25.2 C
Jalandhar
Monday, April 6, 2026
spot_img
Home Blog Page 113

ਪੱਤਰ ਨੰਬਰ 11 (ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਵਲੋਂ ਸ. ਸਰਬਜੀਤ ਸਿੰਘ ਜੀ ਨੂੰ ਜਵਾਬ)

0

ਗੁਰਮੁਖ ਪਿਆਰੇ ਸਰਬਜੀਤ ਸਿੰਘ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ॥

  1. ਮੈਂ ਵਿਚਾਰ ਚਰਚਾ ਦੇ ਹਮੇਸ਼ਾ ਹੱਕ ਵਿਚ ਰਿਹਾ ਹਾਂ ਜੇਕਰ ਵਿਚਾਰ ਚਰਚਾ ਦਾ ਮਾਹੌਲ ਸਾਰਥਿਕ ਅਤੇ ਸਤਿਕਾਰ ਵਾਲਾ ਹੋਵੇ।
  2. ਮੈਂ ਗੁਰ ਪੁਰਬ ਦਰਪਣ ਵਿਚ ” ਭੁੱਲਣ ਅੰਦਰ ਸਭ ਕੁ ..” ਵਾਲੀ ਬੇਨਤੀ ਵੀ ਵਿਚਾਰ ਚਰਚਾ ਨੂੰ ਮੁੱਖ ਰੱਖ ਕੇ ਹੀ ਕੀਤੀ ਸੀ ਤਾਂ ਕਿ ਇਸ ਪੁਸਤਕ ਦੀ ਦੂਜੀ ਐਡੀਸ਼ਨ ਵਿਚ ਜ਼ਰੂਰੀ ਸੋਧਾਂ ਕੀਤੀਆਂ ਜਾ ਸਕਣ। ਤੁਹਾਡੇ ਵੱਲੋਂ ਜੋ ਵੀ ਸੋਧਾਂ ਦੇ ਸੁਝਾਅ ਇਸ ਪੁਸਤਕ ਲਈ ਮਿਲਣਗੇ ਉਨ੍ਹਾਂ ਨੂੰ ਅਗਲੀ ਐਡੀਸ਼ਨ ਵਿਚ ਗੁਰਮਤ ਅਤੇ ਗੁਰ ਇਤਹਾਸ ਦੀ ਰੋਸ਼ਣੀ ਵਿਚ ਜ਼ਰੂਰ ਸ਼ਾਮਲ ਕੀਤਾ ਜਾਏਗਾ।
  3. ਮੇਰੇ ਵੱਲੋਂ ਗੁਰ ਪੁਰਬ ਦਰਪਣ ਲਿਖਣ ਦਾ ਮੁੱਖ ਕਾਰਨ ਸਿੱਖ ਸੰਗਤਾਂ ਵਿਚ ”ਨਾਨਕਸ਼ਾਹੀ ਕਲੰਡਰ” ਬਾਰੇ ਪਏ ਕਈ ਭਰਮ ਭੁਲੇਖਿਆਂ ਨੂੰ ਦੂਰ ਕਰਨ ਦਾ ਹੀ ਇੱਕ ਉਪਰਾਲਾ ਹੈ। ਇਸੇ ਉਪਰਾਲੇ ਹਿਤ ਕਲੰਡਰ ਦੇ ਪੇਚੀਦਾ ਮਸਲੇ ਨੂੰ ਸਮਝਣ ਲਈ ਸਰਲ ਸੁਆਲ ਜੁਆਬ ਦੇ ਰੂਪ ਵਿਚ ਪੇਸ਼ ਕੀਤਾ ਹੈ। ਇਨ੍ਹਾਂ ਸੁਆਲਾਂ ਦੇ ਜੁਆਬਾਂ ਵਿਚ ਸੋਧ ਕਰਨ ਲਈ ਜੇਕਰ ਤੁਹਾਡੇ ਕੋਈ ਸੁਝਾਅ ਹਨ ਤਾਂ ਜ਼ਰੂਰ ਲਿਖ ਭੇਜੋ ਤਾਂ ਕਿ ਇਸ ਪੰਥਕ ਮਸਲੇ ਬਾਰੇ ਸਿੱਖ ਸੰਗਤਾਂ ਵਿਚ ਪਏ ਭਰਮ ਭੁਲੇਖੇ ਦੂਰ ਹੋ ਸਕਣ।
  4. ਮੈਂ ਗੁਰ ਪੁਰਬ ਦਰਪਣ ਵਿਚ ਦਿੱਤੇ ਗਏ ਸੁਆਲਾਂ ਜੁਆਬਾਂ ਦੀ ਨਕਲ ਇਸ ਚਿੱਠੀ ਨਾਲ ਭੇਜ ਰਿਹਾ ਹਾਂ ਤਾਂ ਕਿ ਤੁਹਾਡੇ ਗਰੁੱਪ ਦੇ ਮੈਂਬਰ ਜਿਨ੍ਹਾਂ ਕੋਲ ਗੁਰ ਪੁਰਬ ਦਰਪਣ ਨਹੀਂ ਉਹ ਵੀ ਪੜ੍ਹ ਸਕਣ ਪੜ੍ਹ ਕੇ ਮੇਰੇ ਨਜ਼ਰੀਏ ਤੋਂ ਜਾਣੂ ਹੋ ਸਕਣ।
  5. ਤੁਹਾਡਾ ਸੁਆਲ ਕਿ 2028 ਵਿਚ ਪੋਹ ਦਾ ਮਹੀਨਾ ਨਹੀਂ ਆਏਗਾ ਇਹ ਇੱਕ ਕਲਪਨਾ ਹੈ ਅਸਲੀਅਤ ਨਹੀਂ ਕਿਉਂਕਿ ਜਿਸ ਮਹੀਨੇ ਵਿਚ ਕੋਈ ਮੱਸਿਆ ਨਹੀਂ ਆਉਂਦੀ ਉਸ ਮਹੀਨੇ ਨੂੰ ਕਸ਼ੈ ਮਹੀਨਾ ਕਿਹਾ ਜਾਂਦਾ ਹੈ ਪਰ ਸਾਲ ਦੇ ਕਦੇ ਵੀ 11 ਮਹੀਨੇ ਨਹੀਂ ਹੋਏ। 2028 ਵਾਂਗ ਕਸ਼ੈ ਮਾਸ ਕਈ ਵਾਰ ਪਹਿਲਾਂ ਵੀ ਆ ਚੁੱਕੇ ਹਨ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰ ਪੁਰਬ ਹਰ ਸਾਲ ਹੀ ਮਨਾਇਆ ਜਾਂਦਾ ਰਿਹਾ ਹੈ ਇਸੇ ਤਰ੍ਹਾਂ 2028 ਵਿਚ ਵੀ ਹਿੰਦੂ ਮੱਤ ਅਨੁਸਾਰ ਪੋਹ ਕਸ਼ੈ ਮਾਸ ਹੈ ਪਰ ਸਿੱਖ ਕੈਲੰਡਰ ਵਿਚ ਉਸ ਦਾ ਕੋਈ ਸਥਾਨ ਨਹੀਂ ਅਤੇ 2028 ਵਿਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਪੋਹ ਸੁਦੀ 7 ਮੁਤਾਬਿਕ 23-12-2028 ਨੂੰ ਹੀ ਮਨਾਇਆ ਜਾਏਗਾ।
  6. ਚਤਰ ਸਿੰਘ ਜੀਵਨ ਸਿੰਘ ਦੀ ਜੰਤਰੀ ਜਾਂ ਹਿੰਦੂ ਮੱਤ ਦੀ ਸ਼ੁੱਧ/ਅਸ਼ੁੱਧ ਤਿਥੀਆਂ ਨੂੰ ਮਲ ਮਾਸ ਕਰ ਕੇ ਮਾਨਤਾ ਦੇਣਾ ਤੁਹਾਨੂੰ ਠੀਕ ਲੱਗਦਾ ਹੋਵੇਗਾ। ਤਿੱਥਾਂ/ਵਾਰਾਂ /ਮਹੀਨਿਆਂ ਦਾ ਸ਼ੁੱਭ/ਅਸ਼ੁੱਭ ਹੋਣਾ ਹਿੰਦੂ ਮਨੌਤ ਅਨੁਸਾਰ ਬਿਕਰਮੀ ਕੈਲੰਡਰ ਦਾ ਹਿੱਸਾ ਹੈ ਸਿੱਖ ਬਿਕਰਮੀ ਕੈਲੰਡਰ ਦਾ ਨਹੀਂ (ਦੇਖੋ ਸੁਆਲ ਨੰਬਰ 3,27 ਅਤੇ ਜੁਆਬ)। ਜਿਵੇਂ ਮੈਂ ਪਹਿਲਾਂ ਸਪਸ਼ਟ ਕਰ ਚੁੱਕਿਆਂ ਹਾਂ ਕਿ ਮੈਂ ਗੁਰ ਇਤਿਹਾਸ ਅਤੇ ਗੁਰਬਾਣੀ ਦੀ ਸੇਧ ਵਿਚ ਤਾਰੀਖ਼ਾਂ ਦਾ ਨਿਰਨਾ ਕੀਤਾ ਹੈ ਤਿੱਥਾਂ /ਵਾਰਾਂ/ਮਲ ਮਾਸ ਦੇ ਸ਼ੁੱਭ ਜਾਂ ਅਸ਼ੁੱਭ ਹੋਣ ਕਰ ਕੇ ਨਹੀਂ ਕੀਤਾ।
  7. ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋਤੀ ਜੋਤਿ ਸਮਾਉਣ ਦਾ ਪੁਰਬ ਅਸੂ ਵਦੀ 10 ਹੈ ਅਤੇ ਗੁਰ ਪੁਰਬ ਦਰਪਣ ਵਿਚ ਵੀ ਅਸੂ ਵਦੀ 10 ਨੂੰ ਹੀ ਮੁੱਖ ਰੱਖਿਆ ਗਿਆ ਹੈ ਬਿਨਾ ਸ਼ੱਕ ਉਹ ਹਿੰਦੂ ਸੋਚ ਮੁਤਾਬਿਕ ਮਲ ਮਾਸ ਵਿਚ ਆ ਰਿਹਾ ਹੈ।
  8. ਵਾਧੂ ਮਹੀਨਿਆਂ/ਮਲ ਮਾਸ ਵਾਲੇ ਗੁਰਪੁਰਬਾਂ ਦੀਆਂ ਤਾਰੀਖ਼ਾਂ ਮੈਂ ਇੱਕ ਵਾਰ ਫਿਰ ਚੈੱਕ ਕਰ ਲਵਾਂਗਾ। ਇਸ ਪਾਸੇ ਧਿਆਨ ਦਿਵਾਉਣ ਲਈ ਤੁਹਾਡਾ ਧੰਨਵਾਦ।
  9. ਬਿਕਰਮੀ ਕੈਲੰਡਰ ਅਤੇ ਹਿੰਦੂ ਕੈਲੰਡਰ ਅਤੇ ਸਿੱਖ ਕੈਲੰਡਰ ਵਿਚ ਫ਼ਰਕ: ਇਹ ਇੱਕ ਬੜਾ ਗਲਤ ਭੁਲੇਖਾ ਹੈ ਕਿ ਬਿਕਰਮੀ ਕੈਲੰਡਰ ਹਿੰਦੂਆਂ ਦਾ ਹੈ। ਕਿਸੇ ਵੀ ਕੈਲੰਡਰ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ ਪਰ ਹਰ ਧਰਮ ਦਾ/ ਹਰ ਦੇਸ਼ ਦਾ ਆਪਣਾ ਆਪਣਾ ਕੈਲੰਡਰ ਜ਼ਰੂਰ ਹੁੰਦਾ ਹੈ। ਜਿਵੇਂ ਕਿ ਸਾਲ, ਮਹੀਨੇ ਥਿੱਤਾਂ ਵਾਰ ਬਿਕਰਮੀ ਕੈਲੰਡਰ ਦੇ ਅੰਗ ਹਨ ਪਰ ਕਿਹੜੀ ਥਿੱਤ ਚੰਗੀ ਹੈ ਕਿਹੜੀ ਮਾੜੀ ਹੈ ਕਿਸ ਵਾਰ ਨੂੰ ਕਿਸ ਪਾਸੇ ਜਾਣਾ ਅਤੇ ਕਿਸ ਪਾਸੇ ਨਹੀਂ ਜਾਣਾ, ਕਦੋਂ ਵਰਤ ਰੱਖਣਾ ਹੈ, ਮਹੀਨੇ ਦਾ ਕਿਹੜਾ ਪੱਖ ਸ਼ੁੱਧ ਅਤੇ ਕਿਹੜਾ ਅਸ਼ੁੱਧ ਹੈ ਆਦਿ ਹਿੰਦੂ ਸੋਚ ਦਾ ਅੰਗ ਹੈ ਅਤੇ ਇਸ ਸੋਚ ਅਨੁਸਾਰ ਬਣਾਇਆ ਕੈਲੰਡਰ ਹਿੰਦੂ ਕੈਲੰਡਰ ਅਖਵਾਉਂਦਾ ਹੈ। ਇਸੇ ਤਰ੍ਹਾਂ ਗੁਰਬਾਣੀ ਦੀ ਸੋਚ ਕਿ ਸਾਰੇ ਮਹੀਨੇ, ਸਾਰੇ ਦਿਨ, ਸਾਰੀਆਂ ਥਿੱਤਾਂ ਚੰਗੀਆਂ ਹਨ, ਕੋਈ ਮਾੜੀ ਨਹੀਂ, ਅਨੁਸਾਰ ਬਣਿਆ ਬਿਕਰਮੀ ਕੈਲੰਡਰ ਸਿੱਖ ਕੈਲੰਡਰ ਦੇ ਰੂਪ ਵਿਚ ਸਾਡੇ ਇਤਿਹਾਸ ਦਾ ਸਰੋਤ ਹੈ। ਸਿੱਖ ਕੈਲੰਡਰ ਵਿਚ ਗੁਰ ਪੁਰਬ ਚੰਗੇ ਜਾਂ ਮੰਦੇ ਮਹੀਨੇ ਜਾਂ ਪੱਖਾਂ ਦੇ ਆਧਾਰ ਤੇ ਨਿਸ਼ਚਿਤ ਤਾਂ ਨਹੀਂ ਕੀਤੇ ਜਾ ਸਕਦੇ।

ਮੁੰਡਾ ਤੇ ਰੰਬਾ …

0

ਮੁੰਡਾ ਤੇ ਰੰਬਾ ..

ਲੋੜ ਕਾਢ ਦੀ ਮਾਂ ਹੈ, ਇਸ ਵਿੱਚ ਕੋਈ ਸ਼ੱਕ ਨਹੀ ਹੈ। ਜਿਹੜੀ ਮਨੁੱਖ ਦੇ ਮਨ ਦੀ ਸੋਚ ਹੁੰਦੀ ਹੈ, ਉਹ ‘ਹਕੀਕਤ’ ਨੂੰ ਅਕਾਰ ਦੇ ਦਿੰਦੀ ਹੈ। ਕੁਝ ਸਿੱਖਣ ਲਈ , ਕੁਝ ਗੁਆਉਣਾ ਪੈਂਦਾ ਹੈ, ਕੁਝ ਪ੍ਰਯੋਗਾਂ ਨੂੰ ਸਫਲ ਬਣਾਉਣ ਲਈ, ਕਈ ਪ੍ਰਯੋਗ ਕਰਨੇ ਪੈਂਦੇ ਹਨ, ਬਹੁਤ ਕੁਝ ਨਸ਼ਟ ਹੁੰਦਾ ਹੈ, ਫਿਰ ਮਨੁੱਖਤਾ ’ਚ ਵਿਚਰਨ ਲਈ ਹੀ ਮਨੁੱਖ ਬਣਦਾ ਹੈ।

ਸਿਆਣੇ ਆਖਦੇ ਹਨ ਕਿ ਗੁਆਚੀ ਚੀਜ਼ ਦੇ ਮੁੱਲ ਦਾ ਬਾਅਦ ਵਿੱਚ ਪਤਾ ਲਗਦਾ ਹੈ, ਜਿੰਨਾ ਦੇ ਮਾਂ-ਪਿਉ, ਭਰਾ ਜਾਂ ਭੈਣ ਇਸ ਦੁਨੀਆਂ ਵਿੱਚ ਨਹੀਂ ਰਹੇ, ਉਹ ਇਨ੍ਹਾਂ ਰਿਸ਼ਤਿਆਂ ਦੀ ਕੀਮਤ ਨੂੰ ਬਾ-ਖ਼ੂਬੀ ਸਮਝਦੇ ਹਨ।  ਕੁਝ ਸਿਖਾਉਣ ਲਈ ਮਾਂ ਦਾ ਝਿੜਕਣਾ, ਪਿਉ ਦਾ ਥੱਪੜ ਮਾਰਨਾ, ਅਧਿਆਪਕਾ ਤੋਂ ਡੰਡੇ ਖਾਣੇ, ਅੱਜ ਵੀ ਜਦੋਂ ਇਹ ਯਾਦ ਆਉਂਦਾ ਹੈ ਤਾਂ ਇਹਨਾਂ ਰਿਸ਼ਤਿਆਂ ਅੱਗੇ ਆਪ ਮੁਹਾਰੇ ਹੀ ਸਿਰ ਝੁਕ ਜਾਂਦਾ ਹੈ ਤੇ ਅਸੀਂ ਸਹਿਜ-ਸੁਭਾਅ ਕਹਿ ਉਠਦੇ ਹਾਂ ਕਿ ਕਾਸ਼  ! ਜੇ ਕੁੱਟ ਨਾ ਪਈ ਹੁੰਦੀ ਤਾਂ ਅਸੀ ਬੰਦੇ ਵੀ ਨਹੀਂ ਸੀ ਬਣਨਾ। ਇਸ ਸਭ ਦੇ ਉਲਟ ਦੋ ਹਜ਼ਾਰ ਸੰਨ ਤੋਂ ਬਾਅਦ ਸਭ ਕੁਝ ਉਲਟ ਹੋ ਰਿਹਾ ਹੈ। ਬੱਚੇ ਆਪਣੇ ਮਾਂ-ਬਾਪ ਨੂੰ ਕੁੱਟ ਹੀ ਨਹੀਂ ਰਹੇ ਸਗੋਂ ਬਿਰਧ ਆਸ਼ਰਮਾ ’ਚ ਘਿਸ-ਘਿਸ ਕੇ ਮਰਨ ਲਈ ਸੁੱਟ ਵੀ ਰਹੇ ਹਨ।  ਬੱਚੇ ਅਧਿਆਪਕਾਂ ਦਾ ਸਤਿਕਾਰ ਕਰਨਾ ਬੰਦ ਕਰ ਰਹੇ ਹਨ।  ਮਾਂ-ਬਾਪ ਉਲਟਾ ਬੱਚੇ ਨੂੰ ਸ਼ਹਿ ਦੇ ਰਹੇ ਹਨ ਤੇ ਅਧਿਆਪਕ ਦੀ ਸ਼ਿਕਾਇਤ ਸਕੂਲ ਦੀ ਕਮੇਟੀ ਕੋਲ ਕਰਦੇ ਤੇ ਆਖਦੇ ਹਨ ਕਿ ‘ਇਹ ਕੌਣ ਹੁੰਦੈ, ਸਾਡੇ ਬੱਚੇ ਨੂੰ ਮਾਰਨ ਵਾਲਾ, ਅਸੀਂ ਤੇ ਕਦੀ ਘਰੇ ਚਪੇੜ ਨਹੀਂ ਮਾਰੀ’ ਕਈ ਮਾਂ-ਬਾਪ ਤੇ ਇੱਥੋਂ ਤੱਕ ਵੀ ਆਖ ਦਿੰਦੇ ਹਨ ਕਿ ਤੁਹਾਨੂੰ ਫੀਸ ਬੱਚੇ ਪੜਾਉਣ ਦੀ ਦਿੰਦੇ ਹਾਂ, ਕੁਟਵਾਉਣ ਦੀ ਨਹੀਂ। ਫਿਰ ਦੱਸੋ ਅਧਿਆਪਕ ਕੀ ਕਰੇ ਸਿਵਾਏ ਏਸ ਦੇ ਕਿ ਉਹ ਕਹੇ ‘ਮੈਨੂੰ ਕੀ  ! ਮੈਂ ਕੀ ਲੈਣਾ ਥੱਪੜ ਮਾਰ ਕੇ’, ਪੜ੍ਹੇ ਭਾਵੇਂ ਨਾ ਪੜ੍ਹੇ।

