ਪੱਤਰ ਨੰਬਰ 11 (ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ ਵਲੋਂ ਸ. ਸਰਬਜੀਤ ਸਿੰਘ ਜੀ ਨੂੰ ਜਵਾਬ)

0
228

ਗੁਰਮੁਖ ਪਿਆਰੇ ਸਰਬਜੀਤ ਸਿੰਘ ਜੀਓ,

ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ॥

  1. ਮੈਂ ਵਿਚਾਰ ਚਰਚਾ ਦੇ ਹਮੇਸ਼ਾ ਹੱਕ ਵਿਚ ਰਿਹਾ ਹਾਂ ਜੇਕਰ ਵਿਚਾਰ ਚਰਚਾ ਦਾ ਮਾਹੌਲ ਸਾਰਥਿਕ ਅਤੇ ਸਤਿਕਾਰ ਵਾਲਾ ਹੋਵੇ।
  2. ਮੈਂ ਗੁਰ ਪੁਰਬ ਦਰਪਣ ਵਿਚ ” ਭੁੱਲਣ ਅੰਦਰ ਸਭ ਕੁ ..” ਵਾਲੀ ਬੇਨਤੀ ਵੀ ਵਿਚਾਰ ਚਰਚਾ ਨੂੰ ਮੁੱਖ ਰੱਖ ਕੇ ਹੀ ਕੀਤੀ ਸੀ ਤਾਂ ਕਿ ਇਸ ਪੁਸਤਕ ਦੀ ਦੂਜੀ ਐਡੀਸ਼ਨ ਵਿਚ ਜ਼ਰੂਰੀ ਸੋਧਾਂ ਕੀਤੀਆਂ ਜਾ ਸਕਣ। ਤੁਹਾਡੇ ਵੱਲੋਂ ਜੋ ਵੀ ਸੋਧਾਂ ਦੇ ਸੁਝਾਅ ਇਸ ਪੁਸਤਕ ਲਈ ਮਿਲਣਗੇ ਉਨ੍ਹਾਂ ਨੂੰ ਅਗਲੀ ਐਡੀਸ਼ਨ ਵਿਚ ਗੁਰਮਤ ਅਤੇ ਗੁਰ ਇਤਹਾਸ ਦੀ ਰੋਸ਼ਣੀ ਵਿਚ ਜ਼ਰੂਰ ਸ਼ਾਮਲ ਕੀਤਾ ਜਾਏਗਾ।
  3. ਮੇਰੇ ਵੱਲੋਂ ਗੁਰ ਪੁਰਬ ਦਰਪਣ ਲਿਖਣ ਦਾ ਮੁੱਖ ਕਾਰਨ ਸਿੱਖ ਸੰਗਤਾਂ ਵਿਚ ”ਨਾਨਕਸ਼ਾਹੀ ਕਲੰਡਰ” ਬਾਰੇ ਪਏ ਕਈ ਭਰਮ ਭੁਲੇਖਿਆਂ ਨੂੰ ਦੂਰ ਕਰਨ ਦਾ ਹੀ ਇੱਕ ਉਪਰਾਲਾ ਹੈ। ਇਸੇ ਉਪਰਾਲੇ ਹਿਤ ਕਲੰਡਰ ਦੇ ਪੇਚੀਦਾ ਮਸਲੇ ਨੂੰ ਸਮਝਣ ਲਈ ਸਰਲ ਸੁਆਲ ਜੁਆਬ ਦੇ ਰੂਪ ਵਿਚ ਪੇਸ਼ ਕੀਤਾ ਹੈ। ਇਨ੍ਹਾਂ ਸੁਆਲਾਂ ਦੇ ਜੁਆਬਾਂ ਵਿਚ ਸੋਧ ਕਰਨ ਲਈ ਜੇਕਰ ਤੁਹਾਡੇ ਕੋਈ ਸੁਝਾਅ ਹਨ ਤਾਂ ਜ਼ਰੂਰ ਲਿਖ ਭੇਜੋ ਤਾਂ ਕਿ ਇਸ ਪੰਥਕ ਮਸਲੇ ਬਾਰੇ ਸਿੱਖ ਸੰਗਤਾਂ ਵਿਚ ਪਏ ਭਰਮ ਭੁਲੇਖੇ ਦੂਰ ਹੋ ਸਕਣ।
  4. ਮੈਂ ਗੁਰ ਪੁਰਬ ਦਰਪਣ ਵਿਚ ਦਿੱਤੇ ਗਏ ਸੁਆਲਾਂ ਜੁਆਬਾਂ ਦੀ ਨਕਲ ਇਸ ਚਿੱਠੀ ਨਾਲ ਭੇਜ ਰਿਹਾ ਹਾਂ ਤਾਂ ਕਿ ਤੁਹਾਡੇ ਗਰੁੱਪ ਦੇ ਮੈਂਬਰ ਜਿਨ੍ਹਾਂ ਕੋਲ ਗੁਰ ਪੁਰਬ ਦਰਪਣ ਨਹੀਂ ਉਹ ਵੀ ਪੜ੍ਹ ਸਕਣ ਪੜ੍ਹ ਕੇ ਮੇਰੇ ਨਜ਼ਰੀਏ ਤੋਂ ਜਾਣੂ ਹੋ ਸਕਣ।
