JAP (Pori No. 22)

0
497

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇਕ ਵਾਤ ॥

ਸਹਸ ਅਠਾਰਹ, ਕਹਨਿ ਕਤੇਬਾ; ਅਸੁਲੂ ਇਕੁ ਧਾਤੁ ॥ ਲੇਖਾ ਹੋਇ, ਤ ਲਿਖੀਐ; ਲੇਖੈ ਹੋਇ ਵਿਣਾਸੁ ॥

ਨਾਨਕ ! ਵਡਾ ਆਖੀਐ; ਆਪੇ ਜਾਣੈ ਆਪੁ ॥੨੨॥ (ਜਪੁ /ਮ: ੧)

ਉਚਾਰਨ ਸੇਧ: ਪਾਤਾਲਾਂ, ਆਗਾਸਾਂ, ਅਠਾਰਹਂ (ਅਠਾਰ੍ਹਾਂ), ਕਤੇਬਾਂ।

ਪਦ ਅਰਥ: ਓੜਕ- ਅੰਤ (ਕੁਦਰਤ ਭਾਵ ਆਕਾਰ ਦੀ ਸੀਮਾ)।, ਭਾਲਿ-ਭਾਲ ਕੇ (ਕਿਰਿਆ ਵਿਸ਼ੇਸ਼ਣ)।, ਕਹਨਿ- ਆਖਦੇ ਹਨ (ਬਹੁ ਵਚਨ ਕਿਰਿਆ)।, ਇਕ ਵਾਤ- ਇੱਕ ਸੁਰ, (ਇੱਕ ਜ਼ਬਾਨ ਹੋ ਕੇ ਭਾਵ ਸਭ ਦਾ ਇੱਕ ਮਤ ਹੈ)।, ਸਹਸ-ਦਸ ਸੌ (ਭਾਵ ਹਜ਼ਾਰ, ਸੰਖਿਅਕ ਵਿਸ਼ੇਸ਼ਣ)।, ਕਤੇਬਾ- ਮੁਸਲਿਮ ਮੱਤ ਦੀਆਂ ਚਾਰ ਕਿਤਾਬਾਂ (ਕੁਰਾਨ, ਅੰਜੀਲ, ਤੌਰੇਤ ਤੇ ਜੰਬੂਰ)।, ਅਸੁਲੂ- ਅਸਲ (ਮੂਲ, ਮੁੱਢ)।, ਧਾਤੁ-ਕਰਤਾਰ (ਇੱਕ ਵਚਨ ਨਾਂਵ)।, ਵਿਣਾਸੁ- ਖ਼ਤਮ (ਭਾਵ ਲੇਖੇ ਦਾ ਅੰਤ)।, ਆਖੀਐ- ਆਖਣਾ ਚਾਹੀਦਾ ਹੈ। (ਕਿਰਿਆ)।, ਆਪੇ- ਆਪ ਹੀ (ਪੜਨਾਂਵ)।, ਆਪੁ-ਆਪਣੇ ਆਪ ਨੂੰ।

(ਨੋਟ: ਪਿਛਲੀ 21 ਵੀਂ ਪਉੜੀ ਵਿੱਚ ਵਿਸ਼ਾ ‘ਪੰਚ’ ਦੀ ਜਾਗਰੂਕ ਸੋਚ ਨਾਲ ਸੰਬੰਧਿਤ ਸੀ, ਜਿਸ ਰਾਹੀਂ ਕਰਤਾਰ ਦੀ ਅਥਾਹ ਸ਼ਕਤੀ ‘‘ਸਭਿ ਗੁਣ ਤੇਰੇ; ਮੈ ਨਾਹੀ ਕੋਇ ॥’’ ਦੇ ਮੁਕਾਬਲੇ ਆਪਣੇ ਆਪ ਨੂੰ ‘‘ਕਿਵ ਕਰਿ ਆਖਾ ? ਕਿਵ ਸਾਲਾਹੀ ? ਬਿਆਨ ਕੀਤਾ ਗਿਆ ਸੀ ਅਤੇ 38 ਸ਼ਬਦਾਂ ਦੇ ਸੁਮੇਲ ਨਾਲ ਭਰਪੂਰ ਇਸ 22 ਵੀਂ ਪਉੜੀ ਵਿੱਚ ਵੀ ਉਹੀ ਵਿਸ਼ਾ (ਭਾਵ ਕਰਤਾਰ ਦਾ ਵਡੱਪਣ) ਨਿਰੰਤਰ ਬਿਆਨਿਆ ਜਾ ਰਿਹਾ ਹੈ।

ਇਸ ਪਉੜੀ ਦੇ ਭਾਵਾਰਥ ਸਮਝਣ ਤੋਂ ਪਹਿਲਾਂ ਇਹ ਵੀਚਾਰ ਵਧੇਰੇ ਧਿਆਨ ਮੰਗਦੀ ਹੈ ਕਿ ਇਸ ਪਉੜੀ ’ਚ ਕੁਦਰਤ ਦੇ ਵਿਆਪਕ ਵਿਸਥਾਰ ਨੂੰ ਨਾਪਣ ਲਈ ਅਨ੍ਯ ਮਤ ਸੰਖਿਅਕ ਸੋਚ ਨੂੰ ਗੁਰੂ ਜੀ ਨੇ ਕਿਸ ਸੰਦਰਭ (ਪਰਿਪੇਖ) ’ਚ ਦਰਜ ਕੀਤਾ ਹੋਇਆ ਹੈ ? ਭਾਵ ਆਪਣੇ ਵੀਚਾਰਾਂ ਦੀ ਪੁਸ਼ਟੀ (ਪ੍ਰੋੜ੍ਹਤਾ, ਸਮਰਥਨ) ਕਰਨ ਲਈ, ਅਨ੍ਯ ਮਤ ਸੰਖਿਅਕ ਸੋਚ ਨੂੰ ਅਪੂਰਨ ਸਿੱਧ ਕਰਨ ਲਈ ਜਾਂ ਅਨ੍ਯ ਮਤ ਸੰਖਿਅਕ ਸੋਚ ਨੂੰ ਰੱਦ ਕਰਨ ਲਈ ?