ਇਸ ਸਭ ਦੇ ਪਿੱਛੇ ਵੱਡਾ ਕਸੂਰ ਮਾਂ-ਬਾਪ ਦਾ ਹੀ ਹੁੰਦਾ ਹੈ, ਇੱਕੋ-ਇੱਕ ਬੱਚਾ ਹੋਣਾ ਵੀ ਇਸ ਦਾ ਮੁੱਖ ਕਾਰਨ ਹੈ। ਖੁਰਾਕ ਵਿੱਚ ਪਰੋਸਿਆ ਜਾਂਦਾ ਯੂਰੀਆ ਵੀ ਵੱਡਾ ਕਾਰਨ ਹੈ। ਧਾਰਮਿਕ ਤੌਰ ’ਤੇ ਵੀ ਸਾਡੀ ਸੋਚ ਸੁੰਗੜ ਗਈ ਹੈ। ਮਨੁੱਖ, ਸਰਕਾਰਾਂ ਦੀਆਂ ਗ਼ਲਤ ਨੀਤੀਆਂ ਨੇ ਚੁਫੇਰਿਉਂ ਨੂੜਿਆ ਪਿਆ ਹੈ ਪਰ ਇਸ ਸਭ ਦਾ ਇਹ ਮਤਲਬ ਹਰਗਿਜ਼ ਨਹੀਂ ਕਿ ਗੁਰੂ ਸਜ਼ਾ ਨਹੀਂ ਦੇ ਸਕਦਾ, ਤਲਵਾਰ ਤਿੱਖੀ ਚੰਡ ਕੇ ਹੀ ਹੋ ਸਕਦੀ ਹੈ, ਪਹਿਲੇ-ਪਹਿਲ ਇਹ ਅਖੌਤ ਆਮ ਕਹੀ ਜਾਂਦੀ ਸੀ ਕਿ-

ਮੁੰਡਾ ਤੇ ਰੰਬਾ , ਜਿੰਨਾ ਚੰਡੋ ਓਨਾ ਚੰਗਾ।

ਬੱਚਿਆਂ ਦਾ ਪੜ੍ਹਾਈ ਤੋਂ ਕੰਨੀ ਕਤਰਾਉਣਾ, ਘਰੋਂ ਭੱਜ ਕਿ ਕੋਰਟ ਮੈਰਿਜਾਂ ਕਰਵਾਉਣੀਆਂ, ਮਾਂ-ਬਾਪ ਅੱਗੇ ਬੋਲਣਾ, ਗੈਰ-ਮਿਆਰੀ ਕੰਮ ਕਰਨੇ, ਮਾਮੂਲੀ ਮੁਸੀਬਤ ਵੇਲੇ ਬੱਚਿਆਂ ਦਾ ਆਤਮ-ਹੱਤਿਆ ਵਰਗਾ ਬੁਝਦਿਲਾਨਾ ਕਦਮ ਚੁੱਕਣਾ, ਇਸ ਸਭ ਲਈ ਮਾਪੇ ਖ਼ੁਦ ਜ਼ਿੰਮੇਵਾਰ ਹਨ।  ਬੱਚਿਆਂ ਨੂੰ ਬੇਲੋੜਾ ਪਿਆਰ ਕਰਨਾ, ਬਿਨਾਂ ਮਤਲਬ ਲਈ ਸ਼ਹਿ ਦੇਣੀ, ਕੀਮਤੀ ਤੋਹਫ਼ੇ ਦੇਣੇ ਤੇ ਇਹ ਕਹਿ ਕਿ ਆਤਮ-ਨਿਰਭਰਤਾ ਹੋਣ ਤੋ ਰੋਕਣਾ ਕਿ ‘ਅਜੇ ਤੇ ਇਹ ਬੱਚਾ ਹੈ’।

ਬੱਚਿਆਂ ਨੂੰ ਛੁੱਟੀਆਂ ਵਿੱਚ ਆਪਣੇ ਵਿਰਸੇ ਅਤੇ ਅਸਲੀ ਸਭਿਆਚਾਰ ਨਾਲ ਜੋੜੋ, ਸਹਿਣਸ਼ੀਲਤਾ ਲਿਆਉਣ ਲਈ ਛੋਟੇ-ਛੋਟੇ ਕੰਮ ਦੇ ਰੁਝੇਵੇਂ ਦਿਓ।  ਜੇਕਰ ਤੁਸੀਂ ਨਿਰਾ ਪਿਆਰ ਹੀ ਕਰੋਗੇ ਤਾਂ ਬੱਚੇ ਵਿਗੜ ਜਾਣਗੇ ਕਿਉਕਿ ਪੱਛਮੀ ਸੱਭਿਆਚਾਰ ਤੇ ਸਾਡੇ ਸਭਿਆਚਾਰ ਦਾ ਜ਼ਮੀਨ ਅਸਮਾਨ ਦਾ ਫ਼ਰਕ ਹੈ। ਸਾਡੇ ਬਜ਼ੁਰਗਾਂ ਦੇ, ਸਾਨੂੰ ਮਾਰੇ ਹੋਏ ਲਫੇੜ੍ਹੇ, ਧੱਫੇ ਤੇ ਥੱਪੜ ਅੱਜ ਵੀ ਯਾਦ ਆਉਂਦੇ ਨੇ ਤੇ ਅਸੀਂ ਤਰਸਦੇ ਵੀ ਹਾਂ ਕਿ ਕਾਸ਼  ! ਕੋਈ ਸਮਾਂ ਰਹਿੰਦੇ ਸਾਨੂੰ ਧਾਫੜਣ (ਸਮਝਾਉਣ) ਵਾਲਾ ਹੁੰਦਾ ਤਾਂ ਅਸੀਂ ਹੋਰ ਵੀ ਤਰੱਕੀ ਕਰ ਕੇ ਮਨੁੱਖਤਾ ਦੇ ਕੰਮ ਆ ਸਕਦੇ ਸੀ। ਅਖ਼ੀਰ ਵਿੱਚ ਬੱਚਿਆਂ ਨੂੰ ਬੇਨਤੀ ਹੈ ਕਿ ਜਿੰਨਾ ਸਹੋਗੇ, ਓਨਾ ਹੀ ਸਿੱਖੋਗੇ। ਸੋਨਾ ਅੱਗ ’ਚ ਤਪਣ ਤੋਂ ਬਾਅਦ ਹੀ ਗਹਿਣਾ ਬਣਦਾ ਹੈ। ਗੁਰੂ ਮਿਹਰ ਕਰੇ।

ਬਲਵਿੰਦਰ ਸਿੰਘ ਪੁੜੈਣ

ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਦੇਖਣ ਤੋਂ ਬਾਦ…

0

ਅਪ੍ਰੈਲ 2015 ਵਿਚ ‘ਪੰਜਾਬ ਟਾਈਮਜ਼’ ਵਿਚ ਛਪੀ ਰਿਪੋਰਟ

ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਦੇਖਣ ਤੋਂ ਬਾਦ…

ਸੁਰਿੰਦਰ ਸੋਹਲ

ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਜਨਮ-ਸਾਖੀਆਂ ਵਿੱਚੋਂ ਕੁਝ ਸਾਖੀਆਂ ਚੁਣ ਕੇ ਬਣਾਈ ਗਈ ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਨਾ-ਪੱਖੀ ਅਤੇ ਹਾਂ-ਪੱਖੀ ਵਿਚਾਰਾਂ ਦੇ ਭੰਵਰਾਂ ਅਤੇ ਵਰੋਲਿਆਂ ਦੀ ਲਪੇਟ ਵਿੱਚ ਹੈ। ਵਿਰੋਧ ਦੇ ਭੰਵਰ ਜ਼ਿਆਦਾ ਤੇਜ਼ ਹਨ।  ਹੈ ਵੀ ਸੁਭਾਵਕ। ਵਿਸ਼ਾ ਹੀ ਏਨਾ ਸੰਵੇਦਨਸ਼ੀਲ ਹੈ ਅਗਰ ਗੁਲਾਬ ਦੀ ਪੱਤੀ ਵਰਗਾ ਨਾਜ਼ਕ ਲਫ਼ਜ਼ ਵੀ ਸਹੀ ਸੰਦਰਭ ਵਿੱਚ ਨਾ ਵਰਤਿਆ ਜਾਵੇ ਤਾਂ ਸਤਿਕਾਰ, ਸ਼ਰਧਾ, ਵਿਸ਼ਵਾਸ ’ਤੇ ਜ਼ਰਬ (ਚੋਟ) ਆਉਣ ਦਾ ਖ਼ਤਰਾ ਬਰਾਬਰ ਬਣਿਆ ਰਹਿੰਦਾ ਹੈ।

ਫ਼ਿਲਮ ਦੀ ਸਮੁੱਚੀ ਕਹਾਣੀ ਨੂੰ ਭਾਈ ਮਰਦਾਨਾ ਜੀ ਦੀ ਦ੍ਰਿਸ਼ਟੀ ਤੋਂ ਦਿਖਾਇਆ ਗਿਆ ਹੈ। ਭਾਈ ਮਰਦਾਨਾ ਜੀ ਸਿੱਖ ਇਤਿਹਾਸ ਵਿੱਚ ਅਜਿਹੀ ਸ਼ਖ਼ਸੀਅਤ ਵਜੋਂ ਸਨਮਾਨਯੋਗ ਸਥਾਨ ਰੱਖਦੇ ਹਨ, ਜਿਹਨਾਂ ਨੇ ਸਭ ਤੋਂ ਵੱਧ ਸਮਾਂ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਿਤਾਇਆ। ਉਹਨਾਂ ਨੇ ਗੁਰੂ ਸਾਹਿਬ ਦੀ ਬਾਣੀ ਨੂੰ ਆਪਣੀ ਰਬਾਬ ਦੀਆਂ ਸੁਰਾਂ ਦੇ ਰਸ ਵਿੱਚ ਡੁਬੋ ਕੇ ਮਾਨਵਤਾ ਦੇ ਕੰਨਾਂ ਵਿੱਚ ਇਲਾਹੀ ਨਾਦ ਘੋਲ਼ਿਆ।

ਪ੍ਰਤੀਕਾਤਮਕ ਰੂਪ ਵਿੱਚ ਸਮੁੱਚੀ ਫ਼ਿਲਮ ਦਾ ਸਾਰੰਸ਼ ਦੇਣਾ ਹੋਵੇ ਤਾਂ- ‘ਇਲਾਹੀ ਬਾਣੀ ਦਾ ਦਰਜਾ ਰੱਖਦੀ ਗੁਰੂ ਸਾਹਿਬ ਦੀ ਬਾਣੀ ਨਾਲ ਪੱਥਰਾਂ ਵਰਗੇ ਹਿਰਦਿਆਂ ਵਿੱਚ ਪਰਮਾਤਮਾ ਦੇ ਨਾਮ ਦਾ ਪੰਜਾ ਲੱਗਦਾ ਹੈ, ਰੂਹ ਨੂੰ ਲੱਗੇ ਵਿਕਾਰਾਂ ਦੇ ਕੋਹੜ ਦਾ ਨਾਸ਼ ਹੁੰਦਾ ਹੈ, ਸਿੱਧਾਂ ਅੰਦਰ ਘਰ ਕਰ ਗਏ ਹੰਕਾਰ ਦਾ ਸੰਘਾਰ (ਨਾਸ਼) ਹੁੰਦਾ ਹੈ। ਫੋਕੇ ਕਰਮਕਾਂਡਾ ਦਾ ਭਾਂਡਾ ਭੱਜਦਾ ਹੈ ਅਤੇ ਸਾਰੀ ਕਾਇਨਾਤ ਹੀ ‘ੴ’ ਦੇ ਨਾਦ ਵਿੱਚ ਵਿਸਮਾਦ ਅਵਸਥਾ ਵਿੱਚ ਵਿਚਰ ਰਹੀ ਪ੍ਰਤੀਤ ਹੁੰਦੀ ਹੈ, ਪਰ ਫਿਰ ਵੀ ਫ਼ਿਲਮ ਦੇਖਦੇ ਸਮੇਂ ਫ਼ਿਲਮ ਦੇ ਨਿਰਮਾਣ ਨੂੰ ਲੈ ਕੇ ਇਤਰਾਜ਼ ਦਾ ਕੰਡਾ ਦਿਲ ਵਿੱਚ ਚੁੱਭਦਾ ਰਹਿੰਦਾ ਹੈ। ਇਸ ਦਾ ਕਾਰਨ ਹਰਿੰਦਰ ਸਿੰਘ ਮਹਿਬੂਬ ਦੇ ਸ਼ਬਦਾਂ ਦੀ ਲੋਅ ਵਿੱਚ ਸਪਸ਼ਟ ਨਜ਼ਰ ਆ ਜਾਂਦਾ ਹੈ, ਰੰਗ ਮੰਚ ਉੱਤੇ ਖੇਡਣ ਦੇ ਨੁਕਤੇ ਤੋਂ ਲਿਖੇ ਗਏ ਨਾਟਕਾਂ ਅਤੇ ਫ਼ਿਲਮਾਂ ਵਿੱਚ ਗੁਰੂ ਜੀਵਨਾਂ, ਗੁਰਬਾਣੀ ਅਤੇ ਅਭਿਨੈ ਦਾ ਸੰਜੋਗ ਤੇ ਗੁਰਮੁਖਾਂ ਦੇ ਰੂਪ ਪੇਸ਼ ਕਰਨੇ, ਰੂਹਾਨੀ ਖ਼ੁਦਕੁਸ਼ੀ ਸਾਬਤ ਹੋਣਗੇ।’

ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਫ਼ਿਲਮ ਦੇ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨਾਲ ਭੇਟ ਵਾਰਤਾ ਵਿੱਚੋਂ ਕੁਝ ਅਹਿਮ ਗੱਲਾਂ ਸਾਹਮਣੇ ਆਈਆਂ।  ਸ. ਸਿੱਕਾ ਮੁਤਾਬਕ, ਏਡਾ ਵੱਡਾ ਕਾਰਜ ਉਹਨਾਂ ਦੇ ਵੱਸ ਦੀ ਗੱਲ ਨਹੀਂ ਸੀ, ਨਾ ਹੀ ਉਹਨਾਂ ਨੇ ਕਦੇ ਇਸ ਤਰ੍ਹਾਂ ਦੇ ਪ੍ਰੋਜੈਕਟ ਬਾਰੇ ਸੋਚਿਆ ਸੀ। ਇਕ ਦਿਨ ਸੁਪਨ-ਅਵਸਥਾ ਵਿੱਚ ਉਹਨਾਂ ਨੂੰ ਇਲਾਹੀ ਨੂਰ ਦੀ ਝਲਕੀ ਦਿਖਾਈ ਦਿੱਤੀ। ਉਸ ਛਬੀ ਦੇ ਨਕਸ਼ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਮਿਲਦੇ-ਜੁਲਦੇ ਸਨ। ਬਸ ਓਹੀ ਇਲਾਹੀ ਨੂਰ ਦੀ ਝਲਕ ਫ਼ਿਲਮ ਦੀ ਪ੍ਰੇਰਨਾ ਬਣੀ।

ਕਿਸੇ ਨੇ ਸਵਾਲ ਕੀਤਾ-ਸਿੱਕਾ ਜੀ  !  ਕੀ ਤੁਹਾਡੀ ਫ਼ਿਲਮ ਦੇ ਪਿੱਛੇ, ਫ਼ਿਲਮ ‘ਚਾਰ ਸਾਹਿਬਜ਼ਾਦੇ’ ਦੀ ਸਫਲਤਾ ਦੀ ਚਮਕ ਤਾਂ ਨਹੀਂ? ਸਿੱਕਾ ਸਾਹਿਬ ਦਾ ਕਹਿਣ ਸੀ-ਉਹ ਫ਼ਿਲਮ ਕਮੱਰਸ਼ੀਅਲ ਐਂਗਲ ਤੋਂ ਬਣਾਈ ਗਈ ਸੀ, ਇਹ ਫ਼ਿਲਮ ਨਿਸ਼ਕਾਮ ਸੇਵਾ ਦੀ ਭਾਵਨਾ ਨਾਲ ਬਣਾਈ ਗਈ ਹੈ। ਇਸ ਫ਼ਿਲਮ ਦੀ ਕਮਾਈ ਬਿਨਾਂ ਕਿਸੇ ਜ਼ਾਤੀ ਭੇਦ ਦੇ, ਲੋੜਵੰਦਾਂ ਨੂੰ ਵੰਡ ਦਿੱਤੀ ਜਾਵੇਗੀ।

ਫ਼ਿਲਮ ‘ਨਾਨਕ ਸ਼ਾਹ ਫ਼ਕੀਰ’ ਭਾਈ ਮਰਦਾਨਾ ਜੀ ਦੀ ਦ੍ਰਿਸ਼ਟੀ ਤੋਂ ਬਣਾਈ ਗਈ ਹੈ। ਕੈਮਰੇ ਦੀ ਅੱਖ ਨੂੰ ਭਾਈ ਮਰਦਾਨਾ ਜੀ ਦੀ ਅੱਖ ਵਜੋਂ ਵਰਤਣ ਦਾ ਯਤਨ ਕੀਤਾ ਗਿਆ ਹੈ। ਭਾਈ ਮਰਦਾਨਾ ਜੀ ਦਾ ਰੋਲ ਕਰਨ ਵਾਲਾ ਐਕਟਰ ਆਰਿਫ਼ ਜ਼ਕਰੀਆ ਇਸ ਸਕਰੀਨਿੰਗ ਮੌਕੇ ਮੌਜੂਦ ਸੀ।  ਉਸ ਦਾ ਕਹਿਣਾ ਸੀ-ਮੈਂ ਇਸ ਯਾਤਰਾ ਵਿੱਚ ਸੱਚ ਮੁੱਚ ਕੋਈ ਵਿਲੱਖਣ ਯਾਤਰਾ ਕੀਤੀ ਮਹਿਸੂਸ ਕਰਦਾ ਹਾਂ।

ਸੋਚਣ ਵਾਲੀ ਗੱਲ ਇਹ ਹੈ ਕਿ ਭਾਈ ਮਰਦਾਨਾ ਜੀ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਕੁਦਰਤ ਅਤੇ ਪੈਗ਼ੰਬਰੀ ਜਲਵਿਆਂ ਨੂੰ ਮਾਣਦਿਆਂ ਬਿਤਾਇਆ। ਇਕ ਪੈਗ਼ੰਬਰ ਨਾਲ ਰਹਿ ਕੇ ਆਤਮਕ ਤੌਰ ’ਤੇ ਭਾਈ ਮਰਦਾਨਾ ਜੀ ਕਿੰਨੀ ਉਚ-ਅਵਸਥਾ ਦੇ ਧਾਰਨੀ ਹੋ ਗਏ ਹੋਣਗੇ, ਉਸ ਦੀ ਤਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਸ ਸ਼ਖ਼ਸੀਅਤ ਦੀ ਬਾਹਰੀ ਦਿਖ ਅਤੇ ਅੰਦਰੂਨੀ ਬੁਲੰਦੀ ਨੂੰ ਐਕਟਰ (ਭਾਵੇਂ ਉਹ ਕਿੰਨੀ ਵੀ ਪ੍ਰਤਿਭਾ ਦਾ ਮਾਲਕ ਕਿਉਂ ਨਾ ਹੋਵੇ) ਕਿੰਨੀ ਕੁ ਸਫਲਤਾ ਨਾਲ ਨਿਭਾ ਸਕਦਾ ਹੈ। ਪਹਿਲੀ ਗੱਲ ਤਾਂ ਇਹ ਕਿ ਕਿਸੇ ਵੀ ਐਕਟਰ ਨੂੰ ਭਾਈ ਮਰਦਾਨਾ ਜੀ ਦੇ ਕੱਦ, ਬੁਲੰਦੀ ਅਤੇ ਮਾਨਸਿਕ-ਅਵਸਥਾ ਦੀ ਉਚਾਈ ਦੇ ਸਾਹਮਣੇ, ਆਪਣੀ ਹੋਂਦ ਦਾ ਅਹਿਸਾਸ ਕਰਦੇ ਹੋਏ ਕਿਰਦਾਰ ਨਿਭਾਉਣ ਦੀ ਹਾਮੀ ਭਰਨੀ ਹੀ ਨਹੀਂ ਚਾਹੀਦੀ ਸੀ।

