JAP (Pori No. 26)

0
556

ਅਮੁਲ ਗੁਣ; ਅਮੁਲ ਵਾਪਾਰ ॥ ਅਮੁਲ ਵਾਪਾਰੀਏ; ਅਮੁਲ ਭੰਡਾਰ ॥

ਅਮੁਲ ਆਵਹਿ; ਅਮੁਲ ਲੈ ਜਾਹਿ ॥ ਅਮੁਲ ਭਾਇ; ਅਮੁਲਾ ਸਮਾਹਿ ॥

ਅਮੁਲੁ ਧਰਮੁ; ਅਮੁਲੁ ਦੀਬਾਣੁ ॥ ਅਮੁਲੁ ਤੁਲੁ; ਅਮੁਲੁ ਪਰਵਾਣੁ ॥

ਅਮੁਲੁ ਬਖਸੀਸ; ਅਮੁਲੁ ਨੀਸਾਣੁ ॥ ਅਮੁਲੁ ਕਰਮੁ; ਅਮੁਲੁ ਫੁਰਮਾਣੁ ॥

ਅਮੁਲੋ ਅਮੁਲੁ; ਆਖਿਆ ਨ ਜਾਇ ॥ ਆਖਿ ਆਖਿ ਰਹੇ; ਲਿਵ ਲਾਇ ॥

ਆਖਹਿ; ਵੇਦ ਪਾਠ ਪੁਰਾਣ ॥ ਆਖਹਿ; ਪੜੇ ਕਰਹਿ ਵਖਿਆਣ ॥

ਆਖਹਿ ਬਰਮੇ; ਆਖਹਿ ਇੰਦ ॥ ਆਖਹਿ; ਗੋਪੀ ਤੈ ਗੋਵਿੰਦ ॥

ਆਖਹਿ ਈਸਰ; ਆਖਹਿ ਸਿਧ ॥ ਆਖਹਿ; ਕੇਤੇ ਕੀਤੇ ਬੁਧ ॥

ਆਖਹਿ ਦਾਨਵ; ਆਖਹਿ ਦੇਵ ॥ ਆਖਹਿ; ਸੁਰਿ ਨਰ, ਮੁਨਿ ਜਨ, ਸੇਵ ॥

ਕੇਤੇ ਆਖਹਿ; ਆਖਣਿ ਪਾਹਿ ॥ ਕੇਤੇ; ਕਹਿ ਕਹਿ, ਉਠਿ ਉਠਿ ਜਾਹਿ ॥ ਏਤੇ ਕੀਤੇ; ਹੋਰਿ ਕਰੇਹਿ ॥

ਤਾ; ਆਖਿ ਨ ਸਕਹਿ, ਕੇਈ ਕੇਇ ॥ ਜੇਵਡੁ ਭਾਵੈ; ਤੇਵਡੁ ਹੋਇ ॥ ਨਾਨਕ ! ਜਾਣੈ ਸਾਚਾ ਸੋਇ ॥

ਜੇ ਕੋ ਆਖੈ; ਬੋਲੁ ਵਿਗਾੜੁ ॥ ਤਾ, ਲਿਖੀਐ; ਸਿਰਿ ਗਾਵਾਰਾ ਗਾਵਾਰੁ ॥੨੬॥ (ਜਪੁ /ਮ: ੧)

ਉਚਾਰਨ ਸੇਧ: ਆਵਹਿਂ, ਜਾਹਿਂ, ਸਮਾਹਿਂ, ਬਖ਼ਸ਼ੀਸ਼, ਨੀਸ਼ਾਣ, ਫ਼ੁਰਮਾਣ, ਆਖਹਿਂ, ਪੜ੍ਹੇ, ਕਰਹਿਂ, ਪਾਹਿਂ, ਜਾਹਿਂ, ਕਰੇਹਿਂ, ਤਾਂ, ਸਕਹਿਂ, ਤਾਂ, ਗਾਵਾਰਾਂ।

ਪਦ ਅਰਥ: ਅਮੁਲੁ- ਜਿਸ ਅਦ੍ਰਿਸ਼ ਵਸਤੂ (ਸ਼ਕਤੀ) ਦੀ ਦੁਨਿਆਵੀ (ਦ੍ਰਿਸ਼) ਵਸਤੂਆਂ ਨਾਲ ਕੋਈ ਕੀਮਤ ਨਾ ਪਾਈ ਜਾ ਸਕੇ (ਵਿਸ਼ੇਸ਼ਣ)।, ਆਵਹਿ- ਆਉਂਦੇ ਹਨ (ਵਰਤਮਾਨ, ਬਹੁ ਵਚਨ ਕਿਰਿਆ)।, ਲੈ- ਲੈ ਕੇ (ਕਿਰਿਆ ਵਿਸ਼ੇਸ਼ਣ)।, ਜਾਹਿ- ਜਾਂਦੇ ਹਨ (ਵਰਤਮਾਨ, ਬਹੁ ਵਚਨ ਕਿਰਿਆ)।, ਭਾਇ- ਪ੍ਰੇਮ ਵਿੱਚ (ਇੱਕ ਵਚਨ ਪੁਲਿੰਗ ਨਾਂਵ ‘ਭਾਉ’ ਦਾ ਅਧਿਕਰਣ ਕਾਰਕ ਰੂਪ)।, ਸਮਾਹਿ- ਲੀਨ ਹੋ ਜਾਂਦੇ ਹਨ (ਵਰਤਮਾਨ, ਬਹੁ ਵਚਨ ਕਿਰਿਆ)।, ਧਰਮੁ- ਸੱਚ, ਨਿਆਂ, ਇਨਸਾਫ਼ (ਇੱਕ ਵਚਨ ਪੁਲਿਗ ਨਾਂਵ)।, ਦੀਬਾਣੁ- ਕਚਹਿਰੀ-ਅਦਾਲਤ, ਦਰਬਾਰ, ਇਨਸਾਫ਼ ਦਾ ਘਰ (ਇੱਕ ਵਚਨ ਪੁਲਿੰਗ ਨਾਂਵ)।, ਤੁਲੁ- ਤਰਾਜ਼ੂ, ਤੱਕੜੀ, ਇਨਸਾਫ਼ ਦਾ ਕੰਡਾ (ਇੱਕ ਵਚਨ ਪੁਲਿੰਗ)।, ਪਰਵਾਣੁ- ਇਨਸਾਫ਼ ਰੂਪ ਵੱਟਾ (ਕਸੌਟੀ, ਇੱਕ ਵਚਨ ਪੁਲਿੰਗ ਨਾਂਵ)।, ਨੀਸਾਣੁ- ਦਾਤ ਰੂਪ ਚਿੰਨ੍ਹ, ਬਖ਼ਸ਼ਸ਼ ਰੂਪ ਚਿੰਨ੍ਹ (ਇੱਕ ਵਚਨ ਪੁਲਿੰਗ ਨਾਂਵ)।, ਕਰਮੁ- ਬਖ਼ਸ਼ਸ਼, ਪ੍ਰਸਾਦ, ਫ਼ਜ਼ਲ, ਦਇਆ-ਦ੍ਰਿਸ਼ਟੀ, ਦਇਆ-ਦਿਲੀ (ਇੱਕ ਵਚਨ ਪੁਲਿੰਗ ਨਾਂਵ)।, ਫੁਰਮਾਣੁ-ਹੁਕਮ, ਜਗਤ-ਕਾਰ, ਆਕਾਰ ਦਾ ਵਿਸਥਾਰ ਜਾਂ ਵਿਕਾਸ ਰੂਪ (ਇੱਕ ਵਚਨ ਪੁਲਿੰਗ ਨਾਂਵ), ਅਮੁਲੋ ਅਮੁਲੁ- ਅਮੋਲਕ-ਅਮੋਲਕ, ਉੱਕਾ ਹੀ ਦੁਨਿਆਵੀ ਕੀਮਤ ਰਹਿਤ (ਵਿਸ਼ੇਸ਼ਣ)।, ਆਖਿ ਆਖਿ- ਕਹਿ-ਕਹਿ ਕੇ (ਕਿਰਿਆ ਵਿਸ਼ੇਸ਼ਣ)।, ਰਹੇ- ਰਹਿ ਗਏ, ਥੱਕ ਗਏ, ਅਸਮਰੱਥ ਹੋ ਗਏ (ਕਿਰਿਆ)।, ਲਾਇ- ਲਾ ਕੇ (ਕਿਰਿਆ ਵਿਸ਼ੇਸ਼ਣ)।, ਆਖਹਿ- ਆਖਦੇ ਹਨ (ਵਰਤਮਾਨ, ਬਹੁ ਵਚਨ ਕਿਰਿਆ)।, ਵੇਦ ਪਾਠ ਪੁਰਾਣ-ਵੇਦਾਂ ਤੇ ਪੁਰਾਣਾਂ ਦੇ ਪਾਠ (ਅਧਿਆਇ, ਚੈਪਟਰ, ਬਹੁ ਵਚਨ ਨਾਂਵ)।, ਕਰਹਿ- (ਹੋਰਾਂ ਨੂੰ ਵੀ) ਕਰਦੇ ਹਨ (ਵਰਤਮਾਨ, ਬਹੁ ਵਚਨ ਕਿਰਿਆ)।, ਵਖਿਆਣ- ਸਰਲ ਵਿਸਥਾਰ, ਵਰਨਣ, ਉਪਦੇਸ਼ (ਨਾਂਵ)।, ਇੰਦ-ਅਨੇਕਾਂ ਇੰਦ੍ਰ (ਬਹੁ ਵਚਨ ਨਾਂਵ)।, ਗੋਪੀ- ਗੋਪੀਆਂ (ਇਸਤ੍ਰੀ ਲਿੰਗ)।, ਤੈ- ਅਤੇ (ਯੋਜਕ)।, ਗੋਵਿੰਦ- ਅਨੇਕਾਂ ਕ੍ਰਿਸ਼ਨ (ਬਹੁ ਵਚਨ ਨਾਂਵ)।, ਕੇਤੇ- ਕਿਤਨੇ (ਅਨਿਸਚਿਤ ਗਿਣਤੀ-ਵਾਚਕ ਵਿਸ਼ੇਸ਼ਣ)।, ਕੀਤੇ- ਪੈਦਾ ਕੀਤੇ (ਕ੍ਰਿਦੰਤ, ਕਾਰਦੰਤਕ)।, ਬੁਧ- ਕਈ ਮਹਾਤਮਾ ਬੁਧ (ਬਹੁ ਵਚਨ ਨਾਂਵ)।, ਦਾਨਵ- ਰਾਖਸ਼, ਦੈਂਤ (ਬਹੁ ਵਚਨ ਨਾਂਵ)।, ਦੇਵ- ਦੇਵਤੇ (ਬਹੁ ਵਚਨ ਨਾਂਵ)।, ਸੁਰਿ ਨਰ-ਸ੍ਰੇਸ਼ਠ ਮਨੁੱਖ (ਬਹੁ ਵਚਨ ਨਾਂਵ)।, ਮੁਨਿ ਜਨ-ਮੋਨੀ (ਬਹੁ ਵਚਨ ਨਾਂਵ)।, ਕੇਤੇ- (ਹੋਰ ਵੀ) ਕਿਤਨੇ (ਅਨਿਸਚਿਤ ਗਿਣਤੀ-ਵਾਚਕ ਵਿਸ਼ੇਸ਼ਣ)।, ਆਖਣਿ- ਬੋਲਣ ਲਈ (ਕਿ੍ਰਦੰਤ)।, ਪਾਹਿ-ਪੈਂਦੇ ਹਨ, ਯਤਨ ਕਰਦੇ ਹਨ (ਵਰਤਮਾਨ, ਬਹੁ ਵਚਨ ਕਿਰਿਆ)।, ਕਹਿ-ਕਹਿ, ਉਠਿ-ਉਠਿ- ਆਖ-ਆਖ ਕੇ, ਉੱਠ-ਉੱਠ ਕੇ (ਭਾਵ ਬੋਲਦਿਆਂ-ਬੋਲਦਿਆਂ (ਹੀ) ਮਰ-ਮਰ ਕੇ ਭਾਵ ਮਰਦਿਆਂ-ਮਰਦਿਆਂ (ਹੀ), ਕ੍ਰਿਦੰਤ)।, ਜਾਹਿ- (ਮਰ) ਜਾਂਦੇ ਹਨ (ਵਰਤਮਾਨ, ਬਹੁ ਵਚਨ ਕਿਰਿਆ)।, ਏਤੇ- ਇਤਨੇ (ਅਨਿਸਚਿਤ ਗਿਣਤੀ-ਵਾਚਕ ਵਿਸ਼ੇਸ਼ਣ)।, ਹੋਰਿ- (ਉਕਤ ਬਿਆਨ ਕਰਨ ਤੋਂ ਇਲਾਵਾ) ਹੋਰ ਅਣਗਿਣਤ (ਅਨਿਸਚਿਤ ਗਿਣਤੀ-ਵਾਚਕ ਵਿਸ਼ੇਸ਼ਣ)।, ਕਰੇਹਿ-ਤੂੰ ਕਰੇਂ, ਤੂੰ ਕਰ ਦੇਵੇਂ (ਦੂਜਾ ਪੁਰਖ, ਇੱਕ ਵਚਨ ਕਿਰਿਆ)।, ਤਾ- ਤਾਂ ਵੀ (ਯੋਜਕ)।, ਕੇਈ-ਕੇਇ- ਕਈ, ਅਨੇਕਾਂ (ਮਨੁੱਖ, ਬਹੁ ਵਚਨ ਪੜਨਾਂਵ)।, ਜੇਵਡੁ-ਜਿਤਨਾ ਵੱਡਾ (ਕਿਰਿਆ ਵਿਸ਼ੇਸ਼ਣ)।, ਭਾਵੈ-ਪਸੰਦ ਹੈ, ਮਨਜ਼ੂਰ ਹੈ (ਇੱਕ ਵਚਨ ਕਿਰਿਆ)।, ਤੇਵਡੁ- ਉਤਨਾ ਵੱਡਾ (ਕਿਰਿਆ ਵਿਸ਼ੇਸ਼ਣ)।, ਸੋਇ-ਉਹ (ਸਾਚਾ, ਇੱਕ ਵਚਨ ਪੜਨਾਂਵੀ ਵਿਸ਼ੇਸ਼ਣ)।, ਬੋਲੁ ਵਿਗਾੜੁ-ਆਪਣੀ ਭਾਸ਼ਾ (ਇਨਸਾਨੀਅਤ) ਨੂੰ ਵਿਗਾੜਨ ਵਾਲਾ, ਬੜਬੋਲਾ, ਹੋਛਾ, ਫੁਕਰਾ (ਖਾਇਕੁ, ਮੂਰਖ, ਇੱਕ ਵਚਨ ਪੁਲਿੰਗ)।,