ਉਕਤ ਤਿੰਨੇ ਕਾਰਨਾਂ ਵਿੱਚੋਂ ਦਰੁਸਤ ਨੂੰ ਲੱਭਣ ਲਈ ‘‘ ਲੇਖਾ ਹੋਇ, ਤ ਲਿਖੀਐ; ਲੇਖੈ ਹੋਇ ਵਿਣਾਸੁ ॥’’ ਪੰਕਤੀ ਦੀ ਟੇਕ ਲੈਣੀ ਲਾਭਕਾਰੀ ਰਹੇਗੀ; ਜਿਵੇਂ:

(1). ਅਗਰ ਗੁਰੂ ਜੀ ਅਨ੍ਯ ਮਤ ਸੰਖਿਅਕ ਸੋਚ (ਲਖ ਪਾਤਾਲ ਜਾਂ ਸਹਸ ਅਠਾਰਹ) ਨੂੰ ਰੱਦ ਕਰਨ ਲਈ ਦਰਜ ਕਰਦੇ ਤਾਂ ‘‘ਲੇਖੈ ਹੋਇ ਵਿਣਾਸੁ ॥’’ ਵਾਕ ਦਰਜ ਨਾ ਕੀਤਾ ਹੁੰਦਾ ਭਾਵ ਗੁਰੂ ਜੀ ਕਰਤਾਰ ਦੀ ਕੁਦਰਤ ਦੇ ਵਿਸਥਾਰ ਨੂੰ ਬਿਆਨ ਕਰਨ ਵਾਲੇ ਲੇਖੇ ਨੂੰ ਰੱਦ ਨਹੀਂ ਕਰ ਰਹੇ ਹਨ ਬਲਕਿ ਲੇਖੇ ਨੂੰ ਅਸੀਮ (ਅਣਗਿਣਤ) ਕਰ ਰਹੇ ਹਨ।

(2). ਅਗਰ ਗੁਰੂ ਜੀ ਅਨ੍ਯ ਮਤ ਸੰਖਿਅਕ ਸੋਚ ਨੂੰ ਆਪਣੇ ਵੀਚਾਰਾਂ ਦੀ ਪੁਸ਼ਟੀ ਲਈ ਦਰਜ ਕਰਦੇ ਤਾਂ ‘‘ਲੇਖਾ ਹੋਇ, ਤ ਲਿਖੀਐ॥’’ ਵਾਕ ਦਰਜ ਨਾ ਕੀਤਾ ਹੁੰਦਾ ਕਿਉਂਕਿ ਇਹ ਪੰਕਤੀ (ਉਪਵਾਕ) ਸੰਖਿਅਕ ਸ਼ਬਦ (‘ਲਖ’ ਤੇ ‘ਸਹਸ’) ਨੂੰ ਅਧੂਰਾ ਸਾਬਤ ਕਰ ਰਹੀ ਹੈ।

ਇਸ ਲਈ ਇਹ ਮੰਨਣਾ ਪਵੇਗਾ ਕਿ ‘‘ਲੇਖਾ ਹੋਇ, ਤ ਲਿਖੀਐ॥’’ ਉਪਵਾਕ ਰਾਹੀਂ ਗੁਰੂ ਜੀ ਵੱਲੋਂ ਸੰਖਿਅਕ ਸ਼ਬਦ (‘ਲਖ’ ਤੇ ‘ਸਹਸ’) ਨੂੰ ਅਪੂਰਨ ਪ੍ਰਮਾਣਿਕ (ਸਿੱਧ) ਕਰਕੇ ਕਰਤਾਰ ਦੀ ਕੁਦਰਤ ਨੂੰ ਅਸੀਮ ਬਿਆਨ ਕੀਤਾ ਗਿਆ ਹੈ ਭਾਵ ਕਿਸੇ ਸੰਖਿਅਕ ਵਿਸ਼ੇ ਨਾਲ ਤੁਲਨਾਤਿਕ ਪੱਖ ਨੂੰ ਵੀਚਾਰਿਆ ਜਾ ਰਿਹਾ ਹੈ। ਇਹੀ ਇਸ ਪਉੜੀ ਦਾ ਮੂਲ ਵਿਸ਼ਾ ਹੈ ਤੇ ਆਰੰਭ ’ਚ ਦਰਜ ਸ਼ਬਦ ‘ਲਖ’ ਤੇ ‘ਸਹਸ’ (ਹਜ਼ਾਰ) ਅਨ੍ਯ ਮਤ ਦੀ ਸੋਚ ਹੈ, ਨਾ ਕਿ ‘ਗੁਰੂ ਨਾਨਕ ਸਾਹਿਬ ਜੀ’ ਦੀ। ਜਿਸ ਦੇ ਸੰਬੰਧ ’ਚ ਗੁਰੂ ਜੀ ਨੇ ‘‘ਲੇਖਾ ਹੋਇ, ਤ ਲਿਖੀਐ॥’’ ਵਾਕ ਦਰਜ ਕਰਕੇ ਕੁਦਰਤ ਨੂੰ ‘‘ਲਿਖਦਿਆ ਲਿਖਦਿਆ ਕਾਗਦ ਮਸੁ ਖੋਈ (ਸਿਆਹੀ ਮੁਕ ਜਾਂਦੀ ਹੈ)॥’’ (ਮ: ੩/੧੨੩), ‘‘ਕਬੀਰ ! ਸਾਤ ਸਮੁੰਦਹਿ ਮਸੁ ਕਰਉ; ਕਲਮ ਕਰਉ ਬਨਰਾਇ (ਸਾਰੀ ਬਨਸਪਤੀ)॥ ਬਸੁਧਾ (ਧਰਤੀ ਨੂੰ) ਕਾਗਦੁ ਜਉ ਕਰਉ; (ਤਾਂ ਵੀ ਤਮਾਮ) ਹਰਿ ਜਸੁ ਲਿਖਨੁ ਨ ਜਾਇ ॥’’ (ਭਗਤ ਕਬੀਰ/੧੩੬੮) ਸਿਧਾਂਤ ਦੀ ਪੁਸ਼ਟੀ ਕੀਤੀ ਗਈ ਹੈ।

ਜਦ ਉਕਤ ਵੀਚਾਰ ਰਾਹੀਂ ਇਹ ਸਪਸ਼ਟ ਹੁੰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਕੁਦਰਤ ਬਾਰੇ ‘ਲਖ’ ਤੇ ‘ਸਹਸ’ (ਹਜ਼ਾਰ) ਸੰਖਿਅਕ ਸ਼ਬਦਾਂ ਨੂੰ ਅਪੂਰਨ ਮੰਨ ਰਹੇ ਹਨ ਤਾਂ ਬਾਲਾ ਸਾਖੀ ’ਚ ਦਰਜ ਇਹ ਮਨਘੜਤ ਸਾਖੀ ਮੂਲੋਂ ਹੀ ਰੱਦ ਹੁੰਦੀ ਹੈ ਕਿ ਗੁਰੂ ਜੀ ਨੇ ਬਗਦਾਦ ਸ਼ਹਿਰ ’ਚ ਪੀਰ ਦੇ ਲੜਕੇ ਨੂੰ ਕੁੱਲ ਲੱਖ ਪਾਤਾਲ ਤੇ ਕੁੱਲ ਲੱਖ ਆਕਾਸ਼ ਵਿਖਾਏ ਤੇ ਵਾਪਸ ਪਰਤਿਆਂ ਕਾਜ਼ੀ ਨੂੰ ਪ੍ਰਸ਼ਾਦ ਵੀ ਛਕਾਇਆ।)