ਫ਼ਿਲਮ ਸ਼ੁਰੂ ਹੋਣ ਤੋਂ ਪਹਿਲਾਂ ਸਿੱਕਾ ਜੀ ਦਾ ਕਹਿਣ ਸੀ-ਗੁਰੂ ਸਾਹਿਬ ਨੂੰ ਅਸੀਂ ਕੰਪਿਊਟਰ ਗ੍ਰਾਫ਼ਿਕਸ ਦੀ ਮਦਦ ਨਾਲ ਸਿਰਫ਼ ਰੌਸ਼ਨੀ ਦੇ ਰੂਪ ਵਿੱਚ ਪਿਛਾੜੀ ਤੋਂ ਹੀ ਵਿਖਾਇਆ ਹੈ, ਪਰ ਉਹਨਾਂ ਦੀ ਇਹ ਗੱਲ ਸਿਰਫ਼ ਪੈਰ ਟਿਕਾਉਣਾ ਹੀ ਸਾਬਤ ਹੋਈ, ਬੈਠਣ ਦਾ ਹੀਲਾ ਉਹਨਾਂ ਨੇ ਆਪੇ ਕਰ ਲਿਆ। ਫ਼ਿਲਮ ਵਿੱਚ ਦਿਖਾਏ ਗਏ ਗੁਰੂ ਸਾਹਿਬ ਦਾ ਰੂਪ ਗ੍ਰਾਫ਼ਿਕਸ ਘੱਟ, ਵਿਅਕਤੀ ਦੁਆਰਾ ਕੀਤਾ ਗਿਆ ਵੱਧ ਲੱਗਿਆ, ਜਿਸ ਨੂੰ ਕੰਪਿਊਟਰੀ ਜੁਗਤਾਂ ਰਾਹੀਂ ਫੇਡ ਕੀਤਾ ਗਿਆ ਹੋਵੇ। ਫਿਰ ਸੰਵਾਦ ਬੋਲਦੇ ਵੀ ਦਿਖਾਇਆ ਗਿਆ।

ਕੁਦਰਤ ਵਲੋਂ ਭਰਪੂਰ ਗੁਣਾਂ ਨਾਲ ਵਰਸੋਏ ਗੁਰੂ ਸਾਹਿਬ ਦੀ ਛਬੀ ਅਤੇ ਰਹੱਸਮਈ ਪੈਗ਼ੰਬਰੀ ਬੋਲਾਂ ਨੂੰ ਮਨੁੱਖੀ ਯਤਨ ਅਤੇ ਮਨੁੱਖ ਦਾ ਬਣਾਇਆ ਕੈਮਰਾ ਕਿੰਨਾ ਕੁ ਪਕੜ ਸਕਦਾ ਹੈ। ਪੈਗ਼ੰਬਰੀ ਰੂਹਾਂ ਖ਼ੂਬਸੂਰਤ ਰੂਹਾਨੀ ਓਹਲੇ ਦੀਆਂ ਧਾਰਣੀ ਹੁੰਦੀਆਂ ਹਨ। ਉਹਨਾਂ ਰੂਹਾਨੀ ਓਹਲਿਆਂ ਨੂੰ ਮਨੁੱਖੀ ਮੱਤ ਨਾਲ ਤਾਰ-ਤਾਰ ਕਰਨ ਦੀ ਕੋਸ਼ਿਸ਼ ਨੂੰ ਹੀ ਸ਼ਾਇਦ ਹਰਿੰਦਰ ਸਿੰਘ ਮਹਿਬੂਬ ਨੇ ‘ਰੂਹਾਨੀ ਖ਼ੁਦਕੁਸ਼ੀ’ ਦਾ ਨਾਮ ਦਿੱਤਾ ਹੈ।

ਮਾਤਾ ਤ੍ਰਿਪਤਾ, ਬੇਬੇ ਨਾਨਕੀ, ਬੀਬੀ ਸੁਲੱਖਣੀ ਆਦਿ ਵਰਗੀਆਂ ਬੇਜੋੜ, ਮਹਾਨ ਸ਼ਖ਼ਸੀਅਤਾਂ ਨੂੰ ਪਰਦੇ ’ਤੇ ਪੇਸ਼ ਕਰਨ ਦਾ, ਫ਼ਿਲਮ ਵਾਲਿਆਂ ਨੂੰ ਹੌਸਲਾ ਹੀ ਨਹੀਂ ਕਰਨਾ ਚਾਹੀਦਾ ਸੀ।  ਕਲਾ ਦੀ ਦੁਨੀਆ ਵਿੱਚ ਗੱਲ ਕਹਿਣ ਦੇ ਅਨੇਕ ਤਰੀਕੇ ਹੁੰਦੇ ਹਨ।

ਦਰਸ਼ਕਾਂ ਦੇ ਵਿਚਾਰ ਸਧਾਰਨਤਾ ਦੀ ਪੱਧਰ ਪਾਰ ਨਹੀਂ ਕਰ ਸਕੇ। ਕੁਝ ਇਕ ਨੇ, ਫ਼ਿਲਮ ਦੀ ਤਕਨੀਕ ਬਾਰੇ ਗੱਲ ਕਰ ਗਏ।

ਇਕ ਦਰਸ਼ਕ ਦਾ ਇਤਰਾਜ਼ ਸੀ, ਗੁਰੂ ਸਾਹਿਬ ਦੇ ਬੱਚੇ ਮੋਨੇ ਕਿਉਂ ਦਿਖਾਏ ਗਏ ਹਨ। ਮੇਰੇ ਖ਼ਿਆਲ ਵਿੱਚ ਉਸ ਦਾ ਇਤਰਾਜ਼ ਹੋਣਾ ਇਹ ਚਾਹੀਦਾ ਸੀ ਕਿ ਗੁਰੂ ਸਾਹਿਬ ਦੇ ਬੱਚੇ ਦਿਖਾਏ ਹੀ ਕਿਉਂ ਗਏ ਹਨ !

ਇਕ ਦਰਸ਼ਕ ਦਾ ਕਹਿਣ ਸੀ-ਇਸ ਫ਼ਿਲਮ ਨੂੰ ਚੰਗਾ ਕਹਿਣਾ ਵੀ ਮਾੜਾ ਹੈ ਅਤੇ ਮਾੜਾ ਕਹਿਣਾ ਵੀ ਮਾੜਾ। ਚੁੱਪ ਬਿਹਤਰ ਹੈ।

ਇਕ ਦਰਸ਼ਕ ਨੇ ਗੱਲ ਹੀ ਨਿਬੇੜ ਦਿੱਤੀ-ਦੇਖੋ ਜੀ ਸਿੱਕਾ ਸਾਹਿਬ ਨੇ ਕਿਹਾ ਕਿ ਇਹ ਫ਼ਿਲਮ ਨਾ ਉਹਨਾਂ ਨੇ ਲਿਖੀ ਹੈ, ਨਾ ਬਣਾਈ ਹੈ। ਇਹ ਲਿਖੀ ਵੀ ਗੁਰੂ ਸਾਹਿਬ ਨੇ ਹੈ, ਬਣਾਈ ਵੀ ਗੁਰੂ ਸਾਹਿਬ ਨੇ। ਹੁਣ ਚੰਗਾ ਮਾੜਾ ਵਿਚਾਰ ਦੇਣ ਵੇਲੇ ਤੁਸੀਂ ਆਪ ਸੋਚ ਲਵੋ।

ਇਕ ਦਰਸ਼ਕ ਦਾ ਕਹਿਣਾ ਸੀ ਕਿ ਸਿੱਕਾ ਸਾਹਿਬ ਨੇ ਕਿਹਾ ਕਿ ਉਹਨਾਂ ਨੇ ਫ਼ਿਲਮ ਬਣਾਉਣ ਤੋਂ ਪਹਿਲਾਂ ਬਹੁਤ ‘ਰਿਸਰਚ’ ਕਰਵਾਈ ਸੀ, ਪਰ ਫ਼ਿਲਮ ਦੇਖ ਕੇ ਸਿੱਕਾ ਜੀ ਦਾ ਇਹ ਕਥਨ ਸਹੀ ਨਹੀਂ ਜਾਪਦਾ।

ਪੋਸਟ ਸਕ੍ਰਪਿਟ-

ਇਕ ਦਰਸ਼ਕ ਨੇ ਫ਼ਿਲਮ ਦੀ ਤਕਨੀਕ ਪੱਖੋਂ ਬੜੀ ਸਿਫ਼ਤ ਕੀਤੀ ਸੀ।

ਚਲੋ ਠੀਕ ਹੈ, ਅੱਜ ਦੇ ਦੌਰ ਵਿੱਚ ਕੰਪਿਊਟਰ, ਬਲਿਊ ਸਕਰੀਨ ਆਦਿ ਨਾਲ ਮਨਚਾਹੇ ਖ਼ੂਬਸੂਰਤ ਸੀਨ ਫ਼ਿਲਮਾਏ ਜਾ ਸਕਦੇ ਹਨ, ਪਰ ਨਿਰੀ ਤਕਨੀਕ ਹੀ ਸਭ ਕੁਝ ਨਹੀਂ ਹੁੰਦੀ, ਫ਼ਿਲਮ ਦਾ ਵਿਸ਼ਾ, ਵਿਸ਼ੇ ਦੀ ਸੰਵੇਦਨਸ਼ੀਲਤਾ ਵੀ ਤਾਂ ਮਹੱਤਵਪੂਰਨ ਹੁੰਦੀ ਹੈ। ਦੂਜੇ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ਕਿਸੇ ਸਿਆਣੇ ਦੇ ਬੋਲ ਯਾਦ ਆ ਰਹੇ ਹਨ-ਅਗਰ ਸੋਨੇ ਦੀ ਛੁਰੀ ਹੱਥ ਆ ਜਾਵੇ ਤਾਂ ਉਸ ਨਾਲ ਆਪਣਾ ਢਿੱਡ ਹੀ ਨਹੀਂ ਪਾੜ ਲੈਣਾ ਚਾਹੀਦਾ।

‘ਨਾਨਕ ਸ਼ਾਹ ਫ਼ਕੀਰ’ ਫ਼ਿਲਮ ਦੇ ਦਰੁਸਤ ਹੋਣ ਦਾ ਗੁਰਬਾਣੀ ਆਧਾਰਿਤ ਹਵਾਲਾ ਪੇਸ਼ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ : ਪੰਥਕ ਤਾਲਮੇਲ ਸੰਗਠਨ

0

‘ਨਾਨਕ ਸ਼ਾਹ ਫ਼ਕੀਰ’ ਫ਼ਿਲਮ ਦੇ ਦਰੁਸਤ ਹੋਣ ਦਾ ਗੁਰਬਾਣੀ ਆਧਾਰਿਤ ਹਵਾਲਾ ਪੇਸ਼ ਕਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ : ਪੰਥਕ ਤਾਲਮੇਲ ਸੰਗਠਨ

ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਪੰਥ-ਦਰਦੀ ਸੰਸਥਾਵਾਂ ਤੇ ਸਿੱਖਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਨੇ ‘ਨਾਨਕ ਸ਼ਾਹ ਫ਼ਕੀਰ’ ਫ਼ਿਲਮ ਦੇ ਜਾਰੀ ਹੋਣ ਦੀ ਖ਼ਬਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੇ ਪ੍ਰਚਾਰ-ਪ੍ਰਸਾਰ ਵਾਸਤੇ ਵਿਦਿਅਕ ਅਦਾਰਿਆਂ ਨੂੰ ਲਿਖੇ ਗਏ ਪੱਤਰ ਨੂੰ ਗੰਭੀਰਤਾ ਨਾਲ ਲੈਂਦਿਆਂ ਸਵਾਲ ਤੇ ਸੁਝਾਅ ਸਾਹਮਣੇ ਰੱਖੇ ਹਨ। ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਕਿਹਾ ਕਿ ਇਹੀ ਫ਼ਿਲਮ ਅਪ੍ਰੈਲ 2015 ਵਿੱਚ ਪੰਥਕ ਜਥੇਬੰਦੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਭਾਵ ਹੇਠ ਵਾਪਸ ਲੈ ਲਈ ਗਈ ਸੀ। ਏਥੋਂ ਤੱਕ ਕਿ ਸਰਕਾਰਾਂ ਨੇ ਵੀ ਪਾਬੰਦੀ ਲਾ ਦਿੱਤੀ ਸੀ। ਹੁਣ ਕਿਸ ਆਧਾਰ ’ਤੇ ਇਸ ਦੇ ਨਿਰਮਾਤਾ ਵੱਲੋਂ ਇਸ ਨੂੰ ਜਾਰੀ ਕੀਤੇ ਜਾਣ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਵਾਣਗੀ ਦਿੱਤੀ ਗਈ ਹੈ ? ਉਹਨਾਂ ਕਿਹਾ ਫ਼ਿਲਮ ਦੇ ਵਿਰੋਧ ਪਿੱਛੇ ਕਿਸੇ ਦਾ ਕੋਈ ਨਿੱਜੀ ਵੈਰ ਵਿਰੋਧ ਨਹੀਂ ਹੈ ਬਲਕਿ ਸਿੱਖ ਧਰਮ ਦੇ ਰੂਹਾਨੀ ਮਾਰਗ ਵਿੱਚ ਅਯੋਗ ਤਰੀਕਾ ਹੋਣ ਕਰ ਕੇ ਵਿਰੋਧ ਹੈ।

ਉਹਨਾਂ ਕਿਹਾ ਕਿ ਫ਼ਿਲਮ ਨਿਰਮਾਤਾ ਤੇ ਸਮੱਰਥਕਾਂ ਦੇ ਉਸ ਵੀਚਾਰ ਨੂੰ ਮੁਬਾਰਕ ਹੈ ਕਿ ਸਿੱਖੀ ਦੇ ਅਮੀਰ ਵਿਰਸੇ ਦੀ ਜਾਣਕਾਰੀ ਵਿਸ਼ਵ ਭਰ ਵਿੱਚ ਜਾਣੀ ਚਾਹੀਦੀ ਹੈ ਅਤੇ ਖ਼ਾਸ ਕਰ ਕੇ ਬੱਚਿਆਂ ਨੂੰ ਰੌਚਿਕ ਢੰਗਾਂ ਨਾਲ ਸਿੱਖੀ ਨਾਲ ਜੋੜਨਾ ਚਾਹੀਦਾ ਹੈ, ਪਰ ਇਸ ਵੀਚਾਰ ਦੇ ਆਧਾਰ ’ਤੇ ਸਿੱਖੀ ਅਸੂਲਾਂ ਨੂੰ ਵੀ ਕੁਰਬਾਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਿੱਖ ਧਰਮ ਆਕਾਰ ਜਾਂ ਕਾਲ਼ ਦਾ ਪੂਜਕ ਨਹੀਂ ਤੇ ਕੇਵਲ ਨਿਰਾਕਾਰ ਦਾ ਹੀ ਉਪਾਸ਼ਕ ਹੈ। ਜੇ ਕੋਈ ਕਲਾਕਾਰ ਕਿਸੇ ਆਕਾਰ ਦੇ ਸਹਾਰੇ ਰੱਬ ਜੈਸੇ ਗੁਰੂਆਂ ਦਾ ਅੰਤ ਪੇਸ਼ ਕਰ ਦੇਣ ਦਾ ਉਪਰਾਲਾ ਕਰਦਾ ਹੈ ਤਾਂ ਉਹ ਅਧੂਰਾ ਹੈ। ਜੋ ਅਧੂਰਾ ਹੈ ਉਹ ਪੂਰੇ ਦਾ ਤੋੜ ਨਹੀਂ ਹੋ ਸਕਦਾ। ਕਿਸੇ ਫ਼ਿਲਮ, ਤਸਵੀਰ ਜਾਂ ਗ੍ਰਾਫ਼ ਰਾਹੀਂ ਗੁਰੂਆਂ ਦੀ ਅਥਾਹ ਦੇਣ ਨੂੰ ਕਿਸੇ ਘੇਰੇ ਵਿੱਚ ਪੇਸ਼ ਕਰਨਾ ਇਕ ਨੂਰਾਨੀ ਤੇ ਰੂਹਾਨੀ ਸ਼ਕਤੀ ਨਾਲ ਖਿਲਵਾੜ ਕਰਨ ਦੀ ਕਿਰਿਆ ਹੈ ਕਿਉਂਕਿ ਕਲਾਕਾਰ ਉਹਨਾਂ ਦੀ ਅਪਰ ਅਪਾਰ ਸ਼ਕਤੀ ਨੂੰ ਆਪਣੀ ਤੁੱਛ ਬੁੱਧੀ ਦੇ ਹਾਣ ਦਾ ਬਣਾ ਕੇ ਹੀ ਪੇਸ਼ ਕਰ ਸਕਦਾ ਹੈ। ਕੋਈ ਕਲਾਕਾਰ ਇਹ ਨਹੀਂ ਕਹਿ ਸਕਦਾ ਕਿ ਮੈਂ ਗੁਰੂਆਂ, ਭਗਤਾਂ ਜਾਂ ਸ਼ਹੀਦਾਂ ਨੂੰ ਉਹਨਾਂ ਦੇ ਬਰਾਬਰ ਉੱਚਾ ਹੋ ਕੇ ਗਿਣ ਜਾਂ ਮਿਣ ਲਿਆ ਹੈ। ਫ਼ਿਲਮਾਂ ਆਦਿਕ ਦੇ ਢੰਗ ਤਰੀਕੇ ਚੰਗੀ ਸੋਚ ਹੋਣ ਦੇ ਬਾਵਜੂਦ ਵੀ ਸ਼ਬਦ-ਗੁਰੂ ਸਿਧਾਂਤ ਦੇ ਬਿਲਕੁਲ ਤਬਾਹਕੁੰਨ ਵਿਰੋਧੀ ਹਨ।

ਸਿੱਖ ਧਰਮ ਦਾ ਇਹ ਮਕਸਦ ਹੀ ਨਹੀਂ ਹੈ ਕਿ ਉਹ ਆਪਣੇ ਆਪ ਨੂੰ ਪੂਰੇ ਸੰਸਾਰ ਵਿੱਚ ਜਿਣਾਉਣ ਲਈ ਯਤਨ ਕਰੇ ਬਲਕਿ ਇਸ ਦਾ ਸਹੀ ਸਫ਼ਰ ਇਕ ਫੁੱਲ ਦੀ ਤਰ੍ਹਾਂ ਖੁਸ਼ਬੂ ਬਣਨਾ ਹੈ। ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਕਿਸੇ ਧਰਮ ਦੇ ਕਿਸੇ ਆਗੂ ਦੀ ਸ਼ਹੀਦੀ ਦੀ ਪ੍ਰਸਿੱਧੀ ਘਰ ਘਰ ਵੀ ਪੁੱਜ ਗਈ ਹੋਵੇ ਤਾਂ ਕੀ ਸੰਸਾਰ ਸੁਧਰ ਚੁੱਕਾ ਹੈ ? ਸਿੱਖ ਧਰਮ ਅੰਦਰ ਸੇਧ ਲੈਣ ਅਤੇ ਦੇਣ ਦਾ ਵਸੀਲਾ ਕੇਵਲ ਤੇ ਕੇਵਲ ਸ਼ਬਦ-ਗੁਰੂ ਹੈ, ਜੋ ਕਿ ਦਿਨ ਰਾਤ ਸਭ ਨੂੰ ਰੌਸ਼ਨ ਕਰਦਾ ਹੈ ਜਦ ਕਿ ਪੱਛਮੀ ਤੇ ਦੁਨਿਆਵੀ ਤਰੀਕੇ ਕੁਝ ਘੰਟਿਆਂ ਬਾਅਦ ਮਨੁੱਖ ਨੂੰ ਉਸੇ ਮਾਇਆ ਦੀ ਕੈਦ ਵਿੱਚ ਲੈ ਜਾਂਦੇ ਹਨ। ਜੇਕਰ ਸ਼੍ਰੋਮਣੀ ਕਮੇਟੀ ਜਾਂ ਨਿਰਮਾਤਾ ਕੋਲ ਕੋਈ ਹੋਰ ਚੰਗਾ ਹਵਾਲਾ ਹੋਵੇ ਤਾਂ ਪੰਥ ਦੇ ਸਾਹਮਣੇ ਜ਼ਰੂਰ ਰੱਖਣ।