(ਨੋਟ: ‘ਬੋਲੁ ਵਿਗਾੜੁ’ ਦੋ ਸ਼ਬਦ ਹਨ, ਨਾ ਕਿ ਇੱਕ, ਕਿਉਂਕਿ ਅਗਰ ਇੱਕ ਮੰਨ ਲਿਆ ਜਾਵੇ ਤਾਂ ‘ਲੁ’ ਦਾ ਅੰਤ ਔਂਕੜ ਉਚਾਰਨ ਦਾ ਭਾਗ ਬਣ ਜਾਵੇਗਾ, ਜੋ ਕਰਮ ਕਾਰਕ ਦੇ ਚਿੰਨ੍ਹ ‘ਨੂੰ’ ਦੇ ਸੰਕੇਤ ਦਾ ਪ੍ਰਤੀਕ ਹੈ।) ਲਿਖੀਐ- ਲਿਖਣਾ ਚਾਹੀਦਾ ਹੈ, ਮੰਨਣਾ ਚਾਹੀਦਾ ਹੈ (ਕਿਰਿਆ)।, ਗਾਵਾਰਾ ਸਿਰਿ- ਮੂਰਖਾਂ ਦੇ ਸਿਰ ਉੱਤੇ (ਭਾਵ ‘ਮੂਰਖਾਂ ਵਿੱਚੋਂ ਵੀ’ ਅਧਿਕਰਣ ਕਾਰਕ)।, ਗਾਵਾਰੁ- ਮੂਰਖ (ਇੱਕ ਵਚਨ ਪੁਲਿੰਗ)।

‘ਜਪੁ’ ਬਾਣੀ ਦੇ 115 ਸ਼ਬਦਾਂ ਦੇ ਸੁਮੇਲ ਨਾਲ ਭਰਪੂਰ ਉਕਤ ਪਉੜੀ ਨੰਬਰ 26 ਦੀ ਲਿਖਤ ’ਚ ਅਤਿ ਧਿਆਨ ਦੇਣ ਯੋਗ ਗੱਲਾਂ:

(1). ਆਕਾਰ (ਕੁਦਰਤ) ਨਾਲ ਸੰਬੰਧਿਤ ਤਮਾਮ ਨਾਂਵ ਸ਼ਬਦ ਬਹੁ ਵਚਨ ਹਨ; ਜਿਵੇਂ: ‘ਗੁਣ, ਵਾਪਾਰ, ਵਾਪਾਰੀਏ, ਭੰਡਾਰ, ਵੇਦ, ਪਾਠ, ਪੁਰਾਣ, ਪੜੇ (ਵਿਦਵਾਨ), ਬਰਮੇ, ਇੰਦ, ਗੋਪੀ, ਗੋਵਿੰਦ, ਈਸਰ, ਸਿਧ, ਬੁਧ, ਦਾਨਵ, ਦੇਵ, ਸੁਰਿ ਨਰ, ਮੁਨਿ ਜਨ, ਸੇਵ (ਸੇਵਕ)’ ਆਦਿ, ਇਸ ਲਈ ਇਨ੍ਹਾਂ ਨਾਲ ਸੰਬੰਧਿਤ ਵਿਸ਼ੇਸ਼ਣ ਵੀ ‘ਅਮੁਲ’ (ਅੰਤ ਮੁਕਤਾ) ਹੈ ਤੇ ਇਨ੍ਹਾਂ ਨਾਲ ਸੰਬੰਧਿਤ ਕਿਰਿਆਵਾਚੀ ਸ਼ਬਦ ‘ਆਵਹਿ, ਜਾਹਿ, ਸਮਾਹਿ, ਆਖਹਿ, ਕਰਹਿ, ਪਾਹਿ, ਜਾਹਿ’ ਆਦਿ ਵੀ ਬਹੁ ਵਚਨ ਦਾ ਪ੍ਰਤੀਕ ਹਨ ਪਰ ਨਿਰਾਕਾਰ ਪ੍ਰਭੂ (ਇੱਕ ਵਚਨ) ਨਾਲ ਸੰਬੰਧਿਤ ਤਮਾਮ ਨਾਂਵ (ਸ਼ਬਦ) ਇੱਕ ਵਚਨ ਹੀ ਹਨ; ਜਿਵੇਂ: ‘ਧਰਮੁ, ਦੀਬਾਣੁ, ਤੁਲੁ, ਪਰਵਾਣੁ, ਬਖਸੀਸ, ਨੀਸਾਣੁ, ਕਰਮੁ, ਫੁਰਮਾਣੁ’ ਆਦਿ, ਇਸ ਲਈ ਇਨ੍ਹਾਂ ਨਾਲ ਸੰਬੰਧਿਤ ਵਿਸ਼ੇਸ਼ਣ ਵੀ ‘ਅਮੁਲੁ’ (ਅੰਤ ਔਂਕੜ, ਇੱਕ ਵਚਨ) ਹੀ ਹੈ।

(2). ਆਕਾਰ (ਕੁਦਰਤ) ਦਾ ਭਾਗ ਮੰਨੇ ਜਾਂਦੇ ਤਮਾਮ ਅਨਿਸਚਿਤ ਗਿਣਤੀ-ਵਾਚਕ ਵਿਸ਼ੇਸ਼ਣ ਵੀ ਬਹੁ ਵਚਨ ਹੀ ਹਨ; ਜਿਵੇਂ: ‘ਕੇਤੇ, ਏਤੇ, ਹੋਰਿ’ ਤੇ ਪੜਨਾਂਵ ‘ਕੇਈ ਕੇਇ’ ਆਦਿ ਪਰ ਪ੍ਰਮਾਤਮਾ (ਇੱਕ ਵਚਨ) ਨਾਲ ਸੰਬੰਧਿਤ ਕਿਰਿਆ ਵਿਸ਼ੇਸ਼ਣ ਸ਼ਬਦ ਵੀ ‘ਜੇਵਡੁ, ਤੇਵਡੁ’ (ਇੱਕ ਵਚਨ) ਹੀ ਦਰਜ ਕੀਤਾ ਗਿਆ ਹੈ।

(3). ਪਉੜੀ ਦੀ ਸਮਾਪਤੀ ਆਕਾਰ ਰੂਪ ’ਚ ਇੱਕ ਵਚਨ (ਨਾ-ਮਾਤ੍ਰ ਹੀ) ਰੱਖੀ ਗਈ ਹੈ; ਜਿਵੇਂ: ‘ਬੋਲੁ ਵਿਗਾੜੁ’ ਤੇ ‘ਗਾਵਾਰੁ’ (ਅੰਤ ਔਂਕੜ), ਜੋ ਕਰਤੇ ਦੀ ਵਿਆਪਕ ਕੁਦਰਤ ਬਾਰੇ ਤਮਾਮ ਆਕਾਰ (ਬਹੁ ਵਚਨ) ਵਿੱਚੋਂ ਕੇਵਲ ਇੱਕ ਵੀ ਬਿਆਨ ਨਹੀਂ ਕਰ ਸਕਦਾ, ਦੇ ਸੰਕੇਤ ਦਾ ਪ੍ਰਤੀਕ ਹੈ।

ਸੋ, ਪਿਛਲੀ ਪਉੜੀ ਨੰਬਰ 25 ਦਾ ਵਿਸ਼ਾ ‘‘ਕਰਤੇ ਕੈ ਕਰਣੈ, ਨਾਹੀ ਸੁਮਾਰੁ॥’’ ਨੂੰ ਦਿੱਤੀਆਂ ਜਾ ਰਹੀਆਂ ਤਮਾਮ ਦਾਤਾਂ ‘‘ਬਹੁਤਾ ਕਰਮੁ, ਲਿਖਿਆ ਨ ਜਾਇ॥’’ ਬਾਰੇ ਜ਼ਿਕਰ ਸੀ, ਜਿਸ ਦੀ ਸਮਾਪਤੀ ‘‘ਜਿਸ ਨੋ ਬਖਸੇ, ਸਿਫਤਿ ਸਾਲਾਹ ॥ ਨਾਨਕ ! ਪਾਤਿਸਾਹੀ ਪਾਤਿਸਾਹੁ ॥੨੫॥’’ ਨਾਲ ਕੀਤੀ ਗਈ ਸੀ ਤੇ ਇਸ ਪਉੜੀ (26) ’ਚ ਰੱਬੀ ਬਖ਼ਸ਼ਸ਼ ਨਾਲ ਮਿਲ ਰਹੀਆਂ ਇਨ੍ਹਾਂ ਤਮਾਮ ਦਾਤਾਂ ਦਾ ਮੁੱਲ, ਕੋਈ ਵੀ ਜੀਵ ਦੁਨਿਆਵੀ ਪਦਾਰਥਾਂ ਨਾਲ ਨਹੀਂ ਪਾ ਸਕਦਾ, ਨਾਲ ਸੰਬੰਧਿਤ ਹੀ ਪਉੜੀ ਦਾ ਵਿਸ਼ਾ ਹੈ।