‘‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥’’-ਗੁਰਬਾਣੀ ਵਿੱਚ ਜ਼ਿਆਦਾਤਰ ਸੰਖਿਅਕ ਸ਼ਬਦਾਂ ਨਾਲ ਅੰਤ ਸਿਹਾਰੀ ਦਰਜ ਹੁੰਦੀ ਹੈ; ਜਿਵੇਂ: ‘ਦੁਇ, ਤੀਨਿ, ਚਾਰਿ’ ਆਦਿ ਪਰ ਇਸ ਪੰਕਤੀ ’ਚ ਦਰਜ ਸ਼ਬਦ ‘ਲਖ’ (ਅੰਤ ਮੁਕਤਾ) ਹੈ। ਜਦ ਇਸ ਦਾ ਸਰੂਪ ਅੰਤ ਸਿਹਾਰੀ ਨਾਲ ‘ਲਖਿ’ (ਦੂਸਰੇ ਸੰਖਿਆਵਾਚੀ ਸ਼ਬਦਾਂ ਵਾਙ) ਦਰਜ ਹੋਵੇਗਾ ਤਾਂ ਇਸ ਦਾ ਅਰਥ ਲਖਣਾ, ਵੇਖਣਾ (ਕਿਰਿਆਵਾਚੀ) ਭਾਵ ਸਮਝ ਹੁੰਦਾ ਹੈ, ਜੋ ਗੁਰਬਾਣੀ ਵਿੱਚ ਕੇਵਲ 2 ਵਾਰ ਇਉਂ ਦਰਜ ਹੈ:

‘‘ਸੋਈ ‘ਲਖਿ’, ਮੇਟਣਾ ਨ ਹੋਈ ॥’’ (ਭਗਤ ਕਬੀਰ/੩੪੦) ਭਾਵ ਉਸ (ਪ੍ਰਭੂ) ਨੂੰ ਵੇਖ, ਸਮਝ ਕੇ (ਸੁਰਤ ਇੰਨੀ ਉੱਚੀ ਹੋ ਜਾਂਦੀ ਹੈ ਜੋ ਫਿਰ) ਮਿਟਦੀ ਨਹੀਂ, ਨੀਵੀਂ ਨਹੀਂ ਹੁੰਦੀ।

‘‘ਮੰਨ ਮਝਾਹੂ ‘ਲਖਿ’; ਤੁਧਹੁ ਦੂਰਿ ਨ ਸੁ ਪਿਰੀ ॥ (ਮ: ੫/੧੧੦੦) ਭਾਵ ਆਪਣੇ ਮਨ ਵਿੱਚ ਉਸ ਖਸਮ ਨੂੰ ਵੇਖ (ਸਮਝ) ਉਹ ਤੈਥੋਂ ਦੂਰ ਨਹੀਂ।

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ॥

ਭਾਵ- (ਸਨਾਤਨੀ ਸੋਚ ਅਨੁਸਾਰ ਕੁਦਰਤ ਦਾ ਅੰਤ, ਹੇਠਾਂ) ਪਾਤਾਲਾਂ ਦੇ ਥੱਲੇ ਲੱਖ ਪਾਤਾਲ ਅਤੇ ਅਕਾਸ਼ਾਂ ਦੇ ਉੱਪਰ ਲੱਖ ਆਕਾਸ਼ ਹਨ।

(ਨੋਟ: ਇਸ ਸੀਮਤ ਸੋਚ ਉੱਤੇ ਗੁਰੂ ਜੀ ਨੇ ‘ਜਪੁ’ ਬਾਣੀ ਵਿੱਚ ਹੀ ਪਿੱਛੇ ਸਵਾਲ ਖੜ੍ਹਾ ਕੀਤਾ ਸੀ ਕਿ ਅਗਰ ਇੱਕ ਧਰਤੀ ਨੂੰ ਚੁੱਕਣ ਵਾਲਾ ਬਲਦ ਉਸ ਤੋਂ ਹੇਠਲੀ ਧਰਤੀ ’ਤੇ ਖੜ੍ਹਾ ਹੈ ਤਾਂ ਲੱਖ ਧਰਤੀ (ਗਿਣਤੀ) ਪੂਰੀ (ਸਮਾਪਤ) ਹੋਣ ਉਪਰੰਤ ਹੇਠਲਾ ਬਦਲ ਕਿਸ ਦੇ ਸਹਾਰੇ ਖੜ੍ਹਾ ਹੈ; ਜਿਵੇਂ: ‘‘ਧਰਤੀ ਹੋਰੁ; ਪਰੈ ਹੋਰੁ ਹੋਰੁ ॥ ਤਿਸ ਤੇ ਭਾਰੁ, ਤਲੈ; ਕਵਣੁ ਜੋਰੁ ?॥’’ )

‘‘ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇਕ ਵਾਤ ॥’’-ਇਸ ਵਾਕ ’ਚ ਦਰਜ ‘ਓੜਕ’ ਸ਼ਬਦ ਦਾ ਅਰਥ ਹੈ ‘ਅੰਤ, ਹੱਦ ਬੰਨਾ, ਸੀਮਾ’ ਆਦਿ; ਜਿਸ ਦਾ ਦੂਸਰਾ ਰੂਪ ਗੁਰਬਾਣੀ ਵਿੱਚ ‘ਅੰਤਿ’, ਅੰਤ ਤੇ ਅੰਤੁ’ ਦਰਜ ਹੈ। ਪਰ ਇਨ੍ਹਾਂ ਦੇ ਭਾਵਾਰਥ ਬੜੇ ਹੀ ਭਿੰਨ ਸੰਕੇਤ ਦੇਂਦੇ ਹਨ; ਜਿਵੇਂ:

(1). ਅਗਰ ਕਿਰਿਆ ਭਵਿੱਖ ਕਾਲ ਲਈ ਨਿਰੰਤਰ ਅੰਤ ਤੱਕ ਜਾਰੀ ਹੋਵੇ ਤਾਂ ਇਸ ਦਾ ਰੂਪ ‘ਓੜਕਿ’ (ਅੰਤ ਸਿਹਾਰੀ) ਹੋਵੇਗਾ, ਜੋ ਕੇਵਲ 3 ਵਾਰ ਦਰਜ ਹੈ; ਜਿਵੇਂ:

‘‘ਸੁਧੁ ਨ ਹੋਈਐ, ਕਾਹੂ ਜਤਨਾ; ਓੜਕਿ ਕੋ ਨ ਪਹੂਚੇ ॥’’ (ਮ: ੫/੬੧੦) (‘ਓੜਕਿ’ ਭਾਵ ਅੰਤ ਤੱਕ)

‘‘ਕੂੜ ਨਿਖੁਟੇ ਨਾਨਕਾ ! ਓੜਕਿ ਸਚਿ ਰਹੀ ॥’’ (ਮ: ੧/੯੫੩) (‘ਓੜਕਿ’ ਭਾਵ ਅੰਤ ਤੱਕ)

‘‘ਸੇਵਕ ਕੀ ਓੜਕਿ, ਨਿਬਹੀ ਪ੍ਰੀਤਿ ॥’’ (ਮ: ੫/੧੦੦੦) (‘ਓੜਕਿ’ ਭਾਵ ਅੰਤ ਤੱਕ)

ਜਦਕਿ ‘ਅੰਤਿ’ (ਅੰਤ ਸਿਹਾਰੀ) ਵਾਲਾ ਸ਼ਬਦ ਨਿਰੰਤਰ ਅੰਤ ਤੱਕ ਦੇ ਭਾਵਾਰਥ ਨਹੀਂ ਦੇਂਦਾ; ਜਿਵੇਂ 145 ਵਾਰ:

‘‘ਚੇਤਿ ਅਚੇਤ ਮੂੜ ਮਨ ਮੇਰੇ ! ਅੰਤਿ ਨਹੀ ਕਛੁ ਤੇਰਾ ॥’’ (ਮ: ੧/੭੫) (‘ਅੰਤਿ’ ਭਾਵ ਅਖ਼ੀਰ ਨੂੰ)

‘‘ਨਾਮੁ ਵਿਸਾਰਿ, ਅੰਤਿ ਵਿਗੁਤਾ (ਖ਼ੁਆਰ ਹੋਈਦਾ ਹੈ)॥’’ (ਮ: ੩/੧੧੨) (‘ਅੰਤਿ’ ਭਾਵ ਅਖ਼ੀਰ ਨੂੰ)

‘‘ਹਰਿ ਚੇਤਹੁ, ਅੰਤਿ ਹੋਇ ਸਖਾਈ ॥’’ (ਮ: ੩/੧੧੮) (‘ਅੰਤਿ’ ਭਾਵ ਅਖ਼ੀਰ ਨੂੰ) ਆਦਿ।

(2). ਓੜਕੁ (ਅੰਤ ਔਂਕੜ ਸਮੇਤ) ਦਾ ਅਰਥ ਹੈ ‘ਅਖ਼ੀਰ, ਖ਼ਤਮ’ (ਭਵਿੱਖ ਕਾਲ), ਜੋ ਕਿ ਕੇਵਲ ਇੱਕ ਵਾਰ ਹੀ ਦਰਜ ਹੈ; ਜਿਵੇਂ:

‘‘ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ! ਜਰੁ ਜਰਵਾਣਾ ਕੰਨਿ ॥’’ (ਮ: ੧/੭੬) ਭਾਵ ਹੇ ਵਣਜਾਰੇ ਮਿਤਰ ! ਤੇਰੇ ਸੁਆਸਾਂ ਦਾ ਅੰਤ ਆ ਗਿਆ ਬੁਢੇਪਾ ਸਿਰ ਉੱਤੇ ਹੈ ਭਾਵ ਸਮਝੋ ਕਿ ਸੁਆਸ ਮੁੱਕ ਗਏ।

ਜਦਕਿ ‘ਅੰਤੁ’ (ਔਂਕੜ ਸਹਿਤ) ਦਾ ਅਰਥ ਜ਼ਿਆਦਾਤਰ ਵਰਤਮਾਨ ਕਾਲ ਨਾਲ ਸੰਬੰਧਿਤ ਹੈ; ਜਿਵੇਂ:

‘‘ਅੰਤੁ ਨ ਜਾਪੈ; ਕੀਤਾ ਆਕਾਰੁ ॥…..ਏਹੁ ਅੰਤੁ ਨ ਜਾਣੈ ਕੋਇ ॥’’ (ਜਪੁ)

‘‘ਕੇਤੀਆ ਸੁਰਤੀ ਸੇਵਕ ਕੇਤੇ; ਨਾਨਕ ! ਅੰਤੁ ਨ ਅੰਤੁ ॥’’ (ਜਪੁ)

‘‘ਤੂ ਦਰੀਆਉ ਦਾਨਾ ਬੀਨਾ; ਮੈ ਮਛੁਲੀ, ਕੈਸੇ ਅੰਤੁ ਲਹਾ ? ॥’’ (ਮ: ੧/੨੫) ਆਦਿ।

‘ਓੜਕ’- ਇਹ (ਅੰਤ ਮੁਕਤਾ) ਸ਼ਬਦ ਗੁਰਬਾਣੀ ਵਿੱਚ ਕੇਵਲ ਇਸ (ਸੰਬੰਧਿਤ) ਪੰਕਤੀ ਵਿੱਚ ਹੀ ਦਰਜ ਹੈ ਤੇ ਅਰਥ ਭੂਤਕਾਲ ਨਾਲ ਸੰਬੰਧਿਤ ਹਨ।

ਓੜਕ ਓੜਕ ਭਾਲਿ ਥਕੇ; ਵੇਦ ਕਹਨਿ ਇਕ ਵਾਤ॥

ਭਾਵ- ਵੇਦ (ਸਿਮਰਤੀ, ਆਦਿ ਦੇ ਗਿਆਤਾ/ਪੰਡਿਤ) ਇੱਕ ਰਾਏ ਹੋ ਕੇ ਆਖਦੇ ਹਨ (ਕਿ ਰਿਸ਼ੀ-ਮੁਨੀ ਇਨ੍ਹਾਂ ਪਤਾਲਾਂ ਦਾ) ਅੰਤ (ਤੇ ਅਕਾਸ਼ਾਂ ਦਾ) ਅੰਤ ਲੱਭਦੇ ਥੱਕ ਗਏ (ਭਾਵ ਜੀਵਨ ਯਾਤਰਾ ਸਮਾਪਤ ਹੋ ਗਈ ਪਰ ਸੀਮਾ ਨਾ ਉਲੀਕ ਸਕੇ)।

