ ‘ਕਿਰਿਆ’ ਹੁੰਦਾ ਹੈ ਅਤੇ ਜੋ ‘ਕਿਰਿਆ ਮੂਲ’ ਤੋਂ ਹੀ ਬਣਿਆ ਸ਼ਬਦ ਸਮੇਂ ਨੂੰ ਨਿਰਧਾਰਿਤ ਨਾ ਕਰੇ ਤੇ ‘ਨਾਂਵ, ਪੜਨਾਂਵ ਤੇ ਵਿਸ਼ੇਸ਼ਣ’ ਸ਼ਬਦਾਂ ਵਾਙ ਕਾਰਕੀ (ਵਿਆਕਰਨ ਨਿਯਮਾਂ ਅਨੁਸਾਰ ‘ਨੇ, ਨੂੰ, ਨਾਲ, ਵਿੱਚ, ਲਈ, ਤੋਂ, ਦਾ’ ਆਦਿ) ਅਰਥ ਦੇਵੇ ਉਹ ‘ਕਿਰਦੰਤ’ ਹੁੰਦਾ ਹੈ; ਜਿਵੇਂ: ‘ਗੁਰਮੁਖ ਨਾਮ ਜਪਦਾ ਹੈ।’, ਵਾਕ ਵਿੱਚ ‘ਜਪ’ ਧਾਤੂ ਤੋਂ ਬਣਿਆ ਸ਼ਬਦ ‘ਜਪਦਾ’ ਕਿਰਿਆ ਹੈ ਕਿਉਂਕਿ ਇਹ ਸਮੇਂ (ਕਾਲ) ਨੂੰ ਪ੍ਰਗਟ ਕਰਦਾ ਹੈ ਪਰ ‘ਗੁਰਮੁਖ ਨਾਮ ਜਪਦਾ ਜਪਦਾ ਹਰੀ ਦਾ ਰੂਪ ਹੀ ਬਣ ਗਿਆ।’, ਵਾਕ ਵਿੱਚ ‘ਜਪ’ ਧਾਤੂ ਤੋਂ ਹੀ ਬਣਿਆ ਸ਼ਬਦ ‘ਜਪਦਾ’ ਕਿਰਦੰਤ ਹੈ ਕਿਉਂਕਿ ਇਸ ਵਾਕ ਵਿੱਚ ਕੰਮ ਦਾ ਸਮਾਂ (ਕਾਲ) ਨਿਸ਼ਚਿਤ ਨਹੀਂ।

‘‘ਖੰਨਲੀ ਧੋਤੀ ਉਜਲੀ ਨ ਹੋਵਈ; ਜੇ ਸਉ (100 ਵਾਰ) ‘ਧੋਵਣਿ’ ਪਾਹੁ ॥’’ (ਮ: ੩/੬੫੧)  (‘ਧੋਵਣਿ’ ਭਾਵ ‘ਧੋਣ ਲਈ’ ਯਤਨ ਕਰੋ, ਸੰਪਰਦਾਨ ਕਾਰਕ)

ਧਿਆਨ ਰਹੇ ਕਿ ‘ਜਪੁ’ ਬਾਣੀ ਦੀਆਂ ‘ਸੁਣਿਐ’ ਤੇ ‘ਮੰਨੈ’ ਵਾਲੀਆਂ ਪਉੜੀਆਂ ਵਿੱਚ ਵੀ ‘ਸੁਣਿਐ’ ਤੇ ‘ਮੰਨੈ’ ਸ਼ਬਦ ‘ਕਿਰਦੰਤ’ ਹਨ, ਜਿਨ੍ਹਾਂ ਵਿੱਚੋਂ ਕਰਣ ਕਾਰਕ (ਨਾਲ) ਅਰਥ ਲਏ ਗਏ ਹਨ; ਜਿਵੇਂ: ‘ਸੁਣਨ ਨਾਲ’ ਤੇ ‘ਮੰਨਣ ਨਾਲ’।

(‘ਜਪੁ’ ਬਾਣੀ ਦੀ ‘‘ਪੰਚ ਪਰਵਾਣ, ਪੰਚ ਪਰਧਾਨੁ ॥’’ (ਪਾ: ੧੬) ’ਚ ‘‘ਕਰਤੇ ਕੈ ਕਰਣੈ; ਨਾਹੀ ਸੁਮਾਰੁ ॥’’ ਵਾਲਾ ਵਿਸ਼ਾ ਪ੍ਰਧਾਨ ਸੀ ਤੇ ਪਿਛਲੀ (ਪਉੜੀ ਨੰਬਰ 23) ਰਾਹੀਂ ਉਸ ਅਸੀਮ ਸ਼ਕਤੀ (ਸਮੁੰਦਰ) ਵਿੱਚ ਲੀਨ ਹੋਣ ਵਾਲੇ ਭਗਤ (ਪੰਚ) ਦੇ ਮਕਸਦ ਨੂੰ ਰੂਪਮਾਨ (ਉਜਾਗਰ) ਕੀਤਾ ਗਿਆ ਸੀ। 96 ਸ਼ਬਦਾਂ ਦੇ ਸੁਮੇਲ ਨਾਲ ਭਰਪੂਰ ਇਸ ਪਉੜੀ ਨੰਬਰ 24 ਰਾਹੀਂ ‘‘ਕਰਤੇ ਕੈ ਕਰਣੈ..॥’’ ਦੇ ਅਸੀਮ ਪਸਾਰੇ (ਵਿਸਥਾਰ, ਕੁਦਰਤ) ਤੇ ਉਨ੍ਹਾਂ ਨੂੰ ਪ੍ਰਾਪਤ ਹੋਣ ਵਾਲੀਆਂ ਦਾਤਾਂ ਦਾ ਵਰਨਣ (ਬਿਰਤਾਂਤ) ਕੀਤਾ ਗਿਆ ਹੈ।

ਪਉੜੀ ਦੀ ਆਰੰਭਤਾ ਕਰਤਾਰ ਦੀਆਂ ‘ਸਿਫਤੀਂ ’ (ਗੁਣਾਂ, ਬਖ਼ਸ਼ਸ਼ਾਂ) ਰਾਹੀਂ ਹੁੰਦੀ ਹੈ ਤੇ ਸਮਾਪਤੀ ਵੀ ‘ਕਰਮੀ’ (ਭਾਵ ਬਖ਼ਸ਼ਸ਼) ਨਾਲ ਹੀ ਹੁੰਦੀ ਹੈ।

ਧਿਆਨ ਰਹੇ ਕਿ ‘ਅੰਤੁ’ (ਇੱਕ ਵਚਨ ਪੁਲਿੰਗ ਸ਼ਬਦ) ਦਾ ਅਰਥ ਚਾਰੋਂ ਦਿਸ਼ਾਵਾਂ ਦੇ ਸਮੂਹਿਕ (ਸਾਂਝੇ) ਵਿਸਥਾਰ ਦੀ ਸਮਾਪਤੀ ਬਾਰੇ ਸੰਕੇਤ ਦੇਂਦਾ ਹੈ ਜਦਕਿ ‘ਅੰਤ’ (ਬਹੁ ਵਚਨ ਪੁਲਿੰਗ ਸ਼ਬਦ) ਦਾ ਭਾਵਾਰਥ ਕਈ ਦਿਸ਼ਾਵਾਂ ਦੀ ਅਲੱਗ-ਅਲੱਗ ਸਮਾਪਤੀ ਨੂੰ ਬਿਆਨ ਕਰਦਾ ਹੈ।)

‘‘ਅੰਤੁ ਨ ਸਿਫਤੀ; ਕਹਣਿ ਨ ਅੰਤੁ ॥’’- ਇਸ ਪੰਕਤੀ ’ਚ ਦਰਜ ‘ਅੰਤੁ’ ਸ਼ਬਦ ਪ੍ਰਭੂ (ਕਰਤਾਰ, ਨਿਰਾਕਾਰ) ਦੀ ਵਿਆਪਕ (ਆਕਾਰ ਰੂਪ) ਸ਼ਕਤੀ ਬਾਰੇ ਸਮੂਹਿਕ (ਪੂਰਵ, ਪੱਛਮ, ਉੱਤਰ, ਦੱਖਣ, ਉੱਪਰ, ਹੇਠਾਂ ਆਦਿ ਬਾਰੇ ਸਾਂਝੀ) ਜਾਣਕਾਰੀ ਉਪਲਬਧ ਕਰਵਾਉਂਦਾ ਹੈ ਇਨ੍ਹਾਂ ਦੇ ਸਮੂਹਿਕ ਅਖ਼ੀਰਲੇ (ਅੰਤਲੇ) ਕਿਨਾਰੇ ਨੂੰ ‘ਅੰਤੁ’ (ਇੱਕ ਵਚਨ ਪੁਲਿੰਗ) ਮੰਨਣਾ ਦਰੁਸਤ ਹੋਵੇਗਾ।

ਗੁਰਬਾਣੀ ਵਿੱਚ ‘ਅੰਤੁ’ (ਔਂਕੜ ਸਮੇਤ) 188 ਵਾਰ ਦਰਜ ਹੈ; ਜਿਵੇਂ:

‘‘ਗੋਵਿਦੁ ਗੁਣੀ ਨਿਧਾਨੁ ਹੈ, ਅੰਤੁ ਨ ਪਾਇਆ ਜਾਇ ॥’’ (ਮ: ੩/੩੨)

‘‘ਸਚੇ (ਦਾ) ਅੰਤੁ, ਨ ਜਾਣੈ ਕੋਈ ॥’’ (ਮ: ੫/੧੦੭)

‘‘ਊੜੈ; ਉਪਮਾ ਤਾ ਕੀ ਕੀਜੈ; ਜਾ ਕਾ ਅੰਤੁ ਨ ਪਾਇਆ ॥’’ (ਮ: ੧/੪੩੨)

‘‘ਆਦਿ ਜੁਗਾਦਿ ਜੁਗਾਦਿ ਜੁਗੋ ਜੁਗੁ; ਤਾ ਕਾ ਅੰਤੁ ਨ ਜਾਨਿਆ ॥’’ (ਭਗਤ ਨਾਮਦੇਵ/੧੩੫੧), ਆਦਿ।

ਪਰ ਗੁਰਬਾਣੀ ਵਿੱਚ ‘ਅੰਤ’ (ਅੰਤ ਮੁਕਤਾ) 45 ਵਾਰ ਦਰਜ ਹੈ, ਜਿਸ ਵਿੱਚੋਂ 39 ਵਾਰ ਇਸ (ਅੰਤੁ) ਨਾਲ ਸੰਬੰਧਕੀ ਸ਼ਬਦ ਆਇਆਂ ‘ਅੰਤ’ ਮੁਕਤਾ ਹੋ ਜਾਂਦਾ ਹੈ; ਜਿਵੇਂ:

‘‘ਅੰਤ ਕੀ ਬੇਲਾ, ਲਏ ਛਡਾਈ ॥’’ (ਮ: ੫/੮੯੫)

‘‘ਬਾਰ ਅੰਤ ਕੀ, ਹੋਇ ਸਹਾਇ ॥’’ (ਮ: ੯/੧੧੮੭) ਆਦਿ।

ਇਨ੍ਹਾਂ ਪੰਕਤੀਆਂ ’ਚ ‘ਅੰਤੁ’ ਨੂੰ ‘ਕੀ’ (ਸੰਬੰਧਕੀ) ਨੇ ‘ਅੰਤ’ (ਮੁਕਤਾ) ਬਣਾ ਦਿੱਤਾ ਜਦਕਿ ਕੇਵਲ 6 ਵਾਰ ਹੀ ਇਹ ਸ਼ਬਦ ਬਹੁ ਵਚਨ ਹੈ; ਜਿਵੇਂ:

‘‘ਤਾ ਕੇ ਅੰਤ, ਨ ਪਾਏ ਜਾਹਿ ॥’’ (ਜਪੁ /ਮ: ੧)

‘‘ਤਿਥੈ; ਖੰਡ, ਮੰਡਲ, ਵਰਭੰਡ ॥ ਜੇ ਕੋ ਕਥੈ; ਤ ਅੰਤ ਨ ਅੰਤ ॥’’ (ਜਪੁ /ਮ: ੧)

‘‘ਕੇਤਾ ਆਖਣੁ ਆਖੀਐ; ਤਾ ਕੇ ਅੰਤ ਨ ਜਾਣਾ ॥’’ (ਮ: ੧/੪੨੧)

‘‘ਕਵਨ ਕਵਨ ਜਾਚਹਿ; ਪ੍ਰਭ ਦਾਤੇ! ਤਾ ਕੇ ਅੰਤ ਨ ਪਰਹਿ ਸੁਮਾਰ ॥’’ (ਮ: ੧/੫੦੩)

‘‘ਜਾਤਿ ਅਸੰਖ; ਅੰਤ ਨਹੀ ਮੇਰੇ ॥’’ (ਮ: ੧/੯੩੨) ਭਾਵ ਮੈਂ ਅਣਗਿਣਤ ਜੂਨਾਂ ਵਿੱਚੋਂ ਦੀ ਲੰਘਿਆ ਹਾਂ ਜਿਨ੍ਹਾਂ ਦੀਆਂ ਗਿਣਤੀਆਂ ਦੇ ਮੇਰੇ ਕੋਲ ਅੰਤ ਨਹੀਂ।

‘‘ਹਰਿ ਗੁਨ (ਗੁਣਾਂ ਦੇ) ਨਾਹੀ ਅੰਤ (ਤੇ) ਪਾਰੇ (ਪਾਰਲੇ ਕਿਨਾਰੇ)…॥’’ (ਮ: ੫/੧੩੮੫)

‘ਕਹਣਿ’- ਇਹ (ਕਿਰਦੰਤ) ਸ਼ਬਦ ਗੁਰਬਾਣੀ ਵਿੱਚ 8 ਵਾਰ ਦਰਜ ਹੈ; ਜਿਵੇਂ:

‘‘ਕਥਨੈ ਕਹਣਿ (ਨਾਲ) ਨ ਛੁਟੀਐ; ਨਾ ਪੜਿ (ਕੇ) ਪੁਸਤਕ ਭਾਰ ॥’’ (ਮ: ੧/੫੯)

‘‘ਰਾਮੁ ਨ ਕਬਹੂ ਚੇਤਿਓ, ਹੁਣਿ ਕਹਣਿ (ਨਾਲ) ਨ ਮਿਲੈ ਖੁਦਾਇ ॥’’ (ਮ: ੧/੪੧੭), ਆਦਿ।

‘‘ਅੰਤੁ ਨ ਕਰਣੈ; ਦੇਣਿ ਨ ਅੰਤੁ ॥’’- ਇਸ ਪੰਕਤੀ ’ਚ ਦਰਜ ‘ਕਰਣੈ’ ਸ਼ਬਦ ‘‘ਕਰਤੇ ਕੈ ਕਰਣੈ; ਨਾਹੀ ਸੁਮਾਰੁ ॥’’ (ਪਾ:੧੬) ਪੰਕਤੀ ’ਚ ਦਰਜ ‘ਕਰਣੈ’ ਸ਼ਬਦ ਵਾਲਾ ਭਾਵਾਰਥ ਹੀ ਦੇਂਦਾ ਹੈ ਭਾਵ (ਕਰਤਾਰ ਦੀ) ‘ਕੁਦਰਤ ਦਾ’। ਜਦ ‘ਕਰਣੈ’ ਸ਼ਬਦ ਦਾ ਅਰਥ ਕੁਦਰਤ ਨਾਲ ਸੰਬੰਧਿਤ ਹੋਵੇਗਾ ਤਾਂ ‘ਦੇਣਿ’ ਦੇ ਅਰਥ ਵੀ ‘ਕੁਦਰਤ ਨੂੰ (ਕਰਤਾਰ ਵੱਲੋਂ ਦਾਤਾਂ ਨਿਰੰਤਰ) ਦੇਣ ਵਿੱਚ’ ਅੰਤ ਨਹੀਂ, ਅਰਥ ਢੁੱਕਵੇਂ ਬਣ ਜਾਂਦੇ ਹਨ ਕਿਉਂਕਿ ਪਉੜੀ ਦੀ ਆਰੰਭਤਾ ਵੀ ‘ਸਿਫਤੀ’ (ਕਰਤਾਰ ਦੀਆਂ ਦਾਤਾਂ) ਦੇ ਵਿਆਪਕ ਰੂਪ ਨਾਲ ਹੋਈ ਹੈ ਪਰ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ ‘ਕਰਣੈ’ ਦੇ ਅਰਥ ‘ਮਨੁੱਖ ਵੱਲੋਂ ਨਿਰੰਤਰ ਕੁਝ ਕਰੀ ਜਾਣ ਨਾਲ’ ਅਤੇ ‘ਦੇਣਿ’ ਦੇ ਅਰਥ ਕੁਝ ਹੱਥੋਂ ਨਿਰੰਤਰ ਦੇਣ ਨਾਲ (ਕਰਤਾਰ ਦਾ) ਅੰਤ ਨਹੀਂ, ਅਢੁੱਕਵੇਂ ਅਰਥ ਜਾਪਦੇ ਹਨ ਕਿਉਂਕਿ ਤਮਾਮ ਮਨੁੱਖ ਨਾ ਤਾਂ ਨਿਰੰਤਰ ਕੰਮ ਕਰ ਸਕਦੇ ਹਨ ਤੇ ਨਾ ਹੀ ਨਿਰੰਤਰ ਕੁਝ ਦੇ ਸਕਦੇ ਹਨ। ਇਸ ਲਈ ਇਹ ਵਿਸ਼ੇਸ਼ਤਾ (ਖ਼ੂਬੀ) ਕੇਵਲ ਕੁਦਰਤ ਦੇ ਮਾਲਕ ਵਿੱਚ ਹੀ ਹੈ, ਜੋ ਜੀਵਾਂ ਨੂੰ ਨਿਰੰਤਰ ਦੇ ਰਿਹਾ ਹੈ ਤੇ ਦੇ ਸਕਦਾ ਹੈ।

‘ਦੇਣਿ’- ਇਹ (ਕਿਰਦੰਤ) ਸ਼ਬਦ ਗੁਰਬਾਣੀ ਵਿੱਚ ਕੇਵਲ 2 ਵਾਰ ‘ਜਪੁ’ ਬਾਣੀ ਵਿੱਚ ਹੀ ਦਰਜ ਹੈ; ਜਿਵੇਂ: ‘‘ਜੋਰੁ ਨ ਮੰਗਣਿ; ਦੇਣਿ ਨ ਜੋਰੁ ॥’’ (ਜਪੁ /ਮ: ੧)

ਅੰਤੁ ਨ ਸਿਫਤੀ, ਕਹਣਿ ਨ ਅੰਤੁ॥ ਅੰਤੁ ਨ ਕਰਣੈ, ਦੇਣਿ ਨ ਅੰਤੁ॥ 

ਭਾਵ- (ਕਰਤਾਰ ਦੀਆਂ) ਵਡਿਆਈਆਂ ਦਾ ਅੰਤ ਨਹੀਂ, ਮੂੰਹ ਨਾਲ਼ (ਦੱਸਣ ਨਾਲ਼ ਵੀ) ਅੰਤ ਨਹੀਂ ਪੈਂਦਾ, ਬਣਾਈ ਕੁਦਰਤ ਦਾ ਵੀ ਅੰਤ ਨਹੀਂ (ਤੇ ਇਸ ਨੂੰ ਦਾਤਾਂ) ਦੇਣ ਵਿੱਚ ਵੀ ਅੰਤ ਨਹੀਂ।

‘‘ਅੰਤੁ ਨ ਵੇਖਣਿ; ਸੁਣਣਿ ਨ ਅੰਤੁ ॥’’- ਇਸ ਪੰਕਤੀ ’ਚ ਦਰਜ ‘ਕਿਰਦੰਤ’ ਸ਼ਬਦ ‘ਵੇਖਣਿ’ ਗੁਰਬਾਣੀ ਵਿੱਚ 2 ਵਾਰ ਦਰਜ ਹੈ। ਸੰਬੰਧਤ ਪੰਕਤੀ ਤੋਂ ਇਲਾਵਾ ਗੁਰੂ ਅਮਰਦਾਸ ਜੀ ਵੱਲੋਂ ਕੀਤੀ ਗਈ ਕੁਲਖੇਤ੍ਰ ਯਾਤ੍ਰਾ ਨਾਲ ਸੰਬੰਧਤ ਹੈ; ਜਿਵੇਂ:

‘‘ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ (ਦੀ), ਸਭੁ ਲੋਕੁ ‘ਵੇਖਣਿ’ (ਲਈ) ਆਇਆ ॥’’ (ਮ: ੪/੧੧੧੬)