  5. ਤੁਹਾਡਾ ਸੁਆਲ ਕਿ 2028 ਵਿਚ ਪੋਹ ਦਾ ਮਹੀਨਾ ਨਹੀਂ ਆਏਗਾ ਇਹ ਇੱਕ ਕਲਪਨਾ ਹੈ ਅਸਲੀਅਤ ਨਹੀਂ ਕਿਉਂਕਿ ਜਿਸ ਮਹੀਨੇ ਵਿਚ ਕੋਈ ਮੱਸਿਆ ਨਹੀਂ ਆਉਂਦੀ ਉਸ ਮਹੀਨੇ ਨੂੰ ਕਸ਼ੈ ਮਹੀਨਾ ਕਿਹਾ ਜਾਂਦਾ ਹੈ ਪਰ ਸਾਲ ਦੇ ਕਦੇ ਵੀ 11 ਮਹੀਨੇ ਨਹੀਂ ਹੋਏ। 2028 ਵਾਂਗ ਕਸ਼ੈ ਮਾਸ ਕਈ ਵਾਰ ਪਹਿਲਾਂ ਵੀ ਆ ਚੁੱਕੇ ਹਨ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰ ਪੁਰਬ ਹਰ ਸਾਲ ਹੀ ਮਨਾਇਆ ਜਾਂਦਾ ਰਿਹਾ ਹੈ ਇਸੇ ਤਰ੍ਹਾਂ 2028 ਵਿਚ ਵੀ ਹਿੰਦੂ ਮੱਤ ਅਨੁਸਾਰ ਪੋਹ ਕਸ਼ੈ ਮਾਸ ਹੈ ਪਰ ਸਿੱਖ ਕੈਲੰਡਰ ਵਿਚ ਉਸ ਦਾ ਕੋਈ ਸਥਾਨ ਨਹੀਂ ਅਤੇ 2028 ਵਿਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ ਪੋਹ ਸੁਦੀ 7 ਮੁਤਾਬਿਕ 23-12-2028 ਨੂੰ ਹੀ ਮਨਾਇਆ ਜਾਏਗਾ।
  6. ਚਤਰ ਸਿੰਘ ਜੀਵਨ ਸਿੰਘ ਦੀ ਜੰਤਰੀ ਜਾਂ ਹਿੰਦੂ ਮੱਤ ਦੀ ਸ਼ੁੱਧ/ਅਸ਼ੁੱਧ ਤਿਥੀਆਂ ਨੂੰ ਮਲ ਮਾਸ ਕਰ ਕੇ ਮਾਨਤਾ ਦੇਣਾ ਤੁਹਾਨੂੰ ਠੀਕ ਲੱਗਦਾ ਹੋਵੇਗਾ। ਤਿੱਥਾਂ/ਵਾਰਾਂ /ਮਹੀਨਿਆਂ ਦਾ ਸ਼ੁੱਭ/ਅਸ਼ੁੱਭ ਹੋਣਾ ਹਿੰਦੂ ਮਨੌਤ ਅਨੁਸਾਰ ਬਿਕਰਮੀ ਕੈਲੰਡਰ ਦਾ ਹਿੱਸਾ ਹੈ ਸਿੱਖ ਬਿਕਰਮੀ ਕੈਲੰਡਰ ਦਾ ਨਹੀਂ (ਦੇਖੋ ਸੁਆਲ ਨੰਬਰ 3,27 ਅਤੇ ਜੁਆਬ)। ਜਿਵੇਂ ਮੈਂ ਪਹਿਲਾਂ ਸਪਸ਼ਟ ਕਰ ਚੁੱਕਿਆਂ ਹਾਂ ਕਿ ਮੈਂ ਗੁਰ ਇਤਿਹਾਸ ਅਤੇ ਗੁਰਬਾਣੀ ਦੀ ਸੇਧ ਵਿਚ ਤਾਰੀਖ਼ਾਂ ਦਾ ਨਿਰਨਾ ਕੀਤਾ ਹੈ ਤਿੱਥਾਂ /ਵਾਰਾਂ/ਮਲ ਮਾਸ ਦੇ ਸ਼ੁੱਭ ਜਾਂ ਅਸ਼ੁੱਭ ਹੋਣ ਕਰ ਕੇ ਨਹੀਂ ਕੀਤਾ।