‘‘ਸਹਸ ਅਠਾਰਹ, ਕਹਨਿ ਕਤੇਬਾ; ਅਸੁਲੂ ਇਕੁ ਧਾਤੁ ॥’’- ਇਸ ਪੰਕਤੀ ’ਚ ਦਰਜ ‘ਸਹਸ’ ਸ਼ਬਦ ਦਾ ਮੂਲ ਸਰੋਤ ਸ਼ਬਦ ‘ਸਹਸ੍ਰ’ ਹੈ ਤੇ ਇਸ ਦਾ ਅਰਥ ਹੈ 10 ਸੌ ਭਾਵ ਹਜ਼ਾਰ; ਜਿਵੇਂ: ‘‘ਜਾਂ ਚੈ ਘਰਿ ਕੂਰਮਾ ਪਾਲੁ ‘ਸਹਸ੍ਰ’ ਫਨੀ; ਬਾਸਕੁ ਸੇਜ ਵਾਲੂਆ ॥’’ (ਭਗਤ ਨਾਮਦੇਵ/੧੨੯੨) ਭਾਵ (ਪ੍ਰਭੂ ਅਜਿਹਾ ਰਾਜਾ ਹੈ) ਜਿਸ ਦੇ ਘਰ ਕੂਰਮਾ (ਵਿਸ਼ਨੂੰ ਰੂਪ ਕੱਛੂ-ਕੁੰਮਾ) ਪਾਲੁ (ਪਲੰਘ, ਮੰਜਾ) ਹੈ ਤੇ ਸਹਸ੍ਰ ਫਨੀ (ਹਜ਼ਾਰਾਂ ਫਣਾਂ ਵਾਲਾ) ਬਾਸਕੁ (ਸ਼ੇਸ਼ਨਾਗ) ਸੇਜ ਵਾਲੂਆ (ਮੰਜੇ ਦੀਆਂ ਦੌਣਾਂ) ਹੈ।

ਭਾਸ਼ਾਈ ਨਿਯਮਾਂ ਅਨੁਸਾਰ ਅਗਰ ਕਿਸੇ ਸ਼ਬਦ ਦੇ ਇੱਕ ਅੱਖਰ ਦੀ ਧੁਨੀ ਨੂੰ ਅੱਧਾ ( ਭਾਵ ਲਘੂ) ਕਰਨਾ ਹੋਵੇ ਤਾਂ ਉਸ ਤੋਂ ਪਹਿਲੇ ਅੱਖਰ ਉੱਤੇ ਟਿੱਪੀ ਲਗਾ ਦਿੱਤੀ ਜਾਂਦੀ ਹੈ; ਜਿਵੇਂ ਉਕਤ ਸ਼ਬਦ ‘ਸਹਸ੍ਰ’ ਦੇ ਦੂਸਰੀ ‘ਸ’ (ਧੁਨੀ) ਨੂੰ (ਲਘੂ) ਕਰਨ ਲਈ ਉਸ ਤੋਂ ਪਹਿਲੇ ‘ਹ’ ਉੱਪਰ ‘ਟਿੱਪੀ’ ਲੱਗੇਗੀ; ਜਿਵੇਂ: ‘‘ਸਹੰਸਰ (ਸਹਸ੍ਰ) ਦਾਨ ਦੇ; ਇੰਦ੍ਰੁ ਰੋਆਇਆ ॥’’ (ਮ: ੧/੯੫੩) ਇਸ ਲਈ ਗੁਰਬਾਣੀ ਵਿੱਚ ‘ਸਹਸ’ ਨੂੰ ‘ਸਹੰਸ’ ਕਰਕੇ ਵੀ 4 ਵਾਰ ਲਿਖਿਆ ਗਿਆ ਹੈ; ਜਿਵੇਂ:

‘‘ਸਹੰਸ ਨਾਮੁ ਲੈ ਲੈ; ਕਰਉ ਸਲਾਮੁ ॥’’ (ਭਗਤ ਕਬੀਰ/੪੭੯)

‘‘ਸੂਤੁ ਏਕੁ, (ਉਸ ’ਚ) ਮਣਿ (ਮਣਕੇ) ਸਤ ‘ਸਹੰਸ’ ਜੈਸੇ; ਓਤਿ ਪੋਤਿ ਪ੍ਰਭੁ ਸੋਈ ॥’’ (ਭਗਤ ਨਾਮਦੇਵ/੪੮੫)

‘‘ਸਉ ਓਲਾਮ੍ਹੇ ਦਿਨੈ ਕੇ; ਰਾਤੀ ਮਿਲਨ੍ਹਿ ‘ਸਹੰਸ’ ॥’’ (ਮ: ੧/੭੯੦)

‘‘ਨਿਰਤਿ (ਗਿਣਤੀ) ਨ ਪਾਈਆ; ਗਣੀ (ਗਿਣਦਾ ਹਾਂ) ‘ਸਹੰਸ’ ॥’’ (ਮ: ੧/੮੭੮)

(ਨੋਟ: ਗੁਰਬਾਣੀ ਵਿੱਚ ਕਿਤੇ ਵੀ ‘ਸਹਸ (33 ਵਾਰ), ਸਹੰਸ (4 ਵਾਰ), ਸਹਸ੍ਰ (1 ਵਾਰ) ਤੇ ਸਹੰਸਰ’ (1 ਵਾਰ) ਸ਼ਬਦਾਂ ਦਾ ਅਰਥ 100 ਨਹੀਂ, ਬਲਕਿ 1000 ਹੀ ਹੈ ਤਾਂ ਫਿਰ ਦਸਮ ਗ੍ਰੰਥ ’ਚ ‘‘ਸੰਮਤ ਸੱਤ੍ਰਹ ‘ਸਹਸ’ ਪਚਾਵਨ ॥ ਹਾੜ ਵਦੀ ਪਿ੍ਰਥਮੈ ਸੁਖ ਦਾਵਨ ॥ ਤ੍ਵ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ ॥ ਭੂਲ ਪਰੀ ਲਹੁ ਲੇਹੁ ਸੁਧਾਰਾ ॥੮੬੦॥ (੨੪ ਅਵਤਾਰ ਰਾਮ) ਤੇ ‘‘ਸੰਬਤ ਸਤ੍ਰਹ ‘ਸਹਸ’ ਭਣਿਜੈ ॥ ਅਰਧ ‘ਸਹਸ’ ਫੁਨਿ ਤੀਨਿ ਕਹਿਜੈ ॥’’ ॥੪੦੫॥ (ਚੌਪਈ) ਪੰਕਤੀਆਂ ’ਚ ਦਰਜ ‘ਸਹਸ’ ਸ਼ਬਦ ਦਾ ਅਰਥ 100 ਕਿਵੇਂ ਬਣ ਗਿਆ? ਜਦਕਿ ਗੁਰਬਾਣੀ ‘ਸਹਸ’ ਦਾ ਅਰਥ 1000 ਬਿਆਨ ਕਰ ਰਹੀ ਹੈ; ਜਿਵੇਂ: ‘‘ਛਪਨ ਕੋਟਿ ਕਾ ਪੇਹਨੁ ਤੇਰਾ; ਸੋਲਹ ਸਹਸ ਇਜਾਰਾ ॥’’ (ਭਗਤ ਨਾਮਦੇਵ/੧੧੬੭ ਭਾਵ 56 ਕ੍ਰੋੜ (ਕਾਲੇ ਬੱਦਲ ਭਾਵ ਸਾਂਵਲੇ ਰੰਗ ਦੇ ਕ੍ਰਿਸ਼ਨ) ਤੇਰਾ ਪੇਹਨੁ (ਪਹਿਰਾਵਾ, ਚੋਲਾ) ਹੈ ਤੇ 16,000 (ਗੋਪੀਆਂ) ਤੇਰਾ ਇਜਾਰਾ (ਪਾਜਾਮਾ) ਹੈ।