‘ਸੁਣਣਿ’- ਇਹ (ਕਿਰਦੰਤ) ਸ਼ਬਦ ਗੁਰਬਾਣੀ ਵਿੱਚ ਕੇਵਲ ਇੱਕ ਵਾਰ ਹੀ ਦਰਜ ਹੈ ਪਰ ਇਸ ਦਾ ਮੂਲ-ਸਰੋਤ ਸ਼ਬਦ ‘ਸੁਨਣਿ’ 3 ਵਾਰ ਦਰਜ ਹੈ; ਜਿਵੇਂ:

‘‘ਆਖਣੁ (ਮੂੰਹ) ਆਖਿ (ਕੇ) ਨ ਰਜਿਆ; ‘ਸੁਨਣਿ’ (ਨਾਲ) ਨ ਰਜੇ ਕੰਨ ॥’’ (ਮ: ੨/੧੪੭)

‘‘ਤੁਧੁ ਬਾਝੁ ਇਕੁ ਤਿਲੁ ਰਹਿ ਨ ਸਾਕਾ; (ਤੇਰੀ ਮਦਦ ਬਿਨਾ, ਕੇਵਲ) ਕਹਣਿ (ਨਾਲ) ‘ਸੁਨਣਿ’ (ਨਾਲ) ਨ (ਮਨ) ਧੀਜਏ (ਧੀਰਜ ਫੜਦਾ)॥’’ (ਮ: ੧/੪੩੬)

(ਰੱਬੀ ਸਰੂਪ) ‘‘ਆਖਣਿ (ਵਿੱਚ) ਅਉਖਾ, ‘ਸੁਨਣਿ’ (ਵਿੱਚ) ਅਉਖਾ; ਆਖਿ ਨ ਜਾਪੀ ਆਖਿ ॥’’ (ਮ: ੧/੧੨੩੯)

‘‘ਅੰਤੁ ਨ ਜਾਪੈ; ਕਿਆ ਮਨਿ ਮੰਤੁ ? ॥’’ ਇਸ ਪੰਕਤੀ ’ਚ ‘ਮਨਿ’ ਸ਼ਬਦ ਅਧਿਕਰਣ ਕਾਰਕ ਹੈ ਜਿਸ ਦਾ ਅਰਥ ਹੈ ‘ਮਨ ਵਿੱਚ’।

‘ਮੰਤੁ’- ਇਹ ਸ਼ਬਦ ਇੱਕ ਵਚਨ ਪੁਲਿੰਗ ਹੈ, ਜਿਸ ਦਾ ਅਰਥ ਹੈ ‘ਵੀਚਾਰ, ਸਾਲਾਹ’ ਆਦਿ। ਗੁਰਬਾਣੀ ਵਿੱਚ ਇਹ ਸ਼ਬਦ 33 ਵਾਰ ਦਰਜ ਹੈ, ਜਿਸ ਦਾ ਅਰਥ (ਗੁਰੂ) ਉਪਦੇਸ਼ ਤੇ ‘ਤੰਤ੍ਰ-ਮੰਤ੍ਰ’ ਆਦਿ ਪਾਖੰਡ ਵੀ ਹੈ, ਜਦ ਇਹ ‘ਤੰਤੁ’ ਦੇ ਸਮਾਨੰਤਰ ਦਰਜ ਹੋਵੇ; ਜਿਵੇਂ:

‘‘ਤੰਤੁ ਮੰਤੁ ਨਹ ਜੋਹਈ, ਤਿਤੁ ਚਾਖੁ (ਬੁਰੀ ਨਜ਼ਰ) ਨ ਲਾਗੈ ॥’’ (ਮ: ੫/੮੧੮)

‘‘ਗੁਰਿ ਪੂਰੈ (ਨੇ), ਇਹੁ ਦੀਨੋ ਮੰਤੁ (ਉਪਦੇਸ਼)॥’’ (ਮ: ੫/੮੯੬)

‘‘ਨਿਰਮਲ ਮੰਤੁ ਦੇਇ, ਜਿਸੁ ਦਾਨੁ ॥’’ (ਮ: ੫/੯੦੦)

‘‘ਕਹੁ ਨਾਨਕ ! ਇਹ ਜਗਤ ਮੈ, ਕਿਨ ਜਪਿਓ ਗੁਰ (ਦਾ) ਮੰਤੁ (ਉਪਦੇਸ਼)? ॥’’ (ਮ: ੯/੧੪੨੯) ਆਦਿ।

ਅੰਤੁ ਨ ਵੇਖਣਿ, ਸੁਣਣਿ ਨ ਅੰਤੁ॥ ਅੰਤੁ ਨ ਜਾਪੈ, ਕਿਆ ਮਨਿ ਮੰਤੁ॥

ਭਾਵ- (ਅੱਖਾਂ ਨਾਲ਼ ਕੁਦਰਤ ਨੂੰ) ਵੇਖਣ ’ਚ ਵੀ ਅੰਤ ਨਹੀਂ, (ਕੰਨਾਂ ਰਾਹੀਂ) ਸੁਣਨ ਵਿੱਚ ਵੀ ਅੰਤ ਨਹੀਂ (ਜਗਤ-ਖੇਡ ਨੂੰ ਬਣਾਏ ਰੱਖਣ ਜਾਂ ਢਾਹੁਣ ਲਈ ਕਰਤਾਰ ਦੇ) ਮਨ ’ਚ ਕੀ ਸਲਾਹ-ਮਸ਼ਵਰਾ ਚੱਲ ਰਿਹਾ ਹੈ (ਇਸ ਬਾਰੇ ਵੀ) ਕੁਝ ਸਮਝ ਨਹੀਂ।

‘‘ਅੰਤੁ ਨ ਜਾਪੈ; ਕੀਤਾ ਆਕਾਰੁ ॥ ਅੰਤੁ ਨ ਜਾਪੈ; ਪਾਰਾਵਾਰੁ ॥’’- ਇਸ ਪੰਕਤੀ ’ਚ ਦੋ ਸ਼ਬਦ ਸਮਾਨੰਤਰ ਦਰਜ ਹਨ ਇੱਕ ‘ਆਕਾਰੁ’ ਤੇ ਦੂਜਾ ‘ਪਾਰਾਵਾਰੁ’; ਦੋਵਾਂ ਦੇ ਅੰਤ ਵਿੱਚ ਔਂਕੜ ਵੀ ਮੌਜੂਦ ਹੈ ਭਾਵ ‘ਕੁਦਰਤ ਰੂਪ ਆਕਾਰ’ ਇਕ ਸਮੂਹਿਕ ਪਰਵਾਰ ਹੈ ਜਿਸ ਦੀਆਂ ਸੀਮਾਵਾਂ ਰੂਪ ‘ਪਾਰਾਵਾਰੁ’ ਵੀ ਸਾਂਝੇ (ਇੱਕ ਵਚਨ) ਦਾ ਪ੍ਰਤੀਕ ਹੈ।

‘ਪਾਰਾਵਾਰੁ’ ਇਹ ਸ਼ਬਦ ਗੁਰਬਾਣੀ ਵਿੱਚ 25 ਵਾਰ ਦਰਜ ਹੈ ਤੇ 25 ਵਾਰ ਹੀ ਇਸ ਦੇ ਸਮਾਨੰਤਰ ‘ਅੰਤੁ ਨ’ ਸ਼ਬਦ ਵੀ ਮੌਜੂਦ ਹੈ; ਜਿਵੇਂ:

‘‘ਲਿਖੁ ਨਾਮੁ, ਸਾਲਾਹ ਲਿਖੁ; ਲਿਖੁ, ਅੰਤੁ ਨ ਪਾਰਾਵਾਰੁ ॥’’ (ਮ: ੧/੧੬)

‘‘ਜਹ ਦੇਖਾ, ਤਹ ਏਕੁ ਤੂ; ਅੰਤੁ ਨ ਪਾਰਾਵਾਰੁ ॥’’ (ਮ: ੧/੯੩੪)

‘‘ਭੈ ਤੇ ਨਿਰਭਉ ਪਾਈਐ; ਜਿਸ ਦਾ ਅੰਤੁ ਨ ਪਾਰਾਵਾਰੁ ॥’’ (ਮ: ੧/੧੨੮੮), ਆਦਿ।

(ਨੋਟ: ਧਿਆਨ ਰਹੇ ਕਿ ਗੁਰਬਾਣੀ ਵਿੱਚ 7 ਵਾਰ ‘ਅੰਤੁ ਨ ਪਾਰਾਵਾਰ’ (ਅੰਤ ਮੁਕਤਾ) ਵੀ ਦਰਜ ਹੈ, ਜਿਸ ਦਾ ਕਾਰਨ ਕੇਵਲ ਕਾਵਿ ਤੋਲ ਹੀ ਹੈ ਕਿਉਂਕਿ ਇਸ ਨਾਲ ਸੰਬੰਧਿਤ ਪੰਕਤੀ ’ਚ ਅਖ਼ੀਰਲਾ ਸ਼ਬਦ ਅੰਤ ਮੁਕਤਾ ਹੈ ਜਿਸ ਕਾਰਨ ਇਹ ਵੀ 7 ਵਾਰ ਪੰਕਤੀ ਦੇ ਅਖ਼ੀਰ ’ਚ ਅੰਤ ਮੁਕਤਾ ਬਣ ਗਿਆ; ਜਿਵੇਂ:

‘‘ਉਸਤਤਿ ਕਰਹਿ ਅਨੇਕ ਜਨ, ਅੰਤੁ ਨ ਪਾਰਾਵਾਰ ॥ ਨਾਨਕ ! ਰਚਨਾ ਪ੍ਰਭਿ (ਨੇ) ਰਚੀ, ਬਹੁ ਬਿਧਿ ਅਨਿਕ ਪ੍ਰਕਾਰ ॥’’ (ਮ: ੫/੨੭੫)

‘‘ਸਪਤਮਿ, ਸੰਚਹੁ ਨਾਮ ਧਨੁ, ਟੂਟਿ ਨ ਜਾਹਿ ਭੰਡਾਰ ॥ ਸੰਤਸੰਗਤਿ ਮਹਿ ਪਾਈਐ, ਅੰਤੁ ਨ ਪਾਰਾਵਾਰ ॥’’ (ਮ: ੫/੨੯੮) ਆਦਿ।

ਇਨ੍ਹਾਂ ਪੰਕਤੀਆਂ ’ਚ ਅਗਰ ‘ਅਨਿਕ ਪ੍ਰਕਾਰ’ ਤੇ ‘ਭੰਡਾਰ’ ਸ਼ਬਦ ਅੰਤ ਮੁਕਤੇ ਨਾ ਹੁੰਦੇ ਤਾਂ ‘ਪਾਰਾਵਾਰੁ’ ਨੂੰ ਵੀ ਅੰਤ ਔਂਕੜ ਦਰਜ ਹੋਣੀ ਸੀ।)