ਪੰਥਕ ਤਾਲਮੇਲ ਸੰਗਠਨ

  ੯੫੯੨੦੯੩੪੭੨, ੯੮੧੪੮੯੮੮੦੨, ੯੮੧੪੯੨੧੨੯੭, ੯੮੧੫੧੯੩੮੩੯, ੯੮੮੮੩੫੩੯੫੭

ਸਿੱਖ ਵਿਰਾਸਤੀ ਖੇਡ ਗਤਕਾ ਨੂੰ ਨਿਗਲ ਚੱਲੀ ਸਟੰਟਬਾਜ਼ੀ

0

ਸਿੱਖ ਵਿਰਾਸਤੀ ਖੇਡ ਗਤਕਾ ਨੂੰ ਨਿਗਲ ਚੱਲੀ ਸਟੰਟਬਾਜ਼ੀ

ਗੁਰਜੀਤ ਸਿੰਘ ਗੀਤੂ 94653-10052

ਗਤਕਾ ਸਿੱਖਾਂ ਦੀ ਵਿਰਾਸਤੀ ਖੇਡ ਹੈ, ਜੋ ਧਰਮ ਯੁੱਧ ਵਿੱਚ ਲੜਨ ਦੀ ਕਲਾ ਹੈ ਤੇ ਨਾਲ ਹੀ ਨਾਲ ਸਿੱਖਾਂ ਦੇ ਇਤਿਹਾਸਿਕ ਤੇ ਖੁਸ਼ੀ ਦਿਆਂ ਦਿਹਾੜਿਆ ਵਿੱਚ ਮੰਨੋਰੰਜਨ ਦਾ ਸਾਧਨ ਵੀ ਬਣਦੀ ਹੈ। ਗਤਕੇ ਦਾ ਆਰੰਭ ਸਿੱਖਾਂ ਦੇ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਤਾ ਗੱਦੀ ਸਮੇਂ ਪਹਿਨੀਆ ‘ਮੀਰੀ-ਪੀਰੀ’ ਦੀਆਂ ਦੋ ਕਿ੍ਰਪਾਨਾਂ ਨਾਲ ਹੁੰਦਾ ਹੈ। ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਇਹ ਕਲਾ ਬਾਬਾ ਬੁੱਢਾ ਜੀ ਦੇ ਸਹਿਯੋਗ ਨਾਲ ਸਿੱਖ ਜਗਤ ਦੀ ਝੋਲੀ ਵਿੱਚ ਪਾਈ।  ਗਤਕੇ ਦੇ ਜੰਗੀ ਵਾਰਾਂ ਦਾ ਪ੍ਰਦਰਸ਼ਨ ਗੁਰੂ ਸਾਹਿਬ ਦੇ ਸਮੇਂ ਵਿੱਚ ਹੀ ਅਖਾੜੇ ਸਜਾ ਕੇ ਕੀਤਾ ਜਾਣ ਲੱਗਾ, ਜਿਸ ਨਾਲ ਹਰ ਸਿੱਖ ਦੀ ਮੁਹਾਰਤ ਪਰਖ ਕੇ ਉਸ ਨੂੰ ਹੋਰ ਬਰੀਕੀਆਂ ਤੇ ਤਕਨੀਕਾਂ ਸਿੱਖਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ।  ਗਤਕਾ ਸਿੱਖਣ ਅਤੇ ਖੇਡਣ ਤੋਂ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਕੀਤੀ ਹਦਾਇਤ ਦੀ ਪਾਲਣਾ ਕਰਨਾ ਵੀ ਅਤਿ ਜ਼ਰੂਰੀ ਸੀ, ਜਿਸ ਵਿੱਚ ਉਹਨਾਂ ਨਿਹੱਥੇ, ਬਜ਼ੁਰਗ, ਬੱਚੇ, ਔਰਤ, ਭੱਜੇ ਜਾਂਦੇ ਅਤੇ ਬਿਮਾਰ ਵਿਅਕਤੀ ’ਤੇ ਵਾਰ ਕਰਨ ਤੋਂ ਵਰਜਿਆ ਹੈ। ਗੁਰੂ ਜੀ ਨੇ ਇਹ ਵੀ ਸਖ਼ਤ ਹੁਕਮ ਕੀਤੇ ਹਨ ਕਿ ਜੰਗ ਦੇ ਮੈਦਾਨ ਵਿੱਚ ਸਿੱਖ ਨੇ ਪਹਿਲਾ ਵਾਰ ਨਹੀਂ ਕਰਨਾ।  ਅਗਰ ਦੁਸ਼ਮਣ ਪਹਿਲਾਂ ਵਾਰ ਕਰਦਾ ਹੈ ਤਾਂ ਉਸ ਵਾਰ ਦੇ ਬਚਾਅ ਉਪਰੰਤ ਆਪਣਾ ਵਾਰ ਕਰਨਾ ਹੈ, ਜਿਸ ਨਾਲ ਗਤਕੇ ਦਾ ਮੁੱਖ ਸਿਧਾਂਤ ਹੀ ਇਹ ਪ੍ਰਚਲਿਤ ਹੋਇਆ ਹੈ ਕਿ ਪਹਿਲਾਂ ਰੋਕੋ ਤੇ ਫਿਰ ਠੋਕੋ।

ਖਾਲਸਾ ਰਾਜ ਤੱਕ ਗਤਕੇ ਦੀ ਕਲਾ ਨੂੰ ਭਰਪੂਰ ਪਿਆਰ ਮਿਲਿਆ ਤੇ ਫਿਰ ਬਾਅਦ ਵਿਚ ਅੰਗਰੇਜ਼ੀ ਕਾਲ ਦੇ ਆਰੰਭ ਹੋਣ ਨਾਲ ਆਮ ਸਿੱਖਾਂ ਕੋਲੋ ਗਤਕੇ ਦੀ ਕਲਾ ਵਿਸਰਨ ਲੱਗ ਪਈ। ਅੱਜ ਦੀ ਗੱਲ ਕਰੀਏ ਤਾਂ ਨਿਹੰਗ ਸਿੰਘਾਂ ਦੀ ਬਚਾਈ ਹੋਈ ਗਤਕਾ ਖੇਡ ਫਿਰ ਪ੍ਰਫੁਲਿਤ ਹੋਣ ਲੱਗੀ ਹੈ। ਅੱਜ ਦੇ ਸਮੇਂ ਗਤਕੇ ਦੇ ਦੋ ਰੂਪ ਸਾਹਮਣੇ ਆਉਂਦੇ ਹਨ ਇੱਕ ਖੇਡਾਂ ਦੇ ਰੂਪ ਵਿੱਚ ਤੇ ਦੂਸਰਾ ਪ੍ਰਦਰਸ਼ਨ ਦੇ ਰੂਪ ਵਿਚ। ਇਹ ਦੋਨੋਂ ਰੂਪ ਹੀ ਆਪਣੀ ਮੂਲ ਹੋਂਦ ਗੁਆ ਚੁੱਕੇ ਹਨ।  ਖੇਡ ਦੇ ਰੂਪ ਵਿੱਚ ਸਾਹਮਣੇ ਆਈ ਗਤਕੇ ਦੀ ਕਲਾ ਜਿੱਥੇ ਇੱਕ ਨਿਵੇਕਲੀ ਪਹਿਚਾਣ ਨਾਲ ਵਿੱਦਿਅਕ ਅਦਾਰਿਆ ਵਿੱਚ ਪਹੁੰਚ ਕੇ ਨੌਜਵਾਨੀ ਤੱਕ ਪਹੁੰਚੀ ਹੈ। ਉੱਥੇ ਇਸ ਵਿਚ ਭਾਗ ਲੈਣ ਵਾਲੇ ਗਤਕੇ ਦੇ ਖਿਡਾਰੀ ਕੋਲ ਨਾ ਬਾਣੀ ਹੈ ਤੇ ਨਾ ਬਾਣਾ।  ਗਤਕਾ ਖੇਡ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਵਿੱਚ ਹੁਣ ਗੈਰ ਸਿੱਖ ਵੀ ਸਾਹਮਣੇ ਆ ਰਹੇ ਹਨ।

ਦੂਸਰਾ ਪ੍ਰਦਰਸ਼ਨ ਦੇ ਤੌਰ ’ਤੇ ਸਾਹਮਣੇ ਆਉਣ ਵਾਲੀ ਗਤਕੇ ਦੀ ਕਲਾ ਦਾ ਮੂਲ ਰੂਪ ਕਿਤੇ ਹੀ ਦੇਖਣ ਵਿੱਚ ਆਉਂਦਾ ਹੈ, ਜ਼ਿਆਦਾਤਰ ਤਾਂ ਕੁਝ ਅਲੱਗ ਕਰਨ ਦੀ ਸੋਚ ਨਾਲ ਨੌਜਵਾਨ ਗਤਕੇ ਤੋ ਕੋਹਾਂ ਦੂਰ ਨਿਕਲ ਜਾਂਦੇ ਹਨ ਤੇ ਗਤਕੇ ਦੇ 14 ਮੁੱਖ ਸ਼ਸਤਰਾਂ ਦੀ ਕਲਾ ਨੂੰ ਛੱਡ ਕੇ ਸਟੰਟ ਕਰਨ ਨਾਲ ਹੀ ਆਪਣਾ ਹੁਨਰ ਜੋੜਦੇ ਪ੍ਰਤੀਤ ਹੁੰਦੇ ਹਨ। 

ਗਤਕੇ ਦੇ ਰੂਪ ਵਿੱਚ ਦਿਖਾਏ ਜਾਣ ਵਾਲੇ ਸਟੰਟ ਇਤਿਹਾਸਿਕ ਦਿਹਾੜਿਆ ਵਿੱਚ ਆਮ ਦੇਖੇ ਜਾ ਸਕਦੇ ਹਨ। ਜਿਨ੍ਹਾਂ ਦਾ ਸਿੱਖ ਵਿਰਾਸਤੀ ਖੇਡ ਗਤਕੇ ਨਾਲ ਕੋਈ ਸੰਬੰਧ ਨਹੀਂ ਹੈ। ਇਹਨਾਂ ਸਟੰਟਾਂ ਦੇ ਕਾਰਨ ਬਹੁਤ ਵਾਰ ਅਣਹੋਣੀਆ ਦੁਰਘਟਨਾਵਾਂ ਵੀ ਵਰਤ ਜਾਂਦੀਆ ਹਨ ਤੇ ਉਹ ਨੌਜਵਾਨ ਅਪਾਹਜ ਹੋ ਕੇ ਰਹਿ ਜਾਂਦੇ ਹਨ ਤੇ ਕਿਤੇ ਕਿਤੇ ਜਾਨ ਵੀ ਗਵਾ ਬੈਠਦੇ ਹਨ। ਅੱਜ ਲੋੜ ਹੈ ਗਤਕੇ ਦੀਆਂ ਪ੍ਰਮੁੱਖ ਕੰਮ ਕਰ ਰਹੀਆਂ ਫੈਡਰੇਸ਼ਨਾਂ ਵੱਲੋਂ ਨੌਜਵਾਨੀ ਨੂੰ ਪ੍ਰੇਰਿਤ ਕਰ ਕੇ ਚੱਲ ਰਹੇ ਭਿਆਨਕ ਸਟੰਟਾਂ ਦੇ ਦੌਰ ਤੋ ਹਟਾ ਕੇ ਗਤਕੇ ਦੀ ਮੂਲ ਸਿੱਖ ਵਿਰਾਸਤੀ ਖੇਡ ਨਾਲ ਜੋੜਿਆ ਜਾਵੇ।

ਔਰਤਾਂ ਤੇ ਬੱਚੀਆਂ ਦੀ ਸੁੰਨਤ

0

ਔਰਤਾਂ ਤੇ ਬੱਚੀਆਂ ਦੀ ਸੁੰਨਤ

ਡਾ. ਹਰਸ਼ਿੰਦਰ ਕੌਰ, ਐਮ. ਡੀ.,  ਬੱਚਿਆਂ ਦੀ ਮਾਹਿਰ,  28, ਪ੍ਰੀਤ ਨਗਰ, ਲੋਅਰ ਮਾਲ (ਪਟਿਆਲਾ)-0175-2216783

ਲਗਭਗ 200 ਮਿਲੀਅਨ ਬੱਚੀਆਂ ਤੇ ਔਰਤਾਂ ਅੱਜ ਦੇ ਦਿਨ ਗੁਪਤ ਅੰਗ ਵੱਢੇ ਜਾਣ ਦੀਆਂ ਸ਼ਿਕਾਰ ਹੋ ਚੁੱਕੀਆਂ ਹਨ। ਇਹੀ ਕਾਰਨ ਹੈ ਕਿ ਯੂਨਾਈਟਿਡ ਨੇਸ਼ਨਜ਼ ਪਾਪੂਲੇਸ਼ਨ ਫੰਡ ਵਾਲੇ ਇਸ ਨੂੰ ਔਰਤ ਜ਼ਾਤ ਪ੍ਰਤੀ ਸਭ ਤੋਂ ਵੱਧ ਘਿਣਾਉਣਾ ਜੁਰਮ ਮੰਨ ਚੁੱਕੇ ਹਨ। ਯੂਨੀਸੇਫ ਅਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਜਗ ਜ਼ਾਹਰ ਕੀਤੇ ਗਏ ਇਹ ਅੰਕੜੇ ਅੱਖਾਂ ਖੋਲ੍ਹਣ ਵਾਲੇ ਹਨ।

ਅੱਜ ਦੇ ਦਿਨ ਵੀ 30 ਮੁਲਕ ਇਹ ਪ੍ਰਥਾ ਜਾਰੀ ਰੱਖ ਰਹੇ ਹਨ, ਜਿੱਥੇ ਬੱਚੀਆਂ ਦੇ ਗੁਪਤ ਅੰਗ ਵੱਢ ਟੁੱਕ ਦਿੱਤੇ ਜਾਂਦੇ ਹਨ ਜਾਂ ਟਾਂਕੇ ਲਾ ਕੇ ਸੀਅ ਦਿੱਤੇ ਜਾਂਦੇ ਹਨ, ਇਨ੍ਹਾਂ ਵਿੱਚੋਂ 27 ਅਫ਼ਰੀਕਨ ਮੁਲਕਾਂ, ਇੰਡੋਨੇਸ਼ੀਆ, ਇਰਾਕ, ਯੇਮੇਨ ਆਦਿ ਸਮੇਤ ਸਾਰਿਆਂ ਵਿੱਚ ਨਵਜੰਮੀਆਂ ਬੱਚੀਆਂ ਤੋਂ ਲੈ ਕੇ 50 ਸਾਲ ਤੱਕ ਦੀਆਂ ਔਰਤਾਂ ਇਹ ਸੰਤਾਪ ਭੁਗਤ ਰਹੀਆਂ ਹਨ।

ਬਲੇਡ ਨਾਲ ਗੁਪਤ ਅੰਗ ਵੱਢੇ ਜਾਣ ਦੀ ਇਸ ਪ੍ਰਥਾ ਦੀਆਂ ਸ਼ਿਕਾਰ ਜ਼ਿਆਦਾਤਰ ਪੰਜ ਸਾਲ ਤੋਂ ਛੋਟੀਆਂ ਬੱਚੀਆਂ ਹੁੰਦੀਆਂ ਹਨ।

ਇਸ ਦੇ ਮਕਸਦ ਹਨ :-

  1. ਔਰਤ ਨੂੰ ਹੇਠਲੇ ਪੱਧਰ ਦਾ ਦਰਜਾ ਦੇਣਾ।
  2. ਔਰਤ ਦੀਆਂ ਤਾਂਘਾਂ ਖ਼ਤਮ ਕਰਨੀਆਂ।
  3. ਵਿਆਹ ਹੋਣ ਵੇਲੇ ਤੱਕ ਕੁਆਰਾਪਣ ਸਾਂਭਿਆ ਰਹਿਣਾ।

ਇਹ ਕੰਮ ਕਰਵਾਇਆ ਵੀ ਔਰਤਾਂ ਕੋਲੋਂ ਹੀ ਜਾਂਦਾ ਹੈ, ਉਨ੍ਹਾਂ ਦੇ ਮਨਾਂ ਵਿੱਚ ਇਹ ਬਿਠਾ ਦਿੱਤਾ ਗਿਆ ਹੈ ਕਿ ਸੁੰਨਤ ਕਰਨ ਨਾਲ ਉਹ ਆਪਣੀਆਂ ਧੀਆਂ ਨੂੰ ਪਵਿੱਤਰ ਬਣਾ ਰਹੀਆਂ ਹਨ ਤੇ ਇੰਜ ਕਰਨ ਨਾਲ ਉਨ੍ਹਾਂ ਨੂੰ ਆਪਣੇ ਪਤੀ ਰੂਪੀ ਰੱਬ ਵੱਲੋਂ ਸਨਮਾਨ ਮਿਲੇਗਾ ਤੇ ਸਮਾਜ ਵਿੱਚ ਵੀ ਆਦਰ ਮਾਣ ਬਣਿਆ ਰਹੇਗਾ।

ਖ਼ਤਰੇ :-

ਕੱਟ ਵੱਢ ਕਰਨ ਵਾਲੀਆਂ ਔਰਤਾਂ ਜ਼ਿਆਦਾਤਰ ਅਨਪੜ੍ਹ ਤੇ ਨਾ-ਤਜਰਬੇਕਾਰ ਹੁੰਦੀਆਂ ਹਨ, ਇਸੇ ਲਈ ਕਈ ਵਾਰ :-

*           ਮੌਤ ਹੋ ਸਕਦੀ ਹੈ।

*           ਕੀਟਾਣੂਆਂ ਦਾ ਹਮਲਾ ਹੋ ਸਕਦਾ ਹੈ।

*           ਪਿਸ਼ਾਬ ਦੀ ਨਾਲੀ ਵੱਢੀ ਜਾ ਸਕਦੀ ਹੈ।

*           ਮਾਹਵਾਰੀ ਵਿੱਚ ਦਿੱਕਤ ਆ ਸਕਦੀ ਹੈ।

*           ਬੱਚਾ ਜੰਮਣ ਵੇਲੇ ਔਖਿਆਈ ਆ ਸਕਦੀ ਹੈ।

*           ਸਰੀਰਕ ਸੰਬੰਧ ਬਣਾਉਣ ਵਿੱਚ ਦਿੱਕਤ ਹੋ ਸਕਦੀ ਹੈ।

*           ਇਸ ਤਕਨੀਕ ਨਾਲ ਅਜੇ ਤੱਕ ਸਿਰਫ਼ ਨੁਕਸਾਨ ਹੀ ਹੋਏ ਹਨ। ਕਦੇ ਕੋਈ ਫ਼ਾਇਦਾ ਹੋਇਆ ਨਹੀਂ ਵੇਖਿਆ ਗਿਆ।

ਸੰਨ 1970 ਵਿੱਚ ਇਸ ਪ੍ਰਥਾ ਨੂੰ ਬਹੁਤ ਭਾਰੀ ਜੁਰਮ ਮੰਨਦੇ ਹੋਏ ਇਸ ਨੂੰ ਰੋਕਣ ਲਈ ਅੰਤਰਰਾਸ਼ਟਰੀ ਕਾਨੂੰਨ ਬਣਾਏ ਗਏ, ਪਰ ਜ਼ਿਆਦਾ ਸਫਲ ਨਹੀਂ ਹੋਏ ਕਿਉਂਕਿ ਔਰਤਾਂ ਦੇ ਮਨਾਂ ਵਿੱਚ ਡੂੰਘਾ ਉਕਰਿਆ ਪਿਆ ਸੀ ਕਿ ਜੇ ਸਮਾਜ ਵਿੱਚ ਇੱਜ਼ਤ ਪਾਉਣੀ ਹੈ ਤਾਂ ਧੀਆਂ ਦੀ ਸੁੰਨਤ ਹਰ ਹਾਲ ਕਰਨੀ ਹੀ ਹੈ। ਪੁਰਸ਼ਾਂ ਨੇ ਵੀ ਕੁਆਰਪੁਣੇ ਨੂੰ ਤਰਜੀਹ ਦਿੰਦੇ ਹੋਏ ਸਿਰਫ਼ ਉਨ੍ਹਾਂ ਕੁੜੀਆਂ ਨਾਲ ਵਿਆਹ ਕਰਵਾਉਣ ਦੀ ਹਾਮੀ ਭਰੀ ਜਿਨ੍ਹਾਂ ਦੀ ਸੁੰਨਤ ਹੋ ਚੁੱਕੀ ਹੋਵੇ।

ਸੰਨ 2010 ਵਿੱਚ ਯੂਨਾਈਟਿਡ ਨੇਸ਼ਨਜ਼ ਨੇ ਇਸ ਪ੍ਰਥਾ ਨੂੰ ਹਰ ਹਾਲ ਰੋਕਣ ਲਈ ਸਿਹਤ ਕਰਮਚਾਰੀਆਂ ਨੂੰ ਤਾਕੀਦ ਕੀਤੀ।