ਸੋ, ਗੁਰਬਾਣੀ ਵਿੱਚ ‘ਸਹਸ’ ਦਾ ਅਰਥ ਕੇਵਲ 1000 ਹੀ ਹੈ, ਨਾ ਕਿ 100; ਇਸ ਲਈ ਦਸਮ ਗ੍ਰੰਥ ਦੀ ਲਿਖਤ ਨੂੰ ‘‘ਸੰਮਤ ਸੱਤ੍ਰਹ ‘ਸਹਸ’ ਪਚਾਵਨ ॥ ਨੂੰ ਵੀ ਪੰਡਿਤ ਤਾਰਾ ਸਿੰਘ ਜੀ ‘‘ਸੰਮਤ ਸੱਤ੍ਰਹ ਸੈ ਸੁ ਪਚਾਵਨ ॥ ਕਰਕੇ ਮੰਨ ਰਹੇ ਹਨ ਭਾਵ ਗੁਰਬਾਣੀ ਵਿੱਚ ਕਿਤੇ ਵੀ ‘ਸਹਸ’ ਦਾ ਅਰਥ 100 ਨਹੀਂ ਮੰਨਿਆ ਜਾ ਸਕਦਾ ਬਲਕਿ ਹਰ ਜਗ੍ਹਾ 1000 ਹੀ ਹੈ।)

‘ਅਸੁਲੂ’-ਇਹ ਸ਼ਬਦ ਗੁਰਬਾਣੀ ਵਿੱਚ ਕੇਵਲ ਇੱਕ ਵਾਰ ਇੱਥੇ ਹੀ ਦਰਜ ਹੈ। ਇਸ ਦਾ ਅਰਥ ਹੈ ‘ਅਸਲ, ਮੂਲ, ਮੁੱਢ, ਜੜ੍ਹ, ਆਰੰਭਕ’ ਆਦਿ।

ਸਹਸ ਅਠਾਰਹ, ਕਹਨਿ ਕਤੇਬਾ; ਅਸੁਲੂ ਇਕੁ ਧਾਤੁ॥

ਭਾਵ- ਚਾਰੋਂ ਕਤੇਬਾਂ ਆਖਦੀਆਂ ਹਨ ਕਿ 18 ਹਜ਼ਾਰ (ਆਲਮ, ਇਲਮ-ਬੋਧ ਰੱਖਣ ਵਾਲ਼ੇ) ਹਨ, ਜਿਨ੍ਹਾਂ ਦਾ ‘ਅਸੁਲੂ’ (ਮੁੱਢ) ਇੱਕ ‘ਧਾਤੁ’ (ਤੱਤ-ਸਾਰ ਭਾਵ ਰੱਬ, ਅੱਲਾ/ਖ਼ੁਦਾ) ਹੈ, ਪਰ ਗੁਰਮਤਿ ਅਨੁਸਾਰ, ‘‘ਚੰਦਂੀ ਹਜਾਰ ਆਲਮ; ਏਕਲ ਖਾਨਾਂ ॥ ਹਮ ਚਿਨੀ ਪਾਤਿਸਾਹ ! ਸਾਂਵਲੇ ਬਰਨਾਂ ॥’’ (ਭਗਤ ਨਾਮਦੇਵ/੭੨੭) ਭਾਵ ਹੇ ਪਾਤਿਸ਼ਾਹ ! ‘ਚੰਦ ਈਂ’ (ਕਿਤਨੇ ਹੀ) ਹਜ਼ਾਰ ਆਲਮ (ਦੁਨੀਆ) ਹੈ, ਇਕੱਲਾ ਤੂੰ ਖ਼ਾਨ (ਮਾਲਕ) ਹੈਂ, ‘ਹਮ ਚਿਨੀ’ (ਐਸੇ ਤਰ੍ਹਾਂ ਦਾ ਹੀ) ਸਾਂਵਲੇ ਰੰਗ ਵਾਲ਼ਾ (ਕ੍ਰਿਸ਼ਨ) ਭਾਵ ਤੂੰ ਹੈਂ।

‘‘ਲੇਖਾ ਹੋਇ, ਤ ਲਿਖੀਐ; ਲੇਖੈ ਹੋਇ ਵਿਣਾਸੁ ॥’’- ਅਗਰ ਕਾਵਿ ਤੋਲ ਦੀ ਰੁਕਾਵਟ ਨਾ ਹੁੰਦੀ ਤਾਂ ਇਸ ਪੰਕਤੀ ’ਚ ਦਰਜ ‘ਤ’ ਅੱਖਰ ਦੀ ਬਜਾਏ ‘ਤਾ ਤੇ’ ਸ਼ਬਦ ਦਰਜ ਹੋਣਾ ਸੀ; ਜਿਵੇਂ: ‘‘ਅਰਧ ਸਰੀਰੀ ਨਾਰਿ ਨ ਛੋਡੈ; ‘ਤਾ ਤੇ’, ਹਿੰਦੂ ਹੀ ਰਹੀਐ ॥’’ (ਭਗਤ ਕਬੀਰ/੪੭੭) ਕਿਉਂਕਿ ਇਸ ਤਰ੍ਹਾਂ ਦੇ ਸ਼ਬਦ ਦਾ ਪ੍ਰਯੋਗ ਤਦ ਹੀ ਹੁੰਦਾ ਹੈ ਜਦ ਪਹਿਲੀ ਪੰਕਤੀ (ਭਾਵਨਾ) ਨਾਲ ਪੂਰਨ ਤੌਰ ’ਤੇ ਅਸਹਿਮਤੀ ਦਰਸਾਈ ਗਈ ਹੋਵੇ। ਇਸ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਗੁਰੂ ਜੀ ‘ਲੱਖ’ ਤੇ ‘ਸਹਸ’ (ਸੰਖਿਅਕ) ਨਾਲ ਉੱਕਾ ਵੀ ਸਹਿਮਤ ਨਹੀਂ ਹਨ।