ਅੰਤੁ ਨ ਜਾਪੈ, ਕੀਤਾ ਆਕਾਰੁ॥ ਅੰਤੁ ਨ ਜਾਪੈ, ਪਾਰਾਵਾਰੁ॥

ਭਾਵ- (ਕਰਤਾਰ ਦੁਆਰਾ) ਸਿਰਜਿਆ ਗਿਆ ਆਕਾਰ (ਬ੍ਰਹਿਮੰਡ) ਅੰਤ ਰਹਿਤ ਹੋਣ ਕਾਰਨ ਸਮਝ ਤੋਂ ਪਰੇ ਹੈ, ਇਸ ਦਾ ਉਰਲਾ ਪਰਲਾ ਕਿਨਾਰਾ (ਹੱਦਬੰਦੀ) ਨਹੀਂ ਜਾਪਦੀ, ਨਾ ਵਿਖਾਈ ਦਿੰਦੀ।

‘‘ਅੰਤ ਕਾਰਣਿ; ਕੇਤੇ ਬਿਲਲਾਹਿ ॥ ਤਾ ਕੇ ਅੰਤ; ਨ ਪਾਏ ਜਾਹਿ ॥’’- ਇਸ ਪੰਕਤੀ ’ਚ ਦਰਜ (ਇੱਕ ਵਚਨ ਪੁਲਿੰਗ ਨਾਂਵ) ਸ਼ਬਦ ‘ਅੰਤ’ (ਮੁਕਤਾ) ਹੋ ਗਿਆ ਹੈ ਕਿਉਂਕਿ ‘ਕਾਰਣਿ’ ਸੰਬੰਧਕੀ ਸ਼ਬਦ ਦਰਜ ਹੈ। ‘ਕਾਰਣਿ’ ਜਾਂ ‘ਕਾਰਨਿ’ ਸੰਬੰਧਕੀ ਸ਼ਬਦ ਆਪਣੇ ਨਾਲ ਸੰਬੰਧਤ (ਇੱਕ ਵਚਨ ਪੁਲਿੰਗ ਨਾਂਵ) ਸ਼ਬਦਾਂ ਨੂੰ ਅੰਤ ਮੁਕਤਾ ਕਰ ਦੇਂਦੇ ਹਨ; ਜਿਵੇਂ ਅਗਲੀਆਂ ਪੰਕਤੀਆਂ ’ਚ ‘ਪਦ, ਖੇਤ, ਸੁਆਦ, ਮਨ ਤੇ ਦਰ’ (ਇੱਕ ਵਚਨ ਪੁਲਿੰਗ ਨਾਂਵ) ਅੰਤ ਮੁਕਤੇ ਹੋ ਗਏ:

‘‘ਕਹਿ ਕਬੀਰ ! ਜੀਵਨ ‘ਪਦ ਕਾਰਨਿ’, ਹਰਿ ਕੀ ਭਗਤਿ ਕਰੀਜੈ ॥’’ (ਭਗਤ ਕਬੀਰ/੩੩੮)

‘‘ਉਸੁ ‘ਖੇਤ ਕਾਰਣਿ’, ਰਾਖਾ ਕੜੈ ॥’’ (ਮ: ੫/੧੭੯)

‘‘ਨਿਮਖ ਕਾਮ ‘ਸੁਆਦ ਕਾਰਣਿ’, ਕੋਟਿ ਦਿਨਸ ਦੁਖੁ ਪਾਵਹਿ ॥’’ (ਮ: ੫/੪੦੩)

‘‘ਸਚੁ ‘ਮਨ ਕਾਰਣਿ’, ਤਤੁ ਬਿਲੋਵੈ ॥’’ (ਮ: ੧/੪੧੧)

‘‘ਜਿਸੁ ‘ਦਰ ਕਾਰਣਿ’ ਫਿਰਾ ਉਦਾਸੀ, ਸੋ ਦਰੁ ਕੋਈ ਆਇ ਕਹੈ ॥’’ (ਮ: ੧/੮੭੭) ਆਦਿ। ਪਰ ਧਿਆਨ ਰਹੇ ਕਿ ‘ਕਾਰਨਿ’ ਜਾਂ ‘ਕਾਰਣਿ’ (ਸੰਬੰਧਕੀ) ਸ਼ਬਦ ਕੇਵਲ ਆਪਣੇ ਨਾਲ ਦਰਜ ਇੱਕ ਵਚਨ ਪੁਲਿੰਗ ਨਾਂਵ ਸ਼ਬਦਾਂ ਨੂੰ ਹੀ ਅੰਤ ਮੁਕਤਾ ਕਰਦੇ ਹਨ, ਨਾ ਕਿ ਕਿਸੇ ਪੜਨਾਂਵ ਸ਼ਬਦ ਨੂੰ ਵੀ; ਜਿਵੇਂ ਅਗਲੀਆਂ ਪੰਕਤੀਆਂ ’ਚ ‘ਕਿਸੁ, ਕਿਤੁ, ਤਿਤੁ’ (ਪੜਨਾਂਵ) ਅੰਤ ਮੁਕਤੇ ਨਹੀਂ ਕੀਤੇ ਗਏ:

‘‘ਕਿਸੁ ਕਾਰਣਿ’’ ਗ੍ਰਿਹੁ ਤਜਿਓ ਉਦਾਸੀ ॥’’ (ਮ: ੧/੯੩੯)

‘‘ਕਿਤੁ ਕਾਰਣਿ’’ ਸਿਰਿ ਛਾਈ ਪਾਈ ॥’’ (ਮ: ੧/੯੫੧)

‘‘ਤਿਤੁ ਕਾਰਣਿ’’ ਕਨਿ ਮੁੰਦ੍ਰਾ ਪਾਈ ॥’’ (ਮ: ੧/੯੫੨), ਆਦਿ।

‘ਤਾ ਕੇ’ ਇਨ੍ਹਾਂ ਸ਼ਬਦਾਂ ਬਾਰੇ ਜਾਣਕਾਰੀ ਅਤਿ ਜ਼ਰੂਰੀ ਹੈ ਕਿਉਂਕਿ ‘ਤਾ’ ਸ਼ਬਦ ਨੂੰ ‘ਬਿੰਦੀ ਸਹਿਤ’ ਤੇ ‘ਬਿੰਦੀ ਰਹਿਤ’ ਉਚਾਰਨ ਕਰਨਾ ਦਰੁਸਤ ਹੈ। ਇਸ ਦੀ ਆਸਾਨ ਪਹਿਚਾਣ ਇਹ ਹੁੰਦੀ ਹੈ ਕਿ ਅਗਰ ‘ਤਾ’ ਸ਼ਬਦ ਨਾਲ ਕੋਈ ਸੰਬੰਧਕੀ ਸ਼ਬਦ ਦਰਜ ਹੋਵੇ ਤਾਂ ਇਹ ਪੜਨਾਂਵ ਹੁੰਦਾ ਹੈ ਤੇ ਇਸ ਦਾ ਉਚਾਰਨ ‘ਬਿੰਦੀ ਰਹਿਤ’ ਹੋਵੇਗਾ; ਜਿਵੇਂ:

‘‘ਤਾ ਕੀਆ (ਉਸ ਦੀਆਂ) ਗਲਾ, ਕਥੀਆ ਨਾ ਜਾਹਿ ॥’’ (ਜਪੁ /ਮ: ੧)

‘‘ਤਾ ਕੇ (ਉਸ ਦੇ) ਰੂਪ, ਨ ਕਥਨੇ ਜਾਹਿ ॥’’ (ਜਪੁ /ਮ: ੧)

‘‘ਤਾ ਕੀ (ਉਸ ਦੀ) ਕੀਮਤਿ ਨਾ ਪਵੈ, ਜੇ ਲੋਚੈ ਸਭੁ ਕੋਇ ॥ (ਮ: ੧/੬੦)

‘‘ਆਪੇ ਸਾਹ ਵਡੇ ਪ੍ਰਭ ਸੁਆਮੀ, ਹਮ ਵਣਜਾਰੇ ਹਹਿ ਤਾ ਚੇ (ਉਸ ਦੇ)॥ (ਮ: ੪/੧੬੯)

‘‘ਤਾ ਕੈ (ਉਸ ਦੇ) ਨਿਕਟਿ, ਨ ਆਵੈ ਮਾਈ ॥ (ਮ: ੫/੧੮੨)

‘‘ਤਾ ਕਉ (ਉਸ ਨੂੰ) ਚਿੰਤਾ, ਕਤਹੂੰ ਨਾਹਿ ॥’’ (ਮ: ੫/੧੮੬) ਆਦਿ। ਪਰ ਜਦ ਇਸ ਨਾਲ ਕੋਈ ਸੰਬੰਧਕੀ ਸ਼ਬਦ ਦਰਜ ਨਾ ਹੋਵੇ ਤਾਂ ਇਹ ਕਾਲ-ਵਾਚਕ ਕਿਰਿਆ ਵਿਸ਼ੇਸ਼ਣ ਹੁੰਦਾ ਹੈ, ਜਿਸ ਦਾ ਅਰਥ ਹੈ ‘ਤਦੋਂ, ਉਦੋਂ’ ਤੇ ਉਚਾਰਨ ਹੋਵੇਗਾ ‘ਤਾਂ’ (ਬਿੰਦੀ ਸਹਿਤ); ਜਿਵੇਂ:

‘‘ਤਾ ਮਨੁ ਖੀਵਾ ਜਾਣੀਐ, ਜਾ ਮਹਲੀ ਪਾਏ ਥਾਉ ॥’’ (ਮ: ੧/੧੬)

‘‘ਖੇਹੂ ਖੇਹ ਰਲਾਈਐ, ਤਾ ਜੀਉ ਕੇਹਾ ਹੋਇ ॥’’ (ਮ: ੧/੧੭)

‘‘ਤਾ ਤੂ ਮੁਲਾ, ਤਾ ਤੂ ਕਾਜੀ; ਜਾਣਹਿ ਨਾਮੁ ਖੁਦਾਈ ॥’’ (ਮ: ੧/੨੪), ਆਦਿ।

ਇਸ ‘ਤਾ’ (171 ਵਾਰ) ਸ਼ਬਦ ਨੂੰ ਬਿੰਦੀ ਸਹਿਤ ‘ਤਾਂ’ ਉਚਾਰਨ ਦਾ ਬੋਧ ਵੀ ਗੁਰਬਾਣੀ ਵਿੱਚੋਂ ਹੀ ਮਿਲਦਾ ਹੈ; ਜਿਵੇਂ:

‘‘ਮਿਹਰ ਕਰੇ ਜਿਸੁ ਮਿਹਰਵਾਨੁ, ਤਾਂ ਕਾਰਜੁ ਆਵੈ ਰਾਸਿ ॥’’ (ਮ: ੫/੪੪)

‘‘ਵੈਸਾਖੁ ਸੁਹਾਵਾ ਤਾਂ ਲਗੈ, ਜਾ ਸੰਤੁ ਭੇਟੈ ਹਰਿ ਸੋਇ ॥’’ (ਮ: ੫/੧੩੪), ਆਦਿ।

ਅੰਤ ਕਾਰਣਿ, ਕੇਤੇ ਬਿਲਲਾਹਿ॥ ਤਾ ਕੇ ਅੰਤ, ਨ ਪਾਏ ਜਾਹਿ॥

ਭਾਵ- (ਕੁਦਰਤ ਦਾ) ਅੰਤ ਪਾਉਣ ਲਈ ਕਿਤਨੇ ਮਨੁੱਖ ਕਸ਼ਟ ਭੋਗਦੇ ਰਹੇ ਪਰ ਉਸ ਦੇ ਕਿਨਾਰੇ (ਹੱਦ-ਬੰਨੇ) ਨਾ ਲੱਭ ਸਕੇ ।

‘‘ਏਹੁ ਅੰਤੁ; ਨ ਜਾਣੈ ਕੋਇ ॥ ਬਹੁਤਾ ਕਹੀਐ; ਬਹੁਤਾ ਹੋਇ ॥’’- ਇਸ ਪੰਕਤੀ ’ਚ ਫਿਰ ‘ਅੰਤੁ’ (ਔਂਕੜ ਸਹਿਤ) ਦਰਜ ਹੈ ਭਾਵ ਇੱਕ ਵਚਨ ਪੁਲਿੰਗ ਹੈ, ਜੋ ਸਮੂਹਿਕ ਵਿਸਥਾਰ ਵੱਲ ਸੰਕੇਤ ਕਰਦਾ ਹੈ।

ਕੁਝ ਸੱਜਣ ਇਸ (ਅੰਤੁ) ਦੇ ਪੜਨਾਂਵੀ ਵਿਸ਼ੇਸ਼ਣ ‘ਏਹੁ’ ਦੇ ਅਖ਼ੀਰਲੇ ਔਂਕੜ ਨੂੰ (ਕਿਰਿਆਵਾਚੀ ਸ਼ਬਦਾਂ ਵਾਙ) ਉਚਾਰਨ ਦਾ ਭਾਗ ਬਣਾ ਲੈਂਦੇ ਹਨ, ਜੋ ਕਿ ਅਣਉਚਿਤ ਹੈ ਕਿਉਂਕਿ ‘ਏਹੁ’ ਦਾ ਅਖ਼ੀਰਲਾ ਔਂਕੜ ‘ਅੰਤੁ’ ਦੇ ਅਖ਼ੀਰਲੇ ਔਂਕੜ ਕਾਰਨ ਦਰਜ ਹੈ ਭਾਵ ਇੱਕ ਵਚਨ ਪੁਲਿੰਗ ਨਾਂਵ (ਅੰਤੁ) ਦਾ ਇੱਕ ਵਚਨ ਪੁਲਿੰਗ ਹੀ ਪੜਨਾਂਵੀ ਵਿਸ਼ੇਸ਼ਣ (ਏਹੁ) ਹੈ। ਜਦ ‘ਏਹੁ’ ਸ਼ਬਦ ਕਿਸੇ ਇਸਤ੍ਰੀ ਲਿੰਗ ਸ਼ਬਦ ਦਾ ਪੜਨਾਂਵੀ ਵਿਸ਼ੇਸ਼ਣ ਹੁੰਦਾ ਹੈ ਤਾਂ ‘ਏਹੁ’ ਤੋਂ ‘ਏਹ’ (ਅੰਤ ਮੁਕਤਾ) ਬਣ ਜਾਂਦਾ ਹੈ; ਜਿਵੇਂ 91 ਵਾਰ ਦਰਜ ਹੈ:

‘‘ਸਤਿਗੁਰੂ ਫੁਰਮਾਇਆ, ‘ਕਾਰੀ (ਕਿਰਤ) ਏਹ’ ਕਰੇਹੁ ॥’’ (ਮ: ੩/੫੫੪)

‘‘ਗੁਰ ਪੂਰੇ, ‘ਏਹ ਗਲ’ ਸਾਰੀ (ਸਮਝਾਈ)॥’’ (ਮ: ੫/੬੨੮)

‘‘ਨਾਨਕ ਕੀ ‘ਬੇਨੰਤੀ ਏਹ’ ॥’’ (ਮ: ੫/੬੮੪), ਆਦਿ।

ਏਹੁ ਅੰਤੁ, ਨ ਜਾਣੈ ਕੋਇ॥ ਬਹੁਤਾ ਕਹੀਐ, ਬਹੁਤਾ ਹੋਇ॥ 

ਭਾਵ- (10 ਦਿਸ਼ਾਂ ਵਾਲ਼ਾ) ਇਹ (ਅੰਤਮ) ਕਿਨਾਰਾ ਕੋਈ ਨਹੀਂ ਜਾਣਦਾ (ਇਸ ਬਾਬਤ ਅਗਰ) ਬੇਅੰਤ ਸ਼ਬਦ ਵਰਤੀਏ ਤਾਂ ਹੋਰ ਵਧੀਕ ਜਾਪਦਾ ਹੈ।

‘‘ਵਡਾ ਸਾਹਿਬੁ; ਊਚਾ ਥਾਉ ॥ ਊਚੇ ਉਪਰਿ; ਊਚਾ ਨਾਉ ॥’’ ਇਸ ਪੰਕਤੀ ’ਚ ‘ਉੂਚਾ, ਊਚੇ ਉਪਰਿ, ਊਚਾ’ ਸ਼ਬਦਾਂ ਦੀ ਵਧੇਰੇ ਵਰਤੋਂ ਕੀਤੀ ਗਈ ਹੈ, ਜਿਨ੍ਹਾਂ ਦਾ ਮਤਲਬ (ਅਰਥ-ਭਾਵ):

(1). ਪ੍ਰਮਾਤਮਾ ਦੀ ਕਣ-ਕਣ ਵਿੱਚ ਵਿਆਪਕਤਾ ਤੋਂ ਭਿੰਨ ਨਹੀਂ ਮੰਨਿਆ ਜਾ ਸਕਦਾ। ਇਸ ਲਈ ‘ਵਡਾ ਸਾਹਿਬੁ’ ਦੇ ‘ਊਚਾ ਥਾਉ’ ਦਾ ਭਾਵਾਰਥ ਮਾਇਆ ਦੇ ਪ੍ਰਭਾਵ ਤੋਂ ‘ਨਿਰਲੇਪ ਅਵਸਥਾ’ ਜਾਂ ‘ਨਿਰਮਲ ਪਦ’ ਮੰਨਣਾ ਹੀ ਗੁਰਮਤਿ ਹੋਵੇਗਾ, ਨਾ ਕਿ ਕਿਸੇ ਹੋਰ ਬਾਹਰਲੀ ਦੁਨੀਆ ਵੱਲ (ਰੱਬੀ ਨਿਵਾਸ ਬਾਰੇ) ਆਸ ਰੱਖਣੀ ਗੁਰਮਤਿ ਹੋਵੇਗੀ।

(2). ‘ਵਡਾ ਸਾਹਿਬੁ’ ਦੇ ‘ਊਚਾ ਥਾਉ’ ਰੂਪ ‘ਊਚੇ ਟਿਕਾਣੇ’ ਤੋਂ ਵੀ ‘ਉਪਰਿ’ ਮਾਲਕ ਦਾ ‘ਊਚਾ ਨਾਉ’ ਦਾ ਜ਼ਿਕਰ ਹੈ। ਧਿਆਨ ਰਹੇ ਕਿ ‘ਊਚਾ ਥਾਉ’ ਰੱਬ ਨਹੀਂ ਬਲਕਿ ਰੱਬ ਤਾਂ ਉਸ ‘ਊਚਾ ਥਾਉ’ ’ਤੇ ਵੱਸ ਰਿਹਾ ਹੈ ਜਿਸ ਕਾਰਨ ‘ਊਚਾ ਥਾਉ’ ਦੇ ਮੁਕਾਬਲੇ ਰੱਬ ਦੇ ‘ਊਚਾ ਨਾਉ’ ਨੂੰ ਵਿਸ਼ੇਸ਼ਤਾ ਦਿੱਤੀ ਗਈ ਹੈ।

ਜਿਵੇਂ ਚੰਦਨ ਦੇ ਪੌਦੇ ਦੀ ਸੁਗੰਧ ਨੂੰ ਚੰਦਨ ਲੱਕੜੀ ਤੋਂ ਅਲੱਗ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਚੰਦਨ (ਲੱਕੜੀ); ਸੁਗੰਧ ਤੋਂ ਵੱਖਰੀ ਹੋ ਸਕਦੀ ਹੈ ਇਸ ਤਰ੍ਹਾਂ ਹੀ ਪ੍ਰਮਾਤਮਾ (‘ਵਡਾ ਸਾਹਿਬੁ’) ਦੀ ਸਰਬ ਵਿਆਪਕਤਾ (‘ਊਚਾ ਥਾਉ’) ਨੂੰ ਸਮਾਜਿਕ ਸੋਚ (ਮਾਇਆ) ਤੋਂ ਵੱਖਰਾ ਨਹੀਂ ਕੀਤਾ ਜਾ ਸਕਦਾ। ਭਗਤ ਕਬੀਰ ਜੀ ਰੱਬੀ ਨਿਵਾਸ ਬਾਰੇ ਮਨੁੱਖੀ ਹਿਰਦਾ ਰੂਪ ‘‘ਸੇਜ ਏਕ ਪੈ (ਉੱਤੇ)..॥’’ (੪੮੩) ਉਚਾਰ ਕੇ ਬਿਆਨ ਕਰ ਰਹੇ ਹਨ।