ਉਕਤ ਪਉੜੀ ’ਚ ਮਨੁੱਖਾ ਦ੍ਰਿਸ਼ਟੀ ਤੋਂ ਜੋ ‘ਦਾਤ’ ਹੈ, ਉਹੀ ਦਾਤਾਰ-ਮਾਲਕ ਦੀ ਦ੍ਰਿਸ਼ਟੀ ਤੋਂ ‘ਗੁਣ’ ਹਨ ਭਾਵ ਮਿਲਣ ਵਾਲ਼ੇ ਲਈ ਜੋ ਦਾਤ ਹੈ, ਦੇਣ ਵਾਲ਼ੇ ਦੇ ਉਹ ਗੁਣ ਅਖਵਾਉਂਦੇ ਹਨ, ਜਿਨ੍ਹਾਂ ਦਾ ਵਰਣਨ ਅਗਲੀ ਪਉੜੀ ’ਚ ਦਰਜ ਹੈ।)

‘‘ਅਮੁਲ ਗੁਣ; ਅਮੁਲ ਵਾਪਾਰ ॥ ਅਮੁਲ ਵਾਪਾਰੀਏ; ਅਮੁਲ ਭੰਡਾਰ ॥’’ ਇਸ ਪੰਕਤੀ ’ਚ ਦਰਜ ‘ਅਮੁਲ’ (ਅੰਤ ਮੁਕਤਾ, ਵਿਸ਼ੇਸ਼ਣ) ਸ਼ਬਦ ਆਪਣੇ ਨਾਲ ਸੰਬੰਧਿਤ ਨਾਂਵ (‘ਗੁਣ, ਵਾਪਾਰ, ਵਾਪਾਰੀਏ ਤੇ ਭੰਡਾਰ’) ਅੰਤ ਮੁਕਤੇ ਭਾਵ ਬਹੁ ਵਚਨ ਸ਼ਬਦਾਂ ਕਾਰਨ ਹੈ। ਗੁਰਬਾਣੀ ਵਿੱਚ ‘ਅਮੁਲ’ (ਅੰਤ ਮੁਕਤਾ, ਵਿਸ਼ੇਸ਼ਣ) ਸ਼ਬਦ ਕੇਵਲ 8 ਵਾਰ ਇਸ ਪਉੜੀ ਵਿੱਚ ਹੀ ਦਰਜ ਹੈ।

ਅਮੁਲ ਗੁਣ, ਅਮੁਲ ਵਾਪਾਰ॥ ਅਮੁਲ ਵਾਪਾਰੀਏ, ਅਮੁਲ ਭੰਡਾਰ॥

ਭਾਵ- (ਦਾਤਾਰ ਦੇ) ਗੁਣ ਬਹੁ ਕੀਮਤੀ ਹਨ (ਜੋ, ਅਣਮੰਗਿਆਂ ਮਿਲੀ ਦਾਤ ਜਾਂ ਦੁਨਿਆਵੀ ਭੇਟਾ ਨਾਲ਼ ਨਹੀਂ ਮਿਲਦੇ ‘‘ਕੰਚਨ ਸਿਉ (ਸੋਨੇ ਨਾਲ਼); ਪਾਈਐ ਨਹੀਂ ਤੋਲਿ (ਕੇ) ॥’’ ਇਸ ਲਈ ‘‘ਮਨੁ ਦੇ (ਕੇ), ਰਾਮੁ ਲੀਆ ਹੈ ਮੋਲਿ ॥’’ ਭਗਤ ਕਬੀਰ/੩੨੭) ਇਨ੍ਹਾਂ ਅਮੋਲਕ ਗੁਣਾਂ ਦਾ) ਵਣਜ-ਵਪਾਰ ਵੀ ਬਹੁ ਕੀਮਤੀ ਹੈ (ਭਾਵ ਦੁਨਿਆਵੀ ਵਣਜ-ਵਪਾਰ ਦੇ ਮੁਕਾਬਲੇ ਇਹ ਵਪਾਰ ਵਿਲੱਖਣ ਤੇ ਮਹਿੰਗਾ ਹੈ, ਜਿਸ ਨੂੰ ਨਾਸਮਝ ਨਹੀਂ ਕਮਾ ਸਕਦਾ) ਇਸ ਵਪਾਰ ਨੂੰ ਕਰਨ ਵਾਲ਼ੇ (ਰੱਬੀ ਭਗਤ) ਅਮੋਲਕ ਜੀਵਨ ਵਾਲ਼ੇ ਹੁੰਦੇ ਹਨ (ਭਾਵ ਜਿਸ ਨੇ ਇਹ ਵਪਾਰ ਕੀਤਾ ਉਹ ‘ਕਿਰਦਾਰ’ ਦੁਨਿਆਵੀ ਦਾਤ ਨਾਲ਼ ਵਿਕਦਾ ਨਹੀਂ ਕਿਉਂਕਿ ਉਨ੍ਹਾਂ ਪਾਸ) ਕੀਮਤੀ ਖ਼ਜ਼ਾਨੇ (ਮਤਿ ਵਿਚਿ; ਰਤਨ ਜਵਾਹਰ ਮਾਣਿਕ.. ॥) ਹੁੰਦੇ ਹਨ।

‘‘ਅਮੁਲ ਆਵਹਿ; ਅਮੁਲ ਲੈ ਜਾਹਿ ॥ ਅਮੁਲ ਭਾਇ; ਅਮੁਲਾ ਸਮਾਹਿ ॥’’ ਇਨ੍ਹਾਂ ਪੰਕਤੀਆਂ ’ਚ ਦਰਜ ‘ਅਮੁਲ’ (ਅੰਤ ਮੁਕਤਾ, ਵਿਸ਼ੇਸ਼ਣ) ਤੇ ‘ਆਵਹਿ, ਜਾਹਿ, ਸਮਾਹਿ’ (ਵਰਤਮਾਨ, ਬਹੁ ਵਚਨ ਕਿਰਿਆ) ਆਦਿ ਸ਼ਬਦ ਸਪਸ਼ਟ ਕਰਦੇ ਹਨ ਕਿ ਆਕਾਰ ਰੂਪ ’ਚ ਬਹੁ ਵਚਨ ਨਾਂਵਾਂ ਨਾਲ ਸੰਬੰਧਿਤ ਵਿਸ਼ਾ ਹੈ। ਧਿਆਨ ਰਹੇ ਕਿ ਉਪਰੋਕਤ ਵੀਚਾਰ ਕੀਤੀਆਂ ਜਾ ਚੁੱਕੀਆਂ ਚਾਰੇ ਹੀ ਪੰਕਤੀਆਂ ਬਹੁ ਵਚਨ ਨਾਂਵ (ਆਕਾਰ) ਨਾਲ ਸੰਬੰਧਿਤ ਵਿਸ਼ੇ ਅਧੀਨ ਹਨ।

ਅਮੁਲ ਆਵਹਿ, ਅਮੁਲ ਲੈ ਜਾਹਿ॥ ਅਮੁਲ ਭਾਇ, ਅਮੁਲਾ ਸਮਾਹਿ॥

ਭਾਵ- (ਰੱਬੀ ਆਸ਼ਕ, ਇਨ੍ਹਾਂ) ਕੀਮਤੀ (ਗੁਣਾਂ ਨੂੰ ਖ਼ਰੀਦਣ ਲਈ ਧਰਤੀ ’ਤੇ) ਆਉਂਦੇ ਹਨ, ਇਹ ਕੀਮਤੀ ਵਪਾਰ ਲੈ (ਇਕੱਠਾ ਕਰ) ਕੇ (ਸਮਾਜ ’ਚ) ਵਿਚਰਦੇ ਹਨ (ਅੰਤ ਨੂੰ) ਬਹੁਮੁੱਲੇ ਰੱਬੀ ਪ੍ਰੇਮ ਕਾਰਨ ਅਮੋਲਕ ਗੁਣਾਂ ਦੇ ਸਰੋਤ (ਦਾਤਾਰ) ’ਚ ਲੀਨ ਹੋ ਜਾਂਦੇ ਹਨ (ਜਿਵੇਂ ਸੂਰਜ ਦੀਆਂ ਕਿਰਣਾਂ ਜਾਂ ਨਦੀਆਂ ਤੇ ਨਾਲੇ, ਮੁੜ ਪਾਣੀ (ਸਮੁੰਦਰ) ’ਚ ਅਭੇਦ ਹੋ ਜਾਂਦੇ ਹਨ, ‘‘ਸੂਰਜ ਕਿਰਣਿ ਮਿਲੇ; ਜਲ ਕਾ ਜਲੁ ਹੂਆ ਰਾਮ ॥’’ (ਮਹਲਾ ੫/੮੪੬), ਨਦੀਆ ਅਤੈ ਵਾਹ; ਪਵਹਿ ਸਮੁੰਦਿ, ਨ ਜਾਣੀਅਹਿ ॥ ਜਪੁ)।

‘‘ਅਮੁਲੁ ਧਰਮੁ; ਅਮੁਲੁ ਦੀਬਾਣੁ ॥ ਅਮੁਲੁ ਤੁਲੁ; ਅਮੁਲੁ ਪਰਵਾਣੁ ॥’’-ਇਨ੍ਹਾਂ 2 ਪੰਕਤੀਆਂ ਸਹਿਤ ਅਗਲੀਆਂ 4 ਪੰਕਤੀਆਂ ਵਿੱਚ ਸਾਰੇ ਹੀ ਸ਼ਬਦ ਇੱਕ ਵਚਨ (ਅਦ੍ਰਿਸ਼ ਪ੍ਰਭੂ) ਨਾਲ ਸੰਬੰਧਿਤ ਹੋਣ ਕਾਰਨ ‘ਅੰਤ ਔਂਕੜ’ ਸਮੇਤ ਹਨ। ‘ਅਮੁਲੁ’ (ਅੰਤ ਔਂਕੜ, ਵਿਸ਼ੇਸ਼ਣ) ਸ਼ਬਦ ਗੁਰਬਾਣੀ ਵਿੱਚ 10 ਵਾਰ ਦਰਜ ਹੈ ਜਿਸ ਵਿੱਚੋਂ 9 ਵਾਰ ਸੰਬੰਧਿਤ ਪਉੜੀ ਵਿੱਚ ਤੇ ਕੇਵਲ ਇੱਕ ਵਾਰ ਗੁਰੂ ਅਮਰਦਾਸ ਜੀ ਨੇ ‘ਆਸਾ’ ਰਾਗ ’ਚ ਵਰਤਿਆ ਹੈ; ਜਿਵੇਂ: ‘‘ਨਾਮੁ ਪਦਾਰਥੁ ‘ਅਮੁਲੁ’ ਸਾ (ਸੀ), ਗੁਰਮੁਖਿ ਪਾਵੈ ਕੋਈ ॥’’ (ਮ: ੩/੪੨੫) ਭਾਵ ਇਸ ਪੰਕਤੀ ’ਚ ਵੀ ‘ਅਮੁਲੁ’ ਰੱਬੀ ਨਾਮ (ਇੱਕ ਵਚਨ) ਨਾਲ ਸੰਬੰਧਿਤ ਹੋਣ ਕਾਰਨ ਹੀ ‘ਅੰਤ ਔਂਕੜ’ ਸਹਿਤ ਹੈ।