‘ਲੇਖੈ’- ਇਸ ਸ਼ਬਦ ਦਾ ਮੂਲ ਸਰੋਤ ਸ਼ਬਦ ‘ਲੇਖਾ’ ਹੈ; ਜਿਵੇਂ: ‘‘ਏਹੁ ਲੇਖਾ; ਲਿਖਿ ਜਾਣੈ ਕੋਇ ॥’’ (ਜਪੁ) ਪਰ ਜਦ ‘ਲੇਖਾ’ ਸ਼ਬਦ ਦੇ ਅਰਥਾਂ ਵਿੱਚੋਂ ਸੰਬੰਧਕੀ ਅਰਥ (‘ਵਿੱਚ, ਦਾ, ਨੂੰ’ ਆਦਿ) ਲੈਣੇ ਹੋਣ ਤਾਂ ‘ਲੇਖਾ’ ਤੋਂ ‘ਲੇਖੈ’ ਬਣ ਜਾਂਦਾ ਹੈ; ਜਿਵੇਂ

‘‘ਜਾ ਪਤਿ ਲੇਖੈ ਨਾ ਪਵੈ; ਸਭਾ ਪੂਜ ਖੁਆਰੁ ॥’’ (ਮ: ੧/੧੭) (ਲੇਖੈ- ਭਾਵ ਲੇਖੇ ਵਿੱਚ)

‘‘ਹਠੁ ਕਰਿ ਮਰੈ; ਨ ਲੇਖੈ ਪਾਵੈ ॥’’ (ਮ: ੧/੨੨੬) (ਲੇਖੈ- ਭਾਵ ਲੇਖੇ ਵਿੱਚ)

‘‘ਨਾਨਕ ! ਲੇਖੈ ਇਕ ਗਲ; ਹੋਰੁ ਹਉਮੈ ਝਖਣਾ ਝਾਖ ॥’’ (ਮ: ੧/੪੬੭) (ਲੇਖੈ- ਭਾਵ ਲੇਖੇ ਵਿੱਚ)

‘‘ਲੇਖੈ ਗਣਤ ਨ ਛੂਟੀਐ; ਕਾਚੀ ਭੀਤਿ ਨ ਸੁਧਿ ॥’’ (ਮ: ੫/੨੫੨) (ਲੇਖੈ ਗਣਤ- ਭਾਵ ਲੇਖੇ ਦੀ ਗਿਣਤੀ ਕੀਤਿਆਂ)

‘‘ਕੋਇ ਨ ਮੇਟੈ; ਤੇਰੈ ਲੇਖੈ ॥’’ (ਮ: ੩/੮੪੨) (ਲੇਖੈ- ਭਾਵ ਤੇਰੇ ਲੇਖੇ ਨੂੰ) ਆਦਿ।

‘ਵਿਣਾਸੁ’-ਇਹ ਸ਼ਬਦ ਗੁਰਬਾਣੀ ਵਿੱਚ ਕੇਵਲ 12 ਵਾਰ ਦਰਜ ਹੈ ਪਰ ਇਸ ਦੀ ਖ਼ਾਸੀਅਤ ਇਹ ਹੈ ਕਿ ਇਸ ਦੀ ਵਰਤੋਂ ਤਦ ਹੁੰਦੀ ਹੈ ਜਦ ਹੋਰ ਕੋਈ ਗੁੰਜਾਇਸ਼ (ਸੰਭਾਵਨਾ) ਹੀ ਨਾ ਬਚੀ ਹੋਵੇ; ਜਿਵੇਂ:

‘‘ਜੇਹਾ ਰਾਧੇ (ਬੀਜੇ), ਤੇਹਾ ਲੁਣੈ (ਵੱਢੇ); ਬਿਨੁ ਗੁਣ, ਜਨਮੁ ਵਿਣਾਸੁ ॥’’ (ਮ: ੧/੫੬)

‘‘ਗੁਰਮਤੀ ਨਾਉ ਪਾਈਐ; ਮਨਮੁਖ ਮੋਹਿ ਵਿਣਾਸੁ ॥’’ (ਮ: ੩/੮੬)

‘‘ਨਾਨਕ ! ਮੂਰਖ ਏਹਿ ਗੁਣ; ਬੋਲੇ ਸਦਾ ਵਿਣਾਸੁ ॥’’ (ਮ: ੧/੧੪੩)

‘‘ਨਿਹਚਲੁ ਏਕੁ ਸਰੇਵਿਆ; ਹੋਰੁ ਸਭ ਵਿਣਾਸੁ ॥’’ (ਮ: ੫/੩੨੧), ਆਦਿ।

ਲੇਖਾ ਹੋਇ, ਤ ਲਿਖੀਐ; ਲੇਖੈ ਹੋਇ ਵਿਣਾਸੁ॥

ਭਾਵ- (ਲੱਖ ਜਾਂ ਹਜ਼ਾਰ ਗਿਣਤੀ ਨਾਲ਼ ਕੁਦਰਤ ਦਾ) ਅਗਰ ਪੂਰਾ ਹਿਸਾਬ-ਕਿਤਾਬ ਹੁੰਦਾ ਹੋਵੇ ਤਾਂ ਹੀ (ਇਨ੍ਹਾਂ ਸ਼ਬਦਾਂ ਨੂੰ) ਵਰਤਿਆ ਜਾ ਸਕਦਾ ਹੈ। (ਰੱਬੀ ਵਿਸ਼ਾਲਤਾ ਬਾਰੇ ਤਾਂ ਸੰਖਿਅਕ) ਲਿਖਤ ਦਾ ਹੀ ਨਾਸ਼ ਹੋ ਜਾਂਦਾ ਹੈ (ਭਾਵ ‘ਅਸੰਖ’ ਸ਼ਬਦ ਵੀ ਅਧੂਰਾ ਹੈ, ‘‘ਅਸੰਖ ਕਹਹਿ; ਸਿਰਿ ਭਾਰੁ ਹੋਇ ॥, ਕਬੀਰ ! ਸਾਤ ਸਮੁੰਦਹਿ ਮਸੁ (ਸਿਆਹੀ) ਕਰਉ; ਕਲਮ ਕਰਉ ਬਨਰਾਇ (ਪੂਰੀ ਬਨਸਪਤੀ)॥ ਬਸੁਧਾ (ਧਰਤੀ) ਕਾਗਦੁ ਜਉ ਕਰਉ; ਹਰਿ ਜਸੁ ਲਿਖਨੁ ਨ ਜਾਇ ॥’’ ਭਗਤ ਕਬੀਰ/੧੩੬੮)।