  7. ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੋਤੀ ਜੋਤਿ ਸਮਾਉਣ ਦਾ ਪੁਰਬ ਅਸੂ ਵਦੀ 10 ਹੈ ਅਤੇ ਗੁਰ ਪੁਰਬ ਦਰਪਣ ਵਿਚ ਵੀ ਅਸੂ ਵਦੀ 10 ਨੂੰ ਹੀ ਮੁੱਖ ਰੱਖਿਆ ਗਿਆ ਹੈ ਬਿਨਾ ਸ਼ੱਕ ਉਹ ਹਿੰਦੂ ਸੋਚ ਮੁਤਾਬਿਕ ਮਲ ਮਾਸ ਵਿਚ ਆ ਰਿਹਾ ਹੈ।
  8. ਵਾਧੂ ਮਹੀਨਿਆਂ/ਮਲ ਮਾਸ ਵਾਲੇ ਗੁਰਪੁਰਬਾਂ ਦੀਆਂ ਤਾਰੀਖ਼ਾਂ ਮੈਂ ਇੱਕ ਵਾਰ ਫਿਰ ਚੈੱਕ ਕਰ ਲਵਾਂਗਾ। ਇਸ ਪਾਸੇ ਧਿਆਨ ਦਿਵਾਉਣ ਲਈ ਤੁਹਾਡਾ ਧੰਨਵਾਦ।
  9. ਬਿਕਰਮੀ ਕੈਲੰਡਰ ਅਤੇ ਹਿੰਦੂ ਕੈਲੰਡਰ ਅਤੇ ਸਿੱਖ ਕੈਲੰਡਰ ਵਿਚ ਫ਼ਰਕ: ਇਹ ਇੱਕ ਬੜਾ ਗਲਤ ਭੁਲੇਖਾ ਹੈ ਕਿ ਬਿਕਰਮੀ ਕੈਲੰਡਰ ਹਿੰਦੂਆਂ ਦਾ ਹੈ। ਕਿਸੇ ਵੀ ਕੈਲੰਡਰ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ ਪਰ ਹਰ ਧਰਮ ਦਾ/ ਹਰ ਦੇਸ਼ ਦਾ ਆਪਣਾ ਆਪਣਾ ਕੈਲੰਡਰ ਜ਼ਰੂਰ ਹੁੰਦਾ ਹੈ। ਜਿਵੇਂ ਕਿ ਸਾਲ, ਮਹੀਨੇ ਥਿੱਤਾਂ ਵਾਰ ਬਿਕਰਮੀ ਕੈਲੰਡਰ ਦੇ ਅੰਗ ਹਨ ਪਰ ਕਿਹੜੀ ਥਿੱਤ ਚੰਗੀ ਹੈ ਕਿਹੜੀ ਮਾੜੀ ਹੈ ਕਿਸ ਵਾਰ ਨੂੰ ਕਿਸ ਪਾਸੇ ਜਾਣਾ ਅਤੇ ਕਿਸ ਪਾਸੇ ਨਹੀਂ ਜਾਣਾ, ਕਦੋਂ ਵਰਤ ਰੱਖਣਾ ਹੈ, ਮਹੀਨੇ ਦਾ ਕਿਹੜਾ ਪੱਖ ਸ਼ੁੱਧ ਅਤੇ ਕਿਹੜਾ ਅਸ਼ੁੱਧ ਹੈ ਆਦਿ ਹਿੰਦੂ ਸੋਚ ਦਾ ਅੰਗ ਹੈ ਅਤੇ ਇਸ ਸੋਚ ਅਨੁਸਾਰ ਬਣਾਇਆ ਕੈਲੰਡਰ ਹਿੰਦੂ ਕੈਲੰਡਰ ਅਖਵਾਉਂਦਾ ਹੈ। ਇਸੇ ਤਰ੍ਹਾਂ ਗੁਰਬਾਣੀ ਦੀ ਸੋਚ ਕਿ ਸਾਰੇ ਮਹੀਨੇ, ਸਾਰੇ ਦਿਨ, ਸਾਰੀਆਂ ਥਿੱਤਾਂ ਚੰਗੀਆਂ ਹਨ, ਕੋਈ ਮਾੜੀ ਨਹੀਂ, ਅਨੁਸਾਰ ਬਣਿਆ ਬਿਕਰਮੀ ਕੈਲੰਡਰ ਸਿੱਖ ਕੈਲੰਡਰ ਦੇ ਰੂਪ ਵਿਚ ਸਾਡੇ ਇਤਿਹਾਸ ਦਾ ਸਰੋਤ ਹੈ। ਸਿੱਖ ਕੈਲੰਡਰ ਵਿਚ ਗੁਰ ਪੁਰਬ ਚੰਗੇ ਜਾਂ ਮੰਦੇ ਮਹੀਨੇ ਜਾਂ ਪੱਖਾਂ ਦੇ ਆਧਾਰ ਤੇ ਨਿਸ਼ਚਿਤ ਤਾਂ ਨਹੀਂ ਕੀਤੇ ਜਾ ਸਕਦੇ।