ਸਮਾਜਿਕ ਸੋਚ (ਮਾਇਆਧਾਰੀ ਮਨੁੱਖ) ‘ਵਡਾ ਸਾਹਿਬੁ’ ਦੇ ‘ਊਚਾ ਨਾਉ’ ਨੂੰ ਪਕੜ (ਗ੍ਰਹਿਣ ਕਰ) ਕੇ ਹੀ ‘ਊਚੇ’ ਹੁੰਦੇ ਹਨ, ਨਾ ਕਿ ਉਸ ਦੇ ‘ਊਚਾ ਥਾਉ’ ਨੂੰ। ਇਸ ਲਈ ‘ਊਚਾ ਥਾਉ’ ਦੇ ਮੁਕਾਬਲੇ ‘ਊਚਾ ਨਾਉ’ ਨੂੰ ਵਿਸ਼ੇਸਤਾ ਦਿੱਤੀ ਗਈ ਹੈ। ਗੁਰਬਾਣੀ ਵਿੱਚ ਮਾਇਆ ਦੁਆਰਾ ਮਨੁੱਖਾਂ ’ਤੇ ਪੈ ਰਹੇ ਹਰ ਪ੍ਰਕਾਰ ਦੇ ਪ੍ਰਭਾਵ ਦੀ ਤੁਲਨਾ ‘ਵਡਾ ਸਾਹਿਬੁ’ ਦੇ ‘ਊਚਾ ਥਾਉ’ ਨਾਲ ਨਹੀਂ  ਬਲਕਿ ਉਸ ਦੇ ‘ਊਚਾ ਨਾਉ’ ਨਾਲ ਹੀ ਕੀਤੀ ਹੋਈ ਮਿਲਦੀ ਹੈ; ਜਿਵੇਂ:

‘‘ਨਾਮ ਤੁਲਿ (ਬਰਾਬਰ); ਕਛੁ ਅਵਰੁ ਨ ਹੋਇ ॥’’ (ਮ: ੫/੨੬੫)

‘‘ਧੂਪ ਦੀਪ ਕਰਤੇ; (ਪਰ) ਹਰਿ ਨਾਮ ਤੁਲਿ ਨ ਲਾਗੇ ॥’’ (ਮ: ੫/੧੨੨੯)

‘‘ਰਾਮ ਨਾਮ ਤੁਲਿ ਅਉਰੁ ਨ ਉਪਮਾ; ਜਨ ਨਾਨਕ ਕ੍ਰਿਪਾ ਕਰੀਜੈ ॥’’ (ਮ: ੪/੧੩੨੪), ਆਦਿ।

ਵਡਾ ਸਾਹਿਬੁ; ਊਚਾ ਥਾਉ॥ ਊਚੇ ਉਪਰਿ; ਊਚਾ ਨਾਉ॥

ਭਾਵ- (ਕੁਦਰਤ ਦਾ) ਮਾਲਕ ਬਹੁਤ ਵੱਡਾ ਹੈ, ਉਸ ਦਾ ਨਿਵਾਸ ਸਥਾਨ (ਮਾਇਆ ਦੇ ਪ੍ਰਭਾਵ ਤੋਂ) ਨਿਰਲੇਪ ਹੈ, ਨਿਰਲੇਪ ਨਿਵਾਸ ਸਥਾਨ ਤੋਂ ਵੀ ਨਿਰਮਲ, ਉਸ ਦੀ ਵਡਿਆਈ (ਗੁਣ) ਹੈ।

(ਨੋਟ : ਕਰਤਾਰ ਦਾ ਨਿਵਾਸ ਸਥਾਨ, ਮਨੁੱਖੀ ਹਿਰਦਾ ਹੈ, ਜਿੱਥੇ ਉਹ, ਜੋਤਿ ਸਰੂਪ ’ਚ ਬਿਰਾਜਮਾਨ ਹੈ, ‘‘ਨਿਰਮਲ ਜੋਤਿ; ਸਭ ਮਾਹਿ ਸਮਾਣੀ ॥’’ (ਮਹਲਾ ੩/੧੨੧) ਅਤੇ ਮਨੁੱਖਾ ਸਰੀਰ ਅੰਦਰ ਹੀ ਮਨ ਦੀ ਮਲ਼ੀਨਤਾ ਹੈ, ‘‘ਜਨਮ ਜਨਮ ਕੀ ਇਸੁ ਮਨ ਕਉ ਮਲੁ ਲਾਗੀ; ਕਾਲਾ ਹੋਆ ਸਿਆਹੁ ॥’’ (ਮਹਲਾ ੩/੬੫੧) ਭਾਵ ਕਰਤਾਰ ਦਾ ਨਿਵਾਸ ਸਥਾਨ ਅਤੇ ਮਲ਼ੀਨ ਜੀਵਾਤਮਾ ਦਾ ਨਿਵਾਸ ਸਥਾਨ, ਸਰੀਰ ਅੰਤਰ ਹੀ ਹੈ, ‘‘ਧਨ (ਜੀਵਾਤਮਾ) ਪਿਰ (ਪਤੀ-ਮਾਲਕ) ਕਾ ਇਕ ਹੀ ਸੰਗਿ ਵਾਸਾ; ਵਿਚਿ ਹਉਮੈ ਭੀਤਿ ਕਰਾਰੀ ॥’’ (ਮਹਲਾ ੪/੧੨੬੩) ਜਦ ਕਿ ਕਰਤਾਰ ਦੇ ਗੁਣ, ਉਸ ਦੇ ਨਿਵਾਸ ਸਥਾਨ ਵਾਙ ਕਿਸੇ ਮਲ਼ੀਨ ਜਗ੍ਹਾ ’ਚ ਨਿਵਾਸ ਨਹੀਂ ਰੱਖਦੇ ਭਾਵ ਰੱਬੀ ਗੁਣ ਪ੍ਰਕਾਸ਼ਮਈ ਹੁੰਦੇ ਹਨ, ਇਸ ਲਈ ਭਗਤ, ਮਾਲਕ ਦੇ ਨਿਵਾਸ ਸਥਾਨ ਦਾ ਨਹੀਂ ਸਗੋਂ ਉਸ ਦੀ ਮਹਿਮਾ ਦਾ ਵਖਿਆਨ ਕਰਦਾ ਹੈ, ‘‘ਨਿਰਮਲ ਤੇ ਸਭ ਨਿਰਮਲ ਹੋਵੈ ॥’’ (ਮਹਲਾ ੩/੧੨੧)

ਇਸ ਵਿਚਾਰ ਦਾ ਮਤਲਬ ਕੇਵਲ ‘‘ਊਚਾ ਥਾਉ॥’’ ਦੇ ਮੁਕਾਬਲੇ ‘‘ਊਚੇ ਉਪਰਿ ਊਚਾ ਨਾਉ॥’’ ਵਾਕ ਦਾ ਭਾਵਾਰਥ ਵਿਚਾਰਨਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਕਰਤਾਰ ਦਾ ਟਿਕਾਣਾ ਮਲ਼ੀਨ ਸਥਾਨ ’ਚ ਹੋਣ ਕਾਰਨ ਮਲ਼ੀਨਤਾ (ਜੀਵ ਕਰਮ) ਦਾ ਪ੍ਰਭਾਵ ਕਰਤਾਰ ’ਤੇ ਪੈ ਜਾਂਦਾ ਹੈ, ਰੱਬੀ ਨਿਵਾਸ ਸਥਾਨ ਵੀ ਮਾਇਆ ਦੇ ਮੁਕਾਬਲੇ ‘ਊਚਾ’ ਬਿਆਨਿਆ ਗਿਆ ਹੈ ਪਰ ਮਨੁੱਖ ਲਈ ‘ਊਚਾ ਥਾਉ’ ਨਹੀਂ ਬਲਕਿ ‘ਊਚਾ ਨਾਉ’ ਜਪਣ ਦੀ ਹਦਾਇਤ ਹੁੰਦੀ ਹੈ। ਇਸ ਲਈ ‘‘ਵਡਾ ਸਾਹਿਬੁ, ਊਚਾ ਥਾਉ॥’’ ਦੇ ਮੁਕਾਬਲੇ ‘‘ਊਚੇ ਉਪਰਿ ਊਚਾ ਨਾਉ॥’’ ਤੁਕ ਦਰਜ ਕਰਨਾ, ਦਰੁਸਤ ਜਾਪਦਾ ਹੈ।

ਇਸ ਵਿਸ਼ੇ ਦੀ ਹੋਰ ਸਪੱਸ਼ਟਤਾ ਲਈ ਇਹ ਵਿਚਾਰ ਲਾਭਕਾਰੀ ਹੋ ਸਕਦਾ ਹੈ ਕਿ ‘ਅੰਤਹਿਕਰਣ’; ਜੀਵਾਤਮਾ ’ਤੇ ਚੜ੍ਹੀ ਹੋਈ ਮਲ਼ੀਨਤਾ ਹੈ, ਜਿਸ ਨੂੰ ਭਾਈ ਗੁਰਦਾਸ ਜੀ ‘ਧੁੰਧ’ ਕਹਿੰਦੇ ਹਨ, ‘‘ਸਤਿਗੁਰ ਨਾਨਕ ਪ੍ਰਗਟਿਆ; ਮਿਟੀ ‘ਧੁੰਧੁ’, ਜਗਿ (’ਚ) ਚਾਨਣੁ ਹੋਆ।’’ (ਭਾਈ ਗੁਰਦਾਸ ਜੀ/ਵਾਰ ੧ ਪਉੜੀ ੨੭)

ਇਹ ‘ਧੁੰਧ’; ਜਿਸ ਜੀਵਾਤਮਾ ਨੂੰ ਆਪਣੀ ਪਰਤ ਨਾਲ਼ ਢੱਕਦੀ ਹੈ, ਉਹੀ (ਜੀਵਾਤਮਾ) ਰੱਬੀ ਜੋਤਿ ਹੈ, ਰੱਬੀ ਨਿਵਾਸ ਸਥਾਨ ਹੈ, ਜੋ ਅੰਤਹਿਕਰਣ (ਮਨੁੱਖਾ ਨਸੀਬਾਂ) ਨੇ ਢੱਕ ਲਿਆ ਤੇ ਬਾਹਰ ਅਗਿਆਨਤਾ ਵਿਖਾਈ ਦਿੰਦੀ ਹੈ, ਪਰ ਰੱਬੀ ਗੁਣ (ਪ੍ਰਕਾਸ਼ਮਈ) ਹੋਣ ਕਾਰਨ ਅੰਤਹਿਕਰਣ ਨਾਲ਼ ਢੱਕੇ ਨਹੀਂ ਰਹਿ ਸਕਦੇ। ਰੱਬੀ ਨਿਵਾਸ, ਮਾਯਾ ਦੇ ਪ੍ਰਭਾਵ ਤੋਂ ਸੁਤੰਤਰ ਹੈ ਪਰ ਇਸ ਤੋਂ ਵੀ ਸੁਤੰਤਰ ਹਨ ‘ਰੱਬੀ ਗੁਣ’, ਜਿਨ੍ਹਾਂ ਬਾਬਤ ‘‘ਊਚੇ ਉਪਰਿ; ਊਚਾ ਨਾਉ॥’’ ਬਿਆਨ ਕੀਤਾ ਗਿਆ ਜਾਪਦਾ ਹੈ।)

