ਚਿੱਠੀ ਨੰ: 9 ਸਰਬਜੀਤ ਸਿੰਘ ਅਤੇ ਕਿਰਪਾਲ ਸਿੰਘ ਨੂੰ ਸੁਰਜੀਤ ਸਿੰਘ ਨਿਸ਼ਾਨ ਵੱਲੋਂ ਜਵਾਬ

0
205

ਚਿੱਠੀ ਨੰ: 9 ਸਰਬਜੀਤ ਸਿੰਘ ਅਤੇ ਕਿਰਪਾਲ ਸਿੰਘ ਨੂੰ ਸੁਰਜੀਤ ਸਿੰਘ ਨਿਸ਼ਾਨ ਵੱਲੋਂ ਜਵਾਬ

ਗੁਰਮੁਖ ਪਿਆਰੇ ਸਰਬਜੀਤ ਸਿੰਘ ਅਤੇ ਕਿਰਪਾਲ ਸਿੰਘ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ॥

1.  ਮੈਂ ਕਿਸੇ ਦਲਬੰਦੀ, ਗੁੱਟ ਬੰਦੀ ਜਾਂ ਗਰੁੱਪਬੰਦੀ ਵਿਚ ਵਿਸ਼ਵਾਸ ਨਹੀਂ ਕਰਦਾ। ਅਨੁਰਾਗ ਸਿੰਘ, ਹਰਜਿੰਦਰ ਸਿੰਘ ਦਿਲਗੀਰ, ਸੰਤ ਸਮਾਜ ਜਾਂ ਹੋਰ ਕਈ ਸਿੱਖ ਜਥੇਬੰਦੀਆਂ ਦਾ ਕੈਲੰਡਰ ਦੇ ਮੁੱਦੇ ਤੇ ਮੇਰੇ ਖ਼ਿਆਲਾਂ ਨਾਲ ਸਹਿਮਤ ਹੋਣਾ ਕੋਈ ਗਰੁੱਪ ਬੰਦੀ ਨਹੀਂ ਸਿਰਫ਼ ਖ਼ਿਆਲਾਂ ਦੀ ਸਾਂਝ ਹੈ।

2. ਵੀਰ ਸਰਬਜੀਤ ਸਿੰਘ ਜੀਓ, ਤੁਹਾਨੂੰ ਅਨੁਰਾਗ ਸਿੰਘ ਵੱਲੋਂ ਵਰਤੇ ਗਏ ਸ਼ਬਦਾਂ ਕਰ ਕੇ ਅਜੀਤ ਸਿੰਘ ਵੱਲੋਂ ਵਰਤੇ ਗਏ ਸ਼ਬਦਾਂ ਵਿਚ ਕੋਈ ਖ਼ਾਸ ਗੱਲ ਨਜ਼ਰ ਨਹੀਂ ਆਉਂਦੀ। ਅਨੁਰਾਗ ਸਿੰਘ ਨੇ ਜ਼ਰੂਰ ਕਿਸੇ ਅਣਸੁਖਾਵੇਂ ਸ਼ਬਦਾਂ ਦੇ ਜੁਆਬ ਵਿਚ ਹੀ ਇਹ ਸ਼ਬਦ ਵਰਤੇ ਹੋਣਗੇ ਕਿਉਂਕਿ ਉਹ ਕਿਸੇ ਵਧੀਕੀ ਨੂੰ ਬਰਦਾਸ਼ਤ ਨਹੀਂ ਕਰਦਾ। ਪਰ ਮੈਂ ਅਜੀਤ ਸਿੰਘ ਵੱਲੋਂ ਵਰਤੀ ਸ਼ਬਦਾਵਲੀ ਦਾ ਜੁਆਬ ਦੇਣ ਤੋਂ ਅਸਮਰਥ ਹਾਂ। ਜ਼ਿੰਦਗੀ ਦੇ 8 ਦਹਾਕੇ ਪੂਰੇ ਕਰਨ ਤੋਂ ਬਾਅਦ ਮੈਂ ਕਿਸੇ ਐਸੇ ਵਾਦ ਵਿਵਾਦ ਵਿਚ ਨਹੀਂ ਪੈ ਸਕਦਾ। ਇਸੇ ਲਈ ਮੈਂ ਆਪਣੇ ਆਪ ਨੂੰ ਵਿਚਾਰ ਚਰਚਾ ਤੋਂ ਅਲੱਗ ਕਰ ਲਿਆ ਹੈ।