‘ਧਰਮੁ, ਦੀਬਾਣੁ, ਤੁਲੁ, ਪਰਵਾਣੁ’ ਸ਼ਬਦ ਇੱਕ ਦੂਸਰੇ ਨਾਲ ਸੰਬੰਧਿਤ ਭਾਵਾਰਥ ਦੇਂਦੇ ਹਨ ਭਾਵ ‘ਧਰਮੁ’ ਸੰਵਿਧਾਨ (ਕਨੂੰਨ, ਵਿਵਸਥਾ, ਨਿਯਮ, ਇਨਸਾਫ਼) ਹੈ, ‘ਦੀਬਾਣੁ’ ਕਚਹਿਰੀ (ਅਦਾਲਤ, ਇਨਸਾਫ਼ ਦਾ ਘਰ) ਹੈ, ‘ਤੁਲੁ’ ਇਨਸਾਫ਼ ਦਾ ਤਰਾਜ਼ੂ (ਤੱਕੜੀ) ਹੈ ਤੇ ‘ਪਰਵਾਣੁ’ ਇਨਸਾਫ਼ ਦਾ ਵੱਟਾ (ਪੈਮਾਨਾ, ਮਾਪਦੰਡ, ਕਸੌਟੀ) ਹੈ, ਜਿਸ ਨਾਲ ਮਨੁੱਖਾ ਜੀਵਨ ਦੀ ਪਰਖ (ਜਾਂਚ, ਛਾਣ-ਬੀਣ) ਕੀਤੀ ਜਾਂਦੀ ਹੈ।

ਗੁਰਬਾਣੀ ਵਿੱਚ ‘ਧਰਮੁ’ ਸ਼ਬਦ 103 ਵਾਰ ਦਰਜ ਹੈ; ਜਿਵੇਂ: ‘‘ਧੌਲੁ ‘ਧਰਮੁ’ ਦਇਆ ਕਾ ਪੂਤੁ ॥’’ (ਜਪੁ /ਮ: ੧) ਆਦਿ। ‘ਜਪੁ’ ਬਾਣੀ ਦੀ ਪਉੜੀ ਨੰਬਰ 34 ਭਾਵ ‘‘ਧਰਮ ਖੰਡ ਕਾ ਏਹੋ ਧਰਮੁ ॥’’ (ਜਪੁ /ਮ: ੧) ਵਿੱਚ ਵੀ ‘ਧਰਮ’ (ਰੱਬੀ ਕਨੂੰਨ) ਦੇ ਵਿਆਪਕ ਵਿਸਥਾਰ ਨਾਲ ਸੰਬੰਧਿਤ ਵਿਸ਼ਾ ਹੀ ਦਰਜ ਹੈ, ਜਿਸ (ਕਨੂੰਨ) ਦੀ ਪਰਖ (ਕਸੌਟੀ) ਵਾਲੀ ਜਗ੍ਹਾ ਭਾਵ ਰੱਬੀ ਅਦਾਲਤ ਲਈ ਵੀ ਗੁਰਬਾਣੀ ਵਿੱਚ ‘ਦੀਬਾਣੁ’ (‘ਹਜੂਰੀ’ ਜਾਂ ‘ਹਜੂਰਿ, ਹਦੂਰਿ’ ਆਦਿ) ਸ਼ਬਦ ਦਰਜ ਕੀਤੇ ਗਏ ਹਨ; ਜਿਵੇਂ: ‘‘ਚੰਗਿਆਈਆ ਬੁਰਿਆਈਆ; ਵਾਚੈ ਧਰਮੁ, ‘ਹਦੂਰਿ’ (ਵਿੱਚ ਭਾਵ ‘ਦੀਬਾਣਿ’ ਵਿੱਚ)॥’’ (ਜਪੁ /ਮ: ੧)

(ਨੋਟ: ਧਿਆਨ ਰਹੇ ਕਿ ਉਕਤ ਪੰਕਤੀ (‘‘ਵਾਚੈ ਧਰਮੁ, ਹਦੂਰਿ॥’’) ’ਚ ਦਰਜ ‘ਧਰਮੁ’ ਸ਼ਬਦ ਦੇ ਪ੍ਰਚੱਲਤ ਅਰਥ ‘ਧਰਮਰਾਜ’ ਕੀਤੇ ਜਾਂਦੇ ਹਨ ਜੋ ਕਿ ਦਰੁਸਤ ਨਹੀਂ ਜਾਪਦੇ ਕਿਉਂਕਿ ਇਸ ਪੰਕਤੀ ’ਚ ਸ਼ਬਦ ‘ਵਾਚੈ’ (ਪਰਖਦਾ ਹੈ, ਇੱਕ ਵਚਨ ਪੁਲਿੰਗ ਵਰਤਮਾਨ ਕਿਰਿਆ) ਹੈ ਜਦਕਿ ‘ਧਰਮਰਾਜ’ ਭਵਿੱਖ ਕਾਲ ਦੇ ਪ੍ਰਤੀਕ ਦਾ ਸੰਕੇਤ ਹੈ। ਇਸ ਦੀ ਵਿਸਥਾਰ ਨਾਲ ਵੀਚਾਰ ਸੰਬੰਧਿਤ ‘ਸਲੋਕ’ ’ਚ ਹੀ ਕੀਤੀ ਜਾਵੇਗੀ।)

ਗੁਰਬਾਣੀ ਵਿੱਚ ‘ਦੀਬਾਣੁ’ (ਦਰਬਾਰ, ਅਦਾਲਤ) ਸ਼ਬਦ 29 ਵਾਰ ਦਰਜ ਹੈ; ਜਿਵੇਂ : ‘‘ਸਚਾ ਤੇਰਾ ਅਮਰੁ; ਸਚਾ ਦੀਬਾਣੁ ॥’’ (ਮ: ੧/੪੬੩) ਭਾਵ ਹੇ ਪ੍ਰਭੂ ! ਤੇਰਾ ‘ਅਮਰੁ’ (ਹੁਕਮ, ‘ਧਰਮੁ’, ਕਨੂੰਨ) ਵੀ ਅਟੱਲ ਹੈ ਤੇ ‘ਦੀਬਾਣੁ’ ਵੀ ਅਟੱਲ ਹੈ, ਜਿੱਥੇ ਤੇਰੇ ਕਨੂੰਨ (‘ਅਮਰੁ’, ਹੁਕਮ) ਦੀ ਕਸੌਟੀ ’ਤੇ ਦੁਨਿਆਵੀ ਮਨੁੱਖਾ ਜੀਵਨ ਲਗਾਏ ਜਾਂਦੇ ਹਨ।

ਗੁਰਬਾਣੀ ਲਿਖਤ ਅਨੁਸਾਰ ਜਦ ‘ਅਦਾਲਤ ਵਿੱਚ’ ਦੇ ਅਰਥ ਲੈਣੇ ਹੋਣ ਤਾਂ ‘ਦੀਬਾਣੁ’ (ਅੰਤ ਔਂਕੜ) ਸ਼ਬਦ ਦਾ ਸਰੂਪ ‘ਦੀਬਾਣਿ’ (ਅੰਤ ਸਿਹਾਰੀ) ਬਣ ਜਾਂਦਾ ਹੈ; ਜਿਵੇਂ 6 ਵਾਰ:

‘‘ਸਚੈ ਦੈ ਦੀਬਾਣਿ (ਵਿੱਚ); ਕੂੜਿ (ਨਾਲ) ਨ ਜਾਈਐ ॥’’ (ਮ: ੧/੧੪੬)

‘‘ਖੋਟੇ ਖਰੇ ਪਰਖੀਅਨਿ; ਸਾਹਿਬ ਕੈ ਦੀਬਾਣਿ (ਵਿੱਚ) ॥’’ (ਮ: ੧/੭੮੯)

‘‘ਸਦਾ ਧਰਮੁ (ਇਨਸਾਫ਼ ਹੁੰਦਾ); ਜਾ ਕੈ ਦੀਬਾਣਿ (ਵਿੱਚ)॥’’ (ਮ: ੫/੯੮੭), ਆਦਿ।

ਗੁਰਬਾਣੀ ਵਿੱਚ ‘ਤੁਲੁ’ (ਤੱਕੜੀ) ਸ਼ਬਦ ਸੰਬੰਧਿਤ ਪੰਕਤੀ ਤੋਂ ਇਲਾਵਾ ਇੱਕ ਵਾਰ ਹੋਰ ‘ਪਰਵਾਣੁ’ (ਵੱਟਾ) ਸ਼ਬਦ ਨਾਲ ਹੀ ਸੰਬੰਧਿਤ ਦਰਜ ਹੈ; ਜਿਵੇਂ: ‘‘ਆਪੇ ਕੀਮਤਿ ਪਾਇਦਾ ਪਿਆਰਾ; ਆਪੇ ‘ਤੁਲੁ’ (ਤੇ) ‘ਪਰਵਾਣੁ’ ॥’’ (ਮ: ੪/੬੦੬) ਅਤੇ ‘ਪਰਵਾਣੁ’ ਸ਼ਬਦ 126 ਵਾਰ ਦਰਜ ਹੈ; ਜਿਵੇਂ: ‘‘ਆਏ ਸੇ ‘ਪਰਵਾਣੁ’ ਹੈ; ਸਭ ਕੁਲ ਕਾ ਕਰਹਿ ਉਧਾਰੁ ॥’’ (ਮ: ੩/੬੬) ਆਦਿ।

ਅਮੁਲੁ ਧਰਮੁ, ਅਮੁਲੁ ਦੀਬਾਣੁ॥ ਅਮੁਲੁ ਤੁਲੁ, ਅਮੁਲੁ ਪਰਵਾਣੁ॥

ਭਾਵ- (ਰੱਬੀ ਗੁਣ ਰੂਪ ਅਸੂਲ) ਨਿਯਮ ਵਿਕਦਾ ਨਹੀਂ, ਰੱਬੀ ਇਨਸਾਫ਼-ਘਰ (ਕਿਰਦਾਰ ਨੂੰ ਪਰਖਣ ਵਾਲ਼ਾ ਮਾਪ-ਦੰਡ ਵੀ) ਬਹੁ ਕੀਮਤੀ ਹੈ, ਜਿੱਥੇ ਬਹੁਮੁੱਲੀ ਤਰਾਜ਼ੂ ਤੇ ਅਮੋਲਕ ਵੱਟਾ ਹੈ (ਭਾਵ ਫ਼ੈਸਲਾ ਪਾਰਦਰਸ਼ੀ ਤੇ ਦੁਬਿਧਾ ਰਹਿਤ ਹੁੰਦਾ ਹੈ, ‘‘ਅਹਿ ਕਰੁ (ਇਹ ਹੱਥ) ਕਰੇ, ਸੁ ਅਹਿ ਕਰੁ (ਹੀ) ਪਾਏ; ਕੋਈ ਨ ਪਕੜੀਐ, ਕਿਸੈ ਥਾਇ (ਕਿਸੇ ਦੇ ਬਦਲੇ) ॥’’ ਮਹਲਾ ੫/੪੦੬)।