ਇਤਿਹਾਸ :-

ਲਗਭਗ 800 ਤੋਂ 350 ਸਾਲ ਈਸਾ ਤੋਂ ਪਹਿਲਾਂ ਕੁਆਰਪੁਣੇ ਤੇ ਔਰਤ ਦੇ ਸੁੰਨਤ ਬਾਰੇ ਜ਼ਿਕਰ ਕੀਤਾ ਲੱਭਿਆ ਹੈ। ਬਰਿਟਿਸ਼ ਮਿਊਜ਼ੀਅਮ ਵਿੱਚ ਇੱਕ ਈਜਿਪਟ ਦੀ ਬੱਚੀ ਦੀ ਸੁੰਨਤ ਬਾਰੇ ਲਿਖਿਆ ਹੋਇਆ ਖ਼ਤ ਪਿਆ ਹੈ-‘‘ਜੇ ਵਿਆਹ ਤੋਂ ਪਹਿਲਾਂ ਸੁੰਨਤ ਨਾ ਹੋਈ ਤਾਂ ਸਾਰੇ ਪੈਸੇ ਵਾਪਸ ਮੋੜਨੇ ਪੈਣਗੇ।’’

ਅੱਜ ਦੇ ਦਿਨ ਵੀ ਇੰਗਲੈਂਡ ਤੇ ਵੇਲਜ਼ ਵਿੱਚ ਰਹਿ ਰਹੀਆਂ 1 ਲੱਖ 35 ਹਜ਼ਾਰ ਔਰਤਾਂ ਤੇ ਬੱਚੀਆਂ, ਜੋ ਹੋਰਨਾਂ ਮੁਲਕਾਂ ਵਿੱਚੋਂ ਇੱਥੇ ਆ ਕੇ ਵੱਸੀਆਂ ਹੋਈਆਂ ਹਨ, ਸੁੰਨਤ ਦਾ ਸ਼ਿਕਾਰ ਹੋ ਚੁੱਕੀਆਂ ਹਨ।

ਮਿਲੇ ਅੰਕੜਿਆਂ ਅਨੁਸਾਰ ਢਾਈ ਲੱਖ ਬੱਚੀਆਂ ਸੁੰਨਤ ਕਰਵਾਉਂਦਿਆਂ ਜ਼ਿਆਦਾ ਲਹੂ ਵਹਿ ਜਾਣ ਕਾਰਨ ਮੌਤ ਦੇ ਮੂੰਹ ਜਾ ਪਈਆਂ। ਕੁੱਝ ਟੈਟਨਸ, ਲਹੂ ਤੇ ਪਿਸ਼ਾਬ ਵਿਚਲੇ ਕੀਟਾਣੂਆਂ ਦੇ ਹਮਲੇ ਸਦਕਾ ਕੂਚ ਕਰ ਗਈਆਂ। ਕੁੱਝ ਜਣੇਪੇ ਵੇਲੇ ਮਰ ਖੱਪ ਗਈਆਂ। ਕੁੱਝ ਏਡਜ਼ ਦਾ ਸ਼ਿਕਾਰ ਹੋ ਗਈਆਂ। ਕੁੱਝ ਪੀੜ ਨਾ ਸਹਿੰਦੀਆਂ ਆਪ ਮੌਤ ਸਹੇੜ ਗਈਆਂ ਤੇ ਕੁੱਝ ਮਾਨਸਿਕ ਰੋਗੀ ਹੋ ਗਈਆਂ।

ਬਹੁਤ ਵੱਡੀ ਗਿਣਤੀ ਵਿੱਚ ਔਰਤਾਂ ਦੇ ਨਾਰਮਲ ਬੱਚਾ ਪੈਦਾ ਨਾ ਹੋ ਸਕਣ ਕਾਰਨ ਵੱਡਾ ਅਪਰੇਸ਼ਨ ਕਰਨਾ ਪਿਆ ਤੇ ਬਹੁਤ ਸਾਰੀਆਂ ਬੱਚੇਦਾਨੀ ਦੇ ਫਟਣ ਕਾਰਨ ਵੀ ਮਰ ਗਈਆਂ। ਅੱਜ ਦੇ ਦਿਨ ਵੀ ਇਹ ਗਿਣਤੀ ਲਗਭਗ 550 ਮਾਵਾਂ ਦੀਆਂ ਮੌਤਾਂ, ਪ੍ਰਤੀ 1 ਲੱਖ ਜੰਮੇ ਬੱਚਿਆਂ ਪਿੱਛੇ ਪਹੁੰਚ ਚੁੱਕੀ ਹੈ।

43 ਫੀਸਦੀ ਔਰਤਾਂ ਬੱਚੇ ਜੰਮਣ ਬਾਅਦ ਅਤਿ ਦੀ ਪੀੜ ਨੂੰ ਨਾ ਸਹਾਰਦਿਆਂ ਤੇ ਬੱਚਾ ਜੰਮਣ ਬਾਅਦ ਦੀਆਂ ਪਿਸ਼ਾਬ ਦੇ ਰਾਹ ਦੀਆਂ ਤਕਲੀਫ਼ਾਂ ਨਾ ਝੱਲਦਿਆਂ ਦਿਮਾਗ਼ੀ ਰੋਗੀ ਹੋਈਆਂ ਲੱਭੀਆਂ।

ਮੌਜੂਦਾ ਹਾਲ :-

ਸੰਨ 2016 ਵਿੱਚ ਯੂਨਾਈਟਿਡ ਨੇਸ਼ਨਜ਼ ਨੇ ਪੂਰੀ ਦੁਨੀਆਂ ਵਿੱਚ ਹੋਕਾ ਦਿੱਤਾ ਕਿ ਈਸਾਈ ਤੇ ਇਸਲਾਮ ਧਰਮ ਤੋਂ ਸ਼ੁਰੂ ਹੋਈ ਇਹ ਪ੍ਰਥਾ ਔਰਤ ਜ਼ਾਤ ਲਈ ਜ਼ੁਲਮ ਦੀ ਅਤਿ ਹੈ ਤੇ ਅੱਜ ਦੇ ਯੁਗ ਵਿੱਚ ਇਸ ਨੂੰ ਖ਼ਤਮ ਕਰਨ ਦੀ ਅਤੇ ਪੂਰੀ ਦੁਨੀਆ ਨੂੰ ਜਾਗਰੂਕ ਕਰਨ ਦੀ ਲੋੜ ਹੈ।

ਇਸ ਵਾਸਤੇ ਹਰ ਸਾਲ 6 ਫਰਵਰੀ ਨੂੰ ‘ਅੰਤਰਰਾਸ਼ਟਰੀ ਔਰਤਾਂ ਦੀ ਸੁੰਨਤ ਰੋਕਣ ਦਾ ਦਿਨ’ ਮਨਾਉਣ ਲਈ ਪੱਕਾ ਕਰ ਦਿੱਤਾ ਗਿਆ ਹੈ।

ਅੱਜ ਦੇ ਦਿਨ ਵੀ 30 ਮੁਲਕਾਂ ਵਿੱਚ ਇਹ ਪ੍ਰਥਾ ਜਾਰੀ ਹੈ ਜਦਕਿ ਕਿਸੇ ਵੀ ਧਾਰਮਿਕ ਗ੍ਰੰਥ ਵਿੱਚ ਇਸ ਨੂੰ ਪ੍ਰੋਤਸਾਹਿਤ ਨਹੀਂ ਕੀਤਾ ਗਿਆ। ਸਿਰਫ਼ ਤੇ ਸਿਰਫ਼ ਨਿਘਰੀ ਸੋਚ ਵਾਲੇ ਗਿਣੇ ਚੁਣੇ ਮਰਦਾਂ ਵੱਲੋਂ ਸ਼ੁਰੂ ਕੀਤੀ ਇਸ ਪ੍ਰਥਾ ਦੀ ਸਖ਼ਤ ਨਿਖੇਧੀ ਦੀ ਲੋੜ ਹੈ। ਇਸੇ ਲਈ ਅੰਤਰ ਰਾਸ਼ਟਰੀ ਪੱਧਰ ਉੱਤੇ ਇਸ ਪ੍ਰਥਾ ਨੂੰ ਜਾਰੀ ਰੱਖਣ ਤੇ ਅਜਿਹਾ ਕਰਨ ਵਾਲੇ ਨੂੰ 6 ਮਹੀਨੇ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਦਿੱਤੀ ਜਾ ਰਹੀ ਹੈ।

ਸਮਾਂ ਹੈ ਜ਼ੋਰਦਾਰ ਆਵਾਜ਼ ਚੁੱਕਣ ਦਾ, ਤਾਂ ਜੋ ਉਨ੍ਹਾਂ ਮੁਲਕਾਂ ਦੀਆਂ ਨਾਬਾਲਗ ਬੱਚੀਆਂ ਨੂੰ ਬਚਾਇਆ ਜਾ ਸਕੇ ਜਿੱਥੇ ਅਜੇ ਵੀ ਇਹ ਪ੍ਰਥਾ ਜਾਰੀ ਹੈ। ਯੂਨਾਈਟਿਡ ਨੇਸ਼ਨਜ਼ ਜੈਨਰਲ ਅਸੈਂਬਲੀ ਵਿੱਚ, 2016 ਵਿੱਚ, ‘‘ਦ ਗਰਲ ਚਾਈਲਡ ਰੈਜ਼ੋਲੂਸ਼ਨ’’ ਤਹਿਤ ਇਸ ਪ੍ਰਥਾ ਨੂੰ ਅਤਿ ਘਿਨਾਉਣਾ ਜ਼ੁਲਮ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਮੰਨ ਲਿਆ ਗਿਆ ਹੈ ਤੇ ਹਰ ਮੁਲਕ ਵਿੱਚ ਇਸ ਬਾਰੇ ਵੱਡੀ ਪੱਧਰ ਉੱਤੇ ਜਾਣਕਾਰੀ ਦੇ ਕੇ ਜਾਗ੍ਰਿਤ ਕਰਨ ਲਈ ਵੀ ਕਿਹਾ ਗਿਆ ਹੈ ਤਾਂ ਜੋ ਸਾਰੇ ਰਲ ਮਿਲ ਕੇ ਦੁਨੀਆ ਵਿੱਚੋਂ ਇਹ ਘਿਣਾਉਣਾ ਜੁਰਮ ਖ਼ਤਮ ਕਰ ਸਕਣ !

ਅੱਗੇ ਤੋਂ ਚੇਤੇ ਰੱਖਿਓ ! ਚੌਦਾਂ ਫਰਵਰੀ ਨੂੰ ਵੈਲੇਨਟਾਈਨ ਡੇਅ ਮਨਾਉਣ ਤੋਂ ਹਫ਼ਤਾ ਪਹਿਲਾਂ ਆਪਣੀਆਂ ਪਿਆਰੀਆਂ ਦੁਲਾਰੀਆਂ ਦੇ ਹੱਕਾਂ ਲਈ ਆਵਾਜ਼ ਚੁੱਕਣੀ ਨਾ ਭੁੱਲਿਓ।

ਪੱਤਰ ਨੰਬਰ 10, ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਸਰਵਜੀਤ ਸਿੰਘ ਸੈਕਰਾਮੈਂਟੋ ਵੱਲੋਂ ਜਵਾਬ

0

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ !

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।

ਮਿਤੀ 4 ਅਪ੍ਰੈਲ 2018

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ! ਮੇਰੇ 30 ਮਾਰਚ ਦੇ ਪੱਤਰ ਦੇ ਜਵਾਬ ਵਿੱਚ ਆਪ ਜੀ ਦਾ ਪੱਤਰ 3 ਅਪ੍ਰੈਲ ਨੂੰ ਮਿਲਿਆ। ਮੈਂ ਤਾਂ ਆਪਣੇ ਸਵਾਲਾਂ ਦੇ ਜਵਾਬ ਉਡੀਕ ਰਿਹਾ ਸੀ ਪਰ ਤੁਸੀਂ ਤਾਂ ਵਿਚਾਰ ਚਰਚਾ ਦਾ ਦਰਵਾਜ਼ਾ ਹੀ ਬੰਦ ਕਰ ਦਿੱਤਾ ਹੈ। ਨਿਸ਼ਾਨ ਜੀ !  ਕੀ ਕਾਰਨ ਹੈ ਕਿ ਵਾਰ-ਵਾਰ ਬੇਨਤੀਆਂ ਕਰਨ ’ਤੇ ਵੀ ਤੁਸੀਂ ਵਿਚਾਰ ਚਰਚਾ ਕਰਨ ਨੂੰ ਤਿਆਰ ਨਹੀਂ ਹੋ ?  ਜੇ ਸ. ਅਜੀਤ ਸਿੰਘ ਜੀ ਵੱਲੋਂ ਵਰਤੀ ਸ਼ਬਦਾਵਲੀ ’ਤੇ ਆਪ ਜੀ ਨੂੰ ਕੋਈ ਇਤਰਾਜ਼ ਹੈ ਤਾਂ ਉਨ੍ਹਾਂ ਦਾ ਈ-ਮੇਲ ਪਤਾ, ਇਸ ਗਰੁੱਪ ਵਿੱਚੋਂ ਹਟਾਇਆ ਜਾ ਸਕਦਾ ਹੈ। ਵਿਚਾਰ ਚਰਚਾ ਤਾਂ ਆਪ ਜੀ ਅਤੇ ਮੇਰੇ ਵਿਚਕਾਰ ਹੋ ਰਹੀ ਹੈ। ਬਾਕੀ ਸੱਜਣ ਤਾਂ ਇਸ ਦਾ ਆਨੰਦ ਮਾਣ ਰਹੇ ਹਨ। ਉਨ੍ਹਾਂ ਵੱਲੋਂ ਕੀਤੀ ਕਿਸੇ ਟਿੱਪਣੀ ਕਾਰਨ, ਵਿਚਾਰ ਚਰਚਾ ਨੂੰ ਹੀ ਬੰਦ ਕਰ ਦੇਣਾ, ਇਹ ਦਲੀਲ ਤਾਂ ਮੰਨਣ ਯੋਗ ਨਹੀਂ ਹੈ; ਜਿਵੇਂ ਕਿ

(1). ਗੁੱਟਬੰਦੀ ਸਬੰਧੀ ਬੇਨਤੀ ਹੈ ਕਿ ਮੈਂ ਇਹ, ਡਾ ਅਨੁਰਾਗ ਸਿੰਘ ਦੇ ਪੱਤਰ (26/7/2017) ਦੇ ਅਧਾਰ ’ਤੇ ਹੀ ਲਿਖਿਆ ਸੀ।

ਅੱਗੇ ਆਪ ਜੀ ਲਿਖਦੇ ਹੋ, “ਅਨੁਰਾਗ ਸਿੰਘ ਨੇ ਜ਼ਰੂਰ ਕਿਸੇ ਅਣ ਸੁਖਾਵੇਂ ਸ਼ਬਦਾਂ ਦੇ ਜੁਆਬ ਵਿਚ ਹੀ ਇਹ ਸ਼ਬਦ ਵਰਤੇ ਹੋਣਗੇ ਕਿਉਂਕਿ ਉਹ ਕਿਸੇ ਵਧੀਕੀ ਨੂੰ ਬਰਦਾਸ਼ਤ ਨਹੀਂ ਕਰਦਾ”। ਤੁਹਾਡੀ ਜਾਣਕਾਰੀ ਲਈ ਬੇਨਤੀ ਹੈ ਕਿ ਮੈਨੂੰ ਕਿਸੇ ਲਈ ਅਣਸੁਖਾਵੇ ਸ਼ਬਦ ਵਰਤਣ ਜਾਂ ਵਧੀਕੀ ਕਰਨ ਦੀ ਲੋੜ ਨਹੀਂ ਹੈ। ਮੈਂ ਦਲੀਲ ਨਾਲ ਵਿਚਾਰ ਕਰਨ `ਚ ਵਿਸ਼ਵਾਸ ਰੱਖਦਾ ਹਾਂ। ਜਦੋਂ ਉਨ੍ਹਾਂ ਨੇ ਮੇਰੀ ਬੇਨਤੀ ਵੱਲ ਧਿਆਨ ਨਹੀਂ ਦਿੱਤਾ ਤਾਂ ਮੈਂ ਆਪਣੇ ਪੱਤਰ ਵਿੱਚ ਇਹ ਲਿਖਿਆ ਸੀ, “ਅਨੁਰਾਗ ਸਿੰਘ ਜੀ ! ਸੱਚ ਜਾਣਿਓ, ਅੱਜ ਤੁਹਾਨੂੰ ਫ਼ਤਿਹ ਬੁਲਾਉਣ ਨੂੰ ਰੂਹ ਨਹੀਂ ਕਰਦੀ। ਇਸ ਦੇ ਤਿੰਨ ਕਾਰਨ ਹਨ। ਅਕਾਲ ਤਖਤ ਦੇ ਹੁਕਮਨਾਮੇ ਦੀ ਅਵੱਗਿਆ, ਤੁਹਾਡੀ ਸ਼ਬਦਾਵਲੀ ਅਤੇ ਤੁਹਾਡੇ ਵੱਲੋਂ ਲਿਖੇ ਗਏ ਝੂਠ”। (8/1/2017, ਕਿਸ਼ਤ 3)

(2). ਅੱਗੇ ਆਪ ਜੀ ਨੇ ਲਿਖਿਆ ਹੈ, “ ਤੁਹਾਡੇ ਗਰੁੱਪ ਦਾ ਪਾਲ ਸਿੰਘ ਪੁਰੇਵਾਲ ਮੈਂਬਰ ਹੈ, ਚੰਗਾ ਹੋਵੇ ਆਪਣੇ 5 ਸੁਆਲਾਂ ਸਬੰਧੀ ਸ਼ੰਕਿਆਂ ਦੀ ਨਵਿਰਤੀ ਉਸ ਕੋਲੋਂ ਕਰ ਲਵੋ ਮੈਨੂੰ ਉਮੀਦ ਹੈ ਉਹ ਤੁਹਾਨੂੰ ਗ਼ਲਤ ਰਾਇ ਨਹੀਂ ਦੇਵੇਗਾ ਬੇਸ਼ੱਕ ਮੇਰੇ ਅਤੇ ਪਾਲ ਸਿੰਘ ਪੁਰੇਵਾਲ ਵਿਚਕਾਰ ਕੈਲੰਡਰ ਸਬੰਧੀ ਮਤਭੇਦ ਹਨ”।

ਕਰਨਲ ਨਿਸ਼ਾਨ ਜੀ ! ਸਵਾਲ ਤਾਂ ਤੁਹਾਡੀ ਲਿਖਤ ਨਾਲ ਸਬੰਧਿਤ ਹੈ, ਤੁਸੀਂ ਕਹਿੰਦੇ ਹੋ ਕਿ ਉਸ ਦਾ ਜਵਾਬ ਪਾਲ ਸਿੰਘ ਪੁਰੇਵਾਲ ਤੋਂ ਲੈ ਲਵੋ। ਵਾਹ ! ਨਿਸ਼ਾਨ ਜੀ ! ਸ਼ਾਇਦ ਤੁਹਾਨੂੰ ਯਾਦ ਹੋਵੇਗਾ, ਮਾਰਚ 2010 ਵਿੱਚ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਧੁਮੱਕੜਸ਼ਾਹੀ ਕੈਲੰਡਰ ਜਾਰੀ ਕੀਤਾ ਗਿਆ ਸੀ, ਤਾਂ ਮੈਂ ਆਪ ਜੀ ਨੂੰ ਈ ਮੇਲ ਕਰ ਕੇ ਇਹ ਸਵਾਲ ਪੁੱਛਿਆ ਸੀ, ਕਿ ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਦਰਜ ਅਤੇ ਤੁਹਾਡੇ ਵੱਲੋਂ ਵਰਤੀ ਜਾਂਦੀ ਸੀ ਡੀ ਵਿੱਚ ਦਰਜ ਸੰਗਰਾਂਦਾਂ ਵਿੱਚੋਂ 4 ਸੰਗਰਾਂਦਾਂ ਦੀ ਤਾਰੀਖ ਵਿੱਚ 1 ਦਿਨ ਦਾ ਫਰਕ ਹੈ ਇਸ ਦਾ ਕੀ ਕਾਰਨ ਹੈ ?  ਤੁਸੀਂ ਇਸ ਦੇ ਜਵਾਬ ਵਿੱਚ ਲਿਖਿਆ ਸੀ ਕਿ “ਮੈਂ ਅਜੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਕੈਲੰਡਰ ਨਹੀਂ ਵੇਖਿਆ”। ਮੈਂ ਆਪ ਨੂੰ ਸ਼੍ਰੋਮਣੀ ਕਮੇਟੀ ਦਾ ਕੈਲੰਡਰ ਭੇਜ ਦਿੱਤਾ ਸੀ ਕਿ ਵੇਖ ਕੇ ਮੇਰੇ ਸਵਾਲ ਦਾ ਜਵਾਬ ਦਿਓ, ਜਿਸ ਦਾ ਜਵਾਬ ਅੱਜ ਤੱਕ ਨਹੀਂ ਆਇਆ। ਫੇਰ ਮੈਂ ਇਹ ਸਵਾਲ ਸ. ਪਾਲ ਸਿੰਘ ਜੀ ਨੂੰ ਪੁੱਛਿਆ ਸੀ ਤਾਂ ਉਨ੍ਹਾਂ ਨੇ ਮੈਨੂੰ ਇਸ ਦਾ ਕਾਰਨ ਸਮਝਾਇਆ ਸੀ। ਨਿਸ਼ਾਨ ਜੀ ! ਉਸ ਕਾਰਨ ਨੂੰ ਤੁਸੀਂ ਅੱਜ ਵੀ ਨਹੀਂ ਸਮਝ ਸਕੇ, ਇਹ ਗੱਲ ਮੈਂ ਬਿਨਾਂ ਵਜਾ ਨਹੀਂ ਲਿਖ ਰਿਹਾ। ਮੇਰੇ ਪਾਸ ਇਸ ਦਾ ਠੋਸ ਸਬੂਤ ਮੌਜੂਦ ਹੈ ਉਹ ਹੈ ਤੁਹਾਡੀ ਕਿਤਾਬ “ਗੁਰ ਪੁਰਬ ਦਰਪਣ”।