‘‘ਏਵਡੁ ਊਚਾ; ਹੋਵੈ ਕੋਇ ॥ ਤਿਸੁ ਊਚੇ ਕਉ; ਜਾਣੈ ਸੋਇ ॥’’-ਇਸ ਪੰਕਤੀ ’ਚ ਦਰਜ ਸ਼ਬਦ ‘ਏਵਡੁ’ (ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ) ਅਗਲੀ ਪੰਕਤੀ ’ਚ ਦਰਜ ‘ਜੇਵਡੁ’ (ਮਿਣਤੀ ਵਾਚਕ ਕਿਰਿਆ ਵਿਸ਼ੇਸ਼ਣ) ਦੇ ਪ੍ਰਥਾਏ (ਸੰਬੰਧ ਵਿੱਚ) ਦਰਜ ਹੈ; ਜਿਵੇਂ ਗੁਰਬਾਣੀ ’ਚ ਇੱਕ ਪੰਕਤੀ ਦਰਜ ਹੈ:

‘‘ਏਵਡੁ’’ ਧਨੁ ਹੋਰੁ ਕੋ ਨਹੀ ਭਾਈ! ‘ਜੇਵਡੁ’ ਸਚਾ ਨਾਉ ॥’’ (ਮ: ੩/੧੪੧੯)

ਗੁਰਬਾਣੀ ਵਿੱਚ ‘ਏਵਡੁ’ ਸ਼ਬਦ 6 ਵਾਰ (3 ਵਾਰ ਗੁਰੂ ਨਾਨਕ ਸਾਹਿਬ ਜੀ ਤੇ 3 ਵਾਰ ਗੁਰੂ ਅਮਰਦਾਸ ਜੀ ਵੱਲੋਂ) ਦਰਜ ਹੈ; ਜਿਵੇਂ:

‘‘ਤੂ ‘ਏਵਡੁ’ ਦਾਤਾ, ਦੇਵਣਹਾਰੁ ॥’’ (ਮ: ੧/੧੫੪)

‘‘ਮਨਹੁ ਕਿਉ ਵਿਸਾਰੀਐ ? ‘ਏਵਡੁ’ ਦਾਤਾ; ਜਿ, ਅਗਨਿ ਮਹਿ ਆਹਾਰੁ ਪਹੁਚਾਵਏ ॥’’ (ਮ: ੩/੯੨੦), ਆਦਿ।

(ਨੋਟ: ਗੁਰਬਾਣੀ ਵਿੱਚ ‘ਏਵਡੁ’ ਸ਼ਬਦ ਦੀ ਵਰਤੋਂ ਉਨ੍ਹਾਂ ਪੰਕਤੀਆਂ ’ਚ ਦਰਜ ਕੀਤੀ ਗਈ ਹੈ ਜਿਸ ਵਿੱਚ ਵਿਸ਼ਾ ‘ਰੱਬੀ ਦਾਤਾਂ, ਬਖ਼ਸ਼ਸ਼ਾਂ’ ਜਾਂ ਮਾਇਆ ਦੇ ਮੁਕਾਬਲੇ ‘ਨਾਮ-ਧਨ’ ਨੂੰ ਰੂਪਮਾਨ ਕੀਤਾ ਗਿਆ ਹੋਵੇ ਭਾਵ ‘ਏਵਡੁ’ ਤੇ ‘ਜੇਵਡੁ’ ਸ਼ਬਦ ਤੁਲਨਾਤਮਿਕ ਪੱਖੋਂ ਦਰਜ ਹੁੰਦੇ ਹਨ; ਜਿਵੇਂ 66 ਵਾਰ ‘ਜੇਵਡੁ’ ਸ਼ਬਦ ਵੀ ਦਰਜ ਹੈ:

‘‘ਮਾਇਆ ‘ਜੇਵਡੁ’ ਦੁਖੁ ਨਹੀ; ਸਭਿ ਭਵਿ ਥਕੇ ਸੰਸਾਰੁ ॥’’ (ਮ: ੩/੩੯)

‘‘ਮੇਰੇ ਮਨ ! ਗੁਰ ‘ਜੇਵਡੁ’ ਅਵਰੁ ਨ ਕੋਇ ॥’’ (ਮ: ੫/੪੯)

‘‘ਗੁਰ ‘ਜੇਵਡੁ’ ਦਾਤਾ ਕੋ ਨਹੀ; ਜਿਨਿ ਦਿਤਾ ਆਤਮ ਦਾਨੁ ॥’’ (ਮ: ੫/੫੨)

‘‘ਤੁਧੁ ‘ਜੇਵਡੁ’ ਮੈ ਅਵਰੁ ਨ ਸੂਝੈ, ਨਾ ਕੋ ਹੋਆ ਨ ਹੋਗੁ ॥’’ (ਮ: ੩/੧੩੩੩), ਆਦਿ।)

ਏਵਡੁ ਊਚਾ; ਹੋਵੈ ਕੋਇ॥ ਤਿਸੁ ਊਚੇ ਕਉ; ਜਾਣੈ ਸੋਇ॥

ਭਾਵ- (ਪਰ) ਇਤਨਾ ਨਿਰਮਲ (ਮਾਇਆ ਤੋਂ ਸੁਤੰਤਰ, ਅਗਰ) ਕੋਈ ਹੋਵੇ, (ਗੁਣਾਂ ਦੀ) ਉਸ ਨਿਰਮਲਤਾ ਨੂੰ ਵੀ ਉਹੀ ਸਮਝਦਾ ਹੈ (ਅਤੇ ਅਜਿਹਾ ਕੋਈ ਹੈ ਵੀ ਨਹੀਂ, ਇਸ ਲਈ)

‘‘ਜੇਵਡੁ ਆਪਿ; ਜਾਣੈ ਆਪਿ ਆਪਿ ॥ ਨਾਨਕ ! ਨਦਰੀ ਕਰਮੀ ਦਾਤਿ ॥’’- ਇਸ ਪੰਕਤੀ ’ਚ ‘ਆਪਿ ਆਪਿ’ ਸ਼ਬਦਾਂ ਦੀ ਵੀਚਾਰ ਜ਼ਰੂਰੀ ਹੈ। ਪਿੱਛੇ ਵੀ ਵੀਚਾਰ ਕੀਤੀ ਗਈ ਸੀ ਕਿ ‘ਆਪੇ’ ਦਾ ਅਰਥ ਹੁੰਦਾ ਹੈ ‘ਆਪ ਹੀ’, ਆਪੁ’ ਦਾ ਅਰਥ ਹੁੰਦਾ ਹੈ ‘ਆਪਣੇ ਆਪ ਨੂੰ’ ਜਾਂ ‘ਹਉਮੈ’, ‘ਆਪਿ’ ਦਾ ਅਰਥ ਹੁੰਦਾ ਹੈ ‘ਤੂੰ’ ਜਾਂ ਕੇਵਲ ‘ਆਪ’ ਅਤੇ ‘ਆਪੇ ਆਪਿ’ (ਜੁੜਤ) ਸ਼ਬਦਾਂ ਦਾ ਅਰਥ ਹੁੰਦਾ ਹੈ ‘ਆਪ ਹੀ ਆਪ’। ਅਗਰ ਸੰਬੰਧਿਤ ਪੰਕਤੀ ’ਚ ਕਾਵਿ ਤੋਲ ਇਜਾਜ਼ਤ ਦੇਂਦਾ ਤਾਂ ਪੰਕਤੀ ਇਉਂ ਦਰਜ ਹੋਣੀ ਸੀ ‘‘ਜੇਵਡੁ ਆਪਿ; ਜਾਣੈ ਆਪੇ ਆਪਿ ॥’’ ਗੁਰਬਾਣੀ ਵਿੱਚ ‘ਆਪੇ ਆਪਿ’ (ਜੁੜਤ) ਸ਼ਬਦ 266 ਵਾਰ ਦਰਜ ਹੈ; ਜਿਵੇਂ:

‘‘ਆਪੇ ਆਪਿ ਨਿਰੰਜਨੁ ਸੋਇ ॥’’ (ਜਪੁ /ਮ: ੧)

‘‘ਤੂੰ ਆਪੇ ਆਪਿ ਵਰਤਦਾ; ਸਭਨੀ ਹੀ ਥਾਈ ॥’’ (ਮ: ੪/੮੩)

‘‘ਤੂ ਆਪੇ ਆਪਿ ਨਿਰੰਕਾਰੁ ਹੈ; ਨਿਰੰਜਨ ਹਰਿ ਰਾਇਆ ॥’’ (ਮ: ੪/੩੦੧)

‘‘ਕਿਸ ਨੋ ਕਹੀਐ ਨਾਨਕਾ ! ਸਭੁ ਕਿਛੁ ਆਪੇ ਆਪਿ ॥’’ (ਮ: ੨/੪੭੫), ਆਦਿ।

ਧਿਆਨ ਰਹੇ ਕਿ ਗੁਰਬਾਣੀ ਵਿੱਚ ਹੋਰ ਜਗ੍ਹਾ ‘ਆਪਿ ਆਪਿ’ (ਜੁੜਤ) ਸ਼ਬਦ ਦਰਜ ਹੋਣ ਨਾਲ ਇਨ੍ਹਾਂ ਵਿਚਕਾਰ ਵਿਸਰਾਮ ਦੇਣਾ ਪੈ ਰਿਹਾ ਹੈ; ਜਿਵੇਂ:

‘‘ਰਾਮ ! ਤੁਮ ਆਪੇ ਆਪਿ, ਆਪਿ ਪ੍ਰਭੁ ਠਾਕੁਰ; ਤੁਮ ਜੇਵਡ ਅਵਰੁ ਨ ਦਾਤੇ ॥’’ (ਮ: ੪/੧੬੯)