‘‘ਅਮੁਲੁ ਬਖਸੀਸ; ਅਮੁਲੁ ਨੀਸਾਣੁ ॥ ਅਮੁਲੁ ਕਰਮੁ; ਅਮੁਲੁ ਫੁਰਮਾਣੁ ॥’’- ਇਨ੍ਹਾਂ (ਇੱਕ ਵਚਨ ਅਦ੍ਰਿਸ਼ ਵਿਸ਼ੇ ਨਾਲ ਸੰਬੰਧਿਤ) ਪੰਕਤੀਆਂ ’ਚ ‘ਬਖਸੀਸ’ (ਇਸਤ੍ਰੀ ਲਿੰਗ) ਸ਼ਬਦ ਹੋਣ ਕਾਰਨ ਇਸ ਨਾਲ ਸੰਬੰਧਿਤ ਵਿਸ਼ੇਸ਼ਣ ਸ਼ਬਦ ‘ਅਮੁਲੁ’ (ਅੰਤ ਔਂਕੜ) ਦੀ ਬਜਾਏ ‘ਅਮੁਲ’ (ਅੰਤ ਮੁਕਤਾ) ਹੋਣਾ ਚਾਹੀਦਾ ਸੀ।

(ਨੋਟ: ਭਾਈ ਜੋਗਿੰਦਰ ਸਿੰਘ ਜੀ ਤਲਵਾੜਾ ਨੇ ‘ਅਮੁਲੁ ਬਖਸੀਸ’ ਸ਼ਬਦਾਂ ਨੂੰ ਅਲੱਗ-ਅਲੱਗ ਕਰਕੇ ਭਾਵ ‘ਅਮੁਲੁ’ ਨੂੰ ‘ਬਖਸੀਸ’ (ਇਸਤ੍ਰੀ ਲਿੰਗ) ਦਾ ਵਿਸ਼ੇਸ਼ਣ ਨਾ ਮੰਨ ਕੇ ਇਉਂ ਅਰਥ ਕੀਤੇ ਹਨ : (ਕਰਤਾ ਪੁਰਖ ਦਾ) ‘ਬਖਸ਼ੀਸ਼ ਵਜੋਂ ਦਿੱਤਾ ਹਰੇਕ ‘ਦਾਨ ਅਮੋਲਕ’ ਹੈ।’ ਇਹ ਅਰਥ ਵਿਆਕਰਨ ਨਿਯਮਾਂ ਅਨੁਸਾਰ ਦਰੁਸਤ ਜਾਪਦੇ ਹਨ ਪਰ ਉਪਰੋਕਤ ਤੋਂ ਚੱਲੀ ਆ ਰਹੀ ਤਰਤੀਬ ਤੋਂ ਹੱਟ ਕਰ ‘ਅਮੁਲੁ’ ਨੂੰ ‘ਬਖਸੀਸ’ (ਇਸਤ੍ਰੀ ਲਿੰਗ) ਦੀ ਬਜਾਏ ‘ਦਾਨੁ’ (ਇੱਕ ਵਚਨ ਪੁਲਿੰਗ ਨਾਂਵ) ਦਾ ਵਿਸ਼ੇਸ਼ਣ ਬਣਾਉਣਾ ਪਿਆ ਹੈ।)

‘ਬਖਸੀਸ, ਨੀਸਾਣੁ, ਕਰਮੁ, ਫੁਰਮਾਣੁ’ ਸ਼ਬਦ ਵੀ ਇੱਕ ਦੂਸਰੇ ਨਾਲ ਸੰਬੰਧਿਤ ਭਾਵਾਰਥ ਦੇਂਦੇ ਹਨ ਭਾਵ ‘ਬਖਸੀਸ’ (ਮਿਹਰ-ਦ੍ਰਿਸ਼ਟੀ) ਰਾਹੀਂ ਪ੍ਰਾਪਤ ਕੀਤੀ ਗਈ ਦਾਤ ਦਾ ‘ਨੀਸਾਣੁ’ (ਚਿੰਨ੍ਹ) ਪੈਂਦਾ ਹੈ ਤੇ ‘ਫੁਰਮਾਣੁ’ (ਹੁਕਮ) ਰਾਹੀਂ ਹੀ ‘ਕਰਮੁ’ (ਫ਼ਜ਼ਲ, ਬਖ਼ਸ਼ਸ਼, ਪ੍ਰਸਾਦ) ਹੁੰਦਾ ਹੈ।

ਗੁਰਬਾਣੀ ਵਿੱਚ ‘ਬਖਸੀਸ’ 11 ਵਾਰ ਦਰਜ ਹੈ; ਜਿਵੇਂ :

‘‘ਇਕਨਾ ਹੁਕਮੀ ‘ਬਖਸੀਸ’; ਇਕਿ ਹੁਕਮੀ ਸਦਾ ਭਵਾਈਅਹਿ ॥’’ (ਜਪੁ /ਮ: ੧)

‘‘ਜਿਥੈ ਨੀਚ ਸਮਾਲੀਅਨਿ; ਤਿਥੈ ਨਦਰਿ ਤੇਰੀ ‘ਬਖਸੀਸ’ ॥’’ (ਮ: ੧/੧੫), ਆਦਿ।

ਗੁਰਬਾਣੀ ਵਿੱਚ ‘ਨੀਸਾਣੁ’ 41 ਵਾਰ ਦਰਜ ਹੈ; ਜਿਵੇਂ :

‘‘ਨਦਰੀ ਕਰਮਿ (ਨਾਲ), ਪਵੈ ‘ਨੀਸਾਣੁ’ ॥’’ (ਜਪੁ /ਮ: ੧)

‘‘ਸਚਾ ਤੇਰਾ ਕਰਮੁ (ਫ਼ਜ਼ਲ, ਪ੍ਰਸਾਦ); ਸਚਾ (ਉਸ ਦਾ) ‘ਨੀਸਾਣੁ’ ॥’’ (ਮ: ੧/੪੬੩), ਆਦਿ।

ਗੁਰਬਾਣੀ ਵਿੱਚ ‘ਕਰਮੁ’ ਕੁਲ 99 ਵਾਰ ਦਰਜ ਵਿੱਚੋਂ ਜ਼ਿਆਦਾਤਰ ਵਾਰ; ਜਿਵੇਂ :

‘‘ਬਹੁਤਾ ਕਰਮੁ (ਫ਼ਜ਼ਲ, ਕਿਰਪਾ), ਲਿਖਿਆ ਨਾ ਜਾਇ ॥’’ (ਜਪੁ /ਮ: ੧)

‘‘ਕਰਮੁ (ਪ੍ਰਸਾਦ, ਮਿਹਰ) ਹੋਵੈ, ਸਤਿਗੁਰੂ ਮਿਲਾਏ ॥’’ (ਮ: ੩/੧੦੯) ਆਦਿ।

ਗੁਰਬਾਣੀ ਵਿੱਚ ‘ਫੁਰਮਾਣੁ’ 7 ਵਾਰ ਤੇ ‘ਫੁਰਮਾਨੁ’ ਵੀ 7 ਵਾਰ ਦਰਜ ਹੈ; ਜਿਵੇਂ :

‘‘ਜਿਵ ਤਿਸੁ ਭਾਵੈ, ਤਿਵੈ ਚਲਾਵੈ; ਜਿਵ ਹੋਵੈ, ‘ਫੁਰਮਾਣੁ’ ॥’’ (ਜਪੁ /ਮ: ੧)

‘‘ਮੇਘੈ (ਬੱਦਲ) ਨੋ ‘ਫੁਰਮਾਨੁ’ ਹੋਆ, ਵਰਸਹੁ ਕਿਰਪਾ ਧਾਰਿ (ਕੇ)॥’’ (ਮ: ੩/੧੨੮੫) ਆਦਿ।

ਅਮੁਲ ਬਖਸੀਸ, ਅਮੁਲੁ ਨੀਸਾਣੁ॥ ਅਮੁਲੁ ਕਰਮੁ, ਅਮੁਲੁ ਫੁਰਮਾਣੁ॥ 

ਭਾਵ- (ਰੱਬੀ ਆਸ਼ਕਾਂ ’ਤੇ ਹੁੰਦੀ) ਮਿਹਰ ਬਹੁ ਕੀਮਤੀ ਹੈ (‘‘ਜਿਸ ਨੋ ਬਖਸੇ, ਸਿਫਤਿ ਸਾਲਾਹ॥’’ ਦਾ ਚਿੰਨ੍ਹ-) ਛਾਪ ਅਮਿੱਟ ਹੈ (ਕਿਉਂਕਿ) ਅਮੋਲਕ ਪ੍ਰਸਾਦ (ਫ਼ਜ਼ਲ, ਬਖ਼ਸ਼ਸ਼) ਕਰਨ ਵਾਲ਼ਾ ਰੱਬੀ ਹੁਕਮ ਹੀ ਅਮੋੜ ਹੈ (ਭਾਵ ਰੱਬੀ ਮਿਹਰ ਜਦ ਹੁੰਦੀ ਹੈ ਤਾਂ ਕੋਈ ਰੁਕਾਵਟ ਨਹੀਂ ਖੜ੍ਹੀ ਕਰ ਸਕਦਾ, ‘‘ਕਰਮਿ ਮਿਲੈ; ਨਾਹੀ ਠਾਕਿ ਰਹਾਈਆ ॥’’ ਸੋ ਦਰੁ, ਆਸਾ /ਮ: ੧)

‘‘ਅਮੁਲੋ ਅਮੁਲੁ; ਆਖਿਆ ਨ ਜਾਇ ॥ ਆਖਿ ਆਖਿ ਰਹੇ; ਲਿਵ ਲਾਇ ॥’’- ਉਪਰੋਕਤ ਵੀਚਾਰੀਆਂ ਗਈਆਂ 4 ਪੰਕਤੀਆਂ ਆਕਾਰ (ਬਹੁ ਵਚਨ) ਨਾਲ ਸੰਬੰਧਿਤ ਸਨ ਤੇ 4 ਪੰਕਤੀਆਂ ਨਿਰਾਕਾਰ (ਇੱਕ ਵਚਨ) ਨਾਲ ਸੰਬੰਧਿਤ ਸਨ। ਪਰ ਇਨ੍ਹਾਂ ਪੰਕਤੀਆਂ ’ਚ ਦੋਵੇਂ ਪਾਸਿਆਂ ਨੂੰ ਮਿਲਾ ਕੇ ਬਿਆਨ ਕੀਤਾ ਗਿਆ (ਦੋ ਵਾਰ ‘ਅਮੁਲੋ ਅਮੁਲੁ’) ਵਿਸ਼ਾ, ਜੋ ਰੱਬੀ ਨਿਯਮ (ਬਖ਼ਸ਼ਸ਼) ਦੇ ਮੁਕਾਬਲੇ ਸਭ ਕੁਝ ਅਧੂਰੇਪਨ ਨੂੰ ਬਿਆਨ ਕਰਦਾ ਹੈ; ਜਿਵੇਂ ਰੱਬੀ ‘ਅਮੋਲਕ ਦਾਤ’ ਪ੍ਰਤੀ: ‘‘ਆਖਿ ਆਖਿ ਲਿਵ ਲਾਇ ਰਹੇ॥’’-ਇਸ ਤੁੱਕ ’ਚ ਕਿਰਿਆ ਵਿਸ਼ੇਸ਼ਣ ‘ਆਖਿ ਆਖਿ ਲਾਇ’ ਭਾਵ (ਮੂੰਹੋਂ ਕੁਝ) ਆਖ-ਆਖ ਕੇ, (ਤੇ ਚੁੱਪ ਧਾਰ-ਧਾਰ ਕੇ ਭਾਵ ਲਿਵ) ਲਾ-ਲਾ ਕੇ’ ਰਹੇ (ਅਸਮਰੱਥ ਹੋ ਗਏ) ਨੂੰ ਬਿਆਨ ਕਰਦਾ ਹੈ।