ਮੈਂ ਵੀ ਉਸੇ ਸੀ ਡੀ ਤੋਂ ਨਕਲ ਕਰ ਕੇ ਪੋਹ ਸੁਦੀ 7 ਮੁਤਾਬਕ 100 ਸਾਲ ਦਾ ਕੈਲੰਡਰ ਬਣਾਇਆ ਸੀ, ਜਿਸ ਵਿੱਚ ਮੈਂ ਲਿਖਿਆ ਸੀ ਕਿ ਆਉਣ ਵਾਲੇ 100 ਸਾਲ ਵਿਚੋਂ ਤਿੰਨ ਸਾਲ ਅਜਿਹੇ ਹੋਣਗੇ, ਜਦੋਂ ਪੋਹ ਦਾ ਮਹੀਨਾ ਨਹੀਂ ਆਵੇਗਾ। ਇਹ ਵੀ ਮੈਨੂੰ ਪੁਰੇਵਾਲ ਜੀ ਨੇ ਦੱਸਿਆ ਸੀ ਕਿ ਇਹ ਫਾਰਮੂਲਾ ਪੁਰਾਣਾ ਹੈ ਹੁਣ ਇਸ ਵਿਚ ਵਿਦਵਾਨਾਂ ਵੱਲੋਂ ਸੋਧ ਕਰ ਦਿੱਤੀ ਗਈ ਹੈ।

ਨਿਸ਼ਾਨ ਜੀ !  ਤੁਹਾਡੀ ਕਿਤਾਬ ਵਿੱਚ ਪੰਨਾ 17 ਉੱਪਰ ਦਰਜ ਤੁਹਾਡੇ ਹੇਠਲੇ ਸ਼ਬਦਾਂ ਤੋਂ ਪ੍ਰਭਾਵਤ ਹੋ ਕੇ ਮੈਂ ਆਪ ਜੀ ਨਾਲ ਵਿਚਾਰ ਆਰੰਭ ਕੀਤੀ ਹੈ।

(3). ਅੱਗੇ ਤੁਸੀਂ ਲਿਖਿਆ ਹੈ, “ ਤੁਹਾਡੇ ਵੱਲੋਂ ਪੁੱਛੀਆਂ ਚੇਤ ਸੁਦੀ 14 ਅਤੇ ਭਾਦੋਂ ਸੁਦੀ 2 ਦੀਆਂ ਤਾਰੀਖ਼ਾਂ ਇਤਿਹਾਸ ਮੁਤਾਬਕ ਠੀਕ ਹਨ। ਬੇਸ਼ੱਕ ਇਨ੍ਹਾਂ ਸਾਲਾਂ ਵਿਚ ਵੀ ਮਲ ਮਾਸ ਆਉਂਦਾ ਹੈ”।

ਨਿਸ਼ਾਨ ਜੀ ! ਤੁਹਾਡੇ ਵਾਸਤੇ ਇਹ ਤਾਰੀਖ਼ਾਂ ਇਸ ਲਈ ਠੀਕ ਹਨ ਕਿਉਂਕਿ ਤੁਸੀਂ ਆਪਣੀ ਕਿਤਾਬ ਵਿੱਚ ਦਰਜ ਕਰ ਚੁੱਕੇ ਹੋ। ਮੇਰਾ ਸਵਾਲ ਇਹ ਹੈ ਕਿ ਇਹ ਕਿਵੇਂ ਠੀਕ ਹਨ ?

ਕਰਨਲ ਨਿਸ਼ਾਨ ਜੀ ! ਤੁਹਾਡੀ ਆਪਣੀ ਲਿਖਤ ਮੁਤਾਬਕ, (ਜਵਾਬ ਨੰ: 14, ਪੰਨਾ 27) ਤੁਸੀਂ ਅਕਾਲ ਤਖਤ ਸਾਹਿਬ ਤੇ 22 ਦਸੰਬਰ 1999 ਈ: ਨੂੰ ਹੋਈ ਮੀਟਿੰਗ ਵਿੱਚ ਸ਼ਾਮਲ ਸੀ। ਮੈਂ ਹੈਰਾਨ ਹਾਂ ਕਿ ਅੱਜ ਤੁਸੀਂ ਆਪਣੀ ਲਿਖਤ ਬਾਰੇ ਦਲੀਲ ਨਾਲ ਗੱਲ ਕਰਨ ਤੋਂ ਭੱਜ ਰਹੇ ਹੋ, ਅੱਜ ਤੋਂ ਦੋ ਦਹਾਕੇ ਪਹਿਲਾਂ ਤੁਸੀਂ ਕੀ ਸੁਝਾਅ ਜਾਂ ਦਲੀਲਾਂ ਦਿੰਦੇ ਹੋਵੋਗੇ, ਜਿਨ੍ਹਾਂ ਬਾਰੇ ਤੁਹਾਨੂੰ ਇਤਰਾਜ਼ ਹੈ ਕਿ ਮੰਨੀਆਂ ਨਹੀਂ ਗਈਆਂ ? ਉਸ ਮੀਟਿੰਗ ਤੋਂ 17 ਸਾਲ ਪਿੱਛੋਂ, ਦਸੰਬਰ 2016 ਈ: ਵਿੱਚ ਤੁਹਾਡੀ ਕਿਤਾਬ ’ਗੁਰ ਪੁਰਬ ਦਰਪਣ”’ ਆਈ ਹੈ। ਜਿਸ ਵਿੱਚ ਤੁਸੀਂ 28 ਸਵਾਲ-ਜਵਾਬ ਦਰਜ ਕੀਤੇ ਹਨ। ਨਿਸ਼ਾਨ ਜੀਲ !  ਬਹੁਤ ਸੌਖਾ ਹੁੰਦਾ ਹੈ ਆਪੇ ਸਵਾਲ ਕਰ ਕੇ, ਆਪ ਹੀ ਜਵਾਬ ਦੇਣਾ। ਅਜੇ ਤਾਂ ਆਪਾਂ ਪਹਿਲੇ ਸਵਾਲ (ਨੰ. 27) ) ’ਤੇ ਹੀ ਵਿਚਾਰ ਆਰੰਭ ਕੀਤੀ ਹੈ। ਤੁਸੀਂ ਮੈਦਾਨ `ਚੋਂ  ਭੱਜ ਗਏ ਹੋ। ਐਨਾ ਕਮਜ਼ੋਰ ਤਾਂ ਨਹੀਂ ਹੋਣਾ ਚਾਹੀਦਾ, ਭਾਰਤੀ ਫੌਜ ਦਾ ਸਾਬਕਾ ਉੱਚ ਅਧਿਕਾਰੀ, ਜਿਹੜਾ ਆਪਣੀ ਲਿਖਤ ਬਾਰੇ ਵੀ ਦਲੀਲ ਨਾਲ ਵਿਚਾਰ ਨਾ ਕਰ ਸਕੇ। ਅਜੇ ਕਈ ਸਵਾਲ ਹੋਰ ਹਨ ਜਿਨ੍ਹਾਂ ’ਤੇ ਵਿਚਾਰ ਕੀਤੀ ਜਾਣੀ ਬਹੁਤ ਹੀ ਜ਼ਰੂਰੀ ਹੈ।

ਕਰਨਲ ਨਿਸ਼ਾਨ ਜੀ !  ਇਸ ਗਰੁੱਪ ਵਿਚ, ਲਗਭਗ 70 ਸੱਜਣਾਂ ਦੇ ਨਾਮ ਸ਼ਾਮਲ ਹਨ, ਪਰ ਤੁਸੀਂ ਆਪਣਾ ਪੱਤਰ ਮੈਨੂੰ, ਸ. ਕਿਰਪਾਲ ਸਿੰਘ ਅਤੇ ਸ. ਰਵਿੰਦਰ ਸਿੰਘ ਜੀ ਨੂੰ ਹੀ ਭੇਜਿਆ ਹੈ। ਚੰਗਾ ਹੁੰਦਾ ਜੇ ਤੁਸੀਂ ਇਹ ਪੱਤਰ ਸਾਰਿਆਂ ਸੱਜਣਾਂ ਨੂੰ ਹੀ ਭੇਜ ਕੇ ਆਪਣੇ ਫੈਸਲੇ ਤੋਂ ਜਾਣੂ ਕਰਵਾ ਦਿੰਦੇ।

################

ਇਸ ਗਰੁੱਪ ਵਿਚ ਸ਼ਾਮਲ ਸਮੂਹ  ਸੱਜਣ, ਜੋ ਇਸ ਵਿਚਾਰ ਚਰਚਾ ਵਿਚੋਂ ਹਾਂ ਪੱਖੀ ਨਤੀਜਿਆਂ ਦੀ ਉਡੀਕ ਵਿੱਚ ਸਨ, ਨੂੰ  ਹੋਈ ਨਿਰਾਸ਼ਾ ਲਈ ਮੈਨੂੰ ਅਫ਼ਸੋਸ ਹੈ। ਉਨ੍ਹਾਂ ਦੀ ਜਾਣਕਾਰੀ ਲਈ ਮੈਂ ਉਪ੍ਰੋਕਤ ਨੁਕਤੇ ਨੂੰ ਸਪੱਸ਼ਟ ਕਰਨ ਦਾ ਯਤਨ ਕਰ ਰਿਹਾ ਹਾਂ।

ਚੰਦ ਦੇ ਕੈਲੰਡਰ ਮੁਤਾਬਕ ਇਕ ਸਾਲ ਦੇ 354.37 ਦਿਨ ਹੁੰਦੇ ਹਨ। ਧਰਤੀ, ਸੂਰਜ ਦੁਆਲੇ ਆਪਣਾ ਇਕ ਚੱਕਰ 365.2422 ਦਿਨਾਂ `ਚ ਪੂਰਾ ਕਰਦੀ ਹੈ ਇਸ ਨੂੰ ਰੁੱਤੀ ਸਾਲ (Tropical Year) ਕਹਿੰਦੇ ਹਨ। ਚੰਦ ਦਾ ਇਕ ਸਾਲ ਸੂਰਜੀ ਸਾਲ ਤੋਂ 11 ਦਿਨ ਛੋਟਾ ਹੁੰਦਾ ਹੈ। ਇਸਲਾਮ ਧਰਮ `ਚ ਪ੍ਰਚਲਿਤ ਹਿਜਰੀ ਕੈਲੰਡਰ ਕੇਵਲ ਚੰਦ ਆਧਾਰਿਤ ਕੈਲੰਡਰ ਹੈ। ਜਿਸ ਮੁਤਾਬਕ ਇਸਲਾਮ ਧਰਮ ਦੇ ਪਵਿੱਤਰ ਦਿਹਾੜੇ ਹਰ ਸਾਲ (ਸੀ. ਈ. ਕੈਲੰਡਰ ਮੁਤਾਬਕ) ਪਿਛਲੇ ਸਾਲ ਨਾਲੋਂ 11 ਦਿਨ ਪਹਿਲਾਂ ਆਉਂਦੇ ਹਨ, ਪਰ ਸਾਡੇ ਅਜਿਹਾ ਨਹੀਂ ਹੁੰਦਾ।

ਚੰਦ ਦਾ ਸਾਲ, ਇਕ ਸਾਲ ਵਿਚ 11 ਦਿਨ ਅਤੇ ਦੋ ਸਾਲਾਂ ਵਿਚ 22 ਦਿਨ ਅਤੇ ਤੀਜੇ ਸਾਲ 33 ਦਿਨ, ਸੂਰਜੀ ਸਾਲ ਤੋਂ ਪਿੱਛੇ ਰਹਿ ਜਾਵੇ ਤਾਂ ਇਸ ਨੂੰ ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ ਇਸ ਵਿਚ ਇਕ ਮਹੀਨਾ ਹੋਰ ਜੋੜ ਦਿੱਤਾ ਜਾਂਦਾ ਹੈ ਭਾਵ ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਕਰ ਦਿੱਤੇ ਜਾਂਦੇ ਹਨ। ਚੰਦ ਦੇ ਸਾਲ ਦੇ ਦਿਨ, ਜੋ ਸਧਾਰਨ ਸਾਲ ਵਿਚ 354 ਹੁੰਦੇ ਹਨ ਉਹ ਤੇਰਵਾਂ ਮਹੀਨਾ ਜੋੜੇ ਜਾਣ ਕਾਰਨ 384/85 ਹੋ ਜਾਂਦਾ ਹੈ। ਅਜਿਹਾ 19 ਸਾਲਾਂ ਵਿਚ 7 ਵਾਰੀ ਕੀਤਾ ਜਾਂਦਾ ਹੈ। ਇਸ ਸਾਲ (ਸੰਮਤ 2075 ਬਿਕ੍ਰਮੀ/2018-19 ਈ:) ਵੀ ਚੰਦ ਦੇ ਸਾਲ ਵਿੱਚ 13 ਮਹੀਨੇ ਹੋਣਗੇ, ਜਿਨ੍ਹਾਂ ਵਿਚੋਂ ਜੇਠ ਦਾ ਮਹੀਨਾ ਦੋ ਵਾਰੀ ਆ ਰਿਹਾ ਹੈ।

ਮਈ ਮਹੀਨੇ ਦੀ ਪਹਿਲੀ ਤਾਰੀਖ ਨੂੰ ਵੇਖੋ। ਇੱਥੇ “ਪਹਿਲਾ ਜੇਠ (ਸ਼ੁਭ) ਵਦੀ 1” ਲਿਖਿਆ ਹੋਇਆ ਹੈ। ਇਹ ਪੱਖ 15 ਮਈ ਭਾਵ ਮੱਸਿਆ ਨੂੰ ਖ਼ਤਮ ਹੋ ਜਾਵੇਗਾ। 16 ਮਈ ਵਾਲੇ ਖ਼ਾਨੇ ਵਿੱਚ, “ਪਹਿਲਾ ਜੇਠ (ਅਸ਼ੁਭ) ਸੁਦੀ 1 ਲਿਖਿਆ ਹੋਇਆ ਹੈ। ਇਹ ਪੱਖ 29 ਮਈ ਭਾਵ ਪੁੰਨਿਆ ਨੂੰ ਖ਼ਤਮ ਹੋ ਜਾਵੇਗਾ। 30 ਮਈ ਵਾਲੇ ਖ਼ਾਨੇ ਵਿੱਚ, “ਦੂਜਾ ਜੇਠ (ਅਸ਼ੁਭ) ਵਦੀ 1 ਲਿਖਿਆ ਹੋਇਆ ਹੈ। ਇਹ ਪੱਖ 13 ਜੂਨ ਨੂੰ ਖ਼ਤਮ ਹੋਵੇਗਾ। 14 ਜੂਨ ਤੋਂ “ ਦੂਜਾ ਜੇਠ (ਸ਼ੁਭ) ਸੁਦੀ 1” ਤੋਂ ਆਰੰਭ ਹੋ ਕੇ 28 ਜੂਨ, “ਦੂਜਾ ਜੇਠ (ਸ਼ੁਭ) ਸੁਦੀ 15” ਭਾਵ ਪੁੰਨਿਆ ਨੂੰ ਖ਼ਤਮ ਹੋਵੇਗਾ। ਚੰਦ ਦੇ ਕੈਲੰਡਰ ਦਾ ਜੇਠ 1 ਮਈ ਤੋਂ ਆਰੰਭ ਹੋਵੇਗਾ ਅਤੇ 28 ਜੂਨ ਨੂੰ ਖ਼ਤਮ ਹੋਵੇਗਾ। ਆਮ ਤੌਰ ਤੇ ਮਹੀਨੇ ਦੇ ਦੋ ਪੱਖ (ਵਦੀ ਅਤੇ ਸੁਦੀ) ਹੁੰਦੇ ਹਨ, ਪਰ ਇਸ ਸਾਲ ਜੇਠ ਦੇ ਚਾਰ ਪੱਖ ਹਨ। ਪਹਿਲਾ ਪੱਖ “ਸ਼ੁਭ ਵਦੀ”, ਦੂਜਾ ਪੱਖ “ਅਸ਼ੁਭ ਸੁਦੀ”, ਤੀਜਾ ਪੱਖ “ਅਸ਼ੁਭ ਵਦੀ” ਅਤੇ ਚੌਥਾ ਪੱਖ “ਸ਼ੁਧ ਸੁਦੀ”। (ਕਦੋਂ ਅਤੇ ਕਿਹੜਾ ਮਹੀਨਾ, ਮਲ ਮਾਸ ਹੋਵੇਗਾ ਇਹ ਇਕ ਵੱਖਰਾ ਵਿਸ਼ਾ ਹੈ)

ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਚੰਦ ਦੇ ਕੈਲੰਡਰ ਮੁਤਾਬਕ ਜੇਠ ਸੁਦੀ 4 ਨੂੰ ਹੈ। ਕਰਨਲ ਨਿਸ਼ਾਨ ਨੇ ਆਪਣੀ ਕਿਤਾਬ ਦੇ ਵਿੱਚ ਇਹ ਤਾਰੀਖ 19 ਮਈ ਦਰਜ ਕੀਤੀ ਹੈ (ਪੰਨਾ 54 ਅਤੇ 85), ਜੋ ਕਿ ਪਹਿਲੇ ਜੇਠ ਦਾ ਅਸ਼ੁਭ ਸੁਦੀ ਪੱਖ ਹੈ। ਬਿਕ੍ਰਮੀ ਕੈਲੰਡਰ ਦੇ ਕਾਇਦੇ-ਕਾਨੂੰਨ ਮੁਤਾਬਕ ਇਹ ਤਾਰੀਖ ਦੂਜੇ ਜੇਠ ਦੇ ਸ਼ੁਭ ਸੁਦੀ ਪੱਖ ਭਾਵ 17 ਜੂਨ ਹੋਣੀ ਚਾਹੀਦੀ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਸਮੇਤ ਸਾਰੀਆਂ ਜੰਤਰੀਆਂ ਵਿਚ ਇਹ ਤਾਰੀਖ 17 ਜੂਨ ਹੀ ਦਰਜ ਹੈ।