(ਨੋਟ: ਅਗਰ ਅਣਗਿਣਤ ਬੰਦੇ ਕੁਦਰਤ ਦੇ ਵਿਆਪਕ ਵਿਸਥਾਰ ਬਾਰੇ ਲਿਖਣ, ਜਿਵੇਂ ਕਿ ਅਜੋਕੇ ਯੁੱਗ ਵਿੱਚ ਲਿਖਿਆ ਜਾ ਰਿਹਾ ਹੈ ਤਾਂ ਅਣਗਿਣਤ ਸਦੀਆਂ ਤੋਂ ਉਪਰੰਤ ਪਿਛਲੀ ਲਿਖਤ ਆਪਣੇ ਆਪ ਹੀ ਵਿਨਾਸ਼ ਹੋਣੀ ਸ਼ੁਰੂ ਹੋ ਜਾਵੇਗੀ। ਜਿਤਨਾ ਅਗਾਂਹ ਲਿਖਣ ਦਾ ਯਤਨ ਕੀਤਾ ਜਾਵੇਗਾ ਉਤਨਾ ਹੀ ਅਤੀਤ ’ਚ ਨਾਸ਼ ਹੁੰਦਾ ਜਾਵੇਗਾ ਜਾਂ ਝੂਠਾ ਸਾਬਤ ਹੋਣ ਕਾਰਨ ਨਸ਼ਟ ਕਰ ਦਿੱਤਾ ਜਾਵੇਗਾ। ਉਕਤ ਪੰਕਤੀਆਂ ’ਚ ਦਰਜ ਕੀਤੇ ਗਏ ‘ਲਖ’ ਤੇ ‘ਸਹਸ’ ਸ਼ਬਦ ਨੂੰ ਪਕੜ ਕੇ ਭਵਿੱਖਕਾਲ ’ਚ ਬੇਇੱਜ਼ਤੀ ਕਰਵਾਉਣ ਦੇ ਤੁਲ (ਬਰਾਬਰ) ਹੈ ਭਾਵ ਮਾਨਵਤਾ ਨੂੰ ਇਨ੍ਹਾਂ ਸਿਖਿਆਵਾਂ ਦੀ ਰਾਹੀਂ ਆਸਤਿਕ (ਰੱਬ ’ਤੇ ਭਰੋਸੇਯੋਗ) ਨਹੀਂ ਬਣਾਇਆ ਜਾ ਸਕਦਾ। 4 ਯੁੱਗਾਂ ਦੀ ਕੁੱਲ ਉਮਰ 43 ਲੱਖ 20, 000 ਸਾਲ ਬਿਆਨ ਕਰਨ ਤੋਂ, ਇਸ ਸੋਚ ਨਾਲ ਸੰਬੰਧਿਤ ਪ੍ਰਚਾਰਕ ਹੀ ਮੁਨਕਰ (ਅਸਹਿਮਤ) ਹੋ ਗਏ ਹਨ।)

‘‘ਨਾਨਕ ! ਵਡਾ ਆਖੀਐ; ਆਪੇ ਜਾਣੈ ਆਪੁ ॥’’-ਇਸ ਪੰਕਤੀ ’ਚ ਦਰਜ ਸ਼ਬਦ ‘ਆਪੇ’ ਤੇ ‘ਆਪੁ’ ਦੇ ਅੰਤਰ ਨੂੰ ਸਮਝਣਾ ਜ਼ਰੂਰੀ ਹੈ ਕਿਉਂਕਿ ‘ਆਪੇ’ ਦਾ ਅਰਥ ਹੈ ‘ਆਪ ਹੀ’ ਅਤੇ ‘ਆਪੁ’ ਦਾ ਅਰਥ ਹੈ ‘ਆਪਣੇ ਆਪ ਨੂੰ’ ਜਾਂ ‘ਹਉਮੈ’। ਗੁਰਬਾਣੀ ਵਿੱਚ ‘ਆਪੇ’ ਸ਼ਬਦ 1655 ਵਾਰ ਦਰਜ ਹੈ; ਜਿਵੇਂ: ‘‘ਆਪੇ ਜਾਣੈ ਆਪੇ ਦੇਇ ॥’’ (ਜਪੁ /ਮ: ੧) ਅਤੇ ‘ਆਪੁ’ ਸ਼ਬਦ 410 ਵਾਰ ਦਰਜ ਹੈ; ਜਿਵੇਂ:

‘‘ਗੁਰ ਪਰਸਾਦੀ ਆਪੁ ਪਛਾਣੈ ॥’’ (ਮ: ੩/੮੮) (‘ਆਪੁ’ ਭਾਵ ਆਪਣੇ ਆਪ ਨੂੰ)

‘‘ਆਪੁ ਮਾਰਿ, ਸਹਜੇ ਨਾਮਿ ਸਮਾਣਿਆ ॥’’ (ਮ: ੩/੧੧੭੪) (‘ਆਪੁ’ ਭਾਵ ਹਉਮੈ)

‘‘ਅਨਦਿਨੁ ਰਹਸੁ ਭਇਆ; ਆਪੁ ਗਵਾਇਆ ॥’’ (ਮ: ੧/੧੧੦੯) (‘ਆਪੁ’ ਭਾਵ ਹਉਮੈ)

‘‘ਆਪੀਨ੍ੈ ਆਪੁ ਸਾਜਿ; ਆਪੁ ਪਛਾਣਿਆ ॥’’ (ਮ: ੧/੧੨੭੯) (ਭਾਵ ਪ੍ਰਭੂ ਨੇ ਆਪਣੇ ਆਪ ਨੂੰ (ਆਕਾਰ ਰੂਪ ’ਚ) ਪੈਦਾ ਕਰਕੇ ਆਪਣੇ ਆਪ ਨੂੰ (ਭਗਤ ਰੂਪ ਬਣਾ ਕੇ ਤਤ ਨੂੰ) ਪਛਾਣਿਆ ਹੈ) ਆਦਿ।

ਨਾਨਕ ! ਵਡਾ ਆਖੀਐ; ਆਪੇ ਜਾਣੈ ਆਪੁ॥ ੨੨॥

ਭਾਵ- ਹੇ ਨਾਨਕ ! (ਕਰਤਾਰ) ਆਪ ਹੀ ਆਪਣੇ ਆਪ ਨੂੰ (ਭਾਵ ਆਪਣੀ ਵਿਸ਼ਾਲਤਾ ਨੂੰ) ਜਾਣਦਾ ਹੈ, (ਜੀਵਾਂ ਲਈ ਤਾਂ ਕੇਵਲ ਉਸ ਨੂੰ) ਵੱਡਾ ਕਹਿਣਾ ਹੀ ਫਬਦਾ (ਚੰਗਾ ਲੱਗਦਾ) ਹੈ।