ਅਮੁਲੋ ਅਮੁਲੁ, ਆਖਿਆ ਨ ਜਾਇ॥ ਆਖਿ ਆਖਿ ਰਹੇ, ਲਿਵ ਲਾਇ॥

ਭਾਵ- (ਉਕਤ ਦਿੱਤੀਆਂ ਗਈਆਂ ਮਿਸਾਲਾਂ ਤੋਂ ਇਲਾਵਾ ਰੱਬੀ ਗੁਣਾਂ ’ਚ ਹੋਰ ਬਹੁਤ ਕੁੱਝ ਵੀ) ਅਮੋਲਕ ਹੀ ਅਮੋਲਕ ਹੈ (ਜਿਸ ਬਾਰੇ ਪੂਰਾ) ਅਨੁਮਾਨ ਨਹੀਂ ਲੱਗ ਸਕਦਾ। ਇਕਾਗਰ ਚਿੱਤ ਹੋ ਕੇ (ਭਗਤ, ਇਨ੍ਹਾਂ ਗੁਣਾਂ ਨੂੰ) ਬਿਆਨ ਕਰ-ਕਰ ਕੇ ਥੱਕ ਗਏ (ਭਾਵ ਸੁਆਸ ਖ਼ਤਮ ਹੋ ਗਏ ਪਰ ਪੂਰਨ ਕਿਆਸ ਨਾ ਲਗਾ ਸਕੇ)।

(ਨੋਟ: ਉਪਰੋਕਤ ਪੰਕਤੀ ’ਚ ਬਿਆਨ ਕੀਤੀ ਗਈ ‘ਅਸਚਰਜ ਅਵਸਥਾ’ ਬਾਰੇ ਅਨੁਭਵੀ ਮਨੁੱਖਾਂ ਦੁਆਰਾ ਲਿਖੀਆਂ (ਮੰਨੀਆਂ) ਗਈਆਂ ਧਾਰਮਿਕ ਪੁਸਤਕਾਂ ਜਾਂ ਜ਼ਬਾਨੀ-ਕਲਾਮੀ ਸੁਣ-ਸੁਣ ਕੇ ਅਨੰਦ ਮਾਣ-ਮਾਣ ਕੇ ਸਮਾਜ ਲਈ ਆਦਰਸ਼ ਬਣੇ (ਮੰਨੇ ਗਏ) ਮਨੁੱਖਾਂ ਬਾਰੇ ਸੰਕੋਚ ਮਾਤ੍ਰ ਅਗਾਂਹ 8 ਪੰਕਤੀਆਂ ’ਚ ਵਰਨਣ ਕੀਤਾ ਗਿਆ ਹੈ।)

‘‘ਆਖਹਿ; ਵੇਦ ਪਾਠ ਪੁਰਾਣ ॥ ਆਖਹਿ; ਪੜੇ ਕਰਹਿ ਵਖਿਆਣ ॥ ਆਖਹਿ; ਬਰਮੇ ਆਖਹਿ ਇੰਦ ॥ ਆਖਹਿ; ਗੋਪੀ ਤੈ ਗੋਵਿੰਦ ॥’’-ਇਨ੍ਹਾਂ ਪੰਕਤੀਆਂ ’ਚ ਤਮਾਮ ‘ਨਾਂਵ’ (‘ਵੇਦ, ਪਾਠ, ਪੁਰਾਣ, ਪੜ੍ਹੇ ਭਾਵ ਵਿਦਵਾਨ, ਬਰਮੇ, ਇੰਦ, ਗੋਪੀ, ਗੋਵਿੰਦ’ ਆਦਿ) ਤੇ ‘ਕਿਰਿਆ’ (‘ਆਖਹਿ, ਕਰਹਿ’ ਆਦਿ) ਸ਼ਬਦ ਬਹੁ ਵਚਨ ਹੋਣ ਕਾਰਨ ‘ਆਕਾਰ, ਦ੍ਰਿਸ਼ਟਮਾਨ’ ਨਾਲ ਸੰਬੰਧਿਤ ਵਿਸ਼ਾ ਹੈ ਪਰ ਕਿਸੇ ਇੱਕ ਖ਼ਾਸ ਫ਼ਿਰਕੇ (ਜਾਤੀ ਸੰਪਰਦਾਇ) ਨਾਲ ਜੋੜਨਾ ਉਚਿਤ ਨਹੀਂ ਹੋਵੇਗਾ ਕਿਉਂਕਿ ਉਨ੍ਹਾਂ ਦੇ ਤਮਾਮ (ਇੱਕ ਵਚਨ) ਦੇਵਤਿਆਂ ਨੂੰ ਇਸ ਪੰਕਤੀ ’ਚ ਬਹੁ ਵਚਨ ਮੰਨਿਆ ਗਿਆ ਹੈ; ਜਿਵੇਂ ‘ਜਪੁ’ ਬਾਣੀ ਦੀ ‘ਗਿਆਨ ਖੰਡ’ ਵਾਲੀ ਪਉੜੀ ਨੰਬਰ 35 ’ਚ ਵਰਨਣ ਕੀਤਾ ਹੋਇਆ ਹੈ: ‘‘ਕੇਤੇ ਕਾਨ (ਕ੍ਰਿਸ਼ਨ) ਮਹੇਸ ॥ ਕੇਤੇ ਬਰਮੇ, ਘਾੜਤਿ ਘੜੀਅਹਿ.. ॥… ਕੇਤੇ ਇੰਦ, ਚੰਦ ਸੂਰ ਕੇਤੇ… ॥ ਕੇਤੇ; ਸਿਧ, ਬੁਧ, ਨਾਥ ਕੇਤੇ; ਕੇਤੇ ਦੇਵੀ ਵੇਸ ॥ ਕੇਤੇ ਦੇਵ, ਦਾਨਵ, ਮੁਨਿ ਕੇਤੇ…॥੩੫॥ ਆਦਿ।)

ਆਖਹਿ; ਵੇਦ, ਪਾਠ, ਪੁਰਾਣ॥ ਆਖਹਿ ਪੜੇ, ਕਰਹਿ ਵਖਿਆਣ॥  ਆਖਹਿ ਬਰਮੇ, ਆਖਹਿ ਇੰਦ॥ ਆਖਹਿ ਗੋਪੀ ਤੈ ਗੋਵਿੰਦ॥

ਭਾਵ- (ਅਜਿਹੇ ਵਿਚਾਰ) ਅਨੇਕਾਂ ਸਨਾਤਨੀ ਪੁਸਤਕਾਂ (ਵੇਦ, ਪੁਰਾਣ ਆਦਿਕ) ਦੇ ਪਾਠਾਂ ਰਾਹੀਂ (ਪੰਡਿਤ) ਆਖਦੇ ਹਨ; ਪੜ੍ਹੇ ਲਿਖੇ ਵਿਦਵਾਨ ਵੀ (ਰੱਬੀ ਗੁਣਾਂ ਦਾ) ਵਰਣਨ ਕਰਦੇ ਹਨ।ਅਣਗਿਣਤ ਬ੍ਰਹਮੇ, ਕਈ ਇੰਦਰ, ਅਨੇਕਾਂ ਗੋਪੀਆਂ ਅਤੇ ਬੇਅੰਤ ਕਿ੍ਰਸ਼ਨ (ਇਤਿਆਦਿਕ ਵੀ ਇਨ੍ਹਾਂ ਰੱਬੀ ਗੁਣਾਂ ਬਾਰੇ) ਆਖਦੇ ਹਨ।

‘‘ਆਖਹਿ ਈਸਰ; ਆਖਹਿ ਸਿਧ ॥ ਆਖਹਿ; ਕੇਤੇ ਕੀਤੇ ਬੁਧ ॥ ਆਖਹਿ ਦਾਨਵ; ਆਖਹਿ ਦੇਵ ॥ ਆਖਹਿ; ਸੁਰਿ ਨਰ, ਮੁਨਿ ਜਨ, ਸੇਵ ॥’’ ਉਪਰੋਕਤ ਬਿਆਨ ਕੀਤੀਆਂ ਗਈਆਂ 4 ਪੰਕਤੀਆਂ ਵਾਙ ਹੀ ਇਨ੍ਹਾਂ 4 ਪੰਕਤੀਆਂ ਵਿੱਚ ਵੀ ਬਹੁ ਵਚਨ (ਅਸੀਮ) ‘ਵਿਸ਼ਾ’ ਹੈ, ਜਿਸ ਵਿੱਚ ਦਰਜ ‘ਕੇਤੇ’ ਸ਼ਬਦ ਬਹੁ ਵਚਨ (ਅਸੀਮ) ਦੀ ਪੁਸ਼ਟੀ ਕਰਦਾ ਹੈ ਜਿਸ ਦਾ ਅਰਥ ਹੈ ‘ਕਿਤਨੇ ਹੀ’ (ਭਾਵ ਅਨਿਸਚਿਤ ਗਿਣਤੀ-ਵਾਚਕ ਵਿਸ਼ੇਸ਼ਣ) ਅਤੇ ‘ਕੀਤੇ’ (ਕ੍ਰਿਦੰਤ) ਵੀ ਬਹੁ ਵਚਨ ਦਾ ਹੀ ਪ੍ਰਤੀਕ ਹੈ ਜਿਸ ਦਾ ਅਰਥ ਹੈ ‘ਕੀਤੇ ਹੋਏ, ਬਣਾਏ ਹੋਏ’ ਭਾਵ ਮੰਨੇ ਜਾਂਦੇ।

ਆਖਹਿ ਈਸਰ, ਆਖਹਿ ਸਿਧ॥ ਆਖਹਿ ਕੇਤੇ, ਕੀਤੇ ਬੁਧ॥ ਆਖਹਿ ਦਾਨਵ, ਆਖਹਿ ਦੇਵ॥ ਆਖਹਿ ਸੁਰਿ-ਨਰ, ਮੁਨਿ ਜਨ ਸੇਵ॥ 

ਭਾਵ- (ਕਰਤਾਰ ਦੁਆਰਾ) ਬਣਾਏ ਗਏ ਕਿੰਨੇ ਹੀ ਬੋਧੀ, ਕਿੰਨੇ ਸ਼ਿਵ, ਕਿੰਨੇ ਯੋਗੀ (ਆਦਿ ਵੀ ਰੱਬੀ ਗੁਣਾਂ ਬਾਰੇ) ਆਖਦੇ ਹਨ। ਬੇਅੰਤ ਰਾਖਸ਼ (ਦੈਂਤ), ਦੇਵਤੇ, ਸ੍ਰੇਸ਼ਟ ਮਨੁੱਖ, ਰਿਸ਼ੀ ਮੁਨੀ, ਭਗਤ ਜਨ (ਆਦਿ ਵੀ ਅਮੋਲਕ ਰੱਬੀ ਗੁਣਾਂ ਬਾਰੇ) ਆਖਦੇ ਹਨ।