3. ਤੁਹਾਡੇ ਗਰੁੱਪ ਦਾ ਪਾਲ ਸਿੰਘ ਪੁਰੇਵਾਲ ਮੈਂਬਰ ਹੈ, ਚੰਗਾ ਹੋਵੇ ਆਪਣੇ 5 ਸੁਆਲਾਂ ਸਬੰਧੀ ਸ਼ੰਕਿਆਂ ਦੀ ਨਵਿਰਤੀ ਉਸ ਕੋਲੋਂ ਕਰ ਲਵੋ ਮੈਨੂੰ ਉਮੀਦ ਹੈ, ਉਹ ਤੁਹਾਨੂੰ ਗ਼ਲਤ ਰਾਇ ਨਹੀਂ ਦੇਵੇਗਾ ਬੇਸ਼ੱਕ ਮੇਰੇ ਅਤੇ ਪਾਲ ਸਿੰਘ ਪੁਰੇਵਾਲ ਵਿਚਕਾਰ ਕੈਲੰਡਰ ਸਬੰਧੀ ਮਤਭੇਦ ਹਨ।

4. ਤੁਹਾਡੇ ਵੱਲੋਂ ਪੁੱਛੀਆਂ ਚੇਤ ਸੁਦੀ 14 ਅਤੇ ਭਾਦੋਂ ਸੁਦੀ 2 ਦੀਆਂ ਤਾਰੀਖ਼ਾਂ ਇਤਿਹਾਸ ਮੁਤਾਬਿਕ ਠੀਕ ਹਨ। ਬੇਸ਼ੱਕ ਇਨ੍ਹਾਂ ਸਾਲਾਂ ਵਿਚ ਵੀ ਮਲ ਮਾਸ ਆਉਂਦਾ ਹੈ।

5. ਵੀਰ ਕਿਰਪਾਲ ਸਿੰਘ ਜੀਓ, ਮੈਂ ਅਕਤੂਬਰ ਨਵੰਬਰ ਵਿਚ ਚੰਡੀਗੜ੍ਹ ਹੋਵਾਂਗਾ, ਜਿਸ ਦੀ ਇਤਲਾਹ ਤੁਹਾਨੂੰ ਦੇ ਦੇਵਾਂਗਾ। ਆਪ ਜੀ ਕੋਈ ਤਾਰੀਖ਼ ਪੱਕੀ ਕਰ ਕੇ ਆ ਜਾਣਾ ਵਿਚਾਰ ਕਰ ਲਵਾਂਗੇ।

ਤੁਹਾਡਾ ਵੀਰ ਸੁਰਜੀਤ ਸਿੰਘ ਨਿਸ਼ਾਨ

ਜ਼ਰੂਰੀ ਬੇਨਤੀ

ਕਰਨਲ ਸੁਰਜੀਤ ਸਿੰਘ ਨਿਸ਼ਾਨ ਸਾਹਿਬ ਜੀਓ !  ਪਹਿਲਾਂ ਆਪ ਇਸ ਤਰ੍ਹਾਂ ਦੇ ਚਿੱਠੀ ਪੱਤਰਾਂ ਨੂੰ ਵੱਡੀ ਗਿਣਤੀ ਵਿੱਚ ਹੋਰਨਾਂ ਗੁਰਸਿੱਖਾਂ ਨੂੰ ਫਾਰਵਰਡ ਕਰਦੇ ਰਹੇ ਹੋ ਪਰ ਹੁਣ ਤੁਸੀਂ ਇਹ ਵਿਸ਼ਾ ਸਿਰਫ ਦੋ ਵਿਅਕਤੀਆਂ ਤੱਕ ਸੀਮਤ ਕਰ ਕੇਵਲ ਕਿਰਪਾਲ ਸਿੰਘ ਬਠਿੰਡਾ ਨੂੰ ਗੱਲਬਾਤ ਲਈ ਆਪਣੇ ਘਰ ਆਉਣ ਲਈ ਕਹਿ ਕੇ ਅੱਗੇ ਤੋਂ ਇਸ ਕੈਲੰਡਰ ਵਿਵਾਦ ਬਾਰੇ ਵਿਚਾਰ-ਚਰਚਾ ਜਾਰੀ ਰੱਖਣ ਤੋਂ ਮਨਾ ਕਰ ਦਿੱਤਾ ਹੈ।