ਇਹ ਤਾਂ ਸੀ ਸੁਦੀ ਪੱਖ, ਦੂਜਾ ਹੈ ਵਦੀ ਪੱਖ, ਇੱਥੇ ਆਪਾ ਗੁਰੂ ਨਾਨਕ ਜੀ ਦੇ ਜੋਤੀ ਜੋਤ ਸਮਾਉਣ ਦੀ ਤਾਰੀਖ ਅੱਸੂ ਵਦੀ 10 ਦੀ ਉਦਾਹਰਨ ਲੈਂਦੇ ਹਾਂ। ਸਾਲ 2058 ਅਤੇ 2077 ਈ: ਵਿੱਚ ਅੱਸੂ ਦਾ ਮਹੀਨਾ ਮਲ ਮਾਸ ਹੋਵੇਗਾ; ਜਿਵੇ ਕਿ ਉਪਰ ਜਿਕਰ ਕੀਤਾ ਜਾ ਚੁੱਕਾ ਹੈ ਕਿ ਪਹਿਲੇ ਅੱਸੂ ਦਾ ਪਹਿਲਾ (ਵਦੀ) ਪੱਖ ਸ਼ੁਭ ਮੰਨਿਆ ਜਾਂਦਾ ਹੈ ਤਾਂ ਅੱਸੂ ਵਦੀ 10 ਤਾਂ ਸ਼ੁਭ ਪੱਖ ਵਿੱਚ ਹੀ ਆਉਂਦੀ ਹੈ, ਪਰ ਨਿਸ਼ਾਨ ਜੀ ਨੇ 12-10-2058 ਅਤੇ 11-10-2077 ਦਰਜ ਕੀਤੀਆਂ ਹਨ। (ਪੰਨਾ 38) ਭਾਵ ਇਹ ਦੋਵੇਂ ਤਾਰੀਖ਼ਾਂ “ਦੂਜੇ ਅੱਸੂ (ਅਸ਼ੁਭ) ਵਦੀ 10” ਮੁਤਾਬਕ ਦਰਜ ਕੀਤੀਆਂ ਗਈਆਂ ਹਨ, ਜੋ ਕਿ ਮੁੱਢੋਂ ਹੀ ਗ਼ਲਤ ਹਨ। ਇਹ ਤਾਰੀਖ਼ਾਂ “ਪਹਿਲਾ ਅੱਸੂ (ਸ਼ੁਭ) ਵਦੀ 10” ਮੁਤਾਬਕ 12 ਸਤੰਬਰ 2058  ਅਤੇ 11 ਸਤੰਬਰ 2077 ਈ: ਬਣਦੀਆਂ ਹਨ।

ਸਤਿਕਾਰ ਯੋਗ ਸੱਜਣੋ ! ਕਰਨਲ ਨਿਸ਼ਾਨ ਜੀ ਨਾਲ ਪਹਿਲੇ ਸਵਾਲ (ਨੰ. 27) ’ਤੇ ਹੀ ਵਿਚਾਰ ਆਰੰਭ ਕੀਤੀ ਸੀ ਜਿਸ ਤੋਂ ਉਨ੍ਹਾਂ ਨੇ ਮੁਖ ਮੋੜ ਲਿਆ ਹੈ। ਇਸ ਤੋਂ ਪਹਿਲਾਂ, ਇਨ੍ਹਾਂ ਵੱਲੋਂ ਦਿੱਤੀ ਗਈ ਇੱਕ ਲੱਖ ਰੁਪਏ ਦੀ ਚੁਣੌਤੀ, (ਪੰਨਾ 95) ਦਸੰਬਰ 2017 ਈ: ਵਿੱਚ ਪ੍ਰਵਾਨ ਕੀਤੀ ਸੀ। ਕਰਨਲ ਨਿਸ਼ਾਨ ਨੇ ਉਸ ਵੇਲੇ ਵੀ ਕੋਈ ਹੁੰਗਾਰਾ ਨਹੀਂ ਭਰਿਆ ਸੀ। ਮੈਨੂੰ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਕਰਨਲ ਸੁਰਜੀਤ ਸਿੰਘ ਨਿਸ਼ਾਨ, ਜੋ ਕਿ ਅੱਜ ਵੀ ਬਿਕ੍ਰਮੀ ਕੈਲੰਡਰ ਦੇ ਬੁਨਿਆਦੀ ਨੁਕਤਿਆਂ ਨੂੰ ਸਮਝਣ ਤੋਂ ਅਸਮਰੱਥ ਹਨ, ਅੱਜ ਤੋਂ ਦੋ ਦਹਾਕੇ ਪਹਿਲਾਂ ਕਿਹੋ ਜਿਹੀਆਂ ਹਾਸੋਂ ਹੀਣੀਆਂ ਦਲੀਲਾਂ ਦਿੰਦੇ ਹੋਣਗੇ ? ਇਸ ਦਾ ਅੰਦਾਜ਼ਾਂ ਤੁਸੀਂ ਆਪ ਹੀ ਲਗਾ ਸਕਦੇ ਹੋ। 

ਧੰਨਵਾਦ
ਭੁੱਲ-ਚੁੱਕ ਦੀ ਖਿਮਾ

ਸਰਵਜੀਤ ਸਿੰਘ ਸੈਕਰਾਮੈਂਟੋ
ਮਿਤੀ 4/4/2018

ਸੰਪਾਦਕੀ ਨੋਟ : ਕਈ ਵਾਰ ਬੰਦ ਕਮਰੇ ਵਿੱਚ ਬੈਠ ਕੇ ਕੀਤੀ ਗਈ ਕੋਈ ਸਟੱਡੀ , ਅਗਰ ਉਸ ਨੂੰ ਵਿਸ਼ੇ ਨਾਲ ਸਬੰਧਕੀ ਵਿਦਵਾਨ ਮੰਡਲੀ ਨਾਲ ਬੈਠ ਕੇ ਵਿਚਾਰਿਆ ਨਾ ਜਾਵੇ ਤਾਂ ਬੜਾ ਨੁਕਸਾਨ ਕਰ ਜਾਂਦੀ ਹੈ, ਅਜਿਹਾ ਹੀ ਕੁਝ ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਵੱਲੋਂ ਕੀਤੀ ਗਈ ਕੈਲੰਡਰ ਗਣਿਤ (ਗਿਆਨ) ਬਾਰੇ ਸਟੱਡੀ, ਸਿੱਖ ਕੌਮ ਦੀ ਏਕਤਾ ਨੂੰ ਨੁਕਸਾਨ ਪਹੁੰਚਾ ਰਹੀ ਹੈ।

ਮੇਰਾ ਇਹ ਮੰਨਣਾ ਨਹੀਂ ਕਿ ਕਰਨਲ ਸੁਰਜੀਤ ਸਿੰਘ ਅਕਲਹੀਣ ਹਨ ਪਰ ਬੰਦ ਕਮਰੇ ਦੀ ਯੋਗਤਾ ਨੂੰ ਲਿਖਤੀ ਰੂਪ ਦੇਣ ਤੋਂ ਪਹਿਲਾਂ, ਵਿਸ਼ੇ ਨਾਲ ਸਬੰਧਿਤ ਭਾਈਚਾਰੇ ਨਾਲ ਵਿਚਾਰਾਂ ਦਾ ਲੈਣ-ਦੇਣ ਕਰਨਾ ਬੁਧੀਮਾਨੀ ਦੇ ਨਿਮਰਤਾ ਦਾ ਪ੍ਰਤੀਕ ਹੁੰਦਾ ਹੈ, ਜੋ ਕਿ ਕਰਨਲ ਸਾਹਿਬ ਨੇ ਨਾ ਕੀਤਾ ਤੇ ਨਾ ਹੀ ਕਰਨ ਦਾ ਯਤਨ ਕਰ ਰਹੇ ਹਨ ਕਿਉਂਕਿ ਨਿਖੜਵਾਂ ਗਿਆਨ ਲਿਖਤੀ ਰੂਪ ਲੈ ਚੁੱਕਾ ਹੈ, ਜੋ ਹੁਣ ਜਿੱਦ ਵੱਲ ਤਬਦੀਲ ਹੋ ਚੁੱਕਾ ਜਾਪਦਾ ਹੈ।

ਕਿਸੇ ਕਿਤਾਬ ਵਿਚ ਛਾਪੀ ਜਾਂਦੀ ਸੁਝਾਅ ਦੇਣ ਬਾਰੇ ਅਪੀਲ ਵੀ ਕੇਵਲ ਜਿੱਦ ਨੂੰ ਛੁਪਾਉਣ ਦੇ ਯਤਨ ਤੋਂ ਵੱਧ ਕੁਝ ਨਹੀਂ ਹੁੰਦਾ ਕਿਉਂਕਿ ਮੈਂ ਵਿਰਲਿਆ ਨੂੰ ਹੀ ਇਸ ਉਤੇ ਅਮਲ ਕਰਦੇ ਹੋਏ ਵੇਖਿਆ ਹੈ।

ਗਿਆਨੀ ਅਵਤਾਰ ਸਿੰਘ-98140-35202

ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ’ਤੇ ਬੋਲਣ ਦੀ ਭਾਰਤ ਸਰਕਾਰ ਦੇ ਨੁੰਮਾਇੰਦਿਆਂ ਲਈ ਪੂਰਨ ਮਨਾਹੀ

0

ਗੁਰਦੁਆਰਾ ਸਾਹਿਬ ਦੀਆਂ ਸਟੇਜਾਂ ’ਤੇ ਬੋਲਣ ਦੀ ਭਾਰਤ ਸਰਕਾਰ ਦੇ ਨੁੰਮਾਇੰਦਿਆਂ ਲਈ ਪੂਰਨ ਮਨਾਹੀ

ਅਮਰੀਕਾ, ਕੈਨੇਡਾ ਅਤੇ ਇੰਗਲੈਂਡ ਦੀਆਂ ਸਿੱਖ ਸੰਗਤਾਂ ਵੱਲੋਂ ਪਾਇਆ ਗਿਆ ਮਤਾ ਕਾਇਮ : ਹਿੰਮਤ ਸਿੰਘ

ਨਿਊਯਾਰਕ 5 ਅਪ੍ਰੈਲ: ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੇ ਗੁਰਦੁਆਰਾ ਸਾਹਿਬਾਨ ਤੇ ਨਗਰ ਕੀਰਤਨਾਂ ਵਿੱਚ ਸਟੇਜ ’ਤੇ ਭਾਰਤ ਸਰਕਾਰ ਦੇ ਨੁੰਮਾਇਦਿਆਂ ਨੂੰ ਬੋਲਣ ਦੀ ਕੀਤੀ ਗਈ ਮਨਾਹੀ ’ਤੇ ਸਿੱਖ ਸੰਗਤ ਪੂਰੀ ਤਰ੍ਹਾਂ ਕਾਇਮ ਹੈ ਅਤੇ ਡੱਟ ਕੇ ਪਹਿਰਾ ਦੇ ਰਹੀ ਹੈ ਤਾਂ ਜੋ ਭਾਰਤ ਸਰਕਾਰ ਦੇ ਨੁੰਮਾਇੰਦਿਆਂ ਨੂੰ ਗੁਰੂ ਘਰ ਦੀ ਕਿਸੇ ਵੀ ਸਟੇਜ ’ਤੇ ਬੋਲਣ ਨਾ ਦਿੱਤਾ ਜਾਵੇ। ਇਹ ਜਾਣਕਾਰੀ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐਸ.ਏ.) ਦੇ ਕੋਆਰਡੀਨੇਟਰ ਭਾਈ ਹਿੰਮਤ ਸਿੰਘ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਅਮਰੀਕਾ ਦੇ 96 ਗੁਰਦਵਾਰਾ ਸਾਹਿਬ ਸਮੇਤ ਕੈਨੇਡਾ ਅਤੇ ਇੰਗਲੈਂਡ ਦੇ ਗੁਰਦਵਾਰਾ ਪ੍ਰਬੰਧਕਾਂ ਵੱਲੋਂ ਇੱਕ ਅਹਿਮ ਫ਼ੈਸਲਾ ਲਿਆ ਗਿਆ ਸੀ ਕਿ ਭਾਰਤ ਸਰਕਾਰ ਦੇ ਨੁੰਮਾਇੰਦਿਆਂ ਨੂੰ ਕਿਸੇ ਵੀ ਗੁਰਦਵਾਰਾ ਸਾਹਿਬ ਦੀ ਸਟੇਜ ਜਾਂ ਨਗਰ-ਕੀਰਤਨਾਂ ਸਮੇਂ ਕਿਸੇ ਵੀ ਸਟੇਜ ਤੋਂ ਬੋਲਣ ਨਹੀਂ ਦਿੱਤਾ ਜਾਵੇਗਾ । ਜਿਸ ਦਾ ਭਾਰਤ ਸਰਕਾਰ ਨੂੰ ਵੱਡਾ ਝਟਕਾ ਲੱਗਾ ਸੀ ਅਤੇ ਭਾਰਤ ਸਰਕਾਰ ਉਸ ਦਿਨ ਤੋਂ ਹੀ ਲਗਾਤਾਰ ਆਪਣੇ ਨੁੰਮਾਇੰਦਿਆਂ ਰਾਹੀਂ ਕੋਸ਼ਿਸ਼ ਕਰ ਰਹੀ ਹੈ ਕਿ ਕਿਵੇਂ ਇਸ ਅਹਿਮ ਫ਼ੈਸਲੇ ਨੂੰ ਪੂਰਨ ਰੂਪ ਵਿੱਚ ਲਾਗੂ ਹੋਣ ਤੋਂ ਰੋਕਿਆ ਜਾਵੇ ।

ਹੁਣ ਜਦੋਂ ਖ਼ਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਵੱਡੀ ਗਿਣਤੀ ਵਿੱਚ ਨਗਰ ਕੀਰਤਨ ਕੱਢੇ ਜਾ ਰਹੇ ਹਨ ਤੇ ਭਾਰਤ ਸਰਕਾਰ ਦੇ ਨੁੰਮਾਇੰਦੇ ਵੀ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ । ਇਸ ਸੰਬੰਧ ਵਿੱਚ ਭਾਈ ਹਿੰਮਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਨੁੰਮਾਇੰਦੇ ਇਹਨਾਂ ਨਗਰ-ਕੀਰਤਨਾਂ ਵਿੱਚ ਸ਼ਾਮਲ ਹੋਣ ਅਤੇ ਸਟੇਜਾਂ ਤੱਕ ਪਹੁੰਚ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੇ ਹਨ । ਭਾਈ ਹਿੰਮਤ ਸਿੰਘ ਨੇ ਦੁਨੀਆਂ ਭਰ ਦੇ ਗੁਰਦਵਾਰਾ ਪ੍ਰਬੰਧਕਾਂ ਅਤੇ ਖ਼ਾਸ ਕਰ ਕੇ ਅਮਰੀਕਾ ਦੇ ਗੁਰਦਵਾਰਾ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਹੈ ਕਿ ਆਵੋ, ਸਾਰੇ ਰਲ਼ ਮਿਲ ਕੇ ਆਪਾਂ ਆਪਣੇ ਕੀਤੇ ਫ਼ੈਸਲੇ ’ਤੇ ਡੱਟ ਕੇ ਪਹਿਰਾ ਦੇਈਏ ਤਾਂ ਜੋ ਭਾਰਤ ਸਰਕਾਰ ਦੇ ਨੁੰਮਾਇੰਦੇ ਨਗਰ ਕੀਰਤਨਾਂ ਦੀਆਂ ਸਟੇਜਾਂ ਤੱਕ ਨਾ ਪਹੁੰਚ ਕਰ ਸਕਣ । ਇਹ ਵੀ ਪਤਾ ਲੱਗਾ ਹੈ ਕਿ ਭਾਰਤੀ ਕੋਂਸਲੇਟਾਂ ਵੱਲੋਂ ਖ਼ਾਲਸਾ ਸਾਜਨਾ ਦਿਵਸ (ਵੈਸਾਖੀ) ਨੂੰ ਭਾਰਤੀ ਅੰਬੈਸੀਆਂ ਵਿੱਚ ਮਨਾਉਣ ਦੇ ਵੀ ਮਨਸੂਬੇ ਘੜੇ ਜਾ ਰਹੇ ਹਨ । ਸੰਗਤਾਂ ਇਸ ਪ੍ਰਤੀ ਸੁਚੇਤ ਰਹਿਣ, ਜੇਕਰ ਇਸ ਤਰ੍ਹਾਂ ਦੇ ਕੋਈ ਪ੍ਰੋਗਰਾਮ ਉਲੀਕੇ ਜਾਂਦੇ ਹਨ ਤਾਂ ਉਨ੍ਹਾਂ ਪ੍ਰੋਗਰਾਮਾਂ ਵਿੱਚ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਦੇਣ ਵਾਲੇ ਗੁਰਦਵਾਰਾ ਪ੍ਰਬੰਧਕਾਂ ਦਾ ਅਤੇ ਸ਼ਾਮਲ ਹੋਣ ਵਾਲਿਆਂ ਦਾ ਵੀ ਪੂਰਨ ਤੋਰ ’ਤੇ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ ।

ਜਾਰੀ ਕਰਤਾ

ਹਿੰਮਤ ਸਿੰਘ ਕੋਆਰਡੀਨੇਟਰ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ (ਯੂ.ਐਸ.ਏ.)

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਖੇ ਨੈਸ਼ਨਲ ਸਿੱਖ ਡੇ ਪਰੇਡ (ਸਿੱਖ ਫ਼ਰੀਡਮ ਮਾਰਚ) 7 ਅਪ੍ਰੈਲ ਨੂੰ

0

ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ. ਵਿਖੇ ਨੈਸ਼ਨਲ ਸਿੱਖ ਡੇ ਪਰੇਡ (ਸਿੱਖ ਫ਼ਰੀਡਮ ਮਾਰਚ) 7 ਅਪ੍ਰੈਲ ਨੂੰ

7 ਅਪ੍ਰੈਲ ਦੇ ਸਮਾਗਮ ਸਬੰਧੀ ਅਮਰੀਕੀ ਸਿੱਖਾਂ ਵਿੱਚ ਭਾਰੀ ਉਤਸ਼ਾਹ – ਹਿੰਮਤ ਸਿੰਘ

(ਨਿਊਯੌਰਕ, 2 ਅਪ੍ਰੈਲ, 2018): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖ਼ਸ਼ਿਸ਼ ਸਦਕਾ ਯੂ. ਐਸ. ਏ. ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜਥੇਬੰਦੀਆਂ ਵੱਲੋਂ ਬਣਾਈ ਸਾਂਝੀ ਸੰਸਥਾ, ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ (ਯੂ. ਐਸ. ਏ.) ਵੱਲੋਂ 7 ਅਪ੍ਰੈਲ 2018, ਦਿਨ ਛਨਿੱਚਰਵਾਰ ਨੂੰ ਸਿੱਖ ਡੇਅ ਪਰੇਡ (ਸਿੱਖ ਫ਼ਰੀਡਮ ਮਾਰਚ) ਕੱਢਣਾ ਉਲੀਕੀਆ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ. ਸੀ., ਪਾਰਲੀਮੈਂਟ ਦੇ ਸਾਹਮਣੇ ਖ਼ਾਲਸਾ ਪ੍ਰਗਟ ਦਿਵਸ (ਵਿਸਾਖੀ) ਨੂੰ ਸਮਰਪਿਤ ਸਿੱਖ ਡੇਅ ਪਰੇਡ (ਸਿੱਖ ਫ਼ਰੀਡਮ ਮਾਰਚ) ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ  ਹੇਠ ਕੱਢਣਾ ਸਾਰੀ ਦੁਨੀਆਂ ਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ।

ਇਹ ਜਾਣਕਾਰੀ ਦਿੰਦਿਆਂ ਕੋਆਰਡੀਨੇਸ਼ਨ ਕਮੇਟੀ ਦੇ ਸ੍ਰ: ਹਿੰਮਤ ਸਿੰਘ ਕੋਆਰਡੀਨੇਟਰ, ਕੇਵਲ ਸਿੰਘ ਸਿੱਧੂ, ਹਰਜਿੰਦਰ ਸਿੰਘ, ਵੀਰ ਸਿੰਘ ਮਾਂਗਟ, ਦਵਿੰਦਰ ਸਿੰਘ ਦਿਓ ਨੇ ਦੱਸਿਆ ਕਿ ਖ਼ਾਲਸਾ ਪ੍ਰਗਟ ਦਿਵਸ ਵਿਸਾਖੀ ਦੇ ਦਿਹਾੜੇ ਨੂੰ ਨੈਸ਼ਨਲ ਸਿੱਖ ਡੇਅ ਦੇ ਤੌਰ ਤੇ ਮਨਾਉਣ ਦੀ ਅਮਰੀਕੀ ਰਾਜ ਦੀਆਂ ਕਈ ਸੂਬਾ ਸਰਕਾਰਾਂ ਵੱਲੋਂ ਮਾਨਤਾ ਮਿਲੀ ਹੈ। ਇਸ ਦਿਨ ਦਸਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖ਼ਾਲਸਾ ਪੰਥ ਸਾਜਿਆ ਸੀ ਅਤੇ ਇੱਕ ਸਭ ਤੋਂ ਅੱਡਰੀ ਕੌਮ ਦਾ ਝੰਡਾ ਬੁਲੰਦ ਕੀਤਾ ਸੀ। ਇਸੇ ਦਿਨ ਦੀ ਮਹੱਤਤਾ ਨੂੰ ਮੁਖ ਰੱਖ ਕੇ ਸਿੱਖ ਪੰਥਕ ਜੱਥੇਬੰਦੀਆਂ ਵੱਲੋਂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ 7 ਅਪ੍ਰੈਲ 2018, ਦਿਨ ਛਨਿੱਚਰਵਾਰ ਨੂੰ ਦੁਪਹਿਰ 12 ਵਜੇ ਤੋਂ ਸਿੱਖ ਡੇਅ ਪਰੇਡ (ਸਿੱਖ ਫ਼ਰੀਡਮ ਮਾਰਚ) ਕੈਪੀਟਲ ਹਿੱਲ ਵਾਸ਼ਿੰਗਟਨ ਡੀ. ਸੀ., ਪਾਰਲੀਮੈਂਟ ਦੇ ਸਾਹਮਣੇ ਕੱਢਣਾ ਨੀਅਤ ਕੀਤਾ ਗਿਆ ਹੈ।