(ਨੋਟ: ਉਪਰੋਕਤ 8 ਪੰਕਤੀਆਂ ’ਚ ‘ਕੀਤੇ’ ਭਾਵ ਪੈਦਾ ਕੀਤੇ, ਬਣਾਏ ਗਏ ਜਾਂ ਮੰਨੇ ਜਾਂਦੇ ਆਦਰਸ਼ ਜੀਵਨ ਵਾਲਿਆਂ ਦਾ ਸੰਕੋਚ ਮਾਤ੍ਰ ਜ਼ਿਕਰ ਕੀਤਾ ਗਿਆ ਹੈ ਪਰ ਅਜਿਹੇ ਅਣਗਿਣਤ ਹੋਰ ਵੀ ਹਨ ਜਿਨ੍ਹਾਂ ਬਾਰੇ ਗੁਰੂ ਜੀ ਆਖਦੇ ਹਨ: ‘‘ਹੋਰਿ ਕੇਤੇ ਗਾਵਨਿ, ਸੇ ਮੈ ਚਿਤਿ ਨ ਆਵਨਿ; ਨਾਨਕੁ ਕਿਆ ਵੀਚਾਰੇ ॥’’ ਇਨ੍ਹਾਂ ਬਾਰੇ ਵੀ ਕੁਝ ਕੁ ਅਗਾਂਹ 4 ਪੰਕਤੀਆਂ ’ਚ ਵਰਨਣ ਕੀਤਾ ਜਾ ਰਿਹਾ ਹੈ।)

‘‘ਕੇਤੇ ਆਖਹਿ; ਆਖਣਿ ਪਾਹਿ ॥ ਕੇਤੇ; ਕਹਿ ਕਹਿ, ਉਠਿ ਉਠਿ ਜਾਹਿ ॥ ਏਤੇ ਕੀਤੇ; ਹੋਰਿ ਕਰੇਹਿ ॥ ਤਾ; ਆਖਿ ਨ ਸਕਹਿ ਕੇਈ ਕੇਇ ॥’’- ਇਨ੍ਹਾਂ ਪੰਕਤੀਆਂ ’ਚ ਵੀ ਵਿਸ਼ਾ ਬਹੁ ਵਚਨ ਨਾਲ ਹੀ ਸੰਬੰਧਿਤ ਹੈ, ਜਿਸ ਦੀ ਪੁਸ਼ਟੀ ‘ਕੇਤੇ, ਏਤੇ, ਹੋਰਿ, ਆਖਹਿ, ਪਾਹਿ, ਸਕਹਿ, ਕੇਈ-ਕੇਇ’ ਆਦਿ ਸ਼ਬਦ ਕਰਦੇ ਹਨ। ਧਿਆਨ ਰਹੇ ਕਿ ਇਨ੍ਹਾਂ ਪੰਕਤੀਆਂ ’ਚ ਵੀ ‘ਕੀਤੇ’ ਭਾਵ ‘ਮੰਨੇ ਜਾਂਦੇ’ ਸ਼ਬਦ ਦਰਜ ਹੈ।

‘ਆਖਣਿ’-‘ਜਪੁ’ ਬਾਣੀ ਦੀਆਂ ਪਿਛਲੀਆਂ ਪਉੜੀਆਂ ’ਚ ਕੀਤੀ ਗਈ ਵੀਚਾਰ ਅਨੁਸਾਰ ਗੁਰਬਾਣੀ ਵਿੱਚ ‘ਣਿ’ (ਅੰਤ ‘ਣ’ ਨੂੰ ਸਿਹਾਰੀ) ਵਾਲੇ ਕਿਰਿਆ ਰੂਪ ਵਾਙ ਵਿਖਾਈ ਦੇਣ ਵਾਲੇ ਸ਼ਬਦ ‘ਕ੍ਰਿਦੰਤ’ (ਕਾਰਦੰਤਕ) ਹੁੰਦੇ ਹਨ ਜਦਕਿ ‘ਨਿ’ (ਅੰਤ ‘ਨ’ ਨੂੰ ਸਿਹਾਰੀ) ਵਾਲੇ ਸ਼ਬਦ ਬਹੁ ਵਚਨ ਵਰਤਮਾਨ ਦੀ ਕਿਰਿਆ ਹੁੰਦੀ ਹੈ; ਜਿਵੇਂ:

(1). ‘ਕ੍ਰਿਦੰਤ’ ਰੂਪ ਸ਼ਬਦ ‘ਆਖਣਿ, ਸੁਣਣਿ, ਵੇਖਣਿ, ਜੀਵਣਿ’ ਮਰਣਿ’ ਆਦਿ; ਜਿਵੇਂ:

‘‘ਅੰਤੁ ਨ ਵੇਖਣਿ (ਵਿੱਚ); ਸੁਣਣਿ (ਵਿੱਚ) ਨ ਅੰਤੁ ॥’’ (ਜਪੁ /ਮ: ੧)

‘‘ਜੋਰੁ ਨ ਜੀਵਣਿ (ਵਿੱਚ); ਮਰਣਿ (ਵਿੱਚ) ਨਹ ਜੋਰੁ ॥’’ (ਜਪੁ /ਮ: ੧) ਆਦਿ।

(2). ‘ਕਿਰਿਆ’ ਰੂਪ ਸ਼ਬਦ ‘ਗਾਵਨਿ, ਧਿਆਵਨਿ’ ਆਦਿ; ਜਿਵੇਂ:

‘‘ਗਾਵਨਿ, ਜਤੀ ਸਤੀ ਸੰਤੋਖੀ; ਗਾਵਹਿ, ਵੀਰ ਕਰਾਰੇ ॥’’ (ਜਪੁ /ਮ: ੧)

‘‘ਜੋਗੀ ਸੁੰਨਿ ਧਿਆਵਨਿ੍ ਜੇਤੇ; ਅਲਖ ਨਾਮੁ ਕਰਤਾਰੁ ॥’’ (ਮ: ੧/੪੬੫), ਆਦਿ।

ਧਿਆਨ ਰਹੇ ਕਿ ‘ਕ੍ਰਿਦੰਤ’ ਤੇ ‘ਕਿਰਿਆ’ (ਦੋਵੇਂ) ਸ਼ਬਦ ਹੀ ‘ਕਿਰਿਆ ਧਾਤੂ’ (ਮੂਲ) ਤੋਂ ਬਣਦੇ ਹਨ ਪਰ ਕਿਰਿਆ ‘ਕਾਲ’ ਨਾਲ ਸੰਬੰਧਿਤ ਹੁੰਦੀ ਹੈ ਜਦਕਿ ‘ਕ੍ਰਿਦੰਤ’ ਕਾਲ ਮੁਕਤ ਹੁੰਦੇ ਹਨ ਅਤੇ ‘ਕਿਰਿਆ’ ਵਿਆਕਰਨ ਨਿਯਮਾਂ ਦੇ ਅਧੀਨ ਨਹੀਂ ਹੁੰਦੀ ਜਦਕਿ ‘ਕ੍ਰਿਦੰਤ’ ਸ਼ਬਦ ‘ਨਾਂਵ, ਪੜਨਾਂਵ, ਵਿਸ਼ੇਸ਼ਣ’ ਆਦਿ ਸ਼ਬਦਾਂ ਵਾਙ ਤਮਾਮ ਗੁਰਬਾਣੀ ਨਿਯਮ (ਕਾਰਕੀ ਚਿੰਨ੍ਹਾਂ) ਅਧੀਨ ਹੁੰਦੇ ਹਨ। ਇਸ ਲਈ ਸੰਬੰਧਿਤ ਪੰਕਤੀ ’ਚ ਦਰਜ ‘ਆਖਣਿ’ ਸ਼ਬਦ ਕ੍ਰਿਦੰਤ ਹੈ ਜਿਸ ਦਾ ਅਰਥ ਹੈ ‘ਆਖਣ ਲਈ’।

ਕੇਤੇ ਆਖਹਿ, ਆਖਣਿ ਪਾਹਿ॥ ਕੇਤੇ ਕਹਿ ਕਹਿ, ਉਠਿ ਉਠਿ ਜਾਹਿ॥  ਏਤੇ ਕੀਤੇ, ਹੋਰਿ ਕਰੇਹਿ॥ ਤਾ, ਆਖਿ ਨ ਸਕਹਿ; ਕੇਈ ਕੇਇ॥ 

ਭਾਵ- (ਉਕਤ ਮਿਸਾਲਾਂ ਤੋਂ ਇਲਾਵਾ ਰੱਬੀ ਗੁਣਾਂ ਬਾਰੇ) ਕਿੰਨੇ (ਹੋਰ ਜੀਵ) ਆਖਦੇ ਹਨ ? ਕਿੰਨੇ ਆਖਣ ਦਾ ਯਤਨ ਕਰਦੇ ਹਨ ਤੇ ਕਿੰਨੇ ਆਖ ਆਖ ਕੇ (ਸੰਸਾਰ ਤੋਂ) ਚਲੇ ਜਾਂਦੇ ਹਨ। (ਹੇ ਦਾਤਾਰ ਮਾਲਕ ! ਤੇਰੇ ਗੁਣਾਂ ਨੂੰ ਚੇਤੇ ਕਰਨ ਵਾਲ਼ੇ, ਭੂਤਕਾਲ ’ਚ ਤੁਸੀਂ) ਇੰਨੇ ਪੈਦਾ ਕੀਤੇ ਸਨ ਤੇ ਇੰਨੇ (ਭਵਿੱਖ ’ਚ ਵੀ) ਹੋਰ ਪੈਦਾ ਕਰ ਦੇਵੇਂ ਤਾਂ ਵੀ (ਤੇਰੇ ਸਾਰੇ ਗੁਣਾਂ ਦਾ ਅੰਦਾਜ਼ਾ) ਕਈ-ਕਈ ਮਿਲ ਕੇ ਵੀ ਨਹੀਂ ਲਗਾ ਸਕਣਗੇ ।

‘‘ਜੇਵਡੁ ਭਾਵੈ; ਤੇਵਡੁ ਹੋਇ ॥ ਨਾਨਕ ! ਜਾਣੈ ਸਾਚਾ ਸੋਇ ॥’’- ਉਪਰੋਕਤ ਪਉੜੀ ਦਾ ਵਿਸ਼ਾ ਜ਼ਿਆਦਾਤਰ ਬਹੁ ਵਚਨ ਨਾਲ ਸੰਬੰਧਿਤ ਹੀ ਚਲਿਆ ਆ ਰਿਹਾ ਹੈ ਪਰ ਪਉੜੀ ਦੀ ਸਮਾਪਤੀ ’ਚ ਪੂਰਨ ਤੌਰ ’ਤੇ ਵਿਸ਼ਾ (ਆਕਾਰ ਕੇ ਨਿਰਾਕਾਰ ਰੂਪ) ਇੱਕ ਵਚਨ ਬਣ ਗਿਆ ਹੈ। ਜਿਸ (ਆਕਾਰ ਤੇ ਨਿਰਾਕਾਰ) ਵਿੱਚੋਂ ‘ਨਿਰਾਕਾਰ’ ਨਾਲ ਸੰਬੰਧਿਤ ਇਹ ਦੋਵੇਂ ਪੰਕਤੀਆਂ ਹਨ ਜਦਕਿ ‘ਆਕਾਰ’ ਨਾਲ ਸੰਬੰਧਿਤ ਅਗਲੀਆਂ ਦੋਵੇਂ ਪੰਕਤੀਆਂ ਹਨ। ਇਸ (ਇੱਕ ਵਚਨ) ਦੀ ਪੁਸ਼ਟੀ ‘ਜੇਵਡੁ, ਤੇਵਡੁ, ਭਾਵੈ, ਹੋਇ, ਜਾਣੈ, ਸਾਚਾ, ਸੋਇ’ ਆਦਿ ਸ਼ਬਦ ਕਰਦੇ ਹਨ।