ਆਪ ਜੀ ਨੂੰ ਬੇਨਤੀ ਹੈ ਕਿ ਇਹ ਮਸਲਾ ਤੁਹਾਡੇ, ਸਰਬਜੀਤ ਸਿੰਘ ਜਾਂ ਕਿਰਪਾਲ ਸਿੰਘ ਤੱਕ ਸੀਮਤ ਨਹੀਂ ਰਿਹਾ ਬਲਕਿ ਸਮੁੱਚੀ ਕੌਮ ਲਈ ਬੜਾ ਮਹੱਤਵ ਰੱਖਦਾ ਹੈ, ਇਸ ਲਈ ਤੁਹਾਨੂੰ ਇਹ ਵਿਚਾਰ ਮੀਡੀਏ ਰਾਹੀਂ ਜਾਰੀ ਰੱਖਣੀ ਚਾਹੀਦੀ ਹੈ ਕਿਉਂਕਿ ਸਮੁੱਚੀ ਕੌਮ, ਇਸ ਵਿਸ਼ੇ ਵਿੱਚ ਡੂੰਘੀ ਦਿਲਚਸਪੀ ਲੈ ਰਹੀ ਹੈ ਅਤੇ ਚਾਹੁੰਦੀ ਹੈ ਕਿ ਦੋਵੇਂ ਧਿਰਾਂ ਦੇ ਵਿਚਾਰਕ ਮਤਭੇਦ ਦਾ ਅੰਤਰ ਸਭ ਦੇ ਸਾਹਮਣੇ ਆਵੇ ਅਤੇ ਸੰਗਤਾਂ, ਇਨਾਂ ਵਿਚੋਂ ਵਧੀਕ ਸਹੀ ਦੀ ਪਹਿਚਾਣ ਕਰ ਇਸ ਵਿਵਾਦ ਨੂੰ ਜਲਦੀ ਹੱਲ ਕਰਨ ਵੱਲ ਕਦਮ ਪੁੱਟਣ, ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਮੈਂ ਆਪਣੀ ਵੈਬ ਸਾਈਟ ਇਸ ਕੌਮੀ ਕਾਰਜ ਲਈ ਵਰਤਣ ਲਈ ਪੇਸ਼ ਕੀਤੀ ਹੈ। ਚੰਗਾ ਹੋਵੇ ਅਗਰ ਪੁੱਛੇ ਗਏ ਜਾਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਲਿਖਤੀ ਰੂਪ ਵਿੱਚ ਮਿਲਦੇ ਰਹਿਣ ਅਤੇ ਮੈਂ ਬਿਨਾਂ ਕਿਸੇ ਭੇਦਭਾਵ ਦੇ ਹੂ ਬਹੂ ਅਪਡੇਟ ਕਰਨ ਦੀ ਸੇਵਾ ਨਿਭਾਉਂਦਾ ਰਹਾਂ, ਪਰ ਕੋਈ ਅਸੱਭਿਅਕ ਭਾਸ਼ਾ ਵਾਲੀ ਚਿੱਠੀ ਅਪਡੇਟ ਨਹੀਂ ਕਰਾਂਗਾ।

ਦਾਸਰਾ ਅਵਤਾਰ ਸਿੰਘ