ਇੱਥੇ ਜਿਕਰਯੋਗ ਹੈ ਕਿ ਸੰਨ 2017 ਵਿੱਚ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਗਾੜੀ, ਪੰਜਾਬ ਤੋਂ ਸ਼ੁਰੂ ਹੋਈ ਬੇਹੁਰਮਤੀ ਦੇ ਉਪਰੰਤ ਯੂ. ਐਸ. ਏ. ਦੇ ਈਸਟ ਕੋਸਟ ਦੇ ਗੁਰਦੁਆਰਿਆਂ ਅਤੇ ਜੱਥੇਬੰਦੀਆਂ ਦੇ ਸਮੂਹ ਉੱਦਮ ਸਦਕਾ ਹੀ ਅਮਰੀਕੀ ਸਿੱਖਾਂ ਦੀ ਇਹ ਸਾਂਝੀ ਸੰਸਥਾ ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ (ਯੂ.ਐਸ.ਏ.) ਹੋਂਦ ਵਿੱਚ ਆਈ ਸੀ ਜਿਸ ਦੇ ਉਪਰਾਲਿਆਂ ਸਦਕਾ ਸਿੱਖ ਕੌਮ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਕਈ ਕਾਮਯਾਬੀਆਂ ਪ੍ਰਾਪਤ ਕੀਤੀਆਂ, ਜਿਵੇਂ ਕਿ ਸੰਨ 2017 ਵਿੱਚ ਸਿੱਖ ਕੌਕਸ ਦੇ ਸਹਿਯੋਗ ਨਾਲ ਖ਼ਾਲਸਾ ਸਾਜਨਾ ਦਿਵਸ ਨੂੰ ਅਮਰੀਕੀ ਪਾਰਲੀਮੈਂਟ ਵਿੱਚ ਸਪੀਕਰ ਪਾਲ ਰਾਅਨ ਦੀ ਮੌਜੂਦਗੀ ਵਿੱਚ ਬਿੱਲ 189 ਤਹਿਤ ਪ੍ਰਮਾਣਿਤ ਕਰਾਉਣਾ; ਇਸੇ ਲੜ੍ਹੀ ਵਿੱਚ ਅੱਗੇ ਤੁਰਦਿਆਂ ਸੂਬਾਈ ਸਰਕਾਰਾਂ ਕਨੈਕਟੀਕੱਟ, ਮੈਸਾਚੂਸੈਸ, ਪੈਨਸੈਲਵੇਨਿਆ, ਡੈਲਾਵੇਅਰ ਅਤੇ ਇੰਡਿਆਨਾ ਨੇ ਵੀ 14 ਅਪ੍ਰੈਲ਼ ਨੂੰ ਸਿੱਖ ਨੈਸ਼ਨਲ ਡੇਅ ਦੀ ਮਾਣਤਾ ਦਿੱਤੀ ਹੈ। ਇਸੇ ਮਾਰਚ ਮਹੀਨੇ ਵਿੱਚ ਨਿਊ ਜਰਸੀ ਸੂਬਾਈ ਸਰਕਾਰ ਨੇ ਵੀ 14 ਅਪ੍ਰੈਲ ਨੂੰ ਸਿੱਖ ਨੈਸ਼ਨਲ ਡੇਅ ਅਤੇ ਹਰ ਸਾਲ ਅਪ੍ਰੈਲ ਦੇ ਮਹੀਨੇ ਨੂੰ ਪੱਕੇ ਤੌਰ ਤੇ ਸਿੱਖ ਅਵੇਅਰਨੈੱਸ ਮਹੀਨਾ ਪ੍ਰਵਾਨ ਕੀਤਾ ਹੈ। ਯਾਦ ਰਹੇ ਕਿ ਇਸੇ ਸਾਲ ਅਮਰੀਕਾ ਦੇ 96 ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵੱਲੋਂ ਭਾਰਤੀ ਸਰਕਾਰ ਦੇ ਨੁੰਮਾਇੰਦਿਆਂ ਦੀ ਗੁਰਦੁਆਰਿਆਂ ਵਿੱਚ ਸਰਕਾਰੀ ਤੌਰ ਤੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿੱਚ ਹਾਜਰੀ ਭਰਣ ਤੇ ਪੂਰਨ ਪਾਬੰਦੀ ਲਾਉਣ ਵਿੱਚ ਵੀ ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ (ਯੂ.ਐਸ.ਏ.) ਵੱਲੋਂ ਮੁੱਖ ਭੂਮਿਕਾ ਜਿੰਮੇਵਾਰੀ ਸਹਿਤ ਨਿਭਾਈ ਗਈ। 
ਇਸ ਮਾਰਚ ਦੇ ਕੱਢਣ ਦਾ ਮੁੱਖ ਉਦੇਸ਼ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੀ ਲਗਾਤਾਰ ਹੋ ਰਹੀ ਬੇਹੁਰਮਤੀ ਨੂੰ ਠੱਲ ਪਾਉਣ ਲਈ ਜਾਗਰਿਤ ਕਰਨਾ, ਗੁਰੂ ਨਾਨਕ ਸਾਹਿਬ ਜੀ ਦੇ ਚਲਾਏ ਨਿਰਮਲ ਪੰਥ ਦਾ ਦੇਸ਼-ਵਿਦੇਸ਼ ਵਿੱਚ ਵੱਧ ਤੋਂ ਵੱਧ ਪ੍ਰਚਾਰ ਕਰਨਾ, ਪੰਜਾਬ ਦੇਸ਼ ਦੀ ਅਜਾਦੀ, ਖ਼ਾਲਸਾ ਰਾਜ ਦੀ ਸਥਾਪਨਾ, ਸਿੱਖਾਂ ਦੀ ਪਹਿਚਾਣ, ਨਸਲ਼ੀ ਹਮਲਿਆਂ ਦੀ ਰੋਕਥਾਮ, ਸਿੱਖ ਨੌਜਵਾਨੀ ਨੂੰ ਅਮਰੀਕੀ ਰਾਜਨੀਤੀ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ, ਆਦਿ।

ਸ੍ਰ: ਦਵਿੰਦਰ ਸਿੰਘ ਦਿਓ ਨੇ ਕਿਹਾ ਕਿ ਇਸ ਤਰ੍ਹਾਂ ਦੇ ਪੰਥਕ ਇਕੱਠ ਕਰ ਕੇ ਜਿੱਥੇ ਸਮੂਹ ਦੁਨਿਆਂ ਨੂੰ ਸਿੱਖ ਇਤਿਹਾਸ ਦਾ ਸੰਦੇਸ਼ ਦਿੱਤਾ ਜਾਵੇਗਾ ਉੱਥੇ ਨਾਲ ਹੀ ਹੋਰਨਾਂ ਕੌਮਾਂ ਨੂੰ ਵੀ ਸਿੱਖੀ ਅਤੇ ਸਿੱਖ ਫ਼ਲਸਫੇ ਤੋਂ ਜਾਣੂ ਕਰਵਾਇਆ ਜਾਵੇਗਾ। ਸ੍ਰ: ਹਰਜਿੰਦਰ ਸਿੰਘ, ਨਿਊਜਰਸੀ ਨੇ ਕਿਹਾ ਕਿ ਇਸ ਸਿੱਖ ਡੇਅ ਪਰੇਡ ਵਿੱਚ ਸਮੂਹ ਪੰਥਕ ਧਿਰਾਂ ਅਤੇ ਹੋਰ ਕੌਮਾਂ ਨੂੰ ਵੀ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ।

ਜਾਰੀ ਕਰਤਾ: ਹਿੰਮਤ ਸਿੰਘ ਕੋਆਰਡੀਨੇਟਰ ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ (ਯੂ.ਐਸ.ਏ.)

ਚਿੱਠੀ ਨੰ: 9 ਸਰਬਜੀਤ ਸਿੰਘ ਅਤੇ ਕਿਰਪਾਲ ਸਿੰਘ ਨੂੰ ਸੁਰਜੀਤ ਸਿੰਘ ਨਿਸ਼ਾਨ ਵੱਲੋਂ ਜਵਾਬ

0

ਚਿੱਠੀ ਨੰ: 9 ਸਰਬਜੀਤ ਸਿੰਘ ਅਤੇ ਕਿਰਪਾਲ ਸਿੰਘ ਨੂੰ ਸੁਰਜੀਤ ਸਿੰਘ ਨਿਸ਼ਾਨ ਵੱਲੋਂ ਜਵਾਬ

ਗੁਰਮੁਖ ਪਿਆਰੇ ਸਰਬਜੀਤ ਸਿੰਘ ਅਤੇ ਕਿਰਪਾਲ ਸਿੰਘ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ॥

1.  ਮੈਂ ਕਿਸੇ ਦਲਬੰਦੀ, ਗੁੱਟ ਬੰਦੀ ਜਾਂ ਗਰੁੱਪਬੰਦੀ ਵਿਚ ਵਿਸ਼ਵਾਸ ਨਹੀਂ ਕਰਦਾ। ਅਨੁਰਾਗ ਸਿੰਘ, ਹਰਜਿੰਦਰ ਸਿੰਘ ਦਿਲਗੀਰ, ਸੰਤ ਸਮਾਜ ਜਾਂ ਹੋਰ ਕਈ ਸਿੱਖ ਜਥੇਬੰਦੀਆਂ ਦਾ ਕੈਲੰਡਰ ਦੇ ਮੁੱਦੇ ਤੇ ਮੇਰੇ ਖ਼ਿਆਲਾਂ ਨਾਲ ਸਹਿਮਤ ਹੋਣਾ ਕੋਈ ਗਰੁੱਪ ਬੰਦੀ ਨਹੀਂ ਸਿਰਫ਼ ਖ਼ਿਆਲਾਂ ਦੀ ਸਾਂਝ ਹੈ।

2. ਵੀਰ ਸਰਬਜੀਤ ਸਿੰਘ ਜੀਓ, ਤੁਹਾਨੂੰ ਅਨੁਰਾਗ ਸਿੰਘ ਵੱਲੋਂ ਵਰਤੇ ਗਏ ਸ਼ਬਦਾਂ ਕਰ ਕੇ ਅਜੀਤ ਸਿੰਘ ਵੱਲੋਂ ਵਰਤੇ ਗਏ ਸ਼ਬਦਾਂ ਵਿਚ ਕੋਈ ਖ਼ਾਸ ਗੱਲ ਨਜ਼ਰ ਨਹੀਂ ਆਉਂਦੀ। ਅਨੁਰਾਗ ਸਿੰਘ ਨੇ ਜ਼ਰੂਰ ਕਿਸੇ ਅਣਸੁਖਾਵੇਂ ਸ਼ਬਦਾਂ ਦੇ ਜੁਆਬ ਵਿਚ ਹੀ ਇਹ ਸ਼ਬਦ ਵਰਤੇ ਹੋਣਗੇ ਕਿਉਂਕਿ ਉਹ ਕਿਸੇ ਵਧੀਕੀ ਨੂੰ ਬਰਦਾਸ਼ਤ ਨਹੀਂ ਕਰਦਾ। ਪਰ ਮੈਂ ਅਜੀਤ ਸਿੰਘ ਵੱਲੋਂ ਵਰਤੀ ਸ਼ਬਦਾਵਲੀ ਦਾ ਜੁਆਬ ਦੇਣ ਤੋਂ ਅਸਮਰਥ ਹਾਂ। ਜ਼ਿੰਦਗੀ ਦੇ 8 ਦਹਾਕੇ ਪੂਰੇ ਕਰਨ ਤੋਂ ਬਾਅਦ ਮੈਂ ਕਿਸੇ ਐਸੇ ਵਾਦ ਵਿਵਾਦ ਵਿਚ ਨਹੀਂ ਪੈ ਸਕਦਾ। ਇਸੇ ਲਈ ਮੈਂ ਆਪਣੇ ਆਪ ਨੂੰ ਵਿਚਾਰ ਚਰਚਾ ਤੋਂ ਅਲੱਗ ਕਰ ਲਿਆ ਹੈ।

3. ਤੁਹਾਡੇ ਗਰੁੱਪ ਦਾ ਪਾਲ ਸਿੰਘ ਪੁਰੇਵਾਲ ਮੈਂਬਰ ਹੈ, ਚੰਗਾ ਹੋਵੇ ਆਪਣੇ 5 ਸੁਆਲਾਂ ਸਬੰਧੀ ਸ਼ੰਕਿਆਂ ਦੀ ਨਵਿਰਤੀ ਉਸ ਕੋਲੋਂ ਕਰ ਲਵੋ ਮੈਨੂੰ ਉਮੀਦ ਹੈ, ਉਹ ਤੁਹਾਨੂੰ ਗ਼ਲਤ ਰਾਇ ਨਹੀਂ ਦੇਵੇਗਾ ਬੇਸ਼ੱਕ ਮੇਰੇ ਅਤੇ ਪਾਲ ਸਿੰਘ ਪੁਰੇਵਾਲ ਵਿਚਕਾਰ ਕੈਲੰਡਰ ਸਬੰਧੀ ਮਤਭੇਦ ਹਨ।

4. ਤੁਹਾਡੇ ਵੱਲੋਂ ਪੁੱਛੀਆਂ ਚੇਤ ਸੁਦੀ 14 ਅਤੇ ਭਾਦੋਂ ਸੁਦੀ 2 ਦੀਆਂ ਤਾਰੀਖ਼ਾਂ ਇਤਿਹਾਸ ਮੁਤਾਬਿਕ ਠੀਕ ਹਨ। ਬੇਸ਼ੱਕ ਇਨ੍ਹਾਂ ਸਾਲਾਂ ਵਿਚ ਵੀ ਮਲ ਮਾਸ ਆਉਂਦਾ ਹੈ।

5. ਵੀਰ ਕਿਰਪਾਲ ਸਿੰਘ ਜੀਓ, ਮੈਂ ਅਕਤੂਬਰ ਨਵੰਬਰ ਵਿਚ ਚੰਡੀਗੜ੍ਹ ਹੋਵਾਂਗਾ, ਜਿਸ ਦੀ ਇਤਲਾਹ ਤੁਹਾਨੂੰ ਦੇ ਦੇਵਾਂਗਾ। ਆਪ ਜੀ ਕੋਈ ਤਾਰੀਖ਼ ਪੱਕੀ ਕਰ ਕੇ ਆ ਜਾਣਾ ਵਿਚਾਰ ਕਰ ਲਵਾਂਗੇ।

ਤੁਹਾਡਾ ਵੀਰ ਸੁਰਜੀਤ ਸਿੰਘ ਨਿਸ਼ਾਨ

ਜ਼ਰੂਰੀ ਬੇਨਤੀ

ਕਰਨਲ ਸੁਰਜੀਤ ਸਿੰਘ ਨਿਸ਼ਾਨ ਸਾਹਿਬ ਜੀਓ !  ਪਹਿਲਾਂ ਆਪ ਇਸ ਤਰ੍ਹਾਂ ਦੇ ਚਿੱਠੀ ਪੱਤਰਾਂ ਨੂੰ ਵੱਡੀ ਗਿਣਤੀ ਵਿੱਚ ਹੋਰਨਾਂ ਗੁਰਸਿੱਖਾਂ ਨੂੰ ਫਾਰਵਰਡ ਕਰਦੇ ਰਹੇ ਹੋ ਪਰ ਹੁਣ ਤੁਸੀਂ ਇਹ ਵਿਸ਼ਾ ਸਿਰਫ ਦੋ ਵਿਅਕਤੀਆਂ ਤੱਕ ਸੀਮਤ ਕਰ ਕੇਵਲ ਕਿਰਪਾਲ ਸਿੰਘ ਬਠਿੰਡਾ ਨੂੰ ਗੱਲਬਾਤ ਲਈ ਆਪਣੇ ਘਰ ਆਉਣ ਲਈ ਕਹਿ ਕੇ ਅੱਗੇ ਤੋਂ ਇਸ ਕੈਲੰਡਰ ਵਿਵਾਦ ਬਾਰੇ ਵਿਚਾਰ-ਚਰਚਾ ਜਾਰੀ ਰੱਖਣ ਤੋਂ ਮਨਾ ਕਰ ਦਿੱਤਾ ਹੈ।

ਆਪ ਜੀ ਨੂੰ ਬੇਨਤੀ ਹੈ ਕਿ ਇਹ ਮਸਲਾ ਤੁਹਾਡੇ, ਸਰਬਜੀਤ ਸਿੰਘ ਜਾਂ ਕਿਰਪਾਲ ਸਿੰਘ ਤੱਕ ਸੀਮਤ ਨਹੀਂ ਰਿਹਾ ਬਲਕਿ ਸਮੁੱਚੀ ਕੌਮ ਲਈ ਬੜਾ ਮਹੱਤਵ ਰੱਖਦਾ ਹੈ, ਇਸ ਲਈ ਤੁਹਾਨੂੰ ਇਹ ਵਿਚਾਰ ਮੀਡੀਏ ਰਾਹੀਂ ਜਾਰੀ ਰੱਖਣੀ ਚਾਹੀਦੀ ਹੈ ਕਿਉਂਕਿ ਸਮੁੱਚੀ ਕੌਮ, ਇਸ ਵਿਸ਼ੇ ਵਿੱਚ ਡੂੰਘੀ ਦਿਲਚਸਪੀ ਲੈ ਰਹੀ ਹੈ ਅਤੇ ਚਾਹੁੰਦੀ ਹੈ ਕਿ ਦੋਵੇਂ ਧਿਰਾਂ ਦੇ ਵਿਚਾਰਕ ਮਤਭੇਦ ਦਾ ਅੰਤਰ ਸਭ ਦੇ ਸਾਹਮਣੇ ਆਵੇ ਅਤੇ ਸੰਗਤਾਂ, ਇਨਾਂ ਵਿਚੋਂ ਵਧੀਕ ਸਹੀ ਦੀ ਪਹਿਚਾਣ ਕਰ ਇਸ ਵਿਵਾਦ ਨੂੰ ਜਲਦੀ ਹੱਲ ਕਰਨ ਵੱਲ ਕਦਮ ਪੁੱਟਣ, ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਮੈਂ ਆਪਣੀ ਵੈਬ ਸਾਈਟ ਇਸ ਕੌਮੀ ਕਾਰਜ ਲਈ ਵਰਤਣ ਲਈ ਪੇਸ਼ ਕੀਤੀ ਹੈ। ਚੰਗਾ ਹੋਵੇ ਅਗਰ ਪੁੱਛੇ ਗਏ ਜਾਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਲਿਖਤੀ ਰੂਪ ਵਿੱਚ ਮਿਲਦੇ ਰਹਿਣ ਅਤੇ ਮੈਂ ਬਿਨਾਂ ਕਿਸੇ ਭੇਦਭਾਵ ਦੇ ਹੂ ਬਹੂ ਅਪਡੇਟ ਕਰਨ ਦੀ ਸੇਵਾ ਨਿਭਾਉਂਦਾ ਰਹਾਂ, ਪਰ ਕੋਈ ਅਸੱਭਿਅਕ ਭਾਸ਼ਾ ਵਾਲੀ ਚਿੱਠੀ ਅਪਡੇਟ ਨਹੀਂ ਕਰਾਂਗਾ।

ਦਾਸਰਾ ਅਵਤਾਰ ਸਿੰਘ

Most Viewed Posts