ਜੇਵਡੁ ਭਾਵੈ, ਤੇਵਡੁ ਹੋਇ॥ ਨਾਨਕ ! ਜਾਣੈ ਸਾਚਾ ਸੋਇ॥

ਭਾਵ- ਹੇ ਨਾਨਕ ! (ਅਕਾਲ ਪੁਰਖ ਨੂੰ) ਜਿੰਨਾ ਵੱਡਾ (ਆਰਜ਼ੀ) ਵਿਸਥਾਰ ਪਸੰਦ ਹੈ, ਓਨਾ ਵੱਡਾ ਹੋ ਜਾਂਦਾ ਹੈ (ਆਪਣੇ ਸਾਰੇ ਗੁਣਾਂ ਨੂੰ ਕੇਵਲ) ਉਹ ਸਦੀਵੀ ਹੋਂਦ ਵਾਲ਼ਾ, ਆਪ ਹੀ ਜਾਣਦਾ ਹੈ।

‘‘ਜੇ ਕੋ ਆਖੈ; ਬੋਲੁ ਵਿਗਾੜੁ ॥ ਤਾ, ਲਿਖੀਐ; ਸਿਰਿ ਗਾਵਾਰਾ ਗਾਵਾਰੁ ॥’’-ਉਪਰੋਕਤ ਆਕਾਰ ਨਾਲ ਸੰਬੰਧਿਤ ਤਮਾਮ ਬਹੁ ਵਚਨ ਪੰਕਤੀਆਂ ਵਿੱਚੋਂ ਇਹ ਪੰਕਤੀ (ਆਕਾਰ ਰੂਪ ’ਚ ਹੀ) ਕੇਵਲ ਇੱਕ ਵਚਨ ਨਾਲ ਸੰਬੰਧਿਤ ਹੈ, ਜਿਸ ਦੀ ਪੁਸ਼ਟੀ ‘ਕੋ, ਬੋਲੁ ਵਿਗਾੜੁ, ਗਾਵਾਰੁ, ਆਖੈ’ ਆਦਿ (ਇੱਕ ਵਚਨ) ਸ਼ਬਦ ਕਰਦੇ ਹਨ।

ਗੁਰਬਾਣੀ ਵਿੱਚ ‘ਲਿਖੀਐ’ ਸ਼ਬਦ ਦੇ ਸਮਾਨੰਤਰ ਨਿਯਮਾਂ ਵਾਲੇ ‘ਸੁਣੀਐ’ ਤੇ ‘ਸੁਣਿਐ’ ਸ਼ਬਦਾਂ ਦੇ ਲਿਖਤੀ ਅੰਤਰ ਨੂੰ ਸਮਝਣਾ ਜ਼ਰੂਰੀ ਹੈ, ਜਿਸ ਵਿੱਚ ‘ਸੁਣਿਐ’ (ਕ੍ਰਿਦੰਤ) ਹੈ ਜਿਸ ਦਾ ਅਰਥ ਹੈ ‘ਸੁਣਨ ਨਾਲ’; ਜਿਵੇਂ : ‘‘ਸੁਣਿਐ (ਨਾਲ); ਅਠਸਠਿ (68) ਕਾ ਇਸਨਾਨੁ ॥’’ (ਜਪੁ /ਮ: ੧) ਅਤੇ ‘ਸੁਣੀਐ’ (ਕਿਰਿਆ) ਹੈ ਜਿਸ ਦਾ ਅਰਥ ਹੈ ‘ਸੁਣਨਾ ਚਾਹੀਦਾ ਹੈ’; ਜਿਵੇਂ : ‘‘ਹਰਿ ਜਸੁ ਸੁਣੀਐ ਜਿਸ ਤੇ (ਤੋਂ); ਸੋਈ ਭਾਈ ਮਿਤ੍ਰੁ ॥’’ (ਮ: ੫/੨੧੮) ਇਸ ਲਈ ‘ਲਿਖੀਐ’ ਦਾ ਅਰਥ ‘ਲਿਖਣ ਨਾਲ’ (ਭਾਵ ਕ੍ਰਿਦੰਤ) ਨਹੀਂ ਬਣ ਸਕਦਾ, ਬਲਕਿ ‘ਲਿਖਣਾ ਚਾਹੀਦਾ ਹੈ’ ਜਾਂ ‘ਮੰਨਣਾ ਚਾਹੀਦਾ ਹੈ’ (ਕਿਰਿਆ ਰੂਪ) ਬਣਦਾ ਹੈ।

‘ਸਿਰਿ’- ਇਸ ਸ਼ਬਦ ਦਾ ਮੂਲ ਸਰੋਤ ਸ਼ਬਦ ‘ਸਿਰੁ’ (ਇੱਕ ਵਚਨ ਪੁਲਿੰਗ) ਹੈ, ਜੋ ਗੁਰਬਾਣੀ ਵਿੱਚ 61 ਵਾਰ ਦਰਜ ਹੈ; ਜਿਵੇਂ: ‘‘ਜੋ ‘ਸਿਰੁ’ ਸਾਂਈ (ਅੱਗੇ) ਨਾ ਨਿਵੈ; ਸੋ ‘ਸਿਰੁ’ ਦੀਜੈ ਡਾਰਿ ॥’’ (ਮ: ੨/੮੯) ਆਦਿ, ਪਰ ਜਦ ਇਸ (‘ਸਿਰੁ’) ਸ਼ਬਦ ਵਿੱਚੋਂ ਅਧਿਕਰਣ ਕਾਰਕ ਰੂਪ ਚਿੰਨ੍ਹ (‘ਵਿੱਚ, ਉੱਤੇ’ ਆਦਿ) ਅਰਥ ਲੈਣੇ ਹੋਣ ਤਾਂ ਇਸ ਦਾ ਸਰੂਪ ‘ਸਿਰੁ’ (ਅੰਤ ਔਂਕੜ) ਤੋਂ ‘ਸਿਰਿ’ (ਅੰਤ ਸਿਹਾਰੀ) ਬਣ ਜਾਂਦਾ ਹੈ; ਜਿਵੇਂ ਸੰਬੰਧਿਤ ਪੰਕਤੀ ਸਮੇਤ 253 ਵਾਰ ਦਰਜ ਹੈ:

‘‘ਜਿਨਿ ਏਹਿ ਲਿਖੇ; ਤਿਸੁ ਸਿਰਿ (ਉੱਤੇ) ਨਾਹਿ ॥’’ (ਜਪੁ /ਮ: ੧)

‘‘ਭਾਈ ਰੇ ! ਇਉ ਸਿਰਿ (ਉੱਤੇ) ਜਾਣਹੁ ਕਾਲੁ ॥’’ (ਮ: ੧/੫੫), ਆਦਿ।

ਇਸ ਲਈ ‘ਸਿਰਿ ਗਾਵਾਰਾ’ ਪੰਕਤ ’ਚ ਦਰਜ ‘ਸਿਰਿ’ ਸ਼ਬਦ ਵਿੱਚੋਂ ‘ਉੱਤੇ’ (ਅਧਿਕਰਣ ਕਾਰਕ) ਅਰਥ ਲੈਣੇ ਪੈਣਗੇ।

ਜੇ, ਕੋ ਆਖੈ ਬੋਲੁਵਿਗਾੜੁ॥ ਤਾ ਲਿਖੀਐ, ਸਿਰਿ ਗਾਵਾਰਾ ਗਾਵਾਰੁ॥ ੨੬॥ 

ਭਾਵ- ਅਗਰ ਕੋਈ ਬੜਬੋਲਾ (ਹੋਛਾ ਮਨੁੱਖ, ਰੱਬੀ ਗੁਣਾਂ ਦੀ ਪੂਰਨ ਜਾਣਕਾਰੀ ਹੋਣ ਦਾ ਦਾਹਵਾ) ਕਰਦਾ ਹੈ ਤਾਂ ਉਹ ਮੂਰਖਾਂ ’ਚੋਂ ਸਰਬੋਤਮ ਮੂਰਖ ਸਮਝਣਾ ਚਾਹੀਦਾ ਹੈ (ਕਿਉਂਕਿ ‘‘ਪਿਤਾ ਕਾ ਜਨਮੁ, ਕਿ ਜਾਨੈ ਪੂਤੁ ? ॥’’ ਮਹਲਾ ੫/੨੮੪)

(ਨੋਟ : ਅਜੋਕੇ ਤਰਕ-ਸੰਗਤ ਯੁੱਗ ’ਚ ਕੁਝ ਸਿੱਖੀ ਸਰੂਪ, ਸਾਇੰਸ ਦੀ ਮਦਦ ਲੈ ਕੇ ਨਿਰਾਕਾਰ ਨਾਲ਼ ਸਬੰਧਿਤ ਕੁੱਝ ਅਦ੍ਰਿਸ਼ ਵਿਸ਼ਿਆਂ ’ਤੇ ਆਪਣੇ ਵਿਚਾਰ ਪੂਰਨ ਦਾਹਵੇ ਨਾਲ਼ ਇਉਂ ਰੱਖਦੇ ਵੇਖੇ ਜਾ ਸਕਦੇ ਹਨ; ਜਿਵੇਂ ਕਿ ਆਕਾਰ ਰਚਨਾ ਬਾਰੇ ਪੂਰਨ ਗਿਆਨ ਹੋ ਚੁੱਕਾ ਹੋਵੇ, ਅਜਿਹੀ ਸੋਚ ਨੂੰ ਵੀ ‘‘ਤਾ ਲਿਖੀਐ, ਸਿਰਿ ਗਾਵਾਰਾ ਗਾਵਾਰੁ॥’’ ਵੱਲ ਉਲਥਾਉਣਾ ਗ਼ਲਤ ਨਹੀਂ ਹੋਏਗਾ।

ਉਕਤ ਪਉੜੀ ’ਚ ਦਰਜ ‘ਬ੍ਰਹਮਾ, ਇੰਦ੍ਰ, ਸਿਧ, ਬੋਧੀ, ਦੇਵਤੇ, ਦੈਂਤ’ ਆਦਿਕ ਰੱਬੀ ਗੁਣਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰਦੇ ਸਨ ਜਾਂ ਨਹੀਂ, ਇਸ ਦੀ ਪੜਚੋਲ ਪਉੜੀ ਦੇ ਵਿਸ਼ੇ ਅਨੁਕੂਲ ਨਹੀ। ਸਿਰਫ਼ ਦੁਨਿਆਵੀ ਮਾਨਸਿਕਤਾ ਨੂੰ ਇਨ੍ਹਾਂ ਦੇ ਪ੍ਰਭਾਵ ਤੋਂ ਮੁਕਤ ਕਰਨ ਲਈ ਹੀ ਅਜਿਹਾ ਨਕਸ਼ਾ ਉਲੀਕਿਆ ਗਿਆ, ਜਾਪਦਾ ਹੈ। ਇਸੇ ਤਰ੍ਹਾਂ ਅਗਲੀ ਪਉੜੀ ’ਚ ‘‘ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ; ਲਿਖਿ ਲਿਖਿ ਧਰਮੁ ਵੀਚਾਰੇ ॥’’ ਆਦਿ ਸ਼ਬਦ ਹਨ, ਇਨ੍ਹਾਂ ਸਾਰੀਆਂ ਤੁਕਾਂ ’ਚ ‘ਗਾਵਹਿ’ ਦਾ ਭਾਵਾਰਥ ‘ਹੁਕਮ ’ਚ ਚੱਲਦੇ ਹਨ’, ਦਰੁਸਤ ਜਾਪਦਾ ਹੈਂ।)