‘‘ਨਦਰੀ ਕਰਮੀ’’- ਇਹ ਦੋਵੇਂ ਹੀ ਸ਼ਬਦ ‘ਨਦਰਿ’ (ਮਿਹਰ, ਬਖ਼ਸ਼ਸ਼) ਤੇ ‘ਕਰਮੁ’ (ਬਖ਼ਸ਼ਸ਼, ਮਿਹਰ) ਤੋਂ ਬਣੇ ਹਨ। ‘ਨਦਰਿ’ ਤੋਂ ‘ਨਦਰੀ’ (94 ਵਾਰ) ਬਣੇ ਇਸ ਸ਼ਬਦ ਦਾ ਅਰਥ ‘ਮਿਹਰ ਨਾਲ’ ਹੈ ਤੇ ‘ਕਰਮੁ’ ਤੋਂ ‘ਕਰਮੀ’ (28 ਵਾਰ) ਬਣੇ ਇਸ ਸ਼ਬਦ ਦਾ ਅਰਥ ‘ਬਖ਼ਸ਼ਸ਼ ਨਾਲ’ ਬਣਦਾ ਹੈ; ਜਿਵੇਂ:

‘‘ਕਰਮੀ (ਨਾਲ) ਆਵੈ ਕਪੜਾ, ਨਦਰੀ (ਨਾਲ) ਮੋਖੁ ਦੁਆਰੁ ॥’’ (ਜਪੁ /ਮ: ੧) ਪਰ ਗੁਰਬਾਣੀ ਵਿੱਚ ‘ਕਰਮੁ’ (ਬਖ਼ਸ਼ਸ਼) ਦਾ ਮਾਲਕ ‘ਕਰਮੀ’ (ਪ੍ਰਭੂ ਦੇ ਅਰਥਾਂ ’ਚ) ਸ਼ਬਦ ਦਰਜ ਨਹੀਂ ਹੈ ਜਦਕਿ ‘ਨਦਰਿ’ (ਮਿਹਰ) ਦਾ ਮਾਲਕ ‘ਨਦਰੀ’ (ਪ੍ਰਭੂ ਦੇ ਅਰਥਾਂ ’ਚ 20 ਵਾਰ) ਦਰਜ ਹੈ।

‘ਨਦਰੀ’ ਦਾ ਅਰਥ ਕਿੱਥੇ (94 ਵਾਰ) ‘ਮਿਹਰ ਨਾਲ’ ਬਣਦਾ ਹੈ ਤੇ ਕਿੱਥੇ (20 ਵਾਰ) ‘ਮਿਹਰ ਦਾ ਮਾਲਕ ਪ੍ਰਭੂ’ ਬਣਦਾ ਹੈ, ਦੀ ਪਹਿਚਾਣ ਇਹ ਹੈ ਕਿ ਜਦ ‘ਨਦਰੀ’ ਸ਼ਬਦ ਦੇ ਸਮਾਨੰਤਰ ‘ਕਰਮੁ, ਕਰਮਿ, ਕਰਮੀ, ਨਦਰਿ, ਬਖਸਿ’ ਸ਼ਬਦ ਦਰਜ ਹੋਣਗੇ ਉੱਥੇ ‘ਨਦਰੀ’ ਦਾ ਅਰਥ ‘ਮਿਹਰ ਦਾ ਮਾਲਕ ਪ੍ਰਭੂ’ ਹੋਵੇਗਾ ਤੇ ਬਾਕੀ ਜਗ੍ਹਾ ‘ਨਦਰੀ’ ਦਾ ਅਰਥ ‘ਮਿਹਰ ਨਾਲ’ ਹੋਵੇਗਾ; ਜਿਵੇਂ:

‘‘ਨਦਰੀ ਕਰਮਿ ਪਵੈ ਨੀਸਾਣੁ ॥’’ (ਜਪੁ /ਮ: ੧)        (ਨਦਰੀ ਭਾਵ ਮਿਹਰ ਦਾ ਮਾਲਕ ਪ੍ਰਭੂ)

‘‘ਨਾਨਕ ! ਨਦਰੀ ਨਦਰਿ ਨਿਹਾਲ ॥੩੮॥’’ (ਜਪੁ /ਮ: ੧)      (ਨਦਰੀ ਭਾਵ ਮਿਹਰ ਦਾ ਮਾਲਕ ਪ੍ਰਭੂ)

‘‘ਨਦਰੀ ਕਰਮੀ ਗੁਰ ਬੀਚਾਰੁ ॥’’ (ਮ: ੧/੧੫੧)         (ਨਦਰੀ ਭਾਵ ਮਿਹਰ ਦਾ ਮਾਲਕ ਪ੍ਰਭੂ)

‘‘ਨਦਰੀ ਕਰਮਿ ਲਘਾਏ ਪਾਰਿ ॥’’ (ਮ: ੧/੪੬੫)       (ਨਦਰੀ ਭਾਵ ਮਿਹਰ ਦਾ ਮਾਲਕ ਪ੍ਰਭੂ)

‘‘ਨਾਨਕ ! ਨਦਰੀ ਬਖਸਿ ਲੇਹਿ, ਸਬਦੇ ਮੇਲਿ ਮਿਲਾਹਿ ॥’’ (ਮ: ੩/੬੪੫)        (ਨਦਰੀ ਭਾਵ ਮਿਹਰ ਦਾ ਮਾਲਕ ਪ੍ਰਭੂ)

‘‘ਨਾਨਕ ! ਨਦਰੀ ਨਦਰਿ ਕਰੇ, ਤਾ ਨਾਮ ਧਨੁ ਪਲੈ ਪਾਇ ॥’’ (ਮ: ੩/੮੫੦)     (ਨਦਰੀ ਭਾਵ ਮਿਹਰ ਦਾ ਮਾਲਕ ਪ੍ਰਭੂ)

‘‘ਨਾਨਕ ! ਨਦਰੀ ਕਰਮੁ ਹੋਇ, ਗੁਰ ਮਿਲੀਐ ਭਾਈ ॥’’ (ਮ: ੪/੧੨੪੨)          (ਨਦਰੀ ਭਾਵ ਮਿਹਰ ਦਾ ਮਾਲਕ ਪ੍ਰਭੂ)

‘‘ਕੂਕ ਪੁਕਾਰ ਨ ਹੋਵਈ, ਨਦਰੀ ਨਦਰਿ ਨਿਹਾਲ ॥’’ (ਮ: ੩/੧੨੮੩)        (ਨਦਰੀ ਭਾਵ ਮਿਹਰ ਦਾ ਮਾਲਕ ਪ੍ਰਭੂ)

‘‘ਤੇਰੀ ਨਦਰੀ ਕਰਮਿ, ਪਵੈ ਨੀਸਾਣੁ ॥’’ (ਮ: ੧/੧੩੨੭) ਆਦਿ।      (ਨਦਰੀ ਭਾਵ ਮਿਹਰ ਦਾ ਮਾਲਕ ਪ੍ਰਭੂ)             ਪਰ

‘‘ਨਾਨਕ ! ਨਦਰੀ (ਨਾਲ) ਪਾਈਐ, ਕੂੜੀ ਕੂੜੈ ਠੀਸ ॥੩੨॥’’ (ਜਪੁ /ਮ: ੧)     (ਨਦਰੀ ਭਾਵ ਰੱਬੀ ਮਿਹਰ ਨਾਲ)

‘‘ਨਦਰੀ (ਨਾਲ) ਨਾਮੁ ਧਿਆਈਐ; ਵਿਣੁ ਕਰਮਾ ਪਾਇਆ ਨ ਜਾਇ ॥’’ (ਮ: ੩/੩੫)    (ਨਦਰੀ ਭਾਵ ਰੱਬੀ ਮਿਹਰ ਨਾਲ) ਆਦਿ।

ਧਿਆਨ ਰਹੇ ਕਿ ਗੁਰਬਾਣੀ ਵਿੱਚ ‘ਕਰਮੀ’ ਸ਼ਬਦ ਦਾ ਅਰਥ 5 ਵਾਰ ‘ਰੱਬੀ ਮਿਹਰ ਨਾਲ’ ਸੰਬੰਧਿਤ ਨਹੀਂ ਬਲਕਿ ਜੀਵਾਂ ਦੇ ਕੰਮਾਂ ਨਾਲ ਸੰਬੰਧਿਤ ਹੈ; ਜਿਵੇਂ:

‘‘ਕਰਮੀ ਕਰਮੀ ਹੋਇ ਵੀਚਾਰੁ ॥’’ (ਜਪੁ /ਮ: ੧)

‘‘ਕਰਮੀ ਆਪੋ ਆਪਣੀ; ਕੇ ਨੇੜੈ ਕੇ ਦੂਰਿ ॥’’ (ਮ: ੨/੧੪੬)

‘‘ਕਰਮੀ ਆਪੋ ਆਪਣੀ; ਆਪੇ ਪਛੁਤਾਣੀ ॥’’ (ਮ: ੪/੩੧੫)

‘‘ਕਰਮੀ ਸਹਜੁ ਨ ਊਪਜੈ; ਵਿਣੁ ਸਹਜੈ ਸਹਸਾ ਨ ਜਾਇ ॥’’ (ਮ: ੩/੯੧੯)     (ਕਰਮੀ ਭਾਵ ਕੇਵਲ ਧਾਰਮਿਕ ਵਿਖਾਵੇ ਦੇ ਕੰਮਾਂ ਨਾਲ)

‘‘ਹੁਕਮਿ ਚਲਾਏ ਆਪਣੈ; ਕਰਮੀ ਵਹੈ ਕਲਾਮ ॥’’ (ਮ: ੧/੧੨੪੧)

ਜੇਵਡੁ ਆਪਿ, ਜਾਣੈ ਆਪਿ ਆਪਿ॥ ਨਾਨਕ ! ਨਦਰੀ ਕਰਮੀ ਦਾਤਿ॥੨੪॥

ਭਾਵ- (ਜਗਤ ਰਚੇਤਾ) ਜਿਤਨਾ (ਨਿਰਮਲ) ਆਪ ਹੈ (ਆਪਣੇ ਨਿਰਮਲ ਗੁਣ-ਪਦ ਬਾਰੇ ਵੀ ਉਹ) ਕੇਵਲ ਆਪ ਹੀ ਜਾਣਦਾ ਹੈ। ਹੇ ਨਾਨਕ ! (ਅਜਿਹੀ ਸਮਝ ਭਾਵ) ਦਾਤ ਵੀ ਉਸ ਦਿਆਲੂ ਦ੍ਰਿਸ਼ਟੀ ਵਾਲ਼ੇ ਦੀ ਮਿਹਰ ਨਾਲ਼ ਹੀ ਨਸੀਬ ਹੁੰਦੀ ਹੈ।